Punjabi, Eastern: Unlocked Literal Bible for ਯੂਹੰਨਾ ਦੀ ਇੰਜੀਲ

Formatted for Translators

©2022 Wycliffe Associates
Released under a Creative Commons Attribution-ShareAlike 4.0 International License.
Bible Text: The English Unlocked Literal Bible (ULB)
©2017 Wycliffe Associates
Available at https://bibleineverylanguage.org/translations
The English Unlocked Literal Bible is based on the unfoldingWord® Literal Text, CC BY-SA 4.0. The original work of the unfoldingWord® Literal Text is available at https://unfoldingword.bible/ult/.
The ULB is licensed under the Creative Commons Attribution-ShareAlike 4.0 International License.
Notes: English ULB Translation Notes
©2017 Wycliffe Associates
Available at https://bibleineverylanguage.org/translations
The English ULB Translation Notes is based on the unfoldingWord translationNotes, under CC BY-SA 4.0. The original unfoldingWord work is available at https://unfoldingword.bible/utn.
The ULB Notes is licensed under the Creative Commons Attribution-ShareAlike 4.0 International License.
To view a copy of the CC BY-SA 4.0 license visit http://creativecommons.org/licenses/by-sa/4.0/
Below is a human-readable summary of (and not a substitute for) the license.
You are free to:
The licensor cannot revoke these freedoms as long as you follow the license terms.
Under the following conditions:
Notices:
You do not have to comply with the license for elements of the material in the public domain or where your use is permitted by an applicable exception or limitation.
No warranties are given. The license may not give you all of the permissions necessary for your intended use. For example, other rights such as publicity, privacy, or moral rights may limit how you use the material.

ਯੂਹੰਨਾ ਦੀ ਇੰਜੀਲ

1
ਸ਼ਬਦ ਦੇਹਧਾਰੀ ਹੋਇਆ

1ਆਦ ਵਿੱਚ ਸ਼ਬਦ ਸੀ, ਸ਼ਬਦ ਪਰਮੇਸ਼ੁਰ ਦੇ ਨਾਲ ਸੀ ਅਤੇ ਸ਼ਬਦ ਹੀ ਪਰਮੇਸ਼ੁਰ ਸੀ ।2ਉਹ ਆਦ ਵਿੱਚ ਪਰਮੇਸ਼ੁਰ ਦੇ ਨਾਲ ਸੀ ।3ਸਭ ਕੁੱਝ ਉਸ ਦੇ ਰਾਹੀਂ ਰਚਿਆ ਗਿਆ; ਉਸ ਤੋਂ ਬਿਨ੍ਹਾਂ ਕੁੱਝ ਵੀ ਨਹੀਂ ਸੀ ਰਚਿਆ ਗਿਆ ।

4ਉਸ ਵਿੱਚ ਜੀਵਨ ਸੀ, ਅਤੇ ਉਹ ਜੀਵਨ ਇਨਸਾਨ ਲਈ ਚਾਨਣ ਸੀ ।5ਉਹ ਚਾਨਣ ਹਨੇਰੇ ਵਿੱਚ ਚਮਕਦਾ ਹੈ, ਹਨੇਰੇ ਨੇ ਇਸ ਨੂੰ ਕਬੂਲ ਨਹੀਂ ਕੀਤਾ ।
6ਇੱਕ ਆਦਮੀ ਸੀ, ਜਿਸ ਦਾ ਨਾਮ ਯੂਹੰਨਾ ਸੀ ਉਸ ਨੂੰ ਪਰਮੇਸ਼ੁਰ ਵੱਲੋਂ ਭੇਜਿਆ ਗਿਆ ਸੀ ।7ਯੂਹੰਨਾ, ਲੋਕਾਂ ਨੂੰ ਚਾਨਣ ਬਾਰੇ ਗਵਾਹੀ ਦੇਣ ਆਇਆ ਤਾਂ ਜੋ ਯੂਹੰਨਾ ਰਾਹੀਂ ਸਾਰੇ ਲੋਕ ਚਾਨਣ ਤੇ ਵਿਸ਼ਵਾਸ ਕਰ ਸਕਣ ।8ਯੂਹੰਨਾ ਆਪ ਉਹ ਚਾਨਣ ਨਹੀਂ ਸੀ, ਪਰ ਯੂਹੰਨਾ ਲੋਕਾਂ ਨੂੰ ਚਾਨਣ ਬਾਰੇ ਗਵਾਹੀ ਦੇਣ ਲਈ ਆਇਆ ਸੀ ।
9ਅਸਲ ਚਾਨਣ ਦੁਨੀਆਂ ਵਿੱਚ ਆਉਣ ਵਾਲਾ ਸੀ । ਇਹ ਅਸਲ ਚਾਨਣ ਸੀ ਜੋ ਸਾਰੇ ਮਨੁੱਖਾਂ ਨੂੰ ਰੋਸ਼ਨੀ ਦਿੰਦਾ ਹੈ ।
10ਸ਼ਬਦ ਪਹਿਲਾਂ ਤੋਂ ਹੀ ਜਗਤ ਵਿੱਚ ਸੀ, ਉਸ ਰਾਹੀਂ ਜਗਤ ਰਚਿਆ ਗਿਆ, ਪਰ ਜਗਤ ਨੇ ਉਸ ਨੂੰ ਨਹੀਂ ਪਹਿਚਾਣਿਆ ।11ਉਹ ਆਪਣੇ ਲੋਕਾਂ ਵਿੱਚ ਆਇਆ, ਪਰ ਉਸ ਦੇ ਆਪਣੇ ਹੀ ਲੋਕਾਂ ਨੇ ਉਸ ਨੂੰ ਕਬੂਲ ਨਾ ਕੀਤਾ ।
12ਪਰ ਜਿੰਨਿਆਂ ਨੇ ਉਸ ਨੂੰ ਕਬੂਲ ਕੀਤਾ ਅਤੇ ਉਸ ਦੇ ਨਾਮ ਉੱਤੇ ਵਿਸ਼ਵਾਸ ਕੀਤਾ ਉਸ ਨੇ ਉਹਨਾਂ ਨੂੰ ਪਰਮੇਸ਼ੁਰ ਦੀ ਸੰਤਾਨ ਹੋਣ ਦਾ ਹੱਕ ਦਿੱਤਾ ।13ਨਾ ਹੀ ਉਹ ਲਹੂ ਤੋਂ, ਨਾ ਹੀ ਸਰੀਰਕ ਇੱਛਾ ਨਾਲ, ਅਤੇ ਨਾ ਹੀ ਮਨੁੱਖਾਂ ਦੀ ਇੱਛਾ ਨਾਲ ਪਰ ਉਹ ਪਰਮੇਸ਼ੁਰ ਤੋਂ ਪੈਦਾ ਹੋਏ ਸਨ ।
14ਸ਼ਬਦ ਦੇਹਧਾਰੀ ਹੋ ਗਿਆ ਅਤੇ ਸਾਡੇ ਵਿੱਚ ਰਿਹਾ, ਅਸੀਂ ਉਸ ਦੀ ਮਹਿਮਾ ਦੇਖੀ ਉਹ ਮਹਿਮਾ ਜੋ ਪਿਤਾ ਦੇ ਇੱਕਲੌਤੇ ਪੁੱਤਰ ਦੀ ਹੈ, ਜੋ ਕਿਰਪਾ ਅਤੇ ਸਚਿਆਈ ਨਾਲ ਭਰਪੂਰ ਸੀ ।15ਯੂਹੰਨਾ ਨੇ ਉਸ ਦੇ ਬਾਰੇ ਗਵਾਹੀ ਦਿੱਤੀ ਅਤੇ ਆਖਿਆ, “ਇਹ ਉਹੀ ਹੈ ਜਿਸ ਬਾਰੇ ਮੈਂ ਦੱਸ ਰਿਹਾ ਸੀ । ਮੈਂ ਤੁਹਾਨੂੰ ਦੱਸਿਆ ਸੀ ਕਿ ਉਹ ਜਿਹੜਾ ਮੇਰੇ ਤੋਂ ਬਾਅਦ ਆਵੇਗਾ, ਉਹ ਮੇਰੇ ਨਾਲੋਂ ਵੀ ਮਹਾਨ ਹੈ । ਉਹ ਮੇਰੇ ਤੋਂ ਵੀ ਪਹਿਲਾਂ ਸੀ ।”
16ਉਸ ਦੀ ਭਰਪੂਰੀ ਤੋਂ ਅਸੀਂ ਬੇਹੱਦ ਕਿਰਪਾ ਪਾਈ l17ਬਿਵਸਥਾ ਮੂਸਾ ਰਾਹੀਂ ਦਿੱਤੀ ਗਈ ਸੀ, ਪਰ ਕਿਰਪਾ ਅਤੇ ਸਚਿਆਈ ਯਿਸੂ ਮਸੀਹ ਰਾਹੀਂ ਆਈ ।18ਕਿਸੇ ਨੇ ਪਰਮੇਸ਼ੁਰ ਨੂੰ ਕਦੇ ਨਹੀਂ ਵੇਖਿਆ, ਉਹ ਇੱਕਲੌਤਾ ਪੁੱਤਰ, ਜੋ ਪਿਤਾ ਦੀ ਗੋਦ ਵਿੱਚ ਹੈ, ਪਰਮੇਸ਼ੁਰ ਹੈ ਅਤੇ ਉਸ ਨੇ ਸਾਨੂੰ ਵਿਖਾਇਆ ਹੈ ਕਿ ਕੌਣ ਪਰਮੇਸ਼ੁਰ ਹੈ ।
ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਗਵਾਹੀ
(ਮੱਤੀ 3:1-12, ਮਰਕੁਸ 1:1-8, ਲੂਕਾ 3:1-18)

19ਯਰੂਸ਼ਲਮ ਦੇ ਯਹੂਦੀਆਂ ਨੇ ਕੁੱਝ ਜਾਜਕਾਂ ਤੇ ਲੇਵੀਆਂ ਨੂੰ ਯੂਹੰਨਾ ਕੋਲ ਭੇਜਿਆ । ਯਹੂਦੀਆਂ ਨੇ ਉਨ੍ਹਾਂ ਨੂੰ ਇਹ ਪੁੱਛਣ ਲਈ ਭੇਜਿਆ, “ਤੂੰ ਕੌਣ ਹੈਂ ।”20ਯੂਹੰਨਾ ਸੱਚ ਬੋਲਿਆ ਉਸ ਨੇ ਉੱਤਰ ਦੇਣ ਤੋਂ ਇੰਨਕਾਰ ਨਾ ਕੀਤਾ । ਉਸ ਨੇ ਸਾਫ਼-ਸਾਫ਼ ਆਖਿਆ, “ਮੈਂ ਮਸੀਹ ਨਹੀਂ ਹਾਂ ।”21ਯਹੂਦੀਆਂ ਨੇ ਯੂਹੰਨਾ ਨੂੰ ਪੁੱਛਿਆ, “ਫਿਰ ਤੂੰ ਕੌਣ ਹੈਂ ? ਕੀ ਤੂੰ ਏਲੀਯਾਹ ਹੈਂ ? ” ਯੂਹੰਨਾ ਨੇ ਜ਼ਵਾਬ ਦਿੱਤਾ, “ਨਹੀਂ ਮੈਂ ਏਲੀਯਾਹ ਨਹੀਂ ਹਾਂ ।” ਯਹੂਦੀਆਂ ਨੇ ਪੁੱਛਿਆ, “ਕੀ ਤੂੰ ਨਬੀ ਹੈ ? ” ਯੂਹੰਨਾ ਨੇ ਜ਼ਵਾਬ ਦਿੱਤਾ, “ਨਹੀਂ, ।”
22ਤਾਂ ਯਹੂਦੀਆਂ ਨੇ ਪੁੱਛਿਆ, “ਫਿਰ ਤੂੰ ਕੌਣ ਹੈਂ ? ਸਾਨੂੰ ਆਪਣੇ ਬਾਰੇ ਦੱਸ । ਸਾਨੂੰ ਜ਼ਵਾਬ ਦੇ ਤਾਂ ਕਿ ਅਸੀਂ ਉਨ੍ਹਾਂ ਨੂੰ ਦੱਸ ਸਕੀਏ, ਜਿਨ੍ਹਾਂ ਨੇ ਸਾਨੂੰ ਭੇਜਿਆ ਹੈ । ਤੂੰ ਆਪਣੇ ਬਾਰੇ ਕੀ ਆਖਦਾ ਹੈਂ ? ”23ਯੂਹੰਨਾ ਨੇ ਉਨ੍ਹਾਂ ਨੂੰ ਨਬੀ ਯਸਾਯਾਹ ਦੇ ਸ਼ਬਦ ਆਖੇ: “ਮੈਂ ਉਜਾੜ ਵਿੱਚ ਹੋਕਾ ਦੇਣ ਵਾਲੇ ਦੀ ਅਵਾਜ਼ ਹਾਂ: ਪ੍ਰਭੂ ਲਈ ਸਿੱਧਾ ਰਾਹ ਤਿਆਰ ਕਰੋ ।”
24ਇਹ ਯਹੂਦੀ ਫ਼ਰੀਸੀਆਂ ਵੱਲੋਂ ਭੇਜੇ ਹੋਏ ਸਨ ।25ਉਨ੍ਹਾਂ ਨੇ ਉਸ ਨੂੰ ਪੁੱਛਿਆ, “ਤੂੰ ਆਖਦਾ ਹੈਂ ਕਿ ਤੂੰ ਮਸੀਹ ਨਹੀਂ ਹੈ ।” ਤੂੰ ਆਖਦਾ ਹੈਂ ਕਿ “ਤੂੰ ਏਲੀਯਾਹ ਨਹੀਂ ਹੈ ਅਤੇ ਨਾ ਹੀ ਨਬੀ । ਫਿਰ ਤੂੰ ਲੋਕਾਂ ਨੂੰ ਬਪਤਿਸਮਾ ਕਿਉਂ ਦਿੰਦਾ ਹੈ ? ”
26ਯੂਹੰਨਾ ਨੇ ਉੱਤਰ ਦਿੱਤਾ, “ਮੈਂ ਲੋਕਾਂ ਨੂੰ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ ਪਰ ਕੋਈ ਇੱਕ ਹੈ ਜੋ ਤੁਹਾਡੇ ਵਿੱਚ ਖੜ੍ਹਾ ਹੈ, ਜਿਸ ਨੂੰ ਤੁਸੀਂ ਨਹੀਂ ਪਛਾਣਦੇ ।27ਉਹ ਉਹੀ ਹੈ ਜੋ ਮੇਰੇ ਮਗਰੋਂ ਆਵੇਗਾ । ਮੈਂ ਉਸ ਦੀ ਜੁੱਤੀ ਦੇ ਤਸਮੇ ਖੋਲ੍ਹਣ ਦੇ ਵੀ ਯੋਗ ਨਹੀਂ ਹਾਂ ।”28ਇਹ ਸਭ ਗੱਲਾਂ ਬੈਤਅਨੀਆਂ ਵਿੱਚ ਯਰਦਨ ਦਰਿਆ ਦੇ ਪਾਰ ਹੋਈਆਂ । ਉੱਥੇ ਯੂਹੰਨਾ ਲੋਕਾਂ ਨੂੰ ਬਪਤਿਸਮਾ ਦਿੰਦਾ ਸੀ ।
ਪਰਮੇਸ਼ੁਰ ਦਾ ਲੇਲਾ

29ਅਗਲੇ ਦਿਨ ਯੂਹੰਨਾ ਨੇ ਯਿਸੂ ਨੂੰ ਆਪਣੇ ਵੱਲ ਆਉਂਦਿਆਂ ਦੇਖਿਆ । ਯੂਹੰਨਾ ਨੇ ਆਖਿਆ, “ਵੇਖੋ, ਪਰਮੇਸ਼ੁਰ ਦਾ ਲੇਲਾ, ਉਹ ਸੰਸਾਰ ਦੇ ਪਾਪ ਚੁੱਕ ਕੇ ਲੈ ਜਾਂਦਾ ਹੈ ।”30ਮੈਂ ਉਸ ਬਾਰੇ ਹੀ ਗੱਲ ਕਰ ਰਿਹਾ ਸੀ ਜਦੋਂ ਮੈਂ ਆਖਿਆ ਸੀ “ਇੱਕ ਮਨੁੱਖ ਮੇਰੇ ਬਾਅਦ ਆਵੇਗਾ ਤੇ ਉਹ ਮੇਰੇ ਤੋਂ ਵੀ ਮਹਾਨ ਹੈ, ਕਿਉਂਕਿ ਉਹ ਮੇਰੇ ਤੋਂ ਵੀ ਪਹਿਲਾਂ ਸੀ ।31ਮੈਂ ਨਹੀਂ ਜਾਣਦਾ ਸੀ ਉਹ ਕੌਣ ਹੈ । ਪਰ ਮੈਂ ਲੋਕਾਂ ਨੂੰ ਜਲ ਨਾਲ ਬਪਤਿਸਮਾ ਦੇਣ ਲਈ ਆਇਆ ਹਾਂ ਤਾਂ ਜੋ ਇਸਰਾਏਲ ਉਸ ਬਾਰੇ ਜਾਣ ਸਕੇ ।”
32ਯੂਹੰਨਾ ਨੇ ਗਵਾਹੀ ਦੇ ਕੇ ਆਖਿਆ, ਮੈਂ ਆਤਮਾ ਨੂੰ ਸਵਰਗ ਤੋਂ ਘੁੱਗੀ ਦੀ ਤਰ੍ਹਾਂ ਉੱਤਰਦਿਆਂ ਅਤੇ ਉਸ ਉੱਪਰ ਠਹਿਰਿਆ ਵੇਖਿਆ ।33“ਮੈਂ ਵੀ ਨਹੀਂ ਜਾਣਦਾ ਸੀ ਕਿ ਮਸੀਹ ਕੌਣ ਹੈ, ਪਰ ਮੈਨੂੰ ਪਰਮੇਸ਼ੁਰ ਨੇ ਭੇਜਿਆ ਕਿ ਮੈਂ ਲੋਕਾਂ ਨੂੰ ਜਲ ਨਾਲ ਬਪਤਿਸਮਾ ਦੇਵਾਂ ਤੇ ਪਰਮੇਸ਼ੁਰ ਨੇ ਮੈਨੂੰ ਦੱਸਿਆ, ਤੂੰ ਆਤਮਾ ਨੂੰ ਸਵਰਗ ਤੋਂ ਉੱਤਰਦਿਆਂ ਅਤੇ ਇੱਕ ਮਨੁੱਖ ਉੱਤੇ ਠਹਿਰਦਿਆਂ ਵੇਖੇਂਗਾ ਤੇ ਉਹ ਪਵਿੱਤਰ ਆਤਮਾ ਨਾਲ ਲੋਕਾਂ ਨੂੰ ਬਪਤਿਸਮਾ ਦੇਵੇਗਾ34ਮੈਂ ਗਵਾਹੀ ਦਿੰਦਾ ਹਾਂ ਕਿ ਉਹੀ ਪਰਮੇਸ਼ੁਰ ਦਾ ਪੁੱਤਰ ਹੈ ।”
ਯਿਸੂ ਦੇ ਪਹਿਲੇ ਚੇਲੇ

35ਅਗਲੇ ਦਿਨ ਯੂਹੰਨਾ ਫ਼ੇਰ ਉੱਥੇ ਹੀ ਖੜ੍ਹਾ ਸੀ । ਯੂਹੰਨਾ ਦੇ ਨਾਲ ਉਸ ਦੇ ਦੋ ਚੇਲੇ ਸਨ ।36ਯੂਹੰਨਾ ਨੇ ਯਿਸੂ ਨੂੰ ਵੇਖ ਕੇ ਆਖਿਆ, “ਵੇਖੋ, ਪਰਮੇਸ਼ੁਰ ਦਾ ਲੇਲਾ ।”
37ਉਨ੍ਹਾਂ ਦੋਹਾਂ ਚੇਲਿਆਂ ਨੇ, ਜੋ ਯੂਹੰਨਾ ਆਖ ਰਿਹਾ ਸੀ, ਸੁਣਿਆ ਅਤੇ ਉਹ ਯਿਸੂ ਦੇ ਮਗਰ ਤੁਰ ਪਏ ।38ਯਿਸੂ ਨੇ ਉਨ੍ਹਾਂ ਨੂੰ ਮਗਰ ਆਉਂਦਿਆ ਵੇਖਿਆ ਅਤੇ ਮੁੜ ਕੇ ਆਖਿਆ, “ਤੁਸੀਂ ਕੀ ਚਾਹੁੰਦੇ ਹੋ ? ” ਉਨ੍ਹਾਂ ਦੋਹਾਂ ਨੇ ਆਖਿਆ, “ਹੇ ਰੱਬੀ, ‘ਰੱਬੀ’ ਦਾ ਅਰਥ ਹੈ ‘ਗੁਰੂ’ ਤੁਸੀਂ ਕਿੱਥੇ ਠਹਿਰੇ ਹੋ ? ”39ਯਿਸੂ ਨੇ ਉੱਤਰ ਦਿੱਤਾ, “ਆਓ ਅਤੇ ਵੇਖੋ ।” ਸੋ ਉਹ ਦੋਵੇਂ ਯਿਸੂ ਦੇ ਨਾਲ ਗਏ । ਉਨ੍ਹਾਂ ਨੇ ਥਾਂ ਵੇਖੀ ਜਿੱਥੇ ਯਿਸੂ ਰਹਿ ਰਿਹਾ ਸੀ । ਉਸ ਦਿਨ ਉਹ ਉੱਥੇ ਯਿਸੂ ਦੇ ਨਾਲ ਹੀ ਰਹੇ । ਇਹ ਚਾਰ ਕੁ ਵਜੇ ਦਾ ਸਮਾਂ ਸੀ ।
40ਇਨ੍ਹਾਂ ਦੋਹਾਂ ਨੇ ਯਿਸੂ ਬਾਰੇ ਯੂਹੰਨਾ ਤੋਂ ਸੁਣਨ ਤੋਂ ਬਾਅਦ ਯਿਸੂ ਦੇ ਮਗਰ ਹੋ ਤੁਰੇ । ਇਨ੍ਹਾਂ ਵਿੱਚੋਂ ਇੱਕ ਦਾ ਨਾਮ ਅੰਦ੍ਰਿਯਾਸ ਸੀ । ਅੰਦ੍ਰਿਯਾਸ ਸ਼ਮਊਨ ਪਤਰਸ ਦਾ ਭਰਾ ਸੀ ।41ਪਹਿਲਾਂ ਅੰਦ੍ਰਿਯਾਸ ਨੇ ਆਪਣੇ ਭਰਾ ਸ਼ਮਊਨ ਨੂੰ ਲੱਭਿਆ ਤੇ ਫ਼ਿਰ ਉਸ ਨੇ ਆਖਿਆ, “ਅਸੀਂ ਮਸੀਹ ਨੂੰ ਲੱਭ ਲਿਆ ਹੈ ।” “ਮਸੀਹ” ਮਤਲਬ “ਮਸੀਹਾ”42ਅੰਦ੍ਰਿਯਾਸ ਸ਼ਮਊਨ ਨੂੰ ਯਿਸੂ ਕੋਲ ਲੈ ਆਇਆ । ਯਿਸੂ ਨੇ ਸ਼ਮਊਨ ਨੂੰ ਵੇਖਿਆ ਤੇ ਆਖਿਆ ਤੂੰ ਯੂਹੰਨਾ ਦਾ ਪੁੱਤਰ ਸ਼ਮਊਨ ਹੈਂ, ਤੂੰ ਕੇਫ਼ਾਸ ਅਖਵਾਵੇਗਾ “ਕੇਫ਼ਾਸ” ਦਾ ਭਾਵ ਹੈ “ਪਤਰਸ” ।
ਫਿਲਿਪੁੱਸ ਅਤੇ ਨਥਾਨਿਏਲ ਨੂੰ ਬੁਲਾਉਣਾ

43ਅਗਲੇ ਦਿਨ ਯਿਸੂ ਨੇ ਚਾਹਿਆ ਕਿ ਉਹ ਗਲੀਲ ਜਾਵੇ । ਉਸ ਨੇ ਫ਼ਿਲਿਪੁੱਸ ਨੂੰ ਲੱਭਿਆ ਤੇ ਉਸ ਨੂੰ ਆਖਿਆ, “ਮੇਰੇ ਮਗਰ ਚੱਲ ।”44ਫ਼ਿਲਿਪੁੱਸ ਬੈਤਸੈਦੇ ਦਾ ਸੀ । ਉੱਥੋਂ ਦੇ ਹੀ ਅੰਦ੍ਰਿਯਾਸ ਤੇ ਪਤਰਸ ਸਨ ।45ਫ਼ਿਲਿਪੁੱਸ ਨੇ ਨਥਾਨਿਏਲ ਨੂੰ ਲੱਭਿਆ ਤੇ ਉਸ ਨੂੰ ਆਖਿਆ, “ਯਾਦ ਕਰ ਮੂਸਾ ਨੇ ਬਿਵਸਥਾ ਵਿੱਚ ਜੋ ਲਿਖਿਆ ਹੈ । ਨਬੀਆਂ ਨੇ ਵੀ ਉਸ ਬਾਰੇ ਲਿਖਿਆ ਹੈ । ਅਸੀਂ ਉਸ ਨੂੰ ਲੱਭ ਲਿਆ ਹੈ । ਉਸਦਾ ਨਾਮ ਯਿਸੂ ਹੈ । ਉਹ ਯੂਸੁਫ਼ ਦਾ ਪੁੱਤਰ ਅਤੇ ਉਹ ਨਾਸਰਤ ਦਾ ਹੈ ।”
46ਪਰ ਨਥਾਨਿਏਲ ਨੇ ਫ਼ਿਲਿਪੁੱਸ ਨੂੰ ਆਖਿਆ, “ਨਾਸਰਤ ! ਭਲਾ ਨਾਸਰਤ ਵਿੱਚੋਂ ਕੋਈ ਉੱਤਮ ਚੀਜ਼ ਨਿੱਕਲ ਸਕਦੀ ਹੈ ? ” ਫ਼ਿਲਿਪੁੱਸ ਨੇ ਉੱਤਰ ਦਿੱਤਾ, “ਆ ਅਤੇ ਵੇਖ”47ਯਿਸੂ ਨੇ ਨਥਾਨਿਏਲ ਨੂੰ ਆਪਣੇ ਵੱਲ ਆਉਂਦਿਆਂ ਵੇਖਿਆ ਅਤੇ ਉਸ ਬਾਰੇ ਇਹ ਆਖਿਆ, “ਉਹ ਇੱਕ ਸੱਚਾ ਇਸਰਾਏਲੀ ਹੈ ਉਸ ਵਿੱਚ ਕੋਈ ਛੱਲ ਨਹੀਂ ਹੈ ।”48ਨਥਾਨਿਏਲ ਨੇ ਪੁੱਛਿਆ, “ਤੁਸੀਂ ਮੈਨੂੰ ਕਿਵੇਂ ਜਾਣਦੇ ਹੋ ? ” ਯਿਸੂ ਨੇ ਉੱਤਰ ਦਿੱਤਾ, “ਮੈਂ ਤੈਨੂੰ ਉਸ ਵੇਲੇ ਵੇਖ ਲਿਆ ਸੀ, ਜਦੋਂ ਤੂੰ ਹੰਜ਼ੀਰ ਦੇ ਰੁੱਖ ਥੱਲੇ ਸੀ । ਜਦੋਂ ਤੈਨੂੰ ਫ਼ਿਲਿਪੁੱਸ ਨੇ ਮੇਰੇ ਬਾਰੇ ਦੱਸਿਆ ।”
49ਫ਼ਿਰ ਨਥਾਨਿਏਲ ਨੇ ਯਿਸੂ ਨੂੰ ਕਿਹਾ, “ਗੁਰੂ ਜੀ, ਤੁਸੀਂ ਪਰਮੇਸ਼ੁਰ ਦੇ ਪੁੱਤਰ ਹੋ । ਤੁਸੀਂ ਇਸਰਾਏਲ ਦੇ ਪਾਤਸ਼ਾਹ ਹੋ ।”50ਯਿਸੂ ਨੇ ਨਥਾਨਿਏਲ ਨੂੰ ਆਖਿਆ, “ਤੂੰ ਇਸ ਲਈ ਵਿਸ਼ਵਾਸ ਕਰਦਾ ਹੈਂ ਕਿ ਪਹਿਲਾਂ ਹੀ ਮੈਂ ਤੈਨੂੰ ਦੱਸਿਆ ਸੀ ਕਿ ਮੈਂ ਤੈਨੂੰ ਹੰਜ਼ੀਰ ਦੇ ਰੁੱਖ ਥੱਲੇ ਵੇਖਿਆ ਸੀ । ਪਰ ਤੂੰ ਇਸ ਤੋਂ ਵੀ ਵੱਡੀਆਂ ਗੱਲਾਂ ਦੇਖੇਂਗਾ !”51ਯਿਸੂ ਨੇ ਉਸ ਨੂੰ ਆਖਿਆ, “ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ ਤੁਸੀਂ ਸਵਰਗ ਨੂੰ ਖੁੱਲ੍ਹਾ ਵੇਖੋਂਗੇ ਅਤੇ ਪਰਮੇਸ਼ੁਰ ਦੇ ਦੂਤਾਂ ਨੂੰ ਮਨੁੱਖ ਦੇ ਪੁੱਤਰ ਉੱਤੇ ਚੜਦੇ ਅਤੇ ਉੱਤਰਦੇ ਵੇਖੋਂਗੇ ।”

2
ਗਲੀਲ ਦੇ ਕਾਨਾ ਨਗਰ ਵਿੱਚ ਪਹਿਲਾ ਚਮਤਕਾਰ

1ਤੀਸਰੇ ਦਿਨ ਗਲੀਲ ਦੇ ਨਗਰ ਕਾਨਾ ਵਿੱਚ ਇੱਕ ਵਿਆਹ ਸੀ, ਯਿਸੂ ਦੀ ਮਾਤਾ ਉੱਥੇ ਸੀ ।2ਯਿਸੂ ਅਤੇ ਉਸ ਦੇ ਚੇਲਿਆਂ ਨੂੰ ਵੀ ਵਿਆਹ ਦਾ ਸੱਦਾ ਦਿੱਤਾ ਗਿਆ ਸੀ ।

3ਉੱਥੇ ਅੰਗੂਰਾਂ ਦਾ ਰਸ ਮੁੱਕ ਗਿਆ, ਯਿਸੂ ਦੀ ਮਾਤਾ ਨੇ ਉਸ ਨੂੰ ਆਖਿਆ, “ਇਨ੍ਹਾਂ ਕੋਲ ਹੋਰ ਅੰਗੂਰਾਂ ਦਾ ਰਸ ਨਹੀਂ ਹੈ ।”4ਯਿਸੂ ਨੇ ਉੱਤਰ ਦਿੱਤਾ, ਹੇ ਇਸਤਰੀ, “ਮੈਨੂੰ ਇਸ ਨਾਲ ਕੀ, ਮੇਰਾ ਸਮਾਂ ਅਜੇ ਨਹੀਂ ਆਇਆ ।”5ਯਿਸੂ ਦੀ ਮਾਤਾ ਨੇ ਸੇਵਕਾਂ ਨੂੰ ਆਖਿਆ, “ਉਸੇ ਤਰ੍ਹਾਂ ਹੀ ਕਰੋ ਜਿਵੇਂ ਉਹ ਤੁਹਾਨੂੰ ਕਰਨ ਲਈ ਆਖੇ ।”
6ਉਸ ਥਾਂ ਤੇ ਪੱਥਰ ਦੇ ਛੇ ਵੱਡੇ ਪਾਣੀ ਦੇ ਮਟਕੇ ਸਨ । ਯਹੂਦੀ ਇਸ ਤਰ੍ਹਾਂ ਦੇ ਮੱਟਕੇ ਸ਼ੁੱਧੀਕਰਨ ਦੀਆਂ ਰੀਤਾਂ ਦੇ ਸਮੇਂ ਵਰਤਦੇ ਸਨ । ਹਰੇਕ ਮੱਟ ਵਿੱਚ 80 ਲੀਟਰ ਤੋਂ ਲੈ ਕੇ 120 ਲੀਟਰ ਤੱਕ ਪਾਣੀ ਰੱਖਿਆ ਜਾ ਸਕਦਾ ਹੈ ।7ਯਿਸੂ ਨੇ ਉਨ੍ਹਾਂ ਸੇਵਕਾਂ ਨੂੰ ਆਖਿਆ, “ਇਨ੍ਹਾਂ ਮੱਟਾਂ ਨੂੰ ਜਲ ਨਾਲ ਭਰ ਦਿਓ ।” ਉਨ੍ਹਾਂ ਨੇ ਮੱਟਾਂ ਨੂੰ ਜਲ ਨਾਲ ਨਕੋ-ਨੱਕ ਭਰ ਦਿੱਤਾ ।8ਫਿਰ ਯਿਸੂ ਨੇ ਸੇਵਕਾਂ ਨੂੰ ਆਖਿਆ, “ਹੁਣ ਕੁੱਝ ਪਾਣੀ ਕੱਢੋ ਅਤੇ ਦਾਅਵਤ ਦੇ ਮੁਖੀ ਨੂੰ ਦੇ ਦਿਉ ।” ਸੋ ਉਨ੍ਹਾਂ ਸੇਵਕਾਂ ਨੇ ਪਾਣੀ ਲਿਆ ਅਤੇ ਉਸ ਨੂੰ ਦੇ ਦਿੱਤਾ ।
9ਉਸ ਨੇ ਉਸ ਪਾਣੀ ਨੂੰ ਚੱਖ ਕੇ ਵੇਖਿਆ, ਉਹ ਅੰਗੂਰਾਂ ਦਾ ਰਸ ਬਣ ਚੁੱਕਾ ਸੀ । ਉਸ ਨੂੰ ਪਤਾ ਨਹੀਂ ਸੀ ਕਿ ਅੰਗੂਰਾਂ ਦਾ ਰਸ ਕਿੱਥੋਂ ਆਇਆ ਹੈ । ਪਰ ਜਿਨ੍ਹਾਂ ਸੇਵਕਾਂ ਨੇ ਪਾਣੀ ਲਿਆਂਦਾ ਸੀ ਉਹ ਇਸ ਬਾਰੇ ਜਾਣਦੇ ਸਨ । ਦਾਅਵਤ ਦੇ ਪਰਧਾਨ ਨੇ ਲਾੜੇ ਨੂੰ ਸੱਦਿਆ ।10ਅਤੇ ਉਸ ਨੂੰ ਆਖਿਆ, “ਹਮੇਸ਼ਾਂ ਲੋਕ ਪਹਿਲਾਂ ਚੰਗਾ ਰਸ ਦਿੰਦੇ ਹਨ, ਜਦੋਂ ਮਹਿਮਾਨ ਜਿਆਦਾ ਹੁੰਦੇ ਹਨ, ਫ਼ੇਰ ਉਹ ਮਾੜਾ ਰਸ ਦਿੰਦੇ ਹਨ । ਪਰ ਤੁਸੀਂ ਹੁਣ ਤੱਕ ਵਧੀਆ ਅੰਗੂਰੀ ਰਸ ਰੱਖ ਲਿਆ ਹੈ ।”
11ਇਹ ਪਹਿਲਾ ਚਮਤਕਾਰ ਸੀ ਜੋ ਯਿਸੂ ਨੇ ਕੀਤਾ । ਅਤੇ ਇਹ ਗਲੀਲ ਦੇ ਨਗਰ ਕਾਨਾ ਵਿੱਚ ਕੀਤਾ ਗਿਆ ਸੀ । ਇਉਂ ਯਿਸੂ ਨੇ ਆਪਣੀ ਮਹਿਮਾ ਪ੍ਰਗਟਾਈ । ਉਸ ਦੇ ਚੇਲਿਆਂ ਨੇ ਉਸ ਉੱਤੇ ਵਿਸ਼ਵਾਸ ਕੀਤਾ ।
12ਤਾਂ ਫ਼ਿਰ ਯਿਸੂ ਕਫ਼ਰਨਾਹੂਮ ਨਗਰ ਨੂੰ ਗਿਆ ਉਸ ਦੀ ਮਾਤਾ, ਉਸ ਦੇ ਭਰਾ, ਅਤੇ ਚੇਲੇ ਵੀ ਉਸ ਦੇ ਨਾਲ ਸਨ । ਉਹ ਸਾਰੇ ਕੁੱਝ ਦਿਨ ਕਫ਼ਰਨਾਹੂਮ ਵਿੱਚ ਠਹਿਰੇ ।
ਹੈਕਲ ਵਿੱਚੋਂ ਵਪਾਰੀਆਂ ਨੂੰ ਕੱਢਣਾ
(ਮੱਤੀ 21:12, 13, ਮਰਕੁਸ 11:15-17, ਲੂਕਾ 19:45-46)

13ਯਹੂਦੀਆਂ ਦੇ ਪਸਾਹ ਦਾ ਤਿਉਹਾਰ ਨੇੜੇ ਸੀ, ਇਸ ਲਈ ਯਿਸੂ ਯਰੂਸ਼ਲਮ ਆ ਗਿਆ । ਯਰੂਸ਼ਲਮ ਵਿੱਚ ਯਿਸੂ ਹੈਕਲ ਨੂੰ ਗਿਆ ।14ਉੱਥੇ ਉਸ ਨੇ ਲੋਕਾਂ ਨੂੰ ਡੰਗਰ, ਭੇਡਾਂ ਅਤੇ ਕਬੂਤਰ ਵੇਚਦੇ ਪਾਇਆ । ਦੂਜੇ ਲੋਕ ਆਪਣੀਆਂ ਮੇਜ਼ਾਂ ਤੇ ਬੈਠੇ ਹੋਏ ਸਨ । ਉਹ ਲੋਕਾਂ ਦਾ ਪੈਸਾ ਲੈਣ-ਦੇਣ ਦਾ ਵਪਾਰ ਕਰ ਰਹੇ ਸਨ ।
15ਯਿਸੂ ਨੇ ਰੱਸੀਆਂ ਦਾ ਇੱਕ ਕੋਰੜਾ ਬਣਾਇਆ ਅਤੇ ਉਸ ਨਾਲ ਇਨ੍ਹਾਂ ਸਾਰੇ ਬੰਦਿਆਂ, ਡੰਗਰਾਂ ਅਤੇ ਭੇਡਾਂ ਨੂੰ ਹੈਕਲ ਚੋਂ ਬਾਹਰ ਕੱਢ ਦਿੱਤਾ । ਯਿਸੂ ਨੇ ਵਪਾਰੀਆਂ ਦੇ ਮੇਜ਼ ਉਲਟਾ ਦਿੱਤੇ ਅਤੇ ਜਿਨ੍ਹਾਂ ਪੈਸਿਆਂ ਦਾ ਉਹ ਲੈਣ-ਦੇਣ ਦਾ ਵਪਾਰ ਕਰ ਰਹੇ ਸਨ, ਉਹ ਖਿੰਡਾ ਦਿੱਤੇ ।16ਫ਼ਿਰ ਯਿਸੂ ਨੇ ਜਾਨਵਰ ਵੇਚਣ ਵਾਲੀਆਂ ਨੂੰ ਆਖਿਆ, “ਇਹ ਸਭ ਕੁੱਝ ਐਥੋਂ ਲੈ ਜਾਓ ਮੇਰੇ ਪਿਤਾ ਦੇ ਘਰ ਨੂੰ ਵਪਾਰ ਮੰਡੀ ਨਾ ਬਣਾਓ ।”
17ਜਦੋਂ ਇਹ ਸਭ ਕੁੱਝ ਵਾਪਰਿਆ ਯਿਸੂ ਦੇ ਚੇਲਿਆਂ ਨੇ ਯਾਦ ਕੀਤਾ ਪੋਥੀਆਂ ਵਿੱਚ ਕੀ ਲਿਖਿਆ ਹੋਇਆ ਸੀ: “ਤੇਰੇ ਘਰ ਲਈ ਮੇਰੀ ਅਣਖ ਮੈਨੂੰ ਅੰਦਰੋਂ ਸਾੜ ਰਹੀ ਹੈ ।”18ਯਹੂਦੀਆਂ ਨੇ ਯਿਸੂ ਨੂੰ ਆਖਿਆ, “ਤੁਸੀਂ ਇਹ ਸਾਬਤ ਕਰਨ ਲਈ ਕੋਈ ਚਮਤਕਾਰ ਵਿਖਾਓ, ਕਿ ਤੁਹਾਡੇ ਕੋਲ ਇਹ ਗੱਲਾਂ ਕਰਨ ਦਾ ਅਧਿਕਾਰ ਹੈ ।”19ਯਿਸੂ ਨੇ ਉੱਤਰ ਦਿੱਤਾ, “ਇਸ ਪ੍ਰਾਰਥਨਾ ਘਰ ਨੂੰ ਢਾਹ ਦਿਓ, ਅਤੇ ਮੈਂ ਇਸ ਨੂੰ ਫਿਰ ਤਿੰਨ ਦਿਨਾਂ ਵਿੱਚ ਖੜ੍ਹਾ ਕਰ ਦਿਆਂਗਾ ।”
20ਯਹੂਦੀਆਂ ਨੇ ਆਖਿਆ, “ਇਹ ਹੈਕਲ ਬਣਾਉਣ ਲਈ 46 ਸਾਲ ਲੱਗੇ, ਕੀ ਤੁਸੀਂ ਇਸ ਦਾ ਨਿਰਮਾਣ ਤਿੰਨਾਂ ਦਿਨ ਵਿੱਚ ਕਰ ਦਿਓਗੇ ? ”21ਪਰ ਜਿਸ ਪ੍ਰਾਰਥਨਾ ਘਰ ਬਾਰੇ ਯਿਸੂ ਨੇ ਕਿਹਾ ਸੀ, ਉਹ ਉਸਦਾ ਆਪਣਾ ਸਰੀਰ ਸੀ ।22ਯਿਸੂ ਦੇ ਜੀ ਉੱਠਣ ਤੋਂ ਬਾਅਦ ਉਸ ਦੇ ਚੇਲਿਆਂ ਨੂੰ ਯਾਦ ਆਇਆ ਕਿ ਯਿਸੂ ਨੇ ਇਹ ਸ਼ਬਦ ਕਹੇ ਸਨ । ਇਸ ਲਈ ਉਨ੍ਹਾਂ ਨੇ ਪਵਿੱਤਰ ਗ੍ਰੰਥ ਉੱਤੇ, ਅਤੇ ਜੋ ਸ਼ਬਦ ਯਿਸੂ ਨੇ ਆਖੇ, ਉਨ੍ਹਾਂ ਉੱਤੇ ਵਿਸ਼ਵਾਸ ਕੀਤਾ ।
ਯਿਸੂ ਮਨੁੱਖ ਦੇ ਮਨ ਨੂੰ ਜਾਣਦਾ ਹੈ

23ਯਿਸੂ ਪਸਾਹ ਦੇ ਤਿਉਹਾਰ ਲਈ ਯਰੂਸ਼ਲਮ ਵਿੱਚ ਸੀ, ਬਹੁਤ ਸਾਰੇ ਲੋਕਾਂ ਨੇ ਯਿਸੂ ਉੱਤੇ ਵਿਸ਼ਵਾਸ ਕੀਤਾ ਕਿਉਂਕਿ ਜੋ ਚਮਤਕਾਰ ਯਿਸੂ ਨੇ ਕੀਤੇ ਉਨ੍ਹਾਂ ਨੇ ਉਹ ਵੇਖੇ ਸਨ ।24ਪਰ ਯਿਸੂ ਨੇ ਆਪਣੇ ਆਪ ਨੂੰ ਉਹਨਾਂ ਕੋਲੋਂ ਦੂਰ ਰੱਖਿਆ ਕਿਉਂਕਿ ਉਹ ਉਨ੍ਹਾਂ ਬਾਰੇ ਜਾਣਦਾ ਸੀ ।25ਯਿਸੂ ਨੂੰ ਇਸ ਗੱਲ ਦੀ ਲੋੜ ਨਹੀਂ ਸੀ ਕਿ ਕੋਈ ਹੋਰ ਬੰਦਾ ਉਨ੍ਹਾਂ ਨੂੰ ਉਨ੍ਹਾਂ ਬਾਰੇ ਦੱਸਦਾ ਕਿਉਂਕਿ ਯਿਸੂ ਲੋਕਾਂ ਦੇ ਦਿਲਾਂ ਬਾਰੇ ਜਾਣਦਾ ਸੀ ।

3
ਯਿਸੂ ਅਤੇ ਨਿਕੋਦਿਮੁਸ

1ਉੱਥੇ ਨਿਕੋਦਿਮੁਸ ਨਾਮ ਦਾ ਇੱਕ ਮਨੁੱਖ ਸੀ, ਜੋ ਫ਼ਰੀਸੀਆਂ ਵਿੱਚੋਂ ਅਤੇ ਯਹੂਦੀਆਂ ਦਾ ਮੁੱਖ ਆਗੂ ਸੀ ।2ਇੱਕ ਰਾਤ ਨਿਕੋਦਿਮੁਸ ਯਿਸੂ ਕੋਲ ਆਇਆ ਅਤੇ ਆਖਿਆ, “ਗੁਰੂ ਜੀ ਅਸੀਂ ਜਾਣਦੇ ਹਾਂ ਕਿ ਤੁਸੀਂ ਪਰਮੇਸ਼ੁਰ ਦੇ ਭੇਜੇ ਹੋਏ ਇੱਕ ਗੁਰੂ ਹੋ । ਤੁਸੀਂ ਜੋ ਚਮਤਕਾਰ ਕਰਦੇ ਹੋ ਪਰਮੇਸ਼ੁਰ ਦੀ ਸਹਾਇਤਾ ਤੋਂ ਬਿਨ੍ਹਾਂ ਕੋਈ ਨਹੀਂ ਕਰ ਸਕਦਾ ।”

3ਯਿਸੂ ਨੇ ਉੱਤਰ ਦਿੱਤਾ, “ਮੈਂ ਤੁਹਾਨੂੰ ਸੱਚ ਆਖਦਾ ਹਾਂ । ਇੱਕ ਮਨੁੱਖ ਉਦੋਂ ਤੱਕ ਪਰਮੇਸ਼ੁਰ ਦੇ ਰਾਜ ਨੂੰ ਨਹੀਂ ਵੇਖ ਸਕਦਾ, ਜਿੰਨਾਂ ਚਿਰ ਉਹ ਨਵੇਂ ਸਿਰਿਓਂ ਨਹੀਂ ਜਨਮ ਲੈਂਦਾ ।”4ਨਿਕੋਦਿਮੁਸ ਨੇ ਆਖਿਆ, “ਜੇਕਰ ਕੋਈ ਵਿਅਕਤੀ ਪਹਿਲਾਂ ਹੀ ਬੁੱਢਾ ਹੈ ਤਾਂ ਉਹ ਕਿਵੇਂ ਦੁਬਾਰਾ ਜਨਮ ਸਕਦਾ ਹੈ ? ਕੀ ਇਹ ਸਕਦਾ ਜੋ ਉਹ ਜਨਮ ਲੈਣ ਲਈ ਆਪਣੀ ਮਾਂ ਦੀ ਕੁੱਖ ਵਿੱਚ ਦੂਸਰੀ ਵਾਰੀ ਜਾਵੇ ? ”
5ਪਰ ਯਿਸੂ ਨੇ ਉੱਤਰ ਦਿੱਤਾ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਜੇਕਰ ਕੋਈ ਵਿਅਕਤੀ ਪਾਣੀ ਅਤੇ ਆਤਮਾ ਤੋਂ ਨਹੀਂ ਜਨਮ ਲੈਂਦਾ ਤਾਂ ਉਹ ਪਰਮੇਸ਼ੁਰ ਦੇ ਰਾਜ ਵਿੱਚ ਜਾ ਨਹੀਂ ਸਕਦਾ ।6ਸਰੀਰ ਤੋਂ ਸਰੀਰ ਪੈਦਾ ਹੁੰਦਾ ਹੈ ਅਤੇ ਆਤਮਾ ਤੋਂ ਆਤਮਾ ਜਨਮ ਲੈਂਦਾ ਹੈ ।
7ਇਸ ਲਈ ਹੈਰਾਨ ਨਾ ਹੋਵੋ ਕਿ ਮੈਂ ਤੁਹਾਨੂੰ ਆਖਿਆ ਹੈ ਕਿ ‘ਤੁਹਾਨੂੰ ਨਵੇਂ ਸਿਰਿਓਂ ਜਨਮ ਲੈਣਾ ਚਾਹੀਦਾ ਹੈ ।’8ਹਵਾ ਉਸ ਪਾਸੇ ਹੀ ਚੱਲਦੀ ਹੈ ਜਿੱਧਰ ਉਹ ਚਾਹੁੰਦੀ ਹੈ । ਤੁਸੀਂ ਹਵਾ ਦੇ ਚੱਲਣ ਦੀ ਅਵਾਜ਼ ਸੁਣ ਸਕਦੇ ਹੋ । ਪਰ ਤੁਹਾਨੂੰ ਇਹ ਨਹੀਂ ਪਤਾ ਕਿ ਹਵਾ ਕਿੱਧਰੋਂ ਆਉਂਦੀ ਹੈ ਤੇ ਕਿੱਧਰ ਜਾਂਦੀ ਹੈ । ਆਤਮਾ ਤੋਂ ਜਨਮੇ ਵਿਅਕਤੀ ਨਾਲ ਵੀ ਇਵੇਂ ਹੀ ਹੈ ।”
9ਨਿਕੋਦਿਮੁਸ ਨੇ ਪੁੱਛਿਆ, “ਇਹ ਕਿਵੇਂ ਹੋ ਸਕਦਾ ? ”10ਯਿਸੂ ਨੇ ਆਖਿਆ, “ਤੂੰ ਇਸਰਾਏਲ ਦਾ ਇੱਕ ਗੁਰੂ ਹੈ ਅਤੇ ਅਜੇ ਵੀ ਤੂੰ ਇਹ ਗੱਲਾਂ ਨਹੀਂ ਸਮਝਦਾ ?11ਮੈਂ ਤੁਹਾਨੂੰ ਸੱਚ ਦੱਸਦਾ ਹਾਂ । ਅਸੀਂ ਜੋ ਜਾਣਦੇ ਹਾਂ ਉਸ ਬਾਰੇ ਗੱਲ ਕਰਦੇ ਹਾਂ, ਅਸੀਂ ਉਸ ਬਾਰੇ ਦੱਸਦੇ ਹਾਂ ਜੋ ਅਸੀਂ ਵੇਖਿਆ ਹੈ । ਪਰ ਤੁਸੀਂ ਲੋਕ ਉਸ ਤੇ ਵਿਸ਼ਵਾਸ ਨਹੀਂ ਕਰਦੇ ਜੋ ਅਸੀਂ ਤੁਹਾਨੂੰ ਦੱਸਦੇ ਹਾਂ ।
12ਮੈਂ ਤੁਹਾਨੂੰ ਇਸ ਦੁਨੀਆਂ ਦੀਆਂ ਗੱਲਾਂ ਬਾਰੇ ਦੱਸਿਆ ਹੈ । ਪਰ ਤੁਸੀਂ ਵਿਸ਼ਵਾਸ ਨਹੀਂ ਕੀਤਾ । ਇਸ ਲਈ ਜੇ ਮੈਂ ਤੁਹਾਨੂੰ ਸਵਰਗੀ ਗੱਲਾਂ ਬਾਰੇ ਦੱਸਾਂਗਾ ਤਾਂ ਫ਼ਿਰ ਤੁਸੀਂ ਕਿਵੇਂ ਵਿਸ਼ਵਾਸ ਕਰੋਂਗੇ ?13ਮਨੁੱਖ ਦੇ ਪੁੱਤਰ ਤੋਂ ਬਿਨਾਂ, ਜੋ ਕੋਈ ਸਵਰਗ ਤੋਂ ਹੇਠਾਂ ਉਤਰਿਆ, ਕੋਈ ਵੀ ਉੱਪਰ ਸਵਰਗ ਨੂੰ ਨਹੀਂ ਗਿਆ ।
14ਜਿਸ ਤਰ੍ਹਾਂ ਮੂਸਾ ਨੇ ਉਜਾੜ ਵਿੱਚ ਸੱਪ ਨੂੰ ਉੱਚਾ ਕੀਤਾ ਸੀ, ਇਸੇ ਤਰ੍ਹਾਂ ਜ਼ਰੂਰੀ ਹੈ ਕਿ ਮਨੁੱਖ ਦੇ ਪੁੱਤਰ ਨੂੰ ਵੀ ਉੱਚਾ ਕੀਤਾ ਜਾਵੇ ।15ਇਉਂ ਜੋ ਹਰੇਕ ਵਿਅਕਤੀ, ਜੋ ਮਨੁੱਖ ਦੇ ਪੁੱਤਰ ਉੱਤੇ ਵਿਸ਼ਵਾਸ ਕਰੇ ਉਹ ਸਦੀਪਕ ਜੀਵਨ ਪਾਵੇ ।”
16ਪਰਮੇਸ਼ੁਰ ਨੇ ਸੰਸਾਰ ਨੂੰ ਇੰਨਾ ਪਿਆਰ ਕੀਤਾ ਅਤੇ ਉਸ ਨੇ ਉਨ੍ਹਾਂ ਨੂੰ ਆਪਣਾ ਇੱਕਲੌਤਾ ਪੁੱਤਰ ਦੇ ਦਿੱਤਾ ਤਾਂ ਜੋ ਕੋਈ ਵੀ ਉਸ ਵਿੱਚ ਵਿਸ਼ਵਾਸ ਰੱਖੇ ਉਹ ਨਾਸ ਨਾ ਹੋਵੇ ਸਗੋਂ ਸਦੀਪਕ ਜੀਵਨ ਪ੍ਰਾਪਤ ਕਰੇ ।17ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਸੰਸਾਰ ਵਿੱਚ ਇਸ ਲਈ ਨਹੀਂ ਭੇਜਿਆ ਕਿ ਦੋਸ਼ੀ ਠਹਿਰਾਵੇ ਸਗੋਂ ਇਸ ਲਈ ਜੋ ਸੰਸਾਰ ਉਸ ਰਾਹੀਂ ਬਚਾਇਆ ਜਾਵੇ ।18ਜਿਹੜਾ ਵਿਅਕਤੀ ਪਰਮੇਸ਼ੁਰ ਦੇ ਪੁੱਤਰ ਉੱਤੇ ਵਿਸ਼ਵਾਸ ਕਰਦਾ ਹੈ, ਦੋਸ਼ੀ ਨਹੀਂ ਮੰਨਿਆ ਜਾਵੇਗਾ । ਪਰ ਜੋ ਵਿਅਕਤੀ ਵਿਸ਼ਵਾਸ ਨਹੀਂ ਕਰਦਾ ਉਹ ਪਹਿਲਾਂ ਤੋਂ ਹੀ ਦੋਸ਼ੀ ਮੰਨਿਆ ਗਿਆ ਹੈ । ਕਿਉਂਕਿ ਉਸ ਨੇ ਪਰਮੇਸ਼ੁਰ ਦੇ ਇਕਲੌਤੇ ਪੁੱਤਰ ਉੱਤੇ ਵਿਸ਼ਵਾਸ ਨਹੀਂ ਕੀਤਾ ।
19ਲੋਕਾਂ ਦਾ ਦੋਸ਼ੀ ਬਣਨ ਦਾ ਕਾਰਨ ਇਹ ਹੈ ਕਿ ਚਾਨਣ ਸੰਸਾਰ ਵਿੱਚ ਆ ਚੁੱਕਿਆ ਹੈ, ਪਰ ਲੋਕਾਂ ਨੇ ਚਾਨਣ ਨੂੰ ਪਸੰਦ ਨਹੀਂ ਕੀਤਾ । ਉਹ ਸਿਰਫ਼ ਹਨੇਰੇ ਦੇ ਕੰਮਾਂ ਨੂੰ ਹੀ ਚਾਹੁੰਦੇ ਸਨ । ਕਿਉਂਕਿ ਜਿਹੜੀਆਂ ਗੱਲਾਂ ਉਨ੍ਹਾਂ ਨੇ ਕੀਤੀਆਂ ਉਹ ਭਰਿਸ਼ਟ ਸਨ ।20ਜਿਹੜਾ ਬੰਦਾ ਪਾਪ ਕਰਦਾ ਹੈ ਉਹ ਚਾਨਣ ਤੋਂ ਨਫ਼ਰਤ ਕਰਦਾ ਹੈ । ਉਹ ਚਾਨਣ ਵੱਲ ਨਹੀਂ ਆਉਂਦਾ, ਕਿਉਂਕਿ ਚਾਨਣ ਉਸ ਦੇ ਬੁਰੇ ਕੰਮਾਂ ਨੂੰ ਪ੍ਰਗਟ ਕਰ ਦੇਵੇਗਾ ।21ਪਰ ਜੋ ਵਿਅਕਤੀ ਸੱਚਾਈ ਤੇ ਚੱਲਦਾ ਹੈ ਉਹ ਚਾਨਣ ਕੋਲ ਆਉਂਦਾ ਹੈ । ਚਾਨਣ ਇਹ ਸਪੱਸ਼ਟ ਤੌਰ ਤੇ ਵਿਖਾਉਂਦਾ ਹੈ ਕਿ ਜਿਹੜੇ ਕੰਮ ਵਿਅਕਤੀ ਨੇ ਕੀਤੇ ਹਨ ਉਹ ਪਰਮੇਸ਼ੁਰ ਰਾਹੀਂ ਕੀਤੇ ਗਏ ਸਨ ।
ਯਿਸੂ ਦੇ ਬਾਰੇ ਯੂਹੰਨਾ ਦੀ ਗਵਾਹੀ

22ਇਸ ਦੇ ਪਿਛੋਂ ਯਿਸੂ ਅਤੇ ਉਸ ਦੇ ਚੇਲੇ ਯਹੂਦਿਯਾ ਦੇ ਇਲਾਕੇ ਵਿੱਚ ਆਏ । ਉੱਥੇ ਯਿਸੂ ਆਪਣੇ ਚੇਲਿਆਂ ਨਾਲ ਰਿਹਾ ਅਤੇ ਲੋਕਾਂ ਨੂੰ ਬਪਤਿਸਮਾ ਦਿੱਤਾ ।23ਯੂਹੰਨਾ ਵੀ ਏਨੋਨ ਵਿੱਚ ਲੋਕਾਂ ਨੂੰ ਬਪਤਿਸਮਾ ਦੇ ਰਿਹਾ ਸੀ । ਏਨੋਨ ਸਾਲੇਮ ਦੇ ਨੇੜੇ ਹੈ । ਯੂਹੰਨਾ ਉੱਥੇ ਇਸ ਲਈ ਬਪਤਿਸਮਾ ਦਿੰਦਾ ਸੀ ਕਿਉਂਕਿ ਉੱਥੇ ਬਹੁਤ ਪਾਣੀ ਸੀ । ਲੋਕ ਉੱਥੇ ਬਪਤਿਸਮਾ ਲੈਣ ਲਈ ਜਾਂਦੇ ਸਨ ।24ਇਹ ਗੱਲ ਯੂਹੰਨਾ ਨੂੰ ਕੈਦ ਹੋਣ ਤੋਂ ਪਹਿਲਾਂ ਦੀ ਹੈ ।
25ਫਿਰ ਯੂਹੰਨਾ ਦੇ ਚੇਲਿਆਂ ਨੇ ਇੱਕ ਹੋਰ ਯਹੂਦੀ ਨਾਲ ਬਹਿਸ ਕੀਤੀ ।26ਇਸ ਲਈ ਚੇਲੇ ਯੂਹੰਨਾ ਕੋਲ ਆਏ ਅਤੇ ਆਖਿਆ, “ਗੁਰੂ ਜੀ, ਕੀ ਤੁਹਾਨੂੰ ਉਹ ਆਦਮੀ ਯਾਦ ਹੈ ਜਿਹੜਾ ਯਰਦਨ ਦਰਿਆ ਦੇ ਪਾਰ ਤੁਹਾਡੇ ਨਾਲ ਸੀ ? ਤੁਸੀਂ ਲੋਕਾਂ ਨਾਲ ਉਸ ਬਾਰੇ ਹੀ ਗੱਲਾਂ ਕਰ ਰਹੇ ਸੀ । ਉਹੀ ਆਦਮੀ ਲੋਕਾਂ ਨੂੰ ਬਪਤਿਸਮਾ ਦੇ ਰਿਹਾ ਸੀ ਅਤੇ ਬਹੁਤ ਸਾਰੇ ਲੋਕ ਉਸ ਕੋਲ ਆ ਰਹੇ ਸਨ ।”
27ਯੂਹੰਨਾ ਨੇ ਉੱਤਰ ਦਿੱਤਾ, “ਇਨਸਾਨ ਨੂੰ ਉਹੀ ਮਿਲਦਾ ਹੈ ਜੋ ਉਸ ਨੂੰ ਪਰਮੇਸ਼ੁਰ ਸਵਰਗੋਂ ਦਿੰਦਾ ਹੈ ।”28ਤੁਸੀਂ ਮੈਨੂੰ ਇਹ ਕਹਿੰਦਿਆਂ ਸੁਣਿਆ ਕਿ “ਮੈਂ ਮਸੀਹ ਨਹੀਂ ਹਾਂ, ਪਰ ਮੈਂ ਪਰਮੇਸ਼ੁਰ ਦੇ ਦੁਆਰਾ ਉਸ ਵਾਸਤੇ ਰਾਹ ਬਣਾਉਣ ਲਈ ਭੇਜਿਆ ਗਿਆ ਸੀ ।”
29ਲਾੜੀ ਕੇਵਲ ਲਾੜੇ ਦੀ ਹੁੰਦੀ ਹੈ, ਲਾੜੇ ਦਾ ਜੋ ਮਿੱਤਰ ਲਾੜੇ ਦਾ ਇੰਤਜ਼ਾਰ ਕਰਦਾ ਹੈ ਅਤੇ ਲਾੜੇ ਦੀਆਂ ਗੱਲਾਂ ਸੁਣਦਾ ਹੈ ਉਹ ਫਿਰ ਬਹੁਤ ਖੁਸ਼ ਹੁੰਦਾ ਹੈ । ਇਹ ਖੁਸ਼ੀ ਮੈਨੂੰ ਮਿਲੀ ਹੈ । ਮੈਂ ਹੁਣ ਬਹੁਤ ਹੀ ਪ੍ਰਸੰਨ ਹਾਂ ।30ਇਸ ਲਈ ਜ਼ਰੂਰ ਹੈ ਜੋ ਉਹ ਵਧੇ ਅਤੇ ਮੈਂ ਘਟਾਂ ।
31“ਉਹ ਜੋ ਉੱਪਰੋਂ ਆਉਂਦਾ ਹੈ ਬਾਕੀ ਸਾਰਿਆਂ ਤੋਂ ਮਹਾਨ ਹੈ । ਉਹ ਜੋ ਇਸ ਧਰਤੀ ਦਾ ਹੈ ਉਹ ਧਰਤੀ ਦਾ ਹੀ ਹੈ । ਉਹ ਵਿਅਕਤੀ ਸਿਰਫ਼ ਉਹੀ ਗੱਲਾਂ ਕਰਦਾ ਹੈ ਜੋ ਧਰਤੀ ਨਾਲ ਸੰਬੰਧਿਤ ਹਨ । ਉਹ ਜਿਹੜਾ ਸਵਰਗ ਤੋਂ ਆਵੇਗਾ, ਬਾਕੀ ਸਾਰਿਆਂ ਤੋਂ ਮਹਾਨ ਹੈ ।32ਉਹ ਉਨ੍ਹਾਂ ਗੱਲਾਂ ਬਾਰੇ ਦੱਸਦਾ ਹੈ ਜੋ ਉਸ ਨੇ ਦੇਖੀਆਂ ਤੇ ਸੁਣੀਆਂ ਹਨ, ਪਰ ਲੋਕ ਉਸ ਦੇ ਸ਼ਬਦਾਂ ਤੇ ਵਿਸ਼ਵਾਸ ਨਹੀਂ ਕਰਦੇ ।33ਜੋ ਵਿਅਕਤੀ ਉਸ ਦੇ ਸ਼ਬਦਾਂ ਤੇ ਵਿਸ਼ਵਾਸ ਕਰਦਾ, ਉਹ ਉਸ ਤੇ ਕਿਰਪਾ ਕਰਦਾ ਹੈ ਕਿ ਪਰਮੇਸ਼ੁਰ ਸੱਚ ਕਹਿੰਦਾ ਹੈ ।
34ਕਿਉਂਕਿ ਜਿਹੜਾ ਪਰਮੇਸ਼ੁਰ ਦੁਆਰਾ ਭੇਜਿਆ ਗਿਆ ਹੈ ਉਹ ਪਰਮੇਸ਼ੁਰ ਦੇ ਸ਼ਬਦ ਬੋਲਦਾ ਹੈ ਅਤੇ ਪਰਮੇਸ਼ੁਰ ਉਸ ਨੂੰ ਭਰਪੂਰੀ ਦਾ ਆਤਮਾ ਦਿੰਦਾ ਹੈ ।35ਪਿਤਾ ਪੁੱਤਰ ਨਾਲ ਪਿਆਰ ਕਰਦਾ ਹੈ ਅਤੇ ਪਿਤਾ ਨੇ ਪੁੱਤਰ ਨੂੰ ਸਭ ਗੱਲਾਂ ਉੱਤੇ ਅਧਿਕਾਰ ਦਿੱਤਾ ਹੋਇਆ ਹੈ ।36ਜੋ ਕੋਈ ਪੁੱਤਰ ਵਿੱਚ ਵਿਸ਼ਵਾਸ ਕਰਦਾ ਹੈ, ਉਸ ਕੋਲ ਸਦੀਪਕ ਜੀਵਨ ਹੈ; ਪਰ ਉਹ ਜੋ ਪੁੱਤਰ ਨੂੰ ਨਹੀਂ ਮੰਨਦਾ, ਉਸ ਕੋਲ ਜੀਵਨ ਨਹੀਂ ਹੋਵੇਗਾ, ਪਰਮੇਸ਼ੁਰ ਦਾ ਕ੍ਰੋਧ ਉਸ ਉੱਤੇ ਹੋਵੇਗਾ ।”

