To view a copy of the CC BY-SA 4.0 license visit
http://creativecommons.org/licenses/by-sa/4.0/
Notices:
You do not have to comply with the license for elements of the material in
the public domain or where your use is permitted by an applicable
exception or limitation.
No warranties are given. The license may not give you all of the
permissions necessary for your intended use. For example, other rights
such as publicity, privacy, or moral rights may limit how you use the
material.
ਗਲਾਤਿਯਾ ਨੂੰ
1ਨਮਸਕਾਰ
1ਪੌਲੁਸ, ਜਿਹੜਾ ਮਨੁੱਖਾਂ ਦੇ ਵੱਲੋਂ ਨਹੀਂ, ਨਾ ਕਿਸੇ ਮਨੁੱਖ ਦੇ ਰਾਹੀਂ, ਸਗੋਂ ਯਿਸੂ ਮਸੀਹ ਅਤੇ ਪਿਤਾ ਪਰਮੇਸ਼ੁਰ ਦੇ ਰਾਹੀਂ ਰਸੂਲ ਹਾਂ, ਜਿਸ ਨੇ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ ।2ਅਤੇ ਉਹਨਾਂ ਸਾਰਿਆਂ ਭਰਾਵਾਂ ਵੱਲੋਂ ਜਿਹੜੇ ਮੇਰੇ ਨਾਲ ਹਨ, ਗਲਾਤਿਯਾ ਦੀਆਂ ਕਲੀਸਿਯਾ ਨੂੰ3ਕਿਰਪਾ ਅਤੇ ਸ਼ਾਂਤੀ ਪਿਤਾ ਪਰਮੇਸ਼ੁਰ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਦੀ ਵੱਲੋਂ ਮਿਲਦੀ ਰਹੇ ।4ਜਿਸ ਨੇ ਸਾਡਿਆਂ ਪਾਪਾਂ ਦੇ ਕਾਰਨ ਆਪਣੇ ਆਪ ਨੂੰ ਦੇ ਦਿੱਤਾ, ਤਾਂ ਜੋ ਸਾਡੇ ਪਰਮੇਸ਼ੁਰ ਅਤੇ ਪਿਤਾ ਦੀ ਮਰਜ਼ੀ ਦੇ ਅਨੁਸਾਰ ਸਾਨੂੰ ਇਸ ਵਰਤਮਾਨ ਬੁਰੇ ਸੰਸਾਰ ਤੋਂ ਬਚਾ ਲਵੇ ।5ਉਸ ਦੀ ਵਡਿਆਈ ਜੁੱਗੋ-ਜੁੱਗ ਹੋਵੇ । ਆਮੀਨ ।ਕੋਈ ਦੂਸਰੀ ਖੁਸ਼ ਖ਼ਬਰੀ ਨਹੀਂ
6ਮੈਂ ਹੈਰਾਨ ਹੁੰਦਾ ਹਾਂ ਕਿ ਜਿਸ ਨੇ ਮਸੀਹ ਦੀ ਕਿਰਪਾ ਵਿੱਚ ਤੁਹਾਨੂੰ ਸੱਦਿਆ, ਐਨੀ ਛੇਤੀ ਕਿਉਂ ਕਿਸੇ ਹੋਰ ਖੁਸ਼ਖਬਰੀ ਵੱਲ ਮਨ ਲਗਾਉਂਦੇ ਹੋ ।7ਜਦ ਕਿ ਕੋਈ ਦੂਸਰੀ ਖੁਸ਼ਖਬਰੀ ਹੈ ਹੀ ਨਹੀਂ, ਪਰ ਕਈ ਅਜਿਹੇ ਹਨ ਜਿਹੜੇ ਤੁਹਾਨੂੰ ਪਰੇਸ਼ਾਨ ਕਰਨਾ ਅਤੇ ਮਸੀਹ ਦੀ ਖੁਸ਼ਖਬਰੀ ਨੂੰ ਬਦਲਣਾ ਚਾਹੁੰਦੇ ਹਨ ।8ਪਰ ਜੇਕਰ ਅਸੀਂ ਵੀ ਜਾਂ ਸਵਰਗ ਤੋਂ ਕੋਈ ਦੂਤ ਉਸ ਖੁਸ਼ਖਬਰੀ ਤੋਂ ਬਿਨ੍ਹਾਂ ਜਿਹੜੀ ਅਸੀਂ ਤੁਹਾਨੂੰ ਸੁਣਾਈ ਸੀ, ਕੋਈ ਹੋਰ ਖੁਸ਼ਖਬਰੀ ਤੁਹਾਨੂੰ ਸੁਣਾਵੇ ਤਾਂ ਉਹ ਸਰਾਪਤ ਹੋਵੇ !9ਜਿਵੇਂ ਅਸੀਂ ਪਹਿਲਾਂ ਕਿਹਾ ਹੈ ਉਵੇਂ ਮੈਂ ਹੁਣ ਫੇਰ ਆਖਦਾ ਹਾਂ ਭਈ ਜੇ ਕੋਈ ਉਸ ਖੁਸ਼ਖਬਰੀ ਜਿਹੜੀ ਤੁਸੀਂ ਕਬੂਲ ਕੀਤੀ, ਇਸ ਤੋਂ ਇਲਾਵਾ ਤੁਹਾਨੂੰ ਕੋਈ ਹੋਰ ਖੁਸ਼ਖਬਰੀ ਸੁਣਾਵੇ ਤਾਂ ਉਹ ਸਰਾਪਤ ਹੋਵੇ ।10ਕੀ ਮੈਂ ਹੁਣ ਮਨੁੱਖਾਂ ਨੂੰ ਮਨਾਉਂਦਾ ਹਾਂ ਜਾਂ ਪਰਮੇਸ਼ੁਰ ਨੂੰ ? ਕੀ ਮੈਂ ਮਨੁੱਖਾਂ ਨੂੰ ਖੁਸ਼ ਕਰਨਾ ਚਾਹੁੰਦਾ ਹਾਂ ? ਜੇ ਮੈਂ ਹੁਣ ਤੱਕ ਮਨੁੱਖਾਂ ਨੂੰ ਖੁਸ਼ ਕਰਦਾ ਰਹਿੰਦਾ ਤਾਂ ਮੈਂ ਮਸੀਹ ਦਾ ਦਾਸ ਨਾ ਹੁੰਦਾ ।ਪੌਲੁਸ ਰਸੂਲ ਕਿਵੇਂ ਬਣਿਆ
11ਹੇ ਭਰਾਵੋ, ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਜਾਣ ਲਵੋਂ ਕਿ ਜਿਹੜੀ ਖੁਸ਼ਖਬਰੀ ਮੈਂ ਤੁਹਾਨੂੰ ਸੁਣਾਈ ਉਹ ਮਨੁੱਖ ਦੇ ਵਲੋਂ ਨਹੀਂ ਹੈ ।12ਉਹ ਮੈਨੂੰ ਨਾ ਤਾਂ ਕਿਸੇ ਇਨਸਾਨ ਕੋਲੋਂ ਮਿਲੀ, ਅਤੇ ਨਾ ਮੈਂਨੂੰ ਇਹ ਸਿਖਾਈ ਗਈ ਸਗੋਂ ਯਿਸੂ ਮਸੀਹ ਦੇ ਪਰਕਾਸ਼ ਦੇ ਰਾਹੀਂ ਮੈਨੂੰ ਪ੍ਰਾਪਤ ਹੋਈ ।13ਕਿਉਂ ਜੋ ਯਹੂਦੀਆਂ ਦੇ ਮਤ ਜੋ ਮੇਰਾ ਪਹਿਲਾਂ ਚਾਲ-ਚਲਣ ਸੀ, ਤੁਸੀਂ ਉਹ ਦੀ ਖ਼ਬਰ ਸੁਣ ਹੀ ਲਈ ਭਈ ਮੈਂ ਪਰਮੇਸ਼ੁਰ ਦੀ ਕਲੀਸਿਯਾ ਨੂੰ ਬਹੁਤ ਸਤਾਉਂਦਾ ਅਤੇ ਨਾਸ ਕਰਦਾ ਸੀ ।