Punjabi, Eastern: Unlocked Literal Bible for 1 ਇਤਿਹਾਸ, 1 ਰਾਜਿਆਂ, 1 ਸਮੂਏਲ, 2 ਇਤਿਹਾਸ, 2 ਰਾਜਿਆਂ, 2 ਸਮੂਏਲ, ਅਫ਼ਸੀਆਂ ਨੂੰ, ਅਸਤਰ, ਅਜ਼ਰਾ, ਅੱਯੂਬ, ਆਮੋਸ, ਇਬਰਾਨੀਆਂ ਨੂੰ, ਉਤਪਤ, ਉਪਦੇਸ਼ਕ, ਓਬਦਯਾਹ, ਕਹਾਉਤਾਂ, ਕੁਰਿੰਥੀਆਂ ਨੂੰ ਦੂਜੀ ਪੱਤ੍ਰੀ, ਕੁਰਿੰਥੀਆਂ ਨੂੰ ਪਹਿਲੀ ਪੱਤ੍ਰੀ, ਕੁਲੁੱਸੀਆਂ ਨੂੰ, ਕੂਚ, ਗਲਾਤਿਯਾ ਨੂੰ, ਗਿਣਤੀ, ਜ਼ਬੂਰ, ਤਿਮੋਥਿਉਸ ਨੂੰ ਦੂਜੀ ਪੱਤ੍ਰੀ, ਤਿਮੋਥਿਉਸ ਨੂੰ ਪਹਿਲੀ ਪੱਤ੍ਰੀ, ਤੀਤੁਸ ਨੂੰ, ਥੱਸਲੁਨੀਕੀਆ ਨੂੰ ਦੂਜੀ ਪੱਤ੍ਰੀ, ਥੱਸਲੁਨੀਕੀਆ ਨੂੰ ਪਹਿਲੀ ਪੱਤ੍ਰੀ, ਦਾਨੀਏਲ, ਨਹਮਯਾਹ, ਨਹੂਮ, ਨਿਆਂਈਆਂ ਦੀ ਪੋਥੀ, ਪਤਰਸ ਦੀ ਦੂਜੀ ਪੱਤ੍ਰੀ, ਪਤਰਸ ਦੀ ਪਹਿਲੀ ਪੱਤ੍ਰੀ, ਫਿਲਿੱਪੀਆਂ ਨੂੰ, ਫਿਲੇਮੋਨ ਨੂੰ, ਬਿਵਸਥਾ ਸਾਰ, ਮਰਕੁਸ ਦੀ ਇੰਜੀਲ, ਮਲਾਕੀ, ਮੀਕਾਹ, ਮੱਤੀ ਦੀ ਇੰਜੀਲ, ਯਸਾਯਾਹ, ਯਹੂਦਾਹ ਦੀ ਪੱਤ੍ਰੀ, ਯਹੋਸ਼ੁਆ, ਯਾਕੂਬ ਦੀ ਪੱਤ੍ਰੀ, ਯਿਰਮਿਯਾਹ, ਯਿਰਮਿਯਾਹ ਦਾ ਵਿਰਲਾਪ, ਯੂਨਾਹ, ਯੂਹੰਨਾ ਦੀ ਇੰਜੀਲ, ਯੂਹੰਨਾ ਦੀ ਤੀਸਰੀ ਪੱਤ੍ਰੀ, ਯੂਹੰਨਾ ਦੀ ਦੂਜੀ ਪੱਤ੍ਰੀ, ਯੂਹੰਨਾ ਦੀ ਪਹਿਲੀ ਪੱਤ੍ਰੀ, ਯੂਹੰਨਾ ਦੇ ਪਰਕਾਸ਼ ਦੀ ਪੋਥੀ, ਯੋਏਲ, ਰਸੂਲਾਂ ਦੇ ਕਰਤੱਬ, ਰੂਥ, ਰੋਮੀਆਂ ਨੂੰ, ਲੂਕਾ ਦੀ ਇੰਜੀਲ, ਲੇਵੀਆਂ ਦੀ ਪੋਥੀ, ਸਫ਼ਨਯਾਹ, ਸੁਲੇਮਾਨ ਦਾ ਗੀਤ, ਹਬੱਕੂਕ, ਹਿਜ਼ਕੀਏਲ, ਹੋਸ਼ੇਆ, ਹੱਜਈ, ਜ਼ਕਰਯਾਹ

Formatted for Translators

©2022 Wycliffe Associates
Released under a Creative Commons Attribution-ShareAlike 4.0 International License.
Bible Text: The English Unlocked Literal Bible (ULB)
©2017 Wycliffe Associates
Available at https://bibleineverylanguage.org/translations
The English Unlocked Literal Bible is based on the unfoldingWord® Literal Text, CC BY-SA 4.0. The original work of the unfoldingWord® Literal Text is available at https://unfoldingword.bible/ult/.
The ULB is licensed under the Creative Commons Attribution-ShareAlike 4.0 International License.
Notes: English ULB Translation Notes
©2017 Wycliffe Associates
Available at https://bibleineverylanguage.org/translations
The English ULB Translation Notes is based on the unfoldingWord translationNotes, under CC BY-SA 4.0. The original unfoldingWord work is available at https://unfoldingword.bible/utn.
The ULB Notes is licensed under the Creative Commons Attribution-ShareAlike 4.0 International License.
To view a copy of the CC BY-SA 4.0 license visit http://creativecommons.org/licenses/by-sa/4.0/
Below is a human-readable summary of (and not a substitute for) the license.
You are free to:
The licensor cannot revoke these freedoms as long as you follow the license terms.
Under the following conditions:
Notices:
You do not have to comply with the license for elements of the material in the public domain or where your use is permitted by an applicable exception or limitation.
No warranties are given. The license may not give you all of the permissions necessary for your intended use. For example, other rights such as publicity, privacy, or moral rights may limit how you use the material.

ਉਤਪਤ

1
ਸ੍ਰਿਸ਼ਟੀ ਦਾ ਵਰਨਣ

1ਆਦ ਵਿੱਚ ਪਰਮੇਸ਼ੁਰ ਨੇ ਅਕਾਸ਼ ਅਤੇ ਧਰਤੀ ਨੂੰ ਸਿਰਜਿਆ ।2ਧਰਤੀ ਬੇਡੌਲ ਅਤੇ ਵਿਰਾਨ ਸੀ ਅਤੇ ਡੁੰਘਿਆਈ ਉੱਤੇ ਹਨ੍ਹੇਰਾ ਸੀ, ਪਰਮੇਸ਼ੁਰ ਦਾ ਆਤਮਾ ਪਾਣੀਆਂ ਦੇ ਉੱਤੇ ਮੰਡਲਾਉਂਦਾ ਸੀ ।

3ਪਰਮੇਸ਼ੁਰ ਨੇ ਆਖਿਆ, ਚਾਨਣ ਹੋਵੇ, ਤਦ ਚਾਨਣ ਹੋ ਗਿਆ ।4ਪਰਮੇਸ਼ੁਰ ਨੇ ਚਾਨਣ ਨੂੰ ਵੇਖਿਆ ਕਿ ਚੰਗਾ ਹੈ, ਪਰਮੇਸ਼ੁਰ ਨੇ ਚਾਨਣ ਨੂੰ ਹਨ੍ਹੇਰੇ ਤੋਂ ਵੱਖਰਾ ਕੀਤਾ ।5ਪਰਮੇਸ਼ੁਰ ਨੇ ਚਾਨਣ ਨੂੰ ਦਿਨ ਆਖਿਆ ਅਤੇ ਹਨ੍ਹੇਰੇ ਨੂੰ ਰਾਤ ਆਖਿਆ । ਇਸ ਤਰ੍ਹਾਂ ਸ਼ਾਮ ਤੇ ਸਵੇਰ ਹੋਈ, ਇਹ ਪਹਿਲਾ ਦਿਨ ਹੋਇਆ ।

6ਫੇਰ ਪਰਮੇਸ਼ੁਰ ਨੇ ਆਖਿਆ, ਪਾਣੀਆਂ ਦੇ ਵਿਚਕਾਰ ਅੰਬਰ ਹੋਵੇ ਅਤੇ ਉਹ ਪਾਣੀਆਂ ਨੂੰ ਪਾਣੀਆਂ ਤੋਂ ਵੱਖਰਾ ਕਰੇ ।7ਸੋ ਪਰਮੇਸ਼ੁਰ ਨੇ ਅੰਬਰ ਨੂੰ ਬਣਾਇਆ ਅਤੇ ਅੰਬਰ ਦੇ ਹੇਠਲੇ ਪਾਣੀਆਂ ਨੂੰ ਅੰਬਰ ਦੇ ਉੱਪਰਲੇ ਪਾਣੀਆਂ ਤੋਂ ਵੱਖਰਾ ਕੀਤਾ ਅਤੇ ਅਜਿਹਾ ਹੀ ਹੋ ਗਿਆ ।8ਤਦ ਪਰਮੇਸ਼ੁਰ ਨੇ ਅੰਬਰ ਨੂੰ ਅਕਾਸ਼ ਆਖਿਆ, ਇਸ ਤਰ੍ਹਾਂ ਸ਼ਾਮ ਤੇ ਸਵੇਰ ਹੋਈ ਅਤੇ ਇਹ ਦੂਜਾ ਦਿਨ ਹੋਇਆ ।

9ਫੇਰ ਪਰਮੇਸ਼ੁਰ ਨੇ ਆਖਿਆ ਕਿ ਅਕਾਸ਼ ਦੇ ਹੇਠਲੇ ਪਾਣੀ ਇੱਕ ਥਾਂ ਇੱਕਠੇ ਹੋ ਜਾਣ ਤਾਂ ਜੋ ਸੁੱਕੀ ਜ਼ਮੀਨ ਦਿਸੇ ਅਤੇ ਅਜਿਹਾ ਹੀ ਹੋ ਗਿਆ ।10ਪਰਮੇਸ਼ੁਰ ਨੇ ਸੁੱਕੀ ਜ਼ਮੀਨ ਨੂੰ ਧਰਤੀ ਆਖਿਆ, ਪਾਣੀਆਂ ਦੇ ਇੱਕਠ ਨੂੰ ਸਮੁੰਦਰ ਆਖਿਆ ਅਤੇ ਪਰਮੇਸ਼ੁਰ ਨੇ ਵੇਖਿਆ ਕਿ ਇਹ ਚੰਗਾ ਹੈ ।
11ਫੇਰ ਪਰਮੇਸ਼ੁਰ ਨੇ ਆਖਿਆ ਕਿ ਧਰਤੀ ਘਾਹ, ਬੀਜ ਵਾਲਾ ਸਾਗ ਪੱਤ ਅਤੇ ਫਲਦਾਰ ਰੁੱਖ ਉਗਾਵੇ ਜਿਹੜੇ ਆਪੋ-ਆਪਣੀ ਕਿਸਮ ਦੇ ਅਨੁਸਾਰ ਬੀਜ ਵਾਲਾ ਫਲ ਧਰਤੀ ਉੱਤੇ ਪੈਦਾ ਕਰਨ ਅਤੇ ਅਜਿਹਾ ਹੀ ਹੋ ਗਿਆ ।12ਸੋ ਧਰਤੀ ਨੇ ਘਾਹ ਤੇ ਬੀਜ ਵਾਲਾ ਸਾਗ ਪੱਤ ਉਹ ਦੀ ਕਿਸਮ ਦੇ ਅਨੁਸਾਰ ਤੇ ਫਲਦਾਰ ਰੁੱਖ ਜਿਨ੍ਹਾਂ ਵਿੱਚ ਆਪੋ-ਆਪਣੀ ਕਿਸਮ ਦੇ ਅਨੁਸਾਰ ਬੀਜ ਹੈ, ਉਗਾਇਆ ਅਤੇ ਪਰਮੇਸ਼ੁਰ ਨੇ ਵੇਖਿਆ ਕਿ ਇਹ ਚੰਗਾ ਹੈ ।13ਇਸ ਤਰ੍ਹਾਂ ਸ਼ਾਮ ਤੇ ਸਵੇਰ ਹੋਈ, ਇਹ ਤੀਜਾ ਦਿਨ ਹੋਇਆ ।
14ਪਰਮੇਸ਼ੁਰ ਨੇ ਆਖਿਆ ਕਿ ਅਕਾਸ਼ ਦੇ ਅੰਬਰ ਵਿੱਚ ਤੇਜ਼ ਰੌਸ਼ਨੀਆਂ ਚਮਕਣ ਜਿਹੜੀਆਂ ਦਿਨ ਨੂੰ ਰਾਤ ਤੋਂ ਅਲੱਗ ਕਰਨ, ਇਹ ਸਮਿਆਂ, ਨਿਸ਼ਾਨੀਆਂ, ਰੁੱਤਾਂ, ਵਰਿਆਂ ਅਤੇ ਦਿਨਾਂ ਨੂੰ ਠਹਿਰਾਉਣ ।15ਓਹ ਅਕਾਸ਼ ਦੇ ਅੰਬਰ ਵਿੱਚ ਤੇਜ਼ ਰੌਸ਼ਨੀਆਂ ਹੋਣ ਜੋ ਧਰਤੀ ਉੱਤੇ ਚਮਕਣ ਅਤੇ ਅਜਿਹਾ ਹੀ ਹੋ ਗਿਆ ।
16ਪਰਮੇਸ਼ੁਰ ਨੇ ਦੋ ਵੱਡੀਆਂ ਰੌਸ਼ਨੀਆਂ ਬਣਾਈਆਂ - ਵੱਡੀ ਰੋਸ਼ਨੀ ਜਿਹੜੀ ਦਿਨ ਉੱਤੇ ਰਾਜ ਕਰੇ ਅਤੇ ਛੋਟੀ ਰੋਸ਼ਨੀ ਜਿਹੜੀ ਰਾਤ ਉੱਤੇ ਰਾਜ ਕਰੇ, ਉਸ ਨੇ ਤਾਰੇ ਵੀ ਬਣਾਏ ।17ਪਰਮੇਸ਼ੁਰ ਨੇ ਉਨ੍ਹਾਂ ਨੂੰ ਅਕਾਸ਼ ਦੇ ਅੰਬਰ ਵਿੱਚ ਰੱਖਿਆ ਜੋ ਧਰਤੀ ਉੱਤੇ ਚਾਨਣ ਕਰਨ18ਅਤੇ ਦਿਨ, ਰਾਤ ਉੱਤੇ ਰਾਜ ਕਰਨ ਅਤੇ ਚਾਨਣ ਨੂੰ ਹਨ੍ਹੇਰੇ ਤੋਂ ਅਲੱਗ ਕਰਨ । ਪਰਮੇਸ਼ੁਰ ਨੇ ਵੇਖਿਆ ਕਿ ਇਹ ਚੰਗਾ ਹੈ ।19ਇਸ ਤਰ੍ਹਾਂ ਸ਼ਾਮ ਅਤੇ ਸਵੇਰ ਹੋਈ, ਇਹ ਚੌਥਾ ਦਿਨ ਹੋਇਆ ।
20ਫੇਰ ਪਰਮੇਸ਼ੁਰ ਨੇ ਆਖਿਆ ਕਿ ਪਾਣੀ ਜੀਉਂਦੇ ਪ੍ਰਾਣੀਆਂ ਨਾਲ ਭਰ ਜਾਣ ਅਤੇ ਪੰਛੀ ਧਰਤੀ ਤੋਂ ਉਤਾਹਾਂ ਅਕਾਸ਼ ਦੇ ਅੰਬਰ ਵਿੱਚ ਉੱਡਣ ।21ਪਰਮੇਸ਼ੁਰ ਨੇ ਵੱਡੇ-ਵੱਡੇ ਜਲ ਜੰਤੂਆਂ ਨੂੰ ਅਤੇ ਸਾਰੇ ਚੱਲਣ ਵਾਲੇ ਜੀਉਂਦੇ ਪ੍ਰਾਣੀਆਂ ਨੂੰ ਉਤਪਤ ਕੀਤਾ, ਉਨ੍ਹਾਂ ਦੀ ਪ੍ਰਜਾਤੀ ਅਨੁਸਾਰ ਪਾਣੀ ਭਰ ਗਏ, ਨਾਲੇ ਸਾਰੇ ਪੰਛੀਆਂ ਨੂੰ ਵੀ ਉਨ੍ਹਾਂ ਦੀ ਪ੍ਰਜਾਤੀ ਅਨੁਸਾਰ ਉਤਪਤ ਕੀਤਾ, ਪਰਮੇਸ਼ੁਰ ਨੇ ਵੇਖਿਆ ਕਿ ਇਹ ਚੰਗਾ ਹੈ ।
22ਪਰਮੇਸ਼ੁਰ ਨੇ ਇਹ ਆਖ ਕੇ ਉਨ੍ਹਾਂ ਨੂੰ ਅਸੀਸ ਦਿੱਤੀ, ਫਲੋ ਅਤੇ ਵਧੋ ਤੇ ਸਮੁੰਦਰਾਂ ਦੇ ਪਾਣੀਆਂ ਨੂੰ ਭਰ ਦਿਓ ਅਤੇ ਪੰਛੀ ਧਰਤੀ ਉੱਤੇ ਵਧਣ ।23ਇਸ ਤਰ੍ਹਾਂ ਸ਼ਾਮ ਅਤੇ ਸਵੇਰ ਹੋਈ, ਇਹ ਪੰਜਵਾਂ ਦਿਨ ਹੋਇਆ ।
24ਫੇਰ ਪਰਮੇਸ਼ੁਰ ਨੇ ਆਖਿਆ ਕਿ ਧਰਤੀ ਜੀਉਂਦੇ ਪ੍ਰਾਣੀਆਂ ਨੂੰ ਉਨ੍ਹਾਂ ਦੀ ਪ੍ਰਜਾਤੀ ਦੇ ਅਨੁਸਾਰ ਤੇ ਪਸ਼ੂਆਂ ਨੂੰ, ਘਿੱਸਰਨ ਵਾਲਿਆਂ ਨੂੰ, ਧਰਤੀ ਦੇ ਜਾਨਵਰਾਂ ਨੂੰ ਉਨ੍ਹਾਂ ਦੀ ਪ੍ਰਜਾਤੀ ਦੇ ਅਨੁਸਾਰ ਉਪਜਾਵੇ ਅਤੇ ਅਜਿਹਾ ਹੀ ਹੋ ਗਿਆ ।25ਪਰਮੇਸ਼ੁਰ ਨੇ ਧਰਤੀ ਦੇ ਜਾਨਵਰਾਂ ਨੂੰ ਉਨ੍ਹਾਂ ਦੀ ਪ੍ਰਜਾਤੀ ਦੇ ਅਨੁਸਾਰ ਅਤੇ ਜਾਨਵਰਾਂ ਨੂੰ ਉਨ੍ਹਾਂ ਦੀ ਪ੍ਰਜਾਤੀ ਦੇ ਅਨੁਸਾਰ, ਜ਼ਮੀਨ ਦੇ ਸਾਰੇ ਘਿੱਸਰਨ ਵਾਲਿਆਂ ਨੂੰ ਉਨ੍ਹਾਂ ਦੀ ਪ੍ਰਜਾਤੀ ਦੇ ਅਨੁਸਾਰ ਬਣਾਇਆ ਅਤੇ ਪਰਮੇਸ਼ੁਰ ਨੇ ਵੇਖਿਆ ਕਿ ਇਹ ਚੰਗਾ ਹੈ ।
26ਪਰਮੇਸ਼ੁਰ ਨੇ ਆਖਿਆ ਕਿ ਅਸੀਂ ਮਨੁੱਖ ਨੂੰ ਆਪਣੇ ਸਰੂਪ ਵਿੱਚ ਅਤੇ ਆਪਣੇ ਵਰਗਾ ਬਣਾਈਏ ਅਤੇ ਓਹ ਸਮੁੰਦਰ ਦੀਆਂ ਮੱਛੀਆਂ ਉੱਤੇ, ਅਕਾਸ਼ ਦੇ ਪੰਛੀਆਂ, ਪਸ਼ੂਆਂ, ਸਗੋਂ ਸਾਰੀ ਧਰਤੀ ਉੱਤੇ ਅਤੇ ਧਰਤੀ ਉੱਤੇ ਸਾਰੇ ਘਿੱਸਰਨ ਵਾਲਿਆਂ ਜੀਵ-ਜੰਤੂਆਂ ਉੱਤੇ ਰਾਜ ਕਰਨ ।27ਇਸ ਤਰ੍ਹਾਂ ਪਰਮੇਸ਼ੁਰ ਨੇ ਮਨੁੱਖ ਦੀ ਰਚਨਾ ਆਪਣੇ ਸਰੂਪ ਵਿੱਚ ਕੀਤੀ । ਪਰਮੇਸ਼ੁਰ ਦੇ ਸਰੂਪ ਵਿੱਚ ਉਸ ਨੂੰ ਰਚਿਆ । ਉਸ ਨੇ ਨਰ ਨਾਰੀ ਦੀ ਸ੍ਰਿਸ਼ਟੀ ਕੀਤੀ ।
28ਪਰਮੇਸ਼ੁਰ ਨੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਆਖਿਆ ਕਿ ਫਲੋ ਅਤੇ ਵਧੋ, ਧਰਤੀ ਨੂੰ ਭਰ ਦਿਓ ਅਤੇ ਉਹ ਨੂੰ ਆਪਣੇ ਵੱਸ ਵਿੱਚ ਕਰੋ ਅਤੇ ਸਮੁੰਦਰ ਦੀਆਂ ਮੱਛੀਆਂ, ਅਕਾਸ਼ ਦੇ ਪੰਛੀਆਂ ਅਤੇ ਧਰਤੀ ਉੱਤੇ ਘਿਸਰਨ ਵਾਲੇ ਸਾਰੇ ਜੀਵ-ਜੰਤੂਆਂ ਉੱਤੇ ਰਾਜ ਕਰੋ ।29ਪਰਮੇਸ਼ੁਰ ਨੇ ਆਖਿਆ, ਵੇਖੋ ਮੈਂ ਤੁਹਾਨੂੰ ਹਰੇਕ ਬੀਜ ਵਾਲਾ ਸਾਗ ਪੱਤ ਜਿਹੜਾ ਸਾਰੀ ਧਰਤੀ ਦੇ ਉੱਤੇ ਹੈ, ਹਰੇਕ ਰੁੱਖ ਜਿਹ ਦੇ ਵਿੱਚ ਉਸ ਦਾ ਬੀਜ ਵਾਲਾ ਫਲ ਹੈ, ਦੇ ਦਿੱਤਾ ਹੈ । ਇਹ ਤੁਹਾਡੇ ਲਈ ਭੋਜਨ ਹੈ ।
30ਮੈਂ ਧਰਤੀ ਦੇ ਹਰੇਕ ਜਾਨਵਰ, ਅਕਾਸ਼ ਦੇ ਹਰੇਕ ਪੰਛੀ, ਧਰਤੀ ਉੱਤੇ ਹਰ ਘਿੱਸਰਨ ਵਾਲੇ ਨੂੰ ਜਿਹਨਾਂ ਦੇ ਵਿੱਚ ਜੀਵਨ ਦਾ ਸਾਹ ਹੈ, ਉਹਨਾਂ ਦੇ ਖਾਣ ਲਈ ਹਰ ਕਿਸਮ ਦਾ ਸਾਗ ਪੱਤ ਦੇ ਦਿੱਤਾ ਅਤੇ ਅਜਿਹਾ ਹੀ ਹੋ ਗਿਆ ।31ਤਦ ਪਰਮੇਸ਼ੁਰ ਨੇ ਸਾਰੀ ਸਿਰਜਨਾ ਨੂੰ ਜਿਸ ਨੂੰ ਉਸ ਨੇ ਬਣਾਇਆ ਸੀ, ਵੇਖਿਆ ਅਤੇ ਵੇਖੋ ਉਹ ਬਹੁਤ ਹੀ ਚੰਗਾ ਸੀ । ਇਸ ਤਰ੍ਹਾਂ ਸ਼ਾਮ ਅਤੇ ਸਵੇਰ ਹੋਈ, ਇਹ ਛੇਵਾਂ ਦਿਨ ਹੋਇਆ ।

2

1ਇਸ ਤਰ੍ਹਾਂ ਅਕਾਸ਼ ਅਤੇ ਧਰਤੀ ਅਤੇ ਉਨ੍ਹਾਂ ਦੀ ਸਾਰੀ ਵੱਸੋਂ ਦੀ ਸਿਰਜਨਾ ਪੂਰੀ ਕੀਤੀ ਗਈ ।2ਪਰਮੇਸ਼ੁਰ ਨੇ ਸੱਤਵੇਂ ਦਿਨ ਆਪਣੇ ਕਾਰਜ ਨੂੰ ਸੰਪੂਰਨ ਕੀਤਾ, ਉਸਨੇ ਸੱਤਵੇਂ ਦਿਨ ਆਪਣੇ ਸਾਰੇ ਕਾਰਜ ਤੋਂ ਆਰਾਮ ਕੀਤਾ ।3ਪਰਮੇਸ਼ੁਰ ਨੇ ਸੱਤਵੇਂ ਦਿਨ ਨੂੰ ਅਸੀਸ ਦਿੱਤੀ ਅਤੇ ਉਸ ਦਿਨ ਨੂੰ ਪਵਿੱਤਰ ਠਹਿਰਾਇਆ ਕਿਉਂ ਜੋ ਉਸੇ ਦਿਨ ਆਪਣੇ ਕਾਰਜ ਤੋਂ ਜਿਹੜਾ ਉਸ ਨੇ ਰਚਿਆ ਸੀ, ਆਰਾਮ ਕੀਤਾ ।

ਮਨੁੱਖ ਦੀ ਉਤਪਤੀ

4ਇਹ ਅਕਾਸ਼ ਅਤੇ ਧਰਤੀ ਦੀ ਸਿਰਜਨਾ ਦਾ ਵਰਣਨ ਹੈ ਜਦ ਓਹ ਉਤਪੰਨ ਹੋਏ ਅਰਥਾਤ ਜਿਸ ਦਿਨ ਯਹੋਵਾਹ ਪਰਮੇਸ਼ੁਰ ਨੇ ਅਕਾਸ਼ ਅਤੇ ਧਰਤੀ ਨੂੰ ਬਣਾਇਆ ।5ਮੈਦਾਨ ਦਾ ਕੋਈ ਪੌਦਾ ਅਜੇ ਧਰਤੀ ਉੱਤੇ ਨਹੀਂ ਸੀ, ਨਾ ਹੀ ਖੇਤ ਦਾ ਕੋਈ ਸਾਗ ਪੱਤ ਅਜੇ ਉਪਜਿਆ ਸੀ ਕਿਉਂ ਜੋ ਯਹੋਵਾਹ ਪਰਮੇਸ਼ੁਰ ਨੇ ਧਰਤੀ ਉੱਤੇ ਮੀਂਹ ਨਹੀਂ ਵਰ੍ਹਾਇਆ ਸੀ ਅਤੇ ਨਾ ਹੀ ਜ਼ਮੀਨ ਨੂੰ ਵਾਹੁਣ ਲਈ ਕੋਈ ਮਨੁੱਖ ਸੀ ।6ਪਰ ਧੁੰਦ ਧਰਤੀ ਤੋਂ ਉੱਠ ਕੇ ਸਾਰੀ ਜ਼ਮੀਨ ਨੂੰ ਸਿੰਜਦੀ ਸੀ ।
7ਯਹੋਵਾਹ ਪਰਮੇਸ਼ੁਰ ਨੇ ਮਨੁੱਖ ਨੂੰ ਜ਼ਮੀਨ ਦੀ ਮਿੱਟੀ ਤੋਂ ਰਚਿਆ ਅਤੇ ਉਸ ਦੀਆਂ ਨਾਸਾਂ ਵਿੱਚ ਜੀਵਨ ਦਾ ਸਾਹ ਫੂਕਿਆ, ਇਸ ਤਰ੍ਹਾਂ ਮਨੁੱਖ ਜੀਉਂਦਾ ਪ੍ਰਾਣੀ ਬਣ ਗਿਆ ।8ਤਦ ਯਹੋਵਾਹ ਪਰਮੇਸ਼ੁਰ ਨੇ ਪੂਰਬ ਵੱਲ ਇੱਕ ਬਾਗ਼ ਅਦਨ ਵਿੱਚ ਲਾਇਆ ਅਤੇ ਉੱਥੇ ਉਸ ਨੇ ਉਸ ਮਨੁੱਖ ਨੂੰ, ਜਿਸ ਨੂੰ ਉਸ ਨੇ ਰਚਿਆ ਸੀ, ਰੱਖ ਦਿੱਤਾ ।
9ਯਹੋਵਾਹ ਪਰਮੇਸ਼ੁਰ ਨੇ ਜ਼ਮੀਨ ਦਾ ਹਰੇਕ ਰੁੱਖ ਜਿਹੜਾ ਵੇਖਣ ਵਿੱਚ ਮਨਭਾਉਣਾ ਸੀ ਅਤੇ ਜਿਸ ਦਾ ਫਲ ਖਾਣ ਵਿੱਚ ਚੰਗਾ ਸੀ, ਉਗਾਏ ਅਤੇ, ਬਾਗ਼ ਦੇ ਵਿਚਕਾਰ ਜੀਵਨ ਦਾ ਰੁੱਖ ਤੇ ਭਲੇ ਬੁਰੇ ਦੇ ਗਿਆਨ ਦਾ ਰੁੱਖ ਵੀ ਉਗਾਇਆ ।10ਇੱਕ ਨਦੀ ਉਸ ਬਾਗ਼ ਨੂੰ ਸਿੰਜਣ ਲਈ ਅਦਨ ਤੋਂ ਨਿਕਲੀ ਅਤੇ ਉੱਥੋਂ ਚਾਰ ਹਿੱਸਿਆਂ ਵਿੱਚ ਵੰਡੀ ਗਈ ।
11ਇੱਕ ਦਾ ਨਾਮ ਪੀਸੋਨ ਹੈ, ਜਿਹੜੀ ਸਾਰੇ ਹਵੀਲਾਹ ਦੇਸ਼ ਨੂੰ ਘੇਰਦੀ ਹੈ ਜਿੱਥੇ ਸੋਨਾ ਹੈ12ਅਤੇ ਉਸ ਦੇਸ਼ ਦਾ ਸੋਨਾ ਚੰਗਾ ਹੈ, ਉੱਥੇ ਮੋਤੀ ਤੇ ਸੁਲੇਮਾਨੀ ਪੱਥਰ ਵੀ ਪਾਏ ਜਾਂਦੇ ਹਨ ।
13ਦੂਜੀ ਨਦੀ ਦਾ ਨਾਮ ਗੀਹੋਨ ਹੈ, ਜਿਹੜੀ ਸਾਰੇ ਕੂਸ਼ ਦੇਸ਼ ਨੂੰ ਘੇਰਦੀ ਹੈ ।14ਤੀਜੀ ਨਦੀ ਦਾ ਨਾਮ ਹਿੱਦਕਲ ਹੈ, ਜਿਹੜੀ ਅੱਸ਼ੂਰ ਦੇ ਪੂਰਬ ਵੱਲ ਵਗਦੀ ਹੈ ਅਤੇ ਚੌਥੀ ਨਦੀ ਦਾ ਨਾਮ ਫ਼ਰਾਤ ਹੈ ।
15ਯਹੋਵਾਹ ਪਰਮੇਸ਼ੁਰ ਨੇ ਉਸ ਮਨੁੱਖ ਨੂੰ ਲੈ ਕੇ ਅਦਨ ਦੇ ਬਾਗ਼ ਵਿੱਚ ਰੱਖਿਆ ਤਾਂ ਜੋ ਉਹ ਉਸ ਦੀ ਵਾਹੀ ਤੇ ਰਾਖੀ ਕਰੇ ।16ਤਦ ਯਹੋਵਾਹ ਪਰਮੇਸ਼ੁਰ ਨੇ ਮਨੁੱਖ ਨੂੰ ਆਗਿਆ ਦਿੱਤੀ ਕਿ ਤੂੰ ਬਾਗ਼ ਦੇ ਹਰੇਕ ਰੁੱਖ ਦਾ ਫਲ ਬੇਝਿਜਕ ਖਾ ਸਕਦਾ ਹੈ,17ਪਰ ਭਲੇ ਬੁਰੇ ਦੇ ਗਿਆਨ ਦੇ ਰੁੱਖ ਦਾ ਫਲ ਤੂੰ ਨਾ ਖਾਈਂ ਕਿਉਂ ਜੋ ਜਿਸ ਦਿਨ ਤੂੰ ਉਸ ਤੋਂ ਖਾਵੇਂਗਾ, ਤੂੰ ਜ਼ਰੂਰ ਮਰੇਂਗਾ ।
18ਫੇਰ ਯਹੋਵਾਹ ਪਰਮੇਸ਼ੁਰ ਨੇ ਆਖਿਆ ਇਹ ਚੰਗਾ ਨਹੀਂ ਕਿ ਮਨੁੱਖ ਇਕੱਲਾ ਰਹੇ ਇਸ ਲਈ ਮੈਂ ਉਸ ਦੇ ਲਈ ਉਸ ਦੇ ਵਰਗੀ ਇੱਕ ਸਹਾਇਕ ਬਣਾਵਾਂਗਾ ।19ਯਹੋਵਾਹ ਪਰਮੇਸ਼ੁਰ ਨੇ ਮਿੱਟੀ ਤੋਂ ਜੰਗਲ ਦੇ ਹਰ ਇੱਕ ਜਾਨਵਰ ਨੂੰ ਅਤੇ ਅਕਾਸ਼ ਦੇ ਹਰ ਇੱਕ ਪੰਛੀ ਨੂੰ ਰਚਿਆ ਅਤੇ ਆਦਮੀ ਕੋਲ ਲੈ ਆਇਆ ਤਾਂ ਜੋ ਉਹ ਵੇਖੇ ਜੋ ਉਹ ਕਿਵੇਂ ਉਨ੍ਹਾਂ ਨੂੰ ਸੱਦੇਗਾ ਅਤੇ ਜੋ ਕੁੱਝ ਆਦਮੀ ਨੇ ਉਸ ਜੀਉਂਦੇ ਪ੍ਰਾਣੀ ਨੂੰ ਸੱਦਿਆ, ਉਹੀ ਉਹ ਦਾ ਨਾਮ ਹੋ ਗਿਆ ।20ਇਸ ਤਰ੍ਹਾਂ ਆਦਮੀ ਨੇ ਸਾਰੇ ਪਸ਼ੂਆਂ, ਅਕਾਸ਼ ਦੇ ਪੰਛੀਆਂ, ਅਤੇ ਜੰਗਲ ਦੇ ਸਾਰੇ ਜਾਨਵਰਾਂ ਦਾ ਨਾਮ ਰੱਖਿਆ, ਪਰ ਮਨੁੱਖ ਲਈ ਅਜੇ ਕੋਈ ਸਹਾਇਕਣ ਉਹ ਦੇ ਵਰਗੀ ਨਾ ਮਿਲੀ ।
21ਤਦ ਯਹੋਵਾਹ ਪਰਮੇਸ਼ੁਰ ਨੇ ਮਨੁੱਖ ਨੂੰ ਗੂਹੜੀ ਨੀਂਦ ਵਿੱਚ ਪਾ ਦਿੱਤਾ, ਸੋ ਉਹ ਸੌਂ ਗਿਆ ਅਤੇ ਪਰਮੇਸ਼ੁਰ ਨੇ ਉਹ ਦੀਆਂ ਪਸਲੀਆਂ ਵਿੱਚੋਂ ਇੱਕ ਪਸਲੀ ਕੱਢ ਲਈ ਅਤੇ ਉਹ ਦੀ ਥਾਂ ਮਾਸ ਭਰ ਦਿੱਤਾ ।22ਯਹੋਵਾਹ ਪਰਮੇਸ਼ੁਰ ਨੇ ਉਸ ਪਸਲੀ ਤੋਂ ਜਿਹੜੀ ਉਸ ਨੇ ਮਨੁੱਖ ਵਿੱਚੋਂ ਕੱਢੀ ਸੀ, ਇੱਕ ਨਾਰੀ ਬਣਾਈ ਅਤੇ ਉਹ ਨੂੰ ਮਨੁੱਖ ਕੋਲ ਲੈ ਆਇਆ ।23ਤਦ ਮਨੁੱਖ ਨੇ ਆਖਿਆ ਕਿ ਇਹ ਹੁਣ ਮੇਰੀਆਂ ਹੱਡੀਆਂ ਵਿੱਚੋਂ ਹੱਡੀ ਹੈ, ਮੇਰੇ ਮਾਸ ਵਿੱਚੋਂ ਮਾਸ ਹੈ ਇਸ ਕਾਰਨ ਇਹ ਨਾਰੀ ਅਖਵਾਏਗੀ ਕਿਉਂ ਜੋ ਇਹ ਨਰ ਵਿੱਚੋਂ ਕੱਢੀ ਗਈ ਹੈ ।
24ਇਸ ਲਈ ਆਦਮੀ ਆਪਣੇ ਮਾਤਾ-ਪਿਤਾ ਨੂੰ ਛੱਡ ਕੇ ਆਪਣੀ ਪਤਨੀ ਨਾਲ ਮਿਲਿਆ ਰਹੇਗਾ ਅਤੇ ਓਹ ਇੱਕ ਸਰੀਰ ਹੋਣਗੇ ।25ਆਦਮੀ ਅਤੇ ਉਹ ਦੀ ਪਤਨੀ ਦੋਵੇਂ ਨੰਗੇ ਸਨ, ਪਰ ਉਹ ਸੰਗਦੇ ਨਹੀਂ ਸਨ ।

3
ਮਨੁੱਖ ਦੇ ਪਾਪੀ ਹੋ ਜਾਣ ਦਾ ਵਰਨਣ

1ਸੱਪ ਸਭ ਜੰਗਲੀ ਜਾਨਵਰਾਂ ਨਾਲੋਂ, ਜਿਨ੍ਹਾਂ ਨੂੰ ਯਹੋਵਾਹ ਪਰਮੇਸ਼ੁਰ ਨੇ ਬਣਾਇਆ ਸੀ, ਚਲਾਕ ਸੀ ਅਤੇ ਉਸ ਨੇ ਇਸਤਰੀ ਨੂੰ ਆਖਿਆ, ਭਲਾ, ਪਰਮੇਸ਼ੁਰ ਨੇ ਸੱਚ-ਮੁੱਚ ਆਖਿਆ ਹੈ ਕਿ ਬਾਗ਼ ਦੇ ਕਿਸੇ ਰੁੱਖ ਦਾ ਫਲ ਤੁਸੀਂ ਨਾ ਖਾਓ ?2ਇਸਤਰੀ ਨੇ ਸੱਪ ਨੂੰ ਆਖਿਆ, ਬਾਗ਼ ਦੇ ਸਾਰੇ ਰੁੱਖਾਂ ਦੇ ਫਲ ਤਾਂ ਅਸੀਂ ਖਾ ਸਕਦੇ ਹਾਂ3ਪਰ ਜਿਹੜਾ ਰੁੱਖ ਬਾਗ਼ ਦੇ ਵਿਚਕਾਰ ਹੈ ਉਸ ਦੇ ਫਲ ਨੂੰ ਪਰਮੇਸ਼ੁਰ ਨੇ ਆਖਿਆ, ਤੁਸੀਂ ਨਾ ਖਾਓ ਨਾ ਉਹ ਨੂੰ ਹੱਥ ਲਾਓ, ਅਜਿਹਾ ਨਾ ਹੋਵੇ ਕਿ ਤੁਸੀਂ ਮਰ ਜਾਓ ।

4ਪਰ ਸੱਪ ਨੇ ਇਸਤਰੀ ਨੂੰ ਆਖਿਆ ਕਿ ਤੁਸੀਂ ਕਦੀ ਨਹੀਂ ਮਰੋਗੇ ।5ਸਗੋਂ ਪਰਮੇਸ਼ੁਰ ਜਾਣਦਾ ਹੈ ਕਿ ਜਿਸ ਦਿਨ ਤੁਸੀਂ ਉਸ ਫਲ ਨੂੰ ਖਾਓਗੇ ਤੁਹਾਡੀਆਂ ਅੱਖਾਂ ਖੁੱਲ੍ਹ ਜਾਣਗੀਆਂ ਅਤੇ ਤੁਸੀਂ ਪਰਮੇਸ਼ੁਰ ਦੀ ਤਰ੍ਹਾਂ ਭਲੇ ਬੁਰੇ ਦੀ ਸਮਝ ਵਾਲੇ ਹੋ ਜਾਓਗੇ ।6ਜਦ ਇਸਤਰੀ ਨੇ ਵੇਖਿਆ ਕਿ ਉਸ ਰੁੱਖ ਦਾ ਫਲ ਖਾਣ ਲਈ ਚੰਗਾ ਹੈ ਅਤੇ ਅੱਖੀਆਂ ਨੂੰ ਭਾਉਂਦਾ ਹੈ ਅਤੇ ਉਸ ਰੁੱਖ ਦਾ ਫਲ ਬੁੱਧ ਦੇਣ ਦੇ ਯੋਗ ਹੈ ਤਾਂ ਉਸ ਨੇ ਉਹ ਦੇ ਫਲ ਨੂੰ ਲਿਆ ਤੇ ਆਪ ਖਾਧਾ ਅਤੇ ਆਪਣੇ ਪਤੀ ਨੂੰ ਵੀ ਦਿੱਤਾ ਅਤੇ ਉਸ ਨੇ ਵੀ ਖਾਧਾ ।
7ਤਦ ਦੋਹਾਂ ਦੀਆਂ ਅੱਖਾਂ ਖੁੱਲ੍ਹ ਗਈਆਂ ਅਤੇ ਉਨ੍ਹਾਂ ਨੇ ਜਾਣ ਲਿਆ, ਜੋ ਅਸੀਂ ਨੰਗੇ ਹਾਂ ਇਸ ਲਈ ਉਨ੍ਹਾਂ ਨੇ ਹੰਜ਼ੀਰ ਦੇ ਪੱਤੇ ਸੀਉਂਕੇ ਆਪਣੇ ਲਈ ਬਸਤਰ ਬਣਾ ਲਏ ।8ਉਨ੍ਹਾਂ ਨੇ ਯਹੋਵਾਹ ਪਰਮੇਸ਼ੁਰ ਦੀ ਅਵਾਜ਼ ਸੁਣੀ, ਜਦ ਉਹ ਬਾਗ਼ ਵਿੱਚ ਸ਼ਾਮ ਦੇ ਠੰਡੇ ਵੇਲੇ ਚਲਦਾ ਫਿਰਦਾ ਸੀ । ਉਸ ਆਦਮੀ ਅਤੇ ਉਹ ਦੀ ਪਤਨੀ ਨੇ ਆਪਣੇ ਨੂੰ ਬਾਗ਼ ਦੇ ਰੁੱਖਾਂ ਦੇ ਵਿਚਕਾਰ ਯਹੋਵਾਹ ਪਰਮੇਸ਼ੁਰ ਦੇ ਸਾਹਮਣਿਓਂ ਆਪਣੇ ਆਪ ਨੂੰ ਲੁਕਾ ਲਿਆ ।
9ਤਦ ਯਹੋਵਾਹ ਪਰਮੇਸ਼ੁਰ ਨੇ ਆਦਮ ਨੂੰ ਪੁਕਾਰ ਕੇ ਆਖਿਆ ਕਿ ਤੂੰ ਕਿੱਥੇ ਹੈਂ ?10ਉਸ ਨੇ ਆਖਿਆ, ਮੈਂ ਬਾਗ਼ ਵਿੱਚ ਤੇਰੀ ਅਵਾਜ਼ ਸੁਣ ਕੇ ਡਰ ਗਿਆ ਕਿਉਂ ਜੋ ਮੈਂ ਨੰਗਾ ਸੀ ਇਸ ਲਈ ਮੈਂ ਆਪਣੇ ਆਪ ਨੂੰ ਲੁਕਾ ਲਿਆ ।11ਉਸ ਨੇ ਪੁਛਿਆ, ਤੈਨੂੰ ਕਿਸ ਨੇ ਦੱਸਿਆ ਜੋ ਤੂੰ ਨੰਗਾ ਹੈਂ ? ਜਿਸ ਰੁੱਖ ਤੋਂ ਮੈਂ ਤੈਨੂੰ ਹੁਕਮ ਦਿੱਤਾ ਸੀ ਕਿ ਉਸ ਦਾ ਫਲ ਨਾ ਖਾਵੀਂ ਕੀ ਤੂੰ ਉਸ ਦਾ ਫਲ ਖਾਧਾ ਹੈ ?
12ਫੇਰ ਆਦਮ ਨੇ ਜਵਾਬ ਦਿੱਤਾ ਕਿ ਜਿਹੜੀ ਇਸਤਰੀ ਤੂੰ ਮੈਨੂੰ ਦਿੱਤੀ, ਉਸ ਨੇ ਉਸ ਰੁੱਖ ਦਾ ਫਲ ਮੈਨੂੰ ਦਿੱਤਾ ਇਸ ਲਈ ਮੈਂ ਖਾ ਲਿਆ ।13ਤਦ ਯਹੋਵਾਹ ਪਰਮੇਸ਼ੁਰ ਨੇ ਇਸਤਰੀ ਨੂੰ ਆਖਿਆ, ਤੂੰ ਇਹ ਕੀ ਕੀਤਾ ? ਇਸਤਰੀ ਨੇ ਆਖਿਆ, ਸੱਪ ਨੇ ਮੈਨੂੰ ਭਰਮਾਇਆ ਤਦ ਮੈਂ ਉਸ ਫਲ ਨੂੰ ਖਾਧਾ ।
ਪਰਮੇਸ਼ੁਰ ਦਾ ਨਿਆਂ

14ਫੇਰ ਯਹੋਵਾਹ ਪਰਮੇਸ਼ੁਰ ਨੇ ਸੱਪ ਨੂੰ ਆਖਿਆ, ਕਿਉਂ ਜੋ ਤੂੰ ਇਹ ਕੀਤਾ ਹੈ, ਇਸ ਕਾਰਨ ਤੂੰ ਸਾਰੇ ਜੰਗਲੀ ਜਾਨਵਰਾਂ ਨਾਲੋਂ ਸਰਾਪੀ ਹੈਂ । ਤੂੰ ਆਪਣੇ ਪੇਟ ਦੇ ਭਾਰ ਚਲੇਂਗਾ ਅਤੇ ਤੂੰ ਸਾਰੀ ਜਿੰਦਗੀ ਮਿੱਟੀ ਖਾਇਆ ਕਰੇਗਾ ।15ਮੈਂ ਤੇਰੇ ਅਤੇ ਇਸਤਰੀ ਵਿੱਚ, ਤੇਰੀ ਸੰਤਾਨ ਤੇ ਇਸਤਰੀ ਦੀ ਸੰਤਾਨ ਵਿੱਚ ਵੈਰ ਪਾਵਾਂਗਾ । ਉਹ ਤੇਰੇ ਸਿਰ ਨੂੰ ਫੇਂਵੇਗਾ ਅਤੇ ਤੂੰ ਉਸ ਦੀ ਅੱਡੀ ਨੂੰ ਡੰਗ ਮਾਰੇਂਗਾ ।
16ਉਸ ਨੇ ਇਸਤਰੀ ਨੂੰ ਆਖਿਆ ਕਿ ਮੈਂ ਤੇਰੇ ਗਰਭ ਦੀ ਪੀੜ ਬਹੁਤ ਵਧਾਵਾਂਗਾ । ਪੀੜ ਨਾਲ ਤੂੰ ਬੱਚੇ ਜਣੇਂਗੀ ਅਤੇ ਤੇਰੇ ਪਤੀ ਵੱਲ ਤੇਰੀ ਚਾਹ ਹੋਵੇਗੀ ਅਤੇ ਉਹ ਤੇਰੇ ਉੱਤੇ ਹੁਕਮ ਚਲਾਵੇਗਾ ।
17ਫੇਰ ਉਸ ਨੇ ਆਦਮ ਨੂੰ ਆਖਿਆ ਕਿਉਂਕਿ ਤੂੰ ਆਪਣੀ ਪਤਨੀ ਦੀ ਗੱਲ ਸੁਣੀ ਅਤੇ ਉਸ ਰੁੱਖ ਦਾ ਫਲ ਖਾਧਾ ਜਿਸ ਦੇ ਵਿਖੇ ਮੈਂ ਤੈਨੂੰ ਹੁਕਮ ਦਿੱਤਾ ਸੀ ਕਿ ਉਸ ਤੋਂ ਨਾ ਖਾਵੀਂ ਇਸ ਲਈ ਜ਼ਮੀਨ ਤੇਰੇ ਕਾਰਨ ਸਰਾਪਤ ਹੋਈ । ਤੂੰ ਇਸ ਦੀ ਉਪਜ ਆਪਣੀ ਸਾਰੀ ਜਿੰਦਗੀ ਦੁੱਖ ਨਾਲ ਖਾਇਆ ਕਰੇਂਗਾ ।18ਉਹ ਤੇਰੇ ਲਈ ਕੰਡੇ, ਕੰਡਿਆਲੇ ਉਪਜਾਵੇਗੀ ਅਤੇ ਤੂੰ ਪੈਲੀ ਦਾ ਸਾਗ ਪੱਤ ਖਾਵੇਂਗਾ ।19ਤੂੰ ਮੱਥੇ ਦੇ ਪਸੀਨੇ ਨਾਲ ਰੋਟੀ ਖਾਇਆ ਕਰੇਂਗਾ ਜਦ ਤੱਕ ਤੂੰ ਮਿੱਟੀ ਵਿੱਚ ਫੇਰ ਨਾ ਮਿਲ ਜਾਵੇਂ ਕਿਉਂ ਜੋ ਤੂੰ ਉਸ ਵਿੱਚੋਂ ਹੀ ਕੱਢਿਆ ਗਿਆ ਸੀ । ਤੂੰ ਮਿੱਟੀ ਹੈਂ ਅਤੇ ਮਿੱਟੀ ਵਿੱਚ ਹੀ ਮੁੜ ਜਾਵੇਂਗਾ ।
20ਆਦਮ ਨੇ ਆਪਣੀ ਪਤਨੀ ਦਾ ਨਾਮ ਹੱਵਾਹ ਰੱਖਿਆ ਕਿਉਂ ਜੋ ਉਹ ਸਾਰੇ ਜੀਉਂਦਿਆਂ ਦੀ ਮਾਤਾ ਹੋਈ ।21ਯਹੋਵਾਹ ਪਰਮੇਸ਼ੁਰ ਨੇ ਆਦਮੀ ਅਤੇ ਉਹ ਦੀ ਪਤਨੀ ਲਈ ਚਮੜੇ ਦੇ ਬਸਤਰ ਬਣਾ ਕੇ ਉਨ੍ਹਾਂ ਨੂੰ ਪਹਿਨਾਏ ।
ਬਾਗ ਵਿੱਚੋਂ ਕੱਢਿਆ ਜਾਣਾ

22ਤਦ ਯਹੋਵਾਹ ਪਰਮੇਸ਼ੁਰ ਨੇ ਆਖਿਆ, ਵੇਖੋ ਮਨੁੱਖ ਭਲੇ ਬੁਰੇ ਦੀ ਸਮਝ ਵਿੱਚ ਸਾਡੇ ਵਿੱਚੋਂ ਇੱਕ ਵਰਗਾ ਹੋ ਗਿਆ ਹੈ ਅਤੇ ਹੁਣ ਅਜਿਹਾ ਨਾ ਹੋਵੇ ਕਿ ਉਹ ਆਪਣਾ ਹੱਥ ਵਧਾ ਕੇ ਜੀਵਨ ਦੇ ਰੁੱਖ ਦਾ ਫਲ ਵੀ ਖਾ ਲਵੇ ਅਤੇ ਸਦਾ ਜੀਉਂਦਾ ਰਹੇ ।23ਇਸ ਲਈ ਯਹੋਵਾਹ ਪਰਮੇਸ਼ੁਰ ਨੇ ਉਹ ਨੂੰ ਅਦਨ ਦੇ ਬਾਗ਼ ਵਿੱਚੋਂ ਕੱਢ ਦਿੱਤਾ ਤਾਂ ਜੋ ਉਹ ਉਸ ਜ਼ਮੀਨ ਨੂੰ ਵਾਹੇ ਜਿਸ ਤੋਂ ਉਹ ਰਚਿਆ ਗਿਆ ਸੀ ।24ਇਸ ਲਈ ਉਸ ਨੇ ਆਦਮ ਨੂੰ ਕੱਢ ਦਿੱਤਾ ਅਤੇ ਉਸ ਨੇ ਅਦਨ ਦੇ ਬਾਗ਼ ਦੇ ਪੂਰਬ ਵੱਲ ਦੂਤਾਂ ਨੂੰ ਅਤੇ ਚਾਰ ਚੁਫ਼ੇਰੇ ਘੁੰਮਣ ਵਾਲੀ ਅੱਗ ਦੀ ਤਲਵਾਰ ਨੂੰ ਰੱਖਿਆ ਤਾਂ ਜੋ ਓਹ ਜੀਵਨ ਦੇ ਰੁੱਖ ਦੇ ਰਾਹ ਦੀ ਰਾਖੀ ਕਰਨ ।

4
ਕਾਇਨ ਅਤੇ ਹਾਬਲ

1ਆਦਮ ਨੇ ਆਪਣੀ ਪਤਨੀ ਹੱਵਾਹ ਨਾਲ ਸੰਗ ਕੀਤਾ ਅਤੇ ਉਹ ਗਰਭਵਤੀ ਹੋਈ ਅਤੇ ਕਾਇਨ ਨੂੰ ਜਨਮ ਦਿੱਤਾ ਤਦ ਉਹ ਨੇ ਆਖਿਆ, ਮੈਂ ਇੱਕ ਮਨੁੱਖ ਯਹੋਵਾਹ ਕੋਲੋਂ ਪ੍ਰਾਪਤ ਕੀਤਾ ।2ਫੇਰ ਉਸ ਨੇ ਉਸ ਦੇ ਭਰਾ ਹਾਬਲ ਨੂੰ ਜਨਮ ਦਿੱਤਾ, ਹਾਬਲ ਇੱਜੜਾਂ ਦਾ ਆਜੜੀ ਸੀ ਅਤੇ ਕਾਇਨ ਖੇਤੀਬਾੜੀ ਕਰਦਾ ਸੀ ।

3ਕੁੱਝ ਦਿਨਾਂ ਬਾਅਦ ਅਜਿਹਾ ਹੋਇਆ ਕਿ ਕਾਇਨ ਜ਼ਮੀਨ ਦੇ ਫਲ ਤੋਂ ਯਹੋਵਾਹ ਨੂੰ ਭੇਟ ਚੜ੍ਹਾਉਣ ਲਈ ਕੁੱਝ ਲੈ ਆਇਆ ।4ਹਾਬਲ ਵੀ ਇੱਜੜ ਦੇ ਪਲੌਠਿਆਂ ਨੂੰ ਅਤੇ ਉਨ੍ਹਾਂ ਦੀ ਚਰਬੀ ਵਿੱਚੋਂ ਕੁੱਝ ਲੈ ਆਇਆ, ਅਤੇ ਯਹੋਵਾਹ ਨੇ ਹਾਬਲ ਨੂੰ ਅਤੇ ਉਹ ਦੀ ਭੇਟ ਨੂੰ ਪਸੰਦ ਕੀਤਾ ।5ਪਰ ਕਾਇਨ ਅਤੇ ਉਹ ਦੀ ਭੇਟ ਨੂੰ ਪਸੰਦ ਨਾ ਕੀਤਾ, ਇਸ ਲਈ ਕਾਇਨ ਬਹੁਤ ਕ੍ਰੋਧਵਾਨ ਹੋਇਆ ਅਤੇ ਉਹ ਦਾ ਚਿਹਰਾ ਉਦਾਸ ਹੋ ਗਿਆ ।
6ਤਦ ਯਹੋਵਾਹ ਨੇ ਕਾਇਨ ਨੂੰ ਆਖਿਆ, ਤੂੰ ਕਿਉਂ ਕ੍ਰੋਧਵਾਨ ਹੈਂ ਅਤੇ ਤੇਰੇ ਚਿਹਰੇ ਤੇ ਉਦਾਸੀ ਕਿਉਂ ਛਾਈ ਹੈ ?7ਜੇ ਤੂੰ ਭਲਾ ਨਾ ਕਰੇਂ ਤਾਂ ਕੀ ਤੇਰੀ ਭੇਟ ਸਵੀਕਾਰ ਨਾ ਕੀਤੀ ਜਾਵੇਗੀ, ਪਰ ਜੇ ਤੂੰ ਭਲਾ ਨਾ ਕਰੇਂ ਤਾਂ ਪਾਪ ਦਰਵਾਜ਼ੇ ਉੱਤੇ ਘਾਤ ਲਾ ਕੇ ਬੈਠਦਾ ਹੈ ਅਤੇ ਉਹ ਤੈਨੂੰ ਲੋਚਦਾ ਹੈ ਪਰ ਤੂੰ ਉਹ ਦੇ ਉੱਤੇ ਪਰਬਲ ਹੋ ।
8ਫੇਰ ਕਾਇਨ ਨੇ ਆਪਣੇ ਭਰਾ ਹਾਬਲ ਨੂੰ ਕੁਝ ਕਿਹਾ ਅਤੇ ਜਦ ਉਹ ਖੇਤ ਵਿੱਚ ਸਨ, ਤਾਂ ਕਾਇਨ ਨੇ ਆਪਣੇ ਭਰਾ ਹਾਬਲ ਦੇ ਵਿਰੁੱਧ ਉੱਠ ਕੇ ਉਸ ਨੂੰ ਮਾਰ ਦਿੱਤਾ ।9ਤਦ ਯਹੋਵਾਹ ਨੇ ਕਾਇਨ ਨੂੰ ਪੁੱਛਿਆ, ਤੇਰਾ ਭਰਾ ਹਾਬਲ ਕਿੱਥੇ ਹੈ ? ਉਸ ਨੇ ਆਖਿਆ, ਮੈਂ ਨਹੀਂ ਜਾਣਦਾ । ਭਲਾ, ਮੈਂ ਆਪਣੇ ਭਰਾ ਦਾ ਰਾਖਾ ਹਾਂ ?
10ਫੇਰ ਉਸ ਨੇ ਆਖਿਆ, ਤੂੰ ਇਹ ਕੀ ਕੀਤਾ ਹੈ ? ਤੇਰੇ ਭਰਾ ਦਾ ਲਹੂ ਜ਼ਮੀਨ ਤੋਂ ਮੇਰੇ ਅੱਗੇ ਦੁਹਾਈ ਦਿੰਦਾ ਹੈ ।11ਇਸ ਲਈ ਹੁਣ ਤੂੰ ਜ਼ਮੀਨ ਤੋਂ, ਜਿਸ ਨੇ ਆਪਣਾ ਮੂੰਹ ਤੇਰੇ ਭਰਾ ਦਾ ਲਹੂ ਤੇਰੇ ਹੱਥੋਂ ਲੈਣ ਲਈ ਖੋਲ੍ਹਿਆ ਹੈ, ਸਰਾਪੀ ਹੋਇਆ ਹੈਂ ।12ਜਦ ਤੂੰ ਜ਼ਮੀਨ ਦੀ ਵਾਹੀ ਕਰੇਂਗਾ ਤਾਂ ਉਹ ਤੇਰੇ ਲਈ ਆਪਣੀ ਪੂਰੀ ਫ਼ਸਲ ਨਹੀਂ ਦੇਵੇਗੀ । ਤੂੰ ਧਰਤੀ ਉੱਤੇ ਭਗੌੜਾ ਅਤੇ ਭਟਕਣ ਵਾਲਾ ਹੋਵੇਂਗਾ ।
13ਕਾਇਨ ਨੇ ਯਹੋਵਾਹ ਨੂੰ ਆਖਿਆ, ਮੇਰੀ ਸਜ਼ਾ ਸਹਿਣ ਤੋਂ ਬਾਹਰ ਹੈ ।14ਵੇਖ ਤੂੰ ਅੱਜ ਦੇ ਦਿਨ ਮੈਨੂੰ ਇਸ ਜ਼ਮੀਨ ਦੇ ਉੱਤੋਂ ਦੁਰਕਾਰ ਦਿੱਤਾ ਅਤੇ ਮੈਂ ਤੇਰੇ ਅੱਗੋਂ ਲੁਕ ਜਾਂਵਾਂਗਾ, ਮੈਂ ਧਰਤੀ ਉੱਤੇ ਭਗੌੜਾ ਅਤੇ ਭਟਕਣ ਵਾਲਾ ਹੋਵਾਂਗਾ ਅਤੇ ਜੋ ਕੋਈ ਮੈਨੂੰ ਲੱਭੇਗਾ ਉਹ ਮੈਨੂੰ ਮਾਰ ਸੁੱਟੇਗਾ ।15ਤਦ ਯਹੋਵਾਹ ਨੇ ਉਹ ਨੂੰ ਆਖਿਆ ਜੋ ਕੋਈ ਕਾਇਨ ਨੂੰ ਮਾਰੇ ਉਸ ਤੋਂ ਸੱਤ ਗੁਣਾ ਬਦਲਾ ਲਿਆ ਜਾਵੇਗਾ ਅਤੇ ਯਹੋਵਾਹ ਨੇ ਕਾਇਨ ਲਈ ਇੱਕ ਨਿਸ਼ਾਨ ਠਹਿਰਾਇਆ ਤਾਂ ਜੋ ਅਜਿਹਾ ਨਾ ਹੋਵੇ ਕਿ ਕੋਈ ਉਹ ਨੂੰ ਲੱਭ ਕੇ ਮਾਰ ਸੁੱਟੇ ।
ਕਾਇਨ ਦੇ ਵੰਸ਼ਜ

16ਸੋ ਕਾਇਨ ਯਹੋਵਾਹ ਦੇ ਹਜ਼ੂਰੋਂ ਚੱਲਿਆ ਗਿਆ ਅਤੇ ਅਦਨ ਦੇ ਪੂਰਬ ਵੱਲ ਨੋਦ ਦੇਸ਼ ਵਿੱਚ ਜਾ ਕੇ ਵੱਸ ਗਿਆ ।17ਕਾਇਨ ਨੇ ਆਪਣੀ ਪਤਨੀ ਨਾਲ ਸੰਗ ਕੀਤਾ, ਅਤੇ ਉਹ ਗਰਭਵਤੀ ਹੋਈ, ਉਸ ਨੇ ਹਨੋਕ ਨੂੰ ਜਨਮ ਦਿੱਤਾ ਅਤੇ ਉਸ ਨੇ ਇੱਕ ਨਗਰ ਬਣਾਇਆ, ਉਸ ਨੇ ਉਸ ਨਗਰ ਦਾ ਨਾਮ ਆਪਣੇ ਪੁੱਤਰ ਦੇ ਨਾਮ ਉੱਤੇ ਹਨੋਕ ਰੱਖਿਆ ।
18ਹਨੋਕ ਤੋਂ ਈਰਾਦ ਜੰਮਿਆ, ਈਰਾਦ ਤੋਂ ਮਹੂਯਾਏਲ ਜੰਮਿਆ, ਮਹੂਯਾਏਲ ਤੋਂ ਮਥੂਸ਼ਾਏਲ ਜੰਮਿਆ ਅਤੇ ਮਥੂਸ਼ਾਏਲ ਤੋਂ ਲਾਮਕ ਜੰਮਿਆ ।19ਲਾਮਕ ਨੇ ਆਪਣੇ ਲਈ ਦੋ ਪਤਨੀਆਂ ਰੱਖੀਆਂ, ਇੱਕ ਦਾ ਨਾਮ ਆਦਾਹ ਸੀ ਅਤੇ ਦੂਸਰੀ ਦਾ ਨਾਮ ਜ਼ਿੱਲਾਹ ਸੀ ।
20ਆਦਾਹ ਨੇ ਯਾਬਲ ਨੂੰ ਜਨਮ ਦਿੱਤਾ । ਉਹ ਉਨ੍ਹਾਂ ਦਾ ਪਿਤਾ ਸੀ ਜਿਹੜੇ ਤੰਬੂਆਂ ਵਿੱਚ ਵੱਸਦੇ ਸਨ ਅਤੇ ਪਸ਼ੂ ਪਾਲਦੇ ਸਨ ।21ਅਤੇ ਉਸ ਦੇ ਭਰਾ ਦਾ ਨਾਮ ਜ਼ੂਬਲ ਸੀ । ਉਹ ਉਹਨਾਂ ਸਾਰਿਆਂ ਦਾ ਪਿਤਾ ਸੀ ਜਿਹੜੇ ਬਰਬਤ ਅਤੇ ਬੀਨ ਬਜਾਉਂਦੇ ਸਨ ।22ਜ਼ਿੱਲਾਹ ਨੇ ਵੀ ਤੂਬਲ ਕਾਇਨ ਨੂੰ ਜਨਮ ਦਿੱਤਾ । ਉਹ ਲੋਹੇ, ਪਿੱਤਲ ਦੇ ਹਰ ਇੱਕ ਵੱਢਣ ਵਾਲੇ ਸੰਦ ਨੂੰ ਤਿੱਖਾ ਕਰਨ ਵਾਲਾ ਸੀ ਅਤੇ ਤੂਬਲ ਕਾਇਨ ਦੀ ਭੈਣ ਨਾਮਾਹ ਸੀ ।
23ਲਾਮਕ ਨੇ ਆਪਣੀਆਂ ਪਤਨੀਆਂ ਨੂੰ ਆਖਿਆ - ਆਦਾਹ ਤੇ ਜ਼ਿੱਲਾਹ, ਮੇਰੀ ਗੱਲ ਨੂੰ ਸੁਣੋ, ਹੇ ਲਾਮਕ ਦੀ ਪਤਨੀਓ ਮੇਰੇ ਬਚਨ ਤੇ ਕੰਨ ਲਾਓ । ਮੈਂ ਤਾਂ ਇੱਕ ਮਨੁੱਖ ਨੂੰ, ਜਿਸ ਨੇ ਮੈਨੂੰ ਫੱਟੜ ਕੀਤਾ ਅਤੇ ਇੱਕ ਗਭਰੂ ਨੂੰ, ਜਿਸ ਨੇ ਮੈਨੂੰ ਸੱਟ ਮਾਰੀ ਮਾਰ ਸੁੱਟਿਆ ਹੈ ।24ਜੇ ਕਾਇਨ ਦਾ ਬਦਲਾ ਸੱਤ ਗੁਣਾ ਹੈ ਤਾਂ ਲਾਮਕ ਦਾ ਸਤੱਤਰ ਗੁਣਾ ਲਿਆ ਜਾਵੇਗਾ ।
ਸੇਥ ਅਤੇ ਅਨੋਸ਼

25ਆਦਮ ਨੇ ਫੇਰ ਆਪਣੀ ਪਤਨੀ ਨਾਲ ਸੰਗ ਕੀਤਾ ਅਤੇ ਉਸਨੇ ਪੁੱਤਰ ਨੂੰ ਜਨਮ ਦਿੱਤਾ ਅਤੇ ਉਸ ਨੇ ਇਹ ਆਖ ਕੇ ਉਹ ਦਾ ਨਾਮ ਸੇਥ ਰੱਖਿਆ ਕਿ ਪਰਮੇਸ਼ੁਰ ਨੇ ਮੈਨੂੰ ਹਾਬਲ ਦੀ ਥਾਂ ਇੱਕ ਹੋਰ ਪੁੱਤਰ ਦਿੱਤਾ ਜਿਸ ਨੂੰ ਕਾਇਨ ਨੇ ਮਾਰ ਸੁੱਟਿਆ ਸੀ ।26ਅਤੇ ਸੇਥ ਤੋਂ ਵੀ ਇੱਕ ਪੁੱਤਰ ਜੰਮਿਆ ਅਤੇ ਉਸ ਨੇ ਉਹ ਦਾ ਨਾਮ ਅਨੋਸ਼ ਰੱਖਿਆ । ਉਸ ਵੇਲੇ ਤੋਂ ਲੋਕ ਯਹੋਵਾਹ ਦਾ ਨਾਮ ਲੈਣ ਲੱਗੇ ।

5
ਆਦਮ ਦੀ ਵੰਸ਼ਾਵਲੀ
(1 ਇਤਿਹਾਸ 1:1 - 4)

1ਇਹ ਆਦਮ ਦੀ ਵੰਸ਼ਾਵਲੀ ਦੀ ਪੋਥੀ ਹੈ । ਜਿਸ ਦਿਨ ਪਰਮੇਸ਼ੁਰ ਨੇ ਆਦਮ ਦੀ ਰਚਨਾ ਕੀਤੀ, ਉਸ ਨੇ ਪਰਮੇਸ਼ੁਰ ਵਰਗਾ ਉਸ ਨੂੰ ਬਣਾਇਆ ।2ਨਰ ਨਾਰੀ ਕਰਕੇ ਉਨ੍ਹਾਂ ਦੀ ਰਚਨਾ ਕੀਤੀ ਤੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਜਿਸ ਦਿਨ ਉਨ੍ਹਾਂ ਨੂੰ ਉਤਪਤ ਕੀਤਾ ਉਨ੍ਹਾਂ ਦਾ ਨਾਮ ਆਦਮ ਰੱਖਿਆ ।

3ਆਦਮ ਇੱਕ ਸੌ ਤੀਹ ਸਾਲ ਦਾ ਹੋਇਆ ਤਾਂ ਉਸ ਤੋਂ ਇੱਕ ਪੁੱਤਰ ਉਸ ਵਰਗਾ ਤੇ ਉਸ ਦੇ ਸਰੂਪ ਵਿੱਚ ਪੈਦਾ ਹੋਇਆ ਅਤੇ ਉਸ ਨੇ ਉਹ ਦਾ ਨਾਮ ਸੇਥ ਰੱਖਿਆ ।4ਸੇਥ ਦੇ ਜੰਮਣ ਦੇ ਬਾਅਦ ਆਦਮ ਅੱਠ ਸੌ ਸਾਲ ਤੱਕ ਜੀਉਂਦਾ ਰਿਹਾ, ਅਤੇ ਉਸ ਤੋਂ ਹੋਰ ਵੀ ਪੁੱਤਰ ਧੀਆਂ ਜੰਮੇ ।5ਆਦਮ ਦੀ ਸਾਰੀ ਉਮਰ ਨੌ ਸੌ ਤੀਹ ਸਾਲਾਂ ਦੀ ਹੋਈ ਤਦ ਉਹ ਮਰ ਗਿਆ ।
6ਸੇਥ ਇੱਕ ਸੌ ਪੰਜ ਸਾਲਾਂ ਦਾ ਸੀ ਤਦ ਉਸ ਤੋਂ ਅਨੋਸ਼ ਜੰਮਿਆ ।7ਅਤੇ ਅਨੋਸ਼ ਦੇ ਜੰਮਣ ਦੇ ਪਿੱਛੋਂ ਸੇਥ ਅੱਠ ਸੌ ਸੱਤ ਸਾਲਾਂ ਤੱਕ ਜੀਉਂਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਧੀਆਂ ਜੰਮੇ ।8ਸੇਥ ਦੀ ਸਾਰੀ ਉਮਰ ਨੌ ਸੌ ਬਾਰਾਂ ਸਾਲਾਂ ਦੀ ਹੋਈ ਤਦ ਉਹ ਮਰ ਗਿਆ ।
9ਅਨੋਸ਼ ਨੱਬੇ ਸਾਲਾਂ ਦਾ ਸੀ ਤਾਂ ਉਸ ਤੋਂ ਕੇਨਾਨ ਜੰਮਿਆ ।10ਅਤੇ ਕੇਨਾਨ ਦੇ ਜੰਮਣ ਦੇ ਪਿੱਛੋਂ ਅਨੋਸ਼ ਅੱਠ ਸੌ ਪੰਦਰਾਂ ਸਾਲਾਂ ਤੱਕ ਜੀਉਂਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਧੀਆਂ ਜੰਮੇ ।11ਅਨੋਸ਼ ਦੀ ਸਾਰੀ ਉਮਰ ਨੌ ਸੌ ਪੰਜ ਸਾਲਾਂ ਦੀ ਹੋਈ ਤਦ ਉਹ ਮਰ ਗਿਆ ।
12ਕੇਨਾਨ ਸੱਤਰ ਸਾਲਾਂ ਦਾ ਸੀ ਤਦ ਉਸ ਤੋਂ ਮਹਲਲੇਲ ਜੰਮਿਆ13ਅਤੇ ਮਹਲਲੇਲ ਦੇ ਜੰਮਣ ਦੇ ਪਿੱਛੋਂ ਕੇਨਾਨ ਅੱਠ ਸੌ ਚਾਲੀ ਸਾਲਾਂ ਤੱਕ ਜੀਉਂਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਧੀਆਂ ਜੰਮੇ ।14ਕੇਨਾਨ ਦੀ ਸਾਰੀ ਉਮਰ ਨੌ ਸੌ ਦਸਾਂ ਸਾਲਾਂ ਦੀ ਹੋਈ ਤਦ ਉਹ ਮਰ ਗਿਆ ।
15ਮਹਲਲੇਲ ਪੈਂਹਠ ਸਾਲਾਂ ਦਾ ਸੀ ਤਦ ਉਸ ਤੋਂ ਯਰਦ ਜੰਮਿਆ16ਅਤੇ ਯਰਦ ਦੇ ਜੰਮਣ ਦੇ ਪਿੱਛੋਂ ਮਹਲਲੇਲ ਅੱਠ ਸੌ ਤੀਹ ਸਾਲਾਂ ਤੱਕ ਜੀਉਂਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਧੀਆਂ ਜੰਮੇ ।17ਮਹਲਲੇਲ ਦੀ ਸਾਰੀ ਉਮਰ ਅੱਠ ਸੌ ਪਚਾਨਵੇਂ ਸਾਲਾਂ ਦੀ ਹੋਈ, ਤਦ ਉਹ ਮਰ ਗਿਆ ।
18ਯਰਦ ਇੱਕ ਸੌ ਬਾਹਠ ਸਾਲਾਂ ਦਾ ਸੀ ਤਦ ਉਸ ਤੋਂ ਹਨੋਕ ਜੰਮਿਆ19ਅਤੇ ਹਨੋਕ ਦੇ ਜੰਮਣ ਦੇ ਪਿੱਛੋਂ ਯਰਦ ਅੱਠ ਸੌ ਸਾਲਾਂ ਤੱਕ ਜੀਉਂਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਧੀਆਂ ਜੰਮੇ ।20ਯਰਦ ਦੀ ਸਾਰੀ ਉਮਰ ਨੌ ਸੌ ਬਾਹਠ ਸਾਲਾਂ ਦੀ ਹੋਈ, ਤਦ ਉਹ ਮਰ ਗਿਆ ।
21ਹਨੋਕ ਪੈਂਹਠ ਸਾਲਾਂ ਦਾ ਸੀ ਤਦ ਉਸ ਤੋਂ ਮਥੂਸਲਹ ਜੰਮਿਆ,22ਅਤੇ ਮਥੂਸਲਹ ਦੇ ਜੰਮਣ ਦੇ ਪਿੱਛੋਂ ਹਨੋਕ ਤਿੰਨ ਸੌ ਸਾਲਾਂ ਤੱਕ ਪਰਮੇਸ਼ੁਰ ਦੇ ਸੰਗ-ਸੰਗ ਚਲਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਅਤੇ ਧੀਆਂ ਜੰਮੇ ।23ਹਨੋਕ ਦੀ ਸਾਰੀ ਉਮਰ ਤਿੰਨ ਸੌ ਪੈਂਹਠ ਸਾਲਾਂ ਦੀ ਸੀ ।24ਹਨੋਕ ਪਰਮੇਸ਼ੁਰ ਦੇ ਸੰਗ-ਸੰਗ ਚਲਦਾ ਹੋਇਆ ਅਲੋਪ ਹੋ ਗਿਆ ਕਿਉਂ ਜੋ ਪਰਮੇਸ਼ੁਰ ਨੇ ਉਸ ਨੂੰ ਉਠਾ ਲਿਆ ।
25ਮਥੂਸਲਹ ਇੱਕ ਸੌ ਸਤਾਸੀ ਸਾਲਾਂ ਦਾ ਸੀ ਤਦ ਉਸ ਤੋਂ ਲਾਮਕ ਜੰਮਿਆ,26ਅਤੇ ਲਾਮਕ ਦੇ ਜੰਮਣ ਦੇ ਪਿੱਛੋਂ ਮਥੂਸਲਹ ਸੱਤ ਸੌ ਬਿਆਸੀ ਸਾਲਾਂ ਤੱਕ ਜੀਉਂਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਅਤੇ ਧੀਆਂ ਜੰਮੇ ।27ਮਥੂਸਲਹ ਦੀ ਸਾਰੀ ਉਮਰ ਨੌ ਸੌ ਉਨਹੱਤਰ ਸਾਲਾਂ ਦੀ ਹੋਈ, ਤਦ ਉਹ ਮਰ ਗਿਆ ।
28ਲਾਮਕ ਇੱਕ ਸੌ ਬਿਆਸੀ ਸਾਲਾਂ ਦਾ ਸੀ ਤਦ ਉਸ ਤੋਂ ਇੱਕ ਪੁੱਤਰ ਜੰਮਿਆ29ਅਤੇ ਉਸ ਨੇ ਇਹ ਆਖ ਕੇ ਉਹ ਦਾ ਨਾਮ ਨੂਹ ਰੱਖਿਆ ਕਿ ਇਹ ਸਾਨੂੰ ਸਾਡੀ ਮਿਹਨਤ ਤੋਂ ਅਤੇ ਸਾਡੇ ਹੱਥਾਂ ਦੀ ਸਖ਼ਤ ਕਮਾਈ ਤੋਂ ਜਿਹੜੀ ਜ਼ਮੀਨ ਦੇ ਕਾਰਨ ਸਾਡੇ ਉੱਤੇ ਆਈ ਹੈ, ਜਿਸ ਉੱਤੇ ਯਹੋਵਾਹ ਦਾ ਸਰਾਪ ਪਿਆ ਹੋਇਆ ਹੈ, ਸ਼ਾਂਤੀ ਦੇਵੇਗਾ ।
30ਨੂਹ ਦੇ ਜੰਮਣ ਦੇ ਪਿੱਛੋਂ ਲਾਮਕ ਪੰਜ ਸੌ ਪਚਾਨਵੇਂ ਸਾਲਾਂ ਤੱਕ ਜੀਉਂਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਅਤੇ ਧੀਆਂ ਜੰਮੇ ।31ਲਾਮਕ ਦੀ ਸਾਰੀ ਉਮਰ ਸੱਤ ਸੌ ਸਤੱਤਰ ਸਾਲਾਂ ਦੀ ਹੋਈ, ਤਦ ਉਹ ਮਰ ਗਿਆ ।
32ਨੂਹ ਪੰਜ ਸੌ ਸਾਲਾਂ ਦਾ ਸੀ, ਤਦ ਨੂਹ ਤੋਂ ਸ਼ੇਮ, ਹਾਮ ਤੇ ਯਾਫ਼ਤ ਜੰਮੇ ।

6
ਮਨੁੱਖ ਜਾਤੀ ਦੀ ਦੁਸ਼ਟਤਾ

1ਫਿਰ ਜਦ ਮਨੁੱਖ ਧਰਤੀ ਉੱਤੇ ਵਧਣ ਲੱਗ ਪਏ ਅਤੇ ਉਨ੍ਹਾਂ ਤੋਂ ਧੀਆਂ ਜੰਮੀਆਂ ।2ਤਦ ਪਰਮੇਸ਼ੁਰ ਦੇ ਪੁੱਤਰਾਂ ਨੇ ਮਨੁੱਖ ਦੀਆਂ ਧੀਆਂ ਨੂੰ ਵੇਖਿਆ ਕਿ ਉਹ ਸੋਹਣੀਆਂ ਹਨ, ਤਦ ਉਨ੍ਹਾਂ ਨੇ ਉਨ੍ਹਾਂ ਸਾਰੀਆਂ ਵਿੱਚੋਂ ਆਪਣੇ ਲਈ ਚੁਣ ਕੇ ਉਹਨਾਂ ਨਾਲ ਵਿਆਹ ਕਰ ਲਏ ।3ਯਹੋਵਾਹ ਨੇ ਆਖਿਆ, ਮੇਰਾ ਆਤਮਾ ਮਨੁੱਖ ਦੇ ਵਿਰੁੱਧ ਸਦਾ ਤੱਕ ਵਾਦ-ਵਿਵਾਦ ਨਹੀਂ ਕਰਦਾ ਰਹੇਗਾ ਕਿਉਂਕਿ ਉਹ ਸਰੀਰ ਹੀ ਹੈ, ਉਸ ਦੀ ਉਮਰ ਇੱਕ ਸੌ ਵੀਹ ਸਾਲਾਂ ਦੀ ਹੋਵੇਗੀ ।

4ਉਨ੍ਹਾਂ ਦਿਨਾਂ ਵਿੱਚ ਧਰਤੀ ਉੱਤੇ ਦੈਂਤ ਵੱਸਦੇ ਸਨ ਅਤੇ ਇਸ ਤੋਂ ਬਾਅਦ ਜਦ ਪਰਮੇਸ਼ੁਰ ਦੇ ਪੁੱਤਰ ਆਦਮੀ ਦੀਆਂ ਧੀਆਂ ਕੋਲ ਆਏ ਅਤੇ ਉਨ੍ਹਾਂ ਨੇ ਉਨ੍ਹਾਂ ਲਈ ਜੋ ਪੁੱਤਰ ਜਣੇ ਉਹ ਸੂਰਬੀਰ ਸਨ ਜਿਹੜੇ ਸ਼ੁਰੂ ਤੋਂ ਪ੍ਰਸਿੱਧ ਹੋਏ ।
5ਫੇਰ ਯਹੋਵਾਹ ਨੇ ਵੇਖਿਆ ਕਿ ਆਦਮੀ ਦੀ ਬੁਰਿਆਈ ਧਰਤੀ ਉੱਤੇ ਵੱਧ ਗਈ ਹੈ ਅਤੇ ਉਨ੍ਹਾਂ ਦੇ ਮਨ ਵਿੱਚ ਪੈਦਾ ਹੋਣ ਵਾਲਾ ਹਰੇਕ ਵਿਚਾਰ ਬੁਰਿਆਈ ਨਾਲ ਭਰਿਆ ਹੁੰਦਾ ਹੈ ।6ਯਹੋਵਾਹ ਧਰਤੀ ਉੱਤੇ ਆਦਮੀ ਦੀ ਸਿਰਜਣਾ ਕਰਕੇ ਪਛਤਾਇਆ ਅਤੇ ਉਹ ਮਨ ਵਿੱਚ ਦੁਖੀ ਹੋਇਆ ।
7ਤਦ ਯਹੋਵਾਹ ਨੇ ਆਖਿਆ, ਮੈਂ ਆਦਮੀ ਨੂੰ ਜਿਸ ਦੀ ਮੈਂ ਰਚਨਾ ਕੀਤੀ, ਹੈ, ਆਦਮੀ, ਡੰਗਰ, ਘਿੱਸਰਨ ਵਾਲੇ ਅਤੇ ਅਕਾਸ਼ ਦੇ ਪੰਛੀਆਂ ਨੂੰ ਵੀ ਧਰਤੀ ਦੇ ਉੱਤੋਂ ਮਿਟਾ ਦਿਆਂਗਾ, ਕਿਉਂ ਜੋ ਮੈਂ ਉਨ੍ਹਾਂ ਨੂੰ ਬਣਾ ਕੇ ਪਛਤਾਉਂਦਾ ਹਾਂ ।8ਪਰ ਨੂਹ ਉੱਤੇ ਯਹੋਵਾਹ ਦੀ ਕਿਰਪਾ ਹੋਈ ।
ਨੂਹ

9ਇਹ ਨੂਹ ਦੀ ਵੰਸ਼ਾਵਲੀ ਹੈ । ਨੂਹ ਇੱਕ ਧਰਮੀ ਮਨੁੱਖ ਸੀ, ਆਪਣੀ ਪੀੜ੍ਹੀ ਵਿੱਚ ਸੰਪੂਰਨ ਸੀ ਅਤੇ ਨੂਹ ਪਰਮੇਸ਼ੁਰ ਦੇ ਨਾਲ-ਨਾਲ ਚਲਦਾ ਸੀ ।10ਨੂਹ ਦੇ ਤਿੰਨ ਪੁੱਤਰ ਸਨ ਅਰਥਾਤ ਸ਼ੇਮ, ਹਾਮ ਅਤੇ ਯਾਫ਼ਥ ।
11ਧਰਤੀ ਪਰਮੇਸ਼ੁਰ ਦੇ ਅੱਗੇ ਵਿਗੜੀ ਹੋਈ ਸੀ ਅਤੇ ਜ਼ੁਲਮ ਨਾਲ ਭਰੀ ਹੋਈ ਸੀ ।12ਤਦ ਪਰਮੇਸ਼ੁਰ ਨੇ ਧਰਤੀ ਨੂੰ ਵੇਖਿਆ ਅਤੇ ਵੇਖੋ ਉਹ ਵਿਗੜੀ ਹੋਈ ਸੀ, ਕਿਉਂ ਜੋ ਸਾਰੇ ਮਨੁੱਖਾਂ ਨੇ ਆਪਣੇ ਚਾਲ-ਚਲਣ ਨੂੰ ਧਰਤੀ ਉੱਤੇ ਵਿਗਾੜ ਲਿਆ ਸੀ ।
13ਪਰਮੇਸ਼ੁਰ ਨੇ ਨੂਹ ਨੂੰ ਆਖਿਆ, ਮੈਂ ਸਾਰੇ ਪ੍ਰਾਣੀਆਂ ਨੂੰ ਨਾਸ਼ ਕਰਨ ਦਾ ਵਿਚਾਰ ਕਰ ਲਿਆ ਹੈ ਕਿਉਂ ਜੋ ਧਰਤੀ ਉਨ੍ਹਾਂ ਦੇ ਕਾਰਨ ਬੁਰਿਆਈ ਨਾਲ ਭਰ ਗਈ ਹੈ । ਵੇਖ ਮੈਂ ਉਨ੍ਹਾਂ ਨੂੰ ਧਰਤੀ ਦੇ ਸਮੇਤ ਨਾਸ਼ ਕਰ ਦਿਆਂਗਾ ।14ਤੂੰ ਗੋਫ਼ਰ ਦੀ ਲੱਕੜੀ ਤੋਂ ਆਪਣੇ ਲਈ ਇੱਕ ਕਿਸ਼ਤੀ ਬਣਾ । ਤੂੰ ਉਸ ਕਿਸ਼ਤੀ ਵਿੱਚ ਕੋਠੜੀਆਂ ਬਣਾਈਂ ਅਤੇ ਤੂੰ ਉਸ ਨੂੰ ਅੰਦਰੋਂ ਬਾਹਰੋਂ ਰਾਲ ਨਾਲ ਲਿੱਪੀਂ ।15ਉਹ ਨੂੰ ਇਸੇ ਤਰ੍ਹਾਂ ਬਣਾਈਂ, ਭਈ ਕਿਸ਼ਤੀ ਦੀ ਲੰਬਾਈ ਤਿੰਨ ਸੌ ਹੱਥ, ਉਹ ਦੀ ਚੌੜਾਈ ਪੰਜਾਹ ਹੱਥ ਅਤੇ ਉਹ ਦੀ ਉਚਾਈ ਤੀਹ ਹੱਥ ਹੋਵੇ ।
16ਤੂੰ ਕਿਸ਼ਤੀ ਵਿੱਚ ਇੱਕ ਖਿੜ੍ਹਕੀ ਬਣਾਈਂ ਅਤੇ ਉਸ ਦੇ ਇੱਕ ਹੱਥ ਉੱਪਰੋਂ ਉਸ ਦੀ ਛੱਤ ਬਣਾਈਂ ਅਤੇ ਕਿਸ਼ਤੀ ਦੇ ਇੱਕ ਪਾਸੇ ਇੱਕ ਦਰਵਾਜ਼ਾ ਬਣਾਈਂ ਅਤੇ ਉਸ ਦੀਆਂ ਤਿੰਨ ਮੰਜ਼ਲਾਂ ਬਣਾਈਂ ।17ਵੇਖ ਮੈਂ, ਹਾਂ, ਮੈਂ ਹੀ ਪਾਣੀ ਦੀ ਪਰਲੋ ਧਰਤੀ ਉੱਤੇ ਲਿਆ ਰਿਹਾ ਹਾਂ ਤਾਂ ਜੋ ਸਾਰੇ ਸਰੀਰਾਂ ਨੂੰ ਜਿਨ੍ਹਾਂ ਦੇ ਵਿੱਚ ਜੀਵਨ ਦਾ ਸਾਹ ਹੈ, ਅਕਾਸ਼ ਦੇ ਹੇਠੋਂ ਨਾਸ਼ ਕਰ ਦਿਆਂ । ਉਹ ਸਭ ਕੁਝ ਜਿਹੜਾ ਧਰਤੀ ਉੱਤੇ ਹੈ, ਪ੍ਰਾਣ ਛੱਡ ਦੇਵੇਗਾ ।
18ਪਰ ਮੈਂ ਆਪਣਾ ਨੇਮ ਤੇਰੇ ਨਾਲ ਬੰਨ੍ਹਾਂਗਾ । ਤੂੰ ਕਿਸ਼ਤੀ ਵਿੱਚ ਆਪਣੇ ਪੁੱਤਰਾਂ, ਆਪਣੀ ਪਤਨੀ ਅਤੇ ਆਪਣੀਆਂ ਨੂੰਹਾਂ ਨਾਲ ਜਾਵੀਂ ।19ਤੂੰ ਸਾਰੇ ਜੀਉਂਦੇ ਪ੍ਰਾਣੀਆਂ ਵਿੱਚੋਂ ਇੱਕ-ਇੱਕ ਜੋੜਾ ਅਰਥਾਤ ਨਰ ਅਤੇ ਮਾਦਾ ਕਿਸ਼ਤੀ ਵਿੱਚ ਲੈ ਲਈਂ ਤਾਂ ਜੋ ਤੂੰ ਉਨ੍ਹਾਂ ਨੂੰ ਆਪਣੇ ਨਾਲ ਜੀਉਂਦਾ ਰੱਖ ਸਕੇਂ ।
20ਪੰਛੀਆਂ ਦੀ ਹਰੇਕ ਪ੍ਰਜਾਤੀ, ਡੰਗਰ ਦੀ ਹਰੇਕ ਪ੍ਰਜਾਤੀ, ਅਤੇ ਜ਼ਮੀਨ ਦੇ ਸਾਰੇ ਘਿੱਸਰਨ ਵਾਲਿਆਂ ਵਿੱਚੋਂ ਉਨ੍ਹਾਂ ਦੀ ਪ੍ਰਜਾਤੀ ਅਨੁਸਾਰ ਸਾਰਿਆਂ ਵਿੱਚੋਂ ਇੱਕ-ਇੱਕ ਜੋੜਾ ਤੇਰੇ ਨਾਲ ਆਉਣਗੇ ਤਾਂ ਜੋ ਉਹ ਤੇਰੇ ਨਾਲ ਜੀਉਂਦੇ ਰਹਿਣ ।21ਤੂੰ ਆਪਣੇ ਲਈ ਹਰ ਪ੍ਰਕਾਰ ਦੇ ਭੋਜਨ ਪਦਾਰਥਾਂ ਵਿੱਚੋਂ ਕੁਝ ਲੈ ਲੈ ਅਤੇ ਉਸ ਨੂੰ ਆਪਣੇ ਕੋਲ ਇਕੱਠਾ ਕਰ । ਉਹ ਤੇਰੇ ਲਈ ਅਤੇ ਉਨ੍ਹਾਂ ਦੇ ਲਈ ਭੋਜਨ ਹੋਵੇਗਾ ।22ਤਦ ਨੂਹ ਨੇ ਉਸੇ ਤਰ੍ਹਾਂ ਹੀ ਕੀਤਾ, ਜਿਵੇਂ ਪਰਮੇਸ਼ੁਰ ਨੇ ਉਸ ਨੂੰ ਹੁਕਮ ਦਿੱਤਾ ਸੀ ।

7
ਜਲ ਪਰਲੋ

1ਫੇਰ ਯਹੋਵਾਹ ਨੇ ਨੂਹ ਨੂੰ ਆਖਿਆ, ਤੂੰ ਅਤੇ ਤੇਰਾ ਸਾਰਾ ਘਰਾਣਾ ਕਿਸ਼ਤੀ ਵਿੱਚ ਜਾਓ ਕਿਉਂ ਜੋ ਮੈਂ ਤੈਨੂੰ ਇਸ ਪੀੜ੍ਹੀ ਵਿੱਚ ਧਰਮੀ ਵੇਖਿਆ ਹੈ ।2ਸਾਰੇ ਸ਼ੁੱਧ ਪਸ਼ੂਆਂ ਵਿੱਚੋਂ ਸੱਤ-ਸੱਤ ਨਰ ਅਤੇ ਮਾਦਾ ਆਪਣੇ ਨਾਲ ਲੈ ਲੈ ਅਤੇ ਅਸ਼ੁੱਧ ਪਸ਼ੂਆਂ ਵਿੱਚੋਂ ਦੋ-ਦੋ ਨਰ ਅਤੇ ਮਾਦਾ ।3ਅਤੇ ਅਕਾਸ਼ ਦੇ ਪੰਛੀਆਂ ਵਿੱਚੋਂ ਸੱਤ-ਸੱਤ ਨਰ ਮਾਦਾ ਲੈ ਤਾਂ ਜੋ ਸਾਰੀ ਧਰਤੀ ਉੱਤੇ ਅੰਸ ਜੀਉਂਦੀ ਰਹੇ ।

4ਕਿਉਂਕਿ ਸੱਤ ਦਿਨ ਬਾਅਦ ਮੈਂ ਧਰਤੀ ਉੱਤੇ ਚਾਲ੍ਹੀ ਦਿਨ, ਚਾਲ੍ਹੀ ਰਾਤ ਮੀਂਹ ਵਰਾਉਣ ਵਾਲਾ ਹਾਂ ਅਤੇ ਮੈਂ ਸਾਰੇ ਪ੍ਰਾਣੀਆਂ ਨੂੰ ਜਿਹਨਾਂ ਦੀ ਮੈਂ ਸਿਰਜਣਾ ਕੀਤੀ ਧਰਤੀ ਦੇ ਉੱਤੋਂ ਮਿਟਾ ਦਿਆਂਗਾ ।5ਤਦ ਜਿਵੇਂ ਯਹੋਵਾਹ ਨੇ ਆਗਿਆ ਦਿੱਤੀ ਨੂਹ ਨੇ ਸਭ ਕੁਝ ਉਸੇ ਤਰ੍ਹਾਂ ਹੀ ਕੀਤਾ ।
6ਨੂਹ ਦੀ ਉਮਰ ਛੇ ਸੌ ਸਾਲਾਂ ਦਾ ਸੀ ਜਦ ਪਰਲੋ ਧਰਤੀ ਉੱਤੇ ਆਈ ।7ਅਤੇ ਨੂਹ, ਉਹ ਦੇ ਪੁੱਤਰ, ਉਹ ਦੀ ਪਤਨੀ ਅਤੇ ਉਹ ਦੀਆਂ ਨੂੰਹਾਂ ਜਲ ਪਰਲੋ ਦੇ ਕਾਰਨ ਉਹ ਦੇ ਨਾਲ ਕਿਸ਼ਤੀ ਵਿੱਚ ਗਏ ।
8ਸ਼ੁੱਧ ਪਸ਼ੂਆਂ ਵਿੱਚੋਂ ਅਤੇ ਅਸ਼ੁੱਧ ਪਸ਼ੂਆਂ ਵਿੱਚੋਂ, ਪੰਛੀਆਂ ਵਿੱਚੋਂ, ਸਭ ਜ਼ਮੀਨ ਉੱਤੇ ਘਿੱਸਰਨ ਵਾਲਿਆਂ ਵਿੱਚੋਂ9ਦੋ-ਦੋ ਅਰਥਾਤ ਨਰ ਮਾਦਾ ਕਿਸ਼ਤੀ ਵਿੱਚ ਨੂਹ ਕੋਲ ਗਏ ਜਿਵੇਂ ਪਰਮੇਸ਼ੁਰ ਨੇ ਨੂਹ ਨੂੰ ਆਗਿਆ ਦਿੱਤੀ ਸੀ ।10ਤਦ ਅਜਿਹਾ ਹੋਇਆ ਕਿ ਸੱਤ ਦਿਨਾਂ ਦੇ ਬਾਅਦ ਪਰਲੋ ਦਾ ਪਾਣੀ ਧਰਤੀ ਉੱਤੇ ਆਇਆ ।
11ਨੂਹ ਦੇ ਜੀਵਨ ਦੇ ਛੇ ਸੌਵੇਂ ਸਾਲ ਦੇ ਦੂਜੇ ਮਹੀਨੇ ਦੇ ਸਤਾਰਵੇਂ ਦਿਨ, ਵੱਡੀ ਡੁੰਘਿਆਈ ਦੇ ਸਾਰੇ ਸੋਤੇ ਫੁੱਟ ਨਿੱਕਲੇ ਅਤੇ ਅਕਾਸ਼ ਦੀਆਂ ਖਿੜਕੀਆਂ ਖੁੱਲ੍ਹ ਗਈਆਂ12ਅਤੇ ਧਰਤੀ ਉੱਤੇ ਚਾਲ੍ਹੀ ਦਿਨ ਅਤੇ ਚਾਲ੍ਹੀ ਰਾਤ ਵਰਖਾ ਹੁੰਦੀ ਰਹੀ ।
13ਉਸੇ ਦਿਨ ਨੂਹ, ਸ਼ੇਮ, ਹਾਮ, ਯਾਫ਼ਥ ਨੂਹ ਦੇ ਪੁੱਤਰ, ਨੂਹ ਦੀ ਪਤਨੀ ਅਤੇ ਉਹ ਦੀਆਂ ਤਿੰਨੇ ਨੂੰਹਾਂ ਉਹ ਦੇ ਨਾਲ ਕਿਸ਼ਤੀ ਵਿੱਚ ਦਾਖ਼ਿਲ ਹੋਏ ।14ਹਰੇਕ ਜੰਗਲੀ ਜਾਨਵਰ, ਹਰੇਕ ਧਰਤੀ ਉੱਤੇ ਘਿੱਸਰਨ ਵਾਲਾ, ਹਰੇਕ ਕਿਸਮ ਦੇ ਪੰਛੀ ਉਸ ਕਿਸ਼ਤੀ ਦੇ ਵਿੱਚ ਦਾਖਿਲ ਹੋਏ ।
15ਜਿਨ੍ਹਾਂ ਦੇ ਵਿੱਚ ਜੀਵਨ ਦਾ ਸਾਹ ਸੀ, ਸਾਰੇ ਪ੍ਰਾਣੀ ਉਹਨਾਂ ਦੀਆਂ ਪ੍ਰਜਾਤੀਆਂ ਵਿੱਚੋਂ ਜੋੜਾ-ਜੋੜਾ ਕਿਸ਼ਤੀ ਵਿੱਚ ਨੂਹ ਕੋਲ ਆਏ ।16ਨਰ-ਮਾਦਾ ਸਾਰੇ ਪ੍ਰਾਣੀਆਂ ਵਿੱਚੋਂ ਆਏ, ਜਿਵੇਂ ਪਰਮੇਸ਼ੁਰ ਨੇ ਆਗਿਆ ਦਿੱਤੀ ਸੀ । ਤਦ ਯਹੋਵਾਹ ਨੇ ਕਿਸ਼ਤੀ ਦਾ ਦਰਵਾਜ਼ਾ ਬੰਦ ਕਰ ਦਿੱਤਾ ।
17ਪਰਲੋ ਚਾਲ੍ਹੀ ਦਿਨ ਤੱਕ ਧਰਤੀ ਉੱਤੇ ਰਹੀ ਅਤੇ ਪਾਣੀ ਵੱਧ ਗਿਆ, ਜਿਸ ਕਾਰਨ ਕਿਸ਼ਤੀ ਪਾਣੀ ਉੱਪਰ ਚੁੱਕੀ ਗਈ ਅਤੇ ਉਹ ਧਰਤੀ ਉੱਤੋਂ ਉਤਾਹਾਂ ਹੋ ਗਈ ।18ਫੇਰ ਪਾਣੀ ਹੀ ਪਾਣੀ ਹੋ ਗਿਆ ਅਤੇ ਉਹ ਧਰਤੀ ਉੱਤੇ ਬਹੁਤ ਹੀ ਵੱਧ ਗਿਆ, ਅਤੇ ਕਿਸ਼ਤੀ ਪਾਣੀ ਦੇ ਉੱਤੇ ਤਰਦੀ ਰਹੀ ।
19ਅਤੇ ਧਰਤੀ ਦੇ ਉੱਤੇ ਪਾਣੀ ਹੀ ਪਾਣੀ ਹੋ ਗਿਆ ਅਤੇ ਸਾਰੇ ਉੱਚੇ ਉੱਚੇ ਪਹਾੜ ਜੋ ਸਾਰੇ ਅਕਾਸ਼ ਦੇ ਹੇਠ ਸਨ, ਢੱਕੇ ਗਏ ।20ਪਾਣੀ ਉਨ੍ਹਾਂ ਤੋਂ ਪੰਦਰਾਂ ਹੱਥ ਹੋਰ ਉੱਚਾ ਹੋ ਗਿਆ, ਅਤੇ ਪਹਾੜ ਵੀ ਡੁੱਬ ਗਏ ।
21ਸਾਰੇ ਪ੍ਰਾਣੀ ਜਿਹੜੇ ਧਰਤੀ ਉੱਤੇ ਚਲਦੇ ਸਨ, ਕੀ ਪੰਛੀ, ਕੀ ਡੰਗਰ, ਸਾਰੇ ਜੰਗਲੀ ਜਾਨਵਰ ਅਤੇ ਸਾਰੇ ਜੀਅ-ਜੰਤੂ ਜਿਨ੍ਹਾਂ ਨਾਲ ਧਰਤੀ ਭਰੀ ਹੋਈ ਸੀ ਮਰ ਗਏ ਅਤੇ ਸਾਰੇ ਮਨੁੱਖ ਵੀ ।22ਜਿਨ੍ਹਾਂ ਵਿੱਚ ਜੀਵਨ ਦਾ ਸਾਹ ਸੀ ਜਿਹੜੇ ਧਰਤੀ ਉੱਤੇ ਸਨ, ਉਹ ਸਾਰੇ ਮਰ ਗਏ ।
23ਹਰ ਪ੍ਰਾਣੀ ਜਿਹੜਾ ਜ਼ਮੀਨ ਦੇ ਉੱਤੇ ਸੀ, ਕੀ ਆਦਮੀ, ਕੀ ਡੰਗਰ, ਕੀ ਘਿੱਸਰਨ ਵਾਲਾ ਅਤੇ ਕੀ ਅਕਾਸ਼ ਦਾ ਪੰਛੀ ਸਭ ਮਿਟ ਗਏ । ਉਹ ਧਰਤੀ ਤੋਂ ਮਿਟ ਗਏ, ਪਰ ਨੂਹ ਅਤੇ ਜਿੰਨ੍ਹੇ ਉਸ ਦੇ ਨਾਲ ਕਿਸ਼ਤੀ ਵਿੱਚ ਸਨ, ਉਹ ਬਚ ਗਏ ।24ਡੇਢ ਸੌ ਦਿਨਾਂ ਤੱਕ ਧਰਤੀ ਉੱਤੇ ਪਾਣੀ ਹੀ ਪਾਣੀ ਰਿਹਾ ।

8
ਜਲ ਪਰਲੋ ਦਾ ਅੰਤ

1ਫੇਰ ਪਰਮੇਸ਼ੁਰ ਨੇ ਨੂਹ ਨੂੰ, ਹਰ ਜੰਗਲੀ ਜਾਨਵਰ ਨੂੰ, ਹਰ ਡੰਗਰ ਨੂੰ ਅਤੇ ਜੋ ਵੀ ਉਸ ਦੇ ਨਾਲ ਕਿਸ਼ਤੀ ਵਿੱਚ ਸਨ, ਯਾਦ ਕੀਤਾ । ਅਤੇ ਪਰਮੇਸ਼ੁਰ ਨੇ ਧਰਤੀ ਉੱਤੇ ਹਵਾ ਵਗਾਈ ਅਤੇ ਜਿਸ ਕਾਰਨ ਪਾਣੀ ਘਟਣ ਲੱਗ ਪਿਆ ।2ਡੁੰਘਿਆਈ ਦੇ ਸੋਤੇ ਅਤੇ ਅਕਾਸ਼ ਦੀਆਂ ਖਿੜਕੀਆਂ ਬੰਦ ਹੋ ਗਈਆਂ ਅਤੇ ਵਰਖਾ ਰੁੱਕ ਗਈ ।3ਪਾਣੀ ਧਰਤੀ ਉੱਤੋਂ ਡੇਢ ਸੌ ਦਿਨਾਂ ਤੋਂ ਬਾਅਦ ਘਟਣ ਲੱਗ ਪਿਆ

4ਕਿਸ਼ਤੀ ਸੱਤਵੇਂ ਮਹੀਨੇ ਦੇ ਸਤਾਰਵੇਂ ਦਿਨ ਪਹਾੜ ਉੱਤੇ ਟਿੱਕ ਗਈ ।5ਅਤੇ ਪਾਣੀ ਦਸਵੇਂ ਮਹੀਨੇ ਤੱਕ ਘਟਦੇ ਗਏ । ਦਸਵੇਂ ਮਹੀਨੇ ਦੇ ਪਹਿਲੇ ਦਿਨ ਪਹਾੜਾਂ ਦੀਆਂ ਟੀਸੀਆਂ ਦਿਸ ਪਈਆਂ ।
6ਫਿਰ ਅਜਿਹਾ ਹੋਇਆ ਕਿ ਚਾਲ੍ਹੀਆਂ ਦਿਨਾਂ ਦੇ ਬਾਅਦ ਨੂਹ ਨੇ ਕਿਸ਼ਤੀ ਦੀ ਖਿੜਕੀ ਨੂੰ ਖੋਲ੍ਹ ਦਿੱਤਾ ।7ਉਸ ਨੇ ਇੱਕ ਪਹਾੜੀ ਕਾਂ ਛੱਡਿਆ ਅਤੇ ਜਦ ਤੱਕ ਪਾਣੀ ਧਰਤੀ ਤੋਂ ਨਾ ਸੁੱਕ ਗਏ, ਉਹ ਆਉਂਦਾ ਜਾਂਦਾ ਰਿਹਾ ।
8ਫੇਰ ਉਸ ਨੇ ਘੁੱਗੀ ਵੀ ਆਪਣੇ ਵੱਲੋਂ ਛੱਡੀ ਤਾਂ ਜੋ ਉਹ ਵੇਖੇ ਕਿ ਪਾਣੀ ਜ਼ਮੀਨ ਦੇ ਉੱਤੋਂ ਘੱਟ ਗਿਆ ਹੈ ਕਿ ਨਹੀਂ ।9ਪਰ ਉਸ ਘੁੱਗੀ ਨੂੰ ਆਪਣੇ ਪੈਰ ਦੇ ਪੰਜੇ ਲਈ ਟਿਕਾਣਾ ਨਾ ਮਿਲਿਆ ਸੋ ਉਹ ਕਿਸ਼ਤੀ ਵਿੱਚ ਉਹ ਦੇ ਕੋਲ ਮੁੜ ਆਈ, ਕਿਉਂ ਜੋ ਪਾਣੀ ਸਾਰੀ ਧਰਤੀ ਉੱਤੇ ਸੀ ਤਾਂ ਉਸ ਨੇ ਆਪਣਾ ਹੱਥ ਵਧਾ ਕੇ ਉਹ ਨੂੰ ਫੜ ਲਿਆ ਅਤੇ ਆਪਣੇ ਕੋਲ ਕਿਸ਼ਤੀ ਵਿੱਚ ਰੱਖ ਲਿਆ ।
10ਤਦ ਉਹ ਨੇ ਸੱਤ ਦਿਨ ਬਾਅਦ ਫੇਰ ਕਿਸ਼ਤੀ ਤੋਂ ਉਸ ਘੁੱਗੀ ਨੂੰ ਛੱਡਿਆ ।11ਉਹ ਘੁੱਗੀ ਸ਼ਾਮ ਨੂੰ ਉਹ ਦੇ ਕੋਲ ਆਈ ਅਤੇ ਵੇਖੋ ਉਹ ਦੀ ਚੁੰਝ ਵਿੱਚ ਜ਼ੈਤੂਨ ਦਾ ਸੱਜਰਾ ਪੱਤਾ ਸੀ, ਇਸ ਤੋਂ ਨੂਹ ਨੇ ਜਾਣ ਲਿਆ ਕਿ ਪਾਣੀ ਧਰਤੀ ਉੱਤੋਂ ਘੱਟ ਗਿਆ ਹੈ ।12ਤਦ ਉਹ ਨੇ ਹੋਰ ਸੱਤ ਦਿਨ ਬਾਅਦ ਘੁੱਗੀ ਨੂੰ ਫਿਰ ਛੱਡਿਆ ਅਤੇ ਉਹ ਮੁੜ ਉਹ ਦੇ ਕੋਲ ਨਾ ਆਈ ।
13ਨੂਹ ਦੀ ਉਮਰ ਦੇ ਛੇ ਸੌ ਇੱਕ ਸਾਲ ਦੇ ਪਹਿਲੇ ਮਹੀਨੇ ਦੇ ਪਹਿਲੇ ਦਿਨ ਪਾਣੀ ਧਰਤੀ ਉੱਤੋਂ ਸੁੱਕ ਗਿਆ ਅਤੇ ਨੂਹ ਨੇ ਕਿਸ਼ਤੀ ਦੀ ਛੱਤ ਖੋਲ੍ਹ ਕੇ ਨਿਗਾਹ ਮਾਰੀ ਅਤੇ ਵੇਖੋ ਜ਼ਮੀਨ ਦੀ ਪਰਤ ਸੁੱਕ ਗਈ ਸੀ ।14ਦੂਜੇ ਮਹੀਨੇ ਦੇ ਸਤਾਈਵੇਂ ਦਿਨ ਧਰਤੀ ਪੂਰੀ ਤਰ੍ਹਾਂ ਸੁੱਕ ਗਈ ਸੀ ।
15ਤਦ ਪਰਮੇਸ਼ੁਰ ਨੂਹ ਨਾਲ ਬੋਲਿਆ16ਕਿ ਤੂੰ ਕਿਸ਼ਤੀ ਵਿੱਚੋਂ ਨਿੱਕਲ ਜਾਹ, ਤੇਰੀ ਪਤਨੀ, ਤੇਰੇ ਪੁੱਤਰ ਅਤੇ ਤੇਰੀਆਂ ਨੂੰਹਾਂ ਵੀ ।17ਹਰ ਇੱਕ ਜਾਨਵਰ ਨੂੰ ਜਿਹੜਾ ਤੇਰੇ ਕੋਲ ਸਾਰੇ ਪ੍ਰਾਣੀਆਂ ਵਿੱਚੋਂ ਹੈ ਅਰਥਾਤ ਪੰਛੀ, ਡੰਗਰ, ਧਰਤੀ ਉੱਤੇ ਘਿੱਸਰਨ ਵਾਲੇ ਨੂੰ ਤੂੰ ਆਪਣੇ ਨਾਲ ਬਾਹਰ ਲੈ ਜਾਹ ਤਾਂ ਜੋ ਓਹ ਧਰਤੀ ਉੱਤੇ ਉਹ ਆਪਣੀ ਪ੍ਰਜਾਤੀ ਨੂੰ ਵਧਾਉਣ, ਫਲਣ ਅਤੇ ਧਰਤੀ ਉੱਤੇ ਵਧਣ ।
18ਤਦ ਨੂਹ, ਉਹ ਦੇ ਪੁੱਤਰ, ਉਹ ਦੀ ਪਤਨੀ ਅਤੇ ਉਹ ਦੀਆਂ ਨੂੰਹਾਂ ਉਹ ਦੇ ਨਾਲ ਬਾਹਰ ਨਿੱਕਲ ਗਏ ।19ਹਰੇਕ ਜਾਨਵਰ, ਹਰੇਕ ਘਿੱਸਰਨ ਵਾਲਾ, ਹਰੇਕ ਪੰਛੀ, ਅਤੇ ਹਰੇਕ ਧਰਤੀ ਉੱਤੇ ਚੱਲਣ ਵਾਲਾ ਆਪੋ-ਆਪਣੀ ਪ੍ਰਜਾਤੀ ਦੇ ਅਨੁਸਾਰ ਕਿਸ਼ਤੀ ਵਿੱਚੋਂ ਬਾਹਰ ਨਿੱਕਲ ਆਏ ।
ਹੋਮ ਬਲੀ ਚੜਾਉਣਾ

20ਤਦ ਨੂਹ ਨੇ ਯਹੋਵਾਹ ਲਈ ਇੱਕ ਜਗਵੇਦੀ ਬਣਾਈ ਅਤੇ ਸ਼ੁੱਧ ਪਸ਼ੂਆਂ, ਸ਼ੁੱਧ ਪੰਛੀਆਂ ਵਿੱਚੋਂ ਲੈ ਕੇ ਉਸ ਨੇ ਜਗਵੇਦੀ ਉੱਤੇ ਹੋਮ ਬਲੀਆਂ ਚੜ੍ਹਾਈਆਂ ।21ਯਹੋਵਾਹ ਨੇ ਉਸ ਸੁਖਦਾਇਕ ਸੁਗੰਧੀ ਨੂੰ ਲਿਆ ਅਤੇ ਆਪਣੇ ਮਨ ਵਿੱਚ ਆਖਿਆ, ਮੈਂ ਫੇਰ ਕਦੀ ਧਰਤੀ ਨੂੰ ਮਨੁੱਖ ਦੇ ਕਾਰਨ ਸਰਾਪ ਨਹੀਂ ਦਿਆਂਗਾ ਭਾਵੇਂ ਮਨੁੱਖ ਦੇ ਮਨ ਦੀ ਭਾਵਨਾ ਮੁੱਢੋਂ ਹੀ ਬੁਰੀ ਹੈ ਅਤੇ ਮੈਂ ਫੇਰ ਕਦੀ ਸਾਰੇ ਪ੍ਰਾਣੀਆਂ ਨੂੰ ਨਾਸ਼ ਨਾ ਕਰਾਂਗਾ ਜਿਵੇਂ ਮੈਂ ਹੁਣ ਕੀਤਾ ਹੈ ।22ਜਦੋਂ ਤੱਕ ਧਰਤੀ ਹੈ, ਉਦੋਂ ਤੱਕ ਬੀਜਣ ਅਤੇ ਵੱਢਣ, ਠੰਡ ਅਤੇ ਧੁੱਪ, ਹਾੜੀ ਅਤੇ ਸਾਉਣੀ ਅਤੇ ਦਿਨ- ਰਾਤ ਨਹੀਂ ਮੁੱਕਣਗੇ ।

9
ਪਰਮੇਸ਼ੁਰ ਵੱਲੋਂ ਨੂਹ ਨਾਲ ਨੇਮ ਬੰਨਿਆ ਜਾਣਾ

1ਪਰਮੇਸ਼ੁਰ ਨੇ ਨੂਹ ਅਤੇ ਉਹ ਦੇ ਪੁੱਤਰਾਂ ਨੂੰ ਇਹ ਆਖ ਕੇ ਅਸੀਸ ਦਿੱਤੀ, ਫਲੋ ਅਤੇ ਵਧੋ ਅਤੇ ਧਰਤੀ ਨੂੰ ਭਰ ਦਿਉ2ਤੁਹਾਡਾ ਡਰ ਅਤੇ ਭੈ ਧਰਤੀ ਦੇ ਹਰੇਕ ਜਾਨਵਰ, ਅਕਾਸ਼ ਦੇ ਹਰੇਕ ਪੰਛੀ, ਹਰੇਕ ਪ੍ਰਾਣੀ ਉੱਤੇ ਜਿਹੜਾ ਜ਼ਮੀਨ ਉੱਤੇ ਘਿੱਸਰਦਾ ਹੈ ਅਤੇ ਸਮੁੰਦਰ ਦੀਆਂ ਸਾਰੀਆਂ ਮੱਛੀਆਂ ਉੱਤੇ ਹੋਵੇਗਾ, ਕਿਉਂ ਜੋ ਉਹ ਤੁਹਾਡੇ ਵੱਸ ਵਿੱਚ ਕੀਤੇ ਗਏ ਹਨ ।

3ਹਰੇਕ ਚੱਲਣ ਵਾਲਾ ਪ੍ਰਾਣੀ ਜਿਸ ਦੇ ਵਿੱਚ ਜੀਵਨ ਹੈ, ਤੁਹਾਡੇ ਭੋਜਨ ਲਈ ਹੈ । ਜਿਵੇਂ ਮੈਂ ਤੁਹਾਨੂੰ ਸਾਗ ਪੱਤ ਦਿੱਤਾ ਸੀ, ਉਸੇ ਤਰ੍ਹਾਂ ਹੁਣ ਸਭ ਕੁਝ ਦਿੰਦਾ ਹਾਂ ।4ਪਰ ਮਾਸ ਨੂੰ ਪ੍ਰਾਣ ਸਮੇਤ ਅਰਥਾਤ ਲਹੂ ਸਮੇਤ ਤੁਸੀਂ ਨਾ ਖਾਇਓ ।
5ਮੈਂ ਜ਼ਰੂਰ ਹੀ ਤੁਹਾਡੇ ਲਹੂ ਅਰਥਾਤ ਪ੍ਰਾਣ ਦਾ ਬਦਲਾ ਲਵਾਂਗਾ, ਹਰ ਇੱਕ ਜੰਗਲੀ ਜਾਨਵਰ ਅਤੇ ਮਨੁੱਖ ਦੋਵਾਂ ਤੋਂ ਉਸ ਦਾ ਬਦਲਾ ਲਵਾਂਗਾ ਅਤੇ ਹਰੇਕ ਮਨੁੱਖ ਦੀ ਜਾਨ ਦਾ ਬਦਲਾ ਮੈਂ ਉਸ ਦੇ ਭਰਾ ਤੋਂ ਲਵਾਂਗਾ ।6ਜੋ ਮਨੁੱਖ ਦਾ ਲਹੂ ਵਹਾਵੇਗਾ, ਉਸ ਦਾ ਲਹੂ ਮਨੁੱਖ ਦੇ ਹੱਥੋਂ ਵਹਾਇਆ ਜਾਵੇਗਾ ਕਿਉਂਕਿ ਪਰਮੇਸ਼ੁਰ ਨੇ ਮਨੁੱਖ ਨੂੰ ਆਪਣੇ ਹੀ ਸਰੂਪ ਵਿੱਚ ਰਚਿਆ ਸੀ ।7ਤੁਸੀਂ ਫਲੋ ਅਤੇ ਵਧੋ ਅਤੇ ਧਰਤੀ ਉੱਤੇ ਆਪਣੀ ਸੰਤਾਨ ਨੂੰ ਪੈਦਾ ਕਰਕੇ ਉਸ ਨੂੰ ਭਰ ਦਿਉ ।
8ਪਰਮੇਸ਼ੁਰ ਨੂਹ ਅਤੇ ਉਸ ਦੇ ਪੁੱਤਰਾਂ ਨਾਲ ਬੋਲਿਆ,9ਮੈਂ, ਵੇਖੋ, ਮੈਂ ਹੀ ਆਪਣਾ ਨੇਮ ਤੁਹਾਡੇ ਨਾਲ ਅਤੇ ਤੁਹਾਡੇ ਬਾਅਦ ਤੁਹਾਡੀ ਅੰਸ ਨਾਲ ਬੰਨ੍ਹਾਂਗਾ,10ਅਤੇ ਹਰੇਕ ਜੀਉਂਦੇ ਪ੍ਰਾਣੀ ਨਾਲ ਜੋ ਤੁਹਾਡੇ ਸੰਗ ਹੈ, ਅਰਥਾਤ ਹਰੇਕ ਪੰਛੀ, ਪਸ਼ੂ, ਧਰਤੀ ਦੇ ਹਰੇਕ ਜਾਨਵਰ, ਸਗੋਂ ਹਰ ਇੱਕ ਦੇ ਨਾਲ ਜਿਹੜਾ ਕਿਸ਼ਤੀ ਤੋਂ ਨਿੱਕਲਿਆ ਹੈ ।
11ਮੈਂ ਆਪਣਾ ਨੇਮ ਤੁਹਾਡੇ ਨਾਲ ਬੰਨ੍ਹਦਾ ਹਾਂ ਕਿ ਸਾਰੇ ਪ੍ਰਾਣੀਆਂ ਦਾ ਨਾਸ਼ ਫੇਰ ਕਦੇ ਜਲ ਪਰਲੋ ਨਾਲ ਨਹੀਂ ਕੀਤਾ ਜਾਵੇਗਾ ਅਤੇ ਧਰਤੀ ਦਾ ਨਾਸ਼ ਕਰਨ ਲਈ ਫੇਰ ਕਦੇ ਜਲ ਪਰਲੋ ਨਾ ਆਵੇਗੀ ।12ਤਦ ਪਰਮੇਸ਼ੁਰ ਨੇ ਆਖਿਆ, ਇਹ ਉਸ ਨੇਮ ਦਾ ਨਿਸ਼ਾਨ ਹੈ ਜਿਹੜਾ ਮੈਂ ਆਪਣੇ ਅਤੇ ਤੁਹਾਡੇ ਅਤੇ ਹਰੇਕ ਜੀਵ-ਜੰਤੂ ਨਾਲ ਜੋ ਤੁਹਾਡੇ ਸੰਗ ਹੈ, ਪੀੜ੍ਹੀਓਂ ਪੀੜ੍ਹੀ ਸਦਾ ਲਈ ਦਿੰਦਾ ਹਾਂ ।13ਮੈਂ ਬੱਦਲਾਂ ਵਿੱਚ ਆਪਣੀ ਸਤਰੰਗੀ ਪੀਂਘ ਰੱਖੀ ਹੈ । ਇਹ ਮੇਰੇ ਅਤੇ ਧਰਤੀ ਦੇ ਵਿਚਕਾਰ ਨੇਮ ਦੀ ਨਿਸ਼ਾਨੀ ਹੋਵੇਗੀ ।
14ਜਦੋਂ ਮੈਂ ਧਰਤੀ ਉੱਤੇ ਬੱਦਲਾਂ ਨੂੰ ਲਿਆਵਾਂਗਾ ਤਦ ਇਹ ਸਤਰੰਗੀ ਪੀਂਘ ਬੱਦਲਾਂ ਵਿੱਚ ਵਿਖਾਈ ਦੇਵੇਗੀ ।15ਅਤੇ ਮੈਂ ਆਪਣੇ ਨੇਮ ਨੂੰ ਜੋ ਮੇਰੇ ਅਤੇ ਤੁਹਾਡੇ ਵਿਚਕਾਰ ਅਤੇ ਸਾਰੇ ਜੀਉਂਦੇ ਪ੍ਰਾਣੀਆਂ ਦੇ ਨਾਲ ਹੈ, ਯਾਦ ਕਰਾਂਗਾ ਅਤੇ ਅਜਿਹੀ ਜਲ ਪਰਲੋ ਫੇਰ ਕਦੇ ਨਾ ਹੋਵੇਗੀ ਜਿਹੜੀ ਸਾਰੇ ਪ੍ਰਾਣੀਆਂ ਦਾ ਨਾਸ਼ ਕਰੇ ।
16ਬੱਦਲ ਵਿੱਚ ਇਸ ਸਤਰੰਗੀ ਪੀਂਘ ਨੂੰ ਵੇਖ ਕੇ ਮੈਂ ਉਸ ਸਦੀਪਕ ਨੇਮ ਨੂੰ ਯਾਦ ਕਰਾਂਗਾ ਜਿਹੜਾ ਮੇਰੇ ਅਤੇ ਧਰਤੀ ਦੇ ਸਾਰੇ ਜੀਉਂਦੇ ਪ੍ਰਾਣੀਆਂ ਦੇ ਨਾਲ ਹੈ ।17ਫਿਰ ਪਰਮੇਸ਼ੁਰ ਨੇ ਨੂਹ ਨੂੰ ਕਿਹਾ, ਇਹ ਉਸ ਨੇਮ ਦਾ ਨਿਸ਼ਾਨ ਹੈ ਜੋ ਮੈਂ ਆਪਣੇ ਅਤੇ ਧਰਤੀ ਦੇ ਸਾਰੇ ਪ੍ਰਾਣੀਆਂ ਦੇ ਵਿਚਕਾਰ ਠਹਿਰਾਇਆ ਹੈ ।
ਨੂਹ ਅਤੇ ਉਸ ਦੇ ਪੁੱਤਰ

18ਨੂਹ ਦੇ ਪੁੱਤਰ ਜਿਹੜੇ ਕਿਸ਼ਤੀ ਵਿੱਚੋਂ ਨਿੱਕਲੇ ਉਹ ਸ਼ੇਮ, ਹਾਮ ਅਤੇ ਯਾਫ਼ਥ ਸਨ ਅਤੇ ਹਾਮ ਕਨਾਨ ਦਾ ਪਿਤਾ ਸੀ ।19ਇਹ ਨੂਹ ਦੇ ਤਿੰਨ ਪੁੱਤਰ ਸਨ ਅਤੇ ਇਨ੍ਹਾਂ ਤੋਂ ਹੀ ਸਾਰੀ ਧਰਤੀ ਆਬਾਦ ਹੋਈ ।
20ਨੂਹ ਖੇਤੀ ਕਰਨ ਲੱਗਾ ਅਤੇ ਉਸ ਨੇ ਅੰਗੂਰ ਦਾ ਬਾਗ਼ ਲਾਇਆ ।21ਉਸ ਨੇ ਮਧ ਪੀਤੀ ਅਤੇ ਮਤਵਾਲਾ ਹੋ ਗਿਆ, ਅਤੇ ਤੰਬੂ ਦੇ ਵਿੱਚ ਨੰਗਾ ਪੈ ਗਿਆ ।
22ਤਦ ਕਨਾਨ ਦੇ ਪਿਤਾ ਹਾਮ ਨੇ ਆਪਣੇ ਪਿਤਾ ਦਾ ਨੰਗੇਜ਼ ਵੇਖਿਆ ਅਤੇ ਉਸ ਨੇ ਆਪਣੇ ਦੋਹਾਂ ਭਰਾਵਾਂ ਨੂੰ ਜੋ ਬਾਹਰ ਸਨ, ਜਾ ਕੇ ਦੱਸਿਆ ।23ਤਦ ਸ਼ੇਮ ਅਤੇ ਯਾਫ਼ਥ ਨੇ ਕੱਪੜਾ ਲੈ ਕੇ ਆਪਣੇ ਦੋਹਾਂ ਮੋਢਿਆਂ ਤੇ ਰੱਖਿਆ ਅਤੇ ਪੁੱਠੇ ਪੈਰੀਂ ਜਾ ਕੇ ਆਪਣੇ ਪਿਤਾ ਦਾ ਨੰਗੇਜ਼ ਢੱਕਿਆ । ਉਨ੍ਹਾਂ ਦੇ ਮੂੰਹ ਪਿਛਲੇ ਪਾਸੇ ਨੂੰ ਸਨ, ਇਸ ਲਈ ਉਨ੍ਹਾਂ ਨੇ ਆਪਣੇ ਪਿਤਾ ਦੇ ਨੰਗੇਜ਼ ਨੂੰ ਨਾ ਵੇਖਿਆ ।
24ਜਦ ਨੂਹ ਦਾ ਨਸ਼ਾ ਉਤਰ ਗਿਆ ਤਾਂ ਉਸ ਨੂੰ ਪਤਾ ਲੱਗਿਆ ਕਿ ਉਸ ਦੇ ਛੋਟੇ ਪੁੱਤਰ ਨੇ ਉਸ ਦੇ ਨਾਲ ਕੀ ਕੀਤਾ ਸੀ ।25ਤਦ ਉਸ ਨੇ ਆਖਿਆ, ਕਨਾਨ ਸਰਾਪੀ ਹੈ । ਉਹ ਆਪਣੇ ਭਰਾਵਾਂ ਦੇ ਦਾਸਾਂ ਦਾ ਦਾਸ ਹੋਵੇਗਾ ।
26ਉਸ ਨੇ ਇਹ ਵੀ ਆਖਿਆ, ਸ਼ੇਮ ਦਾ ਪਰਮੇਸ਼ੁਰ ਯਹੋਵਾਹ ਧੰਨ ਹੋਵੇ ਅਤੇ ਕਨਾਨ ਸ਼ੇਮ ਦਾ ਦਾਸ ਹੋਵੇ ।27ਪਰਮੇਸ਼ੁਰ ਯਾਫ਼ਥ ਦੀ ਪੀੜ੍ਹੀ ਨੂੰ ਵਧਾਵੇ, ਉਹ ਸ਼ੇਮ ਦੇ ਤੰਬੂਆਂ ਵਿੱਚ ਵੱਸੇ ਅਤੇ ਕਨਾਨ ਉਸ ਦਾ ਦਾਸ ਹੋਵੇ ।
28ਪਰਲੋ ਤੋਂ ਬਾਅਦ ਨੂਹ ਤਿੰਨ ਸੌ ਪੰਜਾਹ ਸਾਲਾਂ ਤੱਕ ਜੀਉਂਦਾ ਰਿਹਾ29ਅਤੇ ਨੂਹ ਦੀ ਸਾਰੀ ਉਮਰ ਨੌ ਸੌ ਪੰਜਾਹ ਸਾਲ ਹੋਈ, ਤਦ ਉਹ ਮਰ ਗਿਆ ।

10
ਨੂਹ ਦੀ ਵੰਸ਼ਾਵਲੀ

1ਨੂਹ ਦੇ ਪੁੱਤਰ ਸ਼ੇਮ, ਹਾਮ ਅਤੇ ਯਾਫ਼ਥ ਸਨ । ਉਨ੍ਹਾਂ ਦੇ ਪੁੱਤਰ ਜੋ ਜਲ ਪਰਲੋ ਦੇ ਬਾਅਦ ਪੈਦਾ ਹੋਏ - ਉਨ੍ਹਾਂ ਦੀਆਂ ਵੰਸ਼ਾਵਲੀਆਂ ਇਹ ਹਨ ।

2ਯਾਫ਼ਥ ਦੇ ਪੁੱਤਰ: ਗੋਮਰ, ਮਾਗੋਗ, ਮਾਦਈ, ਯਾਵਾਨ, ਤੂਬਲ, ਮਸਕ ਅਤੇ ਤੀਰਾਸ ਸਨ ।3ਗੋਮਰ ਦੇ ਪੁੱਤਰ: ਅਸ਼ਕਨਜ਼, ਰੀਫ਼ਤ, ਤੋਗਰਮਾਹ ਸਨ ।4ਯਾਵਾਨ ਦੇ ਪੁੱਤਰ ਅਲੀਸਾਹ, ਤਰਸ਼ੀਸ਼, ਕਿੱਤੀਮ ਅਤੇ ਦੋਦਾਨੀਮ ਸਨ ।5ਇਨ੍ਹਾਂ ਦੇ ਘਰਾਣੇ ਪਰਾਈਆਂ ਕੌਮਾਂ ਦੇ ਟਾਪੂਆਂ ਦੇ ਦੇਸ਼ਾਂ ਵਿੱਚ ਅਜਿਹੇ ਵੰਡੇ ਗਏ ਕਿ ਉਹ ਵੱਖ-ਵੱਖ ਭਾਸ਼ਾਵਾਂ, ਟੱਬਰਾਂ ਅਤੇ ਕੌਮਾਂ ਦੇ ਅਨੁਸਾਰ ਅਲੱਗ ਹੋ ਗਏ ।
6ਹਾਮ ਦੇ ਪੁੱਤਰ: ਕੂਸ਼, ਮਿਸਰਇਮ, ਪੂਟ ਅਤੇ ਕਨਾਨ ਸਨ ।7ਕੂਸ਼ ਦੇ ਪੁੱਤਰ ਸਬਾ, ਹਵੀਲਾਹ, ਸਬਤਾਹ, ਰਾਮਾਹ ਅਤੇ ਸਬਤਕਾ ਸਨ ਅਤੇ ਰਾਮਾਹ ਦੇ ਪੁੱਤਰ ਸਬਾ ਅਤੇ ਦਦਾਨ ਸਨ ।
8ਕੂਸ਼ ਤੋਂ ਨਿਮਰੋਦ ਜੰਮਿਆ । ਧਰਤੀ ਉੱਤੇ ਸਭ ਤੋਂ ਪਹਿਲਾ ਸੂਰਬੀਰ ਉਹ ਹੀ ਸੀ ।9ਉਹ ਯਹੋਵਾਹ ਦੇ ਅੱਗੇ ਇੱਕ ਬਲਵੰਤ ਸ਼ਿਕਾਰੀ ਸੀ । ਇਸ ਲਈ ਕਿਹਾ ਜਾਂਦਾ ਹੈ, ਨਿਮਰੋਦ ਵਰਗਾ ਯਹੋਵਾਹ ਦੇ ਅੱਗੇ ਬਲਵੰਤ ਸ਼ਿਕਾਰੀ ।10ਉਸ ਦੇ ਰਾਜ ਦਾ ਅਰੰਭ ਸ਼ਿਨਾਰ ਦੇ ਦੇਸ਼ ਵਿੱਚ ਬਾਬਲ, ਅਰਕ, ਅਕੱਦ, ਕਲਨੇਹ ਤੋਂ ਹੋਇਆ ਸੀ ।
11ਉਸ ਦੇਸ਼ ਤੋਂ ਨਿੱਕਲ ਕੇ ਉਹ ਅੱਸ਼ੂਰ ਨੂੰ ਗਿਆ ਅਤੇ ਨੀਨਵਾਹ, ਰਹੋਬੋਥ-ਈਰ ਅਤੇ ਕਾਲਹ,12ਅਤੇ ਨੀਨਵਾਹ ਅਤੇ ਕਾਲਹ ਦੇ ਵਿਚਕਾਰ ਰਸਨ ਨੂੰ ਜਿਹੜਾ ਵੱਡਾ ਸ਼ਹਿਰ ਹੈ, ਬਣਾਇਆ ।13ਮਿਸਰਇਮ ਲੂਦੀ, ਅਨਾਮੀ, ਲਬਾਹੀ, ਨਫ਼ਤੂਹੀ14ਅਤੇ ਪਤਰੂਸੀ, ਕੁਸਲੂਹੀ ਅਤੇ ਕਫ਼ਤੋਰੀ ਦਾ ਪਿਤਾ ਹੋਇਆ । (ਜਿਨ੍ਹਾਂ ਤੋਂ ਫ਼ਲਿਸਤੀ ਲੋਕ ਨਿੱਕਲੇ )
15ਕਨਾਨ ਦੇ ਵੰਸ਼ ਵਿੱਚ ਸੀਦੋਨ ਉਸ ਦਾ ਪਹਿਲੌਠਾ ਪੁੱਤਰ ਸੀ, ਤਦ ਹੇਥ,16ਯਬੂਸੀ, ਅਮੋਰੀ, ਗਿਰਗਾਸ਼ੀ,17ਹਿੱਵੀ, ਅਰਕੀ, ਸੀਨੀ,18ਅਰਵਾਦੀ, ਸਮਾਰੀ ਅਤੇ ਹਮਾਤੀ ਲੋਕ ਹੋਏ ਅਤੇ ਇਸ ਤੋਂ ਬਾਅਦ ਕਨਾਨੀਆਂ ਦੇ ਘਰਾਣੇ ਵੀ ਫੈਲ ਗਏ ।
19ਕਨਾਨੀਆਂ ਦੀ ਹੱਦ ਸੀਦੋਨ ਤੋਂ ਗਰਾਰ ਨੂੰ ਜਾਂਦੇ ਹੋਏ ਅੱਜ਼ਹ ਤੱਕ ਸੀ ਅਤੇ ਸਦੂਮ, ਅਮੂਰਾਹ, ਅਦਮਾਹ, ਸਬੋਈਮ ਨੂੰ ਜਾਂਦੇ ਹੋਏ ਲਾਸ਼ਾ ਤੱਕ ਸੀ ।20ਹਾਮ ਦੇ ਘਰਾਣੇ ਵਿੱਚ ਇਹ ਹੀ ਹੋਏ, ਅਤੇ ਇਹ ਵੱਖ-ਵੱਖ ਟੱਬਰਾਂ, ਭਾਸ਼ਾਵਾਂ, ਦੇਸ਼ਾਂ ਅਤੇ ਕੌਮਾਂ ਦੇ ਅਨੁਸਾਰ ਅਲੱਗ ਹੋ ਗਏ ।
21ਸ਼ੇਮ, ਜੋ ਸਾਰੇ ਏਬਰ ਦੇ ਵੰਸ਼ ਦਾ ਪੁਰਖਾ ਸੀ ਅਤੇ ਜੋ ਯਾਫ਼ਥ ਦਾ ਵੱਡਾ ਭਰਾ ਸੀ, ਉਸ ਦੇ ਵੀ ਪੁੱਤਰ ਜੰਮੇ ।22ਸ਼ੇਮ ਦੇ ਪੁੱਤਰ: ਏਲਾਮ, ਅੱਸ਼ੂਰ,ਅਰਪਕਸਦ, ਲੂਦ ਅਤੇ ਅਰਾਮ ਸਨ ।23ਅਰਾਮ ਦੇ ਪੁੱਤਰ: ਊਸ, ਹੂਲ, ਗਥਰ ਅਤੇ ਮਸ਼ ਸਨ ।
24ਅਰਪਕਸਦ ਤੋਂ ਸ਼ਾਲਹ, ਸ਼ਾਲਹ ਤੋਂ ਏਬਰ ਜੰਮੇ ।25ਏਬਰ ਦੇ ਦੋ ਪੁੱਤਰ ਜੰਮੇ, ਇੱਕ ਦਾ ਨਾਮ ਪੇਲੇਗ ਸੀ, ਕਿਉਂਕਿ ਉਹ ਦੇ ਦਿਨਾਂ ਵਿੱਚ ਧਰਤੀ ਵੰਡੀ ਗਈ ਅਤੇ ਉਸ ਦੇ ਭਰਾ ਦਾ ਨਾਮ ਯਾਕਟਾਨ ਸੀ ।
26ਯਾਕਟਾਨ ਤੋਂ ਅਲਮੋਦਾਦ, ਸਾਲਫ, ਹਸਰਮਾਵਤ, ਯਾਰਹ,27ਹਦੋਰਾਮ, ਊਜ਼ਾਲ, ਦਿਕਲਾਹ,28ਓਬਾਲ, ਅਬੀਮਾਏਲ, ਸ਼ਬਾ,29ਓਫਿਰ, ਹਵੀਲਾਹ ਅਤੇ ਯੋਬਾਬ ਜੰਮੇ । ਇਹ ਸਾਰੇ ਯਾਕਟਾਨ ਦੇ ਪੁੱਤਰ ਸਨ ।
30ਉਨ੍ਹਾਂ ਦਾ ਵਾਸ ਮੇਸ਼ਾ ਤੋਂ ਜਾਂਦੇ ਹੋਏ ਸਫ਼ਾਰ ਤੱਕ ਹੈ, ਜੋ ਪੂਰਬ ਦਾ ਇੱਕ ਪਹਾੜ ਹੈ ।31ਇਹ ਸ਼ੇਮ ਦੇ ਪੁੱਤਰ ਹਨ, ਅਤੇ ਉਹ ਵੱਖ-ਵੱਖ ਟੱਬਰਾਂ, ਭਾਸ਼ਾਵਾਂ, ਦੇਸ਼ਾਂ ਅਤੇ ਕੌਮਾਂ ਦੇ ਅਨੁਸਾਰ ਅਲੱਗ ਹੋ ਗਏ ।
32ਨੂਹ ਦੇ ਪੁੱਤਰਾਂ ਦੇ ਘਰਾਣੇ ਇਹ ਹੀ ਹਨ: ਉਨ੍ਹਾਂ ਦੀਆਂ ਕੌਮਾਂ ਦੇ ਅਨੁਸਾਰ ਉਨ੍ਹਾਂ ਦੀਆਂ ਵੰਸ਼ਾਵਲੀਆਂ ਇਹ ਹੀ ਹਨ । ਜਲ ਪਰਲੋ ਤੋਂ ਬਾਅਦ ਧਰਤੀ ਉੱਤੇ ਸਾਰੀਆਂ ਕੌਮਾਂ ਇਨ੍ਹਾਂ ਵਿੱਚੋਂ ਹੀ ਫੈਲ ਗਈਆਂ ।

11
ਮਨੁੱਖ ਦੀ ਭਾਸ਼ਾ ਦੇ ਵਿੱਚ ਗੜਬੜ ਹੋਣ ਦਾ ਵਰਣਨ

1ਸਾਰੀ ਧਰਤੀ ਉੱਤੇ ਇੱਕੋ ਹੀ ਬੋਲੀ ਅਤੇ ਇੱਕੋ ਹੀ ਭਾਸ਼ਾ ਸੀ ।2ਉਸ ਵੇਲੇ ਲੋਕਾਂ ਨੂੰ ਪੂਰਬ ਵੱਲ ਜਾਂਦੇ ਹੋਏ, ਇੱਕ ਮੈਦਾਨ ਸਿਨਾਰ ਦੇਸ਼ ਵਿੱਚ ਲੱਭਿਆ ਅਤੇ ਉੱਥੇ ਉਹ ਵੱਸ ਗਏ ।

3ਤਦ ਉਨ੍ਹਾਂ ਨੇ ਇੱਕ ਦੂਜੇ ਨੂੰ ਆਖਿਆ ਕਿ ਆਓ ਅਸੀਂ ਇੱਟਾਂ ਬਣਾਈਏ ਅਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਪਕਾਈਏ, ਉਨ੍ਹਾਂ ਕੋਲ ਪੱਥਰਾਂ ਦੀ ਥਾਂ ਇੱਟਾਂ ਅਤੇ ਚੂਨੇ ਦੀ ਥਾਂ ਗਾਰਾ ਸੀ ।4ਫਿਰ ਉਨ੍ਹਾਂ ਨੇ ਆਖਿਆ ਕਿ ਆਉ ਅਸੀਂ ਆਪਣੇ ਲਈ ਇੱਕ ਸ਼ਹਿਰ ਅਤੇ ਇੱਕ ਬੁਰਜ ਬਣਾਈਏ ਜਿਸ ਦੀ ਚੋਟੀ ਅਕਾਸ਼ ਤੱਕ ਹੋਵੇ ਅਤੇ ਅਜਿਹਾ ਕਰਕੇ ਅਸੀਂ ਨਾਮ ਕਮਾਈਏ ਅਜਿਹਾ ਨਾ ਹੋਵੇ ਜੋ ਅਸੀਂ ਸਾਰੀ ਧਰਤੀ ਉੱਤੇ ਖਿੰਡ ਜਾਈਏ ।
5ਜਦ ਲੋਕ ਉਸ ਸ਼ਹਿਰ ਅਤੇ ਬੁਰਜ ਨੂੰ ਬਣਾ ਰਹੇ ਸਨ ਤਦ ਯਹੋਵਾਹ ਉਸ ਨੂੰ ਵੇਖਣ ਲਈ ਉਤਰਿਆ ।6ਯਹੋਵਾਹ ਨੇ ਆਖਿਆ, ਵੇਖੋ, ਇਹ ਲੋਕ ਇੱਕ ਹਨ, ਇਹਨਾਂ ਸਾਰਿਆਂ ਦੀ ਬੋਲੀ ਵੀ ਇੱਕ ਹੈ ਅਤੇ ਇਹਨਾਂ ਨੇ ਇਸ ਕੰਮ ਨੂੰ ਅਰੰਭ ਕੀਤਾ ਹੈ, ਜੋ ਕੁਝ ਵੀ ਉਹ ਕਰਨ ਦਾ ਯਤਨ ਕਰਨਗੇ ਹੁਣ ਉਨ੍ਹਾਂ ਲਈ ਕੁਝ ਵੀ ਰੁਕਾਵਟ ਨਾ ਹੋਵੇਗੀ ।7ਇਸ ਲਈ ਆਓ ਅਸੀਂ ਉਤਰੀਏ, ਉਨ੍ਹਾਂ ਦੀ ਭਾਸ਼ਾ ਨੂੰ ਉਲਟ-ਪੁਲਟ ਕਰ ਦੇਈਏ ਤਾਂ ਜੋ ਉਹ ਇੱਕ ਦੂਜੇ ਦੀ ਭਾਸ਼ਾ ਨਾ ਸਮਝ ਸਕਣ ।
8ਇਸ ਤਰ੍ਹਾਂ ਯਹੋਵਾਹ ਨੇ ਉਨ੍ਹਾਂ ਨੂੰ ਉੱਥੋਂ ਸਾਰੀ ਧਰਤੀ ਉੱਤੇ ਖਿੰਡਾ ਦਿੱਤਾ । ਇਸ ਲਈ ਉਹਨਾਂ ਨੇ ਉਸ ਸ਼ਹਿਰ ਦਾ ਨਿਰਮਾਣ ਕਰਨਾ ਬੰਦ ਕਰ ਦਿੱਤਾ ।9ਇਸ ਕਾਰਨ ਉਨ੍ਹਾਂ ਨੇ ਉਸ ਨਗਰ ਦਾ ਨਾਮ ਬਾਬਲ ਰੱਖਿਆ ਕਿਉਂਕਿ ਉੱਥੇ ਯਹੋਵਾਹ ਨੇ ਸਾਰੀ ਧਰਤੀ ਦੀ ਭਾਸ਼ਾ ਉਲਟ-ਪੁਲਟ ਕਰ ਦਿੱਤੀ ਅਤੇ ਉੱਥੋਂ ਯਹੋਵਾਹ ਨੇ ਉਨ੍ਹਾਂ ਨੂੰ ਸਾਰੀ ਧਰਤੀ ਉੱਤੇ ਖਿੰਡਾ ਦਿੱਤਾ ।
ਸ਼ੇਮ ਦੀ ਵੰਸ਼ਾਵਲੀ
(1 ਇਤਿਹਾਸ 1:24 – 27)

10ਇਹ ਸ਼ੇਮ ਦੀ ਵੰਸ਼ਾਵਲੀ ਹੈ । ਸ਼ੇਮ ਸੌ ਸਾਲ ਦਾ ਸੀ ਅਤੇ ਜਲ ਪਰਲੋ ਤੋਂ ਦੋ ਸਾਲ ਬਾਅਦ ਉਸ ਤੋਂ ਅਰਪਕਸਦ ਜੰਮਿਆ ।11ਅਰਪਕਸਦ ਦੇ ਜਨਮ ਤੋਂ ਬਾਅਦ, ਸ਼ੇਮ ਪੰਜ ਸੌ ਸਾਲਾਂ ਤੱਕ ਜੀਉਂਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਧੀਆਂ ਜੰਮੇ ।
12ਜਦ ਅਰਪਕਸਦ ਪੈਂਤੀਆਂ ਸਾਲਾਂ ਦਾ ਹੋਇਆ ਤਾਂ ਉਸ ਤੋਂ ਸ਼ਲਹ ਜੰਮਿਆ ।13ਅਤੇ ਅਰਪਕਸਦ ਸ਼ਲਹ ਦੇ ਜਨਮ ਤੋਂ ਬਾਅਦ ਚਾਰ ਸੌ ਤਿੰਨ ਸਾਲ ਤੱਕ ਜੀਉਂਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਧੀਆਂ ਜੰਮੇ ।
14ਜਦ ਸ਼ਲਹ ਤੀਹ ਸਾਲ ਦਾ ਹੋਇਆ ਤਾਂ ਏਬਰ ਜੰਮਿਆ ।15ਸ਼ਲਹ ਏਬਰ ਦੇ ਜਨਮ ਤੋਂ ਬਾਅਦ ਚਾਰ ਸੌ ਤਿੰਨ ਸਾਲ ਤੱਕ ਜੀਉਂਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਧੀਆਂ ਜੰਮੇ ।
16ਅਤੇ ਏਬਰ ਚੌਂਤੀ ਸਾਲ ਦਾ ਹੋਇਆ ਤਾਂ ਉਸ ਤੋਂ ਪੇਲੇਗ ਜੰਮਿਆ ।17ਏਬਰ ਪੇਲੇਗ ਦੇ ਜਨਮ ਤੋਂ ਬਾਅਦ ਚਾਰ ਸੌ ਤੀਹ ਸਾਲ ਤੱਕ ਜੀਉਂਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਧੀਆਂ ਜੰਮੇ ।
18ਜਦ ਪੇਲੇਗ ਤੀਹ ਸਾਲ ਦਾ ਹੋਇਆ ਤਾਂ ਉਸ ਤੋਂ ਰਊ ਜੰਮਿਆ ।19ਪੇਲੇਗ ਰਊ ਦੇ ਜਨਮ ਤੋਂ ਬਾਅਦ ਦੋ ਸੌ ਨੌ ਸਾਲ ਤੱਕ ਜੀਉਂਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਧੀਆਂ ਜੰਮੇ ।
20ਰਊ ਬੱਤੀ ਸਾਲ ਦਾ ਹੋਇਆ ਤਾਂ ਉਸ ਤੋਂ ਸਰੂਗ ਜੰਮਿਆ ।21ਰਊ ਸਰੂਗ ਦੇ ਜਨਮ ਤੋਂ ਬਾਅਦ ਦੋ ਸੌ ਸੱਤ ਸਾਲ ਤੱਕ ਜੀਉਂਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਧੀਆਂ ਜੰਮੇ ।
22ਜਦ ਸਰੂਗ ਤੀਹ ਸਾਲ ਦਾ ਹੋਇਆ ਤਾਂ ਉਸ ਤੋਂ ਨਾਹੋਰ ਜੰਮਿਆ ।23ਸਰੂਗ ਨਾਹੋਰ ਦੇ ਜਨਮ ਤੋਂ ਬਾਅਦ ਦੋ ਸੌ ਸਾਲ ਤੱਕ ਜੀਉਂਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਧੀਆਂ ਜੰਮੇ ।
24ਜਦ ਨਾਹੋਰ ਉਨੱਤੀ ਸਾਲ ਦਾ ਹੋਇਆ ਤਾਂ ਉਸ ਤੋਂ ਤਾਰਹ ਜੰਮਿਆ ।25ਨਾਹੋਰ ਤਾਰਹ ਦੇ ਜਨਮ ਤੋਂ ਬਾਅਦ ਇੱਕ ਸੌ ਉੱਨੀ ਸਾਲ ਤੱਕ ਜੀਉਂਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਧੀਆਂ ਜੰਮੇ ।26ਤਾਰਹ ਸੱਤਰ ਸਾਲ ਦਾ ਹੋਇਆ ਤਾਂ ਉਸ ਤੋਂ ਅਬਰਾਮ, ਨਾਹੋਰ ਅਤੇ ਹਾਰਾਨ ਜੰਮੇ ।
ਤਾਰਹ ਦੀ ਵੰਸ਼ਾਵਲੀ

27ਇਹ ਤਾਰਹ ਦੀ ਵੰਸ਼ਾਵਲੀ ਹੈ । ਤਾਰਹ ਤੋਂ ਅਬਰਾਮ, ਨਾਹੋਰ ਅਤੇ ਹਾਰਾਨ ਜੰਮੇ ਅਤੇ ਹਾਰਾਨ ਤੋਂ ਲੂਤ ਜੰਮਿਆ ।28ਹਾਰਾਨ ਆਪਣੀ ਜਨਮ ਭੂਮੀ ਅਰਥਾਤ ਕਸਦੀਆਂ ਦੇ ਊਰ ਨਗਰ ਵਿੱਚ ਮਰ ਗਿਆ ਜਦ ਕਿ ਉਸਦਾ ਪਿਤਾ ਤਾਰਹ ਅਜੇ ਜਿਉਂਦਾ ਸੀ ।
29ਅਬਰਾਮ ਅਤੇ ਨਾਹੋਰ ਦੋਵਾਂ ਨੇ ਵਿਆਹ ਕਰ ਲਿਆ । ਅਬਰਾਮ ਦੀ ਪਤਨੀ ਦਾ ਨਾਮ ਸਾਰਈ ਸੀ ਅਤੇ ਨਾਹੋਰ ਦੀ ਪਤਨੀ ਦਾ ਨਾਮ ਮਿਲਕਾਹ ਸੀ, ਜਿਹੜੀ ਹਾਰਾਨ ਦੀ ਧੀ ਸੀ ਜੋ ਮਿਲਕਾਹ ਅਤੇ ਯਿਸਕਾਹ ਦਾ ਪਿਤਾ ਸੀ ।30ਪਰ ਸਾਰਈ ਬਾਂਝ ਸੀ, ਉਸ ਦੇ ਕੋਈ ਬੱਚਾ ਨਹੀਂ ਸੀ ।
31ਤਾਰਹ ਆਪਣੇ ਪੁੱਤਰ ਅਬਰਾਮ ਤੇ ਆਪਣੇ ਪੋਤੇ ਲੂਤ, ਜੋ ਹਾਰਾਨ ਦਾ ਪੁੱਤਰ ਸੀ, ਆਪਣੀ ਨੂੰਹ ਸਾਰਈ, ਜੋ ਅਬਰਾਮ ਦੀ ਪਤਨੀ ਸੀ, ਇਹਨਾਂ ਸਾਰਿਆਂ ਨੂੰ ਲੈ ਕੇ ਕਸਦੀਮ ਦੇ ਊਰ ਨਗਰ ਤੋਂ ਨਿਕਲ ਕੇ ਕਨਾਨ ਦੇਸ਼ ਨੂੰ ਜਾਣ ਲਈ ਨਿੱਕਲਿਆ; ਪਰ ਓਹ ਹਾਰਾਨ ਵਿੱਚ ਆ ਕੇ ਉੱਥੇ ਵੱਸ ਗਏ ।32ਜਦ ਤਾਰਹ ਦੀ ਉਮਰ ਦੋ ਸੌ ਪੰਜ ਸਾਲ ਦੀ ਸੀ ਤਦ ਉਹ ਹਾਰਾਨ ਦੇਸ਼ ਵਿੱਚ ਮਰ ਗਿਆ ।

12
ਪਰਮੇਸ਼ੁਰ ਦੇ ਵੱਲੋਂ ਅਬਰਾਮ ਨੂੰ ਬੁਲਾਏ ਜਾਣ ਦਾ ਵਰਣਨ

1ਤਦ ਯਹੋਵਾਹ ਨੇ ਅਬਰਾਮ ਨੂੰ ਆਖਿਆ, ਤੂੰ ਆਪਣੇ ਦੇਸ਼, ਆਪਣੇ ਲੋਕ, ਅਤੇ ਆਪਣੇ ਪਿਤਾ ਦੇ ਘਰ ਨੂੰ ਛੱਡ ਕੇ ਉਸ ਦੇਸ਼ ਨੂੰ ਚੱਲਿਆ ਜਾ ਜੋ ਮੈਂ ਤੈਨੂੰ ਵਿਖਾਵਾਂਗਾ ।2ਮੈਂ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ ਅਤੇ ਮੈਂ ਤੈਨੂੰ ਅਸੀਸ ਦਿਆਂਗਾ ਅਤੇ ਮੈਂ ਤੇਰਾ ਨਾਮ ਵੱਡਾ ਕਰਾਂਗਾ ਅਤੇ ਤੂੰ ਬਰਕਤ ਦਾ ਕਾਰਨ ਹੋਵੇਂਗਾ ।3ਜੋ ਤੈਨੂੰ ਅਸੀਸ ਦੇਣ, ਉਨ੍ਹਾਂ ਨੂੰ ਮੈਂ ਅਸੀਸ ਦਿਆਂਗਾ ਅਤੇ ਜੋ ਤੈਨੂੰ ਸਰਾਪ ਦੇਣ, ਉਨ੍ਹਾਂ ਨੂੰ ਮੈਂ ਸਰਾਪ ਦਿਆਂਗਾ ਅਤੇ ਤੇਰੇ ਕਾਰਨ ਸਰਿਸ਼ਟੀ ਦੇ ਸਾਰੇ ਘਰਾਣੇ ਮੁਬਾਰਕ ਹੋਣਗੇ ।

4ਸੋ ਯਹੋਵਾਹ ਦੇ ਬਚਨ ਅਨੁਸਾਰ ਅਬਰਾਮ ਚੱਲਿਆ ਅਤੇ ਲੂਤ ਵੀ ਉਹ ਦੇ ਨਾਲ ਚੱਲਿਆ । ਜਦੋਂ ਅਬਰਾਮ ਹਾਰਾਨ ਦੇਸ਼ ਤੋਂ ਨਿੱਕਲਿਆ, ਉਸ ਸਮੇਂ ਉਹ ਪੰਝੱਤਰ ਸਾਲ ਦਾ ਸੀ ।5ਇਸ ਤਰ੍ਹਾਂ ਅਬਰਾਮ ਆਪਣੀ ਪਤਨੀ ਸਾਰਈ, ਆਪਣੇ ਭਤੀਜੇ ਲੂਤ ਅਤੇ ਉਸ ਸਾਰੇ ਧਨ ਨੂੰ ਜੋ ਉਨ੍ਹਾਂ ਨੇ ਇਕੱਠਾ ਕੀਤਾ ਸੀ ਅਤੇ ਉਨ੍ਹਾਂ ਜੀਵਾਂ ਨੂੰ ਜਿਨ੍ਹਾਂ ਨੂੰ ਉਨ੍ਹਾਂ ਨੇ ਹਾਰਾਨ ਵਿੱਚ ਪ੍ਰਾਪਤ ਕੀਤਾ ਸੀ, ਲੈ ਕੇ ਕਨਾਨ ਦੇਸ਼ ਨੂੰ ਜਾਣ ਲਈ ਨਿੱਕਲਿਆ ਅਤੇ ਉਹ ਕਨਾਨ ਦੇਸ਼ ਵਿੱਚ ਆ ਗਏ ।
6ਅਬਰਾਮ ਉਸ ਦੇਸ਼ ਵਿੱਚੋਂ ਲੰਘਦੇ ਹੋਏ ਸ਼ਕਮ ਨੂੰ ਜਿੱਥੇ ਮੋਰਹ ਦੇ ਬਲੂਤ ਹਨ, ਪਹੁੰਚ ਗਿਆ । ਉਸ ਸਮੇਂ ਉੱਥੇ ਕਨਾਨੀ ਲੋਕ ਰਹਿੰਦੇ ਸਨ ।7ਤਦ ਯਹੋਵਾਹ ਨੇ ਅਬਰਾਮ ਨੂੰ ਦਰਸ਼ਨ ਦੇ ਕੇ ਆਖਿਆ, ਇਹ ਦੇਸ਼ ਮੈਂ ਤੇਰੀ ਅੰਸ ਨੂੰ ਦਿਆਂਗਾ । ਤਦ ਅਬਰਾਮ ਨੇ ਉੱਥੇ ਯਹੋਵਾਹ ਲਈ ਇੱਕ ਜਗਵੇਦੀ ਬਣਾਈ, ਜਿਸ ਨੇ ਉਹ ਨੂੰ ਦਰਸ਼ਨ ਦਿੱਤਾ ਸੀ ।
8ਤਦ ਉੱਥੋਂ ਉਹ ਇੱਕ ਪਹਾੜ ਨੂੰ ਆਇਆ ਜੋ ਬੈਤ-ਏਲ ਤੋਂ ਪੂਰਬ ਵੱਲ ਹੈ, ਅਤੇ ਉੱਥੇ ਜਾ ਕੇ ਆਪਣਾ ਤੰਬੂ ਲਾਇਆ । ਜਿੱਥੋਂ ਪੱਛਮ ਵੱਲ ਬੈਤ-ਏਲ ਅਤੇ ਪੂਰਬ ਵੱਲ ਅਈ ਹੈ, ਉੱਥੇ ਵੀ ਉਸ ਨੇ ਯਹੋਵਾਹ ਲਈ ਇੱਕ ਜਗਵੇਦੀ ਬਣਾਈ ਅਤੇ ਯਹੋਵਾਹ ਨੂੰ ਪੁਕਾਰਿਆ ।9ਅਬਰਾਮ ਸਫ਼ਰ ਕਰਦਾ-ਕਰਦਾ ਦੱਖਣ ਵੱਲ ਤੁਰਦਾ ਗਿਆ ।
ਮਿਸਰ ਦੇਸ ਵਿੱਚ ਅਬਰਾਮ

10ਫੇਰ ਉਸ ਦੇਸ਼ ਵਿੱਚ ਕਾਲ ਪੈ ਗਿਆ । ਇਸ ਲਈ ਅਬਰਾਮ ਪਰਦੇਸੀ ਹੋ ਕੇ ਮਿਸਰ ਵਿੱਚ ਰਹਿਣ ਲਈ ਗਿਆ, ਕਿਉਂਕਿ ਉਸ ਦੇਸ਼ ਵਿੱਚ ਭਿਅੰਕਰ ਕਾਲ ਪਿਆ ਸੀ ।11ਜਦ ਉਹ ਮਿਸਰ ਵਿੱਚ ਪਹੁੰਚਣ ਵਾਲਾ ਸੀ ਤਾਂ ਉਸ ਨੇ ਆਪਣੀ ਪਤਨੀ ਸਾਰਈ ਨੂੰ ਆਖਿਆ, ਵੇਖ ਮੈਂ ਜਾਣਦਾ ਹਾਂ ਕਿ ਤੂੰ ਇੱਕ ਸੋਹਣੀ ਇਸਤਰੀ ਹੈਂ,12ਜਦ ਮਿਸਰੀ ਤੈਨੂੰ ਵੇਖਣਗੇ ਤਦ ਉਹ ਕਹਿਣਗੇ ਕਿ ਇਹ ਉਸ ਦੀ ਪਤਨੀ ਹੈ, ਇਸ ਕਾਰਨ ਉਹ ਮੈਨੂੰ ਮਾਰ ਸੁੱਟਣਗੇ ਪਰ ਤੈਨੂੰ ਜੀਉਂਦੀ ਰੱਖ ਲੈਣਗੇ ।13ਇਸ ਲਈ ਤੂੰ ਆਖੀਂ ਕਿ ਮੈਂ ਉਸ ਦੀ ਭੈਣ ਹਾਂ, ਤਾਂ ਜੋ ਮੇਰਾ ਭਲਾ ਹੋਵੇ ਅਤੇ ਮੇਰੀ ਜਾਨ ਤੇਰੇ ਕਾਰਨ ਬਚ ਜਾਵੇ ।
14ਫਿਰ ਜਦ ਅਬਰਾਮ ਮਿਸਰ ਵਿੱਚ ਆਇਆ ਤਾਂ ਮਿਸਰੀਆਂ ਨੇ ਉਸ ਦੀ ਪਤਨੀ ਨੂੰ ਵੇਖਿਆ ਕਿ ਉਹ ਬਹੁਤ ਸੋਹਣੀ ਹੈ ।15ਤਦ ਫ਼ਿਰਾਊਨ ਦੇ ਹਾਕਮਾਂ ਨੇ ਉਸ ਨੂੰ ਵੇਖ ਕੇ, ਫ਼ਿਰਾਊਨ ਦੇ ਅੱਗੇ ਉਸ ਦੀ ਵਡਿਆਈ ਕੀਤੀ, ਤਦ ਉਹ ਇਸਤਰੀ ਫ਼ਿਰਾਊਨ ਦੇ ਘਰ ਵਿੱਚ ਪਹੁੰਚਾਈ ਗਈ ।16ਤਦ ਫ਼ਿਰਊਨ ਨੇ ਅਬਰਾਮ ਨਾਲ ਉਹ ਦੇ ਕਾਰਨ ਭਲਿਆਈ ਕੀਤੀ । ਇਸ ਲਈ ਉਸ ਦੇ ਕੋਲ ਇੱਜੜ, ਗਾਈਆਂ-ਬਲਦ, ਗਧੇ-ਗਧੀਆਂ, ਦਾਸ-ਦਾਸੀਆਂ ਅਤੇ ਊਠ ਹੋ ਗਏ ।
17ਪਰ ਯਹੋਵਾਹ ਨੇ ਫ਼ਿਰਾਊਨ ਅਤੇ ਉਹ ਦੇ ਘਰਾਣੇ ਉੱਤੇ ਅਬਰਾਮ ਦੀ ਪਤਨੀ ਸਾਰਈ ਦੇ ਕਾਰਨ ਵੱਡੀਆਂ ਬਵਾਂ ਪਾਈਆਂ ।18ਤਦ ਫ਼ਿਰਾਊਨ ਨੇ ਅਬਰਾਮ ਨੂੰ ਬੁਲਾ ਕੇ ਆਖਿਆ, ਤੂੰ ਮੇਰੇ ਨਾਲ ਇਹ ਕੀ ਕੀਤਾ ਹੈ ? ਤੂੰ ਮੈਨੂੰ ਕਿਉਂ ਨਹੀਂ ਦੱਸਿਆ ਕਿ ਇਹ ਤੇਰੀ ਪਤਨੀ ਹੈ ?19ਤੂੰ ਮੈਨੂੰ ਕਿਉਂ ਆਖਿਆ ਕਿ ਇਹ ਮੇਰੀ ਭੈਣ ਹੈ ? ਤਦ ਹੀ ਮੈਂ ਉਸ ਨੂੰ ਆਪਣੀ ਪਤਨੀ ਬਣਾਉਣ ਲਈ ਲਿਆ । ਹੁਣ ਆਪਣੀ ਪਤਨੀ ਨੂੰ ਲੈ ਅਤੇ ਜਾ ।20ਤਦ ਫ਼ਿਰਾਊਨ ਨੇ ਆਪਣੇ ਆਦਮੀਆਂ ਨੂੰ ਉਸ ਵਿਖੇ ਹੁਕਮ ਦਿੱਤਾ, ਤਦ ਉਨ੍ਹਾਂ ਨੇ ਅਬਰਾਮ ਅਤੇ ਉਸ ਦੀ ਪਤਨੀ ਨੂੰ ਅਤੇ ਜੋ ਕੁਝ ਉਸ ਦਾ ਸੀ, ਉਸ ਨੂੰ ਦੇ ਕੇ ਉੱਥੋਂ ਤੋਰ ਦਿੱਤਾ ।

13
ਅਬਰਾਮ ਅਤੇ ਲੂਤ ਦੇ ਅਲੱਗ ਹੋਣ ਦਾ ਵਰਣਨ

1ਤਦ ਅਬਰਾਮ ਆਪਣੀ ਪਤਨੀ ਅਤੇ ਸਭ ਕੁਝ ਜੋ ਉਹ ਦੇ ਕੋਲ ਸੀ ਅਤੇ ਲੂਤ ਨੂੰ ਵੀ ਆਪਣੇ ਨਾਲ ਲੈ ਕੇ ਮਿਸਰ ਤੋਂ ਕਨਾਨ ਦੇ ਦੱਖਣ ਵੱਲ ਗਿਆ ।2ਅਬਰਾਮ ਪਸ਼ੂਆਂ ਅਤੇ ਸੋਨੇ ਚਾਂਦੀ ਵਿੱਚ ਵੱਡਾ ਧਨਵਾਨ ਸੀ ।

3ਉਹ ਦੱਖਣ ਤੋਂ ਸਫ਼ਰ ਕਰਦਾ ਬੈਤ-ਏਲ ਦੀ ਉਸ ਥਾਂ ਤੱਕ ਪਹੁੰਚਿਆ ਜਿੱਥੇ ਉਸ ਨੇ ਪਹਿਲਾਂ ਆਪਣਾ ਤੰਬੂ ਬੈਤ-ਏਲ ਅਤੇ ਅਈ ਦੇ ਵਿਚਕਾਰ ਲਾਇਆ ਸੀ ।4ਇਹ ਸਥਾਨ ਉਸ ਜਗਵੇਦੀ ਦਾ ਹੈ, ਜੋ ਉਸ ਨੇ ਪਹਿਲਾਂ ਬਣਾਈ ਸੀ ਅਤੇ ਉੱਥੇ ਅਬਰਾਮ ਨੇ ਯਹੋਵਾਹ ਨੂੰ ਪੁਕਾਰਿਆ ਸੀ ।
5ਲੂਤ ਦੇ ਕੋਲ ਵੀ ਜਿਹੜਾ ਅਬਰਾਮ ਨਾਲ ਚੱਲਦਾ ਸੀ, ਇੱਜੜ, ਗਾਈਆਂ-ਬਲਦ ਅਤੇ ਤੰਬੂ ਸਨ ।6ਇਸ ਲਈ ਉਸ ਦੇਸ਼ ਵਿੱਚ ਉਨ੍ਹਾਂ ਦੋਵਾਂ ਦੇ ਇਕੱਠੇ ਰਹਿਣ ਲਈ ਸਥਾਨ ਨਹੀਂ ਸੀ ਕਿਉਂਕਿ ਉਨ੍ਹਾਂ ਕੋਲ ਇੰਨ੍ਹਾਂ ਮਾਲ-ਧਨ ਸੀ ਕਿ ਉਹ ਇਕੱਠੇ ਨਹੀਂ ਰਹਿ ਸਕਦੇ ਸਨ ।7ਅਬਰਾਮ ਅਤੇ ਲੂਤ ਦੇ ਆਜੜੀਆਂ ਵਿਚਕਾਰ ਝਗੜਾ ਹੋ ਗਿਆ । ਉਸ ਸਮੇਂ ਕਨਾਨੀ ਅਤੇ ਪਰਿੱਜੀ ਲੋਕ ਉਸ ਦੇਸ਼ ਵਿੱਚ ਵੱਸਦੇ ਸਨ ।
8ਅਬਰਾਮ ਨੇ ਲੂਤ ਨੂੰ ਆਖਿਆ, ਮੇਰੇ ਅਤੇ ਤੇਰੇ ਵਿੱਚ, ਅਤੇ ਮੇਰੇ ਅਤੇ ਤੇਰੇ ਆਜੜੀਆਂ ਵਿੱਚ ਝਗੜਾ ਨਹੀਂ ਹੋਣਾ ਚਾਹੀਦਾ, ਕਿਉਂ ਜੋ ਅਸੀਂ ਭਰਾ ਹਾਂ । ਭਲਾ, ਸਾਰਾ ਦੇਸ਼ ਤੇਰੇ ਅੱਗੇ ਨਹੀਂ ਹੈ ?9ਇਸ ਲਈ ਮੈਥੋਂ ਵੱਖਰਾ ਹੋ ਜਾ । ਜੇ ਤੂੰ ਖੱਬੇ ਪਾਸੇ ਜਾਵੇਂ, ਤਾਂ ਮੈਂ ਸੱਜੇ ਪਾਸੇ ਜਾਂਵਾਂਗਾ ਅਤੇ ਜੇ ਤੂੰ ਸੱਜੇ ਪਾਸੇ ਜਾਵੇਂ, ਤਾਂ ਮੈਂ ਖੱਬੇ ਪਾਸੇ ਜਾਂਵਾਂਗਾ ।
10ਤਦ ਲੂਤ ਨੇ ਆਪਣੀਆਂ ਅੱਖਾਂ ਚੁੱਕ ਕੇ ਯਰਦਨ ਨਦੀ ਦੇ ਸਾਰੇ ਮੈਦਾਨ ਨੂੰ ਵੇਖਿਆ ਕਿ ਉਹ ਸਾਰਾ ਸਿੰਜਿਆ ਹੋਇਆ ਸੀ । ਇਸ ਤੋਂ ਪਹਿਲਾਂ ਕਿ ਯਹੋਵਾਹ ਨੇ ਸਦੂਮ ਅਤੇ ਅਮੂਰਾਹ ਨੂੰ ਨਾਸ਼ ਕੀਤਾ, ਤਦ ਤੱਕ ਉਹ ਯਹੋਵਾਹ ਦੇ ਬਾਗ਼ ਵਰਗਾ ਸੀ ਸਗੋਂ ਸੋਆਰ ਨੂੰ ਜਾਂਦੇ ਹੋਏ ਮਿਸਰ ਦੇਸ਼ ਵਰਗਾ ਉਪਜਾਊ ਸੀ ।11ਇਸ ਲਈ ਲੂਤ ਨੇ ਆਪਣੇ ਲਈ ਯਰਦਨ ਦਾ ਸਾਰਾ ਮੈਦਾਨ ਚੁਣ ਲਿਆ ਅਤੇ ਪੂਰਬ ਵੱਲ ਚੱਲਿਆ ਗਿਆ ਅਤੇ ਉਹ ਇੱਕ ਦੂਜੇ ਤੋਂ ਅਲੱਗ ਹੋ ਗਏ ।
12ਅਬਰਾਮ ਕਨਾਨ ਦੇਸ਼ ਵਿੱਚ ਵੱਸਿਆ ਪਰ ਲੂਤ ਉਸ ਮੈਦਾਨ ਦੇ ਨਗਰਾਂ ਵਿੱਚ ਵੱਸਿਆ ਅਤੇ ਸਦੂਮ ਦੇ ਕੋਲ ਆਪਣਾ ਤੰਬੂ ਲਾਇਆ ।13ਸਦੂਮ ਦੇ ਲੋਕ ਯਹੋਵਾਹ ਦੇ ਅੱਗੇ ਵੱਡੇ ਦੁਸ਼ਟ ਅਤੇ ਮਹਾਂ ਪਾਪੀ ਸਨ ।
ਅਬਰਾਮ ਹਬਰੋਨ ਨੂੰ ਜਾਂਦਾ ਹੈ

14ਜਦ ਅਬਰਾਮ ਲੂਤ ਤੋਂ ਅਲੱਗ ਹੋ ਗਿਆ ਤਾਂ ਯਹੋਵਾਹ ਨੇ ਅਬਰਾਮ ਨੂੰ ਆਖਿਆ, ਆਪਣੀਆਂ ਅੱਖਾਂ ਚੁੱਕ ਕੇ ਇਸ ਸਥਾਨ ਤੋਂ ਜਿੱਥੇ ਤੂੰ ਹੁਣ ਹੈਂ, ਉੱਤਰ-ਦੱਖਣ ਅਤੇ ਪੂਰਬ-ਪੱਛਮ ਵੱਲ ਵੇਖ,15ਕਿਉਂਕਿ ਇਹ ਸਾਰੀ ਧਰਤੀ ਜੋ ਤੂੰ ਵੇਖਦਾ ਹੈਂ, ਮੈਂ ਤੈਨੂੰ ਅਤੇ ਤੇਰੀ ਅੰਸ ਨੂੰ ਸਦਾ ਲਈ ਦੇ ਦਿਆਂਗਾ ।
16ਮੈਂ ਤੇਰੀ ਅੰਸ ਧਰਤੀ ਦੀ ਧੂੜ ਵਰਗੀ ਅਜਿਹੀ ਵਧਾਵਾਂਗਾ ਕਿ ਜੇ ਕੋਈ ਮਨੁੱਖ ਧਰਤੀ ਦੀ ਧੂੜ ਨੂੰ ਗਿਣ ਸਕੇ, ਤਾਂ ਉਹ ਤੇਰੀ ਅੰਸ ਨੂੰ ਵੀ ਗਿਣ ਸਕੇਗਾ ।17ਉੱਠ ਅਤੇ ਇਸ ਦੇਸ਼ ਦੀ ਲੰਬਾਈ ਚੌੜਾਈ ਵਿੱਚ ਤੁਰ ਫਿਰ ਕਿਉਂ ਜੋ ਮੈਂ ਇਹ ਤੈਨੂੰ ਦੇ ਦਿਆਂਗਾ ।18ਇਸ ਤੋਂ ਬਾਅਦ ਅਬਰਾਮ ਨੇ ਆਪਣਾ ਤੰਬੂ ਪੁੱਟਿਆ ਅਤੇ ਮਮਰੇ ਦੇ ਬਲੂਤਾਂ ਕੋਲ, ਜਿਹੜੇ ਹਬਰੋਨ ਵਿੱਚ ਹਨ, ਜਾ ਵੱਸਿਆ ਅਤੇ ਉੱਥੇ ਉਸ ਨੇ ਯਹੋਵਾਹ ਲਈ ਇੱਕ ਜਗਵੇਦੀ ਬਣਾਈ ।

14
ਅਬਰਾਮ ਲੂਤ ਨੂੰ ਛੁਡਾਉਂਦਾ ਹੈ

1ਸਿਨਾਰ ਦੇ ਰਾਜਾ ਅਮਰਾਫ਼ਲ, ਅੱਲਾਸਾਰ ਦੇ ਰਾਜਾ ਅਰਯੋਕ, ਏਲਾਮ ਦੇ ਰਾਜਾ ਕਦਾਰਲਾਓਮਰ ਅਤੇ ਗੋਈਮ ਦੇ ਰਾਜਾ ਤਿਦਾਲ ਦੇ ਦਿਨਾਂ ਵਿੱਚ ਅਜਿਹਾ ਹੋਇਆ2ਕਿ ਇਨ੍ਹਾਂ ਨੇ ਸਦੂਮ ਦੇ ਰਾਜਾ ਬਰਾ, ਅਮੂਰਾਹ ਦੇ ਰਾਜਾ ਬਿਰਸਾ, ਅਦਮਾਹ ਦੇ ਰਾਜਾ ਸਿਨਾਬ, ਸਬੋਈਮ ਦੇ ਰਾਜਾ ਸਮੇਬਰ ਅਤੇ ਬਲਾ ਅਰਥਾਤ ਸੋਆਰ ਦੇ ਰਾਜਾ ਨਾਲ ਯੁੱਧ ਕੀਤਾ ।

3ਇਹ ਸਾਰੇ ਸਿੱਦੀਮ ਦੀ ਘਾਟੀ ਵਿੱਚ ਜੋ ਖਾਰਾ ਸਮੁੰਦਰ ਹੈ, ਇਕੱਠੇ ਹੋਏ ।4ਬਾਰਾਂ ਸਾਲ ਤੱਕ ਉਹ ਕਦਾਰਲਾਓਮਰ ਦੇ ਅਧੀਨ ਰਹੇ ਪਰ ਤੇਰ੍ਹਵੇਂ ਸਾਲ ਵਿੱਚ ਵਿਦਰੋਹੀ ਹੋ ਗਏ ।5ਚੌਧਵੇਂ ਸਾਲ ਵਿੱਚ ਕਦਾਰਲਾਓਮਰ ਅਤੇ ਉਹ ਰਾਜੇ ਜੋ ਉਹ ਦੇ ਨਾਲ ਆਏ ਸਨ, ਅਤੇ ਉਨ੍ਹਾਂ ਨੇ ਰਫ਼ਾਈਆਂ ਨੂੰ, ਅਸਤਰੋਥ ਕਰਨਇਮ ਵਿੱਚ ਅਤੇ ਜ਼ੂਜ਼ੀਆਂ ਨੂੰ ਹਾਮ ਵਿੱਚ, ਅਤੇ ਏਮੀਆਂ ਨੂੰ ਸਾਵੇਹ ਕਿਰਯਾਤਇਮ ਵਿੱਚ,6ਅਤੇ ਹੋਰੀਆਂ ਨੂੰ ਉਨ੍ਹਾਂ ਦੇ ਪਹਾੜ ਸੇਈਰ ਵਿੱਚ ਏਲ-ਪਾਰਾਨ ਤੱਕ, ਜੋ ਉਜਾੜ ਕੋਲ ਹੈ, ਮਾਰਿਆ ।
7ਉਹ ਉੱਥੋਂ ਮੁੜ ਕੇ ਏਨ ਮਿਸਪਾਟ ਅਰਥਾਤ ਕਾਦੇਸ਼ ਨੂੰ ਆਏ ਅਤੇ ਉਨ੍ਹਾਂ ਨੇ ਅਮਾਲੇਕੀਆਂ ਦੇ ਸਾਰੇ ਦੇਸ਼ ਨੂੰ, ਅਤੇ ਅਮੋਰੀਆਂ ਨੂੰ ਵੀ ਜੋ ਹਸਿਸੋਨ ਤਾਮਰ ਵਿੱਚ ਵੱਸਦੇ ਸਨ, ਮਾਰਿਆ ।8ਤਦ ਸਦੂਮ, ਅਮੂਰਾਹ, ਅਦਮਾਹ, ਸਬੋਈਮ, ਬਲਾ ਅਰਥਾਤ ਸੋਆਰ ਦੇ ਰਾਜੇ ਨਿੱਕਲੇ ਅਤੇ ਉਨ੍ਹਾਂ ਨਾਲ ਸਿੱਦੀਮ ਦੀ ਘਾਟੀ ਵਿੱਚ ਲੜਨ ਲਈ ਕਤਾਰਾਂ ਬੰਨ੍ਹੀਆਂ ।9ਅਰਥਾਤ ਏਲਾਮ ਦੇ ਰਾਜਾ ਕਦਾਰਲਾਓਮਰ, ਗੋਈਮ ਦੇ ਰਾਜਾ ਤਿਦਾਲ, ਸਿਨਾਰ ਦੇ ਰਾਜਾ ਅਮਰਾਫ਼ਲ, ਅੱਲਾਸਾਰ ਦੇ ਰਾਜਾ ਅਰਯੋਕ, ਇਹਨਾਂ ਚਾਰ ਰਾਜਿਆਂ ਦੇ ਵਿਰੁੱਧ ਉਹਨਾਂ ਪੰਜਾਂ ਨੇ ਕਤਾਰ ਬੰਨ੍ਹੀ ।
10ਸਿੱਦੀਮ ਦੀ ਘਾਟੀ ਵਿੱਚ ਜਿੱਥੇ ਚਿੱਕੜ ਦੇ ਟੋਏ ਹੀ ਟੋਏ ਸਨ, ਸਦੂਮ ਅਤੇ ਅਮੂਰਾਹ ਦੇ ਰਾਜੇ ਭੱਜੇ ਅਤੇ ਉਹਨਾਂ ਵਿੱਚ ਡਿੱਗ ਪਏ ਅਤੇ ਜਿਹੜੇ ਬਚ ਗਏ ਉਹ ਪਹਾੜ ਵੱਲ ਨੂੰ ਭੱਜੇ ।11ਤਦ ਉਹ ਸਦੂਮ ਅਤੇ ਅਮੂਰਾਹ ਦਾ ਸਾਰਾ ਮਾਲ ਧਨ ਅਤੇ ਉਨ੍ਹਾਂ ਦੀਆਂ ਸਾਰੀਆਂ ਭੋਜਨ ਵਸਤਾਂ ਲੁੱਟ ਕੇ ਚਲੇ ਗਏ ।12ਉਹ ਅਬਰਾਮ ਦੇ ਭਤੀਜੇ ਲੂਤ ਨੂੰ, ਜੋ ਸਦੂਮ ਵਿੱਚ ਵੱਸਦਾ ਸੀ ਅਤੇ ਉਸ ਦੇ ਮਾਲ ਧਨ ਨੂੰ ਵੀ ਲੁੱਟ ਕੇ ਨਾਲ ਲੈ ਗਏ ।
13ਤਦ ਕਿਸੇ ਭਗੌੜੇ ਨੇ ਆ ਕੇ ਅਬਰਾਮ ਇਬਰਾਨੀ ਨੂੰ ਖ਼ਬਰ ਦਿੱਤੀ, ਅਬਰਾਮ ਮਮਰੇ ਅਮੋਰੀ ਜੋ ਅਸ਼ਕੋਲ ਅਤੇ ਆਨੇਰ ਦੇ ਭਰਾ ਸੀ, ਉਸ ਦੇ ਬਲੂਤਾਂ ਕੋਲ ਰਹਿੰਦਾ ਸੀ ਅਤੇ ਉਨ੍ਹਾਂ ਨੇ ਅਬਰਾਮ ਨਾਲ ਨੇਮ ਬੰਨ੍ਹਿਆ ਸੀ ।14ਜਦ ਅਬਰਾਮ ਨੇ ਸੁਣਿਆ ਕਿ ਉਹ ਦਾ ਭਤੀਜਾ ਬੰਦੀ ਬਣਾ ਲਿਆ ਗਿਆ ਹੈ, ਤਦ ਉਸ ਨੇ ਆਪਣੇ ਤਿੰਨ ਸੌ ਅਠਾਰਾਂ ਸਿਖਾਏ ਹੋਏ ਜੁਆਨਾਂ ਨੂੰ ਲਿਆ, ਜੋ ਉਸ ਦੇ ਘਰਾਣੇ ਵਿੱਚ ਜੰਮੇ ਸਨ ਅਤੇ ਦਾਨ ਤੱਕ ਉਨ੍ਹਾਂ ਦਾ ਪਿੱਛਾ ਕੀਤਾ ।
15ਉਸ ਨੇ ਆਪਣੇ ਜੁਆਨਾਂ ਦੇ ਜੱਥੇ ਬਣਾਏ ਅਤੇ ਰਾਤ ਨੂੰ ਉਨ੍ਹਾਂ ਉੱਤੇ ਹਮਲਾ ਕਰਕੇ ਉਹਨਾਂ ਨੂੰ ਮਾਰਿਆ, ਅਤੇ ਹੋਬਾਹ ਤੱਕ ਜਿਹੜਾ ਦੰਮਿਸਕ ਦੇ ਉੱਤਰ ਵੱਲ ਹੈ, ਉਨ੍ਹਾਂ ਦਾ ਪਿੱਛਾ ਕੀਤਾ ।16ਉਹ ਸਾਰੇ ਮਾਲ ਧਨ ਨੂੰ, ਅਤੇ ਆਪਣੇ ਭਤੀਜੇ ਲੂਤ ਅਤੇ ਉਸ ਦੇ ਸਾਰੇ ਮਾਲ-ਧਨ ਨੂੰ ਅਤੇ ਇਸਤਰੀਆਂ ਅਤੇ ਸਾਰੇ ਬੰਦੀਆਂ ਨੂੰ ਵੀ ਮੋੜ ਲੈ ਆਇਆ ।
ਮਲਕੀਸਿਦਕ ਅਬਰਾਮ ਨੂੰ ਅਸੀਸ ਦਿੰਦਾ ਹੈ

17ਜਦ ਉਹ ਕਦਾਰਲਾਓਮਰ ਅਤੇ ਉਹਨਾਂ ਰਾਜਿਆਂ ਨੂੰ ਜਿਹੜੇ ਉਸ ਦੇ ਨਾਲ ਸਨ ਜਿੱਤ ਕੇ ਮੁੜਿਆ, ਤਦ ਸਦੂਮ ਦਾ ਰਾਜਾ ਸ਼ਾਵੇਹ ਦੀ ਘਾਟੀ ਵਿੱਚ ਜੋ ਬਾਦਸ਼ਾਹੀ ਘਾਟੀ ਵੀ ਅਖਵਾਉਂਦੀ ਹੈ, ਉਸ ਨੂੰ ਮਿਲਣ ਲਈ ਨਿੱਕਲ ਆਇਆ ।18ਤਦ ਸ਼ਾਲੇਮ ਦਾ ਰਾਜਾ ਮਲਕਿਸਿਦਕ ਰੋਟੀ ਅਤੇ ਮਧ ਲੈ ਆਇਆ, ਉਹ ਅੱਤ ਮਹਾਂ ਪਰਮੇਸ਼ੁਰ ਦਾ ਜਾਜਕ ਸੀ ।
19ਉਸ ਨੇ ਇਹ ਆਖ ਕੇ ਅਬਰਾਮ ਨੂੰ ਅਸੀਸ ਦਿੱਤੀ, ਅੱਤ ਮਹਾਂ ਪਰਮੇਸ਼ੁਰ ਦੀ ਵੱਲੋਂ ਜੋ ਅਕਾਸ਼ ਅਤੇ ਧਰਤੀ ਦਾ ਮਾਲਕ ਹੈ, ਅਬਰਾਮ ਮੁਬਾਰਕ ਹੋਵੇ ।20ਅਤੇ ਮੁਬਾਰਕ ਹੈ ਅੱਤ ਮਹਾਂ ਪਰਮੇਸ਼ੁਰ, ਜਿਸ ਨੇ ਤੇਰੇ ਵੈਰੀਆਂ ਨੂੰ ਤੇਰੇ ਵੱਸ ਵਿੱਚ ਕਰ ਦਿੱਤਾ ਹੈ । ਤਦ ਅਬਰਾਮ ਨੇ ਉਸ ਨੂੰ ਸਾਰੀਆਂ ਵਸਤਾਂ ਦਾ ਦਸਵੰਧ ਦਿੱਤਾ ।
21ਤਦ ਸਦੂਮ ਦੇ ਰਾਜਾ ਨੇ ਅਬਰਾਮ ਨੂੰ ਆਖਿਆ, ਇਹ ਮਾਲ-ਡੰਗਰ ਤਾਂ ਮੈਨੂੰ ਦੇ, ਪਰ ਮਾਲ-ਧਨ ਆਪ ਰੱਖ ਲੈ ।22ਪਰ ਅਬਰਾਮ ਨੇ ਸਦੂਮ ਦੇ ਰਾਜਾ ਨੂੰ ਆਖਿਆ, ਮੈਂ ਯਹੋਵਾਹ ਅੱਤ ਮਹਾਂ ਪਰਮੇਸ਼ੁਰ ਜੋ ਅਕਾਸ਼ ਅਤੇ ਧਰਤੀ ਦਾ ਮਾਲਕ ਹੈ, ਉਸ ਦੇ ਅੱਗੇ ਪ੍ਰਣ ਕੀਤਾ ਹੈ23ਕਿ ਮੈਂ ਧਾਗੇ ਤੋਂ ਲੈ ਕੇ ਜੁੱਤੀ ਦੇ ਸੱਲੂ ਤੱਕ, ਤੇਰੇ ਸਾਰੇ ਮਾਲ ਵਿੱਚੋਂ ਕੁਝ ਨਹੀਂ ਲਵਾਂਗਾ, ਅਜਿਹਾ ਨਾ ਹੋਵੇ ਕਿ ਤੂੰ ਆਖੇਂ ਕਿ ਮੈਂ ਹੀ ਅਬਰਾਮ ਨੂੰ ਧਨੀ ਬਣਾ ਦਿੱਤਾ ਹੈ ।24ਪਰ ਜੋ ਇਨ੍ਹਾਂ ਗੱਭਰੂਆਂ ਨੇ ਖਾ ਲਿਆ ਹੈ, ਅਤੇ ਉਨ੍ਹਾਂ ਦਾ ਹਿੱਸਾ ਜਿਹੜੇ ਮਨੁੱਖ ਮੇਰੇ ਨਾਲ ਗਏ ਸਨ ਅਰਥਾਤ ਆਨੇਰ, ਅਸ਼ਕੋਲ ਅਤੇ ਮਮਰੇ, ਮੈਂ ਵਾਪਿਸ ਨਹੀਂ ਕਰਾਂਗਾ, ਉਹ ਆਪਣਾ-ਆਪਣਾ ਹਿੱਸਾ ਲੈ ਲੈਣ ।

15
ਅਬਰਾਮ ਦੇ ਨਾਲ ਪਰਮੇਸ਼ੁਰ ਵੱਲੋਂ ਨੇਮ ਬੰਨਣ ਦਾ ਵਰਣਨ

1ਇਨ੍ਹਾਂ ਗੱਲਾਂ ਤੋਂ ਬਾਅਦ ਯਹੋਵਾਹ ਦਾ ਇਹ ਬਚਨ ਦਰਸ਼ਨ ਵਿੱਚ ਅਬਰਾਮ ਕੋਲ ਆਇਆ: ਨਾ ਡਰ ਅਬਰਾਮ, ਮੈਂ ਤੇਰੇ ਲਈ ਢਾਲ ਹਾਂ ਅਤੇ ਤੇਰੇ ਲਈ ਵੱਡਾ ਫਲ ਹਾਂ ।2ਅਬਰਾਮ ਨੇ ਆਖਿਆ, ਹੇ ਪ੍ਰਭੂ ਯਹੋਵਾਹ, ਤੂੰ ਮੈਨੂੰ ਕੀ ਦੇਵੇਂਗਾ ? ਕਿਉਂ ਜੋ ਮੈਂ ਬੇ-ਔਲਾਦ ਜਾਂਦਾ ਹਾਂ ਅਤੇ ਮੇਰੇ ਘਰ ਦਾ ਵਾਰਿਸ ਇਹ ਦਮਿਸ਼ਕੀ ਅਲੀਅਜ਼ਰ ਹੈ ।3ਅਬਰਾਮ ਨੇ ਆਖਿਆ ਵੇਖ ਤੂੰ ਮੈਨੂੰ ਕੋਈ ਅੰਸ ਨਹੀਂ ਦਿੱਤੀ ਅਤੇ ਵੇਖ ਮੇਰੇ ਘਰਾਣੇ ਵਿੱਚ ਜੰਮਿਆ ਮੇਰਾ ਵਾਰਿਸ ਹੋਵੇਗਾ ।

4ਤਦ ਯਹੋਵਾਹ ਦਾ ਬਚਨ ਉਹ ਦੇ ਕੋਲ ਆਇਆ, ਇਹ ਤੇਰਾ ਵਾਰਿਸ ਨਾ ਹੋਵੇਗਾ ਪਰ ਉਹ ਜੋ ਤੇਰੇ ਵਿੱਚੋਂ ਹੋਵੇਗਾ ਉਹ ਤੇਰਾ ਵਾਰਿਸ ਹੋਵੇਗਾ ।5ਯਹੋਵਾਹ ਪਰਮੇਸ਼ੁਰ ਉਸ ਨੂੰ ਬਾਹਰ ਲੈ ਗਿਆ ਅਤੇ ਆਖਿਆ, ਅਕਾਸ਼ ਵੱਲ ਵੇਖ ਅਤੇ ਤਾਰਿਆਂ ਨੂੰ ਗਿਣ, ਕੀ ਤੂੰ ਉਹਨਾਂ ਨੂੰ ਗਿਣ ਸਕਦਾ ਹੈ ? ਫੇਰ ਉਸ ਨੇ ਉਹ ਨੂੰ ਆਖਿਆ, ਤੇਰੀ ਅੰਸ ਐਨੀ ਹੀ ਹੋਵੇਗੀ ।
6ਉਸ ਨੇ ਯਹੋਵਾਹ ਉੱਤੇ ਵਿਸ਼ਵਾਸ ਕੀਤਾ, ਅਤੇ ਯਹੋਵਾਹ ਨੇ ਉਹ ਦੇ ਲਈ ਇਸ ਗੱਲ ਨੂੰ ਧਾਰਮਿਕਤਾ ਗਿਣਿਆ ।7ਤਦ ਉਸ ਨੇ ਉਹ ਨੂੰ ਆਖਿਆ, ਮੈਂ ਉਹੀ ਯਹੋਵਾਹ ਹਾਂ ਜੋ ਤੈਨੂੰ ਕਸਦੀਆਂ ਦੇ ਊਰ ਨਗਰ ਵਿੱਚੋਂ ਬਾਹਰ ਕੱਢ ਲੈ ਆਇਆ ਹਾਂ, ਤਾਂ ਜੋ ਮੈਂ ਤੈਨੂੰ ਇਹ ਦੇਸ਼ ਤੇਰੀ ਵਿਰਾਸਤ ਹੋਣ ਲਈ ਦੇ ਦਿਆਂ ।8ਉਸ ਨੇ ਆਖਿਆ, ਹੇ ਪ੍ਰਭੂ ਯਹੋਵਾਹ ਮੈਂ ਕਿਸ ਤਰ੍ਹਾਂ ਜਾਣਾ ਕਿ ਮੈਂ ਉਸ ਨੂੰ ਵਿਰਾਸਤ ਦੇ ਤੌਰ ਤੇ ਲਵਾਂਗਾ ?
9ਯਹੋਵਾਹ ਨੇ ਉਸ ਨੂੰ ਆਖਿਆ, ਮੇਰੇ ਲਈ ਇੱਕ ਤਿੰਨ ਸਾਲ ਦੀ ਵੱਛੀ, ਇੱਕ ਤਿੰਨ ਸਾਲ ਦੀ ਬੱਕਰੀ ਅਤੇ ਇੱਕ ਤਿੰਨ ਸਾਲ ਦਾ ਲੇਲਾ, ਇੱਕ ਘੁੱਗੀ ਅਤੇ ਇੱਕ ਕਬੂਤਰ ਦਾ ਬੱਚਾ ਲੈ ।10ਉਹ ਯਹੋਵਾਹ ਦੇ ਲਈ ਇਹ ਸਭ ਕੁਝ ਲੈ ਆਇਆ ਅਤੇ ਉਨ੍ਹਾਂ ਦੇ ਦੋ-ਦੋ ਟੋਟੇ ਕੀਤੇ ਅਤੇ ਉਸ ਨੇ ਇੱਕ ਟੋਟੇ ਨੂੰ ਦੂਜੇ ਦੇ ਸਾਹਮਣੇ ਰੱਖਿਆ, ਪਰ ਪੰਛੀਆਂ ਦੇ ਟੋਟੇ ਨਾ ਕੀਤੇ ।11ਜਦ ਸ਼ਿਕਾਰੀ ਪੰਛੀ ਉਨ੍ਹਾਂ ਲੋਥਾਂ ਉੱਤੇ ਉਤਰੇ, ਤਦ ਅਬਰਾਮ ਨੇ ਉਨ੍ਹਾਂ ਨੂੰ ਹਟਾਇਆ ।
12ਜਦ ਸੂਰਜ ਡੁੱਬਣ ਲੱਗਾ, ਤਦ ਅਬਰਾਮ ਨੂੰ ਗੂੜ੍ਹੀ ਨੀਂਦ ਆ ਪਈ ਅਤੇ ਵੇਖੋ, ਇੱਕ ਵੱਡਾ ਡਰਾਉਣਾ ਹਨ੍ਹੇਰਾ ਉਹ ਦੇ ਉੱਤੇ ਛਾ ਗਿਆ ।13ਉਸ ਨੇ ਅਬਰਾਮ ਨੂੰ ਆਖਿਆ, ਤੂੰ ਸੱਚ ਜਾਣ, ਕਿ ਤੇਰਾ ਵੰਸ਼ ਇੱਕ ਪਰਾਏ ਦੇਸ਼ ਵਿੱਚ ਪਰਦੇਸੀ ਹੋਣਗੇ ਅਤੇ ਉਨ੍ਹਾਂ ਦੀ ਗ਼ੁਲਾਮੀ ਕਰਨਗੇ ਅਤੇ ਓਹ ਉਨ੍ਹਾਂ ਨੂੰ ਚਾਰ ਸੌ ਸਾਲ ਤੱਕ ਦੁੱਖ ਦੇਣਗੇ ।
14ਪਰ ਉਸ ਕੌਮ ਦਾ ਵੀ ਜਿਸ ਦੀ ਉਹ ਗ਼ੁਲਾਮੀ ਕਰਨਗੇ, ਮੈਂ ਨਿਆਂ ਕਰਾਂਗਾ ਅਤੇ ਇਸ ਤੋਂ ਬਾਅਦ ਓਹ ਵੱਡੇ ਮਾਲ-ਧਨ ਨਾਲ ਉੱਥੋਂ ਨਿੱਕਲ ਆਉਣਗੇ ।15ਪਰ ਤੂੰ ਆਪਣੇ ਪਿਉ-ਦਾਦਿਆਂ ਕੋਲ ਸ਼ਾਂਤੀ ਨਾਲ ਜਾਵੇਂਗਾ ।16ਤੂੰ ਚੰਗੀ ਬਜ਼ੁਰਗੀ ਵਿੱਚ ਦਫ਼ਨਾਇਆ ਜਾਵੇਂਗਾ ਅਤੇ ਚੌਥੀ ਪੀੜ੍ਹੀ ਵਿੱਚ ਓਹ ਵਾਪਿਸ ਮੁੜ ਆਉਣਗੇ ਕਿਉਂਕਿ ਜੋ ਅਮੋਰੀਆਂ ਦੀ ਬੁਰਿਆਈ ਅਜੇ ਪੂਰੀ ਨਹੀਂ ਹੋਈ ।
17ਅਜਿਹਾ ਹੋਇਆ ਕਿ ਜਦ ਸੂਰਜ ਡੁੱਬ ਗਿਆ ਅਤੇ ਹਨੇਰਾ ਹੋ ਗਿਆ ਤਾਂ ਵੇਖੋ ਇੱਕ ਧੂੰਏਂ ਵਾਲਾ ਤੰਦੂਰ ਅਤੇ ਬਲਦੀ ਮਸਾਲ ਇਨ੍ਹਾਂ ਟੋਟਿਆਂ ਵਿੱਚੋਂ ਦੀ ਲੰਘ ਗਈ ।18ਉਸ ਦਿਨ ਯਹੋਵਾਹ ਨੇ ਇੱਕ ਨੇਮ ਅਬਰਾਮ ਨਾਲ ਬੰਨ੍ਹਿਆ, ਤੇਰੀ ਅੰਸ ਨੂੰ ਮੈਂ ਇਹ ਦੇਸ਼ ਦੇ ਦਿੱਤਾ ਹੈ ਅਰਥਾਤ ਮਿਸਰ ਦੇ ਦਰਿਆ ਤੋਂ ਲੈ ਕੇ ਵੱਡੇ ਦਰਿਆ ਫਰਾਤ ਤੱਕ19ਅਰਥਾਤ ਕੇਨੀ, ਕਨਿੱਜ਼ੀ ਅਤੇ ਕਦਮੋਨੀ,20ਹਿੱਤੀ, ਪਰਿੱਜ਼ੀ ਅਤੇ ਰਫਾਈਮ,21ਅਮੋਰੀ, ਕਨਾਨੀ, ਗਿਰਗਾਸ਼ੀ ਅਤੇ ਯਬੂਸੀ ਇਹ ਵੀ ਦੇ ਦਿੱਤੇ ਹਨ ।

16
ਹਾਜਰਾ ਅਤੇ ਉਸ ਦਾ ਪੁੱਤਰ ਇਸਮਾਏਲ

1ਅਬਰਾਮ ਦੀ ਪਤਨੀ ਸਾਰਈ ਦੇ ਕੋਈ ਸੰਤਾਨ ਨਹੀਂ ਸੀ । ਉਹ ਦੇ ਕੋਲ ਇੱਕ ਮਿਸਰੀ ਦਾਸੀ ਸੀ, ਜਿਸ ਦਾ ਨਾਮ ਹਾਜਰਾ ਸੀ ।2ਸਾਰਈ ਨੇ ਅਬਰਾਮ ਨੂੰ ਆਖਿਆ, ਵੇਖ, ਯਹੋਵਾਹ ਨੇ ਮੇਰੀ ਕੁੱਖ ਨੂੰ ਬੰਦ ਕਰ ਰੱਖਿਆ ਹੈ । ਕਿਰਪਾ ਕਰਕੇ ਮੇਰੀ ਦਾਸੀ ਕੋਲ ਜਾ, ਸ਼ਾਇਦ ਮੈਂ ਉਸ ਤੋਂ ਸੰਤਾਨ ਵਾਲੀ ਬਣ ਜਾਂਵਾਂ । ਅਬਰਾਮ ਨੇ ਸਾਰਈ ਦੀ ਗੱਲ ਮੰਨ ਲਈ ।3ਜਦੋਂ ਅਬਰਾਮ ਨੂੰ ਕਨਾਨ ਦੇਸ਼ ਵਿੱਚ ਵੱਸਦਿਆਂ ਦੱਸ ਸਾਲ ਹੋ ਗਏ, ਤਦ ਅਬਰਾਮ ਦੀ ਪਤਨੀ ਸਾਰਈ ਨੇ ਆਪਣੀ ਮਿਸਰੀ ਦਾਸੀ ਹਾਜਰਾ ਨੂੰ ਲੈ ਕੇ ਆਪਣੇ ਪਤੀ ਅਬਰਾਮ ਨੂੰ ਦਿੱਤਾ, ਕਿ ਉਹ ਉਸ ਦੀ ਪਤਨੀ ਹੋਵੇ ।4ਉਹ ਹਾਜਰਾ ਕੋਲ ਗਿਆ ਅਤੇ ਉਹ ਗਰਭਵਤੀ ਹੋਈ । ਜਦ ਉਸ ਨੇ ਜਾਣਿਆ ਕਿ ਉਹ ਗਰਭਵਤੀ ਹੈ, ਤਦ ਉਹ ਦੀ ਮਾਲਕਣ ਉਹ ਦੀਆਂ ਅੱਖਾਂ ਵਿੱਚ ਤੁੱਛ ਹੋ ਗਈ ।

5ਸਾਰਈ ਨੇ ਅਬਰਾਮ ਨੂੰ ਆਖਿਆ, ਜੋ ਮੇਰੇ ਨਾਲ ਹੋਇਆ ਉਸਦਾ ਕਾਰਨ ਤੂੰ ਹੈ । ਮੈਂ ਆਪਣੀ ਦਾਸੀ ਨੂੰ ਤੇਰੀ ਪਤਨੀ ਹੋਣ ਲਈ ਆਪ ਦਿੱਤਾ ਅਤੇ ਜਦ ਉਸ ਨੇ ਜਾਣਿਆ ਕਿ ਉਹ ਗਰਭਵਤੀ ਹੈ ਤਾਂ ਮੇਰੀ ਕਦਰ ਉਹ ਦੀਆਂ ਅੱਖਾਂ ਵਿੱਚ ਘੱਟ ਗਈ । ਇਸ ਲਈ ਯਹੋਵਾਹ ਮੇਰਾ ਅਤੇ ਤੇਰਾ ਨਿਆਂ ਕਰੇ ।6ਅਬਰਾਮ ਨੇ ਸਾਰਈ ਨੂੰ ਆਖਿਆ, ਵੇਖ, ਤੇਰੀ ਦਾਸੀ ਤੇਰੇ ਵੱਸ ਵਿੱਚ ਹੈ, ਜੋ ਤੇਰੀ ਨਿਗਾਹ ਵਿੱਚ ਚੰਗਾ ਹੈ ਤੂੰ ਉਸ ਨਾਲ ਉਹੀ ਕਰ । ਉਪਰੰਤ ਸਾਰਈ ਨੇ ਉਸ ਨਾਲ ਸਖ਼ਤੀ ਕੀਤੀ ਅਤੇ ਉਹ ਉਸ ਦੇ ਕੋਲੋਂ ਭੱਜ ਗਈ ।
7ਪਰ ਯਹੋਵਾਹ ਦੇ ਦੂਤ ਨੇ ਉਹ ਨੂੰ ਸੂਰ ਵਾਲੇ ਰਾਹ ਤੇ ਪਾਣੀ ਦੇ ਚਸ਼ਮੇ ਕੋਲ ਉਜਾੜ ਵਿੱਚ ਲੱਭਿਆ ।8ਉਸ ਨੇ ਆਖਿਆ, ਹੇ ਹਾਜਰਾ ਸਾਰਈ ਦੀ ਦਾਸੀ, ਤੂੰ ਕਿੱਥੋਂ ਆਈ ਹੈਂ ? ਅਤੇ ਕਿੱਧਰ ਜਾਣਾ ਹੈ ? ਤਦ ਉਸ ਨੇ ਆਖਿਆ ਮੈਂ ਆਪਣੀ ਮਾਲਕਣ ਸਾਰਈ ਕੋਲੋਂ ਭੱਜ ਆਈ ਹਾਂ ।
9ਫੇਰ ਯਹੋਵਾਹ ਦੇ ਦੂਤ ਨੇ ਉਹ ਨੂੰ ਆਖਿਆ, ਆਪਣੀ ਮਾਲਕਣ ਕੋਲ ਮੁੜ ਜਾ ਅਤੇ ਆਪਣੇ ਆਪ ਨੂੰ ਉਸ ਦੇ ਅਧੀਨ ਕਰ ਦੇ ।10ਯਹੋਵਾਹ ਦੇ ਦੂਤ ਨੇ ਉਹ ਨੂੰ ਇਹ ਵੀ ਆਖਿਆ, ਮੈਂ ਤੇਰੀ ਅੰਸ ਨੂੰ ਐਨਾ ਵਧਾਵਾਂਗਾ ਕਿ ਉਹ ਵਾਧੇ ਦੇ ਕਾਰਨ ਗਿਣੀ ਨਾ ਜਾਵੇਗੀ ।
11ਅਤੇ ਯਹੋਵਾਹ ਦੇ ਦੂਤ ਨੇ ਉਹ ਨੂੰ ਆਖਿਆ, ਵੇਖ, ਤੂੰ ਗਰਭਵਤੀ ਹੈਂ ਅਤੇ ਪੁੱਤਰ ਜਣੇਂਗੀ । ਤੂੰ ਉਸ ਦਾ ਨਾਮ ਇਸਮਾਏਲ ਰੱਖੀਂ ਕਿਉਂ ਜੋ ਯਹੋਵਾਹ ਨੇ ਤੇਰੇ ਦੁੱਖ ਨੂੰ ਸੁਣਿਆ ਹੈ ।12ਪਰ ਉਹ ਮਨੁੱਖਾਂ ਵਿੱਚ ਜੰਗਲੀ ਗਧੇ ਜਿਹਾ ਹੋਵੇਗਾ । ਉਹ ਦਾ ਹੱਥ ਹਰ ਇੱਕ ਦੇ ਵਿਰੁੱਧ ਅਤੇ ਹਰ ਇੱਕ ਦਾ ਹੱਥ ਉਸ ਦੇ ਵਿਰੁੱਧ ਹੋਵੇਗਾ ਅਤੇ ਉਹ ਆਪਣੇ ਸਾਰੇ ਭਰਾਵਾਂ ਦੇ ਸਾਹਮਣੇ ਵੱਸੇਗਾ ।
13ਤਦ ਉਸ ਨੇ ਯਹੋਵਾਹ ਦਾ ਨਾਮ ਜੋ ਉਹ ਦੇ ਨਾਲ ਗੱਲਾਂ ਕਰਦਾ ਸੀ, ਇਹ ਰੱਖਿਆ ਕਿ "ਤੂੰ ਮੇਰਾ ਵੇਖਣਹਾਰ ਪਰਮੇਸ਼ੁਰ ਹੈ" ਕਿਉਂਕਿ ਉਸ ਨੇ ਆਖਿਆ ਕੀ ਮੈਂ ਉਹ ਨੂੰ ਵੇਖਣ ਦੇ ਮਗਰੋਂ ਵੀ ਜਿਉਂਦੀ ਹਾਂ ?14ਇਸ ਲਈ ਉਹ ਉਸ ਖੂਹ ਦਾ ਨਾਮ ਬਏਰ-ਲਹਈ-ਰੋਈ ਆਖਦੇ ਹਨ । ਵੇਖੋ ਓਹ ਕਾਦੇਸ਼ ਅਤੇ ਬਰਦ ਦੇ ਵਿਚਕਾਰ ਹੈ ।
15ਹਾਜ਼ਰਾ ਨੇ ਅਬਰਾਮ ਲਈ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਅਬਰਾਮ ਨੇ ਆਪਣੇ ਪੁੱਤਰ ਦਾ ਨਾਮ ਜਿਸ ਨੂੰ ਹਾਜ਼ਰਾ ਨੇ ਜਨਮ ਦਿੱਤਾ, ਇਸਮਾਏਲ ਰੱਖਿਆ ।16ਜਦ ਹਾਜ਼ਰਾ ਨੇ ਇਸਮਾਏਲ ਨੂੰ ਜਨਮ ਦਿੱਤਾ ਉਸ ਵੇਲੇ ਅਬਰਾਮ ਦੀ ਉਮਰ ਛਿਆਸੀ ਸਾਲ ਸੀ ।

17
ਨੇਮ ਦਾ ਚਿੰਨ੍ਹ, ਸੁੰਨਤ

1ਜਦ ਅਬਰਾਮ ਨੜਿੰਨਵੇਂ ਸਾਲ ਦਾ ਹੋਇਆ ਤਦ ਯਹੋਵਾਹ ਨੇ ਅਬਰਾਮ ਨੂੰ ਦਰਸ਼ਨ ਦਿੱਤਾ ਅਤੇ ਉਸ ਨੂੰ ਆਖਿਆ, ਮੈਂ ਸਰਬ ਸ਼ਕਤੀਮਾਨ ਪਰਮੇਸ਼ੁਰ ਹਾਂ । ਤੂੰ ਮੇਰੇ ਸਨਮੁਖ ਚੱਲ ਅਤੇ ਸੰਪੂਰਨ ਹੋ ।2ਮੈਂ ਆਪਣਾ ਨੇਮ ਆਪਣੇ ਅਤੇ ਤੇਰੇ ਵਿੱਚ ਬੰਨ੍ਹਾਂਗਾ ਅਤੇ ਮੈਂ ਤੈਨੂੰ ਹੱਦੋਂ ਬਾਹਲਾ ਵਧਾਵਾਂਗਾ ।

3ਤਦ ਅਬਰਾਮ ਆਪਣੇ ਮੂੰਹ ਦੇ ਭਾਰ ਡਿੱਗਿਆ ਅਤੇ ਪਰਮੇਸ਼ੁਰ ਨੇ ਉਹ ਦੇ ਨਾਲ ਇਹ ਗੱਲ ਕੀਤੀ4ਭਈ ਵੇਖ ਮੇਰਾ ਨੇਮ ਤੇਰੇ ਨਾਲ ਹੈ ਅਤੇ ਤੂੰ ਬਹੁਤੀਆਂ ਕੌਮਾਂ ਦਾ ਪਿਤਾ ਹੋਵੇਂਗਾ ।5ਤੇਰਾ ਨਾਮ ਫੇਰ ਅਬਰਾਮ ਨਹੀਂ ਸੱਦਿਆ ਜਾਵੇਗਾ, ਪਰ ਤੇਰਾ ਨਾਮ ਅਬਰਾਹਾਮ ਹੋਵੇਗਾ ਕਿਉਂਕਿ ਮੈਂ ਤੈਨੂੰ ਬਹੁਤੀਆਂ ਕੌਮਾਂ ਦਾ ਪਿਤਾ ਠਹਿਰਾ ਦਿੱਤਾ ਹੈ ।6ਮੈਂ ਤੈਨੂੰ ਹੱਦੋਂ ਬਾਹਲਾ ਫਲਵੰਤ ਬਣਾਵਾਂਗਾ, ਮੈਂ ਤੈਥੋਂ ਕੌਮਾਂ ਬਣਾਵਾਂਗਾ ਅਤੇ ਤੇਰੀ ਪੀੜ੍ਹੀ ਤੋਂ ਰਾਜੇ ਨਿੱਕਲਣਗੇ ।
7ਮੈਂ ਆਪਣਾ ਨੇਮ ਆਪਣੇ ਅਤੇ ਤੇਰੀ ਅੰਸ ਦੇ ਵਿੱਚ ਜੋ ਤੇਰੇ ਬਾਅਦ ਹੋਵੇਗੀ ਸਗੋਂ ਉਨ੍ਹਾਂ ਦੀਆਂ ਪੀੜ੍ਹੀਆਂ ਤੱਕ ਇੱਕ ਅਨੰਤ ਨੇਮ ਕਰਕੇ ਬੰਨ੍ਹਾਂਗਾ, ਮੈਂ ਤੇਰਾ ਅਤੇ ਤੇਰੇ ਬਾਅਦ ਤੇਰੀ ਅੰਸ ਦਾ ਪਰਮੇਸ਼ੁਰ ਹੋਵਾਂਗਾ ।8ਮੈਂ ਤੈਨੂੰ ਅਤੇ ਤੇਰੇ ਬਾਅਦ ਤੇਰੀ ਅੰਸ ਨੂੰ ਵੀ ਇਹ ਸਾਰਾ ਕਨਾਨ ਦੇਸ਼ ਜਿਸ ਵਿੱਚ ਤੂੰ ਪਰਦੇਸੀ ਹੋ ਕੇ ਰਹਿੰਦਾ ਹੈ, ਸਦਾ ਦੀ ਵਿਰਾਸਤ ਹੋਣ ਲਈ ਦੇ ਦਿਆਂਗਾ ਅਤੇ ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ ।
9ਪਰਮੇਸ਼ੁਰ ਨੇ ਅਬਰਾਹਾਮ ਨੂੰ ਆਖਿਆ, ਤੂੰ ਮੇਰੇ ਨੇਮ ਦੀ ਪਾਲਣਾ ਕਰ, ਤੂੰ ਅਤੇ ਤੇਰੇ ਬਾਅਦ ਤੇਰੀ ਅੰਸ ਉਨ੍ਹਾਂ ਦੀਆਂ ਪੀੜ੍ਹੀਆਂ ਤੱਕ ਇਸ ਨੇਮ ਦੀ ਪਾਲਣਾ ਕਰਨ ।10ਮੇਰਾ ਇਹ ਨੇਮ, ਜਿਸ ਦੀ ਪਾਲਣਾ ਤੈਨੂੰ ਅਤੇ ਤੇਰੇ ਬਾਅਦ ਅੰਸ ਨੂੰ ਕਰਨੀ ਹੈ, ਉਹ ਇਹ ਹੈ: ਤੁਹਾਡੇ ਵਿੱਚੋਂ ਹਰ ਇੱਕ ਪੁਰਖ ਦੀ ਸੁੰਨਤ ਕੀਤੀ ਜਾਵੇ ।11ਤੁਸੀਂ ਆਪਣੇ ਬਦਨ ਦੀ ਖੱਲੜੀ ਦੀ ਸੁੰਨਤ ਕਰਾਓ ਅਤੇ ਇਹ ਮੇਰੇ ਅਤੇ ਤੁਹਾਡੇ ਵਿੱਚ ਉਸ ਨੇਮ ਦਾ ਨਿਸ਼ਾਨ ਹੋਵੇਗਾ ।
12ਤੁਹਾਡੇ ਵਿੱਚ ਹਰ ਇੱਕ ਅੱਠਾਂ ਦਿਨਾਂ ਦੇ ਨਰ ਦੀ ਸੁੰਨਤ ਪੀੜ੍ਹੀਓਂ ਪੀੜ੍ਹੀ ਕੀਤੀ ਜਾਵੇ, ਭਾਵੇਂ ਉਹ ਤੇਰੇ ਘਰਾਣੇ ਦਾ ਹੋਵੇ, ਭਾਵੇਂ ਉਹ ਕਿਸੇ ਪਰਦੇਸੀ ਤੋਂ ਜੋ ਤੇਰੀ ਅੰਸ ਦਾ ਨਹੀਂ ਹੈ ਚਾਂਦੀ ਨਾਲ ਮੁੱਲ ਲਿਆ ਹੋਵੇ ।13ਜੋ ਤੇਰੇ ਘਰਾਣੇ ਵਿੱਚ ਪੈਦਾ ਹੋਵੇ ਅਤੇ ਚਾਂਦੀ ਨਾਲ ਮੁੱਲ ਲਏ ਹੋਣ, ਉਨ੍ਹਾਂ ਦੀ ਸੁੰਨਤ ਜ਼ਰੂਰ ਕੀਤੀ ਜਾਵੇ । ਇਸ ਤਰ੍ਹਾਂ ਮੇਰਾ ਨੇਮ ਜਿਸ ਦਾ ਨਿਸ਼ਾਨ ਤੁਹਾਡੇ ਸਰੀਰ ਵਿੱਚ ਹੋਵੇਗਾ ਉਹ ਇੱਕ ਅਨੰਤ ਨੇਮ ਹੋਵੇਗਾ ।14ਪਰ ਜੋ ਪੁਰਖ ਬੇਸੁੰਨਤਾ ਰਹੇ ਅਤੇ ਜਿਸ ਦੀ ਖੱਲੜੀ ਦੀ ਸੁੰਨਤ ਨਾ ਕੀਤੀ ਗਈ ਹੋਵੇ, ਉਹ ਪ੍ਰਾਣੀ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇਗਾ ਕਿਉਂ ਜੋ ਉਸ ਨੇ ਮੇਰੇ ਨੇਮ ਨੂੰ ਤੋੜਿਆ ਹੈ ।
15ਫੇਰ ਪਰਮੇਸ਼ੁਰ ਨੇ ਅਬਰਾਹਾਮ ਨੂੰ ਆਖਿਆ, ਸਾਰਈ ਜੋ ਤੇਰੀ ਪਤਨੀ ਹੈ, ਤੂੰ ਉਸ ਨੂੰ ਸਾਰਈ ਨਾ ਆਖੀਂ ਸਗੋਂ ਹੁਣ ਤੋਂ ਉਸ ਦਾ ਨਾਮ ਸਾਰਾਹ ਹੋਵੇਗਾ ।16ਮੈਂ ਉਹ ਨੂੰ ਅਸੀਸ ਦਿਆਂਗਾ ਅਤੇ ਉਸ ਤੋਂ ਮੈਂ ਤੈਨੂੰ ਇੱਕ ਪੁੱਤਰ ਵੀ ਦਿਆਂਗਾ । ਮੈਂ ਉਹ ਨੂੰ ਅਜਿਹੀ ਅਸੀਸ ਦਿਆਂਗਾ ਕਿ ਉਹ ਕੌਮਾਂ ਦੀ ਮਾਤਾ ਹੋਵੇਗੀ, ਕੌਮਾਂ ਦੇ ਰਾਜੇ ਉਸ ਤੋਂ ਪੈਦਾ ਹੋਣਗੇ ।
17ਤਦ ਅਬਰਾਹਾਮ ਆਪਣੇ ਮੂੰਹ ਭਾਰ ਡਿੱਗ ਪਿਆ ਅਤੇ ਉਹ ਹੱਸਿਆ ਅਤੇ ਆਪਣੇ ਮਨ ਵਿੱਚ ਆਖਿਆ, ਭਲਾ, ਸੌ ਸਾਲ ਦੇ ਪੁਰਖ ਤੋਂ ਪੁੱਤਰ ਹੋਵੇਗਾ ? ਅਤੇ ਕੀ ਸਾਰਾਹ ਜੋ ਨੱਬੇ ਸਾਲਾਂ ਦੀ ਹੈ, ਪੁੱਤਰ ਜਣੇਗੀ ?18ਅਬਰਾਹਾਮ ਨੇ ਪਰਮੇਸ਼ੁਰ ਨੂੰ ਆਖਿਆ, ਇਸਮਾਏਲ ਹੀ ਤੇਰੇ ਨਜ਼ਰ ਵਿੱਚ ਬਣਿਆ ਰਹੇ, ਇਹ ਹੀ ਬਹੁਤ ਹੈ ।
19ਪਰ ਪਰਮੇਸ਼ੁਰ ਨੇ ਆਖਿਆ, ਤੇਰੀ ਪਤਨੀ ਸਾਰਾਹ ਜ਼ਰੂਰ ਤੇਰੇ ਲਈ ਇੱਕ ਪੁੱਤਰ ਜਣੇਗੀ, ਤੂੰ ਉਹ ਦਾ ਨਾਮ ਇਸਹਾਕ ਰੱਖੀਂ ਅਤੇ ਮੈਂ ਆਪਣਾ ਨੇਮ ਉਹ ਦੇ ਨਾਲ ਅਤੇ ਉਹ ਦੇ ਬਾਅਦ ਉਹ ਦੀ ਅੰਸ ਨਾਲ, ਇੱਕ ਅਨੰਤ ਨੇਮ ਕਰਕੇ ਕਾਇਮ ਕਰਾਂਗਾ ।20ਇਸਮਾਏਲ ਦੇ ਲਈ ਵੀ ਮੈਂ ਤੇਰੀ ਸੁਣੀ ਹੈ । ਵੇਖ, ਮੈਂ ਉਹ ਨੂੰ ਅਸੀਸ ਦਿੱਤੀ ਹੈ ਅਤੇ ਮੈਂ ਉਹ ਨੂੰ ਫਲਵੰਤ ਬਣਾਵਾਂਗਾ ਅਤੇ ਹੱਦੋਂ ਬਾਹਲਾ ਵਧਾਵਾਂਗਾ । ਉਸ ਤੋਂ ਬਾਰਾਂ ਪ੍ਰਧਾਨ ਜੰਮਣਗੇ ਅਤੇ ਮੈਂ ਉਹ ਨੂੰ ਇੱਕ ਵੱਡੀ ਕੌਮ ਬਣਾਵਾਂਗਾ ।21ਪਰ ਮੈਂ ਆਪਣਾ ਨੇਮ ਇਸਹਾਕ ਨਾਲ ਹੀ ਕਾਇਮ ਕਰਾਂਗਾ, ਜਿਸ ਨੂੰ ਸਾਰਾਹ ਆਉਣ ਵਾਲੇ ਸਾਲ ਵਿੱਚ ਇਸੇ ਸਮੇਂ ਤੇਰੇ ਲਈ ਜਣੇਗੀ ।
22ਜਦ ਪਰਮੇਸ਼ੁਰ ਅਬਰਾਹਾਮ ਨਾਲ ਗੱਲਾਂ ਕਰ ਹਟਿਆ, ਤਦ ਪਰਮੇਸ਼ੁਰ ਅਬਰਾਹਾਮ ਕੋਲੋਂ ਉਤਾਹਾਂ ਚਲਾ ਗਿਆ ।23ਤਦ ਅਬਰਾਹਾਮ ਨੇ ਆਪਣੇ ਪੁੱਤਰ ਇਸਮਾਏਲ, ਆਪਣੇ ਘਰਾਣੇ ਵਿੱਚ ਜੰਮਿਆ ਹੋਇਆਂ ਨੂੰ, ਜਿੰਨ੍ਹੇ ਉਸ ਨੇ ਆਪਣੀ ਚਾਂਦੀ ਨਾਲ ਮੁੱਲ ਲਏ ਸਨ ਅਰਥਾਤ ਉਸ ਦੇ ਘਰ ਵਿੱਚ ਜਿੰਨ੍ਹੇ ਪੁਰਖ ਸਨ ਉਨ੍ਹਾਂ ਸਾਰਿਆਂ ਨੂੰ ਲੈ ਕੇ ਉਸੇ ਦਿਨ ਉਨ੍ਹਾਂ ਦੀ ਖੱਲੜੀ ਦੀ ਸੁੰਨਤ ਕਰਾਈ, ਜਿਵੇਂ ਪਰਮੇਸ਼ੁਰ ਨੇ ਉਸ ਦੇ ਨਾਲ ਗੱਲ ਕੀਤੀ ਸੀ ।
24ਜਦ ਅਬਰਾਹਾਮ ਦੀ ਖੱਲੜੀ ਦੀ ਸੁੰਨਤ ਕੀਤੀ ਗਈ ਤਦ ਅਬਰਾਹਾਮ ਨੜਿੰਨਵੇਂ ਸਾਲ ਦਾ ਸੀ,25ਅਤੇ ਇਸਮਾਏਲ ਤੇਰਾਂ ਸਾਲਾਂ ਦਾ ਸੀ, ਜਦ ਉਸ ਦੀ ਖੱਲੜੀ ਦੀ ਸੁੰਨਤ ਕੀਤੀ ਗਈ ।26ਅਬਰਾਹਾਮ ਤੇ ਉਹ ਦੇ ਪੁੱਤਰ ਇਸਮਾਏਲ ਦੀ ਸੁੰਨਤ ਇੱਕੋ ਦਿਨ ਹੋਈ ।27ਅਤੇ ਉਹ ਦੇ ਘਰ ਦੇ ਸਾਰੇ ਪੁਰਖਾਂ ਦੀ ਭਾਵੇਂ ਉਹ ਉਸ ਦੇ ਘਰਾਣੇ ਵਿੱਚ ਜੰਮੇ ਸਨ, ਭਾਵੇਂ ਪਰਦੇਸੀਆਂ ਤੋਂ ਚਾਂਦੀ ਦੇ ਕੇ ਮੁੱਲ ਲਏ ਹੋਏ ਸਨ, ਸਾਰਿਆਂ ਦੀ ਸੁੰਨਤ ਉਸ ਦੇ ਨਾਲ ਹੀ ਕੀਤੀ ਗਈ ।

18
ਇਸਹਾਕ ਦੇ ਜਨਮ ਦਾ ਵਾਅਦਾ

1ਯਹੋਵਾਹ ਨੇ ਅਬਰਾਹਾਮ ਨੂੰ ਮਮਰੇ ਦੇ ਬਲੂਤਾਂ ਵਿੱਚ ਦਰਸ਼ਨ ਦਿੱਤਾ, ਜਦ ਉਹ ਆਪਣੇ ਤੰਬੂ ਦੇ ਦਰਵਾਜ਼ੇ ਵਿੱਚ ਦਿਨ ਦੀ ਧੁੱਪ ਵੇਲੇ ਬੈਠਾ ਹੋਇਆ ਸੀ ।2ਉਸ ਨੇ ਆਪਣੀਆਂ ਅੱਖਾਂ ਚੁੱਕ ਕੇ ਵੇਖਿਆ, ਤਾਂ ਵੇਖੋ ਤਿੰਨ ਮਨੁੱਖ ਉਹ ਦੇ ਸਾਹਮਣੇ ਖੜ੍ਹੇ ਸਨ । ਉਨ੍ਹਾਂ ਨੂੰ ਵੇਖਦਿਆਂ ਹੀ, ਉਹ ਉਨ੍ਹਾਂ ਨੂੰ ਮਿਲਣ ਲਈ ਆਪਣੇ ਤੰਬੂ ਦੇ ਦਰਵਾਜ਼ੇ ਤੋਂ ਭੱਜਿਆ ਅਤੇ ਧਰਤੀ ਤੱਕ ਝੁੱਕ ਕੇ ਮੱਥਾ ਟੇਕਿਆ ।

3ਉਸ ਨੇ ਆਖਿਆ, ਹੇ ਪ੍ਰਭੂ ! ਜੇ ਮੇਰੇ ਉੱਤੇ ਤੁਹਾਡੀ ਕਿਰਪਾ ਦੀ ਨਜ਼ਰ ਹੋਈ ਹੈ ਤਾਂ ਆਪਣੇ ਦਾਸ ਦੇ ਕੋਲੋਂ ਚਲੇ ਨਾ ਜਾਣਾ ।4ਮੈਂ ਥੋੜ੍ਹਾ ਜਿਹਾ ਪਾਣੀ ਲਿਆਉਂਦਾ ਹਾਂ, ਤਾਂ ਜੋ ਤੁਸੀਂ ਆਪਣੇ ਪੈਰ ਧੋ ਕੇ ਰੁੱਖ ਹੇਠ ਆਰਾਮ ਕਰੋ ।5ਮੈਂ ਥੋੜ੍ਹੀ ਜਿਹੀ ਰੋਟੀ ਵੀ ਲਿਆਉਂਦਾ ਹਾਂ, ਜੋ ਤੁਸੀਂ ਆਪਣੇ ਮਨਾਂ ਨੂੰ ਤਰਿਪਤ ਕਰੋ । ਫੇਰ ਤੁਸੀਂ ਅੱਗੇ ਲੰਘ ਜਾਇਓ, ਕਿਉਂਕਿ ਤੁਸੀਂ ਇਸੇ ਲਈ ਆਪਣੇ ਦਾਸ ਕੋਲ ਆਏ ਹੋ । ਤਦ ਉਨ੍ਹਾਂ ਨੇ ਆਖਿਆ, ਜਿਵੇਂ ਤੂੰ ਕਿਹਾ ਹੈ ਉਸੇ ਤਰ੍ਹਾਂ ਹੀ ਕਰ ।
6ਤਦ ਅਬਰਾਹਾਮ ਝੱਟ ਸਾਰਾਹ ਕੋਲ ਤੰਬੂ ਵਿੱਚ ਗਿਆ ਅਤੇ ਆਖਿਆ, ਜਲਦੀ ਕਰ ਅਤੇ ਤਿੰਨ ਮਾਪ ਮੈਦਾ ਗੁੰਨ੍ਹ ਕੇ ਰੋਟੀਆਂ ਪਕਾ7ਅਤੇ ਅਬਰਾਹਾਮ ਨੱਸ ਕੇ ਚੌਣੇ ਵਿੱਚ ਗਿਆ ਅਤੇ ਇੱਕ ਚੰਗਾ ਅਤੇ ਨਰਮ ਵੱਛਾ ਲੈ ਕੇ ਇੱਕ ਸੇਵਕ ਨੂੰ ਦਿੱਤਾ ਅਤੇ ਉਸ ਨੇ ਛੇਤੀ ਨਾਲ ਉਹ ਨੂੰ ਤਿਆਰ ਕੀਤਾ ।8ਫੇਰ ਉਸ ਨੇ ਦਹੀ, ਦੁੱਧ ਅਤੇ ਉਹ ਵੱਛਾ ਜਿਸ ਨੂੰ ਉਸ ਨੇ ਤਿਆਰ ਕਰਵਾਇਆ ਸੀ, ਲੈ ਕੇ ਉਨ੍ਹਾਂ ਦੇ ਅੱਗੇ ਪਰੋਸ ਦਿੱਤਾ ਅਤੇ ਆਪ ਉਨ੍ਹਾਂ ਦੇ ਕੋਲ ਰੁੱਖ ਹੇਠ ਖੜ੍ਹਾ ਰਿਹਾ ਅਤੇ ਉਨ੍ਹਾਂ ਨੇ ਖਾਧਾ ।
9ਫੇਰ ਉਨ੍ਹਾਂ ਨੇ ਉਹ ਨੂੰ ਪੁੱਛਿਆ, ਤੇਰੀ ਪਤਨੀ ਸਾਰਾਹ ਕਿੱਥੇ ਹੈ ? ਉਸ ਨੇ ਆਖਿਆ, ਉਹ ਤੰਬੂ ਵਿੱਚ ਹੈ ।10ਓਸ ਨੇ ਆਖਿਆ, ਮੈਂ ਜ਼ਰੂਰ ਬਸੰਤ ਦੀ ਰੁੱਤੇ ਤੇਰੇ ਕੋਲ ਵਾਪਿਸ ਆਵਾਂਗਾ ਅਤੇ ਵੇਖ ਤੇਰੀ ਪਤਨੀ ਸਾਰਾਹ ਇੱਕ ਪੁੱਤਰ ਨੂੰ ਜਨਮ ਦੇਵੇਗੀ ਅਤੇ ਸਾਰਾਹ ਤੰਬੂ ਦੇ ਬੂਹੇ ਵਿੱਚ ਜਿਹੜਾ ਉਹ ਦੇ ਪਿੱਛੇ ਸੀ, ਸੁਣ ਰਹੀ ਸੀ ।
11ਅਬਰਾਹਾਮ ਅਤੇ ਸਾਰਾਹ ਬੁੱਢੇ ਅਤੇ ਵੱਡੀ ਉਮਰ ਦੇ ਸਨ ਅਤੇ ਸਾਰਾਹ ਦੀ ਮਾਹਵਾਰੀ ਵੀ ਬੰਦ ਹੋ ਗਈ ਸੀ ।12ਤਦ ਸਾਰਾਹ ਆਪਣੇ ਮਨ ਵਿੱਚ ਹੱਸੀ ਤੇ ਆਖਿਆ ਕਿ ਜਦੋਂ ਮੈਂ ਬੁੱਢੀ ਹੋ ਗਈ ਹਾਂ ਅਤੇ ਮੇਰਾ ਸਵਾਮੀ ਵੀ ਬੁੱਢਾ ਹੈ, ਕੀ ਮੈਨੂੰ ਇਹ ਸੁੱਖ ਮਿਲੇਗਾ ?
13ਤਦ ਯਹੋਵਾਹ ਨੇ ਅਬਰਾਹਾਮ ਨੂੰ ਆਖਿਆ, ਸਾਰਾਹ ਕਿਉਂ ਇਹ ਆਖ ਕੇ ਹੱਸੀ ਕਿ ਜਦ ਮੈਂ ਬੁੱਢੀ ਹੋ ਗਈ ਹਾਂ ਤਾਂ, ਕੀ ਮੈਂ ਸੱਚ-ਮੁੱਚ ਪੁੱਤਰ ਨੂੰ ਜਨਮ ਦੇਵਾਂਗੀ ? ਭਲਾ, ਯਹੋਵਾਹ ਲਈ ਕੋਈ ਗੱਲ ਔਖੀ ਹੈ ?14ਨਿਯੁਕਤ ਸਮੇਂ ਸਿਰ ਮੈਂ ਤੇਰੇ ਕੋਲ ਮੁੜ ਆਵਾਂਗਾ ਅਤੇ ਸਾਰਾਹ ਪੁੱਤਰ ਨੂੰ ਜਨਮ ਦੇਵੇਗੀ ।15ਪਰ ਸਾਰਾਹ ਇਹ ਆਖ ਕੇ ਮੁੱਕਰ ਗਈ, ਕਿ ਮੈਂ ਨਹੀਂ ਹੱਸੀ ਕਿਉਂ ਜੋ ਉਹ ਡਰ ਗਈ ਪਰੰਤੂ ਉਸ ਨੇ ਆਖਿਆ, ਨਹੀਂ ਤੂੰ ਜ਼ਰੂਰ ਹੱਸੀ ਹੈਂ ।
ਸਦੂਮ ਅਤੇ ਅਮੂਰਾਹ ਦੇ ਨਾਸ ਦਾ ਵਰਣਨ

16ਤਦ ਉਨ੍ਹਾਂ ਮਨੁੱਖਾਂ ਨੇ ਉੱਥੋਂ ਉੱਠ ਕੇ ਸਦੂਮ ਵੱਲ ਵੇਖਿਆ ਅਤੇ ਅਬਰਾਹਾਮ ਉਨ੍ਹਾਂ ਨੂੰ ਰਾਹੇ ਪਾਉਣ ਲਈ ਨਾਲ ਤੁਰ ਪਿਆ ।17ਤਦ ਯਹੋਵਾਹ ਨੇ ਆਖਿਆ, ਮੈਂ ਅਬਰਾਹਾਮ ਤੋਂ ਉਹ ਜੋ ਮੈਂ ਕਰਨ ਵਾਲਾ ਹਾਂ ਕਿਉਂ ਲੁਕਾਵਾਂ ?18ਅਬਰਾਹਾਮ ਇੱਕ ਵੱਡੀ ਅਤੇ ਬਲਵੰਤ ਕੌਮ ਹੋਵੇਗਾ ਅਤੇ ਧਰਤੀ ਦੀਆਂ ਸਾਰੀਆਂ ਕੌਮਾਂ ਉਸ ਤੋਂ ਬਰਕਤ ਪਾਉਣਗੀਆਂ ।19ਕਿਉਂਕਿ ਮੈਂ ਜਾਣ ਲਿਆ ਹੈ ਕਿ ਉਹ ਆਪਣੇ ਪੁੱਤਰਾਂ ਅਤੇ ਘਰਾਣੇ ਨੂੰ ਜੋ ਉਸ ਤੋਂ ਬਾਅਦ ਵਿੱਚ ਰਹਿ ਜਾਣਗੇ, ਆਗਿਆ ਦੇਵੇਗਾ ਕਿ ਉਹ ਯਹੋਵਾਹ ਦੇ ਰਾਹ ਦੀ ਪਾਲਨਾ ਕਰਨ ਅਤੇ ਧਰਮ ਅਤੇ ਨਿਆਂ ਕਰਦੇ ਰਹਿਣ, ਤਾਂ ਕਿ ਜੋ ਕੁਝ ਯਹੋਵਾਹ ਨੇ ਅਬਰਾਹਾਮ ਦੇ ਵਿਖੇ ਬੋਲਿਆ ਹੈ ਉਸ ਨੂੰ ਪੂਰਾ ਕਰੇ ।
20ਫਿਰ ਯਹੋਵਾਹ ਨੇ ਆਖਿਆ, ਸਦੂਮ ਅਤੇ ਅਮੂਰਾਹ ਦਾ ਰੌਲਾ ਬਹੁਤ ਵੱਧ ਗਿਆ ਹੈ ਅਤੇ ਉਨ੍ਹਾਂ ਦਾ ਪਾਪ ਵੀ ਬਹੁਤ ਭਾਰੀ ਹੈ ।21ਇਸ ਲਈ ਮੈਂ ਉਤਰ ਕੇ ਵੇਖਾਂਗਾ ਕਿ ਉਨ੍ਹਾਂ ਨੇ ਉਸ ਰੌਲੇ ਅਨੁਸਾਰ ਜੋ ਮੇਰੇ ਕੋਲ ਆਇਆ ਹੈ, ਸਭ ਕੁਝ ਕੀਤਾ ਹੈ ਜਾਂ ਨਹੀਂ, ਜੇ ਉਹਨਾਂ ਨਹੀਂ ਕੀਤਾ ਹੈ ਤਾਂ ਮੈਂ ਜਾਣ ਜਾਂਵਾਂਗਾ ।
22ਤਦ ਓਹ ਮਨੁੱਖ ਉੱਥੋਂ ਮੁੜ ਕੇ ਸਦੂਮ ਵੱਲ ਤੁਰ ਪਏ, ਪਰ ਅਬਰਾਹਾਮ ਯਹੋਵਾਹ ਦੇ ਸਨਮੁਖ ਖੜ੍ਹਾ ਰਿਹਾ ।23ਤਦ ਅਬਰਾਹਾਮ ਨੇ ਨੇੜੇ ਹੋ ਕੇ ਆਖਿਆ, ਕੀ ਤੂੰ ਸੱਚ-ਮੁੱਚ ਧਰਮੀ ਨੂੰ ਕੁਧਰਮੀ ਨਾਲ ਨਾਸ਼ ਕਰੇਂਗਾ ?
24ਸ਼ਾਇਦ ਉਸ ਨਗਰ ਵਿੱਚ ਪੰਜਾਹ ਧਰਮੀ ਹੋਣ । ਕੀ ਤੂੰ ਜ਼ਰੂਰ ਉਸ ਥਾਂ ਨੂੰ ਮਿਟਾ ਦੇਵੇਂਗਾ ਅਤੇ ਉਨ੍ਹਾਂ ਪੰਜਾਹਾਂ ਧਰਮੀਆਂ ਦੇ ਕਾਰਨ ਜੋ ਉਸ ਵਿੱਚ ਹਨ, ਛੱਡ ਨਾ ਦੇਵੇਂਗਾ ?25ਅਜਿਹਾ ਕਰਨਾ ਅਰਥਾਤ ਧਰਮੀ ਨੂੰ ਕੁਧਰਮੀ ਨਾਲ ਮਾਰਨਾ ਤੈਥੋਂ ਦੂਰ ਹੋਵੇ ਨਹੀਂ ਤਾਂ ਧਰਮੀ ਕੁਧਰਮੀ ਦੇ ਸਮਾਨ ਹੋ ਜਾਵੇਗਾ । ਅਜਿਹਾ ਕਰਨਾ ਤੇਰੇ ਤੋਂ ਦੂਰ ਹੋਵੇ ।26ਕੀ ਸਾਰੀ ਧਰਤੀ ਦਾ ਨਿਆਈ ਨਿਆਂ ਨਾ ਕਰੇਗਾ ? ਯਹੋਵਾਹ ਨੇ ਆਖਿਆ, ਜੇ ਸਦੂਮ ਵਿੱਚ ਪੰਜਾਹ ਧਰਮੀ ਮੈਨੂੰ ਲੱਭਣ, ਤਾਂ ਮੈਂ ਸਾਰੇ ਨਗਰ ਨੂੰ ਉਨ੍ਹਾਂ ਦੇ ਕਾਰਨ ਛੱਡ ਦਿਆਂਗਾ ।
27ਫੇਰ ਅਬਰਾਹਾਮ ਨੇ ਉੱਤਰ ਦੇ ਕੇ ਆਖਿਆ, ਵੇਖ, ਮੈਂ ਆਪਣੇ ਪ੍ਰਭੂ ਨਾਲ ਗੱਲ ਕਰਨ ਦੀ ਦਲੇਰੀ ਕੀਤੀ ਹੈ, ਭਾਵੇਂ ਮੈਂ ਧੂੜ ਅਤੇ ਮਿੱਟੀ ਹੀ ਹਾਂ ।28ਸ਼ਾਇਦ ਪੰਜਾਹ ਧਰਮੀਆਂ ਵਿੱਚੋਂ ਪੰਜ ਘੱਟ ਹੋਣ । ਕੀ ਉਨ੍ਹਾਂ ਪੰਜਾਂ ਦੇ ਕਾਰਨ ਤੂੰ ਸਾਰਾ ਨਗਰ ਨਸ਼ਟ ਕਰੇਂਗਾ ? ਉਸ ਨੇ ਆਖਿਆ, ਜੇ ਉੱਥੇ ਮੈਨੂੰ ਪੈਂਤਾਲੀ ਲੱਭਣ ਤਾਂ ਵੀ ਮੈਂ ਉਸ ਨੂੰ ਨਸ਼ਟ ਨਹੀਂ ਕਰਾਂਗਾ ।
29ਫੇਰ ਉਸ ਨੇ ਇੱਕ ਵਾਰੀ ਹੋਰ ਉਹ ਦੇ ਨਾਲ ਗੱਲ ਕਰਕੇ ਆਖਿਆ, ਸ਼ਾਇਦ ਉੱਥੇ ਚਾਲ੍ਹੀ ਲੱਭਣ । ਉਸ ਨੇ ਆਖਿਆ, ਮੈਂ ਉਨ੍ਹਾਂ ਚਾਲ੍ਹੀਆਂ ਦੇ ਕਾਰਨ ਇਹ ਨਹੀਂ ਕਰਾਂਗਾ ।30ਤਦ ਉਸ ਨੇ ਆਖਿਆ, ਪ੍ਰਭੂ ਕ੍ਰੋਧਵਾਨ ਨਾ ਹੋਵੇ ਤਾਂ ਮੈਂ ਗੱਲ ਕਰਾਂ, ਸ਼ਾਇਦ ਉੱਥੇ ਤੀਹ ਲੱਭਣ । ਉਸ ਨੇ ਆਖਿਆ, ਜੇ ਉੱਥੇ ਤੀਹ ਮੈਨੂੰ ਲੱਭਣ ਤਾਂ ਵੀ ਮੈਂ ਇਹ ਨਹੀਂ ਕਰਾਂਗਾ ।31ਫੇਰ ਉਸ ਨੇ ਆਖਿਆ, ਵੇਖ ਮੈਂ ਪ੍ਰਭੂ ਨਾਲ ਗੱਲ ਕਰਨ ਦੀ ਦਲੇਰੀ ਕੀਤੀ ਹੈ । ਸ਼ਾਇਦ ਉੱਥੇ ਵੀਹ ਲੱਭਣ । ਉਸ ਨੇ ਆਖਿਆ, ਮੈਂ ਉਨ੍ਹਾਂ ਵੀਹਾਂ ਦੇ ਕਾਰਨ ਵੀ ਨਸ਼ਟ ਨਹੀਂ ਕਰਾਂਗਾ ।
32ਫੇਰ ਉਸ ਨੇ ਆਖਿਆ, ਪ੍ਰਭੂ ਕ੍ਰੋਧਵਾਨ ਨਾ ਹੋਵੇ ਤਾਂ ਮੈਂ ਇੱਕੋ ਹੀ ਵਾਰ ਫੇਰ ਗੱਲ ਕਰਾਂਗਾ । ਸ਼ਾਇਦ ਉੱਥੇ ਦਸ ਲੱਭਣ ਤਦ ਉਸ ਨੇ ਆਖਿਆ, ਮੈਂ ਉਨ੍ਹਾਂ ਦਸਾਂ ਦੇ ਕਾਰਨ ਨਗਰ ਨੂੰ ਨਸ਼ਟ ਨਹੀਂ ਕਰਾਂਗਾ ।33ਜਦ ਯਹੋਵਾਹ ਅਬਰਾਹਾਮ ਨਾਲ ਗੱਲਾਂ ਕਰ ਚੁੱਕਿਆ ਤਦ ਉਹ ਚੱਲਿਆ ਗਿਆ ਅਤੇ ਅਬਰਾਹਾਮ ਆਪਣੀ ਥਾਂ ਨੂੰ ਮੁੜ ਗਿਆ ।

19
ਸਦੂਮ ਦੀ ਦੁਸ਼ਟਤਾ

1ਸ਼ਾਮ ਨੂੰ ਦੋ ਦੂਤ ਸਦੂਮ ਨੂੰ ਆਏ ਅਤੇ ਲੂਤ ਸਦੂਮ ਦੇ ਫਾਟਕ ਵਿੱਚ ਬੈਠਾ ਹੋਇਆ ਸੀ, ਲੂਤ ਉਨ੍ਹਾਂ ਨੂੰ ਵੇਖ ਕੇ ਮਿਲਣ ਲਈ ਉੱਠਿਆ ਅਤੇ ਉਹ ਨੇ ਆਪਣਾ ਮੂੰਹ ਧਰਤੀ ਤੱਕ ਝੁਕਾਇਆ ।2ਉਸ ਨੇ ਆਖਿਆ, ਵੇਖੋ, ਮੇਰੇ ਪ੍ਰਭੂਓ ਤੁਸੀਂ ਆਪਣੇ ਦਾਸ ਦੇ ਘਰ ਵੱਲ ਮੁੜੋ ਅਤੇ ਰਾਤ ਠਹਿਰੋ ਅਤੇ ਆਪਣੇ ਪੈਰ ਧੋਵੋ, ਫੇਰ ਤੁਸੀਂ ਤੜਕੇ ਉੱਠ ਕੇ ਆਪਣੇ ਰਾਹ ਚਲੇ ਜਾਣਾ । ਪਰ ਉਨ੍ਹਾਂ ਨੇ ਆਖਿਆ, ਨਹੀਂ, ਅਸੀਂ ਚੌਂਕ ਵਿੱਚ ਰਾਤ ਕੱਟਾਂਗੇ ।3ਜਦ ਉਸ ਨੇ ਉਨ੍ਹਾਂ ਦੇ ਅੱਗੇ ਬਹੁਤ ਮਿੰਨਤ ਕੀਤੀ ਤਾਂ ਓਹ ਉਸ ਦੇ ਨਾਲ ਉਸ ਦੇ ਘਰ ਗਏ ਅਤੇ ਉਸ ਨੇ ਉਨ੍ਹਾਂ ਦੀ ਮੇਜ਼ਬਾਨੀ ਕੀਤੀ ਅਤੇ ਪਤੀਰੀ ਰੋਟੀ ਪਕਾਈ ਅਤੇ ਉਨ੍ਹਾਂ ਨੇ ਖਾਧੀ ।

4ਪਰ ਉਨ੍ਹਾਂ ਦੇ ਲੰਮੇ ਪੈਣ ਤੋਂ ਪਹਿਲਾਂ, ਸਦੂਮ ਨਗਰ ਦੇ ਸਾਰੇ ਮਨੁੱਖਾਂ ਨੇ ਕੀ ਜਵਾਨ, ਕੀ ਬੁੱਢਾ ਚਾਰੇ ਪਾਸਿਓਂ ਉਸ ਘਰ ਨੂੰ ਘੇਰ ਲਿਆ ।5ਅਤੇ ਉਨ੍ਹਾਂ ਨੇ ਲੂਤ ਨੂੰ ਅਵਾਜ਼ ਮਾਰ ਕੇ ਆਖਿਆ, ਓਹ ਮਨੁੱਖ ਕਿੱਥੇ ਹਨ ਜੋ ਅੱਜ ਰਾਤ ਤੇਰੇ ਕੋਲ ਆਏ ਹਨ ? ਉਨ੍ਹਾਂ ਨੂੰ ਸਾਡੇ ਕੋਲ ਬਾਹਰ ਲਿਆ ਤਾਂ ਜੋ ਅਸੀਂ ਉਨ੍ਹਾਂ ਨਾਲ ਭੋਗ ਵਿਲਾਸ ਕਰੀਏ ।
6ਤਦ ਲੂਤ ਉਨ੍ਹਾਂ ਦੇ ਕੋਲ ਦਰਵਾਜ਼ੇ ਵਿੱਚੋਂ ਬਾਹਰ ਗਿਆ ਅਤੇ ਦਰਵਾਜ਼ਾ ਆਪਣੇ ਪਿੱਛੇ ਬੰਦ ਕਰ ਲਿਆ ।7ਤਦ ਉਸ ਨੇ ਆਖਿਆ, ਮੇਰੇ ਭਰਾਵੋ, ਇਹ ਬੁਰਿਆਈ ਨਾ ਕਰੋ ।8ਵੇਖੋ ਮੇਰੀਆਂ ਦੋ ਧੀਆਂ ਹਨ ਜਿਨ੍ਹਾਂ ਨੇ ਮਨੁੱਖ ਨੂੰ ਨਹੀਂ ਜਾਣਿਆ ਹੈ । ਮੈਂ ਉਨ੍ਹਾਂ ਨੂੰ ਤੁਹਾਡੇ ਕੋਲ ਲੈ ਆਉਂਦਾ ਹਾਂ ਤਾਂ ਉਨ੍ਹਾਂ ਨਾਲ ਜਿਵੇਂ ਤੁਹਾਡੀ ਨਿਗਾਹ ਵਿੱਚ ਚੰਗਾ ਹੋਵੇ ਉਸੇ ਤਰ੍ਹਾਂ ਕਰੋ, ਪਰ ਇਨ੍ਹਾਂ ਮਨੁੱਖਾਂ ਨਾਲ ਅਜਿਹਾ ਕੁਝ ਨਾ ਕਰੋ ਕਿਉਂ ਜੋ ਓਹ ਮੇਰੀ ਛੱਤ ਹੇਠ ਆਏ ਹਨ ।
9ਪਰ ਉਨ੍ਹਾਂ ਨੇ ਆਖਿਆ, ਪਿੱਛੇ ਹੱਟ ਜਾ, ਉਨ੍ਹਾਂ ਨੇ ਇਹ ਵੀ ਆਖਿਆ ਇਹ ਪਰਦੇਸੀ ਹੋ ਕੇ ਵੱਸਣ ਲਈ ਆਇਆ ਸੀ, ਹੁਣ ਨਿਆਈ ਬਣ ਬੈਠਾ ਹੈ । ਅਸੀਂ ਤੇਰੇ ਨਾਲ ਉਨ੍ਹਾਂ ਨਾਲੋਂ ਵੱਧ ਬੁਰਿਆਈ ਕਰਾਂਗੇ । ਫੇਰ ਉਨ੍ਹਾਂ ਨੇ ਲੂਤ ਨੂੰ ਬਹੁਤ ਤੰਗ ਕੀਤਾ ਅਤੇ ਦਰਵਾਜ਼ੇ ਨੂੰ ਭੰਨਣ ਲਈ ਨੇੜੇ ਆਏ ।
10ਤਦ ਉਨ੍ਹਾਂ ਮਨੁੱਖਾਂ ਨੇ ਹੱਥ ਵਧਾ ਕੇ ਲੂਤ ਨੂੰ ਆਪਣੇ ਕੋਲ ਘਰ ਵਿੱਚ ਖਿੱਚ ਲਿਆ ਅਤੇ ਦਰਵਾਜ਼ੇ ਨੂੰ ਬੰਦ ਕਰ ਲਿਆ ।11ਜਿਹੜੇ ਮਨੁੱਖ ਬੂਹੇ ਦੇ ਅੱਗੇ ਸਨ ਉਨ੍ਹਾਂ ਨੇ ਉਨ੍ਹਾਂ ਨੂੰ, ਕੀ ਛੋਟਾ ਕੀ ਵੱਡਾ ਅੰਨ੍ਹੇ ਕਰ ਦਿੱਤਾ ਇੱਥੋਂ ਤੱਕ ਕਿ ਓਹ ਦਰਵਾਜ਼ਾ ਲੱਭਦੇ-ਲੱਭਦੇ ਥੱਕ ਗਏ ।
ਲੂਤ ਦਾ ਸਦੂਮ ਵਿੱਚੋਂ ਨਿੱਕਲਣਾ

12ਤਦ ਓਹਨਾਂ ਮਨੁੱਖਾਂ ਨੇ ਲੂਤ ਨੂੰ ਆਖਿਆ, ਇੱਥੇ ਤੇਰੇ ਕੋਲ ਹੋਰ ਕੌਣ ਹੈ ? ਆਪਣੇ ਜਵਾਈਆਂ, ਪੁੱਤਰਾਂ, ਧੀਆਂ ਨੂੰ ਅਤੇ ਉਹ ਸਭ ਕੁਝ ਜੋ ਤੇਰਾ ਇਸ ਨਗਰ ਵਿੱਚ ਹੈ, ਲੈ ਕੇ ਬਾਹਰ ਨਿੱਕਲ ਜਾ ।13ਕਿਉਂਕਿ ਅਸੀਂ ਇਸ ਸਥਾਨ ਨੂੰ ਨਸ਼ਟ ਕਰਨ ਵਾਲੇ ਹਾਂ ਕਿਉਂ ਜੋ ਓਹਨਾਂ ਦੀ ਬੁਰਿਆਈ ਯਹੋਵਾਹ ਦੇ ਅੱਗੇ ਬਹੁਤ ਵੱਧ ਗਈ ਹੈ ਅਤੇ ਯਹੋਵਾਹ ਨੇ ਸਾਨੂੰ ਇਹਨਾਂ ਦਾ ਨਾਸ਼ ਕਰਨ ਲਈ ਭੇਜਿਆ ਹੈ ।
14ਉਪਰੰਤ ਲੂਤ ਨੇ ਬਾਹਰ ਜਾ ਕੇ ਆਪਣੇ ਜਵਾਈਆਂ ਨਾਲ ਜਿਨ੍ਹਾਂ ਨਾਲ ਉਸ ਦੀਆਂ ਧੀਆਂ ਦੀ ਮੰਗਣੀ ਹੋਈ ਸੀ ਗੱਲ ਕੀਤੀ ਅਤੇ ਆਖਿਆ, ਉੱਠੋ ਇਸ ਨਗਰ ਤੋਂ ਨਿੱਕਲ ਜਾਓ ਕਿਉਂਕਿ ਯਹੋਵਾਹ ਇਸ ਨਗਰ ਨੂੰ ਨਸ਼ਟ ਕਰਨ ਵਾਲਾ ਹੈ, ਪਰ ਉਹ ਆਪਣੇ ਜਵਾਈਆਂ ਦੀਆਂ ਨਜ਼ਰਾਂ ਵਿੱਚ ਮਖ਼ੌਲੀਆ ਜਿਹਾ ਜਾਪਿਆ ।15ਜਦ ਸਵੇਰ ਹੋਈ ਤਾਂ ਓਹਨਾਂ ਦੂਤਾਂ ਨੇ ਲੂਤ ਨੂੰ ਛੇਤੀ ਕਰਾਈ ਅਤੇ ਕਿਹਾ, ਉੱਠ, ਆਪਣੀ ਪਤਨੀ ਅਤੇ ਦੋਹਾਂ ਧੀਆਂ ਨੂੰ ਜਿਹੜੀਆਂ ਇੱਥੇ ਹਨ ਲੈ ਜਾ, ਅਜਿਹਾ ਨਾ ਹੋਵੇ ਕਿ ਤੂੰ ਵੀ ਇਸ ਨਗਰ ਦੇ ਅਪਰਾਧ ਵਿੱਚ ਭਸਮ ਹੋ ਜਾਵੇਂ ।
16ਜਦ ਉਹ ਦੇਰੀ ਕਰ ਰਿਹਾ ਸੀ, ਤਾਂ ਉਨ੍ਹਾਂ ਮਨੁੱਖਾਂ ਨੇ ਯਹੋਵਾਹ ਦੀ ਕਿਰਪਾ ਦੇ ਕਾਰਨ ਜੋ ਉਸ ਦੇ ਉੱਤੇ ਸੀ, ਉਹ ਦੇ ਹੱਥ, ਅਤੇ ਉਹ ਦੀ ਪਤਨੀ ਦੇ ਹੱਥ, ਅਤੇ ਉਹ ਦੀਆਂ ਦੋਹਾਂ ਧੀਆਂ ਦੇ ਹੱਥਾਂ ਨੂੰ ਫੜ੍ਹ ਕੇ ਉਨ੍ਹਾਂ ਨੂੰ ਨਗਰ ਤੋਂ ਬਾਹਰ ਪਹੁੰਚਾ ਦਿੱਤਾ ।17ਅਜਿਹਾ ਹੋਇਆ ਕਿ ਜਦ ਓਹ ਉਨ੍ਹਾਂ ਨੂੰ ਬਾਹਰ ਲੈ ਆਏ ਤਾਂ ਉਸ ਨੂੰ ਆਖਿਆ, ਆਪਣੀ ਜਾਨ ਬਚਾ ਕੇ ਭੱਜ ਜਾ, ਪਿੱਛੇ ਮੁੜ ਕੇ ਨਾ ਵੇਖੀਂ ਅਤੇ ਸਾਰੀ ਘਾਟੀ ਵਿੱਚ ਕਿਤੇ ਨਾ ਠਹਿਰੀਂ । ਪਹਾੜ ਨੂੰ ਭੱਜ ਜਾ, ਅਜਿਹਾ ਨਾ ਹੋਵੇ ਕਿ ਤੂੰ ਵੀ ਭਸਮ ਹੋ ਜਾਵੇਂ ।
18ਪਰ ਲੂਤ ਨੇ ਉਨ੍ਹਾਂ ਨੂੰ ਆਖਿਆ, ਹੇ ਮੇਰੇ ਪ੍ਰਭੂਓ, ਅਜਿਹਾ ਨਾ ਕਰਨਾ ।19ਵੇਖੋ, ਤੁਹਾਡੇ ਦਾਸ ਉੱਤੇ ਤੁਹਾਡੀ ਕਿਰਪਾ ਦੀ ਨਜ਼ਰ ਹੋਈ ਹੈ, ਅਤੇ ਤੁਸੀਂ ਬਹੁਤ ਦਯਾ ਕੀਤੀ ਜੋ ਮੇਰੀ ਜਾਨ ਨੂੰ ਬਚਾਇਆ ਹੈ, ਪਰ ਮੈਂ ਪਹਾੜ ਤੱਕ ਨਹੀਂ ਭੱਜ ਸਕਦਾ, ਅਜਿਹਾ ਨਾ ਹੋਵੇ ਕਿ ਮੇਰੇ ਉੱਤੇ ਕੋਈ ਬਿਪਤਾ ਆ ਪਵੇ ਅਤੇ ਮੈਂ ਮਰ ਜਾਂਵਾਂ ।20ਵੇਖੋ, ਉਹ ਨਗਰ ਭੱਜਣ ਲਈ ਨੇੜੇ ਹੈ ਅਤੇ ਉਹ ਛੋਟਾ ਵੀ ਹੈ । ਮੈਨੂੰ ਉੱਥੇ ਭੱਜ ਜਾਣ ਦਿਓ । ਕੀ ਉਹ ਨਗਰ ਛੋਟਾ ਨਹੀਂ ਹੈ ? ਇਸ ਤਰ੍ਹਾਂ ਮੇਰੀ ਜਾਨ ਬਚ ਜਾਵੇਗੀ ।
21ਉਸ ਨੇ ਉਹ ਨੂੰ ਆਖਿਆ, ਵੇਖ, ਮੈਂ ਤੇਰੀ ਇਸ ਗੱਲ ਨੂੰ ਵੀ ਮੰਨ ਲਿਆ ਹੈ ਅਤੇ ਮੈਂ ਉਸ ਨਗਰ ਨੂੰ ਜਿਹ ਦੇ ਵਿਖੇ ਤੂੰ ਗੱਲ ਕੀਤੀ ਹੈ, ਨਾਸ਼ ਨਾ ਕਰਾਂਗਾ ।22ਛੇਤੀ ਕਰ, ਉੱਥੇ ਨੂੰ ਭੱਜ ਜਾ ਕਿਉਂਕਿ ਜਦ ਤੱਕ ਤੂੰ ਉੱਥੇ ਨਾ ਪਹੁੰਚੇ ਮੈਂ ਕੁਝ ਨਹੀਂ ਕਰ ਸਕਦਾ । ਇਸ ਕਾਰਨ ਉਸ ਨਗਰ ਦਾ ਨਾਮ ਸੋਆਰ ਰੱਖਿਆ ਗਿਆ ।
ਸਦੂਮ ਅਤੇ ਅਮੂਰਾਹ ਦਾ ਵਿਨਾਸ਼

23ਸੂਰਜ ਅਜੇ ਚੜ੍ਹਿਆ ਹੀ ਸੀ, ਜਦ ਲੂਤ ਸੋਆਰ ਵਿੱਚ ਜਾ ਵੜਿਆ ।24ਤਦ ਯਹੋਵਾਹ ਨੇ ਸਦੂਮ ਅਤੇ ਅਮੂਰਾਹ ਉੱਤੇ ਗੰਧਕ ਅਤੇ ਅੱਗ ਅਕਾਸ਼ ਤੋਂ ਬਰਸਾਈ25ਅਤੇ ਉਸ ਨੇ ਉਨ੍ਹਾਂ ਨਗਰਾਂ ਨੂੰ, ਅਤੇ ਸਾਰੀ ਘਾਟੀ ਨੂੰ, ਅਤੇ ਨਗਰ ਦੇ ਵਸਨੀਕਾਂ ਨੂੰ ਅਤੇ ਜ਼ਮੀਨ ਦੀ ਸਾਰੀ ਉਪਜ ਨੂੰ ਨਸ਼ਟ ਕਰ ਸੁੱਟਿਆ ।
26ਪਰ ਲੂਤ ਦੀ ਪਤਨੀ ਨੇ ਜੋ ਉਸ ਦੇ ਪਿੱਛੇ ਸੀ, ਉਸ ਨੇ ਪਿੱਛੇ ਮੁੜ ਕੇ ਵੇਖਿਆ ਤਾਂ ਉਹ ਲੂਣ ਦਾ ਥੰਮ੍ਹ ਬਣ ਗਈ ।27ਅਬਰਾਹਾਮ ਸਵੇਰੇ ਹੀ ਉੱਠ ਕੇ ਉਸ ਸਥਾਨ ਨੂੰ ਗਿਆ, ਜਿੱਥੇ ਉਹ ਯਹੋਵਾਹ ਦੇ ਸਨਮੁਖ ਖੜ੍ਹਾ ਹੋਇਆ ਸੀ ।28ਜਦ ਉਸ ਨੇ ਸਦੂਮ ਅਤੇ ਅਮੂਰਾਹ ਵੱਲ ਅਤੇ ਘਾਟੀ ਦੇ ਸਾਰੇ ਦੇਸ਼ ਵੱਲ ਵੇਖਿਆ ਤਾਂ ਵੇਖੋ, ਧਰਤੀ ਤੋਂ ਧੂੰਆਂ ਭੱਠੀ ਦੇ ਧੂੰਏਂ ਵਾਂਗੂੰ ਉੱਠ ਰਿਹਾ ਸੀ ।
29ਅਜਿਹਾ ਹੋਇਆ ਕਿ ਜਦ ਪਰਮੇਸ਼ੁਰ ਨੇ ਉਸ ਘਾਟੀ ਦੇ ਨਗਰਾਂ ਨੂੰ ਜਿਸ ਵਿੱਚ ਲੂਤ ਰਹਿੰਦਾ ਸੀ, ਨਸ਼ਟ ਕੀਤਾ ਤਦ ਪਰਮੇਸ਼ੁਰ ਨੇ ਅਬਰਾਹਾਮ ਨੂੰ ਯਾਦ ਕਰਕੇ ਲੂਤ ਨੂੰ ਉਸ ਬਰਬਾਦੀ ਤੋਂ ਬਚਾ ਲਿਆ ।
ਮੋਆਬੀਆਂ ਅਤੇ ਅੰਮੋਨੀਆਂ ਦੀ ਉਤਪਤੀ

30ਫੇਰ ਲੂਤ ਨੇ ਸੋਆਰ ਨਗਰ ਨੂੰ ਛੱਡ ਦਿੱਤਾ ਅਤੇ ਉੱਪਰ ਜਾ ਕੇ ਆਪਣੀਆਂ ਦੋਹਾਂ ਧੀਆਂ ਸਮੇਤ ਪਹਾੜ ਉੱਤੇ ਵੱਸ ਗਿਆ ਕਿਉਂ ਜੋ ਉਹ ਸੋਆਰ ਵਿੱਚ ਵੱਸਣ ਤੋਂ ਡਰਦਾ ਸੀ, ਇਸ ਲਈ ਉਹ ਅਤੇ ਉਹ ਦੀਆਂ ਦੋਵੇਂ ਧੀਆਂ ਇੱਕ ਗੁਫ਼ਾ ਵਿੱਚ ਰਹਿਣ ਲੱਗ ਪਏ ।
31ਤਦ ਵੱਡੀ ਧੀ ਨੇ ਛੋਟੀ ਨੂੰ ਆਖਿਆ, ਸਾਡਾ ਪਿਤਾ ਬੁੱਢਾ ਹੈ ਅਤੇ ਧਰਤੀ ਉੱਤੇ ਕੋਈ ਮਨੁੱਖ ਨਹੀਂ ਹੈ, ਜੋ ਸੰਸਾਰ ਦੀ ਰੀਤ ਅਨੁਸਾਰ ਸਾਡੇ ਕੋਲ ਅੰਦਰ ਆਵੇ ।32ਇਸ ਲਈ ਆ, ਅਸੀਂ ਆਪਣੇ ਪਿਤਾ ਨੂੰ ਮਧ ਪਿਲਾਈਏ ਅਤੇ ਉਸ ਦੇ ਸੰਗ ਲੇਟੀਏ, ਤਾਂ ਜੋ ਅਸੀਂ ਆਪਣੇ ਪਿਤਾ ਦੀ ਅੰਸ ਨੂੰ ਕਾਇਮ ਰੱਖ ਸਕੀਏ ।33ਫਿਰ ਉਨ੍ਹਾਂ ਨੇ ਆਪਣੇ ਪਿਤਾ ਨੂੰ ਉਸੇ ਰਾਤ ਮਧ ਪਿਲਾਈ ਅਤੇ ਵੱਡੀ ਧੀ ਜਾ ਕੇ ਆਪਣੇ ਪਿਤਾ ਦੇ ਸੰਗ ਲੇਟੀ ਪਰ ਲੂਤ ਨੇ ਉਹ ਦਾ ਲੇਟਣਾ ਅਤੇ ਉੱਠਣਾ ਨਹੀਂ ਜਾਣਿਆ ।
34ਅਗਲੇ ਦਿਨ ਅਜਿਹਾ ਹੋਇਆ ਕਿ ਵੱਡੀ ਧੀ ਨੇ ਛੋਟੀ ਨੂੰ ਆਖਿਆ, ਵੇਖ, ਮੈਂ ਕੱਲ ਰਾਤ ਆਪਣੇ ਪਿਤਾ ਦੇ ਸੰਗ ਲੇਟੀ । ਅਸੀਂ ਅੱਜ ਰਾਤ ਵੀ ਉਹ ਨੂੰ ਮਧ ਪਿਲਾਈਏ ਅਤੇ ਤੂੰ ਜਾ ਕੇ ਉਹ ਦੇ ਸੰਗ ਲੇਟ ਅਤੇ ਤਾਂ ਜੋ ਅਸੀਂ ਆਪਣੇ ਪਿਤਾ ਦੀ ਅੰਸ ਨੂੰ ਕਾਇਮ ਰੱਖ ਸਕੀਏ ।35ਸੋ ਉਨ੍ਹਾਂ ਨੇ ਉਸ ਰਾਤ ਵੀ ਆਪਣੇ ਪਿਤਾ ਨੂੰ ਮਧ ਪਿਲਾਈ ਅਤੇ ਛੋਟੀ ਧੀ ਜਾ ਕੇ ਆਪਣੇ ਪਿਤਾ ਦੇ ਸੰਗ ਲੇਟੀ ਪਰ ਉਸ ਨੇ ਉਹ ਦਾ ਲੇਟਣਾ ਅਤੇ ਉੱਠਣਾ ਨਹੀਂ ਜਾਣਿਆ ।
36ਇਸ ਤਰ੍ਹਾਂ ਲੂਤ ਦੀਆਂ ਦੋਵੇਂ ਧੀਆਂ ਆਪਣੇ ਪਿਤਾ ਤੋਂ ਗਰਭਵਤੀ ਹੋਈਆਂ,37ਅਤੇ ਵੱਡੀ ਧੀ ਨੇ ਇੱਕ ਪੁੱਤਰ ਜਣਿਆ ਅਤੇ ਉਸ ਦਾ ਨਾਮ ਮੋਆਬ ਰੱਖਿਆ । ਉਹ ਅੱਜ ਤੱਕ ਮੋਆਬੀਆਂ ਦਾ ਪਿਤਾ ਹੈ ।38ਛੋਟੀ ਧੀ ਵੀ ਇੱਕ ਪੁੱਤਰ ਜਣੀ ਅਤੇ ਉਸ ਨੇ ਉਹ ਦਾ ਨਾਮ ਬਿਨ-ਅੰਮੀ ਰੱਖਿਆ । ਉਹ ਅੱਜ ਤੱਕ ਅੰਮੋਨੀਆਂ ਦਾ ਪਿਤਾ ਹੈ ।

20
ਅਬਰਾਹਾਮ ਅਤੇ ਅਬੀਮਲਕ

1ਤਦ ਅਬਰਾਹਾਮ ਨੇ ਉੱਥੋਂ ਦੱਖਣ ਦੇਸ਼ ਵੱਲ ਕੂਚ ਕੀਤਾ ਅਤੇ ਕਾਦੇਸ਼ ਅਤੇ ਸ਼ੂਰ ਦੇ ਵਿਚਕਾਰ ਠਹਿਰਿਆ ਅਤੇ ਗਰਾਰ ਵਿੱਚ ਜਾ ਵੱਸਿਆ ।2ਅਬਰਾਹਾਮ ਨੇ ਆਪਣੀ ਪਤਨੀ ਸਾਰਾਹ ਦੇ ਵਿਖੇ ਆਖਿਆ, ਇਹ ਮੇਰੀ ਭੈਣ ਹੈ, ਇਸ ਲਈ ਗਰਾਰ ਦੇ ਰਾਜਾ ਅਬੀਮਲਕ ਨੇ ਆਦਮੀ ਭੇਜ ਕੇ ਸਾਰਾਹ ਨੂੰ ਬੁਲਾ ਲਿਆ ।3ਪਰਮੇਸ਼ੁਰ ਨੇ ਅਬੀਮਲਕ ਕੋਲ ਰਾਤ ਦੇ ਸੁਫ਼ਨੇ ਵਿੱਚ ਆ ਕੇ ਉਸ ਨੂੰ ਆਖਿਆ, ਵੇਖ, ਤੂੰ ਇਸ ਇਸਤਰੀ ਦੇ ਕਾਰਨ ਜਿਸ ਨੂੰ ਤੂੰ ਲਿਆ ਹੈ, ਮਰਨ ਵਾਲਾ ਹੈਂ, ਕਿਉਂ ਜੋ ਉਹ ਵਿਆਹੀ ਹੋਈ ਹੈ ।

4ਪਰ ਅਜੇ ਅਬੀਮਲਕ ਉਹ ਦੇ ਕੋਲ ਨਹੀਂ ਗਿਆ ਸੀ, ਇਸ ਲਈ ਉਸ ਨੇ ਆਖਿਆ, ਹੇ ਪ੍ਰਭੂ, ਕੀ ਤੂੰ ਇੱਕ ਧਰਮੀ ਕੌਮ ਨੂੰ ਵੀ ਮਾਰ ਸੁੱਟੇਂਗਾ ?5ਕੀ ਉਸ ਨੇ ਆਪ ਹੀ ਮੈਨੂੰ ਨਹੀਂ ਆਖਿਆ, ਇਹ ਮੇਰੀ ਭੈਣ ਹੈ ? ਅਤੇ ਕੀ ਉਸ ਇਸਤਰੀ ਨੇ ਵੀ ਆਪ ਹੀ ਨਹੀਂ ਆਖਿਆ, ਉਹ ਮੇਰਾ ਭਰਾ ਹੈ ? ਮੈਂ ਤਾਂ ਆਪਣੇ ਦਿਲ ਦੀ ਖਰਿਆਈ ਅਤੇ ਆਪਣੇ ਹੱਥਾਂ ਦੀ ਸਚਿਆਈ ਨਾਲ ਇਹ ਕੰਮ ਕੀਤਾ ਹੈ ।
6ਪਰਮੇਸ਼ੁਰ ਨੇ ਸੁਫ਼ਨੇ ਵਿੱਚ ਉਹ ਨੂੰ ਆਖਿਆ, ਹਾਂ, ਮੈਂ ਜਾਣਦਾ ਹਾਂ ਕਿ ਤੂੰ ਆਪਣੇ ਦਿਲ ਦੀ ਖਰਿਆਈ ਨਾਲ ਇਹ ਕੰਮ ਕੀਤਾ ਹੈ ਇਸ ਕਾਰਨ ਮੈਂ ਵੀ ਤੈਨੂੰ ਆਪਣੇ ਵਿਰੁੱਧ ਪਾਪ ਕਰਨ ਤੋਂ ਰੋਕਿਆ ਹੈ ਅਤੇ ਮੈਂ ਤੈਨੂੰ ਉਸ ਨੂੰ ਹੱਥ ਲਾਉਣ ਨਹੀਂ ਦਿੱਤਾ ।7ਹੁਣ ਤੂੰ ਉਸ ਮਨੁੱਖ ਨੂੰ ਉਹ ਦੀ ਪਤਨੀ ਮੋੜ ਦੇ ਕਿਉਂ ਜੋ ਉਹ ਨਬੀ ਹੈ, ਉਹ ਤੇਰੇ ਲਈ ਬੇਨਤੀ ਕਰੇਗਾ ਅਤੇ ਤੂੰ ਜੀਉਂਦਾ ਰਹੇਂਗਾ ਪਰ ਜੇ ਤੂੰ ਉਸ ਨੂੰ ਨਾ ਮੋੜੇਂ ਤਾਂ ਜਾਣ ਲੈ ਕਿ ਤੂੰ ਅਤੇ ਤੇਰੇ ਸਾਰੇ ਲੋਕ ਜ਼ਰੂਰ ਮਰਨਗੇ ।
8ਅਬੀਮਲਕ ਸਵੇਰੇ ਹੀ ਉੱਠਿਆ ਅਤੇ ਆਪਣੇ ਸਾਰੇ ਕਰਮਚਾਰੀਆਂ ਨੂੰ ਬੁਲਾ ਕੇ ਉਨ੍ਹਾਂ ਨੂੰ ਇਹ ਸਾਰੀਆਂ ਗੱਲਾਂ ਦੱਸੀਆਂ ਤਦ ਉਹ ਸਾਰੇ ਲੋਕ ਬਹੁਤ ਹੀ ਡਰ ਗਏ ।9ਤਦ ਅਬੀਮਲਕ ਨੇ ਅਬਰਾਹਾਮ ਨੂੰ ਬੁਲਵਾ ਕੇ ਆਖਿਆ, ਤੂੰ ਸਾਡੇ ਨਾਲ ਇਹ ਕੀ ਕੀਤਾ ਹੈ ? ਮੈਂ ਤੇਰਾ ਕੀ ਵਿਗਾੜਿਆ ਸੀ ਕਿ ਤੂੰ ਮੇਰੇ ਅਤੇ ਮੇਰੇ ਰਾਜ ਉੱਤੇ ਇਹ ਵੱਡਾ ਪਾਪ ਲੈ ਆਂਦਾ ਹੈਂ ? ਤੂੰ ਮੇਰੇ ਨਾਲ ਉਹ ਕੰਮ ਕੀਤਾ ਹੈ, ਜੋ ਤੈਨੂੰ ਨਹੀਂ ਕਰਨਾ ਚਾਹੀਦਾ ਸੀ ।
10ਫਿਰ ਅਬੀਮਲਕ ਨੇ ਅਬਰਾਹਾਮ ਨੂੰ ਪੁੱਛਿਆ, ਤੂੰ ਕੀ ਸੋਚ ਕੇ ਇਹ ਕੰਮ ਕੀਤਾ ?11ਅਬਰਾਹਾਮ ਨੇ ਆਖਿਆ, ਮੈਂ ਸੋਚਿਆ ਕਿ ਜ਼ਰੂਰ ਹੀ ਇਸ ਸਥਾਨ ਵਿੱਚ ਪਰਮੇਸ਼ੁਰ ਦਾ ਕੋਈ ਡਰ ਨਹੀਂ ਹੋਵੇਗਾ, ਇਸ ਲਈ ਇਹ ਲੋਕ ਮੇਰੀ ਪਤਨੀ ਦੇ ਕਾਰਨ ਮੈਨੂੰ ਮਾਰ ਸੁੱਟਣਗੇ ।12ਪਰ ਉਹ ਸੱਚ-ਮੁੱਚ ਮੇਰੀ ਭੈਣ ਹੈ, ਕਿਉਂ ਜੋ ਉਹ ਮੇਰੇ ਪਿਤਾ ਦੀ ਧੀ ਹੈ ਪਰ ਮੇਰੀ ਮਾਤਾ ਦੀ ਧੀ ਨਹੀਂ ਹੈ, ਫੇਰ ਉਹ ਮੇਰੀ ਪਤਨੀ ਹੋ ਗਈ ।
13ਜਦ ਪਰਮੇਸ਼ੁਰ ਨੇ ਮੈਨੂੰ ਮੇਰੇ ਪਿਤਾ ਦਾ ਘਰ ਛੱਡਣ ਦਾ ਹੁਕਮ ਦਿੱਤਾ, ਤਦ ਮੈਂ ਉਸ ਨੂੰ ਕਿਹਾ, ਤੈਨੂੰ ਮੇਰੇ ਉੱਤੇ ਇਹ ਦਯਾ ਕਰਨੀ ਹੋਵੇਗੀ ਕਿ ਜਿੱਥੇ ਕਿਤੇ ਅਸੀਂ ਜਾਈਏ, ਉੱਥੇ ਤੂੰ ਮੇਰੇ ਵਿਖੇ ਆਖੀਂ ਕਿ ਇਹ ਮੇਰਾ ਭਰਾ ਹੈ ।14ਤਦ ਅਬੀਮਲਕ ਨੇ ਇੱਜੜ, ਪਸ਼ੂ ਅਤੇ ਦਾਸ-ਦਾਸੀਆਂ ਲੈ ਕੇ ਅਬਰਾਹਾਮ ਨੂੰ ਦਿੱਤੇ ਅਤੇ ਉਸ ਦੀ ਪਤਨੀ ਸਾਰਾਹ ਨੂੰ ਵੀ ਮੋੜ ਦਿੱਤਾ ।
15ਅਬੀਮਲਕ ਨੇ ਆਖਿਆ, ਵੇਖ, ਮੇਰਾ ਦੇਸ਼ ਤੇਰੇ ਸਾਹਮਣੇ ਹੈ । ਜਿੱਥੇ ਤੈਨੂੰ ਚੰਗਾ ਲੱਗੇ, ਤੂੰ ਉੱਥੇ ਵੱਸ ।16ਸਾਰਾਹ ਨੂੰ ਉਸ ਨੇ ਆਖਿਆ, ਵੇਖ, ਮੈਂ ਤੇਰੇ ਭਰਾ ਨੂੰ ਇੱਕ ਹਜ਼ਾਰ ਚਾਂਦੀ ਦੇ ਸਿੱਕੇ ਦਿੱਤੇ ਹਨ । ਵੇਖ, ਉਹ ਤੇਰੇ ਲਈ ਅਤੇ ਸਾਰਿਆਂ ਲਈ ਜੋ ਤੇਰੇ ਸੰਗ ਹਨ, ਅੱਖਾਂ ਦਾ ਪਰਦਾ ਹੋਣਗੇ ਅਤੇ ਸਾਰਿਆਂ ਦੇ ਸਾਹਮਣੇ ਤੂੰ ਸਹੀ ਸਾਬਤ ਹੋਵੇਂਗੀ ।
17ਤਦ ਅਬਰਾਹਾਮ ਨੇ ਪਰਮੇਸ਼ੁਰ ਦੇ ਅੱਗੇ ਪ੍ਰਾਰਥਨਾ ਕੀਤੀ, ਅਤੇ ਪਰਮੇਸ਼ੁਰ ਨੇ ਅਬੀਮਲਕ ਅਤੇ ਉਸ ਦੀ ਪਤਨੀ ਅਤੇ ਉਸ ਦੀਆਂ ਦਾਸੀਆਂ ਨੂੰ ਚੰਗਾ ਕਰ ਦਿੱਤਾ ਅਤੇ ਓਹ ਫੇਰ ਜਣਨ ਲੱਗ ਪਈਆਂ ।18ਕਿਉਂਕਿ ਯਹੋਵਾਹ ਨੇ ਅਬਰਾਹਾਮ ਦੀ ਪਤਨੀ ਸਾਰਾਹ ਦੇ ਕਾਰਨ ਅਬੀਮਲਕ ਦੇ ਘਰਾਣੇ ਦੀ ਹਰੇਕ ਇਸਤਰੀ ਦੀ ਕੁੱਖ ਨੂੰ ਸਖ਼ਤੀ ਨਾਲ ਬੰਦ ਕਰ ਦਿੱਤਾ ਸੀ ।

21
ਇਸਹਾਕ ਦਾ ਜਨਮ

1ਯਹੋਵਾਹ ਨੇ ਜਿਵੇਂ ਆਖਿਆ ਸੀ, ਉਸੇ ਤਰ੍ਹਾਂ ਸਾਰਾਹ ਉੱਤੇ ਨਜ਼ਰ ਕੀਤੀ ਅਤੇ ਉਸ ਲਈ ਆਪਣੇ ਬਚਨ ਦੇ ਅਨੁਸਾਰ ਕੀਤਾ ।2ਸਾਰਾਹ ਗਰਭਵਤੀ ਹੋਈ ਅਤੇ ਉਸੇ ਨਿਯੁਕਤ ਸਮੇਂ ਤੇ ਜੋ ਪਰਮੇਸ਼ੁਰ ਨੇ ਠਹਿਰਾਇਆ ਸੀ, ਅਬਰਾਹਾਮ ਲਈ ਉਸ ਦੇ ਬੁਢੇਪੇ ਵਿੱਚ ਇੱਕ ਪੁੱਤਰ ਨੂੰ ਜਨਮ ਦਿੱਤਾ ।3ਅਬਰਾਹਾਮ ਨੇ ਆਪਣੇ ਪੁੱਤਰ ਦਾ ਨਾਮ ਜਿਸ ਨੂੰ ਸਾਰਾਹ ਨੇ ਜਨਮ ਦਿੱਤਾ ਸੀ, ਇਸਹਾਕ ਰੱਖਿਆ ।4ਅਤੇ ਜਦ ਅਬਰਾਹਾਮ ਦਾ ਪੁੱਤਰ ਇਸਹਾਕ ਅੱਠ ਦਿਨ ਦਾ ਹੋ ਗਿਆ, ਤਦ ਉਸਨੇ ਪਰਮੇਸ਼ੁਰ ਦੇ ਹੁਕਮ ਅਨੁਸਾਰ ਉਸ ਦੀ ਸੁੰਨਤ ਕਰਾਈ ।

5ਅਬਰਾਹਾਮ ਸੌ ਸਾਲ ਦਾ ਸੀ, ਜਦ ਉਸ ਦਾ ਪੁੱਤਰ ਇਸਹਾਕ ਜੰਮਿਆ ।6ਅਤੇ ਸਾਰਾਹ ਨੇ ਆਖਿਆ, ਪਰਮੇਸ਼ੁਰ ਨੇ ਮੈਨੂੰ ਅਨੰਦ ਕੀਤਾ ਹੈ ਅਤੇ ਸਾਰੇ ਸੁਣਨ ਵਾਲੇ ਮੇਰੇ ਨਾਲ ਅਨੰਦ ਮਨਾਉਣਗੇ ।7ਉਸ ਨੇ ਆਖਿਆ, ਕੀ ਕੋਈ ਅਬਰਾਹਾਮ ਨੂੰ ਆਖ ਸਕਦਾ ਸੀ ਕਿ ਸਾਰਾਹ ਪੁੱਤਰਾਂ ਨੂੰ ਦੁੱਧ ਚੁੰਘਾਏਗੀ ? ਵੇਖੋ ਕਿਉਂਕਿ ਮੈਂ ਉਸ ਦੇ ਬੁਢੇਪੇ ਵਿੱਚ ਇੱਕ ਪੁੱਤਰ ਨੂੰ ਜਨਮ ਦਿੱਤਾ ।
8ਉਹ ਮੁੰਡਾ ਵੱਧਦਾ ਗਿਆ ਅਤੇ ਉਹ ਦਾ ਦੁੱਧ ਛੁਡਾਇਆ ਗਿਆ ਅਤੇ ਅਬਰਾਹਾਮ ਨੇ ਇਸਹਾਕ ਦੇ ਦੁੱਧ ਛੁਡਾਉਣ ਦੇ ਦਿਨ ਵੱਡੀ ਦਾਵਤ ਕੀਤੀ ।
ਹਾਜਰਾ ਅਤੇ ਇਸਮਾਏਲ ਦਾ ਕੱਢਿਆ ਜਾਣਾ

9ਸਾਰਾਹ ਨੇ ਹਾਜ਼ਰਾ ਦੇ ਪੁੱਤਰ ਨੂੰ ਜਿਸ ਨੂੰ ਉਹ ਨੇ ਅਬਰਾਹਾਮ ਲਈ ਜਨਮ ਦਿੱਤਾ ਸੀ ਮਖ਼ੌਲ ਕਰਦੇ ਹੋਏ ਵੇਖਿਆ ।
10ਇਸ ਲਈ ਉਸ ਨੇ ਅਬਰਾਹਾਮ ਨੂੰ ਆਖਿਆ, ਇਸ ਦਾਸੀ ਅਤੇ ਇਹ ਦੇ ਪੁੱਤਰ ਨੂੰ ਕੱਢ ਦੇ, ਕਿਉਂ ਜੋ ਇਸ ਦਾਸੀ ਦਾ ਪੁੱਤਰ ਮੇਰੇ ਪੁੱਤਰ ਇਸਹਾਕ ਨੇ ਨਾਲ ਵਾਰਸ ਨਹੀਂ ਹੋਵੇਗਾ ।
ਅਬਰਾਹਾਮ ਅਤੇ ਅਬੀਮਲਕ ਦੇ ਵਿਚਕਾਰ ਸਮਝੌਤਾ

11ਆਪਣੇ ਪੁੱਤਰ ਦੇ ਕਾਰਨ ਅਬਰਾਹਾਮ ਦੀ ਨਿਗਾਹ ਵਿੱਚ ਇਹ ਗੱਲ ਬਹੁਤ ਬੁਰੀ ਲੱਗੀ ।
12ਪਰ ਪਰਮੇਸ਼ੁਰ ਨੇ ਅਬਰਾਹਾਮ ਨੂੰ ਆਖਿਆ, ਇਹ ਗੱਲ ਇਸ ਮੁੰਡੇ ਅਤੇ ਤੇਰੀ ਦਾਸੀ ਦੇ ਵਿਖੇ ਤੇਰੀ ਨਜ਼ਰ ਵਿੱਚ ਬੁਰੀ ਨਾ ਲੱਗੇ । ਜੋ ਕੁਝ ਸਾਰਾਹ ਨੇ ਤੈਨੂੰ ਆਖਿਆ ਹੈ ਤੂੰ ਉਹ ਦੀ ਮੰਨ ਕਿਉਂ ਜੋ ਤੇਰੀ ਅੰਸ ਇਸਹਾਕ ਤੋਂ ਹੀ ਪੁਕਾਰੀ ਜਾਵੇਗੀ ।13ਮੈਂ ਉਸ ਦਾਸੀ ਦੇ ਪੁੱਤਰ ਤੋਂ ਵੀ ਇੱਕ ਕੌਮ ਬਣਾਵਾਂਗਾ ਕਿਉਂਕਿ ਉਹ ਵੀ ਤੇਰੀ ਅੰਸ ਹੈ ।
14ਤਦ ਅਬਰਾਹਾਮ ਸਵੇਰੇ ਜਲਦੀ ਉੱਠਿਆ, ਰੋਟੀ ਅਤੇ ਪਾਣੀ ਦੀ ਇੱਕ ਮਸ਼ਕ ਲੈ ਕੇ ਹਾਜ਼ਰਾ ਦੇ ਮੋਢਿਆਂ ਉੱਤੇ ਰੱਖ ਦਿੱਤੀ ਅਤੇ ਮੁੰਡਾ ਵੀ ਦੇ ਦਿੱਤਾ ਤਦ ਉਹ ਚਲੀ ਗਈ ਅਤੇ ਬਏਰਸਬਾ ਦੀ ਉਜਾੜ ਵਿੱਚ ਭਟਕਦੀ ਰਹੀ ।15ਜਦ ਮਸ਼ਕ ਵਿੱਚੋਂ ਪਾਣੀ ਮੁੱਕ ਗਿਆ ਤਾਂ ਉਸ ਨੇ ਮੁੰਡੇ ਨੂੰ ਇੱਕ ਝਾੜੀ ਦੇ ਹੇਠ ਸੁੱਟ ਦਿੱਤਾ ।16ਆਪ ਸਾਹਮਣੇ ਇੱਕ ਤੀਰ ਦੀ ਮਾਰ ਦੀ ਦੂਰੀ ਉੱਤੇ ਜਾ ਬੈਠੀ, ਕਿਉਂ ਜੋ ਉਸ ਨੇ ਆਖਿਆ, ਮੈਂ ਬੱਚੇ ਦੀ ਮੌਤ ਨਾ ਵੇਖਾਂ, ਸੋ ਉਹ ਸਾਹਮਣੇ ਦੂਰ ਬੈਠ ਕੇ ਉੱਚੀ-ਉੱਚੀ ਰੋਣ ਲੱਗ ਪਈ ।
17ਤਦ ਪਰਮੇਸ਼ੁਰ ਨੇ ਉਸ ਮੁੰਡੇ ਦੇ ਰੋਣ ਦੀ ਅਵਾਜ਼ ਸੁਣ ਲਈ ਅਤੇ ਪਰਮੇਸ਼ੁਰ ਦੇ ਦੂਤ ਨੇ ਅਕਾਸ਼ ਤੋਂ ਹਾਜ਼ਰਾ ਨੂੰ ਪੁਕਾਰ ਕੇ ਆਖਿਆ, ਹਾਜ਼ਰਾ ਤੈਨੂੰ ਕੀ ਹੋਇਆ ? ਨਾ ਡਰ, ਕਿਉਂਕਿ ਪਰਮੇਸ਼ੁਰ ਨੇ ਮੁੰਡੇ ਦੀ ਅਵਾਜ਼ ਜਿੱਥੇ ਉਹ ਪਿਆ ਹੈ ਉੱਥੋਂ ਸੁਣ ਲਈ ਹੈ ।18ਉੱਠ ਅਤੇ ਮੁੰਡੇ ਨੂੰ ਚੁੱਕ ਲੈ ਅਤੇ ਆਪਣੇ ਹੱਥਾਂ ਵਿੱਚ ਸਾਂਭ ਕਿਉਂਕਿ ਮੈਂ ਇਸ ਨੂੰ ਵੀ ਇੱਕ ਵੱਡੀ ਕੌਮ ਬਣਾਵਾਂਗਾ ।
19ਤਦ ਪਰਮੇਸ਼ੁਰ ਨੇ ਉਸ ਦੀਆਂ ਅੱਖਾਂ ਖੋਲ੍ਹੀਆਂ ਅਤੇ ਉਸ ਨੇ ਪਾਣੀ ਦਾ ਇੱਕ ਖੂਹ ਵੇਖਿਆ ਅਤੇ ਉਹ ਜਾ ਕੇ ਮਸ਼ਕ ਨੂੰ ਪਾਣੀ ਨਾਲ ਭਰ ਲੈ ਆਈ ਅਤੇ ਮੁੰਡੇ ਨੂੰ ਪਿਲਾਇਆ ।20ਪਰਮੇਸ਼ੁਰ ਉਸ ਮੁੰਡੇ ਦੇ ਅੰਗ-ਸੰਗ ਸੀ ਅਤੇ ਉਹ ਵੱਧਦਾ ਗਿਆ, ਉਜਾੜ ਵਿੱਚ ਰਿਹਾ ਅਤੇ ਵੱਡਾ ਹੋ ਕੇ ਤੀਰ-ਅੰਦਾਜ਼ ਬਣਿਆ ।21ਉਹ ਪਾਰਾਨ ਦੀ ਉਜਾੜ ਵਿੱਚ ਰਹਿੰਦਾ ਸੀ ਅਤੇ ਉਸ ਦੀ ਮਾਤਾ ਮਿਸਰ ਦੇਸ਼ ਵਿੱਚੋਂ ਇੱਕ ਪਤਨੀ ਉਸ ਦੇ ਲਈ ਲੈ ਆਈ ।
22ਫੇਰ ਉਸ ਸਮੇਂ ਅਜਿਹਾ ਹੋਇਆ ਕਿ ਅਬੀਮਲਕ ਅਤੇ ਉਸ ਦੀ ਸੈਨਾ ਦੇ ਸਰਦਾਰ ਫ਼ੀਕੋਲ ਨੇ ਅਬਰਾਹਾਮ ਨੂੰ ਆਖਿਆ ਕਿ ਜੋ ਕੁਝ ਤੂੰ ਕਰਦਾ ਹੈਂ, ਉਸ ਵਿੱਚ ਪਰਮੇਸ਼ੁਰ ਤੇਰੇ ਸੰਗ ਹੈ ।23ਹੁਣ ਤੂੰ ਮੇਰੇ ਨਾਲ ਪਰਮੇਸ਼ੁਰ ਦੀ ਸਹੁੰ ਖਾਹ ਕਿ ਤੂੰ ਮੇਰੇ ਨਾਲ, ਮੇਰੇ ਪੁੱਤਰਾਂ, ਅਤੇ ਮੇਰੇ ਪੋਤਿਆਂ ਨਾਲ ਧੋਖਾ ਨਾ ਕਰੇਂਗਾ । ਸਗੋਂ ਉਸ ਕਿਰਪਾ ਦੇ ਅਨੁਸਾਰ ਜੋ ਮੈਂ ਤੇਰੇ ਉੱਤੇ ਕੀਤੀ ਹੈ, ਤੂੰ ਵੀ ਮੇਰੇ ਉੱਤੇ ਕਰੇਂਗਾ, ਇਸ ਦੇਸ਼ ਉੱਤੇ ਜਿਸ ਵਿੱਚ ਤੂੰ ਪਰਦੇਸੀ ਹੋ ਕੇ ਰਿਹਾ ਹੈਂ ।24ਅਬਰਾਹਾਮ ਨੇ ਆਖਿਆ, ਮੈਂ ਸਹੁੰ ਖਾਵਾਂਗਾ ।
25ਤਦ ਅਬਰਾਹਾਮ ਨੇ ਅਬੀਮਲਕ ਨੂੰ ਇੱਕ ਖੂਹ ਦਾ ਉਲਾਂਭਾ ਦਿੱਤਾ, ਜਿਹੜਾ ਉਸ ਦੇ ਨੌਕਰਾਂ ਨੇ ਜ਼ੋਰ ਨਾਲ ਖੋਹ ਲਿਆ ਸੀ ।26ਤਦ ਅਬੀਮਲਕ ਨੇ ਆਖਿਆ, ਮੈਨੂੰ ਪਤਾ ਨਹੀਂ ਕਿ ਇਹ ਕੰਮ ਕਿਸ ਨੇ ਕੀਤਾ ਅਤੇ ਤੂੰ ਵੀ ਮੈਨੂੰ ਨਹੀਂ ਦੱਸਿਆ । ਮੈਂ ਅੱਜ ਤੋਂ ਪਹਿਲਾਂ ਇਸ ਦੇ ਬਾਰੇ ਸੁਣਿਆ ਵੀ ਨਹੀਂ ।27ਤਦ ਅਬਰਾਹਾਮ ਨੇ ਭੇਡਾਂ ਗਾਈਆਂ ਅਤੇ ਬਲ਼ਦ ਲੈ ਕੇ ਅਬੀਮਲਕ ਨੂੰ ਦੇ ਦਿੱਤੇ ਅਤੇ ਦੋਵਾਂ ਨੇ ਆਪੋ ਵਿੱਚ ਨੇਮ ਬੰਨਿਆ ।
28ਅਬਰਾਹਾਮ ਨੇ ਭੇਡਾਂ ਦੀਆਂ ਸੱਤ ਲੇਲੀਆਂ ਲੈ ਕੇ ਵੱਖਰੀਆਂ ਕਰ ਲਈਆਂ29ਤਦ ਅਬੀਮਲਕ ਨੇ ਅਬਰਾਹਾਮ ਨੂੰ ਪੁੱਛਿਆ, ਇਨ੍ਹਾਂ ਸੱਤਾਂ ਵੱਖਰੀਆਂ ਕੀਤੀਆਂ ਹੋਈਆਂ ਲੇਲੀਆਂ ਦਾ ਕੀ ਮਤਲਬ ਹੈ ?30ਉਸ ਨੇ ਆਖਿਆ, ਤੂੰ ਇਹ ਸੱਤ ਲੇਲੀਆਂ ਮੇਰੇ ਹੱਥੋਂ ਲੈ ਲੈ ਤਾਂ ਜੋ ਇਹ ਮੇਰੀਆਂ ਗਵਾਹ ਹੋਣ ਭਈ ਇਹ ਖੂਹ ਮੈਂ ਪੁੱਟਿਆ ਹੈ ।
31ਕਿਉਂ ਜੋ ਉੱਥੇ ਉਨ੍ਹਾਂ ਦੋਹਾਂ ਨੇ ਸਹੁੰ ਖਾਧੀ ਸੀ, ਇਸ ਲਈ ਉਸ ਥਾਂ ਦਾ ਨਾਮ ਬਏਰਸਬਾ ਪੈ ਗਿਆ ।32ਜਦ ਉਨ੍ਹਾਂ ਨੇ ਬਏਰਸਬਾ ਵਿੱਚ ਨੇਮ ਬੰਨ੍ਹਿਆ ਅਤੇ ਅਬੀਮਲਕ ਅਤੇ ਉਸ ਦੀ ਸੈਨਾ ਦਾ ਸਰਦਾਰ ਫ਼ੀਕੋਲ ਉੱਠੇ ਅਤੇ ਫ਼ਲਿਸਤੀਆਂ ਦੇ ਦੇਸ਼ ਨੂੰ ਮੁੜ ਗਏ ।
33ਫਿਰ ਉਸ ਨੇ ਬਏਰਸਬਾ ਵਿੱਚ ਝਾਊ ਦਾ ਇੱਕ ਰੁੱਖ ਲਾਇਆ ਅਤੇ ਉੱਥੇ ਯਹੋਵਾਹ ਅੱਗੇ ਜੋ ਅਟੱਲ ਪਰਮੇਸ਼ੁਰ ਹੈ ਪ੍ਰਾਰਥਨਾ ਕੀਤੀ ।34ਅਬਰਾਹਾਮ ਬਹੁਤਿਆਂ ਦਿਨਾਂ ਤੱਕ ਫ਼ਲਿਸਤੀਆਂ ਦੇ ਦੇਸ਼ ਵਿੱਚ ਪਰਦੇਸੀ ਹੋ ਕੇ ਰਿਹਾ ।

22
ਅਬਰਾਹਾਮ ਦੇ ਪਰਤਾਵੇ ਦਾ ਵਰਣਨ

1ਇਨ੍ਹਾਂ ਗੱਲਾਂ ਦੇ ਬਾਅਦ ਅਜਿਹਾ ਹੋਇਆ ਕਿ ਪਰਮੇਸ਼ੁਰ ਨੇ ਅਬਰਾਹਾਮ ਨੂੰ ਪਰਤਾਇਆ ਅਤੇ ਉਸ ਨੇ ਆਖਿਆ, ਹੇ ਅਬਰਾਹਾਮ ! ਅੱਗੋਂ ਉਸ ਨੇ ਆਖਿਆ, ਮੈਂ ਹਾਜ਼ਰ ਹਾਂ ।2ਉਸ ਨੇ ਆਖਿਆ, ਹੁਣ ਤੂੰ ਆਪਣੇ ਪੁੱਤਰ ਨੂੰ, ਹਾਂ, ਆਪਣੇ ਇਕਲੌਤੇ ਨੂੰ ਜਿਸ ਨੂੰ ਤੂੰ ਪਿਆਰ ਕਰਦਾ ਹੈਂ ਅਰਥਾਤ ਇਸਹਾਕ ਨੂੰ ਲੈ ਕੇ ਮੋਰੀਆਹ ਦੇਸ਼ ਨੂੰ ਜਾ ਅਤੇ ਪਹਾੜਾਂ ਵਿੱਚੋਂ ਇੱਕ ਉੱਤੇ ਜਿਹੜਾ ਮੈਂ ਤੈਨੂੰ ਦੱਸਾਂਗਾ ਉਸ ਨੂੰ ਹੋਮ ਦੀ ਬਲੀ ਕਰਕੇ ਚੜ੍ਹਾ ।3ਤਦ ਅਬਰਾਹਾਮ ਨੇ ਤੜਕੇ ਉੱਠ ਕੇ ਆਪਣੇ ਗਧੇ ਉੱਤੇ ਕਾਠੀ ਕੱਸੀ ਅਤੇ ਆਪਣੇ ਦੋ ਦਾਸਾਂ ਨੂੰ ਅਤੇ ਆਪਣੇ ਪੁੱਤਰ ਇਸਹਾਕ ਨੂੰ ਨਾਲ ਲਿਆ ਅਤੇ ਹੋਮ ਦੀ ਬਲੀ ਲਈ ਲੱਕੜੀਆਂ ਚੀਰੀਆਂ ਅਤੇ ਉੱਠ ਕੇ ਉਸ ਸਥਾਨ ਨੂੰ ਤੁਰ ਪਿਆ ਜਿਹੜੀ ਪਰਮੇਸ਼ੁਰ ਨੇ ਉਸ ਨੂੰ ਦੱਸੀ ਸੀ ।

4ਤੀਜੇ ਦਿਨ ਅਬਰਾਹਾਮ ਨੇ ਆਪਣੀਆਂ ਅੱਖਾਂ ਚੁੱਕ ਕੇ ਉਸ ਸਥਾਨ ਨੂੰ ਦੂਰੋਂ ਵੇਖਿਆ5ਤਦ ਅਬਰਾਹਾਮ ਨੇ ਆਪਣੇ ਦਾਸਾਂ ਨੂੰ ਆਖਿਆ, ਤੁਸੀਂ ਇੱਥੇ ਗਧੇ ਦੇ ਕੋਲ ਰੁਕੋ । ਮੈਂ ਅਤੇ ਇਹ ਮੁੰਡਾ ਥੋੜ੍ਹੀ ਦੂਰ ਅੱਗੇ ਜਾਂਵਾਂਗੇ ਅਤੇ ਉਪਾਸਨਾ ਕਰ ਕੇ ਤੁਹਾਡੇ ਕੋਲ ਮੁੜ ਆਵਾਂਗੇ ।6ਤਦ ਅਬਰਾਹਾਮ ਨੇ ਹੋਮ ਬਲੀ ਦੀਆਂ ਲੱਕੜੀਆਂ ਲੈ ਕੇ ਆਪਣੇ ਪੁੱਤਰ ਇਸਹਾਕ ਨੂੰ ਚੁਕਾ ਦਿੱਤੀਆਂ ਅਤੇ ਆਪਣੇ ਹੱਥ ਵਿੱਚ ਅੱਗ ਅਤੇ ਛੁਰੀ ਫੜ ਲਈ ਅਤੇ ਦੋਵੇਂ ਇੱਕਠੇ ਤੁਰ ਪਏ ।
7ਇਸਹਾਕ ਨੇ ਆਪਣੇ ਪਿਤਾ ਅਬਰਾਹਾਮ ਨੂੰ ਆਖਿਆ, ਪਿਤਾ ਜੀ, ਉਸ ਨੇ ਆਖਿਆ, ਹੇ ਮੇਰੇ ਪੁੱਤਰ ਕੀ ਗੱਲ ਹੈ ? ਉਸ ਨੇ ਆਖਿਆ, ਵੇਖ, ਅੱਗ ਅਤੇ ਲੱਕੜੀਆਂ ਤਾਂ ਹਨ ਪਰ ਹੋਮ ਬਲੀ ਲਈ ਲੇਲਾ ਕਿੱਥੇ ਹੈ ?8ਅਬਰਾਹਾਮ ਨੇ ਆਖਿਆ, ਹੇ ਮੇਰੇ ਪੁੱਤਰ, ਪਰਮੇਸ਼ੁਰ ਹੋਮ ਬਲੀ ਲਈ ਲੇਲਾ ਆਪ ਹੀ ਦੇਵੇਗਾ ਤਾਂ ਓਹ ਦੋਵੇਂ ਇਕੱਠੇ ਤੁਰਦੇ ਗਏ ।
9ਓਹ ਉਸ ਸਥਾਨ ਉੱਤੇ ਜਾ ਪਹੁੰਚੇ ਜਿਹੜਾ ਪਰਮੇਸ਼ੁਰ ਨੇ ਉਹ ਨੂੰ ਦੱਸਿਆ ਸੀ । ਉੱਥੇ ਅਬਰਾਹਾਮ ਨੇ ਇੱਕ ਜਗਵੇਦੀ ਬਣਾਈ ਅਤੇ ਉਸ ਉੱਤੇ ਲੱਕੜੀਆਂ ਚਿਣ ਦਿੱਤੀਆਂ ਅਤੇ ਆਪਣੇ ਪੁੱਤਰ ਇਸਹਾਕ ਨੂੰ ਬੰਨ੍ਹ ਕੇ ਜਗਵੇਦੀ ਦੀਆਂ ਲੱਕੜੀਆਂ ਉੱਤੇ ਰੱਖ ਦਿੱਤਾ ।10ਜਿਵੇਂ ਹੀ ਅਬਰਾਹਾਮ ਨੇ ਆਪਣਾ ਹੱਥ ਵਧਾ ਕੇ ਛੁਰੀ ਫੜੀ ਕਿ ਆਪਣੇ ਪੁੱਤਰ ਨੂੰ ਹੋਮ ਬਲੀ ਕਰਕੇ ਚੜ੍ਹਾਵੇ
11ਤਦ ਯਹੋਵਾਹ ਦੇ ਦੂਤ ਨੇ ਅਕਾਸ਼ ਤੋਂ ਉਸ ਨੂੰ ਪੁਕਾਰਿਆ, "ਅਬਰਾਹਾਮ ਅਬਰਾਹਾਮ !" ਉਸ ਨੇ ਉੱਤਰ ਦਿੱਤਾ, ਮੈਂ ਹਾਜ਼ਰ ਹਾਂ ।12ਉਸ ਨੇ ਆਖਿਆ, ਤੂੰ ਇਸ ਮੁੰਡੇ ਨੂੰ ਹੱਥ ਨਾ ਲਾ ਅਤੇ ਨਾ ਹੀ ਉਸ ਨਾਲ ਕੁਝ ਕਰ । ਹੁਣ ਮੈਂ ਜਾਣ ਗਿਆ ਹਾਂ ਕਿ ਤੂੰ ਪਰਮੇਸ਼ੁਰ ਤੋਂ ਡਰਦਾ ਹੈਂ ਕਿਉਂ ਜੋ ਤੂੰ ਆਪਣੇ ਪੁੱਤਰ, ਹਾਂ, ਆਪਣੇ ਇਕਲੌਤੇ ਪੁੱਤਰ ਦਾ ਵੀ ਮੈਥੋਂ ਸਰਫ਼ਾ ਨਹੀਂ ਕੀਤਾ ।
13ਜਦ ਅਬਰਾਹਾਮ ਨੇ ਆਪਣੀਆਂ ਅੱਖਾਂ ਚੁੱਕ ਕੇ ਵੇਖਿਆ ਤਾਂ ਵੇਖੋ, ਉਹ ਦੇ ਪਿੱਛੇ ਇੱਕ ਲੇਲਾ ਸੀ, ਜਿਸ ਦੇ ਸਿੰਗ ਝਾੜੀ ਵਿੱਚ ਫਸੇ ਹੋਏ ਸਨ ਤਾਂ ਅਬਰਾਹਾਮ ਨੇ ਜਾ ਕੇ ਉਸ ਲੇਲੇ ਨੂੰ ਫੜ ਲਿਆ ਅਤੇ ਉਸ ਨੂੰ ਆਪਣੇ ਪੁੱਤਰ ਦੀ ਥਾਂ ਹੋਮ ਬਲੀ ਕਰਕੇ ਚੜ੍ਹਾਇਆ ।14ਅਬਰਾਹਾਮ ਨੇ ਉਸ ਸਥਾਨ ਦਾ ਨਾਮ ਯਹੋਵਾਹ ਯਿਰਹ ਰੱਖਿਆ, ਅੱਜ ਤੱਕ ਵੀ ਇਹ ਕਿਹਾ ਜਾਂਦਾ ਹੈ 'ਯਹੋਵਾਹ ਦੇ ਪਰਬਤ ਉੱਤੇ ਪ੍ਰਬੰਧ ਕੀਤਾ ਜਾਵੇਗਾ ।'
15ਫੇਰ ਯਹੋਵਾਹ ਦੇ ਦੂਤ ਨੇ ਦੂਜੀ ਵਾਰ ਅਕਾਸ਼ ਤੋਂ ਅਬਰਾਹਾਮ ਨੂੰ ਪੁਕਾਰ ਕੇ ਆਖਿਆ,16ਪ੍ਰਭੂ ਯਹੋਵਾਹ ਦਾ ਵਾਕ ਹੈ ਕਿ ਮੈਂ ਆਪ ਆਪਣੀ ਸਹੁੰ ਖਾਧੀ ਹੈ, ਕਿ ਤੂੰ ਜੋ ਇਹ ਕੰਮ ਕੀਤਾ ਅਤੇ ਆਪਣੇ ਪੁੱਤਰ ਸਗੋਂ ਆਪਣੇ ਇਕਲੌਤੇ ਪੁੱਤਰ ਦਾ ਵੀ ਸਰਫ਼ਾ ਨਹੀਂ ਕੀਤਾ,17ਇਸ ਲਈ ਮੈਂ ਤੈਨੂੰ ਬਰਕਤਾਂ ਤੇ ਬਰਕਤਾਂ ਦਿਆਂਗਾ ਅਤੇ ਮੈਂ ਤੇਰੀ ਅੰਸ ਨੂੰ ਅਕਾਸ਼ ਤੇ ਤਾਰਿਆਂ ਜਿੰਨ੍ਹੀਂ ਅਤੇ ਸਮੁੰਦਰ ਦੇ ਕੰਢੇ ਦੀ ਰੇਤ ਵਾਂਗੂੰ ਅੱਤ ਵਧਾਵਾਂਗਾ ਅਤੇ ਤੇਰੀ ਅੰਸ ਆਪਣੇ ਵੈਰੀਆਂ ਦੇ ਫਾਟਕ ਉੱਤੇ ਕਬਜ਼ਾ ਕਰੇਗੀ ।
18ਧਰਤੀ ਦੀਆਂ ਸਾਰੀਆਂ ਕੌਮਾਂ ਤੇਰੀ ਅੰਸ ਦੇ ਕਾਰਨ ਬਰਕਤ ਪਾਉਣਗੀਆਂ ਕਿਉਂ ਜੋ ਤੂੰ ਮੇਰੇ ਹੁਕਮ ਨੂੰ ਮੰਨਿਆ ਹੈ ।19ਤਦ ਅਬਰਾਹਾਮ ਆਪਣੇ ਦਾਸਾਂ ਕੋਲ ਮੁੜ ਆਇਆ ਅਤੇ ਉਹ ਉੱਠ ਕੇ ਬਏਰਸਬਾ ਨੂੰ ਵਾਪਿਸ ਆਏ ਅਤੇ ਅਬਰਾਹਾਮ ਬਏਰਸਬਾ ਵਿੱਚ ਆ ਕੇ ਵੱਸਿਆ ਰਿਹਾ ।
ਨਾਹੋਰ ਦੇ ਵੰਸ਼ਜ

20ਇਹਨਾਂ ਗੱਲਾਂ ਦੇ ਬਾਅਦ ਅਜਿਹਾ ਹੋਇਆ ਕਿ ਅਬਰਾਹਾਮ ਨੂੰ ਦੱਸਿਆ ਗਿਆ, ਵੇਖ, ਮਿਲਕਾਹ ਨੇ ਵੀ ਤੇਰੇ ਭਰਾ ਨਾਹੋਰ ਲਈ ਪੁੱਤਰਾਂ ਨੂੰ ਜਨਮ ਦਿੱਤਾ ਹੈ21ਮਿਲਕਾਹ ਦੇ ਪੁੱਤਰ ਇਹ ਸਨ, ਅਰਥਾਤ ਉਹ ਦਾ ਪਹਿਲੌਠਾ ਊਸ ਅਤੇ ਉਸ ਦਾ ਭਰਾ ਬੂਜ਼ ਅਤੇ ਕਮੂਏਲ ਜਿਹੜਾ ਅਰਾਮ ਦਾ ਪਿਤਾ ਸੀ22ਅਤੇ ਕਸਦ, ਹਜ਼ੋ, ਪਿਲਦਾਸ, ਯਿਦਲਾਫ ਅਤੇ ਬਥੂਏਲ
23ਇਹਨਾਂ ਅੱਠ ਪੁੱਤਰਾਂ ਨੂੰ ਮਿਲਕਾਹ ਨੇ ਅਬਰਾਹਾਮ ਦੇ ਭਰਾ ਨਾਹੋਰ ਲਈ ਜਣਿਆ ਅਤੇ ਬਥੂਏਲ ਦੇ ਰਿਬਕਾਹ ਜੰਮੀ ।24ਉਸ ਦੀ ਇੱਕ ਰਖ਼ੈਲ ਸੀ ਜਿਸ ਦਾ ਨਾਮ ਰੂਮਾਹ ਸੀ ਉਸ ਨੇ ਵੀ ਤਬਹ, ਗਹਮ, ਤਹਸ਼ ਅਤੇ ਮਾਕਾਹ ਨੂੰ ਜਨਮ ਦਿੱਤਾ ।

23
ਸਾਰਾਹ ਦੀ ਮੌਤ ਅਤੇ ਦਫ਼ਨਾਇਆ ਜਾਣਾ

1ਸਾਰਾਹ ਦੀ ਉਮਰ ਇੱਕ ਸੌ ਸਤਾਈ ਸਾਲਾਂ ਦੀ ਹੋਈ,2ਜਦ ਸਾਰਾਹ ਦੀ ਐਨੀ ਉਮਰ ਹੋ ਗਈ ਤਾਂ ਉਹ ਕਿਰਯਤ-ਅਰਬਾ ਅਰਥਾਤ ਹਬਰੋਨ ਵਿੱਚ ਮਰ ਗਈ, ਜਿਹੜਾ ਕਨਾਨ ਦੇਸ਼ ਵਿੱਚ ਹੈ । ਇਸ ਲਈ ਅਬਰਾਹਾਮ ਸਾਰਾਹ ਲਈ ਰੋਣ ਪਿੱਟਣ ਲਈ ਆਇਆ ।

3ਫੇਰ ਅਬਰਾਹਾਮ ਆਪਣੇ ਮੁਰਦੇ ਦੇ ਅੱਗਿਓਂ ਉੱਠ ਕੇ ਹੇਤ ਦੇ ਪੁੱਤਰਾਂ ਨੂੰ ਆਖਣ ਲੱਗਾ,4ਮੈਂ ਪਰਦੇਸੀ ਅਤੇ ਤੁਹਾਡੇ ਵਿੱਚ ਅਜਨਬੀ ਹਾਂ । ਤੁਸੀਂ ਆਪਣੇ ਵਿੱਚ ਇੱਕ ਕਬਰਿਸਤਾਨ ਮੇਰੀ ਵਿਰਾਸਤ ਕਰ ਦਿਓ ਤਾਂ ਜੋ ਮੈਂ ਆਪਣਾ ਮੁਰਦਾ ਦੱਬ ਦਿਆਂ ।
5ਹੇਤ ਦੇ ਪੁੱਤਰਾਂ ਨੇ ਅਬਰਾਹਾਮ ਨੂੰ ਉੱਤਰ ਦਿੱਤਾ,6ਪ੍ਰਭੂ ਜੀ, ਸਾਡੀ ਸੁਣੋ । ਸਾਡੇ ਵਿੱਚ ਤੁਸੀਂ ਪਰਮੇਸ਼ੁਰ ਦੇ ਸ਼ਹਿਜਾਦੇ ਹੋ । ਆਪਣੇ ਮੁਰਦੇ ਨੂੰ ਸਾਡੀਆਂ ਕਬਰਾਂ ਵਿੱਚੋਂ ਸਭ ਤੋਂ ਚੰਗੀ ਕਬਰ ਵਿੱਚ ਦੱਬ ਦਿਓ । ਤੁਹਾਡੇ ਮੁਰਦੇ ਨੂੰ ਦੱਬਣ ਲਈ ਸਾਡੇ ਵਿੱਚੋਂ ਕੋਈ ਵੀ ਆਪਣੀ ਕਬਰ ਲੈਣ ਤੋਂ ਤੁਹਾਨੂੰ ਨਹੀਂ ਰੋਕੇਗਾ ।
7ਤਦ ਅਬਰਾਹਾਮ ਉੱਠਿਆ ਅਤੇ ਉਸ ਦੇਸ਼ ਦੇ ਲੋਕਾਂ ਅਰਥਾਤ ਹੇਤ ਦੇ ਪੁੱਤਰਾਂ ਦੇ ਅੱਗੇ ਝੁੱਕਿਆ,8ਅਤੇ ਉਨ੍ਹਾਂ ਨੂੰ ਕਿਹਾ ਕਿ ਜੇ ਤੁਹਾਡੀ ਮਰਜ਼ੀ ਹੋਵੇ ਕਿ ਮੈਂ ਆਪਣੇ ਮੁਰਦੇ ਨੂੰ ਆਪਣੇ ਅੱਗੋਂ ਦੱਬ ਦੇਵਾਂ ਤਾਂ ਮੇਰੀ ਅਰਜ਼ ਸੁਣੋ ਅਤੇ ਸੋਹਰ ਦੇ ਪੁੱਤਰ ਅਫ਼ਰੋਨ ਦੇ ਅੱਗੇ ਮੇਰੇ ਲਈ ਬੇਨਤੀ ਕਰੋ9ਤਾਂ ਜੋ ਉਹ ਮੈਨੂੰ ਮਕਫ਼ੇਲਾਹ ਦੀ ਗੁਫ਼ਾ ਦੇਵੇ, ਜਿਹੜੀ ਉਸ ਦੇ ਖੇਤ ਦੇ ਬੰਨੇ ਨਾਲ ਹੈ । ਉਹ ਉਸ ਦਾ ਪੂਰਾ ਮੁੱਲ ਤੁਹਾਡੇ ਸਨਮੁਖ ਲੈ ਲਵੇ ਤਾਂ ਜੋ ਉਹ ਕਬਰਿਸਤਾਨ ਮੇਰੀ ਨਿੱਜ ਭੂਮੀ ਹੋਵੇ ।
10ਅਫ਼ਰੋਨ ਹੇਤ ਦੇ ਪੁੱਤਰਾਂ ਦੇ ਵਿਚਕਾਰ ਬੈਠਾ ਹੋਇਆ ਸੀ, ਇਸ ਲਈ ਜਿੰਨ੍ਹੇ ਹਿੱਤੀ ਉਸ ਨਗਰ ਦੇ ਫਾਟਕ ਤੋਂ ਲੰਘਦੇ ਸਨ ਉਹਨਾਂ ਸਾਰਿਆਂ ਦੇ ਅੱਗੇ ਅਬਰਾਹਾਮ ਨੂੰ ਉੱਤਰ ਦਿੱਤਾ,11ਨਹੀਂ, ਮੇਰੇ ਪ੍ਰਭੂ ਜੀ, ਮੇਰੀ ਸੁਣੋ । ਮੈਂ ਇਹ ਖੇਤ ਤੁਹਾਨੂੰ ਦਿੰਦਾ ਹਾਂ ਅਤੇ ਇਹ ਗੁਫ਼ਾ ਵੀ ਜਿਹੜੀ ਉਹ ਦੇ ਵਿੱਚ ਹੈ । ਮੈਂ ਆਪਣੀ ਕੌਮ ਦੇ ਪੁੱਤਰਾਂ ਦੇ ਸਾਹਮਣੇ ਤੁਹਾਨੂੰ ਦਿੰਦਾ ਹਾਂ । ਤੁਸੀਂ ਆਪਣੇ ਮੁਰਦੇ ਨੂੰ ਉੱਥੇ ਦੱਬ ਦਿਓ ।
12ਫੇਰ ਅਬਰਾਹਾਮ ਉਸ ਦੇਸ਼ ਦੇ ਲੋਕਾਂ ਦੇ ਸਨਮੁਖ ਝੁਕਿਆ13ਅਤੇ ਉਸ ਦੇਸ਼ ਦੇ ਲੋਕਾਂ ਦੇ ਸੁਣਦੇ ਹੋਏ ਅਫ਼ਰੋਨ ਨੂੰ ਆਖਿਆ, ਜੇਕਰ ਤੂੰ ਅਜਿਹਾ ਚਾਹੁੰਦਾ ਹੈ ਤਦ ਮੇਰੀ ਸੁਣ, ਮੈਂ ਉਸ ਖੇਤ ਦਾ ਮੁੱਲ ਦਿੰਦਾ ਹਾਂ । ਉਹ ਮੇਰੀ ਵੱਲੋਂ ਲੈ ਤਾਂ ਜੋ ਮੈਂ ਆਪਣੇ ਮੁਰਦੇ ਨੂੰ ਉੱਥੇ ਦੱਬਾਂ ।
14ਅਫ਼ਰੋਨ ਨੇ ਇਹ ਆਖ ਕੇ ਅਬਰਾਹਾਮ ਨੂੰ ਉੱਤਰ ਦਿੱਤਾ,15ਪ੍ਰਭੂ ਜੀ, ਮੇਰੀ ਸੁਣੋ ਇਸ ਜ਼ਮੀਨ ਦਾ ਮੁੱਲ, ਜੋ ਚਾਰ ਸੌ ਚਾਂਦੀ ਦੇ ਸਿੱਕੇ ਹੈ ਪਰ ਇਹ ਸਾਡੇ ਵਿੱਚਕਾਰ ਕੀ ਹੈ ? ਆਪਣੇ ਮੁਰਦੇ ਨੂੰ ਦੱਬ ਦਿਓ ।16ਅਬਰਾਹਾਮ ਨੇ ਅਫ਼ਰੋਨ ਦੀ ਗੱਲ ਮੰਨ ਲਈ ਅਤੇ ਅਬਰਾਹਾਮ ਨੇ ਚਾਂਦੀ ਦੇ ਚਾਰ ਸੌ ਸਿੱਕੇ ਜੋ ਵਪਾਰੀਆਂ ਵਿੱਚ ਚਲਦੇ ਸਨ, ਜਿਹੜਾ ਉਹ ਨੇ ਹਿੱਤੀਆਂ ਦੇ ਸੁਣਦੇ ਹੋਏ ਬੋਲਿਆ ਸੀ, ਅਫ਼ਰੋਨ ਲਈ ਤੋਲ ਦਿੱਤਾ ।
17ਇਸ ਤਰ੍ਹਾਂ ਮਕਫ਼ੇਲਾਹ ਵਾਲਾ ਅਫ਼ਰੋਨ ਦਾ ਖੇਤ, ਜਿਹੜਾ ਮਮਰੇ ਦੇ ਸਾਹਮਣੇ ਹੈ ਅਤੇ ਖੇਤ ਦੇ ਵਿੱਚ ਦੀ ਗੁਫ਼ਾ ਅਤੇ ਸਾਰੇ ਰੁੱਖ ਜਿਹੜੇ ਖੇਤ ਵਿੱਚ ਅਤੇ ਜੋ ਉਸ ਦੇ ਬੰਨਿਆਂ ਦੇ ਉੱਤੇ ਸਨ,18ਹਿੱਤੀਆਂ ਦੇ ਅਤੇ ਉਨ੍ਹਾਂ ਸਾਰਿਆਂ ਦੇ ਸਨਮੁਖ ਜਿਹੜੇ ਉਸ ਨਗਰ ਦੇ ਫਾਟਕ ਵਿੱਚੋਂ ਦੀ ਲੰਘਦੇ ਸਨ, ਇਹ ਅਬਰਾਹਾਮ ਦੀ ਨਿੱਜ ਭੂਮੀ ਹੋ ਗਈ ।
19ਇਸ ਦੇ ਮਗਰੋਂ ਅਬਰਾਹਾਮ ਨੇ ਆਪਣੀ ਪਤਨੀ ਸਾਰਾਹ ਨੂੰ ਮਕਫ਼ੇਲਾਹ ਦੇ ਖੇਤ ਦੀ ਗੁਫ਼ਾ ਵਿੱਚ ਜਿਹੜੀ ਮਮਰੇ ਦੇ ਸਾਹਮਣੇ ਹੈ ਅਰਥਾਤ ਕਨਾਨ ਦੇਸ਼ ਦੇ ਹਬਰੋਨ ਵਿੱਚ ਦੱਬ ਦਿੱਤਾ ।20ਇਸ ਤਰ੍ਹਾਂ ਉਹ ਖੇਤ ਅਤੇ ਉਹ ਦੇ ਵਿਚਲੀ ਗੁਫ਼ਾ, ਹੇਤ ਦੇ ਪੁੱਤਰਾਂ ਤੋਂ ਕਬਰਿਸਤਾਨ ਲਈ ਅਬਰਾਹਾਮ ਦੀ ਨਿੱਜ ਭੂਮੀ ਹੋ ਗਈ ।

24
ਇਸਹਾਕ ਦਾ ਵਿਆਹ

1ਹੁਣ ਅਬਰਾਹਾਮ ਬਹੁਤ ਬਜ਼ੁਰਗ ਅਤੇ ਵੱਡੀ ਉਮਰ ਦਾ ਹੋ ਗਿਆ ਸੀ ਅਤੇ ਯਹੋਵਾਹ ਨੇ ਸਾਰੀਆਂ ਗੱਲਾਂ ਵਿੱਚ ਅਬਰਾਹਾਮ ਨੂੰ ਬਰਕਤ ਦਿੱਤੀ ।2ਅਬਰਾਹਾਮ ਨੇ ਆਪਣੇ ਘਰ ਦੇ ਪੁਰਾਣੇ ਨੌਕਰ ਨੂੰ, ਜਿਹੜਾ ਉਸ ਦੀਆਂ ਸਾਰੀਆਂ ਚੀਜ਼ਾਂ ਦਾ ਮੁਖ਼ਤਿਆਰ ਸੀ ਆਖਿਆ, ਆਪਣਾ ਹੱਥ ਮੇਰੇ ਪੱਟ ਦੇ ਹੇਠ ਰੱਖ;3ਮੈਂ ਤੈਨੂੰ ਯਹੋਵਾਹ ਅਕਾਸ਼ ਦੇ ਪਰਮੇਸ਼ੁਰ ਅਤੇ ਧਰਤੀ ਦੇ ਪਰਮੇਸ਼ੁਰ ਦੀ ਸਹੁੰ ਦੇਵਾਂ ਕਿ ਤੂੰ ਮੇਰੇ ਪੁੱਤਰ ਲਈ ਕਨਾਨੀਆਂ ਦੀਆਂ ਧੀਆਂ ਵਿੱਚੋਂ ਪਤਨੀ ਨਾ ਲਿਆਵੀਂ, ਜਿਨ੍ਹਾਂ ਵਿੱਚ ਮੈਂ ਵੱਸਦਾ ਹਾਂ ।4ਪਰ ਤੂੰ ਮੇਰੇ ਆਪਣੇ ਦੇਸ਼ ਵਿੱਚ ਅਤੇ ਮੇਰੇ ਘਰਾਣੇ ਦੇ ਕੋਲ ਜਾਈਂ ਅਤੇ ਮੇਰੇ ਪੁੱਤਰ ਇਸਹਾਕ ਲਈ ਪਤਨੀ ਲੈ ਆਵੀਂ ।

5ਤਦ ਉਸ ਨੌਕਰ ਨੇ ਉਹ ਨੂੰ ਆਖਿਆ, ਸ਼ਾਇਦ ਉਹ ਇਸਤਰੀ ਮੇਰੇ ਨਾਲ ਇਸ ਦੇਸ਼ ਵਿੱਚ ਆਉਣਾ ਨਾ ਚਾਹੇ, ਤਾਂ ਕੀ ਮੈਂ ਤੇਰੇ ਪੁੱਤਰ ਨੂੰ ਉਸ ਦੇਸ਼ ਨੂੰ ਵਾਪਿਸ ਲੈ ਜਾਂਵਾਂ ਜਿੱਥੋਂ ਤੂੰ ਆਇਆ ਹੈਂ ?6ਅਬਰਾਹਾਮ ਨੇ ਉਸ ਨੂੰ ਆਖਿਆ, ਖ਼ਬਰਦਾਰ, ਮੇਰੇ ਪੁੱਤਰ ਨੂੰ ਕਦੇ ਵੀ ਉਸ ਦੇਸ਼ ਵਿੱਚ ਨਾ ਲੈ ਜਾਵੀਂ ।7ਸਵਰਗ ਦਾ ਪਰਮੇਸ਼ੁਰ ਯਹੋਵਾਹ ਜੋ ਮੈਨੂੰ ਮੇਰੇ ਪਿਤਾ ਦੇ ਘਰ ਤੋਂ ਅਤੇ ਮੇਰੀ ਜਨਮ ਭੂਮੀ ਤੋਂ ਕੱਢ ਲੈ ਆਇਆ, ਜੋ ਮੇਰੇ ਨਾਲ ਬੋਲਿਆ ਅਤੇ ਮੇਰੇ ਨਾਲ ਸਹੁੰ ਖਾ ਕੇ ਆਖਿਆ ਕਿ ਮੈਂ ਤੇਰੀ ਅੰਸ ਨੂੰ ਇਹ ਦੇਸ਼ ਦਿਆਂਗਾ । ਉਹ ਹੀ ਆਪਣਾ ਦੂਤ ਤੇਰੇ ਅੱਗੇ ਭੇਜੇਗਾ ਅਤੇ ਤੂੰ ਉੱਥੋਂ ਮੇਰੇ ਪੁੱਤਰ ਲਈ ਪਤਨੀ ਲੈ ਆਵੇਂਗਾ ।
8ਅਤੇ ਜੇ ਉਹ ਇਸਤਰੀ ਤੇਰੇ ਨਾਲ ਨਾ ਆਉਣਾ ਚਾਹੇ ਤਾਂ ਤੂੰ ਮੇਰੀ ਇਸ ਸਹੁੰ ਤੋਂ ਛੁੱਟ ਜਾਵੇਂਗਾ । ਪਰ ਮੇਰੇ ਪੁੱਤਰ ਨੂੰ ਉੱਥੇ ਕਦੀ ਨਾ ਲੈ ਜਾਵੀਂ ।9ਤਦ ਉਸ ਨੌਕਰ ਨੇ ਆਪਣਾ ਹੱਥ ਆਪਣੇ ਸਵਾਮੀ ਅਬਰਾਹਾਮ ਦੇ ਪੱਟ ਹੇਠ ਰੱਖ ਕੇ ਉਹ ਦੇ ਨਾਲ ਇਸ ਗੱਲ ਦੀ ਸਹੁੰ ਖਾਧੀ ।
10ਉਪਰੰਤ ਉਹ ਨੌਕਰ ਆਪਣੇ ਸਵਾਮੀ ਦੇ ਊਠਾਂ ਵਿੱਚੋਂ ਦਸ ਊਠ ਲੈ ਕੇ ਤੁਰ ਪਿਆ, ਉਹ ਆਪਣੇ ਨਾਲ ਉੱਤਮ ਪਦਾਰਥਾਂ ਵਿਚੋਂ ਕੁਝ ਨਾਲ ਲੈ ਕੇ ਮਸੋਪੋਤਾਮੀਆ ਦੇ ਦੇਸ਼ ਵਿੱਚ ਨਾਹੋਰ ਦੇ ਨਗਰ ਨੂੰ ਗਿਆ ।11ਉਸ ਨੌਕਰ ਨੇ ਆਪਣੇ ਊਠਾਂ ਨੂੰ ਨਗਰ ਤੋਂ ਬਾਹਰ ਖੂਹ ਦੇ ਕੋਲ ਬਿਠਾ ਦਿੱਤਾ, ਇਹ ਸ਼ਾਮ ਦਾ ਵੇਲਾ ਸੀ ਜਦੋਂ ਇਸਤਰੀਆਂ ਪਾਣੀ ਭਰਨ ਨੂੰ ਨਿੱਕਲਦੀਆਂ ਸਨ ।
12ਤਦ ਉਸ ਨੇ ਆਖਿਆ, ਹੇ ਯਹੋਵਾਹ ਮੇਰੇ ਸਵਾਮੀ ਅਬਰਾਹਾਮ ਦੇ ਪਰਮੇਸ਼ੁਰ, ਅੱਜ ਮੇਰਾ ਸਭ ਕਾਰਜ ਸਫ਼ਲ ਕਰ ਅਤੇ ਮੇਰੇ ਸਵਾਮੀ ਅਬਰਾਹਾਮ ਉੱਤੇ ਕਿਰਪਾ ਕਰ ।13ਵੇਖ ਮੈਂ ਪਾਣੀ ਦੇ ਚਸ਼ਮੇ ਉੱਤੇ ਖੜ੍ਹਾ ਹਾਂ ਅਤੇ ਨਗਰ ਦੇ ਮਨੁੱਖਾਂ ਦੀਆਂ ਧੀਆਂ ਪਾਣੀ ਭਰਨ ਨੂੰ ਆਉਂਦੀਆਂ ਹਾਂ ।14ਅਜਿਹਾ ਹੋਵੇ ਕਿ ਜਿਹੜੀ ਕੁੜੀ ਨੂੰ ਮੈਂ ਆਖਾਂ ਭਈ ਆਪਣਾ ਘੜਾ ਮੇਰੇ ਵੱਲ ਨੂੰ ਨੀਵਾਂ ਕਰੀਂ ਅਤੇ ਮੈਂ ਪੀਵਾਂਗਾ ਤਾਂ ਉਹ ਆਖੇ ਪੀਓ ਅਤੇ ਮੈਂ ਤੁਹਾਡੇ ਊਠਾਂ ਨੂੰ ਵੀ ਪਿਲਾਵਾਂਗੀ ਸੋ ਉਹੀ ਹੋਵੇ ਜਿਸ ਨੂੰ ਤੂੰ ਆਪਣੇ ਦਾਸ ਇਸਹਾਕ ਲਈ ਠਹਿਰਾਇਆ ਹੈ, ਮੈਂ ਇਸੇ ਗੱਲ ਤੋਂ ਜਾਣਾਂਗਾ ਕਿ ਤੂੰ ਮੇਰੇ ਸਵਾਮੀ ਉੱਤੇ ਕਿਰਪਾ ਕੀਤੀ ਹੈ ।
15ਤਦ ਐਉਂ ਹੋਇਆ ਜਦ ਉਹ ਇਹ ਗੱਲ ਕਰਦਾ ਹੀ ਸੀ ਤਾਂ ਵੇਖੋ, ਰਿਬਕਾਹ ਜੋ ਅਬਰਾਹਾਮ ਦੇ ਭਰਾ ਨਾਹੋਰ ਦੀ ਪਤਨੀ ਮਿਲਕਾਹ ਦੇ ਪੁੱਤਰ ਬਥੂਏਲ ਦੀ ਧੀ ਸੀ, ਆਪਣਾ ਘੜਾ ਮੋਢਿਆਂ ਤੇ ਚੁੱਕੀ ਹੋਈ ਆ ਨਿੱਕਲੀ ।16ਅਤੇ ਉਹ ਕੁੜੀ ਵੇਖਣ ਵਿੱਚ ਬਹੁਤ ਸੋਹਣੀ ਅਤੇ ਕੁਆਰੀ ਸੀ ਅਤੇ ਕਿਸੇ ਮਨੁੱਖ ਨੇ ਉਹ ਨੂੰ ਨਹੀਂ ਜਾਣਿਆ ਸੀ, ਅਤੇ ਉਹ ਚਸ਼ਮੇ ਵਿੱਚ ਉਤਰੀ ਅਤੇ ਆਪਣਾ ਘੜਾ ਭਰ ਕੇ ਬਾਹਰ ਆਈ ।
17ਤਾਂ ਉਹ ਨੌਕਰ ਉਸ ਦੇ ਮਿਲਣ ਨੂੰ ਨੱਠ ਕੇ ਗਿਆ ਅਤੇ ਆਖਿਆ, ਆਪਣੇ ਘੜੇ ਵਿੱਚੋਂ ਮੈਨੂੰ ਥੋੜਾ ਪਾਣੀ ਪਿਲਾਈਂ ।18ਤਾਂ ਉਸ ਆਖਿਆ, ਮੇਰੇ ਸਵਾਮੀ ਜੀ ਪੀਓ ਤਦ ਉਸ ਨੇ ਜਲਦੀ ਨਾਲ ਆਪਣਾ ਘੜਾ ਹੱਥਾਂ ਉੱਤੇ ਕਰਕੇ ਉਸ ਨੂੰ ਪਿਲਾਇਆ ।
19ਜਦ ਉਹ ਉਸ ਨੂੰ ਪਾਣੀ ਪਿਲਾ ਚੁੱਕੀ ਤਦ ਆਖਿਆ, ਮੈਂ ਤੁਹਾਡੇ ਊਠਾਂ ਲਈ ਵੀ ਪਾਣੀ ਭਰਾਂਗੀ ਜਦ ਤੱਕ ਓਹ ਪੀ ਨਾ ਲੈਣ ।20ਤਦ ਉਸ ਨੇ ਜਲਦੀ ਨਾਲ ਆਪਣਾ ਘੜਾ ਹੌਦ ਵਿੱਚ ਡੋਲ੍ਹ ਦਿੱਤਾ ਅਤੇ ਫੇਰ ਖੂਹ ਵਿੱਚੋਂ ਭਰਨ ਨੂੰ ਨੱਠ ਕੇ ਗਈ ਅਤੇ ਉਹ ਦੇ ਸਾਰਿਆਂ ਊਠਾਂ ਲਈ ਪਾਣੀ ਭਰਿਆ ।
21ਉਹ ਮਨੁੱਖ ਧਿਆਨ ਨਾਲ ਚੁੱਪ ਕਰਕੇ ਉਹ ਨੂੰ ਵੇਖਦਾ ਰਿਹਾ ਇਸ ਗੱਲ ਦੇ ਜਾਣਨ ਨੂੰ ਕਿ ਯਹੋਵਾਹ ਨੇ ਉਸ ਦਾ ਸਫ਼ਰ ਸਫ਼ਲ ਕੀਤਾ ਹੈ ਕਿ ਨਹੀਂ ।22ਜਦ ਊਠ ਪੀ ਚੁੱਕੇ ਤਦ ਉਸ ਮਨੁੱਖ ਨੇ ਅੱਧੇ ਤੋਲੇ ਸੋਨੇ ਦੀ ਇੱਕ ਨੱਥ ਅਤੇ ਦਸ ਤੋਲੇ ਸੋਨੇ ਦੇ ਦੋ ਕੜੇ ਉਹ ਦੇ ਹੱਥਾਂ ਵਿੱਚ ਪਹਿਨਾ ਦਿੱਤੇ23ਅਤੇ ਪੁੱਛਿਆ, ਮੈਨੂੰ ਦੱਸੀਂ ਤੂੰ ਕਿਹਦੀ ਧੀ ਹੈਂ ਅਤੇ ਕੀ ਤੇਰੇ ਪਿਤਾ ਦੇ ਘਰ ਵਿੱਚ ਸਾਡੇ ਲਈ ਅੱਜ ਰਾਤ ਰਹਿਣ ਦੀ ਥਾਂ ਹੈ ?
24ਉਸ ਉਹ ਨੂੰ ਆਖਿਆ, ਮੈਂ ਬਥੂਏਲ ਦੀ ਧੀ ਹਾਂ, ਜਿਸ ਨੂੰ ਮਿਲਕਾਹ ਨੇ ਨਾਹੋਰ ਤੋਂ ਜਨਮ ਦਿੱਤਾ ।25ਫਿਰ ਉਸ ਨੇ ਉਹ ਨੂੰ ਆਖਿਆ, ਸਾਡੇ ਕੋਲ ਊਠਾਂ ਲਈ ਚਾਰਾ ਬਥੇਰਾ ਹੈ ਅਤੇ ਰਾਤ ਰਹਿਣ ਦੀ ਥਾਂ ਵੀ ਹੈ ।
26ਤਦ ਉਸ ਮਨੁੱਖ ਨੇ ਸਿਰ ਝੁਕਾਇਆ ਅਤੇ ਯਹੋਵਾਹ ਨੂੰ ਮੱਥਾ ਟੇਕਿਆ ।27ਉਸ ਨੇ ਆਖਿਆ, ਯਹੋਵਾਹ ਮੇਰੇ ਸਵਾਮੀ ਅਬਰਾਹਾਮ ਦਾ ਪਰਮੇਸ਼ੁਰ ਮੁਬਾਰਕ ਹੋਵੇ, ਜਿਸ ਮੇਰੇ ਸਵਾਮੀ ਅਬਰਾਹਾਮ ਤੋਂ ਆਪਣੀ ਕਿਰਪਾ ਅਤੇ ਆਪਣੀ ਸਚਿਆਈ ਨੂੰ ਨਹੀਂ ਮੋੜਿਆ ਅਤੇ ਮੈਂ ਰਾਹ ਵਿੱਚ ਹੀ ਸੀ ਕਿ ਯਹੋਵਾਹ ਨੇ ਮੈਨੂੰ ਮੇਰੇ ਸਵਾਮੀ ਦੇ ਭਰਾਵਾਂ ਦੇ ਘਰ ਪਹੁੰਚਾਇਆ ।
28ਤਦ ਕੁੜੀ ਆਪਣੀ ਮਾਤਾ ਦੇ ਘਰ ਨੂੰ ਨੱਠ ਕੇ ਆਈ ਅਤੇ ਸਾਰੀਆਂ ਗੱਲਾਂ ਦੱਸੀਆਂ ।29ਰਿਬਕਾਹ ਦਾ ਇੱਕ ਭਰਾ ਸੀ ਜਿਸ ਦਾ ਨਾਮ ਲਾਬਾਨ ਸੀ, ਲਾਬਾਨ ਬਾਹਰ ਨੂੰ ਉਸ ਮਨੁੱਖ ਦੇ ਕੋਲ ਚਸ਼ਮੇ ਉੱਤੇ ਦੌੜ ਕੇ ਗਿਆ ।30ਜਦ ਉਸ ਨੇ ਨੱਥ ਅਤੇ ਆਪਣੀ ਭੈਣ ਦੇ ਹੱਥਾਂ ਵਿੱਚ ਕੜੇ ਦੇਖੇ ਅਤੇ ਜਦ ਆਪਣੀ ਭੈਣ ਰਿਬਕਾਹ ਤੋਂ ਗੱਲਾਂ ਸੁਣੀਆਂ ਜਿਹੜੀ ਕਹਿੰਦੀ ਸੀ ਕਿ ਉਸ ਮਨੁੱਖ ਨੇ ਮੇਰੇ ਨਾਲ ਇਹ-ਇਹ ਗੱਲਾਂ ਕੀਤੀਆਂ ਤਾਂ ਉਹ ਉਸ ਮਨੁੱਖ ਕੋਲ ਆਇਆ ਅਤੇ ਵੇਖੋ ਉਹ ਊਠਾਂ ਦੇ ਕੋਲ ਚਸ਼ਮੇ ਉੱਤੇ ਖੜ੍ਹਾ ਸੀ ।
31ਉਸ ਨੇ ਆਖਿਆ, ਹੇ ਯਹੋਵਾਹ ਦੇ ਮੁਬਾਰਕ ਆਓ । ਬਾਹਰ ਕਿਉਂ ਖੜ੍ਹੇ ਹੋ ? ਮੈਂ ਘਰ ਨੂੰ ਤਿਆਰ ਕੀਤਾ ਹੈ ਅਤੇ ਊਠਾਂ ਲਈ ਵੀ ਥਾਂ ਹੈ32ਤਦ ਉਹ ਮਨੁੱਖ ਘਰ ਵਿੱਚ ਆਇਆ ਅਤੇ ਊਠਾਂ ਨੂੰ ਖੋਲ੍ਹਿਆ ਅਤੇ ਲਾਬਾਨ ਨੇ ਊਠਾਂ ਨੂੰ ਚਾਰਾ ਦਿੱਤਾ ਅਤੇ ਉਸ ਨੂੰ ਅਤੇ ਉਸ ਦੇ ਸਾਥੀਆਂ ਨੂੰ ਪੈਰ ਧੋਣ ਲਈ ਪਾਣੀ ਦਿੱਤਾ ।
33ਤਾਂ ਉਸ ਦੇ ਅੱਗੇ ਭੋਜਨ ਰੱਖਿਆ ਗਿਆ ਪਰ ਉਸ ਨੇ ਆਖਿਆ ਜਦ ਤੱਕ ਆਪਣੀ ਗੱਲ ਨਾ ਦੱਸਾਂ ਮੈਂ ਕੁਝ ਨਹੀਂ ਖਾਵਾਂਗਾ ਤਾਂ ਲਾਬਾਨ ਨੇ ਆਖਿਆ, ਦੱਸੋ ਜੀ ।34ਫੇਰ ਉਸ ਨੇ ਆਖਿਆ, ਮੈਂ ਅਬਰਾਹਾਮ ਦਾ ਨੌਕਰ ਹਾਂ35ਅਤੇ ਯਹੋਵਾਹ ਨੇ ਮੇਰੇ ਸਵਾਮੀ ਨੂੰ ਵੱਡੀ ਬਰਕਤ ਦਿੱਤੀ ਹੈ ਅਤੇ ਉਸ ਨੂੰ ਵੱਡਾ ਆਦਮੀ ਬਣਾ ਦਿੱਤਾ ਹੈ ਅਤੇ ਉਸ ਨੇ ਉਹ ਨੂੰ ਭੇਡਾਂ, ਗਾਈਆਂ-ਬਲ਼ਦ, ਸੋਨਾ-ਚਾਂਦੀ, ਦਾਸ-ਦਾਸੀਆਂ, ਊਠ ਅਤੇ ਗਧੇ ਦਿੱਤੇ ਹਨ ।
36ਅਤੇ ਮੇਰੇ ਸਵਾਮੀ ਦੀ ਪਤਨੀ ਸਾਰਾਹ ਨੇ ਆਪਣੇ ਬੁਢਾਪੇ ਵਿੱਚ ਮੇਰੇ ਸਵਾਮੀ ਲਈ ਇੱਕ ਪੁੱਤਰ ਜਣਿਆ ਅਤੇ ਅਬਰਾਹਾਮ ਨੇ ਆਪਣਾ ਸਭ ਕੁਝ ਉਸ ਨੂੰ ਦੇ ਦਿੱਤਾ ਹੈ ।37ਮੇਰੇ ਸਵਾਮੀ ਨੇ ਮੈਨੂੰ ਇਹ ਸਹੁੰ ਦਿੱਤੀ ਹੈ, ਤੂੰ ਮੇਰੇ ਪੁੱਤਰ ਲਈ ਇਨ੍ਹਾਂ ਕਨਾਨੀਆਂ ਦੀਆਂ ਧੀਆਂ ਵਿੱਚੋਂ ਜਿਨ੍ਹਾਂ ਦੇ ਦੇਸ਼ ਵਿੱਚ ਮੈਂ ਵੱਸਦਾ ਹਾਂ, ਪਤਨੀ ਨਾ ਲਿਆਵੀਂ ।38ਸਗੋਂ ਮੇਰੇ ਪਿਤਾ ਦੇ ਘਰ ਅਤੇ ਮੇਰੇ ਘਰਾਣੇ ਵਿੱਚ ਜਾਵੀਂ ਅਤੇ ਮੇਰੇ ਪੁੱਤਰ ਲਈ ਪਤਨੀ ਲੈ ਆਵੀਂ ।
39ਤਦ ਮੈਂ ਆਪਣੇ ਸਵਾਮੀ ਨੂੰ ਆਖਿਆ ਕਿ ਸ਼ਾਇਦ ਉਹ ਇਸਤਰੀ ਮੇਰੇ ਨਾਲ ਨਾ ਆਉਣਾ ਚਾਹੇ ।40ਤਦ ਉਸ ਨੇ ਮੈਨੂੰ ਆਖਿਆ, ਯਹੋਵਾਹ ਜਿਸ ਦੇ ਸਨਮੁਖ ਮੈਂ ਚਲਦਾ ਹਾਂ ਆਪਣਾ ਦੂਤ ਤੇਰੇ ਅੱਗੇ ਭੇਜੇਗਾ ਅਤੇ ਉਹ ਤੇਰੇ ਰਾਹ ਨੂੰ ਸਫ਼ਲ ਕਰੇਗਾ ਅਤੇ ਤੂੰ ਮੇਰੇ ਘਰਾਣੇ ਵਿੱਚੋਂ ਮੇਰੇ ਪਿਤਾ ਦੇ ਘਰੋਂ ਮੇਰੇ ਪੁੱਤਰ ਲਈ ਪਤਨੀ ਲੈ ਆਵੀਂ ।41ਤਦ ਹੀ ਤੂੰ ਮੇਰੀ ਸਹੁੰ ਤੋਂ ਛੁੱਟੇਂਗਾ, ਜਦ ਤੂੰ ਮੇਰੇ ਘਰਾਣੇ ਵਿੱਚ ਜਾਵੇਂਗਾ ਅਤੇ ਜੇ ਓਹ ਤੈਨੂੰ ਕੋਈ ਇਸਤਰੀ ਨਾ ਦੇਣ ਤਾਂ ਤੂੰ ਮੇਰੀ ਸਹੁੰ ਤੋਂ ਛੁੱਟ ਜਾਵੇਂਗਾ ।
42ਮੈਂ ਅੱਜ ਦੇ ਦਿਨ ਚਸ਼ਮੇ ਉੱਤੇ ਆਇਆ ਅਤੇ ਆਖਿਆ, ਹੇ ਯਹੋਵਾਹ, ਮੇਰੇ ਸਵਾਮੀ ਅਬਰਾਹਾਮ ਦੇ ਪਰਮੇਸ਼ੁਰ, ਜੇ ਤੂੰ ਮੇਰੇ ਰਾਹ ਨੂੰ ਜਿਸ ਵਿੱਚ ਮੈਂ ਜਾਂਦਾ ਹਾਂ ਸਫ਼ਲ ਕਰੇਂ ।43ਵੇਖ ਮੈਂ ਪਾਣੀ ਦੇ ਚਸ਼ਮੇ ਉੱਤੇ ਖੜ੍ਹਾ ਹਾਂ ਤਾਂ ਅਜਿਹਾ ਹੋਵੇ ਕਿ ਜਿਹੜੀ ਕੁੜੀ ਪਾਣੀ ਭਰਨ ਲਈ ਬਾਹਰ ਆਵੇ ਅਤੇ ਮੈਂ ਉਸ ਨੂੰ ਆਖਾਂ ਕਿ ਮੈਨੂੰ ਆਪਣੇ ਘੜੇ ਤੋਂ ਪਾਣੀ ਪਿਲਾ ਅਤੇ ਉਹ ਮੈਨੂੰ ਆਖੇ,44ਪੀ ਲਓ ਜੀ, ਅਤੇ ਮੈਂ ਤੁਹਾਡੇ ਊਠਾਂ ਲਈ ਵੀ ਭਰਾਂਗੀ, ਉਹ ਓਹੀ ਇਸਤਰੀ ਹੋਵੇ ਜਿਸ ਨੂੰ ਯਹੋਵਾਹ ਨੇ ਮੇਰੇ ਸਵਾਮੀ ਦੇ ਪੁੱਤਰ ਲਈ ਠਹਿਰਾਇਆ ਹੈ ।
45ਮੈਂ ਆਪਣੇ ਦਿਲ ਵਿੱਚ ਆਖਦਾ ਹੀ ਸੀ ਤਾਂ ਵੇਖੋ ਰਿਬਕਾਹ ਆਪਣਾ ਘੜਾ ਮੋਢੇ ਉੱਤੇ ਚੁੱਕ ਕੇ ਬਾਹਰ ਆਈ ਅਤੇ ਉਹ ਚਸ਼ਮੇ ਵਿੱਚ ਉਤਰੀ ਅਤੇ ਪਾਣੀ ਭਰਿਆ ਤਾਂ ਮੈਂ ਉਸ ਨੂੰ ਆਖਿਆ, ਮੈਨੂੰ ਪਾਣੀ ਪਿਲਾਈਂ ।46ਤਦ ਉਸ ਨੇ ਛੇਤੀ ਨਾਲ ਆਪਣਾ ਘੜਾ ਮੋਢੇ ਤੋਂ ਲਾਹ ਕੇ ਆਖਿਆ, ਪੀਓ ਜੀ, ਮੈਂ ਤੁਹਾਡੇ ਊਠਾਂ ਨੂੰ ਵੀ ਪਿਲਾਵਾਂਗੀ । ਤਦ ਮੈਂ ਪੀਤਾ ਅਤੇ ਉਸ ਨੇ ਮੇਰੇ ਊਠਾਂ ਨੂੰ ਵੀ ਪਿਲਾਇਆ ।
47ਫੇਰ ਮੈਂ ਉਸ ਤੋਂ ਪੁੱਛਿਆ, ਤੂੰ ਕਿਹਦੀ ਧੀ ਹੈਂ ? ਤਦ ਉਸ ਨੇ ਆਖਿਆ, ਮੈਂ ਬਥੂਏਲ ਦੀ ਧੀ ਹਾਂ, ਜਿਸ ਨੂੰ ਮਿਲਕਾਹ ਨੇ ਨਾਹੋਰ ਲਈ ਜਨਮ ਦਿੱਤਾ । ਤਦ ਮੈਂ ਉਸ ਦੀ ਨੱਕ ਵਿੱਚ ਨੱਥ ਅਤੇ ਹੱਥਾਂ ਵਿੱਚ ਕੜੇ ਪਾ ਦਿੱਤੇ ।48ਫਿਰ ਮੈਂ ਆਪਣਾ ਸਿਰ ਝੁਕਾ ਕੇ ਯਹੋਵਾਹ ਅੱਗੇ ਮੱਥਾ ਟੇਕਿਆ ਅਤੇ ਮੈਂ ਯਹੋਵਾਹ ਆਪਣੇ ਸਵਾਮੀ ਅਬਰਾਹਾਮ ਦੇ ਪਰਮੇਸ਼ੁਰ ਨੂੰ ਧੰਨ ਆਖਿਆ ਜਿਸ ਨੇ ਮੈਨੂੰ ਸਹੀ ਰਸਤੇ ਤੇ ਪਾਇਆ ਤਾਂ ਜੋ ਮੈਂ ਆਪਣੇ ਸਵਾਮੀ ਦੇ ਭਰਾ ਦੀ ਧੀ ਉਸ ਦੇ ਪੁੱਤਰ ਵਾਸਤੇ ਲੈ ਜਾਂਵਾਂ ।
49ਹੁਣ ਜੇਕਰ ਤੁਸੀਂ ਮੇਰੇ ਸਵਾਮੀ ਦੇ ਨਾਲ ਕਿਰਪਾ ਅਤੇ ਸਚਿਆਈ ਦਾ ਵਿਵਹਾਰ ਕਰਨਾ ਹੈ ਤਾਂ ਮੈਨੂੰ ਦੱਸੋ ਅਤੇ ਜੇਕਰ ਨਹੀਂ ਤਾਂ ਵੀ ਮੈਨੂੰ ਦੱਸੋ, ਤਾਂ ਜੋ ਮੈਂ ਸੱਜੇ ਜਾਂ ਖੱਬੇ ਪਾਸੇ ਵੱਲ ਮੁੜਾਂ ।
50ਤਦ ਲਾਬਾਨ ਅਤੇ ਬਥੂਏਲ ਨੇ ਜਵਾਬ ਵਿੱਚ ਆਖਿਆ, ਇਹ ਗੱਲ ਯਹੋਵਾਹ ਵੱਲੋਂ ਆਈ ਹੈ । ਅਸੀਂ ਤੁਹਾਨੂੰ ਬੁਰਾ ਜਾਂ ਭਲਾ ਨਹੀਂ ਆਖ ਸਕਦੇ ।51ਵੇਖੋ, ਰਿਬਕਾਹ ਤੁਹਾਡੇ ਸਾਹਮਣੇ ਹੈ । ਉਹ ਨੂੰ ਲੈ ਜਾਓ ਤਾਂ ਜੋ ਉਹ ਤੁਹਾਡੇ ਸਵਾਮੀ ਦੇ ਪੁੱਤਰ ਦੀ ਪਤਨੀ ਹੋਵੇ, ਜਿਵੇਂ ਯਹੋਵਾਹ ਦਾ ਬਚਨ ਹੈ ।
52ਜਦ ਅਬਰਾਹਾਮ ਦੇ ਨੌਕਰ ਨੇ ਉਨ੍ਹਾਂ ਦੀਆਂ ਗੱਲਾਂ ਸੁਣੀਆਂ ਤਦ ਉਸ ਨੇ ਯਹੋਵਾਹ ਦੇ ਅੱਗੇ ਧਰਤੀ ਉੱਤੇ ਮੱਥਾ ਟੇਕਿਆ ।53ਫੇਰ ਉਸ ਨੌਕਰ ਨੇ ਚਾਂਦੀ ਅਤੇ ਸੋਨੇ ਦੇ ਗਹਿਣੇ ਅਤੇ ਬਸਤਰ ਕੱਢ ਕੇ ਰਿਬਕਾਹ ਨੂੰ ਦਿੱਤੇ ਅਤੇ ਉਸ ਨੇ ਉਸ ਦੇ ਭਰਾ ਅਤੇ ਮਾਤਾ ਨੂੰ ਵੀ ਕੀਮਤੀ ਚੀਜ਼ਾਂ ਦਿੱਤੀਆਂ ।
54ਤਦ ਉਸ ਨੇ ਅਤੇ ਉਸ ਦੇ ਸਾਥੀਆਂ ਨੇ ਖਾਧਾ ਪੀਤਾ ਅਤੇ ਰਾਤ ਉੱਥੇ ਹੀ ਕੱਟੀ । ਤੜਕੇ ਉੱਠ ਕੇ ਉਸ ਨੇ ਆਖਿਆ, ਮੈਨੂੰ ਮੇਰੇ ਸਵਾਮੀ ਦੇ ਕੋਲ ਜਾਣ ਲਈ ਵਿਦਿਆ ਕਰੋ ।55ਰਿਬਕਾਹ ਦੇ ਭਰਾ ਅਤੇ ਉਸ ਦੀ ਮਾਤਾ ਨੇ ਆਖਿਆ, ਕੁੜੀ ਨੂੰ ਥੋੜ੍ਹੇ ਦਿਨ ਅਰਥਾਤ ਦਸ ਦਿਨ ਹੋਰ ਸਾਡੇ ਕੋਲ ਰਹਿਣ ਦਿਓ । ਉਸ ਦੇ ਬਾਅਦ ਉਹ ਚਲੀ ਜਾਵੇਗੀ ।
56ਪਰ ਉਸ ਨੇ ਉਨ੍ਹਾਂ ਨੂੰ ਆਖਿਆ, ਮੈਨੂੰ ਨਾ ਰੋਕੋ ਕਿਉਂ ਜੋ ਯਹੋਵਾਹ ਨੇ ਮੇਰੇ ਸਫ਼ਰ ਨੂੰ ਸਫ਼ਲ ਕੀਤਾ ਹੈ । ਹੁਣ ਮੈਨੂੰ ਵਿਦਿਆ ਕਰੋ ਤਾਂ ਜੋ ਮੈਂ ਆਪਣੇ ਸਵਾਮੀ ਕੋਲ ਜਾਂਵਾਂ ।57ਉਨ੍ਹਾਂ ਨੇ ਆਖਿਆ, ਅਸੀਂ ਕੁੜੀ ਨੂੰ ਬੁਲਾਉਂਦੇ ਹਾਂ ਅਤੇ ਉਸ ਤੋਂ ਹੀ ਪੁੱਛਦੇ ਹਾਂ ਕਿ ਉਹ ਕੀ ਚਾਹੁੰਦੀ ਹੈ ?58ਤਦ ਉਨ੍ਹਾਂ ਨੇ ਰਿਬਕਾਹ ਨੂੰ ਸੱਦਿਆ ਅਤੇ ਉਸ ਨੂੰ ਪੁੱਛਿਆ, ਕੀ ਤੂੰ ਇਸ ਮਨੁੱਖ ਦੇ ਨਾਲ ਜਾਵੇਂਗੀ ? ਤਾਂ ਉਸ ਨੇ ਆਖਿਆ, ਹਾਂ, ਮੈਂ ਜਾਵਾਂਗੀ ।
59ਤਦ ਉਨ੍ਹਾਂ ਨੇ ਆਪਣੀ ਭੈਣ ਰਿਬਕਾਹ, ਉਸ ਦੀ ਦਾਈ, ਅਬਰਾਹਾਮ ਦੇ ਨੌਕਰ ਅਤੇ ਉਸ ਦੇ ਸਾਥੀਆਂ ਨੂੰ ਵਿਦਿਆ ਕਰ ਦਿੱਤਾ ।60ਉਨ੍ਹਾਂ ਨੇ ਰਿਬਕਾਹ ਨੂੰ ਅਸੀਸ ਦਿੱਤੀ ਅਤੇ ਆਖਿਆ, ਹੇ ਸਾਡੀ ਭੈਣ, ਤੂੰ ਹਜ਼ਾਰਾਂ ਅਤੇ ਲੱਖਾਂ ਦੀ ਮਾਤਾ ਹੋਵੇਂ ਅਤੇ ਤੇਰੀ ਅੰਸ ਵੈਰੀਆਂ ਦੇ ਫਾਟਕ ਦੀ ਅਧਿਕਾਰੀ ਹੋਵੇ ।
61ਤਦ ਰਿਬਕਾਹ ਅਤੇ ਉਸ ਦੀਆਂ ਸਹੇਲੀਆਂ ਉੱਠੀਆਂ ਅਤੇ ਊਠਾਂ ਉੱਤੇ ਚੜ੍ਹ ਗਈਆਂ ਅਤੇ ਉਸ ਮਨੁੱਖ ਦੇ ਪਿੱਛੇ-ਪਿੱਛੇ ਤੁਰ ਪਈਆਂ । ਇਸ ਤਰ੍ਹਾਂ ਉਹ ਨੌਕਰ ਰਿਬਕਾਹ ਨੂੰ ਨਾਲ ਲੈ ਕੇ ਤੁਰ ਪਿਆ ।62ਇਸਹਾਕ, ਜੋ ਦੱਖਣ ਦੇਸ਼ ਵਿੱਚ ਰਹਿੰਦਾ ਸੀ, ਬਏਰ-ਲਹੀ-ਰੋਈ ਦੇ ਰਸਤੇ ਤੋਂ ਆ ਰਿਹਾ ਸੀ ।
63ਇਸਹਾਕ ਸ਼ਾਮ ਦੇ ਵੇਲੇ ਖੇਤਾਂ ਵਿੱਚ ਗਿਆਨ-ਧਿਆਨ ਕਰਨ ਲਈ ਬਾਹਰ ਗਿਆ ਸੀ, ਤਦ ਉਸ ਨੇ ਆਪਣੀਆਂ ਅੱਖਾਂ ਚੁੱਕ ਕੇ ਵੇਖਿਆ ਕਿ ਊਠ ਆ ਰਹੇ ਸਨ ।64ਤਦ ਰਿਬਕਾਹ ਨੇ ਵੀ ਅੱਖਾਂ ਚੁੱਕ ਕੇ ਇਸਹਾਕ ਨੂੰ ਵੇਖਿਆ ਤਾਂ ਊਠ ਤੋਂ ਉਤਰ ਗਈ ।65ਉਸ ਨੇ ਨੌਕਰ ਤੋਂ ਪੁੱਛਿਆ, ਉਹ ਮਨੁੱਖ ਜਿਹੜਾ ਖੇਤ ਦੇ ਵਿੱਚੋਂ ਸਾਨੂੰ ਮਿਲਣ ਲਈ ਆਉਂਦਾ ਹੈ, ਉਹ ਕੌਣ ਹੈ ? ਨੌਕਰ ਨੇ ਆਖਿਆ, ਉਹ ਮੇਰਾ ਸਵਾਮੀ ਹੈ, ਤਦ ਰਿਬਕਾਹ ਨੇ ਘੁੰਡ ਕੱਢ ਕੇ ਆਪਣੇ ਆਪ ਨੂੰ ਢੱਕ ਲਿਆ ।
66ਫੇਰ ਨੌਕਰ ਨੇ ਸਾਰੀਆਂ ਗੱਲਾਂ ਜਿਹੜੀਆਂ ਉਸ ਨੇ ਕੀਤੀਆਂ ਸਨ, ਇਸਹਾਕ ਨੂੰ ਦੱਸੀਆਂ ।67ਤਦ ਇਸਹਾਕ ਉਸ ਨੂੰ ਆਪਣੀ ਮਾਤਾ ਸਾਰਾਹ ਦੇ ਤੰਬੂ ਵਿੱਚ ਲੈ ਗਿਆ ਅਤੇ ਉਸ ਨੇ ਰਿਬਕਾਹ ਨੂੰ ਵਿਆਹ ਲਿਆ ਅਤੇ ਉਹ ਉਸ ਦੀ ਪਤਨੀ ਹੋਈ । ਉਸ ਨੇ ਉਹ ਨੂੰ ਪਿਆਰ ਕੀਤਾ ਤਾਂ ਇਸਹਾਕ ਨੂੰ ਆਪਣੀ ਮਾਤਾ ਦੀ ਮੌਤ ਤੋਂ ਬਾਅਦ ਸ਼ਾਂਤੀ ਮਿਲੀ ।

25
ਅਬਰਾਹਾਮ ਦੇ ਹੋਰ ਵੰਸ਼ਜ
(1 ਇਤਿਹਾਸ 1:32, 33)

1ਅਬਰਾਹਾਮ ਨੇ ਇੱਕ ਹੋਰ ਪਤਨੀ ਵਿਆਹ ਲਈ, ਜਿਸ ਦਾ ਨਾਮ ਕਟੂਰਾਹ ਸੀ ।2ਉਸ ਨੇ ਜਿਮਰਾਨ, ਯਾਕਸਾਨ, ਮਦਾਨ, ਮਿਦਯਾਨ, ਯਿਸਬਾਕ ਅਤੇ ਸੂਅਹ ਨੂੰ ਜਨਮ ਦਿੱਤਾ ।3ਯਾਕਸਾਨ ਤੋਂ ਸਬਾ ਅਤੇ ਦਦਾਨ ਜੰਮੇ ਅਤੇ ਦਦਾਨ ਦੇ ਪੁੱਤਰ ਅੱਸੂਰਿਮ, ਲਟੂਸਿਮ ਅਤੇ ਲਉੱਮਿਮ ਸਨ ।4ਮਿਦਯਾਨ ਦੇ ਪੁੱਤਰ ਏਫਾਹ, ਏਫਰ, ਹਨੋਕ, ਅਬੀਦਾ ਅਤੇ ਅਲਦਾਆ ਸਨ । ਇਹ ਸਾਰੇ ਕਟੂਰਾਹ ਦੇ ਪੁੱਤਰ ਸਨ ।

5ਅਬਰਾਹਾਮ ਨੇ ਸਭ ਕੁਝ ਜੋ ਉਸ ਦਾ ਸੀ, ਇਸਹਾਕ ਨੂੰ ਦੇ ਦਿੱਤਾ,6ਪਰ ਆਪਣੀਆਂ ਰਖ਼ੈਲਾਂ ਦੇ ਪੁੱਤਰਾਂ ਨੂੰ ਅਬਰਾਹਾਮ ਨੇ ਕੁਝ ਸੁਗ਼ਾਤਾਂ ਦੇ ਕੇ ਆਪਣੇ ਪੁੱਤਰ ਇਸਹਾਕ ਦੇ ਕੋਲੋਂ ਪੂਰਬ ਵੱਲ, ਪੂਰਬ ਦੇ ਦੇਸ਼ ਵਿੱਚ ਆਪਣੇ ਜੀਉਂਦੇ ਜੀ ਭੇਜ ਦਿੱਤਾ ।
ਅਬਰਾਹਾਮ ਦੀ ਮੌਤ

7ਅਬਰਾਹਾਮ ਦੀ ਕੁੱਲ ਉਮਰ ਇੱਕ ਸੌ ਪੰਝੱਤਰ ਸਾਲ ਦੀ ਹੋਈ ।8ਅਬਰਾਹਾਮ ਚੰਗੇ ਬਿਰਧਪੁਣੇ ਵਿੱਚ ਅਰਥਾਤ ਪੂਰੇ ਬੁਢਾਪੇ ਵਿੱਚ ਆਪਣੇ ਪ੍ਰਾਣ ਤਿਆਗ ਕੇ ਮਰ ਗਿਆ ਅਤੇ ਆਪਣੇ ਲੋਕਾਂ ਵਿੱਚ ਜਾ ਮਿਲਿਆ ।
9ਤਦ ਉਸ ਦੇ ਪੁੱਤਰਾਂ ਇਸਹਾਕ ਅਤੇ ਇਸਮਾਏਲ ਨੇ ਉਸ ਨੂੰ ਮਕਫੇਲਾਹ ਦੀ ਗੁਫ਼ਾ ਵਿੱਚ, ਜੋ ਹਿੱਤੀ ਸ਼ੋਹਰ ਦੇ ਪੁੱਤਰ ਅਫਰੋਨ ਦੀ ਪੈਲੀ ਵਿੱਚ ਹੈ, ਜਿਹੜਾ ਮਮਰੇ ਦੇ ਸਾਹਮਣੇ ਹੈ, ਦੱਬ ਦਿੱਤਾ ।10ਅਰਥਾਤ ਉਸ ਜ਼ਮੀਨ ਵਿੱਚ ਜਿਹੜੀ ਅਬਰਾਹਾਮ ਨੇ ਹੇਤ ਦੇ ਪੁੱਤਰਾਂ ਤੋਂ ਮੁੱਲ ਲਈ ਸੀ, ਉੱਥੇ ਹੀ ਅਬਰਾਹਾਮ ਅਤੇ ਉਸ ਦੀ ਪਤਨੀ ਸਾਰਾਹ ਦੱਬੇ ਗਏ ।11ਅਬਰਾਹਾਮ ਦੀ ਮੌਤ ਤੋਂ ਬਾਅਦ ਪਰਮੇਸ਼ੁਰ ਨੇ ਉਸ ਦੇ ਪੁੱਤਰ ਇਸਹਾਕ ਨੂੰ ਬਰਕਤ ਦਿੱਤੀ ਅਤੇ ਇਸਹਾਕ ਬਏਰ-ਲਹੀ-ਰੋਈ ਕੋਲ ਰਹਿੰਦਾ ਸੀ ।
ਇਸਮਾਏਲ ਦੀ ਵੰਸ਼ਾਵਲੀ
(1 ਇਤਿਹਾਸ 1:28 – 31)

12ਅਬਰਾਹਾਮ ਦੇ ਪੁੱਤਰ ਇਸਮਾਏਲ, ਜਿਸ ਨੂੰ ਸਾਰਾਹ ਦੀ ਦਾਸੀ ਮਿਸਰੀ ਹਾਜਰਾ ਨੇ ਅਬਰਾਹਾਮ ਲਈ ਜਣਿਆ, ਉਸ ਦੀ ਵੰਸ਼ਾਵਲੀ ਇਹ ਹੈ ।
13ਇਸਮਾਏਲ ਦੇ ਪੁੱਤਰਾਂ ਦੇ ਨਾਮ ਅਤੇ ਉਨ੍ਹਾਂ ਦੀ ਵੰਸ਼ਾਵਲੀ ਇਹ ਹੈ: ਇਸਮਾਏਲ ਦਾ ਪਹਿਲੌਠਾ ਪੁੱਤਰ ਨਬਾਯੋਤ, ਫਿਰ ਕੇਦਾਰ, ਅਦਬਏਲ ਅਤੇ ਮਿਬਸਾਮ,14ਮਿਸਮਾ, ਦੂਮਾਹ, ਮਸ਼ਾ,15ਹਦਦ, ਤੇਮਾ, ਯਟੂਰ, ਨਾਫ਼ੀਸ ਅਤੇ ਕੇਦਮਾਹ ।16ਇਹ ਇਸਮਾਏਲ ਦੇ ਪੁੱਤਰ ਸਨ, ਅਤੇ ਇਨ੍ਹਾਂ ਦੇ ਨਾਮਾਂ ਦੇ ਅਨੁਸਾਰ ਉਨ੍ਹਾਂ ਦੇ ਪਿੰਡਾਂ ਅਤੇ ਉਨ੍ਹਾਂ ਦੀਆਂ ਛਾਉਣੀਆਂ ਦੇ ਨਾਮ ਵੀ ਰੱਖੇ ਗਏ ਅਤੇ ਇਹ ਬਾਰਾਂ ਹੀ ਆਪਣੇ-ਆਪਣੇ ਗੋਤਾਂ ਦੇ ਪ੍ਰਧਾਨ ਹੋਏ ।
17ਇਸਮਾਏਲ ਦੀ ਕੁੱਲ ਉਮਰ ਇੱਕ ਸੌ ਸੈਂਤੀ ਸਾਲ ਹੋਈ ਤਦ ਉਹ ਪ੍ਰਾਣ ਤਿਆਗ ਕੇ ਮਰ ਗਿਆ ਅਤੇ ਆਪਣੇ ਲੋਕਾਂ ਵਿੱਚ ਜਾ ਮਿਲਿਆ ।18ਉਸਦਾ ਵੰਸ਼ ਹਵੀਲਾਹ ਤੋਂ ਲੈ ਕੇ ਸ਼ੂਰ ਤੱਕ, ਜਿਹੜਾ ਅੱਸੂਰ ਵੱਲ ਜਾਂਦਿਆਂ ਮਿਸਰ ਦੇ ਸਾਹਮਣੇ ਹੈ, ਵੱਸ ਗਿਆ ਅਤੇ ਉਹ ਆਪਣੇ ਸਾਰੇ ਭਰਾਵਾਂ ਦੇ ਸਨਮੁਖ ਵੱਸ ਗਏ ।
ਇਸਹਾਕ ਦੇ ਪੁੱਤਰਾਂ ਦਾ ਜਨਮ

19ਇਹ ਅਬਰਾਹਾਮ ਦੇ ਪੁੱਤਰ ਇਸਹਾਕ ਦੀ ਵੰਸ਼ਾਵਲੀ ਹੈ: ਅਬਰਾਹਾਮ ਤੋਂ ਇਸਹਾਕ ਜੰਮਿਆ,20ਅਤੇ ਇਸਹਾਕ ਚਾਲ੍ਹੀ ਸਾਲ ਦਾ ਹੋਇਆ ਜਦ ਉਹ ਰਿਬਕਾਹ ਨੂੰ ਆਪਣੀ ਪਤਨੀ ਬਣਾਉਣ ਲਈ ਲੈ ਆਇਆ, ਜਿਹੜੀ ਪਦਨ ਅਰਾਮ ਦੇ ਵਾਸੀ ਬਥੂਏਲ ਅਰਾਮੀ ਦੀ ਧੀ ਸੀ ਅਤੇ ਲਾਬਾਨ ਅਰਾਮੀ ਦੀ ਭੈਣ ਸੀ ।
21ਇਸਹਾਕ ਨੇ ਯਹੋਵਾਹ ਕੋਲੋਂ ਆਪਣੀ ਪਤਨੀ ਲਈ ਬੇਨਤੀ ਕੀਤੀ ਕਿਉਂ ਜੋ ਉਹ ਬਾਂਝ ਸੀ, ਤਦ ਯਹੋਵਾਹ ਨੇ ਉਸ ਦੀ ਬੇਨਤੀ ਸੁਣੀ ਅਤੇ ਰਿਬਕਾਹ ਉਸ ਦੀ ਪਤਨੀ ਗਰਭਵਤੀ ਹੋਈ ।22ਬੱਚੇ ਉਸ ਦੀ ਕੁੱਖ ਵਿੱਚ ਇੱਕ ਦੂਜੇ ਨਾਲ ਘੁਲਦੇ ਸਨ, ਤਦ ਉਸ ਨੇ ਆਖਿਆ, ਜੇਕਰ ਮੇਰੀ ਹਾਲਤ ਇਸੇ ਤਰ੍ਹਾਂ ਹੀ ਰਹੀ ਤਾਂ ਮੈਂ ਕਿਵੇਂ ਜੀਉਂਦੀ ਰਹਾਂਗੀ ? ਤਦ ਉਹ ਯਹੋਵਾਹ ਕੋਲੋਂ ਪੁੱਛਣ ਗਈ ।
23ਤਦ ਯਹੋਵਾਹ ਨੇ ਉਸ ਨੂੰ ਆਖਿਆ, ਤੇਰੀ ਕੁੱਖ ਵਿੱਚ ਦੋ ਕੌਮਾਂ ਹਨ ਅਤੇ ਤੇਰੀ ਕੁੱਖੋਂ ਹੀ ਓਹ ਦੋਵੇਂ ਜਾਤੀਆਂ ਵੱਖਰੀਆਂ ਹੋ ਜਾਣਗੀਆਂ ਅਤੇ ਇੱਕ ਜਾਤੀ ਦੂਜੀ ਜਾਤੀ ਨਾਲੋਂ ਬਲਵੰਤ ਹੋਵੇਗੀ ਅਤੇ ਵੱਡਾ ਛੋਟੇ ਦੀ ਸੇਵਾ ਕਰੇਗਾ ।
24ਜਦ ਉਸ ਦੇ ਜਣਨ ਦੇ ਦਿਨ ਪੂਰੇ ਹੋਏ ਤਾਂ ਵੇਖੋ ਉਸ ਦੀ ਕੁੱਖ ਵਿੱਚ ਜੁੜਵਾਂ ਬੱਚੇ ਸਨ ।25ਪਹਿਲੌਠਾ ਸਾਰੇ ਦਾ ਸਾਰਾ ਲਾਲ ਜੱਤ ਵਾਲੇ ਬਸਤਰ ਵਰਗਾ ਬਾਹਰ ਨਿੱਕਲਿਆ, ਇਸ ਲਈ ਉਨ੍ਹਾਂ ਨੇ ਉਸ ਦਾ ਨਾਮ ਏਸਾਓ ਰੱਖਿਆ ।26ਉਸ ਦੇ ਬਾਅਦ ਉਸ ਦਾ ਭਰਾ ਨਿੱਕਲਿਆ ਅਤੇ ਉਸ ਦੇ ਹੱਥ ਨੇ ਏਸਾਓ ਦੀ ਅੱਡੀ ਫੜੀ ਹੋਈ ਸੀ, ਤਾਂ ਉਸ ਦਾ ਨਾਮ ਯਾਕੂਬ ਰੱਖਿਆ ਗਿਆ । ਜਦ ਰਿਬਕਾਹ ਨੇ ਉਨ੍ਹਾਂ ਨੂੰ ਜਨਮ ਦਿੱਤਾ ਉਸ ਸਮੇਂ ਇਸਹਾਕ ਸੱਠ ਸਾਲ ਦਾ ਸੀ ।
ਏਸਾਓ ਦੁਆਰਾ ਜੇਠੇ ਹੋਣ ਦੇ ਅਧਿਕਾਰ ਨੂੰ ਵੇਚਣਾ

27ਉਹ ਮੁੰਡੇ ਵੱਡੇ ਹੋਏ । ਏਸਾਓ ਨਿਪੁੰਨ ਸ਼ਿਕਾਰੀ ਬਣਿਆ ਅਤੇ ਮੈਦਾਨ ਵਿੱਚ ਰਹਿਣ ਵਾਲਾ ਸੀ ਅਤੇ ਯਾਕੂਬ ਭੋਲਾ ਭਾਲਾ ਅਤੇ ਤੰਬੂਆਂ ਵਿੱਚ ਰਹਿਣ ਵਾਲਾ ਸੀ ।28ਇਸਹਾਕ ਏਸਾਓ ਨੂੰ ਪਿਆਰ ਕਰਦਾ ਸੀ ਕਿਉਂ ਜੋ ਉਹ ਉਸ ਲਈ ਸ਼ਿਕਾਰ ਫੜ੍ਹ ਕੇ ਲਿਆਉਂਦਾ ਸੀ ਪਰ ਰਿਬਕਾਹ ਯਾਕੂਬ ਨੂੰ ਪਿਆਰ ਕਰਦੀ ਸੀ ।
29ਇੱਕ ਦਿਨ ਯਾਕੂਬ ਦਾਲ ਪਕਾ ਰਿਹਾ ਸੀ ਅਤੇ ਏਸਾਓ ਮੈਦਾਨ ਵਿੱਚੋਂ ਥੱਕਿਆ ਹੋਇਆ ਆਇਆ ।30ਤਦ ਏਸਾਓ ਨੇ ਯਾਕੂਬ ਨੂੰ ਆਖਿਆ, ਇਸੇ ਲਾਲ ਦਾਲ ਵਿੱਚੋਂ ਮੈਨੂੰ ਵੀ ਖਾਣ ਨੂੰ ਦੇ, ਕਿਉਂ ਜੋ ਮੈਂ ਥੱਕਿਆ ਹੋਇਆ ਹਾਂ । ਇਸੇ ਕਾਰਨ ਉਸ ਦਾ ਨਾਮ ਅਦੋਮ ਪੈ ਗਿਆ ।
31ਯਾਕੂਬ ਨੇ ਆਖਿਆ, ਤੂੰ ਅੱਜ ਆਪਣਾ ਪਹਿਲੌਠਾ ਹੋਣ ਦੇ ਹੱਕ ਨੂੰ ਮੈਨੂੰ ਵੇਚ ਦੇ ।32ਏਸਾਓ ਨੇ ਆਖਿਆ, ਵੇਖ, ਮੈਂ ਮਰ ਰਿਹਾ ਹਾਂ । ਇਹ ਪਹਿਲੌਠਾ ਹੋਣਾ ਮੇਰੇ ਕਿਸ ਕੰਮ ਦਾ ਹੈ ?33ਯਾਕੂਬ ਨੇ ਆਖਿਆ, ਤੂੰ ਅੱਜ ਮੇਰੇ ਕੋਲ ਸਹੁੰ ਖਾਹ, ਤਾਂ ਉਸ ਨੇ ਸਹੁੰ ਖਾਧੀ ਅਤੇ ਆਪਣੇ ਪਹਿਲੌਠੇ ਹੋਣ ਦਾ ਹੱਕ ਯਾਕੂਬ ਕੋਲ ਵੇਚ ਦਿੱਤਾ ।34ਤਦ ਯਾਕੂਬ ਨੇ ਏਸਾਓ ਨੂੰ ਰੋਟੀ ਅਤੇ ਦਾਲ ਦਿੱਤੀ ਅਤੇ ਉਸ ਨੇ ਖਾਧਾ ਪੀਤਾ ਅਤੇ ਉੱਠ ਕੇ ਆਪਣੇ ਰਾਹ ਚਲਾ ਗਿਆ । ਇਸ ਤਰ੍ਹਾਂ ਏਸਾਓ ਨੇ ਆਪਣੇ ਪਹਿਲੌਠੇ ਹੋਣ ਦੇ ਹੱਕ ਨੂੰ ਤੁੱਛ ਜਾਣਿਆ ।

26
ਇਸਹਾਕ ਦਾ ਗਰਾਰ ਦੇ ਵਿੱਚ ਨਿਵਾਸ

1ਉਸ ਦੇਸ਼ ਵਿੱਚ ਕਾਲ ਪਿਆ ਅਤੇ ਇਹ ਪਹਿਲੇ ਕਾਲ ਤੋਂ ਵੱਖ ਸੀ, ਜਿਹੜਾ ਅਬਰਾਹਾਮ ਦੇ ਦਿਨਾਂ ਵਿੱਚ ਪਿਆ ਸੀ । ਇਸ ਕਾਰਨ ਇਸਹਾਕ ਗਰਾਰ ਨੂੰ, ਫ਼ਿਲਿਸਤੀਆਂ ਦੇ ਰਾਜਾ ਅਬੀਮਲਕ ਕੋਲ ਚਲਾ ਗਿਆ ।

2ਤਦ ਯਹੋਵਾਹ ਨੇ ਉਸ ਨੂੰ ਦਰਸ਼ਨ ਦੇ ਕੇ ਆਖਿਆ, ਮਿਸਰ ਨੂੰ ਨਾ ਜਾਈਂ ਪਰ ਉਸ ਦੇਸ਼ ਵਿੱਚ ਜਾਈਂ, ਜਿਹੜਾ ਮੈਂ ਤੈਨੂੰ ਦੱਸਾਂਗਾ ।3ਤੂੰ ਉਸ ਦੇਸ਼ ਵਿੱਚ ਜਾ ਟਿੱਕੀਂ । ਮੈਂ ਤੇਰੇ ਅੰਗ-ਸੰਗ ਹੋਵਾਂਗਾ ਅਤੇ ਤੈਨੂੰ ਬਰਕਤ ਦਿਆਂਗਾ ਕਿਉਂ ਜੋ ਮੈਂ ਤੈਨੂੰ ਅਤੇ ਤੇਰੀ ਅੰਸ ਨੂੰ ਇਹ ਸਾਰੇ ਦੇਸ਼ ਦਿਆਂਗਾ । ਮੈਂ ਉਸ ਸਹੁੰ ਨੂੰ ਜਿਹੜੀ ਮੈਂ ਤੇਰੇ ਪਿਤਾ ਅਬਰਾਹਾਮ ਨਾਲ ਖਾਧੀ ਸੀ, ਪੂਰੀ ਕਰਾਂਗਾ ।
4ਮੈਂ ਤੇਰੀ ਅੰਸ ਨੂੰ ਅਕਾਸ਼ ਦੇ ਤਾਰਿਆਂ ਵਾਂਗੂੰ ਵਧਾਵਾਂਗਾ ਅਤੇ ਮੈਂ ਤੇਰੀ ਅੰਸ ਨੂੰ ਇਹ ਸਾਰੇ ਦੇਸ਼ ਦਿਆਂਗਾ ਅਤੇ ਤੇਰੀ ਅੰਸ ਤੋਂ ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ ।5ਕਿਉਂ ਜੋ ਅਬਰਾਹਾਮ ਨੇ ਮੇਰੀ ਅਵਾਜ਼ ਨੂੰ ਸੁਣਿਆ ਅਤੇ ਮੇਰੇ ਹੁਕਮਾਂ, ਮੇਰੀ ਬਿਧੀਆਂ ਅਤੇ ਮੇਰੀ ਬਿਵਸਥਾ ਦੀ ਪਾਲਨਾ ਕੀਤੀ ।
6ਇਸਹਾਕ ਗਰਾਰ ਵਿੱਚ ਵੱਸਿਆ ਰਿਹਾ7ਜਦ ਉਸ ਥਾਂ ਦੇ ਮਨੁੱਖਾਂ ਨੇ ਉਸ ਦੀ ਪਤਨੀ ਵਿਖੇ ਪੁੱਛਿਆ ਤਾਂ ਉਸ ਨੇ ਆਖਿਆ, ਉਹ ਮੇਰੀ ਭੈਣ ਹੈ, ਕਿਉਂ ਜੋ ਉਹ ਇਹ ਸੋਚ ਕੇ ਡਰਦਾ ਸੀ, ਜੇਕਰ ਮੈਂ ਦੱਸਾਂ ਕਿ ਉਹ ਮੇਰੀ ਪਤਨੀ ਹੈ ਤਾਂ ਅਜਿਹਾ ਨਾ ਹੋਵੇ ਕਿ ਉਸ ਥਾਂ ਦੇ ਮਨੁੱਖ ਰਿਬਕਾਹ ਦੇ ਕਾਰਨ ਮੈਨੂੰ ਮਾਰ ਸੁੱਟਣ, ਕਿਉਂ ਜੋ ਉਹ ਵੇਖਣ ਵਿੱਚ ਸੋਹਣੀ ਸੀ ।8ਜਦ ਉਸ ਨੂੰ ਉੱਥੇ ਰਹਿੰਦੇ ਹੋਏ ਬਹੁਤ ਦਿਨ ਬੀਤ ਗਏ ਤਾਂ ਅਬੀਮਲਕ ਫ਼ਲੀਸਤੀਆਂ ਦੇ ਰਾਜਾ ਨੇ ਇੱਕ ਦਿਨ ਖਿੜਕੀ ਵਿੱਚੋਂ ਦੀ ਝਾਤੀ ਮਾਰ ਕੇ ਵੇਖਿਆ ਤਾਂ ਵੇਖੋ ਇਸਹਾਕ ਆਪਣੀ ਪਤਨੀ ਰਿਬਕਾਹ ਨਾਲ ਲਾਡ-ਪਿਆਰ ਕਰ ਰਿਹਾ ਹੈ ।
9ਤਦ ਅਬੀਮਲਕ ਨੇ ਇਸਹਾਕ ਨੂੰ ਬੁਲਾ ਕੇ ਆਖਿਆ, ਵੇਖ ਉਹ ਸੱਚ-ਮੁੱਚ ਤੇਰੀ ਪਤਨੀ ਹੈ ਅਤੇ ਤੂੰ ਕਿਉਂ ਆਖਿਆ, ਕਿ ਉਹ ਮੇਰੀ ਭੈਣ ਹੈ ? ਇਸਹਾਕ ਨੇ ਉਸ ਨੂੰ ਆਖਿਆ, ਮੈਂ ਇਹ ਸੋਚਿਆ, ਕਿਤੇ ਮੈਂ ਉਹ ਦੇ ਕਾਰਨ ਮਰ ਨਾ ਜਾਂਵਾਂ ।10ਅਬੀਮਲਕ ਨੇ ਆਖਿਆ, ਤੂੰ ਸਾਡੇ ਨਾਲ ਇਹ ਕੀ ਕੀਤਾ ਹੈ ? ਇਸ ਤਰ੍ਹਾਂ ਤਾਂ ਲੋਕਾਂ ਵਿੱਚੋਂ ਕੋਈ ਤੇਰੀ ਪਤਨੀ ਦੇ ਸੰਗ ਲੇਟਦਾ ਤਾਂ ਤੂੰ ਸਾਨੂੰ ਵੀ ਪਾਪ ਦਾ ਭਾਗੀ ਬਣਾਉਂਦਾ ।11ਤਦ ਅਬੀਮਲਕ ਨੇ ਸਾਰਿਆਂ ਲੋਕਾਂ ਨੂੰ ਇਹ ਹੁਕਮ ਦਿੱਤਾ ਕਿ ਜੋ ਕੋਈ ਇਸ ਮਨੁੱਖ ਅਤੇ ਇਸ ਦੀ ਪਤਨੀ ਨੂੰ ਹੱਥ ਲਾਵੇਗਾ, ਉਹ ਜ਼ਰੂਰ ਮਾਰਿਆ ਜਾਵੇਗਾ ।
12ਇਸਹਾਕ ਨੇ ਉਸ ਧਰਤੀ ਵਿੱਚ ਬੀਜ ਬੀਜਿਆ ਅਤੇ ਉਸੇ ਸਾਲ ਸੌ ਗੁਣਾ ਫਲ ਪ੍ਰਾਪਤ ਕੀਤਾ ਅਤੇ ਯਹੋਵਾਹ ਨੇ ਉਸ ਨੂੰ ਬਰਕਤ ਦਿੱਤੀ ।13ਸੋ ਉਹ ਵੱਧ ਗਿਆ ਅਤੇ ਵੱਧਦਾ ਚਲਾ ਗਿਆ ਅਤੇ ਉਹ ਅੱਤ ਵੱਡਾ ਮਨੁੱਖ ਹੋ ਗਿਆ ।14ਉਹ ਭੇਡਾਂ-ਬੱਕਰੀਆਂ, ਗਾਈਆਂ-ਬਲ਼ਦਾਂ ਅਤੇ ਬਹੁਤ ਸਾਰੇ ਸੇਵਕਾਂ ਦਾ ਮਾਲਕ ਹੋ ਗਿਆ ਅਤੇ ਫ਼ਲਿਸਤੀ ਉਸ ਤੋਂ ਸੜਨ ਲੱਗੇ ।
15ਇਸ ਲਈ ਸਾਰੇ ਖੂਹਾਂ ਨੂੰ ਜਿਹੜੇ ਉਸ ਦੇ ਪਿਤਾ ਅਬਰਾਹਾਮ ਦੇ ਸੇਵਕਾਂ ਨੇ ਉਸ ਦੇ ਜੀਉਂਦੇ ਜੀ ਪੁੱਟੇ ਸਨ, ਫ਼ਲਿਸਤੀਆਂ ਨੇ ਬੰਦ ਕਰ ਦਿੱਤੇ ਅਤੇ ਮਿੱਟੀ ਨਾਲ ਭਰ ਦਿੱਤੇ ।16ਅਬੀਮਲਕ ਨੇ ਇਸਹਾਕ ਨੂੰ ਆਖਿਆ, ਸਾਡੇ ਕੋਲੋਂ ਚਲਾ ਜਾ, ਕਿਉਂ ਜੋ ਤੂੰ ਸਾਡੇ ਨਾਲੋਂ ਵੱਡਾ ਬਲਵੰਤ ਹੋ ਗਿਆ ਹੈਂ ।17ਤਦ ਇਸਹਾਕ ਉੱਥੋਂ ਚਲਾ ਗਿਆ ਅਤੇ ਗਰਾਰ ਦੀ ਘਾਟੀ ਵਿੱਚ ਆਪਣਾ ਤੰਬੂ ਲਾਇਆ ਅਤੇ ਉੱਥੇ ਰਹਿਣ ਲੱਗਾ ।
18ਤਦ ਇਸਹਾਕ ਨੇ ਪਾਣੀ ਦੇ ਖੂਹਾਂ ਨੂੰ ਜਿਹੜੇ ਉਸ ਦੇ ਪਿਤਾ ਅਬਰਾਹਾਮ ਦੇ ਦਿਨਾਂ ਵਿੱਚ ਪੁੱਟੇ ਗਏ ਸਨ, ਅਤੇ ਜਿਹੜੇ ਫ਼ਲਿਸਤੀਆਂ ਨੇ ਅਬਰਾਹਾਮ ਦੀ ਮੌਤ ਦੇ ਪਿੱਛੋਂ ਬੰਦ ਕਰ ਦਿੱਤੇ ਸਨ, ਦੁਬਾਰਾ ਪੁੱਟਿਆ ਅਤੇ ਉਸ ਨੇ ਉਨ੍ਹਾਂ ਖੂਹਾਂ ਦੇ ਨਾਮ ਅਬਰਾਹਾਮ ਦੇ ਰੱਖੇ ਹੋਏ ਨਾਵਾਂ ਉੱਤੇ ਰੱਖੇ ।
19ਇਸਹਾਕ ਦੇ ਸੇਵਕਾਂ ਨੂੰ ਘਾਟੀ ਵਿੱਚ ਪੁੱਟਦੇ ਹੋਏ, ਸੁੰਬ ਫੁੱਟਦੇ ਪਾਣੀ ਦਾ ਇੱਕ ਖੂਹ ਲੱਭਿਆ ।20ਤਦ ਗਰਾਰ ਦੇ ਆਜੜੀਆਂ ਨੇ ਇਸਹਾਕ ਦੇ ਆਜੜੀਆਂ ਨੂੰ ਕੌੜੇ ਬਚਨ ਬੋਲੇ ਅਤੇ ਕਿਹਾ, ਇਹ ਪਾਣੀ ਸਾਡਾ ਹੈ । ਉਸ ਨੇ ਉਸ ਖੂਹ ਦਾ ਨਾਮ ਏਸਕ ਰੱਖਿਆ ਕਿਉਂ ਜੋ ਓਹ ਉਸ ਦੇ ਨਾਲ ਝਗੜਦੇ ਸਨ ।
21ਤਦ ਉਨ੍ਹਾਂ ਨੇ ਇੱਕ ਹੋਰ ਖੂਹ ਪੁੱਟਿਆ ਅਤੇ ਉਸ ਦੇ ਵਿਖੇ ਵੀ ਕੌੜੇ ਬਚਨ ਬੋਲੇ ਤਦ ਉਹ ਨੇ ਉਸ ਖੂਹ ਦਾ ਨਾਮ ਸਿਟਨਾ ਰੱਖਿਆ ।22ਤਦ ਉਹ ਉੱਥੋਂ ਅੱਗੇ ਤੁਰ ਪਿਆ ਅਤੇ ਇੱਕ ਹੋਰ ਖੂਹ ਪੁੱਟਿਆ ਅਤੇ ਉਸ ਵਿਖੇ ਉਨ੍ਹਾਂ ਨੇ ਕੌੜੇ ਬਚਨ ਨਹੀਂ ਬੋਲੇ, ਇਸ ਲਈ ਉਹ ਨੇ ਉਸ ਖੂਹ ਦਾ ਨਾਮ ਇਹ ਆਖ ਕੇ ਰਹੋਬੋਥ ਰੱਖਿਆ ਕਿ ਹੁਣ ਯਹੋਵਾਹ ਨੇ ਸਾਨੂੰ ਚੌੜਾ ਸਥਾਨ ਦਿੱਤਾ ਹੈ ਅਤੇ ਅਸੀਂ ਇਸ ਧਰਤੀ ਵਿੱਚ ਫਲਾਂਗੇ । ਉਹ ਉੱਥੋਂ ਉਤਾਹਾਂ ਬਏਰਸਬਾ ਨੂੰ ਗਿਆ,
23ਉਸੇ ਰਾਤ ਯਹੋਵਾਹ ਨੇ ਉਹ ਨੂੰ ਦਰਸ਼ਨ ਦਿੱਤਾ ਅਤੇ ਆਖਿਆ, ਮੈਂ ਤੇਰੇ ਪਿਤਾ ਅਬਰਾਹਾਮ ਦਾ ਪਰਮੇਸ਼ੁਰ ਹਾਂ ।24ਨਾ ਡਰ ਕਿਉਂ ਜੋ ਮੈਂ ਤੇਰੇ ਸੰਗ ਹਾਂ ਅਤੇ ਮੈਂ ਤੈਨੂੰ ਬਰਕਤ ਦਿਆਂਗਾ ਅਤੇ ਤੇਰੀ ਅੰਸ ਨੂੰ ਅਬਰਾਹਾਮ ਆਪਣੇ ਦਾਸ ਦੇ ਕਾਰਨ ਵਧਾਵਾਂਗਾ ।25ਇਸ ਲਈ ਉਸ ਨੇ ਉੱਥੇ ਇੱਕ ਜਗਵੇਦੀ ਬਣਾਈ ਅਤੇ ਯਹੋਵਾਹ ਦਾ ਨਾਮ ਪੁਕਾਰਿਆ ਅਤੇ ਉੱਥੇ ਆਪਣਾ ਤੰਬੂ ਖੜ੍ਹਾ ਕੀਤਾ ਅਤੇ ਉੱਥੇ ਇਸਹਾਕ ਦੇ ਸੇਵਕਾਂ ਨੇ ਇੱਕ ਖੂਹ ਪੁੱਟਿਆ ।
ਇਸਹਾਕ ਅਤੇ ਅਬੀਮਲਕ ਦੇ ਵਿਚਕਾਰ ਸਮਝੌਤਾ

26ਤਦ ਅਬੀਮਲਕ ਆਪਣੇ ਮਿੱਤਰ ਅਹੁੱਜ਼ਥ ਅਤੇ ਆਪਣੇ ਸੈਨਾਪਤੀ ਫ਼ੀਕੋਲ ਨੂੰ ਨਾਲ ਲੈ ਕੇ ਗਰਾਰ ਤੋਂ ਉਹ ਦੇ ਕੋਲ ਆਏ ।27ਪਰ ਇਸਹਾਕ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਕਿਉਂ ਮੇਰੇ ਕੋਲ ਆਏ ਹੋ, ਜਦ ਕਿ ਤੁਸੀਂ ਮੇਰੇ ਨਾਲ ਵੈਰ ਕਰਕੇ ਮੈਨੂੰ ਆਪਣੇ ਵਿੱਚੋਂ ਕੱਢ ਦਿੱਤਾ ਸੀ ?
28ਤਦ ਉਨ੍ਹਾਂ ਨੇ ਆਖਿਆ, ਹੁਣ ਅਸੀਂ ਸਾਫ਼-ਸਾਫ਼ ਵੇਖਿਆ ਹੈ ਕਿ ਯਹੋਵਾਹ ਤੁਹਾਡੇ ਸੰਗ ਹੈ ਇਸ ਲਈ ਅਸੀਂ ਸੋਚਿਆ ਕਿ ਸਾਡੇ ਦੋਹਾਂ ਦੇ ਵਿਚਕਾਰ ਅਰਥਾਤ ਸਾਡੇ ਅਤੇ ਤੁਹਾਡੇ ਵਿੱਚ ਇੱਕ ਸਮਝੌਤਾ ਹੋਵੇ ਅਤੇ ਅਸੀਂ ਇੱਕ ਨੇਮ ਤੁਹਾਡੇ ਨਾਲ ਬੰਨ੍ਹੀਏ ।29ਜਿਵੇਂ ਅਸੀਂ ਤੁਹਾਨੂੰ ਹੱਥ ਨਹੀਂ ਲਾਇਆ ਅਤੇ ਤੁਹਾਡੇ ਨਾਲ ਭਲਿਆਈ ਹੀ ਕੀਤੀ ਅਤੇ ਤੁਹਾਨੂੰ ਸ਼ਾਂਤੀ ਨਾਲ ਤੋਰ ਦਿੱਤਾ, ਉਸੇ ਤਰ੍ਹਾਂ ਤੁਸੀਂ ਵੀ ਸਾਡੇ ਨਾਲ ਬੁਰਿਆਈ ਨਾ ਕਰਿਓ । ਹੁਣ ਤੁਸੀਂ ਯਹੋਵਾਹ ਵੱਲੋਂ ਮੁਬਾਰਕ ਹੋ ।
30ਤਦ ਉਸ ਨੇ ਓਹਨਾਂ ਦੀ ਦਾਵਤ ਕੀਤੀ ਅਤੇ ਉਨ੍ਹਾਂ ਨੇ ਖਾਧਾ ਪੀਤਾ ।31ਸਵੇਰੇ ਉੱਠ ਕੇ ਹਰ ਇੱਕ ਨੇ ਆਪਣੇ ਭਰਾ ਨਾਲ ਸਹੁੰ ਖਾਧੀ ਅਤੇ ਇਸਹਾਕ ਨੇ ਉਨ੍ਹਾਂ ਨੂੰ ਤੋਰ ਦਿੱਤਾ ਅਤੇ ਓਹ ਸ਼ਾਂਤੀ ਨਾਲ ਉੱਥੋਂ ਚਲੇ ਗਏ ।
32ਉਸੇ ਦਿਨ ਇਹ ਹੋਇਆ ਕਿ ਇਸਹਾਕ ਦੇ ਸੇਵਕਾਂ ਨੇ ਆ ਕੇ ਉਸ ਖੂਹ ਦੇ ਵਿਖੇ ਜਿਹੜਾ ਉਨ੍ਹਾਂ ਪੁੱਟਿਆ ਸੀ, ਉਹ ਨੂੰ ਦੱਸਿਆ ਕਿ ਸਾਨੂੰ ਪਾਣੀ ਲੱਭਿਆ ਹੈ ।33ਤਦ ਉਸ ਨੇ ਉਸ ਖੂਹ ਦਾ ਨਾਮ ਸ਼ਿਬਆਹ ਰੱਖਿਆ । ਇਸ ਕਾਰਨ ਉਸ ਨਗਰ ਦਾ ਨਾਮ ਅੱਜ ਤੱਕ ਬਏਰਸਬਾ ਹੈ ।
ਏਸਾਓ ਦੀਆਂ ਵਿਦੇਸ਼ੀ ਪਤਨੀਆਂ

34ਜਦ ਏਸਾਓ ਚਾਲ੍ਹੀ ਸਾਲ ਦਾ ਸੀ ਤਾਂ ਉਹ ਬੇਰੀ ਹਿੱਤੀ ਦੀ ਧੀ ਯਹੂਦਿਥ ਅਤੇ ਏਲੋਨ ਹਿੱਤੀ ਦੀ ਧੀ ਬਾਸਮਥ ਨੂੰ ਵਿਆਹ ਲਿਆਇਆ ।35ਅਤੇ ਇਹ ਗੱਲ ਇਸਹਾਕ ਅਤੇ ਰਿਬਕਾਹ ਦੇ ਮਨਾਂ ਲਈ ਕੁੜੱਤਣ ਸੀ ।

27
ਯਾਕੂਬ ਨੂੰ ਅਸੀਸ ਮਿਲਣਾ

1ਜਦ ਇਸਹਾਕ ਵੱਡੀ ਉਮਰ ਦਾ ਹੋ ਗਿਆ, ਉਸ ਦੀਆਂ ਅੱਖਾਂ ਧੁੰਦਲਾ ਗਈਆਂ ਕਿ ਉਹ ਵੇਖ ਨਹੀਂ ਸਕਦਾ ਸੀ । ਤਦ ਉਸ ਨੇ ਆਪਣੇ ਵੱਡੇ ਪੁੱਤਰ ਏਸਾਓ ਨੂੰ ਸੱਦ ਕੇ ਆਖਿਆ, ਮੇਰੇ ਪੁੱਤਰ, ਉਸ ਨੇ ਆਖਿਆ, ਮੈਂ ਹਾਜ਼ਰ ਹਾਂ ।2ਤਦ ਉਸ ਆਖਿਆ, ਵੇਖ ਮੈਂ ਬੁੱਢਾ ਹੋ ਗਿਆ ਹਾਂ ਅਤੇ ਮੈਂ ਆਪਣੀ ਮੌਤ ਦਾ ਦਿਨ ਨਹੀਂ ਜਾਣਦਾ ।

3ਸੋ ਤੂੰ ਹੁਣ ਆਪਣੇ ਸ਼ਸਤਰ ਅਰਥਾਤ ਧਣੁਖ ਅਤੇ ਤਰਕਸ਼ ਲੈ ਅਤੇ ਮੈਦਾਨ ਵਿੱਚ ਜਾ ਕੇ ਮੇਰੇ ਲਈ ਸ਼ਿਕਾਰ ਮਾਰ,4ਅਤੇ ਮੇਰੇ ਲਈ ਸੁਆਦਲਾ ਭੋਜਨ ਤਿਆਰ ਕਰ ਜਿਹੜਾ ਮੈਨੂੰ ਚੰਗਾ ਲਗਦਾ ਹੈ, ਅਤੇ ਮੇਰੇ ਅੱਗੇ ਪਰੋਸ ਤਾਂ ਜੋ ਮੈਂ ਖਾਵਾਂ ਅਤੇ ਮਰਨ ਤੋਂ ਪਹਿਲਾਂ ਤੈਨੂੰ ਬਰਕਤ ਦੇਵਾਂ ।
5ਜਦ ਇਸਹਾਕ ਆਪਣੇ ਪੁੱਤਰ ਏਸਾਓ ਨਾਲ ਗੱਲ ਕਰਦਾ ਸੀ ਤਦ ਰਿਬਕਾਹ ਸੁਣਦੀ ਸੀ । ਫੇਰ ਏਸਾਓ ਮੈਦਾਨ ਵੱਲ ਚਲਾ ਗਿਆ ਕਿ ਸ਼ਿਕਾਰ ਮਾਰ ਕੇ ਲੈ ਆਵੇ ।6ਤਦ ਰਿਬਕਾਹ ਨੇ ਆਪਣੇ ਪੁੱਤਰ ਯਾਕੂਬ ਨੂੰ ਆਖਿਆ, ਵੇਖ ਮੈਂ ਤੇਰੇ ਪਿਤਾ ਨੂੰ ਤੇਰੇ ਭਰਾ ਏਸਾਓ ਨੂੰ ਇਹ ਆਖਦੇ ਸੁਣਿਆ7ਕਿ ਮੇਰੇ ਲਈ ਸ਼ਿਕਾਰ ਮਾਰ ਕੇ ਸੁਆਦਲਾ ਭੋਜਨ ਤਿਆਰ ਕਰ ਜੋ ਮੈਂ ਖਾਵਾਂ ਅਤੇ ਯਹੋਵਾਹ ਦੇ ਸਨਮੁਖ ਆਪਣੀ ਮੌਤ ਤੋਂ ਪਹਿਲਾਂ ਤੈਨੂੰ ਬਰਕਤ ਦੇਵਾਂ ।
8ਹੁਣ ਮੇਰੇ ਪੁੱਤਰ ਮੇਰੀ ਗੱਲ ਸੁਣ ਜਿਵੇਂ ਮੈਂ ਤੈਨੂੰ ਹੁਕਮ ਦਿੰਦੀ ਹਾਂ ।9ਇੱਜੜ ਵਿੱਚ ਜਾ ਕੇ ਉੱਥੋਂ ਮੇਰੇ ਲਈ ਬਕਰੀ ਦੇ ਦੋ ਚੰਗੇ ਮੇਮਣੇ ਲਿਆ ਤਾਂ ਜੋ ਮੈਂ ਉਨ੍ਹਾਂ ਤੋਂ ਸੁਆਦਲਾ ਭੋਜਨ ਤੇਰੇ ਪਿਤਾ ਲਈ ਜਿਹੜਾ ਉਹ ਨੂੰ ਚੰਗਾ ਲੱਗਦਾ ਹੈ, ਤਿਆਰ ਕਰਾਂ ।10ਅਤੇ ਆਪਣੇ ਪਿਤਾ ਕੋਲ ਲੈ ਜਾ ਤਾਂ ਜੋ ਉਹ ਖਾਵੇ ਅਤੇ ਆਪਣੀ ਮੌਤ ਤੋਂ ਪਹਿਲਾਂ ਤੈਨੂੰ ਬਰਕਤ ਦੇਵੇ ।
11ਪਰ ਯਾਕੂਬ ਨੇ ਆਪਣੀ ਮਾਤਾ ਰਿਬਕਾਹ ਨੂੰ ਆਖਿਆ, ਵੇਖ ਮੇਰਾ ਭਰਾ ਏਸਾਓ ਜੱਤਵਾਲਾ ਮਨੁੱਖ ਹੈ ਅਤੇ ਮੈਂ ਰੋਮ ਹੀਣ ਮਨੁੱਖ ਹਾਂ ।12ਸ਼ਾਇਦ ਮੇਰਾ ਪਿਤਾ ਮੈਨੂੰ ਟੋਹੇ ਅਤੇ ਮੈਂ ਉਹ ਦੀਆਂ ਅੱਖਾਂ ਵਿੱਚ ਧੋਖੇਬਾਜ਼ ਹੋਵਾਂ ਤਾਂ ਮੈਂ ਆਪਣੇ ਉੱਤੇ ਬਰਕਤ ਨਹੀਂ ਪਰ ਸਰਾਪ ਲਵਾਂ ਤਦ ਉਸ ਦੀ ਮਾਤਾ ਨੇ ਉਸ ਨੂੰ ਆਖਿਆ, ਮੇਰੇ ਪੁੱਤਰ ਤੇਰਾ ਸਰਾਪ ਮੇਰੇ ਉੱਤੇ ਆਵੇ ।
13ਤੂੰ ਸਿਰਫ਼ ਮੇਰੀ ਗੱਲ ਸੁਣ ਅਤੇ ਜਾ ਕੇ ਮੇਰੇ ਲਈ ਉਨ੍ਹਾਂ ਨੂੰ ਲੈ ਆ ।14ਤਦ ਉਸ ਨੇ ਜਾ ਕੇ ਉਨ੍ਹਾਂ ਨੂੰ ਫੜਿਆ, ਆਪਣੀ ਮਾਤਾ ਕੋਲ ਲੈ ਆਇਆ ਅਤੇ ਉਸ ਦੀ ਮਾਤਾ ਨੇ ਸੁਆਦਲਾ ਭੋਜਨ ਜਿਹੜਾ ਉਸ ਦੇ ਪਿਤਾ ਨੂੰ ਚੰਗਾ ਲਗਦਾ ਸੀ, ਤਿਆਰ ਕੀਤਾ ।
15ਤਦ ਰਿਬਕਾਹ ਨੇ ਆਪਣੇ ਵੱਡੇ ਪੁੱਤਰ ਏਸਾਓ ਦੇ ਬਸਤਰ ਜਿਹੜੇ ਘਰ ਵਿੱਚ ਉਸ ਦੇ ਕੋਲ ਸਨ, ਆਪਣੇ ਛੋਟੇ ਪੁੱਤਰ ਯਾਕੂਬ ਨੂੰ ਪਹਿਨਾਏ16ਅਤੇ ਮੇਮਣਿਆਂ ਦੀਆਂ ਖੱਲਾਂ ਉਸ ਦੇ ਹੱਥਾਂ ਅਤੇ ਉਸ ਦੀ ਰੋਮ ਹੀਣ ਗਰਦਨ ਉੱਤੇ ਲਪੇਟੀਆਂ ।17ਉਸ ਨੇ ਉਹ ਸੁਆਦਲਾ ਭੋਜਨ ਅਤੇ ਰੋਟੀ ਜਿਸ ਨੂੰ ਉਸ ਨੇ ਤਿਆਰ ਕੀਤਾ ਸੀ, ਆਪਣੇ ਪੁੱਤਰ ਯਾਕੂਬ ਦੇ ਹੱਥ ਵਿੱਚ ਦਿੱਤਾ ।
18ਤਦ ਉਸ ਨੇ ਆਪਣੇ ਪਿਤਾ ਕੋਲ ਜਾ ਕੇ ਆਖਿਆ, ਪਿਤਾ ਜੀ ਤਦ ਉਸ ਆਖਿਆ, ਕੀ ਗੱਲ ਹੈ ?19ਤੂੰ ਕੌਣ ਹੈਂ ਮੇਰੇ ਪੁੱਤਰ ? ਯਾਕੂਬ ਨੇ ਆਪਣੇ ਪਿਤਾ ਨੂੰ ਆਖਿਆ, ਮੈਂ ਏਸਾਓ ਤੇਰਾ ਪਹਿਲੌਠਾ ਪੁੱਤਰ ਹਾਂ । ਮੈਂ ਜਿਵੇਂ ਤੁਸੀਂ ਮੈਨੂੰ ਆਖਿਆ ਸੀ ਉਸੇ ਤਰ੍ਹਾਂ ਕੀਤਾ । ਉੱਠੋ ਅਤੇ ਸ਼ਿਕਾਰ ਨੂੰ ਖਾਓ ਤਾਂ ਜੋ ਤੁਸੀਂ ਮੈਨੂੰ ਦਿਲ ਤੋਂ ਬਰਕਤ ਦੇਵੋ ।
20ਇਸਹਾਕ ਨੇ ਆਪਣੇ ਪੁੱਤਰ ਨੂੰ ਆਖਿਆ, ਤੈਨੂੰ ਐਨੀ ਜਲਦੀ ਇਹ ਕਿਵੇਂ ਮਿਲ ਗਿਆ, ? ਤਦ ਉਸ ਨੇ ਆਖਿਆ, ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਉਹ ਨੂੰ ਮੇਰੇ ਅੱਗੇ ਲਿਆ ਦਿੱਤਾ ।21ਇਸਹਾਕ ਨੇ ਯਾਕੂਬ ਨੂੰ ਆਖਿਆ, ਹੇ ਮੇਰੇ ਪੁੱਤਰ ਮੇਰੇ ਨੇੜੇ ਆ ਤਾਂ ਜੋ ਮੈਂ ਤੈਨੂੰ ਵੇਖਾਂ ਭਈ ਤੂੰ ਮੇਰਾ ਉਹੀ ਪੁੱਤਰ ਏਸਾਓ ਹੈਂ ਕਿ ਨਹੀਂ ।
22ਤਦ ਯਾਕੂਬ ਆਪਣੇ ਪਿਤਾ ਇਸਹਾਕ ਕੋਲ ਗਿਆ ਅਤੇ ਉਸ ਉਹ ਨੂੰ ਹੱਥ ਲਗਾ ਕੇ ਆਖਿਆ, ਤੇਰੀ ਅਵਾਜ਼ ਤਾਂ ਯਾਕੂਬ ਦੀ ਹੈ ਪਰ ਹੱਥ ਏਸਾਓ ਦੇ ਹਨ ।23ਉਸ ਨੇ ਉਹ ਨੂੰ ਨਾ ਪਛਾਣਿਆ ਕਿਉਂ ਜੋ ਉਹ ਦੇ ਹੱਥ ਉਹ ਦੇ ਭਰਾ ਏਸਾਓ ਦੇ ਹੱਥਾਂ ਵਰਗੇ ਜਤਾਉਲੇ ਸਨ, ਤਦ ਉਸ ਨੇ ਉਹ ਨੂੰ ਬਰਕਤ ਦਿੱਤੀ ।
24ਇਸਹਾਕ ਨੇ ਆਖਿਆ, ਕੀ ਤੂੰ ਸੱਚ-ਮੁੱਚ ਮੇਰਾ ਪੁੱਤਰ ਏਸਾਓ ਹੀ ਹੈਂ ? ਤਦ ਉਸ ਆਖਿਆ, ਮੈਂ ਹਾਂ ।25ਉਸ ਨੇ ਆਖਿਆ, ਉਹ ਨੂੰ ਮੇਰੇ ਨੇੜੇ ਲਿਆ ਭਈ ਮੈਂ ਆਪਣੇ ਪੁੱਤਰ ਦੇ ਸ਼ਿਕਾਰ ਵਿੱਚੋਂ ਖਾਵਾਂ ਤਾਂ ਜੋ ਮੇਰਾ ਦਿਲ ਤੈਨੂੰ ਬਰਕਤ ਦੇਵੇ ਤਾਂ ਉਹ ਉਸ ਦੇ ਕੋਲ ਲੈ ਗਿਆ ਅਤੇ ਉਸ ਨੇ ਭੋਜਨ ਖਾਧਾ ਅਤੇ ਉਸ ਦੇ ਲਈ ਮਧ ਲਿਆਇਆ ਅਤੇ ਇਸਹਾਕ ਨੇ ਪੀਤੀ ।
26ਉਸ ਦੇ ਪਿਤਾ ਇਸਹਾਕ ਨੇ ਉਸ ਨੂੰ ਆਖਿਆ, ਮੇਰੇ ਨੇੜੇ ਆ ਕੇ ਮੈਨੂੰ ਚੁੰਮ ਮੇਰੇ ਪੁੱਤਰ ।27ਫੇਰ ਉਸ ਨੇ ਨੇੜੇ ਜਾ ਕੇ ਉਸ ਨੂੰ ਚੁੰਮਿਆ ਤਾਂ ਉਸ ਦੇ ਬਸਤਰ ਦੀ ਬਾਸ਼ਨਾ ਸੁੰਘੀ ਅਤੇ ਉਸ ਨੂੰ ਬਰਕਤ ਦਿੱਤੀ । ਫੇਰ ਆਖਿਆ - ਵੇਖ, ਮੇਰੇ ਪੁੱਤਰ ਦੀ ਬਾਸ਼ਨਾ ਉਸ ਖੇਤ ਦੀ ਬਾਸ਼ਨਾ ਵਰਗੀ ਹੈ, ਜਿਸ ਨੂੰ ਯਹੋਵਾਹ ਨੇ ਬਰਕਤ ਦਿੱਤੀ ਹੋਵੇ ।
28ਪਰਮੇਸ਼ੁਰ ਤੈਨੂੰ ਅਕਾਸ਼ ਦੀ ਤਰੇਲ ਤੋਂ ਤੇ ਧਰਤੀ ਦੀ ਚਿਕਨਾਈ ਤੋਂ, ਅਤੇ ਅਨਾਜ ਅਤੇ ਦਾਖ਼ਰਸ ਦੀ ਭਰਪੂਰੀ ਤੋਂ ਬਰਕਤ ਦੇਵੇ ।
29ਕੌਮਾਂ ਤੇਰੀ ਸੇਵਾ ਕਰਨ ਅਤੇ ਉੱਮਤਾਂ ਤੇਰੇ ਅੱਗੇ ਝੁੱਕਣ । ਤੂੰ ਆਪਣੇ ਭਰਾਵਾਂ ਦਾ ਸਰਦਾਰ ਹੋਵੇ ਅਤੇ ਤੇਰੀ ਮਾਤਾ ਦੇ ਪੁੱਤਰ ਤੇਰੇ ਅੱਗੇ ਝੁੱਕਣ । ਜਿਹੜਾ ਤੈਨੂੰ ਸਰਾਪ ਦੇਵੇ ਉਹ ਆਪ ਸਰਾਪਿਆ ਜਾਵੇ, ਅਤੇ ਜਿਹੜਾ ਤੈਨੂੰ ਬਰਕਤ ਦੇਵੇ ਉਹ ਮੁਬਾਰਕ ਹੋਵੇ ।
ਅਸੀਸ ਦੇ ਲਈ ਏਸਾਓ ਦੀ ਜਾਚਨਾ

30ਤਦ ਅਜਿਹਾ ਹੋਇਆ ਕਿ ਜਦੋਂ ਇਸਹਾਕ ਯਾਕੂਬ ਨੂੰ ਬਰਕਤ ਦੇ ਹਟਿਆ ਅਤੇ ਯਾਕੂਬ ਆਪਣੇ ਪਿਤਾ ਇਸਹਾਕ ਕੋਲੋਂ ਬਾਹਰ ਨਿੱਕਲਿਆ ਹੀ ਸੀ ਕਿ ਉਸ ਦਾ ਭਰਾ ਏਸਾਓ ਸ਼ਿਕਾਰ ਕਰ ਕੇ ਆਇਆ ।31ਉਸ ਨੇ ਵੀ ਸੁਆਦਲਾ ਭੋਜਨ ਤਿਆਰ ਕੀਤਾ ਅਤੇ ਆਪਣੇ ਪਿਤਾ ਕੋਲ ਲਿਆਇਆ ਅਤੇ ਆਪਣੇ ਪਿਤਾ ਨੂੰ ਆਖਿਆ ਮੇਰੇ ਪਿਤਾ ਜੀ ਉੱਠੋ ਅਤੇ ਆਪਣੇ ਪੁੱਤਰ ਦੇ ਸ਼ਿਕਾਰ ਨੂੰ ਖਾਵੋ ਅਤੇ ਤੁਸੀਂ ਮੈਨੂੰ ਦਿਲ ਤੋਂ ਬਰਕਤ ਦੇਵੋ ।
32ਤਦ ਉਸ ਦੇ ਪਿਤਾ ਇਸਹਾਕ ਨੇ ਉਹ ਨੂੰ ਆਖਿਆ, ਤੂੰ ਕੌਣ ਹੈਂ ? ਉਸ ਆਖਿਆ, ਮੈਂ ਤੁਹਾਡਾ ਪਹਿਲੌਠਾ ਪੁੱਤਰ ਏਸਾਓ ਹਾਂ ।33ਤਦ ਇਸਹਾਕ ਨੇ ਥਰ-ਥਰ ਕੰਬਦੇ ਹੋਏ ਆਖਿਆ, ਫੇਰ ਉਹ ਕੌਣ ਸੀ ਜਿਹੜਾ ਸ਼ਿਕਾਰ ਮਾਰ ਕੇ ਮੇਰੇ ਕੋਲ ਲਿਆਇਆ ? ਮੈਂ ਤੇਰੇ ਆਉਣ ਤੋਂ ਪਹਿਲਾਂ ਉਸ ਦੇ ਭੋਜਨ ਵਿਚੋਂ ਖਾਧਾ ਅਤੇ ਮੈਂ ਉਸੇ ਨੂੰ ਬਰਕਤ ਦਿੱਤੀ ਸੋ ਉਹ ਜ਼ਰੂਰ ਮੁਬਾਰਕ ਹੋਵੇਗਾ ।
34ਜਦ ਏਸਾਓ ਨੇ ਆਪਣੇ ਪਿਤਾ ਦੀਆਂ ਗੱਲਾਂ ਸੁਣੀਆਂ ਤਾਂ ਕੁੜੱਤਣ ਨਾਲ ਭੁੱਬਾਂ ਮਾਰ ਕੇ ਆਪਣੇ ਪਿਤਾ ਨੂੰ ਆਖਿਆ, ਮੇਰੇ ਪਿਤਾ ਮੈਨੂੰ, ਹਾਂ, ਮੈਨੂੰ ਵੀ ਬਰਕਤ ਦਿਓ ।35ਤਦ ਉਸ ਆਖਿਆ ਤੇਰਾ ਭਰਾ ਧੋਖੇ ਨਾਲ ਆ ਕੇ ਤੇਰੀ ਬਰਕਤ ਲੈ ਗਿਆ ।
36ਉਸ ਨੇ ਆਖਿਆ, ਕੀ ਉਸ ਦਾ ਨਾਮ ਠੀਕ ਯਾਕੂਬ ਨਹੀਂ ਰੱਖਿਆ ਗਿਆ ਕਿ ਉਸ ਨੇ ਹੁਣ ਦੂਜੀ ਵਾਰ ਮੇਰੇ ਨਾਲ ਧੋਖਾ ਕੀਤਾ ਹੈ ? ਉਸ ਨੇ ਪਹਿਲੌਠੇ ਦਾ ਹੱਕ ਵੀ ਲੈ ਲਿਆ ਅਤੇ ਵੇਖੋ ਹੁਣ ਮੇਰੀ ਬਰਕਤ ਵੀ ਲੈ ਲਈ ਤਦ ਉਸ ਨੇ ਆਖਿਆ, ਕੀ ਤੁਸੀਂ ਮੇਰੇ ਲਈ ਕੋਈ ਬਰਕਤ ਨਹੀਂ ਰੱਖ ਛੱਡੀ ?37ਤਦ ਇਸਹਾਕ ਨੇ ਏਸਾਓ ਨੂੰ ਇਹ ਉੱਤਰ ਦਿੱਤਾ, ਵੇਖ ਮੈਂ ਉਹ ਨੂੰ ਤੇਰਾ ਸਵਾਮੀ ਠਹਿਰਾਇਆ ਅਤੇ ਉਸ ਦੇ ਸਾਰੇ ਭਰਾਵਾਂ ਨੂੰ ਉਸ ਦੀ ਸੇਵਾ ਲਈ ਦਿੱਤਾ ਅਤੇ ਅਨਾਜ ਅਤੇ ਦਾਖ਼ਰਸ ਉਸ ਨੂੰ ਦਿੱਤੀ । ਹੁਣ ਮੇਰੇ ਪੁੱਤਰ ਮੈਂ ਤੇਰੇ ਲਈ ਕੀ ਕਰਾਂ ?
38ਤਦ ਏਸਾਓ ਨੇ ਆਪਣੇ ਪਿਤਾ ਨੂੰ ਆਖਿਆ, ਮੇਰੇ ਪਿਤਾ ਕੀ ਤੁਹਾਡੇ ਕੋਲ ਇੱਕੋ ਹੀ ਬਰਕਤ ਹੈ ? ਹੇ ਮੇਰੇ ਪਿਤਾ ਮੈਨੂੰ ਵੀ ਬਰਕਤ ਦਿਓ ਤਾਂ ਏਸਾਓ ਨੇ ਉੱਚੀ-ਉੱਚੀ ਭੁੱਬਾਂ ਮਾਰੀਆਂ ਅਤੇ ਰੋਇਆ ।
39ਉਹ ਦੇ ਪਿਤਾ ਇਸਹਾਕ ਨੇ ਉਹ ਨੂੰ ਇਹ ਉੱਤਰ ਦਿੱਤਾ - ਵੇਖ, ਧਰਤੀ ਦੀ ਚਿਕਨਾਈ ਅਤੇ ਉੱਪਰੋਂ ਅਕਾਸ਼ ਦੀ ਤਰੇਲ ਤੋਂ ਤੇਰਾ ਰਹਿਣਾ ਹੋਵੇਗਾ ।40ਤੂੰ ਆਪਣੀ ਤਲਵਾਰ ਨਾਲ ਜੀਵੇਂਗਾ ਅਤੇ ਤੂੰ ਆਪਣੇ ਭਰਾ ਦੀ ਸੇਵਾ ਕਰੇਂਗਾ ਅਤੇ ਜਦ ਤੂੰ ਅਵਾਰਾ ਫਿਰੇਂਗਾ ਤਾਂ ਤੂੰ ਉਹ ਦਾ ਜੂਲਾ ਆਪਣੀ ਧੌਣ ਉੱਤੋਂ ਭੰਨ ਸੁੱਟੇਗਾਂ ।
41ਏਸਾਓ ਨੇ ਯਾਕੂਬ ਨਾਲ ਉਸ ਬਰਕਤ ਦੇ ਕਾਰਨ ਜਿਹੜੀ ਉਸ ਦੇ ਪਿਤਾ ਨੇ ਉਸ ਨੂੰ ਦਿੱਤੀ ਵੈਰ ਰੱਖਿਆ, ਏਸਾਓ ਨੇ ਆਪਣੇ ਮਨ ਵਿੱਚ ਆਖਿਆ, ਮੇਰੇ ਪਿਤਾ ਦੇ ਸੋਗ ਦੇ ਦਿਨ ਨੇੜੇ ਹਨ ਫੇਰ ਮੈਂ ਆਪਣੇ ਭਰਾ ਯਾਕੂਬ ਨੂੰ ਮਾਰ ਸੁੱਟਾਂਗਾ ।42ਜਦ ਰਿਬਕਾਹ ਨੂੰ ਉਸ ਦੇ ਵੱਡੇ ਪੁੱਤਰ ਏਸਾਓ ਦੀਆਂ ਗੱਲਾਂ ਦੱਸੀਆਂ ਗਈਆਂ ਤਦ ਉਸ ਆਪਣੇ ਨਿੱਕੇ ਪੁੱਤਰ ਯਾਕੂਬ ਨੂੰ ਬੁਲਾ ਭੇਜਿਆ ਅਤੇ ਕਿਹਾ ਵੇਖ, ਤੇਰਾ ਭਰਾ ਆਪਣੇ ਆਪ ਨੂੰ ਤੇਰੇ ਵਿਖੇ ਤਸੱਲੀ ਦਿੰਦਾ ਹੈ ਕਿ ਤੈਨੂੰ ਮਾਰ ਸੁੱਟੇ ।
43ਸੋ ਹੁਣ ਮੇਰੇ ਪੁੱਤਰ ਮੇਰੀ ਗੱਲ ਸੁਣ । ਉੱਠ ਅਤੇ ਮੇਰੇ ਭਰਾ ਲਾਬਾਨ ਕੋਲ ਹਾਰਾਨ ਨੂੰ ਭੱਜ ਜਾ ।44ਅਤੇ ਥੋੜ੍ਹੇ ਦਿਨ ਉਸ ਦੇ ਕੋਲ ਰਹਿ ਜਦ ਤੱਕ ਤੇਰੇ ਭਰਾ ਦਾ ਕਰੋਧ ਨਾ ਉਤਰ ਜਾਵੇ ।45ਜਦ ਤੱਕ ਤੇਰੇ ਭਰਾ ਦਾ ਕਰੋਧ ਤੈਥੋਂ ਨਾ ਹੱਟ ਜਾਵੇ ਅਤੇ ਜੋ ਕੁਝ ਤੈਂ ਉਸ ਨਾਲ ਕੀਤਾ ਹੈ ਨਾ ਭੁੱਲ ਜਾਵੇ ਤਦ ਤੱਕ ਮੈਂ ਤੈਨੂੰ ਉੱਥੋਂ ਨਹੀਂ ਸੱਦਾਂਗੀ । ਮੈਂ ਕਿਉਂ ਇੱਕ ਹੀ ਦਿਨ ਦੋਹਾਂ ਨੂੰ ਗਵਾ ਬੈਠਾਂ ?
ਯਾਕੂਬ ਦਾ ਲਾਬਾਨ ਦੇ ਕੋਲ ਜਾਣਾ

46ਰਿਬਕਾਹ ਨੇ ਇਸਹਾਕ ਨੂੰ ਆਖਿਆ, ਮੈਂ ਹੇਥ ਦੀਆਂ ਧੀਆਂ ਵੱਲੋਂ ਜੀ ਵਿੱਚ ਅੱਕ ਗਈ ਹਾਂ । ਜੇਕਰ ਯਾਕੂਬ ਹੇਥ ਦੀਆਂ ਧੀਆਂ ਵਿੱਚੋਂ, ਜਿਵੇਂ ਇਸ ਦੇਸ਼ ਦੀਆਂ ਧੀਆਂ ਹਨ ਆਪਣੇ ਲਈ ਪਤਨੀ ਲੈ ਆਇਆ ਤਾਂ ਮੈਂ ਕਿਵੇਂ ਜੀਉਂਦੀ ਰਹਾਂਗੀ ?

28

1ਇਸਹਾਕ ਨੇ ਯਾਕੂਬ ਨੂੰ ਬੁਲਾਇਆ ਅਤੇ ਉਸ ਨੂੰ ਬਰਕਤ ਦਿੱਤੀ ਅਤੇ ਇਹ ਆਖ ਕੇ ਉਸ ਨੂੰ ਹੁਕਮ ਦਿੱਤਾ, ਤੂੰ ਕਨਾਨੀਆਂ ਦੀਆਂ ਧੀਆਂ ਵਿੱਚੋਂ ਕਿਸੇ ਨਾਲ ਵਿਆਹ ਨਾ ਕਰੀਂ ।2ਉੱਠ, ਪਦਨ ਅਰਾਮ ਨੂੰ ਆਪਣੇ ਨਾਨੇ ਬਥੂਏਲ ਦੇ ਘਰ ਜਾ ਅਤੇ ਉੱਥੋਂ ਆਪਣੇ ਮਾਮੇ ਲਾਬਾਨ ਦੀਆਂ ਧੀਆਂ ਵਿੱਚੋਂ ਇੱਕ ਨਾਲ ਵਿਆਹ ਕਰ ਲਈਂ ।

3ਸਰਬ ਸ਼ਕਤੀਮਾਨ ਪਰਮੇਸ਼ੁਰ ਤੈਨੂੰ ਬਰਕਤ ਦੇਵੇ ਅਤੇ ਤੈਨੂੰ ਫਲਵੰਤ ਬਣਾਵੇ ਅਤੇ ਤੈਨੂੰ ਵਧਾਵੇ ਅਤੇ ਤੂੰ ਬਹੁਤ ਕੌਮਾਂ ਦਾ ਦਲ ਹੋਵੇਂ ।4ਉਹ ਤੈਨੂੰ ਅਤੇ ਤੇਰੀ ਅੰਸ ਨੂੰ ਵੀ ਅਬਰਾਹਾਮ ਦੀ ਬਰਕਤ ਦੇਵੇ ਤਾਂ ਜੋ ਤੂੰ ਇਸ ਦੇਸ਼ ਨੂੰ ਜਿਸ ਵਿੱਚ ਤੂੰ ਪਰਦੇਸੀ ਹੋ ਕੇ ਰਹਿੰਦਾ ਹੈਂ, ਜਿਸ ਨੂੰ ਪਰਮੇਸ਼ੁਰ ਨੇ ਅਬਰਾਹਾਮ ਨੂੰ ਦਿੱਤਾ ਸੀ, ਆਪਣੀ ਵਿਰਾਸਤ ਬਣਾ ਲਵੇਂ ।
5ਇਸਹਾਕ ਨੇ ਯਾਕੂਬ ਨੂੰ ਤੋਰ ਦਿੱਤਾ ਅਤੇ ਉਹ ਪਦਨ ਅਰਾਮ ਵਿੱਚ ਲਾਬਾਨ ਦੇ ਕੋਲ ਗਿਆ ਜਿਹੜਾ ਅਰਾਮੀ ਬਥੂਏਲ ਦਾ ਪੁੱਤਰ ਅਤੇ ਯਾਕੂਬ ਅਤੇ ਏਸਾਓ ਦੀ ਮਾਤਾ ਰਿਬਕਾਹ ਦਾ ਭਰਾ ਸੀ ।
ਏਸਾਓ ਦਾ ਇੱਕ ਹੋਰ ਵਿਆਹ

6ਜਦ ਏਸਾਓ ਨੇ ਵੇਖਿਆ ਕਿ ਇਸਹਾਕ ਨੇ ਯਾਕੂਬ ਨੂੰ ਬਰਕਤ ਦਿੱਤੀ ਅਤੇ ਉਸ ਨੂੰ ਪਦਨ ਅਰਾਮ ਵਿੱਚ ਭੇਜ ਦਿੱਤਾ ਹੈ ਜੋ ਉਹ ਉੱਥੋਂ ਆਪਣੇ ਲਈ ਪਤਨੀ ਲਵੇ ਅਤੇ ਉਸ ਨੇ ਉਹ ਨੂੰ ਬਰਕਤ ਦਿੰਦੇ ਹੋਏ ਇਹ ਹੁਕਮ ਦਿੱਤਾ ਕਿ ਤੂੰ ਕਨਾਨੀਆਂ ਦੀਆਂ ਧੀਆਂ ਵਿੱਚੋਂ ਕਿਸੇ ਨਾਲ ਵਿਆਹ ਨਾ ਕਰੀਂ,7ਅਤੇ ਯਾਕੂਬ ਆਪਣੇ ਮਾਤਾ-ਪਿਤਾ ਦੀ ਸੁਣ ਕੇ ਪਦਨ ਅਰਾਮ ਨੂੰ ਚਲਿਆ ਗਿਆ ।
8ਤਦ ਏਸਾਓ ਨੇ ਇਹ ਵੇਖਿਆ ਕਿ ਕਨਾਨ ਦੀਆਂ ਧੀਆਂ ਮੇਰੇ ਪਿਤਾ ਇਸਹਾਕ ਦੀਆਂ ਅੱਖਾਂ ਵਿੱਚ ਬੁਰੀਆਂ ਹਨ9ਤਦ ਏਸਾਓ ਇਸਮਾਏਲ ਕੋਲ ਗਿਆ ਅਤੇ ਅਬਰਾਹਾਮ ਦੇ ਪੁੱਤਰ ਇਸਮਾਏਲ ਦੀ ਧੀ ਅਤੇ ਨਬਾਯੋਥ ਦੀ ਭੈਣ ਮਹਲਥ ਨੂੰ ਆਪਣੇ ਲਈ ਲੈ ਕੇ ਆਪਣੀਆਂ ਦੂਜੀਆਂ ਪਤਨੀਆਂ ਦੇ ਨਾਲ ਰਲਾ ਲਿਆ ।
ਯਾਕੂਬ ਦਾ ਸੁਪਨਾ

10ਯਾਕੂਬ ਬਏਰਸਬਾ ਤੋਂ ਚੱਲ ਕੇ ਹਾਰਾਨ ਨੂੰ ਗਿਆ,11ਅਤੇ ਇੱਕ ਥਾਂ ਤੇ ਪਹੁੰਚਿਆ ਅਤੇ ਉੱਥੇ ਰਾਤ ਕੱਟੀ ਕਿਉਂ ਜੋ ਸੂਰਜ ਡੁੱਬ ਗਿਆ ਸੀ ਅਤੇ ਇੱਕ ਪੱਥਰ ਉਸ ਥਾਂ ਤੋਂ ਲੈ ਕੇ ਆਪਣੇ ਸਰਹਾਣੇ ਰੱਖ ਲਿਆ ਅਤੇ ਉਸ ਥਾਂ ਲੇਟ ਗਿਆ ।
12ਤਦ ਉਸ ਨੇ ਇੱਕ ਸੁਫ਼ਨਾ ਵੇਖਿਆ ਅਤੇ ਵੇਖੋ, ਇੱਕ ਪੌੜੀ ਧਰਤੀ ਉੱਤੇ ਰੱਖੀ ਹੋਈ ਸੀ ਅਤੇ ਉਸ ਦੀ ਚੋਟੀ ਅਕਾਸ਼ ਤੱਕ ਸੀ, ਅਤੇ ਵੇਖੋ ਪਰਮੇਸ਼ੁਰ ਦੇ ਦੂਤ ਉਹ ਦੇ ਉੱਤੇ ਚੜ੍ਹਦੇ-ਉੱਤਰਦੇ ਸਨ ।13ਵੇਖੋ, ਯਹੋਵਾਹ ਉਸ ਦੇ ਉੱਤੇ ਖੜ੍ਹਾ ਸੀ ਅਤੇ ਉਸ ਨੇ ਆਖਿਆ, ਮੈਂ ਯਹੋਵਾਹ, ਤੇਰੇ ਪਿਤਾ ਅਬਰਾਹਾਮ ਦਾ ਪਰਮੇਸ਼ੁਰ ਅਤੇ ਇਸਹਾਕ ਦਾ ਪਰਮੇਸ਼ੁਰ ਹਾਂ । ਜਿਸ ਧਰਤੀ ਉੱਤੇ ਤੂੰ ਪਿਆ ਹੈਂ, ਇਹ ਮੈਂ ਤੈਨੂੰ ਅਤੇ ਤੇਰੀ ਅੰਸ ਨੂੰ ਦਿਆਂਗਾ ।
14ਤੇਰੀ ਅੰਸ ਧਰਤੀ ਦੀ ਧੂੜ ਦੀ ਤਰ੍ਹਾਂ ਹੋਵੇਗੀ ਅਤੇ ਤੂੰ ਪੂਰਬ-ਪੱਛਮ ਅਤੇ ਉੱਤਰ-ਦੱਖਣ ਵੱਲ ਫੁੱਟ ਨਿੱਕਲੇਂਗਾ ਅਤੇ ਤੈਥੋਂ ਅਤੇ ਤੇਰੀ ਅੰਸ ਤੋਂ ਧਰਤੀ ਦੇ ਸਾਰੇ ਘਰਾਣੇ ਬਰਕਤ ਪਾਉਣਗੇ ।15ਵੇਖ, ਮੈਂ ਤੇਰੇ ਅੰਗ-ਸੰਗ ਹਾਂ ਅਤੇ ਜਿੱਥੇ ਕਿਤੇ ਤੂੰ ਜਾਵੇਂਗਾ ਮੈਂ ਤੇਰੀ ਰਾਖੀ ਕਰਾਂਗਾ, ਅਤੇ ਤੈਨੂੰ ਫੇਰ ਇਸ ਦੇਸ਼ ਵਿੱਚ ਲੈ ਆਵਾਂਗਾ ਅਤੇ ਜਦੋਂ ਤੱਕ ਮੈਂ ਤੇਰੇ ਨਾਲ ਆਪਣਾ ਬਚਨ ਪੂਰਾ ਨਾ ਕਰਾਂ, ਤੈਨੂੰ ਨਹੀਂ ਛੱਡਾਂਗਾ ।
16ਫੇਰ ਯਾਕੂਬ ਆਪਣੀ ਨੀਂਦ ਤੋਂ ਜਾਗਿਆ ਅਤੇ ਆਖਿਆ, ਸੱਚ-ਮੁੱਚ ਯਹੋਵਾਹ ਇਸ ਸਥਾਨ ਵਿੱਚ ਹੈ, ਪਰ ਮੈਂ ਨਹੀਂ ਜਾਣਦਾ ਸੀ ।17ਅਤੇ ਉਸ ਨੇ ਭੈ ਖਾ ਕੇ ਆਖਿਆ, ਇਹ ਸਥਾਨ ਕਿੰਨ੍ਹਾਂ ਭਿਆਨਕ ਹੈ । ਪਰਮੇਸ਼ੁਰ ਦੇ ਘਰ ਦੇ ਬਿਨ੍ਹਾਂ ਇਹ ਕੋਈ ਹੋਰ ਸਥਾਨ ਨਹੀਂ ਹੋ ਸਕਦਾ, ਸਗੋਂ ਇਹ ਤਾਂ ਸਵਰਗ ਦਾ ਫਾਟਕ ਹੈ ।
18ਯਾਕੂਬ ਸਵੇਰੇ ਉੱਠਿਆ ਅਤੇ ਉਸ ਪੱਥਰ ਨੂੰ ਲੈ ਕੇ ਜਿਹੜਾ ਉਸ ਨੇ ਸਰਹਾਣੇ ਲਈ ਰੱਖਿਆ ਸੀ, ਥੰਮ੍ਹ ਲਈ ਖੜ੍ਹਾ ਕੀਤਾ ਅਤੇ ਉਸ ਉੱਤੇ ਤੇਲ ਡੋਲ੍ਹਿਆ ।19ਉਸ ਨੇ ਉਸ ਸਥਾਨ ਦਾ ਨਾਮ ਬੈਤਏਲ ਰੱਖਿਆ, ਪਰ ਪਹਿਲਾਂ ਉਸ ਨਗਰ ਦਾ ਨਾਮ ਲੂਜ਼ ਸੀ ।
20ਯਾਕੂਬ ਨੇ ਇਹ ਆਖ ਕੇ ਸੁੱਖਣਾ ਸੁੱਖੀ, ਜੇ ਯਹੋਵਾਹ ਪਰਮੇਸ਼ੁਰ ਮੇਰੇ ਅੰਗ-ਸੰਗ ਹੋਵੇ ਅਤੇ ਇਸ ਮਾਰਗ ਵਿੱਚ ਜਿਸ ਵਿੱਚ ਮੈਂ ਤੁਰਿਆ ਜਾਂਦਾ ਹਾਂ ਮੇਰੀ ਰਾਖੀ ਕਰੇ, ਅਤੇ ਮੈਨੂੰ ਖਾਣ ਨੂੰ ਰੋਟੀ ਅਤੇ ਪਾਉਣ ਨੂੰ ਬਸਤਰ ਦੇਵੇ21ਅਤੇ ਮੈਂ ਸ਼ਾਂਤੀ ਨਾਲ ਆਪਣੇ ਪਿਤਾ ਦੇ ਘਰ ਨੂੰ ਮੁੜਾਂ ਤਾਂ ਯਹੋਵਾਹ ਮੇਰਾ ਪਰਮੇਸ਼ੁਰ ਹੋਵੇਗਾ ।22ਅਤੇ ਇਹ ਪੱਥਰ ਜਿਸ ਨੂੰ ਮੈਂ ਥੰਮ੍ਹ ਖੜ੍ਹਾ ਕੀਤਾ ਹੈ, ਪਰਮੇਸ਼ੁਰ ਦਾ ਘਰ ਹੋਵੇਗਾ ਅਤੇ ਸਾਰੀਆਂ ਚੀਜ਼ਾਂ ਜੋ ਤੂੰ ਮੈਨੂੰ ਦੇਵੇਂਗਾ, ਉਨ੍ਹਾਂ ਦਾ ਦਸਵੰਧ ਮੈਂ ਜ਼ਰੂਰ ਹੀ ਤੈਨੂੰ ਦਿਆਂਗਾ ।

29
ਯਾਕੂਬ ਦਾ ਲਾਬਾਨ ਨੂੰ ਮਿਲਣਾ

1ਯਾਕੂਬ ਉੱਥੋਂ ਪੈਦਲ ਚੱਲ ਕੇ ਪੂਰਬੀਆਂ ਦੇ ਦੇਸ਼ ਵਿੱਚ ਆਇਆ2ਅਤੇ ਉਸ ਨੇ ਵੇਖਿਆ ਤਾਂ ਵੇਖੋ, ਮੈਦਾਨ ਵਿੱਚ ਇੱਕ ਖੂਹ ਸੀ ਅਤੇ ਉੱਥੇ ਭੇਡਾਂ ਦੇ ਤਿੰਨ ਇੱਜੜ ਉਸ ਖੂਹ ਦੇ ਕੋਲ ਬੈਠੇ ਹੋਏ ਸਨ, ਕਿਉਂ ਜੋ ਓਹ ਉਸ ਖੂਹ ਤੋਂ ਇੱਜੜਾਂ ਨੂੰ ਪਾਣੀ ਪਿਲਾਉਂਦੇ ਸਨ ਅਤੇ ਉਸ ਖੂਹ ਦੇ ਮੂੰਹ ਉੱਤੇ ਵੱਡਾ ਪੱਥਰ ਸੀ ।3ਜਦ ਸਾਰੇ ਇੱਜੜ ਉੱਥੇ ਇਕੱਠੇ ਹੁੰਦੇ ਸਨ ਤਾਂ ਓਹ ਉਸ ਪੱਥਰ ਨੂੰ ਖੂਹ ਦੇ ਮੂੰਹੋਂ ਰੇੜ੍ਹਦੇ ਸਨ ਅਤੇ ਇੱਜੜਾਂ ਨੂੰ ਪਾਣੀ ਪਿਲਾਉਂਦੇ ਸਨ ਅਤੇ ਫੇਰ ਉਸ ਪੱਥਰ ਨੂੰ ਖੂਹ ਦੇ ਮੂੰਹ ਉੱਤੇ ਉਸ ਦੇ ਸਥਾਨ ਤੇ ਰੱਖ ਦਿੰਦੇ ਸਨ ।

4ਤਦ ਯਾਕੂਬ ਨੇ ਆਜੜੀਆਂ ਨੂੰ ਪੁੱਛਿਆ, ਮੇਰੇ ਭਰਾਵੋ, ਤੁਸੀਂ ਕਿੱਥੋਂ ਦੇ ਹੋ ? ਉਨ੍ਹਾਂ ਨੇ ਆਖਿਆ, ਅਸੀਂ ਹਾਰਾਨ ਤੋਂ ਹਾਂ ।5ਤਦ ਉਸ ਨੇ ਓਹਨਾਂ ਨੂੰ ਪੁੱਛਿਆ, ਕੀ ਤੁਸੀਂ ਨਾਹੋਰ ਦੇ ਪੁੱਤਰ ਲਾਬਾਨ ਨੂੰ ਜਾਣਦੇ ਹੋ ? ਉਨ੍ਹਾਂ ਨੇ ਆਖਿਆ, ਹਾਂ, ਅਸੀਂ ਜਾਣਦੇ ਹਾਂ ।6ਉਸ ਨੇ ਪੁੱਛਿਆ, ਕੀ ਉਹ ਚੰਗਾ ਭਲਾ ਹੈ ? ਉਨ੍ਹਾਂ ਨੇ ਆਖਿਆ, ਹਾਂ, ਉਹ ਚੰਗਾ ਭਲਾ ਹੈ ਅਤੇ ਵੇਖ ਉਹ ਦੀ ਧੀ ਰਾਖ਼ੇਲ ਭੇਡਾਂ ਲੈ ਕੇ ਆਉਂਦੀ ਹੈ ।
7ਉਸ ਨੇ ਆਖਿਆ, ਵੇਖੋ, ਅਜੇ ਦਿਨ ਵੱਡਾ ਹੈ ਅਤੇ ਅਜੇ ਪਸ਼ੂਆਂ ਦੇ ਇਕੱਠੇ ਹੋਣ ਦਾ ਸਮਾਂ ਨਹੀਂ ਹੈ । ਇਸ ਲਈ ਤੁਸੀਂ ਭੇਡਾਂ ਨੂੰ ਪਾਣੀ ਪਿਲਾ ਕੇ ਚਾਰਨ ਲਈ ਲੈ ਜਾਓ ।8ਪਰ ਉਨ੍ਹਾਂ ਨੇ ਆਖਿਆ, ਅਸੀਂ ਅਜਿਹਾ ਨਹੀਂ ਕਰ ਸਕਦੇ, ਜਦ ਤੱਕ ਸਾਰੇ ਇੱਜੜ ਇਕੱਠੇ ਨਾ ਹੋਣ ਅਤੇ ਓਹ ਉਸ ਪੱਥਰ ਨੂੰ ਖੂਹ ਦੇ ਮੂੰਹ ਉੱਤੋਂ ਨਾ ਰੇੜ੍ਹਨ ਤਦ ਤੱਕ ਅਸੀਂ ਭੇਡਾਂ ਨੂੰ ਪਾਣੀ ਨਹੀਂ ਪਿਲਾ ਸਕਦੇ ।
9ਉਹ ਉਨ੍ਹਾਂ ਨਾਲ ਗੱਲਾਂ ਕਰਦਾ ਹੀ ਸੀ ਕਿ ਰਾਖ਼ੇਲ ਆਪਣੇ ਪਿਤਾ ਦੀਆਂ ਭੇਡਾਂ ਨਾਲ ਆਈ, ਕਿਉਂ ਜੋ ਉਹ ਭੇਡ-ਬੱਕਰੀਆਂ ਚਾਰਦੀ ਸੀ ।10ਜਦ ਯਾਕੂਬ ਨੇ ਆਪਣੇ ਮਾਮੇ ਲਾਬਾਨ ਦੀ ਧੀ ਰਾਖ਼ੇਲ ਨੂੰ ਅਤੇ ਉਸ ਦੇ ਇੱਜੜ ਨੂੰ ਵੇਖਿਆ ਤਾਂ ਯਾਕੂਬ ਨੇ ਨੇੜੇ ਜਾ ਕੇ ਉਸ ਪੱਥਰ ਨੂੰ ਖੂਹ ਦੇ ਮੂੰਹ ਤੋਂ ਰੇੜ੍ਹਿਆ ਅਤੇ ਆਪਣੇ ਮਾਮੇ ਲਾਬਾਨ ਦੇ ਇੱਜੜ ਨੂੰ ਪਾਣੀ ਪਿਲਾਇਆ ।
11ਯਾਕੂਬ ਨੇ ਰਾਖ਼ੇਲ ਨੂੰ ਚੁੰਮਿਆ ਅਤੇ ਉੱਚੀ-ਉੱਚੀ ਰੋਇਆ ।12ਤਦ ਯਾਕੂਬ ਨੇ ਰਾਖ਼ੇਲ ਨੂੰ ਦੱਸਿਆ, ਮੈਂ ਤੇਰੇ ਪਿਤਾ ਦਾ ਰਿਸ਼ਤੇਦਾਰ ਅਤੇ ਮੈਂ ਰਿਬਕਾਹ ਦਾ ਪੁੱਤਰ ਹਾਂ । ਤਦ ਉਸ ਨੇ ਨੱਠ ਕੇ ਆਪਣੇ ਪਿਤਾ ਨੂੰ ਦੱਸਿਆ ।
13ਜਦ ਲਾਬਾਨ ਨੇ ਆਪਣੇ ਭਾਣਜੇ ਦੀ ਖ਼ਬਰ ਸੁਣੀ ਤਾਂ ਉਸ ਦੇ ਮਿਲਣ ਨੂੰ ਨੱਠਾ ਅਤੇ ਜੱਫੀ ਪਾ ਕੇ ਉਸ ਨੂੰ ਚੁੰਮਿਆ ਅਤੇ ਉਸ ਨੂੰ ਆਪਣੇ ਘਰ ਲੈ ਆਇਆ ਤਾਂ ਯਾਕੂਬ ਨੇ ਲਾਬਾਨ ਨੂੰ ਸਾਰੀਆਂ ਗੱਲਾਂ ਦੱਸੀਆਂ ।14ਤਦ ਲਾਬਾਨ ਨੇ ਉਸ ਨੂੰ ਆਖਿਆ, ਤੂੰ ਸੱਚ-ਮੁੱਚ ਮੇਰੀ ਹੱਡੀ ਅਤੇ ਮੇਰਾ ਮਾਸ ਹੈਂ, ਤਾਂ ਉਹ ਮਹੀਨਾ ਉਸ ਦੇ ਘਰ ਰਿਹਾ ।
ਰਾਖ਼ੇਲ ਅਤੇ ਲੇਆਹ ਦੇ ਲਈ ਸੇਵਾ

15ਫੇਰ ਲਾਬਾਨ ਨੇ ਯਾਕੂਬ ਨੂੰ ਆਖਿਆ, ਇਸ ਕਾਰਨ ਕਿ ਤੂੰ ਮੇਰਾ ਰਿਸ਼ਤੇਦਾਰ ਹੈਂ, ਕੀ ਮੇਰੀ ਸੇਵਾ ਮੁਫ਼ਤ ਹੀ ਕਰੇਂਗਾ ? ਮੈਨੂੰ ਦੱਸ, ਤੂੰ ਕੀ ਮਜ਼ਦੂਰੀ ਲਵੇਂਗਾ ? ਲਾਬਾਨ ਦੀਆਂ ਦੋ ਧੀਆਂ ਸਨ,16ਵੱਡੀ ਦਾ ਨਾਮ ਲੇਆਹ ਅਤੇ ਛੋਟੀ ਦਾ ਨਾਮ ਰਾਖ਼ੇਲ ਸੀ ।17ਲੇਆਹ ਦੀਆਂ ਅੱਖਾਂ ਕੋਮਲ ਸਨ ਪਰ ਰਾਖ਼ੇਲ ਰੂਪਵੰਤ ਅਤੇ ਵੇਖਣ ਵਿੱਚ ਸੋਹਣੀ ਸੀ ।18ਯਾਕੂਬ ਰਾਖ਼ੇਲ ਨੂੰ ਪਿਆਰ ਕਰਦਾ ਸੀ ਇਸ ਲਈ ਉਸ ਨੇ ਆਖਿਆ, ਮੈਂ ਤੇਰੀ ਛੋਟੀ ਧੀ ਰਾਖ਼ੇਲ ਲਈ ਸੱਤ ਸਾਲ ਤੱਕ ਤੇਰੀ ਸੇਵਾ ਕਰਾਂਗਾ ।
19ਲਾਬਾਨ ਨੇ ਆਖਿਆ, ਉਹ ਨੂੰ ਕਿਸੇ ਦੂਜੇ ਨੂੰ ਦੇਣ ਨਾਲੋਂ ਤੈਨੂੰ ਦੇਣਾ ਚੰਗਾ ਹੈ,20ਤੂੰ ਮੇਰੇ ਨਾਲ ਰਹਿ । ਯਾਕੂਬ ਨੇ ਰਾਖ਼ੇਲ ਲਈ ਸੱਤ ਸਾਲ ਸੇਵਾ ਕੀਤੀ ਅਤੇ ਪ੍ਰੇਮ ਦੇ ਕਾਰਨ ਉਹ ਉਸ ਲਈ ਥੋੜ੍ਹੇ ਦਿਨ ਦੇ ਬਰਾਬਰ ਸਨ ।
21ਤਦ ਯਾਕੂਬ ਨੇ ਲਾਬਾਨ ਨੂੰ ਆਖਿਆ, ਮੇਰੀ ਵਹੁਟੀ ਮੈਨੂੰ ਦੇ ਜੋ ਮੈਂ ਉਸ ਕੋਲ ਜਾਂਵਾਂ ਜੋ ਮੇਰਾ ਸਮਾਂ ਪੂਰਾ ਹੋ ਗਿਆ ਹੈ ।22ਤਦ ਲਾਬਾਨ ਨੇ ਉਸ ਸਥਾਨ ਦੇ ਸਭ ਮਨੁੱਖਾਂ ਨੂੰ ਇੱਕਠੇ ਕਰ ਕੇ ਵੱਡੀ ਦਾਵਤ ਕੀਤੀ
23ਅਤੇ ਸ਼ਾਮ ਦੇ ਵੇਲੇ ਉਹ ਆਪਣੀ ਧੀ ਲੇਆਹ ਨੂੰ ਲੈ ਕੇ ਯਾਕੂਬ ਦੇ ਕੋਲ ਆਇਆ ਅਤੇ ਉਹ ਉਸ ਦੇ ਕੋਲ ਗਿਆ ।24ਲਾਬਾਨ ਨੇ ਉਹ ਨੂੰ ਆਪਣੀ ਦਾਸੀ ਜਿਲਫਾਹ ਦਿੱਤੀ ਤਾਂ ਜੋ ਉਸ ਦੀ ਧੀ ਲੇਆਹ ਲਈ ਦਾਸੀ ਹੋਵੇ ।25ਜਦ ਸਵੇਰਾ ਹੋਇਆ ਤਾਂ ਵੇਖੋ ਉਹ ਲੇਆਹ ਸੀ, ਤਾਂ ਯਾਕੂਬ ਨੇ ਲਾਬਾਨ ਨੂੰ ਆਖਿਆ, ਤੂੰ ਮੇਰੇ ਨਾਲ ਇਹ ਕੀ ਕੀਤਾ ? ਕੀ ਰਾਖ਼ੇਲ ਲਈ ਮੈਂ ਤੇਰੀ ਸੇਵਾ ਨਹੀਂ ਕੀਤੀ ? ਫੇਰ ਤੂੰ ਮੇਰੇ ਨਾਲ ਧੋਖਾ ਕਿਉਂ ਕੀਤਾ ?
26ਲਾਬਾਨ ਨੇ ਆਖਿਆ, ਸਾਡੇ ਦੇਸ਼ ਵਿੱਚ ਅਜਿਹਾ ਨਹੀਂ ਹੁੰਦਾ ਕਿ ਛੋਟੀ ਨੂੰ ਵੱਡੀ ਤੋਂ ਪਹਿਲਾਂ ਵਿਆਹ ਦੇਈਏ ।27ਇਹ ਦਾ ਹਫ਼ਤਾ ਪੂਰਾ ਕਰ, ਤਾਂ ਮੈਂ ਤੈਨੂੰ ਦੂਜੀ ਵੀ ਉਸ ਸੇਵਾ ਦੇ ਬਦਲੇ, ਜਿਹੜੀ ਤੂੰ ਮੇਰੇ ਲਈ ਹੋਰ ਸੱਤ ਸਾਲ ਤੱਕ ਕਰੇਂਗਾ ਦੇ ਦਿਆਂਗਾ ।
28ਯਾਕੂਬ ਨੇ ਅਜਿਹਾ ਹੀ ਕੀਤਾ ਅਤੇ ਲੇਆਹ ਦਾ ਹਫ਼ਤਾ ਪੂਰਾ ਕੀਤਾ ਤਦ ਉਸ ਉਹ ਨੂੰ ਆਪਣੀ ਧੀ ਰਾਖ਼ੇਲ ਵਿਆਹ ਦਿੱਤੀ ।29ਤਦ ਲਾਬਾਨ ਨੇ ਆਪਣੀ ਦਾਸੀ ਬਿਲਹਾਹ, ਆਪਣੀ ਧੀ ਰਾਖ਼ੇਲ ਲਈ ਦਿੱਤੀ ਜੋ ਉਹ ਉਸ ਦੀ ਦਾਸੀ ਹੋਵੇ ।30ਤਦ ਯਾਕੂਬ ਉਹ ਰਾਖ਼ੇਲ ਕੋਲ ਵੀ ਗਿਆ ਕਿਉਂ ਜੋ ਉਹ ਰਾਖ਼ੇਲ ਨੂੰ ਲੇਆਹ ਨਾਲੋਂ ਵੱਧ ਪ੍ਰੇਮ ਕਰਦਾ ਸੀ ਤੇ ਉਸ ਨੇ ਹੋਰ ਸੱਤ ਸਾਲ ਤੱਕ ਉਸ ਦੀ ਸੇਵਾ ਕੀਤੀ ।
ਯਾਕੂਬ ਦੀ ਸੰਤਾਨ

31ਜਦ ਯਹੋਵਾਹ ਨੇ ਵੇਖਿਆ ਕਿ ਲੇਆਹ ਤੁੱਛ ਜਾਣੀ ਗਈ ਹੈ ਤਾਂ ਉਸ ਨੇ ਉਹ ਦੀ ਕੁੱਖ ਖੋਲ੍ਹੀ, ਪਰ ਰਾਖ਼ੇਲ ਬਾਂਝ ਰਹੀ ।32ਤਦ ਲੇਆਹ ਗਰਭਵਤੀ ਹੋਈ ਅਤੇ ਪੁੱਤਰ ਨੂੰ ਜਨਮ ਦਿੱਤਾ ਅਤੇ ਉਸ ਨੇ ਇਹ ਆਖ ਕੇ ਉਹ ਦਾ ਨਾਮ ਰਊਬੇਨ ਰੱਖਿਆ, ਯਹੋਵਾਹ ਨੇ ਮੇਰਾ ਕਸ਼ਟ ਵੇਖਿਆ ਹੈ, ਹੁਣ ਮੇਰਾ ਪਤੀ ਮੇਰੇ ਨਾਲ ਪ੍ਰੇਮ ਕਰੇਗਾ ।
33ਉਹ ਫੇਰ ਗਰਭਵਤੀ ਹੋਈ ਅਤੇ ਪੁੱਤਰ ਨੂੰ ਜਨਮ ਦਿੱਤਾ ਅਤੇ ਆਖਿਆ, ਯਹੋਵਾਹ ਨੇ ਸੁਣਿਆ ਕਿ ਮੈਂ ਤੁੱਛ ਜਾਣੀ ਗਈ, ਇਸ ਕਾਰਨ ਉਸ ਨੇ ਮੈਨੂੰ ਇਹ ਪੁੱਤਰ ਦਿੱਤਾ ਅਤੇ ਉਸ ਦਾ ਨਾਮ ਸ਼ਿਮਓਨ ਰੱਖਿਆ ।34ਉਹ ਫੇਰ ਗਰਭਵਤੀ ਹੋਈ ਅਤੇ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਆਖਿਆ, ਇਸ ਵਾਰੀ ਮੇਰਾ ਪਤੀ ਮੇਰੇ ਨਾਲ ਮਿਲੇਗਾ ਕਿਉਂ ਜੋ ਮੈਂ ਉਸ ਦੇ ਲਈ ਤਿੰਨ ਪੁੱਤਰ ਜਣੇ ਹਨ, ਇਸ ਕਾਰਨ ਉਸ ਨੇ ਉਹ ਦਾ ਨਾਮ ਲੇਵੀ ਰੱਖਿਆ ।
35ਉਹ ਫੇਰ ਗਰਭਵਤੀ ਹੋਈ ਅਤੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ ਅਤੇ ਆਖਿਆ, ਇਸ ਵਾਰੀ ਮੈਂ ਯਹੋਵਾਹ ਦਾ ਧੰਨਵਾਦ ਕਰਾਂਗੀ, ਇਸ ਕਾਰਨ ਉਸ ਨੇ ਉਹ ਦਾ ਨਾਮ ਯਹੂਦਾਹ ਰੱਖਿਆ ਤਦ ਉਹ ਜਣਨ ਤੋਂ ਰਹਿ ਗਈ ।

30

1ਜਦ ਰਾਖ਼ੇਲ ਨੇ ਵੇਖਿਆ ਕਿ ਮੈਂ ਯਾਕੂਬ ਲਈ ਸੰਤਾਨ ਨਹੀਂ ਜਣਦੀ ਤਾਂ ਰਾਖ਼ੇਲ ਆਪਣੀ ਭੈਣ ਤੋਂ ਈਰਖਾ ਕਰਨ ਲੱਗ ਪਈ ਅਤੇ ਯਾਕੂਬ ਨੂੰ ਆਖਿਆ, ਮੈਨੂੰ ਪੁੱਤਰ ਦੇ ਨਹੀਂ ਤਾਂ ਮੈਂ ਮਰ ਜਾਵਾਂਗੀ ।2ਤਦ ਯਾਕੂਬ ਦਾ ਗੁੱਸਾ ਰਾਖ਼ੇਲ ਉੱਤੇ ਭੜਕਿਆ ਅਤੇ ਉਸ ਨੇ ਆਖਿਆ, ਕੀ ਮੈਂ ਪਰਮੇਸ਼ੁਰ ਦੀ ਥਾਂ ਹਾਂ, ਜਿਸ ਨੇ ਤੇਰੀ ਕੁੱਖ ਨੂੰ ਫਲਵੰਤ ਹੋਣ ਤੋਂ ਰੋਕਿਆ ਹੈ ?