4
ਯਿਸੂ ਅਤੇ ਸਾਮਰੀ ਔਰਤ

1ਪ੍ਰਭੂ ਨੇ ਜਾਣਿਆ ਜੋ ਫ਼ਰੀਸੀਆਂ ਨੂੰ ਇਹ ਪਤਾ ਲੱਗਾ ਕਿ ਯੂਹੰਨਾ ਨਾਲੋਂ ਵੱਧ ਚੇਲੇ ਯਿਸੂ ਬਣਾ ਰਿਹਾ ਹੈ ਤੇ ਉਹ ਬਪਤਿਸਮਾ ਵੀ ਦਿੰਦਾ ਹੈ ।2ਭਾਵੇਂ ਯਿਸੂ ਆਪ ਬਪਤਿਸਮਾ ਨਹੀਂ ਦੇ ਰਿਹਾ ਸੀ, ਸਗੋਂ ਉਸ ਦੇ ਚੇਲੇ ਲੋਕਾਂ ਨੂੰ ਬਪਤਿਸਮਾ ਦਿੰਦੇ ਸਨ ।3ਫਿਰ ਯਿਸੂ ਯਹੂਦਿਯਾ ਨੂੰ ਛੱਡ ਮੁੜ ਗਲੀਲ ਨੂੰ ਚਲਿਆ ਗਿਆ ।

4ਗਲੀਲ ਨੂੰ ਜਾਣ ਲੱਗਿਆਂ ਯਿਸੂ ਨੂੰ ਸਾਮਰਿਯਾ ਦੇ ਇਲਾਕੇ ਵਿੱਚੋਂ ਦੀ ਲੰਘਣਾ ਪਿਆ ।5ਸਾਮਰਿਯਾ ਵਿੱਚ ਯਿਸੂ ਸੁਖਾਰ ਨਗਰ ਕੋਲ ਆਇਆ । ਇਹ ਨਗਰ ਉਸ ਜ਼ਮੀਨ ਦੇ ਨੇੜੇ ਸੀ, ਜੋ ਯਾਕੂਬ ਨੇ ਆਪਣੇ ਪੁੱਤਰ ਯੂਸੁਫ਼ ਨੂੰ ਦਿੱਤੀ ਸੀ ।
6ਯਾਕੂਬ ਦਾ ਖੂਹ ਉੱਥੇ ਸੀ, ਯਿਸੂ ਆਪਣੀ ਲੰਮੀ ਯਾਤਰਾ ਤੋਂ ਥੱਕ ਗਿਆ ਸੀ । ਇਸ ਲਈ ਉਹ ਖੂਹ ਕੋਲ ਬੈਠ ਗਿਆ, ਇਹ ਲੱਗਭਗ ਦੁਪਹਿਰ ਦਾ ਸਮਾਂ ਸੀ ।7ਇੱਕ ਸਾਮਰੀ ਔਰਤ ਖੂਹ ਤੇ ਪਾਣੀ ਭਰਨ ਲਈ ਆਈ । ਯਿਸੂ ਨੇ ਉਸ ਔਰਤ ਨੂੰ ਆਖਿਆ, “ਮੈਨੂੰ ਪਾਣੀ ਪੀਣ ਲਈ ਦੇ ।”8ਪਰ ਉਦੋਂ ਯਿਸੂ ਦੇ ਚੇਲੇ ਨਗਰ ਅੰਦਰ ਭੋਜਨ ਖਰੀਦਣ ਗਏ ਹੋਏ ਸਨ ।
9ਉਸ ਸਾਮਰੀ ਔਰਤ ਨੇ ਆਖਿਆ, “ਮੈਂ ਸਾਮਰੀ ਹਾਂ, ਫਿਰ ਤੁਸੀਂ ਕਿਵੇਂ ਮੇਰੇ ਕੋਲੋਂ ਪੀਣ ਲਈ ਪਾਣੀ ਮੰਗ ਰਹੇ ਹੋ । ਤੁਸੀਂ ਇੱਕ ਯਹੂਦੀ ਹੋ ।” ਯਹੂਦੀਆਂ ਦੀ ਸਾਮਰਿਯਾ ਨਾਲ ਕੋਈ ਮਿੱਤਰਤਾ ਨਹੀਂ ਹੈ ।10ਯਿਸੂ ਨੇ ਆਖਿਆ, “ਜੇ ਤੂੰ ਪਰਮੇਸ਼ੁਰ ਦੀ ਬਖਸ਼ੀਸ਼ ਨੂੰ ਜਾਣਦੀ ਤੇ ਇਹ ਵੀ ਜਾਣਦੀ ਕਿ ਮੈਂ ਜਿਸ ਨੇ ਪਾਣੀ ਮੰਗਿਆ ਹੈ, ਕੌਣ ਹੈ । ਜੇ ਤੂੰ ਜਾਣਦੀ ਹੁੰਦੀ ਤੂੰ ਮੈਨੂੰ ਪੁੱਛਿਆ ਹੁੰਦਾ ਅਤੇ ਮੈਂ ਤੈਨੂੰ ਅੰਮ੍ਰਿਤ ਜਲ ਦਿੱਤਾ ਹੁੰਦਾ ।”
11ਉਸ ਔਰਤ ਨੇ ਆਖਿਆ, “ਸ਼੍ਰੀ ਮਾਨ ਜੀ, ਤੁਸੀਂ ਇਹ ਅੰਮ੍ਰਿਤ ਜਲ ਕਿਵੇਂ ਪ੍ਰਾਪਤ ਕਰੋਂਗੇ ? ਖੂਹ ਬਹੁਤ ਡੂੰਘਾ ਹੈ ਅਤੇ ਤੁਹਾਡੇ ਕੋਲ ਪਾਣੀ ਖਿੱਚਣ ਲਈ ਕੋਈ ਭਾਂਡਾ ਵੀ ਨਹੀਂ ਹੈ ।12ਕੀ ਤੁਸੀਂ ਸਾਡੇ ਪਿਤਾ ਯਾਕੂਬ ਨਾਲੋਂ ਵੀ ਵੱਧ ਮਹਾਨ ਹੋ । ਯਾਕੂਬ ਨੇ ਸਾਨੂੰ ਇਹ ਖੂਹ ਦਿੱਤਾ ਹੈ । ਉਸ ਨੇ ਇਸ ਦਾ ਪਾਣੀ ਪੀਤਾ ਸੀ ਅਤੇ ਉਸ ਦੇ ਪੁੱਤਰਾਂ ਤੇ ਜਾਨਵਰਾਂ ਨੇ ਵੀ ਇਸੇ ਖੂਹ ਤੋਂ ਪਾਣੀ ਪੀਤਾ ।”
13ਯਿਸੂ ਨੇ ਜ਼ਵਾਬ ਦਿੱਤਾ, “ਕੋਈ ਵੀ ਵਿਅਕਤੀ ਜੋ ਇਸ ਖੂਹ ਤੋਂ ਪਾਣੀ ਪੀਂਦਾ ਫ਼ੇਰ ਪਿਆਸਾ ਹੋ ਜਾਵੇਗਾ ।14ਪਰ ਜੋ ਕੋਈ ਵੀ ਉਹ ਪਾਣੀ ਪੀਵੇਗਾ ਜੋ ਮੈਂ ਉਸ ਨੂੰ ਦੇਣ ਵਾਲਾ ਹਾਂ, ਉਹ ਫ਼ੇਰ ਕਦੀ ਵੀ ਪਿਆਸਾ ਨਹੀਂ ਹੋਵੇਗਾ । ਇਸ ਦੀ ਜਗ੍ਹਾ ਉਹ ਪਾਣੀ ਜੋ ਮੈਂ ਉਸ ਨੂੰ ਦਿੰਦਾ ਹਾਂ ਉਸ ਦੇ ਅੰਦਰ ਪਾਣੀ ਦਾ ਚਸ਼ਮਾ ਬਣ ਜਾਵੇਗਾ ਅਤੇ ਉਸ ਨੂੰ ਸਦੀਪਕ ਜੀਵਨ ਦੇਵੇਗਾ ।”
15ਉਸ ਔਰਤ ਨੇ ਯਿਸੂ ਨੂੰ ਆਖਿਆ, “ਸ਼੍ਰੀ ਮਾਨ ਜੀ, ਮੈਨੂੰ ਉਹ ਪਾਣੀ ਦਿਓ । ਫ਼ਿਰ ਮੈਂ ਵੀ ਪਿਆਸੀ ਨਹੀਂ ਰਹਾਂਗੀ ਅਤੇ ਮੈਨੂੰ ਇਸ ਖੂਹ ਤੇ ਪਾਣੀ ਖਿੱਚਣ ਲਈ ਫ਼ੇਰ ਆਉਣ ਦੀ ਕੋਈ ਜ਼ਰੂਰਤ ਨਹੀਂ ਹੋਵੇਗੀ ।”16ਯਿਸੂ ਨੇ ਉਸ ਨੂੰ ਆਖਿਆ, “ਜਾ ਆਪਣੇ ਪਤੀ ਨੂੰ ਇੱਥੇ ਸੱਦ ਲਿਆ ।”
17ਉਸ ਔਰਤ ਨੇ ਉੱਤਰ ਦਿੱਤਾ, “ਮੇਰਾ ਪਤੀ ਨਹੀਂ ਹੈ ।” ਯਿਸੂ ਨੇ ਉਸ ਨੂੰ ਆਖਿਆ, “ਤੂੰ ਸੱਚ ਆਖਿਆ, ਜਦੋਂ ਤੂੰ ਕਿਹਾ ਤੇਰਾ ਪਤੀ ਨਹੀਂ ਹੈ ।18ਅਸਲ ਵਿੱਚ ਤੇਰੇ ਪੰਜ ਪਤੀ ਸਨ ਅਤੇ ਤੂੰ ਜਿਸ ਆਦਮੀ ਨਾਲ ਹੁਣ ਰਹਿੰਦੀ ਹੈਂ ਉਹ ਵੀ ਤੇਰਾ ਪਤੀ ਨਹੀਂ ਹੈ । ਤੂੰ ਮੈਨੂੰ ਸੱਚ ਆਖਿਆ ਹੈ ।”
19ਉਸ ਔਰਤ ਨੇ ਕਿਹਾ, “ਪ੍ਰਭੂ ਜੀ, ਮੈਨੂੰ ਲੱਗਦਾ ਹੈ ਕਿ ਤੁਸੀਂ ਇੱਕ ਨਬੀ ਹੋ ।20ਸਾਡੇ ਪਿਉ-ਦਾਦੇ ਇਸ ਪਰਬਤ ਤੇ ਬੰਦਗੀ ਕਰਦੇ ਸਨ, ਪਰ ਤੁਸੀਂ ਯਹੂਦੀ ਇਹ ਆਖਦੇ ਹੋ ਕਿ ਯਰੂਸ਼ਲਮ ਹੀ ਉਹ ਥਾਂ ਹੈ ਜਿੱਥੇ ਲੋਕਾਂ ਨੂੰ ਬੰਦਗੀ ਕਰਨੀ ਚਾਹੀਦੀ ਹੈ ।”
21ਯਿਸੂ ਨੇ ਆਖਿਆ, ਹੇ “ਔਰਤ, ਮੇਰੇ ਤੇ ਵਿਸ਼ਵਾਸ ਕਰ ! ਵਕਤ ਆ ਰਿਹਾ ਹੈ ਜਦੋਂ ਯਰੂਸ਼ਲਮ ਆਉਣ ਦੀ ਜਾਂ ਪਿਤਾ ਦੀ ਬੰਦਗੀ ਕਰਨ ਲਈ ਇਸ ਪਰਬਤ ਤੇ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ ।22ਤੁਸੀਂ ਸਾਮਰੀ ਲੋਕ ਉਸ ਦੀ ਬੰਦਗੀ ਕਰਦੇ ਹੋ ਜੋ ਤੁਸੀਂ ਖੁਦ ਨਹੀਂ ਜਾਣਦੇ । ਅਸੀਂ ਯਹੂਦੀ ਜਾਣਦੇ ਹਾਂ ਅਸੀਂ ਕੀ ਬੰਦਗੀ ਕਰਦੇ ਹਾਂ ਕਿਉਂਕਿ ਮੁਕਤੀ ਯਹੂਦੀਆਂ ਤੋਂ ਆਉਂਦੀ ਹੈ ।
23ਉਹ ਸਮਾਂ ਆ ਰਿਹਾ ਹੈ, ਜਦੋਂ ਸੱਚੇ ਉਪਾਸਕ ਆਤਮਾ ਅਤੇ ਸਚਿਆਈ ਨਾਲ ਪਿਤਾ ਦੀ ਬੰਦਗੀ ਕਰਨਗੇ । ਉਹ ਸਮਾਂ ਆਣ ਪੁੱਜਾ ਹੈ । ਪਰਮੇਸ਼ੁਰ ਅਜਿਹੇ ਅਰਾਧਕਾਂ ਨੂੰ ਲੱਭ ਰਿਹਾ ਹੈ ।24ਪਰਮੇਸ਼ੁਰ ਆਤਮਾ ਹੈ, ਇਸ ਲਈ ਜੋ ਲੋਕ ਪਰਮੇਸ਼ੁਰ ਦੀ ਬੰਦਗੀ ਕਰਦੇ ਹਨ ਉਨ੍ਹਾਂ ਨੂੰ ਉਸ ਦੀ ਆਤਮਾ ਅਤੇ ਸਚਿਆਈ ਨਾਲ ਬੰਦਗੀ ਕਰਨੀ ਚਾਹੀਦੀ ਹੈ ।”
25ਉਸ ਔਰਤ ਨੇ ਆਖਿਆ, “ਮੈਂ ਜਾਣਦੀ ਹਾਂ ਕਿ ਜੋ ਮਸੀਹਾ ਅਖਵਾਉਂਦਾ ਹੈ ਉਹ ਮਸੀਹ ਆ ਰਿਹਾ ਹੈ । ਜਦੋਂ ਉਹ ਆਵੇਗਾ, ਉਹ ਸਾਨੂੰ ਸਭ ਕੁੱਝ ਦੀ ਦੱਸੇਗਾ ।”26ਤਾਂ ਯਿਸੂ ਨੇ ਆਖਿਆ, “ਮੈਂ, ਜੋ ਤੇਰੇ ਨਾਲ ਗੱਲ ਕਰ ਰਿਹਾ ਹਾਂ, ਮਸੀਹ ਹਾਂ ।”
ਚੇਲਿਆਂ ਦਾ ਵਾਪਸ ਆਉਣਾ

27ਐਨੇ ਨੂੰ ਉਸ ਸਮੇਂ ਯਿਸੂ ਦੇ ਚੇਲੇ ਨਗਰ ਤੋਂ ਪਰਤ ਆਏ ਉਹ ਹੈਰਾਨ ਹੋ ਗਏ ਕਿ ਯਿਸੂ ਇੱਕ ਔਰਤ ਨਾਲ ਗੱਲ ਕਰ ਰਿਹਾ ਸੀ । ਪਰ ਕਿਸੇ ਨੇ ਵੀ ਇਹ ਨਾ ਪੁੱਛਿਆ, “ਤੂੰ ਕੀ ਚਾਹੁੰਦਾ ਹੈ ? ” “ਤੂੰ ਉਸ ਔਰਤ ਨਾਲ ਕਿਉਂ ਗੱਲ ਕਰ ਰਿਹਾ ਹੈਂ ? ”
28ਉਹ ਔਰਤ ਆਪਣਾ ਘੜਾ ਉੱਥੇ ਛੱਡ ਕੇ ਨਗਰ ਨੂੰ ਪਰਤ ਗਈ ਅਤੇ ਲੋਕਾਂ ਨੂੰ ਆਖਿਆ ।29“ਇੱਕ ਮਨੁੱਖ ਨੇ ਮੈਨੂੰ ਉਹ ਕੁੱਝ ਦੱਸਿਆ, ਜੋ ਕੁੱਝ ਹੁਣ ਤੱਕ ਮੈਂ ਕੀਤਾ ਹੈ । ਆਓ, ਉਸ ਦੇ ਦਰਸ਼ਣ ਕਰੋ । ਕੀ ਉਹ ਮਸੀਹ ਤਾਂ ਨਹੀਂ ? ”30ਤਦ ਉਹ ਯਿਸੂ ਨੂੰ ਵੇਖਣ ਗਏ ।
31ਇੰਨੇ ਸਮੇਂ ਵਿੱਚ ਯਿਸੂ ਦੇ ਚੇਲੇ ਉਨ੍ਹਾਂ ਨੂੰ ਬੇਨਤੀ ਕਰ ਰਹੇ ਸਨ, “ਗੁਰੂ ਜੀ, ਭੋਜਨ ਖਾ ਲਓ ।”32ਪਰ ਯਿਸੂ ਨੇ ਆਖਿਆ, “ਮੇਰੇ ਕੋਲ ਖਾਣ ਲਈ ਉਹ ਭੋਜਨ ਹੈ ਅਤੇ ਤੁਹਾਨੂੰ ਇਸ ਬਾਰੇ ਕੁੱਝ ਨਹੀਂ ਪਤਾ ।”33ਤਾਂ ਚੇਲਿਆਂ ਨੇ ਆਪਸ ਵਿੱਚ ਪੁੱਛਿਆ, “ਸ਼ਾਇਦ ਉਸ ਲਈ ਕਿਸੇ ਨੇ ਭੋਜਨ ਲਿਆਂਦਾ ਹੋਵੇਗਾ ? ”
34ਯਿਸੂ ਨੇ ਉਨ੍ਹਾਂ ਨੂੰ ਆਖਿਆ, “ਮੇਰਾ ਭੋਜਨ ਪਰਮੇਸ਼ੁਰ ਦੀ ਇੱਛਾ ਪੂਰੀ ਕਰਨਾ ਹੈ, ਜਿਸ ਨੇ ਮੈਨੂੰ ਭੇਜਿਆ ਹੈ ਉਸ ਦੇ ਕੰਮ ਨੂੰ ਸੰਪੂਰਨ ਕਰਨਾ ਹੀ ਮੇਰਾ ਭੋਜਨ ਹੈ ।35ਜਦੋਂ ਤੁਸੀਂ ਕੁੱਝ ਬੀਜਦੇ ਹੋ, ਤੁਸੀਂ ਹਮੇਸ਼ਾਂ ਇਹ ਕਹਿੰਦੇ ਹੋ, ‘ਸਾਨੂੰ ਫ਼ਸਲ ਵੱਢਣ ਲਈ ਅਜੇ ਹੋਰ ਚਾਰ ਮਹੀਨੇ ਉਡੀਕਣਾ ਪਵੇਗਾ ।’ ਪਰ ਮੈਂ ਤੁਹਾਨੂੰ ਦੱਸਦਾ ਹਾਂ ਆਪਣੀਆਂ ਅੱਖਾਂ ਖੋਲੋ ਅਤੇ ਵੇਖੋ, ਉਹ ਪੈਲੀਆਂ ਤਿਆਰ ਹਨ ਅਤੇ ਵਾਢੀ ਲਈ ਤਿਆਰ ਹਨ ।36ਜੋ ਵਿਅਕਤੀ ਫ਼ਸਲ ਵੱਢਦਾ ਉਹ ਆਪਣੀ ਮਜ਼ਦੂਰੀ ਪਾਉਂਦਾ ਅਤੇ ਸਦੀਪਕ ਜੀਵਨ ਲਈ ਫ਼ਸਲ ਇਕੱਠੀ ਕਰਦਾ ਹੈ । ਇਸ ਲਈ ਉਹ ਵੀ ਪ੍ਰਸੰਨ ਹੈ ਜੋ ਫ਼ਸਲ ਬੀਜਦਾ ਹੈ ਤੇ ਉਹ ਵੀ ਜੋ ਫ਼ਸਲ ਦੀ ਵਾਢੀ ਕਰਦਾ ਹੈ ।
37ਇਹ ਕਹਾਵਤ ਸੱਚੀ ਹੈ, ‘ਇੱਕ ਬੀਜਦਾ ਹੈ, ਪਰ ਦੂਜਾ ਆਦਮੀ ਫਸਲ ਦੀ ਵਾਢੀ ਕਰਦਾ ਹੈ ।’38ਮੈਂ ਤੁਹਾਨੂੰ ਇਸ ਫ਼ਸਲ ਦਾ ਫ਼ਲ ਪ੍ਰਾਪਤ ਕਰਨ ਲਈ ਭੇਜਿਆ, ਜਿਸ ਲਈ ਤੁਸੀਂ ਕੰਮ ਨਹੀਂ ਕੀਤਾ, ਹੋਰਾਂ ਲੋਕਾਂ ਨੇ ਇਸ ਲਈ ਕੰਮ ਕੀਤਾ ਅਤੇ ਤੁਸੀਂ ਉਨ੍ਹਾਂ ਦੀ ਮਿਹਨਤ ਦਾ ਹੀ ਲਾਭ ਕਰ ਲੈ ਹੋ ।”
ਸਾਮਰੀਆਂ ਦਾ ਵਿਸ਼ਵਾਸ

39ਉਸ ਸ਼ਹਿਰ ਦੇ ਕਈ ਲੋਕਾਂ ਨੇ ਯਿਸੂ ਵਿੱਚ ਵਿਸ਼ਵਾਸ ਕੀਤਾ । ਕਿਉਂਕਿ ਔਰਤ ਨੇ ਇਹ ਗਵਾਹੀ ਦਿੱਤੀ, “ਉਸ ਨੇ ਮੈਨੂੰ ਉਹ ਸਭ ਕੁੱਝ ਦੱਸਿਆ ਜੋ ਮੈਂ ਕੀਤਾ ਹੈ ।”40ਇਸ ਲਈ ਇਹ ਲੋਕ ਯਿਸੂ ਕੋਲ ਆਏ ਉਨ੍ਹਾਂ ਨੇ ਉਸ ਨੂੰ ਉਨ੍ਹਾਂ ਦੇ ਨਾਲ ਠਹਿਰਣ ਲਈ ਬੇਨਤੀ ਕੀਤੀ । ਇਸ ਲਈ ਯਿਸੂ ਉੱਥੇ ਦੋ ਦਿਨ ਠਹਿਰਿਆ ।
41ਉਸ ਦੇ ਸ਼ਬਦਾਂ ਕਾਰਨ ਹੋਰ ਵਧੇਰੇ ਲੋਕਾਂ ਨੇ ਵਿਸ਼ਵਾਸ ਕੀਤਾ ।42ਉਨ੍ਹਾਂ ਲੋਕਾਂ ਨੇ ਉਸ ਔਰਤ ਨੂੰ ਆਖਿਆ, “ਅਸੀਂ ਯਿਸੂ ਵਿੱਚ ਤੇਰੇ ਸ਼ਬਦਾਂ ਕਾਰਨ ਵਿਸ਼ਵਾਸ ਨਹੀਂ ਕਰਦੇ, ਸਗੋਂ ਇਸ ਲਈ ਕਿਉਂ ਜੋ ਤੁਸੀਂ ਆਪ ਉਸ ਦੇ ਸ਼ਬਦ ਸੁਣੇ ਹਨ । ਹੁਣ ਅਸੀਂ ਜਾਣ ਗਏ ਹਾਂ ਕਿ ਉਹ ਸੱਚ-ਮੁੱਚ ਸੰਸਾਰ ਦਾ ਮੁਕਤੀਦਾਤਾ ਹੈ ।”
43ਦੋ ਦਿਨਾਂ ਤੋਂ ਬਾਅਦ, ਯਿਸੂ ਉੱਥੋਂ ਵਿਦਾ ਹੋ ਕੇ ਗਲੀਲ ਨੂੰ ਚਲਿਆ ਗਿਆ ।44ਪਹਿਲਾਂ ਯਿਸੂ ਇਹ ਕਹਿ ਚੁੱਕਿਆ ਸੀ ਕਿ ਨਬੀ ਦਾ ਉਸ ਦੇ ਆਪਣੇ ਦੇਸ ਤੋਂ ਇਲਾਵਾ ਹਰੇਕ ਜਗ੍ਹਾ ਆਦਰ ਹੁੰਦਾ ਹੈ ।45ਜਦੋਂ ਯਿਸੂ ਗਲੀਲ ਵਿੱਚ ਪਹੁੰਚਿਆ ਤਾਂ ਲੋਕਾਂ ਨੇ ਉਸਦਾ ਸਵਾਗਤ ਕੀਤਾ । ਕਿਉਂਕਿ ਇਹ ਲੋਕ ਉਹ ਸਾਰੀਆਂ ਗੱਲਾਂ ਦੇਖ ਚੁੱਕੇ ਸਨ, ਜੋ ਯਿਸੂ ਨੇ ਯਰੂਸ਼ਲਮ ਵਿੱਚ ਪਸਾਹ ਦੇ ਤਿਉਹਾਰ ਤੇ ਕੀਤੀਆਂ ਸਨ । ਕਿਉਂਕਿ ਇਹ ਲੋਕ ਵੀ ਉਸ ਤਿਉਹਾਰ ਤੇ ਗਏ ਹੋਏ ਸਨ ।
ਇੱਕ ਅਧਿਕਾਰੀ ਦੇ ਪੁੱਤਰ ਨੂੰ ਚੰਗਾ ਕਰਨਾ

46ਇੱਕ ਵਾਰ ਫੇਰ ਯਿਸੂ ਗਲੀਲ ਵਿੱਚ ਕਾਨਾ ਨੂੰ ਗਿਆ । ਕਾਨਾ ਉਹ ਥਾਂ ਹੈ ਜਿੱਥੇ ਯਿਸੂ ਨੇ ਪਾਣੀ ਨੂੰ ਅੰਗੂਰਾਂ ਦੇ ਰਸ ਵਿੱਚ ਤਬਦੀਲ ਕੀਤਾ, ਇੱਕ ਅਧਿਕਾਰੀ ਕਫ਼ਰਨਾਹੂਮ ਵਿੱਚ ਰਹਿੰਦਾ ਸੀ, ਉਸਦਾ ਪੁੱਤਰ ਬਿਮਾਰ ਸੀ ।47ਉਸ ਨੇ ਸੁਣਿਆ ਕਿ ਯਿਸੂ ਯਹੂਦਿਯਾ ਤੋਂ ਆਇਆ ਹੈ ਅਤੇ ਹੁਣ ਗਲੀਲ ਵਿੱਚ ਸੀ ਤਾਂ ਉਹ ਆਦਮੀ ਕਾਨਾ ਵਿੱਚ ਯਿਸੂ ਕੋਲ ਗਿਆ ਅਤੇ ਉਸ ਨੇ ਯਿਸੂ ਨੂੰ ਕਫ਼ਰਨਾਹੂਮ ਵਿੱਚ ਦਰਸ਼ਣ ਦੇਣ ਅਤੇ ਉਸ ਦੇ ਨੌਕਰ ਨੂੰ ਤੰਦਰੁਸਤ ਕਰਨ ਦੀ ਬੇਨਤੀ ਕੀਤੀ । ਉਸਦਾ ਨੌਕਰ ਮਰਨ ਵਾਲਾ ਸੀ ।
48ਯਿਸੂ ਨੇ ਉਸ ਨੂੰ ਆਖਿਆ, “ਜਦੋਂ ਤੱਕ ਤੁਸੀਂ ਕਰਿਸ਼ਮੇ ਅਤੇ ਅਚੰਭੇ ਨਹੀਂ ਵੇਖੋਂਗੇ ਤੁਸੀਂ ਮੇਰੇ ਉੱਤੇ ਵਿਸ਼ਵਾਸ ਨਹੀਂ ਕਰੋਂਗੇ ।”49ਬਾਦਸ਼ਾਹ ਦੇ ਅਧਿਕਾਰੀ ਨੇ ਆਖਿਆ, “ਸ਼੍ਰੀ ਮਾਨ ਜੀ, ਮੇਰੇ ਪੁੱਤਰ ਦੇ ਮਰਨ ਤੋਂ ਪਹਿਲਾਂ ਮੇਰੇ ਘਰ ਚੱਲੋ ।”50ਯਿਸੂ ਨੇ ਉੱਤਰ ਦਿੱਤਾ, “ਜਾ, ਤੇਰਾ ਪੁੱਤਰ ਜਿਉਂਦਾ ਹੈ ।” ਉਸ ਆਦਮੀ ਨੇ ਯਿਸੂ ਦੇ ਸ਼ਬਦਾਂ ਵਿੱਚ ਵਿਸ਼ਵਾਸ ਕੀਤਾ ਅਤੇ ਘਰ ਚਲਾ ਗਿਆ ।
51ਜਦੋਂ ਉਹ ਘਰ ਜਾ ਰਿਹਾ ਸੀ ਤਾਂ ਰਾਹ ਵਿੱਚ ਉਸ ਦੇ ਨੌਕਰ ਉਸ ਨੂੰ ਮਿਲੇ । ਅਤੇ ਉਨ੍ਹਾਂ ਨੇ ਉਸ ਨੂੰ ਆਖਿਆ, “ਤੇਰਾ ਪੁੱਤਰ ਚੰਗਾ ਹੋ ਗਿਆ ਹੈ ।”52ਉਸ ਆਦਮੀ ਨੇ ਪੁੱਛਿਆ, “ਮੇਰਾ ਪੁੱਤਰ ਕਿਸ ਵਕਤ ਠੀਕ ਹੋਣਾ ਸ਼ੁਰੂ ਹੋਇਆ ਸੀ ? ” ਨੌਕਰ ਨੇ ਜ਼ਵਾਬ ਦਿੱਤਾ, “ਇਹ ਕੱਲ ਇੱਕ ਵਜੇ ਦੇ ਆਸ-ਪਾਸ ਦਾ ਸਮਾਂ ਸੀ, ਜਦੋਂ ਉਸਦਾ ਬੁਖਾਰ ਉਤਰ ਗਿਆ ।”
53ਉਸ ਆਦਮੀ ਨੂੰ ਪਤਾ ਸੀ ਕਿ ਪੂਰਾ ਇੱਕ ਵਜੇ ਦਾ ਹੀ ਸਮਾਂ ਸੀ ਜਦੋਂ ਯਿਸੂ ਨੇ ਆਖਿਆ ਸੀ, “ਤੇਰਾ ਪੁੱਤਰ ਜਿਉਂਦਾ ਹੈ ।” ਇਉਂ ਉਹ ਅਤੇ ਉਸ ਦੇ ਘਰ ਵਿੱਚ ਰਹਿੰਦੇ ਸਭ ਲੋਕਾਂ ਨੇ ਯਿਸੂ ਉੱਤੇ ਵਿਸ਼ਵਾਸ ਕੀਤਾ ।54ਇਹ ਦੂਜਾ ਚਮਤਕਾਰ ਸੀ ਜੋ ਯਿਸੂ ਨੇ ਯਹੂਦਿਯਾ ਤੋਂ ਗਲੀਲ ਆਉਣ ਤੋਂ ਬਾਅਦ ਕੀਤਾ ਸੀ ।

5
ਅਠੱਤੀ ਸਾਲਾਂ ਦੇ ਰੋਗੀ ਨੂੰ ਚੰਗਾ ਕਰਨਾ

1ਇਸ ਤੋਂ ਬਾਅਦ ਯਿਸੂ ਇੱਕ ਖ਼ਾਸ ਯਹੂਦੀਆਂ ਤਿਉਹਾਰ ਲਈ ਯਰੂਸ਼ਲਮ ਗਿਆ ।2ਯਰੂਸ਼ਲਮ ਵਿੱਚ ਇੱਕ ਤਲਾਬ ਹੈ ਜਿਸ ਦੇ ਪੰਜ ਬਰਾਂਡੇ ਬਣੇ ਹੋਏ ਹਨ । ਇਸ ਤਾਲ ਨੂੰ ਇਬਰਾਨੀ ਭਾਸ਼ਾ ਵਿੱਚ ਬੇਥਜ਼ਥਾ ਆਖਦੇ ਹਨ । ਇਹ ਤਲਾਬ ਭੇਡ ਦਰਵਾਜ਼ੇ ਦੇ ਨੇੜੇ ਹੈ ।3ਬਹੁਤ ਸਾਰੇ ਬਿਮਾਰ ਲੋਕ ਤਾਲ ਦੇ ਨੇੜੇ ਬਰਾਂਡਿਆਂ ਵਿੱਚ ਲੇਟੇ ਹੋਏ ਸਨ । ਕੁੱਝ ਲੋਕ ਅੰਨ੍ਹੇ, ਲੰਗੜੇ ਤੇ ਕੁੱਝ ਅਧਰੰਗੀ ਸਨ ।4ਇੱਕ ਠਹਿਰਾਏ ਹੋਏ ਸਮੇਂ ਤੇ ਇੱਕ ਦੂਤ ਆ ਕੇ ਤਲਾਬ ਦੇ ਪਾਣੀ ਨੂੰ ਹਿਲਾਉਂਦਾ ਸੀ, ਅਤੇ ਜਿਹੜਾ ਸਭ ਤੋਂ ਪਹਿਲਾਂ ਉਸ ਵਿੱਚ ਵੜਦਾ ਸੀ, ਉਸ ਹਰ ਪ੍ਰਕਾਰ ਦੀ ਬਿਮਾਰੀ ਤੋਂ ਚੰਗਾ ਹੋ ਜਾਂਦਾ ਸੀ l

5ਉਨ੍ਹਾਂ ਵਿੱਚ ਇੱਕ ਅਜਿਹਾ ਆਦਮੀ ਵੀ ਸੀ, ਜੋ ਅਠੱਤੀ ਸਾਲਾਂ ਤੋਂ ਬਿਮਾਰ ਸੀ ।6ਯਿਸੂ ਨੇ ਉਸ ਆਦਮੀ ਨੂੰ ਉੱਥੇ ਲੇਟਿਆ ਵੇਖਿਆ । ਯਿਸੂ ਨੂੰ ਇਹ ਪਤਾ ਸੀ ਕਿ ਉਹ ਬਹੁਤ ਲੰਮੇ ਸਮੇਂ ਤੋਂ ਬਿਮਾਰ ਸੀ । ਇਸ ਲਈ ਯਿਸੂ ਨੇ ਉਸ ਨੂੰ ਪੁੱਛਿਆ, “ਕੀ ਤੂੰ ਚੰਗਾ ਹੋਣਾ ਚਾਹੁੰਦਾ ਹੈਂ ? ”
7ਉਸ ਬਿਮਾਰ ਆਦਮੀ ਨੇ ਆਖਿਆ, “ਪ੍ਰਭੂ ਜੀ, ਅਜਿਹਾ ਕੋਈ ਨਹੀਂ ਜੋ ਉਦੋਂ ਤਲਾਬ ਅੰਦਰ ਜਾਣ ਵਿੱਚ ਮੇਰੀ ਸਹਾਇਤਾ ਕਰੇ ਜਦੋਂ ਪਾਣੀ ਵਿੱਚ ਹਲਚਲ ਹੁੰਦੀ ਹੈ । ਮੈਂ ਤਾਲ ਅੰਦਰ ਪਹੁੰਚਣ ਵਾਲਾ ਪਹਿਲਾ ਵਿਅਕਤੀ ਹੋਣ ਦੀ ਕੋਸ਼ਿਸ਼ ਕਰਦਾ ਹਾਂ ਪਰ ਜਦੋਂ ਤੱਕ ਕਿ ਮੈਂ ਪਹੁੰਚਾ ਮੇਰੇ ਤੋਂ ਪਹਿਲਾਂ ਹੀ ਕੋਈ ਹੋਰ ਤਲਾ ਅੰਦਰ ਵੜ ਜਾਂਦਾ ਹੈ ।”8ਫਿਰ ਯਿਸੂ ਨੇ ਉਸ ਨੂੰ ਆਖਿਆ, “ਉੱਠ, ਆਪਣਾ ਬਿਸਤਰਾ ਚੁੱਕ ਅਤੇ ਤੁਰ ।”
9ਉਹ ਤੁਰੰਤ ਹੀ ਚੰਗਾ ਹੋ ਗਿਆ । ਉਸ ਨੇ ਆਪਣੀ ਮੰਜੀ ਚੁੱਕ ਕੇ ਚੱਲਣਾ ਸ਼ੁਰੂ ਕਰ ਦਿੱਤਾ । ਜਦੋਂ ਇਹ ਸਭ ਕੁੱਝ ਵਾਪਰਿਆ, ਇਹ ਸਬਤ ਦਾ ਦਿਨ ਸੀ ।
10ਇਸ ਲਈ ਯਹੂਦੀਆਂ ਨੇ ਉਸ ਚੰਗੇ ਹੋਏ ਬੰਦੇ ਨੂੰ ਆਖਿਆ, “ਅੱਜ ਸਬਤ ਦਾ ਦਿਨ ਹੈ, ਤੇਰਾ ਬਿਸਤਰਾ ਚੁੱਕਣਾ ਬਿਵਸਥਾ ਦੇ ਖਿਲਾਫ਼ ਹੈ ।”11ਪਰ ਉਸ ਨੇ ਆਖਿਆ, “ਉਹ ਵਿਅਕਤੀ ਜਿਸ ਨੇ ਮੈਨੂੰ ਚੰਗਾ ਕੀਤਾ ਹੈ,” ਉਸ ਨੇ ਮੈਨੂੰ ਆਖਿਆ, “ਆਪਣਾ ਬਿਸਤਰਾ ਚੁੱਕ ਤੇ ਚਲ ਫਿਰ ।”
12ਯਹੂਦੀਆਂ ਨੇ ਉਸ ਨੂੰ ਪੁੱਛਿਆ, “ਉਹ ਆਦਮੀ ਕੌਣ ਹੈ ਜਿਸ ਨੇ ਤੈਨੂੰ ਆਖਿਆ ਕਿ ਤੂੰ ਆਪਣਾ ਬਿਸਤਰਾ ਚੁੱਕ ਤੇ ਤੁਰ ਫਿਰ ? ”13ਪਰ ਜੋ ਆਦਮੀ ਚੰਗਾ ਕੀਤਾ ਗਿਆ ਸੀ ਉਸ ਨੂੰ ਇਹ ਨਹੀਂ ਸੀ ਪਤਾ ਕਿ ਉਹ ਕੌਣ ਸੀ । ਉੱਥੇ ਬਹੁਤ ਸਾਰੇ ਲੋਕ ਸਨ ਅਤੇ ਯਿਸੂ ਉੱਥੋਂ ਚਲਾ ਗਿਆ ਸੀ ।
14ਬਾਅਦ ਵਿੱਚ ਯਿਸੂ ਨੇ ਉਸ ਨੂੰ ਹੈਕਲ ਵਿੱਚ ਵੇਖਿਆ ਅਤੇ ਉਸ ਨੂੰ ਆਖਿਆ, “ਵੇਖ ਹੁਣ ਤੂੰ ਚੰਗਾ ਹੋ ਗਿਆ ਹੈ, ਫਿਰ ਪਾਪ ਨਾ ਕਰੀ, ਨਹੀਂ ਤਾਂ ਤੇਰੇ ਨਾਲ ਕੋਈ ਹੋਰ ਭੈੜੀ ਗੱਲ ਵੀ ਵਾਪਰ ਸਕਦੀ ਹੈ ।”15ਤਦ ਉਹ ਆਦਮੀ ਉੱਥੇ ਵਾਪਸ ਉਨ੍ਹਾਂ ਯਹੂਦੀਆਂ ਕੋਲ ਗਿਆ । ਅਤੇ ਉਨ੍ਹਾਂ ਨੂੰ ਆਖਿਆ ਜਿਸ ਨੇ ਮੈਨੂੰ ਚੰਗਾ ਕੀਤਾ ਸੀ, ਉਹ ਯਿਸੂ ਹੈ ।
16ਇਸ ਲਈ ਯਹੂਦੀ ਉਸ ਨੂੰ ਦੁੱਖ ਦੇਣ ਲੱਗੇ ਕਿਉਂ ਜੋ ਯਿਸੂ ਸਬਤ ਦੇ ਦਿਨ ਅਜਿਹੇ ਕੰਮ ਕਰਦਾ ਸੀ ।17ਪਰ ਯਿਸੂ ਨੇ ਯਹੂਦੀਆਂ ਨੂੰ ਉੱਤਰ ਦਿੱਤਾ, “ਮੇਰਾ ਪਿਤਾ ਹਮੇਸ਼ਾਂ ਕੰਮ ਕਰਦਾ ਰਹਿੰਦਾ ਹੈ, ਇਸ ਲਈ ਮੈਂਨੂੰ ਵੀ ਕੰਮ ਕਰਨਾ ਚਾਹੀਦਾ ਹੈ ।”18ਇਹ ਸੁਣਨ ਤੋਂ ਬਾਅਦ ਯਹੂਦੀ ਯਿਸੂ ਨੂੰ ਮਾਰਨ ਲਈ ਹੋਰ ਵੀ ਕੋਸ਼ਿਸ਼ਾਂ ਕਰਨ ਲੱਗੇ । ਯਹੂਦੀਆਂ ਨੇ ਆਖਿਆ, “ਯਿਸੂ ਸਬਤ ਦੇ ਦਿਨ ਦਾ ਨੇਮ ਤੋੜ ਰਿਹਾ ਹੈ ਅਤੇ ਆਖਿਆ, ਪਰਮੇਸ਼ੁਰ ਨੂੰ ਆਪਣਾ ਪਿਤਾ ਆਖ ਕੇ ਉਹ ਆਪਣੇ ਆਪ ਨੂੰ ਪਰਮੇਸ਼ੁਰ ਦੇ ਬਰਾਬਰ ਬਣਾ ਰਿਹਾ ਹੈ ।”
ਪੁੱਤਰ ਦਾ ਅਧਿਕਾਰ

19ਪਰ ਯਿਸੂ ਨੇ ਉੱਤਰ ਦਿੱਤਾ, “ਮੈਂ ਤੁਹਾਨੂੰ ਸੱਚ-ਸੱਚ ਦੱਸਦਾ ਹਾਂ ਕਿ ਪੁੱਤਰ ਆਪਣੇ ਆਪ ਕੁੱਝ ਨਹੀਂ ਕਰ ਸਕਦਾ । ਪੁੱਤਰ ਉਹੀ ਕਰਦਾ ਹੈ ਜੋ ਉਹ ਪਿਤਾ ਨੂੰ ਕਰਿਦਆਂ ਵੇਖਦਾ ਹੈ । ਜੋ ਕੁੱਝ ਪਿਤਾ ਕਰਦਾ ਉਹੀ ਪੁੱਤਰ ਵੀ ਕਰਦਾ ।20ਪਰ ਪਿਤਾ ਆਪਣੇ ਪੁੱਤਰ ਨੂੰ ਪਿਆਰ ਕਰਦਾ ਹੈ ਅਤੇ ਪਿਤਾ ਪੁੱਤਰ ਨੂੰ ਉਹ ਸਭ ਕੁੱਝ ਵਿਖਾਉਂਦਾ ਹੈ ਜੋ ਉਹ ਕਰਦਾ । ਪਰ ਪਿਤਾ ਆਪਣੇ ਪੁੱਤਰ ਨੂੰ ਵੱਡੇ ਕੰਮ ਵੀ ਵਿਖਾਵੇਗਾ । ਫਿਰ ਤੁਸੀਂ ਸਭ ਹੈਰਾਨ ਰਹਿ ਜਾਉਂਗੇ ।
21ਪਿਤਾ ਮੁਰਦਿਆਂ ਨੂੰ ਜਿਵਾਲਦਾ ਹੈ ਅਤੇ ਉਨ੍ਹਾਂ ਨੂੰ ਜੀਵਨ ਦਿੰਦਾ ਹੈ । ਉਸੇ ਹੀ ਤਰ੍ਹਾਂ, ਪੁੱਤਰ ਵੀ, ਜਿਨ੍ਹਾਂ ਨੂੰ ਉਹ ਚਾਹੁੰਦਾ ਹੈ, ਜੀਵਨ ਦਿੰਦਾ ਹੈ ।22ਪਿਤਾ ਕਿਸੇ ਦਾ ਨਿਆਂ ਨਹੀਂ ਕਰਦਾ, ਪਰ ਉਸ ਨੇ ਇਹ ਅਧਿਕਾਰ ਪੂਰੀ ਤਰ੍ਹਾਂ ਪੁੱਤਰ ਨੂੰ ਦਿੱਤਾ ਹੋਇਆ ਹੈ ।23ਪਰਮੇਸ਼ੁਰ ਨੇ ਇਹ ਇਸ ਲਈ ਕੀਤਾ ਤਾਂ ਕਿ ਸਾਰੇ ਲੋਕ ਪੁੱਤਰ ਦਾ ਉਵੇਂ ਹੀ ਆਦਰ ਕਰਨ ਜਿਵੇਂ ਉਹ ਪਿਤਾ ਦਾ ਆਦਰ ਕਰਦੇ ਹਨ । ਜੋ ਕੋਈ ਆਦਮੀ ਪੁੱਤਰ ਦਾ ਆਦਰ ਨਹੀਂ ਕਰਦਾ, ਉਹ ਆਦਮੀ ਪਿਤਾ ਦਾ ਆਦਰ ਨਹੀਂ ਕਰਦਾ, ਜਿਸ ਨੇ ਉਸ ਨੂੰ ਭੇਜਿਆ ਹੈ ।
24ਮੈਂ ਤੁਹਾਨੂੰ ਸੱਚ-ਸੱਚ ਦੱਸਦਾ ਹਾਂ, ਉਹ ਮੇਰੇ ਬਚਨ ਸੁਣਦਾ ਹੈ ਅਤੇ ਉਨ੍ਹਾਂ ਤੇ ਵਿਸ਼ਵਾਸ ਕਰਦਾ ਹੈ । ਉਹ, ਜਿਸ ਨੇ ਮੈਨੂੰ ਭੇਜਿਆ ਹੈ, ਸਦੀਪਕ ਜੀਵਨ ਉਸਦਾ ਹੈ । ਉਸਦਾ ਨਿਆਂ ਨਹੀਂ ਹੋਵੇਗਾ । ਉਸ ਨੂੰ ਮੌਤ ਤੋਂ ਮੁਕਤ ਕਰ ਦਿੱਤਾ ਗਿਆ ਹੈ ਅਤੇ ਉਹ ਸਦੀਪਕ ਜੀਵਨ ਵਿੱਚ ਦਾਖਲ ਹੋ ਚੁੱਕਿਆ ਹੈ ।
25ਮੈਂ ਤੁਹਾਨੂੰ ਸੱਚ ਆਖਦਾ ਹਾਂ । ਉਹ ਸਮਾਂ ਆ ਰਿਹਾ ਹੈ, ਅਤੇ ਸਗੋਂ ਹੁਣੇ ਹੈ । ਉਹ ਜੋ ਮਰ ਚੁੱਕੇ ਹਨ ਪਰਮੇਸ਼ੁਰ ਦੇ ਪੁੱਤਰ ਦੀ ਅਵਾਜ਼ ਨੂੰ ਸੁਣਨਗੇ ਅਤੇ ਜਿਹੜੇ ਲੋਕ ਉਸ ਨੂੰ ਸੁਨਣਗੇ ਉਨ੍ਹਾਂ ਨੂੰ ਜੀਵਨ ਮਿਲੇਗਾ ।
26ਪਿਤਾ ਹੀ ਜੀਵਨ ਦੇਣ ਵਾਲਾ ਹੈ, ਇਸ ਲਈ ਉਸ ਨੇ ਆਪਣੇ ਪੁੱਤਰ ਨੂੰ ਵੀ ਜੀਵਨ ਦੇਣ ਵਾਲਾ ਬਣਾ ਦਿੱਤਾ ਹੈ ।27ਪਿਤਾ ਨੇ ਨਿਆਂ ਕਰਨ ਦਾ ਵੀ ਅਧਿਕਾਰ ਆਪਣੇ ਪੁੱਤਰ ਨੂੰ ਦਿੱਤਾ ਹੈ ਕਿਉਂਕਿ ਉਹ ਮਨੁੱਖ ਦਾ ਪੁੱਤਰ ਹੈ ।
28ਇਸ ਗੱਲ ਬਾਰੇ ਹੈਰਾਨ ਨਾ ਹੋਵੋ । ਉਹ ਸਮਾਂ ਆ ਰਿਹਾ ਹੈ, ਜਦੋਂ ਕਬਰਾਂ ਵਿੱਚ ਮੁਰਦੇ ਵੀ ਉਸ ਦੀ ਅਵਾਜ਼ ਸੁਣਨਗੇ ।29ਉਹ ਆਪਣੀਆਂ ਕਬਰਾਂ ਚੋਂ ਬਾਹਰ ਆ ਜਾਣਗੇ, ਉਹ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਹਨ, ਉਭਾਰੇ ਜਾਣਗੇ ਅਤੇ ਜੀਵਨ ਪ੍ਰਾਪਤ ਕਰਨਗੇ । ਪਰ ਉਹ ਲੋਕ, ਜਿਨ੍ਹਾਂ ਨੇ ਮੰਦੇ ਕੰਮ ਕੀਤੇ ਹਨ, ਨਿਆਂ ਲਈ ਜਿਵਾਲੇ ਜਾਣਗੇ ।”
ਯਿਸੂ ਦੇ ਬਾਰੇ ਗਵਾਹੀ

30“ਮੈਂ ਆਪਣੇ ਆਪ ਕੁੱਝ ਨਹੀਂ ਕਰ ਸਕਦਾ । ਮੈਂ ਉਸ ਅਧਾਰ ਤੇ ਨਿਆਂ ਕਰਦਾ ਹਾਂ ਜੋ ਮੈਂ ਪਰਮੇਸ਼ੁਰ ਤੋਂ ਸੁਣਦਾ ਹਾਂ । ਇਸ ਲਈ ਮੇਰਾ ਨਿਆਂ ਠੀਕ ਹੈ । ਕਿਉਂਕਿ ਮੈਂ ਆਪਣੀ ਇੱਛਾ ਅਨੁਸਾਰ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਸਗੋਂ ਮੈਂ ਉਸ ਦੀ ਇੱਛਾ ਅਨੁਸਾਰ ਕਰਨ ਦੀ ਕੋਸ਼ਿਸ਼ ਕਰਦਾ ਹਾਂ, ਜਿਸ ਨੇ ਮੈਨੂੰ ਭੇਜਿਆ ਹੈ ।31ਜੇਕਰ ਮੈਂ ਆਪਣੇ ਬਾਰੇ ਗਵਾਹੀ ਦੇਵਾਂ, ਤਾਂ ਮੇਰੀ ਗਵਾਹੀ ਸੱਚੀ ਨਹੀਂ ਹੈ ।32ਪਰ ਇੱਕ ਹੋਰ ਹੈ ਜੋ ਮੇਰੇ ਬਾਰੇ ਗਵਾਹੀ ਦਿੰਦਾ ਹੈ ਅਤੇ ਮੈਂ ਜਾਣਦਾ ਹਾਂ ਕਿ ਉਸ ਦੀ ਮੇਰੇ ਬਾਰੇ ਗਵਾਹੀ ਸੱਚੀ ਹੈ ।
33ਤੁਸੀਂ ਲੋਕਾਂ ਨੂੰ ਯੂਹੰਨਾ ਕੋਲ ਭੇਜਿਆ ਅਤੇ ਉਸ ਨੇ ਸੱਚ ਬਾਰੇ ਗਵਾਹੀ ਦਿੱਤੀ ।34ਪਰ ਮੈਂ ਇੱਕ ਆਦਮੀ ਦੀ ਗਵਾਹੀ ਤੇ ਨਿਰਭਰ ਨਹੀਂ ਕਰਦਾ । ਮੈਂ ਤੁਹਾਨੂੰ ਇਹ ਗੱਲਾਂ ਇਸ ਲਈ ਦੱਸਦਾ ਹਾਂ ਤਾਂ ਕਿ ਤੁਸੀਂ ਬਚਾਏ ਜਾ ਸਕੋਂ ।35ਯੂਹੰਨਾ ਇੱਕ ਦੀਵੇ ਵਾਂਗੂੰ ਜਗਦਾ ਸੀ ਤੇ ਜਿਸ ਨੇ ਚਾਨਣ ਦਿੱਤਾ ਅਤੇ ਤੁਸੀਂ ਕੁੱਝ ਸਮੇਂ ਲਈ ਉਸ ਚਾਨਣ ਦਾ ਅਨੰਦ ਲਿਆ ।
36ਪਰ ਜੋ ਗਵਾਹੀ ਮੈਂ ਆਪਣੇ ਬਾਰੇ ਦਿੰਦਾ ਹਾਂ ਉਹ ਯੂਹੰਨਾ ਦੀ ਗਵਾਹੀ ਨਾਲੋਂ ਵੱਡੀ ਹੈ । ਜੋ ਕੰਮ ਪਿਤਾ ਨੇ ਮੈਨੂੰ ਕਰਨ ਲਈ ਦਿੱਤਾ ਹੈ, ਉਹ ਮੇਰੇ ਬਾਰੇ ਗਵਾਹੀ ਦਿੰਦਾ ਹੈ ਕਿ ਪਿਤਾ ਨੇ ਮੈਨੂੰ ਭੇਜਿਆ ਹੈ ।37ਅਤੇ ਉਹ ਪਿਤਾ ਜਿਸ ਨੇ ਮੈਨੂੰ ਭੇਜਿਆ ਉਸ ਨੇ ਮੇਰੇ ਬਾਰੇ ਗਵਾਹੀ ਦਿੱਤੀ । ਪਰ ਤੁਸੀਂ ਕਦੇ ਉਸ ਦੀ ਅਵਾਜ਼ ਨਹੀਂ ਸੁਣੀ । ਅਤੇ ਤੁਸੀਂ ਕਦੇ ਉਸਦਾ ਰੂਪ ਨਹੀਂ ਵੇਖਿਆ ।38ਉਸ ਪਿਤਾ ਦੇ ਬਚਨ ਵੀ ਤੁਹਾਡੇ ਅੰਦਰ ਨਹੀਂ ਹਨ ਕਿਉਂਕਿ, ਤੁਸੀਂ ਉਸ ਤੇ ਵਿਸ਼ਵਾਸ ਨਹੀਂ ਕਰਦੇ ਜਿਸ ਨੂੰ ਪਿਤਾ ਨੇ ਭੇਜਿਆ ਹੈ ।
39ਤੁਸੀਂ ਇਹ ਸੋਚ ਕੇ ਪਵਿੱਤਰ ਗ੍ਰੰਥਾਂ ਨੂੰ ਧਿਆਨ ਨਾਲ ਪੜ੍ਹਦੇ ਹੋ ਕਿ ਤੁਸੀਂ ਉਨ੍ਹਾਂ ਰਾਹੀਂ ਸਦੀਪਕ ਜੀਵਨ ਪ੍ਰਾਪਤ ਕਰੋਂਗੇ । ਉਹੀ ਪੁਸਤਕਾਂ ਮੇਰੇ ਬਾਰੇ ਗਵਾਹੀ ਦਿੰਦੀਆਂ ਹਨ !40ਹਾਲੇ ਵੀ ਤੁਸੀਂ ਉਸ ਸਦੀਪਕ ਜੀਵਨ ਨੂੰ ਪ੍ਰਾਪਤ ਕਰਨ ਲਈ ਮੇਰੇ ਕੋਲ ਆਉਣ ਤੋਂ ਇੰਨਕਾਰ ਕਰਦੇ ਹੋ ।
41ਮੈਨੂੰ ਲੋਕਾਂ ਤੋਂ ਵਡਿਆਈ ਕਰਾਉਣ ਦੀ ਲੋੜ ਨਹੀਂ ।42ਪਰ ਮੈਂ ਤੁਹਾਨੂੰ ਜਾਣਦਾ ਹਾਂ ਕਿ ਤੁਹਾਡੇ ਅੰਦਰ ਪਰਮੇਸ਼ੁਰ ਦਾ ਪਿਆਰ ਹੈ ਨਹੀਂ ।
43ਮੈਂ ਆਪਣੇ ਪਿਤਾ ਦੇ ਨਾਮ ਤੋਂ ਆਇਆ ਹਾਂ । ਪਰ ਹਾਲੇ ਵੀ ਤੁਸੀਂ ਮੈਨੂੰ ਨਹੀਂ ਕਬੂਲ ਕਰਦੇ । ਜੇਕਰ ਦੂਸਰਾ ਵਿਅਕਤੀ ਆਪਣੇ ਖੁਦ ਦੇ ਨਾਮ ਵਿੱਚ ਆਉਂਦਾ ਹੈ, ਤੁਸੀਂ ਉਸ ਨੂੰ ਕਬੂਲ ਕਰ ਲਵੋਂਗੇ ।44ਤੁਸੀਂ ਇੱਕ ਦੂਜੇ ਤੋਂ ਵਡਿਆਈ ਚਾਹੁੰਦੇ ਹੋ, ਪਰ ਤੁਸੀਂ ਉਸ ਉਸਤਤ ਦੀ ਚਾਹਨਾ ਨਹੀਂ ਰੱਖਦੇ ਜਿਹੜੀ ਪਰਮੇਸ਼ੁਰ ਵੱਲੋਂ ਆਉਂਦੀ ਹੈ । ਤਾਂ ਫਿਰ ਤੁਸੀਂ ਕਿਵੇਂ ਮੇਰੇ ਉੱਤੇ ਵਿਸ਼ਵਾਸ ਕਰ ਸਕਦੇ ਹੋ ?
45ਇਹ ਨਾ ਸੋਚੋ ਕਿ ਪਿਤਾ ਦੇ ਸਾਹਮਣੇ ਮੈਂ ਤੁਹਾਨੂੰ ਦੋਸ਼ੀ ਠਹਿਰਾਵਾਂਗਾ । ਜੋ ਤੁਹਾਨੂੰ ਦੋਸ਼ੀ ਠਹਿਰਾਉਂਦਾ ਹੈ, ਉਹ ਮੂਸਾ ਹੈ ਅਤੇ ਤੁਸੀਂ ਆਪਣੀ ਆਸ ਉਸ ਤੇ ਰੱਖੀ ਹੋਈ ਹੈ ।46ਜੇਕਰ ਤੁਸੀਂ ਮੂਸਾ ਤੇ ਵਿਸ਼ਵਾਸ ਕੀਤਾ ਹੁੰਦਾ ਤਾਂ ਤੁਸੀਂ ਮੇਰੇ ਤੇ ਵੀ ਵਿਸ਼ਵਾਸ ਕੀਤਾ ਹੁੰਦਾ ਕਿਉਂਕਿ ਉਸ ਨੇ ਮੇਰੇ ਬਾਰੇ ਲਿਖਿਆ ਸੀ ।47ਕਿਉਂਕਿ ਤੁਸੀਂ ਉਸ ਦੀ ਲਿਖਤਾਂ ਤੇ ਵਿਸ਼ਵਾਸ ਨਹੀਂ ਕਰਦੇ ਫੇਰ ਤੁਸੀਂ ਮੇਰੇ ਸ਼ਬਦਾਂ ਤੇ ਕਿਵੇਂ ਵਿਸ਼ਵਾਸ ਕਰੋਂਗੇ ।”

6
ਪੰਜ ਹਜ਼ਾਰ ਨੂੰ ਰਜਾਉਣਾ
(ਮੱਤੀ 14:13-21, ਮਰਕੁਸ 6:30-44, ਲੂਕਾ 9:10-17)

1ਇਸ ਤੋਂ ਬਾਅਦ ਯਿਸੂ ਗਲੀਲ ਦੀ ਝੀਲ ਅਰਥਾਤ ਤਿਬਿਰਿਯਾਸ ਦੀ ਝੀਲ ਦੇ ਪਾਰ ਚੱਲਿਆ ਗਿਆ ।2ਬਹੁਤ ਸਾਰੇ ਲੋਕ ਉਸ ਦੇ ਨਾਲ ਗਏ, ਕਿਉਂਕਿ ਉਨ੍ਹਾਂ ਨੇ ਯਿਸੂ ਦੇ ਚੰਗਾ ਕਰਨ ਦੇ ਚਮਤਕਾਰ ਵੇਖੇ ਸਨ ।3ਯਿਸੂ ਪਹਾੜ ਉੱਤੇ ਗਿਆ ਅਤੇ ਉੱਥੇ ਆਪਣੇ ਚੇਲਿਆਂ ਨਾਲ ਬੈਠ ਗਿਆ ।

4ਯਹੂਦੀਆਂ ਦੇ ਪਸਾਹ ਦੇ ਤਿਉਹਾਰ ਦਾ ਸਮਾਂ ਨੇੜੇ ਸੀ ।5ਯਿਸੂ ਨੇ ਉੱਪਰ ਵੇਖਿਆ, ਅਤੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਵੱਲ ਆਉਂਦਿਆਂ ਵੇਖਿਆ । ਯਿਸੂ ਨੇ ਫਿਲਿਪੁੱਸ ਨੂੰ ਆਖਿਆ “ਅਸੀਂ ਕਿੱਥੋਂ ਭੋਜਨ ਖਰੀਦ ਸਕਦੇ ਹਾਂ ਤਾਂ ਜੋ ਉਹ ਸਾਰੇ ਖਾ ਸਕਣ ।”6ਯਿਸੂ ਨੇ ਇਹ ਫਿਲਿਪੁੱਸ ਨੂੰ ਪਰਖਣ ਦੇ ਲਈ ਹੀ ਪੁੱਛਿਆ ਸੀ । ਜੋ ਉਹ ਕਰਨ ਵਾਲਾ ਸੀ ਯਿਸੂ ਪਹਿਲਾਂ ਹੀ ਜਾਣਦਾ ਸੀ ।
7ਫਿਲਿਪੁੱਸ ਨੇ ਉੱਤਰ ਦਿੱਤਾ, “ਭਾਵੇਂ ਅਸੀਂ ਦੋ ਸੋ ਦੀਨਾਰ (ਇੱਕ ਦੀਨਾਰ ਇੱਕ ਦਿਨ ਦੀ ਮਜ਼ਦੂਰੀ ਦੇ ਬਰਾਬਰ) ਦੀਆਂ ਰੋਟੀਆਂ ਵੀ ਲੈ ਆਈਏ ਤਾਂ ਵੀ ਅਸੀਂ ਇੰਨ੍ਹਾਂ ਸਾਰਿਆਂ ਨੂੰ ਰੋਟੀ ਦਾ ਇੱਕ ਛੋਟਾ ਜਿਹਾ ਟੁਕੜਾ ਹੀ ਦੇਣ ਯੋਗ ਹੋਵਾਂਗੇ ।”8ਉੱਥੇ ਇੱਕ ਹੋਰ ਚੇਲਾ ਸੀ ਅੰਦ੍ਰਿਯਾਸ, ਜੋ ਕਿ ਸ਼ਮਊਨ ਪਤਰਸ ਦਾ ਭਰਾ ਸੀ, ਉਸ ਨੇ ਕਿਹਾ,9“ਇੱਥੇ ਇੱਕ ਬੱਚਾ ਹੈ, ਜਿਸ ਕੋਲ ਪੰਜ ਰੋਟੀਆਂ ਅਤੇ ਦੋ ਮੱਛੀਆਂ ਹਨ, ਪਰ ਇਹ ਇੰਨੇ ਸਾਰੇ ਲੋਕਾਂ ਲਈ ਕਿਵੇਂ ਪੂਰੀਆਂ ਹੋਣਗੀਆਂ ? ”
10ਯਿਸੂ ਨੇ ਆਖਿਆ, “ਲੋਕਾਂ ਨੂੰ ਕਹੋ ਕਿ ਉਹ ਬੈਠ ਜਾਣ ।” ਉਸ ਥਾਂ ਤੇ ਬਹੁਤ ਸਾਰਾ ਘਾਹ ਸੀ, ਪੰਜ ਹਜ਼ਾਰ ਆਦਮੀ ਉੱਥੇ ਬੈਠ ਗਏ ।11ਤਦ ਯਿਸੂ ਨੇ ਰੋਟੀਆਂ ਆਪਣੇ ਹੱਥਾਂ ਵਿੱਚ ਲਈਆਂ ਅਤੇ ਉਨ੍ਹਾਂ ਲਈ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਬੈਠੇ ਹੋਏ ਲੋਕਾਂ ਨੂੰ ਦਿੱਤੀਆਂ । ਉਨ੍ਹਾਂ ਮੱਛੀਆਂ ਨਾਲ ਵੀ ਇਹੀ ਕੀਤਾ । ਯਿਸੂ ਨੇ ਲੋਕਾਂ ਨੂੰ ਓਨਾ ਦਿੱਤਾ ਜਿੰਨੇ ਦੀ ਉਨ੍ਹਾਂ ਨੂੰ ਜ਼ਰੂਰਤ ਸੀ ।12ਸਾਰੇ ਲੋਕਾਂ ਨੇ ਉਦੋਂ ਤੱਕ ਖਾਧਾ ਜਦੋਂ ਤੱਕ ਉਹ ਰੱਜ ਨਾ ਗਏ । ਫਿਰ ਯਿਸੂ ਨੇ ਆਪਣੇ ਚੇਲਿਆਂ ਨੂੰ ਆਖਿਆ, “ਬਚੇ ਹੋਏ ਰੋਟੀ ਅਤੇ ਮੱਛੀਆਂ ਦੇ ਟੁਕੜੇ ਇਕੱਠੇ ਕਰ ਲਓ, ਕੁੱਝ ਵੀ ਖ਼ਰਾਬ ਨਾ ਕਰੋ ।”
13ਤਾਂ ਚੇਲਿਆਂ ਨੇ ਬਚੇ ਹੋਏ ਟੁਕੜਿਆਂ ਨੂੰ ਇਕੱਠਾ ਕੀਤਾ । ਚੇਲਿਆਂ ਨੇ ਲੋਕਾਂ ਦੁਆਰਾ ਬਚਿਆਂ ਹੋਈਆਂ ਪੰਜ ਜੌਂ ਦੀਆਂ ਰੋਟੀਆਂ ਦੇ ਟੁਕੜਿਆਂ ਨਾਲ ਬਾਰਾਂ ਟੋਕਰੀਆਂ ਭਰੀਆਂ ।14ਯਿਸੂ ਦੇ ਚਮਤਕਾਰ ਨੂੰ ਲੋਕਾਂ ਨੇ ਵੇਖਿਆ ਅਤੇ ਆਖਿਆ, “ਸੱਚ-ਮੁੱਚ ਇਹ ਓਹੀ ਨਬੀ ਹੈ, ਜਿਸ ਦਾ ਦੁਨੀਆਂ ਵਿੱਚ ਆਉਣ ਦਾ ਅਨੁਮਾਨ ਸੀ ।”15ਜਦੋਂ ਯਿਸੂ ਨੂੰ ਪਤਾ ਲੱਗਾ ਕਿ ਲੋਕ ਬਦੋ-ਬਦੀ ਉਸ ਨੂੰ ਆਪਣਾ ਰਾਜਾ ਬਣਾਉਣਾ ਚਾਹੁੰਦੇ ਹਨ । ਤਾਂ ਯਿਸੂ ਉੱਥੋਂ ਵਿਦਾ ਹੋ ਕੇ ਇਕੱਲਾ ਹੀ ਪਹਾੜ ਵੱਲ ਚਲਿਆ ਗਿਆ ।
ਯਿਸੂ ਪਾਣੀ ਉੱਤੇ ਚੱਲਦਾ ਹੈ
(ਮੱਤੀ 14:22-33, ਮਰਕੁਸ 6:45-52)