14ਅਤੇ ਆਪਣੇ ਪੁਰਖਿਆਂ ਦੀਆਂ ਰੀਤਾਂ ਲਈ ਬੜਾ ਅਣਖੀ ਹੋ ਕੇ ਮੈਂ ਯਹੂਦੀਆਂ ਦੇ ਧਰਮ ਵਿੱਚ ਆਪਣੀ ਕੌਮ ਦੇ ਮੰਨਣ ਵਾਲਿਆਂ ਨਾਲੋਂ ਜਿਆਦਾ ਉਤਸ਼ਾਹੀ ਸੀ ।15ਪਰ ਜਿਸ ਪਰਮੇਸ਼ੁਰ ਨੇ ਮੈਨੂੰ ਮੇਰੀ ਮਾਤਾ ਦੀ ਕੁੱਖੋਂ ਹੀ ਵੱਖਰਾ ਕੀਤਾ, ਅਤੇ ਜਦੋਂ ਉਹ ਦੀ ਮਰਜ਼ੀ ਪੂਰੀ ਹੋਈ ਉਸ ਨੇ ਮੈਨੂੰ ਆਪਣੀ ਵੱਡੀ ਕਿਰਪਾ ਨਾਲ ਸੱਦਿਆ ।16ਕਿ ਆਪਣੇ ਪੁੱਤਰ ਦਾ ਮੇਰੇ ਵਿੱਚ ਪਰਕਾਸ਼ ਕਰੇ ਕਿ ਮੈਂ ਉਹ ਦੀ ਖੁਸ਼ਖਬਰੀ ਪਰਾਈਆਂ ਕੌਮਾਂ ਵਿੱਚ ਸੁਣਾਵਾਂ ਤਦ ਮੈਂ ਮਾਸ ਅਤੇ ਲਹੂ ਤੋਂ ਸਲਾਹ ਨਾ ਲਈ,17ਅਤੇ ਨਾ ਯਰੂਸ਼ਲਮ ਵਿੱਚ ਉਹਨਾਂ ਕੋਲ ਗਿਆ ਜਿਹੜੇ ਮੇਰੇ ਤੋਂ ਪਹਿਲਾਂ ਰਸੂਲ ਬਣੇ ਸਨ ਸਗੋਂ ਮੈਂ ਅਰਬ ਨੂੰ ਚੱਲਿਆ ਗਿਆ ਅਤੇ ਫੇਰ ਦੰਮਿਸਕ ਨੂੰ ਮੁੜ ਆਇਆ ।18ਤਦ ਤਿੰਨਾਂ ਸਾਲਾਂ ਦੇ ਪਿੱਛੋਂ ਕੇਫ਼ਾਸ ਦੇ ਨਾਲ ਮੁਲਾਕਾਤ ਕਰਨ ਲਈ ਮੈਂ ਯਰੂਸ਼ਲਮ ਨੂੰ ਗਿਆ ਅਤੇ ਉਹ ਦੇ ਕੋਲ ਪੰਦਰਾਂ ਦਿਨ ਰਿਹਾ ।19ਪਰ ਪ੍ਰਭੂ ਦੇ ਭਰਾ ਯਾਕੂਬ ਤੋਂ ਬਿਨ੍ਹਾਂ ਮੈਂ ਰਸੂਲਾਂ ਵਿੱਚੋਂ ਕਿਸੇ ਹੋਰ ਨੂੰ ਨਹੀਂ ਵੇਖਿਆ ।20ਹੁਣ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਲਿਖਦਾ ਹਾਂ, ਵੇਖੋ, ਪਰਮੇਸ਼ੁਰ ਨੂੰ ਹਾਜ਼ਰ ਜਾਣ ਕੇ ਕਹਿੰਦਾ ਹਾਂ, ਮੈਂ ਝੂਠ ਨਹੀਂ ਬੋਲਦਾ !21ਉਸ ਤੋਂ ਬਾਅਦ ਮੈਂ ਸੀਰਿਯਾ ਅਤੇ ਕਿਲਕਿਯਾ ਦੇ ਇਲਾਕਿਆਂ ਵਿੱਚ ਗਿਆ ।22ਅਤੇ ਯਹੂਦਿਯਾ ਦੀਆਂ ਕਲੀਸਿਯਾ ਨੇ ਜੋ ਮਸੀਹ ਵਿੱਚ ਸਨ, ਕਦੇ ਵੀ ਮੇਰਾ ਚਿਹਰਾ ਨਹੀਂ ਸੀ ਵੇਖਿਆ ।23ਪਰ ਸਿਰਫ਼ ਉਹਨਾਂ ਨੇ ਇਹ ਸੁਣਿਆ ਸੀ ਕਿ ਜਿਹੜਾ ਸਾਨੂੰ ਪਹਿਲਾਂ ਸਤਾਉਂਦਾ ਹੁੰਦਾ ਸੀ, ਉਹ ਹੁਣ ਉਸ ਵਿਸ਼ਵਾਸ ਦੀ ਖੁਸ਼ਖਬਰੀ ਸੁਣਾਉਂਦਾ ਹੈ ਜਿਸ ਨੂੰ ਪਹਿਲਾਂ ਬਰਬਾਦ ਕਰਦਾ ਸੀ ।24ਅਤੇ ਉਹਨਾਂ ਨੇ ਮੇਰੇ ਕਾਰਨ ਪਰਮੇਸ਼ੁਰ ਦੀ ਵਡਿਆਈ ਕੀਤੀ ।
2ਦੂਸਰੇ ਰਸੂਲਾਂ ਦੇ ਦੁਆਰਾ ਪੌਲੁਸ ਨੂੰ ਸਵੀਕਾਰ ਕਰਨਾ
1ਤਦ ਚੌਦਾਂ ਸਾਲਾਂ ਦੇ ਬਾਅਦ ਮੈਂ ਬਰਨਬਾਸ ਅਤੇ ਤੀਤੁਸ ਨੂੰ ਨਾਲ ਲੈ ਕੇ ਯਰੂਸ਼ਲਮ ਨੂੰ ਫੇਰ ਗਿਆ ।2ਅਤੇ ਮੇਰਾ ਉਹਨਾਂ ਕੋਲ ਜਾਣਾ ਪਰਮੇਸ਼ੁਰ ਦੇ ਪ੍ਰਕਾਸ਼ਨ ਅਨੁਸਾਰ ਸੀ, ਉਸ ਖੁਸ਼ਖਬਰੀ ਨੂੰ ਜਿਸ ਦਾ ਮੈਂ ਪਰਾਈਆਂ ਕੌਮਾਂ ਵਿੱਚ ਪਰਚਾਰ ਕਰਦਾ ਹਾਂ ਉਹਨਾਂ ਅੱਗੇ ਵੀ ਪਰਚਾਰ ਕੀਤਾ ਪਰ ਉਹਨਾਂ ਲੋਕਾਂ ਨੂੰ ਜਿਹਨਾਂ ਦਾ ਸਮਾਜ ਵਿੱਚ ਵੱਡਾ ਨਾਮ ਹੈ, ਗੁਪਤ ਵਿੱਚ ਪਰਚਾਰ ਕੀਤਾ ਤਾਂ ਕਿ ਕਿਤੇ ਅਜਿਹਾ ਨਾ ਹੋਵੇ ਜੋ ਮੇਰੀ ਹੁਣ ਦੀ ਜਾਂ ਪਿਛਲੀ ਦੌੜ ਭੱਜ ਵਿਅਰਥ ਹੋ ਜਾਵੇ ।3ਪਰ ਤੀਤੁਸ ਵੀ ਜੋ ਮੇਰੇ ਨਾਲ ਸੀ, ਭਾਵੇਂ ਯੂਨਾਨੀ ਸੀ ਤਾਂ ਵੀ ਜ਼ਬਰਦਸਤੀ ਸੁੰਨਤੀ ਨਾ ਬਣਾਇਆ ਗਿਆ ।4ਪਰ ਉਨ੍ਹਾਂ ਝੂਠੇ ਭਰਾਵਾਂ ਦੇ ਕਾਰਨ ਜੋ ਚੁੱਪ ਕੀਤੇ ਉਸ ਅਜ਼ਾਦੀ ਦੀ ਸੂਹ ਲੈਣ ਲਈ ਜਿਹੜੀ ਮਸੀਹ ਯਿਸੂ ਵਿੱਚ ਸਾਨੂੰ ਮਿਲੀ, ਚੋਰੀ ਵੜ ਆਏ ਕਿ ਸਾਨੂੰ ਬੰਧਨ ਵਿੱਚ ਲਿਆਉਣ ।5ਪਰ ਅਸੀਂ ਇੱਕ ਘੜੀ ਵੀ ਅਧੀਨ ਹੋ ਕੇ ਉਹਨਾਂ ਦੇ ਵੱਸ ਵਿੱਚ ਨਾ ਆਏ ਤਾਂ ਕਿ ਖੁਸ਼ਖਬਰੀ ਦੀ ਸਚਿਆਈ ਤੁਹਾਡੇ ਕੋਲ ਬਣੀ ਰਹੇ ।6ਪਰ ਉਹ ਜਿਹਨਾਂ ਦਾ ਸਮਾਜ ਵਿੱਚ ਵੱਡਾ ਨਾਮ ਸੀ ਅਤੇ ਕੁੱਝ ਸਮਝੇ ਜਾਂਦੇ ਸਨ, ਉਹ ਭਾਵੇ ਕਿਹੋ ਜਿਹੇ ਵੀ ਹੋਣ, ਮੈਨੂੰ ਕੋਈ ਪਰਵਾਹ ਨਹੀਂ - ਪਰਮੇਸ਼ੁਰ ਕਿਸੇ ਮਨੁੱਖ ਦਾ ਪੱਖਪਾਤ ਨਹੀਂ ਕਰਦਾ ਹੈ, ਮੈਂ ਕਹਿੰਦਾ ਹਾਂ ਕਿ ਜਿਹਨਾਂ ਦਾ ਸਮਾਜ ਵਿੱਚ ਵੱਡਾ ਨਾਮ ਸੀ, ਉਹਨਾਂ ਤੋਂ ਮੈਨੂੰ ਤਾਂ ਕੁੱਝ ਪ੍ਰਾਪਤ ਨਹੀਂ ਹੋਇਆ ।7ਸਗੋਂ ਉਲਟਾ ਜਦੋਂ ਉਹਨਾਂ ਨੇ ਦੇਖਿਆ ਕਿ ਅਸੁੰਨਤੀਆਂ ਲਈ ਖੁਸ਼ਖਬਰੀ ਦਾ ਕੰਮ ਮੈਨੂੰ ਸੌਂਪਿਆ ਗਿਆ, ਜਿਵੇਂ ਸੁੰਨਤੀਆਂ ਲਈ ਪਤਰਸ ਨੂੰ ।