3ਰਾਖ਼ੇਲ ਨੇ ਆਖਿਆ, ਵੇਖ, ਮੇਰੀ ਦਾਸੀ ਬਿਲਹਾਹ ਹੈ । ਉਸ ਦੇ ਕੋਲ ਜਾ ਅਤੇ ਉਹ ਮੇਰੇ ਗੋਡਿਆਂ ਉੱਤੇ ਜਣੇਗੀ ਤਾਂ ਜੋ ਮੈਂ ਵੀ ਉਸ ਤੋਂ ਸੰਤਾਨ ਵਾਲੀ ਬਣ ਜਾਂਵਾਂ ।4ਫੇਰ ਉਸ ਨੇ ਆਪਣੀ ਦਾਸੀ ਬਿਲਹਾਹ ਉਸ ਨੂੰ ਦਿੱਤੀ ਜੋ ਉਸ ਦੀ ਪਤਨੀ ਹੋਵੇ । ਯਾਕੂਬ ਉਸ ਦੇ ਕੋਲ ਗਿਆ,
5ਤਾਂ ਬਿਲਹਾਹ ਗਰਭਵਤੀ ਹੋਈ ਅਤੇ ਯਾਕੂਬ ਤੋਂ ਇੱਕ ਪੁੱਤਰ ਨੂੰ ਜਨਮ ਦਿੱਤਾ ।6ਤਦ ਰਾਖ਼ੇਲ ਨੇ ਆਖਿਆ, ਪਰਮੇਸ਼ੁਰ ਨੇ ਮੇਰਾ ਨਿਆਂ ਕੀਤਾ ਅਤੇ ਮੇਰੀ ਅਵਾਜ਼ ਸੁਣ ਕੇ ਮੈਨੂੰ ਇੱਕ ਪੁੱਤਰ ਵੀ ਦਿੱਤਾ । ਇਸ ਕਾਰਨ ਉਸ ਦਾ ਨਾਮ ਦਾਨ ਰੱਖਿਆ ।
7ਰਾਖ਼ੇਲ ਦੀ ਦਾਸੀ ਬਿਲਹਾਹ ਫੇਰ ਗਰਭਵਤੀ ਹੋਈ ਅਤੇ ਯਾਕੂਬ ਤੋਂ ਦੂਜਾ ਪੁੱਤਰ ਜਣੀ ।8ਰਾਖ਼ੇਲ ਨੇ ਆਖਿਆ, ਮੇਰੀ ਆਪਣੀ ਭੈਣ ਨਾਲ ਮੇਰਾ ਵੱਡਾ ਘੋਲ ਹੋਇਆ ਪਰ ਮੈਂ ਜਿੱਤ ਗਈ, ਇਸ ਲਈ ਉਸ ਦਾ ਨਾਮ ਨਫ਼ਤਾਲੀ ਰੱਖਿਆ ।
9ਜਦ ਲੇਆਹ ਨੇ ਵੇਖਿਆ ਕਿ ਮੈਂ ਜਣਨ ਤੋਂ ਰਹਿ ਗਈ ਹਾਂ ਤਾਂ ਉਸ ਨੇ ਆਪਣੀ ਦਾਸੀ ਜਿਲਫਾਹ ਨੂੰ ਲੈ ਕੇ ਯਾਕੂਬ ਨੂੰ ਉਸ ਦੀ ਪਤਨੀ ਹੋਣ ਲਈ ਦਿੱਤਾ ।10ਲੇਆਹ ਦੀ ਦਾਸੀ ਜਿਲਫਾਹ ਨੇ ਵੀ ਯਾਕੂਬ ਤੋਂ ਇੱਕ ਪੁੱਤਰ ਨੂੰ ਜਨਮ ਦਿੱਤਾ11ਤਦ ਲੇਆਹ ਨੇ ਆਖਿਆ, ਮੇਰੇ ਭਾਗ ਜਾਗੇ ਹਨ, ਤਾਂ ਉਸ ਨੇ ਉਹ ਦਾ ਨਾਮ ਗਾਦ ਨੇ ਰੱਖਿਆ ।
12ਫੇਰ ਲੇਆਹ ਦੀ ਦਾਸੀ ਜਿਲਫਾਹ ਨੇ ਯਾਕੂਬ ਤੋਂ ਦੂਜਾ ਪੁੱਤਰ ਜਣਿਆ,13ਤਦ ਲੇਆਹ ਆਖਿਆ, ਮੈਂ ਧੰਨ ਹਾਂ, ਇਸ ਕਾਰਨ ਇਸਤਰੀਆਂ ਮੈਨੂੰ ਧੰਨ ਆਖਣਗੀਆਂ । ਇਸ ਲਈ ਉਸ ਦਾ ਨਾਮ ਆਸ਼ੇਰ ਰੱਖਿਆ ।
14ਰਊਬੇਨ ਨੇ ਕਣਕ ਦੀ ਵਾਢੀ ਦੇ ਦਿਨਾਂ ਵਿੱਚ ਬਾਹਰ ਨਿੱਕਲ ਕੇ ਦੂਦਾਂ ਫ਼ਲ ਪਾਈਆਂ ਅਤੇ ਉਨ੍ਹਾਂ ਨੂੰ ਆਪਣੀ ਮਾਤਾ ਲੇਆਹ ਕੋਲ ਲਿਆਇਆ ਤਾਂ ਰਾਖਲ ਨੇ ਲੇਆਹ ਨੂੰ ਆਖਿਆ, ਆਪਣੇ ਪੁੱਤਰ ਦੇ ਦੂਦਾਂ ਫਲ ਵਿੱਚੋਂ ਮੈਨੂੰ ਦੇ ।15ਉਸ ਨੇ ਉਹ ਨੂੰ ਆਖਿਆ, ਕੀ ਇਹ ਛੋਟੀ ਗੱਲ ਹੈ ਕਿ ਤੂੰ ਮੇਰੇ ਪਤੀ ਨੂੰ ਲੈ ਲਿਆ ਹੈ ਅਤੇ ਹੁਣ ਤੂੰ ਮੇਰੇ ਪੁੱਤਰ ਦਾ ਦੂਦਾਂ ਫਲ ਵੀ ਲੈ ਲਵੇਂਗੀ ? ਰਾਖ਼ੇਲ ਨੇ ਆਖਿਆ, ਇਸ ਲਈ ਤੇਰੇ ਪੁੱਤਰ ਦੇ ਦੂਦਾਂ ਫਲ ਦੇ ਬਦਲੇ, ਉਹ ਅੱਜ ਰਾਤ ਤੇਰੇ ਸੰਗ ਲੇਟੇਗਾ ।
16ਜਦ ਯਾਕੂਬ ਸ਼ਾਮ ਦੇ ਵੇਲੇ ਖੇਤ ਤੋਂ ਆਇਆ ਤਾਂ ਲੇਆਹ ਉਸ ਨੂੰ ਮਿਲਣ ਲਈ ਬਾਹਰ ਆਈ ਅਤੇ ਆਖਿਆ, ਤੂੰ ਮੇਰੇ ਕੋਲ ਆਵੀਂ ਕਿਉਂ ਜੋ ਮੈਂ ਤੈਨੂੰ ਆਪਣੇ ਪੁੱਤਰ ਦੀਆਂ ਦੂਦੀਆਂ ਨਾਲ ਭਾੜੇ ਉੱਤੇ ਲਿਆ ਹੈ । ਇਸ ਲਈ ਉਹ ਉਸ ਰਾਤ ਉਸ ਦੇ ਨਾਲ ਲੇਟਿਆ ।17ਤਦ ਪਰਮੇਸ਼ੁਰ ਨੇ ਲੇਆਹ ਦੀ ਸੁਣੀ ਅਤੇ ਉਹ ਗਰਭਵਤੀ ਹੋਈ ਅਤੇ ਯਾਕੂਬ ਲਈ ਪੰਜਵਾਂ ਪੁੱਤਰ ਜਣੀ ।18ਤਦ ਲੇਆਹ ਨੇ ਆਖਿਆ, ਪਰਮੇਸ਼ੁਰ ਨੇ ਮੇਰਾ ਭਾੜਾ ਦਿੱਤਾ ਹੈ ਕਿਉਂ ਜੋ ਮੈਂ ਆਪਣੀ ਦਾਸੀ ਆਪਣੇ ਪਤੀ ਨੂੰ ਦਿੱਤੀ ਅਤੇ ਉਸ ਨੇ ਉਹ ਦਾ ਨਾਮ ਯਿੱਸਾਕਾਰ ਰੱਖਿਆ ।
19ਲੇਆਹ ਫੇਰ ਗਰਭਵਤੀ ਹੋਈ ਅਤੇ ਯਾਕੂਬ ਲਈ ਛੇਵਾਂ ਪੁੱਤਰ ਜਣੀ ।20ਲੇਆਹ ਨੇ ਆਖਿਆ, ਪਰਮੇਸ਼ੁਰ ਨੇ ਮੈਨੂੰ ਚੰਗਾ ਦਾਨ ਦਿੱਤਾ ਹੈ । ਹੁਣ ਮੇਰਾ ਪਤੀ ਮੇਰੇ ਸੰਗ ਰਹੇਗਾ ਕਿਉਂ ਜੋ ਮੈਂ ਉਹ ਦੇ ਲਈ ਛੇ ਪੁੱਤਰਾਂ ਨੂੰ ਜਨਮ ਦਿੱਤਾ ਹੈ ਤਾਂ ਉਸ ਨੇ ਉਹ ਦਾ ਨਾਮ ਜਬੁਲੂਨ ਰੱਖਿਆ ।21ਫੇਰ ਉਸ ਨੇ ਇੱਕ ਧੀ ਨੂੰ ਜਨਮ ਦਿੱਤਾ ਅਤੇ ਉਹ ਦਾ ਨਾਮ ਦੀਨਾਹ ਰੱਖਿਆ ।
22ਤਦ ਪਰਮੇਸ਼ੁਰ ਨੇ ਰਾਖ਼ਲ ਨੂੰ ਯਾਦ ਕੀਤਾ ਅਤੇ ਉਹ ਦੀ ਸੁਣੀ ਅਤੇ ਉਹ ਦੀ ਕੁੱਖ ਨੂੰ ਖੋਲ੍ਹਿਆ ।23ਉਹ ਗਰਭਵਤੀ ਹੋਈ ਅਤੇ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਆਖਿਆ, ਪਰਮੇਸ਼ੁਰ ਨੇ ਮੇਰੀ ਨਿੰਦਿਆ ਨੂੰ ਦੂਰ ਕੀਤਾ ਹੈ ।24ਤਦ ਉਸ ਨੇ ਇਹ ਆਖ ਕੇ ਉਹ ਦਾ ਨਾਮ ਯੂਸੁਫ਼ ਰੱਖਿਆ ਕਿ ਯਹੋਵਾਹ ਮੈਨੂੰ ਇੱਕ ਹੋਰ ਪੁੱਤਰ ਦੇਵੇਗਾ ।
ਯਾਕੂਬ ਅਤੇ ਲਾਬਾਨ ਦੇ ਵਿਚਕਾਰ ਝਗੜਾ

25ਜਦ ਯੂਸੁਫ਼ ਰਾਖ਼ਲ ਤੋਂ ਜੰਮਿਆ ਤਾਂ ਯਾਕੂਬ ਨੇ ਲਾਬਾਨ ਨੂੰ ਆਖਿਆ, ਮੈਨੂੰ ਵਿਦਿਆ ਕਰ ਤਾਂ ਜੋ ਮੈਂ ਆਪਣੇ ਸਥਾਨ ਅਤੇ ਆਪਣੇ ਦੇਸ਼ ਨੂੰ ਚਲਿਆ ਜਾਂਵਾਂ ।26ਮੇਰੀਆਂ ਪਤਨੀਆਂ ਅਤੇ ਮੇਰੇ ਬੱਚੇ ਜਿਨ੍ਹਾਂ ਲਈ ਮੈਂ ਤੇਰੀ ਸੇਵਾ ਕੀਤੀ ਹੈ ਮੈਨੂੰ ਦੇ, ਤਾਂ ਮੈਂ ਚਲਿਆ ਜਾਂਵਾਂਗਾ ਕਿਉਂ ਜੋ ਤੂੰ ਮੇਰੀ ਸੇਵਾ ਨੂੰ ਜਾਣਦਾ ਹੈਂ, ਜੋ ਮੈਂ ਤੇਰੇ ਲਈ ਕੀਤੀ ।
27ਲਾਬਾਨ ਨੇ ਉਹ ਨੂੰ ਆਖਿਆ, ਜੇਕਰ ਮੇਰੇ ਉੱਤੇ ਤੇਰੀ ਦਇਆ ਦੀ ਨਜ਼ਰ ਹੋਵੇ ਤਾਂ ਇੱਥੇ ਹੀ ਰਹਿ ਜਾ, ਕਿਉਂ ਜੋ ਮੈਂ ਜਾਣ ਲਿਆ ਹੈ ਕਿ ਯਹੋਵਾਹ ਨੇ ਮੈਨੂੰ ਤੇਰੇ ਕਾਰਨ ਬਰਕਤ ਦਿੱਤੀ ਹੈ ।28ਲਾਬਾਨ ਨੇ ਆਖਿਆ, ਆਪਣੀ ਮਜ਼ਦੂਰੀ ਮੇਰੇ ਨਾਲ ਠਹਿਰਾ ਲੈ ਅਤੇ ਮੈਂ ਤੈਨੂੰ ਦਿਆਂਗਾ ।
29ਯਾਕੂਬ ਨੇ ਉਸ ਨੂੰ ਆਖਿਆ, ਤੂੰ ਜਾਣਦਾ ਹੈਂ ਕਿ ਮੈਂ ਕਿਵੇਂ ਤੇਰੀ ਸੇਵਾ ਕੀਤੀ ਅਤੇ ਤੇਰੇ ਪਸ਼ੂ ਮੇਰੇ ਨਾਲ ਕਿਵੇਂ ਰਹੇ ।30ਕਿਉਂ ਜੋ ਮੇਰੇ ਆਉਣ ਤੋਂ ਪਹਿਲਾਂ ਤੇਰੇ ਕੋਲ ਥੋੜ੍ਹਾ ਸੀ, ਪਰ ਹੁਣ ਬਹੁਤ ਵੱਧ ਗਿਆ ਹੈ । ਯਹੋਵਾਹ ਨੇ ਕਦਮ-ਕਦਮ ਤੇ ਤੈਨੂੰ ਬਰਕਤ ਦਿੱਤੀ ਹੈ । ਪਰ ਮੈਂ ਆਪਣੇ ਘਰ ਲਈ ਕੁਝ ਕਦੋਂ ਕਰਾਂਗਾ ?
31ਉਸ ਨੇ ਆਖਿਆ, ਮੈਂ ਤੈਨੂੰ ਕੀ ਦੇਵਾਂ ? ਤਾਂ ਯਾਕੂਬ ਨੇ ਆਖਿਆ, ਮੈਨੂੰ ਕੁਝ ਨਾ ਦੇ । ਜੇਕਰ ਤੂੰ ਮੇਰੇ ਲਈ ਇਹ ਕਰੇਂ ਤਾਂ ਮੈਂ ਤੇਰੇ ਇੱਜੜਾਂ ਨੂੰ ਫੇਰ ਚਾਰਾਂਵਾਂਗਾ ਅਤੇ ਰਾਖੀ ਕਰਾਂਗਾ ।32ਮੈਂ ਅੱਜ ਤੇਰੇ ਸਾਰੇ ਇੱਜੜ ਦੇ ਵਿੱਚੋਂ ਦੀ ਲੰਘ ਕੇ ਭੇਡਾਂ ਵਿੱਚੋਂ ਜਿੰਨ੍ਹੀਆਂ ਚਿਤਲੀਆਂ ਅਤੇ ਡੱਬੀਆਂ ਹੋਣ ਅਤੇ ਜੋ ਭੇਡਾਂ ਕਾਲੀਆਂ ਹੋਣ ਬੱਕਰੀਆਂ ਵਿੱਚੋਂ ਵੀ ਜਿੰਨ੍ਹੀਆਂ ਡੱਬੀਆਂ ਅਤੇ ਚਿਤਲੀਆਂ ਹੋਣ ਉਨ੍ਹਾਂ ਨੂੰ ਕੱਢਾਂਗਾ ਅਤੇ ਓਹ ਮੇਰੀ ਮਜ਼ਦੂਰੀ ਹੋਣਗੀਆਂ ।
33ਮੇਰਾ ਧਰਮ ਮੇਰੇ ਲਈ ਆਉਣ ਵਾਲੇ ਦਿਨ ਵਿੱਚ ਉੱਤਰ ਦੇਵੇਗਾ ਜਦ ਤੂੰ ਮੇਰੇ ਸਨਮੁਖ ਮੇਰੀ ਮਜ਼ਦੂਰੀ ਦੇਣ ਲਈ ਆਵੇਂਗਾ ਤਾਂ ਬੱਕਰੀਆਂ ਵਿੱਚੋਂ ਹਰ ਇੱਕ ਜਿਹੜੀ ਚਿਤਲੀ ਅਤੇ ਡੱਬੀ ਅਤੇ ਭੇਡਾਂ ਵਿੱਚ ਜਿਹੜੀ ਕਾਲੀ ਨਾ ਹੋਵੇ, ਜੇ ਉਹ ਮੇਰੇ ਕੋਲੋਂ ਨਿੱਕਲੇ ਤਾਂ ਚੋਰੀ ਦੀ ਹੋਵੇਗੀ ।34ਤਦ ਲਾਬਾਨ ਨੇ ਆਖਿਆ, ਵੇਖ, ਤੇਰੀ ਗੱਲ ਦੇ ਅਨੁਸਾਰ ਹੋਵੇ ।
35ਉਸ ਨੇ ਉਸੇ ਦਿਨ ਸਾਰੇ ਧਾਰੀ ਵਾਲੇ ਅਤੇ ਡੱਬੇ ਬੱਕਰੇ ਅਤੇ ਸਾਰੀਆਂ ਚਿਤਲੀਆਂ ਅਤੇ ਡੱਬੀਆਂ ਬੱਕਰੀਆਂ ਅਰਥਾਤ ਜਿਸ ਕਿਸੇ ਵਿੱਚ ਸਫੇਦੀ ਸੀ ਅਤੇ ਭੇਡਾਂ ਵਿੱਚੋਂ ਜਿੰਨੀਆਂ ਕਾਲੀਆਂ ਸਨ, ਸਭ ਨੂੰ ਕੱਢਿਆ ਅਤੇ ਆਪਣੇ ਪੁੱਤਰਾਂ ਦੇ ਹੱਥਾਂ ਵਿੱਚ ਦਿੱਤਾ ।36ਲਾਬਾਨ ਨੇ ਆਪਣੇ ਅਤੇ ਯਾਕੂਬ ਦੇ ਵਿੱਚ ਤਿੰਨ ਦਿਨਾਂ ਦੇ ਸਫ਼ਰ ਦਾ ਫ਼ਾਸਲਾ ਠਹਿਰਾਇਆ ਅਤੇ ਯਾਕੂਬ ਲਾਬਾਨ ਦੇ ਬਾਕੀ ਇੱਜੜਾਂ ਨੂੰ ਚਾਰਨ ਲੱਗ ਪਿਆ ।
37ਤਦ ਯਾਕੂਬ ਨੇ ਹਰੇ ਸਫ਼ੇਦੇ ਅਤੇ ਬਦਾਮ ਅਤੇ ਸਰੂ ਦੀਆਂ ਛਿਟੀਆਂ ਲੈ ਕੇ ਉਨ੍ਹਾਂ ਉੱਤੇ ਅਜਿਹੀਆਂ ਧਾਰੀਆਂ ਪਾਈਆਂ ਕਿ ਉਨ੍ਹਾਂ ਦੀ ਸਫ਼ੇਦੀ ਦਿੱਸਣ ਲੱਗ ਪਈ ।38ਤਦ ਉਨ੍ਹਾਂ ਛਿਟੀਆਂ ਨੂੰ ਜਿਨ੍ਹਾਂ ਉੱਤੇ ਉਸ ਨੇ ਧਾਰੀਆਂ ਪਾਈਆਂ ਸਨ, ਹੌਦਾਂ ਅਤੇ ਨਾਲਿਆਂ ਵਿੱਚ ਜਿੱਥੇ ਇੱਜੜ ਪਾਣੀ ਪੀਣ ਆਉਂਦੇ ਸਨ, ਉਨ੍ਹਾਂ ਦੇ ਸਾਹਮਣੇ ਰੱਖ ਦਿੱਤਾ ਅਤੇ ਜਦ ਓਹ ਪਾਣੀ ਪੀਂਦੀਆਂ ਸਨ ਤਾਂ ਓਹ ਆਸੇ ਲੱਗਣ ਲੱਗ ਪਈਆਂ ।
39ਇਸ ਤਰ੍ਹਾਂ ਇੱਜੜ ਛਿਟੀਆਂ ਦੇ ਅੱਗੇ ਆਸੇ ਲੱਗਿਆ ਤਾਂ ਉਨ੍ਹਾਂ ਨੇ ਗਦਰੇ ਅਤੇ ਚਿਤਲੇ ਅਤੇ ਡੱਬੇ ਬੱਚੇ ਦਿੱਤੇ ।40ਤਦ ਯਾਕੂਬ ਨੇ ਲੇਲੇ ਅੱਡ ਕੀਤੇ ਅਤੇ ਲਾਬਾਨ ਦੇ ਇੱਜੜ ਦੀਆਂ ਭੇਡ-ਬੱਕਰੀਆਂ ਦੇ ਮੂੰਹ ਸਭ ਗਦਰੀਆਂ ਅਤੇ ਸਭ ਕਾਲੀਆਂ ਭੇਡਾਂ ਵੱਲ ਫੇਰ ਦਿੱਤੇ ਅਤੇ ਉਸ ਨੇ ਆਪਣੇ ਇੱਜੜਾਂ ਨੂੰ ਲਾਬਾਨ ਦੇ ਇੱਜੜਾਂ ਤੋਂ ਵੱਖਰਿਆਂ ਕੀਤਾ ਅਤੇ ਨਾਲ ਰਲਣ ਨਾ ਦਿੱਤਾ ।
41ਅਤੇ ਜਦ ਤਕੜੀਆਂ ਭੇਡਾਂ ਦੇ ਆਸੇ ਲੱਗਣ ਦਾ ਸਮਾਂ ਆਇਆ ਤਾਂ ਯਾਕੂਬ ਨੇ ਉਹ ਛਿਟੀਆਂ ਉਨ੍ਹਾਂ ਦੀਆਂ ਅੱਖਾਂ ਦੇ ਅੱਗੇ ਰੱਖੀਆਂ, ਇਸ ਲਈ ਕਿ ਓਹ ਉਨ੍ਹਾਂ ਛਿਟੀਆਂ ਦੇ ਅੱਗੇ ਆਸੇ ਲੱਗਣ ।42ਪਰ ਜਿਹੜਾ ਇੱਜੜ ਕਮਜ਼ੋਰ ਸੀ, ਤਦ ਉਹ ਛਿਟੀਆਂ ਨੂੰ ਉਨ੍ਹਾਂ ਦੇ ਅੱਗੇ ਨਹੀਂ ਰੱਖਦਾ ਸੀ । ਇਸ ਕਾਰਨ ਲਾਬਾਨ ਦੇ ਪੱਠੇ ਕਮਜ਼ੋਰ ਅਤੇ ਯਾਕੂਬ ਦੇ ਤਕੜੇ ਸਨ ।
43ਇਸ ਤਰ੍ਹਾਂ ਉਹ ਮਨੁੱਖ ਬਹੁਤ ਹੀ ਵੱਧ ਗਿਆ ਅਤੇ ਉਹ ਦੇ ਕੋਲ ਬਹੁਤ ਇੱਜੜ ਅਤੇ ਦਾਸ-ਦਾਸੀਆਂ, ਊਠ ਅਤੇ ਗਧੇ ਹੋ ਗਏ ।

31
ਯਾਕੂਬ ਦਾ ਲਾਬਾਨ ਦੇ ਕੋਲੋਂ ਭੱਜ ਜਾਣਾ

1ਉਸ ਨੇ ਲਾਬਾਨ ਦੇ ਪੁੱਤਰਾਂ ਦੀਆਂ ਗੱਲਾਂ ਸੁਣੀਆਂ ਜੋ ਕਹਿੰਦੇ ਸਨ ਕਿ ਯਾਕੂਬ ਸਾਡੇ ਪਿਤਾ ਦਾ ਸਭ ਕੁਝ ਲੈ ਗਿਆ ਅਤੇ ਸਾਡੇ ਪਿਤਾ ਦੇ ਮਾਲ ਵਿਚੋਂ ਇਹ ਸਾਰਾ ਧਨ ਉਹ ਨੇ ਪਾਇਆ ਹੈ ।2ਫਿਰ ਯਾਕੂਬ ਨੇ ਲਾਬਾਨ ਦੇ ਚਿਹਰੇ ਵੱਲ ਵੇਖਿਆ ਅਤੇ ਜਾਣ ਲਿਆ ਕਿ ਉਹ ਪਹਿਲਾਂ ਵਾਂਗੂੰ ਉਹ ਦੀ ਵੱਲ ਨਹੀਂ ਸੀ ।3ਫੇਰ ਯਹੋਵਾਹ ਨੇ ਯਾਕੂਬ ਨੂੰ ਆਖਿਆ, ਤੂੰ ਆਪਣੇ ਪਿਉ-ਦਾਦਿਆਂ ਦੇ ਦੇਸ਼ ਨੂੰ ਅਤੇ ਆਪਣੀ ਜਨਮ ਭੂਮੀ ਵੱਲ ਮੁੜ ਜਾਹ, ਮੈਂ ਤੇਰੇ ਅੰਗ-ਸੰਗ ਹੋਵਾਂਗਾ ।

4ਤਦ ਯਾਕੂਬ ਨੇ ਰਾਖ਼ੇਲ ਅਤੇ ਲੇਆਹ ਨੂੰ ਮੈਦਾਨ ਵਿੱਚ ਆਪਣੇ ਇੱਜੜ ਕੋਲ ਬੁਲਾਇਆ5ਅਤੇ ਉਨ੍ਹਾਂ ਨੂੰ ਆਖਿਆ, ਮੈਂ ਵੇਖਦਾ ਹਾਂ ਕਿ ਤੁਹਾਡੇ ਪਿਤਾ ਦਾ ਮੂੰਹ ਮੇਰੀ ਵੱਲ ਪਹਿਲਾ ਵਾਂਗੂੰ ਨਹੀਂ ਹੈ ਤਾਂ ਵੀ ਮੇਰੇ ਪਿਤਾ ਦਾ ਪਰਮੇਸ਼ੁਰ ਮੇਰੇ ਅੰਗ-ਸੰਗ ਹੈ ।6ਤੁਸੀਂ ਜਾਣਦੀਆਂ ਹੋ ਕਿ ਮੈਂ ਆਪਣੇ ਸਾਰੇ ਬਲ ਨਾਲ ਤੁਹਾਡੇ ਪਿਤਾ ਦੀ ਸੇਵਾ ਕੀਤੀ ਹੈ ।
7ਪਰ ਤੁਹਾਡੇ ਪਿਤਾ ਨੇ ਮੇਰੇ ਨਾਲ ਧੋਖਾ ਕੀਤਾ ਅਤੇ ਮੇਰੀ ਮਜ਼ਦੂਰੀ ਦਸ ਵਾਰੀ ਬਦਲੀ ਪਰ ਪਰਮੇਸ਼ੁਰ ਨੇ ਉਸ ਤੋਂ ਮੈਨੂੰ ਘਾਟਾ ਪੈਣ ਨਾ ਦਿੱਤਾ ।8ਜਦ ਉਸ ਨੇ ਆਖਿਆ ਕਿ ਚਿਤਲੀਆਂ ਤੇਰੀ ਮਜ਼ਦੂਰੀ ਹਨ ਤਾਂ ਸਾਰੇ ਇੱਜੜ ਨੇ ਗਦਰੇ ਹੀ ਬੱਚੇ ਦਿੱਤੇ ।9ਇਸ ਤਰ੍ਹਾਂ ਪਰਮੇਸ਼ੁਰ ਨੇ ਤੁਹਾਡੇ ਪਿਤਾ ਦੇ ਡੰਗਰ ਖੋਹ ਕੇ ਮੈਨੂੰ ਦਿੱਤੇ ।
10ਅਤੇ ਜਿਸ ਵੇਲੇ ਇੱਜੜ ਬੇਗ ਵਿੱਚ ਆਉਂਦਾ ਸੀ ਤਾਂ ਮੈਂ ਸੁਫ਼ਨੇ ਵਿੱਚ ਆਪਣੀਆਂ ਅੱਖਾਂ ਚੁੱਕ ਕੇ ਵੇਖਿਆ ਅਤੇ ਵੇਖੋ ਜਿਹੜੇ ਬੱਕਰੇ ਇੱਜੜ ਉੱਪਰ ਟੱਪਦੇ ਸਨ ਓਹ ਗਦਰੇ ਅਤੇ ਚਿਤਲੇ ਅਤੇ ਚਿਤਕਬਰੇ ਸਨ ।11ਪਰਮੇਸ਼ੁਰ ਦੇ ਦੂਤ ਨੇ ਮੈਨੂੰ ਸੁਫ਼ਨੇ ਵਿੱਚ ਆਖਿਆ, ਯਾਕੂਬ ! ਮੈਂ ਆਖਿਆ, ਮੈਂ ਹਾਜ਼ਰ ਹਾਂ ।
12ਤਦ ਉਸ ਨੇ ਆਖਿਆ ਆਪਣੀਆਂ ਅੱਖਾਂ ਚੁੱਕ ਕੇ ਵੇਖ ਕਿ ਸਾਰੇ ਬੱਕਰੇ ਜਿਹੜੇ ਇੱਜੜ ਦੇ ਉੱਤੇ ਟੱਪਦੇ ਸਨ ਗਦਰੇ ਅਤੇ ਚਿਤਲੇ ਅਤੇ ਚਿਤਕਬਰੇ ਹਨ ਕਿਉਂ ਜੋ ਮੈਂ ਜੋ ਕੁਝ ਲਾਬਾਨ ਨੇ ਤੇਰੇ ਨਾਲ ਕੀਤਾ, ਉਹ ਸਭ ਮੈਂ ਵੇਖਿਆ ਹੈ ।13ਮੈਂ ਬੈਤਏਲ ਦਾ ਪਰਮੇਸ਼ੁਰ ਹਾਂ ਜਿੱਥੇ ਤੂੰ ਥੰਮ੍ਹ ਉੱਤੇ ਤੇਲ ਡੋਲ੍ਹਿਆ ਸੀ ਅਤੇ ਮੇਰੇ ਅੱਗੇ ਸੁੱਖਣਾ ਸੁੱਖੀ । ਹੁਣ ਉੱਠ, ਅਤੇ ਇਸ ਦੇਸ਼ ਤੋਂ ਨਿੱਕਲ ਕੇ ਆਪਣੀ ਜਨਮ ਭੂਮੀ ਨੂੰ ਮੁੜ ਜਾ ।
14ਤਦ ਰਾਖ਼ਲ ਅਤੇ ਲੇਆਹ ਨੇ ਉੱਤਰ ਦੇ ਕੇ ਆਖਿਆ, ਕੀ ਅਜੇ ਤੱਕ ਸਾਡੇ ਪਿਤਾ ਦੇ ਘਰ ਵਿੱਚ ਸਾਡਾ ਕੋਈ ਹਿੱਸਾ ਜਾਂ ਅਧਿਕਾਰ ਹੈ ?15ਕੀ ਅਸੀਂ ਉਹ ਦੇ ਅੱਗੇ ਪਰਾਈਆਂ ਨਹੀਂ ਰਹੀਆਂ ਕਿਉਂ ਜੋ ਉਸ ਨੇ ਸਾਨੂੰ ਵੇਚ ਦਿੱਤਾ ਅਤੇ ਸਾਡੀ ਚਾਂਦੀ ਵੀ ਖਾ ਗਿਆ16ਇਸ ਲਈ ਪਰਮੇਸ਼ੁਰ ਨੇ ਸਾਡੇ ਪਿਤਾ ਤੋਂ ਜੋ ਧਨ ਲੈ ਲਿਆ ਹੈ ਉਹ ਸਾਡਾ ਅਤੇ ਸਾਡੇ ਪੁੱਤਰਾਂ ਦਾ ਹੈ ਅਤੇ ਹੁਣ ਜੋ ਕੁਝ ਤੈਨੂੰ ਪਰਮੇਸ਼ੁਰ ਨੇ ਆਖਿਆ ਹੈ, ਉਹੀ ਕਰ ।
17ਤਦ ਯਾਕੂਬ ਨੇ ਉੱਠ ਕੇ ਆਪਣੇ ਪੁੱਤਰਾਂ ਅਤੇ ਇਸਤਰੀਆਂ ਨੂੰ ਊਠਾਂ ਉੱਤੇ ਚੜ੍ਹਾਇਆ18ਅਤੇ ਆਪਣੇ ਸਾਰੇ ਪਸ਼ੂਆਂ ਨੂੰ ਅਤੇ ਆਪਣੇ ਮਾਲ ਨੂੰ ਜੋ ਉਸ ਨੇ ਇਕੱਠਾ ਕੀਤਾ ਅਰਥਾਤ ਓਹ ਡੰਗਰ ਜੋ ਉਸ ਨੇ ਪਦਨ ਅਰਾਮ ਵਿੱਚ ਕਮਾ ਕੇ ਇਕੱਠੇ ਕੀਤੇ, ਲੈ ਗਿਆ ਤਾਂ ਜੋ ਕਨਾਨ ਦੇਸ਼ ਨੂੰ ਆਪਣੇ ਪਿਤਾ ਇਸਹਾਕ ਕੋਲ ਚਲਿਆ ਜਾਵੇ ।
19ਲਾਬਾਨ ਬਾਹਰ ਆਪਣੀਆਂ ਭੇਡਾਂ ਦੀ ਉੱਨ ਕਤਰਨ ਲਈ ਗਿਆ ਹੋਇਆ ਸੀ ਅਤੇ ਰਾਖ਼ੇਲ ਆਪਣੇ ਪਿਤਾ ਦੇ ਘਰੇਲੂ ਬੁੱਤਾਂ ਨੂੰ ਚੁਰਾ ਕੇ ਲੈ ਗਈ ।20ਸੋ ਯਾਕੂਬ, ਲਾਬਾਨ ਅਰਾਮੀ ਤੋਂ ਚੋਰੀ ਚਲਾ ਗਿਆ ਅਰਥਾਤ ਉਸ ਨੂੰ ਨਾ ਦੱਸਿਆ ਕਿ ਮੈਂ ਭੱਜਿਆ ਜਾ ਰਿਹਾ ਹਾਂ ।21ਉਹ ਆਪਣਾ ਸਭ ਕੁਝ ਨਾਲ ਲੈ ਕੇ ਭੱਜਿਆ ਅਤੇ ਉੱਠ ਕੇ ਦਰਿਆ ਪਾਰ ਲੰਘ ਗਿਆ ਅਤੇ ਆਪਣਾ ਮੂੰਹ ਗਿਲਆਦ ਦੇ ਪਹਾੜ ਵੱਲ ਕੀਤਾ ।
ਲਾਬਾਨ ਦਾ ਯਾਕੂਬ ਦਾ ਪਿੱਛਾ ਕਰਨਾ

22ਤੀਜੇ ਦਿਨ ਲਾਬਾਨ ਨੂੰ ਖ਼ਬਰ ਮਿਲੀ ਕਿ ਯਾਕੂਬ ਭੱਜ ਗਿਆ ਹੈ ।23ਇਸ ਲਈ ਉਸ ਨੇ ਆਪਣੇ ਭਰਾਵਾਂ ਨੂੰ ਨਾਲ ਲੈ ਕੇ ਸੱਤਾਂ ਦਿਨਾਂ ਤੱਕ ਉਸ ਦਾ ਪਿੱਛਾ ਕੀਤਾ ਅਤੇ ਉਸ ਨੂੰ ਗਿਲਆਦ ਦੇ ਪਹਾੜ ਉੱਤੇ ਜਾ ਲਿਆ ।
24ਪਰ ਪਰਮੇਸ਼ੁਰ ਨੇ ਲਾਬਾਨ ਅਰਾਮੀ ਦੇ ਕੋਲ ਰਾਤ ਦੇ ਸੁਫ਼ਨੇ ਵਿੱਚ ਜਾ ਕੇ ਆਖਿਆ, ਖ਼ਬਰਦਾਰ ਹੋ ਅਤੇ ਯਾਕੂਬ ਦੇ ਨਾਲ ਭਲਾ ਬੁਰਾ ਨਾ ਬੋਲ ।25ਤਦ ਲਾਬਾਨ, ਯਾਕੂਬ ਨੂੰ ਜਾ ਮਿਲਿਆ ਅਤੇ ਯਾਕੂਬ ਨੇ ਆਪਣਾ ਤੰਬੂ ਪਹਾੜ ਉੱਤੇ ਖੜ੍ਹਾ ਕੀਤਾ ਸੀ, ਲਾਬਾਨ ਨੇ ਵੀ ਆਪਣੇ ਭਰਾਵਾਂ ਦੇ ਨਾਲ ਗਿਲਆਦ ਦੇ ਪਹਾੜ ਉੱਤੇ ਤੰਬੂ ਖੜ੍ਹਾ ਕੀਤਾ ।
26ਤਦ ਲਾਬਾਨ ਨੇ ਯਾਕੂਬ ਨੂੰ ਆਖਿਆ, ਤੂੰ ਇਹ ਕੀ ਕੀਤਾ ਜੋ ਤੂੰ ਮੇਰੇ ਕੋਲੋਂ ਚੋਰੀ ਭੱਜ ਆਇਆ ਹੈਂ ਅਤੇ ਤੂੰ ਮੇਰੀਆਂ ਧੀਆਂ ਨੂੰ ਤਲਵਾਰ ਦੇ ਜ਼ੋਰ ਨਾਲ ਬਣਾਏ ਕੈਦੀਆਂ ਵਾਂਗੂੰ ਹੱਕ ਲਿਆਇਆ ਹੈਂ ?27ਤੂੰ ਕਿਉਂ ਲੁਕ ਕੇ ਭੱਜਿਆ ਅਤੇ ਮੈਨੂੰ ਠੱਗਿਆ ਅਤੇ ਮੈਨੂੰ ਖ਼ਬਰ ਕਿਉਂ ਨਾ ਦਿੱਤੀ ਤਾਂ ਜੋ ਮੈਂ ਤੈਨੂੰ ਖੁਸ਼ੀ ਅਤੇ ਰਾਗ-ਰੰਗ ਅਤੇ ਡੱਫਾਂ ਅਤੇ ਬਰਬਤਾਂ ਨਾਲ ਵਿਦਿਆ ਕਰਦਾ ?28ਤੂੰ ਮੈਨੂੰ ਆਪਣੇ ਪੁੱਤਰ ਧੀਆਂ ਨੂੰ ਕਿਉਂ ਚੁੰਮਣ ਨਾ ਦਿੱਤਾ ? ਹੁਣ ਤੂੰ ਮੂਰਖਪੁਣਾ ਕੀਤਾ ਹੈ ।
29ਹੁਣ ਮੇਰੇ ਹੱਥਾਂ ਵਿੱਚ ਸ਼ਕਤੀ ਹੈ ਕਿ ਤੇਰੇ ਨਾਲ ਬੁਰਿਆਈ ਕਰਾਂ ਪਰ ਤੁਹਾਡੇ ਪਿਤਾ ਦੇ ਪਰਮੇਸ਼ੁਰ ਨੇ ਕੱਲ ਰਾਤ ਮੈਨੂੰ ਆਖਿਆ ਕਿ ਖ਼ਬਰਦਾਰ ਹੋ ਅਤੇ ਯਾਕੂਬ ਨਾਲ ਭਲਾ ਜਾਂ ਬੁਰਾ ਨਾ ਬੋਲ ।30ਹੁਣ ਤੂੰ ਚੱਲਿਆ ਤਾਂ ਹੈਂ ਹੀ ਕਿਉਂ ਜੋ ਤੂੰ ਆਪਣੇ ਪਿਤਾ ਦੇ ਘਰ ਨੂੰ ਲੋਚਦਾ ਹੈਂ ਪਰ ਤੂੰ ਮੇਰੇ ਦੇਵਤਿਆਂ ਨੂੰ ਕਿਉਂ ਚੁਰਾਇਆ ?
31ਯਾਕੂਬ ਨੇ ਲਾਬਾਨ ਨੂੰ ਉੱਤਰ ਦੇ ਕੇ ਆਖਿਆ, ਕਿਉਂ ਜੋ ਮੈਂ ਡਰ ਗਿਆ, ਮੈਂ ਸੋਚਿਆ ਕਿ ਤੂੰ ਮੈਥੋਂ ਆਪਣੀਆਂ ਧੀਆਂ ਨੂੰ ਜ਼ੋਰ ਨਾਲ ਖੋਹ ਕੇ ਲੈ ਜਾਵੇਂਗਾ ।32ਜਿਹ ਦੇ ਕੋਲ ਤੂੰ ਆਪਣੇ ਦੇਵਤਿਆਂ ਨੂੰ ਪਾਵੇਂਗਾ ਉਹ ਜੀਉਂਦਾ ਨਾ ਰਹੇਗਾ । ਸਾਡੇ ਭਰਾਵਾਂ ਦੇ ਸਾਹਮਣੇ ਲੱਭ ਲੈ ਅਤੇ ਜੋ ਕੁਝ ਤੇਰਾ ਮੇਰੇ ਕੋਲੋਂ ਨਿੱਕਲੇ ਲੈ ਲੈ, ਪਰ ਯਾਕੂਬ ਨਹੀਂ ਜਾਣਦਾ ਸੀ ਕਿ ਰਾਖ਼ੇਲ ਨੇ ਉਨ੍ਹਾਂ ਨੂੰ ਚੁਰਾਇਆ ਹੈ ।
33ਲਾਬਾਨ, ਯਾਕੂਬ ਦੇ ਅਤੇ ਲੇਆਹ ਦੇ ਤੰਬੂ ਵਿੱਚ ਅਤੇ ਦੋਹਾਂ ਦਾਸੀਆਂ ਦੇ ਤੰਬੂ ਵਿੱਚ ਗਿਆ ਪਰ ਕੁਝ ਨਾ ਮਿਲਿਆ ਅਤੇ ਲੇਆਹ ਦੇ ਤੰਬੂ ਵਿੱਚੋਂ ਨਿੱਕਲ ਕੇ ਰਾਖ਼ੇਲ ਦੇ ਤੰਬੂ ਵਿੱਚ ਆਇਆ ।
34ਤਦ ਰਾਖ਼ੇਲ ਨੇ ਉਨ੍ਹਾਂ ਘਰੇਲੂ ਬੁੱਤਾਂ ਨੂੰ ਲੈ ਕੇ ਊਠ ਦੀ ਕਾਠੀ ਵਿੱਚ ਰੱਖਿਆ ਅਤੇ ਉਨ੍ਹਾਂ ਦੇ ਉੱਤੇ ਬੈਠ ਗਈ ਅਤੇ ਲਾਬਾਨ ਨੇ ਸਾਰੇ ਤੰਬੂ ਦੀ ਖੋਜ ਕੀਤੀ ਪਰ ਕੁਝ ਨਾ ਮਿਲਿਆ ।35ਉਸ ਨੇ ਆਪਣੇ ਪਿਤਾ ਨੂੰ ਆਖਿਆ ਹੇ ਮੇਰੇ ਸਵਾਮੀ, ਤੁਹਾਡੀਆਂ ਅੱਖਾਂ ਵਿੱਚ ਇਹ ਗੱਲ ਨਰਾਜ਼ਗੀ ਦੀ ਨਾ ਹੋਵੇ ਕਿ ਮੈਂ ਤੁਹਾਡੇ ਸਾਹਮਣੇ ਨਾ ਉੱਠ ਸਕੀ, ਕਿਉਂ ਜੋ ਮੈਂ ਇਸਤਰੀਆਂ ਵਾਲੇ ਹਾਲ ਵਿੱਚ ਹਾਂ । ਇਸ ਲਈ ਉਸ ਨੇ ਲੱਭਿਆ ਪਰ ਉਸ ਨੂੰ ਬੁੱਤ ਨਾ ਲੱਭੇ ।
36ਇਹ ਗੱਲ ਤੋਂ ਗੁੱਸੇ ਹੋ ਕੇ ਯਾਕੂਬ, ਲਾਬਾਨ ਨਾਲ ਝਗੜਨ ਲੱਗਾ ਅਤੇ ਯਾਕੂਬ ਨੇ ਲਾਬਾਨ ਨੂੰ ਉੱਤਰ ਦੇ ਕੇ ਆਖਿਆ, ਮੇਰਾ ਕੀ ਕਸੂਰ ਅਤੇ ਮੇਰਾ ਕੀ ਪਾਪ ਹੈ ਜੋ ਤੂੰ ਇਨ੍ਹੇ ਕ੍ਰੋਧ ਵਿੱਚ ਹੋ ਕੇ ਮੇਰਾ ਪਿੱਛਾ ਕੀਤਾ ?37ਤੂੰ ਜੋ ਮੇਰਾ ਸਾਰਾ ਕੁਝ ਟਟੋਲਿਆ ਤੇਰੇ ਘਰ ਦਾ ਤੈਨੂੰ ਕੀ ਮਿਲਿਆ ? ਉਹ ਨੂੰ ਐਥੇ ਆਪਣੇ ਅਤੇ ਮੇਰੇ ਭਰਾਵਾਂ ਦੇ ਅੱਗੇ ਰੱਖ ਤਾਂ ਜੋ ਓਹ ਸਾਡਾ ਦੋਵਾਂ ਦਾ ਨਿਆਂ ਕਰਨ ।
38ਮੈਂ ਇਹਨਾਂ ਵੀਹ ਸਾਲ ਤੱਕ ਤੇਰੇ ਸੰਗ ਰਿਹਾ, ਤੇਰੀਆਂ ਭੇਡਾਂ ਅਤੇ ਬੱਕਰੀਆਂ ਦਾ ਗਰਭ ਨਾ ਡਿੱਗਿਆ ਅਤੇ ਤੇਰੇ ਇੱਜੜ ਦੇ ਮੇਂਢੇ ਮੈਂ ਨਹੀਂ ਖਾਧੇ39ਅਤੇ ਫੱਟੜਾਂ ਨੂੰ ਮੈਂ ਤੇਰੇ ਕੋਲ ਨਹੀਂ ਲਿਆਂਦਾ ਸਗੋਂ ਉਨ੍ਹਾਂ ਦਾ ਘਾਟਾ ਮੈਂ ਝੱਲਿਆ ਅਤੇ ਉਹ ਜਿਹੜਾ ਦਿਨ ਜਾਂ ਰਾਤ ਨੂੰ ਚੋਰੀ ਹੋ ਗਿਆ ਉਹ ਤੂੰ ਮੈਥੋਂ ਮੰਗਿਆ ।40ਮੇਰਾ ਤਾਂ ਇਹ ਹਾਲ ਸੀ, ਕਿ ਦਿਨ ਵੇਲੇ ਧੁੱਪ ਅਤੇ ਰਾਤ ਵੇਲੇ ਠੰਡ ਨੇ ਮੈਨੂੰ ਖਾ ਲਿਆ ਅਤੇ ਨੀਂਦ ਮੇਰੀਆਂ ਅੱਖਾਂ ਤੋਂ ਉੱਡ ਗਈ ।
41ਇਨ੍ਹਾਂ ਵੀਹ ਸਾਲਾਂ ਤੱਕ ਮੈਂ ਤੇਰੇ ਘਰ ਵਿੱਚ ਰਿਹਾ, ਮੈਂ ਚੌਦਾਂ ਸਾਲ ਤੱਕ ਤੇਰੀਆਂ ਦੋਹਾਂ ਧੀਆਂ ਲਈ, ਛੇ ਸਾਲ ਤੇਰੀਆਂ ਭੇਡਾਂ ਲਈ ਤੇਰੀ ਸੇਵਾ ਕੀਤੀ ਅਤੇ ਤੂੰ ਦਸ ਵਾਰ ਮੇਰੀ ਮਜ਼ਦੂਰੀ ਨੂੰ ਬਦਲਿਆ ।42ਜੇਕਰ ਮੇਰੇ ਪਿਤਾ ਦਾ ਪਰਮੇਸ਼ੁਰ, ਅਬਰਾਹਾਮ ਦਾ ਪਰਮੇਸ਼ੁਰ ਅਤੇ ਇਸਹਾਕ ਦਾ ਡਰ ਮੇਰੇ ਸੰਗ ਨਾ ਹੁੰਦਾ ਤਾਂ ਤੂੰ ਮੈਨੂੰ ਜ਼ਰੂਰ ਸੱਖਣੇ ਹੱਥ ਕੱਢ ਦਿੱਤਾ ਹੁੰਦਾ । ਪਰਮੇਸ਼ੁਰ ਨੇ ਮੇਰਾ ਕਸ਼ਟ ਅਤੇ ਮੇਰੇ ਹੱਥਾਂ ਦੀ ਮਿਹਨਤ ਵੇਖੀ ਅਤੇ ਕੱਲ ਰਾਤ ਤੈਨੂੰ ਝਿੜਕਿਆ ।
ਯਾਕੂਬ ਅਤੇ ਲਾਬਾਨ ਦੇ ਵਿਚਕਾਰ ਸਮਝੌਤਾ

43ਲਾਬਾਨ ਨੇ ਯਾਕੂਬ ਨੂੰ ਉੱਤਰ ਦੇ ਕੇ ਆਖਿਆ, ਇਹ ਧੀਆਂ ਮੇਰੀਆਂ ਹੀ ਧੀਆਂ ਹਨ, ਇਹ ਪੁੱਤਰ ਮੇਰੇ ਹੀ ਪੁੱਤਰ ਹਨ, ਇਹ ਇੱਜੜ ਮੇਰੇ ਹੀ ਇੱਜੜ ਹਨ ਅਤੇ ਜੋ ਕੁਝ ਤੂੰ ਵੇਖਦਾ ਹੈਂ ਸਭ ਮੇਰਾ ਹੈ । ਹੁਣ ਮੈਂ ਅੱਜ ਦੇ ਦਿਨ ਆਪਣੀਆਂ ਇਹਨਾਂ ਧੀਆਂ ਅਤੇ ਇਹਨਾਂ ਤੋਂ ਜੰਮੇ ਹੋਏ ਪੁੱਤਰਾਂ ਨਾਲ ਕੀ ਕਰਾਂ ?44ਸੋ ਹੁਣ ਤੂੰ ਆ ਜੋ ਮੈਂ ਅਤੇ ਤੂੰ ਆਪਣੇ ਵਿੱਚ ਇੱਕ ਨੇਮ ਬੰਨ੍ਹੀਏ ਤਾਂ ਉਹ ਮੇਰੇ ਅਤੇ ਤੇਰੇ ਵਿਚਕਾਰ ਗਵਾਹੀ ਹੋਵੇ ।
45ਤਦ ਯਾਕੂਬ ਨੇ ਇੱਕ ਪੱਥਰ ਲੈ ਕੇ ਥੰਮ੍ਹ ਖੜ੍ਹਾ ਕੀਤਾ46ਅਤੇ ਯਾਕੂਬ ਨੇ ਆਪਣੇ ਭਰਾਵਾਂ ਨੂੰ ਆਖਿਆ, ਪੱਥਰ ਇਕੱਠੇ ਕਰੋ ਉਪਰੰਤ ਉਨ੍ਹਾਂ ਨੇ ਪੱਥਰ ਇੱਕਠੇ ਕਰ ਕੇ ਇੱਕ ਢੇਰ ਲਾ ਦਿੱਤਾ ਅਤੇ ਉਨ੍ਹਾਂ ਨੇ ਉੱਥੇ ਉਸ ਢੇਰ ਕੋਲ ਭੋਜਨ ਖਾਧਾ ।47ਤਦ ਲਾਬਾਨ ਨੇ ਉਸ ਨਗਰ ਦਾ ਨਾਮ ਯਗਰ ਸਾਹਦੂਥਾ ਰੱਖਿਆ ਪਰ ਯਾਕੂਬ ਨੇ ਉਸ ਦਾ ਨਾਮ ਗਲੇਦ ਰੱਖਿਆ ।
48ਲਾਬਾਨ ਨੇ ਆਖਿਆ ਕਿ ਅੱਜ ਇਹ ਢੇਰ ਮੇਰੇ ਅਤੇ ਤੇਰੇ ਵਿੱਚ ਗਵਾਹ ਹੋਵੇਗਾ, ਇਸ ਕਾਰਨ ਉਸ ਦਾ ਨਾਮ ਗਲੇਦ ਰੱਖਿਆ ਗਿਆ ।49ਅਤੇ ਮਿਸਪਾਹ ਵੀ, ਉਸ ਨੇ ਆਖਿਆ ਕਿ ਯਹੋਵਾਹ ਮੇਰੀ ਅਤੇ ਤੇਰੀ, ਜਦ ਅਸੀਂ ਇੱਕ ਦੂਜੇ ਤੋਂ ਦੂਰ ਹੋਈਏ ਰਾਖੀ ਕਰੇ ।50ਜੇ ਤੂੰ ਮੇਰੀਆਂ ਧੀਆਂ ਨੂੰ ਤੰਗ ਰੱਖੇਂ ਅਤੇ ਉਨ੍ਹਾਂ ਤੋਂ ਬਿਨ੍ਹਾਂ ਹੋਰ ਇਸਤਰੀਆਂ ਲੈ ਆਵੇਂ, ਭਾਵੇਂ ਸਾਡੇ ਨਾਲ ਕੋਈ ਮਨੁੱਖ ਨਹੀਂ, ਪਰ ਵੇਖ ਪਰਮੇਸ਼ੁਰ ਮੇਰੇ ਅਤੇ ਤੇਰੇ ਵਿੱਚ ਗਵਾਹ ਹੈ ।
51ਫਿਰ ਲਾਬਾਨ ਨੇ ਯਾਕੂਬ ਨੂੰ ਆਖਿਆ, ਵੇਖ ਇਹ ਢੇਰ ਅਤੇ ਵੇਖ ਇਹ ਥੰਮ੍ਹ ਜੋ ਮੈਂ ਆਪਣੇ ਅਤੇ ਤੇਰੇ ਵਿੱਚਕਾਰ ਖੜ੍ਹਾ ਕੀਤਾ ਹੈ ।52ਇਹ ਢੇਰ ਅਤੇ ਇਹ ਥੰਮ੍ਹ ਦੋਵੇਂ ਗਵਾਹ ਹੋਣ ਕਿ ਬੁਰਿਆਈ ਲਈ ਮੈਂ ਇਸ ਢੇਰ ਤੋਂ ਤੇਰੇ ਵੱਲ ਨਾ ਲੰਘਾਂ ਅਤੇ ਤੂੰ ਵੀ ਇਸ ਢੇਰ ਅਤੇ ਇਸ ਥੰਮ੍ਹ ਤੋਂ ਮੇਰੇ ਵੱਲ ਨਾ ਲੰਘੇਂ ।53ਅਬਰਾਹਾਮ ਦਾ ਪਰਮੇਸ਼ੁਰ ਅਤੇ ਨਾਹੋਰ ਦਾ ਪਰਮੇਸ਼ੁਰ ਅਤੇ ਉਨ੍ਹਾਂ ਦੇ ਪਿਤਾ ਦੇ ਦੇਵਤੇ ਸਾਡਾ ਨਿਆਂ ਕਰਨ ਤਾਂ ਯਾਕੂਬ ਆਪਣੇ ਪਿਤਾ ਇਸਹਾਕ ਦੇ ਡਰ ਦੀ ਸਹੁੰ ਖਾਧੀ ।
54ਯਾਕੂਬ ਨੇ ਉਸ ਪਹਾੜ ਉੱਤੇ ਭੇਟ ਚੜ੍ਹਾਈ ਅਤੇ ਆਪਣੇ ਭਰਾਵਾਂ ਨੂੰ ਰੋਟੀ ਖਾਣ ਨੂੰ ਬੁਲਾਇਆ ਤਾਂ ਉਨ੍ਹਾਂ ਰੋਟੀ ਖਾਧੀ ਅਤੇ ਪਹਾੜ ਉੱਤੇ ਰਾਤ ਕੱਟੀ ।55ਲਾਬਾਨ ਨੇ ਸਵੇਰੇ ਉੱਠ ਕੇ, ਆਪਣੇ ਪੁੱਤਰਾਂ ਅਤੇ ਧੀਆਂ ਨੂੰ ਚੁੰਮਿਆ ਅਤੇ ਉਹਨਾਂ ਨੂੰ ਬਰਕਤ ਦਿੱਤੀ ਅਤੇ ਲਾਬਾਨ ਤੁਰ ਕੇ ਆਪਣੇ ਸਥਾਨ ਨੂੰ ਮੁੜ ਗਿਆ ।

32
ਏਸਾਓ ਨਾਲ ਮਿਲਣ ਦੀ ਤਿਆਰੀ

1ਯਾਕੂਬ ਆਪਣੇ ਰਾਹ ਪੈ ਗਿਆ ਤਦ ਪਰਮੇਸ਼ੁਰ ਦੇ ਦੂਤ ਉਸ ਨੂੰ ਮਿਲੇ ।2ਯਾਕੂਬ ਨੇ ਉਨ੍ਹਾਂ ਨੂੰ ਵੇਖ ਕੇ ਆਖਿਆ ਕਿ ਇਹ ਤਾਂ ਪਰਮੇਸ਼ੁਰ ਦਾ ਲਸ਼ਕਰ ਹੈ ਅਤੇ ਉਸ ਥਾਂ ਦਾ ਨਾਮ ਮਹਨਾਯਿਮ ਰੱਖਿਆ ।

3ਤਦ ਯਾਕੂਬ ਨੇ ਆਪਣੇ ਅੱਗੇ ਸੰਦੇਸ਼-ਵਾਹਕਾਂ ਨੂੰ ਆਪਣੇ ਭਰਾ ਏਸਾਓ ਕੋਲ, ਸ਼ੇਈਰ ਦੇਸ਼ ਅਤੇ ਅਦੋਮ ਦੇ ਮੈਦਾਨ ਵਿੱਚ ਭੇਜਿਆ4ਅਤੇ ਉਨ੍ਹਾਂ ਨੂੰ ਹੁਕਮ ਦੇ ਕੇ ਆਖਿਆ ਕਿ ਤੁਸੀਂ ਮੇਰੇ ਸਵਾਮੀ ਏਸਾਓ ਨੂੰ ਇਸ ਤਰ੍ਹਾਂ ਆਖੋ, ਤੁਹਾਡਾ ਦਾਸ ਯਾਕੂਬ ਇਹ ਆਖਦਾ ਹੈ ਕਿ ਮੈਂ ਲਾਬਾਨ ਕੋਲ ਜਾ ਠਹਿਰਿਆ ਅਤੇ ਹੁਣ ਤੱਕ ਉੱਥੇ ਹੀ ਰਿਹਾ ।5ਮੇਰੇ ਕੋਲ ਬਲ਼ਦ, ਗਧੇ, ਇੱਜੜ ਅਤੇ ਦਾਸ-ਦਾਸੀਆਂ ਹਨ ਅਤੇ ਮੈਂ ਆਪਣੇ ਸਵਾਮੀ ਨੂੰ ਇਹ ਦੱਸਣ ਲਈ ਇਨ੍ਹਾਂ ਨੂੰ ਭੇਜਿਆ ਹੈ ਕਿ ਤੁਹਾਡੀਆਂ ਅੱਖਾਂ ਵਿੱਚ ਮੇਰੇ ਲਈ ਦਯਾ ਹੋਵੇ ।
6ਯਾਕੂਬ ਦੇ ਸੰਦੇਸ਼-ਵਾਹਕਾਂ ਨੇ ਮੁੜ ਆ ਕੇ ਯਾਕੂਬ ਨੂੰ ਦੱਸਿਆ ਕਿ ਅਸੀਂ ਤੇਰੇ ਭਰਾ ਏਸਾਓ ਕੋਲ ਗਏ ਸੀ । ਉਹ ਵੀ ਤੁਹਾਨੂੰ ਮਿਲਣ ਲਈ ਆਉਂਦਾ ਹੈ ਅਤੇ ਉਹ ਦੇ ਨਾਲ ਚਾਰ ਸੌ ਆਦਮੀ ਹਨ ।7ਤਦ ਯਾਕੂਬ ਬਹੁਤ ਡਰ ਗਿਆ ਅਤੇ ਘਬਰਾਇਆ, ਉਪਰੰਤ ਉਸ ਨੇ ਆਪਣੇ ਨਾਲ ਦੇ ਲੋਕਾਂ, ਇੱਜੜਾਂ, ਬਲ਼ਦਾਂ ਅਤੇ ਊਠਾਂ ਨੂੰ ਲੈ ਕੇ ਉਨ੍ਹਾਂ ਦੀਆਂ ਦੋ ਟੋਲੀਆਂ ਬਣਾਈਆਂ8ਅਤੇ ਆਖਿਆ, ਜੇਕਰ ਏਸਾਓ ਇੱਕ ਟੋਲੀ ਉੱਤੇ ਹਮਲਾ ਕਰੇ ਅਤੇ ਉਸ ਨੂੰ ਮਾਰ ਸੁੱਟੇ ਤਦ ਦੂਜੀ ਟੋਲੀ ਜਿਹੜੀ ਬਾਕੀ ਰਹੇ ਬਚ ਜਾਵੇਗੀ ।
9ਫਿਰ ਯਾਕੂਬ ਨੇ ਆਖਿਆ, ਹੇ ਮੇਰੇ ਪਿਤਾ ਅਬਰਾਹਾਮ ਦੇ ਪਰਮੇਸ਼ੁਰ ਅਤੇ ਮੇਰੇ ਪਿਤਾ ਇਸਹਾਕ ਦੇ ਪਰਮੇਸ਼ੁਰ ਯਹੋਵਾਹ ਜਿਸ ਆਖਿਆ ਕਿ ਤੂੰ ਆਪਣੇ ਦੇਸ਼ ਅਤੇ ਆਪਣਿਆਂ ਸਬੰਧੀਆਂ ਕੋਲ ਮੁੜ ਜਾ ਅਤੇ ਮੈਂ ਤੇਰੇ ਸੰਗ ਭਲਿਆਈ ਕਰਾਂਗਾ:10ਮੈਂ ਤਾਂ ਉਨ੍ਹਾਂ ਸਾਰੀਆਂ ਦਿਆਲਗੀਆਂ ਅਤੇ ਉਸ ਸਾਰੀ ਸਚਿਆਈ ਤੋਂ ਜਿਹੜੀ ਤੂੰ ਆਪਣੇ ਦਾਸ ਨਾਲ ਕੀਤੀ ਬਹੁਤ ਹੀ ਛੋਟਾ ਹਾਂ । ਮੈਂ ਤਾਂ ਆਪਣੀ ਲਾਠੀ ਦੇ ਨਾਲ ਹੀ ਯਰਦਨ ਦੇ ਪਾਰ ਲੰਘਿਆ ਸੀ ਪਰ ਹੁਣ ਮੈਂ ਦੋ ਟੋਲੀਆਂ ਹੋ ਗਿਆ ਹਾਂ ।
11ਕਿਰਪਾ ਕਰਕੇ ਮੈਨੂੰ ਮੇਰੇ ਭਰਾ ਏਸਾਓ ਦੇ ਹੱਥੋਂ ਛੁਡਾ ਲਵੀਂ ਕਿਉਂ ਜੋ ਮੈਂ ਉਸ ਤੋਂ ਡਰਦਾ ਹਾਂ ਕਿਤੇ ਉਹ ਆ ਕੇ ਮੈਨੂੰ ਅਤੇ ਮਾਵਾਂ ਨੂੰ ਪੁੱਤਰਾਂ ਸਮੇਤ ਨਾ ਮਾਰ ਸੁੱਟੇ ।12ਤੂੰ ਤਾਂ ਆਖਿਆ, ਕਿ ਮੈਂ ਤੇਰੇ ਨਾਲ ਭਲਿਆਈ ਹੀ ਭਲਿਆਈ ਕਰਾਂਗਾ ਅਤੇ ਤੇਰੀ ਅੰਸ ਨੂੰ ਸਮੁੰਦਰ ਦੀ ਰੇਤ ਵਾਂਗੂੰ ਵਧਾਵਾਂਗਾ, ਜਿਹੜੀ ਬਹੁਤਾਇਤ ਦੇ ਕਾਰਨ ਗਿਣੀ ਨਹੀਂ ਜਾਂਦੀ ।
13ਉਹ ਉਸ ਰਾਤ ਉੱਥੇ ਹੀ ਰਿਹਾ ਅਤੇ ਜੋ ਕੁਝ ਉਸ ਦੇ ਕੋਲ ਸੀ ਉਸ ਵਿੱਚੋਂ ਕੁਝ ਆਪਣੇ ਭਰਾ ਏਸਾਓ ਨੂੰ ਨਜ਼ਰਾਨਾ ਦੇਣ ਲਈ ਲਿਆ14ਅਰਥਾਤ ਦੋ ਸੌ ਬੱਕਰੀਆਂ, ਵੀਹ ਬੱਕਰੇ, ਦੋ ਸੌ ਭੇਡਾਂ, ਵੀਹ ਮੇਂਢੇ,15ਤੀਹ ਸੂਈਆਂ ਹੋਈਆਂ ਊਠਣੀਆਂ ਬੱਚਿਆਂ ਸਮੇਤ, ਚਾਲ੍ਹੀ ਗਊਆਂ, ਦਸ ਸਾਨ੍ਹ, ਵੀਹ ਗਧੀਆਂ ਅਤੇ ਉਹਨਾਂ ਦੇ ਦਸ ਬੱਚੇ ।16ਉਸ ਨੇ ਉਨ੍ਹਾਂ ਦੇ ਝੁੰਡ ਵੱਖਰੇ-ਵੱਖਰੇ ਕਰ ਕੇ ਆਪਣੇ ਸੇਵਕਾਂ ਦੇ ਹੱਥ ਦੇ ਦਿੱਤੇ ਅਤੇ ਆਪਣੇ ਸੇਵਕਾਂ ਨੂੰ ਆਖਿਆ, ਤੁਸੀਂ ਮੇਰੇ ਅੱਗੇ-ਅੱਗੇ ਪਾਰ ਲੰਘ ਜਾਓ ਅਤੇ ਵੱਗਾਂ ਦੇ ਵਿਚਕਾਰ ਥੋੜ੍ਹਾ-ਥੋੜ੍ਹਾ ਫ਼ਾਸਲਾ ਰੱਖੋ ।
17ਸਭ ਤੋਂ ਅੱਗੇ ਜਾਣ ਵਾਲੇ ਝੁੰਡ ਦੇ ਰਖਵਾਲੇ ਨੂੰ ਉਸ ਨੇ ਇਹ ਹੁਕਮ ਦਿੱਤਾ, ਕਿ ਜਦ ਤੈਨੂੰ ਮੇਰਾ ਭਰਾ ਏਸਾਓ ਮਿਲੇ ਅਤੇ ਉਹ ਪੁੱਛੇ, ਤੂੰ ਕਿਸ ਦਾ ਦਾਸ ਹੈਂ, ਕਿੱਧਰ ਨੂੰ ਜਾਂਦਾ ਹੈਂ ਅਤੇ ਇਹ ਤੇਰੇ ਅੱਗੇ ਜਾਣ ਵਾਲੇ ਕਿਸ ਦੇ ਹਨ ?18ਤਾਂ ਤੂੰ ਆਖੀਂ ਇਹ ਤੁਹਾਡੇ ਦਾਸ ਯਾਕੂਬ ਦੇ ਹਨ । ਇਹ ਇੱਕ ਨਜ਼ਰਾਨਾ ਹੈ ਜਿਹੜਾ ਮੇਰੇ ਸਵਾਮੀ ਨੇ ਏਸਾਓ ਲਈ ਭੇਜਿਆ ਹੈ ਅਤੇ ਵੇਖੋ, ਉਹ ਵੀ ਸਾਡੇ ਪਿੱਛੇ ਹੈ ।
19ਅਤੇ ਉਸ ਨੇ ਦੂਜੇ ਅਤੇ ਤੀਜੇ ਰਖਵਾਲਿਆਂ ਨੂੰ ਸਗੋਂ ਸਾਰਿਆਂ ਨੂੰ ਜਿਹੜੇ ਝੁੰਡ ਦੇ ਪਿੱਛੇ ਆਉਂਦੇ ਸਨ, ਹੁਕਮ ਦਿੱਤਾ ਕਿ ਜਦ ਤੁਸੀਂ ਏਸਾਓ ਨੂੰ ਮਿਲੋ ਤਾਂ ਤੁਸੀਂ ਇਸੇ ਤਰ੍ਹਾਂ ਹੀ ਆਖਣਾ ।20ਅਤੇ ਇਹ ਵੀ ਆਖਣਾ, ਵੇਖੋ, ਤੁਹਾਡਾ ਦਾਸ ਯਾਕੂਬ ਸਾਡੇ ਪਿੱਛੇ-ਪਿੱਛੇ ਆ ਰਿਹਾ ਹੈ ਕਿਉਂ ਜੋ ਉਸ ਨੇ ਆਖਿਆ ਕਿ ਇਸ ਨਜ਼ਰਾਨੇ ਨਾਲ ਜਿਹੜਾ ਮੇਰੇ ਅੱਗੇ-ਅੱਗੇ ਜਾਂਦਾ ਹੈ ਮੈਂ ਉਸ ਦਾ ਗੁੱਸਾ ਠੰਡਾ ਕਰਾਂਗਾ ਅਤੇ ਇਸ ਤੋਂ ਬਾਅਦ ਹੀ ਉਹ ਦਾ ਮੂੰਹ ਵੇਖਾਂਗਾ, ਸ਼ਾਇਦ ਉਹ ਮੈਨੂੰ ਕਬੂਲ ਕਰੇ ।21ਇਸ ਲਈ ਉਹ ਨਜ਼ਰਾਨਾ ਉਸ ਤੋਂ ਅੱਗੇ ਪਾਰ ਲੰਘ ਗਿਆ ਅਤੇ ਉਹ ਆਪ ਉਸ ਰਾਤ ਆਪਣੀ ਟੋਲੀ ਨਾਲ ਰਿਹਾ ।
ਯਾਕੂਬ ਦਾ ਮਲ ਯੁੱਧ

22ਉਹ ਉਸੇ ਰਾਤ ਉੱਠਿਆ ਅਤੇ ਆਪਣੀਆਂ ਦੋਵੇਂ ਪਤਨੀਆਂ, ਦੋਵੇਂ ਦਾਸੀਆਂ ਅਤੇ ਗਿਆਰਾਂ ਪੁੱਤਰਾਂ ਨੂੰ ਲੈ ਕੇ ਯੱਬੋਕ ਨਦੀ ਤੋਂ ਪਾਰ ਲੰਘਾ ਦਿੱਤਾ ।23ਉਸ ਨੇ ਉਨ੍ਹਾਂ ਨੂੰ ਅਤੇ ਜੋ ਉਸ ਦੇ ਕੋਲ ਸੀ, ਪਾਰ ਲੰਘਾ ਦਿੱਤਾ ।
24ਅਤੇ ਯਾਕੂਬ ਇਕੱਲਾ ਰਹਿ ਗਿਆ, ਉਸ ਦੇ ਨਾਲ ਇੱਕ ਮਨੁੱਖ ਦਿਨ ਚੜ੍ਹਨ ਤੱਕ ਘੁਲਦਾ ਰਿਹਾ ।25ਜਦ ਉਸ ਨੇ ਵੇਖਿਆ ਕਿ ਮੈਂ ਯਾਕੂਬ ਤੋਂ ਜਿੱਤ ਨਹੀਂ ਸਕਦਾ ਤਾਂ ਉਸ ਨੇ ਯਾਕੂਬ ਦੇ ਪੱਟ ਦੇ ਜੋੜ ਨੂੰ ਹੱਥ ਲਾਇਆ ਅਤੇ ਯਾਕੂਬ ਦੇ ਪੱਟ ਦਾ ਜੋੜ ਉਸ ਦੇ ਨਾਲ ਘੁਲਨ ਦੇ ਕਾਰਨ ਨਿੱਕਲ ਗਿਆ ।26ਤਦ ਉਸ ਮਨੁੱਖ ਨੇ ਆਖਿਆ, ਮੈਨੂੰ ਜਾਣ ਦੇ ਕਿਉਂ ਜੋ ਦਿਨ ਚੜ੍ਹ ਗਿਆ ਹੈ । ਯਾਕੂਬ ਨੇ ਆਖਿਆ, ਮੈਂ ਤੈਨੂੰ ਨਹੀਂ ਜਾਣ ਦਿਆਂਗਾ, ਜਦ ਤੱਕ ਤੂੰ ਮੈਨੂੰ ਬਰਕਤ ਨਾ ਦੇਵੇਂ ।
27ਤਾਂ ਉਸ ਨੇ ਪੁੱਛਿਆ, ਤੇਰਾ ਨਾਮ ਕੀ ਹੈ ? ਉਸ ਨੇ ਆਖਿਆ, ਯਾਕੂਬ ।28ਤਦ ਉਸ ਨੇ ਆਖਿਆ, ਤੇਰਾ ਨਾਮ ਹੁਣ ਤੋਂ ਯਾਕੂਬ ਨਹੀਂ ਸਗੋਂ ਇਸਰਾਏਲ ਹੋਵੇਗਾ ਕਿਉਂ ਜੋ ਤੂੰ ਪਰਮੇਸ਼ੁਰ ਅਤੇ ਮਨੁੱਖਾਂ ਨਾਲ ਯੁੱਧ ਕਰ ਕੇ ਜਿੱਤ ਗਿਆ ਹੈਂ ।
29ਤਾਂ ਯਾਕੂਬ ਨੇ ਆਖਿਆ, ਕਿਰਪਾ ਕਰਕੇ ਮੈਨੂੰ ਆਪਣਾ ਨਾਮ ਦੱਸੋ ? ਉਸ ਨੇ ਆਖਿਆ, ਤੂੰ ਮੇਰਾ ਨਾਮ ਕਿਉਂ ਪੁੱਛਦਾ ਹੈਂ ? ਤਦ ਉਸ ਨੇ ਉਹ ਨੂੰ ਉੱਥੇ ਬਰਕਤ ਦਿੱਤੀ ।30ਯਾਕੂਬ ਨੇ ਇਹ ਆਖ ਕੇ ਉਸ ਸਥਾਨ ਦਾ ਨਾਮ ਪਨੀਏਲ ਰੱਖਿਆ ਕਿਉਂ ਜੋ ਉਸ ਨੇ ਪਰਮੇਸ਼ੁਰ ਨੂੰ ਆਹਮੋ-ਸਾਹਮਣੇ ਵੇਖਿਆ ਅਤੇ ਉਸ ਦੀ ਜਾਨ ਬਚ ਗਈ ।
31ਜਦ ਉਹ ਪਨੀਏਲ ਤੋਂ ਪਾਰ ਲੰਘ ਗਿਆ ਤਾਂ ਸੂਰਜ ਚੜ੍ਹ ਗਿਆ ਸੀ ਅਤੇ ਉਹ ਆਪਣੇ ਪੱਟ ਤੋਂ ਲੰਗੜਾ ਕੇ ਤੁਰਦਾ ਸੀ ।32ਇਸ ਲਈ ਇਸਰਾਏਲੀ ਉਸ ਨਾੜੀ ਦੇ ਪੱਠੇ ਨੂੰ ਜਿਹੜਾ ਪੱਟ ਦੇ ਜੋੜ ਉੱਤੇ ਹੈ, ਅੱਜ ਤੱਕ ਨਹੀਂ ਖਾਂਦੇ ਕਿਉਂ ਜੋ ਉਸ ਮਨੁੱਖ ਨੇ ਯਾਕੂਬ ਦੀ ਨਾੜੀ ਦੇ ਪੱਠੇ ਨੂੰ ਪੱਟ ਦੇ ਜੋੜ ਕੋਲ ਹੱਥ ਲਾ ਦਿੱਤਾ ਸੀ ।

33
ਯਾਕੂਬ ਅਤੇ ਏਸਾਓ ਦਾ ਮੇਲ

1ਯਾਕੂਬ ਨੇ ਆਪਣੀਆਂ ਅੱਖਾਂ ਚੁੱਕ ਕੇ ਵੇਖਿਆ ਕਿ ਏਸਾਓ ਆ ਰਿਹਾ ਸੀ ਅਤੇ ਉਸ ਦੇ ਨਾਲ ਚਾਰ ਸੌ ਆਦਮੀ ਹਨ, ਤਦ ਉਸ ਨੇ ਬੱਚਿਆਂ ਨੂੰ ਲੇਆਹ, ਰਾਖ਼ੇਲ ਅਤੇ ਦੋਵੇਂ ਦਾਸੀਆਂ ਵਿੱਚ ਵੰਡ ਦਿੱਤਾ ਅਤੇ ਉਸ ਨੇ ਦਾਸੀਆਂ ਨੂੰ ਅਤੇ ਉਹਨਾਂ ਦੇ ਬੱਚਿਆਂ ਨੂੰ ਸਾਰਿਆਂ ਤੋਂ ਅੱਗੇ ਰੱਖਿਆ ।2ਲੇਆਹ ਅਤੇ ਉਸ ਦੇ ਬੱਚਿਆਂ ਨੂੰ ਉਨ੍ਹਾਂ ਦੇ ਪਿੱਛੇ ਅਤੇ ਰਾਖ਼ੇਲ ਅਤੇ ਯੂਸੁਫ਼ ਨੂੰ ਸਾਰਿਆਂ ਤੋਂ ਪਿੱਛੇ ਰੱਖਿਆ ।3ਪਰ ਉਹ ਆਪ ਉਨ੍ਹਾਂ ਦੇ ਅੱਗੇ-ਅੱਗੇ ਪਾਰ ਲੰਘਿਆ ਅਤੇ ਸੱਤ ਵਾਰ ਧਰਤੀ ਉੱਤੇ ਆਪਣੇ ਆਪ ਨੂੰ ਝੁਕਾਇਆ ਜਦ ਤੱਕ ਉਸ ਏਸਾਓ ਕੋਲ ਨਾ ਪਹੁੰਚਿਆ ।

4ਤਦ ਏਸਾਓ ਉਸ ਦੇ ਮਿਲਣ ਨੂੰ ਨੱਠਾ ਅਤੇ ਉਸ ਨੂੰ ਜੱਫੀ ਪਾਈ ਅਤੇ ਉਸ ਦੇ ਗਲ੍ਹ ਵਿੱਚ ਬਾਹਾਂ ਪਾ ਕੇ ਉਸ ਨੂੰ ਚੁੰਮਿਆ ਅਤੇ ਦੋਵੇਂ ਰੋਣ ਲੱਗੇ ।5ਫੇਰ ਏਸਾਓ ਨੇ ਅੱਖਾਂ ਚੁੱਕ ਕੇ ਇਸਤਰੀਆਂ ਅਤੇ ਬੱਚਿਆਂ ਨੂੰ ਵੇਖਿਆਂ ਅਤੇ ਪੁੱਛਿਆ, ਤੇਰੇ ਨਾਲ ਇਹ ਕੌਣ ਹਨ ? ਤਾਂ ਉਸ ਨੇ ਆਖਿਆ, ਇਹ ਓਹ ਬੱਚੇ ਹਨ, ਜਿਹੜੇ ਪਰਮੇਸ਼ੁਰ ਨੇ ਤੇਰੇ ਦਾਸ ਨੂੰ ਬਖ਼ਸ਼ੇ ਹਨ ।
6ਤਦ ਦਾਸੀਆਂ ਅਤੇ ਉਨ੍ਹਾਂ ਦੇ ਬੱਚਿਆਂ ਦੇ ਨੇੜੇ ਆ ਕੇ ਆਪਣੇ ਆਪ ਨੂੰ ਝੁਕਾਇਆ ।7ਫੇਰ ਲੇਆਹ ਅਤੇ ਉਸ ਦੇ ਬੱਚਿਆਂ ਨੇ ਨੇੜੇ ਆ ਕੇ ਆਪਣੇ ਆਪ ਨੂੰ ਝੁਕਾਇਆ ਅਤੇ ਅਖ਼ੀਰ ਵਿੱਚ ਯੂਸੁਫ਼ ਅਤੇ ਰਾਖ਼ੇਲ ਨੇ ਨੇੜੇ ਆ ਕੇ ਆਪਣੇ ਆਪ ਨੂੰ ਝੁਕਾਇਆ ।8ਤਦ ਏਸਾਓ ਨੇ ਪੁੱਛਿਆ, ਇਸ ਸਾਰੀ ਟੋਲੀ ਤੋਂ ਜਿਹੜੀ ਮੈਨੂੰ ਮਿਲੀ, ਤੇਰਾ ਕੀ ਉਦੇਸ਼ ਹੈ ? ਉਸ ਨੇ ਆਖਿਆ, ਇਸ ਲਈ ਜੋ ਮੇਰੇ ਸਵਾਮੀ ਦੀ ਕਿਰਪਾ ਮੇਰੇ ਉੱਤੇ ਹੋਵੇ ।
9ਤਦ ਏਸਾਓ ਨੇ ਆਖਿਆ, ਹੇ ਮੇਰੇ ਭਰਾ, ਮੇਰੇ ਕੋਲ ਤਾਂ ਬਹੁਤ ਕੁਝ ਹੈ, ਅਤੇ ਜੋ ਤੇਰਾ ਹੈ ਉਹ ਤੂੰ ਆਪਣੇ ਕੋਲ ਹੀ ਰੱਖ ।10ਯਾਕੂਬ ਨੇ ਆਖਿਆ, ਨਹੀਂ ! ਜੇ ਤੇਰੀ ਕਿਰਪਾ ਦੀ ਨਜ਼ਰ ਮੇਰੇ ਉੱਤੇ ਹੈ ਤਾਂ ਮੇਰਾ ਨਜ਼ਰਾਨਾ ਮੇਰੇ ਹੱਥੋਂ ਕਬੂਲ ਕਰ, ਕਿਉਂ ਜੋ ਮੇਰੇ ਲਈ ਤੇਰੇ ਮੁੱਖ ਨੂੰ ਵੇਖਣਾ ਜਾਣੋ ਪਰਮੇਸ਼ੁਰ ਦੇ ਮੁੱਖ ਨੂੰ ਵੇਖਣ ਦੇ ਬਰਾਬਰ ਹੈ, ਅਤੇ ਤੂੰ ਮੈਥੋਂ ਪ੍ਰਸੰਨ ਹੋਇਆ ਹੈਂ ।11ਮੇਰਾ ਨਜ਼ਰਾਨਾ ਜਿਹੜਾ ਮੈਂ ਤੇਰੇ ਕੋਲ ਭੇਜਿਆ ਹੈ, ਕਬੂਲ ਕਰ ਕਿਉਂ ਜੋ ਪਰਮੇਸ਼ੁਰ ਨੇ ਮੇਰੇ ਉੱਤੇ ਦਯਾ ਕੀਤੀ ਹੈ ਅਤੇ ਮੇਰੇ ਕੋਲ ਸਭ ਕੁਝ ਹੈ । ਜਦ ਉਸ ਨੇ ਉਹ ਦੀ ਬਹੁਤ ਮਿੰਨਤ ਕੀਤੀ ਤਾਂ ਉਸ ਨੇ ਕਬੂਲ ਕਰ ਲਿਆ ।
12ਫੇਰ ਏਸਾਓ ਨੇ ਆਖਿਆ, ਆ, ਅਸੀਂ ਆਪਣੇ ਰਾਹ ਨੂੰ ਚੱਲੀਏ ਅਤੇ ਮੈਂ ਤੇਰੇ ਅੱਗੇ-ਅੱਗੇ ਚੱਲਾਂਗਾ ।13ਪਰ ਯਾਕੂਬ ਨੇ ਉਹ ਨੂੰ ਆਖਿਆ, ਮੇਰਾ ਸਵਾਮੀ ਜਾਣਦਾ ਹੈ ਕਿ ਮੇਰੇ ਨਾਲ ਸੋਹਲ ਬੱਚੇ ਹਨ ਅਤੇ ਮੇਰੇ ਕੋਲ ਭੇਡਾਂ-ਬੱਕਰੀਆਂ ਅਤੇ ਲਵੇਰੀਆਂ ਗਊਆਂ ਹਨ, ਜੇ ਓਹ ਇੱਕ ਦਿਨ ਤੋਂ ਵੱਧ ਹੱਕੇ ਗਏ ਤਾਂ ਸਾਰੇ ਇੱਜੜ ਮਰ ਜਾਣਗੇ ।14ਮੇਰਾ ਸਵਾਮੀ ਆਪਣੇ ਦਾਸ ਤੋਂ ਅੱਗੇ ਪਾਰ ਲੰਘ ਜਾਵੇ ਅਤੇ ਮੈਂ ਹੌਲੀ-ਹੌਲੀ ਪਸ਼ੂਆਂ ਦੀ ਤੋਰ ਅਨੁਸਾਰ ਜਿਹੜੇ ਮੇਰੇ ਅੱਗੇ ਹਨ, ਅਤੇ ਬੱਚਿਆਂ ਦੀ ਤੋਰ ਅਨੁਸਾਰ ਆਵਾਂਗਾ, ਜਦ ਤੱਕ ਮੈਂ ਆਪਣੇ ਸਵਾਮੀ ਕੋਲ ਸ਼ੇਈਰ ਵਿੱਚ ਨਾ ਪਹੁੰਚਾਂ ।
15ਤਦ ਏਸਾਓ ਨੇ ਆਖਿਆ, ਮੈਂ ਆਪਣੇ ਨਾਲ ਦੇ ਲੋਕਾਂ ਵਿੱਚੋਂ ਕੁਝ ਨੂੰ ਤੇਰੇ ਕੋਲ ਛੱਡ ਦਿੰਦਾ ਹਾਂ । ਪਰ ਉਸ ਨੇ ਆਖਿਆ, ਇਸ ਦੀ ਕੀ ਲੋੜ ਹੈ ? ਪਰ ਮੇਰੇ ਸਵਾਮੀ ਦੀ ਕਿਰਪਾ ਮੇਰੇ ਉੱਤੇ ਹੋਵੇ, ਇੰਨ੍ਹਾਂ ਹੀ ਮੇਰੇ ਲਈ ਬਹੁਤ ਹੈ ।16ਤਦ ਉਸੇ ਦਿਨ ਏਸਾਓ ਨੇ ਫੇਰ ਸ਼ੇਈਰ ਦਾ ਰਾਹ ਫੜਿਆ ।17ਯਾਕੂਬ ਸੁੱਕੋਥ ਦੇ ਰਾਹ ਪੈ ਗਿਆ, ਅਤੇ ਆਪਣੇ ਲਈ ਇੱਕ ਘਰ ਬਣਾਇਆ ਅਤੇ ਆਪਣੇ ਪਸ਼ੂਆਂ ਲਈ ਛੱਪਰ ਬਣਾਏ । ਇਸ ਲਈ ਉਸ ਸਥਾਨ ਦਾ ਨਾਮ ਸੁੱਕੋਥ ਪੈ ਗਿਆ ।
18ਯਾਕੂਬ ਸ਼ਾਂਤੀ ਨਾਲ ਪਦਨ ਅਰਾਮ ਵਿੱਚੋਂ ਨਿੱਕਲ ਕੇ ਕਨਾਨ ਦੇਸ਼ ਦੇ ਨਗਰ ਸ਼ਕਮ ਵਿੱਚ ਆਇਆ, ਅਤੇ ਨਗਰ ਦੇ ਅੱਗੇ ਆਪਣਾ ਡੇਰਾ ਲਾਇਆ19ਅਤੇ ਪੈਲੀ ਦਾ ਖੱਤਾ ਜਿੱਥੇ ਉਸ ਨੇ ਆਪਣਾ ਤੰਬੂ ਲਾਇਆ, ਉਹ ਉਸ ਨੇ ਸ਼ਕਮ ਦੇ ਪਿਤਾ ਹਮੋਰ ਦੇ ਪੁੱਤਰਾਂ ਦੇ ਹੱਥੋਂ ਚਾਂਦੀ ਦੇ ਸੌ ਸਿੱਕਿਆਂ ਨਾਲ ਮੁੱਲ ਲਿਆ ਸੀ ।20ਉੱਥੇ ਉਸ ਨੇ ਇੱਕ ਜਗਵੇਦੀ ਬਣਾਈ ਅਤੇ ਉਸ ਦਾ ਨਾਮ ਨੂੰ ਏਲ-ਏਲੋਹੇ ਇਸਰਾਏਲ ਰੱਖਿਆ ।

34
ਦੀਨਾਹ ਨੂੰ ਭ੍ਰਿਸ਼ਟ ਕੀਤਾ ਜਾਣਾ

1ਫਿਰ ਲੇਆਹ ਦੀ ਧੀ ਦੀਨਾਹ, ਜਿਹੜੀ ਯਾਕੂਬ ਤੋਂ ਪੈਦਾ ਹੋਈ ਸੀ, ਉਸ ਦੇਸ਼ ਦੀਆਂ ਧੀਆਂ ਨੂੰ ਮਿਲਣ ਲਈ ਬਾਹਰ ਗਈ ।2ਤਦ ਹਮੋਰ ਹਿੱਵੀ ਦੇ ਪੁੱਤਰ ਸ਼ਕਮ, ਉਸ ਦੇਸ਼ ਦੇ ਸ਼ਹਿਜਾਦੇ ਨੇ ਉਹ ਨੂੰ ਵੇਖਿਆ ਅਤੇ ਉਹ ਨੂੰ ਲੈ ਕੇ ਉਹ ਦੇ ਨਾਲ ਕੁਕਰਮ ਕੀਤਾ ਅਤੇ ਉਸ ਨੂੰ ਭ੍ਰਿਸ਼ਟ ਕੀਤਾ ।3ਤਦ ਉਸ ਦਾ ਦਿਲ ਯਾਕੂਬ ਦੀ ਧੀ ਦੀਨਾਹ ਨਾਲ ਲੱਗ ਗਿਆ ਅਤੇ ਉਹ ਨੇ ਉਸ ਕੁੜੀ ਨਾਲ ਪ੍ਰੇਮ ਕੀਤਾ ਅਤੇ ਉਸ ਕੁੜੀ ਨਾਲ ਮਿੱਠੇ ਬੋਲ ਬੋਲੇ ।

4ਸੋ ਸ਼ਕਮ ਨੇ ਆਪਣੇ ਪਿਤਾ ਹਮੋਰ ਨੂੰ ਆਖਿਆ, ਇਸ ਕੁੜੀ ਨੂੰ ਮੇਰੇ ਨਾਲ ਵਿਆਹੁਣ ਲਈ ਲੈ ਦੇ ।5ਯਾਕੂਬ ਨੇ ਸੁਣਿਆ ਕਿ ਸ਼ਕਮ ਨੇ ਮੇਰੀ ਧੀ ਦੀਨਾਹ ਨੂੰ ਭ੍ਰਿਸ਼ਟ ਕੀਤਾ ਹੈ ਪਰ ਉਹ ਦੇ ਪੁੱਤਰ ਪਸ਼ੂਆਂ ਦੇ ਨਾਲ ਮੈਦਾਨ ਨੂੰ ਗਏ ਹੋਏ ਸਨ, ਇਸ ਲਈ ਯਾਕੂਬ ਓਹਨਾਂ ਦੇ ਆਉਣ ਤੱਕ ਚੁੱਪ ਰਿਹਾ ।
6ਫਿਰ ਹਮੋਰ ਸ਼ਕਮ ਦਾ ਪਿਤਾ ਯਾਕੂਬ ਦੇ ਨਾਲ ਗੱਲਾਂ ਕਰਨ ਲਈ ਉਹ ਦੇ ਕੋਲ ਬਾਹਰ ਗਿਆ7ਅਤੇ ਯਾਕੂਬ ਦੇ ਪੁੱਤਰ ਇਹ ਸੁਣਦਿਆਂ ਹੀ ਮੈਦਾਨ ਤੋਂ ਬਹੁਤ ਦੁਖੀ ਹੋ ਕੇ ਅਤੇ ਗੁੱਸੇ ਵਿੱਚ ਆਏ ਕਿਉਂ ਜੋ ਸ਼ਕਮ ਨੇ ਯਾਕੂਬ ਦੀ ਧੀ ਨਾਲ ਲੇਟ ਕੇ ਇਸਰਾਏਲ ਵਿੱਚ ਅਜਿਹੀ ਮੂਰਖਤਾਈ ਕੀਤੀ ਸੀ ਜੋ ਉਸ ਨੂੰ ਨਹੀਂ ਕਰਨੀ ਚਾਹੀਦੀ ਸੀ ।
8ਹਮੋਰ ਨੇ ਉਨ੍ਹਾਂ ਦੇ ਨਾਲ ਇਹ ਗੱਲ ਕੀਤੀ, ਮੇਰੇ ਪੁੱਤਰ ਸ਼ਕਮ ਦਾ ਦਿਲ ਤੁਹਾਡੀ ਧੀ ਨਾਲ ਲੱਗ ਗਿਆ ਹੈ, ਇਸ ਲਈ ਉਹ ਨੂੰ ਇਹ ਦੇ ਨਾਲ ਵਿਆਹ ਦਿਉ,9ਅਤੇ ਸਾਡੇ ਨਾਲ ਰਿਸ਼ਤੇਦਾਰੀ ਕਰੋ । ਸਾਨੂੰ ਆਪਣੀਆਂ ਧੀਆਂ ਦੇ ਦਿਉ ਅਤੇ ਆਪਣੇ ਲਈ ਸਾਡੀਆਂ ਧੀਆਂ ਲੈ ਲਉ,10ਅਤੇ ਸਾਡੇ ਨਾਲ ਵੱਸੋ ਅਤੇ ਇਹ ਦੇਸ਼ ਤੁਹਾਡੇ ਅੱਗੇ ਹੈ, ਇੱਥੇ ਵੱਸੋ ਅਤੇ ਵਣਜ-ਵਪਾਰ ਕਰੋ ਅਤੇ ਉਸ ਨੂੰ ਆਪਣੀ ਨਿੱਜ-ਸੰਪਤੀ ਬਣਾਓ ।
11ਸ਼ਕਮ ਨੇ ਵੀ ਦੀਨਾਹ ਦੇ ਪਿਤਾ ਅਤੇ ਉਹ ਦੇ ਭਰਾਵਾਂ ਨੂੰ ਆਖਿਆ, ਜੇ ਤੁਹਾਡੀ ਨਿਗਾਹ ਵਿੱਚ ਮੇਰੇ ਲਈ ਦਯਾ ਹੋਵੇ ਤਾਂ ਜੋ ਤੁਸੀਂ ਮੈਨੂੰ ਆਖੋ, ਸੋ ਮੈਂ ਦਿਆਂਗਾ ।12ਜਿੰਨ੍ਹਾਂ ਵੀ ਦਾਜ ਅਤੇ ਦਾਨ ਤੁਸੀਂ ਮੇਰੇ ਉੱਤੇ ਲਾ ਦਿਓਗੇ, ਮੈਂ ਤੁਹਾਡੇ ਆਖੇ ਅਨੁਸਾਰ ਦਿਆਂਗਾ ਪਰ ਇਹ ਕੁੜੀ ਮੇਰੇ ਨਾਲ ਵਿਆਹ ਦਿਉ ।13ਤਦ ਇਹ ਸੋਚ ਕੇ ਕਿ ਸ਼ਕਮ ਨੇ ਉਨ੍ਹਾਂ ਦੀ ਭੈਣ ਦੀਨਾਹ ਨੂੰ ਭ੍ਰਿਸ਼ਟ ਕੀਤਾ ਹੈ, ਯਾਕੂਬ ਦੇ ਪੁੱਤਰਾਂ ਨੇ ਸ਼ਕਮ ਅਤੇ ਉਹ ਦੇ ਪਿਤਾ ਹਮੋਰ ਨੂੰ ਧੋਖੇ ਨਾਲ ਉੱਤਰ ਦਿੱਤਾ ।
14ਉਨ੍ਹਾਂ ਨੂੰ ਆਖਿਆ, ਅਸੀਂ ਇਹ ਕੰਮ ਨਹੀਂ ਕਰ ਸਕਦੇ ਜੋ ਆਪਣੀ ਭੈਣ ਬੇਸੁੰਨਤੇ ਮਨੁੱਖ ਨੂੰ ਦੇਈਏ ਕਿਉਂ ਜੋ ਇਸ ਤੋਂ ਸਾਡੀ ਬਦਨਾਮੀ ਹੋਵੇਗੀ ।15ਅਸੀਂ ਸਿਰਫ਼ ਤਾਂ ਹੀ ਤੁਹਾਡੀ ਗੱਲ ਮੰਨਾਂਗੇ, ਜੇ ਤੁਸੀਂ ਸਾਡੇ ਵਾਂਗੂੰ ਹੋ ਜਾਓ ਅਤੇ ਤੁਹਾਡੇ ਵਿੱਚ ਹਰ ਇੱਕ ਪੁਰਖ ਦੀ ਸੁੰਨਤ ਕਰਾਈ ਜਾਏ ।16ਤਦ ਅਸੀਂ ਆਪਣੀਆਂ ਧੀਆਂ ਤੁਹਾਨੂੰ ਦਿਆਂਗੇ, ਅਤੇ ਤੁਹਾਡੀਆਂ ਧੀਆਂ ਆਪਣੇ ਲਈ ਲਵਾਂਗੇ, ਅਤੇ ਅਸੀਂ ਤੁਹਾਡੇ ਸੰਗ ਵੱਸਾਂਗੇ ਅਤੇ ਅਸੀਂ ਇੱਕ ਕੌਮ ਬਣ ਜਾਂਵਾਂਗੇ ।17ਪਰ ਜੇ ਤੁਸੀਂ ਸੁੰਨਤ ਕਰਾਉਣ ਦੇ ਵਿਖੇ ਸਾਡੀ ਨਹੀਂ ਸੁਣੋਗੇ ਤਾਂ ਅਸੀਂ ਆਪਣੀ ਧੀ ਲੈ ਕੇ ਚਲੇ ਜਾਂਵਾਂਗੇ ।
18ਉਨ੍ਹਾਂ ਦੀਆਂ ਗੱਲਾਂ ਹਮੋਰ ਦੇ ਮਨ ਵਿੱਚ ਅਤੇ ਉਸ ਦੇ ਪੁੱਤਰ ਸ਼ਕਮ ਦੇ ਮਨ ਵਿੱਚ ਚੰਗੀਆਂ ਲੱਗੀਆਂ19ਅਤੇ ਉਸ ਜਵਾਨ ਨੇ ਇਹ ਗੱਲ ਕਰਨ ਵਿੱਚ ਇਸ ਲਈ ਦੇਰੀ ਨਾ ਕੀਤੀ, ਕਿਉਂ ਜੋ ਉਹ ਯਾਕੂਬ ਦੀ ਧੀ ਨੂੰ ਬਹੁਤ ਚਾਹੁੰਦਾ ਸੀ ਅਤੇ ਉਹ ਆਪਣੇ ਪਿਤਾ ਦੇ ਸਾਰੇ ਘਰ ਵਿੱਚ ਮਾਣ-ਸਨਮਾਨ ਵਾਲਾ ਸੀ ।
20ਤਦ ਹਮੋਰ ਅਤੇ ਉਹ ਦੇ ਪੁੱਤਰ ਸ਼ਕਮ ਨੇ ਨਗਰ ਦੇ ਫਾਟਕ ਕੋਲ ਜਾ ਕੇ ਨਗਰ ਦੇ ਮਨੁੱਖਾਂ ਨਾਲ ਇਹ ਗੱਲ ਕੀਤੀ,21ਇਹ ਮਨੁੱਖ ਸਾਡੇ ਨਾਲ ਮਿਲਜੁਲ ਕੇ ਰਹਿਣਾ ਚਾਹੁੰਦੇ ਹਨ, ਇਸ ਲਈ ਓਹ ਇਸ ਦੇਸ਼ ਵਿੱਚ ਵੱਸਣ ਅਤੇ ਵਪਾਰ ਕਰਨ ਅਤੇ ਵੇਖੋ, ਇਹ ਦੇਸ਼ ਉਨ੍ਹਾਂ ਲਈ ਕਾਫੀ ਹੈ । ਉਨ੍ਹਾਂ ਦੀਆਂ ਧੀਆਂ ਅਸੀਂ ਆਪਣੇ ਲਈ ਅਤੇ ਆਪਣੇ ਪੁੱਤਰਾਂ ਲਈ ਵਿਆਹ ਲਵਾਂਗੇ ਅਤੇ ਆਪਣੀਆਂ ਧੀਆਂ ਉਨ੍ਹਾਂ ਨੂੰ ਦਿਆਂਗੇ ।
22ਪਰ ਇਹ ਮਨੁੱਖ ਸਿਰਫ਼ ਇਸ ਗੱਲ ਤੋਂ ਸਾਡੇ ਨਾਲ ਵੱਸਣ ਲਈ ਮੰਨਣਗੇ ਅਤੇ ਇੱਕ ਕੌਮ ਹੋਣਗੇ ਜੇਕਰ ਉਨ੍ਹਾਂ ਦੀ ਤਰ੍ਹਾਂ ਸਾਡੇ ਵੀ ਹਰ ਇੱਕ ਪੁਰਖ ਦੀ ਸੁੰਨਤ ਕਰਾਈ ਜਾਵੇ, ਜਿਵੇਂ ਉਨ੍ਹਾਂ ਦੀ ਸੁੰਨਤ ਕੀਤੀ ਗਈ ਹੈ ।23ਭਲਾ, ਉਨ੍ਹਾਂ ਦੀਆਂ ਭੇਡਾਂ-ਬੱਕਰੀਆਂ, ਗਾਈਆਂ-ਬਲ਼ਦ, ਉਨ੍ਹਾਂ ਦਾ ਮਾਲ ਧਨ ਅਤੇ ਉਨ੍ਹਾਂ ਦੇ ਸਾਰੇ ਡੰਗਰ ਸਾਡੇ ਨਹੀਂ ਹੋ ਜਾਣਗੇ ? ਅਸੀਂ ਸਿਰਫ਼ ਉਨ੍ਹਾਂ ਦੀ ਗੱਲ ਨੂੰ ਮੰਨੀਏ ਤਾਂ ਓਹ ਸਾਡੇ ਨਾਲ ਵੱਸਣਗੇ ।
24ਤਦ ਸਾਰਿਆਂ ਨੇ ਜਿਹੜੇ ਉਸ ਦੇ ਨਗਰ ਦੇ ਫਾਟਕ ਤੋਂ ਬਾਹਰ ਜਾਂਦੇ ਸਨ, ਹਮੋਰ ਅਤੇ ਉਹ ਦੇ ਪੁੱਤਰ ਸ਼ਕਮ ਦੀ ਗੱਲ ਸੁਣੀ ਅਤੇ ਉਨ੍ਹਾਂ ਸਾਰਿਆਂ ਵਿੱਚੋਂ ਜਿਹੜੇ ਉਸ ਦੇ ਨਗਰ ਦੇ ਫਾਟਕ ਤੋਂ ਬਾਹਰ ਜਾਂਦੇ ਸਨ ਹਰ ਇੱਕ ਪੁਰਖ ਦੀ ਸੁੰਨਤ ਕਰਾਈ ਗਈ ।25ਤੀਜੇ ਦਿਨ ਅਜਿਹਾ ਹੋਇਆ ਕਿ ਜਦ ਓਹ ਦਰਦ ਵਿੱਚ ਸਨ ਤਾਂ ਯਾਕੂਬ ਦੇ ਦੋ ਪੁੱਤਰ ਸ਼ਿਮਓਨ ਅਤੇ ਲੇਵੀ, ਜੋ ਦੀਨਾਹ ਦੇ ਭਰਾ ਸਨ ਆਪਣੀਆਂ ਤਲਵਾਰਾਂ ਲੈ ਕੇ ਉਸ ਨਗਰ ਉੱਤੇ ਨਿਡਰ ਹੋ ਕੇ ਹਮਲਾ ਕੀਤਾ ਅਤੇ ਸਾਰੇ ਮਨੁੱਖਾਂ ਨੂੰ ਮਾਰ ਸੁੱਟਿਆ ।26ਉਨ੍ਹਾਂ ਨੇ ਹਮੋਰ ਨੂੰ ਅਤੇ ਉਹ ਦੇ ਪੁੱਤਰ ਸ਼ਕਮ ਨੂੰ ਵੀ ਤਲਵਾਰ ਦੀ ਧਾਰ ਨਾਲ ਮਾਰ ਸੁੱਟਿਆ ਅਤੇ ਦੀਨਾਹ ਨੂੰ ਸ਼ਕਮ ਦੇ ਘਰੋਂ ਲੈ ਕੇ ਬਾਹਰ ਨਿੱਕਲ ਗਏ ।
27ਯਾਕੂਬ ਦੇ ਪੁੱਤਰਾਂ ਨੂੰ ਨਾਸ਼ ਕਰਨ ਤੋਂ ਬਾਅਦ ਵੀ ਉਸ ਨਗਰ ਨੂੰ ਲੁੱਟ ਲਿਆ, ਕਿਉਂ ਜੋ ਉੱਥੇ ਹੀ ਉਨ੍ਹਾਂ ਦੀ ਭੈਣ ਨੂੰ ਭ੍ਰਿਸ਼ਟ ਕੀਤਾ ਗਿਆ ਸੀ ।28ਉਨ੍ਹਾਂ ਨੇ ਭੇਡਾਂ-ਬੱਕਰੀਆਂ, ਗਾਈਆਂ-ਬਲ਼ਦਾਂ ਅਤੇ ਗਧਿਆਂ ਨੂੰ ਅਤੇ ਜੋ ਕੁਝ ਨਗਰ ਅਤੇ ਮੈਦਾਨ ਵਿੱਚ ਸੀ, ਸਭ ਕੁਝ ਲੈ ਲਿਆ ।29ਉਹ ਉਨ੍ਹਾਂ ਦਾ ਸਾਰਾ ਧਨ ਅਤੇ ਉਨ੍ਹਾਂ ਦੇ ਸਾਰੇ ਬੱਚਿਆਂ ਅਤੇ ਇਸਤਰੀਆਂ ਨੂੰ ਫੜ੍ਹ ਕੇ ਲੈ ਗਏ ਅਤੇ ਜੋ ਕੁਝ ਘਰ ਵਿੱਚ ਸੀ, ਉਨ੍ਹਾਂ ਨੇ ਲੁੱਟ ਲਿਆ ।
30ਤਦ ਯਾਕੂਬ ਨੇ ਸ਼ਿਮਓਨ ਅਤੇ ਲੇਵੀ ਨੂੰ ਆਖਿਆ, ਤੁਸੀਂ ਮੈਨੂੰ ਸੰਕਟ ਵਿੱਚ ਪਾ ਦਿੱਤਾ ਅਤੇ ਇਸ ਦੇਸ਼ ਦੇ ਵਾਸੀਆਂ, ਕਨਾਨੀਆਂ ਅਤੇ ਪਰਿੱਜੀਆਂ ਦੇ ਸਾਹਮਣੇ ਮੇਰੀ ਬਦਨਾਮੀ ਕੀਤੀ ਹੈ, ਮੇਰੇ ਕੋਲ ਥੋੜ੍ਹੇ ਜਿਹੇ ਆਦਮੀ ਹਨ, ਇਸ ਲਈ ਹੁਣ ਓਹ ਮੇਰੇ ਵਿਰੁੱਧ ਇਕੱਠੇ ਹੋ ਕੇ ਮੈਨੂੰ ਮਾਰਨਗੇ ਅਤੇ ਮੇਰਾ ਅਤੇ ਮੇਰੇ ਘਰ ਦਾ ਵਿਨਾਸ਼ ਹੋ ਜਾਵੇਗਾ ।31ਪਰ ਉਨ੍ਹਾਂ ਨੇ ਆਖਿਆ, ਭਲਾ, ਉਹ ਸਾਡੀ ਭੈਣ ਨਾਲ ਕੰਜਰੀ ਵਰਗਾ ਵਰਤਾਓ ਕਰਨ ?

35
ਬੈਤਏਲ ਦੇ ਵਿੱਚ ਯਾਕੂਬ ਨੂੰ ਬਰਕਤ ਮਿਲਣਾ

1ਪਰਮੇਸ਼ੁਰ ਨੇ ਯਾਕੂਬ ਨੂੰ ਆਖਿਆ, ਉੱਠ ਅਤੇ ਬੈਤਏਲ ਨੂੰ ਜਾ ਅਤੇ ਉੱਥੇ ਹੀ ਵੱਸ ਅਤੇ ਉੱਥੇ ਪਰਮੇਸ਼ੁਰ ਲਈ ਇੱਕ ਜਗਵੇਦੀ ਬਣਾ, ਜਿਸ ਨੇ ਤੈਨੂੰ ਉਸ ਸਮੇਂ ਦਰਸ਼ਨ ਦਿੱਤਾ ਸੀ ਜਦ ਤੂੰ ਆਪਣੇ ਭਰਾ ਏਸਾਓ ਕੋਲੋਂ ਭੱਜਿਆ ਸੀ ।2ਤਦ ਯਾਕੂਬ ਨੇ ਆਪਣੇ ਘਰਾਣੇ ਅਤੇ ਆਪਣੇ ਨਾਲ ਦੇ ਸਾਰੇ ਲੋਕਾਂ ਨੂੰ ਆਖਿਆ, ਤੁਸੀਂ ਪਰਾਏ ਦੇਵਤਿਆਂ ਨੂੰ ਜਿਹੜੇ ਤੁਹਾਡੇ ਵਿੱਚ ਹਨ, ਬਾਹਰ ਸੁੱਟ ਦਿਉ ਅਤੇ ਪਵਿੱਤਰ ਹੋਵੇ ਅਤੇ ਆਪਣੇ ਬਸਤਰ ਬਦਲ ਲਉ ।3ਅਸੀਂ ਉੱਠ ਕੇ ਬੈਤਏਲ ਨੂੰ ਚੱਲੀਏ ਅਤੇ ਉੱਥੇ ਮੈਂ ਇੱਕ ਜਗਵੇਦੀ ਪਰਮੇਸ਼ੁਰ ਲਈ ਬਣਾਵਾਂਗਾ, ਜਿਸ ਨੇ ਮੇਰੀ ਬਿਪਤਾ ਦੇ ਦਿਨ ਮੈਨੂੰ ਉੱਤਰ ਦਿੱਤਾ ਅਤੇ ਜਿਸ ਰਸਤੇ ਤੇ ਮੈਂ ਚੱਲਦਾ ਸੀ, ਉਸ ਵਿੱਚ ਮੇਰੇ ਨਾਲ-ਨਾਲ ਰਿਹਾ ।

4ਤਦ ਉਨ੍ਹਾਂ ਨੇ ਸਾਰੇ ਪਰਾਏ ਦੇਵਤਿਆਂ ਨੂੰ ਜਿਹੜੇ ਉਨ੍ਹਾਂ ਦੇ ਹੱਥਾਂ ਵਿੱਚ ਸਨ ਅਤੇ ਕੰਨਾਂ ਦੇ ਕੁੰਡਲ ਯਾਕੂਬ ਨੂੰ ਦੇ ਦਿੱਤੇ, ਤਦ ਯਾਕੂਬ ਨੇ ਉਨ੍ਹਾਂ ਨੂੰ ਬਲੂਤ ਦੇ ਰੁੱਖ ਹੇਠ ਜਿਹੜਾ ਸ਼ਕਮ ਦੇ ਨੇੜੇ ਸੀ, ਦੱਬ ਦਿੱਤਾ ।5ਤਦ ਓਹ ਉੱਥੋਂ ਤੁਰ ਪਏ ਅਤੇ ਉਨ੍ਹਾਂ ਦੇ ਚਾਰ-ਚੁਫ਼ੇਰੇ ਦੇ ਨਗਰਾਂ ਉੱਤੇ ਪਰਮੇਸ਼ੁਰ ਦਾ ਭੈ ਛਾ ਗਿਆ, ਇਸ ਲਈ ਉਨ੍ਹਾਂ ਨੇ ਯਾਕੂਬ ਦੇ ਪੁੱਤਰਾਂ ਦਾ ਪਿੱਛਾ ਨਾ ਕੀਤਾ ।
6ਯਾਕੂਬ ਅਤੇ ਉਸ ਦੇ ਨਾਲ ਦੇ ਸਾਰੇ ਲੋਕ ਲੂਜ਼ ਵਿੱਚ ਆਏ, ਜਿਹੜਾ ਕਨਾਨ ਦੇ ਦੇਸ਼ ਵਿੱਚ ਹੈ । ਇਹ ਹੀ ਬੈਤਏਲ ਹੈ ।7ਉਸ ਨੇ ਉੱਥੇ ਇੱਕ ਜਗਵੇਦੀ ਬਣਾਈ ਅਤੇ ਉਸ ਸਥਾਨ ਦਾ ਨਾਮ ਏਲ-ਬੈਤਏਲ ਰੱਖਿਆ ਕਿਉਂ ਜੋ ਉੱਥੇ ਹੀ ਪਰਮੇਸ਼ੁਰ ਨੇ ਉਸ ਨੂੰ ਦਰਸ਼ਨ ਦਿੱਤਾ ਸੀ, ਜਦ ਉਹ ਆਪਣੇ ਭਰਾ ਦੇ ਅੱਗੋਂ ਭੱਜਿਆ ਸੀ ।8ਤਦ ਰਿਬਕਾਹ ਦੀ ਦਾਈ ਦਬੋਰਾਹ ਮਰ ਗਈ ਅਤੇ ਉਹ ਬੈਤਏਲ ਵਿੱਚ ਬਲੂਤ ਦੇ ਰੁੱਖ ਹੇਠਾਂ ਦਫ਼ਨਾਈ ਗਈ, ਤਾਂ ਉਸ ਦਾ ਨਾਮ ਅੱਲੋਨ-ਬਾਕੂਥ ਰੱਖਿਆ ਗਿਆ ।
9ਤਦ ਯਾਕੂਬ ਦੇ ਪਦਨ ਅਰਾਮ ਤੋਂ ਵਾਪਿਸ ਆਉਣ ਦੇ ਬਾਅਦ ਪਰਮੇਸ਼ੁਰ ਨੇ ਯਾਕੂਬ ਨੂੰ ਫੇਰ ਦਰਸ਼ਨ ਦਿੱਤਾ ਅਤੇ ਉਸ ਨੂੰ ਬਰਕਤ ਦਿੱਤੀ ।10ਤਦ ਪਰਮੇਸ਼ੁਰ ਨੇ ਉਸ ਨੂੰ ਆਖਿਆ, ਤੇਰਾ ਨਾਮ ਯਾਕੂਬ ਹੈ, ਪਰ ਅੱਗੇ ਨੂੰ ਤੇਰਾ ਨਾਮ ਯਾਕੂਬ ਨਹੀਂ ਪੁਕਾਰਿਆ ਜਾਵੇਗਾ, ਸਗੋਂ ਤੇਰਾ ਨਾਮ ਇਸਰਾਏਲ ਹੋਵੇਗਾ । ਇਸ ਤਰ੍ਹਾਂ ਉਸ ਨੇ ਉਹ ਦਾ ਨਾਮ ਇਸਰਾਏਲ ਰੱਖਿਆ ।
11ਫਿਰ ਪਰਮੇਸ਼ੁਰ ਨੇ ਉਸ ਨੂੰ ਆਖਿਆ, ਮੈਂ ਸਰਬ ਸ਼ਕਤੀਮਾਨ ਪਰਮੇਸ਼ੁਰ ਹਾਂ । ਤੂੰ ਫਲ ਅਤੇ ਵੱਧ ਅਤੇ ਤੇਰੇ ਤੋਂ ਇੱਕ ਕੌਮ ਸਗੋਂ ਕੌਮਾਂ ਦੇ ਦਲ ਪੈਦਾ ਹੋਣਗੇ ਅਤੇ ਤੇਰੇ ਵੰਸ਼ ਤੋਂ ਰਾਜੇ ਨਿੱਕਲਣਗੇ ।12ਅਤੇ ਉਹ ਦੇਸ਼ ਜਿਹੜਾ ਮੈਂ ਅਬਰਾਹਾਮ ਅਤੇ ਇਸਹਾਕ ਨੂੰ ਦਿੱਤਾ ਸੀ, ਮੈਂ ਤੈਨੂੰ ਦਿਆਂਗਾ ਅਤੇ ਤੇਰੇ ਪਿੱਛੋਂ ਤੇਰੇ ਵੰਸ਼ ਨੂੰ ਵੀ ਦਿਆਂਗਾ ।13ਤਦ ਪਰਮੇਸ਼ੁਰ ਉਸ ਦੇ ਕੋਲੋਂ, ਉਸ ਸਥਾਨ ਤੋਂ ਜਿੱਥੇ ਉਹ ਉਸ ਦੇ ਨਾਲ ਗੱਲ ਕਰਦਾ ਸੀ, ਉਤਾਹਾਂ ਚਲਾ ਗਿਆ ।
14ਯਾਕੂਬ ਨੇ ਉਸ ਥਾਂ ਉੱਤੇ ਇੱਕ ਥੰਮ੍ਹ ਖੜ੍ਹਾ ਕੀਤਾ, ਜਿੱਥੇ ਪਰਮੇਸ਼ੁਰ ਨੇ ਉਹ ਦੇ ਨਾਲ ਗੱਲ ਕੀਤੀ, ਅਰਥਾਤ ਪੱਥਰ ਦਾ ਇੱਕ ਥੰਮ੍ਹ ਅਤੇ ਉਸ ਦੇ ਉੱਤੇ ਪੀਣ ਦੀ ਭੇਟ ਚੜ੍ਹਾਈ ਅਤੇ ਤੇਲ ਡੋਲ੍ਹਿਆ ।15ਯਾਕੂਬ ਨੇ ਉਸ ਸਥਾਨ ਦਾ ਨਾਮ ਜਿੱਥੇ ਪਰਮੇਸ਼ੁਰ ਨੇ ਉਹ ਦੇ ਨਾਲ ਗੱਲ ਕੀਤੀ ਸੀ, ਬੈਤਏਲ ਰੱਖਿਆ ।
ਰਾਖ਼ੇਲ ਦੀ ਮੌਤ

16ਫਿਰ ਉਹ ਬੈਤਏਲ ਤੋਂ ਤੁਰ ਪਏ, ਅਤੇ ਜਦ ਅਫਰਾਥ ਥੋੜ੍ਹੀ ਹੀ ਦੂਰ ਰਹਿੰਦਾ ਸੀ, ਤਾਂ ਰਾਖ਼ੇਲ ਨੂੰ ਜਣਨ ਦੀਆਂ ਪੀੜਾਂ ਹੋਣ ਲੱਗੀਆਂ ਅਤੇ ਉਸ ਨੂੰ ਜਣਨ ਦਾ ਸਖ਼ਤ ਕਸ਼ਟ ਹੋਇਆ ।17ਜਦ ਉਹ ਜਣਨ ਦੇ ਕਸ਼ਟ ਵਿੱਚ ਸੀ ਤਾਂ ਦਾਈ ਨੇ ਉਸ ਨੂੰ ਆਖਿਆ, ਨਾ ਡਰ, ਕਿਉਂ ਜੋ ਹੁਣ ਵੀ ਤੇਰੇ ਇੱਕ ਪੁੱਤਰ ਹੀ ਜੰਮੇਗਾ ।18ਤਦ ਅਜਿਹਾ ਹੋਇਆ ਕਿ ਜਦ ਉਸ ਦੇ ਪ੍ਰਾਣ ਨਿੱਕਲਣ ਨੂੰ ਸਨ ਅਤੇ ਉਹ ਮਰਨ ਵਾਲੀ ਸੀ, ਤਾਂ ਉਸ ਨੇ ਉਸ ਬੱਚੇ ਦਾ ਨਾਮ ਬਨ-ਓਨੀ ਰੱਖਿਆ, ਪਰ ਉਸ ਦੇ ਪਿਤਾ ਨੇ ਉਹ ਦਾ ਨਾਮ ਬਿਨਯਾਮੀਨ ਰੱਖਿਆ ।19ਇਸ ਤਰ੍ਹਾਂ ਰਾਖਲ ਮਰ ਗਈ ਅਤੇ ਅਫਰਾਥ ਦੇ ਰਾਹ ਵਿੱਚ ਦਫ਼ਨਾਈ ਗਈ । ਇਹੋ ਹੀ ਬੈਤਲਹਮ ਹੈ ।20ਯਾਕੂਬ ਨੇ ਉਸ ਦੀ ਕਬਰ ਉੱਤੇ ਇੱਕ ਥੰਮ੍ਹ ਖੜ੍ਹਾ ਕੀਤਾ ਅਤੇ ਰਾਖ਼ੇਲ ਦੀ ਕਬਰ ਦਾ ਥੰਮ੍ਹ ਅੱਜ ਤੱਕ ਹੈ ।
21ਫਿਰ ਇਸਰਾਏਲ ਤੁਰ ਪਿਆ ਅਤੇ ਆਪਣਾ ਤੰਬੂ ਏਦਰ ਦੇ ਬੁਰਜ ਦੇ ਪਰਲੇ ਪਾਸੇ ਖੜ੍ਹਾ ਕੀਤਾ ।
ਯਾਕੂਬ ਦੇ ਪੁੱਤਰ
(1 ਇਤਿਹਾਸ 2:1, 2)

22ਜਦ ਇਸਰਾਏਲ ਉਸ ਦੇਸ਼ ਵਿੱਚ ਵੱਸਦਾ ਸੀ, ਤਾਂ ਰਊਬੇਨ ਜਾ ਕੇ ਆਪਣੇ ਪਿਤਾ ਦੀ ਰਖ਼ੈਲ ਬਿਲਹਾਹ ਦੇ ਨਾਲ ਲੇਟਿਆ ਅਤੇ ਇਸਰਾਏਲ ਨੂੰ ਇਸ ਦੀ ਖ਼ਬਰ ਹੋਈ ।
23ਯਾਕੂਬ ਦੇ ਬਾਰਾਂ ਪੁੱਤਰ ਸਨ । ਲੇਆਹ ਦੇ ਇਹ ਸਨ: ਯਾਕੂਬ ਦਾ ਪਹਿਲੌਠਾ ਰਊਬੇਨ, ਫਿਰ ਸ਼ਿਮਓਨ, ਲੇਵੀ, ਯਹੂਦਾਹ, ਯਿੱਸ਼ਾਕਾਰ ਅਤੇ ਜਬੁਲੂਨ ।24ਰਾਖ਼ੇਲ ਦੇ ਪੁੱਤਰ ਯੂਸੁਫ਼ ਅਤੇ ਬਿਨਯਾਮੀਨ ਸਨ ।25ਰਾਖ਼ੇਲ ਦੀ ਦਾਸੀ ਬਿਲਹਾਹ ਦੇ ਪੁੱਤਰ ਦਾਨ ਅਤੇ ਨਫ਼ਤਾਲੀ ਸਨ
26ਅਤੇ ਲੇਆਹ ਦੀ ਦਾਸੀ ਜ਼ਿਲਪਾਹ ਦੇ ਪੁੱਤਰ ਗਾਦ ਅਤੇ ਆਸ਼ੇਰ ਸਨ । ਯਾਕੂਬ ਦੇ ਪੁੱਤਰ ਜਿਹੜੇ ਪਦਨ ਅਰਾਮ ਵਿੱਚ ਉਹ ਦੇ ਲਈ ਜੰਮੇ, ਇਹੋ ਸਨ ।
ਇਸਹਾਕ ਦੀ ਮੌਤ

27ਯਾਕੂਬ ਆਪਣੇ ਪਿਤਾ ਇਸਹਾਕ ਕੋਲ ਮਮਰੇ ਵਿੱਚ ਜਿਹੜਾ ਕਿਰਯਥ ਅਰਬਾ ਅਰਥਾਤ ਹਬਰੋਨ ਹੈ, ਆਇਆ ਜਿੱਥੇ ਅਬਰਾਹਾਮ ਅਤੇ ਇਸਹਾਕ ਪਰਦੇਸੀ ਹੋ ਕੇ ਰਹੇ ਸਨ
28ਇਸਹਾਕ ਦੀ ਕੁੱਲ ਉਮਰ ਇੱਕ ਸੌ ਅੱਸੀ ਸਾਲ ਹੋਈ ।29ਤਦ ਇਸਹਾਕ ਪ੍ਰਾਣ ਤਿਆਗ ਕੇ ਮਰ ਗਿਆ, ਉਹ ਚੰਗੇ ਬਿਰਧਪੁਣੇ ਵਿੱਚ ਅਰਥਾਤ ਪੂਰੇ ਬੁਢਾਪੇ ਵਿੱਚ ਆਪਣੇ ਲੋਕਾਂ ਵਿੱਚ ਜਾ ਮਿਲਿਆ ਅਤੇ ਉਸ ਦੇ ਪੁੱਤਰਾਂ ਏਸਾਓ ਅਤੇ ਯਾਕੂਬ ਨੇ ਉਸ ਨੂੰ ਦਫ਼ਨਾ ਦਿੱਤਾ ।

36
ਏਸਾਓ ਦੀ ਵੰਸ਼ਾਵਲੀ
(1 ਇਤਿਹਾਸ 1:34-37)

1ਏਸਾਓ ਅਰਥਾਤ ਅਦੋਮ ਦੀ ਵੰਸ਼ਾਵਲੀ ਇਹ ਹੈ ।2ਏਸਾਓ ਕਨਾਨੀਆਂ ਦੀਆਂ ਧੀਆਂ ਵਿੱਚੋਂ ਹਿੱਤੀ ਏਲੋਨ ਦੀ ਧੀ ਆਦਾਹ ਨੂੰ ਵਿਆਹ ਲਿਆਇਆ ਅਤੇ ਆਹਾਲੀਬਾਮਾਹ ਨੂੰ, ਜਿਹੜੀ ਅਨਾਹ ਦੀ ਧੀ ਅਤੇ ਸਿਬਓਨ ਹਿੱਵੀ ਦੀ ਦੋਹਤੀ ਸੀ3ਅਤੇ ਬਾਸਮਥ ਨੂੰ ਜਿਹੜੀ ਇਸਮਾਏਲ ਦੀ ਧੀ ਸੀ ਅਤੇ ਨਬਾਯੋਥ ਦੀ ਭੈਣ ਸੀ ।

4ਆਦਾਹ ਨੇ ਏਸਾਓ ਲਈ ਅਲੀਫਾਜ਼ ਨੂੰ ਅਤੇ ਬਾਸਮਥ ਨੇ ਰਊਏਲ ਨੂੰ ਜਨਮ ਦਿੱਤਾ5ਅਤੇ ਆਹਾਲੀਬਾਮਾਹ ਨੇ ਯਊਸ ਅਤੇ ਯਾਲਾਮ ਅਤੇ ਕੋਰਹ ਨੂੰ ਜਨਮ ਦਿੱਤਾ, ਇਹ ਏਸਾਓ ਦੇ ਪੁੱਤਰ ਸਨ, ਜਿਹੜੇ ਕਨਾਨ ਦੇਸ਼ ਵਿੱਚ ਪੈਦਾ ਹੋਏ ।
6ਤਦ ਏਸਾਓ ਨੇ ਆਪਣੀਆਂ ਪਤਨੀਆਂ, ਆਪਣੇ ਪੁੱਤਰ-ਧੀਆਂ ਅਤੇ ਆਪਣੇ ਘਰ ਦੇ ਸਾਰੇ ਪ੍ਰਾਣੀਆਂ ਨੂੰ, ਆਪਣੇ ਸਾਰੇ ਵੱਗਾਂ, ਸਾਰੇ ਪਸ਼ੂਆਂ ਅਤੇ ਸਾਰੀ ਪੂੰਜੀ ਨੂੰ ਜੋ ਉਸ ਕਨਾਨ ਦੇਸ਼ ਵਿੱਚ ਕਮਾਈ ਸੀ, ਲੈ ਕੇ ਆਪਣੇ ਭਰਾ ਯਾਕੂਬ ਦੇ ਕੋਲੋਂ ਕਿਸੇ ਹੋਰ ਦੇਸ਼ ਵੱਲ ਚਲਾ ਗਿਆ ।7ਕਿਉਂ ਜੋ ਉਨ੍ਹਾਂ ਦਾ ਮਾਲ ਧਨ ਐਨਾ ਸੀ ਕਿ ਉਹ ਇਕੱਠੇ ਨਹੀਂ ਰਹਿ ਸੱਕਦੇ ਸਨ, ਪਰ ਉਹ ਸਥਾਨ ਜਿਸ ਵਿੱਚ ਉਹ ਮੁਸਾਫਰ ਸਨ ਉਨ੍ਹਾਂ ਦੇ ਪਸ਼ੂਆਂ ਦੀ ਬਹੁਤਾਇਤ ਦੇ ਕਾਰਨ, ਉਹ ਉੱਥੇ ਰਹਿ ਨਾ ਸਕੇ ।8ਏਸਾਓ ਸ਼ੇਈਰ ਦੇ ਪਹਾੜ ਵਿੱਚ ਰਹਿਣ ਲੱਗਾ, ਇਹੋ ਹੀ ਅਦੋਮ ਹੈ ।
9ਇਹ ਏਸਾਓ ਦੀ ਵੰਸ਼ਾਵਲੀ ਹੈ, ਜਿਹੜਾ ਅਦੋਮੀਆਂ ਦਾ ਪਿਤਾ ਸ਼ੇਈਰ ਦੇ ਪਹਾੜ ਵਿੱਚ ਸੀ ।10ਸੋ ਏਸਾਓ ਦੇ ਪੁੱਤਰਾਂ ਦੇ ਨਾਮ ਇਹ ਸਨ, ਅਲੀਫਾਜ਼ ਏਸਾਓ ਦੀ ਪਤਨੀ ਆਦਾਹ ਦਾ ਪੁੱਤਰ ਅਤੇ ਰਊਏਲ ਏਸਾਓ ਦੀ ਪਤਨੀ ਬਾਸਮਥ ਦਾ ਪੁੱਤਰ11ਅਤੇ ਅਲੀਫਾਜ਼ ਦੇ ਪੁੱਤਰ ਤੇਮਾਨ, ਓਮਾਰ ਸਫੋ, ਗਾਤਾਮ ਅਤੇ ਕਨਜ਼ ਸਨ ।12ਤਿਮਨਾ ਏਸਾਓ ਦੇ ਪੁੱਤਰ ਅਲੀਫਾਜ਼ ਦੀ ਰਖ਼ੈਲ ਸੀ, ਉਸ ਨੇ ਅਲੀਫਾਜ਼ ਲਈ ਅਮਾਲੇਕ ਨੂੰ ਜਨਮ ਦਿੱਤਾ, ਇਹ ਏਸਾਓ ਦੀ ਪਤਨੀ ਆਦਾਹ ਦੇ ਪੁੱਤਰ ਸਨ ।
13ਰਊਏਲ ਦੇ ਪੁੱਤਰ ਇਹ ਸਨ ਅਰਥਾਤ ਨਹਥ, ਜ਼ਰਹ, ਸ਼ੰਮਾਹ ਅਤੇ ਮਿੱਜ਼ਾਹ । ਇਹ ਏਸਾਓ ਦੀ ਪਤਨੀ ਬਾਸਮਥ ਦੇ ਪੁੱਤਰ ਸਨ ।14ਆਹਾਲੀਬਾਮਾਹ ਦੇ ਪੁੱਤਰ ਇਹ ਸਨ, ਜਿਹੜੀ ਏਸਾਓ ਦੀ ਪਤਨੀ, ਅਨਾਹ ਦੀ ਧੀ ਅਤੇ ਸਿਬਾਓਨ ਦੀ ਦੋਹਤੀ ਸੀ । ਉਸ ਨੇ ਏਸਾਓ ਲਈ ਯਊਸ, ਯਾਲਾਮ ਅਤੇ ਕੋਰਹ ਨੂੰ ਜਨਮ ਦਿੱਤਾ ।
15ਇਹ ਏਸਾਓ ਦੇ ਪੁੱਤਰਾਂ ਵਿੱਚੋਂ ਮੁਖੀਏ ਸਨ: ਏਸਾਓ ਦੇ ਪਹਿਲੌਠੇ ਪੁੱਤਰ ਅਲੀਫਾਜ਼ ਦੇ ਵੰਸ਼ ਵਿਚੋਂ ਤੇਮਾਨ, ਓਮਾਰ, ਸਫੋ, ਕਨਜ਼,16ਕੋਰਹ, ਗਾਤਾਮ ਅਤੇ ਅਮਾਲੇਕ, ਇਹ ਸਾਰੇ ਮੁਖੀਏ ਅਲੀਫਾਜ਼ ਦੇ ਵੰਸ਼ ਤੋਂ ਅਦੋਮ ਦੇਸ਼ ਵਿੱਚ ਹੋਏ । ਇਹ ਆਦਾਹ ਦੇ ਪੁੱਤਰ ਸਨ ।
17ਏਸਾਓ ਦੇ ਪੁੱਤਰ ਰਊਏਲ ਦੇ ਵੰਸ਼ ਵਿੱਚੋਂ ਇਹ ਮੁਖੀਏ ਸਨ: ਨਹਥ, ਜ਼ਰਹ, ਸੰਮਾਹ ਅਤੇ ਮਿੱਜ਼ਾਹ, ਇਹ ਮੁਖੀਏ ਰਊਏਲ ਤੋਂ ਅਦੋਮ ਦੇ ਦੇਸ਼ ਵਿੱਚ ਹੋਏ ਅਤੇ ਇਹ ਏਸਾਓ ਦੀ ਪਤਨੀ ਬਾਸਮਥ ਦੇ ਪੁੱਤਰ ਸਨ ।18ਏਸਾਓ ਦੀ ਪਤਨੀ ਆਹਾਲੀਬਾਮਾਹ ਦੇ ਪੁੱਤਰ ਇਹ ਸਨ: ਯਊਸ, ਯਾਲਾਮ ਅਤੇ ਕੋਰਹ, ਇਹ ਮੁਖੀਏ ਏਸਾਓ ਦੀ ਪਤਨੀ ਅਤੇ ਅਨਾਹ ਦੀ ਧੀ ਆਹਾਲੀਬਾਮਾਹ ਦੇ ਸਨ ।19ਇਹ ਏਸਾਓ ਅਰਥਾਤ ਅਦੋਮ ਦੇ ਪੁੱਤਰ ਸਨ ਅਤੇ ਇਹ ਹੀ ਉਨ੍ਹਾਂ ਦੇ ਮੁਖੀਏ ਸਨ ।
ਸ਼ੇਈਰ ਦੀ ਵੰਸ਼ਾਵਲੀ
(1 ਇਤਿਹਾਸ 1:38-42)

20ਸ਼ੇਈਰ ਹੋਰੀ ਦੇ ਪੁੱਤਰ ਜਿਹੜੇ ਉਸ ਦੇਸ਼ ਵਿੱਚ ਵੱਸਦੇ ਸਨ, ਇਹ ਸਨ: ਲੋਟਾਨ, ਸੋਬਾਲ, ਸਿਬਓਨ, ਅਨਾਹ21ਦਿਸ਼ੋਨ, ਏਸਰ ਅਤੇ ਦੀਸ਼ਾਨ । ਅਦੋਮ ਦੇਸ਼ ਵਿੱਚ ਸ਼ੇਈਰ ਦੇ ਹੋਰੀ ਜਾਤੀ ਵਿੱਚੋਂ ਇਹ ਹੀ ਮੁਖੀਏ ਹੋਏ ।22ਲੋਟਾਨ ਦੇ ਪੁੱਤਰ ਹੋਰੀ ਅਤੇ ਹੇਮਾਮ ਸਨ ਅਤੇ ਤਿਮਨਾ ਲੋਟਾਨ ਦੀ ਭੈਣ ਸੀ ।
23ਸੋਬਾਲ ਦੇ ਪੁੱਤਰ ਇਹ ਸਨ: ਅਲਵਾਨ, ਮਾਨਹਥ, ਏਬਾਲ, ਸ਼ਫੋ ਅਤੇ ਓਨਾਮ ।24ਸਿਬਓਨ ਦੇ ਪੁੱਤਰ ਇਹ ਸਨ: ਅੱਯਾਹ ਅਤੇ ਅਨਾਹ । ਇਹ ਉਹ ਅਨਾਹ ਹੈ, ਜਿਸ ਨੂੰ ਆਪਣੇ ਪਿਤਾ ਸਿਬਓਨ ਦੇ ਗਧੇ ਚਾਰਦਿਆਂ ਉਜਾੜ ਵਿੱਚ ਗਰਮ ਪਾਣੀ ਦੇ ਸੋਤੇ ਲੱਭੇ ਸਨ ।
25ਅਨਾਹ ਦਾ ਪੁੱਤਰ ਦਿਸ਼ੋਨ ਸੀ ਅਤੇ ਉਸ ਦੀ ਧੀ ਆਹਾਲੀਬਾਮਾਹ ਸੀ ।26ਇਹ ਦੀਸ਼ਾਨ ਦੇ ਪੁੱਤਰ ਸਨ: ਹਮਦਾਨ, ਅਸੁਬਾਨ, ਯਿਤਰਾਨ ਅਤੇ ਕਰਾਨ ।27ਏਸਰ ਦੇ ਪੁੱਤਰ ਇਹ ਸਨ: ਬਿਲਹਾਨ, ਜਾਵਾਨ ਅਤੇ ਅਕਾਨ ।28ਦੀਸ਼ਾਨ ਦੇ ਪੁੱਤਰ ਊਸ ਅਤੇ ਅਰਾਨ ਸਨ ।
29ਹੋਰੀਆਂ ਦੇ ਮੁਖੀਏ ਇਹ ਸਨ: ਲੋਟਾਨ, ਸੋਬਾਲ, ਸਿਬਓਨ, ਅਨਾਹ,30ਦੀਸ਼ੋਨ, ਏਸਰ ਅਤੇ ਦੀਸ਼ਾਨ, ਇਹ ਹੋਰੀਆਂ ਦੇ ਮੁਖੀਏ ਸਨ ਜੋ ਸ਼ੇਈਰ ਦੇ ਦੇਸ਼ ਵਿੱਚ ਹੋਏ ।
ਅਦੋਮ ਦੇ ਰਾਜਾ
(1 ਇਤਿਹਾਸ 1:43-54)

31ਇਹ ਉਹ ਰਾਜੇ ਹਨ ਜਿਹੜੇ ਅਦੋਮ ਵਿੱਚ ਇਸਰਾਏਲੀਆਂ ਦੇ ਰਾਜਿਆਂ ਤੋਂ ਪਹਿਲਾਂ ਰਾਜ ਕਰਦੇ ਸਨ ।32ਬਓਰ ਦਾ ਪੁੱਤਰ ਬਲਾ ਅਦੋਮ ਉੱਤੇ ਰਾਜ ਕਰਦਾ ਸੀ ਅਤੇ ਉਸ ਦੇ ਨਗਰ ਦਾ ਨਾਮ ਦਿਨਹਾਬਾਹ ਸੀ ।33ਬਲਾ ਮਰ ਗਿਆ ਅਤੇ ਜ਼ਰਹ ਦਾ ਪੁੱਤਰ ਯੋਬਾਬ ਜੋ ਬਸਰੇ ਦਾ ਵਾਸੀ ਸੀ, ਉਸ ਦੇ ਸਥਾਨ ਤੇ ਰਾਜ ਕਰਨ ਲੱਗਾ ।
34ਯੋਬਾਬ ਮਰ ਗਿਆ ਤਾਂ ਤੇਮਾਨੀਆਂ ਦੇ ਦੇਸ਼ ਤੋਂ ਹੁਸਾਮ ਉਸ ਦੇ ਸਥਾਨ ਤੇ ਰਾਜ ਕਰਨ ਲੱਗਾ ।35ਹੁਸਾਮ ਮਰ ਗਿਆ ਤਾਂ ਉਸ ਦੇ ਸਥਾਨ ਤੇ ਬਦਦ ਦਾ ਪੁੱਤਰ ਹਦਦ, ਜਿਸ ਨੇ ਮੋਆਬ ਦੇ ਮੈਦਾਨ ਵਿੱਚ ਮਿਦਯਾਨੀਆਂ ਨੂੰ ਮਾਰਿਆ ਸੀ, ਰਾਜ ਕਾਰਨ ਲੱਗਾ ਅਤੇ ਉਸ ਦੇ ਨਗਰ ਦਾ ਨਾਮ ਅਵੀਤ ਸੀ ।36ਹਦਦ ਮਰ ਗਿਆ ਤਾਂ ਉਸ ਦੇ ਸਥਾਨ ਤੇ ਮਸਰੇਕਾਹ ਵਾਸੀ ਸਮਲਾਹ ਰਾਜ ਕਰਨ ਲੱਗਾ ।
37ਸਮਲਾਹ ਮਰ ਗਿਆ ਤਾਂ ਉਸ ਦੇ ਸਥਾਨ ਤੇ ਸਾਊਲ ਰਾਜ ਕਰਨ ਲੱਗਾ ਜਿਹੜਾ ਦਰਿਆ ਦੇ ਉੱਪਰ ਦੇ ਰਹੋਬੋਥ ਨਗਰ ਦਾ ਸੀ ।38ਸਾਊਲ ਮਰ ਗਿਆ ਅਤੇ ਉਸ ਦੇ ਸਥਾਨ ਤੇ ਅਕਬੋਰ ਦਾ ਪੁੱਤਰ ਬਆਲਹਾਨਾਨ ਰਾਜ ਕਰਨ ਲੱਗਾ ।39ਬਆਲਹਾਨਾਨ, ਅਕਬੋਰ ਦਾ ਪੁੱਤਰ ਮਰ ਗਿਆ ਅਤੇ ਉਸ ਦੇ ਸਥਾਨ ਤੇ ਹਦਰ ਰਾਜ ਕਰਨ ਲੱਗਾ ਅਤੇ ਉਸ ਦੇ ਨਗਰ ਦਾ ਨਾਮ ਪਾਊ ਸੀ ਅਤੇ ਉਸ ਦੀ ਪਤਨੀ ਦਾ ਨਾਮ ਮਹੇਟਬਏਲ ਸੀ, ਜਿਹੜੀ ਮਟਰੇਦ ਦੀ ਧੀ ਅਤੇ ਮੇਜਾਹਾਬ ਦੀ ਦੋਹਤੀ ਸੀ ।
40ਏਸਾਓ ਦੇ ਮੁਖੀਆਂ ਦੇ ਨਾਮ ਉਨ੍ਹਾਂ ਦੇ ਘਰਾਣਿਆਂ ਅਤੇ ਸਥਾਨਾਂ ਦੇ ਨਾਮਾਂ ਅਨੁਸਾਰ ਇਹ ਸਨ, ਤਿਮਨਾ, ਅਲਵਾਹ, ਯਥੇਥ,41ਆਹਾਲੀਬਾਮਾਹ, ਏਲਾਹ, ਫੀਨੋਨ,42ਕਨਜ਼, ਤੇਮਾਨ, ਮਿਬਸਾਰ,43ਮਗਦੀਏਲ ਅਤੇ ਈਰਾਮ, ਇਹ ਅਦੋਮ ਦੇ ਮੁਖੀਏ ਸਨ ਜੋ ਆਪਣੇ ਕਬਜੇ ਦੇ ਦੇਸ਼ ਦੀਆਂ ਬਸਤੀਆਂ ਅਨੁਸਾਰ ਹੋਏ । ਏਸਾਓ ਅਦੋਮੀਆਂ ਦਾ ਪੁਰਖਾ ਹੈ ।

37
ਯੂਸੁਫ਼ ਅਤੇ ਉਸ ਦੇ ਭਰਾ

1ਯਾਕੂਬ ਆਪਣੇ ਪਿਤਾ ਦੀ ਮੁਸਾਫ਼ਰੀ ਦੇ ਦੇਸ਼ ਵਿੱਚ ਅਰਥਾਤ ਕਨਾਨ ਦੇ ਦੇਸ਼ ਵਿੱਚ ਵੱਸ ਗਿਆ । ਇਹ ਯਾਕੂਬ ਦੀ ਵੰਸ਼ਾਵਲੀ ਹੈ ।2ਜਦ ਯੂਸੁਫ਼ ਸਤਾਰਾਂ ਸਾਲਾਂ ਦਾ ਸੀ, ਉਹ ਆਪਣੇ ਭਰਾਵਾਂ ਦੇ ਨਾਲ ਇੱਜੜ ਚਾਰਦਾ ਸੀ ਅਤੇ ਉਹ ਜਵਾਨ ਆਪਣੇ ਪਿਤਾ ਦੀਆਂ ਪਤਨੀਆਂ ਬਿਲਹਾਹ ਅਤੇ ਜ਼ਿਲਪਾਹ ਦੇ ਪੁੱਤਰਾਂ ਨਾਲ ਰਹਿੰਦਾ ਸੀ ਅਤੇ ਯੂਸੁਫ਼ ਉਨ੍ਹਾਂ ਦੀਆਂ ਬੁਰੀਆਂ ਗੱਲਾਂ ਆਪਣੇ ਪਿਤਾ ਨੂੰ ਆ ਕੇ ਦੱਸਦਾ ਸੀ ।

3ਇਸਰਾਏਲ ਯੂਸੁਫ਼ ਨੂੰ ਆਪਣੇ ਸਾਰੇ ਪੁੱਤਰਾਂ ਨਾਲੋਂ ਵੱਧ ਪਿਆਰ ਕਰਦਾ ਸੀ ਕਿਉਂ ਜੋ ਉਹ ਉਸ ਦੀ ਬਿਰਧ ਅਵਸਥਾ ਦਾ ਪੁੱਤਰ ਸੀ ਅਤੇ ਉਸ ਨੇ ਉਹ ਦੇ ਲਈ ਇੱਕ ਰੰਗ-ਬਿਰੰਗਾ ਚੋਲਾ ਬਣਾਇਆ ।4ਜਦ ਉਸ ਦੇ ਭਰਾਵਾਂ ਨੇ ਵੇਖਿਆ ਕਿ ਉਨ੍ਹਾਂ ਦਾ ਪਿਤਾ ਉਹ ਨੂੰ ਉਹ ਦੇ ਸਾਰੇ ਭਰਾਵਾਂ ਨਾਲੋਂ ਵੱਧ ਪਿਆਰ ਕਰਦਾ ਹੈ ਤਾਂ ਉਹ ਉਸ ਦੇ ਨਾਲ ਵੈਰ ਰੱਖਣ ਲੱਗੇ ਅਤੇ ਉਹ ਦੇ ਨਾਲ ਸ਼ਾਂਤੀ ਨਾਲ ਗੱਲ ਨਹੀਂ ਕਰਦੇ ਸਨ ।
5ਫੇਰ ਯੂਸੁਫ਼ ਨੇ ਇਹ ਵੇਖਿਆ ਅਤੇ ਆਪਣੇ ਭਰਾਵਾਂ ਨੂੰ ਦੱਸਿਆ ਤਾਂ ਉਹ ਉਸ ਦੇ ਨਾਲ ਹੋਰ ਵੈਰ ਰੱਖਣ ਲੱਗੇ ।6ਉਸ ਨੇ ਉਨ੍ਹਾਂ ਨੂੰ ਆਖਿਆ ਕਿ ਜਿਹੜਾ ਸੁਫ਼ਨਾ ਮੈਂ ਵੇਖਿਆ ਉਹ ਸੁਣੋ ।
7ਵੇਖੋ, ਅਸੀਂ ਖੇਤ ਦੇ ਵਿੱਚ ਪੂਲੇ ਬੰਨ੍ਹ ਰਹੇ ਸੀ ਅਤੇ ਵੇਖੋ, ਮੇਰਾ ਪੂਲਾ ਉੱਠ ਖੜ੍ਹਾ ਹੋਇਆ ਅਤੇ ਵੇਖੋ, ਤੁਹਾਡੇ ਪੂਲਿਆਂ ਨੇ ਉਸ ਦੇ ਆਲੇ-ਦੁਆਲੇ ਆ ਕੇ ਮੇਰੇ ਪੂਲੇ ਨੂੰ ਮੱਥਾ ਟੇਕਿਆ ।8ਫਿਰ ਉਹ ਦੇ ਭਰਾਵਾਂ ਨੇ ਉਸ ਨੂੰ ਆਖਿਆ, ਕੀ ਤੂੰ ਸੱਚ-ਮੁੱਚ ਸਾਡੇ ਉੱਤੇ ਰਾਜ ਕਰੇਂਗਾ ਅਤੇ ਸਾਡੇ ਉੱਤੇ ਹਕੂਮਤ ਕਰੇਂਗਾ ? ਤਦ ਉਹ ਉਸ ਦੇ ਨਾਲ ਉਹ ਦੇ ਸੁਫਨੇ ਅਤੇ ਉਹ ਦੀਆਂ ਗੱਲਾਂ ਦੇ ਕਾਰਨ ਹੋਰ ਵੀ ਵੈਰ ਰੱਖਣ ਲੱਗ ਪਏ ।
9ਫਿਰ ਉਸ ਨੇ ਇੱਕ ਹੋਰ ਸੁਫ਼ਨਾ ਵੇਖਿਆ ਅਤੇ ਆਪਣੇ ਭਰਾਵਾਂ ਨੂੰ ਦੱਸਿਆ ਅਤੇ ਆਖਿਆ, ਮੈਂ ਇੱਕ ਹੋਰ ਸੁਫ਼ਨਾ ਵੇਖਿਆ ਅਤੇ ਵੇਖੋ, ਸੂਰਜ, ਚੰਦ ਅਤੇ ਗਿਆਰਾਂ ਤਾਰਿਆਂ ਨੇ ਮੇਰੇ ਅੱਗੇ ਮੱਥਾ ਟੇਕਿਆ ।10ਉਸ ਨੇ ਇਹ ਸੁਫ਼ਨਾ ਆਪਣੇ ਪਿਤਾ ਅਤੇ ਆਪਣੇ ਭਰਾਵਾਂ ਨੂੰ ਦੱਸਿਆ ਅਤੇ ਉਹ ਦੇ ਪਿਤਾ ਨੇ ਉਸ ਨੂੰ ਝਿੜਕਿਆ ਅਤੇ ਉਹ ਨੂੰ ਆਖਿਆ, ਇਹ ਕਿਹੋ ਜਿਹਾ ਸੁਫ਼ਨਾ ਹੈ, ਜਿਹੜਾ ਤੂੰ ਵੇਖਿਆ ? ਕੀ ਸੱਚ-ਮੁੱਚ ਮੈਂ ਅਤੇ ਤੇਰੀ ਮਾਤਾ ਅਤੇ ਤੇਰੇ ਭਰਾ ਆ ਕੇ ਤੇਰੇ ਅੱਗੇ ਧਰਤੀ ਤੱਕ ਮੱਥਾ ਟੇਕਾਂਗੇ ?11ਤਦ ਉਹ ਦੇ ਭਰਾਵਾਂ ਨੂੰ ਈਰਖਾ ਹੋਈ ਅਤੇ ਉਹ ਦੇ ਪਿਤਾ ਨੇ ਇਸ ਗੱਲ ਨੂੰ ਯਾਦ ਰੱਖਿਆ ।
ਯੂਸੁਫ਼ ਦਾ ਵੇਚਿਆ ਜਾਣਾ

12ਫੇਰ ਉਸ ਦੇ ਭਰਾ ਆਪਣੇ ਪਿਤਾ ਦੀਆਂ ਭੇਡਾਂ ਚਾਰਨ ਲਈ ਸ਼ਕਮ ਨੂੰ ਗਏ ।13ਅਤੇ ਇਸਰਾਏਲ ਨੇ ਯੂਸੁਫ਼ ਨੂੰ ਆਖਿਆ, ਕੀ ਤੇਰੇ ਭਰਾ ਸ਼ਕਮ ਵਿੱਚ ਭੇਡਾਂ ਨਹੀਂ ਚਾਰਦੇ ਹਨ ? ਜਾ, ਮੈਂ ਤੈਨੂੰ ਉਨ੍ਹਾਂ ਦੇ ਕੋਲ ਭੇਜਦਾ ਹਾਂ । ਤਦ ਉਸ ਨੇ ਆਖਿਆ, ਮੈਂ ਹਾਜ਼ਰ ਹਾਂ ।14ਉਸ ਨੇ ਉਹ ਨੂੰ ਆਖਿਆ, ਜਾ ਆਪਣੇ ਭਰਾਵਾਂ ਅਤੇ ਇੱਜੜਾਂ ਦੀ ਸੁਖ-ਸਾਂਦ ਦਾ ਪਤਾ ਲੈ ਅਤੇ ਮੈਨੂੰ ਵਾਪਸ ਆ ਕੇ ਖ਼ਬਰ ਦੇ । ਸੋ ਉਸ ਨੇ ਉਹ ਨੂੰ ਹਬਰੋਨ ਦੀ ਘਾਟੀ ਤੋਂ ਭੇਜਿਆ ਅਤੇ ਉਹ ਸ਼ਕਮ ਨੂੰ ਆਇਆ ।
15ਅਤੇ ਕੋਈ ਮਨੁੱਖ ਉਸ ਨੂੰ ਮਿਲਿਆ ਅਤੇ ਵੇਖੋ, ਉਹ ਮੈਦਾਨ ਵਿੱਚ ਭਟਕਦਾ ਫਿਰਦਾ ਸੀ ਸੋ ਉਸ ਮਨੁੱਖ ਨੇ ਉਸ ਤੋਂ ਪੁੱਛਿਆ, ਤੂੰ ਕੀ ਲੱਭਦਾ ਹੈਂ ?16ਤਦ ਉਸ ਨੇ ਆਖਿਆ, ਮੈਂ ਆਪਣੇ ਭਰਾਵਾਂ ਨੂੰ ਲੱਭਦਾ ਹਾਂ । ਕਿਰਪਾ ਮੈਨੂੰ ਦੱਸੋ ਕਿ ਉਹ ਆਪਣੀਆਂ ਭੇਡਾਂ ਕਿੱਥੇ ਚਾਰਦੇ ਹਨ ?17ਫੇਰ ਉਸ ਮਨੁੱਖ ਨੇ ਆਖਿਆ, ਉਹ ਇੱਥੋਂ ਚਲੇ ਗਏ ਹਨ ਕਿਉਂ ਜੋ ਮੈਂ ਉਨ੍ਹਾਂ ਨੂੰ ਇਹ ਆਖਦੇ ਸੁਣਿਆ ਕਿ ਅਸੀਂ ਦੋਥਾਨ ਨੂੰ ਚੱਲੀਏ । ਸੋ ਯੂਸੁਫ਼ ਆਪਣੇ ਭਰਾਵਾਂ ਦੇ ਮਗਰ ਚੱਲ ਪਿਆ ਅਤੇ ਉਨ੍ਹਾਂ ਨੂੰ ਦੋਥਾਨ ਵਿੱਚ ਜਾ ਲੱਭਿਆ ।
18ਤਦ ਉਨ੍ਹਾਂ ਨੇ ਉਸ ਨੂੰ ਦੂਰੋਂ ਵੇਖਿਆ ਅਤੇ ਉਸ ਦੇ ਨੇੜੇ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਉਸ ਨੂੰ ਮਾਰ ਸੁੱਟਣ ਦੀ ਯੋਜਨਾ ਬਣਾਈ19ਅਤੇ ਇੱਕ ਦੂਜੇ ਨੂੰ ਆਖਿਆ, ਵੇਖੋ, ਉਹ ਸੁਫ਼ਨੇ ਵੇਖਣ ਵਾਲਾ ਆ ਰਿਹਾ ਹੈ ।20ਹੁਣ ਆਓ ਅਸੀਂ ਇਸ ਨੂੰ ਮਾਰ ਸੁੱਟੀਏ ਅਤੇ ਕਿਸੇ ਟੋਏ ਵਿੱਚ ਸੁੱਟ ਦੇਈਏ ਅਤੇ ਆਖੀਏ ਕਿਸੇ ਬੁਰੇ ਜਾਨਵਰ ਨੇ ਉਸ ਨੂੰ ਪਾੜ ਸੁੱਟਿਆ ਹੈ ਤਾਂ ਅਸੀਂ ਵੇਖਾਂਗੇ ਕਿ ਉਸ ਦੇ ਸੁਫ਼ਨਿਆਂ ਦਾ ਕੀ ਬਣੇਗਾ ।
21ਪਰ ਰਊਬੇਨ ਨੇ ਸੁਣ ਕੇ ਉਸ ਨੂੰ ਉਨ੍ਹਾਂ ਦੇ ਹੱਥੋਂ ਬਚਾਇਆ ਅਤੇ ਆਖਿਆ, ਅਸੀਂ ਇਸ ਨੂੰ ਜਾਨੋਂ ਨਾ ਮਾਰੀਏ ।22ਰਊਬੇਨ ਨੇ ਉਨ੍ਹਾਂ ਨੂੰ ਆਖਿਆ, ਖੂਨ ਨਾ ਕਰੋ, ਉਸ ਨੂੰ ਇਸ ਟੋਏ ਵਿੱਚ ਸੁੱਟ ਦਿਓ ਜਿਹੜਾ ਉਜਾੜ ਵਿੱਚ ਹੈ ਪਰ ਉਸ ਨੂੰ ਹੱਥ ਨਾ ਲਾਓ ਤਾਂ ਜੋ ਉਹ ਉਸ ਨੂੰ ਉਨ੍ਹਾਂ ਦੇ ਹੱਥੋਂ ਬਚਾ ਕੇ ਉਹ ਦੇ ਪਿਤਾ ਕੋਲ ਪਹੁੰਚਾ ਦੇਵੇ ।
23ਜਦ ਯੂਸੁਫ਼ ਆਪਣੇ ਭਰਾਵਾਂ ਦੇ ਕੋਲ ਆਇਆ ਤਾਂ ਉਨ੍ਹਾਂ ਨੇ ਯੂਸੁਫ਼ ਉੱਤੋਂ ਉਸ ਦਾ ਚੋਲਾ ਅਰਥਾਤ ਉਹ ਰੰਗ ਬਿਰੰਗਾ ਚੋਲਾ ਜਿਹੜਾ ਉਸ ਨੇ ਪਾਇਆ ਹੋਇਆ ਸੀ, ਉਤਾਰ ਲਿਆ ।24ਤਦ ਉਨ੍ਹਾਂ ਨੇ ਉਸ ਨੂੰ ਫੜ੍ਹ ਕੇ ਟੋਏ ਵਿੱਚ ਸੁੱਟ ਦਿੱਤਾ ਅਤੇ ਉਹ ਟੋਆ ਖਾਲੀ ਸੀ, ਉਸ ਵਿੱਚ ਪਾਣੀ ਨਹੀਂ ਸੀ ।
25ਜਦ ਉਹ ਰੋਟੀ ਖਾਣ ਬੈਠੇ ਤਾਂ ਉਨ੍ਹਾਂ ਨੇ ਆਪਣੀਆਂ ਅੱਖਾਂ ਚੁੱਕ ਕੇ ਵੇਖਿਆ ਕੇ ਇਸਮਾਏਲੀਆਂ ਦਾ ਇੱਕ ਕਾਫ਼ਿਲਾ ਗਿਲਆਦ ਤੋਂ ਆ ਰਿਹਾ ਸੀ ਅਤੇ ਉਨ੍ਹਾਂ ਦੇ ਊਠਾਂ ਉੱਤੇ ਗਰਮ ਮਸਾਲੇ, ਗੁਗਲ ਅਤੇ ਗੰਧਰਸ ਲੱਦੀ ਹੋਈ ਸੀ, ਜੋ ਉਹ ਮਿਸਰ ਨੂੰ ਲੈ ਜਾ ਰਹੇ ਸਨ ।26ਤਦ ਯਹੂਦਾਹ ਨੇ ਆਪਣੇ ਭਰਾਵਾਂ ਨੂੰ ਆਖਿਆ, ਸਾਨੂੰ ਕੀ ਲਾਭ ਹੋਵੇਗਾ ਜੇਕਰ ਅਸੀਂ ਆਪਣੇ ਭਰਾ ਨੂੰ ਮਾਰ ਸੁੱਟੀਏ ਅਤੇ ਉਸ ਦੇ ਲਹੂ ਨੂੰ ਲੁਕਾਈਏ ?
27ਆਓ ਅਸੀਂ ਇਸਮਾਏਲੀਆਂ ਕੋਲ ਉਸ ਨੂੰ ਵੇਚ ਦੇਈਏ ਪਰ ਉਸ ਉੱਤੇ ਸਾਡਾ ਹੱਥ ਨਾ ਪਵੇ ਕਿਉਂ ਜੋ ਉਹ ਸਾਡਾ ਭਰਾ ਅਤੇ ਸਾਡਾ ਮਾਸ ਹੈ ਅਤੇ ਉਸ ਦੇ ਭਰਾਵਾਂ ਨੇ ਉਹ ਦੀ ਗੱਲ ਮੰਨ ਲਈ ।28ਤਦ ਮਿਦਯਾਨੀ ਵਪਾਰੀ ਉਨ੍ਹਾਂ ਦੇ ਕੋਲੋਂ ਦੀ ਲੰਘੇ ਅਤੇ ਉਨ੍ਹਾਂ ਨੇ ਯੂਸੁਫ਼ ਨੂੰ ਟੋਏ ਵਿੱਚੋਂ ਖਿੱਚ ਕੇ ਕੱਢਿਆ ਅਤੇ ਉਨ੍ਹਾਂ ਨੇ ਯੂਸੁਫ਼ ਨੂੰ ਚਾਂਦੀ ਦੇ ਵੀਹ ਸਿੱਕਿਆਂ ਵਿੱਚ ਵੇਚ ਦਿੱਤਾ ਅਤੇ ਉਹ ਯੂਸੁਫ਼ ਨੂੰ ਮਿਸਰ ਵਿੱਚ ਲੈ ਗਏ ।
29ਜਦ ਰਊਬੇਨ ਟੋਏ ਵੱਲ ਮੁੜ ਕੇ ਆਇਆ ਤਾਂ ਵੇਖੋ ਯੂਸੁਫ਼ ਟੋਏ ਵਿੱਚ ਨਹੀਂ ਸੀ, ਤਦ ਉਸ ਨੇ ਆਪਣੇ ਕੱਪੜੇ ਪਾੜੇ30ਅਤੇ ਉਹ ਆਪਣੇ ਭਰਾਵਾਂ ਕੋਲ ਮੁੜ ਆਇਆ ਅਤੇ ਆਖਿਆ, ਉਹ ਮੁੰਡਾ ਉੱਥੇ ਨਹੀਂ ਹੈ,
31ਹੁਣ ਮੈਂ ਕਿੱਥੇ ਜਾਂਵਾਂ ? ਤਦ ਉਨ੍ਹਾਂ ਦੇ ਯੂਸੁਫ਼ ਦਾ ਚੋਲਾ ਲੈ ਕੇ ਇੱਕ ਬੱਕਰਾ ਮਾਰ ਕੇ ਉਸ ਚੋਲੇ ਨੂੰ ਲਹੂ ਵਿੱਚ ਡੋਬਿਆ ।32ਫੇਰ ਉਸ ਰੰਗ ਬਿਰੰਗੇ ਚੋਗੇ ਨੂੰ ਚੁੱਕ ਕੇ ਆਪਣੇ ਪਿਤਾ ਕੋਲ ਲੈ ਆਏ ਅਤੇ ਉਨ੍ਹਾਂ ਨੇ ਆਖਿਆ, ਸਾਨੂੰ ਇਹ ਲੱਭਿਆ ਹੈ । ਇਸ ਨੂੰ ਪਹਿਚਾਣ ਕੀ ਇਹ ਤੁਹਾਡੇ ਪੁੱਤਰ ਦਾ ਚੋਲਾ ਹੈ ਜਾਂ ਨਹੀਂ ।33ਤਦ ਉਸ ਨੇ ਉਹ ਨੂੰ ਪਹਿਚਾਣ ਕੇ ਆਖਿਆ, ਇਹ ਮੇਰੇ ਪੁੱਤਰ ਦਾ ਚੋਲਾ ਹੈ । ਕਿਸੇ ਬੁਰੇ ਜਾਨਵਰ ਨੇ ਉਸ ਨੂੰ ਪਾੜ ਦਿੱਤਾ ਹੈ । ਹਾਂ, ਯੂਸੁਫ਼ ਜ਼ਰੂਰ ਹੀ ਘਾਤ ਕੀਤਾ ਗਿਆ ਹੈ ।
34ਯਾਕੂਬ ਨੇ ਆਪਣੇ ਬਸਤਰ ਪਾੜੇ ਅਤੇ ਤੱਪੜ ਆਪਣੀ ਕਮਰ ਉੱਤੇ ਲਪੇਟਿਆ ਅਤੇ ਬਹੁਤ ਦਿਨਾਂ ਤੱਕ ਆਪਣੇ ਪੁੱਤਰ ਦਾ ਸੋਗ ਕਰਦਾ ਰਿਹਾ ।35ਉਹ ਦੇ ਸਾਰੇ ਪੁੱਤਰ-ਧੀਆਂ ਨੇ ਉਸ ਨੂੰ ਤੱਸਲੀ ਦਿੱਤੀ, ਪਰ ਉਸ ਦੀ ਹਾਲਤ ਉਹੀ ਰਹੀ, ਪਰ ਆਖਿਆ, ਮੈਂ ਪਤਾਲ ਵਿੱਚ ਆਪਣੇ ਪੁੱਤਰ ਕੋਲ ਰੋਂਦਾ-ਰੋਂਦਾ ਉੱਤਰਾਂਗਾ ਅਤੇ ਉਸ ਦਾ ਪਿਤਾ ਉਹ ਦੇ ਲਈ ਵਿਰਲਾਪ ਕਰਦਾ ਰਿਹਾ ।36ਅਤੇ ਉਨ੍ਹਾਂ ਮਿਦਯਾਨੀਆਂ ਨੇ ਯੂਸੁਫ਼ ਨੂੰ ਮਿਸਰ ਵਿੱਚ ਪੋਤੀਪਰ ਕੋਲ ਵੇਚ ਦਿੱਤਾ, ਜਿਹੜਾ ਫ਼ਿਰਊਨ ਦਾ ਹਾਕਮ ਅਤੇ ਅੰਗ-ਰੱਖਿਅਕਾਂ ਦਾ ਪ੍ਰਧਾਨ ਸੀ ।

38
ਯਹੂਦਾਹ ਅਤੇ ਤਾਮਾਰ

1ਉਸ ਵੇਲੇ ਅਜਿਹਾ ਹੋਇਆ ਯਹੂਦਾਹ ਆਪਣੇ ਭਰਾਵਾਂ ਕੋਲੋਂ ਚਲਾ ਗਿਆ ਅਤੇ ਹੀਰਾਹ ਨਾਮ ਦੇ ਇੱਕ ਅਦੂਲਾਮੀ ਮਨੁੱਖ ਦੇ ਘਰ ਵਿੱਚ ਠਹਿਰਿਆ ।2ਯਹੂਦਾਹ ਨੇ ਉੱਥੇ ਇੱਕ ਕਨਾਨੀ ਮਨੁੱਖ ਸ਼ੂਆ ਨਾਮੀ ਦੀ ਧੀ ਨੂੰ ਵੇਖਿਆ ਅਤੇ ਉਸ ਨਾਲ ਵਿਆਹ ਕੀਤਾ ਅਤੇ ਉਸ ਦੇ ਕੋਲ ਗਿਆ ।

3ਉਹ ਗਰਭਵਤੀ ਹੋਈ ਅਤੇ ਉਸਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਯਹੂਦਾਹ ਨੇ ਉਸ ਦਾ ਨਾਮ ਏਰ ਰੱਖਿਆ ।4ਉਹ ਫੇਰ ਗਰਭਵਤੀ ਹੋਈ ਅਤੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ ਅਤੇ ਉਸ ਦਾ ਨਾਮ ਓਨਾਨ ਰੱਖਿਆ ।5ਉਹ ਫਿਰ ਗਰਭਵਤੀ ਹੋਈ ਅਤੇ ਪੁੱਤਰ ਨੂੰ ਜਨਮ ਦਿੱਤਾ ਅਤੇ ਉਸ ਦਾ ਨਾਮ ਸ਼ੇਲਾਹ ਰੱਖਿਆ ਅਤੇ ਜਦ ਉਸ ਨੇ ਉਹ ਨੂੰ ਜਨਮ ਦਿੱਤਾ ਤਾਂ ਯਹੂਦਾਹ ਕਜ਼ੀਬ ਵਿੱਚ ਸੀ ।
6ਯਹੂਦਾਹ ਨੇ ਆਪਣੇ ਪਹਿਲੌਠੇ ਪੁੱਤਰ ਏਰ ਲਈ ਇੱਕ ਪਤਨੀ ਲਿਆਂਦੀ, ਜਿਸ ਦਾ ਨਾਮ ਤਾਮਾਰ ਸੀ ।7ਯਹੂਦਾਹ ਦਾ ਪਹਿਲੌਠਾ ਏਰ, ਯਹੋਵਾਹ ਦੀਆਂ ਅੱਖਾਂ ਵਿੱਚ ਦੁਸ਼ਟ ਸੀ ਇਸ ਲਈ ਯਹੋਵਾਹ ਨੇ ਉਸ ਨੂੰ ਮਾਰ ਸੁੱਟਿਆ ।
8ਯਹੂਦਾਹ ਨੇ ਓਨਾਨ ਨੂੰ ਆਖਿਆ, ਆਪਣੇ ਭਰਾ ਦੀ ਪਤਨੀ ਕੋਲ ਜਾ ਅਤੇ ਉਸ ਦਾ ਹੱਕ ਅਦਾ ਕਰ ਅਤੇ ਆਪਣੇ ਭਰਾ ਲਈ ਅੰਸ ਚਲਾ ।9ਓਨਾਨ ਨੇ ਇਸ ਗੱਲ ਨੂੰ ਜਾਣਿਆ ਕਿ ਇਹ ਅੰਸ ਮੇਰੀ ਅੰਸ ਨਹੀਂ ਹੋਵੇਗੀ, ਇਸ ਲਈ ਐਉਂ ਹੋਇਆ ਕਿ ਜਦ ਉਹ ਆਪਣੇ ਭਰਾ ਦੀ ਪਤਨੀ ਕੋਲ ਗਿਆ ਤਾਂ ਆਪਣਾ ਵੀਰਜ ਧਰਤੀ ਉੱਤੇ ਬਰਬਾਦ ਕਰ ਦਿੱਤਾ ਕਿਤੇ ਅਜਿਹਾ ਨਾ ਹੋਵੇ ਉਸ ਦੇ ਭਰਾ ਲਈ ਅੰਸ ਹੋਵੇ ।10ਜੋ ਉਸ ਨੇ ਕੀਤਾ ਸੀ, ਯਹੋਵਾਹ ਦੀਆਂ ਅੱਖਾਂ ਵਿੱਚ ਬੁਰਾ ਲੱਗਾ ਅਤੇ ਉਸ ਨੇ ਓਨਾਨ ਨੂੰ ਵੀ ਮਾਰ ਦਿੱਤਾ ।
11ਤਦ ਯਹੂਦਾਹ ਨੇ ਆਪਣੀ ਨੂੰਹ ਤਾਮਾਰ ਨੂੰ ਆਖਿਆ, ਆਪਣੇ ਪਿਤਾ ਦੇ ਘਰ ਵਿਧਵਾ ਬੈਠੀ ਰਹਿ, ਜਦ ਤੱਕ ਮੇਰਾ ਪੁੱਤਰ ਸ਼ੇਲਾਹ ਸਿਆਣਾ ਨਾ ਹੋ ਜਾਵੇ ਕਿਉਂ ਜੋ ਉਸ ਨੇ ਆਖਿਆ ਕਿਤੇ ਇਹ ਵੀ ਆਪਣੇ ਭਰਾਵਾਂ ਵਾਂਗੂੰ ਮਰ ਨਾ ਜਾਵੇ ਤਦ ਤਾਮਾਰ ਚਲੀ ਗਈ ਅਤੇ ਆਪਣੇ ਪਿਤਾ ਦੇ ਘਰ ਵਿੱਚ ਬੈਠੀ ਰਹੀ ।
12ਜਦ ਬਹੁਤ ਦਿਨ ਹੋਏ ਤਾਂ ਸ਼ੂਆ ਦੀ ਧੀ, ਯਹੂਦਾਹ ਦੀ ਪਤਨੀ ਮਰ ਗਈ ਜਦ ਯਹੂਦਾਹ ਸੋਗ ਦੇ ਦਿਨਾਂ ਤੋਂ ਬਾਅਦ, ਉਹ ਆਪਣੀਆਂ ਭੇਡਾਂ ਦੀ ਉੱਨ ਕਤਰਨ ਵਾਲਿਆਂ ਕੋਲ ਆਪਣੇ ਮਿੱਤਰ ਹੀਰਾਹ ਅਦੂਲਾਮੀ ਦੇ ਸੰਗ ਤਿਮਨਾਥ ਨੂੰ ਗਿਆ ।13ਤਾਮਾਰ ਨੂੰ ਦੱਸਿਆ ਗਿਆ ਕਿ ਵੇਖ ਤੇਰਾ ਸੌਹਰਾ ਆਪਣੀਆਂ ਭੇਡਾਂ ਦੀ ਉੱਨ ਕਤਰਨ ਤਿਮਨਾਥ ਨੂੰ ਜਾਂਦਾ ਹੈ ।14ਤਦ ਉਸ ਨੇ ਆਪਣੇ ਵਿਧਵਾ ਦੇ ਬਸਤਰ ਲਾਹ ਸੁੱਟੇ ਅਤੇ ਬੁਰਕਾ ਪਾ ਕੇ ਆਪ ਨੂੰ ਲਪੇਟ ਲਿਆ ਅਤੇ ਏਨਯਿਮ ਦੇ ਫਾਟਕ ਉੱਤੇ ਜਿਹੜਾ ਤਿਮਨਾਥ ਦੇ ਰਸਤੇ ਉੱਤੇ ਸੀ, ਜਾ ਬੈਠੀ ਕਿਉਂ ਜੋ ਉਸ ਨੇ ਵੇਖਿਆ ਕਿ ਸ਼ੇਲਾਹ ਵੱਡਾ ਹੋ ਗਿਆ ਹੈ, ਪਰ ਉਹ ਉਸ ਦੀ ਪਤਨੀ ਬਣਨ ਨੂੰ ਨਹੀਂ ਦਿੱਤੀ ਗਈ ।
15ਤਦ ਯਹੂਦਾਹ ਨੇ ਉਸ ਨੂੰ ਵੇਖਿਆ ਅਤੇ ਸਮਝਿਆ ਕਿ ਇਹ ਵੇਸ਼ਵਾ ਹੈ ਕਿਉਂ ਜੋ ਉਸ ਨੇ ਆਪਣਾ ਮੂੰਹ ਢੱਕਿਆ ਹੋਇਆ ਸੀ ।16ਉਹ ਰਸਤੇ ਤੋਂ ਉਸ ਦੀ ਵੱਲ ਮੁੜ ਪਿਆ ਅਤੇ ਆਖਿਆ, ਆ ਅਤੇ ਮੈਨੂੰ ਆਪਣੇ ਕੋਲ ਆਉਣ ਦੇ ਕਿਉਂ ਜੋ ਉਸ ਨੂੰ ਪਤਾ ਨਹੀਂ ਸੀ ਕਿ ਇਹ ਮੇਰੀ ਨੂੰਹ ਹੈ ਤਦ ਉਸ ਨੇ ਆਖਿਆ, ਜੇ ਤੂੰ ਮੇਰੇ ਕੋਲ ਆਵੇਂ ਤਾਂ ਤੂੰ ਮੈਨੂੰ ਕੀ ਦੇਵੇਂਗਾ ?
17ਉਸ ਆਖਿਆ, ਮੈਂ ਇੱਜੜ ਵਿੱਚੋਂ ਬੱਕਰੀ ਦਾ ਇੱਕ ਲੇਲਾ ਤੇਰੇ ਕੋਲ ਭੇਜਾਂਗਾ ਪਰ ਉਸ ਆਖਿਆ ਕੀ ਤੂੰ ਕੋਈ ਚੀਜ਼ ਗਹਿਣੇ ਰੱਖ ਦੇਵੇਂਗਾ, ਜਦ ਤੱਕ ਉਹ ਨਾ ਘੱਲੇਂ ?18ਫੇਰ ਉਸ ਨੇ ਆਖਿਆ, ਮੈਂ ਤੇਰੇ ਕੋਲ ਕੀ ਗਹਿਣੇ ਰੱਖਾਂ ? ਉਸ ਆਖਿਆ, ਤੂੰ ਆਪਣੀ ਮੋਹਰ, ਆਪਣੀ ਰੱਸੀ ਅਤੇ ਆਪਣੀ ਲਾਠੀ ਜਿਹੜੀ ਤੇਰੇ ਹੱਥ ਵਿੱਚ ਹੈ ਦੇ । ਉਸ ਨੇ ਉਹ ਨੂੰ ਉਹ ਸਭ ਕੁਝ ਦੇ ਦਿੱਤਾ ਅਤੇ ਉਸ ਦੇ ਕੋਲ ਗਿਆ ਅਤੇ ਉਹ ਉਸ ਤੋਂ ਗਰਭਵਤੀ ਹੋ ਗਈ ।
19ਉਹ ਉੱਥੋਂ ਉੱਠ ਕੇ ਚੱਲੀ ਗਈ ਅਤੇ ਆਪਣੇ ਉੱਤੋਂ ਬੁਰਕਾ ਲਾਹ ਸੁੱਟਿਆ ਅਤੇ ਵਿਧਵਾ ਦੇ ਬਸਤਰ ਪਾ ਲਏ ।20ਯਹੂਦਾਹ ਨੇ ਆਪਣੇ ਮਿੱਤਰ ਅਦੂਲਾਮੀ ਦੇ ਹੱਥ ਬੱਕਰੀ ਦਾ ਲੇਲਾ ਭੇਜਿਆ ਤਾਂ ਜੋ ਉਸ ਦੀਆਂ ਗਹਿਣੇ ਰੱਖੀਆਂ ਚੀਜ਼ਾਂ ਉਸ ਇਸਤਰੀ ਦੇ ਹੱਥੋਂ ਮੋੜ ਲਿਆਵੇ ਅਤੇ ਉਹ ਉਸ ਨੂੰ ਨਾ ਲੱਭੀ ।
21ਫੇਰ ਉਸ ਨੇ ਉਸ ਥਾਂ ਦੇ ਮਨੁੱਖਾਂ ਤੋਂ ਇਹ ਪੁੱਛਿਆ ਕਿ ਉਹ ਵੇਸ਼ਵਾ ਕਿੱਥੇ ਹੈ, ਜਿਹੜੀ ਏਨਯਿਮ ਦੇ ਰਸਤੇ ਉੱਤੇ ਬੈਠੀ ਸੀ ? ਤਦ ਉਨ੍ਹਾਂ ਨੇ ਆਖਿਆ ਕਿ ਇੱਥੇ ਕੋਈ ਵੇਸ਼ਵਾ ਨਹੀਂ ਸੀ ।22ਉਹ ਯਹੂਦਾਹ ਦੇ ਕੋਲ ਮੁੜ ਆਇਆ ਅਤੇ ਆਖਿਆ ਕਿ ਉਹ ਮੈਨੂੰ ਨਹੀਂ ਲੱਭੀ ਅਤੇ ਉੱਥੇ ਦੇ ਮਨੁੱਖਾਂ ਨੇ ਵੀ ਆਖਿਆ ਕਿ ਇੱਥੇ ਕੋਈ ਵੇਸ਼ਵਾ ਨਹੀਂ ਹੈ ।23ਯਹੂਦਾਹ ਦੇ ਆਖਿਆ ਉਹ ਉਸ ਨੂੰ ਰੱਖੇ । ਅਸੀਂ ਖੱਜਲ ਤਾਂ ਨਾ ਹੋਈਏ । ਵੇਖ ਮੈਂ ਤਾਂ ਲੇਲਾ ਭੇਜਿਆ ਸੀ, ਪਰ ਉਹ ਤੈਨੂੰ ਨਹੀਂ ਲੱਭੀ ।
24ਤਦ ਅਜਿਹਾ ਹੋਇਆ ਕਿ ਜਦ ਲਗਭਗ ਤਿੰਨ ਮਹੀਨੇ ਹੋ ਗਏ ਤਾਂ ਯਹੂਦਾਹ ਨੂੰ ਦੱਸਿਆ ਗਿਆ ਕਿ ਤੇਰੀ ਨੂੰਹ ਤਾਮਾਰ ਨੇ ਵਿਭਚਾਰ ਕੀਤਾ ਅਤੇ ਵੇਖ ਉਹ ਗਰਭਵਤੀ ਵੀ ਹੈ ਤਾਂ ਯਹੂਦਾਹ ਨੇ ਆਖਿਆ ਉਹ ਨੂੰ ਬਾਹਰ ਕੱਢ ਲਿਆਓ ਤਾਂ ਜੋ ਉਹ ਸਾੜ ਦਿੱਤੀ ਜਾਵੇ ।25ਜਦ ਉਹ ਬਾਹਰ ਕੱਢੀ ਗਈ ਤਾਂ ਉਸ ਨੇ ਆਪਣੇ ਸੌਹਰੇ ਨੂੰ ਇਹ ਸੁਨੇਹਾ ਭੇਜਿਆ ਕਿ ਜਿਸ ਮਨੁੱਖ ਦੀਆਂ ਇਹ ਚੀਜ਼ਾਂ ਹਨ, ਮੈਂ ਉਸ ਤੋਂ ਹੀ ਗਰਭਵਤੀ ਹਾਂ ਅਤੇ ਉਸ ਨੇ ਇਹ ਵੀ ਆਖਿਆ, ਪਹਿਚਾਣ ਤਾਂ ਕਿ ਇਹ ਮੋਹਰ ਅਤੇ ਰੱਸੀ ਅਤੇ ਲਾਠੀ ਕਿਹਦੀ ਹੈ ।26ਯਹੂਦਾਹ ਨੇ ਪਹਿਚਾਣ ਕੇ ਆਖਿਆ, ਉਹ ਮੇਰੇ ਨਾਲੋਂ ਵੱਧ ਧਰਮੀ ਹੈ ਕਿਉਂ ਜੋ ਮੈਂ ਉਸ ਦਾ ਵਿਆਹ ਆਪਣੇ ਪੁੱਤਰ ਸ਼ੇਲਾਹ ਨਾਲ ਨਹੀਂ ਕੀਤਾ ਅਤੇ ਯਹੂਦਾਹ ਨੇ ਅੱਗੇ ਨੂੰ ਉਸ ਦੇ ਨਾਲ ਸੰਗ ਨਾ ਕੀਤਾ ।
27ਅਜਿਹਾ ਹੋਇਆ ਕਿ ਉਸ ਦੇ ਜਣਨ ਦੇ ਸਮੇਂ ਉਸ ਦੀ ਕੁੱਖ ਵਿੱਚ ਜੋੜੇ ਸਨ ।28ਅਤੇ ਜਦ ਉਹ ਜਨਮ ਦੇਣ ਲੱਗੀ ਤਾਂ ਇੱਕ ਬੱਚੇ ਨੇ ਆਪਣਾ ਹੱਥ ਬਾਹਰ ਕੱਢਿਆ ਅਤੇ ਦਾਈ ਨੇ ਫੜ੍ਹ ਕੇ ਉਸ ਦੇ ਹੱਥ ਨੂੰ ਲਾਲ ਧਾਗਾ ਬੰਨ੍ਹ ਦਿੱਤਾ ਅਤੇ ਆਖਿਆ, ਇਹ ਪਹਿਲਾਂ ਨਿੱਕਲਿਆ ਹੈ ।
29ਫਿਰ ਹੋਇਆ ਕਿ ਜਦ ਉਸ ਨੇ ਆਪਣਾ ਹੱਥ ਖਿੱਚ ਲਿਆ ਤਾਂ ਵੇਖੋ ਉਸ ਦੇ ਭਰਾ ਨੇ ਜਨਮ ਲਿਆ ਅਤੇ ਦਾਈ ਨੇ ਆਖਿਆ, ਤੂੰ ਬਾਹਰ ਆਉਣ ਵਿੱਚ ਕਿਉਂ ਜ਼ੋਰ ਲਗਾਇਆ ਹੈਂ, ਇਹ ਜ਼ੋਰ ਤੇਰੇ ਉੱਤੇ ਆਵੇ ਇਸ ਲਈ ਉਸ ਨਾ ਨਾਮ ਪਾਰਸ ਰੱਖਿਆ ਗਿਆ ।30ਉਸ ਤੋਂ ਬਾਅਦ ਉਸ ਦਾ ਭਰਾ ਜਿਸ ਦੇ ਹੱਥ ਲਾਲ ਧਾਗਾ ਬੰਨ੍ਹਿਆ ਗਿਆ ਸੀ, ਜਨਮ ਲਿਆ ਅਤੇ ਉਸ ਦਾ ਨਾਮ ਜ਼ਾਰਹ ਰੱਖਿਆ ਗਿਆ ।

39
ਯੂਸੁਫ਼ ਅਤੇ ਪੋਟੀਫ਼ਰ ਦੀ ਪਤਨੀ

1ਯੂਸੁਫ਼ ਮਿਸਰ ਵਿੱਚ ਲਿਆਂਦਾ ਗਿਆ ਅਤੇ ਪੋਟੀਫ਼ਰ ਮਿਸਰੀ ਨੇ ਜਿਹੜਾ ਫ਼ਿਰਊਨ ਦਾ ਹਾਕਮ ਅਤੇ ਅੰਗ-ਰੱਖਿਅਕਾਂ ਦਾ ਪ੍ਰਧਾਨ ਸੀ, ਉਸ ਨੂੰ ਇਸਮਾਏਲੀਆਂ ਦੇ ਹੱਥੋਂ ਮੁੱਲ ਲੈ ਲਿਆ, ਜਿਹੜੇ ਉਸ ਨੂੰ ਉੱਥੇ ਲਿਆਏ ਸਨ ।2ਯਹੋਵਾਹ ਯੂਸੁਫ਼ ਦੇ ਅੰਗ-ਸੰਗ ਸੀ, ਇਸ ਲਈ ਉਹ ਵੱਡਭਾਗਾ ਮਨੁੱਖ ਹੋ ਗਿਆ ਅਤੇ ਉਹ ਆਪਣੇ ਮਿਸਰੀ ਸਵਾਮੀ ਦੇ ਘਰ ਰਹਿੰਦਾ ਸੀ ।

3ਤਦ ਉਸ ਦੇ ਸਵਾਮੀ ਨੇ ਵੇਖਿਆ ਕਿ ਯਹੋਵਾਹ ਉਸ ਦੇ ਅੰਗ-ਸੰਗ ਹੈ ਅਤੇ ਜੋ ਵੀ ਕੰਮ ਉਹ ਕਰਦਾ ਹੈ ਉਸ ਦੇ ਹੱਥੋਂ ਉਹ ਸਫ਼ਲ ਕਰਾਉਂਦਾ ਹੈ ।4ਸੋ ਯੂਸੁਫ਼ ਉੱਤੇ ਉਹ ਦੀ ਦਯਾ ਦੀ ਨਿਗਾਹ ਹੋਈ । ਯੂਸੁਫ਼ ਨੇ ਉਹ ਦੀ ਸੇਵਾ ਕੀਤੀ ਅਤੇ ਉਸ ਨੇ ਉਹ ਨੂੰ ਆਪਣੇ ਘਰ ਦਾ ਮੁਖ਼ਤਿਆਰ ਬਣਾ ਦਿੱਤਾ ਅਤੇ ਜੋ ਕੁਝ ਉਹ ਦਾ ਸੀ ਉਸ ਦੇ ਹੱਥ ਵਿੱਚ ਦੇ ਦਿੱਤਾ ।
5ਅਜਿਹਾ ਹੋਇਆ ਕਿ ਜਿਸ ਵੇਲੇ ਤੋਂ ਉਸ ਨੇ ਉਹ ਨੂੰ ਆਪਣੇ ਘਰ ਦਾ ਅਤੇ ਆਪਣੀਆਂ ਸਭ ਚੀਜ਼ਾਂ ਦਾ ਮੁਖ਼ਤਿਆਰ ਬਣਾ ਦਿੱਤਾ, ਯਹੋਵਾਹ ਨੇ ਉਸ ਮਿਸਰੀ ਦੇ ਘਰ ਉੱਤੇ ਯੂਸੁਫ਼ ਦੇ ਕਾਰਨ ਬਹੁਤ ਬਰਕਤ ਦਿੱਤੀ ਅਤੇ ਯਹੋਵਾਹ ਦੀ ਬਰਕਤ ਉਸ ਦੀਆਂ ਸਭ ਚੀਜ਼ਾਂ ਉੱਤੇ ਹੋਈ, ਭਾਵੇਂ ਉਹ ਘਰ ਵਿੱਚ ਸਨ ਭਾਵੇਂ ਖੇਤ ਵਿੱਚ ।6ਉਸ ਨੇ ਸਭ ਕੁਝ ਯੂਸੁਫ਼ ਦੇ ਹੱਥ ਵਿੱਚ ਸੌਂਪ ਦਿੱਤਾ ਅਤੇ ਉਸ ਨੇ ਆਪਣੀ ਖਾਣ ਦੀ ਰੋਟੀ ਤੋਂ ਛੁੱਟ ਹੋਰ ਕਿਸੇ ਚੀਜ਼ ਦੀ ਖ਼ਬਰ ਨਾ ਰੱਖੀ ਅਤੇ ਯੂਸੁਫ਼ ਰੂਪਵੰਤ ਅਤੇ ਸੋਹਣਾ ਸੀ ।
7ਇਹਨਾਂ ਗੱਲਾਂ ਦੇ ਪਿੱਛੋਂ ਅਜਿਹਾ ਹੋਇਆ ਕਿ ਉਸ ਦੇ ਸਵਾਮੀ ਦੀ ਪਤਨੀ ਆਪਣੀਆਂ ਅੱਖਾਂ ਯੂਸੁਫ਼ ਨਾਲ ਲਾਉਣ ਲੱਗ ਪਈ ਅਤੇ ਉਸ ਨੇ ਉਹ ਨੂੰ ਆਖਿਆ, ਤੂੰ ਮੇਰੇ ਨਾਲ ਲੇਟ ।8ਪਰ ਉਸ ਨੇ ਨਾ ਮੰਨਿਆ ਅਤੇ ਆਪਣੇ ਸਵਾਮੀ ਦੀ ਪਤਨੀ ਨੂੰ ਆਖਿਆ, ਵੇਖੋ, ਮੇਰਾ ਸਵਾਮੀ ਨਹੀਂ ਜਾਣਦਾ ਕਿ ਘਰ ਵਿੱਚ ਮੇਰੇ ਕੋਲ ਕੀ ਕੁਝ ਹੈ ਅਤੇ ਉਸ ਨੇ ਆਪਣਾ ਸਭ ਕੁਝ ਮੇਰੇ ਹੱਥ ਵਿੱਚ ਦੇ ਦਿੱਤਾ ਹੈ9ਅਤੇ ਇਸ ਘਰ ਵਿੱਚ ਮੈਥੋਂ ਵੱਡਾ ਵੀ ਕੋਈ ਨਹੀਂ ਅਤੇ ਉਸ ਨੇ ਤੁਹਾਥੋਂ ਬਿਨ੍ਹਾਂ ਕੋਈ ਚੀਜ਼ ਮੇਰੇ ਕੋਲੋਂ ਰੋਕ ਕੇ ਵੀ ਨਹੀਂ ਰੱਖੀ, ਕਿਉਂ ਜੋ ਤੁਸੀਂ ਉਸ ਦੀ ਪਤਨੀ ਹੋ । ਮੈਂ ਐਡੀ ਵੱਡੀ ਬੁਰਿਆਈ ਅਤੇ ਪਾਪ ਪਰਮੇਸ਼ੁਰ ਦੇ ਵਿਰੁੱਧ ਕਿਵੇਂ ਕਰਾਂ ?
10ਤਦ ਅਜਿਹਾ ਹੋਇਆ ਕਿ ਉਹ ਹਰ ਰੋਜ਼ ਆਖਦੀ ਰਹੀ ਪਰ ਉਸ ਨੇ ਉਹ ਦੀ ਗੱਲ ਨਾ ਮੰਨੀ ਕਿ ਉਹ ਉਸ ਦੇ ਨਾਲ ਲੇਟੇ ਜਾਂ ਉਸ ਦੇ ਕੋਲ ਰਹੇ ।11ਇੱਕ ਦਿਨ ਅਜਿਹਾ ਹੋਇਆ ਕਿ ਉਹ ਘਰ ਵਿੱਚ ਆਪਣਾ ਕੰਮ ਕਰਨ ਲਈ ਗਿਆ ਅਤੇ ਘਰ ਦੇ ਮਨੁੱਖਾਂ ਵਿੱਚੋਂ ਕੋਈ ਵੀ ਘਰ ਵਿੱਚ ਨਹੀਂ ਸੀ ।12ਤਦ ਉਸ ਨੇ ਉਸ ਦਾ ਕੱਪੜਾ ਫੜ੍ਹ ਕੇ ਆਖਿਆ, ਮੇਰੇ ਨਾਲ ਲੇਟ ਤਾਂ ਉਹ ਆਪਣਾ ਕੱਪੜਾ ਉਸ ਦੇ ਹੱਥ ਵਿੱਚ ਛੱਡ ਕੇ ਭੱਜਿਆ ਅਤੇ ਬਾਹਰ ਨਿੱਕਲ ਗਿਆ ।
13ਜਦ ਉਸ ਨੇ ਵੇਖਿਆ ਕਿ ਉਹ ਆਪਣਾ ਕੱਪੜਾ ਮੇਰੇ ਹੱਥ ਵਿੱਚ ਛੱਡ ਕੇ ਬਾਹਰ ਭੱਜ ਗਿਆ ਹੈ14ਤਾਂ ਉਸ ਨੇ ਆਪਣੇ ਘਰ ਦੇ ਮਨੁੱਖਾਂ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਆਖਿਆ, ਵੇਖੋ, ਉਹ ਇੱਕ ਇਬਰਾਨੀ ਨੂੰ ਸਾਡੇ ਕੋਲ ਲੈ ਆਇਆ ਹੈ ਜਿਹੜਾ ਸਾਡਾ ਨਿਰਾਦਰ ਕਰੇ । ਉਹ ਮੇਰੇ ਕੋਲ ਅੰਦਰ ਆਇਆ ਤਾਂ ਜੋ ਉਹ ਮੇਰੇ ਨਾਲ ਲੇਟੇ ਪਰ ਮੈਂ ਉੱਚੀ ਅਵਾਜ਼ ਨਾਲ ਬੋਲ ਪਈ ।15ਜਦ ਉਸ ਨੇ ਸੁਣਿਆ ਕਿ ਮੈਂ ਉੱਚੀ ਅਵਾਜ਼ ਨਾਲ ਚਿੱਲਾਈ ਤਾਂ ਉਹ ਆਪਣਾ ਕੱਪੜਾ ਮੇਰੇ ਕੋਲ ਛੱਡ ਕੇ ਬਾਹਰ ਨੂੰ ਭੱਜ ਗਿਆ ।
16ਸੋ ਉਸ ਨੇ ਆਪਣੇ ਸਵਾਮੀ ਦੇ ਘਰ ਆਉਣ ਤੱਕ ਉਸ ਦਾ ਕੱਪੜਾ ਆਪਣੇ ਕੋਲ ਰੱਖ ਛੱਡਿਆ ।17ਤਦ ਉਸ ਨੇ ਉਹ ਨੂੰ ਸਾਰੀਆਂ ਗੱਲਾਂ ਦੱਸੀਆਂ ਅਤੇ ਆਖਿਆ, ਜਿਹੜਾ ਇਬਰਾਨੀ ਗ਼ੁਲਾਮ ਤੂੰ ਸਾਡੇ ਕੋਲ ਲੈ ਆਇਆ ਹੈਂ ਉਹ ਮੇਰੇ ਕੋਲ ਅੰਦਰ ਆ ਵੜਿਆ ਅਤੇ ਮੇਰੇ ਨਾਲ ਬੁਰਾ ਵਿਵਹਾਰ ਕਰਨ ਲੱਗਾ ।18ਪਰ ਜਦ ਮੈਂ ਉੱਚੀ ਅਵਾਜ਼ ਨਾਲ ਚਿੱਲਾਈ ਤਾਂ ਉਹ ਆਪਣਾ ਕੱਪੜਾ ਮੇਰੇ ਕੋਲ ਛੱਡ ਕੇ ਬਾਹਰ ਨੂੰ ਭੱਜ ਗਿਆ ।
19ਫੇਰ ਅਜਿਹਾ ਹੋਇਆ ਕਿ ਜਦ ਉਸ ਦੇ ਸਵਾਮੀ ਨੇ ਆਪਣੀ ਪਤਨੀ ਦੀਆਂ ਗੱਲਾਂ ਸੁਣੀਆਂ, ਜਿਹੜੀ ਇਹ ਬੋਲੀ ਕਿ ਤੇਰੇ ਗ਼ੁਲਾਮ ਨੇ ਮੇਰੇ ਨਾਲ ਅਜਿਹਾ ਕੀਤਾ ਹੈ ਤਾਂ ਉਸ ਦਾ ਕਰੋਧ ਭੜਕ ਉੱਠਿਆ ।20ਤਦ ਯੂਸੁਫ਼ ਦੇ ਸਵਾਮੀ ਨੇ ਉਸ ਨੂੰ ਫੜ੍ਹ ਕੇ ਕੈਦ ਵਿੱਚ ਪਾ ਦਿੱਤਾ, ਜਿੱਥੇ ਸ਼ਾਹੀ ਕੈਦੀ ਸਨ ਅਤੇ ਉਹ ਉੱਥੇ ਕੈਦ ਵਿੱਚ ਰਿਹਾ ।
21ਪਰ ਯਹੋਵਾਹ ਯੂਸੁਫ਼ ਦੇ ਸੰਗ ਸੀ ਅਤੇ ਉਹ ਨੇ ਉਸ ਉੱਤੇ ਕਿਰਪਾ ਕੀਤੀ ਅਤੇ ਉਸ ਨੇ ਕੈਦਖ਼ਾਨੇ ਦੇ ਦਰੋਗ਼ੇ ਦੀਆਂ ਨਜ਼ਰਾਂ ਵਿੱਚ ਦਯਾ ਪਾਈ22ਅਤੇ ਦਰੋਗੇ ਨੇ ਸਾਰੇ ਕੈਦੀਆਂ ਨੂੰ ਜਿਹੜੇ ਉਸ ਕੈਦ ਵਿੱਚ ਸਨ, ਯੂਸੁਫ਼ ਦੇ ਹੱਥ ਵਿੱਚ ਦੇ ਦਿੱਤਾ ਅਤੇ ਜਿਹੜਾ ਕੰਮ ਉੱਥੇ ਕੀਤਾ ਜਾਂਦਾ ਸੀ, ਉਹੀ ਚਲਾਉਂਦਾ ਸੀ ।23ਕੈਦਖਾਨੇ ਦਾ ਦਰੋਗ਼ਾ ਕਿਸੇ ਗੱਲ ਦੀ ਜਿਹੜੀ ਉਸ ਦੇ ਹੱਥ ਵਿੱਚ ਸੀ, ਖ਼ਬਰ ਨਹੀਂ ਲੈਂਦਾ ਸੀ, ਕਿਉਂ ਜੋ ਯਹੋਵਾਹ ਯੂਸੁਫ਼ ਦੇ ਸੰਗ ਸੀ ਅਤੇ ਜੋ ਕੁਝ ਉਹ ਕਰਦਾ ਸੀ ਯਹੋਵਾਹ ਉਸ ਨੂੰ ਸਫ਼ਲ ਬਣਾ ਦਿੰਦਾ ਸੀ ।

40
ਕੈਦੀਆਂ ਦੇ ਸੁਫ਼ਨਿਆਂ ਦਾ ਅਰਥ

1ਇਹਨਾਂ ਗੱਲਾਂ ਦੇ ਬਾਅਦ ਅਜਿਹਾ ਹੋਇਆ ਕਿ ਮਿਸਰ ਦੇ ਰਾਜਾ ਦਾ ਸਾਕੀ ਅਤੇ ਰਸੋਈਆ ਆਪਣੇ ਸਵਾਮੀ ਅਰਥਾਤ ਮਿਸਰ ਦੇ ਰਾਜੇ ਦੇ ਵਿਰੁੱਧ ਕੁਝ ਅਪਰਾਧ ਕੀਤਾ ।2ਤਦ ਫ਼ਿਰਊਨ ਆਪਣੇ ਦੋਹਾਂ ਪ੍ਰਧਾਨਾਂ ਦੇ ਉੱਤੇ ਅਰਥਾਤ ਸਾਕੀਆਂ ਦੇ ਮੁਖੀਏ ਅਤੇ ਰਸੋਈਆਂ ਦੇ ਮੁਖੀਏ ਉੱਤੇ ਗੁੱਸੇ ਹੋਇਆ3ਅਤੇ ਉਸ ਨੇ ਉਨ੍ਹਾਂ ਨੂੰ ਅੰਗ-ਰੱਖਿਅਕਾਂ ਦੇ ਪ੍ਰਧਾਨ ਦੇ ਘਰ ਵਿੱਚ ਅਰਥਾਤ ਉਸੇ ਕੈਦਖਾਨੇ ਵਿੱਚ ਜਿੱਥੇ ਯੂਸੁਫ਼ ਕੈਦ ਸੀ, ਬੰਦ ਕਰ ਦਿੱਤਾ ।

4ਅੰਗ-ਰੱਖਿਅਕਾਂ ਦੇ ਪ੍ਰਧਾਨ ਨੇ ਉਨ੍ਹਾਂ ਨੂੰ ਯੂਸੁਫ਼ ਦੇ ਹਵਾਲੇ ਕਰ ਦਿੱਤਾ ਅਤੇ ਉਸ ਨੇ ਉਨ੍ਹਾਂ ਦੀ ਸੇਵਾ ਕੀਤੀ ਜਦ ਤੱਕ ਉਹ ਕੈਦ ਵਿੱਚ ਰਹੇ ।5ਮਿਸਰ ਦੇ ਰਾਜਾ ਦੇ ਸਾਕੀ ਅਤੇ ਰਸੋਈਏ ਨੇ ਜਿਹੜੇ ਕੈਦਖਾਨੇ ਵਿੱਚ ਬੰਦ ਸਨ, ਉਨ੍ਹਾਂ ਦੋਹਾਂ ਨੇ ਇੱਕੋ ਹੀ ਰਾਤ ਆਪਣੇ-ਆਪਣੇ ਫਲ ਅਨੁਸਾਰ ਸੁਫ਼ਨਾ ਵੇਖਿਆ ।
6ਜਦ ਯੂਸੁਫ਼ ਸਵੇਰੇ ਉਨ੍ਹਾਂ ਦੇ ਕੋਲ ਅੰਦਰ ਗਿਆ ਅਤੇ ਉਨ੍ਹਾਂ ਨੂੰ ਵੇਖਿਆ ਤਾਂ ਵੇਖੋ ਉਹ ਉਦਾਸ ਸਨ ।7ਉਸ ਨੇ ਫ਼ਿਰਊਨ ਦੇ ਉਨ੍ਹਾਂ ਪ੍ਰਧਾਨਾਂ ਨੂੰ ਜਿਹੜੇ ਉਸ ਦੇ ਨਾਲ ਉਸ ਦੇ ਸਵਾਮੀ ਦੇ ਘਰ ਕੈਦ ਵਿੱਚ ਸਨ, ਪੁੱਛਿਆ, ਅੱਜ ਤੁਹਾਡੇ ਚਿਹਰੇ ਕਿਉਂ ਉਦਾਸ ਹਨ ?8ਤਦ ਉਨ੍ਹਾਂ ਨੇ ਉਸ ਨੂੰ ਆਖਿਆ, ਅਸੀਂ ਇੱਕ ਸੁਫ਼ਨਾ ਵੇਖਿਆ ਹੈ, ਜਿਸ ਦਾ ਅਰਥ ਦੱਸਣ ਵਾਲਾ ਕੋਈ ਨਹੀਂ ਹੈ ਤਾਂ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, ਕੀ ਸੁਫ਼ਨਿਆਂ ਦਾ ਅਰਥ ਦੱਸਣਾ ਪਰਮੇਸ਼ੁਰ ਦਾ ਕੰਮ ਨਹੀਂ ਹੈ ? ਤੁਸੀਂ ਆਪਣੇ-ਆਪਣੇ ਸੁਫ਼ਨੇ ਮੈਨੂੰ ਦੱਸੋ ?
9ਸਾਕੀਆਂ ਦੇ ਮੁਖੀਏ ਨੇ ਯੂਸੁਫ਼ ਨੂੰ ਆਪਣਾ ਸੁਫ਼ਨਾ ਦੱਸਿਆ ਅਤੇ ਆਖਿਆ, ਵੇਖੋ ਮੇਰੇ ਸੁਫ਼ਨੇ ਵਿੱਚ ਦਾਖ਼ ਦੀ ਇੱਕ ਵੇਲ ਮੇਰੇ ਸਨਮੁਖ ਸੀ,10ਅਤੇ ਉਸ ਵੇਲ ਵਿੱਚ ਤਿੰਨ ਟਹਿਣੀਆਂ ਸਨ ਅਤੇ ਜਾਣੋ ਉਹ ਨੂੰ ਕਲੀਆਂ ਨਿੱਕਲੀਆਂ ਅਤੇ ਫੁੱਲ ਲੱਗੇ ਅਤੇ ਉਸ ਦੇ ਗੁੱਛਿਆਂ ਵਿੱਚ ਦਾਖ਼ ਪੱਕ ਗਈ ।11ਫ਼ਿਰਊਨ ਦਾ ਪਿਆਲਾ ਮੇਰੇ ਹੱਥ ਵਿੱਚ ਸੀ, ਅਤੇ ਮੈਂ ਦਾਖ਼ਾਂ ਨੂੰ ਲੈ ਕੇ ਫ਼ਿਰਊਨ ਦੇ ਪਿਆਲੇ ਵਿੱਚ ਨਿਚੋੜਿਆ ਅਤੇ ਉਹ ਪਿਆਲਾ ਮੈਂ ਫ਼ਿਰਊਨ ਦੀ ਹਥੇਲੀ ਉੱਤੇ ਰੱਖਿਆ ।
12ਤਦ ਯੂਸੁਫ਼ ਨੇ ਉਸ ਨੂੰ ਆਖਿਆ, ਇਸ ਦਾ ਅਰਥ ਇਹ ਹੈ ਕਿ ਉਹ ਤਿੰਨ ਟਹਿਣੀਆਂ ਤਿੰਨ ਦਿਨ ਹਨ ।13ਇਨ੍ਹਾਂ ਤਿੰਨਾਂ ਦਿਨਾਂ ਵਿੱਚ ਫ਼ਿਰਊਨ ਤੇਰਾ ਸਿਰ ਉੱਚਾ ਕਰੇਗਾ ਅਤੇ ਤੈਨੂੰ ਤੇਰੇ ਅਹੁਦੇ ਉੱਤੇ ਫੇਰ ਖੜ੍ਹਾ ਕਰੇਗਾ ਅਤੇ ਤੂੰ ਪਹਿਲਾਂ ਦੀ ਤਰ੍ਹਾਂ ਜਦ ਤੂੰ ਉਹ ਦਾ ਸਾਕੀ ਸੀ, ਫਿਰ ਤੋਂ ਫ਼ਿਰਊਨ ਦੇ ਹੱਥ ਵਿੱਚ ਪਿਆਲਾ ਦੇਵੇਂਗਾ ।
14ਜਦ ਤੇਰਾ ਭਲਾ ਹੋਵੇ ਤਾਂ ਤੂੰ ਮੈਨੂੰ ਯਾਦ ਰੱਖੀਂ ਅਤੇ ਮੇਰੇ ਉੱਤੇ ਕਿਰਪਾ ਕਰਕੇ ਫ਼ਿਰਊਨ ਨੂੰ ਮੇਰੇ ਬਾਰੇ ਦੱਸੀਂ ਅਤੇ ਮੈਨੂੰ ਇਸ ਘਰ ਵਿੱਚੋਂ ਬਾਹਰ ਕਢਾਈਂ ।15ਕਿਉਂ ਜੋ ਸੱਚ-ਮੁੱਚ ਮੈਂ ਇਬਰਾਨੀਆਂ ਦੇ ਦੇਸ਼ ਵਿੱਚੋਂ ਚੁਰਾਇਆ ਗਿਆ ਹਾਂ ਅਤੇ ਇੱਥੇ ਵੀ ਮੈਂ ਕੁਝ ਨਹੀਂ ਕੀਤਾ ਕਿ ਉਹ ਮੈਨੂੰ ਇਸ ਕੈਦ ਵਿੱਚ ਰੱਖਣ ।
16ਜਦ ਰਸੋਈਆਂ ਦੇ ਮੁਖੀਏ ਨੇ ਵੇਖਿਆ ਕਿ ਉਸ ਦੇ ਸੁਫ਼ਨੇ ਦਾ ਅਰਥ ਚੰਗਾ ਹੈ ਤਾਂ ਉਸ ਨੇ ਯੂਸੁਫ਼ ਨੂੰ ਆਖਿਆ, ਮੈਂ ਵੀ ਇੱਕ ਸੁਫ਼ਨਾ ਵੇਖਿਆ, ਅਤੇ ਵੇਖੋ ਮੇਰੇ ਸਿਰ ਉੱਤੇ ਚਿੱਟੀਆਂ ਰੋਟੀਆਂ ਦੀਆਂ ਤਿੰਨ ਟੋਕਰੀਆਂ ਸਨ ।17ਅਤੇ ਸਭ ਤੋਂ ਉੱਪਰਲੀ ਟੋਕਰੀ ਵਿੱਚ ਫ਼ਿਰਊਨ ਲਈ ਭਿੰਨ-ਭਿੰਨ ਪਰਕਾਰ ਦਾ ਪਕਾਇਆ ਹੋਇਆ ਭੋਜਨ ਸੀ ਅਤੇ ਪੰਛੀ ਮੇਰੇ ਸਿਰ ਉੱਪਰਲੀ ਟੋਕਰੀ ਵਿੱਚੋਂ ਖਾਂਦੇ ਸਨ ।
18ਤਦ ਯੂਸੁਫ਼ ਨੇ ਉੱਤਰ ਦੇ ਕੇ ਆਖਿਆ, ਇਸ ਦਾ ਅਰਥ ਇਹ ਹੈ ਕਿ ਇਹ ਤਿੰਨ ਟੋਕਰੀਆਂ ਤਿੰਨ ਦਿਨ ਹਨ ।19ਇਨ੍ਹਾਂ ਤਿੰਨਾਂ ਦਿਨਾਂ ਵਿੱਚ ਫ਼ਿਰਊਨ ਤੇਰਾ ਸਿਰ ਤੇਰੇ ਉੱਤੋਂ ਲਾਹ ਦੇਵੇਗਾ ਅਤੇ ਤੈਨੂੰ ਇੱਕ ਰੁੱਖ ਨਾਲ ਟੰਗ ਦੇਵੇਗਾ ਅਤੇ ਪੰਛੀ ਤੇਰਾ ਮਾਸ ਖਾਣਗੇ ।
20ਫਿਰ ਤੀਜੇ ਦਿਨ, ਫ਼ਿਰਊਨ ਦਾ ਜਨਮ ਦਿਨ ਸੀ ਅਤੇ ਉਸ ਨੇ ਆਪਣੇ ਸਾਰੇ ਕਰਮਚਾਰੀਆਂ ਲਈ ਦਾਵਤ ਕੀਤੀ ਅਤੇ ਆਪਣੇ ਕਰਮਚਾਰੀਆਂ ਵਿੱਚੋਂ ਸਾਕੀਆਂ ਦੇ ਮੁਖੀਏ ਅਤੇ ਰਸੋਈਆਂ ਦੇ ਮੁਖੀਏ ਦਾ ਸਿਰ ਉੱਚਾ ਕੀਤਾ ।21ਪਰ ਉਸ ਨੇ ਸਾਕੀਆਂ ਦੇ ਮੁਖੀਏ ਨੂੰ ਤਾਂ ਉਹ ਦੇ ਅਹੁਦੇ ਉੱਤੇ ਫਿਰ ਨਿਯੁਕਤ ਕੀਤਾ ਤਾਂ ਜੋ ਉਹ ਫ਼ਿਰਊਨ ਦੀ ਹਥੇਲੀ ਉੱਤੇ ਪਿਆਲਾ ਰੱਖੇ22ਪਰ ਉਸ ਨੇ ਰਸੋਈਆਂ ਦੇ ਮੁਖੀਏ ਨੂੰ ਫਾਂਸੀ ਦੇ ਦਿੱਤੀ ਜਿਵੇਂ ਯੂਸੁਫ਼ ਨੇ ਉਨ੍ਹਾਂ ਦੇ ਸੁਫ਼ਨਿਆਂ ਦਾ ਅਰਥ ਦੱਸਿਆ ਸੀ ।23ਪਰ ਸਾਕੀਆਂ ਦੇ ਮੁਖੀਏ ਨੇ ਯੂਸੁਫ਼ ਨੂੰ ਯਾਦ ਨਾ ਰੱਖਿਆ ਪਰ ਉਸ ਨੂੰ ਭੁੱਲ ਗਿਆ ।

41
ਫ਼ਿਰਊਨ ਦੇ ਸੁਫ਼ਨਿਆਂ ਦਾ ਅਰਥ ਦੱਸਣਾ

1ਪੂਰੇ ਦੋ ਸਾਲਾਂ ਦੇ ਅੰਤ ਵਿੱਚ ਫ਼ਿਰਊਨ ਨੇ ਇੱਕ ਸੁਫ਼ਨਾ ਵੇਖਿਆ ਕਿ ਉਹ ਨੀਲ ਨਦੀ ਕੋਲ ਖੜ੍ਹਾ ਸੀ,2ਅਤੇ ਵੇਖੋ ਨਦੀ ਵਿੱਚੋਂ ਸੱਤ ਗਾਈਆਂ ਜਿਹੜੀਆਂ ਸੋਹਣੀਆਂ ਅਤੇ ਮੋਟੀਆਂ ਸਨ, ਨਿੱਕਲੀਆਂ ਅਤੇ ਨਦੀ ਦੇ ਕਿਨਾਰੇ ਚੁੱਗਣ ਲੱਗ ਪਈਆਂ ।3ਅਤੇ ਵੇਖੋ, ਉਨ੍ਹਾਂ ਤੋਂ ਬਾਅਦ ਸੱਤ ਗਾਈਆਂ ਹੋਰ ਜਿਹੜੀਆਂ ਕਰੂਪ ਅਤੇ ਸਰੀਰ ਵਿੱਚ ਲਿੱਸੀਆਂ ਸਨ, ਨਦੀ ਵਿੱਚੋਂ ਨਿੱਕਲੀਆਂ ਅਤੇ ਨਦੀ ਦੇ ਕੰਢੇ ਉੱਤੇ ਦੂਸਰੀਆਂ ਗਾਈਆਂ ਕੋਲ ਖੜ੍ਹੀਆਂ ਹੋ ਗਈਆਂ ।

4ਤਦ ਕਰੂਪ ਅਤੇ ਲਿੱਸੀਆਂ ਗਾਈਆਂ ਨੇ ਉਨ੍ਹਾਂ ਸੱਤਾਂ ਸੋਹਣੀਆਂ ਅਤੇ ਮੋਟੀਆਂ ਗਾਈਆਂ ਨੂੰ ਨਿਗਲ ਲਿਆ, ਤਦ ਫ਼ਿਰਊਨ ਜਾਗ ਉੱਠਿਆ ।5ਉਹ ਫੇਰ ਸੌਂ ਗਿਆ ਅਤੇ ਦੂਜੀ ਵਾਰ ਸੁਫ਼ਨਾ ਵੇਖਿਆ ਅਤੇ ਵੇਖੋ, ਮੋਟੇ ਅਤੇ ਚੰਗੇ ਸੱਤ ਸਿੱਟੇ ਇੱਕ ਨੜ ਵਿੱਚੋਂ ਨਿੱਕਲੇ6ਅਤੇ ਵੇਖੋ, ਉਸ ਦੇ ਬਾਅਦ ਪਤਲੇ ਅਤੇ ਪੂਰਬੀ ਹਵਾ ਨਾਲ ਝੁਲਸੇ ਹੋਏ ਸੱਤ ਸਿੱਟੇ ਫੁੱਟ ਪਏ ।
7ਉਹ ਪਤਲੇ ਸਿੱਟੇ ਉਨ੍ਹਾਂ ਸੱਤਾਂ ਮੋਟੇ ਅਤੇ ਭਰੇ ਹੋਏ ਸਿੱਟਿਆਂ ਨੂੰ ਨਿਗਲ ਗਏ ਤਾਂ ਫ਼ਿਰਊਨ ਜਾਗ ਉੱਠਿਆ ਅਤੇ ਜਾਣਿਆ ਕਿ ਇਹ ਸੁਫ਼ਨਾ ਹੀ ਸੀ ।8ਅਤੇ ਸਵੇਰੇ ਹੀ ਉਸ ਦਾ ਮਨ ਬੇਚੈਨ ਹੋ ਗਿਆ ਤਾਂ ਉਸ ਨੇ ਮਿਸਰ ਦੇ ਸਾਰੇ ਜਾਦੂਗਰ ਅਤੇ ਸਾਰੇ ਜੋਤਸ਼ੀ ਸੱਦ ਲਏ, ਤਦ ਫ਼ਿਰਊਨ ਨੇ ਉਨ੍ਹਾਂ ਨੂੰ ਆਪਣੇ ਸੁਫ਼ਨੇ ਦੱਸੇ ਪਰ ਕੋਈ ਵੀ ਫ਼ਿਰਊਨ ਨੂੰ ਉਨ੍ਹਾਂ ਦਾ ਅਰਥ ਨਾ ਦੱਸ ਸਕਿਆ ।
9ਤਦ ਸਾਕੀਆਂ ਦੇ ਮੁਖੀਏ ਨੇ ਫ਼ਿਰਊਨ ਨਾਲ ਇਹ ਗੱਲ ਕੀਤੀ, ਅੱਜ ਮੈਂ ਆਪਣੇ ਪਾਪ ਨੂੰ ਯਾਦ ਕਰਦਾ ਹਾਂ ।10ਜਦ ਫ਼ਿਰਊਨ ਆਪਣੇ ਦਾਸਾਂ ਉੱਤੇ ਗੁੱਸੇ ਹੋਇਆ ਤਾਂ ਮੈਨੂੰ ਅਤੇ ਰਸੋਈਆਂ ਦੇ ਮੁਖੀਏ ਨੂੰ ਅੰਗ-ਰੱਖਿਅਕਾਂ ਦੇ ਪ੍ਰਧਾਨ ਦੇ ਘਰ ਵਿੱਚ ਕੈਦ ਕੀਤਾ ।11ਤਦ ਅਸੀਂ ਦੋਨਾਂ ਨੇ ਇੱਕੋ ਹੀ ਰਾਤ ਵਿੱਚ ਆਪੋ ਆਪਣੇ ਅਰਥ ਅਨੁਸਾਰ ਸੁਫ਼ਨਾ ਵੇਖਿਆ ।
12ਅੰਗ-ਰੱਖਿਅਕਾਂ ਦੇ ਪ੍ਰਧਾਨ ਦਾ ਗ਼ੁਲਾਮ ਇੱਕ ਇਬਰਾਨੀ ਜੁਆਨ, ਉੱਥੇ ਸਾਡੇ ਨਾਲ ਸੀ ਅਤੇ ਜਦ ਅਸੀਂ ਉਸ ਨੂੰ ਦੱਸਿਆ ਤਾਂ ਉਸ ਨੇ ਸਾਡੇ ਸੁਫ਼ਨਿਆਂ ਦਾ ਅਰਥ ਇੱਕ-ਇੱਕ ਦੇ ਸੁਫ਼ਨੇ ਦੇ ਅਰਥ ਅਨੁਸਾਰ ਦੱਸਿਆ ।13ਅਤੇ ਜਿਵੇਂ ਉਸ ਨੇ ਸਾਨੂੰ ਉਸ ਦਾ ਅਰਥ ਦੱਸਿਆ ਸੀ, ਉਸੇ ਤਰ੍ਹਾਂ ਹੀ ਹੋਇਆ । ਮੈਨੂੰ ਤਾਂ ਮੇਰੇ ਅਹੁਦੇ ਉੱਤੇ ਬਹਾਲ ਕੀਤਾ ਗਿਆ ਪਰ ਉਸ ਨੂੰ ਫਾਂਸੀ ਦਿੱਤੀ ।
14ਤਦ ਫ਼ਿਰਊਨ ਨੇ ਯੂਸੁਫ਼ ਨੂੰ ਸੱਦ ਭੇਜਿਆ ਅਤੇ ਉਨ੍ਹਾਂ ਨੇ ਛੇਤੀ ਨਾਲ ਯੂਸੁਫ਼ ਨੂੰ ਕੈਦ ਵਿੱਚੋਂ ਕੱਢਿਆ । ਉਹ ਹਜਾਮਤ ਕਰ ਕੇ ਅਤੇ ਬਸਤਰ ਬਦਲ ਕੇ ਫ਼ਿਰਊਨ ਦੇ ਕੋਲ ਅੰਦਰ ਆਇਆ ।15ਫ਼ਿਰਊਨ ਨੇ ਯੂਸੁਫ਼ ਨੂੰ ਆਖਿਆ, ਮੈਂ ਇੱਕ ਸੁਫ਼ਨਾ ਵੇਖਿਆ ਹੈ, ਅਤੇ ਉਸ ਦਾ ਅਰਥ ਦੱਸਣ ਵਾਲਾ ਕੋਈ ਨਹੀਂ । ਮੈਂ ਤੇਰੇ ਬਾਰੇ ਇਹ ਸੁਣਿਆ ਹੈ ਕਿ ਤੂੰ ਸੁਫ਼ਨਾ ਸੁਣ ਕੇ ਉਸ ਦਾ ਅਰਥ ਦੱਸ ਸਕਦਾ ਹੈਂ ।16ਤਦ ਯੂਸੁਫ਼ ਨੇ ਫ਼ਿਰਊਨ ਨੂੰ ਉੱਤਰ ਦਿੱਤਾ, ਇਹ ਮੇਰੀ ਸ਼ਕਤੀ ਨਹੀਂ । ਪਰਮੇਸ਼ੁਰ ਹੀ ਫ਼ਿਰਊਨ ਨੂੰ ਸ਼ਾਂਤੀ ਦਾ ਉੱਤਰ ਦੇਵੇਗਾ ।
17ਫਿਰ ਫ਼ਿਰਊਨ ਨੇ ਯੂਸੁਫ਼ ਨੂੰ ਆਖਿਆ, ਵੇਖੋ, ਮੈਂ ਆਪਣੇ ਸੁਫ਼ਨੇ ਵਿੱਚ ਨੀਲ ਨਦੀ ਦੇ ਕੰਢੇ ਉੱਤੇ ਖੜ੍ਹਾ ਸੀ,18ਅਤੇ ਵੇਖੋ, ਦਰਿਆ ਵਿੱਚੋਂ ਸੱਤ ਗਾਈਆਂ ਜਿਹੜੀਆਂ ਮੋਟੀਆਂ ਅਤੇ ਸੋਹਣੀਆਂ ਸਨ, ਨਿੱਕਲੀਆਂ ਅਤੇ ਉਹ ਨਦੀ ਦੇ ਕਿਨਾਰੇ ਚੁੱਗਣ ਲੱਗ ਪਈਆਂ ।
19ਫਿਰ ਵੇਖੋ, ਉਨ੍ਹਾਂ ਦੇ ਬਾਅਦ ਹੋਰ ਸੱਤ ਗਾਂਈਆਂ ਨਿੱਕਲੀਆਂ ਜਿਹੜੀਆਂ ਬਹੁਤ ਕਰੂਪ ਅਤੇ ਲਿੱਸੀਆਂ ਸਨ । ਅਜਿਹੀਆਂ ਕਰੂਪ ਗਾਵਾਂ ਮੈਂ ਸਾਰੇ ਮਿਸਰ ਦੇਸ਼ ਵਿੱਚ ਕਦੇ ਨਹੀਂ ਵੇਖੀਆਂ ।20ਤਦ ਉਹ ਲਿੱਸੀਆਂ ਅਤੇ ਕਰੂਪ ਗਾਂਈਆਂ ਪਹਿਲੀਆਂ ਸੱਤ ਤਕੜੀਆਂ ਗਾਂਈਆਂ ਨੂੰ ਖਾ ਗਈਆਂ ।21ਉਨ੍ਹਾਂ ਨੇ ਉਨ੍ਹਾਂ ਨੂੰ ਖਾ ਲਿਆ ਪਰ ਵੇਖਣ ਵਿੱਚ ਮਲੂਮ ਨਾ ਹੋਇਆ ਕਿ ਉਨ੍ਹਾਂ ਨੇ ਉਨ੍ਹਾਂ ਨੂੰ ਖਾ ਲਿਆ ਹੈ ਕਿਉਂ ਜੋ ਉਹ ਵੇਖਣ ਵਿੱਚ ਪਹਿਲਾਂ ਦੀ ਤਰ੍ਹਾਂ ਹੀ ਸਨ । ਤਦ ਮੈਂ ਜਾਗ ਉੱਠਿਆ ।
22ਫੇਰ ਮੈਂ ਦੂਜਾ ਸੁਫ਼ਨਾ ਵੇਖਿਆ ਅਤੇ ਵੇਖੋ, ਇੱਕ ਨੜ ਵਿੱਚੋਂ ਭਰੇ ਹੋਏ ਅਤੇ ਚੰਗੇ ਸੱਤ ਸਿੱਟੇ ਨਿੱਕਲੇ,23ਅਤੇ ਵੇਖੋ ਉਨ੍ਹਾਂ ਦੇ ਬਾਅਦ ਸੱਤ ਸਿੱਟੇ ਕੁਮਲਾਏ ਹੋਏ, ਪਤਲੇ ਅਤੇ ਪੂਰਬੀ ਹਵਾ ਨਾਲ ਝੁਲਸੇ ਹੋਏ ਫੁੱਟ ਪਏ ।24ਅਤੇ ਉਨ੍ਹਾਂ ਪਤਲਿਆਂ ਸਿੱਟਿਆਂ ਨੇ ਸੱਤ ਚੰਗੇ ਸਿੱਟਿਆਂ ਨੂੰ ਨਿਗਲ ਲਿਆ । ਮੈਂ ਇਹ ਸੁਫ਼ਨਾ ਜਾਦੂਗਰਾਂ ਨੂੰ ਦੱਸਿਆ ਪਰ ਕੋਈ ਮੈਨੂੰ ਇਸ ਦਾ ਅਰਥ ਨਾ ਦੱਸ ਸਕਿਆ ।
25ਯੂਸੁਫ਼ ਨੇ ਫ਼ਿਰਊਨ ਨੂੰ ਆਖਿਆ, ਫ਼ਿਰਊਨ ਦਾ ਸੁਫ਼ਨਾ ਇੱਕੋ ਹੀ ਹੈ । ਪਰਮੇਸ਼ੁਰ ਜੋ ਕੁਝ ਕਰਨ ਵਾਲਾ ਹੈ, ਉਸ ਨੇ ਫ਼ਿਰਊਨ ਦੇ ਉੱਤੇ ਪਰਗਟ ਕੀਤਾ ਹੈ ।26ਇਹ ਸੱਤ ਚੰਗੀਆਂ ਗਾਂਈਆਂ ਸੱਤ ਸਾਲ ਹਨ ਅਤੇ ਇਹ ਸੱਤ ਸਿੱਟੇ ਵੀ ਸੱਤ ਸਾਲ ਹਨ । ਇਹ ਸੁਫ਼ਨਾ ਇੱਕੋ ਹੀ ਹੈ ।
27ਅਤੇ ਉਹ ਲਿੱਸੀਆਂ ਅਤੇ ਕਰੂਪ ਸੱਤ ਗਾਈਆਂ ਜਿਹੜੀਆਂ ਉਨ੍ਹਾਂ ਦੇ ਬਾਅਦ ਨਿੱਕਲੀਆਂ, ਅਤੇ ਉਹ ਸੱਤ ਸਿੱਟੇ ਜਿਹੜੇ ਪਤਲੇ ਅਤੇ ਪੂਰਬੀ ਹਵਾ ਨਾਲ ਝੁਲਸੇ ਹੋਏ ਸਨ, ਉਹ ਕਾਲ ਦੇ ਸੱਤ ਸਾਲ ਹੋਣਗੇ ।28ਇਹ ਇਹੋ ਹੀ ਗੱਲ ਹੈ ਜਿਹੜੀ ਮੈਂ ਫ਼ਿਰਊਨ ਨਾਲ ਕੀਤੀ ਹੈ ਕਿ ਪਰਮੇਸ਼ੁਰ ਜੋ ਕੁਝ ਕਰਨ ਨੂੰ ਹੈ, ਉਹ ਉਸ ਨੇ ਫ਼ਿਰਊਨ ਦੇ ਉੱਤੇ ਪਰਗਟ ਕੀਤਾ ਹੈ ।29ਵੇਖੋ, ਸਾਰੇ ਮਿਸਰ ਦੇਸ਼ ਵਿੱਚ ਸੱਤ ਸਾਲ ਭਰਪੂਰੀ ਦੇ ਆਉਣ ਵਾਲੇ ਹਨ ।
30ਪਰ ਉਨ੍ਹਾਂ ਦੇ ਬਾਅਦ ਸੱਤ ਸਾਲ ਕਾਲ ਦੇ ਹੋਣਗੇ ਅਤੇ ਮਿਸਰ ਦੇਸ਼ ਦੀ ਸਾਰੀ ਭਰਪੂਰੀ ਮੁੱਕ ਜਾਵੇਗੀ ਅਤੇ ਕਾਲ ਇਸ ਦੇਸ਼ ਨੂੰ ਮੁਕਾ ਦੇਵੇਗਾ ।31ਉਸ ਕਾਲ ਦੇ ਕਾਰਨ ਦੇਸ਼ ਵਿੱਚ ਭਰਪੂਰੀ ਨੂੰ ਯਾਦ ਨਾ ਰੱਖਿਆ ਜਾਵੇਗਾ ਕਿਉਂ ਜੋ ਕਾਲ ਬਹੁਤ ਹੀ ਭਾਰਾ ਹੋਵੇਗਾ ।32ਇਹ ਸੁਫ਼ਨਾ ਫ਼ਿਰਊਨ ਨੂੰ ਦੋ ਵਾਰ ਇਸ ਲਈ ਵਿਖਾਇਆ ਗਿਆ ਹੈ ਕਿਉਂ ਜੋ ਇਹ ਗੱਲ ਪਰਮੇਸ਼ੁਰ ਵੱਲੋਂ ਪੱਕੀ ਹੈ ਅਤੇ ਪਰਮੇਸ਼ੁਰ ਇਸ ਨੂੰ ਜਲਦ ਹੀ ਪੂਰਾ ਕਰੇਗਾ ।
33ਇਸ ਲਈ ਹੁਣ ਫ਼ਿਰਊਨ ਇੱਕ ਸਿਆਣੇ ਅਤੇ ਬੁੱਧਵਾਨ ਮਨੁੱਖ ਨੂੰ ਲੱਭੇ ਅਤੇ ਉਸ ਨੂੰ ਮਿਸਰ ਦੇਸ਼ ਉੱਤੇ ਠਹਿਰਾਵੇ ।34ਫ਼ਿਰਊਨ ਅਜਿਹਾ ਕਰੇ ਕਿ ਇਸ ਦੇਸ਼ ਉੱਤੇ ਅਧਿਕਾਰੀਆਂ ਨੂੰ ਨਿਯੁਕਤ ਕਰੇ ਅਤੇ ਉਹ ਮਿਸਰ ਦੀ ਸੱਤ ਸਾਲ ਦੀ ਭਰਪੂਰੀ ਦਾ ਪੰਜਵਾਂ ਹਿੱਸਾ ਲਿਆ ਕਰੇ ।
35ਉਹ ਇਨ੍ਹਾਂ ਆਉਣ ਵਾਲਿਆਂ ਚੰਗਿਆਂ ਸਾਲਾਂ ਦਾ ਸਾਰਾ ਅੰਨ ਇਕੱਠਾ ਕਰਨ ਅਤੇ ਫ਼ਿਰਊਨ ਦੇ ਅਧੀਨ ਨਗਰਾਂ ਵਿੱਚ ਅੰਨ ਦੇ ਢੇਰ ਲਾਉਣ ਅਤੇ ਉਸ ਦੀ ਰਾਖੀ ਕਰਨ ।36ਤਦ ਉਹੀ ਅੰਨ ਸੱਤਾਂ ਸਾਲਾਂ ਦੇ ਕਾਲ ਲਈ ਜਿਹੜਾ ਮਿਸਰ ਦੇਸ਼ ਵਿੱਚ ਪਵੇਗਾ ਭੰਡਾਰ ਹੋਵੇਗਾ, ਤਾਂ ਜੋ ਇਹ ਦੇਸ਼ ਕਾਲ ਦੇ ਕਾਰਨ ਨਾਸ਼ ਨਾ ਹੋ ਜਾਵੇ ।
ਯੂਸੁਫ਼ ਨੂੰ ਪ੍ਰਧਾਨ ਮੰਤਰੀ ਬਣਾਇਆ ਜਾਣਾ

37ਇਹ ਗੱਲ ਫ਼ਿਰਊਨ ਅਤੇ ਉਸ ਦੇ ਸਾਰੇ ਕਰਮਚਾਰੀਆਂ ਦੀਆਂ ਨਜ਼ਰਾਂ ਵਿੱਚ ਚੰਗੀ ਲੱਗੀ ।38ਇਸ ਲਈ ਫ਼ਿਰਊਨ ਨੇ ਆਪਣੇ ਕਰਮਚਾਰੀਆਂ ਨੂੰ ਆਖਿਆ, ਭਲਾ, ਸਾਨੂੰ ਇਸ ਵਰਗਾ ਕੋਈ ਹੋਰ ਮਨੁੱਖ ਲੱਭੇਗਾ ਜਿਸ ਵਿੱਚ ਪਰਮੇਸ਼ੁਰ ਦਾ ਆਤਮਾ ਹੈ ?
39ਫ਼ਿਰਊਨ ਨੇ ਯੂਸੁਫ਼ ਨੂੰ ਆਖਿਆ, ਕਿਉਂ ਜੋ ਇਹ ਸਭ ਕੁਝ ਪਰਮੇਸ਼ੁਰ ਨੇ ਤੇਰੇ ਉੱਤੇ ਪਰਗਟ ਕੀਤਾ, ਇਸ ਲਈ ਤੇਰੇ ਜਿਹਾ ਸਿਆਣਾ ਅਤੇ ਬੁੱਧਵਾਨ ਕੋਈ ਨਹੀਂ ।40ਤੂੰ ਮੇਰੇ ਘਰ ਉੱਤੇ ਅਧਿਕਾਰੀ ਹੋਵੇਂਗਾ ਅਤੇ ਮੇਰੀ ਸਾਰੀ ਪਰਜਾ ਤੇਰੇ ਆਖੇ ਦੇ ਅਨੁਸਾਰ ਚੱਲੇਗੀ । ਸਿਰਫ਼ ਰਾਜ ਗੱਦੀ ਵਿੱਚ ਮੈਂ ਤੇਰੇ ਨਾਲੋਂ ਵੱਡਾ ਹੋਵਾਂਗਾ ।41ਫ਼ਿਰਊਨ ਨੇ ਯੂਸੁਫ਼ ਨੂੰ ਆਖਿਆ, ਵੇਖ, ਮੈਂ ਤੈਨੂੰ ਸਾਰੇ ਮਿਸਰ ਦੇਸ਼ ਉੱਤੇ ਹਾਕਮ ਨਿਯੁਕਤ ਕੀਤਾ ਹੈ ।
42ਤਦ ਫ਼ਿਰਊਨ ਨੇ ਆਪਣੀ ਮੋਹਰ ਦੀ ਅੰਗੂਠੀ ਆਪਣੇ ਹੱਥੋਂ ਲਾਹ ਕੇ ਯੂਸੁਫ਼ ਦੇ ਹੱਥ ਵਿੱਚ ਪਾ ਦਿੱਤੀ ਅਤੇ ਉਸ ਨੂੰ ਮਹੀਨ ਬਸਤਰ ਪਵਾਏ ਅਤੇ ਸੋਨੇ ਦੀ ਮਾਲਾ ਉਸ ਦੇ ਗਲ੍ਹ ਵਿੱਚ ਪਾ ਦਿੱਤੀ ।43ਉਸ ਨੇ ਉਹ ਨੂੰ ਆਪਣੇ ਤੋਂ ਦੂਜੇ ਦਰਜੇ ਦੇ ਰਥ ਵਿੱਚ ਬਿਠਾਲਿਆ ਅਤੇ ਉਨ੍ਹਾਂ ਨੇ ਉਸ ਦੇ ਅੱਗੇ ਮਨਾਦੀ ਕਰਵਾਈ "ਗੋਡੇ ਨਿਵਾਓ ਅਤੇ ਮੱਥਾ ਟੇਕੋ", ਇਸ ਤਰ੍ਹਾਂ ਉਸ ਨੇ ਯੂਸੁਫ਼ ਨੂੰ ਸਾਰੇ ਮਿਸਰ ਦੇਸ਼ ਉੱਤੇ ਪ੍ਰਧਾਨ ਨਿਯੁਕਤ ਕੀਤਾ ।
44ਫ਼ਿਰਊਨ ਨੇ ਯੂਸੁਫ਼ ਨੂੰ ਆਖਿਆ, ਮੈਂ ਫ਼ਿਰਊਨ ਹਾਂ, ਅਤੇ ਤੇਰੇ ਬਿਨ੍ਹਾਂ ਮਿਸਰ ਦੇ ਸਾਰੇ ਦੇਸ਼ ਵਿੱਚ ਕੋਈ ਮਨੁੱਖ ਆਪਣਾ ਹੱਥ-ਪੈਰ ਨਹੀਂ ਹਿਲਾਵੇਗਾ ।45ਫ਼ਿਰਊਨ ਨੇ ਯੂਸੁਫ਼ ਦਾ ਨਾਮ ਸਾਫਨਥ ਪਾਨੇਆਹ ਰੱਖਿਆ ਅਤੇ ਉਸ ਨੂੰ ਊਨ ਦੇ ਪੁਜਾਰੀ ਪੋਟੀ-ਫ਼ਰਾ ਦੀ ਧੀ ਆਸਨਥ ਵਿਆਹ ਦਿੱਤੀ ਅਤੇ ਯੂਸੁਫ਼ ਮਿਸਰ ਦੇ ਸਾਰੇ ਦੇਸ਼ ਵਿੱਚ ਗਿਆ ।
46ਜਦ ਯੂਸੁਫ਼ ਮਿਸਰ ਦੇ ਰਾਜਾ ਫ਼ਿਰਊਨ ਦੇ ਸਨਮੁਖ ਖੜ੍ਹਾ ਹੋਇਆ ਤਾਂ ਉਹ ਤੀਹ ਸਾਲ ਦਾ ਸੀ ਅਤੇ ਯੂਸੁਫ਼ ਨੇ ਫ਼ਿਰਊਨ ਦੇ ਸਾਹਮਣਿਓਂ ਨਿੱਕਲ ਕੇ ਮਿਸਰ ਦੇ ਸਾਰੇ ਦੇਸ਼ ਵਿੱਚ ਦੌਰਾ ਕੀਤਾ ।47ਭਰਪੂਰੀ ਦੇ ਸੱਤ ਸਾਲਾਂ ਵਿੱਚ ਧਰਤੀ ਉੱਤੇ ਭਰਪੂਰ ਫ਼ਸਲ ਹੋਈ ।
48ਤਦ ਉਸ ਨੇ ਉਨ੍ਹਾਂ ਸੱਤ ਸਾਲਾਂ ਵਿੱਚ ਜੋ ਮਿਸਰ ਦੇਸ਼ ਉੱਤੇ ਆਏ, ਸਾਰਾ ਅੰਨ ਇਕੱਠਾ ਕੀਤਾ ਅਤੇ ਨਗਰਾਂ ਵਿੱਚ ਰੱਖਿਆ ਅਤੇ ਹਰ ਇੱਕ ਨਗਰ ਦੇ ਨੇੜੇ-ਤੇੜੇ ਦੇ ਖੇਤਾਂ ਦਾ ਅੰਨ ਉਸੇ ਨਗਰ ਵਿੱਚ ਰੱਖਿਆ ।49ਯੂਸੁਫ਼ ਨੇ ਢੇਰ ਸਾਰਾ ਅੰਨ ਸਮੁੰਦਰ ਦੀ ਰੇਤ ਵਾਂਗੂੰ ਜਮ੍ਹਾ ਕਰ ਲਿਆ ਅਤੇ ਉਹ ਇੰਨ੍ਹਾਂ ਜ਼ਿਆਦਾ ਸੀ ਕਿ ਉਨ੍ਹਾਂ ਨੇ ਉਸ ਦਾ ਲੇਖਾ ਕਰਨਾ ਛੱਡ ਦਿੱਤਾ ਕਿਉਂ ਜੋ ਉਹ ਲੇਖਿਓਂ ਬਾਹਰ ਸੀ ।
50ਯੂਸੁਫ਼ ਦੇ ਦੋ ਪੁੱਤਰ ਕਾਲ ਦੇ ਸਮੇਂ ਤੋਂ ਪਹਿਲਾਂ ਪੈਦਾ ਹੋਏ, ਜਿਨ੍ਹਾਂ ਨੂੰ ਊਨ ਦੇ ਪੁਜਾਰੀ ਪੋਟੀ-ਫ਼ਰਾ ਦੀ ਧੀ ਆਸਨਥ ਨੇ ਜਨਮ ਦਿੱਤਾ ।51ਯੂਸੁਫ਼ ਨੇ ਪਹਿਲੌਠੇ ਦਾ ਨਾਮ ਮਨੱਸ਼ਹ ਰੱਖਿਆ ਕਿਉਂ ਜੋ ਉਸ ਨੇ ਆਖਿਆ ਕਿ ਪਰਮੇਸ਼ੁਰ ਨੇ ਮੈਨੂੰ ਮੇਰੇ ਸਾਰੇ ਕਸ਼ਟ ਅਤੇ ਮੇਰੇ ਪਿਤਾ ਦਾ ਸਾਰਾ ਘਰ ਭੁਲਾ ਦਿੱਤਾ ਹੈ ।52ਦੂਜੇ ਦਾ ਨਾਮ ਇਹ ਆਖ ਕੇ ਇਫ਼ਰਾਈਮ ਰੱਖਿਆ ਕਿ ਪਰਮੇਸ਼ੁਰ ਨੇ ਮੈਨੂੰ ਮੇਰੇ ਦੁੱਖ ਦੇ ਦੇਸ਼ ਵਿੱਚ ਫਲਦਾਰ ਬਣਾਇਆ ਹੈ ।
53ਭਰਪੂਰੀ ਦੇ ਸੱਤ ਸਾਲ ਜਿਹੜੇ ਮਿਸਰ ਦੇਸ਼ ਉੱਤੇ ਆਏ ਸਨ, ਮੁੱਕ ਗਏ ।54ਜਦ ਕਾਲ ਦੇ ਸੱਤ ਸਾਲ ਸ਼ੁਰੂ ਹੋਏ ਜਿਵੇਂ ਯੂਸੁਫ਼ ਨੇ ਆਖਿਆ ਸੀ, ਤਾਂ ਸਾਰੇ ਦੇਸ਼ਾਂ ਵਿੱਚ ਕਾਲ ਸੀ ਪਰ ਸਾਰੇ ਮਿਸਰ ਦੇਸ਼ ਵਿੱਚ ਰੋਟੀ ਸੀ ।
55ਜਦ ਮਿਸਰ ਦਾ ਸਾਰਾ ਦੇਸ਼ ਭੁੱਖਾ ਮਰਨ ਲੱਗਾ ਤਦ ਪਰਜਾ ਫ਼ਿਰਊਨ ਦੇ ਅੱਗੇ ਰੋਟੀ ਲਈ ਦੁਹਾਈ ਦੇਣ ਲੱਗੀ, ਅਤੇ ਫ਼ਿਰਊਨ ਨੇ ਸਾਰੇ ਮਿਸਰੀਆਂ ਨੂੰ ਆਖਿਆ, ਯੂਸੁਫ਼ ਕੋਲ ਜਾਓ ਅਤੇ ਜੋ ਕੁਝ ਉਹ ਆਖੇ ਸੋ ਕਰੋ ।56ਸਾਰੀ ਧਰਤੀ ਉੱਤੇ ਕਾਲ ਸੀ ਤਾਂ ਯੂਸੁਫ਼ ਨੇ ਸਾਰੇ ਭੰਡਾਰ ਖੋਲ੍ਹ ਕੇ ਮਿਸਰੀਆਂ ਕੋਲ ਅੰਨ ਵੇਚਿਆ, ਕਿਉਂ ਜੋ ਮਿਸਰ ਦੇਸ਼ ਵਿੱਚ ਕਾਲ ਬਹੁਤ ਸਖ਼ਤ ਹੋ ਗਿਆ ।57ਸਾਰੇ ਸੰਸਾਰ ਦੇ ਲੋਕ ਯੂਸੁਫ਼ ਦੇ ਕੋਲੋਂ ਅੰਨ ਖ਼ਰੀਦਣ ਲਈ ਮਿਸਰ ਵਿੱਚ ਆਉਣ ਲੱਗੇ ਕਿਉਂ ਜੋ ਸਾਰੀ ਧਰਤੀ ਉੱਤੇ ਕਾਲ ਬਹੁਤ ਸਖ਼ਤ ਸੀ ।

42
ਯੂਸੁਫ਼ ਦੇ ਭਰਾਵਾਂ ਦਾ ਮਿਸਰ ਦੇ ਵਿੱਚ ਆਉਣਾ

1ਜਦ ਯਾਕੂਬ ਨੇ ਸੁਣਿਆ ਕਿ ਮਿਸਰ ਵਿੱਚ ਅੰਨ ਹੈ ਤਾਂ ਯਾਕੂਬ ਨੇ ਆਪਣੇ ਪੁੱਤਰਾਂ ਨੂੰ ਆਖਿਆ, ਤੁਸੀਂ ਕਿਉਂ ਇੱਕ ਦੂਜੇ ਵੱਲ ਵੇਖਦੇ ਹੋ ?2ਫਿਰ ਉਸ ਨੇ ਆਖਿਆ, ਵੇਖੋ ਮੈਂ ਸੁਣਿਆ ਹੈ ਕਿ ਮਿਸਰ ਵਿੱਚ ਅੰਨ ਹੈ । ਇਸ ਲਈ ਤੁਸੀਂ ਉੱਥੇ ਜਾਓ ਅਤੇ ਸਾਡੇ ਲਈ ਅੰਨ ਖਰੀਦ ਕੇ ਲੈ ਆਓ, ਤਾਂ ਜੋ ਅਸੀਂ ਜੀਉਂਦੇ ਰਹੀਏ ਅਤੇ ਮਰ ਨਾ ਜਾਈਏ ।3ਸੋ ਯੂਸੁਫ਼ ਦੇ ਦਸੇ ਭਰਾ ਮਿਸਰ ਵਿੱਚ ਅੰਨ ਖ਼ਰੀਦਣ ਲਈ ਗਏ ।4ਪਰ ਯੂਸੁਫ਼ ਦੇ ਭਰਾ ਬਿਨਯਾਮੀਨ ਨੂੰ ਯਾਕੂਬ ਨੇ ਉਸ ਦੇ ਭਰਾਵਾਂ ਦੇ ਨਾਲ ਨਾ ਭੇਜਿਆ ਕਿਉਂ ਜੋ ਉਸ ਨੇ ਆਖਿਆ ਕਿ ਕਿਤੇ ਉਸ ਦੇ ਉੱਤੇ ਕੋਈ ਬਿਪਤਾ ਨਾ ਆ ਪਵੇ ।

5ਇਸ ਤਰ੍ਹਾਂ ਜੋ ਲੋਕ ਅੰਨ ਖ਼ਰੀਦਣ ਲਈ ਆਏ ਸਨ, ਉਨ੍ਹਾਂ ਦੇ ਨਾਲ ਇਸਰਾਏਲ ਦੇ ਪੁੱਤਰ ਵੀ ਆਏ ਕਿਉਂਕਿ ਕਨਾਨ ਦੇਸ਼ ਵਿੱਚ ਭਾਰੀ ਕਾਲ ਸੀ ।6ਯੂਸੁਫ਼ ਉਸ ਦੇਸ਼ ਉੱਤੇ ਹਾਕਮ ਸੀ ਅਤੇ ਉਸ ਦੇਸ਼ ਦੇ ਸਾਰੇ ਲੋਕਾਂ ਨੂੰ ਉਹੀ ਅੰਨ ਵੇਚਦਾ ਸੀ, ਇਸ ਲਈ ਜਦ ਯੂਸੁਫ਼ ਦੇ ਭਰਾ ਆਏ ਤਦ ਧਰਤੀ ਉੱਤੇ ਮੂੰਹ ਭਾਰ ਡਿੱਗ ਕੇ ਉਸ ਦੇ ਅੱਗੇ ਝੁਕੇ ।
7ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਵੇਖਿਆ ਅਤੇ ਉਨ੍ਹਾਂ ਨੂੰ ਪਹਿਚਾਣ ਲਿਆ ਪਰ ਉਸ ਨੇ ਆਪਣੇ ਆਪ ਨੂੰ ਉਨ੍ਹਾਂ ਦੇ ਅੱਗੇ ਅਜਨਬੀ ਬਣਾਇਆ ਅਤੇ ਉਨ੍ਹਾਂ ਨਾਲ ਸਖ਼ਤੀ ਨਾਲ ਬੋਲਿਆ ਅਤੇ ਉਨ੍ਹਾਂ ਨੂੰ ਪੁੱਛਿਆ, ਤੁਸੀਂ ਕਿੱਥੋਂ ਆਏ ਹੋ ? ਤਾਂ ਉਨ੍ਹਾਂ ਨੇ ਆਖਿਆ, ਅਸੀਂ ਕਨਾਨ ਦੇਸ਼ ਤੋਂ ਅੰਨ ਮੁੱਲ ਲੈਣ ਲਈ ਆਏ ਹਾਂ ।8ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਪਹਿਚਾਣ ਲਿਆ, ਪਰ ਉਨ੍ਹਾਂ ਨੇ ਉਸ ਨੂੰ ਨਾ ਪਛਾਣਿਆ ।
9ਤਦ ਯੂਸੁਫ਼ ਨੂੰ ਉਹ ਸੁਫ਼ਨੇ ਜਿਹੜੇ ਉਸ ਨੇ ਉਨ੍ਹਾਂ ਦੇ ਵਿਖੇ ਵੇਖੇ ਸਨ, ਯਾਦ ਆਏ ਅਤੇ ਉਸ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਜਸੂਸ ਹੋ ਅਤੇ ਦੇਸ਼ ਦੀ ਦੁਰਦਸ਼ਾ ਵੇਖਣ ਲਈ ਆਏ ਹੋ ।10ਉਨ੍ਹਾਂ ਨੇ ਉਸ ਨੂੰ ਆਖਿਆ, ਨਹੀਂ ਸਵਾਮੀ ਜੀ, ਤੁਹਾਡੇ ਦਾਸ ਅੰਨ ਮੁੱਲ ਲੈਣ ਆਏ ਹਾਂ ।11ਅਸੀਂ ਸਾਰੇ ਇੱਕ ਮਨੁੱਖ ਦੇ ਪੁੱਤਰ ਹਾਂ ਅਤੇ ਅਸੀਂ ਇਮਾਨਦਾਰ ਹਾਂ । ਅਸੀਂ ਤੁਹਾਡੇ ਦਾਸ ਜਸੂਸ ਨਹੀਂ ਹਾਂ ।
12ਪਰ ਉਸ ਨੇ ਉਨ੍ਹਾਂ ਨੂੰ ਆਖਿਆ, ਨਹੀਂ, ਸਗੋਂ ਤੁਸੀਂ ਦੇਸ਼ ਦੀ ਦੁਰਦਸ਼ਾ ਵੇਖਣ ਆਏ ਹੋ ।13ਉਨ੍ਹਾਂ ਨੇ ਆਖਿਆ, ਅਸੀਂ ਤੁਹਾਡੇ ਦਾਸ ਬਾਰਾਂ ਭਰਾ ਹਾਂ ਅਤੇ ਕਨਾਨ ਦੇਸ਼ ਦੇ ਇੱਕ ਹੀ ਮਨੁੱਖ ਦੇ ਪੁੱਤਰ ਹਾਂ ਅਤੇ ਵੇਖੋ, ਸਭ ਤੋਂ ਛੋਟਾ ਅੱਜ ਦੇ ਦਿਨ ਸਾਡੇ ਪਿਤਾ ਦੇ ਕੋਲ ਹੈ ਅਤੇ ਇੱਕ ਨਹੀਂ ਰਿਹਾ ।
14ਤਦ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, ਇਹ ਤਾਂ ਉਹੀ ਗੱਲ ਹੈ ਜਿਹੜੀ ਮੈਂ ਤੁਹਾਡੇ ਨਾਲ ਕੀਤੀ ਕਿ ਤੁਸੀਂ ਜਸੂਸ ਹੋ ।15ਇਸੇ ਗੱਲ ਤੋਂ ਤੁਸੀਂ ਪਰਖੇ ਜਾਓਗੇ, ਫ਼ਿਰਊਨ ਦੀ ਜਾਨ ਦੀ ਸਹੁੰ ਜਦ ਤੱਕ ਤੁਹਾਡਾ ਛੋਟਾ ਭਰਾ ਇੱਥੇ ਨਹੀਂ ਆ ਜਾਂਦਾ ਤੁਸੀਂ ਐਥੋਂ ਨਹੀਂ ਜਾ ਸਕਦੇ ।16ਤੁਸੀਂ ਆਪਣੇ ਵਿੱਚੋਂ ਇੱਕ ਨੂੰ ਭੇਜੋ ਕਿ ਉਹ ਤੁਹਾਡੇ ਭਰਾ ਨੂੰ ਲੈ ਆਵੇ ਪਰ ਤੁਸੀਂ ਇੱਥੇ ਕੈਦੀ ਹੋ ਕੇ ਰਹੋ ਤਾਂ ਜੋ ਤੁਹਾਡੀਆਂ ਗੱਲਾਂ ਪਰਖੀਆਂ ਜਾਣ ਕਿ ਤੁਹਾਡੇ ਵਿੱਚ ਸਚਿਆਈ ਹੈ ਪਰ ਜੇ ਨਹੀਂ ਤਾਂ ਫ਼ਿਰਊਨ ਦੀ ਜਾਨ ਦੀ ਸਹੁੰ ਤੁਸੀਂ ਜ਼ਰੂਰ ਜਸੂਸ ਹੋ ।17ਉਸ ਨੇ ਉਨ੍ਹਾਂ ਨੂੰ ਤਿੰਨ ਦਿਨ ਤੱਕ ਇਕੱਠੇ ਕੈਦ ਵਿੱਚ ਬੰਦ ਰੱਖਿਆ ।
18ਤੀਜੇ ਦਿਨ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, ਅਜਿਹਾ ਕਰੋ ਤਾਂ ਜੀਉਂਦੇ ਰਹੋਗੇ, ਕਿਉਂ ਜੋ ਮੈਂ ਪਰਮੇਸ਼ੁਰ ਤੋਂ ਡਰਦਾ ਹਾਂ ।19ਜੇ ਤੁਸੀਂ ਸੱਚੇ ਹੋ ਤਾਂ ਤੁਹਾਡੇ ਭਰਾਵਾਂ ਵਿੱਚੋਂ ਇੱਕ ਉਸੇ ਕੈਦਖਾਨੇ ਵਿੱਚ ਰੱਖਿਆ ਜਾਵੇ ਅਤੇ ਤੁਸੀਂ ਕਾਲ ਲਈ ਆਪਣੇ ਘਰ ਅੰਨ ਲੈ ਕੇ ਚਲੇ ਜਾਓ ।20ਆਪਣੇ ਛੋਟੇ ਭਰਾ ਨੂੰ ਮੇਰੇ ਕੋਲ ਲੈ ਆਓ, ਤਾਂ ਜੋ ਤੁਹਾਡੀਆਂ ਗੱਲਾਂ ਪਰਖੀਆਂ ਜਾਣ ਅਤੇ ਤੁਸੀਂ ਨਾ ਮਰੋ ਤਾਂ ਉਨ੍ਹਾਂ ਨੇ ਉਸੇ ਤਰ੍ਹਾਂ ਹੀ ਕੀਤਾ ।
21ਉਨ੍ਹਾਂ ਭਰਾਵਾਂ ਨੇ ਇੱਕ ਦੂਜੇ ਨੂੰ ਆਖਿਆ, ਜ਼ਰੂਰ ਹੀ ਅਸੀਂ ਆਪਣੇ ਭਰਾ ਦੇ ਕਾਰਨ ਦੋਸ਼ੀ ਹਾਂ ਕਿਉਂਕਿ ਜਦ ਅਸੀਂ ਉਸ ਦੀ ਜਾਨ ਨੂੰ ਕਸ਼ਟ ਵਿੱਚ ਵੇਖਿਆ ਅਤੇ ਉਸ ਨੇ ਸਾਡੇ ਤਰਲੇ ਕੀਤੇ ਤਾਂ ਅਸੀਂ ਉਸ ਦੀ ਨਾ ਸੁਣੀ । ਇਸੇ ਕਰਕੇ ਇਹ ਬਿਪਤਾ ਸਾਡੇ ਉੱਤੇ ਆਈ ਹੈ ।22ਤਦ ਰਊਬੇਨ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਕੀ ਮੈਂ ਤੁਹਾਨੂੰ ਨਹੀਂ ਸੀ ਆਖਦਾ ਕਿ ਤੁਸੀਂ ਇਸ ਮੁੰਡੇ ਨਾਲ ਪਾਪ ਨਾ ਕਰੋ ? ਪਰ ਤੁਸੀਂ ਮੇਰੀ ਨਾ ਸੁਣੀ ਅਤੇ ਵੇਖੋ, ਹੁਣ ਉਸ ਦੇ ਲਹੂ ਦੀ ਪੁੱਛ ਹੋਈ ਹੈ ।
23ਉਹ ਨਹੀਂ ਜਾਣਦੇ ਸਨ ਕਿ ਯੂਸੁਫ਼ ਉਨ੍ਹਾਂ ਦੀ ਭਾਸ਼ਾ ਸਮਝਦਾ ਹੈ ਕਿਉਂ ਜੋ ਉਨ੍ਹਾਂ ਦੇ ਵਿਚਕਾਰ ਇੱਕ ਤਰਜੁਮਾ ਕਰਨ ਵਾਲਾ ਸੀ ।24ਤਦ ਉਹ ਉਨ੍ਹਾਂ ਤੋਂ ਇੱਕ ਪਾਸੇ ਹੋ ਕੇ ਰੋਇਆ ਅਤੇ ਫੇਰ ਉਨ੍ਹਾਂ ਕੋਲ ਮੁੜ ਕੇ ਉਨ੍ਹਾਂ ਨਾਲ ਗੱਲਾਂ ਕੀਤੀਆਂ ਅਤੇ ਉਨ੍ਹਾਂ ਵਿੱਚੋਂ ਸ਼ਿਮਓਨ ਨੂੰ ਲਿਆ ਅਤੇ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਉਸ ਨੂੰ ਬੰਦੀ ਬਣਾ ਲਿਆ ।
ਯੂਸੁਫ਼ ਦੇ ਭਰਾਵਾਂ ਦਾ ਕਨਾਨ ਨੂੰ ਵਾਪਸ ਆਉਣਾ

25ਫੇਰ ਯੂਸੁਫ਼ ਨੇ ਹੁਕਮ ਦਿੱਤਾ ਕਿ ਉਹ ਉਨ੍ਹਾਂ ਦੇ ਬੋਰਿਆਂ ਵਿੱਚ ਅੰਨ ਭਰ ਦੇਣ ਅਤੇ ਹਰ ਇੱਕ ਦੀ ਚਾਂਦੀ ਉਸ ਦੇ ਬੋਰੇ ਵਿੱਚ ਮੋੜ ਕੇ ਰੱਖ ਦੇਣ ਅਤੇ ਰਸਤੇ ਲਈ ਉਨ੍ਹਾਂ ਨੂੰ ਭੋਜਨ-ਸਮੱਗਰੀ ਦੇਣ ਤਾਂ ਉਨ੍ਹਾਂ ਨਾਲ ਅਜਿਹਾ ਹੀ ਕੀਤਾ ਗਿਆ ।
26ਉਨ੍ਹਾਂ ਨੇ ਆਪਣੇ ਗਧਿਆਂ ਉੱਤੇ ਆਪਣਾ ਅੰਨ ਲੱਦ ਲਿਆ ਅਤੇ ਉੱਥੋਂ ਤੁਰ ਪਏ ।27ਜਦ ਇੱਕ ਨੇ ਪੜਾਉ ਉੱਤੇ ਆਪਣੇ ਗਧੇ ਨੂੰ ਚਾਰਾ ਦੇਣ ਲਈ ਆਪਣਾ ਬੋਰਾ ਖੋਲ੍ਹਿਆ ਤਾਂ ਉਸ ਨੇ ਆਪਣੀ ਚਾਂਦੀ ਵੇਖੀ ਅਤੇ ਵੇਖੋ ਉਹ ਉਸ ਦੇ ਬੋਰੇ ਦੇ ਮੂੰਹ ਉੱਤੇ ਰੱਖੀ ਹੋਈ ਸੀ ।28ਉਸ ਨੇ ਆਪਣੇ ਭਰਾਵਾਂ ਨੂੰ ਆਖਿਆ, ਮੇਰੀ ਚਾਂਦੀ ਮੋੜ ਦਿੱਤੀ ਗਈ ਹੈ ਅਤੇ ਵੇਖੋ ਉਹ ਮੇਰੇ ਬੋਰੇ ਵਿੱਚ ਹੀ ਹੈ । ਤਦ ਉਨ੍ਹਾਂ ਦੇ ਦਿਲ ਬੈਠ ਗਏ ਅਤੇ ਕੰਬਦੇ ਹੋਏ ਇੱਕ ਦੂਜੇ ਨੂੰ ਆਖਣ ਲੱਗੇ, ਇਹ ਕੀ ਹੈ ਜੋ ਪਰਮੇਸ਼ੁਰ ਨੇ ਸਾਡੇ ਨਾਲ ਕੀਤਾ ਹੈ ?
29ਉਹ ਆਪਣੇ ਪਿਤਾ ਯਾਕੂਬ ਕੋਲ ਕਨਾਨ ਦੇਸ਼ ਵਿੱਚ ਆਏ ਅਤੇ ਸਭ ਕੁਝ ਜੋ ਉਨ੍ਹਾਂ ਉੱਤੇ ਬੀਤਿਆ ਸੀ, ਉਹ ਨੂੰ ਦੱਸਿਆ:30ਉਹ ਮਨੁੱਖ ਜਿਹੜਾ ਉਸ ਦੇਸ਼ ਦਾ ਹਾਕਮ ਹੈ, ਸਾਡੇ ਨਾਲ ਸਖਤੀ ਨਾਲ ਬੋਲਿਆ ਅਤੇ ਸਾਨੂੰ ਦੇਸ਼ ਦਾ ਜਸੂਸ ਠਹਿਰਾਇਆ ।31ਅਸੀਂ ਉਸ ਨੂੰ ਆਖਿਆ, ਅਸੀਂ ਸੱਚੇ ਹਾਂ ਅਤੇ ਜਸੂਸ ਨਹੀਂ ਹਾਂ ।32ਅਸੀਂ ਬਾਰਾਂ ਭਰਾ ਇੱਕ ਹੀ ਪਿਤਾ ਦੇ ਪੁੱਤਰ ਹਾਂ । ਇੱਕ ਨਹੀਂ ਰਿਹਾ ਅਤੇ ਛੋਟਾ ਅੱਜ ਦੇ ਦਿਨ ਆਪਣੇ ਪਿਤਾ ਦੇ ਕੋਲ ਕਨਾਨ ਦੇਸ਼ ਵਿੱਚ ਹੈ ।
33ਤਦ ਉਸ ਮਨੁੱਖ ਨੇ ਜਿਹੜਾ ਉਸ ਦੇਸ਼ ਦਾ ਹਾਕਮ ਹੈ ਆਖਿਆ, ਮੈਂ ਇਸ ਤੋਂ ਜਾਣਾਂਗਾ ਕਿ ਤੁਸੀਂ ਸੱਚੇ ਹੋ, ਜੇਕਰ ਆਪਣਾ ਇੱਕ ਭਰਾ ਮੇਰੇ ਕੋਲ ਛੱਡੋ ਅਤੇ ਆਪਣੇ ਘਰ ਵਾਸਤੇ ਕਾਲ ਲਈ ਅੰਨ ਲੈ ਕੇ ਚਲੇ ਜਾਓ34ਅਤੇ ਆਪਣਾ ਛੋਟਾ ਭਰਾ ਮੇਰੇ ਕੋਲ ਲੈ ਆਓ, ਤਦ ਮੈਂ ਜਾਣਾਂਗਾ ਕਿ ਤੁਸੀਂ ਖੋਜੀ ਨਹੀਂ ਹੋ, ਸਗੋਂ ਤੁਸੀਂ ਸੱਚੇ ਹੋ । ਫਿਰ ਮੈਂ ਤੁਹਾਡੇ ਭਰਾ ਨੂੰ ਤੁਹਾਨੂੰ ਦੇ ਦਿਆਂਗਾ ਅਤੇ ਤੁਸੀਂ ਇਸ ਦੇਸ਼ ਵਿੱਚ ਵਪਾਰ ਕਰ ਸਕਦੇ ਹੋ ।
35ਜਦ ਉਹ ਆਪਣੇ ਬੋਰੇ ਖਾਲੀ ਕਰ ਰਹੇ ਸਨ ਤਾਂ ਵੇਖੋ ਹਰ ਇੱਕ ਦੀ ਚਾਂਦੀ ਦੀ ਥੈਲੀ ਉਸ ਦੇ ਬੋਰੇ ਵਿੱਚ ਸੀ ਤਾਂ ਉਹ ਅਤੇ ਉਨ੍ਹਾਂ ਦਾ ਪਿਤਾ ਆਪਣੀਆਂ ਥੈਲੀਆਂ ਨੂੰ ਵੇਖ ਕੇ ਡਰ ਗਏ ।36ਉਨ੍ਹਾਂ ਦੇ ਪਿਤਾ ਯਾਕੂਬ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਮੈਨੂੰ ਮੇਰੀ ਸੰਤਾਨ ਤੋਂ ਵਾਂਝਿਆਂ ਕੀਤਾ ਹੈ । ਯੂਸੁਫ਼ ਨਹੀਂ ਰਿਹਾ ਅਤੇ ਸ਼ਿਮਓਨ ਵੀ ਨਹੀਂ ਆਇਆ, ਹੁਣ ਤੁਸੀਂ ਬਿਨਯਾਮੀਨ ਨੂੰ ਲੈ ਜਾਣਾ ਚਾਹੁੰਦੇ ਹੋ । ਇਹ ਸਾਰੀਆਂ ਗੱਲਾਂ ਮੇਰੇ ਵਿਰੁੱਧ ਹੋਈਆਂ ਹਨ ।
37ਤਦ ਰਊਬੇਨ ਨੇ ਆਪਣੇ ਪਿਤਾ ਨੂੰ ਇਹ ਆਖਿਆ, ਜੇ ਮੈਂ ਉਸ ਨੂੰ ਤੇਰੇ ਕੋਲ ਨਾ ਲਿਆਵਾਂ ਤਾਂ ਤੂੰ ਮੇਰੇ ਦੋਹਾਂ ਪੁੱਤਰਾਂ ਨੂੰ ਮਾਰ ਦੇਵੀਂ । ਤੂੰ ਉਹ ਨੂੰ ਮੇਰੇ ਨਾਲ ਭੇਜ ਦੇ ਅਤੇ ਮੈਂ ਉਸ ਨੂੰ ਤੇਰੇ ਕੋਲ ਮੋੜ ਲਿਆਵਾਂਗਾ ।38ਪਰ ਉਸ ਨੇ ਆਖਿਆ, ਮੇਰਾ ਪੁੱਤਰ ਤੁਹਾਡੇ ਨਾਲ ਨਹੀਂ ਜਾਵੇਗਾ ਕਿਉਂ ਜੋ ਉਸ ਦਾ ਭਰਾ ਮਰ ਗਿਆ ਅਤੇ ਉਹ ਇਕੱਲਾ ਰਹਿ ਗਿਆ ਹੈ । ਜੇ ਰਸਤੇ ਵਿੱਚ ਜਿੱਥੋਂ ਤੁਸੀਂ ਜਾਂਦੇ ਹੋ ਕੋਈ ਬਿਪਤਾ ਉਸ ਦੇ ਉੱਤੇ ਆਣ ਪਵੇ, ਤਾਂ ਤੁਸੀਂ ਮੈਨੂੰ ਇਸ ਬੁਢਾਪੇ ਵਿੱਚ ਦੁੱਖ ਨਾਲ ਪਤਾਲ ਵਿੱਚ ਉਤਾਰੋਗੇ ।

43
ਬਿਨਯਾਮੀਨ ਨਾਲ ਮਿਸਰ ਦੇਸ ਨੂੰ ਜਾਣਾ

1ਧਰਤੀ ਉੱਤੇ ਕਾਲ ਬਹੁਤ ਹੀ ਭਿਅੰਕਰ ਹੋ ਗਿਆ ।2ਜਦ ਉਹ ਅੰਨ ਜਿਹੜਾ ਉਹ ਮਿਸਰ ਤੋਂ ਲਿਆਏ ਸਨ, ਖਤਮ ਹੋ ਗਿਆ ਤਦ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਆਖਿਆ, ਮੁੜ ਕੇ ਸਾਡੇ ਲਈ ਕੁਝ ਅੰਨ ਮੁੱਲ ਲੈ ਆਓ ।

3ਤਦ ਯਹੂਦਾਹ ਨੇ ਉਹ ਨੂੰ ਆਖਿਆ ਕਿ ਉਸ ਮਨੁੱਖ ਨੇ ਸਾਨੂੰ ਚੇਤਾਵਨੀ ਦੇ ਕੇ ਆਖਿਆ ਸੀ, ਜੇ ਤੁਹਾਡਾ ਭਰਾ ਤੁਹਾਡੇ ਨਾਲ ਨਾ ਹੋਵੇ ਤੁਸੀਂ ਮੇਰਾ ਮੂੰਹ ਨਹੀਂ ਵੇਖੋਗੇ ।4ਸੋ ਜੇ ਤੂੰ ਸਾਡੇ ਭਰਾ ਨੂੰ ਸਾਡੇ ਨਾਲ ਭੇਜਦਾ ਹੈਂ ਤਾਂ ਅਸੀਂ ਤੇਰੇ ਲਈ ਅੰਨ ਮੁੱਲ ਲੈ ਆਵਾਂਗੇ,5ਪਰ ਜੇ ਤੂੰ ਨਾ ਭੇਜੇਂਗਾ ਤਾਂ ਅਸੀਂ ਨਹੀਂ ਜਾਂਵਾਂਗੇ ਕਿਉਂ ਜੋ ਉਸ ਮਨੁੱਖ ਨੇ ਸਾਨੂੰ ਆਖਿਆ ਸੀ, ਜੇ ਤੁਹਾਡਾ ਭਰਾ ਤੁਹਾਡੇ ਨਾਲ ਨਾ ਹੋਵੇ ਤੁਸੀਂ ਮੇਰਾ ਮੂੰਹ ਨਹੀਂ ਵੇਖੋਗੇ ।
6ਫੇਰ ਇਸਰਾਏਲ ਨੇ ਆਖਿਆ, ਤੁਸੀਂ ਕਿਉਂ ਮੇਰੇ ਨਾਲ ਇਹ ਬੁਰਿਆਈ ਕੀਤੀ ਕਿ ਉਸ ਮਨੁੱਖ ਨੂੰ ਦੱਸਿਆ ਕਿ ਸਾਡਾ ਇੱਕ ਹੋਰ ਭਰਾ ਵੀ ਹੈ ?7ਤਦ ਉਨ੍ਹਾਂ ਨੇ ਆਖਿਆ ਕਿ ਉਸ ਮਨੁੱਖ ਨੇ ਤੰਗ ਕਰ ਕੇ ਸਾਡੇ ਅਤੇ ਸਾਡੇ ਰਿਸ਼ਤੇਦਾਰਾਂ ਦੇ ਵਿਖੇ ਪੁੱਛਿਆ ਕਿ ਤੁਹਾਡਾ ਪਿਤਾ ਅਜੇ ਤੱਕ ਜੀਉਂਦਾ ਹੈ ਅਤੇ ਤੁਹਾਡਾ ਕੋਈ ਹੋਰ ਭਰਾ ਵੀ ਹੈ ? ਤਦ ਅਸੀਂ ਇਨ੍ਹਾਂ ਗੱਲਾਂ ਦੇ ਅਨੁਸਾਰ ਉਹ ਨੂੰ ਦੱਸਿਆ । ਸਾਨੂੰ ਕੀ ਪਤਾ ਸੀ ਕਿ ਉਹ ਸਾਨੂੰ ਆਖੇਗਾ ਜੋ ਆਪਣੇ ਭਰਾ ਨੂੰ ਨਾਲ ਲਿਆਓ ?
8ਫੇਰ ਯਹੂਦਾਹ ਨੇ ਆਪਣੇ ਪਿਤਾ ਇਸਰਾਏਲ ਨੂੰ ਆਖਿਆ, ਮੁੰਡੇ ਨੂੰ ਮੇਰੇ ਨਾਲ ਭੇਜ ਦੇ ਤਾਂ ਜੋ ਅਸੀਂ ਜਾਈਏ, ਤੇ ਅਸੀਂ ਜੀਉਂਦੇ ਰਹੀਏ ਅਤੇ ਮਰ ਨਾ ਜਾਈਏ, ਅਸੀਂ ਵੀ ਅਤੇ ਤੂੰ ਵੀ ਅਤੇ ਸਾਡੇ ਬੱਚੇ ਵੀ ।9ਮੈਂ ਉਸ ਲਈ ਜਿੰਮੇਦਾਰ ਹਾਂ । ਉਸ ਨੂੰ ਤੂੰ ਮੇਰੇ ਹੱਥੋਂ ਵਾਪਿਸ ਮੰਗੀ । ਜੇ ਮੈਂ ਉਸ ਨੂੰ ਤੇਰੇ ਕੋਲ ਨਾ ਲਿਆਵਾਂ ਅਤੇ ਤੇਰੇ ਸਨਮੁਖ ਨਾ ਬਿਠਾਵਾਂ ਤਦ ਮੈਂ ਸਦਾ ਲਈ ਤੇਰਾ ਦੋਸ਼ੀ ਠਹਿਰਾਂਗਾ ।10ਜੇਕਰ ਅਸੀਂ ਐਨਾ ਸਮਾਂ ਨਾ ਲਾਉਂਦੇ ਤਾਂ ਹੁਣ ਤੱਕ ਦੂਜੀ ਵਾਰ ਵਾਪਿਸ ਆ ਜਾਂਦੇ ।
11ਤਦ ਉਨ੍ਹਾਂ ਦੇ ਪਿਤਾ ਇਸਰਾਏਲ ਨੇ ਉਨ੍ਹਾਂ ਨੂੰ ਆਖਿਆ, ਜੇ ਸੱਚ-ਮੁੱਚ ਅਜਿਹਾ ਹੀ ਹੈ ਤਾਂ ਹੁਣ ਇਸ ਤਰ੍ਹਾਂ ਕਰੋ ਕਿ ਇਸ ਦੇਸ਼ ਦੀ ਸਭ ਤੋਂ ਉੱਤਮ ਪੈਦਾਵਾਰ ਆਪਣਿਆਂ ਬੋਰਿਆਂ ਵਿੱਚ ਰੱਖ ਕੇ ਉਸ ਮਨੁੱਖ ਲਈ ਭੇਟ ਦੇ ਤੌਰ ਤੇ ਲੈ ਜਾਓ: ਅਰਥਾਤ ਥੋੜ੍ਹਾ ਗੁੱਗਲ, ਥੋੜ੍ਹਾ ਸ਼ਹਿਦ, ਗਰਮ ਮਸਾਲਾ, ਗੰਧਰਸ, ਪਿਸਤਾ ਅਤੇ ਬਦਾਮ ।12ਦੁੱਗਣੀ ਚਾਂਦੀ ਆਪਣੇ ਹੱਥਾਂ ਵਿੱਚ ਲੈ ਜਾਓ ਅਤੇ ਉਹ ਚਾਂਦੀ ਜਿਹੜੀ ਤੁਹਾਡਿਆਂ ਬੋਰਿਆਂ ਦੇ ਮੂੰਹ ਉੱਤੇ ਰੱਖ ਕੇ ਵਾਪਿਸ ਕੀਤੀ ਗਈ, ਉਸ ਨੂੰ ਵੀ ਆਪਣੇ ਹੱਥਾਂ ਵਿੱਚ ਲੈ ਜਾਓ । ਸ਼ਾਇਦ ਇਹ ਭੁੱਲ ਹੋ ਗਈ ਹੋਵੇ ।
13ਆਪਣੇ ਭਰਾ ਨੂੰ ਵੀ ਨਾਲ ਲੈ ਕੇ ਉਸ ਮਨੁੱਖ ਕੋਲ ਫੇਰ ਜਾਓ ।14ਸਰਬ ਸ਼ਕਤੀਮਾਨ ਪਰਮੇਸ਼ੁਰ ਤੁਹਾਨੂੰ ਉਸ ਮਨੁੱਖ ਵੱਲੋਂ ਕਿਰਪਾ ਬਖ਼ਸ਼ੇ, ਜਿਸ ਕਾਰਨ ਉਹ ਤੁਹਾਡੇ ਦੂਜੇ ਭਰਾ ਅਤੇ ਬਿਨਯਾਮੀਨ ਨੂੰ ਤੁਹਾਡੇ ਨਾਲ ਭੇਜ ਦੇਵੇ ਅਤੇ ਜੇ ਮੈਂ ਆਪਣੀ ਸੰਤਾਨ ਤੋਂ ਵਾਂਝਾ ਹੋਇਆ ਸੋ ਹੋਇਆ ।15ਉਨ੍ਹਾਂ ਮਨੁੱਖਾਂ ਨੇ ਉਹ ਭੇਟ ਅਤੇ ਦੁੱਗਣੀ ਚਾਂਦੀ ਆਪਣਿਆਂ ਹੱਥਾਂ ਵਿੱਚ ਲੈ ਕੇ, ਬਿਨਯਾਮੀਨ ਨੂੰ ਵੀ ਆਪਣੇ ਨਾਲ ਲਿਆ ਅਤੇ ਉੱਠ ਕੇ ਮਿਸਰ ਨੂੰ ਚਲੇ ਗਏ ਅਤੇ ਯੂਸੁਫ਼ ਦੇ ਸਾਹਮਣੇ ਹਾਜ਼ਰ ਹੋਏ ।
16ਜਦੋਂ ਯੂਸੁਫ਼ ਨੇ ਉਨ੍ਹਾਂ ਦੇ ਨਾਲ ਬਿਨਯਾਮੀਨ ਨੂੰ ਵੇਖਿਆ ਤਾਂ ਉਸ ਨੇ ਘਰ ਦੇ ਅਧਿਕਾਰੀ ਨੂੰ ਆਖਿਆ ਕਿ ਇਨ੍ਹਾਂ ਮਨੁੱਖਾਂ ਨੂੰ ਘਰ ਲੈ ਜਾ ਅਤੇ ਪਸ਼ੂ ਮਾਰ ਕੇ ਭੋਜਨ ਤਿਆਰ ਕਰ ਕਿਉਂ ਜੋ ਇਹ ਮਨੁੱਖ ਦੁਪਹਿਰ ਨੂੰ ਮੇਰੇ ਨਾਲ ਭੋਜਨ ਖਾਣਗੇ ।17ਤਦ ਉਹ ਮਨੁੱਖ ਯੂਸੁਫ਼ ਦੇ ਹੁਕਮ ਦੇ ਅਨੁਸਾਰ ਉਨ੍ਹਾਂ ਮਨੁੱਖਾਂ ਨੂੰ ਉਸ ਦੇ ਘਰ ਲੈ ਗਿਆ ।
18ਜਦ ਉਹ ਯੂਸੁਫ਼ ਦੇ ਘਰ ਪਹੁੰਚਾਏ ਗਏ ਤਦ ਉਹ ਆਪਸ ਵਿੱਚ ਡਰ ਕੇ ਆਖਣ ਲੱਗੇ, ਉਸ ਚਾਂਦੀ ਦੇ ਕਾਰਨ ਜਿਹੜੀ ਪਹਿਲੀ ਵਾਰ ਸਾਡਿਆਂ ਬੋਰਿਆਂ ਵਿੱਚ ਮੁੜੀ ਸੀ, ਅਸੀਂ ਇੱਥੇ ਲਿਆਂਦੇ ਗਏ ਹਾਂ ਤਾਂ ਜੋ ਉਹ ਸਾਡੇ ਉੱਤੇ ਵਾਰ ਕਰ ਕੇ ਸਾਨੂੰ ਆਪਣਾ ਗ਼ੁਲਾਮ ਬਣਾਵੇ ਅਤੇ ਸਾਡੇ ਗਧਿਆਂ ਨੂੰ ਵੀ ਖੋਹ ਲਵੇ ।19ਤਦ ਉਹ ਯੂਸੁਫ਼ ਦੇ ਘਰ ਦੇ ਅਧਿਕਾਰੀ ਦੇ ਨੇੜੇ ਜਾ ਕੇ ਘਰ ਦੇ ਦਰਵਾਜ਼ੇ ਉੱਤੇ ਉਸ ਨੂੰ ਬੋਲੇ20ਅਤੇ ਉਨ੍ਹਾਂ ਨੇ ਆਖਿਆ ਸੁਆਮੀ ਜੀ, ਜਦੋਂ ਅਸੀਂ ਪਹਿਲੀ ਵਾਰ ਅੰਨ ਖ਼ਰੀਦਣ ਆਏ ਸੀ
21ਤਦ ਅਸੀਂ ਸਰਾਂ ਵਿੱਚ ਪਹੁੰਚ ਕੇ ਆਪਣਿਆਂ ਬੋਰਿਆਂ ਨੂੰ ਖੋਲ੍ਹਿਆ ਅਤੇ ਵੇਖੋ ਹਰ ਇੱਕ ਦੀ ਚਾਂਦੀ ਉਸ ਦੀ ਬੋਰੀ ਦੇ ਮੂੰਹ ਉਤੇ ਪਈ ਹੋਈ ਸੀ । ਉਹ ਸਾਡੀ ਪੂਰੀ ਚਾਂਦੀ ਸੀ ਅਤੇ ਅਸੀਂ ਉਹ ਨੂੰ ਮੁੜ ਆਪਣੇ ਹੱਥਾਂ ਵਿੱਚ ਲੈ ਆਏ ਹਾਂ ।22ਹੋਰ ਚਾਂਦੀ ਵੀ ਅੰਨ ਮੁੱਲ ਲੈਣ ਲਈ ਅਸੀਂ ਆਪਣੇ ਹੱਥਾਂ ਵਿੱਚ ਲਿਆਏ ਹਾਂ ਅਤੇ ਨਹੀਂ ਜਾਣਦੇ ਕਿ ਸਾਡੀ ਉਹ ਚਾਂਦੀ ਸਾਡੀਆਂ ਬੋਰੀਆਂ ਵਿੱਚ ਕਿਸ ਨੇ ਰੱਖ ਦਿੱਤੀ ।23ਤਾਂ ਉਸ ਨੇ ਆਖਿਆ, ਤੁਹਾਡੀ ਸਲਾਮਤੀ ਹੋਵੇ । ਤੁਸੀਂ ਡਰੋ ਨਾ, ਤੁਹਾਡੇ ਪਰਮੇਸ਼ੁਰ ਅਤੇ ਤੁਹਾਡੇ ਪਿਤਾ ਦੇ ਪਰਮੇਸ਼ੁਰ ਨੇ ਤੁਹਾਡੀਆਂ ਬੋਰੀਆਂ ਵਿੱਚ ਤੁਹਾਨੂੰ ਪਦਾਰਥ ਦਿੱਤਾ । ਤੁਹਾਡੀ ਚਾਂਦੀ ਮੈਨੂੰ ਮਿਲ ਗਈ ਹੈ । ਫੇਰ ਉਹ ਸ਼ਿਮਓਨ ਨੂੰ ਬਾਹਰ ਉਨ੍ਹਾਂ ਦੇ ਕੋਲ ਲੈ ਆਇਆ ।
24ਤਦ ਉਹ ਪੁਰਖ ਉਨ੍ਹਾਂ ਮਨੁੱਖਾਂ ਨੂੰ ਯੂਸੁਫ਼ ਦੇ ਘਰ ਲੈ ਗਿਆ ਅਤੇ ਉਨ੍ਹਾਂ ਨੂੰ ਪਾਣੀ ਦਿੱਤਾ ਤਾਂ ਉਨ੍ਹਾਂ ਨੇ ਆਪਣੇ ਪੈਰ ਧੋਤੇ ਅਤੇ ਉਸ ਨੇ ਉਨ੍ਹਾਂ ਦੇ ਗਧਿਆਂ ਨੂੰ ਚਾਰਾ ਦਿੱਤਾ ।25ਤਦ ਉਨ੍ਹਾਂ ਨੇ ਯੂਸੁਫ਼ ਦੇ ਆਉਣ ਦੀ ਦੁਪਿਹਰ ਤੱਕ ਉਡੀਕ ਵਿੱਚ ਸੁਗ਼ਾਤ ਤਿਆਰ ਕੀਤੀ ਕਿਉਂ ਜੋ ਉਨ੍ਹਾਂ ਸੁਣਿਆ ਜੋ ਅਸੀਂ ਐਥੇ ਹੀ ਰੋਟੀ ਖਾਵਾਂਗੇ ।
26ਜਦ ਯੂਸੁਫ਼ ਘਰ ਆਇਆ ਤਾਂ ਓਹ ਉਸ ਦੇ ਲਈ ਘਰ ਵਿੱਚ ਸੁਗ਼ਾਤ ਲੈ ਆਏ ਜਿਹੜੀ ਉਨ੍ਹਾਂ ਦੇ ਹੱਥਾਂ ਵਿੱਚ ਸੀ ਅਤੇ ਉਨ੍ਹਾਂ ਨੇ ਆਪਣੇ ਆਪ ਨੂੰ ਉਸ ਦੇ ਅੱਗੇ ਝੁਕਾਇਆ ।27ਉਸ ਨੇ ਉਨ੍ਹਾਂ ਦੀ ਸੁਖ-ਸਾਂਦ ਪੁੱਛੀ ਅਤੇ ਆਖਿਆ, ਕੀ ਤੁਹਾਡਾ ਪਿਤਾ ਚੰਗਾ ਭਲਾ ਹੈ ? ਉਹ ਬਜ਼ੁਰਗ ਜਿਸ ਦੇ ਵਿਖੇ ਤੁਸੀਂ ਆਖਿਆ ਸੀ ਜੀਉਂਦਾ ਹੈ ?
28ਉਨ੍ਹਾਂ ਆਖਿਆ, ਤੁਹਾਡਾ ਦਾਸ ਸਾਡਾ ਪਿਤਾ ਸਲਾਮਤ ਹੈ ਅਤੇ ਅੱਜ ਤੱਕ ਜੀਉਂਦਾ ਹੈ ਅਤੇ ਉਨ੍ਹਾਂ ਉਸ ਦੇ ਅੱਗੇ ਸਿਰ ਝੁਕਾ ਕੇ ਆਪ ਨੂੰ ਝੁਕਾਇਆ ।29ਤਦ ਉਸ ਨੇ ਆਪਣੀਆਂ ਅੱਖਾਂ ਚੁੱਕ ਕੇ ਆਪਣੇ ਸੱਕੇ ਭਰਾ ਬਿਨਯਾਮੀਨ ਨੂੰ ਵੇਖਿਆ ਅਤੇ ਆਖਿਆ, ਜਿਸ ਛੋਟੇ ਭਰਾ ਦੇ ਵਿਖੇ ਤੁਸੀਂ ਮੈਨੂੰ ਆਖਿਆ ਸੀ, ਕੀ ਇਹੋ ਹੈ ? ਅਤੇ ਉਸ ਨੇ ਆਖਿਆ, ਮੇਰੇ ਪੁੱਤਰ ਪਰਮੇਸ਼ੁਰ ਤੇਰੇ ਉੱਤੇ ਦਯਾ ਕਰੇ ।
30ਤਦ ਯੂਸੁਫ਼ ਨੇ ਛੇਤੀ ਕੀਤੀ ਕਿਉਂ ਜੋ ਉਸ ਦਾ ਮਨ ਆਪਣੇ ਭਰਾ ਲਈ ਭਰ ਆਇਆ, ਉਹ ਕਿਤੇ ਰੋਣਾ ਚਾਹੁੰਦਾ ਸੀ ਸੋ ਉਹ ਆਪਣੀ ਕੋਠੜੀ ਵਿੱਚ ਗਿਆ ਅਤੇ ਉੱਥੇ ਰੋਇਆ ।31ਫੇਰ ਉਸ ਨੇ ਆਪਣਾ ਮੂੰਹ ਧੋਤਾ ਅਤੇ ਬਾਹਰ ਆਇਆ ਅਤੇ ਆਪਣੇ ਆਪ ਨੂੰ ਸੰਭਾਲ ਕੇ ਆਖਿਆ, ਰੋਟੀ ਪਰੋਸੋ ।
32ਤਾਂ ਉਨ੍ਹਾਂ ਨੇ ਯੂਸੁਫ਼ ਦੇ ਲਈ ਵੱਖਰੀ ਅਤੇ ਉਨ੍ਹਾਂ ਲਈ ਵੱਖਰੀ ਅਤੇ ਮਿਸਰੀਆਂ ਲਈ ਜਿਹੜੇ ਉਹ ਦੇ ਨਾਲ ਖਾਂਦੇ ਸਨ, ਇਸ ਲਈ ਵੱਖਰੀ ਰੋਟੀ ਰੱਖੀ ਕਿਉਂ ਜੋ ਮਿਸਰੀ ਇਬਰਾਨੀਆਂ ਦੇ ਨਾਲ ਰੋਟੀ ਨਹੀਂ ਖਾ ਸਕਦੇ ਸਨ ਕਿਉਂ ਜੋ ਇਹ ਮਿਸਰੀਆਂ ਲਈ ਤੁੱਛ ਸੀ ।33ਓਹ ਉਸ ਦੇ ਅੱਗੇ ਬੈਠ ਗਏ, ਪਹਿਲੌਠਾ ਆਪਣੇ ਪਹਿਲੌਠੇਪਣ ਦੇ ਅਨੁਸਾਰ ਅਤੇ ਛੋਟਾ ਆਪਣੀ ਉਮਰ ਦੇ ਅਨੁਸਾਰ ਅਤੇ ਉਹ ਮਨੁੱਖ ਹੈਰਾਨੀ ਨਾਲ ਇੱਕ ਦੂਜੇ ਵੱਲ ਵੇਖਦੇ ਸਨ ।34ਤਦ ਉਸ ਆਪਣੇ ਅੱਗਿਓਂ ਭੋਜਨ ਪਦਾਰਥ ਚੁਕਵਾ ਕੇ ਉਨ੍ਹਾਂ ਨੂੰ ਦਿੱਤੇ ਅਤੇ ਬਿਨਯਾਮੀਨ ਦਾ ਥਾਲ ਉਨ੍ਹਾਂ ਦੇ ਥਾਲਾਂ ਨਾਲੋਂ ਪੰਜ ਗੁਣਾ ਵੱਧ ਸੀ, ਸੋ ਉਨ੍ਹਾਂ ਉਹ ਦੇ ਨਾਲ ਖਾਧਾ ਪੀਤਾ ਅਤੇ ਅਨੰਦ ਮਨਾਇਆ ।

44
ਚਾਂਦੀ ਦਾ ਕਟੋਰਾ

1ਤਦ ਉਸ ਨੇ ਆਪਣੇ ਘਰ ਦੇ ਮੁਖੀਏ ਨੂੰ ਹੁਕਮ ਦਿੱਤਾ ਕਿ ਇਨ੍ਹਾਂ ਮਨੁੱਖਾਂ ਦੇ ਬੋਰਿਆਂ ਵਿੱਚ ਜਿੰਨ੍ਹਾਂ ਉਹ ਲੈ ਸਕਣ ਅੰਨ ਭਰ ਦੇ ਅਤੇ ਹਰ ਇੱਕ ਦੀ ਚਾਂਦੀ ਉਸ ਦੇ ਬੋਰੇ ਦੇ ਮੂੰਹ ਵਿੱਚ ਰੱਖਦੇ2ਅਤੇ ਮੇਰਾ ਚਾਂਦੀ ਦਾ ਪਿਆਲਾ ਛੋਟੇ ਭਰਾ ਦੇ ਬੋਰੇ ਦੇ ਮੂੰਹ ਉੱਤੇ ਉਸ ਦੇ ਅੰਨ ਖਰੀਦਣ ਦੀ ਚਾਂਦੀ ਸਮੇਤ ਰੱਖਦੇ । ਸੋ ਉਸ ਨੇ ਯੂਸੁਫ਼ ਦੇ ਆਖੇ ਅਨੁਸਾਰ ਹੀ ਕੀਤਾ ।

3ਸਵੇਰ ਹੁੰਦਿਆਂ ਹੀ ਉਹ ਮਨੁੱਖ ਅਤੇ ਉਨ੍ਹਾਂ ਦੇ ਗਧੇ ਤੋਰ ਦਿੱਤੇ ਗਏ ।4ਓਹ ਨਗਰ ਤੋਂ ਬਾਹਰ ਅਜੇ ਦੂਰ ਨਹੀਂ ਗਏ ਸਨ ਕਿ ਯੂਸੁਫ਼ ਨੇ ਆਪਣੇ ਘਰ ਦੇ ਮੁਖੀਏ ਨੂੰ ਹੁਕਮ ਦਿੱਤਾ, ਉੱਠ ਉਨ੍ਹਾਂ ਮਨੁੱਖਾਂ ਦਾ ਪਿੱਛਾ ਕਰ ਅਤੇ ਜਦ ਤੂੰ ਉਨ੍ਹਾਂ ਕੋਲ ਪਹੁੰਚ ਜਾਵੇਂ ਤਾਂ ਉਨ੍ਹਾਂ ਨੂੰ ਆਖੀਂ, ਤੁਸੀਂ ਭਲਿਆਈ ਦੇ ਬਦਲੇ ਬੁਰਿਆਈ ਕਿਉਂ ਕੀਤੀ ?5ਕੀ ਇਹ ਉਹ ਪਿਆਲਾ ਨਹੀਂ ਜਿਸ ਵਿੱਚ ਮੇਰਾ ਸਵਾਮੀ ਪੀਂਦਾ ਹੈ ਅਤੇ ਜਿਸ ਦੇ ਨਾਲ ਉਹ ਆਤਮਿਕ ਗੱਲਾਂ ਵਿਚਾਰਦਾ ਹੈ ? ਤੁਸੀਂ ਜੋ ਇਹ ਕੀਤਾ ਹੈ ਸੋ ਬੁਰਾ ਹੀ ਕੀਤਾ ਹੈ ।
6ਤਦ ਉਸ ਨੇ ਉਨ੍ਹਾਂ ਨੂੰ ਜਾ ਫੜ੍ਹਿਆ ਅਤੇ ਇਹੋ ਗੱਲਾਂ ਉਨ੍ਹਾਂ ਨੂੰ ਆਖੀਆਂ ।7ਉਨ੍ਹਾਂ ਨੇ ਉਹ ਨੂੰ ਆਖਿਆ, ਸਾਡਾ ਸਵਾਮੀ ਅਜਿਹੀਆਂ ਗੱਲਾਂ ਕਿਉਂ ਬੋਲਦਾ ਹੈ ? ਤੁਹਾਡੇ ਦਾਸਾਂ ਤੋਂ ਅਜਿਹਾ ਕੰਮ ਕਰਨਾ ਦੂਰ ਰਹੇ ।
8ਵੇਖੋ, ਜਦ ਉਹ ਚਾਂਦੀ ਜਿਹੜੀ ਸਾਨੂੰ ਸਾਡੇ ਬੋਰਿਆਂ ਦੇ ਮੂੰਹ ਵਿੱਚ ਲੱਭੀ ਸੀ, ਅਸੀਂ ਉਹ ਕਨਾਨ ਦੇਸ਼ ਤੋਂ ਮੋੜ ਕੇ ਤੁਹਾਡੇ ਕੋਲ ਲੈ ਆਏ ਹਾਂ, ਤਾਂ ਕਿਵੇਂ ਅਸੀਂ ਤੁਹਾਡੇ ਸਵਾਮੀ ਦੇ ਘਰ ਵਿੱਚੋਂ ਚਾਂਦੀ ਜਾਂ ਸੋਨਾ ਚੁਰਾ ਸਕਦੇ ਹਾਂ ?9ਤੁਹਾਡੇ ਦਾਸਾਂ ਵਿੱਚੋਂ ਜਿਸ ਦੇ ਕੋਲੋਂ ਉਹ ਲੱਭੇ, ਉਹ ਮਾਰਿਆ ਜਾਵੇ ਅਤੇ ਅਸੀਂ ਵੀ ਆਪਣੇ ਸਵਾਮੀ ਦੇ ਗ਼ੁਲਾਮ ਹੋ ਜਾਂਵਾਂਗੇ ।10ਤਦ ਉਸ ਨੇ ਆਖਿਆ, ਹੁਣ ਤੁਹਾਡੀਆਂ ਗੱਲਾਂ ਦੇ ਅਨੁਸਾਰ ਹੀ ਹੋਵੇਗਾ । ਜਿਸ ਦੇ ਕੋਲੋਂ ਉਹ ਲੱਭੇਗਾ, ਉਹ ਮੇਰਾ ਗ਼ੁਲਾਮ ਹੋਵੇਗਾ ਪਰ ਤੁਸੀਂ ਨਿਰਦੋਸ਼ੀ ਠਹਿਰੋਗੇ ।
11ਉਨ੍ਹਾਂ ਨੇ ਛੇਤੀ ਨਾਲ ਆਪੋ ਆਪਣੇ ਬੋਰੇ ਜ਼ਮੀਨ ਉੱਤੇ ਲਾਹ ਕੇ ਖੋਲ੍ਹ ਦਿੱਤੇ12ਅਤੇ ਉਸ ਨੇ ਵੱਡੇ ਤੋਂ ਲੈ ਕੇ ਛੋਟੇ ਤੱਕ ਸਭ ਦੀ ਤਲਾਸ਼ੀ ਲਈ ਅਤੇ ਉਹ ਪਿਆਲਾ ਬਿਨਯਾਮੀਨ ਦੇ ਬੋਰੇ ਵਿੱਚ ਲੱਭਿਆ ।13ਤਦ ਉਨ੍ਹਾਂ ਨੇ ਆਪਣੇ ਬਸਤਰ ਪਾੜੇ ਅਤੇ ਹਰ ਇੱਕ ਨੇ ਆਪਣਾ ਗਧਾ ਲੱਦਿਆ ਅਤੇ ਓਹ ਨਗਰ ਨੂੰ ਮੁੜ ਆਏ ।
14ਜਦ ਯਹੂਦਾਹ ਅਤੇ ਉਸ ਦੇ ਭਰਾ ਯੂਸੁਫ਼ ਦੇ ਘਰ ਆਏ ਅਤੇ ਉਹ ਅਜੇ ਤੱਕ ਉੱਥੇ ਹੀ ਸੀ ਤਾਂ ਓਹ ਉਸ ਦੇ ਅੱਗੇ ਧਰਤੀ ਉੱਤੇ ਡਿੱਗ ਪਏ ।15ਫੇਰ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, ਇਹ ਕੀ ਕਰਤੂਤ ਹੈ ਜੋ ਤੁਸੀਂ ਕੀਤੀ ? ਕੀ ਤੁਸੀਂ ਨਹੀਂ ਜਾਣਦੇ ਸੀ ਕਿ ਮੇਰੇ ਵਰਗਾ ਆਦਮੀ ਆਤਮਿਕ ਗੱਲਾਂ ਵਿਚਾਰ ਸਕਦਾ ਹੈ ?
16ਯਹੂਦਾਹ ਨੇ ਆਖਿਆ, ਅਸੀਂ ਆਪਣੇ ਸਵਾਮੀ ਨੂੰ ਕੀ ਆਖੀਏ ਅਤੇ ਕੀ ਬੋਲੀਏ ਅਤੇ ਅਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਨਿਰਦੋਸ਼ ਸਾਬਤ ਕਰੀਏ ? ਪਰਮੇਸ਼ੁਰ ਨੇ ਤੁਹਾਡੇ ਦਾਸਾਂ ਦੀ ਬੁਰਿਆਈ ਲੱਭ ਲਈ ਹੈ । ਵੇਖੋ, ਅਸੀਂ ਆਪਣੇ ਸਵਾਮੀ ਦੇ ਗ਼ੁਲਾਮ ਹਾਂ, ਅਸੀਂ ਵੀ ਅਤੇ ਉਹ ਵੀ ਜਿਸ ਦੇ ਕੋਲੋਂ ਇਹ ਪਿਆਲਾ ਲੱਭਿਆ ਹੈ ।17ਪਰ ਯੂਸੁਫ਼ ਨੇ ਆਖਿਆ, ਇਹ ਕੰਮ ਮੈਥੋਂ ਦੂਰ ਹੋਵੇ । ਉਹ ਮਨੁੱਖ ਜਿਸ ਦੇ ਕੋਲੋਂ ਪਿਆਲਾ ਲੱਭਿਆ ਹੈ ਉਹ ਹੀ ਮੇਰਾ ਗ਼ੁਲਾਮ ਹੋਵੇਗਾ ਪਰ ਤੁਸੀਂ ਸਲਾਮਤੀ ਨਾਲ ਆਪਣੇ ਪਿਤਾ ਦੇ ਕੋਲ ਵਾਪਿਸ ਚਲੇ ਜਾਓ ।
ਬਿਨਯਾਮੀਨ ਦੇ ਲਈ ਯਹੂਦਾਹ ਦੁਆਰਾ ਬੇਨਤੀ

18ਫੇਰ ਯਹੂਦਾਹ ਨੇ ਉਸ ਦੇ ਨੇੜੇ ਜਾ ਕੇ ਆਖਿਆ, ਮੇਰੇ ਸਵਾਮੀ ਜੀ, ਮੇਰੀ ਬੇਨਤੀ ਹੈ ਕਿ ਤੁਹਾਡਾ ਦਾਸ ਆਪਣੇ ਸਵਾਮੀ ਦੇ ਕੰਨਾਂ ਵਿੱਚ ਗੱਲ ਕਰੇ ਅਤੇ ਤੁਹਾਡਾ ਕਰੋਧ ਤੁਹਾਡੇ ਦਾਸ ਦੇ ਵਿਰੁੱਧ ਨਾ ਭੜਕੇ, ਕਿਉਂ ਜੋ ਤੁਸੀਂ ਫ਼ਿਰਊਨ ਦੇ ਸਮਾਨ ਹੋ ।19ਮੇਰੇ ਸਵਾਮੀ ਨੇ ਆਪਣੇ ਦਾਸਾਂ ਤੋਂ ਇਹ ਪੁੱਛਿਆ ਸੀ, ਕੀ ਤੁਹਾਡਾ ਪਿਤਾ ਜਾਂ ਭਰਾ ਹੈ ?
20ਅਤੇ ਅਸੀਂ ਆਪਣੇ ਸਵਾਮੀ ਨੂੰ ਆਖਿਆ ਸੀ ਕਿ ਸਾਡਾ ਬਜ਼ੁਰਗ ਪਿਤਾ ਹੈ, ਅਤੇ ਉਸ ਦੀ ਬਿਰਧ ਅਵਸਥਾ ਦਾ ਇੱਕ ਛੋਟਾ ਪੁੱਤਰ ਹੈ ਅਤੇ ਉਸ ਦਾ ਭਰਾ ਮਰ ਗਿਆ ਹੈ, ਅਤੇ ਉਹ ਆਪਣੀ ਮਾਤਾ ਦਾ ਇਕੱਲਾ ਹੀ ਹੈ ਅਤੇ ਉਸ ਦਾ ਪਿਤਾ ਉਸ ਨੂੰ ਪਿਆਰ ਕਰਦਾ ਹੈ ।21ਤੁਸੀਂ ਆਪਣੇ ਦਾਸਾਂ ਨੂੰ ਆਖਿਆ ਕਿ ਉਸ ਨੂੰ ਮੇਰੇ ਕੋਲ ਲਿਆਓ ਤਾਂ ਜੋ ਮੈਂ ਉਸ ਮੁੰਡੇ ਨੂੰ ਆਪਣੀਆਂ ਅੱਖਾਂ ਨਾਲ ਵੇਖਾਂ ।22ਤਾਂ ਅਸੀਂ ਆਪਣੇ ਸਵਾਮੀ ਨੂੰ ਆਖਿਆ ਕਿ ਮੁੰਡਾ ਆਪਣੇ ਪਿਤਾ ਨੂੰ ਛੱਡ ਨਹੀਂ ਸਕਦਾ । ਜੇਕਰ ਉਹ ਉਸ ਨੂੰ ਛੱਡੇ ਤਾਂ ਸਾਡਾ ਪਿਤਾ ਮਰ ਜਾਵੇਗਾ ।
23ਫੇਰ ਤੁਸੀਂ ਆਪਣੇ ਦਾਸਾਂ ਨੂੰ ਆਖਿਆ ਸੀ ਕਿ ਜਦ ਤੱਕ ਤੁਹਾਡਾ ਛੋਟਾ ਭਰਾ ਤੁਹਾਡੇ ਨਾਲ ਨਾ ਆਵੇ ਤੁਸੀਂ ਮੇਰਾ ਮੂੰਹ ਫੇਰ ਨਾ ਵੇਖੋਗੇ ।24ਇਸ ਲਈ ਜਦ ਅਸੀਂ ਤੁਹਾਡੇ ਦਾਸ ਆਪਣੇ ਪਿਤਾ ਕੋਲ ਗਏ ਤਾਂ ਅਸੀਂ ਆਪਣੇ ਸਵਾਮੀ ਦੀਆਂ ਗੱਲਾਂ ਉਸ ਨੂੰ ਦੱਸੀਆਂ ।25ਤਦ ਸਾਡੇ ਪਿਤਾ ਨੇ ਆਖਿਆ, ਮੁੜ ਕੇ ਜਾਓ ਅਤੇ ਥੋੜ੍ਹਾ ਅੰਨ ਸਾਡੇ ਲਈ ਮੁੱਲ ਲੈ ਆਓ ।26ਪਰ ਅਸੀਂ ਆਖਿਆ, ਅਸੀਂ ਨਹੀਂ ਜਾ ਸਕਦੇ । ਜੇਕਰ ਸਾਡਾ ਛੋਟਾ ਭਰਾ ਸਾਡੇ ਨਾਲ ਹੋਵੇ ਤਾਂ ਹੀ ਅਸੀਂ ਜਾਂਵਾਂਗੇ ਕਿਉਂ ਜੋ ਜਦ ਤੱਕ ਸਾਡਾ ਛੋਟਾ ਭਰਾ ਸਾਡੇ ਨਾਲ ਨਾ ਜਾਵੇ ਅਸੀਂ ਉਸ ਮਨੁੱਖ ਦਾ ਮੂੰਹ ਨਾ ਵੇਖ ਸਕਾਂਗੇ ।
27ਤਦ ਤੁਹਾਡੇ ਦਾਸ ਸਾਡੇ ਪਿਤਾ ਨੇ ਸਾਨੂੰ ਆਖਿਆ, ਤੁਸੀਂ ਜਾਣਦੇ ਹੋ ਕਿ ਮੇਰੀ ਪਤਨੀ ਨੇ ਮੇਰੇ ਲਈ ਦੋ ਪੁੱਤਰਾਂ ਨੂੰ ਜਨਮ ਦਿੱਤਾ ।28ਉਨ੍ਹਾਂ ਵਿੱਚੋਂ ਇੱਕ ਤਾਂ ਮੈਨੂੰ ਛੱਡ ਕੇ ਚਲਾ ਗਿਆ ਅਤੇ ਮੈਂ ਮੰਨ ਲਿਆ ਕਿ ਉਹ ਸੱਚ-ਮੁੱਚ ਪਾੜਿਆ ਗਿਆ ਹੈ ਅਤੇ ਮੈਂ ਉਸ ਨੂੰ ਹੁਣ ਤੱਕ ਨਹੀਂ ਵੇਖਿਆ ।29ਪਰ ਜੇਕਰ ਤੁਸੀਂ ਇਸ ਨੂੰ ਵੀ ਮੇਰੇ ਅੱਗੋਂ ਲੈ ਜਾਓਗੇ ਅਤੇ ਕੋਈ ਬਿਪਤਾ ਉਸ ਉੱਤੇ ਆ ਪਈ ਤਾਂ ਤੁਸੀਂ ਮੈਨੂੰ ਇਸ ਬੁਢਾਪੇ ਵਿੱਚ ਦੁੱਖ ਨਾਲ ਪਤਾਲ ਵਿੱਚ ਉਤਾਰੋਗੇ ।
30ਹੁਣ ਜਦ ਮੈਂ ਤੁਹਾਡੇ ਦਾਸ ਆਪਣੇ ਪਿਤਾ ਦੇ ਕੋਲ ਜਾਂਵਾਂ ਅਤੇ ਇਹ ਮੁੰਡਾ ਨਾਲ ਨਾ ਹੋਵੇ ਤਾਂ ਕਿਉਂ ਜੋ ਉਹ ਦੇ ਪ੍ਰਾਣ ਇਸ ਮੁੰਡੇ ਦੇ ਪ੍ਰਾਣਾਂ ਨਾਲ ਬੱਧੇ ਹੋਏ ਹਨ31ਅਤੇ ਜਦ ਉਹ ਵੇਖੇਗਾ ਕਿ ਇਹ ਮੁੰਡਾ ਨਾਲ ਨਹੀਂ ਹੈ ਤਾਂ ਉਹ ਮਰ ਜਾਵੇਗਾ ਅਤੇ ਤੁਹਾਡੇ ਦਾਸ ਆਪਣੇ ਪਿਤਾ ਨੂੰ ਬੁਢਾਪੇ ਵਿੱਚ ਦੁੱਖ ਨਾਲ ਪਤਾਲ ਵਿੱਚ ਉਤਾਰਨਗੇ ।32ਕਿਉਂ ਜੋ ਤੁਹਾਡਾ ਦਾਸ ਆਪਣੇ ਪਿਤਾ ਨੂੰ ਇਹ ਆਖ ਕੇ ਇਸ ਮੁੰਡੇ ਦਾ ਜ਼ਿੰਮੇਵਾਰ ਹੋਇਆ ਹੈ ਕਿ ਜੇਕਰ ਮੈਂ ਉਸ ਨੂੰ ਤੇਰੇ ਕੋਲ ਨਾ ਲਿਆਵਾਂ ਤਾਂ ਮੈਂ ਸਦਾ ਤੱਕ ਆਪਣੇ ਪਿਤਾ ਦਾ ਪਾਪੀ ਹੋਵਾਂਗਾ ।
33ਹੁਣ ਤੁਹਾਡਾ ਦਾਸ ਇਸ ਮੁੰਡੇ ਦੇ ਸਥਾਨ ਤੇ ਮੇਰੇ ਸਵਾਮੀ ਦਾ ਗ਼ੁਲਾਮ ਬਣ ਕੇ ਰਹੇਗਾ ਪਰ ਇਸ ਮੁੰਡੇ ਨੂੰ ਆਪਣੇ ਭਰਾਵਾਂ ਦੇ ਨਾਲ ਵਾਪਿਸ ਜਾਣ ਦਿੱਤਾ ਜਾਵੇ ।34ਕਿਉਂਕਿ ਮੈਂ ਆਪਣੇ ਪਿਤਾ ਦੇ ਕੋਲ ਕਿਵੇਂ ਜਾਂਵਾਂ, ਜੇਕਰ ਇਹ ਮੁੰਡਾ ਮੇਰੇ ਨਾਲ ਨਾ ਹੋਵੇ ? ਅਜਿਹਾ ਨਾ ਹੋਵੇ ਕਿ ਉਹ ਬੁਰਿਆਈ ਜਿਹੜੀ ਮੇਰੇ ਪਿਤਾ ਉੱਤੇ ਆਵੇਗੀ, ਮੈਨੂੰ ਵੇਖਣੀ ਪਵੇ ।

45
ਯੂਸੁਫ਼ ਦੁਆਰਾ ਆਪਣੇ ਆਪ ਨੂੰ ਪਰਗਟ ਕਰਨਾ

1ਯੂਸੁਫ਼ ਆਪਣੇ ਆਪ ਨੂੰ ਉਨ੍ਹਾਂ ਸਾਰਿਆਂ ਦੇ ਸਾਹਮਣੇ ਜਿਹੜੇ ਉਸ ਦੇ ਕੋਲ ਖੜ੍ਹੇ ਸਨ, ਰੋਕ ਨਾ ਸਕਿਆ, ਇਸ ਲਈ ਉਸ ਨੇ ਉੱਚੀ ਅਵਾਜ਼ ਨਾਲ ਆਖਿਆ, ਮੇਰੇ ਕੋਲੋਂ ਹਰ ਮਨੁੱਖ ਨੂੰ ਬਾਹਰ ਕੱਢ ਦਿਓ ਅਤੇ ਜਦ ਕੋਈ ਮਨੁੱਖ ਉਸ ਦੇ ਕੋਲ ਖੜ੍ਹਾ ਨਾ ਰਿਹਾ ਤਦ ਯੂਸੁਫ਼ ਨੇ ਆਪਣੇ ਆਪ ਨੂੰ ਆਪਣੇ ਭਰਾਵਾਂ ਉੱਤੇ ਪਰਗਟ ਕਰ ਦਿੱਤਾ2ਅਤੇ ਉੱਚੀ-ਉੱਚੀ ਰੋਇਆ ਤਾਂ ਮਿਸਰੀਆਂ ਨੇ ਸੁਣਿਆ ਅਤੇ ਫ਼ਿਰਊਨ ਦੇ ਘਰਾਣੇ ਨੂੰ ਵੀ ਇਸ ਗੱਲ ਦੀ ਖ਼ਬਰ ਹੋਈ ।3ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਆਖਿਆ, ਮੈਂ ਯੂਸੁਫ਼ ਹਾਂ, ਕੀ ਮੇਰਾ ਪਿਤਾ ਅਜੇ ਜੀਉਂਦਾ ਹੈ ? ਪਰ ਉਸ ਦੇ ਭਰਾ ਉਸ ਨੂੰ ਉੱਤਰ ਨਾ ਦੇ ਸਕੇ ਕਿਉਂ ਜੋ ਉਸ ਦੇ ਅੱਗੇ ਘਬਰਾ ਗਏ ।

4ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਆਖਿਆ, ਮੇਰੇ ਨੇੜੇ ਆਓ । ਤਦ ਓਹ ਉਸ ਦੇ ਨੇੜੇ ਆਏ ਅਤੇ ਉਸ ਨੇ ਆਖਿਆ, ਮੈਂ ਤੁਹਾਡਾ ਭਰਾ ਯੂਸੁਫ਼ ਹਾਂ ਜਿਸ ਨੂੰ ਤੁਸੀਂ ਮਿਸਰ ਆਉਣ ਵਾਲਿਆਂ ਦੇ ਹੱਥ ਵੇਚਿਆ ਸੀ ।5ਹੁਣ ਤੁਸੀਂ ਨਾ ਪਛਤਾਓ ਅਤੇ ਨਾ ਹੀ ਘਬਰਾਓ ਕਿ ਤੁਸੀਂ ਮੈਨੂੰ ਇੱਧਰ ਵੇਚ ਦਿੱਤਾ ਸੀ ਕਿਉਂਕਿ ਪਰਮੇਸ਼ੁਰ ਨੇ ਤੁਹਾਡੀਆਂ ਜਾਨਾਂ ਬਚਾਉਣ ਲਈ ਮੈਨੂੰ ਤੁਹਾਡੇ ਅੱਗੇ ਭੇਜ ਦਿੱਤਾ ਸੀ ।6ਇਹਨਾਂ ਦੋ ਸਾਲਾਂ ਤੋਂ ਧਰਤੀ ਉੱਤੇ ਕਾਲ ਹੈ ਅਤੇ ਹੁਣੇ ਪੰਜ ਸਾਲ ਹੋਰ ਹਨ, ਜਿਨ੍ਹਾਂ ਵਿੱਚ ਨਾ ਵਾਹੀ ਤੇ ਨਾ ਵਾਢੀ ਹੋਵੇਗੀ ।
7ਇਸ ਲਈ ਪਰਮੇਸ਼ੁਰ ਨੇ ਮੈਨੂੰ ਤੁਹਾਡੇ ਅੱਗੇ ਭੇਜਿਆ ਤਾਂ ਜੋ ਤੁਸੀਂ ਧਰਤੀ ਉੱਤੇ ਜੀਉਂਦੇ ਰਹੋ ਅਤੇ ਤੁਹਾਨੂੰ ਬਚਾ ਕੇ ਤੁਹਾਡੇ ਵੰਸ਼ ਨੂੰ ਜੀਉਂਦਾ ਰੱਖੇ ।8ਹੁਣ ਤੁਸੀਂ ਨਹੀਂ ਸਗੋਂ ਪਰਮੇਸ਼ੁਰ ਨੇ ਮੈਨੂੰ ਇੱਥੇ ਭੇਜਿਆ ਹੈ ਅਤੇ ਉਸ ਨੇ ਮੈਨੂੰ ਫ਼ਿਰਊਨ ਲਈ ਪਿਤਾ ਵਰਗਾ ਅਤੇ ਉਸ ਦੇ ਸਾਰੇ ਘਰ ਦਾ ਸਵਾਮੀ ਅਤੇ ਮਿਸਰ ਦੇ ਸਾਰੇ ਦੇਸ਼ ਦਾ ਹਾਕਮ ਠਹਿਰਾਇਆ ਹੈ ।
9ਜਲਦੀ ਕਰੋ ਅਤੇ ਮੇਰੇ ਪਿਤਾ ਦੇ ਕੋਲ ਜਾਓ ਅਤੇ ਉਸ ਨੂੰ ਆਖੋ, ਤੇਰਾ ਪੁੱਤਰ ਯੂਸੁਫ਼ ਇਹ ਆਖਦਾ ਹੈ ਕਿ ਪਰਮੇਸ਼ੁਰ ਨੇ ਮੈਨੂੰ ਸਾਰੇ ਮਿਸਰ ਦੇਸ਼ ਦਾ ਮਾਲਕ ਬਣਾ ਦਿੱਤਾ ਹੈ । ਇਸ ਲਈ ਮੇਰੇ ਕੋਲ ਆ ਜਾਓ ਅਤੇ ਦੇਰੀ ਨਾ ਕਰੋ ।10ਤੁਸੀਂ ਗੋਸ਼ਨ ਦੇਸ਼ ਵਿੱਚ ਵੱਸੋਗੇ ਅਤੇ ਮੇਰੇ ਨਜ਼ਦੀਕ ਰਹੋਗੇ, ਤੁਸੀਂ ਅਤੇ ਤੁਹਾਡੇ ਬਾਲ ਬੱਚੇ ਅਤੇ ਤੁਹਾਡੇ ਬੱਚਿਆਂ ਦੇ ਬੱਚੇ ਅਤੇ ਤੁਹਾਡੇ ਇੱਜੜ ਅਤੇ ਚੌਣੇ ਅਤੇ ਸਭ ਕੁਝ ਜੋ ਤੁਹਾਡਾ ਹੈ ।11ਉੱਥੇ ਮੈਂ ਤੁਹਾਡੀ ਪਾਲਣਾ ਕਰਾਂਗਾ ਕਿਉਂ ਜੋ ਅਜੇ ਕਾਲ ਦੇ ਪੰਜ ਸਾਲ ਹੋਰ ਹਨ, ਕਿਤੇ ਅਜਿਹਾ ਨਾ ਹੋਵੇ ਕਿ ਤੁਸੀਂ ਅਤੇ ਤੁਹਾਡਾ ਘਰਾਣਾ ਅਤੇ ਤੁਹਾਡੇ ਸਾਰੇ ਸੰਗੀ ਭੁੱਖ ਨਾਲ ਮਰ ਜਾਣ ।
12ਅਤੇ ਵੇਖੋ, ਤੁਹਾਡੀਆਂ ਅੱਖਾਂ ਅਤੇ ਮੇਰੇ ਭਰਾ ਬਿਨਯਾਮੀਨ ਦੀਆਂ ਅੱਖਾਂ ਵੇਖਦੀਆਂ ਹਨ ਕਿ ਇਹ ਮੈਂ ਹੀ ਹਾਂ ਜੋ ਤੁਹਾਡੇ ਨਾਲ ਬੋਲਦਾ ਹੈ ।13ਤੁਸੀਂ ਮੇਰਾ ਸਾਰਾ ਪਰਤਾਪ ਜਿਹੜਾ ਮਿਸਰ ਵਿੱਚ ਹੈ, ਅਤੇ ਜੋ ਕੁਝ ਤੁਸੀਂ ਵੇਖਿਆ ਹੈ ਮੇਰੇ ਪਿਤਾ ਨੂੰ ਦੱਸਿਓ ਅਤੇ ਤੁਸੀਂ ਛੇਤੀ ਕਰੋ ਅਤੇ ਮੇਰੇ ਪਿਤਾ ਨੂੰ ਐਥੇ ਲੈ ਆਓ ।
14ਤਦ ਉਹ ਆਪਣੇ ਭਰਾ ਬਿਨਯਾਮੀਨ ਦੇ ਗਲ੍ਹ ਲੱਗ ਕੇ ਰੋਇਆ ਅਤੇ ਬਿਨਯਾਮੀਨ ਉਸ ਦੇ ਗਲ੍ਹ ਲੱਗ ਕੇ ਰੋਇਆ ।15ਫਿਰ ਉਸ ਆਪਣੇ ਸਾਰਿਆਂ ਭਰਾਵਾਂ ਨੂੰ ਚੁੰਮਿਆ ਅਤੇ ਉਨ੍ਹਾਂ ਨਾਲ ਰੋਇਆ ਅਤੇ ਇਸ ਤੋਂ ਬਾਅਦ ਉਸ ਦੇ ਭਰਾਵਾਂ ਨੇ ਉਹ ਦੇ ਨਾਲ ਗੱਲਾਂ ਕੀਤੀਆਂ ।
16ਇਹ ਖ਼ਬਰ ਫ਼ਿਰਊਨ ਦੇ ਘਰ ਸੁਣੀ ਗਈ ਕਿ ਯੂਸੁਫ਼ ਦੇ ਭਰਾ ਆਏ ਹਨ ਅਤੇ ਇਹ ਖ਼ਬਰ ਫ਼ਿਰਊਨ ਨੂੰ ਅਤੇ ਉਸ ਦੇ ਕਰਮਚਾਰੀਆਂ ਨੂੰ ਚੰਗੀ ਲੱਗੀ ।17ਇਸ ਲਈ ਫ਼ਿਰਊਨ ਨੇ ਯੂਸੁਫ਼ ਨੂੰ ਆਖਿਆ, ਆਪਣੇ ਭਰਾਵਾਂ ਨੂੰ ਆਖ ਕਿ ਇਹ ਕੰਮ ਕਰੋ: ਆਪਣੇ ਜਾਨਵਰ ਲੱਦੋ ਅਤੇ ਕਨਾਨ ਦੇ ਦੇਸ਼ ਨੂੰ ਜਾਓ,18ਅਤੇ ਆਪਣੇ ਪਿਤਾ ਅਤੇ ਆਪਣੇ ਘਰਾਣੇ ਨੂੰ ਲੈ ਕੇ ਮੇਰੇ ਕੋਲ ਆ ਜਾਓ ਅਤੇ ਮੈਂ ਤੁਹਾਨੂੰ ਮਿਸਰ ਦੇਸ਼ ਦੇ ਪਦਾਰਥ ਦੇਵਾਂਗਾ ਅਤੇ ਤੁਸੀਂ ਦੇਸ਼ ਦੀ ਚਿਕਨਾਈ ਖਾਓਗੇ ।
19ਹੁਣ ਤੈਨੂੰ ਇਹ ਆਗਿਆ ਹੈ: ਤੁਸੀਂ ਇਹ ਕਰੋ ਕਿ ਮਿਸਰ ਦੇਸ਼ ਤੋਂ ਗੱਡੇ ਲੈ ਜਾਓ ਅਤੇ ਆਪਣੇ ਬਾਲ ਬੱਚੇ ਅਤੇ ਆਪਣੀਆਂ ਪਤਨੀਆਂ ਅਤੇ ਆਪਣੇ ਪਿਤਾ ਨੂੰ ਲੈ ਆਓ ।20ਤੁਸੀਂ ਆਪਣੇ ਸਮਾਨ ਦਾ ਮੋਹ ਨਾ ਕਰਨਾ ਕਿਉਂ ਜੋ ਸਾਰੇ ਮਿਸਰ ਦੇਸ਼ ਦੇ ਪਦਾਰਥ ਤੁਹਾਡੇ ਹੀ ਹਨ ।
21ਇਸਰਾਏਲ ਦੇ ਪੁੱਤਰਾਂ ਨੇ ਉਸੇ ਤਰ੍ਹਾਂ ਹੀ ਕੀਤਾ ਅਤੇ ਯੂਸੁਫ਼ ਨੇ ਫ਼ਿਰਊਨ ਦੇ ਹੁਕਮ ਦੇ ਅਨੁਸਾਰ ਉਨ੍ਹਾਂ ਨੂੰ ਗੱਡੇ ਦਿੱਤੇ ਅਤੇ ਉਨ੍ਹਾਂ ਨੂੰ ਰਸਤੇ ਲਈ ਭੋਜਨ ਸਮੱਗਰੀ ਦਿੱਤੀ ।22ਉਸ ਨੇ ਉਨ੍ਹਾਂ ਸਾਰਿਆਂ ਨੂੰ ਇੱਕ-ਇੱਕ ਜੋੜਾ ਬਸਤਰ ਦਿੱਤਾ ਪਰ ਬਿਨਯਾਮੀਨ ਨੂੰ ਤਿੰਨ ਸੌ ਚਾਂਦੀ ਦੇ ਸਿੱਕੇ ਅਤੇ ਪੰਜ ਜੋੜੇ ਬਸਤਰ ਦਿੱਤੇ ।23ਉਸ ਨੇ ਆਪਣੇ ਪਿਤਾ ਨੂੰ ਜੋ ਕੁਝ ਭੇਜਿਆ ਉਹ ਇਹ ਹੈ ਅਰਥਾਤ ਮਿਸਰ ਦੇ ਚੰਗੇ ਪਦਾਰਥਾਂ ਦੇ ਲੱਦੇ ਹੋਏ ਦਸ ਗਧੇ ਅਤੇ ਅੰਨ-ਦਾਣੇ ਅਤੇ ਆਪਣੇ ਪਿਤਾ ਦੇ ਰਸਤੇ ਲਈ ਹੋਰ ਭੋਜਨ-ਸਮੱਗਰੀ ਦੀਆਂ ਲੱਦੀਆਂ ਹੋਈਆਂ ਦਸ ਗਧੀਆਂ ।
24ਤਦ ਉਸ ਨੇ ਆਪਣੇ ਭਰਾਵਾਂ ਨੂੰ ਵਿਦਿਆ ਕੀਤਾ ਅਤੇ ਓਹ ਚਲੇ ਗਏ ਅਤੇ ਉਸ ਨੇ ਉਨ੍ਹਾਂ ਨੂੰ ਆਖਿਆ, ਕਿਤੇ ਰਸਤੇ ਵਿੱਚ ਝਗੜਾ ਨਾ ਕਰਿਓ ।25ਸੋ ਓਹ ਮਿਸਰ ਤੋਂ ਵਾਪਿਸ ਆਏ ਅਤੇ ਕਨਾਨ ਦੇਸ਼ ਵਿੱਚ ਆਪਣੇ ਪਿਤਾ ਯਾਕੂਬ ਦੇ ਕੋਲ ਪਹੁੰਚੇ ।26ਅਤੇ ਉਸ ਨੂੰ ਦੱਸਿਆ ਕਿ ਯੂਸੁਫ਼ ਅਜੇ ਜੀਉਂਦਾ ਹੈ ਅਤੇ ਉਹ ਮਿਸਰ ਦੇ ਸਾਰੇ ਦੇਸ਼ ਉੱਤੇ ਰਾਜ ਕਰਦਾ ਹੈ, ਤਾਂ ਯਾਕੂਬ ਦਾ ਦਿਲ ਬੈਠ ਗਿਆ ਕਿਉਂ ਜੋ ਉਸ ਨੇ ਉਨ੍ਹਾਂ ਦੀ ਗੱਲ ਦਾ ਭਰੋਸਾ ਨਾ ਕੀਤਾ ।
27ਫੇਰ ਉਨ੍ਹਾਂ ਨੇ ਯੂਸੁਫ਼ ਦੀਆਂ ਸਾਰੀਆਂ ਗੱਲਾਂ ਜਿਹੜੀਆਂ ਉਸ ਨੇ ਉਨ੍ਹਾਂ ਨੂੰ ਆਖੀਆਂ ਸਨ, ਉਸ ਨੂੰ ਦੱਸੀਆਂ । ਜਦ ਉਸ ਨੇ ਉਹ ਗੱਡੇ ਜਿਹੜੇ ਯੂਸੁਫ਼ ਨੇ ਉਹ ਦੇ ਲਿਆਉਣ ਲਈ ਭੇਜੇ ਸਨ ਵੇਖੇ ਤਾਂ ਉਨ੍ਹਾਂ ਦੇ ਪਿਤਾ ਯਾਕੂਬ ਦੀ ਜਾਨ ਵਿੱਚ ਜਾਨ ਆਈ ।28ਤਦ ਇਸਰਾਏਲ ਨੇ ਆਖਿਆ, ਇਹੋ ਬਹੁਤ ਹੈ ਕਿ ਮੇਰਾ ਪੁੱਤਰ ਯੂਸੁਫ਼ ਅਜੇ ਜੀਉਂਦਾ ਹੈ । ਮੈਂ ਜਾਂਵਾਂਗਾ ਅਤੇ ਆਪਣੇ ਮਰਨ ਤੋਂ ਪਹਿਲਾਂ ਉਸ ਨੂੰ ਵੇਖਾਂਗਾ ।

46
ਯਾਕੂਬ ਦਾ ਸਾਰੇ ਪਰਿਵਾਰ ਸਮੇਤ ਮਿਸਰ ਆਉਣਾ

1ਤਦ ਇਸਰਾਏਲ ਨੇ ਆਪਣਾ ਸਭ ਕੁਝ ਲੈ ਕੇ ਕੂਚ ਕੀਤਾ ਅਤੇ ਬਏਰਸਬਾ ਨੂੰ ਆਇਆ ਅਤੇ ਆਪਣੇ ਪਿਤਾ ਇਸਹਾਕ ਦੇ ਪਰਮੇਸ਼ੁਰ ਲਈ ਬਲੀਆਂ ਚੜ੍ਹਾਈਆਂ ।2ਪਰਮੇਸ਼ੁਰ ਨੇ ਇਸਰਾਏਲ ਨੂੰ ਰਾਤ ਦੇ ਸਮੇਂ ਦਰਸ਼ਨ ਦੇ ਕੇ ਆਖਿਆ, ਯਾਕੂਬ ! ਯਾਕੂਬ ! ਉਸ ਨੇ ਆਖਿਆ, ਮੈਂ ਹਾਜ਼ਰ ਹਾਂ ।3ਉਸ ਆਖਿਆ, ਮੈਂ ਪਰਮੇਸ਼ੁਰ, ਤੇਰੇ ਪਿਤਾ ਦਾ ਪਰਮੇਸ਼ੁਰ ਹਾਂ ।4ਮਿਸਰ ਵੱਲ ਜਾਣ ਤੋਂ ਨਾ ਡਰ, ਕਿਉਂ ਜੋ ਮੈਂ ਉੱਥੇ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ ਅਤੇ ਮੈਂ ਤੇਰੇ ਅੰਗ-ਸੰਗ ਮਿਸਰ ਵਿੱਚ ਚੱਲਾਂਗਾ ਅਤੇ ਸੱਚ-ਮੁੱਚ ਮੈਂ ਤੈਨੂੰ ਉੱਥੋਂ ਫੇਰ ਲੈ ਆਵਾਂਗਾ ਅਤੇ ਯੂਸੁਫ਼ ਆਪਣੇ ਹੱਥਾਂ ਨਾਲ ਤੇਰੀਆਂ ਅੱਖਾਂ ਬੰਦ ਕਰੇਗਾ ।

5ਯਾਕੂਬ ਬਏਰਸਬਾ ਤੋਂ ਉੱਠਿਆ ਅਤੇ ਇਸਰਾਏਲ ਦੇ ਪੁੱਤਰ, ਆਪਣੇ ਪਿਤਾ ਯਾਕੂਬ ਨੂੰ ਅਤੇ ਆਪਣੇ ਛੋਟੇ ਬੱਚਿਆਂ ਅਤੇ ਆਪਣੀਆਂ ਪਤਨੀਆਂ ਨੂੰ ਗੱਡਿਆਂ ਉੱਤੇ ਲੈ ਚੱਲੇ, ਜਿਹੜੇ ਫ਼ਿਰਊਨ ਨੇ ਉਨ੍ਹਾਂ ਨੂੰ ਲਿਆਉਣ ਲਈ ਭੇਜੇ ਸਨ ।6ਉਨ੍ਹਾਂ ਨੇ ਆਪਣੇ ਪਸ਼ੂ ਅਤੇ ਆਪਣਾ ਸਾਰਾ ਸਮਾਨ ਜਿਹੜਾ ਉਨ੍ਹਾਂ ਨੇ ਕਨਾਨ ਦੇਸ਼ ਵਿੱਚ ਕਮਾਇਆ ਸੀ, ਲੈ ਲਿਆ ਅਤੇ ਯਾਕੂਬ ਅਤੇ ਉਸ ਦਾ ਸਾਰਾ ਵੰਸ਼ ਉਸ ਦੇ ਨਾਲ ਮਿਸਰ ਵਿੱਚ ਆਇਆ7ਅਰਥਾਤ ਉਹ ਆਪਣੇ ਪੁੱਤਰ-ਧੀਆਂ, ਪੋਤੇ-ਪੋਤੀਆਂ ਅਤੇ ਆਪਣਾ ਸਾਰਾ ਵੰਸ਼ ਆਪਣੇ ਨਾਲ ਲੈ ਕੇ ਆਇਆ ।
8ਇਸਰਾਏਲ ਦੇ ਪੁੱਤਰਾਂ ਦੇ ਨਾਮ ਇਹ ਹਨ, ਜਿਹੜੇ ਮਿਸਰ ਵਿੱਚ ਆਏ: ਯਾਕੂਬ ਅਤੇ ਉਸ ਦਾ ਪਹਿਲੌਠਾ ਪੁੱਤਰ ਰਊਬੇਨ ।9ਰਊਬੇਨ ਦੇ ਪੁੱਤਰ: ਹਨੋਕ, ਫੱਲੂ, ਹਸਰੋਨ ਅਤੇ ਕਰਮੀ ।10ਸ਼ਿਮਓਨ ਦੇ ਪੁੱਤਰ: ਯਮੂਏਲ, ਯਾਮੀਨ, ਓਹਦ, ਯਾਕੀਨ,ਸੋਹਰ ਅਤੇ ਸਾਊਲ ਜੋ ਕਨਾਨੀ ਇਸਤਰੀ ਦਾ ਪੁੱਤਰ ਸੀ ।11ਲੇਵੀ ਦੇ ਪੁੱਤਰ: ਗੇਰਸੋਨ, ਕਹਾਥ ਅਤੇ ਮਰਾਰੀ ।
12ਯਹੂਦਾਹ ਦੇ ਪੁੱਤਰ: ਏਰ, ਓਨਾਨ, ਸ਼ੇਲਾਹ, ਫ਼ਰਸ, ਅਤੇ ਜ਼ਾਰਹ । ਪਰ ਏਰ ਅਤੇ ਓਨਾਨ ਕਨਾਨ ਦੇਸ਼ ਵਿੱਚ ਮਰ ਗਏ ਅਤੇ ਫਰਸ ਦੇ ਪੁੱਤਰ ਹਸਰੋਨ ਅਤੇ ਹਾਮੂਲ ਸਨ ।13ਯਿੱਸਾਕਾਰ ਦੇ ਪੁੱਤਰ: ਤੋਲਾ, ਪੁੱਵਾਹ, ਯੋਬ ਅਤੇ ਸਿਮਰੋਨ ।14ਜਬੁਲੂਨ ਦੇ ਪੁੱਤਰ: ਸਰਦ, ਏਲੋਨ ਅਤੇ ਯਹਲਏਲ ।15ਲੇਆਹ ਦੇ ਪੁੱਤਰ ਇਹ ਸਨ, ਜਿਨ੍ਹਾਂ ਨੂੰ ਉਸ ਨੇ ਆਪਣੀ ਧੀ ਦੀਨਾਹ ਸਮੇਤ ਪਦਨ ਅਰਾਮ ਵਿੱਚ ਜਨਮ ਦਿੱਤਾ । ਉਹ ਸਾਰੇ ਪ੍ਰਾਣੀ ਅਰਥਾਤ ਉਸ ਦੇ ਪੁੱਤਰ ਅਤੇ ਉਸ ਦੀਆਂ ਧੀਆਂ ਤੇਤੀ ਸਨ ।
16ਗਾਦ ਦੇ ਪੁੱਤਰ: ਸਿਫਯੋਨ, ਹੱਗੀ, ਸੂਨੀ, ਅਸਬੋਨ, ਏਰੀ, ਅਰੋਦੀ ਅਤੇ ਅਰਏਲੀ ਸਨ ।17ਆਸ਼ੇਰ ਦੇ ਪੁੱਤਰ: ਯਿਮਨਾਹ, ਯਿਸ਼ਵਾਹ, ਯਿਸ਼ਵੀ, ਬਰੀਆਹ ਅਤੇ ਸਰਹ ਉਨ੍ਹਾਂ ਦੀ ਭੈਣ । ਬਰੀਆਹ ਦੇ ਪੁੱਤਰ ਹਬਰ ਅਤੇ ਮਲਕੀਏਲ ਸਨ ।18ਇਹ ਜਿਲਫਾਹ ਦੇ ਪੁੱਤਰ ਸਨ, ਜਿਸ ਨੂੰ ਲਾਬਾਨ ਨੇ ਆਪਣੀ ਧੀ ਲੇਆਹ ਨੂੰ ਦਿੱਤਾ ਸੀ, ਉਸ ਨੇ ਯਾਕੂਬ ਲਈ ਇਨ੍ਹਾਂ ਸੋਲ੍ਹਾਂ ਪ੍ਰਾਣੀਆਂ ਨੂੰ ਜਨਮ ਦਿੱਤਾ ।
19ਯਾਕੂਬ ਦੀ ਪਤਨੀ ਰਾਖ਼ੇਲ ਦੇ ਪੁੱਤਰ ਯੂਸੁਫ਼ ਅਤੇ ਬਿਨਯਾਮੀਨ ਸਨ ।20ਯੂਸੁਫ਼ ਤੋਂ ਮਿਸਰ ਦੇਸ਼ ਵਿੱਚ ਓਨ ਦੇ ਪੁਜਾਰੀ ਪੋਟੀਫਰਾ ਦੀ ਧੀ ਆਸਨਥ ਨੇ ਮਨੱਸ਼ਹ ਅਤੇ ਇਫ਼ਰਾਈਮ ਨੂੰ ਜਨਮ ਦਿੱਤਾ ।21ਬਿਨਯਾਮੀਨ ਦੇ ਪੁੱਤਰ: ਬਲਾ, ਬਕਰ, ਅਸ਼ਬੇਲ, ਗੇਰਾ, ਨਾਮਾਨ, ਏਹੀ, ਰੋਸ਼, ਮੁੱਫੀਮ, ਹੁੱਫੀਮ ਅਤੇ ਆਰਦ ਸਨ ।22ਇਹ ਰਾਖ਼ੇਲ ਦੇ ਪੁੱਤਰ ਸਨ, ਜਿਹਨਾਂ ਨੂੰ ਉਸ ਨੇ ਯਾਕੂਬ ਲਈ ਜੰਮਿਆ ਸੀ, ਉਹ ਸਾਰੇ ਚੌਦਾਂ ਪ੍ਰਾਣੀ ਸਨ ।
23ਦਾਨ ਦਾ ਪੁੱਤਰ ਹੁਸ਼ੀਮ ਸੀ ।24ਨਫਤਾਲੀ ਦੇ ਪੁੱਤਰ: ਯਹਸਏਲ, ਗੂਨੀ, ਯੇਸਰ ਅਤੇ ਸਿੱਲੇਮ ਸਨ ।25ਇਹ ਬਿਲਹਾਹ ਦੇ ਪੁੱਤਰ ਸਨ, ਜਿਸ ਨੂੰ ਲਾਬਾਨ ਨੇ ਆਪਣੀ ਧੀ ਰਾਖ਼ੇਲ ਨੂੰ ਦਿੱਤਾ ਸੀ ਅਤੇ ਉਸ ਨੇ ਯਾਕੂਬ ਦੇ ਲਈ ਇਨ੍ਹਾਂ ਸੱਤ ਪ੍ਰਾਣੀ ਨੂੰ ਜਨਮ ਦਿੱਤਾ ।
26ਯਾਕੂਬ ਦੇ ਨਿੱਜ ਵੰਸ਼ ਵਿੱਚੋਂ ਸਾਰੇ ਪ੍ਰਾਣੀ ਜਿਹੜੇ ਉਸ ਦੇ ਨਾਲ ਮਿਸਰ ਵਿੱਚ ਆਏ, ਉਸ ਦੀਆਂ ਨੂੰਹਾਂ ਤੋਂ ਬਿਨ੍ਹਾਂ ਛਿਆਹਠ ਪ੍ਰਾਣੀ ਸਨ ।27ਯੂਸੁਫ਼ ਦੇ ਪੁੱਤਰ ਜਿਹੜੇ ਉਸ ਤੋਂ ਮਿਸਰ ਵਿੱਚ ਜੰਮੇ ਦੋ ਪ੍ਰਾਣੀ ਸਨ । ਇਸ ਤਰ੍ਹਾਂ ਉਹ ਸਾਰੇ ਜਿਹੜੇ ਯਾਕੂਬ ਦੇ ਘਰਾਣੇ ਤੋਂ ਮਿਸਰ ਵਿੱਚ ਆਏ ਸਨ, ਸੱਤਰ ਪ੍ਰਾਣੀ ਸਨ ।
ਯਾਕੂਬ ਅਤੇ ਉਸ ਦਾ ਪਰਿਵਾਰ ਮਿਸਰ ਦੇ ਵਿੱਚ

28ਉਸ ਨੇ ਯਹੂਦਾਹ ਨੂੰ ਯੂਸੁਫ਼ ਦੇ ਕੋਲ ਆਪਣੇ ਅੱਗੇ-ਅੱਗੇ ਭੇਜਿਆ ਤਾਂ ਜੋ ਉਹ ਉਸ ਨੂੰ ਗੋਸ਼ਨ ਦਾ ਰਾਹ ਵਿਖਾਵੇ, ਅਤੇ ਓਹ ਗੋਸ਼ਨ ਦੇ ਦੇਸ਼ ਵਿੱਚ ਆਏ ।29ਤਦ ਯੂਸੁਫ਼ ਨੇ ਆਪਣਾ ਰਥ ਜੋੜਿਆ ਅਤੇ ਆਪਣੇ ਪਿਤਾ ਇਸਰਾਏਲ ਨੂੰ ਮਿਲਣ ਲਈ ਗੋਸ਼ਨ ਨੂੰ ਗਿਆ ਅਤੇ ਉਸ ਦੇ ਅੱਗੇ ਹਾਜ਼ਰ ਹੋਇਆ ਅਤੇ ਉਸ ਦੇ ਗਲ੍ਹ ਲੱਗਾ ਅਤੇ ਬਹੁਤ ਦੇਰ ਤੱਕ ਉਸ ਦੇ ਗਲ੍ਹ ਨਾਲ ਲੱਗ ਕੇ ਰੋਇਆ ।30ਫੇਰ ਇਸਰਾਏਲ ਨੇ ਯੂਸੁਫ਼ ਨੂੰ ਆਖਿਆ, ਹੁਣ ਮੈਨੂੰ ਮਰਨ ਦੇ ਕਿਉਂ ਜੋ ਮੈਂ ਤੇਰਾ ਮੂੰਹ ਵੇਖ ਲਿਆ ਹੈ ਕਿ ਤੂੰ ਅਜੇ ਜੀਉਂਦਾ ਹੈ ।
31ਤਦ ਯੂਸੁਫ਼ ਨੇ ਆਪਣੇ ਭਰਾਵਾਂ ਅਤੇ ਆਪਣੇ ਪਿਤਾ ਦੇ ਘਰਾਣੇ ਨੂੰ ਆਖਿਆ, ਮੈਂ ਫ਼ਿਰਊਨ ਕੋਲ ਖ਼ਬਰ ਦੇਣ ਜਾਂਦਾ ਹਾਂ ਅਤੇ ਉਸ ਨੂੰ ਆਖਾਂਗਾ ਕਿ ਮੇਰੇ ਭਰਾ ਅਤੇ ਮੇਰੇ ਪਿਤਾ ਦਾ ਘਰਾਣਾ, ਜਿਹੜਾ ਕਨਾਨ ਦੇਸ਼ ਵਿੱਚ ਸੀ, ਮੇਰੇ ਕੋਲ ਆ ਗਿਆ ਹੈ ।32ਓਹ ਮਨੁੱਖ ਆਜੜੀ ਹਨ ਕਿਉਂ ਜੋ ਓਹ ਪਸ਼ੂਆਂ ਨੂੰ ਪਾਲਣ ਵਾਲੇ ਹਨ ਅਤੇ ਓਹ ਆਪਣੇ ਇੱਜੜ ਅਤੇ ਵੱਗ ਅਤੇ ਸਭ ਕੁਝ ਜੋ ਉਨ੍ਹਾਂ ਦਾ ਹੈ, ਨਾਲ ਲੈ ਕੇ ਆਏ ਹਨ ।
33ਜਦ ਫ਼ਿਰਊਨ ਤੁਹਾਨੂੰ ਬੁਲਾਏ ਅਤੇ ਪੁੱਛੇ ਕਿ ਤੁਸੀਂ ਕੀ ਕੰਮ ਕਰਦੇ ਹੋ ?34ਤਦ ਤੁਸੀਂ ਇਹ ਆਖਣਾ, ਤੁਹਾਡੇ ਦਾਸ ਜਵਾਨੀ ਤੋਂ ਲੈ ਕੇ ਹੁਣ ਤੱਕ ਪਸ਼ੂ ਪਾਲਦੇ ਰਹੇ ਹਨ, ਅਸੀਂ ਵੀ ਅਤੇ ਸਾਡੇ ਪਿਓ ਦਾਦੇ ਵੀ ਤਦ ਤੁਸੀਂ ਗੋਸ਼ਨ ਦੇਸ਼ ਵਿੱਚ ਵੱਸ ਜਾਓਗੇ ਕਿਉਂ ਜੋ ਮਿਸਰੀ ਸਾਰੇ ਆਜੜੀਆਂ ਤੋਂ ਘਿਰਣਾ ਕਰਦੇ ਹਨ ।

47

1ਯੂਸੁਫ਼ ਗਿਆ ਅਤੇ ਫ਼ਿਰਊਨ ਨੂੰ ਦੱਸਿਆ, ਮੇਰਾ ਪਿਤਾ ਅਤੇ ਭਰਾ, ਉਨ੍ਹਾਂ ਦੇ ਇੱਜੜ ਅਤੇ ਚੌਣੇ ਅਤੇ ਸਭ ਕੁਝ ਜੋ ਉਨ੍ਹਾਂ ਦਾ ਹੈ, ਕਨਾਨ ਦੇਸ਼ ਤੋਂ ਆ ਗਏ ਹਨ ਅਤੇ ਵੇਖੋ, ਓਹ ਗੋਸ਼ਨ ਦੇਸ਼ ਵਿੱਚ ਹਨ ।2ਤਦ ਉਸਨੇ ਆਪਣੇ ਭਰਾਵਾਂ ਵਿੱਚੋਂ ਪੰਜ ਮਨੁੱਖ ਲੈ ਕੇ ਫ਼ਿਰਊਨ ਦੇ ਸਨਮੁਖ ਖੜ੍ਹੇ ਕੀਤੇ ।

3ਫ਼ਿਰਊਨ ਨੇ ਉਹ ਦੇ ਭਰਾਵਾਂ ਨੂੰ ਆਖਿਆ, ਕੀ ਕੰਮ ਹੈ ? ਉਨ੍ਹਾਂ ਨੇ ਫ਼ਿਰਊਨ ਨੂੰ ਆਖਿਆ, ਤੁਹਾਡੇ ਦਾਸ ਅਯਾਲੀ ਹਨ ਅਸੀਂ ਵੀ ਅਤੇ ਸਾਡੇ ਪਿਓ ਦਾਦੇ ਵੀ ।4ਫੇਰ ਉਨ੍ਹਾਂ ਨੇ ਫ਼ਿਰਊਨ ਨੂੰ ਆਖਿਆ, ਅਸੀਂ ਇਸ ਦੇਸ਼ ਵਿੱਚ ਪਰਦੇਸੀ ਹੋ ਕੇ ਵੱਸਣ ਲਈ ਆਏ ਹਾਂ ਕਿਉਂ ਜੋ ਤੁਹਾਡੇ ਦਾਸਾਂ ਦੇ ਇੱਜੜਾਂ ਲਈ ਕੋਈ ਚਰਾਈ ਨਹੀਂ, ਕਿਉਂ ਜੋ ਕਨਾਨ ਦੇਸ਼ ਵਿੱਚ ਡਾਢਾ ਕਾਲ ਪਿਆ ਹੋਇਆ ਹੈ ਸੋ ਹੁਣ ਆਪਣੇ ਦਾਸਾਂ ਨੂੰ ਗੋਸ਼ਨ ਦੇਸ਼ ਵਿੱਚ ਰਹਿਣ ਦੀ ਆਗਿਆ ਦਿਓ ।
5ਤਦ ਫ਼ਿਰਊਨ ਨੇ ਯੂਸੁਫ਼ ਨੂੰ ਆਖਿਆ, ਤੇਰਾ ਪਿਤਾ ਅਤੇ ਤੇਰੇ ਭਰਾ ਤੇਰੇ ਕੋਲ ਆਏ ਹਨ ।6ਮਿਸਰ ਦੇਸ਼ ਤੇਰੇ ਅੱਗੇ ਹੈ । ਆਪਣੇ ਪਿਤਾ ਅਤੇ ਆਪਣੇ ਭਰਾਵਾਂ ਨੂੰ ਸਭ ਤੋਂ ਚੰਗੀ ਧਰਤੀ ਵਿੱਚ ਵਸਾ ਅਰਥਾਤ ਗੋਸ਼ਨ ਦੇ ਦੇਸ਼ ਵਿੱਚ ਵੱਸਣ ਦੇ ਅਤੇ ਜੇਕਰ ਤੂੰ ਜਾਣਦਾ ਹੈਂ ਜੋ ਉਨ੍ਹਾਂ ਵਿੱਚ ਸਿਆਣੇ ਮਨੁੱਖ ਹਨ ਤਾਂ ਉਨ੍ਹਾਂ ਨੂੰ ਮੇਰੇ ਮਾਲ ਡੰਗਰ ਉੱਤੇ ਠਹਿਰਾ ਦੇ ।
7ਤਦ ਯੂਸੁਫ਼ ਨੇ ਆਪਣੇ ਪਿਤਾ ਯਾਕੂਬ ਨੂੰ ਲਿਆਂਦਾ ਅਤੇ ਫ਼ਿਰਊਨ ਦੇ ਸਨਮੁਖ ਖੜ੍ਹਾ ਕੀਤਾ ਅਤੇ ਯਾਕੂਬ ਨੇ ਫ਼ਿਰਊਨ ਨੂੰ ਬਰਕਤ ਦਿੱਤੀ ।8ਫ਼ਿਰਊਨ ਨੇ ਯਾਕੂਬ ਨੂੰ ਆਖਿਆ, ਤੁਹਾਡੀ ਉਮਰ ਕਿਨ੍ਹੀ ਹੈ ?9ਯਾਕੂਬ ਨੇ ਫ਼ਿਰਊਨ ਨੂੰ ਆਖਿਆ, ਮੇਰੇ ਮੁਸਾਫ਼ਰੀ ਦੇ ਦਿਨ ਇੱਕ ਸੌ ਤੀਹ ਸਾਲ ਹਨ । ਮੇਰੇ ਜੀਵਨ ਦੇ ਦਿਨ ਥੋੜ੍ਹੇ ਅਤੇ ਦੁੱਖ ਨਾਲ ਭਰੇ ਹੋਏ ਸਨ, ਅਤੇ ਮੇਰੇ ਪਿਓ ਦਾਦਿਆਂ ਦੇ ਮੁਸਾਫ਼ਰੀ ਦੇ ਜੀਵਨ ਦੇ ਸਾਲਾਂ ਦੇ ਬਰਾਬਰ ਨਹੀਂ ਹੋਏ ਹਨ ।10ਫੇਰ ਯਾਕੂਬ ਫ਼ਿਰਊਨ ਨੂੰ ਬਰਕਤ ਦੇ ਕੇ ਫ਼ਿਰਊਨ ਦੇ ਹਜ਼ੂਰੋਂ ਨਿੱਕਲ ਆਇਆ ।
11ਯੂਸੁਫ਼ ਨੇ ਆਪਣੇ ਪਿਤਾ ਅਤੇ ਆਪਣੇ ਭਰਾਵਾਂ ਨੂੰ ਵਸਾਇਆ ਅਤੇ ਉਨ੍ਹਾਂ ਨੂੰ ਮਿਸਰ ਦੇਸ਼ ਦੀ ਸਭ ਤੋਂ ਚੰਗੀ ਧਰਤੀ ਅਰਥਾਤ ਰਾਮਸੇਸ ਦੀ ਧਰਤੀ ਵਿੱਚ, ਜਿਵੇਂ ਫ਼ਿਰਊਨ ਨੇ ਹੁਕਮ ਦਿੱਤਾ ਸੀ, ਵਿਰਾਸਤ ਵਿੱਚ ਦਿੱਤੀ ।12ਅਤੇ ਯੂਸੁਫ਼ ਆਪਣੇ ਪਿਤਾ, ਅਤੇ ਆਪਣੇ ਭਰਾਵਾਂ, ਆਪਣੇ ਪਿਤਾ ਦੇ ਘਰਾਣੇ ਦੀ, ਉਨ੍ਹਾਂ ਦੇ ਬੱਚਿਆਂ ਦੀ ਲੋੜ ਅਨੁਸਾਰ ਭੋਜਨ ਮੁਹੱਈਆ ਕਰ ਕੇ ਪਾਲਣਾ ਕਰਦਾ ਸੀ ।
ਅਕਾਲ ਅਤੇ ਯੂਸੁਫ਼ ਦਾ ਪ੍ਰਬੰਧ

13ਸਾਰੀ ਧਰਤੀ ਉੱਤੇ ਭੋਜਨ ਨਹੀਂ ਸੀ ਕਿਉਂ ਜੋ ਕਾਲ ਭਾਰੀ ਸੀ ਅਤੇ ਮਿਸਰ ਦੇਸ਼ ਅਤੇ ਕਨਾਨ ਦੇਸ਼ ਕਾਲ ਦੇ ਕਾਰਨ ਨਾਸ਼ ਹੋ ਗਏ ਸਨ ।14ਯੂਸੁਫ਼ ਨੇ ਸਾਰੀ ਚਾਂਦੀ, ਜਿਹੜੀ ਮਿਸਰ ਦੇ ਦੇਸ਼ ਵਿੱਚੋਂ ਅਤੇ ਕਨਾਨ ਦੇ ਦੇਸ਼ ਵਿੱਚੋਂ ਅੰਨ ਮੁੱਲ ਲੈਣ ਦੇ ਬਦਲੇ ਮਿੱਲੀ, ਇਕੱਠੀ ਕਰ ਲਈ ਅਤੇ ਯੂਸੁਫ਼ ਨੇ ਉਹ ਚਾਂਦੀ ਫ਼ਿਰਊਨ ਦੇ ਘਰ ਲੈ ਆਂਦੀ ।
15ਜਦ ਮਿਸਰ ਦੇਸ਼ ਅਤੇ ਕਨਾਨ ਦੇਸ਼ ਦੀ ਚਾਂਦੀ ਖਰਚ ਹੋ ਗਈ ਤਦ ਸਾਰੇ ਮਿਸਰੀ ਇਹ ਆਖਣ ਲਈ ਯੂਸੁਫ਼ ਕੋਲ ਆਏ ਕਿ ਸਾਨੂੰ ਰੋਟੀ ਦਿਓ । ਅਸੀਂ ਤੁਹਾਡੇ ਅੱਗੇ ਕਿਉਂ ਮਰੀਏ ਕਿਉਂ ਜੋ ਚਾਂਦੀ ਮੁੱਕ ਗਈ ਹੈ ।16ਤਦ ਯੂਸੁਫ਼ ਨੇ ਆਖਿਆ, ਆਪਣੇ ਮਾਲ ਡੰਗਰ ਦਿਓ ਅਤੇ ਜੇ ਚਾਂਦੀ ਮੁੱਕ ਗਈ ਹੈ ਤਾਂ ਮੈਂ ਤੁਹਾਨੂੰ ਪਸ਼ੂਆਂ ਦੇ ਬਦਲੇ ਅੰਨ੍ਹ ਦਿਆਂਗਾ ।17ਤਦ ਓਹ ਆਪਣੇ ਮਾਲ ਡੰਗਰ ਯੂਸੁਫ਼ ਕੋਲ ਲਿਆਏ ਅਤੇ ਯੂਸੁਫ਼ ਨੇ ਉਨ੍ਹਾਂ ਦੇ ਘੋੜਿਆਂ, ਪਸ਼ੂਆਂ, ਇੱਜੜਾਂ ਅਤੇ ਗਧਿਆਂ ਦੇ ਬਦਲੇ ਉਨ੍ਹਾਂ ਨੂੰ ਅੰਨ ਦਿੱਤਾ ਅਤੇ ਉਸ ਸਾਰੇ ਸਾਲ ਉਸ ਨੇ ਉਨ੍ਹਾਂ ਨੂੰ ਮਾਲ ਡੰਗਰਾਂ ਦੇ ਬਦਲੇ ਰੋਟੀ ਖਵਾਈ ।
18ਜਦ ਉਹ ਸਾਲ ਬੀਤ ਗਿਆ ਤਾਂ ਦੂਜੇ ਸਾਲ ਓਹ ਉਹ ਦੇ ਕੋਲ ਫੇਰ ਆਏ ਅਤੇ ਉਸ ਨੂੰ ਆਖਿਆ, ਅਸੀਂ ਆਪਣੇ ਸਵਾਮੀ ਤੋਂ ਲੁਕਾ ਨਹੀਂ ਸਕਦੇ ਕਿ ਸਾਡੀ ਚਾਂਦੀ ਮੁੱਕ ਗਈ ਹੈ ਅਤੇ ਮਾਲ ਡੰਗਰ ਵੀ ਸਾਡੇ ਸਵਾਮੀ ਦੇ ਹੋ ਗਏ ਹਨ ਸੋ ਹੁਣ ਸਾਡੇ ਸਵਾਮੀ ਦੇ ਅੱਗੇ ਸਾਡੇ ਸਰੀਰਾਂ ਅਤੇ ਜ਼ਮੀਨ ਤੋਂ ਬਿਨ੍ਹਾਂ ਹੋਰ ਕੁਝ ਬਾਕੀ ਨਹੀਂ ਰਿਹਾ ।19ਅਸੀਂ ਤੁਹਾਡੇ ਅੱਗੇ ਕਿਉਂ ਨਾਸ਼ ਹੋਈਏ ਅਸੀਂ ਵੀ ਅਤੇ ਸਾਡੀ ਜ਼ਮੀਨ ਵੀ । ਸਾਨੂੰ ਅਤੇ ਸਾਡੀ ਜ਼ਮੀਨ ਨੂੰ ਰੋਟੀ ਦੇ ਬਦਲੇ ਮੁੱਲ ਲੈ ਲਓ । ਅਸੀਂ ਆਪਣੀ ਜ਼ਮੀਨ ਸਮੇਤ ਫ਼ਿਰਊਨ ਦੇ ਦਾਸ ਹੋਵਾਂਗੇ, ਪਰ ਸਾਨੂੰ ਬੀਜ ਦਿਓ ਜੋ ਅਸੀਂ ਜੀਵੀਏ ਅਤੇ ਮਰੀਏ ਨਾ ਅਤੇ ਜ਼ਮੀਨ ਉੱਜੜ ਨਾ ਜਾਵੇ ।
20ਤਦ ਯੂਸੁਫ਼ ਨੇ ਮਿਸਰ ਦੀ ਸਾਰੀ ਜ਼ਮੀਨ ਫ਼ਿਰਊਨ ਲਈ ਮੁੱਲ ਲੈ ਲਈ, ਕਿਉਂ ਜੋ ਮਿਸਰੀਆਂ ਵਿੱਚੋਂ ਸਭਨਾਂ ਨੇ ਆਪੋ ਆਪਣੇ ਖੇਤ ਉਸ ਕਾਲ ਦੇ ਕਾਰਨ ਇਸ ਕਰਕੇ ਵੇਚ ਦਿੱਤੇ, ਸੋ ਉਹ ਧਰਤੀ ਫ਼ਿਰਊਨ ਦੀ ਹੋ ਗਈ ।21ਉਸ ਨੇ ਉਨ੍ਹਾਂ ਲੋਕਾਂ ਨੂੰ ਮਿਸਰ ਦੀ ਇੱਕ ਹੱਦ ਤੋਂ ਦੂਜੀ ਹੱਦ ਤੱਕ, ਨਗਰਾਂ ਵਿੱਚ ਇਕੱਠਾ ਕੀਤਾ ।22ਕੇਵਲ ਜਾਜਕਾਂ ਦੀ ਜ਼ਮੀਨ ਮੁੱਲ ਨਾ ਲਈ, ਕਿਉਂ ਜੋ ਜਾਜਕਾਂ ਨੂੰ ਫ਼ਿਰਊਨ ਵੱਲੋਂ ਸ਼ਾਹੀ ਭੋਜਨ ਦਾ ਪ੍ਰਬੰਧ ਸੀ ਅਤੇ ਉਨ੍ਹਾਂ ਨੇ ਸ਼ਾਹੀ ਭੋਜਨ ਵਿੱਚੋਂ ਜੋ ਫ਼ਿਰਊਨ ਨੇ ਉਨ੍ਹਾਂ ਨੂੰ ਦਿੱਤਾ ਸੀ, ਖਾਧਾ ਇਸ ਕਾਰਨ ਉਨ੍ਹਾਂ ਨੇ ਆਪਣੀ ਜ਼ਮੀਨ ਨਾ ਵੇਚੀ ।
23ਤਦ ਯੂਸੁਫ਼ ਨੇ ਲੋਕਾਂ ਨੂੰ ਆਖਿਆ, ਵੇਖੋ ਮੈਂ ਤੁਹਾਨੂੰ ਅਤੇ ਤੁਹਾਡੀ ਜ਼ਮੀਨ ਨੂੰ ਅੱਜ ਦੇ ਦਿਨ ਫ਼ਿਰਊਨ ਲਈ ਮੁੱਲ ਲੈ ਲਿਆ ਹੈ ।24ਵੇਖੋ, ਬੀਜ ਤੁਹਾਡੇ ਲਈ ਹੈ । ਜ਼ਮੀਨ ਬੀਜੋ । ਅਤੇ ਫ਼ਸਲਾਂ ਉੱਤੇ ਪੰਜਵਾਂ ਹਿੱਸਾ ਤੁਹਾਨੂੰ ਫ਼ਿਰਊਨ ਨੂੰ ਦੇਣਾ ਪਵੇਗਾ ਅਤੇ ਬਾਕੀ ਚਾਰ ਹਿੱਸੇ ਤੁਹਾਡੇ ਹੋਣਗੇ ਖੇਤ ਦੇ ਬੀਜ ਲਈ ਅਤੇ ਤੁਹਾਡੇ, ਘਰਾਣੇ ਅਤੇ ਤੁਹਾਡੇ ਬੱਚਿਆਂ ਦੇ ਖਾਣ ਲਈ ਹੋਣਗੇ ।
25ਉਨ੍ਹਾਂ ਆਖਿਆ, ਤੁਸੀਂ ਸਾਡੀਆਂ ਜਾਨਾਂ ਬਚਾਈਆਂ ਹਨ । ਸਾਡੇ ਸਵਾਮੀ ਦੀ ਆਪਣੇ ਦਾਸਾਂ ਉੱਤੇ ਕਿਰਪਾ ਦੀ ਨਿਗਾਹ ਹੋਵੇ ਅਤੇ ਅਸੀਂ ਫ਼ਿਰਊਨ ਦੇ ਦਾਸ ਹੋਵਾਂਗੇ ।26ਸੋ ਯੂਸੁਫ਼ ਨੇ ਮਿਸਰ ਦੀ ਜ਼ਮੀਨ ਲਈ ਉਹ ਕਨੂੰਨ ਜਿਹੜਾ ਅੱਜ ਦੇ ਦਿਨ ਤੱਕ ਹੈ, ਠਹਿਰਾਇਆ ਜੋ ਪੰਜਵਾਂ ਹਿੱਸਾ ਫ਼ਿਰਊਨ ਦਾ ਹੋਵੇ ਪਰ ਸਿਰਫ਼ ਜਾਜਕਾਂ ਦੀ ਜ਼ਮੀਨ ਉਨ੍ਹਾਂ ਦੀ ਹੀ ਰਹੀ । ਓਹ ਫ਼ਿਰਊਨ ਦੀ ਨਾ ਹੋਈ ।
ਯਾਕੂਬ ਦੀ ਅੰਤਿਮ ਇੱਛਾ

27ਇਸਰਾਏਲੀ ਮਿਸਰ ਦੀ ਅਤੇ ਗੋਸ਼ਨ ਦੀ ਧਰਤੀ ਵਿੱਚ ਰਹੇ ਅਤੇ ਉਨ੍ਹਾਂ ਨੇ ਉੱਥੇ ਵਿਰਾਸਤ ਪ੍ਰਾਪਤ ਕੀਤੀ ਅਤੇ ਉੱਥੇ ਓਹ ਬਹੁਤ ਹੀ ਫਲੇ ਅਤੇ ਵਧੇ ।28ਅਤੇ ਯਾਕੂਬ ਮਿਸਰ ਦੇਸ਼ ਵਿੱਚ ਸਤਾਰਾਂ ਸਾਲ ਜਿਉਂਦਾ ਰਿਹਾ, ਸੋ ਯਾਕੂਬ ਦੀ ਸਾਰੀ ਉਮਰ ਇੱਕ ਸੌ ਸੰਤਾਲੀ ਸਾਲ ਦੀ ਹੋਈ ।
29ਜਦ ਇਸਰਾਏਲ ਦੇ ਮਰਨ ਦੇ ਦਿਨ ਨੇੜੇ ਆਏ ਤਾਂ ਉਸ ਆਪਣੇ ਪੁੱਤਰ ਯੂਸੁਫ਼ ਨੂੰ ਬੁਲਾ ਕੇ ਆਖਿਆ, ਹੁਣ ਜੇ ਮੇਰੇ ਉੱਤੇ ਤੇਰੀ ਕਿਰਪਾ ਹੈ ਤਾਂ ਤੂੰ ਆਪਣਾ ਹੱਥ ਮੇਰੇ ਪੱਟ ਹੇਠ ਰੱਖ ਅਤੇ ਕਿਰਪਾ ਅਤੇ ਸਚਿਆਈ ਨਾਲ ਮੇਰੇ ਨਾਲ ਵਰਤਾਉ ਕਰੀਂ ।30ਮੈਨੂੰ ਮਿਸਰ ਵਿੱਚ ਨਾ ਦੱਬੀਂ । ਪਰ ਜਦ ਮੈਂ ਆਪਣੇ ਪਿਓ ਦਾਦਿਆਂ ਨਾਲ ਮਿਲ ਜਾਂਵਾਂ ਤਾਂ ਤੂੰ ਮੈਨੂੰ ਮਿਸਰ ਤੋਂ ਬਾਹਰ ਲੈ ਜਾਵੀਂ ਅਤੇ ਉਨ੍ਹਾਂ ਦੇ ਕਬਰਿਸਤਾਨ ਵਿੱਚ ਮੈਨੂੰ ਦੱਬੀਂ ਤਾਂ ਯੂਸੁਫ਼ ਨੇ ਆਖਿਆ, ਮੈਂ ਤੇਰੇ ਆਖੇ ਦੇ ਅਨੁਸਾਰ ਹੀ ਕਰਾਂਗਾ ।31ਅਤੇ ਉਸ ਆਖਿਆ, ਮੇਰੇ ਨਾਲ ਸਹੁੰ ਖਾ ਤਾਂ ਉਸ ਨੇ ਉਸ ਦੇ ਨਾਲ ਸਹੁੰ ਖਾਧੀ ਅਤੇ ਇਸਰਾਏਲ ਨੇ ਆਪਣੇ ਮੰਜੇ ਦੇ ਸਰਹਾਣੇ ਉੱਤੇ ਸਿਰ ਝੁਕਾ ਕੇ ਪ੍ਰਾਰਥਨਾ ਕੀਤੀ ।

48
ਯਾਕੂਬ ਦਾ ਇਫ਼ਰਾਈਮ ਅਤੇ ਮਨੱਸ਼ਹ ਨੂੰ ਅਸੀਸ ਦੇਣਾ

1ਇਹਨਾਂ ਗੱਲਾਂ ਤੋਂ ਬਾਅਦ ਇਹ ਹੋਇਆ ਕਿ ਕਿਸੇ ਨੇ ਯੂਸੁਫ਼ ਨੂੰ ਆਖਿਆ, ਵੇਖੋ, ਤੁਹਾਡਾ ਪਿਤਾ ਬਿਮਾਰ ਹੈ । ਤਦ ਉਸ ਨੇ ਆਪਣੇ ਦੋਹਾਂ ਪੁੱਤਰਾਂ ਮਨੱਸ਼ਹ ਅਤੇ ਇਫ਼ਰਾਈਮ ਨੂੰ ਆਪਣੇ ਨਾਲ ਲਿਆ ।2ਕਿਸੇ ਨੇ ਯਾਕੂਬ ਨੂੰ ਦੱਸਿਆ, ਵੇਖੋ ਤੁਹਾਡਾ ਪੁੱਤਰ ਯੂਸੁਫ਼ ਤੁਹਾਡੇ ਕੋਲ ਆਉਂਦਾ ਹੈ । ਤਦ ਇਸਰਾਏਲ ਆਪਣੇ ਆਪ ਨੂੰ ਤਕੜਾ ਕਰ ਕੇ ਆਪਣੇ ਮੰਜੇ ਉੱਤੇ ਬੈਠ ਗਿਆ ।

3ਯਾਕੂਬ ਨੇ ਯੂਸੁਫ਼ ਨੂੰ ਆਖਿਆ, ਸਰਬ ਸ਼ਕਤੀਮਾਨ ਪਰਮੇਸ਼ੁਰ ਨੇ ਮੈਨੂੰ ਕਨਾਨ ਦੇਸ਼ ਵਿੱਚ ਲੂਜ਼ ਕੋਲ ਦਰਸ਼ਨ ਦਿੱਤਾ ਅਤੇ ਮੈਨੂੰ ਬਰਕਤ ਦਿੱਤੀ4ਅਤੇ ਮੈਨੂੰ ਆਖਿਆ, ਵੇਖ, ਮੈਂ ਤੈਨੂੰ ਫਲਵੰਤ ਕਰਾਂਗਾ ਅਤੇ ਤੈਨੂੰ ਵਧਾਵਾਂਗਾ ਅਤੇ ਤੈਥੋਂ ਬਹੁਤ ਸਾਰੀਆਂ ਕੌਮਾਂ ਬਣਾਵਾਂਗਾ ਅਤੇ ਤੇਰੇ ਬਾਅਦ ਇਹ ਦੇਸ਼ ਸਦਾ ਲਈ ਤੇਰੇ ਵੰਸ਼ ਦੀ ਵਿਰਾਸਤ ਹੋਣ ਲਈ ਦੇ ਦਿਆਂਗਾ ।
5ਹੁਣ ਤੇਰੇ ਦੋਵੇਂ ਪੁੱਤਰ ਜਿਹੜੇ ਮਿਸਰ ਵਿੱਚ ਮੇਰੇ ਆਉਣ ਤੋਂ ਪਹਿਲਾਂ ਪੈਦਾ ਹੋਏ ਸਨ, ਉਹ ਮੇਰੇ ਹੀ ਹਨ । ਰਊਬੇਨ ਅਤੇ ਸ਼ਿਮਓਨ ਵਾਂਗੂੰ ਇਫ਼ਰਾਈਮ ਅਤੇ ਮਨੱਸ਼ਹ ਮੇਰੇ ਹੀ ਪੁੱਤਰ ਹਨ,6ਅਤੇ ਉਨ੍ਹਾਂ ਦੇ ਬਾਅਦ ਜਿਹੜੀ ਸੰਤਾਨ ਤੈਥੋਂ ਪੈਦਾ ਹੋਵੇਗੀ, ਉਹ ਤੇਰੀ ਹੋਵੇਗੀ । ਪਰ ਓਹ ਆਪਣੇ ਹਿੱਸੇ ਦੀ ਵੰਡ ਵਿੱਚ ਆਪਣੇ ਭਰਾਵਾਂ ਦੇ ਨਾਮ ਤੋਂ ਪੁਕਾਰੀ ਜਾਵੇਗੀ ।7ਜਦ ਮੈਂ ਪਦਨ ਤੋਂ ਆ ਰਿਹਾ ਸੀ ਤਾਂ ਰਸਤੇ ਵਿੱਚ ਜਦ ਅਫ਼ਰਾਤ ਥੋੜ੍ਹੀ ਹੀ ਦੂਰ ਰਹਿ ਗਿਆ ਸੀ ਤਾਂ ਕਨਾਨ ਦੇਸ਼ ਵਿੱਚ ਰਾਖ਼ਲ ਮੇਰੇ ਸਾਹਮਣੇ ਮਰ ਗਈ ਅਤੇ ਮੈਂ ਉਸ ਨੂੰ ਉੱਥੇ ਹੀ ਅਫ਼ਰਾਤ ਦੇ ਰਸਤੇ ਵਿੱਚ ਦੱਬ ਦਿੱਤਾ ।
8ਇਹੋ ਹੀ ਬੈਤਲਹਮ ਹੈ । ਫੇਰ ਇਸਰਾਏਲ ਨੇ ਯੂਸੁਫ਼ ਦੇ ਪੁਤਰਾਂ ਨੂੰ ਵੇਖ ਕੇ ਆਖਿਆ, ਇਹ ਕੌਣ ਹਨ ?9ਯੂਸੁਫ਼ ਨੇ ਆਪਣੇ ਪਿਤਾ ਨੂੰ ਆਖਿਆ, ਇਹ ਮੇਰੇ ਪੁੱਤਰ ਹਨ, ਜਿਹੜੇ ਪਰਮੇਸ਼ੁਰ ਨੇ ਮੈਨੂੰ ਇੱਥੇ ਦਿੱਤੇ ਹਨ । ਉਸ ਨੇ ਆਖਿਆ, ਉਨ੍ਹਾਂ ਨੂੰ ਮੇਰੇ ਕੋਲ ਲਿਆ ਤਾਂ ਜੋ ਮੈਂ ਉਨ੍ਹਾਂ ਨੂੰ ਬਰਕਤ ਦੇਵਾਂ ।10ਪਰ ਬਜ਼ੁਰਗ ਹੋਣ ਦੇ ਕਾਰਨ ਇਸਰਾਏਲ ਦੀਆਂ ਅੱਖਾਂ ਧੁੰਦਲੀਆਂ ਹੋ ਗਈਆਂ ਸਨ, ਕਿ ਉਹ ਵੇਖ ਨਹੀਂ ਸਕਦਾ ਸੀ, ਤਦ ਯੂਸੁਫ਼ ਉਨ੍ਹਾਂ ਨੂੰ ਉਸ ਦੇ ਕੋਲ ਲਿਆਇਆ ਤਾਂ ਉਸ ਨੇ ਉਨ੍ਹਾਂ ਨੂੰ ਚੁੰਮਿਆ ਅਤੇ ਉਨ੍ਹਾਂ ਨੂੰ ਗਲ੍ਹ ਲਾਇਆ
11ਅਤੇ ਇਸਰਾਏਲ ਨੇ ਯੂਸੁਫ਼ ਨੂੰ ਆਖਿਆ, ਮੈਨੂੰ ਤਾਂ ਤੇਰਾ ਮੂੰਹ ਵੇਖਣ ਦੀ ਆਸ ਵੀ ਨਹੀਂ ਸੀ, ਪਰ ਵੇਖ ਤੇਰੀ ਅੰਸ ਵੀ ਪਰਮੇਸ਼ੁਰ ਨੇ ਮੈਨੂੰ ਵਿਖਾਲ ਦਿੱਤੀ ਹੈ ।12ਤਦ ਯੂਸੁਫ਼ ਨੇ ਉਨ੍ਹਾਂ ਨੂੰ ਆਪਣੇ ਗੋਡਿਆਂ ਵਿੱਚੋਂ ਕੱਢਿਆ ਅਤੇ ਆਪਣਾ ਮੂੰਹ ਧਰਤੀ ਤੱਕ ਨਿਵਾਇਆ13ਅਤੇ ਯੂਸੁਫ਼ ਨੇ ਉਨ੍ਹਾਂ ਦੋਹਾਂ ਨੂੰ ਲਿਆ, ਇਫ਼ਰਾਈਮ ਨੂੰ ਆਪਣੇ ਸੱਜੇ ਹੱਥ ਨਾਲ ਇਸਰਾਏਲ ਦੇ ਖੱਬੇ ਪਾਸੇ, ਅਤੇ ਮਨੱਸ਼ਹ ਨੂੰ ਆਪਣੇ ਖੱਬੇ ਹੱਥ ਨਾਲ ਇਸਰਾਏਲ ਦੇ ਸੱਜੇ ਪਾਸੇ ਲਿਆਂਦਾ ਅਤੇ ਉਸ ਦੇ ਨੇੜੇ ਕੀਤਾ ।
14ਤਦ ਇਸਰਾਏਲ ਨੇ ਆਪਣਾ ਸੱਜਾ ਹੱਥ ਵਧਾ ਕੇ ਇਫ਼ਰਾਈਮ ਦੇ ਸਿਰ ਉੱਤੇ ਰੱਖਿਆ, ਜਿਹੜਾ ਛੋਟਾ ਪੁੱਤਰ ਸੀ ਅਤੇ ਆਪਣਾ ਖੱਬਾ ਹੱਥ ਮਨੱਸ਼ਹ ਦੇ ਸਿਰ ਉੱਤੇ ਰੱਖਿਆ । ਉਸ ਨੇ ਜਾਣ ਬੁੱਝ ਕੇ ਆਪਣੇ ਹੱਥ ਇਸ ਤਰ੍ਹਾਂ ਰੱਖੇ ਕਿਉਂ ਜੋ ਮਨੱਸ਼ਹ ਪਹਿਲੌਠਾ ਸੀ ।15ਉਸ ਨੇ ਯੂਸੁਫ਼ ਨੂੰ ਬਰਕਤ ਦੇ ਕੇ ਆਖਿਆ, ਪਰਮੇਸ਼ੁਰ ਜਿਸ ਦੇ ਸਨਮੁਖ ਮੇਰਾ ਪਿਤਾ ਅਬਰਾਹਾਮ ਅਤੇ ਇਸਹਾਕ ਚੱਲਦੇ ਰਹੇ ਅਤੇ ਉਹ ਪਰਮੇਸ਼ੁਰ ਜਿਸ ਨੇ ਜੀਵਨ ਭਰ ਅੱਜ ਦੇ ਦਿਨ ਤੱਕ ਮੇਰੀ ਪਾਲਣਾ ਕੀਤੀ,16ਅਤੇ ਉਹੀ ਦੂਤ ਜਿਹੜਾ ਸਾਰੀ ਬੁਰਿਆਈ ਤੋਂ ਮੈਨੂੰ ਛੁਡਾਉਂਦਾ ਆਇਆ ਹੈ, ਉਹ ਹੀ ਇਨ੍ਹਾਂ ਮੁੰਡਿਆਂ ਨੂੰ ਬਰਕਤ ਦੇਵੇ ਅਤੇ ਉਨ੍ਹਾਂ ਨੂੰ ਮੇਰੇ ਨਾਮ ਅਤੇ ਮੇਰੇ ਪਿਤਾ ਅਬਰਾਹਾਮ ਅਤੇ ਇਸਹਾਕ ਦੇ ਨਾਮ ਤੋਂ ਬੁਲਾਇਆ ਜਾਵੇ ਅਤੇ ਇਹ ਧਰਤੀ ਉੱਤੇ ਇੱਕ ਵੱਡਾ ਦਲ ਬਣ ਜਾਣ ।
17ਜਦ ਯੂਸੁਫ਼ ਨੇ ਵੇਖਿਆ ਕਿ ਮੇਰੇ ਪਿਤਾ ਨੇ ਆਪਣਾ ਸੱਜਾ ਹੱਥ ਇਫ਼ਰਾਈਮ ਦੇ ਸਿਰ ਉੱਤੇ ਰੱਖਿਆ ਹੈ ਤਾਂ ਉਸ ਦੀ ਨਜ਼ਰ ਵਿੱਚ ਇਹ ਗੱਲ ਬੁਰੀ ਲੱਗੀ ਅਤੇ ਉਸ ਨੇ ਆਪਣੇ ਪਿਤਾ ਦਾ ਹੱਥ ਇਸ ਲਈ ਫੜ੍ਹ ਲਿਆ ਤਾਂ ਜੋ ਇਫ਼ਰਾਈਮ ਦੇ ਸਿਰ ਤੋਂ ਹਟਾ ਕੇ ਮਨੱਸ਼ਹ ਦੇ ਸਿਰ ਉੱਤੇ ਰੱਖੇ ।18ਯੂਸੁਫ਼ ਨੇ ਆਪਣੇ ਪਿਤਾ ਨੂੰ ਆਖਿਆ, ਪਿਤਾ ਜੀ, ਅਜਿਹਾ ਨਾ ਹੋਵੇ, ਕਿਉਂ ਜੋ ਉਹ ਪਹਿਲੌਠਾ ਹੈ । ਆਪਣਾ ਸੱਜਾ ਹੱਥ ਉਸ ਦੇ ਸਿਰ ਉੱਤੇ ਰੱਖ ।
19ਪਰ ਉਸ ਦੇ ਪਿਤਾ ਨੇ ਇਨਕਾਰ ਕਰਕੇ ਆਖਿਆ, ਮੈਂ ਜਾਣਦਾ ਹਾਂ, ਮੇਰੇ ਪੁੱਤਰ ਮੈਂ ਜਾਣਦਾ ਹਾਂ । ਇਸ ਤੋਂ ਵੀ ਇੱਕ ਕੌਮ ਹੋਵੇਗੀ ਅਤੇ ਇਹ ਵੀ ਵੱਡਾ ਹੋਵੇਗਾ ਪਰ ਉਸ ਦਾ ਛੋਟਾ ਭਰਾ ਇਸ ਨਾਲੋਂ ਵੱਡਾ ਹੋਵੇਗਾ ਅਤੇ ਉਸ ਦੀ ਅੰਸ ਤੋਂ ਬਹੁਤ ਸਾਰੀਆਂ ਕੌਮਾਂ ਹੋਣਗੀਆਂ ।20ਫਿਰ ਉਸ ਨੇ ਉਸੇ ਦਿਨ ਉਨ੍ਹਾਂ ਨੂੰ ਬਰਕਤ ਦੇ ਕੇ ਆਖਿਆ, ਇਸਰਾਏਲ ਤੇਰਾ ਨਾਮ ਲੈ ਕੇ ਅਤੇ ਇਹ ਆਖ ਕੇ ਬਰਕਤ ਦਿਆ ਕਰੇਗਾ ਕਿ ਪਰਮੇਸ਼ੁਰ ਤੈਨੂੰ ਇਫ਼ਰਾਈਮ ਅਤੇ ਮਨੱਸ਼ਹ ਵਰਗਾ ਬਣਾਵੇ । ਸੋ ਉਸ ਨੇ ਇਫ਼ਰਾਈਮ ਨੂੰ ਮਨੱਸ਼ਹ ਨਾਲੋਂ ਅੱਗੇ ਰੱਖਿਆ ।
21ਇਸਰਾਏਲ ਨੇ ਯੂਸੁਫ਼ ਨੂੰ ਆਖਿਆ, ਵੇਖ, ਮੈਂ ਮਰਨ ਵਾਲਾ ਹਾਂ ਪਰ ਪਰਮੇਸ਼ੁਰ ਤੁਹਾਡੇ ਸੰਗ ਹੋਵੇਗਾ ਅਤੇ ਤੁਹਾਨੂੰ ਤੁਹਾਡੇ ਪਿਓ ਦਾਦਿਆਂ ਦੇ ਦੇਸ਼ ਵਿੱਚ ਮੁੜ ਲੈ ਆਵੇਗਾ ।22ਅਤੇ ਮੈਂ ਤੈਨੂੰ ਤੇਰੇ ਭਰਾਵਾਂ ਤੋਂ ਵੱਧ ਇੱਕ ਪਹਾੜੀ ਇਲਾਕਾ ਦਿੱਤਾ ਹੈ, ਜਿਹੜਾ ਮੈਂ ਆਪਣੀ ਤਲਵਾਰ ਅਤੇ ਧਣੁਖ ਨਾਲ ਅਮੋਰੀਆਂ ਦੇ ਹੱਥੋਂ ਲੈ ਲਿਆ ਸੀ ।

49
ਯਾਕੂਬ ਦੀ ਭਵਿੱਖਬਾਣੀ

1ਯਾਕੂਬ ਨੇ ਆਪਣੇ ਪੁੱਤਰਾਂ ਨੂੰ ਸੱਦ ਕੇ ਆਖਿਆ, ਇਕੱਠੇ ਹੋ ਜਾਓ ਤਾਂ ਜੋ ਮੈਂ ਤੁਹਾਨੂੰ ਦੱਸਾਂ, ਜੋ ਤੁਹਾਡੇ ਉੱਤੇ ਆਉਣ ਵਾਲਿਆਂ ਦਿਨਾਂ ਵਿੱਚ ਬੀਤੇਗਾ ।2ਯਾਕੂਬ ਦੇ ਪੁੱਤਰੋ ਇਕੱਠੇ ਹੋ ਜਾਓ, ਸੁਣੋ, ਅਤੇ ਆਪਣੇ ਪਿਤਾ ਇਸਰਾਏਲ ਦੀ ਸੁਣੋ ।

3ਰਊਬੇਨ ਤੂੰ ਮੇਰਾ ਪਹਿਲੌਠਾ ਪੁੱਤਰ ਹੈਂ, ਮੇਰਾ ਬਲ ਤੇ ਮੇਰੀ ਸ਼ਕਤੀ ਦਾ ਮੁੱਢ ਹੈਂ । ਤੂੰ ਇੱਜ਼ਤ ਵਿੱਚ ਉੱਤਮ ਤੇ ਜ਼ੋਰ ਵਿੱਚ ਵੀ ਉੱਤਮ ਹੈਂ ।4ਤੂੰ ਜਲ ਵਾਂਗੂੰ ਉਬਲਣ ਵਾਲਾ ਹੈ, ਪਰ ਤੂੰ ਉੱਚੀ ਪਦਵੀ ਨਾ ਪਾਵੇਂਗਾ ਕਿਉਂ ਜੋ ਤੂੰ ਆਪਣੇ ਪਿਤਾ ਦੇ ਮੰਜੇ ਉੱਤੇ ਚੜ੍ਹ ਗਿਆ । ਤਦ ਤੂੰ ਉਹ ਨੂੰ ਭਰਿਸ਼ਟ ਕੀਤਾ । ਉਹ ਮੇਰੇ ਬਿਸਤਰੇ ਉੱਤੇ ਚੜ੍ਹ ਗਿਆ ।
5ਸ਼ਿਮਓਨ ਅਤੇ ਲੇਵੀ ਭਰਾ-ਭਰਾ ਹਨ, ਉਨ੍ਹਾਂ ਦੀਆਂ ਤਲਵਾਰਾਂ ਜ਼ੁਲਮ ਦੇ ਸ਼ਸਤਰ ਹਨ ।6ਹੇ ਮੇਰੇ ਮਨ, ਉਨ੍ਹਾਂ ਦੀ ਸੰਗਤ ਵਿੱਚ ਨਾ ਜਾ । ਹੇ ਮੇਰੀ ਮਹਿਮਾ, ਉਨ੍ਹਾਂ ਦੀ ਸਭਾ ਵਿੱਚ ਨਾ ਰਲ, ਕਿਉਂ ਜੋ ਉਨ੍ਹਾਂ ਨੇ ਆਪਣੇ ਕ੍ਰੋਧ ਵਿੱਚ ਮਨੁੱਖਾਂ ਨੂੰ ਵੱਢ ਛੱਡਿਆ ਅਤੇ ਆਪਣੇ ਢੀਠਪੁਣੇ ਵਿੱਚ ਬਲ਼ਦਾਂ ਦੀਆਂ ਸੜਾਂ ਵੱਢ ਦਿੱਤੀਆਂ ।
7ਉਨ੍ਹਾਂ ਦਾ ਕ੍ਰੋਧ ਸਰਾਪਿਆ ਜਾਵੇ, ਕਿਉਂ ਜੋ ਉਹ ਭਿਅੰਕਰ ਸੀ; ਨਾਲੇ ਉਨ੍ਹਾਂ ਦਾ ਰੋਹ, ਕਿਉਂ ਜੋ ਉਹ ਕਠੋਰ ਸੀ । ਮੈਂ ਉਨ੍ਹਾਂ ਨੂੰ ਯਾਕੂਬ ਵਿੱਚ ਅਲੱਗ-ਅਲੱਗ ਕਰ ਛੱਡਾਂਗਾ ਅਤੇ ਉਨ੍ਹਾਂ ਨੂੰ ਇਸਰਾਏਲ ਵਿੱਚ ਖਿੰਡਾ ਦਿਆਂਗਾ ।
8ਹੇ ਯਹੂਦਾਹ ਤੇਰੇ ਭਰਾ ਤੇਰਾ ਧੰਨਵਾਦ ਕਰਨਗੇ, ਤੇਰਾ ਹੱਥ ਤੇਰੇ ਵੈਰੀਆਂ ਦੀ ਧੌਣ ਉੱਤੇ ਹੋਵੇਗਾ; ਤੇਰੇ ਪਿਤਾ ਦੇ ਪੁੱਤਰ ਤੇਰੇ ਅੱਗੇ ਨੀਵੇਂ ਹੋਣਗੇ ।
9ਯਹੂਦਾਹ ਸ਼ੇਰ ਦਾ ਬੱਚਾ ਹੈ । ਮੇਰੇ ਪੁੱਤਰ ਤੂੰ ਸ਼ਿਕਾਰ ਮਾਰ ਕੇ ਆਇਆ । ਉਹ ਸ਼ੇਰ ਦੀ ਤਰ੍ਹਾਂ ਸਗੋਂ ਸ਼ੇਰਨੀ ਦੀ ਤਰ੍ਹਾਂ ਦੱਬ ਕੇ ਬੈਠ ਗਿਆ । ਫਿਰ ਕੌਣ ਉਹ ਨੂੰ ਛੇੜੇਗਾ ?
10ਯਹੂਦਾਹ ਤੋਂ ਆੱਸਾ ਅਲੱਗ ਨਾ ਹੋਵੇਗਾ ਨਾ ਉਸ ਦੇ ਪੈਰਾਂ ਦੇ ਵਿੱਚੋਂ ਹਾਕਮ ਦਾ ਸੋਟਾ, ਜਦ ਤੱਕ ਸ਼ਾਂਤੀ ਦਾਤਾ ਨਾ ਆਵੇ ਅਤੇ ਲੋਕਾਂ ਦੀ ਆਗਿਆਕਾਰੀ ਉਸੇ ਵੱਲ ਹੋਵੇਗੀ ।
11ਉਹ ਆਪਣੇ ਗਧੇ ਨੂੰ ਦਾਖ਼ ਦੀ ਬੇਲ ਨਾਲ ਅਤੇ ਆਪਣੀ ਗਧੀ ਦੇ ਬੱਚੇ ਨੂੰ ਦਾਖ਼ ਦੇ ਉੱਤਮ ਬੂਟੇ ਨਾਲ ਬੰਨ੍ਹੇਗਾ । ਉਸ ਨੇ ਆਪਣੇ ਬਸਤਰ ਨੂੰ ਮਧ ਵਿੱਚ ਅਤੇ ਆਪਣਾ ਪਹਿਰਾਵਾ ਅੰਗੂਰਾਂ ਦੇ ਰਸ ਵਿੱਚ ਧੋਤਾ ਹੈ ।12ਉਹ ਦੀਆਂ ਅੱਖਾਂ ਮਧ ਨਾਲ ਲਾਲ ਅਤੇ ਉਹ ਦੇ ਦੰਦ ਦੁੱਧ ਨਾਲੋਂ ਚਿੱਟੇ ਹਨ ।
13ਜਬੁਲੂਨ ਸਮੁੰਦਰਾਂ ਦੇ ਘਾਟ ਉੱਤੇ ਵੱਸੇਗਾ ਅਤੇ ਉਹ ਬੇੜਿਆਂ ਦੀ ਬੰਦਰਗਾਹ ਹੋਵੇਗਾ ਤੇ ਉਸ ਦੀ ਹੱਦ ਸੀਦੋਨ ਤੱਕ ਹੋਵੇਗੀ ।
14ਯੱਸ਼ਾਕਾਰ ਬਲਵੰਤ ਗਧਾ ਹੈ, ਜਿਹੜਾ ਵਾੜੇ ਦੇ ਪਸ਼ੂਆਂ ਵਿਚਕਾਰ ਸਹਿਮ ਕੇ ਬੈਠਦਾ ਹੈ,15ਅਤੇ ਉਸ ਨੇ ਇੱਕ ਅਰਾਮ ਦੀ ਥਾਂ ਵੇਖੀ ਕਿ ਉਹ ਚੰਗੀ ਹੈ ਅਤੇ ਉਹ ਦੇਸ਼ ਮਨ ਭਾਉਂਦਾ ਹੈ । ਤਦ ਉਸ ਨੇ ਆਪਣਾ ਮੋਢਾ ਭਾਰ ਚੁੱਕਣ ਨੂੰ ਨਿਵਾਇਆ ਅਤੇ ਉਹ ਇੱਕ ਬੇਗਾਰੀ ਕਰਨ ਵਾਲਾ ਬਣਿਆ ।
16ਦਾਨ ਇਸਰਾਏਲ ਦੇ ਗੋਤਾਂ ਵਿੱਚੋਂ ਇੱਕ ਹੋ ਕੇ, ਆਪਣੇ ਲੋਕਾਂ ਦਾ ਨਿਆਂ ਕਰੇਗਾ ।17ਦਾਨ ਮਾਰਗ ਉੱਤੇ ਸੱਪ ਸਗੋਂ ਰਸਤੇ ਵਿੱਚ ਫਨੀਅਰ ਸੱਪ ਹੋਵੇਗਾ, ਜਿਹੜਾ ਘੋੜੇ ਨੂੰ ਡੰਗ ਮਾਰਦਾ ਹੈ ਜਿਸ ਕਾਰਨ ਉਸ ਦਾ ਸਵਾਰ ਪਿੱਛੇ ਡਿੱਗ ਪੈਂਦਾ ਹੈ ।18ਹੇ ਯਹੋਵਾਹ, ਮੈਂ ਤੇਰੇ ਛੁਟਕਾਰੇ ਨੂੰ ਉਡੀਕਿਆ ਹੈ ।
19ਗਾਦ ਨੂੰ ਫ਼ੌਜਾਂ ਧੱਕਣਗੀਆਂ ਪਰ ਉਹ ਉਨ੍ਹਾਂ ਦੀ ਪਿੱਠ ਨੂੰ ਧੱਕੇਗਾ ।20ਆਸੇਰ ਦੀ ਰੋਟੀ ਚਿਕਣੀ ਹੋਵੇਗੀ ਅਤੇ ਉਹ ਸੁਆਦਲੇ ਸ਼ਾਹੀ ਭੋਜਨ ਦੇਵੇਗਾ ।21ਨਫ਼ਤਾਲੀ ਛੱਡੀ ਹੋਈ ਹਰਨੀ ਹੈ, ਉਹ ਸੁੰਦਰ ਗੱਲਾਂ ਬੋਲਦਾ ਹੈ ।
22ਯੂਸੁਫ਼ ਇੱਕ ਫਲਦਾਇਕ ਦਾਖਲਤਾ ਹੈ, ਸੋਤੇ ਕੋਲ ਲੱਗੀ ਇੱਕ ਫਲਦਾਇਕ ਦਾਖ਼ਲਤਾ, ਜਿਸ ਦੀਆਂ ਟਹਿਣੀਆਂ ਕੰਧ ਉੱਤੋਂ ਦੀ ਚੜ੍ਹ ਜਾਂਦੀਆਂ ਹਨ ।23ਤੀਰ ਅੰਦਾਜ਼ਾਂ ਨੇ ਉਹ ਨੂੰ ਸਤਾਇਆ ਅਤੇ ਤੀਰ ਚਲਾਏ ਤੇ ਉਹ ਦੇ ਨਾਲ ਵੈਰ ਰੱਖਿਆ ।
24ਪਰ ਉਹ ਦਾ ਧਣੁਖ ਤਕੜਾ ਰਿਹਾ ਅਤੇ ਯਾਕੂਬ ਦੇ ਸ਼ਕਤੀਮਾਨ ਪਰਮੇਸ਼ੁਰ ਦੇ ਹੱਥੋਂ ਉਸ ਦੀਆਂ ਬਾਹਾਂ ਤੇ ਹੱਥ ਬਲਵੰਤ ਹਨ (ਉੱਥੋਂ ਹੀ ਅਯਾਲੀ ਅਰਥਾਤ ਇਸਰਾਏਲ ਦਾ ਪੱਥਰ ਆਵੇਗਾ )
25ਤੇਰੇ ਪਿਤਾ ਦੇ ਪਰਮੇਸ਼ੁਰ ਤੋਂ, ਜਿਹੜਾ ਤੇਰੀ ਸਹਾਇਤਾ ਕਰੇਗਾ ਅਤੇ ਸਰਬ ਸ਼ਕਤੀਮਾਨ ਤੋਂ, ਜਿਹੜਾ ਤੈਨੂੰ ਬਰਕਤਾਂ ਦੇਵੇਗਾ, ਉੱਪਰੋਂ ਅਕਾਸ਼ ਦੀਆਂ ਬਰਕਤਾਂ, ਹੇਠਾਂ ਪਈਆਂ ਹੋਈਆਂ ਡੂੰਘਿਆਈਆਂ ਦੀਆਂ ਬਰਕਤਾਂ, ਛਾਤੀਆਂ ਤੇ ਕੁੱਖ ਦੀਆਂ ਬਰਕਤਾਂ,
26ਤੇਰੇ ਪਿਤਾ ਦੀਆਂ ਬਰਕਤਾਂ, ਮੇਰੇ ਪਿਓ ਦਾਦਿਆਂ ਦੀਆਂ ਬਰਕਤਾਂ ਤੋਂ, ਸਗੋਂ ਸਦੀਪਕ ਪਰਬਤਾਂ ਦੇ ਬੰਨ੍ਹਿਆਂ ਤੱਕ ਵੱਧ ਗਈਆਂ । ਉਹ ਯੂਸੁਫ਼ ਦੇ ਸਿਰ ਉੱਤੇ ਸਗੋਂ ਉਹ ਦੀ ਖੋਪੜੀ ਉੱਤੇ ਹੋਣਗੀਆਂ ਜਿਹੜਾ ਆਪਣੇ ਭਰਾਵਾਂ ਵਿੱਚੋਂ ਅਲੱਗ ਕੀਤਾ ਗਿਆ ।
27ਬਿਨਯਾਮੀਨ ਪਾੜਨ ਵਾਲਾ ਬਘਿਆੜ ਹੈ । ਸਵੇਰੇ ਉਹ ਸ਼ਿਕਾਰ ਖਾਵੇਗਾ ਅਤੇ ਸ਼ਾਮ ਨੂੰ ਲੁੱਟ ਵੰਡੇਗਾ ।
ਯਾਕੂਬ ਦੀ ਮੌਤ ਅਤੇ ਦਫ਼ਨਾਇਆ ਜਾਣਾ

28ਇਹ ਸਭ ਇਸਰਾਏਲ ਦੇ ਬਾਰਾਂ ਗੋਤ ਹਨ, ਇਹ ਉਹ ਬਚਨ ਹਨ ਜੋ ਉਨ੍ਹਾਂ ਦਾ ਪਿਤਾ ਉਨ੍ਹਾਂ ਨੂੰ ਬੋਲਿਆ, ਜਦ ਉਨ੍ਹਾਂ ਵਿੱਚੋਂ ਹਰ ਇੱਕ ਨੂੰ ਬਰਕਤ ਦਿੱਤੀ ਹਰ ਇੱਕ ਨੂੰ ਉਸ ਦੀ ਬਰਕਤ ਅਨੁਸਾਰ ਉਸ ਨੇ ਉਨ੍ਹਾਂ ਨੂੰ ਬਰਕਤ ਦਿੱਤੀ ।29ਫੇਰ ਉਸ ਨੇ ਉਨ੍ਹਾਂ ਨੂੰ ਆਗਿਆ ਦੇ ਕੇ ਆਖਿਆ, ਮੈਂ ਆਪਣੇ ਲੋਕਾਂ ਨੂੰ ਮਿਲਣ ਲਈ ਜਾਂਦਾ ਹਾਂ, ਮੈਨੂੰ ਮੇਰੇ ਪਿਓ ਦਾਦਿਆਂ ਨਾਲ ਉਸ ਗੁਫ਼ਾ ਵਿੱਚ ਜਿਹੜੀ ਅਫ਼ਰੋਨ ਹਿੱਤੀ ਦੀ ਪੈਲੀ ਵਿੱਚ ਹੈ, ਦੱਬਿਓ ।30ਅਰਥਾਤ ਉਸ ਗੁਫ਼ਾ ਵਿੱਚ ਜਿਹੜੀ ਮਕਫ਼ੀਲਾਹ ਦੀ ਪੈਲੀ ਵਿੱਚ ਮਮਰੇ ਦੇ ਅੱਗੇ ਕਨਾਨ ਦੇਸ਼ ਵਿੱਚ ਹੈ, ਜਿਹੜੀ ਪੈਲੀ ਅਬਰਾਹਾਮ ਨੇ ਅਫ਼ਰੋਨ ਹਿੱਤੀ ਤੋਂ ਕਬਰਿਸਤਾਨ ਦੀ ਨਿੱਜ ਭੂਮੀ ਹੋਣ ਲਈ ਸੀ ।
31ਉੱਥੇ ਉਨ੍ਹਾਂ ਨੇ ਅਬਰਾਹਾਮ ਅਤੇ ਉਹ ਦੀ ਪਤਨੀ ਸਾਰਾਹ ਨੂੰ ਦੱਬਿਆ, ਉੱਥੇ ਉਨ੍ਹਾਂ ਨੇ ਇਸਹਾਕ ਅਤੇ ਉਹ ਦੀ ਪਤਨੀ ਰਿਬਕਾਹ ਨੂੰ ਦੱਬਿਆ ਅਤੇ ਉੱਥੇ ਮੈਂ ਲੇਆਹ ਨੂੰ ਦੱਬਿਆ ।32ਮੈਂ ਉਸ ਪੈਲੀ ਅਤੇ ਉਸ ਗੁਫ਼ਾ ਨੂੰ ਜਿਹੜੀ ਉਸ ਦੇ ਵਿੱਚ ਹੈ, ਹੇਤ ਦੇ ਪੁੱਤਰਾਂ ਤੋਂ ਮੁੱਲ ਲਿਆ ।33ਜਦ ਯਾਕੂਬ ਆਪਣੇ ਪੁੱਤਰਾਂ ਨੂੰ ਆਗਿਆ ਦੇ ਚੁੱਕਿਆ ਤਾਂ ਉਸ ਨੇ ਆਪਣੇ ਪੈਰ ਮੰਜੇ ਉੱਤੇ ਇਕੱਠੇ ਕਰ ਲਏ ਅਤੇ ਆਪਣੇ ਪ੍ਰਾਣ ਛੱਡ ਕੇ ਆਪਣੇ ਲੋਕਾਂ ਵਿੱਚ ਜਾ ਮਿਲਿਆ ।

50

1ਯੂਸੁਫ਼ ਆਪਣੇ ਪਿਤਾ ਦੇ ਮੂੰਹ ਉੱਤੇ ਡਿੱਗ ਕੇ ਰੋਇਆ ਅਤੇ ਉਸ ਨੂੰ ਚੁੰਮਿਆ ।2ਫੇਰ ਯੂਸੁਫ਼ ਨੇ ਆਪਣੇ ਸੇਵਕਾਂ ਨੂੰ ਅਰਥਾਤ ਵੈਦਾਂ ਨੂੰ ਆਗਿਆ ਦਿੱਤੀ, ਕਿ ਉਹ ਉਸ ਦੇ ਪਿਤਾ ਵਿੱਚ ਸੁਗੰਧੀਆਂ ਭਰਨ ਇਸ ਲਈ ਉਨ੍ਹਾਂ ਵੈਦਾਂ ਨੇ ਇਸਰਾਏਲ ਵਿੱਚ ਸੁਗੰਧੀਆਂ ਭਰੀਆਂ ।3ਅਤੇ ਜਦ ਉਸ ਦੇ ਚਾਲ੍ਹੀ ਦਿਨ ਪੂਰੇ ਹੋ ਗਏ, ਕਿਉਂ ਜੋ ਇਸੇ ਤਰ੍ਹਾਂ ਹੀ ਉਹ ਸੁਗੰਧੀਆਂ ਭਰਨ ਦੇ ਦਿਨ ਪੂਰੇ ਕਰਦੇ ਹੁੰਦੇ ਸਨ ਅਤੇ ਮਿਸਰੀ ਉਸ ਦੇ ਲਈ ਸੱਤਰ ਦਿਨ ਵਿਰਲਾਪ ਕਰਦੇ ਰਹੇ ।

4ਅਤੇ ਜਦ ਵਿਰਲਾਪ ਦੇ ਦਿਨ ਬੀਤ ਗਏ, ਤਦ ਯੂਸੁਫ਼ ਨੇ ਫ਼ਿਰਊਨ ਦੇ ਘਰਾਣੇ ਨੂੰ ਇਹ ਗੱਲ ਆਖੀ, ਕਿ ਜੇ ਮੇਰੇ ਉੱਤੇ ਤੁਹਾਡੀ ਕਿਰਪਾ ਦੀ ਨਿਗਾਹ ਹੈ ਤਾਂ ਮੇਰੀ ਇਹ ਗੱਲ ਫ਼ਿਰਊਨ ਨੂੰ ਬੋਲੋ,5ਮੇਰੇ ਪਿਤਾ ਨੇ ਮੈਥੋਂ ਇਹ ਸਹੁੰ ਲਈ ਸੀ ਕਿ ਵੇਖ ਮੈਂ ਮਰਨ ਵਾਲਾ ਹਾਂ, ਮੈਨੂੰ ਉਸ ਕਬਰ ਵਿੱਚ ਜਿਸ ਨੂੰ ਮੈਂ ਆਪਣੇ ਲਈ ਕਨਾਨ ਦੇਸ਼ ਵਿੱਚ ਪੁੱਟਿਆ ਸੀ ਦੱਬੀਂ, ਇਸ ਲਈ ਹੁਣ ਮੈਨੂੰ ਉੱਥੇ ਜਾ ਕੇ ਆਪਣੇ ਪਿਤਾ ਨੂੰ ਦਫ਼ਨਾਉਣ ਦੀ ਇਜਾਜ਼ਤ ਦੇਵੇ ਅਤੇ ਇਸ ਤੋਂ ਬਾਅਦ ਮੈਂ ਮੁੜ ਆਵਾਂਗਾ ।6ਤਦ ਫ਼ਿਰਊਨ ਨੇ ਆਖਿਆ, ਜਾ ਅਤੇ ਆਪਣੇ ਪਿਤਾ ਦੀ ਸਹੁੰ ਦੇ ਅਨੁਸਾਰ ਉਸ ਨੂੰ ਦਫ਼ਨਾ ਦੇ ।
7ਇਸ ਲਈ ਯੂਸੁਫ਼ ਆਪਣੇ ਪਿਤਾ ਨੂੰ ਦਫ਼ਨਾਉਣ ਲਈ ਗਿਆ, ਅਤੇ ਉਸ ਦੇ ਨਾਲ ਫ਼ਿਰਊਨ ਦੇ ਸਾਰੇ ਸੇਵਕ, ਉਸ ਦੇ ਘਰਾਣੇ ਦੇ ਸਾਰੇ ਬਜ਼ੁਰਗ ਅਤੇ ਮਿਸਰ ਦੇਸ਼ ਦੇ ਸਾਰੇ ਬਜ਼ੁਰਗ ਗਏ ।8ਅਤੇ ਯੂਸੁਫ਼ ਦਾ ਸਾਰਾ ਘਰਾਣਾ, ਉਸ ਦੇ ਭਰਾ ਅਤੇ ਉਸ ਦੇ ਪਿਤਾ ਦਾ ਘਰਾਣਾ ਵੀ ਗਏ, ਸਿਰਫ਼ ਉਨ੍ਹਾਂ ਦੇ ਬੱਚੇ, ਇੱਜੜ ਅਤੇ ਚੌਣੇ ਗੋਸ਼ਨ ਦੇਸ਼ ਵਿੱਚ ਰਹਿ ਗਏ ।9ਉਸ ਦੇ ਨਾਲ ਰਥ ਵੀ ਅਤੇ ਸਵਾਰ ਵੀ ਗਏ ਇਸ ਤਰ੍ਹਾਂ ਵੱਡੀ ਭੀੜ ਹੋ ਗਈ ।
10ਫਿਰ ਉਹ ਆਤਾਦ ਦੇ ਪਿੜ ਤੱਕ ਆਏ ਜਿਹੜਾ ਯਰਦਨ ਪਾਰ ਹੈ, ਉੱਥੇ ਉਨ੍ਹਾਂ ਨੇ ਬਹੁਤ ਜਿਆਦਾ ਅਤੇ ਡਾਢਾ ਵਿਰਲਾਪ ਕੀਤਾ ਅਤੇ ਬਹੁਤ ਰੋਏ, ਉਸ ਨੇ ਆਪਣੇ ਪਿਤਾ ਲਈ ਸੱਤ ਦਿਨ ਤੱਕ ਅਫ਼ਸੋਸ ਕੀਤਾ ।11ਉਸ ਦੇਸ਼ ਦੇ ਰਹਿਣ ਵਾਲੇ ਕਨਾਨੀਆਂ ਨੇ ਉਸ ਸੋਗ ਨੂੰ ਆਤਾਦ ਦੇ ਪਿੜ ਵਿੱਚ ਵੇਖਿਆ ਤਾਂ ਉਨ੍ਹਾਂ ਨੇ ਆਖਿਆ, ਮਿਸਰੀਆਂ ਦਾ ਇਹ ਭਾਰੀ ਸੋਗ ਹੈ ਇਸ ਕਾਰਨ ਉਸ ਦਾ ਨਾਮ ਆਬੇਲ ਮਿਸਰਾਈਮ ਰੱਖਿਆ ਗਿਆ, ਜਿਹੜਾ ਯਰਦਨ ਪਾਰ ਹੈ ।
12ਉਸ ਦੇ ਪੁੱਤਰਾਂ ਨੇ ਉਸੇ ਤਰ੍ਹਾਂ ਹੀ ਕੀਤਾ ਜਿਵੇਂ ਉਸ ਨੇ ਉਨ੍ਹਾਂ ਨੂੰ ਆਗਿਆ ਦਿੱਤੀ ਸੀ ।13ਉਸ ਦੇ ਪੁੱਤਰ ਉਹ ਨੂੰ ਕਨਾਨ ਦੇਸ਼ ਵਿੱਚ ਲੈ ਗਏ ਅਤੇ ਉਹ ਨੂੰ ਮਕਫ਼ੀਲਾਹ ਦੀ ਪੈਲੀ ਦੀ ਗੁਫ਼ਾ ਵਿੱਚ ਦਫ਼ਨਾਇਆ, ਜਿਸ ਪੈਲੀ ਨੂੰ ਅਬਰਾਹਾਮ ਨੇ ਅਫਰੋਨ ਹਿੱਤੀ ਤੋਂ ਕਬਰ ਦੀ ਵਿਰਾਸਤ ਲਈ ਮਮਰੇ ਦੇ ਅੱਗੇ ਮੁੱਲ ਲਿਆ ਸੀ ।
ਯੂਸੁਫ਼ ਦਾ ਆਪਣੇ ਭਰਾਵਾਂ ਨੂੰ ਹੌਂਸਲਾ ਦੇਣਾ

14ਉਪਰੰਤ ਯੂਸੁਫ਼ ਆਪ ਅਤੇ ਉਸ ਦੇ ਭਰਾ ਅਤੇ ਸਭ ਜਿਹੜੇ ਉਸ ਦੇ ਨਾਲ ਉਸ ਦੇ ਪਿਤਾ ਨੂੰ ਦੱਬਣ ਲਈ ਗਏ ਸਨ ਉਸ ਦੇ ਪਿਤਾ ਨੂੰ ਦੱਬਣ ਦੇ ਮਗਰੋਂ ਮਿਸਰ ਨੂੰ ਮੁੜ ਆਏ ।
15ਜਦ ਯੂਸੁਫ਼ ਦੇ ਭਰਾਵਾਂ ਨੇ ਵੇਖਿਆ ਕਿ ਸਾਡਾ ਪਿਤਾ ਮਰ ਗਿਆ ਹੈ ਤਾਂ ਉਨ੍ਹਾਂ ਨੇ ਆਖਿਆ ਕਿ ਸ਼ਾਇਦ ਯੂਸੁਫ਼ ਸਾਡੇ ਨਾਲ ਵੈਰ ਕਰੇਗਾ ਅਤੇ ਉਹ ਸਾਥੋਂ ਸਾਡੀ ਬੁਰਿਆਈ ਦਾ ਬਦਲਾ ਜ਼ਰੂਰ ਲਵੇਗਾ, ਜਿਹੜੀ ਅਸੀਂ ਉਹ ਦੇ ਨਾਲ ਕੀਤੀ ਸੀ ।16ਉਨ੍ਹਾਂ ਨੇ ਯੂਸੁਫ਼ ਨੂੰ ਇਹ ਸੁਨੇਹਾ ਭੇਜਿਆ, ਕਿ ਤੁਹਾਡੇ ਪਿਤਾ ਨੇ ਆਪਣੀ ਮੌਤ ਤੋਂ ਪਹਿਲਾਂ ਇਹ ਆਗਿਆ ਦਿੱਤੀ ਸੀ,17ਯੂਸੁਫ਼ ਨੂੰ ਇਹ ਆਖਣਾ ਕਿ ਕਿਰਪਾ ਕਰ ਕੇ ਆਪਣੇ ਭਰਾਵਾਂ ਦੇ ਅਪਰਾਧ ਅਤੇ ਉਨ੍ਹਾਂ ਦੇ ਪਾਪ ਮਾਫ਼ ਕਰ ਦੇ ਕਿਉਂ ਜੋ ਉਨ੍ਹਾਂ ਨੇ ਤੁਹਾਡੇ ਨਾਲ ਬੁਰਿਆਈ ਕੀਤੀ, ਇਸ ਲਈ ਹੁਣ ਤੁਸੀਂ ਆਪਣੇ ਪਿਤਾ ਦੇ ਪਰਮੇਸ਼ੁਰ ਦੇ ਦਾਸਾਂ ਦੇ ਅਪਰਾਧ ਮਾਫ਼ ਕਰ ਦਿਓ ਤਾਂ ਯੂਸੁਫ਼ ਉਨ੍ਹਾਂ ਦੀਆਂ ਗੱਲਾਂ ਉੱਤੇ ਰੋ ਪਿਆ ।
18ਤਦ ਉਸ ਦੇ ਭਰਾ ਵੀ ਉਸ ਦੇ ਅੱਗੇ ਜਾ ਕੇ ਡਿੱਗ ਪਏ ਅਤੇ ਉਨ੍ਹਾਂ ਆਖਿਆ, ਵੇਖੋ ਅਸੀਂ ਤੁਹਾਡੇ ਦਾਸ ਹਾਂ ।19ਪਰ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, ਨਾ ਡਰੋ । ਭਲਾ, ਮੈਂ ਪਰਮੇਸ਼ੁਰ ਦੇ ਥਾਂ ਹਾਂ ?20ਤੁਸੀਂ ਤਾਂ ਮੇਰੇ ਵਿਰੁੱਧ ਬੁਰਿਆਈ ਦਾ ਮਨ ਬਣਾਇਆ; ਪਰ ਪਰਮੇਸ਼ੁਰ ਨੇ ਉਸ ਨੂੰ ਭਲਿਆਈ ਦਾ ਵਿਚਾਰ ਬਣਾਇਆ ਤਾਂ ਜੋ ਬਹੁਤ ਸਾਰੇ ਲੋਕਾਂ ਨੂੰ ਜੀਉਂਦਾ ਰੱਖੇ, ਜਿਵੇਂ ਇਸ ਵੇਲੇ ਹੋਇਆ ਹੈ ।21ਹੁਣ ਤੁਸੀਂ ਨਾ ਡਰੋ । ਮੈਂ ਤੁਹਾਡੀ ਅਤੇ ਤੁਹਾਡੇ ਬਾਲ ਬੱਚਿਆਂ ਦੀ ਪਾਲਣਾ ਕਰਾਂਗਾ । ਸੋ ਉਸ ਨੇ ਉਨ੍ਹਾਂ ਨੂੰ ਤਸੱਲੀ ਦਿੱਤੀ ਅਤੇ ਉਨ੍ਹਾਂ ਨੇ ਦਿਲਾਸਾ ਪਾਇਆ ।
ਯੂਸੁਫ਼ ਦੀ ਮੌਤ

22ਯੂਸੁਫ਼ ਆਪ ਅਤੇ ਉਸ ਦੇ ਪਿਤਾ ਦਾ ਘਰਾਣਾ ਮਿਸਰ ਦੇਸ਼ ਵਿੱਚ ਵੱਸਿਆ ਅਤੇ ਯੂਸੁਫ਼ ਇੱਕ ਸੌ ਦਸ ਸਾਲਾਂ ਤੱਕ ਜੀਉਂਦਾ ਰਿਹਾ ।23ਯੂਸੁਫ਼ ਨੇ ਇਫ਼ਰਾਈਮ ਦੇ ਪੁੱਤਰਾਂ ਨੂੰ ਤੀਜੀ ਪੀੜ੍ਹੀ ਤੱਕ ਵੇਖਿਆ ਅਤੇ ਮਨੱਸ਼ਹ ਦੇ ਪੁੱਤਰ ਮਾਕੀਰ ਦੇ ਬੱਚਿਆਂ ਨੂੰ ਵੀ, ਯੂਸੁਫ਼ ਨੇ ਉਹਨਾਂ ਨੂੰ ਗੋਦ ਵਿੱਚ ਲਿਆ ।
24ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਆਖਿਆ, ਮੈਂ ਮਰਨ ਵਾਲਾ ਹਾਂ ਪਰ ਪਰਮੇਸ਼ੁਰ ਜ਼ਰੂਰ ਤੁਹਾਡਾ ਧਿਆਨ ਰੱਖੇਗਾ ਅਤੇ ਉਹ ਤੁਹਾਨੂੰ ਉਸ ਦੇਸ਼ ਵਿੱਚ ਲੈ ਜਾਵੇਗਾ, ਜਿਸ ਦੀ ਸਹੁੰ ਉਸ ਨੇ ਅਬਰਾਹਾਮ ਅਤੇ ਇਸਹਾਕ ਅਤੇ ਯਾਕੂਬ ਨਾਲ ਖਾਧੀ ਸੀ ।25ਤਦ ਯੂਸੁਫ਼ ਨੇ ਇਸਰਾਏਲ ਦੇ ਪੁੱਤਰਾਂ ਤੋਂ ਇਹ ਸਹੁੰ ਲਈ ਕਿ ਪਰਮੇਸ਼ੁਰ ਜ਼ਰੂਰ ਤੁਹਾਡਾ ਧਿਆਨ ਰੱਖੇਗਾ ਅਤੇ ਤੁਸੀਂ ਮੇਰੀਆਂ ਹੱਡੀਆਂ ਉਸ ਦੇਸ਼ ਵਿੱਚ ਲੈ ਜਾਣਾ ।26ਯੂਸੁਫ਼ ਇੱਕ ਸੌ ਦਸ ਸਾਲਾਂ ਦਾ ਹੋ ਕੇ ਮਰ ਗਿਆ ਅਤੇ ਉਨ੍ਹਾਂ ਨੇ ਉਸ ਵਿੱਚ ਸੁਗੰਧੀਆਂ ਭਰੀਆਂ ਅਤੇ ਉਹ ਮਿਸਰ ਵਿੱਚ ਇੱਕ ਸੰਦੂਕ ਵਿੱਚ ਰੱਖਿਆ ਗਿਆ ।

ਕੂਚ

1
ਮਿਸਰ ਵਿੱਚ ਇਸਰਾਏਲੀਆਂ ਦਾ ਬੁਰਾ ਹਾਲ

1ਹੁਣ ਇਸਰਾਏਲ ਦੇ ਪੁੱਤਰਾਂ ਦੇ ਨਾਮ, ਜਿਹੜੇ ਮਿਸਰ ਵਿੱਚ ਇੱਕ-ਇੱਕ ਜਣਾ ਆਪੋ ਆਪਣੇ ਟੱਬਰ ਨਾਲ ਯਾਕੂਬ ਦੇ ਨਾਲ ਆਏ ਸੋ ਇਹ ਹਨ ।2ਰਊਬੇਨ ਸ਼ਿਮਓਨ ਲੇਵੀ ਯਹੂਦਾਹ3ਯਿੱਸਾਕਾਰ ਜ਼ਬੁਲੂਨ ਬਿਨਯਾਮੀਨ4ਦਾਨ ਨਫ਼ਤਾਲੀ ਗਾਦ ਅਤੇ ਆਸ਼ੇਰ ।5ਇਸ ਤਰ੍ਹਾਂ ਇਹ ਸਾਰੇ ਪ੍ਰਾਣੀ ਜਿਹੜੇ ਯਾਕੂਬ ਦੀ ਅੰਸ ਤੋਂ ਨਿੱਕਲੇ ਸੱਤਰ ਪ੍ਰਾਣੀ ਸਨ ਅਤੇ ਯੂਸੁਫ਼ ਮਿਸਰ ਵਿੱਚ ਹੀ ਸੀ ।

6ਯੂਸੁਫ਼, ਉਸ ਦੇ ਭਰਾ ਅਤੇ ਉਹ ਸਾਰੀ ਪੀੜ੍ਹੀ ਮਰ ਚੁੱਕੀ ਸੀ ।7ਪਰ ਇਸਰਾਏਲੀ ਫਲੇ ਅਤੇ ਉਨ੍ਹਾਂ ਦੇ ਦਲਾਂ ਦੇ ਦਲ ਹੋ ਗਏ । ਵਧ ਕੇ ਬਹੁਤ ਬਲਵੰਤ ਹੋ ਗਏ ਕਿ ਧਰਤੀ ਉਨ੍ਹਾਂ ਨਾਲ ਭਰ ਗਈ ।
8ਤਾਂ ਮਿਸਰ ਵਿੱਚ ਨਵਾਂ ਰਾਜਾ ਉੱਠਿਆ ਜਿਹੜਾ ਯੂਸੁਫ਼ ਨੂੰ ਨਹੀਂ ਜਾਣਦਾ ਸੀ ।9ਉਸ ਨੇ ਆਪਣੇ ਲੋਕਾਂ ਨੂੰ ਆਖਿਆ, ਵੇਖੋ ਇਸਰਾਏਲੀ ਲੋਕ ਸਾਡੇ ਨਾਲੋਂ ਵਧੀਕ ਅਤੇ ਬਲਵੰਤ ਹਨ ।10ਆਓ ਅਸੀਂ ਉਨ੍ਹਾਂ ਨਾਲ ਸਮਝ ਨਾਲ ਵਰਤਾਵ ਕਰੀਏ, ਅਜਿਹਾ ਨਾ ਹੋਵੇ ਕਿ ਉਹ ਹੋਰ ਵਧ ਜਾਣ ਅਤੇ ਇਸ ਤਰ੍ਹਾਂ ਹੋਵੇ ਕਿ ਜਦ ਲੜਾਈ ਆ ਪਵੇ ਤਾਂ ਉਹ ਸਾਡੇ ਵੈਰੀਆਂ ਦੇ ਨਾਲ ਮਿਲ ਜਾਣ ਅਤੇ ਸਾਡੇ ਵਿਰੁੱਧ ਲੜਨ, ਫੇਰ ਇਸ ਦੇਸ ਤੋਂ ਉਤਾਹਾਂ ਨੂੰ ਚਲੇ ਜਾਣ ।
11ਤਦ ਉਸ ਉਨ੍ਹਾਂ ਦੇ ਉੱਪਰ ਬੇਗ਼ਾਰੀਆਂ ਦੇ ਕਰੋੜੇ ਠਹਿਰਾਏ ਜਿਹੜੇ ਉਨ੍ਹਾਂ ਨੂੰ ਉਨ੍ਹਾਂ ਦੇ ਭਾਰਾਂ ਨਾਲ ਜਿੱਚ ਕਰਨ ਅਤੇ ਉਨ੍ਹਾਂ ਫ਼ਿਰਊਨ ਲਈ ਫਿਤੋਮ ਅਤੇ ਰਾਮਸੇਸ ਭੰਡਾਰ ਦੇ ਨਗਰ ਬਣਾਏ ।12ਪਰ ਜਿੰਨਾਂ ਉਹ ਉਨ੍ਹਾਂ ਨੂੰ ਦੁੱਖ ਦਿੰਦੇ ਸਨ ਉਹ ਉੱਨਾ ਹੀ ਵਧਦੇ ਅਤੇ ਫੈਲਦੇ ਜਾਂਦੇ ਸਨ, ਇਸ ਤਰ੍ਹਾਂ ਉਹ ਇਸਰਾਏਲੀਆਂ ਤੋਂ ਅੱਕ ਗਏ ।
13ਉਪਰੰਤ ਮਿਸਰੀ ਇਸਰਾਏਲੀਆਂ ਤੋਂ ਸਖ਼ਤੀ ਨਾਲ ਟਹਿਲ ਕਰਾਉਣ ਲੱਗੇ ।14ਅਤੇ ਉਨ੍ਹਾਂ ਨੇ ਔਖੀ ਟਹਿਲ ਨਾਲ ਅਰਥਾਤ ਗਾਰੇ, ਇੱਟਾਂ ਅਤੇ ਖੇਤਾਂ ਵਿੱਚ ਹਰ ਪਰਕਾਰ ਦੀ ਟਹਿਲ ਨਾਲ ਉਨ੍ਹਾਂ ਦਾ ਜੀਉਣ ਖੱਟਾ ਕਰ ਦਿੱਤਾ । ਜਿਹੜੀ ਟਹਿਲ ਉਨ੍ਹਾਂ ਤੋਂ ਕਰਾਉਂਦੇ ਸਨ ਉਹ ਸਖ਼ਤੀ ਨਾਲ ਸੀ ।
15ਤਦ ਮਿਸਰ ਦੇ ਰਾਜੇ ਨੇ ਇਬਰਾਨੀ ਦਾਈਆਂ ਨੂੰ ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਸਿਫਰਾਹ ਅਤੇ ਦੂਜੀ ਦਾ ਨਾਮ ਫੂਆਹ ਸੀ ਆਖਿਆ16ਜਦ ਇਬਰਾਨਣਾਂ ਲਈ ਤੁਸੀਂ ਦਾਈ ਪੁਣਾ ਕਰਦੀਆਂ ਹੋ ਅਤੇ ਤੁਸੀਂ ਉਨ੍ਹਾਂ ਨੂੰ ਜਣਾਉਣ ਦੇ ਪੀੜ੍ਹੇ ਉੱਤੇ ਵੇਖਦੀਆਂ ਹੋ ਤਾਂ ਜੇਕਰ ਉਹ ਪੁੱਤਰ ਹੋਵੇ ਉਸ ਨੂੰ ਮਾਰ ਸੁੱਟੋ ਪਰ ਜੇਕਰ ਧੀ ਹੋਵੇ ਤਾਂ ਉਹ ਜਿਉਂਦੀ ਰਹੇ ।17ਪਰ ਦਾਈਆਂ ਪਰਮੇਸ਼ੁਰ ਤੋਂ ਡਰਦੀਆਂ ਸਨ ਅਤੇ ਜਿਵੇਂ ਮਿਸਰ ਦੇ ਰਾਜੇ ਨੇ ਹੁਕਮ ਦਿੱਤਾ ਸੀ ਉਨ੍ਹਾਂ ਤਿਵੇਂ ਨਾ ਕੀਤਾ, ਉਹ ਮੁੰਡਿਆਂ ਨੂੰ ਜਿਉਂਦੇ ਰੱਖਦੀਆਂ ਸਨ ।
18ਤਦ ਮਿਸਰ ਦੇ ਰਾਜੇ ਨੇ ਦਾਈਆਂ ਨੂੰ ਸੱਦ ਕੇ ਆਖਿਆ, ਤੁਸੀਂ ਇਹ ਗੱਲ ਕਿਉਂ ਕੀਤੀ ਕਿ ਮੁੰਡਿਆਂ ਨੂੰ ਜਿਉਂਦੇ ਰਹਿਣ ਦਿੱਤਾ ?19ਫਿਰ ਦਾਈਆਂ ਨੇ ਫ਼ਿਰਊਨ ਨੂੰ ਆਖਿਆ ਕਿ ਇਬਰਾਨੀ ਔਰਤਾਂ ਮਿਸਰੀ ਔਰਤਾਂ ਵਾਂਗੂੰ ਨਹੀਂ ਹਨ ਕਿਉਂ ਜੋ ਉਹ ਜਿੰਦ ਵਾਲੀਆਂ ਹਨ ਅਤੇ ਦਾਈਆਂ ਦੇ ਆਉਣ ਤੋਂ ਪਹਿਲਾਂ ਹੀ ਜਣ ਲੈਂਦੀਆਂ ਹਨ ।
20ਇਸ ਲਈ ਪਰਮੇਸ਼ੁਰ ਨੇ ਦਾਈਆਂ ਨਾਲ ਭਲਿਆਈ ਕੀਤੀ ਅਤੇ ਉਹ ਲੋਕ ਵਧ ਗਏ ਅਤੇ ਬਹੁਤ ਬਲਵੰਤ ਹੋ ਗਏ ।21ਇਸ ਤਰ੍ਹਾਂ ਹੋਇਆ ਇਸ ਲਈ ਕਿ ਦਾਈਆਂ ਪਰਮੇਸ਼ੁਰ ਤੋਂ ਡਰੀਆਂ ਉਸ ਉਨ੍ਹਾਂ ਦੇ ਘਰ ਵਸਾਏ ।22ਉਪਰੰਤ ਫ਼ਿਰਊਨ ਨੇ ਆਪਣੀ ਸਾਰੀ ਪਰਜਾ ਨੂੰ ਹੁਕਮ ਦਿੱਤਾ ਕਿ ਹਰ ਇੱਕ ਪੁੱਤਰ ਨੂੰ ਜਿਹੜਾ ਜੰਮੇ ਦਰਿਆ ਵਿੱਚ ਸੁੱਟ ਦਿਓ ਪਰ ਹਰ ਇੱਕ ਧੀ ਨੂੰ ਜਿਉਂਦੀ ਰੱਖ ਲਓ ।

2
ਮੂਸਾ ਦਾ ਜਨਮ

1ਲੇਵੀ ਦੇ ਘਰਾਣੇ ਦੇ ਇੱਕ ਮਨੁੱਖ ਨੇ ਲੇਵੀ ਦੀ ਧੀ ਨਾਲ ਵਿਆਹ ਕਰ ਲਿਆ2ਉਹ ਔਰਤ ਗਰਭਵਤੀ ਹੋਈ ਅਤੇ ਉਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ । ਉਸ ਨੇ ਉਸ ਨੂੰ ਤਿੰਨ ਮਹੀਨੇ ਤੱਕ ਲੁਕਾ ਕੇ ਰੱਖਿਆ ਕਿਉਂਕਿ ਉਹ ਵੇਖਣ ਵਿੱਚ ਬਹੁਤ ਸੋਹਣਾ ਸੀ ।

3ਜਦ ਉਹ ਉਸ ਨੂੰ ਹੋਰ ਲੁਕਾ ਨਾ ਸਕੀ ਤਦ ਉਸ ਨੇ ਕਾਨਿਆਂ ਦੀ ਇੱਕ ਟੋਕਰੀ ਬਣਾ ਕੇ ਉਸ ਨੂੰ ਰਾਲ ਮਿੱਟੀ ਨਾਲ ਲਿੱਪਿਆ ਅਤੇ ਉਸ ਵਿੱਚ ਬੱਚੇ ਨੂੰ ਰੱਖ ਦਿੱਤਾ ਅਤੇ ਨੀਲ ਨਦੀ ਦੇ ਕੰਢੇ ਪਿਲਛੀ ਵਿੱਚ ਰੱਖ ਦਿੱਤਾ ।4ਉਸ ਦੀ ਭੈਣ ਦੂਰ ਖੜ੍ਹੀ ਇਹ ਦੇਖ ਰਹੀ ਸੀ ਕਿ ਉਸ ਨਾਲ ਕੀ ਬੀਤ ਰਹੀ ਹੈ ।
5ਫ਼ਿਰਊਨ ਦੀ ਧੀ ਨਹਾਉਣ ਲਈ ਦਰਿਆ ਉੱਤੇ ਉੱਤਰੀ, ਜਦ ਉਸ ਦੀਆਂ ਸਹੇਲੀਆਂ ਦਰਿਆ ਦੇ ਕੰਢੇ-ਕੰਢੇ ਫਿਰਦੀਆਂ ਸਨ ਤਦ ਉਸ ਨੇ ਝਾੜੀਆਂ ਵਿੱਚ ਟੋਕਰੀ ਵੇਖੀ । ਉਸ ਨੇ ਆਪਣੀ ਦਾਸੀ ਨੂੰ ਉਹ ਟੋਕਰੀ ਲਿਆਉਣ ਲਈ ਭੇਜਿਆ ।6ਜਦ ਉਸ ਨੇ ਉਸ ਨੂੰ ਖੋਲ੍ਹਿਆ ਤਦ ਉਸ ਨੇ ਬੱਚੇ ਨੂੰ ਵੇਖਿਆ ਅਤੇ ਉਹ ਮੁੰਡਾ ਰੋ ਰਿਹਾ ਸੀ । ਉਸ ਨੂੰ ਉਸ ਬੱਚੇ ਉੱਤੇ ਤਰਸ ਆਇਆ, ਉਸ ਨੇ ਆਖਿਆ ਕਿ ਇਹ ਇਬਰਾਨੀਆਂ ਦੇ ਬੱਚਿਆਂ ਵਿੱਚੋਂ ਹੈ ।
7ਤਦ ਉਸ ਦੀ ਭੈਣ ਨੇ ਫ਼ਿਰਊਨ ਦੀ ਧੀ ਨੂੰ ਆਖਿਆ, “ਮੈਂ ਜਾ ਕੇ ਇਬਰਾਨਣਾਂ ਵਿੱਚੋਂ ਕਿਸੇ ਦੁੱਧ ਚੁੰਘਾਉਣ ਵਾਲੀ ਔਰਤ ਨੂੰ ਤੁਹਾਡੇ ਕੋਲ ਲਿਆਵਾਂ ਤਾਂ ਜੋ ਉਹ ਤੁਹਾਡੇ ਲਈ ਇਸ ਬੱਚੇ ਨੂੰ ਦੁੱਧ ਚੁੰਘਾਇਆ ਕਰੇ ? ”8ਤਦ ਫ਼ਿਰਊਨ ਦੀ ਧੀ ਨੇ ਆਖਿਆ, “ਜਾਹ । ” ਉਹ ਲੜਕੀ ਜਾ ਕੇ ਬੱਚੇ ਦੀ ਮਾਂ ਨੂੰ ਸੱਦ ਲਿਆਈ ।
9ਤਦ ਫ਼ਿਰਊਨ ਦੀ ਧੀ ਨੇ ਉਸ ਨੂੰ ਆਖਿਆ, ਇਸ ਬੱਚੇ ਨੂੰ ਲੈ ਅਤੇ ਮੇਰੇ ਲਈ ਦੁੱਧ ਪਿਲਾ, ਮੈਂ ਤੈਨੂੰ ਮਜ਼ਦੂਰੀ ਦੇਵਾਂਗੀ । ਤਦ ਉਸ ਔਰਤ ਨੇ ਬੱਚੇ ਨੂੰ ਲੈ ਕੇ ਦੁੱਧ ਪਿਲਾਇਆ ।10ਜਦ ਬੱਚਾ ਵੱਡਾ ਹੋ ਗਿਆ ਤਦ ਉਹ ਉਸ ਨੂੰ ਫ਼ਿਰਊਨ ਦੀ ਧੀ ਕੋਲ ਲੈ ਆਈ । ਉਹ ਉਸ ਦਾ ਪੁੱਤਰ ਅਖਵਾਇਆ ਅਤੇ ਉਸ ਨੇ ਇਹ ਕਹਿ ਕੇ ਉਸ ਦਾ ਨਾਮ ਮੂਸਾ ਰੱਖਿਆ ਕਿ ਮੈਂ ਇਸ ਨੂੰ ਪਾਣੀ ਵਿੱਚੋਂ ਕੱਢਿਆ ਹੈ ।
ਮੂਸਾ ਮਿਦਯਾਨ ਦੇਸ ਨੂੰ ਭੱਜ ਜਾਂਦਾ ਹੈ

11ਫਿਰ ਅਜਿਹਾ ਹੋਇਆ ਕਿ ਉਨ੍ਹਾਂ ਦਿਨਾਂ ਵਿੱਚ ਜਦ ਮੂਸਾ ਵੱਡਾ ਹੋਇਆ ਤਦ ਉਸ ਨੇ ਆਪਣੇ ਭਰਾਵਾਂ ਕੋਲ ਬਾਹਰ ਜਾ ਕੇ ਉਨ੍ਹਾਂ ਦੇ ਦੁੱਖਾਂ ਨੂੰ ਵੇਖਿਆ ਅਤੇ ਇੱਕ ਮਿਸਰੀ ਨੂੰ ਵੇਖਿਆ ਜੋ ਉਸ ਦੇ ਭਰਾਵਾਂ ਵਿੱਚੋਂ ਇੱਕ ਇਬਰਾਨੀ ਨੂੰ ਮਾਰ ਰਿਹਾ ਸੀ ।12ਉਸ ਨੇ ਇੱਧਰ-ਉੱਧਰ ਵੇਖਿਆ ਅਤੇ ਜਦ ਵੇਖਿਆ ਕਿ ਕੋਈ ਨਹੀਂ ਹੈ ਤਦ ਉਸ ਨੇ ਉਸ ਮਿਸਰੀ ਨੂੰ ਮਾਰ ਦਿੱਤਾ ਅਤੇ ਉਸ ਨੂੰ ਰੇਤ ਵਿੱਚ ਲੁਕਾ ਦਿੱਤਾ ।
13ਜਦ ਮੂਸਾ ਦੂਜੇ ਦਿਨ ਬਾਹਰ ਗਿਆ ਤਾਂ ਵੇਖੋ, ਦੋ ਇਬਰਾਨੀ ਆਪਸ ਵਿੱਚ ਲੜ ਰਹੇ ਸਨ, ਉਸ ਨੇ ਦੋਸ਼ੀ ਨੂੰ ਆਖਿਆ, ਤੂੰ ਆਪਣੇ ਸਾਥੀ ਨੂੰ ਕਿਉਂ ਮਾਰਦਾ ਹੈਂ ?14ਤਦ ਉਸ ਨੇ ਆਖਿਆ, ਤੈਨੂੰ ਕਿਸ ਨੇ ਸਾਡੇ ਉੱਤੇ ਸਰਦਾਰ ਅਤੇ ਨਿਆਈਂ ਬਣਾ ਦਿੱਤਾ ? ਕੀ ਤੂੰ ਇਹ ਸੋਚਦਾ ਹੈਂ ਕਿ ਜਿਵੇਂ ਤੂੰ ਉਸ ਮਿਸਰੀ ਨੂੰ ਮਾਰ ਸੁੱਟਿਆ ਉਸੇ ਤਰ੍ਹਾਂ ਹੀ ਮੈਨੂੰ ਵੀ ਮਾਰ ਸੁੱਟੇਂਗਾ ? ਤਦ ਮੂਸਾ ਡਰ ਗਿਆ ਅਤੇ ਉਸ ਨੇ ਆਖਿਆ, ਇਹ ਗੱਲ ਜ਼ਰੂਰ ਖੁੱਲ ਗਈ ਹੈ ।
15ਜਦ ਫ਼ਿਰਊਨ ਨੇ ਇਹ ਗੱਲ ਸੁਣੀ ਤਦ ਮੂਸਾ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਪਰ ਮੂਸਾ ਫ਼ਿਰਊਨ ਦੇ ਅੱਗੋਂ ਭੱਜ ਕੇ ਮਿਦਯਾਨ ਦੇ ਦੇਸ ਵਿੱਚ ਰਹਿਣ ਲੱਗਾ ਅਤੇ ਇੱਕ ਖੂਹ ਦੇ ਕੋਲ ਬੈਠ ਗਿਆ ।16ਮਿਦਯਾਨ ਦੇ ਜਾਜਕ ਦੀਆਂ ਸੱਤ ਧੀਆਂ ਸਨ । ਉਨ੍ਹਾਂ ਨੇ ਆ ਕੇ ਪਾਣੀ ਕੱਢਿਆ ਅਤੇ ਆਪਣੇ ਪਿਤਾ ਦੇ ਇੱਜੜ ਨੂੰ ਪਿਲਾਉਣ ਲਈ ਚੁਬੱਚਿਆਂ ਨੂੰ ਭਰ ਲਿਆ ।17ਅਯਾਲੀਆਂ ਨੇ ਆਣ ਕੇ ਉਨ੍ਹਾਂ ਨੂੰ ਧੱਕੇ ਨਾਲ ਪਰ੍ਹੇ ਹਟਾ ਦਿੱਤਾ, ਪਰ ਮੂਸਾ ਨੇ ਉੱਠ ਕੇ ਉਨ੍ਹਾਂ ਨੂੰ ਬਚਾਇਆ ਅਤੇ ਉਨ੍ਹਾਂ ਦੇ ਇੱਜੜ ਨੂੰ ਪਾਣੀ ਪਿਲਾਇਆ ।
18ਜਦ ਉਹ ਆਪਣੇ ਪਿਤਾ ਰਊਏਲ ਕੋਲ ਆਈਆਂ ਤਦ ਉਸ ਨੇ ਪੁੱਛਿਆ, ਤੁਸੀਂ ਅੱਜ ਕਿਵੇਂ ਛੇਤੀ ਮੁੜ ਆਈਆਂ ਹੋ ?19ਉਨ੍ਹਾਂ ਨੇ ਆਖਿਆ, ਇੱਕ ਮਿਸਰੀ ਨੇ ਸਾਨੂੰ ਅਯਾਲੀਆਂ ਦੇ ਹੱਥੋਂ ਛੁਡਾਇਆ ਅਤੇ ਸਾਡੇ ਲਈ ਪਾਣੀ ਕੱਢ-ਕੱਢ ਕੇ ਇੱਜੜ ਨੂੰ ਪਿਲਾਇਆ ।20ਤਦ ਉਸ ਨੇ ਆਪਣੀਆਂ ਧੀਆਂ ਨੂੰ ਆਖਿਆ, ਉਹ ਮਨੁੱਖ ਕਿੱਥੇ ਹੈ ? ਤੁਸੀਂ ਉਸ ਨੂੰ ਕਿਉਂ ਛੱਡ ਆਈਆਂ ਹੋ ? ਉਸ ਨੂੰ ਬੁਲਾਓ ਤਾਂ ਜੋ ਉਹ ਰੋਟੀ ਖਾਵੇ ।
21ਤਦ ਮੂਸਾ ਉਸ ਮਨੁੱਖ ਕੋਲ ਰਹਿਣ ਲਈ ਮੰਨ ਗਿਆ ਅਤੇ ਉਸ ਨੇ ਆਪਣੀ ਧੀ ਸਿੱਪੋਰਾ ਮੂਸਾ ਨਾਲ ਵਿਆਹ ਦਿੱਤੀ22ਉਸ ਨੇ ਪੁੱਤਰ ਨੂੰ ਜਨਮ ਦਿੱਤਾ ਅਤੇ ਉਸ ਨੇ ਉਸ ਦਾ ਨਾਮ ਗੇਰਸ਼ੋਮ ਰੱਖਿਆ ਕਿਉਂ ਜੋ ਉਸ ਨੇ ਆਖਿਆ, “ਮੈਂ ਪਰਦੇਸ ਵਿੱਚ ਪਰਦੇਸੀ ਹੋਇਆ ਹਾਂ । ”
23ਅਜਿਹਾ ਹੋਇਆ ਕਿ ਬਹੁਤ ਦਿਨਾਂ ਬਾਅਦ ਮਿਸਰ ਦਾ ਰਾਜਾ ਮਰ ਗਿਆ, ਇਸਰਾਏਲੀਆਂ ਨੇ ਗ਼ੁਲਾਮੀ ਦੇ ਕਾਰਨ ਹਾਉਂਕੇ ਲਏ ਅਤੇ ਧਾਹਾਂ ਮਾਰ-ਮਾਰ ਕੇ ਰੋਏ ਅਤੇ ਇਨ੍ਹਾਂ ਦੀ ਦੁਹਾਈ ਜੋ ਗ਼ੁਲਾਮੀ ਦੇ ਕਾਰਨ ਸੀ, ਪਰਮੇਸ਼ੁਰ ਤੱਕ ਪਹੁੰਚੀ ।24ਤਦ ਪਰਮੇਸ਼ੁਰ ਨੇ ਉਨ੍ਹਾਂ ਦੇ ਹਾਉਂਕਿਆਂ ਨੂੰ ਸੁਣਿਆ ਅਤੇ ਪਰਮੇਸ਼ੁਰ ਨੇ ਆਪਣੇ ਨੇਮ ਨੂੰ ਜਿਹੜਾ ਅਬਰਾਹਾਮ, ਇਸਹਾਕ ਅਤੇ ਯਾਕੂਬ ਦੇ ਨਾਲ ਸੀ, ਯਾਦ ਕੀਤਾ ।25ਤਦ ਪਰਮੇਸ਼ੁਰ ਨੇ ਇਸਰਾਏਲੀਆਂ ਵੱਲ ਨਿਗਾਹ ਕੀਤੀ ਅਤੇ ਪਰਮੇਸ਼ੁਰ ਨੇ ਉਨ੍ਹਾਂ ਦੀ ਖ਼ਬਰ ਲਈ ।

3
ਪਰਮੇਸ਼ੁਰ ਮੂਸਾ ਨਾਲ ਬਲਦੀ ਝਾੜੀ ਵਿੱਚੋਂ ਗੱਲ ਕਰਦਾ ਹੈ

1ਮੂਸਾ ਆਪਣੇ ਸੌਹਰੇ ਯਿਥਰੋ ਮਿਦਯਾਨੀ ਜਾਜਕ ਦੇ ਇੱਜੜ ਨੂੰ ਚਾਰਦਾ ਸੀ । ਉਸ ਨੇ ਇੱਜੜ ਨੂੰ ਉਜਾੜ ਦੇ ਪਿਛਲੀ ਵੱਲ ਹੱਕ ਦਿੱਤਾ ਅਤੇ ਉਹ ਪਰਮੇਸ਼ੁਰ ਦੇ ਪਹਾੜ ਹੋਰੇਬ ਦੇ ਕੋਲ ਆਇਆ ।2ਤਦ ਯਹੋਵਾਹ ਦੇ ਇੱਕ ਦੂਤ ਨੇ ਇੱਕ ਝਾੜੀ ਵਿੱਚੋਂ ਅੱਗ ਦੀ ਲਾਟ ਵਿੱਚ ਉਸ ਨੂੰ ਦਰਸ਼ਨ ਦਿੱਤਾ । ਜਦ ਉਸ ਨੇ ਵੇਖਿਆ ਤਾਂ ਵੇਖੋ, ਉਹ ਝਾੜੀ ਅੱਗ ਵਿੱਚ ਬਲ ਰਹੀ ਸੀ ਪਰ ਝਾੜੀ ਭਸਮ ਨਹੀਂ ਹੁੰਦੀ ਸੀ ।3ਤਦ ਮੂਸਾ ਨੇ ਆਖਿਆ, ਮੈਂ ਇੱਕ ਪਾਸੇ ਵੱਲੋਂ ਹੋ ਕੇ ਜਾਂਵਾਂਗਾ ਅਤੇ ਇਸ ਵੱਡੇ ਨਜ਼ਾਰੇ ਨੂੰ ਵੇਖਾਂਗਾ ਕਿ ਕਿਉਂ ਝਾੜੀ ਨਹੀਂ ਸੜਦੀ ।

4ਯਹੋਵਾਹ ਨੇ ਵੇਖਿਆ ਕਿ ਉਹ ਵੇਖਣ ਨੂੰ ਇੱਕ ਪਾਸੇ ਨੂੰ ਮੁੜਿਆ ਤਦ ਪਰਮੇਸ਼ੁਰ ਨੇ ਉਸ ਝਾੜੀ ਵਿੱਚੋਂ ਪੁਕਾਰ ਕੇ ਉਸ ਨੂੰ ਆਖਿਆ, “ਹੇ ਮੂਸਾ, ਹੇ ਮੂਸਾ !” ਤਦ ਉਸ ਨੇ ਆਖਿਆ, “ਮੈਂ ਹਾਜ਼ਰ ਹਾਂ । ”5ਫਿਰ ਉਸ ਨੇ ਆਖਿਆ, ਇੱਧਰ ਨੇੜੇ ਨਾ ਆ । ਆਪਣੇ ਪੈਰਾਂ ਤੋਂ ਜੁੱਤੀ ਉਤਾਰ ਦੇ ਕਿਉਂ ਜੋ ਇਹ ਥਾਂ ਜਿੱਥੇ ਤੂੰ ਖੜ੍ਹਾ ਹੈਂ, ਪਵਿੱਤਰ ਭੂਮੀ ਹੈ ।6ਉਸਨੇ ਇਹ ਵੀ ਆਖਿਆ, “ਮੈਂ ਤੇਰੇ ਪਿਤਾ ਦਾ ਪਰਮੇਸ਼ੁਰ, ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ਹਾਂ । ” ਮੂਸਾ ਨੇ ਆਪਣਾ ਮੂੰਹ ਢੱਕ ਲਿਆ ਕਿਉਂ ਜੋ ਉਹ ਪਰਮੇਸ਼ੁਰ ਵੱਲ ਦੇਖਣ ਤੋਂ ਡਰਦਾ ਸੀ ।
7ਯਹੋਵਾਹ ਨੇ ਆਖਿਆ ਕਿ ਮੈਂ ਆਪਣੀ ਪਰਜਾ ਦੀ ਮੁਸੀਬਤ ਨੂੰ ਜਿਹੜੀ ਮਿਸਰ ਵਿੱਚ ਹੈ, ਸੱਚ-ਮੁੱਚ ਵੇਖਿਆ ਹੈ ਅਤੇ ਉਨ੍ਹਾਂ ਦੀ ਦੁਹਾਈ ਜੋ ਉਨ੍ਹਾਂ ਤੋਂ ਬੇਗ਼ਾਰ ਕਰਾਉਣ ਵਾਲਿਆਂ ਦੇ ਕਾਰਨ ਹੈ, ਸੁਣੀ ਕਿਉਂ ਜੋ ਮੈਂ ਉਨ੍ਹਾਂ ਦੇ ਦੁੱਖਾਂ ਨੂੰ ਜਾਣਦਾ ਹਾਂ ।8ਮੈਂ ਉਤਰਿਆ ਹਾਂ, ਤਾਂ ਜੋ ਉਨ੍ਹਾਂ ਨੂੰ ਮਿਸਰੀਆਂ ਦੇ ਹੱਥੋਂ ਛੁਡਾਵਾਂ ਅਤੇ ਉਸ ਧਰਤੀ ਵਿੱਚੋਂ ਕੱਢ ਕੇ ਚੰਗੀ ਅਤੇ ਉਪਜਾਊ ਧਰਤੀ ਵਿੱਚ ਜਿੱਥੇ ਦੁੱਧ ਅਤੇ ਸ਼ਹਿਦ ਵੱਗਦਾ ਹੈ ਅਰਥਾਤ ਕਨਾਨੀਆਂ, ਹਿੱਤੀਆਂ, ਅਮੋਰੀਆਂ, ਫਰਿੱਜੀਆਂ, ਹਿੱਵੀਆਂ ਅਤੇ ਯਬੂਸੀਆਂ ਦੀ ਥਾਂ ਵਿੱਚ ਉਤਾਹਾਂ ਲਿਆਵਾਂ ।
9ਸੋ ਹੁਣ ਵੇਖ, ਇਸਰਾਏਲੀਆਂ ਦੀ ਦੁਹਾਈ ਮੇਰੇ ਤੱਕ ਪਹੁੰਚੀ ਅਤੇ ਮੈਂ ਉਸ ਅਨ੍ਹੇਰ ਨੂੰ ਵੀ ਜੋ ਮਿਸਰੀ ਉਨ੍ਹਾਂ ਉੱਤੇ ਕਰਦੇ ਹਨ, ਵੇਖਿਆ ਹੈ ।10ਹੁਣ ਤੂੰ ਆ । ਮੈਂ ਤੈਨੂੰ ਫ਼ਿਰਊਨ ਕੋਲ ਭੇਜਾਂਗਾ ਤਾਂ ਜੋ ਤੂੰ ਮੇਰੀ ਪਰਜਾ ਅਰਥਾਤ ਇਸਰਾਏਲੀਆਂ ਨੂੰ ਮਿਸਰ ਵਿੱਚੋਂ ਕੱਢ ਲਿਆਵੇਂ ।
11ਤਦ ਮੂਸਾ ਨੇ ਪਰਮੇਸ਼ੁਰ ਨੂੰ ਆਖਿਆ, “ਮੈਂ ਕੌਣ ਹਾਂ ਜੋ ਮੈਂ ਫ਼ਿਰਊਨ ਕੋਲ ਜਾਂਵਾਂ ਅਤੇ ਇਸਰਾਏਲੀਆਂ ਨੂੰ ਮਿਸਰ ਤੋਂ ਕੱਢ ਲਿਆਵਾਂ ? ”12ਉਸ ਨੇ ਆਖਿਆ, ਮੈਂ ਤੇਰੇ ਨਾਲ ਹੀ ਹੋਵਾਂਗਾ ਅਤੇ ਤੇਰੇ ਲਈ ਇਹ ਪਤਾ ਹੋਵੇਗਾ ਕਿ ਮੈਂ ਤੈਨੂੰ ਭੇਜਿਆ ਕਿ ਜਦ ਤੂੰ ਇਸ ਪਰਜਾ ਨੂੰ ਮਿਸਰ ਤੋਂ ਕੱਢ ਲਿਆਵੇਂਗਾ ਤਦ ਤੁਸੀਂ ਇਸ ਪਹਾੜ ਉੱਤੇ ਪਰਮੇਸ਼ੁਰ ਦੀ ਉਪਾਸਨਾ ਕਰੋਗੇ ।
13ਫਿਰ ਮੂਸਾ ਨੇ ਪਰਮੇਸ਼ੁਰ ਨੂੰ ਆਖਿਆ, ਵੇਖ, ਜਦ ਮੈਂ ਇਸਰਾਏਲੀਆਂ ਦੇ ਕੋਲ ਜਾਂਵਾਂ ਅਤੇ ਉਨ੍ਹਾਂ ਨੂੰ ਆਖਾਂ ਕਿ ਤੁਹਾਡੇ ਪਿਉ-ਦਾਦਿਆਂ ਦੇ ਪਰਮੇਸ਼ੁਰ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ ਤਦ ਉਹ ਮੈਨੂੰ ਆਖਣਗੇ ਕਿ ਉਸ ਦਾ ਨਾਮ ਕੀ ਹੈ ? ਤਾਂ ਮੈਂ ਉਨ੍ਹਾਂ ਨੂੰ ਕੀ ਦੱਸਾਂ ?14ਪਰਮੇਸ਼ੁਰ ਨੇ ਮੂਸਾ ਨੂੰ ਆਖਿਆ, “ਮੈਂ ਹਾਂ ਜੋ ਮੈਂ ਹਾਂ” ਅਤੇ ਤੂੰ ਇਸਰਾਏਲੀਆਂ ਨੂੰ ਇਸ ਤਰ੍ਹਾਂ ਆਖੀਂ ਕਿ ਜਿਸ ਦਾ ਨਾਮ ਮੈਂ ਹਾਂ ਜੋ ਮੈਂ ਹਾਂ, ਉਸੇ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ ।15ਪਰਮੇਸ਼ੁਰ ਨੇ ਮੂਸਾ ਨੂੰ ਹੋਰ ਇਹ ਆਖਿਆ, “ਤੂੰ ਇਸਰਾਏਲੀਆਂ ਨੂੰ ਅਜਿਹਾ ਆਖੀਂ ਕਿ ਯਹੋਵਾਹ ਤੁਹਾਡੇ ਪਿਉ-ਦਾਦਿਆਂ ਦੇ ਪਰਮੇਸ਼ੁਰ, ਅਬਰਾਹਾਮ ਦੇ ਪਰਮੇਸ਼ੁਰ, ਇਸਹਾਕ ਦੇ ਪਰਮੇਸ਼ੁਰ ਅਤੇ ਯਾਕੂਬ ਦੇ ਪਰਮੇਸ਼ੁਰ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ । ਸਦੀਪਕਾਲ ਤੋਂ ਮੇਰਾ ਇਹੋ ਹੀ ਨਾਮ ਹੈ ਅਤੇ ਪੀੜ੍ਹੀਓਂ ਪੀੜ੍ਹੀ ਮੇਰੀ ਇਹੋ ਹੀ ਯਾਦਗਿਰੀ ਹੈ । ”
16ਜਾਹ, ਇਸਰਾਏਲ ਦੇ ਬਜ਼ੁਰਗਾਂ ਨੂੰ ਇਕੱਠੇ ਕਰ ਅਤੇ ਉਨ੍ਹਾਂ ਨੂੰ ਆਖ ਕਿ ਯਾਹੋਵਾਹ ਤੁਹਾਡੇ ਪਿਉ-ਦਾਦਿਆਂ ਦੇ ਪਰਮੇਸ਼ੁਰ, ਅਬਰਾਹਾਮ, ਇਸਹਾਕ ਅਤੇ ਯਾਕੂਬ ਦੇ ਪਰਮੇਸ਼ੁਰ ਨੇ ਇਸ ਤਰ੍ਹਾਂ ਆਖ ਕੇ ਮੈਨੂੰ ਦਰਸ਼ਨ ਦਿੱਤਾ ਕਿ ਮੈਂ ਜ਼ਰੂਰ ਤੁਹਾਡੀ ਖ਼ਬਰ ਲਈ ਹੈ ਅਤੇ ਜੋ ਕੁੱਝ ਮਿਸਰ ਵਿੱਚ ਤੁਹਾਡੇ ਉੱਤੇ ਬੀਤਿਆ ਹੈ, ਉਹ ਸਭ ਵੇਖਿਆ ਹੈ ।17ਮੈਂ ਆਖਿਆ ਹੈ ਕਿ ਮੈਂ ਤੁਹਾਨੂੰ ਮਿਸਰ ਦੇ ਦੁੱਖਾਂ ਤੋਂ ਕਨਾਨੀਆਂ, ਹਿੱਤੀਆਂ, ਅਮੋਰੀਆਂ, ਫਰਿੱਜੀਆਂ, ਹਿੱਵੀਆਂ ਅਤੇ ਯਬੂਸੀਆਂ ਦੇ ਦੇਸ ਵਿੱਚ ਅਰਥਾਤ ਅਜਿਹੇ ਦੇਸ ਵਿੱਚ ਜਿੱਥੇ ਦੁੱਧ ਅਤੇ ਸ਼ਹਿਦ ਵਗਦਾ ਹੈ, ਉਤਾਹਾਂ ਲਿਆਵਾਂਗਾ ।18ਉਹ ਤੇਰੀ ਗੱਲ ਨੂੰ ਸੁਣਨਗੇ, ਤੂੰ ਅਤੇ ਇਸਰਾਏਲ ਦੇ ਬਜ਼ੁਰਗ ਮਿਸਰ ਦੇ ਰਾਜੇ ਦੇ ਕੋਲ ਜਾ ਕੇ ਉਸ ਨੂੰ ਆਖਿਓ ਕਿ ਯਹੋਵਾਹ ਇਬਰਾਨੀਆਂ ਦਾ ਪਰਮੇਸ਼ੁਰ ਸਾਨੂੰ ਮਿਲਿਆ ਹੈ । ਹੁਣ ਤੂੰ ਸਾਨੂੰ ਤਿੰਨ ਦਿਨਾਂ ਦੇ ਰਸਤੇ ਲਈ ਉਜਾੜ ਵਿੱਚ ਜਾਣ ਦੇ ਤਾਂ ਜੋ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਲਈ ਬਲੀਆਂ ਚੜ੍ਹਾਈਏ ।
19ਪਰ ਮੈਂ ਜਾਣਦਾ ਹਾਂ ਕਿ ਮਿਸਰ ਦਾ ਰਾਜਾ ਤੁਹਾਨੂੰ ਨਾ ਜਾਣ ਦੇਵੇਗਾ । ਹਾਂ, ਬਹੁਤ ਜਿਆਦਾ ਦਬਾਓ ਪਾਉਣ ਤੇ ਵੀ ਉਹ ਜਾਣ ਨਹੀਂ ਦੇਵੇਗਾ ।20ਮੈਂ ਆਪਣਾ ਹੱਥ ਵਧਾਵਾਂਗਾ ਅਤੇ ਮਿਸਰ ਨੂੰ ਆਪਣਿਆਂ ਸਭ ਅਚਰਜ ਕੰਮਾਂ ਨਾਲ ਜੋ ਮੈਂ ਉਸ ਵਿੱਚ ਵਿਖਾਵਾਂਗਾ, ਮਾਰਾਂਗਾ । ਉਸ ਦੇ ਪਿੱਛੋਂ ਉਹ ਤੁਹਾਨੂੰ ਜਾਣ ਦੇਵੇਗਾ ।21ਮੈਂ ਇਸ ਪਰਜਾ ਲਈ ਮਿਸਰੀਆਂ ਦੀਆਂ ਅੱਖਾਂ ਵਿੱਚ ਦਯਾ ਪਾਵਾਂਗਾ ਅਤੇ ਅਜਿਹਾ ਹੋਵੇਗਾ ਕਿ ਜਦ ਤੁਸੀਂ ਜਾਓਗੇ ਤਾਂ ਖਾਲੀ ਹੱਥ ਨਾ ਜਾਓਗੇ ।22ਸਗੋਂ ਇੱਕ-ਇੱਕ ਔਰਤ ਆਪਣੀ ਗੁਆਂਢਣ ਤੋਂ ਅਤੇ ਉਸ ਤੋਂ ਜੋ ਉਸ ਦੇ ਘਰ ਵਿੱਚ ਰਹਿੰਦੀ ਹੈ, ਚਾਂਦੀ ਦੇ ਗਹਿਣੇ, ਸੋਨੇ ਦੇ ਗਹਿਣੇ ਅਤੇ ਬਸਤਰ ਮੰਗੇਗੀ ਅਤੇ ਤੁਸੀਂ ਆਪਣੇ ਪੁੱਤਰਾਂ ਅਤੇ ਧੀਆਂ ਦੇ ਪਾਓਗੇ ਅਤੇ ਮਿਸਰੀਆਂ ਨੂੰ ਲੁੱਟ ਲਓਗੇ ।

4
ਮੂਸਾ ਅਦਭੁਤ ਸਮਰੱਥ ਪ੍ਰਾਪਤ ਕਰਦਾ ਹੈ

1ਮੂਸਾ ਨੇ ਉੱਤਰ ਦਿੱਤਾ ਕਿ ਵੇਖ, ਉਹ ਮੇਰਾ ਵਿਸ਼ਵਾਸ ਨਾ ਕਰਨਗੇ, ਨਾ ਮੇਰੀ ਅਵਾਜ਼ ਸੁਣਨਗੇ ਸਗੋਂ ਉਹ ਆਖਣਗੇ, ਯਹੋਵਾਹ ਨੇ ਤੈਨੂੰ ਦਰਸ਼ਨ ਨਹੀਂ ਦਿੱਤਾ ।2ਤਦ ਯਹੋਵਾਹ ਨੇ ਉਸ ਨੂੰ ਆਖਿਆ, “ਤੇਰੇ ਹੱਥ ਵਿੱਚ ਕੀ ਹੈ ? ” ਉਸ ਨੇ ਆਖਿਆ, “ਲਾਠੀ । ” ਤਦ ਉਸ ਨੇ ਆਖਿਆ, “ਇਸ ਨੂੰ ਧਰਤੀ ਉੱਤੇ ਸੁੱਟ ਦੇ । ”3ਤਦ ਉਸ ਨੇ ਉਸ ਨੂੰ ਧਰਤੀ ਉੱਤੇ ਸੁੱਟ ਦਿੱਤਾ । ਉਹ ਸੱਪ ਬਣ ਗਿਆ ਅਤੇ ਮੂਸਾ ਉਸ ਦੇ ਅੱਗੋਂ ਭੱਜਾ ।

4ਯਹੋਵਾਹ ਨੇ ਮੂਸਾ ਨੂੰ ਆਖਿਆ, “ਆਪਣਾ ਹੱਥ ਵਧਾ ਕੇ ਉਸ ਨੂੰ ਪੂਛ ਤੋਂ ਫੜ੍ਹ ਲੈ ਤਦ ਉਸ ਨੇ ਆਪਣਾ ਹੱਥ ਵਧਾ ਕੇ ਉਸ ਨੂੰ ਫੜ੍ਹ ਲਿਆ ਅਤੇ ਉਹ ਦੇ ਹੱਥ ਵਿੱਚ ਲਾਠੀ ਬਣ ਗਿਆ । ”5ਇਸ ਲਈ ਜੋ ਉਹ ਵਿਸ਼ਵਾਸ ਕਰਨ ਕਿ ਯਹੋਵਾਹ ਉਨ੍ਹਾਂ ਦੇ ਪਿਉ-ਦਾਦਿਆਂ ਦੇ ਪਰਮੇਸ਼ੁਰ, ਅਬਰਾਹਾਮ ਦੇ ਪਰਮੇਸ਼ੁਰ, ਇਸਹਾਕ ਦੇ ਪਰਮੇਸ਼ੁਰ ਅਤੇ ਯਾਕੂਬ ਦੇ ਪਰਮੇਸ਼ੁਰ ਨੇ ਤੈਨੂੰ ਦਰਸ਼ਨ ਦਿੱਤਾ ।
6ਯਹੋਵਾਹ ਨੇ ਉਸ ਨੂੰ ਹੋਰ ਇਹ ਆਖਿਆ, “ਹੁਣ ਤੂੰ ਆਪਣਾ ਹੱਥ ਆਪਣੀ ਛਾਤੀ ਉੱਤੇ ਰੱਖ ਤਾਂ ਉਸ ਨੇ ਆਪਣਾ ਹੱਥ ਆਪਣੀ ਛਾਤੀ ਉੱਤੇ ਰੱਖਿਆ । ” ਜਦ ਉਸ ਨੇ ਉਹ ਕੱਢਿਆ ਤਾਂ ਵੇਖੋ, ਉਹ ਦਾ ਹੱਥ ਕੋੜ੍ਹ ਨਾਲ ਬਰਫ਼ ਵਰਗਾ ਹੋ ਗਿਆ ਸੀ ।7ਉਸ ਨੇ ਆਖਿਆ, ਤੂੰ ਫੇਰ ਆਪਣਾ ਹੱਥ ਆਪਣੀ ਛਾਤੀ ਉੱਤੇ ਰੱਖ । ਉਸ ਨੇ ਆਪਣਾ ਹੱਥ ਆਪਣੀ ਛਾਤੀ ਉੱਤੇ ਫੇਰ ਰੱਖਿਆ, ਜਦ ਬਾਹਰ ਕੱਢਿਆ ਤਾਂ ਵੇਖੋ, ਉਹ ਉਸ ਦੇ ਬਾਕੀ ਸਰੀਰ ਵਰਗਾ ਹੋ ਗਿਆ ।
8ਫੇਰ ਅਜਿਹਾ ਹੋਵੇਗਾ ਕਿ ਜੇ ਉਹ ਤੇਰਾ ਵਿਸ਼ਵਾਸ ਨਾ ਕਰਨ, ਨਾ ਹੀ ਪਹਿਲੇ ਨਿਸ਼ਾਨ ਦਾ ਅਰਥ ਮੰਨਣ ਤਾਂ ਉਹ ਦੂਜੇ ਨਿਸ਼ਾਨ ਦੇ ਅਰਥ ਉੱਤੇ ਵਿਸ਼ਵਾਸ ਕਰਨਗੇ ।9ਜੇਕਰ ਉਹ ਇਨ੍ਹਾਂ ਦੋਹਾਂ ਨਿਸ਼ਾਨਾਂ ਉੱਤੇ ਵੀ ਵਿਸ਼ਵਾਸ ਨਾ ਕਰਨ, ਨਾ ਤੇਰੀ ਅਵਾਜ਼ ਨੂੰ ਸੁਣਨ ਤਾਂ ਤੂੰ ਦਰਿਆ ਦਾ ਪਾਣੀ ਲੈ ਕੇ ਸੁੱਕੀ ਭੂਮੀ ਉੱਤੇ ਡੋਲ੍ਹ ਦੇਵੀਂ । ਉਹ ਪਾਣੀ ਜਿਹੜਾ ਤੂੰ ਦਰਿਆ ਤੋਂ ਲਵੇਂਗਾ, ਉਹ ਉਸ ਭੂਮੀ ਉੱਤੇ ਲਹੂ ਬਣ ਜਾਵੇਗਾ ।
10ਤਦ ਮੂਸਾ ਨੇ ਯਹੋਵਾਹ ਨੂੰ ਆਖਿਆ, ਹੇ ਪ੍ਰਭੂ, ਮੈਂ ਚੰਗਾ ਬੋਲਣ ਵਾਲਾ ਮਨੁੱਖ ਨਹੀਂ ਹਾਂ, ਨਾ ਅੱਗੇ ਸੀ, ਨਾ ਜਦ ਤੋਂ ਤੂੰ ਆਪਣੇ ਦਾਸ ਨਾਲ ਬੋਲਿਆ ਕਿਉਂ ਜੋ ਮੈਂ ਬੋਲਣ ਵਿੱਚ ਢਿੱਲਾ ਹਾਂ ਅਤੇ ਮੇਰੀ ਜੀਭ ਮੋਟੀ ਹੈ ।11ਤਦ ਯਹੋਵਾਹ ਨੇ ਉਸ ਨੂੰ ਆਖਿਆ, “ਆਦਮੀ ਦਾ ਮੂੰਹ ਕਿਸ ਨੇ ਬਣਾਇਆ ਅਤੇ ਕੌਣ ਗੂੰਗਾ, ਬੋਲਾ, ਸੁਜਾਖਾ ਜਾਂ ਅੰਨ੍ਹਾ ਬਣਾਉਂਦਾ ਹੈ ? ਭਲਾ, ਮੈਂ ਯਹੋਵਾਹ ਹੀ ਨਹੀਂ ?12ਸੋ ਹੁਣ ਤੂੰ ਜਾ । ਮੈਂ ਤੇਰੇ ਮੂੰਹ ਦੇ ਨਾਲ ਹੋਵਾਂਗਾ ਅਤੇ ਜੋ ਕੁੱਝ ਤੂੰ ਬੋਲਣਾ ਹੈ, ਮੈਂ ਤੈਨੂੰ ਸਿਖਾਵਾਂਗਾ । ”13ਤਦ ਉਸ ਨੇ ਆਖਿਆ, “ਹੇ ਪ੍ਰਭੂ, ਕਿਰਪਾ ਕਰਕੇ ਕਿਸੇ ਹੋਰ ਨੂੰ ਜਿਸ ਨੂੰ ਤੂੰ ਚਾਹੁੰਦਾ ਹੈ, ਭੇਜ ਦੇ । ”
14ਫਿਰ ਯਹੋਵਾਹ ਦਾ ਕ੍ਰੋਧ ਮੂਸਾ ਉੱਤੇ ਭੜਕਿਆ ਅਤੇ ਉਸ ਨੇ ਆਖਿਆ, ਕੀ ਹਾਰੂਨ ਲੇਵੀ ਤੇਰਾ ਭਰਾ ਨਹੀਂ ਹੈ ? ਮੈਂ ਜਾਣਦਾ ਹਾਂ ਕਿ ਉਹ ਚੰਗਾ ਬੋਲਣ ਵਾਲਾ ਹੈ ਅਤੇ ਵੇਖ ਉਹ ਤੇਰੇ ਮਿਲਣ ਨੂੰ ਆਉਂਦਾ ਹੈ ਅਤੇ ਤੈਨੂੰ ਵੇਖ ਕੇ ਆਪਣੇ ਮਨ ਵਿੱਚ ਅਨੰਦ ਹੋਵੇਗਾ ।15ਤੂੰ ਉਸ ਦੇ ਨਾਲ ਬੋਲੇਂਗਾ ਅਤੇ ਉਸ ਦੇ ਮੂੰਹ ਵਿੱਚ ਗੱਲਾਂ ਪਾਵੇਂਗਾ ਅਤੇ ਮੈਂ ਤੇਰੇ ਮੂੰਹ ਨਾਲ ਅਤੇ ਉਹ ਦੇ ਮੂੰਹ ਨਾਲ ਹੋਵਾਂਗਾ ਅਤੇ ਜੋ ਤੁਸੀਂ ਕਰਨਾ ਹੈ, ਮੈਂ ਤੁਹਾਨੂੰ ਸਿਖਾਵਾਂਗਾ ।16ਉਹ ਤੇਰੀ ਵੱਲੋਂ ਪਰਜਾ ਨਾਲ ਬੋਲੇਗਾ ਅਤੇ ਅਜਿਹਾ ਹੋਵੇਗਾ ਕਿ ਉਹ ਤੇਰੇ ਲਈ ਮੂੰਹ ਜਿਹਾ ਹੋਵੇਗਾ, ਤੂੰ ਉਸ ਲਈ ਪਰਮੇਸ਼ੁਰ ਜਿਹਾ ਹੋਵੇਂਗਾ ।17ਤੂੰ ਇਹ ਲਾਠੀ ਆਪਣੇ ਹੱਥ ਵਿੱਚ ਲਵੀਂ ਜਿਸ ਦੇ ਨਾਲ ਤੂੰ ਉਨ੍ਹਾਂ ਨਿਸ਼ਾਨਾਂ ਨੂੰ ਵਿਖਾਵੇਂਗਾ ।
ਮੂਸਾ ਮਿਸਰ ਦੇਸ ਵਾਪਸ ਆਉਂਦਾ ਹੈ

18ਮੂਸਾ ਆਪਣੇ ਸੌਹਰੇ ਯਿਥਰੋ ਕੋਲ ਵਾਪਸ ਗਿਆ ਤੇ ਉਸ ਨੂੰ ਆਖਿਆ, ਕਿਰਪਾ ਕਰ ਕੇ ਮੈਨੂੰ ਮਿਸਰ ਵਿੱਚ ਆਪਣੇ ਭਰਾਵਾਂ ਕੋਲ ਮੁੜ ਜਾਣ ਦਿਓ ਤਾਂ ਜੋ ਮੈਂ ਵੇਖਾਂ ਕਿ ਉਹ ਹੁਣ ਤੱਕ ਜਿਉਂਦੇ ਹਨ ਤਾਂ ਯਿਥਰੋ ਨੇ ਮੂਸਾ ਨੂੰ ਆਖਿਆ, ਖੁਸ਼ੀ-ਖੁਸ਼ੀ ਜਾਹ ।19ਤਦ ਯਹੋਵਾਹ ਨੇ ਮਿਦਯਾਨ ਵਿੱਚ ਮੂਸਾ ਨੂੰ ਆਖਿਆ, ਜਾਹ ਅਤੇ ਮਿਸਰ ਨੂੰ ਮੁੜ ਕਿਉਂ ਜੋ ਤੇਰੀ ਜਾਨ ਦੇ ਚਾਹੁਣ ਵਾਲੇ ਮਰ ਗਏ ਹਨ ।20ਮੂਸਾ ਨੇ ਆਪਣੀ ਪਤਨੀ ਅਤੇ ਆਪਣੇ ਪੁੱਤਰਾਂ ਨੂੰ ਲੈ ਕੇ ਖੋਤੇ ਉੱਤੇ ਸਵਾਰ ਕੀਤਾ ਅਤੇ ਉਹ ਮਿਸਰ ਦੇਸ ਨੂੰ ਮੁੜ ਪਿਆ, ਮੂਸਾ ਪਰਮੇਸ਼ੁਰ ਦੀ ਲਾਠੀ ਆਪਣੇ ਹੱਥ ਵਿੱਚ ਲੈ ਗਿਆ ।
21ਯਹੋਵਾਹ ਨੇ ਮੂਸਾ ਨੂੰ ਆਖਿਆ, “ਜਦ ਤੂੰ ਮਿਸਰ ਵਿੱਚ ਮੁੜ ਜਾਵੇਂ ਤਾਂ ਵੇਖ, ਤੂੰ ਸਾਰੇ ਅਚਰਜ ਕੰਮ ਜਿਹੜੇ ਮੈਂ ਤੇਰੇ ਹੱਥ ਵਿੱਚ ਰੱਖੇ ਹਨ, ਫ਼ਿਰਊਨ ਦੇ ਸਾਹਮਣੇ ਕਰੀਂ ਪਰ ਮੈਂ ਉਸ ਦੇ ਮਨ ਨੂੰ ਸਖ਼ਤ ਹੋਣ ਦਿਆਂਗਾ ਅਤੇ ਉਹ ਪਰਜਾ ਨੂੰ ਜਾਣ ਨਾ ਦੇਵੇਗਾ । ”22ਤਦ ਤੂੰ ਫ਼ਿਰਊਨ ਨੂੰ ਆਖੀਂ, “ਯਹੋਵਾਹ ਅਜਿਹਾ ਆਖਦਾ ਹੈ ਕਿ ਇਸਰਾਏਲ ਮੇਰਾ ਜੇਠਾ ਪੁੱਤਰ ਹੈ । ”23ਮੈਂ ਤੈਨੂੰ ਆਖਿਆ ਹੈ ਕਿ ਮੇਰੇ ਪੁੱਤਰ ਨੂੰ ਜਾਣ ਦੇ ਤਾਂ ਜੋ ਉਹ ਮੇਰੀ ਬੰਦਗੀ ਕਰੇ ਅਤੇ ਤੂੰ ਉਸ ਦੇ ਜਾਣ ਦੇਣ ਤੋਂ ਇਨਕਾਰ ਕੀਤਾ ਹੈ । ਵੇਖ, ਮੈਂ ਤੇਰੇ ਪੁੱਤਰ ਸਗੋਂ ਤੇਰੇ ਜੇਠੇ ਪੁੱਤਰ ਨੂੰ ਜਾਨੋਂ ਮਾਰ ਦਿਆਂਗਾ ।
24ਰਸਤੇ ਵਿੱਚ ਜਿੱਥੇ ਉਹ ਠਹਿਰੇ ਉੱਥੇ ਅਜਿਹਾ ਹੋਇਆ ਕਿ ਯਹੋਵਾਹ ਉਸ ਨੂੰ ਮਿਲਿਆ ਅਤੇ ਉਸ ਨੂੰ ਮਾਰਨਾ ਚਾਹਿਆ ।25ਤਦ ਸਿੱਪੋਰਾ ਨੇ ਇੱਕ ਚੱਕ-ਮਕ ਦਾ ਪੱਥਰ ਲੈ ਕੇ ਆਪਣੇ ਪੁੱਤਰ ਦੀ ਖੱਲੜੀ ਕੱਟ ਸੁੱਟੀ ਅਤੇ ਉਸ ਨੂੰ ਉਸ ਦੇ ਪੈਰਾਂ ਵਿੱਚ ਸੁੱਟ ਕੇ ਆਖਿਆ, ਤੂੰ ਸੱਚ-ਮੁੱਚ ਮੇਰੇ ਲਈ ਇੱਕ ਖੂਨੀ ਪਤੀ ਹੈਂ ।26ਸੋ ਯਹੋਵਾਹ ਨੇ ਉਸ ਨੂੰ ਛੱਡ ਦਿੱਤਾ । ਫਿਰ ਉਸ ਨੇ ਉਹ ਨੂੰ ਆਖਿਆ, ਸੁੰਨਤ ਦੇ ਕਾਰਨ ਤੂੰ ਖੂਨੀ ਪਤੀ ਹੋਇਆ ਹੈਂ ।
27ਫਿਰ ਯਹੋਵਾਹ ਨੇ ਹਾਰੂਨ ਨੂੰ ਆਖਿਆ, ਜਾਹ ਅਤੇ ਮੂਸਾ ਨੂੰ ਉਜਾੜ ਵਿੱਚ ਮਿਲ ਤਾਂ ਉਹ ਚਲਾ ਗਿਆ ਅਤੇ ਉਸ ਨੂੰ ਪਰਮੇਸ਼ੁਰ ਦੇ ਪਹਾੜ ਉੱਤੇ ਮਿਲਿਆ ਅਤੇ ਉਸ ਨੂੰ ਚੁੰਮਿਆ ।28ਤਦ ਮੂਸਾ ਨੇ ਹਾਰੂਨ ਨੂੰ ਯਹੋਵਾਹ ਦੀਆਂ ਸਾਰੀਆਂ ਗੱਲਾਂ ਦੱਸੀਆਂ, ਜਿਨ੍ਹਾਂ ਲਈ ਉਸ ਨੂੰ ਭੇਜਿਆ ਸੀ ਅਤੇ ਉਹ ਸਾਰੇ ਨਿਸ਼ਾਨ ਜਿਨ੍ਹਾਂ ਦਾ ਉਸ ਨੂੰ ਹੁਕਮ ਦਿੱਤਾ ਸੀ ।
29ਫਿਰ ਮੂਸਾ ਅਤੇ ਹਾਰੂਨ ਚਲੇ ਗਏ ਅਤੇ ਇਸਰਾਏਲੀਆਂ ਦੇ ਸਾਰੇ ਬਜ਼ੁਰਗਾਂ ਨੂੰ ਇਕੱਠੇ ਕੀਤਾ30ਹਾਰੂਨ ਨੇ ਸਾਰੀਆਂ ਗੱਲਾਂ ਜਿਹੜੀਆਂ ਯਹੋਵਾਹ ਨੇ ਮੂਸਾ ਨਾਲ ਕੀਤੀਆਂ ਸਨ, ਦੱਸੀਆਂ ਅਤੇ ਪਰਜਾ ਦੇ ਸਾਹਮਣੇ ਉਹ ਨਿਸ਼ਾਨ ਵਿਖਾਏ ।31ਤਦ ਪਰਜਾ ਨੇ ਵਿਸ਼ਵਾਸ ਕੀਤਾ ਅਤੇ ਜਦ ਉਨ੍ਹਾਂ ਨੇ ਸੁਣਿਆ ਕਿ ਯਹੋਵਾਹ ਨੇ ਇਸਰਾਏਲੀਆਂ ਦੀ ਖ਼ਬਰ ਲਈ ਹੈ ਅਤੇ ਉਨ੍ਹਾਂ ਦਾ ਦੁੱਖ ਵੇਖਿਆ ਹੈ ਤਦ ਆਪਣਾ ਸਿਰ ਝੁਕਾ ਕੇ ਮੱਥਾ ਟੇਕਿਆ ।

5
ਮੂਸਾ ਅਤੇ ਹਾਰੂਨ ਫ਼ਿਰਊਨ ਦੇ ਸਾਹਮਣੇ

1ਇਸ ਦੇ ਬਾਅਦ ਮੂਸਾ ਅਤੇ ਹਾਰੂਨ ਨੇ ਜਾ ਕੇ ਫ਼ਿਰਊਨ ਨੂੰ ਆਖਿਆ, ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, ਮੇਰੀ ਪਰਜਾ ਨੂੰ ਜਾਣ ਦੇ ਤਾਂ ਜੋ ਉਹ ਉਜਾੜ ਵਿੱਚ ਮੇਰਾ ਪਰਬ ਮਨਾਵੇ ।2ਪਰ ਫ਼ਿਰਊਨ ਨੇ ਆਖਿਆ, ਯਹੋਵਾਹ ਕੌਣ ਹੈ ਜੋ ਮੈਂ ਉਸ ਦੀ ਅਵਾਜ਼ ਸੁਣਾਂ ਕਿ ਇਸਰਾਏਲ ਨੂੰ ਜਾਣ ਦਿਆਂ ? ਮੈਂ ਯਹੋਵਾਹ ਨੂੰ ਨਹੀਂ ਜਾਣਦਾ ਅਤੇ ਮੈਂ ਇਸਰਾਏਲ ਨੂੰ ਬਿਲਕੁਲ ਵੀ ਨਹੀਂ ਜਾਣ ਦੇਵਾਂਗਾ ।

3ਫਿਰ ਉਨ੍ਹਾਂ ਨੇ ਆਖਿਆ, ਇਬਰਾਨੀਆਂ ਦਾ ਪਰਮੇਸ਼ੁਰ ਸਾਨੂੰ ਮਿਲਿਆ । ਸਾਨੂੰ ਤਿੰਨ ਦਿਨਾਂ ਦੇ ਰਸਤੇ ਉਜਾੜ ਵਿੱਚ ਜਾਣ ਦੇ ਤਾਂ ਜੋ ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਲਈ ਬਲੀਆਂ ਚੜ੍ਹਾਈਏ ਕਿਤੇ ਅਜਿਹਾ ਨਾ ਹੋਵੇ ਕਿ ਉਹ ਸਾਡੇ ਉੱਤੇ ਮਰੀ ਜਾਂ ਤਲਵਾਰ ਨਾਲ ਚੜ੍ਹਾਈ ਕਰੇ ।4ਮਿਸਰ ਦੇ ਰਾਜੇ ਨੇ ਉਨ੍ਹਾਂ ਨੂੰ ਆਖਿਆ, ਹੇ ਮੂਸਾ ਅਤੇ ਹੇ ਹਾਰੂਨ, ਤੁਸੀਂ ਕਿਉਂ ਇਨ੍ਹਾਂ ਲੋਕਾਂ ਤੋਂ ਉਨ੍ਹਾਂ ਦੇ ਕੰਮ ਛੁਡਾਉਂਦੇ ਹੋ ? ਤੁਸੀਂ ਜਾ ਕੇ ਆਪਣੇ-ਆਪਣੇ ਕੰਮ ਕਰੋ ।5ਫ਼ਿਰਊਨ ਨੇ ਇਹ ਵੀ ਆਖਿਆ, ਵੇਖੋ ਹੁਣ ਉਸ ਧਰਤੀ ਦੇ ਲੋਕ ਬਹੁਤ ਹਨ ਪਰ ਤੁਸੀਂ ਉਨ੍ਹਾਂ ਨੂੰ ਉਨ੍ਹਾਂ ਦੀ ਬੇਗ਼ਾਰ ਤੋਂ ਅਰਾਮ ਕਰਾਉਂਦੇ ਹੋ ।
6ਉਸੇ ਦਿਨ ਫ਼ਿਰਊਨ ਨੇ ਲੋਕਾਂ ਤੋਂ ਬੇਗ਼ਾਰ ਕਰਾਉਣ ਵਾਲਿਆਂ ਅਤੇ ਉਨ੍ਹਾਂ ਦੇ ਗ਼ੁਲਾਮੀ ਕਰਾਉਣ ਵਾਲਿਆਂ ਨੂੰ ਇਹ ਹੁਕਮ ਦਿੱਤਾ7ਕਿ ਤੁਸੀਂ ਲੋਕਾਂ ਨੂੰ ਅੱਗੇ ਵਾਂਗੂੰ ਇੱਟਾਂ ਬਣਾਉਣ ਲਈ ਤੂੜੀ ਨਾ ਦਿਓ । ਉਹ ਆਪਣੇ ਲਈ ਆਪ ਜਾ ਕੇ ਤੂੜੀ ਇਕੱਠੀ ਕਰਨ8ਤੁਸੀਂ ਓਨੀਆਂ ਹੀ ਇੱਟਾਂ ਜਿੰਨੀਆਂ ਉਹ ਅੱਗੇ ਬਣਾਉਂਦੇ ਸਨ ਉਨ੍ਹਾਂ ਤੋਂ ਬਣਵਾਓ । ਤੁਸੀਂ ਉਨ੍ਹਾਂ ਵਿੱਚੋਂ ਕੁੱਝ ਨਾ ਘਟਾਓ ਕਿਉਂ ਜੋ ਉਹ ਵੇਹਲੇ ਰਹਿੰਦੇ ਹਨ ਇਸੇ ਲਈ ਉਹ ਇਹ ਦੁਹਾਈ ਦਿੰਦੇ ਹਨ ਕਿ ਅਸੀਂ ਜਾ ਕੇ ਆਪਣੇ ਪਰਮੇਸ਼ੁਰ ਲਈ ਬਲੀਆਂ ਚੜ੍ਹਾਈਏ ।9ਉਹ ਸੇਵਾ ਉਨ੍ਹਾਂ ਮਨੁੱਖਾਂ ਉੱਤੇ ਹੋਰ ਭਾਰੀ ਕੀਤੀ ਜਾਵੇ ਤਾਂ ਜੋ ਉਹ ਕੰਮ ਵਿੱਚ ਲੱਗੇ ਰਹਿਣ ਅਤੇ ਝੂਠੀਆਂ ਗੱਲਾਂ ਉੱਤੇ ਧਿਆਨ ਨਾ ਦੇਣ ।
10ਤਦ ਲੋਕਾਂ ਤੋਂ ਬੇਗ਼ਾਰ ਕਰਾਉਣ ਵਾਲਿਆਂ ਅਤੇ ਉਨ੍ਹਾਂ ਤੋਂ ਗ਼ੁਲਾਮੀ ਕਰਾਉਣ ਵਾਲਿਆਂ ਨੇ ਬਾਹਰ ਜਾ ਕੇ ਲੋਕਾਂ ਨੂੰ ਆਖਿਆ ਕਿ ਫ਼ਿਰਊਨ ਇਸ ਤਰ੍ਹਾਂ ਆਖਦਾ ਹੈ ਕਿ ਮੈਂ ਤੁਹਾਨੂੰ ਤੂੜੀ ਨਹੀਂ ਦਿਆਂਗਾ ।11ਤੁਸੀਂ ਜਾਓ ਅਤੇ ਆਪਣੇ ਲਈ ਤੂੜੀ ਜਿੱਥੋਂ ਤੁਹਾਨੂੰ ਲੱਭੇ ਆਪ ਲਿਆਓ । ਤੁਹਾਡੀ ਸੇਵਾ ਤੋਂ ਕੁੱਝ ਵੀ ਨਹੀਂ ਘਟੇਗਾ ।
12ਤਦ ਉਹ ਲੋਕ ਸਾਰੇ ਮਿਸਰ ਦੇਸ ਵਿੱਚ ਤੂੜੀ ਦੀ ਥਾਂ ਭੁੱਠਾ ਚੁਗਣ ਲਈ ਤਿੱਤਰ-ਬਿੱਤਰ ਹੋ ਗਏ ।13ਬੇਗ਼ਾਰ ਕਰਾਉਣ ਵਾਲਿਆਂ ਨੇ ਜ਼ੋਰ ਕਰ ਕੇ ਆਖਿਆ, ਤੁਸੀਂ ਆਪਣਾ ਰੋਜ਼ ਦਾ ਕੰਮ ਰੋਜ਼ ਪੂਰਾ ਕਰੋ ਜਿਵੇਂ ਤੂੜੀ ਦੇ ਹੁੰਦਿਆਂ ਤੇ ਕਰਦੇ ਸੀ ।14ਇਸਰਾਏਲੀਆਂ ਦੇ ਸਰਦਾਰਾਂ ਨੇ ਜਿਨ੍ਹਾਂ ਨੂੰ ਫ਼ਿਰਊਨ ਦੇ ਬੇਗ਼ਾਰ ਕਰਾਉਣ ਵਾਲਿਆਂ ਨੇ ਉਨ੍ਹਾਂ ਉੱਤੇ ਨਿਯੁਕਤ ਕੀਤਾ ਹੋਇਆ ਸੀ, ਮਾਰ ਖਾਧੀ । ਉਨ੍ਹਾਂ ਨੂੰ ਇਹ ਆਖਿਆ ਗਿਆ ਕਿ ਤੁਸੀਂ ਆਪਣਾ ਇੱਟਾਂ ਬਣਾਉਣ ਦਾ ਕੰਮ ਕੱਲ ਪਰਸੋਂ ਤੇ ਅੱਜ ਵੀ ਪੂਰਾ ਕਿਉਂ ਨਹੀਂ ਕੀਤਾ ? ।
15ਤਦ ਇਸਰਾਏਲੀਆਂ ਦੇ ਸਰਦਾਰ ਅੰਦਰ ਆਏ ਅਤੇ ਫ਼ਿਰਊਨ ਕੋਲ ਦੁਹਾਈ ਦਿੱਤੀ ਕਿ ਤੁਸੀਂ ਆਪਣੇ ਦਾਸਾਂ ਨਾਲ ਅਜਿਹਾ ਕਿਉਂ ਕੀਤਾ ?16ਤੁਹਾਡੇ ਦਾਸਾਂ ਨੂੰ ਤੂੜੀ ਨਹੀਂ ਦਿੱਤੀ ਜਾਂਦੀ ਅਤੇ ਸਾਨੂੰ ਆਖਦੇ ਹਨ, ਇੱਟਾਂ ਬਣਾਓ ! ਵੇਖੋ, ਤੁਹਾਡੇ ਦਾਸਾਂ ਨੂੰ ਮਾਰ ਪੈਂਦੀ ਹੈ । ਦੋਸ਼ ਤੁਹਾਡੇ ਲੋਕਾਂ ਦਾ ਹੈ ।17ਉਸ ਨੇ ਆਖਿਆ, ਤੁਸੀਂ ਆਲਸੀ ਹੋ, ਢਿੱਲੇ ! ਇਸੇ ਕਰਕੇ ਤੁਸੀਂ ਆਖੀ ਜਾਂਦੇ ਹੋ, ਸਾਨੂੰ ਜਾਣ ਦੇ ਤਾਂ ਜੋ ਅਸੀਂ ਯਹੋਵਾਹ ਲਈ ਬਲੀਆਂ ਚੜ੍ਹਾਈਏ ।18ਹੁਣ ਜਾਓ ਅਤੇ ਕੰਮ ਕਰੋ ਪਰ ਤੂੜੀ ਤੁਹਾਨੂੰ ਨਹੀਂ ਦਿੱਤੀ ਜਾਵੇਗੀ ਅਤੇ ਇੱਟਾਂ ਦਾ ਹਿਸਾਬ ਪੂਰਾ ਕਰਨਾ ਪਵੇਗਾ ।
19ਤਦ ਇਸਰਾਏਲੀਆਂ ਦੇ ਸਰਦਾਰਾਂ ਨੇ ਵੇਖ ਲਿਆ ਕਿ ਅਸੀਂ ਬੁਰੇ ਹਾਲ ਵਿੱਚ ਹਾਂ, ਜਦ ਆਖਿਆ ਜਾਂਦਾ ਹੈ, ਤੁਸੀਂ ਆਪਣੇ ਰੋਜ਼ ਦੇ ਇੱਟਾਂ ਦੇ ਕੰਮ ਵਿੱਚੋਂ ਕੁੱਝ ਨਾ ਘਟਾਓ ।20ਜਦ ਉਹ ਫ਼ਿਰਊਨ ਕੋਲੋਂ ਬਾਹਰ ਨਿੱਕਲੇ ਤਦ ਮੂਸਾ ਅਤੇ ਹਾਰੂਨ ਨੂੰ ਜਿਹੜੇ ਉਨ੍ਹਾਂ ਦੇ ਮਿਲਣ ਨੂੰ ਰਾਹ ਵਿੱਚ ਖੜ੍ਹੇ ਸਨ, ਮਿਲੇ ।21ਤਦ ਉਨ੍ਹਾਂ ਨੇ ਉਨ੍ਹਾਂ ਨੂੰ ਆਖਿਆ, ਯਹੋਵਾਹ ਤੁਹਾਨੂੰ ਵੇਖੇ ਤੇ ਨਿਆਂ ਕਰੇ ਕਿਉਂ ਜੋ ਤੁਸੀਂ ਸਾਡੀ ਬਾਸ਼ਨਾ ਫ਼ਿਰਊਨ ਦੇ ਅੱਗੇ ਅਤੇ ਉਸ ਦੇ ਸੇਵਕਾਂ ਦੇ ਅੱਗੇ ਗੰਦੀ ਬਣਾ ਦਿੱਤੀ ਹੈ ਅਤੇ ਸਾਨੂੰ ਜਾਨ ਤੋਂ ਮਾਰਨ ਲਈ ਉਨ੍ਹਾਂ ਦੇ ਹੱਥ ਵਿੱਚ ਤੇਗ ਦੇ ਦਿੱਤੀ ਹੈ ।
ਮੂਸਾ ਪਰਮੇਸ਼ੁਰ ਨੂੰ ਸ਼ਿਕਾਇਤ ਕਰਦਾ ਹੈ

22ਫਿਰ ਮੂਸਾ ਯਹੋਵਾਹ ਵੱਲ ਮੁੜਿਆ ਅਤੇ ਆਖਿਆ, ਹੇ ਪ੍ਰਭੂ, ਤੂੰ ਕਿਉਂ ਇਸ ਪਰਜਾ ਉੱਤੇ ਬੁਰਿਆਈ ਆਉਣ ਦਿੱਤੀ ਅਤੇ ਤੂੰ ਮੈਨੂੰ ਕਿਉਂ ਭੇਜਿਆ ?23ਕਿਉਂਕਿ ਜਿਸ ਵੇਲੇ ਤੋਂ ਮੈਂ ਤੇਰਾ ਨਾਮ ਲੈ ਕੇ ਫ਼ਿਰਊਨ ਨਾਲ ਗੱਲਾਂ ਕਰਨ ਲਈ ਆਇਆ ਤਦ ਤੋਂ ਹੀ ਉਸ ਨੇ ਇਸ ਪਰਜਾ ਨਾਲ ਬੁਰਿਆਈ ਕੀਤੀ ਅਤੇ ਤੂੰ ਵੀ ਆਪਣੀ ਪਰਜਾ ਨੂੰ ਛੁਟਕਾਰਾ ਨਾ ਦਿੱਤਾ ।

6

1ਯਹੋਵਾਹ ਨੇ ਮੂਸਾ ਨੂੰ ਆਖਿਆ, ਹੁਣ ਤੂੰ ਵੇਖੇਂਗਾ ਕਿ ਮੈਂ ਫ਼ਿਰਊਨ ਨਾਲ ਕੀ ਕਰਾਂਗਾ ਕਿਉਂ ਜੋ ਉਹ ਮੇਰੇ ਹੱਥ ਦੇ ਬਲ ਕਾਰਨ ਉਨ੍ਹਾਂ ਨੂੰ ਜਾਣ ਦੇਵੇਗਾ ਸਗੋਂ ਹੱਥ ਦੇ ਬਲ ਨਾਲ ਉਹ ਉਨ੍ਹਾਂ ਨੂੰ ਆਪਣੇ ਦੇਸ ਵਿੱਚੋਂ ਕੱਢ ਦੇਵੇਗਾ ।

ਮੂਸਾ ਨੂੰ ਬੁਲਾਉਣਾ

2ਫਿਰ ਪਰਮੇਸ਼ੁਰ ਨੇ ਮੂਸਾ ਨਾਲ ਗੱਲ ਕੀਤੀ ਅਤੇ ਉਸ ਨੂੰ ਆਖਿਆ, ਮੈਂ ਯਹੋਵਾਹ ਹਾਂ3ਮੈਂ ਅਬਰਾਹਾਮ, ਇਸਹਾਕ ਅਤੇ ਯਾਕੂਬ ਨੂੰ ਸਰਬ ਸ਼ਕਤੀਮਾਨ ਪਰਮੇਸ਼ੁਰ ਦੇ ਨਾਮ ਉੱਤੇ ਦਰਸ਼ਨ ਦਿੱਤਾ ਪਰ ਮੈਂ ਆਪਣੇ ਯਹੋਵਾਹ ਨਾਮ ਨਾਲ ਉਨ੍ਹਾਂ ਉੱਤੇ ਪਰਗਟ ਨਹੀਂ ਹੋਇਆ ।4ਮੈਂ ਉਨ੍ਹਾਂ ਨਾਲ ਆਪਣੇ ਨੇਮ ਵੀ ਕਾਇਮ ਕੀਤਾ ਤਾਂ ਜੋ ਮੈਂ ਉਹਨਾਂ ਨੂੰ ਕਨਾਨ ਦੇਸ ਦੇਵਾਂ ਅਰਥਾਤ ਉਹਨਾਂ ਦੀ ਮੁਸਾਫਰੀ ਦਾ ਦੇਸ ਜਿਸ ਵਿੱਚ ਉਹ ਪਰਦੇਸੀ ਰਹੇ ।5ਮੈਂ ਇਸਰਾਏਲੀਆਂ ਦੇ ਹਾਉਂਕੇ ਵੀ ਸੁਣੇ ਜਿਨ੍ਹਾਂ ਨੂੰ ਮਿਸਰੀ ਗ਼ੁਲਾਮੀ ਵਿੱਚ ਰੱਖਦੇ ਹਨ ਅਤੇ ਮੈਂ ਆਪਣੇ ਨੇਮ ਨੂੰ ਚੇਤੇ ਕੀਤਾ ਹੈ ।
6ਇਸ ਲਈ ਇਸਰਾਏਲੀਆਂ ਨੂੰ ਆਖ, ਮੈਂ ਯਹੋਵਾਹ ਹਾਂ ਅਤੇ ਮੈਂ ਤੁਹਾਨੂੰ ਮਿਸਰੀਆਂ ਦੀ ਬੇਗ਼ਾਰ ਹੇਠੋਂ ਕੱਢ ਲਵਾਂਗਾ ਅਤੇ ਮੈਂ ਤੁਹਾਨੂੰ ਉਨ੍ਹਾਂ ਦੀ ਗ਼ੁਲਾਮੀ ਤੋਂ ਛੁਟਕਾਰਾ ਦਿਆਂਗਾ ਅਤੇ ਮੈਂ ਆਪਣੀ ਬਾਂਹ ਲੰਮੀ ਕਰ ਕੇ ਵੱਡੇ ਨਿਆਵਾਂ ਨਾਲ ਤੁਹਾਨੂੰ ਛੁਡਾਵਾਂਗਾ ।7ਮੈਂ ਤੁਹਾਨੂੰ ਆਪਣੀ ਪਰਜਾ ਹੋਣ ਲਈ ਲਵਾਂਗਾ ਅਤੇ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ, ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ, ਜਿਹੜਾ ਤੁਹਾਨੂੰ ਮਿਸਰੀਆਂ ਦੀ ਬੇਗ਼ਾਰ ਹੇਠੋਂ ਕੱਢ ਲਿਆਉਂਦਾ ਹਾਂ ।
8ਮੈਂ ਤੁਹਾਨੂੰ ਉਸ ਦੇਸ ਵਿੱਚ ਲਿਆਵਾਂਗਾ, ਜਿਸ ਦੇ ਦੇਣ ਦੀ ਮੈਂ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਸਹੁੰ ਖਾਧੀ ਸੀ, ਮੈਂ ਤੁਹਾਨੂੰ ਉਹ ਮਿਲਖ ਵਿੱਚ ਦਿਆਂਗਾ । ਮੈਂ ਯਹੋਵਾਹ ਹਾਂ ।9ਉਪਰੰਤ ਮੂਸਾ ਨੇ ਇਸਰਾਏਲੀਆਂ ਨਾਲ ਉਸੇ ਤਰ੍ਹਾਂ ਹੀ ਗੱਲ ਕੀਤੀ ਪਰ ਉਨ੍ਹਾਂ ਨੇ ਆਤਮਾ ਦੇ ਦੁੱਖ ਅਤੇ ਗ਼ੁਲਾਮੀ ਦੀ ਸਖਤੀ ਦੇ ਕਾਰਨ ਮੂਸਾ ਦੀ ਨਾ ਸੁਣੀ ।
10ਤਦ ਯਹੋਵਾਹ ਨੇ ਮੂਸਾ ਨਾਲ ਗੱਲ ਕੀਤੀ ਕਿ ਜਾ ਅਤੇ ਮਿਸਰ ਦੇ ਰਾਜਾ ਫ਼ਿਰਊਨ ਨਾਲ ਗੱਲ ਕਰ11ਕਿ ਉਹ ਇਸਰਾਏਲੀਆਂ ਨੂੰ ਆਪਣੇ ਦੇਸ ਵਿੱਚੋਂ ਜਾਣ ਦੇਵੇ ।12ਤਦ ਮੂਸਾ ਨੇ ਯਹੋਵਾਹ ਦੇ ਸਨਮੁਖ ਇਸ ਤਰ੍ਹਾਂ ਗੱਲ ਕੀਤੀ, ਵੇਖ, ਇਸਰਾਏਲੀਆਂ ਨੇ ਤਾਂ ਮੇਰੀ ਨਾ ਸੁਣੀ, ਤਦ ਫ਼ਿਰਊਨ ਕਿਵੇਂ ਮੇਰੀ ਸੁਣੇਗਾ, ਮੈਂ ਜਿਹੜਾ ਅਟਕ-ਅਟਕ ਕੇ ਬੋਲਣ ਵਾਲਾ ਹਾਂ ?13ਫਿਰ ਯਹੋਵਾਹ ਨੇ ਮੂਸਾ ਅਤੇ ਹਾਰੂਨ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਇਸਰਾਏਲੀਆਂ ਲਈ ਅਤੇ ਮਿਸਰ ਦੇ ਰਾਜਾ ਫ਼ਿਰਊਨ ਲਈ ਹੁਕਮ ਦਿੱਤਾ ਕਿ ਉਹ ਇਸਰਾਏਲੀਆਂ ਨੂੰ ਮਿਸਰ ਦੇਸ ਵਿੱਚੋਂ ਬਾਹਰ ਲੈ ਜਾਣ ।
ਮੂਸਾ ਅਤੇ ਹਾਰੂਨ ਦੀ ਵੰਸ਼ਾਵਲੀ

14ਉਨ੍ਹਾਂ ਦੇ ਪਿਤਰਾਂ ਦੇ ਘਰਾਣਿਆਂ ਦੇ ਮੋਹਰੀ ਇਹ ਹਨ - ਰਊਬੇਨ ਇਸਰਾਏਲ ਦੇ ਜੇਠੇ ਦੇ ਪੁੱਤਰ ਹਨੋਕ ਅਤੇ ਫੱਲੂ, ਹਸਰੋਨ ਅਤੇ ਕਰਮੀ ਹਨ, ਇਹ ਰਊਬੇਨ ਦੀਆਂ ਕੁੱਲਾਂ ਹਨ ।15ਸ਼ਿਮਓਨ ਦੇ ਪੁੱਤਰ ਯਮੂਏਲ ਯਾਮੀਨ ਓਹਦ ਯਾਕੀਨ ਸੋਹਰ ਅਤੇ ਸ਼ਾਊਲ ਕਨਾਨੀ ਔਰਤ ਦਾ ਪੁੱਤਰ, ਇਹ ਸ਼ਿਮਓਨ ਦੀਆਂ ਮੂੰਹੀਆਂ ਹਨ ।
16ਲੇਵੀ ਦੇ ਪੁੱਤਰਾਂ ਦੇ ਨਾਮ ਉਨ੍ਹਾਂ ਦੀ ਕੁਲਪੱਤ੍ਰੀ ਅਨੁਸਾਰ ਇਹ ਹਨ - ਗੇਰਸ਼ੋਨ, ਕਹਾਥ, ਮਰਾਰੀ ਅਤੇ ਲੇਵੀ ਦੇ ਜੀਵਨ ਦੇ ਸਾਲ, ਇੱਕ ਸੌ ਸੈਂਤੀ ਸਨ ।17ਗੇਰਸ਼ੋਨ ਦੇ ਪੁੱਤਰ ਲਿਬਨੀ ਅਤੇ ਸ਼ਮਈ ਆਪਣੀਆਂ ਮੂੰਹੀਆਂ ਦੇ ਅਨੁਸਾਰ ਹਨ ।18ਕਹਾਥ ਦੇ ਪੁੱਤਰ ਅਮਰਾਮ, ਯਿਸਹਾਰ, ਹਬਰੋਨ ਅਤੇ ਉੱਜ਼ੀਏਲ ਹਨ ਅਤੇ ਕਹਾਥ ਦੇ ਜੀਵਨ ਦੇ ਸਾਲ ਇੱਕ ਸੌ ਤੇਤੀ ਸਨ ।19ਮਰਾਰੀ ਦੇ ਪੁੱਤਰ ਮਹਲੀ ਅਤੇ ਮੂਸ਼ੀ ਹਨ । ਲੇਵੀ ਦੀਆਂ ਮੂੰਹੀਆਂ ਉਨ੍ਹਾਂ ਦੀ ਕੁਲਪੱਤ੍ਰੀ ਅਨੁਸਾਰ ਇਹ ਹਨ ।
20ਅਮਰਾਮ ਨੇ ਆਪਣੀ ਫੁੱਫੀ ਯੋਕਬਦ ਨੂੰ ਵਿਆਹ ਲਿਆ ਅਤੇ ਉਹ ਉਸ ਦੇ ਲਈ ਹਾਰੂਨ ਅਤੇ ਮੂਸਾ ਨੂੰ ਜਨਮ ਦਿੱਤਾ ਅਤੇ ਅਮਰਾਮ ਦੇ ਜੀਵਨ ਦੇ ਸਾਲ ਇੱਕ ਸੌ ਸੈਂਤੀ ਸਨ ।21ਯਿਸਹਾਰ ਦੇ ਪੁੱਤਰ ਕੋਰਹ ਅਤੇ ਨਫ਼ਗ ਅਤੇ ਜਿਕਰੀ ਹਨ ।22ਉੱਜ਼ੀਏਲ ਦੇ ਪੁੱਤਰ ਮੀਸ਼ਾਏਲ ਅਤੇ ਅਲਸਾਫਾਨ ਅਤੇ ਸਿਤਰੀ ਹਨ ।
23ਹਾਰੂਨ ਨੇ ਨਹਸੋਨ ਦੀ ਭੈਣ ਅਮੀਨਾਦਾਬ ਦੀ ਧੀ, ਅਲੀਸਬਾ ਨੂੰ ਵਿਆਹ ਲਿਆ ਅਤੇ ਉਸ ਨੇ ਨਾਦਾਬ, ਅਬੀਹੂ, ਅਲਆਜਾਰ ਅਤੇ ਈਥਾਮਾਰ ਨੂੰ ਉਸ ਲਈ ਜਨਮ ਦਿੱਤਾ ।24ਕੋਰਹ ਦੇ ਪੁੱਤਰ ਅੱਸੀਰ, ਅਲਕਾਨਾਹ ਅਤੇ ਅਬੀਆਸਾਫ਼ ਹਨ ਇਹ ਕੋਰਹ ਦੀਆਂ ਮੂੰਹੀਆਂ ਹਨ ।25ਹਾਰੂਨ ਦੇ ਪੁੱਤਰ ਅਲਆਜਾਰ ਨੇ ਫੂਟੀਏਲ ਦੀਆਂ ਧੀਆਂ ਵਿੱਚੋਂ ਇੱਕ ਨੂੰ ਵਿਆਹ ਲਿਆ ਅਤੇ ਉਹ ਉਹ ਦੇ ਲਈ ਫ਼ੀਨਹਾਸ ਨੂੰ ਜਣੀ । ਇਹ ਲੇਵੀਆਂ ਦੇ ਪਿਉ-ਦਾਦਿਆਂ ਦੇ ਮੋਹਰੀ ਆਪਣੀਆਂ ਮੂੰਹੀਆਂ ਦੇ ਅਨੁਸਾਰ ਹਨ ।
26ਹਾਰੂਨ ਅਤੇ ਮੂਸਾ ਉਹ ਹਨ, ਜਿਨ੍ਹਾਂ ਨੂੰ ਯਹੋਵਾਹ ਨੇ ਆਖਿਆ ਸੀ ਕਿ ਇਸਰਾਏਲੀਆਂ ਨੂੰ ਉਨ੍ਹਾਂ ਦੀਆਂ ਸੈਨਾਂ ਅਨੁਸਾਰ ਮਿਸਰ ਦੇਸ ਤੋਂ ਕੱਢ ਲਿਆਓ ।27ਇਹ ਉਹ ਹਨ ਜਿਨ੍ਹਾਂ ਨੇ ਮਿਸਰ ਦੇ ਰਾਜਾ ਫ਼ਿਰਊਨ ਨਾਲ ਗੱਲਾਂ ਕੀਤੀਆਂ ਕਿ ਉਹ ਇਸਰਾਏਲੀਆਂ ਨੂੰ ਮਿਸਰ ਤੋਂ ਕੱਢ ਲੈਣ । ਇਹ ਉਹ ਮੂਸਾ ਅਤੇ ਹਾਰੂਨ ਹਨ ।
ਮੂਸਾ ਅਤੇ ਹਾਰੂਨ ਨੂੰ ਪਰਮੇਸ਼ੁਰ ਦਾ ਆਦੇਸ਼

28ਤਦ ਅਜਿਹਾ ਹੋਇਆ ਕਿ ਜਿਸ ਦਿਨ ਯਹੋਵਾਹ ਨੇ ਮਿਸਰ ਦੇਸ ਵਿੱਚ ਮੂਸਾ ਨਾਲ ਗੱਲ ਕੀਤੀ29ਤਦ ਯਹੋਵਾਹ ਮੂਸਾ ਨੂੰ ਇਸ ਤਰ੍ਹਾਂ ਬੋਲਿਆ ਕਿ ਮੈਂ ਯਹੋਵਾਹ ਹਾਂ, ਮਿਸਰ ਦੇ ਰਾਜਾ ਫ਼ਿਰਊਨ ਨਾਲ ਉਹ ਸਾਰੀਆਂ ਗੱਲਾਂ ਕਰ, ਜਿਹੜੀਆਂ ਮੈਂ ਤੈਨੂੰ ਆਖੀਆਂ ਹਨ ।30ਫਿਰ ਮੂਸਾ ਨੇ ਯਹੋਵਾਹ ਦੇ ਸਨਮੁਖ ਆਖਿਆ, ਵੇਖ, ਮੈਂ ਅਟਕ-ਅਟਕ ਕੇ ਬੋਲਣ ਵਾਲਾ ਹਾਂ । ਫ਼ਿਰਊਨ ਮੇਰੀ ਕਿਵੇਂ ਸੁਣੇਗਾ ?