16ਸ਼ਾਮ ਨੂੰ, ਯਿਸੂ ਦੇ ਚੇਲੇ ਝੀਲ ਵਿੱਚ ਚਲੇ ਗਏ ।17ਪਹਿਲਾਂ ਤੋਂ ਹੀ ਹਨ੍ਹੇਰਾ ਸੀ ਤੇ ਅਜੇ ਤੱਕ ਯਿਸੂ ਉਨ੍ਹਾਂ ਕੋਲ ਨਹੀਂ ਪਹੁੰਚੇ ਸੀ । ਚੇਲੇ ਬੇੜੀ ਉੱਤੇ ਚੜ੍ਹ ਕੇ ਬੈਠੇ ਅਤੇ ਕਫ਼ਰਨਾਹੂਮ ਵੱਲ ਨੂੰ ਚੱਲ ਪਏ ਜੋ ਕਿ ਝੀਲ ਦੇ ਪਾਰ ਸੀ ।18ਤੇਜ ਹਨੇਰੀ ਚੱਲ ਰਹੀ ਸੀ ਦਰਿਆ ਦੀਆਂ ਲਹਿਰਾਂ ਵੱਡੀਆਂ ਤੋਂ ਵਡੇਰੀਆਂ ਹੋ ਗਈਆਂ ।
19ਚੇਲੇ ਲੱਗਭਗ ਤਿੰਨ ਚਾਰ ਮੀਲ ਝੀਲ ਵਿੱਚ ਜਾ ਚੁੱਕੇ ਸਨ । ਤਦ ਉਨ੍ਹਾਂ ਨੇ ਯਿਸੂ ਨੂੰ ਵੇਖਿਆ, ਉਹ ਪਾਣੀ ਉੱਤੇ ਤੁਰ ਰਿਹਾ ਸੀ । ਚੇਲੇ ਯਿਸੂ ਨੂੰ ਕਿਸ਼ਤੀ ਦੇ ਨੇੜੇ ਆਉਂਦਾ ਵੇਖ ਡਰ ਗਏ ।20ਪਰ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਨਾ ਡਰੋ, ਮੈਂ ਹਾਂ ।”21ਜਦੋਂ ਯਿਸੂ ਨੇ ਇਹ ਆਖਿਆ, ਤਾਂ ਉਹ ਯਿਸੂ ਨੂੰ ਬੇੜੀ ਉੱਤੇ ਚੜ੍ਹਾਉਣ ਲਈ ਖੁਸ਼ ਹੋ ਗਏ । ਉਸ ਤੋਂ ਬਾਦ ਜਿੱਥੇ ਉਨ੍ਹਾਂ ਨੇ ਜਾਣਾ ਸੀ, ਬੇੜੀ ਉੱਥੇ ਪਹੁੰਚੀ ।
22ਅਗਲੀ ਸਵੇਰ ਜੋ ਲੋਕ ਝੀਲ ਦੇ ਦੂਜੇ ਕੰਢੇ ਤੇ ਠਹਿਰੇ ਹੋਏ ਸਨ, ਉਹ ਜਾਣਦੇ ਸਨ ਕਿ ਯਿਸੂ ਆਪਣੇ ਚੇਲਿਆਂ ਨਾਲ ਬੇੜੀ ਵਿੱਚ ਨਹੀਂ ਗਿਆ ਅਤੇ ਉਹ ਜਾਣਦੇ ਸਨ ਕਿ ਯਿਸੂ ਦੇ ਚੇਲੇ ਇਕੱਲੇ ਹੀ ਬੇੜੀ ਵਿੱਚ ਗਏ ਸਨ । ਅਤੇ ਉਹ ਇਹ ਵੀ ਜਾਣਦੇ ਸਨ ਕਿ ਉੱਥੇ ਕੇਵਲ ਇਹੀ ਇੱਕ ਬੇੜੀ ਸੀ ।
ਲੋਕ ਯਿਸੂ ਨੂੰ ਲੱਭਦੇ ਹਨ

23ਪਰ ਤਦ ਤਿਬਿਰਿਯਾਸ ਵੱਲੋਂ ਕੁੱਝ ਬੇੜੀਆਂ ਉਸ ਥਾਂ ਤੇ ਆਈਆਂ ਜਿੱਥੇ ਉਨ੍ਹਾਂ ਨੇ ਪ੍ਰਭੂ ਦੇ ਸ਼ੁਕਰ ਕਰਨ ਤੋਂ ਬਾਅਦ ਰੋਟੀ ਖਾਧੀ ਸੀ ।
24ਫਿਰ ਭੀੜ ਨੇ ਉੱਥੇ ਨਾ ਤਾਂ ਯਿਸੂ ਨੂੰ ਵੇਖਿਆ ਅਤੇ ਨਾ ਹੀ ਉਸ ਦੇ ਚੇਲਿਆਂ ਨੂੰ । ਇਸ ਲਈ ਉਹ ਉਨ੍ਹਾਂ ਕਿਸ਼ਤੀਆਂ ਵਿੱਚ ਚੜ੍ਹੇ ਅਤੇ ਯਿਸੂ ਨੂੰ ਲੱਭਣ ਲਈ ਕਫ਼ਰਨਾਹੂਮ ਨੂੰ ਆ ਗਏ ।
ਜੀਵਨ ਦੀ ਰੋਟੀ

25ਜਦੋਂ ਲੋਕਾਂ ਨੇ ਯਿਸੂ ਨੂੰ ਝੀਲ ਦੇ ਪਾਰ ਲੱਭਿਆ, ਉਨ੍ਹਾਂ ਨੇ ਉਸ ਨੂੰ ਪੁੱਛਿਆ, ਗੁਰੂ ਜੀ, “ਤੁਸੀਂ ਇੱਥੇ ਕਦੋਂ ਆਏ ? ”
26ਯਿਸੂ ਨੇ ਆਖਿਆ, “ਤੁਸੀਂ ਮੇਰੀ ਭਾਲ ਕਿਉਂ ਕਰ ਰਹੇ ਹੋ ? ਕੀ ਇਸ ਲਈ ਕਿ ਤੁਸੀਂ ਮੈਨੂੰ ਚਮਤਕਾਰ ਕਰਦਿਆਂ ਵੇਖਿਆ ਹੈ ਜਿਹੜੇ ਕਿ ਮੇਰੀ ਸ਼ਕਤੀ ਨੂੰ ਸਾਬਤ ਕਰਦੇ ਹਨ ? ਨਹੀਂ ! ਮੈਂ ਤੁਹਾਨੂੰ ਸੱਚ-ਸੱਚ ਦੱਸਦਾ ਹਾਂ ਕਿ ਤੁਸੀਂ ਮੇਰੀ ਭਾਲ ਇਸ ਲਈ ਕਰ ਰਹੇ ਸੀ, ਕਿਉਂਕਿ ਤੁਸੀਂ ਰੋਟੀ ਖਾਧੀ ਤੇ ਤੁਸੀਂ ਸੰਤੁਸ਼ਟ ਹੋ ਗਏ ਸੀ ।27ਨਾਸ ਹੋਣ ਵਾਲਾ ਭੋਜਨ ਪ੍ਰਾਪਤ ਕਰਨ ਲਈ ਕੰਮ ਨਾ ਕਰੋ । ਪਰ ਉਸ ਭੋਜਨ ਲਈ ਕੰਮ ਕਰੋ ਜੋ ਹਮੇਸ਼ਾਂ ਲਈ ਰਹਿੰਦਾ ਅਤੇ ਜੋ ਤੁਹਾਨੂੰ ਸਦੀਪਕ ਜੀਵਨ ਦਿੰਦਾ ਹੈ । ਮਨੁੱਖ ਦਾ ਪੁੱਤਰ ਉਹ ਭੋਜਨ ਦੇਵੇਗਾ । ਪਿਤਾ ਪਰਮੇਸ਼ੁਰ ਨੇ ਆਪਣੀ ਪਰਵਾਨਗੀ ਦੀ ਮੋਹਰ ਆਦਮੀ ਦੇ ਪੁੱਤਰ ਉੱਤੇ ਲਾ ਦਿੱਤੀ ਹੈ ।”
28ਭੀੜ ਨੇ ਪੁੱਛਿਆ, “ਉਹ ਕਿਹੜੇ ਕੰਮ ਹਨ, ਜਿਹੜੇ ਪਰਮੇਸ਼ੁਰ ਸਾਡੇ ਕੋਲੋਂ ਕਰਨ ਦੀ ਆਸ ਰੱਖਦਾ ਹੈ ? ”29ਯਿਸੂ ਨੇ ਉੱਤਰ ਦਿੱਤਾ, “ਪਰਮੇਸ਼ੁਰ ਤੁਹਾਡੇ ਤੋਂ ਇਸ ਗੱਲ ਦੀ ਆਸ ਰੱਖਦਾ ਹੈ ਕਿ, ਜਿਸ ਨੂੰ ਉਸ ਨੇ ਭੇਜਿਆ ਤੁਸੀਂ ਉਸ ਤੇ ਵਿਸ਼ਵਾਸ ਕਰੋ ।”
30ਭੀੜ ਨੇ ਪੁੱਛਿਆ, “ਤੂੰ ਕਿਹੜਾ ਚਮਤਕਾਰ ਕਰੇਂਗਾ ਕਿ ਅਸੀਂ ਵੇਖ ਸਕੀਏ ਅਤੇ ਵਿਸ਼ਵਾਸ ਕਰ ਸਕੀਏ ? ਤੂੰ ਕੀ ਕਰਨ ਵਾਲਾ ਹੈ ?31ਸਾਡੇ ਪਿਉ-ਦਾਦਿਆਂ ਨੇ ਜੰਗਲ ਵਿੱਚ ਮੰਨਾ ਖਾਧਾ ਜਿਵੇਂ ਕਿ ਪੋਥੀਆਂ ਵਿੱਚ ਲਿਖਿਆ ਹੋਇਆ ਹੈ, ਉਸ ਨੇ ਸਵਰਗ ਤੋਂ ਉਨ੍ਹਾਂ ਨੂੰ ਰੋਟੀ ਖਾਣ ਨੂੰ ਦਿੱਤੀ।
32ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ । ਇਹ ਮੂਸਾ ਨਹੀਂ ਸੀ ਜਿਸ ਨੇ ਤੁਹਾਨੂੰ ਸਵਰਗ ਤੋਂ ਰੋਟੀ ਖਾਣ ਨੂੰ ਦਿੱਤੀ । ਇਹ ਮੇਰਾ ਪਿਤਾ ਹੈ ਜੋ ਤੁਹਾਨੂੰ ਸਵਰਗੋਂ ਸੱਚੀ ਰੋਟੀ ਦਿੰਦਾ ਹੈ ।33ਪਰਮੇਸ਼ੁਰ ਦੀ ਰੋਟੀ ਉਹ ਹੈ ਜੋ ਸਵਰਗ ਤੋਂ ਆਉਂਦੀ ਹੈ ਅਤੇ ਸੰਸਾਰ ਨੂੰ ਜੀਵਨ ਦਿੰਦੀ ਹੈ ।34ਲੋਕਾਂ ਨੇ ਆਖਿਆ, “ਪ੍ਰਭੂ, ਉਹ ਰੋਟੀ ਸਾਨੂੰ ਹਮੇਸ਼ਾਂ ਦੇਣਾ ।”
35ਯਿਸੂ ਨੇ ਉਨ੍ਹਾਂ ਨੂੰ ਕਿਹਾ “ਮੈਂ ਹੀ ਜੀਵਨ ਦੀ ਰੋਟੀ ਹਾਂ । ਜਿਹੜਾ ਕੋਈ ਮੇਰੇ ਕੋਲ ਆਉਂਦਾ ਹੈ ਕਦੇ ਭੁੱਖਾ ਨਹੀਂ ਰਹੇਗਾ ਅਤੇ ਜਿਹੜਾ ਮੇਰੇ ਤੇ ਵਿਸ਼ਵਾਸ ਕਰਦਾ ਹੈ, ਕਦੇ ਪਿਆਸਾ ਨਹੀਂ ਰਹੇਗਾ ।36ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਤੁਸੀਂ ਮੈਨੂੰ ਵੇਖਿਆ ਹੈ, ਪਰ ਤਾਂ ਵੀ ਤੁਸੀਂ ਵਿਸ਼ਵਾਸ ਨਹੀਂ ਕਰਦੇ ।37ਜਿਨ੍ਹਾਂ ਲੋਕਾਂ ਨੂੰ ਪਰਮੇਸ਼ੁਰ ਭੇਜਦਾ ਹੈ ਉਹ ਮੇਰੇ ਕੋਲ ਆਉਣਗੇ ਅਤੇ ਮੈਂ ਉਸ ਹਰ ਮਨੁੱਖ ਨੂੰ ਸਵੀਕਾਰ ਕਰਾਂਗਾ, ਬਲਕਿ ਉਸ ਨੂੰ ਕੱਢਾਂਗਾ ਨਹੀਂ ।
38ਕਿਉਂਕਿ ਮੈਂ ਸਵਰਗ ਤੋਂ ਆਪਣੀ ਮਰਜ਼ੀ ਅਨੁਸਾਰ ਕਰਨ ਨਹੀਂ ਆਇਆ ਸਗੋਂ ਪਰਮੇਸ਼ੁਰ ਦੀ ਇੱਛਾ ਅਨੁਸਾਰ ਕਰਨ ਆਇਆ ਹਾਂ ।39ਮੈਨੂੰ ਉਨ੍ਹਾਂ ਵਿੱਚੋਂ ਇੱਕ ਵੀ ਵਿਅਕਤੀ ਨਹੀਂ ਗੁਆਉਣਾ ਚਾਹੀਦਾ, ਜੋ ਪਰਮੇਸ਼ੁਰ ਨੇ ਮੈਨੂੰ ਦਿੱਤੇ ਹਨ । ਪਰ ਮੈਂ ਉਨ੍ਹਾਂ ਨੂੰ ਅੰਤ ਦੇ ਦਿਨ ਜ਼ਰੂਰ ਜਿਵਾਂਲਾਗਾ । ਉਹ, ਜਿਸ ਨੇ ਮੈਨੂੰ ਭੇਜਿਆ ਹੈ, ਇਹੀ ਆਸ ਕਰਦਾ ਹਾਂ ।40ਮੇਰੇ ਪਿਤਾ ਦੀ ਇੱਛਾ ਹੈ: ਹਰ ਕੋਈ ਜੋ ਪੁੱਤਰ ਨੂੰ ਵੇਖਦਾ ਅਤੇ ਉਸ ਵਿੱਚ ਵਿਸ਼ਵਾਸ ਰੱਖਦਾ ਹੈ, ਸੋ ਸਦੀਪਕ ਜੀਵਨ ਪਾਵੇਗਾ । ਮੈਂ ਉਸ ਨੂੰ ਅੰਤ ਦੇ ਦਿਨ ਜਿਉਂਦਾ ਕਰਾਂਗਾ ।”
41ਫੇਰ ਯਹੂਦੀ ਉਸ ਬਾਰੇ ਬੁੜ-ਬੁੜਾਉਣ ਲੱਗੇ ਕਿਉਂਕਿ ਉਸ ਨੇ ਕਿਹਾ, “ਮੈਂ ਹੀ ਰੋਟੀ ਹਾਂ ਜੋ ਸਵਰਗ ਤੋਂ ਹੇਠਾਂ ਉੱਤਰੀ ਹੈ ।”42ਯਹੂਦੀਆਂ ਨੇ ਕਿਹਾ, “ਉਹ ਯਿਸੂ ਹੈ । ਉਹ ਯੂਸੁਫ਼ ਦਾ ਪੁੱਤਰ ਹੈ । ਅਸੀਂ ਉਸ ਦੇ ਮਾਤਾ-ਪਿਤਾ ਨੂੰ ਜਾਣਦੇ ਹਾਂ । ਤਾਂ ਭਲਾ ਉਹ ਕਿਵੇਂ ਕਹਿ ਸਕਦਾ ਹੈ, ‘ਮੈਂ ਸਵਰਗੋਂ ਉੱਤਰਿਆ ਹਾਂ’।”
43ਪਰ ਯਿਸੂ ਨੇ ਕਿਹਾ, “ਆਪਣੇ ਆਪ ਵਿੱਚ ਬੁੜ-ਬੁੜਾਉਣਾ ਬੰਦ ਕਰੋ ।44ਕੋਈ ਵੀ ਮਨੁੱਖ ਮੇਰੇ ਕੋਲ ਨਹੀਂ ਆ ਸਕਦਾ ਜਦੋਂ ਤੱਕ ਕਿ ਪਿਤਾ ਜਿਸ ਨੇ ਮੈਨੂੰ ਭੇਜਿਆ ਹੈ ਉਸ ਨੂੰ ਮੇਰੇ ਕੋਲ ਨਹੀਂ ਲਿਆਉਂਦਾ । ਮੈਂ ਉਸ ਮਨੁੱਖ ਨੂੰ ਅੰਤ ਦੇ ਦਿਨ ਉੱਠਾਵਾਗਾਂ ।45ਇਹ ਨਬੀਆਂ ਦੀਆਂ ਲਿਖਤਾਂ ਵਿੱਚ ਲਿਖਿਆ ਹੋਇਆ ਹੈ: ਉਹ ਪਰਮੇਸ਼ੁਰ ਦੁਆਰਾ ਸਮਝਾਏ ਜਾਣਗੇ । ਹਰ ਕੋਈ ਜਿਹੜਾ ਆਪਣੇ ਪਿਤਾ ਨੂੰ ਸੁਣਦਾ ਅਤੇ ਉਸ ਕੋਲੋਂ ਸਿੱਖਦਾ ਹੈ, ਮੇਰੇ ਕੋਲ ਆਉਂਦਾ ਹੈ ।
46ਕਿਸੇ ਨੇ ਵੀ ਪਿਤਾ ਨੂੰ ਨਹੀਂ ਵੇਖਿਆ । ਉਹ ਇੱਕ, ਜਿਹੜਾ ਪਰਮੇਸ਼ੁਰ ਵਲੋਂ ਆਇਆ ਹੈ, ਉਹੀ ਹੈ ਜਿਸ ਨੇ ਪਿਤਾ ਨੂੰ ਵੇਖਿਆ ।47ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ, ਜੋ ਮਨੁੱਖ ਵਿਸ਼ਵਾਸ ਕਰਦਾ ਹੈ ਸਦੀਪਕ ਜੀਵਨ ਪਾਉਂਦਾ ਹੈ ।
48ਮੈਂ ਹੀ ਜਿੰਦਗੀ ਦੀ ਰੋਟੀ ਹਾਂ ।49ਤੁਹਾਡੇ ਪਿਓ ਦਾਦਿਆਂ ਨੇ ਜੰਗਲ ਵਿੱਚ ਮੰਨਾ ਖਾਧਾ ਅਤੇ ਮਰ ਗਏ ।
50ਮੈਂ ਉਹ ਰੋਟੀ ਹਾਂ, ਜੋ ਸਵਰਗ ਤੋਂ ਹੇਠਾਂ ਆਉਂਦੀ ਹੈ, ਜੇਕਰ ਕੋਈ ਵੀ ਇਸ ਨੂੰ ਰੋਟੀ ਖਾਂਦਾ ਹੈ ਉਹ ਕਦੇ ਨਹੀਂ ਮਰੇਗਾ ।51ਮੈਂ ਜੀਵਨ ਦੀ ਰੋਟੀ ਹਾਂ, ਜੋ ਸਵਰਗ ਤੋਂ ਹੇਠਾਂ ਆਈ ਹੈ । ਉਹ ਜਿਹੜਾ ਇਸ ਰੋਟੀ ਨੂੰ ਖਾਂਦਾ ਹੈ, ਸਦਾ ਜੀਵੇਗਾ । ਇਹ ਰੋਟੀ ਮੇਰਾ ਸਰੀਰ ਹੈ । ਮੈਂ ਆਪਣਾ ਸਰੀਰ ਦਿੰਦਾ ਹਾਂ ਤਾਂ ਜੋ ਇਸ ਸੰਸਾਰ ਦੇ ਲੋਕਾਂ ਨੂੰ ਜੀਵਨ ਮਿਲ ਸਕੇ ।”
52ਫੇਰ ਯਹੂਦੀਆਂ ਨੇ ਆਪਸ ਵਿੱਚ ਬਹਿਸ ਕਰਨੀ ਸ਼ੁਰੂ ਕਰ ਦਿੱਤੀ, “ਭਲਾ ਇਹ ਆਦਮੀ ਸਾਨੂੰ ਆਪਣਾ ਸਰੀਰ ਖਾਣ ਨੂੰ ਕਿਵੇਂ ਦੇ ਸਕਦਾ ਹੈ ? ”53ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜਦੋਂ ਤੱਕ ਤੁਸੀਂ ਮਨੁੱਖ ਦੇ ਪੁੱਤਰ ਦਾ ਸਰੀਰ ਨਹੀਂ ਖਾਂਦੇ ਅਤੇ ਲਹੂ ਨਹੀਂ ਪੀਂਦੇ, ਤੁਹਾਡੇ ਕੋਲ ਸੱਚਾ ਜੀਵਨ ਨਹੀਂ ਹੋਵੇਗਾ ।
54ਉਹ ਮਨੁੱਖ ਜਿਹੜਾ ਮੇਰਾ ਮਾਸ ਖਾਂਦਾ ਹੈ ਅਤੇ ਲਹੂ ਪੀਂਦਾ ਹੈ ਸਦੀਪਕ ਜੀਵਨ ਉਸੇ ਦਾ ਹੈ ਅਤੇ ਮੈਂ ਉਸ ਨੂੰ ਅਖੀਰਲੇ ਦਿਨ ਪ੍ਰਗਟ ਕਰਾਂਗਾ ।55ਮੇਰਾ ਸਰੀਰ ਸੱਚ-ਮੁੱਚ ਖਾਣ ਅਤੇ ਮੇਰਾ ਲਹੂ ਸੱਚ-ਮੁੱਚ ਪੀਣ ਦੀ ਵਸਤੂ ਹੈ ।56ਉਹ ਜਿਹੜਾ ਮੇਰਾ ਮਾਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਮੇਰੇ ਵਿੱਚ ਮੈਂ ਉਸ ਵਿੱਚ ਅਤੇ ਉਹ ਮੇਰੇ ਵਿੱਚ ਰਹਿੰਦਾ ਹੈ ।
57ਜਿਉਂਦੇ ਪਿਤਾ ਨੇ ਮੈਨੂੰ ਭੇਜਿਆ ਅਤੇ ਮੈਂ ਪਿਤਾ ਰਾਹੀਂ ਜਿਉਂਦਾ ਹਾਂ । ਇਸ ਲਈ ਜੋ ਮੈਨੂੰ ਖਾਂਦਾ ਹੈ ਮੇਰੇ ਰਾਹੀਂ ਜੀਵੇਗਾ ।58ਮੈਂ ਉਸ ਰੋਟੀ ਵਰਗਾ ਨਹੀਂ ਹਾਂ, ਜਿਹੜੀ ਸਾਡੇ ਵੱਡਿਆਂ ਨੇ ਉਜਾੜ ਵਿੱਚ ਖਾਧੀ ਸੀ । ਉਨ੍ਹਾਂ ਨੇ ਉਹ ਰੋਟੀ ਖਾਧੀ ਪਰ ਬਾਕੀ ਲੋਕਾਂ ਵਾਂਗੂੰ, ਉਹ ਵੀ ਮਰ ਗਏ ਮੈਂ ਸਵਰਗ ਤੋਂ ਉੱਤਰੀ ਰੋਟੀ ਹਾਂ ਅਤੇ ਜੋ ਇਹ ਰੋਟੀ ਖਾਵੇਗਾ ਉਹ ਸਦੀਪਕ ਜੀਵੇਗਾ ।”59ਜਦੋਂ ਯਿਸੂ ਕਫ਼ਰਨਾਹੂਮ ਦੇ ਪ੍ਰਾਰਥਨਾ ਘਰ ਵਿੱਚ ਉਪਦੇਸ਼ ਦੇ ਰਿਹਾ ਸੀ ਉਸ ਨੇ ਇਹ ਸਭ ਗੱਲਾਂ ਆਖੀਆਂ ।
ਸਦੀਪਕ ਜੀਵਨ ਦੇ ਵਚਨ

60ਉਸ ਦੇ ਬਹੁਤ ਸਾਰੇ ਚੇਲਿਆਂ ਨੇ ਇਹ ਸੁਣ ਕੇ ਆਖਿਆ, “ਇਹ ਉਪਦੇਸ਼ ਬਹੁਤ ਮੁਸ਼ਕਿਲ ਹੈ । ਕੌਣ ਇਸ ਉਪਦੇਸ਼ ਨੂੰ ਕਬੂਲ ਕਰ ਸਕਦਾ ਹੈ ? ”61ਯਿਸੂ ਜਾਣਦਾ ਸੀ ਕਿ ਉਸ ਦੇ ਚੇਲੇ ਇਸ ਬਾਰੇ ਬੁੜਬੁੜਾ ਰਹੇ ਸਨ ਇਸ ਲਈ ਉਸ ਨੇ ਕਿਹਾ, “ਕੀ ਇਹ ਉਪਦੇਸ਼ ਤੋਂ ਤੁਹਾਨੂੰ ਠੋਕਰ ਲੱਗਦੀ ਹੈ ?
62ਤਾਂ ਕੀ ਤੁਸੀਂ ਉਦੋਂ ਹੋਰ ਵੀ ਵਧੇਰੇ ਪਰੇਸ਼ਾਨ ਨਹੀਂ ਹੋਵੋਂਗੇ ਜਦੋਂ ਤੁਸੀਂ ਮਨੁੱਖ ਦੇ ਪੁੱਤਰ ਨੂੰ ਸਵਰਗ ਵਿੱਚ ਜਾਂਦਿਆਂ ਵੇਖੋਂਗੇ, ਜਿੱਥੋਂ ਉਹ ਆਇਆ ਸੀ ?63ਇਹ ਸਰੀਰ ਨਹੀਂ ਹੈ ਜੋ ਜੀਵਨ ਦਿੰਦਾ ਹੈ ਸਗੋਂ ਇਹ ਆਤਮਾ ਹੈ ਜੋ ਜੀਵਨ ਦਿੰਦਾ ਹੈ । ਜੋ ਗੱਲਾਂ ਮੈਂ ਤੁਹਾਨੂੰ ਆਖੀਆਂ ਹਨ ਉਹ ਆਤਮਾ ਹਨ, ਇਸ ਲਈ ਇਹ ਗੱਲਾਂ ਜੀਵਨ ਦਿੰਦੀਆਂ ਹਨ ।
64ਪਰ ਤੁਹਾਡੇ ਵਿੱਚੋਂ ਕੁੱਝ ਵਿਸ਼ਵਾਸ ਨਹੀਂ ਕਰਦੇ ।” ਯਿਸੂ ਉਨ੍ਹਾਂ ਲੋਕਾਂ ਨੂੰ ਸ਼ੁਰੂ ਤੋਂ ਹੀ ਜਾਣਦਾ ਸੀ ਜਿਨ੍ਹਾਂ ਨੇ ਵਿਸ਼ਵਾਸ ਨਹੀਂ ਕੀਤਾ । ਅਤੇ ਉਹ ਇਹ ਵੀ ਜਾਣਦਾ ਸੀ ਕਿ ਉਹ ਕੌਣ ਹੈ ਜੋ ਉਸ ਦੇ ਵਿਰੁੱਧ ਹੋਵੇਗਾ ।65ਯਿਸੂ ਨੇ ਕਿਹਾ “ਇਸੇ ਲਈ ਮੈਂ ਤੁਹਾਨੂੰ ਕਿਹਾ ਸੀ, ਕਿ ਜਦੋਂ ਤੱਕ ਪਿਤਾ ਕਿਸੇ ਮਨੁੱਖ ਨੂੰ ਮੇਰੇ ਕੋਲ ਆਉਣ ਨਹੀਂ ਦਿੰਦਾ, ਉਹ ਮੇਰੇ ਕੋਲ ਨਹੀਂ ਆ ਸਕਦਾ ।”
ਪਤਰਸ ਦਾ ਵਿਸ਼ਵਾਸ

66ਇਸੇ ਕਰਕੇ ਯਿਸੂ ਦੇ ਬਹੁਤੇ ਚੇਲਿਆਂ ਨੇ ਉਸ ਨੂੰ ਛੱਡ ਦਿੱਤਾ ਅਤੇ ਭਵਿੱਖ ਵਿੱਚ ਉਸ ਦੇ ਨਾਲ ਨਾ ਚਲੇ ।67ਯਿਸੂ ਨੇ ਬਾਰ੍ਹਾਂ ਚੇਲਿਆਂ ਨੂੰ ਆਖਿਆ, “ਕੀ ਤੁਸੀਂ ਵੀ ਜਾਣਾ ਚਾਹੁੰਦੇ ਹੋ ? ”68ਸ਼ਮਊਨ ਪਤਰਸ ਨੇ ਉਸ ਨੂੰ ਆਖਿਆ, “ਪ੍ਰਭੂ ! ਅਸੀਂ ਕਿਸ ਦੇ ਕੋਲ ਜਾਈਏ ? ਤੇਰੇ ਕੋਲ ਸਦੀਪਕ ਜੀਵਨ ਦੀਆਂ ਗੱਲਾਂ ਹਨ ।69ਸਾਨੂੰ ਤੇਰੇ ਤੇ ਵਿਸ਼ਵਾਸ ਹੈ, ਅਸੀਂ ਜਾਣਦੇ ਹਾਂ ਕਿ ਤੁਸੀਂ ਪਰਮੇਸ਼ੁਰ ਦੇ ਪਵਿੱਤਰ ਪੁਰਖ ਹੋ”
70ਤਾਂ ਯਿਸੂ ਨੇ ਉੱਤਰ ਦਿੱਤਾ, “ਮੈਂ ਤੁਹਾਨੂੰ ਬਾਰ੍ਹਾਂ ਨੂੰ ਚੁਣਿਆ ਹੈ ਪਰ ਤੁਹਾਡੇ ਵਿੱਚੋਂ ਇੱਕ ਸ਼ੈਤਾਨ ਹੈ ।”71ਯਿਸੂ ਸ਼ਮਊਨ ਇਸਕਰਿਯੋਤੀ ਦੇ ਪੁੱਤਰ ਯਹੂਦਾ ਬਾਰੇ ਆਖ ਰਿਹਾ ਸੀ, ਉਹ ਬਾਰ੍ਹਾਂ ਵਿੱਚੋਂ ਇੱਕ ਸੀ ਪਰ ਉਸ ਨੇ ਯਿਸੂ ਨੂੰ ਫੜਾਉਣਾ ਸੀ ।

7
ਯਿਸੂ ਅਤੇ ਉਸ ਦੇ ਭਰਾ

1ਇਸ ਤੋਂ ਬਾਅਦ ਯਿਸੂ ਨੇ ਗਲੀਲ ਦੇ ਇਲਾਕੇ ਵਿੱਚ ਯਾਤਰਾ ਕੀਤੀ । ਉਹ ਯਹੂਦਿਯਾ ਵਿੱਚ ਯਾਤਰਾ ਕਰਨਾ ਨਹੀਂ ਚਾਹੁੰਦਾ ਸੀ, ਕਿਉਂਕਿ ਉਸ ਇਲਾਕੇ ਦੇ ਯਹੂਦੀ ਉਸ ਨੂੰ ਮਾਰਨਾ ਚਾਹੁੰਦੇ ਸਨ ।2ਯਹੂਦੀਆਂ ਲਈ ਡੇਰਿਆਂ ਦੇ ਤਿਉਹਾਰ ਦਾ ਸਮਾਂ ਨੇੜੇ ਸੀ ।

3ਇਸ ਲਈ ਯਿਸੂ ਦੇ ਭਰਾਵਾਂ ਨੇ ਉਸ ਨੂੰ ਆਖਿਆ, “ਹੁਣ ਤੂੰ ਚੱਲ ਕੇ ਯਹੂਦਿਯਾ ਨੂੰ ਜਾ ਤਾਂ ਜੋ ਜਿਹੜੇ ਕੰਮ ਤੂੰ ਕਰਦਾ ਹੈਂ ਉੱਥੇ ਤੇਰੇ ਚੇਲੇ ਵੇਖਣ,4ਜੇਕਰ ਕੋਈ ਚਾਹੁੰਦਾ ਹੈ ਕਿ ਲੋਕ ਉਸ ਨੂੰ ਜਾਨਣ ਤਾਂ ਉਸ ਮਨੁੱਖ ਨੂੰ ਲੋਕਾਂ ਕੋਲੋਂ ਕੁੱਝ ਲੁਕੋਣਾ ਨਹੀਂ ਚਾਹੀਦਾ । ਉਸ ਨੂੰ ਆਪਣੇ ਆਪ ਨੂੰ ਦੁਨੀਆਂ ਨੂੰ ਵਿਖਾਉਣਾ ਚਾਹੀਦਾ ਹੈ । ਉਨ੍ਹਾਂ ਨੂੰ ਵੀ ਵੇਖਣ ਦੇ ਜਿਹੜੇ ਕੰਮ ਤੂੰ ਕਰਦਾ ਹੈਂ ।”
5ਯਿਸੂ ਦੇ ਭਰਾਵਾਂ ਨੇ ਵੀ ਉਸ ਤੇ ਵਿਸ਼ਵਾਸ ਨਹੀਂ ਕੀਤਾ ।6ਯਿਸੂ ਨੇ ਆਪਣੇ ਭਰਾਵਾਂ ਨੂੰ ਕਿਹਾ, “ਹਾਲੇ ਮੇਰੇ ਲਈ ਠੀਕ ਸਮਾਂ ਨਹੀਂ ਆਇਆ ਹੈ ਪਰ ਤੁਹਾਡੇ ਲਈ ਕੋਈ ਵੀ ਸਮਾਂ ਠੀਕ ਹੈ ।7ਸੰਸਾਰ ਤੁਹਾਡੇ ਨਾਲ ਵੈਰ ਨਹੀਂ ਕਰ ਸਕਦਾ । ਪਰ ਇਹ ਮੇਰੇ ਨਾਲ ਵੈਰ ਕਰਦਾ ਹੈ । ਕਿਉਂਕਿ ਮੈਂ ਦੁਨੀਆਂ ਦੇ ਲੋਕਾਂ ਨੂੰ ਦੱਸਦਾ ਹਾਂ ਕਿ ਉਹ ਬੁਰੇ ਕੰਮ ਕਰਦੇ ਹਨ ।
8ਤੁਸੀਂ ਤਿਉਹਾਰ ਤੇ ਜਾਵੋ । ਇਸ ਵਾਰ ਮੈਂ ਤਿਉਹਾਰ ਤੇ ਨਹੀਂ ਜਾਂਵਾਂਗਾ । ਮੇਰੇ ਲਈ ਅਜੇ ਸਹੀ ਸਮਾਂ ਨਹੀਂ ਆਇਆ ।”9ਇਹ ਆਖਣ ਤੋਂ ਬਾਅਦ ਯਿਸੂ ਗਲੀਲ ਵਿੱਚ ਹੀ ਰਿਹਾ ।
ਯਿਸੂ ਝੋਂਪੜੀਆਂ ਦੇ ਤਿਉਹਾਰ ਵਿੱਚ ਜਾਂਦਾ ਹੈ

10ਯਿਸੂ ਦੇ ਭਰਾ ਤਿਉਹਾਰ ਤੇ ਚਲੇ ਗਏ । ਉਨ੍ਹਾਂ ਦੇ ਜਾਣ ਤੋਂ ਬਾਅਦ, ਯਿਸੂ ਵੀ ਚਲਿਆ ਗਿਆ । ਪਰ ਉਹ ਲੋਕਾਂ ਸਾਹਮਣੇ ਨਹੀਂ ਸਗੋਂ ਗੁਪਤ ਤੌਰ ਤੇ ਗਿਆ ।11ਯਹੂਦੀ ਤਿਉਹਾਰ ਦੇ ਇਕੱਠ ਵਿੱਚ ਯਿਸੂ ਨੂੰ ਲੱਭਣ ਲੱਗੇ ਅਤੇ ਬੋਲੇ, “ਉਹ ਕਿੱਥੇ ਹੈ ? ”
12ਉੱਥੇ ਵੱਡੀ ਭੀੜ ਇਕੱਠੀ ਸੀ, ਕੁੱਝ ਲੋਕ ਆਪਸ ਵਿੱਚ ਯਿਸੂ ਦੇ ਬਾਰੇ ਗੱਲਾਂ ਕਰ ਰਹੇ ਸਨ ਅਤੇ ਕੁੱਝ ਆਖ ਰਹੇ ਸਨ, “ਉਹ ਇੱਕ ਚੰਗਾ ਮਨੁੱਖ ਹੈ ।” ਕੁੱਝ ਨੇ ਕਿਹਾ, “ਨਹੀਂ, ਉਹ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ ।”13ਪਰ ਇੰਨਾ ਦਲੇਰ ਉਨ੍ਹਾਂ ਵਿੱਚ ਕੋਈ ਵੀ ਨਹੀਂ ਸੀ ਜੋ ਖੁੱਲ੍ਹੇ ਆਮ ਉਸ ਬਾਰੇ ਗੱਲ ਕਰਦਾ ਕਿਉਂਕਿ ਲੋਕ ਯਹੂਦੀ ਆਗੂਆਂ ਤੋਂ ਡਰੇ ਹੋਏ ਸਨ ।
ਤਿਉਹਾਰ ਵਿੱਚ ਯਿਸੂ ਦਾ ਉਪਦੇਸ਼

14ਯਿਸੂ ਹੈਕਲ ਅੰਦਰ ਗਿਆ ਅਤੇ ਉਸ ਥਾਂ ਤੇ ਉਪਦੇਸ਼ ਦੇਣਾ ਸ਼ੁਰੂ ਕਰ ਦਿੱਤਾ ।15ਯਹੂਦੀ ਅਚਰਜ ਮੰਨ ਕੇ ਬੋਲੇ, “ਇਹ ਮਨੁੱਖ ਕਦੇ ਵੀ ਪਾਠਸ਼ਾਲਾ ਨਹੀਂ ਗਿਆ । ਫ਼ੇਰ ਵੀ ਉਸ ਨੇ ਇਹ ਸਭ ਕਿਵੇਂ ਸਿੱਖਿਆ ? ”16ਯਿਸੂ ਨੇ ਉੱਤਰ ਦਿੱਤਾ “ਜੋ ਬਚਨ ਮੈਂ ਦਿੰਦਾ ਹਾਂ, ਮੇਰੇ ਆਪਣੇ ਬਚਨ ਨਹੀਂ ਹਨ, ਸਗੋਂ ਉਸ ਤੋਂ ਆਉਂਦੇ ਹਨ ਜਿਸ ਨੇ ਮੈਨੂੰ ਭੇਜਿਆ ਹੈ ।
17ਜੇਕਰ ਕੋਈ ਪਰਮੇਸ਼ੁਰ ਦੀ ਮਰਜ਼ੀ ਨੂੰ ਪੂਰਾ ਕਰਨਾ ਚਾਹੁੰਦਾ ਹੈ ਤਾਂ ਉਹ ਇਨ੍ਹਾਂ ਸਿੱਖਿਆ ਬਾਰੇ ਸਮਝੇਗਾ ਕਿ ਕੀ ਮੇਰੀਆਂ ਸਿਖਿਆਵਾਂ ਪਰਮੇਸ਼ੁਰ ਵੱਲੋਂ ਹਨ ਜਾਂ ਮੇਰੀਆਂ ਆਪਣੀਆਂ ।18ਕੋਈ ਵੀ ਜੋ ਆਪਣੇ ਵਿਚਾਰਾਂ ਦਾ ਪ੍ਰਚਾਰ ਕਰਦਾ ਹੈ, ਆਪਣੇ ਆਪ ਦੀ ਵਡਿਆਈ ਕਰਨ ਲਈ ਕਰਦਾ ਹੈ । ਪਰ ਉਹ ਇੱਕ ਜਿਹੜਾ, ਉਸ ਦੀ ਵਡਿਆਈ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿਸ ਨੇ ਉਸ ਨੂੰ ਭੇਜਿਆ ਸੱਚਾ ਹੈ ਅਤੇ ਉਸ ਵਿੱਚ ਕੋਈ ਗਲਤੀ ਨਹੀਂ ਹੈ ।
19ਕੀ ਮੂਸਾ ਨੇ ਤੁਹਾਨੂੰ ਬਿਵਸਥਾ ਨਹੀਂ ਦਿੱਤੀ ਪਰ ਤੁਹਾਡੇ ਵਿੱਚੋਂ ਕੋਈ ਵੀ ਉਸ ਤੇ ਨਹੀਂ ਚੱਲਦਾ ! ਤੁਸੀਂ ਮੈਨੂੰ ਮਾਰ ਸੁੱਟਣ ਦੇ ਮਗਰ ਕਿਉਂ ਪਏ ਹੋਏ ਹੋ ? ”20ਲੋਕਾਂ ਨੇ ਉੱਤਰ ਦਿੱਤਾ, “ਤੇਰੇ ਅੰਦਰ ਭੂਤ ਹੈ ਜੋ ਤੈਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ ? ”
21ਯਿਸੂ ਨੇ ਉੱਤਰ ਦਿੱਤਾ, “ਮੈਂ ਇੱਕ ਕੰਮ ਕੀਤਾ ਤੇ ਤੁਸੀਂ ਸਾਰੇ ਹੈਰਾਨ ਹੋ ।22ਮੂਸਾ ਨੇ ਤੁਹਾਨੂੰ ਸੁੰਨਤ ਬਾਰੇ ਬਿਵਸਥਾ ਦਿੱਤੀ । ਭਾਵੇਂ ਸੁੰਨਤ ਮੂਸਾ ਤੋਂ ਨਹੀਂ ਆਈ, ਇਹ ਸਾਡੇ ਪਿਉ-ਦਾਦਿਆਂ ਤੋਂ ਆਈ ਹੈ ਜੋ ਮੂਸਾ ਤੋਂ ਪਹਿਲਾਂ ਸਨ । ਇਸ ਲਈ ਕਈ ਵਾਰ ਤੁਸੀਂ ਸਬਤ ਦੇ ਦਿਨ ਮਨੁੱਖ ਦੀ ਸੁੰਨਤ ਕਰਦੇ ਹੋ ।
23ਇਸ ਲਈ ਬਿਵਸਥਾ ਦੀ ਪਾਲਣਾ ਲਈ ਕਿਸੇ ਵੀ ਮਨੁੱਖ ਦੀ ਸੁੰਨਤ, ਸਬਤ ਦੇ ਦਿਨ ਵੀ, ਹੋ ਸਕਦੀ ਹੈ । ਤਾਂ ਫ਼ੇਰ ਤੁਸੀਂ ਗੁੱਸੇ ਕਿਉਂ ਹੁੰਦੇ ਹੋ ਕਿ ਮੈਂ ਮਨੁੱਖ ਦੇ ਪੂਰੇ ਸਰੀਰ ਨੂੰ ਸਬਤ ਦੇ ਦਿਨ ਚੰਗਾ ਕੀਤਾ ਹੈ ?24ਕਿਸੇ ਚੀਜ਼ ਦੇ ਬਾਹਰੀ ਰੂਪ ਤੋਂ ਨਿਆਂ ਨਾ ਕਰੋ ਬਲਕਿ ਜੋ ਠੀਕ ਹੈ ਉਸ ਦੇ ਅਧਾਰ ਤੇ ਨਿਆਂ ਕਰੋ ।”
ਕੀ ਯਿਸੂ ਹੀ ਮਸੀਹ ਹੈ ?

25ਕੁੱਝ ਲੋਕ ਜੋ ਯਰੂਸ਼ਲਮ ਦੇ ਰਹਿਣ ਵਾਲੇ ਸਨ ਉਨ੍ਹਾਂ ਨੇ ਕਿਹਾ, “ਇਹ ਉਹੋ ਮਨੁੱਖ ਨਹੀਂ ਹੈ ਜਿਸ ਨੂੰ ਆਗੂ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ ।26ਪਰ ਉਹ ਖੁੱਲੇ-ਆਮ ਬਚਨ ਬੋਲ ਰਿਹਾ ਹੈ ਅਤੇ ਉਸ ਨੂੰ ਕੋਈ ਬਚਨ ਬੋਲਣ ਤੋਂ ਨਹੀਂ ਰੋਕ ਰਿਹਾ । ਜ਼ਰੂਰ ਹੈ, ਕਿ ਆਗੂਆਂ ਨੇ ਉਸ ਨੂੰ ਮਸੀਹ ਮੰਨ ਲਿਆ ਹੋਵੇ ।27ਪਰ ਅਸੀਂ ਜਾਣਦੇ ਹਾਂ ਕਿ ਇਹ ਕਿੱਥੋਂ ਆਇਆ ਹੈ ਪਰ ਜਦੋਂ ਅਸਲੀ ਮਸੀਹ ਆਵੇਗਾ ਤਾਂ ਕੋਈ ਨਹੀਂ ਜਾਣੇਗਾ ਕਿ ਉਹ ਕਿੱਥੋਂ ਦਾ ਹੈ ? ”
28ਜਦੋਂ ਯਿਸੂ ਹੈਕਲ ਵਿੱਚ ਬਚਨ ਬੋਲ ਰਿਹਾ ਸੀ, ਉਸ ਨੇ ਆਖਿਆ, “ਤੁਸੀਂ ਮੈਨੂੰ ਜਾਣਦੇ ਹੋ ਅਤੇ ਤੁਸੀਂ ਇਹ ਵੀ ਜਾਣਦੇ ਹੋ ਕਿ ਮੈਂ ਕਿੱਥੋਂ ਆਇਆ ਹਾਂ । ਪਰ ਮੈਂ ਇੱਥੇ ਆਪਣੇ ਅਧਿਕਾਰ ਨਾਲ ਨਹੀਂ ਆਇਆ । ਮੈਂ ਉਸ ਵੱਲੋਂ ਭੇਜਿਆ ਗਿਆ ਹਾਂ ਜਿਹੜਾ ਸੱਚਾ ਹੈ । ਪਰ ਤੁਸੀਂ ਉਸ ਨੂੰ ਨਹੀਂ ਜਾਣਦੇ ।29ਪਰ ਮੈਂ ਉਸ ਨੂੰ ਜਾਣਦਾ ਹਾਂ, ਅਤੇ ਮੈਂ ਉਸ ਵੱਲੋਂ ਆਇਆ ਹਾਂ । ਉਹੀ ਹੈ ਜਿਸ ਨੇ ਮੈਨੂੰ ਭੇਜਿਆ ਹੈ ।”
30ਜਦੋਂ ਯਿਸੂ ਨੇ ਇਹ ਆਖਿਆ ਤਾਂ ਉਨ੍ਹਾਂ ਨੇ ਉਸ ਨੂੰ ਫ਼ੜਨ ਦੀ ਕੋਸ਼ਿਸ਼ ਕੀਤੀ ਪਰ ਕੋਈ ਵੀ ਉਸ ਨੂੰ ਫੜ ਨਾ ਸਕਿਆ । ਕਿਉਂਕਿ ਯਿਸੂ ਦੇ ਜਾਨੋਂ ਮਾਰੇ ਜਾਣ ਦਾ ਇਹ ਠੀਕ ਸਮਾਂ ਨਹੀਂ ਸੀ ।31ਪਰ ਕਈਆਂ ਲੋਕਾਂ ਨੇ ਉਸ ਉੱਤੇ ਵਿਸ਼ਵਾਸ ਕੀਤਾ ਅਤੇ ਆਖਿਆ, “ਅਸੀਂ ਮਸੀਹ ਦੇ ਆਉਣ ਦੀ ਉਡੀਕ ਕਰ ਰਹੇ ਹਾਂ । ਜਦੋਂ ਉਹ ਆਵੇਗਾ ਤਾਂ ਕੀ ਇਸ ਆਦਮੀ ਤੋਂ ਵੀ ਵਧ ਚਮਤਕਾਰ ਕਰੇਗਾ ?
ਯਿਸੂ ਨੂੰ ਫੜਨ ਦੀ ਕੋਸ਼ਿਸ਼

32ਜਦੋਂ ਫ਼ਰੀਸੀਆਂ ਨੇ ਯਿਸੂ ਬਾਰੇ ਇਹ ਗੱਲਾਂ ਸੁਣੀਆਂ, ਮੁੱਖ ਜਾਜਕਾਂ ਅਤੇ ਫ਼ਰੀਸੀਆਂ ਨੇ ਕੁੱਝ ਹੈਕਲ ਦੇ ਪਹਿਰੇਦਾਰਾਂ ਨੂੰ ਉਸ ਨੂੰ ਫੜਨ ਲਈ ਭੇਜਿਆ ।
33ਤਾਂ ਯਿਸੂ ਨੇ ਕਿਹਾ, “ਹਾਂ, ਅਜੇ ਥੋੜ੍ਹਾ ਚਿਰ ਹੋਰ ਮੈਂ ਤੁਹਾਡੇ ਕੋਲ ਰਹਾਂਗਾ, ਫਿਰ ਮੈਂ ਉਸ ਕੋਲ ਵਾਪਸ ਚਲਾ ਜਾਂਵਾਂਗਾ, ਜਿਸ ਨੇ ਮੈਨੂੰ ਭੇਜਿਆ ਹੈ ।34ਤੁਸੀਂ ਮੈਨੂੰ ਲੱਭੋਂਗੇ ਪਰ ਲੱਭ ਨਾ ਸਕੋਂਗੇ ਕਿਉਂਕਿ ਤੁਸੀਂ ਉੱਥੇ ਨਹੀਂ ਪਹੁੰਚ ਸਕਦੇ ਜਿੱਥੇ ਮੈਂ ਹਾਂ ।”
35ਯਹੂਦੀਆਂ ਨੇ ਇੱਕ ਦੂਸਰੇ ਨੂੰ ਆਖਿਆ, “ਇਹ ਭਲਾ ਕਿੱਥੇ ਚਲਾ ਜਾਵੇਗਾ ਜਿੱਥੇ ਕਿ ਅਸੀਂ ਇਸ ਨੂੰ ਲੱਭ ਨਹੀਂ ਸਕਦੇ ? ਕੀ ਇਹ ਉਨ੍ਹਾਂ ਯੂਨਾਨੀ ਸ਼ਹਿਰਾਂ ਵਿੱਚ ਜਾਵੇਗਾ, ਜਿੱਥੇ ਸਾਡੇ ਲੋਕ ਰਹਿੰਦੇ ਹਨ ? ਕੀ ਉਹ ਉੱਥੇ ਯੂਨਾਨੀਆਂ ਨੂੰ ਬਚਨ ਸੁਨਾਉਣ ਜਾ ਰਿਹਾ ਹੈ ?36ਇਹ ਆਦਮੀ ਕਹਿੰਦਾ ਹੈ, ਤੁਸੀਂ ਮੈਨੂੰ ਲੱਭੋਂਗੇ ਪਰ ਮੈਨੂੰ ਲੱਭ ਨਹੀਂ ਸਕੋਂਗੇ । ਅਤੇ ਤੁਸੀਂ ਉੱਥੇ ਪਹੁੰਚ ਨਹੀਂ ਸਕਦੇ ਜਿੱਥੇ ਮੈਂ ਹਾਂ । ਇਸ ਦਾ ਕੀ ਮਤਲਬ ਹੋਇਆ ? ”
ਜੀਵਨ ਜਲ ਦੇ ਦਰਿਆ

37ਤਿਉਹਾਰ ਦਾ ਅੰਤਿਮ ਦਿਨ ਆਇਆ ਇਹ ਤਿਉਹਾਰ ਦਾ ਸਭ ਤੋਂ ਖ਼ਾਸ ਦਿਨ ਸੀ । ਉਸ ਦਿਨ ਯਿਸੂ ਨੇ ਉੱਚੀ ਅਵਾਜ਼ ਵਿੱਚ ਬੋਲ ਕੇ ਆਖਿਆ, “ਜੇਕਰ ਕੋਈ ਪਿਆਸਾ ਹੈ ਤਾਂ ਉਹ ਮੇਰੇ ਕੋਲੋਂ ਆ ਕੇ ਪੀਵੇ ।38ਇਹ ਪੋਥੀਆਂ ਵਿੱਚ ਲਿਖਿਆ ਹੈ ਜੋ ਮੇਰੇ ਤੇ ਵਿਸ਼ਵਾਸ ਕਰੇਗਾ ਅੰਮ੍ਰਿਤ ਜਲ ਦੇ ਦਰਿਆ ਉਸ ਦੇ ਵਿੱਚੋਂ ਵਗਣਗੇ ।”
39ਯਿਸੂ ਪਵਿੱਤਰ ਆਤਮਾ ਬਾਰੇ ਬੋਲ ਰਿਹਾ ਸੀ ਕਿ ਜੋ ਉਸ ਤੇ ਵਿਸ਼ਵਾਸ ਕਰਦੇ ਹਨ ਉਹ ਉਸ ਨੂੰ ਪ੍ਰਾਪਤ ਕਰ ਸਕਣਗੇ ਕਿਉਂਕਿ ਆਤਮਾ ਹਾਲੇ ਨਹੀਂ ਦਿੱਤਾ ਗਿਆ ਸੀ, ਕਿਉਂਕਿ ਹਾਲੇ ਯਿਸੂ ਆਪਣੀ ਮਹਿਮਾ ਲਈ ਉੱਠਾਇਆ ਨਹੀਂ ਸੀ ਗਿਆ ।
40ਜੋ ਯਿਸੂ ਆਖ ਰਿਹਾ ਸੀ ਲੋਕਾਂ ਨੇ ਸੁਣਿਆ । ਕੁੱਝ ਇੱਕ ਨੇ ਕਿਹਾ, “ਸੱਚ-ਮੁੱਚ ਇਹ ਉਹੀ ਨਬੀ ਹੈ ।”41ਕੁੱਝ ਹੋਰਾਂ ਨੇ ਆਖਿਆ, “ਉਹ ਮਸੀਹ ਹੈ ।” ਕੁੱਝ ਨੇ ਆਖਿਆ, ਕੀ “ਮਸੀਹ ਗਲੀਲ ਵਿੱਚ ਆਵੇਗਾ ?42ਕੀ ਇਹ ਪਵਿੱਤਰ ਗ੍ਰੰਥ ਵਿੱਚ ਲਿਖਿਆ ਹੋਇਆ ਹੈ ਕਿ ਮਸੀਹ ਦਾਊਦ ਦੇ ਘਰਾਣੇ ਵਿੱਚੋਂ ਆਵੇਗਾ ਅਤੇ ਬੈਤਲਹਮ ਦੀ ਨਗਰੀ ਵਿੱਚੋਂ ਆਵੇਗਾ ਜਿੱਥੇ ਦਾਊਦ ਰਹਿੰਦਾ ਸੀ ?
43ਇਸ ਲਈ ਲੋਕਾਂ ਦੀ ਯਿਸੂ ਬਾਰੇ ਆਪਸ ਵਿੱਚ ਫੁੱਟ ਪੈ ਗਈ ਸੀ ।44ਕੁੱਝ ਲੋਕ ਯਿਸੂ ਨੂੰ ਫੜਨਾ ਚਾਹੁੰਦੇ ਸਨ, ਪਰ ਕਿਸੇ ਨੇ ਵੀ ਉਸ ਨੂੰ ਹੱਥ ਨਾ ਪਾਇਆ ।
ਯਹੂਦੀ ਆਗੂਆਂ ਦਾ ਅਵਿਸ਼ਵਾਸ

45ਇਸ ਲਈ ਹੈਕਲ ਦੇ ਪਹਿਰੇਦਾਰ ਫ਼ਰੀਸੀਆਂ ਅਤੇ ਮੁੱਖ ਜਾਜਕਾਂ ਕੋਲ ਗਏ ਤਾਂ ਉਨ੍ਹਾਂ ਫ਼ਰੀਸੀਆਂ ਅਤੇ ਜਾਜਕਾਂ ਨੇ ਪਹਿਰੇਦਾਰਾਂ ਨੂੰ ਪੁੱਛਿਆ, “ਤੁਸੀਂ ਯਿਸੂ ਨੂੰ ਫੜ ਕਰਕੇ ਆਪਣੇ ਨਾਲ ਕਿਉਂ ਨਹੀਂ ਲਿਆਂਦਾ ? ”46ਪਹਿਰੇਦਾਰਾਂ ਨੇ ਅੱਗੋਂ ਆਖਿਆ, “ਅਜਿਹੇ ਬਚਨ ਕਦੇ ਕਿਸੇ ਹੋਰ ਮਨੁੱਖ ਨੇ ਨਹੀਂ ਕੀਤੇ ।”
47ਫ਼ੇਰ ਫ਼ਰੀਸੀਆਂ ਨੇ ਆਖਿਆ, “ਕੀ ਇਸ ਦਾ ਮਤਲਬ ਇਹ ਹੈ ਕਿ ਉਸ ਨੇ ਤੁਹਾਨੂੰ ਵੀ ਮੂਰਖ ਬਣਾਇਆ ਹੈ ?48ਕੀ ਕਿਸੇ ਵੀ ਆਗੂ ਜਾਂ ਫ਼ਰੀਸੀ ਨੇ ਉਸ ਤੇ ਵਿਸ਼ਵਾਸ ਕੀਤਾ ਹੈ ? ਨਹੀਂ !49ਪਰ ਇਹ ਲੋਕ, ਜਿਨ੍ਹਾਂ ਨੂੰ ਬਿਵਸਥਾ ਦਾ ਨਹੀਂ ਪਤਾ, ਪਰਮੇਸ਼ੁਰ ਵਲੋਂ ਸਰਾਪੀ ਹਨ ।
50ਪਰ ਨਿਕੋਦਿਮੁਸ, ਜਿਸ ਨੇ ਪਹਿਲਾਂ ਹੀ ਯਿਸੂ ਨਾਲ ਮੁਲਾਕਾਤ ਕੀਤੀ ਸੀ, ਉਨ੍ਹਾਂ ਵਿੱਚੋਂ ਇੱਕ ਸੀ ।51ਕੀ ਸਾਡੀ ਬਿਵਸਥਾ ਕਿਸੇ ਨੂੰ ਉਸ ਦੀ ਸੁਣੇ ਅਤੇ ਜਾਣੇ ਬਿਨ੍ਹਾਂ ਦੋਸ਼ੀ ਠਹਿਰਾਉਂਦੀ ਹੈ ਕਿ ਉਸ ਨੇ ਕੀ ਕੀਤਾ ਹੈ ? ”52ਯਹੂਦੀ ਆਗੂਆਂ ਨੇ ਆਖਿਆ, “ਕੀ ਤੂੰ ਵੀ ਗਲੀਲ ਤੋਂ ਹੈ ?
53ਪੋਥੀਆਂ ਪੜ੍ਹੋ ਫ਼ਿਰ ਤੁਸੀਂ ਜਾਣੋਗੇ ਕਿ ਕੋਈ ਨਬੀ ਗਲੀਲ ਤੋਂ ਨਹੀਂ ਆਉਂਦਾ,” ਸਾਰੇ ਯਹੂਦੀ ਆਗੂ ਉੱਥੋਂ ਆਪਣੇ -ਆਪਣੇ ਘਰ ਚਲੇ ਗਏ ।

8
ਵਿਭਚਾਰੀ ਔਰਤ ਨੂੰ ਮਾਫ਼ੀ

1ਯਿਸੂ ਜੈਤੂਨ ਦੇ ਪਹਾੜ ਵੱਲ ਨੂੰ ਤੁਰ ਗਿਆ ।2ਸਵੇਰ-ਸਾਰ ਯਿਸੂ ਹੈਕਲ ਵੱਲ ਗਿਆ ਅਤੇ ਸਾਰੇ ਲੋਕ ਯਿਸੂ ਕੋਲ ਆਏ ।3ਯਿਸੂ ਉੱਥੇ ਬੈਠਿਆ ਅਤੇ ਉਨ੍ਹਾਂ ਨੂੰ ਬਚਨ ਬੋਲੇ । ਤਦ ਉਪਦੇਸ਼ਕ ਅਤੇ ਫ਼ਰੀਸੀ ਉੱਥੇ ਇੱਕ ਔਰਤ ਨੂੰ ਯਿਸੂ ਕੋਲ ਲੈ ਆਏ ਜੋ ਕਿ ਵਿਭਚਾਰ ਕਰਦਿਆਂ ਫ਼ੜੀ ਗਈ ਸੀ । ਉਨ੍ਹਾਂ ਯਹੂਦੀਆਂ ਨੇ ਉਸ ਔਰਤ ਨੂੰ ਲੋਕਾਂ ਵਿਚਕਾਰ ਖੜੀ ਕੀਤਾ ।

4ਉਨ੍ਹਾਂ ਨੇ ਯਿਸੂ ਨੂੰ ਆਖਿਆ, “ਪ੍ਰਭੂ ਜੀ ! ਇਹ ਔਰਤ ਉਦੋਂ ਫ਼ੜੀ ਗਈ ਜਦੋਂ ਇਹ ਵਿਭਚਾਰ ਕਰ ਰਹੀ ਸੀ5ਬਿਵਸਥਾ ਵਿੱਚ, ਮੂਸਾ ਨੇ ਹੁਕਮ ਦਿੱਤਾ ਹੈ ਕਿ ਅਜਿਹੀਆਂ ਔਰਤਾਂ ਨੂੰ ਪੱਥਰ ਮਾਰ-ਮਾਰ ਕੇ ਮਾਰ ਦੇਣਾ ਚਾਹੀਦਾ ਹੈ । ਸਾਨੂੰ ਦੱਸੋ ਸਾਨੂੰ ਕੀ ਕਰਨਾ ਚਾਹੀਦਾ ? ”6ਯਹੂਦੀ ਉਸ ਨੂੰ ਚਲਾਕੀ ਨਾਲ ਫ਼ਸਾਉਣ ਲਈ ਇਹ ਸਵਾਲ ਪੁੱਛ ਰਹੇ ਸਨ ਤਾਂ ਕਿ ਉਹ ਕੁੱਝ ਗਲਤ ਆਖੇ । ਉਹ ਉਸ ਦੇ ਖਿਲਾਫ਼ ਕੋਈ ਦੋਸ਼ ਲਗਾਉਣਾ ਚਾਹੁੰਦੇ ਸਨ । ਪਰ ਯਿਸੂ ਥੱਲੇ ਝੁਕਿਆ ਅਤੇ ਜ਼ਮੀਨ ਤੇ ਆਪਣੀ ਉਂਗਲ ਨਾਲ ਕੁੱਝ ਲਿਖਣ ਲੱਗ ਪਿਆ ।
7ਯਹੂਦੀਆਂ ਨੇ ਲਗਾਤਾਰ ਉਸ ਨੂੰ ਇਹ ਸਵਾਲ ਪੁੱਛਿਆ ਤਾਂ ਯਿਸੂ ਸਿੱਧਾ ਹੋਇਆ ਅਤੇ ਆਖਿਆ, “ਕੀ ਇੱਥੇ ਕੋਈ ਅਜਿਹਾ ਮਨੁੱਖ ਹੈ ਜਿਸ ਨੇ ਕਦੇ ਕੋਈ ਪਾਪ ਨਹੀਂ ਕੀਤਾ ਉਹ ਮਨੁੱਖ ਇਸ ਨੂੰ ਪਹਿਲਾ ਪੱਥਰ ਮਾਰੇ ।”8ਤਾਂ ਉਹ ਫ਼ੇਰ ਥੱਲੇ ਝੁਕਿਆ ਅਤੇ ਜ਼ਮੀਨ ਤੇ ਕੁੱਝ ਲਿਖਣ ਲੱਗ ਪਿਆ ।
9ਜੋ ਯਿਸੂ ਨੇ ਆਖਿਆ ਲੋਕਾਂ ਨੇ ਸੁਣਿਆ ਅਤੇ ਉਹ ਇੱਕ-ਇੱਕ ਕਰਕੇ ਜਾਣ ਲੱਗੇ । ਸਭ ਤੋਂ ਪਹਿਲਾਂ ਬਜ਼ੁਰਗ ਲੋਕ ਗਏ, ਫ਼ਿਰ ਹੋਰ ਸਾਰੇ ਲੋਕ ਵੀ ਚਲੇ ਗਏ । ਯਿਸੂ ਇਕੱਲਾ ਉਸ ਔਰਤ ਨਾਲ ਰਹਿ ਗਿਆ ਜੋ ਕਿ ਉਸ ਦੇ ਸਾਹਮਣੇ ਖੜੀ ਸੀ ।10ਯਿਸੂ ਨੇ ਉਸ ਔਰਤ ਵੱਲ ਵੇਖਿਆ ਅਤੇ ਆਖਣ ਲੱਗਾ, “ਹੇ ਔਰਤ, ਉਹ ਕਿੱਥੇ ਹਨ ? ਕੀ ਕਿਸੇ ਨੇ ਵੀ ਤੈਨੂੰ ਦੋਸ਼ੀ ਕਰਾਰ ਨਹੀਂ ਦਿੱਤਾ ? ”11ਉਸ ਔਰਤ ਨੇ ਉੱਤਰ ਦਿੱਤਾ, “ਨਹੀਂ, ਪ੍ਰਭੂ ਜੀ ! ਮੈਨੂੰ ਕਿਸੇ ਨੇ ਵੀ ਦੋਸ਼ੀ ਕਰਾਰ ਨਹੀਂ ਦਿੱਤਾ ।” ਫਿਰ ਯਿਸੂ ਨੇ ਆਖਿਆ, “ਤਾਂ ਮੈਂ ਵੀ ਤੇਰਾ ਦੋਸ਼ੀ ਹੋਣ ਦਾ ਨਿਆਂ ਨਹੀਂ ਕਰਦਾ । ਹੁਣ ਤੂੰ ਚਲੀ ਜਾ, ਪਰ ਫਿਰ ਪਾਪ ਨਾ ਕਰੀਂ ।”
ਯਿਸੂ ਦੁਨੀਆਂ ਦਾ ਚਾਨਣ