8ਕਿਉਂਕਿ ਜਿਸ ਨੇ ਸੁੰਨਤੀਆਂ ਵਿੱਚ ਰਸੂਲ ਦੀ ਪਦਵੀ ਲਈ ਪਤਰਸ ਵਿੱਚ ਬਹੁਤ ਪ੍ਰਭਾਵ ਨਾਲ ਕੰਮ ਕੀਤਾ, ਉਹ ਨੇ ਪਰਾਈਆਂ ਕੌਮਾਂ ਦੇ ਲਈ ਮੇਰੇ ਵਿੱਚ ਵੀ ਬਹੁਤ ਪ੍ਰਭਾਵ ਨਾਲ ਕੰਮ ਕੀਤਾ ।9ਅਤੇ ਜਦੋਂ ਉਨ੍ਹਾਂ ਨੇ ਉਸ ਕਿਰਪਾ ਨੂੰ ਜਿਹੜੀ ਮੇਰੇ ਉੱਤੇ ਹੋਈ ਜਾਣ ਲਿਆ ਤਾਂ ਯਾਕੂਬ, ਕੇਫ਼ਾਸ ਅਤੇ ਯੂਹੰਨਾ ਨੇ ਜਿਹੜੇ ਕਲੀਸਿਯਾ ਦੇ ਥੰਮ੍ਹ ਸਮਝੇ ਜਾਂਦੇ ਹਨ, ਉਹਨਾਂ ਨੇ ਮੇਰੇ ਅਤੇ ਬਰਨਬਾਸ ਨਾਲ ਸਾਂਝ ਦੇ ਸੱਜੇ ਹੱਥ ਮਿਲਾਏ ਕਿ ਅਸੀਂ ਪਰਾਈਆਂ ਕੌਮਾਂ ਕੋਲ ਜਾਈਏ ਅਤੇ ਉਹ ਸੁੰਨਤੀਆਂ ਕੋਲ ਜਾਣ ।10ਅਤੇ ਇਹ ਆਖਿਆ ਕੇਵਲ ਅਸੀਂ ਗ਼ਰੀਬਾਂ ਨੂੰ ਚੇਤੇ ਰੱਖੀਏ ਜਿਸ ਕੰਮ ਲਈ ਮੈਂ ਵੀ ਯਤਨ ਕੀਤਾ ਸੀ ।ਪੌਲੁਸ ਦੁਆਰਾ ਪਤਰਸ ਦਾ ਵਿਰੋਧ
11ਪਰ ਜਦੋਂ ਕੇਫ਼ਾਸ ਅੰਤਾਕਿਯਾ ਨੂੰ ਆਇਆ ਤਾਂ ਮੈਂ ਉਹ ਦੇ ਮੂੰਹ ਉੱਤੇ ਉਹ ਦਾ ਵਿਰੋਧ ਕੀਤਾ ਕਿਉਂ ਜੋ ਉਹ ਤਾਂ ਦੋਸ਼ੀ ਠਹਿਰਿਆ ਸੀ ।12ਇਸ ਲਈ ਕਿ ਉਸ ਤੋਂ ਪਹਿਲਾਂ ਜਦੋਂ ਕਈ ਜਣੇ ਯਾਕੂਬ ਦੀ ਵੱਲੋਂ ਆਏ ਤਾਂ ਉਹ ਪਰਾਈਆਂ ਕੌਮਾਂ ਦੇ ਨਾਲ ਖਾਂਦਾ ਹੁੰਦਾ ਸੀ ਪਰ ਜਦੋਂ ਉਹ ਆਏ ਤਾਂ ਯਹੂਦੀਆਂ ਦੇ ਡਰ ਦੇ ਮਾਰੇ ਉਹ ਪਿਛਾਹਾਂ ਹੱਟ ਗਿਆ ਅਤੇ ਆਪਣੇ ਆਪ ਨੂੰ ਅਲੱਗ ਕੀਤਾ ।13ਅਤੇ ਬਾਕੀ ਯਹੂਦੀਆਂ ਨੇ ਵੀ ਉਹਨਾਂ ਦੇ ਨਾਲ ਕਪਟ ਕੀਤਾ ਐਥੋਂ ਤੱਕ ਜੋ ਬਰਨਬਾਸ ਵੀ ਉਹਨਾਂ ਦੇ ਕਪਟ ਨਾਲ ਭਰਮਾਇਆ ਗਿਆ ।14ਪਰ ਜਦੋਂ ਮੈਂ ਵੇਖਿਆ ਜੋ ਉਹ ਖੁਸ਼ਖਬਰੀ ਦੀ ਸਚਿਆਈ ਦੇ ਅਨੁਸਾਰ ਸਿੱਧੀ ਚਾਲ ਨਹੀਂ ਚੱਲਦੇ ਹਨ ਤਾਂ ਸਭਨਾਂ ਦੇ ਅੱਗੇ ਕੇਫ਼ਾਸ ਨੂੰ ਆਖਿਆ ਕਿ ਜਦੋਂ ਤੂੰ ਯਹੂਦੀ ਹੋ ਕੇ ਪਰਾਈਆਂ ਕੌਮਾਂ ਦੀ ਰੀਤ ਉੱਤੇ ਚੱਲਦਾ ਹੈਂ ਅਤੇ ਯਹੂਦੀਆਂ ਦੀ ਰੀਤ ਉੱਤੇ ਨਹੀਂ ਚੱਲਦਾ, ਤਾਂ ਤੂੰ ਕਿਵੇਂ ਗ਼ੈਰ ਕੌਮਾਂ ਨੂੰ ਯਹੂਦੀਆਂ ਦੀ ਰੀਤ ਉੱਤੇ ਜ਼ਬਰਦਸਤੀ ਚਲਾਉਂਦਾ ਹੈਂ ?ਵਿਸ਼ਵਾਸ ਦੁਆਰਾ ਧਰਮੀ ਠਹਿਰਨਾ
15ਅਸੀਂ ਜਨਮ ਤੋਂ ਯਹੂਦੀ ਹਾਂ ਅਤੇ ਪਰਾਈਆਂ ਕੌਮਾਂ ਵਿੱਚੋਂ ਪਾਪੀ ਨਹੀਂ ।16ਤਾਂ ਵੀ ਇਹ ਜਾਣ ਕੇ ਕਿ ਮਨੁੱਖ ਬਿਵਸਥਾ ਦੇ ਕੰਮਾਂ ਤੋਂ ਨਹੀਂ ਸਗੋਂ ਕੇਵਲ ਯਿਸੂ ਮਸੀਹ ਉੱਤੇ ਵਿਸ਼ਵਾਸ ਕਰਨ ਤੋਂ ਧਰਮੀ ਠਹਿਰਾਇਆ ਜਾਂਦਾ ਹੈ, ਅਸੀਂ ਆਪ ਵੀ ਮਸੀਹ ਯਿਸੂ ਉੱਤੇ ਵਿਸ਼ਵਾਸ ਕੀਤਾ ਤਾਂ ਕਿ ਅਸੀਂ ਬਿਵਸਥਾ ਦੇ ਕੰਮਾਂ ਤੋਂ ਨਹੀਂ ਪਰ ਮਸੀਹ ਯਿਸੂ ਉੱਤੇ ਵਿਸ਼ਵਾਸ ਕਰਨ ਦੇ ਕਾਰਨ ਧਰਮੀ ਠਹਿਰਾਏ ਜਾਈਏ ਕਿਉਂਕਿ ਕੋਈ ਵੀ ਬਿਵਸਥਾ ਦੇ ਕੰਮਾਂ ਤੋਂ ਧਰਮੀ ਨਹੀਂ ਠਹਿਰਾਇਆ ਜਾਵੇਗਾ ।17ਪਰ ਅਸੀਂ ਜਿਹੜੇ ਮਸੀਹ ਵਿੱਚ ਧਰਮੀ ਠਹਿਰਾਏ ਜਾਣ ਦੀ ਭਾਲ ਕਰਦਿਆਂ ਆਪ ਵੀ ਪਾਪੀ ਨਿੱਕਲੇ, ਤਾਂ ਕੀ ਮਸੀਹ ਪਾਪ ਦਾ ਸੇਵਾਦਾਰ ਹੋਇਆ ? ਕਦੇ ਨਹੀਂ !18ਕਿਉਂਕਿ ਜੋ ਮੈਂ ਤੋੜ ਦਿੱਤਾ ਜੇਕਰ ਉਸੇ ਨੂੰ ਫੇਰ ਬਣਾਵਾਂ ਤਾਂ ਮੈਂ ਆਪਣੇ ਆਪ ਨੂੰ ਅਪਰਾਧੀ ਸਾਬਤ ਕਰਦਾ ਹਾਂ ।19ਇਸ ਲਈ ਜੋ ਮੈਂ ਬਿਵਸਥਾ ਹੀ ਦੇ ਕਾਰਨ ਬਿਵਸਥਾ ਦੀ ਵੱਲੋਂ ਮਰਿਆ ਤਾਂ ਕਿ ਪਰਮੇਸ਼ੁਰ ਲਈ ਜਿਉਂਦਾ ਰਹਾਂ ।20ਮੈਂ ਮਸੀਹ ਦੇ ਨਾਲ ਸਲੀਬ ਉੱਤੇ ਚੜਾਇਆ ਗਿਆ ਹਾਂ, ਪਰ ਹੁਣ ਮੈਂ ਜਿਉਂਦਾ ਨਹੀਂ ਸਗੋਂ ਮਸੀਹ ਮੇਰੇ ਵਿੱਚ ਜਿਉਂਦਾ ਹੈ ਅਤੇ ਹੁਣ ਜੋ ਮੈਂ ਸਰੀਰ ਵਿੱਚ ਜਿਉਂਦਾ ਹਾਂ ਸੋ ਪਰਮੇਸ਼ੁਰ ਦੇ ਪੁੱਤਰ ਉੱਤੇ ਵਿਸ਼ਵਾਸ ਨਾਲ ਜਿਉਂਦਾ ਹਾਂ, ਜਿਸ ਨੇ ਮੈਨੂੰ ਪਿਆਰ ਕੀਤਾ ਅਤੇ ਆਪਣੇ ਆਪ ਨੂੰ ਮੇਰੇ ਲਈ ਦੇ ਦਿੱਤਾ ।21ਮੈਂ ਪਰਮੇਸ਼ੁਰ ਦੀ ਕਿਰਪਾ ਨੂੰ ਵਿਅਰਥ ਨਹੀਂ ਸਮਝਦਾ ਕਿਉਂਕਿ ਜੇ ਬਿਵਸਥਾ ਦੇ ਰਾਹੀਂ ਧਾਰਮਿਕਤਾ ਹੁੰਦੀ ਤਾਂ ਮਸੀਹ ਦਾ ਮਰਨਾ ਵਿਅਰਥ ਹੀ ਹੋਇਆ ।
3ਬਿਵਸਥਾ ਜਾਂ ਵਿਸ਼ਵਾਸ