7

1ਯਹੋਵਾਹ ਨੇ ਮੂਸਾ ਨੂੰ ਆਖਿਆ, ਵੇਖ, ਮੈਂ ਤੈਨੂੰ ਫ਼ਿਰਊਨ ਲਈ ਪਰਮੇਸ਼ੁਰ ਵਰਗਾ ਠਹਿਰਾਇਆ ਹੈ ਅਤੇ ਤੇਰਾ ਭਰਾ ਹਾਰੂਨ ਤੇਰੇ ਲਈ ਨਬੀ ਹੋਵੇਗਾ ।2ਤੂੰ ਉਹ ਸਾਰੀਆਂ ਗੱਲਾਂ ਜਿਨ੍ਹਾਂ ਦਾ ਮੈਂ ਤੈਨੂੰ ਹੁਕਮ ਦਿੱਤਾ ਹੈ ਕਰੀਂ ਅਤੇ ਤੇਰਾ ਭਰਾ ਹਾਰੂਨ ਫ਼ਿਰਊਨ ਨਾਲ ਗੱਲਾਂ ਕਰੇਗਾ ਕਿ ਉਹ ਇਸਰਾਏਲੀਆਂ ਨੂੰ ਆਪਣੇ ਦੇਸ ਤੋਂ ਜਾਣ ਦੇਵੇ

3ਮੈਂ ਫ਼ਿਰਊਨ ਦੇ ਮਨ ਨੂੰ ਕਠੋਰ ਹੋਣ ਦੇਵਾਂਗਾ, ਆਪਣੇ ਨਿਸ਼ਾਨਾਂ ਅਤੇ ਅਚਰਜ ਕੰਮਾਂ ਨੂੰ ਮਿਸਰ ਦੇਸ ਵਿੱਚ ਵਧਾਵਾਂਗਾ ।4ਪਰ ਫ਼ਿਰਊਨ ਤੁਹਾਡੀ ਨਹੀਂ ਸੁਣੇਗਾ ਅਤੇ ਮੈਂ ਆਪਣਾ ਹੱਥ ਮਿਸਰ ਉੱਤੇ ਪਾਵਾਂਗਾ ਅਤੇ ਆਪਣੀਆਂ ਸੈਨਾਂ ਅਰਥਾਤ ਆਪਣੀ ਪਰਜਾ ਇਸਰਾਏਲ ਨੂੰ ਵੱਡਿਆਂ ਨਿਆਵਾਂ ਨਾਲ ਮਿਸਰ ਦੇਸ ਤੋਂ ਬਾਹਰ ਲੈ ਆਵਾਂਗਾ ।5ਤਦ ਮਿਸਰੀ ਜਾਣਨਗੇ ਕਿ ਮੈਂ ਯਹੋਵਾਹ ਹਾਂ, ਜਦ ਮੈਂ ਮਿਸਰ ਉੱਤੇ ਆਪਣਾ ਹੱਥ ਪਸਾਰਾਂਗਾ ਅਤੇ ਇਸਰਾਏਲੀਆਂ ਨੂੰ ਉਨ੍ਹਾਂ ਵਿੱਚੋਂ ਕੱਢ ਲਿਆਵਾਂਗਾ ।
6ਤਦ ਮੂਸਾ ਅਤੇ ਹਾਰੂਨ ਨੇ ਉਸੇ ਤਰ੍ਹਾਂ ਹੀ ਕੀਤਾ ਜਿਵੇਂ ਯਹੋਵਾਹ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਸੀ ।7ਜਿਸ ਸਮੇਂ ਉਨ੍ਹਾਂ ਦੋਹਾਂ ਨੇ ਫ਼ਿਰਊਨ ਨਾਲ ਗੱਲ ਕੀਤੀ, ਮੂਸਾ ਅੱਸੀ ਸਾਲਾਂ ਦਾ ਅਤੇ ਹਾਰੂਨ ਤਰਿਆਸੀ ਸਾਲਾਂ ਦਾ ਸੀ ।
ਹਾਰੂਨ ਦਾ ਢਾਂਗਾ

8ਤਦ ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਇਸ ਤਰ੍ਹਾਂ ਆਖਿਆ,9ਜਦ ਫ਼ਿਰਊਨ ਤੁਹਾਡੇ ਨਾਲ ਇਹ ਗੱਲ ਕਰੇ ਕਿ ਤੁਸੀਂ ਕੋਈ ਅਚਰਜ ਕੰਮ ਵਿਖਾਓ ਤਦ ਤੂੰ ਹਾਰੂਨ ਨੂੰ ਕਹੀਂ ਕਿ ਤੂੰ ਆਪਣੀ ਲਾਠੀ ਲੈ ਕੇ ਫ਼ਿਰਊਨ ਅੱਗੇ ਸੁੱਟ ਦੇ ਤਾਂ ਜੋ ਉਹ ਇੱਕ ਸਰਾਲ ਹੋ ਜਾਵੇ ।10ਮੂਸਾ ਅਤੇ ਹਾਰੂਨ ਫ਼ਿਰਊਨ ਕੋਲ ਗਏ ਅਤੇ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਸੀ । ਹਾਰੂਨ ਨੇ ਆਪਣੀ ਲਾਠੀ ਫ਼ਿਰਊਨ ਦੇ ਅੱਗੇ ਅਤੇ ਉਸ ਦੇ ਸੇਵਕਾਂ ਦੇ ਅੱਗੇ ਸੁੱਟੀ, ਤਦ ਉਹ ਸਰਾਲ ਬਣ ਗਈ ।
11ਫਿਰ ਫ਼ਿਰਊਨ ਨੇ ਵੀ ਸਿਆਣਿਆਂ ਅਤੇ ਮੰਤਰੀਆਂ ਨੂੰ ਸੱਦਿਆ ਤਦ ਮਿਸਰ ਦੇ ਜਾਦੂਗਰਾਂ ਨੇ ਵੀ ਆਪਣੇ ਜੰਤਰਾਂ-ਮੰਤਰਾਂ ਨਾਲ ਉਸੇ ਤਰ੍ਹਾਂ ਹੀ ਕੀਤਾ ।12ਉਨ੍ਹਾਂ ਸਭਨਾਂ ਨੇ ਆਪਣੀਆਂ-ਆਪਣੀਆਂ ਲਾਠੀਆਂ ਸੁੱਟੀਆਂ ਅਤੇ ਉਹ ਸਰਾਲਾਂ ਹੋ ਗਈਆਂ ਪਰ ਹਾਰੂਨ ਦੀ ਲਾਠੀ ਉਨ੍ਹਾਂ ਦੀਆਂ ਲਾਠੀਆਂ ਨੂੰ ਨਿਗਲ ਗਈ ।13ਫ਼ਿਰਊਨ ਦਾ ਮਨ ਕਠੋਰ ਹੋ ਗਿਆ ਅਤੇ ਉਸ ਨੇ ਉਨ੍ਹਾਂ ਦੀ ਨਾ ਸੁਣੀ ਜਿਵੇਂ ਯਹੋਵਾਹ ਨੇ ਗੱਲ ਕੀਤੀ ਸੀ ।
ਮਿਸਰੀਆਂ ਦੇ ਉੱਤੇ ਦਸ ਭਾਰੀਆਂ ਬਿਪਤਾਵਾਂ ਪੈਣ ਦਾ ਵਰਣਨ

14ਫਿਰ ਯਹੋਵਾਹ ਨੇ ਮੂਸਾ ਨੂੰ ਆਖਿਆ, ਫ਼ਿਰਊਨ ਦਾ ਮਨ ਸਖ਼ਤ ਹੋ ਗਿਆ ਹੈ, ਜੋ ਉਹ ਲੋਕਾਂ ਨੂੰ ਨਹੀਂ ਜਾਣ ਦਿੰਦਾ ।15ਤੂੰ ਸਵੇਰੇ ਫ਼ਿਰਊਨ ਕੋਲ ਜਾਹ । ਵੇਖ, ਉਹ ਪਾਣੀ ਵੱਲ ਬਾਹਰ ਜਾਂਦਾ ਹੈ । ਤੂੰ ਦਰਿਆ ਦੇ ਕੰਢੇ ਉਸ ਦੇ ਮਿਲਣ ਲਈ ਖੜ੍ਹਾ ਹੋ ਜਾਵੀਂ ਅਤੇ ਉਹ ਲਾਠੀ ਜਿਹੜੀ ਸੱਪ ਬਣ ਗਈ ਸੀ, ਆਪਣੇ ਹੱਥ ਵਿੱਚ ਲਵੀਂ
16ਤੂੰ ਉਹ ਨੂੰ ਆਖੀਂ, ਯਹੋਵਾਹ ਇਬਰਾਨੀਆਂ ਦੇ ਪਰਮੇਸ਼ੁਰ ਨੇ ਮੈਨੂੰ ਤੇਰੇ ਕੋਲ ਇਹ ਕਹਿ ਕੇ ਭੇਜਿਆ ਹੈ ਕਿ ਮੇਰੀ ਪਰਜਾ ਨੂੰ ਜਾਣ ਦੇ ਤਾਂ ਜੋ ਉਹ ਉਜਾੜ ਵਿੱਚ ਮੇਰੀ ਉਪਾਸਨਾ ਕਰੇ ਅਤੇ ਵੇਖ, ਹੁਣ ਤੱਕ ਤੂੰ ਮੇਰੀ ਨਹੀਂ ਸੁਣੀ ।17ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਤੂੰ ਇਸ ਤੋਂ ਜਾਣੇਂਗਾ ਕਿ ਮੈਂ ਯਹੋਵਾਹ ਹਾਂ, ਵੇਖ, ਮੈਂ ਇਹ ਲਾਠੀ ਜਿਹੜੀ ਮੇਰੇ ਹੱਥ ਵਿੱਚ ਹੈ, ਪਾਣੀਆਂ ਉੱਤੇ ਜਿਹੜੇ ਦਰਿਆ ਵਿੱਚ ਹਨ, ਮਾਰਾਂਗਾ ਅਤੇ ਉਹ ਲਹੂ ਹੋ ਜਾਣਗੇ ।18ਮੱਛੀਆਂ ਜਿਹੜੀਆਂ ਦਰਿਆ ਵਿੱਚ ਹਨ, ਮਰ ਜਾਣਗੀਆਂ ਅਤੇ ਦਰਿਆ ਤੋਂ ਬਦਬੂ ਆਵੇਗੀ ਅਤੇ ਮਿਸਰੀ ਦਰਿਆ ਦੇ ਪਾਣੀ ਨੂੰ ਪੀਣ ਤੋਂ ਨਫ਼ਰਤ ਕਰਨਗੇ ।
19ਫਿਰ ਯਹੋਵਾਹ ਨੇ ਮੂਸਾ ਨੂੰ ਆਖਿਆ, ਹਾਰੂਨ ਨੂੰ ਆਖ ਕਿ ਆਪਣੀ ਲਾਠੀ ਲਵੇ ਅਤੇ ਆਪਣੇ ਹੱਥ ਮਿਸਰ ਦੇ ਪਾਣੀਆਂ ਉੱਤੇ ਅਰਥਾਤ ਉਨ੍ਹਾਂ ਦੀਆਂ ਨਹਿਰਾਂ ਉੱਤੇ, ਉਨ੍ਹਾਂ ਦੇ ਦਰਿਆਵਾਂ ਉੱਤੇ, ਉਨ੍ਹਾਂ ਦੇ ਤਲਾਬਾਂ ਉੱਤੇ ਅਤੇ ਉਨ੍ਹਾਂ ਦੇ ਪਾਣੀਆਂ ਦੇ ਸਾਰੇ ਭੰਡਾਰਾਂ ਉੱਤੇ ਪਸਾਰੇ ਤਾਂ ਜੋ ਉਹ ਲਹੂ ਹੋ ਜਾਣ ਅਤੇ ਸਾਰੇ ਮਿਸਰ ਦੇਸ ਵਿੱਚ ਲੱਕੜੀ ਅਤੇ ਪੱਥਰ ਦੇ ਭਾਂਡਿਆਂ ਵਿੱਚ ਲਹੂ ਹੋ ਜਾਵੇਗਾ ।
20ਤਦ ਮੂਸਾ ਅਤੇ ਹਾਰੂਨ ਨੇ ਉਸੇ ਤਰ੍ਹਾਂ ਹੀ ਕੀਤਾ ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਸੀ ਤਾਂ ਉਸ ਨੇ ਲਾਠੀ ਉਤਾਹਾਂ ਚੁੱਕ ਕੇ ਫ਼ਿਰਊਨ ਦੀਆਂ ਅੱਖਾਂ ਦੇ ਅੱਗੇ ਅਤੇ ਉਸ ਦੇ ਸੇਵਕਾਂ ਦੀਆਂ ਅੱਖਾਂ ਦੇ ਅੱਗੇ ਦਰਿਆ ਦੇ ਪਾਣੀਆਂ ਉੱਤੇ ਮਾਰੀ, ਤਾਂ ਸਾਰੇ ਪਾਣੀ ਜਿਹੜੇ ਦਰਿਆ ਵਿੱਚ ਸਨ ਲਹੂ ਬਣ ਗਏ ।21ਮੱਛੀਆਂ ਜਿਹੜੀਆਂ ਦਰਿਆ ਵਿੱਚ ਸਨ, ਮਰ ਗਈਆਂ ਅਤੇ ਦਰਿਆ ਤੋਂ ਬਦਬੂ ਆਈ ਅਤੇ ਮਿਸਰੀ ਦਰਿਆ ਦਾ ਪਾਣੀ ਪੀ ਨਹੀਂ ਸਕਦੇ ਸਨ ਅਤੇ ਮਿਸਰ ਦੇ ਸਾਰੇ ਦੇਸ ਵਿੱਚ ਲਹੂ ਹੋ ਗਿਆ ।22ਤਦ ਮਿਸਰ ਦੇ ਜਾਦੂਗਰਾਂ ਨੇ ਆਪਣੇ ਜੰਤਰਾਂ-ਮੰਤਰਾਂ ਨਾਲ ਉਸੇ ਤਰ੍ਹਾਂ ਹੀ ਕੀਤਾ ਪਰ ਫ਼ਿਰਊਨ ਦਾ ਮਨ ਕਠੋਰ ਹੋ ਗਿਆ ਜੋ ਉਸ ਨੇ ਉਨ੍ਹਾਂ ਦੀ ਨਾ ਸੁਣੀ, ਜਿਵੇਂ ਯਹੋਵਾਹ ਨੇ ਆਖਿਆ ਸੀ ।
23ਤਦ ਫ਼ਿਰਊਨ ਮੁੜ ਕੇ ਆਪਣੇ ਮਹਿਲ ਚਲਾ ਗਿਆ ਅਤੇ ਇਸ ਗੱਲ ਉੱਤੇ ਵੀ ਆਪਣਾ ਮਨ ਨਾ ਲਾਇਆ ।24ਤਦ ਸਾਰੇ ਮਿਸਰੀ ਦਰਿਆ ਦੇ ਆਲੇ-ਦੁਆਲੇ ਪੀਣ ਦੇ ਪਾਣੀ ਲਈ ਪੁੱਟਣ ਲੱਗੇ ਕਿਉਂ ਜੋ ਉਹ ਦਰਿਆ ਦਾ ਪਾਣੀ ਨਾ ਪੀ ਸਕੇ25ਸੱਤ ਦਿਨ ਪੂਰੇ ਹੋਏ, ਉਸ ਦੇ ਬਾਅਦ ਯਹੋਵਾਹ ਨੇ ਦਰਿਆ ਨੂੰ ਮਾਰਿਆ ।

8
ਡੱਡੂਆਂ ਦਾ ਹਮਲਾ

1ਫਿਰ ਯਹੋਵਾਹ ਨੇ ਮੂਸਾ ਨੂੰ ਆਖਿਆ, ਫ਼ਿਰਊਨ ਕੋਲ ਜਾ ਕੇ ਉਸ ਨੂੰ ਆਖ ਕਿ ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਮੇਰੀ ਪਰਜਾ ਨੂੰ ਜਾਣ ਦੇ ਤਾਂ ਜੋ ਉਹ ਮੇਰੀ ਉਪਾਸਨਾ ਕਰੇ2ਜੇ ਤੂੰ ਉਨ੍ਹਾਂ ਦੇ ਭੇਜਣ ਤੋਂ ਮੁੱਕਰ ਜਾਵੇ ਤਾਂ ਵੇਖ, ਮੈਂ ਤੇਰੀਆਂ ਸਾਰੀਆਂ ਹੱਦਾਂ ਨੂੰ ਡੱਡੂਆਂ ਨਾਲ ਮਾਰਾਂਗਾ ।3ਦਰਿਆ ਡੱਡੂਆਂ ਦੇ ਝੁੰਡਾਂ ਨਾਲ ਭਰ ਜਾਵੇਗਾ ਅਤੇ ਉਹ ਚੜ੍ਹਨਗੇ ਅਤੇ ਤੇਰੇ ਮਹਿਲ ਵਿੱਚ, ਤੇਰੇ ਸੌਣ ਦੇ ਬਿਸਤਰੇ ਵਿੱਚ, ਤੇਰੀ ਸੇਜ਼ ਉੱਤੇ, ਤੇਰੇ ਟਹਿਲੂਆਂ ਦੇ ਘਰਾਂ ਵਿੱਚ, ਤੇਰੀ ਪਰਜਾ ਵਿੱਚ, ਤੇਰੇ ਤੰਦੂਰਾਂ ਵਿੱਚ, ਅਤੇ ਤੇਰੇ ਗੁੰਨ੍ਹਣ ਦੀਆਂ ਪਰਾਤਾਂ ਵਿੱਚ ਆਉਣਗੇ ।4ਡੱਡੂ ਤੇਰੇ ਉੱਤੇ, ਤੇਰੀ ਪਰਜਾ ਉੱਤੇ ਅਤੇ ਤੇਰੇ ਸਾਰੇ ਸੇਵਕਾਂ ਉੱਤੇ ਚੜ੍ਹਨਗੇ । ਫਿਰ ਯਹੋਵਾਹ ਨੇ ਮੂਸਾ ਨੂੰ ਆਖਿਆ, ਹਾਰੂਨ ਨੂੰ ਆਖ ਕਿ

5ਉਹ ਆਪਣਾ ਹੱਥ ਆਪਣੀ ਲਾਠੀ ਨਾਲ ਨਦੀਆਂ ਉੱਤੇ, ਦਰਿਆਵਾਂ ਉੱਤੇ ਅਤੇ ਤਲਾਬਾਂ ਉੱਤੇ ਪਸਾਰੇ ਅਤੇ ਡੱਡੂਆਂ ਨੂੰ ਮਿਸਰ ਦੇਸ ਉੱਤੇ ਚੜ੍ਹਾ ਦੇਵੇ ।6ਤਦ ਹਾਰੂਨ ਨੇ ਆਪਣਾ ਹੱਥ ਮਿਸਰ ਦੇ ਪਾਣੀਆਂ ਉੱਤੇ ਪਸਾਰਿਆ ਤਦ ਡੱਡੂ ਚੜ੍ਹ ਆਏ ਅਤੇ ਮਿਸਰ ਦੇਸ ਨੂੰ ਭਰ ਦਿੱਤਾ ।7ਤਦ ਜਾਦੂਗਰਾਂ ਨੇ ਆਪਣੇ ਜੰਤਰਾਂ-ਮੰਤਰਾਂ ਨਾਲ ਉਸੇ ਤਰ੍ਹਾਂ ਹੀ ਕੀਤਾ ਅਤੇ ਮਿਸਰ ਦੇਸ ਉੱਤੇ ਡੱਡੂ ਲੈ ਆਏ ।
8ਤਦ ਫ਼ਿਰਊਨ ਨੇ ਮੂਸਾ ਅਤੇ ਹਾਰੂਨ ਨੂੰ ਬੁਲਾ ਕੇ ਆਖਿਆ, ਯਹੋਵਾਹ ਦੇ ਅੱਗੇ ਬੇਨਤੀ ਕਰੋ ਤਾਂ ਜੋ ਉਹ ਡੱਡੂਆਂ ਨੂੰ ਮੇਰੇ ਤੋਂ ਅਤੇ ਮੇਰੀ ਪਰਜਾ ਤੋਂ ਦੂਰ ਕਰ ਦੇਵੇ । ਮੈਂ ਜ਼ਰੂਰ ਲੋਕਾਂ ਨੂੰ ਜਾਣ ਦੇਵਾਂਗਾ ਤਾਂ ਜੋ ਉਹ ਯਹੋਵਾਹ ਲਈ ਬਲੀ ਚੜ੍ਹਾਉਣ ।9ਤਦ ਮੂਸਾ ਨੇ ਫ਼ਿਰਊਨ ਨੂੰ ਆਖਿਆ, ਕਿਰਪਾ ਕਰ ਕੇ ਮੈਨੂੰ ਦੱਸੋ ਕਿ ਮੈਂ ਕਦ ਤੋਂ ਤੁਹਾਡੇ ਅਤੇ ਤੁਹਾਡੇ ਸੇਵਕਾਂ ਅਤੇ ਤੁਹਾਡੀ ਪਰਜਾ ਲਈ ਬੇਨਤੀ ਕਰਾਂ ਤਾਂ ਜੋ ਡੱਡੂ ਤੁਹਾਡੇ ਤੋਂ ਅਤੇ ਤੁਹਾਡੇ ਘਰਾਂ ਤੋਂ ਹਟਾਏ ਜਾਣ ਅਤੇ ਦਰਿਆ ਦੇ ਵਿੱਚ ਹੀ ਰਹਿਣ ?
10ਉਸ ਨੇ ਆਖਿਆ ਕੱਲ ਤੋਂ । ਤਦ ਉਸ ਨੇ ਆਖਿਆ, ਤੁਹਾਡੇ ਕਹਿਣ ਦੇ ਅਨੁਸਾਰ ਹੀ ਹੋਵੇਗਾ ਤਾਂ ਜੋ ਤੁਸੀਂ ਜਾਣੋ ਕਿ ਸਾਡੇ ਪਰਮੇਸ਼ੁਰ ਯਹੋਵਾਹ ਵਰਗਾ ਕੋਈ ਨਹੀਂ ।11ਡੱਡੂ ਤੁਹਾਡੇ ਤੋਂ, ਤੁਹਾਡੇ ਘਰਾਂ ਤੋਂ, ਤੁਹਾਡੇ ਟਹਿਲੂਆਂ ਤੋਂ ਅਤੇ ਤੁਹਾਡੀ ਪਰਜਾ ਤੋਂ ਚੱਲਦੇ ਹੋਣਗੇ । ਉਹ ਸਿਰਫ਼ ਦਰਿਆ ਵਿੱਚ ਹੀ ਰਹਿਣਗੇ ।12ਤਦ ਮੂਸਾ ਅਤੇ ਹਾਰੂਨ ਫ਼ਿਰਊਨ ਕੋਲੋਂ ਬਾਹਰ ਨੂੰ ਗਏ ਅਤੇ ਮੂਸਾ ਨੇ ਉਨ੍ਹਾਂ ਡੱਡੂਆਂ ਦੇ ਬਾਰੇ ਜਿਹੜੇ ਉਹ ਫ਼ਿਰਊਨ ਉੱਤੇ ਚੜ੍ਹਾ ਲਿਆਇਆ ਸੀ, ਯਹੋਵਾਹ ਦੇ ਅੱਗੇ ਦੁਹਾਈ ਦਿੱਤੀ ।
13ਤਦ ਯਹੋਵਾਹ ਨੇ ਮੂਸਾ ਦੇ ਕਹਿਣ ਦੇ ਅਨੁਸਾਰ ਕੀਤਾ ਅਤੇ ਡੱਡੂ ਘਰਾਂ, ਵੇਹੜਿਆਂ ਅਤੇ ਖੇਤਾਂ ਵਿੱਚੋਂ ਮੁੱਕ ਗਏ ।14ਤਦ ਉਨ੍ਹਾਂ ਨੇ ਉਹ ਇਕੱਠੇ ਕਰ ਕੇ ਢੇਰਾਂ ਦੇ ਢੇਰ ਲਾ ਦਿੱਤੇ ਤੇ ਧਰਤੀ ਉੱਤੇ ਬਦਬੂ ਫੈਲ ਗਈ ।15ਪਰ ਜਿਵੇਂ ਯਹੋਵਾਹ ਬੋਲਿਆ ਸੀ, ਜਦ ਫ਼ਿਰਊਨ ਨੇ ਵੇਖਿਆ ਕਿ ਅਰਾਮ ਹੋ ਗਿਆ ਹੈ ਤਦ ਆਪਣਾ ਮਨ ਪੱਥਰ ਕਰ ਲਿਆ ਅਤੇ ਉਨ੍ਹਾਂ ਦੀ ਨਾ ਸੁਣੀ ।
ਜੂੰਆਂ ਦੇ ਝੁੰਡ

16ਤਦ ਯਹੋਵਾਹ ਨੇ ਮੂਸਾ ਨੂੰ ਆਖਿਆ ਕਿ ਹਾਰੂਨ ਨੂੰ ਆਖ ਕਿ ਉਹ ਆਪਣੀ ਲਾਠੀ ਵਧਾ ਕੇ ਧਰਤੀ ਦੀ ਧੂੜ ਨੂੰ ਮਾਰੇ ਤਾਂ ਜੋ ਉਹ ਸਾਰੇ ਮਿਸਰ ਦੇਸ ਵਿੱਚ ਜੂੰਆਂ ਬਣ ਜਾਵੇ ।17ਉਨ੍ਹਾਂ ਨੇ ਉਸੇ ਤਰ੍ਹਾਂ ਹੀ ਕੀਤਾ ਅਤੇ ਹਾਰੂਨ ਨੇ ਆਪਣੀ ਲਾਠੀ ਲੈ ਕੇ ਆਪਣਾ ਹੱਥ ਪਸਾਰਿਆ ਅਤੇ ਧਰਤੀ ਦੀ ਧੂੜ ਨੂੰ ਮਾਰਿਆ ਤਦ ਆਦਮੀ ਅਤੇ ਡੰਗਰ ਉੱਤੇ ਜੂੰਆਂ ਹੋ ਗਈਆਂ ਅਤੇ ਧਰਤੀ ਦੀ ਸਾਰੀ ਧੂੜ ਮਿਸਰ ਦੇ ਸਾਰੇ ਦੇਸ ਵਿੱਚ ਜੂੰਆਂ ਹੋ ਗਈ ।
18ਤਦ ਜਾਦੂਗਰਾਂ ਨੇ ਆਪਣੇ ਜੰਤਰਾਂ-ਮੰਤਰਾਂ ਨਾਲ ਜਤਨ ਕੀਤਾ ਕਿ ਉਹ ਜੂੰਆਂ ਲੈ ਆਉਣ ਪਰ ਉਹ ਲਿਆ ਨਾ ਸਕੇ ਅਤੇ ਆਦਮੀ ਅਤੇ ਡੰਗਰ ਉੱਤੇ ਜੂੰਆਂ ਹੀ ਜੂੰਆਂ ਸਨ ।19ਤਦ ਜਾਦੂਗਰਾਂ ਨੇ ਫ਼ਿਰਊਨ ਨੂੰ ਆਖਿਆ ਕਿ ਇਹ ਤਾਂ ਪਰਮੇਸ਼ੁਰ ਦੀ ਉਂਗਲ ਹੈ ਪਰ ਜਿਵੇਂ ਯਹੋਵਾਹ ਬੋਲਿਆ ਸੀ, ਫ਼ਿਰਊਨ ਦਾ ਮਨ ਕਠੋਰ ਹੋ ਗਿਆ ਅਤੇ ਉਸ ਨੇ ਉਨ੍ਹਾਂ ਦੀ ਨਾ ਸੁਣੀ ।
ਮੱਖਾਂ ਦੇ ਝੁੰਡ

20ਫਿਰ ਯਹੋਵਾਹ ਨੇ ਮੂਸਾ ਨੂੰ ਆਖਿਆ, ਸਵੇਰ ਦੇ ਵੇਲੇ ਉੱਠ ਕੇ ਫ਼ਿਰਊਨ ਦੇ ਸਾਹਮਣੇ ਜਾ ਕੇ ਖੜਾ ਹੋ । ਵੇਖ ਉਹ ਪਾਣੀ ਵੱਲ ਬਾਹਰ ਜਾਂਦਾ ਹੈ ਅਤੇ ਤੂੰ ਉਸ ਨੂੰ ਆਖੀਂ, ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਮੇਰੀ ਪਰਜਾ ਨੂੰ ਜਾਣ ਦੇ ਤਾਂ ਜੋ ਉਹ ਮੇਰੀ ਉਪਾਸਨਾ ਕਰੇ21ਜੇ ਤੂੰ ਮੇਰੀ ਪਰਜਾ ਨੂੰ ਜਾਣ ਨਾ ਦੇਵੇਂਗਾ ਤਾਂ ਵੇਖ, ਮੈਂ ਤੇਰੇ ਅਤੇ ਤੇਰੇ ਸੇਵਕਾਂ ਅਤੇ ਤੇਰੀ ਪਰਜਾ ਉੱਤੇ ਤੇਰੇ ਘਰਾਂ ਵਿੱਚ ਮੱਖਾਂ ਦੇ ਝੁੰਡ ਭੇਜ ਰਿਹਾ ਹਾਂ ਅਤੇ ਮਿਸਰ ਦੇ ਘਰ ਮੱਖਾਂ ਦੇ ਝੁੰਡਾਂ ਨਾਲ ਭਰ ਜਾਣਗੇ ਅਤੇ ਉਹ ਭੂਮੀ ਵੀ ਜਿੱਥੇ ਉਹ ਹਨ ।
22ਤਦ ਮੈਂ ਉਸ ਦਿਨ ਗੋਸ਼ਨ ਦੀ ਧਰਤੀ ਨੂੰ ਜਿੱਥੇ ਮੇਰੀ ਪਰਜਾ ਵੱਸਦੀ ਹੈ, ਵੱਖ ਰੱਖਾਂਗਾ ਤਾਂ ਜੋ ਉੱਥੇ ਮੱਖਾਂ ਦੇ ਝੁੰਡ ਨਾ ਹੋਣ ਤਾਂ ਜੋ ਤੂੰ ਜਾਣੇਂ ਕਿ ਧਰਤੀ ਉੱਤੇ ਮੈਂ ਹੀ ਯਹੋਵਾਹ ਹਾਂ ।23ਮੈਂ ਆਪਣੀ ਪਰਜਾ ਅਤੇ ਤੇਰੀ ਪਰਜਾ ਨੂੰ ਵੱਖਰਾ ਕਰਾਂਗਾ ਅਤੇ ਇਹ ਨਿਸ਼ਾਨ ਕੱਲ ਤੱਕ ਹੋਵੇਗਾ ।24ਤਦ ਯਹੋਵਾਹ ਨੇ ਉਸੇ ਤਰ੍ਹਾਂ ਹੀ ਕੀਤਾ ਅਤੇ ਮੱਖਾਂ ਦੇ ਝੁੰਡਾਂ ਦੇ ਝੁੰਡ ਫ਼ਿਰਊਨ ਦੇ ਮਹਿਲ ਵਿੱਚ ਅਤੇ ਉਸ ਦੇ ਸੇਵਕਾਂ ਦੇ ਘਰਾਂ ਵਿੱਚ ਆਏ ਅਤੇ ਮਿਸਰ ਦੇ ਸਾਰੇ ਦੇਸ ਵਿੱਚ ਧਰਤੀ ਮੱਖਾਂ ਦੇ ਝੁੰਡਾਂ ਦੇ ਕਾਰਨ ਨਾਸ਼ ਹੋ ਗਈ ।
25ਫ਼ਿਰਊਨ ਨੇ ਮੂਸਾ ਅਤੇ ਹਾਰੂਨ ਨੂੰ ਬੁਲਵਾਕੇ ਆਖਿਆ, ਤੁਸੀਂ ਜਾਓ ਅਤੇ ਆਪਣੇ ਪਰਮੇਸ਼ੁਰ ਲਈ ਇਸੇ ਦੇਸ ਵਿੱਚ ਬਲੀ ਚੜ੍ਹਾਓ ।26ਤਦ ਮੂਸਾ ਨੇ ਆਖਿਆ, ਇਸ ਤਰ੍ਹਾਂ ਕਰਨਾ ਜੋਗ ਨਹੀਂ ਕਿਉਂ ਜੋ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਲਈ ਮਿਸਰੀਆਂ ਦੀਆਂ ਘਿਣਾਉਣੀਆਂ ਬਲੀਆਂ ਚੜ੍ਹਾਵਾਂਗੇ । ਵੇਖੋ, ਜੇ ਅਸੀਂ ਮਿਸਰੀਆਂ ਦੀਆਂ ਅੱਖਾਂ ਦੇ ਅੱਗੇ ਘਿਣਾਉਣੀਆਂ ਬਲੀਆਂ ਚੜ੍ਹਾਈਏ ਤਾਂ ਕੀ ਉਹ ਸਾਨੂੰ ਪਥਰਾਉ ਨਾ ਕਰਨਗੇ ?27ਜਿਵੇਂ ਸਾਡਾ ਪਰਮੇਸ਼ੁਰ ਆਖੇਗਾ ਅਸੀਂ ਤਿੰਨ ਦਿਨਾਂ ਦਾ ਰਸਤੇ ਉਜਾੜ ਵਿੱਚ ਜਾਂਵਾਂਗੇ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਲਈ ਬਲੀਆਂ ਚੜ੍ਹਾਵਾਂਗੇ ।
28ਤਦ ਫ਼ਿਰਊਨ ਨੇ ਆਖਿਆ, ਮੈਂ ਤੁਹਾਨੂੰ ਜਾਣ ਦੇਵਾਂਗਾ ਤਾਂ ਜੋ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਲਈ ਉਜਾੜ ਵਿੱਚ ਬਲੀਆਂ ਚੜ੍ਹਾਓ ਪਰ ਬਹੁਤ ਦੂਰ ਨਾ ਜਾਇਓ ਅਤੇ ਤੁਸੀਂ ਮੇਰੇ ਲਈ ਸਿਫ਼ਾਰਸ਼ ਕਰਨਾ ।29ਮੂਸਾ ਨੇ ਆਖਿਆ, ਵੇਖੋ, ਮੈਂ ਤੁਹਾਡੇ ਕੋਲੋਂ ਬਾਹਰ ਜਾਂਦਾ ਹਾਂ । ਮੈਂ ਯਹੋਵਾਹ ਦੇ ਅੱਗੇ ਸਿਫ਼ਾਰਸ਼ ਕਰਾਂਗਾ ਕਿ ਮੱਖਾਂ ਦੇ ਝੁੰਡ ਫ਼ਿਰਊਨ ਤੋਂ, ਉਸ ਦੇ ਸੇਵਕਾਂ ਤੋਂ ਅਤੇ ਉਸ ਦੀ ਪਰਜਾ ਤੋਂ ਕੱਲ ਹਟ ਜਾਣ ਪਰ ਫ਼ਿਰਊਨ ਫਿਰ ਧੋਖਾ ਨਾ ਕਰੇ ਕਿ ਉਹ ਪਰਜਾ ਨੂੰ ਯਹੋਵਾਹ ਲਈ ਬਲੀਆਂ ਚੜ੍ਹਾਉਣ ਨੂੰ ਨਾ ਜਾਣ ਦੇਵੇ ।
30ਤਦ ਮੂਸਾ ਫ਼ਿਰਊਨ ਕੋਲੋਂ ਬਾਹਰ ਗਿਆ ਅਤੇ ਯਹੋਵਾਹ ਦੇ ਅੱਗੇ ਸਿਫ਼ਾਰਸ਼ ਕੀਤੀ ।31ਯਹੋਵਾਹ ਨੇ ਮੂਸਾ ਦੇ ਕਹਿਣ ਦੇ ਅਨੁਸਾਰ ਕੀਤਾ ਅਤੇ ਉਨ੍ਹਾਂ ਮੱਖਾਂ ਦੇ ਝੁੰਡਾਂ ਨੂੰ ਫ਼ਿਰਊਨ ਅਤੇ ਉਸ ਦੇ ਟਹਿਲੂਆਂ ਅਤੇ ਉਸ ਦੀ ਪਰਜਾ ਤੋਂ ਹਟਾ ਦਿੱਤਾ ਤਦ ਉੱਥੇ ਇੱਕ ਵੀ ਨਾ ਰਿਹਾ ।32ਪਰ ਫ਼ਿਰਊਨ ਨੇ ਇਸ ਵਾਰ ਵੀ ਆਪਣਾ ਮਨ ਕਠੋਰ ਕਰ ਲਿਆ ਅਤੇ ਪਰਜਾ ਨੂੰ ਜਾਣ ਨਾ ਦਿੱਤਾ ।

9
ਪਸ਼ੂਆਂ ਦੀ ਮੌਤ

1ਯਹੋਵਾਹ ਨੇ ਮੂਸਾ ਨੂੰ ਆਖਿਆ, ਫ਼ਿਰਊਨ ਕੋਲ ਜਾ ਅਤੇ ਉਸ ਨਾਲ ਗੱਲ ਕਰ ਕਿ ਯਹੋਵਾਹ ਇਬਰਾਨੀਆਂ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਕਿ ਮੇਰੀ ਪਰਜਾ ਨੂੰ ਜਾਣ ਦੇ ਤਾਂ ਜੋ ਉਹ ਮੇਰੀ ਉਪਾਸਨਾ ਕਰੇ ।2ਜੇ ਤੂੰ ਉਨ੍ਹਾਂ ਦੇ ਭੇਜਣ ਤੋਂ ਮੁੱਕਰ ਜਾਵੇਂ ਅਤੇ ਅਜੇ ਵੀ ਰੋਕ ਛੱਡੇਂ3ਤਾਂ ਵੇਖ ਯਹੋਵਾਹ ਦਾ ਹੱਥ ਤੇਰੇ ਪਸ਼ੂਆਂ ਉੱਤੇ ਜਿਹੜੇ ਮੈਦਾਨ ਵਿੱਚ ਹਨ ਘੋੜਿਆਂ ਉੱਤੇ, ਖੋਤਿਆਂ ਉੱਤੇ, ਊਠਾਂ ਉੱਤੇ, ਚੌਣਿਆਂ ਉੱਤੇ ਅਤੇ ਇੱਜੜਾਂ ਉੱਤੇ ਪਵੇਗਾ ਅਤੇ ਮਰੀ ਬਹੁਤ ਵੱਡੀ ਹੋਵੇਗੀ ।4ਯਹੋਵਾਹ ਇਸਰਾਏਲੀਆਂ ਦੇ ਪਸ਼ੂਆਂ ਨੂੰ ਅਤੇ ਮਿਸਰੀਆਂ ਦੇ ਪਸ਼ੂਆਂ ਨੂੰ ਵੱਖਰਾ ਕਰੇਗਾ ਅਤੇ ਉਨ੍ਹਾਂ ਸਾਰਿਆਂ ਵਿੱਚੋਂ ਜਿਹੜੇ ਇਸਰਾਏਲੀਆਂ ਦੇ ਹਨ ਕੋਈ ਨਾ ਮਰੇਗਾ ।

5ਯਹੋਵਾਹ ਨੇ ਇੱਕ ਸਮਾਂ ਠਹਿਰਾਇਆ ਹੈ ਕਿ ਕੱਲ ਯਹੋਵਾਹ ਇਹ ਕੰਮ ਇਸ ਦੇਸ ਵਿੱਚ ਕਰੇਗਾ ।6ਤਾਂ ਯਹੋਵਾਹ ਨੇ ਉਹ ਕੰਮ ਅਗਲੇ ਦਿਨ ਕੀਤਾ ਅਤੇ ਮਿਸਰੀਆਂ ਦੇ ਸਾਰੇ ਪਸ਼ੂ ਮਰ ਗਏ ਪਰ ਇਸਰਾਏਲੀਆਂ ਦੇ ਪਸ਼ੂਆਂ ਵਿੱਚੋਂ ਇੱਕ ਵੀ ਨਾ ਮਰਿਆ ।7ਫੇਰ ਫ਼ਿਰਊਨ ਨੇ ਕਿਸੇ ਨੂੰ ਭੇਜਿਆ ਤਾਂ ਵੇਖੋ ਇਸਰਾਏਲ ਦੇ ਪਸ਼ੂਆਂ ਵਿੱਚੋਂ ਇੱਕ ਵੀ ਨਹੀਂ ਮਰਿਆ ਸੀ ਪਰ ਫ਼ਿਰਊਨ ਦਾ ਮਨ ਪੱਥਰ ਹੋ ਗਿਆ ਸੋ ਉਸ ਨੇ ਲੋਕਾਂ ਨੂੰ ਜਾਣ ਨਾ ਦਿੱਤਾ ।
ਛਾਲਿਆਂ ਅਤੇ ਫੋੜਿਆਂ ਦਾ ਨਿੱਕਲਣਾ

8ਤਾਂ ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਆਖਿਆ ਭੱਠੀ ਦੀ ਸੁਆਹ ਦੀਆਂ ਮੁੱਠਾਂ ਭਰੋ ਅਤੇ ਮੂਸਾ ਫ਼ਿਰਊਨ ਦੇ ਵੇਖਦਿਆਂ ਅਕਾਸ਼ ਵੱਲ ਉਡਾਵੇ ।9ਤਾਂ ਮਿਸਰ ਦੇ ਸਾਰੇ ਦੇਸ ਉੱਤੇ ਉਹ ਘੱਟਾ ਹੋ ਕੇ ਆਦਮੀਆਂ ਅਤੇ ਡੰਗਰਾਂ ਉੱਤੇ ਸਾਰੇ ਮਿਸਰ ਦੇਸ ਵਿੱਚ ਅੰਗਿਆਰੇ ਅਤੇ ਛਾਲੇ ਬਣ ਜਾਣਗੇ ।10ਸੋ ਉਹ ਭੱਠੀ ਦੀ ਸੁਆਹ ਲੈ ਕੇ ਫ਼ਿਰਊਨ ਦੇ ਅੱਗੇ ਖੜੇ ਹੋਏ । ਮੂਸਾ ਨੇ ਉਸ ਨੂੰ ਅਕਾਸ਼ ਵੱਲ ਉਡਾ ਦਿੱਤਾ ਤਾਂ ਆਦਮੀਆਂ ਅਤੇ ਡੰਗਰਾਂ ਉੱਤੇ ਅੰਗਿਆਰੇ ਅਤੇ ਛਾਲੇ ਪੈ ਗਏ ।
11ਤਾਂ ਜਾਦੂਗਰ ਅੰਗਿਆਰਿਆਂ ਦੇ ਕਾਰਨ ਮੂਸਾ ਦੇ ਅੱਗੇ ਖੜੇ ਨਾ ਹੋ ਸਕੇ ਕਿਉਂ ਜੋ ਜਾਦੂਗਰਾਂ ਅਤੇ ਸਾਰੇ ਮਿਸਰੀਆਂ ਦੇ ਅੰਗਿਆਰੇ ਨਿੱਕਲੇ ਹੋਏ ਸਨ ।12ਅਤੇ ਜਿਵੇਂ ਯਹੋਵਾਹ ਮੂਸਾ ਨੂੰ ਬੋਲਿਆ ਸੀ ਯਹੋਵਾਹ ਨੇ ਫ਼ਿਰਊਨ ਦੇ ਮਨ ਨੂੰ ਕਠੋਰ ਹੋਣ ਦਿੱਤਾ ਅਤੇ ਉਸ ਨੇ ਉਨ੍ਹਾਂ ਦੀ ਨਾ ਸੁਣੀ ।
ਗੜਿਆਂ ਦਾ ਮੀਂਹ

13ਉਪਰੰਤ ਯਹੋਵਾਹ ਨੇ ਮੂਸਾ ਨੂੰ ਆਖਿਆ, ਸਵੇਰੇ ਉੱਠ ਕੇ ਫ਼ਿਰਊਨ ਦੇ ਅੱਗੇ ਜਾ ਕੇ ਖੜਾ ਹੋ ਅਤੇ ਉਸ ਨੂੰ ਆਖ, ਯਹੋਵਾਹ ਇਬਰਾਨੀਆਂ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, ਮੇਰੀ ਪਰਜਾ ਨੂੰ ਜਾਣ ਦੇ ਤਾਂ ਜੋ ਉਹ ਮੇਰੀ ਉਪਾਸਨਾ ਕਰੇ14ਕਿਉਂਕਿ ਮੈਂ ਇਸ ਵਾਰ ਆਪਣੀਆਂ ਸਾਰੀਆਂ ਬਵਾਂ ਤੇਰੇ ਮਨ ਉੱਤੇ, ਤੇਰੇ ਟਹਿਲੂਆਂ ਉੱਤੇ ਅਤੇ ਤੇਰੀ ਪਰਜਾ ਉੱਤੇ ਭੇਜਣ ਵਾਲਾ ਹਾਂ ਤਾਂ ਜੋ ਤੂੰ ਜਾਣੇਂ ਕਿ ਸਾਰੀ ਧਰਤੀ ਉੱਤੇ ਮੇਰੇ ਜਿਹਾ ਕੋਈ ਨਹੀਂ ।
15ਹੁਣ ਤੱਕ ਮੈਂ ਆਪਣਾ ਹੱਥ ਵਧਾ ਕੇ ਤੈਨੂੰ ਅਤੇ ਤੇਰੀ ਰਈਅਤ ਨੂੰ ਮਰੀ ਨਾਲ ਮਾਰ ਦਿੱਤਾ ਹੁੰਦਾ ਅਤੇ ਤੂੰ ਧਰਤੀ ਉੱਤੋਂ ਮਿਟ ਗਿਆ ਹੁੰਦਾ16ਪਰ ਸੱਚ-ਮੁੱਚ ਮੈਂ ਤੈਨੂੰ ਇਸ ਕਰਕੇ ਖੜਾ ਕੀਤਾ ਅਤੇ ਇਸ ਕਰਕੇ ਤੈਨੂੰ ਆਪਣਾ ਬਲ ਵਿਖਾਇਆ ਤਾਂ ਜੋ ਮੇਰਾ ਨਾਮ ਸਾਰੀ ਧਰਤੀ ਵਿੱਚ ਪਰਗਟ ਹੋ ਜਾਵੇ ।17ਹੁਣ ਤੱਕ ਤੂੰ ਮੇਰੀ ਪਰਜਾ ਵਿੱਚ ਆਪਣੇ ਆਪ ਨੂੰ ਉੱਚਾ ਕਰਦਾ ਰਿਹਾ ਹੈਂ ਕਿ ਤੂੰ ਉਨ੍ਹਾਂ ਨੂੰ ਜਾਣ ਨਹੀਂ ਦਿੱਤਾ ।
18ਵੇਖ ਮੈਂ ਭਲਕੇ ਏਸੇ ਵੇਲੇ ਬਹੁਤ ਭਾਰੀ ਗੜੇ ਵਰਸਾਵਾਂਗਾ ਜਿੱਦਾਂ ਦੇ ਮਿਸਰ ਦੇ ਮੁੱਢ ਤੋਂ ਲੈ ਕੇ ਹੁਣ ਤੱਕ ਨਹੀਂ ਪਏ ।19ਸੋ ਹੁਣ ਤੂੰ ਭੇਜ ਕੇ ਆਪਣੇ ਪਸ਼ੂ ਅਤੇ ਜੋ ਕੁੱਝ ਤੇਰਾ ਜੂਹ ਵਿੱਚ ਹੈ ਭਜਾ ਲਿਆ । ਸਾਰੇ ਆਦਮੀਆਂ ਅਤੇ ਡੰਗਰਾਂ ਉੱਤੇ ਜਿਹੜੇ ਮੈਦਾਨ ਵਿੱਚ ਹੋਣ ਅਤੇ ਘਰ ਵਿੱਚ ਨਾ ਲਿਆਂਦੇ ਜਾਣ ਗੜੇ ਪੈਣਗੇ ਅਤੇ ਉਹ ਮਰ ਜਾਣਗੇ ।
20ਤਾਂ ਫ਼ਿਰਊਨ ਦੇ ਟਹਿਲੂਆਂ ਵਿੱਚੋਂ ਜਿਹੜਾ ਯਹੋਵਾਹ ਦੇ ਬਚਨ ਤੋਂ ਭੈ ਖਾਂਦਾ ਸੀ ਉਹ ਆਪਣੇ ਟਹਿਲੂਆਂ ਨੂੰ ਅਤੇ ਆਪਣੇ ਪਸ਼ੂਆਂ ਨੂੰ ਘਰੀਂ ਭਜਾ ਲਿਆਇਆ ।21ਪਰ ਜਿਸ ਨੇ ਆਪਣਾ ਮਨ ਯਹੋਵਾਹ ਦੇ ਬਚਨ ਉੱਤੇ ਨਾ ਲਾਇਆ ਉਸ ਨੇ ਆਪਣੇ ਟਹਿਲੂਆਂ ਅਤੇ ਪਸ਼ੂਆਂ ਨੂੰ ਜੂਹ ਵਿੱਚ ਰਹਿਣ ਦਿੱਤਾ ।
22ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, ਆਪਣਾ ਹੱਥ ਅਕਾਸ਼ ਵੱਲ ਵਧਾ ਤਾਂ ਜੋ ਸਾਰੇ ਮਿਸਰ ਦੇਸ ਵਿੱਚ ਆਦਮੀ ਉੱਤੇ, ਡੰਗਰ ਉੱਤੇ ਅਤੇ ਖੇਤ ਦੀ ਸਾਰੀ ਸਾਗ ਪੱਤ ਉੱਤੇ ਮਿਸਰ ਦੇਸ ਵਿੱਚ ਗੜੇ ਪੈਣ ।23ਮੂਸਾ ਨੇ ਆਪਣਾ ਢਾਂਗਾ ਅਕਾਸ਼ ਵੱਲ ਲੰਮਾ ਕੀਤਾ ਤਾਂ ਯਹੋਵਾਹ ਨੇ ਗਰਜ ਅਤੇ ਗੜੇ ਭੇਜੇ ਅਤੇ ਅੱਗ ਧਰਤੀ ਵੱਲ ਚਲੀ ਆਉਂਦੀ ਸੀ ਅਤੇ ਯਹੋਵਾਹ ਨੇ ਮਿਸਰ ਦੇਸ ਉੱਤੇ ਗੜੇ ਵਰਸਾਏ ।24ਸੋ ਗੜੇ ਸਨ ਤੇ ਗੜਿਆਂ ਵਿੱਚ ਅੱਗ ਰਲੀ ਹੋਈ ਸੀ ਇਹ ਐਨੀ ਡਾਢੀ ਸੀ ਕਿ ਮਿਸਰ ਦੇ ਸਾਰੇ ਦੇਸ ਵਿੱਚ ਉਹ ਦੇ ਕੌਮ ਬਣਨ ਤੋਂ ਲੈ ਕੇ ਹੋਈ ਹੀ ਨਹੀਂ ਸੀ ।
25ਅਤੇ ਗੜਿਆਂ ਨੇ ਸਾਰੇ ਮਿਸਰ ਦੇਸ ਵਿੱਚ ਸਭ ਕੁੱਝ ਜੋ ਜੂਹ ਵਿੱਚ ਸੀ ਕੀ ਆਦਮੀ ਕੀ ਡੰਗਰ ਮਾਰਿਆ ਨਾਲੇ ਗੜਿਆਂ ਨੇ ਖੇਤ ਦਾ ਸੱਭੋ ਸਾਗ ਪੱਤ ਮਾਰ ਦਿੱਤਾ ਅਤੇ ਖੇਤ ਦੇ ਸਾਰੇ ਬਿਰਛ ਭੰਨ ਸੁੱਟੇ ।26ਕੇਵਲ ਗੋਸ਼ਨ ਦੀ ਧਰਤੀ ਵਿੱਚ ਜਿੱਥੇ ਇਸਰਾਏਲੀ ਸਨ ਕੋਈ ਗੜਾ ਨਹੀਂ ਸੀ ।
27ਤਾਂ ਫ਼ਿਰਊਨ ਨੇ ਮੂਸਾ ਅਤੇ ਹਾਰੂਨ ਨੂੰ ਸੱਦ ਭੇਜਿਆ ਅਤੇ ਉਨ੍ਹਾਂ ਨੂੰ ਆਖਿਆ ਕਿ ਮੈਂ ਇਸ ਵਾਰ ਪਾਪ ਕੀਤਾ । ਯਹੋਵਾਹ ਸੱਚ ਹੈ । ਮੈਂ ਅਤੇ ਮੇਰੀ ਪਰਜਾ ਦੁਸ਼ਟ ਹਾਂ ।28ਤੁਸੀਂ ਯਹੋਵਾਹ ਦੇ ਅੱਗੇ ਸਿਫ਼ਾਰਸ਼ ਕਰੋ ਕਿਉਂ ਜੋ ਹੁਣ ਪਰਮੇਸ਼ੁਰ ਦੀ ਗਰਜ ਦੀ ਅਤੇ ਗੜਿਆਂ ਦੀ ਹੱਦ ਹੋ ਗਈ ਹੈ । ਮੈਂ ਤੁਹਾਨੂੰ ਜਾਣ ਦੇਵਾਂਗਾ ਹੁਣ ਤੁਸੀਂ ਹੋਰ ਨਹੀਂ ਠਹਿਰੋਗੇ ।
29ਤਾਂ ਮੂਸਾ ਨੇ ਉਸ ਨੂੰ ਆਖਿਆ, ਜਿਵੇਂ ਹੀ ਮੈਂ ਨਗਰ ਤੋਂ ਬਾਹਰ ਜਾਂਵਾਂਗਾ ਮੈਂ ਯਹੋਵਾਹ ਅੱਗੇ ਆਪਣੇ ਹੱਥ ਅੱਡਾਂਗਾ ਤਾਂ ਗਰਜਣਾ ਹਟ ਜਾਵੇਗਾ ਅਤੇ ਗੜੇ ਫੇਰ ਨਾ ਪੈਣਗੇ ਤਾਂ ਜੋ ਤੁਸੀਂ ਜਾਣੋ ਕਿ ਧਰਤੀ ਯਹੋਵਾਹ ਦੀ ਹੈ ।30ਮੈਂ ਤੁਹਾਨੂੰ ਅਤੇ ਤੁਹਾਡੇ ਟਹਿਲੂਆਂ ਨੂੰ ਜਾਣਦਾ ਹਾਂ ਕਿ ਤੁਸੀਂ ਅਜੇ ਵੀ ਯਹੋਵਾਹ ਪਰਮੇਸ਼ੁਰ ਤੋਂ ਨਾ ਡਰੋਗੇ ।
31ਅਲਸੀ ਅਤੇ ਜੌਂ ਮਾਰੇ ਗਏ ਕਿਉਂਕਿ ਜਵਾਂ ਦੇ ਸਿੱਟੇ ਨਿੱਕਲੇ ਹੋਏ ਸਨ ਅਤੇ ਅਲਸੀ ਫੁੱਲੀ ਹੋਈ ਸੀ ।32ਪਰ ਕਣਕ ਅਤੇ ਮਸਰ ਮਾਰੇ ਨਾ ਗਏ ਕਿਉਂਕਿ ਉਹ ਅਜੇ ਵਧੇ ਨਹੀਂ ਸਨ ।33ਤਾਂ ਮੂਸਾ ਫ਼ਿਰਊਨ ਕੋਲੋਂ ਹੋ ਕੇ ਨਗਰ ਵਿੱਚੋਂ ਬਾਹਰ ਗਿਆ ਅਤੇ ਯਹੋਵਾਹ ਦੇ ਅੱਗੇ ਹੱਥ ਅੱਡੇ ਤਾਂ ਗਰਜਣਾ ਅਤੇ ਗੜੇ ਹਟ ਗਏ ਅਤੇ ਵਰਖਾ ਧਰਤੀ ਤੋਂ ਥੰਮ੍ਹ ਗਈ ।
34ਜਦ ਫ਼ਿਰਊਨ ਨੇ ਡਿੱਠਾ ਕਿ ਵਰਖਾ ਅਤੇ ਗੜੇ ਅਤੇ ਗਰਜਣਾ ਹਟ ਗਏ ਹਨ ਤਾਂ ਫੇਰ ਪਾਪ ਕੀਤਾ ਅਤੇ ਆਪਣਾ ਮਨ ਪੱਥਰ ਕਰ ਲਿਆ ਉਸ ਵੀ ਅਤੇ ਉਸ ਦੇ ਟਹਿਲੂਆਂ ਵੀ ।35ਸੋ ਜਿਵੇਂ ਯਹੋਵਾਹ ਮੂਸਾ ਦੇ ਰਾਹੀਂ ਬੋਲਿਆ ਸੀ ਫ਼ਿਰਊਨ ਦਾ ਮਨ ਕਠੋਰ ਹੋ ਗਿਆ । ਉਸ ਨੇ ਇਸਰਾਏਲੀਆਂ ਨੂੰ ਜਾਣ ਨਾ ਦਿੱਤਾ ।

10
ਟਿੱਡੀਆਂ ਦਾ ਹਮਲਾ

1ਯਹੋਵਾਹ ਨੇ ਮੂਸਾ ਨੂੰ ਆਖਿਆ, ਫ਼ਿਰਊਨ ਕੋਲ ਜਾ ਕਿਉਂ ਜੋ ਮੈਂ ਉਸ ਦੇ ਮਨ ਨੂੰ ਅਤੇ ਉਸ ਦੇ ਟਹਿਲੂਆਂ ਦੇ ਮਨਾਂ ਨੂੰ ਭਾਰੀ ਹੋਣ ਦਿੱਤਾ ਹੈ ਤਾਂ ਜੋ ਮੈਂ ਆਪਣੇ ਇਹ ਨਿਸ਼ਾਨ ਉਨ੍ਹਾਂ ਦੇ ਵਿੱਚ ਵਿਖਾਵਾਂ ।2ਜੋ ਸਖ਼ਤੀ ਮੈਂ ਮਿਸਰ ਉੱਤੇ ਕੀਤੀ ਅਤੇ ਮੇਰੇ ਨਿਸ਼ਾਨ ਜਿਹੜੇ ਮੈਂ ਉਨ੍ਹਾਂ ਵਿੱਚ ਵਿਖਾਏ, ਤੂੰ ਆਪਣੇ ਪੁੱਤਰ ਅਤੇ ਆਪਣੇ ਪੋਤੇ ਦੇ ਕੰਨਾਂ ਵਿੱਚ ਪਾਇਆ ਕਰੇਂ, ਤਾਂ ਜੋ ਤੁਸੀਂ ਜਾਣੋ ਕਿ ਮੈਂ ਯਹੋਵਾਹ ਹਾਂ ।

3ਸੋ ਮੂਸਾ ਅਤੇ ਹਾਰੂਨ ਨੇ ਫ਼ਿਰਊਨ ਦੇ ਕੋਲ ਜਾ ਕੇ ਉਸ ਨੂੰ ਆਖਿਆ, ਯਹੋਵਾਹ ਇਬਰਾਨੀਆਂ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਕਿ ਕਦ ਤੱਕ ਤੂੰ ਮੇਰੇ ਅੱਗੇ ਆਪਣੇ ਆਪ ਨੂੰ ਨੀਵਾਂ ਕਰਨ ਤੋਂ ਇਨਕਾਰ ਕਰਦਾ ਰਹੇਂਗਾ ? ਮੇਰੀ ਪਰਜਾ ਨੂੰ ਜਾਣ ਦੇ ਤਾਂ ਜੋ ਉਹ ਮੇਰੀ ਉਪਾਸਨਾ ਕਰੇ ।4ਨਹੀਂ ਤਾਂ, ਜੇ ਤੂੰ ਮੇਰੀ ਪਰਜਾ ਨੂੰ ਭੇਜਣ ਤੋਂ ਮੁੱਕਰ ਜਾਵੇਂਗਾ ਤਾਂ ਵੇਖ ਮੈਂ ਭਲਕੇ ਤੇਰੀਆਂ ਹੱਦਾਂ ਵਿੱਚ ਟਿੱਡੀ ਦਲ ਲਿਆ ਰਿਹਾ ਹਾਂ ।
5ਉਹ ਧਰਤੀ ਦੀ ਪਰਤ ਨੂੰ ਇਸ ਤਰ੍ਹਾਂ ਢੱਕ ਦੇਵੇਗੀ ਕਿ ਧਰਤੀ ਨੂੰ ਕੋਈ ਵੇਖ ਨਾ ਸਕੇਗਾ ਅਤੇ ਉਹ ਉਸ ਬਕੀਏ ਨੂੰ ਜਿਹੜਾ ਤੁਹਾਡੇ ਲਈ ਗੜਿਆਂ ਤੋਂ ਬਚ ਰਿਹਾ ਹੈ ਖਾ ਜਾਵੇਗੀ ਅਤੇ ਉਹ ਸਾਰਿਆਂ ਬਿਰਛਾਂ ਨੂੰ ਜਿਹੜੇ ਤੁਹਾਡੇ ਲਈ ਮੈਦਾਨ ਵਿੱਚ ਉੱਗੇ ਹਨ ਖਾ ਜਾਵੇਗੀ ।6ਅਤੇ ਤੇਰੇ ਘਰ ਤੇਰੇ ਸਾਰੇ ਟਹਿਲੂਆਂ ਦੇ ਘਰ ਅਤੇ ਸਾਰੇ ਮਿਸਰੀਆਂ ਦੇ ਘਰ ਭਰ ਦੇਵੇਗੀ ਇੱਥੋਂ ਤੱਕ ਕਿ ਨਾ ਤੇਰੇ ਪਿਤਾ ਨੇ ਨਾ ਤੇਰੇ ਦਾਦਿਆਂ ਨੇ ਜਿਸ ਦਿਨ ਤੋਂ ਉਹ ਜ਼ਮੀਨ ਉੱਤੇ ਹੋਏ ਅੱਜ ਦੇ ਦਿਨ ਤੱਕ ਵੇਖਿਆ । ਤਾਂ ਉਹ ਮੁੜ ਕੇ ਫ਼ਿਰਊਨ ਕੋਲੋਂ ਬਾਹਰ ਨਿੱਕਲ ਗਿਆ ।
7ਤਦ ਫ਼ਿਰਊਨ ਦੇ ਟਹਿਲੂਆਂ ਨੇ ਉਸ ਨੂੰ ਆਖਿਆ, ਇਹ ਮਨੁੱਖ ਕਦ ਤੱਕ ਸਾਡੇ ਲਈ ਇੱਕ ਫਾਹੀ ਹੋਵੇਗਾ ? ਉਨ੍ਹਾਂ ਮਨੁੱਖਾਂ ਨੂੰ ਜਾਣ ਦਿਓ ਤਾਂ ਜੋ ਉਹ ਯਹੋਵਾਹ ਆਪਣੇ ਪਰਮੇਸ਼ੁਰ ਦੀ ਉਪਾਸਨਾ ਕਰਨ । ਅਜੇ ਤੱਕ ਤੁਸੀਂ ਜਾਣਿਆ ਨਹੀਂ ਕਿ ਮਿਸਰ ਬਰਬਾਦ ਹੋ ਗਿਆ ਹੈ ?8ਤਾਂ ਮੂਸਾ ਅਤੇ ਹਾਰੂਨ ਫ਼ਿਰਊਨ ਕੋਲ ਮੁੜ ਲਿਆਂਦੇ ਗਏ । ਉਸ ਨੇ ਉਨ੍ਹਾਂ ਨੂੰ ਆਖਿਆ, ਜਾਓ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੀ ਉਪਾਸਨਾ ਕਰੋ ਪਰ ਜਾਣ ਵਾਲੇ ਕਿਹੜੇ ਹਨ ?
9ਮੂਸਾ ਆਖਿਆ, ਅਸੀਂ ਆਪਣੇ ਜਵਾਨਾਂ ਨਾਲ ਆਪਣੇ ਬੁੱਢਿਆਂ ਨਾਲ ਜਾਂਵਾਂਗੇ । ਅਸੀਂ ਆਪਣੇ ਪੁੱਤਰਾਂ ਨਾਲ ਆਪਣੀਆਂ ਧੀਆਂ ਨਾਲ ਆਪਣੇ ਇੱਜੜਾਂ ਨਾਲ ਆਪਣੇ ਵੱਗਾਂ ਨਾਲ ਜਾਂਵਾਂਗੇ ਕਿਉਂਕਿ ਸਾਡੇ ਲਈ ਯਹੋਵਾਹ ਦਾ ਪਰਬ ਹੈ ।10ਤਾਂ ਉਸ ਨੇ ਉਨ੍ਹਾਂ ਨੂੰ ਆਖਿਆ, ਇਸ ਤਰ੍ਹਾਂ ਯਹੋਵਾਹ ਤੁਹਾਡੇ ਨਾਲ ਹੋਵੇ ਜਿਵੇਂ ਮੈਂ ਤੁਹਾਨੂੰ ਅਤੇ ਤੁਹਾਡੇ ਨਿਆਣਿਆਂ ਨੂੰ ਜਾਣ ਦਿੰਦਾ ਹਾਂ ! ਵੇਖ ਲਓ ਬੁਰਿਆਈ ਤੁਹਾਡੇ ਅੱਗੇ ਹੈ ।11ਇਸ ਤਰ੍ਹਾਂ ਨਹੀਂ ਪਰ ਤੁਸੀਂ ਮਨੁੱਖ ਜਾਓ ਅਤੇ ਯਹੋਵਾਹ ਦੀ ਉਪਾਸਨਾ ਕਰੋ ਕਿਉਂ ਜੋ ਇਹੋ ਹੀ ਤੁਸੀਂ ਚਾਹੁੰਦੇ ਹੋ । ਸੋ ਉਹ ਫ਼ਿਰਊਨ ਦੇ ਅੱਗੋਂ ਧੱਕੇ ਗਏ ।
12ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, ਆਪਣਾ ਹੱਥ ਮਿਸਰ ਦੀ ਧਰਤੀ ਉੱਤੇ ਸਲਾ ਲਈ ਪਸਾਰ ਤਾਂ ਜੋ ਉਹ ਮਿਸਰ ਦੀ ਧਰਤੀ ਉੱਤੇ ਆਵੇ ਅਤੇ ਉਹ ਧਰਤੀ ਦਾ ਸਾਰਾ ਸਾਗ ਪੱਤ ਜਿਹੜਾ ਗੜਿਆਂ ਤੋਂ ਬਚ ਰਿਹਾ ਹੈ ਚੱਟ ਜਾਵੇ ।13ਮੂਸਾ ਨੇ ਆਪਣਾ ਢਾਂਗਾ ਮਿਸਰ ਦੀ ਧਰਤੀ ਉੱਤੇ ਲੰਮਾ ਕੀਤਾ ਤਾਂ ਯਹੋਵਾਹ ਨੇ ਉਸ ਸਾਰੇ ਦਿਨ ਅਤੇ ਸਾਰੀ ਰਾਤ ਉਸ ਧਰਤੀ ਉੱਤੇ ਪੁਰੇ ਦੀ ਹਵਾ ਵਗਾਈ । ਜਦ ਸਵੇਰਾ ਹੋਇਆ ਤਾਂ ਪੁਰੇ ਦੀ ਹਵਾ ਟਿੱਡੀ ਦਲ ਲੈ ਆਈ ।
14ਅਤੇ ਟਿੱਡੀ ਦਲ ਸਾਰੇ ਮਿਸਰ ਦੇਸ ਉੱਤੇ ਚੜ੍ਹ ਆਇਆ ਅਤੇ ਮਿਸਰ ਦੀਆਂ ਸਾਰੀਆਂ ਹੱਦਾਂ ਵਿੱਚ ਉੱਤਰ ਪਿਆ ਅਤੇ ਐਨੀ ਭਾਰੀ ਸੀ ਕਿ ਇਸ ਤੋਂ ਅੱਗੇ ਕਦੀ ਅਜਿਹਾ ਟਿੱਡੀ ਦਲ ਨਹੀਂ ਆਇਆ ਸੀ ਅਤੇ ਨਾ ਇਸ ਦੇ ਪਿੱਛੋਂ ਫੇਰ ਕਦੀ ਆਵੇਗਾ ।15ਸੋ ਉਸ ਸਾਰੀ ਧਰਤੀ ਦੀ ਪਰਤ ਢੱਕ ਲਈ ਕਿ ਧਰਤੀ ਉੱਤੇ ਹਨੇਰਾ ਹੋ ਗਿਆ । ਉਸ ਧਰਤੀ ਦਾ ਸਾਰਾ ਸਾਗ ਪੱਤ ਚੱਟ ਲਿਆ ਨਾਲੇ ਬਿਰਛਾਂ ਦਾ ਸਾਰਾ ਫਲ ਜਿਹੜਾ ਗੜਿਆਂ ਤੋਂ ਬਚ ਗਿਆ ਸੀ ਅਤੇ ਮਿਸਰ ਦੇ ਸਾਰੇ ਦੇਸ ਵਿੱਚ ਬਿਰਛਾਂ ਅਤੇ ਖੇਤ ਦੇ ਸਾਗ ਪੱਤ ਉੱਤੇ ਕੋਈ ਹਰਿਆਲੀ ਨਾ ਰਹੀ ।
16ਤਾਂ ਫ਼ਿਰਊਨ ਨੇ ਛੇਤੀ ਨਾਲ ਮੂਸਾ ਤੇ ਹਾਰੂਨ ਨੂੰ ਬੁਲਾ ਕੇ ਆਖਿਆ, ਮੈਂ ਯਹੋਵਾਹ ਤੁਹਾਡੇ ਪਰਮੇਸ਼ੁਰ ਦਾ ਅਤੇ ਤੁਹਾਡਾ ਪਾਪ ਕੀਤਾ ਹੈ ।17ਹੁਣ ਤੂੰ ਮੇਰਾ ਪਾਪ ਨਿਰਾ ਐਤਕੀਂ ਦੀ ਵਾਰ ਮਾਫ਼ ਕਰ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਕੋਲ ਸਿਫ਼ਾਰਸ਼ ਕਰ ਕਿ ਉਹ ਕੇਵਲ ਇਸ ਮੌਤ ਨੂੰ ਮੇਰੇ ਕੋਲੋਂ ਹਟਾਵੇ ।18ਤਾਂ ਉਹ ਫ਼ਿਰਊਨ ਦੇ ਕੋਲੋਂ ਨਿੱਕਲ ਗਿਆ ਅਤੇ ਯਹੋਵਾਹ ਦੇ ਅੱਗੇ ਸਿਫ਼ਾਰਸ਼ ਕੀਤੀ ।
19ਤਾਂ ਯਹੋਵਾਹ ਨੇ ਪੱਛੋਂ ਵੱਲੋਂ ਬਹੁਤ ਤੇਜ ਹਵਾ ਮੋੜੀ ਜਿਸ ਨੇ ਟਿੱਡੀ ਦਲ ਨੂੰ ਚੁੱਕ ਕੇ ਲਾਲ ਸਮੁੰਦਰ ਵਿੱਚ ਸੁੱਟ ਦਿੱਤਾ ਅਤੇ ਮਿਸਰ ਦੀਆਂ ਸਾਰੀਆਂ ਹੱਦਾਂ ਵਿੱਚ ਇੱਕ ਵੀ ਟਿੱਡੀ ਨਾ ਰਹੀ ।20ਪਰ ਯਹੋਵਾਹ ਨੇ ਫ਼ਿਰਊਨ ਦਾ ਮਨ ਕਠੋਰ ਹੋਣ ਦਿੱਤਾ ਅਤੇ ਉਸ ਨੇ ਇਸਰਾਏਲੀਆਂ ਨੂੰ ਜਾਣ ਨਾ ਦਿੱਤਾ ।
ਅੰਧਕਾਰ

21ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, ਆਪਣਾ ਹੱਥ ਅਕਾਸ਼ ਵੱਲ ਪਸਾਰ ਤਾਂ ਜੋ ਮਿਸਰ ਦੇਸ ਵਿੱਚ ਹਨੇਰਾ ਹੋ ਜਾਵੇ, ਅਜਿਹਾ ਹਨੇਰਾ ਜਿਹੜਾ ਟੋਹਿਆ ਜਾਵੇ ।22ਤਾਂ ਮੂਸਾ ਨੇ ਆਪਣਾ ਹੱਥ ਅਕਾਸ਼ ਵੱਲ ਪਸਾਰਿਆ ਅਤੇ ਮਿਸਰ ਦੇ ਸਾਰੇ ਦੇਸ ਵਿੱਚ ਤਿੰਨ ਦਿਨ ਹਨੇਰ ਘੁੱਪ ਰਿਹਾ ।23ਕਿਸੇ ਨੇ ਇੱਕ ਦੂਜੇ ਨੂੰ ਨਾ ਵੇਖਿਆ ਅਤੇ ਨਾ ਕੋਈ ਤਿੰਨ ਦਿਨ ਤੱਕ ਆਪਣੇ ਥਾਂ ਤੋਂ ਉੱਠਿਆ ਪਰ ਸਾਰੇ ਇਸਰਾਏਲੀਆਂ ਦੇ ਟਿਕਾਣਿਆਂ ਵਿੱਚ ਚਾਨਣਾ ਸੀ ।
24ਤਦ ਫ਼ਿਰਊਨ ਨੇ ਮੂਸਾ ਨੂੰ ਸੱਦ ਕੇ ਆਖਿਆ, ਤੁਸੀਂ ਜਾਓ ਅਤੇ ਯਹੋਵਾਹ ਦੀ ਉਪਾਸਨਾ ਕਰੋ । ਕੇਵਲ ਤੁਹਾਡੇ ਇੱਜੜ ਅਤੇ ਤੁਹਾਡੇ ਵੱਗ ਰਹਿ ਜਾਣ ਅਤੇ ਤੁਹਾਡੇ ਨਿਆਣੇ ਵੀ ਨਾਲ ਜਾਣ ।25ਤਦ ਮੂਸਾ ਨੇ ਆਖਿਆ, ਤੁਸੀਂ ਆਪ ਸਾਡੇ ਹੱਥ ਵਿੱਚ ਬਲੀਆਂ ਅਤੇ ਹੋਮ ਦੀਆਂ ਭੇਟਾਂ ਦਿਓ ਤਾਂ ਜੋ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਲਈ ਚੜ੍ਹਾਈਏ ।26ਸਾਡੇ ਪਸ਼ੂ ਵੀ ਸਾਡੇ ਨਾਲ ਜਾਣਗੇ, ਇੱਕ ਖੁਰ ਵੀ ਪਿੱਛੇ ਨਾ ਰਹੇਗਾ ਕਿਉਂ ਜੋ ਉਨ੍ਹਾਂ ਦੇ ਵਿੱਚੋਂ ਹੀ ਯਹੋਵਾਹ ਆਪਣੇ ਪਰਮੇਸ਼ੁਰ ਦੀ ਉਪਾਸਨਾ ਲਈ ਲਵਾਂਗੇ ਅਤੇ ਜਦ ਤੱਕ ਉੱਥੇ ਨਾ ਜਾਈਏ ਅਸੀਂ ਨਹੀਂ ਜਾਣਦੇ ਕਾਹਦੇ ਨਾਲ ਯਹੋਵਾਹ ਦੀ ਉਪਾਸਨਾ ਕਰਨੀ ਹੈ ।
27ਪਰ ਯਹੋਵਾਹ ਨੇ ਫ਼ਿਰਊਨ ਦੇ ਮਨ ਨੂੰ ਕਠੋਰ ਹੋਣ ਦਿੱਤਾ । ਓਸ ਨੇ ਨਾ ਚਾਹਿਆ ਕਿ ਉਹ ਜਾਣ ।28ਫ਼ਿਰਊਨ ਨੇ ਉਸ ਨੂੰ ਆਖਿਆ, ਮੇਰੇ ਕੋਲੋਂ ਨਿੱਕਲ ਜਾ ਅਤੇ ਧਿਆਨ ਰੱਖ ਤੂੰ ਫੇਰ ਕਦੀ ਮੇਰਾ ਮੂੰਹ ਨਾ ਵੇਖੀਂ ਕਿਉਂਕਿ ਜਿਸ ਦਿਨ ਤੂੰ ਮੇਰਾ ਮੂੰਹ ਵੇਖੇਂਗਾ ਤੂੰ ਮਰੇਂਗਾ ।29ਤਦ ਮੂਸਾ ਨੇ ਆਖਿਆ, ਤੂੰ ਠੀਕ ਬੋਲਿਆ ਹੈਂ, ਮੈਂ ਫੇਰ ਕਦੀ ਤੇਰਾ ਮੂੰਹ ਨਾ ਵੇਖਾਂਗਾ ।

11
ਜੇਠਿਆਂ ਦੀ ਮੌਤ ਦੀ ਚੇਤਾਵਨੀ

1ਯਹੋਵਾਹ ਨੇ ਮੂਸਾ ਨੂੰ ਆਖਿਆ, ਮੈਂ ਫ਼ਿਰਊਨ ਅਤੇ ਮਿਸਰੀਆਂ ਉੱਤੇ ਇੱਕ ਹੋਰ ਬਵਾ ਲਿਆਉਣ ਵਾਲਾ ਹਾਂ । ਉਸ ਦੇ ਪਿੱਛੋਂ ਉਹ ਤੁਹਾਨੂੰ ਇੱਥੋਂ ਜਾਣ ਦੇਵੇਗਾ ਅਤੇ ਜਦ ਉਹ ਤੁਹਾਨੂੰ ਜਾਣ ਦੇਵੇਗਾ ਤਾਂ ਉਹ ਇੱਥੋਂ ਧੱਕੇ ਮਾਰ-ਮਾਰ ਕੇ ਤੁਹਾਨੂੰ ਕੱਢ ਦੇਵੇਗਾ ।2ਪਰਜਾ ਦੇ ਕੰਨਾਂ ਵਿੱਚ ਇਹ ਗੱਲਾਂ ਪਾ ਦੇ ਕਿ ਹਰ ਮਨੁੱਖ ਆਪਣੇ ਗਵਾਂਢੀ ਤੋਂ ਅਤੇ ਹਰ ਔਰਤ ਆਪਣੀ ਗਵਾਂਢਣ ਤੋਂ ਚਾਂਦੀ ਦੇ ਗਹਿਣੇ ਅਤੇ ਸੋਨੇ ਦੇ ਗਹਿਣੇ ਮੰਗ ਲਵੇ ।3ਯਹੋਵਾਹ ਨੇ ਉਸ ਪਰਜਾ ਨੂੰ ਮਿਸਰੀਆਂ ਦੀ ਨਿਗਾਹ ਵਿੱਚ ਆਦਰ ਮਾਣ ਦਿੱਤਾ ਨਾਲੇ ਮੂਸਾ ਮਿਸਰ ਦੇਸ ਵਿੱਚ ਫ਼ਿਰਊਨ ਦੇ ਟਹਿਲੂਆਂ ਦੀ ਨਿਗਾਹ ਵਿੱਚ ਅਤੇ ਲੋਕਾਂ ਦੀ ਨਿਗਾਹ ਵਿੱਚ ਬਹੁਤ ਮਹਾਨ ਮਨੁੱਖ ਸੀ ।

4ਮੂਸਾ ਨੇ ਆਖਿਆ, ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਮੈਂ ਅੱਧੀ ਕੁ ਰਾਤ ਨੂੰ ਮਿਸਰ ਦੇ ਵਿੱਚੋਂ ਦੀ ਲੰਘਣ ਵਾਲਾ ਹਾਂ5ਅਤੇ ਮਿਸਰ ਦੇਸ ਵਿੱਚ ਹਰ ਇੱਕ ਜੇਠਾ ਫ਼ਿਰਊਨ ਦੇ ਜੇਠੇ ਤੋਂ ਲੈ ਕੇ ਜਿਹੜਾ ਆਪਣੇ ਸਿੰਘਾਸਣ ਉੱਤੇ ਬੈਠਾ ਹੈ ਉਸ ਗੋਲੀ ਦੇ ਜੇਠੇ ਤੱਕ ਜਿਹੜੀ ਚੱਕੀ ਪਿੱਛੇ ਹੈ ਨਾਲੇ ਹਰ ਇੱਕ ਡੰਗਰ ਦਾ ਜੇਠਾ ਮਰ ਜਾਵੇਗਾ ।
6ਅਤੇ ਸਾਰੇ ਮਿਸਰ ਦੇਸ ਵਿੱਚ ਅਜਿਹਾ ਵੱਡਾ ਸਿਆਪਾ ਹੋਵੇਗਾ ਜੋ ਨਾ ਪਿੱਛੇ ਹੋਇਆ ਅਤੇ ਨਾ ਅੱਗੇ ਨੂੰ ਫੇਰ ਹੋਵੇਗਾ ।7ਪਰ ਕਿਸੇ ਇਸਰਾਏਲੀ ਦੇ ਵਿਰੁੱਧ ਮਨੁੱਖ ਤੋਂ ਲੈ ਕੇ ਡੰਗਰ ਤੱਕ ਇੱਕ ਕੁੱਤਾ ਵੀ ਨਹੀਂ ਭੌਂਕੇਗਾ ਤਾਂ ਜੋ ਤੁਸੀਂ ਜਾਣੋ ਕਿ ਯਹੋਵਾਹ ਮਿਸਰੀਆਂ ਅਤੇ ਇਸਰਾਏਲੀਆਂ ਵਿੱਚ ਕਿਵੇਂ ਭਿੰਨ ਭੇਦ ਰੱਖਦਾ ਹੈ ।8ਅਤੇ ਇਹ ਤੇਰੇ ਸਭ ਟਹਿਲੂਏ ਮੇਰੀ ਵੱਲ ਉੱਤਰਨਗੇ ਅਤੇ ਮੇਰੇ ਅੱਗੇ ਮੱਥੇ ਰਗੜਨਗੇ ਇਹ ਆਖ ਕੇ ਕਿ ਤੂੰ ਜਾ ਅਤੇ ਤੇਰੇ ਸਾਰੇ ਲੋਕ ਜਿਹੜੇ ਤੇਰੀ ਪੈਰਵੀ ਕਰਦੇ ਹਨ ਅਤੇ ਉਸ ਦੇ ਪਿੱਛੋਂ ਮੈਂ ਨਿੱਕਲ ਜਾਂਵਾਂਗਾ । ਫੇਰ ਉਹ ਫ਼ਿਰਊਨ ਦੇ ਕੋਲੋਂ ਕ੍ਰੋਧ ਦੀ ਅੱਗ ਵਿੱਚ ਨਿੱਕਲ ਗਿਆ ।
9ਤਦ ਯਹੋਵਾਹ ਨੇ ਮੂਸਾ ਨੂੰ ਆਖਿਆ, ਫ਼ਿਰਊਨ ਤੁਹਾਡੀ ਨਾ ਸੁਣੇਗਾ ਤਾਂ ਜੋ ਮਿਸਰ ਦੇਸ ਵਿੱਚ ਮੇਰੇ ਅਚਰਜ ਕੰਮ ਵਧ ਜਾਣ10ਤਾਂ ਮੂਸਾ ਅਤੇ ਹਾਰੂਨ ਨੇ ਇਹ ਸਾਰੇ ਅਚਰਜ ਕੰਮ ਫ਼ਿਰਊਨ ਦੇ ਅੱਗੇ ਕੀਤੇ ਅਤੇ ਯਹੋਵਾਹ ਨੇ ਫ਼ਿਰਊਨ ਦਾ ਮਨ ਕਠੋਰ ਹੋਣ ਦਿੱਤਾ ਸੋ ਉਸ ਨੇ ਆਪਣੇ ਦੇਸੋਂ ਇਸਰਾਏਲੀਆਂ ਨੂੰ ਜਾਣ ਨਾ ਦਿੱਤਾ ।

12
ਪਸਾਹ ਦਾ ਪਰਵ

1ਯਹੋਵਾਹ ਨੇ ਮਿਸਰ ਦੇਸ ਵਿੱਚ ਮੂਸਾ ਅਤੇ ਹਾਰੂਨ ਨੂੰ ਆਖਿਆ ਕਿ2ਇਹ ਮਹੀਨਾ ਤੁਹਾਡੇ ਮਹੀਨਿਆਂ ਦਾ ਅਰੰਭ ਹੋਵੇਗਾ ਅਤੇ ਇਹ ਤੁਹਾਡੇ ਸਾਲ ਦੇ ਮਹੀਨਿਆਂ ਵਿੱਚੋਂ ਪਹਿਲਾ ਹੈ ।

3ਇਸਰਾਏਲ ਦੀ ਸਾਰੀ ਮੰਡਲੀ ਨੂੰ ਇਹ ਬੋਲੋ ਕਿ ਇਸ ਮਹੀਨੇ ਦੀ ਦਸਵੀਂ ਨੂੰ ਇੱਕ-ਇੱਕ ਜਣਾ ਆਪੋ ਆਪਣੇ ਪਿੱਤ੍ਰਾਂ ਦੇ ਘਰਾਣੇ ਅਨੁਸਾਰ ਹਰ ਘਰ ਪਿੱਛੇ ਇੱਕ-ਇੱਕ ਲੇਲਾ ਲਵੇ ।4ਜੇਕਰ ਕੋਈ ਟੱਬਰ ਇੱਕ ਲੇਲੇ ਲਈ ਛੋਟਾ ਹੋਵੇ ਤਾਂ ਉਹ ਅਤੇ ਉਸ ਦਾ ਗਵਾਂਢੀ ਜਿਹੜਾ ਉਸ ਦੇ ਘਰ ਕੋਲ ਰਹਿੰਦਾ ਹੈ ਪ੍ਰਾਣੀਆਂ ਦੇ ਲੇਖੇ ਦੇ ਅਨੁਸਾਰ ਲਵੇ ਅਤੇ ਤੁਸੀਂ ਇੱਕ ਮਨੁੱਖ ਦੇ ਖਾਣ ਦੇ ਅਨੁਸਾਰ ਲੇਲੇ ਦਾ ਲੇਖਾ ਠਹਿਰਾਇਓ ।
5ਤੁਹਾਡਾ ਲੇਲਾ ਬੱਜ ਤੋਂ ਰਹਿਤ ਅਤੇ ਇੱਕ ਸਾਲ ਦਾ ਨਰ ਹੋਵੇ । ਤੁਸੀਂ ਭੇਡਾਂ ਜਾਂ ਬੱਕਰੀਆਂ ਤੋਂ ਲਿਓ6ਅਤੇ ਤੁਸੀਂ ਉਸ ਨੂੰ ਇਸ ਮਹੀਨੇ ਦੀ ਚੌਧਵੀਂ ਤੱਕ ਰੱਖ ਛੱਡਣਾ ਅਤੇ ਇਸਰਾਏਲ ਦੀ ਮੰਡਲੀ ਦੀ ਸਾਰੀ ਸਭਾ ਸ਼ਾਮ ਨੂੰ ਉਸ ਨੂੰ ਕੱਟੇ7ਅਤੇ ਉਹ ਉਸ ਦੇ ਲਹੂ ਵਿੱਚੋਂ ਲੈ ਕੇ ਉਨ੍ਹਾਂ ਘਰਾਂ ਦੇ ਜਿੱਥੇ ਉਹ ਖਾਣਗੇ ਦੋਹੀਂ ਬਾਹੀਂ ਅਤੇ ਸੇਰੂ ਉੱਤੇ ਲਾਉਣ ।8ਫੇਰ ਉਹ ਸ਼ਾਮ ਨੂੰ ਉਸੇ ਰਾਤ ਅੱਗ ਨਾਲ ਭੁੰਨ ਕੇ ਪਤੀਰੀ ਰੋਟੀ ਨਾਲ ਖਾਣ ਨਾਲੇ ਕੌੜੀ ਭਾਜੀ ਨਾਲ ਖਾਣ ।
9ਉਸ ਵਿੱਚੋਂ ਕੱਚਾ ਅਥਵਾ ਪਾਣੀ ਵਿੱਚ ਰਿੰਨ੍ਹਿਆ ਹੋਇਆ ਕਦੀ ਨਾ ਖਾਓ ਸਗੋਂ ਅੱਗ ਨਾਲ ਭੁੰਨਿਆ ਹੋਇਆ ਸਿਰੀ ਅਤੇ ਪੈਰਾਂ ਅਤੇ ਆਂਦਰਾਂ ਸਣੇ ।10ਤੁਸੀਂ ਸਵੇਰ ਤੱਕ ਉਹ ਦੇ ਵਿੱਚੋਂ ਬਚਾ ਕੇ ਨਾ ਰੱਖਿਓ ਪਰ ਜੇ ਉਸ ਤੋਂ ਸਵੇਰ ਤੱਕ ਕੁੱਝ ਬਚ ਰਹੇ ਤਾਂ ਉਸ ਨੂੰ ਅੱਗ ਵਿੱਚ ਸਾੜ ਦਿਓ ।11ਤੁਸੀਂ ਉਸ ਨੂੰ ਇਸ ਤਰ੍ਹਾਂ ਖਾਣਾ, ਆਪਣੇ ਲੱਕ ਬੰਨ੍ਹ ਕੇ ਅਤੇ ਆਪਣੀ ਜੁੱਤੀ ਪੈਰੀਂ ਪਾ ਕੇ ਅਤੇ ਆਪਣੀ ਲਾਠੀ ਆਪਣੇ ਹੱਥ ਵਿੱਚ ਲੈ ਕੇ ਉਹ ਨੂੰ ਛੇਤੀ ਛੇਤੀ ਖਾਣਾ ਕਿਉਂਕਿ ਇਹ ਯਹੋਵਾਹ ਦਾ ਪਸਾਹ ਹੈ ।
12ਮੈਂ ਉਸ ਰਾਤ ਮਿਸਰ ਦੇਸ ਦੇ ਵਿੱਚ ਦੀ ਲੰਘਾਂਗਾ ਅਤੇ ਮਿਸਰ ਦੇਸ ਦੇ ਜੇਠੇ ਭਾਵੇਂ ਮਨੁੱਖ ਨੂੰ ਭਾਵੇਂ ਡੰਗਰ ਨੂੰ ਮਾਰ ਸੁੱਟਾਂਗਾ ਅਤੇ ਮਿਸਰ ਦੇ ਸਾਰੇ ਦੇਵਤਿਆਂ ਦਾ ਨਿਆਂ ਕਰਾਂਗਾ । ਮੈਂ ਯਹੋਵਾਹ ਹਾਂ ।13ਅਤੇ ਉਹ ਲਹੂ ਤੁਹਾਡੇ ਲਈ ਘਰਾਂ ਉੱਤੇ ਜਿੱਥੇ ਤੁਸੀਂ ਹੋਵੋਗੇ ਨਿਸ਼ਾਨ ਹੋਵੇਗਾ ਅਤੇ ਜਦ ਮੈਂ ਲਹੂ ਨੂੰ ਵੇਖਾਂਗਾ ਮੈਂ ਤੁਹਾਡੇ ਉੱਤੋਂ ਦੀ ਲੰਘ ਜਾਂਵਾਂਗਾ ਅਤੇ ਤੁਹਾਡੇ ਉੱਤੇ ਕੋਈ ਬਵਾ ਜਦ ਮੈਂ ਮਿਸਰ ਦੇਸ ਨੂੰ ਮਾਰਾਂਗਾ ਨਾ ਪਵੇਗੀ ਜਿਹੜੀ ਤੁਹਾਡਾ ਨਾਸ ਕਰੇ ।14ਅਤੇ ਇਹ ਦਿਨ ਤੁਹਾਡੇ ਲਈ ਇੱਕ ਯਾਦਗਾਰ ਹੋਵੇਗਾ ਅਤੇ ਤੁਸੀਂ ਇਹ ਦਿਨ ਯਹੋਵਾਹ ਲਈ ਪਰਬ ਕਰਕੇ ਮਨਾਇਓ ਅਤੇ ਆਪਣੀਆਂ ਪੀੜ੍ਹੀਆਂ ਵਿੱਚ ਇਸ ਨੂੰ ਸਦੀਪਕ ਬਿਧੀ ਦਾ ਪਰਬ ਮਨਾਇਓ ।
ਅਖ਼ਮੀਰੀ ਰੋਟੀ

15ਤੁਸੀਂ ਸੱਤ ਦਿਨ ਤੱਕ ਪਤੀਰੀ ਰੋਟੀ ਖਾਓ । ਪਹਿਲੇ ਹੀ ਦਿਨ ਖ਼ਮੀਰ ਆਪਣਿਆਂ ਘਰਾਂ ਤੋਂ ਬਾਹਰ ਕੱਢ ਦੇਣਾ ਕਿਉਂਕਿ ਜਿਹੜਾ ਪਹਿਲੇ ਦਿਨ ਤੋਂ ਸੱਤਵੇਂ ਦਿਨ ਤੱਕ ਕਦੀ ਖ਼ਮੀਰੀ ਰੋਟੀ ਖਾਵੇਗਾ ਉਹ ਪ੍ਰਾਣੀ ਇਸਰਾਏਲ ਵਿੱਚੋਂ ਛੇਕਿਆ ਜਾਵੇਗਾ ।16ਅਤੇ ਪਹਿਲੇ ਦਿਨ ਤੁਹਾਡੀ ਪਵਿੱਤਰ ਸਭਾ ਹੋਵੇਗੀ ਅਤੇ ਸੱਤਵੇਂ ਦਿਨ ਵੀ ਤੁਹਾਡੀ ਪਵਿੱਤਰ ਸਭਾ ਹੋਵੇਗੀ ਇਨ੍ਹਾਂ ਵਿੱਚ ਕੋਈ ਕੰਮ ਨਾ ਕੀਤਾ ਜਾਵੇ ਨਿਰਾ ਉਹੋ ਜਿਹੜਾ ਹਰ ਇੱਕ ਪ੍ਰਾਣੀ ਦੇ ਖਾਣ ਲਈ ਹੋਵੇ, ਤੁਸੀਂ ਓਨਾ ਹੀ ਕਰਿਓ ।
17ਅਤੇ ਤੁਸੀਂ ਇਹ ਪਤੀਰੀ ਰੋਟੀ ਦਾ ਪਰਬ ਮਨਾਇਆ ਕਰੋ ਕਿਉਂਕਿ ਇਸੇ ਹੀ ਦਿਨ ਮੈਂ ਤੁਹਾਡੀਆਂ ਸੈਨਾਂ ਨੂੰ ਮਿਸਰ ਦੇਸ ਤੋਂ ਬਾਹਰ ਕੱਢਿਆ ਸੀ ਇਸ ਕਰਕੇ ਤੁਸੀਂ ਇਹ ਦਿਨ ਆਪਣੀਆਂ ਪੀੜ੍ਹੀਆਂ ਤੱਕ ਸਦਾ ਦੀ ਬਿਧੀ ਲਈ ਮਨਾਇਆ ਕਰੋ ।18ਪਹਿਲੇ ਮਹੀਨੇ ਦੀ ਚੌਧਵੀਂ ਦੀ ਸ਼ਾਮ ਤੋਂ ਇੱਕੀ ਤਰੀਕ ਦੀ ਸ਼ਾਮ ਤੱਕ ਤੁਸੀਂ ਪਤੀਰੀ ਰੋਟੀ ਖਾਓ ।
19ਸੱਤਾਂ ਦਿਨਾਂ ਤੱਕ ਤੁਹਾਡਿਆਂ ਘਰਾਂ ਵਿੱਚ ਖ਼ਮੀਰ ਨਾ ਲੱਭੇ ਕਿਉਂਕਿ ਜਿਹੜਾ ਖ਼ਮੀਰੀ ਚੀਜ਼ ਖਾਵੇਗਾ ਉਹ ਪ੍ਰਾਣੀ ਇਸਰਾਏਲ ਦੀ ਮੰਡਲੀ ਵਿੱਚੋਂ ਬਾਹਰ ਕੱਢਿਆ ਜਾਵੇਗਾ ਭਾਵੇਂ ਓਪਰਾ ਹੋਵੇ ਭਾਵੇਂ ਦੇਸ ਵਿੱਚ ਜੰਮਿਆ ਹੋਇਆ ਹੋਵੇ ।20ਤੁਸੀਂ ਕੋਈ ਖ਼ਮੀਰੀ ਵਸਤ ਨਾ ਖਾਓ ਅਤੇ ਤੁਸੀਂ ਆਪਣਿਆਂ ਸਾਰਿਆਂ ਟਿਕਾਣਿਆਂ ਵਿੱਚ ਪਤੀਰੀ ਰੋਟੀ ਖਾਇਓ ।
ਪਸਾਹ ਦਾ ਪਰਬ

21ਤਦ ਮੂਸਾ ਨੇ ਇਸਰਾਏਲ ਦੇ ਸਾਰੇ ਬਜ਼ੁਰਗਾਂ ਨੂੰ ਬੁਲਵਾ ਕੇ ਆਖਿਆ, ਆਪੋ ਆਪਣੇ ਟੱਬਰ ਅਨੁਸਾਰ ਲੇਲਿਆਂ ਨੂੰ ਕੱਢ ਲਵੋ ਅਤੇ ਪਸਾਹ ਲਈ ਕੱਟੋ ।22ਤੁਸੀਂ ਇੱਕ ਜ਼ੂਫੇ ਦੀ ਗੁੱਛੀ ਲੈ ਕੇ ਉਸ ਨੂੰ ਲਹੂ ਵਿੱਚ ਜਿਹੜਾ ਭਾਂਡੇ ਵਿੱਚ ਹੈ ਡਬੋ ਕੇ, ਸੇਰੂ ਅਤੇ ਦਰਵਾਜ਼ੇ ਦੀਆਂ ਦੋਹਾਂ ਬਾਹੀਆਂ ਉੱਤੇ ਲਾਓ ਅਤੇ ਤੁਹਾਡੇ ਵਿੱਚੋਂ ਕੋਈ ਸਵੇਰ ਤੱਕ ਆਪਣੇ ਘਰ ਦੇ ਦਰਵਾਜ਼ੇ ਤੋਂ ਬਾਹਰ ਨਾ ਜਾਵੇ ।
23ਕਿਉਂਕਿ ਯਹੋਵਾਹ ਮਿਸਰੀਆਂ ਦੇ ਮਾਰਨ ਲਈ ਲੰਘੇਗਾ ਅਤੇ ਜਦ ਉਹ ਸੇਰੂ ਅਤੇ ਦੋਹਾਂ ਬਾਹੀਆਂ ਉੱਤੇ ਲਹੂ ਨੂੰ ਵੇਖੇਗਾ ਤਾਂ ਯਹੋਵਾਹ ਉਸ ਦਰਵਾਜ਼ੇ ਤੋਂ ਪਾਸਾ ਦੇ ਕੇ ਲੰਘ ਜਾਵੇਗਾ ਅਤੇ ਨਾਸ ਕਰਨ ਵਾਲੇ ਨੂੰ ਤੁਹਾਡੇ ਮਾਰਨ ਲਈ ਤੁਹਾਡਿਆਂ ਘਰਾਂ ਵਿੱਚ ਨਾ ਆਉਣ ਦੇਵੇਗਾ ।
24ਤੁਸੀਂ ਆਪਣੇ ਅਤੇ ਆਪਣੇ ਪੁੱਤਰਾਂ ਲਈ ਇਸ ਗੱਲ ਨੂੰ ਸਦਾ ਦੀ ਬਿਧੀ ਮਨਾਇਆ ਕਰੋ ।25ਅਤੇ ਇਸ ਤਰ੍ਹਾਂ ਹੋਵੇ ਕਿ ਜਦ ਤੁਸੀਂ ਉਸ ਦੇਸ ਵਿੱਚ ਵੜੋ ਜਿਹੜਾ ਯਹੋਵਾਹ ਆਪਣੇ ਕੀਤੇ ਹੋਏ ਬਚਨ ਦੇ ਅਨੁਸਾਰ ਤੁਹਾਨੂੰ ਦੇਵੇਗਾ ਤਾਂ ਤੁਸੀਂ ਇਸ ਰੀਤੀ ਨੂੰ ਮਨਾਇਆ ਕਰਿਓ
26ਅਤੇ ਅਜਿਹਾ ਹੋਵੇਗਾ ਕਿ ਜਾਂ ਤੁਹਾਡੇ ਪੁੱਤਰ ਤੁਹਾਨੂੰ ਪੁੱਛਣ ਕਿ ਤੁਹਾਡਾ ਇਸ ਰੀਤੀ ਤੋਂ ਕੀ ਮਤਲਬ ਹੈ ?27ਤਾਂ ਤੁਸੀਂ ਆਖਿਓ ਕਿ ਇਹ ਯਹੋਵਾਹ ਦੀ ਪਸਾਹ ਦਾ ਬਲੀਦਾਨ ਹੈ ਜੋ ਮਿਸਰ ਵਿੱਚ ਇਸਰਾਏਲੀਆਂ ਦੇ ਘਰਾਂ ਦੇ ਉੱਤੋਂ ਦੀ ਲੰਘਿਆ ਜਦ ਉਸ ਨੇ ਮਿਸਰੀਆਂ ਨੂੰ ਮਾਰਿਆ ਪਰ ਸਾਡੇ ਘਰਾਂ ਨੂੰ ਬਚਾਇਆ । ਤਾਂ ਪਰਜਾ ਨੇ ਸੀਸ ਨਿਵਾ ਕੇ ਮੱਥਾ ਟੇਕਿਆ ।28ਫੇਰ ਇਸਰਾਏਲੀਆਂ ਨੇ ਜਾ ਕੇ ਓਵੇਂ ਹੀ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਹੁਕਮ ਦਿੱਤਾ ਸੀ ਤਿਵੇਂ ਹੀ ਕੀਤਾ ।
ਜੇਠਿਆਂ ਦੀ ਮੌਤ

29ਤਾਂ ਅੱਧੀ ਰਾਤ ਨੂੰ ਇਸ ਤਰ੍ਹਾਂ ਹੋਇਆ ਕਿ ਯਹੋਵਾਹ ਨੇ ਮਿਸਰ ਦੇਸ ਦੇ ਹਰ ਇੱਕ ਜੇਠੇ ਨੂੰ ਫ਼ਿਰਊਨ ਦੇ ਜੇਠੇ ਤੋਂ ਲੈ ਕੇ ਜਿਹੜਾ ਉਹ ਦੇ ਸਿੰਘਾਸਣ ਉੱਤੇ ਬੈਠਣ ਵਾਲਾ ਸੀ ਉਸ ਬੰਧੂਏ ਦੇ ਜੇਠੇ ਤੱਕ ਜਿਹੜਾ ਭੋਰੇ ਵਿੱਚ ਸੀ ਨਾਲੇ ਡੰਗਰ ਦੇ ਹਰ ਇੱਕ ਜੇਠੇ ਨੂੰ ਮਾਰ ਸੁੱਟਿਆ ।30ਤਾਂ ਫ਼ਿਰਊਨ ਉਸ ਰਾਤ ਨੂੰ ਉੱਠਿਆ ਨਾਲੇ ਉਸ ਦੇ ਸਾਰੇ ਟਹਿਲੂਏ ਅਤੇ ਸਾਰੇ ਮਿਸਰੀ ਅਤੇ ਮਿਸਰ ਵਿੱਚ ਵੱਡਾ ਸਿਆਪਾ ਹੋਇਆ ਕਿਉਂਕਿ ਕੋਈ ਘਰ ਨਹੀਂ ਸੀ ਜਿੱਥੇ ਕੋਈ ਮਰਿਆ ਨਾ ਹੋਵੇ ।
31ਤਾਂ ਉਸ ਨੇ ਮੂਸਾ ਅਤੇ ਹਾਰੂਨ ਨੂੰ ਰਾਤੀਂ ਬੁਲਵਾ ਕੇ ਆਖਿਆ, ਉੱਠੋ ਅਤੇ ਮੇਰੇ ਲੋਕਾਂ ਵਿੱਚੋਂ ਨਿੱਕਲ ਜਾਓ ਤੁਸੀਂ ਵੀ ਅਤੇ ਇਸਰਾਏਲੀ ਵੀ ਅਤੇ ਜਾ ਕੇ ਆਪਣੀ ਗੱਲ ਦੇ ਅਨੁਸਾਰ ਯਹੋਵਾਹ ਦੀ ਉਪਾਸਨਾ ਕਰੋ ।32ਆਪਣੇ ਇੱਜੜ ਵੀ ਅਤੇ ਆਪਣੇ ਵੱਗ ਵੀ ਲੈ ਜਾਓ ਜਿਵੇਂ ਤੁਸੀਂ ਬੋਲੇ ਸੀ ਅਤੇ ਚਲੇ ਜਾਓ, ਨਾਲੇ ਮੈਨੂੰ ਵੀ ਅਸੀਸ ਦੇਣੀ ।33ਅਤੇ ਉਨ੍ਹਾਂ ਲੋਕਾਂ ਉੱਤੇ ਮਿਸਰੀ ਕੱਸ ਪਾਉਣ ਲੱਗੇ ਕਿ ਉਹ ਉਨ੍ਹਾਂ ਨੂੰ ਉਸ ਦੇਸ ਵਿੱਚੋਂ ਛੇਤੀ ਕੱਢ ਲੈਣ ਕਿਉਂਕਿ ਉਨ੍ਹਾਂ ਨੇ ਆਖਿਆ, ਅਸੀਂ ਸਾਰੇ ਮਰ ਗਏ !
34ਉਨ੍ਹਾਂ ਲੋਕਾਂ ਨੇ ਗੁੰਨ੍ਹਿਆ ਹੋਇਆ ਆਟਾ ਖ਼ਮੀਰ ਹੋਣ ਤੋਂ ਪਹਿਲਾਂ ਹੀ ਪਰਾਤੜਿਆਂ ਸਣੇ ਆਪਣਿਆਂ ਲੀੜਿਆਂ ਵਿੱਚ ਬੰਨ੍ਹ ਕੇ ਆਪਣੇ ਮੋਢਿਆਂ ਉੱਤੇ ਚੁੱਕ ਲਿਆ35ਅਤੇ ਇਸਰਾਏਲੀਆਂ ਨੇ ਮੂਸਾ ਦੇ ਬੋਲਣ ਦੇ ਅਨੁਸਾਰ ਕੀਤਾ ਅਤੇ ਮਿਸਰੀਆਂ ਤੋਂ ਚਾਂਦੀ ਦੇ ਗਹਿਣੇ ਅਤੇ ਸੋਨੇ ਦੇ ਗਹਿਣੇ ਅਤੇ ਲੀੜੇ ਉਨ੍ਹਾਂ ਨੇ ਮੰਗ ਲਏ ।36ਯਹੋਵਾਹ ਨੇ ਉਨ੍ਹਾਂ ਲੋਕਾਂ ਨੂੰ ਮਿਸਰੀਆਂ ਦੀ ਨਿਗਾਹ ਵਿੱਚ ਆਦਰ ਮਾਣ ਦਿੱਤਾ ਸੋ ਉਨ੍ਹਾਂ ਨੇ ਜੋ ਮੰਗਿਆ ਉਨ੍ਹਾਂ ਨੇ ਦੇ ਦਿੱਤਾ । ਇਸ ਤਰ੍ਹਾਂ ਉਨ੍ਹਾਂ ਨੇ ਮਿਸਰੀਆਂ ਨੂੰ ਲੁੱਟ ਲਿਆ ।
ਇਸਰਾਏਲੀ ਮਿਸਰ ਦੇਸ ਨੂੰ ਛੱਡਦੇ ਹਨ

37ਇਸਰਾਏਲੀਆਂ ਨੇ ਰਾਮਸੇਸ ਤੋਂ ਸੁੱਕੋਥ ਵੱਲ ਕੂਚ ਕੀਤਾ ਅਤੇ ਨਿਆਣਿਆਂ ਤੋਂ ਬਿਨਾਂ ਛੇ ਕੁ ਲੱਖ ਮਨੁੱਖ ਪਿਆਦੇ ਸਨ ।38ਉਨ੍ਹਾਂ ਦੇ ਨਾਲ ਮਿਲੀ ਜੁਲੀ ਭੀੜ ਵੀ ਗਈ ਨਾਲੇ ਇੱਜੜ ਅਤੇ ਚੌਣੇ ਅਰਥਾਤ ਢੇਰ ਸਾਰੇ ਪਸ਼ੂ ਸਨ ।39ਅਤੇ ਉਨ੍ਹਾਂ ਨੇ ਗੁੰਨ੍ਹੇ ਹੋਏ ਆਟੇ ਦੀਆਂ ਜਿਹੜਾ ਮਿਸਰ ਤੋਂ ਲਿਆਏ ਸਨ ਪਤੀਰੀਆਂ ਰੋਟੀਆਂ ਪਕਾਈਆਂ ਕਿਉਂ ਜੋ ਉਹ ਇਸ ਲਈ ਖ਼ਮੀਰ ਨਹੀਂ ਹੋਇਆ ਸੀ ਕਿ ਉਹ ਮਿਸਰੋਂ ਧੱਕੇ ਗਏ ਸਨ ਅਤੇ ਉੱਥੇ ਠਹਿਰ ਨਾ ਸਕੇ ਨਾ ਆਪਣੇ ਲਈ ਰੋਟੀ ਬਣਾ ਸਕੇ ।40ਇਸਰਾਏਲੀਆਂ ਦੇ ਮਿਸਰ ਵਿੱਚ ਵਸੇਬੇ ਦਾ ਸਮਾਂ ਚਾਰ ਸੌ ਤੀਹ ਸਾਲ ਸੀ ।
41ਚਾਰ ਸੌ ਤੀਹ ਸਾਲਾਂ ਦੇ ਅੰਤ ਵਿੱਚ ਇਸ ਤਰ੍ਹਾਂ ਹੋਇਆ ਕਿ ਉਸੇ ਦਿਨ ਯਹੋਵਾਹ ਦੀਆਂ ਸਾਰੀਆਂ ਸੈਨਾਂ ਮਿਸਰ ਦੇਸ ਤੋਂ ਨਿੱਕਲ ਗਈਆਂ ।42ਉਨ੍ਹਾਂ ਨੂੰ ਮਿਸਰ ਦੇਸ ਤੋਂ ਕੱਢਣ ਦੇ ਕਾਰਨ ਇਹ ਇੱਕ ਰਾਤ ਹੈ ਜਿਹੜੀ ਯਹੋਵਾਹ ਲਈ ਮਨਾਉਣ ਵਾਲੀ ਹੈ । ਇਹੋ ਯਹੋਵਾਹ ਦੀ ਉਹ ਰਾਤ ਹੈ ਜਿਹੜੀ ਸਾਰੇ ਇਸਰਾਏਲੀਆਂ ਦੀਆਂ ਕੁੱਲ ਪੀੜ੍ਹੀਆਂ ਤੱਕ ਮਨਾਉਣ ਵਾਲੀ ਹੈ ।
ਪਸਾਹ ਦੇ ਪਰਵ ਦੀ ਬਿਧੀ

43ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਆਖਿਆ, ਇਹ ਪਸਾਹ ਦੀ ਬਿਧੀ ਹੈ । ਕੋਈ ਓਪਰਾ ਉਸ ਵਿੱਚੋਂ ਨਾ ਖਾਵੇ44ਪਰ ਮਨੁੱਖ ਦਾ ਹਰ ਟਹਿਲੂਆ ਚਾਂਦੀ ਨਾਲ ਮੁੱਲ ਲਿਆ ਹੋਇਆ ਜਦ ਉਸ ਦੀ ਸੁੰਨਤ ਕਰ ਦਿੱਤੀ ਹੋਵੇ ਤਦ ਉਹ ਉਸ ਵਿੱਚੋਂ ਖਾਵੇ ।
45ਪਰਦੇਸੀ ਅਤੇ ਮਜ਼ਦੂਰ ਉਸ ਵਿੱਚੋਂ ਨਾ ਖਾਣ ।46ਇੱਕੋ ਹੀ ਘਰ ਵਿੱਚ ਉਹ ਖਾਧਾ ਜਾਵੇ । ਤੁਸੀਂ ਉਸ ਘਰ ਤੋਂ ਬਾਹਰ ਮਾਸ ਵਿੱਚੋਂ ਕੁੱਝ ਨਾ ਲੈ ਜਾਇਓ, ਨਾ ਉਸ ਦੀ ਕੋਈ ਹੱਡੀ ਤੋੜਿਓ ।
47ਇਸਰਾਏਲ ਦੀ ਸਾਰੀ ਮੰਡਲੀ ਉਸ ਨੂੰ ਮਨਾਇਆ ਕਰੇ ।48ਜਦ ਤੁਹਾਡੇ ਨਾਲ ਕੋਈ ਓਪਰਾ ਟਿਕਿਆ ਹੋਇਆ ਹੋਵੇ ਅਤੇ ਉਹ ਯਹੋਵਾਹ ਲਈ ਪਸਾਹ ਕਰਨੀ ਚਾਹੇ ਤਦ ਉਸ ਦੇ ਹਰ ਇੱਕ ਨਰ ਦੀ ਸੁੰਨਤ ਕੀਤੀ ਜਾਵੇ ਫੇਰ ਉਹ ਨੇੜੇ ਆ ਕੇ ਉਹ ਨੂੰ ਮਨਾਵੇ ਅਤੇ ਇਸ ਤਰ੍ਹਾਂ ਉਹ ਦੇਸ ਦੇ ਜੰਮੇ ਹੋਏ ਵਾਂਗੂੰ ਹੋਵੇਗਾ ਪਰ ਅਣ ਸੁੰਨਤਾ ਨਰ ਉਸ ਵਿੱਚੋਂ ਨਾ ਖਾਵੇ ।
49ਦੇਸੀ ਅਤੇ ਪਰਦੇਸੀ ਲਈ ਜਿਹੜਾ ਤੁਹਾਡੇ ਵਿੱਚ ਵੱਸਦਾ ਹੈ ਇੱਕੋ ਹੀ ਬਿਵਸਥਾ ਹੋਵੇਗੀ ।50ਤਾਂ ਸਾਰੇ ਇਸਰਾਏਲੀਆਂ ਨੇ ਓਵੇਂ ਹੀ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਹੁਕਮ ਦਿੱਤਾ ਸੀ ਉਨ੍ਹਾਂ ਨੇ ਤਿਵੇਂ ਹੀ ਕੀਤਾ ।51ਅਤੇ ਉਸੇ ਦਿਨ ਇਸ ਤਰ੍ਹਾਂ ਹੋਇਆ ਕਿ ਯਹੋਵਾਹ ਇਸਰਾਏਲੀਆਂ ਦੇ ਦਲਾਂ ਦੇ ਦਲ ਮਿਸਰ ਦੇਸ ਤੋਂ ਕੱਢ ਲਿਆਇਆ ।

13
ਜੇਠਿਆਂ ਨੂੰ ਅਰਪਣ ਕਰਨਾ

1ਯਹੋਵਾਹ ਮੂਸਾ ਨਾਲ ਬੋਲਿਆ ਕਿ2ਸਾਰੇ ਜੇਠੇ ਜਿਹੜੇ ਇਸਰਾਏਲੀਆਂ ਵਿੱਚ ਕੁੱਖ ਨੂੰ ਖੋਲ੍ਹਦੇ ਹਨ ਮੇਰੇ ਲਈ ਪਵਿੱਤਰ ਹੋਣ ਭਾਵੇਂ ਆਦਮੀ ਦੇ ਭਾਵੇਂ ਡੰਗਰ ਦੇ ਉਹ ਮੇਰੇ ਹਨ ।

ਅਖ਼ਮੀਰੀ ਰੋਟੀ ਦਾ ਪਰਬ

3ਤਾਂ ਮੂਸਾ ਨੇ ਪਰਜਾ ਨੂੰ ਆਖਿਆ, ਤੁਸੀਂ ਇਹ ਦਿਨ ਚੇਤੇ ਰੱਖੋ ਜਿਸ ਵਿੱਚ ਤੁਸੀਂ ਮਿਸਰ ਤੋਂ ਗ਼ੁਲਾਮੀ ਦੇ ਘਰ ਤੋਂ ਬਾਹਰ ਆਏ ਕਿਉਂਕਿ ਯਹੋਵਾਹ ਤੁਹਾਨੂੰ ਹੱਥ ਦੇ ਬਲ ਨਾਲ ਉੱਥੋਂ ਕੱਢ ਲਿਆਇਆ । ਖ਼ਮੀਰੀ ਰੋਟੀ ਨਾ ਖਾਧੀ ਜਾਵੇ ।4ਤੁਸੀਂ ਅਬੀਬ ਦੇ ਮਹੀਨੇ ਅੱਜ ਦੇ ਦਿਨ ਬਾਹਰ ਨਿੱਕਲ ਆਏ ਹੋ ।5ਅਤੇ ਇਸ ਤਰ੍ਹਾਂ ਹੋਵੇਗਾ ਕਿ ਜਦ ਯਹੋਵਾਹ ਤੁਹਾਨੂੰ ਕਨਾਨੀਆਂ ਹਿੱਤੀਆਂ ਅਮੋਰੀਆਂ ਹਿੱਵੀਆਂ ਅਤੇ ਯਬੂਸੀਆਂ ਦੇ ਦੇਸ ਵਿੱਚ ਜਿਹੜਾ ਤੁਹਾਡੇ ਪਿਉ-ਦਾਦਿਆਂ ਨਾਲ ਸਹੁੰ ਖਾ ਕੇ ਤੁਹਾਨੂੰ ਦੇਣ ਲਈ ਆਖਿਆ ਸੀ ਅਤੇ ਜਿਹੜੇ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਹੈ ਲਿਆਵੇਗਾ ਤਾਂ ਤੁਸੀਂ ਇਸ ਮਹੀਨੇ ਵਿੱਚ ਇਹ ਉਪਾਸਨਾ ਕਰਿਓ ।
6ਸੱਤਾਂ ਦਿਨਾਂ ਤੱਕ ਪਤੀਰੀ ਰੋਟੀ ਖਾਣੀ ਅਤੇ ਸੱਤਵੇਂ ਦਿਨ ਯਹੋਵਾਹ ਦਾ ਪਰਬ ਹੈ ।7ਪਤੀਰੀ ਰੋਟੀ ਸੱਤਾਂ ਦਿਨਾਂ ਤੱਕ ਖਾਧੀ ਜਾਵੇ ਅਤੇ ਕੋਈ ਖ਼ਮੀਰ ਤੁਹਾਡੇ ਕੋਲ ਨਾ ਵੇਖਿਆ ਜਾਵੇ ਨਾ ਖ਼ਮੀਰ ਤੁਹਾਡੀਆਂ ਸਾਰੀਆਂ ਹੱਦਾਂ ਵਿੱਚ ਵੇਖਿਆ ਜਾਵੇ ।
8ਤੁਸੀਂ ਉਸ ਦਿਨ ਆਪਣੇ ਪੁੱਤਰਾਂ ਨੂੰ ਇਹ ਦੱਸੋ ਕਿ ਕਾਰਨ ਇਹ ਹੈ ਕਿ ਯਹੋਵਾਹ ਨੇ ਸਾਨੂੰ ਮਿਸਰ ਤੋਂ ਕੱਢਿਆ ।9ਇਹ ਤੁਹਾਡੇ ਹੱਥਾਂ ਉੱਤੇ ਨਿਸ਼ਾਨ ਅਤੇ ਤੁਹਾਡੇ ਨੇਤ੍ਰਾਂ ਦੇ ਵਿੱਚ ਯਾਦਗਿਰੀ ਲਈ ਹੋਵੇਗਾ ਤਾਂ ਜੋ ਯਹੋਵਾਹ ਦੀ ਬਿਵਸਥਾ ਤੁਹਾਡੇ ਮੂੰਹ ਵਿੱਚ ਰਹੇ ਕਿਉਂਕਿ ਯਹੋਵਾਹ ਨੇ ਤਕੜੇ ਹੱਥ ਨਾਲ ਤੁਹਾਨੂੰ ਮਿਸਰੋਂ ਕੱਢਿਆ ।10ਤੁਸੀਂ ਇਸ ਬਿਧੀ ਨੂੰ ਠਹਿਰਾਏ ਹੋਏ ਸਮੇਂ ਉੱਤੇ ਸਾਲ ਦੇ ਸਾਲ ਮਨਾਇਆ ਕਰੋ ।
ਜੇਠੇ

11ਤਾਂ ਇਸ ਤਰ੍ਹਾਂ ਹੋਵੇਗਾ ਕਿ ਜਦ ਯਹੋਵਾਹ ਤੁਹਾਨੂੰ ਕਨਾਨ ਦੇਸ ਵਿੱਚ ਲਿਆਵੇ ਜਿਵੇਂ ਉਸ ਨੇ ਤੁਹਾਡੇ ਨਾਲ ਅਤੇ ਤੁਹਾਡੇ ਪਿਉ-ਦਾਦਿਆਂ ਨਾਲ ਸਹੁੰ ਖਾਧੀ ਹੈ ਅਤੇ ਉਹ ਤੁਹਾਨੂੰ ਇਹ ਦੇਵੇ ।12ਤਾਂ ਹਰ ਇੱਕ ਕੁੱਖ ਦਾ ਖੋਲਣ ਵਾਲਾ ਯਹੋਵਾਹ ਲਈ ਵੱਖਰਾ ਰੱਖੋ ਨਾਲ ਡੰਗਰਾਂ ਵਿੱਚੋਂ ਹਰ ਜੇਠਾ ਬੱਚਾ ਜਿਹੜਾ ਤੁਹਾਡਾ ਹੋਵੇ । ਨਰ ਯਹੋਵਾਹ ਲਈ ਹੋਣਗੇ ।13ਹਰ ਖੋਤੇ ਦੇ ਜੇਠੇ ਨੂੰ ਲੇਲੇ ਨਾਲ ਛੁਡਾ ਲਵੋ ਪਰ ਜੇਕਰ ਨਾ ਛੁਡਾਉਣਾ ਹੋਵੇ ਤਾਂ ਉਸ ਦੀ ਧੌਣ ਤੋੜ ਸੁੱਟੋ ਅਤੇ ਆਪਣੇ ਪੁੱਤਰਾਂ ਵਿੱਚੋਂ ਆਦਮੀ ਦੇ ਹਰ ਜੇਠੇ ਨੂੰ ਛੁਡਾ ਲਵੋ ।
14ਇਸ ਤਰ੍ਹਾਂ ਹੋਵੇਗਾ ਕਿ ਜਦ ਅੱਗੇ ਨੂੰ ਤੁਹਾਡੇ ਪੁੱਤਰ ਤੁਹਾਡੇ ਤੋਂ ਪੁੱਛਣ ਕਿ ਇਹ ਕੀ ਹੈ ? ਤਾਂ ਤੁਸੀਂ ਉਨ੍ਹਾਂ ਨੂੰ ਆਖੋ ਕਿ ਯਹੋਵਾਹ ਨੇ ਸਾਨੂੰ ਮਿਸਰ ਤੋਂ ਗ਼ੁਲਾਮੀ ਦੇ ਘਰ ਤੋਂ ਹੱਥ ਦੇ ਬਲ ਨਾਲ ਕੱਢਿਆ ਸੀ ।15ਫੇਰ ਇਸ ਤਰ੍ਹਾਂ ਹੋਇਆ ਕਿ ਜਾਂ ਫ਼ਿਰਊਨ ਨੇ ਸਾਡਾ ਬਾਹਰ ਜਾਣਾ ਔਖਾ ਕਰ ਦਿੱਤਾ ਤਾਂ ਯਹੋਵਾਹ ਨੇ ਮਿਸਰ ਦੇਸ ਦੇ ਸਾਰੇ ਪਲੌਠਿਆਂ ਨੂੰ ਮਾਰ ਸੁੱਟਿਆ ਆਦਮੀ ਦੇ ਜੇਠੇ ਤੋਂ ਲੈ ਕੇ ਡੰਗਰ ਦੇ ਜੇਠੇ ਤੱਕ । ਇਸ ਲਈ ਅਸੀਂ ਯਹੋਵਾਹ ਨੂੰ ਨਰਾਂ ਵਿੱਚੋਂ ਹਰ ਇੱਕ ਕੁੱਖ ਦਾ ਖੋਲ੍ਹਣ ਵਾਲਾ ਬਲੀ ਦਿੰਦੇ ਹਾਂ ਅਤੇ ਆਪਣੇ ਪੁੱਤਰਾਂ ਵਿੱਚੋਂ ਹਰ ਜੇਠੇ ਨੂੰ ਛੁਡਾ ਲੈਂਦੇ ਹਾਂ ।16ਇਹ ਤੁਹਾਡੇ ਹੱਥਾਂ ਵਿੱਚ ਨਿਸ਼ਾਨ ਅਤੇ ਤੁਹਾਡਿਆਂ ਨੇਤ੍ਰਾਂ ਦੇ ਵਿਚਕਾਰ ਇੱਕ ਤਵੀਤ ਜਿਹਾ ਹੋਵੇਗਾ ਕਿਉਂਕਿ ਯਹੋਵਾਹ ਸਾਨੂੰ ਹੱਥ ਦੇ ਬਲ ਨਾਲ ਮਿਸਰ ਤੋਂ ਕੱਢ ਲਿਆਇਆ ।
ਬੱਦਲ ਅਤੇ ਅੱਗ ਦਾ ਖੰਭਾ

17ਤਾਂ ਇਸ ਤਰ੍ਹਾਂ ਹੋਇਆ ਕਿ ਜਾਂ ਫ਼ਿਰਊਨ ਨੇ ਲੋਕਾਂ ਨੂੰ ਜਾਣ ਦਿੱਤਾ ਤਾਂ ਪਰਮੇਸ਼ੁਰ ਉਨ੍ਹਾਂ ਨੂੰ ਫ਼ਲਿਸਤੀਆਂ ਦੇ ਦੇਸ ਦੇ ਰਾਹ ਨਾ ਲੈ ਗਿਆ ਭਾਵੇਂ ਉਹ ਨੇੜੇ ਸੀ ਕਿਉਂ ਜੋ ਪਰਮੇਸ਼ੁਰ ਨੇ ਆਖਿਆ, ਸ਼ਾਇਦ ਲੋਕ ਜੰਗ ਨੂੰ ਵੇਖ ਕੇ ਪਛਤਾਉਣ ਅਤੇ ਮਿਸਰ ਨੂੰ ਮੁੜ ਜਾਣ ।18ਸਗੋਂ ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਨੂੰ ਭੁੰਆ ਕੇ ਲਾਲ ਸਮੁੰਦਰ ਦੀ ਉਜਾੜ ਦੀ ਰਾਹ ਪਾ ਦਿੱਤਾ ਅਤੇ ਇਸਰਾਏਲੀ ਸ਼ਸਤ੍ਰ ਬੰਨ੍ਹ ਕੇ ਮਿਸਰ ਦੇਸ ਤੋਂ ਚੱਲੇ ਆਏ ।
19ਮੂਸਾ ਨੇ ਯੂਸੁਫ਼ ਦੀਆਂ ਹੱਡੀਆਂ ਆਪਣੇ ਨਾਲ ਲੈ ਲਈਆਂ ਕਿਉਂ ਜੋ ਉਸ ਨੇ ਇਸਰਾਏਲੀਆਂ ਕੋਲੋਂ ਸਹੁੰ ਲੈ ਕੇ ਤਗੀਦ ਕੀਤੀ ਸੀ ਕਿ ਪਰਮੇਸ਼ੁਰ ਤੁਹਾਨੂੰ ਜ਼ਰੂਰ ਚੇਤੇ ਕਰੇਗਾ ਅਤੇ ਤੁਸੀਂ ਮੇਰੀਆਂ ਹੱਡੀਆਂ ਨੂੰ ਐਥੋਂ ਆਪਣੇ ਨਾਲ ਲੈ ਜਾਇਓ ।20ਫੇਰ ਉਨ੍ਹਾਂ ਨੇ ਸੁੱਕੋਥ ਤੋਂ ਕੂਚ ਕਰ ਕੇ ਉਜਾੜ ਦੇ ਕੰਢੇ ਏਥਾਮ ਵਿੱਚ ਡੇਰਾ ਕੀਤਾ ।21ਯਹੋਵਾਹ ਉਨ੍ਹਾਂ ਨੂੰ ਰਾਹ ਦੱਸਣ ਲਈ ਦਿਨ ਨੂੰ ਬੱਦਲ ਦੇ ਥੰਮ੍ਹ ਵਿੱਚ ਅਤੇ ਰਾਤੀਂ ਉਨ੍ਹਾਂ ਨੂੰ ਚਾਨਣਾ ਦੇਣ ਲਈ ਅੱਗ ਦੇ ਥੰਮ੍ਹ ਵਿੱਚ ਉਨ੍ਹਾਂ ਦੇ ਅੱਗੇ-ਅੱਗੇ ਤੁਰਦਾ ਸੀ ਤਾਂ ਜੋ ਦਿਨ ਅਤੇ ਰਾਤ ਨੂੰ ਚੱਲਦੇ ਜਾਣ ।22ਬੱਦਲ ਦਾ ਥੰਮ੍ਹ ਦਿਨ ਨੂੰ ਅਤੇ ਅੱਗ ਦਾ ਥੰਮ੍ਹ ਰਾਤ ਨੂੰ ਉਨ੍ਹਾਂ ਲੋਕਾਂ ਦੇ ਅੱਗੋਂ ਕਦੀ ਨਾ ਹਟਿਆ ।

14
ਲਾਲ ਸਮੁੰਦਰ ਨੂੰ ਪਾਰ ਕਰਨਾ

1ਯਹੋਵਾਹ ਮੂਸਾ ਨਾਲ ਬੋਲਿਆ,2ਇਸਰਾਏਲੀਆਂ ਨੂੰ ਆਖ ਕਿ ਉਹ ਮੁੜ ਜਾਣ ਅਤੇ ਪੀ-ਹਹੀਰੋਥ ਦੇ ਸਾਹਮਣੇ ਮਿਗਦੋਲ ਅਤੇ ਸਮੁੰਦਰ ਦੇ ਵਿਚਕਾਰ ਬਆਲ-ਸਫ਼ੋਨ ਦੇ ਸਾਹਮਣੇ ਡੇਰਾ ਲਾਉਣ । ਉਸ ਦੇ ਸਾਹਮਣੇ ਸਮੁੰਦਰ ਦੇ ਕੋਲ ਡੇਰਾ ਲਾਓ ।3ਫ਼ਿਰਊਨ ਇਸਰਾਏਲੀਆਂ ਲਈ ਆਖੇਗਾ ਕਿ ਉਹ ਧਰਤੀ ਵਿੱਚ ਫਸ ਗਏ ਹਨ ਅਤੇ ਉਜਾੜ ਨੇ ਉਨ੍ਹਾਂ ਨੂੰ ਰੋਕ ਲਿਆ ਹੈ ।

4ਮੈਂ ਫ਼ਿਰਊਨ ਦੇ ਮਨ ਨੂੰ ਕਠੋਰ ਹੋਣ ਦੇਵਾਂਗਾ ਅਤੇ ਉਹ ਉਨ੍ਹਾਂ ਦਾ ਪਿੱਛਾ ਕਰੇਗਾ ਅਤੇ ਮੈਂ ਫ਼ਿਰਊਨ ਅਤੇ ਉਸ ਦੀ ਸਾਰੀ ਫੌਜ ਤੋਂ ਆਦਰ ਪਾਵਾਂਗਾ ਤਾਂ ਜੋ ਮਿਸਰੀ ਜਾਣਨ ਕਿ ਮੈਂ ਯਹੋਵਾਹ ਹਾਂ । ਫੇਰ ਉਨ੍ਹਾਂ ਨੇ ਉਸੇ ਤਰ੍ਹਾਂ ਹੀ ਕੀਤਾ ।5ਤਾਂ ਮਿਸਰ ਦੇ ਰਾਜੇ ਨੂੰ ਦੱਸਿਆ ਗਿਆ ਕਿ ਉਹ ਲੋਕ ਨੱਠ ਗਏ ਹਨ । ਤਾਂ ਫ਼ਿਰਊਨ ਅਤੇ ਉਸ ਦੇ ਟਹਿਲੂਆਂ ਦੇ ਮਨ ਉਨ੍ਹਾਂ ਲੋਕਾਂ ਵੱਲੋਂ ਫਿਰ ਗਏ ਅਤੇ ਉਨ੍ਹਾਂ ਨੇ ਆਖਿਆ, ਇਹ ਕੀ ਹੈ ਜੋ ਆਪਾਂ ਕੀਤਾ ਕਿ ਆਪਾਂ ਇਸਰਾਏਲ ਨੂੰ ਆਪਣੀ ਟਹਿਲ ਤੋਂ ਜਾਣ ਦਿੱਤਾ ?
6ਤਾਂ ਉਸ ਨੇ ਆਪਣਾ ਰੱਥ ਜੁੜਾਇਆ ਅਤੇ ਆਪਣੀ ਪਰਜਾ ਨੂੰ ਨਾਲ ਲਿਆ7ਨਾਲੇ ਉਸ ਨੇ ਛੇ ਸੌ ਚੁਗਵੇਂ ਰੱਥ ਅਤੇ ਮਿਸਰ ਦੇ ਬਾਕੀ ਰੱਥ ਵੀ ਲਏ ਅਤੇ ਸਾਰਿਆਂ ਉੱਤੇ ਅਫ਼ਸਰ ਬਹਾਏ ।8ਅਤੇ ਯਹੋਵਾਹ ਨੇ ਮਿਸਰ ਦੇ ਰਾਜੇ ਫ਼ਿਰਊਨ ਦਾ ਮਨ ਕਠੋਰ ਹੋਣ ਦਿੱਤਾ ਅਤੇ ਉਸ ਨੇ ਇਸਰਾਏਲੀਆਂ ਦਾ ਪਿੱਛਾ ਕੀਤਾ ਪਰ ਇਸਰਾਏਲੀ ਜਬਰਦਸਤੀ ਨਾਲ ਨਿੱਕਲਦੇ ਜਾਂਦੇ ਸਨ ।9ਅਤੇ ਮਿਸਰੀਆਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਫ਼ਿਰਊਨ ਦੇ ਸਾਰੇ ਘੋੜੇ ਅਤੇ ਰੱਥ ਅਤੇ ਉਸ ਦੇ ਘੋੜ ਚੜ੍ਹੇ ਅਤੇ ਉਸ ਦੀ ਫੌਜ ਉਨ੍ਹਾਂ ਦੇ ਤੰਬੂ ਲਾਉਂਦਿਆਂ ਤੇ ਸਮੁੰਦਰ ਦੇ ਕੋਲ ਅਤੇ ਪੀ-ਹਹੀਰੋਥ ਦੇ ਕੋਲ ਬਆਲ-ਸਫ਼ੋਨ ਦੇ ਸਾਹਮਣੇ ਜਾ ਟੱਕਰੀ ।
10ਜਦ ਫ਼ਿਰਊਨ ਆਇਆ ਤਾਂ ਇਸਰਾਏਲੀਆਂ ਨੇ ਆਪਣੀਆਂ ਅੱਖਾਂ ਚੁੱਕੀਆਂ ਅਤੇ ਵੇਖੋ ਮਿਸਰੀ ਉਨ੍ਹਾਂ ਦੇ ਪਿੱਛੇ-ਪਿੱਛੇ ਆ ਰਹੇ ਸਨ ਤਾਂ ਉਹ ਬਹੁਤ ਹੀ ਡਰੇ ਅਤੇ ਇਸਰਾਏਲੀਆਂ ਨੇ ਯਹੋਵਾਹ ਦੇ ਅੱਗੇ ਤਰਲੇ ਕੀਤੇ ।11ਉਪਰੰਤ ਉਨ੍ਹਾਂ ਨੇ ਮੂਸਾ ਨੂੰ ਆਖਿਆ, ਕੀ ਮਿਸਰ ਵਿੱਚ ਕਬਰਾਂ ਨਹੀਂ ਸਨ ਕਿ ਤੂੰ ਸਾਨੂੰ ਮਰਨ ਲਈ ਉਜਾੜ ਵਿੱਚ ਲਿਆਇਆ ਹੈਂ ? ਇਹ ਤੂੰ ਸਾਡੇ ਨਾਲ ਕੀ ਕੀਤਾ ਜੋ ਸਾਨੂੰ ਮਿਸਰੋਂ ਕੱਢ ਲਿਆਇਆ ਹੈਂ ?12ਇਹ ਉਹੋ ਹੀ ਗੱਲ ਤਾਂ ਨਹੀਂ ਜਿਹੜੀ ਅਸੀਂ ਤੈਨੂੰ ਮਿਸਰ ਵਿੱਚ ਆਖੀ ਸੀ ਕਿ ਸਾਨੂੰ ਰਹਿਣ ਦੇ ਕਿ ਅਸੀਂ ਮਿਸਰੀਆਂ ਦੀ ਟਹਿਲ ਕਰੀਏ ਕਿਉਂਕਿ ਸਾਨੂੰ ਮਿਸਰੀਆਂ ਦੀ ਟਹਿਲ ਕਰਨੀ ਉਜਾੜ ਵਿੱਚ ਮਰਨ ਨਾਲੋਂ ਚੰਗੀ ਸੀ ?
13ਮੂਸਾ ਨੇ ਪਰਜਾ ਨੂੰ ਆਖਿਆ, ਨਾ ਡਰੋ, ਖੜੇ ਰਹੋ ਅਤੇ ਯਹੋਵਾਹ ਦੇ ਬਚਾਉ ਨੂੰ ਵੇਖੋ ਜਿਹੜਾ ਅੱਜ ਦੇ ਦਿਨ ਤੁਹਾਡੇ ਲਈ ਕਰੇਗਾ ਕਿਉਂਕਿ ਜਿਹੜੇ ਮਿਸਰੀ ਤੁਸੀਂ ਅੱਜ ਵੇਖਦੇ ਹੋ ਫੇਰ ਸਦਾ ਤੱਕ ਕਦੀ ਨਾ ਵੇਖੋਗੇ ।14ਯਹੋਵਾਹ ਤੁਹਾਡੇ ਲਈ ਜੰਗ ਕਰੇਗਾ ਪਰ ਤੁਸੀਂ ਚੁੱਪ ਹੀ ਰਹਿਣਾ ।
15ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, ਤੂੰ ਕਿਉਂ ਮੇਰੇ ਤਰਲੇ ਕਰਦਾ ਹੈਂ ? ਇਸਰਾਏਲੀਆਂ ਨਾਲ ਗੱਲ ਕਰ ਕਿ ਉਹ ਅੱਗੇ ਤੁਰਨ ।16ਤੂੰ ਆਪਣਾ ਢਾਂਗਾ ਚੁੱਕ ਅਤੇ ਆਪਣਾ ਹੱਥ ਸਮੁੰਦਰ ਉੱਤੇ ਲੰਮਾ ਕਰ ਅਤੇ ਉਸ ਨੂੰ ਦੋ ਭਾਗ ਕਰ ਦੇ ਕਿ ਇਸਰਾਏਲੀ ਸਮੁੰਦਰ ਦੇ ਵਿੱਚ ਦੀ ਸੁੱਕੀ ਥਾਂ ਥਾਣੀ ਲੰਘ ਜਾਣ ।17ਵੇਖ ਮੈਂ ਮਿਸਰੀਆਂ ਦੇ ਮਨ ਕਠੋਰ ਹੋਣ ਦੇਵਾਂਗਾ ਅਤੇ ਉਹ ਉਨ੍ਹਾਂ ਦੇ ਪਿੱਛੇ ਜਾਣਗੇ ਅਤੇ ਮੈਂ ਫ਼ਿਰਊਨ ਅਤੇ ਉਸ ਦੀ ਸਾਰੀ ਫੌਜ ਅਤੇ ਰੱਥਾਂ ਅਤੇ ਘੋੜ ਚੜ੍ਹਿਆਂ ਤੋਂ ਆਦਰ ਪਾਵਾਂਗਾ ।18ਜਦ ਮੈਂ ਫ਼ਿਰਊਨ ਉਸ ਦੇ ਰਥਾਂ ਅਤੇ ਉਸ ਦੇ ਘੋੜ ਚੜ੍ਹਿਆਂ ਤੋਂ ਆਦਰ ਪਾਵਾਂਗਾ ਤਦ ਮਿਸਰੀ ਜਾਣਨਗੇ ਕਿ ਮੈਂ ਯਹੋਵਾਹ ਹਾਂ ।
19ਅਤੇ ਪਰਮੇਸ਼ੁਰ ਦਾ ਦੂਤ ਜਿਹੜਾ ਇਸਰਾਏਲ ਦੇ ਡੇਰੇ ਦੇ ਅੱਗੇ ਤੁਰਿਆ ਜਾਂਦਾ ਸੀ ਮੁੜਿਆ ਅਤੇ ਉਨ੍ਹਾਂ ਦੇ ਪਿੱਛੇ ਚਲਿਆ ਗਿਆ ਅਤੇ ਬੱਦਲ ਦਾ ਥੰਮ੍ਹ ਉਨ੍ਹਾਂ ਦੇ ਅੱਗੋਂ ਮੁੜ ਕੇ ਪਿੱਛੇ ਆ ਖੜਾ ਹੋਇਆ ।20ਉਹ ਮਿਸਰੀਆਂ ਦੇ ਡੇਰੇ ਅਤੇ ਇਸਰਾਏਲ ਦੇ ਡੇਰੇ ਦੇ ਵਿੱਚ ਆ ਗਿਆ ਅਤੇ ਬੱਦਲ ਅਤੇ ਅਨ੍ਹੇਰ ਤਾਂ ਸੀ ਪਰ ਉਸ ਨੇ ਰਾਤ ਨੂੰ ਚਾਨਣਾ ਕਰ ਦਿੱਤਾ ਅਤੇ ਉਹ ਸਾਰੀ ਰਾਤ ਇੱਕ ਦੂਜੇ ਦੇ ਨੇੜੇ ਨਾ ਆਏ ।
21ਤਾਂ ਮੂਸਾ ਨੇ ਆਪਣਾ ਹੱਥ ਸਮੁੰਦਰ ਉੱਤੇ ਲੰਮਾ ਕੀਤਾ ਅਤੇ ਯਹੋਵਾਹ ਨੇ ਤੇਜ ਪੁਰੇ ਦੀ ਹਵਾ ਸਾਰੀ ਰਾਤ ਵਗਾ ਕੇ ਸਮੁੰਦਰ ਨੂੰ ਪਿੱਛੇ ਹਟਾ ਦਿੱਤਾ ਅਤੇ ਸਮੁੰਦਰ ਨੂੰ ਸੁਕਾ ਦਿੱਤਾ ਅਤੇ ਪਾਣੀ ਦੋ ਭਾਗ ਹੋ ਗਏ ।22ਇਸਰਾਏਲੀ ਸਮੁੰਦਰ ਦੇ ਵਿੱਚ ਦੀ ਸੁੱਕੀ ਜਮੀਨ ਉੱਤੋਂ ਦੀ ਆਏ ਅਤੇ ਉਨ੍ਹਾਂ ਦੇ ਸੱਜੇ ਖੱਬੇ ਪਾਣੀ ਕੰਧ ਵਾਂਗੂੰ ਸਨ ।
23ਮਿਸਰੀਆਂ ਨੇ ਪਿੱਛਾ ਕੀਤਾ ਅਤੇ ਉਨ੍ਹਾਂ ਦਾ ਪਿੱਛਾ ਕਰਦੇ ਹੋਏ ਫ਼ਿਰਊਨ ਦੇ ਸਾਰੇ ਘੋੜੇ ਅਤੇ ਉਸ ਦੇ ਰੱਥ ਅਤੇ ਘੋੜ ਚੜ੍ਹੇ ਸਮੁੰਦਰ ਵਿੱਚ ਆ ਗਏ ।24ਤਾਂ ਇਸ ਤਰ੍ਹਾਂ ਹੋਇਆ ਕਿ ਸਵੇਰ ਦੇ ਪਹਿਰ ਯਹੋਵਾਹ ਨੇ ਮਿਸਰੀਆਂ ਦੇ ਡੇਰੇ ਨੂੰ ਅੱਗ ਅਤੇ ਬੱਦਲ ਦੇ ਥੰਮ੍ਹ ਦੇ ਵਿੱਚੋਂ ਦੀ ਡਿਠਾ ਅਤੇ ਮਿਸਰੀਆਂ ਦੇ ਡੇਰੇ ਨੂੰ ਗੜਬੜਾਹਟ ਵਿੱਚ ਪਾ ਦਿੱਤਾ ।25ਅਤੇ ਉਨ੍ਹਾਂ ਦੇ ਰੱਥ ਦੇ ਪਹੀਏ ਲਾਹ ਸੁੱਟੇ ਕਿਉਂ ਜੋ ਉਹ ਭਾਰੀ ਚੱਲਦੇ ਸਨ । ਸੋ ਮਿਸਰੀਆਂ ਨੇ ਆਖਿਆ, ਅਸੀਂ ਇਸਰਾਏਲ ਦੇ ਅੱਗੋਂ ਨੱਠ ਚੱਲੀਏ ਕਿਉਂਕਿ ਯਹੋਵਾਹ ਉਨ੍ਹਾਂ ਲਈ ਮਿਸਰੀਆਂ ਦੇ ਵਿਰੁੱਧ ਲੜਦਾ ਹੈ ।
26ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ, ਆਪਣੇ ਹੱਥ ਸਮੁੰਦਰ ਉੱਤੇ ਲੰਮਾ ਕਰ ਤਾਂ ਜੋ ਪਾਣੀ ਮਿਸਰੀਆਂ ਉੱਤੇ, ਉਨ੍ਹਾਂ ਦੇ ਰਥਾਂ ਉੱਤੇ ਅਤੇ ਉਨ੍ਹਾਂ ਦੇ ਘੋੜ ਚੜ੍ਹਿਆਂ ਉੱਤੇ ਮੁੜ ਆਉਣ ।27ਮੂਸਾ ਨੇ ਆਪਣਾ ਹੱਥ ਸਮੁੰਦਰ ਉੱਤੇ ਲੰਮਾ ਕੀਤਾ ਅਤੇ ਪੌਹ ਫਟਣ ਵੇਲੇ ਸਮੁੰਦਰ ਆਪਣੇ ਪਹਿਲੇ ਬਲ ਨਾਲ ਮੁੜਿਆ ਅਤੇ ਮਿਸਰੀ ਉਸ ਦੀ ਵੱਲੋਂ ਨੱਠੇ ਪਰ ਯਹੋਵਾਹ ਨੇ ਮਿਸਰੀਆਂ ਨੂੰ ਸਮੁੰਦਰ ਦੇ ਵਿੱਚ ਛੰਡ ਸੁੱਟਿਆ ।28ਉਪਰੰਤ ਪਾਣੀ ਮੁੜੇ ਅਤੇ ਉਨ੍ਹਾਂ ਨੇ ਰੱਥ ਅਤੇ ਘੋੜ ਚੜ੍ਹੇ ਅਤੇ ਫ਼ਿਰਊਨ ਦੀ ਸਾਰੀ ਫੌਜ ਜਿਹੜੀ ਉਨ੍ਹਾਂ ਦੇ ਮਗਰ ਸਮੁੰਦਰ ਵਿੱਚ ਆਈ ਸੀ ਢੱਕ ਲਈ ਅਤੇ ਉਨ੍ਹਾਂ ਵਿੱਚੋਂ ਇੱਕ ਵੀ ਨਾ ਬਚਿਆ ।
29ਪਰ ਇਸਰਾਏਲੀ ਖੁਸ਼ਕੀ ਉੱਤੋਂ ਸਮੁੰਦਰ ਦੇ ਵਿੱਚ ਦੀ ਚੱਲਦੇ ਗਏ ਅਤੇ ਪਾਣੀ ਉਨ੍ਹਾਂ ਦੇ ਸੱਜੇ ਖੱਬੇ ਕੰਧ ਵਾਂਗੂੰ ਸਨ ।30ਸੋ ਉਸ ਦਿਨ ਯਹੋਵਾਹ ਨੇ ਇਸਰਾਏਲ ਨੂੰ ਮਿਸਰੀਆਂ ਦੇ ਹੱਥੋਂ ਇਸ ਤਰ੍ਹਾਂ ਬਚਾਇਆ ਅਤੇ ਇਸਰਾਏਲ ਨੇ ਮਿਸਰੀਆਂ ਦੇ ਮੁਰਦੇ ਸਮੁੰਦਰ ਦੇ ਕੰਢੇ ਉੱਤੇ ਵੇਖੇ ।31ਇਸ ਤਰ੍ਹਾਂ ਇਸਰਾਏਲ ਨੇ ਉਹ ਵੱਡਾ ਕੰਮ ਵੇਖਿਆ ਜਿਹੜਾ ਯਹੋਵਾਹ ਨੇ ਮਿਸਰੀਆਂ ਦੇ ਵਿਰੁੱਧ ਕੀਤਾ ਸੀ ਤਾਂ ਲੋਕ ਯਹੋਵਾਹ ਕੋਲੋਂ ਡਰ ਗਏ ਅਤੇ ਉਨ੍ਹਾਂ ਨੇ ਯਹੋਵਾਹ ਉੱਤੇ ਅਤੇ ਉਸ ਦੇ ਦਾਸ ਮੂਸਾ ਉੱਤੇ ਪਰਤੀਤ ਕੀਤੀ ।

15
ਮੂਸਾ ਦਾ ਗੀਤ

1ਤਦ ਮੂਸਾ ਅਤੇ ਇਸਰਾਏਲੀਆਂ ਨੇ ਯਹੋਵਾਹ ਲਈ ਇਹ ਗੀਤ ਗਾਉਂਦੇ ਹੋਇਆਂ ਆਖਿਆ - ਮੈਂ ਯਹੋਵਾਹ ਲਈ ਗਾਵਾਂਗਾ ਕਿਉਂਕਿ ਉਹ ਬਹੁਤ ਉੱਚਾ ਹੋਇਆ ਹੈ, ਉਸ ਨੇ ਘੋੜੇ ਅਤੇ ਉਸ ਦੇ ਸਵਾਰ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ ਹੈ ।

2ਯਹੋਵਾਹ ਮੇਰਾ ਬਲ ਅਤੇ ਮੇਰਾ ਭਜਨ ਹੈ, ਉਹ ਮੇਰਾ ਛੁਟਕਾਰਾ ਹੋਇਆ ਹੈ, ਉਹ ਮੇਰਾ ਪਰਮੇਸ਼ੁਰ ਹੈ ਤੇ ਮੈਂ ਉਸ ਦੀ ਸੋਭਾ ਕਰਾਂਗਾ, ਉਹ ਮੇਰੇ ਪਿਤਾ ਦਾ ਪਰਮੇਸ਼ੁਰ ਹੈ ਤੇ ਮੈਂ ਉਸ ਦੀ ਵਡਿਆਈ ਕਰਾਂਗਾ ।3ਯਹੋਵਾਹ ਜੋਧਾ ਪੁਰਸ਼ ਹੈ, ਯਹੋਵਾਹ ਉਸ ਦਾ ਨਾਮ ਹੈ ।
4ਫ਼ਿਰਊਨ ਦੇ ਰੱਥ ਅਤੇ ਉਸ ਦੀ ਫੌਜ ਉਸ ਨੇ ਸਮੁੰਦਰ ਵਿੱਚ ਸੁੱਟ ਦਿੱਤੀ, ਉਸ ਦੇ ਉੱਤਮ ਅਫ਼ਸਰ ਲਾਲ ਸਮੁੰਦਰ ਵਿੱਚ ਗਰਕ ਹੋ ਗਏ ।5ਡੁੰਘਿਆਈ ਨੇ ਉਨ੍ਹਾਂ ਨੂੰ ਢੱਕ ਲਿਆ, ਉਹ ਪੱਥਰ ਵਾਂਗੂੰ ਤਹਿ ਵਿੱਚ ਚਲੇ ਗਏ ।
6ਹੇ ਯਹੋਵਾਹ ਤੇਰਾ ਸੱਜਾ ਹੱਥ ਸ਼ਕਤੀ ਵਿੱਚ ਤੇਜਵਾਨ ਹੈ, ਹੇ ਯਹੋਵਾਹ ਤੇਰਾ ਸੱਜਾ ਹੱਥ ਵੈਰੀ ਨੂੰ ਚਕਨਾ-ਚੂਰ ਕਰ ਸੁੱਟਦਾ ਹੈ ।7ਤੂੰ ਆਪਣੀ ਵੱਡੀ ਉੱਤਮਤਾਈ ਨਾਲ ਆਪਣੇ ਵਿਰੋਧੀਆਂ ਨੂੰ ਢਾ ਲੈਂਦਾ ਹੈਂ, ਤੂੰ ਆਪਣਾ ਕ੍ਰੋਧ ਭੇਜਦਾ ਹੈਂ ਜਿਹੜਾ ਉਨ੍ਹਾਂ ਨੂੰ ਭੱਠੇ ਵਾਂਗੂੰ ਭੱਖ ਲੈਂਦਾ ਹੈ ।8ਤੇਰੀਆਂ ਨਾਸਾਂ ਦੀ ਸੂਕਰ ਨਾਲ ਪਾਣੀ ਜਮਾਂ ਹੋ ਗਏ, ਮੌਜਾਂ ਢੇਰ ਵਾਂਗੂੰ ਖੜੀਆਂ ਹੋ ਗਈਆਂ, ਡੁੰਘਿਆਈ ਸਮੁੰਦਰ ਦੇ ਵਿਚਕਾਰ ਜੰਮ ਗਈਆਂ ।
9ਵੈਰੀ ਨੇ ਆਖਿਆ, ਮੈਂ ਪਿੱਛਾ ਕਰਾਂਗਾ, ਮੈਂ ਜਾ ਲਵਾਂਗਾ, ਮੈਂ ਲੁੱਟ ਦਾ ਮਾਲ ਵੰਡਾਂਗਾ, ਮੈਂ ਉਨ੍ਹਾਂ ਨਾਲ ਮਨ ਆਈ ਕਰਾਂਗਾ, ਮੈਂ ਤਲਵਾਰ ਸੂਤਾਂਗਾ ਅਤੇ ਮੇਰਾ ਹੱਥ ਉਨ੍ਹਾਂ ਦਾ ਨਾਸ ਕਰੇਗਾ ।10ਤੂੰ ਆਪਣੀ ਹਵਾ ਨਾਲ ਫੂਕ ਮਾਰੀ, ਸਮੁੰਦਰ ਨੇ ਉਨ੍ਹਾਂ ਨੂੰ ਢੱਕ ਲਿਆ, ਉਹ ਸਿੱਕੇ ਵਾਂਗੂੰ ਮਹਾਂ ਜਲ ਵਿੱਚ ਡੁੱਬ ਗਏ ।11ਕੌਣ ਹੈ ਤੇਰੇ ਵਰਗਾ ਹੇ ਯਹੋਵਾਹ ਦੇਵਤਿਆਂ ਵਿੱਚ ? ਕੌਣ ਹੈ ਤੇਰੇ ਵਰਗਾ ਪਵਿੱਤਰਤਾਈ ਵਿੱਚ ਪਰਤਾਪ ਵਾਲਾ, ਉਸਤਤ ਵਿੱਚ ਭੈ ਦਾਇਕ ਅਤੇ ਅਚਰਜ ਕੰਮਾਂ ਵਾਲਾ ?
12ਤੂੰ ਆਪਣਾ ਸੱਜਾ ਹੱਥ ਪਸਾਰਿਆ, ਤਾਂ ਧਰਤੀ ਉਨ੍ਹਾਂ ਨੂੰ ਨਿਗਲ ਗਈ ।13ਤੂੰ ਆਪਣੀ ਕਿਰਪਾ ਨਾਲ ਉਸ ਪਰਜਾ ਦੀ ਅਗਵਾਈ ਕੀਤੀ ਜਿਹ ਨੂੰ ਤੂੰ ਛੁਟਕਾਰਾ ਦਿੱਤਾ ਸੀ, ਤੂੰ ਆਪਣੇ ਬਲ ਨਾਲ ਉਸ ਨੂੰ ਆਪਣੇ ਪਵਿੱਤਰ ਨਿਵਾਸ ਦੇ ਰਾਹ ਪਾ ਦਿੱਤਾ ।
14ਲੋਕਾਂ ਨੇ ਸੁਣਿਆ, ਉਹ ਕੰਬਦੇ ਹਨ, ਫਲਿਸਤੀਨ ਦੇ ਵਾਸੀਆਂ ਨੂੰ ਚੁਬਕ ਪਈ ।15ਤਦ ਅਦੋਮ ਦੇ ਸਰਦਾਰ ਘਾਬਰ ਗਏ, ਮੋਆਬ ਦੇ ਸੂਰਮਿਆਂ ਨੂੰ ਕੰਬਣੀ ਲੱਗੀ, ਕਨਾਨ ਦੇ ਸਾਰੇ ਵਾਸੀ ਢੱਲ਼ ਗਏ ।
16ਹੌਲ ਅਤੇ ਤਹਿਕਣਾ ਉਨ੍ਹਾਂ ਉੱਤੇ ਪੈਂਦਾ ਹੈ, ਉਹ ਤੇਰੀ ਬਾਂਹ ਦੇ ਵੱਡੇ ਹੋਣ ਦੇ ਕਾਰਨ ਪੱਥਰ ਵਾਂਗੂੰ ਚੁੱਪ ਰਹਿ ਜਾਂਦੇ ਹਨ । ਹੇ ਯਹੋਵਾਹ ਜਦ ਤੱਕ ਤੇਰੀ ਪਰਜਾ ਲੰਘ ਨਾ ਜਾਵੇ, ਜਦ ਤੱਕ ਉਹ ਪਰਜਾ ਜਿਹੜੀ ਤੂੰ ਵਿਹਾਝੀ ਹੈ ਪਾਰ ਨਾ ਲੰਘ ਜਾਵੇ,
17ਤੂੰ ਉਨ੍ਹਾਂ ਨੂੰ ਅੰਦਰ ਲਿਆਵੇਂਗਾ ਅਤੇ ਆਪਣੀ ਮਿਲਖ ਦੇ ਪਹਾੜ ਵਿੱਚ ਲਗਾਵੇਂਗਾ, ਹੇ ਯਹੋਵਾਹ ਉਸ ਸਥਾਨ ਵਿੱਚ ਜਿਹੜਾ ਤੂੰ ਆਪਣੇ ਰਹਿਣ ਲਈ ਬਣਾਇਆ ਹੈ, ਹੇ ਮੇਰੇ ਪ੍ਰਭੂ ਉਹ ਪਵਿੱਤਰ ਸਥਾਨ ਜਿਹੜਾ ਤੇਰੇ ਹੱਥਾਂ ਨੇ ਸਥਿਰ ਕੀਤਾ ਹੈ ।18ਯਹੋਵਾਹ ਸਦਾ ਤੱਕ ਰਾਜ ਕਰਦਾ ਰਹੇਗਾ ।
ਮਰਿਯਮ ਦਾ ਗੀਤ

19ਫ਼ਿਰਊਨ ਦੇ ਘੋੜੇ ਅਤੇ ਉਸ ਦੇ ਰੱਥ ਅਤੇ ਉਸ ਦੇ ਘੋੜ ਚੜ੍ਹੇ ਤਾਂ ਸਮੁੰਦਰ ਵਿੱਚ ਵੜੇ ਅਤੇ ਯਹੋਵਾਹ ਨੇ ਸਮੁੰਦਰ ਦੇ ਪਾਣੀ ਨੂੰ ਉਨ੍ਹਾਂ ਉੱਤੇ ਮੋੜ ਲਿਆਂਦਾ ਪਰ ਇਸਰਾਏਲੀ ਸਮੁੰਦਰ ਦੇ ਵਿਚਕਾਰੋਂ ਦੀ ਸੁੱਕੀ ਜਮੀਨ ਉੱਤੋਂ ਦੀ ਲੰਘ ਗਏ ।20ਹਾਰੂਨ ਦੀ ਭੈਣ ਮਿਰਯਮ ਨਬੀਆ ਨੇ ਆਪਣੇ ਹੱਥ ਵਿੱਚ ਡੱਫ ਲਈ ਅਤੇ ਸਾਰੀਆਂ ਇਸਤ੍ਰੀਆਂ ਡੱਫਾਂ ਵਜਾਉਂਦੀਆਂ ਅਤੇ ਨੱਚਦੀਆਂ ਉਸ ਦੇ ਪਿੱਛੇ ਨਿੱਕਲੀਆਂ ।21ਮਿਰਯਮ ਨੇ ਉਨ੍ਹਾਂ ਨੂੰ ਉੱਤਰ ਦਿੱਤਾ - ਯਹੋਵਾਹ ਲਈ ਗਾਓ ਕਿਉਂ ਜੋ ਉਹ ਬਹੁਤ ਉੱਚਾ ਹੋਇਆ ਹੈ, ਘੋੜਾ ਅਤੇ ਉਸ ਦਾ ਸਵਾਰ ਉਸ ਨੇ ਸਮੁੰਦਰ ਵਿੱਚ ਸੁੱਟ ਦਿੱਤਾ ।
ਕੌੜਾ ਪਾਣੀ

22ਮੂਸਾ ਨੇ ਇਸਰਾਏਲ ਨੂੰ ਲਾਲ ਸਮੁੰਦਰ ਤੋਂ ਤੋਰ ਦਿੱਤਾ । ਉਹ ਸ਼ੂਰ ਦੀ ਉਜਾੜ ਨੂੰ ਨਿੱਕਲੇ ਅਤੇ ਤਿੰਨ ਦਿਨ ਉਜਾੜ ਵਿੱਚ ਦੀ ਤੁਰੇ ਗਏ ਪਰ ਉਨ੍ਹਾਂ ਨੂੰ ਪਾਣੀ ਨਾ ਲੱਭਾ ।23ਜਦ ਉਹ ਮਾਰਾਹ ਨੂੰ ਆਏ ਤਾਂ ਉਹ ਮਾਰਾਹ ਦਾ ਪਾਣੀ ਨਾ ਪੀ ਸਕੇ ਕਿਉਂ ਜੋ ਉਹ ਕੌੜਾ ਸੀ ਇਸ ਲਈ ਉਸ ਦਾ ਨਾਮ ਮਾਰਾਹ ਪੈ ਗਿਆ ।
24ਉਪਰੰਤ ਪਰਜਾ ਮੂਸਾ ਦੇ ਵਿਰੁੱਧ ਬੁੜ-ਬੁੜਾਉਣ ਲੱਗੀ ਕਿ ਅਸੀਂ ਕੀ ਪੀਈਏ ?25ਤਾਂ ਉਸ ਨੇ ਯਹੋਵਾਹ ਅੱਗੇ ਦੁਹਾਈ ਦਿੱਤੀ ਤਾਂ ਯਹੋਵਾਹ ਨੇ ਉਸ ਨੂੰ ਇੱਕ ਬਿਰਛ ਵਿਖਾਲਿਆ । ਉਸ ਨੇ ਉਹ ਨੂੰ ਪਾਣੀ ਵਿੱਚ ਸੁੱਟਿਆ ਤਾਂ ਪਾਣੀ ਮਿੱਠਾ ਹੋ ਗਿਆ । ਉੱਥੇ ਉਸ ਨੇ ਉਨ੍ਹਾਂ ਲਈ ਇੱਕ ਬਿਧੀ ਅਤੇ ਕਾਨੂੰਨ ਠਹਿਰਾਇਆ ਅਤੇ ਉੱਥੇ ਉਸ ਨੇ ਉਨ੍ਹਾਂ ਨੂੰ ਪਰਖ ਲਿਆ26ਅਤੇ ਉਸ ਨੇ ਆਖਿਆ, ਜੇ ਤੁਸੀਂ ਰੀਝ ਨਾਲ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਸੁਣੋਗੇ ਅਤੇ ਜਿਹੜਾ ਉਸ ਦੀਆਂ ਅੱਖਾਂ ਵਿੱਚ ਭਲਾ ਹੈ ਤੁਸੀਂ ਉਹ ਕਰੋਗੇ ਅਤੇ ਉਸ ਦੇ ਹੁਕਮਾਂ ਉੱਤੇ ਕੰਨ ਲਾਓਗੇ ਅਤੇ ਉਸ ਦੀਆਂ ਸਾਰੀਆਂ ਬਿਧੀਆਂ ਨੂੰ ਮੰਨੋਗੇ ਤਾਂ ਜਿਹੜੀਆਂ ਬਿਮਾਰੀਆਂ ਮੈਂ ਮਿਸਰੀਆਂ ਉੱਤੇ ਪਾਈਆਂ ਹਨ ਤੁਹਾਡੇ ਉੱਤੇ ਨਹੀਂ ਪਾਵਾਂਗਾ ਕਿਉਂ ਜੋ ਮੈਂ ਯਹੋਵਾਹ ਤੁਹਾਨੂੰ ਨਿਰੋਇਆ ਕਰਨ ਵਾਲਾ ਹਾਂ ।
27ਫਿਰ ਉਹ ਏਲਿਮ ਨੂੰ ਆਏ ਜਿੱਥੇ ਪਾਣੀ ਦੇ ਬਾਰਾਂ ਸੋਤੇ ਅਤੇ ਸੱਤਰ ਖ਼ਜੂਰ ਦੇ ਬਿਰਛ ਸਨ ਅਤੇ ਉਨ੍ਹਾਂ ਨੇ ਉੱਥੇ ਪਾਣੀ ਕੋਲ ਡੇਰੇ ਲਾਏ ।

16
ਮੰਨ੍ਹਾ ਅਤੇ ਬਟੇਰ

1ਫੇਰ ਉਨ੍ਹਾਂ ਨੇ ਏਲਿਮ ਤੋਂ ਕੂਚ ਕੀਤਾ ਅਤੇ ਇਸਰਾਏਲੀਆਂ ਦੀ ਸਾਰੀ ਮੰਡਲੀ ਸੀਨ ਦੀ ਉਜਾੜ ਵਿੱਚ ਜਿਹੜੀ ਏਲਿਮ ਅਤੇ ਸੀਨਈ ਦੇ ਵਿਚਕਾਰ ਹੈ ਦੂਜੇ ਮਹੀਨੇ ਦੇ ਪੰਦਰਵੇਂ ਦਿਨ ਉਨ੍ਹਾਂ ਦੇ ਮਿਸਰ ਦੇਸ ਤੋਂ ਨਿੱਕਲਣ ਦੇ ਮਗਰੋਂ ਆਈ2ਅਤੇ ਇਸਰਾਏਲੀਆਂ ਦੀ ਸਾਰੀ ਮੰਡਲੀ ਮੂਸਾ ਅਤੇ ਹਾਰੂਨ ਨਾਲ ਉਜਾੜ ਵਿੱਚ ਕੁੜ੍ਹਨ ਲੱਗੀ ।3ਅਤੇ ਇਸਰਾਏਲੀਆਂ ਨੇ ਉਨ੍ਹਾਂ ਨੂੰ ਆਖਿਆ, ਸਾਨੂੰ ਮਿਸਰ ਦੇਸ ਵਿੱਚ ਯਹੋਵਾਹ ਦੇ ਹੱਥੋਂ ਕਿਉਂ ਨਾ ਮਰ ਜਾਣ ਦਿੱਤਾ ਜਦ ਅਸੀਂ ਮਾਸ ਦੀਆਂ ਤੌੜੀਆਂ ਕੋਲ ਬੈਠਦੇ ਅਤੇ ਰੱਜ ਕੇ ਰੋਟੀ ਖਾਂਦੇ ਸੀ ? ਪਰ ਤੁਸੀਂ ਸਾਨੂੰ ਇਸ ਉਜਾੜ ਵਿੱਚ ਕੱਢ ਲਿਆਏ ਹੋ ਤਾਂ ਜੋ ਤੁਸੀਂ ਇਸ ਸਾਰੀ ਸਭਾ ਨੂੰ ਭੁੱਖ ਨਾਲ ਮਾਰ ਸੁੱਟੋ ।

4ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ, ਵੇਖੋ ਮੈਂ ਤੁਹਾਡੇ ਲਈ ਅਕਾਸ਼ ਤੋਂ ਰੋਟੀ ਵਰ੍ਹਾਵਾਂਗਾ ਅਤੇ ਪਰਜਾ ਬਾਹਰ ਜਾ ਕੇ ਇੱਕ ਦਿਨ ਦਾ ਭੋਜਨ ਉਸੇ ਦਿਨ ਇਕੱਠਾ ਕਰੇ ਤਾਂ ਜੋ ਮੈਂ ਉਹ ਨੂੰ ਪਰਖਾਂ ਕਿ ਉਹ ਮੇਰੀ ਬਿਵਸਥਾ ਉੱਤੇ ਚੱਲਦੀ ਹੈ ਕਿ ਨਹੀਂ ।5ਅਤੇ ਇਸ ਤਰ੍ਹਾਂ ਹੋਵੇਗਾ ਕਿ ਛੇਵੇਂ ਦਿਨ ਜੋ ਉਹ ਲਿਆਉਣਗੇ ਉਹ ਉਹ ਨੂੰ ਤਿਆਰ ਕਰਨ ਅਤੇ ਉਹ ਉਸ ਤੋਂ ਦੁੱਗਣਾ ਹੋਵੇਗਾ ਜਿਹੜਾ ਉਹ ਨਿੱਤ ਇਕੱਠਾ ਕਰਨਗੇ ।
6ਫੇਰ ਮੂਸਾ ਅਤੇ ਹਾਰੂਨ ਨੇ ਸਾਰੇ ਇਸਰਾਏਲੀਆਂ ਨੂੰ ਆਖਿਆ, ਤੁਸੀਂ ਸ਼ਾਮਾਂ ਨੂੰ ਜਾਣੋਗੇ ਕਿ ਯਹੋਵਾਹ ਹੀ ਤੁਹਾਨੂੰ ਮਿਸਰ ਦੇਸ ਤੋਂ ਬਾਹਰ ਲਿਆਇਆ ਹੈ ।7ਤੁਸੀਂ ਸਵੇਰ ਨੂੰ ਯਹੋਵਾਹ ਦਾ ਪਰਤਾਪ ਵੇਖੋਗੇ ਕਿਉਂਕਿ ਜੋ ਕੁੱਝ ਤੁਸੀਂ ਯਹੋਵਾਹ ਉੱਤੇ ਕੁੜ੍ਹਦੇ ਹੋ ਉਹ ਸੁਣਦਾ ਹੈ ਅਤੇ ਅਸੀਂ ਕੀ ਹਾਂ ਜੋ ਤੁਸੀਂ ਸਾਡੇ ਉੱਤੇ ਕੁੜ੍ਹਦੇ ਹੋ ?8ਮੂਸਾ ਨੇ ਆਖਿਆ, ਇਸ ਤਰ੍ਹਾਂ ਹੋਵੇਗਾ ਕਿ ਯਹੋਵਾਹ ਤੁਹਾਨੂੰ ਸ਼ਾਮਾਂ ਨੂੰ ਮਾਸ ਖਾਣ ਨੂੰ ਦੇਵੇਗਾ ਅਤੇ ਸਵੇਰ ਨੂੰ ਰੱਜਵੀਂ ਰੋਟੀ । ਯਹੋਵਾਹ ਤੁਹਾਡਾ ਕੁੜ੍ਹਨਾ ਸੁਣਦਾ ਹੈ ਜਿਹੜਾ ਤੁਸੀਂ ਉਸ ਉੱਤੇ ਕੁੜ੍ਹਦੇ ਹੋ ਪਰ ਅਸੀਂ ਕੀ ਹਾਂ ? ਤੁਹਾਡਾ ਕੁੜ੍ਹਨਾ ਸਾਡੇ ਉੱਤੇ ਨਹੀਂ ਸਗੋਂ ਯਹੋਵਾਹ ਉੱਤੇ ਹੈ ।
9ਤਾਂ ਮੂਸਾ ਨੇ ਹਾਰੂਨ ਨੂੰ ਆਖਿਆ, ਇਸਰਾਏਲੀਆਂ ਦੀ ਸਾਰੀ ਮੰਡਲੀ ਨੂੰ ਆਖ ਕਿ ਯਹੋਵਾਹ ਦੇ ਨੇੜੇ ਆਓ ਕਿਉਂ ਜੋ ਉਸ ਨੇ ਤੁਹਾਡਾ ਕੁੜ੍ਹਨਾ ਸੁਣਿਆ ।10ਤਾਂ ਇਸ ਤਰ੍ਹਾਂ ਹੋਇਆ ਕਿ ਜਦ ਹਾਰੂਨ ਇਸਰਾਏਲ ਦੀ ਸਾਰੀ ਮੰਡਲੀ ਨਾਲ ਬੋਲਦਾ ਸੀ ਤਾਂ ਉਨ੍ਹਾਂ ਉਜਾੜ ਵੱਲ ਮੁਹਾਣਾ ਮੋੜਿਆ ਅਤੇ ਵੇਖੋ ਯਹੋਵਾਹ ਦਾ ਪਰਤਾਪ ਬੱਦਲ ਵਿੱਚ ਦਿਖਾਈ ਦਿੱਤਾ ।11ਯਹੋਵਾਹ ਮੂਸਾ ਨੂੰ ਇਹ ਬੋਲਿਆ,12ਮੈਂ ਇਸਰਾਏਲੀਆਂ ਦਾ ਕੁੜ੍ਹਨਾ ਸੁਣਿਆ । ਇਨ੍ਹਾਂ ਨੂੰ ਆਖ ਕਿ ਸ਼ਾਮਾਂ ਨੂੰ ਤੁਸੀਂ ਮਾਸ ਖਾਓਗੇ ਅਤੇ ਸਵੇਰ ਨੂੰ ਤੁਸੀਂ ਰੋਟੀ ਨਾਲ ਰੱਜ ਜਾਓਗੇ ਅਤੇ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ ।
13ਸ਼ਾਮਾਂ ਨੂੰ ਇਸ ਤਰ੍ਹਾਂ ਹੋਇਆ ਕਿ ਬਟੇਰੇ ਚੜ੍ਹ ਆਏ ਅਤੇ ਡੇਰੇ ਨੂੰ ਢੱਕ ਲਿਆ ਅਤੇ ਸਵੇਰ ਨੂੰ ਡੇਰੇ ਦੇ ਆਲੇ-ਦੁਆਲੇ ਤਰੇਲ ਪਈ ।14ਜਦ ਤਰੇਲ ਉੱਡ ਗਈ ਤਾਂ ਵੇਖੋ ਉਜਾੜ ਦੀ ਪਰਤ ਉੱਤੇ ਨਿੱਕਾ ਨਿੱਕਾ ਕੱਕਰ ਕੋਰੇ ਵਰਗਾ ਮਹੀਨ ਧਰਤੀ ਉੱਤੇ ਪਿਆ ਹੋਇਆ ਸੀ ।15ਜਾਂ ਇਸਰਾਏਲੀਆਂ ਨੇ ਵੇਖਿਆ ਤਾਂ ਉਨ੍ਹਾਂ ਨੇ ਇੱਕ ਦੂਜੇ ਨੂੰ ਆਖਿਆ, ਆਹ ਕੀ ਹੈ ? ਕਿਉਂ ਜੋ ਉਹ ਨਹੀਂ ਜਾਣਦੇ ਸਨ ਕਿ ਉਹ ਕੀ ਸੀ । ਉਪਰੰਤ ਮੂਸਾ ਨੇ ਉਨ੍ਹਾਂ ਨੂੰ ਆਖਿਆ, ਇਹ ਉਹ ਰੋਟੀ ਹੈ ਜਿਹੜੀ ਯਹੋਵਾਹ ਤੁਹਾਨੂੰ ਖਾਣ ਲਈ ਦਿੱਤੀ ਹੈ ।
16ਇਹ ਉਹ ਗੱਲ ਹੈ ਜਿਹ ਦਾ ਯਹੋਵਾਹ ਨੇ ਹੁਕਮ ਦਿੱਤਾ ਕਿ ਉਸ ਵਿੱਚੋਂ ਹਰ ਇੱਕ ਮਨੁੱਖ ਆਪਣੇ ਖਾਣ ਜੋਗਾ ਇਕੱਠਾ ਕਰੇ ਅਰਥਾਤ ਇੱਕ-ਇੱਕ ਓਮਰ ਆਪਣੇ ਪ੍ਰਾਣੀਆਂ ਦੀ ਗਿਣਤੀ ਦੇ ਅਨੁਸਾਰ ਤੁਸੀਂ ਲਵੋ । ਹਰ ਮਨੁੱਖ ਉਨ੍ਹਾਂ ਲਈ ਜਿਹੜੇ ਉਹ ਦੇ ਤੰਬੂ ਵਿੱਚ ਹਨ ਲਵੇ ।17ਤਾਂ ਇਸਰਾਏਲੀਆਂ ਨੇ ਇਸੇ ਤਰ੍ਹਾਂ ਹੀ ਕੀਤਾ ਅਤੇ ਕਈਆਂ ਨੇ ਵੱਧ ਅਤੇ ਕਈਆਂ ਨੇ ਘੱਟ ਇਕੱਠਾ ਕੀਤਾ ।18ਜਦ ਉਨ੍ਹਾਂ ਨੇ ਓਮਰ ਨਾਲ ਮਾਪਿਆ ਤਾਂ ਜਿਸ ਨੇ ਵੱਧ ਲਿਆ ਸੀ ਉਸ ਦਾ ਵੱਧ ਨਾ ਨਿੱਕਲਿਆ ਅਤੇ ਜਿਸ ਨੇ ਘੱਟ ਲਿਆ ਸੀ ਉਸ ਦਾ ਘੱਟ ਨਾ ਨਿੱਕਲਿਆ ਪਰ ਹਰ ਇੱਕ ਨੇ ਆਪਣੇ ਖਾਣ ਜੋਗਾ ਪਾਇਆ ।
19ਮੂਸਾ ਨੇ ਉਨ੍ਹਾਂ ਨੂੰ ਆਖਿਆ, ਸਵੇਰ ਤੱਕ ਕੋਈ ਰੱਖ ਨਾ ਛੱਡੇ20ਪਰ ਉਨ੍ਹਾਂ ਨੇ ਮੂਸਾ ਦੀ ਨਾ ਸੁਣੀ । ਕਈਆਂ ਨੇ ਉਸ ਵਿੱਚੋਂ ਸਵੇਰ ਤੱਕ ਰੱਖ ਛੱਡਿਆ ਸੋ ਉਸ ਵਿੱਚ ਕੀੜੇ ਪੈ ਗਏ ਅਤੇ ਸੜਿਆਹਣ ਆਉਣ ਲੱਗ ਪਈ । ਤਾਂ ਮੂਸਾ ਉਨ੍ਹਾਂ ਉੱਤੇ ਗਰੰਜ ਹੋਇਆ ।21ਸੋ ਉਹ ਹਰ ਇੱਕ ਦੇ ਖਾਣ ਜੋਗਾ ਹਰ ਸਵੇਰ ਨੂੰ ਇਕੱਠਾ ਕਰ ਲੈਂਦੇ ਸਨ ਅਤੇ ਜਦ ਧੁੱਪ ਤਿੱਖੀ ਹੁੰਦੀ ਸੀ ਤਾਂ ਉਹ ਢੱਲ਼ ਜਾਂਦਾ ਸੀ ।
22ਅਤੇ ਇਸ ਤਰ੍ਹਾਂ ਹੋਇਆ ਕਿ ਛੇਵੇਂ ਦਿਨ ਉਨ੍ਹਾਂ ਨੇ ਦੁਗਣੀ ਖਾਧ ਇਕੱਠੀ ਕੀਤੀ ਅਰਥਾਤ ਹਰ ਇੱਕ ਲਈ ਦੀ ਓਮਰ ਅਤੇ ਮੰਡਲੀ ਦੇ ਸਾਰੇ ਸਰਦਾਰ ਆਏ ਅਤੇ ਮੂਸਾ ਨੂੰ ਦੱਸਿਆ ।23ਉਸ ਨੇ ਉਨ੍ਹਾਂ ਨੂੰ ਆਖਿਆ, ਇਹ ਉਹੋ ਹੀ ਗੱਲ ਹੈ ਜਿਹੜੀ ਯਹੋਵਾਹ ਬੋਲਿਆ ਸੀ । ਭਲਕੇ ਯਹੋਵਾਹ ਦੇ ਪਵਿੱਤਰ ਸਬਤ ਦੀ ਮਨਾਉਤਾ ਹੈ ਸੋ ਜੋ ਪਕਾਉਣਾ ਹੈ ਪਕਾ ਲਓ ਅਤੇ ਜੋ ਉਬਾਲਣਾ ਹੈ ਉਬਾਲ ਲਓ ਅਤੇ ਬਾਕੀ ਬਚੇ ਆਪਣੇ ਕੋਲ ਸਵੇਰ ਤੱਕ ਰੱਖ ਛੱਡੋ ।
24ਸੋ ਉਨ੍ਹਾਂ ਨੇ ਉਸ ਨੂੰ ਆਪਣੇ ਸਵੇਰ ਤੱਕ ਰੱਖ ਛੱਡਿਆ ਜਿਵੇਂ ਮੂਸਾ ਨੇ ਹੁਕਮ ਦਿੱਤਾ ਸੀ ਅਤੇ ਉਸ ਵਿੱਚ ਨਾ ਸੜਿਆਹਣ ਸੀ ਅਤੇ ਨਾ ਹੀ ਕੀੜਾ ਸੀ ।25ਮੂਸਾ ਨੇ ਆਖਿਆ, ਉਸ ਨੂੰ ਅੱਜ ਖਾਓ ਕਿਉਂ ਜੋ ਅੱਜ ਹੀ ਯਹੋਵਾਹ ਦਾ ਸਬਤ ਹੈ । ਅੱਜ ਉਹ ਤੁਹਾਨੂੰ ਰੜ ਵਿੱਚ ਨਹੀਂ ਲੱਭੇਗਾ ।
26ਛੇ ਦਿਨ ਤੁਸੀਂ ਇਕੱਠਾ ਕਰੋ ਪਰ ਸੱਤਵਾਂ ਦਿਨ ਸਬਤ ਹੈ । ਉਹ ਦੇ ਵਿੱਚ ਉਹ ਨਾ ਹੋਵੇਗਾ ।27ਅਤੇ ਇਸ ਤਰ੍ਹਾਂ ਹੋਇਆ ਕਿ ਸੱਤਵੇਂ ਦਿਨ ਪਰਜਾ ਵਿੱਚੋਂ ਕਈ ਇੱਕ ਇਕੱਠਾ ਕਰਨ ਨੂੰ ਬਾਹਰ ਗਏ ਪਰ ਉਨ੍ਹਾਂ ਨੂੰ ਨਾ ਲੱਭਾ ।
28ਯਹੋਵਾਹ ਨੇ ਮੂਸਾ ਨੂੰ ਆਖਿਆ, ਤੁਸੀਂ ਕਦ ਤੱਕ ਮੇਰੇ ਹੁਕਮਾਂ ਅਤੇ ਮੇਰੀ ਬਿਵਸਥਾ ਦੇ ਮੰਨਣ ਤੋਂ ਇਨਕਾਰ ਕਰਦੇ ਰਹੋਗੇ ?29ਵੇਖੋ ਯਹੋਵਾਹ ਨੇ ਤੁਹਾਨੂੰ ਸਬਤ ਦਿੱਤਾ ਹੈ, ਇਸੇ ਲਈ ਉਹ ਤੁਹਾਨੂੰ ਛੇਵੇਂ ਦਿਨ ਦੋ ਦਿਨਾਂ ਦੀ ਰੋਟੀ ਦਿੰਦਾ ਹੈ । ਤੁਸੀਂ ਹਰ ਇੱਕ ਆਪਣੀ ਥਾਂ ਵਿੱਚ ਰਹੋ । ਕੋਈ ਆਪਣੇ ਨਿਵਾਸ ਤੋਂ ਸਬਤ ਉੱਤੇ ਬਾਹਰ ਨਾ ਜਾਵੇ ।30ਸੋ ਪਰਜਾ ਨੇ ਸੱਤਵੇਂ ਦਿਨ ਵਿਸ਼ਰਾਮ ਕੀਤਾ ।
31ਇਸਰਾਏਲ ਦੇ ਘਰਾਣੇ ਨੇ ਉਸ ਦਾ ਨਾਮ ਮੰਨ ਰੱਖਿਆ । ਉਹ ਧਨੀਏ ਵਰਗਾ ਬੱਗਾ ਅਤੇ ਉਸ ਦਾ ਸੁਆਦ ਸ਼ਹਿਦ ਵਿੱਚ ਪਕਾਏ ਹੋਏ ਪੂੜੇ ਵਰਗਾ ਸੀ ।32ਮੂਸਾ ਨੇ ਆਖਿਆ, ਇਹ ਉਹ ਗੱਲ ਹੈ ਜਿਹ ਦਾ ਯਹੋਵਾਹ ਨੇ ਹੁਕਮ ਦਿੱਤਾ ਸੀ ਕਿ ਆਪਣੀ ਪੀੜ੍ਹੀਓਂ ਪੀੜ੍ਹੀ ਲਈ ਉਸ ਤੋਂ ਇੱਕ ਓਮਰ ਭਰ ਕੇ ਰੱਖ ਛੱਡੋ ਤਾਂ ਜੋ ਉਹ ਉਸ ਰੋਟੀ ਨੂੰ ਵੇਖਣ ਜਿਹੜੀ ਮੈਂ ਤੁਹਾਨੂੰ ਉਜਾੜ ਵਿੱਚ ਖਵਾਈ ਜਦ ਮੈਂ ਤੁਹਾਨੂੰ ਮਿਸਰ ਦੇਸੋਂ ਕੱਢ ਕੇ ਲੈ ਆਇਆ ।
33ਮੂਸਾ ਨੇ ਹਾਰੂਨ ਨੂੰ ਆਖਿਆ, ਇੱਕ ਕੁੱਜਾ ਲੈ ਕੇ ਉਸ ਵਿੱਚ ਇੱਕ ਪੂਰਾ ਓਮਰ ਮੰਨ ਪਾ ਦੇ ਅਤੇ ਉਹ ਯਹੋਵਾਹ ਦੇ ਅੱਗੇ ਰੱਖ ਛੱਡ ਤਾਂ ਜੋ ਤੁਹਾਡੀਆਂ ਪੀੜ੍ਹੀਆਂ ਤੱਕ ਸਾਂਭਿਆ ਰਹੇ ।34ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਤਿਵੇਂ ਹੀ ਹਾਰੂਨ ਨੇ ਸਾਖ਼ੀ ਦੇ ਅੱਗੇ ਉਸ ਨੂੰ ਸੰਭਾਲ ਰੱਖਿਆ35ਅਤੇ ਇਸਰਾਏਲੀਆਂ ਨੇ ਚਾਲ੍ਹੀ ਸਾਲਾਂ ਤੱਕ ਉਸ ਮੰਨ ਨੂੰ ਖਾਧਾ ਜਦ ਤੱਕ ਉਹ ਆਪਣੇ ਵੱਸਣ ਦੀ ਧਰਤੀ ਵਿੱਚ ਨਾ ਆਏ । ਉਨ੍ਹਾਂ ਨੇ ਉਸ ਮੰਨ ਨੂੰ ਖਾਧਾ ਜਦ ਤੱਕ ਉਹ ਕਨਾਨ ਦੇਸ ਦੀਆਂ ਹੱਦਾਂ ਵਿੱਚ ਨਾ ਆਏ ।36ਇੱਕ ਓਮਰ ਏਫ਼ਾ ਦਾ ਦੱਸਵਾਂ ਹਿੱਸਾ ਹੁੰਦਾ ਹੈ ।

17
ਚਟਾਨ ਵਿੱਚੋਂ ਪਾਣੀ
(ਗਿਣਤੀ 20:1-13)

1ਇਸਰਾਏਲੀਆਂ ਦੀ ਸਾਰੀ ਮੰਡਲੀ ਨੇ ਸੀਨ ਦੀ ਉਜਾੜ ਵਿੱਚੋਂ ਯਹੋਵਾਹ ਦੇ ਆਖਣ ਅਨੁਸਾਰ ਆਪਣੇ ਸਫ਼ਰਾਂ ਲਈ ਕੂਚ ਕੀਤਾ ਅਤੇ ਉਨ੍ਹਾਂ ਨੇ ਰਫ਼ੀਦੀਮ ਵਿੱਚ ਡੇਰੇ ਲਾਏ ਪਰ ਪਰਜਾ ਦੇ ਪੀਣ ਲਈ ਪਾਣੀ ਨਹੀਂ ਸੀ ।2ਪਰਜਾ ਮੂਸਾ ਨਾਲ ਝਗੜਨ ਲੱਗੀ ਅਤੇ ਆਖਿਆ, ਸਾਨੂੰ ਪੀਣ ਨੂੰ ਪਾਣੀ ਦੇ । ਮੂਸਾ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਮੇਰੇ ਨਾਲ ਕਿਉਂ ਝਗੜਦੇ ਹੋ ਅਤੇ ਯਹੋਵਾਹ ਨੂੰ ਕਿਉਂ ਪਰਤਾਉਂਦੇ ਹੋ ?3ਉੱਥੇ ਪਰਜਾ ਪਾਣੀ ਦੀ ਤਿਹਾਈ ਸੀ ਅਤੇ ਮੂਸਾ ਨਾਲ ਇਹ ਆਖ ਕੇ ਕੁੜ੍ਹਦੀ ਸੀ ਕਿ ਇਹ ਕੀ ਹੈ ਜੋ ਤੂੰ ਸਾਨੂੰ ਮਿਸਰ ਤੋਂ ਲਿਆਇਆ ਹੈਂ ਕਿ ਸਾਨੂੰ ਅਤੇ ਸਾਡੇ ਪੁੱਤਰਾਂ ਅਤੇ ਸਾਡੇ ਵੱਗਾਂ ਨੂੰ ਏਥੇ ਤਿਹਾਇਆ ਮਾਰੇਂ ?

4ਤਾਂ ਮੂਸਾ ਨੇ ਯਹੋਵਾਹ ਨੂੰ ਉੱਚੀ ਦਿੱਤੀ ਪੁਕਾਰ ਕੇ ਆਖਿਆ, ਮੈਂ ਇਨ੍ਹਾਂ ਲੋਕਾਂ ਨਾਲ ਕੀ ਕਰਾਂ ? ਇਹ ਤਾਂ ਮੈਨੂੰ ਥੋੜੇ ਚਿਰਾਂ ਤੱਕ ਵੱਟੇ ਮਾਰਨਗੇ ।5ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ, ਪਰਜਾ ਦੇ ਅੱਗੋਂ ਦੀ ਲੰਘ ਅਤੇ ਆਪਣੇ ਨਾਲ ਇਸਰਾਏਲ ਦੇ ਬਜ਼ੁਰਗਾਂ ਵਿੱਚੋਂ ਲੈ ਤੇ ਆਪਣੇ ਢਾਂਗੇ ਨੂੰ ਜਿਹੜਾ ਤੂੰ ਦਰਿਆ ਉੱਤੇ ਮਾਰਿਆ ਸੀ ਆਪਣੇ ਹੱਥ ਵਿੱਚ ਲੈ ਅਤੇ ਚੱਲ ਦੇ6ਵੇਖ ਮੈਂ ਤੇਰੇ ਅੱਗੇ ਹੋਰੇਬ ਦੀ ਚਟਾਨ ਉੱਤੇ ਖੜਾ ਹੋਵਾਂਗਾ ਅਤੇ ਤੂੰ ਚਟਾਨ ਨੂੰ ਮਾਰੀਂ ਤਾਂ ਉਸ ਵਿੱਚੋਂ ਪਾਣੀ ਨਿੱਕਲੇਗਾ ਤਾਂ ਜੋ ਪਰਜਾ ਪੀਵੇ । ਤਾਂ ਮੂਸਾ ਨੇ ਇਸਰਾਏਲ ਦੇ ਬਜ਼ੁਰਗਾਂ ਦੇ ਸਨਮੁਖ ਉਸੇ ਤਰ੍ਹਾਂ ਹੀ ਕੀਤਾ ।7ਅਤੇ ਉਸ ਨੇ ਉਸ ਥਾਂ ਦਾ ਨਾਮ ਮੱਸਾਹ ਅਤੇ ਮਰੀਬਾਹ ਇਸਰਾਏਲ ਦੇ ਝਗੜਨ ਦੇ ਕਾਰਨ ਅਤੇ ਯਹੋਵਾਹ ਦੇ ਪਰਤਾਵੇ ਦੇ ਕਾਰਨ ਇਹ ਆਖਦੇ ਹੋਏ ਰੱਖਿਆ ਕਿ ਯਹੋਵਾਹ ਸਾਡੇ ਵਿਚਕਾਰ ਹੈ ਕਿ ਨਹੀਂ ?
ਅਮਾਲੇਕੀਆਂ ਉੱਤੇ ਜਿੱਤ

8ਫੇਰ ਅਮਾਲੇਕ ਆਏ ਅਤੇ ਰਫ਼ੀਦੀਮ ਵਿੱਚ ਇਸਰਾਏਲ ਨਾਲ ਲੜੇ ।9ਤਾਂ ਮੂਸਾ ਨੇ ਯਹੋਸ਼ੁਆ ਨੂੰ ਆਖਿਆ, ਸਾਡੇ ਲਈ ਮਨੁੱਖਾਂ ਨੂੰ ਚੁਣ ਅਤੇ ਨਿੱਕਲ ਕੇ ਅਮਾਲੇਕ ਨਾਲ ਲੜ । ਕੱਲ ਮੈਂ ਪਰਮੇਸ਼ੁਰ ਦਾ ਢਾਂਗਾ ਲੈ ਕੇ ਟਿੱਲੇ ਦੀ ਟੀਸੀ ਉੱਤੇ ਖੜਾ ਰਹਾਂਗਾ ।10ਸੋ ਯਹੋਸ਼ੁਆ ਨੇ ਤਿਵੇਂ ਹੀ ਕੀਤਾ ਜਿਵੇਂ ਉਸ ਨੂੰ ਮੂਸਾ ਨੇ ਆਖਿਆ ਸੀ । ਉਹ ਅਮਾਲੇਕ ਦੇ ਨਾਲ ਲੜਿਆ ਅਤੇ ਮੂਸਾ, ਹਾਰੂਨ ਅਤੇ ਹੂਰ ਟਿੱਲੇ ਦੀ ਟੀਸੀ ਉੱਤੇ ਚੜ੍ਹੇ ।
11ਤਾਂ ਇਸ ਤਰ੍ਹਾਂ ਹੋਇਆ ਕਿ ਜਦ ਮੂਸਾ ਆਪਣਾ ਹੱਥ ਚੁੱਕਦਾ ਸੀ ਤਾਂ ਇਸਰਾਏਲ ਜਿੱਤਦਾ ਸੀ ਅਤੇ ਜਦ ਆਪਣਾ ਹੱਥ ਨੀਵਾ ਕਰ ਲੈਂਦਾ ਸੀ ਤਾਂ ਅਮਾਲੇਕ ਜਿੱਤਦਾ ਸੀ ।12ਪਰ ਮੂਸਾ ਦੇ ਹੱਥ ਭਾਰੀ ਹੋ ਗਏ ਤਾਂ ਉਨ੍ਹਾਂ ਨੇ ਪੱਥਰ ਲੈ ਕੇ ਉਸ ਦੇ ਹੇਠ ਧਰ ਦਿੱਤਾ ਅਤੇ ਉਹ ਉਸ ਉੱਤੇ ਬੈਠ ਗਿਆ ਅਤੇ ਹਾਰੂਨ ਅਤੇ ਹੂਰ ਨੇ ਇੱਕ ਨੇ ਇੱਕ ਪਾਸਿਓਂ ਅਤੇ ਦੂਜੇ ਨੇ ਦੂਜੇ ਪਾਸਿਓਂ ਉਸ ਦੇ ਹੱਥਾਂ ਨੂੰ ਸਾਂਭ ਛੱਡਿਆ ਤਾਂ ਉਸ ਦੇ ਹੱਥ ਸੂਰਜ ਦੇ ਆਥਣ ਤੱਕ ਤਕੜੇ ਰਹੇ13ਅਤੇ ਯਹੋਸ਼ੁਆ ਨੇ ਅਮਾਲੇਕ ਅਤੇ ਉਸ ਦੇ ਲੋਕਾਂ ਨੂੰ ਤਲਵਾਰ ਦੀ ਧਾਰ ਨਾਲ ਹਰਾ ਦਿੱਤਾ ।
14ਯਹੋਵਾਹ ਨੇ ਮੂਸਾ ਨੂੰ ਆਖਿਆ, ਇਸ ਨੂੰ ਚੇਤੇ ਰੱਖਣ ਲਈ ਪੁਸਤਕ ਵਿੱਚ ਲਿਖ ਲੈ ਅਤੇ ਯਹੋਸ਼ੁਆ ਦੇ ਕੰਨਾਂ ਵਿੱਚ ਸੁਣਾ ਕਿਉਂਕਿ ਮੈਂ ਅਮਾਲੇਕ ਦਾ ਚੇਤਾ ਅਕਾਸ਼ ਦੇ ਹੇਠੋਂ ਮਿਟਾ ਦੇਵਾਂਗਾ ।15ਮੂਸਾ ਨੇ ਜਗਵੇਦੀ ਬਣਾਈ ਅਤੇ ਉਸ ਦਾ ਨਾਮ ਯਹੋਵਾਹ ਨਿੱਸੀ ਰੱਖਿਆ16ਅਤੇ ਉਸ ਆਖਿਆ ਕਿ ਯਹੋਵਾਹ ਦੇ ਸਿੰਘਾਸਣ ਉੱਤੇ ਸਹੁੰ ਇਹ ਹੈ ਕਿ ਅਮਾਲੇਕ ਦੇ ਨਾਲ ਯਹੋਵਾਹ ਦਾ ਯੁੱਧ ਪੀੜ੍ਹੀਓਂ ਪੀੜ੍ਹੀ ਤੱਕ ਹੁੰਦਾ ਰਹੇਗਾ ।

18
ਮੂਸਾ ਆਪਣੇ ਸਹੁਰੇ ਨੂੰ ਮਿਲਦਾ ਹੈ

1ਜਦ ਮੂਸਾ ਦੇ ਸੌਹਰੇ ਨੇ ਜਿਹੜਾ ਮਿਦਯਾਨ ਦਾ ਜਾਜਕ ਸੀ ਸਭ ਕੁੱਝ ਜੋ ਪਰਮੇਸ਼ੁਰ ਨੇ ਮੂਸਾ ਅਤੇ ਆਪਣੀ ਪਰਜਾ ਇਸਰਾਏਲ ਲਈ ਕੀਤਾ ਸੁਣਿਆ ਅਰਥਾਤ ਜਿਵੇਂ ਯਹੋਵਾਹ ਇਸਰਾਏਲ ਨੂੰ ਮਿਸਰੋਂ ਬਾਹਰ ਲੈ ਆਇਆ ।2ਤਦ ਮੂਸਾ ਦੇ ਸੌਹਰੇ ਯਿਥਰੋ ਨੇ ਮੂਸਾ ਦੀ ਪਤਨੀ ਸਿੱਪੋਰਾਹ ਨੂੰ ਉਸ ਦੇ ਛੱਡਣ ਦੇ ਪਿੱਛੋਂ ਲਿਆ3ਨਾਲੇ ਉਸ ਦੇ ਦੋਹਾਂ ਪੁੱਤਰਾਂ ਨੂੰ ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਗੇਰਸ਼ੋਮ ਸੀ ਕਿਉਂ ਜੋ ਉਸ ਆਖਿਆ, ਮੈਂ ਪਰਦੇਸ ਵਿੱਚ ਓਪਰਾ ਰਿਹਾ ।4ਅਤੇ ਦੂਜੇ ਦਾ ਨਾਮ ਅਲੀਅਜ਼ਰ ਸੀ ਕਿਉਂ ਜੋ ਉਸ ਆਖਿਆ, ਮੇਰੇ ਪਿਤਾ ਦਾ ਪਰਮੇਸ਼ੁਰ ਮੇਰਾ ਸਹਾਇਕ ਸੀ ਅਤੇ ਮੈਨੂੰ ਫ਼ਿਰਊਨ ਦੀ ਤੇਗ ਤੋਂ ਬਚਾਇਆ ।

5ਅਤੇ ਮੂਸਾ ਦਾ ਸੌਹਰਾ ਯਿਥਰੋ ਉਸ ਦੇ ਪੁੱਤਰਾਂ ਅਤੇ ਉਸ ਦੀ ਪਤਨੀ ਨੂੰ ਉਜਾੜ ਵਿੱਚ ਮੂਸਾ ਕੋਲ ਲਿਆਇਆ ਜਿੱਥੇ ਉਸ ਨੇ ਪਰਮੇਸ਼ੁਰ ਦੇ ਪਹਾੜ ਉੱਤੇ ਡੇਰਾ ਲਾਇਆ ਹੋਇਆ ਸੀ ।6ਉਹ ਨੇ ਮੂਸਾ ਨੂੰ ਆਖਿਆ, ਮੈਂ ਤੇਰਾ ਸੌਹਰਾ ਯਿਥਰੋ ਅਤੇ ਤੇਰੀ ਪਤਨੀ ਉਹ ਦੇ ਦੋਹਾਂ ਪੁੱਤਰਾਂ ਨਾਲ ਤੇਰੇ ਕੋਲ ਆਏ ਹਾਂ ।
7ਤਦ ਮੂਸਾ ਆਪਣੇ ਸੌਹਰੇ ਨੂੰ ਮਿਲਣ ਲਈ ਬਾਹਰ ਆਇਆ ਅਤੇ ਉਸ ਦੇ ਅੱਗੇ ਨਿਵਿਆ ਅਤੇ ਉਸ ਨੂੰ ਚੁੰਮਿਆ ਅਤੇ ਇੱਕ ਦੂਜੇ ਦੀ ਸੁੱਖ-ਸਾਂਦ ਪੁੱਛੀ ਅਤੇ ਤੰਬੂ ਵਿੱਚ ਆਏ ।8ਮੂਸਾ ਨੇ ਆਪਣੇ ਸੌਹਰੇ ਨੂੰ ਉਹ ਸਭ ਕੁੱਝ ਜਿਹੜਾ ਯਹੋਵਾਹ ਨੇ ਇਸਰਾਏਲ ਦੇ ਕਾਰਨ ਫ਼ਿਰਊਨ ਅਤੇ ਮਿਸਰੀਆਂ ਨਾਲ ਕੀਤਾ ਅਤੇ ਉਹ ਕਸ਼ਟ ਜਿਹੜਾ ਰਾਹ ਵਿੱਚ ਉਨ੍ਹਾਂ ਉੱਤੇ ਆਇਆ ਅਤੇ ਯਹੋਵਾਹ ਨੇ ਕਿਵੇਂ ਉਨ੍ਹਾਂ ਨੂੰ ਬਚਾਇਆ ਦੱਸਿਆ ।
9ਤਦ ਯਿਥਰੋ ਉਸ ਸਾਰੀ ਭਲਿਆਈ ਦੇ ਕਾਰਨ ਜਿਹੜੀ ਯਹੋਵਾਹ ਨੇ ਇਸਰਾਏਲ ਨਾਲ ਕੀਤੀ ਜਦ ਉਸ ਨੂੰ ਮਿਸਰੀਆਂ ਦੇ ਹੱਥੋਂ ਬਚਾ ਦਿੱਤਾ ਅਨੰਦ ਹੋਇਆ ।10ਯਿਥਰੋ ਨੇ ਆਖਿਆ, ਯਹੋਵਾਹ ਮੁਬਾਰਕ ਹੈ ਜਿਸ ਤੁਹਾਨੂੰ ਮਿਸਰੀਆਂ ਦੇ ਹੱਥੋਂ ਅਤੇ ਫ਼ਿਰਊਨ ਦੇ ਹੱਥੋਂ ਬਚਾ ਦਿੱਤਾ ਅਤੇ ਜਿਸ ਲੋਕਾਂ ਨੂੰ ਮਿਸਰੀਆਂ ਦੇ ਹੱਥ ਹੇਠੋਂ ਬਚਾਇਆ ।11ਹੁਣ ਮੈਂ ਜਾਣਿਆ ਕਿ ਯਹੋਵਾਹ ਸਾਰੇ ਦੇਵਤਿਆਂ ਨਾਲੋਂ ਵੱਡਾ ਹੈ ਹਾਂ, ਉਸ ਗੱਲ ਵਿੱਚ ਵੀ ਜਿਸ ਵਿੱਚ ਉਹ ਉਨ੍ਹਾਂ ਉੱਤੇ ਘੁਮੰਡ ਕਰਦੇ ਸਨ ।
12ਮੂਸਾ ਦਾ ਸੌਹਰਾ ਯਿਥਰੋ ਹੋਮ ਦੀ ਭੇਟ ਅਤੇ ਬਲੀਆਂ ਪਰਮੇਸ਼ੁਰ ਲਈ ਲਿਆਇਆ ਅਤੇ ਹਾਰੂਨ ਅਤੇ ਇਸਰਾਏਲ ਦੇ ਸਾਰੇ ਬਜ਼ੁਰਗ ਮੂਸਾ ਦੇ ਸੌਹਰੇ ਯਿਥਰੋ ਨਾਲ ਪਰਮੇਸ਼ੁਰ ਦੇ ਸਨਮੁਖ ਰੋਟੀ ਖਾਣ ਲਈ ਆਏ ।
ਪ੍ਰਧਾਨਾਂ ਦੀ ਨਿਯੁਕਤੀ
(ਬਿਵਸਥਾ 1:9-18)

13ਅਗਲੇ ਦਿਨ ਇਸ ਤਰ੍ਹਾਂ ਹੋਇਆ ਕਿ ਮੂਸਾ ਪਰਜਾ ਦਾ ਨਿਆਂ ਕਰਨ ਲਈ ਬੈਠਾ ਅਤੇ ਪਰਜਾ ਮੂਸਾ ਦੇ ਅੱਗੇ ਸਵੇਰ ਤੋਂ ਸ਼ਾਮ ਤੱਕ ਖੜੀ ਰਹੀ ।14ਜਦ ਮੂਸਾ ਦੇ ਸੌਹਰੇ ਨੇ ਉਹ ਸਭ ਕੁੱਝ ਜੋ ਉਸ ਨੇ ਪਰਜਾ ਨਾਲ ਕੀਤਾ ਵੇਖਿਆ ਤਾਂ ਆਖਿਆ, ਇਹ ਕੀ ਗੱਲ ਹੈ ਜੋ ਤੂੰ ਪਰਜਾ ਨਾਲ ਕਰਦਾ ਹੈਂ ? ਤੂੰ ਕਿਉਂ ਇਕੱਲਾ ਬੈਠਦਾ ਹੈਂ ਅਤੇ ਸਾਰੀ ਪਰਜਾ ਸਵੇਰ ਤੋਂ ਸ਼ਾਮ ਤੱਕ ਤੇਰੇ ਅੱਗੇ ਖੜੀ ਰਹਿੰਦੀ ਹੈ ?
15ਤਾਂ ਮੂਸਾ ਨੇ ਆਪਣੇ ਸੌਹਰੇ ਨੂੰ ਆਖਿਆ, ਇਸ ਕਰਕੇ ਕਿ ਪਰਜਾ ਮੇਰੇ ਕੋਲ ਪਰਮੇਸ਼ੁਰ ਦੀ ਭਾਲ ਲਈ ਆਉਂਦੀ ਹੈ ।16ਜਦ ਉਨ੍ਹਾਂ ਵਿੱਚ ਕੋਈ ਗੱਲ ਹੁੰਦੀ ਹੈ ਤਾਂ ਉਹ ਮੇਰੇ ਕੋਲ ਆਉਂਦੇ ਹਨ ਮੈਂ ਉਸ ਮਨੁੱਖ ਅਤੇ ਉਸ ਦੇ ਗਵਾਂਢੀ ਵਿੱਚ ਨਿਆਂ ਕਰ ਦਿੰਦਾ ਹਾਂ ਅਤੇ ਮੈਂ ਉਨ੍ਹਾਂ ਨੂੰ ਪਰਮੇਸ਼ੁਰ ਦੀਆਂ ਬਿਧੀਆਂ ਅਤੇ ਬਿਵਸਥਾ ਦਸ ਦਿੰਦਾ ਹਾਂ ।
17ਤਾਂ ਮੂਸਾ ਦੇ ਸੌਹਰੇ ਨੇ ਉਹ ਨੂੰ ਆਖਿਆ, ਜੋ ਤੂੰ ਕਰਦਾ ਹੈਂ ਸੋ ਚੰਗੀ ਗੱਲ ਨਹੀਂ ਹੈ ।18ਤੂੰ ਜ਼ਰੂਰ ਥੱਕ ਜਾਵੇਂਗਾ, ਤੂੰ ਵੀ ਅਤੇ ਤੇਰੇ ਨਾਲ ਇਹ ਲੋਕ ਵੀ ਕਿਉਂ ਜੋ ਇਹ ਕੰਮ ਤੇਰੇ ਲਈ ਬਹੁਤਾ ਭਾਰੀ ਹੈ । ਤੂੰ ਇਕੱਲਾ ਇਸ ਨੂੰ ਨਹੀਂ ਕਰ ਸਕਦਾ ।19ਤੂੰ ਹੁਣ ਮੇਰੀ ਗੱਲ ਸੁਣ । ਮੈਂ ਤੈਨੂੰ ਮੱਤ ਦਿੰਦਾ ਹਾਂ ਅਤੇ ਪਰਮੇਸ਼ੁਰ ਤੇਰੇ ਨਾਲ ਹੋਵੇਗਾ । ਤੂੰ ਲੋਕਾਂ ਲਈ ਪਰਮੇਸ਼ੁਰ ਦੇ ਥਾਂ ਰਹੀਂ ਅਤੇ ਤੂੰ ਉਨ੍ਹਾਂ ਗੱਲਾਂ ਨੂੰ ਪਰਮੇਸ਼ੁਰ ਅੱਗੇ ਲਿਆਈਂ ।20ਤੂੰ ਬਿਧੀਆਂ ਅਤੇ ਬਿਵਸਥਾਵਾਂ ਉਨ੍ਹਾਂ ਨੂੰ ਸਿਖਾ ਅਤੇ ਉਹ ਰਾਹ ਜਿਸ ਉੱਤੇ ਚੱਲਣਾ ਹੈ ਅਤੇ ਉਹ ਕੰਮ ਜਿਸ ਨੂੰ ਕਰਨਾ ਹੈ ਉਨ੍ਹਾਂ ਨੂੰ ਦਸ ਦੇ ।
21ਨਾਲੇ ਤੂੰ ਸਾਰਿਆਂ ਲੋਕਾਂ ਵਿੱਚੋਂ ਸਿਆਣੇ ਮਨੁੱਖਾਂ ਨੂੰ ਜਿਹੜੇ ਪਰਮੇਸ਼ੁਰ ਤੋਂ ਡਰਦੇ ਅਤੇ ਸਤਵਾਦੀ ਅਤੇ ਲੋਭ ਦੇ ਵੈਰੀ ਹੋਣ ਚੁਣ ਲੈ । ਉਨ੍ਹਾਂ ਨੂੰ ਲੋਕਾਂ ਉੱਤੇ ਹਜ਼ਾਰਾਂ ਦੇ ਸਰਦਾਰ ਸੈਂਕੜਿਆਂ ਦੇ ਸਰਦਾਰ, ਪੰਜਾਹ ਦੇ ਸਰਦਾਰ ਅਤੇ ਦਸਾਂ ਦੇ ਸਰਦਾਰ ਠਹਿਰਾ ਦੇਣਾ ।22ਉਹ ਹਰ ਵੇਲੇ ਲੋਕਾਂ ਦਾ ਨਿਆਂ ਕਰਨ ਅਤੇ ਇਸ ਤਰ੍ਹਾਂ ਹੋਵੇ ਕਿ ਹਰ ਇੱਕ ਵੱਡੀ ਗੱਲ ਤੇਰੇ ਕੋਲ ਲਿਆਉਣ ਪਰ ਛੋਟੀਆਂ ਗੱਲਾਂ ਨੂੰ ਆਪ ਨਬੇੜਨ ਸੋ ਇਸ ਤਰ੍ਹਾਂ ਤੇਰੇ ਲਈ ਸੌਖਾ ਰਹੇਗਾ ਅਤੇ ਉਹ ਤੇਰੇ ਨਾਲ ਭਾਰ ਹਲਕਾ ਕਰਨ ।23ਜੇ ਤੂੰ ਇਸ ਗੱਲ ਨੂੰ ਕਰੇਂਗਾ ਅਤੇ ਪਰਮੇਸ਼ੁਰ ਤੈਨੂੰ ਹੁਕਮ ਦੇਵੇ ਤਾਂ ਤੂੰ ਝੱਲ ਸਕੇਂਗਾ ਅਤੇ ਇਹ ਸਾਰੇ ਲੋਕ ਵੀ ਸੁੱਖ-ਸਾਂਦ ਨਾਲ ਆਪਣੇ ਸਥਾਨਾ ਨੂੰ ਜਾਣਗੇ ।
24ਸੋ ਮੂਸਾ ਨੇ ਆਪਣੇ ਸੌਹਰੇ ਦੀ ਗੱਲ ਨੂੰ ਸੁਣਿਆ ਅਤੇ ਜੋ ਉਸ ਆਖਿਆ ਸੀ ਸੋ ਹੀ ਕੀਤਾ ।25ਤਦ ਮੂਸਾ ਨੇ ਸਿਆਣੇ ਮਨੁੱਖਾਂ ਨੂੰ ਇਸਰਾਏਲ ਵਿੱਚੋਂ ਚੁਣ ਕੇ ਉਹਨਾਂ ਨੂੰ ਪਰਜਾ ਉੱਤੇ ਪਰਧਾਨ ਠਹਿਰਾਇਆ ਹਜ਼ਾਰਾਂ ਦੇ ਸਰਦਾਰ, ਸੈਂਕੜਿਆਂ ਦੇ ਸਰਦਾਰ, ਪੰਜਾਹਾਂ ਦੇ ਸਰਦਾਰ ਅਤੇ ਦਸਾਂ ਦੇ ਸਰਦਾਰ ।26ਉਹ ਹਰ ਵੇਲੇ ਪਰਜਾ ਦਾ ਨਿਆਂ ਕਰਦੇ ਸਨ ਅਤੇ ਔਖਾ ਕੰਮ ਮੂਸਾ ਕੋਲ ਲਿਆਉਂਦੇ ਸਨ ਪਰ ਸਾਰੇ ਛੋਟੇ ਕੰਮ ਆਪ ਨਬੇੜ ਲੈਂਦੇ ਸਨ ।27ਮੂਸਾ ਨੇ ਆਪਣੇ ਸੌਹਰੇ ਨੂੰ ਵਿਦਿਆ ਕੀਤਾ ਤਾਂ ਉਹ ਆਪਣੇ ਦੇਸ ਦੇ ਰਾਹ ਪੈ ਗਿਆ ।

19
ਸੀਨਈ ਪਰਬਤ ਦੇ ਨੇੜੇ ਇਸਰਾਏਲੀ

1ਤੀਜੇ ਮਹੀਨੇ ਦੇ ਉਸੇ ਦਿਨ ਵਿੱਚ ਜਦ ਇਸਰਾਏਲੀ ਮਿਸਰ ਦੇਸ ਤੋਂ ਨਿੱਕਲੇ ਉਹ ਸੀਨਈ ਦੀ ਉਜਾੜ ਵਿੱਚ ਆਏ ।2ਅਤੇ ਰਫ਼ੀਦੀਮ ਤੋਂ ਕੂਚ ਕਰ ਕੇ ਸੀਨਈ ਦੀ ਉਜਾੜ ਵਿੱਚ ਪਹੁੰਚੇ ਅਤੇ ਉੱਥੇ ਉਜਾੜ ਵਿੱਚ ਡੇਰੇ ਲਾਏ ਅਤੇ ਇਸਰਾਏਲ ਨੇ ਪਹਾੜ ਦੇ ਅੱਗੇ ਡੇਰਾ ਕੀਤਾ ।

3ਤਾਂ ਮੂਸਾ ਪਰਮੇਸ਼ੁਰ ਕੋਲ ਚੜ੍ਹ ਗਿਆ ਅਤੇ ਯਹੋਵਾਹ ਨੇ ਪਹਾੜ ਤੋਂ ਉਸ ਨੂੰ ਪੁਕਾਰ ਕੇ ਆਖਿਆ ਤੂੰ ਯਾਕੂਬ ਦੇ ਘਰਾਣੇ ਨੂੰ ਇਸ ਤਰ੍ਹਾਂ ਆਖ ਅਤੇ ਇਸਰਾਏਲੀਆਂ ਨੂੰ ਦੱਸ4ਕਿ ਤੁਸੀਂ ਵੇਖਿਆ ਜੋ ਮੈਂ ਇਸਰਾਏਲੀਆਂ ਨਾਲ ਕੀਤਾ ਅਤੇ ਤੁਹਾਨੂੰ ਉਕਾਬ ਦੇ ਖੰਭਾ ਉੱਤੇ ਬੈਠਾ ਕੇ ਆਪਣੇ ਕੋਲ ਲੈ ਆਇਆ ।5ਹੁਣ ਜੇ ਤੁਸੀਂ ਮੇਰੀ ਅਵਾਜ਼ ਦੇ ਸਰੋਤੇ ਹੋਵੋਗੇ ਅਤੇ ਮੇਰੇ ਨੇਮ ਦੀ ਮਨੌਤ ਕਰੋਗੇ ਤਾਂ ਤੁਸੀਂ ਸਾਰੀਆਂ ਕੌਮਾਂ ਵਿੱਚੋਂ ਮੇਰੀ ਨਿਜੀ ਪਰਜਾ ਹੋਵੋਗੇ ਕਿਉਂ ਜੋ ਸਾਰੀ ਧਰਤੀ ਮੇਰੀ ਹੈ6ਅਤੇ ਤੁਸੀਂ ਮੇਰੇ ਲਈ ਜਾਜ਼ਕਾਂ ਦੀ ਬਾਦਸ਼ਾਹੀ ਅਤੇ ਪਵਿੱਤਰ ਕੌਮ ਹੋਵੋਗੇ । ਇਹ ਉਹ ਗੱਲਾਂ ਹਨ ਜਿਹੜੀਆਂ ਤੂੰ ਇਸਰਾਏਲੀਆਂ ਨੂੰ ਦੱਸੇਂਗਾ ।
7ਮੂਸਾ ਨੇ ਆ ਕੇ ਪਰਜਾ ਦੇ ਬਜ਼ੁਰਗਾਂ ਨੂੰ ਬੁਲਾਇਆ ਅਤੇ ਉਹ ਸਾਰੀਆਂ ਗੱਲਾਂ ਉਨ੍ਹਾਂ ਦੇ ਅੱਗੇ ਰੱਖੀਆਂ ਜਿਹੜੀਆਂ ਦਾ ਯਹੋਵਾਹ ਨੇ ਉਸ ਨੂੰ ਹੁਕਮ ਦਿੱਤਾ ਸੀ ।8ਫਿਰ ਸਾਰੀ ਪਰਜਾ ਨੇ ਰਲ ਕੇ ਉੱਤਰ ਦਿੱਤਾ, ਸਭ ਕੁੱਝ ਜੋ ਯਹੋਵਾਹ ਬੋਲਿਆ ਹੈ ਅਸੀਂ ਕਰਾਂਗੇ । ਤਾਂ ਮੂਸਾ ਨੇ ਪਰਜਾ ਦੀਆਂ ਗੱਲਾਂ ਯਹੋਵਾਹ ਦੇ ਅੱਗੇ ਰੱਖੀਆਂ ।9ਅਤੇ ਯਹੋਵਾਹ ਨੇ ਮੂਸਾ ਨੂੰ ਆਖਿਆ, ਵੇਖ ਮੈਂ ਤੇਰੇ ਕੋਲ ਬੱਦਲ ਦੇ ਓਹਲੇ ਵਿੱਚ ਆਉਂਦਾ ਹਾਂ ਤਾਂ ਜੋ ਪਰਜਾ ਗੱਲਾਂ ਸੁਣੇ ਜਿਹੜੀਆਂ ਮੈਂ ਤੇਰੇ ਨਾਲ ਕਰਾਂ ਨਾਲੇ ਉਹ ਸਦਾ ਲਈ ਤੇਰੇ ਉੱਤੇ ਪਰਤੀਤ ਕਰੇ । ਤਾਂ ਮੂਸਾ ਨੇ ਪਰਜਾ ਦੀਆਂ ਗੱਲਾਂ ਯਹੋਵਾਹ ਨੂੰ ਦੱਸੀਆਂ ।
10ਯਹੋਵਾਹ ਨੇ ਮੂਸਾ ਨੂੰ ਆਖਿਆ, ਪਰਜਾ ਕੋਲ ਜਾਹ ਅਤੇ ਅੱਜ ਅਤੇ ਕੱਲ ਉਨ੍ਹਾਂ ਨੂੰ ਪਵਿੱਤਰ ਕਰ ਅਤੇ ਉਹ ਆਪਣੇ ਬਸਤਰ ਧੋਣ ।11ਤੀਜੇ ਦਿਨ ਲਈ ਤਿਆਰ ਰਹਿਣ ਕਿਉਂਕਿ ਤੀਜੇ ਦਿਨ ਯਹੋਵਾਹ ਸਾਰੀ ਪਰਜਾ ਦੇ ਸਾਹਮਣੇ ਸੀਨਈ ਦੇ ਪਹਾੜ ਉੱਤੇ ਉੱਤਰੇਗਾ ।
12ਤੂੰ ਪਰਜਾ ਲਈ ਚੁਫ਼ੇਰੇ ਇਹ ਆਖ ਕੇ ਹੱਦਾਂ ਬਣਾਈ ਕਿ ਤੁਸੀਂ ਧਿਆਨ ਰੱਖੋ ਅਤੇ ਪਹਾੜ ਉੱਤੇ ਨਾ ਚੜ੍ਹਿਓ, ਨਾ ਉਸ ਦੀ ਹੱਦ ਨੂੰ ਛੂਹਿਓ ਅਤੇ ਹਰ ਇੱਕ ਜਿਹੜਾ ਪਹਾੜ ਨੂੰ ਛੂਹੇ ਉਹ ਜ਼ਰੂਰ ਮਾਰਿਆ ਜਾਵੇ ।13ਕੋਈ ਹੱਥ ਉਸ ਨੂੰ ਨਾ ਛੂਹੇ ਪਰ ਉਹ ਵੱਟਿਆਂ ਨਾਲ ਮਾਰਿਆ ਜਾਵੇ ਜਾਂ ਤੀਰ ਨਾਲ ਵਿੰਨ੍ਹਿਆ ਜਾਵੇ ਭਾਵੇਂ ਪਸ਼ੂ ਹੋਵੇ ਭਾਵੇਂ ਮਨੁੱਖ ਹੋਵੇ, ਉਹ ਜਿਉਂਦਾ ਨਾ ਰਹੇ । ਜਦ ਤੁਰ੍ਹੀ ਦੀ ਅਵਾਜ਼ ਗੂੰਜੇ ਤਾਂ ਉਹ ਪਹਾੜ ਉੱਤੇ ਚੜ੍ਹਨ ।
14ਮੂਸਾ ਪਹਾੜ ਤੋਂ ਪਰਜਾ ਕੋਲ ਉੱਤਰਿਆ ਅਤੇ ਪਰਜਾ ਨੂੰ ਪਵਿੱਤਰ ਕੀਤਾ ਅਤੇ ਉਨ੍ਹਾਂ ਨੇ ਆਪਣੇ ਬਸਤਰ ਧੋਤੇ ।15ਫਿਰ ਉਸ ਨੇ ਪਰਜਾ ਨੂੰ ਆਖਿਆ, ਤੀਜੇ ਦਿਨ ਲਈ ਤਿਆਰ ਰਹੋ ਅਤੇ ਔਰਤ ਦੇ ਨੇੜੇ ਨਾ ਜਾਓ ।
16ਇਸ ਤਰ੍ਹਾਂ ਹੋਇਆ ਕਿ ਜਦ ਤੀਜੇ ਦਿਨ ਸਵੇਰਾ ਹੋਇਆ ਤਾਂ ਗੱਰਜਾਂ ਹੋਈਆਂ, ਲਿਸ਼ਕਾਂ ਪਈਆਂ ਅਤੇ ਇੱਕ ਕਾਲਾ ਬੱਦਲ ਪਹਾੜ ਉੱਤੇ ਸੀ, ਤੁਰ੍ਹੀ ਦੀ ਅਵਾਜ਼ ਬਹੁਤ ਉੱਚੀ ਸੀ ਅਤੇ ਜਿੰਨੇ ਲੋਕ ਡੇਰੇ ਵਿੱਚ ਸਨ ਕੰਬ ਗਏ ।17ਮੂਸਾ ਲੋਕਾਂ ਨੂੰ ਪਰਮੇਸ਼ੁਰ ਨਾਲ ਮਿਲਣ ਲਈ ਡੇਰੇ ਤੋਂ ਬਾਹਰ ਲੈ ਆਇਆ ਅਤੇ ਉਹ ਪਹਾੜ ਦੇ ਹੇਠਾਂ ਖੜੇ ਹੋ ਗਏ ।18ਅਤੇ ਸਾਰੇ ਸੀਨਈ ਪਹਾੜ ਤੋਂ ਧੂੰਆਂ ਨਿੱਕਲਦਾ ਸੀ ਕਿਉਂ ਜੋ ਯਹੋਵਾਹ ਅੱਗ ਵਿੱਚ ਉਸ ਦੇ ਉੱਤੇ ਉੱਤਰਿਆ ਅਤੇ ਭੱਠੀ ਵਰਗਾ ਧੂੰਆ ਉਸ ਦੇ ਉੱਤੋਂ ਉੱਠ ਰਿਹਾ ਸੀ, ਸਾਰਾ ਪਹਾੜ ਬਹੁਤ ਕੰਬ ਰਿਹਾ ਸੀ ।
19ਜਦ ਤੁਰ੍ਹੀ ਦੀ ਅਵਾਜ਼ ਬਹੁਤ ਉੱਚੀ ਹੁੰਦੀ ਜਾਂਦੀ ਸੀ ਤਾਂ ਮੂਸਾ ਬੋਲਿਆ ਅਤੇ ਪਰਮੇਸ਼ੁਰ ਨੇ ਉਹ ਨੂੰ ਅਵਾਜ਼ ਨਾਲ ਉੱਤਰ ਦਿੱਤਾ ।20ਯਹੋਵਾਹ ਸੀਨਈ ਪਹਾੜ ਉੱਤੇ ਉੱਤਰਿਆ ਅਰਥਾਤ ਪਹਾੜ ਦੀ ਟੀਸੀ ਉੱਤੇ ਅਤੇ ਯਹੋਵਾਹ ਨੇ ਮੂਸਾ ਨੂੰ ਪਹਾੜ ਦੀ ਟੀਸੀ ਉੱਤੇ ਸੱਦਿਆ ਤਾਂ ਮੂਸਾ ਉਤਾਹਾਂ ਗਿਆ ।21ਯਹੋਵਾਹ ਨੇ ਮੂਸਾ ਨੂੰ ਆਖਿਆ, ਹੇਠਾਂ ਜਾ ਅਤੇ ਪਰਜਾ ਨੂੰ ਚੇਤਾਵਨੀ ਦੇ ਕਰ ਮਤੇ ਉਹ ਵੇਖਣ ਨੂੰ ਯਹੋਵਾਹ ਕੋਲ ਅੱਗੇ ਆਉਣ ਅਤੇ ਉਨ੍ਹਾਂ ਵਿੱਚੋਂ ਬਹੁਤ ਡਿੱਗ ਪੈਣ ।22ਅਤੇ ਜਾਜਕ ਵੀ ਜਿਹੜੇ ਯਹੋਵਾਹ ਦੇ ਨੇੜੇ ਆਉਂਦੇ ਹਨ ਆਪਣੇ ਆਪ ਨੂੰ ਪਵਿੱਤਰ ਕਰਨ ਕਿਤੇ ਯਹੋਵਾਹ ਉਨ੍ਹਾਂ ਉੱਤੇ ਵਰ੍ਹ ਪਵੇ ।
23ਮੂਸਾ ਨੇ ਯਹੋਵਾਹ ਨੂੰ ਆਖਿਆ ਕਿ ਲੋਕ ਸੀਨਈ ਪਹਾੜ ਉੱਤੇ ਨਹੀਂ ਚੜ੍ਹ ਸਕਦੇ ਕਿਉਂ ਜੋ ਤੂੰ ਸਾਨੂੰ ਤਗੀਦ ਨਾਲ ਆਖਿਆ ਸੀ ਕਿ ਪਹਾੜ ਦੀਆਂ ਹੱਦਾਂ ਬਣਾ ਰੱਖੋ ਅਤੇ ਉਹ ਨੂੰ ਪਵਿੱਤਰ ਕਰੋ ।24ਤਾਂ ਯਹੋਵਾਹ ਨੇ ਉਸ ਨੂੰ ਆਖਿਆ, ਹੇਠਾਂ ਜਾ ਅਤੇ ਫੇਰ ਉਤਾਹਾਂ ਆ ਤੂੰ ਅਤੇ ਤੇਰੇ ਨਾਲ ਹਾਰੂਨ ਪਰ ਜਾਜਕ ਅਤੇ ਲੋਕ ਯਹੋਵਾਹ ਕੋਲ ਚੜ੍ਹਨ ਲਈ ਨਾ ਆਉਣ ਕਿਤੇ ਉਹ ਉਨ੍ਹਾਂ ਉੱਤੇ ਨਾ ਵਰ੍ਹ ਪਵੇ ।25ਤਦ ਮੂਸਾ ਪਰਜਾ ਕੋਲ ਉਤਰਿਆ ਅਤੇ ਉਨ੍ਹਾਂ ਨੂੰ ਦੱਸਿਆ ।

20
ਦਸ ਹੁਕਮ
(ਬਿਵਸਥਾ 5:1-21)

1ਫਿਰ ਪਰਮੇਸ਼ੁਰ ਇਹ ਸਾਰੀਆਂ ਗੱਲਾਂ ਬੋਲਿਆ ਕਿ2ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ ਜਿਹੜਾ ਤੈਨੂੰ ਮਿਸਰ ਦੇਸ ਤੋਂ ਗ਼ੁਲਾਮੀ ਦੇ ਘਰ ਤੋਂ ਕੱਢ ਲਿਆਇਆ ਹਾਂ ।3ਮੇਰੇ ਸਨਮੁਖ ਤੇਰੇ ਲਈ ਦੂਜੇ ਦੇਵਤੇ ਨਾ ਹੋਣ ।

4ਤੂੰ ਆਪਣੇ ਲਈ ਉੱਕਰੀ ਹੋਈ ਮੂਰਤ ਨਾ ਬਣਾ, ਨਾ ਕਿਸੇ ਚੀਜ਼ ਦੀ ਸੂਰਤ ਜਿਹੜੀ ਉੱਪਰ ਅਕਾਸ਼ ਵਿੱਚ ਅਤੇ ਜਿਹੜੀ ਹੇਠਾਂ ਧਰਤੀ ਉੱਤੇ ਅਤੇ ਜਿਹੜੀ ਧਰਤੀ ਦੇ ਹੇਠਲੇ ਪਾਣੀਆਂ ਵਿੱਚ ਹੈ ।5ਨਾ ਤੂੰ ਉਨ੍ਹਾਂ ਦੇ ਅੱਗੇ ਮੱਥਾ ਟੇਕ, ਨਾ ਉਨ੍ਹਾਂ ਦੀ ਪੂਜਾ ਕਰ ਕਿਉਂ ਜੋ ਮੈਂ ਯਹੋਵਾਹ ਤੇਰਾ ਪਰਮੇਸ਼ੁਰ ਅਣਖ ਵਾਲਾ ਪਰਮੇਸ਼ੁਰ ਹਾਂ ਜਿਹੜਾ ਪਿਉ-ਦਾਦਿਆਂ ਦੀ ਬੁਰਿਆਈ ਨੂੰ ਬੱਚਿਆਂ ਉੱਤੇ ਅਤੇ ਆਪਣੇ ਵੈਰੀਆਂ ਦੀ ਤੀਜੀ ਅਤੇ ਚੌਥੀ ਪੀੜ੍ਹੀ ਉੱਤੇ ਲਿਆਉਂਦਾ ਹਾਂ ।6ਪਰ ਹਜ਼ਾਰਾਂ ਉੱਤੇ ਜਿਹੜੇ ਮੇਰੇ ਨਾਲ ਪਰੀਤ ਪਾਲਦੇ ਤੇ ਮੇਰੇ ਹੁਕਮਾਂ ਨੂੰ ਮੰਨਦੇ ਹਨ ਦਯਾ ਕਰਦਾ ਹਾਂ ।
7ਤੂੰ ਯਹੋਵਾਹ ਆਪਣੇ ਪਰਮੇਸ਼ੁਰ ਦਾ ਨਾਮ ਵਿਅਰਥ ਨਾ ਲੈ ਕਿਉਂਕਿ ਜਿਹੜਾ ਉਸ ਦਾ ਨਾਮ ਵਿਅਰਥ ਲੈਂਦਾ ਹੈ ਯਹੋਵਾਹ ਉਸ ਨੂੰ ਬੇਦੋਸ਼ ਨਾ ਠਹਿਰਾਵੇਗਾ ।
8ਤੂੰ ਸਬਤ ਦੇ ਦਿਨ ਨੂੰ ਪਵਿੱਤਰ ਜਾਣ ਕੇ ਚੇਤੇ ਰੱਖ ।9ਛੇ ਦਿਨ ਤੂੰ ਮਿਹਨਤ ਕਰ ਅਤੇ ਆਪਣਾ ਸਾਰਾ ਕੰਮ-ਧੰਦਾ ਕਰ10ਪਰ ਸੱਤਵਾਂ ਦਿਨ ਯਹੋਵਾਹ ਤੇਰੇ ਪਰਮੇਸ਼ੁਰ ਲਈ ਸਬਤ ਹੈ । ਤੂੰ ਉਸ ਵਿੱਚ ਕੋਈ ਕੰਮ-ਧੰਦਾ ਨਾ ਕਰ, ਨਾ ਤੂੰ ਨਾ ਤੇਰਾ ਪੁੱਤਰ ਨਾ ਤੇਰੀ ਧੀ ਨਾ ਤੇਰਾ ਗੋਲਾ ਨਾ ਤੇਰੀ ਗੋਲੀ ਨਾ ਤੇਰਾ ਡੰਗਰ ਅਤੇ ਨਾ ਤੇਰਾ ਪਰਦੇਸੀ ਜਿਹੜਾ ਤੇਰੇ ਫਾਟਕਾਂ ਦੇ ਅੰਦਰ ਹੈ ।11ਕਿਉਂ ਜੋ ਛੇਆਂ ਦਿਨਾਂ ਵਿੱਚ ਯਹੋਵਾਹ ਨੇ ਅਕਾਸ਼ ਅਤੇ ਧਰਤੀ ਨੂੰ, ਸਮੁੰਦਰ ਨੂੰ ਅਤੇ ਸਭ ਕੁੱਝ ਜੋ ਉਨ੍ਹਾਂ ਦੇ ਵਿੱਚ ਹੈ ਬਣਾਇਆ ਪਰ ਸੱਤਵੇਂ ਦਿਨ ਵਿਸ਼ਰਾਮ ਕੀਤਾ । ਇਸ ਲਈ ਯਹੋਵਾਹ ਨੇ ਸਬਤ ਦੇ ਦਿਨ ਨੂੰ ਬਰਕਤ ਦਿੱਤੀ ਅਤੇ ਉਸ ਨੂੰ ਪਵਿੱਤਰ ਠਹਿਰਾਇਆ ।
12ਤੂੰ ਆਪਣੇ ਪਿਤਾ ਅਤੇ ਆਪਣੀ ਮਾਤਾ ਦਾ ਆਦਰ ਕਰ ਤਾਂ ਜੋ ਤੇਰੇ ਦਿਨ ਉਸ ਭੂਮੀ ਉੱਤੇ ਜਿਹੜਾ ਯਹੋਵਾਹ ਤੇਰਾ ਪਰਮੇਸ਼ੁਰ ਤੈਨੂੰ ਦਿੰਦਾ ਹੈ ਲੰਮੇ ਹੋਣ ।13ਤੂੰ ਖੂਨ ਨਾ ਕਰ ।14ਤੂੰ ਜ਼ਨਾਹ ਨਾ ਕਰ ।
15ਤੂੰ ਚੋਰੀ ਨਾ ਕਰ ।16ਤੂੰ ਆਪਣੇ ਗਵਾਂਢੀ ਉੱਤੇ ਝੂਠੀ ਗਵਾਹੀ ਨਾ ਦੇ ।17ਤੂੰ ਆਪਣੇ ਗਵਾਂਢੀ ਦੇ ਘਰ ਦੀ ਲਾਲਸਾ ਨਾ ਕਰ । ਤੂੰ ਆਪਣੇ ਗਵਾਂਢੀ ਦੀ ਔਰਤ ਦੀ ਲਾਲਸਾ ਨਾ ਕਰ, ਨਾ ਉਸ ਦੇ ਗੋਲੇ ਦੀ, ਨਾ ਉਸ ਦੀ ਗੋਲੀ ਦੀ, ਨਾ ਉਸ ਦੇ ਬਲ਼ਦ ਦੀ, ਨਾ ਉਸ ਦੇ ਗਧੇ ਦੀ, ਨਾ ਕਿਸੇ ਚੀਜ਼ ਦੀ ਜਿਹੜੀ ਤੇਰੇ ਗਵਾਂਢੀ ਦੀ ਹੈ ।
ਲੋਕਾਂ ਦਾ ਡਰ ਜਾਣਾ
(ਬਿਵਸਥਾ 5:22-33)

18ਸਾਰੀ ਪਰਜਾ ਗੱਜਾਂ, ਲਸ਼ਕਾਂ ਅਤੇ ਤੁਰ੍ਹੀ ਦੀ ਅਵਾਜ਼ ਅਤੇ ਪਹਾੜ ਤੋਂ ਧੂੰਆ ਵੇਖ ਰਹੀ ਸੀ ਅਤੇ ਜਦ ਪਰਜਾ ਨੇ ਵੇਖਿਆ ਤਾਂ ਕੰਬ ਉੱਠੀ ਅਤੇ ਦੂਰ ਜਾ ਖੜੀ ਹੋਈ ।19ਉਨ੍ਹਾਂ ਨੇ ਮੂਸਾ ਨੂੰ ਆਖਿਆ, ਤੂੰ ਸਾਡੇ ਨਾਲ ਗੱਲਾਂ ਕਰ ਤਾਂ ਅਸੀਂ ਸੁਣਾਂਗੇ । ਪਰ ਪਰਮੇਸ਼ੁਰ ਸਾਡੇ ਨਾਲ ਗੱਲਾਂ ਨਾ ਕਰੇ ਕਿ ਅਸੀਂ ਕਿਤੇ ਮਰ ਨਾ ਜਾਈਏ ।20ਤਦ ਮੂਸਾ ਨੇ ਪਰਜਾ ਨੂੰ ਆਖਿਆ, ਨਾ ਡਰੋ ਕਿਉਂ ਜੋ ਪਰਮੇਸ਼ੁਰ ਇਸ ਲਈ ਆਇਆ ਹੈ ਕਿ ਤੁਹਾਨੂੰ ਪਰਤਾਵੇ ਅਤੇ ਉਸ ਦਾ ਭੈ ਤੁਹਾਡੇ ਅੱਗੇ ਰਹੇ ਤਾਂ ਜੋ ਤੁਸੀਂ ਪਾਪ ਨਾ ਕਰੋ ।21ਤਾਂ ਪਰਜਾ ਦੂਰ ਖੜੀ ਰਹੀ ਪਰ ਮੂਸਾ ਉਸ ਘੁੱਪ ਹਨੇਰ ਦੇ ਕੋਲ ਢੁੱਕਾ ਜਿੱਥੇ ਪਰਮੇਸ਼ੁਰ ਸੀ ।
ਵੇਦੀ ਦੇ ਬਾਰੇ ਨਿਯਮ

22ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ, ਇਸਰਾਏਲੀਆਂ ਨੂੰ ਇਸ ਤਰ੍ਹਾਂ ਫ਼ਰਮਾ, ਤੁਸੀਂ ਵੇਖਿਆ ਕਿ ਮੈਂ ਤੁਹਾਡੇ ਨਾਲ ਅਕਾਸ਼ ਤੋਂ ਬੋਲਿਆ ਹਾਂ ।23ਤੁਸੀਂ ਮੇਰੇ ਸ਼ਰੀਕ ਨਾ ਬਣਾਓ, ਨਾ ਚਾਂਦੀ ਦੇ ਦੇਵਤੇ, ਨਾ ਸੋਨੇ ਦੇ ਦੇਵਤੇ ਆਪਣੇ ਲਈ ਬਣਾਓ ।
24ਤੁਸੀਂ ਮੇਰੇ ਲਈ ਮਿੱਟੀ ਦੀ ਇੱਕ ਜਗਵੇਦੀ ਬਣਾਓ ਅਤੇ ਉਸ ਉੱਤੇ ਆਪਣੀਆਂ ਹੋਮ ਦੀਆਂ ਬਲੀਆਂ ਅਤੇ ਆਪਣੀਆਂ ਸੁੱਖ-ਸਾਂਦ ਦੀਆਂ ਬਲੀਆਂ ਅਰਥਾਤ ਆਪਣੀਆਂ ਭੇਡਾਂ ਅਤੇ ਆਪਣੇ ਬਲ਼ਦ ਚੜ੍ਹਾਓ ਅਤੇ ਹਰ ਸਥਾਨ ਉੱਤੇ ਜਿੱਥੇ ਮੈਂ ਆਪਣਾ ਨਾਮ ਚੇਤੇ ਕਰਾਉਂਦਾ ਹਾਂ ਮੈਂ ਤੁਹਾਡੇ ਕੋਲ ਆਵਾਂਗਾ ਅਤੇ ਤੁਹਾਨੂੰ ਬਰਕਤ ਦੇਵਾਂਗਾ ।25ਜੇ ਤੁਸੀਂ ਮੇਰੇ ਲਈ ਪੱਥਰਾਂ ਦੀ ਜਗਵੇਦੀ ਬਣਾਵੋ ਤਾਂ ਉਹ ਨੂੰ ਘੜਿਆਂ ਹੋਇਆਂ ਪੱਥਰਾਂ ਨਾਲ ਨਾ ਬਣਾਓ । ਜੇ ਤੁਸੀਂ ਆਪਣੀ ਤੇਸੀ ਉਨ੍ਹਾਂ ਉੱਤੇ ਚੁੱਕੀ ਤਾਂ ਤੁਸੀਂ ਉਸ ਨੂੰ ਭਰਿਸ਼ਟ ਕੀਤਾ ।26ਤੁਸੀਂ ਮੇਰੀ ਜਗਵੇਦੀ ਉੱਤੇ ਪੌੜੀਆਂ ਨਾਲ ਨਾ ਚੜ੍ਹੋ ਕਿ ਕਿਤੇ ਤੁਹਾਡਾ ਨੰਗੇਜ਼ ਉਸ ਉੱਤੇ ਖੁੱਲ ਨਾ ਜਾਵੇ ।

21
ਦਾਸਾਂ ਦੇ ਨਾਲ ਉੱਚਿਤ ਵਿਹਾਰ ਕਰਨਾ
(ਬਿਵਸਥਾ ਸਾਰ 15:12-18)

1ਇਹ ਉਹ ਨਿਆਂ ਹਨ ਜਿਹੜੇ ਤੂੰ ਉਨ੍ਹਾਂ ਦੇ ਅੱਗੇ ਰੱਖੇਂਗਾ ।

2ਜਦ ਤੂੰ ਇਬਰਾਨੀ ਗ਼ੁਲਾਮ ਲਵੇਂ ਤਾਂ ਉਹ ਛੇ ਸਾਲ ਤੇਰੀ ਟਹਿਲ ਕਰੇ ਪਰ ਸੱਤਵੇਂ ਸਾਲ ਉਹ ਮੁਫ਼ਤ ਅਜ਼ਾਦ ਹੋ ਕੇ ਚੱਲਿਆ ਜਾਵੇ ।3ਜੇ ਉਹ ਇਕੱਲਾ ਆਇਆ ਹੋਵੇ ਤਾਂ ਇਕੱਲਾ ਚੱਲਿਆ ਜਾਵੇ ਅਤੇ ਜੇ ਉਹ ਔਰਤ ਵਾਲਾ ਸੀ ਤਾਂ ਉਸ ਦੀ ਔਰਤ ਉਸ ਦੇ ਨਾਲ ਚੱਲੀ ਜਾਵੇ ।4ਜੇ ਉਸ ਦੇ ਸਵਾਮੀ ਨੇ ਉਸ ਨੂੰ ਔਰਤ ਦਿੱਤੀ ਹੋਵੇ ਅਤੇ ਉਹ ਉਸ ਲਈ ਪੁੱਤਰ ਧੀਆਂ ਜਣੀ ਤਾਂ ਉਹ ਔਰਤ ਅਤੇ ਉਹ ਦੇ ਬੱਚੇ ਉਹ ਦੇ ਸਵਾਮੀ ਦੇ ਹੋਣਗੇ ਅਤੇ ਉਹ ਇਕੱਲਾ ਚੱਲਿਆ ਜਾਵੇ ।
5ਪਰ ਜੇ ਗੋਲਾ ਸਫ਼ਾਈ ਨਾਲ ਆਖੇ ਕਿ ਮੈਂ ਆਪਣੇ ਸਵਾਮੀ ਅਤੇ ਆਪਣੀ ਔਰਤ ਅਤੇ ਆਪਣੇ ਬੱਚਿਆਂ ਨਾਲ ਪ੍ਰੇਮ ਕਰਦਾ ਹਾਂ । ਮੈਂ ਅਜ਼ਾਦ ਹੋ ਕੇ ਚੱਲਿਆ ਨਹੀਂ ਜਾਂਵਾਂਗਾ6ਤਾਂ ਉਸ ਦਾ ਸਵਾਮੀ ਉਸ ਨੂੰ ਨਿਆਈਆਂ ਦੇ ਕੋਲ ਲਿਆਵੇ ਅਤੇ ਉਹ ਦਰਵਾਜ਼ੇ ਦੇ ਕੋਲ ਅਥਵਾ ਚੁਗਾਠ ਦੇ ਕੋਲ ਲਿਆ ਕੇ ਆਰ ਨਾਲ ਉਸ ਦੇ ਕੰਨ ਨੂੰ ਉਸ ਦਾ ਸਵਾਮੀ ਵਿੰਨ੍ਹੇ ਸੋ ਉਹ ਉਸ ਦੀ ਸਦਾ ਲਈ ਟਹਿਲ ਕਰੇ ।
7ਅਤੇ ਜਦ ਕੋਈ ਮਨੁੱਖ ਆਪਣੀ ਧੀ ਨੂੰ ਗੋਲੀ ਹੋਣ ਲਈ ਵੇਚੇ ਤਾਂ ਉਹ ਗੋਲਿਆਂ ਵਾਂਗੂੰ ਬਾਹਰ ਨਾ ਚੱਲੀ ਜਾਵੇ ।8ਜੇ ਉਹ ਆਪਣੇ ਸਵਾਮੀ ਦੀਆਂ ਅੱਖਾਂ ਨੂੰ ਨਾ ਭਾਵੇ ਤਾਂ ਜੇ ਉਸ ਨੇ ਉਹ ਦੇ ਨਾਲ ਕੁੜਮਾਈ ਨਹੀਂ ਕੀਤੀ ਉਹ ਉਸ ਦਾ ਵੱਟਾ ਦੇਵੇ । ਗੈਰ ਕੌਮ ਵਿੱਚ ਉਹ ਉਸ ਨੂੰ ਵੇਚ ਨਹੀਂ ਸਕਦਾ ਕਿਉਂ ਜੋ ਉਸ ਨੇ ਉਹ ਦੇ ਨਾਲ ਛਲ ਕੀਤਾ ਹੈ ।
9ਜੇ ਉਹ ਉਸ ਦੀ ਆਪਣੇ ਪੁੱਤਰ ਨਾਲ ਕੁੜਮਾਈ ਕਰੇ ਤਾਂ ਉਹ ਧੀਆਂ ਦੇ ਦਸਤੂਰ ਦੇ ਅਨੁਸਾਰ ਉਹ ਦੇ ਲਈ ਕਰੇ ।10ਜੇ ਉਹ ਦੂਜੀ ਔਰਤ ਆਪਣੇ ਲਈ ਲਵੇ ਤਾਂ ਉਸ ਦੇ ਖਾਣੇ ਕੱਪੜੇ ਅਤੇ ਵਿਆਹ ਵਾਲੇ ਹੱਕ ਨੂੰ ਨਾ ਘਟਾਵੇ ।11ਜੇ ਉਹ ਉਸ ਦੇ ਲਈ ਇਹ ਤਿੰਨ ਗੱਲਾਂ ਨਾ ਕਰੇ ਤਾਂ ਉਹ ਮੁਫ਼ਤ ਬਿਨਾਂ ਚਾਂਦੀ ਦੇ ਚੱਲੀ ਜਾਵੇ ।
ਹਿੰਸਕ ਕੰਮਾਂ ਦੇ ਨਾਲ ਸੰਬੰਧਿਤ ਨਿਯਮ

12ਜੇ ਕੋਈ ਮਨੁੱਖ ਨੂੰ ਅਜਿਹਾ ਮਾਰੇ ਕਿ ਉਹ ਮਰ ਜਾਵੇ ਤਾਂ ਉਹ ਜ਼ਰੂਰ ਮਾਰਿਆ ਜਾਵੇ ।13ਪਰ ਜਿਹੜਾ ਛੈਹ ਕੇ ਨਾ ਬੈਠਾ ਹੋਵੇ ਅਤੇ ਪਰਮੇਸ਼ੁਰ ਨੇ ਉਸ ਨੂੰ ਉਹ ਦੇ ਹੱਥ ਵਿੱਚ ਆਉਣ ਦਿੱਤਾ ਹੋਵੇ ਤਾਂ ਮੈਂ ਤੇਰੇ ਲਈ ਇੱਕ ਸਥਾਨ ਠਹਿਰਾਵਾਂਗਾ ਜਿੱਥੇ ਨੂੰ ਉਹ ਨੱਠ ਜਾਵੇ ।14ਜੇ ਕੋਈ ਮਨੁੱਖ ਆਪਣੇ ਗਵਾਂਢੀ ਉੱਤੇ ਧੱਕੋ ਧੱਕੀ ਵਾਰ ਕਰੇ ਤਾਂ ਜੋ ਉਹ ਨੂੰ ਛਲ ਨਾਲ ਮਾਰ ਸੁੱਟੇ ਤਾਂ ਤੂੰ ਉਸ ਨੂੰ ਮੇਰੀ ਜਗਵੇਦੀ ਤੋਂ ਵੀ ਲੈ ਕੇ ਮਾਰ ਦੇ ।
15ਜੇ ਕੋਈ ਆਪਣੇ ਪਿਤਾ ਅਤੇ ਆਪਣੀ ਮਾਤਾ ਨੂੰ ਮਾਰੇ ਉਹ ਜ਼ਰੂਰ ਮਾਰਿਆ ਜਾਵੇ ।16ਜਿਹੜਾ ਕਿਸੇ ਮਨੁੱਖ ਨੂੰ ਚੁਰਾ ਕੇ ਵੇਚੇ ਜਾਂ ਉਸ ਦੇ ਕੱਬਜ਼ੇ ਵਿੱਚੋਂ ਲੱਭ ਪਏ ਤਾਂ ਉਹ ਜ਼ਰੂਰ ਮਾਰਿਆ ਜਾਵੇ ।17ਜਿਹੜਾ ਆਪਣੇ ਪਿਤਾ ਜਾਂ ਆਪਣੀ ਮਾਤਾ ਨੂੰ ਫਿਟਕਾਰੇ ਉਹ ਜ਼ਰੂਰ ਮਾਰਿਆ ਜਾਵੇ ।
18ਜਦ ਮਨੁੱਖ ਲੜ ਪੈਣ ਅਤੇ ਇੱਕ ਮਨੁੱਖ ਆਪਣੇ ਗਵਾਂਢੀ ਨੂੰ ਪੱਥਰ ਨਾਲ ਜਾਂ ਹੂਰੇ ਨਾਲ ਮਾਰੇ ਪਰ ਉਹ ਨਾ ਮਰੇ ਪਰੰਤੂ ਆਪਣੇ ਮੰਜੇ ਉੱਤੇ ਪੈ ਜਾਵੇ19ਤਾਂ ਜੇ ਕਦੀ ਉਹ ਉੱਠ ਕੇ ਆਪਣੀ ਲਾਠੀ ਨਾਲ ਬਾਹਰ ਫਿਰੇ ਤਾਂ ਉਸ ਦਾ ਮਾਰਨ ਵਾਲਾ ਬੇਦੋਸ਼ ਠਹਿਰੇ । ਨਿਰਾ ਉਸ ਦੇ ਵਿਹਲੇ ਸਮੇਂ ਦਾ ਘਾਟਾ ਭਰੇ ਅਤੇ ਉਸ ਨੂੰ ਪੂਰੀ ਤਰ੍ਹਾਂ ਨਾਲ ਚੰਗਾ ਕਰਾਵੇ ।
20ਜਿਹੜਾ ਮਨੁੱਖ ਆਪਣੇ ਗੋਲੇ ਨੂੰ ਜਾਂ ਆਪਣੀ ਗੋਲੀ ਨੂੰ ਡਾਂਗ ਨਾਲ ਅਜਿਹਾ ਮਾਰੇ ਕਿ ਉਹ ਉਸ ਦੇ ਹੱਥੋਂ ਮਰ ਜਾਵੇ ਤਾਂ ਉਸ ਤੋਂ ਵੱਟਾ ਲਿਆ ਜਾਵੇ ।21ਪਰੰਤੂ ਜੇ ਉਹ ਇੱਕ ਦੋ ਦਿਨ ਜੀਉਂਦਾ ਰਹੇ ਤਾਂ ਉਸ ਤੋਂ ਬਦਲਾ ਨਾ ਲਿਆ ਜਾਵੇ ਕਿਉਂ ਜੋ ਉਹ ਉਸ ਦਾ ਮਾਲ ਹੈ ।
22ਜਦ ਕਦੀ ਮਨੁੱਖ ਆਪੋ ਵਿੱਚ ਹੱਥੋਂ ਪਾਈ ਹੋਣ ਅਤੇ ਕਿਸੇ ਗਰਭਵਤੀ ਔਰਤ ਨੂੰ ਧੱਕਾ ਮਾਰਨ ਕਿ ਉਸ ਦਾ ਗਰਭ ਡਿੱਗ ਪਏ ਪਰ ਕੋਈ ਹੋਰ ਕਸਰ ਨਾ ਪਏ ਤਾਂ ਉਹ ਜ਼ਰੂਰ ਡੰਨ ਭਰੇ ਜਿੰਨਾ ਉਸ ਔਰਤ ਦਾ ਪਤੀ ਉਸ ਉੱਤੇ ਠਹਿਰਾਵੇ ਪਰ ਉਹ ਨਿਆਈਆਂ ਦੇ ਆਖੇ ਦੇ ਅਨੁਸਾਰ ਦੇਵੇ ।23ਪਰੰਤੂ ਜੇ ਕੋਈ ਕਸਰ ਹੋ ਜਾਵੇ ਤਾਂ ਜੀਵਨ ਦੇ ਵੱਟੇ ਜੀਵਨ,24ਅੱਖ ਦੇ ਵੱਟੇ ਅੱਖ, ਦੰਦ ਦੇ ਵੱਟੇ ਦੰਦ, ਹੱਥ ਦੇ ਵੱਟੇ ਹੱਥ, ਪੈਰ ਦੇ ਵੱਟੇ ਪੈਰ,25ਸਾੜਨ ਦੇ ਵੱਟੇ ਸਾੜਨ, ਫੱਟ ਦੇ ਵੱਟੇ ਫੱਟ, ਸੱਟ ਦੇ ਵੱਟੇ ਸੱਟ ਤੂੰ ਦੇ ।
26ਜਦ ਕੋਈ ਮਨੁੱਖ ਆਪਣੇ ਗੋਲੇ ਦੀ ਅੱਖ ਜਾਂ ਆਪਣੀ ਗੋਲੀ ਦੀ ਅੱਖ ਉੱਤੇ ਅਜਿਹਾ ਮਾਰੇ ਕਿ ਉਹ ਮਾਰੀ ਜਾਵੇ ਤਾਂ ਉਹ ਉਸ ਦੀ ਅੱਖ ਦੇ ਵੱਟੇ ਉਹ ਨੂੰ ਅਜ਼ਾਦ ਕਰ ਕੇ ਜਾਣ ਦੇਵੇ ।27ਜੇ ਉਹ ਆਪਣੇ ਗੋਲੇ ਦੇ ਦੰਦ ਜਾਂ ਆਪਣੀ ਗੋਲੀ ਦੇ ਦੰਦ ਨੂੰ ਭੰਨ ਸੁੱਟੇ ਤਾਂ ਉਹ ਉਸ ਨੂੰ ਦੰਦ ਦੇ ਵੱਟੇ ਵਿੱਚ ਅਜ਼ਾਦ ਕਰ ਕੇ ਜਾਣ ਦੇਵੇ ।
ਪਸ਼ੂ ਦੇ ਮਾਲਕ ਦਾ ਉੱਤਰਾ-ਅਧਿਕਾਰ

28ਜਦ ਕੋਈ ਬਲ਼ਦ ਕਿਸੇ ਮਨੁੱਖ ਨੂੰ ਜਾਂ ਕਿਸੇ ਔਰਤ ਨੂੰ ਅਜਿਹਾ ਮਾਰੇ ਕਿ ਉਹ ਮਰ ਜਾਵੇ ਤਾਂ ਉਸ ਬਲ਼ਦ ਨੂੰ ਜ਼ਰੂਰ ਵੱਟੇ ਮਾਰੇ ਜਾਣ ਅਤੇ ਉਸ ਦਾ ਮਾਸ ਖਾਧਾ ਨਾ ਜਾਵੇ ਪਰ ਉਸ ਬਲ਼ਦ ਦਾ ਮਾਲਕ ਬੇਦੋਸ਼ਾ ਠਹਿਰੇ ।29ਜੇ ਉਹ ਬਲ਼ਦ ਪਿੱਛੇ ਵੀ ਮਾਰ ਖੰਡ ਹੁੰਦਾ ਸੀ ਪਰ ਉਸ ਨੇ ਉਹ ਨੂੰ ਨਾ ਸਾਂਭਿਆ ਅਤੇ ਉਸ ਨੇ ਕਿਸੇ ਮਨੁੱਖ ਜਾਂ ਔਰਤ ਨੂੰ ਮਾਰ ਦਿੱਤਾ ਹੋਵੇ ਤਾਂ ਉਸ ਬਲ਼ਦ ਨੂੰ ਵੱਟਿਆਂ ਨਾਲ ਮਾਰਿਆ ਜਾਵੇ ਅਤੇ ਉਸ ਦਾ ਮਾਲਕ ਵੀ ਮਾਰਿਆ ਜਾਵੇ ।30ਜਦ ਨਿਸਤਾਰੇ ਦਾ ਮੁੱਲ ਉਸ ਉੱਤੇ ਠਹਿਰਾਇਆ ਜਾਵੇ ਤਾਂ ਆਪਣੀ ਜਿੰਦ ਛੁਡਾਉਣ ਲਈ ਜੋ ਕੁੱਝ ਉਸ ਉੱਤੇ ਠਹਿਰਾਇਆ ਜਾਵੇ ਉਹੀ ਦੇਵੇ ।
31ਜੇ ਉਸ ਨੇ ਪੁੱਤਰ ਨੂੰ ਸਿੰਙ ਮਾਰਿਆ ਹੋਵੇ ਜਾਂ ਧੀ ਨੂੰ ਸਿੰਙ ਮਾਰਿਆ ਹੋਵੇ ਤਾਂ ਉਸੇ ਨਿਆਂ ਦੇ ਅਨੁਸਾਰ ਉਸ ਨਾਲ ਕੀਤਾ ਜਾਵੇ ।32ਜੇ ਉਹ ਬਲ਼ਦ ਗੋਲੇ ਨੂੰ ਜਾਂ ਗੋਲੀ ਨੂੰ ਸਿੰਙ ਮਾਰੇ ਤਾਂ ਤੀਹ ਰੁਪਈਏ ਚਾਂਦੀ ਦੇ ਉਸ ਦੇ ਸਵਾਮੀ ਨੂੰ ਦਿੱਤੇ ਜਾਣ ਅਤੇ ਬਲ਼ਦ ਵੱਟਿਆਂ ਨਾਲ ਮਾਰਿਆ ਜਾਵੇ ।
33ਜਦ ਕੋਈ ਮਨੁੱਖ ਟੋਆ ਖੋਲ੍ਹੇ ਜਾਂ ਟੋਆ ਪੁੱਟ ਕੇ ਉਸ ਨੂੰ ਨਾ ਢੱਕੇ ਅਤੇ ਉਸ ਵਿੱਚ ਬਲ਼ਦ ਜਾਂ ਖੋਤਾ ਡਿੱਗ ਪਵੇ34ਤਾਂ ਟੋਏ ਦਾ ਮਾਲਕ ਉਹ ਦਾ ਘਾਟਾ ਭਰੇ ਅਤੇ ਚਾਂਦੀ ਉਸ ਦੇ ਮਾਲਕ ਨੂੰ ਮੋੜ ਦੇਵੇ । ਫੇਰ ਲੋਥ ਉਸ ਦੀ ਹੋਵੇਗੀ ।
35ਜਦ ਕਦੀ ਕਿਸੇ ਦਾ ਬਲ਼ਦ ਉਸ ਦੇ ਗਵਾਂਢੀ ਦੇ ਬਲ਼ਦ ਨੂੰ ਮਾਰੇ ਅਤੇ ਉਹ ਮਰ ਜਾਵੇ ਤਾਂ ਜਿਉਂਦੇ ਬਲ਼ਦ ਨੂੰ ਵੇਚ ਦੇਣ ਅਤੇ ਉਸ ਦੀ ਚਾਂਦੀ ਨੂੰ ਵੰਡ ਲੈਣ ਅਤੇ ਲੋਥ ਵੀ ਵੰਡ ਲੈਣ ।36ਅਥਵਾ ਜੇ ਇਹ ਜਾਣਿਆ ਗਿਆ ਕਿ ਉਹ ਪਿੱਛੇ ਵੀ ਮਾਰ ਖੰਡ ਹੁੰਦਾ ਦੀ ਪਰ ਉਸ ਦੇ ਮਾਲਕ ਨੇ ਉਸ ਨੂੰ ਨਹੀਂ ਸਾਂਭਿਆ ਤਾਂ ਉਹ ਜ਼ਰੂਰ ਘਾਟਾ ਭਰੇ ਅਤੇ ਬਲ਼ਦ ਦੇ ਵੱਟੇ ਬਲ਼ਦ ਦੇਵੇ ਅਤੇ ਉਹ ਲੋਥ ਉਹ ਦੀ ਹੋਵੇਗੀ ।

22
ਨੁਕਸਾਨ ਭਰਨ ਦੇ ਸੰਬੰਧੀ ਨਿਯਮ

1ਜੇ ਕੋਈ ਮਨੁੱਖ ਬਲ਼ਦ ਜਾਂ ਭੇਡ ਚੁਰਾਵੇ ਜਾਂ ਉਸ ਨੂੰ ਮਾਰ ਸੁੱਟੇ ਜਾਂ ਉਸ ਨੂੰ ਵੇਚ ਦੇਵੇ ਤਾਂ ਚੌਣੇ ਵਿੱਚੋਂ ਉਸ ਦੇ ਵੱਟੇ ਪੰਜ ਬਲ਼ਦ ਅਤੇ ਇੱਜੜ ਵਿੱਚੋਂ ਉਸ ਦੇ ਵੱਟੇ ਚਾਰ ਭੇਡਾਂ ਵੱਟਾ ਭਰੇ ।2ਜੇ ਉਹ ਚੋਰ ਸੰਨ੍ਹ ਲਾਉਂਦਾ ਫੜਿਆ ਜਾਵੇ ਅਤੇ ਉਹ ਮਾਰ ਨਾਲ ਮਰ ਜਾਵੇ ਤਾਂ ਇਹ ਖੂਨ ਦਾ ਦੋਸ਼ ਨਹੀਂ ਹੈ ।3ਪਰ ਜੇ ਉਸ ਉੱਤੇ ਸੂਰਜ ਚੜ੍ਹ ਜਾਵੇ ਤਾਂ ਉਹ ਦੇ ਲਈ ਖੂਨ ਦਾ ਦੋਸ਼ ਹੋਵੇਗਾ, ਉਹ ਵੱਟਾ ਭਰ ਦੇਵੇ । ਜੇ ਉਹ ਦੇ ਕੋਲ ਕੁੱਝ ਨਹੀਂ ਹੈਂ ਤਾਂ ਉਹ ਆਪਣੀ ਚੋਰੀ ਦੇ ਕਾਰਨ ਵੇਚਿਆ ਜਾਵੇ ।4ਜੇ ਚੋਰੀ ਦਾ ਮਾਲ ਉਹ ਦੇ ਹੱਥੋਂ ਜਿਉਂਦਾ ਲੱਭ ਜਾਵੇ ਭਾਵੇਂ ਬਲ਼ਦ ਭਾਵੇਂ ਖੋਤਾ ਭਾਵੇਂ ਭੇਡ ਤਾਂ ਉਹ ਦੂਣਾ ਵੱਟਾ ਭਰੇ ।

5ਜਦ ਕੋਈ ਮਨੁੱਖ ਪੈਲੀ ਜਾਂ ਦਾਖ਼ ਦੇ ਬਾਗ਼ ਨੂੰ ਖਿਲਾ ਦੇਵੇ ਜਾਂ ਆਪਣੇ ਪਸ਼ੂ ਛੱਡੇ ਜੋ ਉਹ ਦੂਜੇ ਦੀ ਪੈਲੀ ਨੂੰ ਖਾ ਜਾਵੇ ਤਾਂ ਆਪਣੇ ਖੇਤ ਦੀ ਬਹੁਤ ਉੱਤਮ ਪੈਦਾਵਾਰ ਤੋਂ ਜਾਂ ਬਾਗ਼ ਦੀ ਬਹੁਤ ਉੱਤਮ ਦਾਖ਼ ਤੋਂ ਵੱਟਾ ਭਰੇ ।
6ਜੇ ਕਦੀ ਅੱਗ ਭਖ ਉੱਠੇ ਅਤੇ ਕੰਡੇ ਕਾਠ ਨੂੰ ਇਸ ਤਰ੍ਹਾਂ ਜਾ ਲੱਗੇ ਕਿ ਅੰਨ ਦਾ ਖਲਵਾੜਾ ਜਾਂ ਅੰਨ ਦੀ ਖੜੀ ਪੈਲੀ ਜਾਂ ਖੇਤ ਸੜ ਜਾਵੇ ਤਾਂ ਅੱਗ ਦੇ ਲਾਉਣ ਵਾਲਾ ਜ਼ਰੂਰ ਵੱਟਾ ਭਰੇ ।
7ਜਦ ਕੋਈ ਮਨੁੱਖ ਆਪਣੇ ਗਵਾਂਢੀ ਨੂੰ ਚਾਂਦੀ ਜਾਂ ਗਹਿਣਾ ਰੱਖਣ ਲਈ ਦੇਵੇ ਪਰ ਉਹ ਉਸ ਮਨੁੱਖ ਦੇ ਘਰੋਂ ਚੁਰਾਇਆ ਜਾਵੇ ਜੇ ਚੋਰ ਫੜਿਆ ਜਾਵੇ ਤਾਂ ਉਹ ਦੁੱਗਣਾ ਭਰੇ ।8ਪਰ ਜੇ ਚੋਰ ਨਾ ਫੜਿਆ ਜਾਵੇ ਤਾਂ ਘਰ ਦਾ ਮਾਲਕ ਨਿਆਈਆਂ ਦੇ ਕੋਲ ਲਿਆਂਦਾ ਜਾਵੇ ਤਾਂ ਜੋ ਮਲੂਮ ਹੋਵੇ ਕਿ ਉਸ ਨੇ ਆਪਣਾ ਹੱਥ ਆਪਣੇ ਗਵਾਂਢੀ ਦੇ ਮਾਲ ਧਨ ਨੂੰ ਲਾਇਆ ਹੈ ਕਿ ਨਹੀਂ ।9ਅਪਰਾਧ ਦੀ ਹਰ ਪਰਕਾਰ ਦੀ ਗੱਲ ਵਿੱਚ ਭਾਵੇਂ ਬਲ਼ਦ ਦੀ ਭਾਵੇਂ ਖੋਤੇ ਦੀ ਭਾਵੇਂ ਭੇਡ ਦੀ ਭਾਵੇਂ ਚਾਦਰ ਦੀ ਭਾਵੇਂ ਕਿਸੇ ਗਵਾਚੀ ਹੋਈ ਚੀਜ਼ ਦੀ ਜਿਸ ਵਿਖੇ ਕੋਈ ਆਖੇ ਕਿ ਇਹੋ ਹੀ ਹੈ ਤਾਂ ਉਨ੍ਹਾਂ ਦੋਹਾਂ ਦੀ ਗੱਲ ਨਿਆਈਆਂ ਕੋਲ ਆਵੇ ਅਤੇ ਜਿਹ ਨੂੰ ਨਿਆਈਂ ਦੋਸ਼ੀ ਠਹਿਰਾਉਣ ਉਹ ਆਪਣੇ ਗਵਾਂਢੀ ਨੂੰ ਦੁੱਗਣਾ ਭਰ ਦੇਵੇ ।
10ਜੇ ਕੋਈ ਮਨੁੱਖ ਆਪਣੇ ਗਵਾਂਢੀ ਨੂੰ ਖੋਤਾ ਜਾਂ ਬਲ਼ਦ ਜਾਂ ਭੇਡ ਜਾਂ ਕੋਈ ਪਸ਼ੂ ਸਾਂਭਣ ਲਈ ਦੇਵੇ ਅਤੇ ਉਹ ਮਰ ਜਾਵੇ ਜਾਂ ਸੱਟ ਖਾ ਜਾਵੇ ਜਾਂ ਕਿਸੇ ਦੇ ਵੇਖੇ ਬਿਨਾਂ ਕਿਤੇ ਹੱਕਿਆ ਜਾਵੇ11ਤਾਂ ਉਨ੍ਹਾਂ ਦੋਹਾਂ ਦੇ ਵਿੱਚ ਯਹੋਵਾਹ ਦੀ ਸਹੁੰ ਹੋਵੇਗੀ ਕਿ ਉਸ ਨੇ ਆਪਣੇ ਗਵਾਂਢੀ ਦੇ ਮਾਲ ਨੂੰ ਹੱਥ ਨਹੀਂ ਲਾਇਆ ਅਤੇ ਉਹ ਦਾ ਮਾਲਕ ਸੁਣ ਲਵੇ ਤਾਂ ਉਹ ਵੱਟਾ ਨਾ ਭਰੇ ।12ਜੇ ਉਹ ਸੱਚ-ਮੁੱਚ ਉਸ ਤੋਂ ਚੁਰਾਇਆ ਜਾਵੇ ਤਾਂ ਉਹ ਉਸ ਦੇ ਮਾਲਕ ਨੂੰ ਵੱਟਾ ਭਰੇ ।13ਜੇ ਉਹ ਸੱਚ-ਮੁੱਚ ਪਾੜਿਆ ਜਾਵੇ ਤਾਂ ਉਹ ਉਸ ਨੂੰ ਉਗਾਹੀ ਵਿੱਚ ਲਿਆਵੇ ਅਤੇ ਪਾੜੇ ਹੋਏ ਦਾ ਵੱਟਾ ਨਾ ਭਰੇ ।
14ਜਦ ਕੋਈ ਮਨੁੱਖ ਆਪਣੇ ਗਵਾਂਢੀ ਤੋਂ ਕੁੱਝ ਉਧਾਰ ਲਵੇ ਅਤੇ ਉਹ ਸੱਟ ਖਾ ਜਾਵੇ ਜਾਂ ਮਰ ਜਾਵੇ ਜਦ ਕਿ ਉਹ ਦਾ ਮਾਲਕ ਕੋਲ ਨਹੀਂ ਹੈ ਤਾਂ ਉਹ ਜ਼ਰੂਰ ਵੱਟਾ ਭਰੇ ।15ਜੇ ਉਹ ਦਾ ਮਾਲਕ ਉਹ ਦੇ ਕੋਲ ਹੋਵੇ ਤਾਂ ਉਹ ਵੱਟਾ ਨਾ ਭਰੇ ਜੇ ਉਹ ਭਾੜੇ ਉੱਤੇ ਹੋਵੇ ਤਾਂ ਉਹ ਭਾੜੇ ਵਿੱਚ ਗਿਣਿਆ ਜਾਵੇ ।
ਨੈਤਿਕ ਅਤੇ ਧਾਰਮਿਕ ਨਿਯਮ

16ਜਦ ਕੋਈ ਮਨੁੱਖ ਕਿਸੇ ਕੁਆਰੀ ਨੂੰ ਜਿਹ ਦੀ ਕੁੜਮਾਈ ਨਹੀਂ ਹੋਈ ਝਾਂਸਾ ਦੇਵੇ ਅਤੇ ਉਸ ਦੇ ਨਾਲ ਲੇਟੇ ਉਹ ਜ਼ਰੂਰ ਉਸ ਦਾ ਮੁੱਲ ਦੇ ਕੇ ਉਸ ਨੂੰ ਵਿਆਹ ਲਵੇ ।17ਜੇ ਉਸ ਦਾ ਪਿਤਾ ਉਸ ਨੂੰ ਦੇਣ ਤੋਂ ਉੱਕਾ ਹੀ ਇਨਕਾਰੀ ਹੋਵੇ ਤਾਂ ਉਹ ਕੁਆਰੀਆਂ ਦੇ ਮਹਿਰ ਅਨੁਸਾਰ ਚਾਂਦੀ ਤੋਲ ਕੇ ਦੇਵੇ ।
18ਤੂੰ ਜਾਦੂਗਰਨੀ ਨੂੰ ਜਿਉਂਦੀ ਨਾ ਛੱਡ ।19ਜੋ ਕੋਈ ਪਸ਼ੂ ਨਾਲ ਕੁਕਰਮ ਕਰੇ ਉਹ ਜ਼ਰੂਰ ਮਾਰਿਆ ਜਾਵੇ ।
20ਜਿਹੜਾ ਕੇਵਲ ਯਹੋਵਾਹ ਤੋਂ ਬਿਨਾਂ ਹੋਰ ਦੇਵਤਿਆਂ ਨੂੰ ਬਲੀਆਂ ਚੜ੍ਹਾਵੇ ਉਸ ਦਾ ਸੱਤਿਆਨਾਸ ਕੀਤਾ ਜਾਵੇ ।21ਤੁਸੀਂ ਪਰਦੇਸੀ ਨੂੰ ਨਾ ਸਤਾਓ ਨਾ ਦੁਖ ਦਿਓ ਕਿਉਂ ਜੋ ਤੁਸੀਂ ਮਿਸਰ ਦੇਸ ਵਿੱਚ ਪਰਦੇਸੀ ਰਹੇ ।
22ਵਿਧਵਾ ਅਤੇ ਯਤੀਮ ਨੂੰ ਤੰਗ ਨਾ ਕਰੋ ।23ਜੇ ਤੁਸੀਂ ਉਨ੍ਹਾਂ ਨੂੰ ਤੰਗ ਹੀ ਕਰੋਗੇ ਤਾਂ ਜਦ ਉਹ ਮੇਰੇ ਅੱਗੇ ਦੁਹਾਈ ਦੇਣਗੇ ਤਾਂ ਮੈਂ ਜ਼ਰੂਰ ਉਨ੍ਹਾਂ ਦੀ ਦੁਹਾਈ ਨੂੰ ਸੁਣਾਂਗਾ24ਅਤੇ ਮੇਰਾ ਕ੍ਰੋਧ ਭੜਕ ਉੱਠੇਗਾ ਅਤੇ ਮੈਂ ਤੁਹਾਨੂੰ ਤੇਗ ਨਾਲ ਵੱਢ ਸੁੱਟਾਂਗਾ ਅਤੇ ਤੁਹਾਡੀਆਂ ਔਰਤਾਂ ਵਿਧਵਾ ਅਤੇ ਤੁਹਾਡੇ ਪੁੱਤਰ ਯਤੀਮ ਹੋ ਜਾਣਗੇ ।
25ਜੇ ਤੂੰ ਮੇਰੀ ਪਰਜਾ ਵਿੱਚੋਂ ਆਪਣੇ ਨਾਲ ਦੇ ਕਿਸੇ ਕੰਗਾਲ ਨੂੰ ਚਾਂਦੀ ਉਧਾਰ ਦੇਵੇਂ ਤਾਂ ਤੂੰ ਉਹ ਦਾ ਬਿਆਜੜੀਆ ਨਾ ਬਣ, ਤੂੰ ਉਸ ਉੱਤੇ ਬਿਆਜ ਨਾ ਲਾਵੀਂ ।26ਜੇ ਤੂੰ ਆਪਣੇ ਗਵਾਂਢੀ ਦੀ ਚਾਦਰ ਗਹਿਣੇ ਰੱਖੇਂ ਤਾਂ ਸੂਰਜ ਦੇ ਡੁੱਬਣ ਤੋਂ ਪਹਿਲਾਂ ਉਹ ਨੂੰ ਮੋੜ ਦੇ27ਕਿਉਂ ਜੋ ਉਹੀ ਉਸ ਦਾ ਓਢਣਾ ਹੈ । ਇਹ ਉਸ ਦੇ ਸਰੀਰ ਲਈ ਚਾਦਰ ਹੈ, ਉਹ ਕਾਹਦੇ ਵਿੱਚ ਲੰਮਾ ਪਵੇਗਾ ? ਇਸ ਤਰ੍ਹਾਂ ਹੋਵੇਗਾ ਕਿ ਜਦ ਉਹ ਮੇਰੇ ਅੱਗੇ ਦੁਹਾਈ ਦੇਵੇਗਾ ਤਾਂ ਮੈਂ ਸੁਣਾਂਗਾ ਕਿਉਂ ਜੋ ਮੈਂ ਕਿਰਪਾਲੂ ਹਾਂ ।
28ਤੂੰ ਨਿਆਈਆਂ ਨੂੰ ਨਾ ਕੋਸ ਅਤੇ ਆਪਣੇ ਲੋਕਾਂ ਦੇ ਪਰਧਾਨ ਨੂੰ ਫਿਟਕਾਰ ਨਾ ਦੇ ।
29ਆਪਣੇ ਖਲਵਾੜੇ ਅਤੇ ਆਪਣੇ ਕੋਹਲੂ ਦੇ ਰਸ ਦੇ ਚੜ੍ਹਾਉਣ ਲਈ ਢਿੱਲ ਨਾ ਕਰ । ਤੂੰ ਆਪਣੇ ਪੁੱਤਰਾਂ ਵਿੱਚੋਂ ਜੇਠਾ ਮੈਨੂੰ ਦੇ ।30ਇਸ ਤਰ੍ਹਾਂ ਤੂੰ ਆਪਣੇ ਬਲ਼ਦ ਅਤੇ ਆਪਣੀ ਭੇਡ ਨਾਲ ਕਰ ਕਿ ਸੱਤ ਦਿਨ ਉਹ ਆਪਣੀ ਮਾਂ ਨਾਲ ਰਹੇ ਪਰ ਅੱਠਵੇਂ ਦਿਨ ਉਹ ਤੂੰ ਮੈਨੂੰ ਦੇ ।31ਤੁਸੀਂ ਮੇਰੇ ਲਈ ਪਵਿੱਤਰ ਮਨੁੱਖ ਹੋਵੋ ਇਸ ਲਈ ਦਰਿੰਦਿਆਂ ਤੋਂ ਪਾੜਿਆ ਹੋਇਆ ਮਾਸ ਨਾ ਖਾਓ । ਤੁਸੀਂ ਉਹ ਨੂੰ ਕੁੱਤਿਆਂ ਅੱਗੇ ਸੁੱਟ ਦਿਓ ।

23
ਨਿਆਂ ਅਤੇ ਪੱਖਪਾਤ

1ਤੂੰ ਕੂੜ ਦੀ ਗੱਪ ਸ਼ੱਪ ਨਾ ਮਾਰ ਅਤੇ ਤੂੰ ਆਪਣਾ ਹੱਥ ਦੁਸ਼ਟਾਂ ਨਾਲ ਨਾ ਮਿਲਾ ਕਿ ਤੂੰ ਕੁਧਰਮ ਦਾ ਗਵਾਹ ਹੋਵੇਂ ।2ਤੂੰ ਬੁਰਿਆਈ ਕਰਨ ਲਈ ਬਹੁਤਿਆਂ ਦੇ ਮਗਰ ਨਾ ਲੱਗ ਅਤੇ ਤੂੰ ਕਿਸੇ ਝਗੜੇ ਵਿੱਚ ਅਜਿਹਾ ਉੱਤਰ ਨਾ ਦੇ ਕਿ ਬਹੁਤਿਆਂ ਦੇ ਮਗਰ ਲੱਗ ਕੇ ਨਿਆਂ ਨੂੰ ਵਿਗਾੜ ਦੇਵੇਂ ।3ਤੂੰ ਕਿਸੇ ਕੰਗਾਲ ਦਾ ਉਹ ਦੇ ਝਗੜੇ ਵਿੱਚ ਪੱਖ ਨਾ ਕਰ ।

4ਜਦ ਤੂੰ ਆਪਣੇ ਵੈਰੀ ਦੇ ਬਲ਼ਦ ਅਥਵਾ ਖੋਤੇ ਨੂੰ ਖੁੱਲਾ ਫਿਰਦਾ ਵੇਖੇਂ ਤਾਂ ਤੂੰ ਜ਼ਰੂਰ ਉਹ ਉਸ ਨੂੰ ਮੋੜ ਦੇ ।5ਜਦ ਤੇਰੇ ਨਾਲ ਖੁਣਸ ਕਰਨ ਵਾਲੇ ਦਾ ਖੋਤਾ ਤੂੰ ਭਾਰ ਹੇਠ ਪਿਆ ਹੋਇਆ ਵੇਖੇਂ ਅਤੇ ਉਸ ਦੀ ਸਹਾਇਤਾ ਨਾ ਕਰਨੀ ਚਾਹੇਂ ਫਿਰ ਵੀ ਤੂੰ ਜ਼ਰੂਰ ਉਸ ਦੀ ਸਹਾਇਤਾ ਕਰ ।
6ਤੂੰ ਆਪਣੇ ਮੁਤਾਜ ਦੇ ਨਿਆਂ ਨੂੰ ਉਸ ਦੇ ਝਗੜੇ ਵਿੱਚ ਨਾ ਭੁੰਆ ।7ਝੂਠੀ ਗੱਲ ਤੋਂ ਦੂਰ ਰਹਿ ਅਤੇ ਤੂੰ ਬੇਦੋਸ਼ੀ ਅਤੇ ਧਰਮੀ ਨੂੰ ਮਾਰ ਨਾ ਸੁੱਟ ਕਿਉਂ ਜੋ ਮੈਂ ਦੁਸ਼ਟ ਨੂੰ ਧਰਮੀ ਨਹੀਂ ਠਹਿਰਾਵਾਂਗਾ ।8ਤੂੰ ਵੱਢੀ ਨਾ ਖਾਹ ਕਿਉਂ ਜੋ ਵੱਢੀ ਤੇਜ ਨਿਗਾਹ ਵਾਲੇ ਨੂੰ ਅੰਨ੍ਹਾ ਕਰ ਦਿੰਦੀ ਹੈ ਅਤੇ ਧਰਮੀਆਂ ਦੀਆਂ ਗੱਲਾਂ ਨੂੰ ਉਲਟ ਦਿੰਦੀ ਹੈ ।9ਤੂੰ ਪਰਦੇਸੀ ਨੂੰ ਨਾ ਸਤਾ । ਤੁਸੀਂ ਪਰਦੇਸੀ ਦੇ ਮਨ ਨੂੰ ਜਾਣਦੇ ਹੋ ਕਿਉਂ ਜੋ ਤੁਸੀਂ ਮਿਸਰ ਦੇਸ ਵਿੱਚ ਪਰਦੇਸੀ ਸੀ ।
ਸੱਤਵਾਂ ਸਾਲ ਅਤੇ ਸੱਤਵਾਂ ਦਿਨ

10ਛੇ ਸਾਲ ਤੂੰ ਆਪਣੀ ਧਰਤੀ ਬੀਜ ਅਤੇ ਉਸ ਦਾ ਹਾਸਲ ਇਕੱਠਾ ਕਰ ।11ਪਰ ਸੱਤਵੇਂ ਸਾਲ ਤੂੰ ਉਹ ਨੂੰ ਛੱਡ ਦੇ ਕਿ ਵੇਹਲੀ ਰਹੇ ਤਾਂ ਜੋ ਤੇਰੇ ਲੋਕਾਂ ਦੇ ਮੁਤਾਜ ਖਾਣ ਅਤੇ ਜੋ ਕੁੱਝ ਉਹ ਛੱਡਣ ਉਹ ਰੜੇ ਦੇ ਦਰਿੰਦੇ ਖਾਣ । ਇਸ ਤਰ੍ਹਾਂ ਤੂੰ ਆਪਣੀ ਦਾਖ਼ ਅਤੇ ਜ਼ੈਤੂਨ ਦੀ ਵਾੜੀ ਨਾਲ ਵੀ ਕਰ ।
12ਛੇ ਦਿਨ ਤੂੰ ਆਪਣਾ ਕੰਮ ਕਰ ਪਰ ਸੱਤਵੇਂ ਦਿਨ ਤੂੰ ਵਿਸ਼ਰਾਮ ਕਰ ਤਾਂ ਜੋ ਤੇਰਾ ਬਲ਼ਦ ਅਤੇ ਤੇਰਾ ਖੋਤਾ ਸੁਸਤਾਉਣ ਅਤੇ ਤੇਰੀ ਗੋਲੀ ਦਾ ਪੁੱਤਰ ਅਤੇ ਪਰਦੇਸੀ ਟਹਿਕ ਜਾਣ ।13ਜੋ ਕੁੱਝ ਮੈਂ ਤੁਹਾਨੂੰ ਆਖਿਆ ਉਸ ਵਿੱਚ ਸੁਚੇਤ ਰਹੋ ਅਤੇ ਹੋਰਨਾਂ ਦੇਵਤਿਆਂ ਦੇ ਨਾਮ ਵੀ ਨਾ ਲਓ ਅਤੇ ਉਹ ਤੁਹਾਡੇ ਮੂੰਹ ਤੋਂ ਸੁਣੇ ਵੀ ਨਾ ਜਾਣ ।
ਤਿੰਨ ਮੁੱਖ ਪਰਵ
(ਕੂਚ 34:18-26; ਬਿਵਸਥਾ 16:1-17)

14ਤੂੰ ਸਾਲ ਵਿੱਚ ਤਿੰਨ ਵਾਰ ਮੇਰਾ ਪਰਬ ਮਨਾ ।15ਪਤੀਰੀ ਰੋਟੀ ਦੇ ਪਰਬ ਨੂੰ ਤੂੰ ਮਨਾ । ਸੱਤ ਦਿਨ ਤੂੰ ਪਤੀਰੀ ਰੋਟੀ ਖਾ ਜਿਵੇਂ ਅਬੀਬ ਦੇ ਮਹੀਨੇ ਦੇ ਠਹਿਰਾਏ ਹੋਏ ਸਮੇਂ ਵਿੱਚ ਮੈਂ ਤੈਨੂੰ ਹੁਕਮ ਦਿੱਤਾ ਸੀ ਕਿਉਂ ਜੋ ਤੂੰ ਉਸ ਵਿੱਚ ਮਿਸਰ ਤੋਂ ਬਾਹਰ ਆਇਆ । ਖਾਲੀ ਹੱਥੀਂ ਉਹ ਮੇਰੇ ਸਾਹਮਣੇ ਵੇਖੇ ਨਾ ਜਾਣ ।
16ਵਾਢੀ ਦਾ ਪਰਬ ਅਰਥਾਤ ਤੇਰੇ ਕੰਮਾਂ ਦੇ ਪਹਿਲੇ ਫਲ ਜਿਹੜੇ ਤੂੰ ਪੈਲੀ ਵਿੱਚ ਬੀਜੇ ਅਤੇ ਇਕੱਠਾ ਕਰਨ ਦਾ ਪਰਬ ਸਾਲ ਦੇ ਛੇਕੜ ਵਿੱਚ ਜਦ ਤੂੰ ਆਪਣੀ ਕਮਾਈ ਨੂੰ ਪੈਲੀ ਤੋਂ ਇਕੱਠਾ ਕਰ ਲਿਆ ਹੋਵੇ ।17ਸਾਲ ਵਿੱਚ ਤਿੰਨ ਵਾਰ ਤੁਹਾਡੇ ਸਾਰੇ ਨਰ ਪ੍ਰਭੂ ਯਹੋਵਾਹ ਅੱਗੇ ਹਾਜ਼ਰ ਹੋਣ ।
18ਤੂੰ ਮੇਰੇ ਬਲੀ ਪਸ਼ੂ ਦਾ ਲਹੂ ਖ਼ਮੀਰ ਨਾਲ ਨਾ ਚੜ੍ਹਾ । ਨਾ ਮੇਰੇ ਪਰਬ ਦੇ ਚੜ੍ਹਾਵੇ ਦੀ ਚਰਬੀ ਸਾਰੀ ਰਾਤ ਸਵੇਰ ਤੱਕ ਰਹੇ ।19ਤੂੰ ਆਪਣੀ ਜ਼ਮੀਨ ਦੇ ਪਹਿਲੇ ਫਲਾਂ ਵਿੱਚੋਂ ਪਹਿਲੇ ਨੂੰ ਯਹੋਵਾਹ ਆਪਣੇ ਪਰਮੇਸ਼ੁਰ ਦੇ ਘਰ ਲਿਆ । ਤੂੰ ਪਠੋਰੇ ਨੂੰ ਉਸ ਦੀ ਮਾਂ ਦੇ ਦੁੱਧ ਵਿੱਚ ਨਾ ਰਿੰਨ੍ਹ ।
ਵਾਅਦੇ ਅਤੇ ਨਿਰਦੇਸ਼

20ਵੇਖੋ ਮੈਂ ਇੱਕ ਦੂਤ ਤੁਹਾਡੇ ਅੱਗੇ ਭੇਜਦਾ ਹਾਂ ਕਿ ਉਹ ਤੁਹਾਡੇ ਰਾਹ ਵਿੱਚ ਤੁਹਾਡੀ ਰਾਖੀ ਕਰੇ ਅਤੇ ਤੁਹਾਨੂੰ ਉਸ ਸਥਾਨ ਨੂੰ ਜਿਹੜਾ ਮੈਂ ਤਿਆਰ ਕੀਤਾ ਹੈ ਲੈ ਜਾਵੇ ।21ਉਸ ਦੇ ਅੱਗੇ ਚੌਕਸ ਰਹੋ ਅਤੇ ਉਸ ਦੀ ਅਵਾਜ਼ ਸੁਣੋ ਅਤੇ ਉਹ ਨੂੰ ਨਾ ਛੇੜੋ ਕਿਉਂ ਜੋ ਉਹ ਤੁਹਾਡੇ ਅਪਰਾਧ ਨੂੰ ਨਹੀਂ ਬਖ਼ਸ਼ੇਗਾ ਇਸ ਲਈ ਕਿ ਮੇਰਾ ਨਾਮ ਉਸ ਵਿੱਚ ਹੈ ।22ਸਗੋਂ ਜੇ ਤੁਸੀਂ ਸੱਚ-ਮੁੱਚ ਉਸ ਦੀ ਅਵਾਜ਼ ਨੂੰ ਸੁਣੋ ਅਤੇ ਜੋ ਕੁੱਝ ਮੈਂ ਬੋਲਦਾ ਹਾਂ ਉਹ ਕਰੋ ਤਾਂ ਮੈਂ ਤੁਹਾਡੇ ਵੈਰੀਆਂ ਦਾ ਵੈਰੀ ਅਤੇ ਤੁਹਾਡੇ ਵਿਰੋਧੀਆਂ ਦਾ ਵਿਰੋਧੀ ਹੋਵਾਂਗਾ ।
23ਕਿਉਂ ਜੋ ਮੇਰਾ ਦੂਤ ਤੁਹਾਡੇ ਅੱਗੇ ਚੱਲੇਗਾ ਅਤੇ ਤੁਹਾਨੂੰ ਅਮੋਰੀਆਂ, ਹਿੱਤੀਆਂ, ਫਰਿੱਜੀਆਂ, ਕਨਾਨੀਆਂ, ਹਿੱਵੀਆਂ ਅਤੇ ਯਬੂਸੀਆਂ ਵਿੱਚ ਲਿਆਵੇਗਾ ਅਤੇ ਮੈਂ ਉਨ੍ਹਾਂ ਦਾ ਨਾਸ ਕਰਾਂਗਾ ।24ਤੁਸੀਂ ਉਨ੍ਹਾਂ ਦੇ ਦੇਵਤਿਆਂ ਦੇ ਅੱਗੇ ਮੱਥਾ ਨਾ ਟੇਕੋ ਨਾ ਉਨ੍ਹਾਂ ਉਪਾਸਨਾ ਕਰੋ ਨਾ ਤੁਸੀਂ ਉਨ੍ਹਾਂ ਦੇ ਕੰਮਾਂ ਵਾਂਗੂੰ ਕੰਮ ਕਰੋ ਸਗੋਂ ਉਨ੍ਹਾਂ ਨੂੰ ਜ਼ਰੂਰ ਢਾਓ ਅਤੇ ਉਨ੍ਹਾਂ ਦੇ ਥੰਮਾਂ ਨੂੰ ਉੱਕਾ ਹੀ ਚਕਨਾ-ਚੂਰ ਕਰੋ ।25ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਉਪਾਸਨਾ ਕਰੋ ਅਤੇ ਉਹ ਤੁਹਾਡੀ ਰੋਟੀ ਅਤੇ ਤੁਹਾਡੇ ਪਾਣੀ ਨੂੰ ਬਰਕਤ ਦੇਵੇਗਾ ਅਤੇ ਮੈਂ ਤੁਹਾਡੇ ਵਿੱਚੋਂ ਬਿਮਾਰੀ ਕੱਢ ਦਿਆਂਗਾ ।
26ਤੁਹਾਡੀ ਧਰਤੀ ਵਿੱਚ ਕਿਸੇ ਦਾ ਗਰਭ ਨਾ ਡਿੱਗੇਗਾ ਨਾ ਕੋਈ ਬਾਂਝ ਰਹੇਗੀ । ਮੈਂ ਤੁਹਾਡੇ ਦਿਨਾਂ ਦਾ ਲੇਖਾ ਪੂਰਾ ਕਰਾਂਗਾ ।27ਮੈਂ ਆਪਣਾ ਭੈ ਤੁਹਾਡੇ ਅੱਗੇ ਭੇਜਾਂਗਾ ਅਤੇ ਮੈਂ ਸਾਰੇ ਲੋਕਾਂ ਨੂੰ ਜਿਨ੍ਹਾਂ ਉੱਤੇ ਤੁਸੀਂ ਆਣ ਪਵੋਗੇ ਨਾਸ ਕਰ ਦੇਵਾਂਗਾ ਅਤੇ ਮੈਂ ਤੁਹਾਡੇ ਸਾਰੇ ਵੈਰੀਆਂ ਨੂੰ ਨੱਠੇ ਜਾਂਦੇ ਹੋਏ ਤੁਹਾਨੂੰ ਦੇਵਾਂਗਾ ।28ਮੈਂ ਤੁਹਾਡੇ ਅੱਗੇ ਡੇਮੂ ਭੇਜਾਂਗਾ ਜਿਹੜਾ ਹਿੱਵੀ ਕਨਾਨੀ ਹਿੱਤੀ ਤੁਹਾਡੇ ਅੱਗੋਂ ਧੱਕ ਦੇਵੇਗਾ ।29ਮੈਂ ਇੱਕੋ ਹੀ ਸਾਲ ਵਿੱਚ ਉਨ੍ਹਾਂ ਨੂੰ ਤੁਹਾਡੇ ਅੱਗੋਂ ਨਾ ਧੱਕਾਂਗਾ ਮਤੇ ਉਹ ਧਰਤੀ ਉੱਜੜ ਜਾਵੇ ਅਤੇ ਮੈਦਾਨ ਦੇ ਦਰਿੰਦੇ ਤੁਹਾਡੇ ਵਿਰੁੱਧ ਵਧ ਜਾਣ ।
30ਮੈਂ ਉਨ੍ਹਾਂ ਨੂੰ ਤੁਹਾਡੇ ਅੱਗੋਂ ਹੌਲੀ-ਹੌਲੀ ਧੱਕਾਂਗਾ ਜਦ ਤੱਕ ਤੁਸੀਂ ਨਾ ਫਲੋ ਅਤੇ ਧਰਤੀ ਨੂੰ ਆਪਣੇ ਵੱਸ ਵਿੱਚ ਨਾ ਕਰੋ ।31ਸੋ ਮੈਂ ਤੁਹਾਡੀ ਹੱਦ ਲਾਲ ਸਮੁੰਦਰ ਤੋਂ ਫ਼ਲਿਸਤੀਆਂ ਦੇ ਸਮੁੰਦਰ ਤੱਕ ਅਤੇ ਉਜਾੜ ਤੋਂ ਦਰਿਆ (ਫਰਾਤ) ਤੱਕ ਠਹਿਰਾਵਾਂਗਾ ਕਿਉਂ ਜੋ ਮੈਂ ਤੁਹਾਡੇ ਹੱਥ ਵਿੱਚ ਉਸ ਧਰਤੀ ਦੇ ਵਸਨੀਕਾਂ ਨੂੰ ਦੇਵਾਂਗਾ ਅਤੇ ਤੁਸੀਂ ਉਨ੍ਹਾਂ ਨੂੰ ਆਪਣੇ ਅੱਗੋਂ ਧੱਕ ਦਿਓਗੇ ।32ਤੁਸੀਂ ਉਨ੍ਹਾਂ ਨਾਲ ਅਥਵਾ ਉਨ੍ਹਾਂ ਦੇ ਦੇਵਤਿਆਂ ਨਾਲ ਨੇਮ ਨਾ ਬੰਨ੍ਹੋ ।33ਉਹ ਤੁਹਾਡੀ ਧਰਤੀ ਵਿੱਚ ਨਾ ਰਹਿਣ ਅਜਿਹਾ ਨਾ ਹੋਵੇ ਕਿ ਉਹ ਤੁਹਾਡੇ ਤੋਂ ਮੇਰੇ ਵਿਰੁੱਧ ਪਾਪ ਕਰਾਉਣ ਕਿਉਂ ਜੇ ਤੁਸੀਂ ਉਨ੍ਹਾਂ ਦੇ ਦੇਵਤਿਆਂ ਦੀ ਉਪਾਸਨਾ ਕਰੋ ਤਾਂ ਉਹ ਜ਼ਰੂਰ ਤੁਹਾਡੇ ਲਈ ਫਾਹੀ ਹੋਵੇਗੀ ।

24
ਯਹੋਵਾਹ ਅਤੇ ਇਸਰਾਏਲੀਆਂ ਦੇ ਵਿੱਚ ਨੇਮ

1ਉਸ ਨੇ ਮੂਸਾ ਨੂੰ ਆਖਿਆ, ਯਹੋਵਾਹ ਕੋਲ ਉਤਾਹਾਂ ਆ ਤੂੰ ਅਤੇ ਹਾਰੂਨ ਅਤੇ ਨਾਦਾਬ ਅਤੇ ਅਬੀਹੂ ਅਤੇ ਇਸਰਾਏਲ ਦੇ ਬਜ਼ੁਰਗਾਂ ਵਿੱਚੋਂ ਸੱਤਰ ਅਤੇ ਤੁਸੀਂ ਦੂਰੋਂ ਮੱਥਾ ਟੇਕੋ ।2ਪਰ ਮੂਸਾ ਇਕੱਲਾ ਯਹੋਵਾਹ ਕੋਲ ਨੇੜੇ ਆਵੇ ਅਤੇ ਇਹ ਨੇੜੇ ਨਾ ਆਉਣ ਅਤੇ ਲੋਕ ਵੀ ਉਹ ਦੇ ਨਾਲ ਉਤਾਹਾਂ ਨਾ ਆਉਣ ।

3ਸੋ ਮੂਸਾ ਆਇਆ ਅਤੇ ਯਹੋਵਾਹ ਦੀਆਂ ਸਾਰੀਆਂ ਗੱਲਾਂ ਅਤੇ ਸਾਰੇ ਨਿਆਂ ਲੋਕਾਂ ਨੂੰ ਦੱਸੇ ਤਾਂ ਸਾਰੇ ਲੋਕਾਂ ਨੇ ਇੱਕ ਅਵਾਜ਼ ਨਾਲ ਬੋਲ ਕੇ ਉੱਤਰ ਦਿੱਤਾ, ਸਾਰੀਆਂ ਗੱਲਾਂ ਜਿਹੜੀਆਂ ਯਹੋਵਾਹ ਬੋਲਿਆ ਹੈ ਅਸੀਂ ਕਰਾਂਗੇ ।4ਤਾਂ ਮੂਸਾ ਨੇ ਯਹੋਵਾਹ ਦੀਆਂ ਸਾਰੀਆਂ ਗੱਲਾਂ ਲਿਖੀਆਂ ਅਤੇ ਸਵੇਰ ਨੂੰ ਉੱਠ ਕੇ ਪਹਾੜ ਹੇਠ ਇੱਕ ਜਗਵੇਦੀ ਅਤੇ ਬਾਰਾਂ ਥੰਮ੍ਹ ਇਸਰਾਏਲ ਦੇ ਬਾਰਾਂ ਗੋਤਾਂ ਅਨੁਸਾਰ ਬਣਾਏ ।
5ਉਸ ਨੇ ਇਸਰਾਏਲ ਦੇ ਗਭਰੂਆਂ ਨੂੰ ਭੇਜਿਆ ਅਤੇ ਉਨ੍ਹਾਂ ਨੇ ਯਹੋਵਾਹ ਲਈ ਹੋਮ ਦੀਆਂ ਬਲੀਆਂ ਅਤੇ ਸੁੱਖ-ਸਾਂਦ ਦੀਆਂ ਬਲੀਆਂ ਬਲ਼ਦਾਂ ਤੋਂ ਚੜ੍ਹਾਈਆਂ ।6ਫਿਰ ਮੂਸਾ ਨੇ ਅੱਧਾ ਲਹੂ ਲੈ ਕੇ ਭਾਂਡਿਆਂ ਵਿੱਚ ਰੱਖਿਆ ਅਤੇ ਬਾਕੀ ਦਾ ਅੱਧਾ ਲਹੂ ਜਗਵੇਦੀ ਦੇ ਉੱਤੇ ਛਿੜਕਿਆ
7ਅਤੇ ਉਸ ਨੇ ਨੇਮ ਦੀ ਪੋਥੀ ਲੈ ਕੇ ਲੋਕਾਂ ਦੇ ਕੰਨਾਂ ਵਿੱਚ ਪੜ੍ਹ ਕੇ ਸੁਣਾਈ ਅਤੇ ਉਨ੍ਹਾਂ ਨੇ ਆਖਿਆ, ਅਸੀਂ ਸਭ ਕੁੱਝ ਜੋ ਯਹੋਵਾਹ ਬੋਲਿਆ ਹੈ ਕਰਾਂਗੇ ਅਤੇ ਮੰਨਾਂਗੇ ।8ਉਪਰੰਤ ਮੂਸਾ ਨੇ ਲਹੂ ਲੈ ਕੇ ਲੋਕਾਂ ਉੱਤੇ ਛਿੜਕਿਆ ਅਤੇ ਆਖਿਆ, ਵੇਖੋ ਇਹ ਲਹੂ ਉਸ ਨੇਮ ਦਾ ਹੈ ਜਿਹੜਾ ਯਹੋਵਾਹ ਨੇ ਇਨ੍ਹਾਂ ਸਾਰੀਆਂ ਗੱਲਾਂ ਵਿੱਚ ਤੁਹਾਡੇ ਨਾਲ ਬੰਨ੍ਹਿਆ ਹੈ ।
9ਤਾਂ ਮੂਸਾ, ਹਾਰੂਨ, ਨਾਦਾਬ, ਅਬੀਹੂ ਅਤੇ ਇਸਰਾਏਲ ਦੇ ਸੱਤਰ ਬਜ਼ੁਰਗ ਉਤਾਹਾਂ ਗਏ ।10ਫਿਰ ਉਨ੍ਹਾਂ ਨੇ ਇਸਰਾਏਲ ਦੇ ਪਰਮੇਸ਼ੁਰ ਨੂੰ ਡਿੱਠਾ ਅਤੇ ਉਸ ਦੇ ਪੈਰਾਂ ਹੇਠ ਨੀਲਮ ਦੇ ਪੱਥਰਾਂ ਦਾ ਫਰਸ਼ ਜਿਹਾ ਸੀ ਅਤੇ ਉਸ ਦੀ ਚਮਕਾਹਟ ਅਕਾਸ਼ ਹੀ ਵਰਗੀ ਸੀ ।11ਉਸ ਨੇ ਆਪਣਾ ਹੱਥ ਇਸਰਾਏਲੀਆਂ ਦੇ ਭਲੇ ਪੁਰਸ਼ਾਂ ਉੱਤੇ ਨਾ ਪਾਇਆ ਸੋ ਉਨ੍ਹਾਂ ਨੇ ਪਰਮੇਸ਼ੁਰ ਦਾ ਦਰਸ਼ਨ ਕੀਤਾ ਅਤੇ ਉਨ੍ਹਾਂ ਨੇ ਖਾਧਾ ਪੀਤਾ ।
ਮੂਸਾ ਸੀਨਈ ਪਰਬਤ ਉੱਤੇ

12ਫਿਰ ਯਹੋਵਾਹ ਨੇ ਮੂਸਾ ਨੂੰ ਆਖਿਆ, ਮੇਰੇ ਕੋਲ ਪਹਾੜ ਉੱਤੇ ਆ ਅਤੇ ਉੱਥੇ ਰਹਿ ਤਾਂ ਜੋ ਮੈਂ ਤੈਨੂੰ ਪੱਥਰ ਦੀਆਂ ਪੱਟੀਆਂ ਅਤੇ ਬਿਵਸਥਾ ਅਤੇ ਹੁਕਮ ਜਿਹੜੇ ਮੈਂ ਉਨ੍ਹਾਂ ਦੀ ਸਿੱਖਿਆ ਲਈ ਲਿਖੇ ਹਨ ਦੇਵਾਂ ।13ਸੋ ਮੂਸਾ ਅਤੇ ਉਸ ਦਾ ਸੇਵਕ ਯਹੋਸ਼ੁਆ ਉੱਠੇ ਅਤੇ ਮੂਸਾ ਪਰਮੇਸ਼ੁਰ ਦੇ ਪਹਾੜ ਉੱਤੇ ਗਿਆ ।
14ਅਤੇ ਉਸ ਨੇ ਬਜ਼ੁਰਗਾਂ ਨੂੰ ਆਖਿਆ, ਤੁਸੀਂ ਸਾਡੇ ਨਾਲ ਏਥੇ ਠਹਿਰੋ ਜਦ ਤੱਕ ਅਸੀਂ ਤੁਹਾਡੇ ਕੋਲ ਨਾ ਮੁੜ ਆਈਏ ਅਤੇ ਵੇਖੋ ਹਾਰੂਨ ਅਤੇ ਹੂਰ ਤੁਹਾਡੇ ਨਾਲ ਹਨ । ਜੇ ਕਿਸੇ ਦੀ ਕੋਈ ਗੱਲ ਹੋਵੇ ਤਾਂ ਉਨ੍ਹਾਂ ਦੇ ਕੋਲ ਜਾਵੇ ।15ਸੋ ਮੂਸਾ ਪਹਾੜ ਉੱਤੇ ਚੜ੍ਹਿਆ ਅਤੇ ਬੱਦਲ ਪਹਾੜ ਉੱਤੇ ਛਾ ਗਿਆ ।
16ਅਤੇ ਯਹੋਵਾਹ ਦਾ ਪਰਤਾਪ ਸੀਨਈ ਪਹਾੜ ਉੱਤੇ ਠਹਿਰਿਆ ਅਤੇ ਬੱਦਲ ਉਸ ਉੱਤੇ ਛੇ ਦਿਨ ਛਾਇਆ ਰਿਹਾ ਤਾਂ ਸੱਤਵੇਂ ਦਿਨ ਉਸ ਨੇ ਬੱਦਲ ਦੇ ਵਿੱਚੋਂ ਮੂਸਾ ਨੂੰ ਸੱਦਿਆ ।17ਯਹੋਵਾਹ ਦੇ ਤੇਜ ਦਾ ਦਰਸ਼ਨ ਭਸਮ ਕਰਨ ਵਾਲੀ ਅੱਗ ਵਾਂਗੂੰ ਪਹਾੜ ਦੀ ਟੀਸੀ ਉੱਤੇ ਇਸਰਾਏਲੀਆਂ ਦੀਆਂ ਅੱਖਾਂ ਵਿੱਚ ਸੀ ।18ਅਤੇ ਮੂਸਾ ਬੱਦਲ ਦੇ ਵਿਚਕਾਰ ਚੱਲਿਆ ਗਿਆ ਅਤੇ ਪਹਾੜ ਉੱਤੇ ਚੜ੍ਹ ਗਿਆ ਤਾਂ ਮੂਸਾ ਪਹਾੜ ਉੱਤੇ ਚਾਲ੍ਹੀ ਦਿਨ ਅਤੇ ਚਾਲ੍ਹੀ ਰਾਤਾਂ ਰਿਹਾ ।

25
ਪਵਿੱਤਰ ਸਥਾਨ ਦੇ ਲਈ ਭੇਂਟ
(ਕੂਚ 35:4 - 9)

1ਯਹੋਵਾਹ ਨੇ ਮੂਸਾ ਨਾਲ ਗੱਲ ਕੀਤੀ ਕਿ2ਇਸਰਾਏਲੀਆਂ ਨੂੰ ਆਖ ਕਿ ਉਹ ਮੇਰੇ ਲਈ ਚੜ੍ਹਾਵਾ ਲਿਆਉਣ । ਹਰ ਇੱਕ ਮਨੁੱਖ ਤੋਂ ਜਿਹ ਦਾ ਮਨ ਉਹ ਨੂੰ ਪਰੇਰੇ ਤੁਸੀਂ ਮੇਰਾ ਚੜ੍ਹਾਵਾ ਲਿਓ ।

3ਇਹ ਉਹ ਚੜ੍ਹਾਵਾ ਹੈ ਜਿਹੜਾ ਤੁਸੀਂ ਉਨ੍ਹਾਂ ਤੋਂ ਲਿਓ ਅਰਥਾਤ ਸੋਨਾ ਚਾਂਦੀ ਪਿੱਤਲ4ਨੀਲਾ, ਬੈਂਗਣੀ, ਕਿਰਮਚੀ ਰੰਗ ਅਤੇ ਮਹੀਨ ਕਤਾਨ ਅਤੇ ਪਸ਼ਮ5ਅਤੇ ਛੱਤ੍ਰਿਆਂ ਦੀਆਂ ਲਾਲ ਰੰਗੀਆਂ ਹੋਈਆਂ ਖੱਲਾਂ ਅਤੇ ਬੱਕਰਿਆਂ ਦੀਆਂ ਖੱਲਾਂ ਅਤੇ ਸ਼ਿੱਟੀਮ ਦੀ ਲੱਕੜੀ6ਅਤੇ ਦੀਵੇ ਦਾ ਤੇਲ ਅਤੇ ਮਸਹ ਕਰਨ ਦੇ ਤੇਲ ਦਾ ਅਤੇ ਸੁਗੰਧੀ ਦੀ ਧੂਪ ਦਾ ਮਸਾਲਾ7ਸੁਲੇਮਾਨੀ ਪੱਥਰ ਅਤੇ ਏਫ਼ੋਦ ਵਿੱਚ ਅਤੇ ਸੀਨੇ ਬੰਦ ਵਿੱਚ ਜੜਨ ਲਈ ਨਗ ।
8ਅਤੇ ਉਹ ਮੇਰੇ ਲਈ ਇੱਕ ਪਵਿੱਤਰ ਸਥਾਨ ਬਣਾਉਣ ਤਾਂ ਜੋ ਮੈਂ ਉਨ੍ਹਾਂ ਦੇ ਵਿਚਕਾਰ ਵੱਸਾਂ ।9ਜਿਵੇਂ ਮੈਂ ਤੈਨੂੰ ਸਭ ਕੁੱਝ ਵਿਖਾਉਂਦਾ ਹਾਂ ਡੇਰੇ ਦੇ ਨਮੂਨੇ ਉੱਤੇ ਅਤੇ ਉਸ ਦੇ ਸਾਰੇ ਸਮਾਨ ਦੇ ਨਮੂਨੇ ਉੱਤੇ ਓਵੇਂ ਹੀ ਬਣਾਇਓ ।
ਨੇਮ ਦਾ ਸੰਦੂਕ
(ਕੂਚ 37:1-9)

10ਉਹ ਸ਼ਿੱਟੀਮ ਦੀ ਲੱਕੜੀ ਦਾ ਇੱਕ ਸੰਦੂਕ ਬਣਾਉਣ ਜਿਸ ਦੀ ਲੰਬਾਈ ਢਾਈ ਹੱਥ ਅਤੇ ਚੌੜਾਈ ਡੇਢ ਹੱਥ ਅਤੇ ਉਚਾਈ ਡੇਢ ਹੱਥ ਹੋਵੇ ।11ਤੂੰ ਉਸ ਉੱਤੇ ਕੁੰਦਨ ਸੋਨਾ ਮੜ੍ਹੀਂ ਅਤੇ ਤੂੰ ਉਸ ਨੂੰ ਅੰਦਰੋਂ ਬਾਹਰੋਂ ਮੜ੍ਹੀਂ ਅਤੇ ਤੂੰ ਉਸ ਉੱਤੇ ਸੋਨੇ ਦੀ ਬਨੇਰੀ ਚੁਫ਼ੇਰੇ ਬਣਾਈਂ ।
12ਉਸ ਦੇ ਲਈ ਸੋਨੇ ਦੇ ਚਾਰ ਕੜੇ ਢਾਲ਼ ਕੇ ਉਹ ਦਿਆਂ ਚੌਹਾਂ ਪਾਵਿਆਂ ਵਿੱਚ ਲਾਈਂ ਅਰਥਾਤ ਦੋ ਕੜੇ ਇੱਕ ਪਾਸੇ ਦੋ ਕੜੇ ਦੂਜੇ ਪਾਸੇ ।13ਨਾਲੇ ਤੂੰ ਸ਼ਿੱਟੀਮ ਦੀ ਲੱਕੜੀ ਦੀਆਂ ਚੋਬਾਂ ਬਣਾਈਂ ਅਤੇ ਉਨ੍ਹਾਂ ਉੱਤੇ ਸੋਨਾ ਮੜ੍ਹੀਂ ।14ਤੂੰ ਉਨ੍ਹਾਂ ਚੋਬਾਂ ਨੂੰ ਸੰਦੂਕ ਦੇ ਪਾਸਿਆਂ ਦੇ ਕੜਿਆਂ ਵਿੱਚ ਪਾਵੀਂ ਤਾਂ ਜੋ ਉਨ੍ਹਾਂ ਨਾਲ ਸੰਦੂਕ ਚੁੱਕਿਆ ਜਾਵੇ ।
15ਚੋਬਾਂ ਸੰਦੂਕ ਦੇ ਕੜਿਆਂ ਵਿੱਚ ਰਹਿਣ ਅਤੇ ਉਹ ਉਨ੍ਹਾਂ ਵਿੱਚੋਂ ਕੱਢੀਆਂ ਨਾ ਜਾਣ ।16ਤੂੰ ਉਸ ਸੰਦੂਕ ਵਿੱਚ ਉਹ ਸਾਖ਼ੀ ਰੱਖੀਂ ਜਿਹੜੀ ਮੈਂ ਤੈਨੂੰ ਦੇਵਾਂਗਾ ।17ਤੂੰ ਪ੍ਰਾਸਚਿਤ ਦਾ ਸਰਪੋਸ਼ ਕੁੰਦਨ ਸੋਨੇ ਦਾ ਬਣਾਈਂ ਜਿਸ ਦੀ ਲੰਬਾਈ ਢਾਈ ਹੱਥ ਅਤੇ ਚੌੜਾਈ ਡੇਢ ਹੱਥ ਹੇਵੇ ।18ਤੂੰ ਸੋਨੇ ਦੇ ਦੋ ਕਰੂਬੀ ਬਣਾਈਂ । ਤੂੰ ਉਨ੍ਹਾਂ ਨੂੰ ਘੜਕੇ ਪ੍ਰਾਸਚਿਤ ਦੇ ਸਰਪੋਸ਼ ਦੇ ਦੋਹਾਂ ਸਿਰਿਆਂ ਤੋਂ ਘੜਕੇ ਬਣਾਈਂ ।
19ਤੂੰ ਇੱਕ ਕਰੂਬੀ ਇੱਕ ਸਿਰੇ ਤੋਂ ਅਤੇ ਦੂਜਾ ਕਰੂਬੀ ਦੂਜੇ ਸਿਰੇ ਤੋਂ ਬਣਾਈਂ । ਪ੍ਰਾਸਚਿਤ ਦੇ ਸਰਪੋਸ਼ ਹੀ ਤੋਂ ਤੁਸੀਂ ਦੋਹਾਂ ਸਿਰਿਆਂ ਉੱਤੇ ਕਰੂਬੀਆਂ ਨੂੰ ਬਣਾਇਓ ।20ਅਤੇ ਉਹ ਕਰੂਬੀ ਆਪਣੇ ਦੋਵੇਂ ਖੰਭ ਉਤਾਹਾਂ ਨੂੰ ਖਲਾਰੇ ਹੋਣ ਅਤੇ ਉਹ ਆਪਣੇ ਖੰਭਾਂ ਨਾਲ ਪ੍ਰਾਸਚਿਤ ਦੇ ਸਰਪੋਸ਼ ਨੂੰ ਢੱਕਦੇ ਹੋਣ ਅਤੇ ਉਨ੍ਹਾਂ ਦੇ ਮੂੰਹ ਆਹਮੋ ਸਾਹਮਣੇ ਹੋਣ ਅਤੇ ਕਰੂਬੀਆਂ ਦੇ ਮੂੰਹ ਪ੍ਰਾਸਚਿਤ ਦੇ ਸਰਪੋਸ਼ ਵੱਲ ਹੋਣ ।21ਅਤੇ ਤੂੰ ਪ੍ਰਾਸਚਿਤ ਨੂੰ ਉਤਾਂਹ ਸੰਦੂਕ ਦੇ ਉੱਤੇ ਰੱਖੀਂ ਅਤੇ ਤੂੰ ਉਸ ਸਾਖ਼ੀ ਨੂੰ ਜਿਹੜੀ ਮੈਂ ਤੈਨੂੰ ਦਿਆਂਗਾ ਸੰਦੂਕ ਵਿੱਚ ਰੱਖੀਂ ।
22ਤਦ ਮੈਂ ਤੈਨੂੰ ਉੱਥੇ ਮਿਲਾਂਗਾ ਅਤੇ ਤੇਰੇ ਨਾਲ ਪ੍ਰਾਸਚਿਤ ਦੇ ਸਰਪੋਸ਼ ਦੇ ਉੱਤੋਂ ਦੋਹਾਂ ਕਰੂਬੀਆਂ ਦੇ ਵਿੱਚੋਂ ਦੀ ਜਿਹੜੇ ਸਾਖ਼ੀ ਦੇ ਸੰਦੂਕ ਦੇ ਉੱਤੇ ਹਨ ਮੈਂ ਉਹ ਗੱਲਾਂ ਕਰਾਂਗਾ ਜਿਨ੍ਹਾਂ ਦਾ ਤੈਨੂੰ ਇਸਰਾਏਲੀਆਂ ਲਈ ਹੁਕਮ ਦਿਆਂਗਾ ।
ਪਵਿੱਤਰ ਮੇਜ਼
(ਕੂਚ 37:10-16)

23ਤੂੰ ਸ਼ਿੱਟੀਮ ਦੀ ਲੱਕੜੀ ਦਾ ਮੇਜ਼ ਬਣਾਈਂ । ਉਸ ਦੀ ਲੰਬਾਈ ਦੋ ਹੱਥ ਅਤੇ ਉਸ ਦੀ ਚੌੜਾਈ ਇੱਕ ਹੱਥ ਅਤੇ ਉਸ ਦੀ ਉਚਾਈ ਡੇਢ ਹੱਥ ਹੋਵੇ ।24ਤੂੰ ਉਸ ਨੂੰ ਕੁੰਦਨ ਸੋਨੇ ਨਾਲ ਮੜ੍ਹੀਂ ਅਤੇ ਉਸ ਦੇ ਚੁਫ਼ੇਰੇ ਸੋਨੇ ਦੀ ਬਨੇਰੀ ਬਣਾਈਂ ।
25ਤੂੰ ਉਹ ਦੇ ਲਈ ਚੁਫ਼ੇਰੇ ਇੱਕ ਚੱਪਾ ਕਨਾਰੀ ਬਣਾਈਂ ਅਤੇ ਤੂੰ ਕਨਾਰੀ ਦੇ ਚੁਫ਼ੇਰੇ ਸੋਨੇ ਦੀ ਬਨੇਰੀ ਬਣਾਈਂ ।26ਤੂੰ ਉਹ ਦੇ ਲਈ ਸੋਨੇ ਦੇ ਚਾਰ ਕੜੇ ਬਣਾਈਂ ਅਤੇ ਤੂੰ ਉਨ੍ਹਾਂ ਕੜਿਆਂ ਨੂੰ ਉਹ ਦੇ ਚੌਹਾਂ ਖੂੰਜਿਆਂ ਉੱਤੇ ਜਿਹੜੇ ਉਸ ਦੇ ਚੌਹਾਂ ਪਾਵਿਆਂ ਉੱਤੇ ਹਨ ਪਾਈਂ ।27ਕਨਾਰੀ ਦੇ ਕੋਲ ਹੀ ਕੜੇ ਹੋਣ ਅਤੇ ਉਹ ਮੇਜ਼ ਚੁੱਕਣ ਨੂੰ ਚੋਬਾਂ ਦੇ ਲਈ ਥਾਂ ਹੋਣ ।
28ਤੂੰ ਉਹ ਚੋਬਾਂ ਸ਼ਿੱਟੀਮ ਦੀ ਲੱਕੜੀ ਦੀ ਬਣਾਈਂ । ਤੂੰ ਉਨ੍ਹਾਂ ਨੂੰ ਸੋਨੇ ਨਾਲ ਮੜ੍ਹੀਂ ਤਾਂ ਜੋ ਮੇਜ਼ ਉਨ੍ਹਾਂ ਨਾਲ ਚੁੱਕੀ ਜਾਵੇ ।29ਨਾਲੇ ਤੂੰ ਉਸ ਦੀਆਂ ਥਾਲੀਆਂ, ਚਮਚੇ, ਉਸ ਦੇ ਗੜਵੇ ਅਤੇ ਡੋਹਲਣ ਦੇ ਕਟੋਰੇ ਬਣਾਈਂ ਉਹ ਕੁੰਦਨ ਸੋਨੇ ਦੇ ਬਣਾਈਂ ।30ਤੂੰ ਮੇਜ਼ ਦੇ ਉੱਤੇ ਮੇਰੇ ਅੱਗੇ ਹਜ਼ੂਰੀ ਦੀਆਂ ਰੋਟੀਆਂ ਸਦਾ ਲਈ ਰੱਖਿਆ ਕਰੀਂ ।
ਸੋਨੇ ਦੇ ਦੀਵਟ
(ਕੂਚ 37:17-24)

31ਤੂੰ ਸ਼ਮਾਦਾਨ ਕੁੰਦਨ ਸੋਨੇ ਦਾ ਬਣਾਈਂ । ਉਹ ਸ਼ਮਾਦਾਨ ਘੜਕੇ ਬਣਾਇਆ ਜਾਵੇ । ਉਸ ਦਾ ਪਾਏਦਾਨ ਅਤੇ ਉਸ ਦਾ ਡੰਡਾ ਉਸ ਦੇ ਕਟੋਰੇ ਉਸ ਦੇ ਗੋਲੇ ਅਤੇ ਉਸ ਦੇ ਫੁੱਲ ਉਸ ਦੇ ਵਿੱਚੋਂ ਹੀ ਹੋਣ ।32ਛੇ ਟਹਿਣੀਆਂ ਉਸ ਦੇ ਦੋਹਾਂ ਪਾਸਿਆਂ ਤੋਂ ਨਿੱਕਲਣ । ਸ਼ਮਾਦਾਨ ਦੇ ਇੱਕ ਪਾਸਿਓਂ ਤਿੰਨ ਟਹਿਣੀਆਂ ਅਤੇ ਸ਼ਮਾਦਾਨ ਦੇ ਦੂਜੇ ਪਾਸਿਓਂ ਤਿੰਨ ਟਹਿਣੀਆਂ ।
33ਇੱਕ ਟਹਿਣੀ ਉੱਤੇ ਤਿੰਨ ਕਟੋਰੇ ਬਦਾਮ ਦੇ ਫੁੱਲਾਂ ਵਰਗੇ ਅਤੇ ਇੱਕ ਗੋਲਾ ਅਤੇ ਇੱਕ ਫੁੱਲ ਅਤੇ ਦੂਜੀ ਟਹਿਣੀ ਉੱਤੇ ਤਿੰਨ ਕਟੋਰੇ ਬਦਾਮ ਦੇ ਫੁੱਲਾਂ ਵਰਗੇ ਅਤੇ ਇੱਕ ਗੋਲਾ ਅਤੇ ਇੱਕ ਫੁੱਲ ਅਤੇ ਇਸ ਤਰ੍ਹਾਂ ਹੀ ਛੇਆਂ ਟਹਿਣੀਆਂ ਲਈ ਜਿਹੜੀਆਂ ਸ਼ਮਾਦਾਨ ਤੋਂ ਨਿੱਕਲਦੀਆਂ ਹੋਣ ।34ਅਤੇ ਸ਼ਮਾਦਾਨ ਵਿੱਚ ਚਾਰ ਕਟੋਰੇ ਬਦਾਮ ਦੇ ਫੁੱਲਾਂ ਵਰਗੇ ਅਤੇ ਉਹ ਦੇ ਗੋਲੇ ਅਤੇ ਉਹ ਦੇ ਫੁੱਲ
35ਅਤੇ ਉਸੇ ਤੋਂ ਦੋਹਾਂ ਟਹਿਣੀਆਂ ਹੇਠ ਇੱਕ ਗੋਲਾ ਅਤੇ ਫੇਰ ਉਸੇ ਤੋਂ ਦੋਹਾਂ ਟਹਿਣੀਆਂ ਹੇਠ ਇੱਕ ਗੋਲਾ ਅਤੇ ਫੇਰ ਉਸੇ ਤੋਂ ਦੋਹਾਂ ਟਹਿਣੀਆਂ ਹੇਠ ਇੱਕ ਗੋਲਾ ਹੋਵੇ ਅਤੇ ਇਸ ਤਰ੍ਹਾਂ ਹੀ ਉਨ੍ਹਾਂ ਛੇਆਂ ਟਹਿਣੀਆਂ ਲਈ ਜਿਹੜੀਆਂ ਸ਼ਮਾਦਾਨ ਤੋਂ ਨਿੱਕਲਦੀਆਂ ਹਨ ਹੋਵੇ ।36ਉਨ੍ਹਾਂ ਦੇ ਗੋਲੇ ਅਤੇ ਉਨ੍ਹਾਂ ਦੀਆਂ ਟਹਿਣੀਆਂ ਉਸ ਤੋਂ ਹੋਣ ਅਰਥਾਤ ਇਹ ਸਾਰਾ ਘੜਿਆ ਹੋਇਆ ਕੁੰਦਨ ਸੋਨੇ ਦੇ ਇੱਕ ਟੁੱਕੜੇ ਤੋਂ ਹੋਵੇ ।
37ਤੂੰ ਉਸ ਦੇ ਸੱਤ ਦੀਵੇ ਬਣਾਈਂ ਅਤੇ ਜਦ ਉਹ ਦੇ ਦੀਵੇ ਬਾਲੇ ਜਾਣ ਤਾਂ ਉਹ ਆਹਮੋ ਸਾਹਮਣੇ ਚਾਨਣ ਦੇਣ ।38ਉਸ ਦੇ ਗੁਲ ਤਰਾਸ਼ ਅਤੇ ਉਸ ਦੇ ਗੁਲਦਾਨ ਕੁੰਦਨ ਸੋਨੇ ਦੇ ਹੋਣ39ਅਤੇ ਕੁੰਦਨ ਸੋਨੇ ਦੇ ਇੱਕ ਮਣ ਦੇ ਲਗ-ਭਗ ਤੋਂ ਇਹ ਅਤੇ ਇਹ ਸਾਰੇ ਭਾਂਡੇ ਬਣਾਏ ਜਾਣ ।40ਸੋ ਵੇਖ ਤੂੰ ਉਨ੍ਹਾਂ ਨੂੰ ਉਸੇ ਨਮੂਨੇ ਦੇ ਬਣਾਈਂ ਜਿਹੜਾ ਤੈਨੂੰ ਪਹਾੜ ਉੱਤੇ ਵਿਖਾਇਆ ਗਿਆ ਹੈ ।

26
ਮਿਲਾਪ ਦਾ ਤੰਬੂ
(ਕੂਚ 36:8-38)

1ਤੂੰ ਡੇਰੇ ਲਈ ਦਸ ਪਰਦੇ ਉਣੇ ਹੋਏ ਕਤਾਨ ਦੇ ਬਣਾਈਂ ਨੀਲੇ ਬੈਂਗਣੀ ਅਤੇ ਕਿਰਮਚੀ ਰੰਗ ਦੇ ਬਣਾਈਂ, ਕਰੂਬੀਆਂ ਨਾਲ ਤੂੰ ਕਾਰੀਗਰ ਦਾ ਕੰਮ ਬਣਾਈਂ ।2ਹਰ ਇੱਕ ਪਰਦੇ ਦੀ ਲੰਬਾਈ ਅਠਾਈ ਹੱਥ ਅਤੇ ਹਰ ਪਰਦੇ ਦੀ ਚੌੜਾਈ ਚਾਰ ਹੱਥ ਇੱਕੋ ਹੀ ਨਾਪ ਸਾਰਿਆਂ ਪਰਦਿਆਂ ਦਾ ਹੋਵੇ ।3ਪੰਜ ਪਰਦੇ ਇੱਕ ਦੂਜੇ ਨਾਲ ਜੁੜੇ ਹੋਏ ਹੋਣ ਅਤੇ ਦੂਜੇ ਪੰਜ ਪਰਦੇ ਵੀ ਇੱਕ ਦੂਜੇ ਨਾਲ ਜੁੜੇ ਹੋਏ ਹੋਣ ।

4ਅਤੇ ਤੂੰ ਨੀਲੇ ਰੰਗ ਦੇ ਬੀੜੇ ਹਰ ਇੱਕ ਪਰਦੇ ਦੀ ਸੰਜਾਫ਼ ਵਿੱਚ ਜੋੜ ਦੇ ਸਿਰੇ ਵੱਲ ਬਣਾਈਂ ਅਤੇ ਇਸ ਤਰ੍ਹਾਂ ਤੂੰ ਪਰਦੇ ਦੀ ਸੰਜਾਫ਼ ਦੇ ਦੂਜੇ ਬਾਹਰਲੇ ਜੋੜ ਦੇ ਸਿਰੇ ਉੱਤੇ ਬਣਾਈਂ ।5ਪੰਜਾਹ ਬੀੜੇ ਤੂੰ ਪਹਿਲੇ ਪਰਦੇ ਵਿੱਚ ਅਤੇ ਪੰਜਾਹ ਬੀੜੇ ਤੂੰ ਉਸ ਸਿਰੇ ਵੱਲ ਜਿਹੜਾ ਦੂਜੇ ਜੋੜ ਵਿੱਚ ਹੈ ਬਣਾਈਂ । ਉਹ ਬੀੜੇ ਇੱਕ ਦੂਜੇ ਦੇ ਆਹਮੋ ਸਾਹਮਣੇ ਹੋਣ ।6ਅਤੇ ਤੂੰ ਪੰਜਾਹ ਕੁੰਡੀਆਂ ਸੋਨੇ ਦੀਆਂ ਬਣਾਈਂ ਅਤੇ ਪਰਦਿਆਂ ਨੂੰ ਇੱਕ ਦੂਜੇ ਨਾਲ ਕੁੰਡੀਆਂ ਨਾਲ ਜੋੜੀਂ ਤਾਂ ਜੋ ਇਸ ਤਰ੍ਹਾਂ ਡੇਰਾ ਇੱਕੋ ਹੀ ਹੋਵੇ ।
7ਤੂੰ ਪਸ਼ਮ ਦੇ ਗਿਆਰਾਂ ਪਰਦੇ ਡੇਰੇ ਦੇ ਤੰਬੂ ਲਈ ਬਣਾਈਂ ।8ਹਰ ਇੱਕ ਪਰਦੇ ਦੀ ਲੰਬਾਈ ਤੀਹ ਹੱਥ ਅਤੇ ਹਰ ਪਰਦੇ ਦੀ ਚੌੜਾਈ ਚਾਰ ਹੱਥ ਅਤੇ ਇਹ ਗਿਆਰਾਂ ਪਰਦੇ ਇੱਕ ਨਾਪ ਦੇ ਹੋਣ ।9ਤੂੰ ਪੰਜ ਪਰਦੇ ਵੱਖਰੇ ਜੋੜੀਂ ਅਤੇ ਛੇ ਪਰਦੇ ਵੱਖਰੇ ਅਤੇ ਤੰਬੂ ਦੇ ਅਗਲੇ ਪਾਸੇ ਤੂੰ ਛੇਵਾਂ ਪੜਦਾ ਲਪੇਟੀਂ ।
10ਤੂੰ ਪੰਜਾਹ ਬੀੜੇ ਉਸ ਪਰਦੇ ਦੀ ਸੰਜਾਫ਼ ਵਿੱਚ ਜਿਹੜੀ ਜੋੜ ਦੇ ਸਿਰੇ ਉੱਤੇ ਹੈ ਅਤੇ ਪੰਜਾਹ ਬੀੜੇ ਦੂਜੇ ਜੋੜ ਦੇ ਪਰਦੇ ਦੀ ਸੰਜਾਫ਼ ਵਿੱਚ ਬਣਾਈਂ ।11ਅਤੇ ਤੂੰ ਪੰਜਾਹ ਕੁੰਡੀਆਂ ਪਿੱਤਲ ਦੀਆਂ ਬਣਾਈਂ ਅਤੇ ਕੁੰਡੀਆਂ ਬੀੜਿਆਂ ਵਿੱਚ ਪਾ ਦੇਵੀਂ ਅਤੇ ਤੂੰ ਤੰਬੂ ਨੂੰ ਅਜਿਹਾ ਜੋੜੀਂ ਕਿ ਉਹ ਇੱਕ ਹੋ ਜਾਵੇ ।
12ਅਤੇ ਤੰਬੂ ਦਾ ਪੜਦਾ ਜਿਹੜਾ ਬਾਕੀ ਰਹੇ ਅਰਥਾਤ ਉਹ ਅੱਧਾ ਪੜਦਾ ਜਿਹੜਾ ਬਾਕੀ ਹੈ ਉਹ ਡੇਰੇ ਦੇ ਪਿੱਛਲੇ ਪਾਸੇ ਵੱਲ ਲਮਕਦਾ ਰਹੇ ।13ਅਤੇ ਉਹ ਤੰਬੂ ਦੇ ਪਰਦੇ ਦੀ ਲੰਬਾਈ ਦਾ ਵਾਧਾ ਇਸ ਪਾਸੇ ਦਾ ਇੱਕ ਹੱਥ ਅਤੇ ਉਸ ਪਾਸੇ ਦਾ ਇੱਕ ਹੱਥ ਡੇਰੇ ਦੇ ਦੋਹਾਂ ਪਾਸਿਆਂ ਉੱਤੇ ਢੱਕਣ ਲਈ ਲਮਕਦੇ ਰਹਿਣਗੇ ।14ਅਤੇ ਤੂੰ ਤੰਬੂ ਲਈ ਛੱਤ੍ਰਿਆਂ ਦੀਆਂ ਲਾਲ ਰੰਗੀਆਂ ਹੋਈਆਂ ਖੱਲਾਂ ਦਾ ਢੱਕਣ ਅਤੇ ਉੱਪਰਲੇ ਲਈ ਸਮੁੰਦਰੀ ਜੀਵ ਦੀਆਂ ਖੱਲਾਂ ਦਾ ਢੱਕਣ ਬਣਾਈਂ ।
15ਤੂੰ ਸ਼ਿੱਟੀਮ ਦੀ ਲੱਕੜ ਦੇ ਤਖਤੇ ਡੇਰੇ ਲਈ ਬਣਾਈਂ ।16ਫੱਟੀ ਦੀ ਲੰਬਾਈ ਦਸ ਹੱਥ ਅਤੇ ਹਰ ਫੱਟੀ ਦੀ ਚੌੜਾਈ ਡੂਢ ਹੱਥ ਹੋਵੇ17ਅਤੇ ਹਰ ਫੱਟੀ ਵਿੱਚ ਦੋ ਚੂਲਾਂ ਇੱਕ ਦੂਜੀ ਨੂੰ ਜੋੜਨ ਲਈ ਹੋਣ ਇਸ ਤਰ੍ਹਾਂ ਤੂੰ ਡੇਰੇ ਦੀਆਂ ਸਾਰੀਆਂ ਫੱਟੀਆਂ ਬਣਾਈਂ ।18ਸੋ ਤੂੰ ਡੇਰੇ ਦੇ ਦੱਖਣ ਵਾਲੇ ਪਾਸੇ ਲਈ ਵੀਹ ਫੱਟੀਆਂ ਬਣਾਈਂ
19ਅਤੇ ਤੂੰ ਚਾਂਦੀ ਦੀਆਂ ਚਾਲ੍ਹੀ ਚੀਥੀਆਂ ਉਨ੍ਹਾਂ ਦੀਆਂ ਵੀਹਾਂ ਫੱਟੀਆਂ ਦੇ ਹੇਠ ਬਣਾਈਂ ਅਰਥਾਤ ਇੱਕ ਫੱਟੀ ਹੇਠ ਦੋ ਚੀਥੀਆਂ ਉਹ ਦੀਆਂ ਦੋਹਾਂ ਚੂਲਾਂ ਲਈ ਬਣਾਈਂ ਅਤੇ ਦੂਜੀ ਫੱਟੀ ਹੇਠ ਦੋ ਚੀਥੀਆਂ ਉਹ ਦੀਆਂ ਦੋਹਾਂ ਚੂਲਾਂ ਲਈ ।20ਅਤੇ ਡੇਰੇ ਦੇ ਦੂਜੇ ਪਾਸੇ ਲਈ ਉੱਤਰ ਵੱਲ ਵੀਹ ਫੱਟੀਆਂ21ਅਤੇ ਉਨ੍ਹਾਂ ਦੀਆਂ ਚਾਂਦੀ ਦੀਆਂ ਚਾਲੀ ਚੀਥੀਆਂ ਅਰਥਾਤ ਇੱਕ ਫੱਟੀ ਹੇਠ ਦੋ ਚੀਥੀਆਂ ਅਤੇ ਦੂਜੀ ਫੱਟੀ ਹੇਠ ਦੋ ਚੀਥੀਆਂ ।
22ਪੱਛਮ ਵੱਲ ਡੇਰੇ ਦੇ ਸਿਰੇ ਤੇ ਛੇ ਫੱਟੀਆਂ ਬਣਾਈਂ ।23ਤੂੰ ਦੋ ਫੱਟੀਆਂ ਡੇਰੇ ਦੇ ਪਿਛਵਾੜੇ ਦੇ ਖੂੰਜਿਆਂ ਲਈ ਬਣਾਈਂ24ਤਾਂ ਜੋ ਉਹ ਹੇਠਾਂ ਦੋਹਰੀਆਂ ਹੋਣ ਅਤੇ ਉਹ ਇਸ ਪਰਕਾਰ ਆਪਣਿਆਂ ਸਿਰਿਆਂ ਤੱਕ ਇੱਕ ਕੜੇ ਨਾਲ ਸਾਬਤ ਰਹਿਣ । ਇਸ ਤਰ੍ਹਾਂ ਉਨ੍ਹਾਂ ਦੋਹਾਂ ਲਈ ਹੋਵੇ ਅਤੇ ਦੋਹਾਂ ਖੂੰਜਿਆਂ ਲਈ ਉਹ ਹੋਣ25ਅਤੇ ਉਹ ਅੱਠ ਫੱਟੀਆਂ ਹੋਣ ਅਤੇ ਉਨ੍ਹਾਂ ਦੀਆਂ ਚਾਂਦੀ ਦੀਆਂ ਸੋਲਾਂ ਚੀਥੀਆਂ ਹੋਣ ਅਰਥਾਤ ਇੱਕ ਫੱਟੀ ਹੇਠ ਦੋ ਚੀਥੀਆਂ ਅਤੇ ਦੂਜੀ ਫੱਟੀ ਹੇਠ ਵੀ ਦੋ ਚੀਥੀਆਂ ।
26ਅਤੇ ਤੂੰ ਸ਼ਿੱਟੀਮ ਦੀ ਲੱਕੜੀ ਦੇ ਹੋੜੇ ਬਣਾਈਂ । ਡੇਰੇ ਦੇ ਇੱਕ ਪਾਸੇ ਦੀਆਂ ਫੱਟੀਆਂ ਲਈ ਪੰਜ ਹੋੜੇ ।27ਅਤੇ ਡੇਰੇ ਦੇ ਦੂਜੇ ਪਾਸੇ ਦੀਆਂ ਫੱਟੀਆਂ ਲਈ ਪੰਜ ਹੋੜੇ ਅਤੇ ਡੇਰੇ ਦੇ ਪਿਛਵਾੜੇ ਦੇ ਲਹਿੰਦੇ ਪਾਸੇ ਦੀਆਂ ਫੱਟੀਆਂ ਲਈ ਪੰਜ ਹੋੜੇ28ਅਤੇ ਵਿਚਲਾ ਹੋੜਾ ਫੱਟੀਆਂ ਦੇ ਵਿਚਕਾਰੋਂ ਦੀ ਦੁਸਾਰ ਪਾਰ ਜਾਵੇਗਾ ।
29ਅਤੇ ਤੂੰ ਫੱਟੀਆਂ ਨੂੰ ਸੋਨੇ ਨਾਲ ਮੜ੍ਹੀਂ ਅਤੇ ਹੋੜਿਆਂ ਦੇ ਥਾਵਾਂ ਲਈ ਸੋਨੇ ਦੇ ਕੜੇ ਬਣਾਈਂ ਅਤੇ ਹੋੜਿਆਂ ਨੂੰ ਸੋਨੇ ਨਾਲ ਮੜ੍ਹੀਂ ।30ਤੂੰ ਡੇਰੇ ਨੂੰ ਉਸ ਨਮੂਨੇ ਉੱਤੇ ਖੜਾ ਕਰੀਂ ਜਿਹੜਾ ਤੈਨੂੰ ਪਹਾੜ ਉੱਤੇ ਵਿਖਾਇਆ ਸੀ ।
31ਤੂੰ ਨੀਲੇ ਬੈਂਗਣੀ ਅਤੇ ਕਿਰਮਚੀ ਅਤੇ ਮਹੀਨ ਉਣੇ ਹੋਏ ਕਤਾਨ ਦਾ ਇੱਕ ਪਰਦਾ ਬਣਾਈਂ । ਉਹ ਕਾਰੀਗਰ ਦਾ ਕੰਮ ਹੋਵੇ ਅਤੇ ਕਰੂਬੀਆਂ ਨਾਲ ਬਣਾਇਆ ਜਾਵੇ ।32ਤੂੰ ਉਸ ਨੂੰ ਸ਼ਿੱਟੀਮ ਦੀ ਲੱਕੜੀ ਦੀਆਂ ਸੋਨੇ ਨਾਲ ਮੜ੍ਹੀਆਂ ਹੋਈਆਂ ਚੌਂਹ ਥੰਮ੍ਹੀਆਂ ਉੱਤੇ ਲਮਕਾਵੀਂ ਅਤੇ ਉਨ੍ਹਾਂ ਦੇ ਕੁੰਡੇ ਸੋਨੇ ਦੇ ਹੋਣ ਅਤੇ ਉਹ ਚਾਂਦੀ ਦੀਆਂ ਚੌਂਹ ਚੀਥੀਆਂ ਉੱਤੇ ਹੋਣ ।33ਤੂੰ ਪਰਦੇ ਨੂੰ ਕੁੰਡੀਆਂ ਦੇ ਹੇਠ ਲਮਕਾਵੀਂ ਅਤੇ ਤੂੰ ਉੱਥੇ ਉਸ ਪਰਦੇ ਦੇ ਅੰਦਰ ਸਾਖ਼ੀ ਦੇ ਸੰਦੂਕ ਨੂੰ ਲਿਆਵੀਂ ਅਤੇ ਇਹ ਪਰਦਾ ਤੁਹਾਡੇ ਲਈ ਪਵਿੱਤਰ ਸਥਾਨ ਨੂੰ ਅੱਤ ਪਵਿੱਤਰ ਸਥਾਨ ਤੋਂ ਵੱਖਰਾ ਕਰੇਗਾ ।
34ਤੂੰ ਪ੍ਰਾਸਚਿਤ ਦਾ ਸਰਪੋਸ਼ ਸਾਖ਼ੀ ਦੇ ਸੰਦੂਕ ਉੱਤੇ ਅੱਤ ਪਵਿੱਤਰ ਸਥਾਨ ਵਿੱਚ ਰੱਖੀਂ ।35ਤੂੰ ਮੇਜ਼ ਪਰਦੇ ਦੇ ਬਾਹਰ ਅਤੇ ਮੇਜ਼ ਦੇ ਸਾਹਮਣੇ ਸ਼ਮਾਦਾਨ ਡੇਰੇ ਦੇ ਦੱਖਣ ਦੇ ਪਾਸੇ ਵੱਲ ਰੱਖੀਂ ਅਤੇ ਮੇਜ਼ ਉੱਤਰ ਦੇ ਪਾਸੇ ਵੱਲ ।
36ਤੂੰ ਤੰਬੂ ਦੇ ਦਰਵਾਜ਼ੇ ਲਈ ਇੱਕ ਓਟ ਨੀਲੇ ਬੈਂਗਣੀ ਅਤੇ ਕਿਰਮਚੀ ਰੰਗ ਦੇ ਮਹੀਨ ਉਣੇ ਹੋਏ ਕਤਾਨ ਦੀ ਬਣਾਈਂ । ਇਹ ਕਸੀਦੇਕਾਰ ਦਾ ਕੰਮ ਹੋਵੇ ।37ਤੂੰ ਪਰਦੇ ਲਈ ਪੰਜ ਥੰਮ੍ਹੀਆਂ ਸ਼ਿੱਟੀਮ ਦੀਆਂ ਬਣਾਈਂ ਅਤੇ ਉਨ੍ਹਾਂ ਨੂੰ ਸੋਨੇ ਨਾਲ ਮੜ੍ਹੀਂ ਅਤੇ ਉਨ੍ਹਾਂ ਦੇ ਕੁੰਡੇ ਸੋਨੇ ਦੇ ਹੋਣ ਅਤੇ ਤੂੰ ਉਨ੍ਹਾਂ ਲਈ ਪੰਜ ਚੀਥੀਆਂ ਪਿੱਤਲ ਦੀਆਂ ਢਾਲੀਂ ।

27
ਹੋਮ ਬਲੀ ਦੀ ਵੇਦੀ
(ਕੂਚ 38:1-7)

1ਤੂੰ ਸ਼ਿੱਟੀਮ ਦੀ ਲੱਕੜੀ ਦੀ ਇੱਕ ਜਗਵੇਦੀ ਪੰਜ ਹੱਥ ਲੰਮੀ ਅਤੇ ਪੰਜ ਹੱਥ ਚੌੜੀ ਬਣਾਈਂ । ਉਹ ਜਗਵੇਦੀ ਚੌਰਸ ਹੋਵੇ ਅਤੇ ਉਸ ਦੀ ਉਚਾਈ ਤਿੰਨ ਹੱਥ ਹੋਵੇ ।2ਤੂੰ ਉਹ ਦੇ ਸਿੰਗ ਉਹ ਦੇ ਚੌਹਾਂ ਖੂੰਜਿਆਂ ਉੱਤੇ ਬਣਾਈਂ । ਉਹ ਦੇ ਸਿੰਗ ਉਸੇ ਤੋਂ ਹੋਣ ਅਤੇ ਤੂੰ ਉਸ ਨੂੰ ਪਿੱਤਲ ਨਾਲ ਮੜ੍ਹੀਂ ।

3ਤੂੰ ਉਹ ਦੀ ਸੁਆਹ ਚੁੱਕਣ ਵਾਲੇ ਤਸਲੇ, ਉਹ ਦੇ ਕੜਛੇ ਅਤੇ ਉਹ ਦੇ ਬਾਟੇ ਅਤੇ ਉਹ ਦੀਆਂ ਤ੍ਰਿਸੂਲੀਆਂ ਅਤੇ ਉਹ ਦੀਆਂ ਅੰਗੀਠੀਆਂ ਬਣਾਈਂ ।4ਉਸ ਦੇ ਸਾਰੇ ਭਾਂਡੇ ਤੂੰ ਪਿੱਤਲ ਦੇ ਬਣਾਈਂ । ਤੂੰ ਉਹ ਦੇ ਲਈ ਪਿੱਤਲ ਦੀ ਇੱਕ ਜਾਲੀਦਾਰ ਝੰਜਰੀ ਬਣਾਈਂ ਅਤੇ ਤੂੰ ਜਾਲੀ ਉੱਤੇ ਉਹ ਦੇ ਚੌਹਾਂ ਖੂੰਜਿਆਂ ਉੱਤੇ ਚਾਰ ਕੜੇ ਪਿੱਤਲ ਦੇ ਬਣਾਈਂ ।
5ਤੂੰ ਉਹ ਨੂੰ ਜਗਵੇਦੀ ਦੇ ਥੜੇ ਦੇ ਹੇਠ ਰੱਖੀਂ । ਇਸ ਤਰ੍ਹਾਂ ਉਹ ਜਾਲੀ ਜਗਵੇਦੀ ਦੇ ਵਿਚਕਾਰ ਹੋਵੇ ।6ਤੂੰ ਜਗਵੇਦੀ ਲਈ ਚੋਬਾਂ ਬਣਾਈਂ ਅਰਥਾਤ ਸ਼ਿੱਟੀਮ ਦੇ ਲੱਕੜੀ ਦੀਆਂ ਚੋਬਾਂ ਅਤੇ ਤੂੰ ਉਨ੍ਹਾਂ ਨੂੰ ਪਿੱਤਲ ਨਾਲ ਮੜ੍ਹੀਂ ।
7ਤੂੰ ਉਹ ਦੀਆਂ ਚੋਬਾਂ ਨੂੰ ਕੜਿਆਂ ਵਿੱਚ ਪਾਵੀਂ ਅਤੇ ਉਹ ਚੋਬਾਂ ਜਗਵੇਦੀ ਦੇ ਚੁੱਕਣ ਲਈ ਦੋਹੀਂ ਪਾਸੀਂ ਹੋਣਗੀਆਂ ।8ਤੂੰ ਉਹ ਨੂੰ ਫੱਟੀਆਂ ਨਾਲ ਖੋਖਲਾ ਬਣਾਈਂ । ਜਿਵੇਂ ਤੈਨੂੰ ਪਹਾੜ ਉੱਤੇ ਦਿਖਾਇਆ ਗਿਆ ਉਸੇ ਤਰ੍ਹਾਂ ਉਹ ਉਸ ਨੂੰ ਬਣਾਉਣ ।
ਡੇਰੇ ਦਾ ਵਿਹੜਾ
(ਕੂਚ 38:9-20)

9ਇਸ ਤਰ੍ਹਾਂ ਤੂੰ ਡੇਰੇ ਦਾ ਵਿਹੜਾ ਬਣਾਈਂ - ਦੱਖਣ ਵੱਲ ਦੇ ਪਾਸੇ ਲਈ ਮਹੀਨ ਉਣੀ ਹੋਈ ਕਤਾਨ ਦੀਆਂ ਕਨਾਤਾਂ ਹੋਣ ਅਤੇ ਇੱਕ ਪਾਸੇ ਦੀ ਲੰਬਾਈ ਸੌ ਹੱਥ ਹੋਵੇ ।10ਅਤੇ ਉਹ ਦੀਆਂ ਥੰਮ੍ਹੀਆਂ ਵੀਹ ਅਤੇ ਉਨ੍ਹਾਂ ਦੀਆਂ ਵੀਹ ਚੀਥੀਆਂ ਪਿੱਤਲ ਦੀਆਂ ਹੋਣ ਅਤੇ ਥੰਮ੍ਹੀਆਂ ਦੇ ਕੁੰਡੇ ਅਤੇ ਉਨ੍ਹਾਂ ਦੇ ਕੜੇ ਚਾਂਦੀ ਦੇ ਹੋਣ ।
11ਇਸ ਤਰ੍ਹਾਂ ਉੱਤਰ ਦੇ ਪਾਸੇ ਵੱਲ ਸੌ ਹੱਥ ਲੰਮੀਆਂ ਕਨਾਤਾਂ ਹੋਣ ਅਤੇ ਉਨ੍ਹਾਂ ਦੀਆਂ ਥੰਮ੍ਹੀਆਂ ਵੀਹ ਅਤੇ ਉਨ੍ਹਾਂ ਦੀਆਂ ਵੀਹ ਚੀਥੀਆਂ ਪਿੱਤਲ ਦੀਆਂ ਹੋਣ ਅਤੇ ਥੰਮ੍ਹੀਆਂ ਦੇ ਕੁੰਡੇ ਅਤੇ ਉਨ੍ਹਾਂ ਦੇ ਕੜੇ ਚਾਂਦੀ ਦੇ ਹੋਣ ।12ਵਿਹੜੇ ਦੀ ਚੌੜਾਈ ਲਈ ਲਹਿੰਦੇ ਪਾਸੇ ਵੱਲ ਪੰਜਾਹ ਹੱਥ ਦੀਆਂ ਕਨਾਤਾਂ ਅਤੇ ਉਨ੍ਹਾਂ ਦੀਆਂ ਥੰਮ੍ਹੀਆਂ ਦਸ ਅਤੇ ਚੀਥੀਆਂ ਦਸ ਹੋਣ ।13ਅਤੇ ਵਿਹੜੇ ਦੀ ਚੌੜਾਈ ਚੜ੍ਹਦੇ ਪਾਸੇ ਵੱਲ ਪੰਜਾਹ ਹੱਥ ਹੋਵੇ
14ਅਤੇ ਫਾਟਕ ਦੇ ਇੱਕ ਪਾਸੇ ਦੀਆਂ ਕਨਾਤਾਂ ਪੰਦਰਾਂ ਹੱਥ ਹੋਣ ਅਤੇ ਉਨ੍ਹਾਂ ਦੀਆਂ ਥੰਮ੍ਹੀਆਂ ਤਿੰਨ ਅਤੇ ਉਨ੍ਹਾਂ ਦੀਆਂ ਚੀਥੀਆਂ ਤਿੰਨ ਹੋਣ15ਅਤੇ ਦੂਜੇ ਪਾਸੇ ਦੀਆਂ ਕਨਾਤਾਂ ਪੰਦਰਾਂ ਹੱਥ ਹੋਣ । ਉਨ੍ਹਾਂ ਦੀਆਂ ਥੰਮ੍ਹੀਆਂ ਤਿੰਨ ਅਤੇ ਉਨ੍ਹਾਂ ਦੀਆਂ ਚੀਥੀਆਂ ਤਿੰਨ ਹੋਣ ।16ਵਿਹੜੇ ਦੇ ਫਾਟਕ ਲਈ ਇੱਕ ਓਟ ਵੀਹ ਹੱਥ ਦੀ ਨੀਲੇ, ਬੈਂਗਣੀ ਅਤੇ ਕਿਰਮਚੀ ਮਹੀਨ ਉਣੇ ਹੋਏ ਕਤਾਨ ਦੀ ਬਣਾਈਂ ਅਤੇ ਇਹ ਕਸੀਦੇਕਾਰ ਦਾ ਕੰਮ ਹੋਵੇ । ਉਨ੍ਹਾਂ ਦੀਆਂ ਥੰਮ੍ਹੀਆਂ ਚਾਰ ਅਤੇ ਉਨ੍ਹਾਂ ਦੀਆਂ ਚੀਥੀਆਂ ਚਾਰ ਹੋਣ ।
17ਅਤੇ ਵਿਹੜੇ ਦੀਆਂ ਸਾਰੀਆਂ ਥੰਮ੍ਹੀਆਂ ਚੁਫ਼ੇਰੇ ਚਾਂਦੀ ਦੀਆਂ ਲਕੀਰਾਂ ਨਾਲ ਸਜਾਈਆਂ ਹੋਈਆਂ ਹੋਣ । ਉਨ੍ਹਾਂ ਦੇ ਕੁੰਡੇ ਚਾਂਦੀ ਦੇ ਅਤੇ ਉਨ੍ਹਾਂ ਦੀਆਂ ਥੰਮ੍ਹੀਆਂ ਪਿੱਤਲ ਦੀਆਂ ਹੋਣ ।18ਵਿਹੜੇ ਦੀ ਲੰਬਾਈ ਸੌ ਹੱਥ ਅਤੇ ਚੌੜਾਈ ਸਭਨੀਂ ਥਾਈਂ ਪੰਜਾਹ ਹੱਥ ਅਤੇ ਉਸ ਦੀ ਉਚਾਈ ਪੰਜ ਹੱਥ ਮਹੀਨ ਉਣੀ ਹੋਈ ਕਤਾਨ ਦੀ ਹੋਵੇ ਅਤੇ ਉਨ੍ਹਾਂ ਦੀਆਂ ਚੀਥੀਆਂ ਪਿੱਤਲ ਦੀਆਂ ਹੋਣ ।19ਡੇਰੇ ਦਾ ਸਾਰਾ ਸਮਾਨ ਜਿਹੜਾ ਉਸ ਦੀ ਸਾਰੀ ਉਪਾਸਨਾ ਲਈ ਹੋਵੇ ਅਤੇ ਉਹ ਦੀਆਂ ਸਾਰੀਆਂ ਕੀਲੀਆਂ ਅਤੇ ਵਿਹੜੇ ਦੀਆਂ ਸਾਰੀਆਂ ਕੀਲੀਆਂ ਪਿੱਤਲ ਦੀਆਂ ਹੋਣ ।
ਦੀਪਕ ਦੀ ਦੇਖ-ਰੇਖ
(ਲੇਵੀਆਂ 24:1-4)

20ਤੂੰ ਇਸਰਾਏਲ ਨੂੰ ਹੁਕਮ ਦੇ ਕਿ ਉਹ ਤੇਰੇ ਕੋਲ ਨਿਰੋਲ ਕੁੱਟਮਾਂ ਜ਼ੈਤੂਨ ਦਾ ਤੇਲ ਚਾਨਣ ਲਈ ਲਿਆਉਣ ਤਾਂ ਜੋ ਸ਼ਮਾਦਾਨ ਸਦਾ ਜਗਦਾ ਰਹੇ ।21ਅਤੇ ਮੰਡਲੀ ਦੇ ਤੰਬੂ ਵਿੱਚ ਉਸ ਪਰਦੇ ਦੇ ਬਾਹਰ ਜਿਹੜਾ ਸਾਖ਼ੀ ਦੇ ਅੱਗੇ ਹੈ ਹਾਰੂਨ ਅਤੇ ਉਸ ਦੇ ਪੁੱਤਰ ਉਹ ਨੂੰ ਸ਼ਾਮ ਤੋਂ ਸਵੇਰ ਤੱਕ ਯਹੋਵਾਹ ਅੱਗੇ ਸਵਾਰਨ । ਇਹ ਸਦਾ ਦੀ ਬਿਧੀ ਪੀੜ੍ਹੀਆਂ ਤੱਕ ਇਸਰਾਏਲੀਆਂ ਵੱਲੋਂ ਹੈ ।

28
ਜਾਜਕਾਂ ਦੇ ਪਵਿੱਤਰ ਬਸਤਰ
(ਕੂਚ 39:1-7)

1ਤੂੰ ਆਪਣੇ ਭਰਾ ਹਾਰੂਨ ਅਤੇ ਉਸ ਦੇ ਨਾਲ ਉਸ ਦੇ ਪੁੱਤਰਾਂ ਨੂੰ ਇਸਰਾਏਲੀਆਂ ਵਿੱਚੋਂ ਆਪਣੇ ਕੋਲ ਲਿਆਈਂ ਤਾਂ ਜੋ ਉਹ ਮੇਰੇ ਲਈ ਜਾਜਕਾਈ ਦਾ ਕੰਮ ਕਰਨ ਅਰਥਾਤ ਹਾਰੂਨ ਅਤੇ ਉਸ ਦੇ ਪੁੱਤਰ ਨਾਦਾਬ, ਅਬੀਹੂ, ਅਲਆਜਾਰ, ਈਥਾਮਾਰ ।2ਤੂੰ ਆਪਣੇ ਭਰਾ ਹਾਰੂਨ ਲਈ ਪਵਿੱਤਰ ਬਸਤ੍ਰ ਪਰਤਾਪ ਅਤੇ ਸੁਹੱਪਣ ਲਈ ਬਣਾਈਂ ।3ਤੂੰ ਸਾਰੇ ਬੁੱਧਵਾਨਾਂ ਨੂੰ ਜਿਨ੍ਹਾਂ ਵਿੱਚ ਮੈਂ ਬੁੱਧ ਦਾ ਆਤਮਾ ਭਰਿਆ ਹੈ ਬੋਲੀਂ ਕਿ ਉਹ ਹਾਰੂਨ ਦੇ ਬਸਤ੍ਰ ਉਹ ਦੀ ਪਵਿੱਤਰਤਾਈ ਲਈ ਬਣਾਉਣ ਤਾਂ ਜੋ ਉਹ ਜਾਜਕ ਦਾ ਕੰਮ ਮੇਰੇ ਲਈ ਕਰੇ ।

4ਜਿਹੜੇ ਬਸਤ੍ਰ ਉਹ ਬਣਾਉਣ ਸੋ ਇਹ ਹਨ - ਇੱਕ ਸੀਨੇ ਬੰਦ, ਇੱਕ ਏਫ਼ੋਦ, ਇੱਕ ਚੋਗਾ ਅਤੇ ਇੱਕ ਕੱਢਿਆ ਹੋਇਆ ਕੁੜਤਾ, ਇੱਕ ਅਮਾਮਾ ਅਤੇ ਇੱਕ ਪੇਟੀ ਸੋ ਇਹ ਪਵਿੱਤਰ ਬਸਤ੍ਰ ਤੇਰੇ ਭਰਾ ਹਾਰੂਨ ਅਤੇ ਉਹ ਦੇ ਪੁੱਤਰਾਂ ਲਈ ਬਣਾਉਣ ਤਾਂ ਜੋ ਉਹ ਮੇਰੇ ਲਈ ਜਾਜਕਾਂ ਦਾ ਕੰਮ ਕਰਨ ।5ਅਤੇ ਉਹ ਸੋਨਾ, ਨੀਲਾ, ਬੈਂਗਣੀ, ਅਤੇ ਕਿਰਮਚੀ ਮਹੀਨ ਕਤਾਨ ਲੈਣ ।
ਏਫ਼ੋਦ

6ਉਹ ਏਫ਼ੋਦ ਨੂੰ ਸੋਨੇ, ਅਤੇ ਨੀਲੇ, ਬੈਂਗਣੀ, ਕਿਰਮਚੀ ਮਹੀਨ ਉਣੇ ਹੋਏ ਕਤਾਨ ਦਾ ਬਣਾਉਣ ਅਤੇ ਉਹ ਕਾਰੀਗਰ ਦਾ ਕੰਮ ਹੋਵੇ ।7ਅਤੇ ਦੋਹਾਂ ਮੋਢਿਆਂ ਦੀਆਂ ਕਤਰਾਂ ਉਸ ਦੇ ਦੋਹਾਂ ਸਿਰਿਆਂ ਨੂੰ ਜੋੜ ਦੇਣ ਇਸ ਤਰ੍ਹਾਂ ਉਹ ਜੋੜਿਆ ਜਾਵੇ8ਅਤੇ ਕਾਰੀਗਰੀ ਨਾਲ ਕੱਢਿਆ ਹੋਇਆ ਪਟਕਾ ਜਿਹੜਾ ਉਹ ਦੇ ਉੱਤੇ ਹੈ ਜਿਹ ਦੇ ਨਾਲ ਉਹ ਕੱਸਿਆ ਜਾਵੇ ਉਸ ਦੇ ਕੰਮ ਅਨੁਸਾਰ ਉਸੇ ਤੋਂ ਹੋਵੇ ਅਰਥਾਤ ਸੋਨੇ ਅਤੇ ਨੀਲੇ ਬੈਂਗਣੀ ਕਿਰਮਚੀ ਮਹੀਨ ਉਣੇ ਹੋਏ ਕਤਾਨ ਦਾ ਹੋਵੇ ।9ਤੂੰ ਦੋ ਸੁਲੇਮਾਨੀ ਪੱਥਰ ਲੈ ਕੇ ਉਨ੍ਹਾਂ ਦੇ ਉੱਤੇ ਇਸਰਾਏਲ ਦੇ ਪੁੱਤਰਾਂ ਦੇ ਨਾਮ ਉੱਕਰੀਂ ।
10ਉਨ੍ਹਾਂ ਦੇ ਛੇ ਨਾਮ ਇੱਕ ਪੱਥਰ ਉੱਤੇ ਅਤੇ ਬਾਕੀ ਛੇ ਦੂਜੇ ਪੱਥਰ ਉੱਤੇ ਉਨ੍ਹਾਂ ਦੇ ਜਨਮ ਅਨੁਸਾਰ ।11ਪੱਥਰਾਂ ਦੀ ਚਿੱਤਰਕਾਰੀ ਦਾ ਕੰਮ ਨਾਲ ਛਾਪ ਦੀ ਉੱਕਰਾਈ ਵਾਂਗੂੰ ਤੂੰ ਉਨ੍ਹਾਂ ਦੋਹਾਂ ਪੱਥਰਾਂ ਨੂੰ ਇਸਰਾਏਲ ਦੇ ਪੁੱਤਰਾਂ ਦੇ ਨਾਮਾਂ ਅਨੁਸਾਰ ਉੱਕਰਾਈਂ ਅਤੇ ਤੂੰ ਉਨ੍ਹਾਂ ਨੂੰ ਸੋਨੇ ਦੇ ਖਾਨਿਆਂ ਵਿੱਚ ਜੜੀਂ ।12ਤੂੰ ਏਫ਼ੋਦ ਦੇ ਮੋਢਿਆਂ ਦੀਆਂ ਕਤਰਾਂ ਉੱਤੇ ਇਹ ਦੋਵੇਂ ਪੱਥਰ ਰੱਖੀਂ । ਉਹ ਇਸਰਾਏਲ ਦੇ ਪੁੱਤਰਾਂ ਲਈ ਯਾਦਗਿਰੀ ਦੇ ਪੱਥਰ ਹੋਣ । ਇਸ ਤਰ੍ਹਾਂ ਹਾਰੂਨ ਉਨ੍ਹਾਂ ਦੇ ਨਾਮ ਯਹੋਵਾਹ ਦੇ ਅੱਗੇ ਆਪਣੇ ਦੋਹਾਂ ਮੋਢਿਆਂ ਉੱਤੇ ਯਾਦਗਿਰੀ ਲਈ ਲੈ ਜਾਵੇ ।
13ਤੂੰ ਸੋਨੇ ਦੇ ਖ਼ਾਨੇ ਬਣਾਈਂ14ਅਤੇ ਖ਼ਾਲਸ ਸੋਨੇ ਦੀਆਂ ਦੋ ਜੰਜੀਰੀਆਂ ਰੱਸਿਆਂ ਵਾਂਗੂੰ ਗੁੰਦੇ ਹੋਏ ਕੰਮ ਨਾਲ ਬਣਾਈਂ ਅਤੇ ਤੂੰ ਉਹ ਗੁੰਦੀਆਂ ਹੋਈਆਂ ਜੰਜੀਰੀਆਂ ਨੂੰ ਖ਼ਾਨਿਆਂ ਉੱਤੇ ਕੱਸੀਂ ।
ਸੀਨਾ ਬੰਦ
(ਕੂਚ 39:8-21)

15ਤੂੰ ਇੱਕ ਨਿਆਂ ਦਾ ਸੀਨਾ ਬੰਦ ਕਾਰੀਗਰ ਦੀ ਬਣਤ ਦਾ ਬਣਾਈਂ । ਏਫ਼ੋਦ ਦੇ ਕੰਮ ਵਾਂਗੂੰ ਉਹ ਨੂੰ ਬਣਾਈਂ ਅਰਥਾਤ ਸੋਨੇ ਅਤੇ ਨੀਲੇ, ਬੈਂਗਣੀ, ਕਿਰਮਚੀ ਮਹੀਨ ਉਣੇ ਹੋਏ ਕਤਾਨ ਦਾ ਉਹ ਨੂੰ ਬਣਾਈਂ ।16ਉਹ ਚੌਰਸ ਅਤੇ ਦੋਹਰਾ ਹੋਵੇ । ਉਸ ਦੀ ਲੰਬਾਈ ਇੱਕ ਗਿੱਠ ਅਤੇ ਉਸ ਦੀ ਚੌੜਾਈ ਇੱਕ ਗਿੱਠ ਹੋਵੇ ।
17ਤੂੰ ਉਸ ਵਿੱਚ ਪੱਥਰਾਂ ਲਈ ਖ਼ਾਨੇ ਰੱਖੀਂ ਅਤੇ ਪੱਥਰਾਂ ਦੀਆਂ ਚਾਰ ਪਾਲਾਂ ਜੜੀਂ । ਇੱਕ ਪਾਲ ਵਿੱਚ ਲਾਲ ਅਕੀਕ, ਸੁਨਹਿਲਾ, ਜ਼ਬਰਜਦ, ਅਰਥਾਤ ਇਹ ਪਹਿਲੀ ਪਾਲ ਹੈ ।18ਦੂਜੀ ਪਾਲ ਵਿੱਚ ਪੱਨਾ, ਨੀਲਮ, ਦੁਧੀਯਾ ਬਿਲੋਰ19ਤੀਜੀ ਪਾਲ ਵਿੱਚ ਜ਼ਕਰਨ, ਹਰੀ ਅਕੀਕ, ਕਟਹਿਲਾ ।20ਚੌਥੀ ਪਾਲ ਵਿੱਚ ਬੈਰੂਜ਼, ਸੁਲੇਮਾਨੀ, ਯਸ਼ੁਬ । ਇਹ ਆਪੋ ਆਪਣੇ ਖ਼ਾਨਿਆਂ ਵਿੱਚ ਸੋਨੇ ਨਾਲ ਜੜੇ ਜਾਣ ।
21ਉਹ ਪੱਥਰ ਇਸਰਾਏਲ ਦੇ ਪੁੱਤਰਾਂ ਦੇ ਨਾਮਾਂ ਅਨੁਸਾਰ ਹੋਣਗੇ ਅਰਥਾਤ ਉਨ੍ਹਾਂ ਦੇ ਬਾਰਾਂ ਨਾਮਾਂ ਦੇ ਅਨੁਸਾਰ ਛਾਪ ਦੀ ਉਕਰਾਈ ਵਾਂਗੂੰ ਹਰ ਇੱਕ ਦੇ ਨਾਮ ਦੇ ਅਨੁਸਾਰ ਉਹ ਬਾਰਾਂ ਗੋਤਾਂ ਲਈ ਹੋਣਗੇ ।22ਤੂੰ ਸੀਨੇ ਬੰਦ ਉੱਤੇ ਖ਼ਾਲਸ ਸੋਨੇ ਦੀ ਜੰਜੀਰੀ ਰੱਸਿਆਂ ਵਾਂਗੂੰ ਗੁੰਦੇ ਹੋਏ ਕੰਮ ਦੀ ਬਣਾਈਂ23ਅਤੇ ਤੂੰ ਸੀਨੇ ਬੰਦ ਉੱਤੇ ਸੋਨੇ ਦੇ ਦੋ ਕੜੇ ਬਣਾਈਂ ਅਤੇ ਤੂੰ ਦੋਨੋਂ ਕੜੇ ਸੀਨੇ ਬੰਦ ਦੇ ਦੋਹਾਂ ਸਿਰਿਆਂ ਵਿੱਚ ਪਾਵੀਂ ।24ਤੂੰ ਉਨ੍ਹਾਂ ਦੋਹਾਂ ਗੁੰਦੀਆਂ ਹੋਈਆਂ ਸੋਨੇ ਦੀਆਂ ਜ਼ੰਜੀਰੀਆਂ ਨੂੰ ਸੀਨੇ ਬੰਦ ਦੇ ਸਿਰਿਆਂ ਉੱਤੇ ਉਨ੍ਹਾਂ ਦੋਹਾਂ ਕੜਿਆਂ ਵਿੱਚ ਪਾਵੀਂ ।
25ਅਤੇ ਦੂਜੇ ਦੋਵੇਂ ਸਿਰੇ ਗੁੰਦੀਆਂ ਹੋਈਆਂ ਜ਼ੰਜੀਰੀਆਂ ਦੇ ਉਨ੍ਹਾਂ ਦੋਹਾਂ ਖ਼ਾਨਿਆਂ ਵਿੱਚ ਕੱਸੀਂ ਅਤੇ ਤੂੰ ਉਨ੍ਹਾਂ ਨੂੰ ਏਫ਼ੋਦ ਦੇ ਮੋਢਿਆਂ ਦੀਆਂ ਕੱਤਰਾਂ ਉੱਤੇ ਅਗਲੇ ਪਾਸੇ ਰੱਖੀਂ ।26ਤੂੰ ਸੋਨੇ ਦੇ ਦੋ ਕੜੇ ਬਣਾਈਂ ਅਤੇ ਉਨ੍ਹਾਂ ਨੂੰ ਸੀਨੇ ਬੰਦ ਦੇ ਦੋਹਾਂ ਸਿਰਿਆਂ ਵਿੱਚ ਪਾਵੀਂ ਜਿਹੜੇ ਏਫ਼ੋਦ ਦੀ ਕਨਾਰੀ ਦੇ ਅੰਦਰਲੇ ਪਾਸੇ ਹਨ ।
27ਤਾਂ ਤੂੰ ਸੋਨੇ ਦੇ ਦੋ ਹੋਰ ਕੜੇ ਬਣਾਈਂ ਅਤੇ ਤੂੰ ਉਨ੍ਹਾਂ ਨੂੰ ਏਫ਼ੋਦ ਦੇ ਦੋਹਾਂ ਮੋਢਿਆਂ ਦੀਆਂ ਕਤਰਾਂ ਉੱਤੇ ਅਗਲੇ ਪਾਸੇ ਹੇਠਲੀ ਵੱਲ ਸੀਣ ਦੇ ਨੇੜੇ ਏਫ਼ੋਦ ਦੇ ਕਾਰੀਗਰ ਨਾਲ ਕੱਢੇ ਹੋਏ ਪੱਟਕੇ ਦੇ ਉੱਤੇ ਰੱਖੀਂ28ਤਾਂ ਜੋ ਸੀਨੇ ਬੰਦ ਨੂੰ ਉਸ ਦੇ ਕੜਿਆਂ ਨਾਲ ਏਫ਼ੋਦ ਦੇ ਕੜਿਆਂ ਵਿੱਚ ਨੀਲੇ ਰੰਗ ਦੀ ਰੱਸੀ ਨਾਲ ਉਹ ਅਜਿਹਾ ਬੰਨ੍ਹਣ ਕਿ ਉਹ ਏਫ਼ੋਦ ਦੇ ਕਾਰੀਗਰੀ ਨਾਲ ਕੱਢੇ ਹੋਏ ਪੱਟਕੇ ਉੱਤੇ ਰਹੇ ਅਤੇ ਸੀਨਾ ਬੰਦ ਏਫ਼ੋਦ ਦੇ ਉੱਤੋਂ ਨਾ ਖੁਲ੍ਹੇ ।
29ਇਸ ਤਰ੍ਹਾਂ ਹਾਰੂਨ ਇਸਰਾਏਲ ਦੇ ਪੁੱਤਰਾਂ ਦੇ ਨਾਮ ਨਿਆਂ ਦੇ ਸੀਨੇ ਬੰਦ ਵਿੱਚ ਆਪਣੇ ਹਿਰਦੇ ਉੱਤੇ ਚੁੱਕੇ ਜਦ ਉਹ ਪਵਿੱਤਰ ਸਥਾਨ ਵਿੱਚ ਜਾਵੇ ਤਾਂ ਜੋ ਯਹੋਵਾਹ ਦੇ ਸਨਮੁਖ ਇਹ ਸਦਾ ਦੀ ਯਾਦਗਿਰੀ ਹੋਵੇ ।30ਤੂੰ ਨਿਆਂ ਦੇ ਸੀਨੇ ਬੰਦ ਵਿੱਚ ਊਰੀਮ ਅਤੇ ਤੁੰਮੀਮ ਪਾਵੀਂ ਅਤੇ ਇਸ ਤਰ੍ਹਾਂ ਉਹ ਹਾਰੂਨ ਦੇ ਹਿਰਦੇ ਉੱਤੇ ਹੋਣ ਜਦ ਉਹ ਯਹੋਵਾਹ ਦੇ ਸਨਮੁਖ ਜਾਵੇ ਅਤੇ ਹਾਰੂਨ ਇਸਰਾਏਲ ਦੇ ਪੁੱਤਰਾਂ ਦਾ ਨਿਆਂ ਆਪਣੇ ਹਿਰਦੇ ਉੱਤੇ ਯਹੋਵਾਹ ਦੇ ਸਨਮੁਖ ਸਦਾ ਲਈ ਚੁੱਕੇ ।
ਜਾਜਕਾਂ ਦੇ ਹੋਰ ਬਸਤਰ
(ਕੂਚ 39:22-31)

31ਤੂੰ ਏਫ਼ੋਦ ਦੇ ਚੋਗੇ ਨੂੰ ਸਾਰਾ ਨੀਲੇ ਰੰਗ ਦਾ ਬਣਾਈਂ32ਅਤੇ ਉਹ ਦੇ ਵਿਚਕਾਰ ਉਸ ਦੇ ਸਿਰ ਲਈ ਛੇਕ ਹੋਵੇ ਅਤੇ ਛੇਕ ਦੇ ਚੁਫ਼ੇਰੇ ਇੱਕ ਉਣੀ ਹੋਈ ਕੋਰ ਹੋਵੇ ਸੰਜੋ ਦੇ ਛੇਕ ਵਰਗੀ ਤਾਂ ਜੋ ਉਹ ਨਾ ਪਾਟੇ ।
33ਤੂੰ ਉਸ ਦੇ ਪੱਲੇ ਦੇ ਘੇਰੇ ਉੱਤੇ ਨੀਲੇ, ਬੈਂਗਣੀ, ਅਤੇ ਕਿਰਮਚੀ ਰੰਗ ਦੇ ਅਨਾਰ ਬਣਾਈਂ ਅਤੇ ਉਨ੍ਹਾਂ ਦੇ ਵਿਚਕਾਰ ਆਲੇ-ਦੁਆਲੇ ਸੋਨੇ ਦੇ ਘੁੰਗਰੂ ਪਾਵੀਂ34ਅਰਥਾਤ ਸੋਨੇ ਦਾ ਘੁੰਗਰੂ ਅਤੇ ਇੱਕ ਅਨਾਰ ਅਤੇ ਸੋਨੇ ਦਾ ਘੁੰਗਰੂ ਅਤੇ ਇੱਕ ਅਨਾਰ ਚੋਗੇ ਦੇ ਪੱਲੇ ਦੇ ਘੇਰੇ ਉੱਤੇ ਹੋਣ ।35ਉਹ ਹਾਰੂਨ ਉੱਤੇ ਉਪਾਸਨਾ ਲਈ ਹੋਵੇ ਅਤੇ ਉਨ੍ਹਾਂ ਦੀ ਅਵਾਜ਼ ਸੁਣਾਈ ਦੇਵੇ ਜਦ ਉਹ ਯਹੋਵਾਹ ਦੇ ਪਵਿੱਤਰ ਸਥਾਨ ਵਿੱਚ ਵੜੇ ਜਾਂ ਨਿੱਕਲੇ ਤਾਂ ਜੋ ਉਹ ਮਰ ਨਾ ਜਾਵੇ ।
36ਤੂੰ ਖ਼ਾਲਸ ਸੋਨੇ ਦਾ ਇੱਕ ਚਮਕੀਲਾ ਪੱਤਰ ਬਣਾਈਂ ਅਤੇ ਉਹ ਦੇ ਉੱਤੇ ਚਾਪ ਉਕਰਾਈ ਵਰਗਾ ਇਹ ਉੱਕਰੀਂ “ਯਹੋਵਾਹ ਲਈ ਪਵਿੱਤਰਤਾਈ”37ਤੂੰ ਉਹ ਦੇ ਵਿੱਚ ਨੀਲੀ ਡੋਰ ਪਾਵੀਂ ਅਤੇ ਉਹ ਅਮਾਮੇ ਉੱਤੇ ਹੋਵੇ ਅਰਥਾਤ ਅਮਾਮੇ ਦੇ ਅਗਲੇ ਪਾਸੇ ਉੱਤੇ ।38ਇਸ ਤਰ੍ਹਾਂ ਉਹ ਹਾਰੂਨ ਦੇ ਮਸਤਕ ਉੱਤੇ ਹੋਵੇ ਤਾਂ ਜੋ ਹਾਰੂਨ ਪਵਿੱਤਰ ਵਸਤਾਂ ਦੇ ਦੋਸ਼ ਨੂੰ ਚੁੱਕੇ ਜਿਹੜੀਆਂ ਇਸਰਾਏਲ ਪਵਿੱਤਰ ਕਰਨ ਅਰਥਾਤ ਉਨ੍ਹਾਂ ਦੇ ਸਾਰੇ ਪਵਿੱਤਰ ਪੁੰਨ ਦਾਨ, ਅਤੇ ਉਹ ਉਸ ਦੇ ਮਸਤਕ ਉੱਤੇ ਸਦਾ ਲਈ ਹੋਵੇ ਤਾਂ ਜੋ ਯਹੋਵਾਹ ਦੇ ਸਨਮੁਖ ਉਨ੍ਹਾਂ ਦੀ ਮਨਜ਼ੂਰੀ ਹੋਵੇ ।
39ਤੂੰ ਮਹੀਨ ਕਤਾਨ ਦਾ ਕੁੜਤਾ ਕੱਢੀਂ ਅਤੇ ਤੂੰ ਮਹੀਨ ਕਤਾਨ ਦਾ ਅਮਾਮਾ ਬਣਾਈਂ ਅਤੇ ਇੱਕ ਪੇਟੀ ਕਸੀਦੇਕਾਰ ਦੇ ਕੰਮ ਦੀ ਬਣਾਈਂ ।
40ਤੂੰ ਹਾਰੂਨ ਦੇ ਪੁੱਤਰਾਂ ਲਈ ਕੁੜਤੇ ਬਣਾਈਂ ਅਤੇ ਤੂੰ ਉਨ੍ਹਾਂ ਦੇ ਲਈ ਪੇਟੀਆਂ ਬਣਾਈਂ ਨਾਲੇ ਤੂੰ ਉਨ੍ਹਾਂ ਲਈ ਪਰਤਾਪ ਅਤੇ ਸੁਹੱਪਣ ਦੇ ਸਾਫ਼ੇ ਬਣਾਈਂ41ਅਤੇ ਤੂੰ ਆਪਣੇ ਭਰਾ ਹਾਰੂਨ ਅਤੇ ਉਹ ਦੇ ਨਾਲ ਉਹ ਦੇ ਪੁੱਤਰਾਂ ਨੂੰ ਇਹ ਪਵਾਈਂ ਅਤੇ ਤੂੰ ਉਨ੍ਹਾਂ ਨੂੰ ਮਸਹ ਕਰੀਂ ਅਤੇ ਉਨ੍ਹਾਂ ਨੂੰ ਥਾਪੀਂ ਅਤੇ ਉਨ੍ਹਾਂ ਨੂੰ ਪਵਿੱਤਰ ਕਰੀਂ ਤਾਂ ਜੋ ਉਹ ਮੇਰੇ ਲਈ ਜਾਜਕਾਈ ਦਾ ਕੰਮ ਕਰਨ ।
42ਤੂੰ ਉਨ੍ਹਾਂ ਲਈ ਕਤਾਨ ਦੀ ਕੱਛ ਉਨ੍ਹਾਂ ਦੇ ਨੰਗੇਜ਼ ਦੇ ਕੱਜਣ ਲਈ ਬਣਾਈਂ । ਉਹ ਲੱਕ ਤੋਂ ਪੱਟਾਂ ਤੱਕ ਹੋਵੇ43ਅਤੇ ਉਹ ਹਾਰੂਨ ਅਤੇ ਉਹ ਦੇ ਪੁੱਤਰਾਂ ਉੱਤੇ ਹੋਵੇ ਜਦ ਉਹ ਮੰਡਲੀ ਦੇ ਤੰਬੂ ਵਿੱਚ ਵੜਨ ਜਾਂ ਜਗਵੇਦੀ ਕੋਲ ਜਾਣ ਕਿ ਉਹ ਪਵਿੱਤਰ ਸਥਾਨ ਵਿੱਚ ਉਪਾਸਨਾ ਕਰਨ ਅਜਿਹਾ ਨਾ ਹੋਵੇ ਕਿ ਉਹ ਅਪਰਾਧੀ ਹੋ ਕੇ ਮਰਨ । ਇਹ ਉਹ ਦੇ ਲਈ ਅਤੇ ਉਹ ਦੇ ਪਿੱਛੋਂ ਉਹ ਦੀ ਅੰਸ ਲਈ ਸਦਾ ਦੀ ਬਿਧੀ ਹੋਵੇ ।

29
ਹਾਰੂਨ ਅਤੇ ਉਸ ਦੇ ਪੁੱਤਰਾਂ ਦਾ ਜਾਜਕਈ ਦੇ ਲਈ ਅਭਿਸ਼ੇਕ ਕਰਨਾ
(ਲੇਵੀਆਂ 8:1-36)

1ਉਹ ਗੱਲ ਜਿਹੜੀ ਤੂੰ ਉਨ੍ਹਾਂ ਦੇ ਪਵਿੱਤਰ ਕਰਨ ਲਈ ਕਰੇਂ ਕਿ ਉਹ ਜਾਜਕਾਈ ਦੀ ਮੇਰੀ ਉਪਾਸਨਾ ਕਰਨ ਇਹ ਹੈ ਕਿ ਇੱਕ ਵਹਿੜਾ ਅਤੇ ਦੋ ਛਤ੍ਰੇ ਬੱਜ ਤੋਂ ਬਿਨ੍ਹਾਂ ਲਵੀਂ2ਅਤੇ ਪਤੀਰੀ ਰੋਟੀ ਅਤੇ ਤੇਲ ਵਿੱਚ ਮਥੇ ਹੋਏ ਪਤੀਰੇ ਪਰਾਉਂਠੇ ਅਤੇ ਤੇਲ ਨਾਲ ਚੋਪੜੇ ਹੋਏ ਪੂੜੇ ਕਣਕ ਦੇ ਮੈਦੇ ਤੋਂ ਬਣਾਈਂ

3ਅਤੇ ਉਨ੍ਹਾਂ ਨੂੰ ਇੱਕ ਛਾਬੇ ਵਿੱਚ ਪਾਵੀਂ ਅਤੇ ਉਨ੍ਹਾਂ ਨੂੰ ਛਾਬੇ ਵਿੱਚ ਵਹਿੜੇ ਅਤੇ ਦੋਹਾਂ ਛੱਤ੍ਰਿਆਂ ਨਾਲ ਨੇੜੇ ਲਿਆਵੀਂ ।4ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਦੇ ਨੇੜੇ ਲਿਆਈਂ ਅਤੇ ਉਨ੍ਹਾਂ ਨੂੰ ਪਾਣੀ ਨਾਲ ਨਹਲਾਈਂ ।
5ਤੂੰ ਬਸਤਰ ਲੈ ਕੇ ਹਾਰੂਨ ਨੂੰ ਕੁੜਤਾ ਅਤੇ ਏਫ਼ੋਦ ਦਾ ਚੋਗਾ ਅਤੇ ਏਫ਼ੋਦ ਅਤੇ ਸੀਨਾ ਬੰਦ ਪਹਿਨਾਈਂ ਅਤੇ ਏਫ਼ੋਦ ਦੇ ਕਾਰੀਗਰੀ ਨਾਲ ਕੱਢੇ ਹੋਏ ਪੱਟਕੇ ਨਾਲ ਉਹ ਦਾ ਲੱਕ ਬੰਨ੍ਹੀਂ ।6ਤੂੰ ਉਸ ਦੇ ਸਿਰ ਉੱਤੇ ਅਮਾਮਾ ਰੱਖੀਂ ਅਤੇ ਪਵਿੱਤਰ ਤਾਜ ਅਮਾਮੇ ਉੱਤੇ ਰੱਖੀਂ ।7ਫੇਰ ਤੂੰ ਮਸਹ ਕਰਨ ਦਾ ਤੇਲ ਲੈ ਕੇ ਉਸ ਦੇ ਸੀਸ ਉੱਤੇ ਚੋਵੀਂ ਅਤੇ ਇਸ ਤਰ੍ਹਾਂ ਤੂੰ ਉਹ ਨੂੰ ਮਸਹ ਕਰੀਂ ।
8ਫਿਰ ਉਸ ਦੇ ਪੁੱਤਰਾਂ ਨੂੰ ਨੇੜੇ ਲਿਆਈਂ ਅਤੇ ਉਨ੍ਹਾਂ ਉੱਤੇ ਕੁੜਤੇ ਪਹਿਨਾਈਂ ।9ਤੂੰ ਹਾਰੂਨ ਅਤੇ ਉਹ ਦੇ ਪੁੱਤਰਾਂ ਦੇ ਲੱਕ ਪੇਟੀਆਂ ਨਾਲ ਬੰਨ੍ਹੀਂ ਅਤੇ ਉਨ੍ਹਾਂ ਉੱਤੇ ਸਾਫ਼ੇ ਬੰਨ੍ਹੀਂ ਅਤੇ ਜਾਜਕਪੁਣਾ ਉਨ੍ਹਾਂ ਲਈ ਸਦਾ ਦੀ ਬਿਧੀ ਅਨੁਸਾਰ ਹੋਵੇਗਾ ਅਤੇ ਇਸ ਤਰ੍ਹਾਂ ਤੂੰ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਥਾਪੀਂ ।
10ਮੰਡਲੀ ਦੇ ਤੰਬੂ ਦੇ ਅੱਗੇ ਤੂੰ ਵਹਿੜੇ ਨੂੰ ਨੇੜੇ ਲਿਆਵੀਂ ਅਤੇ ਹਾਰੂਨ ਅਤੇ ਉਸ ਦੇ ਪੁੱਤਰ ਆਪਣੇ ਹੱਥ ਵਹਿੜੇ ਦੇ ਸਿਰ ਉੱਤੇ ਰੱਖਣ ।11ਫਿਰ ਤੂੰ ਉਸ ਵਹਿੜੇ ਨੂੰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਯਹੋਵਾਹ ਦੇ ਅੱਗੇ ਕੱਟ ਸੁੱਟੀਂ ।
12ਤੂੰ ਵਹਿੜੇ ਦਾ ਲਹੂ ਲੈ ਕੇ ਜਗਵੇਦੀ ਦੇ ਸਿੰਙਾਂ ਉੱਤੇ ਆਪਣੀ ਉਂਗਲੀ ਨਾਲ ਲਾਈਂ ਅਤੇ ਬਾਕੀ ਦਾ ਲਹੂ ਜਗਵੇਦੀ ਦੀ ਨੀਂਹ ਉੱਤੇ ਡੋਲ੍ਹ ਦੇਈਂ ।13ਤੂੰ ਸਾਰੀ ਚਰਬੀ ਜਿਹੜੀ ਆਂਦਰਾਂ ਨੂੰ ਢੱਕਦੀ ਹੈ ਅਤੇ ਕਲੇਜੀ ਦੀ ਉਤਲੀ ਝਿੱਲੀ ਅਤੇ ਦੋਹਾਂ ਗੁਰਦਿਆਂ ਨੂੰ ਅਤੇ ਚਰਬੀ ਨੂੰ ਜਿਹੜੀ ਉਨ੍ਹਾਂ ਦੇ ਉੱਤੇ ਹੈ ਲੈ ਕੇ ਜਗਵੇਦੀ ਉੱਤੇ ਸਾੜ ਸੁੱਟੀਂ14ਪਰ ਵਹਿੜੇ ਦਾ ਮਾਸ ਅਤੇ ਉਸ ਦਾ ਚੰਮ ਅਤੇ ਗੋਹੇ ਨੂੰ ਡੇਰੇ ਤੋਂ ਬਾਹਰ ਅੱਗ ਨਾਲ ਸਾੜ ਦੇਈਂ । ਇਹ ਪਾਪ ਦੀ ਬਲੀ ਹੈ ।
15ਤੂੰ ਇੱਕ ਛਤ੍ਰਾ ਲਵੀਂ ਅਤੇ ਹਾਰੂਨ ਅਤੇ ਉਸ ਦੇ ਪੁੱਤਰ ਆਪਣੇ ਹੱਥ ਛੱਤ੍ਰੇ ਦੇ ਸਿਰ ਉੱਤੇ ਰੱਖਣ ।16ਤੂੰ ਉਸ ਛੱਤ੍ਰੇ ਨੂੰ ਕੱਟ ਸੁੱਟੀਂ ਅਤੇ ਉਸ ਦਾ ਲਹੂ ਲੈ ਕੇ ਜਗਵੇਦੀ ਉੱਤੇ ਆਲੇ-ਦੁਆਲੇ ਛਿੜਕ ਦੇਈਂ ।17ਫੇਰ ਤੂੰ ਉਸ ਛੱਤ੍ਰੇ ਨੂੰ ਟੋਟੇ-ਟੋਟੇ ਕਰੀਂ ਅਤੇ ਉਸ ਦੀਆਂ ਆਂਦਰਾਂ ਅਤੇ ਉਸ ਦੀਆਂ ਲੱਤਾਂ ਧੋਕੇ ਉਨ੍ਹਾਂ ਨੂੰ ਉਸ ਦਿਆਂ ਟੋਟਿਆਂ ਅਤੇ ਸਿਰ ਉੱਤੇ ਰੱਖੀਂ ।18ਸੋ ਤੂੰ ਸਾਰੇ ਛੱਤ੍ਰੇ ਨੂੰ ਜਗਵੇਦੀ ਉੱਤੇ ਸਾੜ ਸੁੱਟੀਂ । ਉਹ ਯਹੋਵਾਹ ਲਈ ਹੋਮ ਦੀ ਬਲੀ ਹੈ । ਇਹ ਇੱਕ ਸੁਗੰਧਤਾ ਹੈ । ਇਹ ਯਹੋਵਾਹ ਲਈ ਅੱਗ ਦੀ ਭੇਟ ਹੈ ।
19ਤੂੰ ਦੂਜਾ ਛੱਤ੍ਰਾ ਲਈਂ ਅਤੇ ਹਾਰੂਨ ਅਤੇ ਉਸ ਦੇ ਪੁੱਤਰ ਆਪਣੇ ਹੱਥ ਉਸ ਛੱਤ੍ਰੇ ਦੇ ਸਿਰ ਉੱਤੇ ਰੱਖਣ ।20ਤੂੰ ਉਸ ਛੱਤ੍ਰੇ ਨੂੰ ਕੱਟ ਸੁੱਟੀਂ ਅਤੇ ਉਸ ਦੇ ਲਹੂ ਵਿੱਚੋਂ ਲੈ ਕੇ ਹਾਰੂਨ ਦੇ ਸੱਜੇ ਕੰਨ ਦੀ ਪਾਪੜੀ ਉੱਤੇ ਅਤੇ ਉਸ ਦੇ ਪੁੱਤਰਾਂ ਦੇ ਸੱਜੇ ਕੰਨਾਂ ਦੀਆਂ ਪਾਪੜੀਆਂ ਉੱਤੇ ਅਤੇ ਉਨ੍ਹਾਂ ਦੇ ਸੱਜੇ ਹੱਥਾਂ ਦੇ ਅੰਗੂਠਿਆਂ ਉੱਤੇ ਲਾਈਂ ਅਤੇ ਤੂੰ ਲਹੂ ਜਗਵੇਦੀ ਦੇ ਉੱਤੇ ਆਲੇ-ਦੁਆਲੇ ਛਿੜਕ ਦੇਈਂ ।
21ਜਿਹੜਾ ਲਹੂ ਜਗਵੇਦੀ ਉੱਤੇ ਹੈ ਤੂੰ ਉਸ ਵਿੱਚੋਂ ਅਤੇ ਮਸਹ ਕਰਨ ਦੇ ਤੇਲ ਵਿੱਚੋਂ ਲੈ ਕੇ ਹਾਰੂਨ ਅਤੇ ਉਸ ਦੇ ਬਸਤ੍ਰ ਉੱਤੇ ਅਤੇ ਉਸ ਦੇ ਪੁੱਤਰਾਂ ਉੱਤੇ ਅਤੇ ਉਸ ਦੇ ਨਾਲ ਉਸ ਦੇ ਪੁੱਤਰਾਂ ਦੇ ਬਸਤ੍ਰਾਂ ਉੱਤੇ ਛਿੜਕੀਂ ਅਤੇ ਇਸ ਤਰ੍ਹਾਂ ਉਹ ਅਤੇ ਉਸ ਦਾ ਬਸਤ੍ਰ ਅਤੇ ਉਸ ਦੇ ਪੁੱਤਰ ਅਤੇ ਉਸ ਦੇ ਨਾਲ ਉਸ ਦੇ ਪੁੱਤਰਾਂ ਦੇ ਬਸਤ੍ਰ ਪਵਿੱਤਰ ਕੀਤੇ ਜਾਣ ।
22ਤੂੰ ਛੱਤ੍ਰੇ ਦੀ ਚਰਬੀ ਅਤੇ ਉਸ ਦੀ ਚੱਕੀ ਅਤੇ ਚਰਬੀ ਜਿਹੜੀ ਆਂਦਰਾਂ ਨੂੰ ਢੱਕਦੀ ਹੈ ਅਤੇ ਕਲੇਜੀ ਦੀ ਉਤਲੀ ਝਿੱਲੀ ਅਤੇ ਦੋਵੇਂ ਗੁਰਦੇ ਨਾਲੇ ਉਹ ਚਰਬੀ ਜਿਹੜੀ ਉਨ੍ਹਾਂ ਦੇ ਉੱਤੇ ਹੈ ਅਤੇ ਸੱਜਾ ਪੱਟ ਲਈਂ ਕਿਉਂਕਿ ਉਹ ਛੱਤ੍ਰਾ ਥਾਪਨਾ ਦਾ ਹੈ ।23ਤੂੰ ਇੱਕ ਰੋਟੀ ਇੱਕ ਪਰਾਉਠਾ ਇੱਕ ਪੂੜਾ ਉਸ ਦੀ ਪਤੀਰੀ ਰੋਟੀ ਦੇ ਛਾਬੇ ਵਿੱਚੋਂ ਜਿਹੜੀ ਯਹੋਵਾਹ ਦੇ ਸਨਮੁਖ ਹੈ ਲਈਂ ।
24ਤੂੰ ਸਭਨਾਂ ਨੂੰ ਹਾਰੂਨ ਦੀਆਂ ਹਥੇਲੀਆਂ ਉੱਤੇ ਅਤੇ ਉਸ ਦੇ ਪੁੱਤਰਾਂ ਦੀ ਹਥੇਲੀਆਂ ਉੱਤੇ ਰੱਖੀਂ ਅਤੇ ਤੂੰ ਉਨ੍ਹਾਂ ਨੂੰ ਹਿਲਾਉਣ ਦੀ ਭੇਟ ਯਹੋਵਾਹ ਲਈ ਹਿਲਾਵੀਂ ।25ਫਿਰ ਤੂੰ ਉਨ੍ਹਾਂ ਨੂੰ ਉਨ੍ਹਾਂ ਦੇ ਹੱਥੋਂ ਲੈ ਕੇ ਜਗਵੇਦੀ ਉੱਤੇ ਹੋਮ ਦੀ ਬਲੀ ਉੱਤੇ ਸਾੜ ਦੇਈਂ । ਇਹ ਯਹੋਵਾਹ ਦੇ ਅੱਗੇ ਇੱਕ ਸੁਗੰਧਤਾ ਹੈ ਅਤੇ ਯਹੋਵਾਹ ਲਈ ਇੱਕ ਅੱਗ ਦੀ ਭੇਟ ਹੈ ।
26ਤੂੰ ਹਾਰੂਨ ਦੇ ਥਾਪਨਾ ਦੇ ਛੱਤ੍ਰੇ ਦਾ ਸੀਨਾ ਲੈ ਕੇ ਯਹੋਵਾਹ ਦੇ ਸਨਮੁਖ ਹਿਲਾਉਣ ਦੀ ਭੇਟ ਲਈ ਹਿਲਾਵੀਂ ਅਤੇ ਉਹ ਤੇਰੀ ਵੰਡ ਹੋਵੇਗਾ ।27ਤੂੰ ਹਿਲਾਉਣ ਦੀ ਭੇਟ ਦਾ ਸੀਨਾ ਅਤੇ ਚੁੱਕਣ ਦੀ ਭੇਟ ਦਾ ਪੱਟ ਜਿਹੜਾ ਹਿਲਾਇਆ ਜਾਵੇ ਅਤੇ ਜਿਹੜਾ ਚੁੱਕਿਆ ਜਾਵੇ ਹਾਰੂਨ ਅਤੇ ਉਸ ਦੇ ਪੁੱਤਰਾਂ ਦੇ ਥਾਪਨਾ ਦੇ ਛੱਤ੍ਰੇ ਤੋਂ ਪਵਿੱਤਰ ਕਰੀਂ ।28ਸੋ ਉਹ ਹਾਰੂਨ ਅਤੇ ਉਸ ਦੇ ਪੁੱਤਰਾਂ ਲਈ ਸਦਾ ਦਾ ਹੱਕ ਇਸਰਾਏਲੀਆਂ ਵੱਲੋਂ ਹੋਵੇ ਕਿਉਂ ਜੋ ਉਹ ਚੁੱਕਣ ਦੀ ਭੇਟ ਹੈ ਅਤੇ ਚੁੱਕਣ ਦੀ ਭੇਟ ਇਸਰਾਏਲੀਆਂ ਵੱਲੋਂ ਉਨ੍ਹਾਂ ਦੀਆਂ ਸੁੱਖ-ਸਾਂਦ ਦੀਆਂ ਭੇਟਾਂ ਤੋਂ ਹੋਵੇਗੀ ਸਗੋਂ ਯਹੋਵਾਹ ਲਈ ਉਨ੍ਹਾਂ ਦੀ ਚੁੱਕਣ ਦੀ ਭੇਟ ਰਹੇਗੀ ।
29ਪਵਿੱਤਰ ਬਸਤ੍ਰ ਜਿਹੜੇ ਹਾਰੂਨ ਦੇ ਹਨ ਉਸ ਦੇ ਮਗਰੋਂ ਉਸ ਦੇ ਪੁੱਤਰਾਂ ਦੇ ਹੋਣਗੇ । ਉਨ੍ਹਾਂ ਦੇ ਵਿੱਚ ਉਹ ਮਸਹ ਕੀਤੇ ਜਾਣ ਅਤੇ ਥਾਪੇ ਜਾਣ ।30ਸੱਤ ਦਿਨ ਜਿਹੜਾ ਪੁੱਤਰ ਉਸ ਦੀ ਥਾਂ ਜਾਜਕ ਹੋਵੇ ਉਹ ਉਨ੍ਹਾਂ ਨੂੰ ਜਦ ਉਹ ਮੰਡਲੀ ਦੇ ਤੰਬੂ ਨੂੰ ਪਵਿੱਤਰ ਸਥਾਨ ਵਿੱਚ ਉਪਾਸਨਾ ਲਈ ਜਾਵੇ ਪਹਿਨੇ ।
31ਤੂੰ ਥਾਪਨਾ ਦੇ ਛੱਤ੍ਰੇ ਨੂੰ ਲੈ ਕੇ ਉਸ ਦਾ ਮਾਸ ਇੱਕ ਪਵਿੱਤਰ ਸਥਾਨ ਵਿੱਚ ਉਬਾਲੀਂ32ਅਤੇ ਹਾਰੂਨ ਅਤੇ ਉਸ ਦੇ ਪੁੱਤਰ ਛੱਤ੍ਰੇ ਦਾ ਮਾਸ ਅਤੇ ਰੋਟੀ ਜਿਹੜੀ ਉਸ ਛਾਬੇ ਵਿੱਚ ਹੈ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਖਾਣ33ਉਹ ਉਨ੍ਹਾਂ ਵਸਤਾਂ ਨੂੰ ਖਾਣ ਜਿਨ੍ਹਾਂ ਨਾਲ ਪ੍ਰਾਸਚਿਤ ਕੀਤਾ ਗਿਆ ਤਾਂ ਜੋ ਉਹ ਥਾਪੇ ਅਤੇ ਪਵਿੱਤਰ ਕੀਤੇ ਜਾਣ ਪਰ ਕੋਈ ਓਪਰਾ ਉਸ ਤੋਂ ਨਾ ਖਾਵੇ ਕਿਉਂ ਜੋ ਉਹ ਪਵਿੱਤਰ ਹਨ ।34ਅਤੇ ਜੇ ਕਦੀ ਥਾਪਨਾ ਦੇ ਮਾਸ ਤੋਂ ਅਥਵਾ ਰੋਟੀ ਤੋਂ ਸਵੇਰ ਤੱਕ ਕੁੱਝ ਬਾਕੀ ਰਹੇ ਤਾਂ ਤੂੰ ਉਸ ਬਚਤ ਨੂੰ ਅੱਗ ਵਿੱਚ ਸਾੜ ਸੁੱਟੀਂ । ਉਹ ਖਾਧਾ ਨਾ ਜਾਵੇ ਕਿਉਂ ਜੋ ਉਹ ਪਵਿੱਤਰ ਹੈ ।
35ਸੋ ਤੂੰ ਹਾਰੂਨ ਅਤੇ ਉਸ ਦੇ ਪੁੱਤਰਾਂ ਲਈ ਓਦਾਂ ਹੀ ਕਰੀਂ ਜਿੱਦਾਂ ਮੈਂ ਤੈਨੂੰ ਹੁਕਮ ਦਿੱਤਾ ਹੈ । ਸੱਤ ਦਿਨ ਤੱਕ ਤੂੰ ਉਨ੍ਹਾਂ ਦੀ ਥਾਪਨਾ ਕਰੀਂ ।36ਪਾਪ ਦੀ ਭੇਟ ਦਾ ਵਹਿੜਾ ਰੋਜ਼ ਪ੍ਰਾਸਚਿਤ ਲਈ ਤੂੰ ਚੜ੍ਹਾਈਂ ਅਤੇ ਤੂੰ ਜਗਵੇਦੀ ਨੂੰ ਸ਼ੁੱਧ ਕਰੀਂ । ਜਦ ਤੂੰ ਉਸ ਲਈ ਪ੍ਰਾਸਚਿਤ ਕਰੇਂ ਤੂੰ ਉਹ ਨੂੰ ਪਵਿੱਤਰ ਕਰਨ ਲਈ ਤੇਲ ਚੋਵੀਂ ।37ਸੱਤ ਦਿਨ ਤੱਕ ਤੂੰ ਜਗਵੇਦੀ ਲਈ ਪ੍ਰਾਸਚਿਤ ਕਰ ਕੇ ਉਹ ਨੂੰ ਪਵਿੱਤਰ ਕਰੀਂ ਸੋ ਉਹ ਜਗਵੇਦੀ ਬਹੁਤ ਪਵਿੱਤਰ ਹੋਵੇਗੀ ਅਤੇ ਜਿਹੜਾ ਜਗਵੇਦੀ ਨੂੰ ਛੂਹੇ ਉਹ ਪਵਿੱਤਰ ਹੋਵੇਗਾ ।
ਰੋਜ਼ ਦੀਆਂ ਭੇਂਟਾ
(ਗਿਣਤੀ 28:1-8)

38ਉਹ ਜਿਹੜਾ ਤੂੰ ਜਗਵੇਦੀ ਉੱਤੇ ਚੜ੍ਹਾਉਣਾ ਹੈ ਸੋ ਇਹ ਹੈ - ਇੱਕ-ਇੱਕ ਸਾਲ ਦੇ ਦੋ ਲੇਲੇ ਨਿੱਤ-ਨਿੱਤ ਸਦਾ ਲਈ ।39ਇੱਕ ਲੇਲਾ ਤੂੰ ਸਵੇਰ ਨੂੰ ਚੜ੍ਹਾਵੀਂ ਅਤੇ ਦੂਜਾ ਲੇਲਾ ਨੂੰ ਸ਼ਾਮ ਨੂੰ ਚੜ੍ਹਾਵੀਂ ।
40ਅਤੇ ਇੱਕ ਲੇਲੇ ਨਾਲ ਏਫ਼ਾ ਦੀ ਦਸਵੰਧ ਮੈਦਾ ਖ਼ਾਲਸ ਤੇਲ ਦੇ ਹੀਨ ਦੀ ਚੌਥਾਈ ਪੀਣ ਦੀ ਭੇਟ ਲਈ ਚੜ੍ਹਾਵੀਂ
41ਤਾਂ ਤੂੰ ਦੂਜਾ ਲੇਲਾ ਸ਼ਾਮਾਂ ਦੇ ਵੇਲੇ ਚੜ੍ਹਾਵੀਂ ਅਤੇ ਉਸ ਦੇ ਨਾਲ ਸਵੇਰ ਦੇ ਮੈਦੇ ਦੀ ਭੇਟ ਅਨੁਸਾਰ ਅਤੇ ਉਸ ਦੀ ਪੀਣ ਦੀ ਭੇਟ ਅਨੁਸਾਰ ਯਹੋਵਾਹ ਲਈ ਸੁਗੰਧਤਾ ਦੀ ਇੱਕ ਅੱਗ ਦੀ ਭੇਟ ਚੜ੍ਹਾਵੀਂ ।42ਇਹ ਸਦਾ ਲਈ ਤੁਹਾਡੀਆਂ ਪੀੜ੍ਹੀਆਂ ਵਿੱਚ ਹੋਮ ਦੀ ਭੇਟ ਹੋਵੇ । ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਯਹੋਵਾਹ ਦੇ ਸਨਮੁਖ ਜਿੱਥੇ ਮੈਂ ਤੇਰੇ ਨਾਲ ਗੱਲ ਕਰਨ ਲਈ ਮਿਲਾਂਗਾ
43ਅਤੇ ਉੱਥੇ ਮੈਂ ਇਸਰਾਏਲੀਆਂ ਨਾਲ ਮਿਲਾਂਗਾ ਅਤੇ ਉਹ ਤੰਬੂ ਮੇਰੇ ਪਰਤਾਪ ਨਾਲ ਪਵਿੱਤਰ ਕੀਤਾ ਜਾਵੇਗਾ ।44ਮੈਂ ਮੰਡਲੀ ਦੇ ਤੰਬੂ ਨੂੰ ਅਤੇ ਜਗਵੇਦੀ ਨੂੰ ਪਵਿੱਤਰ ਕਰਾਂਗਾ ਨਾਲੇ ਮੈਂ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਆਪਣੀ ਜਾਜਕਾਈ ਦੀ ਉਪਾਸਨਾ ਲਈ ਪਵਿੱਤਰ ਕਰਾਂਗਾ ।
45ਅਤੇ ਮੈਂ ਇਸਰਾਏਲ ਦੇ ਵਿਚਕਾਰ ਵੱਸਾਂਗਾ ਅਤੇ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ46ਤਾਂ ਉਹ ਜਾਣਨਗੇ ਕਿ ਮੈਂ ਯਹੋਵਾਹ ਉਨ੍ਹਾਂ ਦਾ ਪਰਮੇਸ਼ੁਰ ਹਾਂ ਜਿਸ ਉਨ੍ਹਾਂ ਨੂੰ ਮਿਸਰ ਦੇਸ ਤੋਂ ਕੱਢ ਲਿਆਂਦਾ ਤਾਂ ਜੋ ਮੈਂ ਉਨ੍ਹਾਂ ਦੇ ਵਿਚਕਾਰ ਵੱਸਾਂ । ਮੈਂ ਯਹੋਵਾਹ ਉਨ੍ਹਾਂ ਦਾ ਪਰਮੇਸ਼ੁਰ ਹਾਂ ।

30
ਧੂਪ ਦੀ ਵੇਦੀ
(ਕੂਚ 37:25-28)

1ਤੂੰ ਧੂਪ ਧੁਖਾਉਣ ਲਈ ਇੱਕ ਜਗਵੇਦੀ ਬਣਾਈਂ ਅਤੇ ਤੂੰ ਉਹ ਨੂੰ ਸ਼ਿੱਟੀਮ ਦੀ ਲੱਕੜੀ ਤੋਂ ਬਣਾਈਂ ।2ਉਸ ਦੀ ਲੰਬਾਈ ਇੱਕ ਹੱਥ ਉਸ ਦੀ ਚੌੜਾਈ ਇੱਕ ਹੱਥ ਅਤੇ ਉਹ ਚੌਰਸ ਹੋਵੇ । ਉਸ ਦੀ ਉਚਾਈ ਦੋ ਹੱਥ ਅਤੇ ਉਸ ਦੇ ਸਿੰਙ ਉਸੇ ਤੋਂ ਹੋਣ ।

3ਤੂੰ ਉਹ ਨੂੰ ਖ਼ਾਲਸ ਸੋਨੇ ਨਾਲ ਮੜ੍ਹੀਂ ਅਰਥਾਤ ਉਹ ਦਾ ਉੱਪਰਲਾ ਪਾਸਾ ਅਤੇ ਉਹ ਦੇ ਚੁਫ਼ੇਰੇ ਦੇ ਪਾਸੇ ਅਤੇ ਉਹ ਦੇ ਸਿੰਙ, ਤੂੰ ਉਹ ਦੇ ਚੁਫ਼ੇਰੇ ਇੱਕ ਸੋਨੇ ਦੀ ਬਨੇਰੀ ਬਣਾਈਂ ।4ਤੂੰ ਉਹ ਦੇ ਲਈ ਸੋਨੇ ਦੇ ਦੋ ਕੜੇ ਉਸ ਦੀ ਬਨੇਰੀ ਦੇ ਹੇਠ ਉਸ ਦੇ ਦੋਹਾਂ ਖੂੰਜਿਆ ਉੱਤੇ ਉਸ ਦੇ ਦੋਹੀਂ ਪਾਸੀਂ ਬਣਾਈਂ । ਉਹ ਉਸ ਦੇ ਚੁੱਕਣ ਲਈ ਚੋਬਾਂ ਦੇ ਥਾਂ ਹੋਣ ।
5ਤੂੰ ਚੋਬਾਂ ਸ਼ਿੱਟੀਮ ਦੀ ਲੱਕੜੀ ਦੀਆਂ ਬਣਾਈਂ ਅਤੇ ਉਨ੍ਹਾਂ ਨੂੰ ਸੋਨੇ ਨਾਲ ਮੜ੍ਹੀਂ ।6ਤੂੰ ਉਹ ਨੂੰ ਪਰਦੇ ਦੇ ਅੱਗੇ ਜਿਹੜਾ ਸਾਖ਼ੀ ਦੇ ਸੰਦੂਕ ਦੇ ਕੋਲ ਹੈ ਪ੍ਰਾਸਚਿਤ ਦੇ ਸਰਪੋਸ਼ ਦੇ ਅੱਗੇ ਜਿਹੜਾ ਸਾਖ਼ੀ ਉੱਤੇ ਹੈ ਰੱਖੀਂ ਜਿੱਥੇ ਮੈਂ ਤੇਰੇ ਨਾਲ ਮਿਲਾਂਗਾ ।
7ਅਤੇ ਹਾਰੂਨ ਉਸ ਉੱਤੇ ਸੁਗੰਧੀ ਧੂਪ ਹਰ ਸਵੇਰੇ ਦੇ ਸਮੇਂ ਧੁਖਾਵੇ । ਜਦ ਉਹ ਦੀਵਿਆਂ ਨੂੰ ਸੁਆਰੇ ਤਦ ਉਹ ਇਹ ਧੁਖਾਵੇ ।8ਜਦ ਹਾਰੂਨ ਦੀਵਿਆਂ ਨੂੰ ਸ਼ਾਮ ਦੇ ਵੇਲੇ ਜਗਾਵੇ ਤਦ ਉਹ ਤੁਹਾਡੀਆਂ ਪੀੜ੍ਹੀਆਂ ਤੱਕ ਸਦਾ ਲਈ ਯਹੋਵਾਹ ਦੇ ਸਨਮੁਖ ਧੂਪ ਧੁਖਾਵੇ ।9ਤੁਸੀਂ ਉਸ ਉੱਤੇ ਨਾ ਓਪਰਾ ਧੂਪ ਨਾ ਹੋਮ ਦੀ ਬਲੀ ਨਾ ਮੈਦੇ ਦੀ ਭੇਟ ਚੜ੍ਹਾਇਓ ਅਤੇ ਨਾ ਉਸ ਉੱਤੇ ਪੀਣ ਦੀ ਭੇਟ ਡੋਹਲਿਓ
10ਅਤੇ ਹਾਰੂਨ ਉਸ ਦੇ ਸਿੰਙਾਂ ਉੱਤੇ ਵਰ੍ਹੇ ਵਿੱਚ ਇੱਕ ਵਾਰੀ ਪ੍ਰਾਸਚਿਤ ਕਰੇ ਅਤੇ ਪ੍ਰਾਸਚਿਤ ਦੇ ਪਾਪ ਦੀ ਭੇਟ ਦੇ ਲਹੂ ਤੋਂ ਲੈ ਕੇ ਸਾਲ ਵਿੱਚ ਇੱਕ ਵਾਰ ਤੁਹਾਡੀਆਂ ਪੀੜ੍ਹੀਆਂ ਤੱਕ ਪ੍ਰਾਸਚਿਤ ਕਰੇ । ਇਹ ਯਹੋਵਾਹ ਲਈ ਬਹੁਤ ਪਵਿੱਤਰ ਹੈ ।
ਪ੍ਰਾਣਾਂ ਦੇ ਪ੍ਰਾਸਚਿਤ ਦਾ ਰੁੱਪਈਆ

11ਯਹੋਵਾਹ ਮੂਸਾ ਨੂੰ ਬੋਲਿਆ ਕਿ12ਜਦ ਤੂੰ ਇਸਰਾਏਲੀਆਂ ਦੀ ਗਿਣਤੀ ਉਨ੍ਹਾਂ ਦੇ ਸ਼ੁਮਾਰ ਅਨੁਸਾਰ ਕਰੇਂ ਤਾਂ ਹਰ ਮਨੁੱਖ ਆਪਣੇ ਪ੍ਰਾਣਾਂ ਲਈ ਯਹੋਵਾਹ ਨੂੰ ਜਦ ਉਨ੍ਹਾਂ ਦੀ ਗਿਣਤੀ ਹੋਵੇ ਨਸਤਾਰੇ ਦਾ ਮੁੱਲ ਦੇਵੇ ਤਾਂ ਜੋ ਉਨ੍ਹਾਂ ਵਿੱਚ ਕੋਈ ਬਵਾ ਨਾ ਪਵੇ ਜਦ ਤੂੰ ਉਨ੍ਹਾਂ ਦੀ ਗਿਣਤੀ ਕਰੇਂ ।13ਸਾਰੇ ਜਿਹੜੇ ਗਿਣਿਆ ਹੋਇਆਂ ਵਿੱਚ ਰਲਣ ਪਵਿੱਤਰ ਸਥਾਨ ਦੇ ਸ਼ਕਲ ਅਨੁਸਾਰ ਅੱਧਾ ਸ਼ਕਲ ਦੇਣ (ਸ਼ਕਲ ਵਿੱਚ ਵੀਹ ਜੀਰੇ ਹਨ) ਸੋ ਇਹ ਅੱਠ ਆਨੇ ਯਹੋਵਾਹ ਲਈ ਚੁੱਕਣ ਦੀ ਭੇਟ ਹੋਵੇਗੀ ।14ਸਾਰੇ ਜਿਹੜੇ ਗਿਣਿਆ ਹੋਇਆਂ ਵਿੱਚ ਰਲਣ ਵੀਹ ਸਾਲ ਦੇ ਅਤੇ ਉੱਤੇ ਦੇ ਹੋਣ ਯਹੋਵਾਹ ਨੂੰ ਚੁੱਕਣ ਦੀ ਭੇਟ ਦੇਣ ।
15ਤਾਂ ਧਨੀ ਅੱਠ ਆਨੇ ਤੋਂ ਵੱਧ ਅਤੇ ਕੰਗਾਲ ਉਸ ਤੋਂ ਘੱਟ ਨਾ ਦੇਣ ਜਦ ਤੁਹਾਡੇ ਪ੍ਰਾਣਾਂ ਦੇ ਪ੍ਰਾਸਚਿਤ ਲਈ ਯਹੋਵਾਹ ਦੀ ਚੁੱਕਣ ਦੀ ਭੇਟ ਦੇਣ ।16ਸੋ ਤੂੰ ਇਸਰਾਏਲੀਆਂ ਤੋਂ ਪ੍ਰਾਸਚਿਤ ਦੀ ਚਾਂਦੀ ਲੈ ਕੇ ਉਹ ਨੂੰ ਮੰਡਲੀ ਦੇ ਤੰਬੂ ਦੇ ਕੰਮ ਲਈ ਵਰਤੀਂ ਅਤੇ ਉਹ ਇਸਰਾਏਲੀਆਂ ਲਈ ਯਹੋਵਾਹ ਅੱਗੇ ਇੱਕ ਯਾਦਗਿਰੀ ਹੋਵੇ ਤਾਂ ਜੋ ਤੁਹਾਡਿਆਂ ਪ੍ਰਾਣਾਂ ਲਈ ਪ੍ਰਾਸਚਿਤ ਹੋਵੇ ।
ਪਿੱਤਲ ਦੀ ਹੌਦੀ

17ਯਹੋਵਾਹ ਨੇ ਮੂਸਾ ਨੂੰ ਆਖਿਆ ਕਿ18ਤੂੰ ਧੋਣ ਲਈ ਪਿੱਤਲ ਦਾ ਇੱਕ ਹੌਦ ਅਤੇ ਉਹ ਦੇ ਲਈ ਪਿੱਤਲ ਦੀ ਇੱਕ ਚੌਂਕੀ ਬਣਾਈਂ ਅਤੇ ਮੰਡਲੀ ਦੇ ਤੰਬੂ ਅਤੇ ਜਗਵੇਦੀ ਦੇ ਵਿਚਕਾਰ ਉਹ ਨੂੰ ਰੱਖੀਂ ਅਤੇ ਉਸ ਵਿੱਚ ਪਾਣੀ ਭਰੀਂ ।
19ਉਸ ਵਿੱਚ ਹਾਰੂਨ ਅਤੇ ਉਸ ਦੇ ਪੁੱਤਰ ਆਪਣੇ ਹੱਥ-ਪੈਰ ਧੋਣ20ਜਦ ਉਹ ਮੰਡਲੀ ਦੇ ਤੰਬੂ ਵਿੱਚ ਅਥਵਾ ਜਦ ਉਹ ਜਗਵੇਦੀ ਦੇ ਨੇੜੇ ਉਪਾਸਨਾ ਲਈ ਆਉਣ ਕਿ ਯਹੋਵਾਹ ਲਈ ਅੱਗ ਦੀ ਭੇਟ ਧੁਖਾਉਣ ਤਾਂ ਪਾਣੀ ਨਾਲ ਧੋਣ ਕਿ ਉਹ ਨਾ ਮਰਨ ।21ਉਹ ਆਪਣੇ ਹੱਥ-ਪੈਰ ਧੋਣ ਕਿ ਉਹ ਨਾ ਮਰਨ ਅਤੇ ਉਹ ਉਨ੍ਹਾਂ ਲਈ ਸਦਾ ਦੀ ਬਿਧੀ ਹੋਵੇ ਅਰਥਾਤ ਉਸ ਲਈ ਅਤੇ ਉਸ ਦੀ ਅੰਸ ਲਈ ਉਨ੍ਹਾਂ ਦੀ ਪੀੜ੍ਹੀਓਂ ਪੀੜ੍ਹੀ ਤੱਕ ।
ਅਭਿਸ਼ੇਕ ਦਾ ਤੇਲ

22ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ ਕਿ23ਤੂੰ ਵਧੀਆ ਮਸਾਲਾ ਲਵੀਂ ਅਰਥਾਤ ਪਤਲਾ ਮੁਰ ਪੰਜ ਸੌ ਸ਼ਕਲ ਅਤੇ ਸੁਗੰਧ ਲਈ ਦਾਲਚੀਨੀ ਉਸ ਤੋਂ ਅੱਧੀ ਅਰਥਾਤ ਢਾਈ ਸੌ ਸ਼ਕਲ ਅਤੇ ਸੁਗੰਧ ਵਾਲੀ ਕੁਸ਼ਾ ਢਾਈ ਸੌ ਸ਼ਕਲ24ਅਤੇ ਤੱਜ ਪੰਜ ਸੌ ਸ਼ਕਲ ਪਵਿੱਤਰ ਸਥਾਨ ਦੇ ਸ਼ਕਲ ਅਨੁਸਾਰ ਅਤੇ ਜ਼ੈਤੂਨ ਦਾ ਤੇਲ ਇੱਕ ਹੀਨ25ਅਤੇ ਤੂੰ ਉਹ ਨੂੰ ਮਲਣ ਦਾ ਪਵਿੱਤਰ ਤੇਲ ਗਾਂਧੀ ਦੀ ਕਾਰੀਗਰੀ ਦਾ ਮਿਲੀਆਂ ਹੋਈਆਂ ਸੁਗੰਧਾਂ ਨਾਲ ਬਣਾਈਂ । ਉਹ ਇੱਕ ਮਲਣ ਦਾ ਪਵਿੱਤਰ ਤੇਲ ਹੋਵੇ ।
26ਤੂੰ ਉਸ ਨਾਲ ਮੰਡਲੀ ਦੇ ਤੰਬੂ ਨੂੰ ਅਤੇ ਸਾਖ਼ੀ ਦੇ ਸੰਦੂਕ ਨੂੰ ਮਲੀਂ ।27ਨਾਲੇ ਮੇਜ ਨੂੰ ਅਤੇ ਉਸ ਦੇ ਸਾਰੇ ਸਮਾਨ ਨੂੰ ਅਤੇ ਸ਼ਮਾਦਾਨ ਨੂੰ ਅਤੇ ਉਸ ਦੇ ਸਾਰੇ ਸਮਾਨ ਨੂੰ ਅਤੇ ਧੂਪ ਦੀ ਜਗਵੇਦੀ ਨੂੰ28ਅਤੇ ਹੋਮ ਦੀ ਬਲੀ ਦੀ ਜਗਵੇਦੀ ਨੂੰ ਅਤੇ ਉਸ ਦੇ ਸਾਰੇ ਸਮਾਨ ਨੂੰ ਅਤੇ ਹੌਦ ਅਤੇ ਉਸ ਦੀ ਚੌਕੀ ਨੂੰ ।
29ਤੂੰ ਉਨ੍ਹਾਂ ਨੂੰ ਪਵਿੱਤਰ ਕਰੀਂ ਕਿ ਉਹ ਬਹੁਤ ਪਵਿੱਤਰ ਹੋਣ ਅਤੇ ਜੋ ਕੁੱਝ ਉਨ੍ਹਾਂ ਨੂੰ ਲੱਗੇ ਪਵਿੱਤਰ ਹੋਵੇਗਾ ।30ਤਾਂ ਤੂੰ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਮਸਹ ਕਰ ਕੇ ਪਵਿੱਤਰ ਕਰੀਂ ਤਾਂ ਜੋ ਉਹ ਮੇਰੀ ਜਾਜਕਾਈ ਦੀ ਉਪਾਸਨਾ ਕਰਨ ।31ਅਤੇ ਤੂੰ ਇਸਰਾਏਲੀਆਂ ਨੂੰ ਬੋਲੀਂ ਕਿ ਇਹ ਮਲਣ ਦਾ ਪਵਿੱਤਰ ਤੇਲ ਮੇਰੇ ਲਈ ਤੁਹਾਡੀਆਂ ਪੀੜ੍ਹੀਆਂ ਤੱਕ ਹੋਵੇ ।
32ਇਹ ਆਦਮੀ ਦੇ ਪਿੰਡੇ ਉੱਤੇ ਨਹੀਂ ਲਾਈਦਾ ਅਤੇ ਉਸ ਦੀ ਸਮੱਗਰੀ ਤੋਂ ਹੋਰ ਕਿਸੇ ਪ੍ਰਕਾਰ ਦਾ ਤੇਲ ਤੁਸੀਂ ਨਾ ਬਣਾਇਓ । ਇਹ ਪਵਿੱਤਰ ਹੈ ਅਤੇ ਤੁਹਾਡੇ ਲਈ ਪਵਿੱਤਰ ਰਹੇ ।33ਜਿਹੜਾ ਮਨੁੱਖ ਉਸ ਵਰਗੀ ਮਿਲਾਵਟ ਕਰੇ ਅਤੇ ਉਸ ਵਿੱਚੋਂ ਕਿਸੇ ਓਪਰੇ ਉੱਤੇ ਚੋਵੇ ਉਹ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ ।
ਖੁਸ਼ਬੂ ਵਾਲਾ ਪਵਿੱਤਰ ਤਰਲ

34ਯਹੋਵਾਹ ਨੇ ਮੂਸਾ ਨੂੰ ਆਖਿਆ, ਤੂੰ ਆਪਣੇ ਲਈ ਮੁਰ ਵਾਲਾ ਮਸਾਲਾ ਲਈਂ ਅਰਥਾਤ ਮੁਰ ਮਸਤਕੀ ਅਤੇ ਲੌਨ ਅਤੇ ਖ਼ਾਲਸ ਲੋਬਾਨ - ਇਹ ਇੱਕੋ ਵਜਨ ਦੇ ਹੋਣ ।35ਤੂੰ ਉਹ ਨੂੰ ਸੁਗੰਧ ਵਾਲੀ ਧੂਪ ਗਾਂਧੀ ਦੀ ਕਾਰੀਗਰੀ ਦੀ ਬਣਾਈਂ । ਸਲੂਣੀ ਨਿਰੋਲ ਅਤੇ ਪਵਿੱਤਰ ਹੋਵੇ ।36ਤੂੰ ਉਸ ਵਿੱਚੋਂ ਕੁੱਝ ਬਹੁਤ ਮਹੀਨ ਪੀਹ ਕੇ ਉਹ ਨੂੰ ਸਾਖ਼ੀ ਦੇ ਸੰਦੂਕ ਅੱਗੇ ਮੰਡਲੀ ਦੇ ਤੰਬੂ ਵਿੱਚ ਰੱਖੀਂ ਜਿੱਥੇ ਮੈਂ ਤੈਨੂੰ ਮਿਲਾਂਗਾ । ਇਹ ਤੁਹਾਡੇ ਲਈ ਬਹੁਤ ਪਵਿੱਤਰ ਹੋਵੇ ।
37ਜਿਹੜੀ ਧੂਪ ਨੂੰ ਬਣਾਵੇਂਗਾ ਉਸ ਦੀ ਸਮੱਗਰੀ ਤੋਂ ਹੋਰ ਧੂਪ ਆਪਣੇ ਲਈ ਨਾ ਬਣਾਇਓ, ਉਹ ਤੇਰੀ ਵੱਲੋਂ ਯਹੋਵਾਹ ਲਈ ਪਵਿੱਤਰ ਹੋਵੇ ।38ਜਿਹੜਾ ਮਨੁੱਖ ਉਸ ਵਾਂਗੂੰ ਸੁੰਘਣ ਲਈ ਬਣਾਵੇ ਉਹ ਆਪਣਿਆਂ ਲੋਕਾਂ ਵਿੱਚੋਂ ਨਾਸ ਕੀਤਾ ਜਾਵੇ ।

31
ਡੇਰੇ ਦੇ ਲਈ ਕਾਰੀਗਰ
(ਕੂਚ 35:30 - 36:1)

1ਯਹੋਵਾਹ ਨੇ ਮੂਸਾ ਨੂੰ ਆਖਿਆ ਕਿ2ਵੇਖ ਮੈਂ ਬਸਲਏਲ ਨੂੰ ਜਿਹੜਾ ਊਰੀ ਦਾ ਪੁੱਤਰ ਅਤੇ ਹੂਰ ਦਾ ਪੋਤਾ ਅਤੇ ਯਹੂਦਾਹ ਦੀ ਗੋਤ ਦਾ ਹੈ ਨਾਮ ਲੈ ਕੇ ਸੱਦਿਆ ਹੈ ।

3ਮੈਂ ਉਹ ਨੂੰ ਪਰਮੇਸ਼ੁਰ ਦੇ ਆਤਮਾ ਤੋਂ ਬੁੱਧ ਸਮਝ ਵਿੱਦਿਆ ਅਤੇ ਸਾਰੀ ਕਾਰੀਗਰੀ ਨਾਲ ਭਰਪੂਰ ਕੀਤਾ ਹੈ4ਕਿ ਉਹ ਚਤਰਾਈ ਦੇ ਕੰਮ ਦੀ ਵਿਚਾਰ ਕਰੇ ਅਤੇ ਸੋਨੇ ਚਾਂਦੀ ਅਤੇ ਪਿੱਤਲ ਦਾ ਕੰਮ ਕਰੇ5ਨਾਲੇ ਜੋੜਨ ਲਈ ਪੱਥਰਾਂ ਦੀ ਉੱਕਰਾਈ ਅਤੇ ਲੱਕੜੀ ਦੀ ਉੱਕਰਾਈ ਕਰੇ ਅਤੇ ਸਾਰੀ ਕਾਰੀਗਰੀ ਨਾਲ ਕਰੇ ।
6ਅਤੇ ਵੇਖ ਮੈਂ ਉਹ ਦੇ ਨਾਲ ਅਹੀਸਾਮਾਕ ਦੇ ਪੁੱਤਰ ਆਹਾਲੀਆਬ ਨੂੰ ਜਿਹੜਾ ਦਾਨ ਦੇ ਗੋਤ ਦਾ ਹੈ ਥਾਪਿਆ ਅਤੇ ਸਾਰੇ ਸਿਆਣਿਆਂ ਦੇ ਹਿਰਦਿਆਂ ਵਿੱਚ ਬੁੱਧ ਪਾ ਦਿੱਤੀ ਤਾਂ ਜੋ ਉਹ ਜੋ ਕੁੱਝ ਮੈਂ ਤੈਨੂੰ ਹੁਕਮ ਦਿੱਤਾ ਬਣਾਉਣ,7ਅਰਥਾਤ ਮੰਡਲੀ ਦਾ ਤੰਬੂ ਅਤੇ ਸਾਖ਼ੀ ਦਾ ਸੰਦੂਕ ਅਤੇ ਪ੍ਰਾਸਚਿਤ ਦਾ ਸਰਪੋਸ਼ ਜਿਹੜਾ ਉਹ ਦੇ ਉੱਤੇ ਹੈ ਅਤੇ ਤੰਬੂ ਦਾ ਸਾਰਾ ਸਮਾਨ8ਨਾਲੇ ਮੇਜ਼ ਅਤੇ ਉਸ ਦਾ ਸਮਾਨ ਅਤੇ ਖ਼ਾਲਸ ਸ਼ਮਾਦਾਨ ਅਤੇ ਉਸ ਦਾ ਸਾਰਾ ਸਮਾਨ ਅਤੇ ਧੂਪ ਦੀ ਜਗਵੇਦੀ9ਅਤੇ ਹੋਮ ਦੀ ਭੇਟ ਦੀ ਜਗਵੇਦੀ ਅਤੇ ਉਸ ਦਾ ਸਾਰਾ ਸਮਾਨ ਅਤੇ ਹੌਦ ਅਤੇ ਉਸ ਦੀ ਚੌਂਕੀ
10ਅਤੇ ਮਹੀਨ ਉਣੇ ਹੋਏ ਬਸਤਰ ਅਤੇ ਹਾਰੂਨ ਜਾਜਕ ਦੇ ਪਵਿੱਤਰ ਬਸਤਰ ਅਤੇ ਉਸ ਦੇ ਪੁੱਤਰਾਂ ਦੇ ਬਸਤਰ ਜਦ ਉਹ ਜਾਜਕਾਈ ਦੀ ਉਪਾਸਨਾ ਕਰਨ11ਅਤੇ ਮਸਹ ਕਰਨ ਦਾ ਤੇਲ ਅਤੇ ਸੁਗੰਧ ਵਾਲੀ ਧੂਪ ਪਵਿੱਤਰ ਸਥਾਨ ਲਈ ਜੋ ਕੁੱਝ ਮੈਂ ਤੈਨੂੰ ਹੁਕਮ ਦਿੱਤਾ ਉਸ ਦੇ ਅਨੁਸਾਰ ਉਹ ਕਰਨ ।
ਸਬਤ ਦਾ ਦਿਨ

12ਫਿਰ ਯਹੋਵਾਹ ਨੇ ਮੂਸਾ ਨੂੰ ਆਖਿਆ ਕਿ13ਤੂੰ ਇਸਰਾਏਲੀਆਂ ਨੂੰ ਬੋਲ ਕਿ ਮੇਰੇ ਸਬਤਾਂ ਦੀ ਜ਼ਰੂਰ ਮਨੌਤ ਕਰਿਓ ਕਿਉਂ ਜੋ ਉਹ ਮੇਰੇ ਵਿੱਚ ਅਤੇ ਤੁਹਾਡੇ ਵਿੱਚ ਤੁਹਾਡੀਆਂ ਪੀੜ੍ਹੀਆਂ ਤੱਕ ਇੱਕ ਨਿਸ਼ਾਨ ਹੈ ਕਿ ਤੁਸੀਂ ਜਾਣੋ ਕਿ ਮੈਂ ਯਹੋਵਾਹ ਤੁਹਾਡਾ ਪਵਿੱਤਰ ਕਰਨ ਵਾਲਾ ਹਾਂ ।14ਅਤੇ ਤੁਸੀਂ ਸਬਤ ਦੀ ਮਨੌਤ ਕਰਿਓ ਕਿਉਂ ਜੋ ਉਹ ਤੁਹਾਡੇ ਲਈ ਪਵਿੱਤਰ ਹੈ । ਜਿਹੜਾ ਉਹ ਨੂੰ ਭਰਿਸ਼ਟ ਕਰੇ ਉਹ ਜ਼ਰੂਰ ਮਾਰਿਆ ਜਾਵੇ ਕਿਉਂਕਿ ਜੇ ਕੋਈ ਉਸ ਵਿੱਚ ਕੰਮ ਕਰੇ ਉਹ ਪ੍ਰਾਣੀ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ ।15ਛੇ ਦਿਨ ਕੰਮ ਕੀਤਾ ਜਾਵੇ ਪਰ ਸੱਤਵਾਂ ਦਿਨ ਵਿਸ਼ਰਾਮ ਦਾ ਸਬਤ ਯਹੋਵਾਹ ਲਈ ਪਵਿੱਤਰ ਹੈ । ਜੋ ਕੋਈ ਸਬਤ ਦੇ ਦਿਨ ਵਿੱਚ ਕੰਮ ਕਰੇ ਉਹ ਜ਼ਰੂਰ ਮਾਰਿਆ ਜਾਵੇ ।
16ਉਪਰੰਤ ਇਸਰਾਏਲੀ ਸਬਤ ਦੀ ਮਨੌਤ ਕਰਨ ਅਤੇ ਆਪਣੀਆਂ ਪੀੜ੍ਹੀਆਂ ਤੱਕ ਇੱਕ ਵਿਸ਼ਰਾਮ ਦਾ ਦਿਨ ਕਰ ਕੇ ਮੰਨਣ ਕਿਉਂ ਜੋ ਉਹ ਸਦਾ ਲਈ ਇੱਕ ਨੇਮ ਹੈ ।17ਉਹ ਮੇਰੇ ਵਿੱਚ ਅਤੇ ਇਸਰਾਏਲੀਆਂ ਵਿੱਚ ਸਦਾ ਲਈ ਇੱਕ ਨਿਸ਼ਾਨ ਹੈ ਕਿਉਂਕਿ ਛੇ ਦਿਨਾਂ ਵਿੱਚ ਯਹੋਵਾਹ ਨੇ ਅਕਾਸ਼ ਅਤੇ ਧਰਤੀ ਨੂੰ ਬਣਾਇਆ ਅਤੇ ਸੱਤਵੇਂ ਦਿਨ ਵਿਸ਼ਰਾਮ ਕੀਤਾ ਅਤੇ ਸ਼ਾਂਤ ਪਾਈ ।
18ਫੇਰ ਉਸ ਨੇ ਮੂਸਾ ਨੂੰ ਜਦ ਉਸ ਨਾਲ ਗੱਲਾਂ ਕਰ ਚੁੱਕਿਆ ਸੀਨਈ ਪਹਾੜ ਉੱਤੇ ਸਾਖ਼ੀ ਦੀਆਂ ਦੋਵੇਂ ਫੱਟੀਆਂ ਅਰਥਾਤ ਪੱਥਰ ਦੀਆਂ ਫੱਟੀਆਂ ਪਰਮੇਸ਼ੁਰ ਦੀ ਉਂਗਲੀ ਨਾਲ ਲਿਖੀਆਂ ਹੋਈਆਂ ਦਿੱਤੀਆਂ ।

32
ਸੋਨੇ ਦਾ ਵੱਛਾ
(ਬਿਵਸਥਾ 9:6-29)

1ਜਦ ਲੋਕਾਂ ਨੇ ਵੇਖਿਆ ਕਿ ਮੂਸਾ ਨੇ ਪਹਾੜ ਤੋਂ ਉਤਰਨ ਵਿੱਚ ਚਿਰ ਲਾ ਦਿੱਤਾ ਹੈ ਤਾਂ ਲੋਕਾਂ ਨੇ ਹਾਰੂਨ ਕੋਲ ਇਕੱਠੇ ਹੋ ਕੇ ਉਹ ਨੂੰ ਆਖਿਆ, ਉੱਠ ਅਤੇ ਸਾਡੇ ਲਈ ਦੇਵਤੇ ਬਣਾ ਜਿਹੜੇ ਸਾਡੇ ਅੱਗੇ ਚੱਲਣ ਕਿਉਂ ਜੋ ਇਹ ਮਰਦ ਮੂਸਾ ਜਿਹੜਾ ਸਾਨੂੰ ਮਿਸਰ ਦੇਸ ਤੋਂ ਉਤਾਹਾਂ ਲੈ ਆਇਆ ਹੈ ਅਸੀਂ ਨਹੀਂ ਜਾਣਦੇ ਉਹ ਨੂੰ ਕੀ ਹੋ ਗਿਆ ਹੈ ।2ਤਾਂ ਹਾਰੂਨ ਨੇ ਉਨ੍ਹਾਂ ਨੂੰ ਆਖਿਆ, ਆਪਣੀਆਂ ਔਰਤਾਂ ਅਤੇ ਆਪਣੇ ਪੁੱਤਰਾਂ ਅਤੇ ਆਪਣੀਆਂ ਧੀਆਂ ਦੇ ਕੰਨਾਂ ਦੇ ਸੋਨੇ ਦੇ ਬਾਲੇ ਤੋੜ ਤਾੜ ਕੇ ਮੇਰੇ ਕੋਲ ਲੈ ਆਓ ।

3ਸੋ ਸਾਰੇ ਲੋਕ ਸੋਨੇ ਦੇ ਬਾਲੇ ਜੋ ਉਨ੍ਹਾਂ ਦੇ ਕੰਨਾਂ ਵਿੱਚ ਸਨ ਤੋੜ ਤਾੜ ਕੇ ਹਾਰੂਨ ਦੇ ਕੋਲ ਲੈ ਆਏ4ਤਾਂ ਉਸ ਨੇ ਉਹ ਉਨ੍ਹਾਂ ਦੇ ਹੱਥੋਂ ਲੈ ਲਏ ਅਤੇ ਉਨ੍ਹਾਂ ਨੂੰ ਢਾਲ਼ ਕੇ ਇੱਕ ਉੱਕਰਨ ਵਾਲੇ ਸੰਦ ਨਾਲ ਘੜ ਕੇ ਉਹ ਦਾ ਇੱਕ ਵੱਛਾ ਬਣਾਇਆ ਤਾਂ ਉਨ੍ਹਾਂ ਨੇ ਆਖਿਆ, ਹੇ ਇਸਰਾਏਲ ਇਹ ਹੈ ਤੇਰਾ ਦੇਵਤਾ ਜਿਹੜਾ ਤੈਨੂੰ ਮਿਸਰ ਦੇਸ ਤੋਂ ਉਤਾਹਾਂ ਲੈ ਆਇਆ ।
5ਜਦ ਹਾਰੂਨ ਨੇ ਇਹ ਡਿੱਠਾ ਤਾਂ ਉਸ ਦੇ ਅੱਗੇ ਇੱਕ ਜਗਵੇਦੀ ਬਣਾਈ ਤਾਂ ਹਾਰੂਨ ਨੇ ਪੁਕਾਰ ਕੇ ਆਖਿਆ, ਕੱਲ ਯਹੋਵਾਹ ਦਾ ਪਰਬ ਹੈ6ਤਾਂ ਉਹ ਅਗਲੇ ਦਿਨ ਸਵੇਰ ਨੂੰ ਉੱਠੇ ਅਤੇ ਹੋਮ ਦੀਆਂ ਬਲੀਆਂ ਚੜ੍ਹਾਈਆਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਲਿਆਏ ਤਾਂ ਲੋਕ ਖਾ ਪੀ ਕੇ ਬੈਠੇ ਅਤੇ ਹੱਸਣ ਖੇਲਣ ਨੂੰ ਉੱਠੇ ।
7ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, ਹੇਠਾਂ ਨੂੰ ਜਾਹ ਕਿਉਂਕਿ ਤੇਰੇ ਲੋਕ ਜਿਨ੍ਹਾਂ ਨੂੰ ਤੂੰ ਮਿਸਰ ਦੇਸ ਤੋਂ ਉਤਾਹਾਂ ਲਿਆਇਆ ਹੈਂ ਭਰਿਸ਼ਟ ਹੋ ਗਏ ਹਨ ।8ਉਹ ਉਸ ਰਾਹ ਤੋਂ ਛੇਤੀ ਨਾਲ ਫਿਰ ਗਏ ਹਨ ਜਿਹ ਦਾ ਮੈਂ ਉਨ੍ਹਾਂ ਨੂੰ ਹੁਕਮ ਦਿੱਤਾ ਸੀ ਅਤੇ ਉਨ੍ਹਾਂ ਦੇ ਢਾਲ਼ ਕੇ ਆਪਣੇ ਲਈ ਇੱਕ ਵੱਛਾ ਬਣਾਇਆ ਅਤੇ ਉਹ ਦੇ ਅੱਗੇ ਮੱਥਾ ਟੇਕਿਆ ਅਤੇ ਉਹ ਦੇ ਅੱਗੇ ਭੇਟ ਚੜ੍ਹਾ ਦੇ ਉਨ੍ਹਾਂ ਆਖਿਆ, ਹੇ ਇਸਰਾਏਲ ਇਹ ਹੈ ਤੇਰਾ ਦੇਵਤਾ ਜਿਹੜਾ ਤੈਨੂੰ ਮਿਸਰ ਦੇਸ ਤੋਂ ਉਤਾਹਾਂ ਲੈ ਆਇਆ ।
9ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, ਮੈਂ ਇਨ੍ਹਾਂ ਲੋਕਾਂ ਨੂੰ ਡਿੱਠਾ ਹੈ, ਵੇਖ ਇਹ ਲੋਕ ਹਠੀ ਹਨ ।10ਹੁਣ ਤੂੰ ਮੈਨੂੰ ਇਕੱਲਾ ਹੋਣ ਦੇ ਤਾਂ ਜੋ ਮੇਰਾ ਕ੍ਰੋਧ ਉਨ੍ਹਾਂ ਦੇ ਵਿਰੁੱਧ ਭੜਕੇ ਅਤੇ ਮੈਂ ਉਨ੍ਹਾਂ ਨੂੰ ਭਸਮ ਕਰ ਸੁੱਟਾਂ ਅਤੇ ਮੈਂ ਤੇਰੇ ਕੋਲੋਂ ਇੱਕ ਵੱਡੀ ਕੌਮ ਬਣਾਵਾਂਗਾ ।11ਤਾਂ ਮੂਸਾ ਨੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਤਰਲੇ ਪਾ ਕੇ ਆਖਿਆ, ਹੇ ਯਹੋਵਾਹ ਤੇਰਾ ਕ੍ਰੋਧ ਤੇਰੇ ਲੋਕਾਂ ਦੇ ਵਿਰੁੱਧ ਕਿਉਂ ਭੜਕਿਆ ਹੈ ਜਿਨ੍ਹਾਂ ਨੂੰ ਤੂੰ ਮਿਸਰ ਦੇਸ ਤੋਂ ਵੱਡੀ ਸ਼ਕਤੀ ਅਤੇ ਬਲਵੰਤ ਹੱਥ ਨਾਲ ਕੱਢ ਕੇ ਲੈ ਆਇਆ ਹੈਂ ।
12ਮਿਸਰੀ ਕਿਉਂ ਆਖਣ ਕਿ ਉਹ ਉਨ੍ਹਾਂ ਨੂੰ ਬੁਰਿਆਈ ਲਈ ਲੈ ਗਿਆ, ਤਾਂ ਜੋ ਉਨ੍ਹਾਂ ਨੂੰ ਪਹਾੜਾਂ ਵਿੱਚ ਮਾਰ ਸੁੱਟੇ ਅਤੇ ਉਨ੍ਹਾਂ ਨੂੰ ਧਰਤੀ ਉੱਤੋਂ ਮੁਕਾ ਦੇਵੇ ? ਤੂੰ ਆਪਣੇ ਕ੍ਰੋਧ ਦੇ ਭੜਕਣ ਨੂੰ ਮੋੜ ਲੈ ਅਤੇ ਆਪਣੇ ਲੋਕਾਂ ਉੱਤੇ ਬੁਰਿਆਈ ਲਿਆਉਣ ਤੋਂ ਹਟ ਜਾ ।13ਤੂੰ ਆਪਣੇ ਸੇਵਕ ਅਬਰਾਹਾਮ, ਇਸਹਾਕ ਅਤੇ ਇਸਰਾਏਲ ਨੂੰ ਚੇਤੇ ਕਰ ਜਿਨ੍ਹਾਂ ਨਾਲ ਤੂੰ ਆਪਣੀ ਹੀ ਸਹੁੰ ਖਾ ਕੇ ਆਖਿਆ ਸੀ ਕਿ ਮੈਂ ਤੁਹਾਡੀ ਸੰਤਾਨ ਅਕਾਸ਼ ਦੇ ਤਾਰਿਆਂ ਵਾਂਗੂੰ ਵਧਾਵਾਂਗਾ ਅਤੇ ਇਹ ਸਾਰਾ ਦੇਸ ਜਿਸ ਦੇ ਲਈ ਮੈਂ ਆਖਿਆ ਹੈ ਮੈਂ ਉਹ ਤੁਹਾਡੀ ਸੰਤਾਨ ਨੂੰ ਦੇਵਾਂਗਾ ਅਤੇ ਉਹ ਸਦਾ ਲਈ ਉਹ ਦੇ ਅਧਿਕਾਰੀ ਹੋਣਗੇ ।14ਤਾਂ ਯਹੋਵਾਹ ਉਸ ਬੁਰਿਆਈ ਤੋਂ ਹਟ ਗਿਆ ਜਿਹੜੀ ਆਪਣੇ ਲੋਕਾਂ ਨਾਲ ਕਰਨ ਲਈ ਬੋਲਿਆ ਸੀ ।
15ਤਾਂ ਮੂਸਾ ਮੁੜ ਕੇ ਪਹਾੜ ਤੋਂ ਹੇਠਾਂ ਨੂੰ ਆਇਆ ਅਤੇ ਸਾਖ਼ੀ ਦੀਆਂ ਦੋ ਫੱਟੀਆਂ ਉਸ ਦੇ ਹੱਥ ਵਿੱਚ ਸਨ । ਉਹ ਫੱਟੀਆਂ ਦੋਹਾਂ ਪਾਸਿਆਂ ਤੋਂ ਲਿਖੀਆਂ ਹੋਈਆਂ ਸਨ ਇੱਕ ਪਾਸਿਓਂ ਅਤੇ ਦੂਜੇ ਪਾਸਿਓਂ ਵੀ ਲਿਖੀਆਂ ਹੋਈਆਂ ਸਨ16ਅਤੇ ਫੱਟੀਆਂ ਪਰਮੇਸ਼ੁਰ ਦਾ ਕੰਮ ਸੀ ਅਤੇ ਉਨ੍ਹਾਂ ਦੀ ਲਿਖਤ ਪਰਮੇਸ਼ੁਰ ਦੀ ਲਿਖਤ ਸੀ ਜਿਹੜੀ ਫੱਟੀਆਂ ਉੱਤੇ ਉੱਕਰੀ ਹੋਈ ਸੀ ।
17ਤਾਂ ਯਹੋਸ਼ੁਆ ਨੇ ਲੋਕਾਂ ਦੀ ਅਵਾਜ਼ ਸੁਣੀ ਜਿਹੜੇ ਡੰਡ ਪਾਉਂਦੇ ਸਨ ਤਾਂ ਉਸ ਨੇ ਮੂਸਾ ਨੂੰ ਆਖਿਆ, ਡੇਰੇ ਵਿੱਚ ਲੜਾਈ ਦੀ ਅਵਾਜ਼ ਹੈ ।18ਤਾਂ ਉਸ ਆਖਿਆ, ਇਹ ਰੌਲ਼ਾ ਨਾ ਤਾਂ ਫਤਹ ਪਾਉਣ ਵਾਲਿਆਂ ਦਾ ਹੈ ਅਤੇ ਨਾ ਇਹ ਰੌਲ਼ਾ ਹਾਰਨ ਵਾਲਿਆਂ ਦਾ ਹੈ ਪਰ ਮੈਂ ਗਾਉਣ ਵਾਲਿਆਂ ਦੀ ਅਵਾਜ਼ ਸੁਣਦਾ ਹਾਂ ।
19ਤਾਂ ਇਸ ਤਰ੍ਹਾਂ ਹੋਇਆ ਜਦੋਂ ਉਹ ਡੇਰੇ ਦੇ ਨੇੜੇ ਆਇਆ ਤਾਂ ਉਸ ਨੇ ਵੱਛੇ ਅਤੇ ਨੱਚਣ ਨੂੰ ਵੇਖਿਆ ਤਾਂ ਮੂਸਾ ਦਾ ਕ੍ਰੋਧ ਬਹੁਤ ਭੜਕ ਉੱਠਿਆ ਅਤੇ ਉਸ ਨੇ ਫੱਟੀਆਂ ਆਪਣੇ ਹੱਥਾਂ ਤੋਂ ਸੁੱਟ ਦਿੱਤੀਆਂ ਪਹਾੜ ਦੇ ਹੇਠ ਉਨ੍ਹਾਂ ਨੂੰ ਭੰਨ ਸੁੱਟਿਆ20ਅਤੇ ਉਸ ਵੱਛੇ ਨੂੰ ਜਿਹੜਾ ਉਨ੍ਹਾਂ ਨੇ ਬਣਾਇਆ ਸੀ ਲੈ ਕੇ ਅੱਗ ਵਿੱਚ ਸਾੜ ਸੁੱਟਿਆ ਅਤੇ ਪੀਹ ਕੇ ਉਸ ਦਾ ਪੀਪਾ ਕਰ ਦਿੱਤਾ ਅਤੇ ਪਾਣੀ ਉੱਤੇ ਖਿਲਾਰ ਦਿੱਤਾ ਅਤੇ ਇਸਰਾਏਲੀਆਂ ਨੂੰ ਪਿਲਾ ਛੱਡਿਆ ।
21ਤਾਂ ਮੂਸਾ ਨੇ ਹਾਰੂਨ ਨੂੰ ਆਖਿਆ, ਤੈਨੂੰ ਇਨ੍ਹਾਂ ਲੋਕਾਂ ਨੇ ਕੀ ਕਰ ਦਿੱਤਾ ਜੋ ਤੂੰ ਉਨ੍ਹਾਂ ਉੱਤੇ ਵੱਡਾ ਪਾਪ ਲਿਆਇਆ ?22ਅੱਗੋਂ ਹਾਰੂਨ ਨੇ ਆਖਿਆ, ਮੇਰੇ ਸਵਾਮੀ ਦਾ ਕ੍ਰੋਧ ਨਾ ਭੜਕੇ । ਤੂੰ ਲੋਕਾਂ ਨੂੰ ਜਾਣਦਾ ਹੈਂ ਕਿ ਉਹ ਬੁਰਿਆਈ ਉੱਤੇ ਤਿਆਰ ਹਨ23ਕਿਉਂ ਜੋ ਉਨ੍ਹਾਂ ਨੇ ਮੈਨੂੰ ਆਖਿਆ, ਸਾਡੇ ਲਈ ਦੇਵਤੇ ਬਣਾ ਜਿਹੜੇ ਸਾਡੇ ਅੱਗੇ ਚੱਲਣ ਕਿਉਂ ਜੋ ਇਹ ਮਰਦ ਮੂਸਾ ਜਿਹੜਾ ਸਾਨੂੰ ਮਿਸਰ ਦੇਸ ਤੋਂ ਉਤਾਹਾਂ ਲੈ ਆਇਆ ਅਸੀਂ ਨਹੀਂ ਜਾਣਦੇ ਕਿ ਉਹ ਨੂੰ ਕੀ ਹੋਇਆ ।24ਤਾਂ ਮੈਂ ਉਨ੍ਹਾਂ ਨੂੰ ਆਖਿਆ, ਜਿਨ੍ਹਾਂ ਕੋਲ ਸੋਨਾ ਹੈ ਉਹ ਭੰਨਣ ਤੋੜਨ ਤਾਂ ਉਨ੍ਹਾਂ ਨੇ ਮੈਨੂੰ ਦਿੱਤਾ ਅਤੇ ਮੈਂ ਉਸ ਨੂੰ ਅੱਗ ਵਿੱਚ ਸੁੱਟ ਦਿੱਤਾ ਅਤੇ ਇਹ ਵੱਛਾ ਨਿੱਕਲ ਆਇਆ ।
25ਤਦ ਮੂਸਾ ਨੇ ਲੋਕਾਂ ਨੂੰ ਵੇਖਿਆ ਕਿ ਉਹ ਬੇ-ਲਗ਼ਾਮ ਹਨ ਕਿਉਂ ਜੋ ਹਾਰੂਨ ਨੇ ਉਨ੍ਹਾਂ ਦੇ ਵੈਰੀਆਂ ਦੇ ਸਾਹਮਣੇ ਉਨ੍ਹਾਂ ਦਾ ਮਖ਼ੌਲ ਉਡਾਉਣ ਲਈ ਉਨ੍ਹਾਂ ਨੂੰ ਬੇ-ਲਗ਼ਾਮ ਕੀਤਾ ।26ਮੂਸਾ ਨੇ ਡੇਰੇ ਦੇ ਫਾਟਕ ਕੋਲ ਖੜੇ ਹੋ ਕੇ ਆਖਿਆ, ਜਿਹੜਾ ਯਹੋਵਾਹ ਦੇ ਪਾਸੇ ਵੱਲ ਹੈ ਉਹ ਮੇਰੇ ਕੋਲ ਆਵੇ ਤਾਂ ਸਾਰੇ ਲੇਵੀਆਂ ਨੇ ਆਪਣੇ ਆਪ ਨੂੰ ਉਸ ਦੇ ਕੋਲ ਇਕੱਠਾ ਕਰ ਲਿਆ ।27ਉਸ ਨੇ ਉਨ੍ਹਾਂ ਨੂੰ ਆਖਿਆ, ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਕਿ ਸਭ ਮਨੁੱਖ ਆਪਣੀਆਂ ਤੇਗਾਂ ਲੱਕ ਨਾਲ ਬੰਨ੍ਹ ਕੇ ਡੇਰੇ ਦੇ ਵਿੱਚ ਦੀ ਫਾਟਕ ਤੋਂ ਫਾਟਕ ਤੱਕ ਆਉਂਦੇ ਜਾਂਦੇ ਆਪਣੇ ਭਰਾ ਆਪਣੇ ਸਾਥੀ ਅਤੇ ਆਪਣੇ ਗਵਾਂਢੀ ਨੂੰ ਵੱਢ ਸੁੱਟਣ ।
28ਤਾਂ ਲੇਵੀਆਂ ਨੇ ਮੂਸਾ ਦੇ ਬੋਲ ਅਨੁਸਾਰ ਕੀਤਾ ਅਤੇ ਉਸ ਦਿਨ ਲੋਕਾਂ ਵਿੱਚੋਂ ਤਿੰਨ ਹਜ਼ਾਰ ਮਨੁੱਖ ਡਿੱਗੇ ।29ਮੂਸਾ ਨੇ ਆਖਿਆ, ਅੱਜ ਤੁਸੀਂ ਆਪਣੇ ਆਪ ਨੂੰ ਯਹੋਵਾਹ ਲਈ ਅਰਪਣ ਕਰੋ । ਹਾਂ, ਹਰ ਇੱਕ ਮਨੁੱਖ ਆਪਣੇ ਪੁੱਤਰ ਅਤੇ ਆਪਣੇ ਭਰਾ ਦੇ ਵਿਰੁੱਧ ਹੋਵੇ ਤਾਂ ਜੋ ਉਹ ਅੱਜ ਤੁਹਾਨੂੰ ਬਰਕਤ ਦੇਵੇ ।
30ਅਗਲੇ ਦਿਨ ਇਸ ਤਰ੍ਹਾਂ ਹੋਇਆ ਕਿ ਮੂਸਾ ਨੇ ਲੋਕਾਂ ਨੂੰ ਆਖਿਆ, ਤੁਸੀਂ ਵੱਡਾ ਪਾਪ ਕੀਤਾ ਅਤੇ ਮੈਂ ਹੁਣ ਯਹੋਵਾਹ ਦੇ ਕੋਲ ਉਤਾਹਾਂ ਜਾਂਦਾ ਹਾਂ । ਸ਼ਾਇਦ ਮੈਂ ਤੁਹਾਡੇ ਪਾਪ ਦਾ ਪ੍ਰਾਸਚਿਤ ਕਰਾਂ ।31ਸੋ ਮੂਸਾ ਯਹੋਵਾਹ ਦੇ ਕੋਲ ਮੁੜ ਗਿਆ ਅਤੇ ਆਖਿਆ, ਹਾਏ ਇਨ੍ਹਾਂ ਲੋਕਾਂ ਨੇ ਵੱਡਾ ਪਾਪ ਕੀਤਾ ਜੋ ਆਪਣੇ ਲਈ ਸੋਨੇ ਦੇ ਦੇਵਤੇ ਬਣਾਏ32ਹੁਣ ਤੂੰ ਉਨ੍ਹਾਂ ਦਾ ਪਾਪ ਮਾਫ਼ ਕਰੀਂ ਅਤੇ ਜੇ ਨਹੀਂ ਤਾਂ ਆਪਣੀ ਪੋਥੀ ਵਿੱਚੋਂ ਜਿਹੜੀ ਤੂੰ ਲਿਖੀ ਹੈ ਮੈਨੂੰ ਮਿਟਾ ਸੁੱਟੀਂ ।
33ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, ਜਿਸ ਮੇਰਾ ਪਾਪ ਕੀਤਾ ਮੈਂ ਉਸ ਨੂੰ ਆਪਣੀ ਪੋਥੀ ਵਿੱਚੋਂ ਮਿਟਾ ਸੁੱਟਾਂਗਾ ।34ਹੁਣ ਜਾਹ ਲੋਕਾਂ ਨੂੰ ਉੱਥੇ ਲੈ ਜਾ ਜਿਹ ਦੇ ਲਈ ਮੈਂ ਤੈਨੂੰ ਬੋਲਿਆ ਸੀ ਅਤੇ ਵੇਖ ਮੇਰਾ ਦੂਤ ਤੇਰੇ ਅੱਗੇ ਤੁਰੇਗਾ ਪਰ ਮੈਂ ਆਪਣੇ ਬਦਲੇ ਦੇ ਦਿਨ ਉਨ੍ਹਾਂ ਦੇ ਪਾਪ ਦਾ ਬਦਲਾ ਉਨ੍ਹਾਂ ਤੋਂ ਲਵਾਂਗਾ ।35ਅਤੇ ਯਹੋਵਾਹ ਨੇ ਵੱਛਾ ਬਣਾਉਣ ਦੇ ਕਾਰਨ ਜਿਹ ਨੂੰ ਹਾਰੂਨ ਨੇ ਬਣਾਇਆ ਸੀ ਲੋਕਾਂ ਨੂੰ ਮਾਰਿਆ ।

33
ਸੀਨਈ ਪਰਬਤ ਤੋਂ ਚੱਲਣ ਦੀ ਆਗਿਆ

1ਯਹੋਵਾਹ ਮੂਸਾ ਨੂੰ ਬੋਲਿਆ, ਇੱਥੋਂ ਤੁਰ ਕੇ ਤੂੰ ਅਤੇ ਇਹ ਲੋਕ ਜਿਨ੍ਹਾਂ ਨੂੰ ਤੂੰ ਮਿਸਰ ਦੇਸ ਤੋਂ ਕੱਢ ਲਿਆਇਆ ਉਸ ਦੇਸ ਨੂੰ ਉਤਾਹਾਂ ਜਾਣ ਜਿਹ ਦੇ ਲਈ ਮੈਂ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਸਹੁੰ ਖਾਧੀ ਕਿ ਮੈਂ ਇਹ ਦੇਸ ਤੁਹਾਡੀ ਅੰਸ ਨੂੰ ਦੇਵਾਂਗਾ ।2ਅਤੇ ਮੈਂ ਤੇਰੇ ਅੱਗੇ ਇੱਕ ਦੂਤ ਭੇਜਾਂਗਾ ਅਤੇ ਮੈਂ ਕਨਾਨੀ, ਅਮੋਰੀ, ਹਿੱਤੀ, ਫ਼ਰਿੱਜੀ, ਹਿੱਵੀ ਅਤੇ ਯਬੂਸੀਆਂ ਨੂੰ ਧੱਕ ਦੇਵਾਂਗਾ ।3ਉਸ ਦੇਸ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਹੈ ਪਰ ਮੈਂ ਤੁਹਾਡੇ ਨਾਲ-ਨਾਲ ਉਤਾਹਾਂ ਨਾ ਜਾਂਵਾਂਗਾ ਕਿਉਂ ਜੋ ਤੁਸੀਂ ਹਾਠੇ ਲੋਕ ਹੀ ਮਤੇ ਮੈਂ ਤੁਹਾਨੂੰ ਰਾਹ ਵਿੱਚ ਭਸਮ ਕਰ ਦਿਆਂ ।

4ਜਦ ਲੋਕਾਂ ਨੇ ਇਹ ਬੁਰੀ ਗੱਲ ਸੁਣੀ ਤਾਂ ਉਨ੍ਹਾਂ ਨੇ ਵਿਰਲਾਪ ਕੀਤਾ ਅਤੇ ਕਿਸੇ ਮਨੁੱਖ ਨੇ ਆਪਣੇ ਗਹਿਣੇ ਨਾ ਪਾਏ ।5ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, ਤੂੰ ਇਸਰਾਏਲੀਆਂ ਨੂੰ ਆਖ ਕਿ ਤੁਸੀਂ ਢੀਠ ਲੋਕ ਹੋ । ਜੇ ਮੈਂ ਇੱਕ ਪਲ ਲਈ ਤੁਹਾਡੇ ਨਾਲ-ਨਾਲ ਉਤਾਹਾਂ ਜਾਂਵਾਂ ਤਾਂ ਮੈਂ ਤੁਹਾਨੂੰ ਭਸਮ ਕਰ ਦੇਵਾਂਗਾ ਪਰ ਹੁਣ ਆਪਣੇ ਗਹਿਣੇ ਆਪ ਤੋਂ ਲਾਹ ਸੁੱਟੋ ਤਾਂ ਜੋ ਮੈਂ ਜਾਣਾਂ ਕਿ ਤੁਹਾਡੇ ਨਾਲ ਕੀ ਕਰਾਂ ।6ਇਸਰਾਏਲੀਆਂ ਨੇ ਹੋਰੇਬ ਦੇ ਪਹਾੜ ਦੇ ਪਰੇ ਆਪਣੇ ਗਹਿਣੇ ਲਾਹ ਸੁੱਟੇ ।
ਮਿਲਾਪ ਦਾ ਤੰਬੂ

7ਮੂਸਾ ਇੱਕ ਤੰਬੂ ਲੈ ਕੇ ਡੇਰੇ ਤੋਂ ਬਾਹਰ ਅਤੇ ਦੂਰ ਲਾ ਲੈਂਦਾ ਸੀ ਅਤੇ ਉਸ ਨੂੰ ਮੰਡਲੀ ਦਾ ਤੰਬੂ ਆਖਿਆ ਤਾਂ ਇਸ ਤਰ੍ਹਾਂ ਹੋਇਆ ਕਿ ਜੋ ਕੋਈ ਯਹੋਵਾਹ ਨੂੰ ਭਾਲਦਾ ਸੀ ਸੋ ਮੰਡਲੀ ਦੇ ਤੰਬੂ ਨੂੰ ਡੇਰੇ ਤੋਂ ਬਾਹਰ ਜਾਂਦਾ ਸੀ ।8ਅਤੇ ਇਸ ਤਰ੍ਹਾਂ ਸੀ ਕਿ ਜਦ ਮੂਸਾ ਉਸ ਤੰਬੂ ਵਿੱਚ ਜਾਂਦਾ ਸੀ ਤਾਂ ਸਾਰੇ ਲੋਕ ਉੱਠ ਕੇ ਆਪੋ ਆਪਣੇ ਤੰਬੂ ਦੇ ਦਰਵਾਜ਼ੇ ਕੋਲ ਖੜੇ ਹੋ ਜਾਂਦੇ ਸਨ ਅਤੇ ਮੂਸਾ ਨੂੰ ਵੇਖਦੇ ਰਹਿੰਦੇ ਸਨ ਜਿੰਨਾ ਚਿਰ ਉਹ ਤੰਬੂ ਦੇ ਵਿੱਚ ਅੰਦਰ ਨਾ ਵੜ ਜਾਂਦਾ ।9ਅਤੇ ਇਸ ਤਰ੍ਹਾਂ ਸੀ ਕਿ ਜਾਂ ਮੂਸਾ ਤੰਬੂ ਦੇ ਵਿੱਚ ਵੜ ਜਾਂਦਾ ਸੀ ਤਾਂ ਬੱਦਲ ਦਾ ਥੰਮ੍ਹ ਉੱਤਰਦਾ ਸੀ ਅਤੇ ਤੰਬੂ ਦੇ ਦਰਵਾਜ਼ੇ ਉੱਤੇ ਖੜਾ ਹੋ ਜਾਂਦਾ ਸੀ ਤਾਂ ਯਹੋਵਾਹ ਮੂਸਾ ਨਾਲ ਗੱਲ ਕਰਦਾ ਸੀ ।
10ਜਦ ਸਾਰਿਆਂ ਲੋਕਾਂ ਨੇ ਬੱਦਲ ਦੇ ਥੰਮ੍ਹ ਨੂੰ ਤੰਬੂ ਦੇ ਦਰਵਾਜ਼ੇ ਉੱਤੇ ਖੜਾ ਵੇਖਿਆ ਤਾਂ ਸਾਰੇ ਲੋਕ ਉੱਠ ਖੜੇ ਹੋਏ ਅਤੇ ਆਪੋ ਆਪਣੇ ਤੰਬੂ ਦੇ ਦਰਵਾਜ਼ੇ ਵਿੱਚ ਮੱਥਾ ਟੇਕਿਆ ।11ਤਾਂ ਯਹੋਵਾਹ ਮੂਸਾ ਨਾਲ ਆਹਮੋ ਸਾਹਮਣੇ ਗੱਲਾਂ ਕਰਦਾ ਸੀ ਜਿਵੇਂ ਕੋਈ ਮਨੁੱਖ ਆਪਣੇ ਸੱਜਣ ਨਾਲ ਬੋਲਦਾ ਹੈ ਅਤੇ ਉਹ ਫੇਰ ਡੇਰੇ ਨੂੰ ਮੁੜ ਜਾਂਦਾ ਸੀ ਪਰ ਉਸ ਦਾ ਇੱਕ ਗਭਰੂ ਸੇਵਾਦਾਰ ਨੂਨ ਦਾ ਪੁੱਤਰ ਯਹੋਸ਼ੁਆ ਤੰਬੂ ਦੇ ਵਿੱਚੋਂ ਨਾ ਹਿੱਲਦਾ ਸੀ ।
ਪਰਮੇਸ਼ੁਰ ਦੀ ਹਜ਼ੂਰੀ ਦਾ ਬਚਨ

12ਫਿਰ ਮੂਸਾ ਨੇ ਯਹੋਵਾਹ ਨੂੰ ਆਖਿਆ, ਵੇਖ ਤੂੰ ਮੈਨੂੰ ਆਖਦਾ ਹੈਂ ਕਿ ਇਨ੍ਹਾਂ ਲੋਕਾਂ ਨੂੰ ਉਤਾਹਾਂ ਲੈ ਜਾ ਪਰ ਤੂੰ ਮੈਨੂੰ ਨਹੀਂ ਦੱਸਿਆ ਕਿਹ ਨੂੰ ਤੂੰ ਮੇਰੇ ਨਾਲ ਭੇਜੇਂਗਾ ਤਾਂ ਵੀ ਤੂੰ ਆਖਿਆ ਹੈ, ਮੈਂ ਤੈਨੂੰ ਨਾਮ ਤੋਂ ਜਾਣਦਾ ਹਾਂ ਅਤੇ ਮੇਰੀ ਕਿਰਪਾ ਦੀ ਨਿਗਾਹ ਤੇਰੇ ਉੱਤੇ ਹੈ ।13ਸੋ ਜੇ ਤੇਰੀ ਕਿਰਪਾ ਦੀ ਨਿਗਾਹ ਮੇਰੇ ਉੱਤੇ ਹੈਂ ਤਾਂ ਮੈਨੂੰ ਆਪਣਾ ਰਾਹ ਦੱਸ ਕਿ ਮੈਂ ਤੈਨੂੰ ਜਾਣਾਂ ਤਾਂ ਜੋ ਤੇਰੀ ਕਿਰਪਾ ਦੀ ਨਿਗਾਹ ਮੇਰੇ ਉੱਤੇ ਰਹੇ ਅਤੇ ਸਮਝ ਲੈ ਕਿ ਇਹ ਕੌਮ ਤੇਰੀ ਪਰਜਾ ਹੈ ।
14ਤਾਂ ਉਸ ਆਖਿਆ, ਮੇਰੀ ਹਜ਼ੂਰੀ ਤੇਰੇ ਨਾਲ ਜਾਵੇਗੀ ਅਤੇ ਮੈਂ ਤੈਨੂੰ ਵਿਸ਼ਰਾਮ ਦਿਆਂਗਾ ।15ਫੇਰ ਉਸ ਆਖਿਆ, ਜੇ ਤੇਰੀ ਹਜ਼ੂਰੀ ਸਾਡੇ ਨਾਲ ਨਹੀਂ ਜਾਂਦੀ ਤਾਂ ਸਾਨੂੰ ਇੱਥੋਂ ਉਤਾਹਾਂ ਨਾ ਲੈ ਜਾਵੀਂ ।16ਫੇਰ ਇਹ ਕਿਵੇਂ ਜਾਣਿਆ ਜਾਵੇਗਾ ਕਿ ਤੇਰੀ ਕਿਰਪਾ ਦੀ ਨਿਗਾਹ ਮੇਰੇ ਉੱਤੇ ਅਤੇ ਤੇਰੀ ਪਰਜਾ ਉੱਤੇ ਹੈ ? ਕੀ ਇਹ ਇਸ ਤਰ੍ਹਾਂ ਨਹੀਂ ਕਿ ਤੂੰ ਸਾਡੇ ਨਾਲ ਜਾਂਦਾ ਹੈਂ ਸੋ ਅਸੀਂ ਅਰਥਾਤ ਮੈਂ ਅਤੇ ਤੇਰੀ ਇਹ ਪਰਜਾ ਸਾਰਿਆਂ ਲੋਕਾਂ ਵਿੱਚੋਂ ਜਿਹੜੇ ਜ਼ਮੀਨ ਉੱਤੇ ਹਨ ਅਨੋਖੇ ਰੱਖੇ ਹੋਏ ਹਾਂ ?
17ਯਹੋਵਾਹ ਨੇ ਮੂਸਾ ਨੂੰ ਆਖਿਆ, ਜਿਹੜੀ ਗੱਲ ਤੂੰ ਕੀਤੀ ਹੈ ਮੈਂ ਇਹ ਵੀ ਕਰਾਂਗਾ ਕਿਉਂ ਜੋ ਮੇਰੀ ਕਿਰਪਾ ਦੀ ਨਿਗਾਹ ਤੇਰੇ ਉੱਤੇ ਹੈ ਅਤੇ ਮੈਂ ਤੈਨੂੰ ਨਾਮ ਤੋਂ ਜਾਣਦਾ ਹਾਂ ।18ਤਾਂ ਉਸ ਆਖਿਆ, ਮੈਨੂੰ ਆਪਣਾ ਤੇਜ ਵਿਖਾਈਂ ।
19ਉਸ ਆਖਿਆ, ਮੈਂ ਆਪਣੀ ਸਾਰੀ ਭਲਿਆਈ ਤੇਰੇ ਅੱਗੋਂ ਦੀ ਲੰਘਾਵਾਂਗਾ ਅਤੇ ਤੇਰੇ ਅੱਗੇ ਯਹੋਵਾਹ ਦੇ ਨਾਮ ਦਾ ਪਰਚਾਰ ਕਰਾਂਗਾ ਅਤੇ ਜਿਸ ਉੱਤੇ ਦਿਆਲ ਹਾਂ ਉਸ ਉੱਤੇ ਦਿਆਲ ਹੋਵਾਂਗਾ ਅਤੇ ਜਿਸ ਉੱਤੇ ਰਹਿਮ ਕਰਨਾ ਹੈ ਰਹਿਮ ਕਰਾਂਗਾ ।20ਤਾਂ ਉਸ ਆਖਿਆ, ਤੂੰ ਮੇਰਾ ਮੂੰਹ ਨਹੀਂ ਵੇਖ ਸਕਦਾ ਕਿਉਂ ਜੋ ਕੋਈ ਆਦਮੀ ਮੈਨੂੰ ਵੇਖ ਕੇ ਜੀ ਨਹੀਂ ਸਕਦਾ ।
21ਤਾਂ ਯਹੋਵਾਹ ਨੇ ਆਖਿਆ, ਵੇਖ ਮੇਰੇ ਕੋਲ ਇੱਕ ਥਾਂ ਹੈ ਅਤੇ ਤੂੰ ਇੱਕ ਚਟਾਨ ਉੱਤੇ ਖੜਾ ਹੋ ਜਾਵੀਂ22ਅਤੇ ਇਸ ਤਰ੍ਹਾਂ ਹੋਵੇਗਾ ਕਿ ਜਦ ਮੇਰਾ ਤੇਜ ਲੰਘ ਜਾਵੇ ਤਾਂ ਮੈਂ ਤੈਨੂੰ ਪੱਥਰ ਦੀ ਇੱਕ ਖੰਧਰ ਵਿੱਚ ਪਾਵਾਂਗਾ ਅਤੇ ਲੰਘਣ ਦੇ ਵੇਲੇ ਮੈਂ ਤੈਨੂੰ ਆਪਣੇ ਹੱਥ ਨਾਲ ਢੱਕਾਂਗਾ23ਮੈਂ ਆਪਣਾ ਹੱਥ ਹਟਾਵਾਂਗਾ ਅਤੇ ਤੂੰ ਮੇਰੀ ਪਿੱਠ ਵੇਖੇਂਗਾ ਪਰ ਮੇਰਾ ਮੂੰਹ ਨਾ ਦਿੱਸੇਗਾ ।

34
ਪੱਥਰ ਦੀਆਂ ਨਵੀਆਂ ਤੱਖਤੀਆਂ
(ਬਿਵਸਥਾ ਸਾਰ 10:1-5)

1ਯਹੋਵਾਹ ਨੇ ਮੂਸਾ ਨੂੰ ਆਖਿਆ, ਤੂੰ ਪਹਿਲੇ ਵਰਗੀਆਂ ਪੱਥਰਾਂ ਦੀਆਂ ਦੋ ਫੱਟੀਆਂ ਘੜ ਅਤੇ ਮੈਂ ਉਨ੍ਹਾਂ ਫੱਟੀਆਂ ਉੱਤੇ ਉਹ ਗੱਲਾਂ ਲਿਖਾਂਗਾ ਜਿਹੜੀਆਂ ਪਹਿਲੀਆਂ ਫੱਟੀਆਂ ਉੱਤੇ ਸਨ ਜਿਨ੍ਹਾਂ ਨੂੰ ਤੂੰ ਭੰਨ ਸੁੱਟਿਆ ।2ਸਵੇਰ ਤੋਂ ਤਿਆਰ ਹੋ ਅਤੇ ਸਵੇਰ ਨੂੰ ਸੀਨਈ ਪਹਾੜ ਉੱਤੇ ਚੜ੍ਹ ਅਤੇ ਉੱਥੇ ਪਹਾੜ ਦੀ ਟੀਸੀ ਉੱਤੇ ਮੇਰੇ ਲਈ ਖੜਾ ਰਹਿ ।

3ਤੇਰੇ ਨਾਲ ਕੋਈ ਮਨੁੱਖ ਨਾ ਚੜ੍ਹੇ ਅਤੇ ਸਾਰੇ ਪਹਾੜ ਵਿੱਚ ਕੋਈ ਵੀ ਮਨੁੱਖ ਨਾ ਦਿੱਸੇ ਅਤੇ ਨਾ ਹੀ ਉਸ ਪਹਾੜ ਦੇ ਅੱਗੇ ਇੱਜੜ ਚੁਗੇ ਅਤੇ ਨਾ ਹੀ ਚੌਣਾ ।4ਉਪਰੰਤ ਉਸ ਨੇ ਪਹਿਲੇ ਵਰਗੀਆਂ ਪੱਥਰ ਦੀਆਂ ਦੋ ਫੱਟੀਆਂ ਘੜੀਆਂ ਅਤੇ ਮੂਸਾ ਸਵੇਰ ਨੂੰ ਉੱਠ ਕੇ ਸੀਨਈ ਪਹਾੜ ਉੱਤੇ ਚੜ੍ਹ ਗਿਆ ਜਿਵੇਂ ਯਹੋਵਾਹ ਨੇ ਉਸ ਨੂੰ ਹੁਕਮ ਦਿੱਤਾ ਸੀ ਅਤੇ ਆਪਣੇ ਹੱਥ ਵਿੱਚ ਪੱਥਰ ਦੀਆਂ ਦੋ ਫੱਟੀਆਂ ਲਈਆਂ ।
5ਯਹੋਵਾਹ ਬੱਦਲ ਵਿੱਚ ਉੱਤਰਿਆ ਅਤੇ ਉੱਥੇ ਉਸ ਦੇ ਨਾਲ ਖੜੇ ਹੋ ਕੇ ਯਹੋਵਾਹ ਦੇ ਨਾਮ ਦਾ ਪਰਚਾਰ ਕੀਤਾ6ਅਤੇ ਯਹੋਵਾਹ ਨੇ ਉਸ ਦੇ ਅੱਗੋਂ ਲੰਘ ਕੇ ਇਸ ਤਰ੍ਹਾਂ ਪਰਚਾਰ ਕੀਤਾ, ਯਹੋਵਾਹ, ਯਹੋਵਾਹ ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਹੈ ਕ੍ਰੋਧ ਵਿੱਚ ਧੀਰਜੀ ਅਤੇ ਭਲਿਆਈ ਅਤੇ ਸਚਿਆਈ ਨਾਲ ਭਰਪੂਰ ਹੈ7ਅਤੇ ਹਜ਼ਾਰਾਂ ਲਈ ਭਲਿਆਈ ਰੱਖਣ ਵਾਲਾ ਹੈ ਅਤੇ ਕੁਧਰਮ ਅਪਰਾਧ ਅਤੇ ਪਾਪ ਦਾ ਬਖ਼ਸ਼ਣਹਾਰ ਅਤੇ ਕੁਧਰਮੀ ਨੂੰ ਇਸੇ ਤਰ੍ਹਾਂ ਨਹੀਂ ਛੱਡਦਾ ਪਰ ਪੇਵਾਂ ਦਾ ਕੁਧਰਮ ਉਨ੍ਹਾਂ ਦੇ ਪੁੱਤਰਾਂ ਉੱਤੇ ਅਤੇ ਪੁੱਤਰਾਂ ਦੇ ਪੁੱਤਰਾਂ ਉੱਤੇ ਤੀਜੀ ਚੌਥੀ ਪੀੜ੍ਹੀ ਤੱਕ ਬਦਲਾ ਲੈਣ ਹਾਰ ਹੈ ।
8ਤਾਂ ਮੂਸਾ ਨੇ ਛੇਤੀ ਕਰ ਕੇ ਆਪਣਾ ਸੀਸ ਧਰਤੀ ਉੱਤੇ ਨਿਵਾਇਆ ਅਤੇ ਮੱਥਾ ਟੇਕਿਆ9ਅਤੇ ਉਸ ਆਖਿਆ, ਹੇ ਪ੍ਰਭੂ, ਜੇ ਤੇਰੀ ਕਿਰਪਾ ਦੀ ਨਿਗਾਹ ਮੇਰੇ ਉੱਤੇ ਹੈ ਤਾਂ ਪ੍ਰਭੂ ਸਾਡੇ ਨਾਲ ਚੱਲੇ ਭਾਵੇਂ ਇਹ ਹਠੀਏ ਹੀ ਲੋਕ ਹਨ ਅਤੇ ਸਾਡਾ ਕੁਧਰਮ ਅਤੇ ਸਾਡਾ ਪਾਪ ਬਖ਼ਸ਼ੇ ਅਤੇ ਸਾਨੂੰ ਆਪਣਾ ਅਧਿਕਾਰੀ ਬਣਾਵੇ ।
ਨੇਮ ਨੂੰ ਦੁਹਰਾਉਣਾ
(ਕੂਚ 23:14-19; ਬਿਵਸਥਾ 7:1-5; 16:1-17)

10ਉਸ ਆਖਿਆ, ਵੇਖ ਮੈਂ ਇੱਕ ਨੇਮ ਬੰਨ੍ਹਦਾ ਹਾਂ । ਤੇਰੇ ਸਾਰੇ ਲੋਕਾਂ ਦੇ ਸਾਹਮਣੇ ਮੈਂ ਅਜਿਹੇ ਅਚਰਜ ਕਰਾਂਗਾ ਜਿਹੜੇ ਨਾ ਸਾਰੀ ਧਰਤੀ ਉੱਤੇ ਨਾ ਕਿਸੇ ਕੌਮ ਵਿੱਚ ਕੀਤੇ ਗਏ ਹੋਣ ਅਤੇ ਸਾਰੇ ਲੋਕ ਜਿਨ੍ਹਾਂ ਦੇ ਵਿੱਚ ਤੂੰ ਹੈਂ ਯਹੋਵਾਹ ਦੇ ਕੰਮ ਨੂੰ ਵੇਖਣਗੇ ਕਿਉਂ ਜੋ ਉਹ ਇੱਕ ਡਰਾਉਣੀ ਗੱਲ ਹੈ ਜਿਹੜੀ ਮੈਂ ਤੇਰੇ ਨਾਲ ਕਰਦਾ ਹਾਂ ।11ਜੋ ਮੈਂ ਤੈਨੂੰ ਅੱਜ ਦੇ ਦਿਨ ਹੁਕਮ ਦਿੰਦਾ ਹਾਂ ਉਸ ਨੂੰ ਮੰਨੋ ਅਤੇ ਵੇਖ ਮੈਂ ਤੇਰੇ ਅੱਗੇ ਅਮੋਰੀ, ਕਨਾਨੀ, ਹਿੱਤੀ, ਫ਼ਰਿੱਜੀ, ਹਿੱਵੀ ਅਤੇ ਯਬੂਸੀਆਂ ਨੂੰ ਧੱਕ ਰਿਹਾ ਹਾਂ ।
12ਸੁਚੇਤ ਰਹੁ ਮਤੇ ਤੂੰ ਉਸ ਧਰਤੀ ਦੇ ਵਸਨੀਕਾਂ ਨਾਲ ਨੇਮ ਬੰਨ੍ਹੇਂ ਜਿੱਥੇ ਤੂੰ ਜਾਂਦਾ ਹੈ ਅਜਿਹਾ ਨਾ ਹੋਵੇ ਜੋ ਉਹ ਤੇਰੇ ਵਿਚਕਾਰ ਇੱਕ ਫਾਹੀ ਹੋਵੇ ।13ਕਿਉਂ ਜੋ ਤੁਸੀਂ ਉਨ੍ਹਾਂ ਦੀਆਂ ਜਗਵੇਦੀਆਂ ਨੂੰ ਢਾਉਣਾ ਅਤੇ ਉਨ੍ਹਾਂ ਦੇ ਥੰਮਾਂ ਨੂੰ ਚੂਰ-ਚੂਰ ਕਰਨਾ ਹੈ ਅਤੇ ਉਨ੍ਹਾਂ ਦੇ ਟੁੰਡਾਂ ਨੂੰ ਵੱਢ ਸੁੱਟਣਾ ।14ਤੂੰ ਹੋਰ ਕਿਸੇ ਦੇਵਤੇ ਅੱਗੇ ਮੱਥਾ ਨਾ ਟੇਕੀਂ । ਯਹੋਵਾਹ ਜਿਸ ਦਾ ਨਾਮ ਗ਼ੈਰਤ ਵਾਲਾ ਹੈ ਉਹ ਇੱਕ ਗ਼ੈਰਤੀ ਪਰਮੇਸ਼ੁਰ ਹੈ
15ਕਿਤੇ ਤੂੰ ਉਸ ਦੇਸ ਦੇ ਵਸਨੀਕਾਂ ਨਾਲ ਨੇਮ ਬੰਨ੍ਹੇਂ ਅਤੇ ਜਦ ਉਹ ਆਪਣੇ ਦੇਵਤਿਆਂ ਦੇ ਪਿੱਛੇ ਜ਼ਨਾਕਾਰੀ ਕਰਨ ਅਤੇ ਆਪਣੇ ਦੇਵਤਿਆਂ ਨੂੰ ਬਲੀਆਂ ਚੜ੍ਹਾਉਣ ਤਾਂ ਕੋਈ ਤੈਨੂੰ ਸੱਦੇ ਅਤੇ ਤੂੰ ਉਸ ਦੀ ਬਲੀ ਤੋਂ ਖਾਵੇਂ16ਅਤੇ ਤੂੰ ਉਨ੍ਹਾਂ ਦੀਆਂ ਧੀਆਂ ਆਪਣੇ ਪੁੱਤਰਾਂ ਲਈ ਲਵੇਂ ਅਤੇ ਉਨ੍ਹਾਂ ਦੀਆਂ ਧੀਆਂ ਆਪਣੇ ਦੇਵਤਿਆਂ ਦੇ ਪਿੱਛੇ ਜ਼ਨਾਕਾਰੀ ਕਰਨ ਅਤੇ ਤੇਰੇ ਪੁੱਤਰਾਂ ਤੋਂ ਵੀ ਆਪਣੇ ਦੇਵਤਿਆਂ ਦੇ ਮਗਰ ਜ਼ਨਾਕਾਰੀ ਕਰਾਉਣ ।17ਤੂੰ ਆਪਣੇ ਲਈ ਢਾਲ਼ੇ ਹੋਏ ਦੇਵਤੇ ਨਾ ਬਣਾਈਂ ।
18ਪਤੀਰੀ ਰੋਟੀ ਦਾ ਪਰਬ ਮਨਾਈਂ । ਤੂੰ ਸੱਤ ਦਿਨ ਪਤੀਰੀ ਰੋਟੀ ਖਾਵੀਂ ਜਿਵੇਂ ਮੈਂ ਤੈਨੂੰ ਹੁਕਮ ਦਿੱਤਾ ਹੈ ਅਬੀਬ ਦੇ ਮਹੀਨੇ ਦੇ ਠਹਿਰਾਏ ਹੋਏ ਸਮੇਂ ਉੱਤੇ ਕਿਉਂ ਜੋ ਤੂੰ ਅਬੀਬ ਦੇ ਮਹੀਨੇ ਮਿਸਰ ਤੋਂ ਬਾਹਰ ਆਇਆ ।
19ਹਰ ਇੱਕ ਕੁੱਖ ਦਾ ਖੋਲ੍ਹਣ ਵਾਲਾ ਅਤੇ ਤੇਰੇ ਸਾਰੇ ਪਸ਼ੂਆਂ ਵਿੱਚੋਂ ਗਾਈਆਂ ਅਤੇ ਭੇਡਾਂ ਦੇ ਜੇਠੇ ਨਰ ਮੇਰੇ ਹਨ20ਪਰ ਖੋਤੀ ਦੇ ਜੇਠੇ ਤੂੰ ਇੱਕ ਲੇਲੇ ਦੇ ਵੱਟੇ ਛੁਡਾ ਲਵੀਂ ਅਤੇ ਜੇ ਤੂੰ ਉਸ ਨੂੰ ਨਾ ਛੁਡਾਵੇਂ ਤਾਂ ਤੂੰ ਉਸ ਦੀ ਧੌਣ ਭੰਨ ਸੁੱਟੀਂ । ਆਪਣੇ ਪੁੱਤਰਾਂ ਵਿੱਚੋਂ ਹਰ ਇੱਕ ਜੇਠੇ ਨੂੰ ਤੂੰ ਛੁਡਾਵੀਂ ਅਤੇ ਉਹ ਮੇਰੇ ਸਨਮੁਖ ਸੱਖਣੇ ਹੱਥ ਨਾ ਦਿੱਸਣ ।
21ਛੇ ਦਿਨ ਤੂੰ ਕੰਮ ਕਰੀਂ ਪਰ ਸੱਤਵੇਂ ਦਿਨ ਤੂੰ ਵਿਸ਼ਰਾਮ ਕਰੀਂ । ਵਾਹੁਣ ਦੇ ਵੇਲੇ ਅਤੇ ਵੱਢਣ ਦੇ ਵੇਲੇ ਤੂੰ ਵਿਸ਼ਰਾਮ ਕਰੀਂ ।22ਅਤੇ ਤੂੰ ਅਠਵਾਰੇ ਦਾ ਪਰਬ ਅਤੇ ਕਣਕ ਦੀ ਫ਼ਸਲ ਦੇ ਪਹਿਲੇ ਫਲ ਅਤੇ ਸਾਲ ਦੇ ਅੰਤ ਵਿੱਚ ਫ਼ਸਲ ਦੇ ਸਾਂਭਣ ਦਾ ਪਰਬ ਮਨਾਈਂ ।
23ਸਾਲ ਵਿੱਚ ਤਿੰਨ ਵਾਰੀ ਤੇਰੇ ਸਾਰੇ ਨਰ ਪ੍ਰਭੂ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੇ ਸਾਹਮਣੇ ਦਿਖਾਈ ਦੇਣ ।24ਕਿਉਂ ਜੋ ਮੈਂ ਤੇਰੇ ਅੱਗੋਂ ਕੌਮਾਂ ਨੂੰ ਕੱਢਾਂਗਾ ਅਤੇ ਤੇਰੀਆਂ ਹੱਦਾਂ ਨੂੰ ਵਧਾਵਾਂਗਾ ਅਤੇ ਕੋਈ ਮਨੁੱਖ ਤੇਰੀ ਧਰਤੀ ਦਾ ਲੋਭ ਨਾ ਕਰੇਗਾ ਜਦ ਤੂੰ ਸਾਲ ਵਿੱਚ ਤਿੰਨ ਵਾਰੀ ਆਪਣੇ ਯਹੋਵਾਹ ਪਰਮੇਸ਼ੁਰ ਦੇ ਸਨਮੁਖ ਦਿਖਾਈ ਦੇਵੇਂ ।
25ਤੂੰ ਮੇਰੀ ਬਲੀ ਦਾ ਲਹੂ ਖ਼ਮੀਰੀ ਰੋਟੀ ਨਾਲ ਨਾ ਚੜ੍ਹਾਵੀਂ ਅਤੇ ਨਾ ਪਸਾਹ ਦੇ ਪਰਬ ਦੀ ਬਲੀ ਤੋਂ ਸਵੇਰ ਤੱਕ ਰੱਖ ਛੱਡੀਂ ।26ਤੂੰ ਆਪਣੀ ਜ਼ਮੀਨ ਦੇ ਪਹਿਲੇ ਫਲਾਂ ਵਿੱਚੋਂ ਪਹਿਲਾ ਫਲ ਯਹੋਵਾਹ ਆਪਣੇ ਪਰਮੇਸ਼ੁਰ ਦੇ ਘਰ ਲਿਆਵੀਂ । ਤੂੰ ਪਠੋਰੇ ਨੂੰ ਉਸ ਦੀ ਮਾਂ ਦੇ ਦੁੱਧ ਵਿੱਚ ਨਾ ਉਬਾਲੀਂ ।
27ਯਹੋਵਾਹ ਨੇ ਮੂਸਾ ਨੂੰ ਆਖਿਆ, ਤੂੰ ਇਨ੍ਹਾਂ ਗੱਲਾਂ ਨੂੰ ਲਿਖ ਕਿਉਂ ਜੋ ਇਨ੍ਹਾਂ ਗੱਲਾਂ ਦੇ ਅਨੁਸਾਰ ਮੈਂ ਤੇਰੇ ਅਤੇ ਇਸਰਾਏਲ ਦੇ ਨਾਲ ਨੇਮ ਕੀਤਾ ਹੈ ।28ਉਹ ਚਾਲ੍ਹੀ ਦਿਨ ਅਤੇ ਚਾਲ੍ਹੀ ਰਾਤਾਂ ਯਹੋਵਾਹ ਨਾਲ ਉੱਥੇ ਹੀ ਰਿਹਾ । ਨਾ ਉਸ ਰੋਟੀ ਖਾਧੀ ਨਾ ਪਾਣੀ ਪੀਤਾ ਅਤੇ ਉਸ ਨੇ ਉਨ੍ਹਾਂ ਫੱਟੀਆਂ ਉੱਤੇ ਨੇਮ ਦੀਆਂ ਗੱਲਾਂ ਅਰਥਾਤ ਦਸ ਹੁਕਮ ਲਿਖੇ ।
ਮੂਸਾ ਪਹਾੜ ਤੋਂ ਉਤਰਦਾ ਹੈ

29ਇਸ ਤਰ੍ਹਾਂ ਹੋਇਆ ਕਿ ਜਦ ਮੂਸਾ ਸੀਨਈ ਪਹਾੜ ਤੋਂ ਉੱਤਰਿਆ ਤਾਂ ਮੂਸਾ ਦੇ ਹੱਥ ਵਿੱਚ ਪਹਾੜ ਤੋਂ ਉਤਰਨ ਦੇ ਸਮੇਂ ਸਾਖ਼ੀ ਦੀਆਂ ਦੋ ਫੱਟੀਆਂ ਸਨ ਅਤੇ ਮੂਸਾ ਨੂੰ ਮਲੂਮ ਨਾ ਹੋਇਆ ਕਿ ਉਸ ਦਾ ਚਿਹਰਾ ਉਸ ਦੇ ਨਾਲ ਬੋਲਣ ਦੇ ਕਾਰਨ ਚਮਕਦਾ ਹੈ ।30ਜਦ ਹਾਰੂਨ ਨੇ ਅਤੇ ਇਸਰਾਏਲੀਆਂ ਨੇ ਮੂਸਾ ਨੂੰ ਵੇਖਿਆ ਤਾਂ ਉਸ ਦਾ ਚਿਹਰਾ ਚਮਕਦਾ ਸੀ ਅਤੇ ਉਹ ਉਸ ਦੇ ਨੇੜੇ ਜਾਣ ਤੋਂ ਡਰੇ ।31ਮੂਸਾ ਨੇ ਉਨ੍ਹਾਂ ਨੂੰ ਬੁਲਾਇਆ ਅਤੇ ਹਾਰੂਨ ਅਤੇ ਮੰਡਲੀ ਦੇ ਸਾਰੇ ਪਰਧਾਨ ਉਸ ਦੇ ਕੋਲ ਮੁੜ ਆਏ ਅਤੇ ਮੂਸਾ ਨੇ ਉਨ੍ਹਾਂ ਦੇ ਨਾਲ ਗੱਲਾਂ ਕੀਤੀਆਂ ।
32ਫੇਰ ਸਾਰੇ ਇਸਰਾਏਲੀ ਉਸ ਦੇ ਨੇੜੇ ਆਏ ਤਾਂ ਉਸ ਨੇ ਸਾਰੇ ਹੁਕਮ ਜਿਹੜੇ ਯਹੋਵਾਹ ਨੇ ਉਸ ਨੂੰ ਸੀਨਈ ਪਹਾੜ ਉੱਤੇ ਆਖੇ ਸਨ ਉਨ੍ਹਾਂ ਨੂੰ ਦਿੱਤੇ ।33ਜਦ ਮੂਸਾ ਉਨ੍ਹਾਂ ਨਾਲ ਗੱਲਾਂ ਕਰ ਚੁੱਕਿਆ ਤਾਂ ਆਪਣੇ ਮੂੰਹ ਉੱਤੇ ਪਰਦਾ ਪਾ ਲਿਆ ।
34ਜਦ ਮੂਸਾ ਯਹੋਵਾਹ ਦੇ ਸਨਮੁਖ ਗੱਲਾਂ ਕਰਨ ਲਈ ਜਾਂਦਾ ਸੀ ਤਾਂ ਪਰਦਾ ਲਾਹ ਸੁੱਟਦਾ ਸੀ ਜਦ ਤੱਕ ਉਹ ਬਾਹਰ ਨਹੀਂ ਸੀ ਆਉਂਦਾ ਅਤੇ ਬਾਹਰ ਆ ਕੇ ਉਹ ਇਸਰਾਏਲੀਆਂ ਨੂੰ ਜੋ ਉਹ ਨੂੰ ਹੁਕਮ ਹੁੰਦਾ ਸੀ ਦੱਸਦਾ ਸੀ ।35ਇਸਰਾਏਲੀ ਮੂਸਾ ਦੇ ਮੂੰਹ ਨੂੰ ਵੇਖਦੇ ਸਨ ਕਿ ਮੂਸਾ ਦਾ ਚਿਹਰਾ ਚਮਕਦਾ ਹੈ ਤਾਂ ਮੂਸਾ ਫੇਰ ਆਪਣੇ ਮੂੰਹ ਉੱਤੇ ਪਰਦਾ ਪਾ ਲੈਂਦਾ ਸੀ ਜਦ ਤੱਕ ਉਹ ਦੇ ਨਾਲ ਗੱਲਾਂ ਕਰਨ ਨੂੰ ਅੰਦਰ ਨਾ ਆਉਂਦਾ ਸੀ ।