12ਬਾਅਦ ਵਿੱਚ ਯਿਸੂ ਨੇ ਫਿਰ ਲੋਕਾਂ ਨਾਲ ਗੱਲ ਕੀਤੀ ਅਤੇ ਕਿਹਾ, “ਮੈਂ ਸੰਸਾਰ ਦਾ ਚਾਨਣ ਹਾਂ । ਉਹ ਮਨੁੱਖ ਜੋ ਮੇਰੇ ਪਿੱਛੇ ਚੱਲਦਾ, ਉਹ ਕਦੇ ਵੀ ਹਨੇਰੇ ਵਿੱਚ ਨਹੀਂ ਜੀਵੇਗਾ ਸਗੋਂ ਉਸ ਕੋਲ ਜੀਵਨ ਦਾ ਚਾਨਣ ਹੋਵੇਗਾ ।”13ਪਰ ਫ਼ਰੀਸੀਆਂ ਨੇ ਯਿਸੂ ਨੂੰ ਕਿਹਾ, “ਜਦੋਂ ਤੂੰ ਆਪਣੇ ਆਪ ਬਾਰੇ ਇਹ ਗੱਲਾਂ ਆਖਦਾ ਹੈਂ ਤਾਂ ਸਿਰਫ਼ ਤੂੰ ਹੀ ਹੈਂ, ਜੋ ਇਹ ਆਖਦਾ ਕਿ ਇਹ ਸੱਚ ਹਨ, ਇਸ ਲਈ ਅਸੀਂ ਉਹ ਨਹੀਂ ਕਬੂਲ ਕਰਦੇ ਜੋ ਤੂੰ ਆਖ ਰਿਹਾ ਹੈਂ ।”
14ਯਿਸੂ ਨੇ ਉੱਤਰ ਦਿੱਤਾ, “ਹਾਂ ਮੈਂ ਆਪਣੇ ਆਪ ਬਾਰੇ ਅਜਿਹੀਆਂ ਗੱਲਾਂ ਆਖ ਰਿਹਾ ਹਾਂ ਅਤੇ ਇਹ ਸੱਚ ਹਨ ਕਿਉਂਕਿ ਮੈਂ ਜਾਣਦਾ ਹਾਂ ਕਿ ਮੈਂ ਕਿੱਥੋਂ ਆਇਆ ਹਾਂ ਅਤੇ ਕਿੱਥੇ ਜਾਂਵਾਂਗਾ । ਪਰ ਤੁਸੀਂ ਨਹੀਂ ਜਾਣਦੇ ਕਿ ਮੈਂ ਕਿੱਥੋਂ ਆਇਆ ਅਤੇ ਕਿੱਥੇ ਜਾਂਵਾਂਗਾ ।15ਤੁਸੀਂ ਲੋਕ ਮਨੁੱਖੀ ਦਰਜੇ ਨਾਲ ਮੇਰਾ ਨਿਆਂ ਕਰਦੇ ਹੋ, ਪਰ ਮੈਂ ਕਿਸੇ ਦਾ ਨਿਆਂ ਨਹੀਂ ਕਰਦਾ ।16ਪਰ ਜੇ ਮੈਂ ਨਿਆਂ ਕਰਾਂ ਤਾਂ ਮੇਰਾ ਨਿਆਂ ਸੱਚਾ ਹੋਵੇਗਾ, ਕਿਉਂਕਿ ਮੈਂ ਇਕੱਲਾ ਨਹੀਂ ਹਾਂ, ਪਿਤਾ ਜਿਸ ਨੇ ਮੈਨੂੰ ਭੇਜਿਆ ਮੇਰੇ ਨਾਲ ਹੈ ।
17ਤੁਹਾਡੀ ਬਿਵਸਥਾ ਵਿੱਚ ਵੀ ਇਹ ਲਿਖਿਆ ਹੋਇਆ ਹੈ ਕਿ ਦੋ ਮਨੁੱਖਾਂ ਦੀ ਗਵਾਹੀ ਸੱਚੀ ਹੈ ।18ਮੈਂ ਆਪਣੇ ਬਾਰੇ ਗਵਾਹੀ ਦਿੰਦਾ ਹਾਂ ਅਤੇ ਮੇਰਾ ਪਿਤਾ, ਜਿਸ ਨੇ ਮੈਨੂੰ ਭੇਜਿਆ ਹੈ, ਮੇਰੇ ਬਾਰੇ ਗਵਾਹੀ ਦਿੰਦਾ ਹੈ ।”
19ਲੋਕਾਂ ਨੇ ਪੁੱਛਿਆ, “ਤੇਰਾ ਪਿਤਾ ਕਿੱਥੇ ਹੈ ?” ਯਿਸੂ ਨੇ ਉੱਤਰ ਦਿੱਤਾ, “ਤੁਸੀਂ ਮੈਨੂੰ ਜਾਂ ਮੇਰੇ ਪਿਤਾ ਨੂੰ ਨਹੀਂ ਜਾਣਦੇ । ਪਰ ਜੇ ਤੁਸੀਂ ਮੈਨੂੰ ਜਾਣਦੇ ਹੁੰਦੇ ਤਾਂ ਤੁਸੀਂ ਮੇਰੇ ਪਿਤਾ ਨੂੰ ਵੀ ਜਾਣ ਜਾਂਦੇ ।”20ਯਿਸੂ ਨੇ ਇਹ ਗੱਲਾਂ ਉਸ ਵੇਲੇ ਆਖੀਆਂ ਜਦੋਂ ਉਹ ਹੈਕਲ ਦੇ ਇਲਾਕੇ ਵਿੱਚ ਉਪਦੇਸ਼ ਦੇ ਰਿਹਾ ਸੀ । ਜਦੋਂ ਉਹ ਭੰਡਾਰ ਘਰ ਕੋਲ ਪ੍ਰਚਾਰ ਕਰ ਰਿਹਾ ਸੀ ਪਰ ਕਿਸੇ ਵੀ ਮਨੁੱਖ ਨੇ ਉਸ ਨੂੰ ਫੜਿਆ ਨਹੀਂ ਕਿਉਂਕਿ ਅਜੇ ਯਿਸੂ ਦਾ ਸਮਾਂ ਨਹੀਂ ਆਇਆ ਸੀ ।
ਯਿਸੂ ਦਾ ਆਪਣੇ ਬਾਰੇ ਕਥਨ

21ਯਿਸੂ ਨੇ ਫੇਰ ਲੋਕਾਂ ਨੂੰ ਆਖਿਆ, “ਤਾਂ ਮੈਂ ਚਲਾ ਜਾਂਵਾਂਗਾ ਅਤੇ ਤੁਸੀਂ ਮੈਨੂੰ ਭਾਲੋਗੇ, ਪਰ ਤੁਸੀਂ ਆਪਣੇ ਪਾਪਾਂ ਵਿੱਚ ਮਰ ਜਾਵੋਂਗੇ । ਤੁਸੀਂ ਉਸ ਜਗ੍ਹਾ ਨਹੀਂ ਆ ਸਕਦੇ, ਜਿੱਥੇ ਮੈਂ ਜਾ ਰਿਹਾ ਹਾਂ ।”22ਫੇਰ ਯਹੂਦੀ ਆਪਸ ਵਿੱਚ ਕਹਿਣ ਲੱਗੇ, “ਕੀ ਯਿਸੂ ਆਪਣੇ ਆਪ ਨੂੰ ਮਾਰ ਲਵੇਗਾ ? ਕਿਉਂ ਜੋ ਉਸ ਨੇ ਆਖਿਆ ਹੈ, ‘ਤੁਸੀਂ ਉਸ ਜਗ੍ਹਾ ਨਹੀਂ ਆ ਸਕਦੇ ਜਿੱਥੇ ਮੈਂ ਜਾ ਰਿਹਾ ਹਾਂ । ਉੱਥੇ ਤੁਸੀਂ ਨਹੀਂ ਪਹੁੰਚ ਸਕਦੇ’।”
23ਪਰ ਯਿਸੂ ਨੇ ਉਨ੍ਹਾਂ ਲੋਕਾਂ ਨੂੰ ਆਖਿਆ, “ਤੁਸੀਂ ਧਰਤੀ ਦੇ ਹੋ ਪਰ ਮੈਂ ਸਵਰਗ ਤੋਂ ਹਾਂ । ਤੁਸੀਂ ਇਸ ਦੁਨੀਆਂ ਨਾਲ ਸੰਬੰਧਿਤ ਹੋ ਪਰ ਮੈਂ ਇਸ ਦੁਨੀਆਂ ਨਾਲ ਸੰਬੰਧਿਤ ਨਹੀਂ ਹਾਂ ।24ਇਸ ਲਈ ਮੈਂ ਤੁਹਾਨੂੰ ਆਖਿਆ ਸੀ ਕਿ ਤੁਸੀਂ ਆਪਣੇ ਪਾਪਾਂ ਵਿੱਚ ਮਰੋਂਗੇ । ਹਾਂ, ਜੇਕਰ ਤੁਸੀਂ ਵਿਸ਼ਵਾਸ ਨਹੀਂ ਕਰੋਂਗੇ ਕਿ ਮੈਂ ਉਹ ਹਾਂ, ਤਾਂ ਤੁਸੀਂ ਆਪਣੇ ਪਾਪਾਂ ਵਿੱਚ ਮਰ ਜਾਵੋਂਗੇ ।”
25ਤਾਂ ਉਨ੍ਹਾਂ ਨੇ ਆਖਿਆ “ਤੂੰ ਕੌਣ ਹੈਂ ? ” ਯਿਸੂ ਨੇ ਜ਼ਵਾਬ ਦਿੱਤਾ, “ਮੈਂ ਉਹੀ ਹਾਂ ਜੋ ਮੈਂ ਤੁਹਾਨੂੰ ਸ਼ੁਰੂ ਤੋਂ ਕਹਿੰਦਾ ਆ ਰਿਹਾ ਹਾਂ ।26ਮੇਰੇ ਕੋਲ ਤੁਹਾਡੇ ਨਿਆਂ ਕਰਨ ਅਤੇ ਬੋਲਣ ਲਈ ਬਹੁਤ ਸਾਰੀਆਂ ਗੱਲਾਂ ਹਨ । ਉਹ ਇੱਕ ਜਿਸ ਨੇ ਮੈਨੂੰ ਭੇਜਿਆ, ਸੱਚ ਬੋਲਦਾ ਹੈ ਅਤੇ ਮੈਂ ਲੋਕਾਂ ਨੂੰ ਉਹ ਗੱਲਾਂ ਦੱਸਦਾ ਹਾਂ ਜੋ ਮੈਂ ਉਸ ਕੋਲੋਂ ਸੁਣੀਆਂ ਹਨ ।”27ਲੋਕ ਉਹ ਨਾ ਸਮਝ ਸਕੇ ਕਿ ਯਿਸੂ ਉਨ੍ਹਾਂ ਨਾਲ ਪਿਤਾ ਬਾਰੇ ਗੱਲ ਕਰਦਾ ਹੈ ।
28ਤਾਂ ਯਿਸੂ ਨੇ ਲੋਕਾਂ ਆਖਿਆ, “ਜਦੋਂ ਤੁਸੀਂ ਮਨੁੱਖ ਦੇ ਪੁੱਤਰ ਨੂੰ ਉੱਚਾ ਕਰੋਗੇ ਤਾਂ ਤੁਸੀਂ ਜਾਣ ਜਾਵੋਂਗੇ ਕਿ ਮੈਂ ਉਹ ਹਾਂ । ਅਤੇ ਮੈਂ ਕੁੱਝ ਵੀ ਆਪਣੇ ਅਧਿਕਾਰ ਨਾਲ ਨਹੀਂ ਕਰਦਾ । ਅਤੇ ਤੁਸੀਂ ਜਾਣ ਜਾਵੋਂਗੇ ਕਿ ਮੈਂ ਉਹੀ ਬੋਲਦਾ ਹਾਂ ਜੋ ਕੁੱਝ ਮੇਰੇ ਪਿਤਾ ਨੇ ਮੈਨੂੰ ਸਿਖਾਇਆ ਹੈ ।29ਉਹ ਜਿਸ ਨੇ ਮੈਨੂੰ ਭੇਜਿਆ ਮੇਰੇ ਨਾਲ ਹੈ । ਮੈਂ ਹਮੇਸ਼ਾਂ ਉਹੀ ਕਰਦਾ ਹਾਂ ਜੋ ਉਸ ਨੂੰ ਪਸੰਦ ਹੈ, ਇਸ ਲਈ ਉਸ ਨੇ ਮੈਨੂੰ ਇਕੱਲਾ ਨਹੀਂ ਛੱਡਿਆ ।”30ਜਦੋਂ ਯਿਸੂ ਅਜਿਹੀਆਂ ਗੱਲਾਂ ਕਹਿ ਰਿਹਾ ਸੀ, ਤਾਂ ਬਹੁਤ ਲੋਕਾਂ ਨੇ ਉਸ ਵਿੱਚ ਵਿਸ਼ਵਾਸ ਕੀਤਾ ।
ਸੱਚਾਈ ਤੁਹਾਨੂੰ ਆਜ਼ਾਦ ਕਰੇਗੀ

31ਤਾਂ ਯਿਸੂ ਨੇ ਉਨ੍ਹਾਂ ਯਹੂਦੀਆਂ ਨੂੰ ਆਖਿਆ ਜੋ ਉਸ ਤੇ ਵਿਸ਼ਵਾਸ ਕਰਦੇ ਸਨ, “ਜੇਕਰ ਤੁਸੀਂ ਮੇਰੇ ਬਚਨਾਂ ਨੂੰ ਮੰਨੋਂਗੇ ਤਾਂ ਤੁਸੀਂ ਮੇਰੇ ਚੇਲੇ ਹੋਵੋਗੇ ।32ਤਦ ਤੁਸੀਂ ਸੱਚ ਨੂੰ ਜਾਣੋਗੇ ਤੇ ਸੱਚ ਤੁਹਾਨੂੰ ਆਜ਼ਾਦ ਕਰੇਗਾ ।”33ਯਹੂਦੀਆਂ ਨੇ ਉੱਤਰ ਦਿੱਤਾ, “ਅਸੀਂ ਅਬਰਾਹਾਮ ਦੀ ਅੰਸ ਹਾਂ । ਅਸੀਂ ਕਦੇ ਵੀ ਕਿਸੇ ਦੇ ਗੁਲਾਮ ਨਹੀਂ ਰਹੇ ਫਿਰ ਤੂੰ ਕਿਉਂ ਕਹਿੰਦਾ ਹੈਂ ਕਿ ਅਸੀਂ ਆਜ਼ਾਦ ਹੋ ਜਾਂਵਾਂਗੇ ? ”
34ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ ਕਿ ਹਰੇਕ ਜੋ, ਜਿਹੜਾ ਪਾਪ ਕਰਦਾ ਹੈ, ਉਹ ਪਾਪ ਦਾ ਗੁਲਾਮ ਹੈ ।35ਇੱਕ ਗੁਲਾਮ ਹਮੇਸ਼ਾਂ ਘਰ ਵਿੱਚ ਨਹੀਂ ਰਹਿੰਦਾ ਪਰ ਪੁੱਤਰ ਹਮੇਸ਼ਾਂ ਘਰ ਵਿੱਚ ਰਹਿੰਦਾ ਹੈ ।36ਇਸ ਲਈ ਜੇਕਰ ਤੁਹਾਨੂੰ ਪੁੱਤਰ ਅਜ਼ਾਦ ਕਰੇ ਹੈ ਤਾਂ ਤੁਸੀਂ ਸੱਚ-ਮੁੱਚ ਆਜ਼ਾਦ ਹੋਵੋਂਗੇ ।
37ਮੈਂ ਜਾਣਦਾ ਹਾਂ ਕਿ ਤੁਸੀਂ ਅਬਰਾਹਾਮ ਦੀ ਅੰਸ ਹੋ । ਪਰ ਤੁਸੀਂ ਮੈਨੂੰ ਮਾਰਨਾ ਚਾਹੁੰਦੇ ਹੋ ਕਿਉਂਕਿ ਤੁਸੀਂ ਮੇਰੇ ਬਚਨ ਨੂੰ ਕਬੂਲ ਕਰਨ ਲਈ ਰਾਜੀ ਨਹੀਂ ਹੋ ।38ਮੈਂ ਤੁਹਾਨੂੰ ਉਹੀ ਕੁੱਝ ਆਖ ਰਿਹਾ ਹਾਂ ਜੋ ਮੇਰੇ ਪਿਤਾ ਨੇ ਮੈਨੂੰ ਵਿਖਾਇਆ ਹੈ । ਪਰ ਤੁਸੀਂ ਉਹ ਕੁੱਝ ਕਰਦੇ ਹੋ ਜੋ ਤੁਹਾਡੇ ਪਿਤਾ ਨੇ ਤੁਹਾਨੂੰ ਕਰਨ ਵਾਸਤੇ ਕਿਹਾ ਹੈ ।”
39ਯਹੂਦੀਆਂ ਨੇ ਕਿਹਾ, “ਸਾਡਾ ਪਿਤਾ ਅਬਰਾਹਾਮ ਹੈ ।” ਯਿਸੂ ਨੇ ਆਖਿਆ, “ਜੇਕਰ ਸੱਚ-ਮੁੱਚ ਤੁਸੀਂ ਅਬਰਾਹਾਮ ਦੀ ਅੰਸ ਹੁੰਦੇ, ਤਾਂ ਤੁਸੀਂ ਉਹੀ ਕੰਮ ਕਰਦੇ ਜੋ ਅਬਰਾਹਾਮ ਨੇ ਕੀਤੇ ।40ਮੈਂ ਉਹ ਹਾਂ ਜਿਸ ਨੇ ਤੁਹਾਨੂੰ ਸੱਚ ਦੱਸਿਆ, ਜਿਹੜਾ ਮੈਂ ਪਰਮੇਸ਼ੁਰ ਤੋਂ ਸੁਣਿਆ, ਪਰ ਤੁਸੀਂ ਮੈਨੂੰ ਮਾਰਨਾ ਚਾਹੁੰਦੇ ਹੋ । ਅਬਰਾਹਾਮ ਨੇ ਤਾਂ ਅਜਿਹਾ ਕੁੱਝ ਨਹੀਂ ਸੀ ਕੀਤਾ41ਤੁਸੀਂ ਉਵੇਂ ਦੀਆਂ ਗੱਲਾਂ ਕਰੋ ਜਿਵੇਂ ਦੀਆਂ ਤੁਹਾਡਾ ਪਿਤਾ ਕਰਦਾ ਹੈ ।” ਪਰ ਯਹੂਦੀਆਂ ਨੇ ਕਿਹਾ, “ਅਸੀਂ ਉਨ੍ਹਾਂ ਬੱਚਿਆਂ ਦੀ ਤਰ੍ਹਾਂ ਨਹੀਂ ਹਾਂ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਨ੍ਹਾਂ ਦਾ ਪਿਤਾ ਕੌਣ ਸੀ ? ਸਾਡਾ ਇੱਕ ਪਿਤਾ ਹੈ ਅਤੇ ਉਹ ਪਰਮੇਸ਼ੁਰ ਹੈ ।”
42ਯਿਸੂ ਨੇ ਉਨ੍ਹਾਂ ਯਹੂਦੀਆਂ ਨੂੰ ਕਿਹਾ, “ਜੇਕਰ ਪਰਮੇਸ਼ੁਰ ਤੁਹਾਡਾ ਪਿਤਾ ਹੁੰਦਾ ਤੁਸੀਂ ਮੈਨੂੰ ਪਿਆਰ ਕਰਦੇ ਕਿਉਂਕਿ ਮੈਂ ਪਰਮੇਸ਼ੁਰ ਵੱਲੋਂ ਆਇਆ ਹਾਂ ਅਤੇ ਹੁਣ ਮੈਂ ਇੱਥੇ ਹਾਂ । ਮੈਂ ਆਪਣੀ ਮਰਜ਼ੀ ਨਾਲ ਨਹੀਂ ਆਇਆ, ਮੈਨੂੰ ਪਰਮੇਸ਼ੁਰ ਨੇ ਹੀ ਭੇਜਿਆ ਹੈ ।43ਤੁਹਾਨੂੰ ਜੋ ਮੈਂ ਕਹਿ ਰਿਹਾ ਹਾਂ ਕਿਉਂ ਸਮਝ ਨਹੀਂ ਆ ਰਿਹਾ ? ਕਿਉਂਕਿ ਤੁਸੀਂ ਮੇਰੇ ਬਚਨ ਨੂੰ ਸੁਨਣ ਲਈ ਤਿਆਰ ਨਹੀਂ ਹੋ ।44ਤੁਹਾਡਾ ਪਿਤਾ ਸ਼ੈਤਾਨ ਹੈ ਅਤੇ ਤੁਸੀਂ ਉਸ ਦੀ ਅੰਸ ਹੋ ਤੇ ਸਿਰਫ਼ ਉਹੀ ਕਰਨਾ ਚਾਹੁੰਦੇ ਹੋ ਜੋ ਉਸ ਨੂੰ ਪਸੰਦ ਹੈ । ਸ਼ੈਤਾਨ ਸ਼ੁਰੂ ਤੋਂ ਹੀ ਘਾਤਕ ਹੈ ਉਹ ਸੱਚ ਦੇ ਵਿਰੁੱਧ ਹੈ । ਉਸ ਵਿੱਚ ਕੋਈ ਸੱਚ ਨਹੀਂ । ਜਦ ਉਹ ਝੂਠ ਬੋਲਦਾ ਹੈ, ਉਹ ਆਪਣਾ ਅਸਲੀ ਰੂਪ ਪ੍ਰਗਟ ਕਰਦਾ ਹੈ । ਹਾਂ ! ਸ਼ੈਤਾਨ ਝੂਠਾ ਹੈ ਅਤੇ ਉਹ ਝੂਠ ਦਾ ਪਿਤਾ ਹੈ ।
45ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਇਸੇ ਲਈ ਤੁਸੀਂ ਮੇਰਾ ਵਿਸ਼ਵਾਸ ਨਹੀਂ ਕਰਦੇ ।46ਕੀ ਤੁਹਾਡੇ ਵਿੱਚੋਂ ਕੋਈ ਹੈ ਜੋ ਇਹ ਸਾਬਤ ਕਰ ਸਕੇ ਕਿ ਮੈਂ ਪਾਪ ਦਾ ਦੋਸ਼ੀ ਹਾਂ ? ਜੇਕਰ ਮੈਂ ਸੱਚ ਆਖ ਰਿਹਾ ਹਾਂ ਤੁਸੀਂ ਮੇਰਾ ਵਿਸ਼ਵਾਸ ਕਿਉਂ ਨਹੀਂ ਕਰਦੇ ?47ਇੱਕ ਵਿਅਕਤੀ ਜਿਹੜਾ ਪਰਮੇਸ਼ੁਰ ਤੋਂ ਹੈ, ਪਰਮੇਸ਼ੁਰ ਦੇ ਸ਼ਬਦਾਂ ਨੂੰ ਕਬੂਲ ਕਰਦਾ ਹੈ ਪਰ ਤੁਸੀਂ ਸੁਨਣ ਤੋਂ ਇੰਨਕਾਰ ਕਰਦੇ ਹੋ ਕਿਉਂਕਿ ਤੁਸੀਂ ਪਰਮੇਸ਼ੁਰ ਤੋਂ ਨਹੀਂ ਹੋ ।”
ਯਿਸੂ ਅਤੇ ਅਬਰਾਹਾਮ

48ਯਹੂਦੀਆਂ ਨੇ ਆਖਿਆ, “ਕੀ ਅਸੀਂ ਠੀਕ ਨਹੀਂ ਕਹਿੰਦੇ ਕਿ ਤੂੰ ਇੱਕ ਸਾਮਰੀ ਹੈ ਅਤੇ ਤੇਰੇ ਅੰਦਰ ਇੱਕ ਭੂਤ ਹੈ ।”49ਯਿਸੂ ਨੇ ਆਖਿਆ, “ਮੇਰੇ ਅੰਦਰ ਕੋਈ ਭੂਤ ਨਹੀਂ ਹੈ । ਮੈਂ ਆਪਣੇ ਪਿਤਾ ਦਾ ਆਦਰ ਕਰਦਾ ਹਾਂ, ਪਰ ਤੁਸੀਂ ਮੇਰਾ ਨਿਰਾਦਰ ਕਰਦੇ ਹੋ ।
50ਮੈਂ ਆਪਣਾ ਆਦਰ ਨਹੀਂ ਚਾਹੁੰਦਾ । ਇੱਕ ਅਜਿਹਾ ਹੈ ਜੋ ਮੇਰਾ ਆਦਰ ਕਰਨਾ ਚਾਹੁੰਦਾ ਹੈ । ਉਹ ਨਿਆਈਂ ਹੈ ।51ਮੈਂ ਤੁਹਾਨੂੰ ਸੱਚ-ਸੱਚ ਦੱਸਦਾ ਹਾਂ ਜੇਕਰ ਕੋਈ ਵੀ ਮਨੁੱਖ ਮੇਰੇ ਬਚਨ ਨੂੰ ਮੰਨੇਗਾ ਉਹ ਕਦੇ ਵੀ ਨਹੀਂ ਮਰੇਗਾ ।”
52ਯਹੂਦੀਆਂ ਨੇ ਯਿਸੂ ਨੂੰ ਆਖਿਆ, “ਹੁਣ ਅਸੀਂ ਜਾਣਦੇ ਹਾਂ ਕਿ ਤੇਰੇ ਅੰਦਰ ਇੱਕ ਭੂਤ ਹੈ । ਇਥੋਂ ਤੱਕ ਕਿ ਅਬਰਾਹਾਮ ਅਤੇ ਦੂਸਰੇ ਨਬੀ ਵੀ ਮਰ ਗਏ ਪਰ ਤੂੰ ਕਹਿੰਦਾ ਹੈਂ ਕਿ ਜੇਕਰ ਕੋਈ ਮੇਰੇ ਬਚਨ ਦੀ ਪਾਲਣਾ ਕਰਦਾ ਉਹ ਸਦੀਪਕ ਜੀਵਨ ਪਾਵੇਗਾ । ਉਹ ਕਦੇ ਵੀ ਨਹੀਂ ਮਰੇਗਾ ।53ਕੀ ਤੂੰ ਸਾਡੇ ਪਿਤਾ ਅਬਰਾਹਾਮ ਤੋਂ ਵੱਡਾ ਹੈਂ ? ਅਬਰਾਹਾਮ ਅਤੇ ਨਬੀ ਮਰ ਗਏ ਪਰ ਤੂੰ ਆਪਣੇ ਆਪ ਨੂੰ ਕੀ ਸਮਝਦਾ ਹੈਂ ? ”
54ਯਿਸੂ ਨੇ ਉੱਤਰ ਦਿੱਤਾ, “ਜੇਕਰ ਮੈਂ ਆਪਣੇ ਆਪ ਦਾ ਆਦਰ ਚਾਹੁੰਦਾ ਹਾਂ, ਤਾਂ ਉਸ ਆਦਰ ਦੀ ਕੋਈ ਕੀਮਤ ਨਹੀਂ । ਪਰ ਜਿਹੜਾ ਮੇਰਾ ਆਦਰ ਕਰਦਾ ਹੈ, ਮੇਰਾ ਪਿਤਾ ਹੈ ਅਤੇ ਤੁਸੀਂ ਕਹਿੰਦੇ ਹੋ ਕਿ ਉਹ ਸਾਡਾ ਪਰਮੇਸ਼ੁਰ ਹੈ ।55ਪਰ ਤੁਸੀਂ ਉਸ ਨੂੰ ਨਹੀਂ ਜਾਣਦੇ ਪਰ ਮੈਂ ਉਸ ਨੂੰ ਜਾਣਦਾ ਹਾਂ । ਜੇਕਰ ਮੈਂ ਇਹ ਆਖਾਂ ਕਿ ਮੈਂ ਉਸ ਨੂੰ ਨਹੀਂ ਜਾਣਦਾ ਤਾਂ ਮੈਂ ਤੁਹਾਡੀ ਤਰ੍ਹਾਂ ਝੂਠਾ ਹੋਵਾਂਗਾ । ਪਰ ਮੈਂ ਉਸ ਨੂੰ ਜਾਣਦਾ ਹਾਂ ਅਤੇ ਉਸ ਦੇ ਬਚਨਾਂ ਦੀ ਪਾਲਨਾ ਕਰਦਾ ਹਾਂ ।56ਤੁਹਾਡਾ ਪਿਤਾ ਅਬਰਾਹਾਮ ਖੁਸ਼ ਸੀ ਕਿ ਉਹ ਮੇਰੇ ਆਉਣ ਦਾ ਦਿਨ ਵੇਖੇ । ਉਸ ਨੇ ਓਹ ਦਿਨ ਵੇਖਿਆ ਅਤੇ ਬੜਾ ਖੁਸ਼ ਹੋਇਆ ।”
57ਫਿਰ ਯਹੂਦੀਆਂ ਨੇ ਯਿਸੂ ਨੂੰ ਆਖਿਆ, “ਕੀ ਤੂੰ ਅਬਰਾਹਾਮ ਨੂੰ ਵੇਖਿਆ ਹੈ ? ਤੂੰ ਕਿਵੇਂ ਵੇਖਿਆ ਹੋ ਸਕਦਾ ਹੈ ਜਦ ਕਿ ਤੂੰ ਪੰਜਾਹਾਂ ਸਾਲਾਂ ਦਾ ਵੀ ਨਹੀਂ ।”58ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ-ਸੱਚ ਦੱਸਦਾ ਹਾਂ । ਅਬਰਾਹਾਮ ਦੇ ਜਨਮ ਤੋਂ ਪਹਿਲਾਂ, ਮੈਂ ਹਾਂ ।”59ਜਦੋਂ ਯਿਸੂ ਨੇ ਇਸ ਤਰ੍ਹਾਂ ਆਖਿਆ, ਲੋਕਾਂ ਨੇ ਉਸ ਨੂੰ ਮਾਰਨ ਵਾਸਤੇ ਪੱਥਰ ਚੁੱਕੇ । ਪਰ ਯਿਸੂ ਲੁੱਕ ਗਿਆ ਅਤੇ ਹੈਕਲ ਛੱਡ ਕੇ ਚਲਾ ਗਿਆ ।

9
ਜਨਮ ਦੇ ਅੰਨ੍ਹੇ ਨੂੰ ਚੰਗਾ ਕਰਨਾ

1ਜਦੋਂ ਯਿਸੂ ਜਾ ਰਿਹਾ ਸੀ ਤਾਂ ਉਸ ਨੇ ਰਾਹ ਵਿੱਚ ਇੱਕ ਅੰਨ੍ਹਾ ਮਨੁੱਖ ਵੇਖਿਆ । ਇਹ ਮਨੁੱਖ ਜਨਮ ਤੋਂ ਹੀ ਅੰਨ੍ਹਾ ਸੀ ।2ਯਿਸੂ ਦੇ ਚੇਲਿਆਂ ਨੇ ਉਸ ਨੂੰ ਪੁੱਛਿਆ, “ਗੁਰੂ ਜੀ, ਇਹ ਮਨੁੱਖ ਜਨਮ ਤੋਂ ਹੀ ਅੰਨ੍ਹਾ ਹੈ, ਪਰ ਕਿਸ ਦੇ ਪਾਪਾਂ ਦੇ ਕਾਰਨ ਉਹ ਅੰਨ੍ਹਾ ਪੈਦਾ ਹੋਇਆ ਹੈ ? ਉਸ ਦੇ ਆਪਣੇ ਪਾਪਾਂ ਕਾਰਨ ਜਾਂ ਉਸ ਦੇ ਮਾਂ-ਬਾਪ ਦੇ ਪਾਪਾਂ ਕਾਰਨ ? ”

3ਯਿਸੂ ਨੇ ਉੱਤਰ ਦਿੱਤਾ, “ਇਹ ਉਸ ਦੇ ਪਾਪਾਂ ਦਾ ਜਾਂ ਉਸ ਦੇ ਮਾਂ-ਬਾਪ ਦੇ ਪਾਪਾਂ ਦੇ ਕਾਰਨ ਨਹੀਂ ਹੈ । ਪਰ ਇਹ ਚੰਗਾ ਹੋ ਕੇ ਲੋਕਾਂ ਨੂੰ ਪਰਮੇਸ਼ੁਰ ਦੀ ਮਹਿਮਾ ਵਿਖਾਉਣ ਵਾਸਤੇ ਅੰਨ੍ਹਾ ਪੈਦਾ ਹੋਇਆ ਸੀ ।4ਸਾਨੂੰ ਉਸ ਪਰਮੇਸ਼ੁਰ ਦਾ ਕੰਮ, ਦਿਨ ਰਹਿੰਦੇ ਕਰਨਾ ਚਾਹੀਦਾ ਹੈ, ਜਿਸ ਨੇ ਮੈਨੂੰ ਭੇਜਿਆ ਹੈ । ਕਿਉਂਕਿ ਫਿਰ ਰਾਤ ਹੋ ਜਾਵੇਗੀ, ਅਤੇ ਕੋਈ ਵੀ ਰਾਤ ਵੇਲੇ ਕੰਮ ਨਹੀਂ ਕਰ ਸਕਦਾ ।5ਜਦ ਤੱਕ ਮੈਂ ਸੰਸਾਰ ਵਿੱਚ ਹਾਂ ਮੈਂ ਸੰਸਾਰ ਦੇ ਲਈ ਚਾਨਣ ਹਾਂ ।”
6ਇਹ ਗੱਲਾਂ ਕਹਿਣ ਤੋਂ ਬਾਅਦ, ਯਿਸੂ ਨੇ ਧਰਤੀ ਤੇ ਥੁੱਕਿਆ ਅਤੇ ਉਸ ਨਾਲ ਥੋੜੀ ਮਿੱਟੀ ਗਿੱਲੀ ਕੀਤੀ ਅਤੇ ਉਹ ਮਿੱਟੀ ਅੰਨ੍ਹੇ ਮਨੁੱਖ ਦੀਆਂ ਅੱਖਾਂ ਤੇ ਲਾਈ ।7ਯਿਸੂ ਨੇ ਉਸ ਨੂੰ ਆਖਿਆ, “ਜਾ ਅਤੇ ਸਿਲੋਆਮ ਦੇ ਕੁੰਡ ਵਿੱਚ ਆਪਣੀਆਂ ਅੱਖਾਂ ਧੋ,” ਸਿਲੋਆਮ ਦਾ ਅਰਥ ਹੈ “ਭੇਜਿਆ ਹੋਇਆ ।” ਇਸ ਲਈ ਉਹ ਕੁੰਡ ਤੇ ਗਿਆ ਅਤੇ ਆਪਣੀਆਂ ਅੱਖਾਂ ਧੋਣ ਤੋਂ ਬਾਅਦ ਵਾਪਸ ਆਇਆ । ਹੁਣ ਉਸ ਨੂੰ ਸਭ ਦਿਸਦਾ ਸੀ ।
8ਜਿਨ੍ਹਾਂ ਲੋਕਾਂ ਨੇ ਉਸ ਨੂੰ ਭੀਖ ਮੰਗਦਿਆਂ ਵੇਖਿਆ ਸੀ ਅਤੇ ਉਸ ਦੇ ਗੁਆਂਢੀਆਂ ਨੇ ਕਿਹਾ, “ਵੇਖੋ ਕੀ ਇਹ ਉਹੀ ਹੈ ਜਿਹੜਾ ਬੈਠ ਕੇ ਭੀਖ ਮੰਗਦਾ ਹੁੰਦਾ ਸੀ ।”9ਕੁੱਝ ਲੋਕਾਂ ਨੇ ਕਿਹਾ, “ਹਾਂ ਉਹੀ ਹੈ ।” ਪਰ ਕੁੱਝ ਲੋਕਾਂ ਨੇ ਆਖਿਆ, “ਨਹੀਂ ਇਹ ਉਹ ਮਨੁੱਖ ਨਹੀਂ ਹੈ, ਇਹ ਉਸ ਦੇ ਵਰਗਾ ਲੱਗਦਾ ਹੈ ।” ਪਰ ਉਸ ਆਦਮੀ ਨੇ ਆਖਿਆ, “ਮੈਂ ਉਹੀ ਮਨੁੱਖ ਹਾਂ ।”
10ਲੋਕਾਂ ਨੇ ਪੁੱਛਿਆ, “ਇਹ ਕਿਵੇਂ ਹੋਇਆ ? ਫਿਰ ਤੇਰੀਆਂ ਅੱਖਾਂ ਕਿਵੇਂ ਖੁੱਲ੍ਹ ਗਈਆਂ ? ”11ਉਸ ਨੇ ਉੱਤਰ ਦਿੱਤਾ, “ਯਿਸੂ ਨਾਮੇ ਮਨੁੱਖ ਨੇ ਕੁੱਝ ਮਿੱਟੀ ਗੋਈ ਤੇ ਮੇਰੀਆਂ ਅੱਖਾਂ ਉੱਤੇ ਲਾ ਦਿੱਤੀ । ਉਸ ਨੇ ਮੈਨੂੰ ਸਿਲੋਆਮ ਕੁੰਡ ਤੇ ਜਾ ਕੇ ਧੋਣ ਲਈ ਕਿਹਾ । ਜਦ ਮੈਂ ਸਿਲੋਆਮ ਕੁੰਡ ਤੇ ਗਿਆ ਅਤੇ ਅੱਖਾਂ ਧੋਤੀਆਂ ਤਾਂ ਮੈਂ ਵੇਖਣ ਯੋਗ ਹੋ ਗਿਆ ।”12ਲੋਕਾਂ ਨੇ ਉਸ ਨੂੰ ਆਖਿਆ, “ਉਹ ਕਿੱਥੇ ਹੈ ? ” ਉਸ ਨੇ ਉੱਤਰ ਦਿੱਤਾ, “ਮੈਂ ਨਹੀਂ ਜਾਣਦਾ ।”
ਫ਼ਰੀਸੀਆਂ ਦੁਆਰਾ ਚੰਗੀ ਦੀ ਜਾਂਚ-ਪੜਤਾਲ

13ਜਦੋਂ ਲੋਕ ਉਸ ਮਨੁੱਖ ਨੂੰ, “ਫ਼ਰੀਸੀਆਂ ਕੋਲ ਲਿਆਏ, ਜੋ ਪਹਿਲਾਂ ਅੰਨ੍ਹਾ ਸੀ ।14ਜਿਸ ਦਿਨ ਯਿਸੂ ਨੇ ਮਿੱਟੀ ਗਿਲੀ ਕੀਤੀ ਉਸ ਮਨੁੱਖ ਦੀਆਂ ਅੱਖਾਂ ਖੋਲੀਆਂ ਤੇ ਓਹ ਦਿਨ ਸਬਤ ਦਾ ਸੀ ।”15ਤਾਂ ਇਸ ਵਾਰੀ ਫ਼ਰੀਸੀਆਂ ਨੇ ਉਸ ਮਨੁੱਖ ਨੂੰ ਪੁੱਛਿਆ, “ਤੈਨੂੰ ਆਪਣੀਆਂ ਅੱਖਾਂ ਕਿਵੇਂ ਮਿਲੀਆਂ ? ” ਮਨੁੱਖ ਨੇ ਉੱਤਰ ਦਿੱਤਾ, “ਉਸ ਨੇ ਮੇਰੀਆਂ ਅੱਖਾਂ ਤੇ ਗਿੱਲੀ ਮਿੱਟੀ ਲਗਾਈ ਤੇ, ਮੈਂ ਅੱਖਾਂ ਧੋਤੀਆਂ ਅਤੇ ਹੁਣ ਮੈਂ ਵੇਖ ਸਕਦਾ ਹਾਂ ।”
16ਕੁੱਝ ਫ਼ਰੀਸੀਆਂ ਨੇ ਕਿਹਾ, “ਇਹ ਮਨੁੱਖ ਪਰਮੇਸ਼ੁਰ ਵੱਲੋਂ ਨਹੀਂ ਹੈ ਕਿਉਂਕਿ ਇਹ ਸਬਤ ਦੇ ਦਿਨ ਦੇ ਨੇਮ ਨੂੰ ਵੀ ਨਹੀਂ ਮੰਨਦਾ । ਇਸ ਲਈ ਉਹ ਪਰਮੇਸ਼ੁਰ ਵੱਲੋਂ ਨਹੀਂ ਹੈ ।” ਕੁੱਝ ਹੋਰ ਲੋਕਾਂ ਨੇ ਆਖਿਆ, “ਕੀ ਇੱਕ ਪਾਪੀ ਆਦਮੀ ਅਜਿਹੇ ਚਮਤਕਾਰ ਕਰ ਸਕਦਾ ਹੈ ।” ਯਹੂਦੀ ਇਸ ਗੱਲ ਉੱਪਰ ਆਪਸ ਵਿੱਚ ਸਹਿਮਤ ਨਾ ਹੋਏ ।17ਯਹੂਦੀਆਂ ਦੇ ਆਗੂਆਂ ਨੇ ਉਸ ਮਨੁੱਖ ਨੂੰ ਫੇਰ ਪੁੱਛਿਆ, “ਉਹ ਮਨੁੱਖ ਜਿਸ ਨੇ ਤੈਨੂੰ ਚੰਗਾ ਕੀਤਾ, ਜਿਸ ਕਰਕੇ ਹੁਣ ਤੂੰ ਵੇਖ ਸਕਦਾ ਹੈ । ਤੂੰ ਉਸ ਮਨੁੱਖ ਬਾਰੇ ਕੀ ਆਖਦਾ ਹੈ ? ” ਉਸ ਮਨੁੱਖ ਨੇ ਕਿਹਾ, “ਉਹ ਇੱਕ ਨਬੀ ਹੈ ।”18ਜਦੋਂ ਤੱਕ ਉਸ ਦੇ ਮਾਪਿਆਂ ਨੂੰ ਨਹੀਂ ਸੱਦਿਆ ਯਹੂਦੀਆਂ ਨੇ ਇਹ ਵਿਸ਼ਵਾਸ ਨਹੀਂ ਕੀਤਾ ਕਿ ਉਹ ਮਨੁੱਖ ਅੰਨ੍ਹਾ ਸੀ ਅਤੇ ਚੰਗਾ ਕੀਤਾ ਗਿਆ ਹੈ ।
19ਯਹੂਦੀਆਂ ਨੇ ਉਸ ਦੇ ਮਾਂ-ਬਾਪ ਤੋਂ ਪੁੱਛਿਆ, “ਕੀ ਇਹ ਮਨੁੱਖ ਤੁਹਾਡਾ ਪੁੱਤਰ ਹੈ ? ਤੁਸੀਂ ਕਹਿੰਦੇ ਹੋ ਕਿ ਇਹ ਅੰਨ੍ਹਾ ਜਨਮਿਆ ਸੀ ਤਾਂ ਇਹ ਹੁਣ ਕਿਵੇਂ ਵੇਖ ਸਕਦਾ ਹੈ ? ”20ਉਸ ਦੇ ਮਾਪਿਆਂ ਨੇ ਉੱਤਰ ਦਿੱਤਾ, “ਅਸੀਂ ਜਾਣਦੇ ਹਾਂ ਕਿ ਇਹ ਸਾਡਾ ਪੁੱਤਰ ਹੈ ਅਤੇ ਜਦੋਂ ਇਹ ਜਨਮਿਆ ਸੀ ਤਾਂ ਅੰਨ੍ਹਾ ਸੀ ।21ਪਰ ਸਾਨੂੰ ਇਹ ਨਹੀਂ ਪਤਾ ਕਿ ਹੁਣ ਇਸ ਨੂੰ ਕਿਵੇਂ ਦਿਸਦਾ ਹੈ । ਅਸੀਂ ਨਹੀਂ ਜਾਣਦੇ ਕਿ ਉਸ ਦੀਆਂ ਅੱਖਾਂ ਕਿਸ ਨੇ ਚੰਗੀਆਂ ਕੀਤੀਆਂ ਹਨ । ਤੁਸੀਂ ਉਸ ਨੂੰ ਪੁੱਛੋ । ਉਹ ਬੱਚਾ ਨਹੀਂ ਹੈ ਵੱਡਾ ਹੈ ਅਤੇ ਉਹ ਆਪਣੇ ਬਾਰੇ ਤੁਹਾਡੇ ਸਵਾਲਾਂ ਦੇ ਉੱਤਰ ਦੇ ਸਕਦਾ ਹੈ ।”
22ਉਸ ਦੇ ਮਾਪਿਆਂ ਨੇ ਇਹ ਇਸ ਲਈ ਕਿਹਾ ਸੀ, ਕਿਉਂਕਿ ਉਹ ਯਹੂਦੀ ਆਗੂਆਂ ਤੋਂ ਡਰਦੇ ਸਨ । ਯਹੂਦੀ ਆਗੂਆਂ ਨੇ ਪਹਿਲਾਂ ਹੀ ਏਕਾ ਕਰ ਲਿਆ ਸੀ ਕਿ ਉਹ ਉਸ ਮਨੁੱਖ ਨੂੰ ਪ੍ਰਾਰਥਨਾ ਘਰ ਵਿੱਚੋਂ ਕੱਢ ਦੇਣਗੇ ਜੋ ਇਹ ਆਖੇਗਾ ਕਿ ਯਿਸੂ ਮਸੀਹ ਹੈ ।23ਇਸੇ ਲਈ ਉਸ ਦੇ ਮਾਪਿਆਂ ਨੇ ਕਿਹਾ, “ਉਹ ਬਹੁਤ ਸਿਆਣਾ ਹੈ, ਉਸ ਨੂੰ ਹੀ ਪੁੱਛ ਲਵੋ ।”
24ਯਹੂਦੀ ਆਗੂਆਂ ਨੇ ਉਸ ਮਨੁੱਖ ਨੂੰ, ਜੋ ਪਹਿਲਾਂ ਅੰਨ੍ਹਾ ਸੀ, ਦੂਜੀ ਵਾਰੀ ਬੁਲਾਇਆ ਅਤੇ ਆਖਿਆ, “ਤੂੰ ਪਰਮੇਸ਼ੁਰ ਦੇ ਸਾਹਮਣੇ ਸੱਚ ਬੋਲ ਅਸੀਂ ਜਾਣਦੇ ਹਾਂ ਕਿ ਉਹ ਮਨੁੱਖ (ਯਿਸੂ) ਪਾਪੀ ਹੈ ।”25ਉਸ ਮਨੁੱਖ ਨੇ ਕਿਹਾ, “ਮੈਂ ਨਹੀਂ ਜਾਣਦਾ ਕਿ ਉਹ ਪਾਪੀ ਹੈ ਜਾਂ ਨਹੀਂ । ਮੈਂ ਸਿਰਫ਼ ਇੱਕ ਹੀ ਗੱਲ ਜਾਣਦਾ ਹਾਂ ਕਿ ਮੈਂ ਅੰਨ੍ਹਾ ਸੀ ਅਤੇ ਹੁਣ ਮੈਂ ਵੇਖਦਾ ਹਾਂ ।”
26ਯਹੂਦੀਆਂ ਦੇ ਆਗੂਆਂ ਨੇ ਆਖਿਆ, “ਉਸ ਨੇ ਤੈਨੂੰ ਕੀ ਕੀਤਾ ? ਉਸ ਨੇ ਕਿਵੇਂ ਤੇਰੀਆਂ ਅੱਖਾਂ ਠੀਕ ਕੀਤੀਆਂ ? ”27ਉਸ ਮਨੁੱਖ ਨੇ ਆਖਿਆ, “ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਪਰ ਤੁਸੀਂ ਨਹੀਂ ਸੁਣਿਆ । ਤੁਸੀਂ ਉਹੀ ਗੱਲ ਫ਼ੇਰ ਤੋਂ ਸੁਣਨੀ ਕਿਉਂ ਪਸੰਦ ਕਰਦੇ ਹੋ ? ਕੀ ਤੁਸੀਂ ਵੀ ਉਸ ਦੇ ਚੇਲੇ ਬਣਨਾ ਚਾਹੁੰਦੇ ਹੋ ? ”28ਯਹੂਦੀਆਂ ਦੇ ਆਗੂ ਬਹੁਤ ਗੁੱਸੇ ਵਿੱਚ ਆਏ ਅਤੇ ਫਿਰ ਉਸ ਮਨੁੱਖ ਨੂੰ ਬਹੁਤ ਬੁਰਾ ਭਲਾ ਕਿਹਾ ਅਤੇ ਆਖਿਆ, “ਤੂੰ ਉਸ ਮਨੁੱਖ ਦਾ ਚੇਲਾ ਹੈ ਤੇ ਅਸੀਂ ਮੂਸਾ ਦੇ ਚੇਲੇ ਹਾਂ ।29ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਨੇ ਮੂਸਾ ਨਾਲ ਗੱਲ ਕੀਤੀ ਸੀ, ਪਰ ਇਸ ਮਨੁੱਖ ਬਾਰੇ, ਅਸੀਂ ਨਹੀਂ ਜਾਣਦੇ ਕਿ ਉਹ ਕਿੱਥੋਂ ਆਇਆ ਹੈ ।”
30ਉਸ ਮਨੁੱਖ ਨੇ ਕਿਹਾ, “ਇਹ ਬਹੁਤ ਅਜੀਬ ਗੱਲ ਹੈ । ਤੁਸੀਂ ਨਹੀਂ ਜਾਣਦੇ ਕਿ ਯਿਸੂ ਕਿੱਥੋਂ ਆਇਆ ਹੈ । ਪਰ ਇਸ ਨੇ ਮੇਰੀਆਂ ਅੱਖਾਂ ਠੀਕ ਕੀਤੀਆਂ ਹਨ ।31ਅਸੀਂ ਸਭ ਜਾਣਦੇ ਹਾਂ ਕਿ ਪਰਮੇਸ਼ੁਰ ਪਾਪੀਆਂ ਦੀ ਨਹੀਂ ਸੁਣਦਾ । ਪਰ ਪਰਮੇਸ਼ੁਰ ਉਸ ਮਨੁੱਖ ਦੀ ਸੁਣਦਾ ਹੈ ਜੋ ਬੰਦਗੀ ਕਰਦਾ ਹੈ ਅਤੇ ਉਸ ਦੇ ਹੁਕਮਾਂ ਦੀ ਪਾਲਣਾ ਕਰਦਾ ਹੈ ।
32ਇਹ ਪਹਿਲੀ ਵਾਰ ਹੈ ਕਿ ਕਿਸੇ ਨੇ ਅੰਨ੍ਹੇ ਜਨਮੇ ਮਨੁੱਖ ਦੀਆਂ ਅੱਖਾਂ ਠੀਕ ਕੀਤੀਆਂ ਹਨ ।33ਇਹ ਮਨੁੱਖ ਜ਼ਰੂਰ ਪਰਮੇਸ਼ੁਰ ਵੱਲੋਂ ਹੋਵੇਗਾ । ਜੇਕਰ ਉਹ ਪਰਮੇਸ਼ੁਰ ਵੱਲੋਂ ਨਹੀਂ ਆਇਆ, ਤਾਂ ਉਹ ਅਜਿਹਾ ਚਮਤਕਾਰ ਕਰਨ ਯੋਗ ਨਾ ਹੁੰਦਾ ।”34ਯਹੂਦੀਆਂ ਦੇ ਆਗੂਆਂ ਨੇ ਉੱਤਰ ਦਿੱਤਾ, “ਤੂੰ ਪਾਪਾਂ ਵਿੱਚ ਜੰਮਿਆ ਸੀ । ਕੀ ਤੂੰ ਸਾਨੂੰ ਸਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈਂ ? ” ਫਿਰ ਉਨ੍ਹਾਂ ਨੇ ਉਸ ਨੂੰ ਜਾਣ ਲਈ ਕਿਹਾ ।
ਆਤਮਿਕ ਅੰਨ੍ਹਾਪਣ

35ਜਦੋਂ ਯਿਸੂ ਨੂੰ ਪਤਾ ਲੱਗਾ ਕਿ ਉਨ੍ਹਾਂ ਨੇ ਉਸ ਮਨੁੱਖ ਨੂੰ ਇਥੋਂ ਜਾਣ ਨੂੰ ਕਿਹਾ ਹੈ ਤਾਂ ਯਿਸੂ ਨੇ ਉਸ ਮਨੁੱਖ ਨੂੰ ਲੱਭ ਕੇ ਪੁੱਛਿਆ, “ਕੀ ਤੂੰ ਮਨੁੱਖ ਦੇ ਪੁੱਤਰ ਦਾ ਵਿਸ਼ਵਾਸ ਕਰਦਾ ਹੈ ? ”36ਉਸ ਮਨੁੱਖ ਨੇ ਕਿਹਾ, “ਹੇ ਪ੍ਰਭੂ, ਮਨੁੱਖ ਦਾ ਪੁੱਤਰ ਕੌਣ ਹੈ । ਮੈਨੂੰ ਦੱਸੋ ਤਾਂ ਜੋ ਮੈਂ ਉਸ ਤੇ ਵਿਸ਼ਵਾਸ ਕਰ ਸਕਾਂ ।”37ਮਨੁੱਖ ਨੇ ਆਖਿਆ, “ਤੂੰ ਉਸ ਨੂੰ ਪਹਿਲਾਂ ਹੀ ਵੇਖਿਆ ਹੈ, ਉਹ ਮਨੁੱਖ ਦਾ ਪੁੱਤਰ ਹੈ, ਜੋ ਹੁਣ ਤੇਰੇ ਨਾਲ ਗੱਲਾਂ ਕਰ ਰਿਹਾ ਹੈ ।”38ਯਿਸੂ ਨੂੰ ਉਸ ਨੇ ਆਖਿਆ, “ਪ੍ਰਭੂ ! ਮੈਂ ਵਿਸ਼ਵਾਸ ਕਰਦਾ ਹਾਂ । ਤਾਂ ਉਸ ਆਦਮੀ ਨੇ ਝੁੱਕ ਕੇ ਯਿਸੂ ਨੂੰ ਮੱਥਾ ਟੇਕਿਆ ।”
39ਯਿਸੂ ਨੇ ਆਖਿਆ, “ਮੈਂ ਇਸ ਦੁਨੀਆਂ ਤੇ ਨਿਆਂ ਕਰਨ ਲਈ ਆਇਆ ਹਾਂ । ਮੈਂ ਇਸ ਸੰਸਾਰ ਤੇ ਇਸ ਲਈ ਆਇਆ ਤਾਂ ਜੋ ਅੰਨ੍ਹੇ ਵੇਖਣ ਅਤੇ ਉਹ ਜਿਹੜੇ ਸੋਚਦੇ ਹਨ ਕਿ ਉਹ ਵੇਖਦੇ ਹਨ ਅੰਨ੍ਹੇ ਹੋ ਜਾਣ ।”40ਕੁੱਝ ਫ਼ਰੀਸੀਆਂ ਨੇ ਜੋ ਯਿਸੂ ਨੇੜੇ ਖੜ੍ਹੇ ਸਨ, ਇਹ ਸੁਣਿਆ ਅਤੇ ਕਿਹਾ, “ਕੀ ! ਤੇਰਾ ਮਤਲਬ ਇਹ ਹੈ ਕਿ ਅਸੀਂ ਵੀ ਅੰਨ੍ਹੇ ਹਾਂ ? ”41ਯਿਸੂ ਨੇ ਆਖਿਆ, “ਜੇਕਰ ਤੁਸੀਂ ਸੱਚ-ਮੁੱਚ ਅੰਨ੍ਹੇ ਹੁੰਦੇ, ਤਾਂ ਤੁਸੀਂ ਪਾਪ ਦੇ ਦੋਸ਼ੀ ਨਾ ਹੁੰਦੇ । ਪਰ ਹੁਣ ਤੁਸੀਂ ਆਖਦੇ ਹੋ, ‘ਅਸੀਂ ਵੇਖ ਸਕਦੇ ਹਾਂ,’ ਇਸ ਲਈ ਤੁਹਾਡਾ ਪਾਪ ਬਣਿਆ ਰਹਿੰਦਾ ਹੈ ।”

10
ਚਰਵਾਹੇ ਅਤੇ ਭੇਡਾਂ ਦਾ ਦ੍ਰਿਸ਼ਟਾਂਤ

1ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਿਹੜਾ ਆਦਮੀ ਭੇਡਾਂ ਦੇ ਬਾੜੇ ਵਿੱਚ ਦਰਵਾਜ਼ੇ ਦੀ ਬਜਾਏ ਕਿਸੇ ਹੋਰ ਰਾਹ ਤੋਂ ਵੜਦਾ ਹੈ, ਉਹ ਚੋਰ ਤੇ ਡਾਕੂ ਹੈ ।2ਪਰ ਉਹ ਜਿਹੜਾ ਦਰਵਾਜ਼ੇ ਰਾਹੀਂ ਵੜਦਾ ਹੈ, ਉਹ ਭੇਡਾਂ ਦਾ ਅਯਾਲੀ ਹੈ ।

3ਉਸ ਦੇ ਲਈ ਦਰਬਾਨ ਦਰਵਾਜ਼ਾ ਖੋਲ੍ਹ ਦਿੰਦਾ ਹੈ ਅਤੇ ਭੇਡਾਂ ਉਸਦਾ ਬੋਲ ਸੁਣਦੀਆਂ ਹਨ ਅਤੇ ਉਹ ਆਪਣੀਆਂ ਭੇਡਾਂ ਨੂੰ ਨਾਮ ਲੈ-ਲੈ ਕੇ ਬੁਲਾਉਂਦਾ ਅਤੇ ਉਨ੍ਹਾਂ ਨੂੰ ਬਾਹਰ ਲੈ ਜਾਂਦਾ ਹੈ ।4ਜਦੋਂ ਉਹ ਆਪਣੀਆਂ ਸਾਰੀਆਂ ਭੇਡਾਂ ਨੂੰ ਬਾਹਰ ਕੱਢ ਲੈਂਦਾ ਤਾਂ ਉਹ ਉਨ੍ਹਾਂ ਦੇ ਅੱਗੇ-ਅੱਗੇ ਤੁਰਦਾ ਹੈ ਅਤੇ ਭੇਡਾਂ ਉਸ ਦੇ ਮਗਰ ਜਾਂਦੀਆਂ ਹਨ; ਕਿਉਂਕਿ ਉਹ ਉਸ ਦੀ ਅਵਾਜ਼ ਨੂੰ ਪਛਾਣਦੀਆਂ ਹਨ ।
5ਪਰ ਉਹ ਪਰਾਏ ਆਦਮੀ ਦੇ ਮਗਰ ਕਦੇ ਨਹੀਂ ਜਾਣਗੀਆਂ, ਸਗੋਂ ਉਹ ਉਸ ਤੋਂ ਦੂਰ ਭੱਜ ਜਾਣਗੀਆਂ ਕਿਉਂਕਿ ਉਹ ਪਰਾਏ ਦੀ ਅਵਾਜ਼ ਨੂੰ ਨਹੀਂ ਪਛਾਣਦੀਆਂ ।”6ਯਿਸੂ ਨੇ ਲੋਕਾਂ ਨੂੰ ਇਹ ਦ੍ਰਿਸ਼ਟਾਂਤ ਸਮਝਾਇਆ ਪਰ ਉਹ ਇਸ ਦਾ ਮਤਲਬ ਨਾ ਸਮਝ ਸਕੇ ।
ਯਿਸੂ ਚੰਗਾ ਚਰਵਾਹਾ

7ਤਦ ਯਿਸੂ ਨੇ ਦੁਬਾਰਾ ਕਿਹਾ, “ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ ਕਿ ਭੇਡਾਂ ਲਈ ਦਰਵਾਜ਼ਾ ਮੈਂ ਹਾਂ ।8ਕਿਉਂਕਿ ਜਿਹੜੇ ਮੇਰੇ ਤੋਂ ਪਹਿਲਾਂ ਆਏ, ਉਹ ਚੋਰ ਤੇ ਡਾਕੂ ਸਨ, ਭੇਡਾਂ ਨੇ ਉਨ੍ਹਾਂ ਦੀ ਨਹੀਂ ਸੁਣੀ ।
9ਮੈਂ ਦਰਵਾਜ਼ਾ ਹਾਂ, ਜਿਹੜਾ ਆਦਮੀ ਮੇਰੇ ਰਾਹੀਂ ਵੜਦਾ ਹੈ, ਬਚਾਇਆ ਜਾਵੇਗਾ । ਉਹ ਅੰਦਰ-ਬਾਹਰ ਆਇਆ ਜਾਇਆ ਕਰੇਗਾ ਅਤੇ ਉਸ ਨੂੰ ਜੋ ਚਾਹੀਦਾ ਮਿਲ ਜਾਵੇਗਾ ।10ਚੋਰ, ਚੋਰੀ ਕਰਨ, ਮਾਰਨ ਅਤੇ ਨਾਸ ਕਰਨ ਲਈ ਆਉਂਦਾ ਹੈ, ਪਰ ਮੈਂ ਉਨ੍ਹਾਂ ਨੂੰ ਜੀਵਨ ਦੇਣ ਆਇਆ ਹਾਂ, ਸਗੋਂ ਚੋਖਾ ਜੀਵਨ ।
11ਮੈਂ ਚੰਗਾ ਅਯਾਲੀ ਹਾਂ । ਇੱਕ ਚੰਗਾ ਅਯਾਲੀ ਭੇਡਾਂ ਦੀ ਖਾਤਰ ਆਪਣਾ ਜੀਵਨ ਕੁਰਬਾਨ ਕਰ ਦਿੰਦਾ ਹੈ ।12ਇੱਕ ਮਜ਼ਦੂਰ ਅਯਾਲੀ ਨਹੀਂ ਹੈ ਅਤੇ ਉਹ ਭੇਡਾਂ ਦਾ ਮਾਲਕ ਨਹੀਂ ਹੈ । ਕਿਉਂ ਜੋ ਉਹ ਬਘਿਆੜ ਨੂੰ ਆਉਂਦਿਆਂ ਹੀਂ ਵੇਖ ਕੇ ਉਹ ਭੱਜ ਜਾਂਦਾ ਹੈ । ਬਘਿਆੜ ਉਨ੍ਹਾਂ ਭੇਡਾਂ ਤੇ ਹਮਲਾ ਕਰਦਾ ਅਤੇ ਉਨ੍ਹਾਂ ਨੂੰ ਖਿੰਡਾ ਦਿੰਦਾ ਹੈ ।13ਮਜ਼ਦੂਰ ਭੱਜ ਜਾਂਦਾ ਹੈ ਕਿਉਂਕਿ ਉਹ ਸਿਰਫ਼ ਮਜ਼ਦੂਰੀ ਲਈ ਕੰਮ ਕਰਦਾ ਹੈ ਅਤੇ ਭੇਡਾਂ ਦਾ ਖਿਆਲ ਨਹੀਂ ਰੱਖਦਾ ।
14ਮੈਂ ਚੰਗਾ ਅਯਾਲੀ ਹਾਂ, ਜੋ ਭੇਡਾਂ ਦਾ ਧਿਆਨ ਰੱਖਦਾ ਹਾਂ । ਉਵੇਂ ਹੀ ਜਿਵੇਂ ਕਿ ਪਿਤਾ ਮੈਨੂੰ ਜਾਣਦਾ ਹੈ, ਮੈਂ ਆਪਣੀਆਂ ਭੇਡਾਂ ਨੂੰ ਜਾਣਦਾ ਹਾਂ15ਅਤੇ ਜਿਵੇਂ ਮੈਂ ਪਿਤਾ ਨੂੰ ਜਾਣਦਾ ਹਾਂ, ਮੇਰੀਆਂ ਭੇਡਾਂ ਵੀ ਮੈਨੂੰ ਜਾਣਦੀਆਂ ਹਨ । ਮੈਂ ਭੇਡਾਂ ਦੇ ਬਦਲੇ ਆਪਣੀ ਜਾਨ ਕੁਰਬਾਨ ਕਰਦਾ ਹਾਂ16ਮੇਰੀਆਂ ਹੋਰ ਵੀ ਭੇਡਾਂ ਹਨ, ਜਿਹੜੀਆਂ ਇਸ ਇੱਜੜ ਵਿੱਚ ਨਹੀਂ ਹਨ । ਮੈਨੂੰ ਚਾਹੀਦਾ ਹੈ ਕਿ ਉਨ੍ਹਾਂ ਨੂੰ ਵੀ ਲਿਆਵਾਂ ਅਤੇ ਉਹ ਮੇਰੀ ਅਵਾਜ਼ ਸੁਣਨਗੀਆਂ ਅਤੇ ਇੱਕ ਇੱਜੜ ਅਤੇ ਇੱਕੋ ਅਯਾਲੀ ਹੋਵੇਗਾ ।
17ਮੇਰਾ ਪਿਤਾ ਮੈਨੂੰ ਪਿਆਰ ਕਰਦਾ ਹੈ ਕਿਉਂਕਿ ਮੈਂ ਆਪਣੀ ਜਾਨ ਦਿੰਦਾ ਹਾਂ, ਤਾਂ ਜੋ ਮੈਂ ਇਸ ਨੂੰ ਫ਼ੇਰ ਲੈ ਸਕਾਂ । ਕੋਈ ਮਨੁੱਖ ਮੇਰੀ ਜ਼ਿੰਦਗੀ ਮੇਰੇ ਤੋਂ ਨਹੀਂ ਖੋਂਹਦਾ ਪਰ ਮੈਂ ਇਸ ਨੂੰ ਆਪੇ ਹੀ ਗੁਆ ਦਿੰਦਾ ਹਾਂ ।18ਮੈਨੂੰ ਆਪਣਾ ਜੀਵਨ ਦੇਣ ਦਾ ਅਤੇ ਇਸ ਨੂੰ ਫ਼ੇਰ ਵਾਪਸ ਲੈਣ ਦਾ ਅਧਿਕਾਰ ਹੈ । ਇਹ ਹੁਕਮ ਮੈਂ ਆਪਣੇ ਪਿਤਾ ਕੋਲੋਂ ਪਾਇਆ ਹੈ ।”
19ਯਿਸੂ ਦੇ ਇਨ੍ਹਾਂ ਸ਼ਬਦਾਂ ਨੂੰ, ਇੱਕ ਵਾਰ ਫ਼ੇਰ ਸੁਨਣ ਤੋਂ ਬਾਅਦ, ਯਹੂਦੀਆਂ ਦੀ ਆਪਸ ਵਿੱਚ ਫੁੱਟ ਪੈ ਗਈ ।20ਬਹੁਤਿਆਂ ਨੇ ਆਖਿਆ, “ਇਸ ਦੇ ਵਿੱਚ ਭੂਤ ਹੈ ਇਸ ਲਈ ਇਹ ਇੱਕ ਪਾਗਲ ਆਦਮੀ ਦੀ ਤਰ੍ਹਾਂ ਬੋਲ ਰਿਹਾ ਹੈ । ਤੁਸੀਂ ਇਸ ਨੂੰ ਕਿਉਂ ਸੁਣ ਰਹੇ ਹੋ ? ”21ਪਰ ਦੂਜਿਆਂ ਨੇ ਆਖਿਆ, “ਜਿਸ ਆਦਮੀ ਵਿੱਚ ਭੂਤ ਹੋਵੇ ਉਹ ਇਸ ਤਰ੍ਹਾਂ ਨਹੀਂ ਬੋਲ ਸਕਦਾ । ਕੀ ਕੋਈ ਭੂਤ ਕਿਸੇ ਅੰਨ੍ਹੇ ਨੂੰ ਸੁਜਾਖਾ ਕਰ ਸਕਦਾ ਹੈ ? ਨਹੀਂ !”
ਯਹੂਦੀਆਂ ਦਾ ਅਵਿਸ਼ਵਾਸ