1ਹੇ ਮੂਰਖ ਗਲਾਤੀਓ, ਕਿਸ ਨੇ ਤੁਹਾਨੂੰ ਭਰਮਾ ਲਿਆ ਤੁਹਾਡੇ ਤਾਂ ਮੰਨੋ ਜਿਵੇਂ ਅੱਖਾਂ ਦੇ ਸਾਹਮਣੇ ਯਿਸੂ ਮਸੀਹ ਸਲੀਬ ਉੱਤੇ ਚੜਾਇਆ ਗਿਆ ?2ਮੈਂ ਤੁਹਾਡੇ ਕੋਲੋਂ ਕੇਵਲ ਇਹ ਜਾਨਣਾ ਚਾਹੁੰਦਾ ਹਾਂ ਕਿ ਤੁਹਾਨੂੰ ਪਵਿੱਤਰ ਆਤਮਾ ਬਿਵਸਥਾ ਦੇ ਕੰਮਾਂ ਤੋਂ ਪ੍ਰਾਪਤ ਹੋਇਆ ਜਾਂ ਵਿਸ਼ਵਾਸ ਦੇ ਸੁਨੇਹੇ ਤੋਂ ?3ਕਿ ਤੁਸੀਂ ਇਹੋ ਜਿਹੇ ਮੂਰਖ ਹੋ ? ਕਿ, ਆਤਮਾ ਤੋਂ ਸ਼ੁਰੂਆਤ ਕਰ ਕੇ ਤੁਸੀਂ ਹੁਣ ਸਰੀਰ ਦੁਆਰਾ ਅੰਤ ਕਰਦੇ ਹੋ ?4ਕੀ ਤੁਸੀਂ ਐਨਿਆਂ ਦੁੱਖਾਂ ਨੂੰ ਐਂਵੇਂ ਹੀ ਝੱਲਿਆ ਕਿ, ਉਹ ਸੱਚ-ਮੁੱਚ ਵਿਅਰਥ ਹੀ ਸੀ ? ਕਦੇ ਨਹੀਂ !5ਫੇਰ ਜਿਹੜਾ ਤੁਹਾਨੂੰ ਪਵਿੱਤਰ ਆਤਮਾ ਦਾ ਦਾਨ ਦਿੰਦਾ ਅਤੇ ਤੁਹਾਡੇ ਵਿੱਚ ਸਮਰੱਥਾ ਦੇ ਕੰਮ ਕਰਦਾ ਹੈ ਸੋ ਬਿਵਸਥਾ ਦੇ ਕੰਮਾਂ ਤੋਂ ਹੈ ਜਾਂ ਵਿਸ਼ਵਾਸ ਦੇ ਸੁਨੇਹੇ ਤੋਂ ? ।6ਜਿਵੇਂ ਅਬਰਾਹਾਮ ਨੇ ਪਰਮੇਸ਼ੁਰ ਤੇ ਵਿਸ਼ਵਾਸ ਕੀਤਾ ਅਤੇ ਇਹ ਉਹ ਦੇ ਲਈ ਧਾਰਮਿਕਤਾ ਗਿਣਿਆ ਗਿਆ ।7ਸੋ ਇਹ ਜਾਣ ਲਵੋਂ ਕਿ ਜਿਹੜੇ ਵਿਸ਼ਵਾਸ ਕਰਦੇ ਹਨ ਉਹ ਹੀ ਅਬਰਾਹਾਮ ਦੀ ਸੰਤਾਨ ਹਨ ।8ਅਤੇ ਪਵਿੱਤਰ ਗ੍ਰੰਥ ਨੇ ਪਹਿਲਾਂ ਹੀ ਇਹ ਵੇਖ ਕੇ, ਕਿ ਪਰਮੇਸ਼ੁਰ ਪਰਾਈਆਂ ਕੌਮਾਂ ਨੂੰ ਵਿਸ਼ਵਾਸ ਦੇ ਰਾਹੀਂ ਧਰਮੀ ਠਹਿਰਾਵੇਗਾ ਅਬਰਾਹਾਮ ਨੂੰ ਪਹਿਲਾਂ ਹੀ ਇਹ ਖੁਸ਼ਖਬਰੀ ਸੁਣਾਈ ਕਿ ਸਭ ਕੌਮਾਂ ਤੇਰੇ ਤੋਂ ਬਰਕਤ ਪਾਉਣਗੀਆਂ l9ਸੋ ਜਿਹੜੇ ਵਿਸ਼ਵਾਸ ਕਰਨ ਵਾਲੇ ਹਨ ਉਹ ਵਿਸ਼ਵਾਸੀ ਅਬਰਾਹਾਮ ਦੇ ਨਾਲ ਬਰਕਤ ਪਾਉਂਦੇ ਹਨ ।10ਸੋ ਜਿੰਨੇ ਲੋਕ ਬਿਵਸਥਾ ਦੇ ਕੰਮਾਂ ਉੱਤੇ ਭਰੋਸਾ ਰੱਖਦੇ ਹਨ ਉਹ ਸਰਾਪ ਦੇ ਹੇਠਾਂ ਹਨ ਕਿਉਂ ਜੋ ਇਹ ਲਿਖਿਆ ਹੋਇਆ ਹੈ ਕਿ ਸਰਾਪਤ ਹੋਵੇ ਹਰੇਕ ਜਿਹੜਾ ਉਨ੍ਹਾਂ ਸਭਨਾਂ ਗੱਲਾਂ ਨੂੰ ਜਿਹੜੀਆਂ ਬਿਵਸਥਾ ਦੀ ਪੁਸਤਕ ਵਿੱਚ ਲਿਖੀਆਂ ਹੋਈਆਂ ਹਨ, ਪਾਲਣਾ ਨਹੀਂ ਕਰਦਾ ।11ਹੁਣ ਇਹ ਗੱਲ ਪਰਗਟ ਹੈ ਕਿ ਪਰਮੇਸ਼ੁਰ ਦੇ ਅੱਗੇ ਬਿਵਸਥਾ ਦੁਆਰਾ ਕੋਈ ਧਰਮੀ ਨਹੀਂ ਠਹਿਰਦਾ ਇਸ ਲਈ ਜੋ ਧਰਮੀ ਵਿਸ਼ਵਾਸ ਦੁਆਰਾ ਜਿਉਂਦਾ ਰਹੇਗਾ ।12ਅਤੇ ਬਿਵਸਥਾ ਨੂੰ ਵਿਸ਼ਵਾਸ ਨਾਲ ਕੁੱਝ ਵਾਸਤਾ ਨਹੀਂ ਸਗੋਂ ਜਿਹੜਾ ਉਹਨਾਂ ਹੁਕਮਾਂ ਦੀ ਪਾਲਨਾ ਕਰੇਗਾ ਸੋ ਉਹਨਾਂ ਦੇ ਕਾਰਣ ਜਿਉਂਦਾ ਰਹੇਗਾ ।13ਮਸੀਹ ਨੇ ਸਾਨੂੰ ਮੁੱਲ ਲੈ ਕੇ ਬਿਵਸਥਾ ਦੇ ਸਰਾਪ ਤੋਂ ਛੁਡਾਇਆ ਇਸ ਕਰਕੇ ਜੋ ਉਹ ਸਾਡੇ ਲਈ ਸਰਾਪ ਬਣਿਆ ਕਿਉਂ ਜੋ ਲਿਖਿਆ ਹੋਇਆ ਹੈ ਕਿ ਸਰਾਪੀ ਹੈ ਹਰੇਕ ਜਿਹੜਾ ਰੁੱਖ ਅਰਥਾਤ ਕਾਠ ਉੱਤੇ ਟੰਗਿਆ ਜਾਂਦਾ ਹੈ ।14ਇਹ ਇਸ ਲਈ ਹੋਇਆ ਕਿ ਅਬਰਾਹਾਮ ਦੀ ਬਰਕਤ ਮਸੀਹ ਯਿਸੂ ਵਿੱਚ ਪਰਾਈਆਂ ਕੌਮਾਂ ਉੱਤੇ ਹੋਵੇ ਤਾਂ ਜੋ ਅਸੀਂ ਉਸ ਵਾਇਦੇ ਦੇ ਆਤਮਾ ਨੂੰ ਵਿਸ਼ਵਾਸ ਦੇ ਰਾਹੀਂ ਪ੍ਰਾਪਤ ਕਰੀਏ ।ਬਿਵਸਥਾ ਅਤੇ ਬਚਨ
15ਹੇ ਭਰਾਵੋ, ਮੈਂ ਮਨੁੱਖ ਵਾਂਗੂੰ ਕਹਿੰਦਾ ਹਾਂ, ਭਾਵੇਂ ਮਨੁੱਖ ਦਾ ਇਕਰਾਰਨਾਮਾਂ ਵੀ ਹੋਵੇ ਜਦੋਂ ਉਹ ਪੱਕਾ ਹੋ ਗਿਆ ਤਾਂ ਨਾ ਕੋਈ ਉਸ ਨੂੰ ਟਾਲਦਾ ਹੈ ਅਤੇ ਨਾ ਉਸ ਵਿੱਚ ਕੁੱਝ ਵਾਧਾ ਕਰਦਾ ਹੈ ।16ਹੁਣ ਅਬਰਾਹਾਮ ਅਤੇ ਉਸ ਦੀ ਅੰਸ ਨੂੰ ਵਾਇਦੇ ਦਿੱਤੇ ਗਏ ਸਨ । ਉਹ ਇਹ ਨਹੀਂ ਕਹਿੰਦਾ, “ਅੰਸਾਂ ਨੂੰ”, ਜਿਵੇਂ ਬਾਹਲਿਆਂ ਦੇ ਲਈ ਪਰ ਜਿਵੇਂ ਇੱਕ ਦੇ ਲਈ ਕਹਿੰਦਾ ਹੈ ਅਰਥਾਤ “ਤੇਰੀ ਅੰਸ ਨੂੰ”, ਸੋ ਉਹ ਮਸੀਹ ਹੈ ।17ਹੁਣ ਮੈਂ ਇਹ ਆਖਦਾ ਹਾਂ ਭਈ ਉਸ ਨੇਮ ਨੂੰ ਜੋ ਪਰਮੇਸ਼ੁਰ ਨੇ ਪਹਿਲਾਂ ਹੀ ਬੰਨ੍ਹਿਆ ਸੀ ਸੋ ਬਿਵਸਥਾ ਜਿਹੜੀ ਉਸ ਤੋਂ ਚਾਰ ਸੌ ਤੀਹ ਸਾਲਾਂ ਦੇ ਪਿੱਛੋਂ ਆਈ ਉਸ ਨੇਮ ਨੂੰ ਨਹੀਂ ਟਾਲ ਸਕਦੀ ਕਿ ਉਹ ਬਚਨ ਵਿਅਰਥ ਹੋ ਜਾਵੇ ।18ਕਿਉਂਕਿ ਜੇ ਵਾਰਸ ਬਿਵਸਥਾ ਤੋਂ ਹੁੰਦਾ ਤਾਂ ਫੇਰ ਵਾਇਦੇ ਤੋਂ ਨਹੀਂ, ਪਰ ਪਰਮੇਸ਼ੁਰ ਨੇ ਅਬਰਾਹਾਮ ਨੂੰ ਵਾਇਦੇ ਦੇ ਰਾਹੀਂ ਦਿੱਤਾ ।19ਤਾਂ ਫ਼ੇਰ ਬਿਵਸਥਾ ਕੀ ਹੈ ? ਉਹ ਅਪਰਾਧਾਂ ਦੇ ਕਾਰਨ ਬਾਅਦ ਵਿੱਚ ਦਿੱਤੀ ਗਈ ਕਿ ਜਿੰਨਾਂ ਚਿਰ ਉਹ ਅੰਸ ਜਿਹ ਨੂੰ ਵਾਇਦਾ ਦਿੱਤਾ ਹੋਇਆ ਹੈ ਨਾ ਆਵੇ ਉਹ ਬਣੀ ਰਹੇ ਅਤੇ ਉਹ ਦੂਤਾਂ ਦੇ ਰਾਹੀਂ ਇੱਕ ਵਿਚੋਲੇ ਦੇ ਹੱਥੀਂ ਠਹਿਰਾਈ ਗਈ ।20ਹੁਣ ਵਿਚੋਲਾ ਤਾਂ ਇੱਕ ਦਾ ਨਹੀਂ ਹੁੰਦਾ ਪਰੰਤੂ ਪਰਮੇਸ਼ੁਰ ਇੱਕੋ ਹੈ ।ਬਿਵਸਥਾ ਦਾ ਮਕਸਦ