35
ਸਬਤ ਨੂੰ ਮਨਾਉਣਾ

1ਮੂਸਾ ਨੇ ਇਸਰਾਏਲੀਆਂ ਦੀ ਸਾਰੀ ਮੰਡਲੀ ਨੂੰ ਇਕੱਠਾ ਕਰ ਕੇ ਉਨ੍ਹਾਂ ਨੂੰ ਆਖਿਆ, ਇਹ ਗੱਲਾਂ ਹਨ ਜਿਨ੍ਹਾਂ ਦੇ ਕਰਨ ਦਾ ਯਹੋਵਾਹ ਨੇ ਤੁਹਾਨੂੰ ਹੁਕਮ ਦਿੱਤਾ ਹੈ2ਛੇ ਦਿਨ ਕੰਮ ਕੀਤਾ ਜਾਵੇ ਪਰ ਸੱਤਵਾਂ ਦਿਨ ਤੁਹਾਡਾ ਵਿਸ਼ਰਾਮ ਦਾ ਪਵਿੱਤਰ ਸਬਤ ਯਹੋਵਾਹ ਲਈ ਹੋਵੇ । ਜੋ ਕੋਈ ਉਸ ਵਿੱਚ ਕੰਮ ਕਰੇ ਉਹ ਮਾਰਿਆ ਜਾਵੇ ।3ਤੁਸੀਂ ਆਪਣੇ ਘਰਾਂ ਵਿੱਚ ਸਬਤ ਦੇ ਦਿਨ ਅੱਗ ਨਾ ਬਾਲਣੀ ।

ਪਵਿੱਤਰ ਤੰਬੂ ਦੇ ਲਈ ਭੇਂਟ
(ਕੂਚ 25:1-9)

4ਮੂਸਾ ਨੇ ਇਸਰਾਏਲੀਆਂ ਦੀ ਸਾਰੀ ਮੰਡਲੀ ਨੂੰ ਆਖਿਆ ਕਿ ਜਿਹੜੀ ਗੱਲ ਦਾ ਯਹੋਵਾਹ ਨੇ ਹੁਕਮ ਦਿੱਤਾ ਹੈ ਉਹ ਇਹ ਹੈ5ਕਿ ਤੁਸੀਂ ਆਪਣਿਆਂ ਵਿੱਚੋਂ ਯਹੋਵਾਹ ਲਈ ਭੇਟ ਲਿਓ । ਜਿਹ ਦੇ ਮਨ ਦੀ ਭਾਉਣੀ ਹੋਵੇ ਉਹ ਯਹੋਵਾਹ ਲਈ ਭੇਟ ਲਿਆਵੇ - ਸੋਨਾ ਚਾਂਦੀ ਪਿੱਤਲ6ਅਤੇ ਨੀਲੇ ਬੈਂਗਣੀ ਕਿਰਮਚੀ ਮਹੀਨ ਕਤਾਨ ਅਤੇ ਪਸ਼ਮ7ਛੱਤ੍ਰਿਆਂ ਦੀਆਂ ਲਾਲ ਰੰਗੀਆਂ ਹੋਈਆਂ ਖੱਲਾਂ ਅਤੇ ਸਮੁੰਦਰੀ ਜੀਵ ਦੀਆਂ ਖੱਲਾਂ ਅਤੇ ਸ਼ਿੱਟੀਮ ਦੀ ਲੱਕੜੀ8ਅਤੇ ਦੀਵੇ ਦਾ ਤੇਲ ਅਤੇ ਮਸਹ ਕਰਨ ਦੇ ਤੇਲ ਦਾ ਅਤੇ ਸੁਗੰਧੀ ਧੂਪ ਦਾ ਮਸਾਲਾ9ਸੁਲੇਮਾਨੀ ਪੱਥਰ ਅਤੇ ਏਫ਼ੋਦ ਅਤੇ ਸੀਨੇ ਬੰਦ ਵਿੱਚ ਜੜਨ ਲਈ ਨਗ ।
ਡੇਰੇ ਦੀਆਂ ਹੋਰ ਵਸਤੂਆਂ
(ਕੂਚ 39:32-43)

10ਤੁਹਾਡੇ ਵਿੱਚੋਂ ਹਰ ਇੱਕ ਸਮਝਦਾਰ ਆਵੇ ਅਤੇ ਸਭ ਕੁੱਝ ਜਿਹ ਦਾ ਯਹੋਵਾਹ ਨੇ ਹੁਕਮ ਦਿੱਤਾ ਹੈ ਬਣਾਵੇ ।11ਡੇਰਾ ਅਤੇ ਉਸ ਦਾ ਤੰਬੂ ਅਤੇ ਉਸ ਦਾ ਢੱਕਣ ਅਤੇ ਉਸ ਦੀਆਂ ਕੁੰਡੀਆਂ ਅਤੇ ਉਸ ਦੀਆਂ ਫੱਟੀਆਂ ਅਤੇ ਉਸ ਦੇ ਹੋੜੇ ਉਸ ਦੀਆਂ ਥੰਮ੍ਹੀਆਂ ਅਤੇ ਉਸ ਦੀਆਂ ਚੀਥੀਆਂ12ਸੰਦੂਕ ਅਤੇ ਉਸ ਦੀਆਂ ਚੋਬਾਂ ਪ੍ਰਾਸਚਿਤ ਦਾ ਸਰਪੋਸ਼ ਅਤੇ ਓਟ ਦਾ ਪੜਦਾ
13ਮੇਜ਼ ਅਤੇ ਉਸ ਦੀਆਂ ਚੋਬਾਂ ਅਤੇ ਉਸ ਦਾ ਸਾਰਾ ਸਮਾਨ ਅਤੇ ਹਜ਼ੂਰੀ ਦੀ ਰੋਟੀ14ਸ਼ਮਾਦਾਨ ਚਾਨਣ ਦੇਣ ਲਈ ਅਤੇ ਉਸ ਦਾ ਸਮਾਨ ਅਤੇ ਉਸ ਦੇ ਦੀਵੇ ਅਤੇ ਚਾਨਣ ਲਈ ਤੇਲ15ਧੂਪ ਦੀ ਜਗਵੇਦੀ ਅਤੇ ਉਸ ਦੀਆਂ ਚੋਬਾਂ ਅਤੇ ਮਸਹ ਕਰਨ ਦਾ ਤੇਲ ਸੁਗੰਧੀ ਧੂਪ ਅਤੇ ਡੇਰੇ ਦੇ ਦਰਵਾਜ਼ੇ ਕੋਲ ਦਰਵਾਜ਼ੇ ਦੀ ਓਟ16ਅਤੇ ਹੋਮ ਦੀ ਜਗਵੇਦੀ ਅਤੇ ਉਹ ਦੇ ਲਈ ਪਿੱਤਲ ਦੀ ਝੰਜਰੀ ਅਤੇ ਉਹ ਦੀਆਂ ਚੋਬਾਂ ਅਤੇ ਉਸ ਦਾ ਸਾਰਾ ਸਮਾਨ ਹੌਦ ਅਤੇ ਉਹ ਦੀ ਚੌਂਕੀ
17ਵਿਹੜੇ ਦੀਆਂ ਕਨਾਤਾਂ ਅਤੇ ਉਸ ਦੀਆਂ ਥੰਮ੍ਹੀਆਂ ਅਤੇ ਉਸ ਦੀਆਂ ਚੀਥੀਆਂ ਅਤੇ ਵਿਹੜੇ ਦੇ ਫਾਟਕ ਦੀ ਓਟ18ਡੇਰੇ ਦੀਆਂ ਕੀਲੀਆਂ ਅਤੇ ਵਿਹੜੇ ਦੀਆਂ ਕੀਲੀਆਂ ਅਤੇ ਉਨ੍ਹਾਂ ਦੀਆਂ ਲਾਸਾਂ19ਅਤੇ ਮਹੀਨ ਉਣੇ ਹੋਏ ਬਸਤਰ ਪਵਿੱਤਰ ਸਥਾਨ ਵਿੱਚ ਉਪਾਸਨਾ ਲਈ ਅਤੇ ਹਾਰੂਨ ਜਾਜਕ ਲਈ ਪਵਿੱਤਰ ਬਸਤ੍ਰ ਅਤੇ ਉਹ ਦੇ ਪੁੱਤਰਾਂ ਲਈ ਅਤੇ ਉਹਨਾਂ ਦੇ ਜਾਜਕਾਈ ਦੇ ਕੰਮ ਲਈ ਬਸਤ੍ਰ ।
ਲੋਕਾਂ ਦੁਆਰਾ ਭੇਂਟ ਲਿਆਉਣਾ

20ਇਸਰਾਏਲੀਆਂ ਦੀ ਸਾਰੀ ਮੰਡਲੀ ਮੂਸਾ ਦੇ ਅੱਗੋਂ ਬਾਹਰ ਗਈ21ਅਤੇ ਸਾਰੇ ਮਨੁੱਖ ਜਿਨ੍ਹਾਂ ਦੇ ਮਨਾਂ ਨੇ ਉਨ੍ਹਾਂ ਨੂੰ ਪਰੇਰਿਆ, ਆਏ ਅਤੇ ਜਿਨ੍ਹਾਂ ਦੇ ਆਤਮਾ ਨੇ ਉਸ ਦੀ ਭਾਉਣੀ ਕੀਤੀ ਉਹ ਯਹੋਵਾਹ ਲਈ ਭੇਟਾਂ ਮੰਡਲੀ ਦੇ ਤੰਬੂ ਦੇ ਬਣਾਉਣ ਲਈ ਅਤੇ ਉਸ ਦੀ ਸਾਰੀ ਉਪਾਸਨਾ ਲਈ ਅਤੇ ਪਵਿੱਤਰ ਬਸਤ੍ਰਾਂ ਲਈ ਲਿਆਏ ।22ਮਨੁੱਖ ਅਤੇ ਉਨ੍ਹਾਂ ਦੇ ਨਾਲ ਔਰਤਾਂ ਆਈਆਂ ਅਤੇ ਮਨ ਦੀ ਭਾਉਣੀ ਨਾਲ ਜੁਗਨੀਆਂ, ਨਥਾਂ, ਛਾਪਾਂ ਅਤੇ ਹਾਰ ਸਾਰੇ ਸੋਨੇ ਦੇ ਗਹਿਣੇ ਲਿਆਏ ਅਤੇ ਸਾਰੇ ਮਨੁੱਖਾਂ ਨੇ ਯਹੋਵਾਹ ਲਈ ਸੋਨੇ ਦੀਆਂ ਭੇਟਾਂ ਦਿੱਤੀਆਂ
23ਅਤੇ ਜਿਨ੍ਹਾਂ ਮਨੁੱਖਾਂ ਕੋਲੋਂ ਨੀਲਾ ਬੈਂਗਣੀ ਅਤੇ ਕਿਰਮਚੀ ਸੂਤ ਅਤੇ ਮਹੀਨ ਕਤਾਨ ਅਤੇ ਪਸ਼ਮ ਅਤੇ ਛੱਤ੍ਰਿਆਂ ਦੀਆਂ ਲਾਲ ਰੰਗੀਆਂ ਹੋਈਆਂ ਖੱਲਾਂ ਅਤੇ ਸਮੁੰਦਰੀ ਜੀਵ ਦੀਆਂ ਖੱਲਾਂ ਲੱਭੀਆਂ, ਉਹ ਲਿਆਏ ।24ਜਿੰਨਿਆਂ ਨੇ ਚਾਂਦੀ ਅਤੇ ਪਿੱਤਲ ਦੀਆਂ ਭੇਟਾਂ ਚੜ੍ਹਾਉਣੀਆਂ ਚਾਹੀਆਂ ਉਹ ਯਹੋਵਾਹ ਲਈ ਭੇਟਾਂ ਲਿਆਏ ਅਤੇ ਜਿੰਨਿਆਂ ਦੇ ਕੋਲੋਂ ਸ਼ਿੱਟੀਮ ਦੀ ਲੱਕੜੀ ਉਪਾਸਨਾ ਦੇ ਕਿਸੇ ਕੰਮ ਲਈ ਲੱਭੀ ਉਹ ਲਿਆਏ ।
25ਅਤੇ ਸਾਰੀਆਂ ਸਿਆਣੀਆਂ ਇਸਤਰੀਆਂ ਨੇ ਆਪਣੀ ਹੱਥੀਂ ਕੱਤਿਆ ਅਤੇ ਜੋ ਕੱਤਿਆ ਉਹ ਲੈ ਆਈਆਂ, ਅਰਥਾਤ ਨੀਲਾ ਬੈਂਗਣੀ ਅਤੇ ਕਿਰਮਚੀ ਮਹੀਨ ਕਤਾਨ26ਅਤੇ ਸਾਰੀਆਂ ਇਸਤਰੀਆਂ ਜਿਨ੍ਹਾਂ ਦੇ ਮਨਾਂ ਨੇ ਉਨ੍ਹਾਂ ਨੂੰ ਬੁੱਧ ਨਾਲ ਪਰੇਰਿਆ ਪਸ਼ਮ ਕੱਤੀ
27ਅਤੇ ਸਰਦਾਰ ਸੁਲੇਮਾਨੀ ਪੱਥਰ ਅਤੇ ਏਫ਼ੋਦ ਅਤੇ ਸੀਨੇ ਬੰਦ ਵਿੱਚ ਜੜਨ ਲਈ ਨਗ ਲਿਆਏ28ਅਤੇ ਮਸਾਲਾ ਅਤੇ ਚਾਨਣੇ ਲਈ ਤੇਲ ਅਤੇ ਮਸਹ ਕਰਨ ਲਈ ਤੇਲ ਅਤੇ ਸੁਗੰਧੀ ਧੂਪ29ਅਤੇ ਇਸਰਾਏਲੀਆਂ ਦੇ ਸਾਰੇ ਮਨੁੱਖ ਅਤੇ ਇਸਤਰੀਆਂ ਜਿਨ੍ਹਾਂ ਦੇ ਮਨਾਂ ਨੇ ਉਨ੍ਹਾਂ ਨੂੰ ਪਰੇਰਿਆ ਕਿ ਉਹ ਸਾਰੇ ਕੰਮ ਲਈ ਲਿਆਉਣ ਜਿਹ ਦਾ ਯਹੋਵਾਹ ਨੇ ਮੂਸਾ ਦੀ ਰਾਹੀਂ ਬਣਾਉਣ ਦਾ ਹੁਕਮ ਦਿੱਤਾ ਸੀ ਉਹ ਯਹੋਵਾਹ ਲਈ ਖੁਸ਼ੀ ਦੀਆਂ ਭੇਟਾਂ ਲਿਆਏ ।
ਮਿਲਾਪ ਦੇ ਤੰਬੂ ਲਈ ਕਾਰੀਗਰ
(ਕੂਚ 31:1-11)

30ਮੂਸਾ ਨੇ ਇਸਰਾਏਲੀਆਂ ਨੂੰ ਆਖਿਆ, ਵੇਖੋ ਬਸਲਏਲ ਹੂਰ ਦੇ ਪੋਤੇ ਅਤੇ ਊਰੀ ਦੇ ਪੁੱਤਰ ਨੂੰ ਜਿਹੜਾ ਯਹੂਦਾਹ ਦੇ ਗੋਤ ਦਾ ਹੈ ਯਹੋਵਾਹ ਨੇ ਨਾਮ ਲੈ ਕੇ ਬੁਲਾਇਆ ਹੈ31ਅਤੇ ਉਸ ਨੇ ਉਹ ਨੂੰ ਪਰਮੇਸ਼ੁਰ ਦੇ ਆਤਮਾ ਤੋਂ ਬੁੱਧ, ਸਮਝ, ਵਿੱਦਿਆ ਅਤੇ ਸਾਰੀ ਕਾਰੀਗਰੀ ਨਾਲ ਭਰਪੂਰ ਕੀਤਾ ਹੈ32ਕਿ ਉਹ ਕਾਰੀਗਰੀ ਦਾ ਕੰਮ ਕੱਢੇ ਅਤੇ ਸੋਨੇ ਚਾਂਦੀ ਅਤੇ ਪਿੱਤਲ ਦਾ ਕੰਮ ਕਰੇ33ਅਤੇ ਪੱਥਰਾਂ ਨੂੰ ਜੜਨ ਲਈ ਉੱਕਰੇ ਅਤੇ ਲੱਕੜੀ ਦੀ ਚਿੱਤਰਕਾਰੀ ਕਰੇ ਅਰਥਾਤ ਸਭ ਪਰਕਾਰ ਦੀ ਚਤਰਾਈ ਦਾ ਕੰਮ ਕਰੇ
34ਅਤੇ ਉਸ ਨੇ ਸਿਖਾਉਣ ਦੀ ਬੁੱਧ ਉਸ ਨੂੰ ਨਾਲੇ ਦਾਨ ਦੇ ਗੋਤ ਦੇ ਅਹੀਸਾਮਾਕ ਦੇ ਪੁੱਤਰ ਆਹਾਲੀਆਬ ਨੂੰ ਦਿੱਤੀ ।35ਉਸ ਨੇ ਉਨ੍ਹਾਂ ਦੇ ਮਨਾਂ ਨੂੰ ਬੁੱਧ ਨਾਲ ਭਰਪੂਰ ਕੀਤਾ ਕਿ ਉਹ ਹਰ ਪਰਕਾਰ ਦਾ ਕਾਰੀਗਰੀ ਦਾ ਕੰਮ ਕਰਨ ਅਰਥਾਤ ਉੱਕਰਾਵੇ ਦਾ, ਚਤੇਰੇ ਦਾ ਅਤੇ ਕਸੀਦੇਕਾਰ ਦਾ ਅਤੇ ਨੀਲੇ ਬੈਂਗਣੀ ਕਿਰਮਚੀ ਮਹੀਨ ਕਤਾਨ ਦਾ ਅਤੇ ਜੁਲਾਹੇ ਦਾ ਅਤੇ ਸਾਰੀ ਕਾਰੀਗਰੀ ਦੇ ਕਰਨ ਵਾਲਿਆਂ ਦਾ ਅਤੇ ਚਤਰਾਈ ਦੇ ਕੰਮ ਦੇ ਕਰਿੰਦਿਆਂ ਦਾ ਕੰਮ ।

36

1ਬਸਲਏਲ ਆਹਾਲੀਆਬ ਅਤੇ ਸਾਰੇ ਬੁੱਧਵਾਨ ਮਨੁੱਖ ਕੰਮ ਕਰਨ । ਯਹੋਵਾਹ ਨੇ ਉਨ੍ਹਾਂ ਨੂੰ ਬੁੱਧ ਅਤੇ ਸਮਝ ਦਿੱਤੀ ਕਿ ਉਹ ਜਾਣਨ ਕਿ ਪਵਿੱਤਰ ਸਥਾਨ ਦੀ ਉਪਾਸਨਾ ਦਾ ਸਾਰਾ ਕੰਮ ਯਹੋਵਾਹ ਦੇ ਸਾਰੇ ਹੁਕਮਾਂ ਅਨੁਸਾਰ ਕਿਵੇਂ ਕਰਨਾ ਹੈ ।

ਲੋਕਾਂ ਦੁਆਰਾ ਬਹੁਤ ਸਾਰੀ ਭੇਂਟ

2ਫੇਰ ਮੂਸਾ ਨੇ ਬਸਲਏਲ ਅਤੇ ਆਹਾਲੀਆਬ ਅਤੇ ਸਾਰੇ ਬੁੱਧਵਾਨ ਮਨੁੱਖਾਂ ਨੂੰ ਜਿਨ੍ਹਾਂ ਦੇ ਮਨਾਂ ਵਿੱਚ ਯਹੋਵਾਹ ਨੇ ਬੁੱਧ ਦਿੱਤੀ ਸੀ ਸੱਦਿਆ ਅਰਥਾਤ ਸਾਰੇ ਜਿਨ੍ਹਾਂ ਦੇ ਮਨਾਂ ਨੇ ਉਨ੍ਹਾਂ ਨੂੰ ਪਰੇਰਿਆ ਕਿ ਉਹ ਨੇੜੇ ਆ ਕੇ ਇਹ ਕੰਮ ਕਰਨ3ਉਨ੍ਹਾਂ ਨੇ ਮੂਸਾ ਦੇ ਅੱਗੋਂ ਸਾਰੀਆਂ ਭੇਟਾਂ ਨੂੰ ਜਿਨ੍ਹਾਂ ਨੂੰ ਇਸਰਾਏਲੀਆਂ ਨੇ ਪਵਿੱਤਰ ਸਥਾਨ ਦੀ ਉਪਾਸਨਾ ਦੇ ਕੰਮ ਨੂੰ ਪੂਰਾ ਕਰਨ ਲਈ ਲਿਆਂਦਾ ਸੀ ਲੈ ਲਿਆ ਪਰ ਉਹ ਉਹ ਦੇ ਕੋਲ ਹਰ ਸਵੇਰ ਨੂੰ ਖੁਸ਼ੀ ਦੀਆਂ ਭੇਟਾਂ ਵਾਫ਼ਰ ਲਿਆਉਂਦੇ ਰਹੇ ।4ਤਾਂ ਸਾਰੇ ਬੁੱਧਵਾਨ ਜਿਹੜੇ ਪਵਿੱਤਰ ਸਥਾਨ ਦਾ ਸਾਰਾ ਕੰਮ ਕਰਦੇ ਸਨ ਆਪੋ ਆਪਣੇ ਕੰਮ ਤੋਂ ਜਿਹੜਾ ਉਹ ਕਰਦੇ ਸਨ ਆਏ
5ਅਤੇ ਉਨ੍ਹਾਂ ਨੇ ਮੂਸਾ ਨੂੰ ਆਖਿਆ ਕਿ ਲੋਕ ਉਪਾਸਨਾ ਦੇ ਕੰਮ ਦੀ ਲੋੜ ਤੋਂ ਜਿਹ ਦਾ ਯਹੋਵਾਹ ਨੇ ਬਣਾਉਣ ਦਾ ਹੁਕਮ ਦਿੱਤਾ ਹੈ ਵਧੇਰੇ ਲਿਆਉਂਦੇ ਹਨ ।6ਤਾਂ ਮੂਸਾ ਨੇ ਹੁਕਮ ਦਿੱਤਾ ਅਤੇ ਉਨ੍ਹਾਂ ਨੇ ਇਹ ਆਖ ਕੇ ਸਾਰੇ ਡੇਰੇ ਵਿੱਚ ਹੋਕਾ ਫਿਰਾਇਆ ਕਿ ਮਨੁੱਖ ਅਤੇ ਇਸਤਰੀਆਂ ਪਵਿੱਤਰ ਸਥਾਨ ਦੀ ਭੇਟਾਂ ਲਈ ਹੋਰ ਪ੍ਰਬੰਧ ਨਾ ਕਰਨ । ਸੋ ਲੋਕ ਲਿਆਉਣ ਤੋਂ ਹਟ ਗਏ7ਕਿਉਂ ਜੋ ਉਸ ਸਾਰੇ ਕੰਮ ਦੇ ਬਣਾਉਣ ਲਈ ਮਸਾਲਾ ਬਹੁਤ ਸੀ ਸਗੋਂ ਵਧੇਰੇ ਵੀ ਸੀ ।
ਡੇਰੇ ਦਾ ਨਿਰਮਾਣ
(ਕੂਚ 26:1-37)

8ਤਾਂ ਉਨ੍ਹਾਂ ਸਾਰਿਆਂ ਬੁੱਧਵਾਨਾਂ ਨੇ ਜਿਹੜੇ ਇਹ ਕੰਮ ਕਰਦੇ ਸਨ ਡੇਰੇ ਦੇ ਦਸ ਪਰਦੇ ਉਣੀ ਹੋਈ ਮਹੀਨ ਕਤਾਨ ਦੇ ਨੀਲੇ ਬੈਂਗਣੀ ਅਤੇ ਕਿਰਮਚੀ ਰੰਗ ਦੇ ਬਣਾਏ । ਉਸ ਨੇ ਉਨ੍ਹਾਂ ਨੂੰ ਕਰੂਬੀਆਂ ਨਾਲ ਕਾਰੀਗਰੀ ਦਾ ਕੰਮ ਬਣਾਇਆ ।9ਹਰ ਇੱਕ ਪਰਦੇ ਦੀ ਲੰਬਾਈ ਅਠਾਈ ਹੱਥ ਅਤੇ ਹਰ ਪਰਦੇ ਦੀ ਚੌੜਾਈ ਚਾਰ ਹੱਥ ਸੀ ਅਤੇ ਇੱਕੋ ਹੀ ਨਾਪ ਸਾਰਿਆਂ ਪਰਦਿਆਂ ਦਾ ਸੀ ।10ਉਸ ਨੇ ਪੰਜ ਪਰਦੇ ਇੱਕ ਦੂਜੇ ਨਾਲ ਜੋੜੇ ਅਤੇ ਦੂਜੇ ਪੰਜ ਪਰਦੇ ਭੀ ਇੱਕ ਦੂਜੇ ਨਾਲ ਜੋੜੇ
11ਅਤੇ ਉਸ ਨੇ ਨੀਲੇ ਰੰਗ ਦੇ ਬੀੜੇ ਹਰ ਇੱਕ ਪਰਦੇ ਦੀ ਸੰਜਾਫ਼ ਵਿੱਚ ਜੋੜ ਕੇ ਸਿਰੇ ਵੱਲ ਬਣਾਏ ਅਤੇ ਇਸ ਤਰ੍ਹਾਂ ਹੀ ਉਸ ਪਰਦੇ ਦੀ ਸੰਜਾਫ਼ ਦੇ ਦੂਜੇ ਬਾਹਰਲੇ ਜੋੜ ਦੇ ਸਿਰੇ ਉੱਤੇ ਬਣਾਏ ।12ਪੰਜਾਹ ਬੀੜੇ ਉਸ ਨੇ ਇੱਕ ਪਰਦੇ ਵਿੱਚ ਅਤੇ ਪੰਜਾਹ ਬੀੜੇ ਉਸ ਨੇ ਸਿਰੇ ਵੱਲ ਜਿਹੜਾ ਦੂਜੇ ਜੋੜ ਵਿੱਚ ਸੀ ਬਣਾਏ । ਉਹ ਬੀੜੇ ਇੱਕ ਦੂਜੇ ਦੇ ਆਹਮੋ ਸਾਹਮਣੇ ਸਨ13ਅਤੇ ਉਸ ਨੇ ਪੰਜਾਹ ਕੁੰਡੀਆਂ ਸੋਨੇ ਦੀਆਂ ਬਣਾਈਆਂ ਅਤੇ ਪੜਦਿਆਂ ਨੂੰ ਇੱਕ ਦੂਜੇ ਨਾਲ ਕੁੰਡੀਆਂ ਨਾਲ ਜੋੜਿਆ । ਇਸ ਤਰ੍ਹਾਂ ਡੇਰਾ ਇੱਕੋ ਹੀ ਸੀ ।
14ਅਤੇ ਉਸ ਨੇ ਪਸ਼ਮ ਦੇ ਪਰਦੇ ਡੇਰੇ ਦੇ ਉਪਰਲੇ ਤੰਬੂ ਲਈ ਬਣਾਏ ਅਤੇ ਉਸ ਨੇ ਉਹ ਗਿਆਰਾਂ ਪਰਦੇ ਬਣਾਏ ।15ਹਰ ਇੱਕ ਪਰਦੇ ਦੀ ਲੰਬਾਈ ਤੀਹ ਹੱਥ ਅਤੇ ਹਰ ਇੱਕ ਪਰਦੇ ਦੀ ਚੌੜਾਈ ਚਾਰ ਹੱਥ ਅਤੇ ਇਹ ਗਿਆਰਾਂ ਪਰਦੇ ਇੱਕੋ ਨਾਪ ਦੇ ਸਨ ।16ਉਸ ਨੇ ਪੰਜ ਪਰਦੇ ਵੱਖਰੇ ਜੋੜੇ ਅਤੇ ਛੇ ਪਰਦੇ ਵੱਖਰੇ ।17ਉਸ ਨੇ ਪੰਜਾਹ ਬੀੜੇ ਉਸ ਪਰਦੇ ਦੀ ਸੰਜਾਫ਼ ਵਿੱਚ ਜਿਹੜੀ ਜੋੜ ਦੇ ਸਿਰੇ ਉੱਤੇ ਸੀ ਅਤੇ ਪੰਜਾਹ ਬੀੜੇ ਦੂਜੇ ਜੋੜ ਦੇ ਪਰਦੇ ਦੀ ਸੰਜਾਫ਼ ਵਿੱਚ ਬਣਾਏ
18ਅਤੇ ਉਸ ਨੇ ਪੰਜਾਹ ਕੁੰਡੀਆਂ ਪਿੱਤਲ ਦੀਆਂ ਤੰਬੂ ਦੇ ਜੋੜਨ ਲਈ ਬਣਾਈਆਂ ਤਾਂ ਜੋ ਉਹ ਇੱਕੋ ਹੀ ਹੋ ਜਾਵੇ19ਅਤੇ ਉਸ ਨੇ ਤੰਬੂ ਦਾ ਢੱਕਣ ਛੱਤ੍ਰਿਆਂ ਦੀਆਂ ਲਾਲ ਰੰਗੀਆਂ ਹੋਈਆਂ ਖੱਲਾਂ ਦਾ ਅਤੇ ਉਤਲਾ ਢੱਕਣ ਸਮੁੰਦਰੀ ਜੀਵ ਦੀਆਂ ਖੱਲਾਂ ਦਾ ਬਣਾਇਆ ।
20ਉਸ ਨੇ ਸ਼ਿੱਟੀਮ ਦੀ ਲੱਕੜੀ ਦੇ ਖੜਵੇਂ ਫੱਟੇ ਡੇਰੇ ਲਈ ਬਣਾਏ ।21ਹਰ ਫੱਟੇ ਦੀ ਲੰਬਾਈ ਦਸ ਹੱਥ ਅਤੇ ਹਰ ਫੱਟੇ ਦੀ ਚੌੜਾਈ ਡੇਢ ਹੱਥ ਸੀ22ਅਤੇ ਹਰ ਫੱਟੇ ਵਿੱਚ ਦੋ ਚੂਲਾਂ ਇੱਕ ਦੂਜੇ ਨੂੰ ਜੋੜਨ ਲਈ ਸਨ । ਇਸ ਤਰ੍ਹਾਂ ਉਸ ਨੇ ਡੇਰੇ ਦੇ ਸਾਰੇ ਫੱਟੇ ਬਣਾਏ ।23ਉਸ ਨੇ ਡੇਰੇ ਦੇ ਫੱਟੇ ਇਸ ਤਰ੍ਹਾਂ ਬਣਾਏ - ਵੀਹ ਫੱਟੇ ਦੱਖਣ ਦੇ ਪਾਸੇ ਵੱਲ ਲਈ
24ਅਤੇ ਉਸ ਨੇ ਚਾਂਦੀ ਦੀਆਂ ਚਾਲੀ ਚੀਥੀਆਂ ਉਨ੍ਹਾਂ ਵੀਹਾਂ ਫੱਟਿਆਂ ਦੇ ਹੇਠ ਅਰਥਾਤ ਹਰ ਇੱਕ ਫੱਟੇ ਹੇਠ ਦੋ ਚੀਥੀਆਂ ਉਨ੍ਹਾਂ ਦੀਆਂ ਦੋਹਾਂ ਚੂਲਾਂ ਲਈ ਬਣਾਈਆਂ ਅਤੇ ਦੂਜੇ ਫੱਟੇ ਲਈ ਦੋ ਚੀਥੀਆਂ ਉਸ ਦੀਆਂ ਦੋਹਾਂ ਚੂਲਾਂ ਲਈ ।25ਅਤੇ ਡੇਰੇ ਦੇ ਦੂਜੇ ਪਾਸੇ ਲਈ ਉੱਤਰ ਵੱਲ ਵੀਹ ਫੱਟੇ ਬਣਾਏ26ਅਤੇ ਉਨ੍ਹਾਂ ਦੀਆਂ ਚਾਂਦੀ ਦੀਆਂ ਚਾਲੀ ਚੀਥੀਆਂ ਅਰਥਾਤ ਹਰ ਇੱਕ ਫੱਟੇ ਹੇਠ ਦੋ ਚੀਥੀਆਂ
27ਅਤੇ ਡੇਰੇ ਦੇ ਪਿਛਵਾੜੇ ਦੇ ਲਹਿੰਦੇ ਪਾਸੇ ਵੱਲ ਉਸ ਨੇ ਛੇ ਫੱਟੇ ਬਣਾਏ ।28ਉਸ ਨੇ ਦੋ ਫੱਟੇ ਡੇਰੇ ਦੇ ਪਿਛਵਾੜੇ ਦੇ ਖੂੰਜਿਆਂ ਲਈ ਬਣਾਏ ।
29ਉਹ ਹੇਠੋਂ ਦੋਹਰੇ ਸਨ ਅਤੇ ਉਹ ਇਸ ਪਰਕਾਰ ਆਪਣਿਆਂ ਸਿਰਿਆਂ ਤੱਕ ਇੱਕ ਕੜੇ ਨਾਲ ਸਾਬਤ ਰਹਿੰਦੇ ਸਨ । ਇਸ ਤਰ੍ਹਾਂ ਉਸ ਨੇ ਉਨ੍ਹਾਂ ਦੋਹਾਂ ਨੂੰ ਦੋਹਾਂ ਖੂੰਜਿਆਂ ਵਿੱਚ ਬਣਾਇਆ30ਅਤੇ ਉਹ ਅੱਠ ਫੱਟੇ ਸਨ ਅਤੇ ਉਨ੍ਹਾਂ ਦੀਆਂ ਚਾਂਦੀ ਦੀਆਂ ਸੋਲਾਂ ਚੀਥੀਆਂ ਸਨ ਅਰਥਾਤ ਹਰ ਇੱਕ ਫੱਟੇ ਹੇਠ ਦੋ ਚੀਥੀਆਂ ।
31ਅਤੇ ਉਸ ਨੇ ਸ਼ਿੱਟੀਮ ਦੀ ਲੱਕੜੀ ਦੇ ਹੋੜੇ ਬਣਾਏ ਡੇਰੇ ਦੇ ਇੱਕ ਪਾਸੇ ਦੇ ਫੱਟਿਆਂ ਲਈ ਪੰਜ ਹੋੜੇ ਅਤੇ ਦੂਜੇ ਪਾਸੇ ਦੇ ਫੱਟਿਆਂ ਲਈ ਪੰਜ ਹੋੜੇ32ਅਤੇ ਡੇਰੇ ਦੇ ਪਿਛਲੇ ਲਹਿੰਦੇ ਪਾਸੇ ਦੇ ਫੱਟਿਆਂ ਲਈ ਪੰਜ ਹੋੜੇ33ਅਤੇ ਵਿੱਚਲਾ ਹੋੜਾ ਫੱਟਿਆਂ ਦੇ ਵਿਚਕਾਰੋਂ ਦੁਸਾਰ ਪਾਰ ਲੰਘਾਇਆ34ਅਤੇ ਉਸ ਨੇ ਫੱਟਿਆਂ ਨੂੰ ਸੋਨੇ ਨਾਲ ਮੜ੍ਹਿਆ ਅਤੇ ਹੋੜਿਆਂ ਦੇ ਥਾਵਾਂ ਲਈ ਸੋਨੇ ਦੇ ਕੜੇ ਬਣਾਏ ਅਤੇ ਉਸ ਨੇ ਹੋੜਿਆਂ ਨੂੰ ਸੋਨੇ ਨਾਲ ਮੜ੍ਹਿਆ ।
35ਉਸ ਨੇ ਨੀਲੇ, ਬੈਂਗਣੀ ਕਿਰਮਚੀ ਅਤੇ ਮਹੀਨ ਉਣੇ ਹੋਏ ਕਤਾਨ ਦਾ ਇੱਕ ਪਰਦਾ ਬਣਾਇਆ । ਉਸ ਨੇ ਉਹ ਨੂੰ ਕਰੂਬੀਆਂ ਨਾਲ ਕਾਰੀਗਰੀ ਦਾ ਕੰਮ ਬਣਾਇਆ ।36ਉਸ ਨੇ ਸ਼ਿੱਟੀਮ ਦੀ ਲੱਕੜੀ ਦੀਆਂ ਚਾਰ ਥੰਮ੍ਹੀਆਂ ਬਣਾਈਆਂ ਅਤੇ ਉਨ੍ਹਾਂ ਨੂੰ ਸੋਨੇ ਨਾਲ ਮੜ੍ਹਿਆ ਅਤੇ ਉਨ੍ਹਾਂ ਦੇ ਕੁੰਡੇ ਸੋਨੇ ਦੇ ਸਨ ਅਤੇ ਉਸ ਨੇ ਚਾਂਦੀ ਦੀਆਂ ਚਾਰ ਚੀਥੀਆਂ ਉਨ੍ਹਾਂ ਲਈ ਢਾਲੀਆਂ ।
37ਅਤੇ ਉਸ ਨੇ ਤੰਬੂ ਦੇ ਦਰਵਾਜ਼ੇ ਲਈ ਇੱਕ ਓਟ ਨੀਲੇ ਬੈਂਗਣੀ ਕਿਰਮਚੀ ਰੰਗ ਦੀ ਮਹੀਨ ਉਣੇ ਹੋਏ ਕਤਾਨ ਦੀ ਬਣਾਈ । ਇਹ ਕਸੀਦੇਕਾਰ ਦਾ ਕੰਮ ਸੀ ।38ਉਸ ਨੇ ਪੰਜ ਥੰਮ੍ਹੀਆਂ ਉਹ ਦੇ ਲਈ ਕੁੰਡਿਆਂ ਸਣੇ ਬਣਾਈਆਂ ਅਤੇ ਉਨ੍ਹਾਂ ਦੇ ਸਿਰਿਆਂ ਅਤੇ ਕੜਿਆਂ ਨੂੰ ਸੋਨੇ ਨਾਲ ਮੜ੍ਹਿਆ ਅਤੇ ਉਨ੍ਹਾਂ ਦੀਆਂ ਪੰਜ ਚੀਥੀਆਂ ਪਿੱਤਲ ਦੀਆਂ ਸਨ ।

37
ਨੇਮ ਦਾ ਸੰਦੂਕ ਬਣਾਇਆ ਜਾਣਾ
(ਕੂਚ 25:10-22)

1ਬਸਲਏਲ ਨੇ ਸ਼ਿੱਟੀਮ ਦੀ ਲੱਕੜੀ ਦਾ ਇੱਕ ਸੰਦੂਕ ਬਣਾਇਆ ਜਿਹ ਦੀ ਲੰਬਾਈ ਢਾਈ ਹੱਥ ਚੌੜਾਈ ਡੂਢ ਹੱਥ ਅਤੇ ਉਚਾਈ ਡੂਢ ਹੱਥ ਸੀ ।2ਅਤੇ ਉਸ ਨੇ ਉਸ ਨੂੰ ਅੰਦਰੋਂ ਬਾਹਰੋਂ ਕੁੰਦਨ ਸੋਨੇ ਨਾਲ ਮੜ੍ਹਿਆ ਅਤੇ ਉਸ ਦੇ ਉੱਤੇ ਚੁਫ਼ੇਰੇ ਸੋਨੇ ਦੀ ਬਨੇਰੀ ਬਣਾਈਂ3ਅਤੇ ਉਸ ਦੇ ਲਈ ਸੋਨੇ ਦੇ ਚਾਰ ਕੜੇ ਢਾਲ਼ ਕੇ ਉਸ ਦੀਆਂ ਚੌਹਾਂ ਨੁੱਕਰਾਂ ਉੱਤੇ ਬਣਾਏ ਅਰਥਾਤ ਦੋ ਕੜੇ ਇੱਕ ਪਾਸੇ ਅਤੇ ਦੋ ਕੜੇ ਦੂਜੇ ਪਾਸੇ ।

4ਅਤੇ ਉਸ ਨੇ ਸ਼ਿੱਟੀਮ ਦੀ ਲੱਕੜੀ ਦੀਆਂ ਚੋਬਾਂ ਬਣਾਈਆਂ ਅਤੇ ਉਨ੍ਹਾਂ ਉੱਤੇ ਸੋਨਾ ਮੜ੍ਹਿਆ ।5ਉਸ ਨੇ ਉਨ੍ਹਾਂ ਚੋਬਾਂ ਨੂੰ ਸੰਦੂਕ ਦੇ ਪਾਸਿਆਂ ਦੇ ਕੜਿਆਂ ਵਿੱਚ ਪਾਇਆ ਤਾਂ ਜੋ ਉਨ੍ਹਾਂ ਨਾਲ ਸੰਦੂਕ ਚੁੱਕਿਆ ਜਾਵੇ ।6ਅਤੇ ਉਸ ਨੇ ਪ੍ਰਾਸਚਿਤ ਦਾ ਸਰਪੋਸ਼ ਕੁੰਦਨ ਸੋਨੇ ਦਾ ਬਣਾਇਆ ਜਿਸ ਦੀ ਲੰਬਾਈ ਢਾਈ ਹੱਥ ਅਤੇ ਚੌੜਾਈ ਡੂਢ ਹੱਥ ਸੀ ।
7ਅਤੇ ਉਸ ਨੇ ਸੋਨੇ ਦੇ ਦੋ ਕਰੂਬੀ ਬਣਾਏ । ਉਸ ਨੇ ਉਨ੍ਹਾਂ ਨੂੰ ਘੜਕੇ ਪ੍ਰਾਸਚਿਤ ਦੇ ਸਰਪੋਸ਼ ਦੇ ਦੋਹਾਂ ਸਿਰਿਆਂ ਤੇ ਬਣਾਇਆ ।8ਇੱਕ ਕਰੂਬੀ ਇੱਕ ਸਿਰੇ ਤੇ ਅਤੇ ਦੂਜਾ ਕਰੂਬੀ ਦੂਜੇ ਸਿਰੇ ਤੇ । ਉਸ ਨੇ ਕਰੂਬੀ ਪ੍ਰਾਸਚਿਤ ਦੇ ਸਰਪੋਸ਼ ਦੇ ਦੋਹਾਂ ਪਾਸਿਆਂ ਉੱਤੇ ਉਸੇ ਤੋਂ ਬਣਾਏ9ਅਤੇ ਉਹ ਕਰੂਬੀ ਆਪਣੇ ਖੰਭ ਉਤਾਹਾਂ ਨੂੰ ਖਿੰਡਾਏ ਹੋਏ ਸਨ ਅਤੇ ਉਨ੍ਹਾਂ ਦੇ ਖੰਭ ਪ੍ਰਾਸਚਿਤ ਦੇ ਸਰਪੋਸ਼ ਨੂੰ ਢੱਕਦੇ ਸਨ ਅਤੇ ਉਨ੍ਹਾਂ ਦੇ ਮੂੰਹ ਆਹਮੋ ਸਾਹਮਣੇ ਸਨ ਅਤੇ ਕਰੂਬੀਆਂ ਦੇ ਮੂੰਹ ਪ੍ਰਾਸਚਿਤ ਦੇ ਸਰਪੋਸ਼ ਵੱਲ ਸਨ ।
ਪਵਿੱਤਰ ਮੇਜ਼ ਦਾ ਬਣਾਇਆ ਜਾਣਾ
(ਕੂਚ 25:23-30)

10ਉਸ ਨੇ ਸ਼ਿੱਟੀਮ ਦੀ ਲੱਕੜੀ ਦੀ ਇੱਕ ਮੇਜ਼ ਬਣਾਈ । ਉਸ ਦੀ ਲੰਬਾਈ ਦੋ ਹੱਥ ਅਤੇ ਉਸ ਦੀ ਚੌੜਾਈ ਇੱਕ ਹੱਥ ਅਤੇ ਉਸ ਦੀ ਉਚਾਈ ਡੇਢ ਹੱਥ ਸੀ ।11ਅਤੇ ਉਸ ਨੂੰ ਕੁੰਦਨ ਸੋਨੇ ਨਾਲ ਮੜ੍ਹਿਆ ਅਤੇ ਉਸ ਦੇ ਚੁਫ਼ੇਰੇ ਸੋਨੇ ਦੀ ਬਨੇਰੀ ਬਣਾਈ ।12ਉਸ ਨੇ ਉਹ ਦੇ ਲਈ ਇੱਕ ਚੱਪਾ ਭਰ ਕਨਾਰੀ ਚੁਫ਼ੇਰੇ ਬਣਾਈ ਅਤੇ ਉਸ ਨੇ ਸੋਨੇ ਦੀ ਬਨੇਰੀ ਕਨਾਰੀ ਦੇ ਚੁਫ਼ੇਰੇ ਬਣਾਈ ।13ਉਸ ਨੇ ਉਹ ਦੇ ਲਈ ਸੋਨੇ ਦੇ ਚਾਰ ਕੜੇ ਢਾਲ਼ ਕੇ ਬਣਾਏ ਅਤੇ ਉਸ ਨੇ ਉਨ੍ਹਾਂ ਕੜਿਆਂ ਨੂੰ ਉਹ ਦੇ ਚੌਹਾਂ ਖੂੰਜਿਆਂ ਉੱਤੇ ਜਿਹੜੇ ਚੌਹਾਂ ਪਾਵਿਆਂ ਉੱਤੇ ਸਨ ਪਾ ਦਿੱਤਾ ।
14ਕਨਾਰੀ ਦੇ ਕੋਲ ਹੀ ਕੜੇ ਸਨ ਅਤੇ ਉਹ ਮੇਜ਼ ਦੇ ਚੁੱਕਣ ਨੂੰ ਚੋਬਾਂ ਪਾਉਣ ਲਈ ਸਨ ।15ਅਤੇ ਉਹ ਚੋਬਾਂ ਸ਼ਿੱਟੀਮ ਦੀ ਲੱਕੜੀ ਤੋਂ ਬਣਾਈਆਂ ਅਤੇ ਉਸ ਉਨ੍ਹਾਂ ਨੂੰ ਸੋਨੇ ਨਾਲ ਮੜ੍ਹਿਆ ਤਾਂ ਜੋ ਮੇਜ਼ ਚੁੱਕੀ ਜਾਵੇ ।16ਉਸ ਨੇ ਮੇਜ਼ ਦੇ ਉਤਲੇ ਭਾਂਡੇ ਕੁੰਦਨ ਸੋਨੇ ਦੇ ਬਣਾਏ ਅਰਥਾਤ ਉਸ ਦੀਆਂ ਥਾਲੀਆਂ, ਚਮਚੇ, ਗਾਗਰਾਂ ਅਤੇ ਡੋਹਲਣ ਦੇ ਕਟੋਰੇ ।
ਸੋਨੇ ਦੀ ਦੀਵਟ ਬਣਾਉਣਾ
(ਕੂਚ 25:31-40)

17ਉਸ ਨੇ ਸ਼ਮਾਦਾਨ ਕੁੰਦਨ ਸੋਨੇ ਦਾ ਬਣਾਇਆ ਅਤੇ ਉਹ ਸ਼ਮਾਦਾਨ ਘੜ ਕੇ ਬਣਾਇਆ । ਉਸ ਦਾ ਪਾਏਦਾਨ ਅਤੇ ਡੰਡਾ ਅਤੇ ਕਟੋਰੇ ਅਤੇ ਗੋਲੇ ਅਤੇ ਫੁੱਲ ਉਸ ਵਿੱਚੋਂ ਹੀ ਸਨ18ਅਤੇ ਛੇ ਟਹਿਣੀਆਂ ਉਸ ਦੇ ਦੋਹਾਂ ਪਾਸਿਆਂ ਤੋਂ ਨਿੱਕਲਦੀਆਂ ਸਨ । ਸ਼ਮਾਦਾਨ ਦੇ ਇੱਕ ਪਾਸਿਓਂ ਤਿੰਨ ਟਹਿਣੀਆਂ ਅਤੇ ਸ਼ਮਾਦਾਨ ਦੇ ਦੂਜੇ ਪਾਸਿਓਂ ਤਿੰਨ ਟਹਿਣੀਆਂ ।19ਇੱਕ ਟਹਿਣੀ ਉੱਤੇ ਤਿੰਨ ਕਟੋਰੇ ਬਦਾਮ ਦੇ ਫੁੱਲਾਂ ਵਰਗੇ ਅਤੇ ਗੋਲੇ ਅਤੇ ਫੁੱਲ ਅਤੇ ਦੂਜੀ ਟਹਿਣੀ ਉੱਤੇ ਤਿੰਨ ਕਟੋਰੇ ਬਦਾਮ ਦੇ ਫੁੱਲਾਂ ਵਰਗੇ ਅਤੇ ਗੋਲੇ ਅਤੇ ਫੁੱਲ ਸਨ ਅਤੇ ਇਸ ਤਰ੍ਹਾਂ ਹੀ ਛੇਆਂ ਟਹਿਣੀਆਂ ਲਈ ਸੀ ਜਿਹੜੀਆਂ ਸ਼ਮਾਦਾਨ ਤੋਂ ਨਿੱਕਲਦੀਆਂ ਸਨ ।
20ਅਤੇ ਸ਼ਮਾਦਾਨ ਵਿੱਚ ਚਾਰ ਕਟੋਰੇ ਬਦਾਮ ਦੇ ਫੁੱਲਾਂ ਵਰਗੇ ਅਤੇ ਉਹ ਦੇ ਗੋਲੇ ਅਤੇ ਉਹ ਦੇ ਫੁੱਲ ਸਨ ।21ਉਸ ਤੋਂ ਦੋਹਾਂ ਟਹਿਣੀਆਂ ਹੇਠ ਇੱਕ ਗੋਲਾ ਅਤੇ ਫੇਰ ਉਸ ਤੋਂ ਦੋਹਾਂ ਟਹਿਣੀਆਂ ਹੇਠ ਇੱਕ ਗੋਲਾ ਅਤੇ ਉਸ ਤੋਂ ਫੇਰ ਦੋਹਾਂ ਟਹਿਣੀਆਂ ਹੇਠ ਇੱਕ ਗੋਲਾ ਇਸ ਤਰ੍ਹਾਂ ਉਨ੍ਹਾਂ ਛੇਆਂ ਟਹਿਣੀਆਂ ਲਈ ਸੀ ਜਿਹੜੀਆਂ ਉਸ ਤੋਂ ਨਿੱਕਲਦੀਆਂ ਸਨ ।22ਉਨ੍ਹਾਂ ਦੇ ਗੋਲੇ ਅਤੇ ਉਨ੍ਹਾਂ ਦੀਆਂ ਟਹਿਣੀਆਂ ਉਸੇ ਤੋਂ ਸਨ ਅਰਥਾਤ ਇਹ ਸਾਰਾ ਘੜਿਆ ਹੋਇਆ ਕੁੰਦਨ ਸੋਨੇ ਦੇ ਇੱਕ ਟੁਕੜੇ ਤੋਂ ਸੀ ।
23ਉਸ ਦੇ ਉਸ ਨੇ ਸੱਤ ਦੀਵੇ ਬਣਾਏ ਅਤੇ ਉਸ ਦੇ ਗੁਲਤਰਾਸ਼ ਅਤੇ ਉਸ ਦੇ ਗੁਲਦਾਨ ਕੁੰਦਨ ਸੋਨੇ ਦੇ ਸਨ24ਅਤੇ ਉਸ ਨੇ ਇੱਕ ਮਣ ਦੇ ਲੱਗਭਗ ਕੁੰਦਨ ਸੋਨੇ ਤੋਂ ਇਹ ਸਾਰੇ ਭਾਂਡੇ ਬਣਾਏ ।
ਧੂਪ ਦੀ ਵੇਦੀ ਨੂੰ ਬਣਾਉਣਾ
(ਕੂਚ 30:1-5)

25ਉਸ ਨੇ ਸ਼ਿੱਟੀਮ ਦੀ ਲੱਕੜੀ ਤੋਂ ਧੂਪ ਦੀ ਇੱਕ ਜਗਵੇਦੀ ਬਣਾਈ । ਉਸ ਦੀ ਲੰਬਾਈ ਇੱਕ ਹੱਥ ਅਤੇ ਉਸ ਦੀ ਚੌੜਾਈ ਇੱਕ ਹੱਥ ਅਤੇ ਉਹ ਚੌਰਸ ਸੀ ਅਤੇ ਦੋ ਹੱਥ ਉਸ ਦੀ ਉਚਾਈ ਸੀ ਅਤੇ ਉਸ ਦੇ ਸਿੰਙ ਉਸੇ ਤੋਂ ਸਨ ।26ਉਸ ਨੇ ਉਹ ਨੂੰ ਖ਼ਾਲਸ ਸੋਨੇ ਨਾਲ ਮੜ੍ਹਿਆ ਅਰਥਾਤ ਉਹ ਦਾ ਉੱਪਰਲਾ ਪਾਸਾ ਅਤੇ ਉਹ ਦੇ ਚੁਫ਼ੇਰੇ ਦੇ ਪਾਸੇ ਅਤੇ ਉਸ ਦੇ ਸਿੰਙ । ਉਸ ਨੇ ਉਹ ਦੇ ਚੁਫ਼ੇਰੇ ਇੱਕ ਸੋਨੇ ਦੀ ਬਨੇਰੀ ਬਣਾਈ
27ਅਤੇ ਉਸ ਲਈ ਸੋਨੇ ਦੇ ਦੋ ਕੜੇ ਉਸ ਦੀ ਬਨੇਰੀ ਦੇ ਹੇਠ ਉਸ ਦੇ ਦੋਹਾਂ ਪੱਲਿਆਂ ਉੱਤੇ ਅਤੇ ਉਸ ਦੀ ਦੋਹੀਂ ਪਾਸੀਂ ਬਣਾਏ । ਉਸ ਨੂੰ ਚੁੱਕਣ ਲਈ ਚੋਬਾਂ ਦੇ ਥਾਂ ਸਨ ।28ਉਸ ਨੇ ਚੋਬਾਂ ਸ਼ਿੱਟੀਮ ਦੀ ਲੱਕੜੀ ਤੋਂ ਬਣਾਈਆਂ ਅਤੇ ਉਨ੍ਹਾਂ ਨੂੰ ਸੋਨੇ ਨਾਲ ਮੜ੍ਹਿਆ ।
ਧੂਪ ਅਤੇ ਅਭਿਸ਼ੇਕ ਦੇ ਤੇਲ ਦਾ ਬਣਾਇਆ ਜਾਣਾ
(ਕੂਚ 30:22-38)

29ਉਸ ਨੇ ਮਸਹ ਕਰਨ ਦਾ ਪਵਿੱਤਰ ਤੇਲ ਅਤੇ ਨਿਰੋਲ ਸੁਗੰਧੀ ਧੂਪ ਨੂੰ ਗਾਂਧੀ ਦੇ ਕੰਮ ਅਨੁਸਾਰ ਬਣਾਇਆ ।

38
ਹੋਮ ਵੇਦੀ ਨੂੰ ਬਣਾਉਣਾ
(ਕੂਚ 27:1-8)

1ਉਸ ਨੇ ਹੋਮ ਦੀ ਜਗਵੇਦੀ ਸ਼ਿੱਟੀਮ ਦੀ ਲੱਕੜੀ ਦੀ ਬਣਾਈ । ਉਸ ਦੀ ਲੰਬਾਈ ਪੰਜ ਹੱਥ ਉਸ ਦੀ ਚੌੜਾਈ ਪੰਜ ਹੱਥ ਅਤੇ ਉਹ ਚੌਰਸ ਸੀ ਅਤੇ ਉਸ ਦੀ ਉਚਾਈ ਤਿੰਨ ਹੱਥ ਸੀ ।2ਉਸ ਨੇ ਉਸ ਦੇ ਸਿੰਙ ਉਸੇ ਤੋਂ ਉਸ ਦੇ ਚੌਹਾਂ ਖੂੰਜਿਆਂ ਉੱਤੇ ਬਣਾਏ ਅਤੇ ਉਸ ਨੂੰ ਪਿੱਤਲ ਨਾਲ ਮੜ੍ਹਿਆ ।3ਜਗਵੇਦੀ ਦਾ ਸਾਰਾ ਸਮਾਨ ਉਸ ਨੇ ਬਣਾਇਆ ਅਰਥਾਤ ਤਸਲੇ, ਕੜਛੇ, ਬਾਟੇ, ਤ੍ਰਿਸੂਲੀਆਂ ਅਤੇ ਅੰਗੀਠੀਆਂ ਬਣਾਈਆਂ । ਉਸ ਦੇ ਸਾਰੇ ਭਾਂਡੇ ਪਿੱਤਲ ਦੇ ਸਨ ।

4ਉਸ ਨੇ ਜਗਵੇਦੀ ਲਈ ਪਿੱਤਲ ਦੀ ਇੱਕ ਜਾਲੀਦਾਰ ਝੰਜਰੀ ਬਣਾਈ ।5ਉਹ ਉਸ ਦੇ ਥੜੇ ਦੇ ਹੇਠ ਅਤੇ ਉਸ ਦੇ ਵਿਚਕਾਰ ਸੀ ਅਤੇ ਉਸ ਨੇ ਚੌਹਾਂ ਖੂੰਜਿਆਂ ਲਈ ਚਾਰ ਕੜੇ ਪਿੱਤਲ ਦੀ ਝੰਜਰੀ ਲਈ ਬਣਾਏ ਜਿਹੜੇ ਚੋਬਾਂ ਦੇ ਥਾਵਾਂ ਲਈ ਸਨ ।
6ਉਸ ਨੇ ਸ਼ਿੱਟੀਮ ਦੀ ਲੱਕੜੀ ਦੀਆਂ ਚੋਬਾਂ ਬਣਾਈਆਂ ਅਤੇ ਉਨ੍ਹਾਂ ਨੂੰ ਪਿੱਤਲ ਨਾਲ ਮੜ੍ਹਿਆ ।7ਉਸ ਉਹ ਦੀਆਂ ਚੋਬਾਂ ਨੂੰ ਜਗਵੇਦੀ ਦੇ ਪਾਸਿਆਂ ਦੇ ਕੜਿਆਂ ਵਿੱਚ ਪਾਇਆ ਜਿਨ੍ਹਾਂ ਨਾਲ ਉਹ ਚੁੱਕੀ ਜਾਵੇ । ਉਸ ਨੇ ਉਹ ਨੂੰ ਫੱਟੀਆਂ ਨਾਲ ਖੋਖਲਾ ਬਣਾਇਆ ।
ਪਿੱਤਲ ਦੀ ਹੌਦੀ ਨੂੰ ਬਣਾਉਣਾ
(ਕੂਚ 30:18)

8ਉਸ ਨੇ ਪਿੱਤਲ ਦਾ ਇੱਕ ਹੌਦ ਅਤੇ ਉਹ ਦੀ ਪਿੱਤਲ ਦੀ ਇੱਕ ਚੌਂਕੀ ਬਣਾਈ ਅਤੇ ਉਹ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਦੀਆਂ ਸੇਵਾ ਦਾਰਨੀਆਂ ਦਿਆਂ ਦਰਪਣਾਂ ਤੋਂ ਬਣਾਏ ।
ਡੇਰੇ ਦਾ ਵਿਹੜਾ ਬਣਾਉਣਾ
(ਕੂਚ 27:9-19)

9ਉਸ ਨੇ ਵਿਹੜਾ ਬਣਾਇਆ ਅਤੇ ਦੱਖਣ ਦੇ ਪਾਸੇ ਵੱਲ ਵਿਹੜੇ ਲਈ ਮਹੀਨ ਉਣੀ ਹੋਈ ਕਤਾਨ ਦੀਆਂ ਸੌ ਹੱਥ ਲੰਮੀਆਂ ਕਨਾਤਾਂ ਬਣਾਈਆਂ10ਅਤੇ ਉਨ੍ਹਾਂ ਦੀਆਂ ਥੰਮ੍ਹੀਆਂ ਵੀਹ ਅਤੇ ਉਨ੍ਹਾਂ ਦੀਆਂ ਵੀਹ ਚੀਥੀਆਂ ਪਿੱਤਲ ਦੀਆਂ ਸਨ ਅਤੇ ਥੰਮ੍ਹੀਆਂ ਦੇ ਕੁੰਡੇ ਅਤੇ ਉਨ੍ਹਾਂ ਦੇ ਕੜੇ ਚਾਂਦੀ ਦੇ ਸਨ ।
11ਅਤੇ ਉੱਤਰ ਦੇ ਪਾਸੇ ਵੱਲ ਸੌ ਹੱਥ । ਉਨ੍ਹਾਂ ਦੀਆਂ ਥੰਮ੍ਹੀਆਂ ਵੀਹ ਅਤੇ ਉਨ੍ਹਾਂ ਦੀਆਂ ਵੀਹ ਚੀਥੀਆਂ ਪਿੱਤਲ ਦੀਆਂ ਸਨ ਅਤੇ ਉਨ੍ਹਾਂ ਥੰਮ੍ਹੀਆਂ ਦੇ ਕੁੰਡੇ ਅਤੇ ਕੜੇ ਚਾਂਦੀ ਦੇ ਸਨ ।12ਅਤੇ ਲਹਿੰਦੇ ਪਾਸੇ ਵੱਲ ਕਨਾਤਾਂ ਪੰਜਾਹ ਹੱਥ ਸਨ । ਉਨ੍ਹਾਂ ਦੀਆਂ ਥੰਮ੍ਹੀਆਂ ਦਸ ਉਨ੍ਹਾਂ ਦੀਆਂ ਚੀਥੀਆਂ ਦਸ ਸਨ ਅਤੇ ਥੰਮ੍ਹੀਆਂ ਦੇ ਕੁੰਡੇ ਅਤੇ ਕੜੇ ਚਾਂਦੀ ਦੇ ਸਨ ।
13ਅਤੇ ਸਾਹਮਣੇ ਚੜ੍ਹਦੇ ਪਾਸੇ ਵੱਲ ਪੰਜਾਹ ਹੱਥ14ਦਰਵਾਜ਼ੇ ਦੇ ਇੱਕ ਪਾਸੇ ਦੀਆਂ ਕਨਾਤਾਂ ਪੰਦਰਾਂ ਹੱਥ ਸਨ ਅਤੇ ਉਨ੍ਹਾਂ ਦੀਆਂ ਥੰਮ੍ਹੀਆਂ ਤਿੰਨ ਅਤੇ ਉਨ੍ਹਾਂ ਦੀਆਂ ਚੀਥੀਆਂ ਤਿੰਨ ਸਨ15ਅਤੇ ਇਸ ਤਰ੍ਹਾਂ ਦੂਜੇ ਪਾਸੇ ਲਈ ਸੀ ਅਰਥਾਤ ਵਿਹੜੇ ਦੇ ਫਾਟਕ ਦੇ ਦੋਵੇਂ ਪਾਸੇ ਪੰਦਰਾਂ ਪੰਦਰਾਂ ਹੱਥ ਦੀਆਂ ਕਨਾਤਾਂ ਸਨ ਅਤੇ ਉਨ੍ਹਾਂ ਦੀਆਂ ਥੰਮ੍ਹੀਆਂ ਤਿੰਨ ਅਤੇ ਉਨ੍ਹਾਂ ਦੀਆਂ ਚੀਥੀਆਂ ਤਿੰਨ ਸਨ ।16ਵਿਹੜੇ ਦੇ ਚੌਹਾਂ ਪਾਸਿਆਂ ਦੀਆਂ ਕਨਾਤਾਂ ਉਣੀ ਹੋਈ ਕਤਾਨ ਦੀਆਂ ਸਨ
17ਅਤੇ ਥੰਮ੍ਹੀਆਂ ਦੀਆਂ ਚੀਥੀਆਂ ਪਿੱਤਲ ਦੀਆਂ ਸਨ ਅਤੇ ਥੰਮ੍ਹੀਆਂ ਦੇ ਕੁੰਡੇ ਅਤੇ ਕੜੇ ਚਾਂਦੀ ਦੇ ਸਨ ਅਤੇ ਉਨ੍ਹਾਂ ਦੇ ਸਿਰਿਆਂ ਦਾ ਮੜ੍ਹ ਚਾਂਦੀ ਦਾ ਸੀ ਅਤੇ ਵਿਹੜੇ ਦੀਆਂ ਸਾਰੀਆਂ ਥੰਮ੍ਹੀਆਂ ਚਾਂਦੀ ਨਾਲ ਮੜ੍ਹੀਆਂ ਹੋਈਆਂ ਸਨ ।18ਵਿਹੜੇ ਦੇ ਫਾਟਕ ਲਈ ਇੱਕ ਓਟ ਨੀਲੇ ਬੈਂਗਣੀ ਅਤੇ ਕਿਰਮਚੀ ਮਹੀਨ ਉਣੇ ਹੋਏ ਕਤਾਨ ਦੀ ਸੀ ਅਤੇ ਉਹ ਕਸੀਦੇਕਾਰ ਦਾ ਕੰਮ ਸੀ । ਉਹ ਦੀ ਲੰਬਾਈ ਵੀਹ ਹੱਥ ਅਤੇ ਉਹ ਦੀ ਉਚਾਈ ਚੌੜਾਈ ਜਿੰਨੀ ਪੰਜ ਹੱਥ ਵਿਹੜੇ ਦੀਆਂ ਕਨਾਤਾਂ ਵਾਂਗੂੰ ਸੀ ।19ਉਨ੍ਹਾਂ ਦੀਆਂ ਥੰਮ੍ਹੀਆਂ ਚਾਰ ਅਤੇ ਉਨ੍ਹਾਂ ਦੀਆਂ ਚੀਥੀਆਂ ਚਾਰ ਪਿੱਤਲ ਦੀਆਂ ਸਨ । ਉਨ੍ਹਾਂ ਦੇ ਕੁੰਡੇ ਚਾਂਦੀ ਦੇ ਅਤੇ ਉਨ੍ਹਾਂ ਦੇ ਸਿਰਿਆਂ ਦਾ ਮੜ੍ਹ ਅਤੇ ਉਨ੍ਹਾਂ ਦੇ ਕੜੇ ਚਾਂਦੀ ਦੇ ਸਨ ।20ਡੇਰੇ ਅਤੇ ਵਿਹੜੇ ਦੇ ਆਲੇ-ਦੁਆਲੇ ਦੀਆਂ ਸਾਰੀਆਂ ਕੀਲੀਆਂ ਪਿੱਤਲ ਦੀਆਂ ਸਨ ।
ਡੇਰੇ ਦੀਆਂ ਧਾਤੂਆਂ ਦਾ ਵੇਰਵਾ

21ਇਹ ਡੇਰੇ ਦਾ ਲੇਖਾ ਹੈ ਅਰਥਾਤ ਸਾਖ਼ੀ ਦੇ ਡੇਰੇ ਦਾ ਜਿਵੇਂ ਉਹ ਮੂਸਾ ਦੇ ਹੁਕਮ ਅਨੁਸਾਰ ਲੇਵੀਆਂ ਦੀ ਉਪਾਸਨਾ ਦੇ ਕੰਮ ਲਈ ਹਾਰੂਨ ਜਾਜਕ ਦੇ ਪੁੱਤਰ ਈਥਾਮਾਰ ਦੇ ਰਾਹੀਂ ਗਿਣਿਆ ਗਿਆ ।22ਸੋ ਹੂਰ ਦੇ ਪੋਤੇ ਅਤੇ ਊਰੀ ਦੇ ਪੁੱਤਰ ਬਸਲਏਲ ਨੇ ਜਿਹੜਾ ਯਹੂਦਾਹ ਦੇ ਗੋਤ ਦਾ ਸੀ ਜੋ ਕੁੱਝ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਬਣਾਇਆ ।23ਉਹ ਦੇ ਨਾਲ ਆਹਾਲੀਆਬ ਅਹੀਸਾਮਾਕ ਦਾ ਪੁੱਤਰ ਸੀ ਜਿਹੜਾ ਦਾਨ ਦੇ ਗੋਤ ਦਾ ਸੀ । ਉਹ ਨਿਪੁੰਨ ਕਾਰੀਗਰ ਅਤੇ ਨੀਲੇ ਬੈਂਗਣੀ ਕਿਰਮਚੀ ਮਹੀਨ ਕਤਾਨ ਦਾ ਕਸੀਦੇਕਾਰ ਸੀ ।
24ਸਾਰਾ ਸੋਨਾ ਜਿਹੜਾ ਪਵਿੱਤਰ ਸਥਾਨ ਦੇ ਕੰਮ ਦੇ ਵਰਤਣ ਵਿੱਚ ਆਇਆ ਅਰਥਾਤ ਭੇਟ ਦਾ ਸੋਨਾ ਉੱਨਤੀ ਕਿੱਕਾਰ ਅਤੇ ਸੱਤ ਸੌ ਤੀਹ ਸ਼ਕਲ ਪਵਿੱਤਰ ਸਥਾਨ ਦੇ ਸ਼ਕਲ ਅਨੁਸਾਰ ਹੋਇਆ25ਅਤੇ ਮੰਡਲੀ ਦੇ ਲੋਕਾਂ ਦੀ ਚਾਂਦੀ ਜਿਨ੍ਹਾਂ ਦਾ ਲੇਖਾ ਹੋਇਆ ਇੱਕ ਸੌ ਕਿੱਕਾਰ ਅਤੇ ਇੱਕ ਹਜ਼ਾਰ ਸੱਤ ਸੌ ਪਝੰਤਰ ਸ਼ਕਲ ਪਵਿੱਤਰ ਸਥਾਨ ਦੇ ਸ਼ਕਲ ਅਨੁਸਾਰ ਸੀ26ਅਰਥਾਤ ਜੀਆਂ ਪਰਤੀ ਅੱਧਾ ਸ਼ਕਲ ਪਵਿੱਤਰ ਸਥਾਨ ਦੇ ਸ਼ਕਲ ਅਨੁਸਾਰ ਉਨ੍ਹਾਂ ਸਾਰਿਆਂ ਤੋਂ ਜਿਹੜੇ ਗਿਣਿਆ ਹੋਇਆਂ ਵਿੱਚ ਰਲਦੇ ਸਨ ਲਿਆ ਜਿਹੜੇ ਵੀਹ ਸਾਲਾਂ ਦੇ ਅਤੇ ਉੱਤੇ ਦੇ ਸਨ ਉਹ ਛੇ ਲੱਖ ਤਿੰਨ ਹਜ਼ਾਰ ਪੰਜ ਸੌ ਪੰਜਾਹ ਸਨ ।
27ਅਤੇ ਚਾਂਦੀ ਦੇ ਸੌ ਕਿੱਕਾਰ ਪਵਿੱਤਰ ਸਥਾਨ ਦੀਆਂ ਚੀਥੀਆਂ ਅਤੇ ਪਰਦੇ ਦੀਆਂ ਚੀਥੀਆਂ ਲਈ ਵਰਤੇ ਗਏ ਅਰਥਾਤ ਸੌ ਚੀਥੀਆਂ ਸੌ ਕਿੱਕਾਰ ਇੱਕ ਚੀਥੀ ਇੱਕ ਕਿੱਕਾਰ ।28ਅਤੇ ਇੱਕ ਹਜ਼ਾਰ ਸੱਤ ਸੌ ਪਝੱਤ੍ਰ ਸ਼ਕਲ ਤੋਂ ਉਸ ਨੇ ਥੰਮ੍ਹੀਆਂ ਦੇ ਕੁੰਡੇ ਬਣਾਏ ਅਤੇ ਉਨ੍ਹਾਂ ਦੇ ਸਿਰਿਆਂ ਨੂੰ ਮੜ੍ਹਿਆ ਅਤੇ ਉਨ੍ਹਾਂ ਦੇ ਕੜੇ ਬਣਾਏ ।29ਭੇਟ ਦਾ ਪਿੱਤਲ ਸੱਤਰ ਕਿੱਕਾਰ ਅਤੇ ਦੋ ਹਜ਼ਾਰ ਚਾਰ ਸੌ ਸ਼ਕਲ ਸੀ ।
30ਉਸ ਤੋਂ ਉਹ ਨੇ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਦੀਆਂ ਚੀਥੀਆਂ ਅਤੇ ਪਿੱਤਲ ਦੀ ਜਗਵੇਦੀ ਅਤੇ ਉਸ ਦੀ ਪਿੱਤਲ ਦੀ ਝੰਜਰੀ ਅਤੇ ਜਗਵੇਦੀ ਦੇ ਸਾਰੇ ਭਾਂਡੇ ਬਣਾਏ ਨਾਲੇ ਵਿਹੜੇ ਦੇ ਚੌਹਾਂ ਪਾਸਿਆਂ ਦੀਆਂ ਚੀਥੀਆਂ ਅਤੇ ਵਿਹੜੇ ਦੇ ਫਾਟਕ ਦੀਆਂ ਚੀਥੀਆਂ ਅਤੇ ਡੇਰੇ ਦੀਆਂ ਸਾਰੀਆਂ ਕੀਲੀਆਂ ਅਤੇ ਵਿਹੜੇ ਦੇ ਚੌਹਾਂ ਪਾਸਿਆਂ ਦੀਆਂ ਕੀਲੀਆਂ ।31ਇਸ ਦੀ ਵਰਤੋਂ ਵਿਹੜੇ ਦੇ ਆਲੇ-ਦੁਆਲੇ ਦੇ ਪਰਦਿਆਂ ਅਤੇ ਪ੍ਰਵੇਸ਼ ਦੁਆਰ ਦੇ ਪਰਦਿਆਂ ਦੀਆਂ ਚੀਥੀਆਂ ਬਣਾਉਣ ਲਈ ਵੀ ਕੀਤੀ ਗਈ ਸੀ । ਅਤੇ ਪਿੱਤਲ ਦੀ ਵਰਤੋਂ ਪਵਿੱਤਰ ਤੰਬੂ ਲਈ ਅਤੇ ਵਿਹੜੇ ਦੇ ਆਲੇ-ਦੁਆਲੇ ਦੇ ਪਰਦਿਆਂ ਲਈ ਕਿੱਲੀਆਂ ਬਣਾਉਣ ਵਾਸਤੇ ਕੀਤੀ ਗਈ ਸੀ ।

39
ਜਾਜਕਾਈ ਬਸਤਰ ਤਿਆਰ ਕਰਨਾ
(ਕੂਚ 28:1-14)

1ਉਨ੍ਹਾਂ ਨੇ ਮਹੀਨ ਉਣਤੀ ਦਾ ਨੀਲਾ, ਬੈਂਗਣੀ ਅਤੇ ਕਿਰਮਚੀ ਬਸਤਰ ਪਵਿੱਤਰ ਸਥਾਨ ਦੀ ਉਪਾਸਨਾ ਲਈ ਬਣਾਇਆ ਅਤੇ ਹਾਰੂਨ ਲਈ ਪਵਿੱਤਰ ਬਸਤਰ ਬਣਾਏ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ।

2ਅਤੇ ਉਸ ਨੇ ਏਫ਼ੋਦ ਨੂੰ ਸੋਨੇ, ਨੀਲੇ ਬੈਂਗਣੀ ਅਤੇ ਕਿਰਮਚੀ ਮਹੀਨ ਉਣੇ ਹੋਏ ਕਤਾਨ ਦਾ ਬਣਾਇਆ ।3ਫੇਰ ਉਨ੍ਹਾਂ ਨੇ ਸੋਨੇ ਨੂੰ ਕੁੱਟ ਕੇ ਪਤਲੇ-ਪਤਲੇ ਪੱਤ੍ਰ ਬਣਾਏ ਅਤੇ ਉਨ੍ਹਾਂ ਤੋਂ ਬਰੀਕ ਤਾਰਾਂ ਬਣਾਈਆਂ ਅਤੇ ਉਸ ਨੂੰ ਨੀਲੇ ਬੈਂਗਣੀ ਅਤੇ ਕਿਰਮਚੀ ਮਹੀਨ ਕਤਾਨ ਵਿੱਚ ਕਾਰੀਗਰੀ ਨਾਲ ਉਣਿਆ ।
4ਉਨ੍ਹਾਂ ਨੇ ਮੋਢਿਆਂ ਦੀਆਂ ਕਤਰਾਂ ਬਣਾ ਕੇ ਜੋੜੀਆਂ ਅਤੇ ਉਹ ਉਸ ਦੇ ਦੋਹਾਂ ਸਿਰਿਆਂ ਨਾਲ ਜੁੜ ਗਈਆਂ ।5ਕਾਰੀਗਰੀ ਨਾਲ ਕੱਢਿਆ ਹੋਇਆ ਪਟਕਾ ਜਿਹੜਾ ਉਹ ਦੇ ਉੱਤੇ ਕੱਸਣ ਲਈ ਸੀ ਉਸ ਦੇ ਕੰਮ ਅਨੁਸਾਰ ਉਸੇ ਤੋਂ ਸੀ ਅਰਥਾਤ ਸੋਨੇ ਨੀਲੇ ਬੈਂਗਣੀ ਅਤੇ ਕਿਰਮਚੀ ਮਹੀਨ ਉਣੇ ਹੋਏ ਕਤਾਨ ਦਾ ਸੀ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ।
6ਉਨ੍ਹਾਂ ਨੇ ਸੁਲੇਮਾਨੀ ਪੱਥਰ ਸੋਨੇ ਦੇ ਖ਼ਾਨਿਆਂ ਵਿੱਚ ਪਾਉਣ ਲਈ ਛਾਪ ਦੀ ਉਕਰਾਈ ਵਾਂਗੂੰ ਇਸਰਾਏਲ ਦੇ ਪੁੱਤਰਾਂ ਦੇ ਨਾਮਾਂ ਅਨੁਸਾਰ ਉੱਕਰ ਕੇ ਬਣਾਏ ।7ਉਸ ਨੇ ਉਨ੍ਹਾਂ ਨੂੰ ਏਫ਼ੋਦ ਦੇ ਮੋਢਿਆਂ ਦੀਆਂ ਕਤਰਾਂ ਉੱਤੇ ਰੱਖਿਆ ਤਾਂ ਜੋ ਇਸਰਾਏਲ ਦੇ ਪੁੱਤਰਾਂ ਦੀ ਯਾਦਗਿਰੀ ਦੇ ਪੱਥਰ ਹੋਣ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ।
ਸੀਨਾ ਬੰਦ ਬਣਾਉਣਾ
(ਕੂਚ 28:15-30)

8ਉਸ ਨੇ ਸੀਨਾ ਬੰਦ ਨੂੰ ਏਫ਼ੋਦ ਦੇ ਕੰਮ ਵਾਂਗੂੰ ਕਾਰੀਗਰੀ ਦੀ ਬਣਤ ਦਾ ਅਰਥਾਤ ਸੋਨੇ, ਨੀਲੇ, ਬੈਂਗਣੀ ਅਤੇ ਕਿਰਮਚੀ ਮਹੀਨ ਉਣੇ ਹੋਏ ਕਤਾਨ ਦਾ ਬਣਾਇਆ ।9ਉਨ੍ਹਾਂ ਨੇ ਸੀਨੇ ਬੰਦ ਨੂੰ ਚੌਰਸ ਅਤੇ ਦੋਹਰਾ ਬਣਾਇਆ । ਉਸ ਦੀ ਲੰਬਾਈ ਇੱਕ ਗਿੱਠ ਅਤੇ ਉਸ ਦੀ ਚੌੜਾਈ ਇੱਕ ਗਿੱਠ ਅਤੇ ਉਹ ਦੋਹਰਾ ਸੀ ।
10ਉਨ੍ਹਾਂ ਨੇ ਉਸ ਵਿੱਚ ਪੱਥਰ ਦੀਆਂ ਚਾਰ ਪਾਲਾਂ ਬਣਾਈਆਂ । ਇੱਕ ਪਾਲ ਵਿੱਚ ਲਾਲ ਅਕੀਕ, ਸੁਨਹਿਲਾ, ਅਤੇ ਜਬਰਜਦ ਇਹ ਪਹਿਲੀ ਪਾਲ ਸੀ ।11ਦੂਜੀ ਪਾਲ ਵਿੱਚ ਪੰਨਾ, ਨੀਲਮ, ਦੁਧੀਯਾ ਬਿਲੌਰ12ਤੀਜੀ ਪਾਲ ਵਿੱਚ ਜਰਕਨ, ਹਰੀ ਅਕੀਕ, ਕਟੈਹਿਲਾ13ਚੌਥੀ ਪਾਲ ਵਿੱਚ ਬੈਰੂਜ਼, ਸੁਲੇਮਾਨੀ ਅਤੇ ਯਸ਼ਬ, ਇਹ ਆਪੋ ਆਪਣੇ ਖ਼ਾਨਿਆਂ ਵਿੱਚ ਸੋਨੇ ਨਾਲ ਜੁੜੇ ਹੋਏ ਸਨ ।
14ਅਤੇ ਉਹ ਪੱਥਰ ਇਸਰਾਏਲ ਦੇ ਪੁੱਤਰਾਂ ਦੇ ਨਾਮਾਂ ਅਨੁਸਾਰ ਸਨ ਅਰਥਾਤ ਉਨ੍ਹਾਂ ਦੇ ਬਾਰਾਂ ਨਾਮਾਂ ਦੇ ਅਨੁਸਾਰ ਛਾਪ ਦੀ ਉੱਕਰਾਈ ਵਾਂਗੂੰ ਹਰ ਇੱਕ ਦੇ ਨਾਮ ਦੇ ਅਨੁਸਾਰ ਉਹ ਬਾਰਾਂ ਗੋਤਾਂ ਲਈ ਸਨ ।15ਉਨ੍ਹਾਂ ਨੇ ਸੀਨੇ ਬੰਦ ਉੱਤੇ ਖ਼ਾਲਸ ਸੋਨੇ ਦੀ ਜੰਜੀਰੀ ਰੱਸਿਆਂ ਵਾਂਗੂੰ ਗੁੰਦੇ ਹੋਏ ਕੰਮ ਦੀ ਬਣਾਈ ।16ਉਨ੍ਹਾਂ ਨੇ ਸੋਨੇ ਦੇ ਖ਼ਾਨੇ ਅਤੇ ਸੋਨੇ ਦੇ ਦੋ ਕੜੇ ਬਣਾਏ ਅਤੇ ਉਨ੍ਹਾਂ ਨੇ ਉਹ ਦੋਨੋਂ ਕੜੇ ਸੀਨੇ ਬੰਦ ਦੇ ਸਿਰਿਆਂ ਵਿੱਚ ਪਾਏ ।
17ਉਨ੍ਹਾਂ ਨੇ ਦੋ ਗੁੰਦੀਆਂ ਹੋਈਆਂ ਸੋਨੇ ਦੀਆਂ ਜ਼ੰਜੀਰੀਆਂ ਸੀਨੇ ਬੰਦ ਦੇ ਸਿਰਿਆਂ ਉੱਤੇ ਦੋਹਾਂ ਕੜਿਆਂ ਵਿੱਚ ਪਾਈਆਂ18ਅਤੇ ਦੂਜੇ ਦੋਨੋਂ ਸਿਰੇ ਗੁੰਦੀਆਂ ਹੋਈਆਂ ਜ਼ੰਜੀਰੀਆਂ ਦੇ ਦੋਹਾਂ ਖ਼ਾਨਿਆਂ ਉੱਤੇ ਰੱਖੇ ਅਤੇ ਉਨ੍ਹਾਂ ਨੂੰ ਏਫ਼ੋਦ ਦੇ ਮੋਢਿਆਂ ਦੀਆਂ ਕਤਰਾਂ ਉੱਤੇ ਅਗਲੇ ਪਾਸੇ ਰੱਖਿਆ ।
19ਉਨ੍ਹਾਂ ਨੇ ਸੋਨੇ ਦੇ ਦੋ ਕੜੇ ਬਣਾਏ ਅਤੇ ਉਨ੍ਹਾਂ ਨੂੰ ਸੀਨੇ ਬੰਦ ਦੇ ਦੋਹਾਂ ਸਿਰਿਆਂ ਵਿੱਚ ਪਾਇਆ ਜਿਹੜੇ ਏਫ਼ੋਦ ਦੀ ਕਨਾਰੀ ਦੇ ਅੰਦਰਲੇ ਪਾਸੇ ਸਨ ।20ਉਨ੍ਹਾਂ ਨੇ ਸੋਨੇ ਦੇ ਦੋ ਹੋਰ ਕੜੇ ਬਣਾਏ ਅਤੇ ਉਨ੍ਹਾਂ ਨੂੰ ਏਫ਼ੋਦ ਦੀਆਂ ਦੋਹਾਂ ਕਤਰਾਂ ਉੱਤੇ ਅਗਲੇ ਪਾਸੇ ਹੇਠਲੀ ਵੱਲ ਸੀਣ ਦੇ ਨੇੜੇ ਏਫ਼ੋਦ ਦੇ ਕਾਰੀਗਰੀ ਨਾਲ ਕੱਢੇ ਹੋਏ ਪਟਕੇ ਦੇ ਉੱਤੇ ਰੱਖਿਆ ।
21ਤਾਂ ਉਨ੍ਹਾਂ ਨੇ ਸੀਨੇ ਬੰਦ ਉਸ ਦੇ ਕੜਿਆਂ ਨਾਲ ਏਫ਼ੋਦ ਦੇ ਕੜਿਆਂ ਵਿੱਚ ਨੀਲੇ ਰੰਗ ਦੀ ਰੱਸੀ ਨਾਲ ਅਜਿਹਾ ਬੰਨ੍ਹਿਆ ਕਿ ਉਹ ਏਫ਼ੋਦ ਦੇ ਕੱਢੇ ਹੋਏ ਪਟਕੇ ਦੇ ਉੱਤੇ ਰਹੇ ਅਤੇ ਸੀਨੇ ਬੰਦ ਏਫ਼ੋਦ ਦੇ ਉੱਤੇ ਨਾ ਖੁਲ੍ਹੇ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ।
ਜਾਜਕਾਂ ਦੇ ਹੋਰ ਬਸਤਰ
(ਕੂਚ 28:31-13)

22ਉਸ ਨੇ ਏਫ਼ੋਦ ਦਾ ਚੋਗਾ ਸਾਰਾ ਨੀਲੇ ਰੰਗ ਦਾ ਅਤੇ ਬੁਣਤ ਦਾ ਬਣਾਇਆ23ਅਤੇ ਚੋਗੇ ਦੇ ਵਿਚਕਾਰ ਸੰਜੋ ਦੇ ਛੇਕ ਵਰਗਾ ਛੇਕ ਰੱਖਿਆ ਅਤੇ ਛੇਕ ਦੇ ਚੁਫ਼ੇਰੇ ਇੱਕ ਬੰਨੀ ਬਣਾਈ ਤਾਂ ਜੋ ਉਹ ਨਾ ਪਾਟੇ ।24ਉਨ੍ਹਾਂ ਨੇ ਉਸ ਦੇ ਪੱਲੇ ਦੇ ਹੇਠਲੇ ਘੇਰੇ ਉੱਤੇ ਨੀਲੇ ਬੈਂਗਣੀ ਅਤੇ ਕਿਰਮਚੀ ਕਤਾਨ ਦੇ ਅਨਾਰ ਬਣਾਏ ।
25ਅਨਾਰਾਂ ਦੇ ਵਿਚਕਾਰ ਅਤੇ ਆਲੇ-ਦੁਆਲੇ ਖ਼ਾਲਸ ਸੋਨੇ ਦੇ ਘੁੰਗਰੂ ਚੋਗੇ ਦੇ ਹੇਠਲੇ ਪੱਲੇ ਉੱਤੇ ਪਾਏ26ਅਰਥਾਤ ਇੱਕ ਘੁੰਗਰੂ ਅਤੇ ਇੱਕ ਅਨਾਰ ਫੇਰ ਇੱਕ ਘੁੰਗਰੂ ਅਤੇ ਇੱਕ ਅਨਾਰ ਚੋਗੇ ਦੇ ਹੇਠਲੇ ਪੱਲੇ ਦੇ ਘੇਰੇ ਉੱਤੇ ਸੀ ਅਤੇ ਇਹ ਉਪਾਸਨਾ ਲਈ ਸੀ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ।
27ਉਨ੍ਹਾਂ ਦੇ ਹਾਰੂਨ ਅਤੇ ਉਸ ਦੇ ਪੁੱਤਰਾਂ ਲਈ ਮਹੀਨ ਕਤਾਨ ਦੇ ਕੁੜਤੇ ਬੁਣਤ ਦੇ ਬਣਾਏ28ਅਤੇ ਮਹੀਨ ਕਤਾਨ ਦੀ ਪਗੜੀ, ਮਹੀਨ ਕਤਾਨ ਦਾ ਅਮਾਮਾ ਅਤੇ ਮਹੀਨ ਕਤਾਨ ਦੀਆਂ ਉਣੀਆਂ ਹੋਈਆਂ ਕੱਛਾਂ ਬਣਾਈਆਂ29ਅਤੇ ਮਹੀਨ ਕਤਾਨ ਦਾ ਉਣਿਆ ਹੋਇਆ ਨੀਲਾ ਬੈਂਗਣੀ ਅਤੇ ਕਿਰਮਚੀ ਪਟਕਾ ਕਸੀਦੇਕਾਰੀ ਦੇ ਕੰਮ ਦਾ ਬਣਾਇਆ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ।
30ਉਨ੍ਹਾਂ ਨੇ ਮੱਥੇ ਲਈ ਪਵਿੱਤਰ ਚਮਕੀਲਾ ਪੱਤ੍ਰ ਖ਼ਾਲਸ ਸੋਨੇ ਦਾ ਬਣਾਇਆ ਅਤੇ ਉਸ ਦੇ ਉੱਤੇ ਉਨ੍ਹਾਂ ਨੇ ਲਿਖਤ ਛਾਪ ਦੀ ਉੱਕਰਾਈ ਵਾਂਗੂੰ ਲਿਖੀ “ਯਹੋਵਾਹ ਲਈ ਪਵਿੱਤਰਤਾਈ”31ਉਨ੍ਹਾਂ ਨੇ ਉਸ ਵਿੱਚ ਨੀਲੀ ਡੋਰ ਪਾਈ ਤਾਂ ਜੋ ਉਹ ਅਮਾਮੇ ਦੇ ਉੱਤੇ ਬੰਨ੍ਹਿਆ ਜਾਵੇ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ।
ਮਿਲਾਪ ਦੇ ਤੰਬੂ ਦਾ ਤਿਆਰ ਹੋਣਾ
(ਕੂਚ 35:10-19)

32ਸੋ ਡੇਰੇ ਦੀ ਮੰਡਲੀ ਦੇ ਤੰਬੂ ਦਾ ਸਾਰਾ ਕੰਮ ਪੂਰਾ ਹੋਇਆ ਅਤੇ ਇਸ ਤਰ੍ਹਾਂ ਇਸਰਾਏਲੀਆਂ ਨੇ ਸਾਰਾ ਕੁੱਝ ਕੀਤਾ । ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਉਨ੍ਹਾਂ ਨੇ ਤਿਵੇਂ ਹੀ ਕੀਤਾ ।33ਤਾਂ ਉਹ ਡੇਰਾ ਮੂਸਾ ਕੋਲ ਲਿਆਏ ਅਰਥਾਤ ਤੰਬੂ ਅਤੇ ਉਸ ਦਾ ਸਾਰਾ ਸਮਾਨ, ਉਸ ਦੀਆਂ ਕੁੰਡੀਆਂ, ਉਸ ਦੇ ਫੱਟੇ, ਉਸ ਦੇ ਹੋੜੇ, ਉਸ ਦੀਆਂ ਥੰਮ੍ਹੀਆਂ, ਅਤੇ ਉਸ ਦੀਆਂ ਚੀਥੀਆਂ34ਅਤੇ ਛੱਤ੍ਰਿਆਂ ਦੀਆਂ ਲਾਲ ਰੰਗੀਆਂ ਹੋਈਆਂ ਖੱਲਾਂ ਦਾ ਢੱਕਣ ਅਤੇ ਸਮੁੰਦਰੀ ਜੀਵ ਦੀਆਂ ਖੱਲਾਂ ਦਾ ਢੱਕਣ ਅਤੇ ਓਟ ਦਾ ਪਰਦਾ35ਸਾਖ਼ੀ ਦਾ ਸੰਦੂਕ ਚੋਬਾਂ ਸਣੇ ਅਤੇ ਪ੍ਰਾਸਚਿਤ ਦਾ ਸਰਪੋਸ਼
36ਮੇਜ਼ ਅਤੇ ਉਸ ਦੇ ਸਾਰੇ ਭਾਂਡੇ ਅਤੇ ਹਜ਼ੂਰੀ ਦੀ ਰੋਟੀ37ਖ਼ਾਲਸ ਸ਼ਮਾਦਾਨ ਉਸ ਦੇ ਦੀਵਿਆਂ ਸਣੇ ਜਿਨ੍ਹਾਂ ਦੀਵਿਆਂ ਨੂੰ ਸੁਆਰਨਾ ਸੀ ਅਤੇ ਉਸ ਦਾ ਸਾਰਾ ਸਮਾਨ ਅਤੇ ਚਾਨਣੇ ਲਈ ਤੇਲ38ਸੋਨੇ ਦੀ ਜਗਵੇਦੀ ਅਤੇ ਮਸਹ ਕਰਨ ਦਾ ਤੇਲ ਅਤੇ ਸੁਗੰਧੀ ਧੂਪ ਅਤੇ ਤੰਬੂ ਦੇ ਦਰਵਾਜ਼ੇ ਦੀ ਓਟ39ਪਿੱਤਲ ਦੀ ਜਗਵੇਦੀ ਅਤੇ ਉਸ ਦੀ ਪਿੱਤਲ ਦੀ ਝੰਜਰੀ ਉਸ ਦੀਆਂ ਚੋਬਾਂ ਸਣੇ ਅਤੇ ਉਸ ਦਾ ਸਾਰਾ ਸਮਾਨ, ਹੌਦ ਅਤੇ ਉਸ ਦੀ ਚੌਂਕੀ
40ਵਿਹੜੇ ਦੀਆਂ ਕਨਾਤਾਂ ਉਸ ਦੀਆਂ ਥੰਮ੍ਹੀਆਂ ਅਤੇ ਉਸ ਦੀਆਂ ਚੀਥੀਆਂ ਅਤੇ ਵਿਹੜੇ ਦੇ ਫਾਟਕ ਦੀ ਓਟ ਅਤੇ ਉਸ ਦੀਆਂ ਲਾਸਾਂ ਅਤੇ ਉਸ ਦੀਆਂ ਕੀਲੀਆਂ ਅਤੇ ਡੇਰੇ ਦੀ ਮੰਡਲੀ ਦੇ ਤੰਬੂ ਦੀ ਉਪਾਸਨਾ ਦਾ ਸਾਰਾ ਸਮਾਨ41ਅਤੇ ਪਵਿੱਤਰ ਸਥਾਨ ਲਈ ਮਹੀਨ ਉਣਿਆ ਹੋਇਆ ਬਸਤ੍ਰ ਅਰਥਾਤ ਹਾਰੂਨ ਜਾਜਕ ਦੇ ਪਵਿੱਤਰ ਬਸਤ੍ਰ ਅਤੇ ਉਸ ਦੇ ਪੁੱਤਰਾਂ ਦੇ ਬਸਤ੍ਰ ਕਿ ਉਹ ਜਾਜਕਾਈ ਦਾ ਕੰਮ ਕਰਨ ।
42ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਤਿਵੇਂ ਹੀ ਇਸਰਾਏਲੀਆਂ ਨੇ ਸਾਰਾ ਕੰਮ ਕੀਤਾ ।43ਮੂਸਾ ਨੇ ਇਸ ਸਾਰੇ ਕੰਮ ਨੂੰ ਡਿੱਠਾ ਅਤੇ ਵੇਖੋ ਉਨ੍ਹਾਂ ਨੇ ਉਹ ਨੂੰ ਪੂਰਾ ਕਰ ਦਿੱਤਾ ਸੀ । ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਸੀ ਉਨ੍ਹਾਂ ਨੇ ਤਿਵੇਂ ਹੀ ਬਣਾਇਆ ਸੋ ਮੂਸਾ ਨੇ ਉਨ੍ਹਾਂ ਨੂੰ ਅਸੀਸ ਦਿੱਤੀ ।

40
ਡੇਰੇ ਦਾ ਖੜਾ ਕੀਤਾ ਜਾਣਾ

1ਫੇਰ ਯਹੋਵਾਹ ਮੂਸਾ ਨੂੰ ਬੋਲਿਆ ਕਿ2ਪਹਿਲੇ ਮਹੀਨੇ ਦੇ ਪਹਿਲੇ ਦਿਨ ਤੂੰ ਡੇਰੇ ਦੀ ਮੰਡਲੀ ਦਾ ਤੰਬੂ ਖੜਾ ਕਰੀਂ ।

3ਤੂੰ ਉਸ ਵਿੱਚ ਸਾਖ਼ੀ ਦਾ ਸੰਦੂਕ ਰੱਖੀਂ ਅਤੇ ਸੰਦੂਕ ਨੂੰ ਪਰਦੇ ਨਾਲ ਵੱਖਰਾ ਕਰੀਂ ।4ਤੂੰ ਮੇਜ਼ ਨੂੰ ਅੰਦਰ ਲਿਆਵੀਂ ਅਤੇ ਉਸ ਦੇ ਸਮਾਨ ਨੂੰ ਸੁਆਰ ਕੇ ਰੱਖੀਂ । ਤੂੰ ਸ਼ਮਾਦਾਨ ਨੂੰ ਅੰਦਰ ਲਿਆਵੀਂ ਅਤੇ ਉਸ ਦੇ ਦੀਵੇ ਜਗਾਵੀਂ
5ਅਤੇ ਧੂਪ ਦੀ ਸੋਨੇ ਦੀ ਜਗਵੇਦੀ ਸਾਖ਼ੀ ਦੇ ਸੰਦੂਕ ਦੇ ਅੱਗੇ ਰੱਖੀਂ ਅਤੇ ਡੇਰੇ ਦੇ ਦਰਵਾਜ਼ੇ ਦੀ ਓਟ ਲਮਕਾਈਂ ।6ਤੂੰ ਹੋਮ ਦੀ ਜਗਵੇਦੀ ਨੂੰ ਡੇਰੇ ਦੀ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਅੱਗੇ ਰੱਖੀਂ7ਅਤੇ ਤੂੰ ਹੌਦ ਨੂੰ ਮੰਡਲੀ ਦੇ ਤੰਬੂ ਅਤੇ ਜਗਵੇਦੀ ਦੇ ਵਿਚਕਾਰ ਰੱਖੀਂ ਅਤੇ ਉਸ ਵਿੱਚ ਪਾਣੀ ਪਾਈਂ ।
8ਫੇਰ ਤੂੰ ਵਿਹੜੇ ਨੂੰ ਚੁਫ਼ੇਰੇ ਖੜਾ ਕਰੀਂ ਅਤੇ ਵਿਹੜੇ ਦੇ ਫਾਟਕ ਦੀ ਓਟ ਲਮਕਾਈਂ ।9ਤੂੰ ਮਲਣ ਦਾ ਤੇਲ ਲੈ ਕੇ ਡੇਰੇ ਨੂੰ ਅਤੇ ਜੋ ਕੁੱਝ ਉਸ ਵਿੱਚ ਹੈ ਉਸ ਨੂੰ ਮਲੀਂ ਇਸ ਲਈ ਤੂੰ ਉਹ ਨੂੰ ਅਤੇ ਉਸ ਦੇ ਸਾਰੇ ਸਮਾਨ ਨੂੰ ਪਵਿੱਤਰ ਕਰੀਂ ਤਾਂ ਉਹ ਪਵਿੱਤਰ ਹੋਵੇਗਾ ।10ਤੂੰ ਹੋਮ ਦੀ ਜਗਵੇਦੀ ਅਤੇ ਉਸ ਦੇ ਸਾਰੇ ਸਮਾਨ ਨੂੰ ਤੇਲ ਮਲੀਂ । ਇਸ ਤਰ੍ਹਾਂ ਤੂੰ ਜਗਵੇਦੀ ਨੂੰ ਪਵਿੱਤਰ ਕਰੀਂ ਤਾਂ ਉਹ ਜਗਵੇਦੀ ਬਹੁਤ ਪਵਿੱਤਰ ਹੋਵੇਗੀ ।11ਫੇਰ ਤੂੰ ਹੌਦ ਨੂੰ ਅਤੇ ਉਸ ਦੀ ਚੌਂਕੀ ਨੂੰ ਮਲੀਂ । ਤੂੰ ਉਹ ਨੂੰ ਪਵਿੱਤਰ ਕਰੀਂ ।
12ਤੂੰ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਲਿਆਈਂ ਅਤੇ ਉਨ੍ਹਾਂ ਨੂੰ ਪਾਣੀ ਨਾਲ ਨਹਲਾਈਂ ।13ਤੂੰ ਹਾਰੂਨ ਨੂੰ ਪਵਿੱਤਰ ਬਸਤਰ ਪੁਆਈਂ ਅਤੇ ਤੂੰ ਉਹ ਨੂੰ ਮਸਹ ਕਰ ਕੇ ਪਵਿੱਤਰ ਕਰੀਂ ਤਾਂ ਜੋ ਉਹ ਮੇਰੀ ਜਾਜਕਾਈ ਦੀ ਸੇਵਾ ਕਰੇ ।
14ਤੂੰ ਉਸ ਦੇ ਪੁੱਤਰਾਂ ਨੂੰ ਨੇੜੇ ਲਿਆ ਕੇ ਕੁੜਤੇ ਪੁਆਈਂ15ਅਤੇ ਤੂੰ ਉਨ੍ਹਾਂ ਨੂੰ ਮਸਹ ਕਰੀਂ ਜਿਵੇਂ ਤੂੰ ਉਨ੍ਹਾਂ ਦੇ ਪਿਤਾ ਨੂੰ ਮਸਹ ਕੀਤਾ ਤਾਂ ਜੋ ਉਹ ਮੇਰੇ ਜਾਜਕ ਹੋਣ ਅਤੇ ਇਸ ਤਰ੍ਹਾਂ ਉਨ੍ਹਾਂ ਦਾ ਮਸਹ ਹੋਣਾ ਉਨ੍ਹਾਂ ਦੀਆਂ ਪੀੜ੍ਹੀਆਂ ਤੱਕ ਇੱਕ ਅਨੰਤ ਜਾਜਕਾਈ ਹੋਵੇਗੀ ।16ਮੂਸਾ ਨੇ ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਸੀ ਤਿਵੇਂ ਹੀ ਸਭ ਕੁੱਝ ਕੀਤਾ ।
17ਉਪਰੰਤ ਇਸ ਤਰ੍ਹਾਂ ਹੋਇਆ ਕਿ ਦੂਜੇ ਸਾਲ ਦੇ ਪਹਿਲੇ ਮਹੀਨੇ ਦੇ ਪਹਿਲੇ ਦਿਨ ਉਹ ਡੇਰਾ ਖੜਾ ਕੀਤਾ ਗਿਆ ।18ਅਤੇ ਮੂਸਾ ਨੇ ਡੇਰੇ ਨੂੰ ਖੜਾ ਕੀਤਾ ਅਤੇ ਉਸ ਨੇ ਉਹ ਦੀਆਂ ਚੀਥੀਆਂ ਅਤੇ ਉਸ ਦੇ ਫੱਟੇ ਲਾਏ ਅਤੇ ਉਸ ਦੇ ਹੋੜੇ ਰੱਖੇ ਅਤੇ ਉਸ ਦੀਆਂ ਥੰਮ੍ਹੀਆਂ ਖੜੀਆਂ ਕੀਤੀਆਂ ।19ਫੇਰ ਡੇਰੇ ਉੱਤੇ ਉਸ ਨੇ ਤੰਬੂ ਤਾਣਿਆ ਅਤੇ ਤੰਬੂ ਉੱਤੇ ਉਤਾਹਾਂ ਢਕਣਾ ਲਾਇਆ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ।20ਫੇਰ ਉਸ ਸਾਖ਼ੀ ਨੂੰ ਲੈ ਕੇ ਸੰਦੂਕ ਵਿੱਚ ਪਾਇਆ ਅਤੇ ਚੋਬਾਂ ਸੰਦੂਕ ਉੱਤੇ ਰੱਖੀਆਂ ਅਤੇ ਪ੍ਰਾਸਚਿਤ ਦਾ ਸਰਪੋਸ਼ ਉਤਾਹਾਂ ਸੰਦੂਕ ਦੇ ਉੱਤੇ ਰੱਖਿਆ ।
21ਉਹ ਸੰਦੂਕ ਨੂੰ ਡੇਰੇ ਦੇ ਅੰਦਰ ਲਿਆਇਆ ਅਤੇ ਓਟ ਦਾ ਪੜਦਾ ਲਮਕਾਇਆ ਅਤੇ ਸਾਖ਼ੀ ਦੇ ਸੰਦੂਕ ਨੂੰ ਓਟ ਵਿੱਚ ਰੱਖਿਆ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ।22ਫੇਰ ਉਸ ਨੇ ਮੇਜ਼ ਨੂੰ ਮੰਡਲੀ ਦੇ ਤੰਬੂ ਵਿੱਚ ਡੇਰੇ ਦੇ ਉੱਤਰ ਵੱਲ ਦੇ ਪਾਸੇ ਪਰਦੇ ਤੋਂ ਬਾਹਰ ਰੱਖਿਆ23ਅਤੇ ਉਸ ਨੇ ਉਸ ਉੱਤੇ ਯਹੋਵਾਹ ਅੱਗੇ ਰੋਟੀ ਸੁਆਰ ਕੇ ਰੱਖੀ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ।
24ਤਾਂ ਉਸ ਨੇ ਸ਼ਮਾਦਾਨ ਮੰਡਲੀ ਦੇ ਤੰਬੂ ਵਿੱਚ ਮੇਜ਼ ਦੇ ਸਾਹਮਣੇ ਡੇਰੇ ਦੇ ਦੱਖਣ ਵੱਲ ਦੇ ਪਾਸੇ ਰੱਖਿਆ25ਅਤੇ ਉਸ ਨੇ ਯਹੋਵਾਹ ਦੇ ਅੱਗੇ ਦੀਵੇ ਜਗਾਏ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ।
26ਫੇਰ ਉਸ ਨੇ ਸੋਨੇ ਦੀ ਜਗਵੇਦੀ ਨੂੰ ਮੰਡਲੀ ਦੇ ਤੰਬੂ ਵਿੱਚ ਪਰਦੇ ਦੇ ਸਾਹਮਣੇ ਰੱਖਿਆ27ਅਤੇ ਉਸ ਉੱਤੇ ਸੁਗੰਧੀ ਧੂਪ ਜਲਾਈ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ।
28ਫੇਰ ਉਸ ਨੇ ਡੇਰੇ ਦੇ ਦਰਵਾਜ਼ੇ ਦੀ ਓਟ ਲਮਕਾਈ ।29ਤਾਂ ਉਸ ਨੇ ਹੋਮ ਦੀ ਜਗਵੇਦੀ ਨੂੰ ਡੇਰੇ ਦੀ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਉੱਤੇ ਰੱਖਿਆ ਅਤੇ ਉਸ ਉੱਤੇ ਹੋਮ ਦੀ ਭੇਟ ਅਤੇ ਮੈਦੇ ਦੀ ਭੇਟ ਚੜ੍ਹਾਈ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ।30ਫੇਰ ਉਸ ਨੇ ਹੌਦ ਮੰਡਲੀ ਦੇ ਤੰਬੂ ਅਤੇ ਜਗਵੇਦੀ ਦੇ ਵਿਚਕਾਰ ਰੱਖਿਆ ਅਤੇ ਉਸ ਵਿੱਚ ਨਹਾਉਣ ਦਾ ਪਾਣੀ ਪਾਇਆ
31ਅਤੇ ਮੂਸਾ ਤੇ ਹਾਰੂਨ ਅਤੇ ਉਸ ਦੇ ਪੁੱਤਰ ਉਸ ਵਿੱਚ ਹੱਥ-ਪੈਰ ਧੋਂਦੇ ਹੁੰਦੇ ਸਨ32ਅਰਥਾਤ ਜਦ ਉਹ ਸਾਖ਼ੀ ਦੇ ਤੰਬੂ ਵਿੱਚ ਜਾਂਦੇ ਅਤੇ ਜਦ ਉਹ ਜਗਵੇਦੀ ਦੇ ਨੇੜੇ ਆਉਂਦੇ ਸਨ ਤਾਂ ਉਹ ਅਸ਼ਨਾਨ ਕਰਦੇ ਹੁੰਦੇ ਸਨ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ।33ਫੇਰ ਉਸ ਨੇ ਵਿਹੜਾ ਡੇਰੇ ਅਤੇ ਜਗਵੇਦੀ ਦੇ ਚੁਫ਼ੇਰੇ ਖੜਾ ਕੀਤਾ ਅਤੇ ਉਸ ਨੇ ਓਟ ਨੂੰ ਵਿਹੜੇ ਦੇ ਫਾਟਕ ਉੱਤੇ ਲਮਕਾਇਆ । ਇਸ ਤਰ੍ਹਾਂ ਮੂਸਾ ਨੇ ਉਸ ਕੰਮ ਨੂੰ ਸੰਪੂਰਨ ਕੀਤਾ ।
ਮਿਲਾਪ ਦੇ ਤੰਬੂ ਉੱਤੇ ਬੱਦਲ
(ਗਿਣਤੀ 9:15-23)

34ਤਦ ਬੱਦਲ ਮੰਡਲੀ ਦੇ ਤੰਬੂ ਉੱਤੇ ਛਾ ਗਿਆ ਅਤੇ ਯਹੋਵਾਹ ਦੇ ਪਰਤਾਪ ਨੇ ਡੇਰੇ ਨੂੰ ਭਰ ਦਿੱਤਾ ।35ਫਿਰ ਮੂਸਾ ਮੰਡਲੀ ਦੇ ਤੰਬੂ ਵਿੱਚ ਵੜ ਨਾ ਸਕਿਆ ਕਿਉਂ ਜੋ ਬੱਦਲ ਉਸ ਉੱਤੇ ਛਾਇਆ ਹੋਇਆ ਸੀ ਅਤੇ ਯਹੋਵਾਹ ਦੇ ਪਰਤਾਪ ਨੇ ਡੇਰੇ ਨੂੰ ਭਰ ਦਿੱਤਾ ।
36ਜਦ ਬੱਦਲ ਡੇਰੇ ਦੇ ਉੱਤੋਂ ਚੁੱਕਿਆ ਜਾਂਦਾ ਸੀ ਤਦ ਇਸਰਾਏਲੀ ਆਪਣੇ ਸਾਰੇ ਸਫ਼ਰ ਵਿੱਚ ਅੱਗੇ ਚੱਲਦੇ ਸਨ37ਪਰ ਜਦ ਬੱਦਲ ਨਾ ਚੁੱਕ ਹੁੰਦਾ ਸੀ ਤਾਂ ਉਹ ਨਹੀਂ ਚੱਲਦੇ ਸਨ ਜਦ ਤੱਕ ਬੱਦਲ ਚੁੱਕਿਆ ਨਾ ਜਾਵੇ ।38ਕਿਉਂਕਿ ਦਿਨ ਨੂੰ ਯਹੋਵਾਹ ਦਾ ਬੱਦਲ ਡੇਰੇ ਉੱਤੇ ਹੁੰਦਾ ਸੀ ਅਤੇ ਰਾਤ ਉਸ ਵਿੱਚ ਅੱਗ ਹੁੰਦੀ ਸੀ । ਇਸਰਾਏਲ ਦੇ ਸਾਰੇ ਘਰਾਣੇ ਦੀ ਨਿਗਾਹ ਵਿੱਚ ਉਨ੍ਹਾਂ ਦੇ ਸਾਰੇ ਸਫ਼ਰ ਵਿੱਚ ਇਸ ਤਰ੍ਹਾਂ ਹੀ ਹੁੰਦਾ ਰਿਹਾ ।

ਲੇਵੀਆਂ ਦੀ ਪੋਥੀ

1
ਹੋਮ ਬਲੀ ਦੀ ਬਿਧੀ

1ਯਹੋਵਾਹ ਨੇ ਮੂਸਾ ਨੂੰ ਸੱਦਿਆ ਅਤੇ ਉਸ ਨੂੰ ਮੰਡਲੀ ਦੇ ਡੇਰੇ ਵਿੱਚੋਂ ਆਖਿਆ,2"ਇਸਰਾਏਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਆਖ ਕਿ ਜੇਕਰ ਤੁਹਾਡੇ ਵਿੱਚੋਂ ਕੋਈ ਮਨੁੱਖ ਯਹੋਵਾਹ ਦੇ ਅੱਗੇ ਭੇਟ ਲਿਆਵੇ ਤਾਂ ਤੁਸੀਂ ਪਸ਼ੂਆਂ ਵਿੱਚੋਂ ਅਰਥਾਤ ਵੱਗਾਂ ਅਤੇ ਇੱਜੜਾਂ ਵਿੱਚੋਂ ਆਪਣੀ ਭੇਟ ਲਿਆਉਣਾ ।

3ਜੇਕਰ ਉਸ ਦੀ ਭੇਟ ਵੱਗ ਵਿੱਚੋਂ ਇੱਕ ਹੋਮ ਬਲੀ ਹੋਵੇ ਤਾਂ ਉਹ ਇੱਕ ਦੋਸ਼ ਰਹਿਤ ਨਰ ਯਹੋਵਾਹ ਦੇ ਅੱਗੇ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਦੇ ਕੋਲ ਚੜ੍ਹਾਵੇ ਤਾਂ ਜੋ ਉਹ ਯਹੋਵਾਹ ਨੂੰ ਸਵੀਕਾਰ ਹੋਵੇ ।4ਉਹ ਆਪਣਾ ਹੱਥ ਉਸ ਹੋਮ ਬਲੀ ਦੇ ਪਸ਼ੂ ਦੇ ਸਿਰ ਉੱਤੇ ਰੱਖੇ ਅਤੇ ਉਹ ਉਸ ਦਾ ਪ੍ਰਾਸਚਿਤ ਕਰਨ ਲਈ ਉਸ ਦੇ ਵੱਲੋਂ ਸਵੀਕਾਰ ਕੀਤਾ ਜਾਵੇਗਾ ।
5ਅਤੇ ਉਹ ਉਸ ਬਲ਼ਦ ਨੂੰ ਯਹੋਵਾਹ ਦੇ ਅੱਗੇ ਵੱਢੇ ਅਤੇ ਹਾਰੂਨ ਦੇ ਪੁੱਤਰ ਜੋ ਜਾਜਕ ਹਨ, ਉਸ ਦਾ ਲਹੂ ਲੈ ਕੇ ਉਸ ਜਗਵੇਦੀ ਦੇ ਚੁਫ਼ੇਰੇ ਛਿੜਕਣ ਜੋ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਕੋਲ ਹੈ ।6ਉਹ ਉਸ ਹੋਮ ਬਲੀ ਦੇ ਪਸ਼ੂ ਦੀ ਖੱਲ ਉਧੇੜ ਲਵੇ ਅਤੇ ਉਸ ਨੂੰ ਟੁੱਕੜੇ-ਟੁੱਕੜੇ ਕਰੇ ।
7ਅਤੇ ਹਾਰੂਨ ਦੇ ਪੁੱਤਰ ਜੋ ਜਾਜਕ ਹਨ ਜਗਵੇਦੀ ਦੇ ਉੱਤੇ ਅੱਗ ਧਰਨ ਅਤੇ ਅੱਗ ਦੇ ਉੱਤੇ ਲੱਕੜਾਂ ਚਿਣਨ ।8ਅਤੇ ਹਾਰੂਨ ਦੇ ਪੁੱਤਰ ਜੋ ਜਾਜਕ ਹਨ, ਉਹ ਸਿਰ ਅਤੇ ਚਰਬੀ ਸਮੇਤ ਪਸ਼ੂ ਦੇ ਟੁੱਕੜਿਆਂ ਨੂੰ ਲੱਕੜਾਂ ਦੇ ਉੱਤੇ ਜੋ ਉਸ ਜਗਵੇਦੀ ਦੀ ਅੱਗ ਉੱਤੇ ਹੈ, ਸੁਧਾਰ ਕੇ ਰੱਖਣ ।9ਪਰ ਉਸ ਦੀਆਂ ਆਂਦਰਾਂ ਅਤੇ ਉਸ ਦੀਆਂ ਲੱਤਾਂ ਪਾਣੀ ਦੇ ਨਾਲ ਧੋ ਲੈਣ ਅਤੇ ਜਾਜਕ ਸਭ ਕੁਝ ਜਗਵੇਦੀ ਦੇ ਉੱਤੇ ਹੋਮ ਬਲੀ ਕਰਕੇ ਯਹੋਵਾਹ ਦੇ ਅੱਗੇ ਸੁਗੰਧਤਾ ਲਈ ਇੱਕ ਅੱਗ ਦੀ ਭੇਟ ਕਰਕੇ ਸਾੜੇ ।

10ਅਤੇ ਜੇਕਰ ਉਸ ਦੀ ਭੇਟ ਇੱਜੜਾਂ ਵਿੱਚੋਂ ਹੋਵੇ ਅਰਥਾਤ ਭੇਡਾਂ ਜਾਂ ਬੱਕਰਿਆਂ ਦੀ ਹੋਮ ਬਲੀ ਤਾਂ ਉਹ ਇੱਕ ਦੋਸ਼ ਰਹਿਤ ਨਰ ਲਿਆਵੇ,11ਅਤੇ ਉਹ ਉਸ ਨੂੰ ਯਹੋਵਾਹ ਦੇ ਅੱਗੇ ਜਗਵੇਦੀ ਦੀ ਉੱਤਰ ਦਿਸ਼ਾ ਵੱਲ ਵੱਢੇ ਅਤੇ ਹਾਰੂਨ ਦੇ ਪੁੱਤਰ ਜੋ ਜਾਜਕ ਹਨ, ਜਗਵੇਦੀ ਦੇ ਚੁਫ਼ੇਰੇ ਉਸ ਦਾ ਲਹੂ ਛਿੜਕਣ ।
12ਉਹ ਉਸ ਨੂੰ ਟੁੱਕੜੇ-ਟੁੱਕੜੇ ਕਰੇ ਅਤੇ ਉਸ ਦੇ ਸਿਰ ਅਤੇ ਚਰਬੀ ਨੂੰ ਵੱਖਰਾ ਕਰੇ ਅਤੇ ਜਾਜਕ ਇਨ੍ਹਾਂ ਨੂੰ ਉਸ ਲੱਕੜ ਉੱਤੇ ਸੁਧਾਰ ਕੇ ਰੱਖਣ ਜੋ ਜਗਵੇਦੀ ਦੀ ਅੱਗ ਉੱਤੇ ਹੈ ।13ਪਰ ਉਸ ਦੀਆਂ ਆਂਦਰਾਂ ਅਤੇ ਲੱਤਾਂ ਪਾਣੀ ਨਾਲ ਧੋਵੇ ਅਤੇ ਜਾਜਕ ਇਹ ਸਭ ਕੁਝ ਲਿਆ ਕੇ ਜਗਵੇਦੀ ਦੇ ਉੱਤੇ ਸਾੜੇ । ਇਹ ਯਹੋਵਾਹ ਦੇ ਲਈ ਹੋਮ ਬਲੀ ਅਤੇ ਸੁਗੰਧਤਾ ਲਈ ਅੱਗ ਦੀ ਇੱਕ ਭੇਟ ਹੈ ।

14ਜੇਕਰ ਉਹ ਯਹੋਵਾਹ ਦੇ ਲਈ ਪੰਛੀਆਂ ਦੀ ਹੋਮ ਦੀ ਭੇਟ ਚੜ੍ਹਾਵੇ ਤਾਂ ਉਹ ਘੁੱਗੀਆਂ ਜਾਂ ਕਬੂਤਰਾਂ ਦੇ ਬੱਚਿਆਂ ਵਿੱਚੋਂ ਆਪਣੀ ਭੇਟ ਲਿਆਵੇ ।15ਅਤੇ ਜਾਜਕ ਉਸ ਨੂੰ ਜਗਵੇਦੀ ਕੋਲ ਲਿਆਵੇ ਅਤੇ ਉਸ ਦੀ ਗਰਦਨ ਮਰੋੜ ਕੇ ਸਿਰ ਨੂੰ ਧੜ ਤੋਂ ਅਲੱਗ ਕਰੇ ਉਸ ਨੂੰ ਜਗਵੇਦੀ ਉੱਤੇ ਸਾੜੇ ਅਤੇ ਉਸਦਾ ਲਹੂ ਜਗਵੇਦੀ ਦੇ ਇੱਕ ਪਾਸੇ ਡੋਲ੍ਹ ਦੇਵੇ ।
16ਉਹ ਉਸ ਦੇ ਖੰਭਾਂ ਸਮੇਤ ਉਸ ਦੀ ਚੁੰਝ ਨੂੰ ਕੱਢ ਕੇ ਜਗਵੇਦੀ ਦੇ ਪੂਰਬ ਵੱਲ ਸੁਆਹ ਦੇ ਸਥਾਨ ਵਿੱਚ ਉਸ ਨੂੰ ਸੁੱਟ ਦੇਵੇ ।17ਉਹ ਖੰਭਾਂ ਦੇ ਵਿੱਚੋਂ ਉਸ ਨੂੰ ਪਾੜੇ, ਪਰ ਉਸ ਨੂੰ ਵੱਖੋ-ਵੱਖ ਨਾ ਕਰੇ, ਫੇਰ ਜਾਜਕ ਉਹ ਨੂੰ ਉਸ ਲੱਕੜ ਦੀ ਅੱਗ ਉੱਤੇ ਰੱਖ ਕੇ ਸਾੜੇ ਜੋ ਜਗਵੇਦੀ ਦੇ ਉੱਤੇ ਹੈ । ਇਹ ਯਹੋਵਾਹ ਦੇ ਲਈ ਹੋਮ ਦੀ ਭੇਟ ਅਤੇ ਸੁਗੰਧਤਾ ਲਈ ਅੱਗ ਦੀ ਭੇਟ ਠਹਿਰੇ ।

2
ਮੈਦੇ ਦੀ ਭੇਟ ਦੇ ਬਿਧੀ

1ਜਦੋਂ ਕੋਈ ਯਹੋਵਾਹ ਦੇ ਅੱਗੇ ਮੈਦੇ ਦੀ ਭੇਟ ਚੜ੍ਹਾਵੇ ਤਾਂ ਉਸ ਦੀ ਭੇਟ ਸ਼ੁੱਧ ਆਟੇ ਦੀ ਹੋਵੇ ਅਤੇ ਉਹ ਉਸ ਦੇ ਉੱਤੇ ਤੇਲ ਪਾਵੇ ਅਤੇ ਉਸ ਦੇ ਉੱਤੇ ਲੁਬਾਨ ਰੱਖੇ ।2ਉਹ ਉਸ ਨੂੰ ਹਾਰੂਨ ਦੇ ਪੁੱਤਰਾਂ ਦੇ ਕੋਲ ਜੋ ਜਾਜਕ ਹਨ ਲਿਆਵੇ ਅਤੇ ਉਹ ਮੈਦੇ, ਤੇਲ ਅਤੇ ਸਾਰੇ ਲੁਬਾਨ ਵਿੱਚੋਂ ਇੱਕ ਮੁੱਠ ਭਰ ਲਵੇ ਅਤੇ ਜਾਜਕ ਉਸ ਨੂੰ ਜਗਵੇਦੀ ਉੱਤੇ ਉਸ ਦੀ ਯਾਦਗਾਰੀ ਲਈ ਯਹੋਵਾਹ ਦੇ ਅੱਗੇ ਇੱਕ ਸੁਗੰਧਤਾ ਅਰਥਾਤ ਅੱਗ ਦੀ ਭੇਟ ਕਰਕੇ ਸਾੜੇ ।3ਅਤੇ ਮੈਦੇ ਦੀ ਭੇਟ ਵਿੱਚੋਂ ਜੋ ਬਚ ਜਾਵੇ ਉਹ ਹਾਰੂਨ ਅਤੇ ਉਸ ਦੇ ਪੁੱਤਰਾਂ ਦਾ ਹੋਵੇ । ਇਹ ਯਹੋਵਾਹ ਦੇ ਅੱਗੇ ਅੱਗ ਦੀ ਭੇਟ ਵਿੱਚੋਂ ਅੱਤ ਪਵਿੱਤਰ ਹੈ ।

4ਜੇਕਰ ਤੂੰ ਤੰਦੂਰ ਵਿੱਚ ਪਕਾਏ ਹੋਏ ਮੈਦੇ ਦੀ ਭੇਟ ਦਾ ਚੜ੍ਹਾਵਾ ਲਿਆਵੇਂ ਤਾਂ ਉਹ ਤੇਲ ਨਾਲ ਗੁੰਨੇ ਹੋਏ ਮੈਦੇ ਦੀ ਪਤੀਰੀ ਰੋਟੀ ਜਾਂ ਤੇਲ ਨਾਲ ਚੋਪੜੀਆਂ ਹੋਈਆਂ ਮੱਠੀਆਂ ਦਾ ਹੋਵੇ ।5ਜੇਕਰ ਤੇਰਾ ਚੜ੍ਹਾਵਾ ਤਵੇ ਉੱਤੇ ਪਕਾਈ ਹੋਈ ਮੈਦੇ ਦੀ ਭੇਟ ਦਾ ਹੋਵੇ ਤਾਂ ਉਹ ਤੇਲ ਨਾਲ ਗੁੰਨੇ ਹੋਏ ਪਤੀਰੇ ਮੈਦੇ ਦਾ ਹੋਵੇ ।
6ਤੂੰ ਉਸ ਨੂੰ ਟੁੱਕੜੇ-ਟੁੱਕੜੇ ਕਰਕੇ ਉਸ ਦੇ ਉੱਤੇ ਤੇਲ ਪਾਵੀਂ । ਇਹ ਇੱਕ ਮੈਦੇ ਦੀ ਭੇਟ ਹੈ ।7ਅਤੇ ਜੇਕਰ ਤੇਰਾ ਚੜ੍ਹਾਵਾ ਕੜਾਹੀ ਵਿੱਚ ਪਕਾਏ ਹੋਏ ਮੈਦੇ ਦੀ ਭੇਟ ਦਾ ਹੋਵੇ ਤਾਂ ਉਹ ਤੇਲ ਨਾਲ ਗੁੰਨੇ ਹੋਏ ਮੈਦੇ ਦਾ ਹੋਵੇ ।
8ਤੂੰ ਇੰਨ੍ਹਾ ਵਸਤੂਆਂ ਦੀ ਬਣੀ ਹੋਈ ਮੈਦੇ ਦੀ ਭੇਟ ਯਹੋਵਾਹ ਦੇ ਅੱਗੇ ਲਿਆਵੀਂ ਅਤੇ ਜਦੋਂ ਉਹ ਜਾਜਕ ਦੇ ਕੋਲ ਲਿਆਈ ਜਾਵੇ ਤਾਂ ਉਹ ਉਸ ਨੂੰ ਜਗਵੇਦੀ ਦੇ ਕੋਲ ਲਿਆਵੇ ।9ਅਤੇ ਜਾਜਕ ਉਸ ਦੀ ਯਾਦਗੀਰੀ ਲਈ ਮੈਦੇ ਦੀ ਭੇਟ ਤੋਂ ਕੁਝ ਲੈ ਕੇ ਉਸ ਨੂੰ ਜਗਵੇਦੀ ਉੱਤੇ ਸਾੜੇ, ਇਹ ਯਹੋਵਾਹ ਦੇ ਲਈ ਇੱਕ ਸੁਗੰਧਤਾ ਅਰਥਾਤ ਅੱਗ ਦੀ ਭੇਟ ਹੈ ।10ਅਤੇ ਜੋ ਕੁਝ ਉਸ ਮੈਦੇ ਦੀ ਭੇਟ ਤੋਂ ਬਚ ਜਾਵੇ ਉਹ ਹਾਰੂਨ ਅਤੇ ਉਸ ਦੇ ਪੁੱਤਰਾਂ ਦਾ ਹੋਵੇ, ਇਹ ਯਹੋਵਾਹ ਦੇ ਲਈ ਅੱਗ ਦੀਆਂ ਭੇਟਾਂ ਵਿੱਚੋਂ ਅੱਤ ਪਵਿੱਤਰ ਹੈ ।

11ਕੋਈ ਵੀ ਮੈਦੇ ਦੀ ਭੇਟ ਜੋ ਤੁਸੀਂ ਯਹੋਵਾਹ ਦੇ ਅੱਗੇ ਚੜ੍ਹਾਓ ਉਸ ਵਿੱਚ ਕੁਝ ਖ਼ਮੀਰ ਨਾ ਹੋਵੇ, ਤੁਸੀਂ ਯਹੋਵਾਹ ਦੇ ਲਈ ਕਿਸੇ ਅੱਗ ਦੀ ਭੇਟ ਵਿੱਚ ਖ਼ਮੀਰ ਅਤੇ ਸ਼ਹਿਦ ਨਾ ਸਾੜਿਓ ।12ਤੁਸੀਂ ਪਹਿਲੇ ਫ਼ਲਾਂ ਦੀ ਭੇਟ ਯਹੋਵਾਹ ਦੇ ਅੱਗੇ ਚੜ੍ਹਾਓ ਪਰ ਉਹ ਸੁਗੰਧਤਾ ਕਰਕੇ ਜਗਵੇਦੀ ਦੇ ਉੱਤੇ ਸਾੜੀ ਨਾ ਜਾਵੇ ।13ਤੂੰ ਆਪਣੀ ਮੈਦੇ ਦੀ ਭੇਟ ਦੇ ਸਾਰੇ ਚੜ੍ਹਾਵਿਆਂ ਵਿੱਚ ਲੂਣ ਰਲਾਵੀਂ । ਤੂੰ ਆਪਣੀ ਮੈਦੇ ਦੀ ਭੇਟ ਵਿੱਚ ਆਪਣੇ ਪਰਮੇਸ਼ੁਰ ਦੇ ਨਾਲ ਬੰਨ੍ਹੇ ਹੋਵੇ ਨੇਮ ਦਾ ਲੂਣ ਨਾ ਘਟਾਵੀਂ ਅਤੇ ਆਪਣੀਆਂ ਸਾਰੀਆਂ ਭੇਟਾਂ ਨਾਲ ਲੂਣ ਚੜ੍ਹਾਵੀਂ ।

14ਜੇਕਰ ਤੂੰ ਆਪਣੀ ਉਪਜ ਦੇ ਪਹਿਲੇ ਫ਼ਲਾਂ ਵਿੱਚੋਂ ਮੈਦੇ ਦੀ ਭੇਟ ਯਹੋਵਾਹ ਦੇ ਅੱਗੇ ਚੜ੍ਹਾਵੇਂ, ਤਾਂ ਤੂੰ ਮੈਦੇ ਦੀ ਭੇਟ ਵਿੱਚ ਆਪਣੇ ਪਹਿਲੇ ਫ਼ਲਾਂ ਦੇ ਦਾਣਿਆਂ ਦੇ ਹਰੇ ਸਿੱਟੇ ਅੱਗ ਨਾਲ ਭੁੰਨੇ ਹੋਏ ਅਰਥਾਤ ਮਸਲ ਦੇ ਕੱਢੇ ਹੋਏ ਦਾਣੇ ਚੜ੍ਹਾਵੀਂ ।15ਤੂੰ ਉਸ ਤੇ ਤੇਲ ਪਾਵੀਂ ਅਤੇ ਉਸ ਉੱਤੇ ਲੁਬਾਨ ਰੱਖੀਂ, ਇਹ ਇੱਕ ਮੈਦੇ ਦੀ ਭੇਟ ਹੈ ।16ਅਤੇ ਜਾਜਕ ਉਸ ਦੀ ਯਾਦਗਿਰੀ ਲਈ ਉਸ ਦੇ ਕੱਢੇ ਹੋਏ ਦਾਣਿਆਂ ਵਿੱਚੋਂ ਅਤੇ ਤੇਲ ਵਿੱਚੋਂ ਕੁਝ ਲੈ ਕੇ ਉਸ ਦੇ ਸਾਰੇ ਲੁਬਾਨ ਸਮੇਤ ਸਾੜੇ । ਇਹ ਯਹੋਵਾਹ ਦੇ ਲਈ ਅੱਗ ਦੀ ਭੇਟ ਹੈ ।

3
ਸੁੱਖ-ਸਾਂਦ ਦੀ ਬਲੀ ਦੀ ਬਿਧੀ

1ਜੇਕਰ ਉਸ ਦਾ ਚੜ੍ਹਾਵਾ ਸੁੱਖ-ਸਾਂਦ ਦੀ ਬਲੀ ਦਾ ਹੋਵੇ ਅਤੇ ਜੇਕਰ ਉਹ ਉਸ ਨੂੰ ਵੱਗ ਵਿੱਚੋਂ ਚੜ੍ਹਾਵੇ, ਭਾਵੇਂ ਉਹ ਬਲ਼ਦ ਹੋਵੇ ਭਾਵੇਂ ਗਾਂ, ਉਹ ਦੋਸ਼ ਰਹਿਤ ਪਸ਼ੂ ਯਹੋਵਾਹ ਦੇ ਅੱਗੇ ਚੜ੍ਹਾਵੇ ।2ਉਹ ਆਪਣਾ ਹੱਥ ਆਪਣੀ ਭੇਟ ਦੇ ਪਸ਼ੂ ਦੇ ਸਿਰ ਉੱਤੇ ਰੱਖੇ ਅਤੇ ਉਸ ਨੂੰ ਮੰਡਲੀ ਦੇ ਡੇਰੇ ਦੇ ਬੂਹੇ ਕੋਲ ਵੱਢੇ ਅਤੇ ਹਾਰੂਨ ਦੇ ਪੁੱਤਰ ਜੋ ਜਾਜਕ ਹਨ, ਉਸ ਦਾ ਲਹੂ ਜਗਵੇਦੀ ਦੇ ਚੁਫ਼ੇਰੇ ਛਿੜਕਣ ।

3ਉਹ ਸੁੱਖ-ਸਾਂਦ ਦੀ ਬਲੀ ਵਿੱਚੋਂ ਇੱਕ ਅੱਗ ਦੀ ਭੇਟ ਯਹੋਵਾਹ ਦੇ ਅੱਗੇ ਚੜ੍ਹਾਵੇ ਅਰਥਾਤ ਉਹ ਚਰਬੀ ਜਿਹੜੀ ਆਂਦਰਾਂ ਨੂੰ ਢੱਕਦੀ ਹੈ ਅਤੇ ਉਹ ਸਾਰੀ ਚਰਬੀ ਜੋ ਆਂਦਰਾਂ ਦੇ ਨਾਲ ਜੁੜੀ ਹੋਈ ਹੈ4ਅਤੇ ਦੋਵੇਂ ਗੁਰਦੇ, ਅਤੇ ਲੱਕ ਦੇ ਉੱਤੇ ਜਿਹੜੀ ਚਰਬੀ ਹੈ ਅਤੇ ਉਹ ਝਿੱਲੀ ਜੋ ਕਲੇਜੇ ਉੱਤੇ ਹੈ, ਉਸ ਨੂੰ ਗੁਰਦਿਆਂ ਸਮੇਤ ਵੱਖਰੀ ਕਰੇ ।5ਅਤੇ ਹਾਰੂਨ ਦੇ ਪੁੱਤਰ ਉਸ ਨੂੰ ਹੋਮ ਬਲੀ ਕਰਕੇ ਲੱਕੜ ਦੀ ਅੱਗ ਵਿੱਚ ਸਾੜਨ ਜਿਹੜੀ ਜਗਵੇਦੀ ਦੇ ਉੱਤੇ ਹੈ । ਇਹ ਯਹੋਵਾਹ ਦੇ ਲਈ ਇੱਕ ਸੁਗੰਧਤਾ ਅਰਥਾਤ ਅੱਗ ਦੀ ਭੇਟ ਹੈ ।

6ਜੇਕਰ ਯਹੋਵਾਹ ਦੇ ਲਈ ਉਸ ਦੀ ਸੁੱਖ-ਸਾਂਦ ਦੀ ਭੇਟ ਇੱਜੜ ਵਿੱਚੋਂ ਹੋਵੇ, ਭਾਵੇਂ ਨਰ ਹੋਵੇ ਭਾਵੇਂ ਮਾਦਾ, ਉਹ ਉਸ ਨੂੰ ਦੋਸ਼ ਰਹਿਤ ਚੜ੍ਹਾਵੇ ।7ਜੇ ਉਹ ਆਪਣੀ ਭੇਟ ਵਿੱਚ ਲੇਲਾ ਚੜ੍ਹਾਵੇ ਤਾਂ ਉਹ ਉਸ ਨੂੰ ਯਹੋਵਾਹ ਦੇ ਲਈ ਚੜ੍ਹਾਵੇ ।8ਉਹ ਆਪਣਾ ਹੱਥ ਆਪਣੀ ਭੇਟ ਦੇ ਪਸ਼ੂ ਦੇ ਸਿਰ ਉੱਤੇ ਰੱਖੇ ਅਤੇ ਉਸ ਨੂੰ ਮੰਡਲੀ ਦੇ ਡੇਰੇ ਦੇ ਅੱਗੇ ਵੱਢ ਦੇਵੇ, ਅਤੇ ਹਾਰੂਨ ਦੇ ਪੁੱਤਰ ਉਸ ਦਾ ਲਹੂ ਜਗਵੇਦੀ ਦੇ ਚੁਫ਼ੇਰੇ ਛਿੜਕਣ ।
9ਤਦ ਸੁੱਖ-ਸਾਂਦ ਦੀ ਬਲੀ ਵਿੱਚੋਂ ਉਹ ਯਹੋਵਾਹ ਦੇ ਅੱਗੇ ਇੱਕ ਅੱਗ ਦੀ ਭੇਟ ਚੜ੍ਹਾਵੇ ਅਰਥਾਤ ਉਸ ਦੀ ਚਰਬੀ ਨਾਲ ਭਰੀ ਪੂਛ ਰੀੜ ਦੇ ਕੋਲੋਂ ਵੱਢ ਕੇ ਵੱਖ ਕਰੇ ਅਤੇ ਉਹ ਚਰਬੀ ਜੋ ਆਂਦਰਾਂ ਨੂੰ ਢੱਕਦੀ ਹੈ ਅਤੇ ਸਾਰੀ ਚਰਬੀ ਜੋ ਆਂਦਰਾਂ ਦੇ ਨਾਲ ਜੁੜੀ ਹੋਈ ਹੈ,10ਅਤੇ ਦੋਵੇਂ ਗੁਰਦੇ ਅਤੇ ਲੱਕ ਦੇ ਉੱਤੇ ਜਿਹੜੀ ਚਰਬੀ ਹੈ ਅਤੇ ਉਹ ਝਿੱਲੀ ਜੋ ਕਲੇਜੇ ਉੱਤੇ ਹੈ, ਉਸ ਨੂੰ ਗੁਰਦਿਆਂ ਸਮੇਤ ਵੱਖਰੀ ਕਰੇ ।11ਅਤੇ ਜਾਜਕ ਉਸ ਨੂੰ ਜਗਵੇਦੀ ਉੱਤੇ ਸਾੜੇ, ਇਹ ਅੱਗ ਦੀ ਭੇਟ ਯਹੋਵਾਹ ਦੇ ਅੱਗੇ ਭੋਜ ਦੇ ਸਮਾਨ ਹੈ ।

12ਅਤੇ ਜੇਕਰ ਉਹ ਭੇਟ ਵਿੱਚ ਬੱਕਰਾ ਚੜ੍ਹਾਵੇ ਤਾਂ ਉਹ ਉਸ ਨੂੰ ਯਹੋਵਾਹ ਦੇ ਅੱਗੇ ਚੜ੍ਹਾਵੇ ।13ਉਹ ਆਪਣਾ ਹੱਥ ਉਸ ਪਸ਼ੂ ਦੇ ਸਿਰ ਉੱਤੇ ਰੱਖੇ ਅਤੇ ਮੰਡਲੀ ਦੇ ਡੇਰੇ ਦੇ ਅੱਗੇ ਉਸ ਨੂੰ ਵੱਢ ਸੁੱਟੇ ਅਤੇ ਹਾਰੂਨ ਦੇ ਪੁੱਤਰ ਉਸ ਦਾ ਲਹੂ ਜਗਵੇਦੀ ਦੇ ਚੁਫ਼ੇਰੇ ਛਿੜਕਣ ।14ਤਦ ਉਹ ਉਸ ਵਿੱਚੋਂ ਆਪਣੀ ਭੇਟ ਯਹੋਵਾਹ ਦੇ ਲਈ ਇੱਕ ਅੱਗ ਦੀ ਭੇਟ ਕਰਕੇ ਚੜ੍ਹਾਵੇ ਅਰਥਾਤ ਉਹ ਚਰਬੀ ਜੋ ਆਂਦਰਾਂ ਨੂੰ ਢੱਕਦੀ ਹੈ ਅਤੇ ਸਾਰੀ ਚਰਬੀ ਜੋ ਆਂਦਰਾਂ ਦੇ ਨਾਲ ਜੁੜੀ ਹੋਈ ਹੈ,
15ਅਤੇ ਦੋਵੇਂ ਗੁਰਦੇ ਅਤੇ ਲੱਕ ਦੇ ਉੱਤੇ ਜਿਹੜੀ ਚਰਬੀ ਹੈ ਅਤੇ ਉਹ ਝਿੱਲੀ ਜੋ ਕਲੇਜੇ ਉੱਤੇ ਹੈ, ਉਸ ਨੂੰ ਗੁਰਦਿਆਂ ਸਮੇਤ ਵੱਖਰੀ ਕਰੇ ।16ਜਾਜਕ ਉਨ੍ਹਾਂ ਨੂੰ ਜਗਵੇਦੀ ਦੇ ਉੱਤੇ ਸਾੜੇ । ਇਹ ਸੁਗੰਧਤਾ ਅਰਥਾਤ ਅੱਗ ਦੀ ਭੇਟ ਦਾ ਭੋਜਨ ਹੈ, ਸਾਰੀ ਚਰਬੀ ਯਹੋਵਾਹ ਲਈ ਹੈ ।

17ਇਹ ਤੁਹਾਡੇ ਸਾਰੇ ਨਿਵਾਸ ਸਥਾਨਾਂ ਵਿੱਚ ਤੁਹਾਡੀਆਂ ਪੀੜ੍ਹੀਆਂ ਦੇ ਲਈ ਸਦਾ ਦੀ ਬਿਧੀ ਹੈ ਕਿ ਤੁਸੀਂ ਚਰਬੀ ਅਤੇ ਲਹੂ ਕਦੀ ਨਾ ਖਾਣਾ ।

4
ਪਾਪ ਬਲੀ ਦੀ ਬਿਧੀ

1ਯਹੋਵਾਹ ਨੇ ਮੂਸਾ ਨੂੰ ਆਖਿਆ,2ਇਸਰਾਏਲੀਆਂ ਨੂੰ ਆਖ ਕਿ ਜੇ ਕੋਈ ਮਨੁੱਖ ਅਣਜਾਣੇ ਵਿੱਚ ਕੋਈ ਅਜਿਹਾ ਕੰਮ ਕਰਕੇ ਪਾਪ ਕਰੇ, ਜਿਨ੍ਹਾਂ ਨੂੰ ਨਾ ਕਰਨ ਦਾ ਹੁਕਮ ਯਹੋਵਾਹ ਦਿੱਤਾ ਹੈ,3ਅਤੇ ਜੇਕਰ ਕਦੀ ਮਸਹ ਕੀਤਾ ਹੋਇਆ ਜਾਜਕ ਕੋਈ ਅਜਿਹਾ ਪਾਪ ਕਰੇ, ਜਿਸ ਦੇ ਕਾਰਨ ਪਰਜਾ ਦੋਸ਼ੀ ਠਹਿਰੇ ਤਾਂ ਉਹ ਆਪਣੇ ਉਸ ਪਾਪ ਦੇ ਲਈ ਇੱਕ ਦੋਸ਼ ਰਹਿਤ ਜੁਆਨ ਬਲ਼ਦ ਯਹੋਵਾਹ ਦੇ ਅੱਗੇ ਪਾਪ ਬਲੀ ਦੀ ਭੇਟ ਕਰਕੇ ਚੜ੍ਹਾਵੇ,

4ਉਹ ਉਸ ਬਲ਼ਦ ਨੂੰ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਦੇ ਕੋਲ ਯਹੋਵਾਹ ਦੇ ਅੱਗੇ ਲਿਆਵੇ ਅਤੇ ਆਪਣਾ ਹੱਥ ਬਲ਼ਦ ਦੇ ਸਿਰ ਉੱਤੇ ਰੱਖੇ ਅਤੇ ਉਸ ਬਲ਼ਦ ਨੂੰ ਯਹੋਵਾਹ ਦੇ ਅੱਗੇ ਵੱਢ ਸੁੱਟੇ,5ਅਤੇ ਮਸਹ ਕੀਤਾ ਹੋਇਆ ਜਾਜਕ ਉਸ ਬਲ਼ਦ ਦੇ ਲਹੂ ਵਿੱਚੋਂ ਕੁਝ ਲੈ ਕੇ ਮੰਡਲੀ ਦੇ ਡੇਰੇ ਨੂੰ ਲਿਆਵੇ ।
6ਅਤੇ ਜਾਜਕ ਆਪਣੀ ਉਂਗਲੀ ਲਹੂ ਵਿੱਚ ਡੋਬ ਕੇ ਉਸ ਲਹੂ ਨੂੰ ਪਵਿੱਤਰ ਸਥਾਨ ਦੇ ਪਰਦੇ ਦੇ ਸਾਹਮਣੇ ਯਹੋਵਾਹ ਦੇ ਅੱਗੇ ਸੱਤ ਵਾਰੀ ਛਿੜਕੇ ।7ਅਤੇ ਜਾਜਕ ਉਸ ਲਹੂ ਵਿੱਚੋਂ ਕੁਝ ਲੈ ਕੇ ਸੁਗੰਧੀ ਧੂਪ ਦੀ ਜਗਵੇਦੀ ਦੇ ਸਿੰਗਾਂ ਉੱਤੇ ਜੋ ਮੰਡਲੀ ਦੇ ਡੇਰੇ ਵਿੱਚ ਹੈ, ਯਹੋਵਾਹ ਦੇ ਅੱਗੇ ਲਗਾਵੇ, ਫੇਰ ਬਲ਼ਦ ਦਾ ਸਾਰਾ ਲਹੂ ਹੋਮ ਦੀ ਜਗਵੇਦੀ ਦੇ ਹੇਠ ਡੋਲ੍ਹ ਦੇਵੇ, ਜੋ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਦੇ ਕੋਲ ਹੈ ।
8ਫੇਰ ਉਹ ਉਸ ਬਲ਼ਦ ਦੀ ਸਾਰੀ ਚਰਬੀ ਪਾਪ ਬਲੀ ਦੀ ਭੇਟ ਕਰਕੇ ਵੱਖਰੀ ਕਰੇ ਅਰਥਾਤ ਉਹ ਚਰਬੀ ਜਿਹੜੀ ਆਂਦਰਾਂ ਨੂੰ ਢੱਕਦੀ ਹੈ ਅਤੇ ਉਹ ਸਾਰੀ ਚਰਬੀ ਜੋ ਆਂਦਰਾਂ ਦੇ ਨਾਲ ਜੁੜੀ ਹੋਈ ਹੈ ।9ਦੋਵੇਂ ਗੁਰਦੇ ਅਤੇ ਲੱਕ ਦੇ ਉੱਤੇ ਜਿਹੜੀ ਚਰਬੀ ਹੈ ਅਤੇ ਉਹ ਝਿੱਲੀ ਜੋ ਕਲੇਜੇ ਉੱਤੇ ਹੈ, ਉਸ ਨੂੰ ਗੁਰਦਿਆਂ ਸਮੇਤ ਵੱਖਰੀ ਕਰੇ,10ਜਿਸ ਤਰ੍ਹਾਂ ਸੁੱਖ-ਸਾਂਦ ਦੀਆਂ ਭੇਟਾਂ, ਬਲੀ ਦੇ ਬਲ਼ਦ ਤੋਂ ਵੱਖਰੀਆਂ ਕੀਤੀਆਂ ਜਾਂਦੀਆਂ ਹਨ । ਜਾਜਕ ਉਨ੍ਹਾਂ ਨੂੰ ਹੋਮ ਦੀ ਜਗਵੇਦੀ ਉੱਤੇ ਸਾੜੇ ।
11ਪਰ ਬਲ਼ਦ ਦੀ ਖੱਲ, ਉਸ ਦਾ ਸਾਰਾ ਮਾਸ, ਉਸ ਦਾ ਸਿਰ, ਲੱਤਾਂ ਅਤੇ ਆਂਦਰਾਂ ਸਮੇਤ ਉਸ ਦਾ ਗੋਹਾ,12ਅਰਥਾਤ ਸਾਰਾ ਬਲ਼ਦ, ਉਹ ਡੇਰਿਆਂ ਤੋਂ ਬਾਹਰ ਇੱਕ ਸਾਫ਼ ਸਥਾਨ ਵਿੱਚ ਜਿੱਥੇ ਸੁਆਹ ਪਾਈ ਜਾਂਦੀ ਹੈ, ਲੈ ਜਾਵੇ ਅਤੇ ਉਸ ਨੂੰ ਲੱਕੜਾਂ ਉੱਤੇ ਅੱਗ ਨਾਲ ਸਾੜ ਦੇਵੇ, ਉਹ ਉੱਥੇ ਹੀ ਸਾੜਿਆ ਜਾਵੇ ਜਿੱਥੇ ਸੁਆਹ ਪਾਈ ਜਾਂਦੀ ਹੈ ।

13ਜੇ ਕਦੀ ਇਸਰਾਏਲ ਦੀ ਸਾਰੀ ਮੰਡਲੀ ਅਣਜਾਣ ਹੋ ਕੇ ਪਾਪ ਕਰੇ ਅਤੇ ਇਹ ਗੱਲ ਸਭਾ ਤੋਂ ਲੁੱਕੀ ਹੋਵੇ ਅਤੇ ਉਨ੍ਹਾਂ ਨੇ ਯਹੋਵਾਹ ਦੇ ਹੁਕਮਾਂ ਦੇ ਵਿਰੁੱਧ ਉਹ ਕੀਤਾ ਹੋਵੇ ਜੋ ਕਰਨ ਦੇ ਯੋਗ ਨਹੀਂ ਸੀ ਅਤੇ ਦੋਸ਼ੀ ਠਹਿਰੇ ਹੋਣ,14ਤਾਂ ਜਦ ਉਨ੍ਹਾਂ ਦਾ ਕੀਤਾ ਹੋਇਆ ਪਾਪ ਪ੍ਰਗਟ ਹੋ ਜਾਵੇ, ਤਾਂ ਮੰਡਲੀ ਇੱਕ ਜੁਆਨ ਬਲ਼ਦ ਪਾਪ ਦੀ ਬਲੀ ਲਈ ਚੜ੍ਹਾਵੇ ਅਤੇ ਉਸ ਨੂੰ ਮੰਡਲੀ ਦੇ ਡੇਰੇ ਦੇ ਅੱਗੇ ਲਿਆਵੇ,15ਅਤੇ ਮੰਡਲੀ ਦੇ ਬਜ਼ੁਰਗ ਆਪਣੇ-ਆਪਣੇ ਹੱਥ ਯਹੋਵਾਹ ਦੇ ਅੱਗੇ ਬਲ਼ਦ ਦੇ ਸਿਰ ਉੱਤੇ ਰੱਖਣ ਅਤੇ ਉਹ ਬਲ਼ਦ ਯਹੋਵਾਹ ਦੇ ਅੱਗੇ ਵੱਢਿਆ ਜਾਵੇ ।
16ਅਤੇ ਮਸਹ ਕੀਤਾ ਹੋਇਆ ਜਾਜਕ ਉਸ ਬਲ਼ਦ ਦੇ ਲਹੂ ਵਿੱਚੋਂ ਕੁਝ ਲੈ ਕੇ ਮੰਡਲੀ ਦੇ ਡੇਰੇ ਨੂੰ ਲਿਆਵੇ ।17ਅਤੇ ਜਾਜਕ ਆਪਣੀ ਉਂਗਲੀ ਲਹੂ ਵਿੱਚ ਡੋਬ ਕੇ ਪਵਿੱਤਰ ਸਥਾਨ ਦੇ ਪਰਦੇ ਦੇ ਸਾਹਮਣੇ, ਉਹ ਲਹੂ ਨੂੰ ਯਹੋਵਾਹ ਦੇ ਅੱਗੇ ਸੱਤ ਵਾਰੀ ਛਿੜਕੇ ।
18ਅਤੇ ਜਾਜਕ ਉਸ ਲਹੂ ਵਿੱਚੋਂ ਕੁਝ ਲੈ ਕੇ ਜਗਵੇਦੀ ਦੇ ਸਿੰਗਾਂ ਉੱਤੇ ਜੋ ਮੰਡਲੀ ਦੇ ਡੇਰੇ ਵਿੱਚ ਹੈ ਯਹੋਵਾਹ ਦੇ ਅੱਗੇ ਲਗਾਵੇ, ਫਿਰ ਬਲ਼ਦ ਦਾ ਸਾਰਾ ਲਹੂ ਹੋਮ ਦੀ ਜਗਵੇਦੀ ਦੇ ਹੇਠ ਡੋਲ੍ਹ ਦੇਵੇ, ਜੋ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਦੇ ਕੋਲ ਹੈ ।19ਅਤੇ ਉਹ ਉਸ ਬਲ਼ਦ ਦੀ ਸਾਰੀ ਚਰਬੀ ਲੈ ਕੇ ਜਗਵੇਦੀ ਦੇ ਉੱਤੇ ਸਾੜੇ ।
20ਅਤੇ ਜਿਸ ਤਰ੍ਹਾਂ ਉਸ ਨੇ ਪਾਪ ਬਲੀ ਦੀ ਭੇਟ ਦੇ ਬਲ਼ਦ ਦੇ ਨਾਲ ਕੀਤਾ ਸੀ, ਉਸੇ ਤਰ੍ਹਾਂ ਹੀ ਉਹ ਇਸ ਬਲ਼ਦ ਨਾਲ ਕਰੇ ਅਤੇ ਜਾਜਕ ਇਸਰਾਏਲੀਆਂ ਦੇ ਲਈ ਪ੍ਰਾਸਚਿਤ ਕਰੇ ਅਤੇ ਉਨ੍ਹਾਂ ਦਾ ਪਾਪ ਮਾਫ਼ ਕੀਤਾ ਜਾਵੇਗਾ ।21ਅਤੇ ਜਿਸ ਤਰ੍ਹਾਂ ਉਸ ਨੇ ਪਹਿਲੇ ਬਲ਼ਦ ਨੂੰ ਸਾੜਿਆ ਸੀ, ਉਸੇ ਤਰ੍ਹਾਂ ਹੀ ਇਸ ਬਲ਼ਦ ਨੂੰ ਵੀ ਡੇਰੇ ਤੋਂ ਬਾਹਰ ਲੈ ਜਾ ਕੇ ਸਾੜੇ । ਇਹ ਮੰਡਲੀ ਦੇ ਲਈ ਪਾਪ ਦੀ ਭੇਟ ਹੈ ।

22ਜਦੋਂ ਕੋਈ ਪ੍ਰਧਾਨ ਪਾਪ ਕਰੇ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਦੇ ਵਿਰੁੱਧ ਅਣਜਾਣੇ ਵਿੱਚ ਕੁਝ ਅਜਿਹਾ ਕਰੇ ਜੋ ਕਰਨ ਜੋਗ ਨਹੀਂ ਸੀ ਅਤੇ ਦੋਸ਼ੀ ਠਹਿਰੇ,23ਤਦ ਜੇਕਰ ਉਸ ਦਾ ਕੀਤਾ ਹੋਇਆ ਪਾਪ ਉਸ ਉੱਤੇ ਪ੍ਰਗਟ ਹੋ ਜਾਵੇ ਤਾਂ ਉਹ ਦੋਸ਼ ਰਹਿਤ ਇੱਕ ਬੱਕਰਾ ਆਪਣੀ ਭੇਟ ਵਿੱਚ ਲਿਆਵੇ,
24ਅਤੇ ਉਹ ਆਪਣਾ ਹੱਥ ਬੱਕਰੇ ਦੇ ਸਿਰ ਉੱਤੇ ਰੱਖੇ ਅਤੇ ਉਸ ਨੂੰ ਉਸ ਸਥਾਨ ਵਿੱਚ ਜਿੱਥੇ ਯਹੋਵਾਹ ਦੇ ਅੱਗੇ ਹੋਮ ਬਲੀ ਨੂੰ ਵੱਢਦੇ ਹਨ, ਵੱਢ ਦੇਵੇ, ਇਹ ਇੱਕ ਪਾਪ ਦੀ ਭੇਟ ਹੈ ।25ਅਤੇ ਜਾਜਕ ਉਸ ਪਾਪ ਬਲੀ ਦੀ ਭੇਟ ਦੇ ਲਹੂ ਤੋਂ ਕੁਝ ਲੈ ਕੇ ਆਪਣੀ ਉਂਗਲ ਨਾਲ ਹੋਮ ਦੀ ਜਗਵੇਦੀ ਦੇ ਸਿੰਗਾਂ ਉੱਤੇ ਲਗਾਵੇ ਅਤੇ ਉਸ ਦਾ ਲਹੂ ਹੋਮ ਦੀ ਜਗਵੇਦੀ ਦੇ ਹੇਠ ਡੋਲ੍ਹ ਦੇਵੇ ।
26ਅਤੇ ਉਹ ਉਸ ਦੀ ਸਾਰੀ ਚਰਬੀ ਸੁੱਖ-ਸਾਂਦ ਦੀ ਬਲੀ ਦੀ ਚਰਬੀ ਦੀ ਤਰ੍ਹਾਂ ਜਗਵੇਦੀ ਉੱਤੇ ਸਾੜੇ ਅਤੇ ਜਾਜਕ ਉਸ ਦੇ ਲਈ ਪ੍ਰਾਸਚਿਤ ਕਰੇ ਤਦ ਉਸ ਦਾ ਪਾਪ ਮਾਫ਼ ਕੀਤਾ ਜਾਵੇਗਾ ।

27ਜੇਕਰ ਆਮ ਲੋਕਾਂ ਵਿੱਚੋਂ ਕੋਈ ਯਹੋਵਾਹ ਦੇ ਹੁਕਮਾਂ ਦੇ ਵਿਰੁੱਧ ਅਣਜਾਣੇ ਵਿੱਚ ਕੋਈ ਅਜਿਹਾ ਕੰਮ ਕਰਕੇ ਪਾਪ ਕਰੇ ਜਿਸ ਨੂੰ ਨਾ ਕਰਨ ਦਾ ਹੁਕਮ ਯਹੋਵਾਹ ਨੇ ਦਿੱਤਾ ਸੀ ਅਤੇ ਦੋਸ਼ੀ ਠਹਿਰੇ,28ਫਿਰ ਜਦ ਉਸ ਦਾ ਪਾਪ ਉਸ ਉੱਤੇ ਪ੍ਰਗਟ ਹੋ ਜਾਵੇ ਤਾਂ ਉਹ ਉਸ ਪਾਪ ਦੇ ਕਾਰਨ ਦੋਸ਼ ਰਹਿਤ ਇੱਕ ਬੱਕਰੀ ਆਪਣੀ ਭੇਟ ਲਈ ਲਿਆਵੇ ।
29ਅਤੇ ਉਹ ਆਪਣਾ ਹੱਥ ਉਸ ਪਾਪ ਬਲੀ ਦੀ ਭੇਟ ਦੇ ਸਿਰ ਉੱਤੇ ਰੱਖੇ ਅਤੇ ਉਸ ਨੂੰ ਉਸ ਸਥਾਨ ਵਿੱਚ ਜਿੱਥੇ ਯਹੋਵਾਹ ਦੇ ਅੱਗੇ ਹੋਮ ਬਲੀ ਨੂੰ ਵੱਢਦੇ ਹਨ, ਵੱਢ ਦੇਵੇ ।30ਅਤੇ ਜਾਜਕ ਉਸ ਦੇ ਲਹੂ ਤੋਂ ਕੁਝ ਲੈ ਕੇ ਆਪਣੀ ਉਂਗਲ ਨਾਲ ਹੋਮ ਦੀ ਜਗਵੇਦੀ ਦੇ ਸਿੰਗਾਂ ਉੱਤੇ ਲਗਾਵੇ ਅਤੇ ਉਸ ਦਾ ਲਹੂ ਹੋਮ ਦੀ ਜਗਵੇਦੀ ਦੇ ਹੇਠ ਡੋਲ੍ਹ ਦੇਵੇ ।
31ਫੇਰ ਜਿਸ ਤਰ੍ਹਾਂ ਸੁੱਖ-ਸਾਂਦ ਦੀਆਂ ਬਲੀਆਂ ਵਿੱਚੋਂ ਚਰਬੀ ਵੱਖਰੀ ਕੀਤੀ ਜਾਂਦੀ ਹੈ, ਉਸੇ ਤਰ੍ਹਾਂ ਉਹ ਉਸ ਦੀ ਸਾਰੀ ਚਰਬੀ ਵੱਖਰੀ ਕਰੇ ਅਤੇ ਜਾਜਕ ਯਹੋਵਾਹ ਦੇ ਅੱਗੇ ਉਸ ਨੂੰ ਸੁਗੰਧਤਾ ਕਰਕੇ ਜਗਵੇਦੀ ਉੱਤੇ ਸਾੜੇ ਅਤੇ ਜਾਜਕ ਉਸ ਦੇ ਲਈ ਪ੍ਰਾਸਚਿਤ ਕਰੇ ਤਦ ਉਸ ਦਾ ਪਾਪ ਮਾਫ਼ ਕੀਤਾ ਜਾਵੇਗਾ ।

32ਜੇਕਰ ਉਹ ਪਾਪ ਬਲੀ ਦੀ ਭੇਟ ਵਿੱਚ ਇੱਕ ਭੇਡ ਲਿਆਵੇ ਤਾਂ ਉਹ ਦੋਸ਼ ਰਹਿਤ ਇੱਕ ਲੇਲੀ ਲਿਆਵੇ ।33ਅਤੇ ਉਹ ਆਪਣਾ ਹੱਥ ਉਸ ਪਾਪ ਬਲੀ ਦੀ ਭੇਟ ਦੇ ਸਿਰ ਉੱਤੇ ਰੱਖੇ ਅਤੇ ਉਸ ਸਥਾਨ ਵਿੱਚ ਜਿੱਥੇ ਹੋਮ ਬਲੀ ਨੂੰ ਵੱਢਦੇ ਹਨ, ਉਸ ਨੂੰ ਇੱਕ ਪਾਪ ਬਲੀ ਦੀ ਭੇਟ ਕਰਕੇ ਵੱਢ ਦੇਵੇ ।
34ਅਤੇ ਜਾਜਕ ਪਾਪ ਬਲੀ ਦੀ ਭੇਟ ਦੇ ਲਹੂ ਤੋਂ ਕੁਝ ਲੈ ਕੇ ਆਪਣੀ ਉਂਗਲ ਨਾਲ ਹੋਮ ਦੀ ਜਗਵੇਦੀ ਦੇ ਸਿੰਗਾਂ ਉੱਤੇ ਲਗਾਵੇ ਅਤੇ ਉਸ ਦਾ ਲਹੂ ਹੋਮ ਦੀ ਜਗਵੇਦੀ ਦੇ ਹੇਠ ਡੋਲ੍ਹ ਦੇਵੇ ।35ਫੇਰ ਜਿਸ ਤਰ੍ਹਾਂ ਸੁੱਖ-ਸਾਂਦ ਦੀਆਂ ਬਲੀਆਂ ਵਿੱਚੋਂ ਚਰਬੀ ਵੱਖਰੀ ਕੀਤੀ ਜਾਂਦੀ ਹੈ, ਉਸੇ ਤਰ੍ਹਾਂ ਉਹ ਉਸ ਦੀ ਸਾਰੀ ਚਰਬੀ ਵੱਖਰੀ ਕਰੇ ਅਤੇ ਜਾਜਕ ਯਹੋਵਾਹ ਦੀਆਂ ਅੱਗ ਦੀਆਂ ਭੇਟਾਂ ਦੇ ਅਨੁਸਾਰ ਉਨ੍ਹਾਂ ਨੂੰ ਸਾੜੇ, ਅਤੇ ਜਾਜਕ ਉਸ ਦੇ ਪਾਪ ਲਈ ਪ੍ਰਾਸਚਿਤ ਕਰੇ ਤਦ ਉਸ ਦਾ ਪਾਪ ਮਾਫ਼ ਕੀਤਾ ਜਾਵੇਗਾ ।

5
ਪਾਪ ਬਲੀ ਦੇ ਕਾਰਨ

1ਜੇਕਰ ਕੋਈ ਮਨੁੱਖ ਅਜਿਹਾ ਪਾਪ ਕਰੇ ਕਿ ਉਹ ਕਿਸੇ ਗੱਲ ਦਾ ਗਵਾਹ ਹੋਵੇ ਅਤੇ ਸਹੁੰ ਚੁੱਕਣ ਤੋਂ ਬਾਅਦ ਵੀ ਉਹ ਨਾ ਦੱਸੇ ਕਿ ਉਸ ਨੇ ਕੁਝ ਵੇਖਿਆ ਜਾਂ ਜਾਣਿਆ ਹੈ, ਤਾਂ ਉਹ ਦੋਸ਼ੀ ਠਹਿਰੇਗਾ ।2ਜੇਕਰ ਕੋਈ ਮਨੁੱਖ ਅਣਜਾਣੇ ਵਿੱਚ ਕਿਸੇ ਅਪਵਿੱਤਰ ਵਸਤੂ ਨੂੰ ਛੂਹ ਲਵੇ, ਭਾਵੇਂ ਅਪਵਿੱਤਰ ਜਾਨਵਰ, ਜਾਂ ਅਪਵਿੱਤਰ ਪਸ਼ੂ, ਜਾਂ ਅਪਵਿੱਤਰ ਘਿਸਰਨ ਵਾਲੇ ਜੀਵ-ਜੰਤੂਆਂ ਵਿੱਚੋਂ ਕਿਸੇ ਦੀ ਲੋਥ ਹੋਵੇ, ਤਾਂ ਉਹ ਵੀ ਅਪਵਿੱਤਰ ਅਤੇ ਦੋਸ਼ੀ ਠਹਿਰੇਗਾ ।

3ਅਤੇ ਜੇਕਰ ਉਹ ਮਨੁੱਖ ਦੀ ਕਿਸੇ ਗੰਦਗੀ ਨੂੰ ਅਣਜਾਣੇ ਵਿਚ ਛੂਹ ਲਵੇ, ਭਾਵੇਂ ਕਿਸੇ ਵੀ ਤਰ੍ਹਾਂ ਦੀ ਗੰਦਗੀ ਹੋਵੇ, ਜਿਸ ਤੋਂ ਮਨੁੱਖ ਅਪਵਿੱਤਰ ਹੁੰਦਾ ਹੈ, ਤਾਂ ਜਿਸ ਵੇਲੇ ਉਸ ਨੂੰ ਇਸ ਬਾਰੇ ਖ਼ਬਰ ਹੋਵੇ, ਤਾਂ ਉਹ ਦੋਸ਼ੀ ਠਹਿਰੇਗਾ ।4ਅਤੇ ਜੇਕਰ ਕੋਈ ਮਨੁੱਖ ਬਿਨ੍ਹਾਂ ਸੋਚੇ ਸਮਝੇ ਭਲਾ ਜਾਂ ਬੁਰਾ ਕਰਨ ਦੀ ਸਹੁੰ ਚੁੱਕੇ ਅਤੇ ਭਾਵੇਂ ਕਿਸੇ ਵੀ ਤਰ੍ਹਾਂ ਦੀ ਗੱਲ ਉਹ ਬਿਨ੍ਹਾਂ ਸੋਚੇ ਸਮਝੇ ਸਹੁੰ ਚੁੱਕ ਕੇ ਆਖੇ, ਤਾਂ ਜਿਸ ਵੇਲੇ ਉਸ ਨੂੰ ਖ਼ਬਰ ਹੋਵੇ ਤਦ ਉਹ ਇੰਨ੍ਹਾ ਗੱਲਾਂ ਵਿੱਚ ਦੋਸ਼ੀ ਠਹਿਰੇਗਾ ।
5ਅਤੇ ਅਜਿਹਾ ਹੋਵੇ ਕਿ ਜਦ ਉਹ ਇਨ੍ਹਾਂ ਗੱਲਾਂ ਵਿੱਚੋਂ ਕਿਸੇ ਵੀ ਗੱਲ ਦਾ ਦੋਸ਼ੀ ਠਹਿਰੇ ਤਾਂ ਜਿਸ ਗੱਲ ਵਿੱਚ ਉਸ ਨੇ ਪਾਪ ਕੀਤਾ ਹੋਵੇ, ਉਹ ਉਸ ਨੂੰ ਮੰਨ ਲਵੇ ।6ਉਹ ਆਪਣੇ ਪਾਪ ਦੇ ਕਾਰਨ ਜੋ ਉਸ ਨੇ ਕੀਤਾ, ਭੇਡ ਜਾਂ ਬੱਕਰੀ ਪਾਪ ਬਲੀ ਦੀ ਭੇਟ ਲਈ ਯਹੋਵਾਹ ਦੇ ਅੱਗੇ ਲਿਆਵੇ, ਤਦ ਜਾਜਕ ਉਸ ਦੇ ਪਾਪ ਦੇ ਲਈ ਪ੍ਰਾਸਚਿਤ ਕਰੇ ।

7ਜੇਕਰ ਉਹ ਇੱਕ ਲੇਲਾ ਲਿਆਉਣ ਦੇ ਯੋਗ ਨਾ ਹੋਵੇ ਤਾਂ ਉਹ ਆਪਣੇ ਪਾਪ ਦੇ ਲਈ, ਦੋ ਘੁੱਗੀਆਂ ਜਾਂ ਕਬੂਤਰਾਂ ਦੇ ਦੋ ਬੱਚੇ ਯਹੋਵਾਹ ਦੇ ਅੱਗੇ ਦੋਸ਼ ਬਲੀ ਦੀ ਭੇਟ ਕਰਕੇ ਲਿਆਵੇ, ਇੱਕ ਪਾਪ ਬਲੀ ਦੀ ਭੇਟ ਲਈ ਅਤੇ ਦੂਜਾ ਹੋਮ ਬਲੀ ਦੀ ਭੇਟ ਦੇ ਲਈ,8ਅਤੇ ਉਨ੍ਹਾਂ ਨੂੰ ਜਾਜਕ ਕੋਲ ਲਿਆਵੇ ਅਤੇ ਜਾਜਕ ਪਾਪ ਬਲੀ ਦੀ ਭੇਟ ਨੂੰ ਪਹਿਲਾਂ ਚੜ੍ਹਾਵੇ ਅਤੇ ਉਸ ਦਾ ਸਿਰ ਮਰੋੜ ਦੇਵੇ ਪਰ ਉਸ ਨੂੰ ਚੀਰ ਕੇ ਵੱਖੋ-ਵੱਖ ਨਾ ਕਰੇ ।9ਅਤੇ ਉਹ ਪਾਪ ਬਲੀ ਦੀ ਭੇਟ ਦੇ ਲਹੂ ਵਿੱਚੋਂ ਕੁਝ ਜਗਵੇਦੀ ਦੇ ਇੱਕ ਪਾਸੇ ਛਿੜਕੇ ਅਤੇ ਬਾਕੀ ਲਹੂ ਜਗਵੇਦੀ ਦੇ ਹੇਠ ਡੋਲ੍ਹਿਆ ਜਾਵੇ, ਇਹ ਪਾਪ ਬਲੀ ਦੀ ਭੇਟ ਹੈ ।
10ਅਤੇ ਦੂਜੇ ਪੰਛੀ ਨੂੰ ਹੋਮ ਬਲੀ ਕਰਕੇ ਬਿਧੀ ਦੇ ਅਨੁਸਾਰ ਚੜ੍ਹਾਵੇ ਅਤੇ ਜਾਜਕ ਉਸ ਦੇ ਪਾਪ ਦੇ ਲਈ ਉਸ ਦਾ ਪ੍ਰਾਸਚਿਤ ਕਰੇ ਤਦ ਉਸ ਨੂੰ ਮਾਫ਼ ਕੀਤਾ ਜਾਵੇਗਾ ।

11ਪਰ ਜੇਕਰ ਉਹ ਦੋ ਘੁੱਗੀਆਂ ਜਾਂ ਕਬੂਤਰਾਂ ਦੇ ਦੋ ਬੱਚੇ ਵੀ ਨਾ ਲਿਆ ਸਕੇ ਤਾਂ ਉਹ ਆਪਣੇ ਪਾਪ ਦੇ ਕਾਰਨ ਆਪਣੀ ਭੇਟ ਵਿੱਚ ਇੱਕ ਏਫ਼ਾਹ ਦਾ ਦਸਵਾਂ ਹਿੱਸਾ ਮੈਦਾ ਪਾਪ ਬਲੀ ਦੀ ਭੇਟ ਕਰਕੇ ਲਿਆਵੇ, ਉਹ ਉਸ ਦੇ ਉੱਤੇ ਤੇਲ ਨਾ ਪਾਵੇ, ਨਾ ਉਸ ਦੇ ਉੱਤੇ ਲੁਬਾਨ ਰੱਖੇ, ਕਿਉਂ ਜੋ ਉਹ ਪਾਪ ਦੀ ਭੇਟ ਹੈ ।
12ਤਦ ਉਹ ਉਸ ਨੂੰ ਜਾਜਕ ਦੇ ਕੋਲ ਲਿਆਵੇ ਅਤੇ ਜਾਜਕ ਉਸ ਵਿੱਚੋਂ ਇੱਕ ਮੁੱਠ ਭਰ ਕੇ ਯਾਦਗਿਰੀ ਦੇ ਲਈ ਉਸ ਨੂੰ ਜਗਵੇਦੀ ਉੱਤੇ ਯਹੋਵਾਹ ਦੇ ਅੱਗੇ ਅੱਗ ਦੀਆਂ ਭੇਟਾਂ ਦੇ ਉੱਤੇ ਸਾੜੇ । ਇਹ ਪਾਪ ਦੀ ਭੇਟ ਹੈ ।13ਅਤੇ ਇਨ੍ਹਾਂ ਗੱਲਾਂ ਵਿੱਚੋਂ ਕਿਸੇ ਵੀ ਗੱਲ ਦੇ ਵਿਖੇ ਜਿਹੜਾ ਪਾਪ ਕਰੇ, ਜਾਜਕ ਉਸ ਦੇ ਲਈ ਪ੍ਰਾਸਚਿਤ ਕਰੇ ਤਦ ਉਸ ਦਾ ਪਾਪ ਮਾਫ਼ ਕੀਤਾ ਜਾਵੇਗਾ । ਪਾਪ ਦੀ ਬਲੀ ਦਾ ਬਚਿਆ ਹੋਇਆ ਹਿੱਸਾ ਮੈਦੇ ਦੀ ਭੇਟ ਦੀ ਤਰ੍ਹਾਂ ਜਾਜਕ ਦਾ ਹੋਵੇਗਾ ।
ਦੋਸ਼ ਬਲੀ ਦੀ ਬਿਧੀ

14ਯਹੋਵਾਹ ਨੇ ਮੂਸਾ ਨੂੰ ਆਖਿਆ,15ਜੇ ਕੋਈ ਮਨੁੱਖ ਯਹੋਵਾਹ ਦੀਆਂ ਪਵਿੱਤਰ ਵਸਤੂਆਂ ਦੇ ਵਿਖੇ ਅਣਜਾਣ ਹੋ ਕੇ ਪਾਪ ਕਰੇ ਅਤੇ ਦੋਸ਼ੀ ਠਹਿਰੇ ਤਾਂ ਉਹ ਯਹੋਵਾਹ ਦੇ ਅੱਗੇ ਇੱਜੜਾਂ ਵਿੱਚੋਂ ਇੱਕ ਦੋਸ਼ ਰਹਿਤ ਭੇਡੂ ਲਿਆਵੇ ਅਤੇ ਉਸ ਦਾ ਮੁੱਲ ਪਵਿੱਤਰ ਸਥਾਨ ਦੇ ਸ਼ਕੇਲ ਅਨੁਸਾਰ ਓਨੇ ਹੀ ਚਾਂਦੀ ਦੇ ਸ਼ਕੇਲ ਹੋਵੇ, ਜਿੰਨਾਂ ਜਾਜਕ ਠਹਿਰਾਵੇ ।16ਅਤੇ ਜਿਸ ਪਵਿੱਤਰ ਵਸਤੂ ਦੇ ਵਿਖੇ ਉਸ ਨੇ ਪਾਪ ਕੀਤਾ ਹੋਵੇ, ਉਸ ਵਿੱਚ ਉਹ ਪੰਜਵਾਂ ਹਿੱਸਾ ਹੋਰ ਵਧਾ ਕੇ ਜਾਜਕ ਨੂੰ ਦੇਵੇ ਅਤੇ ਜਾਜਕ ਦੋਸ਼ ਬਲੀ ਦੀ ਭੇਟ ਦਾ ਭੇਡੂ ਚੜ੍ਹਾ ਕੇ ਉਸ ਦੇ ਲਈ ਪ੍ਰਾਸਚਿਤ ਕਰੇ ਅਤੇ ਉਸ ਦਾ ਪਾਪ ਮਾਫ਼ ਕੀਤਾ ਜਾਵੇਗਾ ।

17ਜੇਕਰ ਕੋਈ ਮਨੁੱਖ ਪਾਪ ਕਰੇ ਅਤੇ ਅਜਿਹਾ ਕੰਮ ਕਰੇ ਜਿਸ ਨੂੰ ਕਰਨ ਦਾ ਹੁਕਮ ਯਹੋਵਾਹ ਨੇ ਨਹੀਂ ਦਿੱਤਾ, ਤਾਂ ਭਾਵੇਂ ਉਸ ਨੂੰ ਇਸ ਬਾਰੇ ਖ਼ਬਰ ਨਾ ਹੋਵੇ ਤਾਂ ਵੀ ਉਹ ਦੋਸ਼ੀ ਹੈ ਅਤੇ ਉਸ ਨੂੰ ਆਪਣੇ ਪਾਪ ਦਾ ਭਾਰ ਚੁੱਕਣਾ ਪਵੇਗਾ ।18ਇਸ ਲਈ ਉਹ ਇੱਕ ਦੋਸ਼ ਰਹਿਤ ਭੇਡੂ ਦੋਸ਼ ਬਲੀ ਕਰਕੇ ਜਾਜਕ ਦੇ ਕੋਲ ਲਿਆਵੇ, ਉਹ ਜਿੰਨਾਂ ਜਾਜਕ ਠਹਿਰਾਉਣ ਓਨੇ ਹੀ ਮੁੱਲ ਦਾ ਹੋਵੇ ਅਤੇ ਜਾਜਕ ਉਸ ਦੇ ਲਈ ਉਸ ਦੇ ਅਣਜਾਣਪੁਣੇ ਵਿੱਚ ਕੀਤੇ ਹੋਏ ਪਾਪ ਦਾ ਪ੍ਰਾਸਚਿਤ ਕਰੇ ਅਤੇ ਉਸ ਨੂੰ ਮਾਫ਼ ਕੀਤਾ ਜਾਵੇਗਾ ।19ਇਹ ਦੋਸ਼ ਬਲੀ ਦੀ ਭੇਟ ਹੈ, ਕਿਉਂਕਿ ਉਸ ਨੇ ਜ਼ਰੂਰ ਹੀ ਯਹੋਵਾਹ ਦੇ ਅੱਗੇ ਪਾਪ ਕੀਤਾ ਹੈ ।

6

1ਯਹੋਵਾਹ ਨੇ ਮੂਸਾ ਨੂੰ ਆਖਿਆ,2ਜੇ ਕੋਈ ਮਨੁੱਖ ਯਹੋਵਾਹ ਦੇ ਵਿਰੁੱਧ ਪਾਪ ਕਰਕੇ ਦੋਸ਼ੀ ਠਹਿਰੇ ਅਤੇ ਆਪਣੇ ਗੁਆਂਢੀ ਨਾਲ ਗਿਰਵੀ ਰੱਖੀ ਹੋਈ ਵਸਤੂ, ਲੈਣ-ਦੇਣ ਅਤੇ ਠੱਗੀ ਦੇ ਮਾਮਲਿਆਂ ਵਿੱਚ ਉਸ ਨਾਲ ਧੋਖਾ ਕਰੇ ਜਾਂ ਉਸ ਨੂੰ ਲੁੱਟੇ,3ਜਾਂ ਕਿਸੇ ਗੁਆਚੀ ਹੋਈ ਵਸਤੂ ਨੂੰ ਲੱਭੇ ਅਤੇ ਉਸ ਦੇ ਵਿਖੇ ਝੂਠ ਬੋਲੇ ਅਤੇ ਝੂਠੀ ਸਹੁੰ ਚੁੱਕੇ, ਅਜਿਹਾ ਕੋਈ ਵੀ ਕੰਮ ਜਿਸ ਨੂੰ ਕਰਕੇ ਮਨੁੱਖ ਪਾਪੀ ਠਹਿਰਦਾ ਹੈ,4ਤਾਂ ਜਦ ਉਹ ਅਜਿਹਾ ਕੰਮ ਕਰਕੇ ਦੋਸ਼ੀ ਠਹਿਰੇ ਤਾਂ ਜਿਹੜੀ ਵਸਤੂ ਉਸ ਨੇ ਖੋਹ ਲਈ ਸੀ, ਜਾਂ ਉਸ ਨੂੰ ਛਲ ਨਾਲ ਮਿਲੀ, ਜਾਂ ਉਸ ਦੇ ਕੋਲ ਗਿਰਵੀ ਰੱਖੀ ਸੀ, ਜਾਂ ਗੁਆਚੀ ਹੋਈ ਵਸਤੂ ਉਸ ਨੂੰ ਲੱਭੀ ਹੋਵੇ,

5ਜਾਂ ਕੋਈ ਵੀ ਵਸਤੂ ਹੋਵੇ ਜਿਸ ਦੇ ਵਿਖੇ ਉਸ ਨੇ ਝੂਠੀ ਸਹੁੰ ਚੁੱਕੀ ਹੋਵੇ, ਤਾਂ ਜਿਸ ਦਿਨ ਉਸ ਨੂੰ ਇਹ ਖ਼ਬਰ ਹੋਵੇ ਕਿ ਉਹ ਦੋਸ਼ੀ ਹੈ ਤਾਂ ਉਹ ਉਸ ਨੂੰ ਉਸੇ ਤਰ੍ਹਾਂ ਹੀ ਸਗੋਂ ਉਸ ਦੇ ਨਾਲ ਪੰਜਵਾਂ ਹਿੱਸਾ ਹੋਰ ਪਾ ਕੇ ਉਸ ਦੇ ਸੁਆਮੀ ਨੂੰ ਮੋੜ ਦੇਵੇ ।6ਅਤੇ ਉਹ ਯਹੋਵਾਹ ਦੇ ਅੱਗੇ ਆਪਣੀ ਦੋਸ਼ ਬਲੀ ਦੀ ਭੇਟ ਲਈ ਇੱਜੜ ਵਿੱਚੋਂ ਦੋਸ਼ ਰਹਿਤ ਇੱਕ ਭੇਡੂ ਜਾਜਕ ਦੇ ਕੋਲ ਲਿਆਵੇ, ਉਸ ਦਾ ਮੁੱਲ ਓਨਾ ਹੀ ਹੋਵੇ ਜਿਨ੍ਹਾਂ ਜਾਜਕ ਠਹਿਰਾਵੇ ।7ਅਤੇ ਜਾਜਕ ਉਸ ਦੇ ਲਈ ਯਹੋਵਾਹ ਦੇ ਅੱਗੇ ਪ੍ਰਾਸਚਿਤ ਕਰੇ ਅਤੇ ਜਿਸ ਕੰਮ ਵਿੱਚ ਉਸ ਨੇ ਪਾਪ ਕੀਤਾ ਹੋਵੇ, ਉਹ ਉਸ ਨੂੰ ਮਾਫ਼ ਕੀਤਾ ਜਾਵੇਗਾ ।
ਵੱਖਰੀਆਂ-ਵੱਖਰੀਆਂ ਬਲੀਆਂ ਦੀ ਬਿਧੀ
ਹੋਮ ਬਲੀ

8ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,9ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਇਹ ਆਖ ਕੇ ਹੁਕਮ ਦੇ ਕਿ ਹੋਮ ਬਲੀ ਦੀ ਭੇਟ ਦੀ ਵਿਵਸਥਾ ਇਹ ਹੈ: ਹੋਮ ਬਲੀ ਸਾਰੀ ਰਾਤ ਤੋਂ ਸਵੇਰ ਤੱਕ ਜਗਵੇਦੀ ਦੇ ਉੱਤੇ ਪਈ ਰਹੇ ਅਤੇ ਜਗਵੇਦੀ ਦੀ ਅੱਗ ਉਸ ਦੇ ਵਿੱਚ ਬਲ਼ਦੀ ਰਹੇ ।
10ਅਤੇ ਜਾਜਕ ਆਪਣੇ ਕਤਾਨ ਦੇ ਬਸਤਰ ਅਤੇ ਆਪਣੇ ਸਰੀਰ ਉੱਤੇ ਅੰਗਰੱਖਾ ਪਹਿਨ ਲਵੇ ਅਤੇ ਹੋਮ ਬਲੀ ਦੀ ਸੁਆਹ ਜਿਹੜੀ ਅੱਗ ਨਾਲ ਭਸਮ ਕਰਨ ਤੋਂ ਬਾਅਦ ਜਗਵੇਦੀ ਉੱਤੇ ਬਚ ਜਾਵੇ, ਉਸ ਨੂੰ ਚੁੱਕ ਕੇ ਜਗਵੇਦੀ ਦੇ ਇੱਕ ਪਾਸੇ ਰੱਖ ਦੇਵੇ ।11ਤਦ ਉਹ ਆਪਣੇ ਇਹ ਬਸਤਰ ਲਾਹ ਦੇਵੇ ਅਤੇ ਦੂਜੇ ਬਸਤਰ ਪਾ ਕੇ ਉਸ ਸੁਆਹ ਨੂੰ ਡੇਰਿਆਂ ਤੋਂ ਬਾਹਰ ਸਾਫ਼ ਸਥਾਨ ਵਿੱਚ ਲੈ ਜਾਵੇ ।
12ਜਗਵੇਦੀ ਦੇ ਉੱਤੇ ਅੱਗ ਸਦਾ ਬਲਦੀ ਰਹੇ, ਉਹ ਕਦੇ ਨਾ ਬੁਝਾਈ ਜਾਵੇ ਅਤੇ ਜਾਜਕ ਹਰ ਰੋਜ਼ ਸਵੇਰ ਦੇ ਵੇਲੇ ਉਸ ਦੇ ਉੱਤੇ ਲੱਕੜਾਂ ਬਾਲਣ ਅਤੇ ਹੋਮ ਦੀ ਭੇਟ ਸੁਧਾਰ ਕੇ ਰੱਖਣ ਅਤੇ ਉਸ ਦੇ ਉੱਤੇ ਸੁੱਖ-ਸਾਂਦ ਦੀਆਂ ਭੇਟਾਂ ਦੀ ਚਰਬੀ ਸਾੜਨ ।13ਜਗਵੇਦੀ ਦੇ ਉੱਤੇ ਅੱਗ ਸਦਾ ਬਲਦੀ ਰਹੇ, ਉਹ ਕਦੇ ਵੀ ਨਾ ਬੁਝੇ ।
ਮੈਦੇ ਦੀ ਭੇਟ

14ਮੈਦੇ ਦੀ ਭੇਟ ਦੀ ਵਿਵਸਥਾ ਇਹ ਹੈ: ਹਾਰੂਨ ਦੇ ਪੁੱਤਰ ਯਹੋਵਾਹ ਦੇ ਅੱਗੇ ਜਗਵੇਦੀ ਦੇ ਸਾਹਮਣੇ ਉਸ ਨੂੰ ਚੜ੍ਹਾਉਣ ।15ਅਤੇ ਉਹ ਮੈਦੇ ਦੀ ਭੇਟ ਵਿੱਚੋਂ ਤੇਲ ਰਲੇ ਹੋਏ ਮੈਦੇ ਦੀ ਇੱਕ ਮੁੱਠ ਭਰੇ ਅਤੇ ਉਸ ਦਾ ਸਾਰਾ ਲੁਬਾਨ ਚੁੱਕ ਕੇ, ਮੈਦੇ ਦੀ ਭੇਟ ਵਿੱਚੋਂ ਯਾਦਗੀਰੀ ਲਈ ਯਹੋਵਾਹ ਦੇ ਲਈ ਸੁਗੰਧਤਾ ਕਰਕੇ ਜਗਵੇਦੀ ਦੇ ਉੱਤੇ ਸਾੜੇ ।
16ਅਤੇ ਜੋ ਕੁਝ ਬਚ ਜਾਵੇ ਉਸ ਨੂੰ ਹਾਰੂਨ ਅਤੇ ਉਸ ਦੇ ਪੁੱਤਰ ਖਾਣ, ਉਹ ਪਤੀਰੀ ਰੋਟੀ ਨਾਲ ਪਵਿੱਤਰ ਸਥਾਨ ਵਿੱਚ ਖਾਧੀ ਜਾਵੇ ਅਤੇ ਉਹ ਮੰਡਲੀ ਦੇ ਡੇਰੇ ਦੇ ਵਿਹੜੇ ਵਿੱਚ ਉਸ ਨੂੰ ਖਾਣ ।17ਉਹ ਖ਼ਮੀਰ ਨਾਲ ਪਕਾਇਆ ਨਾ ਜਾਵੇ, ਕਿਉਂ ਜੋ ਮੈਂ ਉਸ ਨੂੰ ਆਪਣੀਆਂ ਅੱਗ ਦੀਆਂ ਭੇਟਾਂ ਵਿੱਚੋਂ, ਉਨ੍ਹਾਂ ਦਾ ਨਿੱਜ-ਭਾਗ ਠਹਿਰਾ ਕੇ ਦਿੱਤਾ ਹੈ, ਇਸ ਲਈ ਜਿਸ ਤਰ੍ਹਾਂ ਪਾਪ ਬਲੀ ਦੀ ਭੇਟ ਅਤੇ ਦੋਸ਼ ਬਲੀ ਦੀ ਭੇਟ ਅੱਤ ਪਵਿੱਤਰ ਹੈ, ਉਸੇ ਤਰ੍ਹਾਂ ਇਹ ਵੀ ਪਵਿੱਤਰ ਹੈ ।18ਹਾਰੂਨ ਦੀ ਸੰਤਾਨ ਵਿੱਚੋਂ ਸਾਰੇ ਪੁਰਖ ਉਸ ਵਿੱਚੋਂ ਖਾ ਸਕਦੇ ਹਨ, ਇਹ ਯਹੋਵਾਹ ਦੀਆਂ ਅੱਗ ਦੀਆਂ ਭੇਟਾਂ ਵਿੱਚੋਂ ਤੁਹਾਡੀਆਂ ਪੀੜ੍ਹੀਆਂ ਲਈ ਇੱਕ ਸਦਾ ਦੀ ਬਿਧੀ ਹੈ । ਜਿਹੜਾ ਉਨ੍ਹਾਂ ਨੂੰ ਛੂਹੇ ਉਹ ਪਵਿੱਤਰ ਠਹਿਰੇਗਾ ।

19ਯਹੋਵਾਹ ਨੇ ਮੂਸਾ ਨੂੰ ਆਖਿਆ,20ਜਿਸ ਦਿਨ ਹਾਰੂਨ ਨੂੰ ਮਸਹ ਕੀਤਾ ਜਾਵੇ, ਉਸ ਦਿਨ ਉਹ ਆਪਣੇ ਪੁੱਤਰਾਂ ਦੇ ਨਾਲ ਯਹੋਵਾਹ ਦੇ ਅੱਗੇ ਭੇਟ ਚੜ੍ਹਾਵੇ ਅਰਥਾਤ ਏਫਾਹ ਦਾ ਦਸਵਾਂ ਹਿੱਸਾ, ਇੱਕ ਸਦਾ ਦੀ ਮੈਦੇ ਦੀ ਭੇਟ ਦੇ ਲਈ ਅੱਧਾ ਸਵੇਰ ਨੂੰ ਅਤੇ ਅੱਧਾ ਰਾਤ ਨੂੰ ਚੜ੍ਹਾਵੇ ।
21ਉਹ ਤਵੇ ਉੱਤੇ ਤੇਲ ਦੇ ਨਾਲ ਬਣਾਈ ਜਾਵੇ ਅਤੇ ਜਦੋਂ ਪੱਕ ਜਾਵੇ ਤਾਂ ਤੂੰ ਉਸ ਨੂੰ ਅੰਦਰ ਲੈ ਆਵੀਂ ਅਤੇ ਮੈਦੇ ਦੀ ਭੇਟ ਦੇ ਇਸ ਪਕਾਏ ਹੋਏ ਟੁੱਕੜੇ ਨੂੰ ਤੂੰ ਯਹੋਵਾਹ ਦੇ ਅੱਗੇ ਸੁਗੰਧਤਾ ਲਈ ਚੜ੍ਹਾਵੀਂ ।22ਹਾਰੂਨ ਦੇ ਪੁੱਤਰਾਂ ਵਿੱਚੋਂ ਜਿਸ ਨੂੰ ਵੀ ਜਾਜਕ ਹੋਣ ਲਈ ਮਸਹ ਕੀਤਾ ਜਾਵੇ ਉਹ ਉਸ ਭੇਟ ਨੂੰ ਚੜ੍ਹਾਵੇ, ਇਹ ਯਹੋਵਾਹ ਦੇ ਅੱਗੇ ਇੱਕ ਸਦਾ ਦੀ ਬਿਧੀ ਹੈ । ਇਹ ਸਾਰੀ ਭੇਟ ਸਾੜੀ ਜਾਵੇ ।23ਕਿਉਂ ਜੋ ਜਾਜਕ ਦੀਆਂ ਸਾਰੀਆਂ ਮੈਦੇ ਦੀਆਂ ਭੇਟਾਂ ਪੂਰੀਆਂ ਸਾੜੀਆਂ ਜਾਣ, ਉਹ ਖਾਧੀਆਂ ਨਾ ਜਾਣ ।
ਪਾਪ ਬਲੀ

24ਯਹੋਵਾਹ ਨੇ ਮੂਸਾ ਨੂੰ ਆਖਿਆ,25ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਆਖ ਕਿ ਪਾਪ ਦੀ ਭੇਟ ਦੀ ਬਿਧੀ ਇਹ ਹੈ: ਜਿੱਥੇ ਹੋਮ ਬਲੀ ਦੀ ਭੇਟ ਵੱਢੀ ਜਾਂਦੀ ਹੈ, ਉੱਥੇ ਹੀ ਪਾਪ ਬਲੀ ਦੀ ਭੇਟ ਵੀ ਯਹੋਵਾਹ ਦੇ ਲਈ ਵੱਢੀ ਜਾਵੇ, ਇਹ ਅੱਤ ਪਵਿੱਤਰ ਹੈ ।26ਜਿਹੜਾ ਜਾਜਕ ਪਾਪ ਬਲੀ ਚੜ੍ਹਾਵੇ ਉਹ ਹੀ ਉਸ ਨੂੰ ਖਾਵੇ, ਉਹ ਮੰਡਲੀ ਦੇ ਡੇਰੇ ਦੇ ਵਿਹੜੇ ਵਿੱਚ ਪਵਿੱਤਰ ਸਥਾਨ ਵਿੱਚ ਖਾਧੀ ਜਾਵੇ ।
27ਜੋ ਕੁਝ ਉਸ ਦੇ ਮਾਸ ਨੂੰ ਛੂਹੇ ਉਹ ਪਵਿੱਤਰ ਠਹਿਰੇਗਾ ਅਤੇ ਜੇਕਰ ਉਸ ਦੇ ਲਹੂ ਦੀ ਛਿੱਟੇ ਕਿਸੇ ਬਸਤਰ ਉੱਤੇ ਪੈ ਜਾਣ ਤਾਂ ਤੂੰ ਉਸ ਬਸਤਰ ਨੂੰ ਕਿਸੇ ਪਵਿੱਤਰ ਸਥਾਨ ਵਿੱਚ ਧੋ ਦੇਵੀਂ ।28ਅਤੇ ਉਹ ਮਿੱਟੀ ਦੀ ਹਾਂਡੀ ਜਿਸ ਦੇ ਵਿੱਚ ਉਹ ਪਕਾਇਆ ਜਾਵੇ, ਉਸ ਨੂੰ ਤੋੜ ਦਿੱਤਾ ਜਾਵੇ ਪਰ ਜੇਕਰ ਉਹ ਕਿਸੇ ਪਿੱਤਲ ਦੀ ਹਾਂਡੀ ਵਿੱਚ ਪਕਾਇਆ ਗਿਆ ਹੋਵੇ, ਤਾਂ ਉਸ ਨੂੰ ਮਾਂਜ ਕੇ ਪਾਣੀ ਨਾਲ ਧੋਇਆ ਜਾਵੇ ।
29ਜਾਜਕਾਂ ਵਿੱਚੋਂ ਸਾਰੇ ਪੁਰਖ ਉਸ ਨੂੰ ਖਾ ਸਕਦੇ ਹਨ, ਇਹ ਅੱਤ ਪਵਿੱਤਰ ਹੈ ।30ਪਰ ਜਿਸ ਪਾਪ ਬਲੀ ਦੀ ਭੇਟ ਦੇ ਲਹੂ ਵਿੱਚੋਂ ਕੁਝ ਵੀ ਲਹੂ ਮੰਡਲੀ ਦੇ ਡੇਰੇ ਵਿੱਚ ਪਵਿੱਤਰ ਸਥਾਨ ਵਿੱਚ ਪ੍ਰਾਸਚਿਤ ਕਰਨ ਲਈ ਲਿਆਇਆ ਜਾਵੇ, ਉਸ ਦਾ ਮਾਸ ਕਦੀ ਵੀ ਨਾ ਖਾਧਾ ਜਾਵੇ, ਨਾ ਹੀ ਉਹ ਅੱਗ ਵਿੱਚ ਸਾੜਿਆ ਜਾਵੇ ।

7
ਦੋਸ਼ ਬਲੀ

1ਦੋਸ਼ ਬਲੀ ਦੀ ਭੇਟ ਦੀ ਬਿਧੀ ਇਹ ਹੈ: ਉਹ ਅੱਤ ਪਵਿੱਤਰ ਹੈ ।2ਜਿੱਥੇ ਉਹ ਹੋਮ ਬਲੀ ਦੀ ਭੇਟ ਨੂੰ ਵੱਢਦੇ ਹਨ, ਉੱਥੇ ਹੀ ਉਹ ਦੋਸ਼ ਬਲੀ ਦੀ ਭੇਟ ਨੂੰ ਵੱਢਣ ਅਤੇ ਉਸ ਦੇ ਲਹੂ ਤੋਂ ਜਾਜਕ ਜਗਵੇਦੀ ਦੇ ਚੁਫ਼ੇਰੇ ਛਿੜਕਣ ।3ਅਤੇ ਉਹ ਉਸ ਦੀ ਸਾਰੀ ਚਰਬੀ ਨੂੰ ਚੜ੍ਹਾਉਣ ਅਰਥਾਤ ਮੋਟੀ ਪੂਛ ਅਤੇ ਉਹ ਚਰਬੀ ਜਿਹੜੀ ਆਂਦਰਾਂ ਨੂੰ ਢੱਕਦੀ ਹੈ ।4ਦੋਵੇਂ ਗੁਰਦੇ ਅਤੇ ਲੱਕ ਦੇ ਉੱਤੇ ਜਿਹੜੀ ਚਰਬੀ ਹੈ ਅਤੇ ਉਹ ਝਿੱਲੀ ਜੋ ਕਲੇਜੇ ਉੱਤੇ ਹੈ, ਉਸ ਨੂੰ ਗੁਰਦਿਆਂ ਸਮੇਤ ਵੱਖਰੀ ਕਰੇ ।

5ਅਤੇ ਜਾਜਕ ਅੱਗ ਦੀ ਭੇਟ ਕਰਕੇ ਯਹੋਵਾਹ ਦੇ ਅੱਗੇ ਜਗਵੇਦੀ ਦੇ ਉੱਤੇ ਉਨ੍ਹਾਂ ਨੂੰ ਸਾੜੇ । ਇਹ ਦੋਸ਼ ਦੀ ਭੇਟ ਹੈ ।6ਜਾਜਕਾਂ ਵਿੱਚੋਂ ਸਾਰੇ ਪੁਰਖ ਉਸ ਵਿੱਚੋਂ ਖਾ ਸਕਦੇ ਹਨ, ਉਹ ਪਵਿੱਤਰ ਸਥਾਨ ਵਿੱਚ ਖਾਧੀ ਜਾਵੇ, ਉਹ ਅੱਤ ਪਵਿੱਤਰ ਹੈ ।

7ਜਿਵੇਂ ਪਾਪ ਬਲੀ ਦੀ ਭੇਟ ਹੈ, ਉਸੇ ਤਰ੍ਹਾਂ ਹੀ ਦੋਸ਼ ਬਲੀ ਦੀ ਭੇਟ ਹੈ, ਉਨ੍ਹਾਂ ਦੋਹਾਂ ਦੀ ਇੱਕੋ ਹੀ ਬਿਧੀ ਹੈ । ਜਿਹੜਾ ਜਾਜਕ ਉਨ੍ਹਾਂ ਭੇਟਾਂ ਨੂੰ ਚੜ੍ਹਾ ਕੇ ਉਸ ਦਾ ਪ੍ਰਾਸਚਿਤ ਕਰੇ, ਉਹ ਹੀ ਉਸ ਨੂੰ ਰੱਖੇ ।8ਅਤੇ ਜਿਹੜਾ ਜਾਜਕ ਕਿਸੇ ਮਨੁੱਖ ਦੀ ਹੋਮ ਦੀ ਭੇਟ ਚੜ੍ਹਾਵੇ, ਉਸ ਹੋਮ ਬਲੀ ਭੇਟ ਦੀ ਖੱਲ ਨੂੰ ਉਹ ਜਾਜਕ ਹੀ ਲੈ ਲਵੇ ।
9ਅਤੇ ਸਾਰੀ ਮੈਦੇ ਦੀ ਭੇਟ ਜੋ ਤੰਦੂਰ ਵਿੱਚ, ਜਾਂ ਕੜਾਹੀ ਵਿੱਚ ਜਾਂ ਤਵੇ ਉੱਤੇ ਪਕਾਈ ਜਾਵੇ ਉਹ ਉਸੇ ਜਾਜਕ ਦੀ ਹੋਵੇਗੀ, ਜਿਹੜਾ ਉਸ ਨੂੰ ਚੜ੍ਹਾਵੇਗਾ ।10ਅਤੇ ਸਾਰੀਆਂ ਮੈਦੇ ਦੀਆਂ ਭੇਟਾਂ, ਭਾਵੇਂ ਤੇਲ ਨਾਲ ਰਲੀਆਂ ਹੋਈਆਂ ਹੋਣ ਭਾਵੇਂ ਰੁੱਖੀਆਂ, ਉਹ ਹਾਰੂਨ ਦੇ ਸਾਰੇ ਪੁੱਤਰਾਂ ਨੂੰ ਇੱਕੋ ਬਰਾਬਰ ਵੰਡੀਆਂ ਜਾਣ ।
ਸੁੱਖ-ਸਾਂਦ ਦੀ ਭੇਟ

11ਜਿਹੜੀਆਂ ਸੁੱਖ-ਸਾਂਦ ਦੀਆਂ ਭੇਟਾਂ ਯਹੋਵਾਹ ਦੇ ਅੱਗੇ ਚੜ੍ਹਾਉਣੀਆਂ ਹਨ, ਉਨ੍ਹਾਂ ਦੀ ਵਿਵਸਥਾ ਇਹ ਹੈ:12ਜੇ ਉਹ ਉਸ ਨੂੰ ਧੰਨਵਾਦ ਦੇ ਲਈ ਚੜ੍ਹਾਵੇ ਤਾਂ ਉਹ ਆਪਣੀ ਧੰਨਵਾਦ ਦੀ ਭੇਟ ਵਿੱਚ, ਤੇਲ ਨਾਲ ਗੁੰਨ੍ਹੇ ਹੋਏ ਪਤੀਰੇ ਫੁਲਕੇ, ਤੇਲ ਨਾਲ ਚੋਪੜੀ ਹੋਈ ਪਤੀਰੀ ਮੱਠੀ ਅਤੇ ਮੈਦੇ ਦੀਆਂ ਤੇਲ ਨਾਲ ਤਲੀਆਂ ਹੋਈਆਂ ਪੂੜੀਆਂ ਚੜ੍ਹਾਵੇ,
13ਅਤੇ ਉਹ ਆਪਣੀਆਂ ਸੁੱਖ-ਸਾਂਦ ਦੀਆਂ ਭੇਟਾਂ ਵਿੱਚ ਧੰਨਵਾਦ ਦੀ ਬਲੀ ਨਾਲ ਖ਼ਮੀਰੀ ਰੋਟੀ ਵੀ ਚੜ੍ਹਾਵੇ ।14ਅਤੇ ਅਜਿਹੀ ਹਰੇਕ ਭੇਟ ਵਿੱਚੋਂ ਉਹ ਇੱਕ-ਇੱਕ ਰੋਟੀ ਯਹੋਵਾਹ ਦੇ ਅੱਗੇ ਚੁੱਕਣ ਦੀ ਭੇਟ ਕਰਕੇ ਚੜ੍ਹਾਵੇ ਅਤੇ ਉਹ ਉਸੇ ਜਾਜਕ ਦੀ ਹੋਵੇਗੀ, ਜਿਹੜਾ ਸੁੱਖ-ਸਾਂਦ ਦੀਆਂ ਭੇਟਾਂ ਦੇ ਲਹੂ ਨੂੰ ਛਿੜਕੇ ।
15ਅਤੇ ਉਸ ਧੰਨਵਾਦ ਵਾਲੀ ਸੁੱਖ-ਸਾਂਦ ਦੀਆਂ ਭੇਟਾਂ ਦੀ ਬਲੀ ਦਾ ਮਾਸ, ਉਸੇ ਦਿਨ ਹੀ ਖਾਧਾ ਜਾਵੇ, ਜਿਸ ਦਿਨ ਉਹ ਚੜ੍ਹਾਇਆ ਜਾਂਦਾ ਹੈ, ਉਸ ਵਿੱਚੋਂ ਸਵੇਰ ਤੱਕ ਕੁਝ ਵੀ ਬਾਕੀ ਨਾ ਰਹੇ ।16ਪਰ ਜੇਕਰ ਉਸ ਦੀ ਬਲੀ ਵਿੱਚੋਂ ਕੁਝ ਚੜ੍ਹਾਵਾ ਭਾਵੇਂ ਉਹ ਸੁੱਖਣਾ ਦਾ, ਜਾਂ ਖੁਸ਼ੀ ਦੀ ਭੇਟ ਦਾ ਹੋਵੇ, ਤਾਂ ਉਹ ਉਸੇ ਦਿਨ ਖਾਧਾ ਜਾਵੇ, ਜਿਸ ਦਿਨ ਉਹ ਆਪਣੀ ਬਲੀ ਚੜ੍ਹਾਉਂਦਾ ਹੈ, ਅਤੇ ਜੋ ਬਾਕੀ ਬਚ ਜਾਵੇ ਉਹ ਦੂਜੇ ਦਿਨ ਵੀ ਖਾਧਾ ਜਾਵੇ ।
17ਪਰ ਉਸ ਬਲੀ ਦੇ ਮਾਸ ਵਿੱਚੋਂ ਜੋ ਕੁਝ ਤੀਜੇ ਦਿਨ ਤੱਕ ਬਚਿਆ ਰਹੇ, ਉਹ ਅੱਗ ਵਿੱਚ ਸਾੜਿਆ ਜਾਵੇ ।18ਅਤੇ ਜੇਕਰ ਉਸ ਦੀਆਂ ਸੁੱਖ-ਸਾਂਦ ਦੀਆਂ ਭੇਟਾਂ ਦੀ ਬਲੀ ਦੇ ਮਾਸ ਵਿੱਚੋਂ ਤੀਜੇ ਦਿਨ ਤੱਕ ਕੁਝ ਖਾਧਾ ਜਾਵੇ ਤਾਂ ਉਹ ਸਵੀਕਾਰ ਨਾ ਕੀਤਾ ਜਾਵੇਗਾ ਅਤੇ ਨਾ ਚੜ੍ਹਾਉਣ ਵਾਲੇ ਦੇ ਲੇਖੇ ਵਿੱਚ ਗਿਣਿਆ ਜਾਵੇਗਾ । ਉਹ ਘਿਣਾਉਣਾ ਮੰਨਿਆ ਜਾਵੇਗਾ ਅਤੇ ਜਿਹੜਾ ਮਨੁੱਖ ਉਸ ਨੂੰ ਖਾਵੇਗਾ, ਉਹ ਆਪਣਾ ਦੋਸ਼ ਆਪ ਚੁੱਕੇਗਾ ।

19ਪਰ ਜਿਹੜਾ ਮਾਸ ਕਿਸੇ ਅਸ਼ੁੱਧ ਵਸਤੂ ਨਾਲ ਛੋਹੇ, ਉਹ ਖਾਧਾ ਨਾ ਜਾਵੇ, ਉਹ ਅੱਗ ਨਾਲ ਸਾੜਿਆ ਜਾਵੇ । ਸੁੱਖ-ਸਾਂਦ ਦੀਆਂ ਬਲੀਆਂ ਦੇ ਮਾਸ ਨੂੰ ਉਹ ਸਾਰੇ ਲੋਕ ਖਾਣ ਜੋ ਸ਼ੁੱਧ ਹੋਣ ।20ਪਰ ਜੋ ਕੋਈ ਮਨੁੱਖ ਅਸ਼ੁੱਧ ਹੋਵੇ ਅਤੇ ਯਹੋਵਾਹ ਦੀਆਂ ਸੁੱਖ-ਸਾਂਦ ਦੀਆਂ ਭੇਟਾਂ ਦੇ ਮਾਸ ਵਿੱਚੋਂ ਕੁਝ ਖਾਵੇ ਤਾਂ ਉਹ ਮਨੁੱਖ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ ।
21ਅਤੇ ਜੇਕਰ ਕੋਈ ਕਿਸੇ ਅਪਵਿੱਤਰ ਵਸਤੂ ਨੂੰ ਛੂਹੇ ਅਤੇ ਯਹੋਵਾਹ ਦੀਆਂ ਸੁੱਖ-ਸਾਂਦ ਦੀਆਂ ਭੇਟਾਂ ਦੇ ਮਾਸ ਵਿੱਚੋਂ ਕੁਝ ਖਾਵੇ ਤਾਂ ਉਹ ਵੀ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ । ਭਾਵੇਂ ਉਹ ਮਨੁੱਖ ਦੀ ਕੋਈ ਅਸ਼ੁੱਧ ਵਸਤੂ, ਜਾਂ ਅਸ਼ੁੱਧ ਪਸ਼ੂ, ਜਾਂ ਕੋਈ ਵੀ ਅਸ਼ੁੱਧ ਜਾਂ ਘਿਣਾਉਣੀ ਵਸਤੂ ਹੋਵੇ ।

22ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,23ਇਸਰਾਏਲੀਆਂ ਨੂੰ ਆਖ ਕਿ ਤੁਸੀਂ ਕਿਸੇ ਪ੍ਰਕਾਰ ਦੀ ਚਰਬੀ ਨਾ ਖਾਣਾ, ਭਾਵੇਂ ਬਲਦ ਦੀ, ਭਾਵੇਂ ਭੇਡ ਦੀ, ਭਾਵੇਂ ਬੱਕਰੇ ਦੀ ਹੋਵੇ ।24ਅਤੇ ਜਿਹੜਾ ਪਸ਼ੂ ਆਪ ਮਰ ਜਾਵੇ ਜਾਂ ਕਿਸੇ ਦੂਜੇ ਪਸ਼ੂ ਦੁਆਰਾ ਪਾੜਿਆ ਜਾਵੇ, ਉਸ ਦੀ ਚਰਬੀ ਹੋਰ ਕਿਸੇ ਕੰਮ ਵਿੱਚ ਵਰਤੀ ਜਾਵੇ ਪਰ ਤੁਸੀਂ ਕਿਸੇ ਵੀ ਤਰ੍ਹਾਂ ਉਸ ਨੂੰ ਨਾ ਖਾਇਓ ।
25ਕੋਈ ਵੀ ਜਿਹੜਾ ਅਜਿਹੇ ਪਸ਼ੂ ਦੀ ਚਰਬੀ ਨੂੰ ਖਾਵੇ, ਜਿਸ ਨੂੰ ਮਨੁੱਖ ਯਹੋਵਾਹ ਦੇ ਅੱਗੇ ਅੱਗ ਦੀ ਭੇਟ ਕਰਕੇ ਚੜ੍ਹਾਉਂਦੇ ਹਨ ਤਾਂ ਉਸ ਨੂੰ ਖਾਣ ਵਾਲਾ ਮਨੁੱਖ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ ।26ਅਤੇ ਤੁਸੀਂ ਆਪਣੇ ਸਾਰੇ ਨਿਵਾਸ ਸਥਾਨਾਂ ਵਿੱਚ ਕਿਸੇ ਪ੍ਰਕਾਰ ਦਾ ਲਹੂ ਭਾਵੇਂ ਪੰਛੀ ਦਾ, ਭਾਵੇਂ ਪਸ਼ੂ ਦਾ ਹੋਵੇ, ਨਾ ਖਾਣਾ ।27ਜਿਹੜਾ ਮਨੁੱਖ ਕਿਸੇ ਪ੍ਰਕਾਰ ਦਾ ਮਾਸ ਲਹੂ ਸਮੇਤ ਖਾਵੇ, ਉਹ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ ।

28ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,29ਇਸਰਾਏਲੀਆਂ ਨੂੰ ਇਹ ਆਖ ਕਿ ਜੋ ਕੋਈ ਯਹੋਵਾਹ ਦੇ ਅੱਗੇ ਆਪਣੀਆਂ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਵੇ, ਉਹ ਆਪਣੀਆਂ ਉਸੇ ਸੁੱਖ-ਸਾਂਦ ਦੀਆਂ ਭੇਟਾਂ ਵਿੱਚੋਂ ਯਹੋਵਾਹ ਦੇ ਅੱਗੇ ਲਿਆਵੇ ।30ਉਹ ਆਪਣੇ ਹੱਥ ਨਾਲ ਯਹੋਵਾਹ ਦੀਆਂ ਅੱਗ ਦੀਆਂ ਭੇਟਾਂ ਲਿਆਵੇ ਅਰਥਾਤ ਛਾਤੀ ਦੇ ਸਮੇਤ ਚਰਬੀ ਲਿਆਵੇ, ਤਾਂ ਜੋ ਛਾਤੀ ਯਹੋਵਾਹ ਦੇ ਅੱਗੇ ਹਿਲਾਉਣ ਦੀ ਭੇਟ ਕਰਕੇ ਹਿਲਾਈ ਜਾਵੇ ।
31ਅਤੇ ਜਾਜਕ ਚਰਬੀ ਨੂੰ ਜਗਵੇਦੀ ਉੱਤੇ ਸਾੜੇ ਪਰ ਛਾਤੀ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਮਿਲ ਜਾਵੇ ।32ਅਤੇ ਤੁਸੀਂ ਆਪਣੀਆਂ ਸੁੱਖ-ਸਾਂਦ ਦੀਆਂ ਭੇਟਾਂ ਵਿੱਚੋਂ ਸੱਜੇ ਪੱਟ ਨੂੰ ਚੁੱਕਣ ਦੀ ਭੇਟ ਕਰਕੇ ਜਾਜਕ ਨੂੰ ਦੇਣਾ ।
33ਹਾਰੂਨ ਦੇ ਪੁੱਤਰਾਂ ਵਿੱਚੋਂ ਜਿਹੜਾ ਸੁੱਖ-ਸਾਂਦ ਦੀਆਂ ਭੇਟਾਂ ਦਾ ਲਹੂ ਅਤੇ ਚਰਬੀ ਚੜ੍ਹਾਵੇ, ਸੱਜਾ ਪੱਟ ਉਸੇ ਦਾ ਹਿੱਸਾ ਹੋਵੇਗਾ ।34ਕਿਉਂ ਜੋ ਇਸਰਾਏਲੀਆਂ ਦੀਆਂ ਸੁੱਖ-ਸਾਂਦ ਦੀਆਂ ਬਲੀਆਂ ਦੀਆਂ ਭੇਟਾਂ ਵਿੱਚੋਂ ਹਿਲਾਉਣ ਦੀ ਭੇਟ ਦੀ ਛਾਤੀ ਅਤੇ ਚੁੱਕਣ ਦੀ ਭੇਟ ਵਿੱਚੋਂ ਪੱਟ ਨੂੰ ਲੈ ਕੇ ਮੈਂ ਹਾਰੂਨ ਜਾਜਕ ਅਤੇ ਉਸ ਦੇ ਪੁੱਤਰਾਂ ਨੂੰ ਦਿੱਤਾ ਹੈ ਤਾਂ ਜੋ ਇਹ ਇਸਰਾਏਲੀਆਂ ਵੱਲੋਂ ਉਨ੍ਹਾਂ ਦਾ ਸਦਾ ਲਈ ਹੱਕ ਬਣਿਆ ਰਹੇ ।

35ਜਿਸ ਦਿਨ ਹਾਰੂਨ ਅਤੇ ਉਸ ਦੇ ਪੁੱਤਰ ਯਹੋਵਾਹ ਦੇ ਸਨਮੁਖ ਜਾਜਕਾਈ ਲਈ ਨਿਯੁਕਤ ਕੀਤੇ ਗਏ, ਉਸੇ ਦਿਨ ਯਹੋਵਾਹ ਦੀਆਂ ਅੱਗ ਦੀਆਂ ਭੇਟਾਂ ਵਿੱਚੋਂ ਉਨ੍ਹਾਂ ਦਾ ਇਹੋ ਮਸਹ ਕਰਨ ਦਾ ਹੱਕ ਠਹਿਰਾਇਆ ਗਿਆ ।36ਜਿਸ ਦਿਨ ਯਹੋਵਾਹ ਨੇ ਉਨ੍ਹਾਂ ਨੂੰ ਮਸਹ ਕੀਤਾ, ਉਸੇ ਦਿਨ ਉਸ ਨੇ ਹੁਕਮ ਦਿੱਤਾ ਕਿ ਉਨ੍ਹਾਂ ਨੂੰ ਇਸਰਾਏਲੀਆਂ ਵੱਲੋਂ ਇਹ ਹਿੱਸਾ ਰੋਜ਼ ਮਿਲਿਆ ਕਰੇ, ਪੀੜ੍ਹੀਓਂ ਪੀੜ੍ਹੀ ਉਨ੍ਹਾਂ ਦਾ ਇਹੋ ਹੱਕ ਠਹਿਰਾਇਆ ਗਿਆ ਹੈ ।

37ਹੋਮ ਬਲੀ ਦੀ ਭੇਟ, ਮੈਦੇ ਦੀ ਭੇਟ, ਪਾਪ ਦੀ ਬਲੀ, ਦੋਸ਼ ਬਲੀ ਦੀ ਭੇਟ, ਜਾਜਕਾਂ ਨੂੰ ਪਵਿੱਤਰ ਠਹਿਰਾਉਣ ਦੀ ਬਲੀ ਅਤੇ ਸੁੱਖ-ਸਾਂਦ ਦੀਆਂ ਭੇਟਾਂ ਦੀ ਇਹੋ ਬਿਵਸਥਾ ਹੈ ।38ਜਦ ਯਹੋਵਾਹ ਨੇ ਸੀਨਈ ਪਹਾੜ ਦੇ ਉਜਾੜ ਵਿੱਚ ਮੂਸਾ ਨੂੰ ਹੁਕਮ ਦਿੱਤਾ ਕਿ ਇਸਰਾਏਲੀ ਯਹੋਵਾਹ ਲਈ ਕਿਹੜੀਆਂ-ਕਿਹੜੀਆਂ ਭੇਟਾਂ ਚੜ੍ਹਾਉਣ, ਤਦ ਉਸ ਨੇ ਉਨ੍ਹਾਂ ਨੂੰ ਇਹੋ ਬਿਵਸਥਾ ਦਿੱਤੀ ਸੀ ।

8
ਹਾਰੂਨ ਅਤੇ ਉਸ ਦੇ ਪੁੱਤਰਾਂ ਦਾ ਮਸਹ
(ਕੂਚ 29:1-37)

1ਯਹੋਵਾਹ ਨੇ ਮੂਸਾ ਨੂੰ ਇਹ ਆਖਿਆ,2ਤੂੰ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਅਤੇ ਉਨ੍ਹਾਂ ਦੇ ਬਸਤਰਾਂ, ਮਸਹ ਕਰਨ ਦੇ ਤੇਲ, ਪਾਪ ਬਲੀ ਦੀ ਭੇਟ ਦੇ ਬਲ਼ਦ, ਦੋ ਭੇਡੂਆਂ ਅਤੇ ਪਤੀਰੀ ਰੋਟੀ ਦੇ ਟੋਕਰੇ ਨੂੰ ਲੈ ਕੇ,3ਸਾਰੀ ਮੰਡਲੀ ਨੂੰ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਦੇ ਕੋਲ ਇੱਕਠਿਆ ਕਰੀਂ ।

4ਤਦ ਜਿਵੇਂ ਯਹੋਵਾਹ ਨੇ ਆਗਿਆ ਦਿੱਤੀ ਸੀ, ਮੂਸਾ ਨੇ ਉਸੇ ਤਰ੍ਹਾਂ ਹੀ ਕੀਤਾ ਅਤੇ ਸਾਰੀ ਮੰਡਲੀ, ਮੰਡਲੀ ਡੇਰੇ ਦੇ ਦਰਵਾਜ਼ੇ ਦੇ ਕੋਲ ਇੱਕਠੀ ਹੋ ਗਈ ।5ਤਦ ਮੂਸਾ ਨੇ ਮੰਡਲੀ ਨੂੰ ਆਖਿਆ, ਜਿਹੜਾ ਕੰਮ ਕਰਨ ਦਾ ਹੁਕਮ ਯਹੋਵਾਹ ਨੇ ਦਿੱਤਾ ਹੈ, ਉਹ ਇਹ ਹੈ ।
6ਅਤੇ ਮੂਸਾ ਨੇ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਲਿਆ ਕੇ ਪਾਣੀ ਨਾਲ ਨ੍ਹਵਾਇਆ,7ਅਤੇ ਉਸ ਨੇ ਉਹ ਨੂੰ ਕੁੜਤਾ ਪਹਿਨਾਇਆ ਅਤੇ ਪਟਕੇ ਨਾਲ ਉਸ ਦਾ ਲੱਕ ਬੰਨ੍ਹਿਆ ਅਤੇ ਚੋਗਾ ਪਹਿਨਾਇਆ ਅਤੇ ਉਸ ਦੇ ਉੱਤੇ ਏਫ਼ੋਦ ਪਹਿਨਾਇਆ ਅਤੇ ਸੋਹਣੀ ਕਢਾਈ ਕੀਤੇ ਹੋਏ ਏਫ਼ੋਦ ਦੇ ਪਟਕੇ ਨਾਲ ਉਸ ਦਾ ਲੱਕ ਕੱਸ ਦਿੱਤਾ ।
8ਤਦ ਉਸ ਨੇ ਉਹ ਨੂੰ ਸੀਨਾਬੰਦ ਪਹਿਨਾਇਆ ਅਤੇ ਉਸ ਸੀਨਾਬੰਦ ਵਿੱਚ ਊਰੀਮ ਅਤੇ ਤੁੰਮੀਮ ਨੂੰ ਰੱਖਿਆ ।9ਤਦ ਉਸ ਨੇ ਉਹ ਦੇ ਸਿਰ ਉੱਤੇ ਪਗੜੀ ਬੰਨ੍ਹ ਕੇ ਪਗੜੀ ਦੇ ਸਾਹਮਣੇ ਸੋਨੇ ਦੀ ਪੱਤਰੀ ਅਰਥਾਤ ਪਵਿੱਤਰ ਮੁਕਟ ਨੂੰ ਲਗਾਇਆ ਜਿਸ ਤਰ੍ਹਾਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ।

10ਫੇਰ ਮੂਸਾ ਨੇ ਮਸਹ ਕਰਨ ਦਾ ਤੇਲ ਲਿਆ ਅਤੇ ਡੇਰੇ ਨੂੰ ਅਤੇ ਜੋ ਕੁਝ ਉਸ ਦੇ ਵਿੱਚ ਸੀ, ਤੇਲ ਪਾ ਕੇ ਪਵਿੱਤਰ ਕੀਤਾ ।11ਅਤੇ ਉਸ ਤੇਲ ਵਿੱਚੋਂ ਕੁਝ ਲੈ ਕੇ ਜਗਵੇਦੀ ਉੱਤੇ ਸੱਤ ਵਾਰੀ ਛਿੜਕਿਆ ਅਤੇ ਜਗਵੇਦੀ ਅਤੇ ਉਸ ਦੇ ਸਾਰੇ ਸਮਾਨ ਨੂੰ ਅਤੇ ਚੁਬੱਚੇ ਅਤੇ ਉਸ ਦੀ ਚੌਂਕੀ ਨੂੰ ਤੇਲ ਨਾਲ ਪਵਿੱਤਰ ਕੀਤਾ ।
12ਫੇਰ ਉਸ ਨੇ ਮਸਹ ਕਰਨ ਦਾ ਤੇਲ ਹਾਰੂਨ ਦੇ ਸਿਰ ਉੱਤੇ ਚੁਆ ਕੇ ਉਸ ਨੂੰ ਪਵਿੱਤਰ ਕਰਨ ਲਈ ਮਸਹ ਕੀਤਾ ।13ਤਦ ਮੂਸਾ ਨੇ ਹਾਰੂਨ ਦੇ ਪੁੱਤਰਾਂ ਨੂੰ ਲਿਆ ਕੇ ਉਨ੍ਹਾਂ ਨੂੰ ਕੁੜਤੇ ਪਹਿਨਾਏ, ਉਨ੍ਹਾਂ ਦੇ ਲੱਕ ਪਟਕਿਆਂ ਨਾਲ ਬੰਨੇ ਅਤੇ ਉਨ੍ਹਾਂ ਨੂੰ ਪਗੜੀਆਂ ਬੰਨ੍ਹਾਈਆਂ, ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ।

14ਤਦ ਉਹ ਪਾਪ ਬਲੀ ਦੀ ਭੇਟ ਲਈ ਬਲ਼ਦ ਲਿਆਇਆ ਅਤੇ ਹਾਰੂਨ ਅਤੇ ਉਸ ਦੇ ਪੁੱਤਰਾਂ ਆਪਣੇ-ਆਪਣੇ ਹੱਥ ਪਾਪ ਬਲੀ ਦੀ ਭੇਟ ਦੇ ਬਲ਼ਦ ਦੇ ਸਿਰ ਉੱਤੇ ਰੱਖੇ ।15ਤਦ ਮੂਸਾ ਨੇ ਉਸ ਨੂੰ ਵੱਢਿਆ ਅਤੇ ਉਸ ਦਾ ਲਹੂ ਲੈ ਕੇ ਜਗਵੇਦੀ ਦੇ ਸਿੰਗਾਂ ਉੱਤੇ ਆਪਣੀ ਉਂਗਲ ਨਾਲ ਚੁਫ਼ੇਰੇ ਲਾਇਆ ਅਤੇ ਜਗਵੇਦੀ ਨੂੰ ਸ਼ੁੱਧ ਕੀਤਾ ਅਤੇ ਜਗਵੇਦੀ ਦੇ ਹੇਠ ਲਹੂ ਨੂੰ ਡੋਲ੍ਹਕੇ ਉਸ ਦੇ ਲਈ ਪ੍ਰਾਸਚਿਤ ਕੀਤਾ ਅਤੇ ਉਸ ਨੂੰ ਪਵਿੱਤਰ ਕੀਤਾ ।
16ਅਤੇ ਮੂਸਾ ਨੇ ਆਂਦਰਾਂ ਦੇ ਉੱਤੇ ਸਾਰੀ ਚਰਬੀ, ਕਲੇਜੇ ਦੇ ਉੱਪਰਲੀ ਝਿੱਲੀ ਅਤੇ ਚਰਬੀ ਸਮੇਤ ਦੋਵੇਂ ਗੁਰਦਿਆਂ ਨੂੰ ਲੈ ਕੇ ਉਨ੍ਹਾਂ ਨੂੰ ਜਗਵੇਦੀ ਉੱਤੇ ਸਾੜਿਆ ।17ਪਰ ਬਲ਼ਦ, ਉਸ ਦੀ ਖੱਲ, ਉਸ ਦਾ ਮਾਸ ਅਤੇ ਉਸ ਦਾ ਗੋਹਾ ਉਸ ਨੇ ਡੇਰੇ ਤੋਂ ਬਾਹਰ ਅੱਗ ਨਾਲ ਸਾੜਿਆ, ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ।

18ਫੇਰ ਉਹ ਹੋਮ ਬਲੀ ਦੀ ਭੇਟ ਦੇ ਭੇਡੂ ਨੂੰ ਲਿਆਇਆ ਅਤੇ ਹਾਰੂਨ ਅਤੇ ਉਸ ਦੇ ਪੁੱਤਰਾਂ ਨੇ ਆਪਣੇ-ਆਪਣੇ ਹੱਥ ਭੇਡੂ ਦੇ ਸਿਰ ਉੱਤੇ ਰੱਖੇ ।19ਤਦ ਮੂਸਾ ਨੇ ਉਸ ਨੂੰ ਵੱਢਿਆ ਅਤੇ ਉਸ ਦੇ ਲਹੂ ਨੂੰ ਜਗਵੇਦੀ ਦੇ ਚੁਫ਼ੇਰੇ ਛਿੜਕਿਆ ।
20ਤਦ ਉਸ ਨੇ ਭੇਡੂ ਨੂੰ ਟੁੱਕੜੇ-ਟੁੱਕੜੇ ਕੀਤਾ ਅਤੇ ਮੂਸਾ ਨੇ ਸਿਰ ਅਤੇ ਚਰਬੀ ਸਮੇਤ ਟੁੱਕੜਿਆਂ ਨੂੰ ਸਾੜਿਆ ।21ਅਤੇ ਉਸ ਨੇ ਆਂਦਰਾਂ ਅਤੇ ਲੱਤਾਂ ਨੂੰ ਪਾਣੀ ਨਾਲ ਧੋਤਾ ਅਤੇ ਮੂਸਾ ਨੇ ਸਾਰੇ ਭੇਡੂ ਨੂੰ ਜਗਵੇਦੀ ਉੱਤੇ ਸਾੜਿਆ । ਇਹ ਯਹੋਵਾਹ ਦੇ ਲਈ ਅੱਗ ਦੀ ਭੇਟ ਦੀ ਸੁਗੰਧਤਾ ਅਰਥਾਤ ਹੋਮ ਬਲੀ ਸੀ, ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ।

22ਫੇਰ ਉਹ ਦੂਜੇ ਭੇਡੂ ਨੂੰ ਅਰਥਾਤ ਥਾਪਣ ਦੇ ਭੇਡੂ ਨੂੰ ਲੈ ਆਇਆ ਅਤੇ ਹਾਰੂਨ ਅਤੇ ਉਸ ਦੇ ਪੁੱਤਰਾਂ ਨੇ ਆਪਣੇ-ਆਪਣੇ ਹੱਥ ਉਸ ਦੇ ਸਿਰ ਉੱਤੇ ਰੱਖੇ ।23ਫੇਰ ਮੂਸਾ ਨੇ ਉਸ ਨੂੰ ਵੱਢਿਆ ਅਤੇ ਉਸ ਦੇ ਲਹੂ ਤੋਂ ਕੁਝ ਲੈ ਕੇ ਹਾਰੂਨ ਦੇ ਸੱਜੇ ਕੰਨ ਦੇ ਸਿਰੇ ਉੱਤੇ ਅਤੇ ਉਸ ਦੇ ਸੱਜੇ ਹੱਥ ਅਤੇ ਸੱਜੇ ਪੈਰ ਦੇ ਅੰਗੂਠਿਆਂ ਉੱਤੇ ਲਗਾਇਆ ।24ਤਦ ਉਹ ਹਾਰੂਨ ਦੇ ਪੁੱਤਰਾਂ ਨੂੰ ਕੋਲ ਲਿਆਇਆ ਅਤੇ ਮੂਸਾ ਨੇ ਲਹੂ ਵਿੱਚੋਂ ਉਨ੍ਹਾਂ ਦੇ ਸੱਜੇ ਕੰਨਾਂ ਦੇ ਸਿਰੇ ਉੱਤੇ ਅਤੇ ਉਨ੍ਹਾਂ ਦੇ ਸੱਜੇ ਹੱਥਾਂ ਅਤੇ ਸੱਜੇ ਪੈਰਾਂ ਦੇ ਅੰਗੂਠਿਆਂ ਉੱਤੇ ਲਗਾਇਆ ਅਤੇ ਮੂਸਾ ਨੇ ਲਹੂ ਨੂੰ ਜਗਵੇਦੀ ਦੇ ਚੁਫ਼ੇਰੇ ਛਿੜਕਿਆ ।
25ਫੇਰ ਉਸ ਨੇ ਚਰਬੀ, ਮੋਟੀ ਪੂਛ, ਸਾਰੀ ਚਰਬੀ ਜੋ ਆਂਦਰਾਂ ਦੇ ਉੱਤੇ ਸੀ, ਕਲੇਜੇ ਦੇ ਉੱਪਰਲੀ ਝਿੱਲੀ ਸਮੇਤ ਦੋਵੇਂ ਗੁਰਦੇ ਅਤੇ ਉਨ੍ਹਾਂ ਦੀ ਚਰਬੀ ਅਤੇ ਸੱਜਾ ਪੱਟ ਲਿਆ26ਅਤੇ ਪਤੀਰੀ ਰੋਟੀ ਦੀ ਟੋਕਰੀ ਵਿੱਚੋਂ ਜਿਹੜੀ ਯਹੋਵਾਹ ਦੇ ਅੱਗੇ ਸੀ, ਉਸ ਨੇ ਇੱਕ ਰੋਟੀ, ਤੇਲ ਰਲੀ ਹੋਈ ਮੈਦੇ ਦੀ ਇੱਕ ਰੋਟੀ ਅਤੇ ਇੱਕ ਮੱਠੀ ਲੈ ਕੇ ਉਨ੍ਹਾਂ ਨੂੰ ਚਰਬੀ ਉੱਤੇ ਅਤੇ ਸੱਜੇ ਪੱਟ ਉੱਤੇ ਰੱਖਿਆ ।27ਅਤੇ ਇਹ ਸਾਰੀਆਂ ਵਸਤੂਆਂ ਹਾਰੂਨ ਅਤੇ ਉਸ ਦੇ ਪੁੱਤਰਾਂ ਦੇ ਹੱਥਾਂ ਉੱਤੇ ਰੱਖੀਆਂ ਅਤੇ ਹਿਲਾਉਣ ਦੀ ਭੇਟ ਕਰਕੇ ਯਹੋਵਾਹ ਦੇ ਅੱਗੇ ਉਨ੍ਹਾਂ ਨੂੰ ਹਿਲਾਇਆ ।
28ਤਦ ਮੂਸਾ ਨੇ ਉਨ੍ਹਾਂ ਵਸਤੂਆਂ ਨੂੰ ਉਨ੍ਹਾਂ ਦੇ ਹੱਥਾਂ ਤੋਂ ਲੈ ਕੇ ਜਗਵੇਦੀ ਉੱਤੇ ਹੋਮ ਦੀ ਭੇਟ ਦੇ ਉੱਤੇ ਸਾੜਿਆ । ਇਹ ਸੁੰਗਧਤਾ ਲਈ ਥਾਪਣ ਦੀਆਂ ਭੇਟਾਂ ਅਤੇ ਯਹੋਵਾਹ ਦੇ ਅੱਗੇ ਇੱਕ ਅੱਗ ਦੀ ਭੇਟ ਸੀ ।29ਤਦ ਮੂਸਾ ਨੇ ਛਾਤੀ ਨੂੰ ਲੈ ਕੇ ਉਸ ਨੂੰ ਹਿਲਾਉਣ ਦੀ ਭੇਟ ਕਰਕੇ ਯਹੋਵਾਹ ਦੇ ਅੱਗੇ ਹਿਲਾਇਆ ਕਿਉਂ ਜੋ ਥਾਪਣ ਦੇ ਭੇਡੂ ਵਿੱਚੋਂ ਇਹ ਮੂਸਾ ਦਾ ਹਿੱਸਾ ਸੀ, ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ।

30ਫੇਰ ਮੂਸਾ ਨੇ ਮਸਹ ਕਰਨ ਦੇ ਤੇਲ ਤੋਂ ਅਤੇ ਉਸ ਲਹੂ ਤੋਂ ਜਿਹੜਾ ਜਗਵੇਦੀ ਉੱਤੇ ਸੀ, ਕੁਝ ਲੈ ਕੇ ਹਾਰੂਨ ਅਤੇ ਉਸ ਦੇ ਪੁੱਤਰਾਂ ਦੇ ਬਸਤਰਾਂ ਉੱਤੇ ਛਿੜਕਿਆ ਅਤੇ ਹਾਰੂਨ ਅਤੇ ਉਨ੍ਹਾਂ ਦੇ ਬਸਤਰਾਂ ਨੂੰ ਪਵਿੱਤਰ ਕੀਤਾ ।

31ਮੂਸਾ ਨੇ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਆਖਿਆ, "ਮੰਡਲੀ ਦੇ ਡੇਰੇ ਦੇ ਦਰਵਾਜ਼ੇ ਕੋਲ ਮਾਸ ਨੂੰ ਪਕਾਓ ਅਤੇ ਉਸ ਰੋਟੀ ਨੂੰ ਜੋ ਥਾਪਣ ਦੀਆਂ ਭੇਟਾਂ ਦੀ ਟੋਕਰੀ ਵਿੱਚ ਹੈ, ਉੱਥੇ ਹੀ ਖਾਓ, ਜਿਵੇਂ ਮੈਂ ਤੁਹਾਨੂੰ ਹੁਕਮ ਦਿੱਤਾ ਹੈ ਕਿ ਹਾਰੂਨ ਅਤੇ ਉਸ ਦੇ ਪੁੱਤਰ ਉਸ ਨੂੰ ਖਾਣ ।32ਅਤੇ ਜੋ ਕੁਝ ਉਸ ਮਾਸ ਅਤੇ ਰੋਟੀ ਵਿੱਚੋਂ ਬਚ ਜਾਵੇ, ਉਸ ਨੂੰ ਤੁਸੀਂ ਅੱਗ ਨਾਲ ਸਾੜ ਦੇਣਾ ।33ਜਦ ਤੱਕ ਤੁਹਾਡੇ ਥਾਪਣ ਦੇ ਦਿਨ ਪੂਰੇ ਨਾ ਹੋ ਜਾਣ ਤਦ ਤੱਕ ਅਰਥਾਤ ਸੱਤ ਦਿਨ ਤੱਕ ਤੁਸੀਂ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਤੋਂ ਬਾਹਰ ਨਾ ਨਿੱਕਲਣਾ, ਕਿਉਂ ਜੋ ਸੱਤ ਦਿਨਾਂ ਵਿੱਚ ਉਹ ਤੁਹਾਨੂੰ ਥਾਪੇਗਾ ।
34ਜਿਸ ਤਰ੍ਹਾਂ ਅੱਜ ਦੇ ਦਿਨ ਕੀਤਾ ਗਿਆ ਹੈ ਉਸੇ ਤਰ੍ਹਾਂ ਹੀ ਕਰਨ ਦਾ ਹੁਕਮ ਯਹੋਵਾਹ ਨੇ ਦਿੱਤਾ ਹੈ, ਜਿਸ ਨਾਲ ਤੁਹਾਡੇ ਲਈ ਪ੍ਰਾਸਚਿਤ ਹੋਵੇ ।35ਇਸ ਲਈ ਤੁਸੀਂ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਕੋਲ ਸੱਤ ਦਿਨ ਤੱਕ ਰਾਤ-ਦਿਨ ਠਹਿਰੇ ਰਹਿਣਾ ਅਤੇ ਯਹੋਵਾਹ ਦਾ ਹੁਕਮ ਮੰਨਣਾ ਤਾਂ ਜੋ ਤੁਸੀਂ ਨਾ ਮਰੋ, ਕਿਉਂ ਜੋ ਮੈਨੂੰ ਇਹੋ ਹੁਕਮ ਦਿੱਤਾ ਗਿਆ ਹੈ । "36ਤਦ ਹਾਰੂਨ ਅਤੇ ਉਸ ਦੇ ਪੁੱਤਰਾਂ ਨੇ ਉਨ੍ਹਾਂ ਸਾਰੀਆਂ ਗੱਲਾਂ ਦੇ ਅਨੁਸਾਰ ਕੀਤਾ, ਜਿਨ੍ਹਾਂ ਦਾ ਯਹੋਵਾਹ ਨੇ ਮੂਸਾ ਦੀ ਰਾਹੀਂ ਹੁਕਮ ਦਿੱਤਾ ਸੀ ।

9
ਹਾਰੂਨ ਦੁਆਰਾ ਬਲੀ-ਅਰਪਣ

1ਅੱਠਵੇਂ ਦਿਨ ਮੂਸਾ ਨੇ ਹਾਰੂਨ, ਉਸ ਦੇ ਪੁੱਤਰਾਂ ਅਤੇ ਇਸਰਾਏਲ ਦੇ ਬਜ਼ੁਰਗਾਂ ਨੂੰ ਸੱਦਿਆ,2ਅਤੇ ਉਸ ਨੇ ਹਾਰੂਨ ਨੂੰ ਆਖਿਆ, "ਪਾਪ ਬਲੀ ਦੀ ਭੇਟ ਲਈ ਤੂੰ ਇੱਕ ਵੱਛਾ ਅਤੇ ਹੋਮ ਬਲੀ ਦੀ ਭੇਟ ਲਈ ਇੱਕ ਭੇਡੂ ਦੋਸ਼ ਰਹਿਤ ਲੈ ਕੇ ਉਨ੍ਹਾਂ ਨੂੰ ਯਹੋਵਾਹ ਦੇ ਅੱਗੇ ਚੜ੍ਹਾਵੀਂ ।

3ਅਤੇ ਤੂੰ ਇਸਰਾਏਲੀਆਂ ਨੂੰ ਇਹ ਆਖ ਕਿ ਤੁਸੀਂ ਪਾਪ ਬਲੀ ਦੀ ਭੇਟ ਲਈ ਇੱਕ ਬੱਕਰਾ ਅਤੇ ਹੋਮ ਬਲੀ ਲਈ ਇੱਕ ਵੱਛਾ ਅਤੇ ਇੱਕ ਲੇਲਾ ਲਓ, ਜੋ ਇੱਕ ਸਾਲ ਦੇ ਅਤੇ ਦੋਸ਼ ਰਹਿਤ ਹੋਣ ।4ਸੁੱਖ-ਸਾਂਦ ਦੀਆਂ ਭੇਟਾਂ ਯਹੋਵਾਹ ਦੇ ਅੱਗੇ ਚੜ੍ਹਾਉਣ ਲਈ ਇੱਕ ਬਲ਼ਦ, ਇੱਕ ਭੇਡੂ ਅਤੇ ਤੇਲ ਨਾਲ ਰਲੀ ਹੋਈ ਮੈਦੇ ਦੀ ਇੱਕ ਭੇਟ ਲੈ ਲਓ, ਕਿਉਂ ਜੋ ਅੱਜ ਯਹੋਵਾਹ ਤੁਹਾਨੂੰ ਦਰਸ਼ਨ ਦੇਵੇਗਾ । "

5ਤਦ ਜਿਨ੍ਹਾਂ ਵਸਤੂਆਂ ਦਾ ਮੂਸਾ ਨੇ ਹੁਕਮ ਦਿੱਤਾ ਸੀ, ਉਹ ਉਨ੍ਹਾਂ ਨੂੰ ਮੰਡਲੀ ਦੇ ਡੇਰੇ ਦੇ ਅੱਗੇ ਲੈ ਆਏ ਅਤੇ ਸਾਰੀ ਮੰਡਲੀ ਕੋਲ ਜਾ ਕੇ ਯਹੋਵਾਹ ਦੇ ਸਨਮੁਖ ਖੜ੍ਹੀ ਹੋਈ ।
6ਤਦ ਮੂਸਾ ਨੇ ਆਖਿਆ, "ਇਹ ਉਹ ਕੰਮ ਹੈ ਜਿਸ ਨੂੰ ਕਰਨ ਦਾ ਹੁਕਮ ਯਹੋਵਾਹ ਨੇ ਦਿੱਤਾ ਹੈ ਕਿ ਤੁਸੀਂ ਇਹ ਕਰੋ ਅਤੇ ਯਹੋਵਾਹ ਦੇ ਪ੍ਰਤਾਪ ਦਾ ਦਰਸ਼ਨ ਤੁਹਾਨੂੰ ਹੋਵੇਗਾ । "7ਅਤੇ ਮੂਸਾ ਨੇ ਹਾਰੂਨ ਨੂੰ ਆਖਿਆ, "ਯਹੋਵਾਹ ਦੇ ਹੁਕਮ ਅਨੁਸਾਰ ਜਗਵੇਦੀ ਦੇ ਕੋਲ ਜਾ ਕੇ ਆਪਣੀ ਪਾਪ ਬਲੀ ਦੀ ਭੇਟ ਅਤੇ ਹੋਮ ਬਲੀ ਦੀ ਭੇਟ ਚੜ੍ਹਾ ਅਤੇ ਆਪਣੇ ਲਈ ਅਤੇ ਸਾਰੇ ਲੋਕਾਂ ਦੇ ਲਈ ਪ੍ਰਾਸਚਿਤ ਕਰ ਅਤੇ ਲੋਕਾਂ ਦੀ ਭੇਟ ਚੜ੍ਹਾ ਕੇ ਉਨ੍ਹਾਂ ਦੇ ਲਈ ਪ੍ਰਾਸਚਿਤ ਕਰ । "

8ਇਸ ਲਈ ਹਾਰੂਨ ਨੇ ਜਗਵੇਦੀ ਦੇ ਕੋਲ ਜਾ ਕੇ ਉਸ ਪਾਪ ਬਲੀ ਦੀ ਭੇਟ ਦੇ ਵੱਛੇ ਨੂੰ ਵੱਢਿਆ, ਜੋ ਉਸ ਦੇ ਆਪਣੇ ਲਈ ਸੀ ।9ਅਤੇ ਹਾਰੂਨ ਦੇ ਪੁੱਤਰ ਲਹੂ ਨੂੰ ਉਸ ਦੇ ਕੋਲ ਲੈ ਆਏ ਅਤੇ ਉਸ ਨੇ ਆਪਣੀ ਉਂਗਲ ਲਹੂ ਵਿੱਚ ਡੋਬ ਕੇ ਉਸ ਨੂੰ ਜਗਵੇਦੀ ਦੇ ਸਿੰਗਾਂ ਉੱਤੇ ਲਗਾਇਆ ਅਤੇ ਬਾਕੀ ਲਹੂ ਜਗਵੇਦੀ ਦੇ ਹੇਠ ਡੋਲ੍ਹ ਦਿੱਤਾ ।
10ਪਰ ਪਾਪ ਬਲੀ ਦੀ ਭੇਟ ਦੀ ਚਰਬੀ, ਗੁਰਦੇ ਅਤੇ ਕਲੇਜੇ ਦੇ ਉੱਪਰਲੀ ਝਿੱਲੀ ਨੂੰ ਉਸ ਨੇ ਜਗਵੇਦੀ ਦੇ ਉੱਤੇ ਸਾੜਿਆ, ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ।11ਅਤੇ ਮਾਸ ਅਤੇ ਖੱਲ ਨੂੰ ਉਸ ਨੇ ਡੇਰੇ ਤੋਂ ਬਾਹਰ ਅੱਗ ਨਾਲ ਸਾੜਿਆ ।
12ਤਦ ਉਸ ਨੇ ਹੋਮ ਬਲੀ ਦੀ ਭੇਟ ਨੂੰ ਵੱਢਿਆ ਅਤੇ ਹਾਰੂਨ ਦੇ ਪੁੱਤਰ ਲਹੂ ਨੂੰ ਉਸ ਦੇ ਕੋਲ ਲਿਆਏ ਅਤੇ ਉਸ ਨੇ ਲਹੂ ਨੂੰ ਜਗਵੇਦੀ ਦੇ ਚੁਫ਼ੇਰੇ ਛਿੜਕਿਆ ।13ਅਤੇ ਉਨ੍ਹਾਂ ਨੇ ਹੋਮ ਬਲੀ ਦੀ ਭੇਟ ਦੇ ਟੁੱਕੜੇ-ਟੁੱਕੜੇ ਕੀਤੇ ਅਤੇ ਸਿਰ ਸਮੇਤ ਲਿਆਏ, ਤਦ ਉਸ ਨੇ ਉਨ੍ਹਾਂ ਨੂੰ ਜਗਵੇਦੀ ਉੱਤੇ ਸਾੜਿਆ ।14ਅਤੇ ਉਸ ਨੇ ਆਂਦਰਾਂ ਅਤੇ ਲੱਤਾਂ ਨੂੰ ਧੋ ਕੇ ਉਨ੍ਹਾਂ ਨੂੰ ਜਗਵੇਦੀ ਦੇ ਉੱਤੇ ਹੋਮ ਦੀ ਬਲੀ ਦੇ ਉੱਤੇ ਸਾੜਿਆ ।
15ਤਦ ਉਹ ਲੋਕਾਂ ਦੀ ਭੇਟ ਲਿਆਇਆ ਅਤੇ ਉਸ ਪਾਪ ਬਲੀ ਦੀ ਭੇਟ ਦੇ ਬੱਕਰੇ ਨੂੰ ਜੋ ਲੋਕਾਂ ਦੇ ਲਈ ਸੀ, ਲੈ ਕੇ ਉਸ ਨੂੰ ਵੱਢਿਆ ਅਤੇ ਪਹਿਲਾਂ ਦੀ ਤਰ੍ਹਾਂ ਉਸ ਨੂੰ ਵੀ ਪਾਪ ਬਲੀ ਕਰਕੇ ਚੜ੍ਹਾਇਆ ।16ਅਤੇ ਉਸ ਨੇ ਹੋਮ ਬਲੀ ਦੀ ਭੇਟ ਲਿਆ ਕੇ, ਉਸ ਨੂੰ ਬਿਧੀ ਦੇ ਅਨੁਸਾਰ ਚੜ੍ਹਾਇਆ ।17ਅਤੇ ਉਹ ਮੈਦੇ ਦੀ ਭੇਟ ਲਿਆਇਆ ਅਤੇ ਉਸ ਵਿੱਚੋਂ ਇੱਕ ਮੁੱਠ ਭਰ ਕੇ ਉਸ ਨੂੰ ਜਗਵੇਦੀ ਦੇ ਉੱਤੇ ਸਵੇਰ ਦੀ ਹੋਮ ਬਲੀ ਦੇ ਨਾਲ ਸਾੜਿਆ ।
18ਤਦ ਉਸ ਨੇ ਬਲ਼ਦ ਅਤੇ ਭੇਡੂ ਨੂੰ ਲਿਆ ਕੇ ਵੱਢਿਆ, ਜਿਹੜੇ ਲੋਕਾਂ ਦੀ ਸੁੱਖ-ਸਾਂਦ ਦੀਆਂ ਭੇਟਾਂ ਦੇ ਲਈ ਸਨ, ਅਤੇ ਹਾਰੂਨ ਦੇ ਪੁੱਤਰ ਉਸ ਦੇ ਕੋਲ ਲਹੂ ਲਿਆਏ, ਜਿਸ ਨੂੰ ਉਸ ਨੇ ਜਗਵੇਦੀ ਦੇ ਚੁਫ਼ੇਰੇ ਛਿੜਕਿਆ ।19ਅਤੇ ਉਹ ਬਲ਼ਦ ਅਤੇ ਭੇਡੂ ਦੀ ਚਰਬੀ, ਮੋਟੀ ਪੂਛ ਅਤੇ ਉਹ ਚਰਬੀ ਜੋ ਆਂਦਰਾਂ ਨੂੰ ਢੱਕਦੀ ਹੈ ਅਤੇ ਗੁਰਦੇ ਅਤੇ ਕਲੇਜੇ ਦੇ ਉੱਪਰਲੀ ਝਿੱਲੀ ਉਸ ਦੇ ਕੋਲ ਲਿਆਏ
20ਅਤੇ ਉਨ੍ਹਾਂ ਨੇ ਚਰਬੀ ਨੂੰ ਛਾਤੀਆਂ ਦੇ ਉੱਤੇ ਰੱਖਿਆ ਅਤੇ ਉਸ ਨੇ ਚਰਬੀ ਨੂੰ ਜਗਵੇਦੀ ਦੇ ਉੱਤੇ ਸਾੜਿਆ ।21ਹਾਰੂਨ ਨੇ ਛਾਤੀਆਂ ਅਤੇ ਸੱਜੇ ਪੱਟ ਨੂੰ ਹਿਲਾਉਣ ਦੀ ਭੇਟ ਕਰਕੇ ਯਹੋਵਾਹ ਦੇ ਅੱਗੇ ਹਿਲਾਇਆ, ਜਿਵੇਂ ਮੂਸਾ ਨੇ ਹੁਕਮ ਦਿੱਤਾ ਸੀ ।
22ਤਦ ਹਾਰੂਨ ਨੇ ਲੋਕਾਂ ਵੱਲ ਆਪਣੇ ਹੱਥ ਵਧਾ ਕੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਪਾਪ ਬਲੀ ਦੀ ਭੇਟ, ਹੋਮ ਬਲੀ ਦੀ ਭੇਟ ਅਤੇ ਸੁੱਖ-ਸਾਂਦ ਦੀਆਂ ਭੇਟਾਂ ਨੂੰ ਚੜ੍ਹਾ ਕੇ ਹੇਠਾਂ ਆਇਆ ।

23ਤਦ ਮੂਸਾ ਅਤੇ ਹਾਰੂਨ ਮੰਡਲੀ ਦੇ ਡੇਰੇ ਵਿੱਚ ਗਏ ਅਤੇ ਨਿੱਕਲ ਕੇ ਲੋਕਾਂ ਨੂੰ ਅਸੀਸ ਦਿੱਤੀ ਅਤੇ ਯਹੋਵਾਹ ਦੇ ਪ੍ਰਤਾਪ ਦਾ ਦਰਸ਼ਨ ਸਾਰੇ ਲੋਕਾਂ ਨੂੰ ਹੋਇਆ ।24ਅਤੇ ਯਹੋਵਾਹ ਦੇ ਅੱਗੋਂ ਇੱਕ ਅੱਗ ਨਿੱਕਲੀ ਉਸ ਹੋਮ ਦੀ ਭੇਟ ਅਤੇ ਚਰਬੀ ਨੂੰ ਜੋ ਜਗਵੇਦੀ ਉੱਤੇ ਸੀ, ਭਸਮ ਕਰ ਦਿੱਤਾ । ਜਦ ਸਾਰੇ ਲੋਕਾਂ ਨੇ ਇਹ ਵੇਖਿਆ ਤਾਂ ਉੱਚੀ ਆਵਾਜ਼ ਵਿੱਚ ਜੈਕਾਰਾ ਗਜਾਇਆ ਅਤੇ ਮੂੰਹ ਭਾਰ ਡਿੱਗ ਕੇ ਮੱਥਾ ਟੇਕਿਆ ।

10
ਨਾਦਾਬ ਅਤੇ ਅਬੀਹੂ ਦਾ ਪਾਪ

1ਤਦ ਹਾਰੂਨ ਦੇ ਪੁੱਤਰਾਂ ਨਾਦਾਬ ਅਤੇ ਅਬੀਹੂ ਨੇ ਆਪੋ-ਆਪਣੀ ਧੂਪਦਾਨੀ ਲੈ ਕੇ ਉਸ ਦੇ ਵਿੱਚ ਅੱਗ ਭਰੀ ਅਤੇ ਉਸ ਵਿੱਚ ਧੂਪ ਪਾ ਕੇ ਯਹੋਵਾਹ ਦੇ ਅੱਗੇ ਓਪਰਾ ਧੂਪ ਧੁਖਾਇਆ, ਜਿਸ ਤੋਂ ਯਹੋਵਾਹ ਨੇ ਉਨ੍ਹਾਂ ਨੂੰ ਵਰਜਿਆ ਸੀ ।2ਤਦ ਯਹੋਵਾਹ ਦੇ ਅੱਗੋਂ ਇੱਕ ਅੱਗ ਨਿੱਕਲੀ ਅਤੇ ਉਨ੍ਹਾਂ ਨੂੰ ਭਸਮ ਕਰ ਦਿੱਤਾ ਅਤੇ ਉਹ ਯਹੋਵਾਹ ਦੇ ਅੱਗੇ ਮਰ ਗਏ ।

3ਤਦ ਮੂਸਾ ਨੇ ਹਾਰੂਨ ਨੂੰ ਆਖਿਆ, "ਇਹ ਉਹ ਗੱਲ ਹੈ, ਜਿਹੜੀ ਯਹੋਵਾਹ ਨੇ ਆਖੀ ਸੀ ਕਿ ਜੋ ਮੇਰੇ ਨਜ਼ਦੀਕ ਆਵੇ ਮੈਂ ਆਪਣੇ ਆਪ ਨੂੰ ਉਨ੍ਹਾਂ ਦੇ ਸਾਹਮਣੇ ਪਵਿੱਤਰ ਵਿਖਾਵਾਂਗਾ ਅਤੇ ਸਾਰੇ ਲੋਕਾਂ ਦੇ ਸਾਹਮਣੇ ਮੇਰੀ ਵਡਿਆਈ ਹੋਵੇਗੀ । " ਅਤੇ ਹਾਰੂਨ ਚੁੱਪ ਰਿਹਾ ।

4ਤਦ ਮੂਸਾ ਨੇ ਹਾਰੂਨ ਦੇ ਚਾਚੇ ਉਜਿਏਲ ਦੇ ਪੁੱਤਰ ਮੀਸ਼ਾਏਲ ਅਤੇ ਇਲਜਫਾਨ ਨੂੰ ਸੱਦ ਕੇ ਉਨ੍ਹਾਂ ਨੂੰ ਆਖਿਆ, "ਨੇੜੇ ਆਓ ਅਤੇ ਆਪਣੇ ਭਰਾਵਾਂ ਨੂੰ ਪਵਿੱਤਰ ਸਥਾਨ ਦੇ ਅੱਗੋਂ ਚੁੱਕ ਕੇ ਡੇਰੇ ਤੋਂ ਬਾਹਰ ਲੈ ਜਾਓ । "
5ਤਦ ਉਨ੍ਹਾਂ ਨੇ ਮੂਸਾ ਦੇ ਹੁਕਮ ਅਨੁਸਾਰ ਨੇੜੇ ਜਾ ਕੇ ਉਨ੍ਹਾਂ ਨੂੰ ਉਨ੍ਹਾਂ ਦੇ ਕੁੜਤਿਆਂ ਸਮੇਤ ਚੁੱਕਿਆ ਅਤੇ ਡੇਰੇ ਤੋਂ ਬਾਹਰ ਲੈ ਗਏ ।6ਤਦ ਮੂਸਾ ਨੇ ਹਾਰੂਨ ਅਤੇ ਉਸ ਦੇ ਪੁੱਤਰ ਅਲਆਜਾਰ ਅਤੇ ਈਥਾਮਾਰ ਨੂੰ ਆਖਿਆ, "ਆਪਣੇ ਸਿਰਾਂ ਨੂੰ ਨੰਗੇ ਨਾ ਕਰੋ ਅਤੇ ਨਾ ਹੀ ਆਪਣੇ ਬਸਤਰਾਂ ਨੂੰ ਪਾੜੋ, ਅਜਿਹਾ ਨਾ ਹੋਵੇ ਕਿ ਤੁਸੀਂ ਵੀ ਮਰ ਜਾਓ ਅਤੇ ਸਾਰੀ ਮੰਡਲੀ ਉੱਤੇ ਉਸ ਦਾ ਕ੍ਰੋਧ ਭੜਕੇ ਪਰ ਤੇਰੇ ਭਰਾ ਅਰਥਾਤ ਇਸਰਾਏਲ ਦਾ ਸਾਰਾ ਘਰਾਣਾ ਉਸ ਅੱਗ ਦੇ ਕਾਰਨ ਸੋਗ ਕਰਨ, ਜਿਹੜੀ ਯਹੋਵਾਹ ਨੇ ਜਲਾਈ ਹੈ ।7ਤੁਸੀਂ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਤੋਂ ਬਾਹਰ ਨਾ ਨਿੱਕਲਣਾ, ਅਜਿਹਾ ਨਾ ਹੋਵੇ ਕਿ ਤੁਸੀਂ ਮਰ ਜਾਓ ਕਿਉਂ ਜੋ ਯਹੋਵਾਹ ਦਾ ਮਸਹ ਕਰਨ ਦਾ ਤੇਲ ਤੁਹਾਡੇ ਉੱਤੇ ਹੈ । " ਤਦ ਉਨ੍ਹਾਂ ਨੇ ਮੂਸਾ ਦੇ ਬਚਨ ਦੇ ਅਨੁਸਾਰ ਕੀਤਾ ।
ਜਾਜਕਾਂ ਦੇ ਲਈ ਨਿਯਮ

8ਫੇਰ ਯਹੋਵਾਹ ਨੇ ਹਾਰੂਨ ਨੂੰ ਆਖਿਆ,9"ਜਦ ਤੂੰ ਜਾਂ ਤੇਰੇ ਪੁੱਤਰ ਮੰਡਲੀ ਦੇ ਡੇਰੇ ਵਿੱਚ ਜਾਓ ਤਦ ਤੁਸੀਂ ਕੋਈ ਮਧ ਜਾਂ ਨਸ਼ਾ ਨਾ ਪੀਣਾ, ਤਾਂ ਜੋ ਤੁਸੀਂ ਮਰ ਨਾ ਜਾਓ । ਇਹ ਤੁਹਾਡੀਆਂ ਪੀੜ੍ਹੀਆਂ ਲਈ ਇੱਕ ਸਦਾ ਦੀ ਬਿਧੀ ਹੋਵੇ ।10ਤਾਂ ਜੋ ਤੁਸੀਂ ਪਵਿੱਤਰ ਅਤੇ ਅਪਵਿੱਤਰ ਦੇ ਵਿੱਚ ਅਤੇ ਸ਼ੁੱਧ ਅਤੇ ਅਸ਼ੁੱਧ ਦੇ ਵਿੱਚ ਫ਼ਰਕ ਕਰ ਸਕੋ ।11ਅਤੇ ਇਸਰਾਏਲੀਆਂ ਨੂੰ ਉਹ ਸਾਰੀਆਂ ਬਿਧੀਆਂ ਸਿਖਾਓ ਜੋ ਯਹੋਵਾਹ ਨੇ ਉਨ੍ਹਾਂ ਨੂੰ ਮੂਸਾ ਦੇ ਰਾਹੀਂ ਆਖੀਆਂ ਸਨ । "

12ਤਦ ਮੂਸਾ ਨੇ ਹਾਰੂਨ ਅਤੇ ਉਸ ਦੇ ਬਚੇ ਹੋਏ ਦੋਵੇਂ ਪੁੱਤਰਾਂ ਅਲਆਜਾਰ ਅਤੇ ਈਥਾਮਾਰ ਨੂੰ ਆਖਿਆ, "ਯਹੋਵਾਹ ਦੀਆਂ ਅੱਗ ਦੀਆਂ ਭੇਟਾਂ ਵਿੱਚੋਂ ਜਿਹੜੀ ਮੈਦੇ ਦੀ ਭੇਟ ਬਚੀ ਹੈ, ਉਸ ਨੂੰ ਲੈ ਕੇ ਜਗਵੇਦੀ ਦੇ ਕੋਲ ਖ਼ਮੀਰ ਤੋਂ ਬਿਨ੍ਹਾਂ ਖਾਓ, ਕਿਉਂ ਜੋ ਉਹ ਅੱਤ ਪਵਿੱਤਰ ਹੈ ।13ਅਤੇ ਤੁਸੀਂ ਉਸ ਨੂੰ ਪਵਿੱਤਰ ਸਥਾਨ ਵਿੱਚ ਖਾਣਾ ਕਿਉਂ ਜੋ ਯਹੋਵਾਹ ਦੀਆਂ ਅੱਗ ਦੀਆਂ ਬਲੀਆਂ ਵਿੱਚੋਂ ਇਹ ਤੇਰਾ ਅਤੇ ਤੇਰੇ ਪੁੱਤਰਾਂ ਦਾ ਅਧਿਕਾਰ ਹੈ, ਕਿਉਂ ਜੋ ਮੈਨੂੰ ਇਹੋ ਹੁਕਮ ਦਿੱਤਾ ਗਿਆ ਹੈ ।
14ਪਰ ਹਿਲਾਉਣ ਦੀ ਭੇਟ ਦੀ ਛਾਤੀ ਅਤੇ ਚੁੱਕਣ ਦੀ ਭੇਟ ਦੇ ਪੱਟ ਨੂੰ ਤੂੰ, ਤੇਰੇ ਪੁੱਤਰ ਅਤੇ ਤੇਰੀਆਂ ਧੀਆਂ ਕਿਸੇ ਸਾਫ਼-ਸੁਥਰੇ ਸਥਾਨ ਵਿੱਚ ਖਾਣ, ਕਿਉਂ ਜੋ ਉਹ ਇਸਰਾਏਲੀਆਂ ਦੁਆਰਾ ਦਿੱਤੀਆਂ ਹੋਈਆਂ ਸੁੱਖ-ਸਾਂਦ ਦੀਆਂ ਭੇਟਾਂ ਦੀਆਂ ਬਲੀਆਂ ਵਿੱਚੋਂ, ਤੇਰਾ ਅਤੇ ਤੇਰੇ ਪੁੱਤਰਾਂ ਦਾ ਅਧਿਕਾਰ ਹੈ ।15ਉਹ ਚਰਬੀ ਦੀਆਂ ਅੱਗ ਦੀਆਂ ਭੇਟਾਂ ਸਮੇਤ, ਚੁੱਕਣ ਦੇ ਪੱਟ ਅਤੇ ਹਿਲਾਉਣ ਦੀ ਛਾਤੀ ਨੂੰ ਯਹੋਵਾਹ ਦੇ ਅੱਗੇ ਹਿਲਾਉਣ ਦੀ ਭੇਟ ਕਰਕੇ ਲਿਆਉਣ ਅਤੇ ਇਹ ਹਿੱਸਾ ਸਦਾ ਦੀ ਬਿਧੀ ਕਰਕੇ ਤੇਰਾ ਅਤੇ ਤੇਰੇ ਪੁੱਤਰਾਂ ਦਾ ਹੋਵੇਗਾ, ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਹੈ । "

16ਤਦ ਮੂਸਾ ਨੇ ਬੜੇ ਜਤਨ ਨਾਲ ਪਾਪ ਬਲੀ ਦੀ ਭੇਟ ਦੇ ਬੱਕਰੇ ਨੂੰ ਲੱਭਿਆ ਅਤੇ ਵੇਖੋ, ਉਹ ਸਾੜਿਆ ਗਿਆ ਸੀ । ਇਸ ਲਈ ਉਹ ਹਾਰੂਨ ਦੇ ਪੁੱਤਰ ਅਲਆਜਾਰ ਅਤੇ ਈਥਾਮਾਰ ਨਾਲ ਜਿਹੜੇ ਬਚ ਗਏ ਸਨ, ਇਹ ਆਖ ਕੇ ਕ੍ਰੋਧਿਤ ਹੋਇਆ,17"ਤੁਸੀਂ ਪਾਪ ਬਲੀ ਦੀ ਭੇਟ ਨੂੰ ਜੋ ਅੱਤ ਪਵਿੱਤਰ ਹੈ, ਅਤੇ ਜਿਸ ਨੂੰ ਯਹੋਵਾਹ ਨੇ ਤੁਹਾਨੂੰ ਇਸ ਲਈ ਦਿੱਤਾ ਹੈ ਕਿ ਤੁਸੀਂ ਮੰਡਲੀ ਦੇ ਪਾਪ ਚੁੱਕਣ ਲਈ ਉਨ੍ਹਾਂ ਦੇ ਲਈ ਯਹੋਵਾਹ ਦੇ ਅੱਗੇ ਪ੍ਰਾਸਚਿਤ ਕਰੋ, ਤੁਸੀਂ ਉਸ ਦਾ ਮਾਸ ਪਵਿੱਤਰ ਸਥਾਨ ਵਿੱਚ ਕਿਉਂ ਨਹੀਂ ਖਾਧਾ ?18ਵੇਖੋ, ਉਸ ਦਾ ਲਹੂ ਪਵਿੱਤਰ ਸਥਾਨ ਦੇ ਅੰਦਰ ਲਿਆਂਦਾ ਹੀ ਨਹੀਂ ਗਿਆ, ਇਹ ਜ਼ਰੂਰੀ ਸੀ ਕਿ ਤੁਸੀਂ ਉਸ ਦੇ ਮਾਸ ਨੂੰ ਪਵਿੱਤਰ ਸਥਾਨ ਵਿੱਚ ਖਾਂਦੇ, ਜਿਵੇਂ ਮੈਂ ਹੁਕਮ ਦਿੱਤਾ ਸੀ । "
19ਤਦ ਹਾਰੂਨ ਨੇ ਮੂਸਾ ਨੂੰ ਆਖਿਆ, "ਵੇਖੋ, ਅੱਜ ਦੇ ਦਿਨ ਉਨ੍ਹਾਂ ਨੇ ਆਪਣੀ ਪਾਪ ਬਲੀ ਦੀ ਭੇਟ ਅਤੇ ਹੋਮ ਬਲੀ ਦੀ ਭੇਟ ਯਹੋਵਾਹ ਦੇ ਅੱਗੇ ਚੜ੍ਹਾਈ ਹੈ, ਅਤੇ ਇਹੋ ਜਿਹੀਆਂ ਗੱਲਾਂ ਮੇਰੇ ਨਾਲ ਹੋਈਆਂ ਹਨ, ਇਸ ਲਈ ਜੇਕਰ ਮੈਂ ਅੱਜ ਦੇ ਦਿਨ ਪਾਪ ਬਲੀ ਦੀ ਭੇਟ ਤੋਂ ਖਾਂਦਾ ਤਾਂ ਭਲਾ, ਯਹੋਵਾਹ ਇਸ ਤੋਂ ਪ੍ਰਸੰਨ ਹੁੰਦਾ ? "20ਜਦ ਮੂਸਾ ਨੇ ਇਹ ਸੁਣਿਆ ਤਾਂ ਉਹ ਰਾਜ਼ੀ ਹੋ ਗਿਆ ।

11
ਸ਼ੁੱਧ ਅਤੇ ਅਸ਼ੁੱਧ ਪਸ਼ੂ
(ਬਿਵਸਥਾ ਸਾਰ 14:3-21)

1ਤਦ ਯਹੋਵਾਹ ਮੂਸਾ ਅਤੇ ਹਾਰੂਨ ਨਾਲ ਇਹ ਆਖ ਕੇ ਬੋਲਿਆ,2ਇਸਰਾਏਲੀਆਂ ਨੂੰ ਆਖੋ ਸਾਰੇ ਪਸ਼ੂਆਂ ਵਿੱਚੋਂ ਜਿਹੜੇ ਧਰਤੀ ਉੱਤੇ ਹਨ, ਉਨ੍ਹਾਂ ਵਿੱਚੋਂ ਤੁਸੀਂ ਜਿਹੜੇ ਪਸ਼ੂਆਂ ਦਾ ਮਾਸ ਖਾ ਸਕਦੇ ਹੋ, ਉਹ ਇਹ ਹਨ:

3ਪਸ਼ੂਆਂ ਵਿੱਚੋਂ ਜਿਨ੍ਹਾਂ ਦੇ ਖੁਰ ਚਿਰੇ ਹੋਏ ਅਤੇ ਪਾਟੇ ਹੋਏ ਹੋਣ ਅਤੇ ਜੁਗਾਲੀ ਕਰਦੇ ਹੋਣ, ਉਨ੍ਹਾਂ ਨੂੰ ਤੁਸੀਂ ਖਾ ਸਕਦੇ ਹੋ ।

4ਪਰ ਉਨ੍ਹਾਂ ਪਸ਼ੂਆਂ ਵਿੱਚੋਂ ਜਿਹੜੇ ਜੁਗਾਲੀ ਕਰਦੇ ਹਨ, ਜਾਂ ਜਿਨ੍ਹਾਂ ਦੇ ਖੁਰ ਪਾਟੇ ਹੋਏ ਹਨ, ਇਨ੍ਹਾਂ ਪਸ਼ੂਆਂ ਨੂੰ ਤੁਸੀਂ ਨਾ ਖਾਣਾ, ਜਿਵੇਂ ਊਠ ਕਿਉਂ ਜੋ ਉਹ ਜੁਗਾਲੀ ਤਾਂ ਕਰਦਾ ਹੈ ਪਰ ਉਸ ਦੇ ਖੁਰ ਪਾਟੇ ਹੋਏ ਨਹੀਂ ਹਨ, ਇਸ ਲਈ ਉਹ ਤੁਹਾਡੇ ਲਈ ਅਸ਼ੁੱਧ ਹੈ,
5ਅਤੇ ਪਹਾੜੀ ਚੂਹਾ ਕਿਉਂ ਜੋ ਉਹ ਜੁਗਾਲੀ ਤਾਂ ਕਰਦਾ ਹੈ ਪਰ ਉਸ ਦੇ ਖੁਰ ਪਾਟੇ ਹੋਏ ਨਹੀਂ ਹਨ, ਇਸ ਲਈ ਉਹ ਤੁਹਾਡੇ ਲਈ ਅਸ਼ੁੱਧ ਹੈ,6ਅਤੇ ਸਹਿਆ ਕਿਉਂ ਜੋ ਉਹ ਜੁਗਾਲੀ ਤਾਂ ਕਰਦਾ ਹੈ ਪਰ ਉਸ ਦੇ ਖੁਰ ਪਾਟੇ ਹੋਏ ਨਹੀਂ ਹਨ, ਇਸ ਲਈ ਉਹ ਤੁਹਾਡੇ ਲਈ ਅਸ਼ੁੱਧ ਹੈ,7ਅਤੇ ਸੂਰ ਭਾਵੇਂ ਉਸ ਦੇ ਖੁਰ ਚਿਰੇ ਹੋਏ ਅਤੇ ਪਾਟੇ ਹੋਏ ਤਾਂ ਹਨ, ਪਰ ਉਹ ਜੁਗਾਲੀ ਨਹੀਂ ਕਰਦਾ, ਇਸ ਲਈ ਉਹ ਤੁਹਾਡੇ ਲਈ ਅਸ਼ੁੱਧ ਹੈ ।8ਇਨ੍ਹਾਂ ਦੇ ਮਾਸ ਨੂੰ ਤੁਸੀਂ ਨਾ ਖਾਣਾ ਅਤੇ ਨਾ ਹੀ ਉਨ੍ਹਾਂ ਦੀ ਲੋਥ ਨੂੰ ਛੂਹਣਾ, ਕਿਉਂ ਜੋ ਇਹ ਤੁਹਾਡੇ ਲਈ ਅਸ਼ੁੱਧ ਹਨ ।

9ਪਾਣੀ ਵਿੱਚ ਰਹਿਣ ਵਾਲੇ ਜੀਵਾਂ ਵਿੱਚੋਂ ਤੁਸੀਂ ਇਨ੍ਹਾਂ ਨੂੰ ਖਾ ਸਕਦੇ ਹੋ, ਅਰਥਾਤ ਸਮੁੰਦਰ ਅਤੇ ਨਦੀਆਂ ਵਿੱਚ ਰਹਿਣ ਵਾਲੇ ਜੀਵਾਂ ਵਿੱਚੋਂ ਜਿਨ੍ਹਾਂ ਦੇ ਖੰਭ ਅਤੇ ਛਿਲਕੇ ਹੋਣ ।10ਅਤੇ ਪਾਣੀ ਵਿੱਚ ਰਹਿਣ ਵਾਲੇ ਜੀਵਾਂ ਵਿੱਚੋਂ ਜਿਹੜੇ ਸਮੁੰਦਰ ਅਤੇ ਨਦੀਆਂ ਵਿੱਚ ਚਲਦੇ ਹਨ, ਪਰ ਉਨ੍ਹਾਂ ਦੇ ਖੰਭ ਅਤੇ ਛਿਲਕੇ ਨਾ ਹੋਣ, ਉਹ ਸਾਰੇ ਤੁਹਾਡੇ ਲਈ ਘਿਣਾਉਣੇ ਹਨ ।
11ਇਨ੍ਹਾਂ ਸਾਰਿਆਂ ਨੂੰ ਤੁਸੀਂ ਘਿਣਾਉਣੇ ਸਮਝੋ, ਤੁਸੀਂ ਉਨ੍ਹਾਂ ਦਾ ਮਾਸ ਨਾ ਖਾਣਾ ਸਗੋਂ ਉਨ੍ਹਾਂ ਦੀ ਲੋਥ ਨੂੰ ਵੀ ਅਸ਼ੁੱਧ ਜਾਣੋ ।12ਪਾਣੀਆਂ ਵਿੱਚ ਰਹਿਣ ਵਾਲੇ ਜਿਹੜੇ ਜੀਵਾਂ ਦੇ ਖੰਭ ਅਤੇ ਛਿਲਕੇ ਨਾ ਹੋਣ, ਉਹ ਸਾਰੇ ਤੁਹਾਡੇ ਲਈ ਅਸ਼ੁੱਧ ਹਨ ।

13ਪੰਛੀਆਂ ਵਿੱਚੋਂ ਜਿਹੜੇ ਤੁਹਾਡੇ ਲਈ ਅਸ਼ੁੱਧ ਹਨ, ਉਹ ਇਹ ਹਨ, ਇਹ ਨਾ ਖਾਧੇ ਜਾਣ ਕਿਉਂ ਜੋ ਇਹ ਘਿਣਾਉਣੇ ਹਨ ਅਰਥਾਤ ਉਕਾਬ, ਗਿੱਧ, ਮੱਛੀ ਮਾਰ,14ਇੱਲ, ਗਿਰਝ ਆਪਣੀ ਪ੍ਰਜਾਤੀ ਅਨੁਸਾਰ,15ਸਭ ਪ੍ਰਕਾਰ ਦੇ ਕਾਂ ਆਪਣੀ ਪ੍ਰਜਾਤੀ ਅਨੁਸਾਰ,16ਸ਼ੁਤਰਮੁਰਗ, ਕਲਪੇਚਕ, ਕੋਇਲ, ਬਾਜ ਆਪਣੀ ਪ੍ਰਜਾਤੀ ਅਨੁਸਾਰ,
17ਚੁਗਲ, ਜਲਕਾਊਂ, ਵੱਡਾ ਉੱਲੂ,18ਰਾਜਹੰਸ, ਹਵਾਸਿਲ, ਆਰਗਲ,19ਲਮਢੀਂਗ, ਬਗਲਾ ਆਪਣੀ ਪ੍ਰਜਾਤੀ ਅਨੁਸਾਰ, ਟਟੀਹਰੀ ਅਤੇ ਚਮਗਿੱਦੜ,

20ਸਾਰੇ ਘਿਸਰਨ ਵਾਲੇ ਜੋ ਉੱਡਦੇ ਹਨ ਅਤੇ ਚਾਰ ਪੈਰਾਂ ਨਾਲ ਚਲਦੇ ਹਨ, ਉਹ ਸਭ ਤੁਹਾਡੇ ਲਈ ਘਿਣਾਉਣੇ ਹਨ ।21ਪਰ ਸਾਰੇ ਘਿਸਰਨ ਵਾਲਿਆਂ ਵਿੱਚੋਂ ਜਿਹੜੇ ਉੱਡਦੇ ਹਨ ਅਤੇ ਚਾਰ ਪੈਰਾਂ ਨਾਲ ਚੱਲਦੇ ਹਨ, ਅਤੇ ਜਿਨ੍ਹਾਂ ਦੀਆਂ ਧਰਤੀ ਉੱਤੇ ਟੱਪਣ ਲਈ ਲੱਤਾਂ ਹਨ, ਇਹ ਤੁਸੀਂ ਖਾ ਸਕਦੇ ਹੋ ।22ਉਹ ਇਹ ਹਨ ਅਰਥਾਤ ਮੱਕੜੀ ਆਪਣੀ ਪ੍ਰਜਾਤੀ ਅਨੁਸਾਰ, ਰੋਡਾ ਮੱਕੜੀ ਆਪਣੀ ਪ੍ਰਜਾਤੀ ਅਨੁਸਾਰ, ਗਭਰੇਲਾ ਅਤੇ ਟਿੱਡੀ ਆਪਣੀ ਪ੍ਰਜਾਤੀ ਅਨੁਸਾਰ ।23ਪਰ ਹੋਰ ਸਾਰੇ ਘਿਸਰਨ ਅਤੇ ਉੱਡਣ ਵਾਲੇ ਕੀੜੇ ਜਿਨ੍ਹਾਂ ਦੇ ਚਾਰ ਪੈਰ ਹਨ, ਇਹ ਸਾਰੇ ਤੁਹਾਡੇ ਲਈ ਘਿਣਾਉਣੇ ਹਨ ।

24ਇਨ੍ਹਾਂ ਤੋਂ ਤੁਸੀਂ ਅਸ਼ੁੱਧ ਹੋਵੋਗੇ, ਜੋ ਕੋਈ ਇਨ੍ਹਾਂ ਦੀ ਲੋਥ ਨੂੰ ਛੂਹੇ ਉਹ ਸ਼ਾਮ ਤੱਕ ਅਸ਼ੁੱਧ ਰਹੇ ।25ਅਤੇ ਜੋ ਕੋਈ ਇਨ੍ਹਾਂ ਦੀ ਲੋਥ ਵਿੱਚੋਂ ਕੁਝ ਵੀ ਚੁੱਕੇ ਤਾਂ ਉਹ ਆਪਣੇ ਕੱਪੜੇ ਧੋਵੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ ।
26ਸਾਰੇ ਪਸ਼ੂ ਜਿਨ੍ਹਾਂ ਦੇ ਖੁਰ ਪਾਟੇ ਹੋਏ ਹਨ, ਪਰ ਪੂਰੀ ਤਰ੍ਹਾਂ ਚਿਰੇ ਹੋਏ ਨਹੀਂ ਹਨ, ਅਤੇ ਜੁਗਾਲੀ ਨਹੀਂ ਕਰਦੇ, ਇਹ ਸਾਰੇ ਤੁਹਾਡੇ ਲਈ ਅਸ਼ੁੱਧ ਹਨ, ਜੋ ਕੋਈ ਉਨ੍ਹਾਂ ਨੂੰ ਛੂਹੇ ਉਹ ਅਸ਼ੁੱਧ ਠਹਿਰੇਗਾ ।27ਅਤੇ ਚਾਰ ਪੈਰਾਂ ਨਾਲ ਚੱਲਣ ਵਾਲੇ ਸਭ ਪ੍ਰਕਾਰ ਦੇ ਪਸ਼ੂਆਂ ਵਿੱਚੋਂ ਜਿਹੜੇ ਪੰਜਿਆਂ ਭਾਰ ਤੁਰਦੇ ਹਨ, ਉਹ ਸਾਰੇ ਤੁਹਾਡੇ ਲਈ ਅਸ਼ੁੱਧ ਹਨ, ਜੋ ਕੋਈ ਉਨ੍ਹਾਂ ਦੀ ਲੋਥ ਨੂੰ ਛੂਹੇ ਉਹ ਸ਼ਾਮ ਤੱਕ ਅਸ਼ੁੱਧ ਰਹੇ ।28ਅਤੇ ਜੋ ਕੋਈ ਇਨ੍ਹਾਂ ਦੀ ਲੋਥ ਨੂੰ ਚੁੱਕੇ ਤਾਂ ਉਹ ਆਪਣੇ ਕੱਪੜੇ ਧੋਵੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ ਕਿਉਂ ਜੋ ਇਹ ਤੁਹਾਡੇ ਲਈ ਅਸ਼ੁੱਧ ਹਨ ।

29ਅਤੇ ਧਰਤੀ ਉੱਤੇ ਘਿਸਰਨ ਵਾਲਿਆਂ ਵਿੱਚੋਂ, ਇਹ ਤੁਹਾਡੇ ਲਈ ਅਸ਼ੁੱਧ ਹਨ, ਅਰਥਾਤ ਛਛੂੰਦਰ, ਚੂਹਾ ਅਤੇ ਗੌਹ ਆਪਣੀ ਪ੍ਰਜਾਤੀ ਦੇ ਅਨੁਸਾਰ,30ਅਤੇ ਛਿਪਕਲੀ, ਕੋੜ੍ਹਕਿਰਲੀ, ਕਿਰਲੀ, ਅਜਾਤ ਅਤੇ ਗਿਰਗਿਟ,
31ਸਾਰੇ ਘਿਸਰਨ ਵਾਲਿਆਂ ਵਿੱਚੋਂ ਇਹ ਤੁਹਾਡੇ ਲਈ ਅਸ਼ੁੱਧ ਹਨ, ਜਿਹੜਾ ਇਨ੍ਹਾਂ ਦੀ ਲੋਥ ਨੂੰ ਛੂਹੇ ਉਹ ਸ਼ਾਮ ਤੱਕ ਅਸ਼ੁੱਧ ਰਹੇ ।32ਜੇਕਰ ਇਨ੍ਹਾਂ ਵਿੱਚੋਂ ਕੋਈ ਵੀ ਮਰ ਕੇ ਕਿਸੇ ਵਸਤੂ ਉੱਤੇ ਡਿੱਗ ਪਵੇ ਤਾਂ ਉਹ ਵਸਤੂ ਅਸ਼ੁੱਧ ਠਹਿਰੇਗੀ, ਭਾਵੇਂ ਲੱਕੜ ਦਾ ਭਾਂਡਾ, ਭਾਵੇਂ ਬਸਤਰ, ਭਾਵੇਂ ਚਮੜਾ, ਭਾਵੇਂ ਤੱਪੜ, ਭਾਵੇਂ ਕੋਈ ਵੀ ਭਾਂਡਾ ਜੋ ਵਰਤਣ ਵਿੱਚ ਆਇਆ ਹੋਵੇ, ਤਾਂ ਉਹ ਪਾਣੀ ਵਿੱਚ ਪਾਇਆ ਜਾਵੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ, ਇਸ ਤਰ੍ਹਾਂ ਨਾਲ ਉਹ ਸ਼ੁੱਧ ਹੋਵੇਗਾ ।33ਅਤੇ ਜੇਕਰ ਮਿੱਟੀ ਦਾ ਭਾਂਡਾ ਹੋਵੇ, ਜਿਸ ਦੇ ਵਿੱਚ ਇਨ੍ਹਾਂ ਵਿੱਚੋਂ ਕੁਝ ਡਿੱਗ ਪਵੇ, ਤਾਂ ਜੋ ਕੁਝ ਉਸ ਭਾਂਡੇ ਦੇ ਵਿੱਚ ਹੈ ਉਹ ਅਸ਼ੁੱਧ ਹੋਵੇਗਾ ਅਤੇ ਉਹ ਭਾਂਡਾ ਤੋੜ ਦਿੱਤਾ ਜਾਵੇ ।
34ਸਾਰਾ ਭੋਜਨ ਜੋ ਖਾਧਾ ਜਾਂਦਾ ਹੈ, ਜੇਕਰ ਉਸ ਵਿੱਚ ਪਾਣੀ ਪੈ ਜਾਵੇ, ਤਾਂ ਉਹ ਅਸ਼ੁੱਧ ਹੋਵੇਗਾ, ਫੇਰ ਜੋ ਕੁਝ ਇਸ ਪ੍ਰਕਾਰ ਦੇ ਭਾਂਡੇ ਵਿੱਚ ਪੀਤਾ ਜਾਂਦਾ ਹੈ ਉਹ ਸਭ ਕੁਝ ਅਸ਼ੁੱਧ ਹੋਵੇਗਾ ।35ਅਤੇ ਜੇਕਰ ਇਨ੍ਹਾਂ ਦੀ ਲੋਥ ਵਿੱਚੋਂ ਕੁਝ ਤੰਦੂਰ ਜਾਂ ਚੁੱਲ੍ਹੇ ਉੱਤੇ ਡਿੱਗ ਪਵੇ ਤਾਂ ਉਹ ਅਸ਼ੁੱਧ ਹੋਣਗੇ ਅਤੇ ਤੋੜ ਦਿੱਤੇ ਜਾਣ, ਕਿਉਂ ਜੋ ਉਹ ਅਸ਼ੁੱਧ ਹਨ, ਅਤੇ ਤੁਹਾਡੇ ਲਈ ਵੀ ਅਸ਼ੁੱਧ ਠਹਿਰਨਗੇ ।
36ਪਰ ਤਲਾਬ ਜਾਂ ਸੋਤਾ ਜਿਸ ਦੇ ਵਿੱਚ ਪਾਣੀ ਬਹੁਤ ਹੋਵੇ, ਉਹ ਸ਼ੁੱਧ ਹੀ ਠਹਿਰੇ ਪਰ ਜੋ ਕੁਝ ਉਨ੍ਹਾਂ ਦੀ ਲੋਥ ਨੂੰ ਛੂਹੇ ਉਹ ਅਸ਼ੁੱਧ ਠਹਿਰੇ ।37ਜੇਕਰ ਉਨ੍ਹਾਂ ਦੀ ਲੋਥ ਵਿੱਚੋਂ ਕੁਝ ਕਿਸੇ ਬੀਜਣ ਵਾਲੇ ਬੀਜ ਉੱਤੇ ਡਿੱਗ ਜਾਵੇ, ਤਾਂ ਵੀ ਉਹ ਸ਼ੁੱਧ ਰਹੇਗਾ ।38ਪਰ ਜੇਕਰ ਉਹ ਬੀਜ ਪਾਣੀ ਵਿੱਚ ਭਿੱਜ ਜਾਵੇ ਅਤੇ ਉਨ੍ਹਾਂ ਦੀ ਲੋਥ ਵਿੱਚੋਂ ਕੁਝ ਉਸ ਦੇ ਉੱਤੇ ਡਿੱਗ ਜਾਵੇ, ਤਾਂ ਉਹ ਤੁਹਾਡੇ ਲਈ ਅਸ਼ੁੱਧ ਹੋਵੇਗਾ ।

39ਫੇਰ ਜਿਹੜਾ ਪਸ਼ੂ ਤੁਹਾਡੇ ਖਾਣ ਜੋਗ ਹੈ, ਜੇਕਰ ਮਰ ਜਾਵੇ ਤਾਂ ਜੋ ਕੋਈ ਉਸ ਦੀ ਲੋਥ ਨੂੰ ਛੂਹੇ ਉਹ ਸ਼ਾਮ ਤੱਕ ਅਸ਼ੁੱਧ ਰਹੇ ।40ਜੋ ਕੋਈ ਉਸ ਦੀ ਲੋਥ ਤੋਂ ਕੁਝ ਖਾਵੇ, ਤਾਂ ਆਪਣੇ ਬਸਤਰ ਧੋਵੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ ਅਤੇ ਜੋ ਕੋਈ ਉਸ ਦੀ ਲੋਥ ਨੂੰ ਚੁੱਕੇ, ਉਹ ਵੀ ਆਪਣੇ ਬਸਤਰ ਧੋਵੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ ।

41ਅਤੇ ਧਰਤੀ ਉੱਤੇ ਘਿਸਰਨ ਵਾਲੇ ਸਾਰੇ ਜੀਵ ਤੁਹਾਡੇ ਲਈ ਘਿਣਾਉਣੇ ਹਨ, ਇਹ ਨਾ ਖਾਧੇ ਜਾਣ ।42ਧਰਤੀ ਉੱਤੇ ਘਿਸਰਨ ਵਾਲਿਆਂ ਵਿੱਚੋਂ ਜਿਹੜੇ ਢਿੱਡ ਭਾਰ ਘਿਸਰਦੇ ਜਾਂ ਚਾਰ ਪੈਰਾਂ ਨਾਲ ਤੁਰਦੇ ਹਨ, ਜਾਂ ਜਿਨ੍ਹਾਂ ਦੇ ਵੱਧ ਪੈਰ ਹੁੰਦੇ ਹਨ, ਉਨ੍ਹਾਂ ਨੂੰ ਤੁਸੀਂ ਨਾ ਖਾਣਾ ਕਿਉਂ ਜੋ ਉਹ ਘਿਣਾਉਣੇ ਹਨ ।
43ਕਿਸੇ ਵੀ ਤਰ੍ਹਾਂ ਦੇ ਘਿਸਰਨ ਵਾਲੇ ਜੀਵ ਤੋਂ ਤੁਸੀਂ ਆਪਣੇ ਆਪ ਨੂੰ ਘਿਣਾਉਣਾ ਨਾ ਬਣਾਉਣਾ, ਨਾ ਹੀ ਤੁਸੀਂ ਆਪਣੇ ਆਪ ਨੂੰ ਉਨ੍ਹਾਂ ਤੋਂ ਅਸ਼ੁੱਧ ਬਣਾਉਣਾ ਕਿ ਤੁਸੀਂ ਭ੍ਰਿਸ਼ਟ ਹੋ ਜਾਓ ।44ਕਿਉਂ ਜੋ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ, ਇਸ ਲਈ ਤੁਸੀਂ ਆਪਣੇ ਆਪ ਨੂੰ ਸ਼ੁੱਧ ਰੱਖਣਾ ਅਤੇ ਪਵਿੱਤਰ ਬਣਨਾ, ਕਿਉਂ ਜੋ ਮੈਂ ਪਵਿੱਤਰ ਹਾਂ । ਇਸ ਲਈ ਤੁਸੀਂ ਆਪਣੇ ਆਪ ਨੂੰ ਧਰਤੀ ਉੱਤੇ ਘਿਸਰਨ ਵਾਲੇ ਕਿਸੇ ਪ੍ਰਕਾਰ ਦੇ ਜੀਵ ਤੋਂ ਭ੍ਰਿਸ਼ਟ ਨਾ ਕਰਨਾ ।45ਕਿਉਂ ਜੋ ਮੈਂ ਉਹੋ ਯਹੋਵਾਹ ਹਾਂ ਜਿਹੜਾ ਤੁਹਾਨੂੰ ਮਿਸਰ ਦੇਸ਼ ਵਿੱਚੋਂ ਇਸ ਲਈ ਕੱਢ ਲਿਆਇਆ ਹਾਂ, ਤਾਂ ਜੋ ਤੁਹਾਡਾ ਪਰਮੇਸ਼ੁਰ ਠਹਿਰਾਂ, ਇਸ ਲਈ ਤੁਸੀਂ ਪਵਿੱਤਰ ਬਣੋ ਕਿਉਂ ਜੋ ਮੈਂ ਪਵਿੱਤਰ ਹਾਂ ।

46ਪਸ਼ੂਆਂ, ਪੰਛੀਆਂ ਅਤੇ ਪਾਣੀ ਵਿੱਚ ਰਹਿਣ ਵਾਲੇ ਸਾਰੇ ਜੀਵਾਂ ਅਤੇ ਧਰਤੀ ਉੱਤੇ ਘਿਸਰਨ ਵਾਲੇ ਸਾਰੇ ਜੀਵਾਂ ਦੇ ਵਿਖੇ ਇਹੋ ਬਿਵਸਥਾ ਹੈ,47ਤਾਂ ਜੋ ਸ਼ੁੱਧ ਅਤੇ ਅਸ਼ੁੱਧ ਅਤੇ ਖਾਣ ਯੋਗ ਅਤੇ ਨਾ ਖਾਣ ਯੋਗ ਪਸ਼ੂ ਦੇ ਵਿਚਕਾਰ ਅੰਤਰ ਕੀਤਾ ਜਾਵੇ ।

12
ਪ੍ਰਸੂਤੀ ਤੋਂ ਸ਼ੁੱਧਤਾਈ ਦੀ ਬਿਧੀ

1ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,2ਇਸਰਾਏਲੀਆਂ ਨੂੰ ਆਖ ਜੇਕਰ ਕੋਈ ਇਸਤਰੀ ਗਰਭਵਤੀ ਹੋਵੇ ਅਤੇ ਮੁੰਡੇ ਨੂੰ ਜਨਮ ਦੇਵੇ ਤਾਂ ਉਹ ਸੱਤ ਦਿਨ ਤੱਕ ਅਸ਼ੁੱਧ ਰਹੇ, ਜਿਸ ਤਰ੍ਹਾਂ ਉਹ ਆਪਣੀ ਮਾਹਵਾਰੀ ਦੇ ਦਿਨਾਂ ਵਿੱਚ ਅਸ਼ੁੱਧ ਹੁੰਦੀ ਹੈ ।3ਅੱਠਵੇਂ ਦਿਨ ਮੁੰਡੇ ਦੀ ਸੁੰਨਤ ਕੀਤੀ ਜਾਵੇ ।

4ਇਸ ਦੇ ਬਾਅਦ ਉਹ ਉਸ ਲਹੂ ਤੋਂ ਆਪਣੇ ਆਪ ਨੂੰ ਸ਼ੁੱਧ ਕਰਨ ਵਿੱਚ ਤੇਤੀ ਦਿਨ ਠਹਿਰੀ ਰਹੇ ਅਤੇ ਕਿਸੇ ਪਵਿੱਤਰ ਵਸਤੂ ਨੂੰ ਨਾ ਛੂਹੇ ਅਤੇ ਨਾ ਹੀ ਪਵਿੱਤਰ ਸਥਾਨ ਵਿੱਚ ਆਵੇ ਜਦ ਤੱਕ ਉਸ ਦੇ ਸ਼ੁੱਧ ਹੋਣ ਦੇ ਦਿਨ ਪੂਰੇ ਨਾ ਹੋ ਜਾਣ ।5ਪਰ ਜੇਕਰ ਉਹ ਕੁੜੀ ਨੂੰ ਜਨਮ ਦੇਵੇ ਤਾਂ ਉਹ ਪੰਦਰਾਂ ਦਿਨ ਤੱਕ ਅਸ਼ੁੱਧ ਰਹੇ, ਜਿਵੇਂ ਉਹ ਆਪਣੀ ਮਾਹਵਾਰੀ ਦੇ ਦਿਨਾਂ ਵਿੱਚ ਅਸ਼ੁੱਧ ਹੁੰਦੀ ਹੈ ਅਤੇ ਛਿਆਹਠਵੇਂ ਦਿਨ ਤੱਕ ਉਸ ਲਹੂ ਤੋਂ ਆਪਣੇ ਆਪ ਨੂੰ ਸ਼ੁੱਧ ਕਰਨ ਲਈ ਠਹਿਰੀ ਰਹੇ ।

6ਜਦ ਉਸ ਦੇ ਸ਼ੁੱਧ ਹੋਣ ਦੇ ਦਿਨ ਪੂਰੇ ਹੋ ਜਾਣ ਤਾਂ ਭਾਵੇਂ ਉਸ ਨੇ ਪੁੱਤਰ ਨੂੰ ਜਨਮ ਦਿੱਤਾ ਹੋਵੇ ਭਾਵੇਂ ਧੀ ਨੂੰ, ਉਹ ਹੋਮ ਬਲੀ ਦੀ ਭੇਟ ਲਈ ਇੱਕ ਸਾਲ ਦਾ ਲੇਲਾ ਅਤੇ ਪਾਪ ਬਲੀ ਦੀ ਭੇਟ ਲਈ ਕਬੂਤਰ ਦਾ ਬੱਚਾ ਜਾਂ ਘੁੱਗੀ, ਮੰਡਲੀ ਦੇ ਡੇਰੇ ਦੇ ਦਰਵਾਜ਼ੇ ਅੱਗੇ ਜਾਜਕ ਦੇ ਕੋਲ ਲਿਆਵੇ ।
7ਤਦ ਜਾਜਕ ਉਸ ਨੂੰ ਯਹੋਵਾਹ ਦੇ ਅੱਗੇ ਚੜ੍ਹਾਵੇ ਅਤੇ ਉਸ ਦੇ ਲਈ ਪ੍ਰਾਸਚਿਤ ਕਰੇ ਅਤੇ ਤਾਂ ਉਹ ਆਪਣੇ ਲਹੂ ਵੱਗਣ ਤੋਂ ਸ਼ੁੱਧ ਹੋ ਜਾਵੇਗੀ । ਜੋ ਇਸਤਰੀ ਪੁੱਤਰ ਜਾਂ ਧੀ ਨੂੰ ਜਨਮ ਦੇਵੇ ਉਸ ਦੇ ਲਈ ਇਹੋ ਬਿਵਸਥਾ ਹੈ ।

8ਜੇਕਰ ਉਹ ਇੱਕ ਲੇਲਾ ਲਿਆਉਣ ਦੇ ਯੋਗ ਨਾ ਹੋਵੇ ਤਾਂ ਉਹ ਦੋ ਘੁੱਗੀਆਂ ਜਾਂ ਕਬੂਤਰਾਂ ਦੇ ਦੋ ਬੱਚੇ ਲਿਆਵੇ, ਇੱਕ ਤਾਂ ਹੋਮ ਬਲੀ ਦੇ ਭੇਟ ਲਈ ਅਤੇ ਦੂਜਾ ਪਾਪ ਬਲੀ ਦੀ ਭੇਟ ਲਈ ਦੇਵੇ ਅਤੇ ਜਾਜਕ ਉਸ ਦੇ ਲਈ ਪ੍ਰਾਸਚਿਤ ਕਰੇ ਅਤੇ ਉਹ ਸ਼ੁੱਧ ਹੋ ਜਾਵੇਗੀ ।

13
ਕੋੜ੍ਹ ਦੇ ਰੋਗ ਨਾਲ ਸੰਬੰਧਿਤ ਨਿਯਮ

1ਫੇਰ ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਆਖਿਆ,2ਜੇ ਕਿਸੇ ਮਨੁੱਖ ਦੇ ਸਰੀਰ ਦੀ ਚਮੜੀ ਵਿੱਚ ਸੋਜ, ਜਾਂ ਪਪੜੀ, ਜਾਂ ਦਾਗ ਹੋਵੇ ਅਤੇ ਇਹ ਉਸ ਦੇ ਸਰੀਰ ਦੇ ਚਮੜੀ ਵਿੱਚ ਕੋੜ੍ਹ ਵਰਗਾ ਵਿਖਾਈ ਦੇਵੇ, ਤਾਂ ਉਹ ਹਾਰੂਨ ਜਾਜ਼ਕ ਦੇ ਕੋਲ ਜਾਂ ਉਸ ਦੇ ਪੁੱਤਰਾਂ ਵਿੱਚੋਂ ਜੋ ਜਾਜਕ ਹੋਵੇ, ਉਸ ਦੇ ਕੋਲ ਲਿਆਇਆ ਜਾਵੇ ।

3ਅਤੇ ਜਾਜਕ ਉਸ ਦੇ ਸਰੀਰ ਦੀ ਚਮੜੀ ਵਿੱਚ ਉਸ ਰੋਗ ਨੂੰ ਜਾਂਚੇ ਅਤੇ ਜੇਕਰ ਉਸ ਰੋਗ ਦੇ ਸਥਾਨ ਤੇ ਵਾਲ ਚਿੱਟੇ ਹੋ ਗਏ ਹੋਣ ਅਤੇ ਰੋਗ ਉਸ ਦੀ ਚਮੜੀ ਨਾਲੋਂ ਡੂੰਘਾ ਦਿਸੇ ਤਾਂ ਉਹ ਜਾਣ ਲਵੇ ਕਿ ਇਹ ਕੋੜ੍ਹ ਦਾ ਰੋਗ ਹੈ ਤਾਂ ਜਾਜਕ ਉਸ ਨੂੰ ਵੇਖ ਕੇ ਅਸ਼ੁੱਧ ਆਖੇ ।4ਪਰ ਜੇਕਰ ਉਹ ਦਾਗ ਉਸ ਦੀ ਚਮੜੀ ਵਿੱਚ ਚਿੱਟਾ ਹੋਵੇ ਅਤੇ ਵੇਖਣ ਵਿੱਚ ਚਮੜੀ ਨਾਲੋਂ ਡੂੰਘਾ ਨਾ ਦਿਸੇ ਅਤੇ ਉਸ ਦੇ ਵਾਲ ਚਿੱਟੇ ਨਾ ਹੋਏ ਹੋਣ, ਤਾਂ ਜਾਜਕ ਉਸ ਮਨੁੱਖ ਨੂੰ ਸੱਤ ਦਿਨ ਤੱਕ ਅਲੱਗ ਰੱਖੇ ।
5ਅਤੇ ਸੱਤਵੇਂ ਦਿਨ ਜਾਜਕ ਉਸ ਨੂੰ ਜਾਂਚੇ ਅਤੇ ਵੇਖੋ, ਜੇਕਰ ਉਹ ਰੋਗ ਉਸੇ ਤਰ੍ਹਾਂ ਹੀ ਰਹੇ ਅਤੇ ਉਸ ਦੀ ਚਮੜੀ ਵਿੱਚ ਫੈਲਿਆ ਨਾ ਹੋਵੇ ਤਾਂ ਜਾਜਕ ਉਸ ਨੂੰ ਹੋਰ ਸੱਤ ਦਿਨ ਤੱਕ ਅਲੱਗ ਰੱਖੇ ।6ਅਤੇ ਸੱਤਵੇਂ ਦਿਨ ਜਾਜਕ ਉਸ ਨੂੰ ਫੇਰ ਜਾਂਚੇ ਅਤੇ ਵੇਖੋ, ਜੇਕਰ ਉਹ ਰੋਗ ਫਿੱਕਾ ਪੈ ਗਿਆ ਹੋਵੇ ਅਤੇ ਉਸ ਦੀ ਚਮੜੀ ਵਿੱਚ ਨਾ ਫੈਲਿਆ ਹੋਵੇ ਤਾਂ ਜਾਜਕ ਉਸ ਨੂੰ ਸ਼ੁੱਧ ਠਹਿਰਾਏ, ਉਹ ਤਾਂ ਸਿਰਫ਼ ਪਪੜੀ ਹੀ ਹੈ, ਅਤੇ ਉਹ ਆਪਣੇ ਕੱਪੜੇ ਧੋ ਕੇ ਸ਼ੁੱਧ ਹੋ ਜਾਵੇ ।
7ਪਰ ਜੇਕਰ ਜਾਜਕ ਦੁਆਰਾ ਉਸ ਨੂੰ ਵੇਖ ਕੇ ਸ਼ੁੱਧ ਠਹਿਰਾਉਣ ਤੋਂ ਬਾਅਦ ਉਹ ਪਪੜੀ ਉਸ ਦੀ ਚਮੜੀ ਵਿੱਚ ਬਹੁਤ ਫੈਲ ਜਾਵੇ, ਤਾਂ ਉਹ ਫੇਰ ਜਾਜਕ ਨੂੰ ਵਿਖਾਇਆ ਜਾਵੇ ।8ਤਦ ਜਾਜਕ ਉਸ ਨੂੰ ਫੇਰ ਜਾਂਚੇ ਅਤੇ ਵੇਖੋ, ਜੇਕਰ ਉਹ ਪਪੜੀ ਚਮੜੀ ਵਿੱਚ ਫੈਲਦੀ ਜਾਂਦੀ ਹੈ ਤਾਂ ਜਾਜਕ ਉਸ ਨੂੰ ਅਸ਼ੁੱਧ ਠਹਿਰਾਵੇ ਕਿਉਂ ਜੋ ਇਹ ਕੋੜ੍ਹ ਹੀ ਹੈ ।

9ਜੇਕਰ ਕਿਸੇ ਮਨੁੱਖ ਨੂੰ ਕੋੜ੍ਹ ਦਾ ਰੋਗ ਹੋਵੇ ਤਾਂ ਉਹ ਜਾਜਕ ਦੇ ਕੋਲ ਲਿਆਂਦਾ ਜਾਵੇ ।10ਅਤੇ ਜਾਜਕ ਉਸ ਨੂੰ ਜਾਂਚੇ ਅਤੇ ਵੇਖੋ, ਜੇਕਰ ਉਹ ਸੋਜ ਚਮੜੀ ਵਿੱਚ ਚਿੱਟੀ ਹੋਵੇ ਅਤੇ ਉਸ ਦੇ ਕਾਰਨ ਵਾਲ ਵੀ ਚਿੱਟੇ ਹੋ ਗਏ ਹੋਣ ਅਤੇ ਜੇਕਰ ਉਸ ਸੋਜ ਵਿੱਚ ਕੱਚਾ ਮਾਸ ਵੀ ਹੋਵੇ,11ਤਾਂ ਜਾਜਕ ਜਾਣੇ ਕਿ ਉਸ ਦੀ ਚਮੜੀ ਵਿੱਚ ਪੁਰਾਣਾ ਕੋੜ੍ਹ ਹੈ, ਇਸ ਲਈ ਜਾਜਕ ਉਸ ਨੂੰ ਅਸ਼ੁੱਧ ਠਹਿਰਾਏ ਪਰ ਉਸ ਨੂੰ ਅਲੱਗ ਨਾ ਰੱਖੇ ਕਿਉਂ ਜੋ ਉਹ ਪਹਿਲਾਂ ਤੋਂ ਹੀ ਅਸ਼ੁੱਧ ਹੈ ।
12ਅਤੇ ਜੇਕਰ ਉਹ ਕੋੜ੍ਹ ਕਿਸੇ ਦੀ ਚਮੜੀ ਵਿੱਚ ਫੈਲ ਜਾਵੇ ਕਿ ਜਾਜਕ ਜਾਂਚੇ ਅਤੇ ਵੇਖੇ ਕਿ ਰੋਗੀ ਦੇ ਸਿਰ ਤੋਂ ਲੈ ਕੇ ਪੈਰਾਂ ਤੱਕ ਕੋੜ੍ਹ ਨੇ ਢੱਕ ਲਿਆ ਹੈ,13ਤਾਂ ਜਾਜਕ ਧਿਆਨ ਕਰੇ ਅਤੇ ਵੇਖੋ, ਜੇਕਰ ਕੋੜ੍ਹ ਨੇ ਉਸ ਦੇ ਸਾਰੇ ਸਰੀਰ ਨੂੰ ਢੱਕ ਲਿਆ ਹੋਵੇ ਤਾਂ ਜਾਜਕ ਉਸ ਮਨੁੱਖ ਨੂੰ ਜਿਸ ਨੂੰ ਰੋਗ ਹੈ ਸ਼ੁੱਧ ਠਹਿਰਾਵੇ, ਕਿਉਂ ਜੋ ਉਹ ਤਾਂ ਸਾਰਾ ਚਿੱਟਾ ਹੋ ਗਿਆ ਹੈ, ਇਸ ਲਈ ਉਹ ਸ਼ੁੱਧ ਹੈ ।14ਪਰ ਜੇਕਰ ਉਸ ਦੇ ਵਿੱਚ ਕੱਚਾ ਮਾਸ ਵਿਖਾਈ ਦੇਵੇ ਤਾਂ ਉਹ ਅਸ਼ੁੱਧ ਠਹਿਰੇ ।
15ਅਤੇ ਜਾਜਕ ਕੱਚੇ ਮਾਸ ਨੂੰ ਵੇਖ ਕੇ ਉਸ ਨੂੰ ਅਸ਼ੁੱਧ ਠਹਿਰਾਵੇ ਕਿਉਂ ਜੋ ਅਜਿਹਾ ਕੱਚਾ ਮਾਸ ਅਸ਼ੁੱਧ ਹੁੰਦਾ ਹੈ, ਉਹ ਕੋੜ੍ਹ ਹੈ ।16ਪਰ ਜੇਕਰ ਉਹ ਕੱਚਾ ਮਾਸ ਚਿੱਟਾ ਹੋ ਜਾਵੇ ਤਾਂ ਉਹ ਮਨੁੱਖ ਜਾਜਕ ਦੇ ਕੋਲ ਫੇਰ ਆਵੇ ।17ਅਤੇ ਜਾਜਕ ਉਸ ਨੂੰ ਜਾਂਚੇ ਅਤੇ ਵੇਖੋ, ਜੇਕਰ ਉਹ ਰੋਗ ਚਿੱਟਾ ਹੋ ਗਿਆ ਹੋਵੇ ਤਾਂ ਜਾਜਕ ਉਸ ਮਨੁੱਖ ਨੂੰ ਜਿਸ ਨੂੰ ਰੋਗ ਹੈ ਸ਼ੁੱਧ ਠਹਿਰਾਵੇ, ਉਹ ਸ਼ੁੱਧ ਹੈ ।

18ਫੇਰ ਜੇਕਰ ਕਿਸੀ ਦੀ ਚਮੜੀ ਵਿੱਚ ਫੋੜਾ ਹੋ ਕੇ ਚੰਗਾ ਹੋ ਗਿਆ ਹੋਵੇ,19ਅਤੇ ਫੋੜੇ ਦੇ ਥਾਂ ਤੇ ਕੋਈ ਚਿੱਟੀ ਸੋਜ, ਜਾਂ ਚਿੱਟਾ-ਲਾਲ ਦਾਗ ਵਿਖਾਈ ਦੇਵੇ ਤਾਂ ਉਹ ਜਾਜਕ ਨੂੰ ਵਿਖਾਇਆ ਜਾਵੇ ।20ਜਾਜਕ ਉਸ ਦੀ ਜਾਂਚ ਕਰੇ ਅਤੇ ਵੇਖੋ, ਜੇਕਰ ਉਹ ਸੋਜ ਵੇਖਣ ਵਿੱਚ ਚਮੜੀ ਨਾਲੋਂ ਡੂੰਘੀ ਹੋਵੇ ਅਤੇ ਉਸ ਸਥਾਨ ਦੇ ਵਾਲ ਵੀ ਚਿੱਟੇ ਹੋ ਗਏ ਹੋਣ ਤਾਂ ਜਾਜਕ ਉਸ ਨੂੰ ਅਸ਼ੁੱਧ ਠਹਿਰਾਏ, ਕਿਉਂ ਜੋ ਇਹ ਫੋੜੇ ਵਿੱਚੋਂ ਨਿੱਕਲਿਆ ਹੋਇਆ ਕੋੜ੍ਹ ਦਾ ਰੋਗ ਹੈ ।
21ਪਰ ਜੇਕਰ ਜਾਜਕ ਉਸ ਨੂੰ ਜਾਂਚੇ ਅਤੇ ਵੇਖੇ, ਉਸ ਦੇ ਵਿੱਚ ਕੋਈ ਚਿੱਟੇ ਵਾਲ ਨਹੀਂ ਹਨ ਅਤੇ ਉਹ ਚਮੜੀ ਨਾਲੋਂ ਡੂੰਘਾ ਨਾ ਹੋਵੇ ਪਰ ਕੁਝ ਫਿੱਕਾ ਪੈ ਗਿਆ ਹੋਵੇ, ਤਦ ਜਾਜਕ ਉਸ ਨੂੰ ਸੱਤ ਦਿਨ ਤੱਕ ਅਲੱਗ ਰੱਖੇ ।22ਪਰ ਜੇਕਰ ਉਹ ਰੋਗ ਚਮੜੀ ਵਿੱਚ ਬਹੁਤ ਫੈਲ ਜਾਵੇ ਤਾਂ ਜਾਜਕ ਉਸ ਨੂੰ ਅਸ਼ੁੱਧ ਠਹਿਰਾਵੇ, ਇਹ ਕੋੜ੍ਹ ਦਾ ਰੋਗ ਹੈ ।23ਪਰ ਜੇਕਰ ਉਹ ਦਾਗ ਨਾ ਫੈਲੇ ਅਤੇ ਉੱਥੇ ਹੀ ਰਹੇ ਤਾਂ ਉਹ ਫੋੜੇ ਦਾ ਦਾਗ ਹੈ ਅਤੇ ਜਾਜਕ ਉਸ ਨੂੰ ਸ਼ੁੱਧ ਠਹਿਰਾਵੇ ।

24ਫੇਰ ਜੇਕਰ ਕਿਸੇ ਦੀ ਚਮੜੀ ਵਿੱਚ ਜਲਣ ਦਾ ਦਾਗ ਹੋਵੇ ਅਤੇ ਉਸ ਜਲੇ ਹੋਏ ਜ਼ਖ਼ਮ ਵਿੱਚ ਚਿੱਟਾ ਜਾਂ ਕੁਝ ਲਾਲ-ਚਿੱਟਾ ਦਾਗ ਹੋਵੇ,25ਤਾਂ ਜਾਜਕ ਉਸ ਨੂੰ ਜਾਂਚੇ ਅਤੇ ਵੇਖੋ, ਜੇਕਰ ਉਸ ਦਾਗ ਦੇ ਸਥਾਨ ਦੇ ਵਾਲ ਚਿੱਟੇ ਹੋ ਗਏ ਹੋਣ ਅਤੇ ਉਹ ਵੇਖਣ ਵਿੱਚ ਚਮੜੀ ਨਾਲੋਂ ਡੂੰਘਾ ਦਿਸੇ ਤਾਂ ਉਹ ਜਲਣ ਦੇ ਦਾਗ ਵਿੱਚੋਂ ਨਿਕਲਿਆ ਹੋਇਆ ਕੋੜ੍ਹ ਹੈ, ਜਾਜਕ ਉਸ ਨੂੰ ਅਸ਼ੁੱਧ ਠਹਿਰਾਵੇ, ਇਹ ਕੋੜ੍ਹ ਦਾ ਰੋਗ ਹੈ ।
26ਪਰ ਜੇਕਰ ਜਾਜਕ ਉਸ ਨੂੰ ਜਾਂਚੇ ਅਤੇ ਵੇਖੇ, ਜੇਕਰ ਉਸ ਦਾਗ ਵਿੱਚ ਕੋਈ ਚਿੱਟੇ ਵਾਲ ਨਾ ਹੋਣ ਅਤੇ ਨਾ ਉਹ ਹੋਰ ਚਮੜੀ ਨਾਲੋਂ ਡੂੰਘਾ ਹੋਵੇ, ਸਗੋਂ ਕੁਝ ਫਿੱਕਾ ਪੈ ਗਿਆ ਹੋਵੇ ਤਾਂ ਜਾਜਕ ਉਸ ਨੂੰ ਸੱਤ ਦਿਨ ਤੱਕ ਅਲੱਗ ਰੱਖੇ,27ਅਤੇ ਸੱਤਵੇਂ ਦਿਨ ਜਾਜਕ ਉਸ ਨੂੰ ਵੇਖੇ ਅਤੇ ਜੇਕਰ ਉਹ ਚਮੜੀ ਵਿੱਚ ਬਹੁਤ ਫੈਲ ਗਿਆ ਹੋਵੇ ਤਾਂ ਜਾਜਕ ਉਸ ਨੂੰ ਅਸ਼ੁੱਧ ਠਹਿਰਾਵੇ, ਇਹ ਕੋੜ੍ਹ ਦਾ ਰੋਗ ਹੈ ।28ਪਰ ਜੇਕਰ ਉਹ ਦਾਗ ਚਮੜੀ ਵਿੱਚ ਨਾ ਫੈਲੇ ਅਤੇ ਉਸੇ ਥਾਂ ਤੇ ਰਹੇ ਅਤੇ ਕੁਝ ਫਿੱਕਾ ਪੈ ਗਿਆ ਹੋਵੇ ਤਾਂ ਸੋਜ ਜਲਣ ਦੇ ਕਾਰਨ ਹੈ ਅਤੇ ਜਾਜਕ ਉਸ ਨੂੰ ਸ਼ੁੱਧ ਠਹਿਰਾਵੇ ਕਿਉਂ ਜੋ ਇਹ ਦਾਗ ਜਲਣ ਦੇ ਕਾਰਨ ਹੋ ਗਿਆ ਹੈ ।

29ਜੇਕਰ ਕਿਸੇ ਪੁਰਖ ਜਾਂ ਇਸਤਰੀ ਨੂੰ ਸਿਰ ਉੱਤੇ ਜਾਂ ਪੁਰਖ ਦੀ ਦਾੜ੍ਹੀ ਉੱਤੇ ਦਾਗ ਹੋਵੇ,30ਤਾਂ ਜਾਜਕ ਉਸ ਰੋਗ ਨੂੰ ਜਾਂਚੇ ਅਤੇ ਵੇਖੋ, ਜੇਕਰ ਉਹ ਚਮੜੀ ਨਾਲੋਂ ਡੂੰਘਾ ਦਿਸੇ ਅਤੇ ਉਸ ਦੇ ਵਿੱਚ ਇੱਕ ਪਤਲਾ ਪੀਲਾ ਵਾਲ ਹੋਵੇ ਤਾਂ ਜਾਜਕ ਉਸ ਨੂੰ ਅਸ਼ੁੱਧ ਠਹਿਰਾਵੇ, ਉਹ ਇੱਕ ਦਾਦ ਹੈ ਅਰਥਾਤ ਸਿਰ ਜਾਂ ਦਾੜ੍ਹੀ ਉੱਤੇ ਕੋੜ੍ਹ ਦਾ ਰੋਗ ਹੈ ।
31ਪਰ ਜੇਕਰ ਜਾਜਕ ਦਾਦ ਦੇ ਰੋਗ ਨੂੰ ਜਾਂਚੇ ਅਤੇ ਵੇਖੋ, ਉਹ ਵੇਖਣ ਵਿੱਚ ਚਮੜੀ ਨਾਲੋਂ ਡੂੰਘਾ ਨਾ ਹੋਵੇ ਅਤੇ ਉਸ ਦੇ ਵਿੱਚ ਕਾਲੇ ਵਾਲ ਨਾ ਹੋਣ ਤਾਂ ਜਾਜਕ ਉਸ ਮਨੁੱਖ ਨੂੰ ਜਿਸ ਨੂੰ ਦਾਦ ਦਾ ਰੋਗ ਹੈ, ਸੱਤ ਦਿਨ ਤੱਕ ਅਲੱਗ ਰੱਖੇ ।
32ਅਤੇ ਸੱਤਵੇਂ ਦਿਨ ਜਾਜਕ ਉਸ ਨੂੰ ਜਾਂਚੇ ਅਤੇ ਵੇਖੋ, ਜੇ ਉਹ ਦਾਦ ਫੈਲਿਆ ਨਾ ਹੋਵੇ ਅਤੇ ਉਸ ਦੇ ਵਿੱਚ ਕੋਈ ਪੀਲਾ ਵਾਲ ਨਾ ਹੋਵੇ ਅਤੇ ਵੇਖਣ ਵਿੱਚ ਉਹ ਦਾਦ ਚਮੜੀ ਨਾਲੋਂ ਡੂੰਘਾ ਨਾ ਹੋਵੇ,33ਤਾਂ ਉਹ ਮਨੁੱਖ ਮੁੰਨਿਆ ਜਾਵੇ ਪਰ ਉਹ ਸਥਾਨ ਨਾ ਮੁੰਨਿਆ ਜਾਵੇ ਜਿੱਥੇ ਦਾਦ ਹੋਵੇ ਅਤੇ ਜਾਜਕ ਉਸ ਮਨੁੱਖ ਨੂੰ ਜਿਸ ਨੂੰ ਦਾਦ ਹੈ, ਹੋਰ ਸੱਤ ਦਿਨ ਨਿਗਰਾਨੀ ਵਿੱਚ ਰੱਖੇ ।
34ਸੱਤਵੇਂ ਦਿਨ ਜਾਜਕ ਉਸ ਦਾਦ ਨੂੰ ਫੇਰ ਜਾਂਚੇ ਅਤੇ ਵੇਖੋ, ਜੇਕਰ ਉਹ ਦਾਦ ਚਮੜੀ ਵਿੱਚ ਫੈਲਿਆ ਨਾ ਹੋਵੇ ਅਤੇ ਚਮੜੀ ਨਾਲੋਂ ਡੂੰਘਾ ਨਾ ਦਿਸੇ ਤਾਂ ਜਾਜਕ ਉਸ ਮਨੁੱਖ ਨੂੰ ਸ਼ੁੱਧ ਠਹਿਰਾਵੇ ਅਤੇ ਉਹ ਆਪਣੇ ਕੱਪੜੇ ਧੋ ਕੇ ਸ਼ੁੱਧ ਹੋ ਜਾਵੇ ।
35ਪਰ ਜੇਕਰ ਉਹ ਦਾਦ ਉਸ ਦੇ ਸ਼ੁੱਧ ਹੋਣ ਤੋਂ ਬਾਅਦ ਉਸ ਦੀ ਚਮੜੀ ਵਿੱਚ ਬਹੁਤ ਫੈਲ ਜਾਵੇ,36ਤਾਂ ਜਾਜਕ ਉਸ ਨੂੰ ਜਾਂਚੇ ਅਤੇ ਵੇਖੋ, ਜੇਕਰ ਉਹ ਦਾਦ ਚਮੜੀ ਵਿੱਚ ਫੈਲਿਆ ਹੋਇਆ ਹੋਵੇ ਤਾਂ ਜਾਜਕ ਉਸ ਪੀਲੇ ਵਾਲ ਨੂੰ ਵੀ ਨਾ ਲੱਭੇ, ਉਹ ਮਨੁੱਖ ਅਸ਼ੁੱਧ ਹੈ ।37ਪਰ ਜੇਕਰ ਉਸ ਦੇ ਵੇਖਣ ਵਿੱਚ ਉਹ ਦਾਦ ਉੱਥੇ ਹੀ ਰਹੇ ਅਤੇ ਉਸ ਦੇ ਵਿੱਚ ਕਾਲੇ ਵਾਲ ਆ ਗਏ ਹੋਣ ਤਾਂ ਉਹ ਦਾਦ ਚੰਗਾ ਹੋ ਗਿਆ । ਉਹ ਮਨੁੱਖ ਸ਼ੁੱਧ ਹੈ ਅਤੇ ਜਾਜਕ ਉਸ ਨੂੰ ਸ਼ੁੱਧ ਠਹਿਰਾਵੇ ।

38ਜੇਕਰ ਕਿਸੇ ਪੁਰਖ ਜਾਂ ਇਸਤਰੀ ਦੀ ਚਮੜੀ ਵਿੱਚ ਚਿੱਟੇ ਦਾਗ ਹੋਣ,39ਤਾਂ ਜਾਜਕ ਉਨ੍ਹਾਂ ਨੂੰ ਜਾਂਚੇ ਅਤੇ ਵੇਖੋ, ਜੇਕਰ ਉਨ੍ਹਾਂ ਦੀ ਚਮੜੀ ਵਿੱਚ ਉਹ ਦਾਗ ਘੱਟ ਚਿੱਟੇ ਹੋਣ ਤਾਂ ਉਹ ਚਮੜੀ ਵਿੱਚ ਹੋਇਆ ਇੱਕ ਸਧਾਰਨ ਦਾਗ ਹੀ ਹੈ, ਉਹ ਮਨੁੱਖ ਸ਼ੁੱਧ ਹੈ ।

40ਜਿਸ ਮਨੁੱਖ ਦੇ ਵਾਲ ਸਿਰ ਤੋਂ ਝੜ ਗਏ ਹੋਣ, ਉਹ ਮਨੁੱਖ ਗੰਜਾ ਤਾਂ ਹੈ, ਪਰ ਸ਼ੁੱਧ ਹੈ ।41ਅਤੇ ਜਿਸ ਦੇ ਸਿਰ ਦੇ ਅਗਲੇ ਹਿੱਸੇ ਦੇ ਵਾਲ ਝੜ ਗਏ ਹੋਣ, ਤਾਂ ਉਹ ਮਨੁੱਖ ਮੱਥੇ ਤੋਂ ਗੰਜਾ ਤਾਂ ਹੈ, ਫੇਰ ਵੀ ਉਹ ਸ਼ੁੱਧ ਹੈ ।
42ਪਰ ਜੇਕਰ ਉਸ ਦੇ ਗੰਜੇ ਸਿਰ ਜਾਂ ਗੰਜੇ ਮੱਥੇ ਵਿੱਚ ਇੱਕ ਚਿੱਟਾ-ਲਾਲ ਜਿਹਾ ਫੋੜਾ ਹੋਵੇ ਤਾਂ ਉਹ ਉਸ ਦੇ ਗੰਜੇ ਸਿਰ ਜਾਂ ਉਸ ਦੇ ਗੰਜੇ ਮੱਥੇ ਵਿੱਚ ਨਿੱਕਲਿਆ ਹੋਇਆ ਕੋੜ੍ਹ ਹੈ ।43ਜਾਜਕ ਉਸ ਨੂੰ ਜਾਂਚੇ ਅਤੇ ਵੇਖੋ, ਜੇਕਰ ਉਸ ਫੋੜੇ ਦੀ ਸੋਜ ਉਸ ਦੇ ਗੰਜੇ ਸਿਰ ਜਾਂ ਉਸ ਦੇ ਗੰਜੇ ਮੱਥੇ ਵਿੱਚ ਕੁਝ ਚਿੱਟੀ-ਲਾਲ ਜਿਹੀ ਹੋਵੇ, ਜਿਵੇਂ ਸਰੀਰ ਦੀ ਚਮੜੀ ਦੇ ਕੋੜ੍ਹ ਵਿੱਚ ਹੁੰਦਾ ਹੈ,44ਤਾਂ ਉਹ ਮਨੁੱਖ ਕੋੜ੍ਹੀ ਹੈ ਅਤੇ ਅਸ਼ੁੱਧ ਹੈ, ਜਾਜਕ ਉਸ ਨੂੰ ਜ਼ਰੂਰ ਹੀ ਅਸ਼ੁੱਧ ਠਹਿਰਾਵੇ, ਕਿਉਂ ਜੋ ਉਸ ਦਾ ਰੋਗ ਉਸ ਦੇ ਸਿਰ ਵਿੱਚ ਹੈ ।
45ਉਹ ਮਨੁੱਖ ਜਿਸ ਨੂੰ ਕੋੜ੍ਹ ਦਾ ਰੋਗ ਹੋਵੇ, ਉਸ ਦੇ ਕੱਪੜੇ ਪਾੜੇ ਜਾਣ, ਉਸ ਦਾ ਸਿਰ ਨੰਗਾ ਹੋਵੇ ਅਤੇ ਉਹ ਆਪਣੇ ਉੱਪਰਲੇ ਬੁੱਲ੍ਹ ਨੂੰ ਢੱਕ ਕੇ "ਅਸ਼ੁੱਧ ! ਅਸ਼ੁੱਧ ! " ਪੁਕਾਰਿਆ ਕਰੇ ।46ਜਿੰਨੇ ਦਿਨ ਤੱਕ ਉਹ ਰੋਗ ਉਸ ਦੇ ਸਰੀਰ ਵਿੱਚ ਰਹੇ, ਓਨੇ ਦਿਨ ਤੱਕ ਉਹ ਭ੍ਰਿਸ਼ਟ ਰਹੇ, ਅਸ਼ੁੱਧ ਰਹੇ ਅਤੇ ਉਹ ਇਕੱਲਾ ਵੱਸੇ, ਉਸ ਦਾ ਨਿਵਾਸ ਸਥਾਨ ਡੇਰੇ ਤੋਂ ਬਾਹਰ ਹੋਵੇ ।
ਬਸਤਰ ਜਾਂ ਚਮੜੇ ਦੀ ਵਸਤੂ ਦਾ ਕੋੜ੍ਹ

47ਫੇਰ ਜਿਸ ਬਸਤਰ ਵਿੱਚ ਕੋੜ੍ਹ ਦਾ ਰੋਗ ਹੋਵੇ, ਭਾਵੇਂ ਉੱਨ ਦਾ ਹੋਵੇ, ਭਾਵੇਂ ਕਤਾਨ ਦਾ,48ਭਾਵੇਂ ਤਾਣੀ ਵਿੱਚ, ਭਾਵੇਂ ਉੱਣਨੀ ਵਿੱਚ, ਭਾਵੇਂ ਕਤਾਨ ਦਾ, ਭਾਵੇਂ ਉੱਨ ਦਾ, ਭਾਵੇਂ ਚਮੜੇ ਵਿੱਚ, ਭਾਵੇਂ ਚਮੜੇ ਦੀ ਬਣੀ ਹੋਈ ਕਿਸੇ ਵਸਤੂ ਵਿੱਚ ਹੋਵੇ ।49ਜੇਕਰ ਉਹ ਰੋਗ ਕਿਸੇ ਕੱਪੜੇ ਵਿੱਚ, ਭਾਵੇਂ ਚਮੜੇ ਵਿੱਚ, ਭਾਵੇਂ ਤਾਣੀ ਵਿੱਚ, ਭਾਵੇਂ ਉੱਣਨੀ ਵਿੱਚ, ਭਾਵੇਂ ਚਮੜੇ ਦੀ ਬਣੀ ਹੋਈ ਕਿਸੇ ਵਸਤੂ ਵਿੱਚ ਕੁਝ ਹਰਾ ਜਾਂ ਲਾਲ ਜਿਹਾ ਹੋਵੇ, ਤਾਂ ਉਹ ਕੋੜ੍ਹ ਦਾ ਰੋਗ ਹੈ ਅਤੇ ਜਾਜਕ ਨੂੰ ਵਿਖਾਇਆ ਜਾਵੇ ।
50ਜਾਜਕ ਉਸ ਰੋਗ ਨੂੰ ਜਾਂਚੇ ਅਤੇ ਰੋਗ ਵਾਲੀ ਵਸਤੂ ਨੂੰ ਸੱਤ ਦਿਨ ਤੱਕ ਅਲੱਗ ਰੱਖੇ ।51ਸੱਤਵੇਂ ਦਿਨ ਉਹ ਉਸ ਰੋਗ ਨੂੰ ਜਾਂਚੇ ਅਤੇ ਜੇਕਰ ਉਹ ਰੋਗ ਉਸ ਕੱਪੜੇ ਦੇ ਭਾਵੇਂ ਤਾਣੀ ਵਿੱਚ, ਭਾਵੇਂ ਉੱਣਨੀ ਵਿੱਚ, ਭਾਵੇਂ ਚਮੜੇ ਵਿੱਚ, ਜਾਂ ਚਮੜੇ ਦੀ ਬਣੀ ਹੋਈ ਕਿਸੇ ਵਸਤੂ ਵਿੱਚ ਫੈਲਿਆ ਹੋਇਆ ਹੋਵੇ, ਤਾਂ ਉਹ ਰੋਗ ਇੱਕ ਫੈਲਣ ਵਾਲਾ ਕੋੜ੍ਹ ਹੈ, ਇਸ ਲਈ ਉਹ ਵਸਤੂ ਅਸ਼ੁੱਧ ਹੈ ।52ਉਹ ਉਸ ਕੱਪੜੇ ਨੂੰ, ਭਾਵੇਂ ਤਾਣੀ, ਭਾਵੇਂ ਉੱਣਨੀ, ਭਾਵੇਂ ਉੱਨ ਦਾ ਜਾਂ ਕਤਾਨ ਦਾ, ਜਾਂ ਚਮੜੇ ਦੀ ਕੋਈ ਵਸਤੂ ਹੋਵੇ ਜਿਸ ਦੇ ਵਿੱਚ ਰੋਗ ਹੈ, ਸਾੜ ਦੇਵੇ ਕਿਉਂ ਜੋ ਉਹ ਫੈਲਣ ਵਾਲਾ ਕੋੜ੍ਹ ਹੈ, ਉਹ ਅੱਗ ਵਿੱਚ ਸਾੜਿਆ ਜਾਵੇ ।

53ਜੇਕਰ ਜਾਜਕ ਜਾਂਚੇ ਅਤੇ ਵੇਖੇ ਕਿ ਉਹ ਰੋਗ ਉਸ ਕੱਪੜੇ ਵਿੱਚ, ਨਾ ਤਾਣੀ, ਨਾ ਉੱਣਨੀ, ਨਾ ਚਮੜੇ ਦੀ ਕਿਸੇ ਵਸਤੂ ਵਿੱਚ ਫੈਲਿਆ ਨਹੀਂ ਹੈ,54ਤਾਂ ਜਾਜਕ ਆਗਿਆ ਦੇਵੇ ਕਿ ਉਸ ਵਸਤੂ ਨੂੰ ਜਿਸ ਦੇ ਵਿੱਚ ਰੋਗ ਹੈ, ਧੋਇਆ ਜਾਵੇ ਅਤੇ ਉਹ ਉਸ ਨੂੰ ਹੋਰ ਸੱਤ ਦਿਨ ਤੱਕ ਅਲੱਗ ਰੱਖੇ ।55ਅਤੇ ਉਸ ਨੂੰ ਧੋਣ ਤੋਂ ਬਾਅਦ ਜਾਜਕ ਉਸ ਨੂੰ ਜਾਂਚੇ ਅਤੇ ਜੇਕਰ ਰੋਗ ਦਾ ਰੰਗ ਨਾ ਬਦਲਿਆ ਹੋਇਆ ਅਤੇ ਨਾ ਹੀ ਰੋਗ ਫੈਲਿਆ ਹੋਵੇ, ਤਾਂ ਉਹ ਅਸ਼ੁੱਧ ਹੈ । ਤੂੰ ਉਸ ਨੂੰ ਅੱਗ ਵਿੱਚ ਸਾੜੀਂ, ਕਿਉਂ ਜੋ ਭਾਵੇਂ ਉਹ ਰੋਗ ਅੰਦਰੂਨੀ ਭਾਵੇਂ ਬਾਹਰੀ ਹੋਵੇ ਤਾਂ ਵੀ ਉਹ ਫੈਲਣ ਵਾਲਾ ਰੋਗ ਹੈ ।
56ਪਰ ਜੇਕਰ ਜਾਜਕ ਵੇਖੇ ਅਤੇ ਵੇਖੋ, ਉਸ ਨੂੰ ਧੋਣ ਤੋਂ ਬਾਅਦ ਉਹ ਰੋਗ ਕੁਝ ਫਿੱਕਾ ਪੈ ਗਿਆ ਹੋਵੇ ਤਾਂ ਉਹ ਉਸ ਕੱਪੜੇ ਵਿੱਚੋਂ, ਭਾਵੇਂ ਤਾਣੀ ਭਾਵੇਂ ਉੱਣਨੀ ਵਿੱਚੋਂ, ਜਾਂ ਚਮੜੀ ਵਿੱਚੋਂ ਪਾੜ ਕੇ ਉਸ ਨੂੰ ਕੱਢੇ,57ਅਤੇ ਜੇਕਰ ਉਹ ਰੋਗ ਫੇਰ ਵੀ ਉਸ ਕੱਪੜੇ ਦੀ ਤਾਣੀ ਵਿੱਚ ਜਾਂ ਉੱਣਨੀ ਵਿੱਚ, ਜਾਂ ਚਮੜੇ ਦੀ ਉਸ ਵਸਤੂ ਵਿੱਚ ਵਿਖਾਈ ਦੇਵੇ ਤਾਂ ਉਹ ਵਧਣ ਵਾਲਾ ਰੋਗ ਹੈ, ਤੂੰ ਉਸ ਵਸਤੂ ਨੂੰ ਜਿਸ ਦੇ ਵਿੱਚ ਰੋਗ ਹੋਵੇ, ਅੱਗ ਵਿੱਚ ਸਾੜ ਦੇਵੀਂ ।58ਜੇਕਰ ਉਹ ਕੱਪੜਾ ਜਿਸ ਦੀ ਤਾਣੀ ਜਾਂ ਉੱਣਨੀ ਵਿੱਚ ਕੋਈ ਰੋਗ ਹੋਵੇ ਜਾਂ ਚਮੜੇ ਦੀ ਕੋਈ ਵਸਤੂ ਹੋਵੇ, ਜਦ ਉਹ ਧੋਤੀ ਜਾਵੇ ਅਤੇ ਰੋਗ ਉਸ ਵਿੱਚੋਂ ਹੱਟ ਜਾਵੇ ਤਾਂ ਉਹ ਦੂਜੀ ਵਾਰ ਧੋਤੀ ਜਾਵੇ ਅਤੇ ਉਹ ਸ਼ੁੱਧ ਹੋ ਜਾਵੇਗੀ ।

59ਕਿਸੇ ਕੱਪੜੇ ਵਿੱਚ, ਭਾਵੇਂ ਉੱਨ ਦਾ, ਭਾਵੇਂ ਕਤਾਨ ਦਾ, ਭਾਵੇਂ ਤਾਣੀ ਵਿੱਚ, ਭਾਵੇਂ ਉੱਣਨੀ ਵਿੱਚ, ਭਾਵੇਂ ਚਮੜੇ ਦੀ ਕਿਸੇ ਵਸਤੂ ਵਿੱਚ ਕੋੜ੍ਹ ਦਾ ਰੋਗ ਹੋਵੇ, ਤਾਂ ਉਸ ਨੂੰ ਸ਼ੁੱਧ ਅਤੇ ਅਸ਼ੁੱਧ ਠਹਿਰਾਉਣ ਦੀ ਇਹੋ ਬਿਵਸਥਾ ਹੈ ।

14
ਕੋੜ੍ਹ ਦੇ ਰੋਗ ਤੋਂ ਸ਼ੁੱਧ ਠਹਿਰਾਇਆ ਜਾਣਾ

1ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,2ਕੋੜ੍ਹੀ ਦੇ ਸ਼ੁੱਧ ਹੋਣ ਦੇ ਦਿਨ ਦੀ ਬਿਵਸਥਾ ਇਹ ਹੈ: ਉਹ ਜਾਜਕ ਕੋਲ ਲਿਆਇਆ ਜਾਵੇ

3ਅਤੇ ਜਾਜਕ ਡੇਰੇ ਤੋਂ ਬਾਹਰ ਨਿੱਕਲੇ ਅਤੇ ਉਸ ਕੋੜ੍ਹੀ ਨੂੰ ਵੇਖੇ ਅਤੇ ਜੇਕਰ ਉਸ ਦੇ ਕੋੜ੍ਹ ਦਾ ਰੋਗ ਚੰਗਾ ਹੋ ਗਿਆ ਹੋਵੇ,4ਤਦ ਜਾਜਕ ਉਸ ਨੂੰ ਜੋ ਚੰਗਾ ਹੋ ਗਿਆ ਹੈ ਆਗਿਆ ਦੇਵੇ ਕਿ ਉਹ ਦੋ ਜੀਉਂਦੇ ਅਤੇ ਸ਼ੁੱਧ ਪੰਛੀ, ਦਿਆਰ ਦੀ ਲੱਕੜ, ਕਿਰਮਚੀ ਕੱਪੜਾ ਅਤੇ ਜ਼ੂਫਾ ਲਿਆਵੇ,5ਅਤੇ ਜਾਜਕ ਇੱਕ ਪੰਛੀ ਨੂੰ ਵਗਦੇ ਪਾਣੀ ਦੇ ਉੱਤੇ ਕਿਸੇ ਮਿੱਟੀ ਦੇ ਭਾਂਡੇ ਵਿੱਚ ਵੱਢਣ ਦੀ ਆਗਿਆ ਦੇਵੇ,
6ਅਤੇ ਉਹ ਜੀਉਂਦੇ ਪੰਛੀ, ਦਿਆਰ ਦੀ ਲੱਕੜ, ਕਿਰਮਚੀ ਕੱਪੜਾ ਅਤੇ ਜੂਫ਼ਾ ਇਨ੍ਹਾਂ ਸਾਰਿਆਂ ਨੂੰ ਲੈ ਕੇ ਇਕੱਠੇ ਉਸ ਪੰਛੀ ਦੇ ਲਹੂ ਵਿੱਚ ਡੋਬ ਦੇਵੇ, ਜੋ ਵੱਗਦੇ ਪਾਣੀ ਉੱਤੇ ਵੱਢਿਆ ਗਿਆ ਸੀ ।7ਅਤੇ ਉਹ ਉਸ ਦੇ ਉੱਤੇ ਜੋ ਕੋੜ੍ਹ ਤੋਂ ਸ਼ੁੱਧ ਹੋਣ ਵਾਲਾ ਹੈ, ਸੱਤ ਵਾਰ ਛਿੜਕੇ ਅਤੇ ਉਸ ਨੂੰ ਸ਼ੁੱਧ ਠਹਿਰਾਵੇ ਅਤੇ ਜੀਉਂਦੇ ਪੰਛੀ ਨੂੰ ਖੁੱਲ੍ਹੇ ਮੈਦਾਨ ਵਿੱਚ ਉਡਾ ਦੇਵੇ ।
8ਅਤੇ ਸ਼ੁੱਧ ਹੋਣ ਵਾਲਾ ਆਪਣੇ ਕੱਪੜਿਆਂ ਨੂੰ ਧੋਵੇ ਅਤੇ ਆਪਣਾ ਸਿਰ ਮੁਨਾ ਦੇਵੇ ਅਤੇ ਪਾਣੀ ਨਾਲ ਨਹਾਵੇ ਤਦ ਉਹ ਸ਼ੁੱਧ ਹੋਵੇਗਾ, ਇਸ ਤੋਂ ਬਾਅਦ ਉਹ ਡੇਰੇ ਵਿੱਚ ਆਵੇ ਪਰ ਸੱਤ ਦਿਨ ਤੱਕ ਆਪਣੇ ਡੇਰੇ ਤੋਂ ਬਾਹਰ ਹੀ ਵਾਸ ਕਰੇ ।9ਪਰ ਸੱਤਵੇਂ ਦਿਨ ਉਹ ਆਪਣੇ ਸਿਰ, ਆਪਣੀ ਦਾੜ੍ਹੀ ਅਤੇ ਆਪਣੇ ਭਰਵੱਟਿਆਂ ਦੇ ਵਾਲ ਮੁਨਾ ਦੇਵੇ, ਸਗੋਂ ਆਪਣੇ ਸਾਰੇ ਵਾਲ ਮੁਨਾ ਦੇਵੇ ਅਤੇ ਉਹ ਆਪਣੇ ਕੱਪੜੇ ਧੋਵੇ ਅਤੇ ਪਾਣੀ ਨਾਲ ਨਹਾਵੇ ਤਦ ਉਹ ਸ਼ੁੱਧ ਹੋ ਜਾਵੇਗਾ ।

10ਅੱਠਵੇਂ ਦਿਨ ਉਹ ਦੋਸ਼ ਰਹਿਤ ਦੋ ਲੇਲੇ ਅਤੇ ਇੱਕ ਸਾਲ ਦੀ ਦੋਸ਼ ਰਹਿਤ ਲੇਲੀ ਅਤੇ ਮੈਦੇ ਦੀ ਭੇਟ ਲਈ ਤੇਲ ਨਾਲ ਰਲਾਏ ਹੋਏ ਏਫ਼ਾਹ ਦਾ ਦਸ ਤਿਹਾਈ ਹਿੱਸਾ ਮੈਦਾ ਅਤੇ ਇੱਕ ਪਾਉ ਤੇਲ ਲਿਆਵੇ ।11ਤਦ ਉਹ ਜਾਜਕ ਜੋ ਸ਼ੁੱਧ ਕਰਨ ਦੀ ਬਿਧੀ ਨੂੰ ਕਰਦਾ ਹੈ, ਉਸ ਸ਼ੁੱਧ ਹੋਣ ਵਾਲੇ ਮਨੁੱਖ ਨੂੰ ਇਨ੍ਹਾਂ ਵਸਤੂਆਂ ਸਮੇਤ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਦੇ ਕੋਲ ਯਹੋਵਾਹ ਦੇ ਸਾਹਮਣੇ ਖੜ੍ਹਾ ਕਰੇ ।
12ਤਦ ਜਾਜਕ ਇੱਕ ਲੇਲਾ ਲੈ ਕੇ ਦੋਸ਼ ਬਲੀ ਦੀ ਭੇਟ ਕਰਕੇ ਉਸ ਨੂੰ ਚੜ੍ਹਾਵੇ ਅਤੇ ਉਸ ਪਾਉ ਤੇਲ ਨੂੰ ਲੈ ਕੇ ਉਨ੍ਹਾਂ ਨੂੰ ਹਿਲਾਉਣ ਦੀ ਭੇਟ ਕਰਕੇ ਯਹੋਵਾਹ ਦੇ ਅੱਗੇ ਹਿਲਾਵੇ ।13ਉਹ ਉਸ ਲੇਲੇ ਨੂੰ ਉਸੇ ਸਥਾਨ ਵਿੱਚ ਵੱਢੇ ਜਿੱਥੇ ਉਹ ਪਾਪ ਬਲੀ ਅਤੇ ਹੋਮ ਬਲੀ ਪਸ਼ੂਆਂ ਨੂੰ ਵੱਢਦੇ ਹਨ ਅਰਥਾਤ ਪਵਿੱਤਰ ਸਥਾਨ ਵਿੱਚ ਕਿਉਂਕਿ ਜਿਵੇਂ ਪਾਪ ਬਲੀ ਦੀ ਭੇਟ ਜਾਜਕ ਦੀ ਹੈ, ਉਸੇ ਤਰ੍ਹਾਂ ਹੀ ਦੋਸ਼ ਬਲੀ ਦੀ ਭੇਟ ਵੀ ਉਸੇ ਦੀ ਹੈ, ਉਹ ਅੱਤ ਪਵਿੱਤਰ ਹੈ ।
14ਜਾਜਕ ਦੋਸ਼ ਬਲੀ ਦੀ ਭੇਟ ਦੇ ਲਹੂ ਤੋਂ ਕੁਝ ਲਵੇ ਅਤੇ ਜੋ ਸ਼ੁੱਧ ਹੋਣ ਵਾਲਾ ਹੈ ਉਸ ਦੇ ਸੱਜੇ ਕੰਨ ਦੇ ਸਿਰੇ ਅਤੇ ਉਸ ਦੇ ਸੱਜੇ ਹੱਥ ਅਤੇ ਸੱਜੇ ਪੈਰ ਦੇ ਅੰਗੂਠਿਆਂ ਉੱਤੇ ਲਾਵੇ ।15ਫੇਰ ਜਾਜਕ ਉਸ ਪਾਉ ਤੇਲ ਵਿੱਚੋਂ ਕੁਝ ਲੈ ਕੇ ਆਪਣੇ ਖੱਬੇ ਹੱਥ ਦੀ ਤਲੀ ਉੱਤੇ ਪਾਵੇ,16ਅਤੇ ਜਾਜਕ ਆਪਣੀ ਸੱਜੇ ਹੱਥ ਦੀ ਉਂਗਲ ਨੂੰ ਆਪਣੇ ਖੱਬੇ ਹੱਥ ਦੀ ਤਲੀ ਦੇ ਤੇਲ ਵਿੱਚ ਡੋਬ ਕੇ ਉਸ ਤੇਲ ਵਿੱਚੋਂ ਕੁਝ ਯਹੋਵਾਹ ਦੇ ਅੱਗੇ ਸੱਤ ਵਾਰੀ ਛਿੜਕੇ,
17ਅਤੇ ਬਾਕੀ ਤੇਲ ਜੋ ਉਸ ਦੇ ਹੱਥ ਵਿੱਚ ਹੈ, ਜਾਜਕ ਉਸ ਵਿੱਚੋਂ ਕੁਝ ਲੈ ਕੇ ਸ਼ੁੱਧ ਹੋਣ ਵਾਲੇ ਦੇ ਸੱਜੇ ਕੰਨ ਦੇ ਸਿਰੇ ਉੱਤੇ ਅਤੇ ਉਸ ਦੇ ਸੱਜੇ ਹੱਥ ਅਤੇ ਸੱਜੇ ਪੈਰ ਦੇ ਅੰਗੂਠਿਆਂ ਉੱਤੇ ਦੋਸ਼ ਬਲੀ ਦੀ ਭੇਟ ਦੇ ਲਹੂ ਉੱਤੇ ਲਗਾਵੇ ।18ਅਤੇ ਜੋ ਤੇਲ ਜਾਜਕ ਦੇ ਹੱਥ ਵਿੱਚ ਬਚ ਜਾਵੇ ਉਸ ਨੂੰ ਉਹ ਸ਼ੁੱਧ ਹੋਣ ਵਾਲੇ ਦੇ ਸਿਰ ਉੱਤੇ ਡੋਲ੍ਹ ਦੇਵੇ ਅਤੇ ਜਾਜਕ ਉਸ ਦੇ ਲਈ ਯਹੋਵਾਹ ਦੇ ਅੱਗੇ ਪ੍ਰਾਸਚਿਤ ਕਰੇ ।
19ਜਾਜਕ ਪਾਪ ਬਲੀ ਦੀ ਭੇਟ ਚੜ੍ਹਾਵੇ ਅਤੇ ਉਸ ਦੇ ਲਈ ਜੋ ਆਪਣੀ ਅਸ਼ੁੱਧਤਾ ਤੋਂ ਸ਼ੁੱਧ ਹੋਣ ਵਾਲਾ ਹੈ ਪ੍ਰਾਸਚਿਤ ਕਰੇ ਅਤੇ ਇਸ ਤੋਂ ਬਾਅਦ ਹੋਮ ਬਲੀ ਦੀ ਭੇਟ ਨੂੰ ਵੱਢ ਦੇਵੇ ।20ਤਦ ਜਾਜਕ ਹੋਮ ਬਲੀ ਦੀ ਭੇਟ ਅਤੇ ਮੈਦੇ ਦੀ ਭੇਟ ਜਗਵੇਦੀ ਉੱਤੇ ਚੜ੍ਹਾਵੇ ਅਤੇ ਜਾਜਕ ਉਸ ਦੇ ਲਈ ਪ੍ਰਾਸਚਿਤ ਕਰੇ ਤਾਂ ਉਹ ਸ਼ੁੱਧ ਹੋ ਜਾਵੇਗਾ ।

21ਜੇਕਰ ਉਹ ਕੰਗਾਲ ਹੋਵੇ ਅਤੇ ਇਨ੍ਹਾਂ ਸਭਨਾਂ ਵਿੱਚੋਂ ਕੁਝ ਨਾ ਲਿਆ ਸਕੇ ਤਾਂ ਉਹ ਆਪਣੇ ਲਈ ਪ੍ਰਾਸਚਿਤ ਕਰਨ ਲਈ ਦੋਸ਼ ਬਲੀ ਦੇ ਲਈ ਇੱਕ ਲੇਲਾ ਹਿਲਾਉਣ ਦੀ ਭੇਟ ਕਰਕੇ, ਅਤੇ ਤੇਲ ਰਲਿਆ ਹੋਇਆ ਏਫ਼ਾਹ ਦਾ ਦਸਵਾਂ ਹਿੱਸਾ ਮੈਦਾ, ਮੈਦੇ ਦੀ ਭੇਟ ਲਈ ਅਤੇ ਅਤੇ ਇੱਕ ਪਾਉ ਤੇਲ ਲਿਆਵੇ,22ਅਤੇ ਘੁੱਗੀਆਂ ਜਾਂ ਕਬੂਤਰਾਂ ਦੇ ਦੋ ਬੱਚੇ ਲਿਆਵੇ ਜੋ ਉਹ ਲਿਆ ਸਕਦਾ ਹੈ, ਇਨ੍ਹਾਂ ਵਿੱਚੋਂ ਇੱਕ ਤਾਂ ਪਾਪ ਬਲੀ ਦੀ ਭੇਟ ਲਈ ਅਤੇ ਦੂਜਾ ਹੋਮ ਬਲੀ ਦੀ ਭੇਟ ਲਈ ਹੋਵੇ ।23ਅੱਠਵੇਂ ਦਿਨ ਉਹ ਇਨ੍ਹਾਂ ਸਾਰਿਆਂ ਨੂੰ ਆਪਣੇ ਸ਼ੁੱਧ ਕਰਨ ਲਈ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਉੱਤੇ ਯਹੋਵਾਹ ਦੇ ਸਨਮੁਖ ਜਾਜਕ ਦੇ ਕੋਲ ਲਿਆਵੇ ।
24ਤਦ ਜਾਜਕ ਦੋਸ਼ ਬਲੀ ਦੀ ਭੇਟ ਦੇ ਲੇਲੇ ਨੂੰ ਅਤੇ ਪਾਉ ਤੇਲ ਨੂੰ ਲੈ ਕੇ ਹਿਲਾਉਣ ਦੀ ਭੇਟ ਕਰਕੇ ਯਹੋਵਾਹ ਦੇ ਅੱਗੇ ਹਿਲਾਵੇ ।25ਫੇਰ ਉਹ ਦੋਸ਼ ਬਲੀ ਦੀ ਭੇਟ ਦੇ ਲੇਲੇ ਨੂੰ ਵੱਢ ਦੇਵੇ ਅਤੇ ਜਾਜਕ ਉਸ ਵਿੱਚੋਂ ਕੁਝ ਲੈ ਕੇ ਸ਼ੁੱਧ ਹੋਣ ਵਾਲੇ ਦੇ ਸੱਜੇ ਕੰਨ ਦੇ ਸਿਰੇ ਉੱਤੇ ਅਤੇ ਉਸ ਦੇ ਸੱਜੇ ਹੱਥ ਅਤੇ ਸੱਜੇ ਪੈਰ ਦੇ ਅੰਗੂਠਿਆਂ ਉੱਤੇ ਲਗਾਵੇ ।
26ਫੇਰ ਜਾਜਕ ਉਸ ਵਿੱਚੋਂ ਕੁਝ ਤੇਲ ਲੈ ਕੇ ਆਪਣੇ ਖੱਬੇ ਹੱਥ ਦੀ ਤਲੀ ਉੱਤੇ ਪਾਵੇ,27ਅਤੇ ਜਾਜਕ ਆਪਣੇ ਸੱਜੇ ਹੱਥ ਦੀ ਉਂਗਲ ਨਾਲ ਆਪਣੇ ਖੱਬੇ ਹੱਥ ਦੀ ਤਲੀ ਵਿੱਚੋਂ ਕੁਝ ਤੇਲ ਲੈ ਕੇ ਸੱਤ ਵਾਰੀ ਯਹੋਵਾਹ ਦੇ ਅੱਗੇ ਛਿੜਕੇ ।
28ਫੇਰ ਜਾਜਕ ਆਪਣੇ ਹੱਥ ਦੇ ਤੇਲ ਵਿੱਚੋਂ ਕੁਝ ਲੈ ਕੇ ਸ਼ੁੱਧ ਹੋਣ ਵਾਲੇ ਦੇ ਸੱਜੇ ਕੰਨ ਦੇ ਸਿਰੇ ਉੱਤੇ ਅਤੇ ਉਸ ਦੇ ਸੱਜੇ ਹੱਥ ਅਤੇ ਸੱਜੇ ਪੈਰ ਦੇ ਅੰਗੂਠਿਆਂ ਉੱਤੇ ਦੋਸ਼ ਬਲੀ ਦੀ ਭੇਟ ਦੇ ਲਹੂ ਦੇ ਉੱਤੇ ਲਗਾਵੇ,29ਅਤੇ ਬਾਕੀ ਤੇਲ ਜੋ ਜਾਜਕ ਦੇ ਹੱਥ ਵਿੱਚ ਰਹਿ ਜਾਵੇ ਉਸ ਨੂੰ ਉਹ ਸ਼ੁੱਧ ਹੋਣ ਵਾਲੇ ਦੇ ਲਈ ਯਹੋਵਾਹ ਦੇ ਅੱਗੇ ਪ੍ਰਾਸਚਿਤ ਕਰਨ ਲਈ ਉਸ ਦੇ ਸਿਰ ਉੱਤੇ ਪਾ ਦੇਵੇ ।
30ਤਦ ਉਹ ਉਨ੍ਹਾਂ ਘੁੱਗੀਆਂ ਜਾਂ ਕਬੂਤਰਾਂ ਦੇ ਬੱਚਿਆਂ ਵਿੱਚੋਂ ਜੋ ਉਹ ਲਿਆ ਸਕਿਆ, ਇੱਕ ਨੂੰ ਚੜ੍ਹਾਵੇ,31ਅਰਥਾਤ ਜੋ ਪੰਛੀ ਉਹ ਲਿਆ ਸਕਿਆ ਉਨ੍ਹਾਂ ਵਿੱਚੋਂ ਉਹ ਇੱਕ ਨੂੰ ਪਾਪ ਬਲੀ ਦੀ ਭੇਟ ਲਈ ਅਤੇ ਦੂਜੇ ਨੂੰ ਮੈਦੇ ਦੀ ਭੇਟ ਸਮੇਤ ਹੋਮ ਬਲੀ ਦੀ ਭੇਟ ਕਰਕੇ ਚੜ੍ਹਾਵੇ, ਇਸ ਤਰ੍ਹਾਂ ਜਾਜਕ ਸ਼ੁੱਧ ਹੋਣ ਵਾਲੇ ਦੇ ਲਈ ਯਹੋਵਾਹ ਦੇ ਅੱਗੇ ਪ੍ਰਾਸਚਿਤ ਕਰੇ ।32ਜਿਸ ਨੂੰ ਕੋੜ੍ਹ ਦਾ ਰੋਗ ਹੋਇਆ ਹੋਵੇ ਅਤੇ ਉਹ ਇਸ ਯੋਗ ਨਾ ਹੋਵੇ ਕਿ ਉਹ ਸ਼ੁੱਧਤਾਈ ਦੀਆਂ ਵਸਤੂਆਂ ਨੂੰ ਲਿਆ ਸਕੇ, ਉਸ ਦੇ ਲਈ ਇਹੋ ਬਿਵਸਥਾ ਹੈ ।
ਘਰ ਵਿੱਚ ਲੱਗੀ ਫਫੂੰਦੀ ਦੇ ਲਈ ਨਿਯਮ

33ਫੇਰ ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਆਖਿਆ,34ਜਦ ਤੁਸੀਂ ਕਨਾਨ ਦੇਸ਼ ਵਿੱਚ ਪਹੁੰਚ ਜਾਓ ਜਿਹੜਾ ਮੈਂ ਤੁਹਾਨੂੰ ਵਿਰਾਸਤ ਵਿੱਚ ਦਿੰਦਾ ਹਾਂ, ਤਾਂ ਜੇਕਰ ਮੈਂ ਉਸ ਦੇਸ਼ ਦੇ ਕਿਸੇ ਘਰ ਵਿੱਚ ਕੋੜ੍ਹ ਦਾ ਰੋਗ ਪਾ ਦੇਵਾਂ,35ਤਾਂ ਉਸ ਘਰ ਦਾ ਮਾਲਕ ਜਾਜਕ ਦੇ ਕੋਲ ਆ ਕੇ ਆਖੇ, ਮੈਨੂੰ ਅਜਿਹਾ ਪਰਤੀਤ ਹੁੰਦਾ ਹੈ ਕਿ ਘਰ ਵਿੱਚ ਕੋਈ ਰੋਗ ਹੈ ।
36ਤਦ ਜਾਜਕ ਉਸ ਘਰ ਨੂੰ ਜਾਂਚਣ ਲਈ ਜਾਣ ਤੋਂ ਪਹਿਲਾਂ ਹੁਕਮ ਦੇਵੇ ਕਿ ਉਸ ਘਰ ਨੂੰ ਖਾਲੀ ਕੀਤਾ ਜਾਵੇ, ਅਜਿਹਾ ਨਾ ਹੋਵੇ ਕਿ ਜੋ ਕੁਝ ਘਰ ਦੇ ਵਿੱਚ ਹੈ ਅਸ਼ੁੱਧ ਹੋ ਜਾਵੇ । ਇਸ ਤੋਂ ਬਾਅਦ ਜਾਜਕ ਘਰ ਨੂੰ ਜਾਂਚਣ ਲਈ ਅੰਦਰ ਜਾਵੇ ।37ਤਦ ਉਹ ਉਸ ਰੋਗ ਨੂੰ ਜਾਂਚੇ ਅਤੇ ਵੇਖੋ, ਜੇਕਰ ਉਹ ਰੋਗ ਘਰ ਦੀਆਂ ਕੰਧਾਂ ਉੱਤੇ ਹਰੀਆਂ ਜਾਂ ਲਾਲ ਖੋਖਲੀਆਂ ਲਕੀਰਾਂ ਵਰਗੀਆਂ ਹੋਣ ਅਤੇ ਕੰਧ ਨਾਲੋਂ ਡੂੰਘੀਆਂ ਵਿਖਾਈ ਦੇਣ,38ਤਾਂ ਜਾਜਕ ਘਰ ਦੇ ਦਰਵਾਜ਼ੇ ਤੋਂ ਬਾਹਰ ਨਿੱਕਲ ਕੇ ਘਰ ਨੂੰ ਸੱਤ ਦਿਨ ਤੱਕ ਬੰਦ ਕਰ ਦੇਵੇ ।
39ਅਤੇ ਸੱਤਵੇਂ ਦਿਨ ਜਾਜਕ ਫੇਰ ਆਵੇ ਅਤੇ ਵੇਖੇ, ਜੇਕਰ ਉਹ ਰੋਗ ਘਰ ਦੀਆਂ ਕੰਧਾਂ ਉੱਤੇ ਫੈਲ ਗਿਆ ਹੋਵੇ,40ਤਾਂ ਜਾਜਕ ਹੁਕਮ ਦੇਵੇ ਕਿ ਉਹ ਉਨ੍ਹਾਂ ਪੱਥਰਾਂ ਨੂੰ ਜਿਨ੍ਹਾਂ ਦੇ ਵਿੱਚ ਰੋਗ ਹੈ, ਕੱਢ ਕੇ ਲੈ ਜਾਣ ਅਤੇ ਸ਼ਹਿਰ ਤੋਂ ਬਾਹਰ ਕਿਸੇ ਅਸ਼ੁੱਧ ਸਥਾਨ ਵਿੱਚ ਸੁੱਟ ਦੇਣ ।
41ਉਹ ਉਸ ਘਰ ਨੂੰ ਅੰਦਰੋਂ ਚੁਫੇਰਿਓਂ ਛਿਲਵਾ ਦੇਵੇ ਅਤੇ ਉਹ ਉਸ ਮਿੱਟੀ ਨੂੰ ਜੋ ਛਿੱਲੀ ਗਈ ਹੈ, ਸ਼ਹਿਰ ਤੋਂ ਬਾਹਰ ਕਿਸੇ ਅਸ਼ੁੱਧ ਸਥਾਨ ਵਿੱਚ ਸੁੱਟ ਦੇਣ ।42ਉਹ ਦੂਜੇ ਪੱਥਰ ਲੈ ਕੇ ਉਨ੍ਹਾਂ ਨੂੰ ਪੁਰਾਣੇ ਪੱਥਰਾਂ ਦੇ ਸਥਾਨ ਉੱਤੇ ਲਗਾ ਦੇਣ ਅਤੇ ਜਾਜਕ ਹੋਰ ਚੂਨਾ ਲੈ ਕੇ ਘਰ ਨੂੰ ਲਿੱਪੇ ।

43ਪਰ ਜੇਕਰ ਪੱਥਰਾਂ ਨੂੰ ਕੱਢਣ ਅਤੇ ਘਰ ਨੂੰ ਛਿੱਲਣ ਅਤੇ ਲਿੱਪਣ ਤੋਂ ਬਾਅਦ ਉਹ ਰੋਗ ਘਰ ਵਿੱਚ ਫੇਰ ਫੁੱਟ ਨਿੱਕਲੇ,44ਤਾਂ ਜਾਜਕ ਆ ਕੇ ਵੇਖੇ ਅਤੇ ਵੇਖੋ, ਜੇਕਰ ਉਹ ਰੋਗ ਘਰ ਵਿੱਚ ਫੈਲ ਗਿਆ ਹੋਵੇ, ਤਾਂ ਉਹ ਘਰ ਵਿੱਚ ਫੈਲਣ ਵਾਲਾ ਕੋੜ੍ਹ ਹੈ ਅਤੇ ਉਹ ਅਸ਼ੁੱਧ ਹੈ ।
45ਉਹ ਉਸ ਘਰ ਨੂੰ ਢਾਹ ਦੇਵੇ ਅਤੇ ਉਸ ਦੇ ਪੱਥਰ, ਲੱਕੜੀਆਂ ਅਤੇ ਸਾਰੇ ਚੂਨੇ ਨੂੰ ਸ਼ਹਿਰ ਤੋਂ ਬਾਹਰ ਜਾ ਕੇ ਕਿਸੇ ਅਸ਼ੁੱਧ ਸਥਾਨ ਵਿੱਚ ਸੁੱਟਵਾ ਦੇਵੇ ।46ਜਦ ਤੱਕ ਉਹ ਘਰ ਬੰਦ ਰਹੇ, ਤਦ ਤੱਕ ਜੋ ਕੋਈ ਉਸ ਘਰ ਵਿੱਚ ਵੜੇ, ਉਹ ਸ਼ਾਮ ਤੱਕ ਅਸ਼ੁੱਧ ਰਹੇ ।47ਅਤੇ ਜਿਹੜਾ ਉਸ ਘਰ ਵਿੱਚ ਲੰਮਾ ਪਵੇ, ਉਹ ਆਪਣੇ ਕੱਪੜੇ ਧੋ ਲਵੇ ਅਤੇ ਜਿਹੜਾ ਉਸ ਘਰ ਵਿੱਚ ਖਾਣਾ ਖਾਵੇ ਉਹ ਵੀ ਆਪਣੇ ਕੱਪੜੇ ਧੋ ਲਵੇ ।

48ਜੇਕਰ ਜਾਜਕ ਉਸ ਘਰ ਵਿੱਚ ਆ ਕੇ ਉਸ ਨੂੰ ਜਾਂਚੇ ਅਤੇ ਵੇਖੋ, ਜੇਕਰ ਉਸ ਘਰ ਨੂੰ ਲਿੱਪਣ ਤੋਂ ਬਾਅਦ ਉਹ ਰੋਗ ਉਸ ਘਰ ਵਿੱਚ ਨਾ ਫੈਲਿਆ ਹੋਵੇ ਤਾਂ ਉਹ ਉਸ ਘਰ ਨੂੰ ਸ਼ੁੱਧ ਠਹਿਰਾਵੇ ਕਿਉਂ ਜੋ ਰੋਗ ਚੰਗਾ ਹੋ ਗਿਆ ਹੈ ।
49ਅਤੇ ਉਸ ਘਰ ਨੂੰ ਸ਼ੁੱਧ ਕਰਨ ਲਈ, ਉਹ ਦੋ ਪੰਛੀ, ਦਿਆਰ ਦੀ ਲੱਕੜ, ਕਿਰਮਚੀ ਕੱਪੜਾ ਅਤੇ ਜੂਫ਼ਾ ਲਵੇ ।50ਉਹ ਪੰਛੀਆਂ ਵਿੱਚੋਂ ਕਿਸੇ ਇੱਕ ਨੂੰ ਵੱਗਦੇ ਪਾਣੀ ਉੱਤੇ ਮਿੱਟੀ ਦੇ ਭਾਂਡੇ ਵਿੱਚ ਵੱਢੇ ।51ਤਦ ਉਹ ਦਿਆਰ ਦੀ ਲੱਕੜ, ਜੂਫ਼ਾ ਅਤੇ ਕਿਰਮਚੀ ਕੱਪੜੇ ਅਤੇ ਜੀਉਂਦੇ ਪੰਛੀ ਨੂੰ ਲੈ ਕੇ ਉਸ ਵੱਢੇ ਹੋਏ ਪੰਛੀ ਦੇ ਲਹੂ ਵਿੱਚ ਅਤੇ ਵਗਦੇ ਪਾਣੀ ਵਿੱਚ ਡੋਬੇ ਅਤੇ ਉਸ ਘਰ ਉੱਤੇ ਸੱਤ ਵਾਰੀ ਛਿੜਕੇ ।
52ਇਸ ਤਰ੍ਹਾਂ ਉਹ ਪੰਛੀ ਦੇ ਲਹੂ, ਵਗਦੇ ਪਾਣੀ, ਜੀਉਂਦੇ ਪੰਛੀ, ਦਿਆਰ ਦੀ ਲੱਕੜ, ਜੂਫ਼ੇ ਅਤੇ ਕਿਰਮਚੀ ਕੱਪੜੇ ਨਾਲ ਉਸ ਘਰ ਨੂੰ ਸ਼ੁੱਧ ਕਰੇ ।53ਪਰ ਉਸ ਜੀਉਂਦੇ ਪੰਛੀ ਨੂੰ ਸ਼ਹਿਰ ਤੋਂ ਬਾਹਰ ਖੁੱਲੇ ਮੈਦਾਨ ਵਿੱਚ ਉਡਾ ਦੇਵੇ, ਇਸ ਤਰ੍ਹਾਂ ਉਹ ਉਸ ਘਰ ਦੇ ਲਈ ਪ੍ਰਾਸਚਿਤ ਕਰੇ ਤਦ ਉਹ ਸ਼ੁੱਧ ਹੋਵੇਗਾ ।

54ਹਰ ਪ੍ਰਕਾਰ ਦੇ ਕੋੜ੍ਹ ਦੇ ਰੋਗ ਅਤੇ ਦਾਦ ਲਈ ਇਹੋ ਬਿਵਸਥਾ ਹੈ,55ਕੱਪੜਿਆਂ ਦਾ ਅਤੇ ਘਰ ਦਾ ਕੋੜ੍ਹ,56ਅਤੇ ਸੋਜ, ਪੱਪੜੀ, ਅਤੇ ਦਾਗ ਦੇ ਲਈ57ਅਸ਼ੁੱਧ ਅਤੇ ਸ਼ੁੱਧ ਬਾਰੇ ਸਮਝਾਉਣ ਲਈ ਕੋੜ੍ਹ ਦੀ ਬਿਵਸਥਾ ਇਹ ਹੀ ਹੈ ।

15
ਸਰੀਰ ਤੋਂ ਵਗਣ ਵਾਲੇ ਅਸ਼ੁੱਧ ਪ੍ਰਮੇਹ

1ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਆਖਿਆ,2ਇਸਰਾਏਲੀਆਂ ਨਾਲ ਗੱਲ ਕਰੋ ਅਤੇ ਉਨ੍ਹਾਂ ਨੂੰ ਆਖੋ, ਜੇਕਰ ਕਿਸੇ ਮਨੁੱਖ ਦੇ ਸਰੀਰ ਵਿੱਚ ਪ੍ਰਮੇਹ ਦਾ ਰੋਗ ਹੋਵੇ ਤਾਂ ਉਹ ਉਸ ਰੋਗ ਦੇ ਕਾਰਨ ਅਸ਼ੁੱਧ ਹੈ ।3ਭਾਵੇਂ ਪ੍ਰਮੇਹ ਉਸ ਦੇ ਸਰੀਰ ਤੋਂ ਵਗਦਾ ਰਹੇ ਭਾਵੇਂ ਵਗਣਾ ਬੰਦ ਵੀ ਹੋ ਜਾਵੇ ਤਾਂ ਵੀ ਉਹ ਅਸ਼ੁੱਧ ਹੈ ।

4ਉਹ ਸਾਰੇ ਵਿਛਾਉਣੇ ਜਿੰਨ੍ਹਾਂ ਦੇ ਉੱਤੇ ਪ੍ਰਮੇਹ ਵਾਲਾ ਲੇਟੇ, ਉਹ ਅਸ਼ੁੱਧ ਹੋਣ ਅਤੇ ਸਭ ਵਸਤੂਆਂ ਜਿਨ੍ਹਾਂ ਦੇ ਉੱਤੇ ਉਹ ਬੈਠੇ ਉਹ ਵੀ ਅਸ਼ੁੱਧ ਹੋਣ ।5ਜਿਹੜਾ ਉਸ ਵਿਛਾਉਣੇ ਨੂੰ ਛੂਹੇ, ਉਹ ਆਪਣੇ ਕੱਪੜੇ ਧੋਵੇ, ਪਾਣੀ ਨਾਲ ਨਹਾਵੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ ।
6ਜਿਹੜਾ ਕਿਸੇ ਅਜਿਹੀ ਵਸਤੂ ਉੱਤੇ ਬੈਠੇ ਜਿਸ ਉੱਤੇ ਪ੍ਰਮੇਹ ਵਾਲਾ ਬੈਠਿਆ ਸੀ, ਤਾਂ ਉਹ ਆਪਣੇ ਕੱਪੜੇ ਧੋਵੇ, ਪਾਣੀ ਨਾਲ ਨਹਾਵੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ ।7ਅਤੇ ਜਿਹੜਾ ਉਸ ਪ੍ਰਮੇਹ ਵਾਲੇ ਨੂੰ ਛੂਹੇ, ਉਹ ਆਪਣੇ ਕੱਪੜੇ ਧੋਵੇ, ਪਾਣੀ ਨਾਲ ਨਹਾਵੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ ।
8ਜੇਕਰ ਕਦੀ ਪ੍ਰਮੇਹ ਦਾ ਰੋਗੀ ਸ਼ੁੱਧ ਮਨੁੱਖ ਦੇ ਉੱਤੇ ਥੁੱਕੇ ਤਾਂ ਉਹ ਆਪਣੇ ਕੱਪੜੇ ਧੋਵੇ, ਪਾਣੀ ਨਾਲ ਨਹਾਵੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ ।9ਜਿਹੜੀ ਕਾਠੀ ਉੱਤੇ ਪ੍ਰਮੇਹ ਵਾਲਾ ਬੈਠੇ, ਉਹ ਅਸ਼ੁੱਧ ਹੋਵੇ ।
10ਅਤੇ ਜਿਹੜਾ ਉਸ ਵਸਤੂ ਨੂੰ ਛੂਹੇ ਜਿਹੜੀ ਪ੍ਰਮੇਹ ਵਾਲੇ ਦੇ ਹੇਠ ਸੀ, ਉਹ ਸ਼ਾਮ ਤੱਕ ਅਸ਼ੁੱਧ ਰਹੇ ਅਤੇ ਜਿਹੜਾ ਅਜਿਹੀ ਵਸਤੂ ਨੂੰ ਚੁੱਕੇ ਤਾਂ ਉਹ ਆਪਣੇ ਕੱਪੜੇ ਧੋਵੇ, ਪਾਣੀ ਨਾਲ ਨਹਾਵੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ ।11ਜਿਸ ਨੂੰ ਪ੍ਰਮੇਹ ਹੋਵੇ, ਉਸ ਜਿਸ ਕਿਸੇ ਨੂੰ ਬਿਨ੍ਹਾਂ ਹੱਥ ਧੋਏ ਛੂਹ ਲਵੇ ਤਾਂ ਉਹ ਮਨੁੱਖ ਆਪਣੇ ਕੱਪੜੇ ਧੋਵੇ, ਪਾਣੀ ਨਾਲ ਨਹਾਵੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ ।12ਉਸ ਮਿੱਟੀ ਦੇ ਭਾਂਡੇ ਨੂੰ ਜਿਸ ਨੂੰ ਪ੍ਰਮੇਹ ਵਾਲਾ ਛੂਹੇ, ਤੋੜ ਦਿੱਤਾ ਜਾਵੇ ਅਤੇ ਸਾਰੇ ਲੱਕੜ ਦੇ ਭਾਂਡੇ ਪਾਣੀ ਨਾਲ ਧੋਤੇ ਜਾਣ ।

13ਜਦੋਂ ਪ੍ਰਮੇਹ ਵਾਲਾ ਮਨੁੱਖ ਪ੍ਰਮੇਹ ਤੋਂ ਸ਼ੁੱਧ ਹੋ ਜਾਵੇ ਤਾਂ ਉਹ ਆਪਣੇ ਸ਼ੁੱਧ ਹੋਣ ਲਈ ਸੱਤ ਦਿਨ ਗਿਣੇ ਅਤੇ ਅਤੇ ਉਸ ਤੋਂ ਬਾਅਦ ਆਪਣੇ ਕੱਪੜੇ ਧੋਵੇ ਅਤੇ ਵਗਦੇ ਪਾਣੀ ਵਿੱਚ ਨਹਾਵੇ ਤਾਂ ਉਹ ਸ਼ੁੱਧ ਹੋਵੇਗਾ ।14ਅਤੇ ਅੱਠਵੇਂ ਦਿਨ ਉਹ ਦੋ ਘੁੱਗੀਆਂ ਜਾਂ ਕਬੂਤਰਾਂ ਦੇ ਦੋ ਬੱਚੇ ਲੈ ਕੇ ਯਹੋਵਾਹ ਦੇ ਅੱਗੇ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਦੇ ਕੋਲ ਆਵੇ ਅਤੇ ਜਾਜਕ ਨੂੰ ਦੇ ਦੇਵੇ ।15ਤਦ ਜਾਜਕ ਉਨ੍ਹਾਂ ਵਿੱਚੋਂ ਇੱਕ ਨੂੰ ਪਾਪ ਬਲੀ ਦੀ ਭੇਟ ਕਰਕੇ ਅਤੇ ਦੂਜੇ ਨੂੰ ਹੋਮ ਬਲੀ ਦੀ ਭੇਟ ਕਰਕੇ ਚੜ੍ਹਾਵੇ ਅਤੇ ਜਾਜਕ ਉਸ ਦੇ ਪ੍ਰਮੇਹ ਦੇ ਲਈ ਯਹੋਵਾਹ ਦੇ ਅੱਗੇ ਪ੍ਰਾਸਚਿਤ ਕਰੇ ।

16ਜੇਕਰ ਕਿਸੇ ਮਨੁੱਖ ਦਾ ਵੀਰਜ ਨਿੱਕਲੇ ਤਾਂ ਉਹ ਆਪਣਾ ਸਾਰਾ ਸਰੀਰ ਪਾਣੀ ਨਾਲ ਧੋਵੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ ।17ਅਤੇ ਜਿਸ ਕਿਸੇ ਬਸਤਰ ਜਾਂ ਚਮੜੇ ਉੱਤੇ ਉਹ ਵੀਰਜ ਪਵੇ, ਉਹ ਪਾਣੀ ਨਾਲ ਧੋਤੇ ਜਾਣ ਅਤੇ ਸ਼ਾਮ ਤੱਕ ਅਸ਼ੁੱਧ ਰਹਿਣ ।18ਜੇਕਰ ਕੋਈ ਪੁਰਖ ਕਿਸੇ ਇਸਤਰੀ ਨਾਲ ਸੰਗ ਕਰੇ ਅਤੇ ਉਸ ਤੋਂ ਵੀਰਜ ਨਿੱਕਲੇ ਤਾਂ ਉਹ ਦੋਵੇਂ ਪਾਣੀ ਨਾਲ ਨਹਾਉਣ ਅਤੇ ਸ਼ਾਮ ਤੱਕ ਅਸ਼ੁੱਧ ਰਹਿਣ ।

19ਜੇਕਰ ਕਿਸੇ ਇਸਤਰੀ ਨੂੰ ਪ੍ਰਮੇਹ ਹੋਵੇ ਅਤੇ ਉਸ ਦੇ ਪ੍ਰਮੇਹ ਵਿੱਚ ਲਹੂ ਹੋਵੇ ਤਾਂ ਉਹ ਸੱਤ ਦਿਨ ਤੱਕ ਵੱਖਰੀ ਕੀਤੀ ਜਾਵੇ ਅਤੇ ਜਿਹੜਾ ਉਸ ਨੂੰ ਛੂਹੇ ਉਹ ਸ਼ਾਮ ਤੱਕ ਅਸ਼ੁੱਧ ਰਹੇ ।20ਅਤੇ ਜਦ ਤੱਕ ਉਹ ਅਸ਼ੁੱਧ ਰਹੇ ਤਦ ਤੱਕ ਜਿਸ ਕਿਸੇ ਵਸਤੂ ਉੱਤੇ ਉਹ ਲੰਮੀ ਪਵੇ, ਅਤੇ ਜਿਸ ਕਿਸੇ ਵਸਤੂ ਉੱਤੇ ਉਹ ਬੈਠੇ ਉਹ ਸਭ ਅਸ਼ੁੱਧ ਹੋਣ ।
21ਅਤੇ ਜਿਹੜਾ ਉਸ ਦੇ ਵਿਛਾਉਣੇ ਨੂੰ ਛੂਹੇ ਉਹ ਆਪਣੇ ਕੱਪੜੇ ਧੋਵੇ, ਪਾਣੀ ਨਾਲ ਨਹਾਵੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ ।22ਜੇਕਰ ਕੋਈ ਉਸ ਵਸਤੂ ਨੂੰ ਛੂਹੇ ਜਿਸ ਉੱਤੇ ਉਹ ਬੈਠਦੀ ਸੀ, ਉਹ ਆਪਣੇ ਕੱਪੜੇ ਧੋਵੇ, ਪਾਣੀ ਨਾਲ ਨਹਾਵੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ ।23ਜੇਕਰ ਕੋਈ ਉਸ ਦੇ ਵਿਛਾਉਣੇ ਨੂੰ ਜਾਂ ਕਿਸੇ ਹੋਰ ਵਸਤੂ ਨੂੰ ਜਿਸ ਉੱਤੇ ਉਹ ਬੈਠੀ ਸੀ, ਛੂਹੇ, ਜਿਸ ਉੱਤੇ ਉਸ ਦਾ ਲਹੂ ਲੱਗਿਆ ਸੀ, ਤਾਂ ਉਹ ਸ਼ਾਮ ਤੱਕ ਅਸ਼ੁੱਧ ਰਹੇ ।
24ਜੇਕਰ ਕੋਈ ਮਨੁੱਖ ਉਸ ਦੇ ਨਾਲ ਸੰਗ ਕਰੇ ਅਤੇ ਉਸ ਨੂੰ ਉਸ ਦਾ ਲਹੂ ਲੱਗ ਜਾਵੇ ਤਾਂ ਉਹ ਮਨੁੱਖ ਸੱਤ ਦਿਨ ਤੱਕ ਅਸ਼ੁੱਧ ਰਹੇ ਅਤੇ ਜਿਸ ਕਿਸੇ ਵਿਛਾਉਣੇ ਉੱਤੇ ਉਹ ਲੰਮਾ ਪੈਂਦਾ ਹੈ, ਉਹ ਅਸ਼ੁੱਧ ਠਹਿਰੇ ।

25ਜੇਕਰ ਕਿਸੇ ਇਸਤਰੀ ਨੂੰ ਉਸ ਦੀ ਮਾਹਵਾਰੀ ਦੇ ਦਿਨਾਂ ਤੋਂ ਇਲਾਵਾ ਜਾਂ ਮਾਹਵਾਰੀ ਦੇ ਨਿਯੁਕਤ ਦਿਨਾਂ ਤੋਂ ਵੱਧ ਸਮੇਂ ਤੱਕ ਲਹੂ ਵੱਗਦਾ ਰਹੇ, ਤਾਂ ਜਦ ਤੱਕ ਉਹ ਅਜਿਹੀ ਹਾਲਤ ਵਿੱਚ ਰਹੇ ਤਦ ਤੱਕ ਉਹ ਅਸ਼ੁੱਧ ਰਹੇ ।26ਉਹ ਸਾਰੇ ਵਿਛਾਉਣੇ ਜਿਨ੍ਹਾਂ ਦੇ ਉੱਤੇ ਉਹ ਆਪਣੇ ਪ੍ਰਮੇਹ ਦੇ ਸਾਰੇ ਦਿਨਾਂ ਵਿੱਚ ਲੰਮੀ ਪਵੇ, ਉਹ ਉਸ ਦੀ ਮਾਹਵਾਰੀ ਦੇ ਵਿਛਾਉਣੇ ਦੀ ਤਰ੍ਹਾਂ ਠਹਿਰਣ, ਅਤੇ ਜਿਸ ਕਿਸੇ ਵਸਤੂ ਉੱਤੇ ਉਹ ਬੈਠੇ, ਉਹ ਸਭ ਉਸ ਦੀ ਮਾਹਵਾਰੀ ਦੇ ਦਿਨਾਂ ਦੀ ਅਸ਼ੁੱਧਤਾਈ ਦੀ ਤਰ੍ਹਾਂ ਅਸ਼ੁੱਧ ਹੋਣ ।27ਜਿਹੜਾ ਉਨ੍ਹਾਂ ਵਸਤੂਆਂ ਨੂੰ ਛੂਹੇ, ਉਹ ਅਸ਼ੁੱਧ ਠਹਿਰੇ, ਇਸ ਲਈ ਉਹ ਆਪਣੇ ਕੱਪੜੇ ਧੋਵੇ, ਪਾਣੀ ਨਾਲ ਨਹਾਵੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ ।
28ਪਰ ਜੇਕਰ ਉਹ ਆਪਣੇ ਪ੍ਰਮੇਹ ਤੋਂ ਸ਼ੁੱਧ ਹੋ ਜਾਵੇ, ਤਾਂ ਉਹ ਸੱਤ ਦਿਨ ਗਿਣੇ ਅਤੇ ਉਸ ਤੋਂ ਬਾਅਦ ਉਹ ਸ਼ੁੱਧ ਹੋ ਜਾਵੇਗੀ ।29ਅੱਠਵੇਂ ਦਿਨ ਉਹ ਦੋ ਘੁੱਗੀਆਂ ਜਾਂ ਕਬੂਤਰਾਂ ਦੇ ਦੋ ਬੱਚੇ ਲੈ ਕੇ ਉਨ੍ਹਾਂ ਨੂੰ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਦੇ ਅੱਗੇ ਜਾਜਕ ਦੇ ਕੋਲ ਲਿਆਵੇ ।30ਤਦ ਜਾਜਕ ਇੱਕ ਨੂੰ ਪਾਪ ਬਲੀ ਦੀ ਭੇਟ ਕਰਕੇ ਅਤੇ ਦੂਜੇ ਨੂੰ ਹੋਮ ਦੀ ਭੇਟ ਕਰਕੇ ਚੜ੍ਹਾਵੇ ਅਤੇ ਜਾਜਕ ਉਸ ਦੇ ਲਈ ਉਸ ਦੀ ਪ੍ਰਮੇਹ ਦੀ ਅਸ਼ੁੱਧਤਾਈ ਦੇ ਕਾਰਨ ਯਹੋਵਾਹ ਦੇ ਅੱਗੇ ਪ੍ਰਾਸਚਿਤ ਕਰੇ ।

31ਇਸ ਤਰ੍ਹਾਂ ਤੁਸੀਂ ਇਸਰਾਏਲੀਆਂ ਨੂੰ ਉਨ੍ਹਾਂ ਦੀ ਅਸ਼ੁੱਧਤਾਈ ਤੋਂ ਵੱਖਰਾ ਕਰਨਾ, ਅਜਿਹਾ ਨਾ ਹੋਵੇ ਕਿ ਉਹ ਆਪਣੀ ਅਸ਼ੁੱਧਤਾਈ ਦੇ ਕਾਰਨ ਮੇਰੇ ਉਸ ਡੇਰੇ ਨੂੰ ਭ੍ਰਿਸ਼ਟ ਕਰਨ ਜੋ ਉਨ੍ਹਾਂ ਦੇ ਵਿਚਕਾਰ ਹੈ ਅਤੇ ਇਸ ਕਾਰਨ ਮਰ ਨਾ ਜਾਣ ।

32ਜਿਸ ਨੂੰ ਪ੍ਰਮੇਹ ਹੋਵੇ ਅਤੇ ਜੋ ਪੁਰਖ ਵੀਰਜ ਨਿੱਕਲਣ ਦੇ ਕਾਰਨ ਅਸ਼ੁੱਧ ਹੋਵੇ,33ਅਤੇ ਜੋ ਇਸਤਰੀ ਮਾਹਵਾਰੀ ਵਿੱਚ ਹੋਵੇ, ਅਤੇ ਉਹ ਪੁਰਖ ਜਾਂ ਇਸਤਰੀ ਜਿਸ ਨੂੰ ਪ੍ਰਮੇਹ ਹੋਵੇ ਅਤੇ ਉਹ ਪੁਰਖ ਜੋ ਅਸ਼ੁੱਧ ਇਸਤਰੀ ਨਾਲ ਸੰਗ ਕਰੇ, ਉਨ੍ਹਾਂ ਸਾਰਿਆਂ ਦੇ ਲਈ ਇਹੋ ਹੀ ਬਿਵਸਥਾ ਹੈ ।

16
ਪ੍ਰਾਸਚਿਤ ਦਾ ਦਿਨ

1ਜਿਸ ਵੇਲੇ ਹਾਰੂਨ ਦੇ ਦੋ ਪੁੱਤਰ ਯਹੋਵਾਹ ਦੇ ਸਨਮੁਖ ਅਪਵਿੱਤਰ ਭੇਟ ਚੜ੍ਹਾ ਕੇ ਮਰ ਗਏ,2ਤਦ ਯਹੋਵਾਹ ਨੇ ਮੂਸਾ ਦੇ ਨਾਲ ਗੱਲ ਕਰਕੇ ਆਖਿਆ, ਆਪਣੇ ਭਰਾ ਹਾਰੂਨ ਨੂੰ ਆਖ, "ਉਹ ਪਵਿੱਤਰ ਸਥਾਨ ਵਿੱਚ ਪਰਦੇ ਦੇ ਅੰਦਰ ਪ੍ਰਾਸਚਿਤ ਦੇ ਸਰਪੋਸ਼ ਦੇ ਅੱਗੇ, ਜੋ ਸੰਦੂਕ ਦੇ ਉੱਤੇ ਹੈ, ਹਰ ਵਾਰੀ ਨਾ ਆਇਆ ਕਰੇ, ਤਾਂ ਜੋ ਉਹ ਮਰ ਨਾ ਜਾਵੇ, ਕਿਉਂ ਜੋ ਮੈਂ ਪ੍ਰਾਸਚਿਤ ਦੇ ਸਰਪੋਸ਼ ਦੇ ਉੱਤੇ ਬੱਦਲ ਵਿੱਚ ਪਰਗਟ ਹੋਵਾਂਗਾ ।

3ਜਦ ਹਾਰੂਨ ਪਵਿੱਤਰ ਸਥਾਨ ਵਿੱਚ ਆਵੇ ਤਦ ਉਹ ਇੱਕ ਜੁਆਨ ਬਲ਼ਦ ਪਾਪ ਬਲੀ ਦੀ ਭੇਟ ਲਈ ਅਤੇ ਇੱਕ ਭੇਡੂ ਹੋਮ ਬਲੀ ਦੀ ਭੇਟ ਲਈ ਲੈ ਕੇ ਆਇਆ ਕਰੇ ।4ਉਹ ਕਤਾਨ ਦਾ ਪਵਿੱਤਰ ਕੁੜਤਾ, ਕਤਾਨ ਦਾ ਅੰਗਰੱਖਾ, ਕਤਾਨ ਦਾ ਕਮਰ ਕੱਸਾ ਅਤੇ ਕਤਾਨ ਦੀ ਪਗੜੀ ਪਹਿਨ ਕੇ ਆਇਆ ਕਰੇ । ਇਹ ਪਵਿੱਤਰ ਬਸਤਰ ਹਨ, ਇਸ ਲਈ ਉਹ ਪਾਣੀ ਨਾਲ ਨਹਾ ਕੇ ਇਨ੍ਹਾਂ ਨੂੰ ਪਹਿਨੇ ।5ਉਹ ਇਸਰਾਏਲੀਆਂ ਦੀ ਮੰਡਲੀ ਤੋਂ ਪਾਪ ਬਲੀ ਦੀ ਭੇਟ ਲਈ ਬੱਕਰੀਆਂ ਦੇ ਦੋ ਮੇਮਣੇ ਅਤੇ ਹੋਮ ਬਲੀ ਭੇਟ ਲਈ ਇੱਕ ਭੇਡੂ ਲਵੇ ।
6ਅਤੇ ਹਾਰੂਨ ਉਸ ਪਾਪ ਬਲੀ ਦੀ ਭੇਟ ਦੇ ਬਲ਼ਦ ਨੂੰ, ਜੋ ਆਪ ਉਸ ਦੇ ਲਈ ਹੈ ਚੜ੍ਹਾਵੇ ਅਤੇ ਆਪਣੇ ਲਈ ਅਤੇ ਆਪਣੇ ਘਰਾਣੇ ਲਈ ਪ੍ਰਾਸਚਿਤ ਕਰੇ ।7ਉਹ ਉਨ੍ਹਾਂ ਦੋਨਾਂ ਮੇਮਣਿਆਂ ਨੂੰ ਲੈ ਕੇ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਦੇ ਕੋਲ ਯਹੋਵਾਹ ਦੇ ਅੱਗੇ ਖੜ੍ਹਾ ਕਰੇ ।
8ਅਤੇ ਹਾਰੂਨ ਉਨ੍ਹਾਂ ਦੋਹਾਂ ਬੱਕਰਿਆਂ ਉੱਤੇ ਪਰਚੀਆਂ ਪਾਵੇ, ਇੱਕ ਪਰਚੀ ਯਹੋਵਾਹ ਦੇ ਲਈ ਅਤੇ ਦੂਜੀ ਅਜ਼ਾਜ਼ੇਲ ਦੇ ਲਈ ।9ਜਿਸ ਬੱਕਰੇ ਉੱਤੇ ਯਹੋਵਾਹ ਲਈ ਪਰਚੀ ਨਿੱਕਲੇ, ਹਾਰੂਨ ਉਸ ਨੂੰ ਲੈ ਕੇ ਪਾਪ ਬਲੀ ਦੀ ਭੇਟ ਕਰਕੇ ਚੜ੍ਹਾਵੇ ।10ਪਰ ਉਹ ਬੱਕਰਾ ਜਿਸ ਦੇ ਉੱਤੇ ਅਜ਼ਾਜ਼ੇਲ ਲਈ ਪਰਚੀ ਨਿੱਕਲੀ, ਉਹ ਯਹੋਵਾਹ ਦੇ ਅੱਗੇ ਜੀਉਂਦਾ ਖੜ੍ਹਾ ਕੀਤਾ ਜਾਵੇ ਕਿ ਉਸ ਦੇ ਨਾਲ ਪ੍ਰਾਸਚਿਤ ਕੀਤਾ ਜਾਵੇ ਅਤੇ ਉਸ ਨੂੰ ਛੋਟ ਕਰ ਕੇ ਉਜਾੜ ਵਿੱਚ ਛੱਡ ਦਿੱਤਾ ਜਾਵੇ ।

11ਹਾਰੂਨ ਉਸ ਪਾਪ ਬਲੀ ਦੀ ਭੇਟ ਦੇ ਬਲ਼ਦ ਨੂੰ ਜੋ ਉਸਨੇ ਆਪਣੇ ਲਈ ਲਿਆ ਹੈ, ਲਿਆਵੇ ਅਤੇ ਉਸ ਨੂੰ ਵੱਢ ਕੇ ਆਪਣੇ ਲਈ ਅਤੇ ਆਪਣੇ ਘਰਾਣੇ ਲਈ ਪ੍ਰਾਸਚਿਤ ਕਰੇ ।
12ਅਤੇ ਉਹ ਜਗਵੇਦੀ ਦੇ ਉੱਤੋਂ ਕੋਲਿਆਂ ਦੀ ਅੱਗ ਨਾਲ ਧੂਪਦਾਨੀ ਨੂੰ ਭਰੇ ਅਤੇ ਆਪਣੇ ਦੋਵੇਂ ਹੱਥਾਂ ਵਿੱਚ ਮਹੀਨ ਕੁੱਟੇ ਹੋਏ ਸੁਗੰਧ ਧੂਪ ਨੂੰ ਭਰ ਕੇ ਪਰਦੇ ਦੇ ਅੰਦਰ ਲੈ ਆਵੇ ।13ਉਹ ਉਸ ਧੂਪ ਨੂੰ ਯਹੋਵਾਹ ਦੇ ਅੱਗੇ ਅੱਗ ਦੇ ਉੱਤੇ ਪਾਵੇ, ਤਾਂ ਜੋ ਧੂਪ ਦਾ ਧੂੰਆਂ ਪ੍ਰਾਸਚਿਤ ਦੇ ਸਰਪੋਸ਼ ਨੂੰ ਜੋ ਸਾਖੀ ਦੇ ਉੱਤੇ ਹੈ, ਢੱਕ ਲਵੇ, ਤਾਂ ਜੋ ਉਹ ਮਰ ਨਾ ਜਾਵੇ ।
14ਤਦ ਉਹ ਬਲ਼ਦ ਦੇ ਲਹੂ ਵਿੱਚੋਂ ਕੁਝ ਲੈ ਕੇ ਪੂਰਬ ਦੀ ਵੱਲ ਉਸ ਨੂੰ ਪ੍ਰਾਸਚਿਤ ਦੇ ਸਰਪੋਸ਼ ਉੱਤੇ ਆਪਣੀ ਉਂਗਲ ਨਾਲ ਛਿੜਕੇ ਅਤੇ ਫੇਰ ਉਸ ਲਹੂ ਵਿੱਚੋਂ ਕੁਝ ਆਪਣੀ ਉਂਗਲ ਨਾਲ ਪ੍ਰਾਸਚਿਤ ਦੇ ਸਰਪੋਸ਼ ਦੇ ਅੱਗੇ ਸੱਤ ਵਾਰੀ ਛਿੜਕੇ ।

15ਫੇਰ ਉਹ ਪਾਪ ਬਲੀ ਦੀ ਭੇਟ ਦੇ ਬੱਕਰੇ ਨੂੰ ਜੋ ਲੋਕਾਂ ਦੇ ਲਈ ਹੈ, ਵੱਢੇ ਅਤੇ ਉਸ ਦਾ ਲਹੂ ਪਰਦੇ ਦੇ ਅੰਦਰ ਲਿਆਵੇ ਅਤੇ ਜਿਵੇਂ ਉਸ ਨੇ ਬਲ਼ਦ ਦੇ ਲਹੂ ਨਾਲ ਕੀਤਾ ਸੀ, ਉਸੇ ਤਰ੍ਹਾਂ ਹੀ ਉਹ ਉਸ ਦੇ ਲਹੂ ਨਾਲ ਕਰੇ ਅਰਥਾਤ ਪ੍ਰਾਸਚਿਤ ਦੇ ਸਰਪੋਸ਼ ਦੇ ਉੱਤੇ ਅਤੇ ਉਸ ਦੇ ਸਾਹਮਣੇ ਉਸ ਨੂੰ ਛਿੜਕੇ ।16ਅਤੇ ਉਹ ਇਸਰਾਏਲੀਆਂ ਦੀ ਅਲੱਗ-ਅਲੱਗ ਅਸ਼ੁੱਧਤਾਈ, ਅਤੇ ਉਨ੍ਹਾਂ ਦੇ ਪਾਪਾਂ, ਅਤੇ ਉਨ੍ਹਾਂ ਦੇ ਸਾਰੇ ਅਪਰਾਧਾਂ ਦੇ ਕਾਰਨ, ਪਵਿੱਤਰ ਸਥਾਨ ਦੇ ਲਈ ਪ੍ਰਾਸਚਿਤ ਕਰੇ ਅਤੇ ਇਸੇ ਤਰ੍ਹਾਂ ਹੀ ਉਹ ਮੰਡਲੀ ਦੇ ਡੇਰੇ ਦੇ ਲਈ ਕਰੇ ਜਿਹੜਾ ਉਨ੍ਹਾਂ ਦੀ ਅਸ਼ੁੱਧਤਾਈ ਦੇ ਵਿਚਕਾਰ ਰਹਿੰਦਾ ਹੈ ।
17ਜਿਸ ਵੇਲੇ ਹਾਰੂਨ ਪਵਿੱਤਰ ਸਥਾਨ ਵਿੱਚ ਪ੍ਰਾਸਚਿਤ ਕਰਨ ਲਈ ਜਾਵੇ, ਤਾਂ ਜਦ ਤੱਕ ਉਹ ਆਪਣੇ ਲਈ, ਆਪਣੇ ਘਰਾਣੇ ਦੇ ਲਈ ਅਤੇ ਇਸਰਾਏਲ ਦੀ ਸਾਰੀ ਮੰਡਲੀ ਦੇ ਲਈ ਪ੍ਰਾਸਚਿਤ ਪੂਰਾ ਕਰਕੇ ਬਾਹਰ ਨਾ ਨਿੱਕਲੇ, ਤਦ ਤੱਕ ਮੰਡਲੀ ਦੇ ਡੇਰੇ ਵਿੱਚ ਹੋਰ ਕੋਈ ਮਨੁੱਖ ਨਾ ਜਾਵੇ ।18ਫੇਰ ਉਹ ਨਿੱਕਲ ਕੇ ਉਸ ਜਗਵੇਦੀ ਦੇ ਕੋਲ ਜਾਵੇ ਜਿਹੜੀ ਯਹੋਵਾਹ ਦੇ ਅੱਗੇ ਹੈ, ਅਤੇ ਉਸ ਦੇ ਲਈ ਪ੍ਰਾਸਚਿਤ ਕਰੇ ਅਤੇ ਬਲ਼ਦ ਦੇ ਲਹੂ ਅਤੇ ਬੱਕਰੇ ਦੇ ਲਹੂ ਤੋਂ ਕੁਝ ਲੈ ਕੇ ਉਸ ਨੂੰ ਜਗਵੇਦੀ ਦੇ ਸਿੰਗਾਂ ਉੱਤੇ ਅਤੇ ਆਲੇ-ਦੁਆਲੇ ਛਿੜਕੇ ।19ਅਤੇ ਉਹ ਉਸ ਲਹੂ ਤੋਂ ਆਪਣੀ ਉਂਗਲ ਨਾਲ ਕੁਝ ਲੈ ਕੇ ਸੱਤ ਵਾਰੀ ਉਸ ਦੇ ਉੱਤੇ ਛਿੜਕੇ ਅਤੇ ਇਸਰਾਏਲੀਆਂ ਦੀ ਅਲੱਗ-ਅਲੱਗ ਅਸ਼ੁੱਧਤਾਈਆਂ ਤੋਂ ਉਸ ਨੂੰ ਪਵਿੱਤਰ ਕਰੇ ।
ਪ੍ਰਾਸਚਿਤ ਦਾ ਬੱਕਰਾ

20ਜਦ ਉਹ ਪਵਿੱਤਰ ਸਥਾਨ ਅਤੇ ਮੰਡਲੀ ਦੇ ਡੇਰੇ ਅਤੇ ਜਗਵੇਦੀ ਦਾ ਪ੍ਰਾਸਚਿਤ ਪੂਰਾ ਕਰ ਲਵੇ ਤਾਂ ਜੀਉਂਦੇ ਬੱਕਰੇ ਨੂੰ ਲਿਆਵੇ,21ਅਤੇ ਹਾਰੂਨ ਆਪਣੇ ਦੋਹਾਂ ਹੱਥਾਂ ਨੂੰ ਜੀਉਂਦੇ ਬੱਕਰੇ ਦੇ ਸਿਰ ਉੱਤੇ ਰੱਖੇ ਅਤੇ ਇਸਰਾਏਲੀਆਂ ਦੀਆਂ ਬਦੀਆਂ, ਉਨ੍ਹਾਂ ਦੇ ਸਾਰੇ ਪਾਪਾਂ, ਅਤੇ ਉਨ੍ਹਾਂ ਦੇ ਸਾਰੇ ਅਪਰਾਧਾਂ ਦਾ ਇਕਰਾਰ ਕਰੇ ਅਤੇ ਉਨ੍ਹਾਂ ਨੂੰ ਬੱਕਰੇ ਦੇ ਸਿਰ ਉੱਤੇ ਰੱਖ ਕੇ ਉਸ ਨੂੰ ਕਿਸੇ ਮਨੁੱਖ ਦੇ ਹੱਥ ਜਿਹੜਾ ਇਸ ਕੰਮ ਲਈ ਤਿਆਰ ਹੋਵੇ, ਉਜਾੜ ਵਿੱਚ ਭੇਜ ਦੇਵੇ ।22ਉਹ ਬੱਕਰਾ ਉਨ੍ਹਾਂ ਦੀਆਂ ਸਾਰੀਆਂ ਬਦੀਆਂ ਨੂੰ ਆਪਣੇ ਸਿਰ ਤੇ ਚੁੱਕ ਕੇ ਕਿਸੇ ਉਜਾੜ ਸਥਾਨ ਨੂੰ ਚੱਲਿਆ ਜਾਵੇ ਅਤੇ ਉਹ ਮਨੁੱਖ ਉਸ ਬੱਕਰੇ ਨੂੰ ਉਜਾੜ ਵਿੱਚ ਛੱਡ ਦੇਵੇ ।
23ਤਦ ਹਾਰੂਨ ਮੰਡਲੀ ਦੇ ਡੇਰੇ ਵਿੱਚ ਆਵੇ ਅਤੇ ਜਿਹੜੇ ਕਤਾਨੀ ਬਸਤਰ ਉਸ ਨੇ ਪਵਿੱਤਰ ਸਥਾਨ ਵਿੱਚ ਜਾਣ ਦੇ ਵੇਲੇ ਪਹਿਨੇ ਸਨ, ਉਨ੍ਹਾਂ ਨੂੰ ਲਾਹ ਕੇ ਰੱਖ ਦੇਵੇ ।24ਫੇਰ ਉਹ ਕਿਸੇ ਪਵਿੱਤਰ ਸਥਾਨ ਵਿੱਚ ਪਾਣੀ ਨਾਲ ਨਹਾਵੇ, ਆਪਣੇ ਸਧਾਰਨ ਬਸਤਰ ਪਾਵੇ ਅਤੇ ਬਾਹਰ ਨਿੱਕਲ ਕੇ ਆਪਣੀ ਹੋਮ ਬਲੀ ਦੀ ਭੇਟ ਅਤੇ ਲੋਕਾਂ ਦੀ ਹੋਮ ਬਲੀ ਦੀ ਭੇਟ ਚੜ੍ਹਾਵੇ ਅਤੇ ਆਪਣੇ ਲਈ ਅਤੇ ਲੋਕਾਂ ਦੇ ਲਈ ਪ੍ਰਾਸਚਿਤ ਕਰੇ ।
25ਅਤੇ ਪਾਪ ਬਲੀ ਦੀ ਭੇਟ ਦੀ ਚਰਬੀ ਨੂੰ ਉਹ ਜਗਵੇਦੀ ਉੱਤੇ ਸਾੜੇ ।26ਅਤੇ ਜਿਹੜਾ ਮਨੁੱਖ ਉਸ ਬੱਕਰੇ ਨੂੰ ਅਜ਼ਾਜ਼ੇਲ ਲਈ ਛੱਡ ਕੇ ਆਇਆ, ਉਹ ਵੀ ਆਪਣੇ ਕੱਪੜੇ ਧੋਵੇ ਅਤੇ ਪਾਣੀ ਨਾਲ ਨਹਾਵੇ ਅਤੇ ਫੇਰ ਡੇਰੇ ਵਿੱਚ ਆਵੇ ।
27ਉਹ ਉਸ ਪਾਪ ਬਲੀ ਦੀ ਭੇਟ ਦੇ ਬਲ਼ਦ ਅਤੇ ਪਾਪ ਬਲੀ ਦੀ ਭੇਟ ਦੇ ਬੱਕਰੇ ਨੂੰ, ਜਿਨ੍ਹਾਂ ਦਾ ਲਹੂ ਪਵਿੱਤਰ ਸਥਾਨ ਵਿੱਚ ਪ੍ਰਾਸਚਿਤ ਕਰਨ ਲਈ ਲਿਆਂਦਾ ਗਿਆ ਸੀ, ਡੇਰੇ ਤੋਂ ਬਾਹਰ ਲੈ ਜਾਵੇ ਅਤੇ ਉਨ੍ਹਾਂ ਦੀਆਂ ਖੱਲਾਂ, ਮਾਸ ਅਤੇ ਗੋਹੇ ਨੂੰ ਅੱਗ ਵਿੱਚ ਸਾੜ ਦੇਵੇ ।28ਜਿਹੜਾ ਉਨ੍ਹਾਂ ਨੂੰ ਸਾੜੇ, ਉਹ ਆਪਣੇ ਕੱਪੜੇ ਧੋਵੇ ਅਤੇ ਪਾਣੀ ਨਾਲ ਨਹਾਵੇ ਅਤੇ ਫੇਰ ਡੇਰੇ ਵਿੱਚ ਆਵੇ ।
ਪ੍ਰਾਸਚਿਤ ਦਾ ਦਿਨ ਮੰਨਣਾ

29ਇਹ ਤੁਹਾਡੇ ਲਈ ਇੱਕ ਸਦਾ ਦੀ ਬਿਧੀ ਠਹਿਰੇ, ਕਿ ਸੱਤਵੇਂ ਮਹੀਨੇ ਦੇ ਦਸਵੇਂ ਦਿਨ ਤੁਸੀਂ ਆਪਣੇ ਪ੍ਰਾਣਾਂ ਨੂੰ ਦੁੱਖ ਦੇਣਾ ਅਤੇ ਉਸ ਦਿਨ ਕੋਈ ਵੀ ਮਨੁੱਖ ਕੰਮ ਨਾ ਕਰੇ ਭਾਵੇਂ ਉਹ ਆਪਣੇ ਦੇਸ਼ ਦਾ ਹੋਵੇ, ਭਾਵੇਂ ਪਰਦੇਸੀ ਜਿਹੜਾ ਤੁਹਾਡੇ ਵਿਚਕਾਰ ਰਹਿੰਦਾ ਹੈ,30ਕਿਉਂ ਜੋ ਉਸੇ ਦਿਨ ਜਾਜਕ ਤੁਹਾਨੂੰ ਸ਼ੁੱਧ ਕਰਨ ਲਈ ਤੁਹਾਡੇ ਲਈ ਪ੍ਰਾਸਚਿਤ ਕਰੇ ਤਾਂ ਜੋ ਤੁਸੀਂ ਆਪਣੇ ਸਾਰੇ ਪਾਪਾਂ ਤੋਂ ਯਹੋਵਾਹ ਦੇ ਅੱਗੇ ਸ਼ੁੱਧ ਹੋਵੋ ।31ਇਹ ਤੁਹਾਡੇ ਲਈ ਇੱਕ ਮਹਾਂ-ਵਿਸ਼ਰਾਮ ਦਾ ਦਿਨ ਹੋਵੇ ਅਤੇ ਇੱਕ ਸਦਾ ਦੀ ਬਿਧੀ ਦੇ ਅਨੁਸਾਰ ਤੁਸੀਂ ਆਪਣੇ ਪ੍ਰਾਣਾਂ ਨੂੰ ਦੁੱਖ ਦੇਣਾ ।
32ਜਿਸ ਦਾ ਆਪਣੇ ਪਿਤਾ ਦੇ ਥਾਂ ਉੱਤੇ ਜਾਜਕ ਹੋਣ ਲਈ ਮਸਹ ਕੀਤਾ ਜਾਵੇ, ਉਹ ਜਾਜਕ ਪ੍ਰਾਸਚਿਤ ਕਰੇ ਅਤੇ ਕਤਾਨ ਦੇ ਪਵਿੱਤਰ ਬਸਤਰਾਂ ਨੂੰ ਪਹਿਨੇ ।33ਉਹ ਪਵਿੱਤਰ ਸਥਾਨ ਦੇ ਲਈ, ਮੰਡਲੀ ਦੇ ਡੇਰੇ ਦੇ ਲਈ ਅਤੇ ਜਗਵੇਦੀ ਦੇ ਲਈ ਪ੍ਰਾਸਚਿਤ ਕਰੇ ਅਤੇ ਉਹ ਜਾਜਕਾਂ ਦੇ ਲਈ ਅਤੇ ਮੰਡਲੀ ਦੇ ਸਾਰੇ ਲੋਕਾਂ ਦੇ ਲਈ ਪ੍ਰਾਸਚਿਤ ਕਰੇ ।

34ਇਹ ਤੁਹਾਡੇ ਲਈ ਇੱਕ ਸਦਾ ਦੀ ਬਿਧੀ ਠਹਿਰੇ ਕਿ ਤੁਸੀਂ ਇਸਰਾਏਲੀਆਂ ਦੇ ਸਾਰੇ ਪਾਪਾਂ ਦੇ ਲਈ ਸਾਲ ਵਿੱਚ ਇੱਕ ਵਾਰੀ ਪ੍ਰਾਸਚਿਤ ਕਰੋ । " ਹਾਰੂਨ ਨੇ ਉਸੇ ਤਰ੍ਹਾਂ ਹੀ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ।

17
ਖੂਨ ਦੀ ਪਵਿੱਤਰਤਾ

1ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,2ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਅਤੇ ਇਸਰਾਏਲ ਦੀ ਸਾਰੀ ਮੰਡਲੀ ਨਾਲ ਗੱਲ ਕਰਕੇ ਉਨ੍ਹਾਂ ਨੂੰ ਆਖ, ਜਿਸ ਕੰਮ ਦਾ ਯਹੋਵਾਹ ਨੇ ਹੁਕਮ ਦਿੱਤਾ ਹੈ, ਉਹ ਇਹ ਹੈ:3ਜੇਕਰ ਇਸਰਾਏਲ ਦੇ ਘਰਾਣੇ ਤੋਂ ਕੋਈ ਵੀ ਮਨੁੱਖ ਜੋ ਬਲ਼ਦ, ਜਾਂ ਲੇਲਾ, ਜਾਂ ਬੱਕਰਾ ਡੇਰੇ ਵਿੱਚ ਜਾਂ ਡੇਰੇ ਤੋਂ ਬਾਹਰ ਵੱਢੇ,4ਅਤੇ ਉਸ ਨੂੰ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਦੇ ਕੋਲ ਯਹੋਵਾਹ ਦੇ ਅੱਗੇ, ਯਹੋਵਾਹ ਦੇ ਨਿਵਾਸ ਸਥਾਨ ਦੇ ਸਾਹਮਣੇ ਬਲੀ ਚੜ੍ਹਾਉਣ ਲਈ ਨਾ ਲਿਆਵੇ, ਤਾਂ ਉਹ ਮਨੁੱਖ ਖੂਨ ਦਾ ਦੋਸ਼ੀ ਠਹਿਰੇ । ਉਸ ਨੇ ਲਹੂ ਬਹਾਇਆ ਹੈ ਇਸ ਲਈ ਉਹ ਮਨੁੱਖ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ ।

5ਇਸ ਬਿਧੀ ਦਾ ਕਾਰਨ ਇਹ ਹੈ ਕਿ ਇਸਰਾਏਲੀ ਆਪਣੀਆਂ ਬਲੀਆਂ ਜਿਨ੍ਹਾਂ ਨੂੰ ਉਹ ਖੁੱਲ੍ਹੇ ਮੈਦਾਨ ਵਿੱਚ ਚੜ੍ਹਾਉਂਦੇ ਹਨ, ਉਨ੍ਹਾਂ ਨੂੰ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਕੋਲ ਜਾਜਕ ਦੇ ਕੋਲ ਯਹੋਵਾਹ ਦੇ ਅੱਗੇ ਸੁੱਖ-ਸਾਂਦ ਦੀਆਂ ਭੇਟਾਂ ਕਰਕੇ ਲਿਆਉਣ ।6ਅਤੇ ਜਾਜਕ ਉਸ ਲਹੂ ਨੂੰ ਯਹੋਵਾਹ ਦੀ ਜਗਵੇਦੀ ਦੇ ਉੱਤੇ ਅਤੇ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਦੇ ਕੋਲ ਛਿੜਕੇ ਅਤੇ ਚਰਬੀ ਨੂੰ ਯਹੋਵਾਹ ਦੇ ਅੱਗੇ ਸੁਗੰਧਤਾ ਕਰ ਕੇ ਸਾੜੇ ।
7ਤਾਂ ਜੋ ਉਹ ਜਿਹੜੇ ਬੱਕਰਿਆਂ ਦੀ ਪੂਜਾ ਕਰਕੇ ਵਿਭਚਾਰ ਕਰਦੇ ਹਨ, ਫੇਰ ਕਦੀ ਆਪਣੀਆਂ ਬਲੀਆਂ ਉਨ੍ਹਾਂ ਦੇ ਅੱਗੇ ਨਾ ਚੜ੍ਹਾਉਣ । ਇਹ ਉਨ੍ਹਾਂ ਦੇ ਲਈ ਉਨ੍ਹਾਂ ਦੀ ਪੀੜ੍ਹੀਆਂ ਤੱਕ ਇੱਕ ਸਦਾ ਦੀ ਬਿਧੀ ਹੋਵੇਗੀ ।

8ਤੂੰ ਉਨ੍ਹਾਂ ਨੂੰ ਇਹ ਆਖ, ਭਾਵੇਂ ਇਸਰਾਏਲ ਦੇ ਘਰਾਣੇ ਦਾ ਕੋਈ ਮਨੁੱਖ ਹੋਵੇ, ਜਾਂ ਪਰਦੇਸੀਆਂ ਵਿੱਚੋਂ ਜੋ ਤੁਹਾਡੇ ਵਿਚਕਾਰ ਰਹਿੰਦੇ ਹਨ, ਜਿਹੜਾ ਹੋਮ ਬਲੀ ਦੀ ਭੇਟ ਜਾਂ ਸੁੱਖ-ਸਾਂਦ ਦੀ ਭੇਟ ਚੜ੍ਹਾਵੇ,9ਅਤੇ ਉਹ ਉਸ ਨੂੰ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਦੇ ਕੋਲ ਯਹੋਵਾਹ ਦੇ ਅੱਗੇ ਚੜ੍ਹਾਉਣ ਲਈ ਨਾ ਲਿਆਵੇ, ਉਹ ਮਨੁੱਖ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ ।

10ਕੋਈ ਵੀ ਮਨੁੱਖ ਭਾਵੇਂ ਇਸਰਾਏਲ ਦੇ ਘਰਾਣੇ ਦਾ ਹੋਵੇ, ਜਾਂ ਪਰਦੇਸੀਆਂ ਵਿੱਚੋਂ ਜੋ ਤੁਹਾਡੇ ਵਿਚਕਾਰ ਵੱਸਦੇ ਹਨ, ਜਿਹੜਾ ਕਿਸੇ ਪ੍ਰਕਾਰ ਦਾ ਲਹੂ ਖਾਵੇ ਤਾਂ ਮੈਂ ਉਸ ਲਹੂ ਖਾਣ ਵਾਲੇ ਮਨੁੱਖ ਦੇ ਵਿਰੁੱਧ ਹੋ ਕੇ ਉਸ ਨੂੰ ਉਸ ਦੇ ਲੋਕਾਂ ਵਿੱਚੋਂ ਨਾਸ਼ ਕਰ ਦਿਆਂਗਾ ।11ਕਿਉਂ ਜੋ ਸਰੀਰ ਦੀ ਜਾਨ ਉਸ ਦੇ ਲਹੂ ਵਿੱਚ ਹੈ ਅਤੇ ਮੈਂ ਉਸ ਨੂੰ ਜਗਵੇਦੀ ਦੇ ਉੱਤੇ ਤੁਹਾਡੇ ਪ੍ਰਾਣਾਂ ਦੇ ਪ੍ਰਾਸਚਿਤ ਕਰਨ ਲਈ ਦਿੱਤਾ ਹੈ, ਕਿਉਂਕਿ ਪ੍ਰਾਣਾਂ ਦੇ ਲਈ ਲਹੂ ਨਾਲ ਹੀ ਪ੍ਰਾਸਚਿਤ ਹੁੰਦਾ ਹੈ ।
12ਇਸ ਲਈ ਮੈਂ ਇਸਰਾਏਲੀਆਂ ਨੂੰ ਆਖਦਾ ਹਾਂ, ਕਿ ਤੁਹਾਡੇ ਵਿੱਚੋਂ ਕੋਈ ਮਨੁੱਖ ਲਹੂ ਨਾ ਖਾਵੇ, ਨਾ ਹੀ ਕੋਈ ਪਰਦੇਸੀ ਜੋ ਤੁਹਾਡੇ ਵਿਚਕਾਰ ਵੱਸਦਾ ਹੈ, ਲਹੂ ਖਾਵੇ ।

13ਕੋਈ ਵੀ ਮਨੁੱਖ ਭਾਵੇਂ ਇਸਰਾਏਲੀਆਂ ਵਿੱਚੋਂ ਜਾਂ ਉਨ੍ਹਾਂ ਪਰਦੇਸੀਆਂ ਵਿੱਚੋਂ ਜੋ ਤੁਹਾਡੇ ਵਿਚਕਾਰ ਵੱਸਦੇ ਹਨ, ਜਿਹੜਾ ਸ਼ਿਕਾਰ ਕਰਕੇ ਕਿਸੇ ਖਾਣ ਯੋਗ ਪਸ਼ੂ ਜਾਂ ਪੰਛੀ ਨੂੰ ਫੜ੍ਹੇ ਤਾਂ ਉਹ ਉਸ ਦੇ ਲਹੂ ਨੂੰ ਡੋਲ੍ਹ ਕੇ ਮਿੱਟੀ ਨਾਲ ਢੱਕ ਦੇਵੇ ।
14ਕਿਉਂ ਜੋ ਸਾਰੇ ਸਰੀਰਾਂ ਦਾ ਪ੍ਰਾਣ ਉਨ੍ਹਾਂ ਦੇ ਲਹੂ ਵਿੱਚ ਹੀ ਵੱਸਦਾ ਹੈ, ਇਸ ਲਈ ਮੈਂ ਇਸਰਾਏਲੀਆਂ ਨੂੰ ਆਖਦਾ ਹਾਂ, ਤੁਸੀਂ ਕਿਸੇ ਪ੍ਰਕਾਰ ਦਾ ਮਾਸ ਲਹੂ ਸਮੇਤ ਨਾ ਖਾਣਾ, ਕਿਉਂ ਜੋ ਸਾਰੇ ਸਰੀਰਾਂ ਦੀ ਜਾਨ ਉਨ੍ਹਾਂ ਦੇ ਲਹੂ ਵਿੱਚ ਹੀ ਹੈ । ਕੋਈ ਵੀ ਜਿਹੜਾ ਉਸ ਨੂੰ ਖਾਵੇ, ਉਹ ਛੇਕਿਆ ਜਾਵੇ ।
15ਅਤੇ ਕੋਈ ਵੀ ਮਨੁੱਖ ਜਿਹੜਾ ਆਪਣੇ ਦੇਸ਼ ਦਾ ਹੋਵੇ ਜਾਂ ਪਰਦੇਸੀ, ਉਸ ਜੀਵ ਨੂੰ ਖਾਵੇ, ਜਿਹੜਾ ਆਪਣੇ ਆਪ ਮਰ ਗਿਆ ਹੋਵੇ, ਜਾਂ ਦੂਜੇ ਪਸ਼ੂਆਂ ਦੁਆਰਾ ਮਾਰਿਆ ਗਿਆ ਹੋਵੇ ਉਹ ਆਪਣੇ ਕੱਪੜੇ ਧੋਵੇ ਅਤੇ ਪਾਣੀ ਨਾਲ ਨਹਾਵੇ, ਉਹ ਸ਼ਾਮ ਤੱਕ ਅਸ਼ੁੱਧ ਰਹੇ । ਫੇਰ ਉਹ ਸ਼ੁੱਧ ਠਹਿਰੇਗਾ ।16ਪਰ ਜੇਕਰ ਉਹ ਆਪਣੇ ਕੱਪੜੇ ਨਾ ਧੋਵੇ ਅਤੇ ਨਾ ਨਹਾਵੇ ਤਾਂ ਉਸ ਦਾ ਦੋਸ਼ ਉਸੇ ਦੇ ਜੁੰਮੇ ਹੈ ।

18
ਵਰਜਿਤ ਯੋਨ ਸੰਬੰਧ

1ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,2ਇਸਰਾਏਲੀਆਂ ਨਾਲ ਗੱਲ ਕਰ ਕੇ ਆਖ, ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ ।3ਤੁਸੀਂ ਮਿਸਰ ਦੇ ਦੇਸ਼ ਦੇ ਕੰਮਾਂ ਦੇ ਅਨੁਸਾਰ ਨਾ ਕਰਨਾ, ਜਿਸ ਦੇ ਵਿੱਚ ਤੁਸੀਂ ਵੱਸਦੇ ਸੀ ਅਤੇ ਨਾ ਕਨਾਨ ਦੇ ਕੰਮਾਂ ਦੇ ਅਨੁਸਾਰ ਕਰਨਾ, ਜਿੱਥੇ ਮੈਂ ਤੁਹਾਨੂੰ ਲੈ ਕੇ ਜਾ ਰਿਹਾ ਹਾਂ, ਨਾ ਹੀ ਤੁਸੀਂ ਉਨ੍ਹਾਂ ਦੀਆਂ ਰੀਤਾਂ ਅਨੁਸਾਰ ਚੱਲਣਾ ।

4ਤੁਸੀਂ ਮੇਰੇ ਹੀ ਨਿਯਮਾਂ ਨੂੰ ਮੰਨਣਾ ਅਤੇ ਮੇਰੀਆਂ ਹੀ ਬਿਧੀਆਂ ਨੂੰ ਮੰਨ ਕੇ ਉਨ੍ਹਾਂ ਦੇ ਅਨੁਸਾਰ ਚੱਲਣਾ, ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ ।5ਇਸ ਲਈ ਤੁਸੀਂ ਮੇਰੀਆਂ ਬਿਧੀਆਂ ਅਤੇ ਨਿਯਮਾਂ ਦੀ ਪਾਲਣਾ ਕਰਨਾ । ਜਿਹੜਾ ਇਨ੍ਹਾਂ ਦੀ ਪਾਲਣਾ ਕਰੇਗਾ, ਉਹ ਇਨ੍ਹਾਂ ਦੇ ਕਾਰਨ ਜੀਉਂਦਾ ਰਹੇਗਾ । ਮੈਂ ਹੀ ਯਹੋਵਾਹ ਹਾਂ ।

6ਤੁਹਾਡੇ ਵਿੱਚੋਂ ਕੋਈ ਆਪਣੇ ਨਜ਼ਦੀਕੀ ਰਿਸ਼ਤੇਦਾਰ ਦਾ ਨੰਗੇਜ ਉਘਾੜਨ ਲਈ ਉਨ੍ਹਾਂ ਦੇ ਕੋਲ ਨਾ ਜਾਵੇ । ਮੈਂ ਯਹੋਵਾਹ ਹਾਂ ।7ਤੂੰ ਆਪਣੇ ਪਿਤਾ ਦਾ ਨੰਗੇਜ ਅਤੇ ਆਪਣੀ ਮਾਂ ਦਾ ਨੰਗੇਜ ਨਾ ਉਘਾੜੀਂ, ਉਹ ਤੇਰੀ ਮਾਂ ਹੈ, ਤੂੰ ਉਸ ਦਾ ਨੰਗੇਜ ਨਾ ਉਘਾੜੀਂ ।8ਤੂੰ ਆਪਣੀ ਸੌਤੇਲੀ ਮਾਂ ਦਾ ਨੰਗੇਜ ਨਾ ਉਘਾੜੀਂ, ਇਹ ਤਾਂ ਤੇਰੇ ਪਿਤਾ ਦਾ ਹੀ ਨੰਗੇਜ ਹੈ ।
9ਤੂੰ ਆਪਣੀ ਭੈਣ ਭਾਵੇਂ ਉਹ ਤੇਰੀ ਸੱਕੀ ਭੈਣ ਹੋਵੇ ਜਾਂ ਸੌਤੇਲੀ, ਭਾਵੇਂ ਘਰ ਵਿੱਚ ਜੰਮੀ ਹੋਏ ਭਾਵੇਂ ਬਾਹਰ, ਤੂੰ ਉਸ ਦਾ ਨੰਗੇਜ ਨਾ ਉਘਾੜੀਂ ।10ਤੂੰ ਆਪਣੀ ਪੋਤਰੀ ਜਾਂ ਆਪਣੀ ਦੋਤਰੀ ਦਾ ਨੰਗੇਜ ਨਾ ਉਘਾੜੀਂ, ਕਿਉਂ ਜੋ ਉਨ੍ਹਾਂ ਦਾ ਨੰਗੇਜ ਤਾਂ ਤੇਰਾ ਆਪਣਾ ਹੀ ਹੈ ।11ਤੂੰ ਆਪਣੀ ਸੌਤੇਲੀ ਭੈਣ ਦਾ, ਜੋ ਤੇਰੇ ਪਿਤਾ ਤੋਂ ਜੰਮੀ ਹੈ, ਉਸ ਦਾ ਨੰਗੇਜ ਨਾ ਉਘਾੜੀਂ, ਕਿਉਂ ਜੋ ਉਹ ਤੇਰੀ ਭੈਣ ਹੈ ।
12ਤੂੰ ਆਪਣੇ ਪਿਤਾ ਦੀ ਭੈਣ ਦਾ ਨੰਗੇਜ ਨਾ ਉਘਾੜੀਂ, ਉਹ ਤੇਰੇ ਪਿਤਾ ਦੀ ਨਜ਼ਦੀਕੀ ਰਿਸ਼ਤੇਦਾਰ ਹੈ ।13ਤੂੰ ਆਪਣੀ ਮਾਂ ਦੀ ਭੈਣ ਦਾ ਨੰਗੇਜ ਨਾ ਉਘਾੜੀਂ, ਕਿਉਂ ਜੋ ਉਹ ਤੇਰੀ ਮਾਂ ਦੀ ਨਜ਼ਦੀਕੀ ਰਿਸ਼ਤੇਦਾਰ ਹੈ ।14ਤੂੰ ਆਪਣੇ ਪਿਤਾ ਦੇ ਭਰਾ ਦਾ ਨੰਗੇਜ ਨਾ ਉਘਾੜੀਂ, ਨਾ ਤੂੰ ਉਸ ਦੀ ਪਤਨੀ ਕੋਲ ਜਾਵੀਂ, ਉਹ ਤਾਂ ਤੇਰੀ ਚਾਚੀ ਹੈ ।
15ਤੂੰ ਆਪਣੀ ਨੂੰਹ ਦਾ ਨੰਗੇਜ ਨਾ ਉਘਾੜੀਂ, ਉਹ ਤੇਰੇ ਪੁੱਤਰ ਦੀ ਪਤਨੀ ਹੈ, ਇਸ ਲਈ ਤੂੰ ਉਸ ਦਾ ਨੰਗੇਜ ਨਾ ਉਘਾੜੀਂ ।16ਤੂੰ ਆਪਣੇ ਭਰਾ ਦੀ ਪਤਨੀ ਦਾ ਨੰਗੇਜ ਨਾ ਉਘਾੜੀਂ, ਉਹ ਤਾਂ ਤੇਰੇ ਭਰਾ ਦਾ ਨੰਗੇਜ ਹੈ ।
17ਤੂੰ ਕਿਸੇ ਇਸਤਰੀ ਅਤੇ ਉਸ ਦੀ ਧੀ ਦਾ ਨੰਗੇਜ ਨਾ ਉਘਾੜੀਂ, ਨਾ ਤੂੰ ਉਸ ਦੀ ਪੋਤਰੀ ਨੂੰ ਜਾਂ ਉਸ ਦੀ ਦੋਤਰੀ ਨੂੰ ਉਸ ਦਾ ਨੰਗੇਜ ਉਘਾੜਣ ਲਈ ਲਿਆਵੀਂ, ਕਿਉਂ ਜੋ ਉਹ ਉਸ ਦੀ ਨਜ਼ਦੀਕੀ ਰਿਸ਼ਤੇਦਾਰ ਹੈ, ਅਜਿਹਾ ਕਰਨਾ ਦੁਸ਼ਟਤਾ ਹੈ ।18ਤੂੰ ਆਪਣੀ ਪਤਨੀ ਨੂੰ ਦੁੱਖ ਦੇਣ ਲਈ, ਉਸ ਦੀ ਭੈਣ ਨੂੰ ਉਸ ਦਾ ਨੰਗੇਜ ਉਘਾੜਣ ਲਈ ਨਾ ਵਿਆਹਵੀਂ ਜਦ ਕਿ ਤੇਰੀ ਪਹਿਲੀ ਪਤਨੀ ਅਜੇ ਜੀਉਂਦੀ ਹੈ ।
19ਜਦ ਤੱਕ ਕੋਈ ਇਸਤਰੀ ਆਪਣੀ ਮਾਹਵਾਰੀ ਕਾਰਨ ਅਸ਼ੁੱਧ ਹੈ, ਤਾਂ ਤੂੰ ਉਸ ਦਾ ਨੰਗੇਜ ਉਘਾੜਣ ਲਈ ਉਸ ਦੇ ਕੋਲ ਨਾ ਜਾਵੀਂ ।20ਤੂੰ ਆਪਣੇ ਗੁਆਂਢੀ ਦੀ ਪਤਨੀ ਨਾਲ ਸੰਗ ਕਰਕੇ ਆਪਣੇ ਆਪ ਨੂੰ ਭ੍ਰਿਸ਼ਟ ਨਾ ਕਰੀਂ ।
21ਅਤੇ ਤੂੰ ਆਪਣੇ ਪੁੱਤਰਾਂ ਵਿੱਚੋਂ ਕਿਸੇ ਨੂੰ ਮੋਲਕ ਦੇਵਤੇ ਦੇ ਅੱਗੇ ਅੱਗ ਦੇ ਵਿੱਚੋਂ ਨਾ ਲੰਘਾਵੀ, ਨਾ ਤੂੰ ਆਪਣੇ ਪਰਮੇਸ਼ੁਰ ਦੇ ਨਾਮ ਨੂੰ ਬਦਨਾਮ ਕਰੀਂ, ਮੈਂ ਯਹੋਵਾਹ ਹਾਂ ।
22ਜਿਸ ਤਰ੍ਹਾਂ ਤੂੰ ਇਸਤਰੀ ਨਾਲ ਸੰਗ ਕਰਦਾ ਹੈਂ, ਉਸੇ ਤਰ੍ਹਾਂ ਕਿਸੇ ਪੁਰਖ ਦੇ ਨਾਲ ਸੰਗ ਨਾ ਕਰੀਂ, ਇਹ ਘਿਣਾਉਣਾ ਕੰਮ ਹੈ ।23ਤੂੰ ਕਿਸੇ ਪਸ਼ੂ ਦੇ ਨਾਲ ਸੰਗ ਕਰਕੇ ਆਪਣੇ ਆਪ ਨੂੰ ਭ੍ਰਿਸ਼ਟ ਨਾ ਕਰੀਂ ਅਤੇ ਨਾ ਕੋਈ ਇਸਤਰੀ ਕਿਸੇ ਪਸ਼ੂ ਦੇ ਅੱਗੇ ਜਾ ਕੇ ਖੜ੍ਹੀ ਹੋਵੇ ਤਾਂ ਜੋ ਉਸ ਤੋਂ ਸੰਗ ਕਰਵਾਏ, ਇਹ ਘਿਣਾਉਣਾ ਕੰਮ ਹੈ ।

24ਅਜਿਹਾ ਕੋਈ ਵੀ ਕੰਮ ਕਰਕੇ ਤੁਸੀਂ ਆਪਣੇ ਆਪ ਨੂੰ ਅਸ਼ੁੱਧ ਨਾ ਕਰਨਾ, ਕਿਉਂ ਜੋ ਉਹ ਸਾਰੀਆਂ ਕੌਮਾਂ ਜਿਨ੍ਹਾਂ ਨੂੰ ਮੈਂ ਤੁਹਾਡੇ ਅੱਗਿਓਂ ਕੱਢਣ ਵਾਲਾ ਹਾਂ, ਅਜਿਹੇ ਹੀ ਕੰਮ ਕਰਕੇ ਭ੍ਰਿਸ਼ਟ ਹੋ ਗਈਆਂ ਹਨ,25ਅਤੇ ਧਰਤੀ ਵੀ ਅਸ਼ੁੱਧ ਹੋ ਗਈ ਹੈ, ਇਸ ਲਈ ਮੈਂ ਉਨ੍ਹਾਂ ਨੂੰ ਉਨ੍ਹਾਂ ਦੀ ਬਦੀ ਦਾ ਬਦਲਾ ਦਿੰਦਾ ਹਾਂ ਅਤੇ ਉਹ ਧਰਤੀ ਵੀ ਆਪਣੇ ਵਾਸੀਆਂ ਨੂੰ ਉਗਲ ਦਿੰਦੀ ਹੈ ।
26ਇਸ ਲਈ ਤੁਸੀਂ ਮੇਰੀਆਂ ਬਿਧੀਆਂ ਅਤੇ ਨਿਯਮਾਂ ਦੀ ਸਦਾ ਪਾਲਣਾ ਕਰਨਾ ਅਤੇ ਭਾਵੇਂ ਆਪਣੇ ਦੇਸ਼ ਦਾ ਭਾਵੇਂ ਪਰਦੇਸੀ ਜਿਹੜਾ ਤੁਹਾਡੇ ਵਿਚਕਾਰ ਵੱਸਦਾ ਹੈ, ਕੋਈ ਵੀ ਅਜਿਹੇ ਘਿਣਾਉਣੇ ਕੰਮ ਨਾ ਕਰੇ ।27ਕਿਉਂ ਜੋ ਅਜਿਹੇ ਘਿਣਾਉਣੇ ਕੰਮ ਕਰਕੇ ਹੀ ਉਸ ਦੇਸ਼ ਦੇ ਵਾਸੀਆਂ ਨੇ ਜੋ ਉੱਥੇ ਰਹਿੰਦੇ ਸਨ, ਉਸ ਧਰਤੀ ਨੂੰ ਅਸ਼ੁੱਧ ਕਰ ਦਿੱਤਾ ਹੈ ।28ਅਜਿਹਾ ਨਾ ਹੋਵੇ ਕਿ ਜਿਵੇਂ ਉਸ ਧਰਤੀ ਨੇ ਉਨ੍ਹਾਂ ਕੌਮਾਂ ਨੂੰ ਉਗਲ ਦਿੱਤਾ, ਜਿਹੜੀਆਂ ਤੁਹਾਡੇ ਤੋਂ ਪਹਿਲਾਂ ਉੱਥੇ ਸਨ, ਉਸੇ ਤਰ੍ਹਾਂ ਹੀ ਉਹ ਤੁਹਾਨੂੰ ਵੀ ਉਗਲ ਦੇਵੇ, ਜਦ ਤੁਸੀਂ ਅਸ਼ੁੱਧਤਾਈ ਦੇ ਕੰਮ ਕਰੋ ।
29ਜਿਹੜੇ ਵੀ ਲੋਕ ਅਜਿਹੇ ਘਿਣਾਉਣੇ ਕੰਮ ਕਰਨ ਉਹ ਆਪਣੇ ਲੋਕਾਂ ਵਿੱਚੋਂ ਛੇਕੇ ਜਾਣ ।30ਇਸ ਲਈ ਤੁਸੀਂ ਮੇਰੇ ਹੁਕਮਾਂ ਨੂੰ ਮੰਨਣਾ ਅਤੇ ਜੋ ਘਿਣਾਉਣੀਆਂ ਰੀਤਾਂ ਤੁਹਾਡੇ ਤੋਂ ਪਹਿਲਾਂ ਉੱਥੇ ਮੰਨੀਆਂ ਜਾਂਦੀਆਂ ਹਨ, ਉਨ੍ਹਾਂ ਦੇ ਅਨੁਸਾਰ ਨਾ ਚੱਲਣਾ ਅਤੇ ਨਾ ਉਨ੍ਹਾਂ ਦੇ ਕਾਰਨ ਆਪਣੇ ਆਪ ਨੂੰ ਅਸ਼ੁੱਧ ਕਰਨਾ । ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ ।

19
ਪਵਿੱਤਰਤਾ ਅਤੇ ਆਚਰਣ ਸੰਬੰਧੀ ਨਿਯਮ

1ਤਦ ਯਹੋਵਾਹ ਨੇ ਮੂਸਾ ਨੂੰ ਆਖਿਆ,2ਇਸਰਾਏਲੀਆਂ ਦੀ ਸਾਰੀ ਮੰਡਲੀ ਨੂੰ ਆਖ, ਤੁਸੀਂ ਪਵਿੱਤਰ ਹੋਵੋ ਕਿਉਂ ਜੋ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਪਵਿੱਤਰ ਹਾਂ ।3ਤੁਸੀਂ ਆਪਣੇ-ਆਪਣੇ ਮਾਤਾ ਅਤੇ ਪਿਤਾ ਦਾ ਆਦਰ ਕਰਨਾ । ਤੁਸੀਂ ਮੇਰੇ ਸਬਤਾਂ ਨੂੰ ਮੰਨਣਾ । ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ ।4ਤੁਸੀਂ ਮੂਰਤਾਂ ਵੱਲ ਨਾ ਮੁੜਨਾ ਅਤੇ ਨਾ ਹੀ ਆਪਣੇ ਲਈ ਮੂਰਤਾਂ ਢਾਲ ਕੇ ਬਣਾਉਣਾ । ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ ।

5ਜਦ ਤੁਸੀਂ ਯਹੋਵਾਹ ਦੇ ਅੱਗੇ ਸੁੱਖ-ਸਾਂਦ ਦੀਆਂ ਭੇਟਾਂ ਦੀ ਬਲੀ ਚੜ੍ਹਾਓ, ਤਾਂ ਤੁਸੀਂ ਅਜਿਹੀ ਭੇਟ ਚੜ੍ਹਾਉਣਾ ਜਿਸ ਨੂੰ ਮੈਂ ਸਵੀਕਾਰ ਕਰਾਂ ।6ਜਿਸ ਦਿਨ ਤੁਸੀਂ ਬਲੀ ਚੜ੍ਹਾਓ, ਉਸ ਦਾ ਮਾਸ ਉਸੇ ਦਿਨ ਅਤੇ ਦੂਜੇ ਦਿਨ ਵੀ ਖਾਓ ਪਰ ਜੋ ਕੁਝ ਤੀਜੇ ਦਿਨ ਤੱਕ ਬਚਿਆ ਰਹੇ, ਉਹ ਅੱਗ ਵਿੱਚ ਸਾੜਿਆ ਜਾਵੇ ।7ਜੇਕਰ ਉਸ ਵਿੱਚੋਂ ਕੁਝ ਤੀਜੇ ਦਿਨ ਵੀ ਖਾਧਾ ਜਾਵੇ ਤਾਂ ਉਹ ਘਿਣਾਉਣਾ ਹੈ ਅਤੇ ਸਵੀਕਾਰ ਨਹੀਂ ਕੀਤਾ ਜਾਵੇਗਾ ।8ਇਸ ਲਈ ਜਿਹੜਾ ਉਸ ਨੂੰ ਖਾਵੇ, ਉਸ ਦਾ ਦੋਸ਼ ਉਸ ਦੇ ਜੁੰਮੇ ਹੋਵੇਗਾ, ਕਿਉਂ ਜੋ ਉਸ ਨੇ ਯਹੋਵਾਹ ਦੀ ਪਵਿੱਤਰ ਵਸਤੂ ਨੂੰ ਭ੍ਰਿਸ਼ਟ ਕੀਤਾ ਹੈ, ਅਤੇ ਉਹ ਮਨੁੱਖ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ ।

9ਫੇਰ ਜਦ ਤੁਸੀਂ ਆਪਣੇ ਦੇਸ਼ ਦੇ ਖੇਤਾਂ ਦੀ ਵਾਢੀ ਕਰੋ ਤਾਂ ਆਪਣੇ ਖੇਤਾਂ ਦੀਆਂ ਨੁੱਕਰਾਂ ਤੱਕ ਪੂਰੀ ਫ਼ਸਲ ਨਾ ਵੱਢਣਾ ਅਤੇ ਵਾਢੀ ਕੀਤੇ ਹੋਏ ਖੇਤ ਵਿੱਚ ਡਿੱਗੇ ਹੋਏ ਸਿੱਟਿਆਂ ਨੂੰ ਨਾ ਚੁੱਗਣਾ ।10ਅਤੇ ਤੂੰ ਆਪਣੇ ਦਾਖਾਂ ਦੇ ਬਾਗਾਂ ਦਾ ਹਰੇਕ ਦਾਣਾ ਨਾ ਤੋੜੀਂ, ਅਤੇ ਆਪਣੇ ਦਾਖਾਂ ਦੇ ਬਾਗਾਂ ਵਿੱਚ ਡਿੱਗੇ ਹੋਏ ਅੰਗੂਰਾਂ ਨੂੰ ਨਾ ਚੁੱਕੀਂ, ਤੂੰ ਉਨ੍ਹਾਂ ਨੂੰ ਕੰਗਾਲ ਅਤੇ ਪਰਦੇਸੀਆਂ ਲਈ ਛੱਡ ਦੇਵੀਂ । ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ ।

11ਤੁਸੀਂ ਚੋਰੀ ਨਾ ਕਰਨਾ, ਨਾ ਛਲ ਕਰਨਾ ਅਤੇ ਨਾ ਆਪਸ ਵਿੱਚ ਝੂਠ ਬੋਲਣਾ ।12ਤੁਸੀਂ ਮੇਰਾ ਨਾਮ ਲੈ ਕੇ ਝੂਠੀ ਸਹੁੰ ਨਾ ਚੁੱਕਣਾ ਅਤੇ ਨਾ ਆਪਣੇ ਪਰਮੇਸ਼ੁਰ ਦਾ ਨਾਮ ਬਦਨਾਮ ਕਰਨਾ । ਮੈਂ ਯਹੋਵਾਹ ਹਾਂ ।

13ਤੂੰ ਆਪਣੇ ਗੁਆਂਢੀ ਨਾਲ ਛੱਲ ਨਾ ਕਰੀਂ ਅਤੇ ਨਾ ਹੀ ਉਸ ਨੂੰ ਲੁੱਟੀਂ । ਮਜ਼ਦੂਰ ਦੀ ਮਜ਼ਦੂਰੀ ਤੇਰੇ ਕੋਲ ਸਾਰੀ ਰਾਤ ਸਵੇਰੇ ਤੱਕ ਨਾ ਰਹੇ ।14ਤੂੰ ਬਹਿਰੇ ਨੂੰ ਗਾਲਾਂ ਨਾ ਕੱਢੀ ਅਤੇ ਨਾ ਅੰਨ੍ਹੇ ਨੂੰ ਠੋਕਰ ਖਿਲਾਵੀਂ ਪਰ ਆਪਣੇ ਪਰਮੇਸ਼ੁਰ ਤੋਂ ਡਰੀਂ । ਮੈਂ ਯਹੋਵਾਹ ਹਾਂ ।

15ਤੁਸੀਂ ਨਿਆਂ ਵਿੱਚ ਕੋਈ ਅਨਿਆਂ ਨਾ ਕਰਨਾ ਅਤੇ ਨਾ ਕੰਗਾਲ ਨਾਲ ਪੱਖਪਾਤ ਕਰੀਂ ਅਤੇ ਨਾ ਹੀ ਵੱਡੇ ਲੋਕਾਂ ਦਾ ਲਿਹਾਜ ਕਰੀਂ, ਪਰ ਤੂੰ ਸਚਿਆਈ ਨਾਲ ਆਪਣੇ ਗੁਆਂਢੀ ਦਾ ਨਿਆਂ ਕਰੀਂ ।16ਤੂੰ ਆਪਣੇ ਲੋਕਾਂ ਵਿੱਚ ਚੁਗਲਖ਼ੋਰੀ ਕਰਦਾ ਹੋਇਆ ਨਾ ਫਿਰੀਂ । ਤੂੰ ਆਪਣੇ ਗੁਆਂਢੀ ਦਾ ਖੂਨ ਵਹਾਉਣ ਦੀ ਯੋਜਨਾ ਨਾ ਬਣਾਵੀਂ । ਮੈਂ ਯਹੋਵਾਹ ਹਾਂ ।

17ਤੂੰ ਆਪਣੇ ਮਨ ਵਿੱਚ ਆਪਣੇ ਭਰਾ ਨਾਲ ਵੈਰ ਨਾ ਰੱਖੀਂ । ਤੂੰ ਜ਼ਰੂਰ ਹੀ ਆਪਣੇ ਗੁਆਂਢੀ ਦੀ ਤਾੜਨਾ ਕਰੀਂ, ਨਹੀਂ ਤਾਂ ਉਸ ਦਾ ਦੋਸ਼ ਤੇਰੇ ਜੁੰਮੇ ਹੋਵੇਗਾ ।18ਤੂੰ ਬਦਲਾ ਨਾ ਲਵੀਂ, ਨਾ ਹੀ ਆਪਣੇ ਲੋਕਾਂ ਦੇ ਪਰਿਵਾਰਾਂ ਨਾਲ ਵੈਰ ਰੱਖੀਂ, ਪਰ ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰੀਂ । ਮੈਂ ਯਹੋਵਾਹ ਹਾਂ ।

19ਤੁਸੀਂ ਮੇਰੀਆਂ ਬਿਧੀਆਂ ਨੂੰ ਮੰਨਣਾ । ਤੂੰ ਆਪਣੇ ਪਸ਼ੂਆਂ ਨੂੰ ਕਿਸੇ ਵੱਖਰੀ ਪ੍ਰਜਾਤੀ ਦੇ ਪਸ਼ੂਆਂ ਨਾਲ ਨਾ ਮਿਲਾਵੀਂ । ਤੂੰ ਆਪਣੇ ਖੇਤ ਵਿੱਚ ਦੋ ਪ੍ਰਕਾਰ ਦਾ ਬੀਜ ਨਾ ਬੀਜੀਂ ਅਤੇ ਕਤਾਨ ਅਤੇ ਉੱਨ ਦਾ ਬਣਿਆ ਹੋਇਆ ਕੱਪੜਾ ਨਾ ਪਾਵੀਂ ।

20ਫੇਰ ਕੋਈ ਇਸਤਰੀ ਜੋ ਦਾਸੀ ਹੋਵੇ ਅਤੇ ਉਸ ਦੀ ਮੰਗਣੀ ਕਿਸੇ ਪੁਰਖ ਨਾਲ ਹੋ ਗਈ ਹੋਵੇ, ਪਰ ਉਹ ਨਾ ਤਾਂ ਛੱਡੀ ਗਈ ਅਤੇ ਨਾ ਹੀ ਅਜ਼ਾਦ ਕੀਤੀ ਗਈ ਹੋਵੇ, ਤਾਂ ਜੇਕਰ ਕੋਈ ਉਸ ਦੇ ਨਾਲ ਸੰਗ ਕਰੇ ਤਾਂ ਉਨ੍ਹਾਂ ਨੂੰ ਬੈਤਾਂ ਨਾਲ ਮਾਰਿਆ ਜਾਵੇ ਪਰ ਉਨ੍ਹਾਂ ਨੂੰ ਜਾਨ ਤੋਂ ਨਾ ਮਾਰਿਆ ਜਾਵੇ, ਕਿਉਂ ਜੋ ਉਹ ਅਜ਼ਾਦ ਨਹੀਂ ਸੀ ।21ਉਹ ਪੁਰਖ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਦੇ ਕੋਲ ਇੱਕ ਭੇਡੂ ਦੋਸ਼ ਬਲੀ ਦੀ ਭੇਟ ਕਰਕੇ ਯਹੋਵਾਹ ਦੇ ਅੱਗੇ ਲੈ ਆਵੇ,22ਅਤੇ ਜਾਜਕ ਉਸ ਪਾਪ ਦੇ ਕਾਰਨ ਜੋ ਉਸ ਨੇ ਕੀਤਾ ਹੈ, ਦੋਸ਼ ਬਲੀ ਦੀ ਭੇਟ ਦੇ ਭੇਡੂ ਨੂੰ ਲੈ ਕੇ ਯਹੋਵਾਹ ਦੇ ਅੱਗੇ ਉਸ ਦੇ ਲਈ ਪ੍ਰਾਸਚਿਤ ਕਰੇ, ਤਦ ਉਹ ਪਾਪ ਜੋ ਉਸ ਨੇ ਕੀਤਾ ਹੈ, ਉਸ ਨੂੰ ਮਾਫ਼ ਕੀਤਾ ਜਾਵੇਗਾ ।

23ਜਦ ਤੁਸੀਂ ਉਸ ਦੇਸ਼ ਵਿੱਚ ਪਹੁੰਚ ਜਾਓ ਅਤੇ ਭਾਂਤ-ਭਾਂਤ ਦੇ ਫਲਾਂ ਦੇ ਰੁੱਖ ਖਾਣ ਦੇ ਲਈ ਲਗਾਓ ਤਾਂ ਤਿੰਨ ਸਾਲ ਤੱਕ ਉਨ੍ਹਾਂ ਦੇ ਫਲਾਂ ਨੂੰ ਅਸੁੰਨਤੀ ਸਮਝਣਾ, ਉਹ ਖਾਧੇ ਨਾ ਜਾਣ ।24ਪਰ ਚੌਥੇ ਸਾਲ ਵਿੱਚ ਉਨ੍ਹਾਂ ਦਾ ਸਾਰਾ ਫਲ ਯਹੋਵਾਹ ਦੀ ਉਸਤਤ ਕਰਨ ਲਈ ਪਵਿੱਤਰ ਠਹਿਰੇ ।25ਪੰਜਵੇਂ ਸਾਲ ਵਿੱਚ ਤੁਸੀਂ ਉਨ੍ਹਾਂ ਦੇ ਫਲ ਖਾਣਾ ਤਾਂ ਜੋ ਤੁਹਾਨੂੰ ਉਨ੍ਹਾਂ ਤੋਂ ਬਹੁਤ ਫਲ ਮਿਲੇ । ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ ।

26ਤੁਸੀਂ ਲਹੂ ਦੇ ਸਮੇਤ ਮਾਸ ਨੂੰ ਨਾ ਖਾਣਾ, ਨਾ ਤੁਸੀਂ ਜਾਦੂ-ਟੋਹਣੇ ਕਰਨਾ ਅਤੇ ਨਾ ਹੀ ਮਹੂਰਤ ਵੇਖਣਾ ।27ਤੁਸੀਂ ਆਪਣੇ ਸਿਰ ਦੇ ਸਿਰਿਆਂ ਨੂੰ ਨਾ ਮੁਨਾਉਣਾ, ਨਾ ਹੀ ਆਪਣੀ ਦਾੜ੍ਹੀ ਦੇ ਸਿਰਿਆਂ ਨੂੰ ਵਿਗਾੜਨਾ ।28ਤੁਸੀਂ ਮੁਰਦਿਆਂ ਦੇ ਕਾਰਨ ਆਪਣੇ ਸਰੀਰਾਂ ਨੂੰ ਨਾ ਚੀਰਨਾ, ਨਾ ਆਪਣੇ ਉੱਤੇ ਨਿਸ਼ਾਨੀਆਂ ਬਣਵਾਉਣਾ । ਮੈਂ ਯਹੋਵਾਹ ਹਾਂ ।

29ਤੂੰ ਆਪਣੀ ਧੀ ਨੂੰ ਵੇਸਵਾ ਬਣਾ ਕੇ ਉਸ ਨੂੰ ਭ੍ਰਿਸ਼ਟ ਨਾ ਕਰਨਾ, ਅਜਿਹਾ ਨਾ ਹੋਵੇ ਕਿ ਧਰਤੀ ਵੇਸਵਾਵ੍ਰਤੀ ਵਿੱਚ ਡਿੱਗੇ ਅਤੇ ਦੇਸ਼ ਦੁਸ਼ਟਤਾ ਨਾਲ ਭਰ ਜਾਵੇ ।30ਤੁਸੀਂ ਮੇਰੇ ਸਬਤਾਂ ਨੂੰ ਮੰਨਣਾ ਅਤੇ ਮੇਰੇ ਪਵਿੱਤਰ ਸਥਾਨ ਦਾ ਆਦਰ ਕਰਨਾ । ਮੈਂ ਯਹੋਵਾਹ ਹਾਂ ।

31ਤੁਸੀਂ ਝਾੜਾ-ਫੂਕੀ ਕਰਨ ਵਾਲਿਆਂ ਅਤੇ ਭੂਤ ਕੱਢਣ ਵਾਲਿਆਂ ਵੱਲ ਨਾ ਮੁੜਨਾ ਅਤੇ ਉਨ੍ਹਾਂ ਦੇ ਪਿੱਛੇ ਲੱਗ ਕੇ ਭ੍ਰਿਸ਼ਟ ਨਾ ਹੋ ਜਾਣਾ । ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ ।

32ਤੁਸੀਂ ਧੌਲਿਆਂ ਵਾਲਿਆਂ ਦੇ ਅੱਗੇ ਉੱਠ ਕੇ ਖੜ੍ਹੇ ਹੋਣਾ ਅਤੇ ਬਜ਼ੁਰਗਾਂ ਦਾ ਆਦਰ ਕਰਨਾ ਅਤੇ ਆਪਣੇ ਪਰਮੇਸ਼ੁਰ ਤੋਂ ਡਰਨਾ । ਮੈਂ ਯਹੋਵਾਹ ਹਾਂ ।

33ਜੇਕਰ ਕੋਈ ਪਰਦੇਸੀ ਤੁਹਾਡੇ ਦੇਸ਼ ਵਿੱਚ ਆ ਕੇ ਤੁਹਾਡੇ ਨਾਲ ਵੱਸੇ, ਤਾਂ ਤੁਸੀਂ ਉਸ ਨੂੰ ਦੁੱਖ ਨਾ ਦੇਣਾ ।34ਅਤੇ ਜੋ ਪਰਦੇਸੀ ਤੁਹਾਡੇ ਵਿਚਕਾਰ ਵੱਸੇ, ਉਹ ਤੁਹਾਡੇ ਲਈ ਆਪਣੇ ਲੋਕਾਂ ਵਰਗਾ ਹੋਵੇ ਅਤੇ ਤੁਸੀਂ ਉਸ ਨੂੰ ਆਪਣੇ ਜਿਹਾ ਪਿਆਰ ਕਰਿਓ ਕਿਉਂ ਜੋ ਤੁਸੀਂ ਵੀ ਮਿਸਰ ਦੇਸ਼ ਵਿੱਚ ਪਰਦੇਸੀ ਸੀ । ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ ।

35ਤੁਸੀਂ ਨਿਆਂ ਕਰਨ ਵਿੱਚ, ਨਾਪਣ ਵਿੱਚ, ਤੋਲਣ ਵਿੱਚ ਜਾਂ ਮਿਣਨ ਵਿੱਚ ਧੋਖਾ ਨਾ ਕਰਨਾ ।36ਸੱਚੀ ਤੱਕੜੀ, ਸੱਚੇ ਵੱਟੇ, ਸੱਚਾ ਟੋਪਾ ਅਤੇ ਸੱਚਾ ਕੁੱਪਾ ਤੁਹਾਡੇ ਕੋਲ ਹੋਵੇ । ਮੈਂ ਉਹ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ, ਜੋ ਤੁਹਾਨੂੰ ਮਿਸਰ ਦੇਸ਼ ਵਿੱਚੋਂ ਕੱਢ ਲਿਆਇਆ ਹਾਂ ।37ਇਸ ਲਈ ਤੁਸੀਂ ਮੇਰੀਆਂ ਸਾਰੀਆਂ ਬਿਧੀਆਂ ਅਤੇ ਸਾਰੇ ਨਿਯਮਾਂ ਨੂੰ ਮੰਨਣਾ ਅਤੇ ਪੂਰਾ ਕਰਨਾ । ਮੈਂ ਯਹੋਵਾਹ ਹਾਂ ।

20
ਪਾਪਾਂ ਦੀ ਸਜ਼ਾ

1ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,2ਤੂੰ ਇਸਰਾਏਲੀਆਂ ਨੂੰ ਇਹ ਵੀ ਆਖੀਂ, ਜਿਹੜਾ ਭਾਵੇਂ ਇਸਰਾਏਲੀਆਂ ਵਿੱਚੋਂ ਜਾਂ ਉਨ੍ਹਾਂ ਪਰਦੇਸੀਆਂ ਵਿੱਚੋਂ, ਜੋ ਇਸਰਾਏਲ ਵਿੱਚ ਵੱਸਦੇ ਹਨ, ਆਪਣੇ ਵੰਸ਼ ਵਿੱਚੋਂ ਕਿਸੇ ਨੂੰ ਮੋਲਕ ਦੇਵਤੇ ਨੂੰ ਦੇਵੇ, ਤਾਂ ਉਹ ਜ਼ਰੂਰ ਹੀ ਮਾਰਿਆ ਜਾਵੇ । ਦੇਸ਼ ਦੇ ਲੋਕ ਉਸ ਨੂੰ ਪੱਥਰਾਂ ਨਾਲ ਮਾਰ ਸੁੱਟਣ ।

3ਮੈਂ ਉਸ ਮਨੁੱਖ ਦਾ ਵਿਰੋਧੀ ਬਣਾਂਗਾ ਅਤੇ ਉਸ ਨੂੰ ਉਸ ਦੇ ਲੋਕਾਂ ਵਿੱਚੋਂ ਨਾਸ਼ ਕਰਾਂਗਾ ਕਿਉਂ ਜੋ ਉਸ ਨੇ ਮੇਰੇ ਪਵਿੱਤਰ ਸਥਾਨ ਨੂੰ ਅਸ਼ੁੱਧ ਕਰਨ ਅਤੇ ਮੇਰੇ ਪਵਿੱਤਰ ਨਾਮ ਨੂੰ ਬਦਨਾਮ ਕਰਨ ਲਈ ਆਪਣੇ ਵੰਸ਼ ਵਿੱਚੋਂ ਕਿਸੇ ਨੂੰ ਮੋਲਕ ਦੇਵਤੇ ਦੇ ਅੱਗੇ ਚੜ੍ਹਾਇਆ ।4ਜੇਕਰ ਉਸ ਦੇਸ਼ ਦੇ ਲੋਕ ਉਸ ਮਨੁੱਖ ਵੱਲੋਂ ਅਣਦੇਖੀ ਕਰਨ, ਜਿਸ ਨੇ ਆਪਣੇ ਵੰਸ਼ ਵਿੱਚੋਂ ਕਿਸੇ ਨੂੰ ਮੋਲਕ ਦੇਵਤੇ ਦੇ ਅੱਗੇ ਚੜ੍ਹਾਇਆ ਅਤੇ ਉਸ ਨੂੰ ਨਾ ਮਾਰਨ,5ਤਦ ਮੈਂ ਆਪ ਉਸ ਮਨੁੱਖ ਅਤੇ ਉਸ ਦੇ ਘਰਾਣੇ ਦਾ ਵਿਰੋਧੀ ਬਣਾਂਗਾ ਅਤੇ ਉਸ ਨੂੰ ਅਤੇ ਉਨ੍ਹਾਂ ਸਾਰਿਆਂ ਨੂੰ ਜਿਨ੍ਹਾਂ ਦੇ ਉਸ ਦੇ ਪਿੱਛੇ ਲੱਗ ਕੇ ਮੋਲਕ ਦੇ ਨਾਲ ਜਨਾਹ ਕੀਤਾ, ਉਨ੍ਹਾਂ ਦੇ ਲੋਕਾਂ ਵਿੱਚੋਂ ਨਾਸ਼ ਕਰ ਦਿਆਂਗਾ ।

6ਅਤੇ ਜਿਹੜਾ ਝਾੜਾ-ਫੂਕੀ ਕਰਨ ਵਾਲਿਆਂ ਜਾਂ ਭੂਤ ਕੱਢਣ ਵਾਲਿਆਂ ਦੇ ਪਿੱਛੇ ਲੱਗ ਕੇ ਜਨਾਹ ਕਰੇ ਤਾਂ ਮੈਂ ਉਸ ਮਨੁੱਖ ਦਾ ਵਿਰੋਧੀ ਬਣ ਕੇ ਉਸ ਨੂੰ ਉਸ ਦੇ ਲੋਕਾਂ ਵਿੱਚੋਂ ਨਾਸ਼ ਕਰ ਦਿਆਂਗਾ ।7ਇਸ ਲਈ ਤੁਸੀਂ ਆਪਣੇ ਆਪ ਨੂੰ ਪਵਿੱਤਰ ਕਰੋ ਅਤੇ ਪਵਿੱਤਰ ਬਣੇ ਰਹੋ ਕਿਉਂ ਜੋ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ ।
8ਤੁਸੀਂ ਮੇਰੀਆਂ ਬਿਧੀਆਂ ਨੂੰ ਮੰਨਣਾ ਅਤੇ ਉਨ੍ਹਾਂ ਦੀ ਪਾਲਣਾ ਕਰਨਾ । ਮੈਂ ਉਹੋ ਯਹੋਵਾਹ ਹਾਂ ਜੋ ਤੁਹਾਨੂੰ ਪਵਿੱਤਰ ਕਰਦਾ ਹਾਂ ।9ਜਿਹੜਾ ਆਪਣੇ ਪਿਤਾ ਜਾਂ ਆਪਣੀ ਮਾਂ ਨੂੰ ਫਿਟਕਾਰੇ ਉਹ ਜ਼ਰੂਰ ਹੀ ਮਾਰਿਆ ਜਾਵੇ । ਉਸ ਨੇ ਆਪਣੇ ਪਿਤਾ ਜਾਂ ਆਪਣੀ ਮਾਂ ਨੂੰ ਫਿਟਕਾਰਿਆ, ਇਸ ਲਈ ਉਸ ਦਾ ਖੂਨ ਉਸੇ ਦੇ ਜੁੰਮੇ ਹੋਵੇ ।

10ਜਿਹੜਾ ਕਿਸੇ ਹੋਰ ਮਨੁੱਖ ਦੀ ਪਤਨੀ ਨਾਲ ਵਿਭਚਾਰ ਕਰੇ, ਤਾਂ ਉਹ ਮਨੁੱਖ ਜਿਸ ਨੇ ਆਪਣੇ ਗੁਆਂਢੀ ਦੀ ਪਤਨੀ ਨਾਲ ਵਿਭਚਾਰ ਕੀਤਾ ਅਤੇ ਉਹ ਇਸਤਰੀ ਦੋਵੇਂ ਜ਼ਰੂਰ ਹੀ ਮਾਰੇ ਜਾਣ ।11ਜਿਹੜਾ ਮਨੁੱਖ ਆਪਣੀ ਸੌਤੇਲੀ ਮਾਂ ਨਾਲ ਸੰਗ ਕਰੇ, ਤਾਂ ਇਸ ਲਈ ਕਿ ਉਸ ਨੇ ਆਪਣੇ ਪਿਤਾ ਦਾ ਨੰਗੇਜ ਉਘਾੜਿਆ ਹੈ, ਉਹ ਦੋਵੇਂ ਜ਼ਰੂਰ ਮਾਰੇ ਜਾਣ ਅਤੇ ਉਨ੍ਹਾਂ ਦਾ ਖੂਨ ਉਨ੍ਹਾਂ ਦੇ ਹੀ ਜੁੰਮੇ ਹੋਵੇ ।12ਜੇਕਰ ਕੋਈ ਮਨੁੱਖ ਆਪਣੀ ਨੂੰਹ ਨਾਲ ਸੰਗ ਕਰੇ, ਤਾਂ ਉਹ ਦੋਵੇਂ ਜ਼ਰੂਰ ਹੀ ਮਾਰੇ ਜਾਣ ਕਿਉਂ ਜੋ ਉਨ੍ਹਾਂ ਨੇ ਪੁੱਠਾ ਕੰਮ ਕੀਤਾ ਹੈ, ਉਨ੍ਹਾਂ ਦਾ ਖੂਨ ਉਨ੍ਹਾਂ ਦੇ ਹੀ ਜੁੰਮੇ ਹੋਵੇ ।
13ਜਿਸ ਤਰ੍ਹਾਂ ਕੋਈ ਪੁਰਖ ਕਿਸੇ ਇਸਤਰੀ ਨਾਲ ਸੰਗ ਕਰਦਾ ਹੈ, ਜੇਕਰ ਉਹ ਉਸੇ ਤਰ੍ਹਾਂ ਹੀ ਪੁਰਖ ਨਾਲ ਸੰਗ ਕਰੇ ਤਾਂ ਉਨ੍ਹਾਂ ਨੇ ਘਿਣਾਉਣਾ ਕੰਮ ਕੀਤਾ ਹੈ । ਉਹ ਜ਼ਰੂਰ ਹੀ ਮਾਰੇ ਜਾਣ ਅਤੇ ਉਨ੍ਹਾਂ ਦਾ ਖੂਨ ਉਨ੍ਹਾਂ ਦੇ ਹੀ ਜੁੰਮੇ ਹੋਵੇ ।14ਜੇਕਰ ਕੋਈ ਮਨੁੱਖ ਕਿਸੇ ਇਸਤਰੀ ਅਤੇ ਉਸ ਦੀ ਮਾਂ ਦੋਹਾਂ ਨਾਲ ਵਿਆਹ ਕਰੇ ਤਾਂ ਇਹ ਦੁਸ਼ਟਤਾ ਹੈ, ਉਹ ਮਨੁੱਖ ਅਤੇ ਦੋਵੇਂ ਇਸਤਰੀਆਂ ਅੱਗ ਨਾਲ ਸਾੜੇ ਜਾਣ, ਤਾਂ ਜੋ ਤੁਹਾਡੇ ਵਿਚਕਾਰ ਕੋਈ ਦੁਸ਼ਟਤਾ ਨਾ ਰਹੇ ।
15ਜੇਕਰ ਕੋਈ ਮਨੁੱਖ ਕਿਸੇ ਪਸ਼ੂ ਨਾਲ ਸੰਗ ਕਰੇ ਤਾਂ ਉਹ ਜ਼ਰੂਰ ਮਾਰਿਆ ਜਾਵੇ ਅਤੇ ਤੁਸੀਂ ਪਸ਼ੂ ਨੂੰ ਵੀ ਵੱਢ ਸੁੱਟਣਾ ।16ਜੇਕਰ ਕੋਈ ਇਸਤਰੀ ਕਿਸੇ ਪਸ਼ੂ ਦੇ ਅੱਗੇ ਆਵੇ ਅਤੇ ਉਸ ਤੋਂ ਸੰਗ ਕਰਵਾਏ ਤਾਂ ਤੂੰ ਉਸ ਇਸਤਰੀ ਨੂੰ ਅਤੇ ਉਸ ਪਸ਼ੂ ਨੂੰ ਵੱਢ ਸੁੱਟਣਾ । ਉਹ ਜ਼ਰੂਰ ਹੀ ਮਾਰੇ ਜਾਣ ਅਤੇ ਉਨ੍ਹਾਂ ਦਾ ਖੂਨ ਉਨ੍ਹਾਂ ਦੇ ਜੁੰਮੇ ਹੋਵੇ ।

17ਜੇਕਰ ਕੋਈ ਮਨੁੱਖ ਆਪਣੀ ਭੈਣ ਦਾ ਭਾਵੇਂ ਉਹ ਉਸ ਦੀ ਸੱਕੀ ਭੈਣ ਹੋਵੇ ਭਾਵੇਂ ਸੌਤੇਲੀ, ਉਸ ਦਾ ਨੰਗੇਜ ਵੇਖੇ ਅਤੇ ਉਸ ਦੀ ਭੈਣ ਵੀ ਉਸਦਾ ਨੰਗੇਜ ਵੇਖੇ ਤਾਂ ਇਹ ਸ਼ਰਮ ਦੀ ਗੱਲ ਹੈ । ਉਹ ਆਪਣੇ ਲੋਕਾਂ ਦੇ ਸਾਹਮਣੇ ਹੀ ਵੱਢੇ ਜਾਣ । ਉਸ ਨੇ ਆਪਣੀ ਭੈਣ ਦਾ ਨੰਗੇਜ ਉਘਾੜਿਆ, ਇਸ ਲਈ ਉਸ ਦਾ ਦੋਸ਼ ਉਸ ਦੇ ਜੁੰਮੇ ਹੋਵੇ ।18ਜੇਕਰ ਕੋਈ ਮਨੁੱਖ ਕਿਸੇ ਇਸਤਰੀ ਨਾਲ ਉਸ ਦੀ ਮਾਹਵਾਰੀ ਦੇ ਸਮੇਂ ਸੰਗ ਕਰੇ ਅਤੇ ਉਸ ਦਾ ਨੰਗੇਜ ਉਘਾੜੇ ਤਾਂ ਇਸ ਲਈ ਕਿ ਉਸ ਨੇ ਉਹ ਦਾ ਸੁੰਬ ਖੋਲ੍ਹਿਆ ਅਤੇ ਉਹ ਨੇ ਵੀ ਆਪਣੇ ਲਹੂ ਦਾ ਸੁੰਬ ਖੁਲ੍ਹਵਾਇਆ, ਉਹ ਦੋਵੇਂ ਆਪਣੇ ਲੋਕਾਂ ਵਿੱਚੋਂ ਛੇਕੇ ਜਾਣ ।
19ਤੂੰ ਆਪਣੀ ਮਾਂ ਦੀ ਭੈਣ ਅਤੇ ਆਪਣੇ ਪਿਤਾ ਦੀ ਭੈਣ ਦਾ ਨੰਗੇਜ ਨਾ ਉਘਾੜੀਂ, ਕਿਉਂ ਜੋ ਉਹ ਤੇਰੀਆਂ ਨਜ਼ਦੀਕੀ ਰਿਸ਼ਤੇਦਾਰ ਹਨ । ਉਨ੍ਹਾਂ ਦਾ ਦੋਸ਼ ਉਨ੍ਹਾਂ ਦੇ ਹੀ ਜੁੰਮੇ ਹੋਵੇ ।20ਜੇਕਰ ਕੋਈ ਮਨੁੱਖ ਆਪਣੀ ਚਾਚੀ ਨਾਲ ਸੰਗ ਕਰੇ, ਤਾਂ ਉਸ ਨੇ ਆਪਣੇ ਚਾਚੇ ਦਾ ਨੰਗੇਜ ਉਘਾੜਿਆ ਹੈ । ਉਨ੍ਹਾਂ ਦਾ ਦੋਸ਼ ਉਨ੍ਹਾਂ ਦੇ ਜੁੰਮੇ ਹੋਵੇ ਅਤੇ ਉਹ ਬੇ-ਔਲਾਦ ਮਰਨਗੇ ।21ਜੇਕਰ ਕੋਈ ਮਨੁੱਖ ਆਪਣੇ ਭਰਾ ਦੀ ਪਤਨੀ ਨੂੰ ਲਵੇ, ਤਾਂ ਇਹ ਘਿਣਾਉਣੀ ਗੱਲ ਹੈ । ਉਸ ਨੇ ਆਪਣੇ ਭਰਾ ਦਾ ਨੰਗੇਜ ਉਘਾੜਿਆ ਹੈ, ਇਸ ਲਈ ਉਹ ਬੇ-ਔਲਾਦ ਰਹਿਣਗੇ ।

22ਇਸ ਲਈ ਤੁਸੀਂ ਮੇਰੀਆਂ ਸਾਰੀਆਂ ਬਿਧੀਆਂ ਅਤੇ ਮੇਰੇ ਸਾਰੇ ਨਿਯਮਾਂ ਨੂੰ ਮੰਨ ਕੇ ਪਾਲਣਾ ਕਰਨਾ ਤਾਂ ਜੋ ਉਹ ਦੇਸ਼ ਜਿਸ ਦੇ ਵਿੱਚ ਵੱਸਣ ਲਈ ਮੈਂ ਤੁਹਾਨੂੰ ਲੈ ਕੇ ਜਾ ਰਿਹਾ ਹਾਂ, ਤੁਹਾਨੂੰ ਉਗਲ ਨਾ ਦੇਵੇ ।23ਅਤੇ ਜਿਨ੍ਹਾਂ ਕੌਮਾਂ ਨੂੰ ਮੈਂ ਤੁਹਾਡੇ ਅੱਗਿਓਂ ਕੱਢਦਾ ਹਾਂ, ਤੁਸੀਂ ਉਨ੍ਹਾਂ ਦੀਆਂ ਰੀਤਾਂ ਦੇ ਅਨੁਸਾਰ ਨਾ ਚੱਲਣਾ ਕਿਉਂ ਜੋ ਉਨ੍ਹਾਂ ਨੇ ਇਹ ਸਾਰੇ ਬੁਰੇ ਕੰਮ ਕੀਤੇ, ਇਸ ਲਈ ਮੈਂ ਉਨ੍ਹਾਂ ਤੋਂ ਘਿਣ ਕਰਦਾ ਹਾਂ ।
24ਪਰ ਮੈਂ ਤੁਹਾਨੂੰ ਆਖਦਾ ਹਾਂ, ਤੁਸੀਂ ਉਨ੍ਹਾਂ ਦੇ ਦੇਸ਼ ਦੇ ਅਧਿਕਾਰੀ ਬਣੋਗੇ ਅਤੇ ਮੈਂ ਉਹ ਦੇਸ਼ ਜਿੱਥੇ ਦੁੱਧ ਅਤੇ ਸ਼ਹਿਦ ਵੱਗਦਾ ਹੈ, ਤੁਹਾਨੂੰ ਦੇ ਦਿਆਂਗਾ, ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ, ਜਿਸ ਨੇ ਤੁਹਾਨੂੰ ਹੋਰਨਾਂ ਲੋਕਾਂ ਤੋਂ ਵੱਖਰੇ ਕੀਤਾ ਹੈ ।25ਇਸ ਲਈ ਤੁਸੀਂ ਸ਼ੁੱਧ ਅਤੇ ਅਸ਼ੁੱਧ ਪਸ਼ੂ ਦੇ ਵਿੱਚ ਅਤੇ ਅਸ਼ੁੱਧ ਅਤੇ ਸ਼ੁੱਧ ਪੰਛੀਆਂ ਦੇ ਵਿੱਚ ਭੇਦ ਰੱਖਣਾ ਅਤੇ ਕਿਸੇ ਪਸ਼ੂ ਜਾਂ ਪੰਛੀ ਜਾਂ ਕਿਸੇ ਪ੍ਰਕਾਰ ਦਾ ਜੀਵ ਜੋ ਧਰਤੀ ਉੱਤੇ ਘਿਸਰਦਾ ਹੈ, ਜਿਸ ਨੂੰ ਮੈਂ ਤੁਹਾਡੇ ਲਈ ਅਸ਼ੁੱਧ ਠਹਿਰਾ ਕੇ ਵੱਖਰਾ ਕੀਤਾ ਹੈ, ਉਸ ਦੇ ਕਾਰਨ ਆਪਣੇ ਆਪ ਨੂੰ ਭ੍ਰਿਸ਼ਟ ਨਾ ਕਰਨਾ ।
26ਤੁਸੀਂ ਮੇਰੇ ਅੱਗੇ ਪਵਿੱਤਰ ਹੋਵੋ, ਕਿਉਂ ਜੋ ਮੈਂ ਪਵਿੱਤਰ ਹਾਂ ਅਤੇ ਮੈਂ ਤੁਹਾਨੂੰ ਹੋਰਨਾਂ ਲੋਕਾਂ ਵਿੱਚੋਂ ਆਪਣਾ ਬਣਾਉਣ ਲਈ ਵੱਖਰਾ ਕੀਤਾ ਹੈ ।

27ਜੇਕਰ ਕੋਈ ਪੁਰਖ ਜਾਂ ਇਸਤਰੀ ਝਾੜਾ-ਫੂਕੀ ਕਰਨ ਵਾਲੇ ਜਾਂ ਭੂਤ ਕੱਢਣ ਵਾਲੇ ਹੋਣ, ਤਾਂ ਉਹ ਜ਼ਰੂਰ ਹੀ ਮਾਰੇ ਜਾਣ । ਉਨ੍ਹਾਂ ਨੂੰ ਪੱਥਰਾਂ ਨਾਲ ਮਾਰ ਸੁੱਟਣਾ ਅਤੇ ਉਨ੍ਹਾਂ ਦਾ ਖੂਨ ਉਨ੍ਹਾਂ ਦੇ ਜੁੰਮੇ ਹੋਵੇਗਾ ।

21
ਜਾਜਕਾਂ ਲਈ ਖ਼ਾਸ ਬਿਧੀਆਂ ਅਤੇ ਨਿਯਮ

1ਯਹੋਵਾਹ ਨੇ ਮੂਸਾ ਨੂੰ ਆਖਿਆ, ਹਾਰੂਨ ਦੇ ਪੁੱਤਰਾਂ ਨਾਲ ਜੋ ਜਾਜਕ ਹਨ, ਗੱਲ ਕਰ ਕੇ ਆਖ, ਕੋਈ ਵੀ ਜਾਜਕ ਆਪਣੇ ਲੋਕਾਂ ਵਿੱਚੋਂ ਕਿਸੇ ਵੀ ਮਰੇ ਹੋਏ ਦੇ ਲਈ ਆਪਣੇ ਆਪ ਨੂੰ ਅਸ਼ੁੱਧ ਨਾ ਕਰੇ,2ਪਰ ਸਿਰਫ਼ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਅਰਥਾਤ ਆਪਣੀ ਮਾਂ, ਆਪਣੇ ਪਿਤਾ, ਆਪਣੇ ਪੁੱਤਰ, ਆਪਣੀ ਧੀ, ਆਪਣੇ ਭਰਾ,3ਅਤੇ ਆਪਣੀ ਕੁਆਰੀ ਭੈਣ ਦੇ ਲਈ, ਜੋ ਉਸ ਦੀ ਨਜ਼ਦੀਕੀ ਰਿਸ਼ਤੇਦਾਰ ਹੈ ਅਤੇ ਉਸਦਾ ਵਿਆਹ ਨਾ ਹੋਇਆ ਹੋਵੇ ਤਾਂ ਇਨ੍ਹਾਂ ਦੇ ਲਈ ਉਹ ਆਪਣੇ ਆਪ ਨੂੰ ਅਸ਼ੁੱਧ ਕਰ ਸਕਦਾ ਹੈ ।

4ਉਹ ਆਪਣੇ ਲੋਕਾਂ ਦਾ ਪ੍ਰਧਾਨ ਹੋਣ ਦੇ ਕਾਰਨ ਆਪਣੇ ਆਪ ਨੂੰ ਅਸ਼ੁੱਧ ਨਾ ਕਰੇ ਕਿ ਉਹ ਅਪਵਿੱਤਰ ਹੋ ਜਾਵੇ ।5ਉਹ ਆਪਣੇ ਸਿਰ ਨਾ ਮੁਨਾਉਣ, ਨਾ ਆਪਣੀ ਦਾੜੀ ਦੇ ਸਿਰੇ ਮੁਨਾਉਣ ਅਤੇ ਨਾ ਹੀ ਆਪਣੇ ਸਰੀਰਾਂ ਨੂੰ ਚੀਰੇ ਲਗਵਾਉਣ ।6ਉਹ ਆਪਣੇ ਪਰਮੇਸ਼ੁਰ ਅੱਗੇ ਪਵਿੱਤਰ ਹੋਣ ਅਤੇ ਆਪਣੇ ਪਰਮੇਸ਼ੁਰ ਦਾ ਨਾਮ ਬਦਨਾਮ ਨਾ ਕਰਨ ਕਿਉਂ ਜੋ ਉਹ ਯਹੋਵਾਹ ਦੀਆਂ ਅੱਗ ਦੀਆਂ ਭੇਟਾਂ ਅਤੇ ਆਪਣੇ ਪਰਮੇਸ਼ੁਰ ਦੀ ਰੋਟੀ ਚੜ੍ਹਾਉਂਦੇ ਹਨ, ਇਸ ਲਈ ਉਹ ਪਵਿੱਤਰ ਰਹਿਣ ।
7ਉਹ ਕਿਸੇ ਵੇਸਵਾ ਜਾਂ ਭ੍ਰਿਸ਼ਟ ਇਸਤਰੀ ਨਾਲ ਵਿਆਹ ਨਾ ਕਰਨ, ਨਾ ਹੀ ਉਹ ਆਪਣੇ ਪਤੀ ਵੱਲੋਂ ਤਿਆਗੀ ਹੋਈ ਕਿਸੇ ਇਸਤਰੀ ਨੂੰ ਵਿਆਹੁਣ, ਕਿਉਂ ਜੋ ਉਹ ਆਪਣੇ ਪਰਮੇਸ਼ੁਰ ਦੇ ਅੱਗੇ ਪਵਿੱਤਰ ਹਨ ।8ਇਸ ਲਈ ਤੂੰ ਉਸ ਨੂੰ ਪਵਿੱਤਰ ਕਰੀਂ, ਕਿਉਂ ਜੋ ਉਹ ਤੇਰੇ ਪਰਮੇਸ਼ੁਰ ਦੀ ਰੋਟੀ ਚੜ੍ਹਾਉਂਦਾ ਹੈ । ਤੂੰ ਉਸ ਨੂੰ ਪਵਿੱਤਰ ਜਾਣੀ ਕਿਉਂ ਜੋ ਮੈਂ ਯਹੋਵਾਹ ਪਵਿੱਤਰ ਹਾਂ, ਜੋ ਤੁਹਾਨੂੰ ਪਵਿੱਤਰ ਕਰਦਾ ਹਾਂ ।9ਜੇਕਰ ਕਿਸੇ ਜਾਜਕ ਦੀ ਧੀ ਵੇਸਵਾ ਬਣ ਕੇ ਆਪਣੇ ਆਪ ਨੂੰ ਭ੍ਰਿਸ਼ਟ ਕਰੇ ਤਾਂ ਉਹ ਆਪਣੇ ਪਿਤਾ ਨੂੰ ਬਦਨਾਮ ਕਰਦੀ ਹੈ, ਇਸ ਲਈ ਉਹ ਅੱਗ ਨਾਲ ਸਾੜੀ ਜਾਵੇ ।

10ਉਹ ਜੋ ਆਪਣੇ ਭਰਾਵਾਂ ਵਿੱਚ ਪ੍ਰਧਾਨ ਜਾਜਕ ਹੈ, ਜਿਸ ਦੇ ਸਿਰ ਉੱਤੇ ਮਸਹ ਕਰਨ ਦਾ ਤੇਲ ਪਾਇਆ ਗਿਆ ਹੈ ਅਤੇ ਜੋ ਪਵਿੱਤਰ ਬਸਤਰ ਪਾਉਣ ਲਈ ਥਾਪਿਆ ਹੈ, ਉਹ ਆਪਣਾ ਸਿਰ ਨੰਗਾ ਨਾ ਕਰੇ ਅਤੇ ਨਾ ਹੀ ਆਪਣੇ ਬਸਤਰ ਪਾੜੇ ।11ਉਹ ਕਿਸੇ ਲਾਸ਼ ਦੇ ਕੋਲ ਨਾ ਜਾਵੇ ਅਤੇ ਨਾ ਹੀ ਆਪਣੇ ਪਿਤਾ ਜਾਂ ਆਪਣੀ ਮਾਤਾ ਦੇ ਕਾਰਨ ਆਪਣੇ ਆਪ ਨੂੰ ਅਸ਼ੁੱਧ ਕਰੇ ।12ਉਹ ਪਵਿੱਤਰ ਸਥਾਨ ਤੋਂ ਬਾਹਰ ਨਾ ਨਿੱਕਲੇ ਅਤੇ ਨਾ ਆਪਣੇ ਪਰਮੇਸ਼ੁਰ ਦੇ ਪਵਿੱਤਰ ਸਥਾਨ ਨੂੰ ਭ੍ਰਿਸ਼ਟ ਕਰੇ, ਕਿਉਂ ਜੋ ਉਸ ਦੇ ਸਿਰ ਉੱਤੇ ਪਰਮੇਸ਼ੁਰ ਦੇ ਮਸਹ ਕੀਤੇ ਹੋਏ ਤੇਲ ਦਾ ਮੁਕਟ ਹੈ । ਮੈਂ ਯਹੋਵਾਹ ਹਾਂ ।
13ਉਹ ਕੁਆਰੀ ਇਸਤਰੀ ਨਾਲ ਹੀ ਵਿਆਹ ਕਰੇ ।14ਉਹ ਕਿਸੇ ਵਿਧਵਾ, ਜਾਂ ਛੱਡੀ ਹੋਈ, ਜਾਂ ਭ੍ਰਿਸ਼ਟ ਜਾਂ ਵੇਸਵਾ ਇਸਤਰੀ ਨਾਲ ਵਿਆਹ ਨਾ ਕਰੇ, ਪਰ ਉਹ ਆਪਣੇ ਲੋਕਾਂ ਵਿੱਚੋਂ ਇੱਕ ਕੁਆਰੀ ਇਸਤਰੀ ਨਾਲ ਹੀ ਵਿਆਹ ਕਰੇ ।15ਉਹ ਆਪਣੇ ਲੋਕਾਂ ਵਿੱਚ, ਆਪਣੇ ਵੰਸ਼ ਨੂੰ ਭ੍ਰਿਸ਼ਟ ਨਾ ਕਰੇ, ਕਿਉਂ ਜੋ ਮੈਂ ਯਹੋਵਾਹ ਉਸ ਨੂੰ ਪਵਿੱਤਰ ਠਹਿਰਾਉਂਦਾ ਹਾਂ ।

16ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,17ਹਾਰੂਨ ਨੂੰ ਆਖ, ਤੇਰੀ ਵੰਸ਼ ਵਿੱਚ ਪੀੜ੍ਹੀਓਂ ਪੀੜ੍ਹੀ ਤੱਕ ਜਿਸ ਕਿਸੇ ਵਿੱਚ ਕੋਈ ਦੋਸ਼ ਹੋਵੇ, ਉਹ ਆਪਣੇ ਪਰਮੇਸ਼ੁਰ ਦੀ ਰੋਟੀ ਚੜ੍ਹਾਉਣ ਲਈ ਨਜ਼ਦੀਕ ਨਾ ਜਾਵੇ ।
18ਕੋਈ ਵੀ ਮਨੁੱਖ ਜਿਸ ਵਿੱਚ ਕੋਈ ਵੀ ਦੋਸ਼ ਹੋਵੇ, ਭਾਵੇਂ ਅੰਨ੍ਹਾਂ, ਭਾਵੇਂ ਲੰਗੜਾ, ਭਾਵੇਂ ਜਿਸ ਦਾ ਨੱਕ ਫੀਨਾ ਹੋਵੇ, ਜਾਂ ਜਿਸ ਦੀ ਲੱਤ ਲੰਮੀ ਹੋਵੇ,19ਜਾਂ ਉਸਦਾ ਪੈਰ ਜਾਂ ਹੱਥ ਟੁੱਟਿਆ ਹੋਇਆ ਹੋਵੇ,20ਜਾਂ ਕੁੱਬਾ, ਜਾਂ ਮਧਰਾ ਜਾਂ ਭੈਂਗਾ ਜਾਂ ਜਿਸ ਨੂੰ ਦਾਦ ਜਾਂ ਖੁਜਲੀ ਹੋਵੇ ਜਾਂ ਜਿਸ ਦੇ ਨਲ ਕੁਚਲੇ ਹੋਏ ਹੋਣ, ਉਹ ਨਜ਼ਦੀਕ ਨਾ ਜਾਵੇ ।21ਹਾਰੂਨ ਜਾਜਕ ਦੇ ਵੰਸ਼ ਵਿੱਚੋਂ ਜਿਸ ਕਿਸੇ ਮਨੁੱਖ ਵਿੱਚ ਕੋਈ ਦੋਸ਼ ਹੋਵੇ, ਉਹ ਯਹੋਵਾਹ ਦੀਆਂ ਅੱਗ ਦੀਆਂ ਭੇਟਾਂ ਦੇ ਚੜ੍ਹਾਉਣ ਲਈ ਨਜ਼ਦੀਕ ਨਾ ਆਵੇ । ਕਿਉਂ ਜੋ ਉਸ ਵਿੱਚ ਦੋਸ਼ ਹੈ, ਇਸ ਲਈ ਉਹ ਆਪਣੇ ਪਰਮੇਸ਼ੁਰ ਦੀ ਰੋਟੀ ਚੜ੍ਹਾਉਣ ਲਈ ਨਜ਼ਦੀਕ ਨਾ ਆਵੇ ।
22ਉਹ ਆਪਣੇ ਪਰਮੇਸ਼ੁਰ ਦੀ ਅੱਤ ਪਵਿੱਤਰ ਅਤੇ ਪਵਿੱਤਰ ਰੋਟੀ ਵਿੱਚੋਂ ਖਾਵੇ,23ਪਰ ਉਹ ਪਰਦੇ ਦੇ ਅੰਦਰ ਨਾ ਜਾਵੇ ਅਤੇ ਨਾ ਹੀ ਜਗਵੇਦੀ ਦੇ ਨਜ਼ਦੀਕ ਜਾਵੇ ਕਿਉਂ ਜੋ ਉਸ ਵਿੱਚ ਦੋਸ਼ ਹੈ, ਅਜਿਹਾ ਨਾ ਹੋਵੇ ਕਿ ਉਹ ਮੇਰੇ ਪਵਿੱਤਰ ਸਥਾਨਾਂ ਨੂੰ ਭ੍ਰਿਸ਼ਟ ਕਰੇ, ਕਿਉਂ ਜੋ ਮੈਂ ਯਹੋਵਾਹ ਉਨ੍ਹਾਂ ਨੂੰ ਪਵਿੱਤਰ ਠਹਿਰਾਉਂਦਾ ਹਾਂ ।

24ਇਸ ਲਈ ਮੂਸਾ ਨੇ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਅਤੇ ਇਸਰਾਏਲ ਦੇ ਸਾਰੇ ਘਰਾਣਿਆਂ ਨੂੰ ਇਹ ਗੱਲਾਂ ਦੱਸੀਆਂ ।

22
ਚੜ੍ਹਾਵੇ ਦੀ ਪਵਿੱਤਰਤਾ

1ਯਹੋਵਾਹ ਨੇ ਮੂਸਾ ਨੂੰ ਆਖਿਆ,2ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਆਖ, ਉਹ ਇਸਰਾਏਲੀਆਂ ਦੀਆਂ ਪਵਿੱਤਰ ਕੀਤੀਆਂ ਹੋਈਆਂ ਵਸਤੂਆਂ ਤੋਂ, ਜਿਨ੍ਹਾਂ ਨੂੰ ਉਹ ਮੇਰੇ ਅੱਗੇ ਪਵਿੱਤਰ ਕਰਦੇ ਹਨ, ਅਲੱਗ ਰਹਿਣ ਅਤੇ ਮੇਰੇ ਪਵਿੱਤਰ ਨਾਮ ਦਾ ਨਿਰਾਦਰ ਨਾ ਕਰਨ । ਮੈਂ ਯਹੋਵਾਹ ਹਾਂ ।