22ਇਹ ਸਰਦੀ ਦੀ ਰੁੱਤ ਸੀ ਅਤੇ ਯਰੂਸ਼ਲਮ ਵਿੱਚ ਪ੍ਰਤਿਸ਼ਠਾ ਦਾ ਤਿਉਹਾਰ ਆਇਆ ।23ਯਿਸੂ ਹੈਕਲ ਵਿੱਚ ਸੁਲੇਮਾਨ ਦੀ ਡਿਉਢੀ ਤੇ ਟਹਿਲ ਰਿਹਾ ਸੀ ।24ਯਹੂਦੀ ਯਿਸੂ ਦੇ ਆਲੇ-ਦੁਆਲੇ ਇਕੱਠੇ ਹੋ ਗਏ ਅਤੇ ਕਹਿਣ ਲੱਗੇ, “ਕਿੰਨੇ ਸਮੇਂ ਤੱਕ ਤੂੰ ਸਾਨੂੰ ਭੁਲਾਵੇ ਵਿੱਚ ਰੱਖੇਂਗਾ ? ਜੇਕਰ ਤੂੰ ਮਸੀਹ ਹੈਂ ਤਾਂ ਸਾਨੂੰ ਸਾਫ਼-ਸਾਫ਼ ਦੱਸ ।”
25ਯਿਸੂ ਨੇ ਉੱਤਰ ਦਿੱਤਾ, “ਮੈਂ ਪਹਿਲਾਂ ਹੀ ਤੁਹਾਨੂੰ ਦੱਸ ਚੁੱਕਿਆ ਹਾਂ ਪਰ ਤੁਸੀਂ ਵਿਸ਼ਵਾਸ ਨਹੀਂ ਕੀਤਾ । ਮੈਂ ਆਪਣੇ ਪਿਤਾ ਦੇ ਨਾਮ ਤੇ ਕੰਮ ਕਰਦਾ ਹਾਂ ਅਤੇ ਉਹ ਕਰਾਮਾਤਾਂ ਮੇਰੇ ਬਾਰੇ ਗਵਾਹੀ ਦਿੰਦੀਆਂ ਹਨ ।26ਪਰ ਤੁਸੀਂ ਵਿਸ਼ਵਾਸ ਨਹੀਂ ਕਰਦੇ । ਕਿਉਂਕਿ ਤੁਸੀਂ ਮੇਰੀਆਂ ਭੇਡਾਂ ਨਹੀਂ ਹੋ ।
27ਮੇਰੀਆਂ ਭੇਡਾਂ ਮੇਰੀ ਅਵਾਜ਼ ਨੂੰ ਸੁਣਦੀਆਂ ਹਨ । ਮੈਂ ਉਨ੍ਹਾਂ ਨੂੰ ਜਾਣਦਾ ਹਾਂ ਅਤੇ ਉਹ ਮੇਰੇ ਪਿੱਛੇ ਚਲਦੀਆਂ ਹਨ ।28ਮੈਂ ਆਪਣੀਆਂ ਭੇਡਾਂ ਨੂੰ ਸਦੀਪਕ ਜੀਵਨ ਦਿੰਦਾ ਹਾਂ ਅਤੇ ਉਹ ਕਦੇ ਨਹੀਂ ਮਰਨਗੀਆਂ ਅਤੇ ਨਾ ਕੋਈ ਉਨ੍ਹਾਂ ਨੂੰ ਮੇਰੇ ਤੋਂ ਖੋਹ ਸਕਦਾ ਹੈ ।
29ਮੇਰੇ ਪਿਤਾ ਨੇ ਭੇਡਾਂ ਮੈਨੂੰ ਦਿੱਤੀਆਂ ਹਨ, ਉਹ ਸਭ ਤੋਂ ਮਹਾਨ ਹੈ ।30ਕੋਈ ਵੀ ਉਨ੍ਹਾਂ ਭੇਡਾਂ ਨੂੰ ਮੇਰੇ ਪਿਤਾ ਦੇ ਹੱਥੋਂ ਖੋਹ ਨਹੀਂ ਸਕਦਾ । ਮੈਂ ਅਤੇ ਪਿਤਾ ਇੱਕ ਹਾਂ ।”31ਯਹੂਦੀਆਂ ਨੇ ਫਿਰ ਯਿਸੂ ਨੂੰ ਮਾਰਨ ਲਈ ਪੱਥਰ ਚੁੱਕੇ ।
32ਪਰ ਯਿਸੂ ਨੇ ਉਨ੍ਹਾਂ ਨੂੰ ਆਖਿਆ, “ਮੈਂ ਤੁਹਾਨੂੰ ਪਿਤਾ ਵੱਲੋਂ ਬਹੁਤ ਚੰਗੇ ਕੰਮ ਵਿਖਾਏ, ਉਨ੍ਹਾਂ ਵਿੱਚੋਂ ਕਿਸ ਕੰਮ ਕਰਕੇ ਤੁਸੀਂ ਮੇਰੇ ਉੱਤੇ ਪਥਰਾਹ ਕਰਨਾ ਚਾਹੁੰਦੇ ਹੋ ? ”33ਯਹੂਦੀਆਂ ਨੇ ਆਖਿਆ, “ਅਸੀਂ ਤੇਰੇ ਤੇ ਕਿਸੇ ਚੰਗੇ ਕੰਮ ਵਾਸਤੇ ਪੱਥਰ ਨਹੀਂ ਮਾਰ ਰਹੇ, ਸਗੋਂ ਇਸ ਲਈ ਕਿ ਤੂੰ ਪਰਮੇਸ਼ੁਰ ਦੇ ਵਿਰੁੱਧ ਕੁਫ਼ਰ ਬੋਲਿਆ ਹੈਂ । ਤੂੰ ਸਿਰਫ਼ ਇੱਕ ਮਨੁੱਖ ਹੈਂ ਪਰ ਤੂੰ ਆਖਦਾ ਹੈਂ ਕਿ ਤੂੰ ਪਰਮੇਸ਼ੁਰ ਹੈਂ । ਇਸੇ ਲਈ ਤੈਨੂੰ ਪੱਥਰਾਂ ਨਾਲ ਜਾਨੋਂ ਮਾਰਨਾ ਚਾਹੁੰਦੇ ਹਾਂ ।”
34ਯਿਸੂ ਨੇ ਉੱਤਰ ਦਿੱਤਾ, “ਇਹ ਤੁਹਾਡੀ ਬਿਵਸਥਾ ਵਿੱਚ ਲਿਖਿਆ ਹੋਇਆ ਹੈ, ‘ਮੈਂ ਆਖਿਆ ਤੁਸੀਂ ਦੇਵਤੇ ਹੋ’।35ਉਹ ਲੋਕ ਜਿਨ੍ਹਾਂ ਕੋਲ ਪਰਮੇਸ਼ੁਰ ਦਾ ਬਚਨ ਪਹੁੰਚਿਆ ਉਹ ਇਸ ਪਵਿੱਤਰ ਗ੍ਰੰਥ ਵਿੱਚ ਦੇਵਤੇ ਅਖਵਾਉਂਦੇ ਹਨ ਅਤੇ ਬਚਨ ਕਦੇ ਵੀ ਝੂਠਾ ਨਹੀਂ ਹੋ ਸਕਦਾ ।36ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਮੈਂ ਪਰਮੇਸ਼ੁਰ ਦੇ ਵਿਰੁੱਧ ਕੁਫ਼ਰ ਬੋਲ ਰਿਹਾ ਹਾਂ । ਸਿਰਫ਼ ਕਿਉਂਕਿ ਮੈਂ ਆਖਿਆ ਹੈ ਮੈਂ ਪਰਮੇਸ਼ੁਰ ਦਾ ਪੁੱਤਰ ਹਾਂ ? ਮੈਂ ਉਹ ਹਾਂ, ਜਿਸ ਨੂੰ ਪਰਮੇਸ਼ੁਰ ਨੇ ਇਸ ਦੁਨੀਆਂ ਤੇ ਭੇਜਣ ਲਈ ਚੁਣਿਆ ।
37ਜੇਕਰ ਮੈਂ ਉਹ ਕੰਮ ਨਹੀਂ ਕਰਦਾ ਜੋ ਮੇਰਾ ਪਿਤਾ ਕਰਦਾ ਹੈ, ਤਾਂ ਜੋ ਮੈਂ ਆਖਦਾ ਹਾਂ ਉਸ ਤੇ ਵਿਸ਼ਵਾਸ ਨਾ ਕਰੋ ।38ਪਰ ਜੇ ਮੈਂ ਉਹ ਕੰਮ ਕਰਾਂ ਜੋ ਮੇਰਾ ਪਿਤਾ ਕਰਦਾ ਹੈ, ਫਿਰ ਤੁਹਾਨੂੰ ਮੇਰੇ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ । ਭਾਵੇਂ ਤੁਸੀਂ ਮੇਰੇ ਤੇ ਵਿਸ਼ਵਾਸ ਨਾ ਕਰੋ, ਪਰ ਮੇਰੇ ਕੰਮਾਂ ਤੇ ਵਿਸ਼ਵਾਸ ਕਰੋ, ਜਿਹੜੇ ਮੈਂ ਕਰਦਾ ਹਾਂ । ਫੇਰ ਤੁਸੀਂ ਜਾਣੋਗੇ ਅਤੇ ਸਮਝੋਂਗੇ ਕਿ ਪਿਤਾ ਮੇਰੇ ਵਿੱਚ ਹੈ ਅਤੇ ਮੈਂ ਪਿਤਾ ਵਿੱਚ ਹਾਂ ।”39ਯਹੂਦੀ ਫੇਰ ਯਿਸੂ ਨੂੰ ਫੜਨਾ ਚਾਹੁੰਦੇ ਸਨ, ਪਰ ਉਹ ਉਨ੍ਹਾਂ ਤੋਂ ਬਚ ਗਿਆ ।
40ਯਿਸੂ ਫਿਰ ਯਰਦਨ ਨਦੀ ਦੇ ਪਾਰ ਚਲਾ ਗਿਆ ਜਿੱਥੇ ਪਹਿਲਾਂ ਯੂਹੰਨਾ ਬਪਤਿਸਮਾ ਦਿੰਦਾ ਸੀ ਅਤੇ ਉਹ ਉੱਥੇ ਠਹਿਰਿਆ ।41ਉੱਥੇ ਲੋਕਾਂ ਦੀ ਵੱਡੀ ਭੀੜ ਯਿਸੂ ਕੋਲ ਆਈ ਅਤੇ ਕਹਿਣ ਲੱਗੀ, “ਯੂਹੰਨਾ ਨੇ ਕਦੇ ਕੋਈ ਚਮਤਕਾਰ ਨਹੀਂ ਕੀਤਾ, ਪਰ ਜੋ ਕੁੱਝ ਯੂਹੰਨਾ ਨੇ ਉਸ (ਯਿਸੂ) ਬਾਰੇ ਆਖਿਆ ਉਹ ਸੱਚ ਸੀ ।”42ਉੱਥੇ ਫਿਰ ਬਹੁਤ ਸਾਰੇ ਲੋਕਾਂ ਨੇ ਉਸ ਤੇ ਵਿਸ਼ਵਾਸ ਕੀਤਾ ।

11
ਲਾਜ਼ਰ ਦੀ ਮੌਤ

1ਲਾਜ਼ਰ ਨਾਮ ਦਾ ਇੱਕ ਬਿਮਾਰ ਮਨੁੱਖ ਸੀ ਜੋ ਕਿ ਬੈਤਅਨਿਯਾ ਨਗਰ ਵਿੱਚ ਰਹਿੰਦਾ ਸੀ । ਇਹ ਉਹ ਨਗਰ ਸੀ, ਜਿੱਥੇ ਮਰਿਯਮ ਅਤੇ ਉਸ ਦੀ ਭੈਣ ਮਾਰਥਾ ਰਹਿੰਦੀ ਸੀ ।2ਇਹ ਉਹ ਮਰਿਯਮ ਸੀ, ਜਿਸ ਨੇ ਪ੍ਰਭੂ ਉੱਤੇ ਅਤਰ ਪਾ ਦਿੱਤਾ ਅਤੇ ਆਪਣੇ ਸਿਰ ਦੇ ਵਾਲਾਂ ਨਾਲ ਉਸ ਦੇ ਚਰਨ ਸਾਫ਼ ਕੀਤੇ । ਲਾਜ਼ਰ ਮਰਿਯਮ ਦਾ ਭਰਾ ਬਿਮਾਰ ਸੀ ।

3ਇਸ ਲਈ ਮਰਿਯਮ ਅਤੇ ਮਾਰਥਾ ਨੇ ਉਸ ਕੋਲ ਇੱਕ ਸੁਨੇਹਾ ਭੇਜਿਆ, “ਪ੍ਰਭੂ, ਤੁਹਾਡਾ ਪਿਆਰਾ ਮਿੱਤਰ ਲਾਜ਼ਰ ਬਿਮਾਰ ਹੈ ।”4ਜਦੋਂ ਯਿਸੂ ਨੇ ਇਹ ਸੁਣਿਆ ਤਾਂ ਉਸ ਨੇ ਕਿਹਾ, “ਇਸ ਬਿਮਾਰੀ ਦਾ ਕਾਰਨ ਮੌਤ ਨਹੀਂ, ਸਗੋਂ ਇਹ ਬਿਮਾਰੀ ਪਰਮੇਸ਼ੁਰ ਦੀ ਮਹਿਮਾ ਲਈ ਅਤੇ ਪਰਮੇਸ਼ੁਰ ਦੇ ਪੁੱਤਰ ਦੀ ਮਹਿਮਾ ਲਈ ਹੋਵੇ ।”
5ਪ੍ਰਭੂ ਯਿਸੂ ਮਰਿਯਮ, ਉਸ ਦੀ ਭੈਣ ਮਾਰਥਾ ਅਤੇ ਉਸ ਦੇ ਭਰਾ ਲਾਜ਼ਰ ਨੂੰ ਪਿਆਰ ਕਰਦਾ ਸੀ ।6ਜਦੋਂ ਉਸ ਨੇ ਸੁਣਿਆ ਕਿ ਲਾਜ਼ਰ ਬੜਾ ਬਿਮਾਰ ਹੈ ਤਾਂ ਉਹ ਜਿੱਥੇ ਸੀ, ਉੱਥੇ ਦੋ ਦਿਨ ਤੱਕ ਉਹ ਹੋਰ ਰੁਕ ਗਿਆ ।7ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਅਸੀਂ ਹੁਣ ਯਹੂਦਿਯਾ ਨੂੰ ਵਾਪਸ ਚਲੀਏ ।”
8ਚੇਲਿਆਂ ਨੇ ਆਖਿਆ, “ਪਰ ਗੁਰੂ ! ਥੋੜ੍ਹਾ ਚਿਰ ਪਹਿਲਾਂ, ਯਹੂਦਿਯਾ ਵਿੱਚ ਯਹੂਦੀ ਤੇਰੇ ਉੱਤੇ ਪਥਰਾਹ ਕਰਨਾ ਚਾਹੁੰਦੇ ਸਨ, ਤਾਂ ਕੀ ਤੂੰ ਫਿਰ ਉੱਥੇ ਹੀ ਵਾਪਸ ਜਾਂਦਾ ਹੈਂ ।”9ਯਿਸੂ ਨੇ ਉੱਤਰ ਦਿੱਤਾ, “ਕੀ ਦਿਨ ਦੇ ਬਾਰ੍ਹਾਂ ਘੰਟੇ ਨਹੀਂ ਹੁੰਦੇ ? ਜੇਕਰ ਕੋਈ ਦਿਨ ਨੂੰ ਚਲੇ ਤਾਂ ਠੋਕਰ ਨਹੀਂ ਖਾਂਦਾ ਕਿਉਂਕਿ ਉਹ ਇਸ ਦੁਨੀਆਂ ਦੇ ਚਾਨਣ ਨੂੰ ਵੇਖਦਾ ਹੈ ।
10ਪਰ ਜੋ ਮਨੁੱਖ ਰਾਤ ਨੂੰ ਚੱਲਦਾ ਹੈ, ਹਨੇਰੇ ਵਿੱਚ ਠੋਕਰ ਖਾਂਦਾ ਕਿਉਂਕਿ ਉਸ ਕੋਲ ਚਾਨਣ ਨਹੀਂ ਹੈ ।”11ਯਿਸੂ ਨੇ ਇਹ ਗੱਲਾਂ ਕਹਿਣ ਤੋਂ ਬਾਅਦ ਕਿਹਾ, “ਸਾਡਾ ਮਿੱਤਰ ਲਾਜ਼ਰ ਸੌਂ ਗਿਆ ਹੈ, ਪਰ ਮੈਂ ਉਸ ਨੂੰ ਜਗਾਉਣ ਜਾਂਦਾ ਹਾਂ ।”
12ਚੇਲਿਆਂ ਨੇ ਆਖਿਆ, “ਪ੍ਰਭੂ, ਜੇਕਰ ਉਹ ਸੌਂ ਰਿਹਾ ਹੈ, ਤਾਂ ਉਹ ਜਾਗ ਜਾਵੇਗਾ ।”13ਯਿਸੂ ਦੇ ਕਹਿਣ ਦਾ ਮਤਲਬ ਸੀ, ਲਾਜ਼ਰ ਮਰ ਗਿਆ । ਪਰ ਚੇਲਿਆਂ ਨੇ ਸਮਝਿਆ ਕਿ ਉਹ ਅਸਲੀ ਨੀਂਦ ਬਾਰੇ ਬੋਲ ਰਿਹਾ ਸੀ ।14ਤਾਂ ਯਿਸੂ ਨੇ ਉਨ੍ਹਾਂ ਨੂੰ ਸਾਫ਼-ਸਾਫ਼ ਕਿਹਾ, “ਲਾਜ਼ਰ ਮਰ ਗਿਆ ਹੈ ।
15ਅਤੇ ਤੁਹਾਡੀ ਖਾਤਰ ਮੈਂ ਖੁਸ਼ੀ ਮਹਿਸੂਸ ਕਰਦਾ ਹਾਂ ਕਿ ਉਸ ਸਮੇਂ ਮੈਂ ਉੱਥੇ ਨਹੀਂ ਸੀ । ਕਿਉਂਕਿ ਹੁਣ ਤੁਸੀਂ ਮੇਰੇ ਤੇ ਵਿਸ਼ਵਾਸ ਕਰੋਂਗੇ । ਇਸ ਲਈ ਚਲੋ ਅਸੀਂ ਉੱਥੇ ਚੱਲੀਏ ।”16ਤਦ ਥੋਮਾ ਨੇ ਜਿਹੜਾ ਦੀਦੁਮੁਸ ਅਖਵਾਉਂਦਾ ਸੀ, ਆਪਣੇ ਨਾਲ ਦੇ ਚੇਲਿਆਂ ਨੂੰ ਆਖਿਆ, “ਚਲੋ ਆਓ ਅਸੀਂ ਵੀ ਉਸ ਦੇ ਨਾਲ ਚੱਲੀਏ । ਅਤੇ ਉਸ ਨਾਲ ਮਾਰੇ ਜਾਈਏ ।”
ਯਿਸੂ ਲਾਜ਼ਰ ਦੀਆਂ ਭੈਣਾਂ ਨੂੰ ਦਿਲਾਸਾ ਦਿੰਦਾ ਹੈ

17ਯਿਸੂ ਬੈਤਅਨਿਯਾ ਵਿੱਚ ਪਹੁੰਚਿਆ ਅਤੇ ਵੇਖਿਆ ਕਿ ਲਾਜ਼ਰ ਨੂੰ ਕਬਰ ਵਿੱਚ ਰੱਖੇ ਚਾਰ ਦਿਨ ਹੋ ਗਏ ਸਨ ।18ਬੈਤਅਨਿਯਾ ਤੋਂ ਯਰੂਸ਼ਲਮ ਵਿਚਕਾਰ ਲੱਗਭਗ ਦੋ ਮੀਲ ਦੀ ਦੂਰੀ ਸੀ ।19ਬਹੁਤ ਸਾਰੇ ਯਹੂਦੀ ਮਾਰਥਾ ਅਤੇ ਮਰਿਯਮ ਕੋਲ ਲਾਜ਼ਰ ਦੀ ਮੌਤ ਦਾ ਅਫ਼ਸੋਸ ਕਰਨ ਆਏ ।20ਜਦ ਮਾਰਥਾ ਨੇ ਸੁਣਿਆ ਕਿ ਯਿਸੂ ਆ ਰਿਹਾ ਹੈ, ਤਾਂ ਉਹ ਉਸ ਨੂੰ ਮਿਲਣ ਲਈ ਬਾਹਰ ਗਈ ਪਰ ਮਰਿਯਮ ਘਰ ਹੀ ਰਹੀ ।
21ਮਾਰਥਾ ਨੇ ਯਿਸੂ ਨੂੰ ਕਿਹਾ, “ਹੇ ਪ੍ਰਭੂ, ਜੇਕਰ ਤੁਸੀਂ ਇੱਥੇ ਹੁੰਦੇ, ਤਾਂ ਮੇਰਾ ਭਰਾ ਨਾ ਮਰਦਾ ।22ਪਰ ਮੈਂ ਜਾਣਦੀ ਹਾਂ ਹੁਣ ਵੀ ਤੁਸੀਂ, ਜੋ ਵੀ ਪਰਮੇਸ਼ੁਰ ਕੋਲੋਂ ਮੰਗੋਂਗੇ, ਉਹ ਤੁਹਾਨੂੰ ਦੇਵੇਗਾ ।”23ਯਿਸੂ ਨੇ ਆਖਿਆ, “ਤੇਰਾ ਭਰਾ ਜੀ ਉੱਠੇਗਾ ।”
24ਮਾਰਥਾ ਬੋਲੀ “ਮੈਂ ਜਾਣਦੀ ਹਾਂ ਕਿ ਉਹ ਨਿਆਂ ਵਾਲੇ ਦਿਨ ਦੇ ਸਮੇਂ ਅੰਤ ਦੇ ਦਿਨ ਜੀ ਉੱਠੇਗਾ ।”25ਯਿਸੂ ਨੇ ਉਸ ਨੂੰ ਆਖਿਆ, “ਮੁਰਦਿਆਂ ਦਾ ਜੀ ਉੱਠਣਾ ਅਤੇ ਜੀਵਨ ਮੈਂ ਹਾਂ । ਜਿਹੜਾ ਮਨੁੱਖ ਮੇਰੇ ਤੇ ਵਿਸ਼ਵਾਸ ਕਰਦਾ ਹੈ ਭਾਵੇਂ ਉਹ ਮਰ ਜਾਏ ਤਾਂ ਵੀ ਉਹ ਜੀਵੇਗਾ ।26ਹਰ ਮਨੁੱਖ, ਜੋ ਜਿਉਂਦਾ ਹੈ ਅਤੇ ਮੇਰੇ ਤੇ ਵਿਸ਼ਵਾਸ ਕਰਦਾ ਹੈ, ਕਦੀ ਨਹੀਂ ਮਰੇਗਾ । ਮਾਰਥਾ, ਕੀ ਤੂੰ ਇਸ ਦਾ ਵਿਸ਼ਵਾਸ ਕਰਦੀ ਹੈਂ ? ”
27ਮਾਰਥਾ ਨੇ ਕਿਹਾ, “ਹਾਂ ਪ੍ਰਭੂ, ਮੈਂ ਵਿਸ਼ਵਾਸ ਕਰਦੀ ਹਾਂ ਕਿ ਤੂੰ ਹੀ ਮਸੀਹ ਹੈਂ, ਪਰਮੇਸ਼ੁਰ ਦਾ ਪੁੱਤਰ, ਜੋ ਇਸ ਦੁਨੀਆਂ ਵਿੱਚ ਆਉਣ ਵਾਲਾ ਸੀ ।”
ਯਿਸੂ ਰੋਇਆ

28ਯਿਸੂ ਨੂੰ ਇਹ ਕਹਿਣ ਤੋਂ ਬਾਅਦ ਮਾਰਥਾ ਆਪਣੀ ਭੈਣ ਮਰਿਯਮ ਕੋਲ ਗਈ ਤੇ ਉਸ ਨਾਲ ਇਕੱਲਿਆਂ ਗੱਲ ਕੀਤੀ ਅਤੇ ਆਖਿਆ, “ਪ੍ਰਭੂ ਆਇਆ ਹੈ ਅਤੇ ਉਹ ਤੇਰੇ ਬਾਰੇ ਪੁੱਛ ਰਿਹਾ ਹੈ ।”29ਜਦੋਂ ਮਰਿਯਮ ਨੇ ਇਹ ਸੁਣਿਆ ਤਾਂ ਉਹ ਝੱਟ ਉੱਠ ਖੜ੍ਹੀ ਹੋਈ ਅਤੇ ਯਿਸੂ ਕੋਲ ਗਈ ।
30ਯਿਸੂ ਹਾਲੇ ਪਿੰਡ ਵਿੱਚ ਨਹੀਂ ਪਹੁੰਚਿਆ ਸੀ, ਸਗੋਂ ਉਹ ਅਜੇ ਉਸ ਥਾਂ ਸੀ ਜਿੱਥੇ ਮਾਰਥਾ ਉਸ ਨੂੰ ਮਿਲਣ ਆਈ ਸੀ ।31ਜਿਹੜੇ ਯਹੂਦੀ ਮਰਿਯਮ ਦੇ ਘਰ ਵਿੱਚ ਉਸ ਨੂੰ ਤਸੱਲੀ ਦੇ ਰਹੇ ਸਨ । ਉਨ੍ਹਾਂ ਨੇ ਮਰਿਯਮ ਨੂੰ ਜਲਦੀ ਨਾਲ ਉੱਠਦਿਆਂ ਅਤੇ ਘਰ ਤੋਂ ਬਹਾਰ ਜਾਂਦਿਆਂ ਵੇਖਿਆ ਤਾਂ ਉਨ੍ਹਾਂ ਨੇ ਉਸਦਾ ਪਿੱਛਾ ਕੀਤਾ । ਉਨ੍ਹਾਂ ਨੇ ਸਮਝਿਆ ਕਿ ਉਹ ਕਬਰ ਤੇ ਰੋਣ ਜਾ ਰਹੀ ਹੈ ।32ਮਰਿਯਮ ਉੱਥੇ ਆਈ ਜਿੱਥੇ ਯਿਸੂ ਸੀ । ਜਦੋਂ ਮਰਿਯਮ ਨੇ ਯਿਸੂ ਨੂੰ ਵੇਖਿਆ ਉਹ ਉਸ ਦੇ ਚਰਨਾਂ ਤੇ ਡਿੱਗ ਪਈ ਅਤੇ ਆਖਿਆ, “ਪ੍ਰਭੂ, ਜੇਕਰ ਤੂੰ ਇੱਥੇ ਹੁੰਦਾ, ਮੇਰਾ ਭਰਾ ਨਾ ਮਰਦਾ ।”
33ਜਦੋਂ ਯਿਸੂ ਨੇ ਮਰਿਯਮ ਅਤੇ ਉਸ ਦੇ ਨਾਲ ਆਏ ਯਹੂਦੀਆਂ ਨੂੰ ਰੋਂਦੇ ਵੇਖਿਆ ਤਾਂ ਯਿਸੂ ਆਪਣੇ ਆਤਮਾ ਵਿੱਚ ਬਹੁਤ ਦੁੱਖੀ ਹੋਇਆ ਅਤੇ ਦਰਦ ਮਹਿਸੂਸ ਕੀਤਾ ।34ਉਸ ਨੇ ਪੁੱਛਿਆ, “ਲਾਜ਼ਰ ਨੂੰ ਤੁਸੀਂ ਕਿੱਥੇ ਰੱਖਿਆ ਹੈ ।” ਉਨ੍ਹਾਂ ਆਖਿਆ, “ਪ੍ਰਭੂ ਜੀ ਆਓ ਅਤੇ ਵੇਖੋ ।”35ਯਿਸੂ ਰੋਇਆ,
36ਫਿਰ ਯਹੂਦੀਆਂ ਨੇ ਆਖਿਆ, “ਵੇਖੋ, ਉਹ ਉਸ ਨਾਲ ਕਿੰਨ੍ਹਾਂ ਪਿਆਰ ਕਰਦਾ ਸੀ ।”37ਪਰ ਕੁੱਝ ਯਹੂਦੀਆਂ ਨੇ ਆਖਿਆ, “ਉਹ ਜਿਸ ਨੇ ਅੰਨ੍ਹੇ ਨੂੰ ਸੁਜਾਖਾ ਕੀਤਾ, ਕੀ ਉਹ ਲਾਜ਼ਰ ਨੂੰ ਮਰਨ ਤੋਂ ਰੋਕਣ ਲਈ ਕੁੱਝ ਨਾ ਕਰ ਸਕਿਆ ?”
ਲਾਜ਼ਰ ਨੂੰ ਜਿਵਾਲਣਾ

38ਇੱਕ ਵਾਰ ਫੇਰ ਯਿਸੂ ਨੇ ਆਪਣੇ ਮਨ ਵਿੱਚ ਬੜਾ ਦੁੱਖ ਮਹਿਸੂਸ ਕੀਤਾ । ਯਿਸੂ ਲਾਜ਼ਰ ਦੀ ਕਬਰ ਤੇ ਗਿਆ ਜੋ ਕਿ ਇੱਕ ਗੁਫਾ ਸੀ, ਉਸ ਉੱਪਰ ਪੱਥਰ ਧਰਿਆ ਹੋਇਆ ਸੀ ।39ਯਿਸੂ ਨੇ ਆਖਿਆ, “ਇਸ ਪੱਥਰ ਨੂੰ ਹਟਾ ਦੇਵੋ ।” ਮਾਰਥਾ ਨੇ ਕਿਹਾ, “ਹੇ ਪ੍ਰਭੂ ਲਾਜ਼ਰ ਨੂੰ ਮਰਿਆਂ ਤਾਂ ਚਾਰ ਦਿਨ ਹੋ ਗਏ ਹਨ, ਉੱਥੋਂ ਤਾਂ ਹੁਣ ਬਦਬੂ ਆਉਂਦੀ ਹੋਵੇਗੀ ।”40ਯਿਸੂ ਨੇ ਮਾਰਥਾ ਨੂੰ ਆਖਿਆ, “ਯਾਦ ਕਰ, ਮੈਂ ਤੈਨੂੰ ਕੀ ਕਿਹਾ ਸੀ ? ਜੇਕਰ ਤੂੰ ਵਿਸ਼ਵਾਸ ਕਰੇਂਗੀ ਤਾਂ ਤੂੰ ਪਰਮੇਸ਼ੁਰ ਦੀ ਮਹਿਮਾ ਵੇਖੇਂਗੀ ।”
41ਫ਼ੇਰ ਉਨ੍ਹਾਂ ਨੇ ਕਬਰ ਤੋਂ ਪੱਥਰ ਹਟਾਇਆ । ਯਿਸੂ ਨੇ ਉੱਪਰ ਵੇਖਿਆ ਅਤੇ ਆਖਿਆ, “ਹੇ ਪਿਤਾ, ਮੈਂ ਤੇਰਾ ਧੰਨਵਾਦ ਕਰਦਾ ਹਾਂ ਜੋ ਤੂੰ ਮੇਰੀ ਸੁਣੀ ਹੈ ।42ਮੈਂ ਜਾਣਦਾ ਹਾਂ ਕਿ ਤੂੰ ਮੇਰੀ ਸਦਾ ਸੁਣਦਾ ਹੈਂ, ਪਰ ਇਹ ਗੱਲ ਮੈਂ ਇਸ ਲਈ ਕਹੀ ਕਿਉਂਕਿ ਬਹੁਤ ਸਾਰੇ ਲੋਕ ਇਸ ਸਮੇਂ ਮੇਰੇ ਕੋਲ ਇਕੱਠੇ ਹੋਏ ਹਨ ਤੇ ਮੈਂ ਚਾਹੁੰਦਾ ਹਾਂ ਕਿ ਉਹ ਵਿਸ਼ਵਾਸ ਕਰਨ ਕਿ ਤੂੰ ਮੈਨੂੰ ਭੇਜਿਆ ਹੈ ।”
43ਇਸ ਪ੍ਰਾਰਥਨਾ ਤੋਂ ਬਾਅਦ ਉਹ ਉੱਚੀ ਅਵਾਜ਼ ਨਾਲ ਬੁਲਾਇਆ, “ਲਾਜ਼ਰ, ਬਾਹਰ ਨਿੱਕਲ ਆ ।”44ਉਹ ਮਰਿਆ ਹੋਇਆ ਲਾਜ਼ਰ ਬਾਹਰ ਨਿੱਕਲ ਆਇਆ । ਉਸ ਦੇ ਹੱਥ-ਪੈਰ ਕੱਪੜੇ ਨਾਲ ਬੰਨੇ ਹੋਏ ਸਨ ਅਤੇ ਉਸਦਾ ਮੂੰਹ ਰੁਮਾਲ ਨਾਲ ਲਪੇਟਿਆ ਹੋਇਆ ਸੀ । ਯਿਸੂ ਨੇ ਲੋਕਾਂ ਨੂੰ ਆਖਿਆ, “ਇਸ ਦੇ ਉੱਪਰੋਂ ਕੱਪੜਾ ਖੋਲ੍ਹੋ ਅਤੇ ਇਸ ਨੂੰ ਜਾਣ ਦਿਓ ।”
ਯਿਸੂ ਦੇ ਵਿਰੋਧ ਵਿੱਚ ਸਾਜਿਸ਼
(ਮੱਤੀ 26:1-5, ਮਰਕੁਸ 14:1, 2 ਲੂਕਾ 22:1, 2)

45ਬਹੁਤ ਸਾਰੇ ਯਹੂਦੀ ਉੱਥੇ ਮਰਿਯਮ ਨੂੰ ਵੇਖਣ ਲਈ ਆਏ ਹੋਏ ਸਨ । ਜੋ ਯਿਸੂ ਨੇ ਕੀਤਾ ਉਨ੍ਹਾਂ ਨੇ ਵੇਖਿਆ ਅਤੇ ਉਨ੍ਹਾਂ ਵਿੱਚੋਂ ਬਹੁਤਿਆਂ ਨੇ ਉਸ ਤੇ ਵਿਸ਼ਵਾਸ ਕੀਤਾ ।46ਪਰ ਕੁੱਝ ਯਹੂਦੀ ਫ਼ਰੀਸੀਆਂ ਕੋਲ ਗਏ ਤੇ ਜਾ ਕੇ ਫ਼ਰੀਸੀਆਂ ਨੂੰ ਯਿਸੂ ਦੇ ਕੰਮ ਬਾਰੇ ਦੱਸਿਆ ਕਿ ਉਸ ਨੇ ਕੀ ਕੀਤਾ ਸੀ ।
47ਤਾਂ ਫਿਰ ਮੁੱਖ ਜਾਜਕਾਂ ਅਤੇ ਫ਼ਰੀਸੀਆਂ ਨੇ ਯਹੂਦੀਆਂ ਦੀ ਇੱਕ ਸਭਾ ਬੁਲਾਈ ਅਤੇ ਕਿਹਾ, “ਸਾਨੂੰ ਕੀ ਕਰਨਾ ਚਾਹੀਦਾ ਹੈ ? ਇਹ ਮਨੁੱਖ ਬਹੁਤ ਚਮਤਕਾਰ ਕਰ ਰਿਹਾ ਹੈ ।48ਜੇਕਰ ਅਸੀਂ ਇਸ ਨੂੰ ਓਵੇਂ ਹੀ ਛੱਡ ਦਿੱਤਾ, ਤਾਂ ਹਰ ਕੋਈ ਉਸ ਉੱਤੇ ਵਿਸ਼ਵਾਸ ਕਰੇਗਾ । ਤਦ ਫਿਰ ਰੋਮੀ ਆ ਜਾਣਗੇ ਅਤੇ ਸਾਡੀ ਹੈਕਲ ਅਤੇ ਸਾਡੀ ਕੌਮ ਨੂੰ ਨਾਸ ਕਰ ਦੇਣਗੇ ।”
49ਉਨ੍ਹਾਂ ਵਿੱਚੋਂ ਇੱਕ ਕਯਾਫ਼ਾ ਸੀ । ਉਹ ਉਸ ਸਾਲ ਦਾ ਪ੍ਰਧਾਨ ਜਾਜਕ ਸੀ । ਉਸ ਨੇ ਆਖਿਆ, “ਤੁਸੀਂ ਲੋਕ ਕੁੱਝ ਵੀ ਨਹੀਂ ਜਾਣਦੇ ।50ਕੀ ਤੁਸੀਂ ਮਹਿਸੂਸ ਨਹੀਂ ਕਰਦੇ ਕਿ ਸਾਰੀ ਕੌਮ ਦੇ ਨਾਸ ਦੀ ਬਜਾਏ ਲੋਕਾਂ ਲਈ ਇੱਕ ਮਨੁੱਖ ਦਾ ਮਰ ਜਾਣਾ ਚੰਗਾ ਹੈ ।”
51ਕਯਾਫ਼ਾ ਨੇ ਇਹ ਆਪਣੀ ਵਲੋਂ ਨਹੀਂ ਕਿਹਾ ਸੀ । ਉਹ ਉਸ ਸਾਲ ਪ੍ਰਧਾਨ ਜਾਜਕ ਸੀ ਇਸ ਲਈ ਉਸ ਨੇ ਭਵਿੱਖਬਾਣੀ ਕੀਤੀ ਕਿ ਯਿਸੂ ਕੌਮ ਲਈ ਮਰਨ ਵਾਲਾ ਸੀ ।52ਹਾਂ, ਯਿਸੂ ਸਿਰਫ਼ ਯਹੂਦੀ ਕੌਮ ਲਈ ਨਹੀਂ ਮਰੇਗਾ ਸਗੋਂ ਪਰਮੇਸ਼ੁਰ ਦੇ ਸਾਰੇ ਬੱਚਿਆਂ ਵਾਸਤੇ ਜਿਹੜੇ ਕਿ ਸਾਰੀ ਦੁਨੀਆਂ ਵਿੱਚ ਖਿੰਡੇ ਹੋਏ ਹਨ, ਤਾਂ ਕਿ ਉਹ ਉਨ੍ਹਾਂ ਨੂੰ ਇਕੱਠਿਆਂ ਕਰ ਲਵੇ ।53ਉਸ ਦਿਨ ਤੋਂ ਯਹੂਦੀ ਆਗੂਆਂ ਨੇ ਯਿਸੂ ਨੂੰ ਜਾਨੋਂ ਮਾਰਨ ਬਾਰੇ ਮਤਾ ਪਕਾਇਆ ।
54ਤਦ ਯਿਸੂ ਨੇ ਯਹੂਦੀਆਂ ਵਿੱਚ ਖੁੱਲੇ-ਆਮ ਘੁੰਮਣਾ ਬੰਦ ਕਰ ਦਿੱਤਾ । ਉਹ ਯਰੂਸ਼ਲਮ ਛੱਡ ਕੇ ਇਫ਼ਰਾਈਮ ਨਾਮ ਦੇ ਇੱਕ ਨਗਰ ਵੱਲ ਚਲਾ ਗਿਆ ਜਿਹੜਾ ਉਜਾੜ ਦੇ ਨੇੜੇ ਸੀ । ਉੱਥੇ ਕੁੱਝ ਦੇਰ ਉਹ ਆਪਣੇ ਚੇਲਿਆਂ ਨਾਲ ਰਿਹਾ ।55ਯਹੂਦੀਆਂ ਦਾ ਪਸਾਹ ਦਾ ਤਿਉਹਾਰ ਮਨਾਉਣ ਦਾ ਸਮਾਂ ਨੇੜੇ ਸੀ । ਇਸ ਲਈ ਬਹੁਤ ਸਾਰੇ ਲੋਕ ਕਈ ਦੇਸਾਂ ਤੋਂ ਯਰੂਸ਼ਲਮ ਵਿੱਚ ਆਪਣੇ ਆਪ ਨੂੰ ਸ਼ੁੱਧ ਕਰਨ ਲਈ ਆਏ ।
56ਇਨ੍ਹਾਂ ਲੋਕਾਂ ਨੇ ਯਿਸੂ ਨੂੰ ਲੱਭਣਾ ਸ਼ੁਰੂ ਕਰ ਦਿੱਤਾ । ਉਹ ਹੈਕਲ ਦੇ ਇਲਾਕੇ ਵਿੱਚ ਖੜ੍ਹੇ ਹੋ ਗਏ ਅਤੇ ਇੱਕ ਦੂਜੇ ਨੂੰ ਕਿਹਾ, “ਕੀ ਉਹ ਇਸ ਤਿਉਹਾਰ ਤੇ ਨਹੀਂ ਆਵੇਗਾ ? ਤੁਸੀਂ ਕੀ ਸੋਚਦੇ ਹੋ ? ”57ਪਰ ਮੁੱਖ ਜਾਜਕ ਅਤੇ ਫ਼ਰੀਸੀਆਂ ਨੇ ਆਗਿਆ ਦਿੱਤੀ ਕਿ ਜੇ ਕੋਈ ਜਾਣਦਾ ਹੋਵੇ ਕਿ ਯਿਸੂ ਕਿੱਥੇ ਹੈ । ਉਹ ਉਨ੍ਹਾਂ ਨੂੰ ਦੱਸਣ ਤਾਂ ਜੋ ਪ੍ਰਧਾਨ ਜਾਜਕ ਅਤੇ ਫ਼ਰੀਸੀ ਉਸ ਨੂੰ ਕੈਦ ਕਰ ਸਕਣ ।

12
ਯਿਸੂ ਦੇ ਪੈਰਾਂ ਉੱਤੇ ਅਤਰ ਪਾਉਣਾ
(ਮੱਤੀ 26:6-13, ਮਰਕੁਸ 14:3-9)

1ਪਸਾਹ ਦੇ ਤਿਉਹਾਰ ਤੋਂ ਛੇ ਦਿਨ ਪਹਿਲਾਂ ਯਿਸੂ ਬੈਤਆਨਿਯਾ ਵਿੱਚ ਆਇਆ, ਜਿੱਥੇ ਲਾਜ਼ਰ ਰਹਿੰਦਾ ਸੀ । ਲਾਜ਼ਰ ਉਹ ਆਦਮੀ ਸੀ, ਜਿਸ ਨੂੰ ਯਿਸੂ ਨੇ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ ਸੀ l2ਉੱਥੇ ਉਨ੍ਹਾਂ ਨੇ ਯਿਸੂ ਲਈ ਭੋਜਨ ਤਿਆਰ ਕੀਤਾ ਅਤੇ ਮਾਰਥਾ ਨੇ ਭੋਜਨ ਵਰਤਾਇਆ । ਲਾਜ਼ਰ ਉਨ੍ਹਾਂ ਵਿੱਚੋਂ ਇੱਕ ਸੀ ਜੋ ਯਿਸੂ ਨਾਲ ਭੋਜਨ ਕਰ ਰਿਹਾ ਸੀ ।3ਮਰਿਯਮ ਨੇ ਜਟਾਮਾਂਸੀ ਦਾ ਮਹਿੰਗਾ ਅਤਰ ਲਿਆ । ਉਸ ਨੇ ਇਸ ਨੂੰ ਯਿਸੂ ਦੇ ਚਰਨਾਂ ਉੱਤੇ ਮਲਿਆ ਅਤੇ ਆਪਣੇ ਵਾਲਾਂ ਨਾਲ ਉਸ ਦੇ ਪੈਰ ਸਾਫ਼ ਕੀਤੇ । ਸਾਰਾ ਘਰ ਅਤਰ ਦੀ ਸੁਗੰਧ ਨਾਲ ਭਰ ਗਿਆ ।

4ਯਹੂਦਾ ਇਸਕਰਿਯੋਤੀ ਯਿਸੂ ਦੇ ਚੇਲਿਆਂ ਵਿੱਚੋਂ ਇੱਕ ਸੀ । (ਇਹ ਉਹ ਸੀ ਜਿਸ ਨੇ ਯਿਸੂ ਨੂੰ ਫੜਵਾਉਣਾ ਸੀ) ਯਹੂਦਾ ਨੇ ਆਖਿਆ5“ਉਹ ਅਤਰ ਚਾਂਦੀ ਦੇ ਤਿੰਨ ਸੌ ਸਿੱਕਿਆਂ ਦੇ ਮੁੱਲ ਦਾ ਸੀ । ਇਸ ਨੂੰ ਯਿਸੂ ਤੇ ਮਲਣ ਦੀ ਬਜਾਇ ਇਸ ਅਤਰ ਨੂੰ ਬਾਜ਼ਾਰ ਵਿੱਚ ਵੇਚ ਕੇ ਗਰੀਬਾਂ ਦੀ ਮਦਦ ਕੀਤੀ ਜਾ ਸਕਦੀ ਸੀ ।”6ਯਹੂਦਾ ਨੇ ਇਹ ਗੱਲ ਇਸ ਲਈ ਨਹੀਂ ਆਖੀ ਸੀ ਕਿ ਉਹ ਗਰੀਬਾਂ ਬਾਰੇ ਚਿੰਤਾ ਕਰਦਾ ਸੀ, ਪਰ ਉਹ ਚੋਰ ਸੀ । ਚੇਲਿਆਂ ਦੀ ਟੋਲੀ ਲਈ ਧਨ ਵਾਲੀ ਥੈਲੀ ਉਸ ਕੋਲ ਹੁੰਦੀ ਸੀ, ਜਿਸ ਵਿੱਚੋਂ ਜਦੋਂ ਉਹ ਚਾਹੇ ਚੋਰੀ ਕਰ ਲੈਂਦਾ ਸੀ ।
7ਯਿਸੂ ਨੇ ਆਖਿਆ, “ਉਸ ਨੂੰ ਨਾ ਰੋਕੋ, ਉਸ ਨੂੰ ਇਹ ਮੇਰੇ ਦਫ਼ਨਾਉਣ ਦੇ ਦਿਨ ਦੀ ਤਿਆਰੀ ਲਈ ਕਰਨ ਦਿਉ ।8ਕੰਗਾਲ ਲੋਕ ਸਦਾ ਤੁਹਾਡੇ ਨਾਲ ਹੋਣਗੇ, ਪਰ ਮੈਂ ਸਦਾ ਤੁਹਾਡੇ ਨਾਲ ਨਹੀਂ ਹੋਵਾਂਗਾ ।”
ਲਾਜ਼ਰ ਦੇ ਵਿਰੁੱਧ ਸਾਜਿਸ਼

9ਬਹੁਤ ਸਾਰੇ ਯਹੂਦੀ ਜਾਣ ਗਏ ਕਿ ਯਿਸੂ ਬੈਤਅਨਿਯਾ ਵਿੱਚ ਸੀ ਅਤੇ ਉਹ ਯਿਸੂ ਨੂੰ ਹੀ ਨਹੀਂ ਸਗੋਂ ਲਾਜ਼ਰ ਨੂੰ ਵੀ ਵੇਖਣ ਆਏ । ਲਾਜ਼ਰ ਨੂੰ ਯਿਸੂ ਨੇ ਮੁਰਦੇ ਤੋਂ ਜਿਵਾਇਆ ਸੀ ।10ਤਦ ਮੁੱਖ ਜਾਜਕਾਂ ਨੇ ਲਾਜ਼ਰ ਨੂੰ ਵੀ ਮਾਰਨ ਦੀ ਸੋਚ ਬਣਾਈ ।11ਲਾਜ਼ਰ ਦੇ ਕਾਰਨ ਬਹੁਤ ਸਾਰੇ ਯਹੂਦੀ ਆਪਣੇ ਆਗੂਆਂ ਨੂੰ ਛੱਡ ਕੇ ਯਿਸੂ ਤੇ ਵਿਸ਼ਵਾਸ ਕਰਨ ਲੱਗ ਪਏ ਸਨ ਇਸ ਲਈ ਯਹੂਦੀਆਂ ਦੇ ਆਗੂ ਲਾਜ਼ਰ ਨੂੰ ਵੀ ਮਾਰ ਮੁਕਾਉਣਾ ਚਾਹੁੰਦੇ ਸਨ ।
ਯਰੂਸ਼ਲਮ ਵਿੱਚ ਰਾਜਾ ਦੀ ਤਰ੍ਹਾਂ ਆਉਣਾ
(ਮੱਤੀ 21:1-11, ਮਰਕੁਸ 11:1-11, ਲੂਕਾ 19:28-40)

12ਅਗਲੇ ਦਿਨ ਲੋਕਾਂ ਨੂੰ ਇਹ ਪਤਾ ਲੱਗਾ ਕਿ ਯਿਸੂ ਯਰੂਸ਼ਲਮ ਨੂੰ ਆਉਂਦਾ ਹੈ । ਉੱਥੇ ਬਹੁਤ ਸਾਰੇ ਲੋਕ ਸਨ ਜਿਹੜੇ ਪਸਾਹ ਦੇ ਤਿਉਹਾਰ ਤੇ ਆਏ ਸਨ ।13ਉਹ ਖਜ਼ੂਰ ਦੀਆਂ ਟਹਿਣੀਆਂ ਲੈ ਕੇ ਯਿਸੂ ਨੂੰ ਮਿਲਣ ਲਈ ਆਏ ਅਤੇ ਉੱਚੀ-ਉੱਚੀ ਆਖਣ ਲੱਗੇ; “ਹੋਸੰਨਾ ! ਪਰਮੇਸ਼ੁਰ ਉਸ ਨੂੰ ਬਰਕਤ ਦੇਵੇ ਜੋ ਕੋਈ ਪ੍ਰਭੂ ਦੇ ਨਾਮ ਤੇ ਆਉਂਦਾ ਹੈ । ਇਸਰਾਏਲ ਦੇ ਪਾਤਸ਼ਾਹ ਉੱਤੇ ਪਰਮੇਸ਼ੁਰ ਦੀ ਕਿਰਪਾ ਹੋਵੇ !”
14ਯਿਸੂ ਨੇ ਇੱਕ ਗਧੀ ਦਾ ਬੱਚਾ ਲਿਆ ਅਤੇ ਉਸ ਉੱਤੇ ਬੈਠ ਗਿਆ । ਇਸ ਨੇ ਜੋ ਪੋਥੀ ਵਿੱਚ ਲਿਖਿਆ ਪੂਰਾ ਕਰ ਦਿੱਤਾ15“ਸੀਯੋਨ ਦੀ ਬੇਟੀ ਨਾ ਡਰ ! ਵੇਖ, ਤੇਰਾ ਬਾਦਸ਼ਾਹ ਇੱਕ ਗਧੀ ਦੇ ਬੱਚੇ ਤੇ ਸਵਾਰ ਹੋ ਕੇ ਆਉਂਦਾ ਹੈ ।”
16ਯਿਸੂ ਦੇ ਚੇਲੇ ਉਸ ਸਮੇਂ ਇਹ ਨਾ ਸਮਝ ਸਕੇ ਕਿ ਉਹ ਇਹ ਸਭ ਕੀ ਕਰ ਰਿਹਾ ਹੈ । ਪਰ ਜਦੋਂ ਯਿਸੂ ਮਹਿਮਾ ਨੂੰ ਪਹੁੰਚਿਆ ਉਨ੍ਹਾਂ ਨੂੰ ਯਾਦ ਆਇਆ ਕਿ ਇਹ ਗੱਲਾਂ ਉਸ ਦੇ ਬਾਰੇ ਲਿਖੀਆਂ ਹੋਈਆਂ ਸਨ ਅਤੇ ਉਨ੍ਹਾਂ ਨੇ ਇਹ ਗੱਲਾਂ ਉਸ ਲਈ ਕੀਤੀਆਂ ਸਨ ।
17ਜਦੋਂ ਯਿਸੂ ਨੇ ਲਾਜ਼ਰ ਨੂੰ ਜਿਉਂਦਾ ਕੀਤਾ ਉਸ ਸਮੇਂ ਉਸ ਨਾਲ ਬਹੁਤ ਵੱਡੀ ਭੀੜ ਸੀ ਅਤੇ ਉਸ ਨੇ ਲਾਜ਼ਰ ਨੂੰ ਸੱਦਿਆ ਕਿ ਕਬਰ ਚੋਂ ਬਾਹਰ ਨਿੱਕਲ ਆ । ਹੁਣ ਉਹ ਲੋਕ ਉਸ ਬਾਰੇ, ਜੋ ਉਨ੍ਹਾਂ ਨੇ ਵੇਖਿਆ ਅਤੇ ਸੁਣਿਆ ਸੀ, ਦੂਜਿਆਂ ਨੂੰ ਦੱਸ ਰਹੇ ਸਨ ।18ਬਹੁਤ ਸਾਰੇ ਲੋਕ ਯਿਸੂ ਨੂੰ ਮਿਲਣ ਲਈ ਆਏ ਕਿਉਂਕਿ ਉਨ੍ਹਾਂ ਨੇ ਉਸ ਦੇ ਕੀਤੇ ਇਸ ਚਮਤਕਾਰ ਬਾਰੇ ਸੁਣਿਆ ਸੀ ।19ਫ਼ਿਰ ਫ਼ਰੀਸੀਆਂ ਨੇ ਆਪਸ ਵਿੱਚ ਆਖਣਾ ਸ਼ੁਰੂ ਕਰ ਦਿੱਤਾ, “ਦੇਖੋ ! ਸਾਡੀ ਯੋਜਨਾ ਵਿਅਰਥ ਹੋ ਗਈ ਹੈ, ਕਿਉਂਕਿ ਸਭ ਲੋਕ ਉਸ ਦੇ ਮਗਰ ਲੱਗ ਰਹੇ ਹਨ ।”
ਯੂਨਾਨੀ ਯਿਸੂ ਨੂੰ ਲੱਭਦੇ ਹਨ

20ਉੱਥੇ ਉਨ੍ਹਾਂ ਵਿੱਚ ਕੁੱਝ ਯੂਨਾਨੀ ਲੋਕ ਵੀ ਸਨ, ਜੋ ਪਸਾਹ ਦੇ ਤਿਉਹਾਰ ਤੇ ਬੰਦਗੀ ਕਰਨ ਲਈ ਆਏ ਸਨ ।21ਇਹ ਯੂਨਾਨੀ ਲੋਕ ਫ਼ਿਲਿਪੁੱਸ ਕੋਲ ਆਏ ਜੋ ਗਲੀਲ ਅਤੇ ਬੈਤਸੈਦਾ ਤੋਂ ਸੀ । ਉਨ੍ਹਾਂ ਨੇ ਉਸ ਨੂੰ ਬੇਨਤੀ ਕੀਤੀ, “ਕਿ ਅਸੀਂ ਯਿਸੂ ਨੂੰ ਮਿਲਣਾ ਚਾਹੁੰਦੇ ਹਾਂ ।”22ਫ਼ਿਲਿਪੁੱਸ ਨੇ ਆ ਕੇ ਅੰਦ੍ਰਿਯਾਸ ਨੂੰ ਕਿਹਾ ਅਤੇ ਅੰਦ੍ਰਿਯਾਸ ਅਤੇ ਫ਼ਿਲਿਪੁੱਸ ਨੇ ਆ ਕੇ ਯਿਸੂ ਨੂੰ ਦੱਸਿਆ ।
23ਯਿਸੂ ਨੇ ਉੱਤਰ ਦਿੱਤਾ, “ਮਨੁੱਖ ਦੇ ਪੁੱਤਰ ਦੀ ਵਡਿਆਈ ਹੋਣ ਦਾ ਸਮਾਂ ਆ ਗਿਆ ਹੈ ।24ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਜਦ ਤੱਕ ਕਣਕ ਦਾ ਦਾਣਾ ਜ਼ਮੀਨ ਵਿੱਚ ਗਿਰ ਕੇ ਨਾ ਮਰੇ ਇਕੱਲਾ ਦਾਣਾ ਹੀ ਰਹਿੰਦਾ ਹੈ । ਪਰ ਜੇਕਰ ਇਹ ਮਰਦਾ ਹੈ ਤਾਂ ਇਹ ਬਹੁਤ ਸਾਰਾ ਫ਼ਲ ਦਿੰਦਾ ਹੈ ।
25ਜਿਹੜਾ ਮਨੁੱਖ ਆਪਣੀ ਜਾਨ ਨੂੰ ਪਿਆਰ ਕਰਦਾ ਹੈ ਉਹ ਇਸ ਨੂੰ ਗੁਆ ਲਵੇਗਾ । ਪਰ ਇਸ ਦੁਨੀਆਂ ਵਿੱਚ ਜਿਹੜਾ ਮਨੁੱਖ ਆਪਣੀ ਜਾਨ ਨੂੰ ਪਿਆਰ ਨਹੀਂ ਕਰਦਾ ਇਸ ਨੂੰ ਸਦੀਪਕ ਜੀਵਨ ਲਈ ਬਚਾ ਲਵੇਗਾ ।26ਜਿਹੜਾ ਮਨੁੱਖ ਮੇਰੀ ਸੇਵਾ ਕਰਦਾ ਹੈ, ਉਸ ਨੂੰ ਮੇਰੇ ਮਗਰ ਚੱਲਣਾ ਚਾਹੀਦਾ ਹੈ ਤਦ ਮੇਰਾ ਉਹ ਸੇਵਕ, ਜਿੱਥੇ ਵੀ ਮੈਂ ਹਾਂ, ਮੇਰੇ ਨਾਲ ਹੋਵੇਗਾ । ਜਿਹੜਾ ਮੇਰੀ ਸੇਵਾ ਕਰਦਾ ਹੈ, ਪਿਤਾ ਉਸ ਦਾ ਆਦਰ ਕਰਦਾ ਹੈ ।”
ਯਿਸੂ ਆਪਣੀ ਮੌਤ ਦੀ ਭਵਿੱਖਬਾਣੀ ਕਰਦਾ ਹੈ

27ਹੁਣ ਮੇਰਾ ਦਿਲ ਘਬਰਾਉਂਦਾ ਹੈ । ਮੈਨੂੰ ਕੀ ਆਖਣਾ ਚਾਹੀਦਾ ਹੈ ? ਕੀ ਮੈਂ ਇਹ ਆਖਾਂ, “ਹੇ ਪਿਤਾ, ਮੈਨੂੰ ਇਸ ਮੁਸੀਬਤ ਦੀ ਘੜੀ ਤੋਂ ਬਚਾ ? ” ਨਹੀਂ ! ਇਸ ਲਈ ਮੈਂ ਇਸ ਸਮੇਂ ਤੱਕ ਆਇਆ ਹਾਂ ।28ਹੇ ਪਿਤਾ, ਆਪਣੇ ਨਾਮ ਨੂੰ ਵਡਿਆਈ ਦੇ ! ਫ਼ਿਰ ਸਵਰਗ ਤੋਂ ਇੱਕ ਅਵਾਜ਼ ਆਈ, “ਮੈਂ ਆਪਣੇ ਆਪ ਨੂੰ ਵਡਿਆਈ ਦਿੱਤੀ ਅਤੇ ਮੈਂ ਫ਼ਿਰ ਵੀ ਇਸ ਨੂੰ ਵਡਿਆਈ ਦੇਵਾਂਗਾ ।”29ਜਿਹੜੇ ਲੋਕ ਉੱਥੇ ਖੜ੍ਹੇ ਸਨ ਉਨ੍ਹਾਂ ਨੇ ਇਹ ਅਵਾਜ਼ ਸੁਣੀ । ਉਨ੍ਹਾਂ ਨੇ ਆਖਿਆ, “ਇਹ ਬੱਦਲ ਗਰਜਿਆ ਹੈ ।” ਪਰ ਕੁੱਝ ਲੋਕਾਂ ਨੇ ਆਖਿਆ, “ਇੱਕ ਦੂਤ ਨੇ ਉਸ ਨਾਲ ਗੱਲ ਕੀਤੀ ਹੈ ।”
30ਯਿਸੂ ਨੇ ਲੋਕਾਂ ਨੂੰ ਕਿਹਾ, “ਇਹ ਅਵਾਜ਼ ਮੇਰੇ ਕਰਕੇ ਨਹੀਂ ਆਈ, ਸਗੋਂ ਤੁਹਾਡੀ ਲਈ ਆਈ ਹੈ ।31ਹੁਣ ਸੰਸਾਰ ਦੇ ਨਿਆਂ ਦਾ ਸਮਾਂ ਆ ਗਿਆ ਹੈ । ਹੁਣ ਇਸ ਸੰਸਾਰ ਦਾ ਹਾਕਮ ਬਾਹਰ ਕੱਢਿਆ ਜਾਵੇਗਾ ।
32ਮੈਂ ਵੀ ਇਸ ਸੰਸਾਰ ਤੋਂ ਉੱਚਾ ਕੀਤਾ ਜਾਂਵਾਂਗਾ ਅਤੇ ਜਦੋਂ ਇਉਂ ਹੋਵੇਗਾ ਤਾਂ ਸਾਰੇ ਲੋਕਾਂ ਨੂੰ ਆਪਣੇ ਵੱਲ ਖਿੱਚਾਂਗਾ ।”33ਇਹ ਆਖ ਕੇ, ਯਿਸੂ ਦੱਸ ਰਿਹਾ ਸੀ ਕਿ ਉਹ ਕਿਸ ਤਰ੍ਹਾਂ ਦੀ ਮੌਤ ਮਰੇਗਾ ।
34ਲੋਕਾਂ ਨੇ ਕਿਹਾ, “ਸਾਡੀ ਬਿਵਸਥਾ ਤਾਂ ਆਖਦੀ ਹੈ ਕਿ ਮਸੀਹ ਸਦਾ ਜੀਵੇਗਾ ਤਾਂ ਫ਼ਿਰ ਤੂੰ ਇਹ ਕਿਉਂ ਆਖਦਾ ਹੈ ਕਿ ਮਨੁੱਖ ਦਾ ਪੁੱਤਰ ਜ਼ਰੂਰ ਉੱਤੇ ਉੱਠਾਇਆ ਜਾਵੇਗਾ । ਇਹ ਮਨੁੱਖ ਦਾ ਪੁੱਤਰ ਕੌਣ ਹੈ ? ”35ਤਦ ਯਿਸੂ ਨੇ ਕਿਹਾ “ਚਾਨਣ ਕੁੱਝ ਹੀ ਸਮੇਂ ਲਈ ਤੁਹਾਡੇ ਨਾਲ ਹੈ, ਇਸ ਲਈ ਚਾਨਣ ਵਿੱਚ ਤੁਰੋ । ਜਿਹੜਾ ਮਨੁੱਖ ਹਨੇਰੇ ਵਿੱਚ ਚੱਲਦਾ ਉਸ ਨੂੰ ਨਹੀਂ ਪਤਾ ਹੁੰਦਾ ਕਿ ਉਹ ਕਿੱਥੇ ਚੱਲ ਰਿਹਾ ਹੈ ।36ਇਸ ਲਈ ਜਦੋਂ ਚਾਨਣ ਤੁਹਾਡੇ ਕੋਲ ਹੈ ਚਾਨਣ ਤੇ ਵਿਸ਼ਵਾਸ ਕਰੋ ਤਾਂ ਜੋ ਤੁਸੀਂ ਚਾਨਣ ਦੇ ਪੁੱਤਰ ਹੋਵੋਂ ।”
ਯਹੂਦੀਆਂ ਦਾ ਅਵਿਸ਼ਵਾਸ ਵਿੱਚ ਬਣੇ ਰਹਿਣਾ