21ਫੇਰ ਭਲਾ, ਬਿਵਸਥਾ ਪਰਮੇਸ਼ੁਰ ਦੇ ਵਾਇਦਿਆਂ ਦੇ ਵਿਰੁੱਧ ਹੈ ? ਕਦੇ ਨਹੀਂ ਜੇਕਰ ਅਜਿਹੀ ਬਿਵਸਥਾ ਦਿੱਤੀ ਹੋਈ ਹੁੰਦੀ ਜਿਹੜੀ ਜੀਵਨ ਦੇ ਸਕਦੀ ਤਾਂ ਧਾਰਮਿਕਤਾ ਸੱਚੀ ਮੁੱਚੀ ਬਿਵਸਥਾ ਤੋਂ ਪ੍ਰਾਪਤ ਹੁੰਦਾ ।22ਪਰ ਬਿਵਸਥਾ ਨੇ ਸਭਨਾਂ ਨੂੰ ਪਾਪ ਦੇ ਅਧੀਨ ਕਰ ਦਿੱਤਾ ਭਈ ਉਹ ਵਾਇਦਾ ਜਿਹੜਾ ਯਿਸੂ ਮਸੀਹ ਉੱਤੇ ਵਿਸ਼ਵਾਸ ਕਰਨ ਤੋਂ ਮਿਲਦਾ ਹੈ ਵਿਸ਼ਵਾਸ ਕਰਨ ਵਾਲਿਆਂ ਨੂੰ ਦਿੱਤਾ ਜਾਵੇ ।23ਪਰ ਵਿਸ਼ਵਾਸ ਦੇ ਆਉਣ ਤੋਂ ਪਹਿਲਾਂ ਅਸੀਂ ਉਸ ਵਿਸ਼ਵਾਸ ਦੇ ਲਈ ਜਿਹੜਾ ਪਰਗਟ ਹੋਣ ਵਾਲਾ ਸੀ ਅਸੀਂ ਬਿਵਸਥਾ ਦੇ ਪਹਿਰੇ ਹੇਠ ਬੱਧੇ ਹੋਏ ਰਹਿੰਦੇ ਸੀ ।24ਸੋ ਬਿਵਸਥਾ ਮਸੀਹ ਦੇ ਆਉਣ ਤੱਕ ਸਾਡੇ ਲਈ ਨਿਗਾਹਬਾਨ ਬਣੀ ਕਿ ਅਸੀਂ ਵਿਸ਼ਵਾਸ ਤੋਂ ਧਰਮੀ ਠਹਿਰਾਏ ਜਾਈਏ ।25ਪਰ ਹੁਣ ਜਦੋਂ ਵਿਸ਼ਵਾਸ ਆ ਚੁੱਕਿਆ ਤਾਂ ਅਸੀਂ ਅਗਾਹਾਂ ਨੂੰ ਨਿਗਾਹਬਾਨ ਦੇ ਅਧੀਨ ਨਾ ਰਹੇ ।26ਕਿਉਂ ਜੋ ਮਸੀਹ ਯਿਸੂ ਉੱਤੇ ਵਿਸ਼ਵਾਸ ਕਰਨ ਦੇ ਕਾਰਨ ਤੁਸੀਂ ਸਭ ਪਰਮੇਸ਼ੁਰ ਦੀ ਸੰਤਾਨ ਹੋ ।27ਕਿਉਂ ਜੋ ਤੁਹਾਡੇ ਵਿੱਚੋਂ ਜਿੰਨਿਆਂ ਨੇ ਮਸੀਹ ਵਿੱਚ ਬਪਤਿਸਮਾ ਲਿਆ ਉਨ੍ਹਾ ਨੇ ਮਸੀਹ ਨੂੰ ਪਹਿਨ ਲਿਆ ।28ਹੁਣ ਨਾ ਕੋਈ ਯਹੂਦੀ ਨਾ ਯੂਨਾਨੀ, ਨਾ ਗ਼ੁਲਾਮ ਨਾ ਅਜ਼ਾਦ, ਨਾ ਨਰ ਨਾ ਨਾਰੀ ਕਿਉਂ ਜੋ ਤੁਸੀਂ ਸਭ ਮਸੀਹ ਯਿਸੂ ਵਿੱਚ ਇੱਕੋ ਹੀ ਹੋ ।29ਅਤੇ ਜੇ ਤੁਸੀਂ ਮਸੀਹ ਦੇ ਹੋ ਤਾਂ ਅਬਰਾਹਾਮ ਦੀ ਅੰਸ ਅਤੇ ਵਾਇਦੇ ਦੇ ਅਨੁਸਾਰ ਵਾਰਸ ਵੀ ਹੋ ।
41ਹੁਣ ਮੈਂ ਆਖਦਾ ਹਾਂ ਕਿ ਵਾਰਸ ਜਿੰਨਾਂ ਚਿਰ ਬਾਲਕ ਹੈ ਉਸ ਅਤੇ ਦਾਸ ਵਿੱਚ ਕੁੱਝ ਭਿੰਨ ਭੇਤ ਨਹੀਂ ਭਾਵੇਂ ਉਹ ਸਭ ਦਾ ਮਾਲਕ ਹੈ ।2ਪਰ ਪਿਤਾ ਦੇ ਠਹਿਰਾਏ ਹੋਏ ਸਮੇਂ ਤੱਕ ਰਖਵਾਲਿਆਂ ਅਤੇ ਸੇਵਾਦਾਰਾਂ ਦੀ ਦੇਖਭਾਲ ਵਿੱਚ ਰਹਿੰਦਾ ਹੈ ।3ਜਿਸ ਤਰ੍ਹਾਂ ਅਸੀਂ ਵੀ ਜਦ ਬਾਲਕ ਸੀ ਤਦ ਸੰਸਾਰ ਦੀਆਂ ਗੱਲਾਂ ਦੇ ਬੰਧਨ ਵਿੱਚ ਸੀ ।4ਪਰ ਜਦੋਂ ਸਮਾਂ ਪੂਰਾ ਹੋਇਆ ਤਾਂ ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਭੇਜਿਆ ਜਿਹੜਾ ਔਰਤ ਤੋਂ ਜੰਮਿਆ ਅਤੇ ਬਿਵਸਥਾ ਦੇ ਅਧੀਨ ਜੰਮਿਆ ।5ਇਸ ਲਈ ਜੋ ਮੁੱਲ ਦੇ ਕੇ ਉਹਨਾਂ ਨੂੰ ਜਿਹੜੇ ਬਿਵਸਥਾ ਦੇ ਅਧੀਨ ਹਨ ਛੁਡਾਵੇ ਕਿ ਲੇਪਾਲਕ ਪੁੱਤਰ ਹੋਣ ਦੀ ਪਦਵੀ ਸਾਨੂੰ ਪ੍ਰਾਪਤ ਹੋਵੇ ।6ਅਤੇ ਤੁਸੀਂ ਜੋ ਪੁੱਤਰ ਹੋ ਇਸੇ ਕਾਰਨ ਪਰਮੇਸ਼ੁਰ ਨੇ ਆਪਣੇ ਪੁੱਤਰ ਦੇ ਆਤਮਾ ਨੂੰ ਸਾਡੇ ਦਿਲਾਂ ਵਿੱਚ ਭੇਜ ਦਿੱਤਾ ਜਿਹੜਾ ਅੱਬਾ ਅਰਥਾਤ, ਹੇ ਪਿਤਾ ਪੁਕਾਰਦਾ ਹੈ ।7ਸੋ ਤੁਸੀਂ ਹੁਣ ਗ਼ੁਲਾਮ ਨਹੀਂ ਸਗੋਂ ਪੁੱਤਰ ਹੋ ਅਤੇ ਜੇ ਪੁੱਤਰ ਹੋ ਤਾਂ ਪਰਮੇਸ਼ੁਰ ਦੇ ਰਾਹੀਂ ਵਾਰਸ ਵੀ ਹੈਂ ।ਗਲਾਤਿਯਾ ਦੇ ਲਈ ਪੌਲੁਸ ਦੀ ਚਿੰਤਾ
8ਪਰ ਉਸ ਵੇਲੇ ਪਰਮੇਸ਼ੁਰ ਤੋਂ ਅਣਜਾਣ ਹੋਣ ਦੇ ਕਾਰਨ ਤੁਸੀਂ ਉਹਨਾਂ ਦੀ ਗ਼ੁਲਾਮੀ ਵਿੱਚ ਸੀ ਜਿਹੜੇ ਅਸਲ ਵਿੱਚ ਈਸ਼ਵਰ ਨਹੀਂ ਸਨ ।9ਪਰ ਹੁਣ ਜੋ ਤੁਸੀਂ ਪਰਮੇਸ਼ੁਰ ਨੂੰ ਜਾਣ ਗਏ ਹੋ ਸਗੋਂ ਪਰਮੇਸ਼ੁਰ ਨੇ ਤੁਹਾਨੂੰ ਜਾਣ ਲਿਆ ਤਾਂ ਕਿਉਂ ਤੁਸੀਂ ਫਿਰ ਉਨ੍ਹਾਂ ਨਿਰਬਲ ਅਤੇ ਨਿਕੰਮੀਆਂ ਮੂਲ ਗੱਲਾਂ ਦੀ ਵੱਲ ਮੁੜੇ ਜਾਂਦੇ ਹੋ ਜਿੰਨ੍ਹਾ ਦੇ ਬੰਧਨ ਵਿੱਚ ਤੁਸੀਂ ਦੁਬਾਰਾ ਨਵੇਂ ਸਿਰਿਓਂ ਆਉਣਾ ਚਾਹੁੰਦੇ ਹੋ ?10ਤੁਸੀਂ ਦਿਨਾਂ, ਮਹੀਨਿਆਂ, ਸਮਿਆਂ ਅਤੇ ਸਾਲਾਂ ਨੂੰ ਮੰਨਦੇ ਹੋ !11ਮੈਂ ਤੁਹਾਡੇ ਲਈ ਡਰਦਾ ਹਾਂ ਭਈ ਕਿਤੇ ਇਸ ਤਰ੍ਹਾਂ ਨਾ ਹੋਵੇ ਜੋ ਮੈਂ ਤੁਹਾਡੇ ਲਈ ਐਂਵੇਂ ਹੀ ਮਿਹਨਤ ਕੀਤੀ ਹੋਵੇ ।