3ਉਨ੍ਹਾਂ ਨੂੰ ਆਖ, ਤੁਹਾਡੀਆਂ ਪੀੜ੍ਹੀਆਂ ਵਿੱਚੋਂ, ਅਤੇ ਤੁਹਾਡੇ ਸਾਰੇ ਵੰਸ਼ ਵਿੱਚੋਂ ਜਿਹੜਾ ਆਪਣੀ ਅਸ਼ੁੱਧਤਾਈ ਵਿੱਚ ਉਨ੍ਹਾਂ ਪਵਿੱਤਰ ਕੀਤੀਆਂ ਹੋਇਆਂ ਵਸਤੂਆਂ ਕੋਲ ਜਾਵੇ, ਜਿਹੜੀਆਂ ਇਸਰਾਏਲੀ ਮੇਰੇ ਲਈ ਪਵਿੱਤਰ ਕਰਦੇ ਹਨ, ਉਹ ਮਨੁੱਖ ਮੇਰੇ ਅੱਗਿਓਂ ਛੇਕਿਆ ਜਾਵੇ । ਮੈਂ ਯਹੋਵਾਹ ਹਾਂ ।

4ਹਾਰੂਨ ਦੇ ਵੰਸ਼ ਵਿੱਚ ਜਿਸ ਕਿਸੇ ਨੂੰ ਕੋੜ੍ਹ ਹੋਵੇ ਜਾਂ ਪ੍ਰਮੇਹ ਹੋਵੇ, ਜਦ ਤੱਕ ਉਹ ਮਨੁੱਖ ਸ਼ੁੱਧ ਨਾ ਹੋਵੇ, ਤਦ ਤੱਕ ਪਵਿੱਤਰ ਵਸਤੂਆਂ ਨੂੰ ਨਾ ਖਾਵੇ । ਜਿਹੜਾ ਕਿਸੇ ਅਜਿਹੀ ਵਸਤੂ ਨੂੰ ਛੂਹੇ, ਜੋ ਮੁਰਦੇ ਦੇ ਕਾਰਨ ਅਸ਼ੁੱਧ ਹੈ ਜਾਂ ਕਿਸੇ ਮਨੁੱਖ ਨੂੰ ਛੂਹੇ ਜਿਸ ਦਾ ਵੀਰਜ ਨਿੱਕਲਿਆ ਹੋਵੇ,5ਜਾਂ ਜਿਹੜਾ ਕਿਸੇ ਘਿਸਰਨ ਵਾਲੇ ਜੀਵ ਨੂੰ ਛੂਹੇ, ਜਿਸ ਦੇ ਕਾਰਨ ਉਹ ਅਸ਼ੁੱਧ ਹੋ ਜਾਵੇ, ਜਾਂ ਕਿਸੇ ਅਜਿਹੇ ਮਨੁੱਖ ਨੂੰ ਛੂਹੇ ਜਿਸ ਵਿੱਚ ਕੋਈ ਅਸ਼ੁੱਧਤਾਈ ਹੋਵੇ, ਭਾਵੇਂ ਉਹ ਕਿਹੋ ਜਿਹੀ ਅਸ਼ੁੱਧਤਾਈ ਕਿਉਂ ਨਾ ਹੋਵੇ,6ਤਾਂ ਉਹ ਮਨੁੱਖ ਜਿਹੜਾ ਇਹੋ ਜਿਹੀ ਕਿਸੇ ਵਸਤੂ ਨੂੰ ਛੂਹੇ, ਉਹ ਸ਼ਾਮ ਤੱਕ ਅਸ਼ੁੱਧ ਰਹੇ ਅਤੇ ਜਦ ਤੱਕ ਪਾਣੀ ਨਾਲ ਨਾ ਨਹਾਵੇ, ਤਦ ਤੱਕ ਕਿਸੇ ਪਵਿੱਤਰ ਵਸਤੂ ਨੂੰ ਨਾ ਖਾਵੇ ।
7ਜਦ ਸੂਰਜ ਡੁੱਬ ਜਾਵੇ ਤਾਂ ਉਹ ਸ਼ੁੱਧ ਹੋਵੇ ਅਤੇ ਫੇਰ ਪਵਿੱਤਰ ਵਸਤੂਆਂ ਵਿੱਚੋਂ ਖਾ ਸਕਦਾ ਹੈ, ਕਿਉਂ ਜੋ ਇਹ ਹੀ ਉਸ ਦਾ ਭੋਜਨ ਹੈ ।8ਜਿਹੜਾ ਜਾਨਵਰ ਆਪ ਮਰ ਜਾਵੇ, ਜਾਂ ਦੂਜੇ ਜਾਨਵਰਾਂ ਦੁਆਰਾ ਪਾੜਿਆ ਜਾਵੇ ਤਾਂ ਉਸ ਨੂੰ ਖਾ ਕੇ ਉਹ ਆਪਣੇ ਆਪ ਨੂੰ ਅਸ਼ੁੱਧ ਨਾ ਕਰੇ । ਮੈਂ ਯਹੋਵਾਹ ਹਾਂ ।

9ਇਸ ਲਈ ਜਾਜਕ ਮੇਰੇ ਹੁਕਮ ਨੂੰ ਮੰਨਣ, ਅਜਿਹਾ ਨਾ ਹੋਵੇ ਕਿ ਉਹ ਉਸ ਦਾ ਨਿਰਾਦਰ ਕਰਨ ਅਤੇ ਉਨ੍ਹਾਂ ਦਾ ਪਾਪ ਉਨ੍ਹਾਂ ਦੇ ਜੁੰਮੇ ਹੋਵੇ ਅਤੇ ਉਹ ਮਰ ਜਾਣ । ਮੈਂ ਯਹੋਵਾਹ ਉਨ੍ਹਾਂ ਨੂੰ ਪਵਿੱਤਰ ਕਰਨ ਵਾਲਾ ਹਾਂ ।
10ਕੋਈ ਵੀ ਗੈਰ-ਕੌਮੀ ਮਨੁੱਖ ਪਵਿੱਤਰ ਵਸਤੂਆਂ ਵਿੱਚੋਂ ਨਾ ਖਾਵੇ, ਭਾਵੇਂ ਉਹ ਪਰਦੇਸੀ ਹੋ ਕੇ ਜਾਜਕ ਦੇ ਕੋਲ ਰਹਿੰਦਾ ਹੋਵੇ, ਜਾਂ ਕੋਈ ਨੌਕਰ ਹੋਵੇ, ਉਹ ਪਵਿੱਤਰ ਵਸਤੂਆਂ ਵਿੱਚੋਂ ਨਾ ਖਾਵੇ ।11ਪਰ ਜੇਕਰ ਜਾਜਕ ਕਿਸੇ ਮਨੁੱਖ ਨੂੰ ਆਪਣਾ ਪੈਸਾ ਦੇ ਕੇ ਮੁੱਲ ਲਵੇ, ਤਾਂ ਉਹ ਮਨੁੱਖ ਉਸ ਵਿੱਚੋਂ ਖਾ ਸਕਦਾ ਹੈ ਅਤੇ ਉਹ ਜੋ ਜਾਜਕ ਦੇ ਘਰ ਵਿੱਚ ਜੰਮਿਆ ਹੋਵੇ, ਉਹ ਵੀ ਉਸ ਭੋਜਨ ਵਿੱਚੋਂ ਖਾ ਸਕਦਾ ਹੈ ।
12ਜੇਕਰ ਜਾਜਕ ਦੀ ਧੀ ਕਿਸੇ ਪਰਾਏ ਮਨੁੱਖ ਨਾਲ ਵਿਆਹੀ ਜਾਵੇ, ਤਾਂ ਉਹ ਪਵਿੱਤਰ ਵਸਤੂਆਂ ਦੀ ਭੇਟ ਵਿੱਚੋਂ ਨਾ ਖਾਵੇ ।13ਪਰ ਜੇਕਰ ਜਾਜਕ ਦੀ ਧੀ ਵਿਧਵਾ ਜਾਂ ਪਤੀ ਵੱਲੋਂ ਤਿਆਗੀ ਹੋਈ ਹੋਵੇ ਅਤੇ ਉਸ ਦੀ ਕੋਈ ਸੰਤਾਨ ਨਾ ਹੋਵੇ ਅਤੇ ਪਹਿਲਾਂ ਦੀ ਤਰ੍ਹਾਂ ਆਪਣੇ ਪਿਤਾ ਦੇ ਘਰ ਵਿੱਚ ਰਹਿੰਦੀ ਹੋਵੇ ਤਾਂ ਉਹ ਆਪਣੇ ਪਿਤਾ ਦੇ ਭੋਜਨ ਵਿੱਚੋਂ ਖਾਵੇ, ਪਰ ਕੋਈ ਪਰਾਇਆ ਉਸ ਵਿੱਚੋਂ ਨਾ ਖਾਵੇ ।

14ਜੇਕਰ ਕੋਈ ਮਨੁੱਖ ਅਣਜਾਣੇ ਵਿੱਚ ਪਵਿੱਤਰ ਵਸਤੂਆਂ ਵਿੱਚੋਂ ਖਾ ਲਵੇ ਤਾਂ ਉਹ ਉਸ ਦੇ ਨਾਲ ਪੰਜਵਾਂ ਹਿੱਸਾ ਹੋਰ ਮਿਲਾ ਕੇ ਜਾਜਕ ਨੂੰ ਪਵਿੱਤਰ ਵਸਤੂ ਦੇ ਦੇਵੇ ।15ਅਤੇ ਉਹ ਇਸਰਾਏਲੀਆਂ ਦੀਆਂ ਪਵਿੱਤਰ ਕੀਤੀਆਂ ਹੋਈਆਂ ਵਸਤੂਆਂ ਦਾ ਜਿਨ੍ਹਾਂ ਨੂੰ ਉਹ ਭੇਟ ਕਰਕੇ ਯਹੋਵਾਹ ਦੇ ਅੱਗੇ ਚੜ੍ਹਾਉਂਦੇ ਹਨ, ਨਿਰਾਦਰ ਨਾ ਕਰਨ ।16ਉਹ ਉਨ੍ਹਾਂ ਨੂੰ ਆਪਣੀਆਂ ਪਵਿੱਤਰ ਵਸਤੂਆਂ ਵਿੱਚੋਂ ਖੁਆ ਕੇ, ਉਨ੍ਹਾਂ ਉੱਤੇ ਬਦੀ ਦਾ ਦੋਸ਼ ਨਾ ਲਿਆਉਣ, ਕਿਉਂ ਜੋ ਮੈਂ ਯਹੋਵਾਹ ਉਨ੍ਹਾਂ ਨੂੰ ਪਵਿੱਤਰ ਕਰਨ ਵਾਲਾ ਹਾਂ ।

17ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,18ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਅਤੇ ਇਸਰਾਏਲ ਦੇ ਸਾਰੇ ਘਰਾਣਿਆਂ ਨੂੰ ਆਖ ਕਿ ਇਸਰਾਏਲੀਆਂ ਵਿੱਚੋਂ ਜਾਂ ਉਨ੍ਹਾਂ ਪਰਦੇਸੀਆਂ ਵਿੱਚੋਂ ਜੋ ਇਸਰਾਏਲ ਵਿੱਚ ਵੱਸਦੇ ਹਨ, ਜਿਹੜਾ ਆਪਣੀਆਂ ਸੁੱਖਣਾਂ ਜਾਂ ਖੁਸ਼ੀ ਦੀਆਂ ਭੇਟਾਂ ਯਹੋਵਾਹ ਦੇ ਅੱਗੇ ਹੋਮ ਬਲੀ ਦੀ ਭੇਟ ਕਰਕੇ ਚੜ੍ਹਾਵੇ,19ਤਾਂ ਤੁਸੀਂ ਆਪਣੇ ਸਵੀਕਾਰੇ ਜਾਣ ਲਈ ਬਲ਼ਦਾਂ, ਜਾਂ ਭੇਡਾਂ ਜਾਂ ਬੱਕਰੀਆਂ ਵਿੱਚੋਂ ਇੱਕ ਦੋਸ਼ ਰਹਿਤ ਨਰ ਚੜ੍ਹਾਓ ।
20ਪਰ ਜਿਸ ਵਿੱਚ ਕੋਈ ਦੋਸ਼ ਹੋਏ, ਉਸ ਨੂੰ ਤੁਸੀਂ ਨਾ ਚੜ੍ਹਾਉਣਾ, ਕਿਉਂ ਜੋ ਉਹ ਤੁਹਾਡੇ ਵੱਲੋਂ ਸਵੀਕਾਰ ਨਹੀਂ ਕੀਤਾ ਜਾਵੇਗਾ ।21ਅਤੇ ਜਿਹੜਾ ਯਹੋਵਾਹ ਦੇ ਅੱਗੇ ਆਪਣੀ ਸੁੱਖਣਾ ਪੂਰੀ ਕਰਨ ਲਈ ਸੁੱਖ-ਸਾਂਦ ਦੀਆਂ ਭੇਟਾਂ ਦੀ ਬਲੀ ਚੜ੍ਹਾਵੇ, ਜਾਂ ਆਪਣੀ ਖੁਸ਼ੀ ਦੀ ਭੇਟ ਲਈ ਬਲ਼ਦਾਂ ਜਾਂ ਭੇਡਾਂ ਵਿੱਚੋਂ ਭੇਟ ਚੜ੍ਹਾਵੇ, ਤਾਂ ਸਵੀਕਾਰੇ ਜਾਣ ਲਈ ਜ਼ਰੂਰੀ ਹੈ ਕਿ ਉਹ ਪੂਰੀ ਹੋਵੇ ਅਤੇ ਉਸ ਦੇ ਵਿੱਚ ਕੋਈ ਦੋਸ਼ ਨਾ ਹੋਵੇ ।
22ਜਿਹੜਾ ਅੰਨ੍ਹਾਂ ਹੋਵੇ, ਜਾਂ ਜਿਸ ਦੇ ਅੰਗ ਟੁੱਟੇ ਹੋਣ ਜਾਂ ਟੁੰਡਾ ਹੋਵੇ ਜਾਂ ਜਿਸ ਨੂੰ ਮੁਹਕੇ ਹੋਣ, ਜਾਂ ਦਾਦ ਜਾਂ ਖੁਜਲੀ ਹੋਵੇ, ਇਨ੍ਹਾਂ ਨੂੰ ਤੁਸੀਂ ਯਹੋਵਾਹ ਦੇ ਅੱਗੇ ਨਾ ਚੜ੍ਹਾਉਣਾ, ਨਾ ਉਨ੍ਹਾਂ ਨੂੰ ਅੱਗ ਦੀ ਭੇਟ ਕਰਕੇ ਜਗਵੇਦੀ ਦੇ ਉੱਤੇ ਯਹੋਵਾਹ ਦੇ ਅੱਗੇ ਚੜ੍ਹਾਉਣਾ ।23ਜਿਸ ਕਿਸੇ ਬਲ਼ਦ ਜਾਂ ਬੱਕਰੇ ਦਾ ਕੋਈ ਅੰਗ ਵੱਧ ਜਾਂ ਘੱਟ ਹੋਵੇ, ਉਸ ਨੂੰ ਤੁਸੀਂ ਆਪਣੀ ਖੁਸ਼ੀ ਦੀ ਭੇਟ ਕਰਕੇ ਚੜ੍ਹਾ ਸਕਦੇ ਹੋ, ਪਰ ਸੁੱਖਣਾ ਪੂਰੀ ਕਰਨ ਲਈ ਉਸ ਨੂੰ ਸਵੀਕਾਰ ਨਾ ਕੀਤਾ ਜਾਵੇਗਾ ।
24ਜਿਸ ਪਸ਼ੂ ਦੇ ਨਲ ਨੂੰ ਸੱਟ ਲੱਗੀ ਹੋਵੇ, ਜਾਂ ਦੱਬੇ ਹੋਏ, ਕੁਚਲੇ ਹੋਏ ਜਾਂ ਫਟੇ ਹੋਏ ਹੋਣ, ਉਸ ਨੂੰ ਤੁਸੀਂ ਯਹੋਵਾਹ ਦੇ ਅੱਗੇ ਨਾ ਚੜ੍ਹਾਉਣਾ, ਅਤੇ ਨਾ ਆਪਣੇ ਦੇਸ਼ ਵਿੱਚ ਕੋਈ ਅਜਿਹੀ ਭੇਟ ਚੜ੍ਹਾਉਣਾ ।25ਇਨ੍ਹਾਂ ਵਿੱਚੋਂ ਕਿਸੇ ਨੂੰ ਪਰਦੇਸੀ ਦੇ ਹੱਥ ਤੋਂ ਲੈ ਆਪਣੇ ਪਰਮੇਸ਼ੁਰ ਦਾ ਭੋਜਨ ਕਰਕੇ ਨਾ ਚੜ੍ਹਾਉਣਾ, ਕਿਉਂ ਜੋ ਉਨ੍ਹਾਂ ਦੀ ਬੁਰਿਆਈ ਉਨ੍ਹਾਂ ਦੇ ਵਿੱਚ ਹੈ ਅਤੇ ਦੋਸ਼ ਵੀ ਹਨ, ਇਸ ਲਈ ਉਹ ਤੁਹਾਡੇ ਹੱਥਾਂ ਤੋਂ ਸਵੀਕਾਰ ਨਹੀਂ ਕੀਤੇ ਜਾਣਗੇ ।

26ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,27ਜਦ ਕੋਈ ਬਲ਼ਦ, ਜਾਂ ਭੇਡ ਜਾਂ ਬੱਕਰੀ ਦਾ ਬੱਚਾ ਜੰਮੇ ਤਾਂ ਉਹ ਸੱਤ ਦਿਨ ਤੱਕ ਆਪਣੀ ਮਾਂ ਦੇ ਕੋਲ ਰਹੇ ਅਤੇ ਅੱਠਵੇਂ ਦਿਨ ਤੋਂ ਲੈ ਕੇ ਉਹ ਯਹੋਵਾਹ ਦੇ ਅੱਗੇ ਅੱਗ ਦੀ ਭੇਟ ਦੇ ਲਈ ਸਵੀਕਾਰ ਯੋਗ ਹੋਵੇਗਾ ।
28ਭਾਵੇਂ ਗਾਂ ਹੋਵੇ, ਭਾਵੇਂ ਭੇਡ ਜਾਂ ਬੱਕਰੀ, ਤੂੰ ਉਸ ਨੂੰ ਅਤੇ ਉਸ ਦੇ ਬੱਚੇ ਨੂੰ ਇੱਕ ਦਿਨ ਵਿੱਚ ਨਾ ਵੱਢੀਂ ।29ਅਤੇ ਜਦ ਤੁਸੀਂ ਯਹੋਵਾਹ ਦੇ ਅੱਗੇ ਧੰਨਵਾਦ ਦੀ ਬਲੀ ਚੜ੍ਹਾਓ, ਤਾਂ ਤੁਸੀਂ ਉਸ ਨੂੰ ਇਸੇ ਤਰ੍ਹਾਂ ਹੀ ਚੜ੍ਹਾਉਣਾ ਤਾਂ ਜੋ ਉਹ ਸਵੀਕਾਰ ਹੋਵੇ ।30ਉਸ ਨੂੰ ਉਸੇ ਦਿਨ ਹੀ ਖਾਧਾ ਜਾਵੇ, ਤੁਸੀਂ ਉਸ ਵਿੱਚੋਂ ਸਵੇਰ ਤੱਕ ਕੁਝ ਨਾ ਛੱਡਣਾ । ਮੈਂ ਯਹੋਵਾਹ ਹਾਂ ।

31ਇਸ ਲਈ ਤੁਸੀਂ ਮੇਰੇ ਹੁਕਮਾਂ ਨੂੰ ਮੰਨ ਕੇ ਉਨ੍ਹਾਂ ਦੀ ਪਾਲਣਾ ਕਰਨਾ । ਮੈਂ ਯਹੋਵਾਹ ਹਾਂ ।32ਤੁਸੀਂ ਮੇਰੇ ਪਵਿੱਤਰ ਨਾਮ ਨੂੰ ਭ੍ਰਿਸ਼ਟ ਨਾ ਕਰਨਾ, ਪਰ ਮੈਂ ਇਸਰਾਏਲੀਆਂ ਵਿੱਚ ਜ਼ਰੂਰ ਹੀ ਪਵਿੱਤਰ ਸਮਝਿਆ ਜਾਂਵਾਂ । ਮੈਂ ਉਹ ਯਹੋਵਾਹ ਹਾਂ, ਜੋ ਤੁਹਾਨੂੰ ਪਵਿੱਤਰ ਕਰਦਾ ਹੈ ।33ਜੋ ਤੁਹਾਨੂੰ ਮਿਸਰ ਦੇਸ਼ ਵਿੱਚੋਂ ਕੱਢ ਲਿਆਇਆ ਤਾਂ ਜੋ ਤੁਹਾਡਾ ਪਰਮੇਸ਼ੁਰ ਹੋਵਾਂ, ਮੈਂ ਯਹੋਵਾਹ ਹਾਂ ।

23
ਖ਼ਾਸ ਪਰਬਾਂ ਲਈ ਬਿਧੀਆਂ

1ਯਹੋਵਾਹ ਨੇ ਮੂਸਾ ਨੂੰ ਆਖਿਆ,2"ਇਸਰਾਏਲੀਆਂ ਨੂੰ ਆਖ ਕਿ ਜਿਹੜੇ ਯਹੋਵਾਹ ਦੇ ਪਰਬ ਹਨ, ਜਿਨ੍ਹਾਂ ਦੀ ਤੁਸੀਂ ਪਵਿੱਤਰ ਸਭਾ ਲਈ ਨਿਯੁਕਤ ਸਮੇਂ ਤੇ ਘੋਸ਼ਣਾ ਕਰਨੀ ਹੈ ਉਹ ਇਹ ਹਨ,

3ਛੇ ਦਿਨ ਕੰਮ ਕੀਤਾ ਜਾਵੇ ਪਰ ਸੱਤਵਾਂ ਦਿਨ ਮਹਾਂ-ਸਬਤ ਦਾ ਅਤੇ ਪਵਿੱਤਰ ਸਭਾ ਦਾ ਦਿਨ ਹੈ, ਤੁਸੀਂ ਉਸ ਦਿਨ ਕੋਈ ਕੰਮ ਨਾ ਕਰਨਾ । ਇਹ ਤੁਹਾਡੇ ਸਾਰੇ ਨਿਵਾਸ ਸਥਾਨਾਂ ਵਿੱਚ ਯਹੋਵਾਹ ਦਾ ਸਬਤ ਹੈ ।
ਪਸਾਹ ਅਤੇ ਪਤੀਰੀ ਰੋਟੀ ਦਾ ਪਰਬ
(ਗਿਣਤੀ 28:16-25 )

4ਯਹੋਵਾਹ ਦੇ ਪਰਬ ਜਿਨ੍ਹਾਂ ਦੇ ਨਿਯੁਕਤ ਕੀਤੇ ਹੋਏ ਸਮੇਂ ਤੇ ਤੁਸੀਂ ਪਵਿੱਤਰ ਸਭਾ ਕਰਨ ਲਈ ਘੋਸ਼ਣਾ ਕਰਨੀ ਹੈ, ਉਹ ਇਹ ਹਨ,5ਪਹਿਲੇ ਮਹੀਨੇ ਦੇ ਚੌਧਵੇਂ ਦਿਨ ਨੂੰ ਸ਼ਾਮ ਦੇ ਵੇਲੇ ਯਹੋਵਾਹ ਦੇ ਪਸਾਹ ਦਾ ਪਰਬ ਹੈ ।6ਅਤੇ ਉਸੇ ਮਹੀਨੇ ਦੇ ਪੰਦਰਵੇਂ ਦਿਨ ਨੂੰ ਯਹੋਵਾਹ ਦੀ ਪਤੀਰੀ ਰੋਟੀ ਦਾ ਪਰਬ ਹੈ, ਉਸ ਵਿੱਚ ਸੱਤ ਦਿਨ ਤੱਕ ਤੁਸੀਂ ਪਤੀਰੀ ਰੋਟੀ ਖਾਣਾ ।
7ਪਹਿਲੇ ਦਿਨ ਤੁਸੀਂ ਪਵਿੱਤਰ ਸਭਾ ਕਰਨਾ, ਉਸ ਦੇ ਵਿੱਚ ਤੁਸੀਂ ਕੋਈ ਕੰਮ-ਧੰਦਾ ਨਾ ਕਰਨਾ ।8ਸੱਤ ਦਿਨ ਤੱਕ ਤੁਸੀਂ ਯਹੋਵਾਹ ਦੇ ਅੱਗੇ ਅੱਗ ਦੀ ਭੇਟ ਚੜ੍ਹਾਉਣਾ ਅਤੇ ਸੱਤਵੇਂ ਦਿਨ ਪਵਿੱਤਰ ਸਭਾ ਹੋਵੇ, ਉਸ ਦੇ ਵਿੱਚ ਤੁਸੀਂ ਕੋਈ ਕੰਮ-ਧੰਦਾ ਨਾ ਕਰਨਾ । "

9ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,10"ਇਸਰਾਏਲੀਆਂ ਨਾਲ ਗੱਲ ਕਰ ਅਤੇ ਆਖ ਜਿਸ ਵੇਲੇ ਤੁਸੀਂ ਉਸ ਦੇਸ਼ ਵਿੱਚ ਪਹੁੰਚ ਜਾਓ ਜਿਹੜਾ ਮੈਂ ਤੁਹਾਨੂੰ ਦਿੰਦਾ ਹਾਂ, ਅਤੇ ਉਸ ਦੀ ਫ਼ਸਲ ਵੱਢੋ ਤਾਂ ਤੁਸੀਂ ਆਪਣੀ ਉਪਜ ਦੇ ਪਹਿਲੇ ਫਲ ਵਿੱਚੋਂ ਇੱਕ ਪੂਲਾ ਜਾਜਕ ਦੇ ਸਾਹਮਣੇ ਲਿਆਉਣਾ ।11ਅਤੇ ਉਹ ਉਸ ਪੂਲੇ ਨੂੰ ਯਹੋਵਾਹ ਦੇ ਅੱਗੇ ਹਿਲਾਵੇ ਤਾਂ ਜੋ ਉਹ ਤੁਹਾਡੇ ਵੱਲੋਂ ਸਵੀਕਾਰ ਕੀਤਾ ਜਾਵੇ, ਜਾਜਕ ਉਸ ਨੂੰ ਸਬਤ ਦੇ ਅਗਲੇ ਦਿਨ ਹਿਲਾਵੇ ।
12ਅਤੇ ਜਿਸ ਦਿਨ ਤੁਸੀਂ ਉਸ ਪੂਲੇ ਨੂੰ ਹਿਲਾਓ, ਉਸੇ ਦਿਨ ਤੁਸੀਂ ਇੱਕ ਸਾਲ ਦਾ ਦੋਸ਼ ਰਹਿਤ ਇੱਕ ਲੇਲਾ ਯਹੋਵਾਹ ਦੇ ਅੱਗੇ ਹੋਮ ਦੀ ਭੇਟ ਕਰਕੇ ਚੜ੍ਹਾਉਣਾ ।13ਅਤੇ ਉਸ ਦੇ ਨਾਲ ਮੈਦੇ ਦੀ ਭੇਟ, ਏਫ਼ਾਹ ਦਾ ਦੋ ਦੱਸਵਾਂ ਹਿੱਸਾ ਤੇਲ ਨਾਲ ਰਲੇ ਹੋਏ ਮੈਦੇ ਦਾ ਹੋਵੇ, ਉਹ ਯਹੋਵਾਹ ਦੇ ਅੱਗੇ ਸੁਗੰਧਤਾ ਕਰਕੇ ਇੱਕ ਅੱਗ ਦੀ ਭੇਟ ਹੋਵੇ ਅਤੇ ਉਸ ਦੇ ਨਾਲ ਪੀਣ ਦੀ ਭੇਟ ਲਈ ਕੁੱਪੇ ਦੀ ਚੁਥਾਈ ਦਾਖਰਸ ਹੋਵੇ ।14ਜਿਸ ਦਿਨ ਤੱਕ ਤੁਸੀਂ ਇਸ ਭੇਟ ਨੂੰ ਆਪਣੇ ਪਰਮੇਸ਼ੁਰ ਦੇ ਅੱਗੇ ਨਾ ਲਿਆਓ, ਉਸ ਦਿਨ ਤੱਕ ਤੁਸੀਂ ਪਹਿਲੇ ਫਲ ਵਿੱਚੋਂ ਨਾ ਰੋਟੀ, ਨਾ ਭੁੰਨੇ ਹੋਏ ਦਾਣੇ ਅਤੇ ਨਾ ਹੀ ਹਰੇ ਸਿੱਟੇ ਖਾਣਾ । ਇਹ ਤੁਹਾਡੀਆਂ ਪੀੜ੍ਹੀਆਂ ਤੱਕ ਤੁਹਾਡੇ ਸਾਰੇ ਨਿਵਾਸ ਸਥਾਨਾਂ ਵਿੱਚ ਇੱਕ ਸਦਾ ਦੀ ਬਿਧੀ ਹੋਵੇ ।
ਪਹਿਲੀ ਉਪਜ ਦਾ ਪਰਬ
(ਗਿਣਤੀ 28:26-31)

15ਫੇਰ ਉਸ ਸਬਤ ਦੇ ਅਗਲੇ ਦਿਨ ਤੋਂ ਜਦ ਤੁਸੀਂ ਹਿਲਾਉਣ ਦੀ ਭੇਟ ਦਾ ਪੂਲਾ ਲਿਆਏ, ਤੁਸੀਂ ਅਗਲੇ ਸੱਤ ਸਬਤ ਗਿਣ ਲੈਣਾ ।16ਅਤੇ ਸੱਤਵੇਂ ਸਬਤ ਦੇ ਅਗਲੇ ਦਿਨ ਤੱਕ ਤੁਸੀਂ ਪੰਜਾਹ ਦਿਨ ਗਿਣ ਲੈਣਾ ਅਤੇ ਫੇਰ ਯਹੋਵਾਹ ਦੇ ਅੱਗੇ ਇੱਕ ਨਵੀਂ ਮੈਦੇ ਦੀ ਭੇਟ ਚੜ੍ਹਾਉਣਾ ।
17ਤੁਸੀਂ ਆਪਣੇ ਨਿਵਾਸ ਸਥਾਨਾਂ ਵਿੱਚੋਂ ਏਫ਼ਾਹ ਦੇ ਦੋ ਦਸਵੇਂ ਹਿੱਸੇ ਮੈਦੇ ਦੀਆਂ ਦੋ ਰੋਟੀਆਂ ਹਿਲਾਉਣ ਦੀ ਭੇਟ ਕਰਕੇ ਲਿਆਉਣਾ, ਉਹ ਖ਼ਮੀਰ ਨਾਲ ਗੁੰਨ੍ਹੇ ਹੋਏ ਮੈਦੇ ਦੀਆਂ ਹੋਣ, ਇਹ ਯਹੋਵਾਹ ਦੇ ਅੱਗੇ ਉਪਜ ਦਾ ਪਹਿਲਾ ਫਲ ਹੈ ।18ਤੁਸੀਂ ਉਨ੍ਹਾਂ ਰੋਟੀਆਂ ਦੇ ਨਾਲ ਇੱਕ ਸਾਲ ਦੇ ਦੋਸ਼ ਰਹਿਤ ਸੱਤ ਲੇਲੇ, ਇੱਕ ਜੁਆਨ ਬਲ਼ਦ ਅਤੇ ਦੋ ਭੇਡੂ ਹੋਮ ਬਲੀ ਦੀ ਭੇਟ ਕਰਕੇ ਚੜ੍ਹਾਉਣਾ । ਉਹ ਉਨ੍ਹਾਂ ਦੀਆਂ ਮੈਦੇ ਦੀਆਂ ਭੇਟਾਂ, ਪੀਣ ਦੀਆਂ ਭੇਟਾਂ ਸਮੇਤ ਯਹੋਵਾਹ ਦੇ ਅੱਗੇ ਸੁਗੰਧਤਾ ਲਈ ਇੱਕ ਅੱਗ ਦੀ ਭੇਟ ਹੋਵੇ ।
19ਫੇਰ ਤੁਸੀਂ ਪਾਪ ਬਲੀ ਦੀ ਭੇਟ ਲਈ ਇੱਕ ਬੱਕਰਾ ਅਤੇ ਸੁੱਖ-ਸਾਂਦ ਦੀ ਭੇਟ ਲਈ ਇੱਕ ਸਾਲ ਦੇ ਦੋ ਲੇਲੇ ਬਲੀ ਕਰਕੇ ਚੜ੍ਹਾਉਣਾ ।20ਤਦ ਜਾਜਕ ਉਨ੍ਹਾਂ ਲੇਲਿਆਂ ਨੂੰ ਪਹਿਲੇ ਫਲ ਦੀ ਰੋਟੀ ਸਮੇਤ ਹਿਲਾਉਣ ਦੀ ਭੇਟ ਕਰਕੇ ਯਹੋਵਾਹ ਦੇ ਅੱਗੇ ਹਿਲਾਵੇ ਅਤੇ ਉਹ ਜਾਜਕ ਦੇ ਲਈ ਯਹੋਵਾਹ ਦੇ ਅੱਗੇ ਪਵਿੱਤਰ ਹੋਣ ।21ਉਸੇ ਦਿਨ ਤੁਸੀਂ ਆਪਣੇ ਲਈ ਇੱਕ ਪਵਿੱਤਰ ਸਭਾ ਦੀ ਘੋਸ਼ਣਾ ਕਰਨਾ । ਉਸ ਦਿਨ ਤੁਸੀਂ ਕੋਈ ਕੰਮ-ਧੰਦਾ ਨਾ ਕਰਨਾ । ਇਹ ਤੁਹਾਡੇ ਸਾਰੇ ਨਿਵਾਸ-ਸਥਾਨਾਂ ਵਿੱਚ ਤੁਹਾਡੀਆਂ ਪੀੜ੍ਹੀਆਂ ਤੱਕ ਇੱਕ ਸਦਾ ਦੀ ਬਿਧੀ ਠਹਿਰੇ ।

22ਜਿਸ ਵੇਲੇ ਤੁਸੀਂ ਆਪਣੇ ਦੇਸ਼ ਦੀ ਫ਼ਸਲ ਵੱਢੋ ਤਾਂ ਤੁਸੀਂ ਆਪਣੇ ਖੇਤ ਦੇ ਬੰਨ੍ਹਿਆਂ ਤੱਕ ਸਾਰੀ ਫਸਲ ਨਾ ਵੱਢਣਾ, ਨਾ ਹੀ ਤੁਸੀਂ ਖੇਤ ਵਿੱਚ ਡਿੱਗੇ ਹੋਏ ਸਿੱਟਿਆਂ ਨੂੰ ਚੁੱਗਣਾ । ਤੁਸੀਂ ਉਨ੍ਹਾਂ ਨੂੰ ਕੰਗਾਲ ਅਤੇ ਪਰਦੇਸੀਆਂ ਲਈ ਛੱਡ ਦੇਣਾ । ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ । "
ਨਵੇਂ ਸਾਲ ਦਾ ਪਰਬ
(ਗਿਣਤੀ 29:1-6)

23ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,24"ਇਸਰਾਏਲ ਦੇ ਘਰਾਣਿਆਂ ਨੂੰ ਆਖ, ਸੱਤਵੇਂ ਮਹੀਨੇ ਦੇ ਪਹਿਲੇ ਦਿਨ ਤੁਹਾਡੇ ਲਈ ਮਹਾਂ-ਸਬਤ ਹੋਵੇ, ਉਸ ਦਿਨ ਤੁਸੀਂ ਯਾਦਗੀਰੀ ਲਈ ਤੁਰ੍ਹੀ ਵਜਾਉਣਾ ਅਤੇ ਪਵਿੱਤਰ ਸਭਾ ਕਰਨਾ ।25ਉਸ ਦਿਨ ਤੁਸੀਂ ਕੋਈ ਕੰਮ-ਧੰਦਾ ਨਾ ਕਰਨਾ ਪਰ ਯਹੋਵਾਹ ਦੇ ਅੱਗੇ ਇੱਕ ਅੱਗ ਦੀ ਭੇਟ ਚੜ੍ਹਾਉਣਾ । "
ਪ੍ਰਾਸਚਿਤ ਦਾ ਦਿਨ
(ਗਿਣਤੀ 29:7-11)

26ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,27"ਇਸੇ ਸੱਤਵੇਂ ਮਹੀਨੇ ਦਾ ਦਸਵਾਂ ਦਿਨ ਇੱਕ ਪ੍ਰਾਸਚਿਤ ਦਾ ਦਿਨ ਹੋਵੇ । ਉਹ ਤੁਹਾਡੇ ਲਈ ਪਵਿੱਤਰ ਸਭਾ ਦਾ ਦਿਨ ਹੋਵੇ, ਉਸ ਦਿਨ ਤੁਸੀਂ ਆਪਣੀਆਂ ਜਾਨਾਂ ਨੂੰ ਦੁੱਖ ਦੇਣਾ ਅਤੇ ਯਹੋਵਾਹ ਦੇ ਅੱਗੇ ਇੱਕ ਅੱਗ ਦੀ ਭੇਟ ਚੜ੍ਹਾਉਣਾ ।
28ਉਸ ਦਿਨ ਤੁਸੀਂ ਕੋਈ ਕੰਮ-ਧੰਦਾ ਨਾ ਕਰਨਾ ਕਿਉਂ ਜੋ ਉਹ ਪ੍ਰਾਸਚਿਤ ਦਾ ਦਿਨ ਹੈ ਜਿਸ ਵਿੱਚ ਯਹੋਵਾਹ ਤੁਹਾਡੇ ਪਰਮੇਸ਼ੁਰ ਦੇ ਅੱਗੇ ਤੁਹਾਡੇ ਲਈ ਪ੍ਰਾਸਚਿਤ ਕੀਤਾ ਜਾਵੇਗਾ ।29ਉਸ ਦਿਨ ਜਿਹੜਾ ਆਪਣੀ ਜਾਨ ਨੂੰ ਦੁੱਖ ਨਾ ਦੇਵੇ, ਉਹ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ ।
30ਜਿਹੜਾ ਵੀ ਉਸ ਦਿਨ ਵਿੱਚ ਕੋਈ ਕੰਮ ਕਰੇ ਤਾਂ ਉਸ ਮਨੁੱਖ ਨੂੰ ਮੈਂ ਉਸ ਦੇ ਲੋਕਾਂ ਵਿੱਚੋਂ ਨਾਸ਼ ਕਰਾਂਗਾ ।31ਤੁਸੀਂ ਕਿਸੇ ਪ੍ਰਕਾਰ ਦਾ ਕੰਮ-ਧੰਦਾ ਨਾ ਕਰਨਾ । ਇਹ ਤੁਹਾਡੇ ਸਾਰੇ ਨਿਵਾਸ ਸਥਾਨਾਂ ਵਿੱਚ ਤੁਹਾਡੀਆਂ ਪੀੜ੍ਹੀਆਂ ਤੱਕ ਇੱਕ ਸਦਾ ਦੀ ਬਿਧੀ ਠਹਿਰੇ ।32ਇਹ ਤੁਹਾਡੇ ਲਈ ਇੱਕ ਮਹਾਂ-ਸਬਤ ਦਾ ਦਿਨ ਹੋਵੇ, ਉਸ ਦਿਨ ਤੁਸੀਂ ਆਪਣੀਆਂ ਜਾਨਾਂ ਨੂੰ ਦੁੱਖ ਦੇਣਾ । ਤੁਸੀਂ ਉਸ ਮਹੀਨੇ ਦੇ ਨੌਵੇਂ ਦਿਨ ਦੀ ਸ਼ਾਮ ਤੋਂ ਅਗਲੀ ਸ਼ਾਮ ਤੱਕ ਵਿਸਰਾਮ ਦਾ ਦਿਨ ਮੰਨਣਾ । "
ਡੇਰਿਆਂ ਦਾ ਪਰਬ
(ਗਿਣਤੀ 29:12-40)

33ਤਦ ਯਹੋਵਾਹ ਨੇ ਮੂਸਾ ਨੂੰ ਆਖਿਆ,34"ਇਸਰਾਏਲੀਆਂ ਨੂੰ ਆਖ ਕਿ ਇਸੇ ਸੱਤਵੇਂ ਮਹੀਨੇ ਦੇ ਪੰਦਰਵੇਂ ਦਿਨ ਨੂੰ ਯਹੋਵਾਹ ਦੇ ਅੱਗੇ ਸੱਤ ਦਿਨ ਤੱਕ ਡੇਰਿਆਂ ਦਾ ਪਰਬ ਹੋਵੇ ।
35ਪਹਿਲੇ ਦਿਨ ਪਵਿੱਤਰ ਸਭਾ ਹੋਵੇ, ਉਸ ਦਿਨ ਤੁਸੀਂ ਕੋਈ ਕੰਮ-ਧੰਦਾ ਨਾ ਕਰਨਾ ।36ਸੱਤ ਦਿਨ ਤੱਕ ਤੁਸੀਂ ਯਹੋਵਾਹ ਦੇ ਅੱਗੇ ਇੱਕ ਅੱਗ ਦੀ ਭੇਟ ਚੜ੍ਹਾਉਣਾ, ਅੱਠਵੇਂ ਦਿਨ ਤੁਹਾਡੀ ਪਵਿੱਤਰ ਸਭਾ ਹੋਵੇ, ਅਤੇ ਤੁਸੀਂ ਯਹੋਵਾਹ ਦੇ ਅੱਗੇ ਇੱਕ ਅੱਗ ਦੀ ਭੇਟ ਚੜ੍ਹਾਉਣਾ । ਇਹ ਇੱਕ ਖ਼ਾਸ ਸਭਾ ਦਾ ਦਿਨ ਹੈ, ਉਸ ਦਿਨ ਤੁਸੀਂ ਕੋਈ ਕੰਮ-ਧੰਦਾ ਨਾ ਕਰਨਾ । "

37"ਯਹੋਵਾਹ ਦੇ ਠਹਿਰਾਏ ਹੋਏ ਪਰਬ ਇਹ ਹੀ ਹਨ, ਜਿਨ੍ਹਾਂ ਵਿੱਚ ਤੁਸੀਂ ਯਹੋਵਾਹ ਦੇ ਅੱਗੇ ਅੱਗ ਦੀਆਂ ਭੇਟਾਂ ਚੜ੍ਹਾਉਣਾ ਅਰਥਾਤ ਹੋਮ ਬਲੀ ਦੀ ਭੇਟ, ਮੈਦੇ ਦੀ ਭੇਟ, ਸੁੱਖ-ਸਾਂਦ ਦੀ ਬਲੀ ਦੀ ਭੇਟ ਅਤੇ ਪੀਣ ਦੀਆਂ ਭੇਟਾਂ ਆਪਣੇ ਨਿਯੁਕਤ ਸਮੇਂ ਤੇ ਚੜ੍ਹਾਈਆਂ ਜਾਣ ਅਤੇ ਪਵਿੱਤਰ ਸਭਾ ਦੀ ਘੋਸ਼ਣਾ ਕੀਤੀ ਜਾਵੇ ।38ਆਪਣੀਆਂ ਭੇਟਾਂ, ਸਾਰੀਆਂ ਸੁੱਖਣਾਂ ਅਤੇ ਆਪਣੀਆਂ ਖੁਸ਼ੀ ਦੀਆਂ ਭੇਟਾਂ ਜੋ ਤੁਸੀਂ ਯਹੋਵਾਹ ਦੇ ਅੱਗੇ ਚੜ੍ਹਾਉਂਦੇ ਹੋ, ਉਨ੍ਹਾਂ ਤੋਂ ਵੱਧ ਤੁਸੀਂ ਯਹੋਵਾਹ ਦੇ ਸਬਤ ਨੂੰ ਮੰਨਣਾ ।

39ਸੱਤਵੇਂ ਮਹੀਨੇ ਦੇ ਪੰਦਰਵੇਂ ਦਿਨ ਨੂੰ ਜਦ ਤੁਸੀਂ ਦੇਸ਼ ਦੀ ਫ਼ਸਲ ਇਕੱਠਾ ਕਰੋ ਤਾਂ ਤੁਸੀਂ ਸੱਤ ਦਿਨਾਂ ਤੱਕ ਯਹੋਵਾਹ ਦਾ ਇੱਕ ਪਰਬ ਮਨਾਉਣਾ । ਪਹਿਲਾ ਦਿਨ ਸਬਤ ਅਤੇ ਅੱਠਵਾਂ ਦਿਨ ਵੀ ਸਬਤ ਹੋਵੇ ।
40ਅਤੇ ਪਹਿਲੇ ਦਿਨ ਤੁਸੀਂ ਸੋਹਣੇ-ਸੋਹਣੇ ਰੁੱਖਾਂ ਦੇ ਫਲ, ਖਜੂਰ ਦੀਆਂ ਟਾਹਣੀਆਂ, ਸੰਘਣੇ ਰੁੱਖਾਂ ਦੀਆਂ ਟਾਹਣੀਆਂ ਅਤੇ ਨਦੀ ਦਾ ਬੇਦ-ਮਜਨੂੰ ਲੈਣਾ ਅਤੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਸੱਤ ਦਿਨ ਤੱਕ ਅਨੰਦ ਅਤੇ ਖੁਸ਼ੀ ਮਨਾਉਣਾ ।41ਹਰ ਸਾਲ ਵਿੱਚ ਸੱਤ ਦਿਨ ਤੱਕ ਤੁਸੀਂ ਯਹੋਵਾਹ ਦਾ ਇਹ ਪਰਬ ਮਨਾਉਣਾ । ਇਹ ਤੁਹਾਡੀਆਂ ਪੀੜ੍ਹੀਆਂ ਵਿੱਚ ਇੱਕ ਸਦਾ ਦੀ ਬਿਧੀ ਠਹਿਰੇ, ਤੁਸੀਂ ਸੱਤਵੇਂ ਮਹੀਨੇ ਵਿੱਚ ਇਸ ਨੂੰ ਮਨਾਉਣਾ ।
42ਸੱਤ ਦਿਨ ਤੱਕ ਤੁਸੀਂ ਝੌਂਪੜੀਆਂ ਵਿੱਚ ਰਹਿਣਾ, ਸਾਰੇ ਜੋ ਇਸਰਾਏਲ ਵਿੱਚ ਜੰਮੇ ਹਨ, ਉਹ ਝੌਂਪੜੀਆਂ ਵਿੱਚ ਰਹਿਣ,43ਤਾਂ ਜੋ ਤੁਹਾਡੀਆਂ ਪੀੜ੍ਹੀਆਂ ਜਾਣਨ, ਕਿ ਜਦ ਮੈਂ ਇਸਰਾਏਲੀਆਂ ਨੂੰ ਮਿਸਰ ਦੇਸ਼ ਵਿੱਚੋਂ ਕੱਢ ਕੇ ਲਿਆਇਆ ਤਾਂ ਮੈਂ ਉਨ੍ਹਾਂ ਨੂੰ ਝੌਂਪੜੀਆਂ ਵਿੱਚ ਵਸਾਇਆ । ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ । "

44ਤਦ ਮੂਸਾ ਨੇ ਇਸਰਾਏਲੀਆਂ ਨੂੰ ਯਹੋਵਾਹ ਦੇ ਨਿਯੁਕਤ ਪਰਬਾਂ ਬਾਰੇ ਦੱਸ ਦਿੱਤਾ ।

24
ਪਵਿੱਤਰ ਦੀਵਿਆਂ ਨੂੰ ਸਜਾਉਣਾ
(ਕੂਚ 27:20,21)

1ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,2ਇਸਰਾਏਲੀਆਂ ਨੂੰ ਹੁਕਮ ਦੇ ਕਿ ਮੇਰੇ ਸਾਹਮਣੇ ਚਾਨਣ ਲਈ ਉਹ ਨਪੀੜ ਕੇ ਕੱਢਿਆ ਹੋਇਆ ਜ਼ੈਤੂਨ ਦਾ ਸ਼ੁੱਧ ਤੇਲ ਤੇਰੇ ਕੋਲ ਲੈ ਕੇ ਆਉਣ ਤਾਂ ਜੋ ਦੀਵਾ ਸਦਾ ਜਗਦਾ ਰਹੇ ।

3ਹਾਰੂਨ ਉਸ ਨੂੰ ਸ਼ਾਮ ਤੋਂ ਲੈ ਕੇ ਸਵੇਰ ਤੱਕ ਯਹੋਵਾਹ ਦੇ ਅੱਗੇ ਸਦਾ ਦੇ ਲਈ, ਸਾਖੀ ਦੇ ਪਰਦੇ ਤੋਂ ਬਾਹਰ, ਮੰਡਲੀ ਦੇ ਡੇਰੇ ਵਿੱਚ ਸਜਾ ਕੇ ਰੱਖੇ । ਇਹ ਤੁਹਾਡੀਆਂ ਪੀੜ੍ਹੀਆਂ ਵਿੱਚ ਇੱਕ ਸਦਾ ਦੀ ਬਿਧੀ ਠਹਿਰੇ ।4ਉਹ ਖ਼ਾਲਸ ਸੋਨੇ ਸ਼ਮਾਦਾਨ ਦੇ ਉੱਤੇ ਯਹੋਵਾਹ ਦੇ ਅੱਗੇ ਸਦਾ ਦੇ ਲਈ ਦੀਵਿਆਂ ਨੂੰ ਸਜਾ ਕੇ ਰੱਖਿਆ ਕਰੇ ।
ਭੇਟ ਦੀਆਂ ਰੋਟੀਆਂ

5ਤੂੰ ਮੈਦਾ ਲੈ ਕੇ ਉਸ ਦੀਆਂ ਬਾਰਾਂ ਰੋਟੀਆਂ ਪਕਾਵੀਂ, ਇੱਕ-ਇੱਕ ਰੋਟੀ ਵਿੱਚ ਏਫ਼ਾਹ ਦਾ ਦੋ ਦਹਾਈ ਹਿੱਸਾ ਹੋਵੇ ।6ਤਦ ਤੂੰ ਇਨ੍ਹਾਂ ਨੂੰ ਯਹੋਵਾਹ ਦੇ ਅੱਗੇ ਪਵਿੱਤਰ ਮੇਜ਼ ਦੇ ਉੱਤੇ ਦੋ ਕਤਾਰਾਂ ਬਣਾ ਕੇ ਇੱਕ-ਇੱਕ ਕਤਾਰ ਵਿੱਚ ਛੇ-ਛੇ ਰੋਟੀਆਂ ਰੱਖੀਂ ।
7ਤੂੰ ਇੱਕ-ਇੱਕ ਕਤਾਰ ਦੇ ਉੱਤੇ ਖ਼ਾਲਸ ਲੁਬਾਨ ਰੱਖੀਂ ਤਾਂ ਜੋ ਉਹ ਰੋਟੀ ਦੇ ਉੱਤੇ ਯਾਦਗੀਰੀ ਲਈ ਯਹੋਵਾਹ ਦੇ ਅੱਗੇ ਇੱਕ ਅੱਗ ਦੀ ਭੇਟ ਹੋਵੇ ।8ਹਰੇਕ ਸਬਤ ਦੇ ਦਿਨ ਉਹ ਇਸ ਨੂੰ ਯਹੋਵਾਹ ਦੇ ਅੱਗੇ ਸਜਾ ਕੇ ਰੱਖੇ, ਇਹ ਇਸਰਾਏਲੀਆਂ ਵੱਲੋਂ ਇੱਕ ਸਦਾ ਦਾ ਨੇਮ ਹੈ ।9ਉਹ ਹਾਰੂਨ ਅਤੇ ਉਸ ਦੇ ਪੁੱਤਰਾਂ ਦੀ ਹੋਵੇਗੀ ਅਤੇ ਉਹ ਉਸ ਨੂੰ ਪਵਿੱਤਰ ਸਥਾਨ ਵਿੱਚ ਖਾਣ ਕਿਉਂ ਜੋ ਉਹ ਯਹੋਵਾਹ ਦੀਆਂ ਅੱਗ ਦੀਆਂ ਭੇਟਾਂ ਦੇ ਵਿੱਚੋਂ ਇੱਕ ਸਦਾ ਦੀ ਬਿਧੀ ਕਰਕੇ ਹਾਰੂਨ ਦੇ ਲਈ ਅੱਤ ਪਵਿੱਤਰ ਹੈ ।
ਕੁਫ਼ਰ ਬਕਣ ਦੀ ਸਜ਼ਾ

10ਉਨ੍ਹਾਂ ਦਿਨਾਂ ਵਿੱਚ ਇੱਕ ਇਸਰਾਏਲੀ ਇਸਤਰੀ ਦਾ ਪੁੱਤਰ, ਜਿਸ ਦਾ ਪਿਤਾ ਮਿਸਰੀ ਸੀ, ਉਹ ਇਸਰਾਏਲੀਆਂ ਦੇ ਵਿੱਚ ਰਹਿਣ ਲੱਗਾ ਅਤੇ ਇਸ ਇਸਰਾਏਲੀ ਇਸਤਰੀ ਦਾ ਪੁੱਤਰ ਅਤੇ ਕੋਈ ਹੋਰ ਇਸਰਾਏਲੀ ਮਨੁੱਖ ਡੇਰੇ ਵਿੱਚ ਝਗੜਨ ਲੱਗੇ,11ਅਤੇ ਉਸ ਇਸਰਾਏਲੀ ਇਸਤਰੀ ਦਾ ਪੁੱਤਰ ਯਹੋਵਾਹ ਦੇ ਨਾਮ ਦਾ ਨਿਰਾਦਰ ਕਰਕੇ ਕੁਫ਼ਰ ਬਕਣ ਲੱਗਾ, ਤਾਂ ਲੋਕ ਉਸ ਨੂੰ ਮੂਸਾ ਦੇ ਕੋਲ ਲੈ ਆਏ । ਉਸ ਦੀ ਮਾਂ ਦਾ ਨਾਮ "ਸਲੁਮੀਥ" ਸੀ, ਜੋ ਦਾਨ ਦੀ ਗੋਤ ਵਿੱਚੋਂ ਦਿਬਰੀ ਦੀ ਧੀ ਸੀ ।12ਉਨ੍ਹਾਂ ਨੇ ਉਸ ਨੂੰ ਬੰਨ੍ਹ ਕੇ ਰੱਖਿਆ, ਜਦ ਤੱਕ ਉਹ ਇਸ ਮਾਮਲੇ ਵਿੱਚ ਯਹੋਵਾਹ ਦੀ ਮਰਜ਼ੀ ਨੂੰ ਨਾ ਜਾਣ ਲੈਣ ।

13ਤਦ ਯਹੋਵਾਹ ਨੇ ਮੂਸਾ ਨੂੰ ਆਖਿਆ,14"ਜਿਸ ਨੇ ਕੁਫ਼ਰ ਬਕਿਆ ਹੈ, ਉਸ ਨੂੰ ਤੁਸੀਂ ਡੇਰੇ ਤੋਂ ਬਾਹਰ ਲੈ ਆਓ ਅਤੇ ਜਿਨ੍ਹਾਂ ਨੇ ਉਸ ਨੂੰ ਸੁਣਿਆ ਹੈ, ਉਹ ਆਪਣੇ ਹੱਥ ਉਸ ਦੇ ਸਿਰ ਉੱਤੇ ਰੱਖਣ, ਤਦ ਸਾਰੀ ਮੰਡਲੀ ਉਸ ਨੂੰ ਪੱਥਰਾਂ ਨਾਲ ਮਾਰ ਸੁੱਟੇ ।
15ਅਤੇ ਤੂੰ ਇਸਰਾਏਲੀਆਂ ਨੂੰ ਆਖ ਕਿ ਜਿਹੜਾ ਆਪਣੇ ਪਰਮੇਸ਼ੁਰ ਦੇ ਵਿਰੁੱਧ ਦੁਰਬਚਨ ਬੋਲੇ, ਉਹ ਆਪਣੇ ਪਾਪ ਦਾ ਭਾਰ ਆਪ ਹੀ ਚੁੱਕੇ ।16ਕੋਈ ਵੀ ਜਿਹੜਾ ਯਹੋਵਾਹ ਦੇ ਨਾਮ ਦੀ ਨਿੰਦਿਆ ਕਰੇ ਉਹ ਜ਼ਰੂਰ ਹੀ ਮਾਰਿਆ ਜਾਵੇ ਅਤੇ ਸਾਰੀ ਮੰਡਲੀ ਨਿਸੰਗ ਉਸ ਨੂੰ ਪੱਥਰਾਂ ਨਾਲ ਮਾਰ ਸੁੱਟੇ, ਭਾਵੇਂ ਉਹ ਪਰਦੇਸੀ ਹੋਵੇ ਭਾਵੇਂ ਇਸਰਾਏਲ ਵਿੱਚ ਜੰਮਿਆ ਹੋਵੇ । ਜਿਸ ਵੇਲੇ ਉਹ ਯਹੋਵਾਹ ਦੇ ਨਾਮ ਦੀ ਨਿੰਦਿਆ ਕਰੇ, ਉਹ ਮਾਰਿਆ ਜਾਵੇ ।

17ਜਿਹੜਾ ਕਿਸੇ ਮਨੁੱਖ ਨੂੰ ਮਾਰ ਦੇਵੇ ਉਹ ਜ਼ਰੂਰ ਹੀ ਮਾਰਿਆ ਜਾਵੇ ।18ਜਿਹੜਾ ਕਿਸੇ ਪਸ਼ੂ ਨੂੰ ਮਾਰ ਦੇਵੇ, ਤਾਂ ਉਹ ਪਸ਼ੂ ਦੇ ਬਦਲੇ ਪਸ਼ੂ ਦੇਵੇ ।
19ਜਿਹੜਾ ਮਨੁੱਖ ਆਪਣੇ ਗੁਆਂਢੀ ਨੂੰ ਸੱਟ ਮਾਰੇ, ਤਾਂ ਜਿਵੇਂ ਉਸ ਨੇ ਕੀਤਾ ਹੈ, ਉਸੇ ਤਰ੍ਹਾਂ ਹੀ ਉਸ ਦੇ ਨਾਲ ਕੀਤਾ ਜਾਵੇ ।20ਸੱਟ ਦੇ ਬਦਲੇ ਸੱਟ, ਅੱਖ ਦੇ ਬਦਲੇ ਅੱਖ, ਦੰਦ ਦੇ ਬਦਲੇ ਦੰਦ, ਜਿਵੇਂ ਉਸ ਨੇ ਕਿਸੇ ਮਨੁੱਖ ਨੂੰ ਸੱਟ ਮਾਰੀ, ਉਸੇ ਤਰ੍ਹਾਂ ਹੀ ਉਸ ਦੇ ਨਾਲ ਕੀਤਾ ਜਾਵੇ ।21ਜਿਹੜਾ ਕਿਸੇ ਪਸ਼ੂ ਨੂੰ ਮਾਰੇ ਉਹ ਉਸ ਦੇ ਬਦਲੇ ਪਸ਼ੂ ਦੇਵੇ, ਪਰ ਜਿਹੜਾ ਕਿਸੇ ਮਨੁੱਖ ਨੂੰ ਮਾਰ ਸੁੱਟੇ, ਉਹ ਮਾਰਿਆ ਜਾਵੇ ।
22ਤੁਸੀਂ ਹਰ ਇੱਕ ਨਾਲ ਇੱਕੋ ਤਰ੍ਹਾਂ ਦਾ ਨਿਆਂ ਕਰਨਾ ਭਾਵੇਂ ਉਹ ਪਰਦੇਸੀ ਹੋਵੇ, ਭਾਵੇਂ ਤੁਹਾਡੇ ਆਪਣੇ ਦੇਸ਼ ਦਾ, ਕਿਉਂ ਜੋ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ । "

23ਤਦ ਜਿਵੇਂ ਮੂਸਾ ਨੇ ਆਖਿਆ, ਉਹ ਉਸ ਮਨੁੱਖ ਨੂੰ ਜਿਸ ਨੇ ਕੁਫ਼ਰ ਬਕਿਆ ਸੀ, ਡੇਰੇ ਤੋਂ ਬਾਹਰ ਲਿਆਏ ਅਤੇ ਉਸ ਨੂੰ ਪੱਥਰਾਂ ਨਾਲ ਮਾਰ ਦਿੱਤਾ । ਇਸਰਾਏਲੀਆਂ ਨੇ ਉਸੇ ਤਰ੍ਹਾਂ ਹੀ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ।

25
ਸੱਤਵਾਂ ਸਾਲ: ਵਿਸ਼ਰਾਮ ਦਾ ਸਾਲ
(ਬਿਵਸਥਾ ਸਾਰ 15:1-11)

1ਫੇਰ ਯਹੋਵਾਹ ਸੀਨਈ ਦੇ ਪਹਾੜ ਵਿੱਚ ਮੂਸਾ ਨੂੰ ਆਖਿਆ,2ਇਸਰਾਏਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਆਖ, ਜਦ ਤੁਸੀਂ ਉਸ ਦੇਸ਼ ਵਿੱਚ ਪਹੁੰਚ ਜਾਓ, ਜੋ ਮੈਂ ਤੁਹਾਨੂੰ ਦਿੰਦਾ ਹਾਂ, ਤਦ ਉਸ ਦੇਸ਼ ਨੂੰ ਯਹੋਵਾਹ ਦੇ ਅੱਗੇ ਸਬਤ ਦਾ ਵਿਸ਼ਰਾਮ ਦਿਆ ਕਰਨਾ ।

3ਛੇ ਸਾਲ ਤੱਕ ਤੂੰ ਆਪਣੇ ਖੇਤ ਬੀਜੀਂ ਅਤੇ ਛੇ ਸਾਲ ਤੂੰ ਆਪਣੀਆਂ ਦਾਖਾਂ ਦੀ ਬਾਗਵਾਨੀ ਕਰੀਂ ਅਤੇ ਉਨ੍ਹਾਂ ਦੇ ਫ਼ਲਾਂ ਨੂੰ ਇਕੱਠਾ ਕਰੀਂ ।4ਪਰ ਸੱਤਵੇਂ ਸਾਲ ਵਿੱਚ ਯਹੋਵਾਹ ਦੇ ਅੱਗੇ ਧਰਤੀ ਨੂੰ ਸਬਤ ਦਾ ਵਿਸਰਾਮ ਮਿਲਿਆ ਕਰੇ । ਤੂੰ ਨਾ ਤਾਂ ਆਪਣੇ ਖੇਤ ਬੀਜੀਂ ਅਤੇ ਨਾ ਹੀ ਆਪਣੇ ਦਾਖਾਂ ਦੀ ਬਾਗਵਾਨੀ ਕਰੀਂ ।
5ਜੋ ਕੁਝ ਤੇਰੇ ਖੇਤ ਵਿੱਚ ਆਪੇ ਹੀ ਉਗ ਪਵੇ, ਉਸ ਨੂੰ ਤੂੰ ਨਾ ਵੱਢੀਂ, ਨਾ ਹੀ ਆਪਣੇ ਖਾਲੀ ਛੱਡੇ ਬਾਗਾਂ ਵਿੱਚੋਂ ਦਾਖਾਂ ਤੋੜੀ ਕਿਉਂ ਜੋ ਉਹ ਧਰਤੀ ਦੇ ਲਈ ਵਿਸ਼ਰਾਮ ਦਾ ਸਾਲ ਹੈ ।6ਧਰਤੀ ਦੇ ਸਬਤ ਵਿੱਚ ਪੈਦਾ ਹੋਈ ਫ਼ਸਲ ਤੋਂ ਹੀ ਤੁਹਾਡੇ ਲਈ, ਤੁਹਾਡੇ ਦਾਸ-ਦਾਸੀਆਂ ਲਈ, ਤੁਹਾਡੇ ਮਜ਼ਦੂਰਾਂ ਦੇ ਲਈ ਅਤੇ ਪਰਦੇਸੀਆਂ ਲਈ ਜੋ ਤੁਹਾਡੇ ਨਾਲ ਵੱਸਦੇ ਹਨ, ਤੁਹਾਨੂੰ ਭੋਜਨ ਮਿਲੇਗਾ ।7ਅਤੇ ਤੇਰੇ ਪਸ਼ੂਆਂ ਦੇ ਲਈ ਅਤੇ ਉਨ੍ਹਾਂ ਸਾਰੇ ਜਾਨਵਰਾਂ ਦੇ ਲਈ ਜੋ ਤੇਰੇ ਦੇਸ਼ ਵਿੱਚ ਹਨ, ਉਨ੍ਹਾਂ ਦਾ ਭੋਜਨ ਵੀ ਧਰਤੀ ਦੀ ਉਪਜ ਤੋਂ ਹੀ ਮਿਲੇਗਾ ।
ਜੁਬਲੀ (ਅਨੰਦ) ਦਾ ਸਾਲ

8ਤੂੰ ਸਾਲ ਦੇ ਸੱਤ ਸਬਤ ਗਿਣ ਲਵੀਂ ਅਰਥਾਤ ਸੱਤ ਗੁਣਾ ਸੱਤ ਸਾਲ ਅਤੇ ਇਨ੍ਹਾਂ ਸੱਤਾਂ ਸਬਤਾਂ ਦੇ ਸਾਲਾਂ ਦਾ ਸਮਾਂ ਉਣੰਜਾ ਸਾਲ ਹੋਵੇਗਾ ।9ਤਦ ਤੂੰ ਸੱਤਵੇਂ ਮਹੀਨੇ ਦੇ ਦਸਵੇਂ ਦਿਨ ਨੂੰ ਅਰਥਾਤ ਪ੍ਰਾਸਚਿਤ ਦੇ ਦਿਨ ਅਨੰਦ ਦੀ ਤੁਰ੍ਹੀ ਆਪਣੇ ਸਾਰੇ ਦੇਸ਼ ਵਿੱਚ ਉੱਚੀ ਅਵਾਜ਼ ਵਿੱਚ ਵਜਾਵੀਂ ।
10ਫੇਰ ਤੁਸੀਂ ਉਸ ਪੰਜਾਹਵੇਂ ਸਾਲ ਨੂੰ ਪਵਿੱਤਰ ਰੱਖਣਾ ਅਤੇ ਦੇਸ਼ ਦੇ ਸਾਰੇ ਵਾਸੀਆਂ ਦੇ ਲਈ ਛੁਟਕਾਰੇ ਦੀ ਘੋਸ਼ਣਾ ਕਰਨਾ, ਇਹ ਤੁਹਾਡੇ ਲਈ ਅਨੰਦ ਦਾ ਸਾਲ ਹੋਵੇਗਾ, ਅਤੇ ਤੁਸੀਂ ਆਪਣੀ ਆਪਣੀ ਨਿੱਜ-ਭੂਮੀ ਅਤੇ ਆਪਣੇ-ਆਪਣੇ ਘਰਾਣਿਆਂ ਵਿੱਚ ਮੁੜ ਜਾਣਾ ।
11ਉਹ ਪੰਜਾਹਵਾਂ ਸਾਲ ਤੁਹਾਡੇ ਲਈ ਅਨੰਦ ਦਾ ਸਾਲ ਹੋਵੇਗਾ, ਉਸ ਵਿੱਚ ਤੁਸੀਂ ਨਾ ਬੀਜਣਾ ਅਤੇ ਨਾ ਉਸ ਨੂੰ ਵੱਢਣਾ ਜਿਹੜਾ ਆਪਣੇ ਆਪ ਉੱਗ ਪਵੇ, ਅਤੇ ਨਾ ਹੀ ਤੁਸੀਂ ਆਪਣੇ ਖਾਲੀ ਛੱਡੇ ਹੋਏ ਬਾਗਾਂ ਦੀਆਂ ਦਾਖਾਂ ਤੋੜਨਾ ।12ਕਿਉਂ ਜੋ ਉਹ ਅਨੰਦ ਦਾ ਸਾਲ ਹੈ, ਉਹ ਤੁਹਾਡੇ ਲਈ ਪਵਿੱਤਰ ਹੋਵੇ । ਜੋ ਕੁਝ ਖੇਤ ਵਿੱਚ ਆਪਣੇ ਆਪ ਉੱਗੇ ਤੁਸੀਂ ਉਸ ਵਿੱਚੋਂ ਹੀ ਖਾਣਾ ।

13ਇਸ ਅਨੰਦ ਦੇ ਸਾਲ ਵਿੱਚ ਤੁਸੀਂ ਸਾਰੇ ਆਪੋ-ਆਪਣੀ ਨਿੱਜ ਭੂਮੀ ਵਿੱਚ ਮੁੜ ਜਾਣਾ ।14ਜੇਕਰ ਤੂੰ ਆਪਣੇ ਗੁਆਂਢੀ ਨੂੰ ਕੁਝ ਵੇਚੇ ਜਾਂ ਆਪਣੇ ਗਵਾਂਢੀ ਦੇ ਹੱਥੋਂ ਕੁਝ ਮੁੱਲ ਲਵੇ ਤਾਂ ਤੁਸੀਂ ਇੱਕ ਦੂਜੇ ਨਾਲ ਅਣਉਚਿਤ ਵਿਵਹਾਰ ਨਾ ਕਰਨਾ ।
15ਅਨੰਦ ਦੇ ਸਾਲ ਤੋਂ ਬਾਅਦ ਜਿੰਨ੍ਹੇ ਸਾਲ ਹੋਣ ਉਨ੍ਹਾਂ ਦੀ ਗਿਣਤੀ ਦੇ ਅਨੁਸਾਰ ਮੁੱਲ ਠਹਿਰਾ ਕੇ ਤੁਸੀਂ ਆਪਣੇ ਗੁਆਂਢੀ ਤੋਂ ਮੁੱਲ ਲੈਣਾ ਅਤੇ ਖ਼ਰੀਦਣ ਦੇ ਸਾਲਾਂ ਦੇ ਲੇਖੇ ਅਨੁਸਾਰ ਉਹ ਤੇਰੇ ਹੱਥ ਵੇਚੇ ।16ਸਾਲਾਂ ਦੇ ਵਧਣ ਅਨੁਸਾਰ, ਤੂੰ ਉਸ ਦਾ ਮੁੱਲ ਵਧਾਵੀਂ ਅਤੇ ਸਾਲਾਂ ਦੇ ਘਟਣ ਦੇ ਅਨੁਸਾਰ, ਤੂੰ ਉਸ ਦਾ ਮੁੱਲ ਘਟਾਵੀਂ ਕਿਉਂ ਜੋ ਸਾਲ ਦੀ ਉਪਜ ਦੇ ਲੇਖੇ ਅਨੁਸਾਰ ਹੀ ਉਹ ਤੇਰੇ ਕੋਲ ਵੇਚੇਗਾ ।17ਤੁਸੀਂ ਇੱਕ ਦੂਜੇ ਉੱਤੇ ਹਨੇਰ ਨਾ ਕਰਨਾ, ਪਰ ਤੂੰ ਆਪਣੇ ਪਰਮੇਸ਼ੁਰ ਤੋਂ ਡਰੀਂ ਕਿਉਂ ਜੋ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ ।
ਸੱਤਵੇਂ ਸਾਲ ਲਈ ਪ੍ਰਬੰਧ

18ਇਸ ਲਈ ਤੁਸੀਂ ਮੇਰੀਆਂ ਬਿਧੀਆਂ ਨੂੰ ਪੂਰਾ ਕਰਨਾ, ਅਤੇ ਮੇਰੇ ਨਿਯਮਾਂ ਨੂੰ ਮੰਨ ਕੇ ਉਨ੍ਹਾਂ ਦੇ ਅਨੁਸਾਰ ਚੱਲਣਾ, ਕਿਉਂ ਜੋ ਅਜਿਹਾ ਕਰਨ ਨਾਲ ਤੁਸੀਂ ਦੇਸ਼ ਵਿੱਚ ਸੁਖ-ਸਾਂਦ ਨਾਲ ਰਹੋਗੇ ।19ਉਹ ਧਰਤੀ ਆਪਣਾ ਫਲ ਉਪਜਾਵੇਗੀ ਅਤੇ ਤੁਸੀਂ ਰੱਜ ਕੇ ਖਾਓਗੇ ਅਤੇ ਤੁਸੀਂ ਉਸ ਦੇਸ਼ ਵਿੱਚ ਸੁਖ-ਸਾਂਦ ਨਾਲ ਰਹੋਗੇ ।
20ਜੇਕਰ ਤੁਸੀਂ ਆਖੋ ਕਿ ਸੱਤਵੇਂ ਸਾਲ ਵਿੱਚ ਅਸੀਂ ਕੀ ਖਾਵਾਂਗੇ, ਵੇਖੋ, ਨਾ ਤਾਂ ਅਸੀਂ ਬੀਜਾਂਗੇ ਅਤੇ ਨਾ ਹੀ ਅਸੀਂ ਅੰਨ ਇਕੱਠਾ ਕਰਾਂਗੇ,21ਤਦ ਮੈਂ ਛੇਵੇਂ ਸਾਲ ਵਿੱਚ ਤੁਹਾਨੂੰ ਅਜਿਹੀ ਬਰਕਤ ਦਿਆਂਗਾ ਕਿ ਧਰਤੀ ਤਿੰਨ ਸਾਲਾਂ ਦੇ ਲਈ ਫਲ ਉਪਜਾਵੇਗੀ ।22ਅਤੇ ਤੁਸੀਂ ਅੱਠਵੇਂ ਸਾਲ ਵਿੱਚ ਬੀਜੋਗੇ ਅਤੇ ਨੌਵੇਂ ਸਾਲ ਤੱਕ ਪਹਿਲੀ ਫ਼ਸਲ ਵਿੱਚੋਂ ਹੀ ਖਾਂਦੇ ਰਹੋਗੇ । ਜਦ ਤੱਕ ਨੌਵੇਂ ਸਾਲ ਦੀ ਉਪਜ ਨਾ ਮਿਲੇ ਤਦ ਤੱਕ ਤੁਸੀਂ ਪੁਰਾਣੀ ਉਪਜ ਵਿੱਚੋਂ ਹੀ ਖਾਂਦੇ ਰਹੋਗੇ ।
ਜ਼ਮੀਨੀ-ਜ਼ਾਇਦਾਦ ਛੁਡਾਉਣ ਦੀ ਬਿਧੀ

23ਧਰਤੀ ਸਦਾ ਦੇ ਲਈ ਵੇਚੀ ਨਾ ਜਾਏ ਕਿਉਂ ਜੋ ਧਰਤੀ ਮੇਰੀ ਹੈ ਅਤੇ ਉਸ ਵਿੱਚ ਤੁਸੀਂ ਪਰਦੇਸੀ ਅਤੇ ਪਰਾਹੁਣੇ ਹੋ ਕੇ ਰਹਿੰਦੇ ਹੋ ।24ਪਰ ਤੁਸੀਂ ਆਪਣੇ ਵਿਰਾਸਤ ਦੇ ਸਾਰੇ ਦੇਸ਼ ਵਿੱਚ ਧਰਤੀ ਨੂੰ ਛੁਡਾਉਣ ਦੀ ਮਨਜ਼ੂਰੀ ਦੇਣਾ ।

25ਜੇ ਕਦੇ ਤੇਰਾ ਭਰਾ ਕੰਗਾਲ ਹੋ ਜਾਵੇ ਅਤੇ ਆਪਣੇ ਹਿੱਸੇ ਦੀ ਜ਼ਮੀਨ ਵਿੱਚੋਂ ਕੁਝ ਵੇਚ ਦੇਵੇ ਅਤੇ ਤਾਂ ਉਸ ਦੇ ਸਭ ਤੋਂ ਨਜ਼ਦੀਕੀ ਰਿਸ਼ਤੇਦਾਰਾਂ ਵਿੱਚੋਂ ਕੋਈ ਆ ਕੇ ਉਸ ਜ਼ਮੀਨ ਨੂੰ ਛੁਡਾ ਲਵੇ ਜੋ ਉਸ ਦੇ ਭਰਾ ਨੇ ਵੇਚੀ ਸੀ ।
26ਪਰ ਜੇਕਰ ਉਸ ਦੇ ਲਈ ਕੋਈ ਛੁਡਾਉਣ ਵਾਲਾ ਨਾ ਹੋਵੇ ਅਤੇ ਉਹ ਮਨੁੱਖ ਆਪ ਉਸ ਨੂੰ ਛੁਡਾਉਣ ਦੇ ਯੋਗ ਹੋ ਜਾਵੇ,27ਤਦ ਉਹ ਉਸ ਨੂੰ ਵੇਚਣ ਦੇ ਸਮੇਂ ਤੋਂ ਸਾਲਾਂ ਦੀ ਗਿਣਤੀ ਕਰਕੇ ਬਾਕੀ ਸਾਲਾਂ ਦੀ ਉਪਜ ਦਾ ਮੁੱਲ ਉਸ ਨੂੰ ਮੋੜ ਦੇਵੇ, ਜਿਸ ਨੂੰ ਉਸ ਨੇ ਉਹ ਜ਼ਮੀਨ ਵੇਚੀ ਸੀ ਅਤੇ ਫੇਰ ਉਹ ਆਪਣੇ ਹਿੱਸੇ ਦੀ ਜ਼ਮੀਨ ਦਾ ਅਧਿਕਾਰੀ ਹੋ ਜਾਵੇ ।28ਪਰ ਜੇਕਰ ਉਹ ਉਸ ਨੂੰ ਛੁਡਾਉਣ ਦੇ ਯੋਗ ਨਾ ਹੋਵੇ ਤਾਂ ਉਸ ਦੀ ਵੇਚੀ ਹੋਈ ਜ਼ਮੀਨ ਅਨੰਦ ਦੇ ਸਾਲ ਤੱਕ ਮੁੱਲ ਲੈਣ ਵਾਲੇ ਦੇ ਹੱਥ ਵਿੱਚ ਰਹੇਗੀ ਅਤੇ ਅਨੰਦ ਦੇ ਸਾਲ ਵਿੱਚ ਉਹ ਛੁੱਟ ਜਾਵੇਗੀ ਅਤੇ ਉਸ ਦੇ ਹਿੱਸੇ ਦੀ ਜ਼ਮੀਨ ਉਸ ਨੂੰ ਮਿਲ ਜਾਵੇਗੀ ।

29ਜੇਕਰ ਕੋਈ ਮਨੁੱਖ ਸ਼ਹਿਰਪਨਾਹ ਵਾਲੇ ਸ਼ਹਿਰ ਵਿੱਚ ਘਰ ਵੇਚੇ ਤਾਂ ਉਸ ਨੂੰ ਵੇਚਣ ਤੋਂ ਬਾਅਦ ਉਹ ਇੱਕ ਸਾਲ ਵਿੱਚ ਉਸ ਨੂੰ ਛੁਡਾ ਸਕਦਾ ਹੈ ਅਰਥਾਤ ਪੂਰੇ ਸਾਲ ਉਸ ਮਨੁੱਖ ਕੋਲ ਉਸ ਨੂੰ ਛੁਡਾਉਣ ਦਾ ਅਧਿਕਾਰ ਹੈ ।30ਪਰ ਜੇਕਰ ਉਹ ਇੱਕ ਸਾਲ ਵਿੱਚ ਛੁਡਾਇਆ ਨਾ ਜਾਵੇ, ਤਦ ਉਹ ਘਰ ਜੋ ਸ਼ਹਿਰਪਨਾਹ ਵਾਲੇ ਸ਼ਹਿਰ ਵਿੱਚ ਹੈ, ਮੁੱਲ ਲੈਣ ਵਾਲੇ ਦਾ ਹੋਵੇਗਾ ਅਤੇ ਉਸ ਦੀਆਂ ਪੀੜ੍ਹੀਆਂ ਤੱਕ ਉਸੇ ਦਾ ਰਹੇਗਾ ਅਤੇ ਅਨੰਦ ਦੇ ਸਾਲ ਵਿੱਚ ਵੀ ਨਾ ਛੁਡਾਇਆ ਜਾਵੇਗਾ ।
31ਪਰ ਉਨ੍ਹਾਂ ਪਿੰਡਾਂ ਦੇ ਘਰ, ਜਿਨ੍ਹਾਂ ਦੇ ਦੁਆਲੇ ਸ਼ਹਿਰਪਨਾਹ ਨਹੀਂ ਹੈ, ਉਹ ਦੇਸ਼ ਦੇ ਖੇਤਾਂ ਦੀ ਤਰ੍ਹਾਂ ਹੀ ਸਮਝੇ ਜਾਣਗੇ, ਉਹ ਛੁਡਾਏ ਜਾ ਸਕਦੇ ਹਨ, ਉਹ ਅਨੰਦ ਦੇ ਸਾਲ ਵਿੱਚ ਛੱਡੇ ਜਾਣ ।32ਫੇਰ ਵੀ ਲੇਵੀਆਂ ਦੇ ਸ਼ਹਿਰਾਂ ਵਿੱਚ ਉਨ੍ਹਾਂ ਦੇ ਨਿੱਜ-ਭਾਗ ਵਾਲੇ ਸ਼ਹਿਰਾਂ ਦੇ ਘਰਾਂ ਨੂੰ, ਲੇਵੀ ਕਿਸੇ ਵੀ ਸਮੇਂ ਛੁਡਾ ਸਕਦੇ ਹਨ ।
33ਪਰ ਜੇਕਰ ਕੋਈ ਲੇਵੀ ਆਪਣਾ ਹਿੱਸਾ ਨਾ ਛੁਡਾਵੇ ਤਾਂ ਉਹ ਵੇਚਿਆ ਹੋਇਆ ਘਰ ਜੋ ਉਸ ਦੇ ਹਿੱਸੇ ਦੇ ਸ਼ਹਿਰ ਵਿੱਚ ਹੋਵੇ, ਅਨੰਦ ਦੇ ਸਾਲ ਵਿੱਚ ਛੁੱਟ ਜਾਵੇ ਕਿਉਂ ਜੋ ਇਸਰਾਏਲੀਆਂ ਦੇ ਵਿੱਚ ਲੇਵੀਆਂ ਦਾ ਹਿੱਸਾ ਉਨ੍ਹਾਂ ਦੇ ਸ਼ਹਿਰ ਵਿੱਚ ਉਹ ਘਰ ਹੀ ਹੈ ।34ਪਰ ਉਨ੍ਹਾਂ ਦੇ ਸ਼ਹਿਰਾਂ ਦੇ ਦੁਆਲੇ ਦੀਆਂ ਚਾਰਗਾਹਾਂ ਵੇਚੀਆਂ ਨਾ ਜਾਣ ਕਿਉਂ ਜੋ ਉਹ ਸਦਾ ਲਈ ਉਨ੍ਹਾਂ ਦਾ ਹਿੱਸਾ ਹਨ ।
ਕੰਗਾਲਾਂ ਨੂੰ ਉਧਾਰ ਦੇਣਾ

35ਜੇਕਰ ਤੇਰਾ ਭਰਾ ਕੰਗਾਲ ਹੋ ਜਾਵੇ ਅਤੇ ਉਸ ਦਾ ਹੱਥ ਤੰਗ ਹੋਵੇ ਤਾਂ ਤੂੰ ਉਸ ਨੂੰ ਸੰਭਾਲੀਂ, ਉਹ ਪਰਦੇਸੀ ਜਾਂ ਪ੍ਰਾਹੁਣੇ ਦੀ ਤਰ੍ਹਾਂ ਤੇਰੇ ਨਾਲ ਰਹੇ ।36ਉਸ ਤੋਂ ਤੂੰ ਵਿਆਜ ਜਾਂ ਮੁਨਾਫ਼ਾ ਨਾ ਲਵੀਂ ਪਰ ਆਪਣੇ ਪਰਮੇਸ਼ੁਰ ਤੋਂ ਡਰੀਂ ਤਾਂ ਜੋ ਤੇਰਾ ਭਰਾ ਤੇਰੇ ਨਾਲ ਹੀ ਵੱਸਦਾ ਰਹੇ ।37ਤੂੰ ਉਸ ਨੂੰ ਆਪਣਾ ਪੈਸਾ ਵਿਆਜ ਤੇ ਨਾ ਦੇਵੀਂ, ਨਾ ਹੀ ਮੁਨਾਫ਼ੇ ਲਈ ਉਸ ਨੂੰ ਭੋਜਨ ਖਿਲਾਵੀਂ ।38ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜੋ ਤੁਹਾਨੂੰ ਕਨਾਨ ਦੇਸ਼ ਦੇਣ ਲਈ ਅਤੇ ਤੁਹਾਡਾ ਪਰਮੇਸ਼ੁਰ ਬਣਨ ਲਈ ਤੁਹਾਨੂੰ ਮਿਸਰ ਦੇਸ਼ ਵਿੱਚੋਂ ਕੱਢ ਲਿਆਇਆ ਹਾਂ ।
ਦਾਸਾਂ ਨੂੰ ਛੁਡਾਉਣ ਦੀ ਬਿਧੀ

39ਜੇਕਰ ਤੁਹਾਡੇ ਵਿੱਚ ਤੁਹਾਡਾ ਕੋਈ ਭਰਾ ਕੰਗਾਲ ਹੋ ਜਾਵੇ ਅਤੇ ਆਪਣੇ ਆਪ ਨੂੰ ਤੇਰੇ ਹੱਥ ਵੇਚ ਦੇਵੇ ਤਾਂ ਤੂੰ ਉਸ ਤੋਂ ਦਾਸ ਵਰਗੀ ਸੇਵਾ ਨਾ ਕਰਵਾਈਂ ।40ਪਰ ਉਹ ਤੇਰੇ ਕੋਲ ਮਜ਼ਦੂਰ ਜਾਂ ਪ੍ਰਾਹੁਣੇ ਦੀ ਤਰ੍ਹਾਂ ਰਹੇ ਅਤੇ ਅਨੰਦ ਦੇ ਸਾਲ ਤੱਕ ਤੇਰੀ ਸੇਵਾ ਕਰੇ,41ਅਤੇ ਫੇਰ ਉਹ ਆਪਣੇ ਬਾਲ ਬੱਚਿਆਂ ਸਮੇਤ ਤੇਰੇ ਕੋਲੋਂ ਛੁੱਟ ਜਾਵੇ ਅਤੇ ਆਪਣੇ ਟੱਬਰ ਕੋਲ ਆਪਣੇ ਪਿਉ-ਦਾਦਿਆਂ ਦੀ ਨਿੱਜ-ਭੂਮੀ ਨੂੰ ਮੁੜ ਜਾਵੇ ।
42ਕਿਉਂ ਜੋ ਉਹ ਮੇਰੇ ਹੀ ਦਾਸ ਹਨ, ਜਿਨ੍ਹਾਂ ਨੂੰ ਮੈਂ ਮਿਸਰ ਦੇਸ਼ ਵਿੱਚੋਂ ਕੱਢ ਲਿਆਇਆ ਹਾਂ, ਇਸ ਲਈ ਉਹ ਦਾਸਾਂ ਵਾਂਗੂੰ ਵੇਚੇ ਨਾ ਜਾਣ ।43ਤੂੰ ਉਨ੍ਹਾਂ ਦੇ ਉੱਤੇ ਹਨੇਰ ਨਾ ਕਰੀਂ ਪਰ ਆਪਣੇ ਪਰਮੇਸ਼ੁਰ ਤੋਂ ਡਰੀਂ ।44ਤੇਰੇ ਕੋਲ ਜੋ ਵੀ ਦਾਸ ਅਤੇ ਦਾਸੀਆਂ ਹੋਣ, ਉਹ ਉਨ੍ਹਾਂ ਲੋਕਾਂ ਵਿੱਚੋਂ ਹੋਣ ਜੋ ਤੁਹਾਡੇ ਆਲੇ-ਦੁਆਲੇ ਹਨ, ਉਨ੍ਹਾਂ ਤੋਂ ਹੀ ਤੁਸੀਂ ਦਾਸ ਅਤੇ ਦਾਸੀਆਂ ਨੂੰ ਮੁੱਲ ਲੈਣਾ ।
45ਉਨ੍ਹਾਂ ਓਪਰਿਆਂ ਦੀਆਂ ਸੰਤਾਨਾਂ ਵਿੱਚੋਂ ਜੋ ਤੁਹਾਡੇ ਵਿਚਕਾਰ ਵੱਸਦੇ ਹਨ ਅਤੇ ਉਨ੍ਹਾਂ ਦੇ ਟੱਬਰਾਂ ਵਿੱਚੋਂ ਜੋ ਤੁਹਾਡੇ ਨਾਲ ਹਨ ਅਤੇ ਤੁਹਾਡੇ ਦੇਸ਼ ਵਿੱਚ ਜੰਮੇ ਹੋਣ, ਉਨ੍ਹਾਂ ਵਿੱਚੋਂ ਤੁਸੀਂ ਦਾਸ-ਦਾਸੀਆਂ ਮੁੱਲ ਲਵੋ ਅਤੇ ਉਹ ਤੁਹਾਡੇ ਅਧਿਕਾਰ ਵਿੱਚ ਰਹਿਣ ।46ਅਤੇ ਤੁਸੀਂ ਆਪਣੇ ਬਾਅਦ ਆਪਣੇ ਪੁੱਤਰਾਂ ਨੂੰ ਵੀ ਉਨ੍ਹਾਂ ਦਾ ਅਧਿਕਾਰੀ ਬਣਾ ਸਕੋਗੇ, ਉਹ ਉਨ੍ਹਾਂ ਦੀ ਜਾਇਦਾਦ ਹੋਣਗੇ, ਉਹ ਸਦਾ ਦੇ ਲਈ ਤੇਰੇ ਦਾਸ ਬਣਨ ਪਰ ਤੁਸੀਂ ਆਪਣੇ ਇਸਰਾਏਲੀਆਂ ਭਰਾਵਾਂ ਵਿੱਚ ਇੱਕ ਦੂਜੇ ਉੱਤੇ ਹਨੇਰ ਨਾ ਕਰਨਾ ।

47ਜੇਕਰ ਕੋਈ ਪਰਦੇਸੀ ਜਾਂ ਓਪਰਾ ਜੋ ਤੇਰੇ ਨਾਲ ਹੈ, ਧਨਵਾਨ ਹੋ ਜਾਵੇ ਅਤੇ ਉਸ ਦੇ ਕੋਲ ਰਹਿਣ ਵਾਲਾ ਤੇਰਾ ਭਰਾ ਕੰਗਾਲ ਹੋ ਕੇ ਆਪਣੇ ਆਪ ਨੂੰ ਉਸ ਪਰਦੇਸੀ ਜਾਂ ਓਪਰੇ ਜਾਂ ਉਸ ਦੇ ਟੱਬਰ ਦੇ ਹੱਥ ਵੇਚ ਦੇਵੇ,48ਤਾਂ ਉਸ ਦੇ ਵਿਕਣ ਤੋਂ ਬਾਅਦ ਉਹ ਫੇਰ ਛੁਡਾਇਆ ਜਾ ਸਕਦਾ ਹੈ, ਉਸ ਦੇ ਭਰਾਵਾਂ ਵਿੱਚੋਂ ਕੋਈ ਉਸ ਨੂੰ ਛੁਡਾ ਲਵੇ ।
49ਉਸ ਦਾ ਚਾਚਾ, ਜਾਂ ਉਸ ਦੇ ਚਾਚੇ ਦਾ ਪੁੱਤਰ, ਜਾਂ ਉਸ ਦੇ ਟੱਬਰ ਵਿੱਚੋਂ ਕੋਈ ਨਜ਼ਦੀਕੀ ਰਿਸ਼ਤੇਦਾਰ ਉਸ ਨੂੰ ਛੁਡਾ ਸਕਦਾ ਹੈ, ਜਾਂ ਜਦ ਉਹ ਆਪਣੇ ਆਪ ਨੂੰ ਛੁਡਾਉਣ ਦੇ ਯੋਗ ਹੋ ਜਾਵੇ ਤਾਂ ਆਪਣੇ ਆਪ ਨੂੰ ਛੁਡਾ ਲਵੇ ।50ਉਹ ਆਪਣੇ ਮੁੱਲ ਲੈਣ ਵਾਲੇ ਦੇ ਨਾਲ, ਆਪਣੇ ਵੇਚੇ ਜਾਣ ਦੇ ਸਾਲ ਤੋਂ ਲੈ ਕੇ ਅਨੰਦ ਦੇ ਸਾਲ ਤੱਕ ਲੇਖਾ ਕਰੇ ਅਤੇ ਉਸ ਦੇ ਵਿਕਣ ਦਾ ਮੁੱਲ ਸਾਲਾਂ ਦੇ ਲੇਖੇ ਦੇ ਅਨੁਸਾਰ ਹੋਵੇ ਅਰਥਾਤ ਉਹ ਉਸ ਨੂੰ ਛੱਡਣ ਦਾ ਮੁੱਲ ਮਜ਼ਦੂਰ ਦੀ ਮਜ਼ਦੂਰੀ ਦੇ ਅਨੁਸਾਰ ਠਹਿਰਾਵੇ ।
51ਜੇਕਰ ਅਨੰਦ ਦੇ ਸਾਲ ਵਿੱਚ ਬਹੁਤ ਸਾਲ ਬਾਕੀ ਰਹਿੰਦੇ ਹੋਣ ਤਾਂ ਉਹ ਆਪਣੇ ਆਪ ਨੂੰ ਛੁਡਾਉਣ ਲਈ ਜਿਸ ਮੁੱਲ ਵਿੱਚ ਉਹ ਵੇਚਿਆ ਗਿਆ ਸੀ, ਸਾਲਾਂ ਦੇ ਅਨੁਸਾਰ ਉਸ ਨੂੰ ਮੋੜ ਦੇਵੇ,52ਅਤੇ ਜੇਕਰ ਅਨੰਦ ਦੇ ਸਾਲ ਵਿੱਚ ਥੋੜ੍ਹੇ ਸਾਲ ਹੀ ਰਹਿੰਦੇ ਹੋਣ ਤਾਂ ਉਹ ਆਪਣੇ ਮੁੱਲ ਲੈਣ ਵਾਲੇ ਦੇ ਨਾਲ ਲੇਖਾ ਕਰੇ ਅਤੇ ਆਪਣੇ ਆਪ ਨੂੰ ਛੁਡਾਉਣ ਦਾ ਮੁੱਲ ਉਨ੍ਹਾਂ ਸਾਲਾਂ ਦੇ ਅਨੁਸਾਰ ਉਸ ਨੂੰ ਮੋੜ ਦੇਵੇ ।
53ਉਹ ਆਪਣੇ ਸੁਆਮੀ ਦੇ ਨਾਲ ਉਸ ਮਜ਼ਦੂਰ ਦੀ ਤਰ੍ਹਾਂ ਰਹੇ, ਜਿਸ ਦੀ ਸਲਾਨਾ ਮਜ਼ਦੂਰੀ ਠਹਿਰਾਈ ਜਾਂਦੀ ਹੈ, ਅਤੇ ਉਸ ਦਾ ਸੁਆਮੀ ਤੇਰੇ ਵੇਖਦਿਆਂ ਉਸ ਦੇ ਉੱਤੇ ਹਨੇਰ ਨਾ ਕਰੇ ।54ਪਰ ਜੇਕਰ ਉਹ ਇਨ੍ਹਾਂ ਸਾਰੇ ਤਰੀਕਿਆਂ ਦੇ ਨਾਲ ਛੁਡਾਇਆ ਨਾ ਜਾਵੇ ਤਾਂ ਉਹ ਅਨੰਦ ਦੇ ਸਾਲ ਵਿੱਚ ਆਪਣੇ ਬਾਲ ਬੱਚਿਆਂ ਸਮੇਤ ਛੁੱਟ ਜਾਵੇ ।55ਕਿਉਂ ਜੋ ਇਸਰਾਏਲੀ ਮੇਰੇ ਦਾਸ ਹਨ । ਉਹ ਮੇਰੇ ਹੀ ਦਾਸ ਹਨ, ਜਿਨ੍ਹਾਂ ਨੂੰ ਮੈਂ ਮਿਸਰ ਦੇਸ਼ ਵਿੱਚੋਂ ਕੱਢ ਲਿਆਇਆ ਹਾਂ । ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ ।

26
ਹੁਕਮ ਪਾਲਣਾ ਕਰਨ ਦੀ ਬਰਕਤ
(ਬਿਵਸਥਾ ਸਾਰ 7:12-24; 28:1-14)

1ਤੁਸੀਂ ਆਪਣੇ ਲਈ ਕੋਈ ਮੂਰਤ ਨਾ ਬਣਾਉਣਾ, ਨਾ ਹੀ ਆਪਣੇ ਲਈ ਕੋਈ ਉੱਕਰੀ ਹੋਈ ਮੂਰਤ ਜਾਂ ਥੰਮ੍ਹ ਖੜ੍ਹਾ ਕਰਨਾ, ਅਤੇ ਨਾ ਹੀ ਮੱਥਾ ਟੇਕਣ ਲਈ ਆਪਣੇ ਦੇਸ਼ ਵਿੱਚ ਕੋਈ ਪੱਥਰ ਦੀ ਮੂਰਤ ਸਥਾਪਿਤ ਕਰਨਾ, ਕਿਉਂ ਜੋ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ ।2ਤੁਸੀਂ ਮੇਰੇ ਸਬਤਾਂ ਨੂੰ ਮੰਨਣਾ ਅਤੇ ਮੇਰੇ ਪਵਿੱਤਰ ਸਥਾਨ ਦਾ ਆਦਰ ਕਰਨਾ । ਮੈਂ ਯਹੋਵਾਹ ਹਾਂ ।

3ਜੇਕਰ ਤੁਸੀਂ ਮੇਰੀਆਂ ਬਿਧੀਆਂ ਅਨੁਸਾਰ ਚੱਲੋ ਅਤੇ ਮੇਰੇ ਹੁਕਮਾਂ ਨੂੰ ਮੰਨ ਕੇ ਉਨ੍ਹਾਂ ਨੂੰ ਪੂਰਾ ਕਰੋ,4ਤਾਂ ਮੈਂ ਵੇਲੇ ਸਿਰ ਮੀਂਹ ਵਰ੍ਹਾਵਾਂਗਾ ਅਤੇ ਧਰਤੀ ਆਪਣੀ ਉਪਜ ਉਪਜਾਵੇਗੀ ਅਤੇ ਧਰਤੀ ਦੇ ਰੁੱਖ ਆਪਣੇ ਫਲ ਉਗਾਉਣਗੇ ।
5ਅਤੇ ਤੁਸੀਂ ਦਾਖਾਂ ਤੋੜਨ ਦੇ ਸਮੇਂ ਤੱਕ ਗਾਹੁੰਦੇ ਰਹੋਗੇ ਅਤੇ ਬੀਜਣ ਦੇ ਸਮੇਂ ਵੀ ਦਾਖਾਂ ਤੋੜੋਗੇ ਅਤੇ ਤੁਸੀਂ ਆਪਣੀ ਰੋਟੀ ਰੱਜ ਕੇ ਖਾਓਗੇ ਅਤੇ ਆਪਣੇ ਦੇਸ਼ ਵਿੱਚ ਸੁੱਖ ਨਾਲ ਰਹੋਗੇ ।6ਮੈਂ ਉਸ ਦੇਸ਼ ਵਿੱਚ ਸੁੱਖ ਬਖਸ਼ਾਂਗਾ ਅਤੇ ਤੁਸੀਂ ਲੰਮੇ ਪਓਗੇ ਪਰ ਤੁਹਾਨੂੰ ਕੋਈ ਨਾ ਡਰਾਵੇਗਾ ਅਤੇ ਮੈਂ ਖ਼ਤਰਨਾਕ ਜਾਨਵਰਾਂ ਨੂੰ ਦੇਸ਼ ਵਿੱਚੋਂ ਕੱਢ ਦਿਆਂਗਾ ਅਤੇ ਤਲਵਾਰ ਤੁਹਾਡੇ ਦੇਸ਼ ਵਿੱਚ ਨਾ ਚੱਲੇਗੀ ।
7ਤੁਸੀਂ ਆਪਣੇ ਵੈਰੀਆਂ ਨੂੰ ਭਜਾਓਗੇ ਅਤੇ ਉਹ ਤੁਹਾਡੇ ਅੱਗੇ ਤਲਵਾਰ ਨਾਲ ਡਿੱਗਣਗੇ ।8ਤੁਹਾਡੇ ਵਿੱਚੋਂ ਪੰਜ ਮਨੁੱਖ ਸੌ ਨੂੰ ਅਤੇ ਸੌ ਮਨੁੱਖ ਦਸ ਹਜ਼ਾਰ ਨੂੰ ਭਜਾਉਣਗੇ ਅਤੇ ਤੁਹਾਡੇ ਵੈਰੀ ਤੁਹਾਡੇ ਅੱਗੇ ਤਲਵਾਰ ਨਾਲ ਡਿੱਗਣਗੇ ।
9ਮੈਂ ਤੁਹਾਡੇ ਵੱਲ ਧਿਆਨ ਕਰਾਂਗਾ ਅਤੇ ਤੁਹਾਨੂੰ ਫਲਾਵਾਂਗਾ ਅਤੇ ਵਧਾਵਾਂਗਾ ਅਤੇ ਤੁਹਾਡੇ ਨਾਲ ਆਪਣਾ ਨੇਮ ਕਾਇਮ ਰੱਖਾਂਗਾ ।10ਤੁਸੀਂ ਪੁਰਾਣੇ ਪਦਾਰਥਾਂ ਨੂੰ ਖਾਓਗੇ ਅਤੇ ਨਵੇਂ ਪਦਾਰਥ ਦੇ ਕਾਰਨ ਪੁਰਾਣੇ ਪਦਾਰਥਾਂ ਨੂੰ ਕੱਢ ਸੁੱਟੋਗੇ ।
11ਅਤੇ ਮੈਂ ਆਪਣਾ ਡੇਰਾ ਤੁਹਾਡੇ ਵਿਚਕਾਰ ਖੜ੍ਹਾ ਕਰਾਂਗਾ ਅਤੇ ਮੇਰਾ ਜੀਅ ਤੁਹਾਨੂੰ ਮਾੜੇ ਨਾ ਸਮਝੇਗਾ ।12ਮੈਂ ਤੁਹਾਡੇ ਵਿਚਕਾਰ ਤੁਰਾਂਗਾ ਅਤੇ ਤੁਹਾਡਾ ਪਰਮੇਸ਼ੁਰ ਬਣਾਂਗਾ ਅਤੇ ਤੁਸੀਂ ਮੇਰੀ ਪਰਜਾ ਹੋਵੋਗੇ ।13ਮੈਂ ਉਹ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ ਜੋ ਤੁਹਾਨੂੰ ਮਿਸਰ ਦੇਸ਼ ਵਿੱਚੋਂ ਕੱਢ ਲਿਆਇਆ, ਤਾਂ ਜੋ ਤੁਸੀਂ ਉਨ੍ਹਾਂ ਦੇ ਦਾਸ ਨਾ ਰਹੋ ਅਤੇ ਮੈਂ ਤੁਹਾਡੇ ਧੌਣ ਦੇ ਜੂਲੇ ਨੂੰ ਤੋੜ ਸੁੱਟਿਆ ਅਤੇ ਤੁਹਾਨੂੰ ਸਿੱਧੇ ਕਰਕੇ ਚਲਾਇਆ ਹੈ ।
ਹੁਕਮਾਂ ਦੀ ਉਲੰਘਣਾ ਕਰਨ ਦੀ ਸਜ਼ਾ
(ਬਿਵਸਥਾ ਸਾਰ 28:15-68)

14ਪਰ ਜੇਕਰ ਤੁਸੀਂ ਮੇਰੀ ਨਾ ਸੁਣੋਗੇ ਅਤੇ ਇਨ੍ਹਾਂ ਸਾਰਿਆਂ ਹੁਕਮਾਂ ਨੂੰ ਨਾ ਮੰਨੋਗੇ,15ਅਤੇ ਜੇਕਰ ਤੁਸੀਂ ਮੇਰੀਆਂ ਬਿਧੀਆਂ ਨੂੰ ਤਿਆਗ ਦਿਓ ਅਤੇ ਮੇਰੇ ਨਿਆਂ ਤੁਹਾਡੇ ਜੀਅ ਨੂੰ ਮਾੜੇ ਲੱਗਣ ਕਿ ਤੁਸੀਂ ਮੇਰੇ ਹੁਕਮਾਂ ਨੂੰ ਨਾ ਮੰਨੋ ਸਗੋਂ ਮੇਰੇ ਨੇਮ ਨੂੰ ਤੋੜ ਦਿਓ,
16ਤਾਂ ਮੈਂ ਤੁਹਾਡੇ ਨਾਲ ਇਹ ਕਰਾਂਗਾ ਅਰਥਾਤ ਮੈਂ ਤੁਹਾਡੇ ਉੱਤੇ ਡਰ, ਲਾ-ਇਲਾਜ਼ ਰੋਗ ਅਤੇ ਤਾਪ ਪਾਵਾਂਗਾ ਜੋ ਤੁਹਾਡੀਆਂ ਅੱਖਾਂ ਦਾ ਨਾਸ਼ ਕਰਨਗੇ ਅਤੇ ਤੁਹਾਡੇ ਮਨਾਂ ਨੂੰ ਉਦਾਸ ਕਰਨਗੇ ਅਤੇ ਤੁਸੀਂ ਵਿਅਰਥ ਹੀ ਆਪਣੇ ਬੀਜ ਬੀਜੋਗੇ ਕਿਉਂ ਜੋ ਤੁਹਾਡੇ ਵੈਰੀ ਉਸ ਨੂੰ ਖਾ ਜਾਣਗੇ ।17ਮੈਂ ਵੀ ਤੁਹਾਡੇ ਵਿਰੁੱਧ ਹੋਵਾਂਗਾ ਅਤੇ ਤੁਸੀਂ ਆਪਣੇ ਵੈਰੀਆਂ ਦੇ ਅੱਗੇ ਵੱਢੇ ਜਾਓਗੇ ਅਤੇ ਜਿਹੜੇ ਤੁਹਾਡੇ ਨਾਲ ਵੈਰ ਕਰਦੇ ਹਨ, ਉਹ ਤੁਹਾਡੇ ਉੱਤੇ ਰਾਜ ਕਰਨਗੇ ਅਤੇ ਭਾਵੇਂ ਕੋਈ ਤੁਹਾਡਾ ਪਿੱਛਾ ਨਾ ਕਰੇ ਤਾਂ ਵੀ ਤੁਸੀਂ ਭੱਜੋਗੇ ।
18ਅਤੇ ਜੇਕਰ ਤੁਸੀਂ ਇਹ ਸਭ ਕਰਕੇ ਵੀ ਤੁਸੀਂ ਮੇਰੇ ਵੱਲ ਧਿਆਨ ਨਾ ਕਰੋ, ਤਾਂ ਮੈਂ ਤੁਹਾਡੇ ਪਾਪਾਂ ਦੇ ਕਾਰਨ ਤੁਹਾਨੂੰ ਸੱਤ ਗੁਣਾ ਹੋਰ ਸਜ਼ਾ ਦੇਵਾਂਗਾ ।19ਅਤੇ ਮੈਂ ਤੁਹਾਡੀ ਜੋਰਾਵਰੀ ਦਾ ਹੰਕਾਰ ਤੋੜ ਦਿਆਂਗਾ ਅਤੇ ਤੁਹਾਡੇ ਲਈ ਅਕਾਸ਼ ਨੂੰ ਲੋਹੇ ਵਰਗਾ ਅਤੇ ਧਰਤੀ ਨੂੰ ਪਿੱਤਲ ਵਰਗੀ ਬਣਾਵਾਂਗਾ ।20ਅਤੇ ਤੁਹਾਡਾ ਜ਼ੋਰ ਵਿਅਰਥ ਹੋ ਜਾਵੇਗਾ ਕਿਉਂ ਜੋ ਤੁਹਾਡੀ ਧਰਤੀ ਆਪਣੀ ਉਪਜ ਨਾ ਉਪਜਾਵੇਗੀ ਅਤੇ ਧਰਤੀ ਦੇ ਰੁੱਖ ਵੀ ਆਪਣੇ ਫਲ ਨਾ ਉਗਾਉਣਗੇ ।

21ਜੇਕਰ ਤੁਸੀਂ ਮੇਰੇ ਵਿਰੁੱਧ ਚਲਦੇ ਰਹੋ ਅਤੇ ਮੇਰੀ ਗੱਲ ਵੱਲ ਧਿਆਨ ਨਾ ਕਰੋ ਤਾਂ ਮੈਂ ਤੁਹਾਡੇ ਪਾਪਾਂ ਦੇ ਅਨੁਸਾਰ ਤੁਹਾਡੇ ਉੱਤੇ ਸੱਤ ਗੁਣਾ ਹੋਰ ਬਵਾ ਪਾਵਾਂਗਾ ।22ਮੈਂ ਜੰਗਲੀ ਜਾਨਵਰਾਂ ਨੂੰ ਤੁਹਾਡੇ ਵਿਚਕਾਰ ਘੱਲਾਂਗਾ ਜੋ ਤੁਹਾਡੇ ਬੱਚਿਆਂ ਨੂੰ ਖੋਹ ਲੈਣਗੇ ਅਤੇ ਤੁਹਾਡੇ ਪਸ਼ੂਆਂ ਦਾ ਨਾਸ਼ ਕਰਨਗੇ ਅਤੇ ਤੁਹਾਡੀ ਗਿਣਤੀ ਘਟਾ ਦੇਣਗੇ ਅਤੇ ਤੁਹਾਡੀਆਂ ਪੱਕੀਆਂ ਸੜਕਾਂ ਵਿਰਾਨ ਹੋ ਜਾਣਗੀਆਂ ।

23ਫੇਰ ਜੇਕਰ ਤੁਸੀਂ ਇਨ੍ਹਾਂ ਗੱਲਾਂ ਵਿੱਚ ਵੀ ਮੇਰੀ ਤਾੜਨਾ ਨਾਲ ਨਾ ਸੁਧਰੋ ਪਰ ਮੇਰੇ ਵਿਰੁੱਧ ਹੀ ਚਲਦੇ ਰਹੋ,24ਤਾਂ ਮੈਂ ਵੀ ਤੁਹਾਡੇ ਵਿਰੁੱਧ ਚੱਲਾਂਗਾ ਅਤੇ ਤੁਹਾਡੇ ਪਾਪਾਂ ਦੇ ਕਾਰਨ ਮੈਂ ਤੁਹਾਨੂੰ ਸੱਤ ਗੁਣਾ ਹੋਰ ਸਜ਼ਾ ਦੇਵਾਂਗਾ ।
25ਅਤੇ ਮੈਂ ਤੁਹਾਡੇ ਉੱਤੇ ਅਜਿਹੀ ਤਲਵਾਰ ਚਲਾਵਾਂਗਾ, ਜਿਹੜੀ ਮੇਰਾ ਨੇਮ ਤੋੜਨ ਦਾ ਬਦਲਾ ਲਵੇ ਅਤੇ ਜਿਸ ਵੇਲੇ ਤੁਸੀਂ ਆਪਣੇ ਸ਼ਹਿਰਾਂ ਵਿੱਚ ਇੱਕਠੇ ਹੋਵੋਗੇ ਤਾਂ ਮੈਂ ਤੁਹਾਡੇ ਵਿੱਚ ਬਵਾ ਘੱਲਾਂਗਾ ਅਤੇ ਤੁਸੀਂ ਆਪਣੇ ਵੈਰੀਆਂ ਦੇ ਹੱਥ ਵਿੱਚ ਸੌਂਪੇ ਜਾਓਗੇ ।26ਜਿਸ ਵੇਲੇ ਮੈਂ ਤੁਹਾਡੀ ਰੋਟੀ ਦਾ ਜ਼ਰੀਆ ਢਾਹ ਸੁੱਟਾਂਗਾ ਤਾਂ ਦਸ ਇਸਤਰੀਆਂ ਤੁਹਾਡੀਆਂ ਰੋਟੀਆਂ ਇੱਕੋ ਤੰਦੂਰ ਵਿੱਚ ਪਕਾਉਣਗੀਆਂ ਅਤੇ ਤੁਹਾਨੂੰ ਤੁਹਾਡੀ ਆਪਣੀ ਰੋਟੀ ਤੋਲ ਕੇ ਦੇਣਗੀਆਂ, ਤਦ ਤੁਸੀਂ ਖਾਓਗੇ ਪਰ ਰੱਜੋਗੇ ਨਹੀਂ ।

27ਪਰ ਜੇਕਰ ਤੁਸੀਂ ਇਸ ਸਭ ਦੇ ਬਾਅਦ ਵੀ ਮੇਰੇ ਵੱਲ ਧਿਆਨ ਨਾ ਕਰੋ ਪਰ ਮੇਰੇ ਵਿਰੁੱਧ ਹੀ ਚੱਲੋ,28ਤਦ ਮੈਂ ਵੀ ਡਾਢੇ ਕਰੋਧ ਨਾਲ ਤੁਹਾਡੇ ਵਿਰੁੱਧ ਚੱਲਾਂਗਾ ਅਤੇ ਮੈਂ, ਹਾਂ, ਮੈਂ ਤੁਹਾਡੇ ਪਾਪਾਂ ਦੇ ਕਾਰਨ ਤੁਹਾਨੂੰ ਸੱਤ ਗੁਣਾ ਹੋਰ ਸਜ਼ਾ ਦਿਆਂਗਾ ।
29ਤੁਸੀਂ ਆਪਣੇ ਪੁੱਤਰਾਂ ਦਾ ਅਤੇ ਆਪਣੀਆਂ ਧੀਆਂ ਦਾ ਮਾਸ ਖਾਓਗੇ ।30ਮੈਂ ਤੁਹਾਡੀਆਂ ਉੱਚੀਆਂ ਥਾਵਾਂ ਨੂੰ ਢਾਹ ਦਿਆਂਗਾ ਅਤੇ ਤੁਹਾਡੇ ਸੂਰਜ ਦੇ ਥੰਮ੍ਹਾਂ ਨੂੰ ਵੱਢਾਂਗਾ ਅਤੇ ਤੁਹਾਡੀਆਂ ਲਾਸ਼ਾਂ ਨੂੰ ਤੁਹਾਡੀਆਂ ਟੁੱਟੀਆਂ ਹੋਈਆਂ ਮੂਰਤਾਂ ਦੇ ਉੱਤੇ ਸੁੱਟਾਂਗਾ ਅਤੇ ਮੇਰਾ ਜੀਅ ਤੁਹਾਡੇ ਤੋਂ ਘਿਣ ਕਰੇਗਾ ।
31ਮੈਂ ਤੁਹਾਡੇ ਸ਼ਹਿਰਾਂ ਨੂੰ ਉਜਾੜ ਦਿਆਂਗਾ ਅਤੇ ਤੁਹਾਡੇ ਪਵਿੱਤਰ ਸਥਾਨਾਂ ਦਾ ਨਾਸ ਕਰਾਂਗਾ ਅਤੇ ਮੈਂ ਤੁਹਾਡੀਆਂ ਭੇਟਾਂ ਦੀ ਸੁਗੰਧਤਾ ਨੂੰ ਸਵੀਕਾਰ ਨਾ ਕਰਾਂਗਾ ।32ਮੈਂ ਉਸ ਦੇਸ਼ ਦਾ ਨਾਸ਼ ਕਰਵਾ ਦਿਆਂਗਾ ਅਤੇ ਤੁਹਾਡੇ ਵੈਰੀ ਜੋ ਉਸ ਦੇ ਵਿੱਚ ਰਹਿੰਦੇ ਹਨ, ਉਹ ਇਹ ਵੇਖ ਕੇ ਹੱਕੇ-ਬੱਕੇ ਰਹਿ ਜਾਣਗੇ ।33ਮੈਂ ਤੁਹਾਨੂੰ ਕੌਮਾਂ ਵਿੱਚ ਖਿਲਾਰ ਦਿਆਂਗਾ ਅਤੇ ਮੈਂ ਤੁਹਾਡੇ ਪਿੱਛੇ-ਪਿੱਛੇ ਤਲਵਾਰ ਚਲਾਵਾਂਗਾ ਅਤੇ ਤੁਹਾਡਾ ਦੇਸ਼ ਵਿਰਾਨ ਹੋ ਜਾਵੇਗਾ ਅਤੇ ਤੁਹਾਡੇ ਸ਼ਹਿਰ ਉੱਜੜ ਜਾਣਗੇ ।
34ਫੇਰ ਜਦ ਤੱਕ ਉਹ ਦੇਸ਼ ਉਜਾੜ ਰਹੇਗਾ ਅਤੇ ਤੁਸੀਂ ਆਪਣੇ ਵੈਰੀਆਂ ਦੇ ਦੇਸ਼ ਵਿੱਚ ਰਹੋਗੇ, ਤਦ ਤੱਕ ਉਹ ਆਪਣੇ ਸਬਤ ਦਾ ਅਨੰਦ ਮਾਣੇਗਾ, ਹਾਂ, ਉਸ ਵੇਲੇ ਦੇਸ਼ ਵਿਸ਼ਰਾਮ ਕਰੇਗਾ ਅਤੇ ਆਪਣੇ ਸਬਤਾਂ ਦਾ ਅਨੰਦ ਮਾਣੇਗਾ ।35ਜਦ ਤੱਕ ਉਹ ਵਿਰਾਨ ਰਹੇ, ਤਦ ਤੱਕ ਉਹ ਵਿਸ਼ਰਾਮ ਕਰੇਗਾ, ਕਿਉਂਕਿ ਜਦ ਤੁਸੀਂ ਉਸ ਦੇਸ਼ ਵਿੱਚ ਵੱਸਦੇ ਸੀ, ਤਦ ਤੁਹਾਡੇ ਸਬਤਾਂ ਵਿੱਚ ਉਸ ਨੂੰ ਵਿਸ਼ਰਾਮ ਨਹੀਂ ਮਿਲਿਆ ।

36ਤੁਹਾਡੇ ਵਿੱਚੋਂ ਜੋ ਜੀਉਂਦੇ ਅਤੇ ਆਪਣੇ ਵੈਰੀਆਂ ਦੇ ਦੇਸ਼ ਵਿੱਚ ਹੋਣ, ਮੈਂ ਉੱਥੇ ਉਨ੍ਹਾਂ ਦੇ ਮਨਾਂ ਨੂੰ ਢਿੱਲੇ ਕਰਾਂਗਾ ਅਤੇ ਉਹ ਪੱਤਿਆਂ ਦੀ ਖੜਕਾਰ ਸੁਣਦਿਆਂ ਹੀ ਭੱਜ ਜਾਣਗੇ । ਉਹ ਇਸ ਤਰ੍ਹਾਂ ਭੱਜਣਗੇ, ਜਿਵੇਂ ਕੋਈ ਤਲਵਾਰ ਤੋਂ ਭੱਜਦਾ ਹੈ ਅਤੇ ਭਾਵੇਂ ਕੋਈ ਪਿੱਛਾ ਨਾ ਕਰੇ ਤਾਂ ਵੀ ਉਹ ਡਿੱਗ ਪੈਣਗੇ ।
37ਭਾਵੇਂ ਕੋਈ ਪਿੱਛਾ ਨਾ ਕਰੇ, ਤਾਂ ਵੀ ਉਹ ਤਲਵਾਰ ਦੇ ਭੈ ਤੋਂ ਇੱਕ ਦੂਜੇ ਉੱਤੇ ਡਿੱਗਣਗੇ ਅਤੇ ਆਪਣੇ ਵੈਰੀਆਂ ਦੇ ਅੱਗੇ ਖੜ੍ਹੇ ਹੋਣ ਲਈ ਤੁਹਾਡੇ ਵਿੱਚ ਕੁਝ ਜ਼ੋਰ ਨਾ ਰਹੇਗਾ ।38ਤੁਸੀਂ ਵੱਖ-ਵੱਖ ਕੌਮਾਂ ਦੇ ਵਿੱਚ ਮਰ ਜਾਓਗੇ ਅਤੇ ਤੁਹਾਡੇ ਵੈਰੀਆਂ ਦਾ ਦੇਸ਼ ਤੁਹਾਨੂੰ ਨਿਗਲ ਜਾਵੇਗਾ,39ਅਤੇ ਤੁਹਾਡੇ ਵਿੱਚੋਂ ਜੋ ਬਚ ਜਾਣਗੇ ਉਹ ਤੁਹਾਡੇ ਵੈਰੀਆਂ ਦੇ ਦੇਸ਼ਾਂ ਵਿੱਚ ਆਪਣੀਆਂ ਬਦੀਆਂ ਦੇ ਕਾਰਨ ਕਮਜ਼ੋਰ ਹੋ ਜਾਣਗੇ, ਅਤੇ ਆਪਣੇ ਪਿਉ-ਦਾਦਿਆਂ ਦੀਆਂ ਬਦੀਆਂ ਦੇ ਕਾਰਨ ਉਨ੍ਹਾਂ ਦੀ ਤਰ੍ਹਾਂ ਹੀ ਕਮਜ਼ੋਰ ਹੋ ਜਾਣਗੇ ।

40ਪਰ ਜੇਕਰ ਉਹ ਆਪਣੀ ਅਤੇ ਪਿਉ-ਦਾਦਿਆਂ ਦੀਆਂ ਬਦੀਆਂ ਨੂੰ ਮੰਨ ਲੈਣ ਅਤੇ ਉਸ ਬੇਈਮਾਨੀ ਨੂੰ ਜੋ ਉਨ੍ਹਾਂ ਨੇ ਮੇਰੇ ਨਾਲ ਕੀਤੀ ਅਤੇ ਇਹ ਵੀ ਮੰਨ ਲੈਣ ਕਿ ਉਹ ਮੇਰੇ ਵਿਰੁੱਧ ਚੱਲੇ41ਅਤੇ ਇਸ ਕਾਰਨ ਹੀ ਮੈਂ ਵੀ ਉਨ੍ਹਾਂ ਦੇ ਵਿਰੁੱਧ ਚੱਲਿਆ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਵੈਰੀਆਂ ਦੇ ਦੇਸ਼ ਵਿੱਚ ਲਿਆਇਆ, ਤਾਂ ਜੇਕਰ ਉਸ ਵੇਲੇ ਉਨ੍ਹਾਂ ਦੇ ਅਸੁੰਨਤੀ ਦਿਲ ਨੀਵੇਂ ਹੋ ਜਾਣ ਅਤੇ ਉਹ ਉਸ ਵੇਲੇ ਆਪਣੀ ਬਦੀ ਦੇ ਸਜ਼ਾ ਨੂੰ ਮੰਨ ਲੈਣ,42ਤਦ ਜਿਹੜਾ ਨੇਮ ਮੈਂ ਯਾਕੂਬ ਦੇ ਨਾਲ ਅਤੇ ਜਿਹੜਾ ਨੇਮ ਮੈਂ ਇਸਹਾਕ ਦੇ ਨਾਲ ਅਤੇ ਅਬਰਾਹਾਮ ਦੇ ਨਾਲ ਬੰਨ੍ਹਿਆ ਸੀ, ਉਸ ਨੂੰ ਯਾਦ ਕਰਾਂਗਾ ਅਤੇ ਉਸ ਦੇਸ਼ ਨੂੰ ਵੀ ਮੈਂ ਯਾਦ ਕਰਾਂਗਾ ।
43ਉਹ ਦੇਸ਼ ਵੀ ਉਨ੍ਹਾਂ ਕੋਲੋਂ ਛੱਡਿਆ ਜਾ ਕੇ ਵਿਰਾਨ ਰਹੇਗਾ ਅਤੇ ਉਨ੍ਹਾਂ ਤੋਂ ਵਿਰਾਨ ਹੋ ਕੇ ਵੀ ਆਪਣੇ ਸਬਤਾਂ ਦਾ ਅਨੰਦ ਮਾਣੇਗਾ, ਅਤੇ ਉਹ ਆਪਣੀਆਂ ਬਦੀਆਂ ਦੀ ਸਜ਼ਾ ਮੰਨ ਲੈਣਗੇ, ਕਿਉਂ ਜੋ ਉਨ੍ਹਾਂ ਨੇ ਮੇਰੇ ਨਿਯਮਾਂ ਨੂੰ ਤਿਆਗ ਦਿੱਤਾ ਅਤੇ ਮੇਰੀਆਂ ਬਿਧੀਆਂ ਉਨ੍ਹਾਂ ਦੇ ਜੀਆਂ ਨੂੰ ਮਾੜੀਆਂ ਲੱਗੀਆਂ ।
44ਇਸ ਸਭ ਤੋਂ ਬਾਅਦ ਵੀ ਜਦ ਉਹ ਆਪਣੇ ਵੈਰੀਆਂ ਦੇ ਦੇਸ਼ ਵਿੱਚ ਹੋਣ, ਤਾਂ ਵੀ ਮੈਂ ਉਨ੍ਹਾਂ ਨੂੰ ਨਾ ਤਿਆਗਾਂਗਾ ਅਤੇ ਨਾ ਉਨ੍ਹਾਂ ਤੋਂ ਅਜਿਹੀ ਨਫ਼ਰਤ ਕਰਾਂਗਾ ਕਿ ਉਨ੍ਹਾਂ ਦਾ ਪੂਰੀ ਤਰ੍ਹਾਂ ਨਾਸ਼ ਕਰ ਦਿਆਂ ਅਤੇ ਆਪਣੇ ਉਸ ਨੇਮ ਨੂੰ ਤੋੜ ਦਿਆਂ ਜੋ ਮੈਂ ਉਨ੍ਹਾਂ ਨਾਲ ਬੰਨ੍ਹਿਆ ਸੀ, ਕਿਉਂ ਜੋ ਮੈਂ ਯਹੋਵਾਹ ਉਨ੍ਹਾਂ ਦਾ ਪਰਮੇਸ਼ੁਰ ਹਾਂ ।45ਪਰ ਮੈਂ ਉਨ੍ਹਾਂ ਦੀ ਖਾਤਰ ਉਨ੍ਹਾਂ ਦੇ ਪਿਉ-ਦਾਦਿਆਂ ਨਾਲ ਬੰਨ੍ਹੇ ਹੋਏ ਨੇਮ ਨੂੰ ਯਾਦ ਕਰਾਂਗਾ, ਜਿਨ੍ਹਾਂ ਨੂੰ ਮੈਂ ਕੌਮਾਂ ਦੇ ਵੇਖਦਿਆਂ ਮਿਸਰ ਦੇਸ਼ ਵਿੱਚੋਂ ਕੱਢ ਲਿਆਇਆ, ਤਾਂ ਜੋ ਉਨ੍ਹਾਂ ਦਾ ਪਰਮੇਸ਼ੁਰ ਹੋਵਾਂ । ਮੈਂ ਯਹੋਵਾਹ ਹਾਂ ।

46ਜੋ ਬਿਧੀਆਂ, ਨਿਯਮ ਅਤੇ ਬਿਵਸਥਾ ਯਹੋਵਾਹ ਨੇ ਆਪਣੇ ਅਤੇ ਇਸਰਾਏਲੀਆਂ ਦੇ ਵਿਚਕਾਰ ਸੀਨਈ ਪਹਾੜ ਉੱਤੇ ਮੂਸਾ ਦੇ ਦੁਆਰਾ ਠਹਿਰਾਈਆਂ ਸਨ, ਉਹ ਇਹ ਹੀ ਹਨ ।

27
ਖ਼ਾਸ ਸੁੱਖਣਾ ਦੀ ਬਿਧੀ

1ਫੇਰ ਯਹੋਵਾਹ ਨੇ ਮੂਸਾ ਨੂੰ ਇਹ ਆਖਿਆ,2ਇਸਰਾਏਲੀਆਂ ਨਾਲ ਗੱਲ ਕਰਕੇ ਉਨ੍ਹਾਂ ਨੂੰ ਆਖ ਕਿ ਜੇ ਕੋਈ ਸੁੱਖਣਾ ਸੁੱਖ ਕੇ ਕਿਸੇ ਮਨੁੱਖ ਨੂੰ ਯਹੋਵਾਹ ਦੇ ਲਈ ਅਰਪਣ ਕਰੇ ਤਾਂ ਤੇਰੇ ਠਹਿਰਾਏ ਹੋਏ ਮੁੱਲ ਦੇ ਅਨੁਸਾਰ ਉਹ ਯਹੋਵਾਹ ਦੇ ਹੋਣਗੇ,

3ਜੇਕਰ ਉਹ ਪੁਰਖ ਵੀਹ ਸਾਲਾਂ ਤੋਂ ਸੱਠ ਸਾਲਾਂ ਦਾ ਹੋਵੇ ਤਾਂ ਉਸ ਦੇ ਲਈ ਤੇਰਾ ਮੁੱਲ ਪਵਿੱਤਰ ਸਥਾਨ ਦੇ ਸ਼ਕੇਲ ਅਨੁਸਾਰ ਪੰਜਾਹ ਸ਼ਕੇਲ ਚਾਂਦੀ ਦੇ ਸਿੱਕੇ ਹੋਵੇਗਾ,4ਅਤੇ ਜੇਕਰ ਇਸਤਰੀ ਹੋਵੇ ਤਾਂ ਤੇਰਾ ਮੁੱਲ ਤੀਹ ਸ਼ਕੇਲ ਹੋਵੇ ।
5ਜੇਕਰ ਉਸ ਦੀ ਉਮਰ ਪੰਜ ਸਾਲਾਂ ਤੋਂ ਲੈ ਕੇ ਵੀਹਾਂ ਸਾਲਾਂ ਤੱਕ ਹੋਵੇ ਤਾਂ ਤੇਰਾ ਮੁੱਲ ਮੁੰਡੇ ਦੇ ਲਈ ਵੀਹ ਸ਼ਕੇਲ ਅਤੇ ਕੁੜੀ ਲਈ ਦਸ ਸ਼ਕੇਲ ਹੋਵੇ ।6ਜੇਕਰ ਉਸ ਦੀ ਉਮਰ ਇੱਕ ਮਹੀਨੇ ਤੋਂ ਲੈ ਕੇ ਪੰਜ ਸਾਲ ਤੱਕ ਹੋਵੇ ਤਾਂ ਤੇਰਾ ਮੁੱਲ ਮੁੰਡੇ ਦੇ ਲਈ ਪੰਜ ਸ਼ਕੇਲ ਚਾਂਦੀ ਅਤੇ ਕੁੜੀ ਦੇ ਲਈ ਤਿੰਨ ਸ਼ਕੇਲ ਚਾਂਦੀ ਹੋਵੇ ।
7ਅਤੇ ਜੇਕਰ ਉਸ ਦੀ ਉਮਰ ਸੱਠ ਸਾਲ ਜਾਂ ਉਸ ਤੋਂ ਉੱਪਰ ਹੋਵੇ, ਤਾਂ ਜੇਕਰ ਉਹ ਪੁਰਖ ਹੋਵੇ ਤਾਂ ਉਸ ਦੇ ਲਈ ਤੇਰਾ ਮੁੱਲ ਪੰਦਰਾਂ ਸ਼ਕੇਲ ਅਤੇ ਇਸਤਰੀ ਹੋਵੇ ਤਾਂ ਦਸ ਸ਼ਕੇਲ ਹੋਵੇਗਾ ।8ਪਰ ਜੇਕਰ ਉਹ ਇੰਨ੍ਹਾਂ ਗਰੀਬ ਹੋਵੇ ਕਿ ਜਾਜਕ ਦਾ ਠਹਿਰਾਇਆ ਹੋਇਆ ਮੁੱਲ ਨਾ ਦੇ ਸਕੇ ਤਾਂ ਉਹ ਜਾਜਕ ਦੇ ਅੱਗੇ ਆਵੇ ਅਤੇ ਜਾਜਕ ਉਸ ਦਾ ਮੁੱਲ ਠਹਿਰਾਵੇ ਅਰਥਾਤ ਸੁੱਖਣਾ ਸੁੱਖਣ ਵਾਲੇ ਦੀ ਸਮਰੱਥਾ ਦੇ ਅਨੁਸਾਰ ਉਸ ਦਾ ਮੁੱਲ ਠਹਿਰਾਵੇ ।

9ਜੇਕਰ ਉਹ ਉਨ੍ਹਾਂ ਪਸ਼ੂਆਂ ਵਿੱਚੋਂ ਹੋਵੇ, ਜਿਨ੍ਹਾਂ ਨੂੰ ਲੋਕ ਯਹੋਵਾਹ ਦੇ ਅੱਗੇ ਚੜ੍ਹਾਉਂਦੇ ਹਨ, ਤਾਂ ਉਹ ਸਭ ਕੁਝ ਜੋ ਉਨ੍ਹਾਂ ਪਸ਼ੂਆਂ ਵਿੱਚੋਂ ਯਹੋਵਾਹ ਦੇ ਅੱਗੇ ਚੜ੍ਹਾਇਆ ਜਾਂਦਾ ਹੈ, ਪਵਿੱਤਰ ਹੋਵੇਗਾ ।10ਉਹ ਉਸ ਪਸ਼ੂ ਨੂੰ ਨਾ ਬਦਲੇ, ਨਾ ਵਟਾਵੇ, ਨਾ ਤਾਂ ਚੰਗੇ ਦੇ ਬਦਲੇ ਮਾੜਾ ਅਤੇ ਨਾ ਮਾੜੇ ਦੇ ਬਦਲੇ ਚੰਗਾ ਦੇਵੇ ਪਰ ਜੇਕਰ ਉਹ ਕਿਸੇ ਪਸ਼ੂ ਦੇ ਬਦਲੇ ਕੋਈ ਹੋਰ ਪਸ਼ੂ ਦੇਵੇ ਤਾਂ ਉਹ ਅਤੇ ਉਸ ਦਾ ਵਟਾਂਦਰਾ ਦੋਵੇਂ ਪਵਿੱਤਰ ਠਹਿਰਨਗੇ ।
11ਅਤੇ ਜੇਕਰ ਉਹ ਅਸ਼ੁੱਧ ਪਸ਼ੂ ਹੋਵੇ, ਜਿਨ੍ਹਾਂ ਨੂੰ ਯਹੋਵਾਹ ਦੇ ਅੱਗੇ ਨਹੀਂ ਚੜ੍ਹਾਉਂਦੇ ਤਾਂ ਅਜਿਹੇ ਪਸ਼ੂਆਂ ਨੂੰ ਉਹ ਜਾਜਕ ਦੇ ਅੱਗੇ ਲਿਆਵੇ ।12ਤਦ ਜਾਜਕ ਉਸ ਨੂੰ ਚੰਗਾ ਜਾਂ ਮਾੜਾ ਜਾਂਚ ਕੇ ਉਸ ਦਾ ਮੁੱਲ ਠਹਿਰਾਵੇ ਅਤੇ ਜਿਨ੍ਹਾਂ ਜਾਜਕ ਠਹਿਰਾਵੇ, ਉਸ ਦਾ ਮੁੱਲ ਉਨ੍ਹਾਂ ਹੀ ਹੋਵੇਗਾ ।13ਪਰ ਜੇਕਰ ਅਰਪਣ ਕਰਨ ਵਾਲਾ ਉਸ ਨੂੰ ਛੁਡਾਉਣਾ ਚਾਹੇ ਤਾਂ ਉਹ ਜਾਜਕ ਦੇ ਠਹਿਰਾਏ ਹੋਏ ਮੁੱਲ ਵਿੱਚ ਪੰਜਵਾਂ ਹਿੱਸਾ ਹੋਰ ਪਾ ਕੇ ਦੇਵੇ ।

14ਜਦ ਕੋਈ ਮਨੁੱਖ ਆਪਣਾ ਘਰ ਯਹੋਵਾਹ ਦੇ ਅੱਗੇ ਪਵਿੱਤਰ ਬਣਾਉਣ ਲਈ ਅਰਪਣ ਕਰੇ ਤਾਂ ਜਾਜਕ ਉਸ ਨੂੰ ਚੰਗਾ ਜਾਂ ਮਾੜਾ ਜਾਂਚ ਕੇ ਉਸ ਦਾ ਮੁੱਲ ਠਹਿਰਾਵੇ ਅਤੇ ਜਿਨ੍ਹਾਂ ਮੁੱਲ ਜਾਜਕ ਠਹਿਰਾਵੇ, ਉਸ ਦਾ ਮੁੱਲ ਉਨ੍ਹਾਂ ਹੀ ਹੋਵੇਗਾ ।15ਪਰ ਜੇਕਰ ਉਸ ਘਰ ਨੂੰ ਅਰਪਣ ਕਰਨ ਵਾਲਾ ਉਸ ਨੂੰ ਛੁਡਾਉਣਾ ਚਾਹੇ, ਤਾਂ ਉਹ ਜਾਜਕ ਦੇ ਠਹਿਰਾਏ ਹੋਏ ਮੁੱਲ ਵਿੱਚ ਪੰਜਵਾਂ ਹਿੱਸਾ ਹੋਰ ਪਾ ਕੇ ਦੇਵੇ ਅਤੇ ਉਹ ਘਰ ਉਸੇ ਦਾ ਹੋਵੇਗਾ ।

16ਜੇਕਰ ਕੋਈ ਮਨੁੱਖ ਆਪਣੀ ਨਿੱਜ-ਭੂਮੀ ਦਾ ਕੁਝ ਹਿੱਸਾ ਯਹੋਵਾਹ ਦੇ ਅੱਗੇ ਅਰਪਣ ਕਰੇ ਤਾਂ ਤੇਰਾ ਮੁੱਲ ਉਸ ਵਿੱਚ ਬੀਜੇ ਜਾਣ ਵਾਲੇ ਬੀਜ ਦੇ ਅਨੁਸਾਰ ਹੋਵੇ, ਇੱਕ ਟੋਪੇ ਜਵਾਂ ਦੇ ਬੀ ਦਾ ਮੁੱਲ ਪੰਜਾਹ ਸ਼ਕੇਲ ਚਾਂਦੀ ਹੋਵੇ ।
17ਜੇਕਰ ਉਹ ਆਪਣਾ ਖੇਤ ਅਨੰਦ ਦੇ ਸਾਲ ਵਿੱਚ ਅਰਪਣ ਕਰੇ ਦਾ ਉਸ ਦਾ ਮੁੱਲ ਤੇਰੇ ਠਹਿਰਾਉਣ ਦੇ ਅਨੁਸਾਰ ਹੋਵੇ ।18ਪਰ ਜੇਕਰ ਉਹ ਆਪਣਾ ਖੇਤ ਅਨੰਦ ਦੇ ਸਾਲ ਤੋਂ ਬਾਅਦ ਅਰਪਣ ਕਰੇ ਤਾਂ ਜਾਜਕ ਰਹਿੰਦਿਆਂ ਸਾਲਾਂ ਦੇ ਲੇਖੇ ਦੇ ਅਨੁਸਾਰ ਅਰਥਾਤ ਅਨੰਦ ਦੇ ਸਾਲ ਤੱਕ ਪੈਸੇ ਦਾ ਲੇਖਾ ਕਰੇ ਅਤੇ ਉਹ ਤੇਰੇ ਮੁੱਲ ਤੋਂ ਘੱਟ ਜਾਵੇ ।
19ਪਰ ਜੇਕਰ ਉਸ ਖੇਤ ਨੂੰ ਅਰਪਣ ਵਾਲਾ ਉਸ ਨੂੰ ਛੁਡਾਉਣਾ ਚਾਹੇ ਤਾਂ ਉਹ ਜਾਜਕ ਦੇ ਠਹਿਰਾਏ ਹੋਏ ਮੁੱਲ ਵਿੱਚ ਪੰਜਵਾਂ ਹਿੱਸਾ ਹੋਰ ਪਾ ਕੇ ਦੇਵੇ ਤਦ ਉਹ ਖੇਤ ਉਸੇ ਦਾ ਠਹਿਰੇਗਾ ।20ਪਰ ਜੇਕਰ ਉਹ ਉਸ ਖੇਤ ਨੂੰ ਛੁਡਾਉਣਾ ਨਾ ਚਾਹੇ ਜਾਂ ਉਸ ਨੇ ਉਹ ਖੇਤ ਕਿਸੇ ਹੋਰ ਮਨੁੱਖ ਨੂੰ ਵੇਚ ਦਿੱਤਾ ਹੋਵੇ ਤਾਂ ਉਹ ਖੇਤ ਫੇਰ ਕਦੇ ਨਾ ਛੁਡਾਇਆ ਜਾਵੇ ।21ਪਰ ਜਦ ਉਹ ਖੇਤ ਅਨੰਦ ਦੇ ਸਾਲ ਵਿੱਚ ਛੁੱਟ ਜਾਵੇ ਤਾਂ ਉਹ ਯਹੋਵਾਹ ਦੇ ਅੱਗੇ ਸੁੱਖੇ ਹੋਏ ਖੇਤ ਦੀ ਤਰ੍ਹਾਂ ਪਵਿੱਤਰ ਹੋਵੇਗਾ । ਉਸ ਉੱਤੇ ਜਾਜਕ ਦਾ ਹੀ ਅਧਿਕਾਰ ਹੋਵੇਗਾ ।

22ਫੇਰ ਜੇਕਰ ਕੋਈ ਮਨੁੱਖ ਇੱਕ ਮੁੱਲ ਲਏ ਹੋਏ ਖੇਤ ਨੂੰ ਯਹੋਵਾਹ ਦੇ ਅੱਗੇ ਅਰਪਣ ਕਰੇ, ਜੋ ਉਸ ਦੀ ਆਪਣੀ ਨਿੱਜ-ਭੂਮੀ ਦੇ ਖੇਤਾਂ ਵਿੱਚੋਂ ਨਾ ਹੋਵੇ,23ਤਦ ਜਾਜਕ ਅਨੰਦ ਦੇ ਸਾਲ ਤੱਕ ਦਾ ਲੇਖਾ ਕਰਕੇ ਉਸ ਮਨੁੱਖ ਦੇ ਲਈ ਜੋ ਮੁੱਲ ਠਹਿਰਾਵੇ, ਉਹ ਉਸ ਮੁੱਲ ਨੂੰ ਪਵਿੱਤਰ ਜਾਣ ਕੇ ਯਹੋਵਾਹ ਦੇ ਅੱਗੇ ਉਸੇ ਦਿਨ ਹੀ ਦੇ ਦੇਵੇ ।
24ਅਨੰਦ ਦੇ ਸਾਲ ਵਿੱਚ ਉਹ ਖੇਤ ਉਸੇ ਦੇ ਅਧਿਕਾਰ ਵਿੱਚ ਆ ਜਾਵੇਗਾ, ਜਿਸ ਤੋਂ ਉਹ ਮੁੱਲ ਲਿਆ ਗਿਆ ਸੀ ਅਰਥਾਤ ਉਹ ਜਿਸ ਦੀ ਨਿੱਜ-ਭੂਮੀ ਸੀ, ਉਸ ਉੱਤੇ ਉਸੇ ਦਾ ਅਧਿਕਾਰ ਹੋਵੇਗਾ ।25ਜਾਜਕ ਦੁਆਰਾ ਤੇਰੇ ਲਈ ਠਹਿਰਾਏ ਹੋਏ ਸਾਰੇ ਮੁੱਲ ਪਵਿੱਤਰ ਸਥਾਨ ਦੇ ਸ਼ਕੇਲ ਦੇ ਅਨੁਸਾਰ ਹੋਣ - ਸ਼ਕੇਲ ਵੀਹ ਗਿਰਾ ਦਾ ਹੋਵੇ ।

26ਤੇਰੇ ਸਾਰੇ ਪਸ਼ੂਆਂ ਦੇ ਪਹਿਲੌਠੇ ਯਹੋਵਾਹ ਦੇ ਹਨ, ਕੋਈ ਮਨੁੱਖ ਉਨ੍ਹਾਂ ਨੂੰ ਅਰਪਣ ਨਾ ਕਰੇ, ਭਾਵੇਂ ਬਲ਼ਦ ਹੋਵੇ, ਭਾਵੇਂ ਭੇਡ ਜਾਂ ਬੱਕਰੀ ਦਾ ਬੱਚਾ, ਉਹ ਯਹੋਵਾਹ ਦਾ ਹੀ ਹੈ ।27ਪਰ ਜੇ ਉਹ ਕਿਸੇ ਅਸ਼ੁੱਧ ਪਸ਼ੂ ਦਾ ਪਹਿਲੌਠਾ ਹੋਵੇ ਤਾਂ ਉਸ ਨੂੰ ਅਰਪਣ ਕਰਨ ਵਾਲਾ ਉਸ ਨੂੰ ਜਾਜਕ ਦੇ ਠਹਿਰਾਏ ਹੋਏ ਮੁੱਲ ਦੇ ਅਨੁਸਾਰ ਉਸ ਵਿੱਚ ਪੰਜਵਾਂ ਹਿੱਸਾ ਹੋਰ ਪਾ ਕੇ ਉਸ ਨੂੰ ਛੁਡਾ ਸਕਦਾ ਹੈ, ਪਰ ਜੇਕਰ ਉਹ ਛੁਡਾਇਆ ਨਾ ਜਾਵੇ ਤਾਂ ਜਾਜਕ ਦੇ ਠਹਿਰਾਏ ਹੋਏ ਮੁੱਲ ਦੇ ਅਨੁਸਾਰ ਵੇਚਿਆ ਜਾਵੇ ।

28ਪਰ ਆਪਣੀਆਂ ਸਾਰੀਆਂ ਵਸਤੂਆਂ ਵਿੱਚੋਂ ਜੋ ਕੁਝ ਕੋਈ ਮਨੁੱਖ ਯਹੋਵਾਹ ਦੇ ਅੱਗੇ ਸੁੱਖੇ, ਭਾਵੇਂ ਮਨੁੱਖ ਹੋਵੇ, ਭਾਵੇਂ ਪਸ਼ੂ, ਭਾਵੇਂ ਉਸ ਦੀ ਆਪਣੀ ਨਿੱਜ-ਭੂਮੀ ਦਾ ਖੇਤ ਹੋਵੇ, ਅਜਿਹੀ ਅਰਪਣ ਕੀਤੀ ਹੋਈ ਕੋਈ ਵੀ ਵਸਤੂ ਨਾ ਤਾਂ ਵੇਚੀ ਜਾਵੇ ਅਤੇ ਨਾ ਛੁਡਾਈ ਜਾਵੇ । ਸਾਰੀਆਂ ਸੁੱਖੀਆਂ ਹੋਈਆਂ ਵਸਤੂਆਂ ਯਹੋਵਾਹ ਦੇ ਅੱਗੇ ਅੱਤ ਪਵਿੱਤਰ ਹਨ ।29ਮਨੁੱਖਾਂ ਵਿੱਚੋਂ ਕੋਈ ਵੀ ਜੋ ਵੱਢੇ ਜਾਣ ਲਈ ਸੁੱਖੇ ਜਾਣ, ਉਹ ਕਦੀ ਛੁਡਾਏ ਨਾ ਜਾਣ, ਪਰ ਜ਼ਰੂਰ ਹੀ ਮਾਰ ਦਿੱਤੇ ਜਾਣ ।

30ਧਰਤੀ ਦੀ ਉਪਜ ਦਾ ਸਾਰਾ ਦਸਵੰਧ, ਭਾਵੇਂ ਧਰਤੀ ਦੇ ਬੀਜਾਂ ਦਾ, ਭਾਵੇਂ ਰੁੱਖਾਂ ਦੇ ਫ਼ਲਾਂ ਦਾ ਹੋਵੇ, ਉਹ ਯਹੋਵਾਹ ਦਾ ਹੈ, ਇਹ ਯਹੋਵਾਹ ਦੇ ਅੱਗੇ ਪਵਿੱਤਰ ਹੈ ।31ਜੇਕਰ ਕੋਈ ਮਨੁੱਖ ਆਪਣੇ ਦਸਵੰਧਾਂ ਵਿੱਚੋਂ ਕੁਝ ਛੁਡਾ ਲਵੇ ਤਾਂ ਉਸ ਦੇ ਨਾਲ ਉਸ ਦਾ ਪੰਜਵਾਂ ਹਿੱਸਾ ਹੋਰ ਪਾ ਕੇ ਦੇ ਦੇਵੇ ।
32ਸਾਰੇ ਵੱਗ ਅਤੇ ਇੱਜੜ ਦੇ ਦਸਵੰਧ ਅਰਥਾਤ ਉਹ ਸਾਰੇ ਪਸ਼ੂ ਜੋ ਸੋਟੇ ਹੇਠੋਂ ਲੰਘਾਏ ਜਾਣ, ਉਨ੍ਹਾਂ ਦਾ ਦਸਵੰਧ ਯਹੋਵਾਹ ਦੇ ਅੱਗੇ ਪਵਿੱਤਰ ਹੋਵੇਗਾ ।33ਉਹ ਉਸ ਨੂੰ ਨਾ ਛਾਂਟੇ, ਕਿ ਉਹ ਚੰਗਾ ਹੈ ਜਾਂ ਮਾੜਾ ਅਤੇ ਨਾ ਉਸ ਨੂੰ ਵਟਾਵੇ ਅਤੇ ਜੇਕਰ ਕੋਈ ਉਸ ਨੂੰ ਵਟਾਵੇ ਤਾਂ ਉਹ ਅਤੇ ਉਸ ਦਾ ਵਟਾਂਦਰਾ ਦੋਵੇਂ ਪਵਿੱਤਰ ਹੋਣਗੇ, ਉਹ ਛੁਡਾਇਆ ਨਾ ਜਾਵੇ ।

34ਜਿਹੜੇ ਹੁਕਮ ਯਹੋਵਾਹ ਨੇ ਇਸਰਾਏਲੀਆਂ ਦੇ ਲਈ ਸੀਨਈ ਪਹਾੜ ਉੱਤੇ ਮੂਸਾ ਨੂੰ ਦਿੱਤੇ, ਉਹ ਇਹ ਹੀ ਹਨ ।

ਗਿਣਤੀ

1
ਇਸਰਾਏਲੀਆਂ ਦੀ ਪਹਿਲੀ ਮਰਦਸ਼ੁਮਾਰੀ

1ਇਸਰਾਏਲੀਆਂ ਦੇ ਮਿਸਰ ਦੇਸ ਤੋਂ ਨਿੱਕਲਣ ਦੇ ਬਾਅਦ, ਦੂਜੇ ਸਾਲ ਦੇ ਦੂਜੇ ਮਹੀਨੇ ਦੇ ਪਹਿਲੇ ਦਿਨ ਸੀਨਈ ਦੀ ਉਜਾੜ ਵਿੱਚ ਮਿਲਾਪ ਵਾਲੇ ਤੰਬੂ ਵਿੱਚ ਯਹੋਵਾਹ ਨੇ ਮੂਸਾ ਨੂੰ ਕਿਹਾ2ਕਿ ਇਸਰਾਏਲੀਆਂ ਦੀ ਸਾਰੀ ਮੰਡਲੀ ਦੀ ਗਿਣਤੀ ਉਨ੍ਹਾਂ ਦੇ ਟੱਬਰਾਂ ਅਤੇ ਉਨ੍ਹਾਂ ਦੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ, ਇੱਕ-ਇੱਕ ਪੁਰਖ ਦੀ ਗਿਣਤੀ ਨਾਮ ਲੈ-ਲੈ ਕੇ ਕਰ ।3ਜਿਹੜੇ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹਨ ਅਤੇ ਇਸਰਾਏਲ ਲਈ ਯੁੱਧ ਕਰ ਸਕਦੇ ਹਨ, ਤੂੰ ਅਤੇ ਹਾਰੂਨ ਉਨ੍ਹਾਂ ਦੀ ਗਿਣਤੀ ਉਨ੍ਹਾਂ ਦੇ ਦਲਾਂ ਦੇ ਅਨੁਸਾਰ ਕਰੋ ।

4ਤੁਹਾਡੇ ਨਾਲ ਹਰੇਕ ਗੋਤ ਦਾ ਇੱਕ-ਇੱਕ ਮਨੁੱਖ ਹੋਵੇ ਜਿਹੜਾ ਆਪਣੇ ਪੁਰਖਿਆਂ ਦੇ ਪਰਿਵਾਰ ਵਿੱਚ ਮੁਖੀਆ ਹੋਵੇ ।5ਉਨ੍ਹਾਂ ਮਨੁੱਖਾਂ ਦੇ ਨਾਮ ਜਿਹੜੇ ਤੁਹਾਡੇ ਨਾਲ ਖੜ੍ਹੇ ਹੋਣਗੇ ਇਹ ਹਨ, ਰਊਬੇਨ ਲਈ ਸ਼ਦੇਊਰ ਦਾ ਪੁੱਤਰ ਅਲੀਸੂਰ ।6ਸ਼ਿਮਓਨ ਲਈ ਸੂਰੀਸ਼ਦਾਈ ਦਾ ਪੁੱਤਰ ਸ਼ਲੁਮੀਏਲ ।
7ਯਹੂਦਾਹ ਲਈ ਅੰਮੀਨਾਦਾਬ ਦਾ ਪੁੱਤਰ ਨਹਸ਼ੋਨ ।8ਯਿੱਸਾਕਾਰ ਲਈ ਸੂਆਰ ਦਾ ਪੁੱਤਰ ਨਥਨਿਏਲ ।9ਜ਼ਬੂਲੁਨ ਲਈ ਹੇਲੋਨ ਦਾ ਪੁੱਤਰ ਅਲੀਆਬ ।
10ਯੂਸੁਫ਼ ਦੇ ਪੁੱਤਰਾਂ ਵਿੱਚੋਂ ਅਫ਼ਰਈਮ ਲਈ ਅੰਮੀਹੂਦ ਦਾ ਪੁੱਤਰ ਅਲੀਸ਼ਾਮਾ । ਮਨੱਸ਼ਹ ਲਈ ਪਦਾਹਸੂਰ ਦਾ ਪੁੱਤਰ ਗਮਲੀਏਲ ।11ਬਿਨਯਾਮੀਨ ਲਈ ਗਿਦਓਨੀ ਦਾ ਪੁੱਤਰ ਅਬੀਦਾਨ ।
12ਦਾਨ ਲਈ ਅੰਮੀਸ਼ਦਾਈ ਦਾ ਪੁੱਤਰ ਅਹੀਅਜ਼ਰ ।13ਆਸ਼ੇਰ ਲਈ ਆਕਰਾਨ ਦਾ ਪੁੱਤਰ ਪਗੀਏਲ ।14ਗਾਦ ਲਈ ਦਊਏਲ ਦਾ ਪੁੱਤਰ ਅਲਯਾਸਾਫ਼ ।15ਨਫ਼ਤਾਲੀ ਲਈ ਏਨਾਨ ਦਾ ਪੁੱਤਰ ਅਹੀਰਾ ।
16ਇਹ ਮੰਡਲੀ ਤੋਂ ਸੱਦੇ ਹੋਏ ਆਪਣੇ ਪਿਉ-ਦਾਦਿਆਂ ਦੇ ਗੋਤਾਂ ਵਿੱਚ ਪ੍ਰਧਾਨ ਸਨ ਅਤੇ ਇਹ ਇਸਰਾਏਲੀਆਂ ਵਿੱਚ ਹਜ਼ਾਰਾਂ ਦੇ ਪ੍ਰਧਾਨ ਸਨ ।

17ਮੂਸਾ ਅਤੇ ਹਾਰੂਨ ਨੇ ਇਨ੍ਹਾਂ ਮਨੁੱਖਾਂ ਨੂੰ ਨਾਲ ਲਿਆ ਜਿਨ੍ਹਾਂ ਦੇ ਨਾਮ ਦਾ ਉੱਤੇ ਜ਼ਿਕਰ ਕੀਤਾ ਗਿਆ ਹੈ18ਪੁਰਖਿਆਂ ਨੇ ਦੂਜੇ ਮਹੀਨੇ ਦੇ ਪਹਿਲੇ ਦਿਨ ਸਾਰੀ ਮੰਡਲੀ ਨੂੰ ਇਕੱਠਾ ਕੀਤਾ ਅਤੇ ਆਪਣੇ ਕੁੱਲਾਂ ਅਤੇ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ, ਜਿਹੜੇ ਵੀਹ ਸਾਲ ਦੇ ਜਾਂ ਇਸ ਤੋਂ ਵੱਧ ਉਮਰ ਦੇ ਸਨ, ਉਨ੍ਹਾਂ ਦੇ ਨਾਮ ਦੀ ਗਿਣਤੀ ਕਰਵਾ ਕੇ ਆਪਣੀ ਵੰਸ਼ਾਵਲੀ ਲਿਖਵਾਈ ।19ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਉਸੇ ਤਰ੍ਹਾਂ ਹੀ ਉਸਨੇ ਸੀਨਈ ਦੀ ਉਜਾੜ ਵਿੱਚ ਉਨ੍ਹਾਂ ਦੀ ਗਿਣਤੀ ਕੀਤੀ ।

20ਇਸਰਾਏਲ ਦੇ ਪਹਿਲੌਠੇ ਰਊਬੇਨ ਦੇ ਪੁੱਤਰਾਂ ਦੀ ਵੰਸ਼ਾਵਲੀ ਆਪਣੀਆਂ ਕੁਲਾਂ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਜਿੰਨੇ ਆਦਮੀ ਵੀਹ ਸਾਲ ਦੇ ਜਾਂ ਇਸ ਤੋਂ ਵੱਧ ਉਮਰ ਦੇ ਸਨ, ਸਾਰੇ ਜਿਹੜੇ ਯੁੱਧ ਕਰਨ ਦੇ ਯੋਗ ਸਨ ਉਹ ਸਾਰੇ ਆਪਣੇ ਨਾਮ ਤੋਂ ਗਿਣੇ ਗਏ ।21ਰਊਬੇਨ ਦੇ ਗੋਤ ਦੇ ਗਿਣੇ ਹੋਏ ਪੁਰਖ ਛਿਆਲੀ ਹਜ਼ਾਰ ਪੰਜ ਸੌ ਸਨ ।

22ਸ਼ਿਮਓਨ ਦੇ ਪੁੱਤਰਾਂ ਦੀ ਵੰਸ਼ਾਵਲੀ ਆਪਣੀਆਂ ਕੁਲਾਂ ਅਤੇ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਜਿੰਨੇ ਪੁਰਖ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਨ, ਸਾਰੇ ਜਿਹੜੇ ਯੁੱਧ ਕਰਨ ਦੇ ਯੋਗ ਸਨ ਉਹ ਸਾਰੇ ਆਪਣੇ ਨਾਮ ਤੋਂ ਗਿਣੇ ਗਏ ।23ਸ਼ਿਮਓਨ ਦੇ ਗੋਤ ਦੇ ਗਿਣੇ ਹੋਏ ਪੁਰਖ ਉਣਾਹਠ ਹਜ਼ਾਰ ਤਿੰਨ ਸੌ ਸਨ ।

24ਗਾਦ ਦੇ ਪੁੱਤਰਾਂ ਦੀ ਵੰਸ਼ਾਵਲੀ ਆਪਣੀਆਂ ਕੁਲਾਂ ਅਤੇ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਜਿੰਨੇ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਨ, ਸਾਰੇ ਜਿਹੜੇ ਯੁੱਧ ਕਰਨ ਦੇ ਯੋਗ ਸਨ ਉਹ ਸਾਰੇ ਆਪਣੇ ਨਾਮ ਤੋਂ ਗਿਣੇ ਗਏ ।25ਗਾਦ ਦੇ ਗੋਤ ਦੇ ਗਿਣੇ ਹੋਏ ਪੁਰਖ ਪੰਤਾਲੀ ਹਜ਼ਾਰ ਛੇ ਸੌ ਪੰਜਾਹ ਸਨ ।

26ਯਹੂਦਾਹ ਦੇ ਪੁੱਤਰਾਂ ਦੀ ਵੰਸ਼ਾਵਲੀ ਆਪਣੀਆਂ ਕੁਲਾਂ ਅਤੇ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਜਿੰਨੇ ਵੀਹ ਸਾਲ ਜਾਂ ਉਸ ਤੋਂ ਵੱਧ ਉਮਰ ਦੇ ਸਨ ਜਿਹੜੇ ਯੁੱਧ ਕਰਨ ਦੇ ਯੋਗ ਸਨ ਉਹ ਸਭ ਆਪਣੇ ਨਾਮਾਂ ਤੋਂ ਗਿਣੇ ਗਏ ।27ਅਤੇ ਯਹੂਦਾਹ ਦੇ ਗੋਤ ਦੇ ਗਿਣੇ ਹੋਏ ਪੁਰਖ ਚੁਹੱਤਰ ਹਜ਼ਾਰ ਛੇ ਸੌ ਸਨ ।

28ਯਿੱਸਾਕਾਰ ਦੇ ਪੁੱਤਰਾਂ ਦੀ ਵੰਸ਼ਾਵਲੀ ਆਪਣੀਆਂ ਕੁਲਾਂ ਅਤੇ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਨ, ਸਾਰੇ ਜਿਹੜੇ ਯੁੱਧ ਕਰਨ ਦੇ ਯੋਗ ਸਨ ਉਹ ਸਾਰੇ ਆਪਣੇ ਨਾਮ ਤੋਂ ਗਿਣੇ ਗਏ ।29ਅਤੇ ਯਿੱਸਾਕਾਰ ਦੇ ਗੋਤ ਦੇ ਗਿਣੇ ਹੋਏ ਚੁਰੰਜਾ ਹਜ਼ਾਰ ਚਾਰ ਸੌ ਸਨ ।

30ਜ਼ਬੂਲੁਨ ਦੇ ਪੁੱਤਰਾਂ ਦੀ ਵੰਸ਼ਾਵਲੀ ਆਪਣੀਆਂ ਕੁਲਾਂ ਅਤੇ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਨ, ਸਾਰੇ ਜਿਹੜੇ ਯੁੱਧ ਕਰਨ ਦੇ ਯੋਗ ਸਨ ਉਹ ਸਾਰੇ ਆਪਣੇ ਨਾਮ ਤੋਂ ਗਿਣੇ ਗਏ ।31ਅਤੇ ਜ਼ਬੂਲੁਨ ਦੇ ਗੋਤ ਦੇ ਗਿਣੇ ਹੋਏ ਸਤਵੰਜਾ ਹਜ਼ਾਰ ਚਾਰ ਸੌ ਸਨ ।

32ਯੂਸੁਫ਼ ਦੇ ਪੁੱਤਰ ਅਫ਼ਰਈਮ ਦੇ ਪੁੱਤਰਾਂ ਦੀ ਵੰਸ਼ਾਵਲੀ ਆਪਣੀਆਂ ਕੁਲਾਂ ਅਤੇ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਜਿਹੜੇ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਨ, ਸਾਰੇ ਜਿਹੜੇ ਯੁੱਧ ਕਰਨ ਦੇ ਯੋਗ ਸਨ ਉਹ ਸਾਰੇ ਆਪਣੇ ਨਾਮ ਤੋਂ ਗਿਣੇ ਗਏ ।33ਅਤੇ ਅਫ਼ਰਈਮ ਦੇ ਗੋਤ ਦੇ ਗਿਣੇ ਹੋਏ ਚਾਲ੍ਹੀ ਹਜ਼ਾਰ ਪੰਜ ਸੌ ਪੁਰਖ ਸਨ ।

34ਮਨੱਸ਼ਹ ਦੇ ਪੁੱਤਰਾਂ ਦੀ ਵੰਸ਼ਾਵਲੀ ਆਪਣੀਆਂ ਕੁਲਾਂ ਅਤੇ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਜਿਹੜੇ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਨ, ਸਾਰੇ ਜਿਹੜੇ ਯੁੱਧ ਕਰਨ ਦੇ ਯੋਗ ਸਨ ਉਹ ਸਾਰੇ ਆਪਣੇ ਨਾਮ ਤੋਂ ਗਿਣੇ ਗਏ ।35ਅਤੇ ਮਨੱਸ਼ਹ ਦੇ ਗੋਤ ਦੇ ਗਿਣੇ ਹੋਏ ਪੁਰਖ ਬੱਤੀ ਹਜ਼ਾਰ ਦੋ ਸੌ ਸਨ ।

36ਬਿਨਯਾਮੀਨ ਦੇ ਪੁੱਤਰਾਂ ਦੀ ਵੰਸ਼ਾਵਲੀ ਆਪਣੀਆਂ ਕੁਲਾਂ ਅਤੇ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਜਿਹੜੇ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਨ, ਸਾਰੇ ਜਿਹੜੇ ਯੁੱਧ ਕਰਨ ਦੇ ਯੋਗ ਸਨ ਉਹ ਸਾਰੇ ਆਪਣੇ ਨਾਮ ਤੋਂ ਗਿਣੇ ਗਏ ।37ਅਤੇ ਬਿਨਯਾਮੀਨ ਦੇ ਗੋਤ ਦੇ ਗਿਣੇ ਹੋਏ ਪੁਰਖ ਪੈਂਤੀ ਹਜ਼ਾਰ ਚਾਰ ਸੌ ਸਨ ।

38ਦਾਨ ਦੇ ਪੁੱਤਰਾਂ ਦੀ ਵੰਸ਼ਾਵਲੀ ਆਪਣੀਆਂ ਕੁਲਾਂ ਅਤੇ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਜਿਹੜੇ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਨ, ਸਾਰੇ ਜਿਹੜੇ ਯੁੱਧ ਕਰਨ ਦੇ ਯੋਗ ਸਨ ਉਹ ਸਾਰੇ ਆਪਣੇ ਨਾਮ ਤੋਂ ਗਿਣੇ ਗਏ ।39ਅਤੇ ਦਾਨ ਦੇ ਗੋਤ ਦੇ ਗਿਣੇ ਹੋਏ ਪੁਰਖ ਬਾਹਠ ਹਜ਼ਾਰ ਸੱਤ ਸੌ ਸਨ ।

40ਆਸ਼ੇਰ ਦੇ ਪੁੱਤਰਾਂ ਦੀ ਵੰਸ਼ਾਵਲੀ ਆਪਣੀਆਂ ਕੁਲਾਂ ਅਤੇ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਜਿਹੜੇ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਨ, ਸਾਰੇ ਜਿਹੜੇ ਯੁੱਧ ਕਰਨ ਦੇ ਯੋਗ ਸਨ ਉਹ ਸਾਰੇ ਆਪਣੇ ਨਾਮ ਤੋਂ ਗਿਣੇ ਗਏ ।41ਅਤੇ ਆਸ਼ੇਰ ਦੇ ਗੋਤ ਦੇ ਗਿਣੇ ਹੋਏ ਪੁਰਖ ਇੱਕਤਾਲੀ ਹਜ਼ਾਰ ਪੰਜ ਸੌ ਸਨ ।

42ਨਫ਼ਤਾਲੀ ਦੇ ਪੁੱਤਰਾਂ ਦੀ ਵੰਸ਼ਾਵਲੀ ਆਪਣੀਆਂ ਕੁਲਾਂ ਅਤੇ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਜਿਹੜੇ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਨ, ਸਾਰੇ ਜਿਹੜੇ ਯੁੱਧ ਕਰਨ ਦੇ ਯੋਗ ਸਨ ਉਹ ਸਾਰੇ ਆਪਣੇ ਨਾਮ ਤੋਂ ਗਿਣੇ ਗਏ ।43ਅਤੇ ਨਫ਼ਤਾਲੀ ਦੇ ਗੋਤ ਦੇ ਗਿਣੇ ਹੋਏ ਪੁਰਖ ਤਰਵੰਜਾ ਹਜ਼ਾਰ ਚਾਰ ਸੌ ਸਨ ।

44ਇਹ ਉਹ ਹਨ ਜਿਹੜੇ ਗਿਣੇ ਗਏ ਜਿਨ੍ਹਾਂ ਨੂੰ ਮੂਸਾ, ਹਾਰੂਨ ਅਤੇ ਇਸਰਾਏਲ ਦੇ ਬਾਰਾਂ ਪ੍ਰਧਾਨਾਂ ਨੇ ਗਿਣਿਆ ਉਹ ਆਪਣੇ-ਆਪਣੇ ਪੁਰਖਿਆਂ ਦੇ ਪਰਿਵਾਰ ਲਈ ਸਨ ।45ਸੋ ਉਹ ਸਾਰੇ ਜਿਹੜੇ ਇਸਰਾਏਲੀਆਂ ਵਿੱਚੋਂ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਗਿਣੇ ਗਏ ਵੀਹ ਸਾਲਾਂ ਜਾਂ ਉਸ ਤੋਂ ਵੱਧ ਉਮਰ ਦੇ ਸਨ, ਸਾਰੇ ਜਿਹੜੇ ਇਸਰਾਏਲੀਆਂ ਵਿੱਚੋਂ ਯੁੱਧ ਕਰਨ ਦੇ ਯੋਗ ਸਨ ।46ਸਾਰੇ ਜਿਹੜੇ ਗਿਣੇ ਗਏ ਛੇ ਲੱਖ ਤਿੰਨ ਹਜ਼ਾਰ ਪੰਜ ਸੋ ਪੰਜਾਹ ਸਨ ।

47ਪਰ ਲੇਵੀ ਆਪਣੇ ਪਿਉ-ਦਾਦਿਆਂ ਦੇ ਗੋਤ ਅਨੁਸਾਰ ਉਨ੍ਹਾਂ ਵਿੱਚ ਨਾ ਗਿਣੇ ਗਏ ।48ਯਹੋਵਾਹ ਨੇ ਮੂਸਾ ਨੂੰ ਆਖਿਆ49ਕਿ ਸਿਰਫ਼ ਲੇਵੀਆਂ ਦੇ ਗੋਤ ਨੂੰ ਤੂੰ ਨਾ ਗਿਣੀਂ ਅਤੇ ਉਨ੍ਹਾਂ ਦੀ ਗਿਣਤੀ ਇਸਰਾਏਲੀਆਂ ਵਿੱਚ ਨਾ ਕਰੀਂ ।
50ਪਰ ਤੂੰ ਲੇਵੀਆਂ ਨੂੰ ਸਾਖੀ ਦੇ ਡੇਰੇ ਉੱਤੇ, ਉਸ ਦੇ ਸਾਰੇ ਸਮਾਨ ਉੱਤੇ ਅਤੇ ਜੋ ਕੁਝ ਉਸ ਦਾ ਹੈ ਉਸ ਉੱਤੇ ਨਿਯੁੱਕਤ ਕਰੀਂ । ਉਹ ਡੇਰੇ ਨੂੰ ਅਤੇ ਉਸ ਦੇ ਸਾਰੇ ਸਮਾਨ ਨੂੰ ਚੁੱਕਣ ਅਤੇ ਉਹ ਉਸ ਦੀ ਸੇਵਾ ਕਰਨ ਅਤੇ ਡੇਰੇ ਦੇ ਆਲੇ-ਦੁਆਲੇ ਆਪਣੇ ਤੰਬੂ ਲਾਉਣ ।
51ਜਦ ਡੇਰੇ ਨੂੰ ਅੱਗੇ ਲੈ ਕੇ ਜਾਣਾ ਹੋਵੇ ਤਾਂ ਲੇਵੀ ਉਸ ਨੂੰ ਹੇਠਾਂ ਉਤਾਰਨ ਅਤੇ ਜਦ ਡੇਰੇ ਨੂੰ ਲਾਉਣਾ ਹੋਵੇ ਤਾਂ ਉਹ ਨੂੰ ਖੜ੍ਹਾ ਕਰਨ ਪਰ ਜੇ ਕੋਈ ਅਜਨਬੀ ਜਿਹੜਾ ਉਸ ਦੇ ਨੇੜੇ ਆਵੇ ਮਾਰ ਦਿੱਤਾ ਜਾਵੇ ।52ਇਸਰਾਏਲੀ ਆਪਣੇ ਤੰਬੂ ਇਸ ਤਰ੍ਹਾਂ ਲਾਉਣ ਕਿ ਹਰ ਮਨੁੱਖ ਆਪਣੇ ਡੇਰੇ ਵਿੱਚ ਅਤੇ ਹਰ ਮਨੁੱਖ ਆਪਣੇ ਝੰਡੇ ਕੋਲ ਆਪਣੀਆਂ ਸੈਨਾਂ ਅਨੁਸਾਰ ਹੋਵੇ ।
53ਪਰ ਲੇਵੀ ਸਾਖੀ ਦੇ ਡੇਰੇ ਦੇ ਆਲੇ-ਦੁਆਲੇ ਆਪਣੇ ਤੰਬੂ ਲਾਉਣ ਤਾਂ ਜੋ ਇਸਰਾਏਲੀਆਂ ਦੀ ਮੰਡਲੀ ਉੱਤੇ ਯਹੋਵਾਹ ਦਾ ਕ੍ਰੋਧ ਨਾ ਭੜਕੇ ਅਤੇ ਲੇਵੀ ਸਾਖੀ ਦੇ ਡੇਰੇ ਦੀ ਰਾਖੀ ਕਰਨ ।54ਇਸਰਾਏਲੀਆਂ ਨੇ ਇਸ ਤਰ੍ਹਾਂ ਹੀ ਕੀਤਾ । ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਉਹਨਾਂ ਨੇ ਉਸੇ ਤਰ੍ਹਾਂ ਹੀ ਕੀਤਾ ।

2
ਡੇਰੇ ਵਿੱਚ ਗੋਤਾਂ ਦੀ ਵੰਡ

1ਫੇਰ ਯਹੋਵਾਹ ਮੂਸਾ ਅਤੇ ਹਾਰੂਨ ਨੂੰ ਬੋਲਿਆ2ਕਿ ਇਸਰਾਏਲੀਆਂ ਦਾ ਹਰ ਮਨੁੱਖ ਆਪਣੇ ਝੰਡੇ ਕੋਲ ਆਪਣੇ ਪੁਰਖਿਆਂ ਦੇ ਘਰਾਣਿਆਂ ਦੇ ਨਿਸ਼ਾਨਾਂ ਨਾਲ ਆਪਣਾ ਤੰਬੂ ਖੜ੍ਹਾ ਕਰੇ । ਮੰਡਲੀ ਦੇ ਤੰਬੂ ਦੇ ਸਾਹਮਣੇ ਅਤੇ ਆਲੇ-ਦੁਆਲੇ ਉਹ ਤੰਬੂ ਲਾਉਣ ।

3ਜਿਹੜੇ ਸੂਰਜ ਦੇ ਚੜ੍ਹਦੇ ਪਾਸੇ ਡੇਰਾ ਲਾਉਣ, ਜਿਹੜੇ ਯਹੂਦਾਹ ਦੇ ਡੇਰੇ ਦੇ ਹੋਣ ਉਹ ਆਪਣੀਆਂ ਸੈਨਾਂ ਅਨੁਸਾਰ ਯਹੂਦਾਹ ਦੇ ਝੰਡੇ ਦੇ ਹੋਣ ਅਤੇ ਯਹੂਦਾਹ ਦੇ ਲੋਕਾਂ ਦਾ ਪ੍ਰਧਾਨ ਅੰਮੀਨਾਦਾਬ ਦਾ ਪੁੱਤਰ ਨਹਸ਼ੋਨ ਹੋਵੇ ।4ਉਸ ਦੀ ਸੈਨਾ ਦੇ ਗਿਣੇ ਹੋਏ ਲੋਕ ਚੁਹੱਤਰ ਹਜ਼ਾਰ ਛੇ ਸੌ ਸਨ ।
5ਜਿਹੜੇ ਉਸ ਦੇ ਕੋਲ ਡੇਰਾ ਲਾਉਣ ਉਹ ਯਿੱਸਾਕਾਰ ਦੇ ਗੋਤ ਦੇ ਹੋਣ ਅਤੇ ਯਿੱਸਾਕਾਰ ਦੇ ਲੋਕਾਂ ਦਾ ਪ੍ਰਧਾਨ ਸੂਆਰ ਦਾ ਪੁੱਤਰ ਨਥਨਿਏਲ ਹੋਵੇ ।6ਉਸ ਦੀ ਸੈਨਾ ਦੇ ਗਿਣੇ ਹੋਏ ਲੋਕ ਚੁਰੰਜਾ ਹਜ਼ਾਰ ਚਾਰ ਸੌ ਸਨ ।
7ਜ਼ਬੂਲੁਨ ਦੇ ਗੋਤ ਯਿੱਸਾਕਾਰ ਦੇ ਕੋਲ ਰਹਿਣ, ਜ਼ਬੂਲੁਨ ਦੇ ਲੋਕਾਂ ਦਾ ਪ੍ਰਧਾਨ ਹੇਲੋਨ ਦਾ ਪੁੱਤਰ ਅਲੀਆਬ ਹੋਵੇ ।8ਉਸ ਦੀ ਸੈਨਾ ਦੇ ਗਿਣੇ ਹੋਏ ਲੋਕ ਸਤਵੰਜਾ ਹਜ਼ਾਰ ਚਾਰ ਸੌ ਸਨ ।
9ਯਹੂਦਾਹ ਦੇ ਡੇਰੇ ਦੇ ਸਾਰੇ ਗਿਣੇ ਹੋਏ ਲੋਕ ਇੱਕ ਲੱਖ ਛਿਆਸੀ ਹਜ਼ਾਰ ਚਾਰ ਸੌ, ਉਨ੍ਹਾਂ ਦੀਆਂ ਸੈਨਾ ਅਨੁਸਾਰ ਸਨ । ਪਹਿਲਾਂ ਉਹ ਕੂਚ ਕਰਨ ।

10ਰਊਬੇਨ ਦੇ ਡੇਰੇ ਦਾ ਝੰਡਾ ਦੱਖਣ ਵੱਲ ਉਨ੍ਹਾਂ ਦੀਆਂ ਸੈਨਾਂ ਅਨੁਸਾਰ ਹੋਵੇ ਅਤੇ ਰਊਬੇਨ ਦੇ ਲੋਕਾਂ ਦਾ ਪ੍ਰਧਾਨ ਸ਼ਦੇਊਰ ਦਾ ਪੁੱਤਰ ਅਲੀਸੂਰ ਹੋਵੇ ।11ਉਸ ਦੀ ਸੈਨਾ ਦੇ ਗਿਣੇ ਹੋਏ ਲੋਕ ਛਿਆਲੀ ਹਜ਼ਾਰ ਪੰਜ ਸੌ ਸਨ ।
12ਜਿਹੜੇ ਉਸ ਕੋਲ ਡੇਰਾ ਲਾਉਣ ਉਹ ਸ਼ਿਮਓਨ ਦੇ ਗੋਤ ਦੇ ਹੋਣ ਅਤੇ ਸ਼ਿਮਓਨ ਦੇ ਲੋਕਾਂ ਦਾ ਪ੍ਰਧਾਨ ਸੂਰੀਸ਼ਦਾਈ ਦਾ ਪੁੱਤਰ ਸ਼ਲੁਮੀਏਲ ਹੋਵੇ ।13ਉਹ ਦੀ ਸੈਨਾ ਦੇ ਗਿਣੇ ਹੋਏ ਲੋਕ ਉਣਾਹਠ ਹਜ਼ਾਰ ਤਿੰਨ ਸੌ ਸਨ ।
14ਫੇਰ ਗਾਦ ਦਾ ਗੋਤ ਅਤੇ ਗਾਦ ਦੇ ਲੋਕਾਂ ਦਾ ਪ੍ਰਧਾਨ ਦਊਏਲ ਦਾ ਪੁੱਤਰ ਅਲਯਾਸਾਫ਼ ਹੋਵੇ ।15ਅਤੇ ਉਸ ਦੀ ਸੈਨਾ ਦੇ ਗਿਣੇ ਹੋਏ ਲੋਕ ਪੰਤਾਲੀ ਹਜ਼ਾਰ ਛੇ ਸੌ ਪੰਜਾਹ ਸਨ ।
16ਰਊਬੇਨ ਦੇ ਡੇਰੇ ਦੇ ਸਾਰੇ ਗਿਣੇ ਹੋਏ ਲੋਕ ਇੱਕ ਲੱਖ ਇਕਵੰਜਾ ਹਜ਼ਾਰ ਚਾਰ ਸੌ ਪੰਜਾਹ, ਉਨ੍ਹਾਂ ਦੀਆਂ ਸੈਨਾਂ ਅਨੁਸਾਰ ਸਨ ਅਤੇ ਦੂਜੇ ਉਹ ਕੂਚ ਕਰਨ ।

17ਫੇਰ ਮਿਲਾਪ ਵਾਲੇ ਤੰਬੂ ਦਾ ਕੂਚ ਹੋਵੇ ਅਤੇ ਲੇਵੀਆਂ ਦਾ ਡੇਰਾ ਡੇਰਿਆਂ ਦੇ ਵਿਚਕਾਰ ਹੋਵੇ । ਜਿਵੇਂ ਉਨ੍ਹਾਂ ਨੇ ਡੇਰੇ ਲਾਏ ਉਸੇ ਤਰ੍ਹਾਂ ਉਹ ਕੂਚ ਕਰਨ । ਹਰ ਮਨੁੱਖ ਆਪਣੇ ਥਾਂ ਵਿੱਚ ਆਪਣੇ ਝੰਡਿਆਂ ਕੋਲ ਹੋਵੇ ।

18ਅਫ਼ਰਈਮ ਦੇ ਡੇਰੇ ਦਾ ਝੰਡਾ ਉਨ੍ਹਾਂ ਦੀਆਂ ਸੈਨਾਂ ਅਨੁਸਾਰ ਪੱਛਮ ਪਾਸੇ ਵੱਲ ਹੋਵੇ ਅਤੇ ਅਫ਼ਰਈਮ ਦੇ ਲੋਕਾਂ ਦਾ ਪ੍ਰਧਾਨ ਅੰਮੀਹੂਦ ਦਾ ਪੁੱਤਰ ਅਲੀਸ਼ਾਮਾ ਹੋਵੇ ।19ਉਸ ਦੀ ਸੈਨਾ ਦੇ ਗਿਣੇ ਹੋਏ ਲੋਕ ਚਾਲ੍ਹੀ ਹਜ਼ਾਰ ਪੰਜ ਸੌ ਸਨ ।
20ਫੇਰ ਉਹ ਦੇ ਨੇੜ੍ਹੇ ਮਨੱਸ਼ਹ ਦਾ ਗੋਤ ਹੋਵੇ ਅਤੇ ਮਨੱਸ਼ਹ ਦੇ ਲੋਕਾਂ ਦਾ ਪ੍ਰਧਾਨ ਪਦਾਹਸੂਰ ਦਾ ਪੁੱਤਰ ਗਮਲੀਏਲ ਹੋਵੇ ।21ਅਤੇ ਉਸ ਦੀ ਸੈਨਾ ਦੇ ਗਿਣੇ ਹੋਏ ਲੋਕ ਬੱਤੀ ਹਜ਼ਾਰ ਦੋ ਸੌ ਸਨ ।
22ਫੇਰ ਬਿਨਯਾਮੀਨ ਦਾ ਗੋਤ ਹੋਵੇ ਅਤੇ ਬਿਨਯਾਮੀਨ ਦੇ ਲੋਕਾਂ ਦਾ ਪ੍ਰਧਾਨ ਗਿਦਓਨੀ ਦਾ ਪੁੱਤਰ ਅਬੀਦਾਨ ਹੋਵੇ ।23ਅਤੇ ਉਸ ਦੀ ਸੈਨਾ ਦੇ ਗਿਣੇ ਹੋਏ ਲੋਕ ਪੈਂਤੀ ਹਜ਼ਾਰ ਚਾਰ ਸੌ ਸਨ ।
24ਅਫ਼ਰਈਮ ਦੇ ਡੇਰੇ ਦੇ ਸਾਰੇ ਗਿਣੇ ਹੋਏ ਲੋਕ ਇੱਕ ਲੱਖ ਅੱਠ ਹਜ਼ਾਰ ਇੱਕ ਸੌ, ਉਨ੍ਹਾਂ ਦੀਆਂ ਸੈਨਾਂ ਦੇ ਅਨੁਸਾਰ ਸਨ । ਤੀਜੇ ਉਹ ਕੂਚ ਕਰਨ ।

25ਦਾਨ ਦੇ ਡੇਰੇ ਦਾ ਝੰਡਾ ਉੱਤਰ ਦੇ ਪਾਸੇ, ਉਨ੍ਹਾਂ ਦੀਆਂ ਸੈਨਾਂ ਅਨੁਸਾਰ ਹੋਵੇ ਅਤੇ ਦਾਨ ਦੇ ਲੋਕਾਂ ਦਾ ਪ੍ਰਧਾਨ ਅੰਮੀਸ਼ੱਦਾਈ ਦਾ ਪੁੱਤਰ ਅਹੀਅਜ਼ਰ ਹੋਵੇ ।26ਉਸ ਦੀ ਸੈਨਾ ਦੇ ਗਿਣੇ ਹੋਏ ਲੋਕ ਬਾਹਠ ਹਜ਼ਾਰ ਸੱਤ ਸੌ ਸਨ ।
27ਜਿਹੜੇ ਉਹ ਦੇ ਕੋਲ ਡੇਰਾ ਲਾਉਣ ਉਹ ਆਸ਼ੇਰ ਦੇ ਗੋਤ ਦੇ ਹੋਣ ਅਤੇ ਆਸ਼ੇਰ ਦੇ ਲੋਕਾਂ ਦਾ ਪ੍ਰਧਾਨ ਆਕਰਾਨ ਦਾ ਪੁੱਤਰ ਪਗੀਏਲ ਹੋਵੇ ।28ਅਤੇ ਉਸ ਦੀ ਸੈਨਾ ਦੇ ਗਿਣੇ ਹੋਏ ਲੋਕ ਇੱਕਤਾਲੀ ਹਜ਼ਾਰ ਪੰਜ ਸੌ ਸਨ ।
29ਫੇਰ ਨਫ਼ਤਾਲੀ ਦਾ ਗੋਤ ਅਤੇ ਨਫ਼ਤਾਲੀ ਦੇ ਲੋਕਾਂ ਦਾ ਪ੍ਰਧਾਨ ਏਨਾਨ ਦਾ ਪੁੱਤਰ ਅਹੀਰਾ ਹੋਵੇ ।30ਉਹ ਦੀ ਸੈਨਾ ਦੇ ਗਿਣੇ ਹੋਏ ਲੋਕ ਤਿਰਵੰਜਾ ਹਜ਼ਾਰ ਚਾਰ ਸੌ ਸਨ ।
31ਦਾਨ ਦੇ ਡੇਰੇ ਦੇ ਸਾਰੇ ਗਿਣੇ ਹੋਏ ਲੋਕ ਇੱਕ ਲੱਖ ਸਤਵੰਜਾ ਹਜ਼ਾਰ ਛੇ ਸੌ ਸਨ । ਉਹ ਸਭ ਦੇ ਪਿੱਛੋਂ ਆਪਣੇ ਝੰਡਿਆਂ ਦੇ ਨਾਲ ਕੂਚ ਕਰਨ ।

32ਇਹ ਉਹ ਇਸਰਾਏਲੀ ਹਨ, ਜਿਹੜੇ ਆਪਣੇ ਪੁਰਖਿਆਂ ਦੇ ਘਰਾਣਿਆਂ ਦੇ ਅਨੁਸਾਰ ਗਿਣੇ ਗਏ, ਡੇਰਿਆਂ ਦੇ ਸਾਰੇ ਗਿਣੇ ਹੋਏ, ਉਨ੍ਹਾਂ ਦੀਆਂ ਸੈਨਾਂ ਅਨੁਸਾਰ ਛੇ ਲੱਖ ਤਿੰਨ ਹਜ਼ਾਰ ਪੰਜ ਸੌ ਪੰਜਾਹ ਸਨ ।33ਪਰ ਲੇਵੀ ਇਸਰਾਏਲੀਆਂ ਵਿੱਚ ਗਿਣੇ ਨਾ ਗਏ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ।

34ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ, ਇਸਰਾਏਲੀ ਆਪਣੀਆਂ ਕੁਲਾਂ ਅਤੇ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਅਤੇ ਆਪਣੇ-ਆਪਣੇ ਝੰਡਿਆਂ ਦੇ ਕੋਲ ਡੇਰਿਆਂ ਨੂੰ ਖੜ੍ਹਾ ਕਰਦੇ ਅਤੇ ਕੂਚ ਕਰਦੇ ਸਨ ।

3
ਹਾਰੂਨ ਦੇ ਪੁੱਤਰ

1ਇਹ ਹਾਰੂਨ ਅਤੇ ਮੂਸਾ ਦੀ ਵੰਸ਼ਾਵਲੀ ਹੈ, ਜਿਸ ਦਿਨ ਯਹੋਵਾਹ ਸੀਨਈ ਪਹਾੜ ਉੱਤੇ ਮੂਸਾ ਨਾਲ ਬੋਲਿਆ ।2ਹਾਰੂਨ ਦੇ ਪੁੱਤਰਾਂ ਦੇ ਨਾਮ ਇਹ ਹਨ, ਪਹਿਲੌਠਾ ਨਾਦਾਬ, ਫ਼ੇਰ ਅਬੀਹੂ, ਅਲਆਜ਼ਾਰ ਅਤੇ ਈਥਾਮਾਰ ।

3ਇਹ ਹਾਰੂਨ ਦੇ ਪੁੱਤਰਾਂ ਦੇ ਨਾਮ ਹਨ, ਉਹ ਜਾਜਕ ਜਿਹੜੇ ਮਸਹ ਕੀਤੇ ਗਏ ਅਤੇ ਜਿਨ੍ਹਾਂ ਨੂੰ ਉਸ ਨੇ ਜਾਜਕਾਈ ਲਈ ਥਾਪਿਆ ।4ਨਾਦਾਬ ਅਤੇ ਅਬੀਹੂ ਯਹੋਵਾਹ ਦੇ ਸਨਮੁਖ ਮਰ ਗਏ ਜਦ ਉਹ ਸੀਨਈ ਦੀ ਉਜਾੜ ਵਿੱਚ ਯਹੋਵਾਹ ਦੇ ਸਨਮੁਖ ਅਯੋਗ ਅੱਗ ਲਿਆਏ ਅਤੇ ਉਨ੍ਹਾਂ ਦੇ ਪੁੱਤਰ ਨਹੀਂ ਸਨ ਇਸ ਲਈ ਅਲਆਜ਼ਾਰ ਅਤੇ ਈਥਾਮਾਰ ਆਪਣੇ ਪਿਤਾ ਹਾਰੂਨ ਦੇ ਅੱਗੇ ਜਾਜਕਾਈ ਦਾ ਕੰਮ ਕਰਦੇ ਸਨ ।
ਜਾਜਕਾਂ ਦੀ ਸੇਵਾ ਦੇ ਲਈ ਲੇਵੀ

5ਯਹੋਵਾਹ ਨੇ ਮੂਸਾ ਨੂੰ ਆਖਿਆ6ਕਿ ਲੇਵੀ ਦੇ ਗੋਤ ਨੂੰ ਨੇੜੇ ਲਿਆ ਅਤੇ ਉਨ੍ਹਾਂ ਨੂੰ ਹਾਰੂਨ ਜਾਜਕ ਦੇ ਅੱਗੇ ਖੜ੍ਹਾ ਕਰ ਤਾਂ ਜੋ ਉਹ ਉਸ ਦੀ ਸੇਵਾ ਕਰਨ ।
7ਅਤੇ ਉਹ ਉਸਦਾ ਫ਼ਰਜ਼ ਅਤੇ ਸਾਰੀ ਮੰਡਲੀ ਦਾ ਫ਼ਰਜ਼ ਮਿਲਾਪ ਵਾਲੇ ਤੰਬੂ ਦੇ ਅੱਗੇ ਪੂਰਾ ਕਰਨ, ਜੋ ਉਹ ਡੇਰੇ ਦੀ ਟਹਿਲ ਸੇਵਾ ਕਰਨ ।8ਉਹ ਮਿਲਾਪ ਵਾਲੇ ਤੰਬੂ ਦੇ ਸਾਰੇ ਸਾਮਾਨ ਨਾਲੇ ਇਸਰਾਏਲੀਆਂ ਦਾ ਫ਼ਰਜ਼ ਪੂਰਾ ਕਰਨ ਅਤੇ ਰਖਵਾਲੀ ਕਰਨ, ਇਸ ਤਰ੍ਹਾਂ ਉਹ ਡੇਰੇ ਦੀ ਟਹਿਲ ਸੇਵਾ ਕਰਨ ।
9ਤੂੰ ਲੇਵੀਆਂ ਨੂੰ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਦੇਈਂ । ਇਹ ਇਸਰਾਏਲੀਆਂ ਦੀ ਵੱਲੋਂ ਹਾਰੂਨ ਨੂੰ ਪੂਰੀ ਰੀਤੀ ਨਾਲ ਸਮਰਪਣ ਹੋਣ ।10ਤੂੰ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਜਾਜਕਾਈ ਲਈ ਠਹਿਰਾਈਂ ਤਾਂ ਜੋ ਉਹ ਆਪਣੀ ਜਾਜਕਾਈ ਨੂੰ ਸਾਂਭਣ ਅਤੇ ਜੇ ਕੋਈ ਅਜਨਬੀ ਨੇੜੇ ਆਵੇ ਉਹ ਮਾਰਿਆ ਜਾਵੇ ।

11ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,12ਵੇਖ, ਮੈਂ ਲੇਵੀਆਂ ਨੂੰ ਇਸਰਾਏਲੀਆਂ ਵਿੱਚੋਂ ਸਾਰੇ ਪਹਿਲੌਠਿਆਂ ਦੇ ਥਾਂ ਜਿਹੜੇ ਇਸਰਾਏਲ ਵਿੱਚ ਹਨ, ਲੈ ਲਿਆ ਹੈ ਇਸ ਤਰ੍ਹਾਂ ਲੇਵੀ ਮੇਰੇ ਹੋਣਗੇ ।13ਕਿਉਂ ਜੋ ਹਰ ਇੱਕ ਪਹਿਲੌਠਾ ਮੇਰਾ ਹੈ ਜਿਸ ਦਿਨ ਤੋਂ ਮੈਂ ਮਿਸਰ ਦੇਸ ਵਿੱਚ ਹਰ ਇੱਕ ਪਹਿਲੌਠਾ ਮਾਰਿਆ । ਮੈਂ ਆਪਣੇ ਲਈ ਹਰ ਇੱਕ ਪਹਿਲੌਠਾ ਇਸਰਾਏਲ ਵਿੱਚ ਆਦਮੀ ਤੋਂ ਲੈ ਕੇ ਡੰਗਰ ਤਕ ਪਵਿੱਤਰ ਕੀਤਾ, ਉਹ ਮੇਰੇ ਹੋਣਗੇ । ਮੈਂ ਯਹੋਵਾਹ ਹਾਂ ।
ਲੇਵੀਆਂ ਦੀ ਮਰਦਸ਼ੁਮਾਰੀ

14ਫੇਰ ਯਹੋਵਾਹ ਮੂਸਾ ਨਾਲ ਸੀਨਈ ਦੀ ਉਜਾੜ ਵਿੱਚ ਬੋਲਿਆ,15ਲੇਵੀਆਂ ਵਿਚੋਂ ਜਿਹੜੇ ਇੱਕ ਮਹੀਨੇ ਜਾਂ ਇਸ ਤੋਂ ਵੱਧ ਉਮਰ ਦੇ ਹੋਣ ਉਹਨਾਂ ਨੂੰ ਉਨ੍ਹਾਂ ਦੇ ਪੁਰਖਿਆਂ ਦੇ ਘਰਾਣਿਆਂ ਅਤੇ ਉਨ੍ਹਾਂ ਦੇ ਟੱਬਰਾਂ ਅਨੁਸਾਰ ਗਿਣ ।16ਤਦ ਮੂਸਾ ਨੇ ਜਿਵੇਂ ਉਹ ਨੂੰ ਹੁਕਮ ਮਿਲਿਆ ਉਨ੍ਹਾਂ ਨੂੰ ਯਹੋਵਾਹ ਦੇ ਕਹੇ ਅਨੁਸਾਰ ਗਿਣਿਆ ।
17ਇਹ ਲੇਵੀ ਦੇ ਪੁੱਤਰਾਂ ਦੇ ਨਾਮ ਸਨ, ਗੇਰਸ਼ੋਨ, ਕਹਾਥ ਅਤੇ ਮਰਾਰੀ ।18ਇਹ ਗੇਰਸ਼ੋਨ ਦੇ ਪੁੱਤਰਾਂ ਦੇ ਨਾਮ ਹਨ, ਉਨ੍ਹਾਂ ਦੇ ਟੱਬਰਾਂ ਅਨੁਸਾਰ, ਲਿਬਨੀ ਅਤੇ ਸ਼ਿਮਈ ।19ਕਹਾਥ ਦੇ ਪੁੱਤਰ, ਉਨ੍ਹਾਂ ਦੇ ਟੱਬਰਾਂ ਅਨੁਸਾਰ, ਅਮਰਾਮ, ਯਿਸਹਾਰ, ਹਬਰੋਨ ਅਤੇ ਉੱਜ਼ੀਏਲ ।20ਮਰਾਰੀ ਦੇ ਪੁੱਤਰ ਉਨ੍ਹਾਂ ਦੇ ਟੱਬਰਾਂ ਅਨੁਸਾਰ, ਮਹਲੀ ਅਤੇ ਮੂਸ਼ੀ । ਇਹ ਲੇਵੀ ਦੇ ਪਰਿਵਾਰ ਉਨ੍ਹਾਂ ਦੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਹਨ ।

21ਲਿਬਨੀਆਂ ਦਾ ਪਰਿਵਾਰ ਅਤੇ ਸ਼ਿਮਈਆਂ ਦਾ ਪਰਿਵਾਰ, ਗੇਰਸ਼ੋਨ ਦੇ ਹਨ । ਇਹ ਗੇਰਸ਼ੋਨੀਆਂ ਦੇ ਪਰਿਵਾਰ ਹਨ ।22ਅਤੇ ਪੁਰਖ ਜਿਹੜੇ ਗਿਣਤੀ ਵਿੱਚ ਆਏ ਇੱਕ ਮਹੀਨੇ ਤੋਂ ਉੱਪਰ ਦੇ ਸੱਤ ਹਜ਼ਾਰ ਪੰਜ ਸੌ ਗਿਣੇ ਗਏ ।23ਗੇਰਸ਼ੋਨੀਆਂ ਦੇ ਪਰਿਵਾਰ ਡੇਰੇ ਦੇ ਮਗਰ ਪੱਛਮ ਵਾਲੇ ਪਾਸੇ ਡੇਰਾ ਲਾਉਣ ।
24ਅਤੇ ਗੇਰਸ਼ੋਨੀਆਂ ਦੇ ਪੁਰਖਿਆਂ ਦੇ ਪਰਿਵਾਰ ਦਾ ਪ੍ਰਧਾਨ ਲਾਏਲ ਦਾ ਪੁੱਤਰ ਅਲਯਾਸਾਫ਼ ਹੋਵੇ ।25ਗੇਰਸ਼ੋਨੀਆਂ ਦੀ ਜ਼ਿੰਮੇਵਾਰੀ ਵਿੱਚ, ਮਿਲਾਪ ਵਾਲੇ ਤੰਬੂ ਵਿੱਚ ਡੇਰਾ ਅਤੇ ਤੰਬੂ, ਉਹ ਦਾ ਪਰਦਾ ਅਤੇ ਮੰਡਲੀ ਦੇ ਦਰਵਾਜ਼ੇ ਦਾ ਪਰਦਾ ਹੋਣ ।26ਨਾਲ ਹੀ ਵਿਹੜੇ ਦੀ ਕਨਾਤ ਅਤੇ ਵਿਹੜੇ ਦੇ ਦਰਵਾਜ਼ੇ ਦਾ ਪਰਦਾ ਜਿਹੜਾ ਡੇਰੇ ਦੇ ਕੋਲ ਅਤੇ ਜਗਵੇਦੀ ਦੇ ਕੋਲ ਅਤੇ ਆਲੇ-ਦੁਆਲੇ ਅਤੇ ਉਹ ਦੀਆਂ ਡੋਰੀਆਂ ਜੋ ਉਸ ਦੇ ਕੰਮ ਆਉਂਦੀਆਂ ਸਨ ।

27ਕਹਾਥ ਵਿੱਚੋਂ ਅਮਰਾਮੀਆਂ ਦਾ ਪਰਿਵਾਰ ਅਤੇ ਯਿਸਹਾਰੀਆਂ ਦਾ ਪਰਿਵਾਰ ਅਤੇ ਹਬਰੋਨੀਆਂ ਦਾ ਪਰਿਵਾਰ ਅਤੇ ਉੱਜ਼ੀਏਲੀਆਂ ਦਾ ਪਰਿਵਾਰ ਸੀ । ਇਹ ਕਹਾਥ ਦੇ ਸਨ ।28ਸਾਰੇ ਪੁਰਖਾਂ ਦੀ ਗਿਣਤੀ ਜਿਹੜੇ ਇੱਕ ਮਹੀਨੇ ਅਤੇ ਇਸ ਤੋਂ ਉੱਪਰ ਦੇ ਸਨ, ਅੱਠ ਹਜ਼ਾਰ ਛੇ ਸੌ ਸੀ ਜਿਹੜੇ ਪਵਿੱਤਰ ਸਥਾਨ ਦੇ ਜ਼ਿੰਮੇਵਾਰ ਸਨ ।29ਕਹਾਥੀਆਂ ਦੇ ਪਰਿਵਾਰ ਡੇਰੇ ਦੇ ਦੱਖਣ ਵੱਲ ਆਪਣਾ ਡੇਰਾ ਲਾਉਣ ।
30ਕਹਾਥੀਆਂ ਦੇ ਟੱਬਰਾਂ ਅਨੁਸਾਰ ਪੁਰਖਿਆਂ ਦੇ ਪਰਿਵਾਰ ਦਾ ਪ੍ਰਧਾਨ ਉੱਜ਼ੀਏਲ ਦਾ ਪੁੱਤਰ ਅਲੀਸਾਫ਼ਾਨ ਹੋਵੇ ।31ਅਤੇ ਜਿਹਨਾਂ ਵਸਤਾਂ ਦੀ ਜ਼ਿੰਮੇਵਾਰੀ ਉਨ੍ਹਾਂ ਨੂੰ ਦਿੱਤੀ ਗਈ ਅਰਥਾਤ ਸੰਦੂਕ, ਮੇਜ਼, ਸ਼ਮਾਦਾਨ, ਜਗਵੇਦੀਆਂ ਅਤੇ ਪਵਿੱਤਰ ਸਥਾਨ ਦਾ ਸਮਾਨ ਜਿਨ੍ਹਾਂ ਨਾਲ ਉਹ ਸੇਵਾ ਟਹਿਲ ਕਰਦੇ ਸਨ ਅਤੇ ਪਰਦਾ ਅਤੇ ਪਵਿੱਤਰ ਸਥਾਨ ਵਿੱਚ ਕੰਮ ਆਉਣ ਵਾਲਾ ਸਾਰਾ ਸਮਾਨ ਸ਼ਾਮਿਲ ਸੀ ।32ਅਤੇ ਲੇਵੀਆਂ ਦੇ ਹਾਕਮਾਂ ਦਾ ਪ੍ਰਧਾਨ ਹਾਰੂਨ ਜਾਜਕ ਦਾ ਪੁੱਤਰ ਅਲਆਜ਼ਾਰ ਹੋਵੇ ਅਤੇ ਉਹ ਪਵਿੱਤਰ ਸਥਾਨ ਦੇ ਰਖਵਾਲਿਆਂ ਦਾ ਮੁਖੀਆ ਹੋਵੇ ।

33ਮਹਲੀਆਂ ਦਾ ਪਰਿਵਾਰ ਅਤੇ ਮੂਸ਼ੀਆਂ ਦਾ ਪਰਿਵਾਰ, ਮਰਾਰੀ ਦੇ ਵਿੱਚੋਂ ਸਨ । ਇਹ ਮਰਾਰੀ ਦੇ ਪਰਿਵਾਰ ਸਨ ।34ਸਾਰੇ ਪੁਰਖਾਂ ਦੀ ਗਿਣਤੀ ਜੋ ਇੱਕ ਮਹੀਨੇ ਜਾਂ ਇੱਕ ਮਹੀਨੇ ਤੋਂ ਉੱਪਰ ਦੇ ਸੀ, ਛੇ ਹਜ਼ਾਰ ਦੋ ਸੌ ਸਨ ।35ਮਰਾਰੀ ਦੇ ਟੱਬਰਾਂ ਅਨੁਸਾਰ ਉਨ੍ਹਾਂ ਦੇ ਪੁਰਖਿਆਂ ਦੇ ਪਰਿਵਾਰ ਦਾ ਪ੍ਰਧਾਨ ਅਬਿਹਾਯਿਲ ਦਾ ਪੁੱਤਰ ਸੂਰੀਏਲ ਹੋਵੇ । ਡੇਰੇ ਦੇ ਉੱਤਰ ਵੱਲ ਉਹ ਆਪਣਾ ਡੇਰਾ ਲਾਉਣ ।
36ਅਤੇ ਜੋ ਵਸਤਾਂ ਮਰਾਰੀਆਂ ਨੂੰ ਦੇਖਭਾਲ ਲਈ ਦਿੱਤੀਆਂ ਗਈਆਂ ਉਹਨਾਂ ਦੀ ਰਖਵਾਲੀ ਕਰਨ, ਡੇਰੇ ਦੀਆਂ ਫੱਟੀਆਂ, ਉਸ ਦੇ ਕੁੰਡੇ ਉਸ ਦੀਆਂ ਥੰਮ੍ਹੀਆਂ, ਉਸ ਦੇ ਕਬਜ਼ੇ ਅਤੇ ਉਸ ਦਾ ਸਾਰਾ ਸਾਮਾਨ ਅਤੇ ਉਸ ਦੀ ਸਾਰੀ ਸੇਵਾ ਹੋਣ ।37ਨਾਲ ਹੀ ਵਿਹੜੇ ਦੇ ਆਲੇ-ਦੁਆਲੇ ਦੀਆਂ ਥੰਮ੍ਹੀਆਂ ਅਤੇ ਉਹਨਾਂ ਦੇ ਕਬਜ਼ੇ ਅਤੇ ਉਨ੍ਹਾਂ ਦੀਆਂ ਕੀਲੀਆਂ ਅਤੇ ਉਨ੍ਹਾਂ ਦੀਆਂ ਰੱਸੀਆਂ ।

38ਜਿਹੜੇ ਡੇਰੇ ਦੇ ਸਾਹਮਣੇ ਪੂਰਬ ਵੱਲ ਮਿਲਾਪ ਵਾਲੇ ਤੰਬੂ ਅੱਗੇ ਚੜ੍ਹਦੇ ਪਾਸੇ ਆਪਣੇ ਤੰਬੂ ਲਾਉਣ, ਉਹ ਮੂਸਾ, ਹਾਰੂਨ ਅਤੇ ਉਹ ਦੇ ਪੁੱਤਰ ਹੋਣ । ਉਹ ਪਵਿੱਤਰ ਸਥਾਨ ਦੀ ਉਸ ਜ਼ਿੰਮੇਵਾਰੀ ਦੀ ਸੰਭਾਲ ਕਰਨ ਵਾਲੇ ਹੋਣ ਜਿਹੜੀ ਇਸਰਾਏਲੀਆਂ ਲਈ ਜ਼ਿੰਮੇਵਾਰੀ ਹੈ । ਪਰ ਜੇ ਕੋਈ ਅਜਨਬੀ ਨੇੜੇ ਆਵੇ ਤਾਂ ਉਹ ਮਾਰਿਆ ਜਾਵੇ ।39ਲੇਵੀਆਂ ਦੀ ਸਾਰੀ ਗਿਣਤੀ ਜਿਹੜੀ ਮੂਸਾ ਅਤੇ ਹਾਰੂਨ ਨੇ ਯਹੋਵਾਹ ਦੇ ਹੁਕਮ ਤੇ ਕੀਤੀ, ਉਨ੍ਹਾਂ ਦੇ ਟੱਬਰਾਂ ਅਨੁਸਾਰ ਅਰਥਾਤ ਸਾਰੇ ਪੁਰਖ ਜਿਹੜੇ ਇੱਕ ਮਹੀਨੇ ਜਾਂ ਇਸ ਤੋਂ ਉਪਰ ਦੇ ਸਨ ਬਾਈ ਹਜ਼ਾਰ ਸੀ ।
ਜੇਠਿਆਂ ਨੂੰ ਛੁਡਾਉਣਾ

40ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ ਕਿ ਇਸਰਾਏਲੀਆਂ ਦੇ ਸਾਰੇ ਪਹਿਲੌਠੇ ਪੁਰਖ ਗਿਣ, ਜਿਹੜੇ ਇੱਕ ਮਹੀਨੇ ਜਾਂ ਇਸ ਤੋਂ ਉੱਪਰ ਦੇ ਹਨ ਅਤੇ ਉਨ੍ਹਾਂ ਦੇ ਨਾਮਾਂ ਦੀ ਗਿਣਤੀ ਕਰ ।41ਤੂੰ ਮੇਰੇ ਲਈ ਸਾਰੇ ਇਸਰਾਏਲੀਆਂ ਦੇ ਸਾਰੇ ਪਹਿਲੌਠਿਆਂ ਦੇ ਥਾਂ ਲੇਵੀਆਂ ਨੂੰ, ਇਸਰਾਏਲੀਆਂ ਦੇ ਡੰਗਰਾਂ ਦੇ ਪਹਿਲੌਠਿਆਂ ਦੀ ਥਾਂ ਲੇਵੀਆਂ ਦੇ ਡੰਗਰਾਂ ਨੂੰ ਲੈ ਲਈਂ । ਮੈਂ ਯਹੋਵਾਹ ਹਾਂ ।
42ਜਿਵੇਂ ਯਹੋਵਾਹ ਨੇ ਉਹ ਨੂੰ ਹੁਕਮ ਦਿੱਤਾ ਸੀ ਮੂਸਾ ਨੇ ਇਸਰਾਏਲੀਆਂ ਦੇ ਸਾਰੇ ਪਹਿਲੌਠੇ ਗਿਣੇ ।43ਅਤੇ ਸਾਰੇ ਪੁਰਖ ਪਹਿਲੌਠਿਆਂ ਦੇ ਨਾਮ ਦੀ ਗਿਣਤੀ ਜਿਹੜੇ ਇੱਕ ਮਹੀਨੇ ਜਾਂ ਇਸ ਤੋਂ ਉੱਪਰ ਦੇ ਸਨ, ਬਾਈ ਹਜ਼ਾਰ ਦੋ ਸੌ ਤਿਹੱਤਰ ਸੀ ।

44ਯਹੋਵਾਹ ਨੇ ਮੂਸਾ ਨੂੰ ਆਖਿਆ,45ਇਸ ਤਰ੍ਹਾਂ ਲੇਵੀਆਂ ਨੂੰ ਇਸਰਾਏਲੀਆਂ ਦੇ ਸਾਰੇ ਪਹਿਲੌਠਿਆਂ ਦੇ ਥਾਂ ਅਤੇ ਲੇਵੀਆਂ ਦੇ ਡੰਗਰਾਂ ਨੂੰ ਉਨ੍ਹਾਂ ਦੇ ਡੰਗਰਾਂ ਦੇ ਥਾਂ ਲੈ ਲਈਂ ਅਤੇ ਇਸ ਤਰ੍ਹਾਂ ਲੇਵੀ ਮੇਰੇ ਲਈ ਹੋਣਗੇ । ਮੈਂ ਯਹੋਵਾਹ ਹਾਂ ।
46ਅਤੇ ਉਨ੍ਹਾਂ ਦੋ ਸੌ ਤਿਹੱਤਰ ਇਸਰਾਏਲੀ ਪਹਿਲੌਠਿਆਂ ਦੇ ਛੁਟਕਾਰੇ ਲਈ ਜਿਹੜੇ ਲੇਵੀਆਂ ਤੋਂ ਵਧੀਕ ਹਨ,47ਤੂੰ ਪੰਜ ਪੰਜ ਰੁਪਏ ਹਰੇਕ ਪੁਰਖ ਦੇ ਲਈ ਪਵਿੱਤਰ ਸਥਾਨ ਦੇ ਸ਼ੇਕਲ ਅਨੁਸਾਰ ਲਵੀਂ ( ਅਰਥਾਤ ਇੱਕ ਸ਼ੇਕਲ ਵੀਹ ਗੇਰਾਹ ਦਾ ਹੋਵੇ )48ਤੂੰ ਉਹ ਚਾਂਦੀ ਹਾਰੂਨ ਅਤੇ ਉਹ ਦੇ ਪੁੱਤਰਾਂ ਨੂੰ ਦੇਈਂ । ਉਹ ਉਨ੍ਹਾਂ ਦੇ ਛੁਟਕਾਰੇ ਲਈ ਹੋਵੇ ਜਿਹੜੇ ਉਨ੍ਹਾਂ ਤੋਂ ਵਧੀਕ ਹਨ ।49ਉਪਰੰਤ ਮੂਸਾ ਨੇ ਛੁਟਕਾਰੇ ਦੀ ਚਾਂਦੀ ਉਨ੍ਹਾਂ ਤੋਂ ਲਈ, ਜਿਹੜੇ ਲੇਵੀਆਂ ਦੇ ਛੁਡਾਏ ਹੋਇਆਂ ਤੋਂ ਵਧੀਕ ਸਨ ।50ਇਸਰਾਏਲ ਦੇ ਪਹਿਲੌਠਿਆਂ ਤੋਂ ਉਸ ਨੇ ਇਹ ਚਾਂਦੀ ਲਈ, ਇੱਕ ਹਜ਼ਾਰ ਤਿੰਨ ਸੌ ਪੈਂਹਠ ਰੁਪਏ ਪਵਿੱਤਰ ਸਥਾਨ ਦੇ ਸ਼ੇਕਲ ਅਨੁਸਾਰ ਵਸੂਲ ਕੀਤੇ ।51ਮੂਸਾ ਨੇ ਛੁਡਾਏ ਹੋਇਆਂ ਦੀ ਚਾਂਦੀ, ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਯਹੋਵਾਹ ਦੇ ਆਖੇ ਅਨੁਸਾਰ ਦਿੱਤੀ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ।

4
ਲੇਵੀਆਂ ਦੇ ਕਹਾਥੀ ਕੁਲ ਦੇ ਕਰਤੱਬ

1ਯਹੋਵਾਹ ਮੂਸਾ ਅਤੇ ਹਾਰੂਨ ਨੂੰ ਬੋਲਿਆ,2ਲੇਵੀਆਂ ਦੇ ਵਿੱਚੋਂ ਕਹਾਥੀਆਂ ਦੀ ਉਨ੍ਹਾਂ ਦੇ ਟੱਬਰਾਂ ਅਤੇ ਉਨ੍ਹਾਂ ਦੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਗਿਣਤੀ ਕਰੋ ।3ਤੀਹ ਸਾਲ ਤੋਂ ਪੰਜਾਹ ਸਾਲ ਤੱਕ ਸਾਰੇ ਜਿਹੜੇ ਸੇਵਾ ਕਰਨ ਯੋਗ ਹੋਣ, ਉਹ ਮਿਲਾਪ ਵਾਲੇ ਤੰਬੂ ਦੀ ਟਹਿਲ ਸੇਵਾ ਕਰਨ ।4ਕਹਾਥੀਆਂ ਦੀ ਸੇਵਾ ਮਿਲਾਪ ਵਾਲੇ ਤੰਬੂ ਵਿੱਚ ਅੱਤ ਪਵਿੱਤਰ ਚੀਜ਼ਾਂ ਵਿਖੇ ਇਹ ਹੈ ।

5ਹਾਰੂਨ ਅਤੇ ਉਸ ਦੇ ਪੁੱਤਰ ਕੂਚ ਦੇ ਵੇਲੇ ਅੰਦਰ ਜਾਣ ਅਤੇ ਪਵਿੱਤਰ ਸਥਾਨ ਅਤੇ ਅੱਤ ਪਵਿੱਤਰ ਸਥਾਨ ਦਾ ਪਰਦਾ ਲਾਹੁਣ ਅਤੇ ਉਸ ਵਿੱਚ ਸਾਖੀ ਦੇ ਸੰਦੂਕ ਨੂੰ ਲਪੇਟਣ ।6ਨਾਲੇ ਸਮੁੰਦਰੀ ਜੀਵ ਦੀਆਂ ਖੱਲਾਂ ਦਾ ਪਰਦਾ ਉਸ ਉੱਤੇ ਰੱਖਣ ਅਤੇ ਉਸ ਉੱਤੇ ਨੀਲੇ ਰੰਗ ਦਾ ਕੱਪੜਾ ਵਿਛਾਉਣ ਅਤੇ ਉਸ ਦੇ ਡੰਡੇ ਪਾਉਣ ।
7ਫੇਰ ਹਜ਼ੂਰੀ ਦੀ ਰੋਟੀ ਦੀ ਮੇਜ਼ ਉੱਤੇ ਨੀਲਾ ਕੱਪੜਾ ਵਿਛਾਉਣ ਅਤੇ ਉਸ ਉੱਤੇ ਥਾਲੀਆਂ, ਕੌਲੀਆਂ, ਗੜ੍ਹਵੇ ਅਤੇ ਭੇਟਾਂ ਵਰਤਾਉਣ ਵਾਲੇ ਕੜਛੇ ਰੱਖਣ ਅਤੇ ਸਦਾ ਕਾਲ ਦੀ ਰੋਟੀ ਉਸ ਉੱਤੇ ਪਈ ਰਹੇ ।8ਉਨ੍ਹਾਂ ਦੇ ਉੱਤੇ ਕਿਰਮਚੀ ਕੱਪੜੇ ਵਿਛਾਉਣ ਅਤੇ ਉਸ ਨੂੰ ਸਮੁੰਦਰੀ ਜੀਵ ਦੀਆਂ ਖੱਲਾਂ ਦੇ ਨਾਲ ਕੱਜਣ ਅਤੇ ਉਸ ਦੀਆਂ ਚੋਬਾਂ ਪਾਉਣ ।
9ਫੇਰ ਉਹ ਨੀਲਾ ਕੱਪੜਾ ਲੈ ਕੇ ਚਾਨਣ ਦੇਣ ਵਾਲਾ ਸ਼ਮਾਦਾਨ ਢੱਕਣ ਨਾਲੇ ਉਸ ਦੇ ਦੀਵੇ, ਉਸ ਦੇ ਗੁਲਤਰਾਸ਼, ਉਸ ਦੇ ਗੁਲਦਾਨ ਅਤੇ ਉਸ ਦੇ ਸਾਰੇ ਤੇਲ ਵਾਲੇ ਭਾਂਡੇ ਜਿਨ੍ਹਾਂ ਨਾਲ ਉਹ ਉਸ ਦੀ ਸੇਵਾ ਕਰਦੇ ਹਨ ।10ਤਦ ਉਸ ਦੇ ਸਾਰੇ ਸਮਾਨ ਸਮੇਤ ਸਮੁੰਦਰੀ ਜੀਵ ਦੀਆਂ ਖੱਲਾਂ ਦੇ ਵਿੱਚ ਰੱਖਣ ਅਤੇ ਉਹ ਉਸ ਨੂੰ ਚੋਬਾ ਉੱਤੇ ਧਰਨ ।11ਸੋਨੇ ਦੀ ਜਗਵੇਦੀ ਉੱਤੇ ਨੀਲਾ ਕੱਪੜਾ ਵਿਛਾਉਣ ਅਤੇ ਉਸ ਨੂੰ ਬੱਕਰਿਆਂ ਦੀਆਂ ਖੱਲਾਂ ਦੇ ਢੱਕਣ ਨਾਲ ਢੱਕ ਦੇਣ ਅਤੇ ਉਸ ਦੇ ਡੰਡੇ ਪਾਉਣ ।
12ਫੇਰ ਉਹ ਉਪਾਸਨਾ ਦੀ ਸੇਵਾ ਦੇ ਸਾਰੇ ਭਾਂਡੇ, ਜਿਨ੍ਹਾਂ ਨਾਲ ਉਹ ਪਵਿੱਤਰ ਸਥਾਨ ਵਿੱਚ ਉਪਾਸਨਾ ਕਰਦੇ ਹਨ ਲੈ ਕੇ ਨੀਲੇ ਕੱਪੜੇ ਵਿੱਚ ਪਾਉਣ ਅਤੇ ਉਨ੍ਹਾਂ ਨੂੰ ਸਮੁੰਦਰੀ ਜੀਵ ਦੀਆਂ ਖੱਲਾਂ ਦੇ ਵਿੱਚ ਕੱਜਣ ਅਤੇ ਉਨ੍ਹਾਂ ਨੂੰ ਡੰਡੇ ਉੱਤੇ ਰੱਖਣ ।13ਤਦ ਉਹ ਜਗਵੇਦੀ ਦੀ ਸੁਆਹ ਕੱਢ ਕੇ ਉਸ ਉੱਤੇ ਬੈਂਗਣੀ ਕੱਪੜਾ ਵਿਛਾਉਣ ।14ਅਤੇ ਉਸ ਉੱਤੇ ਸਾਰੇ ਭਾਂਡੇ ਰੱਖਣ ਜਿਨ੍ਹਾਂ ਨਾਲ ਉਹ ਉਸ ਉੱਤੇ ਉਪਾਸਨਾ ਕਰਦੇ ਹਨ ਅਰਥਾਤ ਅੰਗੀਠੀਆਂ, ਕਾਂਟੇ, ਕੜਛੇ, ਬਾਟੀਆਂ ਅਤੇ ਜਗਵੇਦੀ ਦਾ ਸਾਰਾ ਸਾਮਾਨ ਅਤੇ ਉਹ ਦੇ ਉੱਤੇ ਬੱਕਰਿਆਂ ਦੀਆਂ ਖੱਲਾਂ ਵਿਛਾਉਣ ਅਤੇ ਉਸ ਦੀਆਂ ਚੋਬਾਂ ਪਾਉਣ ।
15ਜਦ ਹਾਰੂਨ ਅਤੇ ਉਸ ਦੇ ਪੁੱਤਰ ਪਵਿੱਤਰ ਸਥਾਨ ਅਤੇ ਉਸ ਦੇ ਸਾਰੇ ਸਮਾਨ ਨੂੰ ਢੱਕਣ ਦਾ ਕੰਮ ਕਰ ਚੁੱਕਣ ਅਤੇ ਜਦ ਡੇਰੇ ਦਾ ਕੂਚ ਹੋਣ ਵਾਲਾ ਹੋਵੇ, ਉਦੋਂ ਹੀ ਕਹਾਥੀ ਆਣ ਕੇ ਉਹ ਨੂੰ ਚੁੱਕਣ ਪਰ ਉਹ ਕਿਸੇ ਪਵਿੱਤਰ ਵਸਤੂ ਨੂੰ ਨਾ ਛੂਹਣ ਅਜਿਹਾ ਨਾ ਹੋਵੇ ਕਿ ਉਹ ਮਰ ਜਾਣ ! ਮੰਡਲੀ ਦੇ ਤੰਬੂ ਵਿੱਚੋਂ ਕਹਾਥੀਆਂ ਲਈ ਇਹ ਭਾਰ ਉਠਾਉਣ ਲਈ ਇਹ ਹੀ ਵਸਤਾਂ ਹਨ ।

16ਹਾਰੂਨ ਜਾਜਕ ਦੇ ਪੁੱਤਰ ਅਲਆਜ਼ਾਰ ਦੀ ਇਹ ਜ਼ਿੰਮੇਵਾਰੀ ਹੈ ਕਿ ਚਾਨਣ ਕਰਨ ਲਈ ਤੇਲ, ਸੁਗੰਧੀ ਧੂਪ, ਸਦਾ ਕਾਲ ਦੀ ਮੈਦੇ ਦੀ ਭੇਟ ਅਤੇ ਮਸਹ ਕਰਨ ਦਾ ਤੇਲ ਅਰਥਾਤ ਸਾਰੇ ਡੇਰੇ ਦੀ ਅਤੇ ਜੋ ਕੁਝ ਉਸ ਵਿੱਚ ਹੈ, ਅਤੇ ਪਵਿੱਤਰ ਸਥਾਨ ਅਤੇ ਉਸ ਦੇ ਸਾਮਾਨ ਦੀ ਦੇਖਭਾਲ ਕਰੇ ।

17ਫੇਰ ਯਹੋਵਾਹ ਮੂਸਾ ਅਤੇ ਹਾਰੂਨ ਨੂੰ ਬੋਲਿਆ,18ਤੁਸੀਂ ਕਹਾਥੀਆਂ ਦੇ ਟੱਬਰਾਂ ਦੇ ਗੋਤਾਂ ਨੂੰ ਲੇਵੀਆਂ ਦੇ ਵਿੱਚੋਂ ਨਾਸ ਨਾ ਹੋਣ ਦੇਣਾ ।19ਪਰ ਤੁਸੀਂ ਉਨ੍ਹਾਂ ਲਈ ਇਹ ਕਰੋ ਜਦ ਉਹ ਅੱਤ ਪਵਿੱਤਰ ਚੀਜ਼ਾਂ ਕੋਲ ਜਾਣ ਤਦ ਉਹ ਨਾ ਮਰਨ ਪਰ ਜੀਉਂਦੇ ਰਹਿਣ । ਤਦ ਹਾਰੂਨ ਅਤੇ ਉਸ ਦੇ ਪੁੱਤਰ ਅੰਦਰ ਜਾ ਕੇ ਉਨ੍ਹਾਂ ਦੇ ਹਰ ਇੱਕ ਮਨੁੱਖ ਲਈ ਉਸ ਦੀ ਟਹਿਲ ਸੇਵਾ ਅਤੇ ਉਹਨਾਂ ਦਾ ਭਾਰ ਠਹਿਰਾਉਣ ।20ਉਹ ਇੱਕ ਪਲ ਲਈ ਵੀ ਅੰਦਰ ਜਾ ਕੇ ਪਵਿੱਤਰ ਸਥਾਨ ਨੂੰ ਨਾ ਵੇਖਣ ਕਿਤੇ ਅਜਿਹਾ ਨਾ ਹੋਵੇ ਕਿ ਉਹ ਮਰ ਜਾਣ ।
ਲੇਵੀਆਂ ਗੇਰਸ਼ੋਨੀ ਕੁਲ ਦੇ ਕਰਤੱਬ

21ਯਹੋਵਾਹ ਨੇ ਮੂਸਾ ਨੂੰ ਆਖਿਆ,22ਗੇਰਸ਼ੋਨੀਆਂ ਦੀ ਵੀ ਉਨ੍ਹਾਂ ਦੇ ਪੁਰਖਿਆਂ ਦੇ ਘਰਾਣਿਆਂ ਅਤੇ ਟੱਬਰਾਂ ਅਨੁਸਾਰ ਗਿਣਤੀ ਕਰ ।23ਤੀਹ ਸਾਲ ਤੋਂ ਉੱਪਰ ਪੰਜਾਹ ਸਾਲ ਤੱਕ ਤੂੰ ਉਨ੍ਹਾਂ ਨੂੰ ਗਿਣ, ਉਹ ਸਾਰੇ ਜਿਹੜੇ ਟਹਿਲ ਸੇਵਾ ਕਰਨ ਯੋਗ ਹੋਣ ਤਾਂ ਜੋ ਉਹ ਮੰਡਲੀ ਦੇ ਤੰਬੂ ਦੀ ਟਹਿਲ ਸੇਵਾ ਕਰਨ ।
24ਗੇਰਸ਼ੋਨੀਆਂ ਦੇ ਟੱਬਰਾਂ ਦੀ ਟਹਿਲ ਸੇਵਾ ਅਰਥਾਤ ਭਾਰ ਚੁੱਕਣ ਦੀ ਟਹਿਲ ਸੇਵਾ ਇਹ ਹੈ,25ਉਹ ਡੇਰੇ ਦੇ ਪਰਦਿਆਂ ਨੂੰ ਚੁੱਕਣ ਨਾਲੇ ਮੰਡਲੀ ਦਾ ਤੰਬੂ, ਉਸ ਦੇ ਢੱਕਣ ਸਣੇ ਅਤੇ ਸਮੁੰਦਰੀ ਜੀਵ ਦੀਆਂ ਖੱਲਾਂ ਦਾ ਢੱਕਣ ਜਿਹੜਾ ਉਸ ਉੱਤੇ ਹੈ ਅਤੇ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਦਾ ਪਰਦਾ ।26ਅਤੇ ਵਿਹੜੇ ਦੀਆਂ ਕਨਾਤਾਂ ਤੇ ਵਿਹੜੇ ਦੇ ਫਾਟਕ ਦੇ ਦਰਵਾਜ਼ੇ ਦਾ ਪਰਦਾ ਜਿਹੜੀ ਡੇਰੇ ਅਤੇ ਜਗਵੇਦੀ ਦੇ ਕੋਲ ਆਲੇ-ਦੁਆਲੇ ਹੈ ਅਤੇ ਉਨ੍ਹਾਂ ਦੀਆਂ ਡੋਰੀਆਂ ਅਤੇ ਉਨ੍ਹਾਂ ਦੀ ਸੇਵਾ ਦਾ ਸਾਰਾ ਸਾਮਾਨ ਅਤੇ ਸਭ ਕੁਝ ਜੋ ਉਨ੍ਹਾਂ ਲਈ ਕਰਨਾ ਹੋਵੇ ਸੋ ਉਹ ਇਹ ਟਹਿਲ ਸੇਵਾ ਕਰਨ ।
27ਇਸ ਤਰ੍ਹਾਂ ਹਾਰੂਨ ਅਤੇ ਉਸ ਦੇ ਪੁੱਤਰਾਂ ਦੇ ਹੁਕਮ ਨਾਲ ਗੇਰਸ਼ੋਨੀਆਂ ਦੀ ਸਾਰੀ ਟਹਿਲ ਸੇਵਾ ਹੋਵੇ ਅਰਥਾਤ ਉਨ੍ਹਾਂ ਦਾ ਸਾਰਾ ਭਾਰ ਅਤੇ ਟਹਿਲ ਸੇਵਾ । ਇਸ ਤਰ੍ਹਾਂ ਤੁਸੀਂ ਉਨ੍ਹਾਂ ਉੱਤੇ ਉਨ੍ਹਾਂ ਦੇ ਸਾਰੇ ਕੰਮਾਂ ਦੀ ਜ਼ਿੰਮੇਵਾਰੀ ਠਹਿਰਾਓ ।28ਮੰਡਲੀ ਦੇ ਤੰਬੂ ਵਿੱਚ ਇਹ ਗੇਰਸ਼ੋਨੀਆਂ ਦੇ ਟੱਬਰਾਂ ਦੀ ਟਹਿਲ ਸੇਵਾ ਹੋਵੇਗੀ ਅਤੇ ਹਾਰੂਨ ਜਾਜਕ ਦੇ ਪੁੱਤਰ ਈਥਾਮਾਰ ਦੇ ਇਖ਼ਤਿਆਰ ਵਿੱਚ ਉਨ੍ਹਾਂ ਦੀ ਦੇਖਭਾਲ ਹੋਵੇਗੀ ।
ਲੇਵੀਆਂ ਦੇ ਮਰਾਰੀ ਕੁਲ ਦੇ ਕਰਤੱਬ

29ਮਰਾਰੀਆਂ ਨੂੰ ਉਨ੍ਹਾਂ ਦੇ ਟੱਬਰਾਂ ਅਤੇ ਉਨ੍ਹਾਂ ਦੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਗਿਣਤੀ ਕਰਨਾ ।30ਤੀਹ ਸਾਲ ਤੋਂ ਉੱਪਰ ਪੰਜਾਹ ਸਾਲ ਤੱਕ ਤੂੰ ਉਹਨਾਂ ਨੂੰ ਗਿਣ, ਉਹ ਸਾਰੇ ਜਿਹੜੇ ਟਹਿਲ ਸੇਵਾ ਕਰਨ ਯੋਗ ਹੋਣ ਤਾਂ ਜੋ ਉਹ ਮੰਡਲੀ ਦੇ ਤੰਬੂ ਦੀ ਟਹਿਲ ਸੇਵਾ ਕਰਨ ।
31ਭਾਰਾਂ ਲਈ ਮੰਡਲੀ ਦੇ ਤੰਬੂ ਵਿੱਚ ਉਨ੍ਹਾਂ ਦੀ ਸਾਰੀ ਜ਼ਿੰਮੇਵਾਰੀ ਇਹ ਹੈ, ਡੇਰੇ ਦੀਆਂ ਫੱਟੀਆਂ, ਉਸ ਦੇ ਹੋੜੇ, ਉਸ ਦੀਆਂ ਥੰਮ੍ਹੀਆਂ, ਉਸ ਦੀਆਂ ਚੀਥੀਆਂ ।32ਨਾਲੇ ਵਿਹੜੇ ਦੇ ਆਲੇ-ਦੁਆਲੇ ਦੀਆਂ ਥੰਮ੍ਹੀਆਂ, ਉਨ੍ਹਾਂ ਦੀਆਂ ਚੀਥੀਆਂ, ਉਨ੍ਹਾਂ ਦੀਆਂ ਕੀਲੀਆਂ, ਉਨ੍ਹਾਂ ਦੀਆਂ ਡੋਰੀਆਂ, ਉਨ੍ਹਾਂ ਦਾ ਸਾਰਾ ਸਾਮਾਨ ਅਤੇ ਉਨ੍ਹਾਂ ਦੀ ਸਾਰੀ ਟਹਿਲ ਸੇਵਾ । ਤੁਸੀਂ ਨਾਮਾਂ ਅਨੁਸਾਰ ਸਾਮਾਨ ਚੁੱਕਣ ਲਈ ਉਹਨਾਂ ਦੀ ਜ਼ਿੰਮੇਵਾਰੀ ਠਹਿਰਾਓ ।
33ਇਹ ਮਰਾਰੀਆਂ ਦੇ ਟੱਬਰਾਂ ਦੀ ਟਹਿਲ ਸੇਵਾ ਮੰਡਲੀ ਦੇ ਤੰਬੂ ਵਿੱਚ ਉਨ੍ਹਾਂ ਦੀ ਸਾਰੀ ਟਹਿਲ ਸੇਵਾ ਅਨੁਸਾਰ ਹੋਵੇ ਅਤੇ ਹਾਰੂਨ ਜਾਜਕ ਦੇ ਪੁੱਤਰ ਈਥਾਮਾਰ ਦੇ ਹੱਥ ਵਿੱਚ ਹੋਵੇ ।
ਲੇਵੀਆਂ ਦੀ ਮਰਦਸ਼ੁਮਾਰੀ

34ਫੇਰ ਮੂਸਾ ਅਤੇ ਹਾਰੂਨ ਅਤੇ ਮੰਡਲੀ ਦੇ ਪ੍ਰਧਾਨਾਂ ਨੇ ਕਹਾਥੀਆਂ ਨੇ ਉਨ੍ਹਾਂ ਦੇ ਟੱਬਰਾਂ ਅਤੇ ਉਨ੍ਹਾਂ ਦੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਗਿਣਿਆ ।35ਤੀਹ ਸਾਲ ਤੋਂ ਉੱਪਰ ਪੰਜਾਹ ਸਾਲ ਤੱਕ ਸਾਰੇ ਜਿਹੜੇ ਸੇਵਾ ਕਰਨ ਯੋਗ ਹੋਣ ਉਹ ਮੰਡਲੀ ਦੇ ਤੰਬੂ ਦੀ ਟਹਿਲ ਸੇਵਾ ਕਰਨ ।36ਇਹ ਉਹ ਹਨ ਜਿਹੜੇ ਆਪਣੇ ਘਰਾਣਿਆਂ ਅਨੁਸਾਰ ਗਿਣੇ ਗਏ, ਦੋ ਹਜ਼ਾਰ ਸੱਤ ਸੌ ਪੰਜਾਹ ਸਨ ।
37ਕਹਾਥੀਆਂ ਦੇ ਟੱਬਰਾਂ ਦੇ ਜਿਹੜੇ ਗਿਣੇ ਗਏ ਏਹੋ ਹੀ ਸਨ ਅਰਥਾਤ ਸਾਰੇ ਜਿਹੜੇ ਮੰਡਲੀ ਦੇ ਤੰਬੂ ਵਿੱਚ ਟਹਿਲ ਸੇਵਾ ਕਰਦੇ ਸਨ ਜਿਨ੍ਹਾਂ ਨੂੰ ਮੂਸਾ ਅਤੇ ਹਾਰੂਨ ਨੇ ਯਹੋਵਾਹ ਦੇ ਹੁਕਮ ਨਾਲ ਮੂਸਾ ਦੇ ਰਾਹੀਂ ਗਿਣਿਆ ।

38ਗੇਰੋਸ਼ੋਨੀ ਜਿਹੜੇ ਆਪਣੇ ਟੱਬਰਾਂ ਅਤੇ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਗਿਣੇ ਗਏ ।39ਤੀਹ ਸਾਲ ਤੋਂ ਉੱਪਰ ਪੰਜਾਹ ਸਾਲ ਤੱਕ ਸਾਰੇ ਜਿਹੜੇ ਸੇਵਾ ਕਰਨ ਯੋਗ ਹੋਣ ਕਿ ਉਹ ਮੰਡਲੀ ਦੇ ਤੰਬੂ ਵਿੱਚ ਟਹਿਲ ਸੇਵਾ ਕਰਨ ।40ਅਤੇ ਉਹ ਜਿਹੜੇ ਉਨ੍ਹਾਂ ਦੇ ਟੱਬਰਾਂ ਅਤੇ ਉਨ੍ਹਾਂ ਦੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਗਿਣੇ ਗਏ ਦੋ ਹਜ਼ਾਰ ਛੇ ਸੌ ਤੀਹ ਸਨ ।
41ਗੇਰਸ਼ੋਨੀਆਂ ਦੇ ਟੱਬਰਾਂ ਦੇ ਜਿਹੜੇ ਗਿਣੇ ਗਏ ਏਹੋ ਹੀ ਸਨ ਅਰਥਾਤ ਸਾਰੇ ਜਿਹੜੇ ਮੰਡਲੀ ਦੇ ਤੰਬੂ ਵਿੱਚ ਟਹਿਲ ਸੇਵਾ ਕਰਨ ਜਿਨ੍ਹਾਂ ਨੂੰ ਮੂਸਾ ਅਤੇ ਹਾਰੂਨ ਨੇ ਯਹੋਵਾਹ ਦੇ ਹੁਕਮ ਨਾਲ ਗਿਣਿਆ ।

42ਮਰਾਰੀਆਂ ਦੇ ਟੱਬਰਾਂ ਦੇ ਜਿਹੜੇ ਆਪਣੇ ਟੱਬਰਾਂ ਅਤੇ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਗਿਣੇ ਗਏ ।43ਤੀਹ ਸਾਲ ਤੋਂ ਉੱਪਰ ਪੰਜਾਹ ਸਾਲ ਤੱਕ ਸਾਰੇ ਜਿਹੜੇ ਸੇਵਾ ਕਰਨ ਯੋਗ ਸਨ ਤਾਂ ਜੋ ਉਹ ਮੰਡਲੀ ਦੇ ਤੰਬੂ ਵਿੱਚ ਟਹਿਲ ਸੇਵਾ ਕਰਨ ।44ਉਹ ਜਿਹੜੇ ਉਨ੍ਹਾਂ ਦੇ ਟੱਬਰਾਂ ਅਨੁਸਾਰ ਗਿਣੇ ਗਏ ਤਿੰਨ ਹਜ਼ਾਰ ਦੋ ਸੌ ਸਨ ।
45ਮਰਾਰੀਆਂ ਦੇ ਟੱਬਰਾਂ ਦੇ ਜਿਹੜੇ ਗਿਣੇ ਗਏ ਏਹੋ ਹੀ ਸਨ ਜਿਨ੍ਹਾਂ ਨੂੰ ਮੂਸਾ ਅਤੇ ਹਾਰੂਨ ਨੇ ਯਹੋਵਾਹ ਦੇ ਹੁਕਮ ਨਾਲ ਮੂਸਾ ਦੇ ਰਾਹੀਂ ਗਿਣਿਆ ।

46ਸਾਰੇ ਲੇਵੀ ਜਿਹੜੇ ਗਿਣੇ ਗਏ ਜਿਨ੍ਹਾਂ ਨੂੰ ਮੂਸਾ ਅਤੇ ਹਾਰੂਨ ਅਤੇ ਇਸਰਾਏਲ ਦੇ ਪ੍ਰਧਾਨਾਂ ਨੇ ਗਿਣਿਆ ਉਨ੍ਹਾਂ ਦੇ ਟੱਬਰਾਂ ਅਤੇ ਉਨ੍ਹਾਂ ਦੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ।47ਤੀਹ ਸਾਲ ਤੋਂ ਉੱਪਰ ਪੰਜਾਹ ਸਾਲ ਤੱਕ ਸਾਰੇ ਜਿਹੜੇ ਟਹਿਲ ਸੇਵਾ ਕਰਨ ਅਤੇ ਭਾਰ ਚੁੱਕਣ ਲਈ ਮੰਡਲੀ ਦੇ ਤੰਬੂ ਵਿੱਚ ਆਉਣ ।48ਇਹ ਗਿਣੇ ਗਏ ਅਤੇ ਅੱਠ ਹਜ਼ਾਰ ਪੰਜ ਸੌ ਅੱਸੀ ਸਨ ।
49ਇਸ ਤਰ੍ਹਾਂ ਯਹੋਵਾਹ ਦੇ ਹੁਕਮ ਨਾਲ ਅਤੇ ਮੂਸਾ ਦੇ ਰਾਹੀਂ ਉਹ ਗਿਣੇ ਗਏ, ਹਰ ਮਨੁੱਖ ਉਸ ਦੀ ਟਹਿਲ ਸੇਵਾ ਅਤੇ ਭਾਰ ਅਨੁਸਾਰ । ਇਸ ਤਰ੍ਹਾਂ ਉਹ ਗਿਣੇ ਗਏ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ।

5
ਅਸ਼ੁੱਧ ਮਨੁੱਖ

1ਯਹੋਵਾਹ ਨੇ ਮੂਸਾ ਨੂੰ ਆਖਿਆ,2ਇਸਰਾਏਲੀਆਂ ਨੂੰ ਹੁਕਮ ਦੇ ਕਿ ਉਹ ਡੇਰੇ ਵਿੱਚੋਂ ਸਾਰੇ ਕੋੜ੍ਹੀਆਂ ਨੂੰ ਅਤੇ ਸਾਰੇ ਧਾਂਤ ਵਗਣ ਵਾਲਿਆਂ ਨੂੰ ਅਤੇ ਸਾਰੇ ਜਿਹੜੇ ਲਾਸ਼ਾਂ ਤੋਂ ਅਸ਼ੁੱਧ ਹੋਣ,3ਭਾਵੇਂ ਪੁਰਖ ਭਾਵੇਂ ਇਸਤਰੀ ਤੁਸੀਂ ਉਨ੍ਹਾਂ ਨੂੰ ਲੈ ਜਾ ਕੇ ਡੇਰੇ ਤੋਂ ਬਾਹਰ ਕੱਢਿਓ ਤਾਂ ਜੋ ਉਹ ਉਨ੍ਹਾਂ ਦੇ ਡੇਰਿਆਂ ਨੂੰ, ਜਿਨ੍ਹਾਂ ਵਿੱਚ ਮੈਂ ਵੱਸਦਾ ਹਾਂ ਅਸ਼ੁੱਧ ਨਾ ਕਰਨ ।4ਤਦ ਇਸਰਾਏਲੀਆਂ ਨੇ ਅਜਿਹਾ ਹੀ ਕੀਤਾ ਅਤੇ ਉਨ੍ਹਾਂ ਨੂੰ ਡੇਰੇ ਤੋਂ ਬਾਹਰ ਕੱਢ ਦਿੱਤਾ । ਜਿਵੇਂ ਯਹੋਵਾਹ ਨੇ ਮੂਸਾ ਨੂੰ ਆਖਿਆ ਉਸੇ ਤਰ੍ਹਾਂ ਹੀ ਇਸਰਾਏਲੀਆਂ ਨੇ ਕੀਤਾ ।

ਨੁਕਸਾਨ ਦੀ ਭਰਪਾਈ ਦਾ ਨਿਯਮ

5ਯਹੋਵਾਹ ਨੇ ਮੂਸਾ ਨੂੰ ਆਖਿਆ,6ਇਸਰਾਏਲੀਆਂ ਨੂੰ ਬੋਲ ਕਿ ਜਦ ਕੋਈ ਪੁਰਖ ਜਾਂ ਇਸਤਰੀ ਕੋਈ ਪਾਪ ਕਰੇ ਜਿਹੜਾ ਇਨਸਾਨ ਕਰਦਾ ਹੈ ਕਿ ਉਹ ਯਹੋਵਾਹ ਤੋਂ ਬੇਈਮਾਨ ਹੋ ਜਾਵੇ ਅਤੇ ਉਹ ਪ੍ਰਾਣੀ ਦੋਸ਼ੀ ਠਹਿਰੇ,7ਤਦ ਉਹ ਆਪਣੇ ਪਾਪ ਦਾ ਇਕਰਾਰ ਕਰੇ ਜਿਹੜਾ ਉਸ ਨੇ ਕੀਤਾ ਹੈ ਅਤੇ ਉਹ ਆਪਣੇ ਦੋਸ਼ ਦੀ ਪੂਰੀ ਕੀਮਤ ਭਰੇ ਅਤੇ ਉਹ ਉਸ ਦੇ ਨਾਲ ਪੰਜਵਾਂ ਹਿੱਸਾ ਵੱਧ ਪਾ ਕੇ ਉਹ ਨੂੰ ਦੇਵੇ ਜਿਸ ਦੇ ਵਿਰੁੱਧ ਉਹ ਦੋਸ਼ੀ ਹੋਇਆ ।
8ਜੇ ਉਸ ਮਨੁੱਖ ਦਾ ਕੋਈ ਨਜ਼ਦੀਕੀ ਰਿਸ਼ਤੇਦਾਰ ਨਾ ਹੋਵੇ ਜਿਸ ਨੂੰ ਉਸ ਦੇ ਦੋਸ਼ ਦਾ ਹਰਜਾਨਾ ਮੋੜਿਆ ਜਾਵੇ ਤਾਂ ਉਹ ਦੋਸ਼ ਦਾ ਹਰਜਾਨਾ ਜਿਹੜਾ ਯਹੋਵਾਹ ਦਾ ਹੈ, ਜਾਜਕ ਨੂੰ ਦਿੱਤਾ ਜਾਵੇ ਨਾਲੇ ਪ੍ਰਾਸਚਿਤ ਦਾ ਭੇਡੂ, ਜਿਸ ਦੇ ਨਾਲ ਉਸ ਦਾ ਪ੍ਰਾਸਚਿਤ ਕੀਤਾ ਜਾਵੇ ।9ਇਸਰਾਏਲੀਆਂ ਦੀਆਂ ਪਵਿੱਤਰ ਚੀਜ਼ਾਂ ਵਿੱਚੋਂ ਜਿਹੜੀਆਂ ਉਹ ਜਾਜਕ ਕੋਲ ਲਿਆਉਣ ਚੁੱਕਣ ਦੀ ਭੇਟ ਉਸੇ ਦੀ ਹੋਵੇਗੀ ।10ਹਰ ਮਨੁੱਖ ਦੀਆਂ ਪਵਿੱਤਰ ਚੀਜ਼ਾਂ ਉਸ ਦੀਆਂ ਹੋਣ । ਜੋ ਕੁਝ ਕੋਈ ਮਨੁੱਖ ਜਾਜਕ ਨੂੰ ਦੇਵੇ ਉਹ ਉਸਦਾ ਹੋਵੇ ।
ਵਿਭਚਾਰ ਦੀ ਜਾਂਚ

11ਯਹੋਵਾਹ ਨੇ ਮੂਸਾ ਨੂੰ ਆਖਿਆ,12ਇਸਰਾਏਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਆਖ ਕਿ ਜਦ ਕਿਸੇ ਮਨੁੱਖ ਦੀ ਪਤਨੀ ਕੁਰਾਹੀ ਹੋ ਜਾਵੇ ਅਤੇ ਉਸ ਨਾਲ ਬੇਈਮਾਨੀ ਕਰੇ ।
13ਜੇ ਕੋਈ ਮਨੁੱਖ ਉਸ ਨਾਲ ਲੇਟੇ ਅਤੇ ਬਦਕਾਰੀ ਕਰੇ, ਭਾਵੇਂ ਇਹ ਗੱਲ ਉਸ ਦੇ ਪਤੀ ਦੀਆਂ ਅੱਖਾਂ ਤੋਂ ਲੁੱਕੀ ਰਹੇ ਅਤੇ ਉਹ ਇਸ ਬਾਰੇ ਨਾ ਜਾਣਦਾ ਹੋਵੇ, ਭਾਵੇਂ ਕੋਈ ਉਸ ਦੇ ਵਿਰੁੱਧ ਗਵਾਹ ਨਾ ਹੋਵੇ ਅਤੇ ਉਹ ਫੜੀ ਨਾ ਗਈ ਹੋਵੇ, ਤਾਂ ਵੀ ਉਹ ਭ੍ਰਿਸ਼ਟ ਹੋ ਚੁੱਕੀ ਹੈ ।14ਪਰ ਉਸ ਦੇ ਪਤੀ ਦੇ ਮਨ ਵਿੱਚ ਜਲਨ ਪੈਦਾ ਹੋਵੇ ਅਤੇ ਉਹ ਆਪਣੀ ਪਤਨੀ ਨਾਲ ਜਲਨ ਕਰੇ ਕਿਉਂ ਜੋ ਉਹ ਭ੍ਰਿਸ਼ਟ ਹੋ ਗਈ,ਜਾਂ ਉਸ ਨਾਲ ਫਿਰ ਵੀ ਜਲਨ ਕਰੇ ਕਿ ਉਹ ਆਪਣੀ ਪਤਨੀ ਨਾਲ ਜਲਨ ਰਖੇ ਪਰ ਉਹ ਭ੍ਰਿਸ਼ਟ ਨਾ ਹੋਈ ਹੋਵੇ ।
15ਤਦ ਉਹ ਮਨੁੱਖ ਆਪਣੀ ਪਤਨੀ ਨੂੰ ਜਾਜਕ ਕੋਲ ਲਿਆਵੇ ਨਾਲੇ ਉਹ ਉਸ ਦੇ ਲਈ ਏਫ਼ਾ ਦਾ ਦਸਵਾਂ ਹਿੱਸਾ, ਜੌਂ ਦੇ ਮੈਦੇ ਦਾ ਚੜ੍ਹਾਵਾ ਲਿਆਵੇ ਪਰ ਉਹ ਉਸ ਦੇ ਉੱਤੇ ਤੇਲ ਨਾ ਡੋਹਲੇ ਨਾ ਉਸ ਉੱਤੇ ਲੁਬਾਨ ਪਾਵੇ ਕਿਉਂ ਜੋ ਉਹ ਜਲਨ ਦੀ ਭੇਟ ਹੈ, ਉਹ ਯਾਦਗਾਰੀ ਦੀ ਭੇਂਟ ਹੈ ਜਿਹੜੀ ਬੁਰਿਆਈ ਨੂੰ ਚੇਤੇ ਕਰਾਉਂਦੀ ਹੈ ।

16ਤਦ ਜਾਜਕ ਉਸ ਨੂੰ ਨੇੜੇ ਲਿਆ ਕੇ ਯਹੋਵਾਹ ਦੇ ਅੱਗੇ ਖੜ੍ਹੀ ਕਰੇ ।17ਫੇਰ ਜਾਜਕ ਪਵਿੱਤਰ ਜਲ ਮਿੱਟੀ ਦੇ ਭਾਂਡੇ ਵਿੱਚ ਲਵੇ ਅਤੇ ਡੇਰੇ ਦੇ ਫ਼ਰਸ਼ ਦੀ ਧੂੜ ਲੈ ਕੇ ਉਸ ਜਲ ਵਿੱਚ ਪਾਵੇ ।
18ਫੇਰ ਜਾਜਕ ਉਸ ਇਸਤਰੀ ਨੂੰ ਯਹੋਵਾਹ ਦੇ ਅੱਗੇ ਖੜ੍ਹੀ ਕਰੇ ਅਤੇ ਉਸ ਦੇ ਸਿਰ ਦੇ ਵਾਲ ਖੁੱਲ੍ਹੇ ਰਹਿਣ ਦੇਵੇ ਅਤੇ ਉਸ ਦੇ ਹੱਥਾਂ ਉੱਤੇ ਯਾਦਗਾਰੀ ਦੀ ਭੇਟ ਰੱਖੇ ਜਿਹੜੀ ਜਲਨ ਦੀ ਭੇਟ ਵੀ ਹੈ, ਅਤੇ ਜਾਜਕ ਦੇ ਹੱਥ ਵਿੱਚ ਕੁੱੜਤਣ ਦਾ ਜਲ ਹੋਵੇ ਜਿਹੜਾ ਸਰਾਪ ਲਿਆਉਂਦਾ ਹੈ ।19ਤਦ ਜਾਜਕ ਉਸ ਨੂੰ ਸਹੁੰ ਦੇਵੇ ਅਤੇ ਇਸਤਰੀ ਨੂੰ ਆਖੇ, ਜੇਕਰ ਕੋਈ ਮਨੁੱਖ ਤੇਰੇ ਸੰਗ ਨਹੀਂ ਲੇਟਿਆ ਅਤੇ ਜੇ ਤੂੰ ਆਪਣੇ ਪਤੀ ਦੀ ਹੋਣ ਵਿੱਚ ਕੁਰਾਹੀ ਹੋ ਕੇ ਭ੍ਰਿਸ਼ਟ ਨਹੀਂ ਹੋਈ ਤਾਂ ਤੂੰ ਇਸ ਜਲ ਤੋਂ ਜਿਹੜਾ ਸਰਾਪ ਲਿਆਉਂਦਾ ਹੈ, ਬਚ ਜਾਵੇ ।
20ਪਰੰਤੂ ਜੇ ਤੂੰ ਆਪਣੇ ਪਤੀ ਦੀ ਹੋਣ ਵਿੱਚ ਕੁਰਾਹੀ ਹੋਈ ਅਤੇ ਜੇਕਰ ਆਪਣੇ ਪਤੀ ਤੋਂ ਬਿਨ੍ਹਾਂ ਕਿਸੇ ਹੋਰ ਮਨੁੱਖ ਦੇ ਸੰਗ ਲੇਟ ਕੇ ਭ੍ਰਿਸ਼ਟ ਹੋ ਗਈ ਹੈਂ ।21ਤਦ ਜਾਜਕ ਉਸ ਤੀਵੀਂ ਨੂੰ ਸਰਾਪ ਦੀ ਸਹੁੰ ਦੇਵੇ ਅਤੇ ਜਾਜਕ ਉਸ ਤੀਵੀਂ ਨੂੰ ਆਖੇ ਕਿ ਯਹੋਵਾਹ ਤੈਨੂੰ ਸਰਾਪ ਅਤੇ ਸਹੁੰ ਲਈ ਤੇਰੇ ਲੋਕਾਂ ਵਿੱਚ ਠਹਿਰਾਵੇ ਅਤੇ ਯਹੋਵਾਹ ਤੇਰੇ ਪੱਟ ਨੂੰ ਸਾੜੇ ਅਤੇ ਤੇਰੇ ਢਿੱਡ ਨੂੰ ਸੁਜਾਵੇ ।22ਇਸ ਤਰ੍ਹਾਂ ਇਹ ਜਲ ਜਿਹੜਾ ਸਰਾਪ ਲਿਆਉਂਦਾ ਹੈ ਤੇਰੇ ਸਰੀਰ ਵਿੱਚ ਜਾ ਕੇ ਤੇਰੇ ਢਿੱਡ ਨੂੰ ਸੁਜਾਵੇ ਅਤੇ ਤੇਰੇ ਪੱਟ ਨੂੰ ਸਾੜੇ ਤਾਂ ਇਸਤਰੀ ਆਖੇ, "ਆਮੀਨ, ਆਮੀਨ ।''

23ਤਦ ਜਾਜਕ ਉਸ ਸਰਾਪ ਨੂੰ ਪੋਥੀ ਵਿੱਚ ਲਿਖ ਲਵੇ ਅਤੇ ਉਸ ਨੂੰ ਕੁੜੱਤਣ ਵਾਲੇ ਜਲ ਵਿੱਚ ਮਿਟਾਵੇ ।
24ਅਤੇ ਉਹ ਕੁੜੱਤਣ ਵਾਲਾ ਜਲ ਜਿਹੜਾ ਸਰਾਪ ਦਾ ਕਾਰਨ ਹੈ, ਉਸ ਇਸਤਰੀ ਨੂੰ ਪਿਆਵੇ ਅਤੇ ਜਲ ਜਿਹੜਾ ਸਰਾਪ ਦਾ ਕਾਰਨ ਹੈ ਉਸ ਇਸਤਰੀ ਦੇ ਅੰਦਰ ਜਾ ਕੇ ਕੌੜਾ ਹੋ ਜਾਵੇਗਾ ।25ਫੇਰ ਜਾਜਕ ਉਸ ਤੀਵੀਂ ਦੇ ਹੱਥੋਂ ਜਲਨ ਵਾਲੇ ਮੈਦੇ ਦੀ ਭੇਟ ਲੈ ਕੇ ਯਹੋਵਾਹ ਦੇ ਅੱਗੇ ਉਸ ਮੈਦੇ ਦੀ ਭੇਟ ਨੂੰ ਹਿਲਾਵੇ ਅਤੇ ਉਸ ਨੂੰ ਜਗਵੇਦੀ ਦੇ ਨੇੜੇ ਲਿਆਵੇ ।26ਜਾਜਕ ਉਸ ਮੈਦੇ ਦੀ ਭੇਟ ਵਿੱਚੋਂ ਯਾਦਗਾਰੀ ਲਈ ਇੱਕ ਮੁੱਠ ਭਰ ਕੇ ਜਗਵੇਦੀ ਉੱਤੇ ਸਾੜੇ ਅਤੇ ਉਸ ਦੇ ਪਿੱਛੋਂ ਉਹ ਜਲ ਉਸ ਤੀਵੀਂ ਨੂੰ ਪਿਲਾਵੇ ।
27ਜਦ ਉਹ ਜਲ ਤੀਵੀਂ ਨੂੰ ਪਿਲਾ ਦੇਵੇ ਤਾਂ ਐਉਂ ਹੋਵੇਗਾ ਕਿ ਜੇਕਰ ਤੀਵੀਂ ਭ੍ਰਿਸ਼ਟੀ ਗਈ ਹੈ ਅਤੇ ਉਸ ਨੇ ਆਪਣੇ ਪਤੀ ਦੇ ਵਿਰੁੱਧ ਦੋਸ਼ ਕੀਤਾ ਹੈ ਤਾਂ ਉਹ ਜਲ ਜਿਹੜਾ ਸਰਾਪ ਦਾ ਕਾਰਨ ਹੈ ਉਸ ਦੇ ਅੰਦਰ ਜਾ ਕੇ ਕੌੜਾ ਹੋ ਜਾਵੇਗਾ ਅਤੇ ਉਸ ਦਾ ਸਰੀਰ ਸੁੱਜ ਜਾਵੇਗਾ ਅਤੇ ਉਸ ਦੀ ਜਾਂਘ ਸੜ ਜਾਵੇਗੀ ਅਤੇ ਉਹ ਆਪਣੇ ਲੋਕਾਂ ਵਿੱਚ ਸਰਾਪਣ ਹੋਵੇਗੀ ।28ਪਰ ਜੇ ਤੀਵੀਂ ਭ੍ਰਿਸ਼ਟ ਨਹੀਂ ਹੋਈ ਹੋਵੇ ਸਗੋਂ ਸਾਫ਼ ਰਹੀ ਹੈ ਤਾਂ ਉਹ ਬਚੀ ਰਹੇਗੀ ਅਤੇ ਉਹ ਸੰਤਾਨ ਜਣੇਗੀ ।

29ਇਹ ਬਿਵਸਥਾ ਉਸ ਜਲਨ ਦੀ ਹੈ ਜਦ ਤੀਵੀਂ ਆਪਣੇ ਮਨੁੱਖ ਦੀ ਹੋਣ ਵਿੱਚ ਕੁਰਾਹੀ ਹੋ ਕੇ ਹੋਰ ਪਾਸੇ ਚਲੀ ਜਾਵੇ ।30ਜਦ ਕਿਸੇ ਮਨੁੱਖ ਦਾ ਜਲਨ ਦਾ ਸੁਭਾਵ ਹੋ ਜਾਵੇ ਅਤੇ ਉਸ ਨੂੰ ਆਪਣੀ ਤੀਵੀਂ ਦੀ ਜਲਨ ਹੋਵੇ ਤਾਂ ਉਹ ਉਸ ਤੀਵੀਂ ਨੂੰ ਯਹੋਵਾਹ ਅੱਗੇ ਖੜ੍ਹੀ ਕਰੇ ਅਤੇ ਜਾਜਕ ਉਸ ਉੱਤੇ ਇਹ ਸਾਰੀ ਬਿਵਸਥਾ ਵਰਤੇ ।
31ਇਸ ਤਰ੍ਹਾਂ ਉਹ ਮਨੁੱਖ ਬਦੀ ਤੋਂ ਬਚਿਆ ਰਹੇ ਪਰ ਉਹ ਤੀਵੀਂ ਆਪਣੀ ਬਦੀ ਨੂੰ ਆਪ ਚੁੱਕੇਗੀ ।

6
ਨਜ਼ੀਰਾਂ ਦੀ ਨੀਤੀ

1ਯਹੋਵਾਹ ਨੇ ਮੂਸਾ ਨੂੰ ਆਖਿਆ,2ਇਸਰਾਏਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਆਖ ਕਿ ਜਦ ਕੋਈ ਪੁਰਸ਼ ਜਾਂ ਇਸਤਰੀ ਨਜ਼ੀਰ ਦੀ ਖ਼ਾਸ ਸੁੱਖਣਾ ਸੁੱਖੇ ਅਰਥਾਤ ਯਹੋਵਾਹ ਲਈ ਆਪਣੇ ਆਪ ਨੂੰ ਅਰਪਣ ਕਰੇ ।3ਤਾਂ ਦਾਖ਼ਰਸ ਅਤੇ ਸ਼ਰਾਬ ਤੋਂ ਆਪਣੇ ਆਪ ਨੂੰ ਅੱਡ ਰੱਖੇ । ਉਹ, ਨਾ ਤਾਂ ਦਾਖਰਸ ਦਾ ਸਿਰਕਾ, ਨਾ ਸ਼ਰਾਬ ਦਾ ਸਿਰਕਾ ਪੀਵੇ ਅਤੇ ਉਹ ਕੋਈ ਦਾਖਰਸ ਨਾ ਪੀਵੇ ਨਾ ਕੋਈ ਦਾਖ ਸੁੱਕੀ ਜਾਂ ਤਾਜ਼ਾ ਖਾਵੇ ।4ਉਹ ਦੇ ਅਲੱਗ ਹੋਣ ਦੇ ਸਾਰੇ ਦਿਨ ਉਹ ਬੀਜ ਤੋਂ ਲੈ ਕੇ ਛਿਲਕੇ ਤੱਕ ਕੁਝ ਨਾ ਖਾਵੇ ਜਿਹੜਾ ਦਾਖ ਤੋਂ ਬਣਿਆ ਹੋਵੇ ।

5ਉਸ ਦੇ ਅੱਡ ਹੋਣ ਦੀ ਸੁੱਖਣਾ ਦੇ ਸਾਰੇ ਦਿਨ ਕੋਈ ਉਸਤਰਾ ਉਸ ਦੇ ਸਿਰ ਨੂੰ ਨਾ ਲੱਗੇ ਜਦ ਤੱਕ ਉਸ ਦੇ ਦਿਨ ਪੂਰੇ ਨਾ ਹੋਣ ਜਿਨ੍ਹਾਂ ਵਿੱਚ ਉਸ ਨੇ ਯਹੋਵਾਹ ਲਈ ਆਪਣੇ ਆਪ ਨੂੰ ਅੱਡ ਕੀਤਾ, ਉਹ ਪਵਿੱਤਰ ਰਹੇ ਅਤੇ ਆਪਣੇ ਸਿਰ ਦੇ ਵਾਲਾਂ ਦੀਆਂ ਲਟਾਂ ਵਧਣ ਦੇਵੇ ।
6ਯਹੋਵਾਹ ਲਈ ਅੱਡ ਹੋਣ ਦੇ ਸਾਰੇ ਦਿਨ ਤੱਕ ਉਹ ਕਿਸੇ ਵੀ ਲਾਸ਼ ਕੋਲ ਨਾ ਜਾਵੇ ।7ਉਹ ਆਪਣੇ ਪਿਤਾ, ਮਾਤਾ, ਭਰਾ ਜਾਂ ਭੈਣ ਲਈ, ਜਦ ਉਹ ਮਰ ਜਾਣ ਅਸ਼ੁੱਧ ਨਾ ਹੋ ਜਾਵੇ ਕਿਉਂ ਜੋ ਉਸ ਦੇ ਪਰਮੇਸ਼ੁਰ ਲਈ ਅੱਡ ਹੋਣ ਦੀ ਜ਼ਿੰਮੇਵਾਰੀ ਉਸ ਦੇ ਸਿਰ ਉੱਤੇ ਹੈ ।8ਉਸ ਦੇ ਅੱਡ ਹੋਣ ਦੇ ਸਾਰੇ ਦਿਨ ਯਹੋਵਾਹ ਲਈ ਪਵਿੱਤਰ ਹਨ ।

9ਜੇ ਕੋਈ ਉਸ ਦੇ ਕੋਲ ਅਚਾਨਕ ਮਰ ਜਾਵੇ ਅਤੇ ਉਸ ਦੇ ਅੱਡ ਹੋਣ ਦਾ ਸਮਾਂ ਅਸ਼ੁੱਧ ਹੋ ਜਾਵੇ ਤਾਂ ਉਹ ਆਪਣੇ ਸ਼ੁੱਧ ਹੋਣ ਦੇ ਦਿਨ ਆਪਣਾ ਸਿਰ ਮੁਨਾਵੇ, ਸੱਤਵੇਂ ਦਿਨ ਉਹ ਨੂੰ ਮੁਨਾਵੇ ।
10ਫੇਰ ਅੱਠਵੇਂ ਦਿਨ ਉਹ ਜਾਜਕ ਕੋਲ ਮੰਡਲੀ ਦੇ ਤੰਬੂ ਦੇ ਦਰਵਜੇ ਉੱਤੇ ਦੋ ਘੁੱਗੀਆਂ ਜਾਂ ਦੋ ਕਬੂਤਰ ਦੇ ਬੱਚੇ ਲਿਆਵੇ ।11ਤਾਂ ਜਾਜਕ ਇੱਕ ਨੂੰ ਪਾਪ ਦੀ ਬਲੀ ਅਤੇ ਦੂਜੇ ਨੂੰ ਹੋਮ ਦੀ ਬਲੀ ਲਈ ਚੜ੍ਹਾਵੇ ਅਤੇ ਇਸ ਤਰ੍ਹਾਂ ਉਹ ਦੇ ਲਈ ਪ੍ਰਾਸਚਿਤ ਕਰੇ ਕਿਉਂ ਜੋ ਉਸ ਨੇ ਉਸ ਲਾਸ਼ ਦੇ ਕਾਰਨ ਪਾਪ ਕੀਤਾ ਤਾਂ ਉਹ ਆਪਣੇ ਸਿਰ ਨੂੰ ਉਸੇ ਦਿਨ ਪਵਿੱਤਰ ਕਰੇ ।
12ਉਹ ਆਪਣੇ ਅੱਡ ਹੋਣ ਦੇ ਦਿਨ ਯਹੋਵਾਹ ਲਈ ਅੱਡ ਰੱਖੇ ਅਤੇ ਉਹ ਇੱਕ ਸਾਲ ਦਾ ਭੇਡ ਦਾ ਬੱਚਾ ਦੋਸ਼ ਦੀ ਭੇਟ ਲਈ ਲਿਆਵੇ ਪਰ ਉਸ ਦੇ ਪਿਛਲੇ ਦਿਨ ਵਿਅਰਥ ਹੋ ਗਏ ਕਿਉਂ ਜੋ ਉਹ ਆਪਣੇ ਅੱਡ ਰਹਿਣ ਦੇ ਸਮੇਂ ਦੌਰਾਨ ਭ੍ਰਿਸ਼ਟ ਹੋ ਗਿਆ ।

13ਇਹ ਨਜ਼ੀਰ ਲਈ ਬਿਵਸਥਾ ਹੈ, ਜਿਸ ਦਿਨ ਉਸ ਦੇ ਅੱਡ ਹੋਣ ਦੇ ਦਿਨ ਪੂਰੇ ਹੋਣ ਤਾਂ ਉਹ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਲਿਆਂਦਾ ਜਾਵੇ ।14ਉਹ ਯਹੋਵਾਹ ਕੋਲ ਆਪਣੀ ਬਲੀ ਲਿਆਵੇ, ਇੱਕ ਸਾਲ ਦਾ ਦੋਸ਼ ਤੋਂ ਰਹਿਤ ਭੇਡ ਦਾ ਬੱਚਾ ਹੋਮ ਦੀ ਬਲੀ ਲਈ ਅਤੇ ਇੱਕ ਸਾਲ ਦੀ ਦੋਸ਼ ਤੋਂ ਰਹਿਤ ਲੇਲੀ ਪਾਪ ਦੀ ਬਲੀ ਲਈ ਅਤੇ ਇੱਕ ਦੋਸ਼ ਤੋਂ ਰਹਿਤ ਭੇਡ ਦਾ ਬੱਚਾ ਸੁਖ-ਸਾਂਦ ਦੀ ਬਲੀ ਲਈ ਲਿਆਵੇ ।15ਨਾਲੇ ਪਤੀਰੀਆਂ ਰੋਟੀਆਂ ਦੀ ਟੋਕਰੀ ਅਤੇ ਮੈਦੇ ਦੇ ਫੁਲਕੇ ਤੇਲ ਨਾਲ ਚੋਪੜੇ ਹੋਏ ਅਤੇ ਪਤੀਰੀਆਂ ਮੱਠੀਆਂ ਤੇਲ ਨਾਲ ਚੋਪੜੀਆਂ ਹੋਈਆਂ ਉਨ੍ਹਾਂ ਦੇ ਮੈਦੇ ਦੀ ਭੇਟ ਅਤੇ ਪੀਣ ਦੀਆਂ ਭੇਟਾਂ ਨਾਲ ਹੋਣ ।
16ਫੇਰ ਜਾਜਕ ਉਨ੍ਹਾਂ ਨੂੰ ਯਹੋਵਾਹ ਦੇ ਅੱਗੇ ਲਿਆਵੇ ਅਤੇ ਉਹ ਦੇ ਪਾਪ ਦੀਆਂ ਅਤੇ ਉਹ ਦੇ ਹੋਮ ਦੀਆਂ ਬਲੀਆਂ ਚੜ੍ਹਾਵੇ ।17ਅਤੇ ਉਸ ਭੇਡ ਦੇ ਬੱਚੇ ਨੂੰ ਪਤੀਰੀਆਂ ਰੋਟੀਆਂ ਦੇ ਛਾਬੇ ਸਮੇਤ ਸੁਖ ਸਾਂਦ ਦੀ ਬਲੀ ਲਈ ਯਹੋਵਾਹ ਨੂੰ ਚੜ੍ਹਾਵੇ ਅਤੇ ਜਾਜਕ ਉਸ ਦੇ ਮੈਦੇ ਦੀ ਭੇਟ ਅਤੇ ਪੀਣ ਦੀ ਭੇਟ ਚੜ੍ਹਾਵੇ ।
18ਤਾਂ ਨਜ਼ੀਰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਆਪਣੇ ਅੱਡ ਹੋਣ ਦਾ ਸਿਰ ਮੁਨਾਵੇ ਅਤੇ ਆਪਣੇ ਅੱਡ ਹੋਣ ਦੇ ਸਿਰ ਦੇ ਵਾਲ ਅੱਗ ਉੱਤੇ ਸੁੱਟੇ ਜਿਹੜੀ ਸੁਖ-ਸਾਂਦ ਦੀ ਬਲੀ ਹੇਠ ਹੈ ।
19ਫੇਰ ਜਾਜਕ ਉਸ ਭੇਡ ਦੇ ਬੱਚੇ ਦਾ ਉਬਾਲਿਆ ਹੋਇਆ ਮੋਢਾ ਅਤੇ ਛਾਬੇ ਵਿੱਚੋਂ ਇੱਕ ਪਤੀਰੀ ਰੋਟੀ ਅਤੇ ਇੱਕ ਪਤੀਰੀ ਮੱਠੀ ਲੈ ਕੇ ਨਜ਼ੀਰ ਦੇ ਹੱਥਾਂ ਉੱਤੇ ਉਸ ਦੇ ਅੱਡ ਹੋਣ ਦੇ ਸਿਰ ਮੁੰਨਣ ਪਿੱਛੋਂ ਰੱਖੇ ।20ਫੇਰ ਜਾਜਕ ਉਨ੍ਹਾਂ ਨੂੰ ਹਿਲਾਉਣ ਦੀ ਭੇਟ ਲਈ ਯਹੋਵਾਹ ਅੱਗੇ ਹਿਲਾਵੇ । ਇਹ ਹਿਲਾਈ ਹੋਈ ਛਾਤੀ ਅਤੇ ਚੁੱਕਿਆ ਹੋਇਆ ਪੱਟ ਜਾਜਕ ਲਈ ਪਵਿੱਤਰ ਹੈ ਤਾਂ ਫੇਰ ਉਹ ਨਜ਼ੀਰ ਮਧ ਪੀ ਸਕੇਗਾ ।

21ਇਹ ਉਸ ਨਜ਼ੀਰ ਦੀ ਬਿਵਸਥਾ ਹੈ ਜਿਹੜਾ ਸੁੱਖਣਾ ਸੁੱਖੇ ਅਤੇ ਉਸ ਦੇ ਅੱਡ ਹੋਣ ਦੇ ਕਾਰਨ ਯਹੋਵਾਹ ਲਈ ਭੇਟ ਹੈ ਨਾਲੇ ਜੋ ਕੁਝ ਉਸ ਦੇ ਹੱਥ ਲੱਗੇ ਆਪਣੀ ਸੁੱਖਣਾ ਅਨੁਸਾਰ ਜਿਹੜੀ ਉਸ ਨੇ ਸੁੱਖੀ ਹੈ ਉਹ ਉਸੇ ਤਰ੍ਹਾਂ ਹੀ ਆਪਣੇ ਅੱਡ ਹੋਣ ਦੀ ਬਿਵਸਥਾ ਅਨੁਸਾਰ ਕਰੇ ।
ਜਾਜਕਾਂ ਦੇ ਅਸੀਸ ਦੇਣ ਦੀ ਵਿਧੀ

22ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,23ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਬੋਲ ਕਿ ਤੁਸੀਂ ਇਸ ਤਰ੍ਹਾਂ ਇਸਰਾਏਲੀਆਂ ਨੂੰ ਅਸੀਸ ਦੇ ਕੇ ਆਖਿਓ,
24" ਯਹੋਵਾਹ ਤੈਨੂੰ ਬਰਕਤ ਦੇਵੇ ਅਤੇ ਤੇਰੀ ਰਾਖੀ ਕਰੇ,
25ਯਹੋਵਾਹ ਆਪਣੇ ਮੁਖ ਨੂੰ ਤੇਰੇ ਉੱਤੇ ਚਮਕਾਵੇ ਅਤੇ ਤੇਰੇ ਉੱਤੇ ਦਯਾ ਕਰੇ,
26ਯਹੋਵਾਹ ਆਪਣਾ ਮੁਖ ਤੇਰੇ ਵੱਲ ਫੇਰੇ ਅਤੇ ਤੈਨੂੰ ਸ਼ਾਂਤੀ ਦੇਵੇ । "

27ਇਸ ਤਰ੍ਹਾਂ ਉਹ ਮੇਰਾ ਨਾਮ ਇਸਰਾਏਲੀਆਂ ਉੱਤੇ ਰੱਖਣ ਅਤੇ ਮੈਂ ਉਨ੍ਹਾਂ ਨੂੰ ਬਰਕਤ ਦਿਆਂਗਾ ।

7
ਵੇਦੀ ਦਾ ਅਭਿਸ਼ੇਕ ਅਤੇ ਪ੍ਰਧਾਨਾਂ ਦੀ ਭੇਂਟ

1ਜਿਸ ਦਿਨ ਮੂਸਾ ਡੇਰੇ ਨੂੰ ਖੜ੍ਹਾ ਕਰਨ, ਉਸ ਨੂੰ ਤੇਲ ਮਲਣ, ਉਸ ਨੂੰ ਉਸ ਦੇ ਸਾਰੇ ਸਾਮਾਨ ਸਮੇਤ ਪਵਿੱਤਰ ਕਰਨ ਦਾ ਅਤੇ ਜਗਵੇਦੀ ਨੂੰ ਸਾਰਿਆਂ ਭਾਂਡਿਆਂ ਸਮੇਤ ਤੇਲ ਮਲਣ ਅਤੇ ਪਵਿੱਤਰ ਕਰਨ ਦਾ ਕੰਮ ਪੂਰਾ ਕਰ ਚੁੱਕਿਆ ।2ਤਦ ਇਸਰਾਏਲੀਆਂ ਦੇ ਪ੍ਰਧਾਨ ਜਿਹੜੇ ਪੁਰਖਿਆਂ ਦੇ ਘਰਾਣਿਆਂ ਦੇ ਮੁਖੀਏ ਸਨ ਅਤੇ ਗੋਤਾਂ ਦੇ ਪ੍ਰਧਾਨ ਅਤੇ ਗਿਣਿਆਂ ਹੋਇਆਂ ਦੇ ਉੱਤੇ ਸਨ3ਉਹ ਆਪਣੇ ਨਜ਼ਰਾਨੇ ਯਹੋਵਾਹ ਅੱਗੇ ਲਿਆਏ, ਉਹਨਾਂ ਦੇ ਨਾਲ ਛੇ ਛੱਤੇ ਹੋਏ ਗੱਡੇ ਅਤੇ ਬਾਰਾਂ ਬਲ਼ਦ ਅਰਥਾਤ ਇੱਕ ਗੱਡਾ ਦੋ ਹਾਕਮਾਂ ਵੱਲੋਂ ਅਤੇ ਇੱਕ-ਇੱਕ ਬਲ਼ਦ ਅਤੇ ਉਹ ਉਨ੍ਹਾਂ ਨੂੰ ਡੇਰੇ ਦੇ ਸਾਹਮਣੇ ਲਿਆਏ ।

4ਤਦ ਯਹੋਵਾਹ ਨੇ ਮੂਸਾ ਨੂੰ ਆਖਿਆ,5ਉਨ੍ਹਾਂ ਤੋਂ ਉਹ ਵਸਤੂਆਂ ਲੈ ਲਵੋ ਤਾਂ ਜੋ ਉਹ ਮੰਡਲੀ ਦੇ ਤੰਬੂ ਦੀ ਟਹਿਲ ਸੇਵਾ ਕਰਨ ਲਈ ਹੋਣ ਅਤੇ ਤੂੰ ਉਹ ਲੇਵੀਆਂ ਨੂੰ ਹਰ ਇੱਕ ਦੀ ਟਹਿਲ ਸੇਵਾ ਅਨੁਸਾਰ ਵੰਡ ਦੇ ।
6ਤਦ ਮੂਸਾ ਨੇ ਗੱਡੇ ਅਤੇ ਬਲ਼ਦ ਲੈ ਕੇ ਲੇਵੀਆਂ ਨੂੰ ਦੇ ਦਿੱਤੇ ।7ਗੇਰਸ਼ੋਨੀਆਂ ਨੂੰ ਦੋ ਗੱਡੇ ਅਤੇ ਚਾਰ ਬਲ਼ਦ ਉਨ੍ਹਾਂ ਦੀ ਟਹਿਲ ਸੇਵਾ ਅਨੁਸਾਰ ਦਿੱਤੇ ।8ਮਰਾਰੀਆਂ ਨੂੰ ਉਨ੍ਹਾਂ ਦੀ ਟਹਿਲ ਸੇਵਾ ਅਨੁਸਾਰ ਚਾਰ ਗੱਡੇ ਅਤੇ ਅੱਠ ਬਲ਼ਦ ਦਿੱਤੇ ਜਿਹੜੇ ਹਾਰੂਨ ਜਾਜਕ ਦੇ ਪੁੱਤਰ ਇਥਾਮਾਰ ਦੇ ਹੱਥ ਵਿੱਚ ਦਿੱਤੇ ਸੀ ।
9ਪਰ ਕਹਾਥੀਆਂ ਨੂੰ ਕੁਝ ਨਾ ਦਿੱਤਾ ਤਾਂ ਜੋ ਪਵਿੱਤਰ ਸਥਾਨ ਦੇ ਭਾਰ ਦਾ ਕੰਮ ਜਿਹੜਾ ਉਨ੍ਹਾਂ ਦੀ ਟਹਿਲ ਸੇਵਾ ਦਾ ਸੀ ਉਹ ਆਪਣੇ ਮੋਢਿਆਂ ਉੱਤੇ ਚੁੱਕਿਆ ਕਰਨ ।

10ਫਿਰ ਜਦੋਂ ਜਗਵੇਦੀ ਦਾ ਸਮਰਪਣ ਹੋਇਆ, ਪ੍ਰਧਾਨ ਆਪਣੇ ਚੜ੍ਹਾਵੇ ਜਗਵੇਦੀ ਦੇ ਸਾਹਮਣੇ ਲਿਆਏ ।11ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, ਕਿ ਇੱਕਲਾ ਇੱਕਲਾ ਪ੍ਰਧਾਨ ਆਪਣੀ ਵਾਰੀ ਦੇ ਦਿਨ ਜਗਵੇਦੀ ਦੇ ਅਭਿਸ਼ੇਕ ਲਈ ਆਪਣੇ ਚੜਾਵੇ ਲਿਆਵੇ ।

12ਪਹਿਲੇ ਦਿਨ ਅੰਮੀਨਾਦਾਬ ਦਾ ਪੁੱਤਰ ਨਹਸ਼ੋਨ ਜੋ ਯਹੂਦਾਹ ਦੇ ਗੋਤ ਦਾ ਸੀ ਆਪਣਾ ਚੜ੍ਹਾਵਾ ਲਿਆਇਆ ।13ਉਸ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ, ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਦਾਂ ਛਟਾਂਕ ਦਾ ਪਵਿੱਤਰ ਸਥਾਨ ਦੇ ਸ਼ੇਕਲ ਅਨੁਸਾਰ ਇਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ14ਦਸ ਤੋਲੇ ਸੋਨੇ ਦੀ ਇੱਕ ਕੌਲੀ ਧੂਪ ਨਾਲ ਭਰੀ ਹੋਈ ।
15ਇੱਕ ਵਹਿੜਾ, ਇੱਕ ਭੇਡੂ, ਇੱਕ ਸਾਲ ਦਾ ਇੱਕ ਭੇਡ ਦਾ ਬੱਚਾ ਹੋਮ ਦੀ ਬਲੀ ਲਈ,16ਇੱਕ ਬੱਕਰੇ ਦਾ ਬੱਚਾ ਪਾਪ ਦੀ ਬਲੀ ਲਈ ।17ਅਤੇ ਸੁੱਖ-ਸਾਂਦ ਦੀ ਬਲੀ ਲਈ ਦੋ ਬਲ਼ਦ, ਪੰਜ ਭੇਡੂ, ਪੰਜ ਬੱਕਰੇ ਅਤੇ ਪੰਜ ਇੱਕ ਸਾਲ ਦੇ ਭੇਡ ਦੇ ਬੱਚੇ । ਇਹ ਅੰਮੀਨਾਦਾਬ ਦੇ ਪੁੱਤਰ ਨਹਸ਼ੋਨ ਦਾ ਚੜ੍ਹਾਵਾ ਸੀ ।

18ਦੂਜੇ ਦਿਨ ਸੂਆਰ ਦਾ ਪੁੱਤਰ ਨਥਨਿਏਲ ਯਿੱਸਾਕਾਰ ਦਾ ਪ੍ਰਧਾਨ ਆਪਣਾ ਚੜ੍ਹਾਵਾ ਲਿਆਇਆ ।19ਉਹ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਦ੍ਹਾਂ ਛਟਾਂਕ ਦਾ ਪਵਿੱਤਰ ਸਥਾਨ ਦੇ ਸ਼ੇਕਲ ਅਨੁਸਾਰ । ਇਹ ਦੋਵੇ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ ।
20ਦਸ ਤੋਲੇ ਸੋਨੇ ਦੀ ਇੱਕ ਕੌਲੀ ਧੂਪ ਨਾਲ ਭਰੀ ਹੋਈ ।21ਇੱਕ ਵਹਿੜਾ, ਇੱਕ ਭੇਡੂ, ਇੱਕ ਸਾਲ ਦਾ ਇੱਕ ਭੇਡ ਦਾ ਬੱਚਾ ਹੋਮ ਦੀ ਬਲੀ ਲਈ ।22ਇੱਕ ਬਕਰੀ ਦਾ ਬੱਚਾ ਪਾਪ ਦੀ ਬਲੀ ਲਈ ।23ਅਤੇ ਸੁਖ- ਸਾਂਦ ਦੀ ਬਲੀ ਲਈ ਦੋ ਬਲ਼ਦ, ਪੰਜ ਭੇਡੂ, ਪੰਜ ਬੱਕਰੇ, ਪੰਜ ਇੱਕ ਸਾਲ ਦੇ ਭੇਡ ਦੇ ਬੱਚੇ । ਇਹ ਸੁਆਰ ਦੇ ਪੁੱਤਰ ਨਥਨਿਏਲ ਦਾ ਚੜ੍ਹਾਵਾ ਸੀ ।

24ਤੀਜੇ ਦਿਨ ਜ਼ਬੂਲੁਨੀਆਂ ਦਾ ਪ੍ਰਧਾਨ ਹੇਲੋਨ ਦਾ ਪੁੱਤਰ ਅਲੀਆਬ ਆਪਣਾ ਚੜ੍ਹਾਵਾ ਲਿਆਇਆ ।25ਉਹ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਦਾਂ ਛਟਾਂਕ ਦਾ ਪਵਿੱਤਰ ਸਥਾਨ ਦੇ ਸ਼ੇਕਲ ਅਨੁਸਾਰ । ਇਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ ।26ਦਸ ਤੋਲੇ ਸੋਨੇ ਦੀ ਇੱਕ ਕੌਲੀ ਧੂਪ ਨਾਲ ਭਰੀ ਹੋਈ ।
27ਇੱਕ ਵਹਿੜਾ, ਇੱਕ ਭੇਡੂ, ਇੱਕ ਸਾਲ ਦਾ ਇੱਕ ਭੇਡ ਦਾ ਬੱਚਾ ਹੋਮ ਦੀ ਬਲੀ ਲਈ ।28ਇੱਕ ਬੱਕਰੀ ਦਾ ਬੱਚਾ ਪਾਪ ਦੀ ਬਲੀ ਲਈ ।29ਅਤੇ ਸੁਖ ਸਾਂਦ ਦੀ ਬਲੀ ਲਈ ਦੋ ਬਲ਼ਦ, ਪੰਜ ਭੇਡੂ, ਪੰਜ ਬੱਕਰੇ, ਪੰਜ ਇੱਕ ਸਾਲ ਦੇ ਭੇਡ ਦੇ ਬੱਚੇ । ਇਹ ਹੇਲੋਨ ਦੇ ਪੁੱਤਰ ਅਲੀਆਬ ਦਾ ਚੜ੍ਹਾਵਾ ਸੀ ।

30ਚੌਥੇ ਦਿਨ ਰਊਬੇਨੀਆਂ ਦਾ ਪ੍ਰਧਾਨ ਸ਼ਦੇਊਰ ਦਾ ਪੁੱਤਰ ਅਲੀਸੂਰ ਆਪਣਾ ਚੜ੍ਹਾਵਾ ਲਿਆਇਆ ।31ਉਹ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਦਾਂ ਛਟਾਂਕ ਦਾ ਪਵਿੱਤਰ ਸਥਾਨ ਦੇ ਸ਼ੇਕਲ ਅਨੁਸਾਰ । ਇਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ ।32ਦਸ ਤੋਲੇ ਸੋਨੇ ਦੀ ਇੱਕ ਕੌਲੀ ਧੂਪ ਨਾਲ ਭਰੀ ਹੋਈ ।
33ਇੱਕ ਵਹਿੜਾ, ਇੱਕ ਭੇਡੂ, ਇੱਕ ਸਾਲ ਦਾ ਇੱਕ ਭੇਡ ਦਾ ਬੱਚਾ ਹੋਮ ਦੀ ਬਲੀ ਲਈ ।34ਇੱਕ ਬੱਕਰੀ ਦਾ ਬੱਚਾ ਪਾਪ ਦੀ ਬਲੀ ਲਈ ।35ਅਤੇ ਸੁਖ ਸਾਂਦ ਦੀ ਬਲੀ ਲਈ ਦੋ ਬਲ਼ਦ, ਪੰਜ ਭੇਡੂ, ਪੰਜ ਬੱਕਰੇ, ਪੰਜ ਇੱਕ ਸਾਲ ਦੇ ਭੇਡ ਦੇ ਬੱਚੇ । ਇਹ ਸ਼ਦੇਊਰ ਦੇ ਪੁੱਤਰ ਅਲੀਸੂਰ ਦਾ ਚੜ੍ਹਾਵਾ ਸੀ ।

36ਪੰਜਵੇਂ ਦਿਨ ਸ਼ਿਮਓਨੀਆਂ ਦਾ ਪ੍ਰਧਾਨ ਸੂਰੀਸ਼ਦਾਈ ਦਾ ਪੁੱਤਰ ਸ਼ਲੁਮੀਏਲ ਆਪਣਾ ਚੜ੍ਹਾਵਾ ਲਿਆਇਆ ।37ਉਹ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਦਾਂ ਛਟਾਂਕ ਦਾ ਪਵਿੱਤਰ ਸਥਾਨ ਦੇ ਸ਼ੇਕਲ ਅਨੁਸਾਰ । ਇਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ ।38ਇੱਕ ਕੌਲੀ ਸੋਨੇ ਦੀ ਦਸ ਤੋਲੇ ਦੀ ਧੂਪ ਨਾਲ ਭਰੀ ਹੋਈ ।
39ਇੱਕ ਵਹਿੜਾ, ਇੱਕ ਭੇਡੂ, ਇੱਕ ਸਾਲ ਦਾ ਇੱਕ ਭੇਡ ਦਾ ਬੱਚਾ ਹੋਮ ਦੀ ਬਲੀ ਲਈ ।40ਇੱਕ ਬੱਕਰੀ ਦਾ ਬੱਚਾ ਪਾਪ ਦੀ ਬਲੀ ਲਈ ।41ਅਤੇ ਸੁਖ ਸਾਂਦ ਦੀ ਬਲੀ ਲਈ ਦੋ ਬਲ਼ਦ, ਪੰਜ ਭੇਡੂ, ਪੰਜ ਬੱਕਰੇ, ਪੰਜ ਇੱਕ ਸਾਲ ਦੇ ਭੇਡ ਦੇ ਬੱਚੇ । ਇਹ ਸੂਰੀਸ਼ਦਾਈ ਦੇ ਪੁੱਤਰ ਸ਼ਲੁਮੀਏਲ ਦਾ ਚੜ੍ਹਾਵਾ ਸੀ ।

42ਛੇਵੇਂ ਦਿਨ ਗਾਦੀਆਂ ਦਾ ਪ੍ਰਧਾਨ ਦਊਏਲ ਦਾ ਪੁੱਤਰ, ਅਲਯਾਸਾਫ਼ ਆਪਣਾ ਚੜ੍ਹਾਵਾ ਲਿਆਇਆ ।43ਉਹ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਦਾਂ ਛਟਾਂਕ ਦਾ ਪਵਿੱਤਰ ਸਥਾਨ ਦੇ ਸ਼ੇਕਲ ਅਨੁਸਾਰ । ਇਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ ।44ਇੱਕ ਕੌਲੀ ਸੋਨੇ ਦੀ ਦਸ ਤੋਲੇ ਦੀ ਧੂਪ ਨਾਲ ਭਰੀ ਹੋਈ ।
45ਇੱਕ ਵਹਿੜਾ, ਇੱਕ ਭੇਡੂ, ਇੱਕ ਸਾਲ ਦਾ ਇੱਕ ਭੇਡ ਦਾ ਬੱਚਾ ਹੋਮ ਦੀ ਬਲੀ ਲਈ ।46ਇੱਕ ਲੇਲਾ ਪਾਪ ਦੀ ਬਲੀ ਲਈ ।47ਅਤੇ ਸੁਖ ਸਾਂਦ ਦੀ ਬਲੀ ਲਈ ਦੋ ਬਲ਼ਦ, ਪੰਜ ਭੇਡੂ, ਪੰਜ ਬੱਕਰੇ, ਪੰਜ ਇੱਕ ਸਾਲ ਦੇ ਭੇਡ ਦੇ ਬੱਚੇ । ਇਹ ਦਊਏਲ ਦੇ ਪੁੱਤਰ ਅਲਯਾਸਾਫ਼ ਦਾ ਚੜ੍ਹਾਵਾ ਸੀ ।
48ਸੱਤਵੇਂ ਦਿਨ ਅਫ਼ਰਈਮ ਦਾ ਪ੍ਰਧਾਨ ਅੰਮੀਹੂਦ ਦਾ ਪੁੱਤਰ ਅਲੀਸ਼ਾਮਾ ਆਪਣਾ ਚੜ੍ਹਾਵਾ ਲਿਆਇਆ ।49ਉਹ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਦਾਂ ਛਟਾਂਕ ਦਾ ਪਵਿੱਤਰ ਸਥਾਨ ਦੇ ਸ਼ੇਕਲ ਅਨੁਸਾਰ । ਇਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ ।50ਇੱਕ ਕੌਲੀ ਸੋਨੇ ਦੀ ਦਸ ਤੋਲੇ ਦੀ ਧੂਪ ਨਾਲ ਭਰੀ ਹੋਈ ।
51ਇੱਕ ਵਹਿੜਾ, ਇੱਕ ਭੇਡੂ, ਇੱਕ ਸਾਲ ਦਾ ਇੱਕ ਭੇਡ ਦਾ ਬੱਚਾ ਹੋਮ ਦੀ ਬਲੀ ਲਈ ।52ਇੱਕ ਪੱਠਾ ਪਾਪ ਦੀ ਬਲੀ ਲਈ ।53ਅਤੇ ਸੁਖ ਸਾਂਦ ਦੀ ਬਲੀ ਲਈ ਦੋ ਬਲ਼ਦ, ਪੰਜ ਭੇਡੂ, ਪੰਜ ਬੱਕਰੇ, ਪੰਜ ਇੱਕ ਸਾਲ ਦੇ ਭੇਡ ਦੇ ਬੱਚੇ । ਇਹ ਅੰਮੀਹੂਦ ਦੇ ਪੁੱਤਰ ਅਲੀਸ਼ਾਮਾ ਦਾ ਚੜ੍ਹਾਵਾ ਸੀ ।

54ਅੱਠਵੇਂ ਦਿਨ ਮਨੱਸ਼ੀਆਂ ਦਾ ਪ੍ਰਧਾਨ ਪਦਾਹਸੂਰ ਦਾ ਪੁੱਤਰ ਗਮਲੀਏਲ ਆਪਣਾ ਚੜ੍ਹਾਵਾ ਲਿਆਇਆ ।55ਉਹ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਦਾਂ ਛਟਾਂਕ ਦਾ ਪਵਿੱਤਰ ਸਥਾਨ ਦੇ ਸ਼ੇਕਲ ਅਨੁਸਾਰ । ਇਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ ।56ਇੱਕ ਕੌਲੀ ਸੋਨੇ ਦੀ ਦਸ ਤੋਲੇ ਦੀ ਧੂਪ ਨਾਲ ਭਰੀ ਹੋਈ ।
57ਇੱਕ ਵਹਿੜਾ, ਇੱਕ ਭੇਡੂ, ਇੱਕ ਸਾਲ ਦਾ ਇੱਕ ਭੇਡ ਦਾ ਬੱਚਾ ਹੋਮ ਦੀ ਬਲੀ ਲਈ ।58ਇੱਕ ਪੱਠਾ ਪਾਪ ਦੀ ਬਲੀ ਲਈ ।59ਅਤੇ ਸੁਖ ਸਾਂਦ ਦੀ ਬਲੀ ਲਈ ਦੋ ਬਲ਼ਦ, ਪੰਜ ਭੇਡੂ, ਪੰਜ ਬੱਕਰੇ, ਪੰਜ ਇੱਕ ਸਾਲ ਦੇ ਭੇਡ ਦੇ ਬੱਚੇ । ਇਹ ਪਦਾਹਸੂਰ ਦੇ ਪੁੱਤਰ ਗਮਲੀਏਲ ਦਾ ਚੜ੍ਹਾਵਾ ਸੀ ।

60ਨੌਵੇਂ ਦਿਨ ਬਿਨਯਾਮੀਨੀਆਂ ਦਾ ਪ੍ਰਧਾਨ ਗਿਦਓਨੀ ਦਾ ਪੁੱਤਰ ਅਬੀਦਾਨ ਆਪਣਾ ਚੜ੍ਹਾਵਾ ਲਿਆਇਆ ।61ਉਹ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਦਾਂ ਛਟਾਂਕ ਦਾ ਪਵਿੱਤਰ ਸਥਾਨ ਦੇ ਸ਼ੇਕਲ ਅਨੁਸਾਰ । ਇਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ ।62ਇੱਕ ਕੌਲੀ ਸੋਨੇ ਦੀ ਦਸ ਤੋਲੇ ਦੀ ਧੂਪ ਨਾਲ ਭਰੀ ਹੋਈ ।
63ਇੱਕ ਵਹਿੜਾ, ਇੱਕ ਭੇਡੂ, ਇੱਕ ਸਾਲ ਦਾ ਇੱਕ ਭੇਡ ਦਾ ਬੱਚਾ ਹੋਮ ਦੀ ਬਲੀ ਲਈ ।64ਇੱਕ ਪੱਠਾ ਪਾਪ ਦੀ ਬਲੀ ਲਈ ।65ਅਤੇ ਸੁਖ ਸਾਂਦ ਦੀ ਬਲੀ ਲਈ ਦੋ ਬਲ਼ਦ, ਪੰਜ ਭੇਡੂ, ਪੰਜ ਬੱਕਰੇ, ਪੰਜ ਇੱਕ ਸਾਲ ਦਾ ਭੇਡ ਦੇ ਬੱਚੇ । ਇਹ ਗਿਦਓਨੀ ਦੇ ਪੁੱਤਰ ਅਬੀਦਾਨ ਦਾ ਚੜ੍ਹਾਵਾ ਸੀ ।

66ਦਸਵੇਂ ਦਿਨ ਦਾਨੀਆਂ ਦਾ ਪ੍ਰਧਾਨ ਅੰਮੀਸ਼ੱਦਾਈ ਦਾ ਪੁੱਤਰ ਅਹੀਅਜ਼ਰ ਆਪਣਾ ਚੜ੍ਹਾਵਾ ਲਿਆਇਆ ।67ਉਹ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਦਾਂ ਛਟਾਂਕ ਦਾ ਪਵਿੱਤਰ ਸਥਾਨ ਦੇ ਸ਼ੇਕਲ ਅਨੁਸਾਰ । ਇਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ ।68ਇੱਕ ਕੌਲੀ ਸੋਨੇ ਦੀ ਦਸ ਤੋਲੇ ਦੀ ਧੂਪ ਨਾਲ ਭਰੀ ਹੋਈ ।
69ਇੱਕ ਵਹਿੜਾ, ਇੱਕ ਭੇਡੂ, ਇੱਕ ਸਾਲ ਦਾ ਭੇਡ ਦਾ ਬੱਚਾ ਹੋਮ ਦੀ ਬਲੀ ਲਈ ।70ਇੱਕ ਪੱਠਾ ਪਾਪ ਦੀ ਬਲੀ ਲਈ ।71ਅਤੇ ਸੁਖ ਸਾਂਦ ਦੀ ਬਲੀ ਲਈ ਦੋ ਬਲ਼ਦ, ਪੰਜ ਭੇਡੂ, ਪੰਜ ਬੱਕਰੇ, ਪੰਜ ਇੱਕ ਸਾਲ ਦੇ ਭੇਡ ਦੇ ਬੱਚੇ । ਇਹ ਅੰਮੀਸ਼ੱਦਾਈ ਦੇ ਪੁੱਤਰ ਅਹੀਅਜ਼ਰ ਦਾ ਚੜ੍ਹਾਵਾ ਸੀ ।

72ਗਿਆਰ੍ਹਵੇਂ ਦਿਨ ਆਸ਼ੇਰੀਆਂ ਦਾ ਪ੍ਰਧਾਨ ਆਕਰਾਨ ਦਾ ਪੁੱਤਰ ਪਗੀਏਲ ਆਪਣਾ ਚੜ੍ਹਾਵਾ ਲਿਆਇਆ ।73ਉਹ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਦਾਂ ਛਟਾਂਕ ਦਾ ਪਵਿੱਤਰ ਸਥਾਨ ਦੇ ਸ਼ੇਕਲ ਅਨੁਸਾਰ । ਇਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ ।74ਇੱਕ ਕੌਲੀ ਸੋਨੇ ਦੀ ਦਸ ਤੋਲੇ ਦੀ ਧੂਪ ਨਾਲ ਭਰੀ ਹੋਈ ।
75ਇੱਕ ਵਹਿੜਾ, ਇੱਕ ਭੇਡੂ, ਇੱਕ ਸਾਲ ਦਾ ਭੇਡ ਦਾ ਬੱਚਾ ਹੋਮ ਦੀ ਬਲੀ ਲਈ ।76ਇੱਕ ਪੱਠਾ ਪਾਪ ਦੀ ਬਲੀ ਲਈ ।77ਅਤੇ ਸੁਖ ਸਾਂਦ ਦੀ ਬਲੀ ਲਈ ਦੋ ਬਲ਼ਦ, ਪੰਜ ਭੇਡੂ, ਪੰਜ ਬੱਕਰੇ, ਪੰਜ ਇੱਕ ਸਾਲ ਦੇ ਭੇਡ ਦੇ ਬੱਚੇ । ਇਹ ਆਕਰਾਨ ਦੇ ਪੁੱਤਰ ਪਗੀਏਲ ਦਾ ਚੜ੍ਹਾਵਾ ਸੀ ।

78ਬਾਰ੍ਹਵੇਂ ਦਿਨ ਨਫ਼ਤਾਲੀਆਂ ਦਾ ਪ੍ਰਧਾਨ ਏਨਾਨ ਦਾ ਪੁੱਤਰ ਅਹੀਰਾ ਆਪਣਾ ਚੜ੍ਹਾਵਾ ਲਿਆਇਆ ।79ਉਹ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਦਾਂ ਛਟਾਂਕ ਦਾ ਪਵਿੱਤਰ ਸਥਾਨ ਦੇ ਸ਼ੇਕਲ ਅਨੁਸਾਰ । ਇਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ ।80ਇੱਕ ਕੌਲੀ ਸੋਨੇ ਦੀ ਦਸ ਤੋਲੇ ਦੀ ਧੂਪ ਨਾਲ ਭਰੀ ਹੋਈ ।
81ਇੱਕ ਵਹਿੜਾ, ਇੱਕ ਭੇਡੂ, ਇੱਕ ਸਾਲ ਦਾ ਭੇਡ ਦਾ ਬੱਚਾ ਹੋਮ ਦੀ ਬਲੀ ਲਈ ।82ਬੱਕਰਾ ਪਾਪ ਦੀ ਬਲੀ ਲਈ ।83ਅਤੇ ਸੁਖ ਸਾਂਦ ਦੀ ਬਲੀ ਲਈ ਦੋ ਬਲ਼ਦ, ਪੰਜ ਭੇਡੂ, ਪੰਜ ਬੱਕਰੇ, ਪੰਜ ਇੱਕ ਸਾਲ ਦੇ ਭੇਡ ਦੇ ਬੱਚੇ । ਇਹ ਏਨਾਨ ਦੇ ਪੁੱਤਰ ਅਹੀਰਾ ਦਾ ਚੜ੍ਹਾਵਾ ਸੀ ।

84ਜਗਵੇਦੀ ਦੇ ਸਮਰਪਣ ਦੇ ਵੇਲੇ ਇਸਰਾਏਲ ਦੇ ਪ੍ਰਧਾਨਾਂ ਦੇ ਵੱਲੋਂ ਉਸ ਨੂੰ ਸਮਰਪਣ ਕੀਤੀਆਂ ਹੋਈਆਂ ਭੇਟਾਂ ਇਹ ਸਨ, ਅਰਥਾਤ ਚਾਂਦੀ ਦੇ ਬਾਰਾਂ ਥਾਲ, ਚਾਂਦੀ ਦੇ ਬਾਰਾਂ ਕਟੋਰੇ, ਸੋਨੇ ਦੀਆਂ ਬਾਰਾਂ ਕੌਲੀਆਂ ।85ਚਾਂਦੀ ਦਾ ਹਰ ਥਾਲ ਇੱਕ ਸੇਰ ਦਸ ਛਟਾਂਕ ਅਤੇ ਚਾਂਦੀ ਦਾ ਹਰ ਕਟੋਰਾ ਚੌਦਾਂ ਛਟਾਂਕ, ਪਵਿੱਤਰ ਸਥਾਨ ਦੇ ਸ਼ੇਕਲ ਅਨੁਸਾਰ ਸਾਰੇ ਚਾਂਦੀ ਦੇ ਭਾਂਡੇ ਦੋ ਹਜ਼ਾਰ ਚਾਰ ਸੋ ਸ਼ੇਕਲ ਦੇ ਸਨ ।86ਸੋਨੇ ਦੀਆਂ ਬਾਰਾਂ ਕੌਲੀਆਂ ਧੂਪ ਨਾਲ ਭਰੀਆਂ ਹੋਈਆਂ, ਹਰ ਕੌਲੀ ਦਸ ਤੋਲੇ ਦੀ ਪਵਿੱਤਰ ਸਥਾਨ ਦੇ ਸ਼ੇਕਲ ਅਨੁਸਾਰ ਸੌ ਕੌਲੀਆਂ ਦਾ ਸਾਰਾ ਸੋਨਾ ਡੇਢ ਸੇਰ ਸੀ ।
87ਹੋਮ ਦੀ ਬਲੀ ਦੇ ਸਾਰੇ ਪਸ਼ੂ ਬਾਰਾਂ ਵਹਿੜੇ, ਬਾਰਾਂ ਭੇਡੂ, ਬਾਰਾਂ ਭੇਡ ਦੇ ਬੱਚੇ, ਭੇਡਾਂ ਦੇ ਬੱਚੇ ਇੱਕ ਸਾਲ ਦੇ, ਉਨ੍ਹਾਂ ਦੀ ਮੈਦੇ ਦੀ ਭੇਟ ਸਮੇਤ ਬਾਰਾਂ ਪੱਠੇ ਪਾਪ ਦੀ ਬਲੀ ਲਈ ।88ਅਤੇ ਸੁਖ ਸਾਂਦ ਦੀ ਬਲੀ ਲਈ ਸਾਰੇ ਪਸ਼ੂ ਇਹ ਹਨ, ਚੌਵੀ ਬਲ਼ਦ, ਸੱਠ ਭੇਡੂ, ਸੱਠ ਬੱਕਰੇ, ਸੱਠ ਇੱਕ ਸਾਲ ਦੇ ਭੇਡਾਂ ਦੇ ਬੱਚੇ, ਇਹ ਜਗਵੇਦੀ ਦੇ ਸਮਰਪਣ ਲਈ ਤੇ ਉਸ ਦੇ ਸਮਰਪਣ ਦੀ ਭੇਂਟ ਸਨ ।
89ਜਦ ਮੂਸਾ ਮੰਡਲੀ ਦੇ ਤੰਬੂ ਵਿੱਚ ਯਹੋਵਾਹ ਦੇ ਨਾਲ ਗੱਲਾਂ ਕਰਨ ਲਈ ਗਿਆ, ਤਦ ਉਸ ਨੇ ਉਸ ਆਵਾਜ਼ ਨੂੰ ਪ੍ਰਾਸਚਿਤ ਦੇ ਸਰਪੋਸ਼ ਦੇ ਉੱਤੇ ਜਿਹੜਾ ਸਾਖੀ ਦੇ ਸੰਦੂਕ ਦੇ ਉੱਤੇ ਸੀ, ਦੋਹਾਂ ਕਰੂਬੀਆਂ ਦੇ ਵਿੱਚੋਂ ਦੀ ਬੋਲਦੇ ਸੁਣਿਆ ਅਤੇ ਯਹੋਵਾਹ ਉਸ ਦੇ ਨਾਲ ਬੋਲਿਆ ।

8
ਦੀਵਿਆਂ ਨੂੰ ਜਲਾਉਣਾ

1ਯਹੋਵਾਹ ਨੇ ਮੂਸਾ ਨੂੰ ਆਖਿਆ,2ਹਾਰੂਨ ਨਾਲ ਗੱਲ ਕਰ ਅਤੇ ਉਹ ਨੂੰ ਆਖ ਕਿ ਜਦ ਤੂੰ ਦੀਵੇ ਬਾਲੇਂ ਤਾਂ ਉਹ ਸੱਤ ਦੀਵੇ ਸ਼ਮਾਦਾਨ ਦੇ ਸਾਹਮਣੇ ਚਾਨਣ ਦੇਣ ।

3ਤਾਂ ਹਾਰੂਨ ਨੇ ਉਸੇ ਤਰ੍ਹਾਂ ਹੀ ਕੀਤਾ । ਉਹ ਨੇ ਉਸ ਦੇ ਦੀਵੇ ਸ਼ਮਾਦਾਨ ਦੇ ਸਾਹਮਣੇ ਬਾਲੇ, ਜਿਵੇਂ ਯਹੋਵਾਹ ਨੂੰ ਮੂਸਾ ਨੂੰ ਹੁਕਮ ਦਿੱਤਾ ਸੀ ।4ਸ਼ਮਾਦਾਨ ਦੀ ਬਣਾਵਟ ਇਸ ਤਰ੍ਹਾਂ ਸੀ, ਉਹ ਹੇਠਾਂ ਤੋਂ ਲੈ ਕੇ ਉੱਪਰ ਫੁੱਲਾਂ ਤੱਕ ਸੋਨੇ ਨਾਲ ਬਣਾਇਆ ਗਿਆ ਸੀ । ਉਹ ਉਸ ਨਮੂਨੇ ਉੱਤੇ ਸੀ ਜਿਹੜਾ ਯਹੋਵਾਹ ਨੇ ਮੂਸਾ ਨੂੰ ਵਿਖਾਇਆ, ਉਸੇ ਤਰ੍ਹਾਂ ਉਸ ਨੇ ਸ਼ਮਾਦਾਨ ਨੂੰ ਬਣਾਇਆ ।
ਲੇਵੀਆਂ ਦਾ ਸ਼ੁੱਧੀਕਰਣ ਅਤੇ ਅਰਪਣ

5ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,6ਲੇਵੀਆਂ ਨੂੰ ਇਸਰਾਏਲੀਆਂ ਵਿੱਚੋਂ ਲੈ ਕੇ ਪਵਿੱਤਰ ਕਰ ।
7ਉਨ੍ਹਾਂ ਨੂੰ ਪਵਿੱਤਰ ਕਰਨ ਲਈ ਅਜਿਹਾ ਕਰੀਂ ਕਿ ਉਨ੍ਹਾਂ ਉੱਤੇ ਪਾਪ ਤੋਂ ਸ਼ੁੱਧ ਕਰਨ ਵਾਲਾ ਪਾਣੀ ਛਿੜਕ ਦੇ ਅਤੇ ਉਨ੍ਹਾਂ ਦੇ ਸਾਰੇ ਸਰੀਰ ਉੱਤੇ ਉਸਤਰਾ ਫਿਰਾ ਦੇ ਅਤੇ ਉਹ ਆਪਣੇ ਬਸਤਰ ਧੋਣ, ਇਸ ਤਰ੍ਹਾਂ ਉਹ ਸ਼ੁੱਧ ਹੋਣ ।8ਫੇਰ ਉਹ ਇੱਕ ਵਹਿੜਾ ਲੈਣ ਨਾਲੇ ਉਸ ਦੀ ਮੈਦੇ ਦੀ ਭੇਟ, ਬਰੀਕ ਮੈਦਾ ਤੇਲ ਨਾਲ ਰਲਿਆ ਹੋਇਆ ਅਤੇ ਤੂੰ ਦੂਜਾ ਵਹਿੜਾ ਪਾਪ ਦੀ ਬਲੀ ਲਈ ਲਵੀਂ ।
9ਫੇਰ ਲੇਵੀਆਂ ਨੂੰ ਮੰਡਲੀ ਦੇ ਤੰਬੂ ਦੇ ਅੱਗੇ ਹਾਜ਼ਰ ਕਰੀਂ, ਅਤੇ ਇਸਰਾਏਲੀਆਂ ਦੀ ਸਾਰੀ ਮੰਡਲੀ ਨੂੰ ਇਕੱਠਾ ਕਰੀਂ ।10ਤਦ ਤੂੰ ਲੇਵੀਆਂ ਨੂੰ ਯਹੋਵਾਹ ਦੇ ਅੱਗੇ ਹਾਜ਼ਰ ਕਰੀਂ ਅਤੇ ਇਸਰਾਏਲੀ ਲੇਵੀਆਂ ਉੱਤੇ ਆਪਣੇ ਹੱਥ ਧਰਨ ।11ਅਤੇ ਹਾਰੂਨ ਉਨ੍ਹਾਂ ਲੇਵੀਆਂ ਨੂੰ ਯਹੋਵਾਹ ਅੱਗੇ ਇਸਰਾਏਲੀਆਂ ਵੱਲੋਂ ਹਿਲਾਉਣ ਦੀ ਭੇਟ ਕਰਕੇ ਚੜ੍ਹਾਵੇ ਤਾਂ ਜੋ ਉਹ ਯਹੋਵਾਹ ਦੀ ਸੇਵਾ ਦਾ ਕੰਮ ਕਰਨ ।
12ਫੇਰ ਲੇਵੀ ਆਪਣੇ ਹੱਥ ਵਹਿੜਿਆਂ ਦੇ ਸਿਰਾਂ ਉੱਤੇ ਧਰਨ ਅਤੇ ਤੂੰ ਇੱਕ ਨੂੰ ਪਾਪ ਦੀ ਬਲੀ ਲਈ ਅਤੇ ਦੂਜੇ ਨੂੰ ਹੋਮ ਦੀ ਭੇਟ ਲਈ ਚੜ੍ਹਾ ਤਾਂ ਜੋ ਉਹ ਲੇਵੀਆਂ ਦਾ ਪ੍ਰਾਸਚਿਤ ਹੋਵੇ ।13ਤਦ ਲੇਵੀਆਂ ਨੂੰ ਹਾਰੂਨ ਅਤੇ ਉਸ ਦੇ ਪੁੱਤਰਾਂ ਦੇ ਅੱਗੇ ਖੜ੍ਹਾ ਕਰੀਂ ਅਤੇ ਤੂੰ ਉਨ੍ਹਾਂ ਨੂੰ ਹਿਲਾਉਣ ਦੀ ਭੇਟ ਲਈ ਯਹੋਵਾਹ ਅੱਗੇ ਚੜ੍ਹਾਈਂ ।

14ਇਸ ਤਰ੍ਹਾਂ ਤੂੰ ਲੇਵੀਆਂ ਨੂੰ ਇਸਰਾਏਲੀਆਂ ਵਿੱਚੋਂ ਵੱਖਰਾ ਕਰੀਂ, ਇਸ ਤਰ੍ਹਾਂ ਲੇਵੀ ਮੇਰੇ ਹੋਣਗੇ ।15ਅਤੇ ਇਸ ਤੋਂ ਬਾਅਦ ਲੇਵੀ ਮੰਡਲੀ ਦੇ ਤੰਬੂ ਵਿੱਚ ਜਾ ਕੇ ਸੇਵਾ ਕਰਨ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਸ਼ੁੱਧ ਕਰੀਂ ਅਤੇ ਉਨ੍ਹਾਂ ਨੂੰ ਹਿਲਾਉਣ ਦੀ ਭੇਟ ਕਰਕੇ ਚੜ੍ਹਾਵੀਂ ।
16ਕਿਉਂਕਿ ਉਹ ਇਸਰਾਏਲੀਆਂ ਵਿੱਚੋਂ ਮੈਨੂੰ ਪੂਰੀ ਤਰ੍ਹਾਂ ਨਾਲ ਸਮਰਪਤ ਕੀਤੇ ਗਏ ਹਨ, ਮੈਂ ਉਹਨਾਂ ਨੂੰ ਸਾਰੇ ਇਸਰਾਏਲ ਵਿਚੋਂ ਸਾਰੇ ਪਹਿਲੌਠਿਆਂ ਦੇ ਬਦਲੇ ਆਪਣੇ ਲਈ ਲੈ ਲਿਆ ਹੈ ।17ਕਿਉਂ ਜੋ ਇਸਰਾਏਲੀਆਂ ਦੇ ਸਾਰੇ ਪਹਿਲੌਠੇ ਮੇਰੇ ਹਨ, ਭਾਵੇਂ ਆਦਮੀ ਦਾ ਭਾਵੇਂ ਪਸ਼ੂ ਦਾ । ਜਿਸ ਦਿਨ ਤੋਂ ਮੈਂ ਮਿਸਰ ਦੇਸ ਦੇ ਸਾਰਿਆਂ ਪਹਿਲੌਠਿਆਂ ਨੂੰ ਮਾਰਿਆ, ਮੈਂ ਉਨ੍ਹਾਂ ਨੂੰ ਆਪਣੇ ਲਈ ਪਵਿੱਤਰ ਕੀਤਾ ।
18ਇਸ ਤਰ੍ਹਾਂ ਮੈਂ ਲੇਵੀਆਂ ਨੂੰ ਇਸਰਾਏਲੀਆਂ ਦੇ ਸਾਰੇ ਪਹਿਲੌਠਿਆਂ ਦੇ ਥਾਂ ਲੈ ਲਿਆ ਹੈ ।19ਮੈਂ ਹਾਰੂਨ ਅਤੇ ਉਸ ਦੇ ਪੁੱਤਰਾਂ ਲਈ ਇਸਰਾਏਲੀਆਂ ਵਿੱਚੋਂ ਲੇਵੀ ਦਾਨ ਦਿੱਤੇ ਹਨ ਕਿ ਉਹ ਮੰਡਲੀ ਦੇ ਤੰਬੂ ਵਿੱਚ ਇਸਰਾਏਲੀਆਂ ਲਈ ਸੇਵਾ ਕਰਨ, ਇਸਰਾਏਲੀਆਂ ਲਈ ਪ੍ਰਾਸਚਿਤ ਕਰਨ ਤਾਂ ਜੋ ਜਦ ਇਸਰਾਏਲੀ ਪਵਿੱਤਰ ਸਥਾਨ ਦੇ ਨੇੜੇ ਆਉਣ ਤਾਂ ਕੋਈ ਬਵਾ ਉਹਨਾਂ ਉੱਤੇ ਨਾ ਪਵੇ ।

20ਮੂਸਾ, ਹਾਰੂਨ ਅਤੇ ਇਸਰਾਏਲ ਦੀ ਸਾਰੀ ਮੰਡਲੀ ਨੇ ਲੇਵੀਆਂ ਨਾਲ ਇਸੇ ਤਰ੍ਹਾਂ ਹੀ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ।21ਤਦ ਲੇਵੀਆਂ ਨੇ ਆਪਣੇ ਆਪ ਨੂੰ ਪਵਿੱਤਰ ਕੀਤਾ ਅਤੇ ਆਪਣੇ ਬਸਤਰ ਧੋਤੇ । ਤਦ ਹਾਰੂਨ ਨੇ ਉਨ੍ਹਾਂ ਨੂੰ ਯਹੋਵਾਹ ਅੱਗੇ ਹਿਲਾਉਣ ਦੀ ਭੇਟ ਕਰਕੇ ਚੜ੍ਹਾਇਆ ਅਤੇ ਹਾਰੂਨ ਨੇ ਉਨ੍ਹਾਂ ਦੀ ਪਵਿੱਤਰਤਾਈ ਲਈ ਪ੍ਰਾਸਚਿਤ ਕੀਤਾ ।
22ਇਸ ਤੋਂ ਬਾਅਦ ਉਹ ਲੇਵੀ ਸੇਵਾ ਦੇ ਕੰਮ ਲਈ ਹਾਰੂਨ ਅਤੇ ਉਸ ਦੇ ਪੁੱਤਰਾਂ ਦੇ ਅੱਗੇ ਮੰਡਲੀ ਦੇ ਤੰਬੂ ਵਿੱਚ ਆਏ । ਜਿਵੇਂ ਯਹੋਵਾਹ ਨੇ ਮੂਸਾ ਨੂੰ ਲੇਵੀਆਂ ਦੇ ਵਿਖੇ ਹੁਕਮ ਦਿੱਤਾ ਸੀ ਉਸੇ ਤਰ੍ਹਾਂ ਹੀ ਉਹਨਾਂ ਨੇ ਉਨ੍ਹਾਂ ਨਾਲ ਕੀਤਾ ।

23ਯਹੋਵਾਹ ਨੇ ਮੂਸਾ ਨੂੰ ਆਖਿਆ,24ਲੇਵੀਆਂ ਲਈ ਨਿਯਮ ਇਹ ਹੈ ਕਿ ਪੱਚੀ ਸਾਲ ਜਾਂ ਇਸ ਤੋਂ ਵੱਧ ਉਮਰ ਵਿੱਚ ਉਹ ਮੰਡਲੀ ਦੇ ਤੰਬੂ ਵਿੱਚ ਸੇਵਾ ਦੇ ਕੰਮ ਵਿੱਚ ਲੱਗੇ ਰਹਿਣ,
25ਅਤੇ ਜਦ ਉਹ ਪੰਜਾਹ ਸਾਲ ਦੇ ਹੋ ਜਾਣ ਤਦ ਉਹ ਸੇਵਾ ਦੇ ਕੰਮ ਤੋਂ ਰਹਿਤ ਕੀਤੇ ਜਾਣ ਅਤੇ ਉਹ ਹੋਰ ਸੇਵਾ ਦਾ ਕੰਮ ਨਾ ਕਰਨ ।26ਪਰ ਉਹ ਆਪਣੇ ਭਰਾਵਾਂ ਦੇ ਨਾਲ ਸੇਵਾ ਮੰਡਲੀ ਦੇ ਤੰਬੂ ਦੀ ਰਖਵਾਲੀ ਦਾ ਕੰਮ ਕਰਿਆ ਕਰਨ ਅਤੇ ਉਹ ਆਪ ਸੇਵਾ ਦਾ ਕੰਮ ਨਾ ਕਰਨ । ਲੇਵੀਆਂ ਨੂੰ ਜੋ ਜੋ ਕੰਮ ਦਿੱਤੇ ਜਾਣ ਉਹਨਾਂ ਦੇ ਵਿਖੇ ਅਜਿਹਾ ਹੀ ਕਰੀਂ ।

9
ਪਸਾਹ ਦਾ ਪਰਬ ਦੂਸਰੀ ਵਾਰ ਮਨਾਉਣਾ

1ਸੀਨਈ ਦੀ ਉਜਾੜ ਵਿੱਚ, ਦੂਜੇ ਸਾਲ ਦੇ ਪਹਿਲੇ ਮਹੀਨੇ ਇਸਰਾਏਲੀਆਂ ਦੇ ਮਿਸਰ ਦੇਸ ਵਿੱਚੋਂ ਨਿੱਕਲਣ ਤੋਂ ਬਾਅਦ ਯਹੋਵਾਹ ਮੂਸਾ ਨਾਲ ਬੋਲਿਆ,2ਇਸਰਾਏਲੀ ਪਸਾਹ ਦੇ ਪਰਬ ਨੂੰ ਠਹਿਰਾਏ ਹੋਏ ਸਮੇਂ ਉੱਤੇ ਮਨਾਇਆ ਕਰਨ ।3ਇਸੇ ਮਹੀਨੇ ਦੀ ਚੌਧਵੀਂ ਤਾਰੀਖ਼ ਦੀ ਸ਼ਾਮ ਨੂੰ ਠਹਿਰਾਏ ਹੋਏ ਸਮੇਂ ਉੱਤੇ ਉਸ ਦੀਆਂ ਸਾਰੀਆਂ ਬਿਧੀਆਂ ਅਤੇ ਰੀਤਾਂ ਅਨੁਸਾਰ ਉਸ ਨੂੰ ਮਨਾਇਆ ਕਰੋ ।

4ਇਸ ਲਈ ਮੂਸਾ ਨੇ ਇਸਰਾਏਲੀਆਂ ਨੂੰ ਪਸਾਹ ਮਨਾਉਣ ਲਈ ਆਖਿਆ ।5ਉਪਰੰਤ ਉਨ੍ਹਾਂ ਨੇ ਪਹਿਲੇ ਮਹੀਨੇ ਦੀ ਚੌਧਵੀਂ ਤਾਰੀਖ਼ ਦੀ ਸ਼ਾਮ ਨੂੰ ਸੀਨਈ ਦੀ ਉਜਾੜ ਵਿੱਚ ਪਸਾਹ ਨੂੰ ਮਨਾਇਆ, ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਉਸੇ ਤਰ੍ਹਾਂ ਹੀ ਇਸਰਾਏਲੀਆਂ ਨੇ ਕੀਤਾ ।
6ਕਈ ਮਨੁੱਖ, ਜਿਹੜੇ ਕਿਸੇ ਆਦਮੀ ਦੀ ਲਾਸ਼ ਦੇ ਕਾਰਨ ਅਸ਼ੁੱਧ ਹੋ ਗਏ ਸਨ, ਉਹ ਪਸਾਹ ਦਾ ਪਰਬ ਨਾ ਮਨਾ ਸਕੇ ਤਦ ਉਹ ਮੂਸਾ ਅਤੇ ਹਾਰੂਨ ਦੇ ਕੋਲ ਆਏ,7ਉਨ੍ਹਾਂ ਮਨੁੱਖਾਂ ਨੇ ਆਖਿਆ ਕਿ ਅਸੀਂ ਇੱਕ ਆਦਮੀ ਦੀ ਲਾਸ਼ ਦੇ ਕਾਰਨ ਅਸ਼ੁੱਧ ਹੋ ਗਏ ਹਾਂ, ਪਰ ਅਸੀਂ ਕਿਉਂ ਰੁਕੇ ਰਹੀਏ ਕਿ ਅਸੀਂ ਯਹੋਵਾਹ ਦਾ ਚੜ੍ਹਾਵਾ ਠਹਿਰਾਏ ਹੋਏ ਸਮੇਂ ਉੱਤੇ ਇਸਰਾਏਲੀਆਂ ਦੇ ਵਿੱਚ ਨਾ ਚੜ੍ਹਾਈਏ ?8ਮੂਸਾ ਨੇ ਉਨ੍ਹਾਂ ਨੂੰ ਆਖਿਆ, ਰੁਕੋ, ਮੈਂ ਸੁਣ ਲਵਾਂ ਕਿ ਯਹੋਵਾਹ ਤੁਹਾਡੇ ਵਿਖੇ ਕੀ ਆਗਿਆ ਦਿੰਦਾ ਹੈ ।

9ਤਦ ਯਹੋਵਾਹ ਨੇ ਮੂਸਾ ਨੂੰ ਆਖਿਆ,10ਇਸਰਾਏਲੀਆਂ ਨੂੰ ਆਖ ਕਿ ਜੇ ਕੋਈ ਮਨੁੱਖ ਕਿਸੇ ਦੀ ਲਾਸ਼ ਦੇ ਕਾਰਨ ਜਾਂ ਕਿਸੇ ਦੂਰ ਸਫ਼ਰ ਦੇ ਕਾਰਨ ਅਸ਼ੁੱਧ ਹੋ ਗਿਆ ਹੋਵੇ, ਭਾਵੇਂ ਤੁਹਾਡੇ ਵਿੱਚੋਂ, ਭਾਵੇਂ ਤੁਹਾਡੀ ਅੰਸ ਵਿੱਚੋਂ ਤਾਂ ਵੀ ਉਹ ਯਹੋਵਾਹ ਦੇ ਲਈ ਪਸਾਹ ਨੂੰ ਮਨਾਵੇ ।
11ਉਹ ਦੂਜੇ ਮਹੀਨੇ ਦੀ ਚੌਧਵੀਂ ਤਾਰੀਖ਼ ਦੀ ਸ਼ਾਮ ਨੂੰ ਉਹ ਨੂੰ ਮਨਾਉਣ, ਉਹ ਪਸਾਹ ਦੀ ਪਤੀਰੀ ਰੋਟੀ ਅਤੇ ਸਾਗ ਪੱਤ ਨਾਲ ਉਸ ਨੂੰ ਖਾਣ ।12ਉਹ ਸਵੇਰ ਤੱਕ ਕੁਝ ਵੀ ਬਾਕੀ ਨਾ ਛੱਡਣ ਅਤੇ ਨਾ ਹੀ ਉਸ ਦੀ ਹੱਡੀ ਤੋੜਨ ਅਤੇ ਪਸਾਹ ਦੀ ਸਾਰੀ ਬਿਧੀ ਅਨੁਸਾਰ ਉਹ ਨੂੰ ਮਨਾਉਣ ।
13ਪਰੰਤੂ ਜਿਹੜਾ ਮਨੁੱਖ ਸ਼ੁੱਧ ਹੋਵੇ ਅਤੇ ਸਫ਼ਰ ਵਿੱਚ ਵੀ ਨਾ ਹੋਵੇ ਅਤੇ ਜੇਕਰ ਉਹ ਪਸਾਹ ਮਨਾਉਣ ਤੋਂ ਇਨਕਾਰ ਕਰੇ ਤਾਂ ਉਹ ਮਨੁੱਖ ਆਪਣਿਆਂ ਲੋਕਾਂ ਵਿੱਚੋਂ ਕੱਢਿਆ ਜਾਵੇ ਕਿਉਂ ਜੋ ਉਸ ਨੇ ਯਹੋਵਾਹ ਦਾ ਚੜ੍ਹਾਵਾ ਠਹਿਰਾਏ ਹੋਏ ਸਮੇਂ ਉੱਤੇ ਨਹੀਂ ਚੜ੍ਹਾਇਆ, ਉਹ ਮਨੁੱਖ ਆਪਣਾ ਪਾਪ ਆਪ ਚੁੱਕੇਗਾ ।14ਜੇਕਰ ਤੁਹਾਡੇ ਵਿੱਚ ਕੋਈ ਪਰਦੇਸੀ ਰਹਿ ਰਿਹਾ ਹੋਵੇ ਅਤੇ ਉਹ ਯਹੋਵਾਹ ਲਈ ਪਸਾਹ ਮਨਾਉਣੀ ਚਾਹੇ ਤਾਂ ਉਹ ਪਸਾਹ ਦੀ ਬਿਧੀ ਅਤੇ ਉਹ ਦੀ ਰੀਤੀ ਅਨੁਸਾਰ ਮਨਾਵੇ । ਤੁਹਾਡੇ ਅਤੇ ਪਰਦੇਸੀ ਲਈ ਇੱਕੋ ਹੀ ਬਿਧੀ ਹੋਵੇ ।
ਨਿਵਾਸ ਸਥਾਨ ਉੱਤੇ ਬੱਦਲ
(ਕੂਚ 40:34 – 38)

15ਜਿਸ ਦਿਨ ਡੇਰਾ ਖੜ੍ਹਾ ਕੀਤਾ ਗਿਆ ਤਾਂ ਬੱਦਲ ਨੇ ਡੇਰੇ ਨੂੰ ਸਾਖੀ ਦੇ ਤੰਬੂ ਤੱਕ ਢੱਕ ਲਿਆ ਅਤੇ ਸ਼ਾਮ ਨੂੰ ਡੇਰੇ ਉੱਤੇ ਸਵੇਰ ਤੱਕ ਅੱਗ ਜਿਹੀ ਦਿੱਸਦੀ ਰਹੀ ।16ਇਸ ਤਰ੍ਹਾਂ ਸਦਾ ਹੀ ਹੁੰਦਾ ਸੀ । ਬੱਦਲ ਉਹ ਨੂੰ ਢੱਕਦਾ ਹੁੰਦਾ ਸੀ ਅਤੇ ਰਾਤ ਨੂੰ ਅੱਗ ਦਿੱਸਦੀ ਹੁੰਦੀ ਸੀ ।17ਜਦੋਂ ਵੀ ਬੱਦਲ ਤੰਬੂ ਦੇ ਉੱਤੋਂ ਚੁੱਕਿਆ ਜਾਂਦਾ ਸੀ ਤਾਂ ਉਸ ਦੇ ਪਿੱਛੇ ਇਸਰਾਏਲੀ ਕੂਚ ਕਰਦੇ ਸਨ ਅਤੇ ਜਿਸ ਥਾਂ ਬੱਦਲ ਠਹਿਰਦਾ ਸੀ ਉੱਥੇ ਇਸਰਾਏਲੀ ਡੇਰੇ ਲਾਉਂਦੇ ਸਨ ।
18ਯਹੋਵਾਹ ਦੇ ਹੁਕਮ ਉੱਤੇ ਇਸਰਾਏਲੀ ਕੂਚ ਕਰਦੇ ਸਨ ਅਤੇ ਯਹੋਵਾਹ ਦੇ ਹੁਕਮ ਨਾਲ ਡੇਰੇ ਲਾਉਂਦੇ ਸਨ । ਜਿਨ੍ਹਾਂ ਚਿਰ ਬੱਦਲ ਡੇਰੇ ਦੇ ਉੱਤੇ ਠਹਿਰਦਾ ਸੀ ਉਨ੍ਹੀਂ ਦੇਰ ਤੱਕ ਆਪਣੇ ਡੇਰੇ ਵਿੱਚ ਰਹਿੰਦੇ ਸਨ ।19ਜਦ ਬੱਦਲ ਡੇਰੇ ਉੱਤੇ ਬਹੁਤੇ ਦਿਨਾਂ ਤੱਕ ਠਹਿਰਿਆ ਰਹਿੰਦਾ ਸੀ ਤਾਂ ਇਸਰਾਏਲੀ ਯਹੋਵਾਹ ਦੇ ਹੁਕਮ ਨੂੰ ਮੰਨਦੇ ਹੋਏ ਕੂਚ ਨਹੀਂ ਕਰਦੇ ਸਨ ।
20ਕਦੀ ਕਦੀ ਬੱਦਲ ਥੋੜ੍ਹੇ ਦਿਨ ਡੇਰੇ ਦੇ ਉੱਤੇ ਰਹਿੰਦਾ ਸੀ ਤਦ ਯਹੋਵਾਹ ਦੇ ਹੁਕਮ ਅਨੁਸਾਰ ਉਹ ਡੇਰੇ ਵਿੱਚ ਹੀ ਰਹਿੰਦੇ ਸਨ ਅਤੇ ਫੇਰ ਯਹੋਵਾਹ ਦੇ ਹੁਕਮ ਅਨੁਸਾਰ ਕੂਚ ਕਰਦੇ ਸਨ ।21ਅਤੇ ਕਦੀ-ਕਦੀ ਬੱਦਲ ਸ਼ਾਮ ਤੋਂ ਸਵੇਰ ਤੱਕ ਹੁੰਦਾ ਸੀ ਤਾਂ ਜਦ ਸਵੇਰ ਨੂੰ ਬੱਦਲ ਚੁੱਕਿਆ ਜਾਂਦਾ ਸੀ ਤਾਂ ਉਹ ਕੂਚ ਕਰਦੇ ਸਨ । ਭਾਵੇਂ ਦਿਨ ਨੂੰ ਭਾਵੇਂ ਰਾਤ ਨੂੰ ਜਦ ਬੱਦਲ ਚੁੱਕਿਆ ਜਾਂਦਾ ਸੀ ਤਦ ਉਹ ਕੂਚ ਕਰਦੇ ਸਨ ।
22ਭਾਵੇਂ ਦੋ ਦਿਨ, ਭਾਵੇਂ ਮਹੀਨਾ ਭਾਵੇਂ ਪੂਰਾ ਸਾਲ ਬੱਦਲ ਜਦ ਤੱਕ ਡੇਰੇ ਉੱਤੇ ਠਹਿਰਿਆ ਰਹਿੰਦਾ ਸੀ, ਉਦੋਂ ਤੱਕ ਇਸਰਾਏਲੀ ਆਪਣੇ ਡੇਰਿਆਂ ਵਿੱਚ ਰਹਿੰਦੇ ਹੁੰਦੇ ਸਨ ਅਤੇ ਕੂਚ ਨਹੀਂ ਕਰਦੇ ਸਨ ਪਰ ਜਦ ਬੱਦਲ ਚੁੱਕਿਆ ਜਾਂਦਾ ਸੀ, ਤਦ ਉਹ ਕੂਚ ਕਰਦੇ ਸਨ ।23ਯਹੋਵਾਹ ਦੇ ਹੁਕਮ ਨਾਲ ਉਹ ਡੇਰੇ ਲਾਉਂਦੇ ਸਨ ਅਤੇ ਯਹੋਵਾਹ ਦੇ ਹੁਕਮ ਨਾਲ ਉਹ ਕੂਚ ਕਰਦੇ ਸਨ । ਉਹ ਯਹੋਵਾਹ ਦੀ ਆਗਿਆ ਨੂੰ ਮੰਨਦੇ ਸਨ ਜਿਵੇਂ ਯਹੋਵਾਹ ਮੂਸਾ ਦੇ ਰਾਹੀਂ ਹੁਕਮ ਦਿੰਦਾ ਸੀ ।

10
ਚਾਂਦੀ ਦੀਆਂ ਦੋ ਤੁਰ੍ਹੀਆਂ

1ਯਹੋਵਾਹ ਨੇ ਮੂਸਾ ਨੂੰ ਆਖਿਆ,2ਆਪਣੇ ਲਈ ਚਾਂਦੀ ਦੀਆਂ ਦੋ ਤੁਰ੍ਹੀਆਂ ਬਣਾ । ਉਨ੍ਹਾਂ ਨੂੰ ਘੜ ਕੇ ਬਣਾ ਤਾਂ ਜੋ ਉਹ ਤੇਰੇ ਲਈ ਮੰਡਲੀ ਨੂੰ ਸੱਦਣ ਲਈ ਅਤੇ ਡੇਰਿਆਂ ਦੇ ਕੂਚ ਕਰਨ ਲਈ ਹੋਣ ।

3ਜਦ ਉਹ ਉਨ੍ਹਾਂ ਨੂੰ ਫੂਕਣ ਤਾਂ ਸਾਰੀ ਮੰਡਲੀ ਤੇਰੇ ਕੋਲ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਇੱਕਠੀ ਹੋ ਜਾਵੇ ।4ਜੇਕਰ ਇੱਕੋ ਹੀ ਫੂਕਣ ਤਾਂ ਪ੍ਰਧਾਨ, ਜਿਹੜੇ ਇਸਰਾਏਲ ਵਿੱਚ ਹਜ਼ਾਰਾਂ ਦੇ ਮੁਖੀਏ ਹਨ, ਤੇਰੇ ਕੋਲ ਇੱਕਠੇ ਹੋ ਜਾਣ ।5ਜਦ ਤੁਸੀਂ ਸਾਹ ਖਿੱਚ ਕੇ ਫੂਕ ਮਾਰੋ ਤਾਂ ਪੂਰਬ ਦਿਸ਼ਾ ਵੱਲ ਦੇ ਡੇਰੇ ਕੂਚ ਕਰਨ ।
6ਜਦ ਤੁਸੀਂ ਸਾਹ ਖਿੱਚ ਕੇ ਦੂਜੀ ਵਾਰ ਫੂਕ ਮਾਰੋ ਤਾਂ ਦੱਖਣ ਦਿਸ਼ਾ ਵੱਲ ਦੇ ਡੇਰੇ ਕੂਚ ਕਰਨ । ਇਸ ਤਰ੍ਹਾਂ ਦੇ ਕੂਚ ਕਰਨ ਲਈ ਉਹ ਸਾਹ ਖਿੱਚ ਕੇ ਫੂਕਣ ।7ਜਦ ਸਭਾ ਇਕੱਠੀ ਕਰਨੀ ਹੋਵੇ ਤਾਂ ਤੁਸੀਂ ਤੁਰ੍ਹੀ ਫੂਕੋ ਪਰ ਸਾਹ ਖਿੱਚ ਕੇ ਨਾ ਫੂਕੋ ।8ਅਤੇ ਹਾਰੂਨ ਦੇ ਪੁੱਤਰ ਜੋ ਜਾਜਕ ਹਨ ਉਹ ਤੁਰ੍ਹੀਆਂ ਫੂਕਣ ਅਤੇ ਉਹ ਤੁਹਾਡੇ ਲਈ ਸਦਾ ਤੱਕ ਤੁਹਾਡੀ ਪੀੜ੍ਹੀਓਂ ਪੀੜ੍ਹੀ ਲਈ ਇੱਕ ਬਿਧੀ ਹੋਵੇ ।
9ਜਦ ਤੁਸੀਂ ਆਪਣੇ ਦੇਸ ਵਿੱਚ ਆਪਣੇ ਵੈਰੀਆਂ ਦੇ ਵਿਰੁੱਧ, ਜਿਹੜੇ ਤੁਹਾਨੂੰ ਸਤਾਉਂਦੇ ਹਨ ਯੁੱਧ ਕਰਨ ਕਰਨ ਲਈ ਜਾਓ ਤਾਂ ਤੁਸੀਂ ਤੁਰ੍ਹੀਆਂ ਨੂੰ ਸਾਹ ਖਿੱਚ ਕੇ ਫੂਕੋ, ਫੇਰ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਅੱਗੇ ਯਾਦ ਕੀਤੇ ਜਾਓਗੇ ਅਤੇ ਤੁਸੀਂ ਆਪਣੇ ਵੈਰੀਆਂ ਤੋਂ ਬਚਾਏ ਜਾਓਗੇ ।
10ਆਪਣੇ ਅਨੰਦ ਦੇ ਦਿਨ, ਆਪਣੇ ਠਹਿਰਾਏ ਹੋਏ ਪਰਬਾਂ ਅਤੇ ਆਪਣੇ ਮਹੀਨਿਆਂ ਦੇ ਆਰੰਭ ਵਿੱਚ ਆਪਣੇ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਬਲੀਆਂ ਉੱਤੇ ਤੁਰ੍ਹੀਆਂ ਨੂੰ ਫੂਕੋ ਅਤੇ ਉਹ ਤੁਹਾਡੇ ਲਈ ਤੁਹਾਡੇ ਪਰਮੇਸ਼ੁਰ ਅੱਗੇ ਇੱਕ ਯਾਦਗਾਰੀ ਠਹਿਰਨ । ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ ।
ਇਸਰਾਏਲੀਆਂ ਦੀ ਸੀਨਈ ਪਹਾੜ ਤੋਂ ਕੂਚ

11ਫੇਰ ਅਜਿਹਾ ਹੋਇਆ ਕਿ ਦੂਜੇ ਸਾਲ ਦੇ ਦੂਜੇ ਮਹੀਨੇ ਦੇ ਵੀਹਵੇਂ ਦਿਨ ਉਹ ਬੱਦਲ ਸਾਖੀ ਦੇ ਡੇਰੇ ਦੇ ਉੱਤੋਂ ਚੁੱਕਿਆ ਗਿਆ ।12ਤਾਂ ਇਸਰਾਏਲੀਆਂ ਨੇ ਸੀਨਈ ਦੀ ਉਜਾੜ ਤੋਂ ਆਪਣੇ ਸਫ਼ਰ ਲਈ ਕੂਚ ਕੀਤਾ ਅਤੇ ਬੱਦਲ ਪਾਰਾਨ ਨਾਮਕ ਉਜਾੜ ਵਿੱਚ ਠਹਿਰ ਗਿਆ ।13ਸੋ ਉਨ੍ਹਾਂ ਨੇ ਯਹੋਵਾਹ ਦੇ ਹੁਕਮ ਨਾਲ ਜਿਹੜਾ ਮੂਸਾ ਦੇ ਰਾਹੀਂ ਆਇਆ ਸੀ, ਪਹਿਲਾਂ ਕੂਚ ਕੀਤਾ ।
14ਅਤੇ ਸਭ ਤੋਂ ਪਹਿਲਾਂ ਯਹੂਦਾਹ ਦੇ ਡੇਰੇ ਦੇ ਝੰਡੇ ਦਾ ਕੂਚ ਹੋਇਆ, ਉਹ ਦਲ ਬਣਾ ਕੇ ਚੱਲੇ, ਅਤੇ ਉਸ ਦਾ ਸੈਨਾਪਤੀ ਅੰਮੀਨਾਦਾਬ ਦਾ ਪੁੱਤਰ ਨਹਸ਼ੋਨ ਸੀ ।15ਯਿੱਸਾਕਾਰ ਦੇ ਗੋਤ ਦਾ ਸੈਨਾਪਤੀ ਸੂਆਰ ਦਾ ਪੁੱਤਰ ਨਥਨਿਏਲ ਸੀ ।16ਅਤੇ ਜ਼ਬੂਲੁਨ ਦੇ ਗੋਤ ਦਾ ਸੈਨਾਪਤੀ ਹੇਲੋਨ ਦਾ ਪੁੱਤਰ ਅਲੀਆਬ ਸੀ ।
17ਫੇਰ ਡੇਰਾ ਉਤਾਰਿਆ ਗਿਆ ਅਤੇ ਗੇਰਸ਼ੋਨੀਆਂ ਅਤੇ ਮਰਾਰੀਆਂ ਨੇ ਜੋ ਡੇਰੇ ਨੂੰ ਚੁੱਕਦੇ ਸਨ, ਕੂਚ ਕੀਤਾ ।18ਫੇਰ ਰਊਬੇਨ ਦੇ ਡੇਰੇ ਦੇ ਝੰਡੇ ਦਾ ਕੂਚ ਹੋਇਆ ਉਹ ਦਲ ਬਣਾ ਕੇ ਚੱਲੇ ਅਤੇ ਉਨ੍ਹਾਂ ਦਾ ਸੈਨਾਪਤੀ ਸ਼ਦੇਊਰ ਦਾ ਪੁੱਤਰ ਅਲੀਸੂਰ ਸੀ ।19ਸ਼ਿਮਓਨ ਦੇ ਗੋਤ ਦਾ ਸੈਨਾਪਤੀ ਸੁਰੀਸ਼ੱਦਾਈ ਦਾ ਪੁੱਤਰ ਸ਼ਲੁਮੀਏਲ ਸੀ ।20ਅਤੇ ਗਾਦ ਦੇ ਗੋਤ ਦਾ ਸੈਨਾਪਤੀ ਦਊਏਲ ਦਾ ਪੁੱਤਰ ਅਲਯਾਸਾਫ਼ ਸੀ ।
21ਫੇਰ ਕਹਾਥੀਆਂ ਨੇ ਡੇਰੇ ਨੂੰ ਚੁੱਕ ਕੇ ਕੂਚ ਕੀਤਾ ਅਤੇ ਦੂਜਿਆਂ ਨੇ ਉਨ੍ਹਾਂ ਦੇ ਆਉਣ ਤੱਕ ਡੇਰੇ ਨੂੰ ਖੜ੍ਹਾ ਕਰ ਲਿਆ ।22ਫੇਰ ਅਫ਼ਰਈਮੀਆਂ ਦੇ ਡੇਰੇ ਦੇ ਝੰਡੇ ਦਾ ਕੂਚ ਹੋਇਆ, ਉਹ ਦਲ ਬਣਾ ਕੇ ਚੱਲੇ ਅਤੇ ਉਨ੍ਹਾਂ ਦਾ ਸੈਨਾਪਤੀ ਅੰਮੀਹੂਦ ਦਾ ਪੁੱਤਰ ਅਲੀਸ਼ਾਮਾ ਸੀ ।23ਮਨੱਸ਼ਹ ਦੇ ਗੋਤ ਦਾ ਸੈਨਾਪਤੀ ਪਦਾਹਸੂਰ ਦਾ ਪੁੱਤਰ ਗਮਲੀਏਲ ਸੀ ।24ਬਿਨਯਾਮੀਨ ਦੇ ਗੋਤ ਦਾ ਸੈਨਾਪਤੀ ਗਿਦਓਨੀ ਦਾ ਪੁੱਤਰ ਅਬੀਦਾਨ ਸੀ ।
25ਫੇਰ ਦਾਨ ਦੇ ਡੇਰੇ ਦੇ ਝੰਡੇ ਦਾ ਕੂਚ ਹੋਇਆ ਜਿਹੜਾ ਸਾਰੇ ਡੇਰਿਆਂ ਤੋਂ ਪਿੱਛੇ ਸੀ, ਉਹ ਦਲ ਬਣਾ ਕੇ ਚੱਲੇ ਅਤੇ ਉਨ੍ਹਾਂ ਦਾ ਸੈਨਾਪਤੀ ਅੰਮੀਸ਼ੱਦਾਈ ਦਾ ਪੁੱਤਰ ਅਹੀਅਜ਼ਰ ਸੀ ।26ਅਤੇ ਆਸ਼ੇਰ ਦੇ ਗੋਤ ਦਾ ਸੈਨਾਪਤੀ ਆਕਰਾਨ ਦਾ ਪੁੱਤਰ ਪਗੀਏਲ ਸੀ ।27ਅਤੇ ਨਫ਼ਤਾਲੀ ਦੇ ਗੋਤ ਦਾ ਸੈਨਾਪਤੀ ਏਨਾਨ ਦਾ ਪੁੱਤਰ ਅਹੀਰਾ ਸੀ ।28ਇਹ ਇਸਰਾਏਲੀ ਇਸੇ ਤਰ੍ਹਾਂ ਹੀ ਆਪਣੇ-ਆਪਣੇ ਦਲਾਂ ਦੇ ਅਨੁਸਾਰ ਕੂਚ ਕਰਦੇ ਸਨ ਅਤੇ ਅੱਗੇ ਵਧਿਆ ਕਰਦੇ ਸਨ ।

29ਮੂਸਾ ਨੇ ਆਪਣੇ ਸਹੁਰੇ ਰਊਏਲ ਮਿਦਯਾਨੀ ਦੇ ਪੁੱਤਰ ਹੋਬਾਬ ਨੂੰ ਆਖਿਆ ਕਿ ਅਸੀਂ ਉਸ ਥਾਂ ਨੂੰ ਜਿਹੜਾ ਯਹੋਵਾਹ ਨੇ ਸਾਨੂੰ ਦੇਣ ਨੂੰ ਆਖਿਆ ਹੈ ਕੂਚ ਕਰ ਰਹੇ ਹਾਂ । ਤੂੰ ਸਾਡੇ ਨਾਲ ਚੱਲ ਅਤੇ ਅਸੀਂ ਤੇਰੇ ਨਾਲ ਭਲਿਆਈ ਕਰਾਂਗੇ ਕਿਉਂ ਜੋ ਯਹੋਵਾਹ ਨੇ ਇਸਰਾਏਲ ਲਈ ਭਲਿਆਈ ਕਰਨ ਦੀ ਗੱਲ ਕੀਤੀ ਹੈ ।30ਉਸ ਨੇ ਆਖਿਆ, ਮੈਂ ਨਹੀਂ ਜਾਂਵਾਂਗਾ ਸਗੋਂ ਮੈਂ ਆਪਣੇ ਦੇਸ ਅਤੇ ਆਪਣੇ ਰਿਸ਼ਤੇਦਾਰਾਂ ਵਿੱਚ ਜਾਂਵਾਂਗਾ ।
31ਤਾਂ ਮੂਸਾ ਨੇ ਆਖਿਆ, ਸਾਨੂੰ ਨਾ ਛੱਡ ਕਿਉਂ ਜੋ ਤੂੰ ਜਾਣਦਾ ਹੈਂ ਕਿ ਅਸੀਂ ਉਜਾੜ ਵਿੱਚ ਕਿਵੇਂ ਡੇਰੇ ਲਾਈਏ ਅਤੇ ਤੂੰ ਸਾਡੇ ਲਈ ਅੱਖਾਂ ਦਾ ਕੰਮ ਦੇਵੇਂਗਾ ।32ਅਤੇ ਅਜਿਹਾ ਹੋਵੇਗਾ ਕਿ ਜੇਕਰ ਤੂੰ ਸਾਡੇ ਨਾਲ ਚੱਲੇ ਤਾਂ ਜਿਹੜੀ ਭਲਿਆਈ ਯਹੋਵਾਹ ਸਾਡੇ ਨਾਲ ਕਰੇਗਾ ਉਹੀ ਭਲਿਆਈ ਅਸੀਂ ਵੀ ਤੇਰੇ ਨਾਲ ਕਰਾਂਗੇ ।
ਲੋਕਾਂ ਦੀ ਕੂਚ

33ਫੇਰ ਇਸਰਾਏਲੀਆਂ ਨੇ ਯਹੋਵਾਹ ਦੇ ਪਹਾੜ ਤੋਂ ਤਿੰਨ ਦਿਨਾਂ ਦਾ ਸਫ਼ਰ ਕੀਤਾ ਅਤੇ ਉਨ੍ਹਾਂ ਲਈ ਵਿਸਰਾਮ ਦੀ ਥਾਂ ਲੱਭਣ ਲਈ ਯਹੋਵਾਹ ਦੇ ਨੇਮ ਦੇ ਸੰਦੂਕ ਨੇ ਵੀ ਉਨ੍ਹਾਂ ਦੇ ਅੱਗੇ-ਅੱਗੇ ਤਿੰਨ ਦਿਨਾਂ ਦਾ ਸਫ਼ਰ ਕੀਤਾ ।34ਜਦ ਉਹ ਡੇਰੇ ਤੋਂ ਕੂਚ ਕਰਦੇ ਸਨ ਤਾਂ ਦਿਨ ਦੇ ਵੇਲੇ ਯਹੋਵਾਹ ਦਾ ਬੱਦਲ ਉਨ੍ਹਾਂ ਦੇ ਉੱਤੇ ਹੁੰਦਾ ਸੀ ।
35ਇਸ ਤਰ੍ਹਾਂ ਹੁੰਦਾ ਸੀ, ਕਿ ਜਦ ਸੰਦੂਕ ਦਾ ਕੂਚ ਹੁੰਦਾ ਸੀ ਤਾਂ ਮੂਸਾ ਆਖਦਾ ਸੀ "ਹੇ ਯਹੋਵਾਹ, ਉੱਠ ਅਤੇ ਤੇਰੇ ਵੈਰੀ ਖਿੱਲਰ ਜਾਣ ਅਤੇ ਤੇਰੇ ਤੋਂ ਘਿਣ ਕਰਨ ਵਾਲੇ ਤੇਰੇ ਅੱਗੋਂ ਭੱਜ ਜਾਣ" ।36ਅਤੇ ਜਦ ਸੰਦੂਕ ਠਹਿਰਦਾ ਸੀ ਤਾਂ ਮੂਸਾ ਕਹਿੰਦਾ ਹੁੰਦਾ ਸੀ, ''ਹੇ ਯਹੋਵਾਹ, ਇਸਰਾਏਲ ਦੇ ਲੱਖਾਂ ਹਜ਼ਾਰਾਂ ਵਿੱਚ ਮੁੜ ਆ" ।

11
ਇਸਰਾਏਲੀਆਂ ਦਾ ਵਿਦਰੋਹ ਕਰਨਾ ਅਤੇ ਉਸ ਦੀ ਸਜ਼ਾ ਪਾਉਣਾ

1ਹੁਣ ਪਰਜਾ ਦੇ ਲੋਕ ਯਹੋਵਾਹ ਦੇ ਸੁਣਦੇ ਹੋਏ ਬੁੜ-ਬੁੜਾਉਣ ਲੱਗੇ । ਯਹੋਵਾਹ ਨੇ ਸੁਣਿਆ ਤਾਂ ਉਸ ਦਾ ਕ੍ਰੋਧ ਭੜਕ ਉੱਠਿਆ ਅਤੇ ਯਹੋਵਾਹ ਦੀ ਅੱਗ ਉਨ੍ਹਾਂ ਦੇ ਵਿਚਕਾਰ ਬਲ ਉੱਠੀ ਅਤੇ ਡੇਰੇ ਦੀਆਂ ਹੱਦਾਂ ਉੱਤੇ ਉਨ੍ਹਾਂ ਨੂੰ ਭਸਮ ਕਰਨ ਲੱਗੀ ।2ਫੇਰ ਪਰਜਾ ਨੇ ਮੂਸਾ ਅੱਗੇ ਦੁਹਾਈ ਦਿੱਤੀ ਅਤੇ ਮੂਸਾ ਨੇ ਯਹੋਵਾਹ ਅੱਗੇ ਬੇਨਤੀ ਕੀਤੀ ਤਾਂ ਅੱਗ ਬੁਝ ਗਈ ।3ਇਸ ਲਈ ਉਸ ਥਾਂ ਦਾ ਨਾਮ ਤਬਏਰਾਹ ਪੈ ਗਿਆ ਕਿਉਂ ਜੋ ਯਹੋਵਾਹ ਦੀ ਅੱਗ ਉਨ੍ਹਾਂ ਵਿੱਚ ਬਲ ਉੱਠੀ ਸੀ ।

ਮੂਸਾ ਦੁਆਰਾ ਸੱਤਰ ਆਗੂਆਂ ਦੀ ਚੋਣ

4ਫੇਰ ਰਲੀ ਮਿਲੀ ਭੀੜ ਜਿਹੜੀ ਉਨ੍ਹਾਂ ਨਾਲ ਸੀ ਬਹੁਤ ਹਾਬੜ ਗਈ ਅਤੇ ਇਸਰਾਏਲੀ ਰੋਏ ਅਤੇ ਆਖਣ ਲੱਗੇ, ਕੌਣ ਸਾਨੂੰ ਮਾਸ ਕੌਣ ਖਾਣ ਲਈ ਦੇਵੇਗਾ ?5ਅਸੀਂ ਉਨ੍ਹਾਂ ਮੱਛੀਆਂ ਨੂੰ ਚੇਤੇ ਕਰਦੇ ਹਾਂ ਜਿਹੜੀਆਂ ਅਸੀਂ ਮਿਸਰ ਵਿੱਚ ਮੁਫ਼ਤ ਖਾਂਦੇ ਸੀ ਅਤੇ ਖੀਰੇ, ਖ਼ਰਬੂਜੇ, ਹਰਾ ਪਿਆਜ਼, ਪਿਆਜ਼ ਅਤੇ ਲਸਣ ।6ਪਰ ਹੁਣ ਸਾਡੀ ਭੁੱਖ ਮਰ ਗਈ ਹੈ । ਹੁਣ ਤਾਂ ਸਾਨੂੰ ਮੰਨੇ ਤੋਂ ਇਲਾਵਾ ਕੁਝ ਵੀ ਨਹੀਂ ਦਿੱਸਦਾ !
7ਉਹ ਮੰਨਾ ਤਾਂ ਧਨੀਏ ਵਰਗਾ ਸੀ ਅਤੇ ਦੇਖਣ ਵਿੱਚ ਮੋਤੀ ਦੀ ਤਰ੍ਹਾਂ ਦਿੱਸਦਾ ਸੀ ।8ਲੋਕ ਇੱਧਰ-ਉੱਧਰ ਜਾ ਕੇ ਉਸ ਨੂੰ ਇਕੱਠਾ ਕਰਕੇ ਉਸ ਨੂੰ ਚੱਕੀ ਵਿੱਚ ਪੀਂਹਦੇ, ਉੱਖਲੀ ਵਿੱਚ ਕੁੱਟਦੇ ਸਨ, ਫੇਰ ਉਸ ਨੂੰ ਤਵੀਆਂ ਉੱਤੇ ਤਲ ਕੇ ਉਸ ਦੇ ਫੁਲਕੇ ਬਣਾ ਲੈਂਦੇ ਸਨ ਅਤੇ ਉਹ ਦਾ ਸੁਆਦ ਤੇਲ ਵਿੱਚ ਤਲੀਆਂ ਹੋਈਆਂ ਪੂੜੀਆਂ ਵਰਗਾ ਸੀ ।
9ਜਦ ਰਾਤ ਨੂੰ ਡੇਰੇ ਉੱਤੇ ਤਰੇਲ ਪੈਂਦੀ ਸੀ ਤਦ ਮੰਨਾ ਵੀ ਉਸ ਨਾਲ ਉਤਰਦਾ ਸੀ ।10ਮੂਸਾ ਨੇ ਪਰਜਾ ਵਿੱਚੋਂ ਹਰ ਮਨੁੱਖ ਨੂੰ ਆਪਣੇ ਪਰਿਵਾਰ ਨਾਲ ਆਪੋ ਆਪਣੇ ਤੰਬੂ ਦੇ ਦਰਵਾਜ਼ੇ ਵਿੱਚ ਰੋਂਦੇ ਸੁਣਿਆ ਤਾਂ ਯਹੋਵਾਹ ਦਾ ਕ੍ਰੋਧ ਬਹੁਤ ਭੜਕਿਆ ਅਤੇ ਮੂਸਾ ਇਸ ਗੱਲ ਤੋਂ ਪਰੇਸ਼ਾਨ ਹੋਇਆ ।
11ਤਦ ਮੂਸਾ ਨੇ ਯਹੋਵਾਹ ਨੂੰ ਪੁੱਛਿਆ, ਤੂੰ ਆਪਣੇ ਦਾਸ ਉੱਤੇ ਇਹ ਬਿਪਤਾ ਕਿਉਂ ਲਿਆਂਦੀ ਹੈ ? ਤੇਰੀ ਕਿਰਪਾ ਦੀ ਨਿਗਾਹ ਮੇਰੇ ਉੱਤੇ ਕਿਉਂ ਨਹੀਂ ਰਹੀ ? ਜੋ ਤੂੰ ਇਸ ਸਾਰੀ ਪਰਜਾ ਦਾ ਭਾਰ ਮੇਰੇ ਉੱਤੇ ਪਾਉਂਦਾ ਹੈ ?12ਕੀ ਮੈਂ ਹੀ ਇਸ ਪਰਜਾ ਨੂੰ ਗਰਭ ਵਿੱਚ ਲਿਆ ? ਕੀ ਮੈਂ ਹੀ ਉਨ੍ਹਾਂ ਨੂੰ ਜੰਮਿਆ ਜੋ ਤੂੰ ਮੈਨੂੰ ਆਖਦਾ ਹੈ ਕਿ ਉਨ੍ਹਾਂ ਨੂੰ ਆਪਣੀ ਛਾਤੀ ਉੱਤੇ ਚੁੱਕ ਕੇ ਲਈ ਫਿਰ, ਜਿਵੇਂ ਪਿਤਾ ਦੁੱਧ ਪੀਂਦੇ ਬੱਚੇ ਨੂੰ ਚੁੱਕੀ ਫਿਰਦਾ ਹੈ ਤੇ ਇਨ੍ਹਾਂ ਨੂੰ ਉਸ ਦੇਸ ਨੂੰ ਲੈ ਜਾਂਵਾਂ, ਜਿਸ ਦੇ ਦੇਣ ਦੀ ਸਹੁੰ ਤੂੰ ਉਨ੍ਹਾਂ ਦੇ ਪਿਉ-ਦਾਦਿਆਂ ਨਾਲ ਖਾਧੀ ਹੈ ?
13ਮੈਂ ਐਨਾ ਮਾਸ ਕਿੱਥੋਂ ਲਿਆਵਾਂ ਕਿ ਮੈਂ ਇਸ ਸਾਰੀ ਪਰਜਾ ਨੂੰ ਖਾਣ ਲਈ ਦੇਵਾਂ ? ਕਿਉਂ ਜੋ ਉਹ ਇਹ ਆਖ ਕੇ ਮੇਰੇ ਅੱਗੇ ਰੋਂਦੇ ਹਨ ਕਿ ਸਾਨੂੰ ਮਾਸ ਦੇ, ਤਾਂ ਜੋ ਅਸੀਂ ਖਾਈਏ ।14ਮੈਂ ਇਕੱਲਾ ਇਸ ਸਾਰੀ ਪਰਜਾ ਨੂੰ ਨਹੀਂ ਸੰਭਾਲ ਸਕਦਾ, ਕਿਉਂ ਜੋ ਇਹ ਮੇਰੇ ਸਹਿਣ ਤੋਂ ਬਾਹਰ ਹੈ ।15ਜੇਕਰ ਤੂੰ ਮੇਰੇ ਨਾਲ ਅਜਿਹਾ ਹੀ ਕਰਨਾ ਹੈ, ਜੇ ਤੇਰੀ ਕਿਰਪਾ ਦੀ ਨਿਗਾਹ ਮੇਰੇ ਉੱਤੇ ਹੈ, ਤਾਂ ਮੈਨੂੰ ਮਾਰ ਸੁੱਟ ਕਿ ਮੈਂ ਆਪਣੀ ਦੁਰਦਸ਼ਾ ਨਾ ਵੇਖਾਂ !

16ਯਹੋਵਾਹ ਨੇ ਮੂਸਾ ਨੂੰ ਆਖਿਆ, ਮੇਰੇ ਲਈ ਇਸਰਾਏਲ ਦੇ ਬਜ਼ੁਰਗਾਂ ਵਿੱਚੋਂ ਸੱਤਰ ਇਹੋ ਜਿਹੇ ਮਨੁੱਖ ਇਕੱਠੇ ਕਰ, ਜਿਨ੍ਹਾਂ ਨੂੰ ਤੂੰ ਜਾਣਦਾ ਹੈਂ ਕਿ ਉਹ ਪਰਜਾ ਦੇ ਬਜ਼ੁਰਗ ਅਤੇ ਪ੍ਰਧਾਨ ਹਨ ਅਤੇ ਉਨ੍ਹਾਂ ਨੂੰ ਮੰਡਲੀ ਦੇ ਤੰਬੂ ਕੋਲ ਲਿਆ ਕਿ ਉਹ ਤੇਰੇ ਨਾਲ ਉੱਥੇ ਖੜ੍ਹੇ ਹੋ ਜਾਣ ।17ਤਦ ਮੈਂ ਉਤਰ ਕੇ ਤੇਰੇ ਨਾਲ ਉੱਥੇ ਗੱਲਾਂ ਕਰਾਂਗਾ ਅਤੇ ਮੈਂ ਉਸ ਆਤਮਾ ਤੋਂ ਲੈ ਕੇ ਜਿਹੜਾ ਤੇਰੇ ਉੱਤੇ ਹੈ, ਉਨ੍ਹਾਂ ਉੱਤੇ ਪਾਵਾਂਗਾ ਅਤੇ ਉਹ ਤੇਰੇ ਨਾਲ ਪਰਜਾ ਦਾ ਭਾਰ ਚੁੱਕਣਗੇ ਤਾਂ ਜੋ ਤੈਨੂੰ ਇਕੱਲੇ ਨੂੰ ਚੁੱਕਣਾ ਨਾ ਪਵੇ ।
18ਅਤੇ ਪਰਜਾ ਨੂੰ ਆਖ ਕਿ ਕੱਲ ਲਈ ਆਪਣੇ ਆਪ ਨੂੰ ਪਵਿੱਤਰ ਕਰੋ, ਤਦ ਤੁਹਾਨੂੰ ਮਾਸ ਖਾਣ ਲਈ ਮਿਲੇਗਾ, ਕਿਉਂ ਜੋ ਤੁਸੀਂ ਯਹੋਵਾਹ ਦੇ ਸੁਣਨ ਵਿੱਚ ਇਹ ਆਖ ਕੇ ਰੋਂਦੇ ਸੀ ਕਿ ਕੌਣ ਸਾਨੂੰ ਮਾਸ ਖੁਆਵੇਗਾ ? ਅਸੀਂ ਮਿਸਰ ਵਿੱਚ ਸੁਖਾਲੇ ਸੀ । ਇਸ ਲਈ ਯਹੋਵਾਹ ਤੁਹਾਨੂੰ ਮਾਸ ਦੇਵੇਗਾ ਅਤੇ ਤੁਸੀਂ ਖਾਓਗੇ ।19ਫਿਰ ਇੱਕ ਦਿਨ, ਦੋ ਦਿਨ, ਪੰਜ ਦਿਨ, ਦਸ ਦਿਨ, ਜਾਂ ਵੀਹ ਦਿਨ ਤੱਕ ਨਹੀਂ,20ਪਰ ਸਾਰਾ ਮਹੀਨਾ ਖਾਂਦੇ ਰਹੋਗੇ, ਜਦ ਤੱਕ ਉਹ ਤੁਹਾਡੀਆਂ ਨਾਸਾਂ ਦੇ ਵਿੱਚੋਂ ਦੀ ਬਾਹਰ ਨਾ ਨਿੱਕਲੇ ਅਤੇ ਉਹ ਤੁਹਾਡੇ ਲਈ ਘਿਣਾਉਣਾ ਨਾ ਹੋ ਜਾਵੇ, ਕਿਉਂ ਜੋ ਤੁਸੀਂ ਯਹੋਵਾਹ ਨੂੰ ਜਿਹੜਾ ਤੁਹਾਡੇ ਵਿੱਚ ਹੈ, ਤੁੱਛ ਗਿਣਿਆ ਹੈ ਅਤੇ ਤੁਸੀਂ ਉਹ ਦੇ ਅੱਗੇ ਇਹ ਆਖ ਕੇ ਰੋਂਦੇ ਸੀ ਕਿ ਅਸੀਂ ਮਿਸਰ ਵਿੱਚੋਂ ਕਿਉਂ ਬਾਹਰ ਆਏ ?

21ਤਦ ਮੂਸਾ ਨੇ ਆਖਿਆ ਕਿ ਇਹ ਪਰਜਾ ਜਿਸ ਦੇ ਵਿੱਚ ਮੈਂ ਹਾਂ, ਛੇ ਲੱਖ ਪਿਆਦੇ ਹੀ ਹਨ ਅਤੇ ਤੂੰ ਮੈਨੂੰ ਆਖਦਾ ਹੈਂ ਕਿ ਮੈਂ ਉਨ੍ਹਾਂ ਨੂੰ ਮਾਸ ਦਿਆਂਗਾ ਅਤੇ ਉਹ ਪੂਰਾ ਮਹੀਨਾ ਖਾਣਗੇ !22ਕੀ ਉਹ ਇੱਜੜ ਅਤੇ ਵੱਗ ਉਨ੍ਹਾਂ ਲਈ ਮਾਰੇ ਜਾਣ ਜੋ ਉਨ੍ਹਾਂ ਨੂੰ ਮਾਸ ਮਿਲੇ ? ਜਾਂ ਸਮੁੰਦਰ ਦੀਆਂ ਸਾਰੀਆਂ ਮੱਛੀਆਂ ਉਨ੍ਹਾਂ ਲਈ ਇਕੱਠੀਆਂ ਕੀਤੀਆਂ ਜਾਣ ਜੋ ਉਨ੍ਹਾਂ ਨੂੰ ਮਾਸ ਮਿਲੇ ?

23ਯਹੋਵਾਹ ਨੇ ਮੂਸਾ ਨੂੰ ਆਖਿਆ, ਕੀ ਯਹੋਵਾਹ ਦਾ ਹੱਥ ਛੋਟਾ ਹੋ ਗਿਆ ਹੈ ? ਹੁਣ, ਤੂੰ ਵੇਖੇਂਗਾ ਕਿ ਮੇਰੀ ਗੱਲ ਤੇਰੇ ਲਈ ਪੂਰੀ ਹੈ ਜਾਂ ਨਹੀਂ !
24ਫੇਰ ਮੂਸਾ ਨੇ ਬਾਹਰ ਜਾ ਕੇ ਯਹੋਵਾਹ ਦੀਆਂ ਗੱਲਾਂ ਪਰਜਾ ਨੂੰ ਸੁਣਾਈਆਂ ਅਤੇ ਉਸ ਨੇ ਸੱਤਰ ਮਨੁੱਖ, ਜਿਹੜੇ ਪਰਜਾ ਦੇ ਬਜ਼ੁਰਗ ਸਨ, ਇਕੱਠੇ ਕਰਕੇ ਉਹਨਾਂ ਨੂੰ ਤੰਬੂ ਦੇ ਆਲੇ-ਦੁਆਲੇ ਖੜ੍ਹਾ ਕੀਤਾ ।25ਤਦ ਯਹੋਵਾਹ ਬੱਦਲ ਵਿੱਚ ਉਤਰਿਆ ਅਤੇ ਉਸ ਨੇ ਮੂਸਾ ਨਾਲ ਗੱਲ ਕੀਤੀ ਅਤੇ ਉਸ ਨੇ ਉਸ ਆਤਮਾ ਤੋਂ ਲੈ ਕੇ, ਜਿਹੜਾ ਉਹ ਦੇ ਉੱਤੇ ਸੀ, ਉਹਨਾਂ ਸੱਤਰ ਬਜ਼ੁਰਗ ਮਨੁੱਖਾਂ ਉੱਤੇ ਪਾ ਦਿੱਤਾ ਅਤੇ ਜਦ ਆਤਮਾ ਉਹਨਾਂ ਉੱਤੇ ਉਤਰਿਆ, ਤਦ ਉਹ ਭਵਿੱਖਬਾਣੀ ਕਰਨ ਲੱਗ ਪਏ ਪਰ ਇਸ ਤੋਂ ਬਾਅਦ ਉਹਨਾਂ ਨੇ ਦੁਬਾਰਾ ਭਵਿੱਖਬਾਣੀ ਨਾ ਕੀਤੀ ।
26ਪਰ ਡੇਰੇ ਵਿੱਚ ਦੋ ਮਨੁੱਖ ਰਹਿ ਗਏ, ਜਿਹਨਾਂ ਵਿੱਚੋਂ ਇੱਕ ਦਾ ਨਾਮ ਅਲਦਾਦ ਅਤੇ ਦੂਜੇ ਦਾ ਨਾਮ ਮੇਦਾਦ ਸੀ । ਆਤਮਾ ਉਨ੍ਹਾਂ ਉੱਤੇ ਵੀ ਉਤਰਿਆ ਅਤੇ ਇਹ ਵੀ ਉਹਨਾਂ ਵਿਚੋਂ ਸਨ ਜਿਹਨਾਂ ਦੇ ਨਾਮ ਲਿਖੇ ਗਏ ਸਨ, ਪਰ ਤੰਬੂ ਦੇ ਕੋਲ ਬਾਹਰ ਨਹੀਂ ਗਏ ਸਨ । ਉਹ ਡੇਰੇ ਵਿੱਚ ਹੀ ਭਵਿੱਖਬਾਣੀ ਕਰਨ ਲੱਗੇ ।27ਤਾਂ ਇੱਕ ਜਵਾਨ ਨੇ ਭੱਜ ਕੇ ਮੂਸਾ ਨੂੰ ਦੱਸਿਆ ਅਤੇ ਆਖਿਆ ਕਿ ਅਲਦਾਦ ਅਤੇ ਮੇਦਾਦ ਡੇਰੇ ਵਿੱਚ ਭਵਿੱਖਬਾਣੀ ਕਰਦੇ ਹਨ !
28ਤਦ ਨੂਨ ਦੇ ਪੁੱਤਰ ਯਹੋਸ਼ੁਆ ਨੇ ਜਿਹੜਾ ਮੂਸਾ ਦਾ ਸੇਵਕ ਅਤੇ ਉਸ ਦੇ ਚੁਣੇ ਹੋਇਆਂ ਵਿੱਚੋਂ ਸੀ, ਉਹ ਨੇ ਮੂਸਾ ਨੂੰ ਆਖਿਆ ਹੇ ਮੇਰੇ ਸੁਆਮੀ, ਉਨ੍ਹਾਂ ਨੂੰ ਮਨ੍ਹਾ ਕਰ ਦਿਓ !29ਮੂਸਾ ਨੇ ਆਖਿਆ, ਕੀ ਤੂੰ ਮੇਰੇ ਲਈ ਖਿਝਦਾ ਹੈਂ ? ਕਾਸ਼ ਅਜਿਹਾ ਹੁੰਦਾ ਕਿ ਯਹੋਵਾਹ ਦੇ ਸਾਰੇ ਲੋਕ ਨਬੀ ਹੁੰਦੇ ਅਤੇ ਯਹੋਵਾਹ ਆਪਣਾ ਆਤਮਾ ਉਨ੍ਹਾਂ ਉੱਤੇ ਘੱਲਦਾ !30ਉਪਰੰਤ ਮੂਸਾ ਅਤੇ ਇਸਰਾਏਲ ਦੇ ਬਜ਼ੁਰਗ ਡੇਰੇ ਵੱਲ ਨੂੰ ਮੁੜੇ ।
ਯਹੋਵਾਹ ਦੇ ਵੱਲੋਂ ਬਟੇਰੇ

31ਤਦ ਯਹੋਵਾਹ ਵੱਲੋਂ ਇੱਕ ਵੱਡੀ ਹਨੇਰੀ ਵਗੀ ਅਤੇ ਸਮੁੰਦਰੋਂ ਬਟੇਰੇ ਉਡਾ ਕੇ ਡੇਰੇ ਉੱਤੇ ਸੁੱਟ ਗਈ । ਉਹ ਇੱਕ ਦਿਨ ਦੇ ਪੈਂਡੇ ਤੱਕ ਏਧਰ ਅਤੇ ਇੱਕ ਦਿਨ ਦੇ ਪੈਂਡੇ ਤੱਕ ਓਧਰ ਡੇਰੇ ਦੇ ਆਲੇ-ਦੁਆਲੇ ਦੋ-ਦੋ ਹੱਥ ਤੇ ਜ਼ਮੀਨ ਦੀ ਪਰਤ ਉੱਤੇ ਸਨ ।32ਤਦ ਪਰਜਾ ਨੇ ਉਸ ਸਾਰੇ ਦਿਨ ਅਤੇ ਸਾਰੀ ਰਾਤ ਅਤੇ ਸਾਰੇ ਦੂਜੇ ਦਿਨ ਉੱਠ ਕੇ ਉਨ੍ਹਾਂ ਬਟੇਰਿਆਂ ਨੂੰ ਇਕੱਠਾ ਕੀਤਾ ਅਤੇ ਜਿਸ ਘੱਟੋ ਘੱਟ ਇਕੱਠੇ ਕੀਤੇ ਸਨ ਉਹ ਦੇ ਦਸ ਹੋਮਾਰ ਹੋਏ ਅਤੇ ਉਨ੍ਹਾਂ ਨੇ ਉਹਨਾਂ ਨੂੰ ਆਪਣੇ ਲਈ ਡੇਰੇ ਦੇ ਆਲੇ-ਦੁਆਲੇ ਖਿਲਾਰ ਦਿੱਤਾ ।
33ਜਦ ਉਹ ਮਾਸ ਅਜੇ ਉਨ੍ਹਾਂ ਦੇ ਦੰਦਾਂ ਵਿੱਚ ਹੀ ਸੀ ਅਤੇ ਉਹ ਨੂੰ ਚੱਬਿਆ ਵੀ ਨਹੀਂ ਸੀ ਤਦ ਯਹੋਵਾਹ ਦਾ ਕ੍ਰੋਧ ਪਰਜਾ ਉੱਤੇ ਭੜਕ ਉੱਠਿਆ ਅਤੇ ਯਹੋਵਾਹ ਨੇ ਪਰਜਾ ਨੂੰ ਅੱਤ ਵੱਡੀ ਬਵਾ ਨਾਲ ਮਾਰਿਆ ।34ਉਪਰੰਤ ਉਨ੍ਹਾਂ ਨੇ ਉਸ ਥਾਂ ਦਾ ਨਾਮ ਕਿਬਰੋਥ ਹੱਤਾਵਾਹ ਰੱਖਿਆ ਕਿਉਂ ਜੋ ਉੱਥੇ ਉਨ੍ਹਾਂ ਨੇ ਉਸ ਪਰਜਾ ਨੂੰ ਦੱਬਿਆ ਜਿਹਨਾਂ ਨੇ ਹੋਰ ਭੋਜਨ ਦੀ ਮੰਗ ਕੀਤੀ ਸੀ ।35ਕਿਬਰੋਥ ਹੱਤਾਵਾਹ ਤੋਂ ਇਸਰਾਏਲ ਨੇ ਹਸੇਰੋਥ ਨੂੰ ਕੂਚ ਕੀਤਾ ਅਤੇ ਹਸੇਰੋਥ ਵਿੱਚ ਠਹਿਰ ਗਏ ।

12
ਮੂਸਾ ਦੀ ਸ਼੍ਰੇਸ਼ਠਤਾ ਦਾ ਸਬੂਤ

1ਮੂਸਾ ਨੇ ਇੱਕ ਕੂਸ਼ੀ ਇਸਤਰੀ ਨਾਲ ਵਿਆਹ ਕਰ ਲਿਆ ਸੀ । ਇਸ ਲਈ ਮਿਰਯਮ ਅਤੇ ਹਾਰੂਨ, ਉਸ ਕੂਸ਼ੀ ਇਸਤਰੀ ਨਾਲ ਵਿਆਹ ਕਰਵਾਉਣ ਦੇ ਕਾਰਨ ਮੂਸਾ ਦੀ ਬੁਰਾਈ ਕਰਨ ਲੱਗੇ,2ਉਨ੍ਹਾਂ ਨੇ ਆਖਿਆ ਕਿ ਭਲਾ, ਯਹੋਵਾਹ ਨੇ ਮੂਸਾ ਨਾਲ ਹੀ ਗੱਲਾਂ ਕੀਤੀਆਂ ਹਨ ਅਤੇ ਸਾਡੇ ਨਾਲ ਗੱਲਾਂ ਨਹੀਂ ਕੀਤੀਆਂ ? ਯਹੋਵਾਹ ਨੇ ਉਹਨਾਂ ਦੀਆਂ ਇਹ ਗੱਲਾਂ ਨੂੰ ਸੁਣਿਆ,3ਹੁਣ ਮੂਸਾ ਸਾਰਿਆਂ ਆਦਮੀਆਂ ਨਾਲੋਂ ਜਿਹੜੇ ਧਰਤੀ ਉੱਤੇ ਵੱਸਦੇ ਸਨ, ਬਹੁਤ ਹੀ ਹਲੀਮ ਸੁਭਾਵ ਦਾ ਸੀ ।

4ਫੇਰ ਯਹੋਵਾਹ ਨੇ ਇਕਦਮ ਮੂਸਾ, ਹਾਰੂਨ ਅਤੇ ਮਿਰਯਮ ਨੂੰ ਆਖਿਆ, ਤੁਸੀਂ ਤਿੰਨੋਂ ਮੰਡਲੀ ਦੇ ਤੰਬੂ ਕੋਲ ਆ ਜਾਓ, ਤਦ ਉਹ ਤਿੰਨੇ ਬਾਹਰ ਗਏ ।5ਤਦ ਯਹੋਵਾਹ ਬੱਦਲ ਦੇ ਥੰਮ੍ਹ ਵਿੱਚ ਉਤਰਿਆ ਅਤੇ ਤੰਬੂ ਦੇ ਦਰਵਾਜ਼ੇ ਉੱਤੇ ਖੜ੍ਹਾ ਹੋ ਗਿਆ ਅਤੇ ਹਾਰੂਨ ਅਤੇ ਮਿਰਯਮ ਨੂੰ ਸੱਦਿਆ ਤਾਂ ਉਹ ਦੋਵੇਂ ਬਾਹਰ ਆਏ ।
6ਉਸ ਨੇ ਆਖਿਆ, ਮੇਰੀਆਂ ਗੱਲਾਂ ਸੁਣੋ । ਜੇ ਤੁਹਾਡੇ ਵਿੱਚ ਕੋਈ ਨਬੀ ਹੋਵੇ ਤਾਂ ਮੈਂ ਯਹੋਵਾਹ ਆਪਣੇ ਆਪ ਨੂੰ ਦਰਸ਼ਨ ਵਿੱਚ ਉਸ ਉੱਤੇ ਪ੍ਰਗਟ ਕਰਾਂਗਾ ਜਾਂ ਸੁਫ਼ਨੇ ਵਿੱਚ ਮੈਂ ਉਸ ਨਾਲ ਬੋਲਾਂਗਾ ।7ਪਰ ਮੇਰਾ ਦਾਸ ਮੂਸਾ ਇਹੋ ਜਿਹਾ ਨਹੀਂ । ਉਹ ਮੇਰੇ ਸਾਰੇ ਘਰ ਵਿੱਚ ਵਿਸ਼ਵਾਸਯੋਗ ਹੈ ।8ਮੈਂ ਉਹ ਦੇ ਨਾਲ ਆਹਮੋ ਸਾਹਮਣੇ ਖੁੱਲ੍ਹ ਕੇ ਗੱਲਾਂ ਕਰਾਂਗਾ, ਬੁਝਾਰਤਾਂ ਵਿੱਚ ਨਹੀਂ ਅਤੇ ਉਹ ਯਹੋਵਾਹ ਦਾ ਸਰੂਪ ਵੇਖੇਗਾ । ਫੇਰ ਤੁਸੀਂ ਮੇਰੇ ਦਾਸ ਮੂਸਾ ਦੇ ਵਿਰੁੱਧ ਬੋਲਣ ਤੋਂ ਕਿਉਂ ਨਾ ਡਰੇ ?

9ਤਦ ਯਹੋਵਾਹ ਦਾ ਕ੍ਰੋਧ ਉਨ੍ਹਾਂ ਉੱਤੇ ਭੜਕਿਆ ਅਤੇ ਉਹ ਚੱਲਿਆ ਗਿਆ ।10ਜਦ ਬੱਦਲ ਤੰਬੂ ਦੇ ਉੱਤੋਂ ਉੱਠ ਗਿਆ ਤਾਂ ਵੇਖੋ ਮਿਰਯਮ ਕੋੜ੍ਹਨ ਅਤੇ ਬਰਫ਼ ਵਾਂਗੂੰ ਚਿੱਟੀ ਹੋ ਗਈ ਅਤੇ ਹਾਰੂਨ ਨੇ ਮਿਰਯਮ ਨੂੰ ਦੇਖਿਆ ਕਿ ਉਹ ਕੋੜ੍ਹਨ ਹੋ ਗਈ ਸੀ !
11ਉਪਰੰਤ ਹਾਰੂਨ ਨੇ ਮੂਸਾ ਨੂੰ ਆਖਿਆ, ਹੇ ਮੇਰੇ ਸੁਆਮੀ ਜੀ, ਇਹ ਪਾਪ ਸਾਡੇ ਉੱਤੇ ਨਾ ਲਾਓ ਜੋ ਅਸੀਂ ਇਹ ਮੂਰਖਤਾਈ ਕੀਤੀ ਹੈ ।12ਮਿਰਯਮ ਨੂੰ ਮਰੇ ਹੋਏ ਜਿਹਾ ਨਾ ਰਹਿਣ ਦੇ, ਜਿਸ ਦਾ ਸਰੀਰ ਜਮਾਂਦਰੂ ਹੀ ਅੱਧਾ ਗਲਿਆ ਹੋਇਆ ਹੋਵੇ ।
13ਤਦ ਮੂਸਾ ਨੇ ਯਹੋਵਾਹ ਅੱਗੇ ਦੁਹਾਈ ਦਿੱਤੀ ਕਿ ਹੇ ਪਰਮੇਸ਼ੁਰ, ਮੇਰੀ ਮਿੰਨਤ ਹੈ, ਉਹ ਨੂੰ ਚੰਗਾ ਕਰ ।14ਯਹੋਵਾਹ ਨੇ ਮੂਸਾ ਨੂੰ ਆਖਿਆ, ਜੇ ਉਹ ਦੇ ਪਿਤਾ ਨੇ ਨਿਰਾ ਉਹ ਦੇ ਮੂੰਹ ਉੱਤੇ ਹੀ ਥੁੱਕਿਆ ਹੁੰਦਾ ਤਾਂ ਕੀ ਉਹ ਨੂੰ ਸੱਤਾਂ ਦਿਨਾਂ ਤੱਕ ਸ਼ਰਮ ਨਾ ਆਉਂਦੀ ? ਇਸ ਲਈ ਉਹ ਸੱਤਾਂ ਦਿਨਾਂ ਤੱਕ ਡੇਰੇ ਤੋਂ ਬਾਹਰ ਰਹੇ ਅਤੇ ਉਹ ਮੁੜ੍ਹ ਅੰਦਰ ਨਾ ਆਵੇ ।15ਇਸ ਲਈ ਮਿਰਯਮ ਸੱਤਾਂ ਦਿਨਾਂ ਤੱਕ ਡੇਰੇ ਤੋਂ ਬਾਹਰ ਰਹੀ, ਅਤੇ ਜਦ ਤੱਕ ਮਿਰਯਮ ਵਾਪਸ ਨਾ ਆਈ ਲੋਕਾਂ ਨੇ ਕੂਚ ਨਾ ਕੀਤਾ ।
16ਇਸ ਦੇ ਬਾਅਦ ਇਸਰਾਏਲ ਨੇ ਹਸੇਰੋਥ ਤੋਂ ਕੂਚ ਕੀਤਾ ਅਤੇ ਪਾਰਾਨ ਦੀ ਉਜਾੜ ਵਿੱਚ ਡੇਰੇ ਲਾਏ ।

13
ਕਨਾਨ ਦੇਸ ਵਿੱਚ ਜਸੂਸ
(ਬਿਵਸਥਾਸਾਰ 1:19 – 33)

1ਯਹੋਵਾਹ ਨੇ ਮੂਸਾ ਨੂੰ ਆਖਿਆ,2ਤੂੰ ਮਨੁੱਖਾਂ ਨੂੰ ਭੇਜ ਕਿ ਉਹ ਕਨਾਨ ਦੇਸ ਦਾ ਭੇਤ ਲੈਣ ਜਿਹੜਾ ਮੈਂ ਇਸਰਾਏਲੀਆਂ ਨੂੰ ਦਿੰਦਾ ਹਾਂ । ਉਨ੍ਹਾਂ ਦੇ ਪਿਉ-ਦਾਦਿਆਂ ਦੀਆਂ ਗੋਤਾਂ ਤੋਂ ਇੱਕ-ਇੱਕ ਮਨੁੱਖ ਜਿਹੜਾ ਉਨ੍ਹਾਂ ਵਿੱਚ ਪ੍ਰਧਾਨ ਹੋਵੇ ਤੁਸੀਂ ਉਸ ਨੂੰ ਭੇਜੋ ।

3ਤਦ ਮੂਸਾ ਨੇ ਉਨ੍ਹਾਂ ਨੂੰ ਪਾਰਾਨ ਦੇ ਨਾਮ ਦੀ ਉਜਾੜ ਤੋਂ ਯਹੋਵਾਹ ਦੇ ਹੁਕਮ ਅਨੁਸਾਰ ਭੇਜਿਆ । ਇਹ ਸਾਰੇ ਮਨੁੱਖ ਇਸਰਾਏਲੀਆਂ ਦੇ ਮੁਖੀਏ ਸਨ ।4ਅਤੇ ਉਹਨਾਂ ਦੇ ਨਾਮ ਇਹ ਸਨ- ਰਊਬੇਨ ਦੇ ਗੋਤ ਤੋਂ ਜ਼ਕੂਰ ਦਾ ਪੁੱਤਰ ਸ਼ੰਮੂਆ ।
5ਸ਼ਿਮਓਨ ਦੇ ਗੋਤ ਤੋਂ ਹੋਰੀ ਦਾ ਪੁੱਤਰ ਸ਼ਾਫਾਟ ।6ਯਹੂਦਾਹ ਦੇ ਗੋਤ ਤੋਂ ਯਫੁਨੰਹ ਦਾ ਪੁੱਤਰ ਕਾਲੇਬ ।7ਯਿੱਸਾਕਾਰ ਦੇ ਗੋਤ ਤੋਂ ਯੂਸੁਫ਼ ਦਾ ਪੁੱਤਰ ਯਿਗਾਲ ।8ਅਫ਼ਰਈਮ ਦੇ ਗੋਤ ਤੋਂ ਨੂਨ ਦਾ ਪੁੱਤਰ ਹੋਸ਼ੇਆ ।
9ਬਿਨਯਾਮੀਨ ਦੇ ਗੋਤ ਤੋਂ ਰਾਫ਼ੂ ਦਾ ਪੁੱਤਰ ਪਲਟੀ ।10ਜ਼ਬੂਲੁਨ ਦੇ ਗੋਤ ਤੋਂ ਸੋਦੀ ਦਾ ਪੁੱਤਰ ਗੱਦੀਏਲ ।11ਯੂਸੁਫ਼ ਦੇ ਗੋਤ ਤੋਂ ਅਰਥਾਤ ਮਨੱਸ਼ਹ ਦੇ ਗੋਤ ਤੋਂ ਸੂਸੀ ਦਾ ਪੁੱਤਰ ਗੱਦੀ ।12ਦਾਨ ਦੇ ਗੋਤ ਤੋਂ ਗਮੱਲੀ ਦਾ ਪੁੱਤਰ ਅੰਮੀਏਲ ।
13ਆਸ਼ੇਰ ਦੇ ਗੋਤ ਤੋਂ ਮੀਕਾਏਲ ਦਾ ਪੁੱਤਰ ਸਥੂਰ ।14ਨਫ਼ਤਾਲੀ ਦੇ ਗੋਤ ਤੋਂ ਵਾਫ਼ਸੀ ਦਾ ਪੁੱਤਰ ਨਹਬੀ ।15ਗਾਦ ਦੇ ਗੋਤ ਤੋਂ ਮਾਕੀ ਦਾ ਪੁੱਤਰ ਗਊਏਲ ।16ਇਹ ਉਨ੍ਹਾਂ ਮਨੁੱਖਾਂ ਦੇ ਨਾਮ ਹਨ ਜਿਨ੍ਹਾਂ ਨੂੰ ਮੂਸਾ ਨੇ ਕਨਾਨ ਦੇਸ ਦਾ ਭੇਤ ਲੈਣ ਲਈ ਭੇਜਿਆ ਅਤੇ ਮੂਸਾ ਨੇ ਨੂਨ ਦੇ ਪੁੱਤਰ ਹੋਸ਼ੇਆ ਦਾ ਨਾਮ ਯਹੋਸ਼ੁਆ ਰੱਖਿਆ ।

17ਸੋ ਮੂਸਾ ਨੇ ਉਨ੍ਹਾਂ ਨੂੰ ਕਨਾਨ ਦੇਸ ਦਾ ਭੇਤ ਲੈਣ ਲਈ ਭੇਜਿਆ ਅਤੇ ਉਨ੍ਹਾਂ ਨੂੰ ਆਖਿਆ, ਇੱਧਰ ਦੱਖਣ ਵੱਲ ਉੱਪਰ ਨੂੰ ਜਾਓ ਅਤੇ ਪਹਾੜ ਉੱਤੇ ਚੜ੍ਹੋ ।18ਅਤੇ ਉਸ ਦੇਸ ਨੂੰ ਵੇਖੋ, ਕਿ ਉਹ ਕਿਸ ਤਰ੍ਹਾਂ ਦਾ ਹੈ ਅਤੇ ਉਹ ਲੋਕ ਜਿਹੜੇ ਉਸ ਵਿੱਚ ਵੱਸਦੇ ਹਨ ਤਕੜੇ ਹਨ ਜਾਂ ਕਮਜ਼ੋਰ ਹਨ ਅਤੇ ਥੋੜ੍ਹੇ ਹਨ ਜਾਂ ਬਹੁਤ ਸਾਰੇ ਹਨ ।19ਅਤੇ ਉਹ ਧਰਤੀ ਕਿਸ ਤਰ੍ਹਾਂ ਹੈ, ਜਿਹ ਦੇ ਵਿੱਚ ਉਹ ਵੱਸਦੇ ਹਨ, ਚੰਗੀ ਹੈ ਜਾਂ ਮਾੜੀ ਅਤੇ ਸ਼ਹਿਰ ਕਿਸ ਤਰ੍ਹਾਂ ਦੇ ਹਨ ਜਿਨ੍ਹਾਂ ਵਿੱਚ ਉਹ ਵੱਸਦੇ ਹਨ, ਤੰਬੂਆਂ ਵਾਲੇ ਹਨ ਜਾਂ ਗੜ੍ਹਾਂ ਵਾਲੇ ਹਨ ।20ਅਤੇ ਧਰਤੀ ਕਿਹੋ ਜਿਹੀ ਹੈ, ਫ਼ਲਦਾਰ ਜਾਂ ਬੰਜਰ ਅਤੇ ਉਹ ਦੇ ਵਿੱਚ ਰੁੱਖ ਹਨ ਕਿ ਨਹੀਂ । ਤੁਸੀਂ ਤਕੜੇ ਹੋਵੋ ਅਤੇ ਉਸ ਧਰਤੀ ਦੇ ਫ਼ਲ ਤੋਂ ਕੁਝ ਲੈ ਕੇ ਆਇਓ ਕਿਉਂ ਜੋ ਉਹ ਮੌਸਮ ਪਹਿਲੀ ਪੱਕੀ ਦਾਖ਼ ਦਾ ਸੀ ।

21ਸੋ ਉਨ੍ਹਾਂ ਉੱਪਰ ਜਾ ਕੇ ਦੇਸ ਦੀ ਖ਼ੋਜ ਕੀਤੀ ਜੋ ਸੀਨ ਦੀ ਉਜਾੜ ਤੋਂ ਰਹੋਬ ਤੱਕ ਜਿਹੜਾ ਹਮਾਥ ਦੇ ਰਾਹ ਉੱਤੇ ਹੈ ।22ਤਾਂ ਉਹ ਦੱਖਣ ਵੱਲ ਚੜ੍ਹੇ ਅਤੇ ਹਬਰੋਨ ਤੱਕ ਆਏ ਅਤੇ ਉੱਥੇ ਆਨਾਕ ਦੀ ਅੰਸ਼ ਦੇ ਅਹੀਮਾਨ ਸ਼ੇਸ਼ਈ ਅਤੇ ਤਲਮਈ ਸਨ ਅਤੇ ਹਬਰੋਨ ਮਿਸਰ ਦੇ ਸੋਆਨ ਤੋਂ ਸੱਤ ਸਾਲ ਪਹਿਲਾਂ ਬਣਿਆ ਸੀ ।
23ਫੇਰ ਉਹ ਅਸ਼ਕੋਲ ਦੀ ਘਾਟੀ ਤੱਕ ਆਏ ਅਤੇ ਉੱਥੇ ਦਾਖ ਦੇ ਗੁੱਛੇ ਦੀ ਟਹਿਣੀ ਤੋੜੀ ਅਤੇ ਉਹ ਨੂੰ ਇੱਕ ਲਾਠੀ ਉੱਤੇ ਦੋ ਮਨੁੱਖ ਚੁੱਕ ਕੇ ਲਿਆਏ ਨਾਲੇ ਅਨਾਰ ਅਤੇ ਹੰਜ਼ੀਰ ਨੂੰ ਵੀ ਲਿਆਏ ।24ਅਤੇ ਉਸ ਗੁੱਛੇ ਦੇ ਕਾਰਨ ਜਿਹੜਾ ਇਸਰਾਏਲੀਆਂ ਨੇ ਉੱਥੋਂ ਤੋੜਿਆ ਸੀ ਉਸ ਥਾਂ ਦਾ ਨਾਮ ਅਸ਼ਕੋਲ ਦੀ ਘਾਟੀ ਪੈ ਗਿਆ ।

25ਉਹ ਉਸ ਦੇਸ ਦਾ ਭੇਤ ਜਾਣ ਕੇ ਚਾਲ੍ਹੀਆਂ ਦਿਨਾਂ ਪਿੱਛੋਂ ਮੁੜੇ ।26ਉਹ ਤੁਰ ਕੇ ਮੂਸਾ ਹਾਰੂਨ ਅਤੇ ਇਸਰਾਏਲੀਆਂ ਦੀ ਸਾਰੀ ਮੰਡਲੀ ਕੋਲ ਪਾਰਾਨ ਦੀ ਉਜਾੜ ਵਿੱਚ ਕਾਦੇਸ਼ ਕੋਲ ਆਏ ਅਤੇ ਸਾਰੀ ਮੰਡਲੀ ਲਈ ਖ਼ਬਰ ਲਿਆਏ ਨਾਲੇ ਉਸ ਧਰਤੀ ਦਾ ਫ਼ਲ ਵਿਖਾਇਆ ।
27ਅਤੇ ਉਨ੍ਹਾਂ ਨੇ ਉਹ ਨੂੰ ਨਿਰਣਾ ਕਰ ਕੇ ਆਖਿਆ ਕਿ ਅਸੀਂ ਉਸ ਦੇਸ ਨੂੰ ਗਏ ਜਿੱਥੇ ਤੁਸੀਂ ਸਾਨੂੰ ਭੇਜਿਆ ਸੀ । ਉੱਥੇ ਸੱਚ-ਮੁੱਚ ਦੁੱਧ ਅਤੇ ਸ਼ਹਿਦ ਵਗਦਾ ਹੈ ਅਤੇ ਇਹ ਉਹ ਦਾ ਫਲ ਹੈ ।28ਪਰੰਤੂ ਉਸ ਦੇਸ ਦੇ ਵਾਸੀ ਬਲਵਾਨ ਹਨ ਅਤੇ ਉਸ ਦੇ ਸ਼ਹਿਰ ਗੜ੍ਹਾਂ ਵਾਲੇ ਅਤੇ ਵੱਡੇ-ਵੱਡੇ ਹਨ ਅਤੇ ਅਸੀਂ ਉੱਥੇ ਆਨਾਕ ਦੇ ਵਾਸੀਆਂ ਨੂੰ ਵੀ ਵੇਖਿਆ ।29ਉਸ ਦੇਸ ਦੇ ਦੱਖਣ ਵੱਲ ਅਮਾਲੇਕੀ ਵੱਸਦੇ ਹਨ ਅਤੇ ਹਿੱਤੀ, ਯਬੁਸੀ, ਅਤੇ ਅਮੋਰੀ ਪਹਾੜ ਉੱਤੇ ਵੱਸਦੇ ਹਨ ਅਤੇ ਕਨਾਨੀ ਸਮੁੰਦਰ ਕੋਲ ਯਰਦਨ ਦੇ ਆਲੇ-ਦੁਆਲੇ ਵੱਸਦੇ ਹਨ ।

30ਤਦ ਕਾਲੇਬ ਨੇ ਮੂਸਾ ਦੇ ਅੱਗੇ ਪਰਜਾ ਨੂੰ ਚੁੱਪ ਕਰਾਇਆ ਅਤੇ ਆਖਿਆ, ਜ਼ਰੂਰ ਅਸੀਂ ਉੱਪਰ ਜਾਈਏ ਅਤੇ ਉਸ ਦੇਸ ਉੱਤੇ ਕਬਜ਼ਾ ਕਰੀਏ ਕਿਉਂ ਜੋ ਅਸੀਂ ਉਹ ਦੇ ਉੱਤੇ ਕਬਜ਼ਾ ਕਰ ਸਕਦੇ ਹਾਂ । ਅਸੀਂ ਜ਼ਰੂਰ ਹੀ ਉਹ ਦੇ ਉੱਤੇ ਕਬਜ਼ਾ ਕਰ ਸਕਦੇ ਹਾਂ ।31ਪਰ ਉਨ੍ਹਾਂ ਮਨੁੱਖਾਂ ਨੇ ਜਿਹੜੇ ਉਹ ਦੇ ਨਾਲ ਉੱਪਰ ਗਏ ਸਨ ਆਖਿਆ ਭਈ ਅਸੀਂ ਉਨ੍ਹਾਂ ਲੋਕਾਂ ਦੇ ਵਿਰੁੱਧ ਉੱਪਰ ਨਹੀਂ ਜਾ ਸਕਦੇ ਕਿਉਂ ਜੋ ਉਹ ਸਾਡੇ ਤੋਂ ਬਲਵਾਨ ਹਨ ।
32ਉਹ ਇਸਰਾਏਲੀਆਂ ਕੋਲ ਉਸ ਦੇਸ ਦੀ ਬੁਰੀ ਖ਼ਬਰ ਲਿਆਏ ਜਿਸ ਦਾ ਉਨ੍ਹਾਂ ਨੇ ਭੇਤ ਪਾਇਆ ਸੀ ਅਤੇ ਆਖਣ ਲੱਗੇ, ਕਿ ਜਿਸ ਦੇਸ ਦੇ ਵਿਚ ਦੀ ਅਸੀਂ ਲੰਘੇ, ਉਸ ਦਾ ਭੇਤ ਜਾਣੀਏ, ਉਹ ਅਜਿਹਾ ਦੇਸ ਹੈ ਜਿਹੜਾ ਆਪਣੇ ਵਾਸੀਆਂ ਨੂੰ ਖਾਂਦਾ ਹੈ ਨਾਲੇ ਸਾਰੇ ਲੋਕ ਜਿਨ੍ਹਾਂ ਨੂੰ ਅਸੀਂ ਉਸ ਵਿੱਚ ਵੇਖਿਆ ਉਹ ਵੱਡੇ-ਵੱਡੇ ਕੱਦਾਂ ਵਾਲੇ ਮਨੁੱਖ ਹਨ ।33ਅਤੇ ਉੱਥੇ ਅਸੀਂ ਨਫ਼ੀਲੀਮ ਤੋਂ ਜਿਹੜੀ ਅਨਾਕ ਦੀ ਅੰਸ਼ ਹੈ, ਉੱਥੇ ਦੈਂਤ ਵੇਖੇ ਅਤੇ ਅਸੀਂ ਆਪਣੀ ਨਿਗਾਹ ਵਿੱਚ ਟਿੱਡੀਆਂ ਵਰਗੇ ਹਾਂ ਅਤੇ ਉਨ੍ਹਾਂ ਦੀ ਨਿਗਾਹ ਵਿੱਚ ਵੀ ਅਸੀਂ ਕੁਝ ਵੀ ਨਹੀਂ ਹਾਂ ।

14
ਲੋਕਾਂ ਦਾ ਬੁੜਬੜਾਉਣਾ

1ਸਾਰੀ ਮੰਡਲੀ ਨੇ ਆਪਣੀ ਅਵਾਜ਼ ਉੱਚੀ ਦਿੱਤੀ, ਰੌਲਾਂ ਪਾਇਆ ਅਤੇ ਪਰਜਾ ਉਸ ਰਾਤ ਰੋਂਦੀ ਰਹੀ ।2ਅਤੇ ਸਾਰੇ ਇਸਰਾਏਲੀ ਮੂਸਾ ਦੇ ਵਿਰੁੱਧ ਅਤੇ ਹਾਰੂਨ ਦੇ ਵਿਰੁੱਧ ਬੁੜ ਬੁੜਾਏ ਅਤੇ ਸਾਰੀ ਮੰਡਲੀ ਨੇ ਉਨ੍ਹਾਂ ਨੂੰ ਆਖਿਆ, ਚੰਗਾ ਹੀ ਹੁੰਦਾ ਜੇ ਅਸੀਂ ਮਿਸਰ ਦੇਸ ਵਿੱਚ ਮਰ ਜਾਂਦੇ ਨਾ ਕਿ ਇਸ ਉਜਾੜ ਵਿੱਚ ਮਰ ਮੁੱਕਦੇ ।3ਯਹੋਵਾਹ ਸਾਨੂੰ ਕਿਉਂ ਇਸ ਦੇਸ ਵਿੱਚ ਲਿਆਇਆ ਕਿ ਅਸੀਂ ਤਲਵਾਰ ਨਾਲ ਡਿੱਗੀਏ ਅਤੇ ਸਾਡੀਆਂ ਪਤਨੀਆਂ ਅਤੇ ਸਾਡੇ ਨਿਆਣੇ ਲੁੱਟ ਦਾ ਮਾਲ ਹੋਣ ? ਕੀ ਸਾਡੇ ਲਈ ਚੰਗਾ ਨਹੀਂ, ਜੋ ਅਸੀਂ ਮਿਸਰ ਨੂੰ ਮੁੜ ਜਾਈਏ ?

4ਤਦ ਉਹ ਇੱਕ ਦੂਜੇ ਨੂੰ ਆਖਣ ਲੱਗੇ ਕਿ ਅਸੀਂ ਇੱਕ ਆਗੂ ਠਹਿਰਾ ਕੇ ਮਿਸਰ ਨੂੰ ਮੁੜ ਚੱਲੀਏ ।5ਤਦ ਮੂਸਾ ਅਤੇ ਹਾਰੂਨ ਆਪਣੇ ਮੂੰਹਾਂ ਦੇ ਭਾਰ ਇਸਰਾਏਲੀਆਂ ਦੀ ਮੰਡਲੀ ਦੀ ਸਭਾ ਅੱਗੇ ਡਿੱਗ ਪਏ ।
6ਫੇਰ ਤਾਂ ਨੂਨ ਦੇ ਪੁੱਤਰ ਯਹੋਸ਼ੁਆ ਅਤੇ ਯਫੁੰਨਹ ਦੇ ਪੁੱਤਰ ਕਾਲੇਬ ਨੇ ਜਿਹੜੇ ਧਰਤੀ ਦਾ ਭੇਤ ਲੈਣ ਵਾਲਿਆਂ ਵਿੱਚੋਂ ਸਨ ਆਪਣੇ ਕੱਪੜੇ ਪਾੜੇ ।7ਅਤੇ ਉਨ੍ਹਾਂ ਨੇ ਇਸਰਾਏਲੀਆਂ ਦੀ ਸਾਰੀ ਮੰਡਲੀ ਨੂੰ ਆਖਿਆ ਕਿ ਉਹ ਧਰਤੀ ਜਿਸ ਦੇ ਵਿੱਚ ਦੀ ਅਸੀਂ ਭੇਤ ਲੈਣ ਲਈ ਗਏ, ਬਹੁਤ ਚੰਗੀ ਹੈ ।8ਜੇ ਯਹੋਵਾਹ ਸਾਡੇ ਨਾਲ ਪ੍ਰਸੰਨ ਹੈ ਤਾਂ ਉਹ ਸਾਨੂੰ ਉਸ ਦੇਸ ਵਿੱਚ ਲੈ ਜਾਵੇਗਾ ਅਤੇ ਸਾਨੂੰ ਦੇ ਦੇਵੇਗਾ । ਉਹ ਇੱਕ ਧਰਤੀ ਹੈ ਜਿਸ ਦੇ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਹੈ ।
9ਤੁਸੀਂ ਸਿਰਫ਼ ਯਹੋਵਾਹ ਦੇ ਵਿਰੁੱਧ ਗਵਾਹੀ ਨਾ ਦੇਵੋ, ਨਾ ਹੀ ਤੁਸੀਂ ਉਸ ਦੇਸ ਦੇ ਲੋਕਾਂ ਤੋਂ ਡਰੋ ਕਿਉਂ ਜੋ ਉਹ ਤਾਂ ਸਾਡੇ ਲਈ ਮਾਮੂਲੀ ਹੀ ਹਨ । ਉਹਨਾਂ ਦੀ ਸੁਰੱਖਿਆ ਉਹਨਾਂ ਦੇ ਉੱਤੋਂ ਜਾਂਦੀ ਰਹੀ ਹੈ ਅਤੇ ਯਹੋਵਾਹ ਸਾਡੇ ਨਾਲ ਹੈ ਉਹਨਾਂ ਤੋਂ ਤੁਸੀਂ ਨਾ ਡਰੋ !10ਪਰ ਜਦ ਸਾਰੀ ਮੰਡਲੀ ਨੇ ਆਖਿਆ ਕਿ ਇਨ੍ਹਾਂ ਨੂੰ ਪੱਥਰਾਂ ਨਾਲ ਮਾਰੀਏ ਤਦ ਯਹੋਵਾਹ ਦੀ ਮਹਿਮਾ ਸਾਰੇ ਇਸਰਾਏਲੀਆਂ ਦੀ ਉੱਤੇ ਮੰਡਲੀ ਦੇ ਤੰਬੂ ਵਿੱਚ ਪਰਗਟ ਹੋਈ ।
ਲੋਕਾਂ ਦੇ ਲਈ ਮੂਸਾ ਦੀ ਪ੍ਰਾਰਥਨਾ

11ਤਦ ਯਹੋਵਾਹ ਨੇ ਮੂਸਾ ਨੂੰ ਆਖਿਆ ਕਿ ਇਹ ਪਰਜਾ ਕਦੋਂ ਤੱਕ ਮੇਰੀ ਨਿਰਾਦਰੀ ਕਰਦੀ ਰਹੇਗੀ ? ਅਤੇ ਕਦੋਂ ਤੱਕ ਮੇਰੇ ਉੱਤੇ ਉਨ੍ਹਾਂ ਸਾਰਿਆਂ ਨਿਸ਼ਾਨਾਂ ਦੇ ਹੁੰਦਿਆਂ ਵੀ ਜਿਹੜੇ ਮੈਂ ਉਨ੍ਹਾਂ ਵਿੱਚ ਕੀਤੇ, ਵਿਸ਼ਵਾਸ ਨਾ ਕਰੇਗੀ ?12ਮੈਂ ਉਨ੍ਹਾਂ ਨੂੰ ਮਰੀ ਨਾਲ ਮਾਰਾਂਗਾ, ਅਤੇ ਤੈਨੂੰ ਇੱਕ ਕੌਮ ਬਣਾਵਾਂਗਾ ਜੋ ਉਨ੍ਹਾਂ ਤੋਂ ਵੱਡੀ ਅਤੇ ਬਲਵੰਤ ਹੋਵੇਗੀ ।
13ਪਰ ਮੂਸਾ ਨੇ ਯਹੋਵਾਹ ਨੂੰ ਆਖਿਆ, ਫੇਰ ਮਿਸਰੀ ਇਹ ਸੁਣਨਗੇ ਕਿਉਂ ਜੋ ਤੂੰ ਇਸ ਪਰਜਾ ਨੂੰ ਆਪਣੇ ਬਲ ਨਾਲ ਉਨ੍ਹਾਂ ਦੇ ਵਿੱਚੋਂ ਕੱਢ ਲਿਆਇਆ ਹੈਂ ।14ਅਤੇ ਉਹ ਇਸ ਦੇਸ ਦੇ ਵਸਨੀਕਾਂ ਨੂੰ ਦੱਸਣਗੇ । ਉਨ੍ਹਾਂ ਨੇ ਸੁਣਿਆ ਹੈ ਕਿ ਤੂੰ ਯਹੋਵਾਹ ਇਸ ਪਰਜਾ ਦੇ ਵਿੱਚ ਹੈਂ ਅਤੇ ਤੂੰ ਯਹੋਵਾਹ ਉਨ੍ਹਾਂ ਨੂੰ ਆਹਮੋ-ਸਾਹਮਣੇ ਵਿਖਾਈ ਦਿੰਦਾ ਹੈਂ ਅਤੇ ਤੇਰਾ ਬੱਦਲ ਉਨ੍ਹਾਂ ਦੇ ਉੱਤੇ ਖੜ੍ਹਾ ਰਹਿੰਦਾ ਹੈ ਅਤੇ ਤੂੰ ਉਨ੍ਹਾਂ ਦੇ ਅੱਗੇ-ਅੱਗੇ ਦਿਨ ਨੂੰ ਬੱਦਲ ਦੇ ਥੰਮ੍ਹ ਵਿੱਚ ਅਤੇ ਰਾਤ ਨੂੰ ਅੱਗ ਦੇ ਥੰਮ੍ਹ ਵਿੱਚ ਚੱਲਦਾ ਹੈਂ ।
15ਜੇ ਤੂੰ ਇਸ ਪਰਜਾ ਨੂੰ ਇੱਕ ਮਨੁੱਖ ਵਾਂਗੂੰ ਮਾਰ ਸੁੱਟੇਂ ਤਾਂ ਕੌਮਾਂ ਜਿਨ੍ਹਾਂ ਨੇ ਤੇਰੀ ਮਹਿਮਾ ਸੁਣੀ ਹੈ, ਆਖਣਗੀਆਂ,16ਇਸ ਲਈ ਕਿ ਯਹੋਵਾਹ ਇਸ ਪਰਜਾ ਨੂੰ ਉਸ ਦੇਸ ਵਿੱਚ ਪਹੁੰਚਾ ਨਾ ਸਕਿਆ ਜਿਸ ਦੇ ਦੇਣ ਦੀ ਸਹੁੰ ਖਾਧੀ ਸੀ ਤਾਂ ਹੀ ਤਾਂ ਉਸਨੇ ਉਨ੍ਹਾਂ ਨੂੰ ਉਜਾੜ ਵਿੱਚ ਬਰਬਾਦ ਕੀਤਾ ।
17ਹੁਣ ਪ੍ਰਭੂ ਦਾ ਇਕਬਾਲ ਵੱਡਾ ਹੋਵੇ ਜਿਵੇਂ ਤੂੰ ਬੋਲਿਆ ਹੈਂ ।18ਕਿ ਯਹੋਵਾਹ ਕ੍ਰੋਧ ਵਿੱਚ ਧੀਰਜੀ ਅਤੇ ਭਲਿਆਈ ਨਾਲ ਭਰਪੂਰ ਹੈ ਅਤੇ ਕੁਧਰਮ ਅਤੇ ਅਪਰਾਧ ਦਾ ਬਖਸ਼ਣਹਾਰ ਹੈ ਪਰ ਕੁਧਰਮੀ ਨੂੰ ਇਸ ਤਰ੍ਹਾਂ ਹੀ ਨਹੀਂ ਛੱਡ ਦਿੰਦਾ । ਉਹ ਪਿਤਾ ਦੇ ਕੁਧਰਮ ਦਾ ਬਦਲਾ ਉਨ੍ਹਾਂ ਦੇ ਪੁੱਤਰਾਂ ਉੱਤੋਂ ਤੀਜੀ ਚੌਥੀ ਪੀੜ੍ਹੀ ਤੱਕ ਲੈਣ ਵਾਲਾ ਹੈ ।19ਆਪਣੀ ਵੱਡੀ ਦਯਾ ਦੇ ਅਨੁਸਾਰ ਜਿਵੇਂ ਤੂੰ ਇਸ ਪਰਜਾ ਨੂੰ ਮਿਸਰ ਤੋਂ ਲੈ ਕੇ ਹੁਣ ਤੱਕ ਬਖਸ਼ਿਆ ਹੈ ਇਨ੍ਹਾਂ ਦਾ ਕੁਧਰਮ ਮਾਫ਼ ਕਰ ਦੇ ।

20ਤਾਂ ਯਹੋਵਾਹ ਨੇ ਆਖਿਆ, ਤੇਰੇ ਆਖਣ ਅਨੁਸਾਰ ਮੈਂ ਉਨ੍ਹਾਂ ਨੂੰ ਮਾਫ਼ ਕੀਤਾ ।21ਪਰ ਮੇਰੀ ਜਿੰਦ ਦੀ ਸਹੁੰ ਯਹੋਵਾਹ ਦੀ ਮਹਿਮਾ ਨਾਲ ਸਾਰੀ ਪ੍ਰਿਥਵੀ ਭਰਪੂਰ ਹੋਵੇਗੀ ।22ਫੇਰ ਵੀ ਉਹ ਸਾਰੇ ਮਨੁੱਖ ਜਿਨ੍ਹਾਂ ਨੇ ਮੇਰੀ ਮਹਿਮਾ ਨੂੰ ਅਤੇ ਮੇਰੇ ਨਿਸ਼ਾਨਾਂ ਨੂੰ ਜਿਹੜੇ ਮੈਂ ਮਿਸਰ ਵਿੱਚ ਅਤੇ ਉਜਾੜ ਵਿੱਚ ਕੀਤੇ ਮੈਨੂੰ ਹੁਣ ਤੱਕ ਦਸ ਵਾਰ ਪਰਤਾਇਆ ਅਤੇ ਮੇਰੀ ਅਵਾਜ਼ ਨਹੀਂ ਸੁਣੀ ।
23ਉਹ ਉਸ ਧਰਤੀ ਨੂੰ ਨਾ ਵੇਖਣਗੇ ਜਿਸ ਦੀ ਮੈਂ ਉਨ੍ਹਾਂ ਦੇ ਪਿਉ-ਦਾਦਿਆਂ ਨਾਲ ਸਹੁੰ ਖਾਧੀ ਸੀ ਅਤੇ ਨਾ ਹੀ ਉਹ ਸਾਰੇ ਜਿਨ੍ਹਾਂ ਮੇਰੀ ਹਾਨੀ ਕੀਤੀ ਉਹ ਨੂੰ ਵੇਖਣਗੇ ।24ਪਰ ਮੇਰਾ ਸੇਵਕ ਕਾਲੇਬ ਅਤੇ ਉਸ ਦਾ ਵੰਸ਼ ਇਸ ਉੱਤੇ ਕਬਜ਼ਾ ਕਰੇਗਾ ਇਸ ਲਈ ਕਿ ਉਹ ਦੇ ਵਿੱਚ ਹੋਰ ਸੁਭਾਅ ਹੈ ਅਤੇ ਉਹ ਪੂਰੀ ਤਰ੍ਹਾਂ ਮੇਰੇ ਪਿੱਛੇ ਚੱਲਿਆ ਹੈ, ਮੈਂ ਉਸ ਨੂੰ ਹੀ ਇਸ ਧਰਤੀ ਵਿੱਚ ਜਿਸ ਦੇ ਵਿੱਚ ਉਹ ਗਿਆ ਸੀ ਲੈ ਜਾਂਵਾਂਗਾ ।25ਅਮਾਲੇਕੀ ਅਤੇ ਕਨਾਨੀ ਘਾਟੀ ਵਿੱਚ ਵੱਸਦੇ ਹਨ । ਕਲ ਨੂੰ ਮੁੜੋ ਅਤੇ ਲਾਲ ਸਮੁੰਦਰ ਦੇ ਰਾਹ ਦੁਆਰਾ ਉਜਾੜ ਨੂੰ ਕੂਚ ਕਰੋ ।
ਬੁੜਬੜਾਉਣ ਦੀ ਸਜ਼ਾ

26ਫੇਰ ਯਹੋਵਾਹ ਮੂਸਾ ਅਤੇ ਹਾਰੂਨ ਨੂੰ ਬੋਲਿਆ,27ਕਦੋਂ ਤੱਕ ਮੈਂ ਇਸ ਦੁਸ਼ਟ ਮੰਡਲੀ ਨੂੰ ਝੱਲਾਂ ਜਿਹੜੀ ਮੇਰੇ ਵਿਰੁੱਧ ਬੁੜਬੁੜਾਉਂਦੀ ਹੈ ? ਇਸਰਾਏਲੀਆਂ ਦੀ ਇਸ ਬੁੜ ਬੁੜਾਹਟ ਨੂੰ ਜਿਹੜੀ ਉਹ ਮੇਰੇ ਵਿਰੁੱਧ ਬੁੜ-ਬੁੜ ਕਰਦੇ ਹਨ ਮੈਂ ਸੁਣਿਆ ਹੈ ।
28ਉਨ੍ਹਾਂ ਨੂੰ ਆਖੋ ਕਿ ਮੈਨੂੰ ਮੇਰੀ ਜਾਨ ਦੀ ਸਹੁੰ, ਯਹੋਵਾਹ ਦਾ ਵਾਕ ਹੈ, ਸੱਚ-ਮੁੱਚ ਜਿਵੇਂ ਤੁਸੀਂ ਮੇਰੇ ਸੁਣਨ ਵਿੱਚ ਆਖਿਆ ਸੀ ਉਸੇ ਤਰ੍ਹਾਂ ਹੀ ਮੈਂ ਤੁਹਾਡੇ ਨਾਲ ਕਰਾਂਗਾ ।29ਇਸੇ ਉਜਾੜ ਵਿੱਚ ਤੁਹਾਡੀਆਂ ਲਾਸ਼ਾਂ ਡਿੱਗਣਗੀਆਂ ਅਤੇ ਤੁਹਾਡੇ ਸਾਰੇ ਗਿਣੇ ਹੋਏ ਤੁਹਾਡੇ ਕੁੱਲ ਲੇਖੇ ਅਨੁਸਾਰ ਵੀਹ ਸਾਲ ਦੇ ਅਤੇ ਉਸ ਦੇ ਉੱਪਰ ਦੇ ਜੋ ਮੇਰੇ ਵਿਰੁੱਧ ਬੁੜ ਬੁੜਾਏ ।30ਯਫੁੰਨਹ ਦੇ ਪੁੱਤਰ ਕਾਲੇਬ ਅਤੇ ਨੂਨ ਦੇ ਪੁੱਤਰ ਯਹੋਸ਼ੁਆ ਤੋਂ ਛੁੱਟ, ਤੁਹਾਡੇ ਵਿੱਚੋਂ ਕੋਈ ਉਸ ਦੇਸ ਨਾ ਵੜੋਂਗੇ ਜਿਸ ਦੀ ਮੈਂ ਸਹੁੰ ਖਾਧੀ ਸੀ, ਕਿ ਮੈਂ ਤੁਹਾਨੂੰ ਉਸ ਵਿੱਚ ਵਸਾਵਾਂਗਾ ।
31ਪਰ ਤੁਹਾਡੇ ਨਿਆਣੇ ਜਿਨ੍ਹਾਂ ਵਿਖੇ ਤੁਸੀਂ ਆਖਿਆ ਸੀ ਕਿ ਉਹ ਲੁੱਟ ਦਾ ਮਾਲ ਹੋਣਗੇ ਉਨ੍ਹਾਂ ਨੂੰ ਮੈਂ ਅੰਦਰ ਲਿਆਵਾਂਗਾ ਅਤੇ ਉਹ ਇਸ ਧਰਤੀ ਨੂੰ ਪਾਉਣਗੇ ਜਿਸ ਨੂੰ ਤੁਸੀਂ ਰੱਦਿਆ ਹੈ ।32ਪਰ ਤੁਹਾਡੀਆਂ ਲਾਸ਼ਾਂ ਇਸ ਉਜਾੜ ਵਿੱਚ ਡਿੱਗ ਪੈਣਗੀਆਂ, ਇਹ ਤੁਹਾਡੇ ਲਈ ਹੈ !33ਤੁਹਾਡੇ ਪੁੱਤਰ ਉਜਾੜ ਵਿੱਚ ਚਾਲੀਆਂ ਸਾਲ ਤੱਕ ਅਯਾਲੀ ਹੋਣਗੇ ਅਤੇ ਤੁਹਾਡੇ ਕੁਕਰਮ ਦੀ ਸਜ਼ਾ ਚੁੱਕਣਗੇ ਜਦ ਤੱਕ ਤੁਹਾਡੀਆਂ ਲਾਸ਼ਾਂ ਉਜਾੜ ਵਿੱਚ ਗਲ ਸੜ ਨਾ ਜਾਣ ।
34ਉਨ੍ਹਾਂ ਦਿਨਾਂ ਦੀ ਗਿਣਤੀ ਅਨੁਸਾਰ ਜਦ ਤੁਸੀਂ ਇਸ ਧਰਤੀ ਦਾ ਭੇਤ ਪਾਇਆ ਚਾਲ੍ਹੀ ਦਿਨ ਅਰਥਾਤ ਇੱਕ ਦਿਨ ਇੱਕ ਸਾਲ ਜਿਹਾ ਤੁਸੀਂ ਆਪਣੀ ਬੁਰਾਈ ਨੂੰ ਚਾਲ੍ਹੀ ਸਾਲ ਤੱਕ ਚੁੱਕੋਗੇ ਤਦ ਤੁਸੀਂ ਮੈਨੂੰ ਤਿਆਗਣ ਦਾ ਨਤੀਜਾ ਜਾਣੋਗੇ !35ਮੈਂ ਯਹੋਵਾਹ ਬੋਲ ਚੁੱਕਿਆ ਹਾਂ । ਮੈਂ ਜ਼ਰੂਰ ਇਹ ਸਭ ਕੁਝ ਇਸ ਦੁਸ਼ਟ ਮੰਡਲੀ ਨਾਲ ਕਰਾਂਗਾ ਜਿਹੜੀ ਮੇਰੇ ਵਿਰੁੱਧ ਇਕੱਠੀ ਹੋਈ ਹੈ । ਉਹ ਇਸ ਉਜਾੜ ਵਿੱਚ ਗਲ ਸੜ ਜਾਣਗੇ ਅਤੇ ਇੱਥੇ ਹੀ ਉਹ ਮਰ ਜਾਣਗੇ ।

36ਫੇਰ ਉਹ ਮਨੁੱਖ ਜਿਨ੍ਹਾਂ ਨੂੰ ਮੂਸਾ ਨੇ ਧਰਤੀ ਦਾ ਭੇਤ ਜਾਣਨ ਲਈ ਭੇਜਿਆ ਸੀ ਅਤੇ ਜਿਹੜੇ ਮੁੜ ਕੇ ਉਸ ਧਰਤੀ ਦੀ ਅਜਿਹੀ ਬੁਰੀ ਖ਼ਬਰ ਲਿਆਏ ਕਿ ਸਾਰੀ ਮੰਡਲੀ ਉਸ ਦੇ ਵਿਰੁੱਧ ਬੁੜ-ਬੁੜਾਉਣ ਲੱਗ ਪਈ,37ਉਹ ਮਨੁੱਖ ਜਿਹੜੇ ਧਰਤੀ ਦੀ ਬੁਰੀ ਖ਼ਬਰ ਲਿਆਏ ਯਹੋਵਾਹ ਦੇ ਅੱਗੇ ਬਵਾ ਨਾਲ ਮਰ ਗਏ ।38ਪਰ ਨੂਨ ਦਾ ਪੁੱਤਰ ਯਹੋਸ਼ੁਆ ਅਤੇ ਯਫੁੰਨਹ ਦਾ ਪੁੱਤਰ ਕਾਲੇਬ ਉਨ੍ਹਾਂ ਮਨੁੱਖਾਂ ਵਿੱਚੋਂ ਜਿਹੜੇ ਧਰਤੀ ਦਾ ਭੇਤ ਪਾਉਣ ਨੂੰ ਗਏ ਸਨ ਜੀਉਂਦੇ ਬਚੇ ਰਹੇ ।
ਉਸ ਦੇਸ ਉੱਤੇ ਪਹਿਲਾ ਹਮਲਾ
(ਬਿਵਸਥਾਸਾਰ 1:41 – 46)

39ਤਦ ਮੂਸਾ ਨੇ ਸਾਰੇ ਇਸਰਾਏਲੀਆਂ ਨੂੰ ਇਹ ਗੱਲਾਂ ਦੱਸੀਆਂ ਅਤੇ ਪਰਜਾ ਨੇ ਵੱਡਾ ਵਿਰਲਾਪ ਕੀਤਾ ।40ਤਦ ਉਹ ਸਵੇਰੇ ਹੀ ਉੱਠ ਕੇ ਪਹਾੜ ਦੀ ਟੀਸੀ ਉੱਤੇ ਇਹ ਕਹਿ ਕੇ ਗਏ ਕਿ ਵੇਖੋ, ਅਸੀਂ ਹੀ ਉਸ ਥਾਂ ਨੂੰ ਉਤਾਹਾਂ ਜਾਂਵਾਂਗੇ ਜਿਸ ਦੇ ਲਈ ਯਹੋਵਾਹ ਨੇ ਫਰਮਾਇਆ ਹੈ ਕਿਉਂ ਜੋ ਅਸੀਂ ਪਾਪ ਕੀਤਾ ਹੈ ।
41ਪਰ ਮੂਸਾ ਨੇ ਆਖਿਆ, ਤੁਸੀਂ ਯਹੋਵਾਹ ਦੇ ਹੁਕਮ ਦਾ ਉਲੰਘਣ ਕਿਉਂ ਕਰਦੇ ਹੋ ? ਕਿਉਂ ਜੋ ਇਹ ਸਫ਼ਲ ਨਹੀਂ ਹੋਵੇਗਾ ।42ਤੁਸੀਂ ਉਤਾਹਾਂ ਨਾ ਜਾਓ ਕਿਉਂ ਜੋ ਯਹੋਵਾਹ ਤੁਹਾਡੇ ਵਿਚਕਾਰ ਨਹੀਂ ਹੈ ਕਿਤੇ ਅਜਿਹਾ ਨਾ ਹੋਵੇ ਕਿ ਤੁਸੀਂ ਆਪਣੇ ਵੈਰੀਆਂ ਦੇ ਅੱਗੇ ਹਾਰ ਜਾਓ ।43ਅਮਾਲੇਕੀ ਅਤੇ ਕਨਾਨੀ ਉੱਥੇ ਤੁਹਾਡੇ ਸਾਹਮਣੇ ਹਨ ਅਤੇ ਤੁਸੀਂ ਤਲਵਾਰ ਨਾਲ ਡਿੱਗ ਪਓਗੇ । ਇਸ ਲਈ ਕਿ ਤੁਸੀਂ ਯਹੋਵਾਹ ਦੇ ਪਿੱਛੇ ਚੱਲਣ ਤੋਂ ਫਿਰ ਗਏ ਯਹੋਵਾਹ ਤੁਹਾਡੇ ਸੰਗ ਨਹੀਂ ਹੋਵੇਗਾ ।
44ਪਰੰਤੂ ਉਹ ਜਿੱਦ ਨਾਲ ਪਹਾੜ ਦੀ ਟੀਸੀ ਉੱਤੇ ਚੜ੍ਹ ਗਏ ਪਰ ਯਹੋਵਾਹ ਦੇ ਨੇਮ ਦਾ ਸੰਦੂਕ ਅਤੇ ਮੂਸਾ ਡੇਰੇ ਦੇ ਵਿੱਚੋਂ ਨਾ ਗਏ ।45ਅਮਾਲੇਕੀ ਅਤੇ ਕਨਾਨੀ ਜਿਹੜੇ ਉਸ ਪਹਾੜ ਉੱਤੇ ਵੱਸਦੇ ਸਨ ਹੇਠਾਂ ਆਏ ਅਤੇ ਉਨ੍ਹਾਂ ਨੂੰ ਮਾਰਿਆ ਅਤੇ ਉਨ੍ਹਾਂ ਨੂੰ ਹਾਰਮਾਹ ਤੱਕ ਵੱਢਦੇ ਗਏ ।

15
ਬਲੀਦਾਨ ਦੇ ਬਾਰੇ ਨਿਯਮ

1ਯਹੋਵਾਹ ਨੇ ਮੂਸਾ ਨੂੰ ਆਖਿਆ,2ਇਸਰਾਏਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਆਖ ਕਿ ਜਦ ਤੁਸੀਂ ਉਸ ਦੇਸ ਵਿੱਚ ਪਹੁੰਚ ਜਾਓ ਜੋ ਤੁਹਾਡੇ ਵੱਸਣ ਲਈ ਮੈਂ ਤੁਹਾਨੂੰ ਦਿੰਦਾ ਹਾਂ ।3ਅਤੇ ਜਦ ਤੁਸੀਂ ਯਹੋਵਾਹ ਲਈ ਅੱਗ ਦੀ ਭੇਟ ਭਾਵੇਂ ਹੋਮ ਦੀ ਭਾਵੇਂ ਬਲੀ ਦੀ ਚੜ੍ਹਾਓ ਤਾਂ ਜੋ ਤੁਸੀਂ ਸੁੱਖਣਾ ਪੂਰੀ ਕਰੋ ਜਾਂ ਖੁਸ਼ੀ ਦੀ ਭੇਟ ਵਾਂਗੂੰ ਜਾਂ ਤੁਹਾਡੇ ਠਹਿਰਾਏ ਹੋਏ ਪਰਬਾਂ ਵਿੱਚ ਦੀ ਭੇਟ ਵਾਂਗੂੰ ਤਾਂ ਜੋ ਯਹੋਵਾਹ ਲਈ ਸੁਗੰਧਤਾ ਚੋਣੇ ਤੋਂ ਜਾਂ ਇੱਜੜ ਤੋਂ ਹੋਵੇ ।

4ਤਾਂ ਚੜ੍ਹਾਉਣ ਵਾਲਾ ਯਹੋਵਾਹ ਲਈ ਮੈਦੇ ਦੀ ਭੇਟ ਲਈ ਏਫਾਹ ਦਾ ਦਸਵਾਂ ਹਿੱਸਾ ਮੈਦੇ ਦਾ ਹੀਨ ਦਾ ਚੌਥਾ ਹਿੱਸਾ ਤੇਲ ਮਿਲਿਆ ਹੋਇਆ ਚੜ੍ਹਾਵੇ ।5ਅਤੇ ਪੀਣ ਦੀ ਭੇਟ ਲਈ ਹੀਨ ਦੀ ਚੋਥਾਈ ਮਧ ਹਰ ਭੇਡ ਦੇ ਬੱਚੇ ਪਿੱਛੇ ਤੂੰ ਉਸ ਹੋਮ ਦੀ ਭੇਟ ਨਾਲ ਜਾਂ ਬਲੀ ਨਾਲ ਤਿਆਰ ਕਰ ।
6ਭੇਡੂ ਦੇ ਨਾਲ ਮੈਦੇ ਦੀ ਭੇਟ ਦੋ ਦਸਵੇਂ ਹਿੱਸੇ ਮੈਦੇ ਦੇ ਹੀਨ ਦੀ ਤਿਹਾਈ ਤੇਲ ਮਿਲਿਆ ਹੋਇਆ ਤਿਆਰ ਕਰ ।7ਅਤੇ ਪੀਣ ਦੀ ਭੇਟ ਲਈ ਹੀਨ ਦੀ ਤਿਹਾਈ ਮਧ ਯਹੋਵਾਹ ਲਈ ਸੁਗੰਧਤਾ ਦੀ ਭੇਟ ਕਰਕੇ ਚੜ੍ਹਾ ।
8ਜਦ ਤੂੰ ਹੋਮ ਦੀ ਭੇਟ ਜਾਂ ਬਲੀ ਲਈ ਵਹਿੜਾ ਤਿਆਰ ਕਰੇਂ ਤਾਂ ਜੋ ਸੁੱਖਣਾ ਪੂਰੀ ਹੋਵੇ ਜਾਂ ਯਹੋਵਾਹ ਲਈ ਸੁਖ ਸਾਂਦ ਦੀਆਂ ਭੇਟਾਂ ਹੋਣ ।9ਤਾਂ ਉਹ ਉਸ ਵਹਿੜੇ ਦੇ ਨਾਲ ਮੈਦੇ ਦੀ ਭੇਟ ਤਿੰਨ ਦਸਵੇਂ ਹਿੱਸੇ ਮੈਦੇ ਦੇ ਅੱਧਾ ਹੀਨ ਤੇਲ ਮਿਲਿਆ ਹੋਇਆ ਚੜ੍ਹਾਵੇ ।10ਅਤੇ ਤੂੰ ਪੀਣ ਦੀ ਭੇਟ ਲਈ ਅੱਧਾ ਹੀਨ ਮਧ ਚੜ੍ਹਾ । ਉਹ ਯਹੋਵਾਹ ਲਈ ਅੱਗ ਦੀ ਸੁਗੰਧਤਾ ਹੋਵੇ ।

11ਇਸ ਤਰ੍ਹਾਂ ਹਰੇਕ ਬਲ਼ਦ, ਹਰ ਭੇਡੂ, ਹਰ ਭੇਡ ਦਾ ਬੱਚਾ, ਅਤੇ ਹਰ ਮੇਮਨੇ ਲਈ ਕੀਤਾ ਜਾਵੇ ।12ਉਨ੍ਹਾਂ ਦੀ ਗਿਣਤੀ ਅਨੁਸਾਰ ਜਿਹੜੇ ਤੁਸੀਂ ਤਿਆਰ ਕਰਦੇ ਹੋ, ਇਸੇ ਤਰ੍ਹਾਂ ਹੀ ਤੁਸੀਂ ਹਰ ਇੱਕ ਲਈ ਉਨ੍ਹਾਂ ਦੀ ਗਿਣਤੀ ਅਨੁਸਾਰ ਕਰੋ ।13ਸਾਰੇ ਦੇਸੀ ਉਨ੍ਹਾਂ ਨਾਲ ਜਦ ਉਹ ਯਹੋਵਾਹ ਲਈ ਅੱਗ ਦੀ ਸੁਗੰਧਤਾ ਚੜ੍ਹਾਉਣ ਇਸੇ ਤਰ੍ਹਾਂ ਹੀ ਕਰਨ ।
14ਅਤੇ ਜੇ ਕੋਈ ਤੁਹਾਡੇ ਵਿੱਚ ਟਿਕਿਆ ਹੋਇਆ ਪਰਦੇਸੀ ਜਾਂ ਜੇ ਕੋਈ ਤੁਹਾਡੇ ਵਿੱਚ ਤੁਹਾਡੀਆਂ ਪੀੜ੍ਹੀਆਂ ਤੋਂ ਰਹਿੰਦਾ ਹੋਵੇ ਅਤੇ ਉਹ ਯਹੋਵਾਹ ਲਈ ਅੱਗ ਦੀ ਸੁਗੰਧਤਾ ਚੜ੍ਹਾਵੇ ਤਾਂ ਜਿਵੇਂ ਤੁਸੀਂ ਕਰਦੇ ਹੋ ਉਹ ਵੀ ਕਰੇ ।15ਸਭਾ ਲਈ ਇੱਕੋ ਹੀ ਬਿਧੀ ਤੁਹਾਡੇ ਲਈ ਅਤੇ ਉਸ ਪਰਦੇਸੀ ਲਈ ਹੋਵੇ ਅਤੇ ਇਹ ਬਿਧੀ ਤੁਹਾਡੀ ਪੀੜ੍ਹੀਓਂ ਪੀੜ੍ਹੀ ਸਦਾ ਲਈ ਹੋਵੇ ਜਿਵੇਂ ਤੁਸੀਂ ਉਸੇ ਤਰ੍ਹਾਂ ਪਰਦੇਸੀ ਯਹੋਵਾਹ ਅੱਗੇ ਹੋ16ਇੱਕੋ ਬਿਵਸਥਾ ਅਤੇ ਇੱਕੋ ਹੀ ਕਾਨੂੰਨ ਤੁਹਾਡੇ ਲਈ ਅਤੇ ਉਸ ਪਰਦੇਸੀ ਲਈ ਹੈ ਜਿਹੜਾ ਤੁਹਾਡੇ ਵਿੱਚ ਰਹਿ ਰਿਹਾ ਹੋਇਆ ਹੋਵੇ ।

17ਯਹੋਵਾਹ ਮੂਸਾ ਨਾਲ ਬੋਲਿਆ,18ਤੂੰ ਇਸਰਾਏਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਆਖ ਕਿ ਜਦ ਤੁਸੀਂ ਉਸ ਧਰਤੀ ਵਿੱਚ ਵੜੋ ਜਿੱਥੇ ਮੈਂ ਤੁਹਾਨੂੰ ਲਈ ਜਾਂਦਾ ਹਾਂ19ਤਾਂ ਅਜਿਹਾ ਹੋਵੇਗਾ ਕਿ ਜਦ ਤੁਸੀਂ ਉਸ ਧਰਤੀ ਦੀ ਰੋਟੀ ਤੋਂ ਖਾਓ ਤਾਂ ਤੁਸੀਂ ਯਹੋਵਾਹ ਲਈ ਹਿਲਾਉਣ ਦੀ ਭੇਟ ਚੜ੍ਹਾਇਓ ।
20ਆਪਣੇ ਗੁੰਨੇ ਹੋਏ ਆਟੇ ਦੇ ਪਹਿਲੇ ਪੇੜੇ ਦਾ ਫੁਲਕਾ ਹਿਲਾਉਣ ਦੀ ਭੇਟ ਕਰਕੇ ਚੜ੍ਹਾਓ । ਜਿਵੇਂ ਪਿੜ ਦੀ ਹਿਲਾਉਣ ਦੀ ਭੇਟ ਹੈ ਉਸੇ ਤਰ੍ਹਾਂ ਇਹ ਨੂੰ ਹਿਲਾਓ ।21ਆਪਣੇ ਗੁੰਨੇ ਹੋਏ ਆਟੇ ਦੇ ਪਹਿਲੇ ਦਾ ਪਹਿਲਾ ਪੇੜਾ ਯਹੋਵਾਹ ਲਈ ਆਪਣੀ ਪੀੜ੍ਹੀਓਂ ਪੀੜ੍ਹੀ ਹਿਲਾਉਣ ਦੀ ਭੇਟ ਕਰਕੇ ਦਿਆ ਕਰੋ ।
ਅਣਜਾਣੇ ਵਿੱਚ ਕੀਤਾ ਗਿਆ ਪਾਪ

22ਜਦ ਤੁਸੀਂ ਭੁੱਲੋ ਅਤੇ ਇਹ ਸਾਰੇ ਹੁਕਮ ਪੂਰੇ ਨਾ ਕਰੋ ਜਿਹੜੇ ਯਹੋਵਾਹ ਨੇ ਮੂਸਾ ਨੂੰ ਆਖਿਆ ਹੈ ।23ਅਰਥਾਤ ਜੋ ਕੁਝ ਯਹੋਵਾਹ ਨੇ ਮੂਸਾ ਦੇ ਰਾਹੀਂ ਤੁਹਾਨੂੰ ਹੁਕਮ ਦਿੱਤਾ ਸੀ ਜਿਸ ਦਿਨ ਤੋਂ ਯਹੋਵਾਹ ਨੇ ਹੁਕਮ ਦਿੱਤਾ ਉਸ ਤੋਂ ਅੱਗੇ ਤੁਹਾਡੀ ਪੀੜ੍ਹੀਓਂ ਪੀੜ੍ਹੀ ।24ਤਾਂ ਇਹ ਜੇ ਉਹ ਭੁੱਲ ਕੇ ਮੰਡਲੀ ਦੀਆਂ ਅੱਖਾਂ ਤੋਂ ਦੂਰ ਕੀਤਾ ਗਿਆ ਹੋਵੇ ਤਾਂ ਸਾਰੀ ਮੰਡਲੀ ਇੱਕ ਵਹਿੜਾ ਹੋਮ ਦੀ ਬਲੀ ਲਈ ਚੜ੍ਹਾਵੇ ਜਿਹੜੀ ਯਹੋਵਾਹ ਲਈ ਸੁਗੰਧਤਾ ਹੋਵੇ ਉਸ ਦੀ ਮੈਦੇ ਦੀ ਭੇਟ ਅਤੇ ਪੀਣ ਦੀ ਭੇਟ ਸਮੇਤ ਕਾਨੂੰਨ ਦੇ ਅਨੁਸਾਰ ਨਾਲੇ ਪਾਪ ਦੀ ਬਲੀ ਲਈ ਇੱਕ ਬੱਕਰਾ ।
25ਫੇਰ ਜਾਜਕ ਇਸਰਾਏਲੀਆਂ ਦੀ ਸਾਰੀ ਮੰਡਲੀ ਲਈ ਪਰਾਸਚਿਤ ਕਰੇ ਤਾਂ ਉਹ ਮਾਫ਼ ਕੀਤੇ ਜਾਣਗੇ ਕਿਉਂ ਜੋ ਉਹ ਭੁੱਲ ਸੀ, ਉਹ ਆਪਣਾ ਅੱਗ ਦਾ ਚੜ੍ਹਾਵਾ ਅਤੇ ਪਾਪ ਦੀ ਬਲੀ ਆਪਣੀ ਭੁੱਲ ਲਈ ਯਹੋਵਾਹ ਅੱਗੇ ਲਿਆਵੇ ।26ਤਾਂ ਇਸਰਾਏਲੀਆਂ ਦੀ ਸਾਰੀ ਮੰਡਲੀ ਮਾਫ਼ ਕੀਤੀ ਜਾਵੇਗੀ ਨਾਲੇ ਉਹ ਪਰਦੇਸੀ ਜਿਹੜਾ ਉਨ੍ਹਾਂ ਦੇ ਵਿੱਚ ਰਹਿ ਰਿਹਾ ਹੈ ਕਿਉਂ ਜੋ ਉਹ ਸਾਰੀ ਪਰਜਾ ਦੀ ਭੁੱਲ ਨਾਲ ਹੋਇਆ ਸੀ ।

27ਜੇ ਇੱਕੋ ਹੀ ਮਨੁੱਖ ਭੁੱਲ ਨਾਲ ਪਾਪ ਕਰੇ ਤਾਂ ਪਾਪ ਦੀ ਬਲੀ ਲਈ ਉਹ ਇੱਕ ਸਾਲ ਦੀ ਬੱਕਰੀ ਚੜ੍ਹਾਵੇ ।28ਫੇਰ ਜਾਜਕ ਉਸ ਮਨੁੱਖ ਲਈ ਜਿਹੜਾ ਭੁੱਲ ਕੇ ਪਾਪ ਕਰੇ ਪ੍ਰਾਸਚਿਤ ਕਰੇ ਜਦ ਉਹ ਯਹੋਵਾਹ ਅੱਗੇ ਭੁੱਲ ਕੇ ਪਾਪ ਕਰੇ, ਉਹ ਦੇ ਲਈ ਪ੍ਰਾਸਚਿਤ ਹੋਵੇ ਤਾਂ ਉਹ ਮਾਫ਼ੀ ਪਾਵੇਗਾ ।29ਇਸਰਾਏਲੀਆਂ ਦੇ ਦੇਸੀ ਅਤੇ ਪਰਦੇਸੀ ਲਈ ਜਿਹੜਾ ਤੁਹਾਡੇ ਵਿੱਚ ਰਹਿ ਰਿਹਾ ਹੈ ਤੁਹਾਡੇ ਲਈ ਇੱਕੋ ਹੀ ਬਿਵਸਥਾ ਹੋਵੇ ਜੇ ਕੋਈ ਭੁੱਲ ਕੇ ਪਾਪ ਕਰੇ ।
30ਜਿਹੜਾ ਮਨੁੱਖ ਜ਼ਬਰਦਸਤੀ ਕੁਝ ਕਰੇ, ਭਾਵੇਂ ਦੇਸੀ ਭਾਵੇਂ ਪਰਦੇਸੀ, ਉਹ ਯਹੋਵਾਹ ਦੇ ਵਿਰੁੱਧ ਕੁਫ਼ਰ ਬਕਦਾ ਹੈ । ਉਹ ਮਨੁੱਖ ਆਪਣਿਆਂ ਲੋਕਾਂ ਵਿੱਚੋਂ ਛੇਕਿਆ ਜਾਵੇ ।31ਇਸ ਲਈ ਕਿ ਉਸ ਨੇ ਯਹੋਵਾਹ ਦੀ ਬਾਣੀ ਦਾ ਅਪਮਾਨ ਕੀਤਾ ਅਤੇ ਉਸ ਦਾ ਹੁਕਮ ਤੋੜਿਆ ਹੈ, ਉਹ ਮਨੁੱਖ ਜ਼ਰੂਰ ਹੀ ਛੇਕਿਆ ਜਾਵੇ । ਉਸ ਦੀ ਸਜ਼ਾ ਉਸ ਦੇ ਉੱਤੇ ਹੋਵੇਗੀ ।
ਸਬਤ ਦੇ ਨਿਯਮ ਦੀ ਉਲੰਘਣਾ

32ਜਦ ਇਸਰਾਏਲੀ ਉਜਾੜ ਵਿੱਚ ਸਨ ਤਾਂ ਉਨ੍ਹਾਂ ਨੂੰ ਇੱਕ ਮਨੁੱਖ ਸਬਤ ਦੇ ਦਿਨ ਵਿੱਚ ਲੱਕੜੀਆਂ ਚੁਗਦਾ ਹੋਇਆ ਮਿਲਿਆ ।33ਤਾਂ ਜਿਨ੍ਹਾਂ ਨੂੰ ਉਹ ਲੱਕੜੀਆਂ ਚੁਗਦਿਆਂ ਮਿਲਿਆ ਸੀ ਉਹ ਉਸ ਨੂੰ ਮੂਸਾ, ਹਾਰੂਨ ਅਤੇ ਸਾਰੀ ਮੰਡਲੀ ਦੇ ਕੋਲ ਲਿਆਏ ।34ਤਾਂ ਉਨ੍ਹਾਂ ਨੇ ਉਸ ਨੂੰ ਬੰਦੀ ਖਾਨੇ ਵਿੱਚ ਰੱਖਿਆ ਕਿਉਂ ਜੋ ਅਜੇ ਤੱਕ ਇਹ ਨਹੀਂ ਪਤਾ ਸੀ ਅਜਿਹੇ ਮਨੁੱਖ ਨਾਲ ਕੀ ਕਰਨਾ ਚਾਹੀਦਾ ਹੈ ।
35ਤਾਂ ਯਹੋਵਾਹ ਨੇ ਮੂਸਾ ਨੂੰ ਫ਼ਰਮਾਇਆ ਕਿ ਉਹ ਮਨੁੱਖ ਮਾਰਿਆ ਜਾਵੇ । ਸਾਰੀ ਮੰਡਲੀ ਉਹ ਨੂੰ ਪੱਥਰਾਂ ਨਾਲ ਡੇਰੇ ਤੋਂ ਬਾਹਰ ਮਾਰੇ ।36ਸੋ ਸਾਰੀ ਮੰਡਲੀ ਉਹ ਨੂੰ ਡੇਰੇ ਤੋਂ ਬਾਹਰ ਲੈ ਗਈ ਅਤੇ ਉਹ ਨੂੰ ਪੱਥਰਾਂ ਨਾਲ ਮਾਰਿਆ ਤਾਂ ਉਹ ਮਰ ਗਿਆ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ।
ਯਾਦ ਕਰਾਉਣ ਵਾਲੀ ਝਾਲਰ

37ਯਹੋਵਾਹ ਨੇ ਮੂਸਾ ਨੂੰ ਆਖਿਆ,38ਇਸਰਾਏਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਆਖ ਕਿ ਉਹ ਆਪਣੇ ਬਸਤਰ ਦੀ ਕਿਨਾਰੀ ਉੱਤੇ ਝਾਲਰ ਆਪਣੀਆਂ ਪੀੜ੍ਹੀਆਂ ਤੱਕ ਲਾਉਣ ਅਤੇ ਨੀਲਾ ਫੀਤਾ ਹਰ ਕਿਨਾਰੀ ਦੀ ਝਾਲਰ ਉੱਤੇ ਜੜਨ ।39ਅਤੇ ਉਹ ਤੁਹਾਡੇ ਲਈ ਇੱਕ ਝਾਲਰ ਹੋਵੇ ਤਾਂ ਜੋ ਤੁਸੀਂ ਉਹ ਨੂੰ ਵੇਖ ਕੇ ਯਹੋਵਾਹ ਦੇ ਸਾਰੇ ਹੁਕਮ ਚੇਤੇ ਰੱਖੋ ਅਤੇ ਉਨ੍ਹਾਂ ਦੇ ਅਨੁਸਾਰ ਕੰਮ ਕਰੋ ਅਤੇ ਤੁਸੀਂ ਆਪਣੇ ਮਨਾਂ ਅਤੇ ਅੱਖਾਂ ਦੀ ਲੋਚਨਾ ਅਨੁਸਾਰ ਧੋਖਾ ਨਾ ਕਰੋ ਜਿਵੇਂ ਤੁਸੀਂ ਕਰਦੇ ਆਏ ਹੋ ।
40ਤਾਂ ਜੋ ਤੁਸੀਂ ਮੇਰੇ ਹੁਕਮ ਯਾਦ ਰੱਖੋ ਅਤੇ ਉਨ੍ਹਾਂ ਉੱਤੇ ਚੱਲੋ । ਇਸ ਤਰ੍ਹਾਂ ਤੁਸੀਂ ਆਪਣੇ ਪਰਮੇਸ਼ੁਰ ਲਈ ਪਵਿੱਤਰ ਹੋਵੋ ।41ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ ਜੋ ਤੁਹਾਨੂੰ ਮਿਸਰ ਦੇਸ ਤੋਂ ਲਿਆਇਆ ਹਾਂ ਤਾਂ ਜੋ ਮੈਂ ਤੁਹਾਡਾ ਪਰਮੇਸ਼ੁਰ ਹੋਵਾਂ । ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ ।

16
ਕੋਰਹ, ਦਾਥਾਨ ਅਤੇ ਅਬੀਰਾਮ ਦਾ ਆਕੀ ਹੋਣਾ

1ਕਹਾਥ ਦੇ ਪੋਤੇ ਯਿਸਹਾਰ ਦੇ ਪੁੱਤਰ ਕੋਰਹ ਲੇਵੀ ਨੇ ਅਤੇ ਅਲੀਆਬ ਦੇ ਪੁੱਤਰਾਂ ਦਾਥਾਨ ਅਤੇ ਅਬੀਰਾਮ ਨੇ ਅਤੇ ਪਲਤ ਦੇ ਪੁੱਤਰ ਓਨ ਨੇ ਜਿਹੜੇ ਰਊਬੇਨੀ ਸਨ, ਮਨੁੱਖਾਂ ਨੂੰ ਨਾਲ ਲਿਆ ।2ਉਹ ਅਤੇ ਇਸਰਾਏਲੀਆਂ ਵਿੱਚੋਂ ਢਾਈ ਸੌ ਮਨੁੱਖ ਜਿਹੜੇ ਮੰਡਲੀ ਦੇ ਪ੍ਰਧਾਨ ਅਤੇ ਮੰਡਲੀ ਦੇ ਚੁਣਵੇਂ ਅਤੇ ਨਾਮੀ ਸਨ, ਮੂਸਾ ਦੇ ਅੱਗੇ ਉੱਠੇ ।3ਅਤੇ ਉਹ ਮੂਸਾ ਦੇ ਵਿਰੁੱਧ ਅਤੇ ਹਾਰੂਨ ਦੇ ਵਿਰੁੱਧ ਇੱਕਠੇ ਹੋਏ ਅਤੇ ਉਨ੍ਹਾਂ ਨੂੰ ਆਖਿਆ, ਹੁਣ ਤਾਂ ਬੱਸ ਕਰੋ ਕਿਉਂ ਜੋ ਸਾਰੀ ਮੰਡਲੀ ਦੇ ਲੋਕ ਪਵਿੱਤਰ ਹਨ ਅਤੇ ਯਹੋਵਾਹ ਉਨ੍ਹਾਂ ਦੇ ਵਿੱਚ ਹੈ । ਤੁਸੀਂ ਫਿਰ ਕਿਵੇਂ ਆਪਣੇ ਆਪ ਨੂੰ ਯਹੋਵਾਹ ਦੀ ਸਭਾ ਨਾਲੋਂ ਉੱਚਾ ਬਣਾਉਂਦੇ ਹੋ ?

4ਜਦ ਮੂਸਾ ਨੇ ਸੁਣਿਆ ਤਾਂ ਉਹ ਆਪਣੇ ਮੂੰਹ ਦੇ ਭਾਰ ਡਿੱਗਿਆ ।5ਉਹ ਕੋਰਹ ਅਤੇ ਉਹ ਦੀ ਸਾਰੀ ਟੋਲੀ ਨੂੰ ਬੋਲਿਆ ਕਿ ਸਵੇਰ ਨੂੰ ਯਹੋਵਾਹ ਦੱਸੇਗਾ ਕਿ ਕੌਣ ਉਸ ਦਾ ਹੈ ਅਤੇ ਕੌਣ ਪਵਿੱਤਰ ਹੈ ਅਤੇ ਕਿਸਨੂੰ ਆਪਣੇ ਨੇੜੇ ਲਿਆਵੇਗਾ, ਜਿਸ ਨੂੰ ਉਹ ਚੁਣੇਗਾ ਉਹ ਨੂੰ ਨੇੜੇ ਲਿਆਵੇਗਾ ।
6ਇਹ ਕਰੋ ਕਿ ਕੋਰਹ ਅਤੇ ਉਸ ਦੀ ਸਾਰੀ ਟੋਲੀ ਆਪਣੇ ਲਈ ਧੂਪਦਾਨ ਲਓ ।7ਅਤੇ ਕੱਲ ਨੂੰ ਉਨ੍ਹਾਂ ਵਿੱਚ ਅੱਗ ਪਾਓ ਅਤੇ ਉਨ੍ਹਾਂ ਦੇ ਵਿੱਚ ਯਹੋਵਾਹ ਦੇ ਅੱਗੇ ਧੂਪ ਪਾਓ ਤਾਂ ਅਜਿਹਾ ਹੋਵੇਗਾ ਕਿ ਉਹ ਮਨੁੱਖ ਜਿਸ ਨੂੰ ਯਹੋਵਾਹ ਚੁਣੇਗਾ ਉਹ ਪਵਿੱਤਰ ਹੋਵੇਗਾ । ਹੁਣ ਲੇਵਿਓ, ਤੁਸੀਂ ਵੀ ਬੱਸ ਕਰੋ !
8ਤਾਂ ਮੂਸਾ ਨੇ ਕੋਰਹ ਨੂੰ ਆਖਿਆ, ਹੇ ਲੇਵਿਓ ਸੁਣੋ !9ਕਿ ਇਹ ਗੱਲ ਤੁਹਾਡੇ ਲਈ ਛੋਟੀ ਹੈ ਕਿ ਇਸਰਾਏਲ ਦੇ ਪਰਮੇਸ਼ੁਰ ਨੇ ਤੁਹਾਨੂੰ ਇਸਰਾਏਲੀਆਂ ਦੀ ਮੰਡਲੀ ਤੋਂ ਵੱਖਰਾ ਕੀਤਾ ਤਾਂ ਜੋ ਉਹ ਤੁਹਾਨੂੰ ਨੇੜੇ ਲਿਆਵੇ ਕਿ ਤੁਸੀਂ ਯਹੋਵਾਹ ਦੇ ਡੇਰੇ ਦੀ ਟਹਿਲ ਸੇਵਾ ਕਰੋ ਅਤੇ ਮੰਡਲੀ ਦੇ ਅੱਗੇ ਖਲੋ ਕੇ ਉਹਨਾਂ ਦੀ ਸੇਵਾ ਕਰੋ ?10ਨਾਲੇ ਉਹ ਤੈਨੂੰ ਅਤੇ ਤੇਰੇ ਸਾਰੇ ਭਰਾਵਾਂ ਨੂੰ ਜਿਹੜੇ ਲੇਵੀ ਹਨ ਤੇਰੇ ਨੇੜੇ ਲਿਆਇਆ ? ਹੁਣ ਕੀ ਤੁਸੀਂ ਜਾਜਕਾਈ ਨੂੰ ਵੀ ਦੰਦ ਮਾਰਦੇ ਹੋ ?11ਇਸੇ ਲਈ ਤੂੰ ਅਤੇ ਤੇਰੀ ਸਾਰੀ ਟੋਲੀ ਯਹੋਵਾਹ ਦੇ ਵਿਰੁੱਧ ਇੱਕਠੀ ਹੋਈ ਅਤੇ ਹਾਰੂਨ, ਉਹ ਵਿਚਾਰਾ ਕੌਣ ਹੈ ਜੋ ਤੁਸੀਂ ਉਹ ਦੇ ਵਿਰੁੱਧ ਬੁੜ ਬੁੜਾਉਂਦੇ ਹੋ ?

12ਤਾਂ ਮੂਸਾ ਨੇ ਅਲੀਆਬ ਦੇ ਪੁੱਤਰਾਂ ਦਾਥਾਨ ਅਤੇ ਅਬੀਰਾਮ ਨੂੰ ਸੱਦਾ ਭੇਜਿਆ ਪਰ ਉਨ੍ਹਾਂ ਨੇ ਆਖਿਆ, ਅਸੀਂ ਨਹੀਂ ਆਵਾਂਗੇ ।13ਕੀ ਇਹ ਛੋਟੀ ਗੱਲ ਹੈ ਕਿ ਤੂੰ ਸਾਨੂੰ ਇੱਕ ਦੇਸ ਤੋਂ ਕੱਢ ਲਿਆਇਆ ਹੈਂ ਜਿੱਥੇ ਦੁੱਧ ਅਤੇ ਸ਼ਹਿਦ ਵਗਦਾ ਸੀ ਤਾਂ ਜੋ ਸਾਨੂੰ ਉਜਾੜ ਵਿੱਚ ਮਾਰੇਂ ਅਤੇ ਹੁਣ ਧੱਕੇ ਨਾਲ ਸਾਡੇ ਉੱਤੇ ਆਪਣੇ ਆਪ ਨੂੰ ਰਾਜਾ ਬਣਾਈ ਬੈਠਾ ਹੈ ?14ਨਾਲੇ ਤੂੰ ਸਾਨੂੰ ਅਜਿਹੇ ਦੇਸ ਵਿੱਚ ਵੀ ਨਹੀਂ ਲਿਆਂਦਾ ਜਿੱਥੇ ਦੁੱਧ ਅਤੇ ਸ਼ਹਿਦ ਵਗਦਾ ਹੈ, ਨਾ ਸਾਨੂੰ ਖੇਤਾਂ ਅਤੇ ਬਾਗਾਂ ਦਾ ਅਧਿਕਾਰ ਦਿੱਤਾ ਹੈ । ਕੀ ਤੂੰ ਇਨ੍ਹਾਂ ਮਨੁੱਖਾਂ ਦੀਆਂ ਅੱਖਾਂ ਕੱਢ ਸੁੱਟੇਂਗਾ ? ਅਸੀਂ ਤਾਂ ਅੱਗੇ ਨਹੀਂ ਜਾਣਾ !

15ਤਾਂ ਮੂਸਾ ਡਾਢਾ ਕ੍ਰੋਧਵਾਨ ਹੋਇਆ ਅਤੇ ਉਸ ਨੇ ਯਹੋਵਾਹ ਨੂੰ ਆਖਿਆ, ਤੂੰ ਉਨ੍ਹਾਂ ਦੀ ਮੈਦੇ ਦੀ ਭੇਟ ਵੱਲ ਨਾ ਵੇਖ ! ਮੈਂ ਤਾਂ ਉਨ੍ਹਾਂ ਦੀ ਇੱਕ ਗਧੀ ਵੀ ਨਹੀਂ ਲਈ, ਨਾ ਉਨ੍ਹਾਂ ਵਿੱਚੋਂ ਕਿਸੇ ਦਾ ਨੁਕਸਾਨ ਕੀਤਾ ।16ਮੂਸਾ ਨੇ ਕੋਰਹ ਨੂੰ ਆਖਿਆ, ਤੂੰ ਅਤੇ ਤੇਰੀ ਸਾਰੀ ਟੋਲੀ ਕੱਲ ਨੂੰ ਯਹੋਵਾਹ ਅੱਗੇ ਹਾਜ਼ਰ ਹੋਵੇ, ਤੂੰ, ਉਹ ਅਤੇ ਹਾਰੂਨ ।17ਤੁਹਾਡੇ ਵਿੱਚੋਂ ਹਰ ਮਨੁੱਖ ਆਪਣਾ ਧੂਪਦਾਨ ਲਵੇ ਅਤੇ ਤੁਸੀਂ ਉਨ੍ਹਾਂ ਵਿੱਚ ਧੂਪ ਪਾਓ ਅਤੇ ਹਰ ਮਨੁੱਖ ਆਪਣਾ ਧੂਪਦਾਨ ਅਰਥਾਤ ਢਾਈ ਸੋ ਧੂਪਦਾਨ, ਤੂੰ ਵੀ ਅਤੇ ਹਾਰੂਨ ਵੀ ਹਰ ਇੱਕ ਆਪੋ ਆਪਣਾ ਧੂਪਦਾਨ ਯਹੋਵਾਹ ਅੱਗੇ ਲਿਆਓ ।
18ਤਾਂ ਹਰ ਮਨੁੱਖ ਨੇ ਆਪਣਾ ਆਪਣਾ ਧੂਪਦਾਨ ਲੈ ਕੇ ਉਸ ਉੱਤੇ ਅੱਗ ਪਾਈ ਅਤੇ ਉਨ੍ਹਾਂ ਉੱਤੇ ਧੂਪ ਵੀ ਪਾਈ ਅਤੇ ਮੂਸਾ ਅਤੇ ਹਾਰੂਨ ਦੇ ਨਾਲ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਖਲੋ ਗਏ ।19ਤਾਂ ਕੋਰਹ ਨੇ ਸਾਰੀ ਟੋਲੀ ਨੂੰ ਉਨ੍ਹਾਂ ਦੇ ਵਿਰੁੱਧ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਉੱਤੇ ਇਕੱਠਾ ਕੀਤਾ ਤਦ ਯਹੋਵਾਹ ਦਾ ਪਰਤਾਪ ਸਾਰੀ ਮੰਡਲੀ ਉੱਤੇ ਪਰਗਟ ਹੋਇਆ ।

20ਤਾਂ ਯਹੋਵਾਹ ਮੂਸਾ ਨਾਲ ਅਤੇ ਹਾਰੂਨ ਨਾਲ ਬੋਲਿਆ,21ਇਸ ਮੰਡਲੀ ਦੇ ਵਿੱਚੋਂ ਤੁਸੀਂ ਆਪਣੇ ਆਪ ਨੂੰ ਇੱਕ ਪਾਸੇ ਕਰ ਲਓ ਕਿ ਮੈਂ ਉਨ੍ਹਾਂ ਨੂੰ ਇੱਕ ਅੱਖ ਦੇ ਫੇਰ ਵਿੱਚ ਭੱਖ ਲਵਾਂ ।22ਤਾਂ ਉਹ ਮੂੰਹ ਦੇ ਭਾਰ ਡਿੱਗ ਪਏ ਅਤੇ ਆਖਿਆ, ਹੇ ਪਰਮੇਸ਼ੁਰ, ਤੂੰ ਜੋ ਸਾਰੇ ਸਰੀਰਾਂ ਦੀਆਂ ਆਤਮਾਂ ਦਾ ਪਰਮੇਸ਼ੁਰ ਹੈਂ, ਕੀ ਜੇ ਇੱਕ ਮਨੁੱਖ ਪਾਪ ਕਰੇ ਤਾਂ ਤੂੰ ਸਾਰੀ ਮੰਡਲੀ ਦੇ ਵਿਰੁੱਧ ਕ੍ਰੋਧਵਾਨ ਹੋਵੇਂਗਾ ?
23ਤਾਂ ਯਹੋਵਾਹ ਮੂਸਾ ਨਾਲ ਬੋਲਿਆ,24ਮੰਡਲੀ ਨੂੰ ਬੋਲ ਕਿ ਉਹ ਕੋਰਹ ਅਤੇ ਦਾਥਾਨ ਅਤੇ ਅਬੀਰਾਮ ਦੀ ਵੱਸੋਂ ਦੇ ਆਲੇ-ਦੁਆਲੇ ਤੋਂ ਉਤਾਹਾਂ ਚੱਲੇ ਜਾਣ ।

25ਸੋ ਮੂਸਾ ਉੱਠ ਕੇ ਦਾਥਾਨ ਅਤੇ ਅਬੀਰਾਮ ਦੇ ਕੋਲ ਗਿਆ ਅਤੇ ਇਸਰਾਏਲ ਦੇ ਬਜ਼ੁਰਗ ਵੀ ਉਸ ਦੇ ਪਿੱਛੇ-ਪਿੱਛੇ ਗਏ26ਉਹ ਮੰਡਲੀ ਨੂੰ ਬੋਲਿਆ ਕਿ ਇਨ੍ਹਾਂ ਦੁਸ਼ਟ ਮਨੁੱਖਾਂ ਦੇ ਤੰਬੂਆਂ ਤੋਂ ਇੱਕ ਪਾਸੇ ਹੋ ਕੇ ਦੂਰ ਹੋ ਜਾਓ ਅਤੇ ਉਨ੍ਹਾਂ ਦੀ ਕਿਸੇ ਵੀ ਵਸਤੂ ਨੂੰ ਨਾ ਛੂਹਣਾ, ਕਿਤੇ ਤੁਸੀਂ ਵੀ ਉਨ੍ਹਾਂ ਦੇ ਸਾਰੇ ਪਾਪਾਂ ਵਿੱਚ ਸਾਂਝੀ ਹੋਵੋ !27ਸੋ ਉਹ ਕੋਰਹ, ਦਾਥਾਨ ਅਤੇ ਅਬੀਰਾਮ ਦੀ ਵੱਸੋਂ ਦੇ ਆਲੇ-ਦੁਆਲੇ ਤੋਂ ਉਤਾਹਾਂ ਨੂੰ ਚੱਲੇ ਗਏ ਤਾਂ ਦਾਥਾਨ ਅਤੇ ਅਬੀਰਾਮ ਬਾਹਰ ਆਏ ਅਤੇ ਆਪਣੇ ਤੰਬੂਆਂ ਦੇ ਦਰਵਾਜਿਆਂ ਵਿੱਚ ਆਪਣੀਆਂ ਪਤਨੀਆਂ, ਪੁੱਤਰਾਂ ਅਤੇ ਬਾਲ-ਬੱਚਿਆ ਦੇ ਨਾਲ ਖੜ੍ਹੇ ਹੋ ਗਏ ।
28ਫੇਰ ਮੂਸਾ ਨੇ ਆਖਿਆ, ਤੁਸੀਂ ਇਸ ਤੋਂ ਜਾਣ ਲਵੋਗੇ ਕਿ ਯਹੋਵਾਹ ਨੇ ਮੈਨੂੰ ਭੇਜਿਆ ਹੈ, ਨਾ ਕਿ ਮੈਂ ਆਪਣੇ ਮਨ ਨਾਲ ਆਇਆ ਹਾਂ, ਜੋ ਮੈਂ ਇਨ੍ਹਾਂ ਸਾਰਿਆਂ ਕੰਮਾਂ ਨੂੰ ਕਰਾਂ ।29ਜੇਕਰ ਉਹਨਾਂ ਮਨੁੱਖਾਂ ਦੀ ਮੌਤ ਸਭਨਾਂ ਮਨੁੱਖਾਂ ਦੇ ਵਾਂਗੂੰ ਹੋਵੇ ਅਤੇ ਉਹਨਾਂ ਦੀ ਸਜ਼ਾ ਸਭਨਾਂ ਮਨੁੱਖਾਂ ਦੇ ਵਾਲੀ ਹੋਵੇ, ਅਖ਼ੀਰ ਇਸ ਗੱਲ ਨੂੰ ਜਾਣੋ ਕਿ ਯਹੋਵਾਹ ਨੇ ਮੈਨੂੰ ਭੇਜਿਆ ਹੀ ਨਹੀਂ ।30ਪਰ ਜੇ ਯਹੋਵਾਹ ਕੋਈ ਅਣੋਖਾ ਕੰਮ ਕਰੇ, ਅਤੇ ਭੂਮੀ ਆਪਣਾ ਮੂੰਹ ਖੋਲ੍ਹ ਕੇ ਉਹਨਾਂ ਨੂੰ ਅਤੇ ਉਹਨਾਂ ਦੀਆਂ ਸਭਨਾਂ ਵਸਤੂਆਂ ਨੂੰ ਨਿਗਲ ਲਵੇ ਅਤੇ ਉਹ ਜੀਉਂਦੇ ਜੀ ਪਤਾਲ ਵਿੱਚ ਉਤਰ ਜਾਣ ਤਾਂ ਤੁਸੀਂ ਜਾਣ ਲਓ ਕਿ ਇਨ੍ਹਾਂ ਮਨੁੱਖਾਂ ਨੇ ਯਹੋਵਾਹ ਦਾ ਨਿਰਾਦਰ ਕੀਤਾ ਹੈ !

31ਤਦ ਅਜਿਹਾ ਹੋਇਆ ਕਿ ਜਦ ਉਹ ਇਹ ਸਾਰੀਆਂ ਗੱਲਾਂ ਬੋਲ ਚੁੱਕਿਆ ਤਾਂ ਭੂਮੀ ਜਿਹੜੀ ਉਨ੍ਹਾਂ ਦੇ ਹੇਠ ਸੀ, ਫੱਟ ਗਈ32ਅਤੇ ਧਰਤੀ ਨੇ ਆਪਣਾ ਮੂੰਹ ਖੋਲ੍ਹ ਕੇ ਉਨ੍ਹਾਂ ਨੂੰ, ਉਨ੍ਹਾਂ ਦੇ ਘਰਾਣਿਆਂ ਨੂੰ ਅਤੇ ਸਾਰੇ ਆਦਮੀਆਂ ਨੂੰ ਜਿਹੜੇ ਕੋਰਹ ਵੱਲ ਸਨ, ਉਨ੍ਹਾਂ ਦਾ ਸਭ ਕੁਝ ਨਿਗਲ ਲਿਆ ।
33ਇਸ ਤਰ੍ਹਾਂ ਉਹ ਅਤੇ ਉਨ੍ਹਾਂ ਦੇ ਨਾਲ ਦੇ ਜੀਉਂਦੇ ਜੀ ਪਤਾਲ ਵਿੱਚ ਉਤਰ ਗਏ ਅਤੇ ਧਰਤੀ ਨੇ ਉਨ੍ਹਾਂ ਨੂੰ ਢੱਕ ਲਿਆ ਅਤੇ ਉਹ ਸਭਾ ਵਿੱਚੋਂ ਨਾਸ ਹੋ ਗਏ ।34ਤਦ ਸਾਰੇ ਇਸਰਾਏਲੀ ਜਿਹੜੇ ਉਨ੍ਹਾਂ ਦੇ ਆਲੇ-ਦੁਆਲੇ ਸਨ, ਉਨ੍ਹਾਂ ਦੀਆਂ ਚੀਕਾਂ ਸੁਣ ਕੇ ਇਹ ਕਹਿੰਦੇ ਹੋਏ ਦੌੜ ਗਏ ਕਿਤੇ ਅਜਿਹਾ ਨਾ ਹੋਵੇ ਕਿ ਧਰਤੀ ਸਾਨੂੰ ਵੀ ਨਿਗਲ ਲਵੇ !35ਤਦ ਯਹੋਵਾਹ ਵੱਲੋਂ ਅੱਗ ਨਿੱਕਲੀ ਅਤੇ ਉਹ ਉਨ੍ਹਾਂ ਧੂਪ ਧੁਖਾਉਣ ਵਾਲੇ ਢਾਈ ਸੌ ਮਨੁੱਖਾਂ ਨੂੰ ਭਸਮ ਕਰ ਗਈ ।
ਧੂਪਦਾਨ

36ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,37ਹਾਰੂਨ ਜਾਜਕ ਦੇ ਪੁੱਤਰ ਅਲਆਜ਼ਾਰ ਨੂੰ ਆਖ ਕਿ ਉਹਨਾਂ ਧੂਪਦਾਨਾਂ ਨੂੰ ਅੱਗ ਦੇ ਵਿੱਚੋਂ ਚੁੱਕ ਲੈ ਅਤੇ ਤੂੰ ਅੱਗ ਨੂੰ ਖਿਲਾਰ ਦੇ, ਕਿਉਂ ਜੋ ਉਹ ਪਵਿੱਤਰ ਹਨ ।38ਜਿਹਨਾਂ ਨੇ ਪਾਪ ਕਰਕੇ ਆਪਣੀ ਜਾਨ ਦਾ ਨੁਕਸਾਨ ਕੀਤਾ ਹੈ ਉਹਨਾਂ ਦੇ ਧੂਪਦਾਨਾਂ ਨੂੰ ਕੁੱਟ ਕੇ ਜਗਵੇਦੀ ਦੇ ਢੱਕਣ ਲਈ ਪੱਤਰ ਬਣਾਇਆ ਜਾਵੇ, ਕਿਉਂ ਜੋ ਉਨ੍ਹਾਂ ਨੇ ਉਹਨਾਂ ਨੂੰ ਯਹੋਵਾਹ ਅੱਗੇ ਅਰਪਣ ਕੀਤਾ ਸੀ, ਇਸ ਲਈ ਉਹ ਪਵਿੱਤਰ ਹਨ ਅਤੇ ਉਹ ਇਸਰਾਏਲੀਆਂ ਦੇ ਲਈ ਇੱਕ ਨਿਸ਼ਾਨ ਹੋਵੇਗਾ ।
39ਇਸ ਲਈ ਅਲਆਜ਼ਾਰ ਜਾਜਕ ਨੇ ਉਹਨਾਂ ਪਿੱਤਲ ਦੇ ਧੂਪਦਾਨਾਂ ਨੂੰ ਲੈ ਕੇ, ਜਿਹੜੇ ਭਸਮ ਹੋਇਆਂ ਮਨੁੱਖਾਂ ਨੇ ਅਰਪਣ ਕੀਤੇ ਸਨ, ਉਹਨਾਂ ਨੂੰ ਜਗਵੇਦੀ ਦੇ ਢੱਕਣ ਲਈ ਕੁੱਟਿਆ ।40ਇਹ ਇਸਰਾਏਲੀਆਂ ਲਈ ਇੱਕ ਯਾਦਗਾਰੀ ਹੋਵੇ ਅਤੇ ਜੇਕਰ ਕੋਈ ਮਨੁੱਖ ਜੋ ਹਾਰੂਨ ਦੀ ਅੰਸ ਦਾ ਨਾ ਹੋਵੇ, ਉਹ ਯਹੋਵਾਹ ਦੇ ਅੱਗੇ ਧੂਪ ਨਾ ਧੁਖਾਵੇ ਅਜਿਹਾ ਨਾ ਹੋਵੇ ਕਿ ਕੋਰਹ ਅਤੇ ਉਸ ਦੀ ਟੋਲੀ ਵਾਂਗੂੰ ਉਹ ਨਾਸ ਨਾ ਹੋ ਜਾਵੇ, ਜਿਵੇਂ ਯਹੋਵਾਹ ਨੇ ਉਸ ਨੂੰ ਮੂਸਾ ਦੇ ਰਾਹੀਂ ਆਖਿਆ ਸੀ ।
ਇਸਰਾਏਲੀਆਂ ਦੇ ਵਿੱਚ ਮਹਾਂਮਾਰੀ

41ਦੂਸਰੇ ਦਿਨ ਇਸਰਾਏਲੀਆਂ ਦੀ ਸਾਰੀ ਮੰਡਲੀ ਇਹ ਆਖ ਕੇ ਮੂਸਾ ਅਤੇ ਹਾਰੂਨ ਦੇ ਵਿਰੁੱਧ ਬੁੜ-ਬੁੜਾਉਣ ਲੱਗੀ ਕਿ ਤੁਸੀਂ ਯਹੋਵਾਹ ਦੀ ਪਰਜਾ ਨੂੰ ਮਾਰ ਸੁੱਟਿਆ !42ਜਦ ਮੰਡਲੀ ਦੇ ਲੋਕ ਮੂਸਾ ਅਤੇ ਹਾਰੂਨ ਦੇ ਵਿਰੁੱਧ ਇਕੱਠੇ ਹੋਏ, ਤਦ ਉਨ੍ਹਾਂ ਨੇ ਮੰਡਲੀ ਦੇ ਤੰਬੂ ਵੱਲ ਵੇਖਿਆ ਅਤੇ ਵੇਖੋ, ਬੱਦਲ ਨੇ ਉਸ ਨੂੰ ਢੱਕ ਲਿਆ ਅਤੇ ਯਹੋਵਾਹ ਦਾ ਪਰਤਾਪ ਪ੍ਰਗਟ ਹੋਇਆ ।43ਤਦ ਮੂਸਾ ਅਤੇ ਹਾਰੂਨ ਮੰਡਲੀ ਦੇ ਤੰਬੂ ਦੇ ਅੱਗੇ ਆਏ ।
44ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,45ਤੁਸੀਂ ਇਸ ਮੰਡਲੀ ਵਿੱਚੋਂ ਨਿੱਕਲ ਜਾਓ ਤਾਂ ਜੋ ਮੈਂ ਇਨ੍ਹਾਂ ਨੂੰ ਥੋੜ੍ਹੇ ਸਮੇਂ ਵਿੱਚ ਹੀ ਨਾਸ ਕਰ ਦੇਵਾਂ ! ਤਦ ਉਹ ਮੂੰਹ ਦੇ ਭਾਰ ਡਿੱਗੇ ।46ਮੂਸਾ ਨੇ ਹਾਰੂਨ ਨੂੰ ਆਖਿਆ, ਆਪਣਾ ਧੂਪਦਾਨ ਲੈ ਕੇ ਉਸ ਉੱਤੇ ਜਗਵੇਦੀ ਦੀ ਅੱਗ ਪਾ ਅਤੇ ਧੂਪ ਪਾ ਕੇ ਛੇਤੀ ਮੰਡਲੀ ਦੇ ਕੋਲ ਲੈ ਜਾ ਅਤੇ ਉਨ੍ਹਾਂ ਲਈ ਪ੍ਰਾਸਚਿਤ ਕਰ, ਕਿਉਂ ਜੋ ਯਹੋਵਾਹ ਦਾ ਕ੍ਰੋਧ ਭੜਕਿਆ ਹੈ ਅਤੇ ਬਵਾ ਸ਼ੁਰੂ ਹੋ ਚੁੱਕੀ ਹੈ !
47ਤਦ ਮੂਸਾ ਦੇ ਆਖਣ ਅਨੁਸਾਰ ਹਾਰੂਨ ਧੂਪਦਾਨ ਲੈ ਕੇ ਸਭਾ ਵਿੱਚ ਦੌੜ ਗਿਆ ਅਤੇ ਵੇਖੋ, ਪਰਜਾ ਵਿੱਚ ਬਵਾ ਫੈਲੀ ਹੋਈ ਸੀ ਅਤੇ ਉਸ ਨੇ ਧੂਪ ਪਾ ਕੇ ਪਰਜਾ ਲਈ ਪ੍ਰਾਸਚਿਤ ਕੀਤਾ ।48ਉਹ ਮੁਰਦਿਆਂ ਅਤੇ ਜੀਉਂਦਿਆਂ ਦੇ ਵਿਚਕਾਰ ਖੜ੍ਹਾ ਸੀ, ਤਦ ਬਵਾ ਰੁਕ ਗਈ ।
49ਜਿਹੜੇ ਕੋਰਹ ਦੀ ਮੰਡਲੀ ਨਾਲ ਮਰੇ, ਉਹਨਾਂ ਤੋਂ ਇਲਾਵਾ ਬਵਾ ਨਾਲ ਮਰਨ ਵਾਲਿਆਂ ਦੀ ਗਿਣਤੀ ਚੌਦਾਂ ਹਜ਼ਾਰ ਸੱਤ ਸੌ ਸੀ ।50ਫੇਰ ਹਾਰੂਨ ਮੂਸਾ ਦੇ ਕੋਲ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਮੁੜ ਆਇਆ, ਤਦ ਬਵਾ ਰੁਕ ਗਈ ।

17
ਹਾਰੂਨ ਦੀ ਲਾਠੀ ਦੇ ਵਿੱਚ ਕੂਮਲੀਆਂ

1ਯਹੋਵਾਹ ਨੇ ਮੂਸਾ ਨੂੰ ਆਖਿਆ,2ਇਸਰਾਏਲੀਆਂ ਨੂੰ ਆਖ ਅਤੇ ਉਨ੍ਹਾਂ ਤੋਂ ਗੋਤਰਾਂ ਦੇ ਅਨੁਸਾਰ ਉਹਨਾਂ ਦੇ ਸਾਰਿਆਂ ਪ੍ਰਧਾਨਾਂ ਦੇ ਕੋਲੋਂ ਇੱਕ-ਇੱਕ ਢਾਂਗਾ ਲੈ ਅਤੇ ਉਹਨਾਂ ਉੱਤੇ ਉਹਨਾਂ ਦੇ ਬਾਰਾਂ ਪੁਰਖਿਆਂ ਦੇ ਨਾਮ ਲਿਖ ।

3ਤੂੰ ਹਾਰੂਨ ਦਾ ਨਾਮ ਲੇਵੀ ਦੇ ਢਾਂਗੇ ਉੱਤੇ ਲਿਖੀਂ ਕਿਉਂ ਜੋ ਇੱਕ-ਇੱਕ ਢਾਂਗਾ ਉਨ੍ਹਾਂ ਦੇ ਪੁਰਖਿਆਂ ਦੇ ਘਰਾਣਿਆਂ ਦੇ ਹਰ ਮੁਖੀਏ ਦੇ ਲਈ ਹੋਵੇਗਾ ।4ਅਤੇ ਉਨ੍ਹਾਂ ਢਾਂਗਿਆਂ ਨੂੰ ਮੰਡਲੀ ਦੇ ਤੰਬੂ ਵਿੱਚ ਉਸ ਸਾਖੀ ਦੇ ਸੰਦੂਕ ਅੱਗੇ ਜਿੱਥੇ ਮੈਂ ਤੈਨੂੰ ਮਿਲਦਾ ਹਾਂ, ਰੱਖਦੇ ।5ਜਿਸ ਮਨੁੱਖ ਨੂੰ ਮੈਂ ਚੁਣਾਂਗਾ, ਉਸ ਦੇ ਢਾਂਗੇ ਵਿੱਚੋਂ ਕੁੰਬਲਾਂ ਨਿੱਕਲ ਆਉਣਗੀਆਂ ਅਤੇ ਮੈਂ ਆਪਣੀ ਵੱਲੋਂ ਇਸਰਾਏਲੀਆਂ ਦੀ ਬੁੜ ਬੁੜਾਹਟ ਨੂੰ, ਜਿਹੜੀ ਉਹ ਤੁਹਾਡੇ ਵਿਰੁੱਧ ਬੁੜ ਬੁੜਾਉਂਦੇ ਹਨ, ਦੂਰ ਕਰ ਦਿਆਂਗਾ ।
6ਮੂਸਾ ਨੇ ਇਸਰਾਏਲੀਆਂ ਨੂੰ ਇਹ ਗੱਲ ਆਖੀ ਅਤੇ ਉਨ੍ਹਾਂ ਦੇ ਸਾਰੇ ਪ੍ਰਧਾਨਾਂ ਨੇ ਆਪਣੇ ਲਈ, ਆਪਣੇ ਪੁਰਖਿਆਂ ਦੇ ਗੋਤਰਾਂ ਦੇ ਅਨੁਸਾਰ ਢਾਂਗੇ ਦਿੱਤੇ, ਇਸ ਤਰ੍ਹਾਂ ਬਾਰਾਂ ਢਾਂਗੇ ਹੋਏ ਅਤੇ ਉਨ੍ਹਾਂ ਬਾਰਾਂ ਢਾਂਗਿਆਂ ਵਿੱਚ ਹਾਰੂਨ ਦਾ ਢਾਂਗਾ ਵੀ ਸੀ ।7ਮੂਸਾ ਨੇ ਉਨ੍ਹਾਂ ਢਾਂਗਿਆਂ ਨੂੰ ਸਾਖੀ ਦੇ ਤੰਬੂ ਵਿੱਚ ਯਹੋਵਾਹ ਦੇ ਅੱਗੇ ਰੱਖ ਦਿੱਤਾ ।
8ਦੂਜੇ ਦਿਨ ਮੂਸਾ ਸਾਖੀ ਦੇ ਤੰਬੂ ਵਿੱਚ ਗਿਆ, ਅਤੇ ਕੀ ਵੇਖਿਆ ਕਿ ਹਾਰੂਨ ਦਾ ਢਾਂਗਾ ਜੋ ਲੇਵੀ ਦੇ ਪਰਿਵਾਰ ਦਾ ਸੀ, ਉਸ ਵਿੱਚੋਂ ਕੁੰਬਲਾਂ ਫੁੱਟੀਆਂ ਹੋਈਆਂ ਸਨ ਅਰਥਾਤ ਉਸ ਉੱਤੇ ਫੁੱਲ ਅਤੇ ਪੱਕੇ ਬਦਾਮ ਵੀ ਲੱਗੇ ਹੋਏ ਸਨ ।9ਤਦ ਮੂਸਾ ਉਹਨਾਂ ਸਾਰਿਆਂ ਢਾਂਗਿਆਂ ਨੂੰ ਯਹੋਵਾਹ ਦੇ ਅੱਗੋਂ ਲੈ ਕੇ ਇਸਰਾਏਲੀਆਂ ਕੋਲ ਬਾਹਰ ਲੈ ਆਇਆ ਅਤੇ ਉਨ੍ਹਾਂ ਨੇ ਆਪਣੇ-ਆਪਣੇ ਢਾਂਗੇ ਨੂੰ ਪਹਿਚਾਣ ਕੇ ਲੈ ਲਿਆ ।
10ਯਹੋਵਾਹ ਨੇ ਮੂਸਾ ਨੂੰ ਆਖਿਆ, ਹਾਰੂਨ ਦਾ ਢਾਂਗਾ ਵਿਦਰੋਹ ਕਰਨ ਵਾਲਿਆਂ ਲਈ ਨਿਸ਼ਾਨ ਹੋਣ ਲਈ ਮੋੜ ਕੇ, ਸਾਖੀ ਦੇ ਅੱਗੇ ਫਿਰ ਰੱਖਦੇ ਤਾਂ ਜੋ ਤੂੰ ਮੇਰੇ ਵਿਰੁੱਧ ਉਨ੍ਹਾਂ ਦੀ ਬੁੜ ਬੁੜਾਹਟ ਨੂੰ ਮਿਟਾ ਦੇਵੇ ਕਿਤੇ ਅਜਿਹਾ ਨਾ ਹੋਵੇ ਕਿ ਮਰ ਜਾਣ ।11ਮੂਸਾ ਨੇ ਉਸੇ ਤਰ੍ਹਾਂ ਹੀ ਕੀਤਾ, ਜਿਵੇਂ ਯਹੋਵਾਹ ਨੇ ਉਹ ਨੂੰ ਹੁਕਮ ਦਿੱਤਾ ਸੀ ।

12ਉਪਰੰਤ ਇਸਰਾਏਲੀਆਂ ਨੇ ਮੂਸਾ ਨੂੰ ਆਖਿਆ ਕਿ ਵੇਖ, ਸਾਡੀ ਜਾਨ ਮੁੱਕ ਚੱਲੀ ਹੈਂ । ਅਸੀਂ ਨਾਸ ਹੋ ਗਏ ਹਾਂ ! ਅਸੀਂ ਸਾਰੇ ਦੇ ਸਾਰੇ ਨਾਸ ਹੋ ਗਏ ਹਾਂ ।13ਜੋ ਕੋਈ ਯਹੋਵਾਹ ਦੇ ਡੇਰੇ ਦੇ ਨੇੜੇ ਜਾਂਦਾ ਉਹ ਮਰ ਜਾਂਦਾ ਹੈ । ਕੀ ਅਸੀਂ ਵੀ ਸਾਰੇ ਮਰ ਜਾਂਵਾਂਗੇ ?