ਇਹ ਸਭ ਕਹਿਣ ਤੋਂ ਬਾਅਦ ਯਿਸੂ ਅਜਿਹੀ ਜਗਾ ਚਲਾ ਗਿਆ ਜਿੱਥੇ ਲੋਕ ਉਸ ਨੂੰ ਨਾ ਲੱਭ ਸਕੇ ।

37ਯਿਸੂ ਨੇ ਲੋਕਾਂ ਸਾਹਮਣੇ ਬਹੁਤ ਸਾਰੇ ਚਮਤਕਾਰ ਕੀਤੇ । ਲੋਕਾਂ ਨੇ ਇਹ ਸਭ ਆਪਣੀ ਅੱਖੀਂ ਵੇਖਿਆ ਪਰ ਫ਼ਿਰ ਵੀ ਉਨ੍ਹਾਂ ਨੇ ਉਸ ਉੱਤੇ ਵਿਸ਼ਵਾਸ ਨਹੀਂ ਕੀਤਾ ।38ਇਹ ਤਾਂ ਹੋਇਆ ਜੋ ਨਬੀ ਯਸਾਯਾਹ ਦੀ ਭਵਿੱਖਬਾਣੀ ਸੱਚੀ ਹੋ ਸਕੇ: “ਹੇ ਪ੍ਰਭੂ ਸਾਡੇ ਸੰਦੇਸ਼ ਉੱਤੇ ਕਿਸ ਨੇ ਵਿਸ਼ਵਾਸ ਕੀਤਾ ? ਪ੍ਰਭੂ ਦੀ ਸ਼ਕਤੀ ਕਿਸ ਨੇ ਵੇਖੀ ? ”
39ਇਸੇ ਕਾਰਨ ਲੋਕ ਵਿਸ਼ਵਾਸ ਨਾ ਕਰ ਸਕੇ । ਜਿਵੇਂ ਕਿ ਯਸਾਯਾਹ ਫਿਰ ਆਖਦਾ ਹੈ,40“ਪਰਮੇਸ਼ੁਰ ਨੇ ਉਨ੍ਹਾਂ ਦੀਆਂ ਅੱਖੀਆਂ ਅੰਨ੍ਹੀਆਂ ਕਰ ਦਿੱਤੀਆਂ ਅਤੇ ਉਨ੍ਹਾਂ ਦੇ ਦਿਲ ਕਠੋਰ ਕਰ ਦਿੱਤੇ । ਤਾਂ ਜੋ ਨਾ ਉਹ ਆਪਣੀਆਂ ਅੱਖਾਂ ਨਾਲ ਵੇਖ ਸਕਣ, ਨਾ ਦਿਮਾਗ ਨਾਲ ਸਮਝ ਸਕਣ ਅਤੇ ਮੇਰੇ ਕੋਲ ਫ਼ਿਰ ਆਉਣ ਤਾਂ ਜੋ ਮੈਂ ਉਨ੍ਹਾਂ ਨੂੰ ਠੀਕ ਕਰ ਸਕਾਂ ।”
41ਯਸਾਯਾਹ ਨੇ ਇਹ ਇਸ ਲਈ ਆਖਿਆ ਕਿਉਂਕਿ ਉਸ ਨੇ ਉਸ ਦੀ ਮਹਿਮਾ ਵੇਖੀ ਸੀ ।42ਪਰ ਬਹੁਤ ਸਾਰੇ ਲੋਕਾਂ ਨੇ ਯਿਸੂ ਉੱਤੇ ਵਿਸ਼ਵਾਸ ਕੀਤਾ ਅਤੇ ਉਨ੍ਹਾਂ ਵਿੱਚੋਂ ਕਈ ਆਗੂ ਸਨ । ਪਰ ਕਿਉਂ ਜੋ ਉਹ ਫ਼ਰੀਸੀਆਂ ਕੋਲੋਂ ਡਰਦੇ ਸਨ ਉਨ੍ਹਾਂ ਨੇ ਖੁੱਲਕੇ ਨਾ ਆਖਿਆ ਕਿ ਉਹ ਯਿਸੂ ਉੱਤੇ ਵਿਸ਼ਵਾਸ ਕਰਦੇ ਹਨ । ਉਨ੍ਹਾਂ ਨੂੰ ਇਹ ਡਰ ਸੀ ਕਿ ਉਹ ਪ੍ਰਾਰਥਨਾ ਘਰ ਤੋਂ ਕੱਢ ਦਿੱਤੇ ਜਾਣਗੇ ।43ਇਨ੍ਹਾਂ ਲੋਕਾਂ ਨੇ ਪਰਮੇਸ਼ੁਰ ਦੀ ਵਡਿਆਈ ਨਾਲੋਂ ਵਧ ਲੋਕਾਂ ਦੀ ਵਡਿਆਈ ਨੂੰ ਪਿਆਰ ਕੀਤਾ ।
ਯਿਸੂ ਦੇ ਵਚਨ: ਨਿਆਂ ਦਾ ਅਧਾਰ

44ਤਦ ਯਿਸੂ ਨੇ ਉੱਚੀ ਅਵਾਜ਼ ਵਿੱਚ ਕਿਹਾ, “ਜੋ ਵਿਅਕਤੀ ਮੇਰੇ ਉੱਤੇ ਵਿਸ਼ਵਾਸ ਕਰਦਾ ਹੈ ਉਹ ਮੇਰੇ ਉੱਤੇ ਨਹੀਂ ਸਗੋਂ ਉਸ ਉੱਤੇ ਵਿਸ਼ਵਾਸ ਕਰਦਾ ਹੈ ਜਿਸ ਨੇ ਮੈਨੂੰ ਭੇਜਿਆ ਹੈ ।45ਜੋ ਵਿਅਕਤੀ ਮੈਨੂੰ ਵੇਖਦਾ ਹੈ ਉਹ ਉਸ ਨੂੰ ਵੇਖਦਾ ਹੈ ਜਿਸ ਨੇ ਮੈਨੂੰ ਭੇਜਿਆ ਹੈ ।
46ਮੈਂ ਚਾਨਣ ਹਾਂ ਅਤੇ ਮੈਂ ਇਸ ਦੁਨੀਆਂ ਉੱਤੇ ਆਇਆ ਤਾਂ ਜੋ ਉਹ ਮਨੁੱਖ ਜਿਹੜਾ ਮੇਰੇ ਉੱਤੇ ਵਿਸ਼ਵਾਸ ਕਰਦਾ, ਹਨੇਰੇ ਵਿੱਚ ਨਾ ਰਹੇ ।47ਜੋ ਮੇਰੀਆਂ ਸਿਖਿਆਵਾਂ ਸੁਣਦੇ ਹਨ ਅਤੇ ਇਸ ਨੂੰ ਨਹੀਂ ਮੰਨਦੇ । ਮੈਂ ਉਹਨਾਂ ਨੂੰ ਦੋਸ਼ੀ ਨਹੀਂ ਠਹਿਰਾਉਂਦਾ, ਸਗੋਂ ਲੋਕਾਂ ਨੂੰ ਬਚਾਉਣ ਲਈ ਆਇਆ ਹਾਂ ।
48ਜੋ ਮੇਰੇ ਉੱਤੇ ਵਿਸ਼ਵਾਸ ਕਰਨ ਤੋਂ ਇੰਨਕਾਰ ਕਰਦਾ ਹੈ ਅਤੇ ਜੋ ਗੱਲਾਂ ਮੈਂ ਆਖਦਾ ਹਾਂ ਉਨ੍ਹਾਂ ਨੂੰ ਨਹੀਂ ਕਬੂਲ ਕਰਦਾ । ਇਹੀ ਬਚਨ ਜਿਹੜਾ ਅੰਤ ਦੇ ਦਿਨ ਉਸ ਨੂੰ ਦੋਸ਼ੀ ਠਹਿਰਾਏਗਾ ।49ਕਿਉਂਕਿ ਮੈਂ ਆਪਣੇ ਮਨੋਂ ਨਹੀਂ ਕਿਹਾ ਸਗੋਂ ਜਿਸ ਪਿਤਾ ਨੇ ਮੈਨੂੰ ਭੇਜਿਆ, ਉਸ ਨੇ ਮੈਨੂੰ ਹੁਕਮ ਦਿੱਤਾ ਕਿ ਮੈਨੂੰ ਕੀ ਆਖਣਾ ਚਾਹੀਦਾ ਅਤੇ ਕੀ ਸਿਖਾਉਣਾ ਚਾਹੀਦਾ ।50ਅਤੇ ਮੈਂ ਜਾਣਦਾ ਹਾਂ ਕਿ ਪਰਮੇਸ਼ੁਰ ਦਾ ਬਚਨ ਸਦੀਪਕ ਜੀਵਨ ਲਿਆਉਂਦਾ ਹੈ । ਇਸੇ ਲਈ ਜੋ ਬਚਨ ਮੈਂ ਬੋਲਦਾ ਹਾਂ ਅਤੇ ਉਪਦੇਸ਼ ਦਿੰਦਾ ਹਾਂ ਉਹ ਉਹੀ ਹਨ ਜੋ ਪਿਤਾ ਨੇ ਮੈਨੂੰ ਬੋਲਣ ਲਈ ਕਿਹਾ ਹੈ ।”

13
ਯਿਸੂ ਆਪਣੇ ਚੇਲਿਆਂ ਦੇ ਪੈਰ ਧੋਂਦਾ ਹੈ

1ਇਹ ਸਮਾਂ ਯਹੂਦੀਆਂ ਦੇ ਪਸਾਹ ਦੇ ਤਿਉਹਾਰ ਦਾ ਸੀ ਅਤੇ ਯਿਸੂ ਜਾਣਦਾ ਸੀ ਕਿ ਉਸਦਾ ਸੰਸਾਰ ਨੂੰ ਛੱਡਣ ਅਤੇ ਆਪਣੇ ਪਿਤਾ ਕੋਲ ਜਾਣ ਦਾ ਸਮਾਂ ਨੇੜੇ ਸੀ । ਜਿਹੜੇ ਲੋਕ ਇਸ ਸੰਸਾਰ ਵਿੱਚ ਉਸ ਦੇ ਨੇੜੇ ਸਨ, ਯਿਸੂ ਨੇ ਸਦਾ ਉਨ੍ਹਾਂ ਨੂੰ ਪਿਆਰ ਕੀਤਾ ਸੀ ਅਤੇ ਉਸ ਨੇ ਅਜਿਹੇ ਲੋਕਾਂ ਨੂੰ ਅੰਤ ਤੱਕ ਪਿਆਰ ਕੀਤਾ ।2ਯਿਸੂ ਅਤੇ ਉਸ ਦੇ ਚੇਲੇ ਰਾਤ ਦਾ ਭੋਜਨ ਕਰ ਰਹੇ ਸਨ । ਸ਼ੈਤਾਨ ਪਹਿਲਾਂ ਹੀ ਸ਼ਮਊਨ ਦੇ ਪੁੱਤਰ ਯਹੂਦਾ ਇਸਕਰਿਯੋਤੀ ਨੂੰ ਯਿਸੂ ਨਾਲ ਧੋਖਾ ਕਰਨ ਲਈ ਦਿਲ ਵਿੱਚ ਪਾ ਚੁੱਕਿਆ ਸੀ ।

3ਯਿਸੂ ਜਾਣਦਾ ਸੀ ਕਿ ਪਿਤਾ ਨੇ ਉਸ ਨੂੰ ਸਭ ਅਧਿਕਾਰ ਦਿੱਤਾ ਹੋਇਆ ਸੀ । ਉਹ ਇਹ ਵੀ ਜਾਣਦਾ ਸੀ ਕਿ ਉਹ ਪਰਮੇਸ਼ੁਰ ਕੋਲੋਂ ਆਇਆ ਸੀ ਅਤੇ ਉਹ ਉਸ ਕੋਲ ਹੀ ਵਾਪਸ ਜਾਣ ਵਾਲਾ ਹੈ ।4ਜਦੋਂ ਉਹ ਭੋਜਨ ਕਰ ਰਹੇ ਸਨ ਯਿਸੂ ਉੱਠ ਖੜ੍ਹਾ ਹੋਇਆ ਅਤੇ ਆਪਣਾ ਚੋਗਾ ਲਾਹ ਦਿੱਤਾ ਅਤੇ ਤੌਲੀਆ ਲਿਆ ਜਿਸ ਨੂੰ ਉਸ ਨੇ ਆਪਣੇ ਲੱਕ ਦੁਆਲੇ ਲਪੇਟ ਲਿਆ ।5ਫ਼ਿਰ ਉਸ ਨੇ ਇੱਕ ਭਾਂਡੇ ਵਿੱਚ ਪਾਣੀ ਲਿਆ ਅਤੇ ਆਪਣੇ ਚੇਲਿਆਂ ਦੇ ਪੈਰ ਧੋਣੇ ਸ਼ੁਰੂ ਕਰ ਦਿੱਤੇ । ਉਸ ਦੇ ਲੱਕ ਨਾਲ ਇੱਕ ਤੌਲੀਆ ਸੀ, ਜਿਸ ਨਾਲ ਉਸ ਨੇ ਉਨ੍ਹਾਂ ਦੇ ਪੈਰ ਸਾਫ਼ ਕੀਤੇ ।
6ਜਦੋਂ ਯਿਸੂ ਸ਼ਮਊਨ ਪਤਰਸ ਕੋਲ ਆਇਆ ਪਤਰਸ ਨੇ ਯਿਸੂ ਨੂੰ ਕਿਹਾ, “ਪ੍ਰਭੂ, ਕੀ ਤੁਸੀਂ ਮੇਰੇ ਪੈਰ ਧੋਵੋਂਗੇ ? ”7ਯਿਸੂ ਨੇ ਆਖਿਆ “ਤੂੰ ਹੁਣੇ ਨਹੀਂ ਸਮਝੇਂਗਾ ਕਿ ਮੈਂ ਕੀ ਕਰ ਰਿਹਾ ਹਾਂ, ਸਗੋਂ ਤੂੰ ਬਾਅਦ ਵਿੱਚ ਸਮਝੇਂਗਾ ।”8ਪਤਰਸ ਨੇ ਕਿਹਾ, “ਤੂੰ ਕਦੇ ਵੀ ਮੇਰੇ ਪੈਰ ਨਹੀਂ ਧੋਵੇਂਗਾ ।” ਯਿਸੂ ਨੇ ਆਖਿਆ, “ਜੇਕਰ ਮੈਂ ਤੇਰੇ ਪੈਰ ਨਾ ਧੋਵਾਂ ਫ਼ਿਰ ਮੇਰੀ ਤੇਰੇ ਨਾਲ ਕੋਈ ਸਾਂਝ ਨਹੀਂ ਹੋਵੇਂਗੀ ।”9ਸ਼ਮਊਨ ਪਤਰਸ ਨੇ ਕਿਹਾ, “ਪ੍ਰਭੂ ਜੀ, ਫ਼ੇਰ ਸਿਰਫ਼ ਮੇਰੇ ਪੈਰ ਹੀ ਨਹੀਂ ਸਗੋਂ ਹੱਥ ਅਤੇ ਸਿਰ ਵੀ ਧੋ ਦੇਵੋ ।”
10ਯਿਸੂ ਨੇ ਆਖਿਆ, “ਉਹ ਮਨੁੱਖ ਜਿਸ ਨੇ ਆਪਣਾ ਸਾਰਾ ਸਰੀਰ ਸਾਫ਼ ਕੀਤਾ ਹੈ ਅਤੇ ਸਿਰਫ਼ ਉਸ ਦੇ ਪੈਰ ਧੋਣੇ ਚਾਹੀਦੇ ਹਨ । ਤੁਸੀਂ ਸਾਫ਼ ਹੋ, ਪਰ ਤੁਹਾਡੇ ਵਿੱਚੋਂ ਸਾਰੇ ਸਾਫ਼ ਨਹੀਂ ਹਨ ।”11ਯਿਸੂ ਨੂੰ ਪਤਾ ਸੀ ਕਿ ਉਸ ਦੇ ਵਿਰੁੱਧ ਕੌਣ ਹੋਵੇਗਾ ਇਸ ਲਈ ਉਸ ਨੇ ਆਖ਼ਿਆ: “ਤੁਹਾਡੇ ਵਿੱਚੋਂ ਹਰ ਕੋਈ ਸਾਫ਼ ਨਹੀਂ ਹੈ ।”
12ਜਦੋਂ ਯਿਸੂ ਉਨ੍ਹਾਂ ਦੇ ਪੈਰ ਧੋ ਹਟਿਆ ਤਾਂ ਉਹ ਫ਼ਿਰ ਆਪਣਾ ਚੋਗਾ ਪਾ ਕੇ ਮੇਜ਼ ਉੱਤੇ ਆਣ ਬੈਠਾ ਅਤੇ ਪੁੱਛਣ ਲੱਗਾ, “ਕੀ ਤੁਸੀਂ ਸਮਝਦੇ ਹੋ ਕਿ ਮੈਂ ਤੁਹਾਡੇ ਨਾਲ ਕੀ ਕੀਤਾ ਹੈ ? ”13ਤੁਸੀਂ ਮੈਨੂੰ “ਗੁਰੂ” ਅਤੇ “ਪ੍ਰਭੂ” ਕਹਿੰਦੇ ਹੋ ਅਤੇ ਇਹ ਠੀਕ ਹੈ, ਕਿਉਂਕਿ ਮੈਂ ਉਹੀ ਹਾਂ ।14ਮੈਂ ਤੁਹਾਡਾ ਪ੍ਰਭੂ ਵੀ ਹਾਂ ਅਤੇ ਗੁਰੂ ਵੀ । ਪਰ ਮੈਂ ਤੁਹਾਡੇ ਪੈਰ ਇੱਕ ਸੇਵਕ ਵਾਂਗੂੰ ਧੋਤੇ ਹਨ, ਇਸ ਲਈ ਤੁਹਾਨੂੰ ਵੀ ਚਾਹੀਦਾ ਹੈ ਇੱਕ ਦੂਜੇ ਦੇ ਪੈਰ ਧੋਵੋ ।15ਮੈਂ ਇਹ ਤੁਹਾਡੇ ਲਈ ਇੱਕ ਨਮੂਨਾ ਦੇਣ ਵਾਸਤੇ ਕੀਤਾ ਹੈ, ਤਾਂ ਜੋ ਤੁਸੀਂ ਵੀ ਉਵੇਂ ਕਰ ਸਕੋਂ ਜਿਵੇਂ ਮੈਂ ਤੁਹਾਡੇ ਨਾਲ ਕੀਤਾ ਹੈ ।
16ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ ਕਿ ਇੱਕ ਦਾਸ ਆਪਣੇ ਮਾਲਕ ਨਾਲੋਂ ਵੱਡਾ ਨਹੀਂ ਹੁੰਦਾ ਅਤੇ ਭੇਜਿਆ ਹੋਇਆ ਆਪਣੇ ਭੇਜਣ ਵਾਲੇ ਤੋਂ ਵੱਡਾ ਨਹੀਂ ਹੁੰਦਾ ।17ਜੇਕਰ ਤੁਸੀਂ ਇਹ ਗੱਲਾਂ ਜਾਣਦੇ ਹੋ, ਤਾਂ ਜਦੋਂ ਤੁਸੀਂ ਇਹ ਕਰੋਂਗੇ ਤਾਂ ਮੁਬਾਰਕ ਹੋਵੋਂਗੇ ।18“ਮੈਂ ਤੁਹਾਡੇ ਸਾਰਿਆਂ ਬਾਰੇ ਨਹੀਂ ਆਖਦਾ । ਮੈਂ ਉਨ੍ਹਾਂ ਨੂੰ ਜਾਣਦਾ ਹਾਂ ਜਿਨ੍ਹਾਂ ਨੂੰ ਮੈਂ ਚੁਣਿਆ ਹੈ । ਪਰ ਜੋ ਪਵਿੱਤਰ ਗ੍ਰੰਥ ਵਿੱਚ ਲਿਖਿਆ ਹੈ, ਪੂਰਾ ਹੋਣਾ ਚਾਹੀਦਾ ਹੈ: ‘ਉਹ ਇੱਕ ਜਿਸ ਨੇ ਮੇਰੇ ਨਾਲ ਖਾਧਾ ਮੇਰੇ ਵਿਰੁੱਧ ਹੋ ਗਿਆ ਹੈ ।’
19ਮੈਂ ਇਹ ਸਭ ਕੁੱਝ ਹੋਣ ਤੋਂ ਪਹਿਲਾਂ ਹੀ ਤੁਹਾਨੂੰ ਹੁਣ ਦੱਸ ਰਿਹਾ ਹਾਂ । ਜਦੋਂ ਉਹ ਹੋਵੇਗਾ, ਤੁਸੀਂ ਵਿਸ਼ਵਾਸ ਕਰੋਂਗੇ ਕਿ ਮੈਂ ਓਹੀ ਹਾਂ ।20ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ ਕਿ ਜੋ ਮੇਰੇ ਭੇਜੇ ਹੋਏ ਮਨੁੱਖ ਨੂੰ ਕਬੂਲ ਕਰਦਾ, ਸੋ ਮੈਨੂੰ ਕਬੂਲ ਕਰਦਾ ਹੈ ਅਤੇ ਉਹ ਜੋ ਮੈਨੂੰ ਕਬੂਲ ਕਰਦਾ ਸੋ ਮੇਰੇ ਭੇਜਣ ਵਾਲੇ ਨੂੰ ਕਬੂਲ ਕਰਦਾ ਹੈ ।”
ਯਿਸੂ ਆਪਣੇ ਫੜਵਾਏ ਜਾਣ ਬਾਰੇ ਭਵਿੱਖਬਾਣੀ ਕਰਦਾ ਹੈ
(ਮੱਤੀ 26:20-25, ਮਰਕੁਸ 14:17-21, ਲੂਕਾ 22:21-23)

21ਯਿਸੂ ਇਹ ਗੱਲਾਂ ਆਖਦੇ ਹੋਏ ਬੜਾ ਦੁੱਖੀ ਹੋਇਆ ਅਤੇ ਉਸ ਨੇ ਸਾਫ਼ ਆਖਿਆ, “ਮੈਂ ਤੁਹਾਨੂੰ ਸੱਚ-ਸੱਚ ਦੱਸਦਾ ਹਾਂ । ਤੁਹਾਡੇ ਵਿੱਚੋਂ ਇੱਕ ਮੈਨੂੰ ਧੋਖਾ ਦੇਵੇਗਾ ।”22ਯਿਸੂ ਦੇ ਚੇਲੇ ਭਰਮ ਵਿੱਚ ਪੈ ਗਏ ਅਤੇ ਉਨ੍ਹਾਂ ਨੇ ਇੱਕ ਦੂਜੇ ਵੱਲ ਵੇਖਿਆ । ਉਨ੍ਹਾਂ ਨੂੰ ਇਹ ਸਮਝ ਨਾ ਆਇਆ ਕਿ ਯਿਸੂ ਕਿਸ ਮਨੁੱਖ ਦੇ ਬਾਰੇ ਗੱਲ ਕਰ ਰਿਹਾ ਸੀ ।
23ਉਨ੍ਹਾਂ ਵਿੱਚੋਂ ਇੱਕ ਚੇਲਾ ਜਿਸ ਨੂੰ ਯਿਸੂ ਪਿਆਰ ਕਰਦਾ ਸੀ, ਉਸ ਨੇ ਯਿਸੂ ਦੀ ਛਾਤੀ ਨਾਲ ਢਾਸਣਾ ਲਾਇਆ ਸੀ ।24ਇਸ ਲਈ ਸ਼ਮਊਨ ਪਤਰਸ ਨੇ ਯਿਸੂ ਤੋਂ ਇਹ ਪੁੱਛਣ ਲਈ ਇਸ਼ਾਰਾ ਕੀਤਾ ਕਿ ਉਹ ਕਿਸ ਦੇ ਬਾਰੇ ਗੱਲ ਕਰ ਰਿਹਾ ਸੀ ।25ਉਹ ਚੇਲਾ ਯਿਸੂ ਦੇ ਹੋਰ ਨੇੜੇ ਹੋਇਆ ਅਤੇ ਉਸ ਨੂੰ ਪੁਛੱਣ ਲੱਗਾ, “ਹੇ ਪ੍ਰਭੂ, ਕੌਣ ਹੈ ਜੋ ਤੈਨੂੰ ਤੇਰੇ ਦੁਸ਼ਮਣਾਂ ਹੱਥੀਂ ਫ਼ੜਵਾਏਗਾ ।”
26ਯਿਸੂ ਨੇ ਆਖਿਆ, “ਜਿਸ ਲਈ ਮੈਂ ਰੋਟੀ ਕਟੋਰੇ ਵਿੱਚ ਡਬੋਵਾਂਗਾ ਅਤੇ ਉਸ ਨੂੰ ਦੇਵਾਂਗਾ ਉਹੀ ਇੱਕ ਹੈ ਜੋ ਮੈਨੂੰ ਮੇਰੇ ਦੁਸ਼ਮਣਾਂ ਹੱਥੀਂ ਫ਼ੜਵਾਏਗਾ ।” ਸੋ ਯਿਸੂ ਨੇ ਰੋਟੀ ਲਈ ਕਟੋਰੇ ਵਿੱਚ ਡਬੋਈ ਅਤੇ ਸ਼ਮਊਨ ਦੇ ਪੁੱਤਰ ਯਹੂਦਾ ਇਸਕਰਿਯੋਤੀ ਨੂੰ ਦਿੱਤੀ ।27ਜਿਵੇਂ ਹੀ ਯਹੂਦਾ ਨੇ ਰੋਟੀ ਲਈ ਸ਼ੈਤਾਨ ਉਸ ਵਿੱਚ ਵੜ ਗਿਆ । ਯਿਸੂ ਨੇ ਯਹੂਦਾ ਨੂੰ ਕਿਹਾ, “ਜੋ ਤੂੰ ਕਰਨਾ ਛੇਤੀ ਕਰ ।”
28ਮੇਜ਼ ਤੇ ਬੈਠਿਆਂ ਵਿੱਚੋਂ ਕੋਈ ਵੀ ਨਾ ਸਮਝ ਸਕਿਆ ਕਿ ਯਿਸੂ ਕੀ ਆਖ ਰਿਹਾ ਹੈ ਅਤੇ ਉਸ ਨੇ ਇਹ ਗੱਲ ਯਹੂਦਾ ਨੂੰ ਕਿਉਂ ਆਖੀ ।29ਯਹੂਦਾ ਕੋਲ ਧਨ ਵਾਲੀ ਥੈਲੀ ਰਹਿੰਦੀ ਸੀ । ਉਨ੍ਹਾਂ ਵਿੱਚੋਂ ਕੁੱਝ ਨੇ ਸਮਝਿਆ ਕਿ ਯਿਸੂ ਨੇ ਉਸ ਨੂੰ ਉਹ ਚੀਜ਼ਾਂ ਖਰੀਦਣ ਲਈ ਕਿਹਾ ਹੈ, ਜਿਨ੍ਹਾਂ ਦੀ ਤਿਉਹਾਰ ਲਈ ਲੋੜ ਹੈ ਜਾਂ ਉਸ ਨੂੰ ਗਰੀਬਾਂ ਨੂੰ ਕੁੱਝ ਦੇਣ ਲਈ ਕਿਹਾ ਹੈ ।30ਤਾਂ ਯਹੂਦਾ ਰੋਟੀ ਲੈ ਕੇ ਝੱਟ ਬਾਹਰ ਨਿੱਕਲ ਗਿਆ । ਇਹ ਰਾਤ ਦਾ ਸਮਾਂ ਸੀ ।
ਨਵਾਂ ਹੁਕਮ

31ਜਦੋਂ ਯਹੂਦਾ ਚਲਾ ਗਿਆ ਤਾਂ ਯਿਸੂ ਨੇ ਆਖਿਆ, “ਹੁਣ ਮਨੁੱਖ ਦੇ ਪੁੱਤਰ ਦੀ ਵਡਿਆਈ ਅਤੇ ਉਹ ਦੇ ਵਿੱਚ ਪਰਮੇਸ਼ੁਰ ਦੀ ਵਡਿਆਈ ਕੀਤੀ ਜਾਂਦੀ ।32ਜੇਕਰ ਪਰਮੇਸ਼ੁਰ ਉਸ ਰਾਹੀਂ ਵਡਿਆਈ ਪ੍ਰਾਪਤ ਕਰਦਾ ਹੈ, ਤਾਂ ਉਹ ਮਨੁੱਖ ਦੇ ਪੁੱਤਰ ਨੂੰ ਆਪਣੇ ਰਾਹੀਂ ਵਡਿਆਈ ਦੇਵੇਗਾ ਅਤੇ ਉਹ ਜਲਦੀ ਹੀ ਉਸ ਨੂੰ ਵਡਿਆਈ ਦੇਵੇਗਾ ।”33ਯਿਸੂ ਨੇ ਕਿਹਾ, “ਮੇਰੇ ਬੱਚਿਓ, ਮੈਂ ਹੋਰ ਥੋੜੀ ਦੇਰ ਤੁਹਾਡੇ ਕੋਲ ਰਹਾਂਗਾ । ਫੇਰ ਤੁਸੀਂ ਮੈਨੂੰ ਲਭੋਂਗੇ, ਪਰ ਜਿਵੇਂ ਕਿ ਮੈਂ ਯਹੂਦੀਆਂ ਨੂੰ ਕਿਹਾ ਸੀ ਮੈਂ ਹੁਣ ਤੁਹਾਨੂੰ ਵੀ ਕਹਿੰਦਾ ਹਾਂ ਕਿ ਤੁਸੀਂ ਉਸ ਜਗ੍ਹਾ ਨਹੀਂ ਆ ਸਕਦੇ ਜਿੱਥੇ ਮੈਂ ਜਾ ਰਿਹਾ ਹਾਂ ।
34ਮੈਂ ਤੁਹਾਨੂੰ ਨਵਾਂ ਹੁਕਮ ਦਿੰਦਾ ਹਾਂ । ਉਹ ਇਹ ਹੈ, ਕਿ ਤੁਸੀਂ ਇੱਕ ਦੂਜੇ ਨੂੰ ਪਿਆਰ ਕਰੋ । ਇੱਕ ਦੂਜੇ ਨੂੰ ਉਸੇ ਤਰ੍ਹਾਂ ਪਿਆਰ ਕਰੋ ਜਿਵੇਂ ਮੈਂ ਤੁਹਾਨੂੰ ਪਿਆਰ ਕਰਦਾ ਹਾਂ ।35ਜੇ ਤੁਸੀਂ ਇੱਕ ਦੂਜੇ ਨੂੰ ਪਿਆਰ ਕਰੋਂਗੇ ਤਾਂ ਸਾਰੇ ਲੋਕ ਜਾਨਣਗੇ ਕਿ ਤੁਸੀਂ ਮੇਰੇ ਚੇਲੇ ਹੋ ।”
ਪਤਰਸ ਦੇ ਇਨਕਾਰ ਦੀ ਭਵਿੱਖਬਾਣੀ
(ਮੱਤੀ 26:31-35, ਮਰਕੁਸ 14:27-31, ਲੂਕਾ 22:31-34)

36ਸ਼ਮਊਨ ਪਤਰਸ ਨੇ ਯਿਸੂ ਨੂੰ ਕਿਹਾ, “ਪ੍ਰਭੂ ਜੀ ਤੁਸੀਂ ਕਿੱਥੇ ਜਾ ਰਹੇ ਹੋ ? ” ਯਿਸੂ ਨੇ ਆਖਿਆ, “ਜਿੱਥੇ ਮੈਂ ਜਾਂਦਾ ਹਾਂ ਉੱਥੇ ਹੁਣ ਤੂੰ ਮੇਰੇ ਮਗਰ ਨਹੀਂ ਆ ਸਕਦਾ ਪਰ ਬਾਅਦ ਵਿੱਚ ਤੂੰ ਆ ਜਾਵੇਗਾ ।”37ਪਤਰਸ ਨੇ ਕਿਹਾ, “ਪ੍ਰਭੂ ਜੀ ਹੁਣ ਮੈਂ ਤੇਰੇ ਮਗਰ ਕਿਉਂ ਨਹੀਂ ਆ ਸਕਦਾ ? ਮੈਂ ਤੇਰੇ ਲਈ ਜਾਨ ਦੇਣ ਨੂੰ ਤਿਆਰ ਹਾਂ ।”38ਯਿਸੂ ਨੇ ਆਖਿਆ, “ਕੀ ਤੂੰ ਮੇਰੇ ਲਈ ਆਪਣੀ ਜਾਨ ਦੇਵੇਂਗਾ ? ਮੈਂ ਤੈਨੂੰ ਸੱਚ ਆਖਦਾ ਹਾਂ ਕਿ ਜਿੰਨੀ ਦੇਰ ਤੱਕ ਤੂੰ ਤਿੰਨ ਵਾਰੀ ਮੇਰਾ ਇੰਨਕਾਰ ਨਾ ਕਰੇਂ ਕੁੱਕੜ ਬਾਂਗ ਨਹੀਂ ਦੇਵੇਗਾ ।”

14
ਪਰਮੇਸ਼ੁਰ ਤੱਕ ਪਹੁੰਚਣ ਦਾ ਰਾਹ

1ਯਿਸੂ ਨੇ ਆਖਿਆ, “ਤੁਹਾਡਾ ਦਿਲ ਨਾ ਘਬਰਾਵੇ, ਪਰਮੇਸ਼ੁਰ ਉੱਤੇ ਭਰੋਸਾ ਕਰੋ ਅਤੇ ਮੇਰੇ ਉੱਤੇ ਵੀ ਭਰੋਸਾ ਕਰੋ ।2ਮੇਰੇ ਪਿਤਾ ਦੇ ਘਰ ਵਿੱਚ ਬਹੁਤ ਸਾਰੇ ਕਮਰੇ ਹਨ । ਜੇਕਰ ਇਹ ਸੱਚ ਨਾ ਹੁੰਦਾ ਤਾਂ ਮੈਂ ਤੁਹਾਨੂੰ ਨਾ ਕਹਿੰਦਾ । ਮੈਂ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਲਈ ਜਾ ਰਿਹਾ ਹਾਂ ।3ਉੱਥੇ ਜਾ ਕੇ ਤੇ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਤੋਂ ਬਾਅਦ, ਮੈਂ ਫੇਰ ਆਵਾਂਗਾ ਅਤੇ ਤੁਹਾਨੂੰ ਆਪਣੇ ਨਾਲ ਲੈ ਜਾਂਵਾਂਗਾ ।

4ਜਿੱਥੇ ਮੈਂ ਜਾਂਦਾ ਹਾਂ ਤੁਸੀਂ ਉਹ ਰਾਹ ਜਾਣਦੇ ਹੋ ।”5ਥੋਮਾ ਨੇ ਉਸ ਨੂੰ ਕਿਹਾ, “ਪ੍ਰਭੂ ਜੀ ਸਾਨੂੰ ਇਹ ਪਤਾ ਨਹੀਂ ਕਿ ਤੂੰ ਕਿੱਥੇ ਜਾ ਰਿਹਾ ਹੈ, ਫਿਰ ਅਸੀਂ ਰਾਹ ਕਿਵੇਂ ਜਾਣ ਸਕਦੇ ਹਾਂ ? ”6ਯਿਸੂ ਨੇ ਆਖਿਆ, “ਮੈਂ ਹੀ ਰਾਹ, ਸੱਚਾਈ ਅਤੇ ਜੀਵਨ ਹਾਂ । ਮੇਰੇ ਕੋਲ ਆਉਣ ਤੋਂ ਬਿਨ੍ਹਾਂ ਕੋਈ ਪਿਤਾ ਕੋਲ ਨਹੀਂ ਆ ਸਕਦਾ ।7ਜੇਕਰ ਤੁਸੀਂ ਮੈਨੂੰ ਜਾਣਦੇ ਤਾਂ ਤੁਸੀਂ ਪਿਤਾ ਨੂੰ ਵੀ ਜਾਣਦੇ ਹੋ । ਪਰ ਹੁਣ ਤੋਂ ਤੁਸੀਂ ਪਿਤਾ ਨੂੰ ਜਾਣਦੇ ਹੋ, ਤੁਸੀਂ ਉਸ ਨੂੰ ਵੇਖ ਲਿਆ ਹੈ ।”
8ਫਿਲਿਪੁੱਸ ਨੇ ਯਿਸੂ ਨੂੰ ਆਖਿਆ, “ਹੇ ਪ੍ਰਭੂ ਜੀ ! ਸਾਨੂੰ ਪਿਤਾ ਦਾ ਦਰਸ਼ਣ ਕਰਾ ਅਤੇ ਸਾਡੇ ਲਈ ਇਹੀ ਬਹੁਤ ਹੈ ।”9ਯਿਸੂ ਨੇ ਆਖਿਆ, “ਫਿਲਿਪੁੱਸ ਮੈਂ ਲੰਬੇ ਸਮੇਂ ਲਈ ਤੇਰੇ ਨਾਲ ਸੀ । ਪਰ ਹੁਣ ਵੀ ਤੂੰ ਮੈਨੂੰ ਨਹੀਂ ਜਾਣਦਾ ? ਜਿਸ ਮਨੁੱਖ ਨੇ ਮੈਨੂੰ ਵੇਖਿਆ ਹੈ ਉਸ ਨੇ ਪਿਤਾ ਨੂੰ ਵੀ ਵੇਖਿਆ ਹੈ । ਫਿਰ ਤੂੰ ਇਹ ਕਹਿੰਦਾ, ‘ਸਾਨੂੰ ਪਿਤਾ ਦੇ ਦਰਸ਼ਣ ਕਰਾ ? ’
10ਕੀ ਤੂੰ ਵਿਸ਼ਵਾਸ ਨਹੀਂ ਕਰਦਾ ਕਿ ਪਿਤਾ ਮੇਰੇ ਵਿੱਚ ਹੈ ਅਤੇ ਮੈਂ ਪਿਤਾ ਵਿੱਚ ? ਜਿਹੜੀਆਂ ਗੱਲਾਂ ਮੈਂ ਤੈਨੂੰ ਦੱਸਦਾ ਹਾਂ ਮੇਰੇ ਵੱਲੋਂ ਨਹੀਂ ਸਗੋਂ ਪਿਤਾ ਜੋ ਮੇਰੇ ਵਿੱਚ ਰਹਿੰਦਾ ਤੇ ਆਪਣੇ ਕੰਮ ਕਰਦਾ ਹੈ ।11ਜਦੋਂ ਮੈਂ ਇਹ ਆਖਦਾ ਹਾਂ ਕਿ ਪਿਤਾ ਮੇਰੇ ਵਿੱਚ ਹੈ ਤੇ ਮੈਂ ਪਿਤਾ ਵਿੱਚ ਹਾਂ, ਨਹੀਂ ਤਾਂ ਮੇਰੇ ਕੰਮਾਂ ਕਰਕੇ ਮੇਰੇ ਉੱਤੇ ਵਿਸ਼ਵਾਸ ਕਰੋ ।
12ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ ਕਿ ਜਿਹੜਾ ਮੇਰੇ ਉੱਤੇ ਵਿਸ਼ਵਾਸ ਕਰਦਾ ਉਹ ਵੀ ਮੇਰੇ ਜਿਹੇ ਕੰਮ ਕਰੇਗਾ । ਸਿਰਫ਼ ਇਹੀ ਨਹੀਂ, ਉਹ ਇਨ੍ਹਾਂ ਕੰਮਾਂ ਤੋਂ ਵੀ ਮਹਾਨ ਕੰਮ ਕਰੇਗਾ, ਕਿਉਂਕਿ ਮੈਂ ਵਾਪਿਸ ਪਿਤਾ ਕੋਲ ਜਾ ਰਿਹਾ ਹਾਂ ।13ਜੇਕਰ ਤੁਸੀਂ ਮੇਰੇ ਨਾਮ ਤੇ ਕੁੱਝ ਮੰਗੋਗੇ, ਤਾਂ ਮੈਂ ਦੇਵਾਂਗਾ । ਫਿਰ ਪੁੱਤਰ ਰਾਹੀਂ ਪਿਤਾ ਦੀ ਵਡਿਆਈ ਹੋਵੇਗੀ ।14ਜੇਕਰ ਤੁਸੀਂ ਮੇਰੇ ਨਾਮ ਉੱਤੇ ਕੁੱਝ ਮੰਗੋਗੇ ਮੈਂ ਉਹ ਦੇਵਾਂਗਾ ।”
ਪਵਿੱਤਰ ਆਤਮਾ ਦਾ ਵਾਅਦਾ

15“ਜੇਕਰ ਤੁਸੀਂ ਮੈਨੂੰ ਪਿਆਰ ਕਰਦੇ ਹੋ ਤਾਂ ਤੁਸੀਂ ਮੇਰੇ ਹੁਕਮਾਂ ਦੀ ਪਾਲਨਾ ਕਰੋਗੇ ।16ਅਤੇ ਮੈਂ ਪਿਤਾ ਕੋਲੋਂ ਮੰਗਾਂਗਾ ਅਤੇ ਉਹ ਤੁਹਾਡੇ ਲਈ ਦੂਸਰਾ ਸਹਾਇਕ ਦੇਵੇਗਾ ।17ਇਹ ਸਹਾਇਕ ਸੱਚ ਦਾ ਆਤਮਾ ਹੈ । ਇਹ ਸੰਸਾਰ ਉਸ ਨੂੰ ਪ੍ਰਾਪਤ ਨਹੀਂ ਕਰ ਸਕਦਾ । ਕਿਉਂਕਿ ਸੰਸਾਰ ਨੇ ਉਸ ਨੂੰ ਨਾ ਵੇਖਿਆ ਹੈ ਤੇ ਨਾ ਹੀ ਉਸ ਨੂੰ ਜਾਣਦਾ ਹੈ । ਪਰ ਤੁਸੀਂ ਉਸ ਨੂੰ ਜਾਣਦੇ ਹੋ ਉਹ ਤੁਹਾਡੇ ਨਾਲ ਰਹਿੰਦਾ ਹੈ ਅਤੇ ਉਹ ਤੁਹਾਡੇ ਵਿੱਚ ਹੋਵੇਗਾ ।
18ਮੈਂ ਤੁਹਾਨੂੰ ਅਨਾਥ ਨਹੀਂ ਛੱਡਾਂਗਾ । ਮੈਂ ਤੁਹਾਡੇ ਕੋਲ ਆਵਾਂਗਾ ।19ਇਸ ਸੰਸਾਰ ਦੇ ਲੋਕ ਮੈਨੂੰ ਨਹੀਂ ਵੇਖਣਗੇ ਪਰ ਤੁਸੀਂ ਵੇਖੋਗੇ ਕਿਉਂਕਿ ਜੋ ਮੈਂ ਜਿਉਂਦਾ ਹਾਂ ਤੁਸੀਂ ਵੀ ਜਿਵਾਲੇ ਜਾਉਂਗੇ ।20ਉਸ ਦਿਨ ਤੁਸੀਂ ਜਾਣ ਸਕੋਗੇ ਕਿ ਮੈਂ ਪਿਤਾ ਵਿੱਚ ਹਾਂ ਤੁਸੀਂ ਜਾਣ ਜਾਵੋਂਗੇ ਕਿ ਤੁਸੀਂ ਮੇਰੇ ਵਿੱਚ ਤੇ ਮੈਂ ਤੁਹਾਡੇ ਵਿੱਚ ਹਾਂ ।
21ਜੇਕਰ ਕੋਈ ਵੀ ਵਿਅਕਤੀ, ਮੇਰੇ ਹੁਕਮਾਂ ਨੂੰ ਜਾਣ ਕੇ ਉਨ੍ਹਾਂ ਦੀ ਪਾਲਨਾ ਕਰਦਾ ਹੈ, ਤਾਂ ਉਹ ਉਹੀ ਹੈ ਜੋ ਸੱਚੀਂ ਮੈਨੂੰ ਪਿਆਰ ਕਰਦਾ ਹੈ । ਮੇਰਾ ਪਿਤਾ ਵੀ ਉਸ ਵਿਅਕਤੀ ਨੂੰ ਪਿਆਰ ਕਰੇਗਾ । ਜਿਹੜਾ ਮਨੁੱਖ ਮੈਨੂੰ ਪਿਆਰ ਕਰਦਾ, ਮੈਂ ਵੀ ਉਸ ਮਨੁੱਖ ਨਾਲ ਪਿਆਰ ਕਰਦਾ ਹਾਂ ਅਤੇ ਆਪਣਾ-ਆਪ ਉਸ ਲਈ ਪ੍ਰਗਟ ਕਰਾਂਗਾ ? ”22ਤਦ ਯਹੂਦਾ ਨੇ ਆਖਿਆ (ਇਹ ਯਹੂਦਾ ਇਸਕਰਿਯੋਤੀ ਨਹੀਂ), “ਪ੍ਰਭੂ ਜੀ ਤੂੰ ਆਪਣੇ ਆਪ ਸਾਡੇ ਤੇ ਪਰਗਟ ਕਰਦਾ ਹੈਂ ਪਰ ਸੰਸਾਰ ਤੇ ਕਿਉਂ ਨਹੀਂ ? ”
23ਯਿਸੂ ਨੇ ਆਖਿਆ, “ਜੇਕਰ ਕੋਈ ਮੈਨੂੰ ਪਿਆਰ ਕਰਦਾ ਹੈ ਤਾਂ ਉਹ ਮੇਰੇ ਬਚਨ ਦਾ ਵੀ ਪਾਲਣ ਕਰੇਗਾ ਤੇ ਮੇਰਾ ਪਿਤਾ ਉਸ ਨੂੰ ਪਿਆਰ ਕਰੇਗਾ । ਮੈਂ ਅਤੇ ਮੇਰਾ ਪਿਤਾ ਉਸ ਕੋਲ ਆਵਾਂਗੇ ਅਤੇ ਉਸ ਦੇ ਕੋਲ ਰਹਾਂਗੇ ।24ਪਰ ਜਿਹੜਾ ਵਿਅਕਤੀ ਮੈਨੂੰ ਪਿਆਰ ਨਹੀਂ ਕਰਦਾ, ਉਹ ਮੇਰੇ ਬਚਨ ਨੂੰ ਵੀ ਨਹੀਂ ਮੰਨਦਾ । ਜਿਹੜੇ ਬਚਨ ਮੈਂ ਤੁਹਾਨੂੰ ਦਿੰਦਾ ਹਾਂ ਉਹ ਮੇਰੇ ਆਪਣੇ ਨਹੀਂ ਹਨ, ਸਗੋਂ ਇਹ ਮੇਰੇ ਪਿਤਾ ਦੇ ਹਨ, ਜਿਸ ਨੇ ਮੈਨੂੰ ਭੇਜਿਆ ਹੈ ।”
25“ਇਹ ਸਭ ਗੱਲਾਂ ਮੈਂ ਤੁਹਾਨੂੰ ਉਦੋਂ ਦੱਸ ਚੁੱਕਾ ਸੀ ਜਦੋਂ ਮੈਂ ਤੁਹਾਡੇ ਨਾਲ ਸੀ ।26ਪਰ ਸਹਾਇਕ ਪਵਿੱਤਰ ਆਤਮਾ ਹੈ, ਜਿਸ ਨੂੰ ਪਿਤਾ, ਮੇਰੇ ਨਾਮ ਵਿੱਚ ਭੇਜੇਗਾ । ਉਹ ਤੁਹਾਨੂੰ ਸਭ ਕੁੱਝ ਸਿਖਾਵੇਗਾ ਅਤੇ ਉਹ ਤੁਹਾਨੂੰ ਉਹ ਸਭ ਯਾਦ ਕਰਾਵੇਗਾ, ਜੋ ਕੁੱਝ ਮੈਂ ਤੁਹਾਨੂੰ ਕਿਹਾ ਹੈ ।”27“ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ । ਮੈਂ ਆਪਣੀ ਤਸੱਲੀ ਤੁਹਾਨੂੰ ਦਿੰਦਾ ਹਾਂ । ਮੈਂ ਤੁਹਾਨੂੰ ਸੰਸਾਰ ਤੋਂ ਵੱਖਰੀ ਕਿਸਮ ਦੀ ਸ਼ਾਂਤੀ ਦਿੰਦਾ ਹਾਂ, ਇਸ ਲਈ ਤੁਹਾਡੇ ਦਿਲ ਨਾ ਡਰੇ ਅਤੇ ਘਬਰਾਏ ।”
28ਜੋ ਮੈਂ ਤੁਹਾਨੂੰ ਕਿਹਾ ਤੁਸੀਂ ਸੁਣਿਆ, ਮੈਂ ਤੁਹਾਨੂੰ ਕਿਹਾ, “ਮੈਂ ਜਾ ਰਿਹਾ ਹਾਂ, ਪਰ ਮੈਂ ਤੁਹਾਡੇ ਕੋਲ ਫਿਰ ਵਾਪਸ ਆਵਾਂਗਾ ।” ਜੇਕਰ ਤੁਸੀਂ ਮੇਰੇ ਨਾਲ ਪਿਆਰ ਕਰਦੇ ਤਾਂ ਫਿਰ ਤੁਹਾਨੂੰ ਖੁਸ਼ ਹੋਣਾ ਚਾਹੀਦਾ ਸੀ ਕਿ ਮੈਂ ਪਿਤਾ ਕੋਲ ਜਾ ਰਿਹਾ ਹਾਂ ਕਿਉਂਕਿ ਮੇਰਾ ਪਿਤਾ ਮੇਰੇ ਤੋਂ ਮਹਾਨ ਹੈ ।29ਇਹ ਹੋਣ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਿਆ ਹੈ, ਤਾਂ ਜੋ ਜਦੋਂ ਇਹ ਹੋਵੇ, ਤੁਸੀਂ ਵਿਸ਼ਵਾਸ ਕਰੋ ।30“ਮੈਂ ਬਹੁਤ ਸਮੇਂ ਤੱਕ ਤੁਹਾਡੇ ਨਾਲ ਨਹੀਂ ਬੋਲਾਂਗਾ । ਇਸ ਦੁਨੀਆਂ ਦਾ ਹਾਕਮ ਆ ਰਿਹਾ ਹੈ । ਉਸਦਾ ਮੇਰੇ ਉੱਤੇ ਕੋਈ ਅਧਿਕਾਰ ਨਹੀਂ ਹੈ ।31ਪਰ ਸੰਸਾਰ ਨੂੰ ਮਾਲੂਮ ਹੋਣਾ ਚਾਹੀਦਾ ਕਿ ਮੈਂ ਪਿਤਾ ਨੂੰ ਪਿਆਰ ਕਰਦਾ ਹਾਂ । ਇਸ ਲਈ ਮੈਂ ਉਵੇਂ ਹੀ ਕਰਾਂਗਾ ਜਿਵੇਂ ਪਿਤਾ ਨੇ ਮੈਨੂੰ ਹੁਕਮ ਦਿੱਤਾ ਹੈ । ਉੱਠੋ, ਅਸੀਂ ਹੁਣ ਇਥੋਂ ਚੱਲੀਏ ।”

15
ਯਿਸੂ ਅੰਗੂਰ ਦੀ ਸੱਚੀ ਵੇਲ

1ਯਿਸੂ ਨੇ ਕਿਹਾ, “ਮੈਂ ਅੰਗੂਰ ਦੀ ਸੱਚੀ ਵੇਲ ਹਾਂ, ਮੇਰਾ ਪਿਤਾ ਬਾਗਵਾਨ ਹੈ ।”2ਹਰ ਉਹ ਟਹਿਣੀ ਜਿਹੜੀ ਫ਼ਲ ਨਹੀਂ ਦਿੰਦੀ, ਉਹ ਵੱਡ ਸੁੱਟਦਾ ਹੈ । ਉਹ ਹਰ ਟਹਿਣੀ ਨੂੰ ਚੰਗੀ ਤਰ੍ਹਾਂ ਛਾਂਗਦਾ, ਜਿਹੜੀ ਫ਼ਲ ਦਿੰਦੀ ਹੈ ਅਤੇ ਉਸ ਨੂੰ ਸਾਫ਼ ਕਰਦਾ ਹੈ ਤਾਂ ਜੋ ਉਹ ਹੋਰ ਬਹੁਤ ਸਾਰਾ ਫ਼ਲ ਦੇਵੇ ।

3ਤੁਸੀਂ ਪਹਿਲਾਂ ਹੀ ਮੇਰੇ ਦਿੱਤੇ ਹੋਏ ਬਚਨ ਦੁਆਰਾ ਸਾਫ਼ ਹੋ ।4ਤੁਸੀਂ ਮੇਰੇ ਵਿੱਚ ਰਹੋ ਅਤੇ ਮੈਂ ਤੁਹਾਡੇ ਵਿੱਚ ਰਹਾਂਗਾ । ਕੋਈ ਵੀ ਟਹਿਣੀ ਜੇ ਉਹ ਅੰਗੂਰ ਦੀ ਵੇਲ ਵਿੱਚ ਨਾ ਰਹੇ, ਆਪਣੇ ਆਪ ਫ਼ਲ ਨਹੀਂ ਦੇ ਸਕਦੀ । ਇਸੇ ਤਰ੍ਹਾਂ, ਜੇਕਰ ਤੁਸੀਂ ਮੇਰੇ ਵਿੱਚ ਨਹੀਂ ਰਹੋਂਗੇ, ਤੁਸੀਂ ਫ਼ਲ ਪੈਦਾ ਨਹੀਂ ਕਰ ਸਕਦੇ ।
5“ਅੰਗੂਰ ਦੀ ਵੇਲ ਮੈਂ ਹਾਂ ਤੇ ਤੁਸੀਂ ਉਸ ਦੀਆਂ ਟਹਿਣੀਆਂ ਹੋ । ਜੇਕਰ ਕੋਈ ਮੇਰੇ ਵਿੱਚ ਰਹਿੰਦਾ ਹੈ, ਮੈਂ ਉਸ ਵਿੱਚ ਹੋਵਾਂਗਾ ਅਤੇ ਉਹ ਬਹੁਤ ਫ਼ਲ ਦੇਵੇਗਾ ਪਰ ਮੇਰੇ ਤੋਂ ਅੱਲਗ ਹੋ ਕੇ ਤੁਸੀਂ ਕੁੱਝ ਵੀ ਨਹੀਂ ਕਰ ਸਕਦੇ ।”6ਜੇਕਰ ਕੋਈ ਮੇਰੇ ਵਿੱਚ ਨਹੀਂ ਰਹਿੰਦਾ, ਉਹ ਇੱਕ ਟਹਿਣੀ ਵਾਂਗੂੰ ਸੁੱਟਿਆ ਜਾਵੇਗਾ ਅਤੇ ਸੁੱਕ ਜਾਵੇਗਾ । ਅਜਿਹੀਆਂ ਟਹਿਣੀਆਂ ਨੂੰ ਲੋਕ ਅੱਗ ਵਿੱਚ ਸਾੜ ਦਿੰਦੇ ਹਨ ।7“ਜੇਕਰ ਤੁਸੀਂ ਮੇਰੇ ਵਿੱਚ ਰਹੋ ਅਤੇ ਮੇਰੀਆਂ ਗੱਲਾਂ ਤੁਹਾਡੇ ਵਿੱਚ ਰਹਿਣ ਤਾਂ ਜੋ ਤੁਸੀਂ ਚਾਹੋ ਸੋ ਮੰਗੋ ਅਤੇ ਉਹ ਦੇ ਦਿੱਤਾ ਜਾਵੇਗਾ ।”
8ਇਸ ਰਾਹੀਂ ਮੇਰੇ ਪਿਤਾ ਦੀ ਵਡਿਆਈ ਹੋਵੇਗੀ, ਜੋ ਤੁਸੀਂ ਬਹੁਤਾ ਫ਼ਲ ਲੈ ਕੇ ਆਵੋਂ ਇਸ ਤਰ੍ਹਾਂ ਤੁਸੀਂ ਮੇਰੇ ਚੇਲੇ ਹੋਵੋਗੇ ।9“ਜਿਵੇਂ ਕਿ ਮੇਰੇ ਪਿਤਾ ਨੇ ਮੈਨੂੰ ਪਿਆਰ ਕੀਤਾ ਤਿਵੇਂ ਮੈਂ ਤੁਹਾਨੂੰ ਵੀ ਪਿਆਰ ਕੀਤਾ । ਇਸ ਲਈ ਤੁਸੀਂ ਵੀ ਮੇਰੇ ਪਿਆਰ ਵਿੱਚ ਬਣੇ ਰਹੋ ।”
10ਮੈਂ ਆਪਣੇ ਪਿਤਾ ਦੇ ਹੁਕਮਾਂ ਦੀ ਪਾਲਣਾ ਕਰਦਾ ਹਾਂ ਅਤੇ ਮੈਂ ਉਸ ਦੇ ਪਿਆਰ ਵਿੱਚ ਰਹਿੰਦਾ ਹਾਂ । ਇਸੇ ਤਰ੍ਹਾਂ ਜੇਕਰ ਤੁਸੀਂ ਵੀ ਮੇਰੇ ਹੁਕਮਾਂ ਦੀ ਪਾਲਣਾ ਕਰੋਂਗੇ ਤੁਸੀਂ ਮੇਰੇ ਪਿਆਰ ਵਿੱਚ ਰਹੋਂਗੇ ।11“ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਆਖੀਆਂ ਹਨ ਤਾਂ ਜੋ ਮੇਰੀ ਖੁਸ਼ੀ ਤੁਹਾਡੇ ਵਿੱਚ ਪੂਰੀ ਹੋਵੇ ਅਤੇ ਤੁਹਾਡੀ ਖੁਸ਼ੀ ਪੂਰੀ ਹੋ ਸਕੇ ।”
12ਤੁਹਾਡੇ ਲਈ ਮੇਰਾ ਇਹ ਹੁਕਮ ਹੈ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਹੈ, ਇਸੇ ਤਰ੍ਹਾਂ ਤੁਸੀਂ ਵੀ ਇੱਕ ਦੂਜੇ ਨੂੰ ਪਿਆਰ ਕਰੋ ।13ਇਸ ਤੋਂ ਵਧੇਰੇ ਕਿਸੇ ਦਾ ਪਿਆਰ ਨਹੀਂ ਜੋ ਕੋਈ ਆਪਣੇ ਮਿੱਤਰ ਲਈ ਜਾਨ ਦੇ ਦੇਵੇ
14ਤੁਸੀਂ ਮੇਰੇ ਮਿੱਤਰ ਹੋ ਜੇਕਰ ਤੁਸੀਂ ਉਹ ਗੱਲਾਂ ਕਰੋ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ।15ਮੈਂ ਤੁਹਾਨੂੰ ਹੁਣ ਦਾਸ ਕਹਿ ਕੇ ਨਹੀਂ ਬੁਲਾਉਂਦਾ ਕਿਉਂਕਿ ਇੱਕ ਦਾਸ ਨਹੀਂ ਜਾਣਦਾ ਕਿ ਉਸਦਾ ਮਾਲਕ ਕੀ ਕਰ ਰਿਹਾ ਹੈ । ਪਰ ਹੁਣ ਮੈਂ ਤੁਹਾਨੂੰ ਆਪਣਾ ਮਿੱਤਰ ਕਹਿ ਕੇ ਬੁਲਾਵਾਂਗਾ । ਕਿਉਂਕਿ ਜੋ ਕੁੱਝ ਮੈਂ ਆਪਣੇ ਪਿਤਾ ਕੋਲੋਂ ਸੁਣਿਆ ਹੈ ਤੁਹਾਨੂੰ ਸਭ ਕੁੱਝ ਦੱਸ ਦਿੱਤਾ ਹੈ ।
16“ਤੁਸੀਂ ਮੈਨੂੰ ਨਹੀਂ ਚੁਣਿਆ, ਪਰ ਮੈਂ ਤੁਹਾਨੂੰ ਚੁਣਿਆ ਹੈ । ਮੈਂ ਤੁਹਾਨੂੰ ਠਹਿਰਾਇਆ ਹੈ ਤਾਂ ਕਿ ਤੁਸੀਂ ਜਾਵੋਂ ਅਤੇ ਫ਼ਲਦਾਰ ਹੋ ਸਕੋਂ । ਤੁਹਾਡਾ ਫ਼ਲ ਸਦਾ ਤੁਹਾਡੇ ਜੀਵਨ ਵਿੱਚ ਰਹੇ ਤਾਂ ਜੋ ਕੁੱਝ ਵੀ ਤੁਸੀਂ ਮੇਰੇ ਨਾਮ ਵਿੱਚ ਮੰਗੋਂ ਪਿਤਾ ਤੁਹਾਨੂੰ ਦੇਵੇ ।”17ਇੱਕ ਦੂਜੇ ਨਾਲ ਪਿਆਰ ਕਰੋ, ਇਹ ਮੇਰਾ ਤੁਹਾਨੂੰ ਹੁਕਮ ਹੈ ।
ਸੰਸਾਰ ਦਾ ਵੈਰ

18ਜੇਕਰ ਸੰਸਾਰ ਤੁਹਾਡੇ ਨਾਲ ਨਫ਼ਰਤ ਕਰਦਾ ਹੈ ਤਾਂ ਤੁਹਾਨੂੰ ਯਾਦ ਰੱਖਣਾ ਚਾਹੀਦਾ ਕਿ ਪਹਿਲਾਂ ਸੰਸਾਰ ਨੇ ਮੇਰੇ ਨਾਲ ਵੀ ਨਫ਼ਰਤ ਕਰਦਾ ਸੀ ।19ਜੇਕਰ ਤੁਸੀਂ ਸੰਸਾਰ ਦੇ ਹੁੰਦੇ ਤਾਂ ਦੁਨੀਆਂ ਤੁਹਾਨੂੰ ਆਪਣਿਆਂ ਵਾਗੂੰ ਪਿਆਰ ਕਰਦੀ । ਪਰ ਤੁਸੀਂ ਸੰਸਾਰ ਦੇ ਨਹੀਂ ਹੋ ਕਿਉਂਕਿ ਮੈਂ ਤੁਹਾਨੂੰ ਇਸ ਸੰਸਾਰ ਵਿੱਚੋਂ ਚੁਣਿਆ ਹੈ ਇਸੇ ਕਾਰਣ ਸੰਸਾਰ ਨੇ ਤੁਹਾਡੇ ਤੋਂ ਨਫ਼ਰਤ ਕੀਤੀ ।
20ਯਾਦ ਕਰੋ ਮੈਂ ਤੁਹਾਨੂੰ ਕੀ ਕਿਹਾ ਸੀ: ਇੱਕ ਦਾਸ ਆਪਣੇ ਮਾਲਕ ਨਾਲੋਂ ਵੱਡਾ ਨਹੀਂ ਹੁੰਦਾ । ਜੇਕਰ ਲੋਕਾਂ ਨੇ ਮੈਨੂੰ ਕਸ਼ਟ ਦਿੱਤੇ ਹਨ, ਤਾਂ ਉਹ ਤੁਹਾਨੂੰ ਵੀ ਕਸ਼ਟ ਦੇਣਗੇ । ਜੇਕਰ ਉਨ੍ਹਾਂ ਨੇ ਮੇਰੇ ਬਚਨ ਨੂੰ ਮੰਨਿਆ, ਉਹ ਤੁਹਾਡੇ ਬਚਨ ਦੀ ਵੀ ਪਾਲਣਾ ਕਰਣਗੇ ।21ਪਰ ਇਹ ਸਭ ਕੁੱਝ ਮੇਰੇ ਨਾਮ ਦੇ ਕਾਰਣ ਲੋਕ ਤੁਹਾਡੇ ਨਾਲ ਕਰਨਗੇ ਕਿਉਂਕਿ ਉਹ ਉਸ ਨੂੰ ਨਹੀਂ ਜਾਣਦੇ ਜਿਸ ਨੇ ਮੈਨੂੰ ਭੇਜਿਆ ਹੈ ।22ਜੇਕਰ ਮੈਂ ਨਾ ਆਇਆ ਹੁੰਦਾ ਅਤੇ ਇਸ ਦੁਨੀਆਂ ਦੇ ਲੋਕਾਂ ਨਾਲ ਗੱਲ ਨਾ ਕੀਤੀ ਹੁੰਦੀ, ਤਾਂ ਉਹ ਪਾਪਾਂ ਦੇ ਦੋਸ਼ੀ ਨਾ ਹੁੰਦੇ । ਹੁਣ ਮੈਂ ਉਨ੍ਹਾਂ ਨੂੰ ਕਿਹਾ ਹੈ, ਹੁਣ ਉਨ੍ਹਾਂ ਕੋਲ ਆਪਣੇ ਪਾਪਾਂ ਲਈ ਕੋਈ ਬਹਾਨਾ ਨਹੀਂ ਹੈ ।
23ਉਹ ਵਿਅਕਤੀ ਜੋ ਮੇਰੇ ਨਾਲ ਵੈਰ ਕਰਦਾ, ਮੇਰੇ ਪਿਤਾ ਨਾਲ ਵੀ ਵੈਰ ਕਰਦਾ ਹੈ ।24ਮੈਂ ਉਹ ਗੱਲਾਂ ਕੀਤੀਆਂ ਹਨ ਜੋ ਕਿਸੇ ਨੇ ਨਹੀਂ ਕੀਤੀਆਂ । ਜੇਕਰ ਮੈਂ ਉਹ ਗੱਲਾਂ ਨਾ ਕੀਤੀਆਂ ਹੁੰਦੀਆਂ, ਫ਼ੇਰ ਉਹ ਪਾਪਾਂ ਦੇ ਦੋਸ਼ੀ ਨਾ ਹੁੰਦੇ । ਪਰ ਹੁਣ ਉਨ੍ਹਾਂ ਨੇ ਇਹ ਗੱਲਾਂ ਵੇਖੀਆਂ ਹਨ, ਜੋ ਮੈਂ ਕੀਤੀਆਂ ਹਨ । ਪਰ ਹਾਲੇ ਵੀ ਉਹ ਮੇਰੇ ਨਾਲ, ਇਥੋਂ ਤੱਕ ਕਿ ਮੇਰੇ ਪਿਤਾ ਨਾਲ ਵੀ ਵੈਰ ਕਰਦੇ ਹਨ ।25ਪਰ ਇਹ ਇਸ ਲਈ ਹੋਇਆ ਹੈ ਕਿਉਂਕਿ ਜੋ ਭਵਿੱਖਬਾਣੀ ਉਨ੍ਹਾਂ ਦੀ ਬਿਵਸਥਾ ਵਿੱਚ ਲਿਖੀ ਹੋਈ ਸੱਚ ਹੋ ਜਾਵੇ । “ਉਨ੍ਹਾਂ ਨੇ ਬਿਨ੍ਹਾਂ ਕਾਰਨ ਤੋਂ ਮੇਰੇ ਨਾਲ ਨਫ਼ਰਤ ਕੀਤੀ ।”
26ਮੈਂ ਤੁਹਾਨੂੰ ਪਿਤਾ ਵੱਲੋਂ ਸਹਾਇਕ ਭੇਜਾਂਗਾ । ਉਹ ਸਹਾਇਕ ਸੱਚ ਦਾ ਆਤਮਾ ਹੈ ਜੋ ਪਿਤਾ ਕੋਲੋਂ ਆਉਂਦਾ ਹੈ । ਜਦੋਂ ਉਹ ਆਵੇਗਾ ਤਾਂ ਉਹ ਮੇਰੇ ਹੱਕ ਵਿੱਚ ਗਵਾਹੀ ਦੇਵੇਗਾ ।27ਅਤੇ ਤੁਸੀਂ ਵੀ ਮੇਰੇ ਗਵਾਹ ਹੋਵੋਗੇ ਕਿਉਂਕਿ ਤੁਸੀਂ ਸ਼ੁਰੂ ਤੋਂ ਮੇਰੇ ਨਾਲ ਹੋ ।