12ਹੇ ਭਰਾਵੋ, ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਤੁਸੀਂ ਮੇਰੇ ਜਿਹੇ ਬਣੋ ਇਸ ਲਈ ਜੋ ਮੈਂ ਵੀ ਤੁਹਾਡੇ ਜਿਹਾ ਬਣਿਆ ਹਾਂ । ਤੁਸੀਂ ਮੇਰੇ ਨਾਲ ਬੁਰੇ ਨਹੀਂ ਵਰਤੇ,13ਪਰ ਤੁਸੀਂ ਜਾਣਦੇ ਹੋ ਜੋ ਮੈਂ ਸਰੀਰ ਦੀ ਕਮਜ਼ੋਰੀ ਕਰਕੇ ਪਹਿਲੀ ਵਾਰ ਤੁਹਾਨੂੰ ਖੁਸ਼ਖਬਰੀ ਸੁਣਾਈ ।14ਅਤੇ ਉਹ ਜੋ ਮੇਰੇ ਸਰੀਰ ਵਿੱਚ ਤੁਹਾਡੇ ਲਈ ਇੱਕ ਪਰਤਾਵਾ ਸੀ ਉਹ ਨੂੰ ਤੁਸੀਂ ਤੁਛ ਨਾ ਜਾਣਿਆ, ਨਾ ਉਸ ਤੋਂ ਸੂਗ ਕੀਤੀ ਪਰ ਮੈਨੂੰ ਪਰਮੇਸ਼ੁਰ ਦੇ ਦੂਤ ਦੀ ਤਰ੍ਹਾਂ ਸਗੋਂ ਮਸੀਹ ਯਿਸੂ ਦੀ ਤਰ੍ਹਾਂ ਕਬੂਲ ਕੀਤਾ ।15ਤਾਂ ਹੁਣ ਤੁਹਾਡਾ ਉਹ ਅਨੰਦ ਕਿੱਥੇ ਗਿਆ ? ਮੈਂ ਤੁਹਾਡਾ ਗਵਾਹ ਹਾਂ, ਕਿ ਜੇ ਹੋ ਸਕਦਾ ਤਾਂ ਤੁਸੀਂ ਆਪਣੀਆਂ ਅੱਖਾਂ ਵੀ ਕੱਢ ਕੇ ਮੈਨੂੰ ਦੇ ਦਿੰਦੇ16ਫਿਰ ਕੀ ਮੈਂ ਤੁਹਾਨੂੰ ਸੱਚੀ ਗੱਲ ਆਖਣ ਨਾਲ ਤੁਹਾਡਾ ਵੈਰੀ ਬਣ ਗਿਆ ?17ਉਹ ਤੁਹਾਨੂੰ ਮਿੱਤਰ ਤਾਂ ਬਣਾਉਣਾ ਚਾਹੁੰਦੇ ਹਨ ਪਰ ਚੰਗੀ ਸੋਚ ਨਾਲ ਨਹੀਂ ਸਗੋਂ ਉਹ ਤੁਹਾਨੂੰ ਅਲੱਗ ਕਰਨਾ ਚਾਹੁੰਦੇ ਹਨ ਕਿ ਤੁਸੀਂ ਉਹਨਾਂ ਨੂੰ ਹੀ ਆਪਣੇ ਮਿੱਤਰ ਬਣਾ ਲਵੋਂ ।18ਪਰ ਇਹ ਵੀ ਚੰਗਾ ਹੈ ਜੋ ਭਲੀ ਗੱਲ ਵਿੱਚ ਹਰ ਸਮੇਂ ਮਿੱਤਰ ਬਣਾਉਣ ਦਾ ਯਤਨ ਕੀਤਾ ਜਾਵੇ ਅਤੇ ਨਾ ਕੇਵਲ ਉਸੇ ਵੇਲੇ ਜਦੋਂ ਮੈਂ ਤੁਹਾਡੇ ਕੋਲ ਹੋਵਾਂ ।19ਹੇ ਮੇਰੇ ਬੱਚਿਓ, ਜਿੰਨਾਂ ਚਿਰ ਤੁਹਾਡੇ ਵਿੱਚ ਮਸੀਹ ਦੀ ਸੂਰਤ ਨਾ ਬਣ ਜਾਵੇ ਉਦੋਂ ਤੱਕ ਮੈਂ ਤੁਹਾਡੇ ਲਈ ਫਿਰ ਪੀੜਾਂ ਸਹਿੰਦਾ ਰਹਿੰਦਾ ਹਾਂ ।20ਅਤੇ ਮੈਂ ਚਾਹੁੰਦਾ ਤਾਂ ਹਾਂ ਜੋ ਹੁਣ ਤੁਹਾਡੇ ਕੋਲ ਆ ਕੇ ਹੋਰ ਤਰ੍ਹਾਂ ਬੋਲਾਂ ਕਿਉਂ ਜੋ ਤੁਹਾਡੀ ਵੱਲੋਂ ਮੈਂ ਦੁਬਧਾ ਵਿੱਚ ਪਿਆ ਹੋਇਆ ਹਾਂ ।ਸਾਰਾਹ ਅਤੇ ਹਾਜਰਾ ਦਾ ਉਦਾਹਰਣ
21ਤੁਸੀਂ ਜੋ ਬਿਵਸਥਾ ਦੇ ਅਧੀਨ ਹੋਣਾ ਚਾਹੁੰਦੇ ਹੋ ਮੈਨੂੰ ਦੱਸੋ, ਕੀ, ਤੁਸੀਂ ਬਿਵਸਥਾ ਨੂੰ ਨਹੀਂ ਸੁਣਦੇ ?22ਕਿਉਂ ਜੋ ਇਹ ਲਿਖਿਆ ਹੋਇਆ ਹੈ ਜੋ ਅਬਰਾਹਾਮ ਦੇ ਦੋ ਪੁੱਤਰ ਹੋਏ, ਇੱਕ ਦਾਸੀ ਤੋਂ ਅਤੇ ਦੂਜਾ ਅਜ਼ਾਦ ਇਸਤ੍ਰੀ ਤੋਂ ।23ਪਰ ਜਿਹੜਾ ਦਾਸੀ ਤੋਂ ਹੋਇਆ ਉਹ ਸਰੀਰ ਦੇ ਅਨੁਸਾਰ ਜੰਮਿਆ ਪਰੰਤੂ ਜਿਹੜਾ ਅਜ਼ਾਦ ਇਸਤ੍ਰੀ ਤੋਂ ਹੋਇਆ ਉਹ ਵਾਇਦੇ ਦੇ ਕਾਰਨ ਜੰਮਿਆ ।24ਇਹ ਦ੍ਰਿਸ਼ਟਾਂਤ ਦੀਆਂ ਗੱਲਾਂ ਹਨ । ਅਰਥਾਤ ਇਹ ਦੋ ਤੀਵੀਆਂ ਦੋ ਨੇਮ ਹਨ, ਇੱਕ ਤਾਂ ਸੀਨਾ ਪਹਾੜ ਦੀ ਜੋ ਗੁਲਾਮੀ ਲਈ ਜਣਦੀ ਹੈ । ਇਹ ਹਾਜਰਾ ਹੈ ।25ਅਤੇ ਇਹ ਹਾਜਰਾ ਅਰਬ ਵਿੱਚ ਸੀਨਾ ਪਹਾੜ ਹੈ ਅਤੇ ਹੁਣ ਦਾ ਯਰੂਸ਼ਲਮ ਉਹ ਦੇ ਤੁੱਲ ਹੈ ਕਿਉਂ ਜੋ ਇਹ ਆਪਣੇ ਬੱਚਿਆਂ ਦੇ ਨਾਲ ਗੁਲਾਮੀ ਵਿੱਚ ਪਈ ਹੈ ।26ਪਰ ਯਰੂਸ਼ਲਮ ਜੋ ਉਤਾਹਾਂ ਹੈ ਉਹ ਅਜ਼ਾਦ ਹੈ, ਉਹ ਸਾਡੀ ਮਾਤਾ ਹੈ ।27ਕਿਉਂ ਜੋ ਲਿਖਿਆ ਹੋਇਆ ਹੈ, ਹੇ ਬਾਂਝ, ਜੈਕਾਰਾ ਗਜਾ, ਤੂੰ ਜੋ ਨਹੀਂ ਜਣੀ ਖੁੱਲ੍ਹ ਕੇ ਗਾ ਅਤੇ ਚਿੱਲਾ, ਤੂੰ ਜਿਸ ਨੂੰ ਪੀੜਾਂ ਨਹੀਂ ਲੱਗੀਆਂ ! ਕਿਉਂ ਜੋ ਤਿਆਗੀ ਹੋਈ ਦੇ ਬੱਚੇ ਸੁਹਾਗਣ ਦੇ ਬੱਚਿਆਂ ਨਾਲੋਂ ਵੀ ਵੱਧ ਹਨ ।28ਪਰ ਹੇ ਭਰਾਵੋ, ਅਸੀਂ ਇਸਹਾਕ ਵਾਂਗੂੰ ਵਾਇਦੇ ਦੀ ਸੰਤਾਨ ਹਾਂ ।29ਪਰ ਜਿਵੇਂ ਉਸ ਸਮੇਂ ਉਹ ਜਿਹੜਾ ਸਰੀਰ ਦੇ ਅਨੁਸਾਰ ਜੰਮਿਆਂ ਉਹ ਨੂੰ ਸਤਾਉਂਦਾ ਸੀ ਜਿਹੜਾ ਆਤਮਾ ਦੇ ਅਨੁਸਾਰ ਜੰਮਿਆਂ ਸੀ, ਤਿਵੇਂ ਹੁਣ ਵੀ ਹੁੰਦਾ ਹੈ ।30ਪਰ ਪਵਿੱਤਰ ਗ੍ਰੰਥ ਕੀ ਆਖਦਾ ਹੈ ? ਦਾਸੀ ਅਤੇ ਉਸ ਦੇ ਪੁੱਤਰ ਨੂੰ ਕੱਢ ਦੇ ਕਿਉਂ ਜੋ ਗੋਲੀ ਦਾ ਪੁੱਤਰ ਅਜ਼ਾਦ ਇਸਤ੍ਰੀ ਦੇ ਪੁੱਤਰ ਨਾਲ ਵਾਰਸ ਨਹੀਂ ਹੋਵੇਗਾ ।31ਇਸ ਲਈ, ਹੇ ਭਰਾਵੋ, ਅਸੀਂ ਦਾਸੀ ਦੀ ਨਹੀਂ ਸਗੋਂ ਅਜ਼ਾਦ ਦੀ ਸੰਤਾਨ ਹਾਂ ।