18
ਜਾਜਕਾਂ ਅਤੇ ਲੇਵੀਆਂ ਦਾ ਸੇਵਾ ਕੰਮ

1ਫੇਰ ਯਹੋਵਾਹ ਨੇ ਹਾਰੂਨ ਨੂੰ ਆਖਿਆ, ਪਵਿੱਤਰ ਸਥਾਨ ਦੀ ਬੁਰਾਈ ਦਾ ਭਾਰ ਤੇਰੇ ਉੱਤੇ, ਤੇਰੇ ਪੁੱਤਰਾਂ ਉੱਤੇ ਅਤੇ ਤੇਰੇ ਪਿਤਾ ਦੇ ਪਰਿਵਾਰ ਉੱਤੇ ਹੋਵੇਗਾ ਅਤੇ ਤੇਰੀ ਜਾਜਕਾਈ ਦੀ ਬੁਰਾਈ ਦਾ ਭਾਰ ਵੀ ਤੇਰੇ ਨਾਲ, ਤੇਰੇ ਪੁੱਤਰਾਂ ਉੱਤੇ ਹੋਵੇਗਾ ।2ਅਤੇ ਲੇਵੀ ਦਾ ਗੋਤ ਅਰਥਾਤ ਤੇਰੇ ਪੁਰਖਿਆਂ ਦੇ ਗੋਤ ਵਾਲੇ ਜਿਹੜੇ ਤੇਰੇ ਭਰਾ ਹਨ ਉਹਨਾਂ ਨੂੰ ਵੀ ਆਪਣੇ ਨਾਲ ਲਿਆਇਆ ਕਰ ਅਤੇ ਉਹ ਤੇਰੇ ਨਾਲ ਮਿਲ ਜਾਣ ਅਤੇ ਉਹ ਤੇਰੀ ਟਹਿਲ ਸੇਵਾ ਕਰਿਆ ਕਰਨ, ਪਰ ਸਾਖੀ ਦੇ ਤੰਬੂ ਦੇ ਸਾਹਮਣੇ ਤੂੰ ਅਤੇ ਤੇਰੇ ਪੁੱਤਰ ਹੀ ਆਉਣ ।

3ਤਾਂ ਜੋ ਉਹ ਤੇਰੀ ਅਤੇ ਸਾਰੇ ਤੰਬੂ ਦੀ ਜ਼ਿੰਮੇਵਾਰੀ ਨੂੰ ਸੰਭਾਲਣ ਪਰ ਪਵਿੱਤਰ ਸਥਾਨ ਦੇ ਭਾਂਡਿਆਂ ਕੋਲ ਅਤੇ ਜਗਵੇਦੀ ਕੋਲ ਉਹ ਨਾ ਆਉਣ ਤਾਂ ਜੋ ਉਹ ਅਤੇ ਤੁਸੀਂ ਮਰ ਨਾ ਜਾਓ ।4ਪਰ ਉਹ ਤੇਰੇ ਨਾਲ ਮਿਲ ਜਾਣ ਅਤੇ ਉਹ ਮੰਡਲੀ ਦੇ ਤੰਬੂ ਦੀ ਜ਼ਿੰਮੇਵਾਰੀ ਨੂੰ ਸੰਭਾਲਣ । ਉਹ ਤੰਬੂ ਦੀ ਸਾਰੀ ਟਹਿਲ ਸੇਵਾ ਕਰਨ ਪਰ ਹੋਰ ਕੋਈ ਵੀ ਤੁਹਾਡੇ ਨੇੜੇ ਨਾ ਆਵੇ ।5ਤੁਸੀਂ ਪਵਿੱਤਰ ਸਥਾਨ ਅਤੇ ਜਗਵੇਦੀ ਦੀ ਜ਼ਿੰਮੇਵਾਰੀ ਨੂੰ ਸੰਭਾਲੋ ਤਾਂ ਜੋ ਕ੍ਰੋਧ ਫੇਰ ਇਸਰਾਏਲੀਆਂ ਦੇ ਉੱਤੇ ਨਾ ਭੜਕੇ ।
6ਪਰ ਮੈਂ ਆਪ ਤੁਹਾਡੇ ਲੇਵੀ ਭਰਾਵਾਂ ਨੂੰ ਇਸਰਾਏਲੀਆਂ ਦੇ ਵਿੱਚੋਂ ਅਲੱਗ ਕਰ ਲਿਆ ਹੈ । ਅਤੇ ਉਹ ਮੰਡਲੀ ਦੇ ਤੰਬੂ ਦੀ ਟਹਿਲ ਸੇਵਾ ਕਰਨ ਲਈ ਤੁਹਾਨੂੰ ਅਤੇ ਯਹੋਵਾਹ ਨੂੰ ਸਮਰਪਤ ਕੀਤੇ ਗਏ ਹਨ ।7ਪਰ ਤੂੰ ਅਤੇ ਤੇਰੇ ਪੁੱਤਰ ਆਪਣੀ ਜਾਜਕਾਈ ਨੂੰ ਜਗਵੇਦੀ ਦਾ ਅਤੇ ਪਰਦੇ ਦੇ ਅੰਦਰਲਾ ਸਭ ਕੁਝ ਸੰਭਾਲੋ, ਇਸ ਤਰ੍ਹਾਂ ਤੁਸੀਂ ਉਪਾਸਨਾ ਕਰੋ । ਮੈਂ ਤੁਹਾਨੂੰ ਜਾਜਕਾਈ ਦੀ ਸੇਵਾ ਦਾਨ ਦੇ ਰੂਪ ਵਿੱਚ ਦਿੱਤੀ ਹੈ, ਪਰ ਜੇ ਕੋਈ ਅਜਨਬੀ ਹੋਵੇ ਜੇ ਉਹ ਉਸ ਦੇ ਨੇੜ੍ਹੇ ਆਵੇ ਤਾਂ ਉਹ ਮਾਰਿਆ ਜਾਵੇ ।
ਜਾਜਕਾਂ ਦਾ ਹਿੱਸਾ

8ਫੇਰ ਯਹੋਵਾਹ ਹਾਰੂਨ ਨੂੰ ਬੋਲਿਆ, ਵੇਖ, ਮੈਂ ਆਪ ਤੈਨੂੰ ਚੁੱਕਣ ਦੀਆਂ ਭੇਟਾਂ ਦੀ ਜ਼ਿੰਮੇਵਾਰੀ ਦਿੱਤੀ ਹੈ ਅਤੇ ਇਸਰਾਏਲੀਆਂ ਦੀਆਂ ਸਾਰੀਆਂ ਪਵਿੱਤਰ ਚੀਜ਼ਾਂ ਤੈਨੂੰ ਮਸਹ ਹੋਣ ਦੇ ਕਾਰਨ ਅਤੇ ਤੇਰੇ ਪੁੱਤਰਾਂ ਨੂੰ ਸਦਾ ਦੇ ਹੱਕ ਲਈ ਦਿੱਤੀਆਂ ਹਨ ।9ਇਹ ਤੇਰੇ ਲਈ ਅੱਤ ਪਵਿੱਤਰ ਚੀਜ਼ਾਂ ਤੋਂ ਹੋਣਗੀਆਂ ਜਿਹੜੀਆਂ ਅੱਗ ਤੋਂ ਬਚੀਆਂ ਰਹਿਣ । ਇਸਰਾਏਲ ਦੇ ਸਾਰੇ ਚੜ੍ਹਾਵੇ ਅਰਥਾਤ ਉਨ੍ਹਾਂ ਦੀਆਂ ਮੈਦੇ ਦੀਆਂ ਭੇਟਾਂ, ਉਨ੍ਹਾਂ ਦੀਆਂ ਪਾਪ ਬਲੀ ਦੀਆਂ ਭੇਟਾਂ, ਅਤੇ ਉਨ੍ਹਾਂ ਦੇ ਅਪਰਾਧ ਦੀਆਂ ਭੇਟਾਂ ਜਿਹੜੀਆਂ ਉਹ ਮੈਨੂੰ ਚੜ੍ਹਾਉਂਦੇ ਹਨ, ਤੇਰੇ ਲਈ ਅਤੇ ਤੇਰੇ ਪੁੱਤਰਾਂ ਲਈ ਅੱਤ ਪਵਿੱਤਰ ਹੋਣਗੀਆਂ ।
10ਤੁਸੀਂ ਉਨ੍ਹਾਂ ਨੂੰ ਅੱਤ ਪਵਿੱਤਰ ਜਾਣਦੇ ਹੋਏ ਖਾਓ । ਹਰ ਇੱਕ ਪੁਰਖ ਉਨ੍ਹਾਂ ਨੂੰ ਖਾਵੇ । ਉਹ ਤੇਰੇ ਲਈ ਪਵਿੱਤਰ ਹੋਣਗੀਆਂ ।11ਅਤੇ ਤੇਰੇ ਲਈ ਇਹ ਵੀ ਹੈ ਕਿ ਉਨ੍ਹਾਂ ਦੇ ਦਾਨ ਦੀ ਚੁੱਕਣ ਵਾਲੀ ਭੇਟ ਅਰਥਾਤ ਇਸਰਾਏਲੀਆਂ ਦੀਆਂ ਸਾਰੀਆਂ ਹਿਲਾਉਣ ਵਾਲੀਆਂ ਭੇਟਾਂ, ਮੈਂ ਤੈਨੂੰ ਅਤੇ ਤੇਰੇ ਸੰਗ ਤੇਰੇ ਪੁੱਤਰਾਂ ਅਤੇ ਤੇਰੀਆਂ ਧੀਆਂ ਨੂੰ ਸਦਾ ਦੇ ਹੱਕ ਲਈ ਦਿੱਤੀਆਂ ਹਨ । ਹਰ ਇੱਕ ਜਿਹੜਾ ਤੇਰੇ ਘਰ ਵਿੱਚ ਸ਼ੁੱਧ ਹੋਵੇ ਉਹ ਉਨ੍ਹਾਂ ਨੂੰ ਖਾਵੇ ।
12ਸਭ ਤੋਂ ਚੰਗਾ ਸਾਰਾ ਤੇਲ, ਸਭ ਤੋਂ ਚੰਗਾ ਸਾਰਾ ਦਾਖਰਸ, ਅੰਨ ਅਤੇ ਉਨ੍ਹਾਂ ਦੇ ਪਹਿਲੇ ਫਲ ਜਿਹੜੇ ਉਹ ਯਹੋਵਾਹ ਲਈ ਦਿੰਦੇ ਹਨ, ਸੋ ਮੈਂ ਤੁਹਾਨੂੰ ਦਿੰਦਾ ਹਾਂ ।13ਉਨ੍ਹਾਂ ਦੀ ਧਰਤੀ ਦੇ ਪਹਿਲੇ ਫਲ ਜਿਹੜੇ ਉਹ ਯਹੋਵਾਹ ਲਈ ਲਿਆਉਂਦੇ ਹਨ, ਉਹ ਤੇਰੇ ਹੋਣਗੇ । ਹਰ ਇੱਕ ਜਿਹੜਾ ਤੇਰੇ ਘਰ ਵਿੱਚ ਹੈ ਅਤੇ ਸ਼ੁੱਧ ਹੋਵੇ, ਉਹ ਖਾਵੇ ।
14ਇਸਰਾਏਲੀਆਂ ਵਿੱਚ ਸਾਰੀਆਂ ਅਰਪਣ ਕੀਤੀਆਂ ਹੋਈਆਂ ਚੀਜ਼ਾਂ ਤੇਰੀਆਂ ਹੋਣਗੀਆਂ ।15ਸਾਰੇ ਪਹਿਲੌਠੇ ਜਿਹੜੇ ਉਹ ਯਹੋਵਾਹ ਲਈ ਲਿਆਉਣ ਭਾਵੇਂ ਆਦਮੀ ਦਾ ਭਾਵੇਂ ਪਸ਼ੂ ਦਾ, ਉਹ ਵੀ ਤੇਰੇ ਲਈ ਹੋਣਗੇ ਤਾਂ ਵੀ ਆਦਮੀ ਦੇ ਪਹਿਲੌਠੇ ਦੇ ਨਿਸਤਾਰੇ ਦਾ ਮੁੱਲ ਜ਼ਰੂਰ ਦੇਣਾ ਨਾਲੇ ਅਸ਼ੁੱਧ ਪਸ਼ੂਆਂ ਦੇ ਪਹਿਲੌਠਿਆਂ ਦੇ ਨਿਸਤਾਰੇ ਦਾ ਮੁੱਲ ਦੇਣਾ ।16ਜਿਨ੍ਹਾਂ ਦੇ ਨਿਸਤਾਰੇ ਦਾ ਮੁੱਲ ਤੂੰ ਦੇਣਾ ਹੋਵੇ ਅਰਥਾਤ ਇੱਕ ਮਹੀਨੇ ਤੋਂ ਉੱਪਰ ਵਾਲੇ ਦਾ ਤੂੰ ਨਿਸਤਾਰੇ ਦਾ ਮੁੱਲ ਦੇ ਅਰਥਾਤ ਆਪਣੇ ਠਹਿਰਾਏ ਹੋਏ ਲੇਖੇ ਅਨੁਸਾਰ ਚਾਂਦੀ ਦੇ ਪੰਜ ਰੁਪਏ ਪਵਿੱਤਰ ਸਥਾਨ ਦੇ ਸ਼ੇਕਲ ਅਨੁਸਾਰ ਜਿਹੜਾ ਵੀਹ ਗੀਰਹ ਦਾ ਹੈ ।
17ਪਰੰਤੂ ਗਊ ਦਾ ਪਹਿਲੌਠੇ, ਭੇਡ ਦੇ ਪਹਿਲੌਠੇ ਅਤੇ ਬੱਕਰੀ ਦੇ ਪਹਿਲੌਠੇ ਦਾ ਨਿਸਤਾਰੇ ਦਾ ਮੁੱਲ ਨਾ ਦੇਣਾ, ਉਹ ਪਵਿੱਤਰ ਹਨ । ਉਨ੍ਹਾਂ ਦਾ ਲਹੂ ਤੂੰ ਜਗਵੇਦੀ ਉੱਤੇ ਛਿੜਕੀਂ ਅਤੇ ਉਨ੍ਹਾਂ ਦੀ ਚਰਬੀ ਯਹੋਵਾਹ ਲਈ ਸੁਗੰਧਤਾ ਕਰਕੇ ਅੱਗ ਦੀ ਭੇਟ ਲਈ ਸਾੜ ਦੇਵੀਂ ।18ਉਨ੍ਹਾਂ ਦਾ ਮਾਸ ਤੇਰਾ ਹੋਵੇਗਾ ਜਿਵੇਂ ਹਿਲਾਈ ਹੋਈ ਛਾਤੀ ਅਤੇ ਸੱਜਾ ਪੱਟ ਤੇਰੇ ਹਨ ।
19ਸਾਰੀਆਂ ਪਵਿੱਤਰ ਚੀਜ਼ਾਂ ਦੀਆਂ ਚੁੱਕਣ ਵਾਲੀਆਂ ਭੇਟਾਂ ਜਿਹੜੀਆਂ ਇਸਰਾਏਲੀ ਯਹੋਵਾਹ ਲਈ ਚੁੱਕਣ, ਮੈਂ ਤੈਨੂੰ ਅਤੇ ਤੇਰੇ ਪੁੱਤਰਾਂ ਅਤੇ ਤੇਰੀਆਂ ਧੀਆਂ ਨੂੰ ਤੇਰੇ ਨਾਲ ਸਦਾ ਦੇ ਹੱਕ ਲਈ ਦਿੱਤੀਆਂ ਹਨ । ਇਹ ਲੂਣ ਦਾ ਸਦਾ ਦਾ ਨੇਮ ਯਹੋਵਾਹ ਅੱਗੇ ਤੇਰੇ ਲਈ ਅਤੇ ਤੇਰੀ ਅੰਸ ਲਈ ਹੋਵੇ ।20ਤਦ ਯਹੋਵਾਹ ਨੇ ਹਾਰੂਨ ਨੂੰ ਆਖਿਆ, ਇਸਰਾਏਲੀਆਂ ਦੀ ਧਰਤੀ ਵਿੱਚ ਕੋਈ ਹਿੱਸਾ ਨਾ ਲਵੀਂ, ਨਾ ਉਨ੍ਹਾਂ ਵਿੱਚ ਤੇਰਾ ਕੋਈ ਹਿੱਸਾ ਹੋਵੇਗਾ । ਤੇਰਾ ਹਿੱਸਾ ਅਤੇ ਤੇਰਾ ਵਿਰਸਾ ਇਸਰਾਏਲੀਆਂ ਵਿੱਚ ਮੈਂ ਹੀ ਹਾਂ ।
ਲੇਵੀਆਂ ਦਾ ਹਿੱਸਾ

21ਅਤੇ ਵੇਖੋ, ਲੇਵੀਆਂ ਲਈ ਮੈਂ ਇਸਰਾਏਲੀਆਂ ਦੇ ਸਾਰਿਆਂ ਦਸਵੰਧਾਂ ਨੂੰ ਉਨ੍ਹਾਂ ਦੇ ਵਿਰਸੇ ਵਿੱਚ, ਉਸ ਟਹਿਲ ਸੇਵਾ ਦੇ ਬਦਲੇ ਜਿਹੜੀ ਉਹ ਮੰਡਲੀ ਦੇ ਤੰਬੂ ਵਿੱਚ ਕਰਦੇ ਹਨ, ਦੇ ਦਿੱਤਾ ਹੈ ।22ਇਸ ਲਈ ਅੱਗੇ ਤੋਂ ਇਸਰਾਏਲੀ ਮੰਡਲੀ ਦੇ ਤੰਬੂ ਦੇ ਨੇੜੇ ਨਾ ਆਉਣ ਕਿਤੇ ਅਜਿਹਾ ਨਾ ਹੋਵੇ ਕਿ ਪਾਪ ਦਾ ਬੋਝ ਉਹਨਾਂ ਉੱਤੇ ਹੋਵੇ ਅਤੇ ਉਹ ਮਰ ਜਾਣ ।
23ਪਰ ਲੇਵੀ ਮੰਡਲੀ ਦੇ ਤੰਬੂ ਦੀ ਟਹਿਲ ਸੇਵਾ ਕਰਨ ਅਤੇ ਉਹ ਆਪਣੀ ਬਦੀ ਨੂੰ ਆਪ ਚੁੱਕਣ । ਇਹ ਬਿਧੀ ਤੁਹਾਡੀਆਂ ਪੀੜ੍ਹੀਆਂ ਲਈ ਸਦਾ ਦੀ ਹੋਵੇ, ਪਰ ਇਸਰਾਏਲੀਆਂ ਦੇ ਵਿੱਚ ਉਹ ਵਿਰਸਾ ਨਾ ਪਾਉਣਗੇ ।24ਕਿਉਂ ਜੋ ਇਸਰਾਏਲੀਆਂ ਦੇ ਦਸਵੰਧ ਨੂੰ ਜਿਹੜਾ ਉਹ ਯਹੋਵਾਹ ਲਈ ਚੁੱਕਣ ਦੀ ਭੇਟ ਕਰਕੇ ਲਿਆਉਂਦੇ ਹਨ, ਮੈਂ ਲੇਵੀਆਂ ਨੂੰ ਵਿਰਸੇ ਵਿੱਚ ਦੇ ਦਿੱਤਾ ਹੈ । ਇਸ ਲਈ ਮੈਂ ਉਨ੍ਹਾਂ ਨੂੰ ਆਖਿਆ ਕਿ ਉਹ ਇਸਰਾਏਲੀਆਂ ਵਿੱਚ ਜਾਇਦਾਦ ਨਾ ਪਾਉਣਗੇ ।
ਲੇਵੀਆਂ ਦਾ ਦਸਵੰਧ

25ਯਹੋਵਾਹ ਨੇ ਮੂਸਾ ਨੂੰ ਆਖਿਆ,26ਲੇਵੀਆਂ ਨੂੰ ਆਖ ਕਿ ਜਦ ਤੁਸੀਂ ਇਸਰਾਏਲੀਆਂ ਤੋਂ ਦਸਵੰਧ ਲੈਂਦੇ ਹੋ, ਜਿਹੜਾ ਮੈਂ ਤੁਹਾਨੂੰ ਉਨ੍ਹਾਂ ਵੱਲੋਂ ਤੁਹਾਡੇ ਵਿਰਸੇ ਵਿੱਚ ਦਿੱਤਾ ਹੈ ਤਾਂ ਤੁਸੀਂ ਯਹੋਵਾਹ ਲਈ ਉਸ ਤੋਂ ਚੁੱਕਣ ਦੀ ਭੇਟ ਚੜ੍ਹਾਓ, ਅਰਥਾਤ ਦਸਵੰਧ ਦਾ ਦਸਵੰਧ ।27ਇਹ ਤੁਹਾਡੇ ਲੇਖੇ ਵਿੱਚ ਚੁੱਕਣ ਦੀ ਭੇਟ ਗਿਣੀ ਜਾਵੇ, ਜਿਵੇਂ ਇਹ ਪਿੜ ਦਾ ਅੰਨ ਅਤੇ ਕੋਹਲੂ ਦੇ ਦਾਖ਼ਰਸ ਹੈ ।
28ਇਸ ਤਰ੍ਹਾਂ ਤੁਸੀਂ ਵੀ ਯਹੋਵਾਹ ਲਈ ਚੁੱਕਣ ਦੀ ਭੇਟ ਆਪਣਿਆਂ ਸਾਰਿਆਂ ਦਸਵੰਧਾ ਤੋਂ ਜਿਹੜੇ ਤੁਸੀਂ ਇਸਰਾਏਲੀਆਂ ਤੋਂ ਲੈਂਦੇ ਹੋ ਚੜ੍ਹਾਓਗੇ ਅਤੇ ਤੁਸੀਂ ਉਨ੍ਹਾਂ ਤੋਂ ਯਹੋਵਾਹ ਦੀ ਚੁੱਕਣ ਦੀ ਭੇਟ ਹਾਰੂਨ ਜਾਜਕ ਨੂੰ ਦਿਓ ।29ਆਪਣਿਆਂ ਸਾਰਿਆਂ ਦਾਨਾਂ ਤੋਂ ਤੁਸੀਂ ਯਹੋਵਾਹ ਲਈ ਚੁੱਕਣ ਦੀ ਭੇਟ, ਉਸ ਦੀ ਚਿਕਨਾਈ ਤੋਂ ਅਰਥਾਤ ਉਸ ਦੇ ਪਵਿੱਤਰ ਕੀਤੇ ਹੋਏ ਹਿੱਸੇ ਤੋਂ ਚੜ੍ਹਾਓ ।
30ਅਤੇ ਤੂੰ ਲੇਵੀਆਂ ਨੂੰ ਆਖ ਕਿ ਜਦ ਤੁਸੀਂ ਉਸ ਦੀ ਚਿਕਨਾਈ ਚੜ੍ਹਾਉਂਦੇ ਹੋ ਤਾਂ ਉਹ ਲੇਵੀਆਂ ਦੇ ਲੇਖੇ ਵਿੱਚ ਗਿਣੀ ਜਾਵੇ ਜਿਵੇਂ ਪਿੜ ਦੇ ਵਾਧੇ ਅਤੇ ਕੋਹਲੂ ਦੀ ਵਾਫ਼ਰੀ ਹੈ ।31ਤਾਂ ਤੁਸੀਂ ਉਹ ਨੂੰ ਸਾਰਿਆਂ ਥਾਵਾਂ ਵਿੱਚ ਖਾਓ, ਤੁਸੀਂ ਅਤੇ ਤੁਹਾਡੇ ਪਰਿਵਾਰ ਕਿਉਂ ਜੋ ਉਹ ਤੁਹਾਡੇ ਲਈ ਮੰਡਲੀ ਦੇ ਤੰਬੂ ਦੀ ਟਹਿਲ ਸੇਵਾ ਦੇ ਬਦਲੇ ਤੁਹਾਡਾ ਇਨਾਮ ਹੈ ।32ਅਤੇ ਤੁਸੀਂ ਉਸ ਦੇ ਕਰਨ ਪਾਪ ਨਾ ਕਰਿਓ ਜਦ ਤੁਸੀਂ ਉਸ ਦੀ ਚਿਕਨਾਈ ਵਿੱਚੋਂ ਚੁੱਕਿਆ, ਅਤੇ ਤੁਸੀਂ ਇਸਰਾਏਲੀਆਂ ਦੀਆਂ ਪਵਿੱਤਰ ਚੀਜ਼ਾਂ ਨੂੰ ਭਰਿਸ਼ਟ ਨਾ ਕਰੋ ਅਜਿਹਾ ਨਾ ਹੋਵੇ ਕਿ ਤੁਸੀਂ ਮਰ ਜਾਓ ।

19
ਸ਼ੁੱਧੀਕਰਣ ਦੀ ਵਿਧੀ

1ਯਹੋਵਾਹ ਮੂਸਾ ਅਤੇ ਹਾਰੂਨ ਨੂੰ ਬੋਲਿਆ,2ਇਹ ਬਿਵਸਥਾ ਦੀ ਬਿਧੀ ਹੈ ਜਿਸ ਦਾ ਯਹੋਵਾਹ ਨੇ ਹੁਕਮ ਦਿੱਤਾ ਕਿ ਇਸਰਾਏਲੀਆਂ ਨੂੰ ਬੋਲ ਕਿ ਉਹ ਤੇਰੇ ਕੋਲ ਇੱਕ ਲਾਲ ਨਰੋਈ ਵੱਛੀ ਲਿਆਉਣ ਜਿਹੜੀ ਦੋਸ਼ ਤੋਂ ਰਹਿਤ ਹੋਵੇ ਅਤੇ ਜਿਸ ਦੇ ਉੱਤੇ ਜੂਲਾ ਨਾ ਰੱਖਿਆ ਗਿਆ ਹੋਵੇ ।

3ਤਦ ਤੁਸੀਂ ਉਹ ਨੂੰ ਅਲਆਜ਼ਾਰ ਜਾਜਕ ਨੂੰ ਦਿਓ ਅਤੇ ਉਹ ਉਸ ਨੂੰ ਡੇਰੇ ਤੋਂ ਬਾਹਰ ਲੈ ਜਾਵੇ ਅਤੇ ਉਹ ਦੇ ਸਾਹਮਣੇ ਕੋਈ ਉਸ ਨੂੰ ਕੱਟੇ ।4ਫੇਰ ਅਲਆਜ਼ਾਰ ਜਾਜਕ ਆਪਣੀ ਉਂਗਲੀ ਨਾਲ ਉਸ ਦੇ ਲਹੂ ਵਿੱਚੋਂ ਲੈ ਕੇ ਮੰਡਲੀ ਦੇ ਤੰਬੂ ਦੇ ਅਗਲੇ ਪਾਸੇ ਵੱਲ ਸੱਤ ਵਾਰ ਉਸ ਲਹੂ ਨੂੰ ਛਿੜਕੇ ।5ਤਾਂ ਕੋਈ ਉਸ ਗਾਂ ਨੂੰ ਚਮੜੇ, ਮਾਸ, ਲਹੂ ਅਤੇ ਗੋਹੇ ਸਮੇਤ ਉਹ ਦੀਆਂ ਅੱਖਾਂ ਦੇ ਸਾਹਮਣੇ ਸਾੜੇ ।6ਫੇਰ ਜਾਜਕ ਦਿਆਰ ਦੀ ਲੱਕੜੀ ਅਤੇ ਜੂਫ਼ਾ ਅਤੇ ਲਾਲ ਰੰਗ ਦਾ ਕੱਪੜਾ ਲੈ ਕੇ ਅੱਗ ਵਿੱਚ ਸੁੱਟੇ ਜਿਸ ਵਿੱਚ ਉਸ ਵੱਛੀ ਨੂੰ ਸਾੜਿਆ ਗਿਆ ਹੋਵੇ ।
7ਫੇਰ ਜਾਜਕ ਆਪਣੇ ਕੱਪੜੇ ਧੋਵੇ ਅਤੇ ਇਸ਼ਨਾਨ ਕਰੇ । ਉਸ ਦੇ ਮਗਰੋਂ ਉਹ ਡੇਰੇ ਵਿੱਚ ਆਵੇ ਪਰ ਉਹ ਜਾਜਕ ਸ਼ਾਮ ਤੱਕ ਅਸ਼ੁੱਧ ਰਹੇ ।8ਅਤੇ ਸਾੜਨ ਵਾਲਾ ਵੀ ਆਪਣੇ ਕੱਪੜੇ ਧੋਵੇ ਅਤੇ ਇਸ਼ਨਾਨ ਕਰੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ ।
9ਕੋਈ ਸ਼ੁੱਧ ਮਨੁੱਖ ਗਾਂ ਦੀ ਸੁਆਹ ਇਕੱਠੀ ਕਰੇ ਅਤੇ ਉਹ ਨੂੰ ਡੇਰੇ ਤੋਂ ਬਾਹਰ ਸ਼ੁੱਧ ਸਥਾਨ ਵਿੱਚ ਰੱਖੇ ਅਤੇ ਉਹ ਇਸਰਾਏਲੀਆਂ ਦੀ ਮੰਡਲੀ ਲਈ ਅਸ਼ੁੱਧਤਾਈ ਦੂਰ ਕਰਨ ਦਾ ਜਲ ਕਰਕੇ ਰੱਖੀ ਜਾਵੇ, ਉਹ ਪਾਪ ਦੀ ਭੇਟ ਹੈ ।10ਅਤੇ ਜਿਹੜਾ ਗਾਂ ਦੀ ਸੁਆਹ ਇਕੱਠੀ ਕਰਦਾ ਹੈ ਉਹ ਆਪਣੇ ਕੱਪੜੇ ਧੋਵੇ ਅਤੇ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ । ਇਹ ਇਸਰਾਏਲੀਆਂ ਦੇ ਲਈ ਅਤੇ ਉਹਨਾਂ ਵਿੱਚ ਵੱਸਣ ਵਾਲੇ ਪਰਦੇਸੀਆਂ ਲਈ ਸਦਾ ਦੀ ਬਿਧੀ ਹੋਵੇ ।
ਲਾਸ਼ ਨੂੰ ਛੂਹਣ ਨਾਲ ਅਸ਼ੁੱਧਤਾ

11ਜੇ ਕੋਈ ਕਿਸੇ ਆਦਮੀ ਦੀ ਲਾਸ਼ ਨੂੰ ਛੂਹੇ ਉਹ ਸੱਤ ਦਿਨ ਅਸ਼ੁੱਧ ਰਹੇ ।12ਉਹ ਤੀਜੇ ਦਿਨ ਆਪਣੇ ਆਪ ਨੂੰ ਉਹ ਦੇ ਨਾਲ ਸ਼ੁੱਧ ਕਰੇ ਤਾਂ ਸੱਤਵੇਂ ਦਿਨ ਉਹ ਸ਼ੁੱਧ ਹੋਵੇਗਾ ਪਰ ਜੇ ਉਹ ਤੀਜੇ ਦਿਨ ਆਪਣੇ ਆਪ ਨੂੰ ਸ਼ੁੱਧ ਨਾ ਕਰੇ ਤਾਂ ਸੱਤਵੇਂ ਦਿਨ ਵੀ ਉਹ ਸ਼ੁੱਧ ਨਹੀਂ ਹੋਵੇਗਾ ।13ਜੋ ਕੋਈ ਕਿਸੇ ਆਦਮੀ ਦੀ ਲਾਸ਼ ਛੂਹੇ ਅਤੇ ਆਪਣੇ ਆਪ ਨੂੰ ਸ਼ੁੱਧ ਨਾ ਕਰੇ ਉਹ ਯਹੋਵਾਹ ਦੇ ਡੇਰੇ ਨੂੰ ਭ੍ਰਿਸ਼ਟ ਕਰਦਾ ਹੈ ਸੋ ਉਹ ਮਨੁੱਖ ਇਸਰਾਏਲ ਵਿੱਚੋ ਛੇਕਿਆ ਜਾਵੇ, ਇਸ ਲਈ ਕਿ ਅਸ਼ੁੱਧਤਾਈ ਦਾ ਜਲ ਉਹ ਦੇ ਉੱਤੇ ਨਹੀਂ ਛਿੜਕਿਆ ਗਿਆ, ਉਹ ਅਸ਼ੁੱਧ ਹੋਵੇਗਾ । ਉਹ ਅਜੇ ਅਸ਼ੁੱਧ ਹੈ ।

14ਜਦ ਕੋਈ ਮਨੁੱਖ ਤੰਬੂ ਵਿੱਚ ਮਰ ਜਾਵੇ ਤਾਂ ਉਸ ਲਈ ਇਹ ਬਿਵਸਥਾ ਹੈ । ਜੋ ਕੋਈ ਤੰਬੂ ਵਿੱਚ ਵੜੇ ਅਤੇ ਜੋ ਕੋਈ ਤੰਬੂ ਵਿੱਚ ਹੋਵੇ ਸੱਤ ਦਿਨ ਤੱਕ ਅਸ਼ੁੱਧ ਰਹੇਗਾ ।15ਸਾਰੇ ਭਾਂਡੇ ਜਿਨ੍ਹਾਂ ਉੱਤੇ ਕੋਈ ਢੱਕਣ ਨਾ ਹੋਵੇ, ਉਹ ਅਸ਼ੁੱਧ ਹਨ ।16ਜੋ ਕੋਈ ਮੈਦਾਨ ਵਿੱਚ ਤਲਵਾਰ ਨਾਲ ਵੱਢੇ ਹੋਏ ਨੂੰ ਜਾਂ ਕਿਸੇ ਲਾਸ਼ ਨੂੰ ਜਾਂ ਆਦਮੀ ਦੀ ਹੱਡੀ ਨੂੰ ਜਾਂ ਕਿਸੇ ਕਬਰ ਨੂੰ ਛੂਹੇ ਉਹ ਸੱਤ ਦਿਨ ਤੱਕ ਅਸ਼ੁੱਧ ਰਹੇਗਾ ।
17ਅਤੇ ਉਸ ਅਸ਼ੁੱਧ ਮਨੁੱਖ ਲਈ ਪਾਪ ਦੀ ਭੇਟ ਦੀ ਸੁਆਹ ਨੂੰ ਲੈ ਕੇ ਇੱਕ ਭਾਂਡੇ ਵਿੱਚ ਪਾ ਕੇ ਉਸ ਉੱਤੇ ਵਗਦਾ ਪਾਣੀ ਪਾਇਆ ਜਾਵੇ ।18ਅਤੇ ਕੋਈ ਸ਼ੁੱਧ ਮਨੁੱਖ ਜੂਫ਼ਾ ਲੈ ਕੇ ਉਸ ਜਲ ਵਿੱਚ ਡਬੋਵੇ, ਫੇਰ ਉਸ ਤੰਬੂ ਉੱਤੇ, ਸਾਰਿਆਂ ਭਾਂਡਿਆਂ ਉੱਤੇ, ਉਨ੍ਹਾਂ ਪ੍ਰਾਣੀਆਂ ਜਿਹੜੇ ਉੱਥੇ ਸਨ, ਨਾਲੇ ਉਸ ਉੱਤੇ ਜਿਸ ਨੇ ਹੱਡੀ ਨੂੰ ਜਾਂ ਵੱਢੇ ਹੋਏ ਨੂੰ ਜਾਂ ਲਾਸ਼ ਨੂੰ ਜਾਂ ਕਬਰ ਨੂੰ ਛੂਹਿਆ ਹੋਵੇ, ਉਸ ਉੱਤੇ ਛਿੜਕੇ ।19ਅਤੇ ਸ਼ੁੱਧ ਪੁਰਖ ਤੀਜੇ ਦਿਨ ਅਤੇ ਸੱਤਵੇਂ ਦਿਨ ਅਸ਼ੁੱਧ ਪੁਰਖ ਉੱਤੇ ਇਸ ਨੂੰ ਛਿੜਕੇ ਅਤੇ ਇਸ ਤਰ੍ਹਾਂ ਸੱਤਵੇਂ ਦਿਨ ਉਹ ਨੂੰ ਸ਼ੁੱਧ ਕਰੇ । ਉਹ ਆਪਣੇ ਕੱਪੜੇ ਧੋਵੇ ਅਤੇ ਅਸ਼ਨਾਨ ਕਰੇ ਤਾਂ ਉਹ ਸ਼ਾਮ ਨੂੰ ਸ਼ੁੱਧ ਹੋਵੇਗਾ ।

20ਪਰ ਜਿਹੜਾ ਮਨੁੱਖ ਅਸ਼ੁੱਧ ਰਹੇ ਅਤੇ ਆਪਣੇ ਆਪ ਨੂੰ ਸ਼ੁੱਧ ਨਾ ਕਰੇ, ਉਹ ਪ੍ਰਾਣੀ ਸਭਾ ਵਿੱਚੋਂ ਕੱਢਿਆ ਜਾਵੇ ਕਿਉ ਜੋ ਉਹ ਨੇ ਯਹੋਵਾਹ ਦੇ ਪਵਿੱਤਰ ਸਥਾਨ ਨੂੰ ਭ੍ਰਿਸ਼ਟ ਕੀਤਾ । ਅਸ਼ੁੱਧਤਾਈ ਦਾ ਜਲ ਉਹ ਦੇ ਉੱਤੇ ਨਹੀਂ ਛਿੜਕਿਆ ਗਿਆ ਸੋ ਉਹ ਅਸ਼ੁੱਧ ਹੈ ।21ਅਤੇ ਉਨ੍ਹਾਂ ਲਈ ਇਹ ਸਦਾ ਦੀ ਬਿਧੀ ਹੋਵੇਗੀ ਅਤੇ ਅਸ਼ੁੱਧਤਾਈ ਦੇ ਜਲ ਦਾ ਛਿੜਕਣ ਵਾਲਾ ਆਪਣੇ ਕੱਪੜੇ ਧੋਵੇ ਅਤੇ ਅਸ਼ੁੱਧਤਾਈ ਦੇ ਜਲ ਨੂੰ ਛੂਹਣ ਵਾਲਾ ਸ਼ਾਮ ਤੱਕ ਅਸ਼ੁੱਧ ਰਹੇ ।22ਅਤੇ ਜੋ ਕੁਝ ਉਹ ਅਸ਼ੁੱਧ ਮਨੁੱਖ ਛੂਹੇ ਉਹ ਵੀ ਅਸ਼ੁੱਧ ਹੋਵੇਗਾ ਅਤੇ ਜਿਹੜਾ ਮਨੁੱਖ ਉਸ ਚੀਜ਼ ਨੂੰ ਛੂਹੇ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ ।

20
ਮੂਸਾ ਅਤੇ ਹਾਰੂਨ ਦਾ ਪਾਪ ਅਤੇ ਉਸ ਪਾਪ ਦੀ ਸਜ਼ਾ
(ਕੂਚ 17:1 – 7)

1ਇਸਰਾਏਲੀਆਂ ਦੀ ਸਾਰੀ ਮੰਡਲੀ ਪਹਿਲੇ ਮਹੀਨੇ ਵਿੱਚ ਸੀਨ ਦੀ ਉਜਾੜ ਵਿੱਚ ਆਈ ਅਤੇ ਪਰਜਾ ਕਾਦੇਸ ਵਿੱਚ ਰਹਿਣ ਲੱਗੀ ਅਤੇ ਉੱਥੇ ਮਿਰਯਮ ਮਰ ਗਈ ਅਤੇ ਉੱਥੇ ਦੱਬ ਦਿੱਤੀ ਗਈ ।

2ਉੱਥੇ ਮੰਡਲੀ ਲਈ ਪਾਣੀ ਨਹੀਂ ਸੀ ਇਸ ਕਾਰਨ ਉਹ ਮੂਸਾ ਅਤੇ ਹਾਰੂਨ ਦੇ ਵਿਰੁੱਧ ਇਕੱਠੀ ਹੋਈ ।3ਅਤੇ ਪਰਜਾ ਮੂਸਾ ਨਾਲ ਝਗੜਨ ਲੱਗੀ ਅਤੇ ਉਨ੍ਹਾਂ ਨੇ ਆਖਿਆ, ਭਲਾ ਹੁੰਦਾ ਜੇ ਅਸੀਂ ਵੀ ਮਰ ਜਾਂਦੇ ਜਦੋਂ ਸਾਡੇ ਭਰਾ ਯਹੋਵਾਹ ਅੱਗੇ ਮਰ ਗਏ ਸਨ !
4ਤੁਸੀਂ ਯਹੋਵਾਹ ਦੀ ਸਭਾ ਨੂੰ ਕਿਉਂ ਇਸ ਉਜਾੜ ਵਿੱਚ ਲੈ ਕੇ ਆਏ ਹੋ, ਕਿ ਅਸੀਂ ਅਤੇ ਸਾਡੇ ਪਸ਼ੂ ਇੱਥੇ ਮਰ ਜਾਈਏ ?5ਤੁਸੀਂ ਕਿਉਂ ਸਾਨੂੰ ਮਿਸਰ ਤੋਂ ਕੱਢ ਕੇ ਲਿਆਏ ? ਤੁਸੀਂ ਸਾਨੂੰ ਇਸ ਬੁਰੇ ਥਾਂ ਵਿੱਚ ਲਿਆਂਦਾ ਜਿੱਥੇ ਨਾ ਬੀਜ ਨਾ ਹੰਜ਼ੀਰ, ਨਾ ਦਾਖ ਦੀ ਵੇਲ, ਨਾ ਅਨਾਰ ਅਤੇ ਨਾ ਪੀਣ ਲਈ ਪਾਣੀ ਹੈ ।
6ਤਾਂ ਮੂਸਾ ਅਤੇ ਹਾਰੂਨ, ਸਭਾ ਦੇ ਅੱਗੋਂ, ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਜਾ ਕੇ ਮੂੰਹ ਦੇ ਭਾਰ ਡਿੱਗੇ ਤਾਂ ਯਹੋਵਾਹ ਦਾ ਪਰਤਾਪ ਉਨ੍ਹਾਂ ਉੱਤੇ ਪਰਗਟ ਹੋਇਆ ।
7ਯਹੋਵਾਹ ਨੇ ਮੂਸਾ ਨੂੰ ਆਖਿਆ,8ਢਾਂਗਾ ਲੈ ਕੇ ਮੰਡਲੀ ਨੂੰ ਇਕੱਠਾ ਕਰ, ਤੂੰ ਅਤੇ ਤੇਰਾ ਭਰਾ ਹਾਰੂਨ, ਉਨ੍ਹਾਂ ਦੇ ਵੇਖਦਿਆਂ ਪੱਥਰੀਲੀ ਚੱਟਾਨ ਨੂੰ ਬੋਲੋ ਕਿ ਉਹ ਆਪਣਾ ਪਾਣੀ ਦੇਵੇ ਅਤੇ ਤੂੰ ਉਨ੍ਹਾਂ ਲਈ ਚੱਟਾਨ ਤੋਂ ਪਾਣੀ ਕੱਢੇਂਗਾ । ਇਸ ਤਰ੍ਹਾਂ ਤੂੰ ਇਸ ਮੰਡਲੀ ਨੂੰ ਅਤੇ ਉਨ੍ਹਾਂ ਦੇ ਪਸ਼ੂਆਂ ਨੂੰ ਪਾਣੀ ਪਿਲਾਵੇਂਗਾ ।9ਉਪਰੰਤ ਮੂਸਾ ਨੇ ਯਹੋਵਾਹ ਦੇ ਅੱਗੋਂ ਢਾਂਗਾ ਲਿਆ ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਸੀ ।

10ਮੂਸਾ ਅਤੇ ਹਾਰੂਨ ਨੇ ਸਭਾ ਨੂੰ ਉਸ ਚੱਟਾਨ ਦੇ ਅੱਗੇ ਇਕੱਠਾ ਕੀਤਾ ਅਤੇ ਉਸ ਨੇ ਉਨ੍ਹਾਂ ਨੂੰ ਆਖਿਆ, ਸੁਣੋ ਤੁਸੀਂ ਝਗੜਾ ਕਰਨ ਵਾਲਿਓ, ਕੀ ਅਸੀਂ ਤੁਹਾਡੇ ਲਈ ਇਸ ਚਟਾਨ ਤੋਂ ਪਾਣੀ ਕੱਢੀਏ ?11ਫੇਰ ਮੂਸਾ ਨੇ ਆਪਣਾ ਹੱਥ ਚੁੱਕ ਕੇ ਉਸ ਚਟਾਨ ਨੂੰ ਆਪਣੇ ਢਾਂਗੇ ਨਾਲ ਦੋ ਵਾਰ ਮਾਰਿਆ ਤਾਂ ਬਹੁਤ ਪਾਣੀ ਨਿੱਕਲ ਆਇਆ ਤਾਂ ਮੰਡਲੀ ਦੇ ਲੋਕ ਅਤੇ ਉਨ੍ਹਾਂ ਦੇ ਪਸ਼ੂਆਂ ਨੇ ਪੀਤਾ ।
12ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਆਖਿਆ, ਇਸ ਲਈ ਕਿ ਤੁਸੀਂ ਮੇਰਾ ਵਿਸ਼ਵਾਸ ਨਹੀਂ ਕੀਤਾ ਅਤੇ ਇਸਰਾਏਲੀਆਂ ਦੀਆਂ ਅੱਖਾਂ ਵਿੱਚ ਮੈਨੂੰ ਪਵਿੱਤਰ ਨਹੀਂ ਠਹਿਰਾਇਆ, ਹੁਣ ਤੁਸੀਂ ਇਸ ਸਭਾ ਨੂੰ ਉਸ ਧਰਤੀ ਵਿੱਚ ਜਿਹੜੀ ਮੈਂ ਉਨ੍ਹਾਂ ਨੂੰ ਦਿੱਤੀ, ਨਹੀਂ ਲੈ ਕੇ ਜਾ ਸਕੋਗੇ ।13ਇਸ ਲਈ ਇਸ ਸਥਾਨ ਦਾ ਨਾਮ ਮਰੀਬਾਹ ਪਿਆ ਕਿਉਂ ਜੋ ਇਸਰਾਏਲੀਆਂ ਨੇ ਯਹੋਵਾਹ ਨਾਲ ਝਗੜਾ ਕੀਤਾ ਅਤੇ ਉਹ ਉਨ੍ਹਾਂ ਦੇ ਵਿੱਚ ਪਵਿੱਤਰ ਠਹਿਰਾਇਆ ਗਿਆ ।
ਅਦੋਮੀਆਂ ਦੁਆਰਾ ਰਾਸਤਾ ਨਾ ਦੇਣਾ

14ਫੇਰ ਮੂਸਾ ਨੇ ਕਾਦੇਸ਼ ਤੋਂ ਆਦੋਮ ਦੇ ਰਾਜੇ ਕੋਲ ਸੰਦੇਸ਼ਵਾਹਕ ਭੇਜ ਕੇ ਆਖਿਆ, ਇਸਰਾਏਲ ਤੁਹਾਡਾ ਭਰਾ ਆਖਦਾ ਹੈ ਕਿ ਤੁਸੀਂ ਉਹ ਸਾਰਾ ਕਸ਼ਟ ਜਾਣਦੇ ਹੋ, ਜੋ ਸਾਡੇ ਉੱਤੇ ਆਇਆ ਹੈ ।15ਕਿਵੇਂ ਸਾਡੇ ਪਿਉ-ਦਾਦੇ ਮਿਸਰ ਨੂੰ ਗਏ ਅਤੇ ਅਸੀਂ ਮਿਸਰ ਵਿੱਚ ਬਹੁਤ ਦਿਨਾਂ ਤੱਕ ਰਹੇ ਅਤੇ ਫੇਰ ਮਿਸਰੀਆਂ ਨੇ ਸਾਡੇ ਨਾਲ ਅਤੇ ਸਾਡੇ ਪਿਉ-ਦਾਦਿਆਂ ਨਾਲ ਬੁਰਾ ਵਿਵਹਾਰ ਕੀਤਾ ।16ਪਰ ਜਦੋਂ ਅਸੀਂ ਯਹੋਵਾਹ ਅੱਗੇ ਦੁਹਾਈ ਦਿੱਤੀ ਤਦ ਉਸ ਨੇ ਸਾਡੀ ਬੇਨਤੀ ਸੁਣੀ ਅਤੇ ਉਹ ਇੱਕ ਦੂਤ ਭੇਜ ਕੇ ਸਾਨੂੰ ਮਿਸਰ ਦੇਸ ਤੋਂ ਕੱਢ ਲਿਆਇਆ ਹੈ ਇਸ ਲਈ ਅਸੀਂ ਕਾਦੇਸ਼ ਸ਼ਹਿਰ ਵਿੱਚ ਹਾਂ, ਜਿਹੜਾ ਤੁਹਾਡੀ ਸਰਹੱਦ ਉੱਤੇ ਹੈ ।
17ਸਾਨੂੰ ਆਪਣੇ ਦੇਸ ਦੇ ਵਿੱਚ ਦੀ ਲੰਘਣ ਦਿਓ ਅਤੇ ਅਸੀਂ ਖੇਤਾਂ ਜਾਂ ਅੰਗੂਰੀ ਬਾਗਾਂ ਦੇ ਵਿੱਚ ਦੀ ਹੋ ਕੇ ਨਾ ਲੰਘਾਂਗੇ ਅਤੇ ਅਸੀਂ ਖੂਹ ਦਾ ਪਾਣੀ ਨਹੀਂ ਪੀਵਾਂਗੇ, ਅਸੀਂ ਰਾਜੇ ਦੀ ਬਣਾਈ ਹੋਈ ਸੜਕ ਤੋਂ ਹੀ ਲੰਘ ਜਾਂਵਾਂਗੇ, ਅਸੀਂ ਸੱਜੇ ਜਾਂ ਖੱਬੇ ਨਹੀਂ ਮੁੜਾਂਗੇ, ਜਦ ਤੱਕ ਅਸੀਂ ਤੁਹਾਡੀਆਂ ਹੱਦਾਂ ਤੋਂ ਪਾਰ ਨਾ ਲੰਘ ਜਾਈਏ ।
18ਪਰ ਅਦੋਮ ਦੇ ਰਾਜੇ ਨੇ ਉਸ ਨੂੰ ਉੱਤਰ ਦਿੱਤਾ, ਤੁਸੀਂ ਮੇਰੇ ਦੇਸ ਵਿੱਚੋਂ ਨਹੀਂ ਲੰਘੋਗੇ ਨਹੀਂ ਤਾਂ ਮੈਂ ਤੁਹਾਡਾ ਤਲਵਾਰ ਨਾਲ ਸਾਹਮਣਾ ਕਰਾਂਗਾ ।19ਤਦ ਇਸਰਾਏਲੀਆਂ ਨੇ ਉਹਨਾਂ ਦੇ ਕੋਲ ਫੇਰ ਸੁਨੇਹਾ ਭੇਜਿਆ, ਅਸੀਂ ਰਸਤੇ ਤੋਂ ਹੁੰਦੇ ਹੋਏ ਜਾਂਵਾਂਗੇ, ਜੇਕਰ ਅਸੀਂ ਅਤੇ ਸਾਡੇ ਪਸ਼ੂਆਂ ਨੇ ਤੁਹਾਡਾ ਪਾਣੀ ਪੀਤਾ ਤਾਂ ਅਸੀਂ ਉਸ ਦਾ ਮੁੱਲ ਦੇ ਦੇਵਾਂਗੇ । ਕੁਝ ਹੋਰ ਨਹੀਂ ਸਿਰਫ਼ ਸਾਨੂੰ ਪੈਦਲ ਲੰਘ ਜਾਣ ਦੇ ।
20ਪਰ ਉਸ ਨੇ ਆਖਿਆ, ਤੁਸੀਂ ਲੰਘ ਨਹੀਂ ਸਕੋਗੇ । ਅਦੋਮ ਵੱਡੀ ਸੈਨਾ ਲੈ ਕੇ ਉਹਨਾਂ ਦਾ ਸਾਹਮਣਾ ਕਰਨ ਲਈ ਨਿੱਕਲਿਆ ।21ਇਸ ਤਰ੍ਹਾਂ ਅਦੋਮ ਨੇ ਇਸਰਾਏਲ ਨੂੰ ਆਪਣੇ ਦੇਸ ਵਿੱਚੋਂ ਦੀ ਲੰਘਣ ਦੀ ਇਜਾਜ਼ਤ ਨਾ ਦਿੱਤੀ, ਇਸ ਲਈ ਇਸਰਾਏਲੀ ਉੱਥੋਂ ਮੁੜ੍ਹ ਗਏ ।
ਹਾਰੂਨ ਦੀ ਮੌਤ

22ਤਦ ਇਸਰਾਏਲੀਆਂ ਦੀ ਸਾਰੀ ਮੰਡਲੀ ਕਾਦੇਸ਼ ਤੋਂ ਕੂਚ ਕਰਕੇ, ਹੋਰ ਨਾਮ ਦੇ ਪਰਬਤ ਨੂੰ ਆਈ ।23ਤਦ ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਹੋਰ ਨਾਮ ਦੇ ਪਰਬਤ ਉੱਤੇ ਜਿਹੜਾ ਅਦੋਮ ਦੇਸ ਦੀ ਹੱਦ ਉੱਤੇ ਹੈ, ਆਖਿਆ,24ਹਾਰੂਨ ਆਪਣੇ ਲੋਕਾਂ ਵਿੱਚ ਜਾ ਮਿਲੇਗਾ ਅਤੇ ਉਹ ਉਸ ਧਰਤੀ ਵਿੱਚ ਦਾਖ਼ਲ ਨਾ ਹੋ ਸਕੇਗਾ, ਜਿਹੜੀ ਮੈਂ ਇਸਰਾਏਲੀਆਂ ਨੂੰ ਦਿੱਤੀ ਹੈ ਕਿਉਂਕਿ ਤੁਸੀਂ ਮਰੀਬਾਹ ਦੇ ਸੋਤੇ ਉੱਤੇ ਮੇਰੇ ਹੁਕਮਾਂ ਦੇ ਵਿਰੁੱਧ ਝਗੜਾ ਕੀਤਾ ।
25ਇਸ ਲਈ ਤੂੰ ਹਾਰੂਨ ਅਤੇ ਉਸ ਦੇ ਪੁੱਤਰ ਅਲਆਜ਼ਾਰ ਨੂੰ, ਹੋਰ ਨਾਮ ਦੇ ਪਰਬਤ ਉੱਤੇ ਲੈ ਚੱਲ ।26ਹਾਰੂਨ ਦੇ ਬਸਤਰ ਉਸ ਉੱਤੋਂ ਉਤਾਰ ਕੇ ਉਸ ਦੇ ਪੁੱਤਰ ਅਲਆਜ਼ਾਰ ਨੂੰ ਪਹਿਨਾ, ਤਦ ਹਾਰੂਨ ਉੱਥੇ ਹੀ ਮਰ ਜਾਵੇਗਾ ਅਤੇ ਆਪਣੇ ਲੋਕਾਂ ਵਿੱਚ ਜਾ ਮਿਲੇਗਾ ।
27ਤਦ ਮੂਸਾ ਨੇ ਉਸੇ ਤਰ੍ਹਾਂ ਹੀ ਕੀਤਾ, ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਸੀ ਅਤੇ ਉਹ ਸਾਰੀ ਮੰਡਲੀ ਦੇ ਵੇਖਦਿਆਂ ਹੀ ਹੋਰ ਨਾਮ ਦੇ ਪਰਬਤ ਉੱਤੇ ਚੜ੍ਹ ਗਏ ।28ਤਦ ਮੂਸਾ ਨੇ ਹਾਰੂਨ ਦੇ ਬਸਤਰ ਉਤਾਰ ਕੇ, ਉਸ ਦੇ ਪੁੱਤਰ ਅਲਆਜ਼ਾਰ ਨੂੰ ਪਹਿਨਾਏ ਅਤੇ ਹਾਰੂਨ ਉਸ ਪਹਾੜ ਦੀ ਟੀਸੀ ਉੱਤੇ ਮਰ ਗਿਆ ਫੇਰ ਮੂਸਾ ਅਤੇ ਅਲਆਜ਼ਾਰ ਪਹਾੜ ਤੋਂ ਹੇਠਾਂ ਉਤਰ ਆਏ ।29ਜਦ ਇਸਰਾਏਲ ਦੀ ਸਾਰੀ ਮੰਡਲੀ ਨੇ ਵੇਖਿਆ ਕਿ ਹਾਰੂਨ ਮਰ ਗਿਆ ਹੈ ਤਦ ਇਸਰਾਏਲ ਦੇ ਸਾਰੇ ਪਰਿਵਾਰ ਹਾਰੂਨ ਦੇ ਲਈ ਤੀਹ ਦਿਨ ਤੱਕ ਸੋਗ ਕਰਦੇ ਰਹੇ ।

21
ਕਨਾਨੀ ਰਾਜਾ ਉੱਤੇ ਜਿੱਤ

1ਤਦ ਅਰਾਦ ਦਾ ਕਨਾਨੀ ਰਾਜਾ, ਜਿਹੜਾ ਦੱਖਣ ਦੇਸ ਵਿੱਚ ਰਹਿੰਦਾ ਸੀ, ਉਸ ਨੇ ਸੁਣਿਆ ਕਿ ਇਸਰਾਏਲੀ ਅਥਾਰੀਮ ਦੇ ਰਾਹ ਤੋਂ ਆ ਰਹੇ ਹਨ ਤਦ ਉਹ ਇਸਰਾਏਲ ਨਾਲ ਲੜਿਆ ਅਤੇ ਉਨ੍ਹਾਂ ਵਿੱਚੋਂ ਕਈਆਂ ਨੂੰ ਗੁਲਾਮ ਬਣਾ ਲਿਆ ।2ਤਦ ਇਸਰਾਏਲੀਆਂ ਨੇ ਯਹੋਵਾਹ ਅੱਗੇ ਪ੍ਰਣ ਕਰਕੇ ਆਖਿਆ, ਜੇ ਤੂੰ ਇਨ੍ਹਾਂ ਲੋਕਾਂ ਨੂੰ ਸੱਚ-ਮੁੱਚ ਸਾਡੇ ਹੱਥ ਵਿੱਚ ਦੇ ਦੇਵੇਂ ਤਾਂ ਅਸੀਂ ਉਨ੍ਹਾਂ ਦੇ ਸ਼ਹਿਰਾਂ ਦਾ ਸੱਤਿਆਨਾਸ ਕਰ ਦਿਆਂਗੇ ।3ਤਦ ਯਹੋਵਾਹ ਨੇ ਇਸਰਾਏਲ ਦੀ ਬੇਨਤੀ ਸੁਣੀ ਅਤੇ ਕਨਾਨੀਆਂ ਨੂੰ ਉਹਨਾਂ ਦੇ ਵੱਸ ਵਿੱਚ ਕਰ ਦਿੱਤਾ, ਤਦ ਉਨ੍ਹਾਂ ਨੇ ਉਹਨਾਂ ਦੇ ਸ਼ਹਿਰਾਂ ਦਾ ਸੱਤਿਆਨਾਸ ਕਰ ਦਿੱਤਾ ਅਤੇ ਉਸ ਥਾਂ ਦਾ ਨਾਮ ਹਾਰਮਾਹ ਪੈ ਗਿਆ ।

ਪਿੱਤਲ ਦਾ ਬਣਿਆ ਹੋਇਆ ਸੱਪ

4ਤਦ ਉਨ੍ਹਾਂ ਨੇ ਹੋਰ ਨਾਮ ਦੇ ਪਰਬਤ ਤੋਂ, ਲਾਲ ਸਮੁੰਦਰ ਵੱਲ ਅਦੋਮ ਦੇਸ ਦੇ ਬਾਹਰੋਂ, ਕੂਚ ਕੀਤਾ ਪਰ ਲੰਬੇ ਸਫ਼ਰ ਦੇ ਕਾਰਨ ਪਰਜਾ ਰਾਹ ਵਿੱਚ ਪਰੇਸ਼ਾਨ ਹੋ ਗਈ ।5ਇਸ ਕਾਰਨ ਪਰਜਾ ਯਹੋਵਾਹ ਅਤੇ ਮੂਸਾ ਦੇ ਵਿਰੁੱਧ ਬੋਲੀ ਕਿ ਤੁਸੀਂ ਸਾਨੂੰ ਮਿਸਰ ਵਿੱਚੋਂ ਜੰਗਲ ਵਿੱਚ ਕਿਉਂ ਲੈ ਆਏ, ਤਾਂ ਜੋ ਅਸੀਂ ਉਜਾੜ ਵਿੱਚ ਮਰ ਜਾਈਏ ? ਇੱਥੇ ਨਾ ਤਾਂ ਰੋਟੀ ਹੈ, ਨਾ ਹੀ ਪਾਣੀ ਹੈ । ਸਾਡੀਆਂ ਜਾਨਾਂ ਇਸ ਨਿਕੰਮੀ ਰੋਟੀ ਤੋਂ ਅੱਕ ਗਈਆਂ ਹਨ !
6ਤਦ ਯਹੋਵਾਹ ਨੇ ਪਰਜਾ ਵਿੱਚ ਤੇਜ ਜ਼ਹਿਰੀਲੇ ਸੱਪ ਭੇਜੇ ਅਤੇ ਉਨ੍ਹਾਂ ਨੇ ਲੋਕਾਂ ਨੂੰ ਡੱਸਿਆ, ਤਦ ਇਸਰਾਏਲੀਆਂ ਵਿੱਚੋਂ ਬਹੁਤ ਲੋਕ ਮਰ ਗਏ ।7ਫੇਰ ਪਰਜਾ ਨੇ ਮੂਸਾ ਕੋਲ ਆਣ ਕੇ ਆਖਿਆ, ਅਸੀਂ ਪਾਪ ਕੀਤਾ ਜੋ ਅਸੀਂ ਤੇਰੇ ਅਤੇ ਯਹੋਵਾਹ ਦੇ ਵਿਰੁੱਧ ਬੋਲੇ । ਹੁਣ, ਯਹੋਵਾਹ ਅੱਗੇ ਬੇਨਤੀ ਕਰ ਕਿ ਉਹ ਸਾਡੇ ਕੋਲੋਂ ਇਹਨਾਂ ਸੱਪਾਂ ਨੂੰ ਮੋੜ ਲਵੇ । ਤਦ ਮੂਸਾ ਨੇ ਪਰਜਾ ਦੇ ਲਈ ਬੇਨਤੀ ਕੀਤੀ ।
8ਯਹੋਵਾਹ ਨੇ ਮੂਸਾ ਨੂੰ ਆਖਿਆ, ਇੱਕ ਜ਼ਹਿਰੀਲਾ ਸੱਪ ਬਣਾ ਕੇ ਉਸ ਨੂੰ ਇੱਕ ਡੰਡੇ ਉੱਤੇ ਰੱਖਦੇ, ਤਦ ਅਜਿਹਾ ਹੋਵੇਗਾ ਕਿ ਜੋ ਕੋਈ ਡੱਸਿਆ ਜਾਵੇ, ਉਸ ਸੱਪ ਨੂੰ ਵੇਖ ਲਵੇ ਤਾਂ ਉਹ ਆਪਣੀ ਜਾਨ ਨੂੰ ਬਚਾ ਲਵੇਗਾ ।9ਉਪਰੰਤ ਮੂਸਾ ਨੇ ਇੱਕ ਪਿੱਤਲ ਦਾ ਸੱਪ ਬਣਾ ਕੇ, ਉਸ ਨੂੰ ਡੰਡੇ ਉੱਤੇ ਰੱਖਿਆ ਤਾਂ ਅਜਿਹਾ ਹੋਇਆ ਕਿ ਜਦ ਸੱਪ ਕਿਸੇ ਮਨੁੱਖ ਨੂੰ ਡੱਸਦਾ ਸੀ, ਤਾਂ ਉਹ ਪਿੱਤਲ ਦੇ ਸੱਪ ਵੱਲ ਨਜ਼ਰ ਕਰਦਾ ਸੀ ਅਤੇ ਆਪਣੀ ਜਾਨ ਨੂੰ ਬਚਾ ਲੈਂਦਾ ਸੀ ।
ਹੋਰ ਤੋਂ ਮੋਆਬ ਵੱਲ ਯਾਤਰਾ

10ਫੇਰ ਇਸਰਾਏਲ ਨੇ ਕੂਚ ਕਰਕੇ, ਓਬੋਥ ਵਿੱਚ ਡੇਰੇ ਲਾਏ ।11ਫੇਰ ਓਬੋਥ ਤੋਂ ਕੂਚ ਕਰਕੇ, ਈਯੇਅਬਾਰੀਮ ਦੀ ਉਸ ਉਜਾੜ ਵਿੱਚ, ਜਿਹੜੀ ਮੋਆਬ ਦੇ ਸਾਹਮਣੇ ਪੂਰਬ ਦਿਸ਼ਾ ਵੱਲ ਹੈ, ਡੇਰੇ ਲਾਏ ।
12ਉੱਥੋਂ ਕੂਚ ਕਰਕੇ ਜ਼ਰਦ ਦੀ ਵਾਦੀ ਵਿੱਚ ਡੇਰੇ ਲਾਏ ।13ਫੇਰ ਉੱਥੋਂ ਕੂਚ ਕਰ ਕੇ ਉਨ੍ਹਾਂ ਨੇ ਆਪਣੇ ਡੇਰੇ ਅਰਨੋਨ ਨਦੀ ਦੇ ਦੂਜੇ ਪਾਸੇ ਲਾਏ, ਜਿਹੜੀ ਉਜਾੜ ਵਿੱਚ ਦੀ ਅਮੋਰੀਆਂ ਦੀ ਸਰਹੱਦ ਤੋਂ ਨਿਕਲਦੀ ਹੈ ਕਿਉਂ ਜੋ ਅਰਨੋਨ ਮੋਆਬ ਦੀ ਹੱਦ ਉੱਤੇ ਮੋਆਬ ਅਤੇ ਅਮੋਰੀਆਂ ਦੇ ਵਿਚਕਾਰ ਹੈ ।
14ਇਸ ਲਈ ਯਹੋਵਾਹ ਦੀ ਜੰਗ ਨਾਮ ਦੀ ਪੁਸਤਕ ਵਿੱਚ ਲਿਖਿਆ ਹੈ:
"ਵਾਹੇਬ ਜਿਹੜਾ ਸੁਫ਼ਾਹ ਵਿੱਚ ਹੈ,
ਅਤੇ ਅਰਨੋਨ ਦੀਆਂ ਵਾਦੀਆਂ,

15ਅਤੇ ਵਾਦੀਆਂ ਦੀ ਢਾਲ, ਜਿਹੜੀ ਆਰ ਦੀ ਵੱਸੋਂ ਤੱਕ ਫੈਲੀ ਹੋਈ ਹੈ ਅਤੇ ਮੋਆਬ ਦੀ ਸਰਹੱਦ ਨਾਲ ਲੱਗਦੀ ਹੈ ।

16ਉੱਥੋਂ ਉਹ ਬਏਰ ਨੂੰ ਗਏ ਜਿੱਥੇ ਉਹ ਖੂਹ ਹੈ ਜਿਸ ਦੇ ਵਿਖੇ ਯਹੋਵਾਹ ਨੇ ਮੂਸਾ ਨੂੰ ਆਖਿਆ ਸੀ ਕਿ ਪਰਜਾ ਨੂੰ ਇਕੱਠਾ ਕਰ ਅਤੇ ਮੈਂ ਉਨ੍ਹਾਂ ਨੂੰ ਪਾਣੀ ਦਿਆਂਗਾ ।

17ਤਦ ਇਸਰਾਏਲ ਨੇ ਇਹ ਗੀਤ ਗਾਇਆ:
ਹੇ ਖੂਹ, ਉਮੜ੍ਹ ਆ ! ਉਸ ਲਈ ਗਾਓ,

18ਉਹ ਖੂਹ ਜਿਸ ਨੂੰ ਹਾਕਮਾਂ ਨੇ ਪੁੱਟਿਆ,
ਅਤੇ ਲੋਕਾਂ ਦੇ ਪਤਵੰਤਾਂ ਨੇ ਆੱਸੇ ਨਾਲ ਅਤੇ ਆਪਣੀਆਂ ਲਾਠੀਆਂ ਨਾਲ ਕੱਢਿਆ !

19ਉਹ ਫੇਰ ਉਜਾੜ ਤੋਂ ਮੱਤਾਨਾਹ ਨੂੰ ਗਏ ਅਤੇ ਮੱਤਾਨਾਹ ਤੋਂ ਨਹਲੀਏਲ ਨੂੰ ਅਤੇ ਨਹਲੀਏਲ ਤੋਂ ਬਾਮੋਥ ਨੂੰ ।20ਅਤੇ ਬਾਮੋਥ ਤੋਂ ਉਸ ਘਾਟੀ ਨੂੰ ਜਿਹੜੀ ਮੋਆਬ ਦੇ ਮੈਦਾਨ ਵਿੱਚ ਹੈ, ਫੇਰ ਪਿਸਗਾਹ ਦੀ ਟੀਸੀ ਨੂੰ ਜਿਹੜੀ ਉਜਾੜ ਵੱਲ ਨੂੰ ਝੁਕੀ ਹੋਈ ਹੈ ।
ਸੀਹੋਨ ਅਤੇ ਓਗ ਰਾਜਾ ਦੀ ਹਾਰ
(ਬਿਵਸਥਾਸਾਰ 2:26 – 3:11)

21ਤਦ ਇਸਰਾਏਲ ਨੇ ਅਮੋਰੀਆਂ ਦੇ ਰਾਜੇ ਸੀਹੋਨ ਕੋਲ ਸੰਦੇਸ਼ਵਾਹਕ ਭੇਜੇ,22ਤੁਸੀਂ ਸਾਨੂੰ ਆਪਣੇ ਦੇਸ ਵਿੱਚ ਦੀ ਲੰਘ ਜਾਣ ਦਿਓ । ਅਸੀਂ ਖੇਤ, ਅੰਗੂਰਾਂ ਦੇ ਬਾਗਾਂ ਵਿੱਚ ਨਹੀਂ ਵੜਾਂਗੇ, ਨਾ ਅਸੀਂ ਖੂਹ ਦਾ ਪਾਣੀ ਪੀਵਾਂਗੇ । ਅਸੀਂ ਸ਼ਾਹੀ ਸੜਕ ਰਾਹੀਂ ਚੱਲਾਂਗੇ ਜਦ ਤੱਕ ਤੁਹਾਡੀਆਂ ਹੱਦਾਂ ਤੋਂ ਪਾਰ ਨਾ ਲੰਘ ਜਾਈਏ ।23ਪਰ ਸੀਹੋਨ ਨੇ ਇਸਰਾਏਲ ਨੂੰ ਆਪਣੀਆਂ ਹੱਦਾਂ ਦੇ ਵਿੱਚ ਦੀ ਨਾ ਲੰਘਣ ਦਿੱਤਾ, ਪਰ ਸੀਹੋਨ ਨੇ ਆਪਣੇ ਸਾਰੇ ਲੋਕ ਇਕੱਠੇ ਕੀਤੇ ਅਤੇ ਇਸਰਾਏਲ ਦਾ ਸਾਹਮਣਾ ਕਰਨ ਲਈ ਉਜਾੜ ਵਿੱਚ ਯਹਸ ਨੂੰ ਗਿਆ ਅਤੇ ਇਸਰਾਏਲ ਨਾਲ ਲੜਿਆ ।
24ਤਦ ਇਸਰਾਏਲ ਨੇ ਉਹ ਨੂੰ ਤਲਵਾਰ ਦੀ ਧਾਰ ਨਾਲ ਮਾਰਿਆ ਅਤੇ ਅਰਨੋਨ ਤੋਂ ਯੱਬੋਕ ਨਦੀ ਤੱਕ ਅਰਥਾਤ ਅੰਮੋਨੀਆਂ ਤੱਕ ਉਹ ਦੀ ਧਰਤੀ ਉੱਤੇ ਕਬਜ਼ਾ ਕਰ ਲਿਆ ਕਿਉਂ ਜੋ ਅੰਮੋਨੀਆਂ ਦੀ ਹੱਦ ਪੱਕੀ ਸੀ ।25ਅਤੇ ਇਸਰਾਏਲ ਨੇ ਇਹ ਸਾਰੇ ਸ਼ਹਿਰ ਜਿੱਤ ਲਏ ਅਤੇ ਇਸਰਾਏਲ ਹਸ਼ਬੋਨ ਵਿੱਚ ਅਮੋਰੀਆਂ ਦੇ ਸਾਰੇ ਸ਼ਹਿਰਾਂ ਅਤੇ ਉਸ ਦੇ ਸਾਰੇ ਪਿੰਡਾਂ ਵਿੱਚ ਵੱਸ ਗਿਆ ।26ਕਿਉਂ ਜੋ ਹਸ਼ਬੋਨ ਅਮੋਰੀਆਂ ਦੇ ਰਾਜੇ ਸੀਹੋਨ ਦਾ ਸ਼ਹਿਰ ਸੀ, ਜਿਸ ਨੇ ਮੋਆਬ ਦੇ ਅਗਲੇ ਰਾਜੇ ਨਾਲ ਲੜ ਕੇ ਉਸ ਦੇ ਸਾਰੇ ਦੇਸ ਨੂੰ ਉਸ ਦੇ ਹੱਥੋਂ ਅਰਨੋਨ ਤੱਕ ਜਿੱਤ ਲਿਆ ਸੀ ।
27ਇਸ ਲਈ ਕਵੀ ਆਖਦੇ ਹਨ:
ਹਸ਼ਬੋਨ ਵਿੱਚ ਆਓ,
ਸੀਹੋਨ ਦਾ ਸ਼ਹਿਰ ਬਣਾਇਆ ਅਤੇ ਪੱਕਾ ਕੀਤਾ ਜਾਵੇ,

28ਕਿਉਂ ਜੋ ਅੱਗ ਹਸ਼ਬੋਨ ਤੋਂ ਨਿੱਕਲੀ,
ਅਤੇ ਸੀਹੋਨ ਦੇ ਨਗਰ ਤੋਂ ਇੱਕ ਲਾਟ, ਮੋਆਬ ਦੇ ਆਰ ਨਗਰ ਨੂੰ ਭਸਮ ਕੀਤਾ,
ਨਾਲੇ ਅਰਨੋਨ ਦੇ ਉਚਿਆਈਆਂ ਵਿੱਚ ਵੱਸਣ ਵਾਲੇ ਮਾਲਕਾਂ ਨੂੰ ਵੀ ਤਬਾਹ ਕੀਤਾ ।

29ਹੇ ਮੋਆਬ, ਤੇਰੇ ਉੱਤੇ ਹਾਇ !
ਹੇ ਕਮੋਸ਼ ਦੇ ਪੁਜਾਰੀਓ, ਤੁਸੀਂ ਬਰਬਾਦ ਹੋਏ !
ਉਸ ਨੇ ਆਪਣੇ ਪੁੱਤਰਾਂ ਨੂੰ ਭਗੌੜਿਆਂ ਵਾਂਗੂੰ ਛੱਡਿਆ,
ਅਤੇ ਆਪਣੀਆਂ ਧੀਆਂ ਨੂੰ ਅਮੋਰੀਆਂ ਦੇ ਰਾਜਾ
ਸੀਹੋਨ ਦੀ ਦਾਸੀਆਂ ਬਣਾ ਦਿੱਤਾ !

30ਅਸੀਂ ਉਨ੍ਹਾਂ ਉੱਤੇ ਜਿੱਤ ਪ੍ਰਾਪਤ ਕੀਤੀ, ਹਸ਼ਬੋਨ ਦੀਬੋਨ ਤੱਕ ਬਰਬਾਦ ਹੋਇਆ,
ਅਤੇ ਅਸੀਂ ਨੋਫ਼ਾਹ ਅਤੇ ਮੇਦਬਾ ਤੱਕ ਵਿਨਾਸ਼ ਕੀਤਾ ਹੈ ।

31ਇਸ ਤਰ੍ਹਾਂ ਇਸਰਾਏਲ ਅਮੋਰੀਆਂ ਦੇ ਖੇਤਰ ਵਿੱਚ ਵੱਸਿਆ ।32ਫੇਰ ਮੂਸਾ ਨੇ ਯਾਜ਼ੇਰ ਦਾ ਭੇਤ ਜਾਣਨ ਲਈ ਮਨੁੱਖ ਘੱਲੇ ਅਤੇ ਉਨ੍ਹਾਂ ਨੇ ਉਸ ਦੇ ਪਿੰਡਾਂ ਨੂੰ ਵੱਸ ਵਿੱਚ ਕਰ ਲਿਆ ਅਤੇ ਉੱਥੋਂ ਦੇ ਅਮੋਰੀਆਂ ਨੂੰ ਕੱਢ ਦਿੱਤਾ ।
33ਫੇਰ ਮੁੜ ਕੇ ਉਹ ਬਾਸ਼ਾਨ ਦੇ ਰਾਹ ਤੋਂ ਉਤਾਹਾਂ ਨੂੰ ਗਏ ਅਤੇ ਓਗ ਬਾਸ਼ਾਨ ਦਾ ਰਾਜਾ ਅਤੇ ਉਸ ਦੀ ਸਾਰੀ ਪਰਜਾ ਉਹਨਾਂ ਦਾ ਸਾਹਮਣਾ ਕਰਨ ਲਈ ਬਾਹਰ ਆਈ ਅਤੇ ਅਦਰਈ ਵਿੱਚ ਉਨ੍ਹਾਂ ਦੇ ਨਾਲ ਲੜ੍ਹਾਈ ਕੀਤੀ ।34ਪਰ ਯਹੋਵਾਹ ਨੇ ਮੂਸਾ ਨੂੰ ਆਖਿਆ, ਉਸ ਤੋਂ ਨਾ ਡਰ ਕਿਉਂ ਜੋ ਮੈਂ ਉਸ ਨੂੰ ਅਤੇ ਉਸ ਦੀ ਸਾਰੀ ਸੈਨਾ ਨੂੰ ਅਤੇ ਉਸ ਦੇ ਦੇਸ ਨੂੰ ਤੇਰੇ ਵੱਸ ਵਿੱਚ ਕਰ ਦਿੱਤਾ ਹੈ । ਤੂੰ ਉਸ ਦੇ ਨਾਲ ਉਸੇ ਤਰ੍ਹਾਂ ਕਰੇਂਗਾ ਜਿਵੇਂ ਤੂੰ ਸੀਹੋਨ ਅਮੋਰੀਆਂ ਦੇ ਰਾਜੇ ਨਾਲ ਕੀਤਾ ਜੋ ਹਸ਼ਬੋਨ ਵਿੱਚ ਵੱਸਦਾ ਸੀ ।35ਉਨ੍ਹਾਂ ਨੇ ਉਸ ਨੂੰ ਅਤੇ ਉਸ ਦੇ ਪੁੱਤਰਾਂ ਨੂੰ ਅਤੇ ਉਸ ਦੀ ਸਾਰੀ ਸੈਨਾ ਨੂੰ ਅਜਿਹਾ ਮਾਰਿਆ ਕਿ ਉਨ੍ਹਾਂ ਦਾ ਕੱਖ ਵੀ ਨਾ ਰਿਹਾ ਅਤੇ ਉਨ੍ਹਾਂ ਨੇ ਉਸ ਦੀ ਧਰਤੀ ਉੱਤੇ ਵੀ ਕਬਜ਼ਾ ਕਰ ਲਿਆ ।

22
ਰਾਜਾ ਬਾਲਾਕ ਦੁਆਰਾ ਬਿਲਆਮ ਨੂੰ ਭੇਜਿਆ ਜਾਣਾ

1ਤਦ ਇਸਰਾਏਲੀਆਂ ਨੇ ਕੂਚ ਕਰ ਕੇ ਮੋਆਬ ਦੇ ਮੈਦਾਨ ਵਿੱਚ, ਯਰਦਨ ਦੇ ਪਾਰ ਯਰੀਹੋ ਦੇ ਕੋਲ ਡੇਰੇ ਲਾਏ ।

2ਸਿੱਪੋਰ ਦੇ ਪੁੱਤਰ ਬਾਲਾਕ ਨੇ ਸਭ ਕੁਝ ਵੇਖਿਆ ਜੋ ਇਸਰਾਏਲੀਆਂ ਨੇ ਅਮੋਰੀਆਂ ਨਾਲ ਕੀਤਾ ਸੀ ।3ਇਸ ਲਈ ਮੋਆਬ ਉਸ ਪਰਜਾ ਤੋਂ ਬਹੁਤ ਡਰਿਆ ਕਿਉਂ ਜੋ ਉਹ ਗਿਣਤੀ ਵਿੱਚ ਵੱਧ ਸਨ, ਸੋ ਮੋਆਬ ਇਸਰਾਏਲੀਆਂ ਦੇ ਕਾਰਨ ਬਹੁਤ ਘਬਰਾਇਆ ।4ਤਦ ਮੋਆਬ ਨੇ ਮਿਦਯਾਨ ਦੇ ਬਜ਼ੁਰਗਾਂ ਨੂੰ ਆਖਿਆ ਕੀ ਹੁਣ ਇਹ ਦਲ ਸਾਡੇ ਆਲੇ-ਦੁਆਲੇ ਦਾ ਸਭ ਕੁਝ ਖਤਮ ਕਰ ਜਾਵੇਗਾ ਜਿਵੇਂ ਬਲ਼ਦ ਖੇਤ ਦਾ ਘਾਹ ਖਤਮ ਕਰ ਦਿੰਦਾ ਹੈ । ਸਿੱਪੋਰ ਦਾ ਪੁੱਤਰ ਬਾਲਾਕ ਉਸ ਸਮੇਂ ਮੋਆਬ ਦਾ ਰਾਜਾ ਸੀ ।
5ਫੇਰ ਉਸ ਨੇ ਪਥੋਰ ਨੂੰ ਜਿਹੜਾ ਵੱਡੇ ਦਰਿਆ ਉੱਤੇ ਹੈ ਆਪਣੀ ਉੱਮਤ ਦੇ ਅੰਸ ਦੇ ਦੇਸ ਵਿੱਚ ਬਓਰ ਦੇ ਪੁੱਤਰ ਬਿਲਆਮ ਕੋਲ, ਸੰਦੇਸ਼ਵਾਹਕ ਘੱਲੇ ਕਿ ਉਹ ਉਸ ਨੂੰ ਇਹ ਆਖ ਕੇ ਸੱਦੇ ਕਿ ਵੇਖੋ, ਇੱਕ ਦਲ ਮਿਸਰ ਤੋਂ ਨਿਕਲਿਆ ਹੈ ਅਤੇ ਵੇਖੋ, ਉਹਨਾਂ ਨੇ ਧਰਤੀ ਨੂੰ ਆਪਣੀ ਵੱਸੋਂ ਨਾਲ ਭਰ ਲਿਆ ਹੈ ਅਤੇ ਉਹ ਹੁਣ ਮੇਰੇ ਸਾਹਮਣੇ ਆ ਵੱਸੇ ਹਨ ।6ਹੁਣ ਤੂੰ ਆ ਕੇ ਇਸ ਦਲ ਨੂੰ ਮੇਰੇ ਲਈ ਸਰਾਪ ਦੇਵੀਂ ਕਿਉਂ ਜੋ ਉਹ ਮੇਰੇ ਨਾਲੋਂ ਅੱਤ ਬਲਵੰਤ ਹਨ । ਸ਼ਾਇਦ ਮੈਂ ਫਤਹ ਪਾਵਾਂ ਅਤੇ ਅਸੀਂ ਉਨ੍ਹਾਂ ਨੂੰ ਅਜਿਹਾ ਮਾਰੀਏ ਕਿ ਉਨ੍ਹਾਂ ਨੂੰ ਆਪਣੇ ਦੇਸ ਤੋਂ ਕੱਢ ਦੇਈਏ ਕਿਉਂ ਜੋ ਮੈਂ ਜਾਣਦਾ ਹਾਂ ਕਿ ਜਿਸ ਨੂੰ ਤੂੰ ਬਰਕਤ ਦੇਵੇਂ ਉਹ ਮੁਬਾਰਕ ਹੈ, ਅਤੇ ਜਿਸ ਨੂੰ ਤੂੰ ਸਰਾਪ ਦੇਵੇਂ ਉਹ ਸਰਾਪੀ ਹੈ ।

7ਤਦ ਮੋਆਬ ਦੇ ਅਤੇ ਮਿਦਯਾਨ ਦੇ ਬਜ਼ੁਰਗ ਚੱਲ ਪਏ ਅਤੇ ਉਨ੍ਹਾਂ ਦੇ ਹੱਥਾਂ ਵਿੱਚ ਅਗੰਮ ਨੂੰ ਜਾਣਨ ਲਈ ਇਨਾਮ ਸਨ ਅਤੇ ਉਹ ਬਿਲਆਮ ਕੋਲ ਆ ਕੇ ਉਸ ਨੂੰ ਬਾਲਾਕ ਦੀਆਂ ਗੱਲਾਂ ਬਾਰੇ ਦੱਸਿਆ ।8ਉਸ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਅੱਜ ਦੀ ਰਾਤ ਇੱਥੇ ਠਹਿਰੋ ਅਤੇ ਜਿਵੇਂ ਯਹੋਵਾਹ ਮੈਨੂੰ ਬੋਲੇ ਮੈਂ ਤੁਹਾਡੇ ਕੋਲ ਮੁੜ ਖ਼ਬਰ ਲਿਆਵਾਂਗਾ । ਉਪਰੰਤ ਮੋਆਬ ਦੇ ਪ੍ਰਧਾਨ ਬਿਲਆਮ ਨਾਲ ਠਹਿਰੇ ।
9ਪਰਮੇਸ਼ੁਰ ਨੇ ਬਿਲਆਮ ਨੂੰ ਪੁੱਛਿਆ ਕਿ ਇਹ ਮਨੁੱਖ ਤੇਰੇ ਨਾਲ ਕੌਣ ਹਨ ?10ਬਿਲਆਮ ਨੇ ਪਰਮੇਸ਼ੁਰ ਨੂੰ ਆਖਿਆ, ਸਿੱਪੋਰ ਦੇ ਪੁੱਤਰ ਬਾਲਾਕ ਮੋਆਬ ਦੇ ਰਾਜੇ ਨੇ ਉਨ੍ਹਾਂ ਨੂੰ ਮੇਰੇ ਕੋਲ ਇਹ ਆਖ ਕੇ ਭੇਜਿਆ ।11ਕਿ ਵੇਖੋ, ਇਹ ਦਲ ਜਿਹੜਾ ਮਿਸਰ ਤੋਂ ਆਇਆ ਹੈ ਉਸ ਨੇ ਧਰਤੀ ਨੂੰ ਆਪਣੀ ਵਸੋਂ ਨਾਲ ਭਰ ਦਿੱਤਾ ਹੈ । ਹੁਣ ਆ ਮੇਰੇ ਲਈ ਉਨ੍ਹਾਂ ਨੂੰ ਸਰਾਪ ਦੇ, ਸ਼ਾਇਦ ਅਜਿਹਾ ਹੇਵੇ ਜੋ ਮੈਂ ਉਨ੍ਹਾਂ ਨਾਲ ਲੜ ਸਕਾਂ ਅਤੇ ਉਹਨਾਂ ਨੂੰ ਕੱਢ ਦਿਆਂ ।
12ਪਰ ਪਰਮੇਸ਼ੁਰ ਨੇ ਬਿਲਆਮ ਨੂੰ ਆਖਿਆ, ਇਹਨਾਂ ਨਾਲ ਨਾ ਜਾਵੀਂ, ਨਾ ਇਸ ਪਰਜਾ ਨੂੰ ਸਰਾਪ ਦੇਈਂ ਕਿਉਂ ਜੋ ਉਹ ਅਸੀਸ ਦੇ ਅਧਿਕਾਰੀ ਹਨ ।13ਬਿਲਆਮ ਨੇ ਸਵੇਰ ਨੂੰ ਉੱਠ ਕੇ ਬਾਲਾਕ ਦੇ ਹਾਕਮਾਂ ਨੂੰ ਆਖਿਆ, ਆਪਣੇ ਦੇਸ ਨੂੰ ਜਾਓ ਕਿਉਂ ਜੋ ਯਹੋਵਾਹ ਨੇ ਮੈਨੂੰ ਤੁਹਾਡੇ ਨਾਲ ਜਾਣ ਤੋਂ ਮਨ੍ਹਾ ਕੀਤਾ ਹੈ ।14ਤਦ ਮੋਆਬ ਦੇ ਪ੍ਰਧਾਨ ਉੱਠ ਕੇ ਬਾਲਾਕ ਕੋਲ ਆਏ ਅਤੇ ਉਨ੍ਹਾਂ ਨੇ ਆਖਿਆ, ਬਿਲਆਮ ਨੇ ਸਾਡੇ ਨਾਲ ਆਉਣ ਤੋਂ ਇਨਕਾਰ ਕੀਤਾ ।

15ਤਦ ਬਾਲਕ ਨੇ ਇੱਕ ਵਾਰ ਹੋਰ ਪ੍ਰਧਾਨ ਘੱਲੇ ਜਿਹੜੇ ਇਹਨਾਂ ਤੋਂ ਜਿਆਦਾ ਅਤੇ ਪਤਵੰਤੇ ਸਨ ।16ਉਹ ਬਿਲਆਮ ਕੋਲ ਆਏ ਅਤੇ ਉਹ ਨੂੰ ਆਖਿਆ, ਸਿੱਪੋਰ ਦਾ ਪੁੱਤਰ ਬਾਲਾਕ ਇਹ ਆਖਦਾ ਹੈ ਕਿ ਮੇਰੇ ਕੋਲ ਆਉਣ ਤੋਂ ਨਾ ਰੁਕੋ ।17ਕਿਉਂ ਜੋ ਮੈਂ ਤੁਹਾਡਾ ਵੱਡਾ ਆਦਰ-ਸਤਿਕਾਰ ਕਰਾਂਗਾ ਅਤੇ ਜੋ ਕੁਝ ਤੁਸੀਂ ਮੈਨੂੰ ਆਖੋ, ਮੈਂ ਕਰਾਂਗਾ ਪਰ ਜਰੂਰ ਆਓ, ਮੇਰੇ ਲਈ ਇਸ ਦਲ ਨੂੰ ਸਰਾਪ ਦਿਓ ।
18ਅੱਗੋਂ ਬਿਲਆਮ ਨੇ ਬਾਲਾਕ ਦੇ ਸੇਵਕਾਂ ਨੂੰ ਉੱਤਰ ਦੇ ਕੇ ਆਖਿਆ, ਜੇਕਰ ਬਾਲਾਕ ਮੈਨੂੰ ਆਪਣਾ ਚਾਂਦੀ-ਸੋਨੇ ਨਾਲ ਭਰਿਆ ਘਰ ਵੀ ਦੇ ਦੇਵੇ ਤਾਂ ਵੀ ਮੈਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮ ਦੀ ਉਲੰਘਣਾ ਨਹੀਂ ਕਰ ਸਕਦਾ ਕਿ ਉਸ ਨੂੰ ਘੱਟ ਜਾਂ ਵੱਧ ਜਾਣ ਕੇ ਮੰਨਾ ।19ਹੁਣ, ਤੁਸੀਂ ਅੱਜ ਦੀ ਰਾਤ ਇੱਥੇ ਹੀ ਠਹਿਰਨਾ, ਤਾਂ ਜੋ ਮੈਂ ਜਾਣ ਲਵਾਂ ਕਿ ਯਹੋਵਾਹ ਕਿਹੜੀ ਗੱਲ ਮੇਰੇ ਨਾਲ ਬੋਲੇਗਾ ।20ਪਰਮੇਸ਼ੁਰ ਬਿਲਆਮ ਕੋਲ ਰਾਤ ਨੂੰ ਆਇਆ ਅਤੇ ਉਸ ਨੂੰ ਆਖਿਆ, ਜਿਹੜੇ ਮਨੁੱਖ ਤੈਨੂੰ ਬੁਲਾਉਣ ਆਏ ਹਨ, ਉੱਠ ਕੇ ਇਹਨਾਂ ਨਾਲ ਚਲਾ ਜਾ, ਪਰ ਸਿਰਫ਼ ਉਹ ਗੱਲ ਜਿਹੜੀ ਮੈਂ ਤੈਨੂੰ ਆਖਾਂ, ਤੂੰ ਉਸੇ ਤਰ੍ਹਾਂ ਹੀ ਕਰੀਂ ।
ਬਿਲਆਮ ਅਤੇ ਉਸ ਦੀ ਗਧੀ

21ਤਦ ਬਿਲਆਮ ਨੇ ਸਵੇਰ ਨੂੰ ਉੱਠ ਕੇ, ਆਪਣੀ ਗਧੀ ਉੱਤੇ ਕਾਠੀ ਬੰਨ੍ਹੀ ਅਤੇ ਮੋਆਬ ਦੇ ਹਾਕਮਾਂ ਨਾਲ ਤੁਰ ਪਿਆ ।22ਅਤੇ ਉਸ ਦੇ ਜਾਣ ਦੇ ਕਾਰਨ ਪਰਮੇਸ਼ੁਰ ਦਾ ਕ੍ਰੋਧ ਭੜਕ ਉੱਠਿਆ ਅਤੇ ਯਹੋਵਾਹ ਦਾ ਦੂਤ ਉਸ ਦਾ ਵਿਰੋਧ ਕਰਨ ਲਈ ਉਸ ਦੇ ਰਸਤੇ ਵਿੱਚ ਖੜ੍ਹਾ ਹੋਇਆ । ਉਹ ਆਪਣੀ ਗਧੀ ਉੱਤੇ ਸਵਾਰ ਹੋਇਆ ਅਤੇ ਉਸ ਦੇ ਦੋ ਨੌਕਰ ਉਸ ਦੇ ਨਾਲ ਸਨ ।23ਅਤੇ ਗਧੀ ਨੇ ਯਹੋਵਾਹ ਦੇ ਦੂਤ ਨੂੰ ਰਸਤੇ ਵਿੱਚ ਹੱਥ ਵਿੱਚ ਤਲਵਾਰ ਫੜ੍ਹੀ, ਖੜ੍ਹਾ ਵੇਖਿਆ । ਤਾਂ ਗਧੀ ਰਾਹ ਤੋਂ ਮੁੜ ਕੇ ਖੇਤ ਵਿੱਚ ਨੂੰ ਹੋ ਗਈ ਅਤੇ ਬਿਲਆਮ ਨੇ ਗਧੀ ਨੂੰ ਮਾਰਿਆ ਕਿਉਂ ਜੋ ਉਹ ਨੂੰ ਰਾਹ ਤੋਂ ਮੁੜ ਗਈ ਸੀ ।
24ਤਦ ਯਹੋਵਾਹ ਦਾ ਦੂਤ ਅੰਗੂਰ ਦੇ ਬਾਗ ਵਿੱਚ ਉਸ ਭੀੜੇ ਰਾਹ ਵਿੱਚ ਖੜ੍ਹਾ ਸੀ ਜਿੱਥੇ ਦੋਵੇਂ ਪਾਸੇ ਕੰਧ ਸੀ ।25ਜਦੋਂ ਗਧੀ ਨੇ ਯਹੋਵਾਹ ਦੇ ਦੂਤ ਨੂੰ ਦੇਖਿਆ ਤਾਂ ਉਹ ਕੰਧ ਨਾਲ ਜਾ ਲੱਗੀ ਅਤੇ ਬਿਲਆਮ ਦੇ ਪੈਰ ਨੂੰ ਕੰਧ ਨਾਲ ਦਬਾਇਆ, ਉਸ ਨੇ ਫੇਰ ਉਹ ਨੂੰ ਮਾਰਿਆ ।
26ਯਹੋਵਾਹ ਦਾ ਦੂਤ ਫੇਰ ਇੱਕ ਵਾਰ ਅੱਗੇ ਜਾ ਕੇ ਇੱਕ ਭੀੜੀ ਥਾਂ ਵਿੱਚ ਖੜ੍ਹਾ ਹੋ ਗਿਆ ਜਿਸ ਤੋਂ ਸੱਜੇ ਖੱਬੇ ਮੁੜਨ ਨੂੰ ਕੋਈ ਰਾਹ ਨਹੀਂ ਸੀ ।27ਜਦ ਗਧੀ ਨੇ ਯਹੋਵਾਹ ਦੇ ਦੂਤ ਨੂੰ ਵੇਖਿਆ ਤਾਂ ਬਿਲਆਮ ਦੇ ਹੇਠ ਬੈਠ ਗਈ ਅਤੇ ਬਿਲਆਮ ਦਾ ਕ੍ਰੋਧ ਭੜਕ ਉੱਠਿਆ, ਫਿਰ ਓਸ ਆਪਣੀ ਲਾਠੀ ਨਾਲ ਗਧੀ ਨੂੰ ਮਾਰਿਆ ।
28ਤਦ ਯਹੋਵਾਹ ਨੇ ਗਧੀ ਦੇ ਮੂੰਹ ਨੂੰ ਖੋਲ੍ਹਿਆ ਅਤੇ ਉਸ ਨੇ ਬਿਲਆਮ ਨੂੰ ਆਖਿਆ, ਮੈਂ ਤੇਰੇ ਨਾਲ ਕੀ ਕੀਤਾ ਕਿ ਤੂੰ ਮੈਨੂੰ ਤਿੰਨ ਵਾਰੀ ਮਾਰਿਆ ?29ਤਾਂ ਬਿਲਆਮ ਨੇ ਗਧੀ ਨੂੰ ਆਖਿਆ, ਇਸ ਲਈ ਕਿ ਤੂੰ ਮੇਰੀ ਗੱਲ ਨੂੰ ਨਹੀਂ ਮੰਨਿਆ । ਜੇ ਮੇਰੇ ਹੱਥ ਵਿੱਚ ਤਲਵਾਰ ਹੁੰਦੀ ਤਾਂ ਤੈਨੂੰ ਹੁਣੇ ਹੀ ਵੱਢ ਸੁੱਟਦਾ ।30ਅੱਗੋਂ ਗਧੀ ਨੇ ਬਿਲਆਮ ਨੂੰ ਆਖਿਆ, ਕੀ ਮੈਂ ਤੇਰੀ ਗਧੀ ਨਹੀਂ ਜਿਸ ਦੇ ਉੱਤੇ ਤੂੰ ਸਾਰੀ ਉਮਰ ਅੱਜ ਤੱਕ ਸਵਾਰੀ ਕੀਤੀ ਹੈ ? ਕੀ ਕਦੀ ਪਹਿਲਾਂ ਵੀ ਮੈਂ ਤੇਰੇ ਨਾਲ ਅਜਿਹਾ ਕੀਤਾ ਹੈ ? ਉਸ ਆਖਿਆ, ਨਹੀਂ ।
31ਤਦ ਯਹੋਵਾਹ ਨੇ ਬਿਲਆਮ ਦੀਆਂ ਅੱਖਾਂ ਨੂੰ ਖੋਲ੍ਹੀਆਂ ਅਤੇ ਉਸ ਨੇ ਯਹੋਵਾਹ ਦੇ ਦੂਤ ਨੂੰ ਰਾਹ ਵਿੱਚ ਖੜ੍ਹੇ ਵੇਖਿਆ ਅਤੇ ਉਹ ਦੀ ਤਲਵਾਰ, ਉਹ ਦੇ ਹੱਥ ਵਿੱਚ ਸੀ ਤਾਂ ਉਹ ਆਪਣਾ ਸਿਰ ਨਿਵਾ ਕੇ ਉਸ ਦੇ ਅੱਗੇ ਝੁਕਿਆ ।32ਯਹੋਵਾਹ ਦੇ ਦੂਤ ਨੇ ਉਸ ਨੂੰ ਆਖਿਆ, ਤੂੰ ਕਿਉਂ ਆਪਣੀ ਗਧੀ ਨੂੰ ਤਿੰਨ ਵਾਰੀ ਮਾਰਿਆ ਹੈ ? ਵੇਖ, ਮੈਂ ਅੱਜ ਤੈਨੂੰ ਰੋਕਣ ਕਈ ਆਇਆ ਹਾਂ ਕਿਉਂ ਜੋ ਤੇਰਾ ਰਾਹ ਮੇਰੇ ਅੱਗੇ ਸਹੀ ਨਹੀਂ ਹੈ ।33ਗਧੀ ਨੇ ਮੈਨੂੰ ਵੇਖਿਆ ਅਤੇ ਮੇਰੇ ਵੱਲੋਂ ਤਿੰਨ ਵਾਰੀ ਮੁੜੀ । ਜੇ ਉਹ ਮੇਰੀ ਵੱਲੋਂ ਨਾ ਮੁੜਦੀ ਤਾਂ ਹੁਣ ਮੈਂ ਤੈਨੂੰ ਵੀ ਵੱਢ ਸੁੱਟਦਾ ਪਰ ਉਹ ਨੂੰ ਜੀਉਂਦੀ ਰਹਿਣ ਦਿੰਦਾ ।
34ਤਾਂ ਬਿਲਆਮ ਨੇ ਯਹੋਵਾਹ ਦੇ ਦੂਤ ਨੂੰ ਆਖਿਆ ਕਿ ਮੈਂ ਪਾਪ ਕੀਤਾ ਕਿਉਂ ਜੋ ਮੈਂ ਨਹੀਂ ਜਾਣਦਾ ਸੀ ਕਿ ਤੂੰ ਰਾਹ ਵਿੱਚ ਮੇਰੇ ਵਿਰੁੱਧ ਖੜ੍ਹਾ ਹੈਂ ਅਤੇ ਹੁਣ ਜੇ ਮੈਂ ਤੇਰੀ ਨਿਗਾਹ ਵਿੱਚ ਬੁਰਿਆਈ ਕੀਤੀ ਤਾਂ ਮੈਂ ਮੁੜ ਜਾਂਵਾਂਗਾ ।35ਫੇਰ ਯਹੋਵਾਹ ਦੇ ਦੂਤ ਨੇ ਬਿਲਆਮ ਨੂੰ ਆਖਿਆ ਕਿ ਇਨ੍ਹਾਂ ਮਨੁੱਖਾਂ ਨਾਲ ਜਾ ਪਰ ਜਿਹੜੀ ਗੱਲ ਮੈਂ ਤੇਰੇ ਨਾਲ ਬੋਲਾਂ ਉਹ ਹੀ ਗੱਲ ਤੂੰ ਬੋਲੀ ਤਦ ਬਿਲਆਮ ਬਾਲਾਕ ਦੇ ਹਾਕਮਾਂ ਨਾਲ ਚਲਿਆ ਗਿਆ ।
ਬਾਲਾਕ ਦੁਆਰਾ ਬਿਲਆਮ ਦਾ ਸਵਾਗਤ

36ਜਦ ਬਾਲਾਕ ਨੇ ਸੁਣਿਆ ਕਿ ਬਿਲਆਮ ਆ ਗਿਆ ਹੈ ਤਾਂ ਉਸ ਦੇ ਮਿਲਣ ਲਈ ਮੋਆਬ ਦੇ ਸ਼ਹਿਰ ਨੂੰ ਬਾਹਰ ਗਿਆ ਜਿਹੜਾ ਅਰਨੋਨ ਦੀਆਂ ਹੱਦਾਂ ਉੱਤੇ ਹੀ ਸੀ ।37ਤਾਂ ਬਾਲਾਕ ਨੇ ਬਿਲਆਮ ਨੂੰ ਆਖਿਆ, ਕੀ ਮੈਂ ਤੈਨੂੰ ਵੱਡੀ ਜ਼ਰੂਰਤ ਵਿੱਚ ਨਹੀਂ ਬੁਲਾਇਆ ? ਤੂੰ ਕਿਉਂ ਮੇਰੇ ਕੋਲ ਨਹੀਂ ਆਇਆ ? ਕੀ ਮੈਂ ਤੈਨੂੰ ਇੱਕ ਵੱਡਾ ਇਨਾਮ ਨਹੀਂ ਸੀ ਦੇ ਸਕਦਾ ?
38ਪਰ ਬਿਲਆਮ ਨੇ ਬਾਲਾਕ ਨੂੰ ਆਖਿਆ, ਵੇਖ, ਮੈਂ ਤੇਰੇ ਕੋਲ ਆ ਗਿਆ ਹਾਂ । ਕੀ ਮੈਂ ਆਪਣੀ ਸ਼ਕਤੀ ਨਾਲ ਕੋਈ ਵਾਕ ਬੋਲ ਸਕਦਾ ਹਾਂ ? ਜਿਹੜਾ ਵਾਕ ਪਰਮੇਸ਼ੁਰ ਮੇਰੇ ਮੂੰਹ ਵਿੱਚ ਪਾਵੇ ਉਹੀ ਮੈਂ ਬੋਲਾਂਗਾ ।39ਫੇਰ ਬਿਲਆਮ ਬਾਲਾਕ ਨਾਲ ਚੱਲਿਆ ਗਿਆ ਅਤੇ ਉਹ ਕਿਰਯਤ-ਹਸੋਥ ਵਿੱਚ ਆਏ ।40ਬਾਲਾਕ ਨੇ ਵੱਗਾਂ ਅਤੇ ਇੱਜੜਾਂ ਦੀਆਂ ਬਲੀਆਂ ਚੜ੍ਹਾਈਆਂ ਅਤੇ ਉਹ ਨੇ ਬਿਲਆਮ ਅਤੇ ਉਨ੍ਹਾਂ ਹਾਕਮਾਂ ਲਈ ਜਿਹੜੇ ਉਸ ਦੇ ਨਾਲ ਸਨ ਕੁਝ ਭੇਜਿਆ ।
41ਤਦ ਸਵੇਰ ਨੂੰ ਅਜਿਹਾ ਹੋਇਆ ਕਿ ਬਾਲਾਕ ਬਿਲਆਮ ਨੂੰ ਲੈ ਕੇ ਬਆਲ ਦੀਆਂ ਉਚਿਆਈਆਂ ਉੱਤੇ ਉਸ ਨੂੰ ਲਿਆਇਆ ਜਿੱਥੋਂ ਉਸ ਨੇ ਪਰਜਾ ਦੀਆਂ ਸਰਹੱਦਾਂ ਨੂੰ ਵੇਖਿਆ ।

23
ਬਿਲਆਮ ਦਾ ਪਹਿਲਾ ਅਸੀਸ ਦਾ ਬਚਨ

1ਫੇਰ ਬਿਲਆਮ ਨੇ ਬਾਲਾਕ ਨੂੰ ਆਖਿਆ, ਇੱਥੇ ਮੇਰੇ ਲਈ ਸੱਤ ਜਗਵੇਦੀਆਂ ਬਣਾ ਅਤੇ ਬਲ਼ਦ ਤੇ ਸੱਤ ਭੇਡੂ ਤਿਆਰ ਕਰ ।2ਤਦ ਜਿਵੇਂ ਬਿਲਆਮ ਬੋਲਿਆ ਸੀ ਉਸੇ ਤਰ੍ਹਾਂ ਹੀ ਬਾਲਾਕ ਨੇ ਕੀਤਾ ਅਤੇ ਬਾਲਾਕ ਅਤੇ ਬਿਲਆਮ ਨੇ ਹਰ ਜਗਵੇਦੀ ਉੱਤੇ ਇੱਕ-ਇੱਕ ਬਲ਼ਦ ਅਤੇ ਇੱਕ-ਇੱਕ ਭੇਡੂ ਚੜ੍ਹਾਇਆ ।3ਤਦ ਬਿਲਆਮ ਨੇ ਬਾਲਾਕ ਨੂੰ ਆਖਿਆ, ਆਪਣੇ ਚੜ੍ਹਾਵੇ ਕੋਲ ਖੜ੍ਹਾ ਹੋ ਜਾ ਅਤੇ ਮੈਂ ਜਾਂਵਾਂਗਾ, ਸ਼ਾਇਦ ਯਹੋਵਾਹ ਮੈਨੂੰ ਮਿਲਣ ਆਵੇ । ਜਿਹੜੀ ਗੱਲ ਉਹ ਮੈਨੂੰ ਵਿਖਾਵੇਗਾ ਉਹ ਮੈਂ ਤੈਨੂੰ ਦੱਸਾਂਗਾ । ਤਦ ਉਹ ਇੱਕ ਪਰਬਤ ਉੱਤੇ ਗਿਆ ।

4ਅਤੇ ਪਰਮੇਸ਼ੁਰ ਬਿਲਆਮ ਨੂੰ ਮਿਲਿਆ ਅਤੇ ਉਹ ਨੇ ਉਸ ਨੂੰ ਆਖਿਆ, ਮੈਂ ਉਨ੍ਹਾਂ ਸੱਤਾਂ ਜਗਵੇਦੀਆਂ ਨੂੰ ਸੁਆਰ ਕੇ ਰੱਖਿਆ ਹੈ ਅਤੇ ਹਰ ਜਗਵੇਦੀ ਉੱਤੇ ਇੱਕ ਬਲ਼ਦ ਅਤੇ ਇੱਕ-ਇੱਕ ਭੇਡੂ ਚੜ੍ਹਾਇਆ ਹੈ ।5ਤਦ ਯਹੋਵਾਹ ਨੇ ਇੱਕ ਵਾਕ ਬਿਲਆਮ ਦੇ ਮੂੰਹ ਵਿੱਚ ਪਾਇਆ ਅਤੇ ਆਖਿਆ, ਬਾਲਾਕ ਦੇ ਕੋਲ ਜਾਂ ਕੇ ਇਸ ਤਰ੍ਹਾਂ ਬੋਲੀ ।6ਉਹ ਉਸ ਦੇ ਕੋਲ ਆਇਆ ਅਤੇ ਵੇਖੋ, ਉਹ ਆਪਣੀ ਹੋਮ ਬਲੀ ਲਈ ਖੜ੍ਹਾ ਸੀ ਅਤੇ ਉਹ ਦੇ ਨਾਲ ਮੋਆਬ ਦੇ ਸਾਰੇ ਪ੍ਰਧਾਨ ਸਨ ।
7ਉਸ ਨੇ ਆਪਣਾ ਅਗੰਮ ਵਾਕ ਆਖਿਆ,
ਅਰਾਮ ਤੋਂ ਬਾਲਾਕ ਮੈਨੂੰ ਲਿਆਇਆ,
ਮੋਆਬ ਦਾ ਰਾਜਾ ਪੁਰਬ ਦੇ ਪਹਾੜ ਤੋਂ,
ਆ, ਮੇਰੇ ਲਈ ਯਾਕੂਬ ਨੂੰ ਸਰਾਪ ਦੇ, ਅਤੇ ਆ,
ਇਸਰਾਏਲ ਨੂੰ ਘਟਾ !

8ਮੈਂ ਕਿਵੇਂ ਉਹ ਨੂੰ ਫਿਟਕਾਰਾਂ, ਜਿਸ ਨੂੰ ਪਰਮੇਸ਼ੁਰ ਨੇ ਨਹੀਂ ਫਿਟਕਾਰਿਆ ? ਅਤੇ
ਮੈਂ ਕਿਵੇਂ ਉਹ ਨੂੰ ਘਟਾਵਾਂ,
ਜਿਸ ਨੂੰ ਯਹੋਵਾਹ ਨੇ ਨਹੀਂ ਘਟਾਇਆ ?

9ਚਟਾਨ ਦੀਆਂ ਟੀਸੀਆਂ ਤੋਂ ਮੈਂ ਉਹ ਨੂੰ ਵੇਖਦਾ ਹਾਂ,
ਅਤੇ ਪਰਬਤਾਂ ਤੋਂ ਮੈਂ ਉਸ ਉੱਤੇ ਨਿਗਾਹ ਮਾਰਦਾ ਹਾਂ ।
ਇਹ ਪਰਜਾ ਇਕੱਲੀ ਵੱਸਦੀ ਹੈ,
ਅਤੇ ਕੌਮਾਂ ਦੇ ਵਿੱਚ ਉਹ ਆਪਣੇ ਆਪ ਨੂੰ ਨਹੀਂ ਗਿਣਦੀ ।

10ਯਾਕੂਬ ਦੀ ਧੂੜ ਦੇ ਕਿਣਕਿਆਂ ਨੂੰ ਕਿਸ ਨੇ ਗਿਣਿਆ ?
ਜਾਂ ਕਿਸ ਨੇ ਇਸਰਾਏਲ ਦੀ ਚੌਥਾਈ ਦੀ ਗਿਣਤੀ ਕੀਤੀ ?
ਮੈਂ ਧਰਮੀਆਂ ਦੀ ਮੌਤ ਦੀ ਤਰ੍ਹਾਂ ਮਰਾਂ,
ਅਤੇ ਮੇਰਾ ਅੰਤ ਉਸ ਵਰਗਾ ਹੋਵੇ !

11ਤਾਂ ਬਾਲਾਕ ਨੇ ਬਿਲਆਮ ਨੂੰ ਆਖਿਆ, ਤੂੰ ਮੇਰੇ ਨਾਲ ਕੀ ਕੀਤਾ ? ਮੈਂ ਤੈਨੂੰ ਆਪਣੇ ਵੈਰੀਆਂ ਨੂੰ ਸਰਾਪ ਦੇਣ ਲਈ ਲਿਆਂਦਾ ਅਤੇ ਵੇਖ, ਤੂੰ ਉਨ੍ਹਾਂ ਨੂੰ ਬਰਕਤ ਹੀ ਬਰਕਤ ਦੇ ਦਿੱਤੀ !12ਉਸ ਨੇ ਉੱਤਰ ਦਿੱਤਾ, ਕੀ ਮੈਂ ਉਸ ਵਾਕ ਨੂੰ ਨਾ ਮੰਨਾ ਜਿਹੜਾ ਯਹੋਵਾਹ ਨੇ ਮੇਰੇ ਮੂੰਹ ਵਿੱਚ ਪਾਇਆ ?
ਬਿਲਆਮ ਦਾ ਦੂਸਰਾ ਅਸੀਸ ਦਾ ਬਚਨ

13ਤਾਂ ਬਾਲਾਕ ਨੇ ਉਸ ਨੂੰ ਆਖਿਆ, ਤੂੰ ਮੇਰੇ ਨਾਲ ਦੂਜੇ ਥਾਂ ਨੂੰ ਚੱਲ ਜਿੱਥੋਂ ਤੂੰ ਉਨ੍ਹਾਂ ਨੂੰ ਵੇਖੇਂ । ਤੂੰ ਉਨ੍ਹਾਂ ਦਾ ਬਾਹਰਲਾ ਹਿੱਸਾ ਹੀ ਵੇਖੇਂ ਪਰ ਉਨ੍ਹਾਂ ਨੂੰ ਸਾਰਾ ਨਾ ਵੇਖੇਂ ਅਤੇ ਉੱਥੋਂ ਉਨ੍ਹਾਂ ਨੂੰ ਮੇਰੇ ਲਈ ਸਰਾਪ ਦੇ ।14ਫੇਰ ਉਹ ਉਸ ਨੂੰ ਸੋਫ਼ੀਮ ਦੇ ਮੈਦਾਨ ਵਿੱਚ ਜਿਹੜੀ ਪਿਸਗਾਹ ਦੀ ਟੀਸੀ ਉੱਤੇ ਹੈ ਲੈ ਗਿਆ ਅਤੇ ਉਹ ਨੇ ਸੱਤ ਜਗਵੇਦੀਆਂ ਬਣਾ ਕੇ ਹਰ ਜਗਵੇਦੀ ਉੱਤੇ ਇੱਕ ਬਲ਼ਦ ਅਤੇ ਇੱਕ ਭੇਡੂ ਚੜ੍ਹਾਇਆ ।15ਤਾਂ ਉਸ ਨੇ ਬਾਲਾਕ ਨੂੰ ਆਖਿਆ, ਆਪਣੇ ਚੜ੍ਹਾਵੇ ਕੋਲ ਇੱਥੇ ਖੜ੍ਹਾ ਹੋ ਜਾ ਜਦ ਤੱਕ ਮੈਂ ਯਹੋਵਾਹ ਨੂੰ ਉੱਥੇ ਨਾ ਮਿਲਾਂ ।
16ਤਾਂ ਯਹੋਵਾਹ ਬਿਲਆਮ ਨੂੰ ਮਿਲਿਆ ਅਤੇ ਉਸ ਦੇ ਮੂੰਹ ਵਿੱਚ ਇੱਕ ਵਾਕ ਪਾਇਆ ਅਤੇ ਆਖਿਆ, ਬਾਲਾਕ ਨੂੰ ਜਾ ਕੇ ਇਸ ਤਰ੍ਹਾਂ ਬੋਲੀਂ ।17ਤਾਂ ਉਹ ਉਸ ਦੇ ਕੋਲ ਗਿਆ ਅਤੇ ਵੇਖੋ ਉਹ ਆਪਣੇ ਚੜ੍ਹਾਵੇ ਕੋਲ ਮੋਆਬ ਦੇ ਹਾਕਮਾਂ ਨਾਲ ਖੜ੍ਹਾ ਸੀ, ਤਾਂ ਬਾਲਾਕ ਨੇ ਉਸ ਨੂੰ ਆਖਿਆ, ਯਹੋਵਾਹ ਦਾ ਵਾਕ ਕੀ ਹੈ ? ਉਸ ਨੇ ਆਪਣਾ ਅਗੰਮ ਵਾਕ ਬੋਲਿਆ,18ਹੇ ਬਾਲਾਕ, ਉੱਠ ਅਤੇ ਸੁਣ,
ਹੇ ਸਿੱਪੋਰ ਦੇ ਪੁੱਤਰ, ਮੇਰੀਆਂ ਗੱਲਾਂ ਉੱਤੇ ਧਿਆਨ ਦੇ ।

19ਪਰਮੇਸ਼ੁਰ ਇਨਸਾਨ ਨਹੀਂ ਕਿ ਝੂਠ ਬੋਲੇ,
ਨਾ ਆਦਮੀ ਦੁਆਰਾ ਜੰਮਿਆ ਹੈ ਕਿ ਉਹ ਪਛਤਾਵੇ ।
ਕੀ ਉਸ ਨੇ ਕੁਝ ਆਖਿਆ ਹੋਵੇ ਅਤੇ ਨਾ ਕਰੇ ?
ਜਾਂ ਉਹ ਬੋਲਿਆ ਹੋਵੇ ਅਤੇ ਉਹ ਪੂਰਾ ਨਾ ਹੋਇਆ ਹੋਵੇ ?

20ਵੇਖੋ, ਮੈਨੂੰ ਬਰਕਤ ਦੇਣ ਦੀ ਆਗਿਆ ਹੋਈ ਹੈ,
ਉਸ ਨੇ ਬਰਕਤ ਦਿੱਤੀ, ਇਸ ਨੂੰ ਮੈਂ ਮੋੜ ਨਹੀਂ ਸਕਦਾ ।

21ਉਸ ਨੇ ਯਾਕੂਬ ਵਿੱਚ ਬੁਰਿਆਈ ਨਹੀਂ ਦੇਖੀ,
ਨਾ ਇਸਰਾਏਲ ਵਿੱਚ ਚਲਾਕੀ ਵੇਖੀ ।
ਯਹੋਵਾਹ ਉਹ ਦਾ ਪਰਮੇਸ਼ੁਰ ਉਹ ਦੇ ਨਾਲ ਹੈ,
ਅਤੇ ਰਾਜੇ ਦੀ ਲਲਕਾਰ ਉਹ ਦੇ ਵਿੱਚ ਹੈ ।

22ਪਰਮੇਸ਼ੁਰ ਉਹ ਨੂੰ ਮਿਸਰ ਤੋਂ ਲਿਆ ਰਿਹਾ ਹੈ,
ਉਹਨਾਂ ਵਿੱਚ ਸਾਨ੍ਹ ਜਿਨ੍ਹਾਂ ਜ਼ੋਰ ਹੈ ।

23ਯਾਕੂਬ ਉੱਤੇ ਜਾਦੂ ਨਹੀਂ ਚੱਲਦਾ,
ਨਾ ਇਸਰਾਏਲ ਉੱਤੇ ਟੂਣਾ ।
ਹੁਣ ਯਾਕੂਬ ਅਤੇ ਇਸਰਾਏਲ ਵਿਖੇ ਆਖਿਆ ਜਾਵੇਗਾ,
ਪਰਮੇਸ਼ੁਰ ਨੇ ਕੀ ਕੀਤਾ !

24ਇਹ ਪਰਜਾ ਸ਼ੇਰਨੀ ਵਾਂਗੂੰ ਉੱਠੇਗੀ,
ਅਤੇ ਸ਼ੇਰ ਵਾਂਗੂੰ ਆਪਣੇ ਆਪ ਨੂੰ ਖੜ੍ਹਾ ਕਰੇਗੀ,
ਉਹ ਨਹੀਂ ਲੇਟੇਗੀ ਜਦ ਤੱਕ ਸ਼ਿਕਾਰ ਨਾ ਖਾ ਲਵੇ,
ਅਤੇ ਸ਼ਿਕਾਰ ਦਾ ਲਹੂ ਨਾ ਪੀ ਲਵੇ ।

25ਤਾਂ ਬਾਲਾਕ ਨੇ ਬਿਲਆਮ ਨੂੰ ਆਖਿਆ, ਨਾ ਉਹ ਨੂੰ ਸਰਾਪ ਦੇ ਅਤੇ ਨਾ ਉਹ ਨੂੰ ਬਰਕਤ ਹੀ ਦੇ !26ਪਰ ਬਿਲਆਮ ਨੇ ਬਾਲਾਕ ਨੂੰ ਉੱਤਰ ਦਿੱਤਾ, ਕੀ ਮੈਂ ਤੈਨੂੰ ਨਹੀਂ ਦੱਸਿਆ ਕਿ ਜੋ ਕੁਝ ਯਹੋਵਾਹ ਮੈਨੂੰ ਆਖਦਾ ਹੈ ਮੈਨੂੰ ਉਹੀ ਕਰਨਾ ਪੈਂਦਾ ਹੈ ?
ਬਿਲਆਮ ਦਾ ਤੀਸਰਾ ਅਸੀਸ ਦਾ ਬਚਨ

27ਤਾਂ ਬਾਲਾਕ ਨੇ ਬਿਲਆਮ ਨੂੰ ਆਖਿਆ, ਚੱਲ, ਮੈਂ ਤੈਨੂੰ ਇੱਕ ਹੋਰ ਥਾਂ ਲੈ ਜਾਂਵਾਂ । ਸ਼ਾਇਦ ਪਰਮੇਸ਼ੁਰ ਦੀ ਨਿਗਾਹ ਵਿੱਚ ਚੰਗਾ ਲੱਗੇ ਕਿ ਤੂੰ ਉੱਥੋਂ ਮੇਰੇ ਲਈ ਉਹਨਾਂ ਨੂੰ ਸਰਾਪ ਦੇਵੇਂ ।
28ਤਾਂ ਬਾਲਾਕ ਬਿਲਆਮ ਨੂੰ ਪੇਓਰ ਦੀ ਟੀਸੀ ਉੱਤੇ ਲੈ ਗਿਆ ਜਿਹੜੀ ਹੇਠਾਂ ਦੇ ਵੱਲ ਝੁੱਕੀ ਹੋਈ ਸੀ ।29ਫੇਰ ਬਿਲਆਮ ਨੇ ਬਾਲਾਕ ਨੂੰ ਆਖਿਆ, ਇੱਥੇ ਮੇਰੇ ਲਈ ਸੱਤ ਜਗਵੇਦੀਆਂ ਬਣਾ ਅਤੇ ਮੇਰੇ ਲਈ ਇੱਥੇ ਸੱਤ ਬਲ਼ਦ ਅਤੇ ਸੱਤ ਭੇਡੂ ਤਿਆਰ ਕਰ ।30ਤਾਂ ਬਾਲਾਕ ਨੇ ਉਸੇ ਤਰ੍ਹਾਂ ਹੀ ਕੀਤਾ ਜਿਵੇਂ ਬਿਲਆਮ ਨੇ ਆਖਿਆ ਅਤੇ ਹਰ ਜਗਵੇਦੀ ਉੱਤੇ ਇੱਕ ਬਲ਼ਦ ਅਤੇ ਇੱਕ ਭੇਡੂ ਚੜ੍ਹਾਇਆ ।

24

1ਜਦ ਬਿਲਆਮ ਨੇ ਵੇਖਿਆ ਕਿ ਯਹੋਵਾਹ ਦੀ ਨਿਗਾਹ ਵਿੱਚ ਇਸਰਾਏਲ ਨੂੰ ਬਰਕਤ ਦੇਣਾ ਚੰਗਾ ਹੈ ਤਾਂ ਜਿਵੇਂ ਉਹ ਪਹਿਲਾਂ ਕਦੀਂ ਕਦਾਈਂ ਜਾਦੂਗਰਾਂ ਨਾਲ ਮਿਲਣ ਲਈ ਜਾਂਦਾ ਸੀ, ਨਾ ਗਿਆ ਪਰ ਉਸ ਉਜਾੜ ਦੀ ਵੱਲ ਚਲਿਆ ਗਿਆ ।

2ਤਦ ਬਿਲਆਮ ਨੇ ਆਪਣੀਆਂ ਅੱਖਾਂ ਚੁੱਕ ਕੇ ਇਸਰਾਏਲ ਨੂੰ ਆਪਣੇ ਗੋਤਾਂ ਅਨੁਸਾਰ ਵੱਸੇ ਹੋਏ ਵੇਖਿਆ, ਤਾਂ ਪਰਮੇਸ਼ੁਰ ਦਾ ਆਤਮਾ ਉਸ ਉੱਤੇ ਆਇਆ ।3ਤਦ ਉਸ ਆਪਣਾ ਅਗੰਮ ਵਾਕ ਆਖਿਆ,
ਬਓਰ ਦੇ ਪੁੱਤਰ ਬਿਲਆਮ ਦਾ ਵਾਕ,
ਉਸ ਪੁਰਸ਼ ਦਾ ਵਾਕ ਜਿਸ ਦੀਆਂ ਅੱਖਾਂ ਖੁਲ੍ਹੀਆਂ ਹਨ ।

4ਉਸ ਦਾ ਵਾਕ ਜਿਹੜਾ ਪਰਮੇਸ਼ੁਰ ਦੀਆਂ ਬਾਣੀਆਂ ਸੁਣਦਾ ਹੈ,
ਜਿਹੜਾ ਸਰਬ ਸ਼ਕਤੀਮਾਨ ਦਾ ਦਰਸ਼ਨ ਪਾਉਂਦਾ ਹੈ,
ਜਿਹੜਾ ਖੁਲ੍ਹੀਆਂ ਅੱਖਾਂ ਨਾਲ ਡਿੱਗ ਪੈਂਦਾ ਹੈ ।

5ਹੇ ਯਾਕੂਬ, ਤੇਰੇ ਤੰਬੂ ਕਿੰਨੇ ਚੰਗੇ ਹਨ !
ਹੇ ਇਸਰਾਏਲ, ਤੇਰੇ ਵਾਸ ਵੀ !

6ਘਾਟੀ ਦੇ ਵਾਂਗੂੰ ਉਹ ਫੈਲੇ ਹੋਏ ਹਨ,
ਨਹਿਰ ਦੇ ਉੱਤੇ ਦੇ ਬਾਗਾਂ ਵਾਂਗੂੰ ਹਨ,
ਯਹੋਵਾਹ ਦੇ ਲਾਏ ਹੋਏ ਅਗਰ ਦੇ ਰੁੱਖਾਂ ਵਾਂਗੂੰ,
ਅਤੇ ਪਾਣੀ ਦੇ ਕੰਡੇ ਦੇ ਦਿਆਰ ਵਾਂਗੂੰ,

7ਉਸ ਦਾ ਪਾਣੀ ਉਮੜ ਕੇ ਵਗੇਗਾ,
ਅਤੇ ਉਸ ਦਾ ਬੀਜ ਬਹੁਤ ਪਾਣੀਆਂ ਵਿੱਚ ਹੋਵੇਗਾ,
ਅਤੇ ਉਸ ਦਾ ਰਾਜਾ ਅਗਾਗ ਤੋਂ ਉੱਚਾ ਹੋਵੇਗਾ,
ਉਸ ਦਾ ਰਾਜ ਵਧਦਾ ਜਾਵੇਗਾ ।

8ਪਰਮੇਸ਼ੁਰ ਉਸ ਨੂੰ ਮਿਸਰ ਤੋਂ ਲਿਆ ਰਿਹਾ ਹੈ,
ਜਿਹਨਾਂ ਦਾ ਜ਼ੋਰ ਸਾਨ੍ਹ ਹੈ,
ਉਹ ਆਪਣੀਆਂ ਵੈਰੀ ਕੌਮਾਂ ਨੂੰ ਖਾ ਜਾਵੇਗਾ,
ਉਨ੍ਹਾਂ ਦੀਆਂ ਹੱਡੀਆਂ ਨੂੰ ਚੂਰ-ਚੂਰ ਕਰੇਗਾ,
ਅਤੇ ਉਹਨਾਂ ਨੂੰ ਆਪਣਿਆਂ ਤੀਰਾਂ ਨਾਲ ਵਿੰਨ੍ਹ ਦੇਵੇਗਾ ।

9ਉਹ ਚੁੱਪ ਬੈਠਾ ਹੈ, ਉਹ ਸ਼ੇਰ ਵਾਂਗੂੰ ਲੇਟਿਆ,
ਅਤੇ ਸ਼ੇਰਨੀ ਵਾਂਗੂੰ, ਕੌਣ ਉਹ ਨੂੰ ਛੇੜੇਗਾ ?
ਮੁਬਾਰਕ ਉਹ ਜਿਹੜਾ ਤੈਨੂੰ ਬਰਕਤ ਦੇਵੇ,
ਅਤੇ ਸਰਾਪੀ ਉਹ ਜਿਹੜਾ ਤੈਨੂੰ ਸਰਾਪ ਦੇਵੇ !

10ਤਾਂ ਬਾਲਾਕ ਦਾ ਕ੍ਰੋਧ ਬਿਲਆਮ ਦੇ ਵਿਰੁੱਧ ਭੜਕਿਆ ਅਤੇ ਹੱਥ ਉੱਤੇ ਹੱਥ ਮਾਰ ਕੇ ਬਾਲਾਕ ਨੇ ਬਿਲਆਮ ਨੂੰ ਆਖਿਆ, ਮੈਂ ਤੈਨੂੰ ਆਪਣੇ ਵੈਰੀਆਂ ਨੂੰ ਸਰਾਪ ਦੇਣ ਲਈ ਸੱਦਿਆ ਅਤੇ ਵੇਖ, ਤੂੰ ਤਿੰਨ ਵਾਰ ਉਨ੍ਹਾਂ ਨੂੰ ਬਰਕਤਾਂ ਹੀ ਬਰਕਤਾਂ ਦਿੱਤੀਆਂ ।11ਹੁਣ ਆਪਣੇ ਘਰ ਚਲਿਆ ਜਾ ! ਮੈਂ ਤਾਂ ਆਖਿਆ ਸੀ ਕਿ ਮੈਂ ਤੈਨੂੰ ਵੱਡਾ ਇਨਾਮ ਦਿਆਂਗਾ ਪਰ ਵੇਖ, ਯਹੋਵਾਹ ਨੇ ਤੈਨੂੰ ਇਨਾਮ ਲੈਣ ਤੋਂ ਮਨ੍ਹਾਂ ਕੀਤਾ ।
12ਅੱਗੋਂ ਬਿਲਆਮ ਨੇ ਬਾਲਾਕ ਨੂੰ ਆਖਿਆ, ਭਲਾ, ਮੈਂ ਤੇਰੇ ਸੰਦੇਸ਼ਵਾਹਕਾਂ ਨੂੰ ਜਿਹੜੇ ਤੂੰ ਮੇਰੇ ਕੋਲ ਭੇਜੇ ਸਨ ਨਹੀਂ ਆਖਿਆ ਸੀ ।13ਕਿ ਜੇ ਬਾਲਾਕ ਮੈਨੂੰ ਆਪਣੇ ਘਰ ਭਰ ਦੀ ਚਾਂਦੀ ਅਤੇ ਸੋਨਾ ਦੇਵੇ, ਮੈਂ ਯਹੋਵਾਹ ਦੇ ਹੁਕਮ ਦਾ ਉਲੰਘਣ ਨਹੀਂ ਕਰ ਸਕਦਾ ਕਿ ਆਪਣੇ ਹੀ ਮਨ ਤੋਂ ਭਲਾ ਜਾਂ ਬੁਰਾ ਕਰਾਂ ? ਜਿਹੜਾ ਵਾਕ ਯਹੋਵਾਹ ਕਹੇ ਮੈਂ ਉਹੀ ਕਹਾਂਗਾ ।
ਬਿਲਆਮ ਦੇ ਅੰਤਿਮ ਅਸੀਸ ਦੇ ਬਚਨ

14ਹੁਣ ਵੇਖ, ਮੈਂ ਆਪਣੇ ਲੋਕਾਂ ਕੋਲ ਜਾਂਦਾ ਹਾਂ । ਆ, ਮੈਂ ਤੈਨੂੰ ਦੱਸਾਂਗਾ ਕਿ ਇਹ ਲੋਕ ਤੇਰੇ ਲੋਕਾਂ ਨਾਲ ਆਖਰੀ ਦਿਨਾਂ ਵਿੱਚ ਕੀ ਕਰਨਗੇ ।
15ਫੇਰ ਉਸ ਆਪਣਾ ਅਗੰਮ ਵਾਕ ਆਖਿਆ,
ਬਓਰ ਦੇ ਪੁੱਤਰ ਬਿਲਆਮ ਦਾ ਵਾਕ,
ਉਸ ਪੁਰਸ਼ ਦਾ ਵਾਕ ਜਿਸ ਦੀਆਂ ਅੱਖਾਂ ਖੁਲ੍ਹੀਆਂ ਹਨ,

16ਉਸ ਦਾ ਵਾਕ ਜਿਹੜਾ ਪਰਮੇਸ਼ੁਰ ਦੀਆਂ ਬਾਣੀਆਂ ਸੁਣਦਾ ਹੈ,
ਅਤੇ ਜਿਹੜਾ ਅੱਤ ਮਹਾਨ ਦਾ ਗਿਆਨ ਜਾਣਦਾ ਹੈ,
ਜਿਹੜਾ ਸਰਬ ਸ਼ਕਤੀਮਾਨ ਦਾ ਦਰਸ਼ਨ ਪਾਉਂਦਾ ਹੈ,
ਜਿਹੜਾ ਖੁਲ੍ਹੀਆਂ ਅੱਖਾਂ ਨਾਲ ਡਿੱਗ ਪੈਂਦਾ ਹੈ ।

17ਮੈਂ ਉਹ ਨੂੰ ਵੇਖਦਾ ਹਾਂ ਪਰ ਹੁਣ ਨਹੀਂ,
ਮੈਂ ਉਹ ਨੂੰ ਤੱਕਦਾ ਹਾਂ ਪਰ ਨੇੜਿਓਂ ਨਹੀਂ ।
ਯਾਕੂਬ ਤੋਂ ਇੱਕ ਤਾਰਾ ਚੜ੍ਹੇਗਾ ਅਤੇ ਇਸਰਾਏਲ ਤੋਂ ਇੱਕ ਰਾਜ ਉੱਠੇਗਾ ।
ਉਹ ਮੋਆਬ ਦੀਆਂ ਸਰਹੱਦਾਂ ਨੂੰ ਚੂਰ-ਚੂਰ ਕਰੇਗਾ,
ਅਤੇ ਸਾਰੇ ਦੰਗਾ ਕਰਨ ਵਾਲਿਆ ਨੂੰ ਸੁੱਟੇਗਾ ।

18ਅਦੋਮ ਉਹ ਦੀ ਸੰਪਤੀ ਹੋਵੇਗਾ,
ਅਤੇ ਸੇਈਰ ਵੀ ਉਹ ਦੀ ਸੰਪਤੀ ਹੋਵੇਗਾ,
ਜਿਹੜੇ ਉਹ ਦੇ ਵੈਰੀ ਹਨ,
ਅਤੇ ਇਸਰਾਏਲ ਸੂਰਬੀਰਤਾ ਦਿਖਾਉਂਦਾ ਜਾਵੇਗਾ ।

19ਯਾਕੂਬ ਤੋਂ ਉਹ ਰਾਜ ਕਰੇਗਾ,
ਅਤੇ ਸ਼ਹਿਰ ਦੇ ਸਾਰੇ ਬਚਿਆਂ ਹੋਇਆਂ ਨੂੰ ਵੀ ਨਾਸ ਕਰੇਗਾ ।

20ਫੇਰ ਉਸ ਨੇ ਅਮਾਲੇਕ ਨੂੰ ਦੇਖਿਆ ਅਤੇ ਆਪਣਾ ਅਗੰਮ ਵਾਕ ਆਖਿਆ,
ਅਮਾਲੇਕ ਕੌਮਾਂ ਵਿੱਚ ਪਹਿਲੀ ਸੀ,
ਪਰ ਉਸ ਦਾ ਅੰਤ ਤਾਂ ਨਸ਼ਟ ਹੀ ਹੋਣਾ ਹੈ ।

21ਫਿਰ ਉਸ ਨੇ ਕੇਨੀਆਂ ਨੂੰ ਡਿੱਠਾ ਅਤੇ ਆਪਣਾ ਅਗੰਮ ਵਾਕ ਆਖਿਆ,
ਤੇਰਾ ਵਸੇਰਾ ਸਥਿਰ ਤਾਂ ਹੈ,
ਅਤੇ ਤੇਰਾ ਆਲ੍ਹਣਾ ਚਟਾਨ ਵਿੱਚ ਤਾਂ ਹੈ,

22ਤਾਂ ਵੀ ਕਾਇਨ ਉਜਾੜ ਦਿੱਤਾ ਜਾਵੇਗਾ,
ਜਦ ਤੱਕ ਅੱਸ਼ੂਰ ਤੈਨੂੰ ਬੰਨ੍ਹ ਕੇ ਨਾ ਲੈ ਜਾਵੇ ।

23ਉਸ ਨੇ ਫੇਰ ਆਪਣਾ ਅਗੰਮ ਵਾਕ ਆਖਿਆ,
ਹਾਏ ! ਪਰਮੇਸ਼ੁਰ ਦੀ ਕਿਰਪਾ ਤੋਂ ਬਿਨ੍ਹਾਂ ਕੌਣ ਜੀਉਂਦਾ ਰਹੇਗਾ ?

24ਕਿੱਤੀਮ ਦੇ ਕੰਢਿਆਂ ਤੋਂ ਬੇੜੇ ਆਉਣਗੇ,
ਅਤੇ ਅੱਸ਼ੂਰ ਅਤੇ ਏਬਰ ਨੂੰ ਦੁੱਖ ਦੇਣਗੇ,
ਪਰ ਉਹ ਵੀ ਨਸ਼ਟ ਹੋ ਜਾਵੇਗਾ ।

25ਤਾਂ ਬਿਲਆਮ ਉੱਠ ਕੇ ਚਲਾ ਗਿਆ ਅਤੇ ਆਪਣੇ ਸਥਾਨ ਨੂੰ ਮੁੜ ਆਇਆ ਅਤੇ ਬਾਲਾਕ ਵੀ ਆਪਣੇ ਰਾਹ ਪੈ ਗਿਆ ।

25
ਇਸਰਾਏਲੀਆਂ ਦੁਆਰਾ ਵਿਭਚਾਰ

1ਜਦ ਇਸਰਾਏਲ ਸ਼ਿੱਟੀਮ ਵਿੱਚ ਵੱਸਦੇ ਸਨ, ਤਦ ਲੋਕ ਮੋਆਬ ਦੀਆਂ ਕੁੜੀਆਂ ਨਾਲ ਜ਼ਨਾਹ ਕਰਨ ਲੱਗ ਪਏ ।2ਜਦ ਉਨ੍ਹਾਂ ਨੇ ਲੋਕਾਂ ਨੂੰ ਆਪਣੇ ਦੇਵਤਿਆਂ ਦੀਆਂ ਬਲੀਆਂ ਉੱਤੇ ਬੁਲਾਇਆ ਤਾਂ ਲੋਕਾਂ ਨੇ ਖਾਧਾ ਅਤੇ ਉਨ੍ਹਾਂ ਦੇ ਦੇਵਤਿਆਂ ਨੂੰ ਮੱਥਾ ਵੀ ਟੇਕਿਆ ।3ਸੋ ਇਸਰਾਏਲ ਪਓਰ ਦੇ ਬਆਲ ਦੇਵਤੇ ਨਾਲ ਰਲ ਗਿਆ ਤਾਂ ਯਹੋਵਾਹ ਦਾ ਕ੍ਰੋਧ ਇਸਰਾਏਲ ਉੱਤੇ ਭੜਕਿਆ ।

4ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ, ਲੋਕਾਂ ਦੇ ਸਾਰੇ ਮੁਖੀਆਂ ਨੂੰ ਲੈ ਕੇ ਯਹੋਵਾਹ ਦੇ ਅੱਗੇ ਧੁੱਪ ਵਿੱਚ ਟੰਗ ਦੇ ਤਾਂ ਜੋ ਯਹੋਵਾਹ ਦਾ ਕ੍ਰੋਧ ਇਸਰਾਏਲ ਤੋਂ ਟਲ ਜਾਵੇ ।5ਤਾਂ ਮੂਸਾ ਨੇ ਇਸਰਾਏਲ ਦੇ ਨਿਆਈਆਂ ਨੂੰ ਆਖਿਆ, ਹਰ ਇੱਕ ਆਪਣੇ ਮਨੁੱਖਾਂ ਨੂੰ ਜਿਹੜੇ ਬਆਲ ਪਓਰ ਨਾਲ ਰਲ ਗਏ ਹਨ ਵੱਢ ਸੁੱਟੇ !

6ਤਾਂ ਵੇਖੋ, ਮੂਸਾ ਅਤੇ ਸਾਰੀ ਇਸਰਾਏਲੀ ਮੰਡਲੀ ਦੇ ਵੇਖਦਿਆਂ ਜਦੋਂ ਉਹ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਰੋ ਰਹੇ ਸਨ ਇੱਕ ਇਸਰਾਏਲੀ ਮਨੁੱਖ ਇੱਕ ਮਿਦਯਾਨੀ ਇਸਤਰੀ ਨੂੰ ਲੈ ਆਇਆ ।7ਜਦ ਹਾਰੂਨ ਜਾਜਕ ਦੇ ਪੋਤੇ ਅਲਆਜ਼ਾਰ ਦੇ ਪੁੱਤਰ ਫ਼ੀਨਹਾਸ ਨੇ ਵੇਖਿਆ ਤਾਂ ਮੰਡਲੀ ਦੇ ਤੰਬੂ ਵਿੱਚੋਂ ਉੱਠ ਕੇ ਆਪਣੇ ਹੱਥ ਵਿੱਚ ਇੱਕ ਨੇਜ਼ਾ ਲਿਆ ।
8ਅਤੇ ਉਸ ਇਸਰਾਏਲੀ ਮਨੁੱਖ ਦੇ ਪਿੱਛੇ ਚਾਨਣੀ ਵਿੱਚ ਜਾ ਕੇ ਦੋਹਾਂ ਨੂੰ ਅਰਥਾਤ ਇਸਰਾਏਲੀ ਮਨੁੱਖ ਅਤੇ ਉਸ ਇਸਤਰੀ ਦੇ ਢਿੱਡ ਨੂੰ ਵਿੰਨ੍ਹ ਦਿੱਤਾ ਤਾਂ ਇਸਰਾਏਲੀਆਂ ਤੋਂ ਬਵਾ ਰੁਕ ਗਈ ।9ਉਸ ਬਵਾ ਨਾਲ ਚੌਵੀ ਹਜ਼ਾਰ ਮਰ ਗਏ ਸਨ ।

10ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,11ਹਾਰੂਨ ਜਾਜਕ ਦੇ ਪੋਤੇ ਅਲਆਜ਼ਾਰ ਦੇ ਪੁੱਤਰ ਫ਼ੀਨਹਾਸ ਨੇ ਮੇਰੇ ਕ੍ਰੋਧ ਨੂੰ ਇਸਰਾਏਲੀਆਂ ਤੋਂ ਟਾਲ ਦਿੱਤਾ ਹੈ । ਜਦ ਉਹ ਉਨ੍ਹਾਂ ਵਿੱਚ ਮੇਰੀ ਅਣਖ ਕਾਰਨ ਅਣਖੀ ਹੋਇਆ ਤਾਂ ਹੀ ਮੈਂ ਇਸਰਾਏਲੀਆਂ ਦਾ ਆਪਣੀ ਅਣਖ ਦੇ ਕਾਰਨ ਨਾਸ਼ ਨਹੀਂ ਕੀਤਾ ।
12ਇਸ ਲਈ ਆਖ, ਕਿ ਵੇਖ, ਮੈਂ ਉਸ ਨੂੰ ਆਪਣੀ ਸ਼ਾਂਤੀ ਦਾ ਨੇਮ ਦਿੰਦਾ ਹਾਂ ।13ਅਤੇ ਉਹ ਉਸ ਲਈ ਅਤੇ ਉਸ ਦੇ ਬਾਅਦ ਵਾਲੀ ਅੰਸ ਲਈ ਸਦਾ ਦੀ ਜਾਜਕਾਈ ਦਾ ਨੇਮ ਹੋਵੇਗਾ ਕਿਉਂ ਜੋ ਉਹ ਆਪਣੇ ਪਰਮੇਸ਼ੁਰ ਲਈ ਅਣਖੀ ਹੋਇਆ ਅਤੇ ਇਸਰਾਏਲੀਆਂ ਲਈ ਪਰਾਸਚਿਤ ਕੀਤਾ ।

14ਉਸ ਇਸਰਾਏਲੀ ਮਨੁੱਖ ਦਾ ਨਾਮ ਜ਼ਿਮਰੀ ਸੀ ਜੋ ਮਿਦਯਾਨੀ ਇਸਤਰੀ ਨਾਲ ਮਾਰਿਆ ਗਿਆ । ਉਹ ਸ਼ਿਮਓਨੀਆਂ ਵਿੱਚੋਂ ਆਪਣੇ ਪਿਤਾ ਦੇ ਪਰਿਵਾਰ ਦਾ ਪ੍ਰਧਾਨ ਸਾਲੂ ਦਾ ਪੁੱਤਰ ਸੀ ।15ਅਤੇ ਉਸ ਮਿਦਯਾਨੀ ਇਸਤਰੀ ਦਾ ਨਾਮ ਜਿਹੜੀ ਮਾਰੀ ਗਈ ਸੂਰ ਦੀ ਧੀ ਕਾਜ਼ਬੀ ਸੀ, ਅਤੇ ਉਹ ਆਪਣੇ ਪਿਤਾ ਦੇ ਪਰਿਵਾਰ ਵਿੱਚ ਮਿਦਯਾਨ ਦੇ ਲੋਕਾਂ ਦਾ ਮੁਖੀਆ ਸੀ ।

16ਉਪਰੰਤ ਯਹੋਵਾਹ ਨੇ ਮੂਸਾ ਨੂੰ ਆਖਿਆ,17ਮਿਦਯਾਨੀਆਂ ਨੂੰ ਸਤਾਓ ਅਤੇ ਉਨ੍ਹਾਂ ਨੂੰ ਜਾਨੋਂ ਮਾਰੋ ।18ਕਿਉਂ ਜੋ ਉਹ ਤੁਹਾਨੂੰ ਆਪਣੇ ਛਲਾਂ ਨਾਲ ਸਤਾਉਂਦੇ ਹਨ, ਜਿਵੇਂ ਪਓਰ ਦੀ ਗੱਲ ਵਿੱਚ ਅਤੇ ਉਨ੍ਹਾਂ ਦੀ ਭੈਣ ਮਿਦਯਾਨ ਪ੍ਰਧਾਨ ਦੀ ਧੀ ਕਾਜ਼ਬੀ ਦੀ ਗੱਲ ਵਿੱਚ ਜਿਹੜੀ ਬਵਾ ਦੇ ਦਿਨ ਪਓਰ ਦੀ ਗੱਲ ਦੇ ਕਾਰਨ ਮਾਰੀ ਗਈ ।

26
ਇਸਰਾਏਲੀਆਂ ਦੀ ਦੂਸਰੀ ਮਰਦਸ਼ੁਮਾਰੀ

1ਬਵਾ ਦੇ ਮਗਰੋਂ ਅਜਿਹਾ ਹੋਇਆ ਕਿ ਯਹੋਵਾਹ ਨੇ ਮੂਸਾ ਅਤੇ ਹਾਰੂਨ ਜਾਜਕ ਦੇ ਪੁੱਤਰ ਅਲਆਜ਼ਾਰ ਨੂੰ ਆਖਿਆ,2ਇਸਰਾਏਲੀਆਂ ਦੀ ਸਾਰੀ ਮੰਡਲੀ ਦੀ ਗਿਣਤੀ ਕਰੋ, ਵੀਹ ਸਾਲ ਅਤੇ ਉੱਪਰ ਦੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਸਾਰੇ ਜਿਹੜੇ ਇਸਰਾਏਲ ਵਿੱਚ ਯੁੱਧ ਕਰਨ ਯੋਗ ਹਨ ।

3ਤਦ ਮੂਸਾ ਅਤੇ ਅਲਆਜ਼ਾਰ ਜਾਜਕ ਮੋਆਬ ਦੇ ਮੈਦਾਨ ਵਿੱਚ ਯਰਦਨ ਉੱਤੇ ਯਰੀਹੋ ਕੋਲ, ਉਨ੍ਹਾਂ ਨੂੰ ਬੋਲੇ,4ਵੀਹ ਸਾਲ ਅਤੇ ਉੱਪਰ ਦੇ ਮਨੁੱਖਾਂ ਦੀ ਗਿਣਤੀ ਕਰੋ ਜਿਵੇਂ ਯਹੋਵਾਹ ਨੇ ਮੂਸਾ ਅਤੇ ਇਸਰਾਏਲੀਆਂ ਨੂੰ ਹੁਕਮ ਦਿੱਤਾ ਸੀ ਜਦ ਉਹ ਮਿਸਰ ਦੇਸ ਤੋਂ ਨਿੱਕਲ ਰਹੇ ਸਨ ।

5ਰਊਬੇਨ ਇਸਰਾਏਲ ਦਾ ਪਹਿਲੌਠਾ । ਰਊਬੇਨ ਦੇ ਪੁੱਤਰ, ਹਨੋਕ ਤੋਂ ਹਨੋਕੀਆਂ ਦਾ ਪਰਿਵਾਰ, ਪੱਲੂ ਤੋਂ ਪੱਲੂਆਂ ਦਾ ਪਰਿਵਾਰ, ਹਸਰੋਨ ਤੋਂ ਹਸਰੋਨੀਆਂ ਦਾ ਪਰਿਵਾਰ,6ਕਰਮੀ ਤੋਂ ਕਰਮੀਆਂ ਦਾ ਪਰਿਵਾਰ7ਇਹ ਰਊਬੇਨੀਆਂ ਦੇ ਪਰਿਵਾਰ ਹਨ ਅਤੇ ਜਿਹੜੇ ਉਨ੍ਹਾਂ ਵਿੱਚੋਂ ਗਿਣੇ ਗਏ ਉਹ ਤਿਰਤਾਲੀ ਹਜ਼ਾਰ ਸੱਤ ਸੌ ਤੀਹ ਸਨ ।
8ਅਤੇ ਪੱਲੂ ਦਾ ਪੁੱਤਰ ਅਲੀਆਬ ਸੀ ।9ਅਤੇ ਅਲੀਆਬ ਦੇ ਪੁੱਤਰ ਨਮੂਏਲ, ਦਾਥਾਨ ਅਤੇ ਅਬੀਰਾਮ ਸਨ । ਇਹ ਉਹ ਦਾਥਾਨ ਅਤੇ ਅਬੀਰਾਮ ਸਨ ਜਿਹੜੇ ਮੰਡਲੀ ਦੀ ਚੋਣ ਦੇ ਸਨ ਅਤੇ ਮੂਸਾ ਦੇ ਵਿਰੁੱਧ ਅਤੇ ਹਾਰੂਨ ਦੇ ਵਿਰੁੱਧ ਕੋਰਹ ਦੀ ਟੋਲੀ ਨਾਲ ਝਗੜਾ ਕਰ ਰਹੇ ਸਨ ਜਦ ਉਹ ਯਹੋਵਾਹ ਦੇ ਵਿਰੁੱਧ ਝਗੜਦੇ ਸਨ ।
10ਉਸ ਵੇਲੇ ਧਰਤੀ ਨੇ ਆਪਣਾ ਮੂੰਹ ਖੋਲ੍ਹ ਕੇ ਉਨ੍ਹਾਂ ਨੂੰ ਕੋਰਹ ਨਾਲ ਨਿਗਲ ਲਿਆ ਜਦ ਉਹ ਟੋਲੀ ਮਰ ਗਈ ਅਤੇ ਜਦ ਅੱਗ ਨੇ ਢਾਈ ਸੌ ਮਨੁੱਖਾਂ ਨੂੰ ਭਸਮ ਕੀਤਾ, ਤਾਂ ਉਹ ਇੱਕ ਨਿਸ਼ਾਨ ਹੋ ਗਏ ।11ਪਰ ਕੋਰਹ ਦੇ ਪੁੱਤਰ ਨਹੀਂ ਮਰੇ ।

12ਸ਼ਿਮਓਨ ਦੇ ਪੁੱਤਰ ਆਪਣਿਆਂ ਟੱਬਰਾਂ ਅਨੁਸਾਰ, ਨਮੂਏਲ ਤੋਂ ਨਮੁਏਲੀਆਂ ਦਾ ਪਰਿਵਾਰ, ਯਮੀਨ ਤੋਂ ਯਮੀਨੀਆਂ ਦਾ ਪਰਿਵਾਰ, ਯਾਕੀਨ ਤੋਂ ਯਾਕੀਨੀਆਂ ਦਾ ਟੱਬਰ,13ਜ਼ਰਹ ਤੋਂ ਜ਼ਰਹੀਆਂ ਦਾ ਟੱਬਰ, ਸ਼ਾਉਲ ਤੋਂ ਸ਼ਾਉਲੀਆਂ ਦਾ ਟੱਬਰ14ਇਹ ਸ਼ਿਮੋਓਨੀਆਂ ਦੇ ਟੱਬਰ ਹਨ ਅਤੇ ਉਹ ਬਾਈ ਹਜ਼ਾਰ ਦੋ ਸੌ ਸਨ ।

15ਗਾਦ ਦੇ ਪੁੱਤਰ ਆਪਣਿਆਂ ਟੱਬਰਾਂ ਅਨੁਸਾਰ, ਸਫ਼ੋਨ ਤੋਂ ਸਫ਼ੋਨੀਆਂ ਦਾ ਟੱਬਰ, ਹੱਗੀ ਤੋਂ ਹੱਗੀਆਂ ਦਾ ਟੱਬਰ, ਸੂਨੀ ਤੋਂ ਸੂਨੀਆਂ ਦਾ ਟੱਬਰ,16ਆਜ਼ਨੀ ਤੋਂ ਆਜ਼ਨੀਆਂ ਦਾ ਟੱਬਰ, ਏਰੀ ਤੋਂ ਏਰੀਆਂ ਦਾ ਟੱਬਰ,17ਅਰੋਦ ਤੋਂ ਅਰੋਦੀਆਂ ਦਾ ਟੱਬਰ, ਅਰਏਲੀ ਤੋਂ ਅਰਏਲੀਆਂ ਦਾ ਟੱਬਰ,18ਇਹ ਗਾਦੀਆਂ ਦੇ ਟੱਬਰ ਉਨ੍ਹਾਂ ਦੇ ਗਿਣੇ ਹੋਇਆਂ ਦੇ ਅਨੁਸਾਰ ਹਨ ਅਤੇ ਇਹ ਚਾਲ੍ਹੀ ਹਜ਼ਾਰ ਪੰਜ ਸੌ ਸਨ ।

19ਯਹੂਦਾਹ ਦੇ ਪੁੱਤਰ ਏਰ ਅਤੇ ਓਨਾਨ ਸਨ ਅਤੇ ਏਰ ਅਤੇ ਓਨਾਨ ਕਨਾਨ ਦੇਸ ਵਿੱਚ ਮਰ ਗਏ ।20ਯਹੂਦਾਹ ਦੇ ਪੁੱਤਰ ਆਪਣਿਆਂ ਟੱਬਰਾਂ ਅਨੁਸਾਰ ਇਹ ਸਨ, ਸ਼ੇਲਾਹ ਤੋਂ ਸ਼ੇਲਾਹੀਆਂ ਦਾ ਟੱਬਰ, ਪਰਸ ਤੋਂ ਪਰਸੀਆਂ ਦਾ ਟੱਬਰ, ਜ਼ਰਹ ਤੋਂ ਜ਼ਰਹੀਆਂ ਦਾ ਟੱਬਰ,21ਪਰਸ ਦੇ ਪੁੱਤਰ ਇਹ ਸਨ, ਹਸਰੋਨ ਤੋਂ ਹਸਰੋਨੀਆਂ ਦਾ ਟੱਬਰ, ਹਮੂਲ ਤੋਂ ਹਮੂਲੀਆਂ ਦਾ ਟੱਬਰ,22ਇਹ ਯਹੂਦਾਹ ਦੇ ਟੱਬਰ ਉਨ੍ਹਾਂ ਦੇ ਗਿਣੇ ਹੋਇਆਂ ਦੇ ਅਨੁਸਾਰ ਹਨ ਅਤੇ ਉਹ ਛਿਹੱਤਰ ਹਜ਼ਾਰ ਪੰਜ ਸੌ ਸਨ ।

23ਯਿੱਸਾਕਾਰ ਦੇ ਪੁੱਤਰ ਆਪਣਿਆਂ ਟੱਬਰਾਂ ਅਨੁਸਾਰ, ਤੋਲਾ ਤੋਂ ਤੋਲੀਆਂ ਦਾ ਟੱਬਰ, ਪੁੱਵਾਹ ਤੋਂ ਪੂਨੀਆਂ ਦਾ ਟੱਬਰ24ਯਾਸ਼ੂਬ ਤੋਂ ਯਾਸ਼ੂਬੀਆਂ ਦਾ ਟੱਬਰ, ਸ਼ਿਮਰੋਨ ਤੋਂ ਸ਼ਿਮਰੋਨੀਆਂ ਦਾ ਟੱਬਰ25ਇਹ ਯਿੱਸਾਕਾਰ ਦੇ ਟੱਬਰ ਉਨ੍ਹਾਂ ਦੇ ਗਿਣੇ ਹੋਇਆਂ ਅਨੁਸਾਰ ਅਤੇ ਉਹ ਚੌਹਟ ਹਜ਼ਾਰ ਤਿੰਨ ਸੌ ਸਨ ।

26ਜ਼ਬੂਲੁਨ ਦੇ ਪੁੱਤਰ ਆਪਣਿਆਂ ਟੱਬਰਾਂ ਅਨੁਸਾਰ, ਸਰਦ ਤੋਂ ਸਰਦੀਆਂ ਦਾ ਟੱਬਰ, ਏਲੋਨ ਤੋਂ ਏਲੋਨੀਆਂ ਦਾ ਟੱਬਰ, ਯਹਲਏਲ ਤੋਂ ਯਹਲਏਲੀਆਂ ਦਾ ਟੱਬਰ27ਇਹ ਜ਼ਬੂਲੁਨੀਆਂ ਦੇ ਟੱਬਰ ਉਨ੍ਹਾਂ ਦੇ ਗਿਣੇ ਹੋਇਆਂ ਅਨੁਸਾਰ ਹਨ ਅਤੇ ਉਹ ਸੱਠ ਹਜ਼ਾਰ ਪੰਜ ਸੌ ਸਨ ।

28ਯੂਸੁਫ਼ ਦੇ ਪੁੱਤਰ ਆਪਣਿਆਂ ਟੱਬਰਾਂ ਅਨੁਸਾਰ, ਮਨੱਸ਼ਹ ਅਤੇ ਅਫ਼ਰਈਮ29ਮਨੱਸ਼ਹ ਦੇ ਪੁੱਤਰ, ਮਾਕੀਰ ਤੋਂ ਮਾਕੀਰੀਆਂ ਦਾ ਟੱਬਰ, ਅਤੇ ਮਾਕੀਰ ਤੋਂ ਗਿਲਆਦ ਜੰਮਿਆ, ਗਿਲਆਦੀਆਂ ਦਾ ਟੱਬਰ
30ਇਹ ਗਿਲਆਦ ਦੇ ਪੁੱਤਰ, ਈਅਜ਼ਰ ਤੋਂ ਈਅਜ਼ਰੀਆਂ ਦਾ ਟੱਬਰ, ਹੇਲਕ ਤੋਂ ਹੇਲਕੀਆਂ ਦਾ ਟੱਬਰ31ਅਤੇ ਅਸਰੀਏਲ ਤੋਂ ਅਸਰੀਏਲੀਆਂ ਦਾ ਟੱਬਰ ਅਤੇ ਸ਼ਕਮ ਤੋਂ ਸ਼ਕਮੀਆਂ ਦਾ ਟੱਬਰ32ਅਤੇ ਸ਼ਮੀਦਾ ਤੋਂ ਸ਼ਮੀਦਾਈਆਂ ਦਾ ਟੱਬਰ ਅਤੇ ਹੇਫ਼ਰ ਤੋਂ ਹੇਫ਼ਰੀਆਂ ਦਾ ਟੱਬਰ
33ਅਤੇ ਸਲਾਫ਼ਹਾਦ ਹੇਫਰ ਦੇ ਪੁੱਤਰ ਕੋਲ ਪੁੱਤਰ ਨਹੀਂ ਪਰ ਧੀਆਂ ਸਨ ਅਤੇ ਸਲਾਫ਼ਹਾਦ ਦੀਆਂ ਧੀਆਂ ਦੇ ਨਾਮ ਮਹਲਾਹ, ਨੋਆਹ, ਹਾਗਲਾਹ, ਮਿਲਕਾਹ ਅਤੇ ਤਿਰਸਾਹ ਸਨ ।34ਇਹ ਮਨੱਸ਼ਹ ਦੇ ਟੱਬਰ ਹਨ ਅਤੇ ਉਨ੍ਹਾਂ ਦੇ ਗਿਣੇ ਹੋਏ ਬਵੰਜਾ ਹਜ਼ਾਰ ਸੱਤ ਸੌ ਸਨ ।

35ਅਫ਼ਰਈਮ ਦੇ ਪੁੱਤਰ ਆਪਣਿਆਂ ਟੱਬਰਾਂ ਅਨੁਸਾਰ ਇਹ ਸਨ, ਸ਼ੁਥਲਹ ਤੋਂ ਸ਼ੁਥਲਹੀਆਂ ਦਾ ਟੱਬਰ, ਬਕਰ ਤੋਂ ਬਕਰੀਆਂ ਦਾ ਟੱਬਰ, ਬਹਨ ਤੋਂ ਬਹਨੀਆਂ ਦਾ ਟੱਬਰ36ਅਤੇ ਇਹ ਸ਼ੁਥਲਹ ਦੇ ਪੁੱਤਰ ਸਨ, ਏਰਾਨ ਤੋਂ ਏਰਾਨੀਆਂ ਦਾ ਟੱਬਰ,37ਇਹ ਅਫ਼ਰਈਮ ਦੇ ਪੁੱਤਰਾਂ ਦੇ ਟੱਬਰ ਉਨ੍ਹਾਂ ਦੇ ਗਿਣੇ ਹੋਇਆਂ ਅਨੁਸਾਰ ਹਨ ਅਤੇ ਉਹ ਬੱਤੀ ਹਜ਼ਾਰ ਪੰਜ ਸੌ ਸਨ । ਇਹ ਯੂਸੁਫ਼ ਦੇ ਪੁੱਤਰ ਉਨ੍ਹਾਂ ਦੇ ਟੱਬਰਾਂ ਅਨੁਸਾਰ ਹਨ ।

38ਬਿਨਯਾਮੀਨ ਦੇ ਪੁੱਤਰ ਆਪਣਿਆਂ ਟੱਬਰਾਂ ਅਨੁਸਾਰ, ਬਲਾ ਤੋਂ ਬਲੀਆਂ ਦਾ ਟੱਬਰ ਅਸ਼ਬੇਲ ਤੋਂ ਅਸ਼ਬੇਲੀਆਂ ਦਾ ਟੱਬਰ, ਅਹੀਰਾਮ ਤੋਂ ਅਹੀਰਾਮੀਆਂ ਦਾ ਟੱਬਰ,39ਸ਼ਫੂਫਾਮ ਤੋਂ ਸ਼ਫੂਫ਼ਾਮੀਆਂ ਦਾ ਟੱਬਰ, ਹੂਫ਼ਾਮ ਤੋਂ ਹੂਫ਼ਾਮੀਆਂ ਟੱਬਰ40ਅਤੇ ਬਲਾ ਦੇ ਪੁੱਤਰ ਅਰਦ ਅਤੇ ਨਆਮਾਨ ਸਨ । ਅਰਦ ਤੋਂ ਅਰਦੀਆਂ ਦਾ ਟੱਬਰ, ਨਆਮਾਨ ਤੋਂ ਨਆਮਾਨੀਆਂ ਦਾ ਟੱਬਰ41ਇਹ ਬਿਨਯਾਮੀਨ ਦੇ ਪੁੱਤਰ ਉਨ੍ਹਾਂ ਦੇ ਟੱਬਰਾਂ ਅਨੁਸਾਰ ਹਨ ਅਤੇ ਉਨ੍ਹਾਂ ਦੇ ਗਿਣੇ ਹੋਏ ਪੰਤਾਲੀ ਹਜ਼ਾਰ ਛੇ ਸੌ ਸਨ ।

42ਦਾਨ ਦੇ ਪੁੱਤਰ ਆਪਣਿਆਂ ਟੱਬਰਾਂ ਅਨੁਸਾਰ, ਸ਼ੂਹਾਮ ਤੋਂ ਸ਼ੂਹਾਮੀਆਂ ਦਾ ਟੱਬਰ, ਇਹ ਦਾਨੀਆਂ ਦੇ ਟੱਬਰ ਉਨ੍ਹਾਂ ਦੇ ਟੱਬਰਾਂ ਅਨੁਸਾਰ ਹਨ ।43ਸ਼ੂਹਾਮੀਆਂ ਦੇ ਸਾਰੇ ਟੱਬਰ ਦੇ ਗਿਣੇ ਹੋਇਆਂ ਅਨੁਸਾਰ ਚੌਂਹਟ ਹਜ਼ਾਰ ਚਾਰ ਸੌ ਸਨ ।

44ਆਸ਼ੇਰ ਦੇ ਪੁੱਤਰ ਆਪਣਿਆਂ ਟੱਬਰਾਂ ਅਨੁਸਾਰ, ਯਿਮਨਾਹ ਤੋਂ ਯਿਮਨਾਹੀਆਂ ਦਾ ਟੱਬਰ, ਯਿਸ਼ਵੀ ਤੋਂ ਯਿਸ਼ਵੀਆਂ ਦਾ ਟੱਬਰ, ਬਰੀਯਾਹ ਤੋਂ ਬਰੀਈਆਂ ਦਾ ਟੱਬਰ45ਬਰੀਯਾਹ ਦੇ ਪੁੱਤਰ ਤੋਂ, ਹੇਬਰ ਤੋਂ ਹੇਬਰੀਆਂ ਦਾ ਟੱਬਰ, ਮਲਕੀਏਲ ਤੋਂ ਮਲਕੀਏਲੀਆਂ ਦਾ ਟੱਬਰ46ਅਤੇ ਆਸ਼ੇਰ ਦੀ ਧੀ ਦਾ ਨਾਮ ਸਾਰਹ ਸੀ ।47ਇਹ ਆਸ਼ੇਰੀਆਂ ਦੇ ਟੱਬਰ ਉਨ੍ਹਾਂ ਦੇ ਗਿਣੇ ਹੋਇਆਂ ਅਨੁਸਾਰ ਹਨ ਅਤੇ ਉਹ ਤਿਰਵੰਜਾ ਹਜ਼ਾਰ ਚਾਰ ਸੌ ਸਨ ।

48ਨਫ਼ਤਾਲੀ ਦੇ ਪੁੱਤਰ ਉਨ੍ਹਾਂ ਦੇ ਟੱਬਰਾਂ ਅਨੁਸਾਰ, ਯਸਹਏਲ ਤੋਂ ਯਸਹਏਲੀਆਂ ਦਾ ਟੱਬਰ, ਗੂਨੀ ਤੋਂ ਗੁਨੀਆਂ ਦਾ ਟੱਬਰ49ਯੇਸਰ ਤੋਂ ਯੇਸਰੀਆਂ ਦਾ ਟੱਬਰ, ਸ਼ਿੱਲੇਮ ਤੋਂ ਸ਼ਿੱਲੇਮੀਆਂ ਦਾ ਟੱਬਰ50ਇਹ ਨਫ਼ਤਾਲੀ ਦੇ ਟੱਬਰ ਉਨ੍ਹਾਂ ਦੇ ਟੱਬਰਾਂ ਅਨੁਸਾਰ ਹਨ ਅਤੇ ਉਨ੍ਹਾਂ ਦੇ ਗਿਣੇ ਹੋਏ ਪੈਂਤਾਲੀ ਹਜ਼ਾਰ ਚਾਰ ਸੌ ਸਨ ।

51ਇਹ ਇਸਰਾਏਲੀਆਂ ਦੇ ਗਿਣੇ ਹੋਏ ਛੇ ਲੱਖ ਇੱਕ ਹਜ਼ਾਰ ਸੱਤ ਸੌ ਤੀਹ ਸਨ ।

52ਤਦ ਯਹੋਵਾਹ ਨੇ ਮੂਸਾ ਨੂੰ ਆਖਿਆ,53ਇਨ੍ਹਾਂ ਦੀ ਜ਼ਮੀਨ ਇਨ੍ਹਾਂ ਦੇ ਨਾਮਾਂ ਦੇ ਲੇਖੇ ਅਨੁਸਾਰ ਵੰਡੀ ਜਾਵੇ
54ਬਹੁਤਿਆਂ ਲਈ ਤੂੰ ਵੱਡੀ ਜ਼ਮੀਨ ਦੇਈਂ । ਅਤੇ ਥੋੜ੍ਹਿਆਂ ਲਈ ਛੋਟੀ ਜ਼ਮੀਨ ਦੇਈਂ । ਹਰ ਇੱਕ ਨੂੰ ਆਪਣੀ ਗਿਣਤੀ ਅਨੁਸਾਰ ਜ਼ਮੀਨ ਦਿੱਤੀ ਜਾਵੇ ।55ਤਾਂ ਵੀ ਚਿੱਠੀਆਂ ਪਾ ਕੇ ਧਰਤੀ ਵੰਡੀ । ਉਨ੍ਹਾਂ ਦੇ ਪਿਉ-ਦਾਦਿਆਂ ਦਿਆਂ ਗੋਤਾਂ ਦੇ ਨਾਮਾਂ ਅਨੁਸਾਰ ਉਹ ਜ਼ਮੀਨ ਲੈਣ ।56ਚਿੱਠੀ ਪਾਉਣ ਨਾਲ ਜ਼ਮੀਨ ਬਹੁਤਿਆਂ ਅਤੇ ਥੋੜ੍ਹਿਆਂ ਵਿੱਚ ਵੰਡੀ ਜਾਵੇ ।

57ਇਹ ਲੇਵੀ ਦੇ ਗਿਣੇ ਹੋਏ ਆਪਣਿਆਂ ਟੱਬਰਾਂ ਅਨੁਸਾਰ ਹਨ, ਗੇਰਸ਼ੋਨ ਤੋਂ ਗੇਰਸ਼ੋਨੀਆਂ ਦਾ ਟੱਬਰ, ਕਹਾਥ ਤੋਂ ਕਹਾਥੀਆਂ ਦਾ ਟੱਬਰ, ਮਰਾਰੀ ਤੋਂ ਮਰਾਰੀਆਂ ਦਾ ਟੱਬਰ58ਇਹ ਲੇਵੀ ਦੇ ਟੱਬਰ ਹਨ, ਲਿਬਨੀ ਦਾ ਟੱਬਰ, ਹਬਰੋਨੀ ਦਾ ਟੱਬਰ, ਮਹਲੀ ਦਾ ਟੱਬਰ, ਮੁਸ਼ੀ ਦਾ ਟੱਬਰ, ਕਾਰਹੀ ਦਾ ਟੱਬਰ ਅਤੇ ਕਹਾਥ ਤੋਂ ਅਮਰਾਮ ਜੰਮਿਆਂ59ਅਤੇ ਅਮਰਾਮ ਦੀ ਪਤਨੀ ਦਾ ਨਾਮ ਯੋਕਬਦ ਸੀ ਅਤੇ ਉਹ ਲੇਵੀ ਦੀ ਧੀ ਸੀ ਜਿਹੜੀ ਲੇਵੀ ਲਈ ਮਿਸਰ ਵਿੱਚ ਜੰਮੀ ਅਤੇ ਉਹ ਅਮਰਾਮ ਲਈ ਹਾਰੂਨ ਅਤੇ ਮੂਸਾ ਅਤੇ ਉਨ੍ਹਾਂ ਦੀ ਭੈਣ ਮਿਰਯਮ ਨੂੰ ਜਣੀ ।
60ਅਤੇ ਹਾਰੂਨ ਲਈ ਨਾਦਾਬ, ਅਬੀਹੂ, ਅਲਆਜ਼ਾਰ, ਈਥਾਮਾਰ ਜੰਮੇ ।61ਅਤੇ ਨਾਦਾਬ ਅਤੇ ਅਬੀਹੂ ਮਰ ਗਏ ਜਦ ਉਹ ਓਪਰੀ ਅੱਗ ਯਹੋਵਾਹ ਦੇ ਸਨਮੁਖ ਲਿਆਏ ।62ਅਤੇ ਉਨ੍ਹਾਂ ਦੇ ਗਿਣੇ ਹੋਏ ਅਰਥਾਤ ਸਾਰੇ ਆਦਮੀ ਇੱਕ ਮਹੀਨੇ ਦੇ ਅਤੇ ਉੱਪਰ ਦੇ ਤੇਈ ਹਜ਼ਾਰ ਸਨ । ਉਹ ਇਸਰਾਏਲੀਆਂ ਵਿੱਚ ਇਸ ਲਈ ਨਹੀਂ ਗਿਣੇ ਗਏ ਕਿ ਉਨ੍ਹਾਂ ਨੂੰ ਇਸਰਾਏਲੀਆਂ ਵਿੱਚ ਕੋਈ ਜ਼ਮੀਨ ਨਹੀਂ ਦਿੱਤੀ ਗਈ ।

63ਇਹ ਉਹ ਹਨ ਜਿਹੜੇ ਮੂਸਾ ਅਤੇ ਅਲਆਜ਼ਾਰ ਜਾਜਕ ਤੋਂ ਗਿਣੇ ਗਏ, ਜਿਨ੍ਹਾਂ ਨੇ ਇਸਰਾਏਲੀਆਂ ਨੂੰ ਮੋਆਬ ਦੇ ਮੈਦਾਨ ਵਿੱਚ ਯਰਦਨ ਉੱਤੇ ਯਰੀਹੋ ਕੋਲ ਗਿਣਿਆ ।64ਪਰ ਇਨ੍ਹਾਂ ਵਿੱਚ, ਉਨ੍ਹਾਂ ਗਿਣਿਆਂ ਹੋਇਆਂ ਇਸਰਾਏਲੀਆਂ ਵਿੱਚੋਂ ਜਿਨ੍ਹਾਂ ਨੂੰ ਮੂਸਾ ਅਤੇ ਹਾਰੂਨ ਨੇ ਸੀਨਈ ਦੀ ਉਜਾੜ ਵਿੱਚ ਗਿਣਿਆ ਸੀ ਇੱਕ ਵੀ ਮਨੁੱਖ ਨਹੀਂ ਸੀ ।
65ਕਿਉਂ ਜੋ ਯਹੋਵਾਹ ਨੇ ਉਨ੍ਹਾਂ ਦੇ ਵਿਖੇ ਆਖਿਆ ਸੀ ਕਿ ਉਹ ਉਜਾੜ ਵਿੱਚ ਜ਼ਰੂਰ ਹੀ ਮਰ ਜਾਣਗੇ ਸੋ ਨੂਨ ਦੇ ਪੁੱਤਰ ਯਹੋਸ਼ੁਆ ਅਤੇ ਯਫ਼ੁੰਨਹ ਦੇ ਪੁੱਤਰ ਕਾਲੇਬ ਨੂੰ ਛੱਡ ਕੇ ਉਨ੍ਹਾਂ ਵਿੱਚੋਂ ਇੱਕ ਮਨੁੱਖ ਵੀ ਬਚਿਆ ਨਾ ਰਿਹਾ ।

27
ਸਲਾਫ਼ਹਾਦ ਦੀਆਂ ਧੀਆਂ

1ਯੂਸੁਫ਼ ਦੇ ਪੁੱਤਰ ਮਨੱਸ਼ਹ ਦੇ ਟੱਬਰਾਂ ਵਿੱਚੋਂ ਸਲਾਫ਼ਹਾਦ ਜਿਹੜਾ ਹੇਫ਼ਰ ਦਾ ਪੁੱਤਰ ਗਿਲਆਦ ਦਾ ਪੋਤਾ ਮਕੀਰ ਦਾ ਪੜਪੋਤਾ ਅਤੇ ਮਨੱਸ਼ਹ ਦੀ ਅੰਸ਼ ਤੋਂ ਸੀ ਉਸ ਦੀਆਂ ਧੀਆਂ ਆਈਆਂ ਜਿਨ੍ਹਾਂ ਦੇ ਨਾਮ ਮਹਲਾਹ, ਨੋਆਹ, ਹਾਗਲਾਹ, ਮਿਲਕਾਹ, ਅਤੇ ਤਿਰਸਾਹ ਸਨ

2ਅਤੇ ਮੂਸਾ ਦੇ ਅੱਗੇ, ਅਲਆਜ਼ਾਰ ਜਾਜਕ, ਪ੍ਰਧਾਨਾਂ ਅਤੇ ਸਾਰੀ ਮੰਡਲੀ ਦੇ ਅੱਗੇ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਵਿੱਚ ਖੜ੍ਹੇ ਹੋ ਕੇ ਆਖਿਆ,3ਸਾਡਾ ਪਿਤਾ ਉਜਾੜ ਵਿੱਚ ਮਰ ਗਿਆ ਪਰ ਉਹ ਉਸ ਟੋਲੀ ਵਿੱਚ ਨਹੀਂ ਸੀ ਜਿਹੜੇ ਕੋਰਹ ਦੀ ਮੰਡਲੀ ਨਾਲ ਰਲ ਕੇ ਯਹੋਵਾਹ ਦੇ ਵਿਰੁੱਧ ਹੋ ਗਏ ਸਨ । ਉਹ ਤਾਂ ਆਪਣੇ ਹੀ ਪਾਪ ਨਾਲ ਮਰਿਆ ਅਤੇ ਉਸ ਦੇ ਪੁੱਤਰ ਨਹੀਂ ਸਨ ।
4ਸਾਡੇ ਪਿਤਾ ਦਾ ਨਾਮ ਉਸ ਦੇ ਟੱਬਰ ਵਿੱਚੋਂ ਪੁੱਤਰ ਨਾ ਹੋਣ ਦੇ ਕਾਰਨ ਕਿਉਂ ਮਿਟਾਇਆ ਜਾਵੇ ? ਸਾਨੂੰ ਵੀ ਸਾਡੇ ਪਿਤਾ ਦੇ ਭਰਾਵਾਂ ਨਾਲ ਜ਼ਮੀਨ ਦਿਓ ।5ਤਾਂ ਮੂਸਾ ਉਨ੍ਹਾਂ ਦੀ ਬੇਨਤੀ ਨੂੰ ਯਹੋਵਾਹ ਅੱਗੇ ਲੈ ਗਿਆ ।
6ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ,7ਸਲਾਫ਼ਹਾਦ ਦੀਆਂ ਧੀਆਂ ਠੀਕ ਬੋਲਦੀਆਂ ਹਨ, ਉਨ੍ਹਾਂ ਨੂੰ ਉਨ੍ਹਾਂ ਦੇ ਪਿਤਾ ਦੇ ਭਰਾਵਾਂ ਨਾਲ ਜ਼ਰੂਰ ਜਾਇਦਾਦ ਦੇ ਅਰਥਾਤ ਉਨ੍ਹਾਂ ਤੱਕ ਉਨ੍ਹਾਂ ਦੇ ਪਿਤਾ ਦੀ ਜ਼ਮੀਨ ਪਹੁੰਚਾ ਦੇ ।8ਤੂੰ ਇਸਰਾਏਲੀਆਂ ਨੂੰ ਬੋਲ ਕਿ ਜੇ ਕੋਈ ਮਨੁੱਖ ਮਰ ਜਾਵੇ ਅਤੇ ਉਸ ਦਾ ਪੁੱਤਰ ਨਾ ਹੋਵੇ ਤਾਂ ਉਸ ਦੀ ਜ਼ਮੀਨ ਉਸ ਦੀ ਧੀ ਨੂੰ ਦੇਵੋ ।
9ਜੇ ਉਸ ਦੀ ਧੀ ਨਾ ਹੋਵੇ ਤਾਂ ਤੁਸੀਂ ਉਸ ਦੀ ਜ਼ਮੀਨ ਉਸ ਦੇ ਭਰਾਵਾਂ ਨੂੰ ਦਿਓ ।10ਜੇ ਉਸ ਦਾ ਭਰਾ ਨਾ ਹੋਵੇ ਤਾਂ ਤੁਸੀਂ ਉਸ ਦੀ ਜ਼ਮੀਨ ਉਸ ਦੇ ਪਿਤਾ ਦੇ ਭਰਾਵਾਂ ਨੂੰ ਦਿਓ ।11ਅਤੇ ਜੇ ਉਸ ਦੇ ਪਿਤਾ ਦੇ ਭਰਾ ਨਾ ਹੋਣ ਤਾਂ ਤੁਸੀਂ ਉਸ ਦੀ ਜ਼ਮੀਨ ਉਸ ਦੇ ਨਜ਼ਦੀਕੀ ਰਿਸ਼ਤੇਦਾਰ ਨੂੰ ਜਿਹੜੇ ਉਸ ਦੇ ਟੱਬਰ ਦੇ ਹੋਣ ਦਿਓ ਅਤੇ ਉਹ ਆਪਣੇ ਕਬਜ਼ੇ ਵਿੱਚ ਲੈਣ ਅਤੇ ਇਹ ਇਸਰਾਏਲੀਆਂ ਲਈ ਨਿਆਂ ਦੀ ਬਿਧੀ ਹੋਵੇ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ।
ਮੂਸਾ ਦੇ ਸਥਾਨ ਤੇ ਯਹੋਸ਼ੂਆ
(ਬਿਵਸਥਾਸਾਰ 31:1-8)

12ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ ਕਿ ਤੂੰ ਇਸ ਅਬਾਰੀਮ ਨਾਮੀ ਪਹਾੜ ਉੱਤੇ ਚੜ੍ਹ ਅਤੇ ਉਸ ਧਰਤੀ ਨੂੰ ਵੇਖ ਜਿਹੜੀ ਮੈਂ ਇਸਰਾਏਲੀਆਂ ਨੂੰ ਦਿੱਤੀ ਹੈ ।13ਜਦ ਤੂੰ ਉਹ ਨੂੰ ਵੇਖ ਲਿਆ ਤਾਂ ਤੂੰ ਵੀ ਆਪਣੇ ਲੋਕਾਂ ਵਿੱਚ ਜਾ ਰਲੇਗਾ ਜਿਵੇਂ ਹਾਰੂਨ ਤੇਰਾ ਭਰਾ ਜਾ ਰਲਿਆ ਹੈ ।14ਇਸ ਲਈ ਕਿ ਤੁਸੀਂ ਮੇਰੇ ਹੁਕਮ ਨੂੰ ਸੀਨਈ ਦੀ ਉਜਾੜ ਵਿੱਚ ਰੱਦਿਆ ਜਦ ਮੰਡਲੀ ਵਿਰੋਧੀ ਹੋ ਗਈ ਅਤੇ ਤੁਸੀਂ ਮੈਨੂੰ ਉਸ ਪਾਣੀ ਵਿਖੇ ਉਨ੍ਹਾਂ ਦੀਆਂ ਅੱਖਾਂ ਅੱਗੇ ਪਵਿੱਤਰ ਨਾ ਠਹਿਰਾਇਆ । ਉਹ ਮਰੀਬਾਹ ਦਾ ਪਾਣੀ ਸੀਨ ਦੀ ਉਜਾੜ ਵਿੱਚ ਕਾਦੇਸ਼ ਦੇ ਕੋਲ ਸੀ ।
15ਫਿਰ ਮੂਸਾ ਨੇ ਯਹੋਵਾਹ ਨਾਲ ਗੱਲ ਕੀਤੀ16ਕਿ ਯਹੋਵਾਹ ਜਿਹੜਾ ਸਾਰੇ ਸਰੀਰਾਂ ਦੀਆਂ ਆਤਮਾਂ ਦਾ ਪਰਮੇਸ਼ੁਰ ਹੈ ਕਿਸੇ ਮਨੁੱਖ ਨੂੰ ਮੰਡਲੀ ਉੱਤੇ ਠਹਿਰਾਵੇ ।17ਜਿਹੜਾ ਉਨ੍ਹਾਂ ਦੇ ਅੱਗੇ ਬਾਹਰ ਜਾਵੇ ਅਤੇ ਜਿਹੜਾ ਉਨ੍ਹਾਂ ਦੇ ਅੱਗੇ ਅੰਦਰ ਆਵੇ ਅਤੇ ਜਿਹੜਾ ਉਨ੍ਹਾਂ ਨੂੰ ਬਾਹਰ ਲੈ ਜਾਵੇ ਅਤੇ ਅੰਦਰ ਲੈ ਆਵੇ ਤਾਂ ਜੋ ਯਹੋਵਾਹ ਦੀ ਮੰਡਲੀ ਉਸ ਇੱਜੜ ਵਾਂਗੂੰ ਨਾ ਹੋਵੇ ਜਿਨ੍ਹਾਂ ਦਾ ਕੋਈ ਚਰਵਾਹਾ ਨਹੀਂ ।
18ਅੱਗੋਂ ਯਹੋਵਾਹ ਨੇ ਮੂਸਾ ਨੂੰ ਆਖਿਆ, ਨੂਨ ਦੇ ਪੁੱਤਰ ਯਹੋਸ਼ੁਆ ਨੂੰ ਆਪਣੇ ਲਈ ਲੈ । ਉਹ ਇੱਕ ਮਨੁੱਖ ਹੈ ਜਿਸ ਦੇ ਵਿੱਚ ਆਤਮਾ ਹੈ ਅਤੇ ਤੂੰ ਆਪਣਾ ਹੱਥ ਉਸ ਉੱਤੇ ਰੱਖ ।19ਫੇਰ ਤੂੰ ਉਹ ਨੂੰ ਅਲਆਜ਼ਾਰ ਜਾਜਕ ਦੇ ਅੱਗੇ ਅਤੇ ਸਾਰੀ ਮੰਡਲੀ ਦੇ ਅੱਗੇ ਖੜ੍ਹਾ ਕਰ ਕੇ ਉਨ੍ਹਾਂ ਦੇ ਵੇਖਦਿਆਂ ਤੇਂ ਉਹ ਨੂੰ ਅਧਿਕਾਰ ਦੇ ।
20ਅਤੇ ਤੂੰ ਉਸ ਨੂੰ ਆਪਣੀ ਪਦਵੀ ਤੋਂ ਦੇ ਤਾਂ ਜੋ ਇਸਰਾਏਲ ਦੀ ਸਾਰੀ ਮੰਡਲੀ ਉਸ ਦੀ ਸੁਣੇ ।21ਅਤੇ ਉਹ ਅਲਆਜ਼ਾਰ ਜਾਜਕ ਦੇ ਅੱਗੇ ਖੜ੍ਹਾ ਹੋਵੇ ਅਤੇ ਉਹ ਯਹੋਵਾਹ ਦੇ ਅੱਗੇ ਊਰੀਮ ਦਾ ਫ਼ੈਸਲਾ ਉਹ ਦੇ ਵਿਖੇ ਪੁੱਛੇ । ਉਸ ਦੇ ਹੁਕਮ ਉੱਤੇ ਉਹ ਸਾਰੇ ਇਸਰਾਏਲੀ ਅਰਥਾਤ ਸਾਰੀ ਮੰਡਲੀ ਬਾਹਰ ਜਾਵੇ ਅਤੇ ਉਸ ਦੇ ਹੁਕਮ ਉੱਤੇ ਅੰਦਰ ਆਵੇ ।
22ਸੋ ਮੂਸਾ ਨੇ ਇਸੇ ਤਰ੍ਹਾਂ ਹੀ ਕੀਤਾ ਜਿਵੇਂ ਯਹੋਵਾਹ ਨੇ ਉਹ ਨੂੰ ਹੁਕਮ ਦਿੱਤਾ ਸੀ ਅਤੇ ਯਹੋਸ਼ੁਆ ਨੂੰ ਲੈ ਕੇ ਅਲਆਜ਼ਾਰ ਜਾਜਕ ਦੇ ਅੱਗੇ ਅਤੇ ਸਾਰੀ ਮੰਡਲੀ ਦੇ ਅੱਗੇ ਖੜ੍ਹਾ ਕੀਤਾ ।23ਫੇਰ ਉਹ ਨੇ ਆਪਣੇ ਹੱਥ ਉਸ ਉੱਤੇ ਰੱਖੇ ਅਤੇ ਉਸ ਨੂੰ ਇਖ਼ਤਿਆਰ ਦਿੱਤਾ ਜਿਵੇਂ ਯਹੋਵਾਹ ਮੂਸਾ ਦੇ ਰਾਹੀਂ ਬੋਲਿਆ ਸੀ ।

28
ਠਹਿਰਾਏ ਹੋਏ ਸਮਿਆਂ ਦੇ ਬਲੀਦਾਨ
(ਕੂਚ 29:38 – 46)

1ਯਹੋਵਾਹ ਨੇ ਮੂਸਾ ਨੂੰ ਆਖਿਆ,2ਤੂੰ ਇਸਰਾਏਲੀਆਂ ਨੂੰ ਹੁਕਮ ਦੇ ਕੇ, ਉਨ੍ਹਾਂ ਨੂੰ ਆਖ ਕਿ ਮੇਰਾ ਚੜ੍ਹਾਵਾ ਅਰਥਾਤ ਮੇਰਾ ਭੋਜਨ ਅੱਗ ਦੀ ਭੇਟ ਲਈ, ਜਿਹੜੀ ਮੇਰੇ ਲਈ ਸੁਗੰਧਤਾ ਹੋਵੇ ਯਾਦ ਰੱਖੋ ਤਾਂ ਜੋ ਠਹਿਰਾਏ ਹੋਏ ਸਮੇਂ ਉੱਤੇ ਤੁਸੀਂ ਮੇਰੇ ਲਈ ਚੜ੍ਹਾਇਆ ਕਰੋ ।

3ਅਤੇ ਤੂੰ ਉਨ੍ਹਾਂ ਨੂੰ ਆਖੀਂ, ਅੱਗ ਦੀ ਭੇਟ ਇਹ ਹੈ ਜਿਹੜੀ ਤੁਸੀਂ ਯਹੋਵਾਹ ਲਈ ਚੜ੍ਹਾਓ, ਇੱਕ ਸਾਲ ਦਾ ਭੇਡ ਦਾ ਬੱਚਾ ਜਿਹੜਾ ਦੋਸ਼ ਤੋਂ ਰਹਿਤ ਹੋਵੇ ਅਤੇ ਰੋਜ਼ ਦੋ-ਦੋ ਮੇਢੇ ਹੋਮ ਬਲੀ ਲਈ ।4ਇੱਕ ਭੇਡ ਦਾ ਬੱਚਾ ਤੂੰ ਸਵੇਰ ਨੂੰ ਚੜ੍ਹਾਵੀ ਅਤੇ ਦੂਜਾ ਭੇਡ ਦਾ ਬੱਚਾ ਤੂੰ ਸ਼ਾਮ ਨੂੰ ਚੜ੍ਹਾਵੀਂ ।5ਏਫ਼ਾਹ ਦਾ ਦਸਵੰਧ ਮੈਦੇ ਦਾ, ਮੈਦੇ ਦੀ ਭੇਟ ਲਈ ਖ਼ਾਲਸ ਤੇਲ ਦੇ ਹੀਨ ਦੀ ਚੌਥਾਈ ਵਿੱਚ ਮਿਲਿਆ ਹੋਇਆ ।
6ਇਹ ਸਦੀਪਕਾਲ ਹੋਮ ਬਲੀ ਹੈ ਜਿਹੜੀ ਸੀਨਈ ਦੀ ਪਹਾੜ ਉੱਤੇ ਠਹਿਰਾਈ ਗਈ ਕਿ ਉਹ ਯਹੋਵਾਹ ਲਈ ਸੁਗੰਧਤਾ ਦੀ ਅੱਗ ਦੀ ਬਲੀ ਹੋਵੇ ।7ਉਹ ਦੇ ਪੀਣ ਦੀ ਭੇਟ ਹੀਨ ਦੀ ਚੌਥਾਈ ਇੱਕ ਭੇਡ ਦੇ ਬੱਚੇ ਲਈ ਹੋਵੇ ਅਤੇ ਪਵਿੱਤਰ ਸਥਾਨ ਵਿੱਚ ਤੂੰ ਉਹ ਨੂੰ ਯਹੋਵਾਹ ਲਈ ਤੁੰਦ ਮਧ ਦੇ ਪੀਣ ਦੀ ਭੇਟ ਕਰਕੇ ਡੋਹਲ ਦੇਈਂ ।8ਅਤੇ ਦੂਜਾ ਭੇਡ ਦਾ ਬੱਚਾ ਸ਼ਾਮਾਂ ਨੂੰ ਚੜ੍ਹਾਈਂ । ਸਵੇਰ ਦੇ ਮੈਦੇ ਦੀ ਭੇਟ ਵਾਂਗੂੰ ਅਤੇ ਉਸ ਦੇ ਪੀਣ ਦੀ ਭੇਟ ਵਾਂਗੂੰ ਯਹੋਵਾਹ ਲਈ ਸੁਗੰਧਤਾ ਦੀ ਅੱਗ ਦੀ ਭੇਟ ਕਰਕੇ ਚੜ੍ਹਾਈਂ ।
ਵਿਸ਼ਰਾਮ ਦਿਨ ਦੇ ਬਲੀਦਾਨ

9ਅਤੇ ਸਬਤ ਦੇ ਦਿਨ ਤੂੰ ਦੋ ਇੱਕ-ਇੱਕ ਸਾਲ ਦੇ ਭੇਡ ਦੇ ਬੱਚੇ ਦੋਸ਼ ਤੋਂ ਰਹਿਤ, ਤੇਲ ਮਿਲੇ ਹੋਏ ਮੈਦੇ ਦੇ ਦੋ ਦਸਵੰਧ, ਮੈਦੇ ਦੀ ਬਲੀ ਲਈ ਨਾਲੇ ਉਸ ਦੇ ਪੀਣ ਦੀ ਭੇਟ ਚੜ੍ਹਾਓ ।10ਇਹ ਹਰ ਸਬਤ ਦੀ ਹੋਮ ਦੀ ਬਲੀ ਹੋਵੇ, ਨਾਲੇ ਸਦੀਪਕਾਲ ਹੋਮ ਦੀ ਬਲੀ ਅਤੇ ਉਸ ਦੇ ਪੀਣ ਦੀ ਭੇਟ ਹੋਵੇ ।
ਹਰ ਮਹੀਨੇ ਦੇ ਬਲੀਦਾਨ

11ਆਪਣੇ ਮਹੀਨਿਆਂ ਦੀ ਸ਼ੁਰੁਆਤ ਵਿੱਚ ਤੁਸੀਂ ਯਹੋਵਾਹ ਲਈ ਹੋਮ ਦੀ ਬਲੀ ਲਈ ਦੋ ਵਹਿੜੇ ਅਤੇ ਇੱਕ ਭੇਡੂ ਅਤੇ ਸੱਤ ਇੱਕ ਸਾਲ ਦੇ ਭੇਡ ਦੇ ਬੱਚੇ ਦੋਸ਼ ਤੋਂ ਰਹਿਤ ਚੜ੍ਹਾਇਆ ਕਰੋ ।12ਅਤੇ ਹਰ ਇੱਕ ਵਹਿੜੇ ਦੇ ਮੈਦੇ ਦੀ ਭੇਟ ਲਈ ਤਿੰਨ ਦਸਵੰਧ ਤੇਲ ਮਿਲੇ ਹੋਏ ਮੈਦੇ ਦੇ ਹੋਣ ਅਤੇ ਹਰ ਭੇਡੂ ਦੇ ਮੈਦੇ ਦੀ ਭੇਟ ਲਈ ਦੋ ਦਸਵੰਧ ਤੇਲ ਮਿਲੇ ਹੋਏ ਮੈਦੇ ਦੇ ਹੋਣ ।13ਹਰ ਭੇਡ ਦਾ ਬੱਚੇ ਦੇ ਮੈਦੇ ਦੀ ਭੇਟ ਲਈ ਇੱਕ ਦਸਵੰਧ ਮੈਦੇ ਦਾ ਤੇਲ ਮਿਲਿਆ ਹੋਇਆ ਹੋਵੇ । ਇਹ ਹੋਮ ਦੀ ਬਲੀ ਯਹੋਵਾਹ ਲਈ ਸੁਗੰਧਤਾ ਦੀ ਅੱਗ ਦੀ ਭੇਟ ਹੋਵੇਗੀ ।
14ਉਨ੍ਹਾਂ ਦੇ ਪੀਣ ਦੀਆਂ ਭੇਟਾਂ ਹਰ ਵਹਿੜੇ ਲਈ ਅੱਧਾ ਹੀਨ ਮਧ ਅਤੇ ਹਰ ਭੇਡੂ ਲਈ ਹੀਨ ਦੀ ਤਿਹਾਈ ਅਤੇ ਹਰ ਭੇਡ ਦੇ ਬੱਚੇ ਲਈ ਹੀਨ ਦੀ ਚੌਥਾਈ ਹੋਵੇ । ਇਹ ਸਾਰੇ ਸਾਲ ਦੇ ਹਰ ਮਹੀਨੇ ਦੀ ਹੋਮ ਦੀ ਬਲੀ ਹੋਵੇ ।15ਅਤੇ ਯਹੋਵਾਹ ਲਈ ਪਾਪ ਦੀ ਬਲੀ ਇੱਕ ਬੱਕਰਾ ਹੋਵੇ । ਸਦੀਪਕਾਲ ਹੋਮ ਦੀ ਬਲੀ ਦੇ ਨਾਲ ਇਹ ਅਤੇ ਉਸ ਦੇ ਪੀਣ ਦੀ ਭੇਟ ਚੜ੍ਹਾਈ ਜਾਵੇ ।
ਪਸਾਹ ਦੇ ਪਰਬ ਦੇ ਬਲੀਦਾਨ
(ਲੇਵੀਆਂ 23:5 – 14)

16ਅਤੇ ਪਹਿਲੇ ਮਹੀਨੇ ਦੇ ਚੌਧਵੇਂ ਦਿਨ ਯਹੋਵਾਹ ਦਾ ਪਸਾਹ ਹੋਵੇ ।17ਅਤੇ ਇਸੇ ਮਹੀਨੇ ਦੇ ਪੰਦਰਵੇਂ ਦਿਨ ਇੱਕ ਪਰਬ ਹੋਵੇ ਅਤੇ ਸੱਤ ਦਿਨ ਤੱਕ ਪਤੀਰੀ ਰੋਟੀ ਖਾਧੀ ਜਾਵੇ ।18ਪਹਿਲੇ ਦਿਨ ਇੱਕ ਪਵਿੱਤਰ ਸਭਾ ਹੋਵੇ । ਜਿਸ ਵਿੱਚ ਤੁਸੀਂ ਕੋਈ ਕੰਮ-ਧੰਦਾ ਨਾ ਕਰਨਾ ।
19ਪਰ ਤੁਸੀਂ ਅੱਗ ਦੀ ਭੇਟ ਚੜ੍ਹਾਇਓ ਜਿਹੜੀ ਯਹੋਵਾਹ ਲਈ ਹੋਮ ਦੀ ਬਲੀ ਹੋਵੇ । ਦੋ ਵਹਿੜੇ, ਇੱਕ ਭੇਡੂ ਅਤੇ ਸੱਤ ਇੱਕ-ਇੱਕ ਸਾਲ ਦੇ ਭੇਡ ਦੇ ਬੱਚੇ ਇਹ ਦੋਸ਼ ਰਹਿਤ ਹੋਣ ।20ਅਤੇ ਉਨ੍ਹਾਂ ਦੇ ਮੈਦੇ ਦੀ ਭੇਟ ਤੇਲ ਮਿਲੇ ਹੋਏ ਮੈਦੇ ਦੀ ਹੋਵੇ । ਹਰ ਵਹਿੜੇ ਲਈ ਤਿੰਨ ਦਸਵੰਧ, ਹਰ ਭੇਡੂ ਲਈ ਦੋ ਦਸਵੰਧ ਚੜ੍ਹਾਓ ।21ਤੂੰ ਸੱਤਾਂ ਲੇਲਿਆਂ ਵਿੱਚੋਂ ਹਰ ਭੇਡ ਦੇ ਬੱਚੇ ਲਈ ਇੱਕ ਦਸਵੰਧ ਚੜ੍ਹਾ22ਅਤੇ ਇੱਕ ਬੱਕਰਾ ਤੁਹਾਡੇ ਪਰਾਸਚਿਤ ਲਈ ਪਾਪ ਦੀ ਬਲੀ ਹੋਵੇ ।
23ਅਤੇ ਸਵੇਰ ਦੀ ਹੋਮ ਦੀ ਬਲੀ ਤੋਂ ਬਿਨ੍ਹਾਂ ਜਿਹੜੀ ਸਦੀਪਕਾਲ ਹੋਮ ਬਲੀ ਹੈ ਤੁਸੀਂ ਇਨ੍ਹਾਂ ਨੂੰ ਚੜ੍ਹਾਇਓ ।24ਇਸੇ ਤਰ੍ਹਾਂ ਤੁਸੀਂ ਸੱਤਾਂ ਦਿਨਾਂ ਤੱਕ ਯਹੋਵਾਹ ਲਈ ਪਰਸ਼ਾਦ ਚੜ੍ਹਾਇਓ ਜਿਹੜਾ ਸੁਗੰਧਤਾ ਦੀ ਅੱਗ ਦੀ ਭੇਟ ਹੋਵੇ ਅਤੇ ਇਹ ਹੋਮ ਬਲੀ ਅਤੇ ਪੀਣ ਦੀ ਭੇਟ ਦੇ ਬਿਨ੍ਹਾਂ ਚੜ੍ਹਾਇਆ ਜਾਵੇ ।25ਸੱਤਵੇਂ ਦਿਨ ਤੁਹਾਡੀ ਪਵਿੱਤਰ ਸਭਾ ਹੋਵੇ । ਉਸ ਵਿੱਚ ਤੁਸੀਂ ਕੋਈ ਕੰਮ-ਧੰਦਾ ਨਾ ਕਰਨਾ ।
ਵਾਢੀ ਦੇ ਪਰਬ ਦੇ ਬਲੀਦਾਨ
(ਲੇਵੀਆਂ 23:15-22)

26ਪਹਿਲੇ ਫ਼ਲਾਂ ਦੇ ਦਿਨ ਜਦ ਤੁਸੀਂ ਆਪਣੇ ਅਠਵਾਰਿਆਂ ਦੇ ਪਰਬ ਵਿੱਚ ਯਹੋਵਾਹ ਲਈ ਨਵੀਂ ਮੈਦੇ ਦੀ ਭੇਟ ਚੜ੍ਹਾਓ ਤਾਂ ਤੁਹਾਡੀ ਇੱਕ ਪਵਿੱਤਰ ਸਭਾ ਹੋਵੇ । ਉਸ ਦਿਨ ਕੋਈ ਕੰਮ-ਧੰਦਾ ਨਾ ਕਰਨਾ ।27ਤੁਸੀਂ ਯਹੋਵਾਹ ਲਈ ਸੁਗੰਧਤਾ ਦੀ ਹੋਮ ਦੀ ਬਲੀ ਚੜ੍ਹਾਇਓ ਅਰਥਾਤ ਦੋ ਵਹਿੜੇ, ਇੱਕ ਭੇਡੂ ਅਤੇ ਸੱਤ ਇੱਕ-ਇੱਕ ਸਾਲ ਦੇ ਭੇਡ ਦੇ ਬੱਚੇ28ਨਾਲੇ ਉਨ੍ਹਾਂ ਦੀ ਤੇਲ ਮਿਲੇ ਹੋਏ ਮੈਦੇ ਦੀ ਭੇਟ । ਹਰ ਵਹਿੜੇ ਲਈ ਤਿੰਨ ਦਸਵੰਧ ਅਤੇ ਹਰ ਭੇਡੂ ਲਈ ਦੋ ਦਸਵੰਧ ।
29ਉਨ੍ਹਾਂ ਸੱਤਾਂ ਭੇਡ ਦੇ ਬੱਚਿਆਂ ਵਿੱਚੋਂ ਹਰ ਭੇਡ ਦੇ ਬੱਚੇ ਲਈ ਇੱਕ ਦਸਵੰਧ ।30ਨਾਲੇ ਇੱਕ ਬੱਕਰਾ ਤੁਹਾਡੇ ਪਰਾਸਚਿਤ ਲਈ ਚੜ੍ਹਾਇਆ ਜਾਵੇ ।31ਹੋਮ ਬਲੀ ਅਤੇ ਉਸ ਦੇ ਮੈਦੇ ਦੀ ਭੇਟ ਤੋਂ ਬਿਨ੍ਹਾਂ ਤੁਸੀਂ ਉਨ੍ਹਾਂ ਨੂੰ ਜਿਹੜੇ ਦੋਸ਼ ਤੋਂ ਰਹਿਤ ਹੋਣ ਅਤੇ ਉਨ੍ਹਾਂ ਦੇ ਪੀਣ ਦੀਆਂ ਭੇਟਾਂ ਚੜ੍ਹਾਇਆ ਕਰੋ ।

29
ਨਵੇਂ ਸਾਲ ਦੇ ਪਰਬ ਦੇ ਬਲੀਦਾਨ
(ਲੇਵੀਆਂ 23:23 – 25)

1ਸੱਤਵੇਂ ਮਹੀਨੇ ਦੇ ਪਹਿਲੇ ਦਿਨ ਤੁਹਾਡੀ ਪਵਿੱਤਰ ਸਭਾ ਹੋਵੇ । ਤੁਸੀਂ ਕੋਈ ਕੰਮ-ਧੰਦਾ ਨਾ ਕਰੋ ਪਰ ਉਹ ਤੁਹਾਡੇ ਲਈ ਤੁਰ੍ਹੀਆਂ ਵਜਾਉਣ ਦਾ ਦਿਨ ਹੋਵੇ ।

2ਅਤੇ ਤੁਸੀਂ ਯਹੋਵਾਹ ਲਈ ਸੁਗੰਧਤਾ ਦੀ ਹੋਮ ਬਲੀ ਚੜ੍ਹਾਓ ਅਰਥਾਤ ਇੱਕ ਵਹਿੜਾ, ਇੱਕ ਭੇਡੂ ਅਤੇ ਦੋਸ਼ ਤੋਂ ਰਹਿਤ ਸੱਤ ਇੱਕ-ਇੱਕ ਸਾਲ ਦੇ ਭੇਡ ਦੇ ਬੱਚੇ ।
3ਅਤੇ ਉਸ ਦੇ ਮੈਦੇ ਦੀ ਭੇਟ ਤੇਲ ਵਿੱਚ ਮਿਲਿਆ ਹੋਇਆ ਮੈਦਾ ਹੋਵੇ, ਵਹਿੜੇ ਲਈ ਤਿੰਨ ਦਸਵੰਧ, ਭੇਡੂ ਲਈ ਦੋ ਦਸਵੰਧ4ਅਤੇ ਸੱਤਾਂ ਭੇਡ ਦੇ ਬੱਚਿਆਂ ਵਿੱਚੋਂ ਹਰ ਭੇਡ ਦੇ ਬੱਚੇ ਲਈ ਇੱਕ ਦਸਵੰਧ5ਨਾਲੇ ਤੁਹਾਡੇ ਪਰਾਸਚਿਤ ਲਈ ਇੱਕ ਬੱਕਰਾ ਪਾਪ ਦੀ ਬਲੀ ਲਈ ਚੜ੍ਹਾਇਆ ਜਾਵੇ ।
6ਅਤੇ ਇਹ ਇਨ੍ਹਾਂ ਤੋਂ ਅਲੱਗ ਹੋਣ ਅਰਥਾਤ ਨਵੇਂ ਚੰਦਰਮਾ ਦੀ ਹੋਮ ਬਲੀ ਉਸ ਦੇ ਮੈਦੇ ਦੀ ਭੇਟ ਦੇ ਨਾਲ ਅਤੇ ਅਖੰਡ ਹੋਮ ਬਲੀ ਉਸ ਦੇ ਮੈਦੇ ਦੀ ਭੇਟ ਨਾਲ ਅਤੇ ਉਨ੍ਹਾਂ ਦੇ ਪੀਣ ਦੀਆਂ ਭੇਟਾਂ ਸਮੇਤ ਉਨ੍ਹਾਂ ਦੀ ਰੀਤ ਅਨੁਸਾਰ, ਇਹ ਯਹੋਵਾਹ ਲਈ ਸੁਗੰਧਤਾ ਦੀ ਅੱਗ ਦੀ ਭੇਟ ਹੋਵੇ ।
ਪ੍ਰਾਸ਼ਚਿਤ ਦੇ ਦਿਨ ਦੇ ਬਲੀਦਾਨ
(ਲੇਵੀਆਂ 23:26 – 32)

7ਇਸ ਸੱਤਵੇਂ ਮਹੀਨੇ ਦੇ ਦਸਵੇਂ ਦਿਨ ਤੁਹਾਡੀ ਪਵਿੱਤਰ ਸਭਾ ਹੋਵੇ ਜਿਸ ਦੇ ਵਿੱਚ ਤੁਸੀਂ ਆਪਣਿਆਂ ਜਾਨਾਂ ਨੂੰ ਦੁੱਖ ਦਿਓ ਪਰ ਕੋਈ ਕੰਮ-ਧੰਦਾ ਨਾ ਕਰੋ ।8ਤੁਸੀਂ ਯਹੋਵਾਹ ਲਈ ਸੁਗੰਧਤਾ ਦੀ ਹੋਮ ਬਲੀ ਚੜ੍ਹਾਓ ਅਰਥਾਤ ਇੱਕ ਵਹਿੜਾ, ਇੱਕ ਭੇਡੂ, ਸੱਤ ਇੱਕ ਸਾਲ ਦੇ ਭੇਡ ਦੇ ਬੱਚੇ । ਤੁਹਾਡੇ ਚੜ੍ਹਾਵੇ ਦੋਸ਼ ਤੋਂ ਰਹਿਤ ਹੋਣ
9ਅਤੇ ਉਨ੍ਹਾਂ ਦੇ ਮੈਦੇ ਦੀ ਭੇਟ ਤੇਲ ਵਿੱਚ ਮਿਲਿਆ ਹੋਇਆ ਮੈਦਾ ਹੋਵੇ । ਵਹਿੜੇ ਲਈ ਤਿੰਨ ਦਸਵੰਧ, ਭੇਡੂ ਲਈ ਦੋ ਦਸਵੰਧ10ਅਤੇ ਉਨ੍ਹਾਂ ਸੱਤਾਂ ਭੇਡ ਦਾ ਬੱਚਿਆਂ ਵਿੱਚੋਂ ਹਰ ਇੱਕ ਭੇਡ ਦਾ ਬੱਚੇ ਲਈ ਇੱਕ ਦਸਵੰਧ ਹੋਵੇ ।11ਅਤੇ ਪਰਾਸਚਿਤ ਲਈ ਪਾਪ ਦੀ ਬਲੀ ਅਤੇ ਹੋਮ ਦੀ ਬਲੀ ਅਤੇ ਉਸ ਦੇ ਮੈਦੇ ਦੀ ਅਤੇ ਉਨ੍ਹਾਂ ਦੇ ਪੀਣ ਦੀਆਂ ਭੇਟਾਂ ਤੋਂ ਅਲੱਗ ਇੱਕ ਬੱਕਰਾ ਪਾਪ ਦੀ ਬਲੀ ਲਈ ਚੜ੍ਹਾਇਆ ਜਾਵੇ ।
ਝੋਪੜੀਆਂ ਦੇ ਪਰਬ ਦੇ ਬਲੀਦਾਨ
(ਲੇਵੀਆਂ 23:33-44)

12ਸੱਤਵੇਂ ਮਹੀਨੇ ਦੇ ਪੰਦਰਵੇਂ ਦਿਨ ਤੁਹਾਡੀ ਪਵਿੱਤਰ ਸਭਾ ਹੋਵੇ ਜਿਸ ਦੇ ਵਿੱਚ ਤੁਸੀਂ ਕੋਈ ਕੰਮ-ਧੰਦਾ ਨਾ ਕਰੋ ਪਰ ਯਹੋਵਾਹ ਲਈ ਸੱਤਾਂ ਦਿਨਾਂ ਦਾ ਪਰਬ ਮਨਾਓ ।13ਅਤੇ ਤੁਸੀਂ ਸੁਗੰਧਤਾ ਦੀ ਅੱਗ ਦੀ ਹੋਮ ਬਲੀ ਯਹੋਵਾਹ ਲਈ ਚੜ੍ਹਾਓ ਅਰਥਾਤ ਤੇਰ੍ਹਾਂ ਵਹਿੜੇ, ਦੋ ਭੇਡੂ, ਚੌਦਾਂ ਇੱਕ-ਇੱਕ ਸਾਲ ਦੇ ਭੇਡ ਦੇ ਬੱਚੇ ਜਿਹੜੇ ਦੋਸ਼ ਤੋਂ ਰਹਿਤ ਹੋਣ ।
14ਅਤੇ ਉਨ੍ਹਾਂ ਦੇ ਮੈਦੇ ਦੀ ਭੇਟ ਤੇਲ ਨਾਲ ਮਿਲੇ ਹੋਏ ਮੈਦੇ ਦੀ ਹੋਵੇ ਅਤੇ ਉਨ੍ਹਾਂ ਤੇਰ੍ਹਾਂ ਵਹਿੜਿਆਂ ਵਿੱਚੋਂ, ਹਰ ਵਹਿੜੇ ਲਈ ਤਿੰਨ ਦਸਵੰਧ ਅਤੇ ਉਨ੍ਹਾਂ ਦੋਹਾਂ ਭੇਡੂਆਂ ਵਿੱਚੋਂ ਹਰ ਭੇਡੂ ਲਈ ਦੋ ਦਸਵੰਧ15ਅਤੇ ਉਨ੍ਹਾਂ ਚੌਦਾਂ ਭੇਡ ਦੇ ਬੱਚਿਆਂ ਵਿੱਚੋਂ ਹਰ ਭੇਡ ਦਾ ਬੱਚੇ ਲਈ ਇੱਕ ਦਸਵੰਧ16ਅਤੇ ਹੋਮ ਬਲੀ ਅਤੇ ਉਸ ਦੇ ਮੈਦੇ ਅਤੇ ਪੀਣ ਦੀਆਂ ਭੇਟਾਂ ਤੋਂ ਛੁੱਟ ਇੱਕ ਬੱਕਰਾ ਪਾਪ ਦੀ ਬਲੀ ਲਈ ਚੜ੍ਹਾਇਆ ਜਾਵੇ ।

17ਦੂਜੇ ਦਿਨ ਬਾਰਾਂ ਵਹਿੜੇ, ਦੋ ਭੇਡੂ ਅਤੇ ਚੌਦਾਂ ਇੱਕ-ਇੱਕ ਸਾਲ ਦੇ ਭੇਡ ਦੇ ਬੱਚੇ ਦੋਸ਼ ਤੋਂ ਰਹਿਤ ਚੜ੍ਹਾਓ ।18ਅਤੇ ਵਹਿੜਿਆਂ, ਭੇਡੂਆਂ ਅਤੇ ਲੇਲਿਆਂ ਦੇ ਲਈ ਉਨ੍ਹਾਂ ਦੀ ਗਿਣਤੀ ਅਤੇ ਰੀਤੀ ਅਨੁਸਾਰ ਹੋਣ ।19ਅਤੇ ਹੋਮ ਬਲੀ ਅਤੇ ਉਸ ਦੇ ਮੈਦੇ ਅਤੇ ਉਨ੍ਹਾਂ ਦੇ ਪੀਣ ਦੀਆਂ ਭੇਟਾਂ ਤੋਂ ਅਲੱਗ ਇੱਕ ਬੱਕਰਾ ਪਾਪ ਦੀ ਬਲੀ ਲਈ ਚੜ੍ਹਾਇਆ ਜਾਵੇ ।

20ਤੀਜੇ ਦਿਨ ਗਿਆਰਾਂ ਵਹਿੜੇ, ਦੋ ਭੇਡੂ ਅਤੇ ਚੌਦਾਂ ਇੱਕ-ਇੱਕ ਸਾਲ ਦੇ ਭੇਡ ਦੇ ਬੱਚੇ ਦੋਸ਼ ਤੋਂ ਰਹਿਤ ਚੜ੍ਹਾਓ ।21ਅਤੇ ਵਹਿੜਿਆਂ, ਭੇਡੂਆਂ ਅਤੇ ਭੇਡ ਦੀਆਂ ਬੱਚਿਆਂ ਲਈ ਉਨ੍ਹਾਂ ਦੇ ਮੈਦੇ ਦੀ ਅਤੇ ਪੀਣ ਦਿਆਂ ਭੇਟਾਂ ਉਨ੍ਹਾਂ ਦੀ ਗਿਣਤੀ ਅਤੇ ਰੀਤੀ ਅਨੁਸਾਰ ਹੋਣ ।22ਅਤੇ ਹੋਮ ਬਲੀ ਅਤੇ ਉਸ ਦੇ ਮੈਦੇ ਅਤੇ ਪੀਣ ਦੀਆਂ ਭੇਟਾਂ ਤੋਂ ਅਲੱਗ ਇੱਕ ਬੱਕਰਾ ਪਾਪ ਬਲੀ ਦੀ ਭੇਟ ਲਈ ਚੜ੍ਹਾਇਆ ਜਾਵੇ ।

23ਚੌਥੇ ਦਿਨ ਦਸ ਵਹਿੜੇ, ਦੋ ਭੇਡੂ ਅਤੇ ਚੌਦਾਂ ਇੱਕ-ਇੱਕ ਸਾਲ ਦੇ ਭੇਡ ਦੇ ਬੱਚੇ ਦੋਸ਼ ਤੋਂ ਰਹਿਤ ਚੜ੍ਹਾਓ ।24ਅਤੇ ਵਹਿੜਿਆਂ, ਭੇਡੂਆਂ ਅਤੇ ਭੇਡ ਦੀਆਂ ਬੱਚਿਆਂ ਲਈ ਉਨ੍ਹਾਂ ਦੇ ਮੈਦੇ ਦੀ ਅਤੇ ਪੀਣ ਦੀਆਂ ਭੇਟਾਂ ਉਨ੍ਹਾਂ ਦੀ ਗਿਣਤੀ ਅਤੇ ਰੀਤੀ ਅਨੁਸਾਰ ਹੋਣ ।25ਅਤੇ ਹੋਮ ਬਲੀ ਅਤੇ ਉਸ ਦੇ ਮੈਦੇ ਅਤੇ ਪੀਣ ਦਿਆਂ ਭੇਟਾਂ ਤੋਂ ਅਲੱਗ ਇੱਕ ਬੱਕਰਾ ਪਾਪ ਦੀ ਬਲੀ ਲਈ ਚੜ੍ਹਾਇਆ ਜਾਵੇ ।

26ਪੰਜਵੇਂ ਦਿਨ ਨੌ ਵਹਿੜੇ, ਦੋ ਭੇਡੂ, ਚੌਦਾਂ ਇੱਕ-ਇੱਕ ਸਾਲ ਦੇ ਭੇਡ ਦੇ ਬੱਚੇ ਦੋਸ਼ ਤੋਂ ਰਹਿਤ ਚੜ੍ਹਾਓ ।27ਅਤੇ ਵਹਿੜਿਆਂ, ਭੇਡੂਆਂ ਅਤੇ ਭੇਡ ਦੇ ਬੱਚਿਆਂ ਲਈ ਉਨ੍ਹਾਂ ਦੇ ਮੈਦੇ ਦੀ ਅਤੇ ਪੀਣ ਦੀਆਂ ਭੇਟਾਂ ਉਨ੍ਹਾਂ ਦੀ ਗਿਣਤੀ ਅਤੇ ਰੀਤੀ ਅਨੁਸਾਰ ਹੋਣ ।28ਅਤੇ ਹੋਮ ਬਲੀ ਅਤੇ ਉਸ ਦੇ ਮੈਦੇ ਅਤੇ ਪੀਣ ਦੀਆਂ ਭੇਟਾਂ ਤੋਂ ਅਲੱਗ ਇੱਕ ਬੱਕਰਾ ਪਾਪ ਦੀ ਬਲੀ ਲਈ ਚੜ੍ਹਾਇਆ ਜਾਵੇ ।

29ਛੇਵੇਂ ਦਿਨ ਅੱਠ ਵਹਿੜੇ, ਦੋ ਭੇਡੂ, ਚੌਦਾਂ ਇੱਕ ਸਾਲ ਭੇਡ ਦੇ ਬੱਚੇ ਦੋਸ਼ ਤੋਂ ਰਹਿਤ ਚੜ੍ਹਾਓ ।30ਵਹਿੜਿਆਂ, ਭੇਡੂਆਂ ਅਤੇ ਭੇਡ ਦਿਆਂ ਬੱਚਿਆਂ ਲਈ ਉਨ੍ਹਾਂ ਦੇ ਮੈਦੇ ਦੀ ਅਤੇ ਪੀਣ ਦੀਆਂ ਭੇਟਾਂ ਉਨ੍ਹਾਂ ਦੀ ਗਿਣਤੀ ਅਤੇ ਰੀਤੀ ਅਨੁਸਾਰ ਹੋਣ ।31ਅਤੇ ਹੋਮ ਬਲੀ ਅਤੇ ਉਸ ਦੇ ਮੈਦੇ ਅਤੇ ਪੀਣ ਦੀਆਂ ਭੇਟਾਂ ਤੋਂ ਛੁੱਟ ਇੱਕ ਬੱਕਰਾ ਪਾਪ ਦੀ ਬਲੀ ਲਈ ਚੜ੍ਹਾਇਆ ਜਾਵੇ ।

32ਸੱਤਵੇਂ ਦਿਨ ਸੱਤ ਵਹਿੜੇ, ਦੋ ਭੇਡੂ, ਚੌਦਾਂ ਇੱਕ-ਇੱਕ ਸਾਲ ਦੇ ਭੇਡ ਦੇ ਬੱਚੇ ਦੋਸ਼ ਤੋਂ ਰਹਿਤ ਚੜ੍ਹਾਓ ।33ਅਤੇ ਵਹਿੜਿਆਂ, ਭੇਡੂਆਂ ਅਤੇ ਭੇਡ ਦੇ ਬੱਚਿਆਂ ਲਈ ਉਨ੍ਹਾਂ ਦੇ ਮੈਦੇ ਦੀ ਅਤੇ ਪੀਣ ਦੀਆਂ ਭੇਟਾਂ ਉਨ੍ਹਾਂ ਦੀ ਗਿਣਤੀ ਅਤੇ ਰੀਤੀ ਅਨੁਸਾਰ ਹੋਣ ।34ਅਤੇ ਹੋਮ ਬਲੀ ਅਤੇ ਉਸ ਦੇ ਮੈਦੇ ਦੀ ਅਤੇ ਪੀਣ ਦੀਆਂ ਭੇਟਾਂ ਤੋਂ ਛੁੱਟ ਇੱਕ ਬੱਕਰਾ ਪਾਪ ਦੀ ਬਲੀ ਲਈ ਚੜ੍ਹਾਇਆ ਜਾਵੇ ।

35ਅੱਠਵੇਂ ਦਿਨ ਤੁਹਾਡੀ ਮਹਾਂ ਸਭਾ ਹੋਵੇ ਜਿਸ ਦੇ ਵਿੱਚ ਤੁਸੀਂ ਕੋਈ ਕੰਮ-ਧੰਦਾ ਨਾ ਕਰਿਓ ।36ਪਰ ਤੁਸੀਂ ਯਹੋਵਾਹ ਲਈ ਸੁਗੰਧਤਾ ਦੀ ਅੱਗ ਦੀ ਹੋਮ ਬਲੀ ਚੜ੍ਹਾਓ ਅਰਥਾਤ ਇੱਕ ਵਹਿੜਾ, ਇੱਕ ਭੇਡੂ ਅਤੇ ਸੱਤ ਇੱਕ-ਇੱਕ ਸਾਲ ਦੇ ਭੇਡ ਦੇ ਬੱਚੇ ਦੋਸ਼ ਤੋਂ ਰਹਿਤ ।
37ਵਹਿੜਿਆਂ, ਭੇਡੂਆਂ ਅਤੇ ਭੇਡ ਦੇ ਬੱਚਿਆਂ ਲਈ ਉਨ੍ਹਾਂ ਦੀ ਗਿਣਤੀ ਅਤੇ ਰੀਤੀ ਅਨੁਸਾਰ ਹੋਣ ।38ਅਤੇ ਹੋਮ ਬਲੀ ਅਤੇ ਉਸ ਮੈਦੇ ਅਤੇ ਪੀਣ ਦੀਆਂ ਭੇਟਾਂ ਤੋਂ ਅਲੱਗ ਇੱਕ ਬੱਕਰਾ ਪਾਪ ਦੀ ਬਲੀ ਲਈ ਚੜ੍ਹਾਇਆ ਜਾਵੇ ।

39ਇਹ ਤੁਸੀਂ ਯਹੋਵਾਹ ਲਈ ਆਪਣੇ ਠਹਿਰਾਏ ਹੋਏ ਪਰਬਾਂ ਵਿੱਚ ਆਪਣੀਆਂ ਸੁੱਖਣਾਂ ਅਤੇ ਖੁਸ਼ੀ ਦੀਆਂ ਭੇਟਾਂ ਤੋਂ ਅਲੱਗ ਚੜ੍ਹਾਓ । ਇਹ ਤੁਹਾਡੇ ਹੋਮ ਦੀਆਂ ਬਲੀਆਂ ਅਤੇ ਤੁਹਾਡੇ ਮੈਦੇ ਦੀਆਂ ਭੇਟਾਂ ਅਤੇ ਤੁਹਾਡੇ ਸੁਖ-ਸਾਂਦ ਦੀਆਂ ਭੇਟਾਂ ਲਈ ਹੋਣ ।40ਜੋ ਕੁਝ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਉਹੋ ਉਸ ਨੇ ਇਸਰਾਏਲੀਆਂ ਨੂੰ ਆਖਿਆ ।

30
ਸੁੱਖਣਾ ਸੁੱਖਣ ਦੀ ਵਿਧੀ

1ਮੂਸਾ ਇਸਰਾਏਲੀਆਂ ਦੇ ਗੋਤਾਂ ਦੇ ਮੁਖੀਆਂ ਨੂੰ ਬੋਲਿਆ ਕਿ ਇਹ ਹੁਕਮ ਹੈ ਜਿਹੜਾ ਯਹੋਵਾਹ ਨੇ ਦਿੱਤਾ ਹੈ ।2ਜਦ ਕੋਈ ਮਨੁੱਖ ਯਹੋਵਾਹ ਲਈ ਸੁੱਖਣਾ ਸੁੱਖੇ ਜਾਂ ਸਹੁੰ ਖਾਵੇ ਅਤੇ ਆਪਣੇ ਜੀਵਨ ਨੂੰ ਉਸ ਗੱਲ ਉੱਤੇ ਬੰਨ੍ਹ ਲਵੇ ਤਾਂ ਉਹ ਆਪਣਾ ਬਚਨ ਨਾ ਤੋੜੇ ਪਰ ਜੋ ਕੁਝ ਉਸ ਦੇ ਮੂੰਹ ਤੋਂ ਨਿੱਕਲਦਾ ਹੈ ਉਹ ਉਸ ਨੂੰ ਪੂਰਾ ਕਰੇ ।

3ਜੇ ਕੋਈ ਕੁੜੀ ਯਹੋਵਾਹ ਲਈ ਸੁੱਖਣਾ ਸੁੱਖੇ ਅਤੇ ਆਪਣੇ ਆਪ ਨੂੰ ਉਸ ਗੱਲ ਉੱਤੇ ਬੰਨ੍ਹੇ ਜਦ ਉਹ ਆਪਣੇ ਪਿਤਾ ਦੇ ਘਰ ਵਿੱਚ ਕੁਆਰੀ ਹੋਵੇ ।4ਅਤੇ ਉਸ ਦਾ ਪਿਤਾ ਉਸ ਦੀ ਸੁੱਖਣਾ ਅਤੇ ਉਸ ਦੇ ਬੰਨ੍ਹਣ ਨੂੰ ਜਿਸ ਦੇ ਨਾਲ ਉਸ ਨੇ ਆਪਣੇ ਜੀਵਨ ਨੂੰ ਬੰਨ੍ਹਿਆ, ਸੁਣੇ ਅਤੇ ਉਸ ਦਾ ਪਿਤਾ ਚੁੱਪ ਕਰ ਰਹੇ ਤਾਂ ਉਸ ਦੀਆਂ ਸਾਰੀਆਂ ਸੁੱਖਣਾ ਪੱਕੀਆਂ ਰਹਿਣ ਅਤੇ ਸਾਰੇ ਬਚਨ ਜਿਸ ਦੇ ਨਾਲ ਆਪਣੇ ਜੀਵਨ ਨੂੰ ਬੰਨ੍ਹਿਆ ਪੱਕੇ ਰਹਿਣ ।
5ਪਰ ਜੇ ਉਸ ਦਾ ਪਿਤਾ ਸੁਣ ਕੇ ਉਸੇ ਦਿਨ ਉਸ ਨੂੰ ਝਿੜਕੇ ਤਾਂ ਉਸ ਦੀਆਂ ਸਾਰੀਆਂ ਸੁੱਖਣਾਂ ਅਤੇ ਉਸ ਦੀ ਕੁੜੀ ਜਿਨ੍ਹਾਂ ਨਾਲ ਉਸ ਨੇ ਆਪਣੇ ਜੀਵਨ ਨੂੰ ਬੰਨ੍ਹਿਆ ਪੱਕੇ ਨਾ ਰਹਿਣ ਅਤੇ ਯਹੋਵਾਹ ਉਸ ਨੂੰ ਮਾਫ਼ੀ ਦੇਵੇਗਾ ਕਿਉਂ ਜੋ ਉਸ ਦੇ ਪਿਤਾ ਨੇ ਉਸ ਨੂੰ ਝਿੜਕਿਆ ।
6ਅਤੇ ਜੇ ਉਹ ਮਨੁੱਖ ਨਾਲ ਵਿਆਹੀ ਹੋਈ ਹੋਵੇ ਅਤੇ ਉਸ ਦੀਆਂ ਸੁੱਖਣਾਂ ਉਸ ਉੱਤੇ ਹੋਣ ਜਾਂ ਉਸ ਨੇ ਆਪਣੇ ਮੂੰਹ ਤੋਂ ਬਿਨ੍ਹਾਂ ਸੋਚੇ ਸਮਝੇ ਅਜਿਹੀ ਗੱਲ ਆਖੀ ਹੋਵੇ ਜਿਸ ਤੋਂ ਉਸ ਦਾ ਜੀਵਨ ਬੰਨ੍ਹਿਆ ਜਾਵੇ ।7ਅਤੇ ਉਸ ਦਾ ਪਤੀ ਸੁਣੇ ਪਰ ਜਿਸ ਦਿਨ ਉਹ ਸੁਣੇ ਚੁੱਪ ਰਹੇ ਤਾਂ ਉਸ ਦੀਆਂ ਸੁੱਖਣਾਂ ਪੱਕੀਆਂ ਰਹਿਣ ਅਤੇ ਉਸ ਸਹੁੰ ਜਿਨ੍ਹਾਂ ਦੇ ਨਾਲ ਉਸ ਆਪਣੇ ਜੀਵਨ ਨੂੰ ਬੰਨ੍ਹਿਆ ਪੱਕੇ ਰਹਿਣ ।
8ਪਰ ਜੇ ਸੁਣਨ ਵਾਲੇ ਦਿਨ ਉਸ ਦਾ ਪਤੀ ਉਸ ਨੂੰ ਝਿੜਕੇ ਤਾਂ ਉਸ ਦੀ ਸੁੱਖਣਾ ਜਿਹੜੀ ਉਸ ਦੇ ਉੱਤੇ ਹੈ ਅਤੇ ਉਸ ਦੇ ਮੂੰਹ ਤੋਂ ਬਿਨ੍ਹਾਂ ਸੋਚੇ ਸਮਝੇ ਨਿੱਕਲੀ ਹੋਈ ਸੀ ਜਿਸ ਦੇ ਨਾਲ ਉਸ ਨੇ ਆਪਣੇ ਜੀਵਨ ਨੂੰ ਬੰਨ੍ਹਿਆ, ਟੁੱਟ ਜਾਵੇ ਅਤੇ ਯਹੋਵਾਹ ਉਸ ਨੂੰ ਮਾਫ਼ੀ ਦੇਵੇਗਾ ।
9ਪਰ ਵਿਧਵਾ ਜਾਂ ਤਿਆਗੀ ਹੋਈ ਦੀ ਸੁੱਖਣਾ ਜਿਸ ਨਾਲ ਉਸ ਆਪਣੇ ਜੀਵਨ ਨੂੰ ਬੰਨ੍ਹਿਆ ਹੈ ਉਸ ਉੱਤੇ ਪੱਕੀ ਰਹੇ10ਜੇ ਉਸ ਨੇ ਆਪਣੇ ਪਤੀ ਦੇ ਘਰ ਵਿੱਚ ਸੁੱਖਣਾ ਸੁੱਖੀ ਜਾਂ ਸਹੁੰ ਨਾਲ ਆਪਣੇ ਜੀਵਨ ਉੱਤੇ ਕੋਈ ਬੰਨ੍ਹਣ ਬੰਨ੍ਹਿਆ ।11ਅਤੇ ਉਸ ਦੇ ਮਨੁੱਖ ਨੇ ਸੁਣਿਆ ਅਤੇ ਚੁੱਪ ਰਹਿ ਕੇ ਉਸ ਨੂੰ ਨਾ ਝਿੜਕਿਆ ਤਾਂ ਉਸ ਦੀਆਂ ਸਾਰੀਆਂ ਸੁੱਖਣਾਂ ਪੱਕੀਆਂ ਰਹਿਣ ਅਤੇ ਹਰ ਬੰਨਣ ਜਿਸ ਦੇ ਨਾਲ ਉਸ ਆਪਣੇ ਜੀਵਨ ਨੂੰ ਬੰਨ੍ਹਿਆ ਪੱਕਾ ਰਹੇ ।
12ਪਰ ਜੇ ਉਸ ਦੇ ਪਤੀ ਨੇ ਸੁਣਦੇ ਹੀ ਉਨ੍ਹਾਂ ਨੂੰ ਤੋੜ ਦਿੱਤਾ ਹੋਵੇ ਤਦ ਜੋ ਕੁਝ ਉਸ ਦੇ ਮੂੰਹ ਤੋਂ ਉਸ ਦੀਆਂ ਸੁੱਖਣਾਂ ਦੇ ਵਿਖੇ ਜਾਂ ਜੀਵਨ ਦੇ ਬੰਨ੍ਹਣ ਦੇ ਵਿਖੇ ਨਿੱਕਲਿਆ ਹੋਵੇ ਉਹ ਪੱਕਾ ਨਾ ਰਹੇ ਕਿਉਂ ਜੋ ਉਸ ਦੇ ਪਤੀ ਨੇ ਉਨ੍ਹਾਂ ਨੂੰ ਤੋੜ ਦਿੱਤਾ ਅਤੇ ਯਹੋਵਾਹ ਉਸ ਨੂੰ ਮਾਫ਼ੀ ਦੇਵੇਗਾ ।
13ਹਰ ਸੁੱਖਣਾ ਅਤੇ ਹਰ ਸਹੁੰ ਜਿਸ ਦੇ ਨਾਲ ਉਸ ਨੇ ਆਪਣੇ ਜੀਵਨ ਨੂੰ ਦੁੱਖ ਦੇਣ ਲਈ ਬੰਨ੍ਹਿਆ ਹੋਵੇ ਉਸ ਦਾ ਪਤੀ ਉਸ ਨੂੰ ਪੱਕਾ ਰੱਖੇ ਜਾਂ ਉਸ ਦਾ ਪਤੀ ਉਸ ਨੂੰ ਤੋੜ ਦੇਵੇ ।14ਪਰ ਜੇ ਉਸ ਦਾ ਪਤੀ ਨਿੱਤ ਚੁੱਪ ਰਹੇ ਤਾਂ ਉਹ ਉਸ ਦੀਆਂ ਸਾਰੀਆਂ ਸੁੱਖਣਾ ਪੱਕੀਆਂ ਠਹਿਰਾਉਂਦਾ ਹੈ ਜਾਂ ਉਸ ਦੇ ਸਾਰੇ ਸਹੁੰ ਜਿਹੜੇ ਉਸ ਉੱਤੇ ਹੋਣ ਪੱਕੇ ਠਹਿਰਾਉਂਦਾ ਹੈ ਕਿਉਂ ਜੋ ਜਿਸ ਦਿਨ ਉਹ ਨੇ ਸੁਣਿਆ ਸੀ, ਉਹ ਚੁੱਪ ਰਿਹਾ ।
15ਪਰ ਜੇ ਉਹ ਨੇ ਉਨ੍ਹਾਂ ਦੇ ਸੁਣਨ ਦੇ ਮਗਰੋਂ ਉਨ੍ਹਾਂ ਨੂੰ ਤੋੜ ਦਿੱਤਾ ਹੋਵੇ ਤਾਂ ਉਹ ਉਸ ਦੀ ਬੁਰਿਆਈ ਦੀ ਸਜ਼ਾ ਚੁੱਕੇ ।

16ਇਹ ਉਹ ਬਿਧੀਆਂ ਹਨ ਜਿਨ੍ਹਾਂ ਦਾ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਪਤੀ ਅਤੇ ਪਤਨੀ ਵਿਖੇ, ਪਿਤਾ ਅਤੇ ਧੀ ਵਿਖੇ, ਜਦ ਜੁਆਨੀ ਦੇ ਸਮੇਂ ਆਪਣੇ ਪਿਤਾ ਦੇ ਘਰ ਵਿੱਚ ਹੋਵੇ ।

31
ਮਿਦਯਾਨੀਆਂ ਤੋਂ ਬਦਲਾ ਲੈਣਾ

1ਯਹੋਵਾਹ ਨੇ ਮੂਸਾ ਨੂੰ ਬੋਲਿਆ ਕਿ2ਇਸਰਾਏਲੀਆਂ ਦਾ ਮਿਦਯਾਨੀਆਂ ਤੋਂ ਬਦਲਾ ਲੈ, ਫਿਰ ਤੂੰ ਆਪਣੇ ਲੋਕਾਂ ਵਿੱਚ ਜਾ ਮਿਲੇਂਗਾ ।

3ਤਦ ਮੂਸਾ ਨੇ ਪਰਜਾ ਨੂੰ ਆਖਿਆ ਕਿ ਆਪਣੇ ਵਿੱਚੋਂ ਮਨੁੱਖਾਂ ਨੂੰ ਸ਼ਸਤਰ ਧਾਰੀ ਬਣਾਓ ਤਾਂ ਜੋ ਉਹ ਮਿਦਯਾਨ ਦੇ ਵਿਰੁੱਧ ਲੜਨ ਅਤੇ ਯਹੋਵਾਹ ਦਾ ਬਦਲਾ ਮਿਦਯਾਨੀਆਂ ਤੋਂ ਲੈਣ ।4ਇਸਰਾਏਲੀਆਂ ਦਿਆਂ ਸਾਰਿਆਂ ਗੋਤਾਂ ਵਿੱਚੋ ਤੁਸੀਂ ਇੱਕ-ਇੱਕ ਹਜ਼ਾਰ ਆਦਮੀ ਯੁੱਧ ਕਰਨ ਲਈ ਭੇਜੋ ।5ਤਦ ਇਸਰਾਏਲ ਦੇ ਹਜ਼ਾਰਾਂ ਵਿੱਚੋਂ ਹਰ ਗੋਤ ਤੋਂ ਇੱਕ ਹਜ਼ਾਰ ਆਦਮੀ ਚੁਣੇ ਗਏ ਅਰਥਾਤ ਯੁੱਧ ਲਈ ਬਾਰਾਂ ਹਜ਼ਾਰ ਸ਼ਸਤਰ ਧਾਰੀ ਸਨ ।
6ਉਪਰੰਤ ਮੂਸਾ ਨੇ ਗੋਤਾਂ ਦੇ ਅਨੁਸਾਰ ਇੱਕ-ਇੱਕ ਹਜ਼ਾਰ ਆਦਮੀਆਂ ਨੂੰ ਅਤੇ ਅਲਆਜ਼ਾਰ ਜਾਜਕ ਦੇ ਪੁੱਤਰ ਫੀਨਹਾਸ ਨੂੰ ਯੁੱਧ ਕਰਨ ਲਈ ਭੇਜਿਆ ਅਤੇ ਪਵਿੱਤਰ ਸਥਾਨ ਦੇ ਭਾਂਡੇ ਅਤੇ ਚੌਕਸ ਕਰਨ ਵਾਲੀਆਂ ਤੁਰ੍ਹੀਆਂ ਉਸ ਦੇ ਹੱਥ ਵਿੱਚ ਸਨ ।7ਸੋ ਉਹ ਮਿਦਯਾਨੀਆਂ ਨਾਲ ਲੜੇ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਅਤੇ ਉਨ੍ਹਾਂ ਨੇ ਸਾਰੇ ਆਦਮੀਆਂ ਨੂੰ ਮਾਰ ਦਿੱਤਾ ।8ਅਤੇ ਉਨ੍ਹਾਂ ਨੇ ਮਿਦਯਾਨ ਦੇ ਰਾਜਿਆਂ ਨੂੰ ਉਹਨਾਂ ਮਾਰਿਆ ਹੋਇਆਂ ਦੇ ਨਾਲ ਹੀ ਮਾਰ ਦਿੱਤਾ ਅਰਥਾਤ ਅੱਵੀ, ਰਕਮ, ਸੂਰ, ਹੂਰ ਅਤੇ ਰੱਬਾ ਇਨ੍ਹਾਂ ਮਿਦਯਾਨ ਦੇ ਪੰਜਾਂ ਰਾਜਿਆਂ ਨੂੰ ਅਤੇ ਬਓਰ ਦੇ ਪੁੱਤਰ ਬਿਲਆਮ ਨੂੰ ਤਲਵਾਰ ਨਾਲ ਮਾਰ ਦਿੱਤਾ ।
9ਅਤੇ ਇਸਰਾਏਲੀਆਂ ਨੇ ਮਿਦਯਾਨ ਦੀਆਂ ਔਰਤਾਂ ਨੂੰ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਗੁਲਾਮ ਬਣਾ ਲਿਆ ਅਤੇ ਉਨ੍ਹਾਂ ਦੇ ਸਾਰੇ ਡੰਗਰ, ਸਾਰੇ ਝੁੰਡ ਅਤੇ ਉਨ੍ਹਾਂ ਦਾ ਸਾਰਾ ਕੁਝ ਲੁੱਟ ਲਿਆ ।10ਅਤੇ ਉਨ੍ਹਾਂ ਦੇ ਸਾਰੇ ਸ਼ਹਿਰਾਂ ਨੂੰ ਅਤੇ ਸਾਰੀਆਂ ਛਾਉਣੀਆਂ ਨੂੰ, ਜਿਨ੍ਹਾਂ ਵਿੱਚ ਉਹ ਵੱਸਦੇ ਸਨ, ਅੱਗ ਨਾਲ ਫੂਕ ਦਿੱਤਾ ।
11ਅਤੇ ਉਨ੍ਹਾਂ ਨੇ ਲੁੱਟ ਦਾ ਸਾਰਾ ਮਾਲ ਅਤੇ ਸਾਰੇ ਗੁਲਾਮ ਕੀ ਮਨੁੱਖ, ਕੀ ਡੰਗਰ ਸਭ ਕੁਝ ਲੈ ਲਏ ।12ਅਤੇ ਉਹ ਮੂਸਾ, ਅਲਆਜ਼ਾਰ ਜਾਜਕ, ਇਸਰਾਏਲੀਆਂ ਦੀ ਮੰਡਲੀ ਕੋਲ ਗੁਲਾਮਾਂ ਨੂੰ, ਮਾਲ ਡੰਗਰ ਨੂੰ ਅਤੇ ਲੁੱਟ ਨੂੰ ਡੇਰੇ ਵਿੱਚ ਮੋਆਬ ਦੇ ਮੈਦਾਨ ਵਿੱਚ ਜਿਹੜਾ ਯਰਦਨ ਉੱਤੇ ਯਰੀਹੋ ਕੋਲ ਹੈ, ਲੈ ਆਏ ।
ਸੈਨਾਂ ਦੀ ਵਾਪਸੀ

13ਤਦ ਮੂਸਾ, ਅਲਆਜ਼ਾਰ ਜਾਜਕ ਅਤੇ ਮੰਡਲੀ ਦੇ ਸਾਰੇ ਪ੍ਰਧਾਨ ਡੇਰੇ ਤੋਂ ਬਾਹਰ ਉਹਨਾਂ ਨੂੰ ਮਿਲਣ ਲਈ ਗਏ ।14ਪਰ ਮੂਸਾ ਦਲ ਦੇ ਸੈਨਾਪਤੀਆਂ ਨਾਲ ਅਰਥਾਤ ਹਜ਼ਾਰਾਂ ਦੇ ਹਾਕਮਾਂ ਨਾਲ ਅਤੇ ਸੈਂਕੜਿਆਂ ਦੇ ਹਾਕਮਾਂ ਨਾਲ ਜਿਹੜੇ ਯੁੱਧ ਕਰਕੇ ਮੁੜ੍ਹ ਆਏ, ਕ੍ਰੋਧਵਾਨ ਹੋਇਆ ।15ਅਤੇ ਮੂਸਾ ਨੇ ਉਨ੍ਹਾਂ ਨੂੰ ਆਖਿਆ, ਕੀ ਤੁਸੀਂ ਸਾਰੀਆਂ ਇਸਤਰੀਆਂ ਨੂੰ ਜੀਉਂਦਾ ਛੱਡ ਦਿੱਤਾ ਹੈ ?
16ਵੇਖੋ, ਇਹ ਉਹ ਹਨ ਜਿਨ੍ਹਾਂ ਨੇ ਇਸਰਾਏਲੀਆਂ ਨੂੰ ਬਿਲਆਮ ਦੀ ਸਹਿਮਤੀ ਨਾਲ, ਪਓਰ ਦੀ ਗੱਲ ਵਿੱਚ ਯਹੋਵਾਹ ਦੇ ਵਿਰੁੱਧ ਅਪਰਾਧੀ ਬਣਾਇਆ ਤਦ ਬਵਾ ਯਹੋਵਾਹ ਦੀ ਮੰਡਲੀ ਵਿੱਚ ਫੈਲੀ ।17ਇਸ ਲਈ ਹੁਣ ਬੱਚਿਆਂ ਵਿੱਚੋਂ ਹਰੇਕ ਨਰ ਬੱਚੇ ਨੂੰ ਮਾਰ ਦਿਓ ਅਤੇ ਜਿਹਨਾਂ ਔਰਤਾਂ ਨੇ ਮਨੁੱਖ ਨਾਲ ਸੰਗ ਕੀਤਾ ਹੋਵੇ ਉਹਨਾਂ ਨੂੰ ਵੀ ਮਾਰ ਦਿਓ ।
18ਪਰ ਜਿਹਨਾਂ ਕੁਆਰੀਆਂ ਨੇ ਕਿਸੇ ਮਨੁੱਖ ਨਾਲ ਸੰਗ ਨਹੀਂ ਕੀਤਾ, ਉਹਨਾਂ ਨੂੰ ਤੁਸੀਂ ਆਪਣੇ ਲਈ ਜੀਉਂਦਾ ਰੱਖੋ ।19ਪਰ ਤੁਸੀਂ ਡੇਰੇ ਤੋਂ ਸੱਤ ਦਿਨ ਬਾਹਰ ਰਹੋ, ਉਹ ਸਾਰੇ ਜਿਨ੍ਹਾਂ ਨੇ ਕਿਸੇ ਪ੍ਰਾਣੀ ਨੂੰ ਮਾਰਿਆ ਹੋਵੇ ਅਤੇ ਜਿਨ੍ਹਾਂ ਨੇ ਕਿਸੇ ਮਰੇ ਹੋਏ ਨੂੰ ਛੂਹਿਆ ਹੋਵੇ, ਉਹ ਸਾਰੇ ਆਪਣੇ ਆਪ ਨੂੰ ਆਪਣੇ ਗੁਲਾਮਾਂ ਸਮੇਤ ਤੀਜੇ ਦਿਨ ਅਤੇ ਸੱਤਵੇਂ ਦਿਨ ਪਵਿੱਤਰ ਕਰਨ ।20ਤੁਸੀਂ ਚਮੜੇ ਅਤੇ ਬੱਕਰੀ ਦੇ ਵਾਲਾਂ ਦੇ ਸਾਰੇ ਬਸਤਰ ਅਤੇ ਸਾਰੇ ਲੱਕੜੀ ਦੇ ਭਾਂਡਿਆਂ ਨੂੰ ਪਵਿੱਤਰ ਕਰੋ ।

21ਤਦ ਅਲਆਜ਼ਾਰ ਜਾਜਕ ਨੇ ਉਨ੍ਹਾਂ ਸੂਰਮਿਆਂ ਨੂੰ ਆਖਿਆ, ਜਿਹੜੇ ਯੁੱਧ ਵਿੱਚ ਗਏ ਸਨ ਕਿ ਇਹ ਬਿਵਸਥਾ ਦੀ ਬਿਧੀ ਹੈ ਜਿਸ ਦਾ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ।22ਸੋਨਾ, ਚਾਂਦੀ, ਪਿੱਤਲ, ਲੋਹਾ, ਜਿਸਤ ਅਤੇ ਸਿੱਕਾ ।23ਅਰਥਾਤ ਹਰ ਇੱਕ ਚੀਜ਼, ਜਿਹੜੀ ਅੱਗ ਵਿੱਚ ਪੈ ਸਕੇ ਉਸ ਨੂੰ ਤੁਸੀਂ ਅੱਗ ਦੇ ਵਿੱਚ ਦੀ ਲੰਘਾਓ, ਤਾਂ ਉਹ ਸ਼ੁੱਧ ਹੋਵੇਗੀ ਪਰ ਫਿਰ ਵੀ ਉਹ ਅਸ਼ੁੱਧਤਾਈ ਨੂੰ ਦੂਰ ਕਰਨ ਵਾਲੇ ਜਲ ਨਾਲ ਪਵਿੱਤਰ ਕੀਤੀ ਜਾਵੇ ਅਤੇ ਜੋ ਕੁਝ ਅੱਗ ਵਿੱਚ ਨਾ ਪੈ ਸਕੇ ਤੁਸੀਂ ਉਸ ਨੂੰ ਪਾਣੀ ਦੇ ਵਿੱਚ ਦੀ ਲੰਘਾਓ ।24ਸੱਤਵੇਂ ਦਿਨ ਤੁਸੀਂ ਆਪਣੇ ਕੱਪੜੇ ਧੋਵੋ ਤਾਂ ਤੁਸੀਂ ਸ਼ੁੱਧ ਹੋਵੋਗੇ, ਇਸ ਦੇ ਬਾਅਦ ਤੁਸੀਂ ਡੇਰੇ ਵਿੱਚ ਆਓ ।
ਲੁੱਟ ਦਾ ਬਟਵਾਰਾ

25ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,26ਅਲਆਜ਼ਾਰ ਜਾਜਕ ਅਤੇ ਮੰਡਲੀ ਦੇ ਪੁਰਖਿਆਂ ਦੇ ਘਰਾਣਿਆਂ ਦੇ ਮੁਖੀਆਂ ਨੂੰ ਤੂੰ ਆਪਣੇ ਨਾਲ ਲੈ ਕੇ, ਲੁੱਟ ਦੇ ਮਾਲ ਦਾ ਆਦਮੀਆਂ ਅਤੇ ਡੰਗਰਾਂ ਸਮੇਤ, ਲੇਖਾ ਕਰ ।27ਤੂੰ ਲੁੱਟ ਨੂੰ ਦੋ ਹਿੱਸਿਆਂ ਵਿੱਚ ਅਰਥਾਤ ਸੂਰਮਿਆਂ ਦੇ ਹਿੱਸੇ ਵਿੱਚ ਜਿਹੜੇ ਲੜਾਈ ਵਿੱਚ ਗਏ ਅਤੇ ਮੰਡਲੀ ਦੇ ਹਿੱਸੇ ਵਿੱਚ ਵੰਡ ।
28ਅਤੇ ਤੂੰ ਉਨ੍ਹਾਂ ਸੂਰਮਿਆਂ ਤੋਂ ਜਿਹੜੇ ਲੜਾਈ ਵਿੱਚ ਗਏ, ਯਹੋਵਾਹ ਲਈ ਲਗਾਨ ਲਈਂ ਅਰਥਾਤ ਪੰਜ ਸੌ ਵਿੱਚੋਂ ਇੱਕ ਜਾਨ ਭਾਵੇਂ ਉਹ ਆਦਮੀਆਂ ਦੀ, ਭਾਵੇਂ ਵੱਗ ਦੀ, ਭਾਵੇਂ ਗਧਿਆਂ ਦੀ, ਭਾਵੇਂ ਇੱਜੜਾਂ ਦੀ ਹੋਵੇ ।29ਉਨ੍ਹਾਂ ਦੀ ਅੱਧ ਵਿੱਚੋਂ ਲੈ ਕੇ ਅਲਆਜ਼ਾਰ ਜਾਜਕ ਨੂੰ ਯਹੋਵਾਹ ਦੀ ਚੁੱਕਣ ਦੀ ਭੇਟ ਕਰਕੇ ਦੇਵੀਂ ।
30ਅਤੇ ਇਸਰਾਏਲੀਆਂ ਦੇ ਅੱਧ ਦੇ ਪੰਜਾਹਾਂ ਵਿੱਚੋਂ ਇੱਕ ਲੈ, ਭਾਵੇਂ ਆਦਮੀਆਂ ਦਾ, ਭਾਵੇਂ ਵੱਗ ਦਾ, ਭਾਵੇਂ ਗਧਿਆਂ ਦਾ, ਭਾਵੇਂ ਇੱਜੜ ਦਾ ਅਰਥਾਤ ਸਾਰੇ ਪਸ਼ੂਆਂ ਦਾ ਅਤੇ ਉਨ੍ਹਾਂ ਨੂੰ ਲੇਵੀਆਂ ਨੂੰ ਦੇਵੀਂ, ਜਿਹੜੇ ਯਹੋਵਾਹ ਦੇ ਡੇਰੇ ਦੀ ਸੰਭਾਲ ਕਰਦੇ ਹਨ ।31ਜਿਹੜਾ ਹੁਕਮ ਯਹੋਵਾਹ ਨੇ ਮੂਸਾ ਨੂੰ ਦਿੱਤਾ ਸੀ, ਅਲਆਜ਼ਾਰ ਜਾਜਕ ਅਤੇ ਮੂਸਾ ਨੇ ਉਸੇ ਦੇ ਅਨੁਸਾਰ ਹੀ ਕੀਤਾ ।

32ਮਾਲ ਡੰਗਰ ਤੋਂ ਬਿਨ੍ਹਾ ਜੋ ਸੂਰਮਿਆਂ ਨੇ ਲੁੱਟਿਆ, ਉਸ ਵਿੱਚ ਛੇ ਲੱਖ ਪੰਝੱਤਰ ਹਜ਼ਾਰ ਭੇਡਾਂ,33ਬਹੱਤਰ ਹਜ਼ਾਰ ਬਲ਼ਦ,34ਇਕਾਹਟ ਹਜ਼ਾਰ ਗਧੇ,35ਇਨਸਾਨਾਂ ਵਿੱਚੋਂ ਉਹ ਕੁਆਰੀਆਂ ਜਿਨ੍ਹਾਂ ਨੇ ਮਨੁੱਖ ਨਾਲ ਸੰਗ ਨਹੀਂ ਕੀਤਾ ਸੀ, ਉਹ ਬੱਤੀ ਹਜ਼ਾਰ ਸਨ,
36ਜਿਹੜੇ ਯੁੱਧ ਕਰਨ ਗਏ ਉਹਨਾਂ ਦਾ ਭਾਗ ਤਿੰਨ ਲੱਖ ਸੈਂਤੀ ਹਜ਼ਾਰ ਪੰਜ ਸੌ ਭੇਡਾਂ ਸਨ,37ਅਤੇ ਯਹੋਵਾਹ ਦਾ ਲਗਾਨ ਇਹ ਸੀ, ਜਿਹਨਾਂ ਵਿੱਚੋਂ ਛੇ ਸੌ ਪੰਝੱਤਰ ਭੇਡਾਂ ਅਤੇ ਬੱਕਰੀਆਂ,38ਅਤੇ ਬਲ਼ਦ ਛੱਤੀ ਹਜ਼ਾਰ ਸਨ ਜਿਨ੍ਹਾਂ ਵਿੱਚੋਂ ਯਹੋਵਾਹ ਦਾ ਲਗਾਨ ਬਹੱਤਰ ਸਨ
39ਗਧੇ ਤੀਹ ਹਜ਼ਾਰ ਪੰਜ ਸੌ ਸਨ, ਜਿਨ੍ਹਾਂ ਵਿੱਚੋਂ ਯਹੋਵਾਹ ਦਾ ਲਗਾਨ ਇਕਾਹਟ ਸਨ40ਅਤੇ ਇਨਸਾਨ ਸੌਲਾਂ ਹਜ਼ਾਰ ਸਨ ਜਿਨ੍ਹਾਂ ਵਿੱਚੋਂ ਯਹੋਵਾਹ ਦਾ ਲਗਾਨ ਬੱਤੀ ਪ੍ਰਾਣੀ ਸਨ41ਤਾਂ ਮੂਸਾ ਨੇ ਉਸ ਲਗਾਨ ਨੂੰ ਯਹੋਵਾਹ ਦੀ ਚੁੱਕਣ ਦੀ ਭੇਟ ਕਰਕੇ, ਅਲਆਜ਼ਾਰ ਜਾਜਕ ਨੂੰ ਦਿੱਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ।

42ਅਤੇ ਇਸਰਾਏਲੀਆਂ ਦੇ ਅੱਧ ਤੋਂ ਜਿਹੜਾ ਮੂਸਾ ਨੇ ਯੁੱਧ ਕਰਨ ਵਾਲਿਆਂ ਤੋਂ ਵੰਡਿਆ43ਅਤੇ ਮੰਡਲੀ ਦਾ ਹਿੱਸਾ ਇਹ ਸੀ, ਭੇਡਾਂ ਤਿੰਨ ਲੱਖ ਸੈਂਤੀ ਹਜ਼ਾਰ ਪੰਜ ਸੌ,44ਗਾਂ-ਬਲ਼ਦ ਛੱਤੀ ਹਜ਼ਾਰ,45ਗਧੇ ਤੀਹ ਹਜ਼ਾਰ ਪੰਜ ਸੌ,46ਇਨਸਾਨ ਸੌਲਾਂ ਹਜ਼ਾਰ
47ਇਸ ਅੱਧੇ ਹਿੱਸੇ ਵਿੱਚੋਂ ਜਿਸ ਨੂੰ ਮੂਸਾ ਨੇ ਯੁੱਧ ਕਰਨ ਵਾਲਿਆਂ ਪੁਰਖਾਂ ਤੋਂ ਵੱਖਰਾ ਕੀਤਾ ਸੀ, ਯਹੋਵਾਹ ਦੇ ਹੁਕਮਾਂ ਅਨੁਸਾਰ ਮੂਸਾ ਨੇ ਭਾਵੇਂ ਮਨੁੱਖਾਂ ਵਿੱਚੋਂ ਭਾਵੇਂ ਪਸ਼ੂਆਂ ਵਿੱਚੋਂ, ਪੰਜਾਹ ਵਿੱਚੋਂ ਇੱਕ ਨੂੰ ਲੈ ਕੇ ਉਹ ਲੇਵੀਆਂ ਨੂੰ ਦਿੱਤੇ ਜਿਹੜੇ ਯਹੋਵਾਹ ਦੇ ਡੇਰੇ ਦੀ ਸੰਭਾਲ ਕਰਦੇ ਸਨ ।

48ਤਾਂ ਸੈਨਾਪਤੀ ਜਿਹੜੇ ਹਜ਼ਾਰਾਂ ਉੱਤੇ ਸਨ ਅਰਥਾਤ ਹਜ਼ਾਰਾਂ ਦੇ ਪ੍ਰਧਾਨ ਅਤੇ ਸੈਂਕੜਿਆਂ ਦੇ ਪ੍ਰਧਾਨ ਮੂਸਾ ਕੋਲ ਆਏ49ਅਤੇ ਉਨ੍ਹਾਂ ਨੇ ਮੂਸਾ ਨੂੰ ਆਖਿਆ, ਤੁਹਾਡੇ ਦਾਸਾਂ ਨੇ ਯੁੱਧ ਕਰਨ ਵਾਲਿਆਂ ਦੀ ਗਿਣਤੀ ਕੀਤੀ ਅਤੇ ਉਹਨਾਂ ਵਿੱਚੋਂ ਇੱਕ ਮਨੁੱਖ ਵੀ ਨਹੀਂ ਘਟਿਆ ।
50ਅਸੀਂ ਯਹੋਵਾਹ ਦਾ ਚੜ੍ਹਾਵਾ ਲਿਆਏ ਹਾਂ, ਜੋ ਕੁਝ ਹਰ ਇੱਕ ਦੇ ਹੱਥ ਲੱਗਾ ਅਰਥਾਤ ਸੋਨੇ ਦੇ ਗਹਿਣੇ, ਪਜੇਬਾਂ, ਕੜੇ, ਛਾਪਾਂ, ਬਾਲੀਆਂ ਬਾਜੂਬੰਦ, ਤਾਂ ਜੋ ਅਸੀਂ ਆਪਣੇ ਪ੍ਰਾਣਾਂ ਲਈ ਯਹੋਵਾਹ ਅੱਗੇ ਪਰਾਸਚਿਤ ਕਰੀਏ ।51ਤਦ ਮੂਸਾ ਅਤੇ ਅਲਆਜ਼ਾਰ ਜਾਜਕ ਨੇ ਉਨ੍ਹਾਂ ਤੋਂ ਇਹ ਸਾਰੇ ਘੜਤ ਦੇ ਸੋਨੇ ਦੇ ਗਹਿਣੇ ਲਏ
52ਅਤੇ ਚੁੱਕਣ ਦੀ ਭੇਟ ਦਾ ਸਾਰਾ ਸੋਨਾ, ਜਿਹੜਾ ਉਨ੍ਹਾਂ ਨੇ ਯਹੋਵਾਹ ਲਈ ਚੜ੍ਹਾਇਆ ਸਵਾ ਕੁ ਪੰਜ ਮਣ ਪੱਕਾ ਸੀ, ਜਿਹੜਾ ਹਜ਼ਾਰਾਂ ਦੇ ਹਾਕਮਾਂ ਅਤੇ ਸੈਂਕੜਿਆਂ ਦੇ ਹਾਕਮਾਂ ਤੋਂ ਆਇਆ ।53ਯੁੱਧ ਕਰਨ ਵਾਲਿਆਂ ਵਿੱਚੋਂ ਹਰ ਇੱਕ ਨੇ ਆਪਣੇ ਲਈ ਲੁੱਟਿਆ ਸੀ54ਤਾਂ ਮੂਸਾ ਅਤੇ ਅਲਆਜ਼ਾਰ ਜਾਜਕ, ਉਹ ਸੋਨਾ ਹਜ਼ਾਰਾਂ ਅਤੇ ਸੈਂਕੜਿਆਂ ਦੇ ਹਾਕਮਾਂ ਤੋਂ ਲੈ ਕੇ ਮੰਡਲੀ ਦੇ ਤੰਬੂ ਵਿੱਚ ਲਿਆਏ ਤਾਂ ਜੋ ਉਹ ਇਸਰਾਏਲੀਆਂ ਲਈ ਯਹੋਵਾਹ ਅੱਗੇ ਇੱਕ ਯਾਦਗਾਰੀ ਹੋਵੇ ।

32
ਢਾਈ ਗੋਤਾਂ ਦਾ ਯਰਦਨ ਦੇ ਇਸੇ ਪਾਰ ਵੱਸ ਜਾਣਾ
(ਬਿਵਸਥਾਸਾਰ 3:12-22)

1ਰਊਬੇਨੀਆਂ ਅਤੇ ਗਾਦੀਆਂ ਕੋਲ ਮਾਲ ਡੰਗਰ ਕਾਫ਼ੀ ਸਨ ਅਤੇ ਜਦ ਉਨ੍ਹਾਂ ਨੇ ਯਾਜ਼ੇਰ ਅਤੇ ਗਿਲਆਦ ਦੇ ਦੇਸ ਨੂੰ ਵੇਖਿਆ ਤਾਂ ਵੇਖੋ, ਉਹ ਸਥਾਨ ਪਸ਼ੂਆਂ ਲਈ ਚੰਗਾ ਸੀ ।2ਉਪਰੰਤ ਗਾਦੀਆਂ ਅਤੇ ਰਊਬੇਨੀਆਂ ਨੇ ਮੂਸਾ ਅਤੇ ਅਲਆਜ਼ਾਰ ਜਾਜਕ ਅਤੇ ਮੰਡਲੀ ਦੇ ਪ੍ਰਧਾਨਾਂ ਕੋਲ ਜਾ ਕੇ ਆਖਿਆ,3ਅਟਾਰੋਥ, ਦੀਬੋਨ, ਯਾਜ਼ੇਰ, ਨਿਮਰਾਹ, ਹਸ਼ਬੋਨ, ਅਲਾਲੇਹ, ਸੂਬਾਮ, ਨੁਬੋ ਅਤੇ ਬਓਨ,

4ਅਰਥਾਤ ਜਿਸ ਧਰਤੀ ਉੱਤੇ ਯਹੋਵਾਹ ਨੇ ਇਸਰਾਏਲ ਦੀ ਮੰਡਲੀ ਨੂੰ ਜਿੱਤ ਦਿੱਤੀ ਹੈ ਇਹ ਧਰਤੀ ਪਸ਼ੂਆਂ ਲਈ ਉੱਤਮ ਹੈ ਅਤੇ ਤੁਹਾਡੇ ਦਾਸਾਂ ਕੋਲ ਮਾਲ ਡੰਗਰ ਬਹੁਤ ਹਨ ।5ਨਾਲੇ ਉਨ੍ਹਾਂ ਨੇ ਆਖਿਆ, ਜੇ ਤੁਹਾਡੀ ਕਿਰਪਾ ਦੀ ਨਿਗਾਹ ਸਾਡੇ ਉੱਤੇ ਹੋਵੇ ਤਾਂ ਇਹ ਧਰਤੀ ਤੁਹਾਡੇ ਦਾਸਾਂ ਨੂੰ ਨਿੱਜ ਭਾਗ ਹੋਣ ਲਈ ਲਈ ਦਿੱਤੀ ਜਾਵੇ । ਸਾਨੂੰ ਯਰਦਨੋਂ ਪਾਰ ਨਾ ਲੰਘਾਇਓ ।
6ਤਾਂ ਮੂਸਾ ਨੇ ਗਾਦੀਆਂ ਅਤੇ ਰਊਬੇਨੀਆਂ ਨੂੰ ਆਖਿਆ, ਕੀ, ਤੁਹਾਡੇ ਭਰਾ ਤਾਂ ਲੜਾਈ ਵਿੱਚ ਜਾਣ ਅਤੇ ਤੁਸੀਂ ਇੱਥੇ ਬੈਠੇ ਰਹੋ ?7ਤੁਸੀਂ ਇਸਰਾਏਲੀਆਂ ਨੂੰ ਉਸ ਦੇਸ ਦੇ ਵਿਖੇ ਕਿਉਂ ਨਿਰਾਸ਼ ਕਰਦੇ ਹੋ ? ਜਿਹੜਾ ਯਹੋਵਾਹ ਨੇ ਉਹਨਾਂ ਨੂੰ ਦਿੱਤਾ ਹੈ ।
8ਜਦ ਮੈਂ ਤੁਹਾਡੇ ਪਿਉ ਨੂੰ ਕਾਦੇਸ਼-ਬਰਨੇਆ ਤੋਂ ਕਨਾਨ ਦੇਸ ਨੂੰ ਵੇਖਣ ਲਈ ਭੇਜਿਆ ਤਾਂ ਤੁਹਾਡੇ ਪਿਉ ਨੇ ਵੀ ਇਸੇ ਤਰ੍ਹਾਂ ਹੀ ਕੀਤਾ ।9ਜਦ ਉਨ੍ਹਾਂ ਨੇ ਅਸ਼ਕੋਲ ਦੀ ਘਾਟੀ ਤੱਕ ਪਹੁੰਚ ਕੇ ਉਸ ਦੇਸ ਨੂੰ ਵੇਖਿਆ ਤਾਂ ਇਸਰਾਏਲੀਆਂ ਨੂੰ ਉਸ ਦੇਸ ਦੇ ਵਿਖੇ ਨਿਰਾਸ਼ ਕੀਤਾ, ਜਿਹੜਾ ਯਹੋਵਾਹ ਨੇ ਉਨ੍ਹਾਂ ਨੂੰ ਦਿੱਤਾ ਸੀ ।
10ਤਾਂ ਉਸ ਦਿਨ ਯਹੋਵਾਹ ਦਾ ਕ੍ਰੋਧ ਭੜਕ ਉੱਠਿਆ ਅਤੇ ਉਸ ਨੇ ਸਹੁੰ ਖਾ ਕੇ ਆਖਿਆ ।11ਕਿ ਇਹ ਮਨੁੱਖ ਜਿਹੜੇ ਮਿਸਰ ਵਿੱਚੋਂ ਨਿਕਲ ਕੇ ਆਏ ਹਨ ਉਹਨਾਂ ਦੇ ਵਿੱਚੋਂ ਜਿਹੜੇ ਵੀਹ ਸਾਲ ਦੇ ਅਤੇ ਉਸ ਤੋਂ ਉੱਪਰ ਦੇ ਹਨ ਉਸ ਦੇਸ ਨੂੰ ਨਹੀਂ ਵੇਖਣਗੇ ਜਿਸ ਦੀ ਮੈਂ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਸਹੁੰ ਖਾਧੀ ਸੀ ਕਿਉਂਕਿ ਉਹ ਮੇਰੇ ਪਿੱਛੇ-ਪਿੱਛੇ ਨਹੀਂ ਚੱਲੇ ।12ਯਫੂੰਨਹ ਕਨਿੱਜ਼ੀ ਦੇ ਪੁੱਤਰ ਕਾਲੇਬ ਅਤੇ ਨੂਨ ਦੇ ਪੁੱਤਰ ਯਹੋਸ਼ੁਆ ਉਸ ਦੇਸ ਨੂੰ ਵੇਖਣਗੇ ਕਿਉਂ ਜੋ ਉਹ ਯਹੋਵਾਹ ਦੇ ਪਿੱਛੇ ਪੂਰੀ ਤਰ੍ਹਾਂ ਚੱਲੇ ।
13ਤਾਂ ਯਹੋਵਾਹ ਦਾ ਕ੍ਰੋਧ ਇਸਰਾਏਲ ਉੱਤੇ ਭੜਕ ਉੱਠਿਆ ਅਤੇ ਜਦੋਂ ਤੱਕ ਸਾਰੀ ਪੀੜ੍ਹੀ ਦਾ ਨਾਸ ਨਾ ਹੋ ਗਿਆ ਜਿਹਨਾਂ ਨੇ ਯਹੋਵਾਹ ਦੇ ਵਿਰੁੱਧ ਬੁਰਾਈ ਕੀਤੀ ਸੀ, ਉਸੇ ਸਮੇਂ ਤੱਕ ਅਰਥਾਤ ਚਾਲ੍ਹੀ ਸਾਲ ਤੱਕ ਉਜਾੜ ਵਿੱਚ ਫਿਰਾਉਂਦਾ ਰਿਹਾ ।14ਹੁਣ ਵੇਖੋ, ਤੁਸੀਂ ਉਹਨਾਂ ਵੱਡਿਆ ਦੇ ਥਾਂ ਉੱਠੇ ਹੋ । ਹਾਂ, ਤੁਸੀਂ ਉਹਨਾਂ ਪਾਪੀ ਮਨੁੱਖਾਂ ਦੇ ਦੁਆਰਾ ਜੰਮੇ ਹੋ । ਤੁਸੀਂ ਯਹੋਵਾਹ ਦੇ ਕ੍ਰੋਧ ਨੂੰ ਇਸਰਾਏਲ ਉੱਤੇ ਬਹੁਤ ਵਧਾਓਗੇ ।15ਜੇ ਤੁਸੀਂ ਉਸ ਦੇ ਪਿੱਛੇ ਚੱਲਣ ਤੋਂ ਹੱਟ ਜਾਓ ਤਾਂ ਉਹ ਫਿਰ ਇਨ੍ਹਾਂ ਨੂੰ ਉਜਾੜ ਵਿੱਚ ਛੱਡ ਦੇਵੇਗਾ ਇਸ ਤਰ੍ਹਾਂ ਤੁਸੀਂ ਇਸ ਸਾਰੀ ਪਰਜਾ ਦਾ ਨਾਸ ਕਰਵਾ ਦਿਉਗੇ ।

16ਤਾਂ ਉਨ੍ਹਾਂ ਨੇ ਮੂਸਾ ਦੇ ਕੋਲ ਆ ਕੇ ਆਖਿਆ, ਅਸੀਂ ਇੱਥੇ ਹੀ ਆਪਣੇ ਪਸੂਆਂ ਲਈ ਵਾੜੇ ਅਤੇ ਆਪਣੇ ਬੱਚਿਆਂ ਲਈ ਸ਼ਹਿਰ ਬਣਾਵਾਂਗੇ ।17ਪਰ ਅਸੀਂ ਸ਼ਸਤਰ ਲੈ ਕੇ ਇਸਰਾਏਲੀਆਂ ਦੇ ਅੱਗੇ ਹੋਵਾਂਗੇ ਜਦ ਤੱਕ ਅਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਟਿਕਾਣਿਆਂ ਉੱਤੇ ਨਾ ਪਹੁੰਚਾ ਦੇਈਏ ਅਤੇ ਸਾਡੇ ਬਾਲ ਬੱਚੇ ਇਸ ਦੇਸ ਦੇ ਨਿਵਾਸੀਆਂ ਨਾਲ ਗੜ੍ਹ ਵਾਲੇ ਸ਼ਹਿਰਾਂ ਵਿੱਚ ਰਹਿਣਗੇ ।
18ਅਤੇ ਅਸੀਂ ਆਪਣਿਆਂ ਘਰਾਂ ਨੂੰ ਨਹੀਂ ਮੁੜਾਂਗੇ ਜਦੋਂ ਤੱਕ ਇਸਰਾਏਲੀਆਂ ਦਾ ਇੱਕ-ਇੱਕ ਮਨੁੱਖ ਆਪਣੀ ਜ਼ਮੀਨ ਦਾ ਮਾਲਕ ਨਾ ਹੋ ਜਾਵੇ ।19ਕਿਉਂ ਜੋ ਅਸੀਂ ਉਨ੍ਹਾਂ ਨਾਲ ਯਰਦਨ ਪਾਰ ਅਤੇ ਉਸ ਤੋਂ ਅੱਗੇ ਜ਼ਮੀਨ ਨਹੀਂ ਲਵਾਂਗੇ ਕਿਉਂ ਜੋ ਸਾਡੀ ਜ਼ਮੀਨ ਸਾਨੂੰ ਯਰਦਨ ਦੇ ਇਸ ਪਾਸੇ ਪੂਰਬ ਵੱਲ ਮਿਲ ਗਈ ਹੈ ।
20ਤਾਂ ਮੂਸਾ ਨੇ ਉਨ੍ਹਾਂ ਨੂੰ ਆਖਿਆ, ਜੇ ਤੁਸੀਂ ਇਹ ਕੰਮ ਕਰੋ, ਜੇ ਤੁਸੀਂ ਸ਼ਸਤਰ ਲਵੋ ਅਤੇ ਯਹੋਵਾਹ ਦੇ ਅੱਗੇ ਲੜਾਈ ਲਈ ਜਾਓ ।21ਅਤੇ ਤੁਹਾਡੇ ਵਿੱਚੋਂ ਹਰ ਇੱਕ ਸ਼ਸਤਰ ਧਾਰੀ ਹੋ ਕੇ ਯਰਦਨ ਤੋਂ ਪਾਰ ਲੰਘ ਜਾਵੇ ਜਦ ਤੱਕ ਯਹੋਵਾਹ ਆਪਣੇ ਵੈਰੀਆਂ ਨੂੰ ਆਪਣੇ ਅੱਗੋਂ ਨਾ ਕੱਢ ਦੇਵੇ ।22ਅਤੇ ਦੇਸ ਯਹੋਵਾਹ ਦੇ ਵੱਸ ਵਿੱਚ ਨਾ ਹੋ ਜਾਵੇ ਤਾਂ ਇਸ ਤੋਂ ਬਾਅਦ ਤੁਸੀਂ ਮੁੜ ਸਕਦੇ ਹੋ, ਤੁਸੀਂ ਯਹੋਵਾਹ ਵੱਲੋਂ ਅਤੇ ਇਸਰਾਏਲੀਆਂ ਵੱਲੋਂ ਨਿਰਦੋਸ਼ ਠਹਿਰੋਗੇ ਅਤੇ ਇਹ ਦੇਸ ਯਹੋਵਾਹ ਅੱਗੇ ਤੁਹਾਡੀ ਆਪਣੀ ਜ਼ਮੀਨ ਹੋਵੇਗਾ ।
23ਪਰ ਜੇ ਤੁਸੀਂ ਇਹ ਨਾ ਕਰੋ ਤਾਂ ਵੇਖੋ, ਤੁਸੀਂ ਯਹੋਵਾਹ ਦੇ ਵਿਰੁੱਧ ਪਾਪ ਕਰੋਗੇ ਅਤੇ ਜਾਣੋ ਕਿ ਤੁਹਾਡਾ ਪਾਪ ਤੁਹਾਡੇ ਉੱਤੇ ਆ ਪਵੇਗਾ ।24ਤੁਸੀਂ ਆਪਣੇ ਬਾਲ ਬੱਚਿਆਂ ਲਈ ਸ਼ਹਿਰ ਅਤੇ ਆਪਣੇ ਇੱਜੜਾਂ ਲਈ ਵਾੜੇ ਬਣਾਓ, ਜਿਵੇਂ ਤੁਹਾਡੇ ਮੂੰਹੋਂ ਨਿੱਕਲਿਆ ਹੈ ਉਸੇ ਤਰ੍ਹਾਂ ਕਰੋ ।25ਗਾਦੀਆਂ ਅਤੇ ਰਊਬੇਨੀਆਂ ਨੇ ਮੂਸਾ ਨੂੰ ਆਖਿਆ, ਆਪਣੇ ਸਵਾਮੀ ਦੀ ਆਗਿਆ ਅਨੁਸਾਰ ਤੇਰੇ ਦਾਸ ਕਰਨਗੇ ।
26ਸਾਡੇ ਬਾਲ ਬੱਚੇ, ਸਾਡੀਆਂ ਔਰਤਾਂ, ਸਾਡੇ ਝੁੰਡ ਅਤੇ ਸਾਡੇ ਸਾਰੇ ਜਾਨਵਰ ਗਿਲਆਦ ਦੇ ਸ਼ਹਿਰਾਂ ਵਿੱਚ ਰਹਿਣਗੇ ।27ਪਰ ਆਪਣੇ ਸਵਾਮੀ ਦੇ ਕਹੇ ਅਨੁਸਾਰ ਤੇਰੇ ਦਾਸ ਸਾਰੇ ਦੇ ਸਾਰੇ ਯੁੱਧ ਕਰਨ ਲਈ ਸ਼ਸਤਰ ਧਾਰੀ ਹੋ ਕੇ ਯਹੋਵਾਹ ਅੱਗੇ-ਅੱਗੇ ਲੜਨ ਲਈ ਪਾਰ ਲੰਘਣਗੇ ।

28ਤਾਂ ਮੂਸਾ ਨੇ ਉਨ੍ਹਾਂ ਦੇ ਵਿਖੇ ਅਲਆਜ਼ਾਰ ਜਾਜਕ ਨੂੰ ਅਤੇ ਨੂਨ ਦੇ ਪੁੱਤਰ ਯਹੋਸ਼ੁਆ ਨੂੰ ਅਤੇ ਇਸਰਾਏਲ ਦਿਆਂ ਗੋਤਾਂ ਦੇ ਪੁਰਖਿਆਂ ਦੇ ਘਰਾਣਿਆਂ ਦੇ ਮੁਖੀਆਂ ਨੂੰ ਹੁਕਮ ਦਿੱਤਾ ।29ਜੇ ਗਾਦੀ ਅਤੇ ਰਊਬੇਨੀ ਤੁਹਾਡੇ ਨਾਲ ਯਰਦਨ ਤੋਂ ਪਾਰ ਲੰਘਣ, ਅਤੇ ਉਹ ਜਿਹੜੇ ਸ਼ਸਤਰ ਧਾਰੀ ਹਨ ਯਹੋਵਾਹ ਲਈ ਲੜਨ ਅਤੇ ਧਰਤੀ ਤੁਹਾਡੇ ਵੱਸ ਹੋ ਜਾਵੇ ਤਾਂ ਤੁਸੀਂ ਉਨ੍ਹਾਂ ਨੂੰ ਗਿਲਆਦ ਦੇਸ ਉਹਨਾਂ ਦੀ ਸੰਪਤੀ ਹੋਣ ਲਈ ਦੇ ਦੇਇਓ ।30ਪਰ ਜੇ ਉਹ ਤੁਹਾਡੇ ਨਾਲ ਸ਼ਸਤਰ ਧਾਰੀ ਹੋ ਕੇ ਪਾਰ ਨਾ ਜਾਣ ਤਾਂ ਉਹ ਤੁਹਾਡੇ ਵਿੱਚ ਕਨਾਨ ਦੇਸ ਵਿੱਚ ਜ਼ਮੀਨ ਲੈਣ ।
31ਤਾਂ ਗਾਦੀਆਂ ਅਤੇ ਰਊਬੇਨੀਆਂ ਨੇ ਉੱਤਰ ਦਿੱਤਾ, ਜਿਵੇਂ ਯਹੋਵਾਹ ਤੇਰੇ ਦਾਸਾਂ ਨੂੰ ਬੋਲਿਆ ਹੈ ਉਸੇ ਤਰ੍ਹਾਂ ਅਸੀਂ ਕਰਾਂਗੇ ।32ਅਸੀਂ ਸ਼ਸਤਰ ਧਾਰੀ ਹੋ ਕੇ ਯਹੋਵਾਹ ਅੱਗੇ ਕਨਾਨ ਦੇਸ ਵਿੱਚ ਜਾਵਾਗੇ ਪਰ ਸਾਡੀ ਜ਼ਮੀਨ ਯਰਦਨ ਦੇ ਇਸ ਪਾਰ ਹੀ ਰਹੇ ।

33ਤਾਂ ਮੂਸਾ ਨੇ ਗਾਦੀਆਂ ਅਤੇ ਰਊਬੇਨੀਆਂ ਨੂੰ ਅਤੇ ਯੂਸੁਫ਼ ਦੇ ਪੁੱਤਰ ਮਨੱਸ਼ਹ ਦੇ ਅੱਧੇ ਗੋਤ ਨੂੰ ਅਮੋਰੀਆਂ ਦੇ ਰਾਜੇ ਸੀਹੋਨ ਦੇ ਰਾਜ ਨੂੰ ਅਤੇ ਬਾਸ਼ਨ ਦੇ ਰਾਜੇ ਓਗ ਦੇ ਰਾਜ ਨੂੰ ਦੇ ਦਿੱਤਾ ਅਤੇ ਉਸ ਦੇ ਆਲੇ-ਦੁਆਲੇ ਦੇ ਦੇਸ਼ਾਂ ਦੇ ਸ਼ਹਿਰ ਵੀ ਉਹਨਾਂ ਨੂੰ ਦਿੱਤੇ ।
34ਤਾਂ ਗਾਦੀਆਂ ਨੇ ਦੀਬੋਨ ਅਤੇ ਅਟਾਰੋਥ ਅਤੇ ਅਰੋਏਰ ।35ਅਤੇ ਅਟਰੋਥ ਸ਼ੋਫਾਨ ਅਤੇ ਯਾਜ਼ੇਰ ਅਤੇ ਯਾਗਬਹਾਹ ।36ਅਤੇ ਬੈਤ ਨਿਮਰਾਹ ਅਤੇ ਬੈਤ ਹਾਰਾਨ ਇਹ ਗੜ੍ਹਾਂ ਵਾਲੇ ਸ਼ਹਿਰ ਅਤੇ ਭੇਡਾਂ ਦੇ ਵਾੜੇ ਬਣਾਏ ।
37ਪਰ ਰਊਬੇਨੀਆਂ ਨੇ ਇਹ ਬਣਾਏ, ਹਸ਼ਬੋਨ ਅਤੇ ਅਲਆਲੇ ਅਤੇ ਕਿਰਯਾਥੈਮ ।38ਅਤੇ ਨਬੋ ਬਆਲ ਮਓਨ ਜਿਨ੍ਹਾਂ ਦੇ ਨਾਮ ਬਦਲੇ ਗਏ ਅਤੇ ਸ਼ਿਬਮਾਹ ਨੂੰ ਬਣਾਇਆ ਅਤੇ ਜਿਹੜੇ ਸ਼ਹਿਰ ਉਨ੍ਹਾਂ ਨੇ ਬਣਾਏ ਉਨ੍ਹਾਂ ਦੇ ਹੋਰ ਨਾਮ ਰੱਖੇ ।39ਮਨੱਸ਼ਹ ਦੇ ਪੁੱਤਰ ਮਾਕੀਰ ਦੇ ਵੰਸ਼ ਨੇ ਜਾ ਕੇ ਗਿਲਆਦ ਨੂੰ ਲੈ ਲਿਆ ਅਤੇ ਅਮੋਰੀਆਂ ਨੂੰ ਜਿਹੜੇ ਉਹ ਦੇ ਵਿੱਚ ਸਨ ਕੱਢ ਦਿੱਤਾ ।
40ਤਾਂ ਮੂਸਾ ਨੇ ਗਿਲਆਦ ਮਨੱਸ਼ਹ ਦੀ ਅੰਸ ਦੇ ਮਾਕੀਰ ਨੂੰ ਦਿੱਤਾ ਅਤੇ ਉਹ ਉਸ ਵਿੱਚ ਵੱਸਿਆ ।41ਅਤੇ ਮਨੱਸ਼ਹ ਦੇ ਵੰਸ਼ ਦੇ ਯਾਈਰ ਨੇ ਜਾ ਕੇ ਉਨ੍ਹਾਂ ਦੀਆਂ ਬਸਤੀਆਂ ਨੂੰ ਲੈ ਲਿਆ ਅਤੇ ਉਨ੍ਹਾਂ ਦੇ ਨਾਮ ਹੱਵੋਥ, ਯਾਈਰ ਰੱਖੇ ।42ਅਤੇ ਨੋਬਹ ਨੇ ਜਾ ਕੇ ਕਨਾਥ ਅਤੇ ਉਸ ਦੇ ਪਿੰਡਾਂ ਨੂੰ ਲਿਆ ਅਤੇ ਉਨ੍ਹਾਂ ਦਾ ਨਾਮ ਆਪਣੇ ਨਾਮ ਤੇ ਆਪਣਾ ਨਾਮ ਨੋਬਹ ਰੱਖਿਆ ।

33
ਮਿਸਰ ਤੋਂ ਮੋਆਬ ਤੱਕ ਦੀ ਯਾਤਰਾ

1ਇਹ ਇਸਰਾਏਲੀਆਂ ਦੇ ਸਫ਼ਰ ਹਨ ਜਦ ਉਹ ਮਿਸਰ ਦੇਸ ਤੋਂ ਆਪਣੀਆਂ ਸੈਨਾਂ ਅਨੁਸਾਰ ਮੂਸਾ ਅਤੇ ਹਾਰੂਨ ਦੀ ਅਗਵਾਈ ਨਾਲ ਨਿੱਕਲੇ ।2ਅਤੇ ਮੂਸਾ ਨੇ ਉਨ੍ਹਾਂ ਦੇ ਸਫਰਾਂ ਨੂੰ ਉਨ੍ਹਾਂ ਦੀਆਂ ਮੰਜਲਾਂ ਅਨੁਸਾਰ ਯਹੋਵਾਹ ਦੇ ਹੁਕਮ ਨਾਲ ਲਿਖਿਆ ਸੋ ਉਨ੍ਹਾਂ ਦੇ ਸਫ਼ਰ ਦੀਆਂ ਮੰਜਲਾਂ ਇਹ ਹਨ

3ਉਨ੍ਹਾਂ ਨੇ ਰਾਮਸੇਸ ਤੋਂ ਪਹਿਲੇ ਮਹੀਨੇ ਦੇ ਪੰਦਰਵੇਂ ਦਿਨ ਕੂਚ ਕੀਤਾ । ਪਸਹ ਦੇ ਇੱਕ ਦਿਨ ਪਿੱਛੋਂ ਇਸਰਾਏਲੀ ਜ਼ਬਰਦਸਤੀ ਨਾਲ ਸਾਰੇ ਮਿਸਰੀਆਂ ਦੇ ਵੇਖਦਿਆਂ ਤੇ ਨਿੱਕਲ ਗਏ ।4ਜਦੋਂ ਮਿਸਰੀ ਸਾਰੇ ਪਹਿਲੌਠਿਆਂ ਨੂੰ ਜਿਨ੍ਹਾਂ ਨੂੰ ਯਹੋਵਾਹ ਨੇ ਮਾਰਿਆ ਸੀ ਦੱਬ ਰਹੇ ਸਨ ਅਤੇ ਯਹੋਵਾਹ ਨੇ ਉਨ੍ਹਾਂ ਦੇ ਦੇਵਤਿਆਂ ਨੂੰ ਸ਼ਜਾ ਵੀ ਦਿੱਤੀ ।

5ਤਾਂ ਇਸਰਾਏਲੀਆਂ ਨੇ ਰਾਮਸੇਸ ਤੋਂ ਕੂਚ ਕਰਕੇ ਸੁੱਕੋਥ ਵਿੱਚ ਆਪਣੇ ਡੇਰੇ ਲਾਏ ।6ਫੇਰ ਉਨ੍ਹਾਂ ਨੇ ਸੁੱਕੋਥ ਤੋਂ ਕੂਚ ਕਰਕੇ ਏਥਾਮ ਵਿੱਚ ਡੇਰੇ ਲਾਏ ਜਿਹੜਾ ਉਜਾੜ ਦੀ ਹੱਦ ਉੱਤੇ ਹੈ ।7ਫੇਰ ਏਥਾਮ ਤੋਂ ਕੂਚ ਕਰਕੇ ਉਹ ਪੀ-ਹਹੀਰੋਥ ਨੂੰ ਮੁੜੇ ਜਿਹੜਾ ਬਆਲਸਫ਼ੋਨ ਦੇ ਅੱਗੇ ਹੈ ਅਤੇ ਮਿਗਦੋਲ ਦੇ ਅੱਗੇ ਉਨ੍ਹਾਂ ਨੇ ਡੇਰੇ ਲਾਏ ।
8ਤਦ ਹਹੀਰੋਥ ਦੇ ਅੱਗੋਂ ਕੂਚ ਕਰ ਕੇ ਉਹ ਸਮੁੰਦਰ ਦੇ ਵਿੱਚੋਂ ਦੀ ਲੰਘ ਕੇ ਉਜਾੜ ਵਿੱਚ ਆਏ ਅਤੇ ਉਨ੍ਹਾਂ ਨੇ ਏਥਾਮ ਦੀ ਉਜਾੜ ਵਿੱਚ ਤਿੰਨ ਦਿਨ ਦਾ ਸਫ਼ਰ ਕਰ ਕੇ ਮਾਰਾਹ ਵਿੱਚ ਡੇਰੇ ਲਾਏ ।9ਅਤੇ ਮਾਰਾਹ ਤੋਂ ਕੂਚ ਕਰਕੇ ਉਹ ਏਲੀਮ ਨੂੰ ਆਏ ਜਿੱਥੇ ਪਾਣੀ ਦੇ ਬਾਰਾਂ ਸੋਤੇ ਅਤੇ ਸੱਤਰ ਖਜੂਰ ਦੇ ਰੁੱਖ ਸਨ, ਉਹਨਾਂ ਨੇ ਉੱਥੇ ਡੇਰੇ ਲਾਏ ।10ਫੇਰ ਉਨ੍ਹਾਂ ਨੇ ਏਲੀਮ ਤੋਂ ਕੂਚ ਕਰ ਕੇ ਲਾਲ ਸਮੁੰਦਰ ਕੋਲ ਡੇਰੇ ਲਾਏ ।
11ਅਤੇ ਲਾਲ ਸਮੁੰਦਰ ਤੋਂ ਕੂਚ ਕਰਕੇ ਸੀਨ ਦੀ ਉਜਾੜ ਵਿੱਚ ਡੇਰੇ ਲਾਏ ।12ਤਾਂ ਸੀਨ ਦੀ ਉਜਾੜ ਤੋਂ ਕੂਚ ਕਰ ਕੇ ਦਾਫ਼ਕਾਹ ਵਿੱਚ ਡੇਰੇ ਲਾਏ ।13ਅਤੇ ਦਾਫ਼ਕਾਹ ਤੋਂ ਕੂਚ ਕਰ ਕੇ ਆਲੂਸ਼ ਵਿੱਚ ਡੇਰੇ ਲਾਏ ।14ਤਾਂ ਆਲੂਸ਼ ਤੋਂ ਕੂਚ ਕਰ ਕੇ ਰਫ਼ੀਦਿਮ ਵਿੱਚ ਡੇਰੇ ਲਾਏ ਪਰ ਉੱਥੋਂ ਲੋਕਾਂ ਦੇ ਪੀਣ ਲਈ ਪਾਣੀ ਨਹੀਂ ਸੀ ।
15ਫੇਰ ਰਫ਼ੀਦਿਮ ਤੋਂ ਕੂਚ ਕਰ ਕੇ ਸੀਨਈ ਦੀ ਉਜਾੜ ਵਿੱਚ ਡੇਰੇ ਲਾਏ ।16ਅਤੇ ਸੀਨਈ ਦੀ ਉਜਾੜ ਤੋਂ ਕੂਚ ਕਰ ਕੇ ਕਿਬਰੋਥ-ਹੱਤਅਵਾਹ ਵਿੱਚ ਡੇਰੇ ਲਾਏ17ਤਾਂ ਕਿਬਰੋਥ-ਹੱਤਅਵਾਹ ਤੋਂ ਕੂਚ ਕਰ ਕੇ ਹਸੇਰੋਥ ਵਿੱਚ ਡੇਰੇ ਲਾਏ18ਤਾਂ ਹਸੇਰੋਥ ਤੋਂ ਕੂਚ ਕਰ ਕੇ ਰਿਥਮਾਹ ਵਿੱਚ ਡੇਰੇ ਲਾਏ ।
19ਅਤੇ ਰਿਥਮਾਹ ਤੋਂ ਕੂਚ ਕਰ ਕੇ ਰਿੰਮੋਨ-ਪਾਰਸ ਵਿੱਚ ਡੇਰੇ ਲਾਏ ।20ਅਤੇ ਰਿੰਮੋਨ-ਪਾਰਸ ਤੋਂ ਕੂਚ ਕਰ ਕੇ ਲਿਬਨਾਹ ਵਿੱਚ ਡੇਰੇ ਲਾਏ21ਤਾਂ ਲਿਬਨਾਹ ਤੋਂ ਕੂਚ ਕਰ ਕੇ ਰਿੱਸਾਹ ਵਿੱਚ ਡੇਰੇ ਲਾਏ22ਤਾਂ ਰਿੱਸਾਹ ਤੋਂ ਕੂਚ ਕੇ ਕੇ ਕਹੇਲਾਥਾਹ ਵਿੱਚ ਡੇਰੇ ਲਾਏ ।
23ਅਤੇ ਕਹੇਲਾਥਾਹ ਤੋਂ ਕੂਚ ਕਰ ਕੇ ਸ਼ਾਫ਼ਰ ਪਹਾੜ ਵਿੱਚ ਡੇਰੇ ਲਾਏ24ਤਾਂ ਸ਼ਾਫ਼ਰ ਪਹਾੜ ਤੋਂ ਕੂਚ ਕਰ ਕੇ ਹਰਾਦਾਹ ਵਿੱਚ ਡੇਰੇ ਲਾਏ25ਤਾਂ ਹਰਾਦਾਹ ਤੋਂ ਕੂਚ ਕਰ ਕੇ ਮਕਹੇਲਾਸ਼ ਵਿੱਚ ਡੇਰੇ ਲਾਏ ।26ਫੇਰ ਮਕਹੇਲਾਸ਼ ਤੋਂ ਕੂਚ ਕਰ ਕੇ ਤਾਹਥ ਵਿੱਚ ਡੇਰੇ ਲਾਏ
27ਅਤੇ ਤਾਹਥ ਤੋਂ ਕੂਚ ਕਰ ਕੇ ਥਾਰਹ ਵਿੱਚ ਡੇਰੇ ਲਾਏ ।28ਅਤੇ ਥਾਰਹ ਤੋਂ ਕੂਚ ਕਰ ਕੇ ਮਿਥਕਾਹ ਵਿੱਚ ਡੇਰੇ ਲਾਏ29ਤਾਂ ਮਿਥਕਾਹ ਤੋਂ ਕੂਚ ਕਰ ਕੇ ਹਸ਼ਮੋਨਾਹ ਵਿੱਚ ਡੇਰੇ ਲਾਏ30ਤਾਂ ਹਸ਼ਮੋਨਾਹ ਤੋਂ ਕੂਚ ਕਰ ਕੇ ਮੋਸੇਰੋਥ ਵਿੱਚ ਡੇਰੇ ਲਾਏ
31ਅਤੇ ਮੋਸੇਰੋਥ ਤੋਂ ਕੂਚ ਕਰ ਕੇ ਬਨੇ-ਯਆਕਾਨ ਵਿੱਚ ਡੇਰੇ ਲਾਏ32ਤਾਂ ਬਨੇ-ਯਆਕਾਨ ਤੋਂ ਕੂਚ ਕਰ ਕੇ ਹੋਰ-ਹਗਿਦਗਾਦ ਵਿੱਚ ਡੇਰੇ ਲਾਏ ।33ਫੇਰ ਹੋਰ-ਹਗਿਦਗਾਦ ਤੋਂ ਕੂਚ ਕਰ ਕੇ ਯਾਟਬਾਥਾਹ ਵਿੱਚ ਡੇਰੇ ਲਾਏ34ਅਤੇ ਯਾਟਬਾਥਾਹ ਤੋਂ ਕੂਚ ਕਰ ਕੇ ਅਬਰੋਨਾਹ ਵਿੱਚ ਡੇਰੇ ਲਾਏ
35ਤਾਂ ਅਬਰੋਨਾਹ ਤੋਂ ਕੂਚ ਕਰ ਕੇ ਅਸਯੋਨ-ਗਬਰ ਵਿੱਚ ਡੇਰੇ ਲਾਏ36ਤਾਂ ਅਸਯੋਨ-ਗਬਰ ਤੋਂ ਕੂਚ ਕਰ ਕੇ ਸੀਨ ਦੀ ਉਜਾੜ ਵਿੱਚ ਜਿਹੜੀ ਕਾਦੇਸ਼ ਹੈ ਡੇਰੇ ਲਾਏ37ਅਤੇ ਕਾਦੇਸ਼ ਤੋਂ ਕੂਚ ਕਰ ਕੇ ਹੋਰ ਨਾਮੇ ਪਹਾੜ ਵਿੱਚ ਅਦੋਮ ਦੇਸ ਦੀ ਹੱਦ ਉੱਤੇ ਡੇਰੇ ਲਾਏ
38ਅਤੇ ਹਾਰੂਨ ਜਾਜਕ ਹੋਰ ਪਹਾੜ ਉੱਤੇ ਯਹੋਵਾਹ ਦੇ ਹੁਕਮ ਨਾਲ ਚੜ੍ਹਿਆ ਅਤੇ ਉੱਥੇ ਉਹ ਮਰ ਗਿਆ । ਇਸਰਾਏਲੀਆਂ ਦੇ ਮਿਸਰ ਦੇਸ ਤੋਂ ਨਿੱਕਲਣ ਦੇ ਚਾਲੀਵੇਂ ਵਰਹੇ ਦੇ ਪੰਜਵੇਂ ਮਹੀਨੇ ਦੇ ਪਹਿਲੇ ਦਿਨ ਉਹ ਮਰ ਗਿਆ39ਅਤੇ ਹਾਰੂਨ ਇੱਕ ਸੌ ਤੇਈ ਸਾਲ ਦਾ ਸੀ ਜਦ ਉਹ ਹੋਰ ਪਹਾੜ ਉੱਤੇ ਮਰ ਗਿਆ ।
40ਕਨਾਨੀਆਂ ਦੇ ਰਾਜਾ ਅਰਾਦ ਨੇ ਜੋ ਕਨਾਨ ਦੇਸ ਦੇ ਦੱਖਣ ਵੱਲ ਰਹਿੰਦਾ ਸੀ ਇਸਰਾਏਲੀਆਂ ਦੇ ਆਉਣ ਦੀ ਖ਼ਬਰ ਸੁਣੀ ।
41ਅਤੇ ਉਨ੍ਹਾਂ ਨੇ ਹੋਰ ਪਹਾੜ ਤੋਂ ਕੂਚ ਕਰ ਕੇ ਸਲਮੋਨਾਹ ਵਿੱਚ ਡੇਰੇ ਲਾਏ ।42ਤਾਂ ਸਲਮੋਨਾਹ ਤੋਂ ਕੂਚ ਕਰ ਕੇ ਫ਼ੁਨੋਨ ਵਿੱਚ ਡੇਰੇ ਲਾਏ ।43ਤਾਂ ਫ਼ੁਨੋਨ ਤੋਂ ਕੂਚ ਕਰ ਕੇ ਓ ਬੋਥ ਵਿੱਚ ਡੇਰੇ ਲਾਏ ।
44ਅਤੇ ਓ ਬੋਥ ਤੋਂ ਕੂਚ ਕਰ ਕੇ ਇਯੇਅਬਾਰੀਮ ਵਿੱਚ ਮੋਆਬ ਦੀ ਸਰਹੱਦ ਉੱਤੇ ਡੇਰੇ ਲਾਏ ।45ਤਾਂ ਈਯੇ ਤੋਂ ਕੂਚ ਕਰ ਕੇ ਦੀਬੋਨ-ਗਾਦ ਵਿੱਚ ਡੇਰੇ ਲਾਏ ।46ਅਤੇ ਦੀਬੋਨ-ਗਾਦ ਤੋਂ ਕੂਚ ਕਰ ਕੇ ਅਲਮੋਨ-ਦਿਬਲਾਤੈਮਾਹ ਵਿੱਚ ਡੇਰੇ ਲਾਏ ।
47ਅਤੇ ਅਲਮੋਨ-ਦਿਬਲਾਤੈਮਾਹ ਤੋਂ ਕੂਚ ਕਰ ਕੇ ਅਬਾਰੀਮ ਦੇ ਪਹਾੜਾਂ ਵਿੱਚ ਨਬੋ ਦੇ ਅੱਗੇ ਡੇਰੇ ਲਾਏ ।48ਅਬਾਰੀਮ ਦੇ ਪਹਾੜਾਂ ਤੋਂ ਕੂਚ ਕਰ ਕੇ ਮੋਆਬ ਦੇ ਮੈਦਾਨ ਵਿੱਚ ਯਰਦਨ ਉੱਤੇ ਯਰੀਹੋ ਕੋਲ ਡੇਰੇ ਲਾਏ ।49ਅਤੇ ਉਨ੍ਹਾਂ ਨੇ ਯਰਦਨ ਉੱਤੇ ਬੈਤ-ਯਸ਼ਿਮੋਥ ਤੋਂ ਆਬੇਲ-ਸ਼ਿੱਟੀਮ ਤੱਕ ਮੋਆਬ ਦੇ ਮੈਦਾਨ ਵਿੱਚ ਡੇਰੇ ਲਾਏ ।
ਕਨਾਨ ਉੱਤੇ ਹਮਲੇ ਦਾ ਨਿਰਦੇਸ਼

50ਮੋਆਬ ਦੇ ਮੈਦਾਨ ਵਿੱਚ ਯਰਦਨ ਉੱਤੇ ਯਰੀਹੋ ਕੋਲ ਯਹੋਵਾਹ ਨੇ ਮੂਸਾ ਨੂੰ ਆਖਿਆ,51ਇਸਰਾਏਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਆਖ ਕਿ ਜਦ ਤੁਸੀਂ ਯਰਦਨ ਦੇ ਪਾਰ ਕਨਾਨ ਦੇਸ ਵਿੱਚ ਪਹੁੰਚੋ52ਤਾਂ ਤੁਸੀਂ ਉਸ ਦੇਸ ਦੇ ਸਾਰੇ ਵਸਨੀਕਾਂ ਨੂੰ ਆਪਣੇ ਅੱਗਿਓਂ ਕੱਢ ਦਿਓ, ਨਾਲੇ ਉਨ੍ਹਾਂ ਦੇ ਸਾਰੇ ਘੜ੍ਹੇ ਹੋਏ ਪੱਥਰਾਂ, ਢਾਲੇ ਹੋਏ ਬੁੱਤਾਂ ਨੂੰ ਅਤੇ ਉਨ੍ਹਾਂ ਦੇ ਪੂਜਾ ਦੇ ਉੱਚੇ ਸਥਾਨਾਂ ਨੂੰ ਢਾਹ ਸੁੱਟੋ ।
53ਅਤੇ ਤੁਸੀਂ ਉਸ ਦੇਸ ਉੱਤੇ ਕਬਜ਼ਾ ਕਰ ਕੇ ਉਸ ਵਿੱਚ ਵੱਸੋ ਕਿਉਂ ਜੋ ਮੈਂ ਉਹ ਦੇਸ ਤੁਹਾਨੂੰ ਦਿੱਤਾ ਹੈ ਕਿ ਤੁਸੀਂ ਉਸ ਉੱਤੇ ਕਬਜ਼ਾ ਕਰੋ ।54ਤੁਸੀਂ ਪਰਚੀਆਂ ਪਾ ਕੇ ਉਸ ਦੇਸ ਨੂੰ ਆਪਣੇ ਟੱਬਰਾਂ ਅਨੁਸਾਰ ਵੰਡ ਲਓ । ਬਹੁਤਿਆਂ ਨੂੰ ਤੁਸੀਂ ਜ਼ਿਆਦਾ ਜ਼ਮੀਨ ਦਿਓ ਅਤੇ ਥੋੜਿਆਂ ਨੂੰ ਘੱਟ ਜ਼ਮੀਨ ਦਿਓ । ਜਿੱਥੇ ਕਿਸੇ ਦੀ ਪਰਚੀ ਨਿੱਕਲੇ ਉੱਥੇ ਉਸ ਦੀ ਜ਼ਮੀਨ ਹੋਵੇ । ਆਪਣੇ ਪਿਉ-ਦਾਦਿਆਂ ਦਿਆਂ ਗੋਤਾਂ ਅਨੁਸਾਰ ਤੁਸੀਂ ਆਪਣੀ ਜ਼ਮੀਨ ਵੰਡ ਲਿਓ ।
55ਪਰ ਜੇ ਤੁਸੀਂ ਉਸ ਦੇਸ ਦੇ ਵਸਨੀਕਾਂ ਨੂੰ ਆਪਣੇ ਅੱਗੋਂ ਨਾ ਕੱਢੋ ਤਾਂ ਅਜਿਹਾ ਹੋਵੇਗਾ ਕਿ ਉਹ ਜਿਨ੍ਹਾਂ ਨੂੰ ਤੁਸੀਂ ਰਹਿਣ ਦਿਓਗੇ ਤੁਹਾਡੀਆਂ ਅੱਖਾਂ ਵਿੱਚ ਰੜਕਣਗੇ ਅਤੇ ਤੁਹਾਡੀਆਂ ਪਸਲੀਆਂ ਵਿੱਚ ਕੰਡੇ ਹੋਣਗੇ ਅਤੇ ਉਹ ਤੁਹਾਨੂੰ ਉਸ ਦੇਸ ਵਿੱਚ ਜਿੱਥੇ ਤੁਸੀਂ ਵੱਸਦੇ ਹੋ ਦੁੱਖ ਦੇਣਗੇ ।56ਤਾਂ ਅਜਿਹਾ ਹੋਵੇਗਾ ਕਿ ਜਿਵੇਂ ਮੈਂ ਉਨ੍ਹਾਂ ਨਾਲ ਕਰਨ ਦਾ ਮਨ ਬਣਾਇਆ ਹੈ ਉਹ ਹੀ ਤੁਹਾਡੇ ਨਾਲ ਕਰਾਂਗਾ !

34
ਕਨਾਨ ਦੇਸ ਦੀਆਂ ਸੀਮਾਵਾਂ

1ਤਦ ਯਹੋਵਾਹ ਨੇ ਮੂਸਾ ਨੂੰ ਆਖਿਆ,2ਇਸਰਾਏਲੀਆਂ ਨੂੰ ਹੁਕਮ ਦੇ ਕੇ ਆਖ ਕਿ ਜਦ ਤੁਸੀਂ ਕਨਾਨ ਦੇਸ ਵਿੱਚ ਪ੍ਰਵੇਸ਼ ਕਰੋ ( ਉਹ ਦੇਸ ਜਿਹੜਾ ਤੁਹਾਡੀ ਵਿਰਾਸਤ ਹੋਣ ਲਈ ਮਿਲੇਗਾ ਅਰਥਾਤ ਕਨਾਨ ਦੇਸ ਉਹ ਦੀਆਂ ਹੱਦਾਂ ਤੱਕ )3ਤਾਂ ਤੁਹਾਡਾ ਦੱਖਣ ਦਾ ਪਾਸਾ ਸੀਨ ਦੀ ਉਜਾੜ ਤੋਂ ਅਦੋਮ ਦੇ ਨੇੜੇ ਹੋਵੇ ਅਤੇ ਤੁਹਾਡੇ ਦੱਖਣ ਦੀ ਹੱਦ ਖਾਰੇ ਸਮੁੰਦਰ ਦੇ ਸਿਰੇ ਤੋਂ ਪੂਰਬ ਵੱਲ ਹੋਵੇ ।

4ਤੁਹਾਡੀ ਹੱਦ ਦੱਖਣ ਵਿੱਚ ਅਕਰੱਬੀਮ ਦੀ ਚੜ੍ਹਾਈ ਵੱਲ ਮੁੜੇ, ਫਿਰ ਸੀਨ ਵੱਲ ਹੁੰਦੀ ਹੋਈ ਉਹ ਦਾ ਫੈਲਾਓ ਦੱਖਣ ਤੋਂ ਕਾਦੇਸ਼-ਬਰਨੋਆ ਤੱਕ ਹੋਵੇ ਅਤੇ ਹਸਰ-ਅੱਦਾਰ ਤੱਕ ਜਾ ਕੇ ਅਸਮੋਨ ਨੂੰ ਪਹੁੰਚੇ ।5ਤਾਂ ਉਹ ਹੱਦ ਅਸਮੋਨ ਤੋਂ ਮਿਸਰ ਦੀ ਨਦੀ ਤੱਕ ਘੁੰਮੇ ਅਤੇ ਉਹ ਦਾ ਫੈਲਾਓ ਸਮੁੰਦਰ ਤੱਕ ਹੋਵੇ ।

6ਅਤੇ ਤੁਹਾਡੀ ਪੱਛਮ ਵਾਲੇ ਪਾਸੇ ਦੀ ਹੱਦ ਮਹਾਂ ਸਮੁੰਦਰ ਹੋਵੇ । ਇਹ ਤੁਹਾਡੇ ਪੱਛਮ ਵਾਲੇ ਪਾਸੇ ਦੀ ਹੱਦ ਹੋਵੇ ।

7ਮਹਾਂ ਸਮੁੰਦਰ ਤੋਂ ਤੁਸੀਂ ਹੋਰ ਨਾਮ ਦੇ ਪਰਬਤ ਤੱਕ ਨਿਸ਼ਾਨ ਲਾਓ ਜੋ ਇਹ ਤੁਹਾਡੀ ਉੱਤਰ ਵੱਲ ਦੀ ਹੱਦ ਹੋਵੇ ।8ਹੋਰ ਪਰਬਤ ਤੋਂ ਤੁਸੀਂ ਨਿਸ਼ਾਨ ਹਮਾਥ ਦੇ ਰਾਹ ਤੱਕ ਲਗਾਉ ਤਾਂ ਇਹ ਹੱਦ ਸਦਾਦ ਤੱਕ ਪਹੁੰਚੇ ।9ਫੇਰ ਹੱਦ ਜ਼ਿਫਰੋਨ ਤੱਕ ਜਾਵੇ ਅਤੇ ਉਹ ਦਾ ਫੈਲਾਓ ਹਸਰ-ਏਨਾਨ ਤੱਕ ਹੋਵੇ । ਇਹ ਤੁਹਾਡੀ ਉੱਤਰ ਦੀ ਹੱਦ ਹੋਵੇ ।

10ਤੁਸੀਂ ਆਪਣੀ ਪੂਰਬੀ ਹੱਦ ਲਈ ਹਸਰ-ਏਨਾਨ ਤੋਂ ਸ਼ਫਾਮ ਤੱਕ ਨਿਸ਼ਾਨ ਲਾਓ ।11ਅਤੇ ਸ਼ਫਾਮ ਤੋਂ ਰਿਬਲਾਹ ਤੱਕ ਆਯਿਨ ਦੇ ਪੂਰਬ ਵੱਲੋਂ ਹੇਠਾਂ ਨੂੰ ਜਾਵੇ । ਅਤੇ ਪੂਰਬ ਵੱਲ ਕਿਨੱਰਥ ਦੀ ਝੀਲ ਦੇ ਕੰਢੇ ਤੱਕ ਪਹੁੰਚ ਕੇ ਤੁਹਾਡੀ ਹੱਦ ਪੱਛਮ ਨੂੰ ਜਾਵੇ ।12ਅਤੇ ਹੱਦ ਯਰਦਨ ਤੱਕ ਹੇਠਾਂ ਜਾਵੇ ਅਤੇ ਉਹ ਦਾ ਫੈਲਾਓ ਖਾਰੇ ਸਮੁੰਦਰ ਤੱਕ ਹੋਵੇ । ਇਹ ਤੁਹਾਡੀ ਧਰਤੀ ਦੇ ਆਲੇ-ਦੁਆਲੇ ਦੀਆਂ ਹੱਦਾਂ ਹੋਣ ।

13ਫੇਰ ਮੂਸਾ ਨੇ ਇਸਰਾਏਲੀਆਂ ਨੂੰ ਹੁਕਮ ਦੇ ਕੇ ਆਖਿਆ, ਇਹ ਉਹ ਦੇਸ ਹੈ ਜਿਸ ਦਾ ਅਧਿਕਾਰ ਤੁਸੀਂ ਪਰਚੀਆਂ ਪਾ ਕੇ ਲਵੋਗੇ ਜਿਵੇਂ ਤੁਹਾਨੂੰ ਯਹੋਵਾਹ ਨੇ ਹੁਕਮ ਦਿੱਤਾ ਕਿ ਉਹ ਉਨ੍ਹਾਂ ਨੌਂ ਗੋਤਾਂ ਨੂੰ ਅਤੇ ਉਸ ਅੱਧੇ ਗੋਤ ਨੂੰ ਦਿੱਤੀ ਜਾਵੇ ।14ਕਿਉਂ ਜੋ ਰਊਬੇਨੀਆਂ ਦੇ ਗੋਤ ਨੇ ਆਪਣਿਆਂ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਅਤੇ ਗਾਦੀਆਂ ਨੇ ਆਪਣਿਆਂ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਅਤੇ ਮਨੱਸ਼ਹ ਦੇ ਅੱਧੇ ਗੋਤ ਨੇ ਆਪਣੀ ਜ਼ਮੀਨ ਨੂੰ ਪਾ ਲਿਆ ਹੈ ।15ਇਨ੍ਹਾਂ ਦੋਹਾਂ ਗੋਤਾਂ ਨੇ ਅਤੇ ਅੱਧੇ ਗੋਤ ਨੇ ਆਪਣੀ ਜ਼ਮੀਨ ਨੂੰ ਯਰਦਨ ਪਾਰ ਯਰੀਹੋ ਕੋਲ, ਪੂਰਬ ਦਿਸ਼ਾ ਵੱਲ ਪਾ ਲਿਆ ਹੈ ।
ਦੇਸ ਨੂੰ ਵੰਡਣ ਵਾਲੇ ਪ੍ਰਧਾਨ

16ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,17ਇਹ ਉਨ੍ਹਾਂ ਮਨੁੱਖਾਂ ਦੇ ਨਾਮ ਹਨ ਜੋ ਤੁਹਾਡੇ ਲਈ ਦੇਸ ਦੀ ਜ਼ਮੀਨ ਵੰਡਣ । ਅਲਆਜ਼ਾਰ ਜਾਜਕ ਅਤੇ ਨੂਨ ਦਾ ਪੁੱਤਰ ਯਹੋਸ਼ੁਆ ।18ਨਾਲੇ ਤੁਸੀਂ ਹਰ ਗੋਤ ਤੋਂ ਇੱਕ-ਇੱਕ ਪ੍ਰਧਾਨ ਦੇਸ ਦੀ ਜ਼ਮੀਨ ਵੰਡਣ ਲਈ ਲਿਓ ।
19ਅਤੇ ਇਹ ਉਨ੍ਹਾਂ ਮਨੁੱਖਾਂ ਦੇ ਨਾਮ ਹੋਣ, ਯਹੂਦਾਹ ਦੇ ਗੋਤ ਲਈ ਯਫ਼ੁੰਨਹ ਦਾ ਪੁੱਤਰ ਕਾਲੇਬ20ਸ਼ਿਮਓਨੀਆਂ ਦੇ ਗੋਤ ਲਈ ਅੰਮੀਹੂਦ ਦਾ ਪੁੱਤਰ ਸ਼ਮੂਏਲ
21ਬਿਨਯਾਮੀਨ ਦੇ ਗੋਤ ਲਈ ਕਿਸਲੋਨ ਦਾ ਪੁੱਤਰ ਅਲੀਦਾਦ22ਦਾਨੀਆਂ ਦੇ ਗੋਤ ਲਈ ਇੱਕ ਪ੍ਰਧਾਨ ਯਾਗਲੀ ਦਾ ਪੁੱਤਰ ਬੁੱਕੀ23ਯੂਸੁਫ਼ ਦੇ ਪੁੱਤਰਾਂ ਵਿੱਚੋਂ ਮਨੱਸ਼ੀਆਂ ਦੇ ਗੋਤ ਲਈ ਇੱਕ ਪ੍ਰਧਾਨ ਏਫ਼ੋਦ ਦਾ ਪੁੱਤਰ ਹੰਨੀਏਲ
24ਅਤੇ ਅਫ਼ਰਈਮੀਆਂ ਦੇ ਗੋਤ ਲਈ ਇੱਕ ਪ੍ਰਧਾਨ ਸ਼ਿਫਟਾਨ ਦਾ ਪੁੱਤਰ ਕਮੂਏਲ25ਅਤੇ ਜ਼ਬੂਲੁਨੀਆਂ ਦੇ ਗੋਤ ਲਈ ਇੱਕ ਪ੍ਰਧਾਨ ਪਰਨਾਕ ਦਾ ਪੁੱਤਰ ਅਲੀਸਾਫ਼ਾਨ26ਅਤੇ ਯਿੱਸਾਕਾਰੀਆਂ ਦੇ ਗੋਤ ਲਈ ਇੱਕ ਪ੍ਰਧਾਨ ਅੱਜ਼ਾਨ ਦਾ ਪੁੱਤਰ ਪਲਟੀਏਲ
27ਅਤੇ ਆਸ਼ੇਰੀਆਂ ਦੇ ਗੋਤ ਲਈ ਇੱਕ ਪ੍ਰਧਾਨ ਸ਼ਲੋਮੀ ਦਾ ਪੁੱਤਰ ਅਹੀਹੂਦ28ਅਤੇ ਨਫ਼ਤਾਲੀਆਂ ਦੇ ਗੋਤ ਲਈ ਇੱਕ ਪ੍ਰਧਾਨ ਅੰਮੀਹੂਦ ਦਾ ਪੁੱਤਰ ਪਦਹੇਲ29ਇਹ ਉਹ ਹਨ ਜਿਨ੍ਹਾਂ ਨੂੰ ਯਹੋਵਾਹ ਨੇ ਹੁਕਮ ਦਿੱਤਾ ਸੀ ਕਿ ਉਹ ਇਸਰਾਏਲੀਆਂ ਲਈ ਕਨਾਨ ਦੇਸ ਦੀ ਜ਼ਮੀਨ ਵੰਡਣ ।

35
ਲੇਵੀਆਂ ਦੇ ਨਗਰ

1ਫੇਰ ਯਹੋਵਾਹ ਮੋਆਬ ਦੇ ਮੈਦਾਨ ਵਿੱਚ ਯਰਦਨ ਉੱਤੇ ਯਰੀਹੋ ਕੋਲ ਮੂਸਾ ਨੂੰ ਬੋਲਿਆ,2ਇਸਰਾਏਲੀਆਂ ਨੂੰ ਹੁਕਮ ਦੇ, ਕਿ ਉਹ ਲੇਵੀਆਂ ਨੂੰ ਆਪਣੇ ਕਬਜ਼ੇ ਦੀ ਜ਼ਮੀਨ ਵਿੱਚੋਂ ਰਹਿਣ ਲਈ ਨਗਰ ਦੇਣ ਅਤੇ ਨਗਰਾਂ ਦੇ ਦੁਆਲੇ ਦੀ ਸ਼ਾਮਲਾਟ ਲੇਵੀਆਂ ਨੂੰ ਦੇਣ ।

3ਨਗਰ ਉਨ੍ਹਾਂ ਦੇ ਰਹਿਣ ਲਈ ਅਤੇ ਸ਼ਾਮਲਾਤ ਉਨ੍ਹਾਂ ਦੇ ਪਸ਼ੂਆਂ ਲਈ, ਉਨ੍ਹਾਂ ਦੇ ਸਭ ਕੁਝ ਲਈ ਅਤੇ ਉਨ੍ਹਾਂ ਦੇ ਜਾਨਵਰਾਂ ਲਈ ਹੋਵੇ ।4ਅਤੇ ਨਗਰਾਂ ਦੀ ਸ਼ਾਮਲਾਟ ਜਿਹੜੀ ਤੁਸੀਂ ਲੇਵੀਆਂ ਨੂੰ ਦਿਓ ਨਗਰ ਦੀਆਂ ਕੰਧਾਂ ਤੋਂ ਲੈ ਕੇ ਬਾਹਰ ਵੱਲ ਆਲੇ-ਦੁਆਲੇ ਇੱਕ-ਇੱਕ ਹਜ਼ਾਰ ਹੱਥ ਹੋਵੇ ।
5ਤੁਸੀਂ ਨਗਰ ਤੋਂ ਬਾਹਰ ਪੂਰਬ ਦੇ ਪਾਸੇ ਵੱਲ ਦੋ ਹਜ਼ਾਰ ਹੱਥ ਮਿਣੋ, ਦੱਖਣ ਦੇ ਪਾਸੇ ਵੱਲ ਦੋ ਹਜ਼ਾਰ, ਲਹਿੰਦੇ ਪਾਸੇ ਦੋ ਹਜ਼ਾਰ ਅਤੇ ਉੱਤਰ ਦੇ ਪਾਸੇ ਵੱਲ ਦੋ ਹਜ਼ਾਰ ਹੱਥ ਅਤੇ ਨਗਰ ਵਿਚਕਾਰ ਹੋਵੇ । ਇਹ ਉਨ੍ਹਾਂ ਦੇ ਨਗਰਾਂ ਦੀਆਂ ਸ਼ਾਮਲਾਟਾਂ ਹੋਣ ।
6ਜਿਹੜੇ ਨਗਰ ਤੁਸੀਂ ਲੇਵੀਆਂ ਨੂੰ ਦਿਓਗੇ ਉਹ ਛੇ ਨਗਰ ਪਨਾਹ ਦੇ ਨਗਰ ਹੋਣ ਜਿਨ੍ਹਾਂ ਨੂੰ ਤੁਸੀਂ ਖੂਨੀ ਦੇ ਭੱਜ ਜਾਣ ਲਈ ਠਹਿਰਾਓ ਅਤੇ ਉਨ੍ਹਾਂ ਤੋਂ ਬਿਨ੍ਹਾਂ ਤੁਸੀਂ ਬਿਆਲੀ ਨਗਰ ਹੋਰ ਦਿਓ ।7ਸੋ ਸਾਰੇ ਨਗਰ ਜਿਹੜੇ ਤੁਸੀਂ ਲੇਵੀਆਂ ਨੂੰ ਦਿਓ ਅਠਤਾਲੀ ਨਗਰ ਸ਼ਾਮਲਾਟ ਨਾਲ ਹੋਣ ।
8ਅਤੇ ਉਹ ਨਗਰ ਜਿਹੜੇ ਤੁਸੀਂ ਇਸਰਾਏਲੀਆਂ ਦੀ ਜ਼ਮੀਨ ਤੋਂ ਦੇਣੇ ਉਹ ਬਹੁਤਿਆਂ ਵਿੱਚੋਂ ਬਹੁਤੇ ਅਤੇ ਥੋੜਿਆਂ ਵਿੱਚੋਂ ਥੋੜ੍ਹੇ ਦਿਓ । ਹਰ ਇੱਕ ਆਪਣੀ ਜ਼ਮੀਨ ਅਨੁਸਾਰ ਜਿਹੜੀ ਉਹ ਨੂੰ ਮਿਲੀ ਹੈ ਆਪਣੇ ਨਗਰਾਂ ਵਿੱਚੋਂ ਲੇਵੀਆਂ ਨੂੰ ਦੇਵੇ ।
ਖੂਨੀ ਦੇ ਲਈ ਸ਼ਰਣ ਲੈਣ ਦਾ ਨਗਰ
(ਬਿਵਸਥਾਸਾਰ 19:1-13; ਯਹੋਸ਼ੂਆ 20:1-9)

9ਯਹੋਵਾਹ ਨੇ ਮੂਸਾ ਨੂੰ ਆਖਿਆ,10ਇਸਰਾਏਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਆਖ, ਜਦ ਤੁਸੀਂ ਕਨਾਨ ਦੇਸ ਨੂੰ ਯਰਦਨ ਪਾਰ ਲੰਘੋ11ਤਾਂ ਤੁਸੀਂ ਆਪਣੇ ਲਈ ਨਗਰ ਠਹਿਰਾਓ ਜਿਹੜੇ ਤੁਹਾਡੇ ਲਈ ਪਨਾਹ ਦੇ ਨਗਰ ਹੋਣ ਜਿੱਥੇ ਖੂਨੀ ਭੱਜ ਜਾਵੇ ਜਿਸ ਕਿਸੇ ਨੂੰ ਭੁੱਲ ਨਾਲ ਮਾਰਿਆ ਹੋਵੇ ।
12ਅਤੇ ਇਹ ਨਗਰ ਤੁਹਾਡੇ ਲਈ ਬਦਲਾ ਲੈਣ ਵਾਲੇ ਤੋਂ ਪਨਾਹ ਲਈ ਹੋਣ ਤਾਂ ਜੋ ਖੂਨੀ ਮਰ ਨਾ ਜਾਵੇ ਜਿੰਨਾ ਚਿਰ ਉਹ ਮੰਡਲੀ ਦੇ ਅੱਗੇ ਨਿਆਉਂ ਲਈ ਖੜ੍ਹਾ ਨਾ ਕੀਤਾ ਜਾਵੇ ।13ਅਤੇ ਜਿਹੜੇ ਨਗਰ ਤੁਸੀਂ ਦਿਓ ਉਹ ਤੁਹਾਡੇ ਲਈ ਛੇ ਨਗਰ ਪਨਾਹ ਦੇ ਨਗਰ ਹੋਣ ।
14ਤਿੰਨ ਨਗਰ ਯਰਦਨ ਤੋਂ ਪਾਰ ਅਤੇ ਤਿੰਨ ਨਗਰ ਕਨਾਨ ਦੇਸ ਵਿੱਚ ਠਹਿਰਾਓ ਅਤੇ ਉਹ ਪਨਾਹ ਦੇ ਨਗਰ ਹੋਣ ।15ਇਸਰਾਏਲੀਆਂ ਲਈ, ਪਰਦੇਸੀਆਂ ਲਈ ਅਤੇ ਉਸ ਲਈ ਜਿਹੜਾ ਉਨ੍ਹਾਂ ਵਿੱਚ ਵੱਸਦਾ ਹੋਵੇ ਇਹ ਛੇ ਨਗਰ ਪਨਾਹ ਲਈ ਹੋਣ ਤਾਂ ਜੋ ਜੇ ਕੋਈ ਕਿਸੇ ਨੂੰ ਭੁੱਲ ਨਾਲ ਮਾਰ ਦੇਵੇ ਉਹ ਉੱਥੇ ਭੱਜ ਜਾਵੇ ।

16ਪਰ ਜੇ ਉਸ ਨੇ ਕਿਸੇ ਨੂੰ ਲੋਹੇ ਦੇ ਕਿਸੇ ਹਥਿਆਰ ਨਾਲ ਮਾਰਿਆ ਹੋਵੇ ਕਿ ਉਹ ਮਰ ਗਿਆ ਹੋਵੇ ਤਾਂ ਉਹ ਖੂਨੀ ਹੈ ਅਤੇ ਉਹ ਖੂਨੀ ਜਰੂਰ ਮਾਰਿਆ ਜਾਵੇ ।17ਜਿਸ ਨੇ ਹੱਥ ਵਿੱਚ ਪੱਥਰ ਲੈ ਕੇ ਜਿਸ ਤੋਂ ਕੋਈ ਮਰ ਸਕੇ ਕਿਸੇ ਨੂੰ ਮਾਰਿਆ ਹੋਵੇ ਅਤੇ ਉਹ ਮਰ ਗਿਆ ਹੋਵੇ ਤਾਂ ਉਹ ਖੂਨੀ ਹੈ । ਉਹ ਖੂਨੀ ਜਰੂਰ ਮਾਰਿਆ ਜਾਵੇ ।18ਜਾਂ ਜੇ ਉਸ ਨੇ ਲੱਕੜੀ ਦੇ ਹਥਿਆਰ ਨੂੰ ਹੱਥ ਵਿੱਚ ਲੈ ਕੇ ਜਿਸ ਤੋਂ ਕੋਈ ਮਰ ਸਕੇ ਉਹ ਨੂੰ ਮਾਰਿਆ ਹੋਵੇ ਅਤੇ ਉਹ ਮਰ ਗਿਆ ਹੋਵੇ ਤਾਂ ਉਹ ਖੂਨੀ ਹੈ । ਉਹ ਖੂਨੀ ਜਰੂਰ ਮਾਰਿਆ ਜਾਵੇ ।
19ਖੂਨ ਦਾ ਬਦਲਾ ਲੈਣ ਵਾਲਾ ਆਪ ਉਸ ਖੂਨੀ ਨੂੰ ਮਾਰੇ ਜਦ ਉਹ ਉਸ ਨੂੰ ਲੱਭੇ ਤਾਂ ਉਹ ਉਸ ਨੂੰ ਮਾਰ ਸੁੱਟੇ ।20ਜੇ ਕੋਈ ਕਿਸੇ ਨੂੰ ਵੈਰ ਨਾਲ ਧੱਕਾ ਮਾਰੇ ਜਾਂ ਘਾਤ ਲਾ ਕੇ ਉਸ ਉੱਤੇ ਕੁਝ ਸੁੱਟਿਆ ਹੋਵੇ ਕਿ ਉਹ ਮਰ ਗਿਆ ਹੋਵੇ21ਜਾਂ ਦੁਸ਼ਮਣੀ ਨਾਲ ਆਪਣੇ ਹੱਥੀਂ ਮਾਰੇ ਕਿ ਉਹ ਮਰ ਜਾਵੇ ਤਾਂ ਮਾਰਨ ਵਾਲਾ ਜਰੂਰ ਮਾਰਿਆ ਜਾਵੇ, ਉਹ ਖੂਨੀ ਹੈ । ਬਦਲਾ ਲੈਣ ਵਾਲਾ ਜਦ ਕਦੀ ਉਹ ਲੱਭੇ ਉਸ ਖੂਨੀ ਨੂੰ ਮਾਰ ਸੁੱਟੇ ।

22ਪਰ ਜੇ ਉਸ ਨੇ ਉਹ ਨੂੰ ਅਚਾਨਕ ਦੁਸ਼ਮਣੀ ਤੋਂ ਬਿਨ੍ਹਾਂ ਧੱਕਾ ਮਾਰਿਆ ਹੋਵੇ ਜਾਂ ਉਹ ਦੇ ਉੱਤੇ ਘਾਤ ਲਾਉਣ ਤੋਂ ਬਿਨ੍ਹਾਂ ਕੁਝ ਸੁੱਟਿਆ ਹੋਵੇ ।23ਜਾਂ ਕਿਸੇ ਪੱਥਰ ਨਾਲ ਜਿਸ ਦੇ ਨਾਲ ਕੋਈ ਮਰ ਸਕੇ ਵੇਖੇ ਬਿਨ੍ਹਾਂ ਉਹ ਦੇ ਉੱਤੇ ਸੁੱਟਿਆ ਹੋਵੇ ਅਤੇ ਉਹ ਮਰ ਜਾਵੇ ਅਤੇ ਉਹ ਉਸ ਦਾ ਵੈਰੀ ਨਹੀਂ ਸੀ ਨਾ ਉਹ ਉਸ ਦਾ ਨੁਕਸਾਨ ਚਾਹੁੰਦਾ ਸੀ ।
24ਤਾਂ ਮੰਡਲੀ ਨੂੰ ਮਾਰਨ ਵਾਲਾ ਅਤੇ ਖੂਨ ਦਾ ਬਦਲਾ ਲੈਣ ਵਾਲਾ ਇਨ੍ਹਾਂ ਨਿਯਮਾ ਦੇ ਅਨੁਸਾਰ ਫ਼ੈਸਲਾ ਕਰੇ ।25ਅਤੇ ਮੰਡਲੀ ਉਸ ਖੂਨੀ ਨੂੰ ਬਦਲਾ ਲੈਣ ਵਾਲੇ ਦੇ ਹੱਥੋਂ ਛੁਡਾ ਕੇ, ਉਸ ਨੂੰ ਉਸ ਦੇ ਪਨਾਹ ਦੇ ਨਗਰ ਵਿੱਚ ਮੋੜ ਦੇਵੇ ਜਿੱਥੇ ਨੂੰ ਉਹ ਭੱਜ ਗਿਆ ਸੀ ਅਤੇ ਉਸ ਵਿੱਚ ਪ੍ਰਧਾਨ ਜਾਜਕ ਦੀ ਮੌਤ ਤੱਕ ਜਿਹੜਾ ਪਵਿੱਤਰ ਤੇਲ ਨਾਲ ਮਸਹ ਹੋਇਆ ਹੈ, ਵੱਸੇ ।
26ਅਤੇ ਜੇ ਕਦੀ ਉਹ ਖੂਨੀ ਪਨਾਹ ਦੇ ਨਗਰ ਦੀ ਹੱਦ ਤੋਂ ਬਾਹਰ ਜਿੱਥੇ ਨੂੰ ਉਹ ਨੱਠਾ ਸੀ ਜਾਵੇ ।27ਅਤੇ ਖੂਨ ਦਾ ਬਦਲਾ ਲੈਣ ਵਾਲਾ ਉਸ ਨੂੰ ਪਨਾਹ ਦੇ ਨਗਰ ਦੀ ਹੱਦੋਂ ਬਾਹਰ ਮਿਲੇ ਅਤੇ ਖੂਨ ਦਾ ਬਦਲਾ ਲੈਣ ਉਸ ਖੂਨੀ ਨੂੰ ਮਾਰ ਦੇਵੇ ਤਾਂ ਉਹ ਖੂਨ ਦਾ ਦੋਸ਼ੀ ਨਾ ਹੋਵੇਗਾ ।28ਕਿਉਂ ਜੋ ਉਸ ਨੂੰ ਚਾਹੀਦਾ ਸੀ ਕਿ ਪ੍ਰਧਾਨ ਜਾਜਕ ਦੀ ਮੌਤ ਤੱਕ ਆਪਣੇ ਪਨਾਹ ਦੇ ਨਗਰ ਵਿੱਚ ਰਹਿੰਦਾ, ਪਰ ਪ੍ਰਧਾਨ ਜਾਜਕ ਦੀ ਮੌਤ ਪਿੱਛੋਂ ਉਹ ਖੂਨੀ ਆਪਣੀ ਜ਼ਮੀਨ ਦੀ ਧਰਤੀ ਵਿੱਚ ਮੁੜ ਜਾਵੇ

29ਅਤੇ ਇਹ ਤੁਹਾਡੇ ਲਈ ਨਿਆਉਂ ਦੀ ਬਿਧੀ ਪੀੜ੍ਹੀਓਂ ਪੀੜ੍ਹੀ ਤੁਹਾਡੀਆਂ ਸਾਰੀਆਂ ਰਹਿਣ ਦੀਆਂ ਥਾਵਾਂ ਵਿੱਚ ਹੋਵੇ ।30ਜੇ ਕੋਈ ਕਿਸੇ ਮਨੁੱਖ ਨੂੰ ਮਾਰੇ, ਉਹ ਗਵਾਹਾਂ ਦੀ ਗਵਾਹੀ ਨਾਲ ਮਾਰਿਆ ਜਾਵੇ, ਪਰ ਇੱਕੋ ਹੀ ਗਵਾਹ ਦੀ ਗਵਾਹੀ ਤੋਂ ਕੋਈ ਨਾ ਮਾਰਿਆ ਜਾਵੇ ।
31ਤੁਸੀਂ ਕਿਸੇ ਖੂਨੀ ਦੀ ਜਾਨ ਦਾ ਜੁਰਮਾਨਾ ਨਾ ਲਓ, ਜੋ ਮੌਤ ਦਾ ਦੋਸ਼ੀ ਹੋਵੇ । ਉਹ ਜਰੂਰ ਮਾਰਿਆ ਜਾਵੇ ।32ਜਿਹੜਾ ਆਪਣੇ ਪਨਾਹ ਨਗਰ ਨੂੰ ਭੱਜ ਗਿਆ ਹੋਵੇ ਅਤੇ ਮੁੜ ਕੇ ਆਪਣੇ ਦੇਸ ਵਿੱਚ ਜਾਜਕ ਦੀ ਮੌਤ ਤੋਂ ਪਹਿਲਾਂ ਆ ਵੱਸੇ ਉਸ ਤੋਂ ਤੁਸੀਂ ਕੋਈ ਜੁਰਮਾਨਾ ਉਸ ਦੇ ਬਦਲੇ ਨਾ ਲਓ ।
33ਤੁਸੀਂ ਉਸ ਜਗ੍ਹਾ ਨੂੰ ਭਰਿਸ਼ਟ ਨਾ ਕਰੋ ਜਿਸ ਦੇ ਵਿੱਚ ਤੁਸੀਂ ਵੱਸਦੇ ਹੋ, ਕਿਉਂ ਜੋ ਜ਼ਮੀਨ ਖੂਨ ਦੇ ਨਾਲ ਭਰਿਸ਼ਟ ਹੋ ਜਾਂਦੀ ਹੈ ਅਤੇ ਜਿਸ ਨਗਰ ਵਿੱਚ ਖੂਨ ਵਹਾਇਆ ਜਾਵੇ ਤਾਂ ਉਸ ਖੂਨ ਵਹਾਉਣ ਵਾਲੇ ਦੇ ਖੂਨ ਨਾਲ ਹੀ ਉਸ ਜ਼ਮੀਨ ਦਾ ਪ੍ਰਾਸ਼ਚਿਤ ਹੋ ਸਕਦਾ ਹੈ ।34ਜਿਸ ਦੇਸ ਵਿੱਚ ਤੁਸੀਂ ਵਾਸ ਕਰੋਗੇ ਮੈਂ ਤੁਹਾਡੇ ਵਿਚਕਾਰ ਵੱਸਾਂਗਾ, ਉਸ ਨਗਰ ਨੂੰ ਤੁਸੀਂ ਭਰਿਸ਼ਟ ਨਾ ਕਰਨਾ, ਕਿਉਂ ਜੋ ਮੈਂ ਯਹੋਵਾਹ ਇਸਰਾਏਲੀਆਂ ਵਿੱਚ ਵੱਸਦਾ ਹਾਂ ।

36
ਸਲਾਫ਼ਹਾਦ ਦੀਆਂ ਧੀਆਂ ਦਾ ਹਿੱਸਾ

1ਪੁਰਖਿਆਂ ਦੇ ਘਰਾਣਿਆਂ ਦੇ ਮੁਖੀਆਂ ਨੇ, ਜਿਹੜੇ ਯੂਸੁਫ਼ ਦੇ ਪੁੱਤਰਾਂ ਦੇ ਟੱਬਰ ਵਿੱਚ ਮੱਨਸ਼ੀ ਮਾਕੀਰ ਦੇ ਪੁੱਤਰ, ਗਿਲਆਦ ਦੇ ਪੁੱਤਰਾਂ ਦੇ ਟੱਬਰ ਤੋਂ ਸਨ, ਨੇੜੇ ਆ ਕੇ ਮੂਸਾ ਅਤੇ ਉਨ੍ਹਾਂ ਪ੍ਰਧਾਨ ਦੇ ਅੱਗੇ ਜਿਹੜੇ ਇਸਰਾਏਲੀਆਂ ਦੇ ਪੁਰਖਿਆਂ ਦੇ ਘਰਾਣਿਆਂ ਦੇ ਮੁਖੀਏ ਸਨ, ਗੱਲ ਕੀਤੀ ।2ਅਤੇ ਉਨ੍ਹਾਂ ਨੂੰ ਆਖਿਆ ਕਿ ਯਹੋਵਾਹ ਨੇ ਸਾਡੇ ਸੁਆਮੀ ਨੂੰ ਹੁਕਮ ਦਿੱਤਾ ਸੀ ਕਿ ਜ਼ਮੀਨ ਦੀ ਧਰਤੀ ਚਿੱਠੀ ਪਾ ਕੇ ਇਸਰਾਏਲੀਆਂ ਨੂੰ ਦਿੱਤੀ ਜਾਵੇ, ਨਾਲੇ ਸਾਡੇ ਸੁਆਮੀ ਨੂੰ ਯਹੋਵਾਹ ਵੱਲੋਂ ਹੁਕਮ ਮਿਲਿਆ ਸੀ ਕਿ ਸਾਡੇ ਭਰਾ ਸਲਾਫ਼ਹਾਦ ਦੀ ਜ਼ਮੀਨ ਉਸ ਦੀਆਂ ਧੀਆਂ ਨੂੰ ਦਿੱਤੀ ਜਾਵੇ ।

3ਜੇ ਉਹ ਇਸਰਾਏਲੀਆਂ ਦੇ ਕਿਸੇ ਹੋਰ ਗੋਤ ਦੇ ਮਨੁੱਖਾਂ ਨਾਲ ਵਿਆਹੀਆਂ ਜਾਣ ਤਾਂ ਉਨ੍ਹਾਂ ਦਾ ਹਿੱਸਾ ਸਾਡੇ ਪਿਉ-ਦਾਦਿਆਂ ਦੀ ਜ਼ਮੀਨ ਤੋਂ ਖਤਮ ਹੋ ਜਾਏਗਾ ਅਤੇ ਉਹ ਉਸ ਗੋਤ ਨੂੰ ਦਿੱਤਾ ਜਾਵੇਗਾ ਜਿਹ ਦੀਆਂ ਉਹ ਹੋ ਜਾਣਗੀਆਂ ਅਤੇ ਸਾਡਾ ਹਿੱਸਾ ਘੱਟ ਜਾਵੇਗਾ ।4ਜਦ ਇਸਰਾਏਲੀਆਂ ਦੇ ਅਨੰਦ ਹੋਣ ਦਾ ਵਰ੍ਹਾ ਆਵੇਗਾ ਤਾਂ ਉਨ੍ਹਾਂ ਦੀ ਜ਼ਮੀਨ, ਉਸ ਗੋਤ ਦੀ ਜ਼ਮੀਨ ਨਾਲ ਰਲ ਜਾਵੇਗੀ ਜਿਸ ਵਿੱਚ ਉਹ ਵਿਆਹੀਆਂ ਜਾਣਗੀਆਂ । ਐਉਂ ਉਨ੍ਹਾਂ ਦਾ ਹਿੱਸਾ ਸਾਡੇ ਪਿਉ-ਦਾਦਿਆਂ ਦੇ ਗੋਤ ਦੀ ਜ਼ਮੀਨ ਤੋਂ ਨਿੱਕਲ ਜਾਵੇਗਾ ।
5ਤਦ ਮੂਸਾ ਨੇ ਇਸਰਾਏਲੀਆਂ ਨੂੰ ਯਹੋਵਾਹ ਦੇ ਹੁਕਮ ਨਾਲ ਆਖਿਆ ਕਿ ਯੂਸੁਫ਼ ਦੇ ਪੁੱਤਰਾਂ ਦਾ ਗੋਤ ਠੀਕ ਆਖਦਾ ਹੈ ।6ਇਹ ਉਹ ਗੱਲ ਹੈ ਜਿਹ ਦਾ ਯਹੋਵਾਹ ਨੇ ਸਲਾਫ਼ਹਾਦ ਦੀਆਂ ਧੀਆਂ ਦੇ ਵਿਖੇ ਹੁਕਮ ਦਿੱਤਾ ਸੀ, ਜਿਹੜਾ ਉਨ੍ਹਾਂ ਦੀਆਂ ਅੱਖਾਂ ਵਿੱਚ ਚੰਗਾ ਦਿੱਸੇ ਉਹ ਉਹ ਦੇ ਨਾਲ ਵਿਆਹ ਕਰ ਲੈਣ, ਪਰ ਕੇਵਲ ਆਪਣੇ ਪਿਉ-ਦਾਦਿਆਂ ਦੇ ਗੋਤ ਦੇ ਟੱਬਰਾਂ ਵਿੱਚ ਵਿਆਹ ਕਰਾਉਣ ।
7ਅਜਿਹਾ ਹੋਵੇ ਜੋ ਇਸਰਾਏਲੀਆਂ ਦੀ ਜ਼ਮੀਨ, ਇੱਕ ਗੋਤ ਤੋਂ ਦੂਜੇ ਗੋਤ ਵਿੱਚ ਨਾ ਚਲੀ ਜਾਵੇ ਤਾਂ ਜੋ ਹਰ ਇਸਰਾਏਲੀ ਆਪਣੇ ਪਿਉ-ਦਾਦਿਆਂ ਦੇ ਗੋਤ ਦੀ ਜ਼ਮੀਨ ਵਿੱਚ ਬਣਿਆ ਰਹੇ ।
8ਅਤੇ ਹਰ ਇੱਕ ਧੀ ਜਿਹੜੀ ਇਸਰਾਏਲੀਆਂ ਦੇ ਕਿਸੇ ਗੋਤ ਵਿੱਚ ਜ਼ਮੀਨ ਲਵੇ, ਆਪਣੇ ਪਿਉ-ਦਾਦਿਆਂ ਦੇ ਗੋਤ ਦੇ ਟੱਬਰਾਂ ਵਿੱਚ ਵਿਆਹੀ ਜਾਵੇ ਤਾਂ ਜੋ ਹਰ ਇਸਰਾਏਲੀ ਆਪਣੇ ਪਿਉ-ਦਾਦਿਆਂ ਦੀ ਜ਼ਮੀਨ ਦੀ ਵਿਰਾਸਤ ਨੂੰ ਲਵੇ ।9ਇਸ ਤਰ੍ਹਾਂ ਕੋਈ ਜ਼ਮੀਨ, ਇੱਕ ਗੋਤ ਤੋਂ ਦੂਜੇ ਗੋਤ ਵਿੱਚ ਨਾ ਜਾਵੇਗੀ ਕਿਉਂ ਜੋ ਇਸਰਾਏਲੀਆਂ ਦੇ ਸਾਰੇ ਗੋਤ ਆਪਣੀਆਂ ਆਪਣੀਆਂ ਜ਼ਮੀਨਾਂ ਵਿੱਚ ਬਣੇ ਰਹਿਣ ।
10ਜਿਵੇਂ ਮੂਸਾ ਨੇ ਹੁਕਮ ਦਿੱਤਾ ਸੀ ਓਵੇਂ ਹੀ ਸਲਾਫ਼ਹਾਦ ਦੀਆਂ ਧੀਆਂ ਨੇ ਕੀਤਾ ।11ਅਤੇ ਮਹਲਾਹ, ਤਿਰਸਾਹ, ਹਾਗਲਾਹ, ਮਿਲਕਾਹ, ਅਤੇ ਨੋਆਹ, ਸਲਾਫ਼ਹਾਦ ਦੀਆਂ ਧੀਆਂ ਆਪਣੇ ਚਾਚੇ ਤਾਏ ਦੇ ਪੁੱਤਰਾਂ ਨਾਲ ਵਿਆਹੀਆਂ ਗਈਆਂ ।12ਉਹ ਯੂਸੁਫ਼ ਦੇ ਪੁੱਤਰ ਮਨੱਸ਼ਹ ਦੇ ਪੁੱਤਰਾਂ ਦੇ ਟੱਬਰਾਂ ਵਿੱਚ ਵਿਆਹੀਆਂ ਗਈਆਂ । ਇਸ ਤਰ੍ਹਾਂ ਉਨ੍ਹਾਂ ਦੀ ਜ਼ਮੀਨ ਉਨ੍ਹਾਂ ਦੇ ਪਿਉ-ਦਾਦਿਆਂ ਦੇ ਗੋਤ ਵਿੱਚ ਬਣੀ ਰਹੀ ।

13ਇਹ ਉਹ ਹੁਕਮ ਅਤੇ ਫ਼ੈਸਲੇ ਹਨ, ਜਿਨ੍ਹਾਂ ਦਾ ਯਹੋਵਾਹ ਨੇ ਮੂਸਾ ਦੇ ਰਾਹੀਂ ਇਸਰਾਏਲੀਆਂ ਨੂੰ ਮੋਆਬ ਦੇ ਮੈਦਾਨ ਵਿੱਚ ਯਰਦਨ ਦੇ ਉੱਤੇ ਯਰੀਹੋ ਦੇ ਕੋਲ ਹੁਕਮ ਦਿੱਤਾ ਸੀ ।

ਬਿਵਸਥਾ ਸਾਰ

1
ਹੋਰੇਬ ਤੋਂ ਕੂਚ ਕਰਨ ਦਾ ਹੁਕਮ

1ਇਹ ਉਹ ਬਚਨ ਹਨ ਜਿਹੜੇ ਮੂਸਾ ਨੇ ਸਾਰੇ ਇਸਰਾਏਲ ਨੂੰ ਯਰਦਨ ਦੇ ਪਾਰ ਜੰਗਲ ਵਿੱਚ ਆਖੇ, ਜੋ ਸੂਫ ਦੇ ਸਾਹਮਣੇ ਦੇ ਅਰਾਬਾਹ ਵਿੱਚ ਫਾਰਾਨ, ਤੋਫਲ, ਲਾਬਾਨ, ਹਸੇਰੋਥ ਅਤੇ ਦੀਜ਼ਾਹਾਬ ਦੇ ਵਿਚਕਾਰ ਹੈ ।2ਹੋਰੇਬ ਤੋਂ ਕਾਦੇਸ਼ ਬਰਨੇਆ ਤੱਕ ਸੇਈਰ ਪਰਬਤ ਦਾ ਗਿਆਰਾਂ ਦਿਨ ਦਾ ਸਫ਼ਰ ਹੈ ।

3ਅਜਿਹਾ ਹੋਇਆ ਕਿ ਚਾਲੀਵੇਂ ਸਾਲ ਦੇ ਗਿਆਰਵੇਂ ਮਹੀਨੇ ਦੀ ਪਹਿਲੀ ਤਾਰੀਖ ਨੂੰ ਮੂਸਾ ਨੇ ਇਸਰਾਏਲੀਆਂ ਨਾਲ ਉਹ ਸਾਰੀਆਂ ਗੱਲਾਂ ਕੀਤੀਆਂ, ਜਿਨ੍ਹਾਂ ਦਾ ਯਹੋਵਾਹ ਨੇ ਉਸ ਨੂੰ ਉਨ੍ਹਾਂ ਦੇ ਲਈ ਹੁਕਮ ਦਿੱਤਾ ਸੀ,4ਅਰਥਾਤ ਜਦ ਮੂਸਾ ਨੇ ਅਮੋਰੀਆਂ ਦੇ ਰਾਜਾ ਸੀਹੋਨ ਨੂੰ ਜਿਹੜਾ ਹਸ਼ਬੋਨ ਦਾ ਵਾਸੀ ਸੀ ਅਤੇ ਬਾਸ਼ਾਨ ਦੇ ਰਾਜਾ ਓਗ ਨੂੰ ਜਿਹੜਾ ਅਸ਼ਤਾਰੋਥ ਦਾ ਵਾਸੀ ਸੀ, ਅਦਰਈ ਵਿੱਚ ਮਾਰ ਦਿੱਤਾ,
5ਤਦ ਯਰਦਨ ਦੇ ਪਾਰ ਮੋਆਬ ਦੇ ਦੇਸ਼ ਵਿੱਚ ਮੂਸਾ ਬਿਵਸਥਾ ਦੀ ਵਿਆਖਿਆ ਇਸ ਤਰ੍ਹਾਂ ਕਰਨ ਲੱਗਾ,6"ਸਾਡੇ ਪਰਮੇਸ਼ੁਰ ਯਹੋਵਾਹ ਨੇ ਹੋਰੇਬ ਵਿੱਚ ਸਾਨੂੰ ਕਿਹਾ ਸੀ, ਤੁਹਾਨੂੰ ਇਸ ਪਹਾੜ ਵਿੱਚ ਰਹਿੰਦੇ ਹੋਏ ਬਹੁਤ ਦਿਨ ਹੋ ਗਏ ਹਨ,
7ਇਸ ਲਈ ਹੁਣ ਤੁਸੀਂ ਇੱਥੋਂ ਕੂਚ ਕਰੋ ਅਤੇ ਅਮੋਰੀਆਂ ਦੇ ਪਹਾੜੀ ਦੇਸ਼ ਨੂੰ ਅਤੇ ਅਰਾਬਾਹ ਦੇ ਨੇੜੇ-ਤੇੜੇ ਦੇ ਸਥਾਨਾਂ ਵਿੱਚ, ਪਹਾੜੀ ਦੇਸ਼ ਵਿੱਚ, ਮੈਦਾਨ ਵਿੱਚ, ਦੱਖਣ ਵੱਲ ਅਤੇ ਸਮੁੰਦਰ ਦੇ ਕੰਢਿਆਂ ਉੱਤੇ, ਲਬਾਨੋਨ ਪਹਾੜ ਵਿੱਚ ਅਤੇ ਵੱਡੇ ਦਰਿਆ ਫ਼ਰਾਤ ਤੱਕ ਰਹਿਣ ਵਾਲੇ ਕਨਾਨੀਆਂ ਦੇ ਦੇਸ਼ ਵਿੱਚ ਚਲੇ ਜਾਓ ।8ਵੇਖੋ, ਮੈਂ ਇਸ ਦੇਸ਼ ਨੂੰ ਤੁਹਾਡੇ ਸਾਹਮਣੇ ਰੱਖ ਦਿੱਤਾ ਹੈ, ਜਿਸ ਦੇਸ਼ ਦੀ ਯਹੋਵਾਹ ਨੇ ਤੁਹਾਡੇ ਪਿਉ-ਦਾਦਿਆਂ ਨਾਲ ਅਰਥਾਤ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਸਹੁੰ ਖਾਧੀ ਸੀ ਕਿ ਮੈਂ ਇਸ ਦੇਸ਼ ਨੂੰ ਤੁਹਾਨੂੰ ਅਤੇ ਤੁਹਾਡੇ ਬਾਅਦ ਤੁਹਾਡੇ ਵੰਸ਼ ਨੂੰ ਦਿਆਂਗਾ, ਇਸ ਲਈ ਜਾਓ ਅਤੇ ਇਸ ਦੇਸ਼ ਨੂੰ ਆਪਣੇ ਅਧੀਨ ਕਰ ਲਓ । "
ਮੂਸਾ ਦੁਆਰਾ ਨਿਆਂਈਆਂ ਦੀ ਨਿਯੁਕਤੀ
(ਕੂਚ 18:13-27)

9ਫਿਰ ਉਸੇ ਸਮੇਂ ਮੈਂ ਤੁਹਾਨੂੰ ਕਿਹਾ, ਮੈਂ ਇਕੱਲਾ ਤੁਹਾਡਾ ਭਾਰ ਨਹੀਂ ਚੁੱਕ ਸਕਦਾ,10ਕਿਉਂ ਜੋ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਇਸ ਹੱਦ ਤੱਕ ਵਧਾਇਆ ਹੈ ਕਿ ਵੇਖੋ, ਅੱਜ ਤੁਸੀਂ ਅਕਾਸ਼ ਦੇ ਤਾਰਿਆਂ ਵਾਂਗੂੰ ਹੋ ਗਏ ਹੋ ।11ਯਹੋਵਾਹ ਤੁਹਾਡੇ ਪਿਉ-ਦਾਦਿਆਂ ਦਾ ਪਰਮੇਸ਼ੁਰ ਤੁਹਾਨੂੰ ਹਜ਼ਾਰ ਗੁਣਾ ਵਧਾਵੇ ਅਤੇ ਤੁਹਾਨੂੰ ਬਰਕਤ ਦੇਵੇ, ਜਿਵੇਂ ਉਸ ਨੇ ਤੁਹਾਡੇ ਨਾਲ ਵਾਇਦਾ ਕੀਤਾ ਹੈ ।
12ਮੈਂ ਇੱਕਲਾ ਕਿਵੇਂ ਤੁਹਾਡੀਆਂ ਮੁਸੀਬਤਾਂ, ਤੁਹਾਡਾ ਭਾਰ ਅਤੇ ਤੁਹਾਡਾ ਕੁੜਕੁੜਾਉਣਾ ਸਹਿਣ ਕਰਾਂ ?13ਤੁਸੀਂ ਆਪਣੇ ਵਿੱਚੋਂ ਬੁੱਧਵਾਨ, ਸਿਆਣੇ ਅਤੇ ਗਿਆਨ ਰੱਖਣ ਵਾਲੇ ਮਨੁੱਖ ਗੋਤਾਂ ਅਨੁਸਾਰ ਚੁਣ ਲਓ ਤਾਂ ਜੋ ਮੈਂ ਉਹਨਾਂ ਨੂੰ ਤੁਹਾਡੇ ਉੱਤੇ ਪ੍ਰਧਾਨ ਠਹਿਰਾਵਾਂ । "14ਤਦ ਤੁਸੀਂ ਮੈਨੂੰ ਉੱਤਰ ਦੇ ਕੇ ਆਖਿਆ, "ਇਹ ਚੰਗੀ ਗੱਲ ਹੈ, ਜਿਹੜੀ ਤੂੰ ਸਾਨੂੰ ਕਰਨ ਲਈ ਆਖੀ ਹੈ । "
15ਇਸ ਲਈ ਮੈਂ ਤੁਹਾਡੇ ਗੋਤਾਂ ਦੇ ਪ੍ਰਧਾਨਾਂ ਨੂੰ ਲਿਆ ਜਿਹੜੇ ਬੁੱਧਵਾਨ ਅਤੇ ਗਿਆਨੀ ਮਨੁੱਖ ਸਨ ਅਤੇ ਤੁਹਾਡੇ ਉੱਤੇ ਪ੍ਰਧਾਨ ਠਹਿਰਾਇਆ ਅਰਥਾਤ ਹਜ਼ਾਰਾਂ ਦੇ ਪ੍ਰਧਾਨ, ਸੈਂਕੜਿਆਂ ਦੇ ਪ੍ਰਧਾਨ, ਪੰਜਾਹਾਂ ਦੇ ਪ੍ਰਧਾਨ ਅਤੇ ਦਸਾਂ ਦੇ ਪ੍ਰਧਾਨ, ਨਾਲ ਹੀ ਤੁਹਾਡੇ ਗੋਤਾਂ ਦੇ ਆਗੂਆਂ ਨੂੰ ਵੀ ਲਿਆ ।16ਉਸੇ ਵੇਲੇ ਮੈਂ ਤੁਹਾਡੇ ਨਿਆਈਆਂ ਨੂੰ ਹੁਕਮ ਦੇ ਕੇ ਆਖਿਆ, "ਆਪਣੇ ਭਰਾਵਾਂ ਦੇ ਵਿਚਕਾਰਲੇ ਝਗੜੇ ਸੁਣੋ ਅਤੇ ਮਨੁੱਖ ਅਤੇ ਉਸ ਦੇ ਭਰਾ ਦਾ ਅਤੇ ਉਸ ਪਰਦੇਸੀ ਦਾ ਜਿਹੜਾ ਤੁਹਾਡੇ ਵਿੱਚ ਰਹਿੰਦਾ ਹੈ, ਧਰਮ ਨਾਲ ਨਿਆਂ ਕਰੋ ।
17ਨਿਆਂ ਕਰਨ ਦੇ ਵੇਲੇ ਕਿਸੇ ਦਾ ਪੱਖਪਾਤ ਨਾ ਕਰਿਓ । ਤੁਸੀਂ ਵੱਡੇ-ਛੋਟੇ ਦੀ ਗੱਲ ਨੂੰ ਇੱਕੋ ਜਿਹੀ ਸੁਣਿਓ ਅਤੇ ਤੁਸੀਂ ਮਨੁੱਖ ਦੇ ਮੂੰਹ ਨੂੰ ਵੇਖ ਕੇ ਨਾ ਡਰਿਓ, ਕਿਉਂ ਜੋ ਨਿਆਂ ਪਰਮੇਸ਼ੁਰ ਦਾ ਹੈ ਅਤੇ ਜਿਹੜੀ ਗੱਲ ਤੁਹਾਡੇ ਲਈ ਬਹੁਤ ਔਖੀ ਹੋਵੇ, ਉਹ ਤੁਸੀਂ ਮੇਰੇ ਕੋਲ ਲਿਆਓ ਅਤੇ ਮੈਂ ਉਸ ਨੂੰ ਸੁਣਾਂਗਾ । "18ਮੈਂ ਉਸ ਵੇਲੇ ਤੁਹਾਨੂੰ ਉਨ੍ਹਾਂ ਸਾਰੀਆਂ ਗੱਲਾਂ ਦਾ ਹੁਕਮ ਦਿੱਤਾ, ਜਿਹੜੀਆਂ ਤੁਹਾਡੇ ਕਰਨ ਦੀਆਂ ਸਨ ।
ਭੇਤੀਆਂ ਨੂੰ ਭੇਜਿਆ ਜਾਣਾ
(ਗਿਣਤੀ 13:1-33)

19ਫੇਰ ਅਸੀਂ ਹੋਰੇਬ ਤੋਂ ਕੂਚ ਕਰ ਕੇ ਉਸ ਵੱਡੀ ਅਤੇ ਭਿਆਣਕ ਉਜਾੜ ਵਿੱਚੋਂ ਦੀ ਗਏ ਜਿਹੜੀ ਤੁਸੀਂ ਅਮੋਰੀਆਂ ਦੇ ਪਹਾੜੀ ਦੇਸ਼ ਦੇ ਕੋਲ ਵੇਖੀ ਸੀ, ਜਿਵੇਂ ਯਹੋਵਾਹ ਸਾਡੇ ਪਰਮੇਸ਼ੁਰ ਨੇ ਸਾਨੂੰ ਹੁਕਮ ਦਿੱਤਾ ਸੀ ਅਤੇ ਅਸੀਂ ਕਾਦੇਸ਼ ਬਰਨੇਆ ਵਿੱਚ ਆਏ ।
20ਫੇਰ ਮੈਂ ਤੁਹਾਨੂੰ ਆਖਿਆ, "ਤੁਸੀਂ ਅਮੋਰੀਆਂ ਦੇ ਪਹਾੜੀ ਦੇਸ਼ ਕੋਲ ਪਹੁੰਚ ਗਏ ਹੋ, ਜਿਹੜਾ ਯਹੋਵਾਹ ਸਾਡਾ ਪਰਮੇਸ਼ੁਰ ਸਾਨੂੰ ਦਿੰਦਾ ਹੈ ।21ਵੇਖੋ, ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਡੇ ਅੱਗੇ ਇਹ ਦੇਸ਼ ਰੱਖਿਆ ਹੈ । ਅੱਗੇ ਵਧ ਕੇ ਹਮਲਾ ਕਰੋ ਅਤੇ ਇਸ ਨੂੰ ਅਧਿਕਾਰ ਵਿੱਚ ਲੈ ਲਓ, ਜਿਵੇਂ ਯਹੋਵਾਹ ਤੁਹਾਡੇ ਪਿਉ-ਦਾਦਿਆਂ ਦੇ ਪਰਮੇਸ਼ੁਰ ਨੇ ਤੁਹਾਨੂੰ ਆਖਿਆ ਹੈ ! ਨਾ ਡਰੋ ਅਤੇ ਨਾ ਘਬਰਾਉ !"
22ਫਿਰ ਤੁਸੀਂ ਸਾਰੇ ਮੇਰੇ ਕੋਲ ਆ ਕੇ ਆਖਣ ਲੱਗੇ, "ਅਸੀਂ ਆਪਣੇ ਅੱਗੇ ਮਨੁੱਖਾਂ ਨੂੰ ਭੇਜਾਂਗੇ ਤਾਂ ਜੋ ਉਹ ਸਾਡੇ ਲਈ ਉਸ ਦੇਸ਼ ਦਾ ਭੇਤ ਲੈਣ ਅਤੇ ਵਾਪਸ ਆ ਕੇ ਸਾਨੂੰ ਉਸ ਰਾਹ ਦਾ ਪਤਾ ਦੇਣ ਜਿਸ ਦੇ ਵਿੱਚੋਂ ਹੋ ਕੇ ਅਸੀਂ ਅੱਗੇ ਜਾਣਾ ਹੈ ਅਤੇ ਸਾਨੂੰ ਕਿਹੜੇ ਸ਼ਹਿਰਾਂ ਵਿੱਚ ਪਹੁੰਚਣਾ ਹੈ । "23ਇਹ ਗੱਲ ਮੈਨੂੰ ਚੰਗੀ ਲੱਗੀ, ਇਸ ਲਈ ਮੈਂ ਤੁਹਾਡੇ ਵਿੱਚੋਂ ਬਾਰਾਂ ਮਨੁੱਖ ਅਰਥਾਤ ਹਰੇਕ ਗੋਤ ਤੋਂ ਇੱਕ-ਇੱਕ ਮਨੁੱਖ ਚੁਣ ਲਿਆ ।24ਉਹ ਮੁੜ ਕੇ ਉਸ ਪਹਾੜੀ ਦੇਸ਼ ਨੂੰ ਗਏ ਅਤੇ ਅਸ਼ਕੋਲ ਦੀ ਵਾਦੀ ਵਿੱਚ ਪਹੁੰਚ ਕੇ ਉਸ ਦੇਸ਼ ਦਾ ਭੇਤ ਲਿਆ ।
25ਉਨ੍ਹਾਂ ਨੇ ਉਸ ਦੇਸ਼ ਦੇ ਫਲਾਂ ਵਿੱਚੋਂ ਕੁਝ ਆਪਣੇ ਹੱਥਾਂ ਵਿੱਚ ਲਿਆ ਅਤੇ ਉਸ ਨੂੰ ਸਾਡੇ ਕੋਲ ਲਿਆਏ ਅਤੇ ਸਾਨੂੰ ਖ਼ਬਰ ਦਿੰਦੇ ਹੋਏ ਆਖਿਆ, "ਉਹ ਦੇਸ਼ ਚੰਗਾ ਹੈ, ਜਿਹੜਾ ਯਹੋਵਾਹ ਸਾਡਾ ਪਰਮੇਸ਼ੁਰ ਸਾਨੂੰ ਦਿੰਦਾ ਹੈ । "

26ਪਰ ਤੁਸੀਂ ਉੱਥੇ ਜਾਣਾ ਨਹੀਂ ਚਾਹੁੰਦੇ ਸੀ, ਸਗੋਂ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮ ਦੇ ਵਿਰੁੱਧ ਹੋ ਗਏ27ਜਦ ਕਿ ਤੁਸੀਂ ਆਪਣੇ ਤੰਬੂਆਂ ਵਿੱਚ ਬੁੜਬੁੜ ਕਰਨ ਲੱਗ ਪਏ ਅਤੇ ਆਖਿਆ, "ਯਹੋਵਾਹ ਸਾਡੇ ਨਾਲ ਵੈਰ ਰੱਖਦਾ ਹੈ, ਇਸ ਲਈ ਸਾਨੂੰ ਮਿਸਰ ਦੇਸ਼ ਤੋਂ ਕੱਢ ਕੇ ਲੈ ਆਇਆ ਤਾਂ ਜੋ ਸਾਨੂੰ ਅਮੋਰੀਆਂ ਦੇ ਹੱਥਾਂ ਵਿੱਚ ਦੇ ਦੇਵੇ, ਜੋ ਸਾਡਾ ਨਾਸ਼ ਕਰ ਦੇਣ ।28ਅਸੀਂ ਕਿੱਧਰ ਜਾਈਏ ? ਸਾਡੇ ਭਰਾਵਾਂ ਨੇ ਇਹ ਆਖ ਕੇ ਸਾਡਾ ਹੌਂਸਲਾ ਤੋੜ ਦਿੱਤਾ ਹੈ ਕਿ ਉਹ ਲੋਕ ਸਾਡੇ ਤੋਂ ਵੱਡੇ ਅਤੇ ਉੱਚੇ-ਲੰਮੇ ਹਨ ! ਉਹਨਾਂ ਦੇ ਸ਼ਹਿਰ ਵੱਡੇ ਅਤੇ ਅਕਾਸ਼ ਤੱਕ ਉੱਚੇ ਗੜ੍ਹਾਂ ਵਾਲੇ ਹਨ ਅਤੇ ਅਸੀਂ ਉੱਥੇ ਅਨਾਕੀਆਂ ਨੂੰ ਵੀ ਵੇਖਿਆ ਹੈ !"
29ਤਦ ਮੈਂ ਤੁਹਾਨੂੰ ਆਖਿਆ, "ਤੁਸੀਂ ਉਨ੍ਹਾਂ ਤੋਂ ਨਾ ਘਬਰਾਉ ਅਤੇ ਨਾ ਹੀ ਡਰੋ ।30ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਅੱਗੇ-ਅੱਗੇ ਜਾਂਦਾ ਹੈ । ਉਹ ਤੁਹਾਡੇ ਲਈ ਲੜੇਗਾ, ਜਿਵੇਂ ਉਸ ਨੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਮਿਸਰ ਵਿੱਚ ਕੀਤਾ31ਅਤੇ ਉਜਾੜ ਵਿੱਚ ਵੀ, ਜਿੱਥੇ ਤੁਸੀਂ ਵੇਖਿਆ ਕਿ ਜਿਵੇਂ ਮਨੁੱਖ ਆਪਣੇ ਪੁੱਤਰ ਨੂੰ ਚੁੱਕਦਾ ਹੈ, ਉਸੇ ਤਰ੍ਹਾਂ ਹੀ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਤੁਹਾਡੇ ਸਾਰੇ ਰਾਹਾਂ ਵਿੱਚ ਜਿੱਥੇ ਤੁਸੀਂ ਜਾਂਦੇ ਸੀ ਚੁੱਕ ਕੇ ਰੱਖਿਆ, ਜਦ ਤੱਕ ਤੁਸੀਂ ਇਸ ਸਥਾਨ ਤੱਕ ਨਹੀਂ ਪਹੁੰਚੇ । "
32ਪਰ ਇਸ ਗੱਲ ਵਿੱਚ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਉੱਤੇ ਵਿਸ਼ਵਾਸ ਨਾ ਕੀਤਾ,33ਜੋ ਰਾਹ ਵਿੱਚ ਤੁਹਾਡੇ ਅੱਗੇ-ਅੱਗੇ ਚੱਲਦਾ ਸੀ ਤਾਂ ਜੋ ਉਹ ਤੁਹਾਡੇ ਲਈ ਡੇਰੇ ਲਾਉਣ ਦਾ ਸਥਾਨ ਲੱਭੇ, ਰਾਤ ਨੂੰ ਅੱਗ ਵਿੱਚ ਅਤੇ ਦਿਨ ਨੂੰ ਬੱਦਲ ਵਿੱਚ ਹੋ ਕੇ ਉਹ ਤੁਹਾਨੂੰ ਉਹ ਰਾਹ ਵਿਖਾਉਂਦਾ ਸੀ, ਜਿਸ ਵਿੱਚ ਤੁਸੀਂ ਜਾਣਾ ਹੁੰਦਾ ਸੀ ।
ਇਸਰਾਏਲ ਨੂੰ ਸਜ਼ਾ ਮਿਲਣੀ
(ਗਿਣਤੀ 14:20-45)

34ਯਹੋਵਾਹ ਨੇ ਤੁਹਾਡੀਆਂ ਗੱਲਾਂ ਦਾ ਰੌਲਾ ਸੁਣਿਆ, ਤਦ ਉਸ ਦਾ ਕ੍ਰੋਧ ਭੜਕਿਆ ਅਤੇ ਉਸ ਨੇ ਇਹ ਆਖ ਕੇ ਸਹੁੰ ਖਾਧੀ,35"ਇਸ ਬੁਰੀ ਪੀੜ੍ਹੀ ਵਿੱਚੋਂ ਇੱਕ ਵੀ ਮਨੁੱਖ ਉਸ ਚੰਗੇ ਦੇਸ਼ ਨੂੰ ਨਾ ਵੇਖੇਗਾ, ਜਿਸ ਨੂੰ ਦੇਣ ਦੀ ਸਹੁੰ ਮੈਂ ਤੁਹਾਡੇ ਪਿਉ-ਦਾਦਿਆਂ ਨਾਲ ਖਾਧੀ ਸੀ ।36ਸਿਰਫ਼ ਯਫ਼ੁੰਨਹ ਦਾ ਪੁੱਤਰ ਕਾਲੇਬ ਉਸ ਦੇਸ਼ ਨੂੰ ਵੇਖੇਗਾ ਅਤੇ ਮੈਂ ਉਹ ਦੇਸ਼ ਜਿੱਥੇ ਉਸ ਨੇ ਪੈਰ ਰੱਖੇ ਹਨ, ਉਸ ਨੂੰ ਅਤੇ ਉਸ ਦੇ ਪੁੱਤਰਾਂ ਨੂੰ ਦਿਆਂਗਾ ਕਿਉਂ ਜੋ ਉਹ ਯਹੋਵਾਹ ਦੇ ਪਿੱਛੇ ਪੂਰੀ ਰੀਤੀ ਨਾਲ ਤੁਰਿਆ ਹੈ । "
37ਤੁਹਾਡੇ ਕਾਰਨ ਯਹੋਵਾਹ ਮੇਰੇ ਨਾਲ ਵੀ ਇਹ ਆਖ ਕੇ ਗੁੱਸੇ ਹੋਇਆ, "ਤੂੰ ਵੀ ਉੱਥੇ ਨਹੀਂ ਜਾਵੇਂਗਾ ।38ਨੂਨ ਦਾ ਪੁੱਤਰ ਯਹੋਸ਼ੁਆ ਜਿਹੜਾ ਤੇਰੇ ਅੱਗੇ ਖੜ੍ਹਾ ਰਹਿੰਦਾ ਹੈ, ਉਹ ਉੱਥੇ ਜਾਵੇਗਾ । ਉਹ ਨੂੰ ਹੌਂਸਲਾ ਦੇ ਕਿਉਂ ਜੋ ਉਹ ਇਸਰਾਏਲ ਨੂੰ ਉਸ ਦੀ ਵਿਰਾਸਤ ਦੁਆਵੇਗਾ । "
39ਫਿਰ ਤੁਹਾਡੇ ਬੱਚੇ ਜਿਨ੍ਹਾਂ ਦੇ ਵਿਖੇ ਤੁਸੀਂ ਆਖਦੇ ਸੀ ਕਿ ਉਹ ਲੁੱਟ ਵਿੱਚ ਚਲੇ ਜਾਣਗੇ ਅਤੇ ਤੁਹਾਡੇ ਪੁੱਤਰ ਜੋ ਹੁਣੇ ਭਲੇ ਬੁਰੇ ਦੀ ਸਿਆਣ ਨਹੀਂ ਰੱਖਦੇ, ਉਹ ਉੱਥੇ ਪ੍ਰਵੇਸ਼ ਕਰਨਗੇ ਅਤੇ ਮੈਂ ਉਹ ਦੇਸ਼ ਉਹਨਾਂ ਨੂੰ ਦਿਆਂਗਾ ਅਤੇ ਉਹ ਉਸ ਨੂੰ ਅਧਿਕਾਰ ਵਿੱਚ ਲੈ ਲੈਣਗੇ ।40ਪਰ ਤੁਸੀਂ ਘੁੰਮ ਕੇ ਕੂਚ ਕਰੋ ਅਤੇ ਲਾਲ ਸਮੁੰਦਰ ਦੇ ਰਾਹ ਤੋਂ ਉਜਾੜ ਵੱਲ ਜਾਓ ।

41ਤਦ ਤੁਸੀਂ ਮੈਨੂੰ ਉੱਤਰ ਦੇ ਕੇ ਆਖਿਆ, "ਅਸੀਂ ਯਹੋਵਾਹ ਦੇ ਵਿਰੁੱਧ ਪਾਪ ਕੀਤਾ ਹੈ । ਹੁਣ ਅਸੀਂ ਉੱਪਰ ਜਾ ਕੇ ਲੜਾਂਗੇ, ਜਿਵੇਂ ਯਹੋਵਾਹ ਸਾਡੇ ਪਰਮੇਸ਼ੁਰ ਨੇ ਸਾਨੂੰ ਹੁਕਮ ਦਿੱਤਾ ਹੈ । " ਫਿਰ ਤੁਹਾਡੇ ਵਿੱਚੋਂ ਹਰੇਕ ਨੇ ਆਪਣੇ ਯੁੱਧ ਦੇ ਸ਼ਸਤਰ ਬੰਨ੍ਹੇ ਅਤੇ ਪਹਾੜੀ ਦੇਸ਼ ਉੱਤੇ ਹਮਲਾ ਕਰਨ ਨੂੰ ਇੱਕ ਛੋਟੀ ਜਿਹੀ ਗੱਲ ਜਾਣਿਆ ।42ਪਰ ਯਹੋਵਾਹ ਨੇ ਮੈਨੂੰ ਆਖਿਆ, "ਉਨ੍ਹਾਂ ਨੂੰ ਆਖ ਕਿ ਉੱਪਰ ਨਾ ਜਾਓ ਅਤੇ ਨਾ ਲੜੋ ਕਿਉਂ ਜੋ ਮੈਂ ਤੁਹਾਡੇ ਨਾਲ ਨਹੀਂ ਹਾਂ, ਅਜਿਹਾ ਨਾ ਹੋਵੇ ਕਿ ਤੁਸੀਂ ਆਪਣੇ ਵੈਰੀਆਂ ਦੇ ਅੱਗੇ ਮਾਰੇ ਜਾਓ । "
43ਮੈਂ ਤੁਹਾਨੂੰ ਇਹ ਗੱਲ ਆਖ ਦਿੱਤੀ, ਪਰ ਤੁਸੀਂ ਨਾ ਸੁਣਿਆ ਸਗੋਂ ਤੁਸੀਂ ਯਹੋਵਾਹ ਦੇ ਹੁਕਮ ਦੇ ਵਿਰੁੱਧ ਹੋ ਗਏ ਅਤੇ ਢਿਠਾਈ ਨਾਲ ਪਹਾੜੀ ਦੇਸ਼ ਵਿੱਚ ਚੜ੍ਹ ਗਏ ।44ਤਦ ਅਮੋਰੀਆਂ ਨੇ ਜਿਹੜੇ ਉਸ ਪਹਾੜੀ ਦੇਸ਼ ਵਿੱਚ ਵੱਸਦੇ ਸਨ, ਨਿੱਕਲ ਕੇ ਤੁਹਾਡਾ ਸਾਹਮਣਾ ਕੀਤਾ ਅਤੇ ਤੁਹਾਨੂੰ ਭਜਾਇਆ, ਜਿਵੇਂ ਸ਼ਹਿਦ ਦੀਆਂ ਮੱਖੀਆਂ ਕਰਦੀਆਂ ਹਨ ਅਤੇ ਤੁਹਾਨੂੰ ਸੇਈਰ ਵਿੱਚ ਹਾਰਮਾਹ ਤੱਕ ਮਾਰਿਆ ।
45ਫੇਰ ਤੁਸੀਂ ਵਾਪਸ ਆ ਕੇ ਯਹੋਵਾਹ ਅੱਗੇ ਰੋਏ, ਪਰ ਯਹੋਵਾਹ ਨੇ ਤੁਹਾਡੀ ਅਵਾਜ਼ ਨਾ ਸੁਣੀ ਅਤੇ ਨਾ ਹੀ ਆਪਣਾ ਕੰਨ ਤੁਹਾਡੇ ਵੱਲ ਲਾਇਆ ।46ਇਸ ਲਈ ਤੁਸੀਂ ਕਾਦੇਸ਼ ਵਿੱਚ ਬਹੁਤ ਦਿਨਾਂ ਤੱਕ ਟਿਕੇ ਰਹੇ, ਸਗੋਂ ਬਹੁਤ ਹੀ ਲੰਮੇ ਸਮੇਂ ਤੱਕ ਟਿਕੇ ਰਹੇ ।

2
ਉਜਾੜ ਵਿੱਚ ਭਟਕਣਾ

1ਫੇਰ ਅਸੀਂ ਮੁੜ ਕੇ ਲਾਲ ਸਮੁੰਦਰ ਦੇ ਰਾਹ ਤੋਂ ਉਜਾੜ ਵੱਲ ਕੂਚ ਕੀਤਾ, ਜਿਵੇਂ ਯਹੋਵਾਹ ਨੇ ਮੇਰੇ ਨਾਲ ਗੱਲ ਕੀਤੀ ਸੀ ਅਤੇ ਅਸੀਂ ਬਹੁਤ ਦਿਨਾਂ ਤੱਕ ਸੇਈਰ ਪਹਾੜ ਦੇ ਆਲੇ-ਦੁਆਲੇ ਘੇਰਾ ਪਾ ਕੇ ਰੱਖਿਆ ।2ਫਿਰ ਯਹੋਵਾਹ ਨੇ ਮੈਨੂੰ ਆਖਿਆ,3"ਤੁਸੀਂ ਬਹੁਤ ਸਮੇਂ ਤੱਕ ਇਸ ਪਹਾੜ ਦੇ ਆਲੇ-ਦੁਆਲੇ ਘੇਰਾ ਪਾ ਕੇ ਰੱਖਿਆ ਹੈ, ਹੁਣ ਤੁਸੀਂ ਆਪਣਾ ਸਫ਼ਰ ਉੱਤਰ ਵੱਲ ਕਰੋ ।

4ਪਰਜਾ ਨੂੰ ਹੁਕਮ ਦੇ ਕਿ ਤੁਸੀਂ ਆਪਣੇ ਭਰਾ ਏਸਾਵੀਆਂ ਦੀਆਂ ਹੱਦਾਂ ਵਿੱਚੋਂ ਦੀ ਲੰਘਣਾ ਹੈ, ਜਿਹੜੇ ਸੇਈਰ ਵਿੱਚ ਵੱਸਦੇ ਹਨ । ਉਹ ਤੁਹਾਡੇ ਤੋਂ ਡਰਨਗੇ ਪਰ ਤੁਸੀਂ ਬਹੁਤ ਚੌਕਸ ਰਹਿਓ ।5ਉਨ੍ਹਾਂ ਨੂੰ ਨਾ ਛੇੜਿਓ ਕਿਉਂ ਜੋ ਮੈਂ ਤੁਹਾਨੂੰ ਉਨ੍ਹਾਂ ਦੇ ਦੇਸ਼ ਵਿੱਚੋਂ ਪੈਰ ਧਰਨ ਦੀ ਥਾਂ ਵੀ ਨਹੀਂ ਦਿਆਂਗਾ ਕਿਉਂ ਜੋ ਮੈਂ ਸੇਈਰ ਪਹਾੜ ਨੂੰ ਏਸਾਓ ਦੀ ਵਿਰਾਸਤ ਹੋਣ ਲਈ ਦੇ ਦਿੱਤਾ ਹੈ ।
6ਤੁਸੀਂ ਉਨ੍ਹਾਂ ਨੂੰ ਚਾਂਦੀ ਦੇ ਕੇ ਅੰਨ ਮੁੱਲ ਲਿਓ ਤਾਂ ਜੋ ਤੁਸੀਂ ਖਾਓ ਅਤੇ ਤੁਸੀਂ ਉਨ੍ਹਾਂ ਤੋਂ ਪਾਣੀ ਵੀ ਚਾਂਦੀ ਦੇ ਕੇ ਮੁੱਲ ਲਿਓ ਤਾਂ ਜੋ ਤੁਸੀਂ ਪੀਓ । "7ਕਿਉਂ ਜੋ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਉੱਤੇ ਬਰਕਤ ਦਿੱਤੀ ਹੈ ਅਤੇ ਇਸ ਵੱਡੀ ਉਜਾੜ ਵਿੱਚ ਉਹ ਤੁਹਾਡਾ ਤੁਰਨਾ-ਫਿਰਨਾ ਜਾਣਦਾ ਹੈ । ਇਨ੍ਹਾਂ ਚਾਲੀ ਸਾਲਾਂ ਤੱਕ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਅੰਗ-ਸੰਗ ਰਿਹਾ ਹੈ ਅਤੇ ਤੁਹਾਨੂੰ ਕਿਸੇ ਚੀਜ਼ ਦੀ ਘਾਟ ਨਹੀਂ ਹੋਣ ਦਿੱਤੀ ।

8ਤਦ ਅਸੀਂ ਆਪਣੇ ਏਸਾਵੀਆਂ ਭਰਾਵਾਂ ਦੇ ਕੋਲੋਂ ਦੀ ਜਿਹੜੇ ਸੇਈਰ ਵਿੱਚ ਵੱਸਦੇ ਸਨ, ਅਰਾਬਾਹ ਦੇ ਰਾਹ ਤੋਂ ਹੁੰਦੇ ਹੋਏ ਏਲਥ ਅਤੇ ਅਸਯੋਨ-ਗਬਰ ਤੋਂ ਲੰਘੇ । ਫੇਰ ਅਸੀਂ ਮੁੜ ਕੇ ਮੋਆਬ ਦੀ ਉਜਾੜ ਵਿੱਚੋਂ ਹੋ ਕੇ ਗਏ ।

9ਯਹੋਵਾਹ ਨੇ ਮੈਨੂੰ ਆਖਿਆ, "ਮੋਆਬ ਨੂੰ ਨਾ ਸਤਾਇਓ, ਨਾ ਉਹਨਾਂ ਨਾਲ ਲੜਾਈ-ਝਗੜਾ ਕਰਿਓ ਕਿਉਂ ਜੋ ਮੈਂ ਤੈਨੂੰ ਉਸ ਦਾ ਦੇਸ਼ ਵਿਰਾਸਤ ਵਿੱਚ ਨਹੀਂ ਦਿਆਂਗਾ । ਮੈਂ ਆਰ ਨਗਰ ਲੂਤ ਦੇ ਵੰਸ਼ ਨੂੰ ਵਿਰਾਸਤ ਵਿੱਚ ਦੇ ਦਿੱਤਾ ਹੈ । "
10ਪਹਿਲੇ ਸਮਿਆਂ ਵਿੱਚ ਉੱਥੇ ਏਮੀ ਵੱਸਦੇ ਸਨ, ਇਹ ਲੋਕ ਅਨਾਕੀਆਂ ਵਰਗੇ ਵੱਡੇ-ਵੱਡੇ ਅਤੇ ਉੱਚੇ-ਲੰਮੇ ਸਨ ।11ਅਨਾਕੀਆਂ ਦੀ ਤਰ੍ਹਾਂ ਇਹ ਲੋਕ ਵੀ ਰਫ਼ਾਈ ਗਿਣੇ ਜਾਂਦੇ ਸਨ, ਪਰ ਮੋਆਬੀ ਉਨ੍ਹਾਂ ਨੂੰ ਏਮੀ ਆਖਦੇ ਸਨ ।
12ਹੋਰੀ ਵੀ ਪਹਿਲੇ ਸਮਿਆਂ ਵਿੱਚ ਸੇਈਰ ਵਿੱਚ ਵੱਸਦੇ ਸਨ, ਪਰ ਏਸਾਵੀਆਂ ਨੇ ਉਨ੍ਹਾਂ ਨੂੰ ਕੱਢ ਦਿੱਤਾ ਅਤੇ ਆਪਣੇ ਅੱਗਿਓਂ ਉਨ੍ਹਾਂ ਦਾ ਨਾਸ਼ ਕਰਕੇ ਆਪ ਉਨ੍ਹਾਂ ਦੇ ਸਥਾਨ ਤੇ ਵੱਸ ਗਏ, ਜਿਵੇਂ ਇਸਰਾਏਲ ਨੇ ਆਪਣੀ ਵਿਰਾਸਤ ਦੇ ਦੇਸ਼ ਵਿੱਚ ਕੀਤਾ, ਜਿਹੜਾ ਯਹੋਵਾਹ ਨੇ ਉਨ੍ਹਾਂ ਨੂੰ ਦਿੱਤਾ ਸੀ ।
13"ਹੁਣ ਤੁਸੀਂ ਉੱਠੋ, ਅਤੇ ਜ਼ਾਰਦ ਦੇ ਨਾਲੇ ਦੇ ਉੱਤੋਂ ਦੀ ਪਾਰ ਲੰਘ ਜਾਉ !" ਤਦ ਅਸੀਂ ਜ਼ਾਰਦ ਦੇ ਨਾਲੇ ਦੇ ਉੱਤੋਂ ਦੀ ਪਾਰ ਲੰਘ ਗਏ ।14ਕਾਦੇਸ਼ ਬਰਨੇਆ ਤੋਂ ਤੁਰ ਕੇ ਜ਼ਾਰਦ ਦੇ ਨਾਲੇ ਦੇ ਉੱਤੋਂ ਦੀ ਪਾਰ ਲੰਘਣ ਤੱਕ ਸਾਨੂੰ ਅਠੱਤੀ ਸਾਲ ਲੱਗੇ, ਜਦ ਤੱਕ ਉਸ ਪੀੜ੍ਹੀ ਦੇ ਸਾਰੇ ਸੂਰਮੇ ਛਾਉਣੀ ਵਿੱਚੋਂ ਮਰ ਮਿਟ ਨਾ ਗਏ, ਜਿਵੇਂ ਯਹੋਵਾਹ ਨੇ ਉਨ੍ਹਾਂ ਨਾਲ ਸਹੁੰ ਖਾਧੀ ਸੀ ।15ਇਸ ਲਈ ਜਦ ਤੱਕ ਸਾਰੇ ਦੇ ਸਾਰੇ ਮਿਟ ਨਾ ਗਏ, ਤਦ ਤੱਕ ਯਹੋਵਾਹ ਦਾ ਹੱਥ ਉਨ੍ਹਾਂ ਦੇ ਵਿਰੁੱਧ ਸੀ ਕਿ ਛਾਉਣੀ ਦੇ ਵਿੱਚੋਂ ਉਨ੍ਹਾਂ ਨੂੰ ਮਿਟਾ ਦੇਵੇ ।
16ਇਸ ਤਰ੍ਹਾਂ, ਜਦ ਸਾਰੇ ਸੂਰਮੇ ਉਨ੍ਹਾਂ ਲੋਕਾਂ ਵਿੱਚੋਂ ਮਰ ਮਿਟ ਗਏ ।17ਤਦ ਯਹੋਵਾਹ ਇਹ ਆਖ ਕੇ ਮੇਰੇ ਨਾਲ ਬੋਲਿਆ,18"ਅੱਜ ਤੂੰ ਮੋਆਬ ਦੀ ਹੱਦ ਆਰ ਨਗਰ ਵਿੱਚੋਂ ਪਾਰ ਲੰਘਣਾ ਹੈ ।19ਜਦ ਤੂੰ ਅੰਮੋਨੀਆਂ ਦੇ ਨੇੜੇ ਆਵੇਂ ਤਾਂ ਤੂੰ ਉਹਨਾਂ ਨੂੰ ਨਾ ਸਤਾਈਂ ਅਤੇ ਨਾ ਹੀ ਲੜਾਈ-ਝਗੜਾ ਕਰੀਂ ਕਿਉਂ ਜੋ ਮੈਂ ਤੈਨੂੰ ਅੰਮੋਨੀਆਂ ਦੇ ਦੇਸ਼ ਵਿੱਚੋਂ ਕੁਝ ਵੀ ਤੇਰੀ ਵਿਰਾਸਤ ਹੋਣ ਲਈ ਨਹੀਂ ਦਿਆਂਗਾ, ਕਿਉਂ ਜੋ ਮੈਂ ਉਹ ਲੂਤ ਦੇ ਵੰਸ਼ ਦੀ ਵਿਰਾਸਤ ਹੋਣ ਲਈ ਦਿੱਤਾ ਹੈ । "
20(ਉਹ ਵੀ ਰਫ਼ਾਈਆਂ ਦੀ ਧਰਤੀ ਗਿਣੀ ਗਈ । ਰਫ਼ਾਈ ਪਹਿਲੇ ਸਮਿਆਂ ਵਿੱਚ ਉੱਥੇ ਵੱਸਦੇ ਸਨ, ਪਰ ਅੰਮੋਨੀ ਉਨ੍ਹਾਂ ਨੂੰ ਜ਼ਮ ਜ਼ੁੰਮੀ ਆਖਦੇ ਸਨ)21ਇਹ ਲੋਕ ਵੀ ਅਨਾਕੀਆਂ ਦੀ ਤਰ੍ਹਾਂ ਗਿਣਤੀ ਵਿੱਚ ਬਹੁਤ ਸਾਰੇ ਅਤੇ ਵੱਡੇ ਅਤੇ ਉੱਚੇ-ਲੰਮੇ ਸਨ, ਪਰ ਯਹੋਵਾਹ ਨੇ ਉਹਨਾਂ ਨੂੰ ਅੰਮੋਨੀਆਂ ਦੇ ਅੱਗਿਓਂ ਨਾਸ਼ ਕਰ ਕੇ ਕੱਢ ਦਿੱਤਾ ਅਤੇ ਉਹ ਆਪ ਉਹਨਾਂ ਦੇ ਸਥਾਨ ਤੇ ਵੱਸ ਗਏ,22ਜਿਵੇਂ ਉਹ ਨੇ ਏਸਾਵੀਆਂ ਲਈ ਕੀਤਾ ਸੀ ਜਿਹੜੇ ਸੇਈਰ ਵਿੱਚ ਵੱਸਦੇ ਸਨ, ਜਦ ਉਹ ਨੇ ਉਹਨਾਂ ਦੇ ਅੱਗਿਓਂ ਹੋਰੀਆਂ ਦਾ ਨਾਸ਼ ਕਰ ਦਿੱਤਾ ਅਤੇ ਉਨ੍ਹਾਂ ਨੇ ਉਹਨਾਂ ਨੂੰ ਕੱਢ ਦਿੱਤਾ ਅਤੇ ਅੱਜ ਦੇ ਦਿਨ ਤੱਕ ਉਹ ਆਪ ਉਹਨਾਂ ਦੇ ਸਥਾਨ ਤੇ ਵੱਸਦੇ ਹਨ ।
23ਫੇਰ ਅੱਵੀ, ਜਿਹੜੇ ਅੱਜ਼ਾਹ ਤੱਕ ਪਿੰਡਾਂ ਵਿੱਚ ਵੱਸੇ ਹੋਏ ਸਨ, ਉਨ੍ਹਾਂ ਨੂੰ ਕਫ਼ਤੋਰੀਆਂ ਨੇ ਜਿਹੜੇ ਕਫ਼ਤੋਰ ਤੋਂ ਨਿੱਕਲੇ ਸਨ, ਨਾਸ਼ ਕਰ ਦਿੱਤਾ ਅਤੇ ਆਪ ਉਹਨਾਂ ਦੇ ਸਥਾਨ ਤੇ ਵੱਸ ਗਏ ।
24ਹੁਣ ਤੁਸੀਂ ਉੱਠੋ ਅਤੇ ਕੂਚ ਕਰ ਕੇ ਅਰਨੋਨ ਦੇ ਨਾਲੇ ਤੋਂ ਪਾਰ ਲੰਘੋ । ਵੇਖੋ ਮੈਂ ਤੁਹਾਡੇ ਹੱਥ ਵਿੱਚ ਹਸ਼ਬੋਨ ਦੇ ਰਾਜੇ ਸੀਹੋਨ ਅਮੋਰੀ ਨੂੰ ਉਸ ਦੇ ਦੇਸ਼ ਦੇ ਸਮੇਤ ਦੇ ਦਿੱਤਾ ਹੈ । ਉਸ ਦੇ ਦੇਸ਼ ਨੂੰ ਆਪਣੇ ਅਧਿਕਾਰ ਵਿੱਚ ਲੈਣਾ ਸ਼ੁਰੂ ਕਰੋ ਅਤੇ ਉਸ ਨਾਲ ਯੁੱਧ ਛੇੜ ਦਿਓ ।25ਅੱਜ ਦੇ ਦਿਨ ਮੈਂ ਤੇਰਾ ਭੈ ਅਤੇ ਤੇਰਾ ਡਰ ਅਕਾਸ਼ ਦੇ ਹੇਠਾਂ ਰਹਿਣ ਵਾਲੇ ਸਾਰੇ ਲੋਕਾਂ ਉੱਤੇ ਪਾਉਣਾ ਸ਼ੁਰੂ ਕਰਦਾ ਹਾਂ । ਉਹ ਤੇਰੀ ਖ਼ਬਰ ਸੁਣ ਕੇ ਕੰਬਣਗੇ ਅਤੇ ਤੇਰੇ ਕਾਰਨ ਤੜਫ਼ ਉੱਠਣਗੇ ।
ਰਾਜੇ ਸੀਹੋਨ ਦੀ ਹਾਰ
(ਗਿਣਤੀ 21:21-30)

26ਤਦ ਮੈਂ ਕਦੇਮੋਥ ਦੀ ਉਜਾੜ ਤੋਂ ਸੰਦੇਸ਼-ਵਾਹਕਾਂ ਨੂੰ ਹਸ਼ਬੋਨ ਦੇ ਰਾਜੇ ਸੀਹੋਨ ਕੋਲ ਸ਼ਾਂਤੀ ਦੀਆਂ ਇਹ ਗੱਲਾਂ ਆਖਣ ਲਈ ਭੇਜਿਆ,27"ਮੈਨੂੰ ਆਪਣੇ ਦੇਸ਼ ਦੇ ਵਿੱਚੋਂ ਦੀ ਲੰਘਣ ਦੇ, ਮੈਂ ਸਿਰਫ਼ ਸੜਕ ਤੋਂ ਹੋ ਕੇ ਜਾਂਵਾਂਗਾ । ਮੈਂ ਨਾ ਤਾਂ ਸੱਜੇ ਮੁੜਾਂਗਾ ਨਾ ਹੀ ਖੱਬੇ ।
28ਤੂੰ ਮੇਰੇ ਤੋਂ ਚਾਂਦੀ ਲੈ ਕੇ ਮੈਨੂੰ ਅੰਨ ਵੇਚੀਂ ਤਾਂ ਜੋ ਮੈਂ ਖਾਵਾਂ ਅਤੇ ਪਾਣੀ ਵੀ ਚਾਂਦੀ ਲੈ ਕੇ ਮੈਨੂੰ ਦੇਵੀਂ ਤਾਂ ਜੋ ਮੈਂ ਪੀਵਾਂ । ਸਿਰਫ਼ ਮੈਨੂੰ ਪੈਦਲ ਪਾਰ ਲੰਘਣ ਦੇ,29ਜਿਵੇਂ ਸੇਈਰ ਦੇ ਵਾਸੀ ਏਸਾਵੀਆਂ ਨੇ ਅਤੇ ਆਰ ਦੇ ਵਾਸੀ ਮੋਆਬੀਆਂ ਨੇ ਮੇਰੇ ਨਾਲ ਕੀਤਾ, ਤੂੰ ਵੀ ਉਸੇ ਤਰ੍ਹਾਂ ਹੀ ਕਰ ਜਦ ਤੱਕ ਮੈਂ ਯਰਦਨ ਦੇ ਪਾਰ ਉਸ ਦੇਸ਼ ਵਿੱਚ ਨਾ ਪਹੁੰਚ ਜਾਂਵਾਂ, ਜਿਹੜਾ ਯਹੋਵਾਹ ਸਾਡਾ ਪਰਮੇਸ਼ੁਰ ਸਾਨੂੰ ਦਿੰਦਾ ਹੈ । "
30ਪਰ ਹਸ਼ਬੋਨ ਦੇ ਰਾਜੇ ਸੀਹੋਨ ਨੇ ਸਾਨੂੰ ਆਪਣੇ ਦੇਸ਼ ਵਿੱਚੋਂ ਹੋ ਕੇ ਪਾਰ ਲੰਘਣ ਨਾ ਦਿੱਤਾ ਕਿਉਂ ਜੋ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਉਸ ਦੇ ਆਤਮਾ ਨੂੰ ਕਠੋਰ ਅਤੇ ਉਸ ਦੇ ਮਨ ਨੂੰ ਸਖ਼ਤ ਹੋਣ ਦਿੱਤਾ ਤਾਂ ਜੋ ਉਹ ਉਸ ਨੂੰ ਤੇਰੇ ਹੱਥ ਵਿੱਚ ਦੇ ਦੇਵੇ, ਜਿਵੇਂ ਅੱਜ ਦੇ ਦਿਨ ਹੈ ।31ਯਹੋਵਾਹ ਨੇ ਮੈਨੂੰ ਆਖਿਆ, "ਵੇਖ, ਮੈਂ ਸੀਹੋਨ ਅਤੇ ਉਸ ਦੇ ਦੇਸ਼ ਨੂੰ ਤੇਰੇ ਹੱਥ ਵਿੱਚ ਦੇਣ ਲੱਗਾ ਹਾਂ । ਉਸ ਦੇ ਦੇਸ਼ ਨੂੰ ਆਪਣੇ ਅਧਿਕਾਰ ਵਿੱਚ ਲੈਣਾ ਸ਼ੁਰੂ ਕਰ ਤਾਂ ਜੋ ਤੂੰ ਉਸ ਨੂੰ ਆਪਣੀ ਵਿਰਾਸਤ ਬਣਾ ਲਵੇਂ ।
32ਤਦ ਸੀਹੋਨ ਅਤੇ ਉਸ ਦੇ ਸਾਰੇ ਲੋਕਾਂ ਨੇ ਨਿੱਕਲ ਕੇ ਯਾਹਸ ਵੱਲ ਸਾਡਾ ਸਾਹਮਣਾ ਕੀਤਾ ।33ਯਹੋਵਾਹ ਸਾਡੇ ਪਰਮੇਸ਼ੁਰ ਨੇ ਉਸ ਨੂੰ ਸਾਡੇ ਅੱਗੇ ਹਰਾ ਦਿੱਤਾ ਅਤੇ ਅਸੀਂ ਉਸ ਨੂੰ, ਉਸ ਦੇ ਪੁੱਤਰਾਂ ਨੂੰ ਅਤੇ ਉਸ ਦੇ ਸਾਰੇ ਲੋਕਾਂ ਨੂੰ ਮਾਰ ਸੁੱਟਿਆ ।
34ਅਸੀਂ ਉਸ ਵੇਲੇ ਉਸ ਦੇ ਸਾਰੇ ਸ਼ਹਿਰ ਲੈ ਲਏ ਅਤੇ ਉਸ ਦੇ ਹਰੇਕ ਵੱਸੇ ਹੋਏ ਸ਼ਹਿਰ ਦਾ ਇਸਤਰੀਆਂ ਅਤੇ ਬੱਚਿਆਂ ਸਮੇਤ ਨਾਸ਼ ਕਰ ਦਿੱਤਾ, ਇੱਥੋਂ ਤੱਕ ਕਿ ਅਸੀਂ ਇੱਕ ਵੀ ਨਾ ਛੱਡਿਆ ।35ਅਸੀਂ ਸਿਰਫ਼ ਪਸ਼ੂਆਂ ਨੂੰ ਆਪਣੀ ਲੁੱਟ ਵਿੱਚ ਲਿਆ ਅਤੇ ਉਨ੍ਹਾਂ ਸ਼ਹਿਰਾਂ ਦੀ ਲੁੱਟ ਦਾ ਮਾਲ ਲਿਆ, ਜਿਨ੍ਹਾਂ ਨੂੰ ਅਸੀਂ ਜਿੱਤ ਲਿਆ ਸੀ ।
36ਅਰੋਏਰ ਤੋਂ ਜਿਹੜਾ ਆਰਨੋਨ ਦੇ ਨਾਲੇ ਦੀ ਹੱਦ ਉੱਤੇ ਹੈ ਅਤੇ ਉਸ ਸ਼ਹਿਰ ਤੋਂ ਜਿਹੜਾ ਨਾਲੇ ਦੇ ਕੋਲ ਹੈ, ਗਿਲਆਦ ਤੱਕ ਕੋਈ ਨਗਰ ਅਜਿਹਾ ਨਹੀਂ ਸੀ, ਜਿਹੜਾ ਸਾਡੇ ਸਾਹਮਣੇ ਠਹਿਰ ਸਕਦਾ ਸੀ । ਯਹੋਵਾਹ ਸਾਡੇ ਪਰਮੇਸ਼ੁਰ ਨੇ ਸਭ ਕੁਝ ਸਾਡੇ ਅਧੀਨ ਕਰ ਦਿੱਤਾ ।37ਤੁਸੀਂ ਸਿਰਫ਼ ਅੰਮੋਨੀਆਂ ਦੇ ਦੇਸ਼ ਦੇ ਨੇੜੇ ਨਾ ਗਏ ਅਰਥਾਤ ਯਾਬੋਕ ਨਦੀ ਦਾ ਸਾਰਾ ਪਾਸਾ ਅਤੇ ਪਹਾੜੀ ਸ਼ਹਿਰ ਅਤੇ ਜਿੱਥੇ ਜਾਣ ਤੋਂ ਯਹੋਵਾਹ ਸਾਡੇ ਪਰਮੇਸ਼ੁਰ ਨੇ ਸਾਨੂੰ ਮਨ੍ਹਾ ਕੀਤਾ ਸੀ ।

3
ਰਾਜੇ ਓਗ ਦੀ ਹਾਰ
(ਗਿਣਤੀ 21:31-35)

1ਫੇਰ ਅਸੀਂ ਮੁੜ ਕੇ ਬਾਸ਼ਾਨ ਦੇ ਰਾਹ ਤੋਂ ਉੱਪਰ ਚੱਲੇ ਅਤੇ ਬਾਸ਼ਾਨ ਦਾ ਰਾਜਾ ਓਗ ਆਪਣੇ ਸਾਰੇ ਲੋਕਾਂ ਦੇ ਨਾਲ ਸਾਡਾ ਸਾਹਮਣਾ ਕਰਨ ਨੂੰ ਨਿੱਕਲਿਆ ਤਾਂ ਜੋ ਅਦਰਈ ਵਿੱਚ ਸਾਡੇ ਨਾਲ ਯੁੱਧ ਕਰੇ ।2ਯਹੋਵਾਹ ਨੇ ਮੈਨੂੰ ਆਖਿਆ, "ਉਸ ਤੋਂ ਨਾ ਡਰ ਕਿਉਂ ਜੋ ਮੈਂ ਉਸ ਨੂੰ, ਉਸ ਦੇ ਸਾਰੇ ਲੋਕਾਂ ਨੂੰ ਅਤੇ ਉਸ ਦੇ ਦੇਸ਼ ਨੂੰ ਤੇਰੇ ਹੱਥ ਵਿੱਚ ਦੇ ਦਿੱਤਾ ਹੈ । ਤੂੰ ਉਸ ਦੇ ਨਾਲ ਉਸੇ ਤਰ੍ਹਾਂ ਹੀ ਕਰੀਂ ਜਿਵੇਂ ਤੂੰ ਅਮੋਰੀਆਂ ਦੇ ਰਾਜੇ ਸੀਹੋਨ ਨਾਲ ਕੀਤਾ, ਜਿਹੜਾ ਹਸ਼ਬੋਨ ਵਿੱਚ ਵੱਸਦਾ ਸੀ । "

3ਇਸ ਤਰ੍ਹਾਂ ਯਹੋਵਾਹ ਸਾਡੇ ਪਰਮੇਸ਼ੁਰ ਨੇ ਬਾਸ਼ਾਨ ਦੇ ਰਾਜੇ ਓਗ ਨੂੰ ਅਤੇ ਉਸ ਦੇ ਸਾਰੇ ਲੋਕਾਂ ਨੂੰ ਸਾਡੇ ਹੱਥ ਵਿੱਚ ਦੇ ਦਿੱਤਾ ਅਤੇ ਅਸੀਂ ਉਸ ਨੂੰ ਅਜਿਹਾ ਮਾਰਿਆ ਕਿ ਉਸ ਦਾ ਕੱਖ ਵੀ ਨਾ ਰਿਹਾ ।4ਉਸੇ ਸਮੇਂ ਅਸੀਂ ਉਸ ਦੇ ਸਾਰੇ ਸ਼ਹਿਰ ਲੈ ਲਏ ਅਤੇ ਅਜਿਹਾ ਇੱਕ ਨਗਰ ਵੀ ਨਹੀਂ ਸੀ ਜਿਹੜਾ ਅਸੀਂ ਉਨ੍ਹਾਂ ਤੋਂ ਨਾ ਲਿਆ ਹੋਵੇ, ਅਰਥਾਤ ਅਰਗੋਬ ਦੇ ਸਾਰੇ ਇਲਾਕੇ ਦੇ ਸੱਠ ਸ਼ਹਿਰ ਜਿਹੜੇ ਬਾਸ਼ਾਨ ਵਿੱਚ ਓਗ ਦੇ ਰਾਜ ਦੇ ਸਨ ।
5ਇਹ ਸਾਰੇ ਸ਼ਹਿਰ ਗੜ੍ਹਾਂ ਵਾਲੇ ਸਨ । ਉਹਨਾਂ ਦੀਆਂ ਸ਼ਹਿਰਪਨਾਹਾਂ ਉੱਚੀਆਂ ਅਤੇ ਉਹਨਾਂ ਦੇ ਫਾਟਕ ਅਰਲਾਂ ਵਾਲੇ ਸਨ । ਇਹਨਾਂ ਤੋਂ ਬਿਨ੍ਹਾਂ ਹੋਰ ਵੀ ਬਹੁਤ ਸਾਰੇ ਪਿੰਡ ਸਨ, ਜਿਨ੍ਹਾਂ ਦੀ ਸ਼ਹਿਰ ਪਨਾਹ ਨਹੀਂ ਸੀ ।6ਅਸੀਂ ਉਹਨਾਂ ਦਾ ਨਾਸ਼ ਕਰ ਦਿੱਤਾ, ਜਿਵੇਂ ਅਸੀਂ ਹਸ਼ਬੋਨ ਦੇ ਰਾਜੇ ਸੀਹੋਨ ਨਾਲ ਕੀਤਾ ਸੀ । ਅਸੀਂ ਸਾਰੇ ਵੱਸੇ ਹੋਏ ਸ਼ਹਿਰਾਂ ਦਾ ਇਸਤਰੀਆਂ ਅਤੇ ਬੱਚਿਆਂ ਸਮੇਤ ਨਾਸ਼ ਕਰ ਦਿੱਤਾ ।7ਪਰ ਸਾਰੇ ਪਸ਼ੂ ਅਤੇ ਸ਼ਹਿਰਾਂ ਦੀ ਲੁੱਟ ਦਾ ਮਾਲ ਅਸੀਂ ਆਪਣੇ ਲਈ ਲੁੱਟ ਲਿਆ
8ਅਤੇ ਉਸ ਸਮੇਂ ਅਸੀਂ ਯਰਦਨ ਤੋਂ ਪਾਰ ਦੇ ਅਮੋਰੀਆਂ ਦੇ ਦੋਹਾਂ ਰਾਜਿਆਂ ਦੇ ਹੱਥੋਂ ਉਸ ਦੇਸ਼ ਨੂੰ ਅਰਨੋਨ ਦੇ ਨਾਲੇ ਤੋਂ ਲੈ ਕੇ ਹਰਮੋਨ ਦੇ ਪਰਬਤ ਤੱਕ ਲੈ ਲਿਆ9(ਸੀਦੋਨੀ ਹਰਮੋਨ ਨੂੰ ਸਿਰਯੋਨ ਪਰ ਅਮੋਰੀ ਉਸ ਨੂੰ ਸਨੀਰ ਆਖਦੇ ਹਨ)10ਉਸ ਮੈਦਾਨੀ ਇਲਾਕੇ ਦੇ ਸਾਰੇ ਸ਼ਹਿਰ, ਸਾਰਾ ਗਿਲਆਦ, ਸਾਰਾ ਬਾਸ਼ਾਨ, ਸਲਕਾਹ ਅਤੇ ਅਦਰਈ ਤੱਕ ਦੇ ਸਾਰੇ ਸ਼ਹਿਰ ਜਿਹੜੇ ਬਾਸ਼ਾਨ ਵਿੱਚ ਓਗ ਦੇ ਰਾਜ ਦੇ ਸਨ, ਅਸੀਂ ਲੈ ਲਏ
11ਸਿਰਫ਼ ਬਾਸ਼ਾਨ ਦਾ ਰਾਜਾ ਓਗ ਹੀ ਰਫ਼ਾਈਆਂ ਦੇ ਬਚੇ ਹੋਇਆਂ ਵਿੱਚੋਂ ਰਹਿ ਗਿਆ ਸੀ । ਵੇਖੋ, ਉਸ ਦਾ ਪਲੰਘ ਜੋ ਲੋਹੇ ਦਾ ਸੀ, ਕੀ ਉਹ ਅੰਮੋਨੀਆਂ ਦੇ ਰੱਬਾਹ ਵਿੱਚ ਨਹੀਂ ਹੈ ? ਮਨੁੱਖ ਦੇ ਹੱਥ ਅਨੁਸਾਰ ਉਸ ਦੀ ਲੰਬਾਈ ਨੌਂ ਹੱਥ ਅਤੇ ਚੌੜਾਈ ਚਾਰ ਹੱਥ ਸੀ ।
ਦੇਸ਼ ਦੀ ਭੂਮੀ ਦੀ ਵੰਡ
(ਗਿਣਤੀ 32:1-42)

12ਜਿਹੜੇ ਦੇਸ਼ ਅਸੀਂ ਉਸ ਸਮੇਂ ਆਪਣੇ ਅਧਿਕਾਰ ਵਿੱਚ ਲੈ ਲਏ ਉਹ ਇਹ ਹਨ, ਅਰਥਾਤ ਅਰੋਏਰ ਤੋਂ ਲੈ ਕੇ ਜਿਹੜਾ ਅਰਨੋਨ ਦੇ ਨਾਲੇ ਉੱਤੇ ਹੈ ਅਤੇ ਸ਼ਹਿਰਾਂ ਦੇ ਨਾਲ ਗਿਲਆਦ ਦੇ ਪਹਾੜੀ ਦੇਸ਼ ਦਾ ਅੱਧਾ ਹਿੱਸਾ, ਜਿਹੜਾ ਮੈਂ ਰਊਬੇਨੀਆਂ ਅਤੇ ਗਾਦੀਆਂ ਨੂੰ ਦੇ ਦਿੱਤਾ13ਅਤੇ ਗਿਲਆਦ ਦਾ ਬਚਿਆ ਹੋਇਆ ਹਿੱਸਾ ਅਤੇ ਸਾਰਾ ਬਾਸ਼ਾਨ ਜਿਹੜਾ ਓਗ ਦੇ ਰਾਜ ਦਾ ਸੀ, ਮੈਂ ਮਨੱਸ਼ਹ ਦੇ ਅੱਧੇ ਗੋਤ ਨੂੰ ਦੇ ਦਿੱਤਾ ਅਰਥਾਤ ਸਾਰੇ ਬਾਸ਼ਾਨ ਸਮੇਤ ਅਰਗੋਬ ਦਾ ਸਾਰਾ ਇਲਾਕਾ । (ਬਾਸ਼ਾਨ ਤਾਂ ਰਫ਼ਾਈਆਂ ਦਾ ਦੇਸ਼ ਅਖਵਾਉਂਦਾ ਹੈ )
14ਮਨੱਸ਼ੀ ਯਾਈਰ ਨੇ ਅਰਗੋਬ ਦਾ ਸਾਰਾ ਇਲਾਕਾ ਗਮੂਰੀਆਂ ਅਤੇ ਮਆਕਾਤੀਆਂ ਦੀਆਂ ਹੱਦਾਂ ਤੱਕ ਲੈ ਲਿਆ ਅਤੇ ਉਨ੍ਹਾਂ ਦਾ ਨਾਮ ਅਰਥਾਤ ਬਾਸ਼ਾਨ ਦੇ ਨਗਰਾਂ ਦਾ ਨਾਮ ਆਪਣੇ ਨਾਮ ਉੱਤੇ ਹੱਵੋਥਯਾਈਰ ਰੱਖਿਆ, ਜਿਹੜਾ ਅੱਜ ਦੇ ਦਿਨ ਤੱਕ ਹੈ ।
15ਗਿਲਆਦ ਮੈਂ ਮਾਕੀਰ ਨੂੰ ਦੇ ਦਿੱਤਾ16ਅਤੇ ਰਊਬੇਨੀਆਂ ਅਤੇ ਗਾਦੀਆਂ ਨੂੰ ਮੈਂ ਗਿਲਆਦ ਤੋਂ ਲੈ ਕੇ ਅਰਨੋਨ ਦੇ ਨਾਲੇ ਤੱਕ ਦਾ ਦੇਸ਼ ਦੇ ਦਿੱਤਾ, ਅਰਥਾਤ ਨਾਲੇ ਦੇ ਵਿਚਕਾਰ ਤੋਂ ਉਸ ਦੇ ਕੰਢਿਆਂ ਤੱਕ ਅਤੇ ਯਾਬੋਕ ਦੀ ਨਦੀ ਤੱਕ ਜਿਹੜੀ ਅੰਮੋਨੀਆਂ ਦੀ ਹੱਦ ਹੈ
17ਅਤੇ ਕਿੰਨਰਥ ਤੋਂ ਲੈ ਕੇ ਪਿਸਗਾਹ ਦੀ ਢਾਲ ਦੇ ਅਰਾਬਾਹ ਸਮੁੰਦਰ ਤੱਕ, ਜੋ ਖਾਰਾ ਸਮੁੰਦਰ ਵੀ ਅਖਵਾਉਂਦਾ ਹੈ, ਅਰਾਬਾਹ ਅਤੇ ਯਰਦਨ ਦੇ ਪੂਰਬ ਵੱਲ ਦਾ ਸਾਰਾ ਦੇਸ਼ ਵੀ ਮੈਂ ਉਨ੍ਹਾਂ ਨੂੰ ਦੇ ਦਿੱਤਾ ।

18ਉਸ ਵੇਲੇ ਮੈਂ ਤੁਹਾਨੂੰ ਹੁਕਮ ਦਿੱਤਾ ਅਤੇ ਆਖਿਆ, "ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਇਹ ਦੇਸ਼ ਤੁਹਾਡੀ ਵਿਰਾਸਤ ਕਰਕੇ ਦੇ ਦਿੱਤਾ ਹੈ । ਸਾਰੇ ਸੂਰਬੀਰ ਹਥਿਆਰ ਬੰਨ ਕੇ ਆਪਣੇ ਇਸਰਾਏਲੀ ਭਰਾਵਾਂ ਦੇ ਅੱਗੇ-ਅੱਗੇ ਪਾਰ ਲੰਘੋ
19ਪਰ ਤੁਹਾਡੀਆਂ ਇਸਤਰੀਆਂ, ਬੱਚੇ ਅਤੇ ਤੁਹਾਡੇ ਵੱਗ, ਕਿਉਂ ਜੋ ਮੈਂ ਜਾਣਦਾ ਹਾਂ ਕਿ ਤੁਹਾਡੇ ਵੱਗ ਵੱਡੇ-ਵੱਡੇ ਹਨ, ਉਹ ਸਾਰੇ ਤੁਹਾਡੇ ਸ਼ਹਿਰਾਂ ਵਿੱਚ ਰਹਿ ਜਾਣ, ਜਿਹੜੇ ਮੈਂ ਤੁਹਾਨੂੰ ਦਿੱਤੇ ਹਨ ।20ਜਦ ਤੱਕ ਯਹੋਵਾਹ ਤੁਹਾਡੇ ਭਰਾਵਾਂ ਨੂੰ ਅਰਾਮ ਨਾ ਦੇਵੇ, ਜਿਵੇਂ ਉਸਨੇ ਤੁਹਾਨੂੰ ਦਿੱਤਾ ਹੈ ਅਤੇ ਉਹ ਵੀ ਉਸ ਧਰਤੀ ਨੂੰ ਅਧਿਕਾਰ ਵਿੱਚ ਨਾ ਕਰ ਲੈਣ, ਜਿਹੜੀ ਯਹੋਵਾਹ ਤੁਹਾਡਾ ਪਰਮੇਸ਼ੁਰ ਉਨ੍ਹਾਂ ਨੂੰ ਯਰਦਨ ਦੇ ਪਾਰ ਦਿੰਦਾ ਹੈ, ਫੇਰ ਤੁਸੀਂ ਵੀ ਆਪਣੇ-ਆਪਣੇ ਅਧਿਕਾਰ ਦੀ ਭੂਮੀ ਨੂੰ ਮੁੜ ਜਾਇਓ, ਜਿਹੜੀ ਮੈਂ ਤੁਹਾਨੂੰ ਦਿੱਤੀ ਹੈ । "
21ਉਸੇ ਵੇਲੇ ਮੈਂ ਯਹੋਸ਼ੁਆ ਨੂੰ ਹੁਕਮ ਦਿੱਤਾ ਅਤੇ ਆਖਿਆ, "ਤੇਰੀਆਂ ਅੱਖਾਂ ਨੇ ਉਹ ਸਭ ਕੁਝ ਵੇਖਿਆ ਹੈ ਜੋ ਯਹੋਵਾਹ ਤੇਰੇ ਪਰਮੇਸ਼ੁਰ ਨੇ ਇਹਨਾਂ ਦੋਹਾਂ ਰਾਜਿਆਂ ਨਾਲ ਕੀਤਾ ਹੈ, ਅਜਿਹਾ ਹੀ ਯਹੋਵਾਹ ਸਾਰੇ ਰਾਜਾਂ ਨਾਲ ਕਰੇਗਾ, ਜਿੱਥੋਂ ਹੋ ਕੇ ਤੂੰ ਪਾਰ ਲੰਘੇਗਾ ।22ਤੁਸੀਂ ਉਹਨਾਂ ਕੋਲੋਂ ਨਾ ਡਰੋ ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਆਪ ਹੀ ਤੁਹਾਡੇ ਲਈ ਲੜਦਾ ਹੈ । "
ਮੂਸਾ ਨੂੰ ਕਨਾਨ ਵਿੱਚ ਪ੍ਰਵੇਸ਼ ਕਰਨ ਦੀ ਮਨਾਹੀ

23ਉਸ ਵੇਲੇ ਮੈਂ ਯਹੋਵਾਹ ਦੇ ਅੱਗੇ ਤਰਲੇ ਕਰ ਕੇ ਬੇਨਤੀ ਕੀਤੀ,24"ਹੇ ਪ੍ਰਭੂ ਯਹੋਵਾਹ, ਤੂੰ ਆਪਣੇ ਦਾਸ ਉੱਤੇ ਆਪਣੀ ਵਡਿਆਈ ਅਤੇ ਆਪਣੀ ਸ਼ਕਤੀ ਦਾ ਹੱਥ ਪਰਗਟ ਕਰਨ ਲੱਗਾ ਹੈਂ, ਕਿਉਂ ਜੋ ਅਕਾਸ਼ ਵਿੱਚ ਅਤੇ ਧਰਤੀ ਉੱਤੇ ਕਿਹੜਾ ਦੇਵਤਾ ਹੈ, ਜਿਹੜਾ ਤੇਰੇ ਜਿਹੇ ਕਾਰਜ ਅਤੇ ਤੇਰੇ ਜਿਹੇ ਵੱਡੀ ਸ਼ਕਤੀ ਵਾਲੇ ਕੰਮ ਕਰ ਸਕੇ ?25ਕਿਰਪਾ ਕਰਕੇ ਮੈਨੂੰ ਪਾਰ ਲੰਘਣ ਦੇ ਤਾਂ ਜੋ ਮੈਂ ਉਸ ਚੰਗੀ ਧਰਤੀ ਨੂੰ ਜਿਹੜੀ ਯਰਦਨ ਪਾਰ ਹੈ ਅਤੇ ਉਸ ਚੰਗੇ ਪਹਾੜੀ ਦੇਸ਼ ਨੂੰ ਅਤੇ ਲਬਾਨੋਨ ਨੂੰ ਵੇਖ ਸਕਾਂ । "
26ਪਰ ਯਹੋਵਾਹ ਤੁਹਾਡੇ ਕਾਰਨ ਮੇਰੇ ਨਾਲ ਗੁਸੇ ਸੀ ਅਤੇ ਮੇਰੀ ਨਾ ਸੁਣੀ । ਯਹੋਵਾਹ ਨੇ ਮੈਨੂੰ ਆਖਿਆ, "ਬੱਸ ਕਰ ! ਫੇਰ ਕਦੀ ਮੇਰੇ ਨਾਲ ਇਹ ਗੱਲ ਨਾ ਛੇੜੀਂ !27ਪਿਸਗਾਹ ਦੀ ਟੀਸੀ ਉੱਤੇ ਚੜ੍ਹ ਅਤੇ ਆਪਣੀਆਂ ਅੱਖਾਂ ਪੂਰਬ, ਪੱਛਮ, ਉੱਤਰ ਅਤੇ ਦੱਖਣ ਵੱਲ ਚੁੱਕ ਅਤੇ ਆਪਣੀਆਂ ਅੱਖਾਂ ਨਾਲ ਉਹ ਦੇਸ਼ ਵੇਖ ਲੈ ਕਿਉਂ ਜੋ ਤੂੰ ਇਸ ਯਰਦਨ ਦੇ ਪਾਰ ਨਾ ਲੰਘੇਂਗਾ ।
28ਪਰ ਯਹੋਸ਼ੁਆ ਨੂੰ ਹੁਕਮ ਦੇ, ਉਸ ਦਾ ਹੌਂਸਲਾ ਵਧਾ ਅਤੇ ਉਸ ਨੂੰ ਤਕੜਾ ਕਰ ਕਿਉਂ ਜੋ ਉਹ ਇਸ ਪਰਜਾ ਦੇ ਅੱਗੇ-ਅੱਗੇ ਪਾਰ ਲੰਘੇਗਾ ਅਤੇ ਉਹ ਉਨ੍ਹਾਂ ਨੂੰ ਉਹ ਦੇਸ਼ ਜਿਹੜਾ ਤੂੰ ਵੇਖੇਂਗਾ, ਉਨ੍ਹਾਂ ਦੀ ਵਿਰਾਸਤ ਹੋਣ ਲਈ ਦੁਆਵੇਗਾ । "29ਤਦ ਅਸੀਂ ਬੈਤ-ਪਓਰ ਦੇ ਸਾਹਮਣੇ ਦੀ ਘਾਟੀ ਵਿੱਚ ਠਹਿਰ ਗਏ ।

4
ਮੂਸਾ ਦਾ ਉਪਦੇਸ਼

1ਹੇ ਇਸਰਾਏਲ, ਹੁਣ ਉਨ੍ਹਾਂ ਬਿਧੀਆਂ ਅਤੇ ਕਨੂੰਨਾਂ ਨੂੰ ਸੁਣੋ ਜਿਹੜੇ ਮੈਂ ਤੁਹਾਨੂੰ ਸਿਖਾਉਂਦਾ ਹਾਂ ਕਿ ਤੁਸੀਂ ਉਨ੍ਹਾਂ ਨੂੰ ਪੂਰਾ ਕਰੋ, ਤਾਂ ਜੋ ਤੁਸੀਂ ਜੀਉਂਦੇ ਰਹੋ ਅਤੇ ਜਾ ਕੇ ਉਸ ਦੇਸ਼ ਨੂੰ ਅਧਿਕਾਰ ਵਿੱਚ ਲੈ ਲਓ ਜਿਹੜਾ ਯਹੋਵਾਹ ਤੁਹਾਡੇ ਪਿਉ-ਦਾਦਿਆਂ ਦਾ ਪਰਮੇਸ਼ੁਰ ਤੁਹਾਨੂੰ ਦਿੰਦਾ ਹੈ ।2ਜਿਹੜੇ ਹੁਕਮ ਮੈਂ ਤੁਹਾਨੂੰ ਦਿੰਦਾ ਹਾਂ, ਉਨ੍ਹਾਂ ਵਿੱਚ ਨਾ ਤਾਂ ਕੁਝ ਵਧਾਓ ਅਤੇ ਨਾ ਉਨ੍ਹਾਂ ਵਿੱਚੋਂ ਕੁਝ ਘਟਾਓ ਤਾਂ ਜੋ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਦੀ ਪਾਲਨਾ ਕਰੋ, ਜਿਹੜੇ ਮੈਂ ਤੁਹਾਨੂੰ ਦਿੰਦਾ ਹਾਂ ।

3ਜੋ ਕੁਝ ਯਹੋਵਾਹ ਨੇ ਬਆਲ ਪਓਰ ਦੇ ਕਾਰਨ ਕੀਤਾ ਉਹ ਸਭ ਤੁਹਾਡੀਆਂ ਅੱਖਾਂ ਨੇ ਵੇਖਿਆ ਹੈ, ਕਿਉਂ ਜੋ ਜਿਹੜੇ ਮਨੁੱਖ ਬਆਲ ਪਓਰ ਦੇ ਪਿੱਛੇ ਹੋ ਗਏ ਸਨ, ਉਨ੍ਹਾਂ ਸਾਰਿਆਂ ਨੂੰ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਡੇ ਵਿੱਚੋਂ ਨਾਸ਼ ਕਰ ਦਿੱਤਾ ਹੈ,4ਪਰ ਤੁਸੀਂ ਜਿਹੜੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਨਾਲ ਬਣੇ ਰਹੇ, ਅੱਜ ਤੱਕ ਸਾਰੇ ਜੀਉਂਦੇ ਹੋ ।
5ਵੇਖੋ, ਜਿਵੇਂ ਯਹੋਵਾਹ ਮੇਰੇ ਪਰਮੇਸ਼ੁਰ ਨੇ ਮੈਨੂੰ ਹੁਕਮ ਦਿੱਤਾ ਸੀ, ਮੈਂ ਤੁਹਾਨੂੰ ਬਿਧੀਆਂ ਅਤੇ ਕਨੂੰਨ ਸਿਖਾਏ ਹਨ ਤਾਂ ਜੋ ਤੁਸੀਂ ਉਸ ਦੇਸ਼ ਵਿੱਚ ਜਿਸ ਨੂੰ ਅਧਿਕਾਰ ਵਿੱਚ ਲੈਣ ਲਈ ਤੁਸੀਂ ਜਾਂਦੇ ਹੋ, ਉਨ੍ਹਾਂ ਦੇ ਅਨੁਸਾਰ ਕਰੋ ।6ਤੁਸੀਂ ਉਹਨਾਂ ਨੂੰ ਮੰਨੋ ਅਤੇ ਪੂਰੇ ਕਰੋ ਕਿਉਂ ਜੋ ਉਹਨਾਂ ਲੋਕਾਂ ਦੀ ਨਜ਼ਰ ਵਿੱਚ ਤੁਹਾਡੀ ਬੁੱਧੀ ਅਤੇ ਸਮਝ ਇਸੇ ਗੱਲ ਤੋਂ ਪ੍ਰਗਟ ਹੋਵੇਗੀ ਅਰਥਾਤ ਜਿਹੜੇ ਇਨ੍ਹਾਂ ਸਾਰੀਆਂ ਬਿਧੀਆਂ ਨੂੰ ਸੁਣ ਕੇ ਆਖਣਗੇ ਕਿ ਬੇਸ਼ਕ ਇਹ ਵੱਡੀ ਕੌਮ ਬੁੱਧਵਾਨ ਅਤੇ ਸਮਝਦਾਰ ਲੋਕਾਂ ਦੀ ਹੈ ।
7ਕਿਉਂ ਜੋ ਕਿਹੜੀ ਅਜਿਹੀ ਵੱਡੀ ਕੌਮ ਹੈ, ਜਿਸ ਦਾ ਪਰਮੇਸ਼ੁਰ ਉਸ ਦੇ ਐਨੇ ਨਜ਼ਦੀਕ ਹੈ, ਜਿਨ੍ਹਾਂ ਕਿ ਯਹੋਵਾਹ ਸਾਡਾ ਪਰਮੇਸ਼ੁਰ ਸਾਡੇ ਨਜ਼ਦੀਕ ਹੈ, ਜਦ ਕਦੀ ਅਸੀਂ ਉਸ ਦੇ ਅੱਗੇ ਬੇਨਤੀ ਕਰਦੇ ਹਾਂ ?8ਅਤੇ ਕਿਹੜੀ ਅਜਿਹੀ ਵੱਡੀ ਕੌਮ ਹੈ ਜਿਸ ਦੇ ਕੋਲ ਅਜਿਹੀ ਧਾਰਮਿਕ ਬਿਧੀਆਂ ਅਤੇ ਕਨੂੰਨ ਹਨ, ਜਿੰਨ੍ਹੀ ਕਿ ਇਹ ਸਾਰੀ ਬਿਵਸਥਾ ਜਿਹੜੀ ਮੈਂ ਅੱਜ ਤੁਹਾਡੇ ਅੱਗੇ ਰੱਖਦਾ ਹਾਂ ?

9ਇਸ ਲਈ ਚੌਕਸ ਰਹੋ ਅਤੇ ਆਪਣੇ ਮਨ ਦੀ ਬਹੁਤ ਰਾਖੀ ਕਰੋ, ਕਿਤੇ ਅਜਿਹਾ ਨਾ ਹੋਵੇ ਕਿ ਤੁਸੀਂ ਉਨ੍ਹਾਂ ਗੱਲਾਂ ਨੂੰ ਭੁੱਲ ਜਾਉ ਜਿਹੜੀਆਂ ਤੁਸੀਂ ਆਪਣੀਆਂ ਅੱਖਾਂ ਨਾਲ ਵੇਖੀਆਂ ਹਨ ਅਤੇ ਉਹ ਜੀਵਨ ਭਰ ਲਈ ਤੁਹਾਡੇ ਦਿਲ ਵਿੱਚੋਂ ਨਿੱਕਲ ਜਾਣ, ਪਰ ਤੁਸੀਂ ਉਨ੍ਹਾਂ ਨੂੰ ਆਪਣੇ ਪੁੱਤਰਾਂ ਅਤੇ ਪੋਤਿਆਂ ਨੂੰ ਸਿਖਾਇਓ ।10ਜਿਸ ਦਿਨ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਹੋਰੇਬ ਵਿੱਚ ਖੜ੍ਹੇ ਹੋਏ ਸੀ, ਜਦ ਯਹੋਵਾਹ ਨੇ ਮੈਨੂੰ ਆਖਿਆ, "ਲੋਕਾਂ ਨੂੰ ਮੇਰੇ ਲਈ ਇੱਕਠੇ ਕਰ ਅਤੇ ਮੈਂ ਲੋਕਾਂ ਨੂੰ ਆਪਣੀਆਂ ਗੱਲਾਂ ਸੁਣਾਵਾਂਗਾ ਕਿ ਉਹ ਜਦ ਤੱਕ ਧਰਤੀ ਉੱਤੇ ਜੀਉਂਦੇ ਰਹਿਣ ਮੇਰੇ ਤੋਂ ਡਰਨਾ ਸਿੱਖਣ ਅਤੇ ਆਪਣੇ ਬੱਚਿਆਂ ਨੂੰ ਵੀ ਸਿਖਾਉਣ । "
11ਤਦ ਤੁਸੀਂ ਨੇੜੇ ਆ ਕੇ ਉਸ ਪਰਬਤ ਦੇ ਹੇਠ ਖੜ੍ਹੇ ਹੋ ਗਏ ਅਤੇ ਉਹ ਪਹਾੜ ਅੱਗ ਨਾਲ ਬਲਦਾ ਸੀ ਅਤੇ ਉਸ ਦੀ ਲੌ ਅਕਾਸ਼ ਤੱਕ ਪਹੁੰਚਦੀ ਸੀ ਅਤੇ ਉਸ ਦੇ ਚੁਫ਼ੇਰੇ ਹਨੇਰਾ, ਬੱਦਲ ਅਤੇ ਕਾਲੀਆਂ ਘਟਾਂ ਸਨ ।12ਯਹੋਵਾਹ ਅੱਗ ਦੇ ਵਿੱਚੋਂ ਦੀ ਤੁਹਾਡੇ ਨਾਲ ਬੋਲਿਆ, ਤੁਸੀਂ ਉਸ ਦੇ ਸ਼ਬਦ ਤਾਂ ਸੁਣੇ ਪਰ ਤੁਸੀਂ ਕੋਈ ਸਰੂਪ ਨਾ ਵੇਖਿਆ, ਤੁਸੀਂ ਸਿਰਫ਼ ਅਵਾਜ਼ ਹੀ ਸੁਣੀ ।
13ਉਸ ਨੇ ਆਪਣਾ ਨੇਮ ਤੁਹਾਡੇ ਉੱਤੇ ਪਰਗਟ ਕੀਤਾ, ਜਿਸ ਨੂੰ ਪੂਰਾ ਕਰਨ ਦਾ ਹੁਕਮ ਉਸ ਨੇ ਤੁਹਾਨੂੰ ਦਿੱਤਾ ਅਰਥਾਤ ਦਸ ਹੁਕਮ ਅਤੇ ਉਨ੍ਹਾਂ ਨੂੰ ਪੱਥਰ ਦੀਆਂ ਦੋ ਫੱਟੀਆਂ ਉੱਤੇ ਲਿਖ ਦਿੱਤਾ ।14ਉਸੇ ਵੇਲੇ ਯਹੋਵਾਹ ਨੇ ਮੈਨੂੰ ਹੁਕਮ ਦਿੱਤਾ ਕਿ ਮੈਂ ਤੁਹਾਨੂੰ ਬਿਧੀਆਂ ਅਤੇ ਕਨੂੰਨ ਸਿਖਾਵਾਂ ਤਾਂ ਜੋ ਤੁਸੀਂ ਉਨ੍ਹਾਂ ਨੂੰ ਉਸ ਦੇਸ਼ ਵਿੱਚ ਪੂਰਾ ਕਰੋ, ਜਿਸ ਨੂੰ ਅਧਿਕਾਰ ਵਿੱਚ ਲੈਣ ਲਈ ਤੁਸੀਂ ਪਾਰ ਜਾਂਦੇ ਹੋ ।
ਮੂਰਤੀ ਪੂਜਾ ਦੇ ਵਿਰੁੱਧ ਚੇਤਾਵਨੀ

15ਤੁਸੀਂ ਆਪਣੇ ਮਨਾਂ ਦੀ ਬਹੁਤ ਰਾਖੀ ਕਰੋ ਕਿਉਂਕਿ ਜਦ ਯਹੋਵਾਹ ਹੋਰੇਬ ਪਰਬਤ ਉੱਤੇ ਅੱਗ ਦੇ ਵਿਚੋਂ ਦੀ ਤੁਹਾਡੇ ਨਾਲ ਬੋਲਿਆ, ਤਾਂ ਤੁਸੀਂ ਕੋਈ ਸਰੂਪ ਨਾ ਵੇਖਿਆ16ਅਜਿਹਾ ਨਾ ਹੋਵੇ ਕਿ ਤੁਸੀਂ ਵਿਗੜ ਕੇ ਆਪਣੇ ਲਈ ਕਿਸੇ ਬੁੱਤ ਦੀ ਘੜ੍ਹੀ ਹੋਈ ਮੂਰਤ ਬਣਾ ਲਓ ਅਰਥਾਤ ਕਿਸੇ ਨਰ-ਨਾਰੀ ਦੀ ਸ਼ਕਲ ਵਿੱਚ,17ਜਾਂ ਕਿਸੇ ਜਾਨਵਰ ਦੀ ਸ਼ਕਲ ਜਿਹੜਾ ਧਰਤੀ ਉੱਤੇ ਹੈ ਜਾਂ ਅਕਾਸ਼ ਵਿੱਚ ਉੱਡਣ ਵਾਲੇ ਕਿਸੇ ਪੰਛੀ ਦੀ ਸ਼ਕਲ,18ਜਾਂ ਕਿਸੇ ਜ਼ਮੀਨ ਉੱਤੇ ਘਿੱਸਰਨ ਵਾਲੇ ਕਿਸੇ ਜੰਤੂ ਦੀ ਸ਼ਕਲ ਜਾਂ ਧਰਤੀ ਦੇ ਹੇਠਲੇ ਪਾਣੀਆਂ ਵਿੱਚ ਰਹਿਣ ਵਾਲੀ ਕਿਸੇ ਮੱਛੀ ਦੀ ਸ਼ਕਲ ਵਿੱਚ,
19ਜਾਂ ਫਿਰ ਜਦ ਤੁਸੀਂ ਆਪਣੀਆਂ ਅੱਖਾਂ ਅਕਾਸ਼ ਵੱਲ ਚੁੱਕੋ ਅਤੇ ਜਦ ਤੁਸੀਂ ਸੂਰਜ, ਚੰਦ ਅਤੇ ਤਾਰਿਆਂ ਨੂੰ ਅਰਥਾਤ ਅਕਾਸ਼ ਦੀ ਸਾਰੀ ਸੈਨਾ ਨੂੰ ਵੇਖੋ ਤਾਂ ਭਟਕ ਕੇ ਉਹਨਾਂ ਦੇ ਅੱਗੇ ਮੱਥਾ ਟੇਕੋ ਅਤੇ ਉਨ੍ਹਾਂ ਦੀ ਸੇਵਾ ਕਰਨ ਲੱਗੋ, ਜਿਨ੍ਹਾਂ ਨੂੰ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਅਕਾਸ਼ ਦੇ ਹੇਠ ਦੇ ਸਾਰੇ ਲੋਕਾਂ ਲਈ ਰੱਖਿਆ ਹੈ ।20ਪਰ ਯਹੋਵਾਹ ਨੇ ਤੁਹਾਨੂੰ ਲੋਹੇ ਦੀ ਭੱਠੀ ਵਰਗੇ ਮਿਸਰ ਤੋਂ ਕੱਢਿਆ ਤਾਂ ਜੋ ਤੁਸੀਂ ਉਹ ਦੀ ਨਿੱਜ-ਪਰਜਾ ਹੋਵੋ, ਜਿਵੇਂ ਤੁਸੀਂ ਅੱਜ ਦੇ ਦਿਨ ਹੋ ।
21ਤੁਹਾਡੇ ਕਾਰਨ ਯਹੋਵਾਹ ਮੇਰੇ ਨਾਲ ਗੁੱਸੇ ਹੋਇਆ ਅਤੇ ਉਸ ਨੇ ਸਹੁੰ ਖਾਧੀ ਕਿ ਤੂੰ ਯਰਦਨ ਦੇ ਪਾਰ ਨਹੀਂ ਜਾਵੇਂਗਾ ਅਤੇ ਨਾ ਹੀ ਤੂੰ ਉਸ ਚੰਗੇ ਦੇਸ਼ ਵਿੱਚ ਪ੍ਰਵੇਸ਼ ਕਰੇਂਗਾ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਵਿਰਾਸਤ ਵਿੱਚ ਦਿੰਦਾ ਹੈ ।22ਮੈਂ ਤਾਂ ਇਸੇ ਦੇਸ਼ ਵਿੱਚ ਮਰਨਾ ਹੈ । ਮੈਂ ਯਰਦਨ ਦੇ ਪਾਰ ਨਹੀਂ ਜਾ ਸਕਦਾ, ਪਰ ਤੁਸੀਂ ਜਾਉਗੇ ਅਤੇ ਤੁਸੀਂ ਉਸ ਚੰਗੇ ਦੇਸ਼ ਉੱਤੇ ਅਧਿਕਾਰ ਕਰੋਗੇ ।
23ਚੌਕਸ ਰਹੋ, ਕਿਤੇ ਅਜਿਹਾ ਨਾ ਹੋਵੇ ਕਿ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਨੇਮ ਨੂੰ ਜਿਹੜਾ ਉਸ ਨੇ ਤੁਹਾਡੇ ਨਾਲ ਬੰਨ੍ਹਿਆ ਹੈ, ਭੁੱਲ ਜਾਓ ਅਤੇ ਆਪਣੇ ਲਈ ਕਿਸੇ ਚੀਜ਼ ਦੀ ਘੜ੍ਹੀ ਹੋਈ ਮੂਰਤ ਬਣਾਓ, ਜਿਸ ਤੋਂ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਮਨ੍ਹਾ ਕੀਤਾ ਹੈ ।24ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਭਸਮ ਕਰਨ ਵਾਲੀ ਅੱਗ ਹੈ । ਉਹ ਇੱਕ ਅਣਖ ਵਾਲਾ ਪਰਮੇਸ਼ੁਰ ਹੈ ।

25ਜਦ ਉਸ ਦੇਸ਼ ਵਿੱਚ ਰਹਿੰਦੇ ਹੋਏ ਤੁਹਾਨੂੰ ਬਹੁਤ ਦਿਨ ਹੋ ਜਾਣ ਅਤੇ ਤੁਹਾਡੇ ਪੁੱਤਰ ਤੇ ਪੋਤਰੇ ਪੈਦਾ ਹੋਣ ਅਤੇ ਤੁਸੀਂ ਵਿਗੜ ਕੇ ਆਪਣੇ ਲਈ ਕਿਸੇ ਚੀਜ਼ ਦੀ ਘੜ੍ਹੀ ਹੋਈ ਮੂਰਤ ਬਣਾਓ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੀ ਨਿਗਾਹ ਵਿੱਚ ਬੁਰਿਆਈ ਕਰੋ ਕਿ ਉਹ ਕ੍ਰੋਧਵਾਨ ਹੋਵੇ,26ਤਾਂ ਮੈਂ ਅੱਜ ਤੁਹਾਡੇ ਵਿਰੁੱਧ ਅਕਾਸ਼ ਅਤੇ ਧਰਤੀ ਦੀ ਗਵਾਹੀ ਲੈਂਦਾ ਹਾਂ ਕਿ ਉਸ ਦੇਸ਼ ਵਿੱਚੋਂ ਛੇਤੀ ਨਾਲ ਤੁਹਾਡਾ ਪੂਰੀ ਤਰ੍ਹਾਂ ਨਾਸ਼ ਹੋ ਜਾਵੇਗਾ, ਜਿਸ ਉੱਤੇ ਅਧਿਕਾਰ ਕਰਨ ਲਈ ਤੁਸੀਂ ਯਰਦਨ ਤੋਂ ਪਾਰ ਜਾਂਦੇ ਹੋ । ਤੁਹਾਨੂੰ ਉੱਥੇ ਬਹੁਤ ਦਿਨਾਂ ਤੱਕ ਰਹਿਣ ਦਾ ਮੌਕਾ ਨਹੀਂ ਮਿਲੇਗਾ, ਤੁਹਾਡਾ ਪੂਰੀ ਤਰ੍ਹਾਂ ਹੀ ਨਾਸ਼ ਹੋ ਜਾਵੇਗਾ ।
27ਯਹੋਵਾਹ ਤੁਹਾਨੂੰ ਦੇਸ਼-ਦੇਸ਼ ਦੇ ਲੋਕਾਂ ਵਿੱਚ ਖਿਲਾਰ ਦੇਵੇਗਾ ਅਤੇ ਜਿਨ੍ਹਾਂ ਲੋਕਾਂ ਦੇ ਵਿੱਚ ਯਹੋਵਾਹ ਤੁਹਾਨੂੰ ਧੱਕ ਦੇਵੇਗਾ, ਉੱਥੇ ਤੁਸੀਂ ਥੋੜ੍ਹੇ ਜਿਹੇ ਰਹਿ ਜਾਓਗੇ ।28ਤੁਸੀਂ ਉੱਥੇ ਆਦਮੀ ਦੇ ਹੱਥਾਂ ਦੇ ਬਣਾਏ ਹੋਏ ਲੱਕੜ ਅਤੇ ਪੱਥਰ ਦੇ ਦੇਵਤਿਆਂ ਦੀ ਪੂਜਾ ਕਰੋਗੇ ਜਿਹੜੇ ਨਾ ਵੇਖਦੇ, ਨਾ ਸੁਣਦੇ, ਨਾ ਖਾਂਦੇ ਅਤੇ ਨਾ ਸੁੰਘਦੇ ਹਨ ।
29ਫੇਰ ਤੁਸੀਂ ਉੱਥੇ ਯਹੋਵਾਹ ਆਪਣੇ ਪਰਮੇਸ਼ੁਰ ਦੀ ਭਾਲ ਕਰੋਗੇ ਅਤੇ ਤੁਸੀਂ ਉਹ ਨੂੰ ਪਾਓਗੇ ਜਦ ਤੁਸੀਂ ਆਪਣੇ ਸਾਰੇ ਦਿਲ ਨਾਲ ਅਤੇ ਆਪਣੇ ਸਾਰੇ ਮਨ ਨਾਲ ਉਸ ਦੀ ਖੋਜ ਕਰੋਗੇ ।
30ਜਦ ਤੁਸੀਂ ਸੰਕਟ ਵਿੱਚ ਪਓ ਅਤੇ ਇਹ ਸਾਰੀਆਂ ਬਿਪਤਾਂ ਤੁਹਾਡੇ ਉੱਤੇ ਆ ਪੈਣ ਤਾਂ ਆਖਰੀ ਦਿਨਾਂ ਵਿੱਚ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਵੱਲ ਮੁੜੋਗੇ ਅਤੇ ਉਹ ਦੀ ਅਵਾਜ਼ ਸੁਣੋਗੇ,31ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਇੱਕ ਦਿਆਲੂ ਪਰਮੇਸ਼ੁਰ ਹੈ, ਉਹ ਨਾ ਤਾਂ ਤੁਹਾਨੂੰ ਤਿਆਗੇਗਾ, ਨਾ ਤੁਹਾਡਾ ਨਾਸ਼ ਕਰੇਗਾ ਅਤੇ ਨਾ ਹੀ ਉਸ ਨੇਮ ਨੂੰ ਭੁੱਲੇਗਾ ਜਿਸ ਦੇ ਵਿਖੇ ਉਸ ਨੇ ਤੁਹਾਡੇ ਪਿਉ-ਦਾਦਿਆਂ ਦੇ ਨਾਲ ਸਹੁੰ ਖਾਧੀ ਸੀ ।
32ਜਦੋਂ ਤੋਂ ਪਰਮੇਸ਼ੁਰ ਨੇ ਆਦਮੀ ਨੂੰ ਧਰਤੀ ਉੱਤੇ ਉਤਪਤ ਕੀਤਾ, ਉਸ ਸਮੇਂ ਤੋਂ ਲੈ ਕੇ ਆਪਣੇ ਪੈਦਾ ਹੋਣ ਦੇ ਦਿਨ ਤੱਕ ਦੀਆਂ ਗੱਲਾਂ ਪੁੱਛੋ ਅਤੇ ਅਕਾਸ਼ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਦੀਆਂ ਗੱਲਾਂ ਪੁੱਛੋ, ਕੀ ਕਦੀ ਅਜਿਹੀ ਵੱਡੀ ਗੱਲ ਕਦੀ ਹੋਈ ਜਾਂ ਕਦੀ ਸੁਣੀ ਗਈ ਹੈ ?33ਕੀ ਕਦੀ ਕਿਸੇ ਪਰਜਾ ਨੇ ਪਰਮੇਸ਼ੁਰ ਦੀ ਅਵਾਜ਼ ਅੱਗ ਦੇ ਵਿੱਚੋਂ ਦੀ ਬੋਲਦੀ ਹੋਈ ਸੁਣੀ ਅਤੇ ਜੀਉਂਦੀ ਰਹੀ, ਜਿਵੇਂ ਤੁਸੀਂ ਸੁਣੀ ਹੈ ?
34ਕੀ ਪਰਮੇਸ਼ੁਰ ਨੇ ਕਦੀ ਜਤਨ ਕੀਤਾ ਕਿ ਜਾ ਕੇ ਆਪਣੇ ਲਈ ਇੱਕ ਕੌਮ ਨੂੰ ਦੂਜੀ ਕੌਮ ਦੇ ਵਿੱਚੋਂ ਪਰਤਾਵਿਆਂ, ਨਿਸ਼ਾਨਾਂ, ਅਚਰਜ ਕੰਮਾਂ, ਯੁੱਧ, ਸ਼ਕਤੀਸ਼ਾਲੀ ਹੱਥ, ਪਸਾਰੀ ਹੋਈ ਬਾਂਹ ਅਤੇ ਵੱਡੇ-ਵੱਡੇ ਡਰਾਵਿਆਂ ਨਾਲ ਕੱਢ ਲਿਆਵੇ, ਜਿਵੇਂ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਮਿਸਰ ਵਿੱਚ ਤੁਹਾਡੇ ਵੇਖਦਿਆਂ ਤੁਹਾਡੇ ਲਈ ਕੀਤਾ ?
35ਇਹ ਸਭ ਤੁਹਾਨੂੰ ਵਿਖਾਇਆ ਗਿਆ ਤਾਂ ਜੋ ਤੁਸੀਂ ਜਾਣੋ ਕਿ ਯਹੋਵਾਹ ਹੀ ਪਰਮੇਸ਼ੁਰ ਹੈ ਅਤੇ ਉਸ ਤੋਂ ਬਿਨ੍ਹਾਂ ਹੋਰ ਕੋਈ ਨਹੀਂ ਹੈ ।36ਅਕਾਸ਼ ਤੋਂ ਉਸ ਨੇ ਤੁਹਾਨੂੰ ਆਪਣੀ ਅਵਾਜ਼ ਸੁਣਾਈ ਤਾਂ ਜੋ ਉਹ ਤੁਹਾਨੂੰ ਸਿੱਖਿਆ ਦੇਵੇ ਅਤੇ ਧਰਤੀ ਉੱਤੇ ਉਸਨੇ ਆਪਣੀ ਵੱਡੀ ਅੱਗ ਤੁਹਾਡੇ ਉੱਤੇ ਪਰਗਟ ਕੀਤੀ ਅਤੇ ਤੁਸੀਂ ਉਸ ਦੇ ਸ਼ਬਦ ਅੱਗ ਦੇ ਵਿੱਚੋਂ ਦੀ ਸੁਣੇ ।
37ਕਿਉਂਕਿ ਉਸ ਨੇ ਤੁਹਾਡੇ ਪਿਉ-ਦਾਦਿਆਂ ਨਾਲ ਪ੍ਰੇਮ ਰੱਖਿਆ ਇਸ ਕਾਰਨ ਉਸ ਨੇ ਉਨ੍ਹਾਂ ਦੇ ਬਾਅਦ ਉਨ੍ਹਾਂ ਦੇ ਵੰਸ਼ ਨੂੰ ਚੁਣਿਆ ਅਤੇ ਤੁਹਾਨੂੰ ਆਪਣੀ ਹਜ਼ੂਰੀ ਨਾਲ ਅਤੇ ਆਪਣੀ ਵੱਡੀ ਸ਼ਕਤੀ ਨਾਲ ਮਿਸਰ ਤੋਂ ਕੱਢ ਲਿਆਇਆ,38ਉਹ ਤੁਹਾਡੇ ਨਾਲੋਂ ਵੱਡੀਆਂ ਅਤੇ ਬਲਵੰਤ ਕੌਮਾਂ ਨੂੰ ਤੁਹਾਡੇ ਅੱਗਿਓਂ ਕੱਢ ਦੇਵੇ ਅਤੇ ਤੁਹਾਨੂੰ ਉਨ੍ਹਾਂ ਦੇ ਦੇਸ਼ ਵਿੱਚ ਲਿਆਵੇ ਅਤੇ ਉਨ੍ਹਾਂ ਦੇ ਦੇਸ਼ ਨੂੰ ਤੇਰੀ ਵਿਰਾਸਤ ਬਣਾ ਦੇਵੇ, ਜਿਵੇਂ ਅੱਜ ਦੇ ਦਿਨ ਉਹ ਕਰਦਾ ਹੈ ।
39ਇਸ ਲਈ ਅੱਜ ਜਾਣ ਲਓ ਅਤੇ ਆਪਣੇ ਦਿਲਾਂ ਵਿੱਚ ਰੱਖੋ ਕਿ ਉੱਤੇ ਅਕਾਸ਼ ਵਿੱਚ ਅਤੇ ਹੇਠਾਂ ਧਰਤੀ ਉੱਤੇ ਯਹੋਵਾਹ ਹੀ ਪਰਮੇਸ਼ੁਰ ਹੈ, ਹੋਰ ਕੋਈ ਹੈ ਹੀ ਨਹੀਂ ।40ਤੁਸੀਂ ਉਸ ਦੀਆਂ ਬਿਧੀਆਂ ਅਤੇ ਹੁਕਮਾਂ ਦੀ ਪਾਲਨਾ ਕਰੋ ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਹਾਂ, ਤਾਂ ਜੋ ਤੁਹਾਡਾ ਅਤੇ ਤੁਹਾਡੇ ਬਾਅਦ ਤੁਹਾਡੇ ਬੱਚਿਆਂ ਦਾ ਭਲਾ ਹੋਵੇ ਅਤੇ ਉਸ ਦੇਸ਼ ਵਿੱਚ ਜਿਹੜਾ ਯਹੋਵਾਹ ਪਰਮੇਸ਼ੁਰ ਤੁਹਾਨੂੰ ਸਦਾ ਲਈ ਦਿੰਦਾ ਹੈ, ਉਸ ਵਿੱਚ ਤੁਹਾਡੀ ਉਮਰ ਲੰਮੀ ਹੋਵੇ ।
ਪਨਾਹ ਦੇਣ ਵਾਲੇ ਨਗਰ

41ਤਦ ਮੂਸਾ ਨੇ ਯਰਦਨ ਦੇ ਪਾਰ ਪੂਰਬ ਵੱਲ ਤਿੰਨ ਸ਼ਹਿਰ ਵੱਖਰੇ ਕੀਤੇ,42ਕਿ ਜੇਕਰ ਕੋਈ ਭੁੱਲ-ਭੁਲੇਖੇ ਆਪਣੇ ਗੁਆਂਢੀ ਨੂੰ ਮਾਰ ਦੇਵੇ ਜਿਸ ਨਾਲ ਉਸ ਦਾ ਪਹਿਲਾਂ ਤੋਂ ਕੋਈ ਵੈਰ ਨਹੀਂ ਸੀ, ਤਾਂ ਉਹ ਉਨ੍ਹਾਂ ਸ਼ਹਿਰਾਂ ਵਿੱਚੋਂ ਕਿਸੇ ਇੱਕ ਵਿੱਚ ਭੱਜ ਜਾਵੇ ਅਤੇ ਉੱਥੇ ਭੱਜ ਕੇ ਜੀਉਂਦਾ ਰਹੇ:43ਅਰਥਾਤ ਰਊਬੇਨੀਆਂ ਦਾ ਬਸਰ ਸ਼ਹਿਰ ਜੋ ਉਜਾੜ ਵਿੱਚ ਉੱਚੇ ਮੈਦਾਨ ਦੇ ਦੇਸ਼ ਵਿੱਚ ਹੈ ਅਤੇ ਗਾਦੀਆਂ ਲਈ ਗਿਲਆਦ ਵਿੱਚ ਰਾਮੋਥ ਅਤੇ ਮਨੱਸ਼ੀਆਂ ਲਈ ਬਾਸ਼ਾਨ ਵਿੱਚ ਗੋਲਾਨ ।
ਪਰਮੇਸ਼ੁਰ ਦੀ ਬਿਵਸਥਾ ਦਾ ਪਰਿਚੈ

44ਇਹ ਉਹ ਬਿਵਸਥਾ ਹੈ ਜਿਹੜੀ ਮੂਸਾ ਨੇ ਇਸਰਾਏਲੀਆਂ ਦੇ ਅੱਗੇ ਰੱਖੀ45ਅਤੇ ਇਹ ਉਹ ਸਾਖੀਆਂ, ਬਿਧੀਆਂ ਅਤੇ ਕਨੂੰਨ ਹਨ, ਜਿਹੜੇ ਮੂਸਾ ਨੇ ਇਸਰਾਏਲੀਆਂ ਨੂੰ ਉਸ ਸਮੇਂ ਦੱਸੇ ਜਦ ਉਹ ਮਿਸਰ ਤੋਂ ਨਿੱਕਲੇ,46ਅਰਥਾਤ ਯਰਦਨ ਪਾਰ ਬੈਤਪਓਰ ਦੇ ਸਾਹਮਣੇ ਦੀ ਘਾਟੀ ਵਿੱਚ ਜੋ ਅਮੋਰੀਆਂ ਦੇ ਰਾਜੇ ਸੀਹੋਨ ਦੇ ਦੇਸ਼ ਵਿੱਚ ਸੀ । ਉਹ ਹਸ਼ਬੋਨ ਵਿੱਚ ਵੱਸਦਾ ਸੀ, ਜਿਸ ਨੂੰ ਮੂਸਾ ਅਤੇ ਇਸਰਾਏਲੀਆਂ ਨੇ ਮਾਰਿਆ, ਜਦ ਉਹ ਮਿਸਰ ਤੋਂ ਨਿੱਕਲੇ ਸਨ ।
47ਉਨ੍ਹਾਂ ਨੇ ਉਸ ਦੇ ਦੇਸ਼ ਉੱਤੇ ਅਤੇ ਬਾਸ਼ਾਨ ਦੇ ਰਾਜੇ ਓਗ ਦੇ ਦੇਸ਼ ਉੱਤੇ ਵੀ ਕਬਜ਼ਾ ਕਰ ਲਿਆ । ਇਹ ਦੋਵੇਂ ਅਮੋਰੀਆਂ ਦੇ ਰਾਜੇ ਸਨ ਅਤੇ ਉਹ ਯਰਦਨ ਦੇ ਪਾਰ ਪੂਰਬ ਵੱਲ ਵੱਸਦੇ ਸਨ ।48ਉਨ੍ਹਾਂ ਨੇ ਅਰੋਏਰ ਤੋਂ ਲੈ ਕੇ ਜਿਹੜਾ ਆਰਨੋਨ ਦੇ ਨਾਲੇ ਦੇ ਬੰਨ੍ਹੇ ਉੱਤੇ ਹੈ ਅਤੇ ਸੀਹੋਨ ਪਰਬਤ ਤੱਕ ਜਿਹੜਾ ਹਰਮੋਨ ਵੀ ਅਖਵਾਉਂਦਾ ਹੈ49ਅਤੇ ਸਾਰੇ ਅਰਾਬਾਹ ਉੱਤੇ ਯਰਦਨ ਤੋਂ ਪਾਰ ਪੂਰਬ ਵੱਲ ਅਰਥਾਤ ਅਰਾਬਾਹ ਦੇ ਸਮੁੰਦਰ ਤੱਕ ਜਿਹੜਾ ਪਿਸਗਾਹ ਦੀ ਢਾਲ ਹੇਠ ਹੈ, ਕਬਜ਼ਾ ਕਰ ਲਿਆ ।

5
ਦਸ ਹੁਕਮ
(ਕੂਚ 20:1-17)

1ਮੂਸਾ ਨੇ ਸਾਰੇ ਇਸਰਾਏਲ ਨੂੰ ਬੁਲਾ ਕੇ ਆਖਿਆ, "ਹੇ ਇਸਰਾਏਲ, ਇਹਨਾਂ ਬਿਧੀਆਂ ਅਤੇ ਕਾਨੂੰਨਾਂ ਨੂੰ ਸੁਣੋ ਜਿਹੜੇ ਮੈਂ ਅੱਜ ਤੁਹਾਡੇ ਕੰਨਾਂ ਵਿੱਚ ਪਾਉਂਦਾ ਹਾਂ । ਇਹਨਾਂ ਨੂੰ ਸਿੱਖੋ ਅਤੇ ਇਹਨਾਂ ਨੂੰ ਪੂਰਾ ਕਰਨ ਲਈ ਮੰਨੋ ।2ਯਹੋਵਾਹ ਸਾਡੇ ਪਰਮੇਸ਼ੁਰ ਨੇ ਹੋਰੇਬ ਵਿੱਚ ਸਾਡੇ ਨਾਲ ਨੇਮ ਬੰਨ੍ਹਿਆ,3ਯਹੋਵਾਹ ਨੇ ਇਹ ਨੇਮ ਸਾਡੇ ਪਿਉ-ਦਾਦਿਆਂ ਨਾਲ ਨਹੀਂ ਪਰ ਸਾਡੇ ਨਾਲ ਬੰਨ੍ਹਿਆ, ਸਾਡੇ ਸਾਰਿਆਂ ਨਾਲ ਜਿਹੜੇ ਅੱਜ ਦੇ ਦਿਨ ਸਾਰੇ ਇੱਥੇ ਜੀਉਂਦੇ ਹਾਂ ।

4ਯਹੋਵਾਹ ਅੱਗ ਦੇ ਵਿੱਚੋਂ ਦੀ ਪਹਾੜ ਉੱਤੋਂ ਤੁਹਾਡੇ ਨਾਲ ਆਹਮੋ-ਸਾਹਮਣੇ ਹੋ ਕੇ ਬੋਲਿਆ,5ਉਸ ਸਮੇਂ ਮੈਂ ਯਹੋਵਾਹ ਦੇ ਅਤੇ ਤੁਹਾਡੇ ਵਿਚਕਾਰ ਖੜ੍ਹਾ ਹੋਇਆ ਤਾਂ ਜੋ ਤੁਹਾਨੂੰ ਯਹੋਵਾਹ ਦਾ ਬਚਨ ਦੱਸਾਂ, ਕਿਉਂ ਜੋ ਤੁਸੀਂ ਅੱਗ ਤੋਂ ਡਰਦੇ ਸੀ ਅਤੇ ਪਹਾੜ ਉੱਤੇ ਨਾ ਚੜ੍ਹੇ ।

6ਉਸ ਨੇ ਆਖਿਆ, "ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜਿਹੜਾ ਤੈਨੂੰ ਮਿਸਰ ਦੇਸ਼ ਤੋਂ ਅਰਥਾਤ ਗੁਲਾਮੀ ਦੇ ਘਰ ਤੋਂ ਕੱਢ ਲਿਆਇਆ ਹਾਂ ।

7ਮੇਰੇ ਸਨਮੁਖ ਤੇਰੇ ਲਈ ਦੂਜੇ ਦੇਵਤੇ ਨਾ ਹੋਣ ।

8ਤੂੰ ਆਪਣੇ ਲਈ ਘੜ੍ਹੀ ਹੋਈ ਮੂਰਤ ਨਾ ਬਣਾਈਂ, ਨਾ ਕਿਸੇ ਚੀਜ਼ ਦੀ ਸੂਰਤ ਜਿਹੜੀ ਉੱਪਰ ਅਕਾਸ਼ ਵਿੱਚ, ਹੇਠਾਂ ਧਰਤੀ ਉੱਤੇ ਅਤੇ ਜਿਹੜੀ ਧਰਤੀ ਦੇ ਹੇਠਲੇ ਪਾਣੀਆਂ ਵਿੱਚ ਹੈ ।
9ਨਾ ਤੂੰ ਉਹਨਾਂ ਦੇ ਅੱਗੇ ਮੱਥਾ ਟੇਕ, ਨਾ ਉਹਨਾਂ ਦੀ ਪੂਜਾ ਕਰ ਕਿਉਂ ਜੋ ਮੈਂ ਯਹੋਵਾਹ ਤੇਰਾ ਪਰਮੇਸ਼ੁਰ ਅਣਖ ਵਾਲਾ ਪਰਮੇਸ਼ੁਰ ਹਾਂ, ਜਿਹੜਾ ਪਿਉ-ਦਾਦਿਆਂ ਦੀ ਬੁਰਿਆਈ ਨੂੰ ਬੱਚਿਆਂ ਉੱਤੇ, ਆਪਣੇ ਵੈਰੀਆਂ ਦੀ ਤੀਜੀ ਅਤੇ ਚੌਥੀ ਪੀੜ੍ਹੀ ਉੱਤੇ ਲਿਆਉਂਦਾ ਹਾਂ,10ਪਰ ਜਿਹੜੇ ਮੇਰੇ ਨਾਲ ਪ੍ਰੇਮ ਰੱਖਦੇ ਹਨ ਅਤੇ ਮੇਰੇ ਹੁਕਮਾਂ ਨੂੰ ਮੰਨਦੇ ਹਨ, ਉਨ੍ਹਾਂ ਦੇ ਹਜ਼ਾਰਾਂ ਉੱਤੇ ਦਯਾ ਕਰਦਾ ਹਾਂ ।

11ਤੂੰ ਯਹੋਵਾਹ ਆਪਣੇ ਪਰਮੇਸ਼ੁਰ ਦਾ ਨਾਮ ਵਿਅਰਥ ਨਾ ਲੈ ਕਿਉਂਕਿ ਜੋ ਕੋਈ ਉਹ ਦਾ ਨਾਮ ਵਿਅਰਥ ਲੈਂਦਾ ਹੈ, ਯਹੋਵਾਹ ਉਸ ਨੂੰ ਨਿਰਦੋਸ਼ ਨਾ ਠਹਿਰਾਵੇਗਾ ।

12ਤੂੰ ਸਬਤ ਦੇ ਦਿਨ ਨੂੰ ਪਵਿੱਤਰ ਜਾਣ ਕੇ ਯਾਦ ਰੱਖ, ਜਿਵੇਂ ਯਹੋਵਾਹ ਤੇਰੇ ਪਰਮੇਸ਼ੁਰ ਨੇ ਤੈਨੂੰ ਹੁਕਮ ਦਿੱਤਾ ਸੀ ।13ਛੇ ਦਿਨ ਤੂੰ ਮਿਹਨਤ ਕਰ ਅਤੇ ਆਪਣਾ ਸਾਰਾ ਕੰਮ-ਧੰਦਾ ਕਰ,14ਪਰ ਸੱਤਵਾਂ ਦਿਨ ਯਹੋਵਾਹ ਤੇਰੇ ਪਰਮੇਸ਼ੁਰ ਲਈ ਸਬਤ ਹੈ । ਉਸ ਦਿਨ ਵਿੱਚ ਤੂੰ ਕੋਈ ਕੰਮ-ਧੰਦਾ ਨਾ ਕਰ, ਨਾ ਤੂੰ, ਨਾ ਤੇਰਾ ਪੁੱਤਰ, ਨਾ ਤੇਰੀ ਧੀ, ਨਾ ਤੇਰਾ ਦਾਸ, ਨਾ ਤੇਰੀ ਦਾਸੀ, ਨਾ ਤੇਰਾ ਬਲਦ, ਨਾ ਤੇਰਾ ਗਧਾ, ਨਾ ਤੇਰਾ ਕੋਈ ਪਸ਼ੂ, ਨਾ ਕੋਈ ਪਰਦੇਸੀ ਜਿਹੜਾ ਤੇਰੇ ਫਾਟਕਾਂ ਦੇ ਅੰਦਰ ਹੈ, ਜਿਸ ਨਾਲ ਤੇਰਾ ਦਾਸ ਅਤੇ ਤੇਰੀ ਦਾਸੀ ਵੀ ਤੇਰੇ ਵਾਂਗੂੰ ਅਰਾਮ ਕਰਨ ।
15ਯਾਦ ਰੱਖ ਕਿ ਤੂੰ ਵੀ ਮਿਸਰ ਦੇਸ਼ ਵਿੱਚ ਗੁਲਾਮ ਸੀ ਅਤੇ ਯਹੋਵਾਹ ਤੇਰੇ ਪਰਮੇਸ਼ੁਰ ਨੇ ਬਲਵੰਤ ਹੱਥ ਅਤੇ ਪਸਾਰੀ ਹੋਈ ਬਾਂਹ ਨਾਲ ਤੈਨੂੰ ਕੱਢ ਲਿਆ, ਇਸ ਲਈ ਯਹੋਵਾਹ ਤੇਰਾ ਪਰਮੇਸ਼ੁਰ ਤੈਨੂੰ ਸਬਤ ਦੇ ਮੰਨਣ ਦਾ ਹੁਕਮ ਦਿੰਦਾ ਹੈ ।

16ਤੂੰ ਆਪਣੇ ਪਿਤਾ ਅਤੇ ਮਾਤਾ ਦਾ ਆਦਰ ਕਰ, ਜਿਵੇਂ ਯਹੋਵਾਹ ਤੇਰੇ ਪਰਮੇਸ਼ੁਰ ਨੇ ਤੈਨੂੰ ਹੁਕਮ ਦਿੱਤਾ ਸੀ, ਤਾਂ ਜੋ ਤੇਰੀ ਉਮਰ ਲੰਮੀ ਹੋਵੇ ਅਤੇ ਉਸ ਦੇਸ਼ ਵਿੱਚ ਜਿਹੜਾ ਯਹੋਵਾਹ ਤੇਰਾ ਪਰਮੇਸ਼ੁਰ ਤੈਨੂੰ ਦਿੰਦਾ ਹੈ, ਤੇਰਾ ਭਲਾ ਹੋਵੇ ।

17ਤੂੰ ਖ਼ੂਨ ਨਾ ਕਰ ।

18ਤੂੰ ਵਿਭਚਾਰ ਨਾ ਕਰ ।

19ਤੂੰ ਚੋਰੀ ਨਾ ਕਰ ।

20ਤੂੰ ਆਪਣੇ ਗੁਆਂਢੀ ਦੇ ਵਿਰੁੱਧ ਝੂਠੀ ਗਵਾਹੀ ਨਾ ਦੇ ।

21ਤੂੰ ਆਪਣੇ ਗੁਆਂਢੀ ਦੀ ਪਤਨੀ ਦੀ ਲਾਲਸਾ ਨਾ ਕਰ, ਤੂੰ ਆਪਣੇ ਗੁਆਂਢੀ ਦੇ ਘਰ ਦਾ ਲਾਲਚ ਨਾ ਕਰ, ਨਾ ਉਹ ਦੇ ਖੇਤ ਦਾ, ਨਾ ਉਹ ਦੇ ਦਾਸ ਦਾ, ਨਾ ਉਹ ਦੀ ਦਾਸੀ ਦਾ, ਨਾ ਉਹ ਦੇ ਬਲਦ ਦਾ, ਨਾ ਉਹ ਦੇ ਖੋਤੇ ਦਾ ਅਤੇ ਨਾ ਹੀ ਆਪਣੇ ਗੁਆਂਢੀ ਦੀ ਕਿਸੇ ਚੀਜ਼ ਦਾ ਲਾਲਚ ਕਰ । "

22ਇਹੋ ਸਾਰੇ ਬਚਨ ਯਹੋਵਾਹ ਨੇ ਉਸ ਪਹਾੜ ਉੱਤੇ ਅੱਗ, ਬੱਦਲ ਅਤੇ ਕਾਲੀਆਂ ਘਟਾਂ ਦੇ ਵਿੱਚੋਂ ਦੀ ਹੋ ਕੇ ਤੁਹਾਡੀ ਸਾਰੀ ਸਭਾ ਨੂੰ ਵੱਡੀ ਅਵਾਜ਼ ਨਾਲ ਆਖੇ ਸਨ ਅਤੇ ਹੋਰ ਕੁਝ ਨਾ ਆਖਿਆ ਪਰ ਉਸ ਨੇ ਉਨ੍ਹਾਂ ਨੂੰ ਪੱਥਰ ਦੀਆਂ ਦੋ ਫੱਟੀਆਂ ਉੱਤੇ ਲਿਖ ਕੇ ਮੈਨੂੰ ਦੇ ਦਿੱਤਾ ।
ਪਰਮੇਸ਼ੁਰ ਦੇ ਤੇਜ ਤੋਂ ਲੋਕਾਂ ਦਾ ਡਰਨਾ
(ਕੂਚ 20:18-21)

23ਤਦ ਅਜਿਹਾ ਹੋਇਆ ਕਿ ਜਦ ਤੁਸੀਂ ਉਸ ਅਵਾਜ਼ ਨੂੰ ਉਸ ਹਨੇਰੇ ਵਿੱਚੋਂ ਸੁਣਿਆ, ਜਦ ਪਹਾੜ ਅੱਗ ਨਾਲ ਬਲ ਰਿਹਾ ਸੀ, ਤਾਂ ਤੁਸੀਂ ਅਤੇ ਤੁਹਾਡੇ ਗੋਤਾਂ ਦੇ ਸਾਰੇ ਮੁਖੀਏ ਅਤੇ ਤੁਹਾਡੇ ਬਜ਼ੁਰਗ ਮੇਰੇ ਕੋਲ ਆਏ24ਅਤੇ ਤੁਸੀਂ ਆਖਿਆ, "ਵੇਖੋ ਯਹੋਵਾਹ ਸਾਡੇ ਪਰਮੇਸ਼ੁਰ ਨੇ ਆਪਣੀ ਮਹਿਮਾ ਅਤੇ ਵਡਿਆਈ ਸਾਡੇ ਉੱਤੇ ਪਰਗਟ ਕੀਤੀ ਹੈ ਅਤੇ ਅਸੀਂ ਉਸ ਦੀ ਅਵਾਜ਼ ਨੂੰ ਅੱਗ ਦੇ ਵਿੱਚੋਂ ਦੀ ਸੁਣਿਆ ਹੈ । ਅੱਜ ਦੇ ਦਿਨ ਅਸੀਂ ਵੇਖਿਆ ਹੈ ਕਿ ਪਰਮੇਸ਼ੁਰ ਮਨੁੱਖ ਨਾਲ ਗੱਲਾਂ ਕਰਦਾ ਹੈ ਅਤੇ ਮਨੁੱਖ ਜੀਉਂਦਾ ਰਹਿੰਦਾ ਹੈ ।
25ਇਸ ਲਈ ਹੁਣ ਅਸੀਂ ਕਿਉਂ ਮਰੀਏ ? ਕਿਉਂ ਜੋ ਇਹ ਵੱਡੀ ਅੱਗ ਸਾਨੂੰ ਭਸਮ ਕਰ ਦੇਵੇਗੀ, ਜੇਕਰ ਅਸੀਂ ਫੇਰ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਸੁਣੀਏ ਤਾਂ ਅਸੀਂ ਮਰ ਜਾਂਵਾਂਗੇ ।26ਕਿਉਂ ਜੋ ਸਾਰੇ ਪ੍ਰਾਣੀਆਂ ਵਿੱਚੋਂ ਕਿਹੜਾ ਹੈ, ਜਿਸ ਨੇ ਜੀਉਂਦੇ ਪਰਮੇਸ਼ੁਰ ਦੀ ਅਵਾਜ਼ ਅੱਗ ਦੇ ਵਿੱਚੋਂ ਦੀ ਬੋਲਦੇ ਹੋਏ ਸੁਣੀ ਹੋਵੇ, ਜਿਵੇਂ ਅਸੀਂ ਸੁਣੀ ਹੈ ਅਤੇ ਜੀਉਂਦਾ ਰਿਹਾ ਹੋਵੇ ?27ਤੂੰ ਨਜ਼ਦੀਕ ਜਾ ਅਤੇ ਜੋ ਕੁਝ ਯਹੋਵਾਹ ਸਾਡਾ ਪਰਮੇਸ਼ੁਰ ਆਖੇ ਸੁਣ ਅਤੇ ਫਿਰ ਜੋ ਕੁਝ ਯਹੋਵਾਹ ਸਾਡਾ ਪਰਮੇਸ਼ੁਰ ਤੈਨੂੰ ਆਖੇ ਉਹ ਸਾਨੂੰ ਦੱਸ ਅਤੇ ਅਸੀਂ ਉਹ ਸੁਣਾਂਗੇ ਅਤੇ ਮੰਨਾਂਗੇ । "

28ਜਦ ਤੁਸੀਂ ਮੈਨੂੰ ਇਹ ਗੱਲਾਂ ਆਖਦੇ ਸੀ ਤਾਂ ਯਹੋਵਾਹ ਨੇ ਤੁਹਾਡੀਆਂ ਗੱਲਾਂ ਸੁਣੀਆਂ, ਤਦ ਯਹੋਵਾਹ ਨੇ ਮੈਨੂੰ ਆਖਿਆ, "ਮੈਂ ਇਸ ਪਰਜਾ ਦੀਆਂ ਗੱਲਾਂ ਸੁਣੀਆਂ ਹਨ, ਜਿਹੜੀਆਂ ਉਹ ਤੈਨੂੰ ਆਖਦੇ ਹਨ । ਜੋ ਕੁਝ ਉਨ੍ਹਾਂ ਨੇ ਬੋਲਿਆ ਹੈ, ਉਹ ਠੀਕ ਹੈ ।29ਭਲਾ ਹੁੰਦਾ ਜੇ ਉਨ੍ਹਾਂ ਵਿੱਚ ਅਜਿਹਾ ਹੀ ਮਨ ਹਮੇਸ਼ਾ ਹੁੰਦਾ ਕਿ ਉਹ ਮੈਥੋਂ ਡਰਦੇ ਅਤੇ ਸਦਾ ਮੇਰੇ ਹੁਕਮਾਂ ਨੂੰ ਮੰਨਦੇ, ਤਾਂ ਜੋ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਬੱਚਿਆਂ ਦਾ ਸਦਾ ਤੱਕ ਭਲਾ ਹੁੰਦਾ ।30ਤੂੰ ਜਾ ਕੇ ਉਨ੍ਹਾਂ ਨੂੰ ਆਖ, "ਆਪਣੇ-ਆਪਣੇ ਤੰਬੂਆਂ ਨੂੰ ਮੁੜ ਜਾਓ । "
31ਪਰ ਤੂੰ ਇੱਥੇ ਮੇਰੇ ਕੋਲ ਖੜ੍ਹਾ ਹੋ ਜਾ ਅਤੇ ਮੈਂ ਤੈਨੂੰ ਉਹ ਸਾਰਾ ਹੁਕਮਨਾਮਾ, ਬਿਧੀਆਂ ਅਤੇ ਕਨੂੰਨ ਦੱਸਾਂਗਾ, ਜਿਹੜੇ ਤੂੰ ਉਨ੍ਹਾਂ ਨੂੰ ਸਿਖਾਉਣੇ ਹਨ, ਤਾਂ ਜੋ ਉਹ ਉਨ੍ਹਾਂ ਨੂੰ ਉਸ ਦੇਸ਼ ਵਿੱਚ ਪੂਰਾ ਕਰਨ ਜਿਹੜਾ ਮੈਂ ਉਨ੍ਹਾਂ ਨੂੰ ਅਧਿਕਾਰ ਕਰਨ ਲਈ ਦਿੰਦਾ ਹਾਂ । "
32ਤੁਸੀਂ ਉਨ੍ਹਾਂ ਹੁਕਮਾਂ ਦੀ ਪਾਲਨਾ ਕਰਿਓ ਜਿਹੜੇ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਦਿੱਤੇ ਹਨ । ਤੁਸੀਂ ਨਾ ਤਾਂ ਸੱਜੇ ਮੁੜਿਓ ਨਾ ਹੀ ਖੱਬੇ ।33ਜਿਸ ਰਾਹ ਉੱਤੇ ਚੱਲਣ ਦਾ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਹੁਕਮ ਦਿੱਤਾ ਹੈ, ਉਸ ਸਾਰੇ ਰਾਹ ਚੱਲਦੇ ਰਹੋ ਤਾਂ ਜੋ ਤੁਸੀਂ ਜੀਉਂਦੇ ਰਹੋ ਅਤੇ ਤੁਹਾਡਾ ਭਲਾ ਹੋਵੇ ਅਤੇ ਉਸ ਦੇਸ਼ ਵਿੱਚ ਜਿਸ ਨੂੰ ਅਧਿਕਾਰ ਵਿੱਚ ਲੈਣ ਲਈ ਤੁਸੀਂ ਜਾਂਦੇ ਹੋ, ਤੁਸੀਂ ਬਹੁਤ ਦਿਨਾਂ ਤੱਕ ਜੀਉਂਦੇ ਰਹੋ ।

6
ਮਹਾ-ਆਗਿਆ

1ਇਹ ਉਹ ਹੁਕਮਨਾਮੇ, ਬਿਧੀਆਂ ਅਤੇ ਕਨੂੰਨ ਹਨ, ਜਿਨ੍ਹਾਂ ਨੂੰ ਤੁਹਾਨੂੰ ਸਿਖਾਉਣ ਦਾ ਹੁਕਮ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਦਿੱਤਾ ਹੈ, ਤਾਂ ਜੋ ਤੁਸੀਂ ਇਨ੍ਹਾਂ ਨੂੰ ਉਸ ਧਰਤੀ ਵਿੱਚ ਪੂਰਾ ਕਰੋ, ਜਿਸ ਉੱਤੇ ਅਧਿਕਾਰ ਕਰਨ ਲਈ ਤੁਸੀਂ ਪਾਰ ਜਾਂਦੇ ਹੋ,2ਤਾਂ ਜੋ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਤੋਂ ਡਰੋ ਅਤੇ ਉਸ ਦੀਆਂ ਸਾਰੀਆਂ ਬਿਧੀਆਂ ਅਤੇ ਹੁਕਮਾਂ ਨੂੰ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਤੁਸੀਂ, ਤੁਹਾਡੇ ਪੁੱਤਰ ਅਤੇ ਤੁਹਾਡੇ ਪੋਤਰੇ ਜੀਵਨ ਭਰ ਮੰਨਣ, ਤਾਂ ਜੋ ਤੁਹਾਡੇ ਦਿਨ ਲੰਮੇ ਹੋਣ ।

3ਹੇ ਇਸਰਾਏਲ, ਸੁਣੋ ਅਤੇ ਇਸੇ ਤਰ੍ਹਾਂ ਹੀ ਕਰਨ ਦਾ ਜਤਨ ਕਰੋ ਤਾਂ ਜੋ ਤੁਹਾਡਾ ਭਲਾ ਹੋਵੇ ਅਤੇ ਜਿਵੇਂ ਯਹੋਵਾਹ ਤੁਹਾਡੇ ਪਿਉ-ਦਾਦਿਆਂ ਦੇ ਪਰਮੇਸ਼ੁਰ ਨੇ ਤੁਹਾਨੂੰ ਬਚਨ ਦਿੱਤਾ ਹੈ, ਤੁਸੀਂ ਉਸ ਦੇਸ਼ ਵਿੱਚ ਜਿੱਥੇ ਦੁੱਧ ਅਤੇ ਸ਼ਹਿਦ ਵਗਦਾ ਹੈ ਬਹੁਤ ਹੀ ਵੱਧ ਜਾਓ ।

4ਹੇ ਇਸਰਾਏਲ, ਸੁਣੋ ! ਯਹੋਵਾਹ ਸਾਡਾ ਪਰਮੇਸ਼ੁਰ ਇੱਕੋ ਹੀ ਯਹੋਵਾਹ ਹੈ ।5ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਮਨ, ਆਪਣੀ ਸਾਰੀ ਜਾਨ ਅਤੇ ਆਪਣੇ ਸਾਰੇ ਜ਼ੋਰ ਨਾਲ ਪਿਆਰ ਕਰੋ
6ਅਤੇ ਇਹ ਗੱਲਾਂ, ਜਿਨ੍ਹਾਂ ਦਾ ਹੁਕਮ ਮੈਂ ਅੱਜ ਤੁਹਾਨੂੰ ਦਿੰਦਾ ਹਾਂ, ਤੁਹਾਡੇ ਦਿਲ ਵਿੱਚ ਬਣੀਆਂ ਰਹਿਣ ।7ਤੁਸੀਂ ਇਹਨਾਂ ਨੂੰ ਆਪਣੇ ਬੱਚਿਆਂ ਨੂੰ ਸਿਖਾਇਓ । ਤੁਸੀਂ ਆਪਣੇ ਘਰ ਵਿੱਚ ਬੈਠਦਿਆਂ, ਰਾਹ ਵਿੱਚ ਤੁਰਦਿਆਂ, ਲੇਟਦਿਆਂ ਅਤੇ ਉੱਠਦਿਆਂ ਇਹਨਾਂ ਗੱਲਾਂ ਦੀ ਚਰਚਾ ਕਰਦੇ ਰਹਿਣਾ ।
8ਤੁਸੀਂ ਉਹਨਾਂ ਨੂੰ ਨਿਸ਼ਾਨੀਆਂ ਲਈ ਆਪਣੇ ਹੱਥ ਉੱਤੇ ਬੰਨ੍ਹਣਾ ਅਤੇ ਉਹ ਤੁਹਾਡੀਆਂ ਅੱਖਾਂ ਦੇ ਵਿਚਕਾਰ ਟਿੱਕੇ ਜਿਹੀਆਂ ਹੋਣ ।9ਤੁਸੀਂ ਉਹਨਾਂ ਨੂੰ ਆਪਣੇ ਘਰ ਦੀਆਂ ਚੁਗਾਠਾਂ ਉੱਤੇ ਅਤੇ ਆਪਣੇ ਫਾਟਕਾਂ ਉੱਤੇ ਲਿਖਿਓ ।
ਅਣ-ਆਗਿਆਕਾਰੀ ਦੇ ਵਿਰੁੱਧ ਚੇਤਾਵਨੀ

10ਜਦ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਉਸ ਦੇਸ਼ ਵਿੱਚ ਪਹੁੰਚਾਵੇ, ਜਿਸ ਨੂੰ ਤੁਹਾਨੂੰ ਦੇਣ ਦੀ ਉਸਨੇ ਤੁਹਾਡੇ ਪਿਉ-ਦਾਦਿਆਂ ਨਾਲ ਅਰਥਾਤ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਸਹੁੰ ਖਾਧੀ ਸੀ ਅਤੇ ਜਦ ਉਹ ਤੈਨੂੰ ਵੱਡੇ ਅਤੇ ਚੰਗੇ ਸ਼ਹਿਰ ਜਿਹੜੇ ਤੁਸੀਂ ਨਹੀਂ ਬਣਾਏ11ਅਤੇ ਚੰਗੀਆਂ ਚੀਜ਼ਾਂ ਨਾਲ ਭਰੇ ਹੋਏ ਘਰ, ਜਿਹੜੇ ਤੁਸੀਂ ਨਹੀਂ ਭਰੇ ਅਤੇ ਪੁੱਟੇ ਹੋਏ ਹੌਦ ਜਿਹੜੇ ਤੁਸੀਂ ਨਹੀਂ ਪੁੱਟੇ, ਅੰਗੂਰੀ ਬਾਗ ਅਤੇ ਜ਼ੈਤੂਨ ਦੇ ਰੁੱਖ ਜਿਹੜੇ ਤੁਸੀਂ ਨਹੀਂ ਲਾਏ ਦੇਵੇਗਾ, ਜਿਨ੍ਹਾਂ ਤੋਂ ਤੁਸੀਂ ਖਾਓਗੇ ਅਤੇ ਰੱਜ ਜਾਓਗੇ,12ਤਦ ਤੁਸੀਂ ਚੌਕਸ ਰਹਿਓ, ਕਿਤੇ ਅਜਿਹਾ ਨਾ ਹੋਵੇ ਕਿ ਤੁਸੀਂ ਯਹੋਵਾਹ ਨੂੰ ਭੁੱਲ ਜਾਉ, ਜਿਹੜਾ ਤੁਹਾਨੂੰ ਮਿਸਰ ਦੇਸ਼ ਤੋਂ ਅਰਥਾਤ ਗੁਲਾਮੀ ਦੇ ਘਰ ਤੋਂ ਕੱਢ ਲਿਆਇਆ ਹੈ ।
13ਯਹੋਵਾਹ ਆਪਣੇ ਪਰਮੇਸ਼ੁਰ ਤੋਂ ਡਰੋ, ਉਸ ਦੀ ਸੇਵਾ ਕਰੋ ਅਤੇ ਉਸ ਦੇ ਨਾਮ ਦੀ ਸਹੁੰ ਖਾਓ ।14ਤੁਸੀਂ ਦੂਜੇ ਦੇਵਤਿਆਂ ਦੇ ਪਿੱਛੇ ਨਾ ਜਾਇਓ ਅਰਥਾਤ ਉਨ੍ਹਾਂ ਲੋਕਾਂ ਦੇ ਦੇਵਤਿਆਂ ਦੇ ਪਿੱਛੇ ਜਿਹੜੇ ਤੁਹਾਡੇ ਆਲੇ-ਦੁਆਲੇ ਹਨ,15ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ, ਜੋ ਤੁਹਾਡੇ ਵਿਚਕਾਰ ਹੈ, ਇੱਕ ਅਣਖ ਵਾਲਾ ਪਰਮੇਸ਼ੁਰ ਹੈ, ਅਜਿਹਾ ਨਾ ਹੋਵੇ ਕਿ ਯਹੋਵਾਹ ਤੁਹਾਡੇ ਪਰਮੇਸ਼ੁਰ ਦਾ ਕ੍ਰੋਧ ਤੁਹਾਡੇ ਉੱਤੇ ਭੜਕੇ ਅਤੇ ਉਹ ਤੁਹਾਨੂੰ ਧਰਤੀ ਉੱਤੋਂ ਮਿਟਾ ਦੇਵੇ ।

16ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਪ੍ਰੀਖਿਆ ਨਾ ਲੈਣਾ, ਜਿਵੇਂ ਤੁਸੀਂ ਮੱਸਾਹ ਵਿੱਚ ਕੀਤਾ ਸੀ ।17ਤੁਸੀਂ ਜ਼ਰੂਰ ਹੀ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ, ਉਸ ਦੀਆਂ ਸਾਖੀਆਂ ਅਤੇ ਉਸ ਦੀਆਂ ਬਿਧੀਆਂ ਦੀ ਪਾਲਨਾ ਕਰਿਓ, ਜਿਨ੍ਹਾਂ ਦਾ ਉਸ ਨੇ ਤੁਹਾਨੂੰ ਹੁਕਮ ਦਿੱਤਾ ਹੈ ।
18ਜੋ ਕੁਝ ਯਹੋਵਾਹ ਦੀ ਨਿਗਾਹ ਵਿੱਚ ਠੀਕ ਅਤੇ ਚੰਗਾ ਹੈ, ਤੁਸੀਂ ਉਹ ਹੀ ਕਰਿਓ ਤਾਂ ਜੋ ਤੁਹਾਡਾ ਭਲਾ ਹੋਵੇ ਅਤੇ ਤੁਸੀਂ ਉਸ ਚੰਗੇ ਦੇਸ਼ ਵਿੱਚ ਜਾ ਕੇ ਉਸ ਉੱਤੇ ਅਧਿਕਾਰ ਕਰੋ, ਜਿਸ ਦੀ ਸਹੁੰ ਯਹੋਵਾਹ ਨੇ ਤੁਹਾਡੇ ਪਿਉ-ਦਾਦਿਆਂ ਨਾਲ ਖਾਧੀ ਸੀ19ਅਤੇ ਉਹ ਤੁਹਾਡੇ ਸਾਰੇ ਵੈਰੀਆਂ ਨੂੰ ਤੁਹਾਡੇ ਅੱਗਿਓਂ ਕੱਢ ਦੇਵੇਗਾ, ਜਿਵੇਂ ਯਹੋਵਾਹ ਨੇ ਬਚਨ ਕੀਤਾ ਸੀ ।

20ਜਦ ਅੱਗੇ ਨੂੰ ਤੁਹਾਡੇ ਪੁੱਤਰ ਤੁਹਾਨੂੰ ਪੁੱਛਣ ਕਿ ਉਹਨਾਂ ਸਾਖੀਆਂ, ਬਿਧੀਆਂ ਅਤੇ ਕਨੂੰਨਾਂ ਦਾ ਕੀ ਉਦੇਸ਼ ਹੈ ਜਿਨ੍ਹਾਂ ਦਾ ਸਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਹੁਕਮ ਦਿੱਤਾ ਸੀ ?21ਤਦ ਤੁਸੀਂ ਆਪਣੇ ਪੁੱਤਰਾਂ ਨੂੰ ਦੱਸਿਓ, ਅਸੀਂ ਮਿਸਰ ਵਿੱਚ ਫ਼ਿਰਊਨ ਦੇ ਗੁਲਾਮ ਸੀ ਅਤੇ ਯਹੋਵਾਹ ਸਾਨੂੰ ਮਿਸਰ ਤੋਂ ਬਲਵੰਤ ਹੱਥ ਨਾਲ ਕੱਢ ਲਿਆਇਆ ।22ਯਹੋਵਾਹ ਨੇ ਮਿਸਰ ਵਿੱਚ ਫ਼ਿਰਊਨ ਅਤੇ ਉਸ ਦੇ ਸਾਰੇ ਘਰਾਣੇ ਨਾਲ ਸਾਡੇ ਵੇਖਦਿਆਂ, ਵੱਡੇ ਅਤੇ ਦੁੱਖਦਾਇਕ ਨਿਸ਼ਾਨ ਅਤੇ ਅਚੰਭੇ ਵਿਖਾਲੇ23ਅਤੇ ਸਾਨੂੰ ਉੱਥੋਂ ਕੱਢ ਲਿਆਇਆ ਤਾਂ ਜੋ ਉਹ ਸਾਨੂੰ ਇਸ ਦੇਸ਼ ਦੇ ਅੰਦਰ ਲਿਆਵੇ ਅਤੇ ਇਹ ਧਰਤੀ ਸਾਨੂੰ ਦੇਵੇ, ਜਿਸ ਦੀ ਸਹੁੰ ਉਸ ਨੇ ਸਾਡੇ ਪਿਉ-ਦਾਦਿਆਂ ਨਾਲ ਖਾਧੀ ਸੀ ।
24ਯਹੋਵਾਹ ਨੇ ਇਨ੍ਹਾਂ ਸਾਰੀਆਂ ਬਿਧੀਆਂ ਨੂੰ ਪੂਰਾ ਕਰਨ ਦਾ ਸਾਨੂੰ ਹੁਕਮ ਦਿੱਤਾ ਸੀ ਕਿ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਤੋਂ ਜੀਵਨ ਭਰ ਡਰੀਏ, ਤਾਂ ਜੋ ਸਾਡਾ ਭਲਾ ਹੋਵੇ ਅਤੇ ਉਹ ਸਾਨੂੰ ਜੀਉਂਦਾ ਰੱਖੇ, ਜਿਵੇਂ ਅੱਜ ਦੇ ਦਿਨ ਤੱਕ ਰੱਖਿਆ ਹੈ ।25ਜੇਕਰ ਅਸੀਂ ਇਹਨਾਂ ਸਾਰਿਆਂ ਹੁਕਮਾਂ ਨੂੰ ਜਿਨ੍ਹਾਂ ਦਾ ਉਸ ਨੇ ਹੁਕਮ ਦਿੱਤਾ ਸੀ, ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਚੰਗੀ ਤਰ੍ਹਾਂ ਮੰਨੀਏ ਤਾਂ ਇਹ ਸਾਡੇ ਲਈ ਧਰਮ ਠਹਿਰੇਗਾ ।

7
ਪ੍ਰਭੂ ਦੀ ਚੁਣੀ ਹੋਈ ਪਰਜਾ
(ਕੂਚ 34:11-16)

1ਜਦ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਉਸ ਦੇਸ਼ ਵਿੱਚ ਲੈ ਜਾਵੇ, ਜਿਸ ਉੱਤੇ ਅਧਿਕਾਰ ਕਰਨ ਲਈ ਤੁਸੀਂ ਜਾਂਦੇ ਹੋ ਅਤੇ ਤੁਹਾਡੇ ਅੱਗਿਓਂ ਬਹੁਤ ਸਾਰੀਆਂ ਕੌਮਾਂ ਨੂੰ ਪੁੱਟ ਸੁੱਟੇ ਅਰਥਾਤ ਹਿੱਤੀ, ਗਿਰਗਾਸ਼ੀ, ਅਮੋਰੀ, ਕਨਾਨੀ, ਫਰਿੱਜੀ, ਹਿੱਵੀ ਅਤੇ ਯਬੂਸੀ ਨਾਂ ਦੀਆਂ ਸੱਤ ਕੌਮਾਂ ਨੂੰ ਜਿਹੜੀਆਂ ਤੁਹਾਡੇ ਨਾਲੋਂ ਵੱਧ ਅਤੇ ਬਲਵੰਤ ਹਨ

2ਅਤੇ ਜਦ ਯਹੋਵਾਹ ਤੁਹਾਡਾ ਪਰਮੇਸ਼ੁਰ ਉਹਨਾਂ ਨੂੰ ਤੁਹਾਡੇ ਅੱਗਿਓਂ ਹਰਾ ਦੇਵੇ ਤਾਂ ਤੁਸੀਂ ਉਹਨਾਂ ਨੂੰ ਮਾਰ ਸੁੱਟਿਓ । ਤੁਸੀਂ ਉਹਨਾਂ ਦਾ ਪੂਰੀ ਤਰ੍ਹਾਂ ਨਾਸ਼ ਕਰ ਦਿਓ, ਤੁਸੀਂ ਨਾ ਉਹਨਾਂ ਨਾਲ ਨੇਮ ਬੰਨ੍ਹਿਓ ਅਤੇ ਨਾ ਹੀ ਉਹਨਾਂ ਉੱਤੇ ਤਰਸ ਖਾਇਓ,3ਨਾ ਉਹਨਾਂ ਨਾਲ ਵਿਆਹ ਕਰਿਓ ਅਤੇ ਨਾ ਕੋਈ ਉਹਨਾਂ ਦੇ ਪੁੱਤਰ ਨੂੰ ਆਪਣੀ ਧੀ ਦੇਵੇ, ਨਾ ਕੋਈ ਆਪਣੇ ਪੁੱਤਰ ਲਈ ਉਹਨਾਂ ਦੀ ਧੀ ਲਵੇ,
4ਕਿਉਂ ਜੋ ਉਹ ਤੁਹਾਡੇ ਪੁੱਤਰਾਂ ਨੂੰ ਮੇਰੇ ਪਿੱਛੇ ਚੱਲਣ ਤੋਂ ਹਟਾ ਦੇਣਗੀਆਂ, ਤਾਂ ਜੋ ਉਹ ਦੂਜੇ ਦੇਵਤਿਆਂ ਦੀ ਪੂਜਾ ਕਰਨ, ਇਸ ਕਾਰਨ ਯਹੋਵਾਹ ਦਾ ਕ੍ਰੋਧ ਤੁਹਾਡੇ ਉੱਤੇ ਭੜਕੇਗਾ ਅਤੇ ਉਹ ਝੱਟ ਪੱਟ ਤੁਹਾਡਾ ਨਾਸ਼ ਕਰ ਦੇਵੇਗਾ ।5ਪਰ ਤੁਸੀਂ ਉਹਨਾਂ ਨਾਲ ਅਜਿਹਾ ਵਰਤਾਉ ਕਰਿਓ: ਤੁਸੀਂ ਉਹਨਾਂ ਦੀਆਂ ਜਗਵੇਦੀਆਂ ਨੂੰ ਢਾਹ ਸੁੱਟਿਓ, ਉਹਨਾਂ ਦੇ ਥੰਮ੍ਹਾਂ ਨੂੰ ਚੂਰ-ਚੂਰ ਕਰ ਦਿਓ, ਉਹਨਾਂ ਦੀ ਅਸੇਰਾਹ ਦੇਵੀ ਦੇ ਟੁੰਡਾਂ ਨੂੰ ਵੱਢ ਸੁੱਟਿਓ ਅਤੇ ਉਹਨਾਂ ਦੀਆਂ ਉੱਕਰੀਆਂ ਹੋਈਆਂ ਮੂਰਤਾਂ ਨੂੰ ਅੱਗ ਵਿੱਚ ਸਾੜ ਦਿਓ ।
6ਕਿਉਂ ਜੋ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਲਈ ਇੱਕ ਪਵਿੱਤਰ ਪਰਜਾ ਹੋ ਅਤੇ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਚੁਣ ਲਿਆ ਹੈ ਕਿ ਤੁਸੀਂ ਧਰਤੀ ਦੇ ਸਾਰੇ ਲੋਕਾਂ ਵਿੱਚੋਂ ਉਸ ਦੀ ਨਿੱਜ-ਪਰਜਾ ਹੋਵੋ ।
7ਯਹੋਵਾਹ ਨੇ ਤੁਹਾਡੇ ਨਾਲ ਪ੍ਰੇਮ ਕਰਕੇ ਤੁਹਾਨੂੰ ਇਸ ਕਾਰਨ ਨਹੀਂ ਚੁਣਿਆ ਕਿ ਤੁਸੀਂ ਗਿਣਤੀ ਵਿੱਚ ਸਾਰੇ ਲੋਕਾਂ ਨਾਲੋਂ ਜ਼ਿਆਦਾ ਸੀ, ਤੁਸੀਂ ਤਾਂ ਸਾਰੇ ਲੋਕਾਂ ਵਿਚੋਂ ਥੋੜ੍ਹੇ ਜਿਹੇ ਸੀ,8ਪਰ ਇਸ ਲਈ ਕਿ ਯਹੋਵਾਹ ਨੇ ਤੁਹਾਡੇ ਨਾਲ ਪ੍ਰੇਮ ਕੀਤਾ ਅਤੇ ਉਸ ਨੇ ਉਸ ਸਹੁੰ ਦੀ ਪਾਲਨਾ ਕੀਤੀ, ਜਿਹੜੀ ਉਸ ਨੇ ਤੁਹਾਡੇ ਪਿਉ-ਦਾਦਿਆਂ ਨਾਲ ਖਾਧੀ ਸੀ, ਇਸ ਕਾਰਨ ਯਹੋਵਾਹ ਤੁਹਾਨੂੰ ਬਲਵੰਤ ਹੱਥ ਨਾਲ ਕੱਢ ਕੇ ਬਾਹਰ ਲੈ ਆਇਆ ਅਤੇ ਤੁਹਾਨੂੰ ਗੁਲਾਮੀ ਦੇ ਘਰ ਤੋਂ ਅਰਥਾਤ ਮਿਸਰ ਦੇ ਰਾਜੇ ਫ਼ਿਰਊਨ ਦੇ ਹੱਥੋਂ ਛੁਟਕਾਰਾ ਦਿੱਤਾ ।
9ਜਾਣ ਲਓ ਕਿ ਯਹੋਵਾਹ ਤੁਹਾਡਾ ਪਰਮੇਸ਼ੁਰ ਹੀ ਪਰਮੇਸ਼ੁਰ ਹੈ, ਉਹ ਆਪਣੇ ਬਚਨ ਦਾ ਪੱਕਾ ਪਰਮੇਸ਼ੁਰ ਹੈ ਅਤੇ ਨੇਮ ਦੀ ਪਾਲਨਾ ਕਰਨ ਵਾਲਾ ਹੈ ਅਤੇ ਹਜ਼ਾਰਾਂ ਪੀੜ੍ਹੀਆਂ ਤੱਕ ਉਨ੍ਹਾਂ ਉੱਤੇ ਦਯਾ ਕਰਦਾ ਹੈ, ਜਿਹੜੇ ਉਸ ਦੇ ਨਾਲ ਪ੍ਰੇਮ ਕਰਦੇ ਅਤੇ ਉਸ ਦੇ ਹੁਕਮਾਂ ਨੂੰ ਮੰਨਦੇ ਹਨ ।10ਉਹ ਆਪਣੇ ਵੈਰੀਆਂ ਦੇ ਵੇਖਦਿਆਂ ਹੀ ਉਹਨਾਂ ਦਾ ਨਾਸ਼ ਕਰ ਕੇ ਬਦਲਾ ਦਿੰਦਾ ਹੈ ਅਤੇ ਉਹ ਆਪਣੇ ਵੈਰੀਆਂ ਵਿਖੇ ਢਿੱਲ ਨਾ ਲਾਵੇਗਾ ਪਰ ਉਨ੍ਹਾਂ ਦੇ ਵੇਖਦਿਆਂ-ਵੇਖਦਿਆਂ ਹੀ ਉਹਨਾਂ ਨੂੰ ਬਦਲਾ ਦੇਵੇਗਾ ।11ਇਸ ਲਈ ਤੁਸੀਂ ਉਸ ਹੁਕਮਨਾਮੇ, ਬਿਧੀਆਂ, ਅਤੇ ਕਨੂੰਨਾਂ ਦੀ ਜਿਹੜੇ ਮੈਂ ਅੱਜ ਤੁਹਾਨੂੰ ਦੱਸਦਾ ਹਾਂ, ਪੂਰੇ ਕਰ ਕੇ ਪਾਲਨਾ ਕਰੋ ।
ਆਗਿਆਕਾਰੀ ਦੀਆਂ ਬਰਕਤਾਂ
(ਬਿਵਸਥਾ ਸਾਰ 28:1-14)

12ਅਜਿਹਾ ਹੋਵੇਗਾ ਕਿ ਇਸ ਕਾਰਨ ਕਿ ਤੁਸੀਂ ਇਹਨਾਂ ਕਨੂੰਨਾਂ ਨੂੰ ਸੁਣਦੇ ਅਤੇ ਪੂਰਾ ਕਰ ਕੇ ਉਹਨਾਂ ਦੀ ਪਾਲਣਾ ਕਰਦੇ ਹੋ, ਤਾਂ ਯਹੋਵਾਹ ਤੁਹਾਡਾ ਪਰਮੇਸ਼ੁਰ ਉਸ ਨੇਮ ਨੂੰ ਅਤੇ ਉਸ ਦਯਾ ਨੂੰ ਜਿਹੜੀ ਉਸ ਨੇ ਤੁਹਾਡੇ ਪਿਉ-ਦਾਦਿਆਂ ਨਾਲ ਸਹੁੰ ਖਾ ਕੇ ਕੀਤੀ ਸੀ, ਕਾਇਮ ਰੱਖੇਗਾ ।13ਉਹ ਤੁਹਾਡੇ ਨਾਲ ਪ੍ਰੇਮ ਕਰੇਗਾ, ਤੁਹਾਨੂੰ ਬਰਕਤ ਦੇਵੇਗਾ ਅਤੇ ਤੁਹਾਡਾ ਵਾਧਾ ਕਰੇਗਾ । ਉਹ ਤੁਹਾਡੀ ਕੁੱਖ ਦੇ ਫਲ, ਤੁਹਾਡੀ ਜ਼ਮੀਨ ਦੇ ਫਲ, ਤੁਹਾਡੇ ਅੰਨ, ਤੁਹਾਡੀ ਨਵੀਂ ਮਧ, ਤੁਹਾਡੇ ਤੇਲ ਨੂੰ, ਚੌਣਿਆਂ ਦੇ ਬੱਚਿਆ ਨੂੰ ਅਤੇ ਇੱਜੜ ਦੇ ਲੇਲਿਆਂ ਨੂੰ ਉਸ ਜ਼ਮੀਨ ਉੱਤੇ ਜਿਸ ਨੂੰ ਦੇਣ ਦੀ ਸਹੁੰ ਉਸ ਨੇ ਤੁਹਾਡੇ ਪਿਉ-ਦਾਦਿਆਂ ਨਾਲ ਖਾਧੀ ਸੀ, ਬਰਕਤ ਦੇਵੇਗਾ ।
14ਤੁਸੀਂ ਸਾਰਿਆਂ ਲੋਕਾਂ ਵਿੱਚੋਂ ਮੁਬਾਰਕ ਹੋਵੋਗੇ । ਤੁਹਾਡੇ ਵਿੱਚੋਂ ਨਾ ਕੋਈ ਪੁਰਖ ਅਤੇ ਨਾ ਕੋਈ ਇਸਤਰੀ ਬੇ-ਔਲਾਦ ਰਹੇਗੀ ਅਤੇ ਨਾ ਹੀ ਤੁਹਾਡੇ ਡੰਗਰਾਂ ਵਿੱਚੋਂ ਕੋਈ ।15ਯਹੋਵਾਹ ਤੁਹਾਡੀਆਂ ਸਾਰੀਆਂ ਬਿਮਾਰੀਆਂ ਤੁਹਾਡੇ ਤੋਂ ਦੂਰ ਕਰ ਦੇਵੇਗਾ ਅਤੇ ਮਿਸਰ ਦੇ ਸਾਰੇ ਬੁਰੇ ਰੋਗ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ, ਤੁਹਾਨੂੰ ਨਾ ਲਾਵੇਗਾ ਪਰ ਉਹ ਉਨ੍ਹਾਂ ਨੂੰ ਉਹਨਾਂ ਦੇ ਉੱਤੇ ਪਾਵੇਗਾ ਜਿਹੜੇ ਤੁਹਾਡੇ ਤੋਂ ਵੈਰ ਰੱਖਦੇ ਹਨ ।
16ਤੁਸੀਂ ਉਹਨਾਂ ਸਾਰਿਆਂ ਲੋਕਾਂ ਨੂੰ ਨਾਸ਼ ਕਰ ਸੁੱਟੋਗੇ, ਜਿਨ੍ਹਾਂ ਨੂੰ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦਿੰਦਾ ਹੈ । ਤੁਹਾਡੀਆਂ ਅੱਖਾਂ ਉਹਨਾਂ ਉੱਤੇ ਤਰਸ ਨਾ ਖਾਣ, ਨਾ ਹੀ ਤੁਸੀਂ ਉਹਨਾਂ ਦੇ ਦੇਵਤਿਆਂ ਦੀ ਪੂਜਾ ਕਰਿਓ ਕਿਉਂ ਜੋ ਉਹ ਤੁਹਾਡੇ ਲਈ ਇੱਕ ਫਾਹੀ ਹੋਣਗੇ ।
17ਜੇ ਤੁਸੀਂ ਆਪਣੇ ਦਿਲਾਂ ਵਿੱਚ ਆਖੋ, "ਇਹ ਕੌਮਾਂ ਸਾਡੇ ਨਾਲੋਂ ਬਹੁਤੀਆਂ ਹਨ, ਅਸੀਂ ਉਹਨਾਂ ਉੱਤੇ ਕਿਵੇਂ ਕਾਬੂ ਕਰ ਸਕਦੇ ਹਾਂ ? "18ਤੁਸੀਂ ਉਹਨਾਂ ਤੋਂ ਨਾ ਡਰਿਓ । ਤੁਸੀਂ ਉਹ ਸਭ ਕੁਝ ਚੰਗੀ ਤਰ੍ਹਾਂ ਯਾਦ ਰੱਖਿਓ ਜੋ ਕੁਝ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਫ਼ਿਰਊਨ ਨਾਲ ਅਤੇ ਸਾਰੇ ਮਿਸਰੀਆਂ ਨਾਲ ਕੀਤਾ ਸੀ ।19ਉਹ ਵੱਡੇ ਪਰਤਾਵੇ ਜਿਨ੍ਹਾਂ ਨੂੰ ਤੁਹਾਡੀਆਂ ਅੱਖਾਂ ਨੇ ਵੇਖਿਆ ਅਤੇ ਉਹ ਨਿਸ਼ਾਨ, ਅਚਰਜ ਕੰਮ, ਬਲਵੰਤ ਹੱਥ ਅਤੇ ਪਸਾਰੀ ਹੋਈ ਬਾਂਹ ਜਿਸ ਦੇ ਨਾਲ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਕੱਢ ਲਿਆਇਆ, ਯਹੋਵਾਹ ਤੁਹਾਡਾ ਪਰਮੇਸ਼ੁਰ ਸਾਰਿਆਂ ਲੋਕਾਂ ਨਾਲ ਜਿਨ੍ਹਾਂ ਤੋਂ ਤੁਸੀਂ ਡਰਦੇ ਹੋ, ਇਸੇ ਤਰ੍ਹਾਂ ਹੀ ਕਰੇਗਾ ।
20ਸਗੋਂ ਯਹੋਵਾਹ ਤੁਹਾਡਾ ਪਰਮੇਸ਼ੁਰ ਉਹਨਾਂ ਵਿੱਚ ਡੇਹਮੂ ਭੇਜੇਗਾ, ਜਦ ਤੱਕ ਕਿ ਉਹ ਜਿਹੜੇ ਬਚ ਜਾਣ ਅਤੇ ਉਹ ਜਿਹੜੇ ਆਪਣੇ ਆਪ ਨੂੰ ਲੁਕਾਉਣਗੇ, ਤੁਹਾਡੇ ਸਾਹਮਣਿਓਂ ਨਾਸ਼ ਨਾ ਹੋ ਜਾਣ ।21ਤੁਸੀਂ ਉਹਨਾਂ ਤੋਂ ਭੈ ਨਾ ਖਾਇਓ ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਵਿਚਕਾਰ ਹੈ । ਉਹ ਇੱਕ ਵੱਡਾ ਅਤੇ ਭੈ ਦਾਇਕ ਪਰਮੇਸ਼ੁਰ ਹੈ ।22ਯਹੋਵਾਹ ਤੁਹਾਡਾ ਪਰਮੇਸ਼ੁਰ ਇਨ੍ਹਾਂ ਕੌਮਾਂ ਨੂੰ ਤੁਹਾਡੇ ਅੱਗਿਓਂ ਹੌਲੀ-ਹੌਲੀ ਕੱਢੇਗਾ । ਤੁਸੀਂ ਉਨ੍ਹਾਂ ਨੂੰ ਇੱਕ ਦਮ ਨਾਸ਼ ਨਾ ਕਰਿਓ, ਕਿਤੇ ਅਜਿਹਾ ਨਾ ਹੋਵੇ ਕਿ ਜੰਗਲੀ ਜਾਨਵਰ ਤੁਹਾਡੇ ਨਾਲੋਂ ਵੱਧ ਹੋ ਜਾਣ ।
23ਪਰ ਯਹੋਵਾਹ ਤੁਹਾਡਾ ਪਰਮੇਸ਼ੁਰ ਉਹਨਾਂ ਨੂੰ ਤੁਹਾਡੇ ਅੱਗੇ ਹਰਾ ਦੇਵੇਗਾ ਅਤੇ ਵੱਡੀ ਘਬਰਾਹਟ ਨਾਲ ਉਹਨਾਂ ਨੂੰ ਘਬਰਾ ਦੇਵੇਗਾ, ਜਦ ਤੱਕ ਕਿ ਉਹਨਾਂ ਦਾ ਨਾਸ਼ ਨਾ ਹੋ ਜਾਵੇ ।24ਉਹ ਉਹਨਾਂ ਦੇ ਰਾਜਿਆਂ ਨੂੰ ਤੁਹਾਡੇ ਹੱਥ ਵਿੱਚ ਦੇ ਦੇਵੇਗਾ ਅਤੇ ਤੁਸੀਂ ਉਹਨਾਂ ਦਾ ਨਾਂ ਅਕਾਸ਼ ਦੇ ਹੇਠੋਂ ਮਿਟਾ ਦੇਣਾ ਅਤੇ ਕੋਈ ਮਨੁੱਖ ਤੁਹਾਡੇ ਸਾਹਮਣੇ ਠਹਿਰ ਨਾ ਸਕੇਗਾ ਐਥੋਂ ਤੱਕ ਕਿ ਤੁਸੀਂ ਉਹਨਾਂ ਦਾ ਨਾਸ਼ ਕਰ ਸੁੱਟੋਗੇ ।
25ਤੁਸੀਂ ਉਹਨਾਂ ਦੇ ਦੇਵਤਿਆਂ ਦੀਆਂ ਉੱਕਰੀਆਂ ਹੋਈਆਂ ਮੂਰਤਾਂ ਨੂੰ ਅੱਗ ਵਿੱਚ ਸਾੜ ਸੁੱਟਿਓ ਅਤੇ ਤੁਸੀਂ ਉਸ ਚਾਂਦੀ ਅਤੇ ਸੋਨੇ ਦਾ ਲੋਭ ਨਾ ਕਰਿਓ ਜਿਹੜਾ ਉਹਨਾਂ ਦੇ ਉੱਤੇ ਹੈ, ਅਤੇ ਨਾ ਹੀ ਉਸ ਨੂੰ ਆਪਣੇ ਲਈ ਲਿਓ, ਕਿਤੇ ਤੁਸੀਂ ਉਹਨਾਂ ਦੇ ਫੰਦੇ ਵਿੱਚ ਫਸ ਜਾਓ, ਕਿਉਂ ਜੋ ਇਹ ਯਹੋਵਾਹ ਤੁਹਾਡੇ ਪਰਮੇਸ਼ੁਰ ਦੇ ਅੱਗੇ ਇੱਕ ਘਿਣਾਉਣੀ ਚੀਜ਼ ਹੈ ।26ਤੁਸੀਂ ਕੋਈ ਘਿਣਾਉਣੀ ਚੀਜ਼ ਆਪਣੇ ਘਰ ਨੂੰ ਨਾ ਲਿਆਓ ਕਿਤੇ ਤੁਸੀਂ ਉਸ ਦੀ ਤਰ੍ਹਾਂ ਘਿਣਾਉਣੇ ਹੋ ਜਾਓ । ਤੁਸੀਂ ਉਸ ਤੋਂ ਨਫ਼ਰਤ ਹੀ ਨਫ਼ਰਤ ਅਤੇ ਘਿਣ ਹੀ ਘਿਣ ਕਰਿਓ ਕਿਉਂ ਜੋ ਉਹ ਇੱਕ ਘਿਣਾਉਣੀ ਚੀਜ਼ ਹੈ ।

8
ਉੱਤਮ ਦੇਸ਼

1ਤੁਸੀਂ ਇਸ ਸਾਰੇ ਹੁਕਮਨਾਮੇ ਦੀ ਜਿਹੜਾ ਮੈਂ ਅੱਜ ਤੁਹਾਨੂੰ ਦਿੰਦਾ ਹਾਂ, ਪੂਰਾ ਕਰਨ ਦੀ ਪਾਲਣਾ ਕਰੋ ਤਾਂ ਜੋ ਤੁਸੀਂ ਜੀਉਂਦੇ ਰਹੋ ਅਤੇ ਵਧੋ ਅਤੇ ਤੁਸੀਂ ਜਾ ਕੇ ਉਸ ਦੇਸ਼ ਉੱਤੇ ਅਧਿਕਾਰ ਕਰੋ, ਜਿਸ ਦੀ ਸਹੁੰ ਯਹੋਵਾਹ ਨੇ ਤੁਹਾਡੇ ਪਿਉ-ਦਾਦਿਆਂ ਨਾਲ ਖਾਧੀ ਸੀ ।2ਤੁਸੀਂ ਉਸ ਸਾਰੇ ਰਸਤੇ ਨੂੰ ਯਾਦ ਰੱਖਿਓ ਜਿਸ ਦੇ ਵਿੱਚ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਚਾਲੀ ਸਾਲ ਤੱਕ ਉਜਾੜ ਵਿੱਚ ਲਈ ਫਿਰਦਾ ਰਿਹਾ, ਤਾਂ ਜੋ ਉਹ ਤੁਹਾਨੂੰ ਅਧੀਨ ਹੋਣਾ ਸਿਖਾਵੇ ਅਤੇ ਤੁਹਾਨੂੰ ਪਰਖੇ ਅਤੇ ਜਾਣੇ ਕਿ ਤੁਹਾਡੇ ਮਨ ਵਿੱਚ ਕੀ ਹੈ ਅਰਥਾਤ ਕੀ ਤੁਸੀਂ ਉਸ ਦੇ ਹੁਕਮਾਂ ਉੱਤੇ ਚੱਲੋਗੇ ਵੀ ਕਿ ਨਹੀਂ ?