16

1ਮੈਂ ਤੁਹਾਨੂੰ ਇਹ ਗੱਲਾਂ ਇਸ ਲਈ ਆਖੀਆਂ ਹਨ ਤਾਂ ਜੋ ਤੁਸੀਂ ਠੋਕਰ ਨਾ ਖਾਓ ।2ਲੋਕ ਤੁਹਾਨੂੰ ਪ੍ਰਾਰਥਨਾ ਘਰ ਤੋਂ ਬਾਹਰ ਕੱਢ ਦੇਣਗੇ । ਹਾਂ, ਸਮਾਂ ਆਉਂਦਾ ਹੈ ਜਦੋਂ ਲੋਕ ਇਹ ਸਮਝਣਗੇ ਕਿ ਤੁਹਾਨੂੰ ਮਾਰ ਦੇਣਾ ਹੀ ਪਰਮੇਸ਼ੁਰ ਦੀ ਸੇਵਾ ਹੈ ।

3ਉਹ ਇਹ ਗੱਲਾਂ ਇਸ ਲਈ ਕਰਨਗੇ ਕਿਉਂਕਿ ਉਹ ਪਿਤਾ ਅਤੇ ਮੈਨੂੰ ਬਿਲਕੁਲ ਹੀ ਨਹੀਂ ਜਾਣਦੇ ।4ਮੈਂ ਤੁਹਾਨੂੰ ਇਹ ਸਭ ਗੱਲਾਂ ਹੁਣ ਆਖੀਆਂ ਹਨ, ਤਾਂ ਜਦੋਂ ਇਨ੍ਹਾਂ ਗੱਲਾਂ ਦੇ ਪੂਰੇ ਹੋਣ ਦਾ ਸਮਾਂ ਆਵੇ ਤਾਂ ਤੁਸੀਂ ਯਾਦ ਕਰੋ ਕਿ ਮੈਂ ਤੁਹਾਨੂੰ ਇਨ੍ਹਾਂ ਗੱਲਾਂ ਬਾਰੇ ਦੱਸ ਦਿੱਤਾ ਸੀ ।
ਪਵਿੱਤਰ ਆਤਮਾ ਦੇ ਕੰਮ

ਇਹ ਗੱਲਾਂ ਮੈਂ ਤੁਹਾਨੂੰ ਸ਼ੁਰੂ ਤੋਂ ਹੀ ਦੱਸੀਆਂ ਸੀ ਕਿਉਂਕਿ ਮੈਂ ਤੁਹਾਡੇ ਨਾਲ ਸੀ ।

5ਪਰ ਹੁਣ ਮੈਂ ਉਸ ਕੋਲ ਜਾ ਰਿਹਾ ਹਾਂ ਜਿਸ ਨੇ ਮੈਨੂੰ ਭੇਜਿਆ ਸੀ ਪਰ ਤੁਹਾਡੇ ਵਿੱਚੋਂ ਕੋਈ ਮੈਨੂੰ ਨਹੀਂ ਪੁੱਛਦਾ ਤੂੰ ਕਿੱਥੇ ਜਾਂਦਾ ਹੈ ।6ਤੁਹਾਡੇ ਦਿਲ ਦੁੱਖ ਨਾਲ ਭਰੇ ਹਨ ਕਿਉਂਕਿ ਮੈਂ ਤੁਹਾਨੂੰ ਅਜਿਹੀਆਂ ਗੱਲਾਂ ਆਖੀਆਂ ਹਨ ।7ਪਰ ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਮੇਰਾ ਜਾਣਾ ਹੀ ਤੁਹਾਡੇ ਲਈ ਚੰਗਾ ਹੈ ਕਿਉਂਕਿ ਜਦੋਂ ਮੈਂ ਜਾਂਵਾਂਗਾ ਤਾਂ ਮੈਂ ਤੁਹਾਡੇ ਲਈ ਸਹਾਇਕ ਭੇਜਾਂਗਾ । ਪਰ ਜੇਕਰ ਮੈਂ ਨਾ ਜਾਂਵਾਂ, ਤਾਂ ਸਹਾਇਕ ਤੁਹਾਡੇ ਕੋਲ ਨਹੀਂ ਆਵੇਗਾ ।
8ਜਦੋਂ ਸਹਾਇਕ ਆਵੇਗਾ, ਉਹ ਇਸ ਸੰਸਾਰ ਦੇ ਲੋਕਾਂ ਨੂੰ ਪਾਪ, ਧਾਰਮਿਕਤਾ ਅਤੇ ਨਿਆਂ ਬਾਰੇ ਕਾਇਲ ਕਰੇਗਾ ।9ਪਾਪ ਦੇ ਬਾਰੇ ਇਸ ਲਈ ਕਿ ਉਹ ਮੇਰੇ ਉੱਤੇ ਵਿਸ਼ਵਾਸ ਨਹੀਂ ਕਰਦੇ l10ਉਹ ਉਨ੍ਹਾਂ ਨੂੰ ਸਾਬਤ ਕਰੇਗਾ ਕਿ ਉਹ ਧਾਰਮਿਕਤਾ ਦੇ ਵਿਖੇ ਗਲਤ ਹਨ, ਕਿਉਂਕਿ ਮੈਂ ਵਾਪਸ ਆਪਣੇ ਪਿਤਾ ਕੋਲ ਜਾਂਦਾ ਹਾਂ । ਤੁਸੀਂ ਮੈਨੂੰ ਫੇਰ ਨਹੀਂ ਵੇਖੋਗੇ ।11ਸਹਾਇਕ ਇਸ ਸੰਸਾਰ ਦੇ ਲੋਕਾਂ ਨੂੰ ਸਾਬਤ ਕਰੇਗਾ ਕਿ ਉਹ ਨਿਆਂ ਦੇ ਬਾਰੇ ਗਲਤ ਹਨ, ਕਿਉਂਕਿ ਇਸ ਸੰਸਾਰ ਦੇ ਹਾਕਮ (ਸ਼ੈਤਾਨ) ਦਾ ਨਿਆਂ ਪਹਿਲਾਂ ਹੀ ਹੋ ਚੁੱਕਾ ਹੈ ।
12“ਮੇਰੇ ਕੋਲ ਹੋਰ ਵੀ ਤੁਹਾਨੂੰ ਦੱਸਣ ਲਈ ਬਹੁਤ ਕੁੱਝ ਹੈ, ਪਰ ਇਸ ਸਮੇਂ ਤੁਹਾਡੇ ਲਈ ਉਨ੍ਹਾਂ ਨੂੰ ਸਹਿਣਾ ਮੁਸ਼ਕਿਲ ਹੈ ।13ਪਰ ਜਦੋਂ ਸੱਚ ਦਾ ਆਤਮਾ ਆਵੇਗਾ ਉਹ ਸਾਰੇ ਸੱਚ ਵਿੱਚ ਤੁਹਾਡੀ ਅਗਵਾਈ ਕਰੇਗਾ । ਆਤਮਾ ਆਪਣੇ ਸ਼ਬਦ ਨਹੀਂ ਬੋਲੇਗਾ । ਉਹ ਉਹੀ ਦੱਸੇਗਾ ਜੋ ਉਹ ਸੁਣੇਗਾ ਹੈ ਅਤੇ ਉਹ ਤੁਹਾਨੂੰ ਦੱਸੇਗਾ ਕਿ ਕੀ ਹੋਣ ਵਾਲਾ ਹੈ ।14ਸਚਿਆਈ ਦਾ ਆਤਮਾ ਮੈਨੂੰ ਵਡਿਆਈ ਦੇਵੇਗਾ । ਕਿਉਂਕਿ ਉਹ ਮੇਰੀਆਂ ਗੱਲਾਂ ਹੀ ਤੁਹਾਨੂੰ ਦੱਸੇਗਾ ।
15ਉਹ ਸਭ ਕੁੱਝ ਜੋ ਪਿਤਾ ਦਾ ਹੈ, ਮੇਰਾ ਹੈ । ਇਸ ਲਈ ਮੈਂ ਤੁਹਾਨੂੰ ਕਿਹਾ ਹੈ ਕਿ ਆਤਮਾ ਮੇਰੇ ਕੋਲੋਂ ਗੱਲਾਂ ਲਵੇਗਾ ਅਤੇ ਉਨ੍ਹਾਂ ਨੂੰ ਤੁਹਾਨੂੰ ਦੱਸੇਗਾ ।
ਚੇਲਿਆਂ ਦਾ ਦੁੱਖ-ਸੁੱਖ ਵਿੱਚ ਬਦਲ ਜਾਵੇਗਾ

16“ਥੋੜੀ ਦੇਰ ਬਾਅਦ ਤੁਸੀਂ ਮੈਨੂੰ ਨਹੀਂ ਵੇਖੋਂਗੇ । ਉਸ ਤੋਂ ਕੁੱਝ ਦੇਰ ਬਾਅਦ ਤੁਸੀਂ ਮੈਨੂੰ ਫ਼ੇਰ ਵੇਖੋਂਗੇ ।”
17ਕੁੱਝ ਚੇਲਿਆਂ ਨੇ ਆਪਸ ਵਿੱਚ ਕਿਹਾ, ਯਿਸੂ ਦਾ ਇਸ ਤੋਂ ਕੀ ਭਾਵ ਹੈ ? ਜੋ ਉਹ ਕਹਿੰਦਾ ਕਿ, “ਕੁੱਝ ਦੇਰ ਲਈ ਤੁਸੀਂ ਮੈਨੂੰ ਨਹੀਂ ਵੇਖੋਂਗੇ ਅਤੇ ਕੁੱਝ ਦੇਰ ਬਾਅਦ ਫ਼ੇਰ ਤੁਸੀਂ ਮੈਨੂੰ ਵੇਖੋਂਗੇ ਉਹ ਕਹਿੰਦਾ, ਕਿਉਂਕਿ ਮੈਂ ਆਪਣੇ ਪਿਤਾ ਕੋਲ ਜਾਂਦਾ ਹਾਂ ? ”18ਤਾਂ ਉਨ੍ਹਾਂ ਨੇ ਪੁੱਛਿਆ, “ਥੋੜੀ ਦੇਰ” ਤੋਂ ਉਸਦਾ ਕੀ ਭਾਵ ਹੈ ? ਜੋ ਉਹ (ਯਿਸੂ) ਕਹਿੰਦਾ ਹੈ ਅਸੀਂ ਨਹੀਂ ਸਮਝੇ ।
19ਯਿਸੂ ਨੇ ਵੇਖਿਆ ਕਿ ਚੇਲੇ ਉਸ ਨੂੰ ਇਸ ਬਾਰੇ ਕੁੱਝ ਪੁੱਛਣਾ ਚਾਹੁੰਦੇ ਹਨ ਤਾਂ ਯਿਸੂ ਨੇ ਚੇਲਿਆਂ ਨੂੰ ਆਖਿਆ, “ਕੀ ਤੁਸੀਂ ਮੈਨੂੰ ਇਸ ਗੱਲ ਬਾਰੇ ਪੁੱਛ ਰਹੇ ਹੋ ਕਿ ਜੋ ਮੈਂ ਆਖਿਆ, ਕਿ ਥੋੜ੍ਹੇ ਦੇਰ ਬਾਅਦ, ਤੁਸੀਂ ਮੈਨੂੰ ਨਹੀਂ ਵੇਖੋਂਗੇ ਅਤੇ ਥੋੜ੍ਹੇ ਜਿਹੇ ਚਿਰ ਬਾਅਦ ਤੁਸੀਂ ਮੈਨੂੰ ਫ਼ੇਰ ਵੇਖੋਂਗੇ ? ”20ਮੈਂ ਤੁਹਾਨੂੰ ਸੱਚ-ਸੱਚ ਦੱਸ ਰਿਹਾ ਹਾਂ ਕਿ ਤੁਸੀਂ ਰੋਵੋਂਗੇ ਅਤੇ ਉਦਾਸ ਹੋਵੋਂਗੇ ਪਰ ਸੰਸਾਰ ਖੁਸ਼ ਹੋਵੇਗਾ l ਤੁਸੀਂ ਉਦਾਸ ਹੋਵੋਂਗੇ ਪਰ ਤੁਹਾਡੀ ਉਦਾਸੀ ਖੁਸ਼ੀ ਵਿੱਚ ਬਦਲ ਜਾਵੇਗੀ ।21“ਜਦੋਂ ਇੱਕ ਔਰਤ ਇੱਕ ਬੱਚੇ ਨੂੰ ਜਨਮ ਦਿੰਦੀ ਹੈ, ਉਹ ਪੀੜ੍ਹਾ ਨੂੰ ਸਹਿਣ ਕਰਦੀ ਹੈ ਕਿਉਂਕਿ ਉਸਦਾ ਬੱਚੇ ਨੂੰ ਜਨਮ ਦੇਣ ਦਾ ਸਮਾਂ ਆ ਚੁੱਕਾ ਹੈ । ਪਰ ਇੱਕ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਉਹ ਇਸ ਖੁਸ਼ੀ ਕਾਰਨ, ਕਿ ਇਸ ਦੁਨੀਆਂ ਵਿੱਚ ਇੱਕ ਨਵਾਂ ਬਾਲਕ ਜੰਮਿਆ ਹੈ, ਉਹ ਸਾਰੀਆਂ ਪੀੜਾਂ ਭੁੱਲ ਜਾਂਦੀ ਹੈ ।
22ਹੁਣ ਤੁਸੀਂ ਉਦਾਸ ਹੋ ਪਰ ਜਦੋਂ ਮੈਂ ਤੁਹਾਨੂੰ ਫ਼ੇਰ ਵੇਖਾਂਗਾ ਤੁਸੀਂ ਖੁਸ਼ ਹੋਵੋਂਗੇ ਅਤੇ ਉਹ ਖੁਸ਼ੀ ਤੁਹਾਡੇ ਕੋਲੋਂ ਕੋਈ ਨਹੀਂ ਖੋਹ ਸਕਦਾ ।23ਅਤੇ ਉਸ ਦਿਨ ਤੁਸੀਂ ਮੈਨੂੰ ਕੋਈ ਸਵਾਲ ਨਹੀਂ ਕਰੋਂਗੇ । ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਜੋ ਕੁੱਝ ਵੀ ਤੁਸੀਂ ਪਿਤਾ ਤੋਂ ਮੇਰੇ ਨਾਮ ਤੇ ਮੰਗੋਂਗੇ ਉਹ ਤੁਹਾਨੂੰ ਦੇਵੇਗਾ ।24ਅਜੇ ਤੱਕ ਤੁਸੀਂ ਮੇਰੇ ਨਾਮ ਵਿੱਚ ਕੁੱਝ ਨਹੀਂ ਮੰਗਿਆ, ਮੰਗੋ ਤਾਂ ਤੁਹਾਨੂੰ ਮਿਲੇਗਾ ਅਤੇ ਤੁਹਾਡੀ ਖੁਸ਼ੀ ਪੂਰੀ ਹੋਵੇਗੀ ।
ਸੰਸਾਰ ਉੱਤੇ ਜਿੱਤ

25“ਮੈਂ ਤੁਹਾਨੂੰ ਇਹ ਗੱਲਾਂ ਬੁਝਾਰਤਾਂ ਵਿੱਚ ਕੀਤੀਆਂ ਹਨ । ਪਰ ਉਹ ਸਮਾਂ ਆਵੇਗਾ ਜਦ ਮੈਂ ਤੁਹਾਨੂੰ ਕੁੱਝ ਵੀ ਦੱਸਣ ਲਈ ਬੁਝਾਰਤਾਂ ਨਹੀਂ ਆਖਾਂਗਾ । ਸਗੋਂ ਮੈਂ ਤੁਹਾਨੂੰ ਆਪਣੇ ਪਿਤਾ ਬਾਰੇ ਬਹੁਤ ਸਪੱਸ਼ਟ ਸ਼ਬਦਾਂ ਵਿੱਚ ਦੱਸਾਂਗਾ ।
26ਉਸ ਦਿਨ ਤੁਸੀਂ ਮੇਰੇ ਨਾਮ ਵਿੱਚ ਮੰਗੋਂਗੇ ਅਤੇ ਮੈਂ ਤੁਹਾਨੂੰ ਦੱਸਦਾ ਹਾਂ ਕਿ ਮੈਂ ਤੁਹਾਡੇ ਲਈ ਪਿਤਾ ਕੋਲੋਂ ਨਹੀਂ ਮੰਗਾਂਗਾ ।27ਪਿਤਾ ਆਪ ਹੀ ਤੁਹਾਨੂੰ ਪਿਆਰ ਕਰਦਾ ਹੈ, ਕਿਉਂਕਿ ਤੁਸੀਂ ਮੈਨੂੰ ਪਿਆਰ ਕੀਤਾ ਹੈ । ਉਹ ਤੁਹਾਨੂੰ ਵੀ ਪਿਆਰ ਕਰਦਾ ਹੈ ਕਿਉਂਕਿ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਮੈਂ ਪਰਮੇਸ਼ੁਰ ਕੋਲੋਂ ਆਇਆ ਹਾਂ ।28ਮੈਂ ਪਿਤਾ ਵੱਲੋਂ ਇਸ ਸੰਸਾਰ ਵਿੱਚ ਆਇਆ ਹਾਂ ਅਤੇ ਹੁਣ ਮੈਂ ਇਹ ਦੁਨੀਆਂ ਨੂੰ ਛੱਡ ਕੇ ਆਪਣੇ ਪਿਤਾ ਕੋਲ ਵਾਪਸ ਜਾਂਦਾ ਹਾਂ ।”
29ਤਦ ਯਿਸੂ ਦੇ ਚੇਲਿਆਂ ਨੇ ਆਖਿਆ, “ਵੇਖ, ਹੁਣ ਤੂੰ ਸਪੱਸ਼ਟ ਬੋਲ ਰਿਹਾ ਹੈ ਅਤੇ ਕੋਈ ਬੁਝਾਰਤ ਨਹੀਂ ।30ਹੁਣ ਅਸੀਂ ਜਾਣਦੇ ਹਾਂ ਕਿ ਤੈਨੂੰ ਸਭ ਕੁੱਝ ਪਤਾ ਹੈ, ਤੈਨੂੰ ਜ਼ਰੂਰਤ ਨਹੀਂ ਕਿ ਕੋਈ ਕੁੱਝ ਪੁੱਛੇ । ਇਸੇ ਲਈ, ਸਾਨੂੰ ਵਿਸ਼ਵਾਸ ਹੈ ਕਿ ਤੂੰ ਪਰਮੇਸ਼ੁਰ ਵੱਲੋਂ ਆਇਆ ਹੈਂ ।”31ਯਿਸੂ ਨੇ ਪੁੱਛਿਆ, “ਕੀ ਹੁਣ ਤੁਸੀਂ ਵਿਸ਼ਵਾਸ ਕਰਦੇ ਹੋ ? ”
32ਇੱਕ ਸਮਾਂ ਆਵੇਗਾ ਜਦੋਂ ਤੁਸੀਂ ਸਭ ਖਿੰਡ ਜਾਵੋਂਗੇ ਅਤੇ ਆਪਣੇ ਘਰਾਂ ਨੂੰ ਮੁੜ ਜਾਵੋਂਗੇ ਅਤੇ ਤੁਸੀਂ ਮੈਨੂੰ ਇਕੱਲਾ ਛੱਡ ਦੇਵੋਂਗੇ । ਉਹ ਸਮਾਂ ਹੁਣ ਆ ਹੀ ਚੁੱਕਿਆ ਹੈ । ਪਰ ਤਾਂ ਵੀ ਮੈਂ ਇਕੱਲਾ ਨਹੀਂ ਹੋਵਾਂਗਾ ਕਿਉਂਕਿ ਪਿਤਾ ਮੇਰੇ ਨਾਲ ਹੈ ।33“ਮੈਂ ਇਹ ਗੱਲਾਂ ਤੁਹਾਨੂੰ ਇਸ ਲਈ ਆਖੀਆਂ ਹਨ ਤਾਂ ਜੋ ਤੁਸੀਂ ਮੇਰੇ ਵਿੱਚ ਸ਼ਾਂਤੀ ਪਾ ਸਕੋਂ, ਇਸ ਦੁਨੀਆਂ ਵਿੱਚ ਤੁਸੀਂ ਕਸ਼ਟ ਝੱਲੋਂਗੇ । ਪਰ ਹੌਂਸਲਾ ਰੱਖੋ ਮੈਂ ਸੰਸਾਰ ਨੂੰ ਜਿੱਤ ਲਿਆ ਹੈ ।”

17
ਯਿਸੂ ਮਹਿਮਾਮਈ ਹੋਣ ਲਈ ਪ੍ਰਾਰਥਨਾ ਕਰਦਾ ਹੈ

1ਇਹ ਸਾਰੀਆਂ ਗੱਲਾਂ ਆਖ ਕੇ ਯਿਸੂ ਨੇ ਅਕਾਸ਼ ਵੱਲ ਵੇਖਿਆ ਅਤੇ ਕਿਹਾ, “ਹੇ ਪਿਤਾ, ਸਮਾਂ ਆ ਗਿਆ ਹੈ । ਆਪਣੇ ਪੁੱਤਰ ਨੂੰ ਵਡਿਆਈ ਦੇ ਤਾਂ ਜੋ ਪੁੱਤਰ ਤੈਨੂੰ ਵਡਿਆਈ ਦੇਵੇ ।2ਤੂੰ ਪੁੱਤਰ ਨੂੰ ਸਾਰੇ ਲੋਕਾਂ ਉੱਤੇ ਅਧਿਕਾਰ ਦਿੱਤਾ ਤਾਂ ਜੋ ਉਹ ਉਨ੍ਹਾਂ ਸਭ ਨੂੰ ਜੋ ਤੇਰੇ ਦੁਆਰਾ ਉਸ ਨੂੰ ਦਿੱਤੇ ਗਏ ਹਨ, ਸਦੀਪਕ ਜੀਵਨ ਦੇਵੇ ।

3ਇਹ ਸਦੀਪਕ ਜੀਵਨ ਹੈ ਉਹ ਤੈਨੂੰ, ਸੱਚੇ ਪਰਮੇਸ਼ੁਰ ਨੂੰ ਜਾਣਨ ਅਤੇ ਯਿਸੂ ਮਸੀਹ ਜਿਸ ਨੂੰ ਤੂੰ ਭੇਜਿਆ ਹੈ ।4ਮੈਂ ਉਹ ਕੰਮ ਪੂਰਾ ਕਰ ਦਿੱਤਾ ਜੋ ਤੂੰ ਮੈਨੂੰ ਕਰਨ ਲਈ ਕਿਹਾ ਅਤੇ ਮੈਂ ਧਰਤੀ ਉੱਤੇ ਤੇਰੀ ਵਡਿਆਈ ਕੀਤੀ ਹੈ ।5ਹੇ ਪਿਤਾ, ਹੁਣ ਤੂੰ ਆਪਣੀ ਮਜੂਦਗੀ ਵਿੱਚ ਮੇਰੀ ਵਡਿਆਈ ਕਰ । ਉਸ ਵਡਿਆਈ ਨਾਲ ਜਿਹੜੀ ਇਸ ਸੰਸਾਰ ਦੇ ਸ਼ੁਰੂ ਤੋਂ ਪਹਿਲਾਂ ਮੇਰੇ ਨਾਲ ਸੀ ।”
ਯਿਸੂ ਆਪਣੇ ਚੇਲਿਆਂ ਦੇ ਲਈ ਪ੍ਰਾਰਥਨਾ ਕਰਦਾ ਹੈ

6ਤੂੰ ਮੈਨੂੰ ਸੰਸਾਰ ਵਿੱਚੋਂ ਮਨੁੱਖ ਦਿੱਤੇ ਤੇ ਮੈਂ ਉਨ੍ਹਾਂ ਨੂੰ ਤੇਰੇ ਬਾਰੇ ਦੱਸਿਆ ਕਿ ਤੂੰ ਕੌਣ ਹੈਂ । ਉਹ ਤੇਰੇ ਨਾਲ ਹਨ ਪਰ ਤੂੰ ਉਨ੍ਹਾਂ ਨੂੰ ਮੈਨੂੰ ਦਿੱਤਾ ਅਤੇ ਉਨ੍ਹਾਂ ਤੇਰੇ ਬਚਨਾਂ ਦੀ ਪਾਲਣਾ ਕੀਤੀ ।7ਹੁਣ ਉਹ ਜਾਣਦੇ ਹਨ ਕਿ ਜੋ ਕੁੱਝ ਵੀ ਤੂੰ ਮੈਨੂੰ ਦਿੱਤਾ ਹੈ ਤੇਰੇ ਵਲੋਂ ਹੀ ਆਇਆ ਹੈ ।8ਮੈਂ ਉਨ੍ਹਾਂ ਨੂੰ ਉਹ ਬਚਨ ਦਿੱਤੇ ਜੋ ਤੂੰ ਮੈਨੂੰ ਦਿੱਤੇ ਹਨ । ਉਨ੍ਹਾਂ ਨੇ ਉਸ ਨੂੰ ਕਬੂਲ ਕੀਤਾ । ਉਨ੍ਹਾਂ ਨੇ ਸੱਚ-ਮੁੱਚ ਇਹ ਵਿਸ਼ਵਾਸ ਕਰ ਲਿਆ ਕਿ ਤੂੰ ਹੀ ਮੈਨੂੰ ਭੇਜਿਆ ਹੈ ।
9ਮੈਂ ਸੰਸਾਰ ਦੇ ਲੋਕਾਂ ਲਈ ਬੇਨਤੀ ਨਹੀਂ ਕਰ ਰਿਹਾ ਸਗੋਂ ਉਨ੍ਹਾਂ ਲਈ ਬੇਨਤੀ ਕਰ ਰਿਹਾ ਹਾਂ ਜੋ ਤੂੰ ਮੈਨੂੰ ਦਿੱਤੇ ਹਨ, ਕਿਉਂਕਿ ਉਹ ਤੇਰੇ ਹੀ ਹਨ ।10ਜੋ ਕੁੱਝ ਵੀ ਮੇਰੇ ਕੋਲ ਹੈ ਸਭ ਤੇਰਾ ਹੈ, ਅਤੇ ਜੋ ਕੁੱਝ ਤੇਰਾ ਹੈ ਸੋ ਮੇਰਾ ਹੈ ਅਤੇ ਉਨ੍ਹਾਂ ਰਾਹੀਂ ਮੇਰੀ ਵਡਿਆਈ ਹੋਈ ।11ਹੁਣ ਮੈਂ ਤੇਰੇ ਕੋਲ ਆ ਰਿਹਾ ਹਾਂ, ਪਰ ਇਹ ਮਨੁੱਖ ਅਜੇ ਇੱਥੇ ਹੀ ਹਨ । ਪਵਿੱਤਰ ਪਿਤਾ ! ਇਨ੍ਹਾਂ ਦੀ ਰੱਖਿਆ ਕਰੀਂ । ਆਪਣੇ ਨਾਮ ਦੀ ਸ਼ਕਤੀ ਨਾਲ ਉਨ੍ਹਾਂ ਦੀ ਰੱਖਿਆ ਕਰੀ, ਜੋ ਤੂੰ ਮੈਨੂੰ ਦਿੱਤਾ । ਤਾਂ ਜੋ ਉਹ ਇੱਕ ਹੋਣ ਜਿਵੇਂ ਕਿ ਤੂੰ ਤੇ ਮੈਂ ਹਾਂ ।
12ਜਦੋਂ ਮੈਂ ਉਨ੍ਹਾਂ ਨਾਲ ਸੀ, ਮੈਂ ਉਨ੍ਹਾਂ ਦੀ ਸੁਰੱਖਿਆ ਕੀਤੀ, ਮੈਂ ਉਨ੍ਹਾਂ ਦੀ ਤੇਰੇ ਨਾਮ ਨਾਲ ਰੱਖਿਆ ਕੀਤੀ । ਉਨ੍ਹਾਂ ਵਿੱਚੋਂ ਕੋਈ ਵੀ ਨਾਸ ਨਹੀਂ ਹੋਇਆ ਸੀ । ਇੱਕ ਤੋਂ ਇਲਾਵਾ ਜਿਹੜਾ ਤਬਾਹੀ ਨੂੰ ਸੌਂਪਿਆ ਗਿਆ ਸੀ, ਉਹ ਨਾਸ ਹੋਇਆ, ਕਿਉਂਕਿ ਪਵਿੱਤਰ ਗ੍ਰੰਥ ਦੀ ਲਿਖਤ ਪੂਰੀ ਹੋਵੇ l13ਹੁਣ ਮੈਂ ਤੇਰੇ ਕੋਲ ਆਉਂਦਾ ਹਾਂ, ਇਹ ਗੱਲਾਂ ਕਹਿੰਦਾ ਹਾਂ ਤਾਂ ਜੋ ਮੇਰੀ ਖੁਸ਼ੀ ਉਹਨਾਂ ਵਿੱਚ ਪੂਰੀ ਹੋਵੇ ।14ਮੈਂ ਉਨ੍ਹਾਂ ਨੂੰ ਤੇਰਾ ਬਚਨ ਦਿੱਤਾ ਹੈ ਅਤੇ ਸੰਸਾਰ ਨੇ ਇਨ੍ਹਾਂ ਨਾਲ ਵੈਰ ਕੀਤਾ ਹੈ । ਜਿਵੇਂ ਕਿ ਮੈਂ ਇਸ ਸੰਸਾਰ ਦਾ ਨਹੀਂ ਹਾਂ, ਉਹ ਵੀ ਇਸ ਸੰਸਾਰ ਦੇ ਨਹੀਂ ਹਨ ।
15ਮੈਂ ਤੇਰੇ ਕੋਲੋਂ ਇਹ ਬੇਨਤੀ ਨਹੀਂ ਕਰਦਾ ਕਿ ਤੂੰ ਉਨ੍ਹਾਂ ਲੋਕਾਂ ਨੂੰ ਇਸ ਸੰਸਾਰ ਤੋਂ ਬਾਹਰ ਕੱਢ ਲੈ, ਪਰ ਮੈਂ ਤੇਰੇ ਕੋਲੋਂ ਦੁਸ਼ਟ ਤੋਂ ਉਨ੍ਹਾਂ ਦੀ ਰੱਖਿਆ ਕਰਨ ਦੀ ਮੰਗ ਕਰਦਾ ਹਾਂ ।16ਉਹ ਵੀ ਇਸ ਸੰਸਾਰ ਦੇ ਨਹੀਂ ਹਨ ਜਿਵੇਂ ਕਿ ਮੈਂ ਇਸ ਸੰਸਾਰ ਦਾ ਨਹੀਂ ਹਾਂ ।17ਉਨ੍ਹਾਂ ਨੂੰ ਸੱਚ ਨਾਲ ਆਪਣੀ ਸੇਵਾ ਲਈ ਤਿਆਰ ਕਰ, ਤੇਰਾ ਬਚਨ ਸੱਚ ਹੈ ।
18ਜਿਵੇਂ ਕਿ ਤੂੰ ਮੈਨੂੰ ਸੰਸਾਰ ਵਿੱਚ ਭੇਜਿਆ ਹੈ, ਮੈਂ ਵੀ ਉਨ੍ਹਾਂ ਨੂੰ ਸੰਸਾਰ ਵਿੱਚ ਭੇਜਿਆ ਹੈ ।19ਮੈਂ ਉਹਨਾਂ ਲਈ ਆਪਣੇ ਆਪ ਨੂੰ ਪਵਿੱਤਰ ਕਰਦਾ ਹਾਂ, ਤਾਂ ਜੋ ਉਹ ਵੀ ਆਪਣੇ ਆਪ ਨੂੰ ਸੱਚਾਈ ਦੁਆਰਾ ਪਵਿੱਤਰ ਕਰ ਸਕਣ ।
ਯਿਸੂ ਸਾਰੇ ਵਿਸ਼ਵਾਸੀਆਂ ਲਈ ਪ੍ਰਾਰਥਨਾ ਕਰਦਾ ਹੈ

20ਮੈਂ ਇਨ੍ਹਾਂ ਮਨੁੱਖਾਂ ਲਈ ਬੇਨਤੀ ਕਰਦਾ ਹਾਂ ਪਰ ਮੈਂ ਉਨ੍ਹਾਂ ਸਾਰੇ ਲੋਕਾਂ ਲਈ ਵੀ ਬੇਨਤੀ ਕਰਦਾ ਹਾਂ ਜੋ ਇਨ੍ਹਾਂ ਦੇ ਬਚਨ ਸੁਣ ਕੇ ਮੇਰੇ ਵਿੱਚ ਵਿਸ਼ਵਾਸ ਰੱਖਣਗੇ ।21ਉਹ ਇੱਕ ਜੁੱਟ ਹੋ ਕੇ ਰਹਿਣ । ਜਿਵੇਂ ਹੇ ਪਿਤਾ ਤੂੰ ਮੇਰੇ ਵਿੱਚ ਹੈਂ ਤੇ ਮੈਂ ਤੇਰੇ ਵਿੱਚ ਇਹ ਲੋਕ ਵੀ ਸਾਡੇ ਵਿੱਚ ਇੱਕ ਹੋ ਕੇ ਰਹਿਣ । ਇਸ ਤਰ੍ਹਾਂ ਸੰਸਾਰ ਵਿਸ਼ਵਾਸ ਕਰੇ ਕਿ ਤੂੰ ਮੈਨੂੰ ਭੇਜਿਆ ਹੈ ।
22ਮੈਂ ਉਨ੍ਹਾਂ ਨੂੰ ਉਹ ਵਡਿਆਈ ਦਿੱਤੀ ਹੈ ਜੋ ਤੂੰ ਮੈਨੂੰ ਦਿੱਤੀ ਹੈ ਤਾਂ ਜੋ ਉਹ ਇੱਕ ਹੋ ਸਕਣ । ਜਿਵੇਂ ਕਿ ਅਸੀਂ ਇੱਕ ਹਾਂ ।23ਮੈਂ ਉਨ੍ਹਾਂ ਵਿੱਚ ਨਿਵਾਸ ਕਰਾਂਗਾ ਅਤੇ ਤੂੰ ਮੇਰੇ ਵਿੱਚ । ਇਸ ਤਰੀਕੇ ਨਾਲ ਇਹ ਸਭ ਸਿੱਧ ਹੋਣ ਅਤੇ ਸੰਸਾਰ ਜਾਣ ਜਾਵੇਗਾ ਕਿ ਤੂੰ ਹੀ ਹੈ ਜਿਸ ਨੇ ਮੈਨੂੰ ਭੇਜਿਆ ਹੈ । ਅਤੇ ਤੂੰ ਉਨ੍ਹਾਂ ਨਾਲ ਪਿਆਰ ਕੀਤਾ ਹੈ । ਜਿਵੇਂ ਤੂੰ ਮੈਨੂੰ ਪਿਆਰ ਕਰਦਾ ਹੈਂ ।
24“ਹੇ ਪਿਤਾ, ਮੈਂ ਚਾਹੁੰਦਾ ਹਾਂ ਕਿ ਜਿਹੜੇ ਲੋਕ ਤੂੰ ਮੈਨੂੰ ਦਿੱਤੇ ਹਨ, ਜਿੱਥੇ ਮੈਂ ਹਾਂ ਉਹ ਉੱਥੇ ਹੋਣ ਤਾਂ ਜੋ ਉਹ ਵਡਿਆਈ ਵੇਖ ਸਕਣ ਜੋ ਤੂੰ ਮੈਨੂੰ ਦਿੱਤੀ ਹੈ । ਤੂੰ ਮੈਨੂੰ ਇਸ ਸੰਸਾਰ ਦੇ ਸਿਰਜਣ ਤੋਂ ਵੀ ਪਹਿਲਾਂ ਪਿਆਰ ਕੀਤਾ ।
25ਹੇ ਧਰਮੀ ਪਿਤਾ, ਸੰਸਾਰ ਤੈਨੂੰ ਨਹੀਂ ਜਾਣਦਾ ਪਰ ਮੈਂ ਤੈਨੂੰ ਜਾਣਦਾ ਹਾਂ । ਅਤੇ ਇਹ ਲੋਕ ਜਾਣਦੇ ਹਨ ਕਿ ਤੂੰ ਹੀ ਮੈਨੂੰ ਭੇਜਿਆ ਹੈਂ ।26ਮੈਂ ਉਨ੍ਹਾਂ ਨੂੰ ਤੇਰੇ ਬਾਰੇ ਦੱਸਿਆ ਹੈਂ ਅਤੇ ਦੱਸਦਾ ਰਹਾਂਗਾ ਉਨ੍ਹਾਂ ਨੂੰ ਵਿਖਾਵਾਂਗਾ ਕਿ ਜਿਹੜਾ ਪਿਆਰ ਤੈਨੂੰ ਮੇਰੇ ਨਾਲ ਹੈ, ਉਹੀ ਪਿਆਰ ਉਨ੍ਹਾਂ ਵਿੱਚ ਹੋਵਾਂਗਾ ।”

18
ਯਿਸੂ ਨੂੰ ਫੜਵਾਇਆ ਜਾਣਾ
(ਮੱਤੀ 26:47-56, ਮਰਕੁਸ 14:43-50, ਲੂਕਾ 22:47-53)

1ਜਦੋਂ ਯਿਸੂ ਗੱਲਾਂ ਕਰ ਹਟਿਆ, ਤਾਂ ਉਹ ਆਪਣੇ ਚੇਲਿਆਂ ਨਾਲ ਉਹ ਕਿਦਰੋਨ ਦਰਿਆ ਦੇ ਪਾਰ ਚਲੇ ਗਏ । ਉੱਥੇ ਇੱਕ ਜੈਤੂਨ ਦੇ ਰੁੱਖਾਂ ਦਾ ਬਾਗ ਸੀ, ਯਿਸੂ ਅਤੇ ਉਸ ਦੇ ਚੇਲੇ ਉੱਥੇ ਚਲੇ ਗਏ ।2ਅਤੇ ਯਹੂਦਾ ਇਸ ਥਾਂ ਤੋਂ ਵਾਕਫ਼ ਸੀ, ਕਿਉਂਕਿ ਯਿਸੂ ਅਕਸਰ ਆਪਣੇ ਚੇਲਿਆਂ ਨਾਲ ਉਸ ਥਾਂ ਤੇ ਜਾਂਦਾ ਸੀ । ਇਹ ਯਹੂਦਾ ਹੀ ਸੀ ਜਿਸ ਨੇ ਯਿਸੂ ਨੂੰ ਉਸ ਦੇ ਵੈਰੀਆਂ ਹੱਥੀਂ ਫ਼ੜਵਾਉਣਾ ਸੀ ।3ਫ਼ਿਰ ਯਹੂਦਾ ਉੱਥੇ ਸਿਪਾਹੀਆਂ ਦਾ ਇੱਕ ਜੱਥਾ ਲੈ ਕੇ ਆਇਆ, ਇਹੀ ਨਹੀਂ ਸਗੋਂ ਉਹ ਆਪਣੇ ਨਾਲ ਮੁੱਖ ਜਾਜਕਾਂ ਅਤੇ ਫ਼ਰੀਸੀਆਂ ਕੋਲੋਂ ਕੁੱਝ ਪਿਆਦੇ ਵੀ ਲੈ ਆਇਆ । ਉਨ੍ਹਾਂ ਦੇ ਹੱਥਾਂ ਵਿੱਚ ਦੀਵੇ, ਮਸ਼ਾਲਾਂ ਅਤੇ ਹਥਿਆਰ ਸਨ ।

4ਯਿਸੂ ਜਾਣਦਾ ਸੀ ਕਿ ਉਸ ਨਾਲ ਕੀ ਹੋਣ ਵਾਲਾ ਹੈ । ਯਿਸੂ ਬਾਹਰ ਆਇਆ ਅਤੇ ਆਖਿਆ, “ਤੁਸੀਂ ਕਿਸਨੂੰ ਲੱਭ ਰਹੇ ਹੋ ? ”5ਉਨਾਂ ਉਸ ਨੂੰ ਉੱਤਰ ਦਿੱਤਾ, “ਨਾਸਰਤ ਦੇ ਯਿਸੂ ਨੂੰ ।” ਯਿਸੂ ਨੇ ਆਖਿਆ, “ਮੈਂ ਹੀ ਯਿਸੂ ਹਾਂ ।” ਯਹੂਦਾ ਜਿਸ ਨੇ ਯਿਸੂ ਨੂੰ ਉਸ ਦੇ ਵੈਰੀਆਂ ਹੱਥੀਂ ਫ਼ੜਵਾਇਆ ਸੀ, ਉਹ ਵੀ ਉਸ ਨਾਲ ਵਿੱਚ ਖੜ੍ਹਾ ਸੀ ।
6ਜਦੋਂ ਉਸ ਨੇ ਉਨ੍ਹਾਂ ਨੂੰ ਆਖਿਆ, “ਮੈਂ ਯਿਸੂ ਹਾਂ” ਉਹ ਆਦਮੀ ਪਿੱਛੇ ਹਟੇ ਤੇ ਹੇਠਾਂ ਡਿੱਗ ਪਏ ।7ਯਿਸੂ ਨੇ ਉਨ੍ਹਾਂ ਨੂੰ ਫੇਰ ਪੁੱਛਿਆ, “ਤੁਸੀਂ ਕਿਸ ਦੀ ਭਾਲ ਕਰ ਰਹੇ ਹੋ ? ” ਉਹਨਾਂ ਨੇ ਆਖਿਆ, “ਨਾਸਰਤ ਦੇ ਯਿਸੂ ਦੀ ।”
8ਯਿਸੂ ਨੇ ਕਿਹਾ, “ਮੈਂ ਤੁਹਾਨੂੰ ਆਖਿਆ ਤਾਂ ਹੈ ਕਿ ਮੈਂ ਹੀ ਯਿਸੂ ਹਾਂ, ਇਸ ਲਈ ਜੇਕਰ ਤੁਸੀਂ ਮੈਨੂੰ ਭਾਲ ਰਹੇ ਹੋ ਤਾਂ ਇਨ੍ਹਾਂ ਲੋਕਾਂ ਨੂੰ ਜਾਣ ਦਿਉ ।”9ਇਹ ਯਿਸੂ ਦੇ ਵਾਕ ਨੂੰ ਪੂਰੇ ਕਰਨ ਲਈ ਹੋਇਆ, “ਮੈਂ ਉਨ੍ਹਾਂ ਵਿੱਚੋਂ ਕੋਈ ਨਹੀਂ ਗੁਆਇਆ ਜਿਨ੍ਹਾਂ ਨੂੰ ਤੂੰ ਮੈਨੂੰ ਦਿੱਤਾ ਹੈ ।”
10ਫ਼ਿਰ ਸ਼ਮਊਨ ਪਤਰਸ ਕੋਲ ਜਿਹੜੀ ਤਲਵਾਰ ਸੀ ਉਸ ਨੇ ਬਾਹਰ ਕੱਢੀ ਅਤੇ ਪ੍ਰਧਾਨ ਜਾਜਕ ਦੇ ਨੌਕਰ ਤੇ ਚਲਾਈ ਅਤੇ ਉਸਦਾ ਸੱਜਾ ਕੰਨ ਵੱਢ ਦਿੱਤਾ । (ਉਸ ਨੌਕਰ ਦਾ ਨਾਮ ਮਲਖੁਸ ਸੀ)11ਫਿਰ ਯਿਸੂ ਨੇ ਪਤਰਸ ਨੂੰ ਕਿਹਾ, “ਆਪਣੀ ਤਲਵਾਰ ਮਿਆਨ ਵਿੱਚ ਪਾ । ਕੀ ਮੈਨੂੰ ਇਹ ਦੁੱਖਾਂ ਦਾ ਪਿਆਲਾ, ਜਿਹੜਾ ਮੇਰੇ ਪਿਤਾ ਨੇ ਮੈਨੂੰ ਦਿੱਤਾ ਹੈ, ਪੀਣਾ ਨਹੀਂ ਚਾਹੀਦਾ ? ”
ਅੰਨਾਸ ਦੇ ਸਨਮੁਖ ਯਿਸੂ

12ਉਸ ਤੋਂ ਬਾਅਦ ਸੈਨਾਂ ਅਧਿਕਾਰੀ ਅਤੇ ਯਹੂਦੀਆਂ ਦੇ ਪਿਆਦਿਆਂ ਨੇ ਯਿਸੂ ਨੂੰ ਫ਼ੜਕੇ ਬੰਨ੍ਹ ਲਿਆ ।13ਬੰਨ੍ਹ ਕੇ ਉਸ ਨੂੰ ਅੰਨਾਸ ਕੋਲ ਲਿਆਂਦਾ ਗਿਆ । ਅੰਨਾਸ ਕਯਾਫ਼ਾ ਦਾ ਸਹੁਰਾ ਸੀ ਅਤੇ ਉਸ ਸਾਲ ਦਾ ਕਯਾਫ਼ਾ ਪ੍ਰਧਾਨ ਜਾਜਕ ਸੀ ।14ਓਹ ਕਯਾਫ਼ਾ ਸੀ, ਜਿਸ ਨੇ ਯਹੂਦੀਆਂ ਨੂੰ ਸਲਾਹ ਦਿੱਤੀ ਸੀ ਕਿ ਸਾਰੇ ਲੋਕਾਂ ਲਈ ਇੱਕ ਮਨੁੱਖ ਦਾ ਮਰਨਾ ਚੰਗਾ ਹੈ ।
ਪਤਰਸ ਯਿਸੂ ਦਾ ਇਨਕਾਰ ਕਰਦਾ ਹੈ
(ਮੱਤੀ 26:69, 70, ਮਰਕੁਸ 14:66-68, ਲੂਕਾ 22:55-57)

15ਸ਼ਮਊਨ ਪਤਰਸ ਅਤੇ ਇੱਕ ਹੋਰ ਚੇਲਾ ਯਿਸੂ ਦੇ ਮਗਰ ਹੋ ਤੁਰਿਆ । ਉਹ ਚੇਲਾ ਪ੍ਰਧਾਨ ਜਾਜਕ ਦਾ ਵਾਕਫ਼ ਸੀ ਅਤੇ ਯਿਸੂ ਦੇ ਨਾਲ ਪ੍ਰਧਾਨ ਜਾਜਕ ਦੇ ਘਰ ਵਿਹੜੇ ਤੱਕ ਗਿਆ ।16ਪਰ ਪਤਰਸ ਬਾਹਰ ਦਰਵਾਜ਼ੇ ਕੋਲ ਠਹਿਰ ਗਿਆ, ਦੂਜਾ ਚੇਲਾ, ਜਿਹੜਾ ਪ੍ਰਧਾਨ ਜਾਜਕ ਨੂੰ ਜਾਣਦਾ ਸੀ, ਦਰਵਾਜ਼ੇ ਕੋਲ ਖੜ੍ਹਾ ਸੀ ਅਤੇ ਇੱਕ ਨੌਕਰਾਨੀ ਨੂੰ ਮਿਲਿਆ, ਜੋ ਕਿ ਦੁਆਰਪਾਲ ਸੀ । ਤਦ ਉਹ ਪਤਰਸ ਨੂੰ ਅੰਦਰ ਲਿਆਇਆ ।
17ਉਸ ਨੌਕਰਾਨੀ ਨੇ ਦਰਵਾਜ਼ੇ ਤੇ ਪਤਰਸ ਨੂੰ ਆਖਿਆ, “ਕੀ ਤੂੰ ਉਸ ਯਿਸੂ ਦੇ ਚੇਲਿਆਂ ਵਿੱਚੋਂ ਇੱਕ ਹੈਂ ? ” ਪਤਰਸ ਨੇ ਉੱਤਰ ਦਿੱਤਾ, “ਨਹੀਂ, ਮੈਂ ਨਹੀਂ ਹਾਂ ।”18ਇਹ ਸਰਦੀ ਦਾ ਮੌਸਮ ਸੀ, ਨੌਕਰਾਂ ਅਤੇ ਪਹਿਰੇਦਾਰਾਂ ਨੇ ਬਾਹਰ ਅੱਗ ਬਾਲੀ ਹੋਈ ਸੀ ਅਤੇ ਉਹ ਅੱਗ ਦੇ ਆਲੇ-ਦੁਆਲੇ ਖੜ੍ਹੇ ਹੋ ਕੇ ਅੱਗ ਸੇਕ ਰਹੇ ਸਨ । ਪਤਰਸ ਵੀ ਇਨ੍ਹਾਂ ਲੋਕਾਂ ਨਾਲ ਖੜ੍ਹਾ ਅੱਗ ਸੇਕ ਰਿਹਾ ਸੀ ।
ਪ੍ਰਧਾਨ ਜਾਜਕ ਯਿਸੂ ਤੋਂ ਪ੍ਰਸ਼ਨ ਪੁੱਛਦਾ ਹੈ
(ਮੱਤੀ 26:59-66, ਮਰਕੁਸ 14:55-64, ਲੂਕਾ 22:66-71)

19ਪ੍ਰਧਾਨ ਜਾਜਕ ਨੇ ਯਿਸੂ ਨੂੰ ਉਸ ਦੇ ਚੇਲਿਆਂ ਬਾਰੇ ਅਤੇ ਉਸ ਦੀ ਸਿੱਖਿਆ ਬਾਰੇ ਪ੍ਰਸ਼ਨ ਕੀਤੇ ।20ਯਿਸੂ ਨੇ ਆਖਿਆ, “ਮੈਂ ਸਦਾ ਲੋਕਾਂ ਨੂੰ ਖੁੱਲ੍ਹ ਕੇ ਬੋਲਿਆ ਹਾਂ । ਮੈਂ ਹਮੇਸ਼ਾਂ ਪ੍ਰਾਰਥਨਾ ਘਰ ਅਤੇ ਹੈਕਲ ਵਿੱਚ ਵੀ ਉਪਦੇਸ਼ ਦਿੱਤੇ ਹਨ, ਜਿੱਥੇ ਸਾਰੇ ਯਹੂਦੀ ਇਕੱਠੇ ਹੁੰਦੇ ਹਨ । ਮੈਂ ਕਦੇ ਕਿਸੇ ਨੂੰ ਗੁਪਤ ਤੌਰ ਤੇ ਸਿੱਖਿਆ ਨਹੀਂ ਦਿੱਤੀ ।21ਤਾਂ ਫਿਰ ਤੂੰ ਮੈਨੂੰ ਅਜਿਹੇ ਸਵਾਲ ਕਿਉਂ ਕਰਦਾ ਹੈਂ ? ਉਨ੍ਹਾਂ ਲੋਕਾਂ ਨੂੰ ਪੁੱਛ ਜਿਨ੍ਹਾਂ ਨੇ ਮੇਰੀਆਂ ਸਿਖਿਆਵਾਂ ਸੁਣੀਆਂ ਹਨ । ਉਹ ਜਾਣਦੇ ਹਨ ਕਿ ਮੈਂ ਕੀ ਦੱਸਿਆ ਹੈ ।”
22ਜਦੋਂ ਯਿਸੂ ਨੇ ਇਹ ਆਖਿਆ ਤਾਂ ਉਸ ਕੋਲ ਖੜ੍ਹੇ ਪਹਿਰੇਦਾਰਾਂ ਵਿੱਚੋਂ ਇੱਕ ਨੇ ਉਸ ਨੂੰ ਮਾਰਿਆ ਤੇ ਆਖਿਆ, “ਤੈਨੂੰ ਪ੍ਰਧਾਨ ਜਾਜਕ ਨਾਲ ਇਸ ਤਰ੍ਹਾਂ ਨਹੀਂ ਬੋਲਣਾ ਚਾਹੀਦਾ ।”23ਯਿਸੂ ਨੇ ਆਖਿਆ, “ਜੇਕਰ ਮੈਂ ਗਲਤ ਕਿਹਾ ਹੈ ਤਾਂ ਲੋਕਾਂ ਸਾਹਮਣੇ ਦੱਸ ਮੈਂ ਕੀ ਗਲਤ ਬੋਲਿਆ । ਪਰ ਜੇਕਰ ਮੈਂ ਸਹੀ ਬੋਲਿਆ ਹਾਂ, ਤਾਂ ਤੂੰ ਮੈਨੂੰ ਕਿਉਂ ਮਾਰਦਾ ਹੈ ? ”24ਤਾਂ ਫਿਰ ਅੰਨਾਸ ਨੇ ਯਿਸੂ ਨੂੰ ਪ੍ਰਧਾਨ ਜਾਜਕ ਕਯਾਫ਼ਾ ਕੋਲ ਭੇਜ ਦਿੱਤਾ ।
ਪਤਰਸ ਯਿਸੂ ਦਾ ਇਨਕਾਰ ਦੂਸਰੀ ਵਾਰ ਕਰਦਾ ਹੈ
(ਮੱਤੀ 26:71-75, ਮਰਕੁਸ 14:69-75, ਲੂਕਾ 22:58-62)

25ਸ਼ਮਊਨ ਪਤਰਸ ਅੱਗ ਕੋਲ ਖੜ੍ਹਾ ਅੱਗ ਸੇਕ ਰਿਹਾ ਸੀ । ਦੂਜੇ ਆਦਮੀਆਂ ਨੇ ਪਤਰਸ ਨੂੰ ਕਿਹਾ, “ਕੀ ਤੂੰ ਵੀ ਉਸ ਦੇ ਚੇਲਿਆਂ ਵਿੱਚੋਂ ਇੱਕ ਹੈਂ ? ” ਪਰ ਪਤਰਸ ਨੇ ਹਾਮੀ ਨਾ ਭਰੀ । ਉਸ ਨੇ ਕਿਹਾ, “ਨਹੀਂ, ਮੈਂ ਨਹੀਂ ਹਾਂ ।”26ਪ੍ਰਧਾਨ ਜਾਜਕ ਦੇ ਨੌਕਰਾਂ ਵਿੱਚੋਂ ਇੱਕ ਉੱਥੇ ਸੀ ਅਤੇ ਇਹ ਆਦਮੀ ਉਹ ਮਨੁੱਖ ਦਾ ਸੰਬੰਧੀ ਸੀ ਜਿਸ ਦਾ ਪਤਰਸ ਨੇ ਕੰਨ ਵੱਢ ਦਿੱਤਾ ਸੀ ਤਾਂ ਉਸ ਨੌਕਰ ਨੇ ਕਿਹਾ, “ਕੀ ਮੈਂ ਤੈਨੂੰ ਉਸ ਆਦਮੀ (ਯਿਸੂ) ਨਾਲ ਬਾਗ ਵਿੱਚ ਵੇਖਿਆ ਸੀ ।”27ਪਰ ਫ਼ਿਰ ਪਤਰਸ ਨੇ ਆਖਿਆ, “ਨਹੀਂ, ਮੈਂ ਉਸ ਦੇ ਨਾਲ ਨਹੀਂ ਸੀ !” ਅਤੇ ਉਸੇ ਸਮੇਂ ਕੁੱਕੜ ਨੇ ਬਾਂਗ ਦਿੱਤੀ ।
ਯਿਸੂ ਨੂੰ ਪਿਲਾਤੁਸ ਦੇ ਸਾਹਮਣੇ ਪੇਸ਼ ਕਰਨਾ
(ਮੱਤੀ 27:1, 2 11-14, ਮਰਕੁਸ 15:1-5, ਲੂਕਾ 23:1-5)

28ਤਦ ਯਹੂਦੀ ਯਿਸੂ ਨੂੰ ਕਯਾਫ਼ਾ ਦੀ ਕਚਿਹਰੀ ਚੋਂ ਰਾਜਪਾਲ ਦੇ ਮਹਿਲ ਵਿੱਚ ਲੈ ਗਏ । ਅਜੇ ਬਹੁਤ ਸਵੇਰਾ ਸੀ ਪਰ ਯਹੂਦੀ ਕਚਿਹਰੀ ਦੇ ਅੰਦਰ ਨਹੀਂ ਗਏ । ਉਹ ਆਪਣੇ ਆਪ ਨੂੰ ਅਸ਼ੁੱਧ ਨਹੀਂ ਸੀ ਕਰਨਾ ਚਾਹੁੰਦੇ ਕਿਉਂਕਿ ਉਹ ਪਸਾਹ ਦੇ ਤਿਉਹਾਰ ਦਾ ਭੋਜਨ ਖਾਣਾ ਚਾਹੁੰਦੇ ਸਨ ।29ਇਸ ਲਈ ਪਿਲਾਤੁਸ ਉਨ੍ਹਾਂ ਕੋਲ ਬਾਹਰ ਆਇਆ ਅਤੇ ਪੁੱਛਿਆ, “ਤੁਸੀਂ ਇਸ ਮਨੁੱਖ ਉੱਤੇ ਕੀ ਦੋਸ਼ ਲਗਾਉਂਦੇ ਹੋ ? ”30ਯਹੂਦੀਆਂ ਨੇ ਉੱਤਰ ਦਿੱਤਾ, “ਇਹ ਇੱਕ ਬੁਰਾ ਆਦਮੀ ਹੈ, ਇਸ ਕਰਕੇ ਅਸੀਂ ਇਸ ਨੂੰ ਤੇਰੇ ਕੋਲ ਲੈ ਕੇ ਆਏ ਹਾਂ ।”
31ਪਿਲਾਤੁਸ ਨੇ ਯਹੂਦੀਆਂ ਨੂੰ ਆਖਿਆ, “ਤੁਸੀਂ ਯਹੂਦੀ ਆਪ ਇਸ ਨੂੰ ਲੈ ਜਾਵੋ ਅਤੇ ਆਪਣੀ ਬਿਵਸਥਾ ਅਨੁਸਾਰ ਇਸ ਦਾ ਨਿਆਂ ਕਰੋ ।” ਯਹੂਦੀਆਂ ਨੇ ਉੱਤਰ ਦਿੱਤਾ, “ਪਰ ਸਾਨੂੰ ਕਿਸੇ ਨੂੰ ਮੌਤ ਦੀ ਸਜ਼ਾ ਦੇਣ ਦੀ ਆਗਿਆ ਨਹੀਂ ਹੈ ।”32ਜਿਵੇਂ ਯਿਸੂ ਨੇ ਆਪਣੀ ਮੌਤ ਬਾਰੇ ਪਹਿਲਾਂ ਕਿਹਾ ਸੀ, ਕਿ ਉਹ ਕਿਸ ਤਰ੍ਹਾਂ ਮਰੇਗਾ, ਉਸੇ ਨੂੰ ਪੂਰਾ ਹੋਣ ਲਈ ਉਹ ਵਾਪਰਿਆ ।
33ਪਿਲਾਤੁਸ ਮਹਿਲ ਵਿੱਚ ਵਾਪਸ ਚਲਾ ਗਿਆ ਅਤੇ ਉੱਥੇ ਯਿਸੂ ਨੂੰ ਉਸ ਨੇ ਆਪਣੇ ਕੋਲ ਬੁਲਾਇਆ ਅਤੇ ਪੁੱਛਿਆ, “ਕੀ ਤੂੰ ਯਹੂਦੀਆਂ ਦਾ ਪਾਤਸ਼ਾਹ ਹੈਂ ? ”34ਯਿਸੂ ਨੇ ਉੱਤਰ ਦਿੱਤਾ, “ਕੀ ਤੂੰ ਇਹ ਆਪਣੇ ਆਪ ਆਖਦਾ ਹੈ ਜਾਂ ਦੂਜੇ ਲੋਕਾਂ ਨੇ ਤੈਨੂੰ ਮੇਰੇ ਬਾਰੇ ਕੁੱਝ ਆਖਿਆ ਹੈ ? ”35ਪਿਲਾਤੁਸ ਨੇ ਕਿਹਾ, “ਮੈਂ ਇੱਕ ਯਹੂਦੀ ਨਹੀਂ ਹਾਂ ਤੇਰੇ ਆਪਣੇ ਹੀ ਲੋਕ ਅਤੇ ਮੁੱਖ ਜਾਜਕਾਂ ਤੈਨੂੰ ਮੇਰੇ ਕੋਲ ਲੈ ਕੇ ਆਏ ਹਨ । ਤੂੰ ਕੀ ਗਲਤ ਕੀਤਾ ਹੈ ? ”
36ਯਿਸੂ ਨੇ ਆਖਿਆ, “ਮੇਰਾ ਰਾਜ ਇਸ ਧਰਤੀ ਦਾ ਨਹੀਂ ਹੈ । ਜੇਕਰ ਇਹ ਇਸ ਧਰਤੀ ਦਾ ਹੁੰਦਾ ਤਾਂ ਮੇਰੇ ਚੇਲੇ ਉਨ੍ਹਾਂ ਨਾਲ ਲੜਦੇ ਅਤੇ ਮੈਂ ਯਹੂਦੀਆਂ ਦੇ ਹਵਾਲੇ ਨਾ ਕੀਤਾ ਜਾਂਦਾ । ਪਰ ਮੇਰਾ ਰਾਜ ਕਿਸੇ ਹੋਰ ਥਾਂ ਦਾ ਹੈ ਇੱਥੋਂ ਦਾ ਨਹੀਂ ।”37ਪਿਲਾਤੁਸ ਨੇ ਆਖਿਆ, “ਇਸ ਦਾ ਮਤਲਬ ਤੂੰ ਇੱਕ ਰਾਜਾ ਹੈ ? ” ਯਿਸੂ ਨੇ ਆਖਿਆ, “ਤੂੰ ਜੋ ਆਖਿਆ, ਉਹ ਸੱਚ ਹੈ । ਮੈਂ ਇੱਕ ਰਾਜਾ ਹਾਂ । ਮੈਂ ਇਸੇ ਲਈ ਜਨਮ ਲਿਆ ਅਤੇ ਇਸੇ ਕਾਰਨ ਦੁਨੀਆਂ ਤੇ ਆਇਆ ਤਾਂ ਜੋ ਮੈਂ ਸਚਿਆਈ ਦੀ ਗਵਾਹੀ ਦੇ ਸਕਾਂ । ਅਤੇ ਹਰ ਮਨੁੱਖ ਜੋ ਸਚਿਆਈ ਜਾਣਦਾ, ਹੈ ਉਹ ਮੇਰੀ ਅਵਾਜ਼ ਸੁਣਦਾ ਹੈ ।”
38ਪਿਲਾਤੁਸ ਨੇ ਕਿਹਾ, “ਸੱਚ ਕੀ ਹੈ ? ”
ਮੌਤ ਦੀ ਸਜ਼ਾ ਦਾ ਹੁਕਮ
(ਮੱਤੀ 27:15-31, ਮਰਕੁਸ 15:6-20, ਲੂਕਾ 23:13-25)

ਇਹ ਆਖਣ ਤੋਂ ਬਾਅਦ ਉਹ ਫ਼ੇਰ ਤੋਂ ਯਹੂਦੀਆਂ ਕੋਲ ਗਿਆ ਅਤੇ ਉਨ੍ਹਾਂ ਨੂੰ ਆਖਿਆ, “ਇਸ ਆਦਮੀ ਤੇ ਲਾਉਣ ਵਾਸਤੇ ਮੈਨੂੰ ਕੋਈ ਦੋਸ਼ ਨਹੀਂ ਮਿਲਿਆ ।

39ਪਰ ਇਹ ਤੁਹਾਡਾ ਰਿਵਾਜ਼ ਹੈ ਕਿ ਮੈਂ ਤੁਹਾਡੇ ਲਈ ਪਸਾਹ ਦੇ ਤਿਉਹਾਰ ਦੇ ਸਮੇਂ ਇੱਕ ਕੈਦੀ ਨੂੰ ਛੱਡ ਕਰ ਸਕਦਾ ਹਾਂ । ਸੋ ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਯਹੂਦੀਆਂ ਦੇ ਰਾਜੇ ਨੂੰ ਛੱਡ ਦੇਵਾਂ ? ”40ਤਾਂ ਯਹੂਦੀ ਉੱਚੀ ਅਵਾਜ਼ ਵਿੱਚ ਬੋਲੇ, “ਨਹੀਂ, ਉਸ ਨੂੰ ਨਹੀਂ, ਪਰ ਤੂੰ ਬਰੱਬਾ ਨੂੰ ਛੱਡ ਦੇ ।” ਬਰੱਬਾ ਇੱਕ ਡਾਕੂ ਸੀ ।

19

1ਤਦ ਫੇਰ ਪਿਲਾਤੁਸ ਨੇ ਯਿਸੂ ਨੂੰ ਕੋਰੜੇ ਮਾਰਨ ਦਾ ਹੁਕਮ ਦਿੱਤਾ l2ਸਿਪਾਹੀਆਂ ਨੇ ਕੰਡਿਆਂ ਦਾ ਤਾਜ ਗੁੰਦਕੇ ਉਸ ਦੇ ਸਿਰ ਤੇ ਪਾਇਆ ਅਤੇ ਉਸ ਨੂੰ ਬੈਂਗਣੀ ਚੋਲਾ ਪਹਿਨਾਇਆ ।3ਉਹ ਸੈਨਿਕ ਉਸ ਨੂੰ ਮਜ਼ਾਕ ਕਰਨ ਲੱਗੇ, “ਹੇ ਯਹੂਦੀਆਂ ਦੇ ਰਾਜਾ, ਨਮਸਕਾਰ ।” ਇਸ ਦੇ ਨਾਲ ਹੀ ਉਸ ਦੇ ਮੂੰਹ ਤੇ ਚਪੇੜਾਂ ਵੀ ਮਾਰਦੇ ਰਹੇ ।