5ਮਸੀਹ ਦੇ ਵਿੱਚ ਆਜ਼ਾਦੀ
1ਅਜ਼ਾਦੀ ਲਈ ਮਸੀਹ ਨੇ ਸਾਨੂੰ ਅਜ਼ਾਦ ਕੀਤਾ, ਇਸ ਲਈ ਦ੍ਰਿੜ੍ਹ ਰਹੋ ਅਤੇ ਗੁਲਾਮੀ ਦੇ ਜੂਲੇ ਹੇਠਾਂ ਮੁੜ ਕੇ ਨਾ ਜਾਵੋ ।2ਵੇਖੋ, ਮੈਂ ਪੌਲੁਸ ਤੁਹਾਨੂੰ ਆਖਦਾ ਹਾਂ ਕਿ ਜੇ ਤੁਸੀਂ ਸੁੰਨਤ ਕਰਾਵੋ ਤਾਂ ਮਸੀਹ ਕੋਲੋਂ ਤੁਹਾਨੂੰ ਕੁੱਝ ਲਾਭ ਨਾ ਹੋਵੇਗਾ ।3ਸਗੋਂ ਮੈਂ ਹਰੇਕ ਮਨੁੱਖ ਉੱਤੇ ਜਿਹੜਾ ਸੁੰਨਤ ਕਰਾਉਂਦਾ ਹੈ ਫਿਰ ਗਵਾਹੀ ਭਰਦਾ ਹਾਂ ਜੋ ਉਹ ਨੂੰ ਸਾਰੀ ਬਿਵਸਥਾ ਮੰਨਣੀ ਪਵੇਗੀ ।4ਤੁਸੀਂ ਜੋ ਬਿਵਸਥਾ ਨਾਲ ਧਰਮੀ ਬਣਨਾ ਚਾਹੁੰਦੇ ਹੋ, ਸੋ ਮਸੀਹ ਤੋਂ ਅਲੱਗ ਹੋ ਗਏ ਅਤੇ ਕਿਰਪਾ ਤੋਂ ਡਿੱਗ ਗਏ ਹੋ ।5ਅਸੀਂ ਤਾਂ ਆਤਮਾ ਦੇ ਕਾਰਨ ਵਿਸ਼ਵਾਸ ਨਾਲ ਆਸ ਕੀਤੀ ਹੋਈ ਧਾਰਮਿਕਤਾ ਦੀ ਉਡੀਕ ਕਰਦੇ ਹਾਂ ।6ਕਿਉਂ ਜੋ ਮਸੀਹ ਯਿਸੂ ਵਿੱਚ ਨਾ ਤਾਂ ਸੁੰਨਤ, ਨਾ ਹੀ ਅਸੁੰਨਤ ਕੁੱਝ ਕੰਮ ਦੀ ਹੈ; ਪਰ ਸਗੋਂ ਵਿਸ਼ਵਾਸ ਜੋ ਪਿਆਰ ਦੇ ਰਾਹੀਂ ਪ੍ਰਭਾਵੀ ਹੁੰਦਾ ਹੈ ।7ਤੁਸੀਂ ਤਾਂ ਚੰਗੀ ਤਰ੍ਹਾਂ ਦੌੜਦੇ ਸੀ ! ਕਿਸ ਨੇ ਤੁਹਾਨੂੰ ਰੋਕ ਦਿੱਤਾ ਕਿ ਤੁਸੀਂ ਸਚਿਆਈ ਨੂੰ ਨਾ ਮੰਨੋ ?8ਇਸ ਤਰ੍ਹਾਂ ਦੀ ਸਿੱਖਿਆ ਤੁਹਾਡੇ ਸੱਦਣ ਵਾਲੇ ਦੀ ਵੱਲੋਂ ਨਹੀਂ ।9ਥੋੜ੍ਹਾ ਜਿਹਾ ਖ਼ਮੀਰ ਸਾਰੇ ਗੁੰਨੇ ਹੋਏ ਆਟੇ ਨੂੰ ਖ਼ਮੀਰਾ ਕਰ ਦਿੰਦਾ ਹੈ ।10ਮੈਨੂੰ ਪ੍ਰਭੂ ਵਿੱਚ ਤੁਹਾਡੀ ਵੱਲੋਂ ਭਰੋਸਾ ਹੈ ਜੋ ਤੁਸੀਂ ਕੋਈ ਹੋਰ ਵਿਚਾਰ ਨਾ ਕਰੋਗੇ, ਪਰ ਜਿਹੜਾ ਤੁਹਾਨੂੰ ਡਰਾਉਂਦਾ ਹੈ ਉਹ ਭਾਵੇਂ ਕੋਈ ਵੀ ਹੋਵੇ ਆਪਣੀ ਸਜ਼ਾ ਭੋਗੇਗਾ !11ਪਰ ਹੇ ਭਰਾਵੋ, ਜੇ ਮੈਂ ਹੁਣ ਤੱਕ ਸੁੰਨਤ ਦਾ ਪ੍ਰਚਾਰ ਕਰਦਾ ਹਾਂ ਤਾਂ ਹੁਣ ਤੱਕ ਸਤਾਇਆ ਕਿਉਂ ਜਾਂਦਾ ਹਾਂ ? ਤਦ ਸਲੀਬ ਦੀ ਠੋਕਰ ਤਾਂ ਜਾਂਦੀ ਰਹੀ ।12ਕੀ ਹੁੰਦਾ ਕਿ ਉਹ ਜਿਹੜੇ ਤੁਹਾਨੂੰ ਡਰਾਉਂਦੇ ਹਨ, ਆਪਣਾ ਅੰਗ ਹੀ ਵੱਢ ਲੈਂਦੇ ! ।13ਹੇ ਭਰਾਵੋ, ਤੁਸੀਂ ਤਾਂ ਅਜ਼ਾਦੀ ਲਈ ਸੱਦੇ ਗਏ ਹੋ ਪਰ ਆਪਣੀ ਅਜ਼ਾਦੀ ਨੂੰ ਸਰੀਰ ਲਈ ਮੌਕਾ ਜਾਣ ਕੇ ਨਾ ਵਰਤੋ ਸਗੋਂ ਪਿਆਰ ਦੇ ਰਾਹੀਂ ਇੱਕ ਦੂਜੇ ਦੀ ਸੇਵਾ ਕਰੋ ।14ਕਿਉਂ ਜੋ ਸਾਰੀ ਬਿਵਸਥਾ ਇੱਕੋ ਗੱਲ ਵਿੱਚ ਸਮਾਪਤ ਹੁੰਦੀ ਹੈ ਅਰਥਾਤ ਇਸ ਵਿੱਚ ਕਿ ਆਪਣੇ ਗੁਆਂਢੀ ਨਾਲ ਆਪਣੇ ਜਿਹਾ ਪਿਆਰ ਕਰ ।15ਪਰ ਜੇ ਤੁਸੀਂ ਇੱਕ ਦੂਜੇ ਨੂੰ ਦੰਦਾਂ ਨਾਲ ਪਾੜ ਖਾਓ ਤਾਂ ਚੌਕਸ ਰਹੋ ਕੀ ਕਿਤੇ ਤੁਸੀਂ ਇੱਕ ਦੂਜੇ ਦਾ ਨਾਸ ਨਾ ਕਰ ਦੇਵੋਂ ! ।ਪਵਿੱਤਰ ਆਤਮਾ ਦੇ ਦੁਆਰਾ ਜੀਵਨ
16ਪਰ ਮੈਂ ਆਖਦਾ ਹਾਂ, ਤੁਸੀਂ ਆਤਮਾ ਦੇ ਦੁਆਰਾ ਚੱਲੋ ਤਾਂ ਸਰੀਰ ਦੀ ਲਾਲਸਾ ਨੂੰ ਕਦੇ ਪੂਰਾ ਨਾ ਕਰੋਗੇ ।17ਕਿਉਂ ਜੋ ਸਰੀਰ ਆਤਮਾ ਦੇ ਵਿਰੁੱਧ, ਅਤੇ ਆਤਮਾ ਸਰੀਰ ਦੇ ਵਿਰੁੱਧ ਹੈ ਕਿਉਂ ਜੋ ਇਹ ਇੱਕ ਦੂਜੇ ਦੇ ਵਿਰੁੱਧ ਹਨ ਤਾਂ ਜੋ ਤੁਸੀਂ ਜੋ ਚਾਹੁੰਦੇ ਹੋ ਨਾ ਕਰ ਸਕੋ ।18ਪਰ ਜੇ ਤੁਸੀਂ ਆਤਮਾ ਦੀ ਅਗਵਾਈ ਨਾਲ ਚੱਲਦੇ ਹੋ ਤਾਂ ਬਿਵਸਥਾ ਦੇ ਅਧੀਨ ਨਹੀਂ ਹੋ ।19ਹੁਣ ਸਰੀਰ ਦੇ ਕੰਮ ਤਾਂ ਪਰਗਟ ਹਨ । ਉਹ ਇਹ ਹਨ - ਹਰਾਮਕਾਰੀ, ਗੰਦ-ਮੰਦ, ਲੁੱਚਪੁਣਾ,20ਮੂਰਤੀ ਪੂਜਾ, ਜਾਦੂਗਰੀ, ਵੈਰ, ਝਗੜੇ, ਈਰਖਾ, ਕ੍ਰੋਧ, ਵਿਰੋਧ, ਫੁੱਟਾਂ, ਬਿਦਤਾਂ,21ਖਾਰ, ਨਸ਼ੇ, ਬਦਮਸਤੀਆਂ, ਅਤੇ ਹੋਰ ਇਹੋ ਜਿਹੇ ਕੰਮ । ਇਹਨਾਂ ਗੱਲਾਂ ਦੇ ਵਿਖੇ ਮੈਂ ਤੁਹਾਨੂੰ ਸਾਫ਼ ਆਖਦਾ ਹਾਂ ਜਿਵੇਂ ਮੈਂ ਪਹਿਲਾਂ ਵੀ ਆਖਿਆ ਸੀ ਕਿ ਜਿਹੜੇ ਇਹੋ ਜਿਹੇ ਕੰਮ ਕਰਦੇ ਹਨ ਉਹ ਪਰਮੇਸ਼ੁਰ ਦੇ ਰਾਜ ਦੇ ਵਾਰਸ ਨਹੀਂ ਹੋਣਗੇ ।