3ਉਸ ਨੇ ਤੁਹਾਨੂੰ ਅਧੀਨ ਕੀਤਾ, ਤੁਹਾਨੂੰ ਭੁੱਖੇ ਹੋਣ ਦਿੱਤਾ ਅਤੇ ਤੁਹਾਨੂੰ ਉਹ ਮੰਨਾ ਖਿਲਾਇਆ, ਜਿਸ ਨੂੰ ਨਾ ਤੁਸੀਂ, ਨਾ ਤੁਹਾਡੇ ਪਿਉ-ਦਾਦੇ ਜਾਣਦੇ ਸਨ, ਤਾਂ ਜੋ ਤੁਹਾਨੂੰ ਸਿਖਾਵੇ ਕਿ ਮਨੁੱਖ ਸਿਰਫ਼ ਰੋਟੀ ਨਾਲ ਹੀ ਜੀਉਂਦਾ ਨਹੀਂ ਰਹੇਗਾ ਪਰ ਹਰ ਇੱਕ ਵਾਕ ਨਾਲ ਜਿਹੜਾ ਯਹੋਵਾਹ ਦੇ ਮੂੰਹੋਂ ਨਿੱਕਲਦਾ ਹੈ, ਮਨੁੱਖ ਜੀਉਂਦਾ ਰਹੇਗਾ ।
4ਇਨ੍ਹਾਂ ਚਾਲੀ ਸਾਲਾਂ ਵਿੱਚ ਨਾ ਤੁਹਾਡੇ ਬਸਤਰ ਪੁਰਾਣੇ ਹੋਏ ਅਤੇ ਨਾ ਹੀ ਤੁਹਾਡੇ ਪੈਰ ਸੁੱਜੇ ।5ਤੁਸੀਂ ਆਪਣੇ ਮਨ ਵਿੱਚ ਵਿਚਾਰ ਕਰੋ ਕਿ ਜਿਵੇਂ ਮਨੁੱਖ ਆਪਣੇ ਪੁੱਤਰ ਨੂੰ ਤਾੜਨਾ ਦਿੰਦਾ ਹੈ, ਉਸੇ ਤਰ੍ਹਾਂ ਹੀ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਤਾੜਨਾ ਦਿੰਦਾ ਰਿਹਾ ।6ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਦੀ ਪਾਲਨਾ ਕਰੋ ਤਾਂ ਜੋ ਉਸ ਦੇ ਰਾਹਾਂ ਉੱਤੇ ਚੱਲੋ ਅਤੇ ਉਸ ਤੋਂ ਡਰਦੇ ਰਹੋ,
7ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਇੱਕ ਚੰਗੇ ਦੇਸ਼ ਵਿੱਚ ਲੈ ਕੇ ਜਾ ਰਿਹਾ ਹੈ, ਇੱਕ ਅਜਿਹਾ ਦੇਸ਼ ਜਿੱਥੇ ਪਾਣੀ ਦੇ ਨਾਲੇ, ਚਸ਼ਮੇ ਅਤੇ ਡੂੰਘੇ ਸੋਤੇ ਹਨ, ਜਿਹੜੇ ਘਾਟੀਆਂ ਅਤੇ ਪਹਾੜਾਂ ਵਿੱਚ ਵਗਦੇ ਹਨ,8ਇੱਕ ਅਜਿਹਾ ਦੇਸ਼ ਜਿੱਥੇ ਕਣਕ, ਜੌਂ, ਅੰਗੂਰ, ਹੰਜ਼ੀਰ ਅਤੇ ਅਨਾਰ ਹੁੰਦੇ ਹਨ, ਇੱਕ ਅਜਿਹਾ ਦੇਸ਼ ਜਿੱਥੇ ਜ਼ੈਤੂਨ ਦਾ ਤੇਲ ਅਤੇ ਸ਼ਹਿਦ ਹੁੰਦਾ ਹੈ,
9ਇੱਕ ਅਜਿਹਾ ਦੇਸ਼ ਜਿਸ ਦੇ ਵਿੱਚ ਤੁਸੀਂ ਤੰਗੀ ਦੀ ਰੋਟੀ ਨਾ ਖਾਓਗੇ ਅਤੇ ਉੱਥੇ ਤੁਹਾਨੂੰ ਕਿਸੇ ਚੀਜ਼ ਦੀ ਥੁੜ ਨਾ ਹੋਵੇਗੀ, ਇੱਕ ਅਜਿਹਾ ਦੇਸ਼ ਜਿਸ ਦੇ ਪੱਥਰ ਲੋਹੇ ਦੇ ਹਨ ਅਤੇ ਜਿਸ ਦੀਆਂ ਪਹਾੜੀਆਂ ਨੂੰ ਪੁੱਟ ਕੇ ਤੁਸੀਂ ਤਾਂਬਾ ਕੱਢੋਗੇ ।10ਤੁਸੀਂ ਰੱਜ ਕੇ ਖਾਓਗੇ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਉਸ ਚੰਗੇ ਦੇਸ਼ ਦੇ ਕਾਰਨ ਜਿਹੜਾ ਉਸ ਨੇ ਤੁਹਾਨੂੰ ਦਿੱਤਾ ਹੈ, ਮੁਬਾਰਕ ਆਖੋਗੇ ।
ਪ੍ਰਭੂ ਨੂੰ ਭੁੱਲਣ ਦੇ ਵਿਰੁੱਧ ਚੇਤਾਵਨੀ

11ਚੌਕਸ ਰਹੋ, ਕਿਤੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਭੁੱਲ ਜਾਓ ਅਤੇ ਉਸ ਦੇ ਹੁਕਮਾਂ, ਕਨੂੰਨਾਂ ਅਤੇ ਬਿਧੀਆਂ ਨੂੰ ਨਾ ਮੰਨੋ, ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ ।12ਅਜਿਹਾ ਨਾ ਹੋਵੇ ਕਿ ਜਦ ਤੁਸੀਂ ਰੱਜ ਕੇ ਖਾਓ ਅਤੇ ਚੰਗੇ ਘਰ ਬਣਾ ਕੇ ਉਨ੍ਹਾਂ ਵਿੱਚ ਵੱਸ ਜਾਓ,
13ਜਦ ਤੁਹਾਡੇ ਚੌਣੇ ਅਤੇ ਤੁਹਾਡੇ ਇੱਜੜ ਵੱਧ ਜਾਣ ਅਤੇ ਤੁਹਾਡਾ ਸੋਨਾ-ਚਾਂਦੀ ਵੱਧ ਜਾਵੇ, ਸਗੋਂ ਤੁਹਾਡਾ ਸਭ ਕੁਝ ਹੀ ਵੱਧ ਜਾਵੇ,14ਤਦ ਤੁਹਾਡੇ ਮਨ ਵਿੱਚ ਹੰਕਾਰ ਆ ਜਾਵੇ ਅਤੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਭੁੱਲ ਜਾਓ, ਜਿਸ ਨੇ ਤੁਹਾਨੂੰ ਮਿਸਰ ਦੇਸ਼ ਤੋਂ ਅਰਥਾਤ ਗੁਲਾਮੀ ਦੇ ਘਰ ਤੋਂ ਕੱਢਿਆ
15ਅਤੇ ਜਿਹੜਾ ਤੁਹਾਨੂੰ ਵੱਡੀ ਅਤੇ ਭਿਆਨਕ ਉਜਾੜ ਦੇ ਵਿੱਚ ਲੈ ਕੇ ਚੱਲਿਆ, ਜਿੱਥੇ ਜ਼ਹਿਰੀਲੇ ਸੱਪ ਅਤੇ ਬਿੱਛੂ ਸਨ ਅਤੇ ਸੁੱਕੀ ਜ਼ਮੀਨ ਤੋਂ ਜਿੱਥੇ ਪਾਣੀ ਨਹੀਂ ਸੀ, ਜਿਸ ਨੇ ਤੁਹਾਡੇ ਲਈ ਪਥਰੀਲੀ ਚੱਟਾਨ ਤੋਂ ਪਾਣੀ ਕੱਢਿਆ,16ਜਿਸ ਨੇ ਤੁਹਾਨੂੰ ਉਜਾੜ ਵਿੱਚ ਮੰਨਾ ਖਿਲਾਇਆ, ਜਿਸ ਨੂੰ ਤੁਹਾਡੇ ਪਿਉ-ਦਾਦੇ ਨਹੀਂ ਜਾਣਦੇ ਸਨ, ਤਾਂ ਜੋ ਉਹ ਤੁਹਾਨੂੰ ਅਧੀਨ ਕਰੇ ਅਤੇ ਤੁਹਾਨੂੰ ਪਰਖੇ ਅਤੇ ਅੰਤ ਵਿੱਚ ਤੁਹਾਡਾ ਭਲਾ ਕਰੇ,17ਕਿਤੇ ਤੁਸੀਂ ਆਪਣੇ ਮਨ ਵਿੱਚ ਆਖੋ ਕਿ ਸਾਡੇ ਬਲ ਅਤੇ ਸਾਡੇ ਹੱਥਾਂ ਦੀ ਸ਼ਕਤੀ ਨੇ ਇਹ ਧਨ ਕਮਾਇਆ ਹੈ ।
18ਪਰ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਯਾਦ ਰੱਖਿਓ ਕਿਉਂ ਜੋ ਉਹ ਹੀ ਤੁਹਾਨੂੰ ਬਲ ਦਿੰਦਾ ਹੈ ਕਿ ਤੁਸੀਂ ਧਨ ਕਮਾਓ ਤਾਂ ਜੋ ਉਹ ਆਪਣਾ ਨੇਮ ਕਾਇਮ ਰੱਖੇ, ਜਿਸ ਦੀ ਸਹੁੰ ਉਸ ਨੇ ਤੁਹਾਡੇ ਪਿਉ-ਦਾਦਿਆਂ ਨਾਲ ਖਾਧੀ ਸੀ, ਜਿਵੇਂ ਅੱਜ ਦੇ ਦਿਨ ਹੈ ।19ਅਜਿਹਾ ਹੋਵੇਗਾ ਕਿ ਜੇਕਰ ਤੁਸੀਂ ਸੱਚ-ਮੁੱਚ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਭੁੱਲ ਜਾਓ ਅਤੇ ਦੂਜੇ ਦੇਵਤਿਆਂ ਦੇ ਪਿੱਛੇ ਚੱਲੋ, ਉਹਨਾਂ ਦੀ ਪੂਜਾ ਕਰੋ ਅਤੇ ਉਹਨਾਂ ਦੇ ਅੱਗੇ ਮੱਥਾ ਟੇਕੋ, ਤਾਂ ਮੈਂ ਅੱਜ ਤੁਹਾਡੇ ਵਿਰੁੱਧ ਸਾਖੀ ਦਿੰਦਾ ਹਾਂ ਕਿ ਤੁਸੀਂ ਜ਼ਰੂਰ ਨਾਸ਼ ਹੋ ਜਾਓਗੇ ।20ਉਨ੍ਹਾਂ ਕੌਮਾਂ ਵਾਂਗੂੰ ਜਿਨ੍ਹਾਂ ਨੂੰ ਯਹੋਵਾਹ ਤੁਹਾਡੇ ਅੱਗਿਓਂ ਨਾਸ਼ ਕਰਦਾ ਹੈ, ਤੁਸੀਂ ਵੀ ਨਾਸ਼ ਹੋ ਜਾਓਗੇ, ਕਿਉਂ ਜੋ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨਹੀਂ ਸੁਣੀ ।

9
ਲੋਕਾਂ ਦੀ ਅਣ-ਆਗਿਆਕਾਰੀ ਦਾ ਵਰਣਨ

1ਹੇ ਇਸਰਾਏਲ, ਸੁਣੋ, ਅੱਜ ਤੁਸੀਂ ਯਰਦਨ ਤੋਂ ਪਾਰ ਲੰਘਣਾ ਹੈ, ਤਾਂ ਜੋ ਤੁਸੀਂ ਅੰਦਰ ਜਾ ਕੇ ਉਨ੍ਹਾਂ ਕੌਮਾਂ ਉੱਤੇ ਜਿਹੜੀਆਂ ਤੁਹਾਡੇ ਨਾਲੋਂ ਵੱਡੀਆਂ ਅਤੇ ਬਲਵੰਤ ਹਨ ਅਤੇ ਸ਼ਹਿਰਾਂ ਉੱਤੇ ਜਿਹੜੇ ਵੱਡੇ ਅਤੇ ਉਨ੍ਹਾਂ ਦੀਆਂ ਕੰਧਾਂ ਅਕਾਸ਼ ਤੱਕ ਹਨ, ਅਧਿਕਾਰ ਕਰ ਲਓ ।2ਉਹ ਕੌਮ ਵੱਡੀ ਅਤੇ ਉਸ ਦੇ ਲੋਕ ਉੱਚੇ-ਲੰਮੇ ਹਨ, ਅਰਥਾਤ ਅਨਾਕੀ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਅਤੇ ਜਿਨ੍ਹਾਂ ਦੇ ਵਿਖੇ ਤੁਸੀਂ ਸੁਣਿਆ ਹੈ ਕਿ ਅਨਾਕੀਆਂ ਦੇ ਅੱਗੇ ਕੌਣ ਖੜ੍ਹਾ ਰਹਿ ਸਕਦਾ ਹੈ ?

3ਤੁਸੀਂ ਅੱਜ ਜਾਣ ਲਓ ਕਿ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਅੱਗੇ-ਅੱਗੇ ਭਸਮ ਕਰਨ ਵਾਲੀ ਅੱਗ ਵਾਂਗੂੰ ਲੰਘਣ ਵਾਲਾ ਹੈ । ਉਹ ਉਹਨਾਂ ਦਾ ਨਾਸ਼ ਕਰੇਗਾ ਅਤੇ ਉਹਨਾਂ ਨੂੰ ਤੁਹਾਡੇ ਅੱਗੇ ਨੀਵਾਂ ਕਰੇਗਾ ਅਤੇ ਤੁਸੀਂ ਉਹਨਾਂ ਨੂੰ ਕੱਢ ਦਿਓਗੇ, ਜਿਵੇਂ ਯਹੋਵਾਹ ਨੇ ਤੁਹਾਨੂੰ ਆਖਿਆ ਸੀ ।
4ਜਦ ਯਹੋਵਾਹ ਤੁਹਾਡਾ ਪਰਮੇਸ਼ੁਰ ਉਹਨਾਂ ਨੂੰ ਤੁਹਾਡੇ ਅੱਗਿਓਂ ਕੱਢ ਦੇਵੇ ਤਾਂ ਤੁਸੀਂ ਆਪਣੇ ਮਨ ਵਿੱਚ ਇਹ ਨਾ ਆਖਿਓ ਕਿ ਸਾਡੇ ਧਰਮ ਦੇ ਕਾਰਨ ਯਹੋਵਾਹ ਸਾਨੂੰ ਇਸ ਦੇਸ਼ ਉੱਤੇ ਕਬਜ਼ਾ ਕਰਨ ਲਈ ਲਿਆਇਆ ਹੈ । ਨਹੀਂ, ਸਗੋਂ ਉਹਨਾਂ ਕੌਮਾਂ ਦੀ ਬੁਰਿਆਈ ਦੇ ਕਾਰਨ ਯਹੋਵਾਹ ਉਹਨਾਂ ਨੂੰ ਤੁਹਾਡੇ ਅੱਗਿਓਂ ਕੱਢ ਰਿਹਾ ਹੈ ।
5ਨਾ ਤਾਂ ਤੁਸੀਂ ਆਪਣੇ ਧਰਮ ਦੇ ਕਾਰਨ, ਨਾ ਹੀ ਆਪਣੇ ਮਨ ਦੀ ਸਿਧਿਆਈ ਦੇ ਕਾਰਨ ਇਨ੍ਹਾਂ ਦੇ ਦੇਸ਼ ਉੱਤੇ ਕਬਜ਼ਾ ਕਰਨ ਲਈ ਜਾਂਦੇ ਹੋ, ਸਗੋਂ ਇਨ੍ਹਾਂ ਕੌਮਾਂ ਦੀ ਬੁਰਿਆਈ ਦੇ ਕਾਰਨ ਯਹੋਵਾਹ ਤੁਹਾਡਾ ਪਰਮੇਸ਼ੁਰ ਇਨ੍ਹਾਂ ਨੂੰ ਤੁਹਾਡੇ ਅੱਗਿਓਂ ਕੱਢਦਾ ਹੈ ਅਤੇ ਇਸ ਲਈ ਵੀ ਕਿ ਉਹ ਉਸ ਬਚਨ ਨੂੰ ਕਾਇਮ ਰੱਖੇ ਜਿਹੜਾ ਯਹੋਵਾਹ ਨੇ ਤੁਹਾਡੇ ਪਿਉ-ਦਾਦਿਆਂ ਅਰਥਾਤ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਸਹੁੰ ਖਾ ਕੇ ਦਿੱਤਾ ਸੀ ।
6ਤੁਸੀਂ ਜਾਣ ਲਓ ਕਿ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਧਰਮ ਦੇ ਕਾਰਨ ਇਹ ਚੰਗਾ ਦੇਸ਼ ਤੁਹਾਨੂੰ ਅਧਿਕਾਰ ਕਰਨ ਲਈ ਨਹੀਂ ਦਿੰਦਾ, ਕਿਉਂ ਜੋ ਤੁਸੀਂ ਹਠੀਲੇ ਲੋਕ ਹੋ ।
7ਯਾਦ ਰੱਖੋ ਅਤੇ ਭੁੱਲ ਨਾ ਜਾਇਓ ਕਿ ਤੁਸੀਂ ਕਿਵੇਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਉਜਾੜ ਵਿੱਚ ਕ੍ਰੋਧਿਤ ਕੀਤਾ । ਜਿਸ ਦਿਨ ਤੋਂ ਤੁਸੀਂ ਮਿਸਰ ਦੇਸ਼ ਤੋਂ ਨਿੱਕਲੇ ਅਤੇ ਜਦ ਤੱਕ ਤੁਸੀਂ ਇਸ ਸਥਾਨ ਉੱਤੇ ਆਏ, ਤੁਸੀਂ ਯਹੋਵਾਹ ਦੇ ਵਿਰੁੱਧ ਵਿਦਰੋਹ ਹੀ ਕੀਤਾ ਹੈ ।8ਹੋਰੇਬ ਵਿੱਚ ਵੀ ਤੁਸੀਂ ਯਹੋਵਾਹ ਨੂੰ ਕ੍ਰੋਧਿਤ ਕੀਤਾ ਅਤੇ ਯਹੋਵਾਹ ਤੁਹਾਡਾ ਨਾਸ਼ ਕਰਨ ਲਈ ਕ੍ਰੋਧਵਾਨ ਹੋਇਆ ।
9ਜਦ ਮੈਂ ਪਹਾੜ ਉੱਤੇ ਪੱਥਰ ਦੀਆਂ ਫੱਟੀਆਂ ਲੈਣ ਨੂੰ ਚੜ੍ਹਿਆ ਅਰਥਾਤ ਉਸ ਨੇਮ ਦੀਆਂ ਫੱਟੀਆਂ ਜਿਹੜਾ ਯਹੋਵਾਹ ਨੇ ਤੁਹਾਡੇ ਨਾਲ ਬੰਨ੍ਹਿਆ ਸੀ, ਤਦ ਮੈਂ ਪਹਾੜ ਉੱਤੇ ਚਾਲੀ ਦਿਨ ਅਤੇ ਚਾਲੀ ਰਾਤ ਰਿਹਾ । ਮੈਂ ਨਾ ਰੋਟੀ ਖਾਧੀ ਅਤੇ ਨਾ ਪਾਣੀ ਪੀਤਾ ।10ਤਦ ਯਹੋਵਾਹ ਨੇ ਮੈਨੂੰ ਪੱਥਰ ਦੀਆਂ ਦੋ ਫੱਟੀਆਂ ਦਿੱਤੀਆਂ, ਜਿਹੜੀਆਂ ਪਰਮੇਸ਼ੁਰ ਦੇ ਹੱਥੀਂ ਲਿਖੀਆਂ ਹੋਈਆਂ ਸਨ ਅਤੇ ਉਹਨਾਂ ਉੱਤੇ ਉਨ੍ਹਾਂ ਸਾਰੇ ਬਚਨਾਂ ਦੇ ਅਨੁਸਾਰ ਲਿਖਿਆ ਹੋਇਆ ਸੀ, ਜਿਹੜੇ ਯਹੋਵਾਹ ਨੇ ਤੁਹਾਡੇ ਨਾਲ ਪਹਾੜ ਉੱਤੇ ਅੱਗ ਦੇ ਵਿੱਚੋਂ ਸਭਾ ਦੇ ਦਿਨ ਬੋਲੇ ਸਨ ।
11ਚਾਲੀ ਦਿਨਾਂ ਅਤੇ ਚਾਲੀ ਰਾਤਾਂ ਦੇ ਅੰਤ ਵਿੱਚ ਯਹੋਵਾਹ ਨੇ ਉਹ ਦੋਵੇਂ ਪੱਥਰ ਦੀਆਂ ਫੱਟੀਆਂ ਅਰਥਾਤ ਨੇਮ ਦੀਆਂ ਫੱਟੀਆਂ ਮੈਨੂੰ ਦਿੱਤੀਆਂ ।12ਤਦ ਯਹੋਵਾਹ ਨੇ ਮੈਨੂੰ ਆਖਿਆ, "ਉੱਠ ਅਤੇ ਛੇਤੀ ਨਾਲ ਇੱਥੋਂ ਹੇਠਾਂ ਉਤਰ ਜਾ ਕਿਉਂ ਜੋ ਤੇਰੇ ਲੋਕ, ਜਿਨ੍ਹਾਂ ਨੂੰ ਤੂੰ ਮਿਸਰ ਤੋਂ ਕੱਢ ਲਿਆਇਆ ਹੈਂ, ਆਪਣੇ ਆਪ ਨੂੰ ਭ੍ਰਿਸ਼ਟ ਕਰ ਬੈਠੇ ਹਨ । ਉਹ ਛੇਤੀ ਨਾਲ ਉਸ ਰਾਹ ਤੋਂ ਮੁੜ ਗਏ ਹਨ, ਜਿਸ ਦਾ ਮੈਂ ਉਨ੍ਹਾਂ ਨੂੰ ਹੁਕਮ ਦਿੱਤਾ ਸੀ । ਉਨ੍ਹਾਂ ਨੇ ਇੱਕ ਢਾਲੀ ਹੋਈ ਮੂਰਤ ਆਪਣੇ ਲਈ ਬਣਾ ਲਈ ਹੈ । "
13ਯਹੋਵਾਹ ਨੇ ਅੱਗੇ ਮੈਨੂੰ ਇਹ ਵੀ ਆਖਿਆ, "ਮੈਂ ਇਸ ਪਰਜਾ ਨੂੰ ਵੇਖਿਆ ਹੈ ਅਤੇ ਵੇਖੋ, ਉਹ ਇੱਕ ਹਠੀਲੀ ਪਰਜਾ ਹੈ ।14ਮੈਨੂੰ ਛੱਡ ਦੇ ਤਾਂ ਜੋ ਮੈਂ ਉਨ੍ਹਾਂ ਦਾ ਨਾਸ਼ ਕਰਾਂ ਅਤੇ ਉਨ੍ਹਾਂ ਦਾ ਨਾਂ ਅਕਾਸ਼ ਦੇ ਹੇਠੋਂ ਮਿਟਾ ਦਿਆਂ ਅਤੇ ਮੈਂ ਤੇਰੇ ਤੋਂ ਇੱਕ ਕੌਮ ਉਨ੍ਹਾਂ ਤੋਂ ਬਲਵੰਤ ਅਤੇ ਵੱਡੀ ਬਣਾਵਾਂਗਾ । "
15ਤਦ ਮੈਂ ਪਹਾੜ ਤੋਂ ਹੇਠਾਂ ਨੂੰ ਮੁੜ ਆਇਆ ਅਤੇ ਉਹ ਪਹਾੜ ਅੱਗ ਨਾਲ ਬਲ ਰਿਹਾ ਸੀ ਅਤੇ ਨੇਮ ਦੀਆਂ ਦੋਨੋਂ ਫੱਟੀਆਂ ਮੇਰੇ ਦੋਹਾਂ ਹੱਥਾਂ ਵਿੱਚ ਸਨ ।16ਤਦ ਮੈਂ ਵੇਖਿਆ ਅਤੇ ਵੇਖੋ, ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਪਾਪ ਕੀਤਾ ਜੋ ਤੁਸੀਂ ਆਪਣੇ ਲਈ ਇੱਕ ਵੱਛਾ ਢਾਲ ਕੇ ਬਣਾ ਲਿਆ ਸੀ । ਤੁਸੀਂ ਛੇਤੀ ਨਾਲ ਉਸ ਰਾਹ ਤੋਂ ਮੁੜ ਗਏ ਸੀ, ਜਿਸ ਦਾ ਯਹੋਵਾਹ ਨੇ ਤੁਹਾਨੂੰ ਹੁਕਮ ਦਿੱਤਾ ਸੀ ।
17ਮੈਂ ਉਹ ਦੋਨੋਂ ਫੱਟੀਆਂ ਫੜ੍ਹ ਕੇ ਆਪਣੇ ਦੋਹਾਂ ਹੱਥਾਂ ਤੋਂ ਸੁੱਟ ਦਿੱਤੀਆਂ ਅਤੇ ਮੈਂ ਤੁਹਾਡੇ ਵੇਖਦਿਆਂ ਉਹਨਾਂ ਨੂੰ ਤੋੜ ਸੁੱਟਿਆ ।18ਤਦ ਮੈਂ ਪਹਿਲਾਂ ਦੀ ਤਰ੍ਹਾਂ ਯਹੋਵਾਹ ਦੇ ਅੱਗੇ ਚਾਲੀ ਦਿਨ ਅਤੇ ਚਾਲੀ ਰਾਤਾਂ ਪਿਆ ਰਿਹਾ । ਨਾ ਮੈਂ ਰੋਟੀ ਖਾਧੀ ਅਤੇ ਨਾ ਮੈਂ ਪਾਣੀ ਪੀਤਾ, ਤੁਹਾਡੇ ਸਾਰੇ ਪਾਪਾਂ ਦੇ ਕਾਰਨ ਜਿਹੜੇ ਤੁਸੀਂ ਕੀਤੇ ਜਦ ਤੁਸੀਂ ਯਹੋਵਾਹ ਦੀ ਨਿਗਾਹ ਵਿੱਚ ਬੁਰਿਆਈ ਕੀਤੀ ਅਤੇ ਉਸ ਨੂੰ ਕ੍ਰੋਧਿਤ ਕੀਤਾ ।
19ਮੈਂ ਤਾਂ ਯਹੋਵਾਹ ਦੇ ਕ੍ਰੋਧ ਅਤੇ ਉਸ ਦੇ ਕਹਿਰ ਤੋਂ ਡਰ ਗਿਆ, ਕਿਉਂ ਜੋ ਯਹੋਵਾਹ ਤੁਹਾਡੇ ਵਿਰੁੱਧ ਅਜਿਹਾ ਕ੍ਰੋਧਿਤ ਹੋਇਆ ਕਿ ਉਹ ਤੁਹਾਡਾ ਨਾਸ਼ ਕਰਨ ਵਾਲਾ ਹੀ ਸੀ । ਫੇਰ ਵੀ ਯਹੋਵਾਹ ਨੇ ਉਸ ਵੇਲੇ ਮੇਰੀ ਸੁਣ ਲਈ ।20ਫੇਰ ਯਹੋਵਾਹ ਹਾਰੂਨ ਉੱਤੇ ਬਹੁਤ ਕ੍ਰੋਧਿਤ ਹੋਇਆ ਕਿ ਉਸ ਨੂੰ ਨਾਸ਼ ਕਰ ਦੇਵੇ ਤਾਂ ਮੈਂ ਉਸ ਵੇਲੇ ਹਾਰੂਨ ਲਈ ਵੀ ਬੇਨਤੀ ਕੀਤੀ ।
21ਮੈਂ ਤੁਹਾਡੇ ਪਾਪ ਨੂੰ ਅਰਥਾਤ ਉਸ ਵੱਛੇ ਨੂੰ ਜਿਹੜਾ ਤੁਸੀਂ ਬਣਾਇਆ ਸੀ, ਲੈ ਕੇ ਅੱਗ ਵਿੱਚ ਸਾੜ ਸੁੱਟਿਆ ਅਤੇ ਮੈਂ ਉਸ ਨੂੰ ਕੁੱਟ ਕੇ ਅਤੇ ਪੀਹ ਕੇ ਐਨਾ ਮਹੀਨ ਕੀਤਾ ਕਿ ਉਹ ਧੂੜ ਜਿਹਾ ਹੋ ਗਿਆ, ਤਾਂ ਮੈਂ ਉਸ ਧੂੜ ਨੂੰ ਚੁੱਕ ਕੇ ਉਸ ਨਾਲੇ ਵਿੱਚ ਸੁੱਟ ਦਿੱਤਾ, ਜਿਹੜਾ ਪਹਾੜ ਤੋਂ ਹੇਠਾਂ ਨੂੰ ਆਉਂਦਾ ਸੀ ।
22ਤਬਏਰਾਹ ਮੱਸਾਹ ਅਤੇ ਕਿਬਰੋਥ-ਹੱਤਆਵਾਹ ਵਿੱਚ ਵੀ ਤੁਸੀਂ ਯਹੋਵਾਹ ਨੂੰ ਕ੍ਰੋਧਿਤ ਕੀਤਾ ।23ਜਦ ਯਹੋਵਾਹ ਨੇ ਤੁਹਾਨੂੰ ਕਾਦੇਸ਼ ਬਰਨੇਆ ਤੋਂ ਭੇਜਿਆ ਅਤੇ ਆਖਿਆ, "ਜਾ ਕੇ ਉਸ ਦੇਸ਼ ਉੱਤੇ ਅਧਿਕਾਰ ਕਰ ਲਓ ਜਿਹੜਾ ਮੈਂ ਤੁਹਾਨੂੰ ਦਿੱਤਾ ਹੈ, ਤਾਂ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮ ਦੇ ਵਿਰੁੱਧ ਵਿਦਰੋਹ ਕੀਤਾ ਅਤੇ ਉਸ ਉੱਤੇ ਪਰਤੀਤ ਨਾ ਕੀਤੀ ਅਤੇ ਨਾ ਉਸ ਦੀ ਅਵਾਜ਼ ਨੂੰ ਸੁਣਿਆ ।24ਜਿਸ ਦਿਨ ਤੋਂ ਮੈਂ ਤੁਹਾਨੂੰ ਜਾਣਿਆ, ਤੁਸੀਂ ਯਹੋਵਾਹ ਦੇ ਵਿਰੁੱਧ ਵਿਦਰੋਹੀ ਹੀ ਰਹੇ ਹੋ ।
25ਤਦ ਮੈਂ ਚਾਲੀ ਦਿਨ ਅਤੇ ਚਾਲੀ ਰਾਤਾਂ ਯਹੋਵਾਹ ਦੇ ਅੱਗੇ ਮੂੰਹ ਭਾਰ ਡਿੱਗ ਕੇ ਪਿਆ ਰਿਹਾ, ਜਿਵੇਂ ਪਹਿਲਾਂ ਪਿਆ ਰਿਹਾ ਸੀ, ਕਿਉਂ ਜੋ ਯਹੋਵਾਹ ਨੇ ਤੁਹਾਨੂੰ ਨਾਸ਼ ਕਰਨ ਲਈ ਆਖਿਆ ਸੀ ।26ਤਦ ਮੈਂ ਯਹੋਵਾਹ ਅੱਗੇ ਬੇਨਤੀ ਕੀਤੀ, "ਹੇ ਪ੍ਰਭੂ ਯਹੋਵਾਹ, ਆਪਣੀ ਪਰਜਾ ਨੂੰ ਅਤੇ ਆਪਣੇ ਨਿੱਜ-ਭਾਗ ਨੂੰ ਨਾਸ਼ ਨਾ ਕਰ, ਜਿਸ ਨੂੰ ਤੂੰ ਆਪਣੀ ਮਹਾਨਤਾ ਨਾਲ ਛੁੱਟਕਾਰਾ ਦਿੱਤਾ ਹੈ ਅਤੇ ਜਿਸ ਨੂੰ ਤੂੰ ਬਲਵੰਤ ਹੱਥ ਨਾਲ ਮਿਸਰ ਤੋਂ ਬਾਹਰ ਲੈ ਆਇਆ ਹੈਂ ।
27ਆਪਣੇ ਦਾਸ ਅਬਰਾਹਾਮ, ਇਸਹਾਕ ਅਤੇ ਯਾਕੂਬ ਨੂੰ ਯਾਦ ਕਰ ਅਤੇ ਇਸ ਪਰਜਾ ਦੇ ਢੀਠਪੁਣੇ, ਦੁਸ਼ਟਤਾ ਅਤੇ ਪਾਪ ਨੂੰ ਨਾ ਵੇਖ,28ਕਿਤੇ ਉਸ ਧਰਤੀ ਦੇ ਲੋਕ ਜਿੱਥੋਂ ਤੂੰ ਸਾਨੂੰ ਕੱਢ ਲਿਆਇਆ ਹੈਂ ਆਖਣ, ਯਹੋਵਾਹ ਉਹਨਾਂ ਨੂੰ ਉਸ ਧਰਤੀ ਵਿੱਚ ਨਾ ਪਹੁੰਚਾ ਸਕਿਆ ਜਿਸ ਦਾ ਉਸ ਨੇ ਉਹਨਾਂ ਨੂੰ ਬਚਨ ਦਿੱਤਾ ਸੀ, ਕਿਉਂ ਜੋ ਉਹ ਉਹਨਾਂ ਨਾਲ ਵੈਰ ਰੱਖਦਾ ਹੈ, ਇਸ ਲਈ ਉਹ ਉਹਨਾਂ ਨੂੰ ਬਾਹਰ ਕੱਢ ਲਿਆਇਆ ਤਾਂ ਜੋ ਉਜਾੜ ਵਿੱਚ ਉਹਨਾਂ ਦਾ ਨਾਸ਼ ਕਰੇ ।29ਉਹ ਤੇਰੀ ਪਰਜਾ ਅਤੇ ਤੇਰਾ ਨਿੱਜ-ਭਾਗ ਹਨ, ਜਿਨ੍ਹਾਂ ਨੂੰ ਤੂੰ ਵੱਡੀ ਸ਼ਕਤੀ ਅਤੇ ਵਧਾਈ ਹੋਈ ਬਾਂਹ ਨਾਲ ਬਾਹਰ ਕੱਢ ਲਿਆਇਆ ਹੈਂ । "

10
ਪੱਥਰ ਦੀਆਂ ਨਵੀਆਂ ਫੱਟੀਆਂ
(ਕੂਚ 34:1-10)

1ਉਸ ਵੇਲੇ ਯਹੋਵਾਹ ਨੇ ਮੈਨੂੰ ਆਖਿਆ, "ਪਹਿਲਾਂ ਦੀ ਤਰ੍ਹਾਂ ਪੱਥਰ ਦੀਆਂ ਦੋ ਫੱਟੀਆਂ ਘੜ੍ਹ ਕੇ ਬਣਾ ਅਤੇ ਉਨ੍ਹਾਂ ਨੂੰ ਲੈ ਕੇ ਮੇਰੇ ਕੋਲ ਪਹਾੜ ਉੱਤੇ ਚੜ੍ਹ ਆ ਅਤੇ ਲੱਕੜੀ ਦਾ ਇੱਕ ਸੰਦੂਕ ਵੀ ਬਣਵਾ ।2ਮੈਂ ਉਨ੍ਹਾਂ ਫੱਟੀਆਂ ਉੱਤੇ ਉਹੋ ਗੱਲਾਂ ਲਿਖਾਂਗਾ, ਜਿਹੜੀਆਂ ਪਹਿਲੀਆਂ ਫੱਟੀਆਂ ਉੱਤੇ ਸਨ, ਜਿਨ੍ਹਾਂ ਨੂੰ ਤੂੰ ਤੋੜ ਸੁੱਟਿਆ । ਤੂੰ ਉਨ੍ਹਾਂ ਨੂੰ ਸੰਦੂਕ ਵਿੱਚ ਰੱਖ ਲਵੀਂ ।

3ਤਦ ਮੈਂ ਬਬੂਲ ਦੀ ਲੱਕੜੀ ਦਾ ਇੱਕ ਸੰਦੂਕ ਬਣਵਾਇਆ ਅਤੇ ਮੈਂ ਪੱਥਰ ਦੀਆਂ ਦੋ ਫੱਟੀਆਂ ਪਹਿਲਾਂ ਵਾਂਗੂੰ ਘੜ੍ਹ ਕੇ ਬਣਾਈਆਂ ਅਤੇ ਇਹ ਦੋਨੋਂ ਫੱਟੀਆਂ ਆਪਣੇ ਹੱਥਾਂ ਵਿੱਚ ਲੈ ਕੇ ਮੈਂ ਪਹਾੜ ਉੱਤੇ ਚੜ੍ਹ ਗਿਆ ।4ਤਦ ਉਸ ਨੇ ਉਨ੍ਹਾਂ ਫੱਟੀਆਂ ਉੱਤੇ ਲਿਖਿਆ ਜਿਵੇਂ ਪਹਿਲਾਂ ਲਿਖਿਆ ਸੀ ਅਰਥਾਤ ਉਹ ਦਸ ਹੁਕਮ ਜਿਹੜੇ ਯਹੋਵਾਹ ਨੇ ਤੁਹਾਨੂੰ ਪਹਾੜ ਉੱਤੇ ਅੱਗ ਦੇ ਵਿੱਚੋਂ ਦੀ ਸਭਾ ਵਾਲੇ ਦਿਨ ਦਿੱਤੇ ਸਨ । " ਫੇਰ ਯਹੋਵਾਹ ਨੇ ਉਹ ਫੱਟੀਆਂ ਮੈਨੂੰ ਦੇ ਦਿੱਤੀਆਂ ।
5ਜਦ ਮੈਂ ਪਹਾੜ ਤੋਂ ਉੱਤਰਿਆ ਤਾਂ ਮੈਂ ਉਨ੍ਹਾਂ ਫੱਟੀਆਂ ਨੂੰ ਉਸ ਸੰਦੂਕ ਵਿੱਚ ਰੱਖ ਦਿੱਤਾ, ਜਿਹੜਾ ਮੈਂ ਬਣਵਾਇਆ ਸੀ ਅਤੇ ਯਹੋਵਾਹ ਦੇ ਹੁਕਮ ਅਨੁਸਾਰ ਉਹ ਉੱਥੇ ਹੀ ਹਨ ।

6ਇਸਰਾਏਲੀਆਂ ਨੇ ਯਆਕਾਨੀਆਂ ਦੇ ਬਏਰੋਥ ਤੋਂ ਮੋਸੇਰਾਹ ਤੱਕ ਕੂਚ ਕੀਤਾ । ਉੱਥੇ ਹਾਰੂਨ ਮਰ ਗਿਆ ਅਤੇ ਉਸ ਨੂੰ ਉੱਥੇ ਹੀ ਦੱਬਿਆ ਗਿਆ, ਤਦ ਉਸ ਦਾ ਪੁੱਤਰ ਅਲਆਜ਼ਾਰ ਉਸ ਦੇ ਸਥਾਨ ਤੇ ਜਾਜਕਾਈ ਦਾ ਕੰਮ ਕਰਨ ਲੱਗਾ ।7ਉੱਥੋਂ ਉਨ੍ਹਾਂ ਨੇ ਗੁਦਗੋਦਾਹ ਨੂੰ ਕੂਚ ਕੀਤਾ । ਫੇਰ ਗੁਦਗੋਦਾਹ ਤੋਂ ਯਾਟਬਾਤਾਹ ਨੂੰ ਜਿਹੜਾ ਪਾਣੀ ਦੀਆਂ ਨਦੀਆਂ ਦਾ ਦੇਸ਼ ਸੀ ।
8ਉਸ ਸਮੇਂ ਯਹੋਵਾਹ ਨੇ ਲੇਵੀ ਦੇ ਗੋਤ ਨੂੰ ਵੱਖਰਾ ਕਰ ਦਿੱਤਾ ਤਾਂ ਜੋ ਉਹ ਯਹੋਵਾਹ ਦੇ ਨੇਮ ਦੇ ਸੰਦੂਕ ਨੂੰ ਚੁੱਕਿਆ ਕਰਨ ਅਤੇ ਯਹੋਵਾਹ ਦੇ ਅੱਗੇ ਖੜ੍ਹੇ ਰਹਿ ਕੇ ਉਸ ਦੀ ਟਹਿਲ ਸੇਵਾ ਕਰਨ ਅਤੇ ਉਸ ਦੇ ਨਾਮ ਉੱਤੇ ਅਸੀਸ ਦਿਆ ਕਰਨ, ਜਿਵੇਂ ਅੱਜ ਦੇ ਦਿਨ ਤੱਕ ਦਿੰਦੇ ਆਏ ਹਨ ।9ਇਸ ਕਾਰਨ ਲੇਵੀ ਦਾ ਆਪਣੇ ਭਰਾਵਾਂ ਨਾਲ ਕੋਈ ਭਾਗ ਜਾਂ ਵਿਰਾਸਤ ਨਹੀਂ ਹੈ । ਯਹੋਵਾਹ ਹੀ ਉਸ ਦੀ ਵਿਰਾਸਤ ਹੈ, ਜਿਵੇਂ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਉਸ ਨੂੰ ਆਖਿਆ ਸੀ ।

10ਮੈਂ ਪਹਿਲਾਂ ਦੀ ਤਰ੍ਹਾਂ ਫੇਰ ਚਾਲੀ ਦਿਨ ਅਤੇ ਚਾਲੀ ਰਾਤਾਂ ਪਹਾੜ ਉੱਤੇ ਰਿਹਾ, ਤਾਂ ਉਸ ਵੇਲੇ ਵੀ ਯਹੋਵਾਹ ਨੇ ਮੇਰੀ ਸੁਣ ਲਈ ਅਤੇ ਯਹੋਵਾਹ ਨੇ ਤੁਹਾਨੂੰ ਨਾਸ਼ ਕਰਨਾ ਨਾ ਚਾਹਿਆ ।11ਯਹੋਵਾਹ ਨੇ ਮੈਨੂੰ ਆਖਿਆ, "ਉੱਠ ਅਤੇ ਇਸ ਪਰਜਾ ਦੇ ਅੱਗੇ-ਅੱਗੇ ਕੂਚ ਕਰ ਤਾਂ ਜੋ ਉਹ ਜਾ ਕੇ ਉਸ ਦੇਸ਼ ਉੱਤੇ ਅਧਿਕਾਰ ਕਰ ਲੈਣ ਜਿਸ ਨੂੰ ਦੇਣ ਦੀ ਸਹੁੰ ਮੈਂ ਉਨ੍ਹਾਂ ਦੇ ਪਿਉ-ਦਾਦਿਆਂ ਨਾਲ ਖਾਧੀ ਸੀ । "
ਪਰਮੇਸ਼ੁਰ ਦੀ ਮੰਗ

12ਹੇ ਇਸਰਾਏਲ, ਹੁਣ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਤੋਂ ਹੋਰ ਕੀ ਚਾਹੁੰਦਾ ਹੈ, ਸਿਰਫ਼ ਇਹ ਕਿ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦਾ ਭੈ ਮੰਨੋ, ਉਸ ਦੇ ਸਾਰੇ ਰਾਹਾਂ ਉੱਤੇ ਚੱਲੋ, ਉਸ ਨਾਲ ਪ੍ਰੇਮ ਰੱਖੋ ਅਤੇ ਆਪਣੇ ਸਾਰੇ ਮਨ ਅਤੇ ਆਪਣੀ ਸਾਰੀ ਜਾਨ ਨਾਲ ਯਹੋਵਾਹ ਆਪਣੇ ਪਰਮੇਸ਼ੁਰ ਦੀ ਉਪਾਸਨਾ ਕਰੋ ।13ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਾਰੇ ਹੁਕਮਾਂ ਅਤੇ ਬਿਧੀਆਂ ਨੂੰ ਮੰਨੋ ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਤੁਹਾਡੀ ਭਲਿਆਈ ਲਈ ਹੁਕਮ ਦਿੰਦਾ ਹਾਂ ।
14ਵੇਖੋ, ਅਕਾਸ਼ ਸਗੋਂ ਅਕਾਸ਼ਾਂ ਦਾ ਅਕਾਸ਼ ਅਤੇ ਧਰਤੀ ਅਤੇ ਜੋ ਕੁਝ ਉਸ ਵਿੱਚ ਹੈ, ਯਹੋਵਾਹ ਤੁਹਾਡੇ ਪਰਮੇਸ਼ੁਰ ਦਾ ਹੈ ।15ਸਿਰਫ਼ ਤੁਹਾਡੇ ਪਿਉ-ਦਾਦਿਆਂ ਨਾਲ ਪ੍ਰਸੰਨ ਹੋ ਕੇ ਯਹੋਵਾਹ ਉਨ੍ਹਾਂ ਨਾਲ ਪ੍ਰੇਮ ਕਰਦਾ ਸੀ ਅਤੇ ਉਨ੍ਹਾਂ ਦੇ ਬਾਅਦ ਉਨ੍ਹਾਂ ਦੇ ਵੰਸ਼ ਅਰਥਾਤ ਤੁਹਾਨੂੰ ਸਾਰੇ ਲੋਕਾਂ ਵਿੱਚੋਂ ਚੁਣ ਲਿਆ, ਜਿਵੇਂ ਅੱਜ ਦੇ ਦਿਨ ਹੈ ।
16ਆਪਣੇ ਮਨਾਂ ਦੀ ਸੁੰਨਤ ਕਰਾਓ ਅਤੇ ਅੱਗੇ ਨੂੰ ਹਠੀਲੇ ਨਾ ਬਣੋ,17ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਪਰਮੇਸ਼ੁਰਾਂ ਦਾ ਪਰਮੇਸ਼ੁਰ ਹੈ ਅਤੇ ਪ੍ਰਭੂਆਂ ਦਾ ਪ੍ਰਭੂ ਹੈ । ਉਹ ਮਹਾਨ, ਸ਼ਕਤੀਮਾਨ ਅਤੇ ਭੈ ਦਾਇਕ ਪਰਮੇਸ਼ੁਰ ਹੈ, ਜਿਹੜਾ ਕਿਸੇ ਦਾ ਪੱਖਪਾਤ ਨਹੀਂ ਕਰਦਾ ਅਤੇ ਨਾ ਕਿਸੇ ਤੋਂ ਰਿਸ਼ਵਤ ਲੈਂਦਾ ਹੈ ।
18ਉਹ ਯਤੀਮ ਅਤੇ ਵਿਧਵਾ ਦਾ ਨਿਆਂ ਕਰਦਾ ਹੈ ਅਤੇ ਪਰਦੇਸੀ ਨਾਲ ਪ੍ਰੇਮ ਰੱਖਦਾ ਹੈ ਕਿ ਉਸ ਨੂੰ ਰੋਟੀ ਅਤੇ ਕੱਪੜਾ ਦੇਵੇ ।19ਤੁਸੀਂ ਵੀ ਪਰਦੇਸੀ ਨਾਲ ਪ੍ਰੇਮ ਰੱਖੋ ਕਿਉਂ ਜੋ ਤੁਸੀਂ ਵੀ ਮਿਸਰ ਦੇਸ਼ ਵਿੱਚ ਪਰਦੇਸੀ ਸੀ ।
20ਯਹੋਵਾਹ ਆਪਣੇ ਪਰਮੇਸ਼ੁਰ ਦਾ ਭੈ ਮੰਨੋ, ਉਸੇ ਦੀ ਉਪਾਸਨਾ ਕਰੋ, ਉਸ ਦੇ ਨਾਲ ਲੱਗੇ ਰਹੋ ਅਤੇ ਉਸੇ ਦੇ ਨਾਮ ਉੱਤੇ ਸਹੁੰ ਖਾਓ ।21ਉਹ ਹੀ ਤੁਹਾਡੀ ਮਹਿਮਾ ਦੇ ਯੋਗ ਹੈ । ਉਹ ਤੁਹਾਡਾ ਪਰਮੇਸ਼ੁਰ ਹੈ, ਜਿਸ ਨੇ ਤੁਹਾਡੇ ਲਈ ਇਹ ਵੱਡੇ ਅਤੇ ਭਿਆਨਕ ਕੰਮ ਕੀਤੇ ਹਨ, ਜਿਹੜੇ ਤੁਸੀਂ ਆਪਣੀਆਂ ਅੱਖਾਂ ਨਾਲ ਵੇਖੇ ਹਨ ।
22ਤੁਹਾਡੇ ਪਿਉ-ਦਾਦੇ ਜਦ ਮਿਸਰ ਵਿੱਚ ਗਏ ਤਦ ਉਹ ਸੱਤਰ ਪ੍ਰਾਣੀ ਹੀ ਸਨ, ਅਤੇ ਹੁਣ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਅਕਾਸ਼ ਦੇ ਤਾਰਿਆਂ ਵਾਂਗੂੰ ਵਧਾਇਆ ਹੈ ।

11
ਪ੍ਰਭੂ ਦੀ ਮਹਾਨਤਾ

1ਇਸ ਲਈ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਪ੍ਰੇਮ ਰੱਖੋ ਅਤੇ ਉਸ ਦੀਆਂ ਬਿਧੀਆਂ, ਕਨੂੰਨਾਂ, ਹੁਕਮਾਂ ਅਤੇ ਨਿਰਦੇਸ਼ਾਂ ਦੀ ਸਦਾ ਲਈ ਪਾਲਨਾ ਕਰੋ ।

2ਅੱਜ ਤੁਸੀਂ ਜਾਣ ਲਓ ਕਿ ਮੈਂ ਤੁਹਾਡੇ ਪੁੱਤਰਾਂ ਨਾਲ ਨਹੀਂ ਬੋਲਦਾ, ਜਿਨ੍ਹਾਂ ਨੇ ਨਾ ਤਾਂ ਕੁਝ ਜਾਣਿਆ ਅਤੇ ਨਾ ਯਹੋਵਾਹ ਤੁਹਾਡੇ ਪਰਮੇਸ਼ੁਰ ਦੀ ਤਾੜ, ਉਸ ਦੀ ਮਹਾਨਤਾ, ਉਸ ਦਾ ਸ਼ਕਤੀ ਵਾਲਾ ਹੱਥ ਅਤੇ ਉਸ ਦੀ ਲੰਮੀ ਬਾਂਹ ਨੂੰ ਵੇਖਿਆ ਹੈ,3ਨਾਲ ਹੀ ਉਸ ਦੇ ਨਿਸ਼ਾਨ ਅਤੇ ਉਸ ਦੇ ਕੰਮ ਜਿਹੜੇ ਉਸ ਨੇ ਮਿਸਰ ਵਿੱਚ ਉੱਥੋਂ ਦੇ ਰਾਜੇ ਫ਼ਿਰਊਨ ਅਤੇ ਉਸ ਦੇ ਦੇਸ਼ ਨਾਲ ਕੀਤੇ
4ਅਤੇ ਉਸ ਨੇ ਮਿਸਰ ਦੀ ਫ਼ੌਜ, ਉਨ੍ਹਾਂ ਦੇ ਘੋੜਿਆਂ ਅਤੇ ਉਨ੍ਹਾਂ ਦੇ ਰਥਾਂ ਨਾਲ ਕੀ ਕੀਤਾ, ਜਦ ਉਹ ਤੁਹਾਡਾ ਪਿੱਛਾ ਕਰਦੇ ਸਨ, ਉਸ ਨੇ ਲਾਲ ਸਮੁੰਦਰ ਦਾ ਪਾਣੀ ਉਨ੍ਹਾਂ ਦੇ ਉੱਤੋਂ ਦੀ ਵਗਾਇਆ, ਅਤੇ ਕਿਵੇਂ ਯਹੋਵਾਹ ਨੇ ਉਨ੍ਹਾਂ ਦਾ ਨਾਸ਼ ਕੀਤਾ ਕਿ ਅੱਜ ਤੱਕ ਉਨ੍ਹਾਂ ਦਾ ਪਤਾ ਨਹੀਂ ।5ਤੁਹਾਡੇ ਇਸ ਸਥਾਨ ਵਿੱਚ ਪਹੁੰਚਣ ਤੱਕ ਉਸ ਨੇ ਤੁਹਾਡੇ ਲਈ ਉਜਾੜ ਵਿੱਚ ਕੀ-ਕੀ ਕੀਤਾ,
6ਅਤੇ ਉਸ ਨੇ ਰਊਬੇਨੀ ਅਲੀਆਬ ਦੇ ਪੁੱਤਰਾਂ ਦਾਥਾਨ ਅਤੇ ਅਬੀਰਾਮ ਨਾਲ ਕੀ-ਕੀ ਕੀਤਾ, ਜਦ ਧਰਤੀ ਨੇ ਆਪਣਾ ਮੂੰਹ ਖੋਲ੍ਹ ਕੇ ਉਨ੍ਹਾਂ ਨੂੰ, ਉਨ੍ਹਾਂ ਦੇ ਘਰਾਣਿਆਂ ਨੂੰ, ਉਨ੍ਹਾਂ ਦੇ ਤੰਬੂਆਂ ਅਤੇ ਉਨ੍ਹਾਂ ਦੇ ਸਾਰੇ ਜੀਵ-ਜੰਤੂਆਂ ਨੂੰ ਅਤੇ ਉਨ੍ਹਾਂ ਨੂੰ ਜਿਹੜੇ ਉਨ੍ਹਾਂ ਦੀ ਪੈਰਵਈ ਕਰਦੇ ਸਨ, ਸਾਰੇ ਇਸਰਾਏਲੀਆਂ ਵਿੱਚੋਂ ਨਿਗਲ ਲਿਆ,7ਪਰੰਤੂ ਤੁਹਾਡੀਆਂ ਅੱਖਾਂ ਨੇ ਯਹੋਵਾਹ ਦੇ ਕੀਤੇ ਹੋਏ ਇੰਨ੍ਹਾਂ ਸਾਰੇ ਵੱਡੇ-ਵੱਡੇ ਕੰਮਾਂ ਨੂੰ ਵੇਖਿਆ ਹੈ ।
ਵਾਅਦੇ ਦੇ ਦੇਸ਼ ਦੀਆਂ ਬਰਕਤਾਂ

8ਇਸ ਲਈ ਤੁਸੀਂ ਇਹ ਸਾਰੇ ਹੁਕਮ ਮੰਨੋ, ਜਿਹੜੇ ਮੈਂ ਤੁਹਾਨੂੰ ਅੱਜ ਦਿੰਦਾ ਹਾਂ, ਤਾਂ ਜੋ ਤੁਸੀਂ ਤਕੜੇ ਹੋਵੇ ਅਤੇ ਜਾ ਕੇ ਉਸ ਦੇਸ਼ ਉੱਤੇ ਅਧਿਕਾਰ ਕਰ ਲਓ, ਜਿਸ ਦੇ ਅਧਿਕਾਰੀ ਹੋਣ ਲਈ ਤੁਸੀਂ ਪਾਰ ਜਾਂਦੇ ਹੋ,9ਅਤੇ ਤੁਸੀਂ ਉਸ ਦੇਸ਼ ਵਿੱਚ ਬਹੁਤ ਦਿਨਾਂ ਤੱਕ ਰਹਿ ਸਕੋ, ਜਿਸ ਦੀ ਯਹੋਵਾਹ ਨੇ ਤੁਹਾਡੇ ਪਿਉ-ਦਾਦਿਆਂ ਨਾਲ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਵੰਸ਼ ਨੂੰ ਦੇਣ ਦੀ ਸਹੁੰ ਖਾਧੀ ਸੀ, ਜਿਸ ਦੇਸ਼ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਹੈ ।
10ਕਿਉਂ ਜੋ ਉਹ ਦੇਸ਼ ਜਿਸ ਉੱਤੇ ਅਧਿਕਾਰ ਕਰਨ ਲਈ ਤੁਸੀਂ ਜਾਂਦੇ ਹੋ, ਮਿਸਰ ਦੇਸ਼ ਵਰਗਾ ਨਹੀਂ ਹੈ ਜਿੱਥੋਂ ਤੁਸੀਂ ਨਿੱਕਲੇ ਹੋ, ਜਿੱਥੇ ਤੁਸੀਂ ਆਪਣੇ ਬੀਜ ਬੀਜਦੇ ਸੀ ਅਤੇ ਸਾਗ ਪੱਤ ਦੀ ਕਿਆਰੀ ਵਾਂਗੂੰ ਆਪਣੇ ਪੈਰ ਨਾਲ ਨਾਲੀਆਂ ਬਣਾ ਕੇ ਪਾਣੀ ਦਿੰਦੇ ਸੀ ।11ਪਰ ਜਿਸ ਦੇਸ਼ ਉੱਤੇ ਅਧਿਕਾਰ ਕਰਨ ਤੁਸੀਂ ਪਾਰ ਜਾਂਦੇ ਹੋ, ਉਹ ਪਹਾੜਾਂ ਅਤੇ ਵਾਦੀਆਂ ਦਾ ਦੇਸ਼ ਹੈ ਜੋ ਅਕਾਸ਼ ਦੀ ਵਰਖਾ ਦਾ ਪਾਣੀ ਪੀਂਦੀਆਂ ਹਨ ।12ਉਹ ਇੱਕ ਅਜਿਹੀ ਧਰਤੀ ਹੈ, ਜਿਸ ਦਾ ਯਹੋਵਾਹ ਤੁਹਾਡਾ ਪਰਮੇਸ਼ੁਰ ਧਿਆਨ ਰੱਖਦਾ ਹੈ ਅਤੇ ਯਹੋਵਾਹ ਤੁਹਾਡੇ ਪਰਮੇਸ਼ੁਰ ਦੀ ਨਜ਼ਰ ਉਸ ਉੱਤੇ ਸਾਲ ਦੇ ਅਰੰਭ ਤੋਂ ਲੈ ਕੇ ਸਾਲ ਦੇ ਅੰਤ ਤੱਕ ਲੱਗੀ ਰਹਿੰਦੀ ਹੈ ।
13ਅਜਿਹਾ ਹੋਵੇਗਾ ਕਿ ਜੇਕਰ ਤੁਸੀਂ ਮਨ ਲਾ ਕੇ ਮੇਰੇ ਹੁਕਮਾਂ ਨੂੰ ਸੁਣੋਗੇ, ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਹਾਂ ਅਰਥਾਤ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਪ੍ਰੇਮ ਰੱਖੋ ਅਤੇ ਆਪਣੇ ਸਾਰੇ ਮਨ ਅਤੇ ਆਪਣੀ ਸਾਰੀ ਜਾਨ ਨਾਲ ਉਸ ਦੀ ਸੇਵਾ ਕਰੋ,14ਤਾਂ ਮੈਂ ਤੁਹਾਡੀ ਧਰਤੀ ਉੱਤੇ ਸਮੇਂ ਸਿਰ ਵਰਖਾ ਵਰ੍ਹਾਵਾਂਗਾ ਅਰਥਾਤ ਪਹਿਲੀ ਅਤੇ ਆਖਰੀ ਵਰਖਾ ਤਾਂ ਜੋ ਤੁਸੀਂ ਆਪਣਾ ਅੰਨ, ਨਵੀਂ ਮਧ ਅਤੇ ਤੇਲ ਇਕੱਠਾ ਕਰ ਸਕੋ ।15ਅਤੇ ਮੈਂ ਤੁਹਾਡੇ ਖੇਤਾਂ ਵਿੱਚ ਤੁਹਾਡੇ ਪਸ਼ੂਆਂ ਲਈ ਘਾਹ ਦੇਵਾਂਗਾ ਅਤੇ ਤੁਸੀਂ ਰੱਜ ਕੇ ਖਾਓਗੇ ।
16ਚੌਕਸ ਰਹੋ, ਕਿਤੇ ਅਜਿਹਾ ਨਾ ਹੋਵੇ ਕਿ ਤੁਹਾਡੇ ਮਨ ਭਟਕ ਜਾਣ ਅਤੇ ਤੁਸੀਂ ਕੁਰਾਹੇ ਪੈ ਕੇ ਦੂਜੇ ਦੇਵਤਿਆਂ ਦੀ ਪੂਜਾ ਕਰਨ ਲੱਗੋ ਅਤੇ ਉਹਨਾਂ ਦੇ ਅੱਗੇ ਮੱਥਾ ਟੇਕੋ17ਅਤੇ ਯਹੋਵਾਹ ਦਾ ਕ੍ਰੋਧ ਤੁਹਾਡੇ ਉੱਤੇ ਭੜਕ ਉੱਠੇ ਅਤੇ ਉਹ ਅਕਾਸ਼ ਨੂੰ ਅਜਿਹਾ ਬੰਦ ਕਰੇ ਕਿ ਵਰਖਾ ਨਾ ਹੋਵੇ ਅਤੇ ਜ਼ਮੀਨ ਆਪਣਾ ਫਲ ਨਾ ਦੇਵੇ, ਅਤੇ ਤੁਸੀਂ ਉਸ ਚੰਗੇ ਦੇਸ਼ ਤੋਂ ਜਿਹੜਾ ਯਹੋਵਾਹ ਤੁਹਾਨੂੰ ਦਿੰਦਾ ਹੈ, ਛੇਤੀ ਨਾਲ ਨਾਸ਼ ਹੋ ਜਾਓਗੇ ।
18ਇਸ ਲਈ ਤੁਸੀਂ ਮੇਰੀਆਂ ਇਨ੍ਹਾਂ ਗੱਲਾਂ ਨੂੰ ਆਪਣੇ ਦਿਲਾਂ ਅਤੇ ਜਾਨਾਂ ਵਿੱਚ ਰੱਖੋ ਅਤੇ ਤੁਸੀਂ ਉਨ੍ਹਾਂ ਨੂੰ ਨਿਸ਼ਾਨ ਲਈ ਆਪਣੇ ਹੱਥ ਉੱਤੇ ਬੰਨ੍ਹਣਾ ਅਤੇ ਉਹ ਤੁਹਾਡੀਆਂ ਅੱਖਾਂ ਦੇ ਵਿਚਕਾਰ ਟਿੱਕੇ ਵਾਂਗੂੰ ਹੋਣ ।19ਤੁਸੀਂ ਆਪਣੇ ਘਰ ਵਿੱਚ ਬੈਠੇ ਹੋਏ, ਰਾਹ ਚੱਲਦੇ, ਲੰਮੇ ਪਏ ਅਤੇ ਉੱਠਦੇ ਹੋਏ ਇਨ੍ਹਾਂ ਗੱਲਾਂ ਦੀ ਚਰਚਾ ਕਰ ਕੇ ਆਪਣੇ ਬੱਚਿਆਂ ਨੂੰ ਸਿਖਾਇਓ ।
20ਤੁਸੀਂ ਇਨ੍ਹਾਂ ਨੂੰ ਆਪਣੇ ਘਰਾਂ ਦੀਆਂ ਚੁਗਾਠਾਂ ਉੱਤੇ ਅਤੇ ਆਪਣੇ ਫਾਟਕਾਂ ਉੱਤੇ ਲਿਖਿਓ,21ਤਾਂ ਜੋ ਜਿਸ ਦੇਸ਼ ਨੂੰ ਯਹੋਵਾਹ ਨੇ ਤੁਹਾਡੇ ਪਿਉ-ਦਾਦਿਆਂ ਨੂੰ ਦੇਣ ਦੀ ਸਹੁੰ ਖਾਧੀ ਸੀ, ਉਸ ਵਿੱਚ ਤੁਹਾਡੀ ਅਤੇ ਤੁਹਾਡੇ ਬੱਚਿਆਂ ਦੀ ਉਮਰ ਲੰਮੀ ਹੋਵੇ ਅਤੇ ਜਦ ਤੱਕ ਧਰਤੀ ਉੱਤੇ ਅਕਾਸ਼ ਬਣਿਆ ਰਹੇ ਤਦ ਤੱਕ ਉਹ ਵੀ ਬਣੇ ਰਹਿਣ ।
22ਜੇਕਰ ਤੁਸੀਂ ਇਨ੍ਹਾਂ ਸਾਰੇ ਹੁਕਮਾਂ ਦੀ, ਜਿਹੜੇ ਮੈਂ ਤੁਹਾਨੂੰ ਦਿੰਦਾ ਹਾਂ, ਮਨ ਲਾ ਕੇ ਪਾਲਨਾ ਕਰੋ ਅਤੇ ਇਨ੍ਹਾਂ ਨੂੰ ਪੂਰਾ ਕਰੋ ਅਰਥਾਤ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਪ੍ਰੇਮ ਰੱਖੋ ਅਤੇ ਉਸ ਦੇ ਸਾਰੇ ਰਾਹਾਂ ਉੱਤੇ ਚੱਲੋ ਅਤੇ ਉਸ ਦੇ ਨਾਲ ਲੱਗੇ ਰਹੋ,23ਤਾਂ ਯਹੋਵਾਹ ਇਨ੍ਹਾਂ ਸਾਰੀਆਂ ਕੌਮਾਂ ਨੂੰ ਤੁਹਾਡੇ ਅੱਗਿਓਂ ਕੱਢ ਦੇਵੇਗਾ ਅਤੇ ਤੁਸੀਂ ਸਾਰੀਆਂ ਕੌਮਾਂ ਉੱਤੇ ਜਿਹੜੀਆਂ ਤੁਹਾਡੇ ਨਾਲੋਂ ਵੱਡੀਆਂ ਅਤੇ ਬਲਵੰਤ ਹਨ, ਕਾਬੂ ਪਾ ਲਵੋਗੇ ।
24ਹਰੇਕ ਸਥਾਨ ਜਿਸ ਨੂੰ ਤੁਹਾਡੇ ਪੈਰਾਂ ਦੇ ਤਲੇ ਮਿੱਧਣਗੇ, ਉਹ ਤੁਹਾਡਾ ਹੋਵੇਗਾ ਅਰਥਾਤ ਉਜਾੜ ਤੋਂ ਲਬਾਨੋਨ ਤੱਕ ਅਤੇ ਦਰਿਆ ਫ਼ਰਾਤ ਤੋਂ ਪੱਛਮ ਦੇ ਸਮੁੰਦਰ ਤੱਕ ਤੁਹਾਡੀਆਂ ਹੱਦਾਂ ਹੋਣਗੀਆਂ ।25ਕੋਈ ਮਨੁੱਖ ਤੁਹਾਡੇ ਅੱਗੇ ਠਹਿਰ ਨਾ ਸਕੇਗਾ ਕਿਉਂਕਿ ਜਿਵੇਂ ਉਸ ਨੇ ਤੁਹਾਨੂੰ ਬਚਨ ਦਿੱਤਾ ਹੈ, ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡਾ ਦਬਕਾ ਅਤੇ ਤੁਹਾਡਾ ਭੈ ਸਾਰੀ ਧਰਤੀ ਉੱਤੇ ਜਿੱਥੋਂ ਦੀ ਤੁਸੀਂ ਤੁਰੋਗੇ, ਪਾ ਦੇਵੇਗਾ ।

26ਵੇਖੋ, ਮੈਂ ਅੱਜ ਤੁਹਾਡੇ ਅੱਗੇ ਬਰਕਤ ਅਤੇ ਸਰਾਪ ਰੱਖਦਾ ਹਾਂ:27ਬਰਕਤ, ਜੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਨੂੰ ਸੁਣੋਗੇ ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਹਾਂ,28ਸਰਾਪ, ਜੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਨੂੰ ਨਾ ਸੁਣੋ ਪਰ ਉਸ ਮਾਰਗ ਤੋਂ ਕੁਰਾਹੇ ਪੈ ਜਾਓ, ਜਿਸ ਦਾ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ ਅਤੇ ਤੁਸੀਂ ਦੂਜੇ ਦੇਵਤਿਆਂ ਦੇ ਪਿੱਛੇ ਲੱਗ ਜਾਓ, ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ ।

29ਅਜਿਹਾ ਹੋਵੇ ਕਿ ਜਦ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਉਸ ਦੇਸ਼ ਵਿੱਚ ਪਹੁੰਚਾ ਦੇਵੇ, ਜਿਸ ਉੱਤੇ ਅਧਿਕਾਰ ਕਰਨ ਲਈ ਤੁਸੀਂ ਜਾ ਰਹੇ ਹੋ, ਤਾਂ ਤੁਸੀਂ ਬਰਕਤ ਗਰਿੱਜ਼ੀਮ ਪਹਾੜ ਉੱਤੋਂ ਅਤੇ ਸਰਾਪ ਏਬਾਲ ਪਹਾੜ ਉੱਤੋਂ ਦੇਇਓ ।30ਕੀ ਉਹ ਯਰਦਨ ਪਾਰ ਉਸ ਰਾਹ ਦੇ ਪਿੱਛੇ ਨਹੀਂ ਹਨ, ਜਿੱਥੇ ਸੂਰਜ ਡੁੱਬਦਾ ਹੈ ਅਤੇ ਕਨਾਨੀਆਂ ਦੇ ਦੇਸ਼ ਵਿੱਚ ਜਿਹੜੇ ਅਰਾਬਾਹ ਵਿੱਚ ਗਿਲਗਾਲ ਦੇ ਅੱਗੇ ਮੋਰਹ ਦੇ ਬਲੂਤਾਂ ਕੋਲ ਵੱਸਦੇ ਹਨ ?
31ਕਿਉਂ ਜੋ ਤੁਸੀਂ ਯਰਦਨ ਪਾਰ ਲੰਘਣ ਵਾਲੇ ਹੋ ਤਾਂ ਜੋ ਤੁਸੀਂ ਜਾ ਕੇ ਉਸ ਦੇਸ਼ ਉੱਤੇ ਅਧਿਕਾਰ ਕਰ ਲਓ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦਿੰਦਾ ਹੈ । ਤੁਸੀਂ ਉਸ ਉੱਤੇ ਅਧਿਕਾਰ ਕਰੋਗੇ ਅਤੇ ਉਸ ਵਿੱਚ ਵੱਸੋਗੇ,32ਇਸ ਲਈ ਤੁਸੀਂ ਇਨ੍ਹਾਂ ਸਾਰੀਆਂ ਬਿਧੀਆਂ ਅਤੇ ਕਨੂੰਨਾਂ ਨੂੰ ਪੂਰਾ ਕਰਨ ਲਈ ਮੰਨੋ, ਜਿਹੜੇ ਮੈਂ ਅੱਜ ਤੁਹਾਡੇ ਅੱਗੇ ਰੱਖਦਾ ਹਾਂ ।

12
ਉਪਾਸਨਾ ਦਾ ਇੱਕੋ ਹੀ ਅਸਥਾਨ

1ਇਹ ਉਹ ਬਿਧੀਆਂ ਅਤੇ ਕਨੂੰਨ ਹਨ, ਜਿਨ੍ਹਾਂ ਨੂੰ ਤੁਸੀਂ ਆਪਣੇ ਸਾਰੇ ਜੀਵਨ ਅਰਥਾਤ ਜਦੋਂ ਤੱਕ ਤੁਸੀਂ ਜੀਉਂਦੇ ਰਹੋਗੇ, ਉਸ ਦੇਸ਼ ਵਿੱਚ ਪੂਰਾ ਕਰਨਾ ਹੈ, ਜਿਹੜਾ ਯਹੋਵਾਹ ਤੁਹਾਡੇ ਪਿਉ-ਦਾਦਿਆਂ ਦਾ ਪਰਮੇਸ਼ੁਰ ਤੁਹਾਨੂੰ ਅਧਿਕਾਰ ਕਰਨ ਲਈ ਦਿੰਦਾ ਹੈ ।2ਜਿਨ੍ਹਾਂ ਕੌਮਾਂ ਨੂੰ ਤੁਸੀਂ ਕੱਢਣਾ ਹੈ, ਉਨ੍ਹਾਂ ਦੇ ਲੋਕ ਉੱਚੇ ਪਹਾੜਾਂ ਉੱਤੇ, ਟਿੱਲਿਆਂ ਉੱਤੇ, ਹਰੇਕ ਹਰੇ ਰੁੱਖ ਦੇ ਹੇਠ ਅਰਥਾਤ ਜਿਸ ਕਿਸੇ ਸਥਾਨ ਵਿੱਚ ਆਪਣੇ ਦੇਵਤਿਆਂ ਦੀ ਪੂਜਾ ਕਰਦੇ ਹਨ, ਤੁਸੀਂ ਉਨ੍ਹਾਂ ਸਥਾਨਾਂ ਦਾ ਪੂਰੀ ਤਰ੍ਹਾਂ ਨਾਲ ਨਾਸ਼ ਕਰਨਾ ਹੈ ।

3ਤੁਸੀਂ ਉਹਨਾਂ ਦੀਆਂ ਜਗਵੇਦੀਆਂ ਨੂੰ ਢਾਹ ਸੁੱਟਣਾ, ਉਹਨਾਂ ਦੇ ਥੰਮ੍ਹਾਂ ਨੂੰ ਚੂਰ-ਚੂਰ ਕਰ ਦੇਣਾ, ਉਹਨਾਂ ਦੀ ਅਸੇਰਾਹ ਦੇਵੀ ਦੀਆਂ ਮੂਰਤਾਂ ਨੂੰ ਅੱਗ ਵਿੱਚ ਸਾੜ ਦੇਣਾ ਅਤੇ ਉਹਨਾਂ ਦੇ ਦੇਵਤਿਆਂ ਦੀਆਂ ਉੱਕਰੀਆਂ ਮੂਰਤਾਂ ਨੂੰ ਤੋੜ ਸੁੱਟਣਾ ਅਤੇ ਉਹਨਾਂ ਦਾ ਨਾਮ ਉਸ ਦੇਸ਼ ਵਿੱਚੋਂ ਮਿਟਾ ਦੇਣਾ ।4ਜਿਵੇਂ ਉਹ ਕਰਦੇ ਹਨ, ਉਸ ਤਰ੍ਹਾਂ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਲਈ ਨਾ ਕਰਨਾ ।
5ਪਰ ਉਹ ਸਥਾਨ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਸਾਰੇ ਗੋਤਾਂ ਦੇ ਵਿੱਚੋਂ ਆਪਣਾ ਨਾਮ ਵਸਾਉਣ ਲਈ ਚੁਣੇਗਾ, ਤੁਸੀਂ ਉਸ ਦੇ ਉਸੇ ਡੇਰੇ ਨੂੰ ਭਾਲਣਾ ਅਤੇ ਉੱਥੇ ਹੀ ਜਾਇਆ ਕਰਨਾ ।6ਉੱਥੇ ਹੀ ਤੁਸੀਂ ਆਪਣੀਆਂ ਹੋਮ ਬਲੀ ਦੀਆਂ ਭੇਟਾਂ, ਆਪਣੀਆਂ ਬਲੀਆਂ, ਆਪਣੇ ਦਸਵੰਧ, ਆਪਣੀਆਂ ਚੁੱਕਣ ਦੀਆਂ ਭੇਟਾਂ, ਆਪਣੀਆਂ ਸੁੱਖਣਾ ਦੀਆਂ ਭੇਟਾਂ, ਆਪਣੀਆਂ ਖੁਸ਼ੀ ਦੀਆਂ ਭੇਟਾਂ ਅਤੇ ਆਪਣੇ ਚੌਣਿਆਂ ਅਤੇ ਇੱਜੜਾਂ ਦੇ ਪਹਿਲੌਠੇ ਲੈ ਕੇ ਜਾਇਆ ਕਰਨਾ,
7ਅਤੇ ਉੱਥੇ ਹੀ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਨਮੁਖ ਖਾਇਆ ਕਰਨਾ ਅਤੇ ਆਪਣੇ-ਆਪਣੇ ਘਰਾਣੇ ਸਮੇਤ ਆਪਣੇ ਹੱਥਾਂ ਦੇ ਹਰੇਕ ਕੰਮ ਦੇ ਕਾਰਨ, ਜਿਸ ਉੱਤੇ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਬਰਕਤ ਦਿੱਤੀ ਹੈ, ਖੁਸ਼ੀ ਮਨਾਇਓ ।
8ਉੱਥੇ ਤੁਸੀਂ ਅਜਿਹਾ ਕੋਈ ਕੰਮ ਨਾ ਕਰਨਾ ਜਿਵੇਂ ਅਸੀਂ ਇੱਥੇ ਕਰਦੇ ਹਾਂ, ਅਰਥਾਤ ਜੋ ਕੁਝ ਜਿਸ ਨੂੰ ਠੀਕ ਲਗਦਾ ਹੈ, ਉਹ ਉਹੀ ਕਰਦਾ ਹੈ ।9ਕਿਉਂ ਜੋ ਤੁਸੀਂ ਹੁਣ ਤੱਕ ਉਸ ਅਰਾਮ ਦੇ ਸਥਾਨ ਵਿੱਚ ਨਹੀਂ ਪਹੁੰਚੇ, ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਵਿਰਾਸਤ ਵਿੱਚ ਦੇਣ ਵਾਲਾ ਹੈ ।
10ਜਦ ਤੁਸੀਂ ਯਰਦਨ ਪਾਰ ਜਾ ਕੇ ਉਸ ਦੇਸ਼ ਵਿੱਚ ਵੱਸ ਜਾਓ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਵਿਰਾਸਤ ਵਿੱਚ ਦਿੰਦਾ ਹੈ ਅਤੇ ਉਹ ਤੁਹਾਨੂੰ ਤੁਹਾਡੇ ਆਲੇ-ਦੁਆਲੇ ਦੇ ਸਾਰੇ ਵੈਰੀਆਂ ਤੋਂ ਅਰਾਮ ਦੇਵੇ ਤਾਂ ਜੋ ਤੁਸੀਂ ਸ਼ਾਂਤੀ ਨਾਲ ਵੱਸ ਜਾਓ,11ਤਦ ਤੁਸੀਂ ਉਸ ਸਥਾਨ ਨੂੰ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਆਪਣਾ ਨਾਮ ਵਸਾਉਣ ਲਈ ਚੁਣੇਗਾ, ਆਪਣੀਆਂ ਹੋਮ ਬਲੀ ਦੀਆਂ ਭੇਟਾਂ, ਆਪਣੀਆਂ ਬਲੀਆਂ, ਆਪਣੇ ਦਸਵੰਧ, ਆਪਣੀਆਂ ਚੁੱਕਣ ਦੀਆਂ ਭੇਟਾਂ, ਆਪਣੀਆਂ ਮਨ ਭਾਉਂਦੀਆਂ ਸੁੱਖਣਾ ਦੀਆਂ ਭੇਟਾਂ, ਜਿਹੜੀਆਂ ਤੁਸੀਂ ਯਹੋਵਾਹ ਲਈ ਸੁੱਖੀਆਂ ਹਨ, ਅਰਥਾਤ ਜੋ ਕੁਝ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ, ਉਹ ਸਭ ਕੁਝ ਲਿਆਇਆ ਕਰਨਾ ।
12ਤੁਸੀਂ, ਤੁਹਾਡੇ ਪੁੱਤਰ, ਤੁਹਾਡੀਆਂ ਧੀਆਂ, ਤੁਹਾਡੇ ਦਾਸ, ਤੁਹਾਡੀਆਂ ਦਾਸੀਆਂ ਸਭ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਅਨੰਦ ਕਰਨ ਅਤੇ ਉਹ ਲੇਵੀ ਵੀ ਜਿਹੜਾ ਤੁਹਾਡੇ ਫਾਟਕਾਂ ਦੇ ਅੰਦਰ ਹੈ, ਕਿਉਂ ਜੋ ਉਸ ਦਾ ਤੁਹਾਡੇ ਨਾਲ ਕੋਈ ਹਿੱਸਾ ਜਾਂ ਵਿਰਾਸਤ ਨਹੀਂ ਹੈ ।
13ਖ਼ਬਰਦਾਰ ਰਹੋ, ਤੁਸੀਂ ਆਪਣੀਆਂ ਹੋਮ ਦੀਆਂ ਬਲੀਆਂ ਜਿੱਥੇ ਕਿਤੇ ਤੁਹਾਨੂੰ ਚੰਗਾ ਲੱਗੇ, ਉੱਥੇ ਨਾ ਚੜ੍ਹਾਇਓ,14ਪਰ ਉਸ ਸਥਾਨ ਵਿੱਚ ਹੀ ਜਿਹੜਾ ਯਹੋਵਾਹ ਤੁਹਾਡੇ ਕਿਸੇ ਗੋਤ ਵਿੱਚੋਂ ਚੁਣੇ, ਤੁਸੀਂ ਆਪਣੀਆਂ ਹੋਮ ਦੀਆਂ ਬਲੀਆਂ ਚੜ੍ਹਾਇਓ ਅਤੇ ਜੋ ਕੁਝ ਮੈਂ ਤੁਹਾਨੂੰ ਹੁਕਮ ਦਿੰਦਾ, ਉੱਥੇ ਉਹ ਹੀ ਕਰਿਓ ।
15ਪਰ ਤੁਸੀਂ ਆਪਣੇ ਫਾਟਕਾਂ ਦੇ ਅੰਦਰ ਆਪਣੇ ਮਨ ਦੀ ਪੂਰੀ ਇੱਛਾ ਅਤੇ ਉਸ ਬਰਕਤ ਦੇ ਅਨੁਸਾਰ ਜੋ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਦਿੱਤੀ ਹੈ, ਪਸ਼ੂ ਨੂੰ ਵੱਢ ਕੇ ਖਾਇਓ । ਸ਼ੁੱਧ ਅਤੇ ਅਸ਼ੁੱਧ ਦੋਵੇਂ ਮਨੁੱਖ ਉਸ ਨੂੰ ਖਾ ਸਕਦੇ ਹਨ, ਜਿਵੇਂ ਚਿਕਾਰੇ ਅਤੇ ਹਿਰਨ ਨੂੰ ਖਾਂਦੇ ਹਨ ।16ਪਰ ਉਸ ਦਾ ਲਹੂ ਤੁਸੀਂ ਨਾ ਖਾਣਾ, ਉਸ ਨੂੰ ਪਾਣੀ ਦੀ ਤਰ੍ਹਾਂ ਭੂਮੀ ਉੱਤੇ ਡੋਲ੍ਹ ਦੇਣਾ ।
17ਪਰ ਤੁਸੀਂ ਆਪਣਾ ਅੰਨ, ਨਵੀਂ ਮਧ, ਤੇਲ ਦਾ ਦਸਵੰਧ, ਆਪਣੇ ਇੱਜੜ ਅਤੇ ਚੌਣੇ ਦੇ ਪਹਿਲੌਠੇ, ਅਤੇ ਆਪਣੀਆਂ ਸੁੱਖਣਾ ਦੀਆਂ ਭੇਟਾਂ, ਖੁਸ਼ੀ ਦੀਆਂ ਭੇਟਾਂ ਅਤੇ ਚੁੱਕਣ ਦੀਆਂ ਭੇਟਾਂ ਨੂੰ ਆਪਣੇ ਫਾਟਕਾਂ ਦੇ ਅੰਦਰ ਕਦੇ ਵੀ ਨਾ ਖਾਣਾ,
18ਪਰ ਉਨ੍ਹਾਂ ਨੂੰ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਨਮੁਖ, ਆਪਣੇ ਪੁੱਤਰਾਂ, ਧੀਆਂ, ਆਪਣੇ ਦਾਸ-ਦਾਸੀਆਂ ਅਤੇ ਉਸ ਲੇਵੀ ਸਮੇਤ ਜਿਹੜਾ ਤੁਹਾਡੇ ਫਾਟਕਾਂ ਦੇ ਅੰਦਰ ਹੈ, ਉਸ ਸਥਾਨ ਵਿੱਚ ਖਾਣਾ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਚੁਣੇਗਾ, ਅਤੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਨਮੁਖ ਆਪਣੇ ਹੱਥ ਦੇ ਸਾਰੇ ਕੰਮਾਂ ਲਈ ਅਨੰਦ ਕਰਨਾ ।19ਸਾਵਧਾਨ ਰਹੋ ਕਿ ਜਦ ਤੱਕ ਤੁਸੀਂ ਆਪਣੀ ਭੂਮੀ ਉੱਤੇ ਜੀਉਂਦੇ ਹੋ, ਤਦ ਤੱਕ ਤੁਸੀਂ ਲੇਵੀ ਨੂੰ ਕਦੀ ਨਾ ਭੁੱਲਿਓ ।

20ਜਦ ਯਹੋਵਾਹ ਤੁਹਾਡਾ ਪਰਮੇਸ਼ੁਰ ਆਪਣੇ ਬਚਨ ਅਨੁਸਾਰ ਤੁਹਾਡੀਆਂ ਹੱਦਾਂ ਨੂੰ ਵਧਾ ਦੇਵੇਗਾ, ਅਤੇ ਤੁਸੀਂ ਆਖੋ ਕਿ ਅਸੀਂ ਮਾਸ ਖਾਵਾਂਗੇ ਕਿਉਂ ਜੋ ਤੁਹਾਡਾ ਜੀਅ ਮਾਸ ਖਾਣ ਨੂੰ ਲੋਚਦਾ ਹੈ, ਤਦ ਤੁਸੀਂ ਆਪਣੇ ਮਨ ਦੀ ਸਾਰੀ ਇੱਛਾ ਦੇ ਅਨੁਸਾਰ ਮਾਸ ਖਾਇਓ ।
21ਪਰ ਜੇਕਰ ਉਹ ਸਥਾਨ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਆਪਣਾ ਨਾਮ ਵਸਾਉਣ ਲਈ ਚੁਣੇਗਾ, ਤੁਹਾਡੇ ਤੋਂ ਬਹੁਤ ਦੂਰ ਹੋਵੇ, ਤਾਂ ਤੁਸੀਂ ਆਪਣੇ ਇੱਜੜ ਅਤੇ ਚੌਣੇ ਵਿੱਚੋਂ ਜਿਹੜਾ ਯਹੋਵਾਹ ਨੇ ਤੁਹਾਨੂੰ ਦਿੱਤਾ, ਪਸ਼ੂ ਵੱਢ ਲਿਓ, ਜਿਵੇਂ ਮੈਂ ਤੁਹਾਨੂੰ ਹੁਕਮ ਦਿੱਤਾ ਹੈ, ਅਤੇ ਆਪਣੇ ਫਾਟਕਾਂ ਦੇ ਅੰਦਰ ਆਪਣੇ ਮਨ ਦੀ ਇੱਛਾ ਅਨੁਸਾਰ ਖਾ ਲਿਆ ਕਰਿਓ ।22ਜਿਵੇਂ ਚਿਕਾਰੇ ਅਤੇ ਹਿਰਨ ਦਾ ਮਾਸ ਖਾਈਦਾ ਹੈ, ਉਸੇ ਤਰ੍ਹਾਂ ਹੀ ਤੁਸੀਂ ਉਸ ਨੂੰ ਖਾਇਓ, ਅਸ਼ੁੱਧ ਅਤੇ ਸ਼ੁੱਧ ਦੋਵੇਂ ਮਨੁੱਖ ਉਸ ਨੂੰ ਖਾ ਸਕਦੇ ਹਨ ।
23ਪਰ ਉਨ੍ਹਾਂ ਦਾ ਲਹੂ ਕਦੇ ਵੀ ਨਾ ਖਾਇਓ, ਕਿਉਂ ਜੋ ਲਹੂ ਹੀ ਜੀਵਨ ਹੈ । ਤੁਸੀਂ ਮਾਸ ਦੇ ਨਾਲ ਜੀਵਨ ਨੂੰ ਨਾ ਖਾਇਓ24ਤੁਸੀਂ ਉਸ ਨੂੰ ਨਾ ਖਾਇਓ । ਤੁਸੀਂ ਉਸ ਨੂੰ ਧਰਤੀ ਉੱਤੇ ਪਾਣੀ ਵਾਂਗੂੰ ਡੋਲ੍ਹ ਦੇਣਾ ।25ਤੁਸੀਂ ਉਸ ਨੂੰ ਨਾ ਖਾਇਓ ਤਾਂ ਜੋ ਇਹ ਕੰਮ ਕਰਨ ਨਾਲ ਜਿਹੜਾ ਯਹੋਵਾਹ ਦੀ ਨਿਗਾਹ ਵਿੱਚ ਠੀਕ ਹੈ, ਤੁਹਾਡਾ ਅਤੇ ਤੁਹਾਡੇ ਬਾਅਦ ਤੁਹਾਡੇ ਬੱਚਿਆਂ ਦਾ ਭਲਾ ਹੋਵੇ ।
26ਪਰ ਆਪਣੀਆਂ ਪਵਿੱਤਰ ਵਸਤੂਆਂ, ਜਿਹੜੀਆਂ ਤੁਹਾਡੇ ਕੋਲ ਹਨ ਅਤੇ ਆਪਣੀਆਂ ਸੁੱਖਣਾ ਦੀਆਂ ਭੇਟਾਂ ਲੈ ਕੇ ਤੁਸੀਂ ਉਸ ਸਥਾਨ ਨੂੰ ਜਾਇਓ, ਜਿਹੜਾ ਯਹੋਵਾਹ ਚੁਣੇਗਾ27ਤੁਸੀਂ ਆਪਣੀਆਂ ਹੋਮ ਬਲੀਆਂ ਦੇ ਮਾਸ ਅਤੇ ਲਹੂ ਨੂੰ ਯਹੋਵਾਹ ਆਪਣੇ ਪਰਮੇਸ਼ੁਰ ਦੀ ਜਗਵੇਦੀ ਉੱਤੇ ਚੜ੍ਹਾਇਓ ਪਰ ਸੁੱਖ-ਸਾਂਦ ਦੀਆਂ ਬਲੀਆਂ ਦੇ ਲਹੂ ਉਸ ਦੀ ਜਗਵੇਦੀ ਉੱਤੇ ਡੋਲ੍ਹ ਦੇਣਾ ਅਤੇ ਮਾਸ ਨੂੰ ਤੁਸੀਂ ਖਾ ਲੈਣਾ ।
28ਇਨ੍ਹਾਂ ਸਾਰੀਆਂ ਗੱਲਾਂ ਨੂੰ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ, ਸੁਣੋ ਅਤੇ ਮੰਨੋ ਤਾਂ ਜੋ ਤੁਸੀਂ ਉਹ ਕੰਮ ਕਰੋ ਜੋ ਯਹੋਵਾਹ ਤੁਹਾਡੇ ਪਰਮੇਸ਼ੁਰ ਦੀ ਨਿਗਾਹ ਵਿੱਚ ਠੀਕ ਅਤੇ ਚੰਗਾ ਹੋਵੇ ਅਤੇ ਤੁਹਾਡਾ ਅਤੇ ਤੁਹਾਡੇ ਬਾਅਦ ਤੁਹਾਡੇ ਬੱਚਿਆਂ ਦਾ ਸਦਾ ਲਈ ਭਲਾ ਹੋਵੇ ।
ਮੂਰਤੀ ਪੂਜਾ ਦੇ ਵਿਰੁੱਧ ਚੇਤਾਵਨੀ

29ਜਦ ਯਹੋਵਾਹ ਤੁਹਾਡਾ ਪਰਮੇਸ਼ੁਰ ਉਨ੍ਹਾਂ ਕੌਮਾਂ ਨੂੰ ਤੁਹਾਡੇ ਅੱਗਿਓਂ ਕੱਢ ਦੇਵੇ, ਜਿਨ੍ਹਾਂ ਉੱਤੇ ਅਧਿਕਾਰ ਕਰਨ ਲਈ ਤੁਸੀਂ ਜਾਂਦੇ ਹੋ ਅਤੇ ਤੁਸੀਂ ਉਹਨਾਂ ਉੱਤੇ ਕਾਬੂ ਪਾ ਕੇ ਉਹਨਾਂ ਦੇ ਦੇਸ਼ ਵਿੱਚ ਵੱਸ ਜਾਓ,30ਤਾਂ ਸਾਵਧਾਨ ਰਹਿਣਾ, ਅਜਿਹਾ ਨਾ ਹੋਵੇ ਕਿ ਜਦ ਉਹ ਤੁਹਾਡੇ ਅੱਗਿਓਂ ਨਾਸ਼ ਕਰ ਦਿੱਤੇ ਜਾਣ ਤਾਂ ਉਨ੍ਹਾਂ ਦੇ ਪਿੱਛੇ ਲੱਗ ਕੇ ਤੁਸੀਂ ਵੀ ਫਸ ਜਾਓ ਅਰਥਾਤ ਉਹਨਾਂ ਦੇ ਦੇਵਤਿਆਂ ਦੇ ਬਾਰੇ ਇਹ ਨਾ ਪੁੱਛਿਓ ਕਿ ਇਨ੍ਹਾਂ ਕੌਮਾਂ ਦੇ ਲੋਕ ਕਿਵੇਂ ਆਪਣੇ ਦੇਵਤਿਆਂ ਦੀ ਪੂਜਾ ਕਰਦੇ ਹਨ ਤਾਂ ਜੋ ਅਸੀਂ ਵੀ ਇਸੇ ਤਰ੍ਹਾਂ ਹੀ ਕਰੀਏ ।
31ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਲਈ ਅਜਿਹਾ ਨਾ ਕਰਨਾ, ਕਿਉਂਕਿ ਉਹ ਸਾਰੇ ਘਿਣਾਉਣੇ ਕੰਮ ਜਿਨ੍ਹਾਂ ਤੋਂ ਯਹੋਵਾਹ ਘਿਣ ਕਰਦਾ ਹੈ, ਉਹਨਾਂ ਨੇ ਆਪਣੇ ਦੇਵਤਿਆਂ ਦੇ ਲਈ ਕੀਤੇ ਹਨ, ਕਿਉਂ ਜੋ ਉਹ ਆਪਣੇ ਪੁੱਤਰਾਂ ਅਤੇ ਧੀਆਂ ਨੂੰ ਆਪਣੇ ਦੇਵਤਿਆਂ ਲਈ ਅੱਗ ਵਿੱਚ ਸਾੜ ਸੁੱਟਦੇ ਹਨ ।32ਜੋ ਹੁਕਮ ਮੈਂ ਤੁਹਾਨੂੰ ਦਿੰਦਾ ਹਾਂ, ਤੁਸੀਂ ਉਨ੍ਹਾਂ ਦੀ ਪਾਲਣਾ ਕਰਿਓ, ਨਾ ਤਾਂ ਉਸ ਵਿੱਚ ਕੁਝ ਵਧਾਇਓ ਅਤੇ ਨਾ ਹੀ ਉਸ ਵਿੱਚੋਂ ਕੁਝ ਘਟਾਇਓ ।

13

1ਜੇਕਰ ਤੁਹਾਡੇ ਵਿਚ ਕੋਈ ਨਬੀ ਜਾਂ ਸੁਫ਼ਨਾ ਵੇਖਣ ਵਾਲਾ ਉੱਠੇ ਅਤੇ ਉਹ ਤੁਹਾਨੂੰ ਕੋਈ ਨਿਸ਼ਾਨ ਜਾਂ ਅਚਰਜ ਕੰਮ ਵਿਖਾਵੇ,2ਅਤੇ ਉਹ ਨਿਸ਼ਾਨ ਜਾਂ ਅਚਰਜ ਕੰਮ ਪੂਰਾ ਹੋ ਜਾਵੇ ਜਿਸ ਦੇ ਵਿਖੇ ਉਹ ਤੁਹਾਡੇ ਨਾਲ ਬੋਲਿਆ ਸੀ ਕਿ ਆਓ, ਅਸੀਂ ਦੂਜੇ ਦੇਵਤਿਆਂ ਦੇ ਪਿੱਛੇ ਚੱਲੀਏ, (ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ) ਅਤੇ ਉਹਨਾਂ ਦੀ ਪੂਜਾ ਕਰੀਏ,3ਤਾਂ ਤੁਸੀਂ ਉਸ ਨਬੀ ਜਾਂ ਸੁਫ਼ਨੇ ਵੇਖਣ ਵਾਲੇ ਦੀਆਂ ਗੱਲਾਂ ਨੂੰ ਨਾ ਸੁਣਿਓ ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਪਰਖੇਗਾ ਤਾਂ ਜੋ ਉਹ ਜਾਣੇ ਕਿ ਤੁਸੀਂ ਯਹੋਵਾਹ ਪਰਮੇਸ਼ੁਰ ਨੂੰ ਆਪਣੇ ਸਾਰੇ ਮਨ ਅਤੇ ਆਪਣੀ ਸਾਰੀ ਜਾਨ ਨਾਲ ਪ੍ਰੇਮ ਕਰਦੇ ਹੋ ਜਾਂ ਨਹੀਂ ।

4ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਪਿੱਛੇ ਚੱਲਿਓ, ਉਸੇ ਤੋਂ ਡਰਿਓ, ਉਸੇ ਦੇ ਹੁਕਮਾਂ ਦੀ ਪਾਲਨਾ ਕਰਿਓ, ਉਸੇ ਦੀ ਆਵਾਜ਼ ਨੂੰ ਸੁਣਿਓ, ਉਸੇ ਦੀ ਉਪਾਸਨਾ ਕਰਿਓ ਅਤੇ ਉਸ ਦੇ ਨਾਲ ਲੱਗੇ ਰਹਿਓ ।5ਉਹ ਨਬੀ ਜਾਂ ਸੁਫ਼ਨੇ ਵੇਖਣ ਵਾਲਾ ਮਾਰ ਦਿੱਤਾ ਜਾਵੇ ਕਿਉਂ ਜੋ ਉਸ ਨੇ ਯਹੋਵਾਹ ਤੁਹਾਡੇ ਪਰਮੇਸ਼ੁਰ ਦੇ ਵਿਰੁੱਧ ਬੋਲ ਕੇ ਤੁਹਾਨੂੰ ਕੁਰਾਹੇ ਪਾਇਆ ਹੈ, ਜਿਹੜਾ ਤੁਹਾਨੂੰ ਮਿਸਰ ਦੇਸ਼ ਤੋਂ ਕੱਢ ਲਿਆਇਆ ਅਤੇ ਗੁਲਾਮੀ ਦੇ ਘਰ ਤੋਂ ਤੁਹਾਨੂੰ ਛੁਟਕਾਰਾ ਦਿੱਤਾ । ਉਹ ਤੁਹਾਨੂੰ ਉਸ ਰਾਹ ਤੋਂ ਜਿਸ ਉੱਤੇ ਚੱਲਣ ਦਾ ਹੁਕਮ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਦਿੱਤਾ ਸੀ, ਕੁਰਾਹੇ ਪਾਉਣਾ ਚਾਹੁੰਦਾ ਸੀ । ਇਸ ਤਰ੍ਹਾਂ ਤੁਸੀਂ ਉਸ ਬੁਰਿਆਈ ਨੂੰ ਆਪਣੇ ਵਿੱਚੋਂ ਕੱਢ ਦੇਈਓ ।

6ਜੇ ਤੁਹਾਡਾ ਸਕਾ ਭਰਾ, ਜਾਂ ਤੁਹਾਡਾ ਪੁੱਤਰ, ਜਾਂ ਤੁਹਾਡੀ ਧੀ, ਜਾਂ ਤੁਹਾਡੀ ਪਿਆਰੀ ਪਤਨੀ ਜਾਂ ਤੁਹਾਡਾ ਜਾਨੀ ਦੋਸਤ ਤੁਹਾਨੂੰ ਗੁਪਤ ਰੂਪ ਵਿੱਚ ਇਹ ਆਖ ਕੇ ਫੁਸਲਾਵੇ ਕਿ ਆ ਅਸੀਂ ਦੂਜੇ ਦੇਵਤਿਆਂ ਦੇ ਪਿੱਛੇ ਚੱਲੀਏ ਅਤੇ ਉਹਨਾਂ ਦੀ ਪੂਜਾ ਕਰੀਏ, ਜਿਨ੍ਹਾਂ ਨੂੰ ਨਾ ਤੁਸੀਂ, ਨਾ ਤੁਹਾਡੇ ਪਿਉ-ਦਾਦੇ ਜਾਣਦੇ ਸਨ,7ਅਰਥਾਤ ਪਰਾਈਆਂ ਕੌਮਾਂ ਦੇ ਦੇਵਤੇ ਜਿਹੜੇ ਤੁਹਾਡੇ ਆਲੇ-ਦੁਆਲੇ, ਦੂਰ ਜਾਂ ਨੇੜੇ, ਜਾਂ ਧਰਤੀ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਰਹਿਣ ਵਾਲੇ ਲੋਕਾਂ ਦੇ ਦੇਵਤੇ ਹੋਣ,
8ਤਾਂ ਤੁਸੀਂ ਹਾਮੀ ਨਾ ਭਰਿਓ, ਨਾ ਉਸ ਦੀ ਸੁਣਿਓ, ਨਾ ਤੁਹਾਡੀਆਂ ਅੱਖਾਂ ਵਿੱਚ ਉਸ ਉੱਤੇ ਤਰਸ ਆਵੇ, ਨਾ ਉਸ ਨੂੰ ਮਾਫ਼ ਕਰਿਓ, ਨਾ ਉਸ ਨੂੰ ਲੁਕਾਓ9ਪਰ ਤੁਸੀਂ ਉਸ ਨੂੰ ਜ਼ਰੂਰ ਹੀ ਮਾਰ ਸੁੱਟਿਓ, ਉਸ ਨੂੰ ਮਾਰਨ ਵਿੱਚ ਤੇਰਾ ਹੱਥ ਪਹਿਲ ਕਰੇ ਅਤੇ ਉਸ ਦੇ ਬਾਅਦ ਸਾਰੀ ਪਰਜਾ ਦੇ ਹੱਥ ਉੱਠਣ ।
10ਤੁਸੀਂ ਉਸ ਉੱਤੇ ਅਜਿਹਾ ਪਥਰਾਓ ਕਰਿਓ ਕਿ ਉਹ ਮਰ ਜਾਵੇ ਕਿਉਂ ਜੋ ਉਹ ਤੁਹਾਨੂੰ ਯਹੋਵਾਹ ਤੁਹਾਡੇ ਪਰਮੇਸ਼ੁਰ ਤੋਂ ਭਟਕਾਉਣਾ ਚਾਹੁੰਦਾ ਹੈ, ਜਿਹੜਾ ਤੁਹਾਨੂੰ ਮਿਸਰ ਦੇਸ਼ ਤੋਂ ਅਰਥਾਤ ਗੁਲਾਮੀ ਦੇ ਘਰ ਤੋਂ ਕੱਢ ਲਿਆਇਆ ਹੈ ।11ਸਾਰਾ ਇਸਰਾਏਲ ਇਹ ਸੁਣੇ ਅਤੇ ਡਰੇ ਅਤੇ ਫੇਰ ਤੁਹਾਡੇ ਵਿੱਚ ਅਜਿਹੀ ਬੁਰਿਆਈ ਦਾ ਕੰਮ ਨਾ ਹੋਵੇ ।

12ਜੇਕਰ ਤੁਸੀਂ ਆਪਣੇ ਕਿਸੇ ਸ਼ਹਿਰ ਦੇ ਵਿਖੇ ਸੁਣੋ, ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਵੱਸਣ ਲਈ ਦਿੰਦਾ ਹੈ,13ਕਿ ਤੁਹਾਡੇ ਵਿੱਚੋਂ ਕਈ ਦੁਸ਼ਟ ਮਨੁੱਖ ਨਿੱਕਲੇ ਹਨ ਅਤੇ ਉਨ੍ਹਾਂ ਨੇ ਸ਼ਹਿਰ ਦੇ ਵਾਸੀਆਂ ਨੂੰ ਇਹ ਆਖ ਕੇ ਕੁਰਾਹੇ ਪਾਇਆ ਹੈ ਕਿ ਆਓ ਚੱਲੀਏ ਅਤੇ ਦੂਜੇ ਦੇਵਤਿਆਂ ਦੀ ਪੂਜਾ ਕਰੀਏ, ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ,14ਤਾਂ ਤੁਸੀਂ ਪੁੱਛ-ਗਿੱਛ ਕਰੋ ਅਤੇ ਲੱਭੋ ਅਤੇ ਪੱਕਾ ਪਤਾ ਲਗਾਓ । ਅਤੇ ਵੇਖੋ, ਜੇਕਰ ਇਹ ਗੱਲ ਸੱਚੀ ਅਤੇ ਪੱਕੀ ਹੋਵੇ ਕਿ ਇਹ ਘਿਣਾਉਣਾ ਕੰਮ ਤੁਹਾਡੇ ਵਿੱਚ ਕੀਤਾ ਗਿਆ ਹੈ,
15ਤਾਂ ਤੁਸੀਂ ਉਸ ਸ਼ਹਿਰ ਦੇ ਵਾਸੀਆਂ ਨੂੰ ਜ਼ਰੂਰ ਹੀ ਤਲਵਾਰ ਦੀ ਧਾਰ ਨਾਲ ਵੱਢ ਸੁੱਟਿਓ, ਉਸ ਦੇ ਵਿੱਚ ਦੀਆਂ ਸਭ ਚੀਜ਼ਾਂ ਨੂੰ ਅਤੇ ਉਸ ਦੇ ਪਸ਼ੂਆਂ ਨੂੰ ਤਲਵਾਰ ਦੀ ਧਾਰ ਨਾਲ ਪੂਰੀ ਤਰ੍ਹਾਂ ਨਾਸ਼ ਕਰ ਦੇਣਾ ।16ਉਸ ਦਾ ਸਾਰਾ ਲੁੱਟ ਦਾ ਮਾਲ ਚੌਂਕ ਵਿੱਚ ਇਕੱਠਾ ਕਰਿਓ, ਅਤੇ ਉਸ ਸ਼ਹਿਰ ਨੂੰ ਅਤੇ ਉਸ ਦੇ ਸਾਰੇ ਲੁੱਟ ਦੇ ਮਾਲ ਨੂੰ ਯਹੋਵਾਹ ਆਪਣੇ ਪਰਮੇਸ਼ੁਰ ਲਈ ਅੱਗ ਨਾਲ ਸਾੜ ਸੁੱਟਿਓ, ਤਾਂ ਜੋ ਉਹ ਸਦਾ ਲਈ ਮਿੱਟੀ ਦਾ ਢੇਰ ਬਣ ਜਾਵੇ ਜਿਹੜਾ ਫੇਰ ਕਦੀ ਨਾ ਉਸਾਰਿਆ ਜਾਵੇ ।
17ਉਨ੍ਹਾਂ ਨਾਸ਼ ਕੀਤੇ ਜਾਣ ਦੀਆਂ ਚੀਜ਼ਾਂ ਵਿੱਚੋਂ ਕੋਈ ਵੀ ਚੀਜ਼ ਤੁਹਾਡੇ ਹੱਥ ਨਾ ਲੱਗੇ, ਤਾਂ ਜੋ ਯਹੋਵਾਹ ਆਪਣੇ ਕ੍ਰੋਧ ਦੀ ਸਖ਼ਤੀ ਤੋਂ ਸ਼ਾਂਤ ਹੋਵੇ ਅਤੇ ਤੁਹਾਡੇ ਉੱਤੇ ਕਿਰਪਾ ਕਰੇ ਅਤੇ ਦਯਾਵਾਨ ਹੋ ਕੇ ਤੁਹਾਨੂੰ ਵਧਾਵੇ, ਜਿਵੇਂ ਉਸ ਤੁਹਾਡੇ ਪਿਉ-ਦਾਦਿਆਂ ਨਾਲ ਸਹੁੰ ਖਾਧੀ ਸੀ ।18ਇਹ ਤਦ ਹੋਵੇਗਾ ਜਦ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਆਵਾਜ਼ ਸੁਣੋਗੇ ਅਤੇ ਉਸ ਦੇ ਸਾਰੇ ਹੁਕਮਾਂ ਦੀ ਪਾਲਨਾ ਕਰੋਗੇ, ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਹਾਂ ਅਤੇ ਜੋ ਕੁਝ ਯਹੋਵਾਹ ਤੁਹਾਡੇ ਪਰਮੇਸ਼ੁਰ ਦੀ ਨਿਗਾਹ ਵਿੱਚ ਠੀਕ ਹੈ ਤੁਸੀਂ ਉਹ ਹੀ ਕਰੋਗੇ ।

14
ਅਨੁਚਿਤ ਸੋਗ ਕਰਨ ਦੀ ਮਨਾਹੀ

1ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਪੁੱਤਰ ਹੋ । ਇਸ ਲਈ ਤੁਸੀਂ ਨਾ ਤਾਂ ਮੁਰਦਿਆਂ ਦੇ ਕਾਰਨ ਆਪਣੇ ਆਪ ਨੂੰ ਚੀਰਨਾ ਅਤੇ ਨਾ ਹੀ ਆਪਣੇ ਭਰਵੱਟਿਆਂ ਦਾ ਭੱਦਣ ਕਰਾਇਓ2ਕਿਉਂ ਜੋ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਇੱਕ ਪਵਿੱਤਰ ਪਰਜਾ ਹੋ ਅਤੇ ਯਹੋਵਾਹ ਨੇ ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਵਿੱਚੋਂ ਆਪਣੀ ਨਿੱਜ-ਪਰਜਾ ਹੋਣ ਲਈ ਚੁਣ ਲਿਆ ਹੈ ।

ਸ਼ੁੱਧ ਅਤੇ ਅਸ਼ੁੱਧ ਪਸ਼ੂ
(ਲੇਵੀਆਂ 11:1-47)

3ਤੁਸੀਂ ਕਿਸੇ ਘਿਣਾਉਣੀ ਚੀਜ਼ ਨੂੰ ਨਾ ਖਾਇਓ ।4ਜਿਨ੍ਹਾਂ ਪਸ਼ੂਆਂ ਨੂੰ ਤੁਸੀਂ ਖਾ ਸਕਦੇ ਹੋ, ਉਹ ਇਹ ਹਨ ਅਰਥਾਤ ਬਲਦ, ਭੇਡ, ਬੱਕਰੀ5ਹਿਰਨ, ਚਿਕਾਰਾ, ਲਾਲ ਹਿਰਨ, ਜੰਗਲੀ ਬੱਕਰਾ, ਸਾਂਬਰ, ਜੰਗਲੀ ਸਾਨ੍ਹ ਅਤੇ ਪਹਾੜੀ ਭੇਡ ।
6ਪਸ਼ੂਆਂ ਵਿੱਚੋਂ ਹਰੇਕ ਪਸ਼ੂ ਜਿਸ ਦੇ ਖੁਰ ਪਾਟੇ ਹੋਏ ਹੋਣ ਅਰਥਾਤ ਖੁਰਾਂ ਦੇ ਦੋ ਵੱਖ-ਵੱਖ ਹਿੱਸੇ ਹੋਣ ਅਤੇ ਜੁਗਾਲੀ ਕਰਨ ਵਾਲਾ ਹੋਵੇ, ਉਹ ਤੁਸੀਂ ਖਾ ਸਕਦੇ ਹੋ ।7ਫੇਰ ਵੀ ਤੁਸੀਂ ਇਨ੍ਹਾਂ ਪਸ਼ੂਆਂ ਵਿੱਚੋਂ ਨਾ ਖਾਇਓ ਭਾਵੇਂ ਇਹ ਜੁਗਾਲੀ ਕਰਦੇ ਹੋਣ ਜਾਂ ਇਨ੍ਹਾਂ ਦੇ ਖੁਰ ਪਾਟੇ ਹੋਣ ਅਰਥਾਤ ਊਠ, ਖਰਗੋਸ਼ ਅਤੇ ਪਹਾੜੀ ਖਰਗੋਸ਼, ਕਿਉਂ ਜੋ ਇਹ ਜੁਗਾਲੀ ਤਾਂ ਕਰਦੇ ਹਨ ਪਰ ਇਨ੍ਹਾਂ ਦੇ ਖੁਰ ਪਾਟੇ ਹੋਏ ਨਹੀਂ ਹੁੰਦੇ, ਇਹ ਤੁਹਾਡੇ ਲਈ ਅਸ਼ੁੱਧ ਹਨ,
8ਸੂਰ, ਕਿਉਂਕਿ ਇਸ ਦੇ ਖੁਰ ਤਾਂ ਪਾਟੇ ਹੋਏ ਹਨ ਪਰ ਇਹ ਜੁਗਾਲੀ ਨਹੀਂ ਕਰਦਾ, ਇਹ ਤੁਹਾਡੇ ਲਈ ਅਸ਼ੁੱਧ ਹੈ, ਤੁਸੀਂ ਨਾ ਤਾਂ ਇਨ੍ਹਾਂ ਦਾ ਮਾਸ ਖਾਣਾ ਅਤੇ ਨਾ ਇਨ੍ਹਾਂ ਦੀ ਲੋਥ ਨੂੰ ਛੂਹਣਾ ।

9ਜਿੰਨ੍ਹੇ ਜਲ-ਜੰਤੂ ਹਨ ਉਨ੍ਹਾਂ ਵਿੱਚੋਂ ਤੁਸੀਂ ਇਨ੍ਹਾਂ ਨੂੰ ਖਾ ਸਕਦੇ ਹੋ ਅਰਥਾਤ ਜਿਨ੍ਹਾਂ ਦੇ ਪਰ ਅਤੇ ਚਾਨੇ ਹੋਣ ।10ਪਰ ਜਿਨ੍ਹਾਂ ਦੇ ਪਰ ਅਤੇ ਚਾਨੇ ਨਾ ਹੋਣ, ਉਹ ਤੁਸੀਂ ਨਾ ਖਾਇਓ । ਉਹ ਤੁਹਾਡੇ ਲਈ ਅਸ਼ੁੱਧ ਹਨ ।

11ਸਾਰੇ ਪਵਿੱਤਰ ਪੰਛੀ ਤੁਸੀਂ ਖਾ ਸਕਦੇ ਹੋ ।12ਪਰ ਇਨ੍ਹਾਂ ਨੂੰ ਤੁਸੀਂ ਨਾ ਖਾਇਓ ਅਰਥਾਤ ਉਕਾਬ, ਹੱਡ, ਖੋਰ, ਸਮੁੰਦਰੀ ਉਕਾਬ,13ਇੱਲ, ਲਗੜ ਅਤੇ ਗਿੱਧ ਉਸ ਦੀ ਪ੍ਰਜਾਤੀ ਅਨੁਸਾਰ,
14ਹਰ ਇੱਕ ਪਹਾੜੀ ਕਾਂ ਉਸ ਦੀ ਪ੍ਰਜਾਤੀ ਅਨੁਸਾਰ,15ਸ਼ੁਤਰ ਮੁਰਗ, ਬਿਲ ਬਤੌਰੀ, ਕੁਰਲ ਅਤੇ ਬਾਜ਼ ਉਸ ਦੀ ਪ੍ਰਜਾਤੀ ਅਨੁਸਾਰ,16ਨਿੱਕਾ ਉੱਲੂ ਅਤੇ ਵੱਡਾ ਉੱਲੂ ਅਤੇ ਕੰਨਾਂ ਵਾਲੇ ਉੱਲੂ,17ਹਵਾਸਲ ਗਿਰਝ, ਮਾਹੀ ਗੀਰ,
18ਲਮ ਢੀਂਗ ਅਤੇ ਬਗਲਾ ਉਸ ਦੀ ਪ੍ਰਜਾਤੀ ਅਨੁਸਾਰ, ਚੱਕੀ ਰਾਹ ਅਤੇ ਚੰਮ ਗਿੱਦੜ,19ਅਤੇ ਸਾਰੇ ਘਿਸਰਨ ਵਾਲੇ ਪੰਖੇਰੂ, ਉਹ ਤੁਹਾਡੇ ਲਈ ਅਸ਼ੁੱਧ ਹਨ, ਉਹ ਨਾ ਖਾਧੇ ਜਾਣ ।20ਪਰ ਸਾਰੇ ਸ਼ੁੱਧ ਪੰਖੇਰੂ ਤੁਸੀਂ ਖਾ ਸਕਦੇ ਹੋ ।

21ਜੋ ਆਪਣੇ ਆਪ ਮਰ ਜਾਵੇ, ਉਸ ਨੂੰ ਤੁਸੀਂ ਨਾ ਖਾਇਓ । ਇਹ ਤੁਸੀਂ ਉਸ ਪਰਦੇਸੀ ਨੂੰ ਖਾਣ ਲਈ ਦੇ ਸਕਦੇ ਹੋ ਜਿਹੜਾ ਤੁਹਾਡੇ ਫਾਟਕ ਦੇ ਅੰਦਰ ਹੈ ਜਾਂ ਉਸ ਨੂੰ ਕਿਸੇ ਪਰਾਏ ਕੋਲ ਵੇਚ ਸਕਦੇ ਹੋ, ਪਰ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਲਈ ਇੱਕ ਪਵਿੱਤਰ ਪਰਜਾ ਹੋ । ਤੁਸੀਂ ਮੇਮਣੇ ਨੂੰ ਉਸ ਦੀ ਮਾਂ ਦੇ ਦੁੱਧ ਵਿੱਚ ਨਾ ਉਬਾਲਿਓ ।
ਦਸਵੰਧ ਦਾ ਨਿਯਮ

22ਤੁਸੀਂ ਜ਼ਰੂਰ ਹੀ ਆਪਣੇ ਬੀਜ ਦੀ ਸਾਰੀ ਪੈਦਾਵਾਰ ਦਾ ਦਸਵੰਧ ਦਿਓ, ਜਿਹੜੀ ਖੇਤ ਵਿੱਚੋਂ ਸਾਲ ਦੇ ਸਾਲ ਨਿੱਕਲਦੀ ਹੈ ।23ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਨਮੁਖ ਉਸ ਸਥਾਨ ਵਿੱਚ ਜਿਹੜਾ ਉਹ ਆਪਣਾ ਨਾਮ ਵਸਾਉਣ ਲਈ ਚੁਣੇਗਾ ਆਪਣੇ ਅੰਨ, ਆਪਣੀ ਨਵੀਂ ਮਧ ਅਤੇ ਆਪਣੇ ਤੇਲ ਦੇ ਦਸਵੰਧ ਨੂੰ ਅਤੇ ਆਪਣੇ ਇੱਜੜ ਤੇ ਆਪਣੇ ਚੌਣੇ ਦੇ ਪਹਿਲੌਠਿਆਂ ਨੂੰ ਖਾਇਓ, ਤਾਂ ਜੋ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦਾ ਭੈ ਸਦਾ ਤੱਕ ਮੰਨਣਾ ਸਿੱਖੋ ।
24ਜੇਕਰ ਉਹ ਸਥਾਨ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਆਪਣਾ ਨਾਮ ਵਸਾਉਣ ਲਈ ਚੁਣੇਗਾ ਬਹੁਤ ਦੂਰ ਹੋਵੇ, ਅਤੇ ਉੱਥੋਂ ਦਾ ਰਾਹ ਤੁਹਾਡੇ ਲਈ ਅਜਿਹਾ ਲੰਮਾ ਹੋਵੇ ਕਿ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਬਰਕਤ ਨਾਲ ਮਿਲੀਆਂ ਵਸਤੂਆਂ ਉੱਥੇ ਲੈ ਕੇ ਜਾ ਨਾ ਸਕੋ,25ਤਾਂ ਤੁਸੀਂ ਉਹ ਨੂੰ ਚਾਂਦੀ ਨਾਲ ਬਦਲ ਕੇ, ਉਸ ਚਾਂਦੀ ਨੂੰ ਆਪਣੇ ਹੱਥ ਵਿੱਚ ਬੰਨ੍ਹ ਲਿਓ ਅਤੇ ਉਸ ਸਥਾਨ ਨੂੰ ਜਾਇਓ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਚੁਣੇਗਾ,
26ਤੁਸੀਂ ਉਸ ਚਾਂਦੀ ਨਾਲ ਗਾਂ-ਬਲਦ, ਭੇਡ, ਦਾਖਰਸ, ਮਧ ਜਾਂ ਕੋਈ ਵੀ ਵਸਤੂ ਜਿਸ ਲਈ ਤੁਹਾਡਾ ਜੀ ਲੋਚੇ, ਮੁੱਲ ਲੈ ਲਿਓ ਅਤੇ ਉਸ ਨੂੰ ਤੁਸੀਂ ਆਪਣੇ ਘਰਾਣੇ ਸਮੇਤ ਉੱਥੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਨਮੁਖ ਖਾਇਓ ਅਤੇ ਅਨੰਦ ਕਰਿਓ ।27ਤੁਸੀਂ ਉਸ ਲੇਵੀ ਨੂੰ ਜਿਹੜਾ ਤੁਹਾਡੇ ਫਾਟਕਾਂ ਦੇ ਅੰਦਰ ਹੈ ਭੁੱਲ ਨਾ ਜਾਇਓ, ਕਿਉਂ ਜੋ ਉਸ ਦਾ ਤੁਹਾਡੇ ਨਾਲ ਕੋਈ ਭਾਗ ਜਾਂ ਵਿਰਾਸਤ ਨਹੀਂ ਹੈ ।

28ਹਰੇਕ ਤਿੰਨ ਸਾਲ ਦੇ ਅੰਤ ਵਿੱਚ ਤੁਸੀਂ ਤੀਜੇ ਸਾਲ ਦੀ ਆਪਣੀ ਪੈਦਾਵਾਰ ਦਾ ਸਾਰਾ ਦਸਵੰਧ ਲਿਆ ਕੇ ਆਪਣੇ ਫਾਟਕਾਂ ਦੇ ਅੰਦਰ ਰੱਖਿਓ,29ਤਦ ਲੇਵੀ, ਜਿਸ ਦਾ ਤੁਹਾਡੇ ਨਾਲ ਕੋਈ ਭਾਗ ਜਾਂ ਵਿਰਾਸਤ ਨਹੀਂ ਹੈ ਅਤੇ ਪਰਦੇਸੀ, ਯਤੀਮ ਅਤੇ ਵਿਧਵਾ ਜੋ ਤੁਹਾਡੇ ਫਾਟਕਾਂ ਦੇ ਅੰਦਰ ਹੋਣ, ਆ ਕੇ ਖਾਣ ਅਤੇ ਰੱਜਣ, ਤਾਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਵਿੱਚ ਤੁਹਾਨੂੰ ਬਰਕਤ ਦੇਵੇ ।

15
ਸੱਤਵਾਂ ਸਾਲ: ਛੁਟਕਾਰੇ ਦਾ ਸਾਲ
(ਲੇਵੀਆਂ 25:1-7)

1ਹਰੇਕ ਸੱਤਾਂ ਸਾਲਾਂ ਦੇ ਅੰਤ ਵਿੱਚ ਤੁਸੀਂ ਛੁਟਕਾਰਾ ਦਿਆ ਕਰੋ ।2ਛੁਟਕਾਰੇ ਦਾ ਤਰੀਕਾ ਇਹ ਹੈ, ਹਰ ਲੈਣਦਾਰ ਆਪਣਾ ਉਹ ਕਰਜ਼ ਜਿਹੜਾ ਉਸ ਨੇ ਆਪਣੇ ਗੁਆਂਢੀ ਨੂੰ ਉਧਾਰ ਦਿੱਤਾ ਸੀ, ਛੱਡ ਦੇਵੇ । ਉਹ ਆਪਣੇ ਗੁਆਂਢੀ ਅਤੇ ਆਪਣੇ ਭਰਾ ਤੋਂ ਵਸੂਲੀ ਨਾ ਕਰੇ ਕਿਉਂ ਜੋ ਯਹੋਵਾਹ ਦੇ ਨਾਮ ਤੋਂ ਛੁਟਕਾਰੇ ਦੀ ਘੋਸ਼ਣਾ ਕੀਤੀ ਗਈ ਹੈ ।3ਪਰਦੇਸੀ ਤੋਂ ਤੁਸੀਂ ਵਸੂਲੀ ਕਰ ਸਕਦੇ ਹੋ ਪਰ ਤੁਹਾਡਾ ਜੋ ਕੁਝ ਤੁਹਾਡੇ ਭਰਾ ਕੋਲ ਹੋਵੇ, ਉਹ ਤੁਸੀਂ ਆਪਣੇ ਆਪ ਛੱਡ ਦਿਓ ।

4ਤਦ ਤੁਹਾਡੇ ਵਿਚੋਂ ਕੋਈ ਕੰਗਾਲ ਨਾ ਰਹੇਗਾ ਕਿਉਂ ਜੋ ਯਹੋਵਾਹ ਤੁਹਾਨੂੰ ਉਸ ਦੇਸ਼ ਵਿੱਚ ਬਰਕਤ ਦੇਵੇਗਾ, ਜਿਹੜਾ ਉਹ ਤੁਹਾਨੂੰ ਅਧਿਕਾਰ ਕਰਨ ਲਈ ਵਿਰਾਸਤ ਵਿੱਚ ਦੇਣ ਵਾਲਾ ਹੈ ।5ਪਰ ਜ਼ਰੂਰੀ ਹੈ ਕਿ ਤੁਸੀਂ ਮਨ ਲਾ ਕੇ ਯਹੋਵਾਹ ਆਪਣੇ ਪਰਮੇਸ਼ੁਰ ਦੀ ਆਵਾਜ਼ ਸੁਣੋ ਅਤੇ ਇਸ ਸਾਰੇ ਹੁਕਮਨਾਮੇ ਨੂੰ ਪੂਰਾ ਕਰਕੇ ਇਸ ਦੀ ਪਾਲਣਾ ਕਰੋ, ਜਿਹੜਾ ਮੈਂ ਅੱਜ ਤੁਹਾਨੂੰ ਦਿੰਦਾ ਹਾਂ ।6ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਆਪਣੇ ਬਚਨ ਅਨੁਸਾਰ ਤੁਹਾਨੂੰ ਬਰਕਤ ਦੇਵੇਗਾ ਅਤੇ ਤੁਸੀਂ ਬਹੁਤੀਆਂ ਕੌਮਾਂ ਨੂੰ ਕਰਜ਼ ਦਿਓਗੇ ਪਰ ਤੁਹਾਨੂੰ ਕਿਸੇ ਤੋਂ ਕਰਜ਼ ਲੈਣਾ ਨਾ ਪਵੇਗਾ । ਤੁਸੀਂ ਬਹੁਤੀਆਂ ਕੌਮਾਂ ਉੱਤੇ ਰਾਜ ਕਰੋਗੇ ਪਰ ਉਹ ਤੁਹਾਡੇ ਉੱਤੇ ਰਾਜ ਨਾ ਕਰਨਗੀਆਂ ।

7ਜੋ ਦੇਸ਼ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇਣ ਵਾਲਾ ਹੈ, ਉਸ ਦੇ ਕਿਸੇ ਵੀ ਫਾਟਕ ਦੇ ਅੰਦਰ ਜੇਕਰ ਤੁਹਾਡੇ ਭਰਾਵਾਂ ਵਿੱਚੋਂ ਤੁਹਾਡੇ ਕੋਲ ਕੋਈ ਕੰਗਾਲ ਹੋਵੇ ਤਾਂ ਤੁਸੀਂ ਆਪਣੇ ਕੰਗਾਲ ਭਰਾ ਲਈ ਆਪਣਾ ਮਨ ਕਠੋਰ ਨਾ ਕਰਿਓ ਅਤੇ ਨਾ ਹੀ ਆਪਣਾ ਹੱਥ ਰੋਕਿਓ,8ਪਰ ਤੁਸੀਂ ਆਪਣੇ ਹੱਥ ਉਸ ਦੇ ਲਈ ਜ਼ਰੂਰ ਹੀ ਖੁੱਲ੍ਹੇ ਰੱਖਿਓ ਅਤੇ ਉਸ ਨੂੰ ਉਸ ਦੀ ਲੋੜ ਅਨੁਸਾਰ ਜ਼ਰੂਰ ਹੀ ਉਧਾਰ ਦਿਓ ।
9ਸਾਵਧਾਨ ਰਹੋ, ਕਿਤੇ ਅਜਿਹਾ ਨਾ ਹੋਵੇ ਕਿ ਤੁਹਾਡੇ ਮਨ ਵਿੱਚ ਕੋਈ ਨਿਕੰਮਾ ਵਿਚਾਰ ਆ ਜਾਵੇ ਕਿ ਸੱਤਵਾਂ ਸਾਲ ਅਰਥਾਤ ਛੁਟਕਾਰੇ ਦਾ ਸਾਲ ਨੇੜੇ ਹੈ, ਅਤੇ ਤੁਹਾਡੀ ਨਿਗਾਹ ਤੁਹਾਡੇ ਕੰਗਾਲ ਭਰਾ ਵੱਲ ਮੰਦੀ ਹੋ ਜਾਵੇ ਕਿ ਤੁਸੀਂ ਉਸ ਨੂੰ ਕੁਝ ਨਾ ਦਿਓ ਅਤੇ ਉਹ ਤੁਹਾਡੇ ਵਿਰੁੱਧ ਯਹੋਵਾਹ ਦੇ ਅੱਗੇ ਫ਼ਰਿਆਦ ਕਰੇ ਅਤੇ ਇਹ ਤੁਹਾਡੇ ਲਈ ਪਾਪ ਠਹਿਰੇ ।10ਤੁਸੀਂ ਜ਼ਰੂਰ ਹੀ ਉਸ ਨੂੰ ਦਿਓ ਅਤੇ ਉਸ ਨੂੰ ਦਿੰਦੇ ਹੋਏ ਤੁਹਾਡੇ ਮਨ ਨੂੰ ਬੁਰਾ ਨਾ ਲੱਗੇ ਕਿਉਂ ਜੋ ਇਸੇ ਗੱਲ ਦੇ ਕਾਰਨ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਤੁਹਾਡੇ ਹੱਥ ਦੇ ਸਾਰੇ ਕੰਮਾਂ ਵਿੱਚ ਬਰਕਤ ਦੇਵੇਗਾ ।
11ਕੰਗਾਲ ਤਾਂ ਦੇਸ਼ ਵਿੱਚ ਹਮੇਸ਼ਾ ਹੀ ਰਹਿਣਗੇ, ਇਸ ਕਾਰਨ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਕਿ ਤੁਸੀਂ ਆਪਣੇ ਦੇਸ਼ ਵਿੱਚ ਆਪਣੇ ਲੋੜਵੰਦ ਅਤੇ ਕੰਗਾਲ ਭਰਾਵਾਂ ਲਈ ਆਪਣਾ ਹੱਥ ਜ਼ਰੂਰ ਹੀ ਖੁੱਲ੍ਹਾ ਰੱਖਿਓ ।
ਦਾਸਾਂ ਨਾਲ ਵਰਤਾਓ
(ਕੂਚ 21:1-11)

12ਜੇਕਰ ਤੁਹਾਡਾ ਇਬਰਾਨੀ ਭਰਾ ਜਾਂ ਕੋਈ ਇਬਰਾਨਣ ਤੁਹਾਡੇ ਕੋਲ ਵੇਚੀ ਜਾਵੇ ਅਤੇ ਉਹ ਛੇ ਸਾਲ ਤੱਕ ਤੁਹਾਡੀ ਸੇਵਾ ਕਰੇ ਤਾਂ ਸੱਤਵੇਂ ਸਾਲ ਵਿੱਚ ਤੁਸੀਂ ਉਸ ਨੂੰ ਆਪਣੇ ਕੋਲੋਂ ਅਜ਼ਾਦ ਕਰ ਦੇਣਾ ।13ਜਦ ਤੁਸੀਂ ਉਸ ਨੂੰ ਅਜ਼ਾਦ ਕਰਕੇ ਆਪਣੇ ਕੋਲੋਂ ਭੇਜੋ ਤਾਂ ਉਸ ਨੂੰ ਖਾਲੀ ਹੱਥ ਨਾ ਭੇਜਿਓ,14ਸਗੋਂ ਆਪਣੇ ਇੱਜੜ, ਪਿੜ ਅਤੇ ਦਾਖ਼ਰਸ ਦੇ ਕੋਹਲੂ ਵਿੱਚੋਂ ਦਿਲ ਖੋਲ੍ਹ ਕੇ ਉਸ ਨੂੰ ਦਿਓ । ਜਿਵੇਂ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਬਰਕਤ ਦਿੱਤੀ ਹੈ, ਉਸੇ ਤਰ੍ਹਾਂ ਹੀ ਤੁਸੀਂ ਉਸ ਨੂੰ ਦਿਓ ।
15ਯਾਦ ਰੱਖੋ, ਤੁਸੀਂ ਵੀ ਮਿਸਰ ਦੇਸ਼ ਵਿੱਚ ਗੁਲਾਮ ਸੀ ਅਤੇ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਛੁਟਕਾਰਾ ਦਿੱਤਾ, ਇਸ ਲਈ ਮੈਂ ਅੱਜ ਤੁਹਾਨੂੰ ਇਸ ਗੱਲ ਦਾ ਹੁਕਮ ਦਿੰਦਾ ਹਾਂ ।16ਪਰ ਜੇਕਰ ਉਹ ਤੁਹਾਨੂੰ ਆਖੇ, 'ਮੈਂ ਤੇਰੇ ਕੋਲੋਂ ਨਹੀਂ ਜਾਂਵਾਂਗਾ' ਕਿਉਂ ਜੋ ਤੁਹਾਡੇ ਨਾਲ ਅਤੇ ਤੁਹਾਡੇ ਘਰਾਣੇ ਨਾਲ ਪ੍ਰੇਮ ਕਰਦਾ ਹੈ ਅਤੇ ਤੁਹਾਡੇ ਨਾਲ ਖੁਸ਼ੀ ਨਾਲ ਰਹਿੰਦਾ ਹੈ,17ਤਾਂ ਤੁਸੀਂ ਆਰ ਲੈ ਕੇ ਉਸ ਦੇ ਕੰਨ ਨੂੰ ਚੁਗਾਠ ਨਾਲ ਵਿੰਨ੍ਹ ਦੇਣਾ, ਤਾਂ ਉਹ ਸਦਾ ਲਈ ਤੁਹਾਡਾ ਦਾਸ ਬਣ ਜਾਵੇਗਾ, ਤੁਸੀਂ ਆਪਣੀ ਦਾਸੀ ਨਾਲ ਵੀ ਅਜਿਹਾ ਹੀ ਕਰਨਾ ।
18ਜਦ ਤੁਸੀਂ ਉਸ ਨੂੰ ਆਪਣੇ ਕੋਲੋਂ ਅਜ਼ਾਦ ਕਰਕੇ ਭੇਜ ਦਿਓ, ਤਾਂ ਉਸ ਨੂੰ ਛੱਡਣਾ ਤੁਹਾਨੂੰ ਬਹੁਤਾ ਔਖਾ ਨਾ ਲੱਗੇ, ਕਿਉਂ ਜੋ ਉਸ ਨੇ ਛੇ ਸਾਲਾਂ ਤੱਕ ਮਜ਼ਦੂਰ ਦੀ ਦੁਗਣੀ ਮਜ਼ਦੂਰੀ ਦੇ ਬਰਾਬਰ ਤੁਹਾਡੀ ਸੇਵਾ ਕੀਤੀ ਹੈ । ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਸਾਰੇ ਕੰਮਾਂ ਵਿੱਚ ਬਰਕਤ ਦੇਵੇਗਾ ।
ਪਹਿਲੌਠੇ ਪਸ਼ੂਆਂ ਦਾ ਅਰਪਣ

19ਤੁਸੀਂ ਆਪਣੇ ਚੌਣੇ ਅਤੇ ਇੱਜੜ ਦੇ ਜੰਮੇ ਹੋਏ ਸਾਰੇ ਪਹਿਲੌਠੇ ਨਰ ਯਹੋਵਾਹ ਆਪਣੇ ਪਰਮੇਸ਼ੁਰ ਲਈ ਪਵਿੱਤਰ ਰੱਖੋ, ਤੁਸੀਂ ਆਪਣੇ ਚੌਣੇ ਦੇ ਕਿਸੇ ਪਹਿਲੌਠੇ ਤੋਂ ਕੋਈ ਕੰਮ ਨਾ ਲੈਣਾ ਅਤੇ ਨਾ ਹੀ ਆਪਣੇ ਇੱਜੜ ਦੇ ਕਿਸੇ ਪਹਿਲੌਠੇ ਦੀ ਉੱਨ ਕਤਰਨਾ ।20ਤੁਸੀਂ ਅਤੇ ਤੁਹਾਡਾ ਘਰਾਣਾ ਉਸ ਨੂੰ ਸਾਲ ਦੇ ਸਾਲ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਨਮੁਖ ਉਸ ਸਥਾਨ ਵਿੱਚ ਖਾਵੇ, ਜਿਹੜਾ ਯਹੋਵਾਹ ਚੁਣੇਗਾ,21ਪਰ ਜੇਕਰ ਉਸ ਵਿੱਚ ਕੋਈ ਦੋਸ਼ ਹੋਵੇ ਅਰਥਾਤ ਉਹ ਲੰਗੜਾ ਜਾਂ ਅੰਨ੍ਹਾਂ ਹੋਵੇ ਜਾਂ ਕੋਈ ਹੋਰ ਬੁਰਾ ਦੋਸ਼ ਹੋਵੇ ਤਾਂ ਤੁਸੀਂ ਉਸ ਨੂੰ ਯਹੋਵਾਹ ਆਪਣੇ ਪਰਮੇਸ਼ੁਰ ਦੇ ਲਈ ਨਾ ਚੜ੍ਹਾਇਓ ।
22ਤੁਸੀਂ ਉਸ ਨੂੰ ਆਪਣੇ ਫਾਟਕਾਂ ਦੇ ਅੰਦਰ ਖਾਇਓ । ਅਸ਼ੁੱਧ ਅਤੇ ਸ਼ੁੱਧ ਦੋਵੇਂ ਮਨੁੱਖ ਜਿਵੇਂ ਚਿਕਾਰਾ ਅਤੇ ਹਿਰਨ ਦਾ ਮਾਸ ਖਾਂਦੇ ਹਨ, ਉਸ ਨੂੰ ਵੀ ਖਾ ਸਕਦੇ ਹਨ ।23ਪਰ ਤੁਸੀਂ ਉਸ ਨੂੰ ਲਹੂ ਸਮੇਤ ਨਾ ਖਾਇਓ, ਸਗੋਂ ਉਸ ਦੇ ਲਹੂ ਨੂੰ ਪਾਣੀ ਵਾਂਗੂੰ ਧਰਤੀ ਉੱਤੇ ਡੋਲ੍ਹ ਦਿਓ ।

16
ਪਸਹ ਦਾ ਪਰਬ
(ਕੂਚ 12:1-20)

1ਅਬੀਬ ਦੇ ਮਹੀਨੇ ਨੂੰ ਯਾਦ ਰੱਖ ਕੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਲਈ ਪਸਹ ਮਨਾਇਆ ਕਰੋ, ਕਿਉਂ ਜੋ ਅਬੀਬ ਦੇ ਮਹੀਨੇ ਵਿੱਚ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਮਿਸਰ ਤੋਂ ਰਾਤ ਦੇ ਸਮੇਂ ਕੱਢ ਲਿਆਇਆ ਸੀ ।2ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਲਈ ਆਪਣੇ ਚੌਣੇ ਅਤੇ ਇੱਜੜ ਵਿੱਚੋਂ ਪਸ਼ੂ ਉਸ ਸਥਾਨ ਵਿੱਚ ਪਸਹ ਕਰਕੇ ਚੜ੍ਹਾਇਓ, ਜਿਹੜਾ ਯਹੋਵਾਹ ਆਪਣਾ ਨਾਮ ਵਸਾਉਣ ਲਈ ਚੁਣੇਗਾ ।

3ਤੁਸੀਂ ਉਹ ਦੇ ਨਾਲ ਖਮੀਰ ਨਾ ਖਾਇਓ । ਤੁਸੀਂ ਸੱਤ ਦਿਨ ਤੱਕ ਪਤੀਰੀ ਰੋਟੀ ਜਿਹੜੀ ਦੁੱਖ ਦੀ ਰੋਟੀ ਹੈ, ਉਹ ਦੇ ਨਾਲ ਖਾਇਓ ਕਿਉਂ ਜੋ ਤੁਸੀਂ ਮਿਸਰ ਦੇਸ਼ ਤੋਂ ਜਲਦਬਾਜ਼ੀ ਵਿੱਚ ਨਿੱਕਲੇ ਸੀ ।4ਸੱਤ ਦਿਨਾਂ ਤੱਕ ਕੋਈ ਖਮੀਰ ਤੁਹਾਡੀਆਂ ਸਾਰੀਆਂ ਹੱਦਾਂ ਵਿੱਚ ਨਾ ਵੇਖਿਆ ਜਾਵੇ, ਅਤੇ ਜੋ ਪਸ਼ੂ ਪਹਿਲੇ ਦਿਨ ਦੀ ਸ਼ਾਮ ਨੂੰ ਤੁਸੀਂ ਬਲੀ ਕਰਕੇ ਚੜ੍ਹਾਓ ਉਸ ਦੇ ਮਾਸ ਵਿੱਚੋਂ ਸਵੇਰ ਤੱਕ ਕੁਝ ਬਾਕੀ ਨਾ ਰਹੇ ।
5ਤੁਸੀਂ ਪਸਹ ਨੂੰ ਆਪਣੇ ਕਿਸੇ ਫਾਟਕ ਦੇ ਅੰਦਰ, ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦਿੰਦਾ ਹੈ, ਬਲੀ ਕਰਕੇ ਨਾ ਚੜ੍ਹਾਇਓ,6ਪਰੰਤੂ ਉਸ ਸਥਾਨ ਵਿੱਚ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਆਪਣਾ ਨਾਮ ਵਸਾਉਣ ਲਈ ਚੁਣੇਗਾ, ਉੱਥੇ ਤੁਸੀਂ ਸ਼ਾਮ ਨੂੰ ਪਸਹ ਚੜ੍ਹਾਇਓ, ਜਦ ਸੂਰਜ ਡੁੱਬ ਰਿਹਾ ਹੋਵੇ ਅਤੇ ਸਾਲ ਦੇ ਉਸੇ ਸਮੇਂ ਵਿੱਚ ਜਦ ਤੁਸੀਂ ਮਿਸਰ ਤੋਂ ਨਿੱਕਲੇ ਸੀ ।
7ਤੁਸੀਂ ਉਸਦਾ ਮਾਸ ਭੁੰਨ ਕੇ ਉਸੇ ਸਥਾਨ ਵਿੱਚ ਖਾਇਓ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਚੁਣੇਗਾ, ਫੇਰ ਸਵੇਰ ਨੂੰ ਤੁਸੀਂ ਆਪਣੇ ਤੰਬੂਆਂ ਨੂੰ ਮੁੜ ਆਇਓ ।8ਛੇ ਦਿਨ ਤੱਕ ਤੁਸੀਂ ਪਤੀਰੀ ਰੋਟੀ ਖਾਇਓ ਅਤੇ ਸੱਤਵੇਂ ਦਿਨ ਯਹੋਵਾਹ ਤੁਹਾਡੀ ਪਰਮੇਸ਼ੁਰ ਦੀ ਮਹਾਂ ਸਭਾ ਹੋਵੇ, ਉਸ ਦਿਨ ਤੁਸੀਂ ਕੋਈ ਕੰਮ-ਧੰਦਾ ਨਾ ਕਰਿਓ ।
ਹਫ਼ਤਿਆਂ ਦਾ ਪਰਬ
(ਕੂਚ 34:22; ਲੇਵੀਆਂ 23:15-21)

9ਜਦ ਤੋਂ ਤੁਸੀਂ ਆਪਣੀ ਖੜ੍ਹੀ ਫ਼ਸਲ ਨੂੰ ਦਾਤੀ ਲਾਉਣ ਲੱਗੋ, ਉਸ ਸਮੇਂ ਤੋਂ ਸ਼ੁਰੂ ਕਰਕੇ ਤੁਸੀਂ ਸੱਤ ਹਫ਼ਤੇ ਗਿਣ ਲਿਓ ।10ਤਦ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਬਰਕਤ ਦੇ ਅਨੁਸਾਰ ਉਸ ਦੇ ਲਈ ਆਪਣੀ ਖੁਸ਼ੀ ਦੇ ਭੇਟ ਦੇ ਨਜ਼ਰਾਨੇ ਦੇ ਕੇ ਹਫ਼ਤਿਆਂ ਦਾ ਪਰਬ ਮਨਾਇਓ ।
11ਉਸ ਸਥਾਨ ਵਿੱਚ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਆਪਣਾ ਨਾਮ ਵਸਾਉਣ ਲਈ ਚੁਣੇਗਾ ਉੱਥੇ ਤੁਸੀਂ, ਤੁਹਾਡਾ ਪੁੱਤਰ, ਤੁਹਾਡੀ ਧੀ, ਤੁਹਾਡਾ ਦਾਸ, ਤੁਹਾਡੀ ਦਾਸੀ, ਅਤੇ ਉਹ ਲੇਵੀ ਜਿਹੜਾ ਤੁਹਾਡੇ ਫਾਟਕਾਂ ਦੇ ਅੰਦਰ ਹੋਵੇ, ਪਰਦੇਸੀ, ਯਤੀਮ ਅਤੇ ਵਿਧਵਾ ਜਿਹੜੇ ਤੁਹਾਡੇ ਕੋਲ ਹੋਣ, ਤੁਸੀਂ ਸਾਰੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਨਮੁਖ ਅਨੰਦ ਕਰਿਓ ।12ਯਾਦ ਰੱਖਿਓ ਕਿ ਤੁਸੀਂ ਮਿਸਰ ਵਿੱਚ ਗੁਲਾਮ ਸੀ, ਇਸ ਲਈ ਤੁਸੀਂ ਇਨ੍ਹਾਂ ਬਿਧੀਆਂ ਨੂੰ ਮੰਨਿਓ ਅਤੇ ਪੂਰਾ ਕਰਿਓ ।
ਡੇਰਿਆਂ ਦਾ ਪਰਬ
(ਲੇਵੀਆਂ 23:33-43)

13ਜਦ ਤੁਸੀਂ ਆਪਣੇ ਪਿੜ ਅਤੇ ਦਾਖਰਸ ਦੇ ਕੋਹਲੂ ਤੋਂ ਆਪਣਾ ਮਾਲ ਇਕੱਠਾ ਕਰ ਲਿਆ ਹੋਵੇ, ਤਦ ਤੁਸੀਂ ਸੱਤ ਦਿਨਾਂ ਤੱਕ ਡੇਰਿਆਂ ਦਾ ਪਰਬ ਮਨਾਇਓ ।14ਆਪਣੇ ਇਸ ਪਰਬ ਵਿੱਚ ਤੁਸੀਂ, ਤੁਹਾਡਾ ਪੁੱਤਰ, ਤੁਹਾਡੀ ਧੀ, ਤੁਹਾਡਾ ਦਾਸ, ਤੁਹਾਡੀ ਦਾਸੀ, ਅਤੇ ਲੇਵੀ, ਪਰਦੇਸੀ, ਯਤੀਮ ਅਤੇ ਵਿਧਵਾ ਜਿਹੜੇ ਤੁਹਾਡੇ ਫਾਟਕਾਂ ਦੇ ਅੰਦਰ ਹੋਣ, ਤੁਸੀਂ ਸਾਰੇ ਅਨੰਦ ਕਰਿਓ ।
15ਤੁਸੀਂ ਉਸ ਸਥਾਨ ਵਿੱਚ ਜਿਹੜਾ ਯਹੋਵਾਹ ਚੁਣੇਗਾ, ਸੱਤ ਦਿਨਾਂ ਤੱਕ ਯਹੋਵਾਹ ਆਪਣੇ ਪਰਮੇਸ਼ੁਰ ਲਈ ਪਰਬ ਮਨਾਇਓ, ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਸਾਰੇ ਵਾਧੇ ਵਿੱਚ ਅਤੇ ਤੁਹਾਡੇ ਹੱਥ ਦੇ ਸਾਰੇ ਕੰਮਾਂ ਵਿੱਚ ਤੁਹਾਨੂੰ ਬਰਕਤ ਦੇਵੇਗਾ, ਇਸ ਲਈ ਤੁਸੀਂ ਪੂਰਾ ਅਨੰਦ ਕਰਿਓ ।
16ਸਾਲ ਵਿੱਚ ਤਿੰਨ ਵਾਰ, ਤੁਹਾਡੇ ਸਾਰੇ ਪੁਰਖ ਯਹੋਵਾਹ ਤੁਹਾਡੇ ਪਰਮੇਸ਼ੁਰ ਦੇ ਸਨਮੁਖ ਉਸ ਸਥਾਨ ਵਿੱਚ ਹਾਜ਼ਰ ਹੋਣ ਜਿਹੜਾ ਉਹ ਚੁਣੇਗਾ, ਅਰਥਾਤ ਪਤੀਰੀ ਰੋਟੀ ਦੇ ਪਰਬ, ਡੇਰਿਆਂ ਦੇ ਪਰਬ ਅਤੇ ਹਫਤਿਆਂ ਦੇ ਪਰਬ ਦੇ ਸਮੇਂ । ਉਹ ਖਾਲੀ ਹੱਥ ਯਹੋਵਾਹ ਦੇ ਸਨਮੁਖ ਹਾਜ਼ਰ ਨਾ ਹੋਣ ।17ਹਰੇਕ ਪੁਰਖ ਆਪਣੇ-ਆਪਣੇ ਵਿੱਤ ਅਨੁਸਾਰ ਅਤੇ ਉਸ ਬਰਕਤ ਦੇ ਅਨੁਸਾਰ ਦੇਵੇ, ਜਿਹੜੀ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਦਿੱਤੀ ਹੈ ।
ਨਿਆਈ ਦੀ ਨਿਯੁਕਤੀ

18ਤੁਸੀਂ ਆਪਣੇ ਸਾਰੇ ਫਾਟਕਾਂ ਦੇ ਅੰਦਰ ਜਿਹੜੇ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦਿੰਦਾ ਹੈ, ਗੋਤਾਂ ਅਨੁਸਾਰ ਆਪਣੇ ਲਈ ਨਿਆਈ ਅਤੇ ਪ੍ਰਧਾਨ ਨਿਯੁਕਤ ਕਰ ਲਿਓ ਅਤੇ ਉਹ ਧਰਮ ਨਾਲ ਪਰਜਾ ਦਾ ਨਿਆਂ ਕਰਨ ।19ਤੁਸੀਂ ਨਿਆਂ ਨੂੰ ਨਾ ਵਿਗਾੜਿਓ । ਤੁਸੀਂ ਕਿਸੇ ਦਾ ਪੱਖਪਾਤ ਨਾ ਕਰਿਓ । ਰਿਸ਼ਵਤ ਨਾ ਖਾਓ, ਕਿਉਂ ਜੋ ਰਿਸ਼ਵਤ ਬੁੱਧਵਾਨ ਦੀਆਂ ਅੱਖਾਂ ਨੂੰ ਅੰਨ੍ਹਾ ਕਰ ਦਿੰਦੀ ਹੈ ਅਤੇ ਧਰਮੀਆਂ ਦੀਆਂ ਗੱਲਾਂ ਉਲਟ ਦਿੰਦੀ ਹੈ ।20ਤੁਸੀਂ ਧਰਮ ਦੇ ਹੀ ਪਿੱਛੇ ਚੱਲੋ ਤਾਂ ਜੋ ਤੁਸੀਂ ਜੀਉਂਦੇ ਰਹੋ ਅਤੇ ਉਸ ਦੇਸ਼ ਉੱਤੇ ਅਧਿਕਾਰ ਕਰੋ, ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦਿੰਦਾ ਹੈ ।
ਹੋਰਨਾਂ ਦੇਵਤਿਆਂ ਦੀ ਪੂਜਾ ਦੀ ਮਨਾਹੀ

21ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਜਗਵੇਦੀ ਦੇ ਕੋਲ ਜਿਹੜੀ ਤੁਸੀਂ ਬਣਾਉਗੇ, ਕਿਸੇ ਵੀ ਰੁੱਖ ਦੀ ਲੱਕੜ ਨਾਲ ਬਣੀ ਹੋਏ ਅਸੇਰਾਹ ਦੀ ਸਥਾਪਨਾ ਨਾ ਕਰਿਓ,22ਤੁਸੀਂ ਆਪਣੇ ਲਈ ਕੋਈ ਥੰਮ੍ਹ ਖੜ੍ਹਾ ਨਾ ਕਰਿਓ, ਜਿਸ ਤੋਂ ਯਹੋਵਾਹ ਤੁਹਾਡਾ ਪਰਮੇਸ਼ੁਰ ਘਿਰਣਾ ਕਰਦਾ ਹੈ ।

17

1ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਲਈ ਕੋਈ ਬਲਦ ਜਾਂ ਲੇਲਾ ਬਲੀ ਨਾ ਚੜ੍ਹਾਇਓ ਜਿਸ ਦੇ ਵਿੱਚ ਕੋਈ ਕੱਜ ਜਾਂ ਕੋਈ ਦੋਸ਼ ਹੋਵੇ ਕਿਉਂ ਜੋ ਉਹ ਯਹੋਵਾਹ ਤੁਹਾਡੇ ਪਰਮੇਸ਼ੁਰ ਲਈ ਘਿਣਾਉਣਾ ਹੈ ।

2ਜੇਕਰ ਤੁਹਾਡੇ ਫਾਟਕਾਂ ਦੇ ਅੰਦਰ, ਜਿਹੜੇ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇਣ ਵਾਲਾ ਹੈ, ਕੋਈ ਅਜਿਹਾ ਪੁਰਖ ਜਾਂ ਇਸਤਰੀ ਪਾਈ ਜਾਵੇ, ਜਿਸ ਨੇ ਯਹੋਵਾਹ ਤੁਹਾਡੇ ਪਰਮੇਸ਼ੁਰ ਦੇ ਨੇਮ ਦੀ ਉਲੰਘਣਾ ਕਰਕੇ ਕੋਈ ਅਜਿਹਾ ਕੰਮ ਕੀਤਾ ਹੋਵੇ ਜੋ ਉਸ ਦੀ ਨਜ਼ਰ ਵਿੱਚ ਬੁਰਾ ਹੈ3ਅਤੇ ਜਾ ਕੇ ਦੂਜੇ ਦੇਵਤਿਆਂ ਦੀ ਜਾਂ ਸੂਰਜ, ਚੰਦ ਅਤੇ ਅਕਾਸ਼ ਦੀ ਸੈਨਾ ਦੀ ਪੂਜਾ ਕੀਤੀ ਹੋਵੇ ਅਤੇ ਉਹਨਾਂ ਦੇ ਅੱਗੇ ਮੱਥਾ ਟੇਕਿਆ ਹੋਵੇ, ਜਿਸ ਦਾ ਮੈਂ ਹੁਕਮ ਨਹੀਂ ਦਿੱਤਾ ਸੀ4ਅਤੇ ਇਹ ਗੱਲ ਤੁਹਾਨੂੰ ਦੱਸੀ ਜਾਵੇ ਅਤੇ ਤੁਹਾਡੇ ਸੁਣਨ ਵਿੱਚ ਆਵੇ ਤਦ ਤੁਸੀਂ ਇਸ ਬਾਰੇ ਚੰਗੀ ਤਰ੍ਹਾਂ ਪੁੱਛ-ਗਿੱਛ ਕਰਿਓ, ਅਤੇ ਵੇਖੋ, ਜੇਕਰ ਉਹ ਗੱਲ ਸੱਚੀ ਅਤੇ ਪੱਕੀ ਹੋਵੇ ਕਿ ਅਜਿਹਾ ਘਿਣਾਉਣਾ ਕੰਮ ਇਸਰਾਏਲ ਵਿੱਚ ਕੀਤਾ ਗਿਆ ਹੈ,
5ਤਾਂ ਤੁਸੀਂ ਉਸ ਪੁਰਖ ਜਾਂ ਇਸਤਰੀ ਨੂੰ ਜਿਸ ਨੇ ਇਹ ਬੁਰਾ ਕੰਮ ਕੀਤਾ ਹੋਵੇ, ਉਨ੍ਹਾਂ ਨੂੰ ਆਪਣੇ ਫਾਟਕਾਂ ਦੇ ਕੋਲ ਲੈ ਜਾ ਕੇ ਅਜਿਹਾ ਪਥਰਾਓ ਕਰਿਓ ਕਿ ਉਹ ਮਰ ਜਾਵੇ ।6ਜੋ ਮੌਤ ਦੀ ਸਜ਼ਾ ਦੇ ਯੋਗ ਹੋਵੇ, ਉਹ ਇੱਕ ਹੀ ਗਵਾਹ ਦੀ ਗਵਾਹੀ ਤੇ ਨਾ ਮਾਰਿਆ ਜਾਵੇ, ਸਗੋਂ ਦੋ ਜਾਂ ਤਿੰਨ ਗਵਾਹਾਂ ਦੀ ਗਵਾਹੀ ਤੇ ਹੀ ਮਾਰਿਆ ਜਾਵੇ ।7ਉਸ ਨੂੰ ਮਾਰਨ ਲਈ ਗਵਾਹਾਂ ਦਾ ਹੱਥ ਪਹਿਲ ਕਰੇ ਅਤੇ ਉਨ੍ਹਾਂ ਦੇ ਬਾਅਦ ਸਾਰੇ ਲੋਕਾਂ ਦੇ ਹੱਥ ਉੱਠਣ । ਇਸ ਤਰ੍ਹਾਂ ਤੁਸੀਂ ਆਪਣੇ ਵਿੱਚੋਂ ਇਸ ਬੁਰਿਆਈ ਨੂੰ ਮਿਟਾ ਦਿਓ ।

8ਜੇਕਰ ਤੁਹਾਡੇ ਫਾਟਕਾਂ ਦੇ ਅੰਦਰ ਝਗੜੇ ਦੀ ਕੋਈ ਅਜਿਹੀ ਗੱਲ ਉੱਠੇ, ਜਿਸ ਦਾ ਨਿਆਂ ਕਰਨਾ ਤੁਹਾਡੇ ਲਈ ਬਹੁਤ ਕਠਿਨ ਹੋਵੇ, ਅਰਥਾਤ ਆਪਸ ਵਿੱਚ ਦਾ ਖੂਨ, ਆਪਸ ਵਿੱਚ ਦਾ ਦਾਵਾ, ਜਾਂ ਆਪਸ ਵਿੱਚ ਦੀ ਮਾਰ-ਕੁਟਾਈ, ਤਾਂ ਤੁਸੀਂ ਉੱਠ ਕੇ ਉਸ ਸਥਾਨ ਨੂੰ ਜਾਇਓ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਚੁਣੇਗਾ,9ਤੁਸੀਂ ਉਨ੍ਹਾਂ ਲੇਵੀਆਂ, ਜਾਜਕਾਂ ਅਤੇ ਨਿਆਈਆਂ ਦੇ ਕੋਲ ਜਾ ਕੇ ਪੁੱਛ-ਗਿੱਛ ਕਰਿਓ, ਜਿਹੜੇ ਉਨ੍ਹਾਂ ਦਿਨਾਂ ਵਿੱਚ ਹੋਣਗੇ । ਉਹ ਤੁਹਾਨੂੰ ਉਸ ਗੱਲ ਦਾ ਫੈਸਲਾ ਦੱਸਣਗੇ ।
10ਫੇਰ ਤੁਸੀਂ ਉਸ ਫੈਸਲੇ ਦੇ ਅਨੁਸਾਰ ਕਰਿਓ ਜਿਹੜਾ ਉਹ ਤੁਹਾਨੂੰ ਉਸ ਸਥਾਨ ਤੋਂ ਦੱਸਣਗੇ, ਜਿਹੜਾ ਯਹੋਵਾਹ ਚੁਣੇਗਾ । ਜੋ ਕੁਝ ਉਹ ਤੁਹਾਨੂੰ ਦੱਸਣ ਤੁਸੀਂ ਪੂਰਨਤਾਈ ਨਾਲ ਉਸ ਦੀ ਪਾਲਣਾ ਕਰਿਓ ।11ਬਿਵਸਥਾ ਦੀਆਂ ਜੋ ਗੱਲਾਂ ਉਹ ਤੁਹਾਨੂੰ ਦੱਸਣ, ਅਤੇ ਨਿਆਂ ਦੀਆਂ ਜੋ ਗੱਲਾਂ ਉਹ ਤੁਹਾਨੂੰ ਆਖਣ, ਤੁਸੀਂ ਉਸੇ ਦੇ ਅਨੁਸਾਰ ਕਰਿਓ । ਉਸ ਫੈਸਲੇ ਤੋਂ ਜਿਹੜਾ ਉਹ ਤੁਹਾਨੂੰ ਦੱਸਣ ਨਾ ਸੱਜੇ ਮੁੜਿਓ ਅਤੇ ਨਾ ਖੱਬੇ ।
12ਜਿਹੜਾ ਮਨੁੱਖ ਗੁਸਤਾਖ਼ੀ ਕਰਕੇ ਉਸ ਜਾਜਕ ਦੀ, ਜੋ ਯਹੋਵਾਹ ਤੁਹਾਡੇ ਪਰਮੇਸ਼ੁਰ ਦੀ ਟਹਿਲ ਸੇਵਾ ਲਈ ਖੜ੍ਹਾ ਹੈ, ਜਾਂ ਨਿਆਈ ਦੀ ਨਾ ਸੁਣੇ, ਉਹ ਮਨੁੱਖ ਮਾਰ ਦਿੱਤਾ ਜਾਵੇ, ਇਸ ਤਰ੍ਹਾਂ ਤੁਸੀਂ ਇਸ ਬੁਰਿਆਈ ਨੂੰ ਇਸਰਾਏਲ ਵਿੱਚੋਂ ਪੂਰੀ ਤਰ੍ਹਾਂ ਹੀ ਮਿਟਾ ਦਿਓ ।13ਇਸ ਤਰ੍ਹਾਂ ਸਾਰੀ ਪਰਜਾ ਸੁਣੇਗੀ ਅਤੇ ਡਰੇਗੀ ਅਤੇ ਫੇਰ ਗੁਸਤਾਖ਼ੀ ਨਹੀਂ ਕਰੇਗੀ ।
ਰਾਜਿਆਂ ਨਾਲ ਸੰਬੰਧਿਤ ਆਦੇਸ਼

14ਜਦ ਤੁਸੀਂ ਉਸ ਦੇਸ਼ ਪਹੁੰਚ ਜਾਓ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇਣ ਵਾਲਾ ਹੈ ਅਤੇ ਅਧਿਕਾਰ ਕਰਕੇ ਉਸ ਵਿੱਚ ਵੱਸ ਜਾਓ ਅਤੇ ਆਖਣ ਲੱਗੋ, ਅਸੀਂ ਵੀ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਤੀ ਤਰ੍ਹਾਂ ਆਪਣੇ ਉੱਤੇ ਇੱਕ ਰਾਜਾ ਨਿਯੁਕਤ ਕਰ ਲਈਏ,15ਤਾਂ ਜਿਸ ਨੂੰ ਯਹੋਵਾਹ ਤੁਹਾਡਾ ਪਰਮੇਸ਼ੁਰ ਚੁਣ ਲਵੇ, ਤੁਸੀਂ ਜ਼ਰੂਰ ਹੀ ਉਸ ਨੂੰ ਆਪਣੇ ਉੱਤੇ ਰਾਜਾ ਨਿਯੁਕਤ ਕਰ ਲਿਓ । ਤੁਸੀਂ ਆਪਣੇ ਭਰਾਵਾਂ ਵਿੱਚੋਂ ਹੀ ਕਿਸੇ ਨੂੰ ਆਪਣਾ ਰਾਜਾ ਨਿਯੁਕਤ ਕਰਿਓ, ਤੁਸੀਂ ਕਿਸੇ ਪਰਦੇਸੀ ਨੂੰ ਜੋ ਤੁਹਾਡਾ ਭਰਾ ਨਹੀਂ ਹੈ, ਆਪਣਾ ਰਾਜਾ ਨਿਯੁਕਤ ਨਹੀਂ ਕਰ ਸਕਦੇ ।
16ਪਰ ਉਹ ਆਪਣੇ ਲਈ ਬਹੁਤ ਘੋੜੇ ਨਾ ਵਧਾਵੇ, ਨਾ ਹੀ ਉਹ ਘੋੜੇ ਵਧਾਉਣ ਲਈ ਪਰਜਾ ਨੂੰ ਮਿਸਰ ਵਿੱਚ ਮੋੜੇ ਕਿਉਂ ਜੋ ਯਹੋਵਾਹ ਨੇ ਤੁਹਾਨੂੰ ਆਖਿਆ ਹੈ ਕਿ ਤੁਸੀਂ ਉਸ ਰਾਹ ਨੂੰ ਫੇਰ ਕਦੀ ਨਾ ਮੁੜਿਓ ।17ਉਹ ਬਹੁਤ ਸਾਰੀਆਂ ਪਤਨੀਆਂ ਵੀ ਨਾ ਰੱਖੇ, ਕਿਤੇ ਅਜਿਹਾ ਨਾ ਹੋਵੇ ਕਿ ਉਸ ਦਾ ਮਨ ਫਿਰ ਜਾਵੇ, ਨਾ ਉਹ ਆਪਣੇ ਲਈ ਚਾਂਦੀ-ਸੋਨਾ ਬਹੁਤ ਵਧਾਵੇ ।
18ਅਜਿਹਾ ਹੋਵੇ ਕਿ ਜਦ ਉਹ ਆਪਣੀ ਰਾਜ-ਗੱਦੀ ਉੱਤੇ ਬੈਠੇ ਤਾਂ ਉਹ ਆਪਣੇ ਲਈ ਇਸ ਬਿਵਸਥਾ ਦੀ ਪੁਸਤਕ ਵਿੱਚੋਂ, ਜਿਹੜੀ ਲੇਵੀ ਜਾਜਕਾਂ ਦੇ ਕੋਲ ਰਹੇਗੀ, ਇੱਕ ਨਕਲ ਆਪਣੇ ਲਈ ਲਿਖ ਲਵੇ ।19ਉਹ ਉਸ ਦੇ ਕੋਲ ਰਹੇ ਅਤੇ ਆਪਣੇ ਪੂਰੇ ਜੀਵਨ ਵਿੱਚ ਉਸ ਨੂੰ ਪੜ੍ਹੇ, ਜਿਸ ਨਾਲ ਉਹ ਯਹੋਵਾਹ ਆਪਣੇ ਪਰਮੇਸ਼ੁਰ ਦਾ ਡਰ ਰੱਖਣਾ ਸਿੱਖੇ ਅਤੇ ਇਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਦੀ ਪਾਲਨਾ ਕਰੇ ਅਤੇ ਇਨ੍ਹਾਂ ਬਿਧੀਆਂ ਨੂੰ ਪੂਰਾ ਕਰੇ,
20ਤਾਂ ਜੋ ਉਹ ਮਨ ਵਿੱਚ ਘਮੰਡ ਕਰਕੇ ਆਪਣੇ ਭਰਾਵਾਂ ਨੂੰ ਆਪਣੇ ਤੋਂ ਨੀਵਾਂ ਨਾ ਸਮਝੇ, ਅਤੇ ਉਹ ਇਸ ਹੁਕਮਨਾਮੇ ਤੋਂ ਨਾ ਤਾਂ ਸੱਜੇ ਮੁੜੇ ਅਤੇ ਨਾ ਹੀ ਖੱਬੇ, ਇਸ ਲਈ ਉਹ ਅਤੇ ਉਸ ਦੇ ਪੁੱਤਰ ਇਸਰਾਏਲ ਦੇ ਵਿਚਕਾਰ ਬਹੁਤ ਦਿਨਾਂ ਤੱਕ ਰਾਜ ਕਰਨ ।

18
ਲੇਵੀਆਂ ਅਤੇ ਜਾਜਕਾਂ ਦਾ ਹਿੱਸਾ

1ਲੇਵੀ ਜਾਜਕਾਂ ਸਗੋਂ ਲੇਵੀ ਦੇ ਸਾਰੇ ਗੋਤ ਦਾ ਇਸਰਾਏਲ ਦੇ ਨਾਲ ਕੋਈ ਭਾਗ ਜਾਂ ਵਿਰਾਸਤ ਨਾ ਹੋਵੇਗੀ । ਉਹ ਯਹੋਵਾਹ ਨੂੰ ਚੜ੍ਹਾਈਆਂ ਗਈਆਂ ਅੱਗ ਦੀਆਂ ਭੇਟਾਂ ਅਤੇ ਉਸ ਦੇ ਭਾਗ ਵਿੱਚੋਂ ਖਾਣਗੇ ।2ਉਨ੍ਹਾਂ ਦਾ ਆਪਣੇ ਭਰਾਵਾਂ ਦੇ ਵਿਚਕਾਰ ਕੋਈ ਭਾਗ ਨਾ ਹੋਵੇਗਾ । ਯਹੋਵਾਹ ਹੀ ਉਨ੍ਹਾਂ ਦੀ ਵਿਰਾਸਤ ਹੈ, ਜਿਵੇਂ ਉਸ ਨੇ ਉਨ੍ਹਾਂ ਨੂੰ ਬਚਨ ਦਿੱਤਾ ਹੈ ।

3ਪਰਜਾ ਵੱਲੋਂ ਜਿਹੜੇ ਬਲੀ ਚੜ੍ਹਾਉਂਦੇ ਹਨ, ਜਾਜਕਾਂ ਦਾ ਇਹ ਹੱਕ ਹੋਵੇਗਾ - ਭਾਵੇਂ ਉਹ ਬਲਦ ਚੜ੍ਹਾਉਣ ਭਾਵੇਂ ਲੇਲਾ, ਉਹ ਜਾਜਕ ਨੂੰ ਮੋਢਾ, ਦੋਵੇਂ ਗੱਲੀਆਂ ਅਤੇ ਢਿੱਡ ਦੇਣ ।4ਤੁਸੀਂ ਆਪਣੀ ਪਹਿਲੀ ਉਪਜ ਦਾ ਅੰਨ, ਨਵੀਂ ਮਧ ਅਤੇ ਤੇਲ ਅਤੇ ਆਪਣੇ ਇੱਜੜ ਦੀ ਪਹਿਲੀ ਕਤਰੀ ਹੋਈ ਉੱਨ, ਉਸ ਨੂੰ ਦਿਓ,5ਕਿਉਂ ਜੋ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਉਸ ਨੂੰ ਤੁਹਾਡੇ ਸਾਰੇ ਗੋਤਾਂ ਵਿੱਚੋਂ ਚੁਣ ਲਿਆ ਹੈ ਕਿ ਉਹ ਅਤੇ ਉਹ ਦੇ ਪੁੱਤਰ ਯਹੋਵਾਹ ਦੇ ਨਾਮ ਦੀ ਉਪਾਸਨਾ ਕਰਨ ਲਈ ਸਦਾ ਖੜ੍ਹੇ ਰਿਹਾ ਕਰਨ ।

6ਫੇਰ ਜੇਕਰ ਕੋਈ ਲੇਵੀ ਇਸਰਾਏਲ ਦੇ ਕਿਸੇ ਵੀ ਨਗਰ ਵਿੱਚੋਂ ਆਵੇ ਜਿੱਥੇ ਉਹ ਪਰਦੇਸੀ ਹੋ ਕੇ ਰਹਿੰਦਾ ਹੈ, ਅਤੇ ਆਪਣੇ ਦਿਲ ਦੀ ਸਾਰੀ ਇੱਛਿਆ ਨਾਲ ਉਸ ਸਥਾਨ ਨੂੰ ਜਾਵੇ ਜਿਹੜਾ ਯਹੋਵਾਹ ਚੁਣੇਗਾ,7ਤਦ ਉਹ ਵੀ ਯਹੋਵਾਹ ਆਪਣੇ ਪਰਮੇਸ਼ੁਰ ਦੇ ਨਾਮ ਵਿੱਚ ਟਹਿਲ ਸੇਵਾ ਕਰੇਗਾ, ਜਿਵੇਂ ਉਸ ਦੇ ਸਾਰੇ ਲੇਵੀ ਭਰਾ ਕਰਦੇ ਹਨ, ਜਿਹੜੇ ਉੱਥੇ ਯਹੋਵਾਹ ਦੇ ਅੱਗੇ ਖੜ੍ਹੇ ਰਹਿੰਦੇ ਹਨ ।8ਜੋ ਕੁਝ ਉਸ ਨੂੰ ਆਪਣੇ ਪਿਉ-ਦਾਦਿਆਂ ਦੀ ਜਾਇਦਾਦ ਦੀ ਵਿੱਕਰੀ ਤੋਂ ਮਿਲੇ, ਉਸ ਨੂੰ ਛੱਡ ਉਹ ਸਾਰੇ ਭੋਜਨ ਵਿੱਚੋਂ ਇੱਕੋ ਜਿਹਾ ਹਿੱਸਾ ਖਾਣ ।
ਮੂਰਤੀ ਪੂਜਾ ਦੀਆਂ ਬਿਧੀਆਂ ਤੋਂ ਸਾਵਧਾਨ

9ਜਦ ਤੁਸੀਂ ਉਸ ਦੇਸ਼ ਵਿੱਚ ਪਹੁੰਚ ਜਾਓ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇਣ ਵਾਲਾ ਹੈ, ਤਦ ਤੁਸੀਂ ਉੱਥੋਂ ਦੀਆਂ ਕੌਮਾਂ ਦੇ ਵਾਂਗੂੰ ਘਿਣਾਉਣੇ ਕੰਮ ਕਰਨੇ ਨਾ ਸਿੱਖਿਓ ।10ਤੁਹਾਡੇ ਵਿੱਚ ਅਜਿਹਾ ਕੋਈ ਨਾ ਪਾਇਆ ਜਾਵੇ ਜਿਹੜਾ ਆਪਣੇ ਪੁੱਤਰ ਜਾਂ ਧੀ ਨੂੰ ਅੱਗ ਦੇ ਵਿੱਚੋਂ ਦੀ ਲੰਘਾਵੇ, ਜਾਂ ਭਵਿੱਖ ਦੱਸਣ ਵਾਲਾ, ਜਾਂ ਮਹੂਰਤ ਵੇਖਣ ਵਾਲਾ, ਜਾਂ ਮੰਤਰ ਪੜ੍ਹਨ ਵਾਲਾ, ਜਾਂ ਜਾਦੂਗਰ,11ਜਾਂ ਝਾੜਾ ਫੂਕੀ ਕਰਨ ਵਾਲਾ, ਜਾਂ ਜਿੰਨ੍ਹ ਤੋਂ ਪੁੱਛਾਂ ਲੈਣ ਵਾਲਾ, ਜਾਂ ਭੂਤਾਂ ਨੂੰ ਕੱਢਣ ਵਾਲਾ, ਜਾਂ ਮਰਿਆਂ ਹੋਇਆਂ ਨੂੰ ਜਗਾਉਣ ਵਾਲਾ ਹੋਵੇ ।
12ਕਿਉਂ ਜੋ ਜਿਹੜੇ ਇਹ ਕੰਮ ਕਰਦੇ ਹਨ ਉਹ ਯਹੋਵਾਹ ਅੱਗੇ ਘਿਣਾਉਣੇ ਹਨ, ਅਤੇ ਇੰਨ੍ਹਾਂ ਘਿਣਾਉਣੇ ਕੰਮਾਂ ਦੇ ਕਾਰਨ ਹੀ ਯਹੋਵਾਹ ਤੁਹਾਡਾ ਪਰਮੇਸ਼ੁਰ ਉਹਨਾਂ ਨੂੰ ਤੁਹਾਡੇ ਅੱਗਿਓਂ ਕੱਢਣ ਵਾਲਾ ਹੈ ।13ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਸੰਪੂਰਨ ਹੋਵੋ ।
ਇੱਕ ਨਬੀ ਭੇਜਣ ਦਾ ਵਾਅਦਾ

14ਕਿਉਂ ਜੋ ਉਹ ਕੌਮਾਂ ਜਿਨ੍ਹਾਂ ਨੂੰ ਤੁਸੀਂ ਕੱਢਣ ਵਾਲੇ ਹੋ, ਮਹੂਰਤ ਵੇਖਣ ਵਾਲਿਆਂ ਅਤੇ ਭਵਿੱਖ ਦੱਸਣ ਵਾਲਿਆਂ ਦੀ ਸੁਣਦੀਆਂ ਹਨ, ਪਰ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਅਜਿਹਾ ਨਹੀਂ ਕਰਨ ਦਿੰਦਾ ।
15ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਵਿੱਚੋਂ ਅਰਥਾਤ ਤੁਹਾਡੇ ਭਰਾਵਾਂ ਵਿੱਚੋਂ ਮੇਰੇ ਵਰਗਾ ਇੱਕ ਨਬੀ ਖੜ੍ਹਾ ਕਰੇਗਾ, ਤੁਸੀਂ ਉਸ ਦੀ ਸੁਣਿਓ ।16ਇਹ ਤੇਰੀ ਉਸ ਬੇਨਤੀ ਦੇ ਅਨੁਸਾਰ ਹੋਵੇਗਾ, ਜਿਹੜੀ ਨੂੰ ਹੋਰੇਬ ਪਹਾੜ ਦੇ ਕੋਲ ਸਭਾ ਦੇ ਦਿਨ ਆਪਣੇ ਪਰਮੇਸ਼ੁਰ ਯਹੋਵਾਹ ਦੇ ਅੱਗੇ ਕੀਤੀ ਸੀ, "ਅਸੀਂ ਫੇਰ ਯਹੋਵਾਹ ਆਪਣੇ ਪਰਮੇਸ਼ੁਰ ਦੀ ਆਵਾਜ਼ ਨਾ ਸੁਣੀਏ ਅਤੇ ਨਾ ਹੀ ਫੇਰ ਇਹ ਵੱਡੀ ਅੱਗ ਨੂੰ ਵੇਖੀਏ, ਤਾਂ ਜੋ ਅਸੀਂ ਮਰ ਨਾ ਜਾਈਏ । "
17ਤਦ ਯਹੋਵਾਹ ਨੇ ਮੈਨੂੰ ਆਖਿਆ, "ਉਹ ਜੋ ਕੁਝ ਆਖਦੇ ਹਨ, ਸੋ ਠੀਕ ਆਖਦੇ ਹਨ ।18ਮੈਂ ਉਨ੍ਹਾਂ ਦੇ ਲਈ ਉਨ੍ਹਾਂ ਦੇ ਭਰਾਵਾਂ ਵਿੱਚੋਂ ਤੇਰੇ ਵਰਗਾ ਇੱਕ ਨਬੀ ਖੜ੍ਹਾ ਕਰਾਂਗਾ ਅਤੇ ਮੈਂ ਆਪਣੇ ਸ਼ਬਦ ਉਸ ਦੇ ਮੂੰਹ ਵਿੱਚ ਪਾਵਾਂਗਾ ਅਤੇ ਉਹ ਇਹ ਸਾਰੇ ਹੁਕਮ ਜਿਹੜੇ ਮੈਂ ਉਹ ਨੂੰ ਦਿਆਂਗਾ, ਉਨ੍ਹਾਂ ਨੂੰ ਦੱਸੇਗਾ ।19ਤਦ ਅਜਿਹਾ ਹੋਵੇਗਾ ਕਿ ਜਿਹੜਾ ਮਨੁੱਖ ਮੇਰੇ ਉਨ੍ਹਾਂ ਸ਼ਬਦ ਨੂੰ ਨਾ ਸੁਣੇਗਾ, ਜੋ ਉਹ ਮੇਰੇ ਨਾਮ ਤੋਂ ਬੋਲੇਗਾ, ਮੈਂ ਉਸ ਤੋਂ ਉਸ ਦਾ ਲੇਖਾ ਲਵਾਂਗਾ ।
20ਪਰ ਉਹ ਨਬੀ ਜਿਹੜਾ ਗੁਸਤਾਖ਼ੀ ਨਾਲ ਮੇਰੇ ਨਾਮ ਉੱਤੇ ਉਹ ਬਚਨ ਬੋਲੇ, ਜਿਸ ਦਾ ਹੁਕਮ ਮੈਂ ਉਸ ਨੂੰ ਨਹੀਂ ਦਿੱਤਾ ਜਾਂ ਦੂਜੇ ਦੇਵਤਿਆਂ ਦੇ ਨਾਮ ਤੋਂ ਕੁਝ ਬੋਲੇ, ਉਹ ਨਬੀ ਮਾਰਿਆ ਜਾਵੇ । "21ਜੇਕਰ ਤੁਸੀਂ ਆਪਣੇ ਮਨ ਵਿੱਚ ਆਖੋ, "ਅਸੀਂ ਉਸ ਬਚਨ ਨੂੰ ਕਿਵੇਂ ਜਾਣੀਏ ਜਿਹੜਾ ਯਹੋਵਾਹ ਨਹੀਂ ਬੋਲਿਆ ? "
22ਤਦ ਜੇਕਰ ਉਹ ਨਬੀ ਯਹੋਵਾਹ ਦੇ ਨਾਮ ਤੋਂ ਕੁਝ ਬੋਲੇ ਅਤੇ ਉਹ ਗੱਲ ਪੂਰੀ ਨਾ ਹੋਵੇ ਅਤੇ ਨਾ ਹੀ ਬੀਤੇ ਤਾਂ ਉਹ ਗੱਲ ਯਹੋਵਾਹ ਨੇ ਨਹੀਂ ਬੋਲੀ ਸੀ । ਉਸ ਨਬੀ ਨੇ ਗੁਸਤਾਖ਼ੀ ਨਾਲ ਉਹ ਗੱਲ ਬੋਲੀ ਹੈ, ਤੁਸੀਂ ਉਸ ਤੋਂ ਨਾ ਡਰਿਓ ।

19
ਖੂਨੀ ਲਈ ਪਨਾਹਗਾਰ
(ਗਿਣਤੀ 35:9-28; ਯਹੋਸ਼ੁਆ 20:1-9)

1ਜਦ ਯਹੋਵਾਹ ਤੁਹਾਡਾ ਪਰਮੇਸ਼ੁਰ ਉਨ੍ਹਾਂ ਕੌਮਾਂ ਨੂੰ ਨਾਸ਼ ਕਰ ਦੇਵੇ, ਜਿਨ੍ਹਾਂ ਦਾ ਦੇਸ਼ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇਣ ਵਾਲਾ ਹੈ ਅਤੇ ਤੁਸੀਂ ਉਨਾਂ ਦੇ ਉੱਤੇ ਅਧਿਕਾਰ ਕਰਕੇ ਉਨ੍ਹਾਂ ਦੇ ਸ਼ਹਿਰਾਂ ਅਤੇ ਘਰਾਂ ਵਿੱਚ ਵੱਸਣ ਲੱਗ ਪਵੋ,2ਤਦ ਤੁਸੀਂ ਉਸ ਦੇਸ਼ ਵਿੱਚ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਅਧਿਕਾਰ ਕਰਨ ਲਈ ਦੇਣ ਵਾਲਾ ਹੈ, ਤਿੰਨ ਸ਼ਹਿਰ ਆਪਣੇ ਲਈ ਵੱਖਰੇ ਰੱਖਿਓ,3ਤੁਸੀਂ ਆਪਣੇ ਰਾਹ ਠੀਕ ਕਰ ਲਿਓ ਅਤੇ ਆਪਣੇ ਦੇਸ਼ ਦੀਆਂ ਹੱਦਾਂ ਨੂੰ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਵਿਰਾਸਤ ਵਿੱਚ ਦਿੰਦਾ ਹੈ, ਤਿੰਨ ਹਿੱਸਿਆਂ ਵਿੱਚ ਵੰਡ ਲਿਓ ਤਾਂ ਜੋ ਹਰੇਕ ਖ਼ੂਨੀ ਉੱਥੇ ਭੱਜ ਜਾਵੇ ।

4ਇਹ ਉਸ ਖ਼ੂਨੀ ਦੀ ਗੱਲ ਹੈ ਜੋ ਉੱਥੇ ਭੱਜ ਕੇ ਜੀਉਂਦਾ ਰਹੇ ਅਰਥਾਤ ਜਿਹੜਾ ਗਲਤੀ ਨਾਲ ਆਪਣੇ ਗੁਆਂਢੀ ਨੂੰ ਮਾਰ ਸੁੱਟੇ ਪਰ ਉਸ ਦਾ ਉਹ ਦੇ ਨਾਲ ਪਹਿਲਾਂ ਤੋਂ ਕੋਈ ਵੈਰੀ ਨਹੀਂ ਸੀ ।5ਜਿਵੇਂ ਕੋਈ ਮਨੁੱਖ ਆਪਣੇ ਗੁਆਂਢੀ ਨਾਲ ਜੰਗਲ ਵਿੱਚੋਂ ਲੱਕੜੀ ਵੱਢਣ ਲਈ ਜਾਵੇ ਅਤੇ ਜਦ ਉਹ ਹੱਥ ਵਿੱਚ ਕੁਹਾੜੀ ਫੜ੍ਹ ਕੇ ਰੁੱਖ ਨੂੰ ਵੱਢਣ ਲਈ ਟੱਕ ਮਾਰੇ ਅਤੇ ਕੁਹਾੜੀ ਦਾ ਫਲ ਦਸਤੇ ਵਿੱਚੋਂ ਨਿੱਕਲ ਕੇ ਉਸ ਦੇ ਗੁਆਂਢੀ ਨੂੰ ਅਜਿਹਾ ਵੱਜੇ ਕਿ ਉਹ ਮਰ ਜਾਵੇ, ਤਾਂ ਉਹ ਇਨ੍ਹਾਂ ਸ਼ਹਿਰਾਂ ਵਿੱਚੋਂ ਕਿਸੇ ਇੱਕ ਨੂੰ ਭੱਜ ਜਾਵੇ ਅਤੇ ਜੀਉਂਦਾ ਰਹੇ ।
6ਅਜਿਹਾ ਨਾ ਹੋਵੇ ਕਿ ਰਾਹ ਲੰਮਾ ਹੋਣ ਦੇ ਕਾਰਨ ਖ਼ੂਨ ਦਾ ਬਦਲਾ ਲੈਣ ਵਾਲਾ ਆਪਣੇ ਗੁੱਸੇ ਦੀ ਜਲਨ ਵਿੱਚ ਖ਼ੂਨੀ ਦਾ ਪਿੱਛਾ ਕਰਕੇ ਉਸ ਨੂੰ ਫੜ ਲਵੇ ਅਤੇ ਜਾਨ ਤੋਂ ਮਾਰ ਦੇਵੇ ਭਾਵੇਂ ਉਹ ਮਰਨ ਯੋਗ ਨਹੀਂ ਸੀ, ਕਿਉਂ ਜੋ ਉਹ ਪਹਿਲਾਂ ਤੋਂ ਉਸ ਨਾਲ ਵੈਰ ਨਹੀਂ ਰੱਖਦਾ ਸੀ ।7ਇਸ ਲਈ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਕਿ ਆਪਣੇ ਲਈ ਤਿੰਨ ਸ਼ਹਿਰ ਵੱਖਰੇ ਰੱਖਿਓ ।

8ਜਦ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੀਆਂ ਹੱਦਾਂ ਨੂੰ ਵਧਾ ਦੇਵੇ, ਜਿਵੇਂ ਉਸ ਨੇ ਤੁਹਾਡੇ ਪਿਉ-ਦਾਦਿਆਂ ਨਾਲ ਸਹੁੰ ਖਾਧੀ ਸੀ ਅਤੇ ਤੁਹਾਨੂੰ ਉਹ ਸਾਰਾ ਦੇਸ਼ ਦੇ ਦੇਵੇ, ਜਿਸ ਨੂੰ ਦੇਣ ਦਾ ਬਚਨ ਉਸ ਨੇ ਤੁਹਾਡੇ ਪਿਉ-ਦਾਦਿਆਂ ਨੂੰ ਦਿੱਤਾ ਸੀ,9ਤਦ ਜੇਕਰ ਤੁਸੀਂ ਇਹ ਸਾਰਾ ਹੁਕਮਨਾਮਾ ਜਿਹੜਾ ਮੈਂ ਅੱਜ ਤੁਹਾਨੂੰ ਦਿੰਦਾ ਹਾਂ ਪੂਰਾ ਕਰਕੇ ਇਸ ਦੀ ਪਾਲਨਾ ਕਰੋ ਅਰਥਾਤ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਪ੍ਰੇਮ ਰੱਖੋ ਅਤੇ ਸਦਾ ਤੱਕ ਉਸ ਦੇ ਰਾਹਾਂ ਉੱਤੇ ਚੱਲੋ ਤਾਂ ਤੁਸੀਂ ਇਨ੍ਹਾਂ ਤਿੰਨ ਸ਼ਹਿਰਾਂ ਦੇ ਨਾਲ ਹੋਰ ਤਿੰਨ ਸ਼ਹਿਰਾਂ ਨੂੰ ਵੱਖਰਾ ਕਰ ਲਿਓ,10ਤਾਂ ਜੋ ਉਸ ਦੇਸ਼ ਵਿੱਚ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਵਿਰਾਸਤ ਵਿੱਚ ਦਿੰਦਾ ਹੈ ਕਿਸੇ ਬੇਦੋਸ਼ ਦਾ ਖ਼ੂਨ ਵਹਾਇਆ ਨਾ ਜਾਵੇ ਅਤੇ ਉਸ ਦਾ ਦੋਸ਼ ਤੁਹਾਡੇ ਉੱਤੇ ਨਾ ਆਵੇ ।

11ਪਰ ਜੇਕਰ ਕੋਈ ਮਨੁੱਖ ਆਪਣੇ ਗੁਆਂਢੀ ਨਾਲ ਵੈਰ ਰੱਖ ਕੇ ਉਸ ਦੀ ਘਾਤ ਵਿੱਚ ਲੱਗੇ ਅਤੇ ਉਸ ਉੱਤੇ ਹਮਲਾ ਕਰਕੇ ਉਸ ਨੂੰ ਅਜਿਹਾ ਮਾਰੇ ਕਿ ਉਹ ਮਰ ਜਾਵੇ ਅਤੇ ਫੇਰ ਉਹ ਇਨ੍ਹਾਂ ਸ਼ਹਿਰਾਂ ਵਿੱਚੋਂ ਕਿਸੇ ਇੱਕ ਨੂੰ ਭੱਜ ਜਾਵੇ,12ਤਾਂ ਉਸ ਦੇ ਸ਼ਹਿਰ ਬਜ਼ੁਰਗ ਕਿਸੇ ਨੂੰ ਭੇਜ ਕੇ ਉਸ ਨੂੰ ਉੱਥੋਂ ਮੋੜ ਲਿਆਉਣ ਅਤੇ ਉਸ ਨੂੰ ਲਹੂ ਦਾ ਬਦਲਾ ਲੈਣ ਵਾਲੇ ਦੇ ਹੱਥ ਵਿੱਚ ਸੌਂਪ ਦੇਣ ਤਾਂ ਜੋ ਉਹ ਮਾਰਿਆ ਜਾਵੇ13ਤੁਸੀਂ ਉਸ ਦੇ ਉੱਤੇ ਤਰਸ ਨਾ ਖਾਣਾ ਪਰ ਤੁਸੀਂ ਨਿਰਦੋਸ਼ ਦੇ ਖ਼ੂਨ ਨੂੰ ਇਸਰਾਏਲ ਵਿੱਚੋਂ ਮਿਟਾ ਦਿਓ ਤਾਂ ਜੋ ਤੁਹਾਡਾ ਭਲਾ ਹੋਵੇ ।
ਪ੍ਰਾਚੀਨ ਹੱਦਾਂ

14ਜੋ ਦੇਸ਼ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਅਧਿਕਾਰ ਕਰਨ ਲਈ ਦੇਣ ਵਾਲਾ ਹੈ, ਉਸ ਦਾ ਜਿਹੜਾ ਹਿੱਸਾ ਤੁਹਾਨੂੰ ਮਿਲੇਗਾ, ਉਸ ਵਿੱਚ ਤੁਸੀਂ ਆਪਣੇ ਗੁਆਂਢੀ ਦੀਆਂ ਹੱਦਾਂ ਨਾ ਸਰਕਾਇਓ, ਜਿਹੜੀਆਂ ਪਹਿਲੇ ਲੋਕਾਂ ਨੇ ਠਹਿਰਾਈਆਂ ਹੋਈਆਂ ਹਨ ।
ਗਵਾਹਾਂ ਨਾਲ ਸੰਬੰਧਿਤ ਨਿਯਮ

15ਕਿਸੇ ਮਨੁੱਖ ਦੇ ਵਿਰੁੱਧ ਕਿਸੇ ਵੀ ਬੁਰਿਆਈ ਜਾਂ ਪਾਪ ਦੇ ਕਾਰਨ, ਭਾਵੇਂ ਕੋਈ ਵੀ ਪਾਪ ਹੋਵੇ, ਇੱਕੋ ਹੀ ਗਵਾਹ ਦੀ ਗਵਾਹੀ ਨਾ ਮੰਨਣਾ, ਪਰ ਦੋ ਜਾਂ ਤਿੰਨ ਗਵਾਹਾਂ ਦੀ ਗਵਾਹੀ ਨਾਲ ਗੱਲ ਪੱਕੀ ਸਮਝੀ ਜਾਵੇ ।16ਜੇਕਰ ਕੋਈ ਝੂਠਾ ਗਵਾਹ ਉੱਠੇ ਅਤੇ ਕਿਸੇ ਮਨੁੱਖ ਦੇ ਵਿਰੁੱਧ ਉਸ ਦੇ ਬੇਈਮਾਨ ਹੋਣ ਦੀ ਗਵਾਹੀ ਦੇਵੇ,
17ਤਾਂ ਉਹ ਦੋਵੇਂ ਮਨੁੱਖ ਜਿਨ੍ਹਾਂ ਦੇ ਵਿੱਚ ਝਗੜਾ ਹੈ ਯਹੋਵਾਹ ਦੇ ਸਨਮੁਖ ਅਰਥਾਤ ਉਨ੍ਹਾਂ ਦਿਨਾਂ ਦੇ ਜਾਜਕਾਂ ਅਤੇ ਨਿਆਈਆਂ ਦੇ ਅੱਗੇ ਖੜ੍ਹੇ ਕੀਤੇ ਜਾਣ,18ਤਦ ਉਹ ਨਿਆਈ ਚੰਗੀ ਤਰ੍ਹਾਂ ਪੁੱਛ-ਗਿੱਛ ਕਰਨ ਅਤੇ ਵੇਖੋ, ਜੇਕਰ ਉਨ੍ਹਾਂ ਨੂੰ ਪਤਾ ਲੱਗੇ ਕਿ ਉਹ ਝੂਠਾ ਗਵਾਹ ਹੈ ਅਤੇ ਆਪਣੇ ਭਰਾ ਦੇ ਵਿਰੁੱਧ ਝੂਠੀ ਗਵਾਹੀ ਦਿੱਤੀ ਹੈ,19ਤਾਂ ਤੁਸੀਂ ਉਸ ਦੇ ਨਾਲ ਉਸੇ ਤਰ੍ਹਾਂ ਹੀ ਕਰਨਾ ਜਿਵੇਂ ਉਸ ਨੇ ਆਪਣੇ ਭਰਾ ਨਾਲ ਕਰਨ ਦੀ ਯੋਜਨਾ ਬਣਾਈ ਸੀ, ਇਸ ਤਰ੍ਹਾਂ ਤੁਸੀਂ ਅਜਿਹੀ ਬੁਰਿਆਈ ਨੂੰ ਆਪਣੇ ਵਿੱਚੋਂ ਮਿਟਾ ਦਿਓ ।
20ਤਦ ਬਾਕੀ ਦੇ ਲੋਕ ਸੁਣਨਗੇ ਅਤੇ ਡਰਨਗੇ ਅਤੇ ਫੇਰ ਅਜਿਹੀ ਬੁਰਿਆਈ ਤੁਹਾਡੇ ਵਿੱਚ ਨਹੀਂ ਕਰਨਗੇ ।21ਤੁਸੀਂ ਬਿਲਕੁਲ ਤਰਸ ਨਾ ਖਾਇਓ: ਜਾਨ ਦੇ ਬਦਲੇ ਜਾਨ, ਅੱਖ ਦੇ ਬਦਲੇ ਅੱਖ, ਦੰਦ ਦੇ ਬਦਲੇ ਦੰਦ, ਹੱਥ ਦੇ ਬਦਲੇ ਹੱਥ ਅਤੇ ਪੈਰ ਦੇ ਬਦਲੇ ਪੈਰ ।

20
ਯੁੱਧ ਲਈ ਜਾਣ ਦੇ ਨਿਯਮ

1ਜਦ ਤੁਸੀਂ ਆਪਣੇ ਵੈਰੀਆਂ ਨਾਲ ਯੁੱਧ ਕਰਨ ਲਈ ਜਾਓ ਅਤੇ ਘੋੜੇ, ਰਥ ਅਤੇ ਆਪਣੇ ਤੋਂ ਵੱਧ ਸੈਨਾ ਨੂੰ ਵੇਖੋ, ਤਦ ਉਨ੍ਹਾਂ ਤੋਂ ਨਾ ਡਰਿਓ, ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਨਾਲ ਹੈ, ਜੋ ਤੁਹਾਨੂੰ ਮਿਸਰ ਦੇਸ਼ ਤੋਂ ਕੱਢ ਲਿਆਇਆ ।

2ਅਜਿਹਾ ਹੋਵੇ ਕਿ ਜਦ ਤੁਸੀਂ ਯੁੱਧ ਕਰਨ ਲਈ ਨੇੜੇ ਜਾਓ, ਤਦ ਜਾਜਕ ਸੈਨਾ ਦੇ ਕੋਲ ਜਾ ਕੇ ਉਨ੍ਹਾਂ ਨਾਲ ਗੱਲਾਂ ਕਰੇ,3ਅਤੇ ਉਨ੍ਹਾਂ ਨੂੰ ਆਖੇ, "ਹੇ ਇਸਰਾਏਲ ਸੁਣ, ਅੱਜ ਤੁਸੀਂ ਆਪਣੇ ਵੈਰੀਆਂ ਨਾਲ ਯੁੱਧ ਕਰਨ ਲਈ ਨੇੜੇ ਆਏ ਹੋ । ਤੁਹਾਡਾ ਮਨ ਕੱਚਾ ਨਾ ਹੋਵੇ, ਤੁਸੀਂ ਨਾ ਡਰੋ, ਨਾ ਘਬਰਾਉ ਅਤੇ ਨਾ ਉਨ੍ਹਾਂ ਦੇ ਅੱਗੇ ਕੰਬੋ,4ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਨਾਲ ਜਾਂਦਾ ਹੈ, ਤਾਂ ਜੋ ਉਹ ਤੁਹਾਨੂੰ ਬਚਾਉਣ ਲਈ ਤੁਹਾਡੇ ਵੈਰੀਆਂ ਨਾਲ ਯੁੱਧ ਕਰੇ । "
5ਫੇਰ ਪ੍ਰਧਾਨ ਲੋਕਾਂ ਨੂੰ ਆਖਣ, "ਤੁਹਾਡੇ ਵਿੱਚੋਂ ਕੌਣ ਹੈ ਜਿਸ ਨੇ ਨਵਾਂ ਘਰ ਬਣਾਇਆ ਹੋਵੇ, ਪਰ ਉਸ ਦਾ ਸਮਰਪਣ ਨਾ ਕੀਤਾ ਹੋਵੇ ? ਉਹ ਆਪਣੇ ਘਰ ਨੂੰ ਮੁੜ ਜਾਵੇ, ਕਿਤੇ ਅਜਿਹਾ ਨਾ ਹੋਵੇ ਕਿ ਉਹ ਯੁੱਧ ਵਿੱਚ ਮਰ ਜਾਵੇ ਅਤੇ ਦੂਜਾ ਮਨੁੱਖ ਉਸ ਦਾ ਸਮਰਪਣ ਕਰੇ ।
6ਅਤੇ ਕੌਣ ਹੈ, ਜਿਸ ਨੇ ਅੰਗੂਰੀ ਬਾਗ ਲਾਇਆ ਹੋਵੇ ਪਰ ਉਸ ਦਾ ਫਲ ਨਾ ਵਰਤਿਆ ਹੋਵੇ ? ਉਹ ਵੀ ਆਪਣੇ ਘਰ ਨੂੰ ਮੁੜ ਜਾਵੇ ਕਿਤੇ ਅਜਿਹਾ ਨਾ ਹੋਵੇ ਕਿ ਉਹ ਯੁੱਧ ਵਿੱਚ ਮਰ ਜਾਵੇ ਅਤੇ ਦੂਜਾ ਮਨੁੱਖ ਉਸ ਦਾ ਫਲ ਵਰਤੇ ।7ਅਤੇ ਕੌਣ ਹੈ, ਜਿਸ ਨੇ ਕਿਸੇ ਕੁੜੀ ਨਾਲ ਮੰਗਣੀ ਕੀਤੀ ਹੋਵੇ, ਪਰ ਉਸ ਨਾਲ ਵਿਆਹ ਨਹੀਂ ਕੀਤਾ, ਉਹ ਵੀ ਆਪਣੇ ਘਰ ਨੂੰ ਮੁੜ ਜਾਵੇ ਕਿਤੇ ਅਜਿਹਾ ਨਾ ਹੋਵੇ ਕਿ ਉਹ ਯੁੱਧ ਵਿੱਚ ਮਰ ਜਾਵੇ ਅਤੇ ਦੂਜਾ ਮਨੁੱਖ ਉਸ ਨਾਲ ਵਿਆਹ ਕਰੇ । "
8ਫੇਰ ਪ੍ਰਧਾਨ ਲੋਕਾਂ ਨੂੰ ਇਹ ਵੀ ਆਖਣ, "ਕੌਣ-ਕੌਣ ਹੈ, ਜੋ ਡਰਦਾ ਹੈ ਅਤੇ ਮਨ ਦਾ ਕੱਚਾ ਹੈ ? ਉਹ ਵੀ ਆਪਣੇ ਘਰ ਨੂੰ ਮੁੜ ਜਾਵੇ, ਕਿਤੇ ਅਜਿਹਾ ਨਾ ਹੋਵੇ ਕਿ ਉਸ ਦੇ ਕਾਰਨ ਉਸ ਦੇ ਭਰਾਵਾਂ ਦਾ ਹੌਂਸਲਾ ਵੀ ਟੁੱਟ ਜਾਵੇ । "9ਫੇਰ ਜਦ ਅਧਿਕਾਰੀ ਲੋਕਾਂ ਨੂੰ ਇਹ ਗੱਲਾਂ ਆਖ ਚੁੱਕਣ ਤਾਂ ਉਹ ਸੈਨਾ ਲਈ ਲੋਕਾਂ ਉੱਤੇ ਸੈਨਾਪਤੀ ਠਹਿਰਾਉਣ ।

10ਜਦ ਤੁਸੀਂ ਕਿਸੇ ਸ਼ਹਿਰ ਨਾਲ ਯੁੱਧ ਕਰਨ ਲਈ ਨੇੜੇ ਜਾਓ, ਤਾਂ ਪਹਿਲਾਂ ਤੁਸੀਂ ਉਸ ਨੂੰ ਸੁਲਾਹ ਲਈ ਹੋਕਾ ਦਿਓ ।11ਜੇਕਰ ਉਹ ਤੁਹਾਡੇ ਨਾਲ ਸੁਲਾਹ ਕਰਨ ਲਈ ਤਿਆਰ ਹੋਵੇ ਅਤੇ ਤੁਹਾਡੇ ਲਈ ਫਾਟਕ ਖੋਲ੍ਹ ਦੇਵੇ, ਤਾਂ ਅਜਿਹਾ ਹੋਵੇ ਕਿ ਉੱਥੇ ਦੇ ਸਾਰੇ ਲੋਕ ਤੁਹਾਡੇ ਅਧੀਨ ਹੋ ਕੇ ਤੁਹਾਡੀ ਬੇਗਾਰੀ ਅਤੇ ਟਹਿਲ ਸੇਵਾ ਕਰਨ ।
12ਜੇ ਉਹ ਤੁਹਾਡੇ ਨਾਲ ਸੁਲਾਹ ਨਾ ਕਰੇ ਪਰ ਤੁਹਾਡੇ ਨਾਲ ਯੁੱਧ ਕਰਨਾ ਚਾਹੇ ਤਾਂ ਤੁਸੀਂ ਉਸ ਦੇ ਆਲੇ-ਦੁਆਲੇ ਘੇਰਾ ਪਾ ਲਿਓ,13ਅਤੇ ਜਦ ਯਹੋਵਾਹ ਤੁਹਾਡਾ ਪਰਮੇਸ਼ੁਰ ਉਸ ਨੂੰ ਤੁਹਾਡੇ ਹੱਥਾਂ ਵਿੱਚ ਦੇ ਦੇਵੇ, ਤਾਂ ਤੁਸੀਂ ਉਸ ਦੇ ਸਾਰੇ ਪੁਰਖ ਤਲਵਾਰ ਦੀ ਧਾਰ ਨਾਲ ਵੱਢ ਸੁੱਟਿਓ,
14ਪਰ ਇਸਤਰੀਆਂ, ਬੱਚੇ, ਪਸ਼ੂ ਅਰਥਾਤ ਉਸ ਸ਼ਹਿਰ ਦਾ ਸਾਰਾ ਲੁੱਟ ਦਾ ਮਾਲ ਤੁਸੀਂ ਆਪਣੇ ਲਈ ਲੁੱਟ ਲਿਓ ਅਤੇ ਤੁਸੀਂ ਆਪਣੇ ਵੈਰੀਆਂ ਦੀ ਲੁੱਟ ਨੂੰ ਵਰਤਿਓ, ਜਿਹੜੀ ਯਹੋਵਾਹ ਤੁਹਾਡੇ ਪਰਮੇਸ਼ੁਰ ਤੁਹਾਨੂੰ ਦੇਵੇਗਾ ।15ਇਸੇ ਤਰ੍ਹਾਂ ਹੀ ਤੁਸੀਂ ਉਨ੍ਹਾਂ ਸਾਰੇ ਸ਼ਹਿਰਾਂ ਨਾਲ ਕਰਿਓ, ਜਿਹੜੇ ਤੁਹਾਡੇ ਤੋਂ ਬਹੁਤ ਦੂਰ ਹਨ, ਪਰ ਉਹ ਇੱਥੇ ਦੀਆਂ ਕੌਮਾਂ ਦੇ ਸ਼ਹਿਰ ਨਹੀਂ ਹਨ ।
16ਪਰ ਜਿਹੜੇ ਸ਼ਹਿਰ ਇਨ੍ਹਾਂ ਲੋਕਾਂ ਦੇ ਹਨ, ਜਿਹੜੇ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਵਿਰਾਸਤ ਵਿੱਚ ਦਿੰਦਾ ਹੈ, ਉਨ੍ਹਾਂ ਵਿੱਚ ਕਿਸੇ ਵੀ ਪ੍ਰਾਣੀ ਨੂੰ ਜੀਉਂਦਾ ਨਾ ਰਹਿਣ ਦਿਓ,17ਪਰ ਉਨ੍ਹਾਂ ਦਾ ਪੂਰੀ ਤਰ੍ਹਾਂ ਨਾਸ਼ ਕਰ ਦਿਓ ਅਰਥਾਤ ਹਿੱਤੀਆਂ, ਅਮੋਰੀਆਂ, ਕਨਾਨੀਆਂ, ਫਰਿੱਜ਼ੀਆਂ, ਹਿੱਵੀਆਂ ਅਤੇ ਯਾਬੂਸੀਆਂ ਦਾ, ਜਿਵੇਂ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਹੁਕਮ ਦਿੱਤਾ ਸੀ,18ਕਿਉਂਕਿ ਅਜਿਹਾ ਨਾ ਹੋਵੇ ਕਿ ਉਹ ਤੁਹਾਨੂੰ ਆਪਣੇ ਵਰਗੇ ਘਿਣਾਉਣੇ ਕੰਮ ਕਰਨਾ ਸਿਖਾਉਣ, ਜਿਹੜੇ ਉਨ੍ਹਾਂ ਨੇ ਆਪਣੇ ਦੇਵਤਿਆਂ ਲਈ ਕੀਤੇ ਹਨ, ਅਤੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਵਿਰੁੱਧ ਪਾਪ ਕਰਨ ਲੱਗੋ ।

19ਜਦ ਤੁਸੀਂ ਯੁੱਧ ਕਰਦੇ ਹੋਏ ਕਿਸੇ ਸ਼ਹਿਰ ਨੂੰ ਜਿੱਤਣ ਲਈ ਬਹੁਤ ਦਿਨਾਂ ਤੱਕ ਉਸ ਨੂੰ ਘੇਰ ਕੇ ਰੱਖੋ, ਤਾਂ ਤੁਸੀਂ ਉਸ ਦੇ ਰੁੱਖਾਂ ਨੂੰ ਕੁਹਾੜੀ ਨਾਲ ਵੱਢ ਕੇ ਨਾਸ਼ ਨਾ ਕਰਿਓ ਕਿਉਂ ਜੋ ਤੁਸੀਂ ਉਨ੍ਹਾਂ ਦੇ ਫਲ ਖਾ ਸਕਦੇ ਹੋ, ਇਸ ਲਈ ਤੁਸੀਂ ਉਨ੍ਹਾਂ ਨੂੰ ਨਾ ਵੱਢਿਓ । ਭਲਾ, ਖੇਤ ਦੇ ਰੁੱਖ ਆਦਮੀ ਵਰਗੇ ਹਨ ਕਿ ਤੁਸੀਂ ਉਨ੍ਹਾਂ ਨੂੰ ਘੇਰ ਕੇ ਰੱਖੋ ?20ਸਿਰਫ਼ ਉਹ ਰੁੱਖ ਜਿਨ੍ਹਾਂ ਦੇ ਬਾਰੇ ਤੁਸੀਂ ਜਾਣਦੇ ਹੋ ਕਿ ਫਲਦਾਰ ਨਹੀਂ ਹਨ, ਉਨ੍ਹਾਂ ਨੂੰ ਤੁਸੀਂ ਵੱਢ ਕੇ ਨਾਸ਼ ਕਰ ਸੁੱਟਿਓ, ਅਤੇ ਤੁਸੀਂ ਉਸ ਸ਼ਹਿਰ ਦੇ ਵਿਰੁੱਧ ਉਸ ਸਮੇਂ ਤੱਕ ਘੇਰਾਬੰਦੀ ਕਰਕੇ ਰੱਖਿਓ, ਜਦ ਤੱਕ ਉਹ ਜਿੱਤਿਆ ਨਾ ਜਾਵੇ ।

21
ਹੱਤਿਆ ਦਾ ਅਣ-ਸੁਲਝਿਆ ਮਾਮਲਾ

1ਜੇਕਰ ਉਸ ਦੇਸ਼ ਵਿੱਚ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਅਧਿਕਾਰ ਕਰਨ ਲਈ ਦਿੰਦਾ ਹੈ, ਖੇਤ ਵਿੱਚ ਕੋਈ ਲਾਸ਼ ਪਈ ਹੋਈ ਲੱਭੇ ਅਤੇ ਇਹ ਪਤਾ ਨਾ ਲੱਗੇ ਕਿ ਉਹ ਨੂੰ ਕਿਸ ਨੇ ਮਾਰਿਆ ਹੈ,2ਤਾਂ ਤੁਹਾਡੇ ਬਜ਼ੁਰਗ ਅਤੇ ਨਿਆਈ ਬਾਹਰ ਜਾ ਕੇ, ਉਸ ਲਾਸ਼ ਦੇ ਆਲੇ-ਦੁਆਲੇ ਦੇ ਸ਼ਹਿਰਾਂ ਦੀ ਦੂਰੀ ਨਾਪਣ,

3ਤਦ ਜਿਹੜਾ ਸ਼ਹਿਰ ਲਾਸ਼ ਦੇ ਸਭ ਤੋਂ ਨੇੜੇ ਹੋਵੇ, ਉਸ ਸ਼ਹਿਰ ਦੇ ਬਜ਼ੁਰਗ ਚੌਣੇ ਤੋਂ ਇੱਕ ਵੱਛੀ ਲੈਣ ਜਿਹੜੀ ਕੰਮ ਵਿੱਚ ਨਾ ਲਿਆਂਦੀ ਗਈ ਹੋਵੇ ਅਤੇ ਜਿਸ ਨੇ ਜੂਲੇ ਹੇਠ ਕੁਝ ਨਾ ਖਿੱਚਿਆ ਹੋਵੇ ।4ਤਦ ਉਸ ਸ਼ਹਿਰ ਦੇ ਬਜ਼ੁਰਗ ਉਸ ਵੱਛੀ ਨੂੰ ਵਗਦੇ ਪਾਣੀ ਦੀ ਵਾਦੀ ਵਿੱਚ ਲੈ ਜਾਣ ਜਿਹੜੀ ਨਾ ਵਾਹੀ ਅਤੇ ਨਾ ਬੀਜੀ ਗਈ ਹੋਵੇ, ਅਤੇ ਉਸ ਵਾਦੀ ਵਿੱਚ ਉਹ ਵੱਛੀ ਦੀ ਧੌਣ ਤੋੜ ਦੇਣ ।
5ਫੇਰ ਲੇਵੀ ਜਾਜਕ ਨੇੜੇ ਆਉਣ ਕਿਉਂ ਜੋ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਚੁਣ ਲਿਆ ਹੈ ਕਿ ਉਹ ਉਸ ਦੀ ਟਹਿਲ ਸੇਵਾ ਕਰਨ ਲਈ ਅਤੇ ਯਹੋਵਾਹ ਦੇ ਨਾਮ ਉੱਤੇ ਬਰਕਤ ਦੇਣ, ਅਤੇ ਉਨ੍ਹਾਂ ਦੇ ਆਖਣ ਅਨੁਸਾਰ ਹਰੇਕ ਮਾਰ ਕੁਟਾਈ ਅਤੇ ਝਗੜੇ ਦਾ ਫੈਸਲਾ ਕੀਤਾ ਜਾਵੇ ।
6ਉਸ ਸ਼ਹਿਰ ਦੇ ਸਾਰੇ ਬਜ਼ੁਰਗ ਜਿਹੜੇ ਲਾਸ਼ ਦੇ ਸਭ ਤੋਂ ਨੇੜੇ ਦੇ ਹੋਣ, ਆਪਣੇ ਹੱਥ ਉਸ ਵੱਛੀ ਉੱਤੇ ਧੋ ਲੈਣ ਜਿਸ ਦੀ ਧੌਣ ਉਸ ਵਾਦੀ ਵਿੱਚ ਤੋੜੀ ਗਈ ਹੈ,7ਅਤੇ ਆਖਣ, "ਸਾਡੇ ਹੱਥੀਂ ਇਹ ਲਹੂ ਨਹੀਂ ਵਹਾਇਆ ਗਿਆ ਅਤੇ ਨਾ ਸਾਡੀਆਂ ਅੱਖਾਂ ਨੇ ਉਸ ਨੂੰ ਵੇਖਿਆ ਹੈ ।
8ਹੇ ਯਹੋਵਾਹ, ਆਪਣੀ ਪਰਜਾ ਨੂੰ ਜਿਸ ਨੂੰ ਤੂੰ ਛੁਡਾਇਆ ਹੈ ਮੁਆਫ਼ੀ ਦੇ, ਅਤੇ ਬੇਦੋਸ਼ ਦਾ ਖੂਨ ਆਪਣੀ ਪਰਜਾ ਇਸਰਾਏਲ ਉੱਤੇ ਨਾ ਲਿਆ । " ਤਦ ਉਹ ਖੂਨ ਉਨ੍ਹਾਂ ਨੂੰ ਮਾਫ਼ ਕੀਤਾ ਜਾਵੇਗਾ ।9ਇਸ ਤਰ੍ਹਾਂ ਤੁਸੀਂ ਯਹੋਵਾਹ ਦੀ ਨਿਗਾਹ ਵਿੱਚ ਧਰਮ ਦਾ ਕੰਮ ਕਰਕੇ, ਬੇਦੋਸ਼ ਦੇ ਖੂਨ ਦਾ ਦੋਸ਼ ਆਪਣੇ ਵਿੱਚੋਂ ਕੱਢ ਸਕੋਗੇ ।
ਯੁੱਧ-ਬੰਦੀ ਇਸਤਰੀ ਨਾਲ ਵਿਆਹ

10ਜਦ ਤੁਸੀਂ ਆਪਣੇ ਵੈਰੀਆਂ ਨਾਲ ਯੁੱਧ ਕਰਨ ਲਈ ਜਾਓ ਅਤੇ ਯਹੋਵਾਹ ਤੁਹਾਡਾ ਪਰਮੇਸ਼ੁਰ ਉਹਨਾਂ ਨੂੰ ਤੁਹਾਡੇ ਹੱਥ ਵਿੱਚ ਦੇ ਦੇਵੇ ਅਤੇ ਤੁਸੀਂ ਉਨ੍ਹਾਂ ਨੂੰ ਬੰਦੀ ਬਣਾ ਕੇ ਲੈ ਆਓ,11ਤਦ ਜੇਕਰ ਤੂੰ ਉਹਨਾਂ ਬੰਦੀਆਂ ਵਿੱਚ ਕੋਈ ਸੋਹਣੀ ਇਸਤਰੀ ਵੇਖ ਕੇ ਉਸ ਦੀ ਚਾਹ ਕਰੇਂ ਅਤੇ ਉਸ ਨਾਲ ਵਿਆਹ ਕਰਨਾ ਚਾਹੇਂ,12ਤਾਂ ਤੂੰ ਉਸ ਨੂੰ ਆਪਣੇ ਘਰ ਵਿੱਚ ਲੈ ਆਵੀਂ ਅਤੇ ਉਹ ਆਪਣਾ ਸਿਰ ਮੁਨਾਵੇ, ਆਪਣੇ ਨਹੁੰ ਕੱਟੇ,
13ਅਤੇ ਉਹ ਆਪਣੇ ਬੰਦੀਆਂ ਵਾਲੇ ਕੱਪੜੇ ਲਾਹ ਦੇਵੇ ਅਤੇ ਤੇਰੇ ਘਰ ਵਿੱਚ ਰਹਿ ਕੇ ਆਪਣੇ ਮਾਤਾ-ਪਿਤਾ ਲਈ ਇੱਕ ਮਹੀਨਾ ਸੋਗ ਕਰਦੀ ਰਹੇ, ਇਸ ਤੋਂ ਬਾਅਦ ਤੂੰ ਉਸ ਦੇ ਕੋਲ ਜਾਵੀਂ, ਅਤੇ ਤੂੰ ਉਸ ਦਾ ਪਤੀ ਅਤੇ ਉਹ ਤੇਰੀ ਪਤਨੀ ਬਣੇ ।14ਫੇਰ ਜੇਕਰ ਤੂੰ ਉਸ ਦੇ ਨਾਲ ਖੁਸ਼ ਨਾ ਹੋਵੇਂ, ਤਾਂ ਤੂੰ ਉਸ ਨੂੰ ਜਿੱਥੇ ਉਹ ਚਾਹੇ ਜਾਣ ਦੇਵੀਂ ਪਰ ਉਸ ਨੂੰ ਚਾਂਦੀ ਲੈ ਕੇ ਕਦੀ ਨਾ ਵੇਚੀਂ ਅਤੇ ਨਾ ਉਸ ਦੇ ਨਾਲ ਦਾਸੀਆਂ ਵਾਲਾ ਵਰਤਾਉ ਕਰੀਂ, ਕਿਉਂ ਜੋ ਤੂੰ ਉਸ ਦੀ ਪਤ ਲੈ ਲਈ ਹੈ ।
ਜੇਠੇ ਦਾ ਅਧਿਕਾਰ

15ਜੇਕਰ ਕਿਸੇ ਪੁਰਖ ਦੀਆਂ ਦੋ ਪਤਨੀਆਂ ਹੋਣ, ਇੱਕ ਉਸ ਨੂੰ ਪਿਆਰੀ ਹੋਵੇ ਪਰ ਦੂਜੀ ਨੂੰ ਘਿਣਾਉਣੀ ਜਾਣੇ ਅਤੇ ਪਿਆਰੀ ਅਤੇ ਘਿਣਾਉਣੀ ਦੋਵੇਂ ਹੀ ਪੁੱਤਰਾਂ ਨੂੰ ਜਨਮ ਦੇਣ ਅਤੇ ਜੇਕਰ ਜੇਠਾ ਪੁੱਤਰ ਘਿਣਾਉਣੀ ਦਾ ਹੋਵੇ,16ਅਤੇ ਫੇਰ ਜਦੋਂ ਉਹ ਆਪਣੇ ਪੁੱਤਰਾਂ ਨੂੰ ਆਪਣੀ ਜਾਇਦਾਦ ਵੰਡੇ ਤਾਂ ਉਹ ਪਿਆਰੀ ਦੇ ਪੁੱਤਰ ਨੂੰ, ਘਿਣਾਉਣੀ ਦੇ ਪੁੱਤਰ ਦੇ ਬਦਲੇ ਜੋ ਸੱਚ-ਮੁੱਚ ਉਸਦਾ ਜੇਠਾ ਹੈ, ਜੇਠੇ ਦਾ ਹੱਕ ਨਹੀਂ ਦੇ ਸਕਦਾ ।17ਪਰ ਉਹ ਜੇਠੇ ਨੂੰ ਜਿਹੜਾ ਘਿਣਾਉਣੀ ਦਾ ਪੁੱਤਰ ਹੈ, ਸਵੀਕਾਰੇ ਅਤੇ ਉਸ ਨੂੰ ਆਪਣੀ ਸਾਰੀ ਜਾਇਦਾਦ ਦਾ ਦੁਗਣਾ ਹਿੱਸਾ ਦੇਵੇ, ਕਿਉਂ ਜੋ ਉਹ ਉਸ ਦੀ ਸ਼ਕਤੀ ਦਾ ਮੁੱਢ ਹੈ, ਜੇਠੇ ਹੋਣ ਦਾ ਹੱਕ ਉਸ ਦਾ ਹੀ ਹੈ ।
ਵਿਦਰੋਹੀ ਪੁੱਤਰ

18ਜੇ ਕਿਸੇ ਮਨੁੱਖ ਦੇ ਕੋਲ ਜਿੱਦੀ ਅਤੇ ਪੁੱਤਰ ਹੋਵੇ, ਜਿਹੜਾ ਆਪਣੇ ਪਿਤਾ ਅਤੇ ਮਾਤਾ ਦੀ ਨਾ ਮੰਨੇ ਅਤੇ ਜਦ ਉਹ ਉਸ ਨੂੰ ਝਿੜਕਣ ਤਾਂ ਵੀ ਉਹ ਉਨ੍ਹਾਂ ਦੀ ਨਾ ਸੁਣੇ,19ਤਾਂ ਉਸ ਦੇ ਮਾਤਾ-ਪਿਤਾ ਉਸ ਨੂੰ ਫੜ੍ਹ ਕੇ ਉਸ ਸ਼ਹਿਰ ਦੇ ਬਜ਼ੁਰਗਾਂ ਕੋਲ, ਸ਼ਹਿਰ ਦੇ ਫਾਟਕ ਉੱਤੇ ਲੈ ਜਾਣ,
20ਅਤੇ ਉਹ ਉਸ ਦੇ ਸ਼ਹਿਰ ਦੇ ਬਜ਼ੁਰਗਾਂ ਨੂੰ ਆਖਣ, "ਸਾਡਾ ਇਹ ਪੁੱਤਰ ਜ਼ਿੱਦੀ ਅਤੇ ਆਕੀ ਹੈ ਅਤੇ ਸਾਡੀ ਗੱਲ ਨਹੀਂ ਸੁਣਦਾ, ਇਹ ਪੇਟੂ ਅਤੇ ਸ਼ਰਾਬੀ ਹੈ । "21ਤਦ ਉਸ ਦੇ ਸ਼ਹਿਰ ਦੇ ਸਾਰੇ ਮਨੁੱਖ ਉਸ ਉੱਤੇ ਅਜਿਹਾ ਪਥਰਾਓ ਕਰਨ ਕਿ ਉਹ ਮਰ ਜਾਵੇ । ਇਸ ਤਰ੍ਹਾਂ ਤੁਸੀਂ ਇਸ ਬੁਰਿਆਈ ਨੂੰ ਆਪਣੇ ਵਿੱਚੋਂ ਕੱਢ ਦਿਓ, ਤਦ ਸਾਰੇ ਇਸਰਾਏਲੀ ਸੁਣ ਕੇ ਡਰਨਗੇ ।
ਹੋਰ ਨਿਯਮ

22ਜੇਕਰ ਕਿਸੇ ਮਨੁੱਖ ਨੇ ਅਜਿਹਾ ਪਾਪ ਕੀਤਾ ਹੋਵੇ ਜੋ ਮੌਤ ਦੀ ਸਜ਼ਾ ਦੇ ਯੋਗ ਹੋਵੇ ਅਤੇ ਉਸ ਨੂੰ ਮਾਰ ਦਿੱਤਾ ਜਾਵੇ ਅਤੇ ਤੁਸੀਂ ਉਸ ਨੂੰ ਰੁੱਖ ਉੱਤੇ ਟੰਗ ਦਿਓ,23ਤਾਂ ਤੁਸੀਂ ਸਾਰੀ ਰਾਤ ਉਸ ਦੀ ਲਾਸ਼ ਨੂੰ ਰੁੱਖ ਉੱਤੇ ਟੰਗੀ ਹੋਈ ਨਾ ਰਹਿਣ ਦਿਓ, ਪਰ ਤੁਸੀਂ ਉਹ ਨੂੰ ਉਸੇ ਦਿਨ ਦੱਬ ਦਿਓ, ਕਿਉਂਕਿ ਜਿਹੜਾ ਟੰਗਿਆ ਜਾਵੇ, ਉਹ ਪਰਮੇਸ਼ੁਰ ਦੇ ਵੱਲੋਂ ਸਰਾਪੀ ਹੈ । ਤੁਸੀਂ ਉਸ ਦੇਸ਼ ਨੂੰ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਵਿਰਾਸਤ ਵਿੱਚ ਦੇਣ ਵਾਲਾ ਹੈ, ਭ੍ਰਿਸ਼ਟ ਨਾ ਕਰਿਓ ।

22

1ਤੂੰ ਆਪਣੇ ਭਰਾ ਦੇ ਗਾਂ-ਬਲਦ ਜਾਂ ਭੇਡ ਬੱਕਰੀ ਨੂੰ ਗੁਆਚਿਆ ਹੋਇਆ ਵੇਖ ਕੇ ਉਸ ਨੂੰ ਅਣਦੇਖਿਆ ਨਾ ਕਰੀਂ, ਤੂੰ ਜ਼ਰੂਰ ਹੀ ਉਨ੍ਹਾਂ ਨੂੰ ਆਪਣੇ ਭਰਾ ਕੋਲ ਮੋੜ ਲੈ ਆਵੀਂ ।2ਪਰ ਜੇਕਰ ਤੇਰਾ ਭਰਾ ਤੇਰੇ ਨੇੜੇ ਨਾ ਰਹਿੰਦਾ ਹੋਏ ਜਾਂ ਤੂੰ ਉਸ ਨੂੰ ਜਾਣਦਾ ਨਾ ਹੋਵੇਂ, ਤਾਂ ਤੂੰ ਉਸ ਪਸ਼ੂ ਨੂੰ ਆਪਣੇ ਘਰ ਲੈ ਜਾਵੀਂ, ਅਤੇ ਜਦ ਤੱਕ ਤੇਰਾ ਭਰਾ ਉਸ ਨੂੰ ਨਾ ਲੱਭੇ, ਉਹ ਤੇਰੇ ਕੋਲ ਰਹੇ, ਫੇਰ ਤੂੰ ਉਸ ਨੂੰ ਮੋੜ ਦੇਵੀਂ ।

3ਤੂੰ ਉਸ ਦੇ ਗਧੇ ਨਾਲ, ਬਸਤਰਾਂ ਨਾਲ ਸਗੋਂ ਆਪਣੇ ਭਰਾ ਦੀ ਹਰੇਕ ਗੁਆਚੀ ਹੋਈ ਚੀਜ਼ ਨਾਲ ਇਸੇ ਤਰ੍ਹਾਂ ਹੀ ਕਰੀਂ, ਜਿਹੜੀ ਉਸ ਤੋਂ ਗੁਆਚੀ ਹੋਵੇ ਅਤੇ ਤੈਨੂੰ ਲੱਭੀ ਹੋਵੇ । ਤੂੰ ਉਸ ਨੂੰ ਅਣਦੇਖਿਆ ਨਾ ਕਰੀਂ ।4ਤੂੰ ਆਪਣੇ ਭਰਾ ਦੇ ਗਧੇ ਜਾਂ ਬਲਦ ਨੂੰ ਰਾਹ ਵਿੱਚ ਡਿੱਗਿਆ ਹੋਇਆ ਦੇਖ ਕੇ ਅਣਦੇਖਿਆ ਨਾ ਕਰੀਂ । ਤੂੰ ਜ਼ਰੂਰ ਹੀ ਉਸ ਨੂੰ ਚੁੱਕਣ ਵਿੱਚ ਉਸ ਦੀ ਸਹਾਇਤਾ ਕਰੀਂ ।

5ਕੋਈ ਇਸਤਰੀ ਪੁਰਖਾਂ ਵਾਲੇ ਬਸਤਰ ਨਾ ਪਾਵੇ ਅਤੇ ਨਾ ਕੋਈ ਪੁਰਖ ਇਸਤਰੀਆਂ ਵਾਲੇ ਬਸਤਰ ਪਾਵੇ, ਕਿਉਂ ਜੋ ਹਰ ਇੱਕ ਜਿਹੜਾ ਅਜਿਹਾ ਕੰਮ ਕਰਦਾ ਹੈ, ਉਹ ਯਹੋਵਾਹ ਤੇਰੇ ਪਰਮੇਸ਼ੁਰ ਦੇ ਅੱਗੇ ਘਿਣਾਉਣਾ ਹੈ ।

6ਜੇਕਰ ਰਾਹ ਵਿੱਚ ਤੁਹਾਨੂੰ ਰੁੱਖ ਉੱਤੇ ਜਾਂ ਧਰਤੀ ਉੱਤੇ ਕਿਸੇ ਪੰਛੀ ਦਾ ਆਲ੍ਹਣਾ ਮਿਲੇ, ਭਾਵੇਂ ਉਸ ਵਿੱਚ ਬੱਚੇ ਹੋਣ, ਭਾਵੇਂ ਆਂਡੇ ਅਤੇ ਮਾਂ ਬੱਚਿਆਂ ਜਾਂ ਆਂਡਿਆਂ ਦੇ ਉੱਤੇ ਬੈਠੀ ਹੋਵੇ ਤਾਂ ਤੂੰ ਮਾਂ ਨੂੰ ਬੱਚਿਆਂ ਦੇ ਨਾਲ ਨਾ ਫੜ੍ਹੀਂ7ਤੂੰ ਬੱਚਿਆਂ ਨੂੰ ਆਪਣੇ ਲਈ ਲੈ ਲੈ, ਪਰ ਮਾਂ ਨੂੰ ਜ਼ਰੂਰ ਹੀ ਛੱਡ ਦੇਵੀਂ, ਤਾਂ ਜੋ ਤੇਰਾ ਭਲਾ ਹੋਵੇ ਅਤੇ ਤੇਰੇ ਜੀਵਨ ਦੇ ਦਿਨ ਲੰਮੇ ਹੋਣ ।

8ਜਦ ਤੂੰ ਕੋਈ ਨਵਾਂ ਘਰ ਬਣਾਵੇਂ ਤਾਂ ਤੂੰ ਆਪਣੀ ਛੱਤ ਉੱਤੇ ਬਨੇਰਾ ਬਣਾਵੀਂ ਤਾਂ ਕਿ ਜੇਕਰ ਕੋਈ ਉੱਥੋਂ ਡਿੱਗ ਪਵੇ ਤਾਂ ਤੂੰ ਉਸ ਦੇ ਖੂਨ ਦਾ ਦੋਸ਼ ਆਪਣੇ ਘਰ ਉੱਤੇ ਨਾ ਲਿਆਵੇਂ ।

9ਤੂੰ ਆਪਣੇ ਅੰਗੂਰੀ ਬਾਗ ਵਿੱਚ ਦੋ ਪ੍ਰਕਾਰ ਦੇ ਬੀਜ ਨਾ ਬੀਜੀਂ, ਅਜਿਹਾ ਨਾ ਹੋਵੇ ਕਿ ਸਾਰੀ ਪੈਦਾਵਾਰ ਅਰਥਾਤ ਤੇਰਾ ਬੀਜਿਆ ਹੋਇਆ ਬੀਜ ਅਤੇ ਬਾਗ ਦੀ ਉਪਜ ਦੋਵੇਂ ਭ੍ਰਿਸ਼ਟ ਹੋ ਜਾਣ ।10ਤੂੰ ਬਲਦ ਅਤੇ ਗਧੇ ਨਾਲ ਇਕੱਠਾ ਨਾ ਵਾਹੀਂ ।11ਤੂੰ ਕਤਾਨ ਅਤੇ ਉੱਨ ਦਾ ਮਿਲਿਆ ਹੋਇਆ ਕੱਪੜਾ ਨਾ ਪਾਵੀਂ ।
12ਤੂੰ ਆਪਣੇ ਉਸ ਕੱਪੜੇ ਦੇ ਚਾਰੋ ਪਾਸੇ ਝਾਲਰ ਲਗਾਈਂ, ਜਿਸ ਨਾਲ ਤੂੰ ਆਪ ਨੂੰ ਢੱਕਦਾ ਹੈਂ ।
ਨੈਤਿਕਤਾ ਦੇ ਨਿਯਮ

13ਜੇ ਕੋਈ ਮਨੁੱਖ ਕਿਸੇ ਇਸਤਰੀ ਨਾਲ ਵਿਆਹ ਕਰੇ ਅਤੇ ਉਸ ਦੇ ਕੋਲ ਜਾਵੇ ਅਤੇ ਫੇਰ ਉਸ ਤੋਂ ਨਫ਼ਰਤ ਕਰਨ ਲੱਗੇ,14ਅਤੇ ਉਹ ਉਸ ਉੱਤੇ ਬੇਸ਼ਰਮੀ ਦੇ ਦੋਸ਼ ਲਾਵੇ ਅਤੇ ਇਹ ਆਖ ਕੇ ਉਸ ਨੂੰ ਬਦਨਾਮ ਕਰੇ, "ਮੈਂ ਇਸ ਇਸਤਰੀ ਨਾਲ ਵਿਆਹ ਕੀਤਾ ਪਰ ਜਦ ਮੈਂ ਉਸ ਦੇ ਕੋਲ ਗਿਆ ਤਾਂ ਮੈਂ ਉਸ ਵਿੱਚ ਕੁਆਰਪੁਣੇ ਦੇ ਨਿਸ਼ਾਨ ਨਹੀਂ ਪਾਏ,"
15ਤਾਂ ਉਸ ਕੁੜੀ ਦੇ ਮਾਤਾ-ਪਿਤਾ ਉਸ ਦੇ ਕੁਆਰਪੁਣੇ ਦੇ ਨਿਸ਼ਾਨ ਲੈ ਕੇ, ਉਸ ਸ਼ਹਿਰ ਦੇ ਬਜ਼ੁਰਗਾਂ ਕੋਲ ਫਾਟਕ ਉੱਤੇ ਜਾਣ,
16ਅਤੇ ਉਸ ਕੁੜੀ ਦਾ ਪਿਤਾ ਬਜ਼ੁਰਗਾਂ ਨੂੰ ਆਖੇ, "ਮੈਂ ਆਪਣੀ ਧੀ ਦਾ ਵਿਆਹ ਇਸ ਮਨੁੱਖ ਨਾਲ ਕਰ ਦਿੱਤਾ ਪਰ ਉਹ ਉਸ ਤੋਂ ਨਫ਼ਰਤ ਕਰਦਾ ਹੈ,17ਅਤੇ ਵੇਖੋ, ਉਹ ਇਹ ਆਖ ਕੇ ਉਸ ਉੱਤੇ ਬੇਸ਼ਰਮੀ ਦੇ ਦੋਸ਼ ਲਗਾਉਂਦਾ ਹੈ ਕਿ ਮੈਂ ਤੇਰੀ ਧੀ ਵਿੱਚ ਕੁਆਰਪੁਣੇ ਦੇ ਨਿਸ਼ਾਨ ਨਹੀਂ ਪਾਏ, ਪਰ ਇਹ ਮੇਰੀ ਧੀ ਦੇ ਕੁਆਰਪੁਣੇ ਦੇ ਨਿਸ਼ਾਨ ਹਨ । " ਤਦ ਉਸ ਦੇ ਮਾਤਾ-ਪਿਤਾ ਉਸ ਬਸਤਰ ਨੂੰ ਸ਼ਹਿਰ ਦੇ ਬਜ਼ੁਰਗਾਂ ਦੇ ਅੱਗੇ ਵਿਛਾ ਦੇਣ ।
18ਤਦ ਉਸ ਸ਼ਹਿਰ ਦੇ ਬਜ਼ੁਰਗ ਉਸ ਮਨੁੱਖ ਨੂੰ ਫੜ੍ਹ ਕੇ ਉਸ ਨੂੰ ਝਿੜਕਣ,19ਅਤੇ ਉਸ ਉੱਤੇ ਸੌ ਸ਼ਕੇਲ ਚਾਂਦੀ ਦਾ ਜੁਰਮਾਨਾ ਲਾਉਣ ਅਤੇ ਉਹ ਉਸ ਕੁੜੀ ਦੇ ਪਿਤਾ ਨੂੰ ਦੇ ਦੇਣ, ਕਿਉਂ ਜੋ ਉਸ ਨੇ ਇਸਰਾਏਲ ਦੀ ਇੱਕ ਕੁਆਰੀ ਦੀ ਬਦਨਾਮੀ ਕੀਤੀ ਹੈ, ਅਤੇ ਉਹ ਉਸ ਦੀ ਪਤਨੀ ਬਣੀ ਰਹੇ । ਉਹ ਆਪਣੇ ਜੀਵਨ ਭਰ ਉਸ ਨੂੰ ਛੱਡ ਨਹੀਂ ਸਕੇਗਾ ।
20ਪਰ ਜੇਕਰ ਇਹ ਗੱਲ ਸੱਚੀ ਹੋਵੇ ਅਤੇ ਉਸ ਕੁੜੀ ਵਿੱਚ ਕੁਆਰਪੁਣੇ ਦੇ ਨਿਸ਼ਾਨ ਨਾ ਪਾਏ ਗਏ ਹੋਣ,21ਤਾਂ ਉਹ ਉਸ ਕੁੜੀ ਨੂੰ ਉਸ ਦੇ ਪਿਤਾ ਦੇ ਘਰ ਦੇ ਦਰਵਾਜ਼ੇ ਉੱਤੇ ਲੈ ਜਾਣ ਅਤੇ ਉਸ ਦੇ ਸ਼ਹਿਰ ਦੇ ਪੁਰਖ ਉਸ ਨੂੰ ਪੱਥਰ ਮਾਰ-ਮਾਰ ਕੇ ਮਾਰ ਸੁੱਟਣ ਕਿਉਂ ਜੋ ਉਸ ਨੇ ਆਪਣੇ ਪਿਤਾ ਦੇ ਘਰ ਵਿੱਚ ਜ਼ਨਾਹ ਕਰਕੇ ਇਸਰਾਏਲ ਵਿੱਚ ਅਜਿਹਾ ਸ਼ਰਮਿੰਦਗੀ ਦਾ ਕੰਮ ਕੀਤਾ । ਇਸ ਤਰ੍ਹਾਂ ਤੁਸੀਂ ਅਜਿਹੀ ਬੁਰਿਆਈ ਨੂੰ ਆਪਣੇ ਵਿੱਚੋਂ ਕੱਢ ਸੁੱਟਿਓ ।

22ਜੇਕਰ ਕੋਈ ਮਨੁੱਖ ਕਿਸੇ ਵਿਆਹੀ ਹੋਈ ਇਸਤਰੀ ਨਾਲ ਸੰਗ ਕਰਦਾ ਫੜ੍ਹਿਆ ਜਾਵੇ ਤਾਂ ਉਹ ਪੁਰਖ ਜਿਹੜਾ ਉਸ ਇਸਤਰੀ ਨਾਲ ਪਿਆ ਹੋਇਆ ਸੀ ਅਤੇ ਉਹ ਇਸਤਰੀ ਦੋਵੇਂ ਮਾਰ ਸੁੱਟੇ ਜਾਣ । ਇਸ ਤਰ੍ਹਾਂ ਤੁਸੀਂ ਅਜਿਹੀ ਬੁਰਿਆਈ ਨੂੰ ਇਸਰਾਏਲ ਵਿੱਚੋਂ ਕੱਢ ਸੁੱਟਿਓ ।

23ਜੇਕਰ ਕਿਸੇ ਕੁਆਰੀ ਕੁੜੀ ਦੀ ਕਿਸੇ ਪੁਰਖ ਨਾਲ ਮੰਗਣੀ ਹੋਈ ਹੋਵੇ ਅਤੇ ਕੋਈ ਹੋਰ ਪੁਰਖ ਉਸ ਨੂੰ ਸ਼ਹਿਰ ਵਿੱਚ ਪਾ ਕੇ ਉਸ ਨਾਲ ਸੰਗ ਕਰੇ,24ਤਾਂ ਤੁਸੀਂ ਉਨ੍ਹਾਂ ਦੋਹਾਂ ਨੂੰ ਉਸ ਸ਼ਹਿਰ ਦੇ ਫਾਟਕ ਕੋਲ ਲੈ ਜਾ ਕੇ ਉਨ੍ਹਾਂ ਨੂੰ ਪੱਥਰਾਂ ਨਾਲ ਅਜਿਹਾ ਮਾਰਿਓ ਕਿ ਉਹ ਮਰ ਜਾਣ, ਉਸ ਕੁੜੀ ਨੂੰ ਤਾਂ ਇਸ ਕਾਰਨ ਕਿ ਸ਼ਹਿਰ ਵਿੱਚ ਹੁੰਦੇ ਹੋਏ ਵੀ ਉਸ ਨੇ ਚੀਕਾਂ ਨਹੀਂ ਮਾਰੀਆਂ ਅਤੇ ਉਸ ਪੁਰਖ ਨੂੰ ਇਸ ਕਾਰਨ ਕਿ ਉਸ ਨੇ ਆਪਣੇ ਗੁਆਂਢੀ ਦੀ ਪਤਨੀ ਦੀ ਬੇਪਤੀ ਕੀਤੀ ਹੈ । ਇਸ ਤਰ੍ਹਾਂ ਤੁਸੀਂ ਅਜਿਹੀ ਬੁਰਿਆਈ ਨੂੰ ਆਪਣੇ ਵਿੱਚੋਂ ਕੱਢ ਸੁੱਟਿਓ ।
25ਪਰ ਜੇਕਰ ਕੋਈ ਪੁਰਖ ਕਿਸੇ ਕੁੜੀ ਨੂੰ ਜਿਸ ਦੀ ਮੰਗਣੀ ਹੋ ਚੁੱਕੀ ਹੈ, ਖੇਤ ਵਿੱਚ ਪਾਵੇ ਅਤੇ ਜ਼ਬਰਦਸਤੀ ਉਸ ਨਾਲ ਸੰਗ ਕਰੇ, ਤਾਂ ਸਿਰਫ਼ ਉਹ ਮਨੁੱਖ ਹੀ ਮਾਰਿਆ ਜਾਵੇ ਜਿਸ ਨੇ ਉਹ ਦੇ ਨਾਲ ਸੰਗ ਕੀਤਾ ।26ਪਰ ਉਸ ਕੁੜੀ ਨਾਲ ਕੁਝ ਨਾ ਕਰੋ । ਉਸ ਕੁੜੀ ਦਾ ਪਾਪ ਮੌਤ ਦੇ ਯੋਗ ਨਹੀਂ ਹੈ, ਕਿਉਂਕਿ ਜਿਵੇਂ ਕੋਈ ਆਪਣੇ ਗੁਆਂਢੀ ਉੱਤੇ ਚੜ੍ਹ ਕੇ ਉਸ ਨੂੰ ਜਾਨ ਤੋਂ ਮਾਰ ਦੇਵੇ, ਉਸੇ ਤਰ੍ਹਾਂ ਹੀ ਇਹ ਗੱਲ ਵੀ ਹੈ,27ਕਿਉਂ ਜੋ ਉਸ ਪੁਰਖ ਨੇ ਉਸ ਨੂੰ ਖੇਤ ਵਿੱਚ ਪਾਇਆ, ਅਤੇ ਉਸ ਮੰਗੀ ਹੋਈ ਕੁੜੀ ਨੇ ਚੀਕਾਂ ਤਾਂ ਮਾਰੀਆਂ, ਪਰ ਉਸ ਨੂੰ ਬਚਾਉਣ ਵਾਲਾ ਕੋਈ ਨਹੀਂ ਸੀ ।

28ਜੇਕਰ ਕੋਈ ਪੁਰਖ ਕਿਸੇ ਕੁਆਰੀ ਨੂੰ ਪਾਵੇ, ਜਿਸ ਦੀ ਮੰਗਣੀ ਅਜੇ ਨਹੀਂ ਹੋਈ ਅਤੇ ਉਸ ਨੂੰ ਫੜ੍ਹ ਕੇ ਉਸ ਨਾਲ ਸੰਗ ਕਰੇ ਅਤੇ ਉਹ ਫੜ੍ਹੇ ਜਾਣ,29ਤਾਂ ਉਹ ਪੁਰਖ ਜਿਸ ਨੇ ਉਸ ਦੇ ਨਾਲ ਸੰਗ ਕੀਤਾ, ਉਸ ਕੁੜੀ ਦੇ ਪਿਤਾ ਨੂੰ ਪੰਜਾਹ ਸ਼ਕੇਲ ਚਾਂਦੀ ਦੇਵੇ ਅਤੇ ਉਹ ਉਸ ਦੀ ਪਤਨੀ ਹੋਵੇਗੀ, ਕਿਉਂ ਜੋ ਉਸ ਨੇ ਉਹ ਦੀ ਬੇਪਤੀ ਕੀਤੀ । ਉਹ ਆਪਣੇ ਜੀਵਨ ਭਰ ਉਸ ਨੂੰ ਛੱਡ ਨਹੀਂ ਸਕੇਗਾ ।

30ਕੋਈ ਮਨੁੱਖ ਆਪਣੀ ਸੌਤੇਲੀ ਮਾਂ ਨੂੰ ਆਪਣੀ ਇਸਤਰੀ ਨਾ ਬਣਾਵੇ, ਨਾ ਹੀ ਆਪਣੇ ਪਿਤਾ ਦੇ ਨੰਗੇਜ਼ ਦਾ ਕੱਪੜਾ ਖੋਲ੍ਹੇ ।

23
ਯਹੋਵਾਹ ਦੀ ਸਭਾ ਵਿੱਚ ਪ੍ਰਵੇਸ਼ ਦੀ ਮਨਾਹੀ

1ਜਿਸ ਦੇ ਨਲ ਮਿੱਧੇ ਗਏ ਹੋਣ ਜਾਂ ਇੰਦਰੀ ਕੱਟੀ ਹੋਈ ਹੋਵੇ, ਉਹ ਯਹੋਵਾਹ ਦੀ ਸਭਾ ਵਿੱਚ ਨਾ ਵੜੇ ।2ਕੁਕਰਮ ਨਾਲ ਜੰਮਿਆ ਹੋਇਆ ਯਹੋਵਾਹ ਦੀ ਸਭਾ ਵਿੱਚ ਨਾ ਵੜੇ ਸਗੋਂ ਦਸਵੀਂ ਪੀੜ੍ਹੀ ਤੱਕ ਉਸ ਦੇ ਵੰਸ਼ ਦਾ ਕੋਈ ਵੀ ਯਹੋਵਾਹ ਦੀ ਸਭਾ ਵਿੱਚ ਨਾ ਵੜੇ ।

3ਕੋਈ ਅੰਮੋਨੀ ਜਾਂ ਮੋਆਬੀ ਯਹੋਵਾਹ ਦੀ ਸਭਾ ਵਿੱਚ ਨਾ ਵੜੇ ਸਗੋਂ ਦਸਵੀਂ ਪੀੜ੍ਹੀ ਤੱਕ ਉਨ੍ਹਾਂ ਦੇ ਵੰਸ਼ ਦਾ ਕੋਈ ਵੀ ਯਹੋਵਾਹ ਦੀ ਸਭਾ ਵਿੱਚ ਕਦੀ ਨਾ ਵੜੇ ।4ਇਸ ਦਾ ਕਾਰਨ ਇਹ ਹੈ ਕਿ ਜਦ ਤੁਸੀਂ ਮਿਸਰ ਵਿੱਚੋਂ ਨਿੱਕਲੇ ਸੀ ਤਦ ਉਹ ਰੋਟੀ ਪਾਣੀ ਲੈ ਕੇ ਰਾਹ ਵਿੱਚ ਤੁਹਾਨੂੰ ਮਿਲਣ ਲਈ ਨਹੀਂ ਨਿੱਕਲੇ, ਸਗੋਂ ਉਨ੍ਹਾਂ ਨੇ ਤੁਹਾਡੇ ਵਿਰੁੱਧ ਬਓਰ ਦੇ ਪੁੱਤਰ ਬਿਲਆਮ ਨੂੰ ਭਾੜੇ ਉੱਤੇ ਮਸੋਪੋਤਾਮੀਆਂ ਦੇ ਫ਼ਤੋਰ ਵਿੱਚੋਂ ਸੱਦਿਆ, ਤਾਂ ਜੋ ਉਹ ਤੁਹਾਨੂੰ ਸਰਾਪ ਦੇਵੇ ।
5ਪਰ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਬਿਲਆਮ ਦੀ ਨਾ ਸੁਣੀ, ਸਗੋਂ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਡੇ ਲਈ ਸਰਾਪ ਨੂੰ ਬਰਕਤ ਵਿੱਚ ਬਦਲ ਦਿੱਤਾ, ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਨਾਲ ਪ੍ਰੇਮ ਰੱਖਦਾ ਹੈ ।6ਤੁਸੀਂ ਆਪਣੇ ਜੀਵਨ ਭਰ ਉਨ੍ਹਾਂ ਦੀ ਸੁਖ-ਸਾਂਦ ਅਤੇ ਭਲਿਆਈ ਨਾ ਭਾਲੋ ।

7ਤੁਸੀਂ ਕਿਸੇ ਅਦੋਮੀ ਤੋਂ ਘਿਰਣਾ ਨਾ ਕਰਿਓ, ਕਿਉਂ ਜੋ ਉਹ ਤੁਹਾਡਾ ਭਰਾ ਹੈ । ਤੁਸੀਂ ਕਿਸੇ ਮਿਸਰੀ ਤੋਂ ਵੀ ਘਿਰਣਾ ਨਾ ਕਰਿਓ ਕਿਉਂ ਜੋ ਤੁਸੀਂ ਉਸ ਦੇ ਦੇਸ਼ ਵਿੱਚ ਪਰਦੇਸੀ ਹੋ ਕੇ ਰਹੇ ।8ਉਨ੍ਹਾਂ ਦੇ ਪੁੱਤਰ ਜਿਹੜੇ ਤੀਜੀ ਪੀੜ੍ਹੀ ਵਿੱਚ ਉਨ੍ਹਾਂ ਤੋਂ ਜੰਮਣ, ਉਹ ਯਹੋਵਾਹ ਦੀ ਸਭਾ ਵਿੱਚ ਆ ਸਕਦੇ ਹਨ ।
ਛਾਉਣੀ ਨੂੰ ਸ਼ੁੱਧ ਰੱਖਣਾ

9ਜਦ ਤੁਸੀਂ ਜਾ ਕੇ ਆਪਣੇ ਵੈਰੀਆਂ ਦੇ ਵਿਰੁੱਧ ਛਾਉਣੀ ਲਾਓ ਤਾਂ ਤੁਸੀਂ ਹਰੇਕ ਬੁਰੀ ਗੱਲ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਿਓ ।10ਜੇ ਤੁਹਾਡੇ ਵਿੱਚ ਕੋਈ ਮਨੁੱਖ ਹੋਵੇ ਜਿਹੜਾ ਅਣਜਾਣੇ ਹੀ ਰਾਤ ਨੂੰ ਅਸ਼ੁੱਧ ਹੋ ਗਿਆ ਹੋਵੇ, ਤਾਂ ਉਹ ਛਾਉਣੀ ਵਿੱਚੋਂ ਬਾਹਰ ਚਲਿਆ ਜਾਵੇ, ਉਹ ਛਾਉਣੀ ਵਿੱਚ ਨਾ ਆਵੇ ।11ਪਰ ਸ਼ਾਮ ਦੇ ਸਮੇਂ ਉਹ ਪਾਣੀ ਨਾਲ ਨਹਾਵੇ ਅਤੇ ਜਦ ਸੂਰਜ ਡੁੱਬ ਗਿਆ ਹੋਵੇ, ਤਦ ਉਹ ਛਾਉਣੀ ਵਿੱਚ ਆ ਜਾਵੇ ।

12ਛਾਉਣੀ ਦੇ ਬਾਹਰ ਇੱਕ ਪਾਸੇ ਨੂੰ ਤੁਹਾਡੇ ਲਈ ਇੱਕ ਸਥਾਨ ਹੋਵੇ, ਜਿੱਥੇ ਤੁਸੀਂ ਜੰਗਲ-ਪਾਣੀ ਲਈ ਜਾਓ ।13ਤੁਹਾਡੇ ਸੰਦਾਂ ਵਿੱਚ ਤੁਹਾਡੇ ਕੋਲ ਇੱਕ ਰੰਬੀ ਹੋਵੇ ਅਤੇ ਜਦ ਤੁਸੀਂ ਜੰਗਲ-ਪਾਣੀ ਲਈ ਬੈਠੋ, ਤਦ ਉਸ ਦੇ ਨਾਲ ਮਿੱਟੀ ਪੁੱਟ ਕੇ ਆਪਣੇ ਮਲ ਨੂੰ ਢੱਕ ਦਿਓ ।14ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਛੁਡਾਉਣ ਲਈ ਅਤੇ ਤੁਹਾਡੇ ਵੈਰੀਆਂ ਨੂੰ ਤੁਹਾਡੇ ਅੱਗੇ ਹਰਾਉਣ ਲਈ ਤੁਹਾਡੀ ਛਾਉਣੀ ਦੇ ਵਿੱਚ ਫਿਰਦਾ ਹੈ, ਇਸ ਲਈ ਤੁਹਾਡੀ ਛਾਉਣੀ ਪਵਿੱਤਰ ਹੋਵੇ, ਅਜਿਹਾ ਨਾ ਹੋਵੇ ਕਿ ਉਹ ਤੁਹਾਡੇ ਵਿੱਚ ਕੁਝ ਅਸ਼ੁੱਧਤਾ ਵੇਖੇ ਅਤੇ ਮੁੜ ਜਾਵੇ ।
ਹੋਰ ਨਿਯਮ

15ਜਿਹੜਾ ਦਾਸ ਆਪਣੇ ਸੁਆਮੀ ਕੋਲੋਂ ਨੱਠ ਕੇ ਤੇਰੇ ਕੋਲ ਆ ਜਾਵੇ, ਤੂੰ ਉਸ ਨੂੰ ਉਸ ਦੇ ਸੁਆਮੀ ਨੂੰ ਨਾ ਮੋੜੀਂ,16ਉਹ ਤੇਰੇ ਵਿਚਕਾਰ, ਤੇਰੇ ਨਾਲ ਉਸ ਸਥਾਨ ਵਿੱਚ ਵੱਸ ਜਾਵੇ ਜਿਹੜਾ ਤੇਰੇ ਫਾਟਕਾਂ ਦੇ ਅੰਦਰ ਉਸ ਨੂੰ ਚੰਗਾ ਲੱਗੇ । ਤੂੰ ਉਸ ਨੂੰ ਦੁੱਖ ਨਾ ਦੇਵੀਂ ।

17ਇਸਰਾਏਲ ਦੀਆਂ ਧੀਆਂ ਵਿੱਚੋਂ ਕੋਈ ਵੀ ਦੇਵਦਾਸੀ ਨਾ ਹੋਵੇ, ਅਤੇ ਨਾ ਹੀ ਇਸਰਾਏਲ ਦੇ ਪੁੱਤਰਾਂ ਵਿੱਚੋਂ ਕੋਈ ਅਜਿਹਾ ਬੁਰਾ ਕੰਮ ਕਰਨ ਵਾਲਾ ਹੋਵੇ ।18ਤੂੰ ਵੇਸਵਾ ਦਾ ਭਾੜਾ ਅਤੇ ਪੁਰਖਗਾਮੀ ਦੀ ਕਮਾਈ ਕਿਸੇ ਸੁੱਖਣਾ ਨੂੰ ਪੂਰਾ ਕਰਨ ਲਈ ਯਹੋਵਾਹ ਆਪਣੇ ਪਰਮੇਸ਼ੁਰ ਦੇ ਘਰ ਵਿੱਚ ਨਾ ਲਿਆਵੀਂ, ਕਿਉਂ ਜੋ ਇਹ ਦੋਵੇਂ ਯਹੋਵਾਹ ਤੇਰੇ ਪਰਮੇਸ਼ੁਰ ਲਈ ਇੱਕੋ ਜਿਹੇ ਘਿਣਾਉਣੇ ਹਨ ।

19ਤੂੰ ਆਪਣੇ ਭਰਾ ਨੂੰ ਬਿਆਜ ਉੱਤੇ ਕਰਜ਼ਾ ਨਾ ਦੇਵੀਂ, ਭਾਵੇਂ ਚਾਂਦੀ, ਭਾਵੇਂ ਅੰਨ, ਜਾਂ ਹੋਰ ਕੋਈ ਵੀ ਚੀਜ਼ ਜਿਹੜੀ ਬਿਆਜ ਉੱਤੇ ਦਿੱਤੀ ਜਾਂਦੀ ਹੈ, ਉਹ ਬਿਆਜ ਉੱਤੇ ਨਾ ਦੇਵੀਂ ।20ਤੂੰ ਪਰਦੇਸੀ ਨੂੰ ਬਿਆਜ ਉੱਤੇ ਕਰਜ਼ਾ ਦੇ ਸਕਦਾ ਹੈਂ, ਪਰ ਆਪਣੇ ਭਰਾ ਨਾਲ ਅਜਿਹਾ ਨਾ ਕਰੀਂ, ਤਾਂ ਜੋ ਯਹੋਵਾਹ ਤੇਰਾ ਪਰਮੇਸ਼ੁਰ ਉਸ ਦੇਸ਼ ਵਿੱਚ ਜਿਸ ਉੱਤੇ ਅਧਿਕਾਰ ਕਰਨ ਲਈ ਤੂੰ ਜਾਂਦਾ ਹੈਂ, ਤੇਰੇ ਹੱਥ ਦੇ ਸਾਰੇ ਕੰਮਾਂ ਉੱਤੇ ਤੈਨੂੰ ਬਰਕਤ ਦੇਵੇ ।

21ਜਦ ਤੂੰ ਯਹੋਵਾਹ ਆਪਣੇ ਪਰਮੇਸ਼ੁਰ ਦੀ ਸੁੱਖਣਾ ਸੁੱਖੇਂ ਤਾਂ ਉਸ ਨੂੰ ਪੂਰਾ ਕਰਨ ਵਿੱਚ ਢਿੱਲ ਨਾ ਕਰੀਂ ਕਿਉਂ ਜੋ ਯਹੋਵਾਹ ਤੇਰਾ ਪਰਮੇਸ਼ੁਰ ਉਸ ਨੂੰ ਜ਼ਰੂਰ ਹੀ ਤੇਰੇ ਕੋਲੋਂ ਲੈ ਲਵੇਗਾ ਅਤੇ ਢਿੱਲ ਕਰਨਾ ਤੇਰੇ ਲਈ ਪਾਪ ਹੋਵੇਗਾ ।22ਪਰ ਜੇ ਤੂੰ ਸੁੱਖਣਾ ਨਾ ਸੁੱਖੇਂ ਤਾਂ ਉਹ ਤੇਰੇ ਲਈ ਪਾਪ ਨਹੀਂ ਹੋਵੇਗੀ ।23ਜੋ ਕੁਝ ਤੇਰੇ ਮੂੰਹ ਤੋਂ ਨਿੱਕਲੇ ਤੂੰ ਉਸ ਨੂੰ ਪੂਰਾ ਕਰੀਂ, ਜਿਵੇਂ ਤੂੰ ਆਪਣੇ ਮੂੰਹ ਤੋਂ ਬਚਨ ਕੱਢਿਆ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਲਈ ਖੁਸ਼ੀ ਦੀ ਭੇਟ ਸੁੱਖੀ, ਉਸੇ ਤਰ੍ਹਾਂ ਹੀ ਉਸ ਨੂੰ ਪੂਰਾ ਕਰੀਂ ।

24ਜਦ ਤੂੰ ਆਪਣੇ ਗੁਆਂਢੀ ਦੇ ਅੰਗੂਰੀ ਬਾਗ ਵਿੱਚ ਜਾਵੇਂ, ਤਾਂ ਤੂੰ ਆਪਣੀ ਇੱਛਾ ਅਨੁਸਾਰ ਅੰਗੂਰ ਖਾ ਸਕਦਾ ਹੈਂ ਪਰ ਤੂੰ ਆਪਣੇ ਭਾਂਡੇ ਵਿੱਚ ਕੁਝ ਨਾ ਪਾਈਂ ।25ਜਦ ਤੂੰ ਆਪਣੇ ਗੁਆਂਢੀ ਦੀ ਖੜ੍ਹੀ ਫ਼ਸਲ ਵਿੱਚ ਜਾਵੇਂ, ਤਾਂ ਤੂੰ ਆਪਣੇ ਹੱਥ ਨਾਲ ਤਾਂ ਸਿੱਟੇ ਤੋੜ ਸਕਦਾ ਹੈ, ਪਰ ਤੂੰ ਆਪਣੇ ਗੁਆਂਢੀ ਦੀ ਖੜ੍ਹੀ ਫ਼ਸਲ ਵਿੱਚ ਦਾਤੀ ਨਾ ਚਲਾਈਂ ।

24
ਤਲਾਕ ਅਤੇ ਦੁਬਾਰਾ ਵਿਆਹ

1ਜਦ ਕੋਈ ਪੁਰਖ ਕਿਸੇ ਇਸਤਰੀ ਨਾਲ ਵਿਆਹ ਕਰ ਲਵੇ ਅਤੇ ਬਾਅਦ ਵਿੱਚ ਉਹ ਉਸ ਤੋਂ ਪ੍ਰਸੰਨ ਨਾ ਹੋਵੇ ਕਿਉਂ ਜੋ ਉਹ ਨੇ ਉਸ ਵਿੱਚ ਬੇਸ਼ਰਮੀ ਦੀ ਕੋਈ ਗੱਲ ਵੇਖੀ ਤਾਂ ਉਹ ਉਸ ਨੂੰ ਤਿਆਗ ਪੱਤਰ ਲਿਖ ਕੇ ਉਸ ਦੇ ਹੱਥ ਦੇ ਦੇਵੇ ਅਤੇ ਉਸ ਨੂੰ ਆਪਣੇ ਘਰੋਂ ਕੱਢ ਦੇਵੇ ।2ਜਦ ਉਹ ਉਸ ਦੇ ਘਰ ਤੋਂ ਨਿੱਕਲ ਜਾਵੇ ਤਾਂ ਉਹ ਜਾ ਕੇ ਕਿਸੇ ਹੋਰ ਪੁਰਖ ਦੀ ਪਤਨੀ ਹੋ ਸਕਦੀ ਹੈ ।

3ਪਰ ਜੇਕਰ ਉਹ ਦੂਜਾ ਪੁਰਖ ਵੀ ਉਸ ਨੂੰ ਨਾਪਸੰਦ ਕਰੇ ਅਤੇ ਉਹ ਉਸ ਲਈ ਤਿਆਗ ਪੱਤਰ ਲਿਖ ਕੇ ਉਸ ਦੇ ਹੱਥ ਦੇ ਦੇਵੇ ਅਤੇ ਉਹ ਨੂੰ ਆਪਣੇ ਘਰੋਂ ਕੱਢ ਦੇਵੇ ਜਾਂ ਫਿਰ ਉਹ ਦੂਜਾ ਪੁਰਖ ਜਿਸ ਨੇ ਉਸ ਨਾਲ ਵਿਆਹ ਕੀਤਾ ਸੀ, ਮਰ ਜਾਵੇ,4ਤਾਂ ਉਸ ਦਾ ਪਹਿਲਾ ਪਤੀ, ਜਿਸ ਨੇ ਉਹ ਨੂੰ ਕੱਢ ਦਿੱਤਾ ਸੀ ਉਸ ਨੂੰ ਆਪਣੀ ਪਤਨੀ ਬਣਾਉਣ ਲਈ ਨਹੀਂ ਲੈ ਸਕਦਾ, ਜਦ ਕਿ ਉਹ ਭ੍ਰਿਸ਼ਟ ਹੋ ਚੁੱਕੀ ਹੈ, ਕਿਉਂ ਜੋ ਇਹ ਯਹੋਵਾਹ ਦੇ ਸਨਮੁਖ ਇੱਕ ਘਿਣਾਉਣਾ ਕੰਮ ਹੈ । ਇਸ ਤਰ੍ਹਾਂ ਤੁਸੀਂ ਉਸ ਦੇਸ਼ ਨੂੰ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਵਿਰਾਸਤ ਵਿੱਚ ਦਿੰਦਾ ਹੈ, ਪਾਪੀ ਨਾ ਬਣਾਇਓ ।
ਹੋਰ ਨਿਯਮ

5ਜਦ ਕੋਈ ਪੁਰਖ ਦਾ ਨਵਾਂ ਵਿਆਹ ਹੋਇਆ ਹੋਵੇ, ਤਾਂ ਉਹ ਸੈਨਾ ਨਾਲ ਬਾਹਰ ਨਾ ਜਾਵੇ, ਨਾ ਉਸ ਉੱਤੇ ਕਿਸੇ ਕੰਮ ਦੀ ਜੁੰਮੇਵਾਰੀ ਦਿੱਤੀ ਜਾਵੇ, ਉਹ ਇੱਕ ਸਾਲ ਆਪਣੇ ਘਰ ਵਿੱਚ ਵਿਹਲਾ ਰਹੇ ਅਤੇ ਆਪਣੀ ਵਿਆਹੀ ਹੋਈ ਪਤਨੀ ਨੂੰ ਖੁਸ਼ ਕਰੇ ।

6ਕੋਈ ਮਨੁੱਖ ਕਿਸੇ ਦੀ ਚੱਕੀ ਜਾਂ ਉਸ ਦੇ ਪੁੜ ਗਿਰਵੀ ਨਾ ਰੱਖੇ, ਕਿਉਂ ਜੋ ਜਾਣੋ ਉਹ ਉਸ ਦੀ ਜਾਨ ਨੂੰ ਗਿਰਵੀ ਰੱਖਦਾ ਹੈ ।

7ਜੇ ਕੋਈ ਮਨੁੱਖ ਆਪਣੇ ਇਸਰਾਏਲੀ ਭਰਾਵਾਂ ਵਿੱਚੋਂ ਕਿਸੇ ਨੂੰ ਚੁਰਾਉਂਦਾ ਪਾਇਆ ਜਾਵੇ ਤਾਂ ਜੋ ਉਹ ਉਸ ਨੂੰ ਗੁਲਾਮ ਬਣਾਏ ਜਾਂ ਉਸ ਨੂੰ ਵੇਚੇ, ਤਾਂ ਉਹ ਚੋਰ ਮਾਰਿਆ ਜਾਵੇ । ਤੁਸੀਂ ਅਜਿਹੀ ਬੁਰਿਆਈ ਨੂੰ ਆਪਣੇ ਵਿੱਚੋਂ ਕੱਢ ਸੁੱਟਿਓ ।

8ਕੋੜ੍ਹ ਦੀ ਬਿਮਾਰੀ ਵਿੱਚ ਚੌਕਸ ਰਹੋ ਅਤੇ ਜੋ ਕੁਝ ਲੇਵੀ ਜਾਜਕ ਤੁਹਾਨੂੰ ਦੱਸਣ, ਤੁਸੀਂ ਉਸੇ ਦੇ ਅਨੁਸਾਰ ਸਭ ਕੁਝ ਕਰਿਓ, ਜਿਵੇਂ ਮੈਂ ਉਨ੍ਹਾਂ ਨੂੰ ਹੁਕਮ ਦਿੱਤਾ ਸੀ, ਤੁਸੀਂ ਉਸੇ ਤਰ੍ਹਾਂ ਪੂਰਾ ਕਰਨ ਦੀ ਚੌਕਸੀ ਕਰਿਓ ।9ਯਾਦ ਰੱਖੋ ਕਿ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਮਿਰਯਮ ਨਾਲ ਕੀਤਾ, ਜਦ ਤੁਸੀਂ ਮਿਸਰ ਤੋਂ ਨਿੱਕਲ ਕੇ ਰਾਹ ਵਿੱਚ ਆਉਂਦੇ ਸੀ ।

10ਜਦ ਤੂੰ ਆਪਣੇ ਗੁਆਂਢੀ ਨੂੰ ਕੋਈ ਚੀਜ਼ ਉਧਾਰ ਦੇਵੇਂ, ਤਾਂ ਤੂੰ ਉਸ ਦੇ ਘਰ ਵਿੱਚ ਗਿਰਵੀ ਰੱਖਣ ਦੀ ਚੀਜ਼ ਲੈਣ ਲਈ ਨਾ ਵੜੀਂ,11ਤੂੰ ਬਾਹਰ ਹੀ ਖੜ੍ਹਾ ਰਹੀਂ, ਅਤੇ ਜਿਸ ਮਨੁੱਖ ਨੂੰ ਤੂੰ ਉਧਾਰ ਦਿੱਤਾ ਹੈ, ਉਹ ਹੀ ਆਪਣੀ ਗਿਰਵੀ ਚੀਜ਼ ਤੇਰੇ ਕੋਲ ਬਾਹਰ ਲੈ ਆਵੇ ।
12ਜੇਕਰ ਉਹ ਮਨੁੱਖ ਕੰਗਾਲ ਹੋਵੇ, ਤਾਂ ਤੂੰ ਉਸ ਦੀ ਗਿਰਵੀ ਚੀਜ਼ ਆਪਣੇ ਕੋਲ ਰੱਖੇ ਹੋਏ ਸੌਂ ਨਾ ਜਾਵੀਂ,13ਸੂਰਜ ਡੁੱਬਣ ਤੱਕ ਤੂੰ ਜ਼ਰੂਰ ਉਹ ਗਿਰਵੀ ਰੱਖੀ ਚੀਜ਼ ਉਸ ਨੂੰ ਮੋੜ ਦੇਵੀਂ, ਤਾਂ ਜੋ ਉਹ ਆਪਣੇ ਕੱਪੜੇ ਵਿੱਚ ਸੌਂਵੇ ਅਤੇ ਤੈਨੂੰ ਅਸੀਸ ਦੇਵੇ ਅਤੇ ਇਹ ਯਹੋਵਾਹ ਤੇਰੇ ਪਰਮੇਸ਼ੁਰ ਦੇ ਸਨਮੁਖ ਤੇਰੇ ਲਈ ਧਰਮ ਗਿਣਿਆ ਜਾਵੇਗਾ ।

14ਤੂੰ ਕਿਸੇ ਮਜ਼ਦੂਰ ਉੱਤੇ ਜੋ ਕੰਗਾਲ ਅਤੇ ਜ਼ਰੂਰਤਮੰਦ ਹੈ ਜ਼ੁਲਮ ਨਾ ਕਰੀਂ, ਉਹ ਭਾਵੇਂ ਤੇਰੇ ਭਰਾਵਾਂ ਵਿੱਚੋਂ ਹੋਵੇ, ਭਾਵੇਂ ਪਰਦੇਸੀਆਂ ਵਿੱਚੋਂ ਜਿਹੜੇ ਤੇਰੇ ਦੇਸ਼ ਵਿੱਚ ਤੇਰੇ ਫਾਟਕਾਂ ਦੇ ਅੰਦਰ ਰਹਿੰਦੇ ਹਨ ।15ਤੂੰ ਇਹ ਜਾਣ ਕੇ ਕਿ ਉਹ ਕੰਗਾਲ ਹੈ ਅਤੇ ਉਸਦਾ ਦਿਲ ਮਜ਼ਦੂਰੀ ਵਿੱਚ ਲੱਗਦਾ ਹੈ, ਉਸ ਦੀ ਮਜ਼ਦੂਰੀ ਉਸੇ ਦਿਨ ਹੀ ਸੂਰਜ ਡੁੱਬਣ ਤੋਂ ਪਹਿਲਾਂ ਦੇ ਦੇਵੀਂ, ਕਿਤੇ ਅਜਿਹਾ ਨਾ ਹੋਵੇ ਕਿ ਉਹ ਤੇਰੇ ਵਿਰੁੱਧ ਯਹੋਵਾਹ ਦੇ ਅੱਗੇ ਦੁਹਾਈ ਦੇਵੇ ਅਤੇ ਇਹ ਤੇਰੇ ਲਈ ਪਾਪ ਠਹਿਰੇ ।

16ਪੁੱਤਰਾਂ ਦੇ ਕਾਰਨ ਪਿਤਾ ਨਾ ਮਾਰੇ ਜਾਣ, ਅਤੇ ਪਿਤਾ ਦੇ ਕਾਰਨ ਪੁੱਤਰ ਨਾ ਮਾਰੇ ਜਾਣ । ਹਰੇਕ ਮਨੁੱਖ ਆਪਣੇ ਹੀ ਪਾਪ ਲਈ ਮਾਰਿਆ ਜਾਵੇ ।

17ਤੂੰ ਪਰਦੇਸੀ ਅਤੇ ਯਤੀਮ ਦਾ ਨਿਆਂ ਨਾ ਵਿਗਾੜੀਂ, ਨਾ ਕਿਸੇ ਵਿਧਵਾ ਦਾ ਕੱਪੜਾ ਗਿਰਵੀ ਰੱਖੀਂ ।18ਤੂੰ ਯਾਦ ਰੱਖੀਂ ਕਿ ਤੂੰ ਮਿਸਰ ਵਿੱਚ ਗੁਲਾਮ ਸੀ ਅਤੇ ਯਹੋਵਾਹ ਤੇਰੇ ਪਰਮੇਸ਼ੁਰ ਨੇ ਤੈਨੂੰ ਉੱਥੋਂ ਛੁਟਕਾਰਾ ਦਿੱਤਾ ਹੈ, ਇਸ ਲਈ ਮੈਂ ਤੈਨੂੰ ਇਹ ਹੁਕਮ ਦਿੰਦਾ ਹਾਂ ।

19ਜਦ ਤੂੰ ਆਪਣੀ ਪੈਲੀ ਵਿੱਚੋਂ ਫ਼ਸਲ ਵੱਢੇ ਅਤੇ ਇੱਕ ਪੂਲਾ ਉੱਥੇ ਹੀ ਭੁੱਲ ਜਾਵੇਂ, ਤਾਂ ਤੂੰ ਉਸ ਦੇ ਲੈਣ ਨੂੰ ਵਾਪਸ ਨਾ ਮੁੜੀਂ । ਉਸ ਨੂੰ ਪਰਦੇਸੀ, ਯਤੀਮ ਅਤੇ ਵਿਧਵਾ ਲਈ ਛੱਡ ਦੇਵੀਂ, ਤਾਂ ਜੋ ਯਹੋਵਾਹ ਤੇਰਾ ਪਰਮੇਸ਼ੁਰ ਤੇਰੇ ਹੱਥ ਦੇ ਸਾਰੇ ਕੰਮਾਂ ਵਿੱਚ ਤੈਨੂੰ ਬਰਕਤ ਦੇਵੇ ।20ਜਦ ਤੂੰ ਆਪਣੇ ਜ਼ੈਤੂਨ ਦੇ ਰੁੱਖਾਂ ਨੂੰ ਝਾੜੇਂ ਤਾਂ ਤੂੰ ਦੂਜੀ ਵਾਰੀ ਉਸ ਦੀਆਂ ਟਹਿਣੀਆਂ ਨੂੰ ਨਾ ਝਾੜੀਂ, ਸਗੋਂ ਉਹ ਪਰਦੇਸੀ, ਯਤੀਮ ਅਤੇ ਵਿਧਵਾ ਲਈ ਰਹਿਣ ਦੇਵੀਂ ।
21ਜਦ ਤੂੰ ਆਪਣੇ ਅੰਗੂਰੀ ਬਾਗ ਦੇ ਅੰਗੂਰ ਇਕੱਠੇ ਕਰੇਂ ਤਾਂ ਤੂੰ ਉਸ ਦੇ ਸਾਰੇ ਗੁੱਛੇ ਨਾ ਤੋੜੀਂ ਸਗੋਂ ਉਹ ਪਰਦੇਸੀ, ਯਤੀਮ ਅਤੇ ਵਿਧਵਾ ਲਈ ਰਹਿਣ ਦੇਵੀਂ ।22ਯਾਦ ਰੱਖੀਂ ਕਿ ਤੂੰ ਮਿਸਰ ਦੇਸ਼ ਵਿੱਚ ਗੁਲਾਮ ਸੀ, ਇਸ ਲਈ ਮੈਂ ਤੈਨੂੰ ਹੁਕਮ ਦਿੰਦਾ ਹਾਂ ਕਿ ਤੂੰ ਇਹ ਕੰਮ ਕਰੀਂ ।

25

1ਜੇ ਮਨੁੱਖਾਂ ਵਿੱਚ ਝਗੜਾ ਹੋ ਜਾਵੇ ਅਤੇ ਉਹ ਨਿਆਂ ਕਰਾਉਣ ਲਈ ਨਿਆਈਆਂ ਦੇ ਕੋਲ ਆਉਣ ਅਤੇ ਉਹ ਉਨ੍ਹਾਂ ਦਾ ਨਿਆਂ ਕਰਨ ਤਾਂ ਉਹ ਧਰਮੀ ਨੂੰ ਧਰਮੀ ਅਤੇ ਬੁਰੇ ਨੂੰ ਬੁਰਾ ਠਹਿਰਾਉਣ ।2ਅਜਿਹਾ ਹੋਵੇ ਕਿ ਜੇਕਰ ਉਹ ਬੁਰਾ ਮਨੁੱਖ ਮਾਰ ਖਾਣ ਦੇ ਯੋਗ ਠਹਿਰੇ, ਤਾਂ ਨਿਆਈ ਉਸ ਨੂੰ ਲੰਮਾ ਪੁਆ ਲਵੇ ਅਤੇ ਆਪਣੇ ਸਾਹਮਣੇ ਉਸ ਦੀ ਬੁਰਿਆਈ ਦੇ ਅਨੁਸਾਰ ਉਸ ਨੂੰ ਗਿਣ ਕੇ ਕੋੜੇ ਲਗਵਾਏ ।

3ਉਹ ਉਸ ਨੂੰ ਚਾਲੀ ਕੋੜੇ ਲਗਵਾ ਸਕਦਾ ਹੈ, ਪਰ ਇਸ ਤੋਂ ਵੱਧ ਨਾ ਮਾਰੇ, ਅਜਿਹਾ ਨਾ ਹੋਵੇ ਕਿ ਇਸ ਤੋਂ ਵੱਧ ਕੋੜੇ ਮਾਰਨ ਦੇ ਕਾਰਨ ਤੇਰਾ ਭਰਾ ਤੇਰੀ ਨਿਗਾਹ ਵਿੱਚ ਤੁੱਛ ਠਹਿਰੇ ।

4ਤੂੰ ਗਾਹੁੰਦੇ ਬਲਦ ਦੇ ਮੂੰਹ ਨੂੰ ਛਿੱਕੁਲੀ ਨਾ ਚੜਾਈਂ ।
ਮਰੇ ਹੋਏ ਭਰਾ ਦੇ ਪ੍ਰਤੀ ਜ਼ਿੰਮੇਵਾਰੀ

5ਜੇਕਰ ਭਰਾ ਇੱਕਠੇ ਰਹਿੰਦੇ ਹੋਣ ਅਤੇ ਉਨ੍ਹਾਂ ਵਿੱਚੋਂ ਇੱਕ ਮਰ ਜਾਵੇ ਅਤੇ ਉਸ ਦਾ ਕੋਈ ਪੁੱਤਰ ਨਾ ਹੋਵੇ ਤਾਂ ਮਰਨ ਵਾਲੇ ਦੀ ਇਸਤਰੀ ਦਾ ਵਿਆਹ ਕਿਸੇ ਪਰਾਏ ਮਨੁੱਖ ਨਾਲ ਨਾ ਕੀਤਾ ਜਾਵੇ । ਉਸ ਮਨੁੱਖ ਦਾ ਭਰਾ ਉਸ ਦੇ ਕੋਲ ਜਾ ਕੇ ਉਸ ਨੂੰ ਆਪਣੀ ਪਤਨੀ ਕਰ ਲਵੇ ਅਤੇ ਪਤੀ ਦੇ ਭਰਾ ਦਾ ਹੱਕ ਉਸ ਦੇ ਨਾਲ ਪੂਰਾ ਕਰੇ ।6ਤਦ ਅਜਿਹਾ ਹੋਵੇਗਾ ਕਿ ਜਿਹੜਾ ਜੇਠਾ ਉਸ ਇਸਤਰੀ ਤੋਂ ਪੈਦਾ ਹੋਵੇ ਉਹ ਉਸ ਮਰੇ ਹੋਏ ਭਰਾ ਦੇ ਨਾਮ ਉੱਤੇ ਠਹਿਰਾਇਆ ਜਾਵੇ, ਤਾਂ ਜੋ ਉਸ ਦਾ ਨਾਮ ਇਸਰਾਏਲ ਵਿੱਚੋਂ ਮਿਟ ਨਾ ਜਾਵੇ ।
7ਪਰ ਜੇਕਰ ਉਹ ਮਨੁੱਖ ਆਪਣੇ ਭਰਾ ਦੀ ਪਤਨੀ ਨਾਲ ਵਿਆਹ ਕਰਨਾ ਨਾ ਚਾਹੇ, ਤਾਂ ਉਹ ਇਸਤਰੀ ਫਾਟਕ ਉੱਤੇ ਬਜ਼ੁਰਗਾਂ ਕੋਲ ਜਾ ਕੇ ਆਖੇ, "ਮੇਰੇ ਪਤੀ ਦਾ ਭਰਾ ਆਪਣੇ ਭਰਾ ਦਾ ਨਾਮ ਇਸਰਾਏਲ ਵਿੱਚ ਕਾਇਮ ਰੱਖਣ ਤੋਂ ਮੁੱਕਰਦਾ ਹੈ । ਉਹ ਮੇਰੇ ਪਤੀ ਦਾ ਹੱਕ ਮੇਰੇ ਨਾਲ ਪੂਰਾ ਨਹੀਂ ਕਰਦਾ । "8ਤਦ ਉਸ ਸ਼ਹਿਰ ਦੇ ਬਜ਼ੁਰਗ ਉਸ ਮਨੁੱਖ ਨੂੰ ਸੱਦ ਕੇ ਉਹ ਦੇ ਨਾਲ ਗੱਲ ਕਰਨ ਅਤੇ ਜੇਕਰ ਉਹ ਖੜ੍ਹਾ ਹੋ ਕੇ ਆਖੇ, "ਮੈਂ ਇਸ ਨਾਲ ਵਿਆਹ ਕਰਨਾ ਨਹੀਂ ਚਾਹੁੰਦਾ । "
9ਤਦ ਉਹ ਦੇ ਭਰਾ ਦੀ ਪਤਨੀ ਬਜ਼ੁਰਗਾਂ ਦੇ ਵੇਖਦਿਆਂ ਉਸ ਦੇ ਨੇੜੇ ਜਾਵੇ ਅਤੇ ਉਸ ਦੇ ਪੈਰਾਂ ਤੋਂ ਜੁੱਤੀ ਲਾਹ ਲਵੇ ਅਤੇ ਉਹ ਦੇ ਮੂੰਹ ਉੱਤੇ ਥੁੱਕੇ, ਅਤੇ ਉੱਤਰ ਦੇ ਕੇ ਆਖੇ, "ਜਿਹੜਾ ਮਨੁੱਖ ਆਪਣੇ ਭਰਾ ਦਾ ਘਰਾਣਾ ਨਾ ਬਣਾਵੇ ਉਸ ਦੇ ਨਾਲ ਅਜਿਹਾ ਹੀ ਕੀਤਾ ਜਾਵੇਗਾ । "10ਫੇਰ ਉਸ ਦਾ ਨਾਮ ਇਸਰਾਏਲ ਵਿੱਚ ਇਸ ਤਰ੍ਹਾਂ ਸੱਦਿਆ ਜਾਵੇ ਅਰਥਾਤ 'ਜੁੱਤੀ ਲੱਥੇ ਦਾ ਘਰਾਣਾ' ।
ਹੋਰ ਨਿਯਮ

11ਜੇਕਰ ਦੋ ਮਨੁੱਖ ਆਪੋ ਵਿੱਚ ਲੜ ਪੈਣ ਅਤੇ ਇੱਕ ਦੀ ਪਤਨੀ ਨੇੜੇ ਆਵੇ ਤਾਂ ਜੋ ਆਪਣੇ ਪਤੀ ਨੂੰ ਮਾਰਨ ਵਾਲੇ ਦੇ ਹੱਥੋਂ ਛੁਡਾਵੇ ਅਤੇ ਆਪਣਾ ਹੱਥ ਵਧਾ ਕੇ ਉਸ ਦੇ ਗੁਪਤ ਅੰਗ ਨੂੰ ਫੜ੍ਹ ਲਵੇ,12ਤਾਂ ਤੂੰ ਉਸ ਇਸਤਰੀ ਦਾ ਹੱਥ ਵੱਢ ਸੁੱਟੀਂ । ਤੇਰੀ ਅੱਖਾਂ ਵਿੱਚ ਉਸ ਲਈ ਤਰਸ ਨਾ ਹੋਵੇ ।

13ਤੇਰੇ ਥੈਲੇ ਵਿੱਚ ਦੋ ਪ੍ਰਕਾਰ ਦੇ ਵੱਟੇ ਨਾ ਹੋਣ, ਇੱਕ ਵੱਡਾ ਤੇ ਇੱਕ ਛੋਟਾ ।14ਤੇਰੇ ਘਰ ਵਿੱਚ ਦੋ ਪ੍ਰਕਾਰ ਦੇ ਨਾਪ ਨਾ ਹੋਣ, ਇੱਕ ਵੱਡਾ ਤੇ ਇੱਕ ਛੋਟਾ ।
15ਤੇਰੇ ਵੱਟੇ ਅਤੇ ਤੇਰਾ ਨਾਪ ਪੂਰਾ-ਪੂਰਾ ਅਤੇ ਠੀਕ-ਠੀਕ ਹੋਵੇ ਤਾਂ ਜੋ ਉਸ ਦੇਸ਼ ਵਿੱਚ ਜਿਹੜਾ ਯਹੋਵਾਹ ਤੇਰਾ ਪਰਮੇਸ਼ੁਰ ਤੈਨੂੰ ਦੇਣ ਵਾਲਾ ਹੈ, ਤੇਰੀ ਉਮਰ ਲੰਬੀ ਹੋਵੇ ।16ਕਿਉਂ ਜੋ ਜਿਹੜੇ ਇਹ ਕੰਮ ਕਰਦੇ ਹਨ ਅਰਥਾਤ ਜਿਹੜੇ ਬੁਰਿਆਈ ਕਰਦੇ ਹਨ, ਉਹ ਸਾਰੇ ਯਹੋਵਾਹ ਤੇਰੇ ਪਰਮੇਸ਼ੁਰ ਨੂੰ ਘਿਣਾਉਣੇ ਲੱਗਦੇ ਹਨ ।
ਅਮਾਲੇਕ ਨੂੰ ਨਾਸ਼ ਕਰਨ ਦਾ ਹੁਕਮ

17ਯਾਦ ਰੱਖੋ ਕਿ ਅਮਾਲੇਕੀਆਂ ਨੇ ਤੁਹਾਡੇ ਨਾਲ ਰਾਹ ਵਿੱਚ ਕੀ ਕੀਤਾ ਜਦ ਤੁਸੀਂ ਮਿਸਰ ਤੋਂ ਨਿੱਕਲ ਕੇ ਆਏ ਸੀ,18ਕਿਵੇਂ ਉਹ ਤੁਹਾਨੂੰ ਰਾਹ ਵਿੱਚ ਮਿਲੇ ਅਤੇ ਉਨ੍ਹਾਂ ਸਾਰਿਆਂ ਨੂੰ ਮਾਰਿਆ ਜਿਹੜੇ ਨਿਰਬਲ ਹੋਣ ਕਰਕੇ ਤੁਹਾਡੇ ਤੋਂ ਪਿੱਛੇ ਸਨ, ਜਦ ਤੁਸੀਂ ਥੱਕੇ-ਮਾਂਦੇ ਸੀ, ਉਹ ਪਰਮੇਸ਼ੁਰ ਤੋਂ ਨਾ ਡਰੇ ।19ਇਸ ਲਈ ਹੁਣ ਜਦ ਯਹੋਵਾਹ ਤੁਹਾਡਾ ਪਰਮੇਸ਼ੁਰ ਉਸ ਦੇਸ਼ ਵਿੱਚ ਜਿਹੜਾ ਉਹ ਤੁਹਾਨੂੰ ਵਿਰਾਸਤ ਵਿੱਚ ਦਿੰਦਾ ਹੈ, ਤੁਹਾਡੇ ਆਲੇ-ਦੁਆਲੇ ਦੇ ਸਾਰੇ ਵੈਰੀਆਂ ਤੋਂ ਤੁਹਾਨੂੰ ਅਰਾਮ ਦੇਵੇ, ਤਦ ਤੁਸੀਂ ਅਮਾਲੇਕੀਆਂ ਦਾ ਨਾਮ-ਨਿਸ਼ਾਨ ਅਕਾਸ਼ ਦੇ ਹੇਠੋਂ ਮਿਟਾ ਦੇਣਾ । ਤੁਸੀਂ ਇਹ ਗੱਲ ਭੁੱਲ ਨਾ ਜਾਣਾ ।

26
ਪਹਿਲੀ ਉਪਜ ਦਾ ਅਰਪਣ

1ਅਜਿਹਾ ਹੋਵੇਗਾ ਕਿ ਜਦ ਤੁਸੀਂ ਉਸ ਦੇਸ਼ ਵਿੱਚ ਪਹੁੰਚ ਜਾਓ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਵਿਰਾਸਤ ਵਿੱਚ ਦਿੰਦਾ ਹੈ ਅਤੇ ਉਸ ਉੱਤੇ ਅਧਿਕਾਰ ਕਰਕੇ ਉਸ ਵਿੱਚ ਵੱਸ ਜਾਓ,2ਤਦ ਜੋ ਦੇਸ਼ ਯਹੋਵਾਹ ਤੇਰਾ ਪਰਮੇਸ਼ੁਰ ਤੈਨੂੰ ਦੇਣ ਵਾਲਾ ਹੈ, ਤੂੰ ਉਸ ਦੀ ਜ਼ਮੀਨ ਦੇ ਸਾਰੇ ਪਹਿਲੇ ਫਲਾਂ ਵਿੱਚੋਂ ਜਿਹੜੇ ਤੂੰ ਆਪਣੇ ਘਰ ਲੈ ਆਵੇਂਗਾ, ਉਨ੍ਹਾਂ ਵਿੱਚੋਂ ਕੁਝ ਲੈ ਕੇ ਟੋਕਰੀ ਵਿੱਚ ਰੱਖੀਂ ਅਤੇ ਉਸ ਸਥਾਨ ਨੂੰ ਜਾਵੀਂ ਜਿਹੜਾ ਯਹੋਵਾਹ ਤੇਰਾ ਪਰਮੇਸ਼ੁਰ ਆਪਣਾ ਨਾਮ ਵਸਾਉਣ ਲਈ ਚੁਣੇਗਾ ।

3ਅਤੇ ਉਨ੍ਹਾਂ ਦਿਨਾਂ ਵਿੱਚ ਜੋ ਜਾਜਕ ਹੋਵੇ ਤੂੰ ਉਸ ਦੇ ਕੋਲ ਜਾ ਆਖੀਂ, "ਮੈਂ ਅੱਜ ਦੇ ਦਿਨ ਇਹ ਗੱਲ ਯਹੋਵਾਹ ਤੇਰੇ ਪਰਮੇਸ਼ੁਰ ਦੇ ਅੱਗੇ ਦੱਸਦਾ ਹਾਂ ਕਿ ਮੈਂ ਉਸ ਦੇਸ਼ ਵਿੱਚ ਆ ਗਿਆ ਹਾਂ ਜਿਸ ਨੂੰ ਸਾਨੂੰ ਦੇਣ ਦੀ ਯਹੋਵਾਹ ਨੇ ਸਾਡੇ ਪਿਉ-ਦਾਦਿਆਂ ਨਾਲ ਸਹੁੰ ਖਾਧੀ ਸੀ । "4ਤਦ ਜਾਜਕ ਉਸ ਟੋਕਰੀ ਨੂੰ ਤੇਰੇ ਹੱਥੋਂ ਲੈ ਕੇ ਯਹੋਵਾਹ ਤੇਰੇ ਪਰਮੇਸ਼ੁਰ ਦੀ ਜਗਵੇਦੀ ਦੇ ਅੱਗੇ ਰੱਖ ਦੇਵੇ ।
5ਫੇਰ ਤੂੰ ਉੱਤਰ ਦੇ ਕੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਨਮੁਖ ਆਖੀਂ, "ਮੇਰਾ ਪਿਤਾ ਇੱਕ ਅਰਾਮੀ ਮਨੁੱਖ ਸੀ ਜੋ ਮਰਨ ਵਾਲਾ ਸੀ, ਉਹ ਥੋੜ੍ਹੇ ਜਿਹੇ ਹੀ ਸਨ ਅਤੇ ਉਹ ਮਿਸਰ ਵਿੱਚ ਜਾ ਕੇ ਉੱਥੇ ਟਿਕਿਆ ਅਤੇ ਉੱਥੇ ਉਹ ਇੱਕ ਵੱਡੀ, ਬਲਵੰਤ ਅਤੇ ਬਹੁਤ ਸਾਰੇ ਲੋਕਾਂ ਨਾਲ ਭਰੀ ਹੋਏ ਕੌਮ ਬਣ ਗਿਆ ।
6ਤਦ ਮਿਸਰੀਆਂ ਨੇ ਸਾਡੇ ਨਾਲ ਬੁਰਾ ਵਰਤਾਉ ਕੀਤਾ ਅਤੇ ਸਾਨੂੰ ਦੁੱਖ ਦੇਣ ਲੱਗ ਪਏ ਅਤੇ ਸਾਡੇ ਤੋਂ ਸਖ਼ਤ ਟਹਿਲ ਸੇਵਾ ਕਰਵਾਈ ।7ਤਦ ਅਸੀਂ ਯਹੋਵਾਹ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਅੱਗੇ ਦੁਹਾਈ ਦਿੱਤੀ ਅਤੇ ਯਹੋਵਾਹ ਨੇ ਸਾਡੀ ਸੁਣੀ ਅਤੇ ਸਾਡੇ ਕਸ਼ਟ, ਸਾਡੇ ਦੁੱਖ ਅਤੇ ਸਾਡੇ ਉੱਤੇ ਹੋਣ ਵਾਲਾ ਜ਼ੁਲਮ ਵੇਖਿਆ,
8ਤਦ ਯਹੋਵਾਹ ਬਲਵੰਤ ਹੱਥ, ਪਸਾਰੀ ਹੋਈ ਬਾਂਹ, ਵੱਡੇ ਡਰਾਵਿਆਂ, ਨਿਸ਼ਾਨਾਂ ਅਤੇ ਅਚਰਜ ਕੰਮਾਂ ਨਾਲ ਸਾਨੂੰ ਮਿਸਰ ਤੋਂ ਬਾਹਰ ਕੱਢ ਲਿਆਇਆ,9ਅਤੇ ਸਾਨੂੰ ਇਸ ਸਥਾਨ ਵਿੱਚ ਪਹੁੰਚਾਇਆ ਅਤੇ ਸਾਨੂੰ ਇਹ ਦੇਸ਼ ਦਿੱਤਾ ਹੈ ਜਿਸ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਹੈ ।
10ਹੁਣ ਵੇਖ, ਮੈਂ ਉਸ ਧਰਤੀ ਦਾ ਪਹਿਲਾ ਫਲ ਲਿਆਇਆ ਹਾਂ ਜਿਹੜੀ ਹੇ ਯਹੋਵਾਹ, ਤੂੰ ਮੈਨੂੰ ਦਿੱਤੀ ਹੈ । " ਤਦ ਤੂੰ ਉਹ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਰੱਖੀਂ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਮੱਥਾ ਟੇਕੀਂ ।11ਇਸ ਤਰ੍ਹਾਂ ਤੂੰ ਉਸ ਸਾਰੀ ਭਲਿਆਈ ਲਈ ਜਿਹੜੀ ਯਹੋਵਾਹ ਤੇਰੇ ਪਰਮੇਸ਼ੁਰ ਨੇ ਤੈਨੂੰ ਅਤੇ ਤੇਰੇ ਘਰਾਣੇ ਨੂੰ ਦਿੱਤੀ ਹੈ, ਲੇਵੀਆਂ ਅਤੇ ਆਪਣੇ ਵਿਚਕਾਰ ਰਹਿਣ ਵਾਲੇ ਪਰਦੇਸੀਆਂ ਸਮੇਤ ਅਨੰਦ ਕਰੀਂ ।

12ਤੀਜੇ ਸਾਲ ਵਿੱਚ, ਜੋ ਦਸਵੰਧ ਦਾ ਸਾਲ ਹੈ, ਜਦ ਤੂੰ ਆਪਣੇ ਸਾਰੇ ਵਾਧੇ ਦਾ ਦਸਵੰਧ ਕੱਢ ਲਵੇਂ ਤਾਂ ਤੂੰ ਉਸ ਨੂੰ ਲੇਵੀ, ਪਰਦੇਸੀ, ਯਤੀਮ ਅਤੇ ਵਿਧਵਾ ਨੂੰ ਦੇਵੀਂ ਤਾਂ ਜੋ ਉਹ ਤੇਰੇ ਫਾਟਕਾਂ ਦੇ ਅੰਦਰ ਖਾ ਕੇ ਰੱਜ ਜਾਣ,13ਫੇਰ ਤੂੰ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਆਖੀਂ, "ਮੈਂ ਤੇਰੇ ਦਿੱਤੇ ਹੋਏ ਸਾਰੇ ਹੁਕਮਾਂ ਅਨੁਸਾਰ ਆਪਣੇ ਘਰ ਤੋਂ ਪਵਿੱਤਰ ਚੀਜ਼ਾਂ ਲੈ ਕੇ ਲੇਵੀ, ਪਰਦੇਸੀ, ਯਤੀਮ ਅਤੇ ਵਿਧਵਾ ਨੂੰ ਦਿੱਤੀਆਂ ਹਨ । ਮੈਂ ਤੇਰੇ ਕਿਸੇ ਵੀ ਹੁਕਮ ਦਾ ਉਲੰਘਣ ਨਹੀਂ ਕੀਤਾ, ਨਾ ਹੀ ਮੈਂ ਉਨ੍ਹਾਂ ਨੂੰ ਭੁੱਲਿਆ ਹਾਂ ।
14ਮੈਂ ਆਪਣੇ ਸੋਗ ਦੇ ਸਮੇਂ ਉਨ੍ਹਾਂ ਵਿੱਚੋਂ ਨਹੀਂ ਖਾਧਾ, ਜਦ ਮੈਂ ਅਸ਼ੁੱਧ ਸੀ ਤਦ ਉਨ੍ਹਾਂ ਵਿੱਚੋਂ ਕੁਝ ਨਹੀਂ ਕੱਢਿਆ, ਨਾ ਹੀ ਮੈਂ ਉਨ੍ਹਾਂ ਵਿੱਚੋਂ ਮੁਰਦਿਆਂ ਲਈ ਕੁਝ ਦਿੱਤਾ ! ਮੈਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਸੁਣੀ, ਮੈਂ ਸਭ ਕੁਝ ਉਸੇ ਤਰ੍ਹਾਂ ਹੀ ਕੀਤਾ ਹੈ ਜਿਵੇਂ ਤੂੰ ਮੈਨੂੰ ਹੁਕਮ ਦਿੱਤਾ ਸੀ ।15ਤੂੰ ਸਵਰਗ ਵਿੱਚੋਂ ਜੋ ਤੇਰਾ ਪਵਿੱਤਰ ਨਿਵਾਸ ਹੈ, ਹੇਠਾਂ ਨਿਗਾਹ ਮਾਰ ਅਤੇ ਆਪਣੀ ਪਰਜਾ ਇਸਰਾਏਲ ਨੂੰ ਬਰਕਤ ਦੇ, ਅਤੇ ਇਸ ਜ਼ਮੀਨ ਨੂੰ ਵੀ ਜਿਹੜੀ ਤੂੰ ਸਾਨੂੰ ਦਿੱਤੀ ਹੈ, ਜਿਵੇਂ ਤੂੰ ਸਾਡੇ ਪਿਉ-ਦਾਦਿਆਂ ਨਾਲ ਸਹੁੰ ਖਾਧੀ ਸੀ, ਇੱਕ ਅਜਿਹਾ ਦੇਸ਼ ਜਿਸ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਹੈ । "
ਪਰਮੇਸ਼ੁਰ ਦੀ ਨਿੱਜ-ਪਰਜਾ

16ਅੱਜ ਦੇ ਦਿਨ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਹੁਕਮ ਦਿੰਦਾ ਹੈ ਕਿ ਇਨ੍ਹਾਂ ਬਿਧੀਆਂ ਅਤੇ ਕਨੂੰਨਾਂ ਦੀ ਆਪਣੇ ਸਾਰੇ ਮਨ ਅਤੇ ਆਪਣੀ ਸਾਰੀ ਜਾਨ ਨਾਲ ਪੂਰਾ ਕਰ ਕੇ ਪਾਲਣਾ ਕਰੋ ।17ਅੱਜ ਤੁਸੀਂ ਯਹੋਵਾਹ ਨੂੰ ਆਪਣਾ ਪਰਮੇਸ਼ੁਰ ਕਰ ਕੇ ਮੰਨਿਆ ਹੈ ਅਤੇ ਬਚਨ ਦਿੱਤਾ ਹੈ ਕਿ ਤੁਸੀਂ ਉਸ ਦੇ ਸਾਰੇ ਮਾਰਗਾਂ ਉੱਤੇ ਚੱਲੋਗੇ ਅਤੇ ਉਸ ਦੀਆਂ ਸਾਰੀਆਂ ਬਿਧੀਆਂ, ਹੁਕਮਾਂ ਅਤੇ ਕਨੂੰਨਾਂ ਦੀ ਪਾਲਨਾ ਕਰੋਗੇ ਅਤੇ ਉਸ ਦੀ ਅਵਾਜ਼ ਨੂੰ ਸੁਣੋਗੇ ।
18ਅਤੇ ਯਹੋਵਾਹ ਨੇ ਵੀ ਅੱਜ ਆਪਣੇ ਬਚਨ ਅਨੁਸਾਰ ਤੁਹਾਨੂੰ ਆਪਣੀ ਨਿੱਜ-ਪਰਜਾ ਕਰ ਕੇ ਮੰਨਿਆ ਹੈ ਕਿ ਤੁਸੀਂ ਉਸ ਦੇ ਸਾਰੇ ਹੁਕਮਾਂ ਦੀ ਪਾਲਣਾ ਕਰੋ,19ਤਾਂ ਜੋ ਉਹ ਤੁਹਾਨੂੰ ਉਨ੍ਹਾਂ ਸਾਰੀਆਂ ਕੌਮਾਂ ਨਾਲੋਂ, ਜਿਨ੍ਹਾਂ ਨੂੰ ਉਸ ਨੇ ਬਣਾਇਆ ਹੈ, ਵੱਧ ਉਸਤਤ, ਨਾਮ ਅਤੇ ਸਨਮਾਨ ਵਿੱਚ ਉੱਚਾ ਕਰੇ ਅਤੇ ਜਿਵੇਂ ਉਸ ਨੇ ਬਚਨ ਦਿੱਤਾ ਸੀ, ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਪਵਿੱਤਰ ਪਰਜਾ ਹੋਵੋ ।

27
ਬਿਵਸਥਾ ਨੂੰ ਪੱਥਰਾਂ ਉੱਤੇ ਲਿਖਣ ਦਾ ਹੁਕਮ

1ਮੂਸਾ ਅਤੇ ਇਸਰਾਏਲ ਦੇ ਬਜ਼ੁਰਗਾਂ ਨੇ ਪਰਜਾ ਨੂੰ ਹੁਕਮ ਦੇ ਕੇ ਆਖਿਆ, "ਇਨ੍ਹਾਂ ਸਾਰੇ ਹੁਕਮਾਂ ਦੀ ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਹਾਂ, ਪਾਲਣਾ ਕਰੋ ।2ਜਦ ਤੁਸੀਂ ਯਰਦਨ ਤੋਂ ਪਾਰ ਉਸ ਦੇਸ਼ ਵਿੱਚ ਪਹੁੰਚੋਗੇ, ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦਿੰਦਾ ਹੈ, ਤਦ ਤੁਸੀਂ ਆਪਣੇ ਲਈ ਵੱਡੇ-ਵੱਡੇ ਪੱਥਰ ਖੜ੍ਹੇ ਕਰਿਓ ਅਤੇ ਉਨ੍ਹਾਂ ਉੱਤੇ ਲਿਪਾਈ ਕਰਿਓ ।3ਜਦ ਤੁਸੀਂ ਪਾਰ ਲੰਘ ਜਾਓ ਤਾਂ ਤੁਸੀਂ ਉਹਨਾਂ ਉੱਤੇ ਇਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਲਿਖਿਓ ਤਾਂ ਜੋ ਤੁਸੀਂ ਉਸ ਦੇਸ਼ ਵਿੱਚ ਪਹੁੰਚੋ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦਿੰਦਾ ਹੈ, ਜਿੱਥੇ ਦੁੱਧ ਅਤੇ ਸ਼ਹਿਦ ਵਗਦਾ ਹੈ, ਜਿਵੇਂ ਯਹੋਵਾਹ ਤੁਹਾਡੇ ਪਿਉ-ਦਾਦਿਆਂ ਦੇ ਪਰਮੇਸ਼ੁਰ ਨੇ ਤੁਹਾਨੂੰ ਬਚਨ ਦਿੱਤਾ ਹੈ ।

4ਫੇਰ ਜਦ ਤੁਸੀਂ ਯਰਦਨ ਤੋਂ ਪਾਰ ਲੰਘੋ ਤਾਂ ਤੁਸੀਂ ਇਹਨਾਂ ਪੱਥਰਾਂ ਨੂੰ ਜਿਨ੍ਹਾਂ ਦੇ ਵਿਖੇ ਮੈਂ ਤੁਹਾਨੂੰ ਅੱਜ ਹੁਕਮ ਦਿੱਤਾ ਹੈ, ਏਬਾਲ ਪਹਾੜ ਉੱਤੇ ਖੜ੍ਹਾ ਕਰ ਕੇ ਉਹਨਾਂ ਉੱਤੇ ਲਿਪਾਈ ਕਰ ਦਿਓ ।5ਤੁਸੀਂ ਉੱਥੇ ਯਹੋਵਾਹ ਆਪਣੇ ਪਰਮੇਸ਼ੁਰ ਲਈ ਇੱਕ ਜਗਵੇਦੀ ਬਣਾਇਓ ਅਰਥਾਤ ਪੱਥਰਾਂ ਦੀ ਇੱਕ ਜਗਵੇਦੀ । ਤੁਸੀਂ ਉਹਨਾਂ ਉੱਤੇ ਲੋਹੇ ਦਾ ਕੋਈ ਸੰਦ ਨਾ ਚਲਾਇਓ ।
6ਤੁਸੀਂ ਅਣਘੜਤ ਪੱਥਰਾਂ ਨਾਲ ਯਹੋਵਾਹ ਆਪਣੇ ਪਰਮੇਸ਼ੁਰ ਦੀ ਜਗਵੇਦੀ ਬਣਾਇਓ ਅਤੇ ਤੁਸੀਂ ਉਸ ਉੱਤੇ ਯਹੋਵਾਹ ਆਪਣੇ ਪਰਮੇਸ਼ੁਰ ਲਈ ਹੋਮ ਦੀਆਂ ਭੇਟਾਂ ਚੜ੍ਹਾਇਓ,7ਤੁਸੀਂ ਉੱਥੇ ਸੁਖ-ਸਾਂਦ ਦੀਆਂ ਬਲੀਆਂ ਚੜ੍ਹਾਇਓ ਅਤੇ ਉੱਥੇ ਹੀ ਭੋਜਨ ਖਾਇਓ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਨਮੁਖ ਅਨੰਦ ਕਰਿਓ ।8ਤੁਸੀਂ ਉਹਨਾਂ ਪੱਥਰਾਂ ਉੱਤੇ ਇਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਸਾਫ਼-ਸਾਫ਼ ਲਿਖਿਓ ।

9ਤਦ ਮੂਸਾ ਅਤੇ ਲੇਵੀ ਜਾਜਕਾਂ ਨੇ ਸਾਰੇ ਇਸਰਾਏਲ ਨੂੰ ਆਖਿਆ, "ਹੇ ਇਸਰਾਏਲ, ਚੁੱਪ ਰਹਿ ਕੇ ਸੁਣੋ ! ਅੱਜ ਦੇ ਦਿਨ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਪਰਜਾ ਹੋ ਗਏ ਹੋ,10ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨੂੰ ਸੁਣੋ ਅਤੇ ਉਸ ਦੇ ਹੁਕਮਾਂ ਅਤੇ ਬਿਧੀਆਂ ਨੂੰ ਜਿਹੜੀਆਂ ਮੈਂ ਅੱਜ ਤੁਹਾਨੂੰ ਦਿੰਦਾ ਹਾਂ, ਪੂਰਾ ਕਰੋ । "
ਸਰਾਪ ਬਚਨ

11ਮੂਸਾ ਨੇ ਉਸੇ ਦਿਨ ਪਰਜਾ ਨੂੰ ਇਹ ਹੁਕਮ ਦਿੱਤਾ,12"ਜਦ ਤੁਸੀਂ ਯਰਦਨ ਪਾਰ ਲੰਘ ਜਾਓਗੇ ਤਦ ਸ਼ਿਮਓਨ, ਲੇਵੀ, ਯਹੂਦਾਹ, ਯਿੱਸਾਕਾਰ, ਯੂਸੁਫ਼ ਅਤੇ ਬਿਨਯਾਮੀਨ, ਇਹ ਗਰਿੱਜ਼ੀਮ ਪਹਾੜ ਉੱਤੇ ਖੜ੍ਹੇ ਹੋ ਕੇ ਪਰਜਾ ਨੂੰ ਅਸੀਸ ਦੇਣ,
13ਅਤੇ ਰਊਬੇਨ, ਗਾਦ, ਆਸ਼ੇਰ ਜ਼ਬੂਲੁਨ, ਦਾਨ ਅਤੇ ਨਫ਼ਤਾਲੀ ਇਹ ਏਬਾਲ ਪਹਾੜ ਉੱਤੇ ਸਰਾਪ ਲਈ ਖੜ੍ਹੇ ਹੋਣ ।14ਤਦ ਲੇਵੀ ਉੱਤਰ ਦੇ ਕੇ ਇਸਰਾਏਲ ਦੇ ਸਾਰੇ ਮਨੁੱਖਾਂ ਨੂੰ ਉੱਚੀ ਅਵਾਜ਼ ਨਾਲ ਆਖਣ,
15'ਸਰਾਪੀ ਹੋਵੇ ਉਹ ਮਨੁੱਖ ਜਿਹੜਾ ਘੜ੍ਹੀ ਹੋਈ ਜਾਂ ਢਾਲੀ ਹੋਈ ਮੂਰਤ ਬਣਾਵੇ, ਜਿਹੜੀ ਕਾਰੀਗਰ ਦੇ ਹੱਥ ਦਾ ਕੰਮ ਹੋਵੇ ਅਤੇ ਉਹਨਾਂ ਨੂੰ ਕਿਸੇ ਗੁਪਤ ਸਥਾਨ ਵਿੱਚ ਖੜ੍ਹਾ ਕਰੇ ਕਿਉਂ ਜੋ ਇਸ ਤੋਂ ਯਹੋਵਾਹ ਘਿਰਣਾ ਕਰਦਾ ਹੈ । ' ਤਦ ਸਾਰੀ ਪਰਜਾ ਉੱਤਰ ਦੇ ਕੇ ਆਖੇ, ਆਮੀਨ ।

16'ਸਰਾਪੀ ਹੋਵੇ ਉਹ ਜਿਹੜਾ ਆਪਣੇ ਪਿਤਾ ਜਾਂ ਆਪਣੀ ਮਾਤਾ ਦਾ ਨਿਰਾਦਰ ਕਰੇ । ' ਤਦ ਸਾਰੀ ਪਰਜਾ ਆਖੇ, ਆਮੀਨ ।

17'ਸਰਾਪੀ ਹੋਵੇ ਉਹ ਜਿਹੜਾ ਆਪਣੇ ਗੁਆਂਢੀ ਦੀਆਂ ਹੱਦਾਂ ਨੂੰ ਸਰਕਾਵੇ । ' ਤਦ ਸਾਰੀ ਪਰਜਾ ਆਖੇ, ਆਮੀਨ ।

18'ਸਰਾਪੀ ਹੋਵੇ ਉਹ ਜਿਹੜਾ ਅੰਨ੍ਹੇ ਨੂੰ ਰਾਹ ਤੋਂ ਭਟਕਾ ਦੇਵੇ । ' ਤਦ ਸਾਰੀ ਪਰਜਾ ਆਖੇ, ਆਮੀਨ ।

19'ਸਰਾਪੀ ਹੋਵੇ ਉਹ ਜਿਹੜਾ ਪਰਦੇਸੀ, ਯਤੀਮ ਅਤੇ ਵਿਧਵਾ ਦਾ ਨਿਆਂ ਵਿਗਾੜੇ । ' ਤਦ ਸਾਰੀ ਪਰਜਾ ਆਖੇ, ਆਮੀਨ ।

20'ਸਰਾਪੀ ਹੋਵੇ ਉਹ ਜਿਹੜਾ ਆਪਣੇ ਪਿਤਾ ਦੀ ਪਤਨੀ ਨਾਲ ਕੁਕਰਮ ਕਰੇ ਕਿਉਂ ਜੋ ਉਸ ਨੇ ਆਪਣੇ ਪਿਤਾ ਦਾ ਨੰਗੇਜ ਖੋਲ੍ਹਿਆ ਹੈ । ' ਤਦ ਸਾਰੀ ਪਰਜਾ ਆਖੇ, ਆਮੀਨ ।

21'ਸਰਾਪੀ ਹੋਵੇ ਉਹ ਜਿਹੜਾ ਕਿਸੇ ਪਸ਼ੂ ਨਾਲ ਕੁਕਰਮ ਕਰੇ । ' ਤਦ ਸਾਰੀ ਪਰਜਾ ਆਖੇ, ਆਮੀਨ ।

22'ਸਰਾਪੀ ਹੋਵੇ ਉਹ ਜਿਹੜਾ ਆਪਣੀ ਭੈਣ ਨਾਲ ਕੁਕਰਮ ਕਰੇ, ਭਾਵੇਂ ਉਹ ਉਸ ਦੇ ਪਿਤਾ ਦੀ ਧੀ ਹੋਵੇ ਭਾਵੇਂ ਉਸ ਦੀ ਮਾਂ ਦੀ ਧੀ ਹੋਵੇ । ' ਤਦ ਸਾਰੀ ਪਰਜਾ ਆਖੇ, ਆਮੀਨ ।

23'ਸਰਾਪੀ ਹੋਵੇ ਉਹ ਜਿਹੜਾ ਆਪਣੀ ਸੱਸ ਨਾਲ ਕੁਕਰਮ ਕਰੇ । ' ਤਦ ਸਾਰੀ ਪਰਜਾ ਆਖੇ, ਆਮੀਨ ।

24'ਸਰਾਪੀ ਹੋਵੇ ਉਹ ਜਿਹੜਾ ਆਪਣੇ ਗੁਆਂਢੀ ਨੂੰ ਲੁੱਕ ਕੇ ਮਾਰੇ । ' ਤਦ ਸਾਰੀ ਪਰਜਾ ਆਖੇ, ਆਮੀਨ ।

25'ਸਰਾਪੀ ਹੋਵੇ ਉਹ ਜਿਹੜਾ ਰਿਸ਼ਵਤ ਲੈ ਕੇ ਨਿਰਦੋਸ਼ ਵਿਅਕਤੀ ਦਾ ਖੂਨ ਕਰੇ । ' ਤਦ ਸਾਰੀ ਪਰਜਾ ਆਖੇ, ਆਮੀਨ ।

26'ਸਰਾਪੀ ਹੋਵੇ ਉਹ ਜਿਹੜਾ ਇਸ ਬਿਵਸਥਾ ਦੀਆਂ ਗੱਲਾਂ ਨੂੰ ਮੰਨ ਕੇ ਪੂਰਾ ਨਾ ਕਰੇ । ' ਤਦ ਸਾਰੀ ਪਰਜਾ ਆਖੇ, ਆਮੀਨ ।

28
ਆਗਿਆ ਪਾਲਣ ਦੀਆਂ ਅਸੀਸਾਂ
(ਲੇਵੀਆਂ 26:3-13; ਬਿਵਸਥਾ ਸਾਰ 7:12-24)

1ਅਜਿਹਾ ਹੋਵੇਗਾ ਕਿ ਜੇਕਰ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਮਨ ਲਾ ਕੇ ਸੁਣੋ ਅਤੇ ਉਸ ਦੇ ਸਾਰੇ ਹੁਕਮਾਂ ਦੀ ਪਾਲਣਾ ਕਰੋ, ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ, ਤਾਂ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਨਾਲੋਂ ਉੱਚਾ ਕਰੇਗਾ ।2ਜੇਕਰ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਸੁਣੋ, ਤਾਂ ਇਹ ਸਾਰੀਆਂ ਅਸੀਸਾਂ ਤੁਹਾਡੇ ਉੱਤੇ ਆਉਣਗੀਆਂ, ਸਗੋਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ ।

3ਮੁਬਾਰਕ ਹੋਵੋਗੇ ਤੁਸੀਂ ਸ਼ਹਿਰ ਵਿੱਚ ਅਤੇ ਮੁਬਾਰਕ ਹੋਵੋਗੇ ਤੁਸੀਂ ਖੇਤ ਵਿੱਚ,4ਮੁਬਾਰਕ ਹੋਵੇਗਾ ਤੁਹਾਡੇ ਸਰੀਰ ਦਾ ਫਲ, ਤੁਹਾਡੀ ਜ਼ਮੀਨ ਦਾ ਫਲ, ਤੁਹਾਡੇ ਪਸ਼ੂਆਂ ਦੇ ਫਲ, ਤੁਹਾਡੇ ਚੌਣੇ ਦਾ ਵਾਧਾ ਅਤੇ ਤੁਹਾਡੇ ਇੱਜੜ ਦੇ ਬੱਚੇ ।
5ਮੁਬਾਰਕ ਹੋਵੇਗੀ ਤੁਹਾਡੀ ਟੋਕਰੀ ਅਤੇ ਤੁਹਾਡੀ ਪਰਾਤ,6ਮੁਬਾਰਕ ਹੋਵੋਗੇ ਤੁਸੀਂ ਅੰਦਰ ਆਉਂਦੇ ਹੋਏ ਅਤੇ ਮੁਬਾਰਕ ਹੋਵੋਗੇ ਤੁਸੀਂ ਬਾਹਰ ਜਾਂਦੇ ਹੋਏ,
7ਯਹੋਵਾਹ ਤੁਹਾਡੇ ਵੈਰੀਆਂ ਨੂੰ ਜਿਹੜੇ ਤੁਹਾਡੇ ਵਿਰੁੱਧ ਉੱਠਦੇ ਹਨ, ਤੁਹਾਡੇ ਅੱਗਿਓਂ ਮਰਵਾ ਸੁੱਟੇਗਾ । ਉਹ ਇੱਕ ਰਾਹ ਤੋਂ ਆਉਣਗੇ ਪਰ ਸੱਤ ਰਾਹਾਂ ਤੋਂ ਤੁਹਾਡੇ ਅੱਗਿਓਂ ਭੱਜਣਗੇ ।8ਯਹੋਵਾਹ ਤੁਹਾਡੇ ਭੰਡਾਰਾਂ ਅਤੇ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਉੱਤੇ ਅਸੀਸ ਦੀ ਆਗਿਆ ਦੇਵੇਗਾ ਅਤੇ ਜਿਹੜਾ ਦੇਸ਼ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦਿੰਦਾ ਹੈ, ਉਸ ਵਿੱਚ ਉਹ ਤੁਹਾਨੂੰ ਅਸੀਸ ਦੇਵੇਗਾ ।
9ਜੇਕਰ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਦੀ ਪਾਲਨਾ ਕਰੋ ਅਤੇ ਉਸ ਦੇ ਮਾਰਗਾਂ ਉੱਤੇ ਚੱਲੋ, ਤਾਂ ਜਿਵੇਂ ਉਸ ਨੇ ਤੁਹਾਡੇ ਨਾਲ ਸਹੁੰ ਖਾਧੀ ਹੈ, ਯਹੋਵਾਹ ਤੁਹਾਨੂੰ ਆਪਣੇ ਲਈ ਇੱਕ ਪਵਿੱਤਰ ਪਰਜਾ ਕਰਕੇ ਕਾਇਮ ਕਰੇਗਾ ।10ਅਤੇ ਧਰਤੀ ਦੇ ਸਾਰੇ ਲੋਕ ਵੇਖਣਗੇ ਕਿ ਤੁਸੀਂ ਯਹੋਵਾਹ ਦੇ ਨਾਮ ਤੋਂ ਪੁਕਾਰੇ ਜਾਂਦੇ ਹੋ, ਤਾਂ ਉਹ ਤੁਹਾਡੇ ਤੋਂ ਡਰਨਗੇ ।
11ਅਤੇ ਜਿਸ ਦੇਸ਼ ਨੂੰ ਤੁਹਾਨੂੰ ਦੇਣ ਦੀ ਸਹੁੰ ਯਹੋਵਾਹ ਨੇ ਤੁਹਾਡੇ ਪਿਉ-ਦਾਦਿਆਂ ਨਾਲ ਖਾਧੀ ਸੀ, ਉਸ ਵਿੱਚ ਯਹੋਵਾਹ ਤੁਹਾਡੇ ਪਦਾਰਥਾਂ ਨੂੰ ਅਰਥਾਤ ਤੁਹਾਡੇ ਸਰੀਰਾਂ ਦੇ ਫਲ, ਤੁਹਾਡੇ ਚੌਣੇ ਦੇ ਫਲ, ਅਤੇ ਤੁਹਾਡੀ ਜ਼ਮੀਨ ਦੇ ਫਲ ਨੂੰ ਵਧਾਵੇਗਾ ।12ਯਹੋਵਾਹ ਤੁਹਾਡੇ ਲਈ ਆਪਣਾ ਚੰਗਾ ਅਕਾਸ਼ ਰੂਪੀ ਭੰਡਾਰ ਖੋਲ੍ਹੇਗਾ ਕਿ ਵੇਲੇ ਸਿਰ ਤੁਹਾਡੀ ਧਰਤੀ ਉੱਤੇ ਮੀਂਹ ਵਰ੍ਹਾਵੇ ਅਤੇ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਉੱਤੇ ਬਰਕਤ ਦੇਵੇ । ਤੁਸੀਂ ਬਹੁਤੀਆਂ ਕੌਮਾਂ ਨੂੰ ਕਰਜ਼ ਦਿਓਗੇ ਪਰ ਤੁਹਾਨੂੰ ਆਪ ਕਿਸੇ ਤੋਂ ਕਰਜ਼ ਲੈਣਾ ਨਾ ਪਵੇਗਾ ।
13ਯਹੋਵਾਹ ਤੁਹਾਨੂੰ ਪੂਛ ਨਹੀਂ, ਸਗੋਂ ਸਿਰ ਠਹਿਰਾਵੇਗਾ ਅਤੇ ਤੁਸੀਂ ਹੇਠਾਂ ਨਹੀਂ ਸਗੋਂ ਉੱਤੇ ਹੀ ਰਹੋਗੇ, ਜੇਕਰ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨੋ, ਜਿਨ੍ਹਾਂ ਦੀ ਪਾਲਨਾ ਕਰਨ ਦਾ ਹੁਕਮ ਮੈਂ ਅੱਜ ਤੁਹਾਨੂੰ ਦਿੰਦਾ ਹਾਂ ।14ਅਤੇ ਤੁਸੀਂ ਇਨ੍ਹਾਂ ਗੱਲਾਂ ਤੋਂ ਜਿਨ੍ਹਾਂ ਦਾ ਮੈਂ ਤੁਹਾਨੂੰ ਅੱਜ ਹੁਕਮ ਦਿੰਦਾ ਹਾਂ, ਸੱਜੇ ਜਾਂ ਖੱਬੇ ਨਾ ਮੁੜੋ ਕਿ ਤੁਸੀਂ ਦੂਜੇ ਦੇਵਤਿਆਂ ਦੇ ਪਿੱਛੇ ਜਾ ਕੇ ਉਹਨਾਂ ਦੀ ਪੂਜਾ ਕਰੋ ।
ਅਣ-ਆਗਿਆਕਾਰੀ ਦੇ ਸਰਾਪ
(ਲੇਵੀਆਂ 26:14-46)

15ਪਰ ਅਜਿਹਾ ਹੋਵੇਗਾ ਕਿ ਜੇਕਰ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨਾ ਸੁਣੋ ਅਤੇ ਉਸ ਦੇ ਸਾਰੇ ਹੁਕਮਾਂ ਅਤੇ ਬਿਧੀਆਂ ਦੀ ਪਾਲਣਾ ਨਾ ਕਰੋ, ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਹਾਂ ਤਾਂ ਇਹ ਸਾਰੇ ਸਰਾਪ ਤੁਹਾਡੇ ਉੱਤੇ ਆਉਣਗੇ ਅਤੇ ਤੁਹਾਨੂੰ ਆ ਫੜ੍ਹਨਗੇ,
16ਸਰਾਪੀ ਹੋਵੋਗੇ ਤੁਸੀਂ ਸ਼ਹਿਰ ਵਿੱਚ ਅਤੇ ਸਰਾਪੀ ਹੋਵੋਗੇ ਤੁਸੀਂ ਖੇਤ ਵਿੱਚ,17ਸਰਾਪੀ ਹੋਵੇਗੀ ਤੁਹਾਡੀ ਟੋਕਰੀ ਅਤੇ ਤੁਹਾਡੀ ਪਰਾਤ,
18ਸਰਾਪੀ ਹੋਵੇਗਾ ਤੁਹਾਡੇ ਸਰੀਰ ਦਾ ਫਲ, ਤੁਹਾਡੀ ਜ਼ਮੀਨ ਦਾ ਫਲ, ਤੁਹਾਡੇ ਚੌਣੇ ਦਾ ਵਾਧਾ ਅਤੇ ਤੁਹਾਡੇ ਇੱਜੜ ਦੇ ਬੱਚੇ,19ਸਰਾਪੀ ਹੋਵੋਗੇ ਤੁਸੀਂ ਅੰਦਰ ਆਉਂਦੇ ਹੋਏ ਅਤੇ ਸਰਾਪੀ ਹੋਵੋਗੇ ਤੁਸੀਂ ਬਾਹਰ ਜਾਂਦੇ ਹੋਏ,
20ਯਹੋਵਾਹ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਉੱਤੇ, ਤੁਹਾਡੀਆਂ ਕਰਤੂਤਾਂ ਦੀ ਬੁਰਿਆਈ ਦੇ ਕਾਰਨ, ਜਿਨ੍ਹਾਂ ਨਾਲ ਤੁਸੀਂ ਮੈਨੂੰ ਤਿਆਗ ਦਿੱਤਾ, ਤੁਹਾਡੇ ਉੱਤੇ ਸਰਾਪ, ਘਬਰਾਹਟ ਅਤੇ ਤਾੜਨਾ ਪਾਵੇਗਾ, ਜਦ ਤੱਕ ਤੁਸੀਂ ਬਰਬਾਦ ਹੋ ਕੇ ਛੇਤੀ ਨਾਲ ਨਾਸ਼ ਨਾ ਹੋ ਜਾਓ ।21ਯਹੋਵਾਹ ਤੁਹਾਡੇ ਉੱਤੇ ਬਵਾ ਪਾਵੇਗਾ, ਜਦ ਤੱਕ ਉਹ ਤੁਹਾਨੂੰ ਉਸ ਦੇਸ਼ ਵਿੱਚੋਂ ਮਿਟਾ ਨਾ ਦੇਵੇ, ਜਿਸ ਉੱਤੇ ਅਧਿਕਾਰ ਕਰਨ ਲਈ ਤੁਸੀਂ ਜਾਂਦੇ ਹੋ ।
22ਯਹੋਵਾਹ ਤੁਹਾਨੂੰ ਤਪਦਿੱਕ, ਤਾਪ, ਸੋਜ, ਤਿੱਖੀ ਤਪਸ਼, ਤਲਵਾਰ, ਸੋਕੇ ਅਤੇ ਉੱਲੀ ਨਾਲ ਮਾਰੇਗਾ । ਉਹ ਤਦ ਤੱਕ ਤੁਹਾਡੇ ਪਿੱਛੇ ਲੱਗੀਆਂ ਰਹਿਣਗੀਆਂ, ਜਦ ਤੱਕ ਤੁਸੀਂ ਨਾਸ਼ ਨਾ ਹੋ ਜਾਓ ।
23ਅਤੇ ਤੁਹਾਡੇ ਸਿਰ ਦੇ ਉੱਤੇ ਅਕਾਸ਼ ਪਿੱਤਲ ਵਰਗਾ ਹੋ ਜਾਵੇਗਾ ਅਤੇ ਤੇਰੇ ਪੈਰਾਂ ਹੇਠ ਧਰਤੀ ਲੋਹੇ ਵਰਗੀ ਹੋ ਜਾਵੇਗੀ ।24ਯਹੋਵਾਹ ਤੁਹਾਡੀ ਧਰਤੀ ਦੇ ਮੀਂਹ ਨੂੰ ਘੱਟਾ ਅਤੇ ਧੂੜ ਬਣਾ ਦੇਵੇਗਾ । ਉਹ ਇਸ ਨੂੰ ਅਕਾਸ਼ ਤੋਂ ਤਦ ਤੱਕ ਤੁਹਾਡੇ ਉੱਤੇ ਪਾਵੇਗਾ, ਜਦ ਤੱਕ ਤੁਸੀਂ ਮਿਟ ਨਾ ਜਾਓ ।
25ਯਹੋਵਾਹ ਤੁਹਾਨੂੰ ਤੁਹਾਡੇ ਵੈਰੀਆਂ ਦੇ ਅੱਗੇ ਮਰਵਾ ਸੁੱਟੇਗਾ । ਤੁਸੀਂ ਇੱਕ ਰਾਹ ਤੋਂ ਉਨ੍ਹਾਂ ਦੇ ਵਿਰੁੱਧ ਜਾਉਗੇ, ਪਰ ਸੱਤ ਰਾਹਾਂ ਤੋਂ ਹੋ ਕੇ ਉਨ੍ਹਾਂ ਦੇ ਸਾਹਮਣਿਓਂ ਭੱਜੋਗੇ ਅਤੇ ਤੁਸੀਂ ਧਰਤੀ ਦੇ ਸਾਰੇ ਰਾਜਾਂ ਲਈ ਇੱਕ ਡਰਾਉਣਾ ਨਮੂਨਾ ਹੋਵੋਗੇ ।26ਤੁਹਾਡੀਆਂ ਲਾਸ਼ਾਂ ਅਕਾਸ਼ ਦੇ ਸਾਰੇ ਪੰਛੀਆਂ ਅਤੇ ਧਰਤੀ ਦੇ ਸਾਰੇ ਜਾਨਵਰਾਂ ਦਾ ਭੋਜਨ ਹੋਣਗੀਆਂ ਅਤੇ ਉਨ੍ਹਾਂ ਨੂੰ ਕੋਈ ਹਟਾਉਣ ਵਾਲਾ ਵੀ ਨਾ ਹੋਵੇਗਾ ।
27ਯਹੋਵਾਹ ਤੁਹਾਨੂੰ ਮਿਸਰੀ ਫੋੜਿਆਂ, ਬਵਾਸੀਰ, ਦੱਦਰੀ ਅਤੇ ਖਾਰਸ਼ ਨਾਲ ਅਜਿਹਾ ਮਾਰੇਗਾ, ਜਿਨ੍ਹਾਂ ਤੋਂ ਤੁਸੀਂ ਚੰਗੇ ਨਹੀਂ ਹੋ ਸਕੋਗੇ ।28ਯਹੋਵਾਹ ਤੁਹਾਨੂੰ ਪਾਗਲਪਣ, ਅੰਨ੍ਹਪੁਣੇ ਅਤੇ ਮਨ ਦੀ ਘਬਰਾਹਟ ਨਾਲ ਮਾਰੇਗਾ,29ਜਿਵੇਂ ਅੰਨ੍ਹਾ ਹਨੇਰੇ ਵਿੱਚ ਟੋਹੰਦਾ ਫਿਰਦਾ ਹੈ, ਉਸੇ ਤਰ੍ਹਾਂ ਤੁਸੀਂ ਦੁਪਹਿਰ ਨੂੰ ਟੋਹੰਦੇ ਫਿਰੋਗੇ । ਤੁਸੀਂ ਆਪਣੇ ਰਾਹਾਂ ਵਿੱਚ ਸਫ਼ਲ ਨਹੀਂ ਹੋਵੋਗੇ । ਤੁਸੀਂ ਸਦਾ ਲਈ ਦੱਬੇ ਰਹੋਗੇ ਅਤੇ ਲੁੱਟੇ ਜਾਓਗੇ, ਪਰ ਤੁਹਾਨੂੰ ਕੋਈ ਬਚਾਉਣ ਵਾਲਾ ਨਹੀਂ ਹੋਵੇਗਾ
30ਤੁਸੀਂ ਕਿਸੇ ਇਸਤਰੀ ਨਾਲ ਮੰਗਣੀ ਕਰੋਗੇ ਪਰ ਦੂਜਾ ਪੁਰਖ ਉਸ ਦੇ ਨਾਲ ਲੇਟੇਗਾ । ਘਰ ਤੁਸੀਂ ਬਣਾਓਗੇ, ਪਰ ਉਸ ਵਿੱਚ ਵੱਸੋਗੇ ਨਹੀਂ, ਅੰਗੂਰੀ ਬਾਗ ਤੁਸੀਂ ਲਾਓਗੇ, ਪਰ ਤੁਸੀਂ ਉਸ ਦਾ ਫਲ ਨਾ ਖਾਓਗੇ ।31ਤੁਹਾਡਾ ਬਲਦ ਤੁਹਾਡੀਆਂ ਅੱਖਾਂ ਦੇ ਸਾਹਮਣੇ ਮਾਰਿਆ ਜਾਵੇਗਾ ਪਰ ਤੁਸੀਂ ਉਸ ਦਾ ਮਾਸ ਨਹੀਂ ਖਾਓਗੇ, ਤੁਹਾਡਾ ਗਧਾ ਤੁਹਾਡੇ ਸਾਹਮਣੇ ਲੁੱਟ ਵਿੱਚ ਚਲਾ ਜਾਵੇਗਾ ਅਤੇ ਫੇਰ ਮੁੜ ਤੁਹਾਨੂੰ ਨਹੀਂ ਲੱਭੇਗਾ । ਤੁਹਾਡਾ ਇੱਜੜ ਤੁਹਾਡੇ ਵੈਰੀਆਂ ਨੂੰ ਦਿੱਤਾ ਜਾਵੇਗਾ, ਪਰ ਤੁਹਾਡਾ ਕੋਈ ਬਚਾਉਣ ਵਾਲਾ ਨਾ ਹੋਵੇਗਾ ।
32ਤੁਹਾਡੇ ਪੁੱਤਰ ਅਤੇ ਧੀਆਂ ਦੂਜੇ ਲੋਕਾਂ ਨੂੰ ਦਿੱਤੇ ਜਾਣਗੇ ਅਤੇ ਤੁਹਾਡੀਆਂ ਅੱਖਾਂ ਸਾਰਾ ਦਿਨ ਉਨ੍ਹਾਂ ਨੂੰ ਵੇਖਣ ਲਈ ਲੋਚਦੇ-ਲੋਚਦੇ ਤਰਸ ਜਾਣਗੀਆਂ, ਪਰ ਤੁਹਾਡੇ ਹੱਥਾਂ ਵਿੱਚ ਕੋਈ ਜ਼ੋਰ ਨਹੀਂ ਹੋਵੇਗਾ ।
33ਤੁਹਾਡੀ ਜ਼ਮੀਨ ਦਾ ਫਲ ਅਤੇ ਤੁਹਾਡੀ ਸਾਰੀ ਕਮਾਈ ਉਹ ਲੋਕ ਖਾਣਗੇ, ਜਿਨ੍ਹਾਂ ਨੂੰ ਤੁਸੀਂ ਜਾਣਦੇ ਵੀ ਨਹੀਂ । ਤੁਸੀਂ ਸਦਾ ਲਈ ਦੱਬੇ ਰਹੋਗੇ ਅਤੇ ਕੁਚਲੇ ਜਾਓਗੇ ।34ਤੁਸੀਂ ਆਪਣੀਆਂ ਅੱਖਾਂ ਨਾਲ ਵੇਖ-ਵੇਖ ਕੇ ਕਮਲੇ ਹੋ ਜਾਓਗੇ ।35ਯਹੋਵਾਹ ਤੁਹਾਨੂੰ ਗੋਡਿਆਂ ਅਤੇ ਲੱਤਾਂ ਵਿੱਚ, ਸਗੋਂ ਪੈਰ ਦੇ ਤਲੇ ਤੋਂ ਸਿਰ ਦੀ ਚੋਟੀ ਤੱਕ ਬਹੁਤ ਬੁਰੇ ਫੋੜਿਆਂ ਨਾਲ ਮਾਰੇਗਾ, ਜਿਨ੍ਹਾਂ ਤੋਂ ਤੁਸੀਂ ਚੰਗੇ ਨਾ ਹੋ ਸਕੋਗੇ ।
36ਯਹੋਵਾਹ ਤੁਹਾਨੂੰ ਅਤੇ ਤੁਹਾਡੇ ਰਾਜੇ ਨੂੰ ਜਿਸ ਨੂੰ ਤੁਸੀਂ ਆਪਣੇ ਉੱਤੇ ਠਹਿਰਾਓਗੇ, ਇੱਕ ਕੌਮ ਵਿੱਚ ਪਹੁੰਚਾਵੇਗਾ ਜਿਸ ਨੂੰ ਨਾ ਤੁਸੀਂ, ਨਾ ਤੁਹਾਡੇ ਪਿਉ-ਦਾਦੇ ਜਾਣਦੇ ਸਨ, ਉੱਥੇ ਤੁਸੀਂ ਦੂਜੇ ਦੇਵਤਿਆਂ ਦੀ ਪੂਜਾ ਕਰੋਗੇ ਅਰਥਾਤ ਲੱਕੜੀ ਅਤੇ ਪੱਥਰ ਦੇ ਦੇਵਤੇ ।37ਅਤੇ ਤੁਸੀਂ ਉਨ੍ਹਾਂ ਸਾਰੀਆਂ ਕੌਮਾਂ ਵਿੱਚ ਜਿੱਥੇ-ਜਿੱਥੇ ਯਹੋਵਾਹ ਤੁਹਾਨੂੰ ਧੱਕ ਦੇਵੇਗਾ, ਇੱਕ ਭਿਆਨਕ ਨਮੂਨਾ, ਕਹਾਉਤ ਅਤੇ ਮਖੌਲ ਦਾ ਕਾਰਨ ਬਣ ਜਾਓਗੇ ।
38ਤੁਸੀਂ ਖੇਤ ਵਿੱਚ ਬੀਜ ਤਾਂ ਬਹੁਤ ਲੈ ਕੇ ਜਾਓਗੇ ਪਰ ਉਪਜ ਥੋੜ੍ਹੀ ਹੀ ਇਕੱਠੀ ਕਰੋਗੇ, ਕਿਉਂ ਜੋ ਟਿੱਡੀਆਂ ਉਸ ਨੂੰ ਖਾ ਜਾਣਗੀਆਂ ।39ਤੁਸੀਂ ਅੰਗੂਰੀ ਬਾਗ ਲਾ ਕੇ ਉਸ ਵਿੱਚ ਕੰਮ ਤਾਂ ਕਰੋਗੇ, ਪਰ ਨਾ ਤਾਂ ਤੁਸੀਂ ਉਸ ਦੀ ਮਧ ਪੀਓਗੇ ਅਤੇ ਨਾ ਹੀ ਗੁੱਛੇ ਇਕੱਠੇ ਕਰੋਗੇ, ਕਿਉਂ ਜੋ ਕੀੜਾ ਉਨ੍ਹਾਂ ਨੂੰ ਖਾ ਜਾਵੇਗਾ ।
40ਤੁਹਾਡੀਆਂ ਸਾਰੀਆਂ ਹੱਦਾਂ ਵਿੱਚ ਜ਼ੈਤੂਨ ਦੇ ਰੁੱਖ ਤਾਂ ਹੋਣਗੇ, ਪਰ ਉਨ੍ਹਾਂ ਦਾ ਤੇਲ ਤੁਸੀਂ ਆਪਣੇ ਸਰੀਰ ਤੇ ਨਾ ਮਲ ਸਕੋਗੇ, ਕਿਉਂ ਜੋ ਉਨ੍ਹਾਂ ਦਾ ਫਲ ਝੜ ਜਾਵੇਗਾ ।41ਤੁਹਾਡੇ ਪੁੱਤਰ ਅਤੇ ਧੀਆਂ ਪੈਦਾ ਹੋਣਗੇ ਪਰ ਉਹ ਤੁਹਾਡੇ ਨਾ ਹੋਣਗੇ, ਕਿਉਂ ਜੋ ਉਹ ਗੁਲਾਮੀ ਵਿੱਚ ਚਲੇ ਜਾਣਗੇ ।
42ਤੁਹਾਡੇ ਸਾਰੇ ਰੁੱਖਾਂ ਅਤੇ ਤੁਹਾਡੀ ਜ਼ਮੀਨ ਦੇ ਸਾਰੇ ਫਲਾਂ ਨੂੰ ਟਿੱਡੀਆਂ ਖਾ ਜਾਣਗੀਆਂ ।43ਉਹ ਪਰਦੇਸੀ ਜਿਹੜਾ ਤੁਹਾਡੇ ਵਿਚਕਾਰ ਹੈ, ਤੁਹਾਡੇ ਨਾਲੋਂ ਉੱਚਾ ਹੀ ਉੱਚਾ ਹੁੰਦਾ ਜਾਵੇਗਾ, ਪਰ ਤੁਸੀਂ ਨੀਵੇਂ ਹੀ ਨੀਵੇਂ ਹੁੰਦੇ ਜਾਓਗੇ ।44ਉਹ ਤੁਹਾਨੂੰ ਕਰਜ਼ ਦੇਵੇਗਾ ਪਰ ਤੁਸੀਂ ਉਹ ਨੂੰ ਕਰਜ਼ ਨਾ ਦੇਓਗੇ । ਉਹ ਸਿਰ ਹੋਵੇਗਾ ਅਤੇ ਤੁਸੀਂ ਪੂਛ ਹੋਵੋਗੇ ।
45ਇਹ ਸਾਰੇ ਸਰਾਪ ਤੁਹਾਡੇ ਉੱਤੇ ਆਉਣਗੇ ਸਗੋਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਆ ਫੜ੍ਹਨਗੇ ਜਦ ਤੱਕ ਕਿ ਤੁਸੀਂ ਨਾਸ਼ ਨਾ ਜਾਓ, ਕਿਉਂ ਜੋ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨਾ ਸੁਣੀ ਅਤੇ ਨਾ ਉਸ ਦੇ ਦਿੱਤੇ ਹੋਏ ਹੁਕਮਾਂ ਅਤੇ ਬਿਧੀਆਂ ਦੀ ਪਾਲਨਾ ਕੀਤੀ ।46ਅਤੇ ਉਹ ਤੁਹਾਡੇ ਉੱਤੇ ਨਾਲੇ ਤੁਹਾਡੇ ਵੰਸ਼ ਉੱਤੇ ਸਦਾ ਤੱਕ ਨਿਸ਼ਾਨ ਅਤੇ ਅਚਰਜ ਲਈ ਹੋਣਗੇ ।
47ਕਿਉਂ ਜੋ ਤੁਸੀਂ ਸਾਰੀਆਂ ਚੀਜ਼ਾਂ ਦੀ ਬਹੁਤਾਇਤ ਹੁੰਦਿਆਂ ਵੀ ਯਹੋਵਾਹ ਆਪਣੇ ਪਰਮੇਸ਼ੁਰ ਦੀ ਉਪਾਸਨਾ ਅਨੰਦਤਾਈ ਅਤੇ ਮਨ ਦੀ ਖੁਸ਼ੀ ਨਾਲ ਨਹੀਂ ਕੀਤੀ,48ਇਸ ਲਈ ਤੁਸੀਂ ਭੁੱਖ, ਪਿਆਸ, ਨੰਗੇਪਣ ਅਤੇ ਇਨ੍ਹਾਂ ਸਾਰੀਆਂ ਚੀਜ਼ਾਂ ਦੀ ਥੁੜ ਦੇ ਕਾਰਨ ਆਪਣੇ ਵੈਰੀਆਂ ਦੀ ਟਹਿਲ ਸੇਵਾ ਕਰੋਗੇ, ਜਿਨ੍ਹਾਂ ਨੂੰ ਯਹੋਵਾਹ ਤੁਹਾਡੇ ਵਿਰੁੱਧ ਭੇਜੇਗਾ ਅਤੇ ਉਹ ਲੋਹੇ ਦਾ ਜੂਲਾ ਤੁਹਾਡੀ ਧੌਣ ਉੱਤੇ ਰੱਖੇਗਾ, ਜਦ ਤੱਕ ਤੁਹਾਡਾ ਨਾਸ਼ ਨਾ ਕਰ ਦੇਵੇ ।
49ਯਹੋਵਾਹ ਤੁਹਾਡੇ ਵਿਰੁੱਧ ਦੂਰੋਂ ਅਰਥਾਤ ਧਰਤੀ ਦੇ ਕੰਢੇ ਤੋਂ, ਉਕਾਬ ਦੀ ਤਰ੍ਹਾਂ ਉੱਡਣ ਵਾਲੀ ਇੱਕ ਕੌਮ ਨੂੰ ਲੈ ਆਵੇਗਾ, ਅਜਿਹੀ ਕੌਮ ਜਿਸ ਦੀ ਭਾਸ਼ਾ ਤੁਸੀਂ ਨਹੀਂ ਸਮਝੋਗੇ ।50ਇੱਕ ਅਜਿਹੀ ਕੌਮ ਜੋ ਨਿਰਦਈ ਹੋਵੇਗੀ, ਜਿਹੜੀ ਨਾ ਬਜ਼ੁਰਗਾਂ ਦਾ ਆਦਰ ਕਰੇਗੀ ਅਤੇ ਨਾ ਜੁਆਨਾਂ ਉੱਤੇ ਦਯਾ ਕਰੇਗੀ,51ਜਦ ਤੱਕ ਉਹ ਤੁਹਾਨੂੰ ਮਿਟਾ ਨਾ ਦੇਵੇ, ਉਹ ਤੁਹਾਡੇ ਡੰਗਰਾਂ ਦਾ ਫਲ ਅਤੇ ਤੁਹਾਡੀ ਜ਼ਮੀਨ ਦਾ ਫਲ ਖਾਵੇਗੀ ਅਤੇ ਉਹ ਤੁਹਾਡੇ ਲਈ ਅੰਨ, ਨਵੀਂ ਮਧ, ਤੇਲ ਅਤੇ ਤੁਹਾਡੇ ਚੌਣੇ ਦਾ ਵਾਧਾ ਅਤੇ ਇੱਜੜ ਦੇ ਬੱਚੇ ਨਾ ਛੱਡੇਗੀ, ਜਦ ਤੱਕ ਕਿ ਤੁਹਾਨੂੰ ਨਾਸ਼ ਨਾ ਕਰ ਦੇਵੇ ।
52ਉਹ ਤੁਹਾਨੂੰ ਤੁਹਾਡੇ ਸਾਰੇ ਫਾਟਕਾਂ ਵਿੱਚ ਘੇਰ ਲਵੇਗੀ, ਜਦ ਤੱਕ ਤੁਹਾਡੀਆਂ ਉੱਚੀਆਂ ਅਤੇ ਗੜ੍ਹਾਂ ਵਾਲੀਆਂ ਕੰਧਾਂ ਢਾਹੀਆਂ ਨਾ ਜਾਣ, ਜਿਨ੍ਹਾਂ ਉੱਤੇ ਤੁਸੀਂ ਆਪਣੇ ਦੇਸ਼ ਵਿੱਚ ਭਰੋਸਾ ਰੱਖੀ ਬੈਠੇ ਸੀ । ਉਹ ਤੁਹਾਨੂੰ ਤੁਹਾਡੇ ਸਾਰੇ ਫਾਟਕਾਂ ਵਿੱਚ ਤੁਹਾਡੇ ਸਾਰੇ ਦੇਸ਼ ਦੇ ਅੰਦਰ ਘੇਰ ਲਵੇਗੀ, ਜਿਹੜਾ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਦਿੱਤਾ ਹੈ ।53ਉਸ ਘੇਰੇ ਅਤੇ ਉਸ ਬਿਪਤਾ ਵਿੱਚ ਜਿਸ ਦੇ ਨਾਲ ਤੁਹਾਡੇ ਵੈਰੀ ਤੁਹਾਨੂੰ ਸਤਾਉਣਗੇ, ਤੁਸੀਂ ਆਪਣੇ ਸਰੀਰ ਦਾ ਫਲ ਅਰਥਾਤ ਆਪਣੇ ਪੁੱਤਰ ਅਤੇ ਧੀਆਂ ਦਾ ਮਾਸ ਖਾਓਗੇ, ਜਿਹੜੇ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇਵੇਗਾ ।
54ਤੁਹਾਡੇ ਵਿੱਚ ਜਿਹੜਾ ਮਨੁੱਖ ਬਹੁਤ ਸੱਜਣ ਅਤੇ ਕੋਮਲ ਸੁਭਾਓ ਦਾ ਹੋਵੇਗਾ, ਉਸ ਦੀ ਅੱਖ ਵੀ ਆਪਣੇ ਭਰਾ, ਆਪਣੀ ਪਿਆਰੀ ਪਤਨੀ ਅਤੇ ਆਪਣੇ ਬਚੇ ਹੋਏ ਪੁੱਤਰਾਂ ਅਤੇ ਧੀਆਂ ਵੱਲ ਭੈੜੀ ਹੋਵੇਗੀ,55ਅਤੇ ਉਹ ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਆਪਣੇ ਬੱਚਿਆਂ ਦੇ ਮਾਸ ਵਿੱਚੋਂ ਜਿਹੜਾ ਉਹ ਖਾਂਦਾ ਹੋਵੇਗਾ ਕੁਝ ਨਹੀਂ ਦੇਵੇਗਾ, ਕਿਉਂ ਜੋ ਉਸ ਘੇਰੇ ਅਤੇ ਉਸ ਬਿਪਤਾ ਵਿੱਚ ਜਿਸ ਨਾਲ ਤੁਹਾਡੇ ਵੈਰੀ ਤੁਹਾਡੇ ਸਾਰੇ ਫਾਟਕਾਂ ਦੇ ਅੰਦਰ ਤੁਹਾਨੂੰ ਸਤਾਉਣਗੇ, ਉਸ ਦੇ ਲਈ ਹੋਰ ਕੁਝ ਬਾਕੀ ਨਹੀਂ ਰਿਹਾ ।
56ਤੁਹਾਡੇ ਵਿੱਚੋਂ ਉਹ ਕੋਮਲ ਅਤੇ ਨਾਜ਼ੁਕ ਇਸਤਰੀ ਜਿਸ ਨੇ ਕਦੀ ਕੋਮਲਤਾ ਅਤੇ ਨਜ਼ਾਕਤ ਦੇ ਕਾਰਨ ਆਪਣੇ ਪੈਰ ਧਰਤੀ ਉੱਤੇ ਰੱਖਣ ਦਾ ਹੌਂਸਲਾ ਨਹੀਂ ਕੀਤਾ, ਉਸ ਦੀ ਅੱਖ ਆਪਣੇ ਪਿਆਰੇ ਪਤੀ ਅਤੇ ਆਪਣੇ ਪੁੱਤਰ ਅਤੇ ਧੀ ਵੱਲ,57ਆਪਣੀ ਆਓਲ ਵੱਲ ਜਿਹੜੀ ਉਸ ਦੀਆਂ ਲੱਤਾਂ ਦੇ ਵਿੱਚੋਂ ਦੀ ਨਿੱਕਲੀ ਹੈ ਅਤੇ ਉਨ੍ਹਾਂ ਬੱਚਿਆਂ ਵੱਲ ਭੈੜੀ ਹੋਵੇਗੀ, ਜਿਨ੍ਹਾਂ ਨੂੰ ਉਸ ਨੇ ਜਨਮ ਦਿੱਤਾ, ਕਿਉਂ ਜੋ ਉਸ ਘੇਰੇ ਅਤੇ ਬਿਪਤਾ ਵਿੱਚ ਜਿਸ ਦੇ ਨਾਲ ਤੁਹਾਡੇ ਵੈਰੀ ਤੁਹਾਡੇ ਫਾਟਕਾਂ ਦੇ ਅੰਦਰ ਤੁਹਾਨੂੰ ਸਤਾਉਣਗੇ, ਉਹ ਸਾਰੀਆਂ ਚੀਜ਼ਾਂ ਦੀ ਥੁੜ ਦੇ ਕਾਰਨ ਚੁੱਪ ਕੀਤੇ ਉਹਨਾਂ ਨੂੰ ਖਾ ਜਾਵੇਗੀ ।

58ਜੇਕਰ ਤੁਸੀਂ ਇਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਨੂੰ ਜਿਹੜੀਆਂ ਇਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ, ਪੂਰੇ ਕਰਨ ਦੀ ਪਾਲਣਾ ਨਾ ਕਰੋ ਕਿ ਤੁਸੀਂ ਉਸ ਪ੍ਰਤਾਪੀ ਅਤੇ ਭੈ ਦਾਇਕ ਨਾਮ ਤੋਂ ਅਰਥਾਤ ਯਹੋਵਾਹ ਆਪਣੇ ਪਰਮੇਸ਼ੁਰ ਤੋਂ ਡਰੋ,59ਤਾਂ ਯਹੋਵਾਹ ਤੁਹਾਡੀਆਂ ਅਤੇ ਤੁਹਾਡੇ ਵੰਸ਼ ਦੀਆਂ ਬਵਾਂ ਨੂੰ ਭਿਆਨਕ ਬਣਾਵੇਗਾ, ਉਹ ਬਵਾਂ ਵੱਡੀਆਂ ਅਤੇ ਬਹੁਤ ਸਮੇਂ ਤੱਕ ਰਹਿਣਗੀਆਂ ਅਤੇ ਰੋਗ ਬੁਰੇ ਅਤੇ ਬਹੁਤ ਸਮੇਂ ਤੱਕ ਰਹਿਣ ਵਾਲੇ ਹੋਣਗੇ ।
60ਉਹ ਤੁਹਾਡੇ ਉੱਤੇ ਉਨ੍ਹਾਂ ਸਾਰੇ ਮਿਸਰੀ ਰੋਗਾਂ ਨੂੰ ਮੁੜ ਲੈ ਆਵੇਗਾ, ਜਿਨ੍ਹਾਂ ਤੋਂ ਤੁਸੀਂ ਡਰਦੇ ਹੋ, ਉਹ ਤੁਹਾਨੂੰ ਲੱਗੇ ਰਹਿਣਗੇ,61ਸਗੋਂ ਹਰ ਇੱਕ ਬਿਮਾਰੀ ਅਤੇ ਹਰ ਇੱਕ ਬਿਪਤਾ ਜਿਹੜੀ ਇਸ ਬਿਵਸਥਾ ਦੀ ਪੋਥੀ ਵਿੱਚ ਲਿਖੀ ਨਹੀਂ ਗਈ, ਯਹੋਵਾਹ ਤੁਹਾਡੇ ਉੱਤੇ ਲੈ ਆਵੇਗਾ, ਜਦ ਤੱਕ ਤੁਸੀਂ ਮਿਟ ਨਾ ਜਾਓ ।62ਭਾਵੇਂ ਤੁਸੀਂ ਆਕਾਸ਼ ਦੇ ਤਾਰਿਆਂ ਜਿੰਨ੍ਹੇ ਸੀ, ਪਰ ਤੁਸੀਂ ਗਿਣਤੀ ਵਿੱਚ ਥੋੜ੍ਹੇ ਜਿਹੇ ਬਾਕੀ ਰਹਿ ਜਾਓਗੇ, ਕਿਉਂ ਜੋ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨਹੀਂ ਸੁਣੀ ।
63ਅਜਿਹਾ ਹੋਵੇਗਾ ਕਿ ਜਿਵੇਂ ਹੁਣ ਯਹੋਵਾਹ ਤੁਹਾਡੇ ਉੱਤੇ ਤੁਹਾਡੀ ਭਲਿਆਈ ਅਤੇ ਤੁਹਾਡੇ ਵਾਧੇ ਲਈ ਖੁਸ਼ ਹੁੰਦਾ ਹੈ, ਉਸੇ ਤਰ੍ਹਾਂ ਹੀ ਯਹੋਵਾਹ ਤੁਹਾਡੇ ਉੱਤੇ ਤੁਹਾਨੂੰ ਨਾਸ਼ ਕਰਨ ਅਤੇ ਤੁਹਾਨੂੰ ਮਿਟਾਉਣ ਲਈ ਖੁਸ਼ ਹੋਵੇਗਾ ਅਤੇ ਤੁਸੀਂ ਉਸ ਦੇਸ਼ ਵਿੱਚੋਂ ਉਖਾੜੇ ਜਾਓਗੇ, ਜਿਸ ਉੱਤੇ ਅਧਿਕਾਰ ਕਰਨ ਲਈ ਤੁਸੀਂ ਜਾਂਦੇ ਹੋ ।64ਯਹੋਵਾਹ ਤੁਹਾਨੂੰ ਸਾਰਿਆਂ ਲੋਕਾਂ ਵਿੱਚ ਧਰਤੀ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਖਿਲਾਰ ਦੇਵੇਗਾ ਅਤੇ ਉੱਥੇ ਤੁਸੀਂ ਦੂਜੇ ਦੇਵਤਿਆਂ ਦੀ ਪੂਜਾ ਕਰੋਗੇ ਅਰਥਾਤ ਲੱਕੜੀ ਅਤੇ ਪੱਥਰ ਦੇ ਦੇਵਤੇ ਜਿਹਨਾਂ ਨੂੰ ਨਾ ਤੁਸੀਂ ਅਤੇ ਨਾ ਤੁਹਾਡੇ ਪਿਉ-ਦਾਦਿਆਂ ਜਾਣਦੇ ਸਨ ।
65ਇਹਨਾਂ ਕੌਮਾਂ ਵਿੱਚ ਤੁਸੀਂ ਸੁੱਖ ਨਾ ਪਾਓਗੇ ਅਤੇ ਨਾ ਤੁਹਾਡੇ ਪੈਰ ਦੇ ਤਲੇ ਨੂੰ ਆਰਾਮ ਹੋਵੇਗਾ, ਸਗੋਂ ਉੱਥੇ ਯਹੋਵਾਹ ਤੁਹਾਨੂੰ ਕੰਬਣ ਵਾਲੇ ਦਿਲ, ਅੱਖਾਂ ਦਾ ਧੁੰਦਲਾਪਣ ਅਤੇ ਮਨ ਦੀ ਘਬਰਾਹਟ ਦੇਵੇਗਾ ।66ਤੁਹਾਡਾ ਜੀਵਨ ਤੁਹਾਡੇ ਅੱਗੇ ਦੁਬਿਧਾ ਵਿੱਚ ਅਟਕਿਆ ਰਹੇਗਾ ਅਤੇ ਤੁਸੀਂ ਦਿਨ ਰਾਤ ਡਰਦੇ ਰਹੋਗੇ । ਤੁਸੀਂ ਆਪਣੇ ਜੀਉਣ ਦੀ ਆਸ ਛੱਡ ਬੈਠੋਗੇ ।
67ਤੁਹਾਡੇ ਦਿਲ ਵਿੱਚ ਬਣੇ ਹੋਏ ਡਰ ਦੇ ਕਾਰਨ, ਅਤੇ ਉਸ ਸਭ ਦੇ ਕਾਰਨ ਜੋ ਤੁਹਾਡੀਆਂ ਅੱਖਾਂ ਵੇਖਣਗੀਆਂ, ਤੁਸੀਂ ਸਵੇਰ ਨੂੰ ਆਖੋਗੇ, "ਸ਼ਾਮ ਕਦੋਂ ਹੋਵੇਗੀ ? " ਅਤੇ ਸ਼ਾਮ ਨੂੰ ਆਖੋਗੇ, "ਸਵੇਰ ਕਦੋਂ ਹੋਵੇਗੀ ? "68ਅਤੇ ਯਹੋਵਾਹ ਤੁਹਾਨੂੰ ਬੇੜਿਆਂ ਵਿੱਚ ਚੜ੍ਹਾ ਕੇ ਉਸੇ ਰਾਹ ਤੋਂ ਮਿਸਰ ਨੂੰ ਲੈ ਜਾਵੇਗਾ, ਜਿਸ ਦੇ ਵਿਖੇ ਮੈਂ ਤੁਹਾਨੂੰ ਆਖਿਆ ਸੀ ਕਿ ਤੁਸੀਂ ਉਸ ਨੂੰ ਫੇਰ ਕਦੀ ਨਹੀਂ ਵੇਖੋਗੇ । ਉੱਥੇ ਤੁਸੀਂ ਆਪਣੇ ਆਪ ਨੂੰ ਆਪਣੇ ਵੈਰੀਆਂ ਦੇ ਹੱਥ ਦਾਸ-ਦਾਸੀਆਂ ਕਰਕੇ ਵੇਚੋਗੇ ਪਰ ਕੋਈ ਖਰੀਦਦਾਰ ਨਹੀਂ ਹੋਵੇਗਾ ।

29
ਮੋਆਬ ਦੇਸ਼ ਵਿੱਚ ਪਰਮੇਸ਼ੁਰ ਦਾ ਨੇਮ

1ਇਹ ਉਸ ਨੇਮ ਦੀਆਂ ਗੱਲਾਂ ਹਨ, ਜਿਸ ਨੂੰ ਇਸਰਾਏਲੀਆਂ ਨਾਲ ਬੰਨ੍ਹਣ ਦਾ ਹੁਕਮ ਯਹੋਵਾਹ ਨੇ ਮੂਸਾ ਨੂੰ ਮੋਆਬ ਦੇਸ਼ ਵਿੱਚ ਦਿੱਤਾ ਸੀ । ਇਹ ਉਸ ਨੇਮ ਤੋਂ ਜਿਹੜਾ ਉਹ ਨੇ ਉਨ੍ਹਾਂ ਨਾਲ ਹੋਰੇਬ ਵਿੱਚ ਬੰਨ੍ਹਿਆ ਸੀ, ਵੱਖਰਾ ਹੈ ।

2ਮੂਸਾ ਨੇ ਸਾਰੇ ਇਸਰਾਏਲੀਆਂ ਨੂੰ ਸੱਦ ਕੇ ਆਖਿਆ, "ਜੋ ਕੁਝ ਯਹੋਵਾਹ ਨੇ ਮਿਸਰ ਵਿੱਚ ਤੁਹਾਡੇ ਵੇਖਦਿਆਂ ਫ਼ਿਰਊਨ, ਉਸ ਦੇ ਸਾਰੇ ਸੇਵਕਾਂ ਅਤੇ ਉਸ ਦੇ ਦੇਸ਼ ਨਾਲ ਕੀਤਾ ਸੀ, ਉਹ ਤੁਸੀਂ ਵੇਖਿਆ ਸੀ3ਅਰਥਾਤ ਉਹ ਵੱਡੇ ਪਰਤਾਵੇ, ਨਿਸ਼ਾਨ ਅਤੇ ਉਹ ਵੱਡੇ-ਵੱਡੇ ਅਚਰਜ ਕੰਮ ਜਿਹੜੇ ਤੁਹਾਡੀਆਂ ਅੱਖਾਂ ਨੇ ਵੇਖੇ,4ਪਰ ਯਹੋਵਾਹ ਨੇ ਅੱਜ ਤੱਕ ਨਾ ਤਾਂ ਸਮਝਣ ਵਾਲਾ ਦਿਲ, ਨਾ ਵੇਖਣ ਵਾਲੀਆਂ ਅੱਖਾਂ ਅਤੇ ਨਾ ਸੁਣਨ ਵਾਲੇ ਕੰਨ ਤੁਹਾਨੂੰ ਦਿੱਤੇ ।
5ਮੈਂ ਤੁਹਾਨੂੰ ਚਾਲੀ ਸਾਲਾਂ ਤੱਕ ਉਜਾੜ ਵਿੱਚ ਲਈ ਫਿਰਦਾ ਰਿਹਾ, ਨਾ ਤੁਹਾਡੇ ਸਰੀਰ ਤੋਂ ਤੁਹਾਡੇ ਕੱਪੜੇ ਪੁਰਾਣੇ ਹੋਏ ਅਤੇ ਨਾ ਤੁਹਾਡੇ ਪੈਰਾਂ ਵਿੱਚ ਤੁਹਾਡੀਆਂ ਜੁੱਤੀਆਂ ਪੁਰਾਣੀਆਂ ਹੋਈਆਂ ।6ਰੋਟੀ ਜੋ ਤੁਸੀਂ ਨਾ ਖਾ ਸਕੇ ਅਤੇ ਦਾਖਰਸ ਅਤੇ ਮਧ ਜੋ ਤੁਸੀਂ ਨਾ ਪੀ ਸਕੇ, ਇਹ ਇਸ ਲਈ ਹੋਇਆ ਕਿ ਤੁਸੀਂ ਜਾਣੋ ਕਿ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ ।
7ਜਦ ਤੁਸੀਂ ਇਸ ਸਥਾਨ ਉੱਤੇ ਆਏ, ਤਦ ਹਸ਼ਬੋਨ ਦਾ ਰਾਜਾ ਸੀਹੋਨ ਅਤੇ ਬਾਸ਼ਾਨ ਦਾ ਰਾਜਾ ਓਗ ਸਾਡੇ ਨਾਲ ਜੁੱਧ ਕਰਨ ਨੂੰ ਨਿੱਕਲੇ ਅਤੇ ਅਸੀਂ ਉਨ੍ਹਾਂ ਨੂੰ ਮਾਰਿਆ,8ਅਸੀਂ ਉਨ੍ਹਾਂ ਦਾ ਦੇਸ਼ ਲੈ ਕੇ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ਹ ਦੇ ਅੱਧੇ ਗੋਤ ਨੂੰ ਵਿਰਾਸਤ ਵਿੱਚ ਦੇ ਦਿੱਤਾ ।9ਇਸ ਲਈ ਇਸ ਨੇਮ ਦੀਆਂ ਗੱਲਾਂ ਨੂੰ ਪੂਰਾ ਕਰਕੇ ਪਾਲਨਾ ਕਰੋ ਤਾਂ ਜੋ ਤੁਸੀਂ ਆਪਣੇ ਸਭ ਕੰਮਾਂ ਵਿੱਚ ਸਫ਼ਲ ਹੋਵੋ ।

10ਅੱਜ ਤੁਸੀਂ ਸਾਰੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਨਮੁਖ ਖੜ੍ਹੇ ਹੋ, ਤੁਹਾਡੇ ਮੁਖੀਏ, ਤੁਹਾਡੇ ਗੋਤ, ਤੁਹਾਡੇ ਬਜ਼ੁਰਗ, ਤੁਹਾਡੇ ਅਧਿਕਾਰੀ ਸਗੋਂ ਇਸਰਾਏਲ ਦੇ ਸਾਰੇ ਮਨੁੱਖ,11ਤੁਹਾਡੇ ਬੱਚੇ, ਤੁਹਾਡੀਆਂ ਇਸਤਰੀਆਂ, ਤੁਹਾਡੇ ਪਰਦੇਸੀ ਜਿਹੜੇ ਤੁਹਾਡੇ ਡੇਰਿਆਂ ਵਿੱਚ ਹਨ, ਸਗੋਂ ਲੱਕੜਹਾਰੇ ਤੋਂ ਲੈ ਕੇ ਪਾਣੀ ਭਰਨ ਵਾਲਿਆਂ ਤੱਕ ਸਭ ਹਾਜ਼ਰ ਹੋ
12ਤਾਂ ਜੋ ਤੁਸੀਂ ਉਸ ਨੇਮ ਵਿੱਚ ਜੋ ਯਹੋਵਾਹ ਅੱਜ ਤੁਹਾਡੇ ਨਾਲ ਬੰਨ੍ਹਦਾ ਹੈ, ਅਤੇ ਜਿਹੜੀ ਸਹੁੰ ਉਹ ਅੱਜ ਤੁਹਾਨੂੰ ਚੁਕਾਉਂਦਾ ਹੈ, ਉਸ ਵਿੱਚ ਸਾਂਝੀ ਹੋ ਜਾਓ13ਤਾਂ ਜੋ ਉਹ ਤੁਹਾਨੂੰ ਅੱਜ ਦੇ ਦਿਨ ਆਪਣੀ ਪਰਜਾ ਕਰਕੇ ਕਾਇਮ ਕਰੇ ਅਤੇ ਉਹ ਤੁਹਾਡੇ ਲਈ ਪਰਮੇਸ਼ੁਰ ਹੋਵੇ ਜਿਵੇਂ ਉਸ ਤੁਹਾਡੇ ਨਾਲ ਬਚਨ ਕੀਤਾ ਸੀ ਅਤੇ ਜਿਵੇਂ ਉਸ ਨੇ ਤੁਹਾਡੇ ਪਿਉ-ਦਾਦਿਆਂ ਅਰਥਾਤ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਸਹੁੰ ਖਾਧੀ ਸੀ ।
14ਮੈਂ ਇਸ ਨੇਮ ਅਤੇ ਇਸ ਸਹੁੰ ਨੂੰ ਸਿਰਫ਼ ਤੁਹਾਡੇ ਨਾਲ ਹੀ ਨਹੀਂ ਬੰਨ੍ਹ ਰਿਹਾ ਹਾਂ,15ਸਗੋਂ ਉਨ੍ਹਾਂ ਨਾਲ ਵੀ ਜਿਹੜੇ ਅੱਜ ਇੱਥੇ ਸਾਡੇ ਨਾਲ ਸਾਡੇ ਪਰਮੇਸ਼ੁਰ ਯਹੋਵਾਹ ਦੇ ਸਨਮੁਖ ਖੜ੍ਹੇ ਹਨ ਅਤੇ ਉਨ੍ਹਾਂ ਨਾਲ ਵੀ ਜਿਹੜਾ ਅੱਜ ਇੱਥੇ ਸਾਡੇ ਨਾਲ ਨਹੀਂ ਹਨ,16ਕਿਉਂ ਜੋ ਤੁਸੀਂ ਜਾਣਦੇ ਹੋ ਕਿ ਕਿਵੇਂ ਅਸੀਂ ਮਿਸਰ ਦੇਸ਼ ਵਿੱਚ ਵੱਸੇ ਅਤੇ ਕਿਵੇਂ ਅਸੀਂ ਉਨ੍ਹਾਂ ਕੌਮਾਂ ਦੇ ਵਿੱਚੋਂ ਦੀ ਹੋ ਕੇ ਆਏ, ਜਿਨ੍ਹਾਂ ਦੇ ਵਿੱਚੋਂ ਤੁਸੀਂ ਲੰਘੇ,
17ਤੁਸੀਂ ਉਹਨਾਂ ਦੀਆਂ ਘਿਣਾਉਣੀਆਂ ਚੀਜ਼ਾਂ ਅਤੇ ਉਹਨਾਂ ਦੀਆਂ ਲੱਕੜੀਆਂ, ਪੱਥਰ, ਚਾਂਦੀ ਅਤੇ ਸੋਨੇ ਦੀਆਂ ਮੂਰਤਾਂ ਵੇਖੀਆਂ, ਜਿਹੜੀਆਂ ਉਹਨਾਂ ਦੇ ਕੋਲ ਸਨ ।18ਕਿਤੇ ਅਜਿਹਾ ਨਾ ਹੋਵੇ ਕਿ ਤੁਹਾਡੇ ਵਿੱਚੋਂ ਕੋਈ ਪੁਰਖ, ਜਾਂ ਇਸਤਰੀ, ਜਾਂ ਟੱਬਰ, ਜਾਂ ਕੋਈ ਗੋਤ ਹੋਵੇ ਜਿਸ ਦਾ ਮਨ ਅੱਜ ਯਹੋਵਾਹ ਤੁਹਾਡੇ ਪਰਮੇਸ਼ੁਰ ਤੋਂ ਫਿਰ ਜਾਵੇ ਅਤੇ ਉਹ ਜਾ ਕੇ ਉਨ੍ਹਾਂ ਕੌਮਾਂ ਦੇ ਦੇਵਤਿਆਂ ਦੀ ਪੂਜਾ ਕਰੇ, ਫੇਰ ਕਿਤੇ ਅਜਿਹਾ ਵੀ ਨਾ ਹੋਵੇ ਕਿ ਤੁਹਾਡੇ ਵਿਚੋਂ ਕੋਈ ਕੁੜੱਤਣ ਅਤੇ ਅੱਕ ਦੀ ਜੜ੍ਹ ਫੁੱਟ ਨਿੱਕਲੇ19ਅਤੇ ਅਜਿਹਾ ਹੋਵੇਗਾ ਕਿ ਜੇਕਰ ਕੋਈ ਮਨੁੱਖ ਇਸ ਸਰਾਪ ਦੀਆਂ ਗੱਲਾਂ ਸੁਣ ਕੇ ਆਪਣੇ ਮਨ ਵਿੱਚ ਆਪਣੇ ਆਪ ਨੂੰ ਇਹ ਆਖ ਕੇ ਅਸੀਸ ਦੇਵੇ ਕਿ ਮੈਂ ਸ਼ਾਂਤੀ ਪਾਵਾਂਗਾ ਭਾਵੇਂ ਮੈਂ ਆਪਣੇ ਮਨ ਦੀ ਜ਼ਿੱਦ ਵਿੱਚ ਚੱਲਾਂ ਅਤੇ ਪਿਆਸ ਨੂੰ ਵਧਾ ਕੇ ਮਤਵਾਲਾ ਹੋਵਾਂ ।
20ਯਹੋਵਾਹ ਉਸ ਨੂੰ ਮਾਫ਼ ਨਹੀਂ ਕਰੇਗਾ ਪਰ ਯਹੋਵਾਹ ਦਾ ਕ੍ਰੋਧ ਅਤੇ ਉਸ ਦੀ ਅਣਖ ਦਾ ਧੂੰਆਂ ਉਸ ਮਨੁੱਖ ਉੱਤੇ ਸੁਲਗੇਗਾ ਅਤੇ ਸਾਰੇ ਸਰਾਪ ਜਿਹੜੇ ਇਸ ਪੁਸਤਕ ਵਿੱਚ ਲਿਖੇ ਹਨ, ਉਸ ਉੱਤੇ ਆ ਪੈਣਗੇ ਅਤੇ ਯਹੋਵਾਹ ਉਸ ਦਾ ਨਾਮ ਅਕਾਸ਼ ਦੇ ਹੇਠੋਂ ਮਿਟਾ ਦੇਵੇਗਾ ।21ਯਹੋਵਾਹ ਉਸ ਨੂੰ ਇਸ ਨੇਮ ਦੇ ਸਾਰੇ ਸਰਾਪਾਂ ਅਨੁਸਾਰ ਜਿਹੜੇ ਇਸ ਬਿਵਸਥਾ ਦੀ ਪੁਸਤਕ ਵਿੱਚ ਲਿਖੇ ਹੋਏ ਹਨ, ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ ਬੁਰਿਆਈ ਲਈ ਵੱਖਰਾ ਕਰੇਗਾ ।
22ਅਤੇ ਆਉਣ ਵਾਲੀ ਪੀੜ੍ਹੀ ਵਿੱਚ ਤੁਹਾਡੇ ਬੱਚੇ ਜਿਹੜੇ ਤੁਹਾਡੇ ਬਾਅਦ ਪੈਦਾ ਹੋਣਗੇ ਅਤੇ ਪਰਦੇਸੀ ਵੀ ਜਿਹੜੇ ਦੂਰ ਦੇਸ਼ ਤੋਂ ਆਉਣਗੇ, ਜਦ ਉਹ ਉਸ ਦੇਸ਼ ਦੀਆਂ ਬਵਾਂ ਅਤੇ ਉਸ ਵਿੱਚ ਯਹੋਵਾਹ ਦੀਆਂ ਫੈਲਾਈਆਂ ਹੋਈਆਂ ਬਿਮਾਰੀਆਂ ਨੂੰ ਵੇਖਣਗੇ ਤਾਂ ਆਖਣਗੇ,23'ਕਿਵੇਂ ਉਹ ਸਾਰੀ ਧਰਤੀ ਗੰਧਕ ਤੇ ਲੂਣ ਹੋ ਗਈ ਅਤੇ ਸੜ ਗਈ ਹੈ ! ਨਾ ਤਾਂ ਉਸ ਵਿੱਚ ਕੁਝ ਬੀਜਿਆ ਜਾਂਦਾ ਹੈ, ਨਾ ਹੀ ਕੁਝ ਉੱਗਦਾ ਹੈ, ਨਾ ਹੀ ਉਸ ਵਿੱਚੋਂ ਘਾਹ ਨਿੱਕਲਦਾ ਹੈ । ਉਹ ਸਦੂਮ, ਅਮੂਰਾਹ, ਅਦਮਾਹ ਅਤੇ ਸਬੋਈਮ ਦੇ ਵਾਂਗੂੰ ਹਨ, ਜਿਨ੍ਹਾਂ ਨੂੰ ਯਹੋਵਾਹ ਨੇ ਆਪਣੇ ਕ੍ਰੋਧ ਅਤੇ ਗੁੱਸੇ ਨਾਲ ਪਲਟ ਦਿੱਤਾ ਸੀ,'24ਤਦ ਸਾਰੀਆਂ ਕੌਮਾਂ ਵੀ ਆਖਣਗੀਆਂ ਕਿ ਯਹੋਵਾਹ ਨੇ ਇਸ ਦੇਸ਼ ਨਾਲ ਅਜਿਹਾ ਕਿਉਂ ਕੀਤਾ ਅਤੇ ਇਸ ਵੱਡੇ ਕ੍ਰੋਧ ਦੇ ਭੜਕਣ ਦਾ ਕਾਰਨ ਕੀ ਹੈ ?
25ਤਦ ਲੋਕ ਉੱਤਰ ਦੇਣਗੇ, 'ਇਸ ਲਈ ਕਿ ਉਨ੍ਹਾਂ ਨੇ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਦੇ ਨੇਮ ਨੂੰ ਤਿਆਗ ਦਿੱਤਾ ਜਿਹੜਾ ਉਸ ਨੇ ਉਨ੍ਹਾਂ ਨਾਲ ਬੰਨ੍ਹਿਆ ਸੀ, ਜਦ ਉਹ ਉਨ੍ਹਾਂ ਨੂੰ ਮਿਸਰ ਦੇਸ਼ ਤੋਂ ਬਾਹਰ ਲਿਆਇਆ,26ਉਨ੍ਹਾਂ ਨੇ ਜਾ ਕੇ ਦੂਜੇ ਦੇਵਤਿਆਂ ਦੀ ਪੂਜਾ ਕੀਤੀ ਅਤੇ ਉਹਨਾਂ ਦੇ ਅੱਗੇ ਮੱਥਾ ਟੇਕਿਆ, ਉਹ ਦੇਵਤੇ ਜਿਨ੍ਹਾਂ ਨੂੰ ਉਹ ਜਾਣਦੇ ਵੀ ਨਹੀਂ ਸਨ, ਨਾ ਹੀ ਉਸ ਨੇ ਉਨ੍ਹਾਂ ਲਈ ਠਹਿਰਾਏ ਸਨ ।
27ਇਸ ਕਾਰਨ ਯਹੋਵਾਹ ਦਾ ਕ੍ਰੋਧ ਇਸ ਦੇਸ਼ ਦੇ ਉੱਤੇ ਭੜਕਿਆ ਤਾਂ ਜੋ ਉਹ ਸਾਰੇ ਸਰਾਪ ਜਿਹੜੇ ਇਸ ਪੁਸਤਕ ਵਿੱਚ ਲਿਖੇ ਹੋਏ ਹਨ, ਇਸ ਉੱਤੇ ਪਾਵੇ ।28ਯਹੋਵਾਹ ਨੇ ਕ੍ਰੋਧ, ਗੁੱਸੇ ਅਤੇ ਵੱਡੇ ਕਹਿਰ ਵਿੱਚ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਵਿੱਚੋਂ ਉਖਾੜ ਕੇ ਦੂਜੇ ਦੇਸ਼ ਵਿੱਚ ਸੁੱਟ ਦਿੱਤਾ, ਜਿਵੇਂ ਅੱਜ ਦੇ ਦਿਨ ਹੈ । "

29ਗੁਪਤ ਗੱਲਾਂ ਤਾਂ ਯਹੋਵਾਹ ਸਾਡੇ ਪਰਮੇਸ਼ੁਰ ਦੇ ਵੱਸ ਵਿੱਚ ਹਨ, ਪਰ ਜਿਹੜੀਆਂ ਪ੍ਰਗਟ ਹਨ ਉਹ ਸਦਾ ਤੱਕ ਸਾਡੇ ਲਈ ਅਤੇ ਸਾਡੇ ਪੁੱਤਰਾਂ ਲਈ ਹਨ, ਤਾਂ ਜੋ ਅਸੀਂ ਇਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਪੂਰੀਆਂ ਕਰਦੇ ਰਹੀਏ ।

30
ਬਰਕਤ ਅਤੇ ਪੁਨਰ ਸਥਾਪਨਾ ਦੀਆਂ ਸ਼ਰਤਾਂ

1ਤਦ ਅਜਿਹਾ ਹੋਵੇਗਾ ਕਿ ਜਦ ਬਰਕਤ ਅਤੇ ਸਰਾਪ ਦੀਆਂ ਇਹ ਸਾਰੀਆਂ ਗੱਲਾਂ ਜਿਨ੍ਹਾਂ ਨੂੰ ਮੈਂ ਤੁਹਾਡੇ ਅੱਗੇ ਰੱਖਿਆ ਹੈ ਤੁਹਾਡੇ ਉੱਤੇ ਆਉਣਗੀਆਂ ਅਤੇ ਜਦ ਤੁਸੀਂ ਉਨ੍ਹਾਂ ਸਾਰੀਆਂ ਕੌਮਾਂ ਵਿੱਚ ਜਿਨ੍ਹਾਂ ਵਿੱਚ ਯਹੋਵਾਹ ਤੁਹਾਡਾ ਪਰਮੇਸ਼ੁਰ ਤਹਾਨੂੰ ਧੱਕ ਦੇਵੇਗਾ, ਇਨ੍ਹਾਂ ਗੱਲਾਂ ਨੂੰ ਆਪਣੇ ਮਨ ਵਿੱਚ ਯਾਦ ਕਰੋਗੇ2ਅਤੇ ਜਦ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਵੱਲ ਮੁੜੋਗੇ ਅਤੇ ਉਸ ਦੇ ਸਾਰੇ ਹੁਕਮਾਂ ਦੇ ਅਨੁਸਾਰ ਜੋ ਮੈਂ ਤੁਹਾਨੂੰ ਅੱਜ ਦਿੰਦਾ ਹਾਂ, ਤੁਸੀਂ ਅਤੇ ਤੁਹਾਡੀ ਸੰਤਾਨ ਆਪਣੇ ਸਾਰੇ ਮਨ ਅਤੇ ਆਪਣੀ ਸਾਰੀ ਜਾਨ ਨਾਲ ਉਸ ਦੀ ਅਵਾਜ਼ ਸੁਣੋਗੇ,3ਤਾਂ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਗੁਲਾਮੀ ਤੋਂ ਛੁਡਾ ਕੇ ਲੈ ਆਵੇਗਾ ਅਤੇ ਤੁਹਾਡੇ ਉੱਤੇ ਤਰਸ ਖਾਵੇਗਾ ਅਤੇ ਸਾਰਿਆਂ ਲੋਕਾਂ ਵਿੱਚੋਂ ਜਿੱਥੇ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਖਿਲਾਰਿਆ ਹੈ, ਤੁਹਾਨੂੰ ਮੁੜ ਇਕੱਠਾ ਕਰੇਗਾ ।

4ਜੇਕਰ ਤੁਹਾਡੇ ਵਿੱਚੋਂ ਹੱਕਿਆ ਹੋਇਆ ਕੋਈ ਅਕਾਸ਼ ਦੇ ਸਿਰੇ ਉੱਤੇ ਹੋਵੇ ਤਾਂ ਵੀ ਉੱਥੋਂ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਇਕੱਠਾ ਕਰੇਗਾ ਅਤੇ ਤੁਹਾਨੂੰ ਉੱਥੋਂ ਲੈ ਆਵੇਗਾ ।5ਅਤੇ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਉਸੇ ਦੇਸ਼ ਵਿੱਚ ਲੈ ਆਵੇਗਾ ਜਿਸ ਉੱਤੇ ਤੁਹਾਡੇ ਪਿਉ-ਦਾਦਿਆਂ ਨੇ ਅਧਿਕਾਰ ਕੀਤਾ ਅਤੇ ਤੁਸੀਂ ਵੀ ਉਸ ਉੱਤੇ ਅਧਿਕਾਰ ਕਰੋਗੇ ਅਤੇ ਉਹ ਤੁਹਾਡੇ ਨਾਲ ਭਲਿਆਈ ਕਰੇਗਾ ਅਤੇ ਉਹ ਤੁਹਾਨੂੰ ਤੁਹਾਡੇ ਪਿਉ-ਦਾਦਿਆਂ ਨਾਲੋਂ ਜ਼ਿਆਦਾ ਵਧਾਵੇਗਾ ।
6ਅਤੇ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਅਤੇ ਤੁਹਾਡੇ ਵੰਸ਼ ਦੇ ਦਿਲ ਦੀ ਸੁੰਨਤ ਕਰੇਗਾ ਤਾਂ ਜੋ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਆਪਣੇ ਸਾਰੇ ਦਿਲ ਅਤੇ ਆਪਣੀ ਸਾਰੀ ਜਾਨ ਨਾਲ ਪ੍ਰੇਮ ਰੱਖੋ, ਤਾਂ ਜੋ ਤੁਸੀਂ ਜੀਉਂਦੇ ਰਹੋ ।7ਅਤੇ ਯਹੋਵਾਹ ਤੁਹਾਡਾ ਪਰਮੇਸ਼ੁਰ ਇਹ ਸਾਰੇ ਸਰਾਪ ਤੁਹਾਡੇ ਵੈਰੀਆਂ ਅਤੇ ਤੁਹਾਡੇ ਤੋਂ ਘਿਰਣਾ ਕਰਨ ਵਾਲਿਆਂ ਉੱਤੇ ਪਾਵੇਗਾ, ਜਿਨ੍ਹਾਂ ਨੇ ਤੁਹਾਨੂੰ ਦੁੱਖ ਦਿੱਤਾ ।8ਅਤੇ ਤੁਸੀਂ ਮੁੜੋਗੇ ਅਤੇ ਯਹੋਵਾਹ ਦੀ ਅਵਾਜ਼ ਨੂੰ ਸੁਣੋਗੇ ਅਤੇ ਉਸ ਦੇ ਸਾਰੇ ਹੁਕਮਾਂ ਨੂੰ ਪੂਰਾ ਕਰੋਗੇ, ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ ।
9ਅਤੇ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੀ ਭਲਿਆਈ ਲਈ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਵਿੱਚ, ਅਤੇ ਤੁਹਾਡੇ ਸਰੀਰ ਦੇ ਫਲ, ਤੁਹਾਡੇ ਪਸ਼ੂਆਂ ਦੇ ਫਲ ਅਤੇ ਤੁਹਾਡੀ ਜ਼ਮੀਨ ਦੇ ਫਲ ਵਿੱਚ ਤੁਹਾਨੂੰ ਵਧਾਵੇਗਾ, ਕਿਉਂ ਜੋ ਯਹੋਵਾਹ ਤੁਹਾਡੇ ਉੱਤੇ ਭਲਿਆਈ ਲਈ ਖੁਸ਼ ਹੋਵੇਗਾ, ਜਿਵੇਂ ਉਹ ਤੁਹਾਡੇ ਪਿਉ-ਦਾਦਿਆਂ ਉੱਤੇ ਖੁਸ਼ ਸੀ ।10ਗੱਲ ਇਹ ਹੈ ਕਿ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨੂੰ ਸੁਣ ਕੇ ਉਸ ਦੇ ਸਾਰੇ ਹੁਕਮਾਂ ਤੇ ਬਿਧੀਆਂ ਦੀ ਪਾਲਨਾ ਕਰੋ, ਜਿਹੜੀਆਂ ਬਿਵਸਥਾ ਦੀ ਇਸ ਪੁਸਤਕ ਵਿੱਚ ਲਿਖੀਆਂ ਹੋਈਆਂ ਹਨ ਅਤੇ ਤੁਸੀਂ ਆਪਣੇ ਸਾਰੇ ਮਨ ਅਤੇ ਆਪਣੀ ਸਾਰੀ ਜਾਨ ਨਾਲ ਯਹੋਵਾਹ ਆਪਣੇ ਪਰਮੇਸ਼ੁਰ ਵੱਲ ਮੁੜੋ ।

11ਵੇਖੋ, ਇਹ ਹੁਕਮ ਜਿਹੜਾ ਮੈਂ ਅੱਜ ਤੁਹਾਨੂੰ ਦਿੰਦਾ ਹਾਂ, ਨਾ ਤਾਂ ਇਹ ਤੁਹਾਡੇ ਲਈ ਬਹੁਤਾ ਔਖਾ ਹੈ ਅਤੇ ਨਾ ਹੀ ਤੁਹਾਡੇ ਤੋਂ ਬਹੁਤ ਦੂਰ ਹੈ ।12ਨਾ ਤਾਂ ਇਹ ਅਕਾਸ਼ ਉੱਤੇ ਹੈ ਜੋ ਤੁਸੀਂ ਆਖੋ, "ਭਲਾ, ਅਕਾਸ਼ ਉੱਤੇ ਸਾਡੇ ਲਈ ਕੌਣ ਚੜ੍ਹੇ ਅਤੇ ਉਸ ਨੂੰ ਸਾਡੇ ਕੋਲ ਲਿਆਵੇ ਅਤੇ ਸਾਨੂੰ ਸੁਣਾਵੇ ਤਾਂ ਜੋ ਉਸ ਨੂੰ ਪੂਰਾ ਕਰੀਏ ? "
13ਨਾ ਹੀ ਉਹ ਸਮੁੰਦਰ ਪਾਰ ਹੈ ਜੋ ਤੁਸੀਂ ਆਖੋ, "ਸਾਡੇ ਲਈ ਕੌਣ ਸਮੁੰਦਰ ਤੋਂ ਪਾਰ ਜਾਵੇ ਅਤੇ ਉਸ ਨੂੰ ਸਾਡੇ ਲਈ ਲਿਆਵੇ ਅਤੇ ਸਾਨੂੰ ਸੁਣਾਵੇ ਤਾਂ ਜੋ ਉਸ ਨੂੰ ਪੂਰਾ ਕਰੀਏ ? "14ਪਰ ਇਹ ਬਾਣੀ ਤੁਹਾਡੇ ਬਹੁਤ ਨਜ਼ਦੀਕ ਹੈ ਸਗੋਂ ਤੁਹਾਡੇ ਮੂੰਹ ਵਿੱਚ ਅਤੇ ਤੁਹਾਡੇ ਮਨ ਵਿੱਚ ਹੈ, ਤਾਂ ਜੋ ਤੁਸੀਂ ਉਸ ਨੂੰ ਪੂਰਾ ਕਰੋ ।

15ਵੇਖੋ, ਮੈਂ ਅੱਜ ਤੁਹਾਡੇ ਸਾਹਮਣੇ ਜੀਵਨ ਅਤੇ ਭਲਿਆਈ, ਮੌਤ ਅਤੇ ਬੁਰਿਆਈ ਰੱਖ ਦਿੱਤੀ ਹੈ ।16ਕਿਉਂਕਿ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ ਕਿ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਪ੍ਰੇਮ ਰੱਖੋ, ਉਸ ਦੇ ਮਾਰਗਾਂ ਉੱਤੇ ਚਲੋ ਅਤੇ ਉਸ ਦੇ ਹੁਕਮਾਂ, ਬਿਧੀਆਂ ਅਤੇ ਕਨੂੰਨਾਂ ਦੀ ਪਾਲਨਾ ਕਰੋ ਤਾਂ ਜੋ ਤੁਸੀਂ ਜੀਉਂਦੇ ਰਹੋ ਅਤੇ ਵਧੋ ਅਤੇ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਉਸ ਦੇਸ਼ ਵਿੱਚ ਜਿਸ ਉੱਤੇ ਅਧਿਕਾਰ ਕਰਨ ਲਈ ਤੁਸੀਂ ਜਾਂਦੇ ਹੋ, ਤੁਹਾਨੂੰ ਬਰਕਤ ਦੇਵੇ ।
17ਪਰ ਜੇਕਰ ਤੁਹਾਡਾ ਮਨ ਫਿਰ ਜਾਵੇ ਅਤੇ ਤੁਸੀਂ ਨਾ ਸੁਣੋ ਪਰ ਤੁਸੀਂ ਭਟਕ ਕੇ ਦੂਜੇ ਦੇਵਤਿਆਂ ਦੇ ਅੱਗੇ ਮੱਥਾ ਟੇਕਦੇ ਫਿਰੋ ਅਤੇ ਉਹਨਾਂ ਦੀ ਪੂਜਾ ਕਰੋ18ਤਾਂ ਮੈਂ ਤੁਹਾਨੂੰ ਅੱਜ ਦੱਸ ਦਿੰਦਾ ਹਾਂ ਕਿ ਤੁਸੀਂ ਜ਼ਰੂਰ ਹੀ ਨਾਸ਼ ਹੋ ਜਾਓਗੇ । ਤੁਸੀਂ ਉਸ ਦੇਸ਼ ਵਿੱਚ ਬਹੁਤ ਦਿਨਾਂ ਤੱਕ ਨਹੀਂ ਰਹਿ ਸਕੋਗੇ ਜਿਸ ਉੱਤੇ ਅਧਿਕਾਰ ਕਰਨ ਲਈ ਤੁਸੀਂ ਯਰਦਨ ਪਾਰ ਜਾਂਦੇ ਹੋ ।
19ਮੈਂ ਅੱਜ ਅਕਾਸ਼ ਅਤੇ ਧਰਤੀ ਨੂੰ ਤੁਹਾਡੇ ਵਿਰੁੱਧ ਗਵਾਹ ਬਣਾਉਂਦਾ ਹਾਂ ਕਿ ਮੈਂ ਤੁਹਾਡੇ ਅੱਗੇ ਜੀਵਨ ਅਤੇ ਮੌਤ, ਬਰਕਤ ਅਤੇ ਸਰਾਪ ਰੱਖਿਆ ਹੈ । ਇਸ ਲਈ ਜੀਵਨ ਨੂੰ ਚੁਣੋ ਤਾਂ ਜੋ ਤੁਸੀਂ ਅਤੇ ਤੁਹਾਡਾ ਵੰਸ਼ ਜੀਉਂਦਾ ਰਹੇ ।20ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਪ੍ਰੇਮ ਰੱਖੋ, ਉਸ ਦੀ ਅਵਾਜ਼ ਸੁਣੋ ਅਤੇ ਉਸ ਦੇ ਨਾਲ-ਨਾਲ ਲੱਗੇ ਰਹੋ ਕਿਉਂ ਜੋ ਉਹ ਹੀ ਤੁਹਾਡਾ ਜੀਵਨ ਅਤੇ ਤੁਹਾਡੀ ਲੰਮੀ ਉਮਰ ਹੈ, ਤਾਂ ਜੋ ਤੁਸੀਂ ਉਸ ਦੇਸ਼ ਵਿੱਚ ਵੱਸੇ ਰਹੋ ਜਿਸ ਨੂੰ ਦੇਣ ਦੀ ਯਹੋਵਾਹ ਨੇ ਤੁਹਾਡੇ ਪਿਉ-ਦਾਦਿਆਂ ਅਰਥਾਤ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਸਹੁੰ ਖਾਧੀ ਸੀ ।

31
ਯਹੋਸ਼ੁਆ ਦਾ ਚੁਣਿਆ ਜਾਣਾ

1ਮੂਸਾ ਨੇ ਜਾ ਕੇ ਸਾਰੇ ਇਸਰਾਏਲ ਨਾਲ ਇਹ ਗੱਲਾਂ ਕੀਤੀਆਂ2ਅਤੇ ਉਸ ਨੇ ਉਨ੍ਹਾਂ ਨੂੰ ਆਖਿਆ, "ਅੱਜ ਮੈਂ ਇੱਕ ਸੌ ਵੀਹ ਸਾਲਾਂ ਦਾ ਹਾਂ । ਮੈਂ ਹੁਣ ਹੋਰ ਅੰਦਰ-ਬਾਹਰ ਆ ਜਾ ਨਹੀਂ ਸਕਦਾ ਅਤੇ ਯਹੋਵਾਹ ਨੇ ਮੈਨੂੰ ਆਖਿਆ ਹੈ ਕਿ ਤੂੰ ਇਸ ਯਰਦਨ ਤੋਂ ਪਾਰ ਨਹੀਂ ਜਾਵੇਂਗਾ ।3ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਅੱਗੇ-ਅੱਗੇ ਜਾਵੇਗਾ ਅਤੇ ਇਨ੍ਹਾਂ ਕੌਮਾਂ ਨੂੰ ਤੁਹਾਡੇ ਅੱਗਿਓਂ ਮਿਟਾ ਦੇਵੇਗਾ, ਅਤੇ ਤੁਸੀਂ ਉਹਨਾਂ ਉੱਤੇ ਅਧਿਕਾਰ ਕਰੋਗੇ । ਯਹੋਸ਼ੁਆ ਤੁਹਾਡੇ ਅੱਗੇ-ਅੱਗੇ ਪਾਰ ਜਾਵੇਗਾ ਜਿਵੇਂ ਯਹੋਵਾਹ ਨੇ ਆਖਿਆ ਹੈ ।

4ਯਹੋਵਾਹ ਉਹਨਾਂ ਨਾਲ ਉਸੇ ਤਰ੍ਹਾਂ ਹੀ ਕਰੇਗਾ ਜਿਵੇਂ ਉਸ ਨੇ ਅਮੋਰੀਆਂ ਦੇ ਰਾਜਿਆਂ ਸੀਹੋਨ ਅਤੇ ਓਗ ਨਾਲ ਅਤੇ ਉਹਨਾਂ ਦੇ ਦੇਸ਼ ਨਾਲ ਕੀਤਾ ਸੀ, ਜਿਨ੍ਹਾਂ ਨੂੰ ਉਸ ਨੇ ਮਿਟਾ ਦਿੱਤਾ ।5ਜਦ ਯਹੋਵਾਹ ਉਹਨਾਂ ਨੂੰ ਤੁਹਾਡੇ ਅੱਗੇ ਹਰਾ ਦੇਵੇਗਾ ਤਦ ਤੁਸੀਂ ਉਹਨਾਂ ਨਾਲ ਉਸ ਸਾਰੇ ਹੁਕਮ ਦੇ ਅਨੁਸਾਰ ਕਰਿਓ, ਜਿਹੜਾ ਮੈਂ ਤੁਹਾਨੂੰ ਦਿੱਤਾ ਸੀ ।6ਤਕੜੇ ਹੋਵੋ, ਹੌਂਸਲਾ ਰੱਖੋ, ਉਹਨਾਂ ਤੋਂ ਨਾ ਡਰੋ ਅਤੇ ਨਾ ਕੰਬੋ ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਨਾਲ-ਨਾਲ ਜਾਂਦਾ ਹੈ ! ਉਹ ਨਾ ਤਾਂ ਤੁਹਾਨੂੰ ਛੱਡੇਗਾ ਅਤੇ ਨਾ ਤੁਹਾਨੂੰ ਤਿਆਗੇਗਾ । "

7ਤਦ ਮੂਸਾ ਨੇ ਸਾਰੇ ਇਸਰਾਏਲ ਦੇ ਵੇਖਦਿਆਂ ਯਹੋਸ਼ੁਆ ਨੂੰ ਸੱਦ ਕੇ ਆਖਿਆ, "ਤਕੜਾ ਹੋ ਅਤੇ ਹੌਂਸਲਾ ਰੱਖ, ਕਿਉਂ ਜੋ ਤੂੰ ਇਸ ਪਰਜਾ ਨਾਲ ਉਸ ਦੇਸ਼ ਵਿੱਚ ਜਾਵੇਂਗਾ, ਜਿਸ ਨੂੰ ਦੇਣ ਦੀ ਯਹੋਵਾਹ ਨੇ ਉਨ੍ਹਾਂ ਦੇ ਪਿਉ-ਦਾਦਿਆਂ ਨਾਲ ਸਹੁੰ ਖਾਧੀ ਸੀ ਅਤੇ ਤੂੰ ਇਨ੍ਹਾਂ ਨੂੰ ਉਸ ਦੇਸ਼ ਦਾ ਅਧਿਕਾਰੀ ਬਣਾਵੇਂਗਾ ।8ਯਹੋਵਾਹ ਆਪ ਤੇਰੇ ਅੱਗੇ-ਅੱਗੇ ਜਾਵੇਗਾ । ਉਹ ਤੇਰੇ ਨਾਲ ਹੋਵੇਗਾ, ਉਹ ਨਾ ਤਾਂ ਤੈਨੂੰ ਛੱਡੇਗਾ ਅਤੇ ਨਾ ਤਿਆਗੇਗਾ । ਇਸ ਲਈ ਨਾ ਡਰ ਅਤੇ ਨਾ ਘਬਰਾ !"
ਹਰੇਕ ਸੱਤਵੇਂ ਸਾਲ ਬਿਵਸਥਾ ਦਾ ਪੜ੍ਹਿਆ ਜਾਣਾ

9ਤਦ ਮੂਸਾ ਨੇ ਇਸ ਬਿਵਸਥਾ ਨੂੰ ਲਿਖ ਕੇ ਲੇਵੀ ਜਾਜਕਾਂ ਨੂੰ ਜਿਹੜੇ ਯਹੋਵਾਹ ਦੇ ਨੇਮ ਦਾ ਸੰਦੂਕ ਚੁੱਕਦੇ ਸਨ, ਅਤੇ ਇਸਰਾਏਲ ਦੇ ਸਾਰੇ ਬਜ਼ੁਰਗਾਂ ਨੂੰ ਸੌਂਪ ਦਿੱਤੀ ।10ਤਦ ਮੂਸਾ ਨੇ ਇਹ ਆਖ ਕੇ ਉਨ੍ਹਾਂ ਨੂੰ ਹੁਕਮ ਦਿੱਤਾ, "ਸੱਤ-ਸੱਤ ਸਾਲਾਂ ਦੇ ਅੰਤ ਵਿੱਚ ਅਰਥਾਤ ਛੁਟਕਾਰੇ ਦੇ ਠਹਿਰਾਏ ਹੋਏ ਸਮੇਂ ਉੱਤੇ ਡੇਰਿਆਂ ਦੇ ਪਰਬ ਵਿੱਚ,11ਜਦ ਸਾਰਾ ਇਸਰਾਏਲ ਆ ਕੇ, ਯਹੋਵਾਹ ਤੁਹਾਡੇ ਪਰਮੇਸ਼ੁਰ ਦੇ ਸਨਮੁਖ ਉਸ ਸਥਾਨ ਉੱਤੇ ਹਾਜ਼ਰ ਹੋਵੇ ਜਿਹੜਾ ਉਹ ਚੁਣੇਗਾ, ਤਦ ਤੁਸੀਂ ਸਾਰੇ ਇਸਰਾਏਲ ਦੇ ਸੁਣਦਿਆਂ ਉਨ੍ਹਾਂ ਦੇ ਅੱਗੇ ਇਸ ਬਿਵਸਥਾ ਨੂੰ ਪੜ੍ਹ ਦੇ ਸੁਣਾਇਓ ।
12ਸਾਰੀ ਪਰਜਾ ਨੂੰ ਇੱਕਠਾ ਕਰਿਓ, ਭਾਵੇਂ ਪੁਰਖ, ਭਾਵੇਂ ਇਸਤਰੀਆਂ, ਭਾਵੇਂ ਬੱਚੇ, ਭਾਵੇਂ ਪਰਦੇਸੀ ਜਿਹੜੇ ਤੁਹਾਡੇ ਫਾਟਕਾਂ ਦੇ ਅੰਦਰ ਹੋਣ, ਤਾਂ ਜੋ ਉਹ ਸੁਣਨ ਅਤੇ ਸਿੱਖਣ ਅਤੇ ਯਹੋਵਾਹ ਤੁਹਾਡੇ ਪਰਮੇਸ਼ੁਰ ਤੋਂ ਡਰਨ ਅਤੇ ਇਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ,13ਅਤੇ ਉਨ੍ਹਾਂ ਦੇ ਬੱਚੇ ਜਿਨ੍ਹਾਂ ਨੇ ਇਹ ਗੱਲਾਂ ਨਹੀਂ ਸੁਣੀਆਂ, ਉਹ ਵੀ ਸੁਣਨ ਅਤੇ ਯਹੋਵਾਹ ਤੁਹਾਡੇ ਪਰਮੇਸ਼ੁਰ ਤੋਂ ਡਰਨਾ ਸਿੱਖਣ, ਜਦ ਤੱਕ ਤੁਸੀਂ ਉਸ ਭੂਮੀ ਉੱਤੇ ਜੀਉਂਦੇ ਰਹੋ, ਜਿਸ ਉੱਤੇ ਅਧਿਕਾਰ ਕਰਨ ਲਈ ਤੁਸੀਂ ਯਰਦਨ ਪਾਰ ਜਾ ਰਹੇ ਹੋ । "
ਪਰਮੇਸ਼ੁਰ ਦੁਆਰਾ ਮੂਸਾ ਅਤੇ ਯਹੋਸ਼ੁਆ ਨੂੰ ਬੁਲਾਇਆ ਜਾਣਾ

14ਤਦ ਯਹੋਵਾਹ ਨੇ ਮੂਸਾ ਨੂੰ ਆਖਿਆ, "ਵੇਖ, ਤੇਰੀ ਮੌਤ ਦੇ ਦਿਨ ਨੇੜੇ ਆ ਗਏ ਹਨ । ਯਹੋਸ਼ੁਆ ਨੂੰ ਸੱਦ ਅਤੇ ਤੁਸੀਂ ਮੰਡਲੀ ਦੇ ਤੰਬੂ ਵਿੱਚ ਹਾਜ਼ਰ ਹੋਵੇ ਤਾਂ ਜੋ ਮੈਂ ਉਸ ਨੂੰ ਹੁਕਮ ਦੇਵਾਂ । " ਤਦ ਮੂਸਾ ਅਤੇ ਯਹੋਸ਼ੁਆ ਨੇ ਆਪਣੇ ਆਪ ਨੂੰ ਮੰਡਲੀ ਦੇ ਤੰਬੂ ਵਿੱਚ ਹਾਜ਼ਰ ਕੀਤਾ ।15ਤਦ ਯਹੋਵਾਹ ਨੇ ਤੰਬੂ ਵਿਚ ਬੱਦਲ ਦੇ ਥੰਮ੍ਹ ਵਿੱਚ ਹੋ ਕੇ ਦਰਸ਼ਣ ਦਿੱਤਾ ਅਤੇ ਉਹ ਬੱਦਲ ਦਾ ਥੰਮ੍ਹ ਤੰਬੂ ਦੇ ਦਰਵਾਜ਼ੇ ਉੱਤੇ ਠਹਿਰ ਗਿਆ ।

16ਤਦ ਯਹੋਵਾਹ ਨੇ ਮੂਸਾ ਨੂੰ ਆਖਿਆ, "ਵੇਖ, ਤੂੰ ਆਪਣੇ ਪਿਉ-ਦਾਦਿਆਂ ਨਾਲ ਸੌਂ ਜਾਣ ਵਾਲਾ ਹੈ ਅਤੇ ਇਹ ਪਰਜਾ ਉੱਠ ਕੇ ਉਸ ਦੇਸ਼ ਦੇ ਪਰਾਏ ਦੇਵਤਿਆਂ ਦੇ ਪਿੱਛੇ, ਜਿਨ੍ਹਾਂ ਦੇ ਵਿੱਚ ਰਹਿਣ ਨੂੰ ਇਹ ਜਾਂਦੀ ਹੈ, ਹਰਾਮਕਾਰੀ ਕਰੇਗੀ ਅਤੇ ਮੈਨੂੰ ਤਿਆਗ ਕੇ ਮੇਰੇ ਨੇਮ ਨੂੰ ਜਿਹੜਾ ਮੈਂ ਉਨ੍ਹਾਂ ਨਾਲ ਬੰਨ੍ਹਿਆ ਸੀ, ਭੰਗ ਕਰੇਗੀ ।
17ਉਸ ਸਮੇਂ ਮੇਰਾ ਕ੍ਰੋਧ ਇਨ੍ਹਾਂ ਉੱਤੇ ਭੜਕ ਉੱਠੇਗਾ । ਮੈਂ ਇਨ੍ਹਾਂ ਨੂੰ ਤਿਆਗ ਦਿਆਂਗਾ ਅਤੇ ਆਪਣਾ ਮੂੰਹ ਇਨ੍ਹਾਂ ਤੋਂ ਲੁਕਾ ਲਵਾਂਗਾ ਅਤੇ ਇਹ ਨਿਗਲ ਲਏ ਜਾਣਗੇ, ਅਤੇ ਇਨ੍ਹਾਂ ਉੱਤੇ ਬਹੁਤ ਸਾਰੀਆਂ ਬੁਰਿਆਈਆਂ ਅਤੇ ਬਿਪਤਾਂ ਆ ਪੈਣਗੀਆਂ, ਇੱਥੋਂ ਤੱਕ ਕਿ ਇਹ ਉਸ ਦਿਨ ਆਖਣਗੇ, 'ਕੀ ਇਨ੍ਹਾਂ ਬੁਰਿਆਈਆਂ ਦਾ ਸਾਡੇ ਉੱਤੇ ਆਉਣ ਦਾ ਕਾਰਨ ਇਹ ਨਹੀਂ ਹੈ ਕਿ ਸਾਡਾ ਪਰਮੇਸ਼ੁਰ ਸਾਡੇ ਵਿਚਕਾਰ ਨਹੀਂ ਹੈ ? '18ਉਸ ਸਮੇਂ ਮੈਂ ਵੀ ਉਨ੍ਹਾਂ ਸਾਰੀਆਂ ਬੁਰਿਆਈਆਂ ਦੇ ਕਾਰਨ ਜਿਹੜੀ ਇਹ ਪਰਾਏ ਦੇਵਤਿਆਂ ਦੇ ਵੱਲ ਮੁੜ ਕੇ ਕਰਨਗੇ, ਆਪਣਾ ਮੂੰਹ ਉਨ੍ਹਾਂ ਤੋਂ ਲੁਕਾ ਲਵਾਂਗਾ ।
19ਇਸ ਲਈ ਹੁਣ ਤੁਸੀਂ ਆਪਣੇ ਲਈ ਇਹ ਗੀਤ ਲਿਖ ਲਓ ਅਤੇ ਇਸਰਾਏਲੀਆਂ ਨੂੰ ਜ਼ੁਬਾਨੀ ਸਿਖਾਓ ਤਾਂ ਜੋ ਇਹ ਗੀਤ ਇਸਰਾਏਲੀਆਂ ਦੇ ਵਿਰੁੱਧ ਮੇਰੇ ਲਈ ਗਵਾਹ ਹੋਵੇਗਾ ।20ਜਦ ਮੈਂ ਇਨ੍ਹਾਂ ਨੂੰ ਉਸ ਦੇਸ਼ ਵਿੱਚ ਪਹੁੰਚਾ ਦੇਵਾਂਗਾ ਜਿਸ ਨੂੰ ਦੇਣ ਦੀ ਮੈਂ ਉਨ੍ਹਾਂ ਦੇ ਪਿਉ-ਦਾਦਿਆਂ ਨਾਲ ਸਹੁੰ ਖਾਧੀ ਸੀ, ਜਿੱਥੇ ਦੁੱਧ ਅਤੇ ਸ਼ਹਿਦ ਵੱਗਦਾ ਹੈ ਅਤੇ ਇਹ ਖਾ-ਖਾ ਕੇ ਰੱਜ ਜਾਣਗੇ ਅਤੇ ਮੋਟੇ ਹੋ ਗਏ ਹੋਣਗੇ ਤਦ ਇਹ ਪਰਾਏ ਦੇਵਤਿਆਂ ਵੱਲ ਮੁੜ ਕੇ ਉਹਨਾਂ ਦੀ ਪੂਜਾ ਕਰਨਗੇ ਅਤੇ ਮੈਨੂੰ ਛੱਡ ਦੇਣਗੇ ਅਤੇ ਮੇਰਾ ਨੇਮ ਭੰਗ ਕਰ ਸੁੱਟਣਗੇ ।
21ਅਜਿਹਾ ਹੋਵੇਗਾ ਕਿ ਜਦ ਬਹੁਤ ਸਾਰੀਆਂ ਬੁਰਿਆਈਆਂ ਅਤੇ ਬਿਪਤਾਂ ਇਨ੍ਹਾਂ ਉੱਤੇ ਆ ਪੈਣਗੀਆਂ ਤਾਂ ਇਹ ਗੀਤ ਇਨ੍ਹਾਂ ਦੇ ਅੱਗੇ ਸਾਖੀ ਲਈ ਗਵਾਹ ਹੋਵੇਗਾ ਕਿਉਂ ਜੋ ਇਨ੍ਹਾਂ ਦੇ ਸੰਤਾਨ ਇਸ ਨੂੰ ਕਦੇ ਨਹੀਂ ਭੁੱਲੇਗੀ । ਕਿਉਂ ਜੋ ਅਜੇ ਜਦ ਕਿ ਮੈਂ ਇਨ੍ਹਾਂ ਨੂੰ ਉਸ ਦੇਸ਼ ਵਿੱਚ ਨਹੀਂ ਪਹੁੰਚਾਇਆ ਹੈ ਜਿਸ ਨੂੰ ਦੇਣ ਦੀ ਮੈਂ ਸਹੁੰ ਖਾਧੀ ਸੀ, ਮੈਂ ਜਾਣਦਾ ਹਾਂ ਕਿ ਉਹ ਕੀ-ਕੀ ਯੋਜਨਾ ਬਣਾਉਂਦੇ ਹਨ । "

22ਤਦ ਮੂਸਾ ਨੇ ਉਸੇ ਦਿਨ ਇਹ ਗੀਤ ਲਿਖਿਆ ਅਤੇ ਇਸਰਾਏਲੀਆਂ ਨੂੰ ਸਿਖਾਇਆ ।23ਉਸ ਨੇ ਨੂਨ ਦੇ ਪੁੱਤਰ ਯਹੋਸ਼ੁਆ ਨੂੰ ਇਹ ਆਖ ਕੇ ਹੁਕਮ ਦਿੱਤਾ, "ਤਕੜਾ ਹੋ ਅਤੇ ਹੌਂਸਲਾ ਰੱਖ, ਕਿਉਂ ਜੋ ਤੂੰ ਇਸਰਾਏਲੀਆਂ ਨੂੰ ਉਸ ਦੇਸ਼ ਵਿੱਚ ਲੈ ਜਾਵੇਂਗਾ ਜਿਸ ਨੂੰ ਦੇਣ ਦੀ ਮੈਂ ਉਨ੍ਹਾਂ ਨਾਲ ਸਹੁੰ ਖਾਧੀ ਸੀ ਅਤੇ ਮੈਂ ਤੇਰੇ ਨਾਲ ਹੋਵਾਂਗਾ । "

24ਜਦ ਮੂਸਾ ਇਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਨੂੰ ਪੁਸਤਕ ਵਿੱਚ ਲਿਖ ਚੁੱਕਿਆ,25ਤਦ ਮੂਸਾ ਨੇ ਲੇਵੀਆਂ ਨੂੰ ਜਿਹੜੇ ਯਹੋਵਾਹ ਦੇ ਨੇਮ ਦਾ ਸੰਦੂਕ ਚੁੱਕਦੇ ਸਨ, ਹੁਕਮ ਦਿੱਤਾ,26"ਬਿਵਸਥਾ ਦੀ ਇਸ ਪੁਸਤਕ ਨੂੰ ਲੈ ਕੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਨੇਮ ਦੇ ਸੰਦੂਕ ਦੇ ਇੱਕ ਪਾਸੇ ਰੱਖ ਦਿਓ, ਤਾਂ ਜੋ ਇਹ ਉੱਥੇ ਤੁਹਾਡੇ ਵਿਰੁੱਧ ਸਾਖੀ ਹੋਵੇ ।
27ਕਿਉਂ ਜੋ ਮੈਂ ਤੁਹਾਡੇ ਢੀਠਪੁਣੇ ਅਤੇ ਤੁਹਾਡੀ ਆਕੜੀ ਧੌਣ ਨੂੰ ਜਾਣਦਾ ਹਾਂ । ਵੇਖੋ, ਅੱਜ ਤੱਕ ਜਦ ਕਿ ਮੈਂ ਜੀਉਂਦਾ ਅਤੇ ਤੁਹਾਡੇ ਨਾਲ ਹਾਂ, ਤੁਸੀਂ ਯਹੋਵਾਹ ਦੇ ਵਿਰੁੱਧ ਆਕੀ ਰਹੇ ਹੋ ਤਾਂ ਮੇਰੀ ਮੌਤ ਤੋਂ ਬਾਅਦ ਕਿੰਨ੍ਹਾਂ ਵੱਧ ਨਾ ਕਰੋਗੇ ?28ਮੇਰੇ ਅੱਗੇ ਆਪਣੇ ਗੋਤਾਂ ਦੇ ਸਾਰੇ ਬਜ਼ੁਰਗਾਂ ਅਤੇ ਸਰਦਾਰਾਂ ਨੂੰ ਇਕੱਠਾ ਕਰੋ ਤਾਂ ਜੋ ਮੈਂ ਇਹ ਗੱਲਾਂ ਉਨ੍ਹਾਂ ਦੇ ਕੰਨਾਂ ਵਿੱਚ ਪਾਵਾਂ ਅਤੇ ਅਕਾਸ਼ ਅਤੇ ਧਰਤੀ ਨੂੰ ਉਨ੍ਹਾਂ ਦੇ ਵਿਰੁੱਧ ਗਵਾਹ ਬਣਾਵਾਂ,29ਕਿਉਂ ਜੋ ਮੈਂ ਜਾਣਦਾ ਹਾਂ ਕਿ ਮੇਰੀ ਮੌਤ ਤੋਂ ਬਾਅਦ ਤੁਸੀਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਹੀ ਵਿਗਾੜ ਲਓਗੇ ਅਤੇ ਉਸ ਮਾਰਗ ਤੋਂ ਮੁੜ ਜਾਓਗੇ ਜਿਸ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਸੀ, ਅਤੇ ਆਖਿਰੀ ਦਿਨਾਂ ਵਿੱਚ ਬੁਰਿਆਈ ਤੁਹਾਡੇ ਉੱਤੇ ਆ ਪਵੇਗੀ ਕਿਉਂ ਜੋ ਤੁਸੀਂ ਉਹ ਕਰੋਗੇ ਜੋ ਯਹੋਵਾਹ ਦੀ ਨਿਗਾਹ ਵਿੱਚ ਬੁਰਾ ਹੈ ਅਤੇ ਤੁਸੀਂ ਆਪਣੇ ਹੱਥਾਂ ਦੇ ਕੰਮਾਂ ਨਾਲ ਉਹ ਨੂੰ ਕ੍ਰੋਧਵਾਨ ਬਣਾਉਗੇ । "

30ਤਦ ਮੂਸਾ ਨੇ ਇਸਰਾਏਲ ਦੀ ਸਾਰੀ ਸਭਾ ਦੇ ਕੰਨਾਂ ਵਿੱਚ ਇਸ ਗੀਤ ਦੀਆਂ ਤੁਕਾਂ ਸ਼ੁਰੂ ਤੋਂ ਅੰਤ ਤੱਕ ਪਾਈਆਂ ।

32
ਮੂਸਾ ਦਾ ਗੀਤ

1ਹੇ ਅਕਾਸ਼, ਕੰਨ ਲਾ ਅਤੇ ਮੈਂ ਬੋਲਾਂਗਾ,

ਹੇ ਧਰਤੀ, ਮੇਰੇ ਮੂੰਹ ਦੇ ਬਚਨ ਸੁਣ ।
2ਮੇਰਾ ਉਪਦੇਸ਼ ਮੀਂਹ ਵਾਂਗੂੰ ਵਰਹੇਗਾ,
ਮੇਰਾ ਬੋਲ ਤ੍ਰੇਲ ਵਾਂਗੂੰ ਪਵੇਗਾ,
ਜਿਵੇਂ ਕੂਲੇ-ਕੂਲੇ ਘਾਹ ਉੱਤੇ ਫੁਹਾਰ,
ਸਾਗ ਪੱਤ ਉੱਤੇ ਝੜੀਆਂ ।

3ਮੈਂ ਤਾਂ ਯਹੋਵਾਹ ਦੇ ਨਾਮ ਦਾ ਪ੍ਰਚਾਰ ਕਰਾਂਗਾ,
ਸਾਡੇ ਪਰਮੇਸ਼ੁਰ ਦੀ ਮਹਾਨਤਾ ਨੂੰ ਮੰਨੋ ।
4ਉਹ ਚੱਟਾਨ ਹੈ, ਉਸ ਦੇ ਕੰਮ ਸਿੱਧ ਹਨ,
ਕਿਉਂ ਜੋ ਉਸ ਦੇ ਸਾਰੇ ਮਾਰਗ ਨਿਆਂ ਦੇ ਹਨ ।
ਉਹ ਸਚਿਆਈ ਦਾ ਪਰਮੇਸ਼ੁਰ ਹੈ,
ਉਸ ਵਿੱਚ ਬੁਰਿਆਈ ਹੈ ਨਹੀਂ,
ਉਹ ਧਰਮੀ ਅਤੇ ਸੱਚਾ ਹੈ ।
5ਉਹ ਵਿਗੜ ਗਏ ਹਨ,
ਉਹ ਉਸ ਦੇ ਪੁੱਤਰ ਨਹੀਂ ਸਗੋਂ ਕਲੰਕੀ ਹਨ,
ਇਹ ਪੀੜ੍ਹੀ ਟੇਢੀ ਅਤੇ ਦੁਸ਼ਟ ਹੈ ।
6ਹੇ ਮੂਰਖ ਅਤੇ ਮੱਤਹੀਣ ਪਰਜਾ,
ਕੀ ਤੁਸੀਂ ਯਹੋਵਾਹ ਨੂੰ ਇਸ ਤਰ੍ਹਾਂ ਬਦਲਾ ਦਿੰਦੇ ਹੋ ?
ਕੀ ਉਹ ਤੇਰਾ ਪਿਤਾ ਨਹੀਂ ਜਿਸ ਨੇ ਤੈਨੂੰ ਮੁੱਲ ਲਿਆ,
ਉਸ ਨੇ ਤੈਨੂੰ ਬਣਾਇਆ ਅਤੇ ਕਾਇਮ ਕੀਤਾ ?
7ਪੁਰਾਣਿਆਂ ਦਿਨਾਂ ਨੂੰ ਯਾਦ ਕਰੋ,
ਪੀੜ੍ਹੀ-ਪੀੜ੍ਹੀ ਦੇ ਦਿਨਾਂ ਉੱਤੇ ਵਿਚਾਰ ਕਰੋ,
ਆਪਣੇ ਪਿਤਾ ਤੋਂ ਪੁੱਛੋ, ਉਹ ਤੈਨੂੰ ਦੱਸੇਗਾ,
ਆਪਣੇ ਬਜ਼ੁਰਗਾਂ ਤੋਂ, ਉਹ ਤੈਨੂੰ ਆਖਣਗੇ ।

8ਜਦ ਅੱਤ ਮਹਾਨ ਨੇ ਕੌਮਾਂ ਨੂੰ ਵਿਰਾਸਤ ਵੰਡੀ,
ਜਦ ਉਸ ਨੇ ਆਦਮ ਦੇ ਪੁੱਤਰਾਂ ਨੂੰ ਵੱਖ-ਵੱਖ ਕੀਤਾ,
ਤਦ ਉਸ ਨੇ ਉੱਮਤਾਂ ਦੀਆਂ ਹੱਦਾਂ,
ਇਸਰਾਏਲੀਆਂ ਦੀ ਗਿਣਤੀ ਦੇ ਅਨੁਸਾਰ ਬੰਨ੍ਹੀਆਂ,
9ਕਿਉਂ ਜੋ ਯਹੋਵਾਹ ਦਾ ਹਿੱਸਾ ਉਸ ਦੀ ਪਰਜਾ ਹੈ,
ਯਾਕੂਬ ਉਸ ਦੀ ਵਿਰਾਸਤ ਦਾ ਭਾਗ ਹੈ ।
10ਉਸ ਨੇ ਉਹ ਨੂੰ ਉਜਾੜ ਧਰਤੀ ਵਿੱਚੋਂ,
ਅਤੇ ਸੁੰਨਸਾਨ ਜੰਗਲ ਵਿੱਚੋਂ ਲੱਭਿਆ ।
ਉਸ ਨੇ ਉਹ ਨੂੰ ਘੇਰੇ ਵਿੱਚ ਲੈ ਲਿਆ ਅਤੇ ਉਹ ਦੀ ਖ਼ਬਰ ਲਈ,
ਅੱਖ ਦੀ ਕਾਕੀ ਵਾਂਗੂੰ ਉਸ ਨੇ ਉਹ ਦੀ ਰਾਖੀ ਕੀਤੀ ।
11ਜਿਸ ਤਰ੍ਹਾਂ ਉਕਾਬ ਆਪਣੇ ਆਲ੍ਹਣੇ ਨੂੰ ਹਿਲਾਉਂਦਾ,
ਅਤੇ ਆਪਣੇ ਬੱਚਿਆਂ ਉੱਤੇ ਫੜ ਫੜਾਉਂਦਾ ਹੈ,
ਉਸੇ ਤਰ੍ਹਾਂ ਉਸ ਨੇ ਆਪਣੇ ਪਰ ਫੈਲਾ ਕੇ ਉਨ੍ਹਾਂ ਨੂੰ ਲੈ ਲਿਆ,
ਉਸ ਨੇ ਆਪਣੇ ਖੰਭਾਂ ਉੱਤੇ ਉਨ੍ਹਾਂ ਨੂੰ ਚੁੱਕ ਲਿਆ,
12ਯਹੋਵਾਹ ਨੇ ਇਕੱਲੇ ਉਸ ਦੀ ਅਗਵਾਈ ਕੀਤੀ,
ਅਤੇ ਉਸ ਦੇ ਨਾਲ ਕੋਈ ਪਰਾਇਆ ਦੇਵਤਾ ਨਹੀਂ ਸੀ ।
13ਉਸ ਨੇ ਉਹ ਨੂੰ ਧਰਤੀ ਦੀਆਂ ਉੱਚਿਆਈਆਂ ਉੱਤੇ ਸਵਾਰ ਕੀਤਾ,
ਸੋ ਉਸ ਨੇ ਖੇਤ ਦੀ ਪੈਦਾਵਾਰ ਖਾਧੀ,
ਅਤੇ ਉਸ ਨੇ ਉਹ ਨੂੰ ਪੱਥਰ ਵਿੱਚੋਂ ਸ਼ਹਿਦ,
ਅਤੇ ਚਕਮਕ ਦੀ ਚੱਟਾਨ ਤੋਂ ਤੇਲ ਚੁਸਾਇਆ ।
14ਚੌਣੇ ਦਾ ਮੱਖਣ ਅਤੇ ਇੱਜੜ ਦਾ ਦੁੱਧ,
ਲੇਲਿਆਂ ਦੀ ਚਰਬੀ ਨਾਲ,
ਅਤੇ ਬਾਸ਼ਾਨ ਦੀ ਨਸਲ ਦੇ ਮੇਂਢੇ ਅਤੇ ਬੱਕਰੇ,
ਕਣਕ ਦੀ ਉੱਤਮ ਪੈਦਾਵਾਰ ਨਾਲ,
ਤੂੰ ਅੰਗੂਰੀ ਰਸ ਦੀ ਮਧ ਪੀਤੀ ।
15ਯਸ਼ੁਰੂਨ ਮੋਟਾ ਹੋ ਗਿਆ ਅਤੇ ਦੁਲੱਤੀ ਮਾਰਨ ਲੱਗਾ,
ਤੂੰ ਵੀ ਮੋਟਾ ਹੋ ਗਿਆ,
ਤੂੰ ਤਕੜਾ ਹੋ ਗਿਆ,
ਤੂੰ ਚਰਬੀ ਨਾਲ ਭਰ ਗਿਆ ਹੈਂ ।
ਤਦ ਉਸ ਨੇ ਆਪਣੇ ਸਿਰਜਣਹਾਰ ਪਰਮੇਸ਼ੁਰ ਨੂੰ ਤਿਆਗ ਦਿੱਤਾ,
ਅਤੇ ਆਪਣੀ ਮੁਕਤੀ ਦੀ ਚੱਟਾਨ ਨੂੰ ਹਲਕਾ ਜਾਣਿਆ ।
16ਉਨ੍ਹਾਂ ਨੇ ਪਰਾਏ ਦੇਵਤਿਆਂ ਨੂੰ ਮੰਨ ਕੇ ਉਸ ਨੂੰ ਈਰਖਾਲੂ ਬਣਾਇਆ,
ਘਿਣਾਉਣੇ ਕੰਮਾਂ ਕਰਕੇ ਉਸ ਨੂੰ ਗੁੱਸਾ ਦੁਆਇਆ ।
17ਉਨ੍ਹਾਂ ਨੇ ਭ੍ਰਿਸ਼ਟ ਆਤਮਾਂ ਅੱਗੇ, ਜਿਹੜੇ ਦੇਵਤੇ ਨਹੀਂ ਸਨ ਬਲੀਆਂ ਚੜ੍ਹਾਈਆਂ,
ਉਨ੍ਹਾਂ ਦੇਵਤਿਆਂ ਨੂੰ ਜਿਨ੍ਹਾਂ ਨੂੰ ਉਹ ਨਹੀਂ ਜਾਣਦੇ ਸਨ,
ਨਵੇਂ-ਨਵੇਂ ਦੇਵਤੇ ਜਿਹੜੇ ਹੁਣੇ ਨਿੱਕਲੇ ਸਨ,
ਜਿਨ੍ਹਾਂ ਤੋਂ ਤੁਹਾਡੇ ਪਿਉ-ਦਾਦੇ ਨਹੀਂ ਡਰੇ ।
18ਜਿਸ ਚੱਟਾਨ ਨੇ ਤੈਨੂੰ ਪੈਦਾ ਕੀਤਾ ਤੂੰ ਉਸ ਨੂੰ ਵਿਸਾਰ ਦਿੱਤਾ,
ਉਸ ਪਰਮੇਸ਼ੁਰ ਨੂੰ ਜਿਸ ਨੇ ਤੈਨੂੰ ਜਨਮ ਦਿੱਤਾ ਤੂੰ ਭੁੱਲ ਗਿਆ ।
19ਯਹੋਵਾਹ ਨੇ ਵੇਖਿਆ ਅਤੇ ਉਨ੍ਹਾਂ ਤੋਂ ਘਿਰਣਾ ਕੀਤੀ,
ਕਿਉਂਕਿ ਉਸ ਦੇ ਪੁੱਤਰਾਂ-ਧੀਆਂ ਨੇ ਉਸ ਨੂੰ ਉਕਸਾਇਆ ।
20ਤਦ ਉਸ ਨੇ ਆਖਿਆ, ਮੈਂ ਆਪਣਾ ਮੂੰਹ ਉਨ੍ਹਾਂ ਤੋਂ ਲੁਕਾ ਲਵਾਂਗਾ,
ਮੈਂ ਵੇਖਾਂਗਾ ਕਿ ਉਨ੍ਹਾਂ ਦਾ ਅੰਤ ਕੀ ਹੋਵੇਗਾ,
ਕਿਉਂ ਜੋ ਇਹ ਇੱਕ ਹਠੀਲੀ ਪੀੜ੍ਹੀ ਹੈ,
ਇਹ ਉਹ ਪੁੱਤਰ ਹਨ ਜਿਨ੍ਹਾਂ ਵਿੱਚ ਈਮਾਨ ਨਹੀਂ ਹੈ ।
21ਇਨ੍ਹਾਂ ਨੇ ਮੈਨੂੰ ਉਸ ਵਸਤੂ ਤੋਂ ਈਰਖਾਲੂ ਕੀਤਾ ਜੋ ਪਰਮੇਸ਼ੁਰ ਹੈ ਹੀ ਨਹੀਂ,
ਉਨ੍ਹਾਂ ਨੇ ਆਪਣੀਆਂ ਵਿਅਰਥ ਗੱਲਾਂ ਨਾਲ ਮੈਨੂੰ ਗੁੱਸੇ ਦੁਆਇਆ,
ਮੈਂ ਵੀ ਉਨ੍ਹਾਂ ਨੂੰ ਅਜਿਹੀ ਕੌਮ ਤੋਂ ਈਰਖਾ ਕਰਾਵਾਂਗਾ ਜੋ ਮੇਰੀ ਨਹੀਂ ਹੈ,
ਮੈਂ ਇੱਕ ਮੂਰਖ ਕੌਮ ਦੇ ਰਾਹੀਂ ਉਨ੍ਹਾਂ ਨੂੰ ਗੁੱਸਾ ਦੁਆਵਾਂਗਾ,
22ਕਿਉਂ ਜੋ ਮੇਰੇ ਕ੍ਰੋਧ ਦੀ ਅੱਗ ਭੜਕ ਉੱਠੀ ਹੈ,
ਜਿਹੜੀ ਸਭ ਤੋਂ ਹੇਠਲੇ ਪਤਾਲ ਤੱਕ ਬਲਦੀ ਜਾਂਦੀ ਹੈ,
ਅਤੇ ਧਰਤੀ ਨੂੰ ਉਸ ਦੀ ਪੈਦਾਵਾਰ ਸਮੇਤ ਭਸਮ ਕਰਦੀ ਜਾਂਦੀ ਹੈ,
ਸਗੋਂ ਪਹਾੜਾਂ ਦੀਆਂ ਨੀਹਾਂ ਨੂੰ ਅੱਗ ਲਾਉਂਦੀ ਹੈ ।
23ਮੈਂ ਉਨ੍ਹਾਂ ਉੱਤੇ ਬੁਰਿਆਈ ਦੇ ਢੇਰ ਲਾਵਾਂਗਾ,
ਮੈਂ ਆਪਣੇ ਤੀਰਾਂ ਨੂੰ ਉਨ੍ਹਾਂ ਉੱਤੇ ਮੁਕਾ ਦਿਆਂਗਾ ।
24ਉਹ ਭੁੱਖ ਨਾਲ ਢਲ ਜਾਣਗੇ,
ਉਹ ਤਿੱਖੀ ਗਰਮੀ ਅਤੇ ਭਿਆਨਕ ਰੋਗਾਂ ਨਾਲ ਭਸਮ ਹੋ ਜਾਣਗੇ,
ਅਤੇ ਮੈਂ ਉਨ੍ਹਾਂ ਉੱਤੇ ਜੰਗਲੀ ਜਾਨਵਰਾਂ ਦੇ ਦੰਦ ਚਲਾਵਾਂਗਾ,
ਅਤੇ ਮਿੱਟੀ ਉੱਤੇ ਘਿਸਰਨ ਵਾਲੇ ਸੱਪਾਂ ਦਾ ਜ਼ਹਿਰ ਛੱਡਾਂਗਾ ।
25ਬਾਹਰ ਤਲਵਾਰ ਨਾਲ ਮਰਨਗੇ,
ਅਤੇ ਕੋਠੜੀਆਂ ਵਿੱਚ ਡਰ ਹੋਵੇਗਾ,
ਜਿਸ ਨਾਲ ਜੁਆਨਾਂ ਅਤੇ ਕੁਆਰੀਆਂ ਦਾ,
ਅਤੇ ਦੁੱਧ ਚੁੰਘਦੇ ਬੱਚੇ ਅਤੇ ਧੌਲਿਆਂ ਵਾਲੇ ਮਨੁੱਖਾਂ ਦਾ ਵੀ ਨਾਸ਼ ਹੋ ਜਾਵੇਗਾ ।
26ਮੈਂ ਆਖਿਆ, ਮੈਂ ਉਨ੍ਹਾਂ ਨੂੰ ਦੂਰ-ਦੂਰ ਤੱਕ ਖਿਲਾਰ ਦਿਆਂਗਾ,
ਮੈਂ ਮਨੁੱਖਾਂ ਵਿੱਚੋਂ ਉਨ੍ਹਾਂ ਦੀ ਯਾਦ ਤੱਕ ਮਿਟਾ ਦਿਆਂਗਾ,
27ਪਰ ਮੈਨੂੰ ਵੈਰੀਆਂ ਦੀ ਛੇੜ-ਛਾੜ ਦਾ ਡਰ ਸੀ,
ਕਿਤੇ ਉਨ੍ਹਾਂ ਦੇ ਵੈਰੀ ਉਲਟਾ ਸਮਝਣ,
ਅਤੇ ਉਹ ਆਖਣ, ਸਾਡਾ ਹੱਥ ਉੱਚਾ ਰਿਹਾ,
ਅਤੇ ਯਹੋਵਾਹ ਨੇ ਇਹ ਸਭ ਕੁਝ ਨਹੀਂ ਕੀਤਾ ।

28ਇਹ ਤਾਂ ਇੱਕ ਨਿਰਬੁੱਧ ਕੌਮ ਹੈ,
ਇਹਨਾਂ ਵਿੱਚ ਕੋਈ ਸਮਝ ਨਹੀਂ ।
29ਭਲਾ ਹੁੰਦਾ ਕਿ ਉਹ ਬੁੱਧਵਾਨ ਹੁੰਦੇ ਅਤੇ ਇਸ ਗੱਲ ਨੂੰ ਸਮਝ ਲੈਂਦੇ,
ਅਤੇ ਆਪਣੇ ਅੰਤ ਨੂੰ ਵਿਚਾਰ ਲੈਂਦੇ,
30ਜੇ ਉਨ੍ਹਾਂ ਦੀ ਚੱਟਾਨ ਹੀ ਉਨ੍ਹਾਂ ਨੂੰ ਨਾ ਵੇਚ ਦਿੰਦੀ,
ਅਤੇ ਯਹੋਵਾਹ ਉਨ੍ਹਾਂ ਨੂੰ ਨਾ ਫੜ੍ਹਾ ਦਿੰਦਾ ?
ਤਾਂ ਕਿਵੇਂ ਹੋ ਸਕਦਾ ਸੀ ਕਿ ਇੱਕ ਜਣਾ ਹਜ਼ਾਰ ਦੇ ਪਿੱਛੇ ਪੈਂਦਾ,
ਅਤੇ ਦੋ ਜਣੇ ਦਸ ਹਜ਼ਾਰ ਨੂੰ ਭਜਾ ਸਕਦੇ,
31ਕਿਉਂਕਿ ਉਹਨਾਂ ਦੀ ਚੱਟਾਨ ਸਾਡੀ ਚੱਟਾਨ ਵਰਗੀ ਨਹੀਂ ਹੈ,
ਭਾਵੇਂ ਸਾਡੇ ਵੈਰੀ ਹੀ ਨਿਆਂ ਕਰਨ ।
32ਉਹਨਾਂ ਦੀ ਦਾਖ ਬੇਲ ਤਾਂ ਸਦੂਮ ਦੀ ਦਾਖ ਬੇਲ ਤੋਂ ਨਿੱਕਲੀ,
ਅਤੇ ਅਮੂਰਾਹ ਦੇ ਖੇਤਾਂ ਤੋਂ ਹੈ ।
ਉਸ ਦੇ ਅੰਗੂਰ ਜ਼ਹਿਰੀਲੇ ਅੰਗੂਰ ਹਨ,
ਉਸ ਦੇ ਗੁੱਛੇ ਕੌੜੇ ਹਨ ।
33ਉਹਨਾਂ ਦੀ ਮਧ ਨਾਗਾਂ ਦਾ ਜ਼ਹਿਰ ਹੈ,
ਅਤੇ ਸੱਪਾਂ ਦੀ ਤਿੱਖੀ ਵਿੱਸ ਹੈ ।

34ਕੀ ਇਹ ਗੱਲ ਮੇਰੇ ਮਨ ਵਿੱਚ,
ਅਤੇ ਮੋਹਰ ਲਾ ਕੇ ਮੇਰੇ ਭੰਡਾਰ ਵਿੱਚ ਰੱਖੀ ਹੋਈ ਨਹੀਂ ਹੈ ?
35ਬਦਲਾ ਦੇਣਾ ਅਤੇ ਬਦਲਾ ਲੈਣਾ ਮੇਰਾ ਕੰਮ ਹੈ,
ਇਹ ਉਸ ਵੇਲੇ ਪ੍ਰਗਟ ਹੋਵੇਗਾ ਜਦ ਉਹਨਾਂ ਦਾ ਪੈਰ ਤਿਲਕੇ,
ਕਿਉਂ ਜੋ ਉਹਨਾਂ ਦੀ ਬਿਪਤਾ ਦਾ ਦਿਨ ਨੇੜੇ ਹੈ,
ਅਤੇ ਉਹਨਾਂ ਦਾ ਵਿਨਾਸ਼ ਛੇਤੀ ਆ ਰਿਹਾ ਹੈ ।
36ਯਹੋਵਾਹ ਤਾਂ ਆਪਣੀ ਪਰਜਾ ਦਾ ਨਿਆਂ ਕਰੇਗਾ,
ਅਤੇ ਆਪਣੇ ਦਾਸਾਂ ਉੱਤੇ ਤਰਸ ਖਾਵੇਗਾ,
ਜਦ ਉਹ ਵੇਖੇਗਾ ਕਿ ਉਨ੍ਹਾਂ ਦਾ ਬਲ ਜਾਂਦਾ ਰਿਹਾ,
ਅਤੇ ਨਾ ਕੋਈ ਬੰਦੀ ਰਿਹਾ, ਨਾ ਕੋਈ ਖੁੱਲ੍ਹਾ ।
37ਤਦ ਉਹ ਆਖੇਗਾ, ਉਨ੍ਹਾਂ ਦੇ ਦੇਵਤੇ ਕਿੱਥੇ ਹਨ ?
ਅਤੇ ਉਹ ਚੱਟਾਨ ਜਿਸ ਵਿੱਚ ਉਹ ਪਨਾਹ ਲੈਂਦੇ ਸਨ ?
38ਜਿਹੜੇ ਉਨ੍ਹਾਂ ਦੀਆਂ ਬਲੀਆਂ ਦੀ ਚਰਬੀ ਖਾਂਦੇ ਸਨ,
ਅਤੇ ਉਨ੍ਹਾਂ ਦੇ ਪੀਣ ਦੀਆਂ ਭੇਟਾਂ ਦੀ ਮਧ ਪੀਂਦੇ ਸਨ ?
ਉਹ ਉੱਠਣ ਅਤੇ ਤੁਹਾਡੀ ਸਹਾਇਤਾ ਕਰਨ,
ਉਹ ਤੁਹਾਡੀ ਓਟ ਹੋਣ !
39ਹੁਣ ਵੇਖੋ ਕਿ ਮੈਂ ਹੀ ਉਹ ਹਾਂ,
ਅਤੇ ਮੇਰੇ ਬਿਨ੍ਹਾਂ ਹੋਰ ਕੋਈ ਪਰਮੇਸ਼ੁਰ ਨਹੀਂ,
ਮੈਂ ਹੀ ਮਾਰਦਾ ਹਾਂ ਅਤੇ ਮੈਂ ਹੀ ਜੀਉਂਦਾ ਕਰਦਾ ਹਾਂ,
ਮੈਂ ਹੀ ਜ਼ਖਮੀ ਕਰਦਾ ਹਾਂ ਅਤੇ ਮੈਂ ਹੀ ਚੰਗਾ ਕਰਦਾ ਹਾਂ,
ਅਤੇ ਕੋਈ ਨਹੀਂ ਹੈ ਜਿਹੜਾ ਮੇਰੇ ਹੱਥੋਂ ਛੁਡਾ ਸਕੇ,
40ਕਿਉਂ ਜੋ ਮੈਂ ਆਪਣਾ ਹੱਥ ਸੁਰਗ ਵੱਲ ਚੁੱਕਦਾ ਹਾਂ ਅਤੇ ਮੈਂ ਕਹਿੰਦਾ ਹਾਂ,
ਮੈਂ ਸਦੀਪਕਾਲ ਜੀਉਂਦਾ ਹਾਂ ।
41ਜੇ ਮੈਂ ਆਪਣੀ ਚਮਕਦੀ ਹੋਈ ਤਲਵਾਰ ਤੇਜ ਕਰਾਂ,
ਅਤੇ ਨਿਆਂ ਨੂੰ ਮੈਂ ਆਪਣੇ ਹੱਥ ਵਿੱਚ ਲਵਾਂ,
ਤਾਂ ਮੈਂ ਆਪਣੇ ਵੈਰੀਆਂ ਤੋਂ ਬਦਲਾ ਲਵਾਂਗਾ,
ਅਤੇ ਮੈਥੋਂ ਘਿਰਣਾ ਕਰਨ ਵਾਲਿਆਂ ਨੂੰ ਬਦਲਾ ਦਿਆਂਗਾ ।
42ਮੈਂ ਆਪਣੇ ਤੀਰਾਂ ਨੂੰ ਲਹੂ ਨਾਲ ਮਤਵਾਲੇ ਕਰਾਂਗਾ,
ਅਤੇ ਮੇਰੀ ਤਲਵਾਰ ਮਾਸ ਖਾਵੇਗੀ, ਉਹ ਲਹੂ ਵੱਢਿਆਂ ਹੋਇਆਂ ਅਤੇ ਬੰਦੀਆਂ ਦਾ,
ਅਤੇ ਉਹ ਮਾਸ ਵੈਰੀਆਂ ਦੇ ਆਗੂਆਂ ਦੇ ਸਿਰਾਂ ਦਾ ਹੋਵੇਗਾ ।

43ਹੇ ਕੌਮੋਂ, ਉਸ ਦੀ ਪਰਜਾ ਨਾਲ ਜੈਕਾਰਾ ਗਜਾਓ,
ਕਿਉਂ ਜੋ ਉਹ ਆਪਣੇ ਦਾਸਾਂ ਦੇ ਲਹੂ ਦਾ ਬਦਲਾ ਲਵੇਗਾ,
ਅਤੇ ਆਪਣੇ ਵੈਰੀਆਂ ਨੂੰ ਬਦਲਾ ਦੇਵੇਗਾ,
ਅਤੇ ਆਪਣੀ ਭੂਮੀ ਅਤੇ ਆਪਣੀ ਪਰਜਾ ਦੇ ਪਾਪ ਲਈ ਪਰਾਸਚਿਤ ਦੇਵੇਗਾ ।

44ਮੂਸਾ ਅਤੇ ਨੂਨ ਦੇ ਪੁੱਤਰ ਯਹੋਸ਼ੁਆ ਨੇ ਇਸ ਗੀਤ ਦੀਆਂ ਸਾਰੀਆਂ ਗੱਲਾਂ ਪਰਜਾ ਦੇ ਕੰਨਾਂ ਵਿੱਚ ਪਾਈਆਂ ।
ਮੂਸਾ ਦੇ ਆਖਰੀ ਨਿਰਦੇਸ਼

45ਜਦ ਮੂਸਾ ਇਹ ਸਾਰੀਆਂ ਗੱਲਾਂ ਸਾਰੇ ਇਸਰਾਏਲ ਨੂੰ ਬੋਲ ਚੁੱਕਿਆ
46ਤਾਂ ਉਸ ਨੇ ਉਨ੍ਹਾਂ ਨੂੰ ਆਖਿਆ, "ਆਪਣੇ ਮਨ ਇਨ੍ਹਾਂ ਸਾਰੀਆਂ ਗੱਲਾਂ ਉੱਤੇ ਲਾਓ, ਜਿਨ੍ਹਾਂ ਦੀ ਮੈਂ ਅੱਜ ਤੁਹਾਨੂੰ ਸਾਖੀ ਦਿੰਦਾ ਹਾਂ । ਤੁਸੀਂ ਆਪਣੇ ਪੁੱਤਰਾਂ ਨੂੰ ਇਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ ਦਾ ਹੁਕਮ ਦਿਓ,47ਕਿਉਂ ਜੋ ਇਹ ਤੁਹਾਡੇ ਲਈ ਹਲਕੀ ਜਿਹੀ ਗੱਲ ਨਹੀਂ, ਸਗੋਂ ਇਹ ਤੁਹਾਡਾ ਜੀਵਨ ਹੈ ਅਤੇ ਇਸ ਗੱਲ ਦੇ ਕਾਰਨ ਉਸ ਦੇਸ਼ ਵਿੱਚ ਤੁਹਾਡੇ ਜੀਵਨ ਦੇ ਦਿਨ ਬਹੁਤੇ ਹੋਣਗੇ, ਜਿਸ ਉੱਤੇ ਅਧਿਕਾਰ ਕਰਨ ਲਈ ਤੁਸੀਂ ਯਰਦਨ ਪਾਰ ਜਾ ਰਹੇ ਹੋ । "

48ਫੇਰ ਉਸੇ ਦਿਨ ਯਹੋਵਾਹ ਨੇ ਮੂਸਾ ਨਾਲ ਇਹ ਗੱਲ ਕੀਤੀ,49"ਤੂੰ ਇਸ ਅਬਾਰੀਮ ਦੇ ਪਹਾੜ ਉੱਤੇ ਨਬੋ ਦੀ ਚੋਟੀ ਤੇ ਚੜ੍ਹ, ਜੋ ਮੋਆਬ ਦੇਸ਼ ਵਿੱਚ ਯਰੀਹੋ ਦੇ ਸਾਹਮਣੇ ਹੈ ਅਤੇ ਕਨਾਨ ਦੇਸ਼ ਨੂੰ ਵੇਖ ਜਿਹੜਾ ਮੈਂ ਵਿਰਾਸਤ ਹੋਣ ਲਈ ਇਸਰਾਏਲ ਨੂੰ ਦੇਣ ਵਾਲਾ ਹਾਂ ।
50ਫੇਰ ਉਸੇ ਪਹਾੜ ਉੱਤੇ ਜਿੱਥੇ ਤੂੰ ਚੜ੍ਹ ਰਿਹਾ ਹੈਂ, ਤੂੰ ਮਰ ਜਾਵੇਂਗਾ ਅਤੇ ਆਪਣੇ ਲੋਕਾਂ ਵਿੱਚ ਜਾ ਮਿਲ ਜਾਵੇਂਗਾ ਜਿਵੇਂ ਤੇਰਾ ਭਰਾ ਹਾਰੂਨ ਹੋਰ ਦੇ ਪਹਾੜ ਉੱਤੇ ਮਰ ਕੇ ਆਪਣੇ ਲੋਕਾਂ ਵਿੱਚ ਜਾ ਮਿਲਿਆ ਹੈ ।51ਇਸ ਦਾ ਕਾਰਨ ਇਹ ਹੈ ਕਿ ਸੀਨ ਦੀ ਉਜਾੜ ਵਿੱਚ, ਕਾਦੇਸ਼ ਕੋਲ ਮਰੀਬਾਹ ਨਾਮ ਦੇ ਸੋਤੇ ਉੱਤੇ, ਤੁਸੀਂ ਮੇਰੀ ਉਲੰਘਣਾ ਕੀਤੀ ਅਰਥਾਤ ਤੁਸੀਂ ਇਸਰਾਏਲੀਆਂ ਦੇ ਵਿੱਚ ਮੈਨੂੰ ਪਵਿੱਤਰ ਨਾ ਠਹਿਰਾਇਆ52ਇਸ ਲਈ ਤੂੰ ਉਸ ਦੇਸ਼ ਨੂੰ ਜਿਹੜਾ ਮੈਂ ਇਸਰਾਏਲੀਆਂ ਨੂੰ ਦੇਣ ਵਾਲਾ ਹਾਂ, ਆਪਣੇ ਸਾਹਮਣੇ ਵੇਖੇਂਗਾ ਪਰ ਤੂੰ ਉਸ ਦੇਸ਼ ਵਿੱਚ ਪ੍ਰਵੇਸ਼ ਨਾ ਕਰੇਂਗਾ । "

33
ਮੂਸਾ ਦਾ ਇਸਰਾਏਲੀਆਂ ਨੂੰ ਅਸੀਸ ਦੇਣਾ

1ਇਹ ਉਹ ਅਸੀਸ ਹੈ ਜਿਹੜੀ ਮੂਸਾ ਪਰਮੇਸ਼ੁਰ ਦੇ ਦਾਸ ਨੇ ਆਪਣੀ ਮੌਤ ਤੋਂ ਪਹਿਲਾਂ ਇਸਰਾਏਲੀਆਂ ਨੂੰ ਦਿੱਤੀ ।2ਉਸ ਨੇ ਆਖਿਆ,

ਯਹੋਵਾਹ ਸੀਨਈ ਤੋਂ ਆਇਆ,
ਅਤੇ ਸੇਈਰ ਤੋਂ ਉਨ੍ਹਾਂ ਉੱਤੇ ਉੱਭਰਿਆ,
ਉਹ ਪਾਰਾਨ ਦੇ ਪਹਾੜ ਤੋਂ ਚਮਕਿਆ,
ਅਤੇ ਲੱਖਾਂ ਪਵਿੱਤਰ ਜਨਾਂ ਦੇ ਵਿੱਚੋਂ ਆਇਆ,
ਉਸ ਦੇ ਸੱਜੇ ਹੱਥ ਵਿੱਚ ਉਨ੍ਹਾਂ ਲਈ ਅਗਨੀ ਹੁਕਮਨਾਮਾ ਸੀ ।
3ਸੱਚ-ਮੁੱਚ ਉਹ ਲੋਕਾਂ ਨਾਲ ਪ੍ਰੇਮ ਕਰਦਾ ਹੈ,
ਉਸ ਦੇ ਸਾਰੇ ਸੰਤ ਜਨ ਤੇਰੇ ਹੱਥ ਵਿੱਚ ਹਨ,
ਅਤੇ ਉਹ ਤੇਰੇ ਪੈਰਾਂ ਕੋਲ ਬੈਠਦੇ ਹਨ,
ਹਰ ਇੱਕ ਤੇਰੇ ਬਚਨਾਂ ਤੋਂ ਲਾਭ ਉਠਾਉਂਦਾ ਹੈ ।
4ਮੂਸਾ ਨੇ ਸਾਨੂੰ ਬਿਵਸਥਾ ਦਾ ਹੁਕਮਨਾਮਾ ਦਿੱਤਾ,
ਉਹ ਯਾਕੂਬ ਦੀ ਸਭਾ ਦੀ ਵਿਰਾਸਤ ਠਹਿਰੀ ।
5ਉਹ ਯਸ਼ੁਰੂਨ ਵਿੱਚ ਰਾਜਾ ਸੀ,
ਜਦ ਲੋਕਾਂ ਦੇ ਆਗੂ ਇੱਕਠੇ ਹੋਏ,
ਅਤੇ ਇਸਰਾਏਲ ਦੇ ਗੋਤ ਜਮਾ ਹੋਏ ।

6ਰਊਬੇਨ ਮਰੇ ਨਾ ਸਗੋਂ ਜੀਉਂਦਾ ਰਹੇ,
ਪਰ ਉਸ ਦੇ ਮਨੁੱਖ ਗਿਣਤੀ ਵਿੱਚ ਥੋੜ੍ਹੇ ਜਿਹੇ ਹੋਣ ।
7ਯਹੂਦਾਹ ਲਈ ਉਸ ਨੇ ਆਖਿਆ,
ਹੇ ਯਹੋਵਾਹ, ਯਹੂਦਾਹ ਦੀ ਅਵਾਜ਼ ਨੂੰ ਸੁਣ,
ਅਤੇ ਉਹ ਨੂੰ ਉਹ ਦੇ ਲੋਕਾਂ ਵਿੱਚ ਲਿਆ ।
ਉਹ ਆਪਣੇ ਲਈ ਆਪਣੇ ਹੱਥੀਂ ਲੜਿਆ,
ਅਤੇ ਤੂੰ ਉਹ ਦੇ ਵੈਰੀਆਂ ਦੇ ਵਿਰੁੱਧ ਉਹ ਦਾ ਸਹਾਇਕ ਹੋ ।

8ਲੇਵੀ ਲਈ ਉਸ ਨੇ ਆਖਿਆ,
ਤੇਰੀ ਤੁੰਮੀਮ ਅਤੇ ਊਰੀਮ ਤੇਰੇ ਉਸ ਧਰਮੀ ਮਨੁੱਖ ਕੋਲ ਹਨ,
ਜਿਸ ਨੂੰ ਤੂੰ ਮੱਸਾਹ ਉੱਤੇ ਪਰਖਿਆ,
ਅਤੇ ਮੀਰਬਾਹ ਦੇ ਪਾਣੀ ਉੱਤੇ ਉਸ ਨਾਲ ਮੁਕਾਬਲਾ ਕੀਤਾ,
9ਉਸ ਨੇ ਆਪਣੇ ਪਿਤਾ ਤੇ ਮਾਤਾ ਦੇ ਵਿਖੇ ਆਖਿਆ,
ਮੈਂ ਉਨ੍ਹਾਂ ਨੂੰ ਨਹੀਂ ਵੇਖਿਆ,
ਨਾ ਹੀ ਉਸਨੇ ਆਪਣੇ ਭਰਾਵਾਂ ਨੂੰ ਆਪਣਾ ਮੰਨਿਆ,
ਨਾ ਆਪਣੇ ਪੁੱਤਰਾਂ ਨੂੰ ਪਛਾਣਿਆ,
ਕਿਉਂ ਜੋ ਉਨ੍ਹਾਂ ਨੇ ਤੇਰਾ ਆਖਾ ਮੰਨਿਆ,
ਅਤੇ ਤੇਰੇ ਨੇਮ ਦੀ ਪਾਲਨਾ ਕਰਦੇ ਹਨ ।
10ਉਹ ਯਾਕੂਬ ਨੂੰ ਤੇਰੇ ਨਿਯਮ ਸਿਖਾਉਣਗੇ,
ਅਤੇ ਇਸਰਾਏਲ ਨੂੰ ਤੇਰੀ ਬਿਵਸਥਾ ।
ਉਹ ਤੇਰੇ ਅੱਗੇ ਧੂਪ ਧੁਖਾਉਣਗੇ,
ਅਤੇ ਪੂਰੀ ਹੋਮ ਬਲੀ ਤੇਰੀ ਜਗਵੇਦੀ ਉੱਤੇ ਚੜ੍ਹਾਉਣਗੇ ।
11ਹੇ ਯਹੋਵਾਹ, ਉਸ ਦੇ ਮਾਲ ਉੱਤੇ ਬਰਕਤ ਦੇ
ਅਤੇ ਉਸ ਦੇ ਹੱਥ ਦੇ ਕੰਮਾਂ ਨੂੰ ਕਬੂਲ ਕਰ ।
ਉਸ ਦੇ ਵਿਰੁੱਧ ਉੱਠਣ ਵਾਲਿਆਂ ਦਾ ਲੱਕ ਤੋੜ ਸੁੱਟ,
ਅਤੇ ਉਸ ਤੋਂ ਘਿਰਣਾ ਕਰਨ ਵਾਲਿਆਂ ਦਾ ਵੀ ਕਿ ਉਹ ਫੇਰ ਨਾ ਉੱਠਣ ।

12ਬਿਨਯਾਮੀਨ ਲਈ ਉਸ ਨੇ ਆਖਿਆ,
ਯਹੋਵਾਹ ਦਾ ਪਿਆਰਾ ਉਸ ਦੇ ਕੋਲ ਸ਼ਾਂਤੀ ਨਾਲ ਵੱਸੇਗਾ ।
ਉਹ ਸਾਰਾ ਦਿਨ ਉਸ ਨੂੰ ਢੱਕ ਕੇ ਰੱਖੇਗਾ,
ਅਤੇ ਉਹ ਉਸ ਦੇ ਮੋਢਿਆਂ ਦੇ ਵਿਚਕਾਰ ਵੱਸਦਾ ਰਹੇਗਾ ।

13ਯੂਸੁਫ਼ ਲਈ ਉਸ ਨੇ ਆਖਿਆ,
ਯਹੋਵਾਹ ਵੱਲੋਂ ਉਸ ਦੀ ਧਰਤੀ ਮੁਬਾਰਕ ਹੋਵੇ,
ਅਕਾਸ਼ ਦੇ ਪਦਾਰਥਾਂ ਅਤੇ ਤ੍ਰੇਲ ਤੋਂ,
ਅਤੇ ਹੇਠਾਂ ਪਈ ਹੋਈ ਡੁੰਘਿਆਈ ਤੋਂ,
14ਅਤੇ ਸੂਰਜ ਨਾਲ ਪੱਕੇ ਹੋਏ ਫਲਾਂ ਦੇ ਪਦਾਰਥਾਂ ਤੋਂ,
ਅਤੇ ਚੰਦ ਦੇ ਉਗਾਏ ਹੋਏ ਪਦਾਰਥਾਂ ਤੋਂ,
15ਅਤੇ ਆਦੀ ਪਹਾੜਾਂ ਦੀਆਂ ਉੱਤਮ ਚੀਜਾਂ ਤੋਂ,
ਅਤੇ ਸਨਾਤਨ ਉੱਚਿਆਈਆਂ ਦੇ ਪਦਾਰਥਾਂ ਤੋਂ,
16ਧਰਤੀ ਅਤੇ ਉਸ ਦੀ ਭਰਪੂਰੀ ਦੇ ਪਦਾਰਥਾਂ ਤੋਂ,
ਝਾੜੀਆਂ ਵਿੱਚ ਵੱਸਣ ਵਾਲੇ ਦੀ ਪ੍ਰਸੰਨਤਾ ਤੋਂ,
ਇਹ ਸਭ ਯੂਸੁਫ਼ ਦੇ ਸਿਰ ਉੱਤੇ ਆਉਣ,
ਅਤੇ ਉਸ ਦੇ ਸਿਰ ਦੀ ਚੋਟੀ ਉੱਤੇ ਜਿਹੜਾ ਆਪਣੇ ਭਰਾਵਾਂ ਤੋਂ ਵੱਖਰਾ ਹੋਇਆ ਸੀ ।
17ਉਹ ਬਲਦ ਦੇ ਪਹਿਲੌਠੇ ਵਰਗਾ ਪ੍ਰਤਾਪੀ ਹੈ,
ਉਸ ਦੇ ਸਿੰਗ ਜੰਗਲੀ ਸਾਨ੍ਹ ਦੇ ਸਿੰਗਾਂ ਵਰਗੇ ਹਨ,
ਉਨ੍ਹਾਂ ਨਾਲ ਉਹ ਸਾਰੇ ਲੋਕਾਂ ਨੂੰ ਧਰਤੀ ਦੀਆਂ ਹੱਦਾਂ ਤੱਕ ਧੱਕੇਗਾ ।
ਉਹ ਅਫ਼ਰਾਈਮ ਦੇ ਲੱਖਾਂ ਲੱਖ,
ਅਤੇ ਮਨੱਸ਼ਹ ਦੇ ਹਜ਼ਾਰਾਂ ਹਨ ।

18ਜ਼ਬੂਲੁਨ ਲਈ ਉਸ ਨੇ ਆਖਿਆ,
ਹੇ ਜ਼ਬੂਲੁਨ, ਤੂੰ ਆਪਣੇ ਬਾਹਰ ਜਾਣ ਉੱਤੇ,
ਅਤੇ ਹੇ ਯਿੱਸਾਕਰ, ਤੂੰ ਆਪਣੇ ਤੰਬੂਆਂ ਵਿੱਚ ਖੁਸ਼ ਹੋ ।
19ਉਹ ਲੋਕਾਂ ਨੂੰ ਪਹਾੜ ਉੱਤੇ ਸੱਦਣਗੇ,
ਉੱਥੇ ਉਹ ਧਰਮ ਦੀਆਂ ਬਲੀਆਂ ਚੜ੍ਹਾਉਣਗੇ,
ਕਿਉਂ ਜੋ ਉਹ ਸਮੁੰਦਰਾਂ ਦੀ ਬਹੁਤਾਇਤ ਤੋਂ,
ਅਤੇ ਰੇਤ ਵਿੱਚ ਲੁਕੇ ਹੋਏ ਖ਼ਜ਼ਾਨਿਆਂ ਤੋਂ ਲਾਭ ਉਠਾਉਣਗੇ ।

20ਗਾਦ ਲਈ ਉਸ ਨੇ ਆਖਿਆ,
ਮੁਬਾਰਕ ਹੈ ਉਹ, ਜੋ ਗਾਦ ਨੂੰ ਵਧਾਉਂਦਾ ਹੈ,
ਗਾਦ ਸ਼ੇਰਨੀ ਵਾਂਗੂੰ ਵੱਸਦਾ ਹੈ,
ਉਹ ਬਾਂਹ ਨੂੰ ਸਗੋਂ ਸਿਰ ਦੀ ਖੋਪੜੀ ਨੂੰ ਤੋੜ ਸੁੱਟਦਾ ਹੈ ।
21ਉਸ ਨੇ ਪਹਿਲਾ ਹਿੱਸਾ ਆਪਣੇ ਲਈ ਚੁਣ ਲਿਆ,
ਕਿਉਂ ਜੋ ਉੱਥੇ ਹਾਕਮ ਦਾ ਹਿੱਸਾ ਰੱਖਿਆ ਹੋਇਆ ਸੀ ।
ਉਸ ਨੇ ਲੋਕਾਂ ਦੇ ਆਗੂਆਂ ਨੂੰ ਲਿਆ ਕੇ,
ਯਹੋਵਾਹ ਦਾ ਧਰਮ ਪੂਰਾ ਕੀਤਾ,
ਅਤੇ ਇਸਰਾਏਲ ਨਾਲ ਉਸ ਦੇ ਨਿਆਂ ਦਾ ਪਾਲਣ ਕੀਤਾ ।

22ਦਾਨ ਲਈ ਉਸ ਨੇ ਆਖਿਆ,
ਦਾਨ ਸ਼ੇਰ ਦਾ ਬੱਚਾ ਹੈ, ਉਹ ਬਾਸ਼ਾਨ ਤੋਂ ਕੁੱਦਦਾ ਹੈ ।

23ਨਫ਼ਤਾਲੀ ਲਈ ਉਸ ਨੇ ਆਖਿਆ,
ਹੇ ਨਫ਼ਤਾਲੀ, ਤੂੰ ਜੋ ਦਯਾ ਨਾਲ ਤ੍ਰਿਪਤ,
ਅਤੇ ਯਹੋਵਾਹ ਦੀ ਬਰਕਤ ਨਾਲ ਭਰਪੂਰ ਹੈਂ,
ਪੱਛਮ ਉੱਤੇ ਅਤੇ ਦੱਖਣ ਉੱਤੇ ਅਧਿਕਾਰ ਕਰ ਲੈ ।

24ਆਸ਼ੇਰ ਲਈ ਉਸ ਨੇ ਆਖਿਆ,
ਹੇ ਆਸ਼ੇਰ, ਪੁੱਤਰਾਂ ਨਾਲ ਮੁਬਾਰਕ ਹੋ,
ਉਹ ਆਪਣੇ ਭਰਾਵਾਂ ਨੂੰ ਭਾਵੇ,
ਅਤੇ ਆਪਣੇ ਪੈਰ ਤੇਲ ਵਿੱਚ ਡਬੋਏ ।
25ਤੇਰੇ ਅਰਲ ਲੋਹੇ ਅਤੇ ਪਿੱਤਲ ਦੇ ਹੋਣ,
ਜਿਵੇਂ ਤੇਰੇ ਦਿਨ ਤਿਵੇਂ ਤੇਰਾ ਬਲ ਹੋਵੇ ।

26ਹੇ ਯਸ਼ੁਰੂਨ, ਪਰਮੇਸ਼ੁਰ ਵਰਗਾ ਕੋਈ ਨਹੀਂ ਹੈ,
ਜੋ ਤੇਰੀ ਸਹਾਇਤਾ ਕਰਨ ਲਈ ਅਕਾਸ਼ ਉੱਤੇ,
ਅਤੇ ਆਪਣੇ ਪ੍ਰਤਾਪ ਵਿੱਚ ਬੱਦਲਾਂ ਉੱਤੇ ਸਵਾਰ ਹੈ ।
27ਅਨਾਦੀ ਪਰਮੇਸ਼ੁਰ ਤੇਰਾ ਧਾਮ ਹੈ,
ਅਤੇ ਹੇਠਾਂ ਸਨਾਤਨ ਭੁਜਾਂ ਹਨ ।
ਉਸ ਨੇ ਤੇਰੇ ਵੈਰੀਆਂ ਨੂੰ ਤੇਰੇ ਅੱਗੋਂ ਧੱਕ ਦਿੱਤਾ,
ਅਤੇ ਉਸ ਨੇ ਆਖਿਆ, ਉਹਨਾਂ ਦਾ ਨਾਸ਼ ਕਰ ਦੇ ।
28ਇਸਰਾਏਲ ਸੁੱਖ ਨਾਲ ਵੱਸੇਗਾ,
ਉਸ ਧਰਤੀ ਵਿੱਚ ਜਿੱਥੇ ਅੰਨ ਅਤੇ ਨਵੀਂ ਮਧ ਹੈ,
ਉੱਥੇ ਯਾਕੂਬ ਦਾ ਸੋਤਾ ਇੱਕਲਾ ਹੈ,
ਹਾਂ, ਉਸ ਦੇ ਉੱਪਰ ਅਕਾਸ਼ ਤੋਂ ਤ੍ਰੇਲ ਪੈਂਦੀ ਹੈ ।
29ਹੇ ਇਸਰਾਏਲ, ਤੂੰ ਧੰਨ ਹੈ !
ਹੇ ਯਹੋਵਾਹ ਦੀ ਬਚਾਈ ਹੋਈ ਪਰਜਾ, ਤੇਰੇ ਵਰਗਾ ਕੌਣ ਹੈ ?
ਉਹ ਤੇਰੀ ਸਹਾਇਤਾ ਦੀ ਢਾਲ,
ਅਤੇ ਤੇਰੇ ਪ੍ਰਤਾਪ ਦੀ ਤਲਵਾਰ ਹੈ,
ਤੇਰੇ ਵੈਰੀ ਤੈਥੋਂ ਝਿਜਕਣਗੇ,
ਪਰ ਤੂੰ ਉਹਨਾਂ ਦੇ ਉੱਚੇ ਸਥਾਨਾਂ ਨੂੰ ਮਿੱਧਦਾ ਫਿਰੇਂਗਾ ।

34
ਮੂਸਾ ਦੀ ਮੌਤ

1ਮੂਸਾ ਮੋਆਬ ਦੇ ਮੈਦਾਨ ਤੋਂ ਨਬੋ ਪਹਾੜ ਨੂੰ ਪਿਸਗਾਹ ਚੋਟੀ ਉੱਤੇ ਚੜ੍ਹ ਗਿਆ, ਜਿਹੜਾ ਯਰੀਹੋ ਦੇ ਅੱਗੇ ਹੈ ਅਤੇ ਯਹੋਵਾਹ ਨੇ ਉਸ ਨੂੰ ਦਾਨ ਤੱਕ ਗਿਲਆਦ ਦਾ ਸਾਰਾ ਦੇਸ਼ ਵਿਖਾਇਆ2ਅਤੇ ਸਾਰਾ ਨਫ਼ਤਾਲੀ, ਅਫ਼ਰਾਈਮ ਅਤੇ ਮਨੱਸ਼ਹ ਦਾ ਦੇਸ਼ ਅਤੇ ਪੱਛਮ ਦੇ ਸਮੁੰਦਰ ਤੱਕ ਯਹੂਦਾਹ ਦਾ ਸਾਰਾ ਦੇਸ਼,3ਅਤੇ ਦੱਖਣ ਦਾ ਦੇਸ਼ ਅਤੇ ਸੋਅਰ ਤੱਕ ਯਰੀਹੋ ਦੀ ਘਾਟੀ ਦਾ ਮੈਦਾਨ ਜਿਹੜਾ ਖਜੂਰ ਦੇ ਰੁੱਖਾਂ ਦਾ ਸ਼ਹਿਰ ਹੈ, ਵਿਖਾ ਦਿੱਤਾ ।

4ਤਦ ਯਹੋਵਾਹ ਨੇ ਉਸ ਨੂੰ ਆਖਿਆ, "ਇਹ ਉਹ ਦੇਸ਼ ਹੈ ਜਿਸ ਦੀ ਸਹੁੰ ਮੈਂ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਖਾਧੀ ਸੀ ਕਿ ਮੈਂ ਇਹ ਤੇਰੇ ਵੰਸ਼ ਨੂੰ ਦਿਆਂਗਾ । ਮੈਂ ਤੈਨੂੰ ਤੇਰੀਆਂ ਅੱਖਾਂ ਤੋਂ ਇਹ ਦੇਸ਼ ਵਿਖਾ ਦਿੱਤਾ ਹੈ ਪਰ ਤੂੰ ਪਾਰ ਲੰਘ ਕੇ ਉੱਥੇ ਨਹੀਂ ਜਾਵੇਂਗਾ । "