4ਪਿਲਾਤੁਸ ਨੇ ਫਿਰ ਬਾਹਰ ਨਿੱਕਲ ਕੇ ਯਹੂਦੀਆਂ ਨੂੰ ਆਖਿਆ, “ਵੇਖੋ, ਮੈਂ ਉਸ ਨੂੰ ਬਾਹਰ ਤੁਹਾਡੇ ਕੋਲ ਲਿਆ ਰਿਹਾ ਹਾਂ । ਤਾਂ ਜੋ ਤੁਸੀਂ ਵੀ ਜਾਣੋ ਮੈਨੂੰ ਉਸ ਤੇ ਦੋਸ਼ ਲਾਉਣ ਵਾਸਤੇ ਕੁੱਝ ਵੀ ਨਹੀਂ ਲੱਭਿਆ ।”5ਫਿਰ ਯਿਸੂ ਬਾਹਰ ਆਇਆ, ਉਸ ਦੇ ਸਿਰ ਤੇ ਕੰਡਿਆਂ ਦਾ ਤਾਜ ਅਤੇ ਸਰੀਰ ਤੇ ਬੈਂਗਣੀ ਚੋਗਾ ਪਾਇਆ ਹੋਇਆ ਸੀ । ਪਿਲਾਤੁਸ ਨੇ ਯਹੂਦੀਆਂ ਨੂੰ ਕਿਹਾ, “ਵੇਖੋ, ਇਸ ਮਨੁੱਖ ਨੂੰ ।”6ਜਦੋਂ ਮੁੱਖ ਜਾਜਕਾਂ ਅਤੇ ਸਿਪਾਹੀਆਂ ਨੇ ਇਸ ਨੂੰ ਵੇਖਿਆ ਤਾਂ ਉਨ੍ਹਾਂ ਰੌਲ਼ਾ ਪਾਇਆ, “ਇਸ ਨੂੰ ਸਲੀਬ ਦਿਓ ! ਸਲੀਬ ਦਿਓ !” ਪਰ ਪਿਲਾਤੁਸ ਨੇ ਆਖਿਆ, “ਤੁਸੀਂ ਆਪੇ ਇਸ ਨੂੰ ਲੈ ਜਾਵੋ ਅਤੇ ਸਲੀਬ ਦੇ ਦਿਓ, ਪਰ ਮੈਨੂੰ ਇਸ ਤੇ ਦੋਸ਼ ਲਾਉਣ ਲਈ ਕੁੱਝ ਵੀ ਨਹੀਂ ਲੱਭਿਆ ।”
7ਯਹੂਦੀਆਂ ਨੇ ਉੱਤਰ ਦਿੱਤਾ, “ਸਾਡੇ ਕੋਲ ਬਿਵਸਥਾ ਹੈ ਅਤੇ ਉਸ ਅਨੁਸਾਰ ਇਹ ਮਰਨ ਯੋਗ ਹੈ ਕਿਉਂਕਿ ਇਸ ਨੇ ਇਹ ਆਖਿਆ ਹੈ ਕਿ ਮੈਂ ਪਰਮੇਸ਼ੁਰ ਦਾ ਪੁੱਤਰ ਹਾਂ ।”8ਜਦ ਪਿਲਾਤੁਸ ਨੇ ਇਹ ਗੱਲ ਸੁਣੀ ਤਾਂ ਉਹ ਹੋਰ ਵੀ ਡਰ ਗਿਆ ।9ਉਹ ਮੁੜ ਕਚਹਿਰੀ ਨੂੰ ਗਿਆ ਅਤੇ ਯਿਸੂ ਨੂੰ ਆਖਿਆ, “ਤੂੰ ਕਿੱਥੋਂ ਆਇਆ ਹੈਂ ? ” ਪਰ ਯਿਸੂ ਨੇ ਉਸ ਨੂੰ ਕੋਈ ਜ਼ਵਾਬ ਨਾ ਦਿੱਤਾ ।
10ਪਿਲਾਤੁਸ ਨੇ ਕਿਹਾ, “ਕੀ ਤੂੰ ਮੇਰੇ ਨਾਲ ਬੋਲਦਾ ? ਕੀ ਤੂੰ ਨਹੀਂ ਜਾਣਦਾ ਕਿ ਮੇਰੇ ਕੋਲ ਸ਼ਕਤੀ ਹੈ ਕਿ ਮੈਂ ਭਾਵੇਂ ਤੈਨੂੰ ਛੱਡ ਦੇਵਾਂ ਤੇ ਭਾਵੇਂ ਸਲੀਬ ਤੇ ਦੇਵਾਂ ? ”11ਯਿਸੂ ਨੇ ਕਿਹਾ, “ਇਹ ਅਧਿਕਾਰ, ਜੋ ਮੇਰੇ ਉੱਪਰ ਤੇਰੇ ਕੋਲ ਹੈ ਪਰਮੇਸ਼ੁਰ ਦੁਆਰਾ ਦਿੱਤਾ ਹੋਇਆ ਹੈ । ਇਸ ਲਈ ਜਿਸ ਆਦਮੀ ਨੇ ਮੈਨੂੰ ਤੇਰੇ ਹੱਥੀਂ ਫ਼ੜਵਾਇਆ ਹੈ ਉਹ ਵੱਧ ਪਾਪ ਦਾ ਦੋਸ਼ੀ ਹੈ ।”
12ਇਸ ਤੋਂ ਬਾਅਦ ਪਿਲਾਤੁਸ ਨੇ ਯਿਸੂ ਨੂੰ ਅਜ਼ਾਦ ਕਰਨ ਦੀ ਬਹੁਤ ਕੋਸ਼ਿਸ਼ ਕੀਤੀ । ਪਰ ਯਹੂਦੀ ਰੌਲ਼ਾ ਪਾ ਰਹੇ ਸਨ, “ਇਸ ਲਈ ਜੇਕਰ ਤੂੰ ਇਸ ਆਦਮੀ ਨੂੰ ਛੱਡੇਂਗਾ ਤਾਂ ਇਸ ਦਾ ਮਤਲਬ ਤੂੰ ਕੈਸਰ ਦਾ ਮਿੱਤਰ ਨਹੀਂ ਹੈ ।”13ਪਿਲਾਤੁਸ ਇਹ ਗੱਲਾਂ ਸੁਣ ਕੇ ਯਿਸੂ ਨੂੰ ਬਾਹਰ ਪੱਥਰ ਦੇ ਚਬੂਤਰੇ ਦੇ ਕੋਲ ਲਿਆਇਆ । (ਜਿਸ ਨੂੰ ਇਬਰਾਨੀ ਭਾਸ਼ਾ ਵਿੱਚ ਗਬਥਾ ਆਖਿਆ ਜਾਂਦਾ ਹੈ) ਅਤੇ ਅਦਾਲਤ ਦੀ ਗੱਦੀ ਤੇ ਬੈਠ ਗਿਆ ।
14ਇਹ ਤਕਰੀਬਨ ਦੁਪਹਿਰ ਦਾ ਵੇਲਾ ਸੀ ਅਤੇ ਇਹ ਪਸਾਹ ਦੇ ਤਿਉਹਾਰ ਦੀ ਤਿਆਰੀ ਦਾ ਦਿਨ ਸੀ । ਪਿਲਾਤੁਸ ਨੇ ਯਹੂਦੀਆਂ ਨੂੰ ਕਿਹਾ, “ਇਹ ਵੇਖੋ, ਤੁਹਾਡਾ ਰਾਜਾ ਹੈ ।”15ਯਹੂਦੀਆਂ ਨੇ ਡੰਡ ਪਾਈ, “ਇਸ ਨੂੰ ਦੂਰ ਲੈ ਜਾਓ, ਇਸ ਨੂੰ ਲੈ ਜਾਓ ਅਤੇ ਇਸ ਨੂੰ ਸਲੀਬ ਦਿਓ ।” ਪਿਲਾਤੁਸ ਨੇ ਉਨ੍ਹਾਂ ਨੂੰ ਪੁੱਛਿਆ, “ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੇ ਰਾਜੇ ਨੂੰ ਸਲੀਬ ਦੇਵਾਂ ? ” ਮੁੱਖ ਜਾਜਕਾਂ ਨੇ ਆਖਿਆ, “ਸਾਡਾ ਸਿਰਫ਼ ਇੱਕ ਹੀ ਰਾਜਾ ਹੈ, ਕੈਸਰ ।”16ਪਿਲਾਤੁਸ ਨੇ ਯਿਸੂ ਨੂੰ ਸਲੀਬ ਉੱਤੇ ਚੜਾਉਣ ਲਈ ਯਹੂਦੀਆਂ ਦੇ ਹਵਾਲੇ ਕਰ ਦਿੱਤਾ । ਸਿਪਾਹੀ ਯਿਸੂ ਨੂੰ ਲੈ ਗਏ ।
ਯਿਸੂ ਨੂੰ ਸਲੀਬ ਉੱਤੇ ਚੜਾਉਣਾ
(ਮੱਤੀ 27:32-44, ਮਰਕੁਸ 15:21-32, ਲੂਕਾ 23:26-43)

17ਉਸ ਨੇ ਆਪਣੀ ਸਲੀਬ ਚੁੱਕੀ ਅਤੇ ਖੋਪੜੀ ਨਾਮ ਦੀ ਥਾਂ ਉੱਤੇ ਗਿਆ । ਅਤੇ ਇਬਰਾਨੀ ਭਾਸ਼ਾ ਵਿੱਚ ਉਸ ਨੂੰ “ਗਲਗਥਾ” ਕਹਿੰਦੇ ਹਨ ।18ਉੱਥੇ ਉਨ੍ਹਾਂ ਨੇ ਯਿਸੂ ਨੂੰ ਸਲੀਬ ਦਿੱਤੀ । ਉੱਥੇ ਦੋ ਮਨੁੱਖ ਹੋਰ ਸਨ, ਜਿਨ੍ਹਾਂ ਨੂੰ ਯਿਸੂ ਨਾਲ ਸਲੀਬ ਦਿੱਤੀ ਗਈ ਸੀ । ਇੱਕ ਮਨੁੱਖ ਉਸ ਦੇ ਇੱਕ ਪਾਸੇ ਅਤੇ ਦੂਸਰਾ ਇੱਕ ਪਾਸੇ ਅਤੇ ਯਿਸੂ ਵਿਚਾਲੇ ।
19ਪਿਲਾਤੁਸ ਨੇ ਇੱਕ ਦੋਸ਼ ਪੱਤ੍ਰੀ ਲਿਖਵਾ ਕੇ ਸਲੀਬ ਉੱਪਰ ਲਾਈ ਜਿਸ ਉੱਤੇ ਇਹ ਲਿਖਿਆ ਹੋਇਆ ਸੀ “ਯਿਸੂ ਨਾਸਰੀ ਯਹੂਦੀਆਂ ਦਾ ਰਾਜਾ ।”20ਇਹ ਚਿੰਨ੍ਹ ਪੱਟੀ ਇਬਰਾਨੀ, ਲਾਤੀਨੀ ਅਤੇ ਯੂਨਾਨੀ ਭਾਸ਼ਾ ਵਿੱਚ ਲਿਖੀ ਹੋਈ ਸੀ । ਬਹੁਤ ਸਾਰੇ ਯਹੂਦੀਆਂ ਨੇ ਇਸ ਪੱਟੀ ਨੂੰ ਪੜਿਆ, ਕਿਉਂਕਿ ਜਿਸ ਜਗ੍ਹਾ ਉਸ ਨੂੰ ਸਲੀਬ ਦਿੱਤੀ ਗਈ ਸ਼ਹਿਰ ਦੇ ਨੇੜੇ ਹੀ ਸੀ ।
21ਤਾਂ ਯਹੂਦੀਆਂ ਦੇ ਮੁੱਖ ਜਾਜਕਾਂ ਨੇ ਪਿਲਾਤੁਸ ਨੂੰ ਕਿਹਾ ਕਿ, “ਇਹ ਨਾ ਲਿਖ, ‘ਉਹ ਯਹੂਦੀਆ ਦਾ ਰਾਜਾ ਹੈ ।’ ਸਗੋਂ ਇਹ ਲਿਖ ਕਿ, ‘ਉਸ ਨੇ ਆਖਿਆ, ਕਿ ਮੈਂ ਯਹੂਦੀਆਂ ਦਾ ਰਾਜਾ ਹਾਂ’।”22ਪਿਲਾਤੁਸ ਨੇ ਕਿਹਾ, “ਜੋ ਮੈਂ ਲਿਖਿਆ ਹੈ, ਉਸ ਨੂੰ ਮੈਂ ਹੁਣ ਨਹੀਂ ਬਦਲ ਸਕਦਾ ।”
23ਜਦੋਂ ਸਿਪਾਹੀਆਂ ਨੇ ਯਿਸੂ ਨੂੰ ਸਲੀਬ ਦਿੱਤੀ, ਉਨ੍ਹਾਂ ਨੇ ਉਸ ਦੇ ਕੱਪੜੇ ਰੱਖ ਕੇ ਅਤੇ ਉਨ੍ਹਾਂ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ । ਹਰੇਕ ਸਿਪਾਹੀ ਦਾ ਇੱਕ-ਇੱਕ ਹਿੱਸਾ । ਉਨ੍ਹਾਂ ਨੇ ਉਸਦਾ ਕੁੜਤਾ ਵੀ ਲੈ ਲਿਆ । ਇਹ ਇੱਕ ਸਿਰੇ ਤੋਂ ਦੂਜੇ ਸਿਰੇ ਇੱਕੋ ਹੀ ਟੁਕੜੇ ਦਾ ਬਣਿਆ ਹੋਇਆ ਸੀ ।24ਸਿਪਾਹੀਆਂ ਨੇ ਆਪਸ ਵਿੱਚ ਕਿਹਾ, “ਸਾਨੂੰ ਇਸ ਕੁੜਤੇ ਨੂੰ ਹਿੱਸਿਆਂ ਵਿੱਚ ਨਹੀਂ ਪਾੜਨਾ ਚਾਹੀਦਾ, ਸਗੋਂ ਅਸੀਂ ਪਰਚੀਆਂ ਪਾ ਕੇ ਵੇਖ ਲੈਂਦੇ ਹਾਂ ਇਹ ਕਿਸ ਦੇ ਹਿੱਸੇ ਆਉਂਦਾ ਹੈ ।” ਇਹ ਇਸ ਲਈ ਹੋਇਆ ਤਾਂ ਜੋ ਪਵਿੱਤਰ ਗ੍ਰੰਥ ਦਾ ਬਚਨ ਪੂਰਾ ਹੋ ਸਕੇ । “ਉਨ੍ਹਾਂ ਮੇਰੇ ਕੱਪੜੇ ਵੀ ਆਪਸ ਵਿੱਚ ਵੰਡ ਲਏ ਅਤੇ ਮੇਰੇ ਕੱਪੜਿਆਂ ਤੇ ਪਰਚੀ ਸੁੱਟੀ ।” ਤਦ ਸਿਪਾਹੀ ਨੇ ਇਹ ਕੀਤਾ ।
25ਯਿਸੂ ਦੀ ਮਾਤਾ ਉਸ ਦੀ ਸਲੀਬ ਦੇ ਕੋਲ ਖੜ੍ਹੀ ਸੀ । ਉਸ ਦੀ ਮਾਂ ਦੀ ਭੈਣ, ਕਲੋਪਸ ਦੀ ਪਤਨੀ ਮਰਿਯਮ ਅਤੇ ਮਰਿਯਮ ਮਗਦਲੀਨੀ ਵੀ ਖੜ੍ਹੀਆਂ ਸਨ ।26ਯਿਸੂ ਨੇ ਆਪਣੀ ਮਾਤਾ ਨੂੰ ਵੇਖਿਆ ਅਤੇ ਜਿਸ ਚੇਲੇ ਨੂੰ ਬਹੁਤ ਪਿਆਰ ਕਰਦਾ ਸੀ, ਉਹ ਵੀ ਉੱਥੇ ਹੀ ਖੜ੍ਹਾ ਸੀ ਤਾਂ ਉਸ ਨੇ ਆਪਣੀ ਮਾਤਾ ਨੂੰ ਕਿਹਾ, “ਹੇ ਔਰਤ ! ਇਹ ਰਿਹਾ ਤੇਰਾ ਪੁੱਤਰ ।”27ਤਦ ਯਿਸੂ ਨੇ ਉਸ ਚੇਲੇ ਨੂੰ ਆਖਿਆ, “ਇਹ ਤੇਰੀ ਮਾਤਾ ਹੈ ।” ਤਾਂ ਇਸ ਤੋਂ ਬਾਅਦ ਉਹ ਚੇਲਾ ਯਿਸੂ ਦੀ ਮਾਤਾ ਨੂੰ ਆਪਣੇ ਘਰ ਆਪਣੇ ਲੈ ਗਿਆ ।
ਯਿਸੂ ਦੀ ਮੌਤ
(ਮੱਤੀ 27:45-56, ਮਰਕੁਸ 15:33-41, ਲੂਕਾ 23:44-49)

28ਯਿਸੂ ਜਾਣਦਾ ਸੀ ਕਿ ਸਭ ਕੁੱਝ ਪੂਰਾ ਹੋ ਚੁੱਕਿਆ ਹੈ । ਇਸ ਲਈ ਪਵਿੱਤਰ ਗ੍ਰੰਥ ਵਿੱਚ ਜੋ ਲਿਖਿਆ ਹੈ ਉਸ ਨੂੰ ਪੂਰਾ ਕਰਨ ਲਈ ਉਸ ਨੇ ਆਖਿਆ, “ਮੈਂ ਪਿਆਸਾ ਹਾਂ ।”29ਉੱਥੇ ਇੱਕ ਵੱਡਾ ਮਰਤਬਾਨ ਸਿਰਕੇ ਦਾ ਭਰਿਆ ਹੋਇਆ ਸੀ ਤਾਂ ਸਿਪਾਹੀਆਂ ਨੇ ਇੱਕ ਸਪੰਜ ਨੂੰ ਗਿਲਾ ਕੀਤਾ ਅਤੇ ਉਸ ਸਪੰਜ ਨੂੰ ਟਹਿਣੀ ਨਾਲ ਬੰਨ੍ਹ ਕੇ, ਉਸ ਨੂੰ ਯਿਸੂ ਦੇ ਮੂੰਹ ਤੱਕ ਕੀਤਾ ।30ਜਦ ਯਿਸੂ ਨੇ ਸਿਰਕੇ ਦਾ ਸਵਾਦ ਵੇਖਿਆ, ਉਸ ਨੇ ਆਖਿਆ, “ਪੂਰਾ ਹੋ ਗਿਆ ਹੈ ।” ਤਦ ਯਿਸੂ ਨੇ ਆਪਣਾ ਸਿਰ ਝੁਕਾਇਆ ਅਤੇ ਜਾਨ ਦੇ ਦਿੱਤੀ ।
ਵੱਖੀ ਵਿੱਚ ਬਰਛਾ ਮਾਰਨਾ

31ਇਹ ਦਿਨ ਤਿਆਰੀ ਦਾ ਦਿਨ ਸੀ ਅਤੇ ਅਗਲਾ ਦਿਨ ਸਬਤ ਦਾ ਦਿਨ ਸੀ । ਯਹੂਦੀ ਇਹ ਨਹੀਂ ਚਾਹੁੰਦੇ ਸਨ ਕਿ ਲਾਸ਼ਾਂ ਸਲੀਬ ਤੇ ਟੰਗੀਆਂ ਰਹਿਣ । ਕਿਉਂਕਿ ਸਬਤ ਦਾ ਦਿਨ ਉਨ੍ਹਾਂ ਲਈ ਬਹੁਤ ਖ਼ਾਸ ਸੀ । ਉਨ੍ਹਾਂ ਪਿਲਾਤੁਸ ਅੱਗੇ ਬੇਨਤੀ ਕੀਤੀ ਕਿ ਉਹ ਉਨ੍ਹਾਂ ਦੀਆਂ ਲੱਤਾਂ ਤੋੜਨ ਦੀ ਆਗਿਆ ਦੇਵੇ, ਤਾਂ ਜੋ ਉਹ ਜਲਦੀ ਮਰ ਜਾਣ ਅਤੇ ਸਲੀਬਾਂ ਤੋਂ ਜਲਦੀ ਹੀ ਲਾਸ਼ਾਂ ਨੂੰ ਉਤਾਰਿਆ ਜਾ ਸਕੇ ।32ਤਦ ਸਿਪਾਹੀ ਆਏ ਅਤੇ ਉਨ੍ਹਾਂ ਨੇ ਪਹਿਲੇ ਆਦਮੀ ਦੀਆਂ ਲੱਤਾਂ ਤੋੜੀਆਂ ਜਿਸ ਨੂੰ ਯਿਸੂ ਨਾਲ ਸਲੀਬ ਦਿੱਤੀ ਗਈ ਸੀ । ਫ਼ੇਰ ਉਨ੍ਹਾਂ ਨੇ ਦੂਜੇ ਆਦਮੀ ਦੀਆਂ ਲੱਤਾਂ ਵੀ ਤੋੜ ਦਿੱਤੀਆਂ ਸੀ ।33ਪਰ ਜਦੋਂ ਉਹ ਯਿਸੂ ਕੋਲ ਆਏ ਤਾਂ ਕੀ ਵੇਖਿਆ ਕਿ ਯਿਸੂ ਤਾਂ ਪਹਿਲਾਂ ਹੀ ਮਰ ਚੁੱਕਾ ਹੈ, ਇਸ ਲਈ ਉਨ੍ਹਾਂ ਨੇ ਉਸ ਦੀਆਂ ਲੱਤਾਂ ਨਾ ਤੋੜੀਆਂ ।
34ਪਰ ਉਨ੍ਹਾਂ ਵਿੱਚੋਂ ਇੱਕ ਸਿਪਾਹੀ ਨੇ ਬਰਛਾ ਮਾਰ ਕੇ ਅਤੇ ਯਿਸੂ ਦੀ ਵੱਖੀ ਵਿੰਨ੍ਹ ਦਿੱਤੀ, ਉਸ ਦੇ ਸਰੀਰ ਵਿੱਚੋਂ ਲਹੂ ਅਤੇ ਪਾਣੀ ਨਿੱਕਲਿਆ ।35(ਜਿਸ ਨੇ ਇਹ ਸਭ ਵੇਖਿਆ ਗਵਾਹੀ ਦਿੱਤੀ ਅਤੇ ਉਸ ਦੀ ਗਵਾਹੀ ਸੱਚੀ ਹੈ, ਉਹ ਜਾਣਦਾ ਹੈ ਜੋ ਉਹ ਕਹਿ ਰਿਹਾ, ਸੱਚ ਹੈ । ਉਸ ਨੇ ਗਵਾਹੀ ਦਿੱਤੀ ਤਾਂ ਜੋ ਤੁਸੀਂ ਵੀ ਵਿਸ਼ਵਾਸ ਕਰੋ । )
36ਪਵਿੱਤਰ ਗ੍ਰੰਥ ਦੀ ਇਹ ਲਿਖਤ ਪੂਰੀ ਹੋਈ ਇਸ ਲਈ ਵਾਪਰਿਆ: “ਉਸ ਦੀ ਕੋਈ ਹੱਡੀ ਨਹੀਂ ਤੋੜੀ ਜਾਵੇਗੀ ।”37ਅਤੇ ਦੂਜੀ ਲਿਖਤ ਆਖਦੀ ਹੈ, “ਲੋਕ ਉਸ ਵਿਅਕਤੀ ਨੂੰ ਵੇਖਣਗੇ ਜਿਸ ਨੂੰ ਉਨ੍ਹਾਂ ਨੇ ਵਿੰਨ੍ਹਿਆ ਸੀ ।”
ਯਿਸੂ ਨੂੰ ਦਫ਼ਨਾਉਣਾ
(ਮੱਤੀ 27:57-61, ਮਰਕੁਸ 14:42-47, ਲੂਕਾ 23:50-56)

38ਇਸ ਤੋਂ ਬਾਅਦ ਅਰਿਮਥੇਆ ਦੇ ਯੂਸੁਫ਼ ਨੇ ਪਿਲਾਤੁਸ ਨੂੰ ਯਿਸੂ ਦੇ ਸਰੀਰ ਨੂੰ ਲੈ ਜਾਣ ਲਈ ਬੇਨਤੀ ਕੀਤੀ । ਕਿਉਂਕਿ ਯੂਸੁਫ਼ ਯਹੂਦੀਆਂ ਤੋਂ ਡਰਦਾ ਸੀ, ਉਹ ਯਿਸੂ ਦਾ ਗੁਪਤ ਚੇਲਾ ਸੀ । ਪਿਲਾਤੁਸ ਨੇ ਉਸ ਨੂੰ ਯਿਸੂ ਦੇ ਸਰੀਰ ਨੂੰ ਲੈ ਜਾਣ ਦੀ ਆਗਿਆ ਦੇ ਦਿੱਤੀ ਤਾਂ ਯੂਸੁਫ਼ ਆਇਆ ਅਤੇ ਯਿਸੂ ਦੀ ਲਾਸ਼ ਨੂੰ ਉੱਥੋਂ ਲੈ ਗਿਆ ।39ਨਿਕੋਦਿਮੁਸ ਯੂਸੁਫ਼ ਦੇ ਨਾਲ ਗਿਆ । ਨਿਕੋਦਿਮੁਸ ਉਹੀ ਸੀ ਜਿਹੜਾ ਇੱਕ ਵਾਰ ਰਾਤ ਨੂੰ ਯਿਸੂ ਕੋਲ ਗਿਆ ਸੀ । ਉਹ ਆਪਣੇ ਨਾਲ ਪੰਜਾਹ ਕੁ ਸੇਰ ਦੇ ਕਰੀਬ ਗੰਧਰਸ ਨਾਲ ਰਲੇ ਊਦ ਲਿਆਇਆ ।
40ਇਨ੍ਹਾਂ ਦੋਹਾਂ ਆਦਮੀਆਂ ਨੇ ਯਿਸੂ ਦੀ ਲਾਸ਼ ਚੁੱਕੀ ਅਤੇ ਯਹੂਦੀਆਂ ਦੇ ਦਫ਼ਨਾਉਣ ਦੇ ਰੀਤ ਮੁਤਾਬਕ ਸਮੱਗਰੀ ਪਾ ਕੇ ਇੱਕ ਪਤਲੇ ਕੱਪੜੇ ਨਾਲ ਉਸ ਦੇ ਸਰੀਰ ਨੂੰ ਲਪੇਟਿਆ ।41ਜਿਸ ਜਗ੍ਹਾ ਯਿਸੂ ਨੂੰ ਸਲੀਬ ਚੜਾਇਆ ਗਿਆ ਸੀ, ਉੱਥੇ ਇੱਕ ਬਾਗ ਸੀ । ਉੱਥੇ ਇੱਕ ਨਵੀਂ ਕਬਰ ਸੀ ਜਿਸ ਵਿੱਚ ਕਦੇ ਵੀ ਕਿਸੇ ਨੂੰ ਦਫ਼ਨਾਇਆ ਨਹੀਂ ਗਿਆ ਸੀ ।42ਆਦਮੀਆਂ ਨੇ ਯਿਸੂ ਨੂੰ ਉਸ ਕਬਰ ਵਿੱਚ ਰੱਖ ਦਿੱਤਾ ਕਿਉਂਕਿ ਇਹ ਨੇੜੇ ਸੀ ਅਤੇ ਯਹੂਦੀਆਂ ਲਈ ਸਬਤ ਦੇ ਦਿਨ ਦੀ ਤਿਆਰੀ ਦਾ ਦਿਨ ਸੀ ।

20
ਖਾਲੀ ਕਬਰ
(ਮੱਤੀ 28:1-8, ਮਰਕੁਸ 16:1-8, ਲੂਕਾ 24:1-12)

1ਹਫ਼ਤੇ ਦੇ ਪਹਿਲੇ ਦਿਨ, ਤੜਕੇ ਮਰਿਯਮ ਮਗਦਲੀਨੀ ਕਬਰ ਕੋਲ ਗਈ, ਜਿੱਥੇ ਯਿਸੂ ਦਾ ਸਰੀਰ ਪਿਆ ਹੋਇਆ ਸੀ । ਅਜੇ ਹਨ੍ਹੇਰਾ ਹੀ ਸੀ । ਉਸ ਨੇ ਵੇਖਿਆ ਜਿਸ ਪੱਥਰ ਨਾਲ ਕਬਰ ਬੰਦ ਸੀ ਉਹ ਪਰੇ ਕੀਤਾ ਹੋਇਆ ਸੀ ।2ਤਾਂ ਮਰਿਯਮ ਭੱਜਦੀ ਹੋਈ ਸ਼ਮਊਨ ਪਤਰਸ ਅਤੇ ਯਿਸੂ ਦੇ ਹੋਰ ਚੇਲਿਆਂ ਜਿਨ੍ਹਾਂ ਨੂੰ ਯਿਸੂ ਪਿਆਰ ਕਰਦਾ ਸੀ, ਕੋਲ ਗਈ । ਉਸ ਨੇ ਉਨ੍ਹਾਂ ਨੂੰ ਆਖਿਆ, “ਉਨ੍ਹਾਂ ਨੇ ਪ੍ਰਭੂ ਨੂੰ ਕਬਰ ਵਿੱਚੋਂ ਕੱਢ ਲਿਆ ਹੈ ਅਤੇ ਅਸੀਂ ਨਹੀਂ ਜਾਣਦੇ ਕਿ ਉਨ੍ਹਾਂ ਨੇ ਉਸ ਨੂੰ ਕਿੱਥੇ ਰੱਖਿਆ ਹੈ ? ”

3ਤਾਂ ਪਤਰਸ ਅਤੇ ਦੂਜਾ ਚੇਲਾ ਕਬਰ ਵੱਲ ਗਏ ।4ਉਹ ਦੋਵੇਂ ਭੱਜ ਰਹੇ ਸਨ ਪਰ ਦੂਜਾ ਚੇਲਾ ਪਤਰਸ ਨਾਲੋਂ ਤੇਜ ਭੱਜ ਰਿਹਾ ਸੀ ਅਤੇ ਕਬਰ ਕੋਲ ਪਹਿਲਾਂ ਪਹੁੰਚ ਗਿਆ ।5ਇਸ ਨੇ ਥੱਲੇ ਝੁੱਕ ਕੇ ਅੰਦਰ ਵੇਖਿਆ ਤਾਂ ਉਸ ਨੇ ਉਹਦਾ ਕਫ਼ਨ ਪਿਆ ਵੇਖਿਆ, ਪਰ ਉਹ ਅੰਦਰ ਨਾ ਗਿਆ ।
6ਤਦ ਸ਼ਮਊਨ ਪਤਰਸ ਵੀ ਉਸ ਦੇ ਮਗਰ ਆ ਪਹੁੰਚਾ ਅਤੇ ਉਹ ਕਬਰ ਦੇ ਅੰਦਰ ਵੜ ਗਿਆ ਉਸ ਨੇ ਵੀ ਉੱਥੇ ਕਫ਼ਨ ਪਿਆ ਵੇਖਿਆ ।7ਉਸ ਨੇ ਉਹ ਕੱਪੜਾ ਵੀ ਵੇਖਿਆ ਜਿਹੜਾ ਯਿਸੂ ਦੇ ਸਿਰ ਤੇ ਲਪੇਟਿਆ ਹੋਇਆ ਸੀ । ਅਤੇ ਉਹ ਕੱਪੜਾ ਤਹਿ ਕਰਕੇ ਉਸ ਕਫ਼ਨ ਤੋਂ ਹੱਟ ਕੇ ਇੱਕ ਪਾਸੇ ਪਿਆ ਹੋਇਆ ਸੀ ।
8ਫਿਰ ਦੂਜਾ ਚੇਲਾ ਵੀ ਅੰਦਰ ਗਿਆ ਇਹ ਉਹ ਚੇਲਾ ਸੀ ਜਿਹੜਾ ਕਿ ਕਬਰ ਉੱਤੇ ਪਤਰਸ ਤੋਂ ਪਹਿਲਾਂ ਪਹੁੰਚਿਆ ਸੀ । ਜਦ ਉਸ ਨੇ ਇਹ ਸਭ ਹੋਇਆ ਵੇਖਿਆ ਤਾਂ ਉਸ ਨੂੰ ਵਿਸ਼ਵਾਸ ਹੋਇਆ ।9ਉਹ ਚੇਲੇ ਉਦੋਂ ਤੱਕ ਇਹ ਨਾ ਸਮਝ ਸਕੇ ਸਨ ਕਿ ਪੋਥੀਆਂ ਵਿੱਚ ਕੀ ਲਿਖਿਆ ਹੋਇਆ ਸੀ, ਕਿ ਯਿਸੂ ਮੁਰਦਿਆਂ ਚੋਂ ਜੀ ਉੱਠੇਗਾ ।10ਫ਼ੇਰ ਚੇਲੇ ਘਰ ਨੂੰ ਵਾਪਸ ਚਲੇ ਗਏ ।
ਮਰਿਯਮ ਮਗਦਲੀਨੀ ਨੂੰ ਦਿਖਾਈ ਦੇਣਾ
(ਮੱਤੀ 28:9, 10, ਮਰਕੁਸ 16:9-11)

11ਮਰਿਯਮ ਅਜੇ ਵੀ ਕਬਰ ਦੇ ਬਾਹਰ ਖੜੀ ਰੋ ਰਹੀ ਸੀ ਜਦੋਂ ਉਸ ਨੇ ਰੋਂਦੀ-ਰੋਂਦੀ ਨੇ ਝੁੱਕ ਕੇ ਕਬਰ ਅੰਦਰ ਵੇਖਿਆ ।12ਮਰਿਯਮ ਨੇ ਦੋ ਦੂਤਾਂ ਨੂੰ ਚਿੱਟੇ ਕੱਪੜੇ ਪਾਏ ਹੋਏ ਵੇਖਿਆ, ਉਹ ਉੱਥੇ ਬੈਠੇ ਹੋਏ ਸਨ ਜਿੱਥੇ ਯਿਸੂ ਦਾ ਸਰੀਰ ਰੱਖਿਆ ਹੋਇਆ ਸੀ । ਇੱਕ ਦੂਤ ਯਿਸੂ ਦੇ ਸਿਰ ਵਾਲੇ ਪਾਸੇ ਸੀ ਤੇ ਦੂਜਾ ਦੂਤ ਉਸ ਦੇ ਪੈਰਾਂ ਵਾਲੇ ਪਾਸੇ ਸੀ ।13ਦੂਤਾਂ ਨੇ ਮਰਿਯਮ ਨੂੰ ਪੁੱਛਿਆ, “ਹੇ ਔਰਤ, ਤੂੰ ਰੋ ਕਿਉਂ ਰਹੀ ਹੈਂ ? ” ਮਰਿਯਮ ਨੇ ਉੱਤਰ ਦਿੱਤਾ, “ਕੁੱਝ ਲੋਕ ਮੇਰੇ ਪ੍ਰਭੂ ਦਾ ਸਰੀਰ ਲੈ ਗਏ, ਤੇ ਮੈਂ ਨਹੀਂ ਜਾਣਦੀ ਕਿ ਉਨ੍ਹਾਂ ਨੇ ਉਸ ਨੂੰ ਕਿੱਥੇ ਰੱਖਿਆ ।”
14ਇਹ ਆਖ ਕੇ ਓਹ ਵਾਪਿਸ ਮੁੜੀ, ਤਾਂ ਉੱਥੇ ਉਸ ਨੇ ਯਿਸੂ ਨੂੰ ਖੜਿਆਂ ਵੇਖਿਆ ਪਰ ਉਹ ਇਹ ਨਹੀਂ ਸੀ ਜਾਣਦੀ ਕਿ ਇਹ ਯਿਸੂ ਹੀ ਹੈ ।15ਯਿਸੂ ਨੇ ਉਸ ਨੂੰ ਕਿਹਾ, “ਹੇ ਔਰਤ, ਤੂੰ ਕਿਉਂ ਰੋਂਦੀ ਹੈ ? ਅਤੇ ਤੂੰ ਕਿਸਨੂੰ ਭਾਲਦੀ ਹੈਂ ? ” ਮਰਿਯਮ ਨੇ ਸੋਚਿਆ ਕਿ ਸ਼ਾਇਦ ਇਹ ਆਦਮੀ ਇਸ ਬਾਗ ਦਾ ਮਾਲੀ ਹੈ, ਅਤੇ ਉਸ ਨੂੰ ਆਖਿਆ, “ਭਈ, ਜੇ ਤੁਸੀਂ ਉਸ ਨੂੰ ਲੈ ਗਏ ਹੋ, ਤਾਂ ਮੈਨੂੰ ਦੱਸੋ ਕਿ ਤੁਸੀਂ ਉਸ ਨੂੰ ਕਿੱਥੇ ਰੱਖਿਆ ਹੈ । ਤਾਂ ਜੋ ਮੈਂ ਜਾ ਕੇ ਉਸ ਨੂੰ ਮਿਲਾ ।”
16ਯਿਸੂ ਨੇ ਉਸ ਨੂੰ ਆਖਿਆ, “ਹੇ ਮਰਿਯਮ । ” ਤਾਂ ਉਹ ਮੁੜੀ ਅਤੇ ਯਿਸੂ ਵੱਲ ਵੇਖਿਆ ਅਤੇ ਇਬਰਾਨੀ ਭਾਸ਼ਾ ਵਿੱਚ ਬੋਲੀ, “ਰੱਬੋਨੀ” ਭਾਵ “ਪ੍ਰਭੂ ।”17ਯਿਸੂ ਨੇ ਉਸ ਨੂੰ ਆਖਿਆ, “ਮੈਨੂੰ ਨਾ ਫ਼ੜ ! ਅਜੇ ਮੈਂ ਆਪਣੇ ਪਿਤਾ ਕੋਲ ਨਹੀਂ ਗਿਆ । ਪਰ ਤੂੰ ਮੇਰੇ ਭਰਾਵਾਂ ਕੋਲ ਜਾ ਅਤੇ ਉਨ੍ਹਾਂ ਨੂੰ ਇਹ ਆਖ: ਮੈਂ ਵਾਪਸ ਆਪਣੇ ਅਤੇ ਤੇਰੇ ਪਿਤਾ ਕੋਲ ਜਾ ਰਿਹਾ ਹਾਂ । ਮੇਰੇ ਪਰਮੇਸ਼ੁਰ ਅਤੇ ਤੇਰੇ ਪਰਮੇਸ਼ੁਰ ਕੋਲ ।”18ਮਰਿਯਮ ਮਗਦਲੀਨੀ ਚੇਲਿਆਂ ਕੋਲ ਗਈ ਅਤੇ ਉਨ੍ਹਾਂ ਨੂੰ ਜਾ ਕੇ ਦੱਸਿਆ, “ਮੈਂ ਪ੍ਰਭੂ ਨੂੰ ਵੇਖਿਆ ਹੈ ।” ਅਤੇ ਉਸ ਨੇ ਉਨ੍ਹਾਂ ਨੂੰ ਉਹ ਬਚਨ ਵੀ ਜੋ ਯਿਸੂ ਨੇ ਉਸ ਨੂੰ ਆਖੇ ਸਨ ।
ਚੇਲਿਆਂ ਨੂੰ ਦਿਖਾਈ ਦੇਣਾ
(ਮੱਤੀ 28:16-20, ਮਰਕੁਸ 16:14-18, ਲੂਕਾ 24:36-49)

19ਉਸੇ ਦਿਨ ਦੀ ਸ਼ਾਮ, ਹਫ਼ਤੇ ਦੇ ਪਹਿਲੇ ਦਿਨ, ਸਾਰੇ ਚੇਲੇ ਇਕੱਠੇ ਹੋਏ । ਉਨ੍ਹਾਂ ਨੇ ਸਾਰੇ ਦਰਵਾਜ਼ੇ ਬੰਦ ਕਰ ਲਏ ਕਿਉਂਕਿ ਉਹ ਯਹੂਦੀਆਂ ਤੋਂ ਡਰਦੇ ਸਨ । ਤਦ ਯਿਸੂ ਉਨ੍ਹਾਂ ਦੇ ਵਿੱਚ ਆ ਕੇ ਖੜ੍ਹਾ ਹੋ ਗਿਆ ਅਤੇ ਆਖਣ ਲੱਗਾ, “ ਤੁਹਾਨੂੰ ਸ਼ਾਂਤੀ ਮਿਲੇ l”20ਜਦੋਂ ਯਿਸੂ ਨੇ ਇਹ ਆਖਿਆ ਤਾਂ ਉਸ ਦੇ ਚੇਲਿਆਂ ਨੂੰ ਆਪਣੇ ਹੱਥ ਅਤੇ ਆਪਣੀ ਵੱਖੀ ਵਿਖਾਈ । ਚੇਲੇ ਪ੍ਰਭੂ ਨੂੰ ਵੇਖ ਕੇ ਬੜੇ ਖੁਸ਼ ਹੋਏ ।
21ਤਦ ਯਿਸੂ ਨੇ ਫਿਰ ਕਿਹਾ, “ਤੁਹਾਨੂੰ ਸ਼ਾਂਤੀ ਮਿਲੇ ! ਮੈਂ ਤੁਹਾਨੂੰ ਭੇਜ ਰਿਹਾ ਹਾਂ ਜਿਵੇਂ ਪਿਤਾ ਨੇ ਮੈਨੂੰ ਭੇਜਿਆ ਹੈ ।”22ਯਿਸੂ ਨੇ ਇਹ ਆਖਿਆ ਉਸ ਨੇ ਆਪਣੇ ਚੇਲਿਆਂ ਉੱਪਰ ਫੂਕ ਮਾਰੀ ਅਤੇ ਯਿਸੂ ਨੇ ਆਖਿਆ, “ਪਵਿੱਤਰ ਆਤਮਾ ਲਵੋ ।23ਜਦੋਂ ਤੁਸੀਂ ਲੋਕਾਂ ਦੇ ਪਾਪ ਮਾਫ਼ ਕਰੋ ਤਾਂ ਉਨ੍ਹਾਂ ਦੇ ਪਾਪ ਮਾਫ਼ ਕੀਤੇ ਜਾਣਗੇ, ਤੇ ਜੇ ਤੁਸੀਂ ਉਨ੍ਹਾਂ ਦੇ ਪਾਪਾਂ ਨੂੰ ਨਾ ਮਾਫ਼ ਕਰੋ ਤਾਂ ਉਨ੍ਹਾਂ ਦੇ ਪਾਪ ਮਾਫ਼ ਕੀਤੇ ਨਹੀਂ ਜਾਣਗੇ ।”
ਥੋਮਾ ਉੱਤੇ ਪ੍ਰਗਟ ਹੋਣਾ

24ਜਦ ਯਿਸੂ ਉਨ੍ਹਾਂ ਕੋਲ ਆਇਆ ਤਾਂ ਥੋਮਾ, ਜਿਸ ਨੂੰ ਦੀਦੁਮਸ ਵੀ ਕਹਿੰਦੇ ਸਨ, ਉੱਥੇ ਚੇਲਿਆਂ ਵਿੱਚ ਨਹੀਂ ਸੀ । ਥੋਮਾ ਉਨ੍ਹਾਂ ਬਾਰ੍ਹਾਂ ਵਿੱਚੋਂ ਇੱਕ ਸੀ ।25ਦੂਜੇ ਚੇਲਿਆਂ ਨੇ ਥੋਮਾ ਨੂੰ ਦੱਸਿਆ, “ਅਸੀਂ ਪ੍ਰਭੂ ਨੂੰ ਵੇਖਿਆ ।” ਥੋਮਾ ਨੇ ਕਿਹਾ, “ਮੈਂ ਉਦੋਂ ਤੱਕ ਵਿਸ਼ਵਾਸ ਨਹੀਂ ਕਰਾਂਗਾ ਜਦ ਤੱਕ ਮੈਂ ਉਸ ਦੇ ਹੱਥਾਂ ਵਿੱਚ ਕਿੱਲਾਂ ਦੇ ਨਿਸ਼ਾਨ ਤੇ ਛੇਦ ਨਾ ਵੇਖਾਂ ਅਤੇ ਆਪਣੀ ਉਂਗਲ ਉਨ੍ਹਾਂ ਥਾਵਾਂ ਵਿੱਚ ਪਾ ਕੇ ਨਾ ਵੇਖ ਲਵਾਂ ਜਿੱਥੇ ਕਿੱਲਾਂ ਠੋਕੀਆਂ ਗਈਆਂ ਸਨ ਅਤੇ ਆਪਣਾ ਹੱਥ ਉਸ ਦੀ ਵੱਖੀ ਚ ਨਾ ਪਾਵਾਂ ।”
26ਇੱਕ ਹਫ਼ਤੇ ਬਾਅਦ ਚੇਲੇ ਉਸੇ ਘਰ ਵਿੱਚ ਫਿਰ ਇਕੱਠੇ ਹੋਏ । ਥੋਮਾ ਉਨ੍ਹਾਂ ਦੇ ਨਾਲ ਸੀ । ਦਰਵਾਜ਼ੇ ਬੰਦ ਸਨ ਪਰ ਯਿਸੂ ਉਨ੍ਹਾਂ ਵਿੱਚ ਫ਼ਿਰ ਆਣ ਕੇ ਖੜ੍ਹਾ ਹੋ ਗਿਆ ਅਤੇ ਆਖਿਆ, “ਤੁਹਾਨੂੰ ਸ਼ਾਂਤੀ ਮਿਲੇ ।”27ਤਦ ਯਿਸੂ ਨੇ ਥੋਮਾ ਨੂੰ ਕਿਹਾ, “ਆਪਣੀ ਉਂਗਲ ਇੱਧਰ ਕਰ, ਅਤੇ ਮੇਰੇ ਹੱਥਾਂ ਵੱਲ ਵੇਖ । ਆਪਣਾ ਹੱਥ ਮੇਰੀ ਵੱਖੀ ਵਿੱਚ ਵਾੜ । ਸ਼ੱਕ ਨਾ ਕਰ ਸਗੋਂ ਵਿਸ਼ਵਾਸ ਕਰ ।”
28ਥੋਮਾ ਨੇ ਯਿਸੂ ਨੂੰ ਕਿਹਾ, “ਮੇਰੇ ਪ੍ਰਭੂ ਅਤੇ ਮੇਰੇ ਪਰਮੇਸ਼ੁਰ ।”29ਯਿਸੂ ਨੇ ਥੋਮਾ ਨੂੰ ਕਿਹਾ, “ਤੂੰ ਜੋ ਮੈਨੂੰ ਵੇਖਿਆ ਇਸ ਕਰਕੇ ਵਿਸ਼ਵਾਸ ਕੀਤਾ ਹੈ ? ਧੰਨ ਉਹ ਜਿਨ੍ਹਾਂ ਨੇ ਨਹੀਂ ਵੀ ਵੇਖਿਆ ਫ਼ਿਰ ਵੀ ਵਿਸ਼ਵਾਸ ਕਰਦੇ ।”
ਇਸ ਕਿਤਾਬ ਦਾ ਟੀਚਾ

30ਯਿਸੂ ਨੇ ਹੋਰ ਵੀ ਕਈ ਚਮਤਕਾਰ ਕੀਤੇ ਜਿਹੜੇ ਉਸ ਦੇ ਚੇਲਿਆਂ ਨੇ ਵੇਖੇ । ਉਹ ਚਮਤਕਾਰ ਇਸ ਪੁਸਤਕ ਵਿੱਚ ਨਹੀਂ ਲਿਖੇ ਗਏ ਹਨ ।31ਇਹ ਗੱਲਾਂ ਲਿਖੀਆਂ ਗਈਆਂ ਹਨ ਤਾਂ ਜੋ ਤੁਸੀਂ ਵਿਸ਼ਵਾਸ ਕਰ ਸਕੋ ਕਿ ਯਿਸੂ ਹੀ ਮਸੀਹ ਅਤੇ ਪਰਮੇਸ਼ੁਰ ਦਾ ਪੁੱਤਰ ਹੈ ਅਤੇ ਵਿਸ਼ਵਾਸ ਕਰਕੇ, ਉਸ ਦੇ ਨਾਮ ਤੋਂ ਤੁਸੀਂ ਜੀਵਨ ਪ੍ਰਾਪਤ ਕਰ ਸਕੋ ।

21
ਤਿਬਿਰਿਯਾਸ ਝੀਲ ਦੇ ਕਿਨਾਰੇ ਚੇਲਿਆਂ ਨੂੰ ਦਿਖਾਈ ਦੇਣਾ

1ਬਾਅਦ ਵਿੱਚ ਯਿਸੂ ਨੇ ਆਪਣੇ ਆਪ ਨੂੰ ਚੇਲਿਆਂ ਉੱਤੇ ਪ੍ਰਗਟ ਕੀਤਾ । ਇਹ ਤਿਬਿਰਿਯਾਸ ਦੀ ਝੀਲ ਤੇ ਵਾਪਰਿਆ ।2ਕੁੱਝ ਚੇਲੇ ਉੱਥੇ ਇਕੱਠੇ ਹੋਏ ਸਨ, ਉਹ ਸ਼ਮਊਨ ਪਤਰਸ, ਥੋਮਾ, ਜਿਹੜਾ ਕਿ ਦੀਦਮੁਸ ਅਖਵਾਉਂਦਾ ਹੈ, ਨਥਾਨਿਏਲ ਜੋ ਗਲੀਲ ਦੇ ਕਾਨਾ ਤੋਂ ਸੀ, ਜ਼ਬਦੀ ਦੇ ਪੁੱਤਰ ਅਤੇ ਉਸ ਦੇ ਚੇਲਿਆਂ ਵਿੱਚੋਂ ਦੋ ਹੋਰ ਸਨ ।3ਸ਼ਮਊਨ ਪਤਰਸ ਨੇ ਕਿਹਾ, “ਮੈਂ ਮੱਛੀਆਂ ਫ਼ੜਨ ਜਾਂਦਾ ਹਾਂ ।” ਦੂਜੇ ਬਾਕੀ ਚੇਲਿਆਂ ਨੇ ਕਿਹਾ, “ਅਸੀਂ ਵੀ ਤੇਰੇ ਨਾਲ ਚੱਲਦੇ ਹਾਂ ।” ਤਦ ਸਾਰੇ ਚੇਲੇ ਗਏ ਅਤੇ ਬੇੜੀ ਉੱਤੇ ਚੜ ਗਏ । ਉਨ੍ਹਾਂ ਉਸ ਰਾਤ ਮੱਛੀਆਂ ਫ਼ੜਨ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਹ ਕੋਈ ਮੱਛੀ ਨਾ ਫ਼ੜ ਸਕੇ ।

4ਸਵੇਰ ਵੇਲੇ ਯਿਸੂ ਕਿਨਾਰੇ ਕੋਲ ਖੜ੍ਹਾ ਸੀ, ਪਰ ਚੇਲਿਆਂ ਨੂੰ ਨਹੀਂ ਪਤਾ ਸੀ ਕਿ ਉਹ ਯਿਸੂ ਸੀ ।5ਤਦ ਯਿਸੂ ਨੇ ਚੇਲਿਆਂ ਨੂੰ ਕਿਹਾ, “ਮਿੱਤਰੋ ਕੀ ਤੁਸੀਂ ਕੁੱਝ ਖਾਣ ਲਈ ਫੜਿਆ ? ” ਚੇਲਿਆਂ ਨੇ ਉੱਤਰ ਦਿੱਤਾ, “ਨਹੀਂ ।”6ਯਿਸੂ ਨੇ ਉਨ੍ਹਾਂ ਨੂੰ ਕਿਹਾ ਕਿ ਆਪਣਾ ਜਾਲ਼ ਬੇੜੀ ਦੇ ਸੱਜੇ ਪਾਸੇ ਪਾਣੀ ਵਿੱਚ ਸੁੱਟੋ ਉੱਥੇ ਤੁਹਾਨੂੰ ਕੁੱਝ ਮੱਛੀਆਂ ਮਿਲਣਗੀਆਂ ਤਾਂ ਚੇਲਿਆਂ ਨੇ ਓਸੇ ਤਰ੍ਹਾਂ ਹੀ ਕੀਤਾ । ਉਨ੍ਹਾਂ ਨੂੰ ਉੱਥੇ ਮੱਛੀਆਂ ਮਿਲੀਆਂ । ਜਾਲ਼ ਬਹੁਤ ਭਾਰਾ ਹੋ ਗਿਆ ਤੇ ਉਹ ਇਸ ਨੂੰ ਬੇੜੀ ਵੱਲ ਖਿੱਚ ਨਾ ਸਕੇ ।
7ਉਹ ਚੇਲਾ ਜਿਸ ਨੂੰ ਯਿਸੂ ਪਿਆਰ ਕਰਦਾ ਸੀ, ਉਸ ਨੇ ਪਤਰਸ ਨੂੰ ਕਿਹਾ, “ਉਹ ਪ੍ਰਭੂ ਹੈ ।” ਜਦ ਪਤਰਸ ਨੇ ਉਸ ਨੂੰ ਇਹ ਕਹਿੰਦਿਆਂ ਸੁਣਿਆ, “ਉਹ ਪ੍ਰਭੂ ਹੈ ।” ਉਸ ਨੇ ਆਪਣਾ ਕੱਪੜਾ ਆਪਣੇ ਆਲੇ-ਦੁਆਲੇ ਲਪੇਟ ਲਿਆ ਅਤੇ ਪਾਣੀ ਵਿੱਚ ਛਾਲ ਮਾਰ ਗਿਆ8ਦੂਜੇ ਚੇਲੇ ਬੇੜੀ ਵਿੱਚ ਨਦੀ ਦੇ ਕੰਢੇ ਵੱਲ ਨੂੰ ਚਲੇ ਗਏ ਅਤੇ ਮੱਛੀਆਂ ਦਾ ਭਰਿਆ ਹੋਇਆ ਜਾਲ਼ ਖਿੱਚਣ ਲੱਗੇ । ਉਹ ਕੰਡੇ ਤੋਂ ਕੋਈ ਸੌ ਕੁ ਗਜ ਦੀ ਦੂਰੀ ਤੇ ਹੀ ਸਨ ।9ਜਦੋਂ ਚੇਲੇ ਪਾਣੀ ਵਿੱਚੋਂ ਬਾਹਰ ਆਏ ਅਤੇ ਜ਼ਮੀਨ ਤੇ ਪਹੁੰਚੇ, ਉੱਥੇ ਉਨ੍ਹਾਂ ਨੇ ਅੱਗ ਵੇਖੀ । ਇਸ ਉੱਤੇ ਇੱਕ ਮੱਛੀ ਅਤੇ ਰੋਟੀ ਪਈ ਸੀ ।
10ਯਿਸੂ ਨੇ ਆਖਿਆ ਉਹ “ਮੱਛੀਆਂ ਲਿਆਓ ਜਿਹੜੀਆਂ ਤੁਸੀਂ ਹੁਣੇ ਫ਼ੜੀਆਂ ਹਨ ।”11ਸ਼ਮਊਨ ਪਤਰਸ ਬੇੜੀ ਵਿੱਚ ਗਿਆ ਅਤੇ ਜਾਲ਼ ਨੂੰ ਕਿਨਾਰੇ ਤੇ ਖਿੱਚ ਲਿਆਇਆ । ਇਹ, ਇੱਕ ਸੌ ਤਰਵਿੰਜਾ ਵੱਡੀਆਂ ਮੱਛੀਆਂ ਨਾਲ ਭਰਿਆ ਹੋਇਆ ਸੀ, ਭਾਵੇਂ ਮੱਛੀਆਂ ਬੜੀਆਂ ਵੱਡੀਆਂ ਸਨ, ਪਰ ਜਾਲ਼ ਤਾਂ ਵੀ ਨਾ ਟੁੱਟਿਆ ।
12ਯਿਸੂ ਨੇ ਉਨ੍ਹਾਂ ਨੂੰ ਆਖਿਆ, “ਆਓ ਤੇ ਆ ਕੇ ਖਾਵੋ ।” ਕਿਸੇ ਚੇਲੇ ਵਿੱਚ ਉਸ ਨੂੰ ਇਹ ਪੁੱਛਣ ਦੀ ਹਿੰਮਤ ਨਹੀਂ ਸੀ, “ਕਿ ਤੂੰ ਕੌਣ ਹੈ ? ” ਉਹ ਜਾਣਦੇ ਸਨ ਕਿ ਇਹ ਪ੍ਰਭੂ ਹੀ ਹੈ ।13ਯਿਸੂ ਆਇਆ, ਰੋਟੀ ਲਈ ਅਤੇ ਉਨ੍ਹਾਂ ਨੂੰ ਦੇ ਦਿੱਤੀ । ਇਸੇ ਤਰ੍ਹਾਂ ਹੀ ਮੱਛੀ ਵੀ ਲਈ ਅਤੇ ਉਨ੍ਹਾਂ ਨੂੰ ਦਿੱਤੀ ।14ਜੀ ਉੱਠਣ ਤੋਂ ਬਾਅਦ ਇਹ ਤੀਜੀ ਵਾਰ ਸੀ ਕਿ ਯਿਸੂ ਨੇ ਚੇਲਿਆਂ ਨੂੰ ਦਰਸ਼ਣ ਦਿੱਤਾ ਸੀ ।
ਯਿਸੂ ਅਤੇ ਪਤਰਸ

15ਉਨ੍ਹਾਂ ਦੇ ਖਾ ਹਟਣ ਤੋਂ ਬਾਅਦ, ਯਿਸੂ ਨੇ ਸ਼ਮਊਨ ਪਤਰਸ ਨੂੰ ਆਖਿਆ, “ਸ਼ਮਊਨ, ਯੂਹੰਨਾ ਦੇ ਪੁੱਤਰ, ਕੀ ਜਿੰਨਾਂ ਪਿਆਰ ਇਹ ਲੋਕ ਮੈਨੂੰ ਕਰਦੇ ਹਨ ਤੂੰ ਮੈਨੂੰ ਇਨ੍ਹਾਂ ਲੋਕਾਂ ਨਾਲੋਂ ਵੱਧ ਪਿਆਰ ਕਰਦਾ ਹੈਂ ? ” ਪਤਰਸ ਨੇ ਕਿਹਾ, “ਹਾਂ ਪ੍ਰਭੂ ਜੀ, ਤੂੰ ਜਾਣਦਾ ਹੈਂ ਕਿ ਮੈਂ ਤੇਰੇ ਨਾਲ ਪ੍ਰੀਤ ਰੱਖਦਾ ਹਾਂ ।” ਤਦ ਯਿਸੂ ਨੇ ਪਤਰਸ ਨੂੰ ਕਿਹਾ, “ਮੇਰੇ ਲੇਲੇ ਚਾਰ ।”16ਯਿਸੂ ਨੇ ਫ਼ੇਰ ਪਤਰਸ ਨੂੰ ਆਖਿਆ, “ਹੇ ਸ਼ਮਊਨ ਯੂਹੰਨਾ ਦੇ ਪੁੱਤਰ ਕੀ ਤੂੰ ਮੈਨੂੰ ਪਿਆਰ ਕਰਦਾ ਹੈਂ ? ” ਪਤਰਸ ਨੇ ਕਿਹਾ, “ਹਾਂ ਪ੍ਰਭੂ ਤੂੰ ਜਾਣਦਾ ਹੈਂ ਕਿ ਮੈਂ ਤੇਰੇ ਨਾਲ ਪ੍ਰੀਤ ਰੱਖਦਾ ਹਾਂ ।” ਤਦ ਯਿਸੂ ਨੇ ਪਤਰਸ ਨੂੰ ਆਖਿਆ, “ਮੇਰੀਆਂ ਭੇਡਾਂ ਦੀ ਰਾਖੀ ਕਰ ।”
17ਤੀਜੀ ਵਾਰ ਯਿਸੂ ਨੇ ਫ਼ਿਰ ਪਤਰਸ ਨੂੰ ਆਖਿਆ, “ਸ਼ਮਊਨ, ਯੂਹੰਨਾ ਦੇ ਪੁੱਤਰ, ਕੀ ਤੂੰ ਮੇਰੇ ਨਾਲ ਪ੍ਰੀਤ ਰੱਖਦਾ ਹੈਂ ? ” ਪਤਰਸ ਉਦਾਸ ਹੋ ਗਿਆ ਇਸ ਲਈ ਕਿ ਯਿਸੂ ਨੇ ਤੀਜੀ ਵਾਰ ਉਸ ਨੂੰ ਪੁੱਛਿਆ ਕਿ, “ਕੀ ਤੂੰ ਮੇਰੇ ਨਾਲ ਪ੍ਰੀਤ ਰੱਖਦਾ ਹੈਂ ।” ਪਤਰਸ ਨੇ ਕਿਹਾ, “ਪ੍ਰਭੂ ਤੂੰ ਸਭ ਕੁੱਝ ਜਾਣਦਾ ਹੈ ਕਿ ਮੈਂ ਤੇਰੇ ਨਾਲ ਪ੍ਰੀਤ ਰੱਖਦਾ ਹਾਂ ।” ਯਿਸੂ ਨੇ ਪਤਰਸ ਨੂੰ ਆਖਿਆ, “ਮੇਰੀਆਂ ਭੇਡਾਂ ਨੂੰ ਚਾਰ ।18ਮੈਂ ਤੈਨੂੰ ਸੱਚ-ਸੱਚ ਆਖਦਾ ਜਦੋਂ ਤੂੰ ਜਵਾਨ ਸੀ ਤੂੰ ਲੱਕ ਦੁਆਲੇ ਪੇਟੀ ਬੰਨ੍ਹ ਕੇ ਜਿੱਥੇ ਤੇਰਾ ਜੀਅ ਕਰਦਾ ਤੂੰ ਤੁਰ ਜਾਂਦਾ ਸੀ, ਪਰ ਜਦ ਤੂੰ ਬੁੱਢਾ ਹੋਵੇਂਗਾ ਤੂੰ ਆਪਣੇ ਹੱਥ ਲੰਬੇ ਕਰੇਗਾ ਅਤੇ ਕੋਈ ਹੋਰ ਵਿਅਕਤੀ ਤੇਰੇ ਲੱਕ ਬੰਨ੍ਹੇਗਾ ਅਤੇ ਜਿੱਥੇ ਤੇਰਾ ਜੀਅ ਨਹੀਂ ਕਰੇਗਾ ਜਾਣ ਨੂੰ ਉਹ ਤੈਨੂੰ ਉੱਥੇ ਲੈ ਜਾਵੇਗਾ ।”
19ਯਿਸੂ ਨੇ ਉਸ ਨੂੰ ਇਹ ਦੱਸਣ ਲਈ ਕਿਹਾ ਕਿ ਪਰਮੇਸ਼ੁਰ ਦੀ ਵਡਿਆਈ ਕਰਨ ਲਈ ਕਿਸ ਤਰ੍ਹਾਂ ਦੀ ਮੌਤ ਮਰੇਗਾ । ਅਤੇ ਇਹ ਕਹਿ ਕੇ ਉਸ ਨੇ ਆਖਿਆ, “ਮੇਰੇ ਮਗਰ ਹੋ ਤੁਰ ।”
ਯਿਸੂ ਅਤੇ ਉਸ ਦਾ ਪਿਆਰਾ ਚੇਲਾ

20ਪਤਰਸ ਨੇ ਵੇਖਿਆ ਕਿ ਜਿਸ ਨੂੰ ਯਿਸੂ ਬਹੁਤ ਪਿਆਰ ਕਰਦਾ ਸੀ, ਉਹ ਚੇਲਾ ਪਿਛੇ ਆ ਰਿਹਾ ਸੀ । ਇਹ ਉਹ ਚੇਲਾ ਸੀ ਜਿਹੜਾ ਉਸ ਰਾਤ ਦੇ ਖਾਣੇ ਵੇਲੇ ਯਿਸੂ ਵੱਲ ਝੁਕਿਆ ਸੀ ਤੇ ਆਖਿਆ ਸੀ “ਪ੍ਰਭੂ, ਤੈਨੂੰ ਦੁਸ਼ਮਣਾਂ ਹੱਥੀਂ ਕੌਣ ਫ਼ੜਵਾਏਗਾ ? ”21ਜਦੋਂ ਪਤਰਸ ਨੇ ਉਸ ਚੇਲੇ ਨੂੰ ਆਪਣੇ ਪਿਛੋਂ ਆਉਂਦਿਆਂ ਦੇਖਿਆ ਤਾਂ ਉਸ ਨੇ ਯਿਸੂ ਨੂੰ ਪੁੱਛਿਆ, “ਪ੍ਰਭੂ ਜੀ ਇਸ ਦੇ ਬਾਰੇ ਤੁਹਾਡਾ ਕੀ ਖਿਆਲ ਹੈ ? ਇਸ ਦਾ ਕੀ ਹੋਵੇਗਾ ? ”
22ਯਿਸੂ ਨੇ ਉੱਤਰ ਦਿੱਤਾ, “ਜੇ ਮੈਂ ਚਾਹਵਾਂ ਕਿ ਮੇਰੇ ਆਉਣ ਤੱਕ ਉਹ ਠਹਿਰੇ, ਤਾਂ ਤੈਨੂੰ ਕੀ ? ਤੂੰ ਮੇਰੇ ਪਿਛੇ ਹੋ ਤੁਰ ।”23ਤਾਂ ਇਹ ਗੱਲ ਚੇਲਿਆਂ ਵਿੱਚ ਫ਼ੈਲ ਗਈ ਕਿ ਇਹ ਚੇਲਾ ਜਿਸ ਨੂੰ ਯਿਸੂ ਬਹੁਤ ਪਿਆਰ ਕਰਦਾ ਸੀ, ਓਹ ਨਹੀਂ ਮਰੇਗਾ । ਪਰ ਯਿਸੂ ਨੇ ਇਹ ਨਹੀਂ ਆਖਿਆ ਸੀ ਕਿ ਉਹ ਨਹੀਂ ਮਰੇਗਾ । ਸਗੋਂ ਅਸਲ ਵਿੱਚ ਆਖਿਆ ਸੀ, “ਜੇ ਮੈਂ ਚਾਹਵਾਂ ਮੇਰੇ ਆਉਣ ਤੱਕ ਓਹ ਜੀਵੇ ਤਾਂ ਤੁਹਾਨੂੰ ਕੀ ? ”
24ਇਹ ਉਹ ਚੇਲਾ ਹੈ ਜਿਹੜਾ ਇਨ੍ਹਾਂ ਗੱਲਾਂ ਦੀ ਗਵਾਹੀ ਦਿੰਦਾ ਹੈ । ਅਤੇ ਜਿਸ ਨੇ ਇਹ ਗੱਲਾਂ ਲਿਖੀਆਂ ਅਤੇ ਅਸੀਂ ਜਾਣਦੇ ਹਾਂ ਕਿ ਉਸ ਦੀ ਗਵਾਹੀ ਸੱਚੀ ਹੈ ।25ਯਿਸੂ ਨੇ ਹੋਰ ਵੀ ਬਹੁਤ ਕੰਮ ਕੀਤੇ । ਜੇ ਉਹ ਸਾਰੇ ਇੱਕ-ਇੱਕ ਕਰਕੇ ਲਿਖੇ ਜਾਂਦੇ ਤਾਂ ਮੈਂ ਸਮਝਦਾ ਹਾਂ ਕਿ ਸਾਰੀਆਂ ਪੁਸਤਕਾਂ ਲਿਖੇ ਜਾਣ ਲਈ ਸ਼ਾਇਦ ਸਾਰਾ ਜਗਤ ਵੀ ਘੱਟ ਹੁੰਦਾ ।