22ਪਰ ਆਤਮਾ ਦਾ ਫਲ ਇਹ ਹੈ - ਪਿਆਰ , ਅਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਿਆਈ, ਵਫ਼ਾਦਾਰੀ,23ਨਰਮਾਈ, ਸੰਜਮ । ਇਹੋ ਜਿਹੀਆਂ ਗੱਲਾਂ ਦੇ ਵਿਰੁੱਧ ਕੋਈ ਬਿਵਸਥਾ ਨਹੀਂ ਹੈ ।24ਅਤੇ ਜਿਹੜੇ ਮਸੀਹ ਯਿਸੂ ਦੇ ਹਨ ਉਨ੍ਹਾਂ ਨੇ ਸਰੀਰ ਨੂੰ ਉਹ ਦੀਆਂ ਕਾਮਨਾਵਾਂ ਅਤੇ ਲਾਲਸਾ ਸਣੇ ਸਲੀਬ ਉੱਤੇ ਚੜ੍ਹਾ ਦਿੱਤਾ ।25ਜੇ ਅਸੀਂ ਆਤਮਾ ਦੁਆਰਾ ਜਿਉਂਦੇ ਹਾਂ ਤਾਂ ਆਤਮਾ ਦੁਆਰਾ ਚੱਲੀਏ ਵੀ ।26ਅਸੀਂ ਘਮੰਡੀ ਹੋ ਕੇ ਨਾ ਇੱਕ ਦੂਜੇ ਨੂੰ ਖਿਝਾਈਏ ਅਤੇ ਨਾ ਇੱਕ ਦੂਜੇ ਨਾਲ ਖਾਰ ਰੱਖੀਏ ।
6ਇੱਕ ਦੂਸਰੇ ਦੀ ਸਹਾਇਤਾ ਕਰੋ
1ਹੇ ਭਰਾਵੋ, ਜੇ ਕੋਈ ਮਨੁੱਖ ਕਿਸੇ ਅਪਰਾਧ ਵਿੱਚ ਫੜਿਆ ਵੀ ਜਾਵੇ ਤਾਂ ਤੁਸੀਂ ਜਿਹੜੇ ਆਤਮਕ ਹੋ ਅਜਿਹੇ ਮਨੁੱਖ ਨੂੰ ਨਰਮਾਈ ਦੇ ਸੁਭਾਓ ਨਾਲ ਸੁਧਾਰੋ ਅਤੇ ਤੁਸੀਂ ਆਪਣੀ ਵੀ ਚੌਕਸੀ ਰੱਖੋ ਕਿਤੇ ਤੁਸੀਂ ਵੀ ਪਰਤਾਵੇ ਵਿੱਚ ਨਾ ਪੈ ਜਾਵੋ ।2ਤੁਸੀਂ ਇੱਕ ਦੂਜੇ ਦੇ ਭਾਰ ਚੁੱਕ ਲਵੋ ਅਤੇ ਇਉਂ ਮਸੀਹ ਦੀ ਬਿਵਸਥਾ ਨੂੰ ਪੂਰਾ ਕਰੋ ।3ਕਿਉਂਕਿ ਜੇ ਕੋਈ ਆਪਣੇ ਆਪ ਨੂੰ ਕੁੱਝ ਸਮਝੇ ਅਤੇ ਹੋਵੇ ਕੁੱਝ ਵੀ ਨਾ ਤਾਂ ਉਹ ਆਪਣੇ ਆਪ ਨੂੰ ਧੋਖਾ ਦਿੰਦਾ ਹੈ ।4ਪਰ ਹਰੇਕ ਆਪਣੇ ਹੀ ਕੰਮ ਨੂੰ ਪਰਖੇ ਤਦ ਉਹ ਨੂੰ ਕੇਵਲ ਆਪਣੀ ਹੀ ਵੱਲੋਂ, ਨਹੀਂ ਸਗੋਂ ਦੂਸਰੇ ਦੀ ਵੱਲੋਂ ਵੀ ਆਦਰ ਪ੍ਰਾਪਤ ਹੋਵੇਗਾ ।5ਕਿਉਂ ਜੋ ਹਰੇਕ ਨੂੰ ਆਪਣਾ ਹੀ ਭਾਰ ਚੁੱਕਣਾ ਪਵੇਗਾ ।6ਪਰ ਜਿਹੜਾ ਬਚਨ ਦੀ ਸਿੱਖਿਆ ਲੈਂਦਾ ਹੈ ਉਹ ਸਿਖਾਉਣ ਵਾਲੇ ਨੂੰ ਸਾਰਿਆਂ ਪਦਾਰਥਾਂ ਵਿੱਚ ਸਾਂਝੀ ਕਰੇ ।7ਤੁਸੀਂ ਧੋਖਾ ਨਾ ਖਾਓ, ਪਰਮੇਸ਼ੁਰ ਠੱਠਿਆਂ ਵਿੱਚ ਨਹੀਂ ਉਡਾਇਆ ਜਾਂਦਾ ਕਿਉਂਕਿ ਮਨੁੱਖ ਜੋ ਕੁੱਝ ਬੀਜਦਾ ਹੈ ਉਹ ਹੀ ਵੱਢੇਗਾ ।8ਜਿਹੜਾ ਆਪਣੇ ਸਰੀਰ ਲਈ ਬੀਜਦਾ ਹੈ ਉਹ ਸਰੀਰ ਦੇ ਰਾਹੀਂ ਬਿਨਾਸ ਦੀ ਵਾਢੀ ਵੱਢੇਗਾ, ਅਤੇ ਜਿਹੜਾ ਆਤਮਾ ਲਈ ਬੀਜਦਾ ਹੈ ਉਹ ਆਤਮਾ ਤੋਂ ਸਦੀਪਕ ਜੀਵਨ ਦੀ ਵਾਢੀ ਵੱਢੇਗਾ ।9ਅਤੇ ਭਲਿਆਈ ਕਰਦਿਆਂ ਅਸੀਂ ਹੌਂਸਲਾ ਨਾ ਹਾਰੀਏ ਕਿਉਂਕਿ ਜੇ ਅਸੀਂ ਢਿੱਲੇ ਨਾ ਪਈਏ ਤਾਂ ਵੇਲੇ ਸਿਰ ਵਾਢੀ ਵੱਢਾਂਗੇ ।10ਉਪਰੰਤ ਜਿਵੇਂ ਸਾਨੂੰ ਮੌਕਾ ਮਿਲੇ ਅਸੀਂ ਸਭਨਾਂ ਨਾਲ ਭਲਾ ਕਰੀਏ ਪਰ ਖ਼ਾਸ ਕਰਕੇ ਵਿਸ਼ਵਾਸੀਆਂ ਦੇ ਨਾਲ ।ਆਖਰੀ ਚਿਤਾਵਨੀ ਅਤੇ ਨਮਸਕਾਰ
11ਵੇਖੋ, ਮੈਂ ਆਪਣੇ ਹੱਥੀਂ ਕਿੱਡੇ ਮੋਟੇ ਅੱਖਰਾਂ ਨਾਲ ਤੁਹਾਨੂੰ ਲਿਖਿਆ ਹੈ ।12ਜਿੰਨੇ ਲੋਕ ਸਰੀਰ ਵਿੱਚ ਵੱਡਾ ਵਿਖਾਵਾ ਵਿਖਾਉਣਾ ਚਾਹੁੰਦੇ ਹਨ ਉਹ ਜ਼ਬਰਦਸਤੀ ਤੁਹਾਡੀ ਸੁੰਨਤ ਕਰਾਉਂਦੇ ਹਨ ਸਿਰਫ਼ ਇਸ ਕਰਕੇ ਜੋ ਉਹ ਮਸੀਹ ਦੀ ਸਲੀਬ ਦੇ ਕਾਰਨ ਸਤਾਏ ਨਾ ਜਾਣ ।13ਕਿਉਂਕਿ ਜਿਹੜੇ ਸੁੰਨਤੀ ਹਨ ਉਹ ਆਪ ਵੀ ਬਿਵਸਥਾ ਦੀ ਪਾਲਨਾ ਨਹੀਂ ਕਰਦੇ ਪਰ ਉਹ ਤੁਹਾਡੀ ਸੁੰਨਤ ਕਰਾਉਣਾ ਚਾਹੁੰਦੇ ਹਨ ਭਈ ਤੁਹਾਡੇ ਹੀ ਸਰੀਰ ਉੱਤੇ ਘਮੰਡ ਕਰਨ ।14ਪਰ ਮੇਰੇ ਤੋਂ ਇਹ ਨਾ ਹੋਵੇ ਜੋ ਮੈਂ ਕਿਸੇ ਹੋਰ ਗੱਲ ਉੱਤੇ ਘਮੰਡ ਕਰਾਂ ਬਿਨ੍ਹਾਂ ਸਾਡੇ ਪ੍ਰਭੂ ਯਿਸੂ ਮਸੀਹ ਦੀ ਸਲੀਬ ਦੇ ਜਿਹ ਦੇ ਰਾਹੀਂ ਸੰਸਾਰ ਮੇਰੀ ਵੱਲੋਂ ਅਤੇ ਮੈਂ ਸੰਸਾਰ ਦੀ ਵੱਲੋਂ ਸਲੀਬ ਉੱਤੇ ਚਾੜ੍ਹਿਆ ਗਿਆ ।15ਕਿਉਂ ਜੋ ਨਾ ਤਾਂ ਸੁੰਨਤ, ਨਾ ਹੀ ਅਸੁੰਨਤ ਕੁੱਝ ਹੈ, ਸਗੋਂ ਨਵੀਂ ਸਰਿਸ਼ਟ ।16ਅਤੇ ਜਿੰਨੇ ਇਸ ਨਿਯਮ ਉੱਤੇ ਚੱਲਣਗੇ ਉਨ੍ਹਾਂ ਨੂੰ ਸ਼ਾਂਤੀ ਅਤੇ ਕਿਰਪਾ ਪ੍ਰਾਪਤ ਹੋਵੇ ਨਾਲੇ ਪਰਮੇਸ਼ੁਰ ਦੇ ਇਸਰਾਏਲ ਨੂੰ ।17ਅਗਾਹਾਂ ਨੂੰ ਕੋਈ ਮੈਨੂੰ ਦੁੱਖ ਨਾ ਦੇਵੇ ਕਿਉਂ ਜੋ ਮੈਂ ਆਪਣੀ ਦੇਹ ਉੱਤੇ ਯਿਸੂ ਦੇ ਦਾਗਾਂ ਨੂੰ ਲਈ ਫਿਰਦਾ ਹਾਂ ।18ਹੇ ਭਰਾਵੋ, ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਆਤਮਾ ਦੇ ਨਾਲ ਰਹੇ । ਆਮੀਨ ।