5ਇਸ ਲਈ ਯਹੋਵਾਹ ਦੇ ਬਚਨ ਅਨੁਸਾਰ ਯਹੋਵਾਹ ਦਾ ਦਾਸ ਮੂਸਾ ਉੱਥੇ ਮੋਆਬ ਦੇਸ਼ ਵਿੱਚ ਮਰ ਗਿਆ6ਅਤੇ ਉਹ ਨੇ ਉਸ ਨੂੰ ਮੋਆਬ ਦੇਸ਼ ਵਿੱਚ ਬੈਤਪਓਰਾ ਦੇ ਸਾਹਮਣੇ ਇੱਕ ਘਾਟੀ ਵਿੱਚ ਦਫ਼ਨਾ ਦਿੱਤਾ, ਅਤੇ ਅੱਜ ਦੇ ਦਿਨ ਤੱਕ ਕੋਈ ਨਹੀਂ ਜਾਣਦਾ ਕਿ ਉਸ ਦੀ ਕਬਰ ਕਿੱਥੇ ਹੈ ।
7ਮੂਸਾ ਇੱਕ ਸੌ ਵੀਹ ਸਾਲਾਂ ਦਾ ਸੀ ਜਦ ਉਸ ਦੀ ਮੌਤ ਹੋਈ ਪਰ ਨਾ ਉਸ ਦੀਆਂ ਅੱਖਾਂ ਧੁੰਦਲੀਆਂ ਹੋਈਆਂ ਅਤੇ ਨਾ ਹੀ ਉਸ ਦਾ ਬਲ ਘਟਿਆ ਸੀ ।8ਇਸਰਾਏਲੀ ਮੂਸਾ ਲਈ ਮੋਆਬ ਦੇ ਮੈਦਾਨ ਵਿੱਚ ਤੀਹ ਦਿਨ ਤੱਕ ਸੋਗ ਕਰਦੇ ਰਹੇ, ਇਸ ਤਰ੍ਹਾਂ ਮੂਸਾ ਦੇ ਸੋਗ ਅਤੇ ਵਿਰਲਾਪ ਕਰਨ ਦੇ ਦਿਨ ਪੂਰੇ ਹੋਏ ।

9ਨੂਨ ਦੇ ਪੁੱਤਰ ਯਹੋਸ਼ੁਆ ਬੁੱਧੀ ਦੇ ਆਤਮਾ ਨਾਲ ਭਰਪੂਰ ਸੀ ਕਿਉਂ ਜੋ ਮੂਸਾ ਨੇ ਆਪਣੇ ਹੱਥ ਉਸ ਉੱਤੇ ਰੱਖੇ ਸਨ । ਇਸਰਾਏਲੀ ਉਸ ਦੀ ਸੁਣਦੇ ਸਨ ਅਤੇ ਉਸੇ ਤਰ੍ਹਾਂ ਹੀ ਕਰਦੇ ਸਨ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ।
10ਅਤੇ ਇਸਰਾਏਲ ਵਿੱਚ ਮੂਸਾ ਵਰਗਾ ਫੇਰ ਕੋਈ ਨਬੀ ਨਹੀਂ ਉੱਠਿਆ ਜਿਸ ਨੂੰ ਯਹੋਵਾਹ ਆਹਮੋ-ਸਾਹਮਣੇ ਜਾਣਦਾ ਸੀ11ਅਤੇ ਉਸ ਨੂੰ ਯਹੋਵਾਹ ਨੇ ਫ਼ਿਰਊਨ ਅਤੇ ਉਸ ਦੇ ਸਾਰੇ ਕਰਮਚਾਰੀਆਂ ਦੇ ਸਾਹਮਣੇ ਅਤੇ ਉਸ ਦੇ ਸਾਰੇ ਦੇਸ਼ ਵਿੱਚ ਨਿਸ਼ਾਨ ਅਤੇ ਅਚਰਜ ਕੰਮ ਵਿਖਾਲਣ ਲਈ ਭੇਜਿਆ ਸੀ12ਅਤੇ ਮੂਸਾ ਨੇ ਸਾਰੇ ਇਸਰਾਏਲੀਆਂ ਦੇ ਵੇਖਦਿਆਂ ਬਲਵੰਤ ਹੱਥ ਅਤੇ ਵੱਡੇ ਭੈ ਦੇ ਕੰਮ ਕਰ ਕੇ ਵਿਖਾਏ ।

ਯਹੋਸ਼ੁਆ

1
ਯਹੋਸ਼ੁਆ ਨੂੰ ਪਰਮੇਸ਼ੁਰ ਦੀ ਆਗਿਆ

1ਯਹੋਵਾਹ ਦੇ ਦਾਸ ਮੂਸਾ ਦੇ ਮਰਨ ਤੋਂ ਬਾਅਦ, ਯਹੋਵਾਹ ਨੇ ਮੂਸਾ ਦੇ ਸੇਵਕ ਨੂਨ ਦੇ ਪੁੱਤਰ ਯਹੋਸ਼ੁਆ ਨੂੰ ਆਖਿਆ,2ਮੇਰਾ ਦਾਸ ਮੂਸਾ ਮਰ ਗਿਆ ਹੈ । ਹੁਣ ਤੂੰ ਉੱਠ ਅਤੇ ਇਹਨਾਂ ਸਾਰੇ ਲੋਕਾਂ ਨੂੰ ਨਾਲ ਲੈ ਕੇ ਇਸ ਯਰਦਨ ਦੇ ਪਾਰ ਲੰਘ, ਉਸ ਦੇਸ ਨੂੰ ਜਾ ਜਿਹੜਾ ਮੈਂ ਉਹਨਾਂ ਨੂੰ ਅਰਥਾਤ ਇਸਰਾਏਲੀਆਂ ਨੂੰ ਦਿੰਦਾ ਹਾਂ ।3ਹਰੇਕ ਜਗ੍ਹਾ ਜਿੱਥੇ ਤੇਰਾ ਪੈਰ ਰੱਖਿਆ ਜਾਵੇ ਉਹ ਸਭ ਮੈਂ ਤੁਹਾਨੂੰ ਦੇਵਾਂਗਾ ਜਿਵੇਂ ਮੈਂ ਮੂਸਾ ਨਾਲ ਬਚਨ ਕੀਤਾ ਸੀ ।

4ਉਜਾੜ ਅਤੇ ਉਸ ਲਬਾਨੋਨ ਤੋਂ ਲੈ ਕੇ ਵੱਡੀ ਨਦੀ ਤੱਕ ਜੋ ਫ਼ਰਾਤ ਦੀ ਨਦੀ ਹੈ, ਹਿੱਤੀਆਂ ਦਾ ਸਾਰਾ ਦੇਸ, ਸੂਰਜ ਦੇ ਡੁੱਬਣ ਦੇ ਪਾਸੇ ਵੱਡੇ ਸਮੁੰਦਰ ਤੱਕ ਤੁਹਾਡੀ ਹੱਦ ਹੋਵੇਗੀ ।5ਤੇਰੀ ਸਾਰੀ ਜਿੰਦਗੀ ਵਿੱਚ ਕੋਈ ਮਨੁੱਖ ਤੇਰੇ ਸਾਹਮਣੇ ਨਹੀਂ ਠਹਿਰ ਸਕੇਗਾ । ਜਿਵੇਂ ਮੈਂ ਮੂਸਾ ਦੇ ਨਾਲ ਰਿਹਾ ਉਸੇ ਤਰ੍ਹਾਂ ਹੀ ਤੇਰੇ ਨਾਲ ਵੀ ਰਹਾਂਗਾ, ਮੈਂ ਤੈਨੂੰ ਨਹੀ ਛੱਡਾਂਗਾ ਅਤੇ ਨਾ ਤੈਨੂੰ ਤਿਆਗਾਂਗਾ ।
6ਤਕੜਾ ਹੋ ਅਤੇ ਹੌਂਸਲਾ ਰੱਖ ਕਿਉਂ ਜੋ ਜਿਸ ਦੇਸ ਨੂੰ ਦੇਣ ਦਾ ਵਾਅਦਾ ਮੈਂ ਤੇਰੇ ਪੁਰਖਿਆਂ ਨਾਲ ਕੀਤਾ ਸੀ, ਤੇਰੇ ਕਾਰਨ ਇਹ ਲੋਕ ਉਸ ਦੇਸ ਦੇ ਅਧਿਕਾਰੀ ਹੋਣਗੇ ।7ਤੂੰ ਤਕੜਾ ਹੋ ਅਤੇ ਵੱਡਾ ਹੌਂਸਲਾ ਰੱਖ, ਮੇਰੇ ਦਾਸ ਮੂਸਾ ਨੇ ਜੋ ਬਿਵਸਥਾ ਤੈਨੂੰ ਦਿੱਤੀ ਸਾਵਧਾਨੀ ਨਾਲ ਉਸ ਦੀ ਪਾਲਣਾ ਕਰ, ਉਸ ਤੋਂ ਸੱਜੇ ਜਾਂ ਖੱਬੇ ਨਾ ਮੁੜੀਂ ਤਾਂ ਜੋ ਜਿੱਥੇ ਤੂੰ ਜਾਵੇਂ ਤੂੰ ਸਫ਼ਲ ਹੋਵੇਂਗਾ ।
8ਇਹ ਬਿਵਸਥਾ ਦੀ ਪੋਥੀ ਤੇਰੇ ਮਨ ਤੋਂ ਕਦੇ ਵੱਖਰੀ ਨਾ ਹੋਵੇ ਸਗੋਂ ਤੂੰ ਦਿਨ ਰਾਤ ਇਸ ਉੱਤੇ ਧਿਆਨ ਕਰ ਤਾਂ ਜੋ ਉਸ ਦੇ ਅਨੁਸਾਰ ਜੋ ਉਸ ਵਿੱਚ ਲਿਖਿਆ ਹੈ, ਤੂੰ ਚੱਲੇਂ ਅਤੇ ਉਸ ਨੂੰ ਪੂਰਾ ਕਰੇਂ ਤਾਂ ਤੂੰ ਆਪਣੇ ਮਾਰਗ ਨੂੰ ਸਫ਼ਲ ਬਣਾਵੇਂਗਾ, ਅਤੇ ਤੂੰ ਪ੍ਰਭਾਵਸ਼ਾਲੀ ਹੋਵੇਂਗਾ ।9ਕੀ ਮੈਂ ਤੈਨੂੰ ਹੁਕਮ ਨਹੀਂ ਦਿੱਤਾ ? ਤਕੜਾ ਹੋ ਅਤੇ ਹੌਂਸਲਾ ਰੱਖ, ਨਾ ਕੰਬ ਅਤੇ ਨਾ ਘਾਬਰ ਕਿਉਂ ਜੋ ਯਹੋਵਾਹ ਤੇਰਾ ਪਰਮੇਸ਼ੁਰ ਜਿੱਥੇ ਤੂੰ ਜਾਵੇਂ ਤੇਰੇ ਅੰਗ-ਸੰਗ ਹੈ ।
ਯਹੋਸ਼ੁਆ ਲੋਕਾਂ ਨੂੰ ਹੁਕਮ ਦਿੰਦਾ ਹੈ

10ਯਹੋਸ਼ੁਆ ਨੇ ਲੋਕਾਂ ਦੇ ਅਧਿਕਾਰੀਆਂ ਨੂੰ ਹੁਕਮ ਦਿੱਤਾ,11ਡੇਰਿਆਂ ਦੇ ਵਿੱਚੋਂ ਦੀ ਲੰਘੋ ਅਤੇ ਲੋਕਾਂ ਨੂੰ ਇਹ ਹੁਕਮ ਦਿਓ ਕਿ ਤੁਸੀਂ ਆਪਣੇ ਲਈ ਭੋਜਨ ਤਿਆਰ ਕਰੋ, ਕਿਉਂ ਜੋ ਤਿੰਨ ਦਿਨ ਤੋਂ ਬਾਅਦ ਤੁਸੀਂ ਇਸ ਯਰਦਨ ਦੇ ਪਾਰ ਲੰਘੋਗੇ ਤਾਂ ਜੋ ਉਸ ਦੇਸ ਉੱਤੇ ਕਬਜ਼ਾ ਕਰੋ, ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਅਧਿਕਾਰ ਵਿੱਚ ਕਰਨ ਵਾਲਾ ਹੈ ।

12ਰਊਬੇਨੀਆਂ, ਗਾਦੀਆਂ ਅਤੇ ਮਨੱਸ਼ਹ ਦੇ ਅੱਧੇ ਗੋਤ ਨੂੰ ਯਹੋਸ਼ੁਆ ਨੇ ਆਖਿਆ,13ਯਹੋਵਾਹ ਦੇ ਦਾਸ ਮੂਸਾ ਦੀ ਗੱਲ ਯਾਦ ਰੱਖੋ ਜਿਸ ਦਾ ਤੁਹਾਨੂੰ ਹੁਕਮ ਦਿੱਤਾ ਸੀ ਕਿ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਆਰਾਮ ਵੀ ਅਤੇ ਇਹ ਦੇਸ ਵੀ ਦੇਵੇਗਾ ।
14ਤੁਹਾਡੀਆਂ ਔਰਤਾਂ, ਤੁਹਾਡੇ ਬੱਚੇ ਅਤੇ ਤੁਹਾਡੇ ਡੰਗਰ ਇਸ ਧਰਤੀ ਵਿੱਚ ਵੱਸਣਗੇ, ਜਿਹੜੀ ਯਰਦਨ ਦੇ ਪਾਰ ਮੂਸਾ ਨੇ ਤੁਹਾਨੂੰ ਦਿੱਤੀ ਹੈ ਪਰ ਤੁਸੀਂ ਸਾਰੇ ਜਿੰਨ੍ਹੇ ਸੂਰਬੀਰ ਹੋ ਸ਼ਸਤਰ ਬੰਨ੍ਹ ਕੇ ਆਪਣਿਆਂ ਭਰਾਵਾਂ ਦੇ ਅੱਗੇ ਪਾਰ ਲੰਘੋ ਅਤੇ ਉਹਨਾਂ ਦੀ ਸਹਾਇਤਾ ਕਰੋ ।15ਜਦ ਤੱਕ ਯਹੋਵਾਹ ਤੁਹਾਡੇ ਭਰਾਵਾਂ ਨੂੰ ਸੁੱਖ ਨਾ ਦੇਵੇ ਜਿਵੇਂ ਉਸ ਨੇ ਤੁਹਾਨੂੰ ਦਿੱਤਾ ਹੈ ਅਤੇ ਉਹ ਵੀ ਉਸ ਦੇਸ ਨੂੰ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਉਹਨਾਂ ਨੂੰ ਦੇਣ ਵਾਲਾ ਹੈ ਕਬਜ਼ਾ ਨਾ ਕਰ ਲੈਣ ਤਦ ਤੁਸੀਂ ਇਸ ਦੇਸ ਵੱਲ ਜਿਹੜਾ ਤੁਹਾਡੀ ਵਿਰਾਸਤ ਹੈ ਮੁੜ ਆਇਓ, ਜਿਹੜਾ ਯਹੋਵਾਹ ਦੇ ਦਾਸ ਮੂਸਾ ਨੇ ਤੁਹਾਨੂੰ ਯਰਦਨ ਦੇ ਪਾਰ ਸੂਰਜ ਦੇ ਚੜ੍ਹਦੇ ਪਾਸੇ ਵੱਲ ਦਿੱਤਾ ਸੀ ਅਤੇ ਤੁਸੀਂ ਉਸ ਉੱਤੇ ਕਬਜ਼ਾ ਕਰ ਲਿਓ ।
16ਉਹਨਾਂ ਨੇ ਯਹੋਸ਼ੁਆ ਨੂੰ ਉੱਤਰ ਦਿੱਤਾ ਕਿ ਜਿਵੇਂ ਤੂੰ ਸਾਨੂੰ ਆਗਿਆ ਦਿੱਤੀ ਉਸੇ ਤਰ੍ਹਾਂ ਹੀ ਕਰਾਂਗੇ ਅਤੇ ਜਿੱਥੇ ਤੂੰ ਸਾਨੂੰ ਭੇਜੇਗਾ ਅਸੀਂ ਉੱਥੇ ਹੀ ਜਾਂਵਾਂਗੇ ।17ਜਿਵੇਂ ਅਸੀਂ ਮੂਸਾ ਦੀਆਂ ਸਾਰੀਆਂ ਗੱਲਾਂ ਮੰਨੀਆਂ ਉਸੇ ਤਰ੍ਹਾਂ ਹੀ ਅਸੀਂ ਤੇਰੀਆਂ ਗੱਲਾਂ ਨੂੰ ਵੀ ਮੰਨਾਂਗੇ । ਜਿਵੇਂ ਯਹੋਵਾਹ ਤੇਰਾ ਪਰਮੇਸ਼ੁਰ ਮੂਸਾ ਦੇ ਅੰਗ-ਸੰਗ ਸੀ ਉਸੇ ਤਰ੍ਹਾਂ ਤੇਰੇ ਅੰਗ-ਸੰਗ ਵੀ ਰਹੇ,18ਜੇ ਕੋਈ ਮਨੁੱਖ ਤੇਰੀ ਗੱਲ ਦਾ ਵਿਰੋਧ ਕਰੇ ਅਤੇ ਤੇਰੀਆਂ ਸਾਰੀਆਂ ਗੱਲਾਂ ਵਿੱਚੋਂ ਕਿਸੇ ਇੱਕ ਗੱਲ ਨੂੰ ਨਾ ਸੁਣੇ ਜਿਸ ਦੀ ਤੂੰ ਉਸ ਨੂੰ ਆਗਿਆ ਦੇਵੇਂ ਉਹ ਮਾਰਿਆ ਜਾਵੇ । ਤੂੰ ਨਿਰਾ ਤਕੜਾ ਹੋ ਅਤੇ ਹੌਂਸਲਾ ਰੱਖ ।

2
ਯਰੀਹੋ ਦਾ ਭੇਤ ਲੈਣਾ

1ਤਦ ਨੂਨ ਦੇ ਪੁੱਤਰ ਯਹੋਸ਼ੁਆ ਨੇ ਦੋ ਮਨੁੱਖਾਂ ਨੂੰ ਸ਼ਿੱਟੀਮ ਤੋਂ ਗੁਪਤ ਰੂਪ ਵਿੱਚ ਭੇਤ ਲੈਣ ਲਈ ਭੇਜਿਆ । ਉਹਨਾਂ ਨੂੰ ਆਖਿਆ, ਜਾ ਕੇ ਉਸ ਦੇਸ ਯਰੀਹੋ ਨੂੰ ਵੇਖੋ ਤਾਂ ਉਹ ਝੱਟ ਚਲੇ ਗਏ ਅਤੇ ਇੱਕ ਵੇਸਵਾ ਦੇ ਘਰ ਵਿੱਚ ਜਾ ਠਹਿਰੇ ਜਿਸ ਦਾ ਨਾਮ ਰਾਹਾਬ ਸੀ ।2ਤਦ ਯਰੀਹੋ ਦੇ ਰਾਜੇ ਨੂੰ ਆਖਿਆ ਗਿਆ ਕਿ ਵੇਖੋ, ਅੱਜ ਦੀ ਰਾਤ ਇਸਰਾਏਲੀਆਂ ਵਿੱਚੋਂ ਮਨੁੱਖ ਇਸ ਦੇਸ ਦਾ ਭੇਦ ਲੈਣ ਲਈ ਆਏ ਹੋਏ ਹਨ ।3ਤਦ ਯਰੀਹੋ ਦੇ ਰਾਜੇ ਨੇ ਰਾਹਾਬ ਨੂੰ ਸੁਨੇਹਾ ਭੇਜਿਆ ਕਿ ਉਹਨਾਂ ਮਨੁੱਖਾਂ ਨੂੰ ਲਿਆ ਜਿਹੜੇ ਤੇਰੇ ਕੋਲ ਆਏ ਹਨ ਅਤੇ ਤੇਰੇ ਘਰ ਵਿੱਚ ਠਹਿਰੇ ਹਨ ਕਿਉਂ ਜੋ ਉਹ ਸਾਰੇ ਦੇਸ ਦਾ ਭੇਤ ਲੈਣ ਆਏ ਹਨ ।

4ਉਸ ਔਰਤ ਨੇ ਦੋਵੇਂ ਮਨੁੱਖਾਂ ਨੂੰ ਲੁਕਾ ਦਿੱਤਾ ਅਤੇ ਇਸ ਤਰ੍ਹਾਂ ਆਖਿਆ ਕਿ ਉਹ ਮਨੁੱਖ ਮੇਰੇ ਕੋਲ ਆਏ ਤਾਂ ਸਨ ਪਰ ਮੈਨੂੰ ਪਤਾ ਨਹੀਂ ਕਿ ਉਹ ਕਿੱਥੋਂ ਦੇ ਸਨ ।5ਜਦ ਹਨੇਰਾ ਹੋਇਆ ਅਤੇ ਫਾਟਕ ਬੰਦ ਕਰਨ ਦਾ ਵੇਲਾ ਸੀ ਤਾਂ ਉਹ ਮਨੁੱਖ ਨਿੱਕਲ ਗਏ ਅਤੇ ਇਹ ਮੈਨੂੰ ਪਤਾ ਨਹੀਂ ਕਿ ਉਹ ਮਨੁੱਖ ਕਿੱਥੇ ਚੱਲੇ ਗਏ । ਛੇਤੀ ਨਾਲ ਉਹਨਾਂ ਦਾ ਪਿੱਛਾ ਕਰੋ ਕਿਉਂਕਿ ਤੁਸੀਂ ਉਹਨਾਂ ਨੂੰ ਫੜ ਸਕਦੇ ਹੋ ।
6ਪਰ ਉਹ ਉਹਨਾਂ ਨੂੰ ਛੱਤ ਉੱਤੇ ਲੈ ਗਈ ਅਤੇ ਬਾਲਣ ਦੀਆਂ ਲਕੜਾਂ ਦੇ ਹੇਠ ਜੋ ਛੱਤ ਉੱਤੇ ਰੱਖੀਆਂ ਸਨ ਲੁਕਾ ਦਿੱਤਾ ।7ਮਨੁੱਖ ਉਹਨਾਂ ਦੇ ਪਿੱਛੇ ਯਰਦਨ ਦੇ ਰਾਹ ਪੱਤਣ ਤੱਕ ਗਏ ਅਤੇ ਜਿਸ ਵੇਲੇ ਉਹਨਾਂ ਦਾ ਪਿੱਛਾ ਕਰਨ ਵਾਲੇ ਬਾਹਰ ਨਿੱਕਲ ਗਏ ਤਾਂ ਉਹਨਾਂ ਨੇ ਫਾਟਕ ਬੰਦ ਕਰ ਲਿਆ ।

8ਉਹਨਾਂ ਦੇ ਸੌਣ ਤੋਂ ਪਹਿਲਾਂ ਉਹ ਉਹਨਾਂ ਕੋਲ ਛੱਤ ਉੱਤੇ ਗਈ ।9ਉਹਨਾਂ ਨੂੰ ਆਖਿਆ ਕਿ ਮੈਂ ਤਾਂ ਜਾਣਦੀ ਹਾਂ ਕਿ ਯਹੋਵਾਹ ਨੇ ਇਹ ਦੇਸ ਤੁਹਾਨੂੰ ਦੇ ਦਿੱਤਾ ਹੈ ਅਤੇ ਤੁਹਾਡਾ ਡਰ ਸਾਡੇ ਲੋਕਾਂ ਉੱਤੇ ਆ ਪਿਆ ਹੈ ਅਤੇ ਇਸ ਦੇਸ ਦੇ ਵਸਨੀਕ ਤੁਹਾਡੇ ਤੋਂ ਘਬਰਾ ਗਏ ਹਨ ।
10ਕਿਉਂ ਜੋ ਅਸੀਂ ਸੁਣਿਆ ਹੈ ਕਿ ਜਿਸ ਵੇਲੇ ਤੁਸੀਂ ਮਿਸਰ ਵਿੱਚੋਂ ਨਿੱਕਲੇ ਤਾਂ ਯਹੋਵਾਹ ਨੇ ਤੁਹਾਡੇ ਸਾਹਮਣੇ ਲਾਲ ਸਮੁੰਦਰ ਦੇ ਪਾਣੀ ਨੂੰ ਕਿਵੇਂ ਸੁਕਾ ਦਿੱਤਾ ਅਤੇ ਤੁਸੀਂ ਅਮੋਰੀਆਂ ਦੇ ਦੋਹਾਂ ਰਾਜਿਆਂ ਨਾਲ ਅਰਥਾਤ ਸੀਹੋਨ ਅਤੇ ਓਗ ਨਾਲ ਜਿਹੜੇ ਯਰਦਨ ਦੇ ਉਸ ਪਾਸੇ ਸਨ ਕਿਵੇਂ ਵਰਤਾਵ ਕੀਤਾ ਜਿਨ੍ਹਾਂ ਨੂੰ ਤੁਸੀਂ ਮਾਰ ਸੁੱਟਿਆ ।11ਜਦ ਅਸੀਂ ਸੁਣਿਆ ਤਾਂ ਸਾਡੇ ਮਨ ਪਿਘਲ ਗਏ ਅਤੇ ਤੁਹਾਡੇ ਕਾਰਨ ਕਿਸੇ ਮਨੁੱਖ ਵਿੱਚ ਹਿੰਮਤ ਨਹੀਂ ਰਹੀ ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਸਵਰਗ ਵਿੱਚ ਅਤੇ ਧਰਤੀ ਉੱਤੇ ਉਹੀ ਇਕੋ ਪਰਮੇਸ਼ੁਰ ਹੈ ।
12ਇਸ ਲਈ ਹੁਣ ਤੁਸੀਂ ਮੇਰੇ ਨਾਲ ਯਹੋਵਾਹ ਦੀ ਸਹੁੰ ਖਾਓ ਇਸ ਲਈ ਕਿ ਜਿਵੇਂ ਤੁਹਾਡੇ ਉੱਤੇ ਮੈਂ ਦਯਾ ਕੀਤੀ ਹੈ, ਤੁਸੀਂ ਮੇਰੇ ਪਿਤਾ ਦੇ ਘਰਾਣੇ ਉੱਤੇ ਦਯਾ ਕਰੋਗੇ ਅਤੇ ਇੱਕ ਪੱਕੀ ਨਿਸ਼ਾਨੀ ਮੈਨੂੰ ਦਿਓ ।13ਕਿ ਮੇਰੇ ਪਿਤਾ, ਮੇਰੀ ਮਾਤਾ, ਮੇਰੇ ਭਰਾਵਾਂ, ਮੇਰੀਆਂ ਭੈਣਾਂ ਨੂੰ ਅਤੇ ਜੋ ਕੁਝ ਉਹਨਾਂ ਦਾ ਹੈ ਜੀਉਂਦਾ ਰੱਖੋਗੇ ਅਤੇ ਸਾਡੀਆਂ ਜਾਨਾਂ ਨੂੰ ਮੌਤ ਤੋਂ ਬਚਾਓਗੇ ।
14ਉਹਨਾਂ ਮਨੁੱਖਾਂ ਨੇ ਉਹ ਨੂੰ ਆਖਿਆ, ਜੇਕਰ ਤੁਸੀਂ ਸਾਡੀ ਇਹ ਗੱਲ ਨਾ ਦੱਸੋ ਤਾਂ ਤੁਹਾਡੀ ਜਾਨ ਦੇ ਬਦਲੇ ਸਾਡੀ ਜਾਨ ਹੈ ਅਤੇ ਇਸ ਤਰ੍ਹਾਂ ਹੋਵੇਗਾ ਕਿ ਜਿਸ ਵੇਲੇ ਯਹੋਵਾਹ ਇਹ ਦੇਸ ਸਾਨੂੰ ਦੇ ਦੇਵੇ ਤਾਂ ਅਸੀਂ ਤੁਹਾਡੇ ਨਾਲ ਦਯਾ ਅਤੇ ਸੱਚਿਆਈ ਨਾਲ ਵਿਵਹਾਰ ਕਰਾਂਗੇ ।

15ਉਹ ਨੇ ਉਹਨਾਂ ਨੂੰ ਰੱਸੇ ਨਾਲ ਖਿੜਕੀ ਦੇ ਵਿੱਚ ਦੀ ਉਤਾਰ ਦਿੱਤਾ ਕਿਉਂ ਜੋ ਉਹ ਦਾ ਘਰ ਸ਼ਹਿਰ ਦੀ ਚਾਰ-ਦੀਵਾਰੀ ਦੇ ਨਾਲ ਲੱਗਦਾ ਸੀ ਅਤੇ ਉਹ ਉਸੇ ਸ਼ਹਿਰ ਵਿੱਚ ਰਹਿੰਦੀ ਸੀ ।16ਉਸ ਨੇ ਉਹਨਾਂ ਨੂੰ ਆਖਿਆ, ਪਹਾੜ ਵੱਲ ਚਲੇ ਜਾਓ ਕਿਤੇ ਅਜਿਹਾ ਨਾ ਹੋਵੇ ਕਿ ਪਿੱਛਾ ਕਰਨ ਵਾਲੇ ਤੁਹਾਨੂੰ ਮਿਲ ਪੈਣ । ਇਸ ਲਈ ਤੁਸੀਂ ਤਿੰਨਾਂ ਦਿਨਾਂ ਤੱਕ ਆਪਣੇ ਆਪ ਨੂੰ ਲੁਕਾ ਛੱਡੋ ਜਦ ਤੱਕ ਪਿੱਛਾ ਕਰਨ ਵਾਲੇ ਨਾ ਮੁੜਨ ਉਸ ਦੇ ਪਿੱਛੋਂ ਤੁਸੀਂ ਆਪਣੇ ਰਾਹ ਚਲੇ ਜਾਇਓ ।17ਉਹਨਾਂ ਮਨੁੱਖਾਂ ਨੇ ਉਹ ਨੂੰ ਆਖਿਆ, ਇਸ ਸਹੁੰ ਤੋਂ ਜਿਹੜੀ ਤੂੰ ਸਾਨੂੰ ਖੁਆਈ ਹੈ ਅਸੀਂ ਬਰੀ ਹੋਵਾਂਗੇ ।
18ਵੇਖ, ਜਦ ਅਸੀਂ ਇਸ ਦੇਸ ਵਿੱਚ ਆਵਾਂਗੇ ਤਾਂ ਇਹ ਲਾਲ ਸੂਤ ਦੀ ਡੋਰੀ ਇਸ ਖਿੜਕੀ ਨਾਲ ਬੰਨ੍ਹੀ ਜਿਹ ਦੇ ਵਿੱਚੋਂ ਦੀ ਤੂੰ ਸਾਨੂੰ ਉਤਾਰਿਆ ਹੈ ਅਤੇ ਆਪਣੇ ਪਿਤਾ, ਆਪਣੀ ਮਾਤਾ, ਆਪਣਿਆਂ ਭਰਾਵਾਂ ਅਤੇ ਆਪਣੇ ਪਿਤਾ ਦੇ ਸਾਰੇ ਘਰਾਣੇ ਨੂੰ ਆਪਣੇ ਕੋਲ ਘਰ ਵਿੱਚ ਇੱਕਠਿਆ ਕਰੀਂ ।19ਤਦ ਇਸ ਤਰ੍ਹਾਂ ਹੋਵੇਗਾ ਕਿ ਜੋ ਕੋਈ ਤੇਰੇ ਘਰ ਦੇ ਬੂਹੇ ਵਿੱਚੋਂ ਗਲੀ ਵਿੱਚ ਨਿੱਕਲ ਕੇ ਜਾਵੇਗਾ ਉਸ ਦਾ ਖੂਨ ਉਸ ਦੇ ਸਿਰ ਉੱਤੇ ਹੋਵੇਗਾ ਅਤੇ ਅਸੀਂ ਬੇਦੋਸ਼ੇ ਹੋਵਾਂਗੇ ਅਤੇ ਜੇ ਕੋਈ ਤੇਰੇ ਕੋਲ ਘਰ ਵਿੱਚ ਹੋਵੇਗਾ ਉਸ ਦੇ ਉੱਤੇ ਜੇ ਕਿਸੇ ਦਾ ਹੱਥ ਉੱਠੇਗਾ ਤਾਂ ਉਸ ਦਾ ਖੂਨ ਸਾਡੇ ਸਿਰ ਉੱਤੇ ਹੋਵੇਗਾ ।
20ਜੇਕਰ ਤੂੰ ਸਾਡੀ ਇਹ ਗੱਲ ਦੱਸ ਦੇਵੇਂਗੀ ਤਾਂ ਉਸ ਸਹੁੰ ਤੋਂ ਜਿਹੜੀ ਤੂੰ ਸਾਨੂੰ ਖੁਆਈ ਹੈ ਅਸੀਂ ਬਰੀ ਹੋਵਾਂਗੇ ।21ਉਸ ਨੇ ਆਖਿਆ, ਤੁਹਾਡੀ ਗੱਲ ਅਨੁਸਾਰ ਹੋਵੇ । ਸੋ ਉਹ ਨੇ ਉਹਨਾਂ ਨੂੰ ਭੇਜ ਦਿੱਤਾ ਤਾਂ ਉਹ ਚਲੇ ਗਏ ਅਤੇ ਉਹ ਨੇ ਲਾਲ ਸੂਤ ਦੀ ਡੋਰੀ ਖਿੜਕੀ ਨਾਲ ਬੰਨ੍ਹ ਦਿੱਤੀ ।

22ਤਾਂ ਉਹ ਤੁਰ ਕੇ ਪਹਾੜ ਵੱਲ ਗਏ ਅਤੇ ਉੱਥੇ ਤਿੰਨ ਦਿਨ ਰਹੇ ਜਦ ਤੱਕ ਉਹਨਾਂ ਦਾ ਪਿੱਛਾ ਕਰਨ ਵਾਲੇ ਨਾ ਮੁੜੇ ਅਤੇ ਪਿੱਛਾ ਕਰਨ ਵਾਲਿਆਂ ਨੇ ਉਹਨਾਂ ਨੂੰ ਸਾਰੇ ਰਾਹ ਵਿੱਚ ਲੱਭਿਆ ਪਰ ਉਹ ਨਾ ਲੱਭੇ ।
23ਤਾਂ ਉਹ ਦੋਵੇਂ ਮਨੁੱਖ ਮੁੜੇ ਅਤੇ ਪਹਾੜੋਂ ਉਤਰੇ ਅਤੇ ਪਾਰ ਲੰਘ ਕੇ ਨੂਨ ਦੇ ਪੁੱਤਰ ਯਹੋਸ਼ੁਆ ਕੋਲ ਆਏ ਤਾਂ ਸਾਰੀਆਂ ਗੱਲਾਂ ਜੋ ਉਹਨਾਂ ਨਾਲ ਹੋਈਆਂ ਸਨ ਉਹ ਨੂੰ ਦੱਸੀਆਂ ।24ਅਤੇ ਉਹਨਾਂ ਨੇ ਯਹੋਸ਼ੁਆ ਨੂੰ ਆਖਿਆ, ਸੱਚ-ਮੁੱਚ ਯਹੋਵਾਹ ਨੇ ਇਹ ਸਾਰਾ ਦੇਸ ਸਾਡੇ ਹੱਥ ਵਿੱਚ ਦੇ ਦਿੱਤਾ ਹੈ ਕਿਉਂ ਜੋ ਇਸ ਦੇਸ ਦੇ ਸਾਰੇ ਵਸਨੀਕ ਸਾਡੇ ਤੋਂ ਘਬਰਾ ਗਏ ਹਨ ।

3
ਇਸਰਾਏਲੀ ਯਰਦਨ ਪਾਰ ਕਰਦੇ ਹਨ

1ਯਹੋਸ਼ੁਆ ਸਵੇਰੇ ਜਲਦੀ ਉੱਠਿਆ ਤਾਂ ਉਹ ਅਤੇ ਸਾਰੇ ਇਸਰਾਏਲੀ ਸ਼ਿੱਟੀਮ ਤੋਂ ਕੂਚ ਕਰਕੇ ਯਰਦਨ ਕੋਲ ਆਏ ਅਤੇ ਉਹ ਪਾਰ ਲੰਘਣ ਤੋਂ ਪਹਿਲਾਂ ਉੱਥੇ ਠਹਿਰ ਗਏ

2ਇਸ ਤਰ੍ਹਾਂ ਹੋਇਆ ਕਿ ਤਿੰਨ ਦਿਨਾਂ ਦੇ ਪਿੱਛੋਂ ਅਧਿਕਾਰੀ ਡੇਰੇ ਦੇ ਵਿਚਕਾਰ ਦੀ ਲੰਘੇ ।3ਉਹਨਾਂ ਨੇ ਲੋਕਾਂ ਨੂੰ ਹੁਕਮ ਦਿੱਤਾ ਕਿ ਜਿਸ ਵੇਲੇ ਤੁਸੀਂ ਲੇਵੀ ਜਾਜਕਾਂ ਨੂੰ ਯਹੋਵਾਹ ਆਪਣੇ ਪਰਮੇਸ਼ੁਰ ਦੇ ਨੇਮ ਦਾ ਸੰਦੂਕ ਚੁੱਕਿਆ ਹੋਇਆ ਵੇਖੋ ਤਾਂ ਤੁਸੀਂ ਆਪਣੇ ਸਥਾਨ ਤੋਂ ਕੂਚ ਕਰ ਕੇ ਉਹ ਦੇ ਪਿਛੇ ਪਿਛੇ ਚੱਲਿਓ ।4ਪਰ ਤੁਹਾਡੇ ਅਤੇ ਉਹ ਦੇ ਵਿਚਕਾਰ ਮਿਣਤੀ ਦੇ ਦੋ ਕੁ ਹਜ਼ਾਰ ਹੱਥ ਦਾ ਫ਼ਾਸਲਾ ਹੋਵੇ ਅਤੇ ਉਹ ਦੇ ਨੇੜੇ ਨਾ ਜਾਇਓ ਤਾਂ ਜੋ ਤੁਸੀਂ ਉਹ ਰਾਹ ਨੂੰ ਜਿੱਥੋਂ ਦੀ ਤੁਸੀਂ ਤੁਰਨਾ ਹੈ ਜਾਣੋ ਇਸ ਲਈ ਕਿ ਤੁਸੀਂ ਅੱਜ ਤੋਂ ਪਹਿਲਾਂ ਉਸ ਰਾਹ ਤੋਂ ਕਦੀ ਨਹੀਂ ਲੰਘੇ ।
5ਯਹੋਸ਼ੁਆ ਨੇ ਲੋਕਾਂ ਨੂੰ ਆਖਿਆ ਕਿ ਆਪਣੇ ਆਪ ਨੂੰ ਪਵਿੱਤਰ ਕਰੋ, ਕਿਉਂ ਜੋ ਕੱਲ ਯਹੋਵਾਹ ਤੁਹਾਡੇ ਵਿੱਚ ਅਦਭੁਤ ਕੰਮ ਕਰੇਗਾ ।6ਫਿਰ ਯਹੋਸ਼ੁਆ ਨੇ ਜਾਜਕਾਂ ਨੂੰ ਆਖਿਆ ਕਿ ਤੁਸੀਂ ਨੇਮ ਦੇ ਸੰਦੂਕ ਨੂੰ ਚੁੱਕ ਕੇ ਲੋਕਾਂ ਦੇ ਅੱਗੇ-ਅੱਗੇ ਪਾਰ ਲੰਘੋ ਤਾਂ ਉਹਨਾਂ ਨੇ ਨੇਮ ਦੇ ਸੰਦੂਕ ਨੂੰ ਚੁੱਕਿਆ ਅਤੇ ਲੋਕਾਂ ਦੇ ਅੱਗੇ-ਅੱਗੇ ਚੱਲ ਪਏ ।

7ਤਦ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, ਅੱਜ ਦੇ ਦਿਨ ਮੈਂ ਸਾਰੇ ਇਸਰਾਏਲ ਦੇ ਵੇਖਦਿਆਂ ਤੈਨੂੰ ਵਡਿਆਈ ਦੇਣ ਦੀ ਸ਼ੁਰੂਆਤ ਕਰਾਂਗਾ ਇਸ ਲਈ ਕਿ ਉਹ ਜਾਣਨ ਕਿ ਜਿਵੇਂ ਮੈਂ ਮੂਸਾ ਦੇ ਸੰਗ ਸੀ ਤਿਵੇਂ ਮੈਂ ਤੇਰੇ ਸੰਗ ਵੀ ਹਾਂ ।8ਤੂੰ ਉਹਨਾਂ ਜਾਜਕਾਂ ਨੂੰ ਜਿਹੜੇ ਨੇਮ ਦੇ ਸੰਦੂਕ ਨੂੰ ਚੁੱਕਦੇ ਹਨ ਹੁਕਮ ਕਰ ਕਿ ਜਦ ਤੁਸੀਂ ਯਰਦਨ ਦੇ ਪਾਣੀ ਦੇ ਕੰਡੇ ਉੱਤੇ ਪਹੁੰਚੇ ਤਾਂ ਤੁਸੀਂ ਯਰਦਨ ਦੇ ਵਿੱਚ ਖੜ੍ਹੇ ਹੋ ਜਾਣਾ ।

9ਇਸ ਲਈ ਯਹੋਸ਼ੁਆ ਨੇ ਇਸਰਾਏਲੀਆਂ ਨੂੰ ਆਖਿਆ, ਇਧਰ ਆਓ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੀਆਂ ਗੱਲਾਂ ਸੁਣੋ10ਤਾਂ ਯਹੋਸ਼ੁਆ ਨੇ ਆਖਿਆ ਕਿ ਹੁਣ ਤੁਸੀਂ ਇਸ ਤੋਂ ਜਾਣੋਗੇ ਕਿ ਜਿਉਂਦਾ ਪਰਮੇਸ਼ੁਰ ਤੁਹਾਡੇ ਵਿਚਕਾਰ ਹੈ ਅਤੇ ਉਹ ਕਨਾਨੀਆਂ, ਹਿੱਤੀਆਂ, ਹਿੱਵੀਆਂ, ਫਰਿਜ਼ੀਆਂ, ਗਿਰਗਾਸੀਆਂ, ਅਮੋਰੀਆਂ ਅਤੇ ਯਬੂਸੀਆਂ ਨੂੰ ਤੁਹਾਡੇ ਅੱਗੋਂ ਉਹਨਾਂ ਦੇ ਦੇਸ ਵਿਚੋਂ ਜ਼ਰੂਰ ਬਾਹਰ ਕੱਢ ਦੇਵੇਗਾ ।11ਵੇਖੋ, ਸਾਰੀ ਧਰਤੀ ਦੇ ਪ੍ਰਭੂ ਦੇ ਨੇਮ ਦਾ ਸੰਦੂਕ ਤੁਹਾਡੇ ਅੱਗੇ ਯਰਦਨ ਦੇ ਵਿੱਚੋਂ ਦੀ ਲੰਘਦਾ ਹੈ ।
12ਹੁਣ ਤੁਸੀਂ ਬਾਰਾਂ ਜਣੇ ਇਸਰਾਏਲ ਦੀਆਂ ਗੋਤਾਂ ਵਿੱਚੋ ਇੱਕ-ਇੱਕ ਗੋਤ ਪਿੱਛੇ ਇੱਕ-ਇੱਕ ਮਨੁੱਖ ਆਪਣੇ ਲਈ ਲਓ ।13ਅਤੇ ਇਸ ਤਰ੍ਹਾਂ ਹੋਵੇਗਾ ਕਿ ਜਿਸ ਵੇਲੇ ਜਾਜਕਾਂ ਦੇ ਪੈਰ ਜਿਹੜੇ ਯਹੋਵਾਹ ਸਾਰੀ ਧਰਤੀ ਦੇ ਪ੍ਰਭੂ ਦਾ ਸੰਦੂਕ ਚੁੱਕਦੇ ਹਨ ਯਰਦਨ ਦੇ ਪਾਣੀਆਂ ਵਿੱਚ ਰੱਖੇ ਜਾਣ ਤਾਂ ਯਰਦਨ ਦੇ ਪਾਣੀ ਉਹਨਾਂ ਪਾਣੀਆਂ ਤੋਂ ਜਿਹੜੇ ਉੱਤੋਂ ਵਗਦੇ ਹਨ ਵੱਖਰੇ-ਵੱਖਰੇ ਹੋ ਜਾਣਗੇ ਅਤੇ ਉਹ ਇੱਕ ਢੇਰ ਹੋ ਕੇ ਖੜ੍ਹਾ ਹੋ ਜਾਣਗੇ ।

14ਤਦ ਇਸ ਤਰ੍ਹਾਂ ਹੋਇਆ ਕਿ ਜਦ ਲੋਕ ਆਪਣਿਆਂ ਤੰਬੂਆਂ ਤੋਂ ਤੁਰੇ ਕਿ ਯਰਦਨ ਦੇ ਪਾਰ ਲੰਘਣ ਅਤੇ ਜਾਜਕਾਂ ਨੇ ਲੋਕਾਂ ਦੇ ਅੱਗੇ-ਅੱਗੇ ਨੇਮ ਦੇ ਸੰਦੂਕ ਨੂੰ ਚੁੱਕਿਆ ਹੋਇਆ ਸੀ ।15ਜਦ ਨੇਮ ਦੇ ਸੰਦੂਕ ਨੂੰ ਚੁੱਕਣ ਵਾਲੇ ਯਰਦਨ ਤੱਕ ਆਏ ਅਤੇ ਜਿਹੜੇ ਸੰਦੂਕ ਨੂੰ ਚੁੱਕੀ ਜਾਂਦੇ ਸਨ ਉਹਨਾਂ ਜਾਜਕਾਂ ਦੇ ਪੈਰ ਕੰਢੇ ਦੇ ਪਾਣੀ ਵਿੱਚ ਡੁੱਬੇ ਕਿਉਂ ਜੋ ਯਰਦਨ ਦਾ ਦਰਿਆ ਫ਼ਸਲ ਵੱਢਣ ਦੇ ਸਾਰੇ ਸਮੇਂ ਵਿੱਚ ਆਪਣਿਆਂ ਸਾਰਿਆਂ ਕੰਢਿਆਂ ਉੱਤੇ ਚੜ੍ਹ ਜਾਂਦਾ ਸੀ ।16ਤਾਂ ਉੱਤੋਂ ਵਗਣ ਵਾਲੇ ਪਾਣੀ ਆਦਾਮ ਸ਼ਹਿਰ ਦੇ ਕੋਲ ਜਿਹੜਾ ਸਾਰਥਾਨ ਦੇ ਲਾਗੇ ਹੈ ਬਹੁਤ ਦੂਰੋਂ ਠਹਿਰ ਗਏ ਅਤੇ ਇੱਕ ਢੇਰ ਹੋ ਕੇ ਖਲੋ ਗਏ ਅਤੇ ਉਹ ਪਾਣੀ ਜਿਹੜੇ ਅਰਾਬਾਹ ਦੇ ਸਮੁੰਦਰ ਅਰਥਾਤ ਖਾਰੇ ਸਮੁੰਦਰ ਵੱਲ ਵਹਿੰਦੇ ਸਨ ਪੂਰੀ ਤਰ੍ਹਾਂ ਹੀ ਅੱਡ ਹੋ ਗਏ ਤਾਂ ਲੋਕ ਯਰੀਹੋ ਦੇ ਸਾਹਮਣੇ ਹੀ ਪਾਰ ਲੰਘੇ ।
17ਅਤੇ ਉਹ ਜਾਜਕ ਜਿਹੜੇ ਯਹੋਵਾਹ ਦੇ ਨੇਮ ਦੇ ਸੰਦੂਕ ਨੂੰ ਚੁੱਕਦੇ ਸਨ ਯਰਦਨ ਦੇ ਵਿਚਕਾਰ ਸੁੱਕੀ ਧਰਤੀ ਉੱਤੇ ਪੱਕੇ ਪੈਰੀਂ ਖਲੋ ਗਏ ਅਤੇ ਸਾਰੇ ਇਸਰਾਏਲੀ ਸੁੱਕੀ ਧਰਤੀ ਦੇ ਉੱਤੋਂ ਦੀ ਪਾਰ ਹੋ ਗਏ ਜਦ ਤੱਕ ਸਾਰੀ ਕੌਮ ਯਰਦਨ ਦੇ ਪਾਰ ਲੰਘ ਨਾ ਚੁੱਕੀ ।

4
ਯਾਦਗਿਰੀ ਦੇ ਬਾਰ੍ਹਾਂ ਪੱਥਰ

1ਜਦ ਸਾਰੀ ਕੌਮ ਯਰਦਨ ਦੇ ਪਾਰ ਲੰਘ ਚੁੱਕੀ, ਤਦ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ2ਕਿ ਲੋਕਾਂ ਵਿੱਚੋਂ ਆਪਣੇ ਲਈ ਬਾਰਾਂ ਮਨੁੱਖ ਚੁਣ ਲਵੋ,ਹਰੇਕ ਗੋਤ ਵਿਚੋਂ ਇੱਕ ਮਨੁੱਖ3ਅਤੇ ਉਹਨਾਂ ਨੂੰ ਹੁਕਮ ਦਿਓ ਕਿ ਤੁਸੀਂ ਯਰਦਨ ਦੇ ਵਿੱਚਕਾਰੋਂ ਉੱਥੋਂ ਜਿੱਥੇ ਜਾਜਕ ਪੱਕੇ ਪੈਰੀਂ ਖਲੋਤੇ ਰਹੇ ਸਨ ਆਪਣੇ ਲਈ ਬਾਰਾਂ ਪੱਥਰ ਚੁੱਕ ਲਵੋ ਅਤੇ ਉਹਨਾਂ ਨੂੰ ਆਪਣੇ ਨਾਲ ਲੈ ਜਾ ਕੇ ਉਸ ਜਗ੍ਹਾ ਵਿੱਚ ਰੱਖੋ ਜਿੱਥੇ ਅੱਜ ਦਿਨ ਰਾਤ ਵਸੇਰਾ ਕਰਨਾ ਹੈ ।

4ਤਦ ਯਹੋਸ਼ੁਆ ਨੇ ਉਹਨਾਂ ਬਾਰਾਂ ਮਨੁੱਖਾਂ ਨੂੰ ਸੱਦਿਆ ਜਿਨ੍ਹਾਂ ਨੂੰ ਉਸਨੇ ਇਸਰਾਏਲੀਆਂ ਵਿੱਚੋਂ ਇੱਕ-ਇੱਕ ਮਨੁੱਖ ਹਰ ਇੱਕ ਗੋਤ ਪਿੱਛੇ ਤਿਆਰ ਕੀਤਾ ਸੀ ।5ਯਹੋਸ਼ੁਆ ਨੇ ਉਹਨਾਂ ਨੂੰ ਆਖਿਆ, ਯਹੋਵਾਹ ਆਪਣੇ ਪਰਮੇਸ਼ੁਰ ਦੇ ਸੰਦੂਕ ਦੇ ਅੱਗੇ ਯਰਦਨ ਦੇ ਵਿੱਚ ਦੀ ਲੰਘ ਜਾਓ ਅਤੇ ਤੁਹਾਡੇ ਵਿੱਚੋਂ ਹਰ ਮਨੁੱਖ ਇਸਰਾਏਲੀਆਂ ਦੇ ਗੋਤਾਂ ਦੇ ਅਨੁਸਾਰ ਇੱਕ-ਇੱਕ ਪੱਥਰ ਆਪਣੇ ਮੋਢਿਆਂ ਉੱਤੇ ਚੁੱਕ ਲਵੇ ।
6ਇਸ ਲਈ ਤੁਹਾਡੇ ਵਿੱਚ ਇੱਕ ਨਿਸ਼ਾਨੀ ਹੋਵੇ ਜਦ ਤੁਹਾਡੀ ਸੰਤਾਨ ਆਉਣ ਵਾਲੇ ਸਮੇਂ ਪੁੱਛੇ ਕਿ ਇਹਨਾਂ ਪੱਥਰਾਂ ਦਾ ਕੀ ਮਤਲਬ ਹੈ ?7ਤਦ ਤੁਸੀਂ ਉਹਨਾਂ ਨੂੰ ਆਖਣਾ ਕਿ ਯਹੋਵਾਹ ਦੇ ਨੇਮ ਦੇ ਸੰਦੂਕ ਦੇ ਅੱਗੇ ਯਰਦਨ ਦੇ ਪਾਣੀ ਵੱਖੋ-ਵੱਖ ਹੋ ਗਏ ਸਨ ! ਜਦ ਉਹ ਯਰਦਨ ਤੋਂ ਪਾਰ ਲੰਘਿਆ ਤਾ ਯਰਦਨ ਦੇ ਪਾਣੀ ਵੱਖੋ-ਵੱਖ ਹੋ ਗਏ, ਇਸ ਲਈ ਇਹ ਪੱਥਰ ਸਦਾ ਲਈ ਇਸਰਾਏਲੀਆਂ ਲਈ ਯਾਦਗਾਰੀ ਲਈ ਹੋਣਗੇ ।

8ਉਸ ਤੋਂ ਬਾਅਦ ਜਿਵੇਂ ਯਹੋਸ਼ੁਆ ਨੇ ਹੁਕਮ ਦਿੱਤਾ ਉਸੇ ਤਰ੍ਹਾਂ ਹੀ ਇਸਰਾਏਲੀਆਂ ਨੇ ਕੀਤਾ ਅਤੇ ਜਿਵੇਂ ਯਹੋਵਾਹ ਯਹੋਸ਼ੁਆ ਨਾਲ ਬੋਲਿਆ ਸੀ ਉਹਨਾਂ ਨੇ ਇਸਰਾਏਲੀਆਂ ਦੇ ਗੋਤਾਂ ਦੀ ਗਿਣਤੀ ਅਨੁਸਾਰ ਯਰਦਨ ਦੇ ਵਿੱਚੋਂ ਬਾਰਾਂ ਪੱਥਰ ਚੁੱਕ ਲਏ ਅਤੇ ਉਹਨਾਂ ਨੂੰ ਆਪਣੇ ਨਾਲ ਲੈ ਗਏ ਅਤੇ ਉਹਨਾਂ ਨੂੰ ਉੱਥੇ ਰੱਖ ਦਿੱਤਾ ।9ਯਹੋਸ਼ੁਆ ਨੇ ਯਰਦਨ ਦੇ ਵਿੱਚ ਜਿੱਥੇ ਜਾਜਕਾਂ ਦੇ ਪੈਰ ਟਿਕੇ ਸਨ ਜਿਹੜੇ ਨੇਮ ਦੇ ਸੰਦੂਕ ਨੂੰ ਚੁੱਕਦੇ ਸਨ ਬਾਰਾਂ ਪੱਥਰ ਖੜੇ ਕੀਤੇ ਅਤੇ ਉਹ ਅੱਜ ਦੇ ਦਿਨ ਤੱਕ ਉੱਥੇ ਹਨ ।
10ਕਿਉਂ ਜੋ ਉਹ ਜਾਜਕ ਜਿਹੜੇ ਸੰਦੂਕ ਨੂੰ ਚੁੱਕੀ ਜਾਂਦੇ ਸਨ ਯਰਦਨ ਦੇ ਵਿੱਚਕਾਰ ਖੜੇ ਰਹੇ ਜਦ ਤੱਕ ਸਭ ਕੁਝ ਪੂਰਾ ਨਾ ਹੋ ਗਿਆ ਜਿਵੇਂ ਯਹੋਵਾਹ ਨੇ ਯਹੋਸ਼ੁਆ ਨੂੰ ਲੋਕਾਂ ਨਾਲ ਬੋਲਣ ਦਾ ਹੁਕਮ ਦਿੱਤਾ ਸੀ ਅਰਥਾਤ ਉਹਨਾਂ ਸਾਰਿਆਂ ਹੁਕਮਾਂ ਅਨੁਸਾਰ ਜਿਹੜੇ ਮੂਸਾ ਨੇ ਯਹੋਸ਼ੁਆ ਨੂੰ ਦਿੱਤੇ ਸਨ ਤਾਂ ਲੋਕਾਂ ਨੇ ਛੇਤੀ ਕੀਤੀ ਅਤੇ ਪਾਰ ਲੰਘ ਗਏ ।11ਇਸ ਤਰ੍ਹਾਂ ਹੋਇਆ ਕਿ ਜਦ ਸਾਰੇ ਲੋਕ ਪਾਰ ਲੰਘ ਚੁੱਕੇ ਤਦ ਯਹੋਵਾਹ ਦਾ ਸੰਦੂਕ ਅਤੇ ਜਾਜਕ ਲੋਕਾਂ ਦੇ ਸਾਹਮਣੇ ਪਾਰ ਲੰਘੇ ।
12ਫਿਰ ਰਊਬੇਨੀ, ਗਾਦੀ ਅਤੇ ਮਨੱਸ਼ਹ ਦਾ ਅੱਧਾ ਗੋਤ ਇਸਰਾਏਲੀਆਂ ਦੇ ਅੱਗੋਂ ਦੀ ਸ਼ਸਤਰ ਧਾਰੀ ਹੋ ਕੇ ਮੂਸਾ ਦੇ ਆਖਣ ਅਨੁਸਾਰ ਪਾਰ ਲੰਘੇ ।13ਤਦ ਚਾਲੀ ਕੁ ਹਜ਼ਾਰ ਯਹੋਵਾਹ ਦੇ ਸਨਮੁਖ ਯੁੱਧ ਲਈ ਸ਼ਸਤਰ ਧਾਰੀ ਹੋ ਕੇ ਯਰੀਹੋ ਦੇ ਮੈਦਾਨ ਵਿੱਚ ਲੜਾਈ ਲਈ ਪਾਰ ਲੰਘੇ ।14ਉਸ ਦਿਨ ਯਹੋਵਾਹ ਨੇ ਸਾਰੇ ਇਸਰਾਏਲੀਆਂ ਦੇ ਸਾਹਮਣੇ ਯਹੋਸ਼ੁਆ ਨੂੰ ਵਡਿਆਈ ਦਿੱਤੀ ਤਾਂ ਜਿਵੇਂ ਉਹ ਮੂਸਾ ਕੋਲੋਂ ਉਸ ਦੀ ਸਾਰੀ ਉਮਰ ਤੱਕ ਡਰਦੇ ਰਹੇ ਸਨ ਤਿਵੇਂ ਉਸ ਦੇ ਕੋਲੋਂ ਵੀ ਡਰਦੇ ਸਨ ।

15ਤਦ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ,16ਉਹਨਾਂ ਜਾਜਕਾਂ ਨੂੰ ਜਿਹੜੇ ਸਾਖੀ ਦੇ ਸੰਦੂਕ ਨੂੰ ਚੁੱਕਦੇ ਹਨ ਹੁਕਮ ਕਰ ਕਿ ਉਹ ਯਰਦਨ ਤੋਂ ਬਾਹਰ ਆਉਣ ।
17ਉਸ ਤੋਂ ਬਾਅਦ ਯਹੋਸ਼ੁਆ ਨੇ ਜਾਜਕਾਂ ਨੂੰ ਹੁਕਮ ਦਿੱਤਾ ਕਿ ਯਰਦਨ ਤੋਂ ਬਾਹਰ ਆਓ ।18ਤਦ ਇਸ ਤਰ੍ਹਾਂ ਹੋਇਆ ਕਿ ਜਦ ਉਹ ਜਾਜਕ ਜਿਹੜੇ ਯਹੋਵਾਹ ਦੇ ਨੇਮ ਦੇ ਸੰਦੂਕ ਨੂੰ ਚੁੱਕੀ ਜਾਂਦੇ ਸਨ ਯਰਦਨ ਵਿੱਚੋਂ ਬਾਹਰ ਆਏ ਅਤੇ ਜਦ ਉਹਨਾਂ ਜਾਜਕਾਂ ਦੇ ਪੈਰਾਂ ਦੀਆਂ ਤਲੀਆਂ ਸੁੱਕੀ ਧਰਤੀ ਉੱਤੇ ਟਿਕੀਆਂ ਤਾਂ ਯਰਦਨ ਦੇ ਪਾਣੀ ਆਪਣੇ ਥਾਂ ਉੱਤੇ ਮੁੜ ਆਏ ਅਤੇ ਅੱਗੇ ਵਾਂਗੂੰ ਆਪਣਿਆਂ ਸਾਰਿਆਂ ਕੰਢਿਆ ਉੱਤੇ ਚੜ੍ਹ ਗਏ ।
19ਤਦ ਲੋਕ ਪਹਿਲੇ ਮਹੀਨੇ ਦੀ ਦਸਵੀਂ ਤਰੀਕ ਨੂੰ ਯਰਦਨ ਤੋਂ ਉੱਤੇ ਆਏ ਅਤੇ ਯਰੀਹੋ ਦੀ ਚੜ੍ਹਦੀ ਹੱਦ ਉੱਤੇ ਗਿਲਗਾਲ ਵਿੱਚ ਡੇਰੇ ਲਾਏ ।20ਯਹੋਸ਼ੁਆ ਨੇ ਉਹਨਾਂ ਬਾਰਾਂ ਪੱਥਰਾਂ ਨੂੰ ਜਿਨ੍ਹਾਂ ਨੂੰ ਯਰਦਨ ਵਿੱਚੋਂ ਚੁੱਕ ਲਿਆਏ ਸਨ ਗਿਲਗਾਲ ਵਿੱਚ ਖੜ੍ਹਾ ਕੀਤਾ ।21ਤਦ ਉਸ ਨੇ ਇਸਰਾਏਲੀਆਂ ਨੂੰ ਆਖਿਆ ਕਿ ਜਦ ਤੁਹਾਡੇ ਬਾਲਕ ਆਉਣ ਵਾਲੇ ਸਮੇਂ ਵਿੱਚ ਆਪਣਿਆਂ ਪਿਉਆਂ ਕੋਲੋਂ ਪੁੱਛਣ ਕਿ ਇਹ ਪੱਥਰ ਇੱਥੇ ਕਿਉਂ ਹਨ ।
22ਤਦ ਤੁਸੀਂ ਆਪਣੇ ਬਾਲਕਾਂ ਨੂੰ ਸਮਝਾਇਓ ਕਿ ਇਸਰਾਏਲ ਇਸ ਯਰਦਨ ਤੋਂ ਸੁੱਕੀ ਭੂਮੀ ਉੱਤੇ ਪਾਰ ਲੰਘਿਆ ਸੀ ।23ਕਿਉਂ ਜੋ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਡੇ ਅੱਗੋਂ ਯਰਦਨ ਦੇ ਪਾਣੀਆਂ ਨੂੰ ਸੁਕਾ ਦਿੱਤਾ ਜਦ ਤੱਕ ਤੁਸੀਂ ਪਾਰ ਨਾ ਲੰਘ ਚੁੱਕੇ ਜਿਵੇਂ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਲਾਲ ਸਮੁੰਦਰ ਨੂੰ ਕੀਤਾ ਸੀ ਜਦ ਤੱਕ ਅਸੀਂ ਪਾਰ ਨਾ ਲੰਘੇ ।24ਇਸ ਲਈ ਕਿ ਧਰਤੀ ਦੇ ਸਾਰੇ ਲੋਕ ਯਹੋਵਾਹ ਦੇ ਹੱਥ ਨੂੰ ਜਾਣਨ ਕਿ ਉਹ ਬਲਵੰਤ ਹੈ ਤਾਂ ਜੋ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਤੋਂ ਸਦਾ ਤੱਕ ਡਰਦੇ ਰਿਹਾ ਕਰੋ ।

5
ਇਸਰਾਏਲੀਆਂ ਦੀ ਸੁੰਨਤ ਕਰਨੀ ਅਤੇ ਪਸਾਹ ਮਨਾਉਣਾ

1ਜਦ ਅਮੋਰੀਆਂ ਦੇ ਸਾਰੇ ਰਾਜਿਆਂ ਨੇ ਜਿਹੜੇ ਯਰਦਨ ਦੇ ਪਾਰ ਸਨ ਅਤੇ ਕਨਾਨੀਆਂ ਦੇ ਸਾਰੇ ਰਾਜਿਆਂ ਨੇ ਜਿਹੜੇ ਸਮੁੰਦਰ ਦੇ ਨੇੜੇ ਸਨ ਸੁਣਿਆ ਕਿ ਯਹੋਵਾਹ ਨੇ ਇਸਰਾਏਲੀਆਂ ਦੇ ਅੱਗੋਂ ਯਰਦਨ ਦੇ ਪਾਣੀਆਂ ਨੂੰ ਸੁੱਕਾ ਦਿੱਤਾ ਜਦ ਤੱਕ ਉਹ ਪਾਰ ਨਾ ਲੰਘੇ ਤਾਂ ਉਹਨਾਂ ਦੇ ਮਨ ਘਬਰਾ ਗਏ ਅਤੇ ਉਹਨਾਂ ਵਿੱਚ ਇਸਰਾਏਲੀਆਂ ਦੇ ਕਾਰਨ ਹਿੰਮਤ ਨਾ ਰਹੀ ।

2ਉਸ ਵੇਲੇ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, ਤੂੰ ਆਪਣੇ ਲਈ ਚਕਮਕ ਪੱਥਰ ਦੀਆਂ ਛੁਰੀਆਂ ਬਣਾ ਅਤੇ ਦੂਜੀ ਵਾਰ ਇਸਰਾਏਲੀਆਂ ਦੀ ਸੁੰਨਤ ਕਰਾ ।3ਤਦ ਯਹੋਸ਼ੁਆ ਨੇ ਚਕਮਕ ਪੱਥਰਾਂ ਦੀਆਂ ਛੁਰੀਆਂ ਬਣਾਈਆਂ ਅਤੇ ਖਲੜੀਆਂ ਦੇ ਟਿੱਬੇ ਕੋਲ ਇਸਰਾਏਲੀਆਂ ਦੀ ਸੁੰਨਤ ਕਰਾਈ ।
4ਯਹੋਸ਼ੁਆ ਨੇ ਜੋ ਸੁੰਨਤ ਕਰਾਈ ਉਸ ਦਾ ਕਾਰਨ ਇਹ ਸੀ ਕਿ ਉਹ ਸਾਰੇ ਲੋਕ ਜਿਹੜੇ ਮਿਸਰ ਤੋਂ ਨਿੱਕਲੇ ਸਨ ਅਰਥਾਤ ਉਹ ਨਰ ਜਿਹੜੇ ਸਾਰੇ ਜੋਧੇ ਸਨ, ਉਹ ਸਾਰੇ ਮਿਸਰੋਂ ਨਿੱਕਲਣ ਦੇ ਰਾਹ ਵਿੱਚ ਉਜਾੜ ਦੇ ਵਿੱਚਕਾਰ ਮਰ ਗਏ ਸਨ ।5ਸਾਰੇ ਲੋਕਾਂ ਦੀ ਜਿਹੜੇ ਮਿਸਰ ਵਿਚੋਂ ਨਿੱਕਲੇ ਸਨ, ਉਹਨਾਂ ਦੀ ਸੁੰਨਤ ਹੋ ਚੁਕੀ ਸੀ ਪਰ ਜਿੰਨ੍ਹੇ ਲੋਕ ਮਿਸਰ ਤੋਂ ਨਿੱਕਲਣ ਦੇ ਪਿੱਛੋਂ ਉਜਾੜ ਦੇ ਰਾਹ ਵਿੱਚ ਜੰਮੇ ਉਹਨਾਂ ਦੀ ਸੁੰਨਤ ਨਹੀਂ ਹੋਈ ਸੀ ।
6ਕਿਉਂ ਜੋ ਇਸਰਾਏਲੀ ਚਾਲੀ ਸਾਲ ਤੱਕ ਉਜਾੜ ਵਿੱਚ ਫਿਰਦੇ ਰਹੇ, ਜਦ ਤੱਕ ਸਾਰੀ ਕੌਮ ਦੇ ਜੋਧੇ ਜਿਹੜੇ ਮਿਸਰੋਂ ਨਿੱਕਲੇ ਸਨ ਨਾਸ ਨਾ ਹੋ ਗਏ, ਇਸ ਲਈ ਕਿ ਉਹਨਾਂ ਨੇ ਯਹੋਵਾਹ ਦੀ ਅਵਾਜ਼ ਨੂੰ ਨਾ ਸੁਣਿਆ ਜਿਨ੍ਹਾਂ ਨਾਲ ਯਹੋਵਾਹ ਨੇ ਸਹੁੰ ਖਾਧੀ ਸੀ ਕਿ ਉਹ ਉਹਨਾਂ ਨੂੰ ਉਹ ਧਰਤੀ ਵਿਖਾਲੇਗਾ ਵੀ ਨਹੀਂ ਜਿਹ ਦੀ ਯਹੋਵਾਹ ਨੇ ਉਹਨਾਂ ਦੇ ਪਿਉ-ਦਾਦਿਆਂ ਨਾਲ ਸਾਨੂੰ ਦੇਣ ਦੀ ਸਹੁੰ ਖਾਧੀ ਸੀ ਅਰਥਾਤ ਇੱਕ ਧਰਤੀ ਜਿਹ ਦੇ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਹੈ ।7ਜਿਹੜੇ ਬੱਚੇ ਉਹਨਾਂ ਦੇ ਥਾਂ ਉੱਠੇ ਯਹੋਸ਼ੁਆ ਨੇ ਉਹਨਾਂ ਦੀ ਸੁੰਨਤ ਕਰਾਈ ਕਿਉਂ ਜੋ ਉਹ ਅਸੁੰਨਤੀ ਸਨ ਇਸ ਲਈ ਕਿ ਰਾਹ ਦੇ ਵਿੱਚ ਉਹਨਾਂ ਨੇ ਉਹਨਾਂ ਦੀ ਸੁੰਨਤ ਨਹੀਂ ਕਰਾਈ ਸੀ ।
8ਜਦ ਸਾਰੀ ਕੌਮ ਦੀ ਸੁੰਨਤ ਕਰ ਚੁੱਕੇ ਤਾਂ ਜਦ ਤੱਕ ਉਹ ਚੰਗੇ ਨਾ ਹੋਏ ਉਹ ਆਪੋ ਆਪਣੇ ਥਾਂ ਡੇਰੇ ਵਿੱਚ ਰਹੇ ।9ਫਿਰ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ ਕਿ ਅੱਜ ਦੇ ਦਿਨ ਮੈਂ ਤੁਹਾਡੇ ਉੱਤੋਂ ਮਿਸਰ ਦੀ ਬਦਨਾਮੀ ਦੂਰ ਕਰ ਦਿੱਤੀ ਹੈ । ਇਸ ਕਾਰਨ ਉਹ ਥਾਂ ਅੱਜ ਦੇ ਦਿਨ ਤੱਕ ਗਿਲਗਾਲ ਅਖਵਾਉਂਦਾ ਹੈ ।

10ਫਿਰ ਇਸਰਾਏਲੀਆਂ ਨੇ ਗਿਲਗਾਲ ਵਿੱਚ ਡੇਰੇ ਕੀਤੇ, ਉਹਨਾਂ ਨੇ ਯਰੀਹੋ ਦੇ ਮੈਦਾਨ ਵਿੱਚ ਉਸ ਮਹੀਨੇ ਦੀ ਚੌਧਵੀਂ ਤਰੀਕ ਨੂੰ ਸ਼ਾਮਾਂ ਦੇ ਵੇਲੇ ਪਸਾਹ ਦਾ ਪਰਬ ਮਨਾਇਆ ।11ਪਸਾਹ ਦੇ ਇੱਕ ਦਿਨ ਤੋਂ ਬਾਅਦ ਉਹਨਾਂ ਨੇ ਉਸ ਦੇਸ ਦੀ ਪੈਦਾਵਾਰ ਤੋਂ ਭੁੱਜੇ ਹੋਏ ਦਾਣੇ ਅਤੇ ਪਤੀਰੀ ਰੋਟੀ ਉੱਸੇ ਦਿਨ ਖਾਧੀ ।
12ਜਦ ਉਹਨਾਂ ਨੇ ਉਸ ਦੇਸ ਦੀ ਪੈਦਾਵਾਰ ਤੋਂ ਖਾਧਾ ਤਾਂ ਅਗਲੇ ਦਿਨ ਮੰਨਾ ਬੰਦ ਹੋ ਗਿਆ । ਫਿਰ ਇਸਰਾਏਲੀਆਂ ਨੂੰ ਮੰਨਾ ਕਦੀ ਨਾ ਮਿਲਿਆ ਪਰ ਉਹਨਾਂ ਨੇ ਉਸ ਸਾਲ ਕਨਾਨ ਦੇਸ ਦੀ ਪੈਦਾਵਾਰ ਤੋਂ ਖਾਧਾ ।
ਯਹੋਸ਼ੁਆ ਅਤੇ ਤਲਵਾਰ ਵਾਲਾ ਇੱਕ ਮਨੁੱਖ

13ਜਦ ਯਹੋਸ਼ੁਆ ਯਰੀਹੋ ਦੇ ਕੋਲ ਸੀ ਅਤੇ ਉਸ ਆਪਣੀਆਂ ਅੱਖੀਆਂ ਉਤਾਹਾਂ ਚੁੱਕ ਕੇ ਵੇਖਿਆ ਤਾਂ ਵੇਖੋ, ਇੱਕ ਮਨੁੱਖ ਹੱਥ ਵਿੱਚ ਨੰਗੀ ਤਲਵਾਰ ਲਈ ਉਹ ਦੇ ਸਾਹਮਣੇ ਖੜ੍ਹਾ ਸੀ ਤਾਂ ਯਹੋਸ਼ੁਆ ਉਸ ਦੇ ਕੋਲ ਗਿਆ ਅਤੇ ਉਸ ਨੂੰ ਆਖਿਆ,"ਕੀ ਤੂੰ ਸਾਡੀ ਵੱਲ ਹੈਂ ਜਾਂ ਸਾਡੇ ਵੈਰੀਆਂ ਵੱਲ ? "
14ਉਸ ਨੇ ਆਖਿਆ, ਨਹੀਂ, ਮੈਂ ਤਾਂ ਇਸ ਵੇਲੇ ਯਹੋਵਾਹ ਦਾ ਸੈਨਾਪਤੀ ਬਣ ਕੇ ਆਇਆ ਹਾਂ ਤਦ ਯਹੋਸ਼ੁਆ ਧਰਤੀ ਉੱਤੇ ਮੂੰਹ ਪਰਨੇ ਡਿੱਗਿਆ ਅਤੇ ਮੱਥਾ ਟੇਕਿਆ ਅਤੇ ਉਸ ਨੂੰ ਆਖਿਆ, ਮੇਰਾ ਪ੍ਰਭੂ ਆਪਣੇ ਦਾਸ ਨੂੰ ਕੀ ਆਖਦਾ ਹੈ ?15ਯਹੋਵਾਹ ਦੇ ਸੈਨਾਪਤੀ ਨੇ ਯਹੋਸ਼ੁਆ ਨੂੰ ਆਖਿਆ ਕਿ ਤੂੰ ਆਪਣੇ ਪੈਰੋਂ ਆਪਣੀ ਜੁੱਤੀ ਲਾਹ ਕਿਉਂ ਜੋ ਜਿੱਥੇ ਤੂੰ ਖੜ੍ਹਾ ਹੈਂ ਉਹ ਥਾਂ ਪਵਿੱਤਰ ਹੈ ਤਾਂ ਯਹੋਸ਼ੁਆ ਨੇ ਉਸੇ ਤਰ੍ਹਾਂ ਹੀ ਕੀਤਾ ।

6
ਯਰੀਹੋ ਦਾ ਪਤਨ

1ਯਰੀਹੋ ਦੇ ਸਾਰੇ ਫਾਟਕ ਇਸਰਾਏਲੀਆਂ ਦੇ ਕਾਰਨ ਵੱਡੀ ਸਖ਼ਤੀ ਦੇ ਨਾਲ ਬੰਦ ਕੀਤੇ ਹੋਏ ਸੀ, ਨਾ ਕੋਈ ਅੰਦਰ ਆ ਸਕਦਾ ਸੀ, ਨਾ ਕੋਈ ਬਾਹਰ ਜਾ ਸਕਦਾ ਸੀ ।2ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ ਕਿ ਵੇਖ ਮੈਂ ਯਰੀਹੋ, ਉਸ ਦੇ ਰਾਜੇ ਅਤੇ ਉਸ ਦੇ ਸੂਰਬੀਰਾਂ ਨੂੰ ਤੇਰੇ ਹੱਥ ਵਿੱਚ ਦੇ ਦਿੱਤਾ ਹੈ ।

3ਇਸ ਲਈ ਤੁਸੀਂ ਸਾਰੇ ਜੋਧੇ ਸ਼ਹਿਰ ਨੂੰ ਘੇਰ ਲਓ ਅਤੇ ਇੱਕ ਵਾਰੀ ਸ਼ਹਿਰ ਦੇ ਆਲੇ-ਦੁਆਲੇ ਚੱਕਰ ਲਗਾਓ ਅਤੇ ਛੇਆਂ ਦਿਨਾਂ ਤੱਕ ਤੁਸੀਂ ਅਜਿਹਾ ਹੀ ਕਰਨਾ ।4ਸਭ ਜਾਜਕ ਸੰਦੂਕ ਦੇ ਅੱਗੇ ਮੇਢੇ ਦੇ ਸਿੰਘਾਂ ਦੀਆਂ ਸੱਤ ਤੁਰ੍ਹੀਆਂ ਲੈ ਜਾਣ ਅਤੇ ਤੁਸੀਂ ਸੱਤਵੇਂ ਦਿਨ ਸੱਤ ਵਾਰੀ ਸ਼ਹਿਰ ਦੇ ਦੁਆਲੇ ਚੱਕਰ ਲਗਾਣਾ ਅਤੇ ਜਾਜਕ ਤੁਰ੍ਹੀਆਂ ਵਜਾਉਣ ।
5ਜਦ ਉਹ ਦੇਰ ਤੱਕ ਮੇਢੇ ਦੇ ਸਿੰਘਾਂ ਦੀਆਂ ਤੁਰ੍ਹੀਆਂ ਵਜਾਉਣ ਅਤੇ ਜਦ ਤੁਸੀਂ ਤੁਰ੍ਹੀ ਦੀ ਅਵਾਜ਼ ਸੁਣੋ ਤਾਂ ਸਾਰੇ ਲੋਕ ਵੱਡੇ ਜ਼ੋਰ ਨਾਲ ਜੈ ਜੈ ਕਾਰ ਕਰਨ ਤਾਂ ਸ਼ਹਿਰ ਦੀ ਚਾਰ-ਪਨਾਹ ਨੀਂਹ ਤੋਂ ਡਿੱਗ ਪਵੇਗੀ ਅਤੇ ਪਰਜਾ ਵਿੱਚੋਂ ਹਰ ਮਨੁੱਖ ਆਪਣੇ ਸਾਹਮਣੇ ਸਿੱਧਾ ਉਤਾਹਾਂ ਜਾਵੇਗਾ ।
6ਇਸ ਲਈ ਨੂਨ ਦੇ ਪੁੱਤਰ ਯਹੋਸ਼ੁਆ ਨੇ ਜਾਜਕਾਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਆਖਿਆ, ਤੁਸੀਂ ਨੇਮ ਦੇ ਸੰਦੂਕ ਨੂੰ ਚੁੱਕ ਲਓ ਅਤੇ ਜਾਜਕ ਸੱਤ ਤੁਰ੍ਹੀਆਂ ਯਹੋਵਾਹ ਦੇ ਸੰਦੂਕ ਦੇ ਅੱਗੇ ਚੁੱਕ ਲੈਣ ।7ਫਿਰ ਉਸ ਨੇ ਉਹਨਾਂ ਲੋਕਾਂ ਨੂੰ ਆਖਿਆ, ਲੰਘੋ ਅਤੇ ਸ਼ਹਿਰ ਨੂੰ ਘੇਰ ਲਓ ਅਤੇ ਸ਼ਸਤਰ ਧਾਰੀ ਯਹੋਵਾਹ ਦੇ ਸੰਦੂਕ ਦੇ ਅੱਗੇ ਲੰਘਣ ।

8ਜਦ ਯਹੋਸ਼ੁਆ ਨੇ ਲੋਕਾਂ ਨੂੰ ਆਖਿਆ ਤਾਂ ਸੱਤ ਜਾਜਕ ਸੱਤ ਤੁਰ੍ਹੀਆਂ ਲੈ ਕੇ ਯਹੋਵਾਹ ਦੇ ਅੱਗੋਂ ਦੀ ਲੰਘੇ ਅਤੇ ਉਹਨਾਂ ਨੇ ਤੁਰ੍ਹੀਆਂ ਵਜਾਈਆਂ ਤਾਂ ਯਹੋਵਾਹ ਦੇ ਨੇਮ ਦਾ ਸੰਦੂਕ ਉਹਨਾਂ ਦੇ ਮਗਰ ਆਉਂਦਾ ਸੀ ।9ਸ਼ਸਤਰ ਧਾਰੀ ਜਾਜਕਾਂ ਦੇ ਜਿਹੜੇ ਤੁਰ੍ਹੀਆਂ ਵਜਾਉਂਦੇ ਸਨ ਅੱਗੇ-ਅੱਗੇ ਤੁਰੇ ਜਾਂਦੇ ਸਨ ਅਤੇ ਪਿੱਛਲੇ ਸੰਦੂਕ ਦੇ ਮਗਰ ਮਗਰ ਤੁਰੇ ਆਉਂਦੇ ਸਨ ਜਦ ਉਹ ਜਾਂਦੇ-ਜਾਂਦੇ ਤੁਰ੍ਹੀਆਂ ਵਜਾਉਂਦੇ ਸਨ ।
10ਯਹੋਸ਼ੁਆ ਨੇ ਲੋਕਾਂ ਨੂੰ ਹੁਕਮ ਦਿੱਤਾ ਕਿ ਤੁਸੀਂ ਜੈਕਾਰਾ ਨਾ ਗਜਾਉਣਾ ਅਤੇ ਨਾ ਹੀ ਤੁਹਾਡੀ ਅਵਾਜ਼ ਸੁਣਾਈ ਦੇਵੇ ਅਤੇ ਤੁਹਾਡੇ ਮੂੰਹੋਂ ਕੋਈ ਗੱਲ ਨਾ ਨਿੱਕਲੇ ਜਿਸ ਦਿਨ ਤੱਕ ਮੈਂ ਤੁਹਾਨੂੰ ਜੈਕਾਰਾ ਗਜਾਉਣ ਨੂੰ ਨਾ ਆਖਾਂ, ਤਦ ਤੁਸੀਂ ਜੈਕਾਰਾ ਗਜਾਇਓ ।11ਉਸ ਤੋਂ ਬਾਅਦ ਯਹੋਵਾਹ ਦਾ ਸੰਦੂਕ ਸ਼ਹਿਰ ਦੇ ਦੁਆਲੇ ਇੱਕ ਵਾਰੀ ਘੁੰਮ ਆਇਆ ਤਾਂ ਉਹ ਡੇਰੇ ਵਿੱਚ ਮੁੜ ਆਏ ਅਤੇ ਡੇਰੇ ਵਿੱਚ ਰਾਤ ਰਹੇ ।

12ਯਹੋਸ਼ੁਆ ਤੜਕੇ ਉੱਠਿਆ ਅਤੇ ਜਾਜਕਾਂ ਨੇ ਯਹੋਵਾਹ ਦਾ ਸੰਦੂਕ ਚੁੱਕ ਲਿਆ ।13ਸੱਤ ਜਾਜਕ ਸੱਤ ਤੁਰ੍ਹੀਆਂ ਲਈ ਯਹੋਵਾਹ ਦੇ ਸੰਦੂਕ ਦੇ ਅੱਗੇ-ਅੱਗੇ ਤੁਰੇ ਜਾਂਦੇ ਸਨ ਅਤੇ ਤੁਰ੍ਹੀਆਂ ਵਜਾਉਂਦੇ ਜਾਂਦੇ ਸਨ ਅਤੇ ਸ਼ਸਤਰ ਧਾਰੀ ਉਹਨਾਂ ਦੇ ਅੱਗੇ-ਅੱਗੇ ਤੁਰੇ ਜਾਂਦੇ ਸਨ । ਪਿੱਛਲੇ ਯਹੋਵਾਹ ਦੇ ਸੰਦੂਕ ਦੇ ਮਗਰ ਮਗਰ ਤੁਰੇ ਜਾਂਦੇ ਸਨ ਅਤੇ ਉਹ ਤੁਰ੍ਹੀਆਂ ਵਜਾਉਂਦੇ ਜਾਂਦੇ ਸਨ ।14ਉਹ ਦੂਜੇ ਦਿਨ ਫਿਰ ਇੱਕ ਵਾਰੀ ਸ਼ਹਿਰ ਦੇ ਦੁਆਲੇ ਫਿਰੇ ਅਤੇ ਡੇਰੇ ਵਿੱਚ ਮੁੜ ਆਏ । ਉਹਨਾਂ ਨੇ ਇਸ ਤਰ੍ਹਾਂ ਛੇ ਦਿਨ ਤੱਕ ਕੀਤਾ ।

15ਸੱਤਵੇਂ ਦਿਨ ਉਹ ਤੜਕੇ ਹੀ ਦਿਨ ਚੜਨ ਦੇ ਵੇਲੇ ਉੱਠੇ ਅਤੇ ਉਸੇ ਤਰ੍ਹਾਂ ਹੀ ਸ਼ਹਿਰ ਦੇ ਦੁਆਲੇ ਸੱਤ ਵਾਰ ਘੁੰਮੇ । ਸਿਰਫ਼ ਉਸੇ ਦਿਨ ਉਹ ਸ਼ਹਿਰ ਦੇ ਦੁਆਲੇ ਸੱਤ ਵਾਰੀ ਘੁੰਮੇ ।16ਜਦ ਸੱਤਵੀਂ ਵਾਰ ਇਸ ਤਰ੍ਹਾਂ ਹੋਇਆ ਕਿ ਜਦ ਜਾਜਕਾਂ ਨੇ ਤੁਰ੍ਹੀਆਂ ਵਜਾਈਆਂ ਤਾਂ ਯਹੋਸ਼ੁਆ ਨੇ ਲੋਕਾਂ ਨੂੰ ਆਖਿਆ, ਜੈਕਾਰਾ ਗਜਾਓ ! ਕਿਉਂ ਜੋ ਯਹੋਵਾਹ ਨੇ ਇਹ ਸ਼ਹਿਰ ਤੁਹਾਨੂੰ ਦੇ ਦਿੱਤਾ ਹੈ !
17ਇਹ ਸ਼ਹਿਰ ਅਤੇ ਜੋ ਕੁਝ ਉਸ ਦੇ ਵਿੱਚ ਹੈ ਯਹੋਵਾਹ ਲਈ ਸਮਰਪਤ ਕੀਤਾ ਜਾਵੇਗਾ ਪਰ ਸਿਰਫ਼ ਰਾਹਾਬ ਵੇਸਵਾ ਅਤੇ ਜੋ ਕੋਈ ਉਸ ਦੇ ਘਰ ਵਿੱਚ ਹਨ ਜੀਉਂਦੇ ਰਹਿਣਗੇ ਕਿਉਂ ਜੋ ਉਸ ਨੇ ਉਹਨਾਂ ਖੋਜੀਆਂ ਨੂੰ ਲੁਕਾਇਆ ਸੀ ਜਿਨ੍ਹਾਂ ਨੂੰ ਅਸੀਂ ਭੇਜਿਆ ਸੀ ।18ਪਰ ਤੁਸੀਂ ਵੱਡੇ ਜਤਨ ਨਾਲ ਆਪਣੇ ਆਪ ਨੂੰ ਚੜ੍ਹਾਵੇ ਦੀਆਂ ਚੀਜ਼ਾਂ ਤੋਂ ਬਚਾ ਕੇ ਰੱਖਿਓ ਕਿਤੇ ਤੁਸੀਂ ਉਸ ਵਿੱਚੋਂ ਲਓ ਅਤੇ ਇਉਂ ਤੁਸੀਂ ਇਸਰਾਏਲ ਦੇ ਡੇਰੇ ਨੂੰ ਸਰਾਪੀ ਬਣਾਓ ਅਤੇ ਉਸ ਨੂੰ ਦੁੱਖ ਦਿਓ ।19ਸਾਰੀ ਚਾਂਦੀ, ਸੋਨਾ, ਪਿੱਤਲ ਅਤੇ ਲੋਹੇ ਦੇ ਸਾਰੇ ਭਾਂਡੇ ਯਹੋਵਾਹ ਲਈ ਪਵਿੱਤਰ ਹਨ ਇਸ ਲਈ ਉਹ ਯਹੋਵਾਹ ਦੇ ਖਜ਼ਾਨੇ ਵਿੱਚ ਪਾਏ ਜਾਣਗੇ ।
20ਲੋਕਾਂ ਨੇ ਜੈਕਾਰਾ ਗਜਾਇਆ ਅਤੇ ਜਾਜਕਾਂ ਨੇ ਤੁਰ੍ਹੀਆਂ ਵਜਾਈਆਂ ਤਾਂ ਇਸ ਤਰ੍ਹਾਂ ਹੋਇਆ ਕਿ ਜਦ ਲੋਕਾਂ ਨੇ ਤੁਰ੍ਹੀਆਂ ਦੀ ਅਵਾਜ਼ ਸੁਣੀ ਅਤੇ ਲੋਕ ਗੱਜ ਕੇ ਜੈਕਾਰਾ ਬੋਲੇ ਤਾਂ ਸ਼ਹਿਰ ਦੀ ਚਾਰ-ਦੀਵਾਰੀ ਡਿੱਗ ਗਈ ਇੱਥੋਂ ਤੱਕ ਕਿ ਲੋਕਾਂ ਵਿੱਚੋਂ ਹਰ ਮਨੁੱਖ ਆਪਣੇ ਸਾਹਮਣੇ ਸਿੱਧਾ ਸ਼ਹਿਰ ਵਿੱਚ ਜਾ ਵੜਿਆ ਤੇ ਸ਼ਹਿਰ ਨੂੰ ਜਿੱਤ ਲਿਆ ।21ਉਹਨਾਂ ਨੇ ਉਹਨਾਂ ਸਾਰਿਆਂ ਨੂੰ ਜਿਹੜੇ ਸ਼ਹਿਰ ਵਿੱਚ ਸਨ, ਕੀ ਮਨੁੱਖ, ਕੀ ਇਸਤਰੀ, ਕੀ ਜੁਆਨ ਕੀ ਬਜ਼ੁਰਗ, ਕੀ ਬਲ਼ਦ, ਕੀ ਭੇਡ, ਕੀ ਗਧਾ, ਤਲਵਾਰ ਦੀ ਧਾਰ ਨਾਲ ਮਾਰ ਸੁੱਟਿਆ ।

22ਪਰ ਯਹੋਸ਼ੁਆ ਨੇ ਉਹਨਾਂ ਦੋਹਾਂ ਮਨੁੱਖਾਂ ਨੂੰ ਜਿਹੜੇ ਉਸ ਦੇਸ ਦੀ ਖ਼ੋਜ ਕੱਢਣ ਗਏ ਸਨ ਆਖਿਆ ਕਿ ਉਸ ਵੇਸਵਾ ਦੇ ਘਰ ਜਾਓ ਅਤੇ ਉਸ ਔਰਤ ਨੂੰ ਅਤੇ ਜੋ ਕੁਝ ਉਸ ਦਾ ਹੈ ਬਾਹਰ ਲੈ ਆਓ ਜਿਵੇਂ ਤੁਸੀਂ ਉਸ ਦੇ ਨਾਲ ਸਹੁੰ ਖਾਧੀ ਸੀ ।
23ਤਦ ਉਹ ਜੁਆਨ ਖੋਜੀ ਅੰਦਰ ਗਏ ਅਤੇ ਰਾਹਾਬ ਨੂੰ ਉਸ ਦੇ ਪਿਤਾ, ਮਾਤਾ ਅਤੇ ਭਰਾਵਾਂ ਨੂੰ ਅਤੇ ਉਸ ਦੇ ਨਿੱਕੜ ਸੁੱਕੜ ਨੂੰ ਬਾਹਰ ਲੈ ਆਏ, ਨਾਲੇ ਉਸ ਦਾ ਸਾਰਾ ਟੱਬਰ ਵੀ ਬਾਹਰ ਲੈ ਆਂਦਾ ਅਤੇ ਉਸ ਨੂੰ ਇਸਰਾਏਲੀਆਂ ਦੇ ਡੇਰੇ ਦੇ ਬਾਹਰ ਰੱਖਿਆ ।24ਫਿਰ ਉਹਨਾਂ ਨੇ ਉਸ ਸ਼ਹਿਰ ਨੂੰ ਅਤੇ ਜੋ ਕੁਝ ਉਸ ਵਿੱਚ ਸੀ ਸਾੜ ਸੁੱਟਿਆ ਪਰ ਚਾਂਦੀ, ਸੋਨਾ, ਪਿੱਤਲ ਅਤੇ ਲੋਹੇ ਦੇ ਭਾਂਡੇ ਯਹੋਵਾਹ ਦੇ ਘਰ ਦੇ ਖ਼ਜ਼ਾਨੇ ਵਿੱਚ ਰੱਖ ਦਿੱਤੇ ।
25ਯਹੋਸ਼ੁਆ ਨੇ ਰਾਹਾਬ ਵੇਸਵਾ ਦੀ ਅਤੇ ਉਸ ਦੇ ਪਿਉ ਦੇ ਟੱਬਰ ਦੀ ਉਹਨਾਂ ਸਭਨਾਂ ਸਣੇ ਜਿਹੜੇ ਉਸ ਦੇ ਸਨ ਜਾਨ ਬਚਾ ਦਿੱਤੀ ਅਤੇ ਉਸ ਦੀ ਵੱਸੋਂ ਅੱਜ ਤੱਕ ਇਸਰਾਏਲ ਦੇ ਵਿੱਚ ਹੈ ਇਸ ਲਈ ਕਿ ਜਿਨ੍ਹਾਂ ਖੋਜੀਆਂ ਨੂੰ ਯਹੋਸ਼ੁਆ ਨੇ ਯਰੀਹੋ ਦੀ ਖ਼ੋਜ ਕੱਢਣ ਨੂੰ ਭੇਜਿਆ ਸੀ ਉਸ ਨੇ ਲੁਕਾਇਆ ਸੀ ।

26ਯਹੋਸ਼ੁਆ ਨੇ ਉਸ ਵੇਲੇ ਸਹੁੰ ਖਾਧੀ ਸੀ ਕਿ ਜੋ ਮਨੁੱਖ ਉੱਠ ਕੇ ਇਸ ਸ਼ਹਿਰ ਯਰੀਹੋ ਨੂੰ ਫਿਰ ਬਣਾਏ ਉਹ ਯਹੋਵਾਹ ਦੇ ਅੱਗੇ ਸਰਾਪੀ ਹੋਵੇ । ਜਦ ਉਹ ਇਸ ਦੀ ਨੀਂਹ ਰੱਖੇਗਾ ਤਾਂ ਉਸਦਾ ਜੇਠਾ ਪੁੱਤਰ ਮਰੇਗਾ ਅਤੇ ਜਦ ਉਹ ਦਾ ਬੂਹਾ ਲਾਵੇਗਾ ਤਦ ਉਸਦਾ ਛੋਟਾ ਪੁੱਤਰ ਮਰੇਗਾ !27ਪਰ ਯਹੋਵਾਹ ਯਹੋਸ਼ੁਆ ਦੇ ਅੰਗ-ਸੰਗ ਸੀ ਅਤੇ ਉਸ ਦੀ ਧੁੰਮ ਸਾਰੇ ਦੇਸ ਵਿੱਚ ਪੈ ਗਈ ।

7
ਅਕਾਨ ਦਾ ਪਾਪ

1ਪਰ ਇਸਰਾਏਲੀਆਂ ਨੇ ਚੜ੍ਹਾਵੇ ਦੀ ਚੀਜ਼ ਦੇ ਵਿਖੇ ਅਪਰਾਧ ਕੀਤਾ, ਕਿਉਂ ਜੋ ਜਰਹ ਦੇ ਪੜਪੋਤੇ, ਜ਼ਬਦੀ ਦੇ ਪੋਤੇ ਅਤੇ ਕਰਮੀ ਦੇ ਪੁੱਤਰ ਆਕਾਨ ਨੇ ਜਿਹੜਾ ਯਹੂਦਾਹ ਦੇ ਗੋਤ ਦਾ ਸੀ ਉਸ ਚੜ੍ਹਾਵੇ ਦੀ ਚੀਜ਼ ਵਿੱਚੋਂ ਕੁਝ ਲਿਆ ਅਤੇ ਯਹੋਵਾਹ ਦਾ ਕ੍ਰੋਧ ਇਸਰਾਏਲੀਆਂ ਉੱਤੇ ਭੜਕਿਆ ।

2ਯਹੋਸ਼ੁਆ ਨੇ ਯਰੀਹੋ ਤੋਂ ਅਈ ਨੂੰ ਜਿਹੜੀ ਬੈਤ-ਆਵਨ ਦੇ ਕੋਲ ਬੇਤ-ਏਲ ਦੇ ਚੜ੍ਹਦੀ ਵੱਲ ਹੈ ਮਨੁੱਖ ਭੇਜੇ ਅਤੇ ਉਹਨਾਂ ਨੂੰ ਆਖਿਆ, ਉਤਾਹਾਂ ਜਾ ਕੇ ਉਸ ਦੇਸ ਦੀ ਖ਼ੋਜ ਕੱਢ ਲਿਆਓ । ਉਸ ਤੋਂ ਬਾਅਦ ਉਹ ਮਨੁੱਖ ਗਏ ਅਤੇ ਅਈ ਦੀ ਖ਼ੋਜ ਕੱਢੀ ।3ਉਹਨਾਂ ਨੇ ਯਹੋਸ਼ੁਆ ਕੋਲ ਵਾਪਿਸ ਆ ਕੇ ਉਹ ਨੂੰ ਆਖਿਆ, ਸਾਰੇ ਲੋਕ ਉਤਾਹਾਂ ਨਾ ਜਾਣ ਪਰ ਕੇਵਲ ਦੋ ਤਿੰਨ ਹਜ਼ਾਰ ਮਨੁੱਖ ਉਤਾਹਾਂ ਜਾ ਕੇ ਅਈ ਨੂੰ ਜਿੱਤ ਲੈਣ । ਸਾਰਿਆਂ ਲੋਕਾਂ ਨੂੰ ਭੇਜਣ ਦੀ ਖੇਚਲ ਨਾ ਕਰੋ ਕਿਉਂ ਜੋ ਉਹ ਥੋੜੇ ਹੀ ਹਨ ।
4ਇਸ ਲਈ ਲੋਕਾਂ ਵਿੱਚੋ ਤਿੰਨ ਕੁ ਹਜ਼ਾਰ ਉੱਧਰ ਉਤਾਹਾਂ ਗਏ ਅਤੇ ਅਈ ਦੇ ਮਨੁੱਖਾਂ ਦੇ ਅੱਗੋਂ ਨੱਠ ਆਏ ।5ਅਤੇ ਅਈ ਵਾਲਿਆਂ ਨੇ ਉਹਨਾਂ ਵਿੱਚੋਂ ਲਗਭਗ ਛੱਤੀ ਮਨੁੱਖ ਮਾਰ ਦਿੱਤੇ ਅਤੇ ਫਾਟਕ ਦੇ ਅੱਗੋਂ ਲੈ ਕੇ ਸਬਾਰੀਮ ਤੱਕ ਉਹਨਾਂ ਦੇ ਪਿੱਛੇ ਆਏ ਅਤੇ ਉਹਨਾਂ ਨੂੰ ਹਠਾੜ ਵਿੱਚ ਮਾਰਿਆ ਤਾਂ ਲੋਕਾਂ ਦੇ ਮਨ ਢਲ ਗਏ ਅਤੇ ਪਾਣੀਓ ਪਾਣੀ ਹੋ ਗਏ ।

6ਯਹੋਸ਼ੁਆ ਨੇ ਆਪਣੇ ਕੱਪੜੇ ਪਾੜੇ ਅਤੇ ਯਹੋਵਾਹ ਦੇ ਸੰਦੂਕ ਦੇ ਅੱਗੇ ਸ਼ਾਮਾਂ ਤੱਕ ਮੂੰਹ ਭਾਰ ਧਰਤੀ ਉੱਤੇ ਪਿਆ ਰਿਹਾ, ਉਹ ਅਤੇ ਇਸਰਾਏਲ ਦੇ ਬਜ਼ੁਰਗ ਵੀ ਅਤੇ ਉਹਨਾਂ ਆਪਣਿਆਂ ਸਿਰਾਂ ਵਿੱਚ ਧੂੜ ਪਾ ਲਈ ।7ਯਹੋਸ਼ੁਆ ਨੇ ਆਖਿਆ, ਹਾਏ ਪ੍ਰਭੂ ਯਹੋਵਾਹ, ਕੀ ਤੂੰ ਇਹਨਾਂ ਲੋਕਾਂ ਨੂੰ ਇਸ ਕਾਰਨ ਯਰਦਨ ਤੋਂ ਪਾਰ ਲਿਆਇਆ ਹੈਂ ਕਿ ਅਮੋਰੀਆਂ ਦੇ ਹੱਥ ਵਿੱਚ ਸਾਨੂੰ ਦੇ ਕੇ ਸਾਡਾ ਸੱਤਿਆਨਾਸ ਕਰਾਏਂ ? ਚੰਗਾ ਹੀ ਹੁੰਦਾ ਜੇ ਅਸੀਂ ਸਬਰ ਕਰਦੇ ਅਤੇ ਯਰਦਨ ਦੇ ਉਸ ਪਾਸੇ ਹੀ ਵੱਸੇ ਰਹਿੰਦੇ ।
8ਹੇ ਪ੍ਰਭੂ, ਮੈਂ ਹੁਣ ਕੀ ਆਖਾਂ ਜਦ ਇਸਰਾਏਲ ਨੇ ਆਪਣੇ ਵੈਰੀਆਂ ਦੇ ਅੱਗੋਂ ਪਿੱਠ ਵਿਖਾਈ ਹੈ ?9ਕਨਾਨੀ ਅਤੇ ਸਾਰੇ ਇਸ ਦੇਸ ਦੇ ਵਸਨੀਕ ਸੁਣਨਗੇ ਅਤੇ ਉਹ ਸਾਨੂੰ ਘੇਰ ਲੈਣਗੇ ਅਤੇ ਉਹ ਸਾਡਾ ਨਾਮ ਧਰਤੀ ਉੱਤੋਂ ਮਿਟਾ ਦੇਣਗੇ ਤਾਂ ਤੂੰ ਆਪਣੇ ਵੱਡੇ ਨਾਮ ਲਈ ਕੀ ਕਰੇਂਗਾ ?

10ਤਦ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, ਤੂੰ ਉੱਠ ਖਲੋ ! ਕਿਉਂ ਮੂੰਹ ਪਰਨੇ ਪਿਆ ਹੈਂ ?11ਇਸਰਾਏਲ ਨੇ ਪਾਪ ਕੀਤਾ ਹੈ । ਹਾਂ, ਉਹਨਾਂ ਨੇ ਮੇਰੇ ਨੇਮ ਦਾ ਜਿਸ ਦਾ ਉਹਨਾਂ ਨੂੰ ਹੁਕਮ ਦਿੱਤਾ ਸੀ ਉਲੰਘਣ ਕੀਤਾ ਹੈ । ਹਾਂ, ਉਹਨਾਂ ਨੇ ਚੜ੍ਹਾਵੇ ਦੀਆਂ ਚੀਜ਼ਾਂ ਵਿੱਚੋਂ ਕੁਝ ਲੈ ਲਈਆਂ ਹਨ, ਚੋਰੀ ਕਰ ਲਈਆਂ ਹਨ, ਧੋਖਾ ਵੀ ਕੀਤਾ ਹੈ ਅਤੇ ਆਪਣੇ ਸਮਾਨ ਵਿੱਚ ਰਲਾ ਲਈਆਂ ਹਨ ।12ਇਸੇ ਲਈ ਇਸਰਾਏਲੀ ਆਪਣੇ ਵੈਰੀਆਂ ਦੇ ਅੱਗੇ ਸਾਹਮਣਾ ਨਾ ਕਰ ਸਕੇ ਸਗੋਂ ਵੈਰੀਆਂ ਦੇ ਅੱਗੋ ਪਿੱਠ ਵਿਖਾਈ ਕਿਉਂ ਜੋ ਉਹ ਸਰਾਪੇ ਗਏ ਸਨ । ਸੋ ਹੁਣ ਮੈਂ ਅੱਗੇ ਨੂੰ ਤੁਹਾਡੇ ਨਾਲ ਨਾ ਹੋਵਾਂਗਾ ਜਦ ਤੁਸੀਂ ਉਸ ਚੜ੍ਹਾਵੇ ਦੀ ਚੀਜ਼ ਨੂੰ ਆਪਣੇ ਵਿੱਚੋ ਨਾਸ ਨਾ ਕਰ ਸੁੱਟੋ ।
13ਉੱਠ ਅਤੇ ਲੋਕਾਂ ਨੂੰ ਪਵਿੱਤਰ ਕਰ ਅਤੇ ਤੂੰ ਆਖ ਕਿ ਆਪਣੇ ਆਪ ਨੂੰ ਕੱਲ ਲਈ ਪਵਿੱਤਰ ਕਰੋ ਕਿਉਂ ਜੋ ਇਸਰਾਏਲ ਦਾ ਪਰਮੇਸ਼ੁਰ ਇਉਂ ਆਖਦਾ ਹੈ ਕਿ ਹੇ ਇਸਰਾਏਲ ਤੁਹਾਡੇ ਵਿੱਚ ਚੜ੍ਹਾਵੇ ਦੀ ਚੀਜ਼ ਹੈ । ਤੁਸੀਂ ਆਪਣੇ ਵੈਰੀਆਂ ਦੇ ਸਾਹਮਣੇ ਠਹਿਰ ਨਾ ਸਕੋਗੇ ਜਦ ਤੱਕ ਤੁਸੀਂ ਉਸ ਚੜ੍ਹਾਵੇ ਦੀ ਚੀਜ਼ ਨੂੰ ਆਪਣੇ ਵਿੱਚੋ ਕੱਢ ਨਾ ਦਿਓ ।
14ਇਸ ਲਈ ਤੁਸੀਂ ਸਵੇਰ ਦੇ ਵੇਲੇ ਆਪੋ ਆਪਣੇ ਗੋਤਾਂ ਅਨੁਸਾਰ ਨੇੜੇ ਕੀਤੇ ਜਾਓਗੇ ਅਤੇ ਅਜਿਹਾ ਹੋਵੇਗਾ ਕਿ ਉਹ ਗੋਤ ਜਿਹ ਨੂੰ ਯਹੋਵਾਹ ਫੜੇਗਾ ਉਸ ਅਨੁਸਾਰ ਨੇੜੇ ਆਵੇ ਅਤੇ ਜਿਸ ਮੂੰਹੀ ਨੂੰ ਯਹੋਵਾਹ ਫੜੇਗਾ ਉਹ ਆਪਣੇ ਘਰਾਣਿਆਂ ਅਨੁਸਾਰ ਨੇੜੇ ਆਵੇ ਅਤੇ ਜਿਸ ਘਰਾਣੇ ਨੂੰ ਯਹੋਵਾਹ ਫੜੇਗਾ ਉਹ ਇੱਕ-ਇੱਕ ਕਰਕੇ ਨੇੜੇ ਆਵੇ ।15ਇਸ ਤਰ੍ਹਾਂ ਹੋਵੇਗਾ ਕਿ ਜੋ ਚੜ੍ਹਾਵੇ ਦੀ ਚੀਜ਼ ਨਾਲ ਫੜਿਆ ਜਾਵੇ ਉਹ ਆਪਣੇ ਸਭ ਕੁਝ ਸਮੇਤ ਅੱਗ ਵਿੱਚ ਸਾੜਿਆ ਜਾਵੇਗਾ ਕਿਉਂ ਜੋ ਉਸ ਨੇ ਯਹੋਵਾਹ ਦੇ ਨੇਮ ਦਾ ਉਲੰਘਣ ਕੀਤਾ ਅਤੇ ਇਸਰਾਏਲ ਵਿੱਚ ਸ਼ਰਮਨਾਕ ਕੰਮ ਕੀਤਾ ਹੈ ।

16ਯਹੋਸ਼ੁਆ ਸਵੇਰ ਦੇ ਵੇਲੇ ਉੱਠਿਆ ਅਤੇ ਇਸਰਾਏਲ ਨੂੰ ਗੋਤਾਂ ਅਨੁਸਾਰ ਨੇੜੇ ਲਿਆਇਆ ਤਾਂ ਯਹੂਦਾਹ ਦਾ ਗੋਤ ਫੜਿਆ ਗਿਆ ।17ਯਹੂਦਾਹ ਦੇ ਪਰਿਵਾਰਾਂ ਨੂੰ ਨੇੜੇ ਲਿਆਂਦਾ ਤਾਂ ਜ਼ਰਾਹੀਆਂ ਦਾ ਕਬੀਲਾ ਫੜਿਆ ਗਿਆ । ਜ਼ਰਾਹੀ ਦੇ ਕਬੀਲੇ ਦੇ ਇੱਕ-ਇੱਕ ਮਨੁੱਖ ਕਰਕੇ ਨੇੜੇ ਲਿਆਇਆ ਤਾਂ ਜ਼ਬਦੀ ਫੜਿਆ ਗਿਆ ।18ਉਸ ਦੇ ਘਰਾਣੇ ਦਾ ਮਨੁੱਖ ਮਨੁੱਖ ਕਰਕੇ ਨੇੜੇ ਲਿਆਇਆ ਤਾਂ ਯਹੂਦਾਹ ਦੇ ਗੋਤ ਦਾ ਜ਼ਰਹ ਦਾ ਪੜਪੋਤਾ ਜ਼ਬਦੀ ਦਾ ਪੋਤਾ ਅਤੇ ਕਰਮੀ ਦਾ ਪੁੱਤਰ ਆਕਾਨ ਫੜਿਆ ਗਿਆ ।
19ਯਹੋਸ਼ੁਆ ਨੇ ਆਕਾਨ ਨੂੰ ਆਖਿਆ, ਹੇ ਮੇਰੇ ਪੁੱਤਰ, ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੀ ਮਹਿਮਾ ਕਰ ਅਤੇ ਉਸ ਨੂੰ ਵਡਿਆਈ ਦੇ ਅਤੇ ਤੂੰ ਹੁਣ ਮੈਨੂੰ ਦੱਸ ਕਿ ਤੂੰ ਕੀ ਕੀਤਾ ਹੈ ਅਤੇ ਮੇਰੇ ਕੋਲੋਂ ਨਾ ਲੁਕਾ ।20ਆਕਾਨ ਨੇ ਯਹੋਸ਼ੁਆ ਨੂੰ ਉੱਤਰ ਦਿੱਤਾ ਕਿ ਮੈਂ ਸੱਚ-ਮੁੱਚ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦਾ ਪਾਪ ਕੀਤਾ ਹੈ ਅਤੇ ਮੈਂ ਇਸ ਤਰ੍ਹਾਂ ਕੀਤਾ ਹੈ ।21ਮੈਂ ਲੁੱਟ ਵਿੱਚ ਇੱਕ ਸ਼ਿਨਆਰ ਦੇਸ ਦਾ ਸੋਹਣਾ ਚੋਗਾ ਵੇਖਿਆ ਅਤੇ ਦੋ ਸੌ ਰੁਪਏ ਚਾਂਦੀ ਅਤੇ ਪੰਜਾਹ ਤੋਲਾ ਤੋਲ ਵਿੱਚ ਸੋਨੇ ਦੀ ਇੱਕ ਇੱਟ ਤਾਂ ਮੈਨੂੰ ਲਾਲਚ ਆ ਗਿਆ ਅਤੇ ਮੈਂ ਉਹਨਾਂ ਨੂੰ ਚੁੱਕ ਲਿਆ ਅਤੇ ਵੇਖੋ ਉਹ ਤੰਬੂ ਦੇ ਵਿੱਚਕਾਰ ਧਰਤੀ ਵਿੱਚ ਦੱਬੇ ਹੋਏ ਹਨ ਅਤੇ ਚਾਂਦੀ ਉਸ ਦੇ ਹੇਠ ਹੈ ।

22ਯਹੋਸ਼ੁਆ ਨੇ ਖੋਜੀ ਭੇਜੇ । ਉਹ ਤੰਬੂ ਵੱਲ ਭੱਜ ਕੇ ਗਏ ਅਤੇ ਵੇਖੋ ਉਹ ਤੰਬੂ ਵਿੱਚ ਦੱਬਿਆ ਹੋਇਆ ਸੀ ਅਤੇ ਚਾਂਦੀ ਉਸ ਦੇ ਹੇਠ ਸੀ ।23ਉਹ ਉਹਨਾਂ ਨੂੰ ਤੰਬੂ ਵਿੱਚੋਂ ਕੱਢ ਕੇ ਯਹੋਸ਼ੁਆ ਅਤੇ ਸਾਰੇ ਇਸਰਾਏਲੀਆਂ ਦੇ ਸਾਹਮਣੇ ਲੈ ਆਏ ਅਤੇ ਉਹਨਾਂ ਨੂੰ ਯਹੋਵਾਹ ਦੇ ਸਨਮੁਖ ਰੱਖ ਦਿੱਤਾ ।
24ਯਹੋਸ਼ੁਆ ਨੇ ਸਾਰੇ ਇਸਰਾਏਲ ਸਣੇ ਜ਼ਰਹ ਦੇ ਪੁੱਤਰ ਆਕਾਨ ਨੂੰ ਅਤੇ ਚਾਂਦੀ, ਚੋਗਾ ਅਤੇ ਸੋਨੇ ਦੀ ਇੱਟ ਨੂੰ ਅਤੇ ਉਹ ਦੇ ਪੁੱਤਰਾਂ ਧੀਆਂ, ਉਹ ਦੇ ਬਲ਼ਦ, ਖੋਤੇ, ਉਹ ਦੀਆਂ ਭੇਡਾਂ, ਉਹ ਦਾ ਤੰਬੂ ਅਤੇ ਉਹ ਦਾ ਸਾਰਾ ਮਾਲ ਲੈ ਲਿਆ ਅਤੇ ਆਕੋਰ ਦੀ ਖੱਡ ਵਿੱਚ ਉੱਪਰ ਲੈ ਆਏ ।
25ਯਹੋਸ਼ੁਆ ਨੇ ਆਖਿਆ, ਤੂੰ ਸਾਨੂੰ ਕਿਉਂ ਦੁੱਖ ਦਿੱਤਾ ? ਯਹੋਵਾਹ ਅੱਜ ਦੇ ਦਿਨ ਤੈਨੂੰ ਦੁੱਖ ਦੇਵੇਗਾ ਤਾਂ ਸਾਰੇ ਇਸਰਾਏਲੀਆਂ ਨੇ ਉਹ ਨੂੰ ਪਥਰਾਓ ਕੀਤਾ ਅਤੇ ਪਥਰਾਓ ਤੋਂ ਬਾਅਦ ਉਹ ਨੂੰ ਅੱਗ ਵਿੱਚ ਸਾੜ ਸੁੱਟਿਆ ।26ਉਹਨਾਂ ਨੇ ਉਹ ਦੇ ਉੱਤੇ ਪੱਥਰਾਂ ਦਾ ਇੱਕ ਵੱਡਾ ਢੇਰ ਲਾ ਦਿੱਤਾ ਜਿਹੜਾ ਅੱਜ ਦੇ ਦਿਨ ਤੱਕ ਹੈ; ਤਦ ਯਹੋਵਾਹ ਦਾ ਕ੍ਰੋਧ ਸ਼ਾਂਤ ਹੋ ਗਿਆ । ਇਸ ਲਈ ਉਸ ਥਾਂ ਦਾ ਨਾਮ ਅੱਜ ਤੱਕ ਆਕੋਰ ਦੀ ਖੱਡ ਹੈ ।

8
ਏ ਨਗਰ ਨੂੰ ਕਬਜ਼ੇ ਵਿੱਚ ਕਰ ਲੈਣਾ

1ਤਦ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, ਨਾ ਡਰ ਅਤੇ ਤੇਰਾ ਮਨ ਨਾ ਘਬਰਾਵੇ । ਸਾਰੇ ਯੋਧਿਆਂ ਨੂੰ ਆਪਣੇ ਨਾਲ ਲੈ ਅਤੇ ਅਈ ਉੱਤੇ ਚੜ੍ਹਾਈ ਕਰ । ਵੇਖ, ਮੈਂ ਅਈ ਦੇ ਰਾਜੇ ਨੂੰ, ਉਹ ਦੇ ਲੋਕਾਂ ਨੂੰ, ਉਹ ਦੇ ਸ਼ਹਿਰ ਨੂੰ ਅਤੇ ਉਹ ਦੇ ਦੇਸ ਨੂੰ ਤੇਰੇ ਹੱਥ ਵਿੱਚ ਦੇ ਦਿੱਤਾ ਹੈ ।2ਤੂੰ ਅਈ ਨਾਲ ਅਤੇ ਉਹ ਦੇ ਰਾਜੇ ਨਾਲ ਉਸੇ ਤਰ੍ਹਾਂ ਕਰੀਂ ਜੋ ਤੂੰ ਯਰੀਹੋ ਅਤੇ ਉਸ ਦੇ ਰਾਜੇ ਨਾਲ ਕੀਤਾ ਸੀ । ਉੱਥੇ ਦੀ ਲੁੱਟ ਅਤੇ ਡੰਗਰ ਤੁਸੀਂ ਆਪਣੇ ਲਈ ਖੋਹ ਲਵੋ ਅਤੇ ਸ਼ਹਿਰ ਦੇ ਪਿੱਛੇ ਘਾਤ ਲਾ ਲਿਓ ।

3ਯਹੋਸ਼ੁਆ ਅਤੇ ਸਾਰੇ ਜੋਧੇ ਅਈ ਉੱਤੇ ਚੜ੍ਹਾਈ ਕਰਨ ਲਈ ਤਿਆਰ ਹੋਏ । ਯਹੋਸ਼ੁਆ ਨੇ ਤੀਹ ਹਜ਼ਾਰ ਸੂਰਬੀਰ ਚੁਣੇ ਅਤੇ ਰਾਤ ਨੂੰ ਉਹਨਾਂ ਨੂੰ ਭੇਜਿਆ ।4ਉਹਨਾਂ ਨੂੰ ਹੁਕਮ ਦਿੱਤਾ ਕਿ ਵੇਖੋ ਤੁਸੀਂ ਸ਼ਹਿਰ ਦੀ ਘਾਤ ਵਿੱਚ ਪਿੱਛੇ ਬੈਠ ਜਾਣਾ । ਸ਼ਹਿਰ ਤੋਂ ਬਹੁਤ ਦੂਰ ਨਾ ਜਾਣਾ ਅਤੇ ਤੁਸੀਂ ਸਾਰਿਆਂ ਨੇ ਤਿਆਰ ਰਹਿਣਾ ।
5ਮੈਂ ਅਤੇ ਮੇਰੇ ਨਾਲ ਦੇ ਸਾਰੇ ਲੋਕ ਸ਼ਹਿਰ ਦੇ ਕੋਲ ਆਵਾਂਗੇ ਅਤੇ ਇਸ ਤਰ੍ਹਾਂ ਹੋਵੇਗਾ ਕਿ ਜਦ ਉਹ ਸਾਡਾ ਸਾਹਮਣਾ ਕਰਨ ਲਈ ਨਿੱਕਲਣ ਤਾਂ ਅਸੀਂ ਉਹਨਾਂ ਦੇ ਅੱਗੋਂ ਪਹਿਲਾਂ ਵਾਂਗੂੰ ਭੱਜਾਂਗੇ ।6ਉਹ ਸਾਡੇ ਪਿੱਛੇ ਆਉਣਗੇ ਐਥੋਂ ਤੱਕ ਕਿ ਅਸੀਂ ਉਹਨਾਂ ਨੂੰ ਸ਼ਹਿਰੋਂ ਦੂਰ ਲੈ ਜਾਂਵਾਂਗੇ ਕਿਉਂ ਜੋ ਉਹ ਆਖਣਗੇ ਕਿ ਇਹ ਸਾਡੇ ਅੱਗੋਂ ਪਹਿਲਾਂ ਵਾਂਗੂੰ ਭੱਜਦੇ ਹਨ । ਇਸ ਤਰ੍ਹਾਂ ਅਸੀਂ ਉਹਨਾਂ ਦੇ ਅੱਗੋਂ ਭੱਜਾਂਗੇ ।7ਤਦ ਤੁਸੀਂ ਘਾਤ ਵਿੱਚੋਂ ਨਿੱਕਲ ਕੇ ਸ਼ਹਿਰ ਉੱਤੇ ਕਬਜ਼ਾ ਕਰ ਲੈਣਾ ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਉਹ ਨੂੰ ਤੁਹਾਡੇ ਹੱਥ ਵਿੱਚ ਕਰ ਦੇਵੇਗਾ ।
8ਇਸ ਤਰ੍ਹਾਂ ਹੋਵੇਗਾ ਜਦ ਸ਼ਹਿਰ ਕਾਬੂ ਵਿੱਚ ਆ ਜਾਵੇ ਤਾਂ ਸ਼ਹਿਰ ਵਿੱਚ ਅੱਗ ਲਾ ਦੇਣੀ ਅਤੇ ਯਹੋਵਾਹ ਦੀ ਆਗਿਆ ਅਨੁਸਾਰ ਕਰਿਓ । ਵੇਖੋ ਮੈਂ ਤੁਹਾਨੂੰ ਹੁਕਮ ਦੇ ਦਿੱਤਾ ਹੈ !9ਯਹੋਸ਼ੁਆ ਨੇ ਉਹਨਾਂ ਨੂੰ ਭੇਜਿਆ ਤਾਂ ਉਹ ਘਾਤ ਵਿੱਚ ਬੈਠ ਗਏ ਅਤੇ ਬੈਤ-ਏਲ ਅਤੇ ਅਈ ਦੇ ਵਿੱਚਕਾਰ ਅਈ ਦੇ ਲਹਿੰਦੇ ਪਾਸੇ ਜਾ ਬੈਠੇ ਪਰ ਯਹੋਸ਼ੁਆ ਰਾਤ ਨੂੰ ਲੋਕਾਂ ਵਿੱਚ ਰਿਹਾ ।

10ਤਾਂ ਯਹੋਸ਼ੁਆ ਨੇ ਸਵੇਰੇ ਉੱਠ ਕੇ ਲੋਕਾਂ ਦੀ ਗਿਣਤੀ ਕੀਤੀ ਅਤੇ ਉਹ ਇਸਰਾਏਲ ਦੇ ਬਜ਼ੁਰਗਾਂ ਸਣੇ ਲੋਕਾਂ ਦੇ ਅੱਗੇ ਅਈ ਵੱਲ ਚੜ੍ਹਿਆ ।11ਅਤੇ ਸਾਰੇ ਜੋਧੇ ਜਿਹੜੇ ਉਹ ਦੇ ਨਾਲ ਸਨ ਉਤਾਹਾਂ ਗਏ, ਨੇੜੇ ਅੱਪੜੇ ਅਤੇ ਸ਼ਹਿਰ ਦੇ ਸਾਹਮਣੇ ਆ ਕੇ ਅਈ ਦੇ ਉੱਤਰ ਵੱਲ ਡੇਰੇ ਲਾਏ । ਉਸ ਦੇ ਵਿੱਚ ਅਤੇ ਅਈ ਦੀ ਵਿੱਚਕਾਰ ਇੱਕ ਖੱਡ ਸੀ ।12ਤਾਂ ਉਸ ਨੇ ਪੰਜ ਕੁ ਹਜ਼ਾਰ ਮਨੁੱਖ ਲਏ ਅਤੇ ਉਹਨਾਂ ਨੂੰ ਬੈਤ-ਏਲ ਅਤੇ ਅਈ ਦੇ ਵਿੱਚਕਾਰ ਸ਼ਹਿਰੋਂ ਲਹਿੰਦੀ ਵੱਲ ਘਾਤ ਵਿੱਚ ਬਿਠਾਇਆ ।
13ਤਾਂ ਉਹਨਾਂ ਨੇ ਲੋਕਾਂ ਨੂੰ ਅਰਥਾਤ ਸਾਰੇ ਦਲ ਨੂੰ ਜਿਹੜੇ ਸ਼ਹਿਰੋਂ ਉਤਰ ਵੱਲ ਸਨ ਅਤੇ ਘਾਤ ਵਾਲਿਆਂ ਨੂੰ ਸ਼ਹਿਰੋਂ ਲਹਿੰਦੀ ਵੱਲ ਬਿਠਾਇਆ ਤਾਂ ਯਹੋਸ਼ੁਆ ਉਸ ਰਾਤ ਖੱਡ ਵਿੱਚ ਗਿਆ ।14ਅਤੇ ਇਸ ਤਰ੍ਹਾਂ ਹੋਇਆ ਕਿ ਜਦ ਅਈ ਦੇ ਰਾਜੇ ਨੇ ਇਹ ਵੇਖਿਆ ਤਾਂ ਉਹਨਾਂ ਨੇ ਛੇਤੀ ਕੀਤੀ ਅਤੇ ਸਵੇਰੇ ਹੀ ਉੱਠੇ ਅਤੇ ਸ਼ਹਿਰ ਦੇ ਮਨੁੱਖ ਅਰਥਾਤ ਉਹ ਅਤੇ ਉਸ ਦੇ ਸਾਰੇ ਲੋਕ ਠਹਿਰਾਏ ਹੋਏ ਸਮੇਂ ਉੱਤੇ ਅਰਾਬਾਹ ਦੇ ਅੱਗੇ ਇਸਰਾਏਲ ਦੇ ਵਿਰੁੱਧ ਲੜਨ ਲਈ ਬਾਹਰ ਨਿੱਕਲੇ ਪਰ ਉਸ ਨੇ ਇਹ ਨਾ ਜਾਣਿਆ ਕਿ ਸ਼ਹਿਰ ਦੇ ਪਿੱਛੇ ਉਸ ਦੇ ਵਿਰੁੱਧ ਘਾਤ ਵਾਲੇ ਬੈਠੇ ਹਨ ।
15ਯਹੋਸ਼ੁਆ ਅਤੇ ਸਾਰਾ ਇਸਰਾਏਲ ਉਹਨਾਂ ਦੇ ਅੱਗੋਂ ਉਜਾੜ ਵੱਲ ਇਉਂ ਨੱਸਿਆ ਜਿਵੇਂ ਉਹਨਾਂ ਅੱਗੋਂ ਮਾਰੇ ਕੁੱਟੇ ਹੋਏ ਹੁੰਦੇ ਹਨ ।16ਤਾਂ ਸਾਰੇ ਲੋਕ ਜਿਹੜੇ ਸ਼ਹਿਰ ਵਿੱਚ ਸਨ ਉਹਨਾਂ ਦਾ ਪਿੱਛਾ ਕਰਨ ਲਈ ਇੱਕਠੇ ਸੱਦੇ ਗਏ ਸੋ ਉਹਨਾਂ ਨੇ ਯਹੋਸ਼ੁਆ ਦਾ ਅਜਿਹਾ ਪਿੱਛਾ ਕੀਤਾ ਕਿ ਉਹ ਸ਼ਹਿਰੋਂ ਦੂਰ ਚਲੇ ਗਏ ।17ਉਸ ਤੋਂ ਬਾਅਦ ਅਈ ਅਤੇ ਬੈਤ-ਏਲ ਵਿੱਚ ਕੋਈ ਮਨੁੱਖ ਬਾਕੀ ਨਾ ਰਿਹਾ ਜਿਹੜਾ ਇਸਰਾਏਲ ਦਾ ਪਿੱਛਾ ਕਰਨ ਨੂੰ ਨਾ ਨਿੱਕਲਿਆ ਹੋਵੇ ਅਤੇ ਉਹ ਸ਼ਹਿਰ ਨੂੰ ਖੁਲ੍ਹਾ ਛੱਡ ਕੇ ਇਸਰਾਏਲ ਦੇ ਪਿੱਛੇ ਭੱਜ ਪਏ ।

18ਤਾਂ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, ਬਰਛੇ ਨੂੰ ਜਿਹੜਾ ਤੇਰੇ ਹੱਥ ਵਿੱਚ ਹੈ ਅਈ ਵੱਲ ਵਧਾ ਕਿਉਂ ਜੋ ਮੈਂ ਉਸ ਨੂੰ ਤੇਰੇ ਹੱਥ ਦੇ ਦਿਆਂਗਾ ਤਾਂ ਯਹੋਸ਼ੁਆ ਨੇ ਬਰਛੇ ਨੂੰ ਜਿਹੜਾ ਉਹ ਦੇ ਹੱਥ ਵਿੱਚ ਸੀ ਸ਼ਹਿਰ ਵੱਲ ਵਧਾਇਆ । ਜਦ ਉਹ ਨੇ ਆਪਣਾ ਹੱਥ ਵਧਾਇਆ ।19ਤਾਂ ਘਾਤ ਵਾਲੇ ਆਪਣੇ ਥਾਂ ਤੋਂ ਛੇਤੀ ਨਾਲ ਉੱਠ ਕੇ ਨੱਠੇ ਅਤੇ ਸ਼ਹਿਰ ਵਿੱਚ ਜਾ ਵੜੇ ਅਤੇ ਉਹ ਨੂੰ ਕਬਜੇ ਵਿੱਚ ਲਿਆ ਫਿਰ ਉਹਨਾਂ ਛੇਤੀ ਨਾਲ ਸ਼ਹਿਰ ਨੂੰ ਅੱਗ ਲਾ ਦਿੱਤੀ ।
20ਜਦ ਅਈ ਦੇ ਮਨੁੱਖਾਂ ਨੇ ਪਿੱਛੇ ਮੂੰਹ ਕਰਕੇ ਵੇਖਿਆ ਤਾਂ ਵੇਖੋ ਸ਼ਹਿਰ ਦਾ ਧੂੰਆਂ ਅਕਾਸ਼ ਤੱਕ ਉੱਠ ਰਿਹਾ ਸੀ ਸੋ ਉਹਨਾਂ ਵਿੱਚ ਇੱਧਰ-ਉੱਧਰ ਭੱਜਣ ਦੀ ਸ਼ਕਤੀ ਨਾ ਰਹੀ ਅਤੇ ਉਹ ਲੋਕ ਜਿਹੜੇ ਉਜਾੜ ਵੱਲ ਭੱਜੇ ਜਾਂਦੇ ਸਨ ਪਿੱਛਾ ਕਰਨ ਵਾਲਿਆਂ ਦੇ ਉੱਤੇ ਉਲਟ ਪਏ ।21ਜਦ ਯਹੋਸ਼ੁਆ ਅਤੇ ਸਾਰੇ ਇਸਰਾਏਲ ਨੇ ਵੇਖਿਆ ਕਿ ਘਾਤ ਵਾਲਿਆਂ ਨੇ ਸ਼ਹਿਰ ਨੂੰ ਜਿੱਤ ਲਿਆ ਹੈ ਅਤੇ ਸ਼ਹਿਰ ਤੋਂ ਧੂੰਆਂ ਉੱਠ ਰਿਹਾ ਹੈ ਤਾਂ ਉਹਨਾਂ ਨੇ ਮੁੜ ਕੇ ਅਈ ਦੇ ਮਨੁੱਖਾਂ ਨੂੰ ਮਾਰ ਸੁੱਟਿਆ ।
22ਅਤੇ ਇਹ ਸਾਹਮਣਾ ਕਰਨ ਲਈ ਸ਼ਹਿਰ ਤੋਂ ਬਾਹਰ ਆਏ ਸੋ ਉਹ ਇਸਰਾਏਲ ਦੇ ਵਿੱਚਕਾਰ ਹੋ ਗਏ ਅਰਥਾਤ ਕੁਝ ਇਸਰਾਏਲੀ ਏਧਰ ਅਤੇ ਕੁਝ ਓਧਰ ਹੋ ਗਏ ਤਾਂ ਉਹਨਾਂ ਨੇ ਉਹਨਾਂ ਨੂੰ ਇੱਥੋਂ ਤੱਕ ਮਾਰਿਆ ਕਿ ਉਹਨਾਂ ਵਿੱਚੋਂ ਨਾ ਕਿਸੇ ਨੂੰ ਰਹਿਣ ਦਿੱਤਾ ਅਤੇ ਨਾ ਕਿਸੇ ਨੂੰ ਭੱਜਣ ਦਿੱਤਾ ।23ਤਾਂ ਉਹਨਾਂ ਨੇ ਅਈ ਦੇ ਰਾਜੇ ਨੂੰ ਜੀਉਂਦਾ ਫੜ੍ਹ ਕੇ ਯਹੋਸ਼ੁਆ ਕੋਲ ਲੈ ਆਂਦਾ ।

24ਤਾਂ ਇਸ ਤਰ੍ਹਾਂ ਹੋਇਆ ਕਿ ਜਦ ਇਸਰਾਏਲ ਉਸ ਉਜਾੜ ਵਿੱਚ ਜਿੱਥੋਂ ਉਹਨਾਂ ਦਾ ਪਿੱਛਾ ਕੀਤਾ ਸੀ ਅਈ ਦੇ ਸਾਰੇ ਵਸਨੀਕਾਂ ਨੂੰ ਵੱਢ ਚੁੱਕੇ ਅਤੇ ਜਦ ਉਹ ਸਾਰੇ ਤਲਵਾਰ ਦੀ ਧਾਰ ਨਾਲ ਵੱਢੇ ਗਏ ਇੱਥੋਂ ਤੱਕ ਕਿ ਉਹ ਸਾਰੇ ਹੀ ਮੁੱਕ ਗਏ ਤਾਂ ਸਾਰੇ ਇਸਰਾਏਲੀ ਅਈ ਨੂੰ ਮੁੜੇ ਅਤੇ ਉਹਨਾਂ ਨੇ ਤਲਵਾਰ ਦੀ ਧਾਰ ਨਾਲ ਉਹ ਨੂੰ ਵੱਢ ਸੁੱਟਿਆ ।25ਇਉਂ ਉਸ ਦਿਨ ਦੇ ਸਾਰੇ ਮਾਰੇ ਹੋਏ ਮਨੁੱਖ ਅਤੇ ਤੀਵੀਆਂ ਬਾਰਾਂ ਹਜ਼ਾਰ ਸਨ ਅਰਥਾਤ ਅਈ ਦੇ ਸਾਰੇ ਲੋਕ ।26ਕਿਉਂ ਜੋ ਯਹੋਸ਼ੁਆ ਨੇ ਆਪਣਾ ਹੱਥ ਜਿਹ ਦੇ ਵਿੱਚ ਬਰਛਾ ਫੜਿਆ ਹੋਇਆ ਸੀ ਪਿੱਛੇ ਨਾ ਹਟਾਇਆ ਜਦ ਤੱਕ ਕਿ ਉਸ ਨੇ ਅਈ ਦੇ ਸਾਰੇ ਵਸਨੀਕਾਂ ਦਾ ਸੱਤਿਆਨਾਸ ਨਾ ਕਰ ਲਿਆ
27ਇਸਰਾਏਲ ਨੇ ਉਸ ਸ਼ਹਿਰ ਦੇ ਕੇਵਲ ਪਸ਼ੂ ਅਤੇ ਲੁੱਟ ਦਾ ਮਾਲ ਆਪਣੇ ਲਈ ਖੋਹ ਲਿਆ ਜਿਵੇਂ ਯਹੋਵਾਹ ਨੇ ਯਹੋਸ਼ੁਆ ਨੂੰ ਹੁਕਮ ਦੇ ਕੇ ਗੱਲ ਆਖੀ ਸੀ ।28ਸੋ ਯਹੋਸ਼ੁਆ ਨੇ ਅਈ ਨੂੰ ਸਾੜ ਸੁੱਟਿਆ ਅਤੇ ਸਦਾ ਲਈ ਇੱਕ ਖੰਡਰ ਬਣਾ ਦਿੱਤਾ, ਉਹ ਅੱਜ ਦੇ ਦਿਨ ਤੱਕ ਉਜਾੜ ਹੈ ।
29ਫਿਰ ਅਈ ਦੇ ਰਾਜੇ ਨੂੰ ਸ਼ਾਮਾਂ ਤੱਕ ਰੁੱਖ ਉੱਤੇ ਟੰਗ ਦਿੱਤਾ, ਜਦ ਸੂਰਜ ਡੁੱਬ ਗਿਆ ਤਾਂ ਯਹੋਸ਼ੁਆ ਨੇ ਹੁਕਮ ਦਿੱਤਾ, ਉਹਨਾਂ ਨੇ ਉਹ ਦੀ ਲੋਥ ਨੂੰ ਰੁੱਖ ਉੱਤੋਂ ਉਤਾਰਿਆ ਅਤੇ ਸ਼ਹਿਰ ਦੇ ਫਾਟਕ ਦੇ ਸਾਹਮਣੇ ਲਿਆ ਸੁੱਟਿਆ । ਉਸ ਉੱਤੇ ਪੱਥਰਾਂ ਦਾ ਇੱਕ ਵੱਡਾ ਢੇਰ ਲਾ ਦਿੱਤਾ ਜਿਹੜਾ ਅੱਜ ਦੇ ਦਿਨ ਤੱਕ ਹੈ ।
ਏਬਾਲ ਪਹਾੜ ਉੱਤੇ ਯਹੋਸ਼ੁਆ ਦਾ ਪਾਠ

30ਫਿਰ ਯਹੋਸ਼ੁਆ ਨੇ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਲਈ ਇੱਕ ਜਗਵੇਦੀ ਏਬਾਲ ਪਹਾੜ ਵਿੱਚ ਬਣਾਈ ।31ਜਿਵੇਂ ਮੂਸਾ ਯਹੋਵਾਹ ਦੇ ਦਾਸ ਨੇ ਇਸਰਾਏਲੀਆਂ ਨੂੰ ਹੁਕਮ ਦਿੱਤਾ ਸੀ, ਜਿਵੇਂ ਮੂਸਾ ਦੀ ਬਿਵਸਥਾ ਦੀ ਪੋਥੀ ਵਿੱਚ ਲਿਖਿਆ ਹੈ ਉਹ ਜਗਵੇਦੀ ਬਿਨ੍ਹਾਂ ਤਰਾਸ਼ੇ ਪੱਥਰਾਂ ਦੀ ਬਣਾਈ ਹੋਈ ਸੀ । ਜਿਸ ਉੱਤੇ ਕਿਸੇ ਨੇ ਸੰਦ ਨਹੀਂ ਲਾਇਆ ਸੀ ਅਤੇ ਉਸ ਉੱਤੇ ਉਹਨਾਂ ਨੇ ਯਹੋਵਾਹ ਲਈ ਹੋਮ ਦੀਆਂ ਭੇਟਾਂ ਚੜ੍ਹਾਈਆਂ ਅਤੇ ਸੁੱਖ-ਸਾਂਦ ਦੇ ਬਲੀਦਾਨ ਕੀਤੇ ।32ਉਸ ਨੇ ਉਹਨਾਂ ਪੱਥਰਾਂ ਉੱਤੇ ਮੂਸਾ ਦੀ ਬਿਵਸਥਾ ਦੀ ਨਕਲ ਨੂੰ ਲਿਖਿਆ ਜਿਹ ਨੂੰ ਇਸਰਾਏਲੀਆਂ ਦੇ ਸਾਹਮਣੇ ਲਿਖਿਆ ਸੀ ।
33ਅਤੇ ਸਾਰਾ ਇਸਰਾਏਲ ਅਤੇ ਉਹਨਾਂ ਦੇ ਬਜ਼ੁਰਗ ਅਤੇ ਅਧਿਕਾਰੀ ਅਤੇ ਉਹਨਾਂ ਦੇ ਨਿਆਈ ਸੰਦੂਕ ਦੇ ਇਸ ਪਾਸੇ ਅਤੇ ਉਸ ਪਾਸੇ ਲੇਵੀ ਜਾਜਕਾਂ ਦੇ ਸਾਹਮਣੇ ਜਿਹੜੇ ਯਹੋਵਾਹ ਦੇ ਨੇਮ ਦਾ ਸੰਦੂਕ ਚੁੱਕਦੇ ਸਨ ਖਲੋਤੇ ਸਨ, ਨਾਲੇ ਪਰਦੇਸੀ ਨਾਲੇ ਘਰ ਜੰਮ, ਉਹਨਾਂ ਦਾ ਅੱਧ ਗਰਿੱਜ਼ੀਮ ਪਹਾੜ ਦੇ ਸਾਹਮਣੇ ਅਤੇ ਅੱਧ ਏਬਾਲ ਪਹਾੜ ਦੇ ਸਾਹਮਣੇ ਸੀ ਜਿਵੇਂ ਯਹੋਵਾਹ ਦੇ ਦਾਸ ਮੂਸਾ ਨੇ ਇਸਰਾਏਲ ਦੀ ਪਰਜਾ ਨੂੰ ਬਰਕਤ ਦੇਣ ਦਾ ਹੁਕਮ ਪਹਿਲਾਂ ਦਿੱਤਾ ਸੀ ।
34ਫਿਰ ਉਸ ਨੇ ਬਿਵਸਥਾ ਦੀਆਂ ਸਾਰੀਆਂ ਗੱਲਾਂ ਪੜ ਕੇ ਬਰਕਤਾਂ ਅਤੇ ਸਰਾਪ ਦੋਵੇਂ ਸੁਣਾਏ ਜਿਵੇਂ ਬਿਵਸਥਾ ਦੀ ਪੋਥੀ ਵਿੱਚ ਲਿਖੇ ਹੋਏ ਸਨ ।35ਜੋ ਕੁਝ ਮੂਸਾ ਨੇ ਹੁਕਮ ਦਿੱਤਾ ਸੀ ਉਹ ਦੀ ਇੱਕ ਗੱਲ ਵੀ ਅਜਿਹੀ ਨਹੀਂ ਸੀ ਜਿਹ ਨੂੰ ਯਹੋਸ਼ੁਆ ਨੇ ਇਸਰਾਏਲੀਆਂ ਦੀ ਸਾਰੀ ਸਭਾ ਨਾਲੇ ਤੀਵੀਆਂ ਅਤੇ ਨਿਆਣਿਆਂ ਅਤੇ ਉਹਨਾਂ ਦੇ ਪਰਦੇਸੀਆਂ ਦੇ ਸਾਹਮਣੇ ਜਿਹੜੇ ਉਹਨਾਂ ਵਿੱਚ ਵੱਸਦੇ ਸਨ ਨਾ ਸੁਣਾਇਆ ਹੋਵੇ ।

9
ਗਿਬਓਨੀਆਂ ਦਾ ਧੋਖਾ

1ਇਸ ਤਰ੍ਹਾਂ ਹੋਇਆ ਕਿ ਜਦ ਹਿੱਤੀਆਂ, ਅਮੋਰੀਆਂ, ਕਨਾਨੀਆਂ, ਫਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਦੇ ਸਾਰੇ ਰਾਜਿਆਂ ਨੇ ਸੁਣਿਆ ਜਿਹੜੇ ਯਰਦਨ ਤੋਂ ਪਾਰ ਪਹਾੜ ਵਿੱਚ ਅਤੇ ਹਠਾੜ ਉੱਤੇ ਅਤੇ ਵੱਡੇ ਸਮੁੰਦਰ ਦੇ ਸਾਰੇ ਕੰਢਿਆਂ ਉੱਤੇ ਲਬਾਨੋਨ ਦੇ ਸਾਹਮਣੇ ਸਨ ।2ਤਦ ਉਹਨਾਂ ਨੇ ਇੱਕ ਮਨ ਹੋ ਕੇ ਆਪਣੇ ਆਪ ਨੂੰ ਯਹੋਸ਼ੁਆ ਅਤੇ ਇਸਰਾਏਲ ਦੇ ਨਾਲ ਯੁੱਧ ਕਰਨ ਲਈ ਇਕੱਠਾ ਕੀਤਾ ।

3ਗਿਬਓਨ ਦੇ ਵਸਨੀਕਾਂ ਨੇ ਸੁਣਿਆ ਜੋ ਕੁਝ ਯਹੋਸ਼ੁਆ ਨੇ ਯਰੀਹੋ ਅਤੇ ਅਈ ਨਾਲ ਕੀਤਾ ਸੀ ।4ਉਹਨਾਂ ਨੇ ਵੀ ਇੱਕ ਛਲ ਕੀਤਾ ਅਤੇ ਉਹ ਆ ਕੇ ਆਪਣੇ ਆਪ ਨੂੰ ਹਲਕਾਰੇ ਬਣਾ ਬੈਠੇ ਅਤੇ ਉਹਨਾਂ ਨੇ ਹੰਢੀਆਂ ਹੋਈਆਂ ਗੂਣਾਂ ਆਪਣੇ ਖੋਤਿਆਂ ਲਈ ਲਈਆਂ ਅਤੇ ਪੁਰਾਣੀਆਂ ਪਾਟੀਆਂ ਹੋਈਆਂ ਗੰਢ ਲੱਗੀਆਂ ਹੋਈਆਂ ਮਧ ਦੀਆਂ ਮਸ਼ਕਾਂ ਲੈ ਲਈਆਂ ।5ਅਤੇ ਫਟੇ ਪੁਰਾਣੇ ਜੁੱਤੇ ਆਪਣੇ ਪੈਰੀਂ ਪਾ ਲਏ ਅਤੇ ਹੰਢੇ ਹੋਏ ਕੱਪੜੇ ਆਪਣੇ ਉੱਤੇ ਲੈ ਲਏ ਅਤੇ ਉਹਨਾਂ ਦੀ ਰਸਤ ਦੀ ਸਾਰੀ ਰੋਟੀ ਸੁੱਕੀ ਹੋਈ ਅਤੇ ਉੱਲੀ ਲੱਗੀ ਹੋਈ ਸੀ ।
6ਉਹ ਯਹੋਸ਼ੁਆ ਦੇ ਕੋਲ ਗਿਲਗਾਲ ਦੇ ਡੇਰੇ ਵਿੱਚ ਆਏ ਤਾਂ ਉਹਨਾਂ ਨੇ ਉਸ ਨੂੰ ਅਤੇ ਇਸਰਾਏਲ ਦੇ ਮਨੁੱਖਾਂ ਨੂੰ ਆਖਿਆ ਕਿ ਅਸੀਂ ਦੂਰ ਦੇਸ ਤੋਂ ਆਏ ਹਾਂ ਹੁਣ ਤੁਸੀਂ ਸਾਡੇ ਨਾਲ ਨੇਮ ਬੰਨ੍ਹੋ ।7ਇਸਰਾਏਲ ਦੇ ਮਨੁੱਖਾਂ ਨੇ ਉਹਨਾਂ ਹਿੱਵੀਆਂ ਨੂੰ ਆਖਿਆ, ਸ਼ਾਇਦ ਤੁਸੀਂ ਸਾਡੇ ਵਿੱਚ ਹੀ ਵੱਸਦੇ ਹੋ ਤਾਂ ਅਸੀਂ ਤੁਹਾਡੇ ਨਾਲ ਨੇਮ ਕਿਵੇਂ ਬੰਨ੍ਹ ਲਈਏ ?8ਫਿਰ ਉਹਨਾਂ ਨੇ ਯਹੋਸ਼ੁਆ ਨੇ ਆਖਿਆ, ਅਸੀਂ ਤਾਂ ਤੁਹਾਡੇ ਦਾਸ ਹਾਂ ਤਾਂ ਯਹੋਸ਼ੁਆ ਨੇ ਉਹਨਾਂ ਨੂੰ ਆਖਿਆ, ਤੁਸੀਂ ਕੌਣ ਹੋ ਅਤੇ ਕਿੱਥੋਂ ਆਏ ਹੋ ?
9ਉਹਨਾਂ ਨੇ ਆਖਿਆ, ਤੁਹਾਡੇ ਦਾਸ ਇੱਕ ਬਹੁਤ ਦੂਰ ਦੇਸ ਤੋਂ ਤੁਹਾਡੇ ਪਰਮੇਸ਼ੁਰ ਦੇ ਨਾਮ ਦੇ ਕਾਰਨ ਆਏ ਹਨ ਕਿਉਂ ਜੋ ਅਸੀਂ ਉਹ ਦੀ ਧੁੰਮ ਸੁਣੀ ਹੈ ਨਾਲੇ ਜੋ ਕੁਝ ਉਹ ਨੇ ਮਿਸਰ ਵਿੱਚ ਕੀਤਾ ।10ਅਤੇ ਜੋ ਕੁਝ ਅਮੋਰੀਆਂ ਦੇ ਦੋਹਾਂ ਰਾਜਿਆਂ ਨਾਲ ਜਿਹੜੇ ਯਰਦਨ ਦੇ ਪਾਰ ਸਨ ਕੀਤਾ ਅਰਥਾਤ ਸੀਹੋਨ ਹਸ਼ਬੋਨ ਦੇ ਰਾਜੇ ਅਤੇ ਓਗ ਬਾਸ਼ਾਨ ਦੇ ਰਾਜੇ ਨਾਲ ਜਿਹੜੇ ਅਸ਼ਤਾਰੋਥ ਵਿੱਚ ਸਨ ।
11ਤਦ ਸਾਡੇ ਬਜ਼ੁਰਗਾਂ ਅਤੇ ਸਾਡੇ ਦੇਸ ਦੇ ਸਾਰੇ ਵਸਨੀਕਾਂ ਨੇ ਸਾਨੂੰ ਆਖਿਆ ਕਿ ਆਪਣੇ ਹੱਥ ਵਿੱਚ ਰਸਤ ਲੈ ਕੇ ਉਹਨਾਂ ਦੇ ਮਿਲਣ ਲਈ ਜਾਓ ਅਤੇ ਉਹਨਾਂ ਨੂੰ ਆਖੋ ਕਿ ਅਸੀਂ ਤੁਹਾਡੇ ਦਾਸ ਹਾਂ ਸੋ ਹੁਣ ਸਾਡੇ ਨਾਲ ਇੱਕ ਨੇਮ ਬੰਨ੍ਹੋ ।12ਇਹ ਸਾਡੀ ਰੋਟੀ ਅਸੀਂ ਆਪਣੇ ਖਾਣ ਲਈ ਆਪਣਿਆਂ ਘਰਾਂ ਤੋਂ ਗਰਮ ਗਰਮ ਲਈ ਸੀ ਜਿਸ ਦਿਨ ਅਸੀਂ ਤੁਹਾਡੇ ਕੋਲ ਆਉਣ ਲਈ ਨਿੱਕਲੇ, ਪਰ ਹੁਣ ਵੇਖੋ ਉਹ ਸੁੱਕੀ ਅਤੇ ਉੱਲੀ ਲੱਗੀ ਹੋਈ ਹੈ ।13ਅਤੇ ਇਹ ਮਧ ਦੀਆਂ ਮਸ਼ਕਾਂ ਜਿਹੜੀਆਂ ਅਸੀਂ ਭਰੀਆਂ ਨਵੀਆਂ ਸਨ ਪਰ ਹੁਣ ਵੇਖੋ ਉਹ ਪਾਟ ਗਈਆਂ ਹਨ ਅਤੇ ਸਾਡੇ ਕੱਪੜੇ ਅਤੇ ਜੁੱਤੇ ਇਸ ਵੱਡੇ ਲੰਮੇ ਸਫ਼ਰ ਨਾਲ ਹੰਢ ਗਏ ਹਨ ।
14ਤਾਂ ਉਹਨਾਂ ਮਨੁੱਖਾਂ ਨੇ ਉਹਨਾਂ ਦੀ ਰਸਤ ਤੋਂ ਲਿਆ ਪਰ ਉਹਨਾਂ ਨੇ ਯਹੋਵਾਹ ਦੀ ਸਲਾਹ ਨਾ ਲਈ ।15ਉਸ ਤੋਂ ਬਾਅਦ ਯਹੋਸ਼ੁਆ ਨੇ ਉਹਨਾਂ ਨਾਲ ਸੁਲਾਹ ਕਰ ਲਈ ਅਤੇ ਉਹਨਾਂ ਨਾਲ ਜੀਵਨ ਦਾ ਨੇਮ ਬੰਨ੍ਹਿਆ ਅਤੇ ਮੰਡਲੀ ਦੇ ਪ੍ਰਧਾਨਾਂ ਨੇ ਉਹਨਾਂ ਨਾਲ ਸਹੁੰ ਖਾਧੀ ।

16ਤਾਂ ਇਸ ਤਰ੍ਹਾਂ ਹੋਇਆ ਕਿ ਉਹਨਾਂ ਦੇ ਨੇਮ ਬੰਨ੍ਹਣ ਦੇ ਤਿੰਨ ਦਿਨ ਮਗਰੋਂ ਉਹਨਾਂ ਨੇ ਸੁਣਿਆ ਕਿ ਉਹ ਉਹਨਾਂ ਦੇ ਗੁਆਂਢੀ ਹਨ ਅਤੇ ਉਹਨਾਂ ਦੇ ਵਿੱਚ ਹੀ ਵੱਸਦੇ ਹਨ ।17ਤਾਂ ਇਸਰਾਏਲੀਆਂ ਨੇ ਕੂਚ ਕੀਤਾ ਅਤੇ ਤੀਜੇ ਦਿਨ ਉਹਨਾਂ ਦੇ ਸ਼ਹਿਰ ਵਿੱਚ ਆ ਗਏ ਅਤੇ ਉਹਨਾਂ ਦੇ ਸ਼ਹਿਰ ਗਿਬਓਨ, ਕਫ਼ੀਰਾਹ, ਬਏਰੋਥ ਅਤੇ ਕਿਰਯਥ-ਯਾਰੀਮ ਸਨ ।
18ਇਸਰਾਏਲੀਆਂ ਨੇ ਉਹਨਾਂ ਨੂੰ ਨਹੀਂ ਮਾਰਿਆ, ਕਿਉਂ ਜੋ ਸਭਾ ਦੇ ਪ੍ਰਧਾਨਾਂ ਨੇ ਉਹਨਾਂ ਨਾਲ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ ਖਾਧੀ ਸੀ ਅਤੇ ਸਾਰੀ ਸਭਾ ਪ੍ਰਧਾਨਾਂ ਦੇ ਵਿਰੁੱਧ ਬੁੜ-ਬੁੜਾਉਣ ਲੱਗ ਪਈ ।19ਪਰ ਸਾਰਿਆਂ ਪ੍ਰਧਾਨਾਂ ਨੇ ਸਾਰੀ ਸਭਾ ਨੂੰ ਆਖਿਆ ਕਿ ਅਸੀਂ ਉਹਨਾਂ ਨਾਲ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ ਖਾਧੀ ਹੈ ਇਸ ਲਈ ਅਸੀਂ ਉਹਨਾਂ ਨੂੰ ਹੱਥ ਨਹੀਂ ਲਾ ਸਕਦੇ ।
20ਅਸੀਂ ਉਹਨਾਂ ਲਈ ਇਹ ਕਰਾਂਗੇ ਕਿ ਅਸੀਂ ਉਹਨਾਂ ਨੂੰ ਜੀਉਂਦੇ ਰਹਿਣ ਦੇਈਏ ਮਤੇ ਸਾਡੇ ਉੱਤੇ ਇਸ ਸਹੁੰ ਦੇ ਨਾਲ ਕ੍ਰੋਧ ਆ ਪਵੇ ਜਿਹੜੀ ਅਸੀਂ ਉਹਨਾਂ ਦੇ ਨਾਲ ਖਾਧੀ ਹੈ ।21ਪ੍ਰਧਾਨਾਂ ਨੇ ਉਹਨਾਂ ਨੂੰ ਆਖਿਆ, ਉਹਨਾਂ ਨੂੰ ਜੀਉਂਦੇ ਰਹਿਣ ਦਿਓ ਤਾਂ ਜੋ ਉਹ ਸਾਰੀ ਸਭਾ ਲਈ ਲੱਕੜਾਂ ਪਾੜਨ ਅਤੇ ਪਾਣੀ ਭਰਨ ਵਾਲੇ ਹੋਣ ਜਿਵੇਂ ਪ੍ਰਧਾਨਾਂ ਨੇ ਉਹਨਾਂ ਨਾਲ ਗੱਲ ਕੀਤੀ ਸੀ ।

22ਯਹੋਸ਼ੁਆ ਨੇ ਉਹਨਾਂ ਨੂੰ ਬੁਲਾ ਕੇ ਆਖਿਆ ਕਿ ਤੁਸੀਂ ਸਾਨੂੰ ਇਹ ਆਖ ਕੇ ਧੋਖਾ ਦਿੱਤਾ ਕਿ ਅਸੀਂ ਤੁਹਾਥੋਂ ਬਹੁਤ ਦੂਰ ਦੇਸ ਦੇ ਹਾਂ ਜਦ ਕਿ ਤੁਸੀਂ ਸਾਡੇ ਵਿੱਚ ਹੀ ਵੱਸਦੇ ਹੋ ।23ਹੁਣ ਤੁਸੀਂ ਸਰਾਪੀ ਹੋ ਅਤੇ ਤੁਹਾਡੇ ਵਿੱਚੋ ਕੋਈ ਵੀ ਅਜਿਹਾ ਨਾ ਰਹੇਗਾ ਜਿਹੜਾ ਗ਼ੁਲਾਮ ਅਰਥਾਤ ਮੇਰੇ ਪਰਮੇਸ਼ੁਰ ਦੇ ਘਰ ਲਈ ਲੱਕੜਾਂ ਪਾੜਨ ਅਤੇ ਪਾਣੀ ਭਰਨ ਵਾਲਾ ਨਾ ਹੋਵੇ ।
24ਉਹਨਾਂ ਨੇ ਯਹੋਸ਼ੁਆ ਨੂੰ ਉੱਤਰ ਦੇ ਕੇ ਆਖਿਆ ਕਿ ਤੁਹਾਡੇ ਗੁਲਾਮਾਂ ਨੂੰ ਸੱਚ-ਮੁੱਚ ਦੱਸਿਆ ਗਿਆ ਸੀ ਕਿ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਮੂਸਾ ਆਪਣੇ ਦਾਸ ਨੂੰ ਇਹ ਸਾਰਾ ਦੇਸ ਤੁਹਾਨੂੰ ਦੇਣ ਦਾ ਅਤੇ ਇਸ ਦੇਸ ਦੇ ਸਾਰੇ ਵਾਸੀਆਂ ਨੂੰ ਨਾਸ ਕਰਨ ਦਾ ਹੁਕਮ ਦਿੱਤਾ ਸੀ ਸੋ ਅਸੀਂ ਤੁਹਾਡੇ ਅੱਗੋਂ ਆਪਣੀਆਂ ਜਾਨਾਂ ਲਈ ਬਹੁਤ ਡਰੇ ਤਾਂ ਅਸੀਂ ਇਹ ਕੰਮ ਕੀਤਾ ।25ਹੁਣ ਵੇਖੋ ਅਸੀਂ ਤੁਹਾਡੇ ਹੱਥ ਵਿੱਚ ਹਾਂ, ਜੋ ਵਰਤਾਵਾ ਤੁਹਾਡੀ ਨਿਗਾਹ ਵਿੱਚ ਚੰਗਾ ਅਤੇ ਠੀਕ ਹੈ ਸੋ ਸਾਡੇ ਨਾਲ ਕਰੋ ।
26ਉਸ ਨੇ ਉਹਨਾਂ ਨਾਲ ਉਹ ਕੀਤਾ ਅਤੇ ਇਸਰਾਏਲੀਆਂ ਦੇ ਹੱਥੋਂ ਉਹਨਾਂ ਨੂੰ ਬਚਾ ਦਿੱਤਾ ਸੋ ਉਹਨਾਂ ਨੇ ਉਹਨਾਂ ਨੂੰ ਨਾ ਵੱਢਿਆ ।27ਯਹੋਸ਼ੁਆ ਨੇ ਉਸੇ ਦਿਨ ਉਹਨਾਂ ਨੂੰ ਲੱਕੜਾਂ ਪਾੜਨ ਅਤੇ ਪਾਣੀ ਭਰਨ ਵਾਲੇ ਸਭਾ ਲਈ ਅਤੇ ਯਹੋਵਾਹ ਦੀ ਜਗਵੇਦੀ ਲਈ ਉਸੇ ਥਾਂ ਉੱਤੇ ਜਿਹੜਾ ਉਹ ਚੁਣੇ ਅੱਜ ਤੱਕ ਹੀ ਠਹਿਰਾਇਆ ।

10
ਅਮੋਰੀਆਂ ਉੱਤੇ ਜਿੱਤ

1ਜਦ ਯਰੂਸ਼ਲਮ ਦੇ ਰਾਜੇ ਅਦੋਨੀ ਸਦਕ ਨੇ ਸੁਣਿਆ ਕਿ ਯਹੋਸ਼ੁਆ ਨੇ ਕਿਵੇਂ ਅਈ ਨੂੰ ਜਿੱਤ ਲਿਆ, ਉਹ ਦਾ ਸੱਤਿਆਨਾਸ ਕਰ ਸੁੱਟਿਆ ਹੈ । ਜਿਵੇਂ ਉਸ ਨੇ ਯਰੀਹੋ ਅਤੇ ਉਸ ਦੇ ਰਾਜੇ ਨਾਲ ਕੀਤਾ ਉਸੇ ਤਰ੍ਹਾਂ ਉਸ ਨੇ ਅਈ ਅਤੇ ਉਹ ਦੇ ਰਾਜੇ ਨਾਲ ਵੀ ਕੀਤਾ, ਕਿਵੇਂ ਗਿਬਓਨ ਦੇ ਵਾਸੀਆਂ ਨੇ ਇਸਰਾਏਲ ਨਾਲ ਮੇਲ ਕਰ ਲਿਆ ਅਤੇ ਉਹਨਾਂ ਦੇ ਨਾਲ ਰਹਿੰਦੇ ਹਨ ।2ਤਦ ਉਹ ਬਹੁਤ ਡਰੇ ਕਿਉਂ ਜੋ ਗਿਬਓਨ ਇੱਕ ਵੱਡਾ ਸ਼ਹਿਰ ਸੀ ਅਤੇ ਪਾਤਸ਼ਾਹੀ ਸੀ ਸਗੋਂ ਉਹ ਅਈ ਨਾਲੋਂ ਵੱਡਾ ਸੀ ਅਤੇ ਉਹ ਦੇ ਸਾਰੇ ਮਨੁੱਖ ਸੂਰਮੇ ਸਨ ।

3ਯਰੂਸ਼ਲਮ ਦੇ ਰਾਜੇ ਅਦੋਨੀ ਸਦਕ ਨੇ ਹਬਰੋਨ ਦੇ ਰਾਜੇ ਹੋਹਾਮ ਨੂੰ ਅਤੇ ਯਰਮੂਥ ਦੇ ਰਾਜੇ ਫ਼ਿਰਾਮ ਨੂੰ ਅਤੇ ਲਾਕੀਸ਼ ਦੇ ਰਾਜੇ ਯਾਫ਼ੀਆ ਨੂੰ ਅਤੇ ਅਗਲੋਨ ਦੇ ਰਾਜੇ ਦਬੀਰ ਨੂੰ ਸੁਨੇਹਾ ਭੇਜਿਆ4ਮੇਰੇ ਕੋਲ ਆਓ ਅਤੇ ਮੇਰੀ ਸਹਾਇਤਾ ਕਰੋ ਤਾਂ ਜੋ ਅਸੀਂ ਗਿਬਓਨ ਨੂੰ ਮਾਰ ਦੇਈਏ ਕਿਉਂ ਜੋ ਉਹ ਨੇ ਯਹੋਸ਼ੁਆ ਅਤੇ ਇਸਰਾਏਲੀਆਂ ਨਾਲ ਮੇਲ ਕਰ ਲਿਆ ਹੈ ।
5ਤਾਂ ਅਮੋਰੀਆਂ ਦੇ ਪੰਜਾਂ ਰਾਜਿਆਂ ਅਰਥਾਤ ਯਰੂਸ਼ਲਮ ਦੇ ਰਾਜੇ, ਹਬਰੋਨ ਦੇ ਰਾਜੇ, ਯਰਮੂਥ ਦੇ ਰਾਜੇ, ਲਾਕੀਸ਼ ਦੇ ਰਾਜੇ ਅਤੇ ਅਗਲੋਨ ਦੇ ਰਾਜੇ ਇਕੱਠੇ ਹੋਏ ਅਤੇ ਉਹ ਅਤੇ ਉਹਨਾਂ ਦੀ ਸਾਰੀ ਫੌਜ ਨੇ ਚੜਾਈ ਕੀਤੀ ਅਤੇ ਗਿਬਓਨ ਦੇ ਸਾਹਮਣੇ ਡੇਰੇ ਲਾ ਕੇ ਉਹ ਦੇ ਵਿਰੁੱਧ ਯੁੱਧ ਕੀਤਾ ।

6ਗਿਬਓਨ ਦੇ ਮਨੁੱਖਾਂ ਨੇ ਯਹੋਸ਼ੁਆ ਕੋਲ ਜਿਹੜਾ ਗਿਲਗਾਲ ਦੇ ਡੇਰੇ ਵਿੱਚ ਸੀ ਸੁਨੇਹਾ ਭੇਜਿਆ ਕਿ ਆਪਣਾ ਹੱਥ ਆਪਣੇ ਦਾਸਾਂ ਤੋਂ ਨਾ ਹਟਾਵੀਂ । ਛੇਤੀ ਨਾਲ ਸਾਡੇ ਕੋਲ ਆਓ ਅਤੇ ਸਾਨੂੰ ਬਚਾਓ ਅਤੇ ਸਾਡੀ ਸਹਾਇਤਾ ਕਰੋ ਕਿਉਂ ਜੋ ਅਮੋਰੀਆਂ ਦੇ ਸਾਰੇ ਰਾਜੇ ਜਿਹੜੇ ਪਹਾੜ ਉੱਤੇ ਵੱਸਦੇ ਹਨ ਸਾਡੇ ਵਿਰੁੱਧ ਇਕੱਠੇ ਹੋਏ ਹਨ ।7ਯਹੋਸ਼ੁਆ ਨਾਲੇ ਸਾਰੇ ਜੋਧੇ ਅਤੇ ਸਾਰੇ ਸੂਰਬੀਰ ਗਿਲਗਾਲ ਤੋਂ ਚੜ੍ਹੇ ।
8ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, ਤੂੰ ਉਹਨਾਂ ਤੋਂ ਨਾ ਡਰ ਕਿਉਂ ਜੋ ਮੈਂ ਉਹਨਾਂ ਨੂੰ ਤੇਰੇ ਹੱਥ ਵਿੱਚ ਦੇ ਦਿੱਤਾ ਹੈ । ਉਹਨਾਂ ਵਿੱਚੋਂ ਕੋਈ ਵੀ ਤੇਰੇ ਅੱਗੇ ਖੜ੍ਹਾ ਨਾ ਹੋ ਸਕੇਗਾ ।
9ਯਹੋਸ਼ੁਆ ਨੇ ਗਿਲਗਾਲ ਤੋਂ ਸਾਰੀ ਰਾਤ ਤੁਰ ਕੇ ਉਹਨਾਂ ਉੱਤੇ ਅਚਾਨਕ ਹਮਲਾ ਕੀਤਾ ।10ਯਹੋਵਾਹ ਨੇ ਇਸਰਾਏਲ ਦੇ ਅੱਗੇ ਉਹਨਾਂ ਨੂੰ ਘਬਰਾ ਦਿੱਤਾ ਅਤੇ ਉਹ ਨੇ ਉਹਨਾਂ ਨੂੰ ਗਿਬਓਨ ਵਿੱਚ ਵੱਡੀ ਮਾਰ ਨਾਲ ਮਾਰ ਸੁੱਟਿਆ ਅਤੇ ਉਹ ਨੇ ਬੈਤ-ਹੋਰੋਨ ਦੀ ਚੜ੍ਹਾਈ ਦੇ ਰਾਹ ਵਿੱਚ ਉਹਨਾਂ ਦਾ ਪਿੱਛਾ ਕੀਤਾ ਅਤੇ ਉਹਨਾਂ ਨੂੰ ਅਜ਼ੇਕਾਹ ਅਤੇ ਮੱਕੇਦਾਹ ਤੱਕ ਮਾਰਦਾ ਗਿਆ ।
11ਇਸ ਤਰ੍ਹਾਂ ਹੋਇਆ ਕਿ ਜਦ ਉਹ ਇਸਰਾਏਲ ਦੇ ਅੱਗੋਂ ਭੱਜੇ ਜਾਂਦੇ ਸਨ ਤਾਂ ਬੈਤ-ਹੋਰੋਨ ਦੀ ਚੜ੍ਹਾਈ ਕੋਲ ਯਹੋਵਾਹ ਨੇ ਉਹਨਾਂ ਉੱਤੇ ਅਕਾਸ਼ੋਂ ਵੱਡੇ-ਵੱਡੇ ਪੱਥਰ ਅਜ਼ੇਕਾਹ ਤੱਕ ਇਉਂ ਸੁੱਟੇ ਕਿ ਉਹ ਮਰ ਗਏ । ਜਿਹੜੇ ਗੜਿਆਂ ਨਾਲ ਮਰੇ ਉਹ ਉਹਨਾਂ ਤੋਂ ਵੱਧ ਸਨ, ਜਿਹੜੇ ਇਸਰਾਏਲ ਦੀ ਤਲਵਾਰ ਨਾਲ ਵੱਢੇ ਗਏ ।

12ਉਸ ਦਿਨ ਜਦ ਯਹੋਵਾਹ ਨੇ ਅਮੋਰੀਆਂ ਨੂੰ ਇਸਰਾਏਲੀਆਂ ਦੇ ਵੱਸ ਵਿੱਚ ਕਰ ਦਿੱਤਾ ਅਤੇ ਇਸਰਾਏਲੀਆਂ ਦੇ ਵੇਖਦਿਆਂ ਯਹੋਸ਼ੁਆ ਨੇ ਆਖਿਆ,
"ਹੇ ਸੂਰਜ, ਗਿਬਓਨ ਉੱਤੇ, ਅਤੇ ਹੇ ਚੰਦਰਮਾ,
ਅੱਯਾਲੋਨ ਦੀ ਖੱਡ ਵਿੱਚ ਠਹਿਰਿਆ ਰਹਿ"
13ਤਦ ਸੂਰਜ ਠਹਿਰ ਗਿਆ ਅਤੇ ਚੰਦਰਮਾ ਖੜ੍ਹਾ ਰਿਹਾ,
ਜਦ ਤੱਕ ਕੌਮ ਨੇ ਆਪਣੇ ਵੈਰੀਆਂ ਤੋਂ ਬਦਲਾ ਨਾ ਲਿਆ ।

ਕੀ ਇਹ ਯਾਸ਼ਰ ਦੀ ਪੋਥੀ ਵਿੱਚ ਲਿਖਿਆ ਹੋਇਆ ਨਹੀਂ ? ਸੋ ਸੂਰਜ ਅਕਾਸ਼ ਦੇ ਵਿੱਚਕਾਰ ਖੜ੍ਹਾ ਰਿਹਾ ਅਤੇ ਸਾਰੀ ਦਿਹਾੜੀ ਡੁੱਬਣ ਦੀ ਛੇਤੀ ਨਾ ਕੀਤੀ ।

14ਇਸ ਤੋਂ ਅੱਗੇ ਜਾਂ ਪਿੱਛੇ ਅਜਿਹਾ ਦਿਨ ਕਦੀ ਨਹੀਂ ਹੋਇਆ ਕਿ ਯਹੋਵਾਹ ਨੇ ਮਨੁੱਖ ਦੀ ਅਵਾਜ਼ ਸੁਣੀ ਹੋਵੇ ਕਿਉਂ ਜੋ ਯਹੋਵਾਹ ਇਸਰਾਏਲ ਲਈ ਲੜਿਆ ।

15ਯਹੋਸ਼ੁਆ ਅਤੇ ਸਾਰਾ ਇਸਰਾਏਲ ਉਹ ਦੇ ਨਾਲ ਗਿਲਗਾਲ ਦੇ ਡੇਰੇ ਨੂੰ ਮੁੜੇ ।
ਅਮੋਰੀਆਂ ਦੇ ਪੰਜਾਂ ਰਾਜਾਂ ਨੂੰ ਬੰਦੀ ਬਣਾਉਣਾ

16ਪਰ ਇਹ ਪੰਜ ਰਾਜੇ ਨੱਸ ਗਏ ਅਤੇ ਮੱਕੇਦਾਹ ਦੀ ਗੁਫ਼ਾ ਵਿੱਚ ਜਾ ਲੁਕੇ ।17ਤਾਂ ਯਹੋਸ਼ੁਆ ਨੂੰ ਦੱਸਿਆ ਗਿਆ ਕਿ ਉਹ ਪੰਜ ਰਾਜੇ ਲੱਭ ਗਏ ਹਨ ਅਤੇ ਮੱਕੇਦਾਹ ਦੀ ਗੁਫ਼ਾ ਵਿੱਚ ਲੁਕੇ ਹੋਏ ਹਨ ।
18ਤਾਂ ਯਹੋਸ਼ੁਆ ਨੇ ਆਖਿਆ ਕਿ ਗੁਫ਼ਾ ਦੇ ਮੂੰਹ ਉੱਤੇ ਵੱਡੇ-ਵੱਡੇ ਪੱਥਰ ਰੱਖ ਦਿਓ ਅਤੇ ਉਹਨਾਂ ਦੀ ਰਾਖੀ ਲਈ ਮਨੁੱਖ ਉਹ ਦੇ ਕੋਲ ਖੜ੍ਹਾ ਕਰ ਦਿਓ ।19ਪਰ ਤੁਸੀਂ ਨਾ ਖੜ੍ਹੇ ਹੋਇਓ, ਆਪਣੇ ਵੈਰੀਆਂ ਦਾ ਪਿੱਛਾ ਕਰੋ ਅਤੇ ਉਹਨਾਂ ਦੇ ਵਿਚੋਂ ਜਿਹੜੇ ਪਿੱਛੇ ਰਹਿ ਗਏ ਹਨ ਉਹਨਾਂ ਨੂੰ ਮਾਰੋ । ਉਹਨਾਂ ਨੂੰ ਆਪਣੇ ਸ਼ਹਿਰਾਂ ਵਿੱਚ ਵੜਨ ਨਾ ਦਿਓ ਕਿਉਂ ਜੋ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਉਹਨਾਂ ਨੂੰ ਤੁਹਾਡੇ ਹੱਥ ਵਿੱਚ ਦੇ ਦਿੱਤਾ ਹੈ ।
20ਇਸ ਤਰ੍ਹਾਂ ਹੋਇਆ ਕਿ ਜਦ ਯਹੋਸ਼ੁਆ ਅਤੇ ਇਸਰਾਏਲੀਆਂ ਨੇ ਉਹਨਾਂ ਨੂੰ ਅੱਤ ਵੱਡੀ ਮਾਰ ਨਾਲ ਮਾਰ ਕੇ ਮੁਕਾ ਦਿੱਤਾ ਤਾਂ ਉਹਨਾਂ ਦੇ ਜਿਹੜੇ ਪਿੱਛੇ ਰਹਿ ਗਏ ਸਨ ਉਹਨਾਂ ਗੜ੍ਹਾਂ ਵਾਲੇ ਸ਼ਹਿਰਾਂ ਵਿੱਚ ਜਾ ਵਡੇ ।21ਸਾਰੇ ਲੋਕ ਯਹੋਸ਼ੁਆ ਕੋਲ ਮੱਕੇਦਾਹ ਦੇ ਡੇਰੇ ਨੂੰ ਸੁਲਾਹ ਨਾਲ ਮੁੜ ਪਏ ਅਤੇ ਕਿਸੇ ਨੇ ਆਪਣਾ ਮੂੰਹ ਕਿਸੇ ਇਸਰਾਏਲੀ ਦੇ ਵਿਰੁੱਧ ਨਾ ਖੋਲ੍ਹਿਆ ।

22ਫਿਰ ਯਹੋਸ਼ੁਆ ਨੇ ਆਖਿਆ, ਗੁਫ਼ਾ ਦੇ ਮੂੰਹ ਨੂੰ ਖੋਲ੍ਹੋ ਅਤੇ ਗੁਫ਼ਾ ਵਿੱਚੋਂ ਇਹ ਪੰਜੇ ਰਾਜੇ ਮੇਰੇ ਕੋਲ ਲੈ ਆਓ ।23ਉਹਨਾਂ ਨੇ ਉਸੇ ਤਰ੍ਹਾਂ ਹੀ ਕੀਤਾ ਅਤੇ ਗੁਫ਼ਾ ਵਿੱਚੋਂ ਇਹ ਪੰਜੇ ਰਾਜੇ ਉਹ ਦੇ ਕੋਲ ਲੈ ਆਏ ਅਰਥਾਤ ਯਰੁਸ਼ਲਮ ਦਾ ਰਾਜਾ, ਹਬਰੋਨ ਦਾ ਰਾਜਾ, ਯਰਮੂਥ ਦਾ ਰਾਜਾ, ਲਾਕੀਸ਼ ਦਾ ਰਾਜਾ ਅਤੇ ਅਗਲੋਨ ਦਾ ਰਾਜਾ ।
24ਫਿਰ ਇਸ ਤਰ੍ਹਾਂ ਹੋਇਆ ਕਿ ਜਦ ਉਹ ਉਹਨਾਂ ਰਾਜਿਆਂ ਨੂੰ ਯਹੋਸ਼ੁਆ ਦੇ ਕੋਲ ਲੈ ਆਏ ਤਾਂ ਯਹੋਸ਼ੁਆ ਨੇ ਇਸਰਾਏਲ ਦੇ ਸਾਰੇ ਮਨੁੱਖਾਂ ਨੂੰ ਸੱਦਿਆ ਅਤੇ ਯੋਧਿਆਂ ਦੇ ਸਰਦਾਰਾਂ ਨੂੰ ਜਿਹੜੇ ਉਹ ਦੇ ਨਾਲ ਜਾਂਦੇ ਸਨ ਆਖਿਆ, ਨੇੜੇ ਆ ਕੇ ਆਪਣੇ ਪੈਰ ਇਹਨਾਂ ਰਾਜਿਆਂ ਦੀਆਂ ਗਰਦਨਾਂ ਉੱਤੇ ਰੱਖੋ ਸੋ ਉਹਨਾਂ ਨੇ ਨੇੜੇ ਆ ਕੇ ਆਪਣੇ ਪੈਰ ਉਹਨਾਂ ਦੀਆਂ ਗਰਦਨਾਂ ਉੱਤੇ ਰੱਖੇ ।25ਯਹੋਸ਼ੁਆ ਨੇ ਉਹਨਾਂ ਨੂੰ ਆਖਿਆ, ਨਾ ਡਰੋ ਅਤੇ ਨਾ ਘਾਬਰੋ । ਤਕੜੇ ਹੋਵੋ ਅਤੇ ਹੌਂਸਲਾ ਰੱਖੋ ਕਿਉਂ ਜੋ ਯਹੋਵਾਹ ਤੁਹਾਡੇ ਸਾਰੇ ਵੈਰੀਆਂ ਨਾਲ ਜਿਨ੍ਹਾਂ ਦੇ ਵਿਰੁੱਧ ਤੁਸੀਂ ਲੜਦੇ ਹੋ ਅਜਿਹਾ ਹੀ ਕਰੇਗਾ ।
26ਇਸ ਤੋਂ ਬਾਅਦ ਯਹੋਸ਼ੁਆ ਨੇ ਉਹਨਾਂ ਨੂੰ ਜਾਨੋਂ ਮਾਰ ਸੁੱਟਿਆ ਅਤੇ ਉਹਨਾਂ ਨੂੰ ਪੰਜਾਂ ਰੁੱਖਾਂ ਉੱਤੇ ਟੰਗ ਦਿੱਤਾ ਅਤੇ ਉਹ ਸ਼ਾਮਾਂ ਤੱਕ ਉਹਨਾਂ ਰੁੱਖਾਂ ਉੱਤੇ ਟੰਗੇ ਰਹੇ ।27ਤਾਂ ਇਸ ਤਰ੍ਹਾਂ ਹੋਇਆ ਕਿ ਜਦ ਸੂਰਜ ਡੁੱਬਣ ਲੱਗਾ ਤਦ ਯਹੋਸ਼ੁਆ ਨੇ ਹੁਕਮ ਦਿੱਤਾ ਸੋ ਉਹਨਾਂ ਨੇ ਉਹਨਾਂ ਨੂੰ ਰੁੱਖਾਂ ਉੱਤੋਂ ਲਾਹ ਲਿਆ ਅਤੇ ਉਸ ਗੁਫ਼ਾ ਵਿੱਚ ਜਿੱਥੇ ਉਹ ਲੁਕੇ ਸਨ ਸੁੱਟ ਦਿੱਤਾ ਅਤੇ ਉਸ ਗੁਫ਼ਾ ਦੇ ਮੂੰਹ ਉੱਤੇ ਵੱਡੇ-ਵੱਡੇ ਪੱਥਰ ਰੱਖ ਦਿੱਤੇ ਜਿਹੜੇ ਅੱਜ ਦੇ ਦਿਨ ਤੱਕ ਵੀ ਹਨ ।
ਅਮੋਰੀ ਰਾਜ ਉੱਤੇ ਹੋਰ ਵਧ ਕੇ ਜਿੱਤ

28ਯਹੋਸ਼ੁਆ ਨੇ ਉਸੇ ਦਿਨ ਮੱਕੇਦਾਹ ਨੂੰ ਲੈ ਲਿਆ ਅਤੇ ਉਹ ਨੂੰ ਅਤੇ ਉਹ ਦੇ ਰਾਜੇ ਨੂੰ ਤਲਵਾਰ ਦੀ ਧਾਰ ਨਾਲ ਵੱਢ ਸੁੱਟਿਆ । ਉਸ ਨੇ ਉਹਨਾਂ ਦਾ ਅਤੇ ਉਹ ਦੇ ਸਾਰੇ ਪ੍ਰਾਣੀਆਂ ਦਾ ਸੱਤਿਆਨਾਸ ਕਰ ਦਿੱਤਾ । ਉਸ ਨੇ ਕਿਸੇ ਨੂੰ ਵੀ ਬਾਕੀ ਨਾ ਛੱਡਿਆ ਅਤੇ ਉਸ ਨੇ ਮੱਕੇਦਾਹ ਦੇ ਰਾਜੇ ਨਾਲ ਤਿਵੇਂ ਹੀ ਕੀਤਾ ਜਿਵੇਂ ਯਰੀਹੋ ਦੇ ਰਾਜੇ ਨਾਲ ਕੀਤਾ ਸੀ ।

29ਫਿਰ ਯਹੋਸ਼ੁਆ ਅਤੇ ਸਾਰਾ ਇਸਰਾਏਲ ਉਹ ਦੇ ਨਾਲ ਮੱਕੇਦਾਹ ਤੋਂ ਲਿਬਨਾਹ ਨੂੰ ਗਏ ਅਤੇ ਲਿਬਨਾਹ ਨਾਲ ਯੁੱਧ ਕੀਤਾ ।30ਅਤੇ ਯਹੋਵਾਹ ਨੇ ਉਸ ਨੂੰ ਵੀ ਅਤੇ ਉਸ ਦੇ ਰਾਜੇ ਨੂੰ ਵੀ ਇਸਰਾਏਲ ਦੇ ਹੱਥ ਵਿੱਚ ਦੇ ਦਿੱਤਾ ਅਤੇ ਉਹ ਨੇ ਉਸ ਦੇ ਸਾਰੇ ਪ੍ਰਾਣੀਆਂ ਨੂੰ ਤਲਵਾਰ ਦੀ ਧਾਰ ਨਾਲ ਵੱਢ ਸੁੱਟਿਆ । ਉਹ ਨੇ ਕਿਸੇ ਨੂੰ ਉਸ ਦੇ ਵਿੱਚ ਬਾਕੀ ਨਾ ਛੱਡਿਆ ਅਤੇ ਉਸ ਦੇ ਰਾਜੇ ਨਾਲ ਉਸੇ ਤਰ੍ਹਾਂ ਹੀ ਕੀਤਾ ਜਿਵੇਂ ਯਰੀਹੋ ਦੇ ਰਾਜੇ ਨਾਲ ਕੀਤਾ ਸੀ ।

31ਤਾਂ ਯਹੋਸ਼ੁਆ ਅਤੇ ਉਹ ਦੇ ਨਾਲ ਸਾਰਾ ਇਸਰਾਏਲ ਲਿਬਨਾਹ ਤੋਂ ਲਾਕੀਸ਼ ਨੂੰ ਲੰਘੇ ਅਤੇ ਉਸ ਦੇ ਸਾਹਮਣੇ ਡੇਰੇ ਲਾ ਕੇ ਉਸ ਦੇ ਨਾਲ ਯੁੱਧ ਕੀਤਾ ।32ਤਾਂ ਯਹੋਵਾਹ ਨੇ ਲਾਕੀਸ਼ ਨੂੰ ਇਸਰਾਏਲ ਦੇ ਹੱਥ ਵਿੱਚ ਦੇ ਦਿੱਤਾ ਅਤੇ ਉਹ ਨੇ ਦੂਜੇ ਦਿਨ ਉਹ ਨੂੰ ਜਿੱਤ ਲਿਆ ਅਤੇ ਉਸ ਨੂੰ ਅਤੇ ਉਸ ਦੇ ਪ੍ਰਾਣੀਆਂ ਨੂੰ ਤਲਵਾਰ ਦੀ ਧਾਰ ਨਾਲ ਵੱਢ ਸੁੱਟਿਆ ਜਿਵੇਂ ਉਹ ਨੇ ਲਿਬਨਾਹ ਨਾਲ ਕੀਤਾ ਸੀ ।

33ਤਦ ਗਜ਼ਰ ਦਾ ਰਾਜਾ ਹੋਰਾਮ ਉਤਾਹਾਂ ਲਾਕੀਸ਼ ਦੀ ਸਹਾਇਤਾ ਲਈ ਆਇਆ ਅਤੇ ਯਹੋਸ਼ੁਆ ਨੇ ਉਹ ਨੂੰ ਅਤੇ ਉਹ ਦੇ ਲੋਕਾਂ ਨੂੰ ਇਉਂ ਮਾਰਿਆ ਕਿ ਕੋਈ ਬਾਕੀ ਨਾ ਰਿਹਾ ।

34ਤਾਂ ਯਹੋਸ਼ੁਆ ਅਤੇ ਸਾਰਾ ਇਸਰਾਏਲ ਉਸ ਦੇ ਨਾਲ ਲਾਕੀਸ਼ ਤੋਂ ਅਗਲੋਨ ਨੂੰ ਲੰਘੇ ਅਤੇ ਉਹ ਦੇ ਸਾਹਮਣੇ ਡੇਰੇ ਲਾ ਕੇ ਉਹ ਦੇ ਨਾਲ ਯੁੱਧ ਕੀਤਾ ।35ਅਤੇ ਉਸੇ ਦਿਨ ਉਹ ਨੂੰ ਜਿੱਤ ਲਿਆ ਅਤੇ ਉਹ ਨੂੰ ਤਲਵਾਰ ਦੀ ਧਾਰ ਨਾਲ ਵੱਢ ਸੁੱਟਿਆ ਅਤੇ ਉਸੇ ਦਿਨ ਉਹ ਦੇ ਪ੍ਰਾਣੀਆਂ ਦਾ ਸੱਤਿਆਨਾਸ ਕਰ ਸੁੱਟਿਆ ਜਿਵੇਂ ਉਸ ਲਾਕੀਸ਼ ਨਾਲ ਕੀਤਾ ਸੀ ।

36ਫਿਰ ਯਹੋਸ਼ੁਆ ਅਤੇ ਉਸ ਦੇ ਨਾਲ ਸਾਰਾ ਇਸਰਾਏਲ ਅਗਲੋਨ ਤੋਂ ਹਬਰੋਨ ਨੂੰ ਉਤਾਹਾਂ ਗਏ ਅਤੇ ਉਹ ਦੇ ਨਾਲ ਯੁੱਧ ਕੀਤਾ ।37ਅਤੇ ਉਹ ਨੂੰ ਜਿੱਤ ਲਿਆ ਤਾਂ ਉਹ ਨੂੰ ਅਤੇ ਉਹ ਦੇ ਰਾਜੇ ਨੂੰ ਉਹ ਦੇ ਸਾਰੇ ਸ਼ਹਿਰਾਂ ਨੂੰ ਉਹ ਦੇ ਸਾਰੇ ਪ੍ਰਾਣੀਆਂ ਨੂੰ ਤਲਵਾਰ ਦੀ ਧਾਰ ਨਾਲ ਵੱਢ ਸੁੱਟਿਆ ਅਤੇ ਕਿਸੇ ਨੂੰ ਬਾਕੀ ਨਾ ਛੱਡਿਆ ਜਿਵੇਂ ਉਸ ਅਗਲੋਨ ਨਾਲ ਕੀਤਾ ਸੀ ਸਗੋਂ ਉਹ ਦਾ ਅਤੇ ਉਹ ਦੇ ਸਾਰੇ ਪ੍ਰਾਣੀਆਂ ਦਾ ਸੱਤਿਆਨਾਸ ਕਰ ਸੁੱਟਿਆ ।

38ਯਹੋਸ਼ੁਆ ਅਤੇ ਸਾਰੇ ਇਸਰਾਏਲ ਨੇ ਉਸ ਨਾਲ ਦਬੀਰ ਨੂੰ ਮੁੜ ਕੇ ਉਸ ਨਾਲ ਯੁੱਧ ਕੀਤਾ ।39ਉਸ ਨੇ ਉਹ ਨੂੰ ਅਤੇ ਉਹ ਦੇ ਰਾਜੇ ਨੂੰ ਅਤੇ ਉਹ ਦੇ ਸਾਰੇ ਸ਼ਹਿਰਾਂ ਨੂੰ ਜਿੱਤ ਲਿਆ ਅਤੇ ਉਹਨਾਂ ਨੂੰ ਤਲਵਾਰ ਦੀ ਧਾਰ ਨਾਲ ਵੱਢ ਸੁੱਟਿਆ ਅਤੇ ਉਹ ਦੇ ਸਾਰੇ ਪ੍ਰਾਣੀਆਂ ਦਾ ਸੱਤਿਆਨਾਸ ਕਰ ਦਿੱਤਾ, ਕਿਸੇ ਨੂੰ ਬਾਕੀ ਨਾ ਛੱਡਿਆ । ਜਿਵੇਂ ਉਸ ਨੇ ਹਬਰੋਨ ਅਤੇ ਲਿਬਨਾਹ ਅਤੇ ਉਹਨਾਂ ਦੇ ਰਾਜਿਆਂ ਨਾਲ ਕੀਤਾ ਸੀ ਉਸੇ ਤਰ੍ਹਾਂ ਉਸ ਨੇ ਦਬੀਰ ਅਤੇ ਉਹ ਦੇ ਰਾਜੇ ਨਾਲ ਕੀਤਾ ।

40ਇਉਂ ਯਹੋਸ਼ੁਆ ਨੇ ਸਾਰੇ ਦੇਸ ਨੂੰ ਅਰਥਾਤ ਪਹਾੜੀ ਦੇਸ, ਦੱਖਣ, ਬੇਟ, ਢਾਲਾਂ ਅਤੇ ਉਹਨਾਂ ਦੇ ਸਾਰੇ ਰਾਜਿਆਂ ਨੂੰ ਮਾਰ ਸੁਟਿਆ ਅਤੇ ਕਿਸੇ ਨੂੰ ਬਾਕੀ ਨਾ ਛੱਡਿਆ ਸਗੋਂ ਉਹ ਦੇ ਸਾਰੇ ਪ੍ਰਾਣੀਆਂ ਦਾ ਸੱਤਿਆਨਾਸ ਕਰ ਸੁੱਟਿਆ ਜਿਵੇਂ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੇ ਹੁਕਮ ਦਿੱਤਾ ਸੀ ।41ਯਹੋਸ਼ੁਆ ਨੇ ਉਹਨਾਂ ਨੂੰ ਕਾਦੇਸ ਬਰਨੇਆ ਤੋਂ ਅੱਜ਼ਾਹ ਤੱਕ ਅਤੇ ਗੋਸ਼ਨ ਦੇ ਸਾਰੇ ਦੇਸ ਨੂੰ ਗਿਬਓਨ ਤੱਕ ਨਾਸ਼ ਕੀਤਾ ।
42ਯਹੋਸ਼ੁਆ ਨੇ ਉਹਨਾਂ ਸਾਰੇ ਰਾਜਿਆਂ ਨੂੰ ਅਤੇ ਉਹਨਾਂ ਦੇ ਸਾਰੇ ਦੇਸਾਂ ਨੂੰ ਇੱਕੋ ਹੀ ਸਮੇਂ ਵਿੱਚ ਇਸ ਕਾਰਨ ਜਿੱਤ ਲਿਆ ਕਿ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸਰਾਏਲ ਲਈ ਲੜਿਆ ।43ਫਿਰ ਯਹੋਸ਼ੁਆ ਅਤੇ ਸਾਰਾ ਇਸਰਾਏਲ ਉਸ ਦੇ ਨਾਲ ਗਿਲਗਾਲ ਦੇ ਡੇਰੇ ਨੂੰ ਮੁੜੇ ।

11
ਰਾਜਾ ਯਬੀਨ ਅਤੇ ਉਸ ਦੇ ਸਹਾਇਕਾਂ ਨੂੰ ਯਹੋਸ਼ੁਆ ਦੁਆਰਾ ਹਰਾਇਆ ਜਾਣਾ

1ਜਦ ਹਸੋਰ ਦੇ ਰਾਜੇ ਯਬੀਨ ਨੇ ਇਹ ਸੁਣਿਆ ਤਾ ਉਸ ਨੇ ਮਾਦੋਨ ਦੇ ਰਾਜੇ ਯੋਬਾਬ ਅਤੇ ਸ਼ਿਮਰੋਨ ਦੇ ਰਾਜੇ ਅਤੇ ਆਕਸ਼ਾਫ਼ ਦੇ ਰਾਜੇ ਨੂੰ ਸੁਨੇਹਾ ਭੇਜਿਆ ।2ਨਾਲੇ ਉਹਨਾਂ ਰਾਜਿਆਂ ਨੂੰ ਜਿਹੜੇ ਉਤਰ ਵੱਲ ਪਹਾੜੀ ਦੇਸ ਵਿੱਚ ਅਤੇ ਕਿੰਨਰੋਥ ਦੇ ਦੱਖਣ ਵੱਲ ਮੈਦਾਨ ਵਿੱਚ ਅਤੇ ਬੇਟ ਵਿੱਚ ਅਤੇ ਲਹਿੰਦੇ ਵੱਲ ਦੋਰ ਦੀਆਂ ਉਚਿਆਈਆਂ ਵਿੱਚ ਸਨ ।3ਨਾਲੇ ਕਨਾਨੀਆਂ ਨੂੰ ਜਿਹੜੇ ਪੂਰਬ ਅਤੇ ਪੱਛਮ ਵੱਲ ਸਨ ਅਤੇ ਅਮੋਰੀਆਂ ਨੂੰ ਅਤੇ ਹਿੱਤੀਆਂ ਨੂੰ ਅਤੇ ਫਰਿੱਜ਼ੀਆਂ ਨੂੰ ਅਤੇ ਯਬੂਸੀਆਂ ਨੂੰ ਜਿਹੜੇ ਪਹਾੜ ਵਿੱਚ ਸਨ ਅਤੇ ਹਿੱਵੀਆਂ ਨੂੰ ਜਿਹੜੇ ਹਰਮੋਨ ਦੇ ਹੇਠ ਮਿਸਫ਼ਾਹ ਦੇ ਦੇਸ ਵਿੱਚ ਸਨ ।

4ਅਤੇ ਉਹ ਅਤੇ ਉਹਨਾਂ ਦੀਆਂ ਸਾਰੀਆਂ ਸੈਨਾਂ ਬਾਹਰ ਨਿੱਕਲੀਆਂ । ਉਹ ਢੇਰ ਸਾਰੇ ਲੋਕ ਗਿਣਤੀ ਵਿੱਚ ਸਮੁੰਦਰ ਦੇ ਕੰਢੇ ਦੀ ਰੇਤ ਵਾਂਗੂੰ ਸਨ ਨਾਲੇ ਘੋੜੇ ਅਤੇ ਰੱਥ ਵੀ ਬਹੁਤ ਹੀ ਸਨ ।5ਤਾਂ ਇਹ ਸਾਰੇ ਰਾਜੇ ਇਕੱਠੇ ਹੋਏ ਅਤੇ ਆ ਕੇ ਉਹਨਾਂ ਨੇ ਮੇਰੋਮ ਦੇ ਪਾਣੀਆਂ ਕੋਲ ਡੇਰੇ ਲਾਏ ਤਾਂ ਜੋ ਇਸਰਾਏਲ ਨਾਲ ਯੁੱਧ ਕਰਨ ।

6ਉਸ ਤੋਂ ਬਾਅਦ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, ਉਹਨਾਂ ਦੇ ਅੱਗੋਂ ਨਾ ਡਰ ਕਿਉਂ ਜੋ ਭਲਕੇ ਇਸੇ ਵੇਲੇ ਮੈਂ ਇਹਨਾਂ ਸਾਰਿਆਂ ਨੂੰ ਇਸਰਾਏਲ ਦੇ ਵੱਸ ਵਿੱਚ ਕਰਕੇ ਮਰਵਾ ਦਿਆਂਗਾ ! ਤੂੰ ਉਹਨਾਂ ਦੇ ਘੋੜਿਆਂ ਦੀਆਂ ਵਾਗਾਂ ਵੱਢੇਂਗਾ ਅਤੇ ਉਹਨਾਂ ਦੇ ਰੱਥਾਂ ਨੂੰ ਅੱਗ ਨਾਲ ਸਾੜੇਂਗਾ ।7ਸੋ ਯਹੋਸ਼ੁਆ ਅਤੇ ਉਹ ਦੇ ਨਾਲ ਸਾਰੇ ਜੋਧੇ ਉਹਨਾਂ ਦੇ ਵਿਰੁੱਧ ਮੇਰੋਮ ਦੇ ਪਾਣੀਆਂ ਕੋਲ ਅਚਾਨਕ ਉਹਨਾਂ ਉੱਤੇ ਆਣ ਪਏ ।
8ਅਤੇ ਯਹੋਵਾਹ ਨੇ ਉਹਨਾਂ ਨੂੰ ਇਸਰਾਏਲ ਦੇ ਹੱਥ ਵਿੱਚ ਦੇ ਦਿੱਤਾ ਸੋ ਉਹਨਾਂ ਨੇ ਉਹਨਾਂ ਨੂੰ ਮਾਰਿਆ ਅਤੇ ਵੱਡੇ ਸਿਦੋਨ ਤੱਕ ਅਤੇ ਮਿਸਰਫ਼ੋਥ-ਮਇਮ ਅਤੇ ਮਿਸਫਾਹ ਦੀ ਦੂਣ ਤੱਕ ਚੜ੍ਹਦੇ ਪਾਸੇ ਉਹਨਾਂ ਦਾ ਪਿੱਛਾ ਕੀਤਾ ਅਤੇ ਉਹਨਾਂ ਨੂੰ ਇਉਂ ਮਾਰਿਆ ਕਿ ਉਹਨਾਂ ਵਿੱਚੋਂ ਕਿਸੇ ਨੂੰ ਬਾਕੀ ਨਾ ਛੱਡਿਆ ।9ਅਤੇ ਯਹੋਸ਼ੁਆ ਨੇ ਉਹਨਾਂ ਨਾਲ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਉਹ ਨੂੰ ਆਖਿਆ ਸੀ । ਉਸ ਉਹਨਾਂ ਦਿਆਂ ਘੋੜਿਆਂ ਦੀਆਂ ਨਾੜਾਂ ਨੂੰ ਵੱਢ ਸੁਟਿਆ ਅਤੇ ਉਹਨਾਂ ਦੇ ਰੱਥਾਂ ਨੂੰ ਅੱਗ ਨਾਲ ਸਾੜ ਦਿੱਤਾ ।

10ਤਾਂ ਇਸ ਸਮੇਂ ਯਹੋਸ਼ੁਆ ਮੁੜ ਆਇਆ ਅਤੇ ਹਾਸੋਰ ਨੂੰ ਲੈ ਲਿਆ ਅਤੇ ਉਸ ਦੇ ਰਾਜੇ ਨੂੰ ਤਲਵਾਰ ਨਾਲ ਵੱਢ ਸੁੱਟਿਆ ਕਿਉਂ ਜੋ ਹਾਸੋਰ ਪਹਿਲੇ ਸਮਿਆਂ ਵਿੱਚ ਇਹਨਾਂ ਸਾਰਿਆਂ ਰਾਜਿਆਂ ਦੀ ਰਾਜਧਾਨੀ ਸੀ ।11ਉਹਨਾਂ ਨੇ ਸਾਰੇ ਪ੍ਰਾਣੀਆਂ ਨੂੰ ਜਿਹੜੇ ਉਸ ਦੇ ਵਿੱਚ ਸਨ ਤਲਵਾਰ ਦੀ ਧਾਰ ਨਾਲ ਵੱਢ ਕੇ ਉਹਨਾਂ ਦਾ ਸੱਤਿਆਨਾਸ ਕਰ ਸੁੱਟਿਆ । ਕੋਈ ਪ੍ਰਾਣੀ ਬਾਕੀ ਨਾ ਛੱਡਿਆ ਗਿਆ ਅਤੇ ਉਸ ਨੇ ਹਾਸੋਰ ਨੂੰ ਅੱਗ ਨਾਲ ਸਾੜ ਸੁੱਟਿਆ ।
12ਅਤੇ ਯਹੋਸ਼ੁਆ ਨੇ ਇਹਨਾਂ ਰਾਜਿਆਂ ਦੇ ਸਾਰੇ ਸ਼ਹਿਰ ਅਤੇ ਉਹਨਾਂ ਦੇ ਸਾਰੇ ਰਾਜੇ ਫੜ ਲਏ ਅਤੇ ਉਹਨਾਂ ਨੂੰ ਤਲਵਾਰ ਦੀ ਧਾਰ ਨਾਲ ਵੱਢ ਕੇ ਸੱਤਿਆਨਾਸ ਕਰ ਸੁੱਟਿਆ ਜਿਵੇਂ ਯਹੋਵਾਹ ਦੇ ਦਾਸ ਮੂਸਾ ਨੇ ਹੁਕਮ ਦਿੱਤਾ ਸੀ ।13ਇਕੱਲੇ ਹਸੋਰ ਤੋਂ ਛੁੱਟ ਜਿਹ ਨੂੰ ਯਹੋਸ਼ੁਆ ਨੇ ਸਾੜ ਦਿੱਤਾ ਸੀ ਬਾਕੀ ਦੇ ਸਾਰੇ ਸ਼ਹਿਰਾਂ ਨੂੰ ਜਿਹੜੇ ਆਪੋ ਆਪਣੇ ਥਾਂ ਤੇ ਵੱਸੇ ਹੋਏ ਸਨ ਇਸਰਾਏਲ ਨੇ ਨਾ ਸਾੜਿਆ ।
14ਅਤੇ ਇਹਨਾਂ ਸ਼ਹਿਰਾਂ ਦੀ ਸਾਰੀ ਲੁੱਟ ਅਤੇ ਡੰਗਰ ਇਸਰਾਏਲੀਆਂ ਨੇ ਆਪਣੇ ਲਈ ਖੋਹ ਲਏ ਪਰ ਸਾਰੇ ਆਦਮੀਆਂ ਨੂੰ ਤਲਵਾਰ ਦੀ ਧਾਰ ਨਾਲ ਵੱਢ ਸੁੱਟਿਆ ਜਦ ਤੱਕ ਉਹਨਾਂ ਦਾ ਨਾਸ ਨਾ ਕਰ ਲਿਆ । ਕੋਈ ਪ੍ਰਾਣੀ ਬਾਕੀ ਨਾ ਛੱਡਿਆ ।15ਜਿਵੇਂ ਯਹੋਵਾਹ ਨੇ ਆਪਣੇ ਦਾਸ ਮੂਸਾ ਨੂੰ ਹੁਕਮ ਦਿੱਤਾ ਸੀ, ਉਸੇ ਤਰ੍ਹਾਂ ਹੀ ਮੂਸਾ ਨੇ ਯਹੋਸ਼ੁਆ ਨੂੰ ਹੁਕਮ ਦਿੱਤਾ ਸੀ ਅਤੇ ਉਸੇ ਤਰ੍ਹਾਂ ਹੀ ਯਹੋਸ਼ੁਆ ਨੇ ਕੀਤਾ । ਜੋ ਕੁਝ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਉਸ ਨੇ ਕੋਈ ਗੱਲ ਬਾਕੀ ਨਾ ਛੱਡੀ ।
ਯਹੋਸ਼ੁਆ ਦੁਆਰਾ ਜਿੱਤੇ ਗਏ ਦੇਸ

16ਇਸ ਤਰ੍ਹਾਂ ਯਹੋਸ਼ੁਆ ਨੇ ਇਹ ਸਾਰਾ ਦੇਸ ਲੈ ਲਿਆ ਅਰਥਾਤ ਇਹ ਪਹਾੜੀ ਦੇਸ, ਸਾਰਾ ਦੱਖਣ, ਗੋਸ਼ਨ ਦਾ ਸਾਰਾ ਦੇਸ, ਬੇਟ, ਮੈਦਾਨ, ਇਸਰਾਏਲ ਦਾ ਪਹਾੜੀ ਦੇਸ ਅਤੇ ਉਸ ਦਾ ਬੇਟ ।17ਹਾਲਾਕ ਨਾਮੀ ਪਹਾੜ ਤੋਂ ਜਿਹੜਾ ਸੇਈਰ ਵੱਲ ਚੜ੍ਹਦਾ ਹੈ, ਬਆਲ-ਗਾਦ ਤੱਕ ਜਿਹੜਾ ਲਬਾਨੋਨ ਦੀ ਦੂਣ ਵਿੱਚ ਹਰਮੋਨ ਪਰਬਤ ਦੇ ਹੇਠ ਹੈ ਅਤੇ ਉਹਨਾਂ ਦੇ ਸਾਰੇ ਰਾਜਿਆਂ ਨੂੰ ਫੜ ਲਿਆ ਅਤੇ ਜਾਨੋਂ ਮਾਰ ਦਿੱਤਾ ।
18ਯਹੋਸ਼ੁਆ ਬਹੁਤ ਸਮੇਂ ਤੱਕ ਇਹਨਾਂ ਸਾਰਿਆਂ ਰਾਜਿਆਂ ਨਾਲ ਯੁੱਧ ਕਰਦਾ ਰਿਹਾ ।19ਹਿੱਵੀਆਂ ਤੋਂ ਛੁੱਟ ਜਿਹੜੇ ਗਿਬਓਨ ਦੇ ਵਸਨੀਕ ਸਨ ਕੋਈ ਸ਼ਹਿਰ ਨਹੀਂ ਸੀ ਜਿਸ ਨੇ ਇਸਰਾਏਲੀਆਂ ਨਾਲ ਸੁਲਾਹ ਕੀਤੀ ਹੋਵੇ ਸਗੋਂ ਉਹਨਾਂ ਨੇ ਸਾਰਿਆਂ ਨੂੰ ਯੁੱਧ ਨਾਲ ਜਿੱਤ ਲਿਆ ।20ਕਿਉਂ ਜੋ ਇਹ ਯਹੋਵਾਹ ਵੱਲੋਂ ਹੋਇਆ ਕਿ ਉਹਨਾਂ ਦੇ ਮਨ ਕਠੋਰ ਹੋ ਗਏ ਅਤੇ ਉਹਨਾਂ ਨੇ ਇਸਰਾਏਲ ਨਾਲ ਯੁੱਧ ਕੀਤਾ ਤਾਂ ਜੋ ਉਹ ਉਹਨਾਂ ਦਾ ਸੱਤਿਆਨਾਸ ਕਰੇ ਅਤੇ ਉਹਨਾਂ ਉੱਤੇ ਕੋਈ ਦਯਾ ਨਾ ਹੋਵੇ ਪਰ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਉਹ ਉਹਨਾਂ ਦਾ ਨਾਸ ਕਰੇ ।

21ਫਿਰ ਉਸੇ ਸਮੇਂ ਯਹੋਸ਼ੁਆ ਨੇ ਆਣ ਕੇ ਅਨਾਕੀਆਂ ਨੂੰ ਪਹਾੜੀ ਦੇਸ ਵਿੱਚੋਂ ਵੱਢ ਸੁੱਟਿਆ ਅਰਥਾਤ ਹਬਰੋਨ, ਦਬੀਰ, ਅਨਾਬ ਅਤੇ ਯਹੂਦਾਹ ਦੇ ਸਾਰੇ ਪਹਾੜੀ ਦੇਸ ਅਤੇ ਇਸਰਾਏਲ ਦੇ ਸਾਰੇ ਪਹਾੜੀ ਦੇਸ ਤੋਂ ਯਹੋਸ਼ੁਆ ਨੇ ਉਹਨਾਂ ਦਾ ਨਾਲੇ ਉਹਨਾਂ ਦੇ ਸ਼ਹਿਰਾਂ ਦਾ ਸੱਤਿਆਨਾਸ ਕਰ ਸੁੱਟਿਆ ।22ਇਸਰਾਏਲੀਆਂ ਦੇ ਦੇਸ ਵਿੱਚ ਕੋਈ ਅਨਾਕੀ ਬਾਕੀ ਨਾ ਰਿਹਾ, ਕੇਵਲ ਅੱਜ਼ਾਹ, ਗਥ ਅਤੇ ਅਸ਼ਦੋਦ ਵਿੱਚ ਕੁਝ ਬਾਕੀ ਰਹਿ ਗਏ ।
23ਸੋ ਯਹੋਸ਼ੁਆ ਨੇ ਇਹ ਸਾਰਾ ਦੇਸ ਲੈ ਲਿਆ ਜਿਵੇਂ ਹੀ ਯਹੋਵਾਹ ਮੂਸਾ ਨਾਲ ਬੋਲਿਆ ਸੀ ਅਤੇ ਯਹੋਸ਼ੁਆ ਨੇ ਉਹ ਨੂੰ ਇਸਰਾਏਲ ਲਈ ਉਹਨਾਂ ਦੇ ਗੋਤਾਂ ਦੇ ਹਿੱਸਿਆਂ ਅਨੁਸਾਰ ਮਿਲਖ ਵਿੱਚ ਦੇ ਦਿੱਤਾ । ਇਸ ਲਈ ਉਸ ਦੇਸ ਨੂੰ ਯੁੱਧ ਤੋਂ ਅਰਾਮ ਮਿਲਿਆ ।

12
ਮੂਸਾ ਦੁਆਰਾ ਹਰਾਏ ਗਏ ਰਾਜੇ

1ਇਹ ਉਹ ਦੇਸ ਦੇ ਰਾਜੇ ਹਨ, ਜਿਨ੍ਹਾਂ ਨੂੰ ਇਸਰਾਏਲੀਆਂ ਨੇ ਮਾਰਿਆ ਅਤੇ ਜਿਨ੍ਹਾਂ ਦੇ ਦੇਸ ਉੱਤੇ ਯਰਦਨ ਦੇ ਪਾਰ ਸੂਰਜ ਦੇ ਚੜ੍ਹਦੇ ਪਾਸੇ ਕਬਜ਼ਾ ਕਰ ਲਿਆ ਅਰਥਾਤ ਅਰਨੋਨ ਦੀ ਵਾਦੀ ਤੋਂ ਹਰਮੋਨ ਦੇ ਪਰਬਤ ਤੱਕ ਅਤੇ ਸਾਰਾ ਮੈਦਾਨ ਚੜ੍ਹਦੇ ਪਾਸੇ ਵੱਲ ।2ਸੀਹੋਨ ਅਮੋਰੀਆਂ ਦਾ ਰਾਜਾ ਜਿਹੜਾ ਹਸ਼ਬੋਨ ਵਿੱਚ ਵੱਸਦਾ ਸੀ ਅਤੇ ਅਰੋਏਰ ਤੋਂ ਰਾਜ ਕਰਦਾ ਸੀ ਜਿਹੜਾ ਅਰਨੋਨ ਦੀ ਵਾਦੀ ਦੇ ਕੰਢੇ ਉੱਤੇ ਹੈ ਅਤੇ ਉਸ ਵਾਦੀ ਵਿੱਚ ਹੈ ਅਤੇ ਗਿਲਆਦ ਤੋਂ ਅੱਧ ਯਬੋਕ ਨਦੀ ਤੱਕ ਜਿਹੜੀ ਅੰਮੋਨੀਆਂ ਦੀ ਹੱਦ ਹੈ ।

3ਉਹ ਮੈਦਾਨ ਕਿੰਨਰੋਥ ਦੇ ਸਮੁੰਦਰ ਤੱਕ ਚੜ੍ਹਦੇ ਪਾਸੇ ਵੱਲ ਅਤੇ ਅਰਾਬਾਹ ਦੇ ਸਮੁੰਦਰ ਤੱਕ ਜਿਹੜਾ ਖਾਰਾ ਸਮੁੰਦਰ ਹੈ, ਪੂਰਬ ਵੱਲ ਬੈਤ-ਯਸ਼ਿਮੋਨ ਦੇ ਰਾਹ ਉੱਤੇ ਅਤੇ ਦੱਖਣ ਵਿੱਚ ਪਿਸਗਾਹ ਦੀਆਂ ਢਾਲਾਂ ਹੇਠ4ਅਤੇ ਬਾਸ਼ਾਨ ਦੇ ਰਾਜੇ ਓਗ ਦੀ ਹੱਦ ਜਿਹੜਾ ਰਫਾਈਆਂ ਦੇ ਬਕੀਏ ਦਾ ਸੀ, ਉਹ ਅਸ਼ਤਾਰੋਥ ਅਤੇ ਅਦਰਈ ਵਿੱਚ ਵੱਸਦਾ ਸੀ ।5ਹਰਮੋਨ ਪਰਬਤ ਉੱਤੇ ਅਤੇ ਸਲਕਾਹ ਵਿੱਚ ਅਤੇ ਸਾਰੇ ਬਾਸ਼ਾਨ ਵਿੱਚ ਗਸ਼ੂਰੀਆਂ ਅਤੇ ਮਆਕਾਤੀਆਂ ਦੀ ਹੱਦ ਤੱਕ ਰਾਜ ਕਰਦਾ ਸੀ ਨਾਲੇ ਗਿਲਆਦ ਦਾ ਅੱਧ ਜਿਹੜਾ ਹਸ਼ਬੋਨ ਦੇ ਰਾਜੇ ਸੀਹੋਨ ਦੀ ਹੱਦ ਹੈ ।
6ਯਹੋਵਾਹ ਦੇ ਦਾਸ ਮੂਸਾ ਅਤੇ ਇਸਰਾਏਲੀਆਂ ਨੇ ਉਹਨਾਂ ਨੂੰ ਮਾਰਿਆ ਅਤੇ ਯਹੋਵਾਹ ਦੇ ਦਾਸ ਮੂਸਾ ਨੇ ਉਹ ਨੂੰ ਰਊਬੇਨੀਆਂ, ਗਾਦੀਆਂ ਅਤੇ ਮੱਨਸ਼ਹ ਦੇ ਅੱਧੇ ਗੋਤ ਨੂੰ ਕਬਜ਼ਾ ਕਰਨ ਲਈ ਦਿੱਤਾ ।
ਯਹੋਸ਼ੁਆ ਦੁਆਰਾ ਹਰਾਏ ਗਏ ਰਾਜੇ

7ਇਹ ਉਸ ਦੇਸ ਦੇ ਰਾਜੇ ਹਨ ਜਿਨ੍ਹਾਂ ਨੂੰ ਯਹੋਸ਼ੁਆ ਅਤੇ ਇਸਰਾਏਲੀਆਂ ਨੇ ਯਰਦਨ ਪਾਰ ਲਹਿੰਦੇ ਪਾਸੇ ਬਆਲ ਗਾਦ ਤੋਂ ਜਿਹੜਾ ਲਬਾਨੋਨ ਦੀ ਦੂਣ ਵਿੱਚ ਹੈ, ਹਾਲਾਕ ਪਰਬਤ ਤੱਕ ਜਿਹੜਾ ਸੇਈਰ ਵੱਲ ਚੜ੍ਹਦਾ ਹੈ ਮਾਰਿਆ । ਯਹੋਸ਼ੁਆ ਨੇ ਉਹ ਨੂੰ ਇਸਰਾਏਲ ਦੀਆਂ ਗੋਤਾਂ ਨੂੰ ਉਹਨਾਂ ਦੇ ਹਿੱਸਿਆਂ ਅਨੁਸਾਰ ਕਬਜ਼ਾ ਕਰਨ ਲਈ ਦੇ ਦਿੱਤਾ ।8ਪਹਾੜ ਵਿੱਚ, ਬੇਟ ਵਿੱਚ, ਮੈਦਾਨ ਵਿੱਚ, ਢਾਲਾਂ ਵਿੱਚ, ਉਜਾੜ ਵਿੱਚ ਅਤੇ ਦੱਖਣ ਵਿੱਚ, ਹਿੱਤੀ, ਅਮੋਰੀ, ਕਨਾਨੀ, ਫ਼ਰਿੱਜੀ, ਹਿੱਵੀ ਅਤੇ ਯਬੂਸੀ ।
9ਯਰੀਹੋ ਦਾ ਰਾਜਾ ਇੱਕ, ਅਈ ਦਾ ਜਿਹੜਾ ਬੈਤ-ਏਲ ਕੋਲ ਹੈ ਰਾਜਾ ਇੱਕ,10ਯਰੂਸ਼ਲਮ ਦਾ ਰਾਜਾ ਇੱਕ, ਹਬਰੋਨ ਦਾ ਰਾਜਾ ਇੱਕ11ਯਰਮੂਥ ਦਾ ਰਾਜਾ ਇੱਕ, ਲਾਕੀਸ਼ ਦਾ ਰਾਜਾ ਇੱਕ12ਅਗਲੋਨ ਦਾ ਰਾਜਾ ਇੱਕ, ਗਜ਼ਰ ਦਾ ਰਾਜਾ ਇੱਕ
13ਦਬੀਰ ਦਾ ਰਾਜਾ ਇੱਕ, ਗਦਰ ਦਾ ਰਾਜਾ ਇੱਕ14ਹਾਰਮਾਹ ਦਾ ਰਾਜਾ ਇੱਕ, ਅਗਦ ਦਾ ਰਾਜਾ ਇੱਕ15ਲਿਬਨਾਹ ਦਾ ਰਾਜਾ ਇੱਕ, ਅਦੁੱਲਾਮ ਦਾ ਰਾਜਾ ਇੱਕ16ਮੱਕੇਦਾਹ ਦਾ ਰਾਜਾ ਇੱਕ, ਬੈਤ-ਏਲ ਦਾ ਰਾਜਾ ਇੱਕ
17ਤੱਪੂਆਹ ਦਾ ਰਾਜਾ ਇੱਕ, ਹੇਫ਼ਰ ਦਾ ਰਾਜਾ ਇੱਕ18ਅਫ਼ੋਕ ਦਾ ਰਾਜਾ ਇੱਕ, ਲੱਸ਼ਾਰੋਨ ਦਾ ਰਾਜਾ ਇੱਕ19ਮਾਦੋਨ ਦਾ ਰਾਜਾ ਇੱਕ, ਹਾਸੋਰ ਦਾ ਰਾਜਾ ਇੱਕ20ਸ਼ਿਮਰੋਨ ਮਰੋਨ ਦਾ ਰਾਜਾ ਇੱਕ, ਅਕਸਾਫ ਦਾ ਰਾਜਾ ਇੱਕ
21ਤਿਆਨਾਕ ਦਾ ਰਾਜਾ ਇੱਕ, ਮਗਿੱਦੋ ਦਾ ਰਾਜਾ ਇੱਕ22ਕਦਸ਼ ਦਾ ਰਾਜਾ ਇੱਕ, ਕਰਮਲ ਵਿੱਚ ਯਾਕਨਆਮ ਦਾ ਰਾਜਾ ਇੱਕ23ਦੋਰ ਦੀ ਉੱਚਿਆਈ ਵਿੱਚ ਦੋਰ ਦਾ ਰਾਜਾ ਇੱਕ, ਗਿਲਗਾਲ ਵਿੱਚ ਗੋਯਿਮ ਦਾ ਰਾਜਾ ਇੱਕ24ਤਿਰਸਾਹ ਦਾ ਰਾਜਾ ਇੱਕ । ਸਾਰੇ ਰਾਜੇ ਇਕੱਤੀ ਸਨ ।

13
ਬਾਅਦ ਵਿੱਚ ਜਿੱਤੇ ਗਏ ਰਾਜ

1ਯਹੋਸ਼ੁਆ ਬਜ਼ੁਰਗ ਅਤੇ ਵੱਡੀ ਉਮਰ ਦਾ ਸੀ ਤਾਂ ਯਹੋਵਾਹ ਨੇ ਉਹ ਨੂੰ ਆਖਿਆ, ਤੂੰ ਬਜ਼ੁਰਗ ਅਤੇ ਵੱਡੀ ਉਮਰ ਦਾ ਹੋ ਗਿਆ ਹੈਂ ਅਤੇ ਬਹੁਤ ਸਾਰੀ ਧਰਤੀ ਕਬਜ਼ਾ ਕਰਨ ਲਈ ਬਾਕੀ ਹੈ ।

2ਬਾਕੀ ਦੀ ਧਰਤੀ ਇਹ ਹੈ, ਫ਼ਲੀਸਤੀਆਂ ਦੇ ਸਾਰੇ ਖੇਤਰ ਅਤੇ ਗਸ਼ੂਰੀਆਂ ਦੇ ਸਾਰੇ3ਸੀਹੋਰ ਤੋਂ ਜਿਹੜਾ ਮਿਸਰ ਦੇ ਅੱਗੇ ਹੈ ਅਕਰੋਨ ਦੀ ਹੱਦ ਤੱਕ ਉੱਤਰ ਵੱਲ ਜਿਹੜਾ ਕਨਾਨੀਆਂ ਦਾ ਭਾਗ ਗਿਣਿਆ ਜਾਂਦਾ ਹੈ,ਫ਼ਲੀਸਤੀਆਂ ਦੇ ਪੰਜ ਸਰਦਾਰ ਅਰਥਾਤ ਅੱਜ਼ੀਆਂ, ਅਸ਼ਦੋਦੀਆਂ, ਅਸਕਲੋਨੀਆਂ, ਗਿੱਤੀਆਂ ਅਤੇ ਅਕਰੋਨੀਆਂ ਦੇ, ਨਾਲੇ ਅੱਵੀਆਂ ਦੇ
4ਦੱਖਣ ਵੱਲ ਕਨਾਨੀਆਂ ਦਾ ਸਾਰਾ ਦੇਸ ਅਤੇ ਮਆਰਾਹ ਜਿਹੜਾ ਸਿਦੋਨੀਆਂ ਦਾ ਹੈ, ਅਫੇਕਾਹ ਤੱਕ ਅਮੋਰੀਆਂ ਦੀ ਹੱਦ ਤੱਕ ।5ਅਤੇ ਗਿਬਲੀਆਂ ਦਾ ਦੇਸ ਅਤੇ ਸਾਰਾ ਲਬਾਨੋਨ ਸੂਰਜ ਦੇ ਚੜ੍ਹਦੀ ਵੱਲ ਬਆਲ-ਗਾਦ ਤੋਂ ਜਿਹੜਾ ਹਬਰੋਨ ਦੇ ਪਰਬਤ ਹੇਠ ਹੈ ਹਮਾਥ ਦੇ ਰਾਹ ਤੱਕ ।
6ਪਹਾੜ ਦੇ ਸਾਰੇ ਵਸਨੀਕ ਲਬਾਨੋਨ ਤੋਂ ਮਿਸਰਫੋਥ ਮਯਿਮ ਤੱਕ ਅਰਥਾਤ ਸਾਰੇ ਸਿਦੋਨੀ । ਮੈਂ ਉਹਨਾਂ ਨੂੰ ਇਸਰਾਏਲੀਆਂ ਦੇ ਅੱਗੋਂ ਕੱਢ ਦਿਆਂਗਾ । ਕੇਵਲ ਤੂੰ ਉਹ ਨੂੰ ਇਸਰਾਏਲ ਲਈ ਮਿਲਖ ਨੂੰ ਵੰਡ ਦੇ ਜਿਵੇਂ ਮੈਂ ਤੈਨੂੰ ਹੁਕਮ ਦਿੱਤਾ ਸੀ ।7ਹੁਣ ਇਸ ਧਰਤੀ ਨੂੰ ਉਹਨਾਂ ਨੌਂ ਗੋਤਾਂ ਅਤੇ ਮਨੱਸ਼ਹ ਦੇ ਅੱਧੇ ਗੋਤ ਲਈ ਮਿਲਖ ਵਿੱਚ ਵੰਡ ਦੇਵੀਂ ।
ਯਰਦਨ ਦੇ ਪੂਰਬੀ ਭਾਗ ਦਾ ਬਟਵਾਰਾ

8ਉਹ ਦੇ ਨਾਲ ਰਊਬੇਨੀਆਂ ਅਤੇ ਗਾਦੀਆਂ ਨੇ ਆਪਣੀ ਮਿਲਖ ਜਿਹੜੀ ਮੂਸਾ ਨੇ ਉਹਨਾਂ ਨੂੰ ਯਰਦਨ ਪਾਰ ਚੜ੍ਹਦੀ ਵੱਲ ਦਿੱਤੀ ਸੀ ਲੈ ਲਈ ਹੈ ਜਿਵੇਂ ਯਹੋਵਾਹ ਦੇ ਦਾਸ ਮੂਸਾ ਨੇ ਉਹਨਾਂ ਨੂੰ ਦਿੱਤੀ ਸੀ ।9ਅਰੋਏਰ ਤੋਂ ਜਿਹੜਾ ਅਰਨੋਨ ਦੀ ਵਾਦੀ ਦੇ ਕੰਢੇ ਉੱਤੇ ਹੈ ਅਤੇ ਉਹ ਸ਼ਹਿਰ ਜਿਹੜਾ ਵਾਦੀ ਦੇ ਵਿੱਚਕਾਰ ਹੈ ਅਤੇ ਮੇਦਬਾ ਦਾ ਸਾਰਾ ਮੈਦਾਨ ਦੀਬੋਨ ਤੱਕ
10ਅਤੇ ਅਮੋਰੀਆਂ ਦੇ ਰਾਜੇ ਸੀਹੋਨ ਦੇ ਸਾਰੇ ਸ਼ਹਿਰ ਜਿਹੜਾ ਹਸ਼ਬੋਨ ਵਿੱਚ ਰਾਜ ਕਰਦਾ ਸੀ ਅੰਮੋਨੀਆਂ ਦੀ ਹੱਦ ਤੱਕ11ਅਤੇ ਗਿਲਆਦ ਅਤੇ ਗਸ਼ੂਰੀਆਂ ਅਤੇ ਮਆਕਾਥੀਆਂ ਦੀ ਹਦ ਅਤੇ ਸਾਰਾ ਹਰਮੋਨ ਪਰਬਤ ਅਤੇ ਸਾਰਾ ਬਾਸ਼ਾਨ ਸਲਕਾਹ ਤੱਕ12ਬਾਸ਼ਾਨ ਵਿੱਚ ਓਗ ਦਾ ਸਾਰਾ ਰਾਜ ਜਿਹੜਾ ਅਸ਼ਤਾਰੋਥ ਅਤੇ ਅਦਰਈ ਵਿੱਚ ਰਾਜ ਕਰਦਾ ਸੀ । ਉਹ ਰਫ਼ਾਈਆਂ ਤੋਂ ਇਕੱਲਾ ਬਚ ਗਿਆ ਸੀ ਕਿਉਂ ਜੋ ਮੂਸਾ ਨੇ ਉਹਨਾਂ ਨੂੰ ਮਾਰ ਕੇ ਕੱਢ ਦਿੱਤਾ ਸੀ
13ਤਾਂ ਵੀ ਇਸਰਾਏਲੀਆਂ ਨੇ ਗਸ਼ੂਰੀਆਂ ਅਤੇ ਮਆਕਾਥੀਆਂ ਨੂੰ ਨਾ ਕੱਢਿਆ ਪਰ ਗਸ਼ੂਰੀ ਅਤੇ ਮਆਕਾਥੀ ਅੱਜ ਦੇ ਦਿਨ ਤੱਕ ਇਸਰਾਏਲ ਵਿੱਚ ਰਹਿੰਦੇ ਹਨ ।
14ਕੇਵਲ ਲੇਵੀਆਂ ਦੇ ਗੋਤ ਨੂੰ ਉਸ ਨੇ ਹਿੱਸਾ ਨਹੀਂ ਦਿੱਤਾ । ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਦੀਆਂ ਅੱਗ ਦੀਆਂ ਭੇਟਾਂ ਉਹ ਦਾ ਭਾਗ ਹਨ ਜਿਵੇਂ ਉਹ ਉਹਨਾਂ ਨੂੰ ਬੋਲਿਆ ਸੀ ।
ਰਊਬੇਨ ਦੇ ਗੋਤਾਂ ਨੂੰ ਦਿੱਤਾ ਗਿਆ ਹਿੱਸਾ

15ਮੂਸਾ ਨੇ ਰਊਬੇਨੀਆਂ ਦੇ ਗੋਤ ਨੂੰ ਉਹਨਾਂ ਦੇ ਘਰਾਣਿਆਂ ਅਨੁਸਾਰ ਵੰਡ ਦਿੱਤਾ ।16ਅਤੇ ਉਹਨਾਂ ਦੀ ਹੱਦ ਅਰੋਏਰ ਤੋਂ ਜਿਹੜਾ ਅਰਨੋਨ ਦੀ ਵਾਦੀ ਦੇ ਕੰਡੇ ਉੱਤੇ ਹੈ ਅਤੇ ਉਹ ਸ਼ਹਿਰ ਜਿਹੜਾ ਵਾਦੀ ਦੇ ਵਿੱਚਕਾਰ ਹੈ ਅਤੇ ਮੇਦਬਾ ਤੱਕ ਸਾਰਾ ਮੈਦਾਨ
17ਹਸ਼ਬੋਨ ਅਤੇ ਉਹ ਦੇ ਸਾਰੇ ਸ਼ਹਿਰ ਜਿਹੜੇ ਉਪਰਲੇ ਮੈਦਾਨ ਵਿੱਚ ਹਨ ਅਰਥਾਤ ਦੀਬੋਨ ਅਤੇ ਬਾਮੋਥ-ਬਆਲ ਅਤੇ ਬੈਤ-ਬਆਲ ਮਓਨ18ਅਤੇ ਯਹਸਾਹ ਅਤੇ ਕਦੇਮੋਥ ਅਤੇ ਮੇਫਾਅਥ19ਅਤੇ ਕਿਰਯਾਥਇਮ ਅਤੇ ਸਿਬਮਾਹ ਅਤੇ ਸਰਬ-ਸ਼ਹਿਰ ਜਿਹੜਾ ਪਹਾੜ ਦੀ ਖੱਡ ਵਿੱਚ ਹੈ ।
20ਅਤੇ ਬੈਤ ਪਓਰ ਅਤੇ ਪਿਸਗਾਹ ਦੀਆਂ ਢਾਲਾਂ ਅਤੇ ਬੈਤ-ਯਸ਼ਿਮੋਥ21ਅਤੇ ਉਪਰਲੇ ਮੈਦਾਨ ਦੇ ਸਾਰੇ ਸ਼ਹਿਰ ਅਤੇ ਅਮੋਰੀਆਂ ਦੇ ਰਾਜੇ ਸੀਹੋਨ ਦਾ ਸਾਰਾ ਰਾਜ ਜਿਹੜਾ ਹਸ਼ਬੋਨ ਵਿੱਚ ਰਾਜ ਕਰਦਾ ਸੀ ਅਤੇ ਜਿਹ ਨੂੰ ਮੂਸਾ ਨੇ ਮਿਦਯਾਨ, ਅੱਵੀ, ਰਕਮ, ਸੂਰ, ਹੂਰ ਅਤੇ ਰਬਾ ਦੇ ਪ੍ਰਧਾਨਾਂ ਦੇ ਨਾਲ ਜਿਹੜੇ ਸੀਹੋਨ ਦੇ ਸਜ਼ਾਦੇ ਸਨ ਅਤੇ ਜਿਹੜੇ ਉਸ ਦੇਸ ਵਿੱਚ ਵੱਸਦੇ ਸਨ ਮਾਰਿਆ ਸੀ ।
22ਉਸ ਫ਼ਾਲ ਪੌਣ ਵਾਲੇ ਬਓਰ ਦੇ ਪੁੱਤਰ ਬਿਲਆਮ ਨੂੰ ਵੀ ਇਸਰਾਏਲੀਆਂ ਨੇ ਤਲਵਾਰ ਨਾਲ ਉਹਨਾਂ ਦੇ ਵੱਢੇ ਹੋਇਆਂ ਦੇ ਵਿੱਚ ਵੱਢਿਆ ।23ਰਊਬੇਨੀਆਂ ਦੀ ਹੱਦ ਯਰਦਨ ਅਤੇ ਉਹ ਦੀ ਹੱਦ ਸੀ । ਰਊਬੇਨੀਆਂ ਦੀ ਮਿਲਖ ਉਹਨਾਂ ਘਰਾਣਿਆਂ ਅਨੁਸਾਰ ਸ਼ਹਿਰਾਂ ਅਤੇ ਉਹਨਾਂ ਦੇ ਪਿੰਡਾਂ ਸਣੇ ਸੀ ।
ਗਾਦ ਦੇ ਗੋਤਾਂ ਨੂੰ ਦਿੱਤਾ ਗਿਆ ਹਿੱਸਾ

24ਮੂਸਾ ਨੇ ਗਾਦ ਦੇ ਗੋਤ ਨੂੰ ਅਰਥਾਤ ਗਾਦੀਆਂ ਨੂੰ ਉਹਨਾਂ ਦੇ ਘਰਾਣਿਆਂ ਅਨੁਸਾਰ ਭਾਗ ਦੇ ਦਿੱਤਾ ।25ਅਤੇ ਉਹਨਾਂ ਦੀ ਹੱਦ ਯਜ਼ੇਰ ਸੀ ਅਤੇ ਗਿਲਆਦ ਦੇ ਸਾਰੇ ਸ਼ਹਿਰ ਅਤੇ ਅੰਮੋਨੀਆਂ ਦਾ ਅੱਧਾ ਦੇਸ ਅਰੋਏਰ ਤੱਕ ਜਿਹੜਾ ਰੱਬਾਹ ਦੇ ਅੱਗੇ ਹੈ ।26ਅਤੇ ਹਸ਼ਬੋਨ ਤੋਂ ਰਾਮਥ ਮਿਸਪਹ ਅਤੇ ਬਟੋਨੀਮ ਤੱਕ ਅਤੇ ਮਹਨਇਮ ਤੋਂ ਦਬੀਰ ਦੀ ਹੱਦ ਤੱਕ ।
27ਅਤੇ ਖੱਡ ਵਿੱਚ ਬੈਤ ਹਾਰਾਮ ਅਤੇ ਬੈਤ ਨਿਮਰਾਹ ਅਤੇ ਸੁੱਕੋਥ ਅਤੇ ਸਾਫ਼ੋਨ ਅਰਥਾਤ ਹਸ਼ਬੋਨ ਦੇ ਰਾਜੇ ਸੀਹੋਨ ਦਾ ਬਾਕੀ ਰਾਜ ਜਿਹ ਦੀ ਹੱਦ ਯਰਦਨ ਸੀ ਕਿੰਨਰਥ ਸਮੁੰਦਰ ਦੇ ਸਿਰੇ ਤੱਕ ਯਰਦਨ ਪਾਰ ਪੂਰਬ ਵੱਲ28ਇਹ ਗਾਦੀਆਂ ਦੀ ਮਿਲਖ ਉਹਨਾਂ ਦੇ ਘਰਾਣਿਆਂ, ਸ਼ਹਿਰਾਂ ਅਤੇ ਉਹਨਾਂ ਦੇ ਪਿੰਡਾਂ ਸਣੇ ਸੀ ।
ਮਨੱਸ਼ਹ ਦੇ ਅੱਧੇ ਗੋਤ ਨੂੰ ਦਿੱਤਾ ਗਿਆ ਭਾਗ

29ਮੂਸਾ ਨੇ ਮਨੱਸ਼ਹ ਦੇ ਅੱਧੇ ਗੋਤ ਨੂੰ ਵੀ ਮਿਲਖ ਦੇ ਦਿੱਤੀ ਅਤੇ ਉਹ ਮਨੱਸ਼ੀਆਂ ਦੇ ਅੱਧੇ ਗੋਤ ਲਈ ਉਹਨਾਂ ਦੇ ਘਰਾਣਿਆਂ ਦੇ ਅਨੁਸਾਰ ਸੀ ।30ਅਤੇ ਉਹਨਾਂ ਦੀ ਹੱਦ ਮਹਨਇਮ ਤੋਂ ਸੀ ਅਰਥਾਤ ਸਾਰਾ ਬਾਸ਼ਾਨ, ਬਾਸ਼ਾਨ ਦੇ ਰਾਜੇ ਓਗ ਦਾ ਸਾਰਾ ਰਾਜ ਅਤੇ ਯਾਈਰ ਦੇ ਸਾਰੇ ਨਗਰ ਜਿਹੜੇ ਬਾਸ਼ਾਨ ਵਿੱਚ ਸਨ ਸੱਠ ਸ਼ਹਿਰ ਸਨ ।31ਅਤੇ ਗਿਲਆਦ ਦਾ ਅੱਧ ਅਤੇ ਅਸ਼ਤਾਰੋਥ ਅਤੇ ਅਦਰਈ ਬਾਸ਼ਾਨ ਵਿੱਚ ਓਗ ਦੇ ਰਾਜੇ ਦੇ ਸ਼ਹਿਰ ਮਨੱਸ਼ਹ ਦੇ ਪੁੱਤਰ ਮਾਕੀਰ ਦੇ ਪੁੱਤਰਾਂ ਲਈ ਸਨ ਅਰਥਾਤ ਮਾਕੀਰ ਦੇ ਪੁੱਤਰਾਂ ਦੇ ਅੱਧ ਲਈ ਉਹਨਾਂ ਦੇ ਘਰਾਣਿਆਂ ਅਨੁਸਾਰ ।
32ਇਹ ਉਹ ਮਿਲਖਾਂ ਹਨ ਜਿਹੜੀਆਂ ਮੂਸਾ ਨੇ ਮੋਆਬ ਦੇ ਮੈਦਾਨਾਂ ਵਿੱਚ ਯਰਦਨ ਪਾਰ ਯਰੀਹੋ ਕੋਲ ਪੂਰਬ ਵੱਲ ਵੰਡੀਆਂ ।33ਪਰ ਲੇਵੀ ਦੇ ਗੋਤ ਨੂੰ ਮੂਸਾ ਨੇ ਕੋਈ ਭਾਗ ਨਹੀ ਦਿੱਤਾ । ਇਸਰਾਏਲ ਦਾ ਪਰਮੇਸ਼ੁਰ ਯਹੋਵਾਹ ਹੀ ਉਹਨਾਂ ਦਾ ਭਾਗ ਹੈ ਜਿਵੇਂ ਉਹ ਉਹਨਾਂ ਨੂੰ ਬੋਲਿਆ ਸੀ ।

14
ਯਰਦਨ ਦੇ ਪੱਛਮੀ ਭਾਗ ਦਾ ਬਟਵਾਰਾ

1ਇਹ ਇਸਰਾਏਲੀਆਂ ਦੀਆਂ ਮਿਲਖਾਂ ਕਨਾਨ ਦੇਸ ਵਿੱਚ ਹਨ ਜਿਹੜੀਆਂ ਅਲਆਜ਼ਾਰ ਜਾਜਕ, ਨੂਨ ਦੇ ਪੁੱਤਰ ਯਹੋਸ਼ੁਆ ਅਤੇ ਗੋਤਾਂ ਦੇ ਘਰਾਣਿਆਂ ਦੇ ਮੁੱਖੀਆਂ ਨੇ ਇਸਰਾਏਲੀਆਂ ਨੂੰ ਮਿਲਖ ਵਿੱਚ ਵੰਡੀਆਂ ।

2ਅਤੇ ਗੁਣਿਆਂ ਨਾਲ ਉਹਨਾਂ ਨੂੰ ਮਿਲਖ ਦਿੱਤੀ ਜਿਵੇਂ ਯਹੋਵਾਹ ਨੇ ਮੂਸਾ ਦੇ ਰਾਹੀਂ ਸਾਢੇ ਨੌਂ ਗੋਤਾਂ ਨੂੰ ਹੁਕਮ ਦਿੱਤਾ ਸੀ ।3ਕਿਉਂ ਜੋ ਮੂਸਾ ਨੇ ਯਰਦਨ ਦੇ ਪਾਰ ਢਾਈ ਗੋਤਾਂ ਨੂੰ ਮਿਲਖ ਦਿੱਤੀ ਪਰ ਉਸ ਨੇ ਲੇਵੀਆਂ ਨੂੰ ਉਹਨਾਂ ਦੇ ਵਿੱਚ ਮਿਲਖ ਨਾ ਦਿੱਤੀ ।4ਯੂਸੁਫ਼ ਦੀ ਅੰਸ ਦੇ ਦੋ ਗੋਤ ਸਨ, ਮਨੱਸ਼ਹ ਅਤੇ ਅਫ਼ਰਾਈਮ ਅਤੇ ਉਹਨਾਂ ਨੇ ਲੇਵੀਆਂ ਨੂੰ ਦੇਸ ਵਿੱਚ ਕੋਈ ਭਾਗ ਨਹੀਂ ਦਿੱਤਾ ਕੇਵਲ ਵੱਸਣ ਦੇ ਸ਼ਹਿਰ ਅਤੇ ਉਹਨਾਂ ਦੇ ਪਸ਼ੂਆਂ ਅਤੇ ਮਾਲ ਲਈ ਸ਼ਾਮਲਾਟ ਦਿੱਤੀ ।5ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਉਸੇ ਤਰ੍ਹਾਂ ਇਸਰਾਏਲੀਆਂ ਨੇ ਕੀਤਾ ਅਤੇ ਦੇਸ ਨੂੰ ਵੰਡ ਲਿਆ ।
ਹਬਰੋਨ ਕਾਲੇਬ ਨੂੰ ਦਿੱਤਾ ਗਿਆ

6ਤਦ ਯਹੂਦੀ ਗਿਲਗਾਲ ਵਿੱਚ ਯਹੋਸ਼ੁਆ ਕੋਲ ਆਏ ਅਤੇ ਯਫੁੰਨਾਹ ਕਨਿੱਜ਼ੀ ਦੇ ਪੁੱਤਰ ਕਾਲੇਬ ਨੇ ਉਹ ਨੂੰ ਆਖਿਆ ਕਿ ਤੂੰ ਉਸ ਗੱਲ ਨੂੰ ਜਾਣਦਾ ਹੈਂ ਜਿਹੜੀ ਯਹੋਵਾਹ ਨੇ ਪਰਮੇਸ਼ੁਰ ਦੇ ਬੰਦੇ ਮੂਸਾ ਨੂੰ ਕਾਦੇਸ ਬਰਨੇਆ ਵਿੱਚ ਮੇਰੇ ਵਿਖੇ ਅਤੇ ਤੇਰੇ ਵਿਖੇ ਆਖਿਆ ਸੀ ।7ਮੈਂ ਚਾਲੀ ਸਾਲਾਂ ਦਾ ਸੀ ਜਦ ਯਹੋਵਾਹ ਦੇ ਦਾਸ ਮੂਸਾ ਨੇ ਮੈਨੂੰ ਕਾਦੇਸ ਬਰਨੇਆ ਤੋਂ ਉਸ ਦੇਸ ਦਾ ਖ਼ੋਜ ਕੱਢਣ ਲਈ ਭੇਜਿਆ ਅਤੇ ਜਿਵੇਂ ਮੇਰੇ ਮਨ ਵਿੱਚ ਆਇਆ ਮੈਂ ਉਹ ਖ਼ਬਰ ਉਹ ਨੂੰ ਦਿੱਤੀ ।
8ਤਦ ਵੀ ਮੇਰੇ ਭਰਾਵਾਂ ਨੇ ਜਿਹੜੇ ਮੇਰੇ ਨਾਲ ਉਤਾਹਾਂ ਗਏ ਲੋਕਾਂ ਦੇ ਦਿਲਾਂ ਨੂੰ ਉਦਾਸ ਕਰ ਦਿੱਤਾ ਪਰ ਮੈਂ ਆਪਣੇ ਪਰਮੇਸ਼ੁਰ ਯਹੋਵਾਹ ਦੇ ਪਿੱਛੇ ਲੱਗਾ ਰਿਹਾ ।9ਮੂਸਾ ਨੇ ਉਸੇ ਦਿਨ ਇਹ ਸਹੁੰ ਖਾਧੀ ਕਿ ਜ਼ਰੂਰ ਇਹ ਧਰਤੀ ਜਿੱਥੋਂ ਦੀ ਤੇਰੇ ਪੈਰ ਲੰਘ ਗਏ ਹਨ ਤੇਰੇ ਲਈ ਤੇਰੇ ਪੁੱਤਰਾਂ ਲਈ ਇਸ ਕਾਰਨ ਸਦਾ ਦੀ ਭਾਗ ਹੋਵੇਗੀ ਕਿ ਤੂੰ ਯਹੋਵਾਹ ਮੇਰੇ ਪਰਮੇਸ਼ੁਰ ਦੇ ਪਿੱਛੇ ਲੱਗਾ ਰਿਹਾਂ ਹੈਂ ।
10ਹੁਣ ਵੇਖੋ ਯਹੋਵਾਹ ਨੇ ਮੈਨੂੰ ਇਹ ਪੰਤਾਲੀ ਸਾਲ ਜੀਉਂਦਾ ਰੱਖਿਆ ਹੈ, ਜਿਵੇਂ ਉਹ ਬੋਲਿਆ ਸੀ ਅਰਥਾਤ ਉਸ ਵੇਲੇ ਤੋਂ ਜਦ ਯਹੋਵਾਹ ਨੇ ਮੂਸਾ ਨਾਲ ਇਹ ਗੱਲ ਕੀਤੀ ਅਤੇ ਇਸਰਾਏਲ ਉਜਾੜ ਦੇ ਵਿੱਚ ਦੀ ਤੁਰਿਆ ਜਾ ਰਿਹਾ ਸੀ । ਹੁਣ ਵੇਖੋ ਮੈਂ ਅੱਜ ਪਚਾਸੀਆਂ ਸਾਲਾਂ ਦਾ ਹਾਂ ।11ਮੈਂ ਅੱਜੇ ਤੱਕ ਇੰਨਾ ਬਲਵੰਤ ਹਾਂ ਜਿੰਨਾ ਉਸ ਦਿਨ ਸੀ ਜਦ ਮੂਸਾ ਨੇ ਮੈਨੂੰ ਭੇਜਿਆ ਸੀ । ਜਿਵੇਂ ਮੇਰਾ ਬਲ ਉਸ ਵੇਲੇ ਸੀ ਉਸੇ ਤਰ੍ਹਾਂ ਮੇਰਾ ਬਲ ਲੜਾਈ ਕਰਨ ਲਈ ਅਤੇ ਆਉਣ ਜਾਣ ਲਈ ਹੁਣ ਵੀ ਹੈ ।
12ਹੁਣ ਮੈਨੂੰ ਇਹ ਪਹਾੜੀ ਦੇਸ ਦੇ ਜਿਹ ਦਾ ਯਹੋਵਾਹ ਨੇ ਉਸ ਦਿਨ ਬਚਨ ਕੀਤਾ ਸੀ ਕਿਉਂ ਜੋ ਤੂੰ ਉਸੇ ਦਿਨ ਸੁਣਿਆ ਕਿ ਅਨਾਕੀ ਉੱਥੇ ਸਨ ਅਤੇ ਸ਼ਹਿਰ ਵੱਡੇ ਅਤੇ ਗੜ੍ਹਾਂ ਵਾਲੇ ਸਨ ! ਸ਼ਾਇਦ ਯਹੋਵਾਹ ਮੇਰੇ ਨਾਲ ਰਹੇ ਅਤੇ ਮੈਂ ਉਹਨਾਂ ਨੂੰ ਕੱਢ ਸਕਾਂ ਜਿਵੇਂ ਯਹੋਵਾਹ ਨੇ ਬਚਨ ਕੀਤਾ ਸੀ ।

13ਯਹੋਸ਼ੁਆ ਨੇ ਉਸ ਨੂੰ ਬਰਕਤ ਦਿੱਤੀ ਅਤੇ ਯਫੁੰਨਾਹ ਦੇ ਪੁੱਤਰ ਕਾਲੇਬ ਨੂੰ ਹਬਰੋਨ ਹਿੱਸੇ ਵਿੱਚ ਦੇ ਦਿੱਤਾ ।14ਇਸ ਕਾਰਨ ਅੱਜ ਦੇ ਦਿਨ ਹਬਰੋਨ ਯਫੁੰਨਾਹ ਕਨਿੱਜ਼ੀ ਦੇ ਪੁੱਤਰ ਕਾਲੇਬ ਦਾ ਭਾਗ ਹੈ ਕਿਉਂ ਜੋ ਉਹ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਦੇ ਮਗਰ ਮਗਰ ਤੁਰਦਾ ਰਿਹਾ ।15ਅਤੇ ਹਬਰੋਨ ਦਾ ਨਾਮ ਇਸ ਤੋਂ ਅੱਗੇ ਕਿਰਯਥ-ਅਰਬਾ ਸੀ, ਉਹ ਅਰਬਾ ਅਨਾਕੀਆਂ ਵਿੱਚ ਸਭ ਤੋਂ ਵੱਡਾ ਆਦਮੀ ਸੀ । ਫਿਰ ਦੇਸ ਨੂੰ ਲੜਾਈ ਤੋਂ ਅਰਾਮ ਮਿਲਿਆ ।

15
ਯਹੂਦਾਹ ਦੇ ਗੋਤ ਨੂੰ ਦਿੱਤਾ ਗਿਆ ਹਿੱਸਾ

1ਯਹੂਦੀਆਂ ਦੇ ਗੋਤ ਦਾ ਭਾਗ ਉਹਨਾਂ ਦੇ ਘਰਾਣਿਆਂ ਅਨੁਸਾਰ ਅਦੋਮ ਦੀ ਹੱਦ ਤੱਕ ਸੀ ਅਰਥਾਤ ਦੱਖਣ ਵੱਲ ਸੀਨ ਦੇ ਉਜਾੜ ਤੱਕ ਜਿਹੜੀ ਦੱਖਣ ਦੀ ਸੀਮਾ ਉੱਤੇ ਹੈ ।2ਅਤੇ ਉਹਨਾਂ ਦੀ ਦੱਖਣੀ ਹੱਦ ਖਾਰੇ ਸਮੁੰਦਰ ਤੋਂ ਸੀ ਅਰਥਾਤ ਉਸ ਖਾੜੀ ਤੋਂ ਜਿਹੜੀ ਦੱਖਣ ਵੱਲ ਮੁੜਦੀ ਹੈ ।

3ਉਹ ਦੱਖਣ ਵੱਲ ਅਕਰਾਬੀਮ ਦੀ ਚੜ੍ਹਾਈ ਤੱਕ ਪਹੁੰਚਦੀ ਸੀ ਅਤੇ ਸੀਨ ਵੱਲ ਜਾਂਦੀ ਸੀ ਅਤੇ ਕਾਦੇਸ ਬਰਨੇਆ ਦੇ ਦੱਖਣ ਤੋਂ ਉਤਾਹਾਂ ਜਾ ਕੇ ਹਸ਼ਰੋਨ ਕੋਲੋਂ ਦੀ ਲੰਘ ਕੇ ਅੱਦਾਰ ਵੱਲ ਚੜ੍ਹਦੀ ਸੀ ਅਤੇ ਕਰਕਾ ਵੱਲ ਮੁੜਦੀ ਸੀ ।4ਅਸਮੋਨ ਤੱਕ ਅੱਪੜ ਕੇ ਮਿਸਰ ਦੀ ਨਦੀ ਦੇ ਕੋਲ ਦੀ ਜਾ ਕੇ ਉਸ ਦੀ ਹੱਦ ਦਾ ਫੈਲਾਓ ਸਮੁੰਦਰ ਤੱਕ ਸੀ । ਇਹ ਤੁਹਾਡੀ ਦੱਖਣੀ ਹੱਦ ਇਹੀ ਰਹੇਗੀ ।
5ਪੂਰਬੀ ਹੱਦ ਖਾਰੇ ਸਮੁੰਦਰ ਯਰਦਨ ਦੇ ਸਿਰੇ ਤੱਕ ਸੀ ਅਤੇ ਉੱਤਰ ਦੇ ਪਾਸੇ ਦੀ ਹੱਦ ਯਰਦਨ ਦੇ ਸਿਰੇ ਦੀ ਸਮੁੰਦਰ ਦੀ ਖਾੜੀ ਤੋਂ ਸੀ ।6ਉਹ ਹੱਦ ਬੈਤ ਹਗਲਾਹ ਤੱਕ ਚੜ੍ਹ ਕੇ ਅਰਬਾਹ ਦੇ ਉਤਰ ਦੇ ਪਾਸੇ ਦੀ ਲੰਘੀ ਅਤੇ ਉਹ ਹੱਦ ਰਊਬੇਨ ਦੇ ਪੁੱਤਰ ਬੋਹਨ ਦੇ ਪੱਥਰ ਤੱਕ ਚੜ੍ਹੀ ।
7ਫਿਰ ਉਹ ਹੱਦ ਆਕੋਰ ਦੀ ਖੱਡ ਤੋਂ ਦਬੀਰ ਤੱਕ ਚੜ੍ਹ ਗਈ ਅਤੇ ਉਤਰ ਵੱਲ ਗਿਲਗਾਲ ਨੂੰ ਮੁੜੀ ਜਿਹੜਾ ਅਦੋਮੀਮ ਦੀ ਚੜ੍ਹਾਈ ਦੇ ਸਾਹਮਣੇ ਹੈ ਜੋ ਨਦੀ ਦੇ ਦੱਖਣ ਵੱਲ ਹੈ ਅਤੇ ਉਹ ਹੱਦ ਏਨ-ਸਮਸ਼ ਦੇ ਪਾਣੀਆਂ ਤੱਕ ਲੰਘੀ ਅਤੇ ਉਸ ਦਾ ਫੈਲਾਓ ਏਨ ਰੋਗੇਲ ਤੱਕ ਸੀ ।8ਤਾਂ ਫਿਰ ਉਹ ਹੱਦ ਬਨ ਹਿੰਨੋਮ ਦੀ ਵਾਦੀ ਥਾਣੀ ਯਬੂਸੀਆਂ ਦੇ ਚੜ੍ਹਾਈ ਤੱਕ ਦੱਖਣ ਵੱਲ ਚੜ੍ਹ ਗਈ ਅਤੇ ਉਹ ਯਰੂਸ਼ਲਮ ਹੈ ਤਾਂ ਉਹ ਹੱਦ ਉਸ ਪਹਾੜ ਦੀ ਟੀਸੀ ਤੱਕ ਚੜ੍ਹੀ ਜਿਹੜੀ ਲਹਿੰਦੇ ਵੱਲ ਹਿੰਨੋਮ ਦੀ ਵਾਦੀ ਦੇ ਸਾਹਮਣੇ ਹੈ ਅਤੇ ਜੋ ਰਫ਼ਾਈਮ ਦੀ ਖੱਡ ਦੇ ਸਿਰੇ ਉੱਤੇ ਉੱਤਰ ਵੱਲ ਨੂੰ ਹੈ ।
9ਤਾਂ ਉਹ ਹੱਦ ਪਹਾੜ ਦੀ ਟੀਸੀ ਤੋਂ ਨਫ਼ਤੋਆ ਦੇ ਸੋਤੇ ਦੇ ਪਾਣੀਆਂ ਤੱਕ ਜਾ ਪਹੁੰਚੀ ਅਤੇ ਅਫਰੋਨ ਪਰਬਤ ਦੇ ਸ਼ਹਿਰਾਂ ਤੱਕ ਗਈ ਫਿਰ ਉਹ ਹੱਦ ਬਆਲਾਹ ਤੱਕ ਜਿਹੜਾ ਕਿਰਯਥ ਯਾਰੀਮ ਹੈ ਪਹੁੰਚੀ ।10ਤਾਂ ਉਹ ਹੱਦ ਬਆਲਾਹ ਤੋਂ ਲਹਿੰਦੇ ਵੱਲ ਸੇਈਰ ਪਰਬਤ ਤੱਕ ਮੁੜੀ ਅਤੇ ਯਾਰੀਮ ਪਰਬਤ ਦੀ ਉਚਿਆਈ ਤੱਕ ਉਤਰ ਵੱਲ ਲੰਘੀ ਜਿਹੜਾ ਕਸਾਲੋਨ ਹੈ । ਫਿਰ ਬੈਤ-ਸਮਸ਼ ਨੂੰ ਉਤਰ ਕੇ ਤਿਮਨਾਹ ਦੇ ਕੋਲੋਂ ਦੀ ਲੰਘੀ ।
11ਫਿਰ ਉਹ ਹੱਦ ਅਕਰੋਨ ਦੀ ਉਚਿਆਈ ਤੱਕ ਉਤਰ ਵੱਲ ਗਈ, ਅਤੇ ਉਹ ਹੱਦ ਸਿਕਰੋਨ ਤੱਕ ਪਹੁੰਚੀ ਤਾਂ ਬਆਲਾਹ ਪਰਬਤ ਥਾਣੀ ਲੰਘ ਕੇ ਯਬਨੇਲ ਕੋਲ ਜਾ ਨਿੱਕਲੀ । ਉਸ ਹੱਦ ਦਾ ਫੈਲਾਓ ਸਮੁੰਦਰ ਤੱਕ ਸੀ ।12ਲਹਿੰਦੀ ਹੱਦ ਵੱਡੇ ਸਮੁੰਦਰ ਦੇ ਕੰਢੇ ਤੱਕ ਸੀ । ਇਹ ਯਹੂਦੀਆਂ ਦੇ ਆਲੇ-ਦੁਆਲੇ ਦੀ ਹੱਦ ਉਹਨਾਂ ਦੇ ਘਰਾਣਿਆਂ ਅਨੁਸਾਰ ਹੈ ।
ਕਾਲੇਬ ਦੀ ਹਬਰੋਨ ਅਤੇ ਦਬੀਰ ਉੱਤੇ ਜਿੱਤ
(ਨਿਆਈਆਂ 1:11-15)

13ਯਫ਼ੁੰਨਾਹ ਦੇ ਪੁੱਤਰ ਕਾਲੇਬ ਨੂੰ ਉਸ ਨੇ ਯਹੂਦੀਆਂ ਦੇ ਵਿੱਚ ਯਹੋਵਾਹ ਦੇ ਹੁਕਮ ਅਨੁਸਾਰ ਜੋ ਉਹ ਨੇ ਯਹੋਸ਼ੁਆ ਨੂੰ ਦਿੱਤਾ ਸੀ ਭਾਗ ਦਿੱਤਾ ਅਰਥਾਤ ਕਿਰਯਥ-ਅਰਬਾ ਜਿਹੜਾ ਹਬਰੋਨ ਹੈ ਅਤੇ ਅਰਬਾ ਅਨਾਕ ਦਾ ਪਿਤਾ ਸੀ ।14ਤਾਂ ਕਾਲੇਬ ਨੇ ਉੱਥੋਂ ਅਨਾਕ ਦੇ ਤਿੰਨਾ ਪੁੱਤਰਾਂ ਨੂੰ ਕੱਢ ਦਿੱਤਾ ਅਰਥਾਤ ਸੇਸੈ, ਅਹੀਮਾਨ ਅਤੇ ਤਲਮੈ ਅਨਾਕ ਦੀ ਅੰਸ ਨੂੰ15ਉੱਥੋਂ ਉਹ ਨੇ ਦਬਿਰ ਦੇ ਵਸਨੀਕਾਂ ਦੇ ਉੱਤੇ ਚੜ੍ਹਾਈ ਕੀਤੀ ਅਤੇ ਦਬੀਰ ਦਾ ਨਾਮ ਪਹਿਲਾਂ ਕਿਰਯਥ ਸੇਫਰ ਸੀ ।
16ਤਦ ਕਾਲੇਬ ਨੇ ਆਖਿਆ, ਜੋ ਕੋਈ ਕਿਰਯਥ ਸੇਫਰ ਨੂੰ ਮਾਰ ਕੇ ਜਿੱਤ ਲਵੇ ਤਾਂ ਮੈਂ ਉਸ ਨੂੰ ਆਪਣੀ ਧੀ ਅਕਸਾਹ ਵਿਆਹ ਦਿਆਂਗਾ ।17ਕਾਲੇਬ ਦੇ ਭਰਾ ਕਨਜ ਦੇ ਪੁੱਤਰ ਆਥਨੀਏਲ ਨੇ ਉਸ ਨੂੰ ਜਿੱਤ ਲਿਆ ਸੋ ਉਹ ਨੇ ਅਕਸਾਹ ਆਪਣੀ ਧੀ ਉਸ ਨੂੰ ਵਿਆਹ ਦਿੱਤੀ ।
18ਫਿਰ ਇਸ ਤਰ੍ਹਾਂ ਹੋਇਆ ਜਦ ਉਹ ਉੱਥੇ ਆਈ ਤਾਂ ਉਸ ਨੇ ਉਹ ਨੂੰ ਉਕਸਾਇਆ ਕਿ ਉਹ ਦੇ ਪਿਤਾ ਤੋਂ ਇੱਕ ਪੈਲੀ ਮੰਗੇ । ਜਦ ਉਹ ਆਪਣੇ ਖੋਤੇ ਤੋਂ ਉਤਰੀ ਤਾਂ ਕਾਲੇਬ ਨੇ ਉਹ ਨੂੰ ਆਖਿਆ, ਤੂੰ ਕੀ ਮੰਗਦੀ ਹੈਂ ?
19ਤਾਂ ਉਸ ਆਖਿਆ, ਮੈਨੂੰ ਬਰਕਤ ਦੇ ਕਿਉਂ ਜੋ ਤੂੰ ਮੈਨੂੰ ਦੱਖਣੀ ਦੇਸ ਦਾਨ ਵਿੱਚ ਦਿੱਤਾ । ਹੁਣ ਮੈਨੂੰ ਪਾਣੀ ਦੇ ਸੋਤੇ ਵੀ ਦੇ । ਉਸ ਤੋਂ ਬਾਅਦ ਉਸ ਨੇ ਉਹ ਨੂੰ ਉੱਪਰਲੇ ਸੋਤੇ ਅਤੇ ਹੇਠਲੇ ਸੋਤੇ ਵੀ ਦੇ ਦਿੱਤੇ ।
ਯਹੂਦਾਹ ਦੇ ਗੋਤ ਦੇ ਨਗਰ

20ਇਹ ਯਹੂਦੀਆਂ ਦੇ ਗੋਤ ਦੀ ਮਿਲਖ ਉਹਨਾਂ ਦੇ ਘਰਾਣਿਆਂ ਦੇ ਅਨੁਸਾਰ ਹੈ ।

21ਯਹੂਦੀਆਂ ਦੇ ਗੋਤ ਦੇ ਸ਼ਹਿਰ ਅਦੋਮ ਦੀ ਹੱਦ ਦੇ ਕੋਲ ਦੱਖਣ ਵੱਲ ਇਹ ਹਨ-ਕਬਸਏਲ ਅਤੇ ਏਦਰ ਅਤੇ ਯਾਗੂਰ22ਅਤੇ ਕੀਨਾਹ ਅਤੇ ਦੀਮੋਨਾਹ ਅਤੇ ਅਦਾਦਾਹ23ਅਤੇ ਕਦਸ਼ ਅਤੇ ਹਸੋਰ ਅਤੇ ਯਿਥਨਾਨ24ਜ਼ੀਫ਼ ਅਤੇ ਤਲਮ ਅਤੇ ਬਆਲੋਥ
25ਅਤੇ ਹਾਸੋਰ ਹੱਦਤਾਹ ਅਤੇ ਕਰੀਯੋਥ ਹਸਰੋਨ ਜਿਹੜਾ ਹਾਸੋਰ ਹੈ26ਅਮਾਮ ਅਤੇ ਸ਼ਮਾ ਅਤੇ ਮੋਲਾਦਾਹ27ਅਤੇ ਹਸਰ ਗੱਦਾਹ ਅਤੇ ਹਸ਼ਮੋਨ ਅਤੇ ਬੈਤ ਪਾਲਟ28ਅਤੇ ਹਸਰ-ਸੂਆਲ ਅਤੇ ਬਏਰ-ਸ਼ਬਾ ਅਤੇ ਬਿਜ਼ਯੋਥਯਾਹ
29ਬਆਲਾਹ ਅਤੇ ਇੱਯੀਮ ਅਤੇ ਆਸਮ30ਅਤੇ ਅਲਤੋਲਦ ਅਤੇ ਕਸੀਲ ਅਤੇ ਹਾਰਮਾਹ31ਅਤੇ ਸਿਕਲਾਗ ਅਤੇ ਮਦਮੰਨਾਹ ਅਤੇ ਸਨਸੰਨਾਹ32ਅਤੇ ਲਬਾਓਥ ਅਤੇ ਸ਼ਿਲਹੀਮ ਅਤੇ ਅਯਿਨ ਅਤੇ ਰਿੰਮੋਨ । ਸਾਰੇ ਸ਼ਹਿਰ ਉਨੱਤੀ ਅਤੇ ਉਹਨਾਂ ਦੇ ਪਿੰਡਾਂ ।

33ਮੈਦਾਨ ਵਿੱਚ ਅਸ਼ਤਾਓਲ ਅਤੇ ਸਾਰਾਹ ਅਤੇ ਅਸਨਾਹ34ਅਤੇ ਜਾਨੋਅਹ ਅਤੇ ਏਨ ਗੱਨੀਮ, ਤੱਪੂਅਹ ਅਤੇ ਏਨਾਮ35ਯਰਮੂਥ ਅਤੇ ਅੱਦੁਲਾਮ, ਸੋਕੋਹ ਅਤੇ ਅਜ਼ੇਕਾਹ36ਅਤੇ ਸ਼ਅਰਯਿਮ ਅਤੇ ਅਦੀਯਮਿਥ ਅਤੇ ਗਦੇਰਾਹ ਅਤੇ ਗਦੇਰੋਥਯਿਮ । ਚੌਦਾਂ ਸ਼ਹਿਰ ਅਤੇ ਉਹਨਾਂ ਦੇ ਪਿੰਡ ।

37ਸਨਾਨ ਅਤੇ ਹਾਦਾਸ਼ਾਹ ਅਤੇ ਮਿਗਦਲ ਗਾਦ38ਅਤੇ ਦਿਲਾਨ ਅਤੇ ਮਿਸਪਹ ਅਤੇ ਯਾਕਥਏਲ39ਲਾਕੀਸ਼ ਅਤੇ ਬਾਸਕਥ ਅਤੇ ਅਗਲੋਨ
40ਅਤੇ ਕੱਬੋਨ ਲਹਮਾਸ ਅਤੇ ਕਿਥਲੀਸ਼41ਅਤੇ ਗਦੇਰੋਥ, ਬੈਤ ਦਾਗੋਨ ਅਤੇ ਨਅਮਾਹ ਅਤੇ ਮੱਕੇਦਾਹ । ਸੋਲਾਂ ਸ਼ਹਿਰ ਅਤੇ ਉਹਨਾਂ ਦੇ ਪਿੰਡ ।

42ਲਿਬਨਾਹ ਅਤੇ ਅਥਰ ਅਤੇ ਆਸ਼ਾਨ43ਅਤੇ ਯਿਫਤਾਹ ਅਤੇ ਅਸ਼ਨਾਹ ਅਤੇ ਨਸੀਬ44ਅਤੇ ਕਈਲਾਹ ਅਤੇ ਅਕਜ਼ੀਬ ਅਤੇ ਮਾਰੇਸ਼ਾਹ । ਨੌਂ ਸ਼ਹਿਰ ਅਤੇ ਉਹਨਾਂ ਦੇ ਪਿੰਡ ।

45ਅਕਰੋਨ ਅਤੇ ਉਹ ਦੀਆਂ ਬਸਤੀਆਂ ਅਤੇ ਪਿੰਡ46ਅਕਰੋਨ ਤੋਂ ਸਮੁੰਦਰ ਤੱਕ ਸਾਰੇ ਜਿਹੜੇ ਅਸ਼ਦੋਦ ਦੇ ਲਾਗੇ ਸਨ ਨਾਲੇ ਉਹਨਾਂ ਦੇ ਪਿੰਡ ।

47ਅਸ਼ਦੋਦ ਅਤੇ ਉਹ ਦੀਆਂ ਬਸਤੀਆਂ ਅਤੇ ਪਿੰਡ । ਅੱਜ਼ਾਹ ਅਤੇ ਉਹ ਦੀਆਂ ਬਸਤੀਆਂ ਅਤੇ ਪਿੰਡ ਮਿਸਰ ਦੀ ਨਦੀ ਅਤੇ ਵੱਡੇ ਸਮੁੰਦਰ ਦੇ ਕਿਨਾਰੇ ਤੱਕ ।

48ਅਤੇ ਪਹਾੜੀ ਦੇਸ ਵਿੱਚ ਸ਼ਾਮੀਰ ਅਤੇ ਯੱਤੀਰ ਅਤੇ ਸੋਕੋਹ49ਅਤੇ ਦੰਨਾਹ ਅਤੇ ਕਿਰਯਥ ਸੰਨਾਹ ਜਿਹੜਾ ਦਬੀਰ ਹੈ ।50ਅਤੇ ਅਨਾਬ ਅਤੇ ਅਸ਼ਤਮੋਹ ਅਤੇ ਅਨੀਮ51ਅਤੇ ਗੋਸ਼ੋਨ ਅਤੇ ਹੋਲੋਨ ਅਤੇ ਗਿਲੋਹ ਗਿਆਰਾਂ ਸ਼ਹਿਰ ਅਤੇ ਉਹਨਾਂ ਦੇ ਪਿੰਡ ।

52ਅਰਾਬ ਅਤੇ ਦੂਮਾਹ ਅਸ਼ਾਨ53ਅਤੇ ਯਾਨੀਮ ਅਤੇ ਬੈਤ ਤੱਪੂਅਹ ਅਤੇ ਅਫੇਕਾਹ54ਅਤੇ ਹੁਮਤਾਹ ਅਤੇ ਕਿਰਯਥ-ਅਰਬਾ ਜਿਹੜਾ ਹਬਰੋਨ ਹੈ ਅਤੇ ਸੀਓਰ । ਨੌਂ ਸ਼ਹਿਰ ਅਤੇ ਉਹਨਾਂ ਦੇ ਪਿੰਡ ।

55ਮਾਓਨ ਕਰਮਲ ਅਤੇ ਜ਼ੀਂਫ ਅਤੇ ਯੂਟਾਹ56ਅਤੇ ਯਿਜ਼ਰਏਲ ਅਤੇ ਯਾਕਦਾਮ ਅਤੇ ਜ਼ਾਨੋਅਹ57ਕਯਿਨ ਗਿਬਾਹ ਅਤੇ ਤਿਮਨਾਹ । ਦਸ਼ ਸ਼ਹਿਰ ਅਤੇ ਉਹਨਾਂ ਦੇ ਪਿੰਡ ।

58ਹਲਹੂਲ ਬੈਤਸੂਰ ਅਤੇ ਗਦੋਰ59ਅਤੇ ਮਅਰਾਥ ਅਤੇ ਬੈਤਅਨੋਥ ਅਤੇ ਅਲਤਕੋਨ । ਛੇ ਸ਼ਹਿਰ ਅਤੇ ਉਹਨਾਂ ਦੇ ਪਿੰਡ ।

60ਕਿਰਯਥ-ਬਆਲ ਜਿਹੜਾ ਕਿਰਯਥ-ਯਾਰੀਮ ਹੈ ਅਤੇ ਰੱਬਾਹ । ਦੋ ਸ਼ਹਿਰ ਅਤੇ ਉਹਨਾਂ ਦੇ ਪਿੰਡ ।

61ਉਜਾੜ ਵਿੱਚ ਬੈਤ ਅਰਾਬਾਹ ਮਿੱਦੀਨ ਅਤੇ ਸਕਾਕਾਹ62ਅਤੇ ਨਿਬਸ਼ਾਨ ਅਤੇ ਲੂਣ ਦਾ ਸ਼ਹਿਰ ਅਤੇ ਏਨ ਗੱਦੀ । ਛੇ ਸ਼ਹਿਰ ਅਤੇ ਉਹਨਾਂ ਦੇ ਪਿੰਡ ।

63ਪਰ ਜਿਹੜੇ ਯਰੂਸ਼ਲਮ ਵਿੱਚ ਯਬੂਸੀ ਵੱਸਦੇ ਸਨ ਯਹੂਦੀ ਉਹਨਾਂ ਨੂੰ ਨਾ ਕੱਢ ਸੱਕੇ ਅਤੇ ਯਬੂਸੀ ਯਹੂਦੀਆਂ ਨਾਲ ਯਰੂਸ਼ਲਮ ਵਿੱਚ ਅੱਜ ਦੇ ਦਿਨ ਤੱਕ ਵੱਸਦੇ ਹਨ ।

16
ਅਫਰਾਈਮ ਅਤੇ ਮਨੱਸ਼ਹ ਦੇ ਗੋਤਾਂ ਨੂੰ ਦਿੱਤਾ ਗਿਆ ਹਿੱਸਾ

1ਯੂਸੁਫ਼ ਦੀ ਸੰਤਾਨ ਦਾ ਹਿੱਸਾ ਇਸ ਤਰ੍ਹਾਂ ਪਿਆ ਕਿ ਉਹ ਯਰਦਨ ਤੋਂ ਯਰੀਹੋ ਕੋਲ ਅਰਥਾਤ ਯਰੀਹੋ ਦੇ ਪਾਣੀਆਂ ਕੋਲੋਂ ਪੂਰਬ ਵੱਲ ਉਜਾੜ ਦੇ ਵਿੱਚ ਦੀ ਯਰੀਹੋ ਤੋਂ ਬੈਤ-ਏਲ ਦੀ ਪਹਾੜੀ ਤੱਕ ਚੜ੍ਹਦਾ ਹੈ ।2ਫਿਰ ਬੈਤ-ਏਲ ਤੋਂ ਲੂਜ਼ ਨੂੰ ਗਈ ਅਤੇ ਅਰਕੀਆਂ ਦੀ ਹੱਦ ਲੰਘ ਕੇ ਅਟਰੋਥ ਨੂੰ ਗਈ ।

3ਫਿਰ ਲਹਿੰਦੇ ਵੱਲ ਯਫਲੇਤੀਆਂ ਦੀ ਹੱਦ ਕੋਲੋਂ ਹੇਠਲੇ ਬੈਤ ਹੋਰੋਨ ਦੀ ਹੱਦ ਅਤੇ ਗਜ਼ਰ ਤੱਕ ਉਤਰੀ ਅਤੇ ਉਹ ਦਾ ਫੈਲਾਓ ਸਮੁੰਦਰ ਤੱਕ ਸੀ ।4ਉਸ ਤੋਂ ਬਾਅਦ ਯੂਸੁਫ਼ ਦੀ ਅੰਸ ਨੇ ਅਰਥਾਤ ਮਨੱਸ਼ਹ ਅਤੇ ਅਫ਼ਰਾਈਮ ਨੇ ਆਪਣੀ ਇਹ ਮਿਲਖ ਲੈ ਲਈ ।
ਅਫਰਾਈਮ ਦਾ ਹਿੱਸਾ

5ਅਫ਼ਰਾਈਮ ਦੀ ਅੰਸ ਦੀ ਹੱਦ ਉਹਨਾਂ ਦੇ ਘਰਾਣਿਆਂ ਅਨੁਸਾਰ ਇਹ ਸੀ । ਉਹਨਾਂ ਦੀ ਮਿਲਖ ਦੀ ਹੱਦ ਚੜ੍ਹਦੇ ਪਾਸੇ ਅਟਰੋਥ ਅੱਦਾਰ ਤੋਂ ਉੱਪਰਲੇ ਬੈਤ-ਹੋਰੋਨ ਤੱਕ ਸੀ ।6ਅਤੇ ਉਹ ਹੱਦ ਸਮੁੰਦਰ ਵੱਲ ਮਿਕਮਥਾਥ ਦੇ ਉਤਰ ਨੂੰ ਗਈ ਅਤੇ ਪੂਰਬ ਵੱਲ ਤਅਨਥ ਸ਼ੀਲੋਹ ਨੂੰ ਮੁੜੀ ਅਤੇ ਯਾਨੋਹਾਹ ਦੀ ਪੂਰਬ ਵੱਲ ਉਹ ਦੇ ਨਾਲ-ਨਾਲ ਦੀ ਲੰਘੀ ।7ਅਤੇ ਯਾਨੋਹਾਹ ਤੋਂ ਅਟਾਰੋਥ ਅਤੇ ਨਆਰਾਥ ਵੱਲ ਉਤਰੀ ਅਤੇ ਯਰੀਹੋ ਨੂੰ ਪਹੁੰਚ ਕੇ ਯਰਦਨ ਨੂੰ ਗਈ ।
8ਅਤੇ ਉਹ ਹੱਦ ਲਹਿੰਦੀ ਵੱਲ ਤੱਪੂਆਹ ਤੋਂ ਕਾਨਾਹ ਦੀ ਵਾਦੀ ਨੂੰ ਗਈ ਅਤੇ ਉਸ ਦਾ ਫੈਲਾਓ ਸਮੁੰਦਰ ਤੱਕ ਸੀ । ਅਫ਼ਰਈਮ ਦੀ ਅੰਸ ਦੇ ਗੋਤ ਦੀ ਮਿਲਖ ਉਹਨਾਂ ਦੇ ਘਰਾਣਿਆਂ ਅਨੁਸਾਰ ਇਹ ਸੀ ।9ਅਫ਼ਰਈਮ ਦੀ ਅੰਸ ਲਈ ਮਨੱਸ਼ਹ ਦੀ ਅੰਸ ਦੀ ਮਿਲਖ ਵਿੱਚ ਵੱਖੋ-ਵੱਖ ਸ਼ਹਿਰ ਸਨ ਅਰਥਾਤ ਸਾਰੇ ਸ਼ਹਿਰ ਅਤੇ ਉਹਨਾਂ ਦੇ ਪਿੰਡ ।
10ਅਤੇ ਉਹਨਾਂ ਨੇ ਕਨਾਨੀਆਂ ਨੂੰ ਜਿਹੜੇ ਗਜ਼ਰ ਵਿੱਚ ਵੱਸਦੇ ਸਨ ਨਾ ਕੱਢਿਆ ਪਰ ਉਹ ਕਨਾਨੀ ਅੱਜ ਦੇ ਦਿਨ ਤੱਕ ਅਫ਼ਰਾਈਮੀਆਂ ਦੇ ਵਿੱਚ ਵੱਸਦੇ ਹਨ ਅਤੇ ਉਹ ਬਿਨ੍ਹਾਂ ਮਜ਼ਦੂਰੀ ਦੇ ਕੰਮ ਕਰਨ ਵਾਲੇ ਗੁਲਾਮ ਸਨ ।

17
ਪੱਛਮ ਵਿੱਚ ਮਨੱਸ਼ਹ ਦਾ ਹਿੱਸਾ

1ਮਨੱਸ਼ਹ ਦੇ ਗੋਤ ਦਾ ਭਾਗ ਇਹ ਸੀ, ਇਸ ਲਈ ਜੋ ਉਹ ਯੂਸੁਫ਼ ਦਾ ਜੇਠਾ ਸੀ, ਮਾਕੀਰ ਨੂੰ ਜਿਹੜਾ ਮਨੱਸ਼ਹ ਦਾ ਜੇਠਾ ਅਤੇ ਗਿਲਆਦ ਦਾ ਪਿਤਾ ਸੀ ਜੋਧਾ ਹੋਣ ਕਰਕੇ ਗਿਲਆਦ ਅਤੇ ਬਾਸ਼ਾਨ ਮਿਲੇ ।2ਮਨੱਸ਼ਹ ਦੀ ਬਾਕੀ ਅੰਸ ਦਾ ਵੀ ਇੱਕ ਭਾਗ ਉਹਨਾਂ ਦੇ ਘਰਾਣਿਆਂ ਅਨੁਸਾਰ ਸੀ ਅਰਥਾਤ ਅਬੀ ਅਜ਼ਰ ਦੀ ਅੰਸ, ਹੇਲਕ ਦੀ ਅੰਸ, ਅਸਰੀਏਲ ਦੀ ਅੰਸ, ਸ਼ਕਮ ਦੀ ਅੰਸ, ਹੇਫ਼ਰ ਦੀ ਅੰਸ ਅਤੇ ਸ਼ਮੀਦਾ ਦੀ ਅੰਸ ਲਈ । ਇਹ ਯੂਸੁਫ਼ ਦੇ ਪੁੱਤਰ ਮਨੱਸ਼ਹ ਦੇ ਪੁਰਖ ਉਹਨਾਂ ਦੇ ਘਰਾਣਿਆਂ ਅਨੁਸਾਰ ਸਨ ।

3ਪਰ ਸਲਾਫ਼ਹਾਦ ਦੇ ਜਿਸ ਦਾ ਪਿਤਾ ਹੇਫ਼ਰ, ਦਾਦਾ ਗਿਲਆਦ, ਪੜਦਾਦਾ ਮਾਕੀਰ ਅਤੇ ਨਕੜ ਦਾਦਾ ਮਨੱਸ਼ਹ ਸੀ ਪੁੱਤਰ ਨਹੀਂ ਸਨ ਪਰ ਧੀਆਂ ਸਨ ਅਤੇ ਉਸ ਦੀਆਂ ਧੀਆਂ ਦੇ ਨਾਂ ਇਹ ਸਨ ਮਹਲਾਹ, ਨੋਆਹ, ਹਾਗਲਾਹ, ਮਿਲਕਾਹ ਅਤੇ ਤਿਰਸਾਹ ।4ਉਹਨਾਂ ਨੇ ਅਲਆਜ਼ਾਰ ਜਾਜਕ ਦੇ ਸਾਹਮਣੇ, ਨੂਨ ਦੇ ਪੁੱਤਰ ਯਹੋਸ਼ੁਆ ਦੇ ਸਾਹਮਣੇ ਅਤੇ ਪ੍ਰਧਾਨਾਂ ਦੇ ਸਾਹਮਣੇ ਆਣ ਕੇ ਆਖਿਆ ਕਿ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਕਿ ਸਾਨੂੰ ਸਾਡੇ ਭਰਾਵਾਂ ਦੇ ਵਿੱਚ ਹਿੱਸਾ ਮਿਲੇ ਸੋ ਉਸ ਉਹਨਾਂ ਨੂੰ ਯਹੋਵਾਹ ਦੇ ਹੁਕਮ ਅਨੁਸਾਰ ਉਹਨਾਂ ਚਾਚਿਆਂ ਤਾਇਆਂ ਦੇ ਵਿੱਚ ਹਿੱਸਾ ਦਿੱਤਾ ।
5ਅਤੇ ਮਨੱਸ਼ਹ ਨੂੰ ਦਸ ਹਿੱਸੇ ਗਿਲਆਦ ਅਤੇ ਬਾਸ਼ਾਨ ਤੋਂ ਇਲਾਵਾ ਜਿਹੜੇ ਯਰਦਨ ਤੋਂ ਪਾਰ ਸਨ ਮਿਲੇ ।6ਕਿਉਂ ਜੋ ਮਨੱਸ਼ਹ ਦੀਆਂ ਧੀਆਂ ਨੇ ਉਹ ਦੇ ਪੁੱਤਰਾਂ ਦੇ ਵਿੱਚ ਗੁਣਾ ਲਿਆ ਅਤੇ ਗਿਲਆਦ ਦਾ ਦੇਸ ਮਨੱਸ਼ਹ ਦੇ ਬਾਕੀ ਪੁੱਤਰਾਂ ਦਾ ਸੀ ।

7ਮਨੱਸ਼ਹ ਦੀ ਹੱਦ ਆਸ਼ੇਰ ਤੋਂ ਮਿਕਮਥਾਥ ਤੱਕ ਸੀ ਜਿਹੜਾ ਸ਼ਕਮ ਦੇ ਸਾਹਮਣੇ ਸੀ ਤਾਂ ਉਹ ਹੱਦ ਸੱਜੇ ਪਾਸਿਓਂ ਤੱਪੂਆਹ ਦੇ ਵਸਨੀਕਾਂ ਤੱਕ ਲੰਘੀ ।8ਤੱਪੂਆਹ ਦਾ ਦੇਸ ਮਨੱਸ਼ਹ ਦਾ ਸੀ ਪਰ ਤੱਪੂਆਹ ਮਨੱਸ਼ਹ ਦੀ ਹੱਦ ਕੋਲ ਅਫ਼ਰਾਈਮੀਆਂ ਦਾ ਸੀ ।
9ਫਿਰ ਉਹ ਹੱਦ ਕਾਨਾਹ ਦੀ ਵਾਦੀ ਨੂੰ ਉਤਰੀ ਅਤੇ ਵਾਦੀ ਦੇ ਦੱਖਣ ਵੱਲ ਉਤਰੀ । ਅਫ਼ਰਾਈਮ ਦੇ ਇਹ ਸ਼ਹਿਰ ਮਨੱਸ਼ਹ ਦੇ ਸ਼ਹਿਰਾਂ ਵਿੱਚ ਸਨ ਅਤੇ ਮਨੱਸ਼ਹ ਦੀ ਹੱਦ ਵਾਦੀ ਦੇ ਉਤਰ ਵੱਲ ਸੀ ਅਤੇ ਉਸ ਦਾ ਫੈਲਾਓ ਸਮੁੰਦਰ ਤੱਕ ਸੀ ।10ਤਾਂ ਦੱਖਣ ਅਫ਼ਰਾਈਮ ਲਈ ਸੀ ਅਤੇ ਉਤਰ ਮਨੱਸ਼ਹ ਲਈ ਸੀ ਅਤੇ ਉਸ ਦੀ ਹੱਦ ਸਮੁੰਦਰ ਸੀ ਅਤੇ ਉਹ ਉਤਰ ਵੱਲ ਆਸ਼ੇਰ ਨਾਲ ਅਤੇ ਪੂਰਬ ਵੱਲ ਯਿੱਸਾਕਾਰ ਨਾਲ ਜਾ ਮਿਲੀਆਂ ।
11ਮਨੱਸ਼ਹ ਲਈ ਯਿੱਸਾਕਾਰ ਵਿੱਚ ਆਸ਼ੇਰ ਵਿੱਚ ਇਹ ਸੀ, ਬੈਤ ਸ਼ਾਨ ਉਸ ਦੀਆਂ ਬਸਤੀਆਂ ਯਿਬਲਆਮ ਉਸ ਦੀਆਂ ਬਸਤੀਆਂ, ਦੋਰ ਦੇ ਵਾਸੀ ਅਤੇ ਉਸ ਦੀਆਂ ਬਸਤੀਆਂ, ਏਨ ਦੋਰ ਦੇ ਵਾਸੀ ਅਤੇ ਉਸ ਦੀਆਂ ਬਸਤੀਆਂ, ਤਆਨਾਕ ਦੇ ਵਾਸੀ ਅਤੇ ਉਸ ਦੀਆਂ ਬਸਤੀਆਂ, ਮੱਗਿਦੋ ਦੇ ਵਾਸੀ ਅਤੇ ਉਸ ਦੀਆਂ ਬਸਤੀਆਂ ਅਰਥਾਤ ਤਿੰਨੇ ਉਚਿਆਈਆਂ ।12ਪਰ ਮਨੱਸ਼ੀ ਉਹਨਾਂ ਸ਼ਹਿਰਾਂ ਦੇ ਵਾਸੀਆਂ ਨੂੰ ਕੱਢ ਨਾ ਸਕੇ ਅਤੇ ਕਨਾਨੀ ਉਸ ਦੇਸ ਵਿੱਚ ਪੱਕੇ ਪੈਰੀਂ ਵੱਸੇ ਰਹੇ ।
13ਇਸ ਤਰ੍ਹਾਂ ਹੋਇਆ ਜਦ ਇਸਰਾਏਲੀ ਤਕੜੇ ਹੋ ਗਏ ਤਾਂ ਉਹ ਕਨਾਨੀਆਂ ਤੋਂ ਵਗਾਰ ਲੈਣ ਲੱਗ ਪਏ ਪਰ ਉਹਨਾਂ ਨੂੰ ਪੂਰੀ ਤਰ੍ਹਾਂ ਨਾਲ ਨਾ ਕੱਢਿਆ ।
ਅਫਰਾਈਮ ਅਤੇ ਮਨੱਸ਼ਹ ਵੱਧ ਭੂਮੀ ਦੀ ਮੰਗ

14ਤਦ ਯੂਸੁਫ਼ ਦੇ ਪੁੱਤਰਾਂ ਨੇ ਯਹੋਸ਼ੁਆ ਨਾਲ ਗੱਲ ਕੀਤੀ ਕਿ ਤੁਸੀਂ ਸਾਨੂੰ ਕਿਉਂ ਮਿਲਖ ਵਿੱਚ ਇੱਕ ਹੀ ਹਿੱਸਾ ਦਿੱਤਾ ? ਅਸੀਂ ਬਹੁਤ ਸਾਰੇ ਲੋਕ ਹਾਂ ਕਿਉਂ ਜੋ ਯਹੋਵਾਹ ਨੇ ਅੱਜ ਤੱਕ ਸਾਨੂੰ ਬਰਕਤ ਦਿੱਤੀ ਹੈ ।15ਯਹੋਸ਼ੁਆ ਨੇ ਉਹਨਾਂ ਨੂੰ ਆਖਿਆ, ਜੇ ਤੁਹਾਡੇ ਲੋਕ ਬਹੁਤ ਸਾਰੇ ਹਨ ਤਾਂ ਤੁਸੀਂ ਲੱਕੜੀਆਂ ਦੇ ਜੰਗਲ ਨੂੰ ਕੱਟੋ ਅਤੇ ਉੱਥੇ ਤੁਸੀਂ ਫਰਿੱਜ਼ੀਆਂ ਅਤੇ ਰਫਾਈਆਂ ਦੀ ਧਰਤੀ ਵਿੱਚ ਜੰਗਲ ਨੂੰ ਵੱਢ ਕੇ ਥਾਂ ਬਣਾਓ ਕਿਉਂ ਜੋ ਤੁਹਾਡੇ ਲਈ ਅਫ਼ਰਾਈਮ ਦਾ ਪਹਾੜ ਤੰਗ ਹੈ ।
16ਯੂਸੁਫ਼ ਦੇ ਪੁੱਤਰਾਂ ਨੇ ਆਖਿਆ ਕਿ ਇਹ ਪਹਾੜ ਸਾਡੇ ਵੱਸਣ ਯੋਗ ਨਹੀਂ ਅਤੇ ਸਾਰੇ ਕਨਾਨੀਆਂ ਕੋਲ ਜਿਹੜੇ ਨੀਵੇਂ ਥਾਵਾਂ ਵਿੱਚ ਵੱਸਦੇ ਹਨ ਲੋਹੇ ਦੇ ਰੱਥ ਹਨ, ਨਾਲੇ ਉਹਨਾਂ ਕੋਲ ਜਿਹੜੇ ਬੈਤ ਸ਼ਆਨ ਅਤੇ ਉਸ ਦੀਆਂ ਬਸਤੀਆਂ ਵਿੱਚ ਹਨ ਨਾਲੇ ਉਹਨਾਂ ਕੋਲ ਜਿਹੜੇ ਯਿਜ਼ਰਏਲ ਦੀ ਨੀਵੇਂ ਥਾਵਾਂ ਵਿੱਚ ਹਨ ।17ਯਹੋਸ਼ੁਆ ਨੇ ਯੂਸੁਫ਼ ਦੇ ਘਰਾਣੇ ਨੂੰ ਅਰਥਾਤ ਅਫ਼ਰਾਈਮ ਅਤੇ ਮਨੱਸ਼ਹ ਨੂੰ ਆਖਿਆ ਕਿ ਤੁਸੀਂ ਢੇਰ ਸਾਰੇ ਲੋਕ ਹੋ ਅਤੇ ਵੱਡੇ ਬਲਵੰਤ ਹੋ । ਤੁਹਾਡੇ ਲਈ ਇੱਕੋ ਹੀ ਭਾਗ ਨਹੀਂ ਹੋਵੇਗਾ ।18ਪਰ ਪਹਾੜ ਤੁਹਾਡਾ ਹੋਵੇਗਾ ਭਾਵੇਂ ਉਹ ਲੱਕੜੀ ਦਾ ਜੰਗਲ ਹੈ ਅਤੇ ਤੁਸੀਂ ਉਹ ਨੂੰ ਵੱਢੋਗੇ ਅਤੇ ਉਹ ਦਾ ਫੈਲਾਓ ਤੁਹਾਡਾ ਹੋਵੇਗਾ ਕਿਉਂ ਜੋ ਤੁਸੀਂ ਕਨਾਨੀਆਂ ਨੂੰ ਕੱਢ ਦਿਓਗੇ ਭਾਵੇਂ ਉਹਨਾਂ ਦੇ ਰੱਥ ਲੋਹੇ ਦੇ ਹਨ ਅਤੇ ਉਹ ਤਕੜੇ ਵੀ ਹਨ ।

18
ਬਾਕੀ ਬਚੇ ਦੇਸ ਦਾ ਬਟਵਾਰਾ

1ਇਸਰਾਏਲੀਆਂ ਦੀ ਸਾਰੀ ਮੰਡਲੀ ਸ਼ੀਲੋਹ ਵਿੱਚ ਇਕੱਠੀ ਹੋਈ, ਉੱਥੇ ਮੰਡਲੀ ਦੇ ਤੰਬੂ ਨੂੰ ਖੜ੍ਹਾ ਕੀਤਾ ਅਤੇ ਉਹ ਦੇਸ ਉਹਨਾਂ ਦੇ ਅੱਗੇ ਅਧੀਨ ਹੋ ਗਿਆ ।2ਇਸਰਾਏਲੀਆਂ ਵਿੱਚ ਸੱਤ ਗੋਤਾਂ ਬਾਕੀ ਰਹਿੰਦੀਆਂ ਸਨ ਜਿਨ੍ਹਾਂ ਨੂੰ ਵਿਰਾਸਤ ਨਹੀਂ ਵੰਡੀ ਗਈ ।

3ਸੋ ਯਹੋਸ਼ੁਆ ਨੇ ਇਸਰਾਏਲੀਆਂ ਨੂੰ ਆਖਿਆ, ਤੁਸੀਂ ਉਸ ਦੇਸ ਵਿੱਚ ਜਾ ਕੇ ਕਬਜ਼ਾ ਕਰਨ ਦੇ ਲਈ, ਜਿਹੜਾ ਤੁਹਾਡਿਆਂ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਦੇ ਦਿੱਤਾ ਹੈ, ਕਦੋਂ ਤੱਕ ਦੇਰ ਕਰੋਂਗੇ ?4ਆਪਣੇ ਲਈ ਹਰ ਗੋਤ ਤੋਂ ਤਿੰਨ ਮਨੁੱਖ ਠਹਿਰਾਓ । ਫਿਰ ਮੈਂ ਉਹਨਾਂ ਨੂੰ ਭੇਜਾਂਗਾ ਅਤੇ ਉਹ ਉੱਠ ਕੇ ਉਸ ਦੇਸ ਵਿੱਚ ਫਿਰਨ ਅਤੇ ਆਪਣੀ ਮਿਲਖ ਅਨੁਸਾਰ ਉਹ ਨੂੰ ਦੱਸਣ, ਫਿਰ ਉਹ ਮੇਰੇ ਕੋਲ ਆਉਣ ।
5ਉਹ ਉਸ ਨੂੰ ਸੱਤਾਂ ਹਿੱਸਿਆਂ ਵਿੱਚ ਵੰਡਣ । ਯਹੂਦਾਹ ਆਪਣੀ ਹੱਦ ਕੋਲ ਦੱਖਣ ਵਿੱਚ ਖੜ੍ਹਾ ਰਹੇ ਅਤੇ ਯੂਸੁਫ਼ ਦਾ ਘਰਾਣਾ ਆਪਣੀ ਹੱਦ ਕੋਲ ਉਤਰ ਵੱਲ ਖੜ੍ਹਾ ਰਹੇ ।6ਤਦ ਤੁਸੀਂ ਉਸ ਦੇਸ ਨੂੰ ਸੱਤਾਂ ਹਿੱਸਿਆਂ ਵਿੱਚ ਲਿਖ ਕੇ ਉਹਨਾਂ ਨੂੰ ਐਥੇ ਮੇਰੇ ਕੋਲ ਲਿਆਓ ਅਤੇ ਮੈਂ ਤੁਹਾਡੇ ਲਈ ਯਹੋਵਾਹ ਸਾਡੇ ਪਰਮੇਸ਼ੁਰ ਦੇ ਅੱਗੇ ਐਥੇ ਹਿੱਸਾ ਪਾਵਾਂਗਾ ।
7ਪਰ ਲੇਵੀਆਂ ਲਈ ਤੁਹਾਡੇ ਵਿੱਚ ਕੋਈ ਭਾਗ ਨਹੀਂ ਹੈ ਕਿਉਂ ਜੋ ਯਹੋਵਾਹ ਦੀ ਜਾਜਕਾਈ ਉਹਨਾਂ ਦੀ ਮਿਲਖ ਹੈ ਅਤੇ ਗਾਦ ਅਤੇ ਰਊਬੇਨ, ਮਨੱਸ਼ਹ ਦੇ ਅੱਧੇ ਗੋਤ ਨੇ ਆਪਣੀ ਮਿਲਖ ਨੂੰ ਯਰਦਨ ਪਾਰ ਪੂਰਬ ਵੱਲ ਲੈ ਲਿਆ ਹੈ ਜਿਹ ਨੂੰ ਯਹੋਵਾਹ ਦੇ ਦਾਸ ਮੂਸਾ ਨੇ ਉਹਨਾਂ ਨੂੰ ਦਿੱਤਾ ਸੀ ।

8ਉਹ ਮਨੁੱਖ ਉੱਠ ਕੇ ਤੁਰ ਪਏ ਅਤੇ ਯਹੋਸ਼ੁਆ ਨੇ ਉਹਨਾਂ ਜਾਣ ਵਾਲਿਆਂ ਨੂੰ ਦੇਸ ਦੇ ਦੱਸਣ ਦਾ ਹੁਕਮ ਦਿੱਤਾ ਕਿ ਜਾਓ ਅਤੇ ਉਸ ਦੇਸ ਵਿੱਚ ਫਿਰੋ ਅਤੇ ਉਹ ਨੂੰ ਦੱਸੋ, ਫਿਰ ਮੇਰੇ ਕੋਲ ਮੁੜ ਆਓ ਅਤੇ ਮੈਂ ਤੁਹਾਡੇ ਲਈ ਇਥੇ ਸ਼ੀਲੋਹ ਵਿੱਚ ਯਹੋਵਾਹ ਦੇ ਅੱਗੇ ਭਾਗ ਪਾਵਾਂਗਾ ।9ਉਸ ਤੋਂ ਬਾਅਦ ਉਹ ਮਨੁੱਖ ਜਾ ਕੇ ਉਸ ਦੇਸ ਵਿੱਚੋਂ ਦੀ ਲੰਘੇ ਅਤੇ ਉਹਨਾਂ ਨੇ ਸ਼ਹਿਰਾਂ ਅਨੁਸਾਰ ਸੱਤਾਂ ਹਿੱਸਿਆਂ ਵਿੱਚ ਕਰਕੇ ਇੱਕ ਪੋਥੀ ਵਿੱਚ ਲਿਖਿਆ ਤਾਂ ਉਹ ਯਹੋਸ਼ੁਆ ਕੋਲ ਸ਼ੀਲੋਹ ਦੇ ਡੇਰੇ ਵਿੱਚ ਮੁੜ ਆਏ ।
10ਯਹੋਸ਼ੁਆ ਨੇ ਉਹਨਾਂ ਲਈ ਸ਼ੀਲੋਹ ਵਿੱਚ ਯਹੋਵਾਹ ਦੇ ਅੱਗੇ ਪਰਚੀਆਂ ਪਾਈਆਂ ਸੋ ਯਹੋਸ਼ੁਆ ਨੇ ਉੱਥੇ ਉਸ ਦੇਸ ਨੂੰ ਇਸਰਾਏਲੀਆਂ ਲਈ ਉਹਨਾਂ ਦੇ ਹਿੱਸਿਆਂ ਅਨੁਸਾਰ ਵੰਡ ਦਿੱਤਾ ।
ਬਿਨਯਾਮੀਨ ਦੇ ਗੋਤ ਨੂੰ ਦਿੱਤਾ ਗਿਆ ਹਿੱਸਾ

11ਬਿਨਯਾਮੀਨੀਆਂ ਦੇ ਗੋਤ ਦਾ ਭਾਗ ਉਹਨਾਂ ਦੇ ਘਰਾਣਿਆਂ ਅਨੁਸਾਰ ਪਿਆ ਅਤੇ ਉਹਨਾਂ ਦੇ ਭਾਗ ਦੀ ਹੱਦ ਯਹੂਦੀਆਂ ਅਤੇ ਯੂਸੁਫ਼ ਦੀ ਅੰਸ ਦੇ ਵਿੱਚਕਾਰ ਨਿੱਕਲੀ ।12ਉਤਰ ਪਾਸੇ ਉਹਨਾਂ ਦੀ ਹੱਦ ਯਰਦਨ ਤੋਂ ਸੀ ਅਤੇ ਉਹ ਹੱਦ ਉਤਰ ਵੱਲ ਯਰੀਹੋ ਦੀ ਉਚਿਆਈ ਨੂੰ ਚੜ੍ਹ ਕੇ ਪੱਛਮ ਵੱਲੋਂ ਪਹਾੜੀ ਦੇਸ ਦੇ ਰਸਤੇ ਤੋਂ ਚੜ੍ਹੀ ਅਤੇ ਉਹ ਦਾ ਫੈਲਾਓ ਬੈਤ ਆਵਨ ਦੀ ਉਜਾੜ ਤੱਕ ਸੀ ।
13ਉੱਥੋਂ ਉਹ ਹੱਦ ਲੂਜ਼ ਵੱਲ ਲੂਜ਼ ਦੀ ਚੜ੍ਹਾਈ ਤੱਕ ਦੱਖਣ ਵੱਲ ਗਈ ਜਿਹੜਾ ਬੈਤ-ਏਲ ਹੈ, ਫਿਰ ਉਹ ਹੱਦ ਅਤਰੋਥ ਅੱਦਾਰ ਨੂੰ ਉਸ ਪਹਾੜ ਦੇ ਉੱਤੋਂ ਦੀ ਉਤਰੀ ਜਿਹੜਾ ਹੇਠਲੇ ਬੈਤ ਹੋਰੋਨ ਦੇ ਦੱਖਣ ਦੀ ਵੱਲ ਹੈ ।14ਤਾਂ ਉਹ ਹੱਦ ਹੇਠਾਂ ਜਾ ਕੇ ਲਹਿੰਦੇ ਪਾਸੇ ਉਸ ਪਹਾੜ ਤੋਂ ਦੱਖਣ ਵੱਲ ਮੁੜੀ ਜਿਹੜਾ ਬੈਤ ਹੋਰੋਨ ਦੇ ਅੱਗੇ ਦੱਖਣ ਵੱਲ ਹੈ ਅਤੇ ਉਹ ਦਾ ਫੈਲਾਓ ਕਿਰਯਥ ਬਆਲ ਤੱਕ ਸੀ ਜਿਹੜਾ ਕਿਰਯਥ-ਯਾਰੀਮ ਵੀ ਹੈ ਜਿਹੜਾ ਯਹੂਦੀਆਂ ਦਾ ਸ਼ਹਿਰ ਹੈ । ਇਹ ਪੱਛਮ ਦਾ ਪਾਸਾ ਸੀ ।
15ਦੱਖਣ ਦਾ ਪਾਸਾ ਕਿਰਯਥ-ਯਾਰੀਮ ਦੀ ਸਰਹੱਦ ਤੋਂ ਸੀ ਅਤੇ ਉਹ ਹੱਦ ਲਹਿੰਦੀ ਵੱਲ ਜਾ ਕੇ ਨਫ਼ਤੋਆਹ ਦੇ ਪਾਣੀਆਂ ਦੇ ਸੋਤੇ ਤੱਕ ਪਹੁੰਚੀ ।16ਫਿਰ ਉਹ ਹੱਦ ਉਸ ਪਹਾੜ ਦੇ ਸਿਰੇ ਤੱਕ ਜਿਹੜਾ ਬਨ ਹਿੰਨੋਮ ਦੀ ਵਾਦੀ ਦੇ ਅੱਗੇ ਹੈ ਅਤੇ ਜਿਹੜਾ ਉਤਰ ਵੱਲ ਰਫ਼ਾਈਮ ਦੀ ਖੱਡ ਵਿੱਚ ਹੈ ਉਤਰੀ ਅਤੇ ਉਹ ਹਿੰਨੋਮ ਦੀ ਵਾਦੀ ਤੋਂ ਯਬੂਸੀਆਂ ਦੀ ਚੜ੍ਹਾਈ ਤੱਕ ਦੱਖਣ ਵੱਲ ਉਤਰੀ ਤਾਂ ਏਨ ਰੋਗੇਲ ਨੂੰ ਉਤਰੀ ।
17ਫਿਰ ਉਹ ਉਤਰ ਵੱਲ ਜਾ ਕੇ ਏਨ ਸ਼ਮਸ਼ ਕੋਲ ਨਿੱਕਲੀ ਅਤੇ ਗਲੀਲੋਥ ਤੱਕ ਨਿੱਕਲੀ ਜਿਹੜਾ ਅੱਦੁਮੀਮ ਦੀ ਚੜ੍ਹਾਈ ਦੇ ਸਾਹਮਣੇ ਹੈ ਅਤੇ ਰਊਬੇਨ ਦੇ ਪੁੱਤਰ ਬੋਹਨ ਦੇ ਪੱਥਰ ਤੱਕ ਉਤਰੀ ।18ਉਹ ਅਰਾਬਾਹ ਦੇ ਅੱਗੇ ਚੜ੍ਹਾਈ ਤੱਕ ਉਤਰ ਵੱਲ ਲੰਘੀ ਤਾਂ ਅਰਾਬਾਹ ਨੂੰ ਉਤਰੀ ।
19ਫਿਰ ਉਹ ਹੱਦ ਬੈਤ ਹਾਗਲਾਹ ਦੀ ਚੜ੍ਹਾਈ ਤੱਕ ਉਤਰ ਵੱਲ ਪਹੁੰਚੀ ਅਤੇ ਉਸ ਹੱਦ ਦਾ ਫੈਲਾਓ ਖਾਰੇ ਸਮੁੰਦਰ ਦੀ ਉਤਰ ਵੱਲ ਦੀ ਖਾੜੀ ਤੱਕ ਅਰਥਾਤ ਯਰਦਨ ਦੇ ਦੱਖਣੀ ਸਿਰੇ ਤੱਕ ਸੀ । ਇਹ ਦੱਖਣ ਦੀ ਹੱਦ ਸੀ ।20ਪੂਰਬ ਦੇ ਪਾਸੇ ਉਹ ਦੀ ਹੱਦ ਯਰਦਨ ਸੀ । ਇਹ ਬਿਨਯਾਮੀਨੀਆਂ ਦੀ ਮਿਲਖ ਦੀਆਂ ਆਲੇ-ਦੁਆਲੇ ਦੀਆਂ ਹੱਦਾਂ ਉਹਨਾਂ ਦੇ ਘਰਾਣਿਆਂ ਅਨੁਸਾਰ ਸਨ ।

21ਬਿਨਯਾਮੀਨੀਆਂ ਦੇ ਗੋਤ ਦੇ ਸ਼ਹਿਰ ਉਹਨਾਂ ਦੇ ਘਰਾਣਿਆਂ ਅਨੁਸਾਰ ਇਹ ਸਨ, ਯਰੀਹੋ ਅਤੇ ਬੈਤ ਹਾਗਲਾਹ ਅਤੇ ਏਮਕ ਕਸੀਸ22ਅਤੇ ਬੈਤ ਅਰਾਬਾਹ ਅਤੇ ਸਮਾਰਯਿਮ ਅਤੇ ਬੈਤ-ਏਲ23ਅਤੇ ਅੱਵੀਮ ਅਤੇ ਪਾਰਾਹ ਅਤੇ ਅਫ਼ਰਾਹ24ਅਤੇ ਕਫ਼ਰਅੱਮੋਨੀ ਅਤੇ ਆਫ਼ਨੀ ਅਤੇ ਗਾਬਾ । ਬਾਰਾਂ ਸ਼ਹਿਰ ਅਤੇ ਉਹਨਾਂ ਦੇ ਪਿੰਡ
25ਗਿਬਓਨ ਅਤੇ ਰਾਮਾਹ ਅਤੇ ਬਏਰੋਥ26ਅਤੇ ਮਿਸਪਹ ਅਤੇ ਕਫ਼ੀਰਾਹ ਅਤੇ ਮੋਸਾਹ27ਅਤੇ ਰਕਮ ਅਤੇ ਯਿਰਪਏਲ ਅਤੇ ਤਰਲਾਹ28ਅਤੇ ਸੇਲਾ ਅਲਫ ਅਤੇ ਯਬੂਸੀ ਜਿਹੜਾ ਯਰੂਸ਼ਲਮ ਹੈ ਅਤੇ ਗਿਬਬ ਕਿਰਯਥ । ਚੌਦਾਂ ਸ਼ਹਿਰ ਅਤੇ ਉਹਨਾਂ ਦੇ ਪਿੰਡ । ਇਹ ਬਿਨਯਾਮੀਨੀਆਂ ਦਾ ਹਿੱਸਾ ਉਹਨਾਂ ਦੇ ਘਰਾਣਿਆਂ ਅਨੁਸਾਰ ਸੀ ।

19
ਸ਼ਿਮਓਨ ਦੇ ਗੋਤ ਨੂੰ ਦਿੱਤਾ ਗਿਆ ਭਾਗ

1ਦੂਜੀ ਪਰਚੀ ਸ਼ਿਮਓਨ ਲਈ ਅਰਥਾਤ ਸ਼ਿਮਓਨੀਆਂ ਦੇ ਗੋਤ ਲਈ ਉਹਨਾਂ ਦੇ ਘਰਾਣਿਆਂ ਅਨੁਸਾਰ ਨਿੱਕਲੀ ਅਤੇ ਉਹਨਾਂ ਦੀ ਵਿਰਾਸਤ ਯਹੂਦੀਆਂ ਦੇ ਹਿੱਸੇ ਵਿੱਚ ਸੀ ।

2ਅਤੇ ਉਹਨਾਂ ਦਾ ਗੁਣਾ ਇਹ ਸੀ, ਬਏਰ ਸ਼ਬਾ, ਸ਼ਬਾ ਅਤੇ ਮੋਲਾਦਾਹ3ਅਤੇ ਹਸਰ ਸੂਆਲ ਅਤੇ ਬਾਲਾਹ ਅਤੇ ਆਸਮ4ਅਲਤੋਲਦ ਅਤੇ ਬਥੂਲ ਅਤੇ ਹਾਰਮਾਹ
5ਸਿਕਲਗ ਅਤੇ ਬੈਤ ਮਰਕਾਬੋਥ ਅਤੇ ਹਸਰ ਸੂਸਾਹ6ਬੈਤ ਲਬਾਓਥ ਅਤੇ ਸਾਰੂਹਨ, ਇਹ ਤੇਰ੍ਹਾਂ ਸ਼ਹਿਰ ਅਤੇ ਉਹਨਾਂ ਦੇ ਪਿੰਡ ।7ਏਨ ਰਿੰਮੋਨ ਅਤੇ ਅਥਰ ਅਤੇ ਆਸ਼ਾਨ, ਇਹ ਚਾਰੇ ਸ਼ਹਿਰ ਅਤੇ ਉਹਨਾਂ ਦੇ ਪਿੰਡ
8ਨਾਲ ਹੀ ਸਾਰੇ ਪਿੰਡ ਜਿਹੜੇ ਇਨ੍ਹਾਂ ਸ਼ਹਿਰਾਂ ਦੇ ਆਲੇ-ਦੁਆਲੇ ਸਨ । ਬਆਲਥ-ਬਏਰ ਦੱਖਣੀ ਰਾਮਥ ਤੱਕ, ਇਹ ਸ਼ਿਮਓਨੀਆਂ ਦੇ ਗੋਤ ਦੀ ਉਹਨਾਂ ਦੇ ਘਰਾਣਿਆਂ ਅਨੁਸਾਰ ਮਿਲਖ ਸੀ ।9ਯਹੂਦੀਆਂ ਦੇ ਹਿੱਸੇ ਵਿੱਚੋਂ ਸ਼ਿਮਓਨੀਆਂ ਦੀ ਮਿਲਖ ਸੀ ਕਿਉਂ ਜੋ ਯਹੂਦੀਆਂ ਦੀ ਵੰਡ ਉਹਨਾਂ ਲਈ ਵੱਧ ਸੀ । ਇਸ ਕਾਰਨ ਸ਼ਿਮਓਨੀਆਂ ਨੇ ਆਪਣੇ ਲਈ ਮਿਲਖ ਉਹਨਾਂ ਦੀ ਮਿਲਖ ਦੇ ਵਿੱਚੋਂ ਲਈ ।
ਜ਼ਬੂਲਨ ਦੇ ਗੋਤ ਨੂੰ ਦਿੱਤਾ ਗਿਆ ਹਿੱਸਾ

10ਤੀਜੀ ਪਰਚੀ ਜਬੂਲੁਨੀਆਂ ਦਾ ਉਹਨਾਂ ਦੇ ਘਰਾਣਿਆਂ ਅਨੁਸਾਰ ਨਿੱਕਲੀ ਅਤੇ ਉਹਨਾਂ ਦੀ ਮਿਲਖ ਦੀ ਹੱਦ ਸਰੀਦ ਤੱਕ ਸੀ ।11ਉਹਨਾਂ ਦੀ ਹੱਦ ਲਹਿੰਦੇ ਵੱਲ ਮਰਾਲਾਹ ਨੂੰ ਚੜ੍ਹੀ ਅਤੇ ਦੱਬਾਸਥ ਪਹੁੰਚ ਕੇ ਉਸ ਵਾਦੀ ਨੂੰ ਜਾ ਪਹੁੰਚੀ ਜਿਹੜੀ ਯਾਕਨੁਆਮ ਦੇ ਸਾਹਮਣੇ ਹੈ ।
12ਅਤੇ ਸਾਰੀਦ ਤੋਂ ਪੂਰਬ ਨੂੰ ਸੂਰਜ ਦੇ ਚੜ੍ਹਦੀ ਵੱਲ ਕਿਸਲਥ ਤਾਬੋਰ ਦੀ ਹੱਦ ਨੂੰ ਮੁੜੀ ਅਤੇ ਉੱਥੋਂ ਦਾਬਰਥ ਨੂੰ ਜਾ ਕੇ ਯਾਫੀਆ ਨੂੰ ਚੜ੍ਹੀ13ਅਤੇ ਉੱਥੋਂ ਲੰਘ ਕੇ ਅੱਗੇ ਨੂੰ ਚੜ੍ਹਦੀ ਵੱਲ ਗਿੱਤਾ ਹੇਫਰ ਅਤੇ ਇੱਤਾਕਾਸੀਨ ਵੱਲ ਗਈ ਅਤੇ ਰਿੰਮੋਨ ਜਿਹੜਾ ਨੇਆਹ ਤੱਕ ਪਹੁੰਚਦਾ ਹੈ ਗਈ ।
14ਉਹ ਹੱਦ ਉਹ ਦੇ ਉੱਤਰ ਵੱਲੋਂ ਹਨਾਥੋਨ ਕੋਲੋਂ ਮੁੜੀ ਅਤੇ ਉਹ ਦਾ ਫੈਲਾਓ ਯਿੱਫਤਹ-ਏਲ ਦੀ ਵਾਦੀ ਤੱਕ ਸੀ ।15ਕੱਟਾਥ ਅਤੇ ਨਹਲਾਲ ਅਤੇ ਸ਼ਿਮਰੋਨ ਯਿਦਲਾਹ ਅਤੇ ਬੈਤਲਹਮ, ਬਾਰਾਂ ਸ਼ਹਿਰ ਅਤੇ ਉਹਨਾਂ ਦੇ ਪਿੰਡ16ਇਹ ਜ਼ਬੂਲੁਨੀਆਂ ਦੀ ਮਿਲਖ ਉਹਨਾਂ ਦੇ ਘਰਾਣਿਆਂ ਅਨੁਸਾਰ ਸੀ, ਇਹ ਸ਼ਹਿਰ ਅਤੇ ਉਹਨਾਂ ਦੇ ਪਿੰਡ ।
ਯਿੱਸਾਕਰ ਦੇ ਗੋਤ ਨੂੰ ਦਿੱਤਾ ਗਿਆ ਹਿੱਸਾ

17ਚੌਥੀ ਪਰਚੀ ਯਿੱਸਾਕਾਰ ਲਈ ਨਿੱਕਲੀ ਅਰਥਾਤ ਯਿੱਸਾਕਾਰੀਆਂ ਲਈ ਉਹਨਾਂ ਦੇ ਘਰਾਣਿਆਂ ਅਨੁਸਾਰ18ਅਤੇ ਉਹਨਾਂ ਦੀ ਹੱਦ ਯਿਜ਼ਰਾਏਲ ਅਤੇ ਕਸੂਲੋਥ ਅਤੇ ਸ਼ੂਨੇਮ ਤੱਕ ਸੀ ।19ਹਫਾਰਇਮ ਅਤੇ ਸ਼ੀਓਨ ਅਤੇ ਅਨਾਹਰਾਥ
20ਰੰਬੀਥ ਅਤੇ ਕਿਸ਼ਯੋਨ ਅਤੇ ਆਬਸ21ਅਤੇ ਰਮਥ ਅਤੇ ਏਨ-ਗਨੀਮ ਅਤੇ ਏਨ-ਹੱਦਦ ਅਤੇ ਬੈਤ-ਪੱਸੇਸ ਤੱਕ ਸੀ22ਤਾਂ ਉਹ ਹੱਦ ਤਾਬੋਰ ਅਤੇ ਸਾਹਸੀਮਾਹ ਅਤੇ ਬੈਤ ਸ਼ਮਸ਼ ਨੂੰ ਜਾ ਢੁੱਕੀ ਅਤੇ ਉਹ ਦੀਆਂ ਹੱਦਾਂ ਦਾ ਫੈਲਾਓ ਯਰਦਨ ਤੱਕ ਸੀ, ਸੋਲਾਂ ਸ਼ਹਿਰ ਅਤੇ ਉਹਨਾਂ ਦੇ ਪਿੰਡ
23ਉਹ ਯਿੱਸਾਕਾਰੀਆਂ ਦੇ ਗੋਤ ਦੀ ਉਹਨਾਂ ਦੇ ਘਰਾਣਿਆਂ ਅਨੁਸਾਰ ਮਿਲਖ ਸੀ ਅਤੇ ਉਹਨਾਂ ਦੇ ਸ਼ਹਿਰ ਤੇ ਪਿੰਡ ਇਹ ਸਨ ।
ਆਸ਼ੇਰ ਦੇ ਗੋਤ ਨੂੰ ਦਿੱਤਾ ਗਿਆ ਹਿੱਸਾ

24ਪੰਜਵੀ ਪਰਚੀ ਆਸ਼ੇਰੀਆਂ ਦੇ ਗੋਤ ਦਾ ਉਹਨਾਂ ਦੇ ਘਰਾਣਿਆਂ ਅਨੁਸਾਰ ਨਿੱਕਲੀ25ਅਤੇ ਉਹਨਾਂ ਦੀ ਹੱਦ ਇਹ ਸੀ, ਹਲਕਥ ਅਤੇ ਹਲੀ ਅਤੇ ਬਟਨ ਅਤੇ ਅਕਸ਼ਾਫ26ਅਤੇ ਅਲਮੰਲਕ ਅਤੇ ਅਮਾਦ ਅਤੇ ਮਿਸ਼ਾਲ ਅਤੇ ਪੱਛਮ ਵੱਲ ਕਰਮਲ ਨੂੰ ਅਤੇ ਸ਼ੀਹੋਰ ਲਿਬਨਾਥ ਨੂੰ ਜਾ ਢੁੱਕੀ
27ਸੂਰਜ ਦੇ ਚੜ੍ਹਦੇ ਪਾਸੇ ਉਹ ਬੈਤ ਦਾਗੋਨ ਨੂੰ ਮੁੜ ਕੇ ਜ਼ਬੂਲੁਨ ਨੂੰ ਅਤੇ ਯਿੱਫਤਾਏਲ ਦੀ ਵਾਦੀ ਨੂੰ ਉਤਰ ਵੱਲ ਬੈਤ ਏਮਕ ਅਤੇ ਨਈਏਲ ਤੱਕ ਜਾ ਢੁੱਕੀ, ਫਿਰ ਉਹ ਖੱਬੇ ਪਾਸੇ ਕਬੂਲ ਨੂੰ ਨਿੱਕਲੀ28ਨਾਲੇ ਅਬਰੋਨ ਅਤੇ ਰਹੋਬ ਅਤੇ ਹੰਮੋਨ ਅਤੇ ਕਾਨਾਹ ਨੂੰ ਵੱਡੇ ਸੀਦੋਨ ਤੱਕ
29ਤਾਂ ਉਹ ਹੱਦ ਰਾਮਾਹ ਅਤੇ ਮਿਬਸਰ-ਸੋਰ ਦੇ ਸ਼ਹਿਰ ਨੂੰ ਮੁੜੀ ਅਤੇ ਉਹ ਹੱਦ ਹੋਸਾਹ ਨੂੰ ਮੁੜੀ ਅਤੇ ਉਹ ਦਾ ਫੈਲਾਓ ਸਮੁੰਦਰ ਕੋਲ ਹੇਬਲ ਤੋਂ ਅਕਜ਼ੀਬ ਤੱਕ ਸੀ30ਨਾਲੇ ਉੱਮਾਹ ਅਤੇ ਅਫੇਕ ਅਤੇ ਰਹੋਬ, ਬਾਈ ਸ਼ਹਿਰ ਅਤੇ ਉਹਨਾਂ ਦੇ ਪਿੰਡ
31ਇਹ ਆਸ਼ੇਰੀਆਂ ਦੇ ਗੋਤ ਦੀ ਮਿਲਖ ਉਹਨਾਂ ਦੇ ਘਰਾਣਿਆਂ ਅਨੁਸਾਰ ਸੀ ਇਹ ਸ਼ਹਿਰ ਅਤੇ ਉਹਨਾਂ ਪਿੰਡ ।
ਨਫਤਾਲੀ ਦੇ ਗੋਤ ਨੂੰ ਦਿੱਤਾ ਗਿਆ ਭਾਗ

32ਛੇਵੀਂ ਪਰਚੀ ਨਫ਼ਤਾਲੀਆਂ ਦੇ ਲਈ ਨਿੱਕਲੀ ਅਰਥਾਤ ਨਫ਼ਤਾਲੀਆਂ ਦੇ ਲਈ ਉਹਨਾਂ ਦੀਆਂ ਗੋਤਾਂ ਅਨੁਸਾਰ33ਉਹਨਾਂ ਦੀ ਹੱਦ ਹਲਫ ਤੋਂ ਸਆਨੰਨੀਮ ਦੇ ਬਲੂਤ ਤੋਂ ਅਤੇ ਅਦਾਮੀ ਨਕਬ, ਯਬਨਏਲ ਤੋਂ ਲੱਕੂਮ ਤੱਕ ਅਤੇ ਉਸ ਦਾ ਫੈਲਾਓ ਯਰਦਨ ਤੱਕ ਸੀ34ਤਾਂ ਉਹ ਹੱਦ ਪੱਛਮ ਵੱਲ ਅਜ਼ਨੋਥ ਤਾਬੋਰ ਨੂੰ ਮੁੜੀ ਅਤੇ ਉੱਥੋਂ ਹੁੱਕੋਕ ਨੂੰ ਜਾ ਨਿੱਕਲੀ ਅਤੇ ਦੱਖਣ ਵੱਲ ਜ਼ਬੂਲੁਨ ਨੂੰ ਜਾ ਪਹੁੰਚੀ ਅਤੇ ਲਹਿੰਦੀ ਵੱਲ ਆਸ਼ੇਰ ਨੂੰ ਅਤੇ ਸੂਰਜ ਦੇ ਚੜ੍ਹਦੇ ਪਾਸੇ ਯਰਦਨ ਕੋਲ ਯਹੂਦਾਹ ਨੂੰ ਜਾ ਪਹੁੰਚੀ
35ਅਤੇ ਗੜ੍ਹ ਵਾਲੇ ਸ਼ਹਿਰ ਇਹ ਸਨ, ਸਿੱਦੀਮ, ਸੇਰ ਅਤੇ ਹੰਮਥ, ਰੱਕਥ ਅਤੇ ਕਿੰਨਾਰਥ36ਅਤੇ ਅਦਾਮਾਹ ਅਤੇ ਰਾਮਾਹ ਅਤੇ ਹਾਸੋਰ37ਅਤੇ ਕਦਸ਼ ਅਤੇ ਅਦਰਈ ਅਤੇ ਏਨ ਹਾਸੋਰ
38ਅਤੇ ਯਿਰੋਨ ਅਤੇ ਮਿਗਦਲ-ਏਲ, ਹਾਰੇਮ ਅਤੇ ਬੈਤ ਅਨਾਥ ਅਤੇ ਬੈਤ ਸ਼ਮਸ਼, ਉੱਨੀ ਸ਼ਹਿਰ ਅਤੇ ਉਹਨਾਂ ਦੇ ਪਿੰਡ39ਇਹ ਨਫ਼ਤਾਲੀਆਂ ਦੇ ਗੋਤ ਦੀ ਮਿਲਖ ਉਹਨਾਂ ਦੇ ਘਰਾਣਿਆਂ ਅਨੁਸਾਰ ਸੀ ਅਰਥਾਤ ਇਹ ਸ਼ਹਿਰ ਅਤੇ ਉਹਨਾਂ ਦੇ ਪਿੰਡ ।
ਦਾਨ ਦੇ ਗੋਤ ਨੂੰ ਦਿੱਤਾ ਗਿਆ ਭਾਗ

40ਸੱਤਵੀਂ ਪਰਚੀ ਦਾਨੀਆਂ ਦੇ ਗੋਤ ਲਈ ਉਹਨਾਂ ਦੇ ਘਰਾਣਿਆਂ ਅਨੁਸਾਰ ਨਿੱਕਲੀ41ਅਤੇ ਉਹਨਾਂ ਦੀ ਮਿਲਖ ਦੀ ਹੱਦ ਇਹ ਸੀ, ਸਾਰਾਹ ਅਤੇ ਅਸ਼ਤਾਓਲ ਅਤੇ ਇਰ ਸ਼ਮਸ਼42ਅਤੇ ਸ਼ਆਲੱਬੀਨ ਅਤੇ ਅਯਾਲੋਨ ਅਤੇ ਯਿਥਲਾਹ
43ਅਤੇ ਏਲੋਨ ਅਤੇ ਤਿਮਨਾਥਾਹ ਅਤੇ ਅਕਰੋਨ44ਅਤੇ ਅਲਤਕੇਹ ਅਤੇ ਗਿਬਥੋਨ ਅਤੇ ਬਆਲਾਥ45ਅਤੇ ਯਿਹੁਦ ਅਤੇ ਬਨੇ-ਬਰਕ ਅਤੇ ਗਾਥ-ਰਿੰਮੋਨ46ਅਤੇ ਮੇ-ਯਰਕੋਨ ਅਤੇ ਰੱਕੋਨ ਨਾਲੇ ਯਾਫੋ ਦੇ ਸਾਹਮਣੇ ਦੀ ਹੱਦ
47ਅਤੇ ਦਾਨੀਆਂ ਦੀ ਹੱਦ ਉਹਨਾਂ ਤੋਂ ਪਾਰ ਇਸ ਲਈ ਨਿੱਕਲੀ ਕਿ ਦਾਨੀਆਂ ਨੇ ਚੜ੍ਹਾਈ ਕਰ ਕੇ ਲਸ਼ਮ ਨਾਲ ਯੁੱਧ ਕੀਤਾ ਅਤੇ ਉਹ ਨੂੰ ਲੈ ਕੇ ਤਲਵਾਰ ਦੀ ਧਾਰ ਨਾਲ ਵੱਢਿਆ ਅਤੇ ਉਸ ਉੱਤੇ ਕਬਜ਼ਾ ਕਰ ਕੇ ਉਸ ਵਿੱਚ ਵਸੇਰਾ ਕੀਤਾ ਅਤੇ ਲਸ਼ਮ ਨੂੰ ਦਾਨ ਆਪਣੇ ਪਿਤਾ ਦਾਨ ਦੇ ਨਾਮ ਉੱਤੇ ਆਖਿਆ48ਇਹ ਦਾਨੀਆਂ ਦੇ ਗੋਤ ਦੀ ਮਿਲਖ ਉਹਨਾਂ ਦੇ ਘਰਾਣਿਆਂ ਦੇ ਅਨੁਸਾਰ ਸੀ ਅਰਥਾਤ ਇਹ ਸ਼ਹਿਰ ਅਤੇ ਉਹਨਾਂ ਦੇ ਪਿੰਡ ।
ਯਹੋਸ਼ੁਆ ਨੂੰ ਵੀ ਭੂਮੀ ਦਾ ਹਿੱਸਾ ਮਿਲਣਾ

49ਤਦ ਉਹ ਉਸ ਦੇਸ ਨੂੰ ਉਹ ਦੀਆਂ ਹੱਦਾਂ ਅਨੁਸਾਰ ਵੰਡ ਚੁੱਕੇ ਅਤੇ ਇਸਰਾਏਲੀਆਂ ਨੇ ਨੂਨ ਦੇ ਪੁੱਤਰ ਯਹੋਸ਼ੁਆ ਨੂੰ ਆਪਣੇ ਵਿੱਚ ਮਿਲਖ ਦਿੱਤੀ ।50ਯਹੋਵਾਹ ਦੇ ਹੁਕਮ ਅਨੁਸਾਰ ਉਹਨਾਂ ਨੇ ਉਹ ਨੂੰ ਉਹ ਸ਼ਹਿਰ ਜਿਹ ਨੂੰ ਉਹ ਮੰਗਦਾ ਸੀ ਅਰਥਾਤ ਤਿਮਨਥ-ਸਰਹ ਅਫ਼ਰਾਈਮ ਦੇ ਪਹਾੜ ਵਿੱਚ ਦਿੱਤਾ ਅਤੇ ਉਹ ਨੇ ਉਸ ਸ਼ਹਿਰ ਨੂੰ ਬਣਾ ਕੇ ਉੱਥੇ ਵਾਸ ਕੀਤਾ ।

51ਇਹ ਉਹ ਮਿਲਖਾਂ ਹਨ ਜਿਹੜੀਆਂ ਅਲਆਜ਼ਾਰ ਜਾਜਕ ਅਤੇ ਨੂਨ ਦੇ ਪੁੱਤਰ ਯਹੋਸ਼ੁਆ ਅਤੇ ਇਸਰਾਏਲੀਆਂ ਦੇ ਗੋਤਾਂ ਦੇ ਪ੍ਰਧਾਨਾਂ ਨੇ ਸ਼ੀਲੋਹ ਵਿੱਚ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਯਹੋਵਾਹ ਦੇ ਅੱਗੇ ਪਰਚੀਆਂ ਪਾ ਕੇ ਵੰਡ ਦਿੱਤੀਆਂ । ਇਸ ਤਰ੍ਹਾਂ ਉਹ ਉਸ ਦੇਸ ਨੂੰ ਵੰਡ ਚੁੱਕੇ ।

20
ਸ਼ਰਣ ਲਈ ਨਗਰ ਠਹਿਰਾਏ ਜਾਣਾ

1ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ,2ਇਸਰਾਏਲੀਆਂ ਨਾਲ ਗੱਲ ਕਰ ਕਿ ਤੁਸੀਂ ਆਪਣੇ ਲਈ ਪਨਾਹ ਨਗਰ ਠਹਿਰਾਓ ਜਿਸ ਦੇ ਬਾਰੇ ਮੈਂ ਮੂਸਾ ਦੇ ਰਾਹੀਂ ਤੁਹਾਨੂੰ ਆਖਿਆ ਸੀ3ਜਿੱਥੇ ਉਹ ਖੂਨੀ ਭੱਜ ਜਾਵੇ ਜਿਸ ਨੇ ਅਣਜਾਣੇ ਜਾਂ ਗਲਤੀ ਦੇ ਨਾਲ ਕਿਸੇ ਪ੍ਰਾਣੀ ਨੂੰ ਮਾਰ ਸੁੱਟਿਆ ਹੋਵੇ ਅਤੇ ਉਹ ਤੁਹਾਡੇ ਲਈ ਖ਼ੂਨ ਦਾ ਬਦਲਾ ਲੈਣ ਵਾਲੇ ਤੋਂ ਪਨਾਹ ਲਈ ਹੋਣਗੇ ।

4ਉਹ ਇਹਨਾਂ ਨਗਰਾਂ ਵਿੱਚੋਂ ਇੱਕ ਨੂੰ ਭੱਜ ਜਾਵੇ ਅਤੇ ਨਗਰ ਦੀ ਡਿਉੜ੍ਹੀ ਦੇ ਫਾਟਕ ਉੱਤੇ ਜਾ ਖਲੋਵੇ ਅਤੇ ਉਸ ਨਗਰ ਦੇ ਬਜ਼ੁਰਗਾਂ ਦੇ ਕੰਨਾਂ ਵਿੱਚ ਆਪਣੀ ਗੱਲ ਕਰੇ ਅਤੇ ਉਹ ਉਸ ਨੂੰ ਨਗਰ ਵਿੱਚ ਆਪਣੇ ਕੋਲ ਲੈ ਜਾਣ ਅਤੇ ਉਹ ਉਸ ਨੂੰ ਥਾਂ ਦੇਣ ਕਿ ਉਹ ਉਹਨਾਂ ਦੇ ਵਿੱਚ ਵੱਸ ਜਾਵੇ ।
5ਜੇ ਖ਼ੂਨ ਦਾ ਬਦਲਾ ਲੈਣ ਵਾਲਾ ਉਹ ਦਾ ਪਿੱਛਾ ਕਰੇ ਤਾਂ ਉਹ ਖ਼ੂਨੀ ਨੂੰ ਉਸ ਦੇ ਹੱਥਾਂ ਵਿੱਚ ਨਾ ਦੇਣ ਕਿਉਂ ਜੋ ਉਸ ਆਪਣੇ ਗੁਆਂਢੀ ਨੂੰ ਗਲਤੀ ਨਾਲ ਮਾਰਿਆ ਸੀ ਅਤੇ ਉਹ ਪਹਿਲਾਂ ਤੋਂ ਉਸ ਦਾ ਵੈਰੀ ਨਹੀਂ ਸੀ ।6ਤਾਂ ਉਹ ਉਸ ਨਗਰ ਵਿੱਚ ਵੱਸਿਆ ਰਹੇ ਜਦ ਤੱਕ ਕਿ ਉਹ ਨਿਆਂ ਲਈ ਮੰਡਲੀ ਦੇ ਅੱਗੇ ਨਾ ਖੜ੍ਹਾ ਹੋਵੇ ਅਤੇ ਜਦ ਤੱਕ ਸਰਦਾਰ ਜਾਜਕ ਦੀ ਮੌਤ ਨਾ ਹੋ ਜਾਵੇ ਜਿਹੜਾ ਉਹਨਾਂ ਦਿਨਾਂ ਦਾ ਹੋਵੇ ਤਾਂ ਉਹ ਖ਼ੂਨੀ ਮੁੜ ਕੇ ਆਪਣੇ ਸ਼ਹਿਰ ਅਤੇ ਆਪਣੇ ਘਰ ਨੂੰ ਅਰਥਾਤ ਉਹ ਸ਼ਹਿਰ ਨੂੰ ਜਿੱਥੋਂ ਉਸ ਨੱਸਿਆ ਸੀ ਜਾਵੇ ।

7ਅਤੇ ਉਹਨਾਂ ਨੇ ਨਫ਼ਤਾਲੀ ਦੇ ਪਹਾੜ ਉੱਤੇ ਗਲੀਲ ਵਿੱਚ ਕਦਸ਼ ਨੂੰ ਅਤੇ ਅਫ਼ਰਾਈਮ ਦੇ ਪਹਾੜ ਵਿੱਚ ਸ਼ਕਮ ਨੂੰ ਅਤੇ ਯਹੂਦਾਹ ਦੇ ਪਹਾੜ ਵਿੱਚ ਕਿਰਯਥ ਅਰਬਾ ਨੂੰ ਜਿਹੜਾ ਹਬਰੋਨ ਹੈ ਵੱਖਰਾ ਕੀਤਾ ।8ਅਤੇ ਯਰਦਨ ਦੇ ਪਾਰ ਯਰੀਹੋ ਦੇ ਪੂਰਬ ਵੱਲ ਉਹਨਾਂ ਨੇ ਬਸਰ ਨੂੰ ਜਿਹੜਾ ਰਊਬੇਨ ਦੇ ਗੋਤ ਦੇ ਮੈਦਾਨ ਦੀ ਉਜਾੜ ਵਿੱਚ ਹੈ ਠਹਿਰਾਇਆ ਅਤੇ ਰਾਮੋਥ ਨੂੰ ਜਿਹੜਾ ਗਿਲਆਦ ਵਿੱਚ ਗਾਦ ਦੇ ਗੋਤ ਵਿੱਚ ਸੀ ਅਤੇ ਬਾਸ਼ਾਨ ਵਿੱਚ ਗੋਲਨ ਨੂੰ ਜਿਹੜਾ ਮਨੱਸ਼ਹ ਦੇ ਗੋਤ ਵਿੱਚ ਸੀ ।
9ਇਹ ਨਗਰ ਸਾਰੇ ਇਸਰਾਏਲੀਆਂ ਲਈ ਅਤੇ ਪਰਦੇਸੀਆਂ ਲਈ ਜਿਹੜੇ ਉਹਨਾਂ ਦੇ ਵਿੱਚ ਵੱਸਦੇ ਸਨ ਠਹਿਰਾਏ ਗਏ ਜਿੱਥੇ ਹਰ ਇੱਕ ਭੱਜ ਜਾਵੇ ਜਿਹੜਾ ਕਿਸੇ ਪ੍ਰਾਣੀ ਨੂੰ ਅਣਜਾਣੇ ਮਾਰ ਦੇਵੇ ਤਾਂ ਜੋ ਉਹ ਖ਼ੂਨ ਦਾ ਬਦਲਾ ਲੈਣ ਵਾਲੇ ਦੇ ਹੱਥੋਂ ਮਾਰਿਆ ਨਾ ਜਾਵੇ ਜਦ ਤੱਕ ਕਿ ਉਹ ਮੰਡਲੀ ਦੇ ਅੱਗੇ ਨਾ ਖੜ੍ਹਾ ਕੀਤਾ ਜਾਵੇ ।

21
ਲੇਵੀਆਂ ਨੂੰ ਨਗਰ ਦੇਣਾ

1ਤਦ ਲੇਵੀਆਂ ਦੇ ਘਰਾਣਿਆਂ ਦੇ ਪ੍ਰਧਾਨ ਅਲਆਜ਼ਾਰ ਜਾਜਕ ਅਤੇ ਨੂਨ ਦੇ ਪੁੱਤਰ ਯਹੋਸ਼ੁਆ ਅਤੇ ਇਸਰਾਏਲੀਆਂ ਦੇ ਗੋਤਾਂ ਦੇ ਸਰਦਾਰਾਂ ਕੋਲ ਆਏ ।2ਉਹਨਾਂ ਨੇ ਉਹਨਾਂ ਨਾਲ ਸ਼ੀਲੋਹ ਵਿੱਚ ਕਨਾਨ ਦੇ ਦੇਸ ਵਿੱਚ ਗੱਲ ਕੀਤੀ ਕਿ ਯਹੋਵਾਹ ਨੇ ਮੂਸਾ ਦੇ ਰਾਹੀਂ ਹੁਕਮ ਦਿੱਤਾ ਸੀ ਕਿ ਸਾਨੂੰ ਵੱਸਣ ਲਈ ਸ਼ਹਿਰ ਅਤੇ ਉਹਨਾਂ ਦੀਆਂ ਸ਼ਾਮਲਾਟ ਸਾਡੇ ਡੰਗਰਾਂ ਲਈ ਦਿੱਤੀਆਂ ਜਾਣ ।

3ਇਸਰਾਏਲੀਆਂ ਨੇ ਲੇਵੀਆਂ ਨੂੰ ਆਪਣੀ ਮਿਲਖ ਵਿੱਚੋਂ ਯਹੋਵਾਹ ਦੇ ਹੁਕਮ ਅਨੁਸਾਰ ਇਹ ਸ਼ਹਿਰ ਅਤੇ ਉਹਨਾਂ ਦੀਆਂ ਸ਼ਾਮਲਾਟਾਂ ਦਿੱਤੀਆਂ ।

4ਕਹਾਥੀਆਂ ਦੇ ਘਰਾਣਿਆਂ ਦਾ ਭਾਗ ਨਿੱਕਲਿਆ ਅਤੇ ਹਾਰੂਨ ਜਾਜਕ ਦੇ ਪੁੱਤਰਾਂ ਲਈ ਜਿਹੜੇ ਲੇਵੀ ਸਨ ਯਹੂਦਾਹ ਦੇ ਗੋਤ ਵਿੱਚੋਂ ਅਤੇ ਸ਼ਿਮਓਨੀਆਂ ਦੇ ਗੋਤ ਵਿੱਚੋਂ ਅਤੇ ਬਿਨਯਾਮੀਨ ਦੇ ਗੋਤ ਵਿੱਚੋਂ ਗੁਣੇ ਨਾਲ ਤੇਰਾਂ ਸ਼ਹਿਰ ਮਿਲੇ ।

5ਬਾਕੀ ਕਹਾਥੀਆਂ ਲਈ ਅਫ਼ਰਾਈਮ ਦੇ ਗੋਤ ਦੇ ਘਰਾਣਿਆਂ ਵਿੱਚੋਂ ਅਤੇ ਦਾਨ ਦੇ ਗੋਤ ਵਿੱਚੋਂ ਅਤੇ ਮਨੱਸ਼ਹ ਦੇ ਅੱਧੇ ਗੋਤ ਵਿੱਚੋਂ ਗੁਣੇ ਨਾਲ ਦਸ ਸ਼ਹਿਰ ਮਿਲੇ ।

6ਗੇਰਸ਼ੋਨੀਆਂ ਲਈ ਯਿੱਸਾਕਾਰ ਦੇ ਗੋਤ ਦੇ ਘਰਾਣਿਆਂ ਵਿੱਚੋਂ ਅਤੇ ਆਸ਼ੇਰ ਦੇ ਗੋਤ ਵਿੱਚੋਂ ਅਤੇ ਨਫ਼ਤਾਲੀ ਦੇ ਗੋਤ ਵਿੱਚੋਂ ਅਤੇ ਮੱਨਸ਼ਹ ਦੇ ਅੱਧੇ ਗੋਤ ਵਿੱਚੋਂ ਬਾਸ਼ਾਨ ਵਿੱਚ ਗੁਣੇ ਨਾਲ ਤੇਰਾਂ ਸ਼ਹਿਰ ਮਿਲੇ ।

7ਮਰਾਰੀਆਂ ਲਈ ਉਹਨਾਂ ਦੇ ਘਰਾਣਿਆਂ ਅਨੁਸਾਰ ਰਊਬੇਨ ਦੇ ਗੋਤ ਵਿੱਚੋਂ ਅਤੇ ਗਾਦ ਦੇ ਗੋਤ ਵਿੱਚੋਂ ਅਤੇ ਜ਼ਬੂਲੁਨ ਦੇ ਗੋਤ ਵਿੱਚੋਂ ਬਾਰਾਂ ਸ਼ਹਿਰ ਮਿਲੇ ।

8ਸੋ ਇਸਰਾਏਲੀਆਂ ਨੇ ਲੇਵੀਆਂ ਨੂੰ ਇਹ ਸ਼ਹਿਰ ਅਤੇ ਉਹਨਾਂ ਦੀਆਂ ਸ਼ਾਮਲਾਟ ਗੁਣੇ ਨਾਲ ਦਿੱਤੀਆਂ ਜਿਵੇਂ ਯਹੋਵਾਹ ਨੇ ਮੂਸਾ ਦੇ ਰਾਹੀਂ ਹੁਕਮ ਦਿੱਤਾ ਸੀ ।9ਅਤੇ ਉਹਨਾਂ ਨੇ ਯਹੂਦੀਆਂ ਦੇ ਗੋਤ ਵਿੱਚੋਂ ਅਤੇ ਸ਼ਿਮਓਨੀਆਂ ਦੇ ਗੋਤ ਵਿੱਚੋਂ ਇਹ ਸ਼ਹਿਰ ਦਿੱਤੇ ਜਿਨ੍ਹਾਂ ਦੇ ਨਾਮ ਦੱਸੇ ਗਏ ।10ਅਤੇ ਉਹ ਹਾਰੂਨ ਦੀ ਅੰਸ ਲਈ ਸਨ ਜੋ ਕਹਾਥੀਆਂ ਦੇ ਘਰਾਣਿਆਂ ਤੋਂ ਅਤੇ ਲੇਵੀਆਂ ਤੋਂ ਸਨ ਕਿਉਂ ਜੋ ਪਹਿਲਾ ਭਾਗ ਉਹਨਾਂ ਦਾ ਹੋਇਆ ।
11ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਨੂੰ ਕਿਰਯਥ ਅਰਬਾ ਜਿਹੜਾ ਅਨੋਕ ਦਾ ਪਿਤਾ ਹੈ ਅਤੇ ਯਹੂਦਾਹ ਦੇ ਪਹਾੜ ਵਿੱਚ ਹਬਰੋਨ ਵੀ ਹੈ ਅਤੇ ਉਹ ਦੇ ਆਲੇ-ਦੁਆਲੇ ਦੀ ਸ਼ਾਮਲਾਟ ਦਿੱਤੀ ।12ਪਰ ਸ਼ਹਿਰ ਦੀਆਂ ਪੈਲੀਆਂ ਅਤੇ ਉਸ ਦੇ ਪਿੰਡ ਉਹਨਾਂ ਨੇ ਯਫ਼ੁੰਨਾਹ ਦੇ ਪੁੱਤਰ ਕਾਲੇਬ ਨੂੰ ਜਗੀਰ ਵਿੱਚ ਦਿੱਤੇ ।

13ਅਤੇ ਹਾਰੂਨ ਜਾਜਕ ਦੀ ਅੰਸ ਨੂੰ ਉਹਨਾਂ ਨੇ ਹਬਰੋਨ ਜਿਹੜਾ ਖ਼ੂਨੀਆਂ ਲਈ ਪਨਾਹ ਨਗਰ ਸੀ ਉਹ ਦੀ ਸ਼ਾਮਲਾਟ ਸਣੇ ਦਿੱਤਾ ਨਾਲੇ ਲਿਬਨਾਹ ਉਹ ਦੀ ਸ਼ਾਮਲਾਟ ਸਣੇ ।14ਅਤੇ ਯੱਤਿਰ ਉਹ ਦੀ ਸ਼ਾਮਲਾਟ ਸਣੇ ਅਤੇ ਅਸ਼ਤਮੋਆ ਉਹ ਦੀ ਸ਼ਾਮਲਾਟ ਸਣੇ ।15ਅਤੇ ਹੋਲੋਨ ਉਹ ਦੀ ਸ਼ਾਮਲਾਟ ਸਣੇ ਅਤੇ ਦਬੀਰ ਉਹ ਦੀ ਸ਼ਾਮਲਾਟ ਸਣੇ ।16ਅਤੇ ਆਇਨ ਉਹ ਦੀ ਸ਼ਾਮਲਾਟ ਸਣੇ ਅਤੇ ਯੁੱਤਾਹ ਉਹ ਦੀ ਸ਼ਾਮਲਾਟ ਸਣੇ ਅਤੇ ਬੈਤ ਸ਼ਮਸ਼ ਉਹ ਦੀ ਸ਼ਾਮਲਾਟ ਸਣੇ ਅਰਥਾਤ ਨੌ ਸ਼ਹਿਰ ਇਨ੍ਹਾਂ ਦੋਹਾਂ ਗੋਤਾਂ ਵਿੱਚੋ
17ਅਤੇ ਬਿਨਯਾਮੀਨ ਦੇ ਗੋਤ ਵਿੱਚੋਂ ਗਿਬਓਨ ਉਹ ਦੀ ਸ਼ਾਮਲਾਟ ਸਣੇ ਅਤੇ ਗਬਾ ਉਹ ਦੀ ਸ਼ਾਮਲਾਟ ਸਣੇ ।18ਅਨਾਰੋਥ ਉਹ ਦੀ ਸ਼ਾਮਲਾਟ ਸਣੇ ਅਤੇ ਅਲਮੋਨ ਉਹ ਦੀ ਸ਼ਾਮਲਾਟ ਸਣੇ ਅਰਥਾਤ ਚਾਰ ਸ਼ਹਿਰ ।19ਸੋ ਹਾਰੂਨ ਦੀ ਅੰਸ ਦੇ ਜਿਹੜੇ ਜਾਜਕ ਸਨ ਸਾਰੇ ਸ਼ਹਿਰ ਤੇਰਾਂ ਸ਼ਹਿਰ ਉਹਨਾਂ ਦੀਆਂ ਸ਼ਾਮਲਾਟ ਨਾਲ ਸਨ ।

20ਕਹਾਥੀਆਂ ਦੇ ਘਰਾਣਿਆਂ ਲਈ ਜਿਹੜੇ ਲੇਵੀ ਸਨ ਅਰਥਾਤ ਬਾਕੀ ਕਹਾਥੀਆਂ ਲਈ ਉਹਨਾਂ ਦੇ ਗੁਣੇ ਦੇ ਸ਼ਹਿਰ ਅਫ਼ਰਾਈਮ ਦੇ ਗੋਤ ਵਿੱਚੋਂ ਸਨ ।21ਉਹਨਾਂ ਨੇ ਉਹਨਾਂ ਨੂੰ ਸ਼ਕਮ ਜਿਹੜਾ ਖ਼ੂਨੀਆਂ ਲਈ ਪਨਾਹ ਨਗਰ ਸੀ ਉਹ ਦੀ ਸ਼ਾਮਲਾਟ ਸਣੇ ਅਫ਼ਰਾਈਮ ਦੇ ਪਹਾੜ ਵਿੱਚ ਦਿੱਤਾ ਅਤੇ ਗਜ਼ਰ ਉਹ ਦੀ ਸ਼ਾਮਲਾਟ ਸਣੇ ।22ਅਤੇ ਕਿਬਸੈਮ ਉਹ ਦੀ ਸ਼ਾਮਲਾਟ ਸਣੇ ਅਤੇ ਬੈਤ ਹੋਰੋਨ ਉਹ ਦੀ ਸ਼ਾਮਲਾਟ ਸਣੇ ਅਰਥਾਤ ਚਾਰ ਸ਼ਹਿਰ ।
23ਅਤੇ ਦਾਨ ਦੇ ਗੋਤ ਵਿੱਚੋਂ ਅਲਤਕੇ ਉਹ ਦੀ ਸ਼ਾਮਲਾਟ ਸਣੇ, ਗਿਬਥੋਨ ਉਹ ਦੀ ਸ਼ਾਮਲਾਟ ਸਣੇ,24ਅੱਯਾਲੋਨ ਉਹ ਦੀ ਸ਼ਾਮਲਾਟ ਸਣੇ ਅਤੇ ਗਥ-ਰਿੰਮੋਨ ਉਹ ਦੀ ਸ਼ਾਮਲਾਟ ਸਣੇ ਅਰਥਾਤ ਚਾਰ ਸ਼ਹਿਰ ।
25ਅਤੇ ਮਨੱਸ਼ਹ ਦੇ ਅੱਧੇ ਗੋਤ ਵਿੱਚੋਂ ਤਾਨਾਕ ਉਹ ਦੀ ਸ਼ਾਮਾਲਤ ਸਣੇ ਅਤੇ ਗਥ-ਰਿੰਮੋਨ ਉਹ ਦੀ ਸ਼ਾਮਲਾਟ ਸਣੇ ਅਰਥਾਤ ਦੋ ਸ਼ਹਿਰ ।26ਬਾਕੀ ਕਹਾਥੀਆਂ ਦੇ ਘਰਾਣਿਆਂ ਲਈ ਸਾਰੇ ਸ਼ਹਿਰ ਦਸ ਉਹਨਾਂ ਦੀਆਂ ਸ਼ਾਮਲਾਟ ਨਾਲ ਸਨ ।

27ਗੇਰਸ਼ੋਨੀਆਂ ਲਈ ਜਿਹੜੇ ਲੇਵੀ ਦੇ ਘਰਾਣਿਆਂ ਵਿੱਚੋਂ ਸਨ ਮਨੱਸ਼ਹ ਦੇ ਅੱਧੇ ਗੋਤ ਵਿੱਚੋਂ ਗੋਲਨ ਬਾਸ਼ਾਨ ਵਿੱਚ ਜਿਹੜਾ ਖ਼ੂਨੀਆਂ ਲਈ ਪਨਾਹ ਨਗਰ ਸੀ ਉਹ ਦੀ ਸ਼ਾਮਲਾਟ ਸਣੇ ਅਤੇ ਬਅਸ਼ਤਰਾਹ ਉਹ ਦੀ ਸ਼ਾਮਲਾਟ ਸਣੇ ਅਰਥਾਤ ਦੋ ਸ਼ਹਿਰ ।
28ਯਿੱਸਾਕਾਰ ਦੇ ਗੋਤ ਵਿੱਚੋਂ ਕਿਸ਼ਯੋਨ ਉਹ ਦੀ ਸ਼ਾਮਲਾਟ ਸਣੇ, ਦਾਬਰਥ ਉਹ ਦੀ ਸ਼ਾਮਲਾਟ ਸਣੇ,29ਯਰਮੂਥ ਉਹ ਦੀ ਸ਼ਾਮਲਾਟ ਸਣੇ ਅਤੇ ਏਨ ਗੱਨੀਮ ਉਹ ਦੀ ਸ਼ਾਮਲਾਟ ਸਣੇ ਅਰਥਾਤ ਚਾਰ ਸ਼ਹਿਰ ।30ਅਤੇ ਆਸ਼ੇਰ ਦੇ ਗੋਤ ਵਿੱਚੋਂ ਮਿਸ਼ਾਲ ਉਹ ਦੀ ਸ਼ਾਮਲਾਟ ਸਣੇ, ਅਬਦੋਨ ਉਹ ਦੀ ਸ਼ਾਮਲਾਟ ਸਣੇ,31ਹਲਕਾਥ ਉਹ ਦੀ ਸ਼ਾਮਲਾਥ ਸਣੇ ਅਤੇ ਰਹੋਬ ਉਹ ਦੀ ਸ਼ਾਮਲਾਟ ਸਣੇ ਅਰਥਾਤ ਚਾਰ ਸ਼ਹਿਰ ।
32ਅਤੇ ਨਫ਼ਤਾਲੀ ਦੇ ਗੋਤ ਵਿੱਚੋਂ ਕਦਸ਼ ਜਿਹੜਾ ਖ਼ੂਨੀਆਂ ਲਈ ਪਨਾਹ ਨਗਰ ਸੀ ਗਲੀਲ ਵਿੱਚ ਉਹ ਦੀ ਸ਼ਾਮਲਾਟ ਸਣੇ ਅਤੇ ਹੱਮੋਥ ਦੋਰ ਉਹ ਦੀ ਸ਼ਾਮਲਾਟ ਸਣੇ ਅਤੇ ਕਰਤਾਨ ਉਹ ਦੀ ਸ਼ਾਮਾਲਤ ਸਣੇ ਅਰਥਾਤ ਤਿੰਨ ਸ਼ਹਿਰ ।33ਗੇਰਸ਼ੋਨੀਆਂ ਦੇ ਸਾਰੇ ਸ਼ਹਿਰ ਉਹਨਾਂ ਦੇ ਘਰਾਣਿਆਂ ਅਨੁਸਾਰ ਤੇਰਾਂ ਸ਼ਹਿਰ ਉਹਨਾਂ ਦੀਆਂ ਸ਼ਾਮਲਾਟ ਨਾਲ ਸਨ ।

34ਮਰਾਰੀਆਂ ਦੇ ਘਰਾਣਿਆਂ ਲਈ ਜਿਹੜੇ ਬਾਕੀ ਦੇ ਲੇਵੀ ਸਨ ਜ਼ਬੂਲੁਨ ਦੇ ਗੋਤ ਵਿੱਚੋਂ ਯਾਕਨਆਮ ਉਹ ਦੀ ਸ਼ਾਮਲਾਟ ਸਣੇ, ਕਰਤਾਹ ਉਹ ਦੀ ਸ਼ਾਮਲਾਟ ਸਣੇ,35ਦਿਮਨਾਹ ਉਹ ਦੀ ਸ਼ਾਮਲਾਟ ਸਣੇ ਅਤੇ ਨਹਲਾਲ ਉਹ ਦੀ ਸ਼ਾਮਲਾਟ ਸਣੇ ਅਰਥਾਤ ਚਾਰ ਸ਼ਹਿਰ
36ਅਤੇ ਰਊਬੇਨ ਦੇ ਗੋਤ ਵਿੱਚੋਂ ਬਸਰ ਉਹ ਦੀ ਸ਼ਾਮਲਾਟ ਸਣੇ ਅਤੇ ਯਾਹਸਾਹ ਉਹ ਦੀ ਸ਼ਾਮਲਾਟ ਸਣੇ37ਕਦੇਮੋਥ ਉਹ ਦੀ ਸ਼ਾਮਲਾਟ ਸਣੇ ਅਤੇ ਮੇਪਅਥ ਉਹ ਦੀ ਸ਼ਾਮਲਾਟ ਸਣੇ ਅਰਥਾਤ ਚਾਰ ਸ਼ਹਿਰ38ਅਤੇ ਗਾਦ ਦੀ ਗੋਤ ਵਿੱਚੋਂ ਰਾਮੋਥ ਗਿਲਆਦ ਵਿੱਚ ਜਿਹੜਾ ਖੂਨੀਆਂ ਲਈ ਪਨਾਹ ਨਗਰ ਸੀ ਉਹ ਦੀ ਸ਼ਾਮਲਾਟ ਸਣੇ, ਅਤੇ ਮਹਨਇਮ ਉਹ ਦੀ ਸ਼ਾਮਲਾਟ ਸਣੇ,
39ਹਸ਼ਬੋਨ ਉਹ ਦੀ ਸ਼ਾਮਲਾਟ ਸਣੇ ਅਤੇ ਯਆਜ਼ੇਰ ਉਹ ਦੀ ਸ਼ਾਮਲਾਟ ਸਣੇ ਅਰਥਾਤ ਸਾਰੇ ਸ਼ਹਿਰ ਚਾਰ ਸਨ40ਇਹ ਸਾਰੇ ਸ਼ਹਿਰ ਮਰਾਰੀਆਂ ਦੇ ਉਹਨਾਂ ਦੇ ਘਰਾਣਿਆਂ ਅਨੁਸਾਰ ਸਨ ਜਿਹੜੇ ਲੇਵੀਆਂ ਦੇ ਬਾਕੀ ਘਰਾਣਿਆਂ ਵਿੱਚੋਂ ਸਨ ਅਤੇ ਉਹਨਾਂ ਦੇ ਗੁਣੇ ਦੇ ਬਾਰਾਂ ਸ਼ਹਿਰ ਸਨ ।

41ਲੇਵੀਆਂ ਦੇ ਸਾਰੇ ਸ਼ਹਿਰ ਜਿਹੜੇ ਇਸਰਾਏਲੀਆਂ ਦੀ ਮਿਲਖ ਵਿੱਚ ਸਨ ਅਠੱਤਾਲੀ ਸ਼ਹਿਰ ਉਹਨਾਂ ਦੀਆਂ ਸ਼ਾਮਲਾਟ ਨਾਲ ਸਨ ।42ਇਨ੍ਹਾਂ ਸਾਰੇ ਸ਼ਹਿਰਾਂ ਵਿੱਚੋਂ ਹਰ ਇੱਕ ਸ਼ਹਿਰ ਦੀ ਸ਼ਾਮਲਾਟ ਆਲੇ-ਦੁਆਲੇ ਹੁੰਦੀ ਸੀ ਇਉਂ ਇਨ੍ਹਾਂ ਸਾਰੇ ਸ਼ਹਿਰਾਂ ਨਾਲ ਵੀ ਸੀ ।
ਇਸਰਾਏਲੀਆਂ ਦਾ ਕਨਾਨ ਦੇਸ ਉੱਤੇ ਪੂਰਨ ਅਧਿਕਾਰ

43ਸੋ ਯਹੋਵਾਹ ਨੇ ਇਸਰਾਏਲ ਨੂੰ ਉਹ ਸਾਰਾ ਦੇਸ ਦਿੱਤਾ ਜਿਹ ਦੇ ਦੇਣ ਦੀ ਸਹੁੰ ਉਹਨਾਂ ਦੇ ਪਿਉ-ਦਾਦਿਆਂ ਨਾਲ ਖਾਧੀ ਸੀ ਅਤੇ ਉਹਨਾਂ ਨੇ ਉਸ ਉੱਤੇ ਕਬਜ਼ਾ ਕੀਤਾ ਅਤੇ ਉਸ ਵਿੱਚ ਵਾਸ ਕੀਤਾ ।44ਯਹੋਵਾਹ ਨੇ ਉਹਨਾਂ ਨੂੰ ਸਭ ਤਰ੍ਹਾਂ ਦਾ ਸੁੱਖ ਦਿੱਤਾ ਜਿਵੇਂ ਉਸ ਦੇ ਪਿਉ-ਦਾਦਿਆਂ ਨਾਲ ਸਹੁੰ ਖਾਧੀ ਸੀ ਅਤੇ ਉਹਨਾਂ ਦੇ ਵੈਰੀਆਂ ਵਿੱਚੋਂ ਕੋਈ ਮਨੁੱਖ ਉਹਨਾਂ ਦੇ ਅੱਗੇ ਨਾ ਖੜ੍ਹਾ ਰਿਹਾ । ਯਹੋਵਾਹ ਨੇ ਉਹਨਾਂ ਦੇ ਸਾਰੇ ਵੈਰੀਆਂ ਨੂੰ ਉਹਨਾਂ ਦੇ ਹੱਥ ਵਿੱਚ ਦੇ ਦਿੱਤਾ ।45ਉਹਨਾਂ ਸਾਰਿਆਂ ਚੰਗਿਆਂ ਬਚਨਾਂ ਵਿੱਚੋਂ ਜਿਹੜੇ ਯਹੋਵਾਹ ਨੇ ਇਸਰਾਏਲ ਦੇ ਘਰਾਣੇ ਨਾਲ ਕੀਤੇ ਇੱਕ ਬਚਨ ਵੀ ਰਹਿ ਨਾ ਗਿਆ, ਸਾਰੇ ਪੂਰੇ ਹੋਏ ।

22
ਪੂਰਬ ਵਿੱਚ ਵੱਸੇ ਗੋਤਾਂ ਨੂੰ ਘਰ ਵਾਪਸ ਆਉਣ ਦੀ ਮਨਜੂਰੀ

1ਤਦ ਯਹੋਸ਼ੁਆ ਨੇ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ਹ ਦੇ ਅੱਧੇ ਗੋਤ ਨੂੰ ਸੱਦਿਆ ।2ਉਹਨਾਂ ਨੂੰ ਆਖਿਆ ਕਿ ਤੁਸੀਂ ਉਸ ਸਾਰੇ ਦੀ ਪਾਲਨਾ ਕੀਤੀ ਜਿਹੜਾ ਹੁਕਮ ਤੁਹਾਨੂੰ ਯਹੋਵਾਹ ਦੇ ਦਾਸ ਮੂਸਾ ਨੇ ਦਿੱਤਾ ਸੀ ਤੁਸੀਂ ਮੇਰੀ ਸਾਰੀ ਆਗਿਆਵਾਂ ਨੂੰ ਮੰਨਿਆਂ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਸੀ ।3ਤੁਸੀਂ ਬਹੁਤ ਸਾਰੇ ਦਿਨਾਂ ਤੋਂ ਅੱਜ ਦੇ ਦਿਨ ਤੱਕ ਆਪਣੇ ਭਰਾਵਾਂ ਨੂੰ ਨਹੀਂ ਛੱਡਿਆ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਦੀ ਜ਼ੁਮੇਵਾਰੀ ਦੀ ਪਾਲਨਾ ਕੀਤੀ ।

4ਹੁਣ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਡੇ ਭਰਾਵਾਂ ਨੂੰ ਸੁੱਖ ਦਿੱਤਾ ਹੈ ਜਿਵੇਂ ਉਸ ਉਹਨਾਂ ਨਾਲ ਬਚਨ ਕੀਤਾ ਸੀ । ਹੁਣ ਤੁਸੀਂ ਮੁੜ ਜਾਓ ਅਤੇ ਆਪਣੇ ਤੰਬੂਆਂ ਵਿੱਚ ਆਪਣੀ ਮਿਲਖ ਦੇ ਦੇਸ ਨੂੰ ਜਿਹੜੀ ਯਹੋਵਾਹ ਦੇ ਦਾਸ ਮੂਸਾ ਨੇ ਤੁਹਾਨੂੰ ਯਰਦਨ ਦੇ ਪਾਰ ਦਿੱਤੀ ਸੀ ਜਾਓ ।5ਕੇਵਲ ਤੁਸੀਂ ਉਸ ਹੁਕਮਨਾਮੇ ਦੀ ਅਤੇ ਬਿਵਸਥਾ ਦੀ ਬਹੁਤ ਮਿਹਨਤ ਨਾਲ ਪੂਰਾ ਕਰਨ ਦੀ ਪਾਲਨਾ ਕਰਿਓ ਜਿਨ੍ਹਾਂ ਦਾ ਯਹੋਵਾਹ ਦੇ ਦਾਸ ਮੂਸਾ ਨੇ ਤੁਹਾਨੂੰ ਹੁਕਮ ਦਿੱਤਾ ਸੀ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਪਿਆਰ ਕਰੋ ਅਤੇ ਉਸ ਦੇ ਸਾਰਿਆਂ ਰਾਹਾਂ ਉੱਤੇ ਚੱਲੋ ਅਤੇ ਉਸ ਦੇ ਹੁਕਮਾਂ ਦੀ ਪਾਲਨਾ ਕਰੋ ਅਤੇ ਉਸ ਵਿੱਚ ਬਣੇ ਰਹੋ ਅਤੇ ਆਪਣੇ ਸਾਰੇ ਮਨ ਨਾਲ, ਆਪਣੀ ਸਾਰੀ ਜਾਨ ਨਾਲ ਉਸ ਦੀ ਉਪਾਸਨਾ ਕਰੋ ।6ਤਦ ਯਹੋਸ਼ੁਆ ਨੇ ਉਹਨਾਂ ਨੂੰ ਬਰਕਤ ਦਿੱਤੀ ਅਤੇ ਉਹਨਾਂ ਨੂੰ ਵਿਦਿਆ ਕੀਤਾ, ਫਿਰ ਉਹ ਆਪਣੇ ਤੰਬੂਆਂ ਨੂੰ ਤੁਰ ਗਏ ।

7ਮਨੱਸ਼ਹ ਦੇ ਅੱਧੇ ਗੋਤ ਨੂੰ ਮੂਸਾ ਨੇ ਬਾਸ਼ਾਨ ਵਿੱਚ ਮਿਲਖ ਦਿੱਤੀ ਅਤੇ ਉਸ ਦੇ ਦੂਜੇ ਅੱਧ ਨੂੰ ਯਹੋਸ਼ੁਆ ਨੇ ਉਸ ਦੇ ਭਰਾਵਾਂ ਦੇ ਨਾਲ ਯਰਦਨ ਪਾਰ ਪੱਛਮ ਵੱਲ ਮਿਲਖ ਦਿੱਤੀ ਤਾਂ ਫਿਰ ਜਦ ਯਹੋਸ਼ੁਆ ਨੇ ਉਹਨਾਂ ਨੂੰ ਉਹਨਾਂ ਦੇ ਤੰਬੂਆਂ ਨੂੰ ਭੇਜਿਆ ਤਾਂ ਉਹਨਾਂ ਨੂੰ ਬਰਕਤ ਦਿੱਤੀ ।8ਉਹ ਨੇ ਉਹਨਾਂ ਨੂੰ ਆਖਿਆ ਕਿ ਵੱਡੇ ਧਨ ਨਾਲ ਅਤੇ ਬਹੁਤ ਵੱਡੇ ਚੌਣੇ ਨਾਲ ਅਤੇ ਚਾਂਦੀ, ਸੋਨੇ, ਪਿੱਤਲ, ਲੋਹੇ ਅਤੇ ਬਸਤਰਾਂ ਦੇ ਵੱਡੇ ਢੇਰ ਨਾਲ ਆਪਣੇ ਤੰਬੂਆਂ ਨੂੰ ਮੁੜ ਜਾਓ ਅਤੇ ਆਪਣੇ ਵੈਰੀਆਂ ਦੀ ਲੁੱਟ ਨੂੰ ਆਪਣੇ ਭਰਾਵਾਂ ਨਾਲ ਵੰਡ ਲਓ ।
9ਰਊਬੇਨੀ, ਗਾਦੀ ਅਤੇ ਮਨੱਸ਼ਹ ਦਾ ਅੱਧਾ ਗੋਤ ਇਸਰਾਏਲੀਆਂ ਦੇ ਵਿੱਚੋਂ ਸ਼ੀਲੋਹ ਤੋਂ ਮੁੜ ਤੁਰਿਆ ਜਿਹੜਾ ਕਨਾਨ ਦੇਸ ਵਿੱਚ ਹੈ ਕਿ ਉਹ ਗਿਲਆਦ ਦੇ ਦੇਸ ਨੂੰ ਆਪਣੀ ਜਗੀਰ ਵਿੱਚ ਜਾਣ ਜਿੱਥੇ ਉਹਨਾਂ ਨੂੰ ਮੂਸਾ ਦੇ ਰਾਹੀਂ ਯਹੋਵਾਹ ਦੇ ਹੁਕਮ ਅਨੁਸਾਰ ਕਬਜ਼ਾ ਦਿੱਤਾ ਗਿਆ ਸੀ ।
ਯਰਦਨ ਦੇ ਕਿਨਾਰੇ ਵੇਦੀ ਦੀ ਸਥਾਪਨਾ

10ਜਦ ਉਹ ਯਰਦਨ ਦੇ ਇਲਾਕਿਆਂ ਵਿੱਚ ਆਏ ਜਿਹੜੇ ਕਨਾਨ ਦੇਸ ਵਿੱਚ ਹਨ ਤਾਂ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ਹ ਦੇ ਅੱਧੇ ਗੋਤ ਨੇ ਉੱਥੇ ਇੱਕ ਜਗਵੇਦੀ ਬਣਾਈ ਅਰਥਾਤ ਯਰਦਨ ਦੇ ਉੱਤੇ ਇੱਕ ਜਗਵੇਦੀ ਜਿਹੜੀ ਵੇਖਣ ਵਿੱਚ ਵੱਡੀ ਸਾਰੀ ਲੱਗੇ ।11ਇਸਰਾਏਲੀਆਂ ਨੇ ਸੁਣਿਆ ਕਿ ਵੇਖੋ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ਹ ਦੇ ਅੱਧੇ ਗੋਤ ਨੇ ਕਨਾਨ ਦੇਸ ਦੇ ਸਾਹਮਣੇ ਯਰਦਨ ਦੇ ਇਲਾਕਿਆਂ ਵਿੱਚ ਇੱਕ ਜਗਵੇਦੀ ਇਸਰਾਏਲੀਆਂ ਦੇ ਪਾਸੇ ਵੱਲ ਬਣਾ ਲਈ ਹੈ ।
12ਜਦ ਇਸਰਾਏਲੀਆਂ ਨੇ ਇਹ ਸੁਣਿਆਂ ਤਾਂ ਇਸਰਾਏਲੀਆਂ ਦੀ ਸਾਰੀ ਮੰਡਲੀ ਸ਼ੀਲੋਹ ਵਿੱਚ ਇਕੱਠੀ ਹੋਈ ਕਿ ਉਹਨਾਂ ਨਾਲ ਯੁੱਧ ਕਰਨ ਲਈ ਚੜ੍ਹਾਈ ਕਰਨ ।

13ਇਸਰਾਏਲੀਆਂ ਨੇ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ਹ ਦੇ ਅੱਧੇ ਗੋਤ ਕੋਲ ਅਲਆਜ਼ਾਰ ਜਾਜਕ ਦੇ ਪੁੱਤਰ ਫ਼ੀਨਹਾਸ ਨੂੰ ਗਿਲਆਦ ਦੇ ਦੇਸ ਵਿੱਚ ਭੇਜਿਆ ।14ਦਸ ਪਰਧਾਨ ਉਸ ਦੇ ਨਾਲ ਇਸਰਾਏਲ ਦੇ ਪਿਉ-ਦਾਦਿਆਂ ਦੇ ਘਰਾਣਿਆਂ ਦੇ ਕੁਲ ਗੋਤਾਂ ਦਾ ਇੱਕ-ਇੱਕ ਪ੍ਰਧਾਨ ਅਤੇ ਹਰ ਮਨੁੱਖ ਆਪਣੇ ਪਿਉ-ਦਾਦਿਆਂ ਦੇ ਘਰਾਣੇ ਦਾ ਅਤੇ ਇਸਰਾਏਲ ਦੇ ਹਜ਼ਾਰਾਂ ਦਾ ਸਰਦਾਰ ਸੀ ।
15ਅਤੇ ਉਹਨਾਂ ਰਊਬੇਨੀਆਂ, ਗਾਦੀਆਂ, ਅਤੇ ਮਨੱਸ਼ਹ ਦੇ ਅੱਧੇ ਗੋਤ ਕੋਲ ਗਿਲਆਦ ਨੂੰ ਜਾ ਕੇ ਉਹਨਾਂ ਨਾਲ ਗੱਲ ਕੀਤੀ ।16ਕਿ ਯਹੋਵਾਹ ਦੀ ਸਾਰੀ ਮੰਡਲੀ ਇਉਂ ਆਖਦੀ ਹੈ, ਇਹ ਕੀ ਬੇਈਮਾਨੀ ਹੈ ਜਿਹੜੀ ਤੁਸੀਂ ਇਸਰਾਏਲ ਦੇ ਪਰਮੇਸ਼ੁਰ ਦੇ ਵਿਰੁੱਧ ਕੀਤੀ ਹੈ ਕਿ ਤੁਸੀਂ ਅੱਜ ਦੇ ਦਿਨ ਯਹੋਵਾਹ ਦੇ ਪਿੱਛੇ ਚੱਲਣ ਤੋਂ ਮੁੜ ਗਏ ਹੋ ਅਤੇ ਆਪਣੇ ਲਈ ਇੱਕ ਜਗਵੇਦੀ ਬਣਾ ਲਈ ਹੈ ਕਿ ਤੁਸੀਂ ਅੱਜ ਦੇ ਦਿਨ ਯਹੋਵਾਹ ਤੋਂ ਆਕੀ ਹੋ ਜਾਓ ?
17ਕੀ ਸਾਡੇ ਲਈ ਪਓਰ ਦੀ ਬੁਰਿਆਈ ਛੋਟੀ ਹੈ ਜਿਸ ਤੋਂ ਅਸੀਂ ਆਪਣੇ ਆਪ ਨੂੰ ਅਜੇ ਪਵਿੱਤਰ ਨਹੀਂ ਕੀਤਾ ਭਾਵੇਂ ਯਹੋਵਾਹ ਦੀ ਮੰਡਲੀ ਵਿੱਚ ਬਵਾ ਪੈ ਗਈ ਸੀ ?18ਕੀ ਤੁਸੀਂ ਅੱਜ ਦੇ ਦਿਨ ਯਹੋਵਾਹ ਦੇ ਪਿੱਛੇ ਚੱਲਣ ਤੋਂ ਇਨਕਾਰ ਕਰਦੇ ਹੋ ? ਤਾਂ ਇਸ ਤਰ੍ਹਾਂ ਹੋਵੇਗਾ ਕਿ ਜੇ ਤੁਸੀਂ ਅੱਜ ਦੇ ਦਿਨ ਯਹੋਵਾਹ ਤੋਂ ਪਿੱਛੇ ਮੁੜ ਜਾਵੋਂਗੇ ਤਾਂ ਕਲ ਉਹ ਇਸਰਾਏਲ ਦੀ ਸਾਰੀ ਮੰਡਲੀ ਉੱਤੇ ਗੁੱਸੇ ਹੋ ਜਾਵੇਗਾ ।
19ਤਾਂ ਵੀ ਜੇ ਤੁਹਾਡੀ ਆਪਣੀ ਜ਼ਮੀਨ ਅਸ਼ੁੱਧ ਹੋ ਗਈ ਹੋਵੇ ਤਾਂ ਤੁਸੀਂ ਯਹੋਵਾਹ ਦੀ ਮਿਲਖ ਦੇ ਦੇਸ ਨੂੰ ਲੰਘੋ ਜਿੱਥੇ ਯਹੋਵਾਹ ਦਾ ਡੇਰਾ ਟਿਕਿਆ ਹੋਇਆ ਹੈ ਅਤੇ ਸਾਡੇ ਵਿੱਚ ਮਿਲਖ ਲੈ ਲਓ ਪਰ ਨਾ ਯਹੋਵਾਹ ਤੋਂ ਪਿੱਛੇ ਹਟੋ ਅਤੇ ਨਾ ਸਾਥੋਂ ਪਿੱਛੇ ਹਟੋ ਇਹ ਨਾ ਹੋਵੇ ਕਿ ਯਹੋਵਾਹ ਸਾਡੇ ਪਰਮੇਸ਼ੁਰ ਦੀ ਜਗਵੇਦੀ ਦੇ ਬਿਨ੍ਹਾਂ ਕੋਈ ਹੋਰ ਆਪਣੇ ਲਈ ਜਗਵੇਦੀ ਬਣਾ ਲਓ ।20ਕੀ ਜ਼ਰਹ ਦੇ ਪੁੱਤਰ ਆਕਾਨ ਨੇ ਚੜ੍ਹਾਵੇ ਦੀਆਂ ਚੀਜ਼ਾਂ ਵਿੱਚ ਬੇਈਮਾਨੀ ਨਹੀਂ ਕੀਤੀ ਸੀ ਕਿ ਇਸਰਾਏਲ ਦੀ ਸਾਰੀ ਮੰਡਲੀ ਉੱਤੇ ਕ੍ਰੋਧ ਆ ਪਿਆ ? ਅਤੇ ਉਹ ਮਨੁੱਖ ਇੱਕਲਾ ਹੀ ਆਪਣੀ ਬੁਰਿਆਈ ਵਿੱਚ ਨਾਸ ਨਹੀਂ ਹੋਇਆ ਸੀ ! ।

21ਤਦ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ਹ ਦੇ ਅੱਧੇ ਗੋਤ ਨੇ ਇਸਰਾਏਲ ਦੇ ਹਜ਼ਾਰਾਂ ਦੇ ਸਰਦਾਰਾਂ ਨੂੰ ਉੱਤਰ ਦੇ ਕੇ ਇਹ ਗੱਲ ਕੀਤੀ ।22ਯਹੋਵਾਹ ਸਮਰਥ ਪਰਮੇਸ਼ੁਰ, ਹਾਂ, ਯਹੋਵਾਹ ਸਮਰਥ ਪਰਮੇਸ਼ੁਰ, ਉਹੀ ਜਾਣਦਾ ਹੈ ਅਤੇ ਇਸਰਾਏਲੀ ਵੀ ਜਾਣੇਗਾ ਕਿ ਜੇ ਕਦੀ ਪਿੱਛੇ ਹੱਟਣ ਵਿੱਚ ਜਾਂ ਯਹੋਵਾਹ ਦੇ ਵਿਰੁੱਧ ਬੇਈਮਾਨੀ ਕਰਨ ਵਿੱਚ ਕੁਝ ਹੋਇਆ ਹੋਵੇ ਤਾਂ ਅੱਜ ਦੇ ਦਿਨ ਸਾਨੂੰ ਨਾ ਛੱਡੋ ।23ਕਿ ਜੇ ਅਸੀਂ ਆਪਣੇ ਲਈ ਇਹ ਜਗਵੇਦੀ ਬਣਾਈ ਹੋਵੇ ਕਿ ਯਹੋਵਾਹ ਦੇ ਪਿੱਛੇ ਤੁਰਨ ਤੋਂ ਮੁੜ ਜਾਈਏ ਅਤੇ ਜੇ ਉਹ ਦੇ ਉੱਤੇ ਹੋਮ ਦੀਆਂ ਬਲੀਆਂ ਜਾਂ ਮੈਦੇ ਦੀਆਂ ਭੇਟਾਂ ਚੜ੍ਹਾਈਏ ਜਾਂ ਸੁੱਖ-ਸਾਂਦ ਦੀਆਂ ਬਲੀਆਂ ਦੇਈਏ ਤਾਂ ਯਹੋਵਾਹ ਹੀ ਲੇਖਾ ਲਵੇ ।
24ਜਦ ਅਸੀਂ ਇਸ ਗੱਲ ਦੇ ਡਰ ਨਾਲ ਇਹ ਨਹੀਂ ਕੀਤਾ ਕਿ ਆਉਣ ਵਾਲਿਆਂ ਸਮਿਆਂ ਵਿੱਚ ਤੁਹਾਡੇ ਪੁੱਤਰ ਸਾਡੇ ਪੁੱਤਰਾਂ ਨੂੰ ਆਖਣਗੇ ਕਿ ਤੁਹਾਨੂੰ ਅਤੇ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਨੂੰ ਕੀ ਕੰਮ ਹੈ ?
25ਹੇ ਰਊਬੇਨੀਓ ਅਤੇ ਗਾਦੀਓ, ਯਹੋਵਾਹ ਨੇ ਸਾਡੇ ਵਿੱਚ ਅਤੇ ਤੁਹਾਡੇ ਵਿੱਚ ਯਰਦਨ ਹੱਦ ਠਹਿਰਾਈ ਹੈ ਸੋ ਤੁਹਾਡੇ ਲਈ ਯਹੋਵਾਹ ਵਿੱਚ ਕੋਈ ਭਾਗ ਨਹੀਂ । ਸ਼ਾਇਦ ਤੁਹਾਡੇ ਪੁੱਤਰ ਸਾਡੇ ਪੁੱਤਰਾਂ ਨੂੰ ਯਹੋਵਾਹ ਦਾ ਡਰ ਮੰਨਣ ਤੋਂ ਮੁਕਰਾ ਦੇਣ ।
26ਇਸ ਲਈ ਅਸੀਂ ਆਖਿਆ ਕਿ ਅਸੀਂ ਆਪਣੇ ਲਈ ਇੱਕ ਜਗਵੇਦੀ ਬਣਾਈਏ, ਉਹ ਤਾਂ ਨਾ ਹੋਮ ਦੀਆਂ ਭੇਟਾਂ ਅਤੇ ਨਾ ਬਲੀਆਂ ਲਈ ਹੈ ।27ਸਗੋਂ ਉਹ ਸਾਡੇ ਵਿੱਚ ਅਤੇ ਤੁਹਾਡੇ ਵਿੱਚ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਇੱਕ ਗਵਾਹੀ ਹੋਵੇਗੀ ਕਿ ਅਸੀਂ ਯਹੋਵਾਹ ਦੀ ਉਪਾਸਨਾ ਉਸ ਦੇ ਅੱਗੇ ਆਪਣੀਆਂ ਹੋਮ ਦੀਆਂ ਭੇਟਾਂ ਨਾਲ ਅਤੇ ਬਲੀਆਂ ਨਾਲ ਅਤੇ ਸੁੱਖ-ਸਾਂਦ ਦੀਆਂ ਭੇਟਾਂ ਨਾਲ ਚੜ੍ਹਾਈਏ ਤਾਂ ਜੋ ਤੁਹਾਡੇ ਪੁੱਤਰ ਆਉਣ ਵਾਲਿਆਂ ਸਮਿਆਂ ਵਿੱਚ ਸਾਡੇ ਪੁੱਤਰਾਂ ਨੂੰ ਨਾ ਆਖਣ ਕਿ ਤੁਹਾਡੇ ਲਈ ਯਹੋਵਾਹ ਵਿੱਚ ਕੋਈ ਭਾਗ ਨਹੀਂ ।
28ਤਾਂ ਅਸੀਂ ਆਖਿਆ ਕਿ ਇਸ ਤਰ੍ਹਾਂ ਹੋਵੇਗਾ ਕਿ ਜਦ ਉਹ ਸਾਨੂੰ ਜਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਉਂ ਆਖਣਗੇ ਤਾਂ ਅਸੀਂ ਆਖਾਂਗੇ, ਯਹੋਵਾਹ ਦੀ ਜਗਵੇਦੀ ਦਾ ਨਮੂਨਾ ਵੇਖੋ ਜਿਹੜੀ ਸਾਡੇ ਪਿਉ-ਦਾਦਿਆਂ ਨੇ ਨਾ ਤਾਂ ਹੋਮ ਦੀਆਂ ਭੇਟਾਂ ਲਈ ਨਾ ਬਲੀਆਂ ਲਈ ਬਣਾਈ ਸੀ ਸਗੋਂ ਉਹ ਤੁਹਾਡੇ ਅਤੇ ਸਾਡੇ ਵਿੱਚਕਾਰ ਇੱਕ ਗਵਾਹੀ ਹੈ ।29ਇਹ ਸਾਥੋਂ ਦੂਰ ਹੋਵੇ ਜੇ ਅਸੀਂ ਯਹੋਵਾਹ ਦੇ ਵਿਰੁੱਧ ਆਕੀ ਹੋ ਕੇ ਅੱਜ ਦੇ ਦਿਨ ਯਹੋਵਾਹ ਦੇ ਪਿੱਛੇ ਚੱਲਣ ਤੋਂ ਮੁੜ ਜਾਈਏ ਅਤੇ ਇੱਕ ਜਗਵੇਦੀ ਹੋਮ ਦੀਆਂ ਅਤੇ ਮੈਦੇ ਦੀਆਂ ਭੇਟਾਂ ਲਈ ਅਤੇ ਬਲੀਆਂ ਲਈ ਬਣਾ ਲਈਏ ਯਹੋਵਾਹ ਸਾਡੇ ਪਰਮੇਸ਼ੁਰ ਦੀ ਜਗਵੇਦੀ ਤੋਂ ਬਿਨ੍ਹਾਂ ਜਿਹੜੀ ਉਸ ਦੇ ਡੇਹਰੇ ਦੇ ਸਾਹਮਣੇ ਹੈ ।

30ਜਦ ਫੀਨਹਾਸ ਜਾਜਕ ਅਤੇ ਮੰਡਲੀ ਦੇ ਪ੍ਰਧਾਨਾਂ ਅਤੇ ਇਸਰਾਏਲ ਦੇ ਹਜ਼ਾਰਾਂ ਦੇ ਸਰਦਾਰਾਂ ਨੇ ਜਿਹੜੇ ਉਸ ਦੇ ਨਾਲ ਸਨ ਇਹ ਗੱਲਾਂ ਸੁਣੀਆਂ ਜਿਹੜੀਆਂ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ੀਆਂ ਨੇ ਕੀਤੀਆਂ ਸਨ ਤਾਂ ਉਹਨਾਂ ਨੂੰ ਇਹ ਚੰਗਾ ਲੱਗਾ31ਅਤੇ ਅਲਆਜ਼ਾਰ ਜਾਜਕ ਦੇ ਪੁੱਤਰ ਫੀਨਹਾਸ ਨੇ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ੀਆਂ ਨੂੰ ਆਖਿਆ ਕਿ ਅਸੀਂ ਜਾਣਦੇ ਹਾਂ ਕਿ ਅੱਜ ਦੇ ਦਿਨ ਯਹੋਵਾਹ ਸਾਡੇ ਵਿੱਚ ਹੈ ਕਿਉਂ ਜੋ ਤੁਸੀਂ ਇਹ ਬੇਈਮਾਨੀ ਯਹੋਵਾਹ ਦੇ ਵਿਰੁੱਧ ਨਹੀਂ ਕੀਤੀ । ਹੁਣ ਤੁਸੀਂ ਇਸਰਾਏਲੀਆਂ ਨੂੰ ਯਹੋਵਾਹ ਦੇ ਹੱਥੋਂ ਛੁਡਾ ਲਿਆ ਹੈ ।
32ਅਲਆਜ਼ਾਰ ਜਾਜਕ ਦਾ ਪੁੱਤਰ ਫੀਨਹਾਸ ਅਤੇ ਉਹ ਪਰਧਾਨ ਰਊਬੇਨੀਆਂ ਅਤੇ ਗਾਦੀਆਂ ਤੋਂ ਗਿਲਆਦ ਦੇ ਦੇਸ ਵਿੱਚੋਂ ਕਨਾਨ ਦੇਸ ਨੂੰ ਇਸਰਾਏਲੀਆਂ ਕੋਲ ਮੁੜ ਆਏ ਅਤੇ ਉਹਨਾਂ ਨੂੰ ਇਹ ਖਬਰ ਦਿੱਤੀ33ਤਦ ਇਹ ਗੱਲ ਇਸਰਾਏਲੀਆਂ ਨੂੰ ਚੰਗੀ ਲੱਗੀ ਅਤੇ ਇਸਰਾਏਲੀਆਂ ਨੇ ਪਰਮੇਸ਼ੁਰ ਨੂੰ ਮੁਬਾਰਕ ਆਖਿਆ ਅਤੇ ਫਿਰ ਉਹਨਾਂ ਉੱਤੇ ਯੁੱਧ ਲਈ ਚੜ੍ਹਾਈ ਕਰਨ ਦੀਆਂ ਅਤੇ ਉਸ ਦੇਸ ਨੂੰ ਜਿੱਥੇ ਰਊਬੇਨੀ ਅਤੇ ਗਾਦੀ ਵੱਸਦੇ ਸਨ ਨਾਸ ਕਰਨ ਦੀਆਂ ਗੱਲਾਂ ਛੱਡ ਦਿੱਤੀਆਂ
34ਤਦ ਰਊਬੇਨੀਆਂ ਅਤੇ ਗਾਦੀਆਂ ਨੇ ਉਸ ਜਗਵੇਦੀ ਨੂੰ '' ਗਵਾਹੀ '' ਆਖਿਆ ਕਿਉਂ ਜੋ ਸਾਡੇ ਵਿੱਚ ਇਹ ਗਵਾਹੀ ਹੈ ਕਿ ਯਹੋਵਾਹ ਹੀ ਪਰਮੇਸ਼ੁਰ ਹੈ ।

23
ਯਹੋਸ਼ੁਆ ਦਾ ਉਪਦੇਸ਼

1ਇਸ ਤਰ੍ਹਾਂ ਹੋਇਆ ਜਦ ਯਹੋਵਾਹ ਨੇ ਬਹੁਤੇ ਦਿਨਾਂ ਦੇ ਪਿੱਛੋਂ ਇਸਰਾਏਲ ਨੂੰ ਉਹਨਾਂ ਦੇ ਆਲੇ-ਦੁਆਲੇ ਦੇ ਵੈਰੀਆਂ ਤੋਂ ਸੁੱਖ ਦਿੱਤਾ ਅਤੇ ਯਹੋਸ਼ੁਆ ਬੁੱਢਾ ਅਤੇ ਵੱਡੀ ਉਮਰ ਦਾ ਹੋ ਗਿਆ ।2ਤਾਂ ਯਹੋਸ਼ੁਆ ਨੇ ਇਸਰਾਏਲ ਦੇ ਸਾਰੇ ਬਜੁਰਗਾਂ, ਸਰਦਾਰਾਂ, ਨਿਆਈਆਂ ਅਤੇ ਅਧਿਕਾਰੀਆਂ ਨੂੰ ਸੱਦ ਕੇ ਆਖਿਆ, ਮੈਂ ਬੁੱਢਾ ਅਤੇ ਵੱਡੀ ਉਮਰ ਦਾ ਹੋ ਗਿਆ ਹਾਂ ।3ਜੋ ਕੁਝ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਇਨ੍ਹਾਂ ਸਾਰੀਆਂ ਕੌਮਾਂ ਨਾਲ ਤੁਹਾਡੇ ਕਾਰਨ ਕੀਤਾ ਤੁਸੀਂ ਵੇਖ ਲਿਆ ਹੈ ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਹੀ ਤੁਹਾਡੇ ਲਈ ਲੜਿਆ ਹੈ ।

4ਵੇਖੋ, ਮੈਂ ਤੁਹਾਡੇ ਲਈ ਇਨ੍ਹਾਂ ਬਾਕੀ ਦੀਆਂ ਕੌਮਾਂ ਨੂੰ ਤੁਹਾਡੀਆਂ ਗੋਤਾਂ ਅਨੁਸਾਰ ਮਿਲਖ ਵਿੱਚ ਵੰਡ ਦਿੱਤਾ ਹੈ ਅਰਥਾਤ ਯਰਦਨ ਤੋਂ ਵੱਡੇ ਸਮੁੰਦਰ ਤੱਕ ਸੂਰਜ ਦੇ ਲਹਿੰਦੇ ਪਾਸੇ ਵੱਲ ਨੂੰ ਸਾਰੀਆਂ ਕੌਮਾਂ ਸਣੇ ਜਿਹੜੀਆਂ ਮੈਂ ਵੱਢ ਛੱਡੀਆਂ ਸਨ5ਯਹੋਵਾਹ ਤੁਹਾਡਾ ਪਰਮੇਸ਼ੁਰ ਹੀ ਉਹਨਾਂ ਨੂੰ ਤੁਹਾਡੇ ਅੱਗੋਂ ਕੱਢ ਦੇਵੇਗਾ ਤਦ ਤੁਸੀਂ ਉਹਨਾਂ ਦੇ ਦੇਸ ਉੱਤੇ ਕਬਜ਼ਾ ਕਰ ਲਓਗੇ ਜਿਵੇਂ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਡੇ ਨਾਲ ਬਚਨ ਕੀਤਾ ਸੀ ।
6ਸੋ ਬਹੁਤ ਤਕੜੇ ਹੋਵੋ ਅਤੇ ਮੂਸਾ ਦੀ ਬਿਵਸਥਾ ਦੀ ਪੋਥੀ ਦੀ ਸਾਰੀ ਲਿਖਤ ਨੂੰ ਪੂਰਾ ਕਰ ਕੇ ਪਾਲਨਾ ਕਰੋ ਤਾਂ ਜੋ ਤੁਸੀਂ ਉਸ ਤੋਂ ਸੱਜੇ ਖੱਬੇ ਨਾ ਮੁੜੋ7ਇਸ ਲਈ ਕਿ ਤੁਸੀਂ ਇਨ੍ਹਾਂ ਕੌਮਾਂ ਦੇ ਵਿੱਚ ਨਾ ਵੜੋ ਜਿਹੜੀਆਂ ਤੁਹਾਡੇ ਵਿੱਚ ਬਾਕੀ ਰਹਿ ਗਈਆਂ ਹਨ ਅਤੇ ਤੁਸੀਂ ਉਹਨਾਂ ਦੇ ਦੇਵਤਿਆਂ ਦਾ ਨਾਮ ਵੀ ਜੁਬਾਨ ਤੇ ਨਾ ਲਿਆਓ, ਨਾ ਉਹਨਾਂ ਦੀ ਸਹੁੰ ਦੇਵੋ, ਨਾ ਉਹਨਾਂ ਦੀ ਉਪਾਸਨਾ ਕਰੋ ਅਤੇ ਨਾ ਉਹਨਾਂ ਦੇ ਅੱਗੇ ਮੱਥਾ ਟੇਕੋ ।8ਸਗੋਂ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਜੁੜ੍ਹੇ ਰਹੋ ਜਿਵੇਂ ਅੱਜ ਦੇ ਦਿਨ ਤੱਕ ਤੁਸੀਂ ਕੀਤਾ ।
9ਯਹੋਵਾਹ ਨੇ ਤੁਹਾਡੇ ਅੱਗੋਂ ਵੱਡੀਆਂ ਅਤੇ ਬਲਵੰਤ ਕੌਮਾਂ ਨੂੰ ਕੱਢ ਛੱਡਿਆ ਹੈ ਪਰ ਤੁਹਾਡੇ ਵਿਖੇ ਇਹ ਹੈ ਕਿ ਅੱਜ ਦੇ ਦਿਨ ਤੱਕ ਤੁਹਾਡੇ ਅੱਗੇ ਕੋਈ ਮਨੁੱਖ ਠਹਿਰ ਨਹੀਂ ਸਕਿਆ10ਤੁਹਾਡੇ ਵਿੱਚੋਂ ਇੱਕ ਮਨੁੱਖ ਹਜ਼ਾਰ ਨੂੰ ਭਜਾਵੇਗਾ ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਹੀ ਤੁਹਾਡੇ ਲਈ ਲੜਦਾ ਹੈ ਜਿਵੇਂ ਉਸ ਤੁਹਾਡੇ ਨਾਲ ਬਚਨ ਕੀਤਾ ਸੀ ।11ਤੁਸੀਂ ਆਪਣੀਆਂ ਜਾਨਾਂ ਲਈ ਬਹੁਤ ਸੁਚੇਤ ਰਹੋ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਪਿਆਰ ਕਰੋ ।
12ਜੇ ਤੁਸੀਂ ਕਿਸੇ ਤਰਾਂ ਪਿਛੇ ਹੱਟ ਜਾਓ ਅਤੇ ਇਹਨਾਂ ਕੌਮਾਂ ਦੇ ਬਚੇ ਹੋਇਆਂ ਨਾਲ ਜਿਹੜੀਆਂ ਤੁਹਾਡੇ ਵਿੱਚ ਰਹਿ ਗਈਆਂ ਹਨ ਚਿੰਬੜੋ ਅਤੇ ਉਹਨਾਂ ਨਾਲ ਵਿਆਹ ਸ਼ਾਦੀ ਕਰੋ ਅਤੇ ਉਹਨਾਂ ਦੇ ਵਿੱਚ ਵੜੋ ਅਤੇ ਉਹ ਤੁਹਾਡੇ ਵਿੱਚ ਵੜਨ13ਤੁਸੀਂ ਪੱਕੇ ਤੋਰ ਤੇ ਜਾਣ ਰੱਖੋ ਕਿ ਯਹੋਵਾਹ ਤੁਹਾਡਾ ਪਰਮੇਸ਼ੁਰ ਇਹਨਾਂ ਕੋਮਾਂ ਨੂੰ ਤੁਹਾਡੇ ਅੱਗੋ ਫਿਰ ਨਹੀਂ ਕੱਢੇਗਾ ਸਗੋਂ ਉਹ ਤੁਹਾਡੇ ਲਈ ਫਾਹੀ ਅਤੇ ਜਾਲ ਅਤੇ ਤੁਹਾਡੀਆਂ ਵੱਖੀਆਂ ਵਿੱਚ ਕੋਰੜੇ ਅਤੇ ਤੁਹਾਡੀਆਂ ਅੱਖਾਂ ਵਿੱਚ ਕੰਡੇ ਹੋਣਗੇ ਜਦ ਤੱਕ ਇਸ ਚੰਗੀ ਜ਼ਮੀਨ ਤੋਂ ਜਿਹੜੀ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਦਿੱਤੀ ਤੁਸੀਂ ਨਾਸ ਨਾ ਹੋ ਜਾਓ ।

14ਵੇਖੋ ਮੈਂ ਅੱਜ ਸਾਰੇ ਸੰਸਾਰ ਦੇ ਰਾਹ ਉੱਤੇ ਜਾਣ ਵਾਲਾ ਹਾਂ ਅਤੇ ਤੁਸੀਂ ਆਪਣੇ ਸਾਰੇ ਮਨਾਂ ਵਿੱਚ ਅਤੇ ਆਪਣੀਆਂ ਸਾਰੀਆਂ ਜਾਨਾਂ ਵਿੱਚ ਜਾਣਦੇ ਹੋ ਕਿ ਇਹਨਾਂ ਸਾਰਿਆਂ ਚੰਗਿਆਂ ਬਚਨਾਂ ਵਿੱਚ ਇੱਕ ਬਚਨ ਵੀ ਨਾ ਰਹਿ ਗਿਆ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਵਿਖੇ ਬੋਲਿਆ । ਉਹ ਸਾਰੇ ਤੁਹਾਡੇ ਲਈ ਪੂਰੇ ਹੋਏ । ਉਹਨਾਂ ਵਿੱਚੋਂ ਇੱਕ ਬਚਨ ਵੀ ਪੂਰਾ ਹੋਏ ਬਿਨ੍ਹਾਂ ਨਹੀਂ ਰਿਹਾ ।15ਇਸ ਤਰ੍ਹਾਂ ਹੋਵੇਗਾ ਕੇ ਜਿਵੇਂ ਸਾਰੀਆਂ ਚੰਗੀਆਂ ਗੱਲਾਂ ਤੁਹਾਡੇ ਉੱਤੇ ਆਈਆਂ ਹਨ ਜਿਹੜੀਆਂ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਵਿਖੇ ਬੋਲਿਆ ਸੀ ਉਸੇ ਤਰ੍ਹਾਂ ਯਹੋਵਾਹ ਤੁਹਾਡੇ ਉੱਤੇ ਸਾਰੀਆਂ ਬੁਰੀਆਂ ਗੱਲਾਂ ਵੀ ਲਿਆਵੇਗਾ ਜਦ ਤੱਕ ਕਿ ਉਹ ਇਸ ਚੰਗੀ ਜ਼ਮੀਨ ਉੱਤੋਂ ਜਿਹੜੀ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਦਿੱਤੀ ਹੈ ਤੁਹਾਡਾ ਨਾਸ ਨਾ ਕਰ ਦੇਵੇ ।
16ਜਦ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਨੇਮ ਦੀ ਉਲੰਘਣਾ ਕਰੋਗੇ ਜਿਹ ਦਾ ਉਸ ਨੇ ਤੁਹਾਨੂੰ ਹੁਕਮ ਦਿੱਤਾ ਸੀ ਅਤੇ ਤੁਸੀਂ ਜਾ ਕੇ ਦੂਜੇ ਦੇਵਤਿਆਂ ਦੀ ਉਪਾਸਨਾ ਕਰੋਗੇ ਅਤੇ ਉਹਨਾਂ ਦੇ ਅੱਗੇ ਮੱਥਾ ਟੇਕੋਗੇ ਤਾਂ ਯਹੋਵਾਹ ਦਾ ਕ੍ਰੋਧ ਤੁਹਾਡੇ ਉੱਤੇ ਭੜਕ ਉੱਠੇਗਾ ਅਤੇ ਤੁਸੀਂ ਛੇਤੀ ਨਾਲ ਇਸ ਚੰਗੀ ਧਰਤੀ ਦੇ ਉੱਤੋਂ ਜਿਹੜੀ ਉਸ ਨੇ ਤੁਹਾਨੂੰ ਦਿੱਤੀ ਹੈ ਨਾਸ ਹੋ ਜਾਓਗੇ ।

24
ਸ਼ਕੇਮ ਵਿੱਚ ਯਹੋਸ਼ੁਆ ਦਾ ਅੰਤਿਮ ਹੁਕਮ

1ਤਦ ਯਹੋਸ਼ੁਆ ਨੇ ਇਸਰਾਏਲ ਦੇ ਸਾਰਿਆਂ ਗੋਤਾਂ ਨੂੰ ਸ਼ਕਮ ਵਿੱਚ ਇੱਕਠਿਆਂ ਕੀਤਾ ਅਤੇ ਇਸਰਾਏਲ ਦੇ ਬਜੁਰਗਾਂ, ਸਰਦਾਰਾਂ, ਨਿਆਈਆਂ ਅਤੇ ਅਧਿਕਾਰੀਆਂ ਨੂੰ ਸੱਦਿਆ ਅਤੇ ਉਹ ਆਪਣੇ ਆਪ ਪਰਮੇਸ਼ੁਰ ਦੇ ਅੱਗੇ ਹਾਜ਼ਰ ਹੋ ਗਏ ।2ਯਹੋਸ਼ੁਆ ਨੇ ਸਾਰੀ ਪਰਜਾ ਨੂੰ ਆਖਿਆ, ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਉਂ ਆਖਦਾ ਹੈ ਕਿ ਪਹਿਲਿਆਂ ਸਮਿਆਂ ਵਿੱਚ ਤੁਹਾਡੇ ਪਿਉ-ਦਾਦੇ ਦਰਿਆ ਦੇ ਪਾਰ ਵੱਸਦੇ ਸਨ ਖਾਸ ਕਰਕੇ ਤਰਹ, ਅਬਰਾਹਾਮ ਅਤੇ ਨਾਹੋਰ ਦਾ ਪਿਤਾ ਅਤੇ ਉਹ ਦੂਜੇ ਦੇਵਤਿਆਂ ਦੀ ਉਪਾਸਨਾ ਕਰਦੇ ਸਨ ।

3ਪਰ ਮੈਂ ਤੁਹਾਡੇ ਪਿਤਾ ਅਬਰਾਹਾਮ ਨੂੰ ਦਰਿਆ ਦੇ ਪਾਰੋਂ ਕਨਾਨ ਦੇ ਦੇਸ ਵਿੱਚੋਂ ਦੀ ਲੈ ਆਇਆ ਅਤੇ ਮੈਂ ਉਸ ਦੀ ਅੰਸ ਨੂੰ ਵਧਾਇਆ ਅਤੇ ਉਸ ਨੂੰ ਇਸਹਾਕ ਦਿੱਤਾ ।4ਇਸਹਾਕ ਨੂੰ ਮੈਂ ਯਾਕੂਬ ਅਤੇ ਇਸਾਓ ਦਿੱਤੇ ਅਤੇ ਇਸਾਓ ਨੂੰ ਮੈਂ ਸਈਰ ਪਰਬਤ ਕਬਜ਼ਾ ਕਰਨ ਨੂੰ ਦਿੱਤਾ ਪਰ ਯਾਕੂਬ ਅਤੇ ਉਹ ਦੀ ਅੰਸ ਮਿਸਰ ਵਿੱਚ ਉਤਰ ਗਈ ।
5ਫਿਰ ਮੈਂ ਮੂਸਾ ਅਤੇ ਹਾਰੂਨ ਨੂੰ ਭੇਜਿਆ ਅਤੇ ਮਿਸਰ ਨੂੰ ਮੈਂ ਬਵਾਂ ਨਾਲ ਮਾਰਿਆ ਜਿਵੇਂ ਮੈਂ ਉਸ ਵਿੱਚ ਕੀਤਾ ਅਤੇ ਪਿੱਛੋਂ ਮੈਂ ਤੁਹਾਨੂੰ ਕੱਢ ਲਿਆਇਆ ।6ਮੈਂ ਤੁਹਾਡੇ ਪਿਉ-ਦਾਦਿਆਂ ਨੂੰ ਮਿਸਰ ਤੋਂ ਕੱਢਿਆ ਤੁਸੀਂ ਸਮੁੰਦਰ ਤੱਕ ਆਏ ਤਾਂ ਮਿਸਰੀਆਂ ਨੇ ਤੁਹਾਡੇ ਪਿਉ-ਦਾਦਿਆਂ ਦਾ ਰੱਥਾਂ ਅਤੇ ਘੋੜ ਸਵਾਰਾਂ ਨਾਲ ਲਾਲ ਸਮੁੰਦਰ ਤੱਕ ਪਿੱਛਾ ਕੀਤਾ ।
7ਜਦ ਉਹਨਾਂ ਨੇ ਯਹੋਵਾਹ ਅੱਗੇ ਦੁਹਾਈ ਦਿੱਤੀ ਤਾਂ ਉਸ ਨੇ ਤੁਹਾਡੇ ਵਿੱਚ ਅਤੇ ਮਿਸਰੀਆਂ ਵਿੱਚ ਅਨ੍ਹੇਰ ਘੁੱਪ ਕਰ ਦਿੱਤਾ ਅਤੇ ਉਹਨਾਂ ਉੱਤੇ ਸਮੁੰਦਰ ਨੂੰ ਛੱਡ ਦਿੱਤਾ ਜਿਸ ਉਹਨਾਂ ਨੂੰ ਢੱਕ ਲਿਆ ਅਤੇ ਜੋ ਕੁਝ ਮੈਂ ਮਿਸਰ ਵਿੱਚ ਕੀਤਾ ਤੁਸੀਂ ਆਪਣੀਂ ਅੱਖੀਂ ਵੇਖਿਆ ਤਾਂ ਤੁਸੀਂ ਬਹੁਤੇ ਦਿਨਾਂ ਤੱਕ ਉਜਾੜ ਵਿੱਚ ਰਹੇ ।
8ਫਿਰ ਮੈਂ ਤੁਹਾਨੂੰ ਅਮੋਰੀਆਂ ਦੇ ਦੇਸ ਵਿੱਚ ਜਿਹੜੇ ਯਰਦਨ ਪਾਰ ਵੱਸਦੇ ਸਨ ਲੈ ਆਇਆ ਅਤੇ ਉਹ ਤੁਹਾਡੇ ਨਾਲ ਲੜੇ ਪਰ ਮੈਂ ਉਹਨਾਂ ਨੂੰ ਤੁਹਾਡੇ ਹੱਥ ਵਿੱਚ ਦੇ ਦਿੱਤਾ ਅਤੇ ਤੁਸੀਂ ਉਹਨਾਂ ਦੇ ਦੇਸ ਉੱਤੇ ਕਬਜ਼ਾ ਕਰ ਲਿਆ ਪਰ ਮੈਂ ਉਹਨਾਂ ਦਾ ਤੁਹਾਡੇ ਅੱਗੋਂ ਨਾਸ ਕਰ ਸੁੱਟਿਆ ।
9ਤਾਂ ਫਿਰ ਮੋਆਬ ਦੇ ਰਾਜੇ ਸਿਫ਼ੋਰ ਦਾ ਪੁੱਤਰ ਬਾਲਾਕ ਉਠੱ ਕੇ ਇਸਰਾਏਲ ਨਾਲ ਲੜਿਆ ਅਤੇ ਉਸ ਨੇ ਬਓਰ ਦੇ ਪੁੱਤਰ ਬਿਲਆਮ ਨੂੰ ਤੁਹਾਨੂੰ ਸਰਾਪ ਦੇਣ ਲਈ ਸੁਨੇਹਾ ਭੇਜਿਆ ।10ਪਰ ਮੈਂ ਬਿਲਆਮ ਦੀ ਸੁਣਨੀ ਨਾ ਚਾਹੀ ਤਾਂ ਉਸ ਨੇ ਤੁਹਾਨੂੰ ਬਰਕਤ ਦਿੱਤੀ ਸੋ ਮੈਂ ਤੁਹਾਨੂੰ ਉਸ ਦੇ ਹੱਥੋਂ ਛੁਡਾ ਲਿਆ ।
11ਤਦ ਤੁਸੀਂ ਯਰਦਨ ਦੇ ਪਾਰ ਜਾ ਕੇ ਯਰੀਹੋ ਕੋਲ ਆਏ ਅਤੇ ਯਰੀਹੋ ਦੇ ਵਾਸੀ ਅਰਥਾਤ ਅਮੋਰੀ, ਫ਼ਰਿੱਜ਼ੀ, ਕਨਾਨੀ, ਹਿੱਤੀ, ਗਿਰਗਾਸੀ, ਹਿੱਵੀ ਅਤੇ ਯਬੂਸੀ ਤੁਹਾਡੇ ਨਾਲ ਲੜੇ ਪਰ ਮੈਂ ਉਹਨਾਂ ਨੂੰ ਤੁਹਾਡੇ ਹੱਥ ਵਿੱਚ ਦੇ ਦਿੱਤਾ ।12ਤਦ ਮੈਂ ਤੁਹਾਡੇ ਅੱਗੇ ਬਿਮਾਰੀ ਨੂੰ ਭੇਜਿਆ ਅਤੇ ਉਸ ਨੇ ਅਮੋਰੀਆਂ ਦੇ ਦੋਹਾਂ ਰਾਜਿਆਂ ਨੂੰ ਤੁਹਾਡੇ ਅੱਗੋਂ ਕੱਢ ਦਿੱਤਾ, ਨਾ ਤੁਹਾਡੀ ਤਲਵਾਰ, ਨਾ ਤੁਹਾਡੇ ਧਣੁਖ ਨਾਲ ਇਹ ਹੋਇਆ ।
13ਅਤੇ ਮੈਂ ਤੁਹਾਨੂੰ ਇੱਕ ਦੇਸ ਦਿੱਤਾ ਜਿਹ ਦੇ ਉੱਤੇ ਤੁਸੀਂ ਮਿਹਨਤ ਨਹੀਂ ਕੀਤੀ ਅਤੇ ਸ਼ਹਿਰ ਜਿਹੜੇ ਤੁਸੀਂ ਨਹੀਂ ਉਸਾਰੇ ਪਰ ਤੁਸੀਂ ਉਹਨਾਂ ਦੇ ਵਿੱਚ ਵੱਸ ਗਏ । ਅੰਗੂਰੀ ਬਾਗਾਂ ਅਤੇ ਜੈਤੁਨੀ ਬਾਗਾਂ ਤੋਂ ਤੁਸੀਂ ਖਾਂਦੇ ਰਹੇ ਹੋ ਜਿਹੜੇ ਤੁਸੀਂ ਨਹੀਂ ਲਾਏ ।

14ਹੁਣ ਯਹੋਵਾਹ ਤੋਂ ਡਰੋ ਅਤੇ ਉਸ ਦੀ ਉਪਾਸਨਾ ਸਿਧਿਆਈ ਅਤੇ ਸਚਿਆਈ ਨਾਲ ਕਰੋ ਅਤੇ ਉਹਨਾਂ ਦੇਵਤਿਆਂ ਨੂੰ ਜਿਨ੍ਹਾਂ ਦੀ ਉਪਾਸਨਾ ਤੁਹਾਡੇ ਪਿਉ-ਦਾਦੇ ਦਰਿਆ ਪਾਰ ਅਤੇ ਮਿਸਰ ਵਿੱਚ ਕਰਦੇ ਸਨ ਕੱਢ ਦਿਓ ਅਤੇ ਯਹੋਵਾਹ ਹੀ ਦੀ ਉਪਾਸਨਾ ਕਰੋ ।15ਅਤੇ ਜੇ ਤੁਹਾਡੀ ਨਿਗਾਹ ਵਿੱਚ ਯਹੋਵਾਹ ਦੀ ਉਪਾਸਨਾ ਬੁਰੀ ਹੈ ਤਾਂ ਅੱਜ ਤੁਸੀਂ ਉਸ ਨੂੰ ਚੁਣ ਲਓ ਜਿਹ ਦੀ ਉਪਾਸਨਾ ਤੁਸੀਂ ਕਰੋਗੇ ਭਾਵੇਂ ਉਹ ਦੇਵਤੇ ਜਿਨ੍ਹਾਂ ਦੀ ਤੁਹਾਡੇ ਪਿਓ ਦਾਦੇ ਜਦ ਉਹ ਦਰਿਆ ਪਾਰ ਸਨ ਉਪਾਸਨਾ ਕਰਦੇ ਸਨ, ਭਾਵੇਂ ਅਮੋਰੀਆਂ ਦੇ ਦੇਵਤਿਆਂ ਦੀ ਜਿਨ੍ਹਾਂ ਦੇ ਦੇਸ ਵਿੱਚ ਤੁਸੀਂ ਵੱਸਦੇ ਹੋ ਪਰ ਮੈਂ ਅਤੇ ਮੇਰਾ ਘਰਾਣਾ ਤਾਂ ਯਹੋਵਾਹ ਦੀ ਹੀ ਉਪਾਸਨਾ ਕਰਾਂਗੇ ।

16ਤਦ ਪਰਜਾ ਨੇ ਉੱਤਰ ਦਿੱਤਾ ਕਿ ਇਹ ਸਾਡੇ ਤੋਂ ਦੂਰ ਰਹੇ ਜੋ ਅਸੀਂ ਯਹੋਵਾਹ ਨੂੰ ਛੱਡ ਕੇ ਦੂਜੇ ਦੇਵਤਿਆਂ ਦੀ ਉਪਾਸਨਾ ਕਰੀਏ !17ਕਿਉਂ ਜੋ ਯਹੋਵਾਹ ਸਾਡਾ ਪਰਮੇਸ਼ੁਰ ਹੀ ਸਾਨੂੰ ਅਤੇ ਸਾਡੇ ਪਿਉ-ਦਾਦਿਆਂ ਨੂੰ ਮਿਸਰ ਦੇਸ ਤੋਂ ਗ਼ੁਲਾਮੀ ਦੇ ਘਰੋਂ ਬਾਹਰ ਲੈ ਆਇਆ ਅਤੇ ਸਾਡੇ ਵੇਖਦਿਆਂ ਇਹ ਵੱਡੇ ਨਿਸ਼ਾਨ ਵਿਖਾਏ ਅਤੇ ਉਸ ਸਾਰੇ ਰਾਹ ਵਿੱਚ ਜਿੱਥੋਂ ਦੀ ਅਸੀਂ ਲੰਘੇ ਅਤੇ ਸਾਰੇ ਲੋਕਾਂ ਵਿੱਚ ਜਿਨ੍ਹਾਂ ਦੇ ਵਿੱਚ ਦੀ ਅਸੀਂ ਆਏ ਸਾਨੂੰ ਬਚਾ ਕੇ ਰੱਖਿਆ ।18ਅਤੇ ਯਹੋਵਾਹ ਨੇ ਸਾਰੇ ਲੋਕਾਂ ਨੂੰ ਖ਼ਾਸ ਕਰਕੇ ਅਮੋਰੀਆਂ ਨੂੰ ਜਿਹੜੇ ਉਸ ਦੇਸ ਵਿੱਚ ਵੱਸਦੇ ਸਨ ਸਾਡੇ ਅੱਗੋਂ ਕੱਢ ਦਿੱਤਾ । ਅਸੀਂ ਤਾਂ ਯਹੋਵਾਹ ਹੀ ਦੀ ਉਪਾਸਨਾ ਕਰਾਂਗੇ ਕਿਉਂ ਜੋ ਉਹ ਸਾਡਾ ਪਰਮੇਸ਼ੁਰ ਹੈ ! ।

19ਤਦ ਯਹੋਸ਼ੁਆ ਨੇ ਪਰਜਾ ਨੂੰ ਆਖਿਆ, ਤੁਸੀਂ ਯਹੋਵਾਹ ਦੀ ਉਪਾਸਨਾ ਨਹੀਂ ਕਰ ਸੱਕਦੇ ਕਿਉਂ ਜੋ ਉਹ ਪਵਿੱਤਰ ਪਰਮੇਸ਼ੁਰ ਹੈ ਅਤੇ ਉਹ ਅਣਖੀ ਪਰਮੇਸ਼ੁਰ ਵੀ ਹੈ । ਉਹ ਤੁਹਾਡੀ ਉਲੰਘਣਾਂ ਅਤੇ ਪਾਪਾਂ ਨੂੰ ਨਹੀਂ ਮਾਫ਼ ਕਰੇਗਾ ।20ਜੇ ਤੁਸੀਂ ਯਹੋਵਾਹ ਨੂੰ ਤਿਆਗ ਕੇ ਓਪਰੇ ਦੇਵਤਿਆਂ ਦੀ ਉਪਾਸਨਾ ਕਰੋਗੇ ਤਾਂ ਉਹ ਮੁੜ ਕੇ ਤੁਹਾਡੇ ਨਾਲ ਬੁਰਿਆਈ ਕਰੇਗਾ ਅਤੇ ਤੁਹਾਨੂੰ ਮੁਕਾ ਦੇਵੇਗਾ । ਇਸ ਦੇ ਪਿੱਛੋਂ ਕਿ ਉਹ ਨੇ ਤੁਹਾਡੇ ਨਾਲ ਭਲਿਆਈ ਕੀਤੀ ।
21ਤਾਂ ਲੋਕਾਂ ਨੇ ਯਹੋਸ਼ੁਆ ਨੂੰ ਆਖਿਆ, ਨਹੀਂ, ਅਸੀਂ ਯਹੋਵਾਹ ਹੀ ਦੀ ਉਪਾਸਨਾ ਕਰਾਂਗੇ !22ਫਿਰ ਯਹੋਸ਼ੁਆ ਨੇ ਪਰਜਾ ਨੂੰ ਆਖਿਆ, ਤੁਸੀਂ ਆਪ ਆਪਣੇ ਲਈ ਗਵਾਹ ਬਣਦੇ ਹੋ ਕਿ ਤੁਸੀਂ ਯਹੋਵਾਹ ਨੂੰ ਆਪਣੇ ਲਈ ਚੁਣਿਆ ਕਿ ਉਸ ਦੀ ਉਪਾਸਨਾ ਕਰੋਗੇ ਤਾਂ ਪਰਜਾ ਨੇ ਆਖਿਆ, ਅਸੀਂ ਗਵਾਹ ਹਾਂ ।23ਹੁਣ ਉਹਨਾਂ ਓਪਰੇ ਦੇਵਤਿਆਂ ਨੂੰ ਜਿਹੜੇ ਤੁਹਾਡੇ ਵਿੱਚ ਹਨ ਕੱਢ ਦਿਓ ਅਤੇ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਨਾਲ ਆਪਣਾ ਮਨ ਲਾ ਲਓ ।
24ਪਰਜਾ ਨੇ ਯਹੋਸ਼ੁਆ ਨੂੰ ਆਖਿਆ, ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੀ ਉਪਾਸਨਾ ਕਰਾਂਗੇ ਅਤੇ ਉਸ ਦੀ ਅਵਾਜ਼ ਨੂੰ ਸੁਣਾਂਗੇ ! ।25ਉਸ ਤੋਂ ਬਾਅਦ ਉਸ ਦਿਨ ਯਹੋਸ਼ੁਆ ਨੇ ਪਰਜਾ ਨਾਲ ਇੱਕ ਨੇਮ ਬੰਨ੍ਹਿਆ ਅਤੇ ਸ਼ਕਮ ਵਿੱਚ ਇੱਕ ਬਿਧੀ ਅਤੇ ਇੱਕ ਕਾਨੂੰਨ ਠਹਿਰਾਇਆ ।

26ਅਤੇ ਯਹੋਸ਼ੁਆ ਨੇ ਇਹਨਾਂ ਗੱਲਾਂ ਨੂੰ ਪਰਮੇਸ਼ੁਰ ਦੀ ਬਿਵਸਥਾ ਦੀ ਪੋਥੀ ਵਿੱਚ ਲਿਖ ਲਿਆ ਅਤੇ ਇੱਕ ਵੱਡਾ ਪੱਥਰ ਲੈ ਕੇ ਉੱਥੇ ਬਲੂਤ ਦੇ ਹੇਠ ਜਿਹੜਾ ਯਹੋਵਾਹ ਦੇ ਪਵਿੱਤਰ ਸਥਾਨ ਦੇ ਵਿੱਚ ਸੀ ਖੜ੍ਹਾ ਕਰ ਦਿੱਤਾ ।
27ਤਾਂ ਯਹੋਸ਼ੁਆ ਨੇ ਸਾਰੀ ਪਰਜਾ ਨੂੰ ਆਖਿਆ, ਵੇਖੋ, ਇਹ ਪੱਥਰ ਸਾਡੇ ਵਿੱਚ ਇੱਕ ਗਵਾਹ ਹੈ ਕਿਉਂ ਜੋ ਇਸ ਨੇ ਯਹੋਵਾਹ ਦੀਆਂ ਸਾਰੀਆਂ ਗੱਲਾਂ ਸੁਣੀਆਂ ਹਨ ਜਿਹੜੀਆਂ ਉਸ ਨੇ ਸਾਡੇ ਨਾਲ ਕੀਤੀਆਂ ਅਤੇ ਇਹ ਤੁਹਾਡੇ ਉੱਤੇ ਗਵਾਹੀ ਲਈ ਹੋਵੇਗਾ ਅਜਿਹਾ ਨਾ ਹੋਵੇ ਕਿ ਤੁਸੀਂ ਆਪਣੇ ਪਰਮੇਸ਼ੁਰ ਤੋਂ ਮੁੱਕਰ ਜਾਓ ।28ਫਿਰ ਯਹੋਸ਼ੁਆ ਨੇ ਸਾਰੀ ਪਰਜਾ ਨੂੰ ਉਹਨਾਂ ਦੀ ਮਿਲਖ ਨੂੰ ਭੇਜਿਆ ।
ਯਹੋਸ਼ੁਆ ਅਤੇ ਅਲੀਅਜ਼ਰ ਦੀ ਮੌਤ

29ਤਦ ਇਸ ਤਰ੍ਹਾਂ ਹੋਇਆ ਕਿ ਇਨ੍ਹਾਂ ਗੱਲਾਂ ਦੇ ਪਿੱਛੋਂ ਨੂਨ ਦਾ ਪੁੱਤਰ ਯਹੋਸ਼ੁਆ ਯਹੋਵਾਹ ਦਾ ਦਾਸ ਮਰ ਗਿਆ । ਉਹ ਇੱਕ ਸੌ ਦਸਾਂ ਸਾਲਾਂ ਦਾ ਸੀ ।30ਉਹਨਾਂ ਨੇ ਉਸ ਨੂੰ ਉਸ ਦੀ ਮਿਲਖ ਦੀ ਹੱਦ ਉੱਤੇ ਤਿਮਨਹ ਸਰਹ ਵਿੱਚ ਅਫ਼ਰਾਈਮ ਦੇ ਪਹਾੜੀ ਦੇਸ ਵਿੱਚ ਗਆਸ਼ ਨਾਮੀ ਪਰਬਤ ਦੇ ਉੱਤਰ ਵੱਲ ਦਫ਼ਨਾ ਦਿੱਤਾ ।

31ਇਸਰਾਏਲ ਨੇ ਯਹੋਸ਼ੁਆ ਦੇ ਸਾਰੇ ਦਿਨਾਂ ਵਿੱਚ ਯਹੋਵਾਹ ਦੀ ਉਪਾਸਨਾ ਕੀਤੀ ਅਤੇ ਉਹਨਾਂ ਬਜ਼ੁਰਗਾਂ ਦੇ ਸਾਰੇ ਦਿਨਾਂ ਵਿੱਚ ਵੀ ਜਿਹੜੇ ਯਹੋਸ਼ੁਆ ਦੇ ਪਿੱਛੋਂ ਜਿਉਂਦੇ ਰਹੇ ਅਤੇ ਯਹੋਵਾਹ ਦਾ ਸਾਰਾ ਕੰਮ ਜਾਣਦੇ ਸਨ ਜਿਹੜਾ ਉਸ ਨੇ ਇਸਰਾਏਲ ਲਈ ਕੀਤਾ ।

32ਯੂਸੁਫ਼ ਦੀਆਂ ਹੱਡੀਆਂ ਜਿਹੜੀਆਂ ਇਸਰਾਏਲੀ ਮਿਸਰ ਤੋਂ ਲਿਆਏ ਸਨ ਸ਼ਕਮ ਵਿੱਚ ਉਸ ਪੈਲੀ ਦੇ ਹਿੱਸੇ ਵਿੱਚ ਜਿਹੜਾ ਯਾਕੂਬ ਨੇ ਸ਼ਕਮ ਦੇ ਪਿਤਾ ਹਮੋਰ ਦੇ ਪੁੱਤਰਾਂ ਤੋਂ ਇੱਕ ਸੌ ਰੁਪਏ ਨੂੰ ਮੁੱਲ ਲਿਆ ਸੀ ਦਫ਼ਨਾ ਦਿੱਤਾ, ਸੋ ਉਹ ਯੂਸੁਫ਼ ਦੀ ਅੰਸ ਦੀ ਮਿਲਖ ਵਿੱਚ ਆ ਗਈਆਂ ।

33ਹਾਰੂਨ ਦਾ ਪੁੱਤਰ ਅਲਆਜ਼ਾਰ ਵੀ ਮਰ ਗਿਆ ਅਤੇ ਉਸ ਨੂੰ ਉਸ ਦੇ ਪੁੱਤਰ ਫ਼ੀਨਹਾਸ ਦੇ ਪਹਾੜ ਉੱਤੇ ਜਿਹੜਾ ਅਫ਼ਰਾਈਮ ਦੇ ਪਹਾੜੀ ਦੇਸ ਵਿੱਚ ਉਹ ਨੂੰ ਦਿੱਤਾ ਗਿਆ ਸੀ ਦਫ਼ਨਾ ਦਿੱਤਾ ।

ਨਿਆਂਈਆਂ ਦੀ ਪੋਥੀ

1
ਯਹੂਦਾਹ ਅਤੇ ਸ਼ਿਮਓਨ ਦੇ ਗੋਤਾਂ ਦੁਆਰਾ ਅਦੋਨੀ ਬਜ਼ਕ ਨੂੰ ਬੰਦੀ ਬਣਾਇਆ ਜਾਣਾ

1ਯਹੋਸ਼ੁਆ ਦੇ ਮਰਨ ਤੋਂ ਬਾਅਦ ਇਸ ਤਰ੍ਹਾਂ ਹੋਇਆ ਕਿ ਇਸਰਾਏਲੀਆਂ ਨੇ ਯਹੋਵਾਹ ਤੋਂ ਪੁੱਛਿਆ, "ਭਲਾ, ਕਨਾਨੀਆਂ ਨਾਲ ਯੁੱਧ ਕਰਨ ਲਈ ਸਾਡੇ ਵੱਲੋਂ ਪਹਿਲਾਂ ਕੌਣ ਜਾਵੇਗਾ ? "2ਯਹੋਵਾਹ ਨੇ ਉੱਤਰ ਦਿੱਤਾ, "ਯਹੂਦਾਹ ਜਾਵੇਗਾ, ਅਤੇ ਵੇਖੋ, ਮੈਂ ਇਸ ਦੇਸ਼ ਨੂੰ ਉਸ ਦੇ ਹੱਥ ਵਿੱਚ ਕਰ ਦਿੱਤਾ ਹੈ ।"3ਤਦ ਯਹੂਦਾਹ ਨੇ ਆਪਣੇ ਭਰਾ ਸ਼ਿਮਓਨ ਨੂੰ ਆਖਿਆ, "ਮੇਰੇ ਹਿੱਸੇ ਦੀ ਵੰਡ ਵਿੱਚ ਮੇਰੇ ਨਾਲ ਆ ਤਾਂ ਜੋ ਅਸੀਂ ਕਨਾਨੀਆਂ ਨਾਲ ਲੜਾਈ ਕਰੀਏ ਅਤੇ ਇਸੇ ਤਰ੍ਹਾਂ ਮੈਂ ਵੀ ਤੇਰੇ ਹਿੱਸੇ ਦੀ ਵੰਡ ਵਿੱਚ ਤੇਰੇ ਨਾਲ ਆਵਾਂਗਾ ।" ਸੋ ਸ਼ਿਮਓਨ ਉਸ ਦੇ ਨਾਲ ਗਿਆ ।

4ਤਦ ਯਹੂਦਾਹ ਨੇ ਹਮਲਾ ਕੀਤਾ ਅਤੇ ਯਹੋਵਾਹ ਨੇ ਕਨਾਨੀਆਂ ਅਤੇ ਫ਼ਰਿੱਜ਼ੀਆਂ ਨੂੰ ਉਸ ਦੇ ਹੱਥ ਵਿੱਚ ਕਰ ਦਿੱਤਾ ਅਤੇ ਉਨ੍ਹਾਂ ਨੇ ਬਜ਼ਕ ਵਿੱਚ ਦਸ ਹਜ਼ਾਰ ਮਨੁੱਖ ਮਾਰ ਦਿੱਤੇ ।5ਉਨ੍ਹਾਂ ਨੇ ਅਦੋਨੀ ਬਜ਼ਕ ਨੂੰ ਬਜ਼ਕ ਵਿੱਚ ਲੱਭਿਆ ਅਤੇ ਉਸ ਦੇ ਨਾਲ ਲੜੇ ਅਤੇ ਕਨਾਨੀਆਂ ਅਤੇ ਫ਼ਰਿੱਜ਼ੀਆਂ ਨੂੰ ਮਾਰ ਦਿੱਤਾ ।
6ਪਰ ਅਦੋਨੀ ਬਜ਼ਕ ਭੱਜ ਗਿਆ ਅਤੇ ਉਨ੍ਹਾਂ ਨੇ ਉਸ ਦਾ ਪਿੱਛਾ ਕਰ ਕੇ ਉਸ ਨੂੰ ਫੜ ਲਿਆ, ਅਤੇ ਉਸ ਦੇ ਹੱਥਾਂ ਤੇ ਪੈਰਾਂ ਦੇ ਅੰਗੂਠੇ ਵੱਢ ਦਿੱਤੇ ।7ਤਦ ਅਦੋਨੀ ਬਜ਼ਕ ਨੇ ਕਿਹਾ, "ਹੱਥਾਂ ਤੇ ਪੈਰਾਂ ਦੇ ਅੰਗੂਠੇ ਵੱਢੇ ਹੋਏ ਸੱਤਰ ਰਾਜੇ ਮੇਰੀ ਮੇਜ਼ ਦੇ ਹੇਠੋਂ ਟੁੱਕੜੇ ਚੁਗ-ਚੁਗ ਕੇ ਖਾਂਦੇ ਸਨ, ਇਸ ਲਈ ਜਿਸ ਤਰ੍ਹਾਂ ਮੈਂ ਕੀਤਾ ਸੀ, ਪਰਮੇਸ਼ੁਰ ਨੇ ਮੈਨੂੰ ਉਸੇ ਤਰ੍ਹਾਂ ਹੀ ਬਦਲਾ ਦਿੱਤਾ ਹੈ ।" ਫੇਰ ਉਹ ਉਸ ਨੂੰ ਯਰੂਸ਼ਲਮ ਵਿੱਚ ਲੈ ਆਏ ਅਤੇ ਉਹ ਉੱਥੇ ਹੀ ਮਰ ਗਿਆ ।
ਯਹੂਦਾਹ ਗੋਤ ਦੀ ਯਰੂਸ਼ਲਮ ਅਤੇ ਹਬਰੋਨ ਉੱਤੇ ਜਿੱਤ

8ਤਦ ਯਹੂਦੀਆਂ ਨੇ ਯਰੂਸ਼ਲਮ ਨਾਲ ਲੜਾਈ ਕੀਤੀ ਅਤੇ ਉਸ ਨੂੰ ਜਿੱਤ ਲਿਆ ਅਤੇ ਉਨ੍ਹਾਂ ਨੇ ਤਲਵਾਰ ਦੀ ਧਾਰ ਨਾਲ ਉਸ ਦੇ ਵਾਸੀਆਂ ਨੂੰ ਮਾਰਿਆ ਅਤੇ ਸ਼ਹਿਰ ਨੂੰ ਅੱਗ ਨਾਲ ਸਾੜ ਦਿੱਤਾ ।9ਇਸ ਤੋਂ ਬਾਅਦ, ਯਹੂਦੀ ਜਾ ਕੇ ਉਹਨਾਂ ਕਨਾਨੀਆਂ ਨਾਲ ਲੜੇ, ਜੋ ਪਹਾੜੀ ਦੇਸ਼ ਵਿੱਚ ਅਤੇ ਦੱਖਣ ਦੇ ਦੇਸ਼ ਅਤੇ ਬੇਟ ਵਿੱਚ ਵੱਸਦੇ ਸਨ ।10ਅਤੇ ਯਹੂਦਾਹ ਉਹਨਾਂ ਕਨਾਨੀਆਂ ਦਾ ਜੋ ਹਬਰੋਨ ਵਿੱਚ ਰਹਿੰਦੇ ਸਨ, ਸਾਹਮਣਾ ਕਰਨ ਨੂੰ ਗਿਆ । ਹਬਰੋਨ ਦਾ ਨਾਮ ਪਹਿਲਾਂ ਕਿਰਯਥ-ਅਬਰਾ ਸੀ । ਉੱਥੇ ਉਨ੍ਹਾਂ ਨੇ ਸ਼ੇਸ਼ਈ, ਅਹੀਮਾਨ ਅਤੇ ਤਲਮਈ ਨੂੰ ਮਾਰ ਦਿੱਤਾ ।
ਅਥਨੀਏਲ ਦੁਆਰਾ ਦਬੀਰ ਉੱਤੇ ਜਿੱਤ
(ਯਹੋਸ਼ੁਆ 15:13-19)

11ਫਿਰ ਉਸ ਨੇ ਉੱਥੋਂ ਜਾ ਕੇ ਦਬੀਰੀਆਂ ਉੱਤੇ ਹਮਲਾ ਕੀਤਾ । ਦਬੀਰ ਦਾ ਨਾਮ ਪਹਿਲਾਂ ਕਿਰਯਥ-ਸੇਫ਼ਰ ਸੀ ।12ਤਦ ਕਾਲੇਬ ਨੇ ਕਿਹਾ, "ਜੋ ਕੋਈ ਕਿਰਯਥ-ਸੇਫ਼ਰ ਉੱਤੇ ਹਮਲਾ ਕਰਕੇ ਉਸ ਨੂੰ ਜਿੱਤ ਲਵੇ, ਉਸ ਦੇ ਨਾਲ ਮੈਂ ਆਪਣੀ ਧੀ ਅਕਸਾਹ ਦਾ ਵਿਆਹ ਕਰ ਦਿਆਂਗਾ ।"13ਤਦ ਕਾਲੇਬ ਦੇ ਛੋਟੇ ਭਰਾ ਕਨਜ ਦੇ ਪੁੱਤਰ ਨੇ ਉਸ ਨੂੰ ਜਿੱਤ ਲਿਆ ਅਤੇ ਕਾਲੇਬ ਨੇ ਆਪਣੀ ਧੀ ਅਕਸਾਹ ਦਾ ਵਿਆਹ ਉਸ ਨਾਲ ਕਰ ਦਿੱਤਾ ।
14ਜਦ ਉਹ ਅਥਨੀਏਲ ਦੇ ਕੋਲ ਆਈ ਤਾਂ ਉਸ ਨੇ ਉਹ ਨੂੰ ਉਕਸਾਇਆ ਕਿ ਉਹ ਆਪਣੇ ਪਿਤਾ ਕੋਲੋਂ ਥੋੜੀ ਜ਼ਮੀਨ ਮੰਗੇ । ਫਿਰ ਉਹ ਛੇਤੀ ਨਾਲ ਆਪਣੇ ਗਧੇ ਤੋਂ ਉਤਰੀ, ਤਦ ਕਾਲੇਬ ਨੇ ਉਸ ਨੂੰ ਪੁੱਛਿਆ, "ਤੂੰ ਕੀ ਚਾਹੁੰਦੀ ਹੈਂ ? "15ਉਸ ਨੇ ਕਿਹਾ, "ਮੈਨੂੰ ਅਸੀਸ ਦੇ, ਜਦ ਤੁਸੀਂ ਮੈਨੂੰ ਦੱਖਣ ਦਾ ਦੇਸ਼ ਦਾਨ ਵਿੱਚ ਦਿੱਤਾ ਹੈ, ਤਾਂ ਮੈਨੂੰ ਪਾਣੀ ਦੇ ਸੋਤੇ ਵੀ ਦਿਉ ।" ਤਦ ਕਾਲੇਬ ਨੇ ਉੱਪਰਲੇ ਸੋਤੇ ਅਤੇ ਹੇਠਲੇ ਸੋਤੇ ਉਸ ਨੂੰ ਦੇ ਦਿੱਤੇ ।
ਯਹੂਦਾਹ ਅਤੇ ਬਿਨਯਾਮੀਨ ਦੇ ਗੋਤਾਂ ਦੀ ਜਿੱਤ

16ਮੂਸਾ ਦੇ ਸਹੁਰੇ ਕੇਨੀ ਦੀ ਸੰਤਾਨ, ਖ਼ਜੂਰਾਂ ਦੇ ਸ਼ਹਿਰ ਤੋਂ ਯਹੂਦੀਆਂ ਦੇ ਨਾਲ ਯਹੂਦਾਹ ਦੇ ਜੰਗਲ ਵਿੱਚ ਜੋ ਅਰਾਦ ਦੇ ਦੱਖਣ ਵੱਲ ਹੈ, ਉੱਪਰ ਆਈ ਅਤੇ ਇਸਰਾਏਲੀਆਂ ਦੇ ਵਿਚਕਾਰ ਵੱਸ ਗਈ ।17ਫਿਰ ਯਹੂਦਾਹ ਆਪਣੇ ਭਰਾ ਸ਼ਿਮਓਨ ਦੇ ਨਾਲ ਗਿਆ ਅਤੇ ਉਨ੍ਹਾਂ ਨੇ ਸਫ਼ਾਥ ਵਿੱਚ ਰਹਿਣ ਵਾਲੇ ਕਨਾਨੀਆਂ ਨੂੰ ਜਾ ਕੇ ਮਾਰਿਆ, ਅਤੇ ਉਸ ਨਗਰ ਨੂੰ ਨਾਸ਼ ਕਰ ਦਿੱਤਾ, ਇਸ ਲਈ ਉਸ ਨਗਰ ਦਾ ਨਾਮ ਹਾਰਮਾਹ ਪੈ ਗਿਆ ।
18ਅਤੇ ਯਹੂਦਾਹ ਨੇ ਅੱਜ਼ਾਹ, ਅਸਕਲੋਨ ਅਤੇ ਅਕਰੋਨ ਨੂੰ ਉਨ੍ਹਾਂ ਦੇ ਆਲੇ-ਦੁਆਲੇ ਦੀ ਭੂਮੀ ਸਮੇਤ ਲੈ ਲਿਆ ।19ਯਹੋਵਾਹ ਯਹੂਦਾਹ ਦੇ ਅੰਗ-ਸੰਗ ਸੀ ਅਤੇ ਉਸ ਨੇ ਪਹਾੜੀ ਲੋਕਾਂ ਨੂੰ ਕੱਢ ਦਿੱਤਾ ਪਰ ਉਹ ਘਾਟੀ ਦੇ ਵਾਸੀਆਂ ਨੂੰ ਨਾ ਕੱਢ ਸੱਕਿਆ, ਕਿਉਂ ਜੋ ਉਨ੍ਹਾਂ ਦੇ ਕੋਲ ਲੋਹੇ ਦੇ ਰਥ ਸਨ ।
20ਤਦ ਉਨ੍ਹਾਂ ਨੇ ਮੂਸਾ ਦੇ ਬਚਨ ਅਨੁਸਾਰ ਕਾਲੇਬ ਨੂੰ ਹਬਰੋਨ ਦੇ ਦਿੱਤਾ ਅਤੇ ਉਸ ਨੇ ਅਨਾਕ ਦੇ ਤਿੰਨਾਂ ਪੁੱਤਰਾਂ ਨੂੰ ਉੱਥੋਂ ਕੱਢ ਦਿੱਤਾ ।21ਬਿਨਯਾਮੀਨੀਆਂ ਨੇ ਯਰੂਸ਼ਲਮ ਵਿੱਚ ਰਹਿਣ ਵਾਲੇ ਯਬੂਸੀਆਂ ਨੂੰ ਨਾ ਕੱਢਿਆ, ਇਸ ਲਈ ਅੱਜ ਦੇ ਦਿਨ ਤੱਕ ਯਬੂਸੀ ਬਿਨਯਾਮੀਨੀਆਂ ਦੇ ਨਾਲ ਯਰੂਸ਼ਲਮ ਵਿੱਚ ਵੱਸਦੇ ਹਨ ।
ਯੂਸੁਫ਼ ਦੇ ਘਰਾਣੇ ਦੁਆਰਾ ਬੈਤੇਲ ਉੱਤੇ ਜਿੱਤ

22ਫਿਰ ਯੂਸੁਫ਼ ਦੇ ਘਰਾਣੇ ਨੇ ਬੈਤੇਲ ਉੱਤੇ ਹਮਲਾ ਕੀਤਾ, ਅਤੇ ਯਹੋਵਾਹ ਉਨ੍ਹਾਂ ਦੇ ਅੰਗ-ਸੰਗ ਸੀ ।23ਯੂਸੁਫ਼ ਦੇ ਘਰਾਣੇ ਨੇ ਬੈਤੇਲ ਦਾ ਭੇਤ ਲੈਣ ਲਈ ਲੋਕ ਭੇਜੇ । ਪਹਿਲਾਂ ਉਸ ਸ਼ਹਿਰ ਦਾ ਨਾਮ ਲੂਜ਼ ਸੀ ।24ਜਦ ਭੇਤੀਆਂ ਨੇ ਇੱਕ ਆਦਮੀ ਨੂੰ ਸ਼ਹਿਰ ਵਿੱਚੋਂ ਨਿੱਕਲਦਿਆਂ ਵੇਖਿਆ ਤਾਂ ਉਸ ਨੂੰ ਕਿਹਾ, "ਜੇਕਰ ਤੂੰ ਸ਼ਹਿਰ ਵਿੱਚ ਵੜਨ ਦਾ ਰਾਹ ਸਾਨੂੰ ਵਿਖਾਏਂ ਤਾਂ ਅਸੀਂ ਵੀ ਤੇਰੇ ਨਾਲ ਭਲਿਆਈ ਕਰਾਂਗੇ ।"
25ਤਦ ਉਸ ਨੇ ਉਨ੍ਹਾਂ ਨੂੰ ਸ਼ਹਿਰ ਵਿੱਚ ਵੜਨ ਦਾ ਰਾਹ ਵਿਖਾਇਆ ਅਤੇ ਉਨ੍ਹਾਂ ਨੇ ਸਾਰੇ ਸ਼ਹਿਰ ਨੂੰ ਤਲਵਾਰ ਦੀ ਧਾਰ ਨਾਲ ਮਾਰਿਆ ਪਰ ਉਸ ਮਨੁੱਖ ਨੂੰ ਉਸ ਦੇ ਸਾਰੇ ਘਰਾਣੇ ਨਾਲ ਜੀਉਂਦਾ ਛੱਡ ਦਿੱਤਾ ।26ਉਸ ਮਨੁੱਖ ਨੇ ਹਿੱਤੀਆਂ ਦੇ ਦੇਸ਼ ਵਿੱਚ ਜਾ ਕੇ ਉੱਥੇ ਇੱਕ ਸ਼ਹਿਰ ਵਸਾਇਆ ਅਤੇ ਉਸ ਦਾ ਨਾਮ ਲੂਜ਼ ਰੱਖਿਆ, ਅਤੇ ਅੱਜ ਤੱਕ ਉਸ ਦਾ ਇਹੋ ਨਾਮ ਹੈ ।
ਪੂਰੀ ਤਰ੍ਹਾਂ ਨਾਲ ਨਾ ਕੱਢੇ ਗਏ ਲੋਕ

27ਮਨੱਸ਼ਹ ਨੇ ਬੈਤਸ਼ਾਨ, ਤਾਨਾਕ, ਦੋਰ, ਯਿਬਲਾਮ ਅਤੇ ਮਗਿੱਦੋ ਨੂੰ ਉਨ੍ਹਾਂ ਦੇ ਪਿੰਡਾਂ ਦੇ ਵਾਸੀਆਂ ਨਾਲ ਨਾ ਕੱਢਿਆ, ਇਸ ਲਈ ਕਨਾਨੀ ਉਸ ਦੇਸ਼ ਵਿੱਚ ਹੀ ਵੱਸੇ ਰਹੇ ।28ਪਰ ਜਦ ਇਸਰਾਏਲੀ ਤਕੜੇ ਹੋਏ ਤਾਂ ਉਹ ਕਨਾਨੀਆਂ ਤੋਂ ਬੇਗਾਰੀ ਕਰਾਉਂਦੇ ਰਹੇ ਪਰ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾ ਕੱਢਿਆ ।

29ਇਫ਼ਰਾਈਮ ਨੇ ਵੀ ਗਜ਼ਰ ਵਿੱਚ ਰਹਿਣ ਵਾਲੇ ਕਨਾਨੀਆਂ ਨੂੰ ਨਾ ਕੱਢਿਆ, ਇਸ ਲਈ ਕਨਾਨੀ ਗਜ਼ਰ ਵਿੱਚ ਉਨ੍ਹਾਂ ਦੇ ਵਿਚਕਾਰ ਹੀ ਵੱਸਦੇ ਰਹੇ ।

30ਜ਼ਬੂਲੂਨ ਨੇ ਵੀ ਕਟਰੋਨ ਅਤੇ ਨਹਲੋਲ ਦੇ ਵਾਸੀਆਂ ਨੂੰ ਨਾ ਕੱਢਿਆ, ਇਸ ਲਈ ਕਨਾਨੀ ਉਨ੍ਹਾਂ ਵਿੱਚ ਵੱਸਦੇ ਰਹੇ ਅਤੇ ਪਰ ਇਸਰਾਏਲੀ ਉਨ੍ਹਾਂ ਤੋਂ ਬੇਗਾਰੀ ਕਰਾਉਂਦੇ ਰਹੇ ।

31ਆਸ਼ੇਰ ਨੇ ਵੀ ਅੱਕੋ, ਸੀਦੋਨ, ਅਹਲਾਬ, ਅਕਜ਼ੀਬ, ਹਲਬਾਹ, ਅਫ਼ੀਕ ਅਤੇ ਰਹੋਬ ਦੇ ਵਾਸੀਆਂ ਨੂੰ ਨਾ ਕੱਢਿਆ32ਸਗੋਂ ਆਸ਼ੇਰੀ ਉਸ ਦੇਸ਼ ਦੇ ਵਾਸੀ ਕਨਾਨੀਆਂ ਦੇ ਵਿਚਕਾਰ ਹੀ ਵੱਸ ਗਏ, ਕਿਉਂ ਜੋ ਉਨ੍ਹਾਂ ਨੇ ਉਹਨਾਂ ਨੂੰ ਨਹੀਂ ਕੱਢਿਆ ਸੀ ।

33ਨਫ਼ਤਾਲੀ ਨੇ ਵੀ ਬੈਤ-ਸ਼ਮਸ਼ ਅਤੇ ਬੈਤ-ਅਨਾਥ ਦੇ ਵਾਸੀਆਂ ਨੂੰ ਨਾ ਕੱਢਿਆ, ਸਗੋਂ ਉਹ ਉਨ੍ਹਾਂ ਕਨਾਨੀਆਂ ਦੇ ਵਿੱਚ, ਜੋ ਉੱਥੇ ਰਹਿੰਦੇ ਸਨ ਜਾ ਵੱਸੇ, ਪਰ ਬੈਤ-ਸ਼ਮਸ਼ ਅਤੇ ਬੈਤ-ਅਨਾਥ ਦੇ ਵਾਸੀ ਉਨ੍ਹਾਂ ਨੂੰ ਬਗਾਰ ਦਿੰਦੇ ਰਹੇ ।

34ਅਮੋਰੀਆਂ ਨੇ ਦਾਨੀਆਂ ਨੂੰ ਪਹਾੜੀ ਦੇਸ਼ ਵਿੱਚ ਭੱਜਾ ਦਿੱਤਾ, ਅਤੇ ਉਨ੍ਹਾਂ ਨੂੰ ਘਾਟੀ ਵਿੱਚ ਨਾ ਆਉਣ ਦਿੱਤਾ ।

35ਅਮੋਰੀ ਹਰਸ ਦੇ ਪਹਾੜ ਉੱਤੇ ਅੱਯਾਲੋਨ ਅਤੇ ਸਾਲਬੀਮ ਵਿੱਚ ਵੱਸਦੇ ਰਹੇ, ਪਰ ਯੂਸੁਫ਼ ਦੇ ਘਰਾਣੇ ਦਾ ਹੱਥ ਅਜਿਹਾ ਤਕੜਾ ਹੋਇਆ ਕਿ ਉਹ ਉਨ੍ਹਾਂ ਕੋਲੋਂ ਬਗਾਰ ਲੈਂਦੇ ਰਹੇ,36ਅਤੇ ਅਮੋਰੀਆਂ ਦੀ ਦੇਸ਼ ਦੀ ਹੱਦ ਅਕਰੱਬੀਮ ਪਹਾੜ ਦੀ ਚੜ੍ਹਾਈ ਤੋਂ ਲੈ ਕੇ ਉੱਪਰ ਵੱਲ ਸੀ ।

2
ਬੋਕੀਮ ਵਿੱਚ ਯਹੋਵਾਹ ਦਾ ਦੂਤ

1ਤਦ ਯਹੋਵਾਹ ਦਾ ਦੂਤ ਗਿਲਗਾਲ ਤੋਂ ਬੋਕੀਮ ਨੂੰ ਆਇਆ ਅਤੇ ਕਹਿਣ ਲੱਗਾ, "ਮੈਂ ਤੁਹਾਨੂੰ ਮਿਸਰ ਤੋਂ ਕੱਢ ਲਿਆਇਆ ਅਤੇ ਤੁਹਾਨੂੰ ਇਸ ਦੇਸ਼ ਵਿੱਚ ਜਿਸ ਦੀ ਮੈਂ ਤੁਹਾਡੇ ਪਿਉ-ਦਾਦਿਆਂ ਨਾਲ ਸੌਂਹ ਖਾਧੀ ਸੀ, ਲੈ ਆਇਆ ਅਤੇ ਮੈਂ ਕਿਹਾ ਕਿ ਮੈਂ ਤੁਹਾਡੇ ਨਾਲ ਆਪਣਾ ਨੇਮ ਕਦੇ ਨਾ ਤੋੜਾਂਗਾ ।2ਪਰ ਤੁਸੀਂ ਇਸ ਦੇਸ਼ ਦੇ ਵਾਸੀਆਂ ਨਾਲ ਨੇਮ ਨਾ ਬੰਨ੍ਹਿਓ ਸਗੋਂ ਤੁਸੀਂ ਉਹਨਾਂ ਦੀਆਂ ਜਗਵੇਦੀਆਂ ਨੂੰ ਢਾਹ ਸੁੱਟਿਓ, ਪਰ ਤੁਸੀਂ ਮੇਰਾ ਹੁਕਮ ਨਾ ਮੰਨਿਆ, ਤੁਸੀਂ ਅਜਿਹਾ ਕਿਉਂ ਕੀਤਾ ?

3ਇਸ ਲਈ ਮੈਂ ਵੀ ਕਹਿੰਦਾ ਹਾਂ, ਮੈਂ ਉਹਨਾਂ ਨੂੰ ਤੁਹਾਡੇ ਅੱਗੋਂ ਨਾ ਕੱਢਾਂਗਾ, ਸਗੋਂ ਉਹ ਤੁਹਾਡੀਆਂ ਵੱਖੀਆਂ ਵਿੱਚ ਕੰਡਿਆਂ ਵਰਗੇ ਅਤੇ ਉਹਨਾਂ ਦੇ ਦੇਵਤੇ ਤੁਹਾਡੇ ਲਈ ਫਾਹੀ ਹੋਣਗੇ ।"4ਜਦ ਯਹੋਵਾਹ ਦੇ ਦੂਤ ਨੇ ਇਹ ਗੱਲਾਂ ਸਾਰੇ ਇਸਰਾਏਲੀਆਂ ਨੂੰ ਆਖੀਆਂ ਤਾਂ ਉਹ ਸਾਰੇ ਲੋਕ ਉੱਚੀ-ਉੱਚੀ ਰੋਣ ਲੱਗ ਪਏ ।5ਅਤੇ ਉਨ੍ਹਾਂ ਨੇ ਉਸ ਸਥਾਨ ਦਾ ਨਾਮ ਬੋਕੀਮ ਰੱਖਿਆ ਅਤੇ ਉੱਥੇ ਉਨ੍ਹਾਂ ਨੇ ਯਹੋਵਾਹ ਦੇ ਲਈ ਬਲੀਆਂ ਚੜ੍ਹਾਈਆਂ ।
ਯਹੋਸ਼ੁਆ ਦੀ ਮੌਤ

6ਜਿਸ ਵੇਲੇ ਯਹੋਸ਼ੁਆ ਨੇ ਲੋਕਾਂ ਨੂੰ ਵਿਦਿਆ ਕੀਤਾ, ਤਾਂ ਸਾਰੇ ਇਸਰਾਏਲੀ ਆਪੋ ਆਪਣੇ ਹਿੱਸੇ ਵਿੱਚ ਚਲੇ ਗਏ ਤਾਂ ਜੋ ਉਸ ਦੇਸ਼ ਨੂੰ ਆਪਣੇ ਵੱਸ ਵਿੱਚ ਕਰ ਲੈਣ ।7ਅਤੇ ਉਹ ਲੋਕ ਯਹੋਸ਼ੁਆ ਦੇ ਜੀਵਨ ਭਰ ਅਤੇ ਜਦ ਤੱਕ ਉਹ ਬਜ਼ੁਰਗ ਜੀਉਂਦੇ ਰਹੇ ਜਿਹੜੇ ਯਹੋਸ਼ੁਆ ਦੇ ਮਰਨ ਤੋਂ ਬਾਅਦ ਸਨ, ਅਤੇ ਜਿਨ੍ਹਾਂ ਨੇ ਯਹੋਵਾਹ ਦੇ ਸਾਰੇ ਵੱਡੇ ਕੰਮਾਂ ਨੂੰ ਵੇਖਿਆ ਸੀ ਜੋ ਉਸ ਨੇ ਇਸਰਾਏਲ ਦੇ ਲਈ ਕੀਤੇ ਸਨ, ਤਦ ਤੱਕ ਉਹ ਯਹੋਵਾਹ ਦੀ ਉਪਾਸਨਾ ਕਰਦੇ ਰਹੇ ।8ਤਦ ਯਹੋਵਾਹ ਦਾ ਦਾਸ ਨੂਨ ਦਾ ਪੁੱਤਰ ਯਹੋਸ਼ੁਆ ਇੱਕ ਸੌ ਦਸ ਸਾਲ ਦਾ ਹੋ ਕੇ ਮਰ ਗਿਆ ।
9ਅਤੇ ਉਨ੍ਹਾਂ ਨੇ ਉਸ ਦੇ ਹਿੱਸੇ ਦੀ ਜ਼ਮੀਨ ਤਿਮਨਥ-ਹਰਸ ਵਿੱਚ ਜੋ ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਗਾਸ਼ ਨਾਮਕ ਪਹਾੜ ਦੇ ਉੱਤਰ ਵੱਲ ਹੈ, ਉਸ ਨੂੰ ਦੱਬ ਦਿੱਤਾ ।10ਸੋ ਉਸ ਪੀੜ੍ਹੀ ਦੇ ਸਾਰੇ ਲੋਕ ਆਪਣੇ ਪੁਰਖਿਆਂ ਨਾਲ ਜਾ ਰਲੇ ਅਤੇ ਉਨ੍ਹਾਂ ਦੇ ਬਾਅਦ ਇੱਕ ਹੋਰ ਪੀੜ੍ਹੀ ਉੱਠੀ, ਜੋ ਨਾ ਤਾਂ ਯਹੋਵਾਹ ਨੂੰ ਜਾਣਦੀ ਸੀ ਅਤੇ ਨਾ ਹੀ ਉਨ੍ਹਾਂ ਕੰਮਾਂ ਨੂੰ ਜੋ ਉਸ ਨੇ ਇਸਰਾਏਲ ਦੇ ਲਈ ਕੀਤੇ ਸਨ ।
ਇਸਰਾਏਲੀਆਂ ਦੁਆਰਾ ਯਹੋਵਾਹ ਨੂੰ ਤਿਆਗ ਦੇਣਾ

11ਤਦ ਇਸਰਾਏਲੀਆਂ ਨੇ ਯਹੋਵਾਹ ਦੇ ਅੱਗੇ ਬੁਰਿਆਈ ਕੀਤੀ ਅਤੇ ਬਆਲ ਦੇਵਤਿਆਂ ਦੀ ਪੂਜਾ ਕਰਨ ਲੱਗੇ ।12ਉਨ੍ਹਾਂ ਨੇ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਨੂੰ, ਜੋ ਉਨ੍ਹਾਂ ਨੂੰ ਮਿਸਰ ਦੇਸ ਵਿੱਚੋਂ ਕੱਢ ਲਿਆਇਆ ਸੀ, ਛੱਡ ਦਿੱਤਾ, ਅਤੇ ਪਰਾਏ ਦੇਵਤਿਆਂ ਦੀ ਅਰਥਾਤ ਉਨ੍ਹਾਂ ਲੋਕਾਂ ਦੇ ਦੇਵਤਿਆਂ ਦੀ ਜੋ ਉਨ੍ਹਾਂ ਦੇ ਆਲੇ-ਦੁਆਲੇ ਰਹਿੰਦੇ ਸਨ, ਪੂਜਾ ਕਰਨ ਲੱਗੇ ਅਤੇ ਉਨ੍ਹਾਂ ਦੇ ਅੱਗੇ ਮੱਥਾ ਟੇਕਿਆ, ਅਤੇ ਯਹੋਵਾਹ ਦਾ ਕ੍ਰੋਧ ਭੜਕਾਇਆ ।13ਉਨ੍ਹਾਂ ਨੇ ਯਹੋਵਾਹ ਨੂੰ ਛੱਡ ਦਿੱਤਾ, ਅਤੇ ਬਆਲ ਦੇਵਤਿਆਂ ਅਤੇ ਅਸ਼ਤਾਰੋਥ ਦੇਵੀਆਂ ਦੀ ਪੂਜਾ ਕਰਨ ਲੱਗੇ ।

14ਇਸ ਲਈ ਯਹੋਵਾਹ ਦਾ ਕ੍ਰੋਧ ਇਸਰਾਏਲ ਉੱਤੇ ਭੜਕਿਆ ਅਤੇ ਉਸ ਨੇ ਉਨ੍ਹਾਂ ਨੂੰ ਲੁਟੇਰਿਆਂ ਦੇ ਹੱਥ ਵਿੱਚ ਦੇ ਦਿੱਤਾ ਜੋ ਉਨ੍ਹਾਂ ਨੂੰ ਲੁੱਟਣ ਲੱਗੇ, ਅਤੇ ਉਨ੍ਹਾਂ ਦੇ ਵੈਰੀਆਂ ਦੇ ਹੱਥ ਕਰ ਦਿੱਤਾ ਜੋ ਉਨ੍ਹਾਂ ਦੇ ਚੁਫੇਰੇ ਸਨ ਅਤੇ ਉਹ ਫਿਰ ਆਪਣੇ ਵੈਰੀਆਂ ਦੇ ਅੱਗੇ ਖੜ੍ਹੇ ਨਾ ਹੋ ਸਕੇ ।15ਅਤੇ ਜਿੱਥੇ ਕਿਤੇ ਉਹ ਬਾਹਰ ਨਿੱਕਲਦੇ, ਉੱਥੇ ਯਹੋਵਾਹ ਦਾ ਹੱਥ ਉਨ੍ਹਾਂ ਉੱਤੇ ਬੁਰਿਆਈ ਦੇ ਲਈ ਹੀ ਸੀ, ਜਿਵੇਂ ਯਹੋਵਾਹ ਨੇ ਉਨ੍ਹਾਂ ਨੂੰ ਕਿਹਾ ਸੀ, ਅਤੇ ਜਿਵੇਂ ਯਹੋਵਾਹ ਨੇ ਉਨ੍ਹਾਂ ਨਾਲ ਸੌਂਹ ਖਾਧੀ ਸੀ, ਇਸ ਲਈ ਉਹ ਬਹੁਤ ਮੁਸੀਬਤ ਵਿੱਚ ਪੈ ਗਏ ।

16ਫੇਰ ਵੀ ਯਹੋਵਾਹ ਉਨ੍ਹਾਂ ਦੇ ਲਈ ਨਿਆਂਈਆਂ ਨੂੰ ਠਹਿਰਾਉਂਦਾ ਜੋ ਉਨ੍ਹਾਂ ਨੂੰ ਲੁਟੇਰਿਆਂ ਦੇ ਹੱਥੋਂ ਛੁਡਾ ਲੈਂਦੇ ਸਨ ।17ਪਰ ਉਹ ਆਪਣੇ ਨਿਆਂਈਆਂ ਦੀ ਵੀ ਨਹੀਂ ਮੰਨਦੇ ਸਨ, ਸਗੋਂ ਪਰਾਏ ਦੇਵਤਿਆਂ ਦੇ ਪਿੱਛੇ ਲੱਗ ਕੇ ਵਿਭਚਾਰੀ ਹੋਏ ਅਤੇ ਉਨ੍ਹਾਂ ਨੂੰ ਮੱਥਾ ਟੇਕਦੇ ਸਨ, ਅਤੇ ਉਹ ਉਸ ਰਾਹ ਤੋਂ ਛੇਤੀ ਨਾਲ ਮੁੜ ਗਏ ਜਿਸ ਉੱਤੇ ਉਨ੍ਹਾਂ ਦੇ ਪਿਉ-ਦਾਦੇ ਯਹੋਵਾਹ ਦੀ ਆਗਿਆ ਮੰਨਦੇ ਹੋਏ ਚੱਲਦੇ ਸਨ ਅਤੇ ਉਨ੍ਹਾਂ ਵਾਂਗੂੰ ਨਾ ਚੱਲੇ ।
18ਜਦ ਯਹੋਵਾਹ ਉਨ੍ਹਾਂ ਦੇ ਲਈ ਨਿਆਂਈਆਂ ਨੂੰ ਠਹਿਰਾਉਂਦਾ ਤਾਂ ਯਹੋਵਾਹ ਉਨ੍ਹਾਂ ਨਿਆਂਈਆਂ ਦੇ ਨਾਲ ਰਹਿੰਦਾ ਸੀ ਅਤੇ ਜਦ ਤੱਕ ਨਿਆਂਈ ਜੀਉਂਦਾ ਰਹਿੰਦਾ ਸੀ ਤਦ ਤੱਕ ਇਸਰਾਏਲ ਨੂੰ ਉਸ ਦੇ ਵੈਰੀਆਂ ਦੇ ਹੱਥੋਂ ਛੁਡਾਉਂਦਾ ਸੀ, ਕਿਉਂ ਜੋ ਯਹੋਵਾਹ ਉਨ੍ਹਾਂ ਦੀ ਦੁਹਾਈ ਤੋਂ ਜੋ ਉਹ ਆਪਣੇ ਦੁੱਖ ਦੇਣ ਵਾਲਿਆਂ ਅਤੇ ਲੁਟੇਰਿਆਂ ਦੇ ਕਾਰਨ ਦਿੰਦੇ ਸਨ, ਦੁਖੀ ਹੁੰਦਾ ਸੀ ।19ਪਰ ਜਦ ਉਹ ਨਿਆਂਈ ਮਰ ਜਾਂਦਾ ਤਾਂ ਉਹ ਫਿਰ ਮੁੜ ਜਾਂਦੇ, ਅਤੇ ਪਰਾਏ ਦੇਵਤਿਆਂ ਦੀ ਪੂਜਾ ਕਰਕੇ ਉਨ੍ਹਾਂ ਦੇ ਪਿੱਛੇ ਲਗਦੇ ਅਤੇ ਉਨ੍ਹਾਂ ਦੇ ਅੱਗੇ ਮੱਥੇ ਟੇਕਦੇ, ਇਸ ਤਰ੍ਹਾਂ ਉਹ ਆਪਣੇ ਪਿਉ-ਦਾਦਿਆਂ ਤੋਂ ਵੱਧ ਅਪਰਾਧੀ ਬਣੇ ਅਤੇ ਉਹ ਆਪਣੇ ਬੁਰੇ ਕੰਮਾਂ ਨੂੰ ਅਤੇ ਆਪਣੇ ਢੀਠਪੁਣੇ ਨੂੰ ਛੱਡਦੇ ਨਹੀਂ ਸਨ ।

20ਇਸ ਲਈ ਯਹੋਵਾਹ ਦਾ ਕ੍ਰੋਧ ਇਸਰਾਏਲ ਉੱਤੇ ਫੇਰ ਭੜਕਿਆ ਅਤੇ ਉਸ ਨੇ ਕਿਹਾ, "ਕਿਉਂ ਜੋ ਇਸ ਕੌਮ ਨੇ ਮੇਰੇ ਉਸ ਨੇਮ ਨੂੰ ਜੋ ਮੈਂ ਉਨ੍ਹਾਂ ਦੇ ਪਿਉ-ਦਾਦਿਆਂ ਨਾਲ ਬੰਨ੍ਹਿਆ ਸੀ, ਤੋੜ ਦਿੱਤਾ ਅਤੇ ਮੇਰੀ ਆਗਿਆ ਨਾ ਮੰਨੀ,21ਇਸ ਲਈ ਹੁਣ ਮੈਂ ਵੀ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਨੂੰ ਯਹੋਸ਼ੁਆ ਛੱਡ ਕੇ ਮਰ ਗਿਆ ਸੀ, ਕਿਸੇ ਨੂੰ ਵੀ ਉਨ੍ਹਾਂ ਦੇ ਅੱਗਿਓਂ ਨਹੀਂ ਕੱਢਾਂਗਾ22ਤਾਂ ਜੋ ਮੈਂ ਉਨ੍ਹਾਂ ਲੋਕਾਂ ਦੇ ਰਾਹੀਂ ਇਸਰਾਏਲ ਦੀ ਪ੍ਰੀਖਿਆ ਲਵਾਂ ਕਿ ਜਿਸ ਤਰ੍ਹਾਂ ਉਨ੍ਹਾਂ ਦੇ ਪਿਉ-ਦਾਦੇ ਮੇਰੇ ਰਾਹਾਂ ਉੱਤੇ ਚੱਲਦੇ ਸਨ, ਉਸੇ ਤਰ੍ਹਾਂ ਇਹ ਵੀ ਚੱਲਣਗੇ ਜਾਂ ਨਹੀਂ ।"23ਇਸ ਲਈ ਯਹੋਵਾਹ ਨੇ ਉਨ੍ਹਾਂ ਦੇਸ਼ਾਂ ਦੇ ਲੋਕਾਂ ਨੂੰ ਛੇਤੀ ਨਾਲ ਨਾ ਕੱਢਿਆ ਸਗੋਂ ਉਨ੍ਹਾਂ ਨੂੰ ਰਹਿਣ ਦਿੱਤਾ ਅਤੇ ਉਸ ਨੇ ਉਨ੍ਹਾਂ ਨੂੰ ਯਹੋਸ਼ੁਆ ਦੇ ਹੱਥ ਵਿੱਚ ਵੀ ਨਹੀਂ ਦਿੱਤਾ ਸੀ ।

3
ਕਨਾਨ ਦੇਸ਼ ਵਿੱਚ ਬਾਕੀ ਰਹਿ ਗਈਆਂ ਕੌਮਾਂ

1ਇਸਰਾਏਲੀਆਂ ਵਿੱਚੋਂ ਜਿਹੜੇ ਕਨਾਨ ਦੀਆਂ ਸਾਰੀਆਂ ਲੜਾਈਆਂ ਨੂੰ ਨਹੀਂ ਜਾਣਦੇ ਸਨ, ਉਨ੍ਹਾਂ ਨੂੰ ਪਰਖਣ ਲਈ ਯਹੋਵਾਹ ਨੇ ਇਨ੍ਹਾਂ ਕੌਮਾਂ ਨੂੰ ਦੇਸ਼ ਵਿੱਚ ਰਹਿਣ ਦਿੱਤਾ,2ਸਿਰਫ਼ ਇਸ ਲਈ ਤਾਂ ਜੋ ਇਸਰਾਏਲੀਆਂ ਦੀਆਂ ਪੀੜ੍ਹੀਆਂ ਨੂੰ ਜਿਨ੍ਹਾਂ ਨੂੰ ਪਹਿਲਾਂ ਲੜਾਈ ਦਾ ਢੰਗ ਨਹੀਂ ਆਉਂਦਾ ਸੀ, ਉਹਨਾਂ ਨੂੰ ਸਿਖਾਵੇ,3ਅਰਥਾਤ ਫ਼ਲਿਸਤੀਆਂ ਦੇ ਪੰਜ ਅਧਿਕਾਰੀ ਅਤੇ ਸਾਰੇ ਕਨਾਨੀ, ਸੀਦੋਨੀ ਅਤੇ ਹਿੱਵੀ ਜਿਹੜੇ ਲਬਾਨੋਨ ਦੇ ਪਹਾੜ ਵਿੱਚ ਬਆਲ-ਹਰਮੋਨ ਦੇ ਪਹਾੜ ਤੋਂ ਲੈ ਕੇ ਹਮਾਥ ਦੇ ਰਸਤੇ ਤੱਕ ਵੱਸਦੇ ਸਨ ।

4ਇਹ ਇਸ ਲਈ ਰਹੇ ਤਾਂ ਜੋ ਉਨ੍ਹਾਂ ਦੇ ਰਾਹੀਂ ਇਸਰਾਏਲ ਦੀ ਪ੍ਰੀਖਿਆ ਲਈ ਜਾਵੇ ਅਤੇ ਪਤਾ ਲੱਗੇ ਕਿ ਉਹ ਯਹੋਵਾਹ ਦੇ ਹੁਕਮਾਂ ਨੂੰ ਜੋ ਉਸ ਨੇ ਮੂਸਾ ਦੇ ਰਾਹੀਂ ਉਨ੍ਹਾਂ ਦੇ ਪਿਉ-ਦਾਦਿਆਂ ਨੂੰ ਦਿੱਤੇ ਸਨ, ਮੰਨਣਗੇ ਜਾਂ ਨਹੀਂ ।

5ਇਸ ਲਈ ਇਸਰਾਏਲੀ ਕਨਾਨੀਆਂ, ਹਿੱਤੀਆਂ, ਅਮੋਰੀਆਂ, ਫ਼ਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਦੇ ਵਿਚਕਾਰ ਵੱਸਦੇ ਸਨ6ਅਤੇ ਉਨ੍ਹਾਂ ਨੇ ਉਹਨਾਂ ਜਾਤੀਆਂ ਦੀਆਂ ਧੀਆਂ ਨਾਲ ਆਪ ਵਿਆਹ ਕੀਤੇ, ਅਤੇ ਆਪਣੀਆਂ ਧੀਆਂ ਉਹਨਾਂ ਦੇ ਪੁੱਤਰਾਂ ਨੂੰ ਦਿੱਤੀਆਂ ਅਤੇ ਉਹਨਾਂ ਦੇ ਦੇਵਤਿਆਂ ਦੀ ਪੂਜਾ ਕਰਨ ਲੱਗੇ ।
ਆਥਨੀਏਲ ਦਾ ਚਰਿੱਤਰ

7ਇਸ ਤਰ੍ਹਾਂ ਇਸਰਾਏਲੀਆਂ ਨੇ ਯਹੋਵਾਹ ਦੇ ਅੱਗੇ ਬੁਰਿਆਈ ਕੀਤੀ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਭੁਲਾ ਦਿੱਤਾ ਅਤੇ ਬਆਲ ਦੇਵਤਿਆਂ ਅਤੇ ਅਸੇਰਾਹ ਦੇਵੀਆਂ ਦੀ ਪੂਜਾ ਕਰਨ ਲੱਗੇ ।8ਇਸ ਲਈ ਯਹੋਵਾਹ ਦਾ ਕ੍ਰੋਧ ਇਸਰਾਏਲ ਉੱਤੇ ਭੜਕਿਆ, ਅਤੇ ਉਸ ਨੇ ਉਨ੍ਹਾਂ ਨੂੰ ਮੇਸੋਪੋਤਾਮੀਆ ਦੇ ਪਾਤਸ਼ਾਹ ਕੂਸ਼ਨ-ਰਿਸ਼ਾਤੈਮ ਦੇ ਹੱਥ ਕਰ ਦਿੱਤਾ ਅਤੇ ਉਹ ਅੱਠ ਸਾਲ ਤੱਕ ਕੂਸ਼ਨ-ਰਿਸ਼ਾਤੈਮ ਦੇ ਗੁਲਾਮ ਰਹੇ ।
9ਫਿਰ ਇਸਰਾਏਲੀਆਂ ਨੇ ਯਹੋਵਾਹ ਅੱਗੇ ਬੇਨਤੀ ਕੀਤੀ ਅਤੇ ਯਹੋਵਾਹ ਨੇ ਉਨ੍ਹਾਂ ਨੂੰ ਬਚਾਉਣ ਲਈ ਆਥਨੀਏਲ ਨੂੰ ਚੁਣਿਆ ਅਰਥਾਤ ਕਾਲੇਬ ਦੇ ਛੋਟੇ ਭਰਾ ਕਨਜ਼ ਦੇ ਪੁੱਤਰ ਆਥਨੀਏਲ ਨੂੰ ਜਿਸ ਨੇ ਉਨ੍ਹਾਂ ਨੂੰ ਬਚਾਇਆ ।10ਯਹੋਵਾਹ ਦਾ ਆਤਮਾ ਆਥਨੀਏਲ ਦੇ ਉੱਤੇ ਆਇਆ ਅਤੇ ਉਹ ਇਸਰਾਏਲ ਦਾ ਨਿਆਂਈ ਬਣਿਆ ਅਤੇ ਲੜਾਈ ਕਰਨ ਨੂੰ ਨਿੱਕਲਿਆ ਅਤੇ ਯਹੋਵਾਹ ਨੇ ਅਰਾਮ ਦੇ ਰਾਜਾ ਕੂਸ਼ਨ-ਰਿਸ਼ਾਤੈਮ ਨੂੰ ਉਸ ਦੇ ਹੱਥ ਵਿੱਚ ਕਰ ਦਿੱਤਾ ਅਤੇ ਉਸ ਦਾ ਹੱਥ ਕੂਸ਼ਨ-ਰਿਸ਼ਾਤੈਮ ਦੇ ਉੱਤੇ ਬਲਵਾਨ ਹੋਇਆ ।11ਤਦ ਚਾਲੀ ਸਾਲਾਂ ਤੱਕ ਉਸ ਦੇਸ਼ ਵਿੱਚ ਸ਼ਾਂਤੀ ਰਹੀ, ਫਿਰ ਕਨਜ਼ ਦਾ ਪੁੱਤਰ ਆਥਨੀਏਲ ਮਰ ਗਿਆ ।
ਏਹੂਦ ਦਾ ਚਰਿੱਤਰ

12ਇਸਰਾਏਲੀਆਂ ਨੇ ਫਿਰ ਯਹੋਵਾਹ ਦੇ ਅੱਗੇ ਬੁਰਿਆਈ ਕੀਤੀ, ਅਤੇ ਯਹੋਵਾਹ ਨੇ ਮੋਆਬ ਦੇ ਰਾਜਾ ਅਗਲੋਨ ਨੂੰ ਇਸਰਾਏਲ ਦੇ ਉੱਤੇ ਪਰਬਲ ਕੀਤਾ, ਕਿਉਂ ਜੋ ਉਨ੍ਹਾਂ ਨੇ ਯਹੋਵਾਹ ਦੀ ਨਿਗਾਹ ਵਿੱਚ ਬੁਰਿਆਈ ਕੀਤੀ ਸੀ ।13ਇਸ ਲਈ ਉਸ ਨੇ ਅੰਮੋਨੀਆਂ ਅਤੇ ਅਮਾਲੇਕੀਆਂ ਨੂੰ ਆਪਣੇ ਨਾਲ ਮਿਲਾਇਆ ਅਤੇ ਇਸਰਾਏਲ ਉੱਤੇ ਹਮਲਾ ਕੀਤਾ ਅਤੇ ਖ਼ਜੂਰਾਂ ਵਾਲੇ ਸ਼ਹਿਰ ਉੱਤੇ ਕਬਜ਼ਾ ਕਰ ਲਿਆ14ਤਦ ਇਸਰਾਏਲੀ ਅਠਾਰਾਂ ਸਾਲਾਂ ਤੱਕ ਮੋਆਬ ਦੇ ਰਾਜਾ ਅਗਲੋਨ ਦੀ ਸੇਵਾ ਟਹਿਲ ਕਰਦੇ ਰਹੇ ।
15ਫਿਰ ਇਸਰਾਏਲੀਆਂ ਨੇ ਯਹੋਵਾਹ ਦੇ ਅੱਗੇ ਦੁਹਾਈ ਦਿੱਤੀ ਅਤੇ ਯਹੋਵਾਹ ਨੇ ਉਨ੍ਹਾਂ ਦੇ ਲਈ ਇੱਕ ਬਚਾਉਣ ਵਾਲੇ ਨੂੰ ਅਰਥਾਤ ਬਿਨਯਾਮੀਨ ਗੋਤ ਦੇ ਗੇਰਾ ਦੇ ਪੁੱਤਰ ਏਹੂਦ ਨੂੰ ਜੋ ਖੱਬਾ ਸੀ, ਚੁਣਿਆ ਅਤੇ ਇਸਰਾਏਲੀਆਂ ਨੇ ਉਸ ਦੇ ਹੱਥ ਮੋਆਬ ਦੇ ਰਾਜਾ ਅਗਲੋਨ ਕੋਲ ਨਜ਼ਰਾਨਾ ਭੇਜਿਆ ।
16ਏਹੂਦ ਨੇ ਆਪਣੇ ਲਈ ਇੱਕ ਹੱਥ ਲੰਮੀ ਦੋਧਾਰੀ ਤਲਵਾਰ ਬਣਵਾਈ ਅਤੇ ਉਸ ਨੂੰ ਆਪਣੇ ਕੱਪੜਿਆਂ ਦੇ ਹੇਠ ਸੱਜੇ ਪੱਟ ਨਾਲ ਬੰਨ੍ਹ ਲਿਆ ।17ਤਦ ਉਹ ਉਸ ਨਜ਼ਰਾਨੇ ਨੂੰ ਮੋਆਬ ਦੇ ਰਾਜਾ ਕੋਲ ਲਿਆਇਆ । ਅਗਲੋਨ ਇੱਕ ਮੋਟੇ ਢਿੱਡ ਵਾਲਾ ਮਨੁੱਖ ਸੀ ।18ਅਤੇ ਅਜਿਹਾ ਹੋਇਆ ਜਦ ਏਹੂਦ ਨੇ ਨਜ਼ਰਾਨਾ ਉਸ ਨੂੰ ਦੇ ਦਿੱਤਾ ਤਾਂ ਜਿਹੜੇ ਲੋਕ ਨਜ਼ਰਾਨਾ ਚੁੱਕ ਕੇ ਲਿਆਏ ਸਨ, ਉਨ੍ਹਾਂ ਨੂੰ ਉਸ ਨੇ ਭੇਜ ਦਿੱਤਾ ।
19ਪਰ ਉਹ ਆਪ ਪੱਥਰ ਦੀ ਖਾਣ ਕੋਲੋਂ ਜੋ ਗਿਲਗਾਲ ਵਿੱਚ ਹੈ, ਵਾਪਿਸ ਆਇਆ ਅਤੇ ਅਗਲੋਨ ਨੂੰ ਕਿਹਾ, "ਹੇ ਮਹਾਰਾਜ, ਮੇਰੇ ਕੋਲ ਤੁਹਾਡੇ ਲਈ ਇੱਕ ਗੁਪਤ ਸੰਦੇਸ਼ ਹੈ ।" ਅਗਲੋਨ ਨੇ ਕਿਹਾ, "ਥੋੜੀ ਦੇਰ ਲਈ ਬਾਹਰ ਜਾਉ ।" ਤਦ ਜਿਹੜੇ ਉਸ ਦੇ ਆਲੇ-ਦੁਆਲੇ ਖੜ੍ਹੇ ਸਨ, ਸਭ ਬਾਹਰ ਨਿੱਕਲ ਗਏ ।20ਤਦ ਏਹੂਦ ਉਸ ਦੇ ਕੋਲ ਆਇਆ, ਉਸ ਵੇਲੇ ਉਹ ਹਵਾਦਾਰ ਚੁਬਾਰੇ ਵਿੱਚ ਜੋ ਸਿਰਫ਼ ਉਸ ਦੇ ਲਈ ਸੀ, ਬੈਠਿਆ ਹੋਇਆ ਸੀ । ਫਿਰ ਏਹੂਦ ਨੇ ਕਿਹਾ, "ਤੁਹਾਡੇ ਲਈ ਮੇਰੇ ਕੋਲ ਪਰਮੇਸ਼ੁਰ ਦੀ ਵੱਲੋਂ ਇੱਕ ਸੰਦੇਸ਼ ਹੈ ।" ਤਦ ਉਹ ਗੱਦੀ ਉੱਤੋਂ ਉੱਠ ਕੇ ਖੜ੍ਹਾ ਹੋ ਗਿਆ ।
21ਤਦ ਏਹੂਦ ਨੇ ਆਪਣਾ ਖੱਬਾ ਹੱਥ ਵਧਾਇਆ ਅਤੇ ਆਪਣੇ ਸੱਜੇ ਪੱਟ ਉੱਤੋਂ ਤਲਵਾਰ ਫੜ੍ਹ ਕੇ ਉਸ ਦੇ ਢਿੱਡ ਦੇ ਵਿੱਚ ਘੁਸਾ ਦਿੱਤੀ ।22ਅਤੇ ਤਲਵਾਰ ਦੇ ਨਾਲ ਦਸਤਾ ਵੀ ਉਸ ਦੇ ਢਿੱਡ ਵਿੱਚ ਧਸ ਗਿਆ ਅਤੇ ਤਲਵਾਰ ਚਰਬੀ ਦੇ ਵਿੱਚ ਜਾ ਕੇ ਖੁੱਭ ਗਈ ਕਿਉਂ ਜੋ ਉਸ ਨੇ ਤਲਵਾਰ ਨੂੰ ਉਹ ਦੇ ਢਿੱਡ ਵਿੱਚੋਂ ਨਹੀਂ ਕੱਢਿਆ ਸਗੋਂ ਤਲਵਾਰ ਉਸ ਦੇ ਆਰ-ਪਾਰ ਨਿੱਕਲ ਗਈ ਅਤੇ ਚਰਬੀ ਨੇ ਉਸ ਨੂੰ ਢੱਕ ਲਿਆ ।23ਤਦ ਏਹੂਦ ਨੇ ਬਾਹਰ ਵਿਹੜੇ ਵਿੱਚ ਆ ਕੇ ਚੁਬਾਰੇ ਦਾ ਦਰਵਾਜਾ ਆਪਣੇ ਪਿੱਛੇ ਬੰਦ ਕੀਤਾ ਅਤੇ ਤਾਲਾ ਲਗਾ ਦਿੱਤਾ ।

24ਜਦ ਉਹ ਨਿੱਕਲ ਗਿਆ ਤਾਂ ਅਗਲੋਨ ਦੇ ਸੇਵਕ ਆਏ ਅਤੇ ਜਦੋਂ ਉਨ੍ਹਾਂ ਨੇ ਵੇਖਿਆ ਕਿ ਚੁਬਾਰੇ ਦੇ ਦਰਵਾਜ਼ੇ ਬੰਦ ਸਨ ਤਾਂ ਉਨ੍ਹਾਂ ਨੇ ਕਿਹਾ, "ਉਹ ਹਵਾਦਾਰ ਚੁਬਾਰੇ ਦੀ ਅੰਦਰਲੀ ਕੋਠੜੀ ਵਿੱਚ ਪਖ਼ਾਨੇ ਵਿੱਚ ਬੈਠਾ ਹੋਵੇਗਾ ।"25ਅਤੇ ਉਹ ਬਹੁਤ ਦੇਰ ਤੱਕ ਉਸ ਦੀ ਉਡੀਕ ਕਰਦੇ ਰਹੇ, ਇੱਥੋਂ ਤੱਕ ਕਿ ਉਹ ਸ਼ਰਮਿੰਦੇ ਹੋਏ ਅਤੇ ਜਦੋਂ ਉਨ੍ਹਾਂ ਨੇ ਵੇਖਿਆ ਕਿ ਉਹ ਚੁਬਾਰੇ ਦਾ ਦਰਵਾਜ਼ਾ ਨਹੀਂ ਖੋਲ੍ਹਦਾ ਤਾਂ ਉਨ੍ਹਾਂ ਨੇ ਆਪ ਹੀ ਚਾਬੀ ਲਾ ਕੇ ਦਰਵਾਜ਼ਾ ਖੋਲ੍ਹਿਆ ਅਤੇ ਵੇਖੋ, ਉਨ੍ਹਾਂ ਦਾ ਸੁਆਮੀ ਧਰਤੀ ਉੱਤੇ ਮਰਿਆ ਪਿਆ ਸੀ !

26ਉਨ੍ਹਾਂ ਦੇ ਉਡੀਕਣ ਦੇ ਸਮੇਂ ਵਿੱਚ ਏਹੂਦ ਭੱਜ ਗਿਆ ਅਤੇ ਪੱਥਰ ਦੀ ਖਾਣ ਤੋਂ ਪਾਰ ਲੰਘ ਗਿਆ ਅਤੇ ਸਈਰਾਹ ਦੇ ਵਿੱਚ ਜਾ ਕੇ ਬਚ ਗਿਆ ।27ਫਿਰ ਅਜਿਹਾ ਹੋਇਆ ਕਿ ਜਦੋਂ ਉਹ ਉੱਥੇ ਪਹੁੰਚਿਆ ਤਾਂ ਉਸ ਨੇ ਇਫ਼ਰਾਈਮ ਦੇ ਪਹਾੜ ਉੱਤੇ ਤੁਰ੍ਹੀ ਵਜਾਈ ਤਾਂ ਇਸਰਾਏਲੀ ਉਸ ਨੇ ਨਾਲ ਪਹਾੜ ਤੋਂ ਉਤਰ ਆਏ ਅਤੇ ਉਹ ਉਨ੍ਹਾਂ ਦੇ ਅੱਗੇ-ਅੱਗੇ ਤੁਰਿਆ ।
28ਉਸ ਨੇ ਉਨ੍ਹਾਂ ਨੂੰ ਕਿਹਾ, "ਮੇਰੇ ਪਿੱਛੇ-ਪਿੱਛੇ ਆਓ ਕਿਉਂ ਜੋ ਯਹੋਵਾਹ ਨੇ ਤੁਹਾਡੇ ਮੋਆਬੀ ਵੈਰੀਆਂ ਨੂੰ ਤੁਹਾਡੇ ਹੱਥ ਵਿੱਚ ਕਰ ਦਿੱਤਾ ਹੈ ।" ਤਦ ਉਹ ਉਸ ਦੇ ਪਿੱਛੇ ਉੱਤਰੇ ਅਤੇ ਯਰਦਨ ਦੇ ਕਿਨਾਰਿਆਂ ਨੂੰ ਜੋ ਮੋਆਬ ਦੀ ਵੱਲ ਸਨ, ਕਬਜ਼ਾ ਕਰ ਲਿਆ ਅਤੇ ਇੱਕ ਨੂੰ ਵੀ ਪਾਰ ਨਾ ਲੰਘਣ ਦਿੱਤਾ ।29ਉਸ ਸਮੇਂ ਉਨ੍ਹਾਂ ਨੇ ਮੋਆਬ ਦੇ ਲਗਭਗ ਦਸ ਹਜ਼ਾਰ ਮਨੁੱਖ ਮਾਰ ਦਿੱਤੇ, ਉਹ ਸਾਰੇ ਬਲਵੰਤ ਅਤੇ ਤਕੜੇ ਲੋਕ ਸਨ ਅਤੇ ਉਨ੍ਹਾਂ ਵਿੱਚੋਂ ਇੱਕ ਵੀ ਨਾ ਬਚਿਆ ।30ਇਸ ਤਰ੍ਹਾਂ ਉਸ ਦਿਨ ਮੋਆਬ ਇਸਰਾਏਲ ਦੇ ਹੱਥ ਵਿੱਚ ਆ ਗਿਆ ਅਤੇ ਅੱਸੀ ਸਾਲਾਂ ਤੱਕ ਉਸ ਦੇਸ਼ ਵਿੱਚ ਸ਼ਾਂਤੀ ਬਣੀ ਰਹੀ ।
ਸ਼ਮਗਰ ਦਾ ਚਰਿੱਤਰ

31ਏਹੂਦ ਤੋਂ ਬਾਅਦ ਅਨਾਥ ਦਾ ਪੁੱਤਰ ਸ਼ਮਗਰ ਉੱਠਿਆ ਅਤੇ ਉਸ ਨੇ ਫ਼ਲਿਸਤੀਆਂ ਵਿੱਚੋਂ ਛੇ ਸੌ ਮਨੁੱਖਾਂ ਨੂੰ ਬਲ਼ਦ ਦੀ ਆਰ ਨਾਲ ਮਾਰਿਆ, ਇਸ ਤਰ੍ਹਾਂ ਉਸ ਨੇ ਵੀ ਇਸਰਾਏਲ ਨੂੰ ਬਚਾਇਆ ।

4
ਦਬੋਰਾਹ ਅਤੇ ਬਾਰਾਕ ਦਾ ਚਰਿੱਤਰ

1ਏਹੂਦ ਦੇ ਮਰਨ ਤੋਂ ਬਾਅਦ ਇਸਰਾਏਲ ਨੇ ਫਿਰ ਯਹੋਵਾਹ ਦੇ ਅੱਗੇ ਬੁਰਿਆਈ ਕੀਤੀ ।2ਇਸ ਲਈ ਯਹੋਵਾਹ ਨੇ ਉਨ੍ਹਾਂ ਨੂੰ ਕਨਾਨ ਦੇ ਰਾਜਾ ਯਾਬੀਨ ਦੇ ਹੱਥ ਵਿੱਚ ਕਰ ਦਿੱਤਾ, ਜੋ ਹਸੋਰ ਵਿੱਚ ਰਾਜ ਕਰਦਾ ਸੀ ਅਤੇ ਉਸ ਦੇ ਸੈਨਾਪਤੀ ਦਾ ਨਾਮ ਸੀਸਰਾ ਸੀ ਜੋ ਪਰਾਈਆਂ ਕੌਮਾਂ ਦੇ ਹਰੋਸ਼ਥ ਨਗਰ ਦਾ ਵਾਸੀ ਸੀ ।3ਤਦ ਇਸਰਾਏਲੀਆਂ ਨੇ ਯਹੋਵਾਹ ਦੇ ਅੱਗੇ ਦੁਹਾਈ ਦਿੱਤੀ, ਕਿਉਂ ਜੋ ਸੀਸਰਾ ਦੇ ਕੋਲ ਨੌਂ ਸੌ ਲੋਹੇ ਦੇ ਰਥ ਸਨ, ਅਤੇ ਉਸ ਨੇ ਵੀਹ ਸਾਲਾਂ ਤੱਕ ਇਸਰਾਏਲੀਆਂ ਨੂੰ ਬਹੁਤ ਦੁੱਖ ਦਿੱਤਾ ।

4ਉਸ ਵੇਲੇ ਲੱਪੀਦੋਥ ਦੀ ਪਤਨੀ ਦਬੋਰਾਹ ਜੋ ਇੱਕ ਨਬੀਆ ਸੀ, ਇਸਰਾਏਲੀਆਂ ਦਾ ਨਿਆਂ ਕਰਦੀ ਹੁੰਦੀ ਸੀ ।5ਉਹ ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਰਾਮਹ ਅਤੇ ਬੈਤੇਲ ਦੇ ਵਿਚਕਾਰ ਦਬੋਰਾਹ ਦੀ ਖਜੂਰ ਦੇ ਹੇਠ ਬਹਿੰਦੀ ਸੀ ਅਤੇ ਇਸਰਾਏਲੀ ਉਸ ਦੇ ਕੋਲ ਨਿਆਂ ਕਰਾਉਣ ਦੇ ਲਈ ਆਉਂਦੇ ਸਨ ।
6ਤਦ ਉਸ ਨੇ ਕੇਦੇਸ਼ ਨਫ਼ਤਾਲੀ ਤੋਂ ਅਬੀਨੋਅਮ ਦੇ ਪੁੱਤਰ ਬਾਰਾਕ ਨੂੰ ਬੁਲਾਇਆ ਅਤੇ ਉਸ ਨੂੰ ਕਿਹਾ, "ਕੀ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੇ ਆਗਿਆ ਨਹੀਂ ਦਿੱਤੀ ਕਿ ਜਾ ਅਤੇ ਤਬੋਰ ਦੇ ਪਹਾੜ ਵੱਲ ਲੋਕਾਂ ਨੂੰ ਉਤਸ਼ਾਹਿਤ ਕਰ ਅਤੇ ਨਫ਼ਤਾਲੀਆਂ ਤੇ ਜ਼ਬੂਲੁਨੀਆਂ ਵਿੱਚੋਂ ਦਸ ਹਜ਼ਾਰ ਜੁਆਨ ਆਪਣੇ ਨਾਲ ਲੈ ਜਾ ?7ਅਤੇ ਮੈਂ ਕੀਸ਼ੋਨ ਦੀ ਨਦੀ ਕੋਲ, ਯਾਬੀਨ ਦੇ ਸੈਨਾਪਤੀ ਸੀਸਰਾ ਅਤੇ ਉਸ ਦੇ ਰਥਾਂ ਨੂੰ ਅਤੇ ਉਸ ਦੀ ਸੈਨਾ ਨੂੰ ਤੇਰੇ ਕੋਲ ਖਿੱਚ ਲਿਆਵਾਂਗਾ ਅਤੇ ਉਸ ਨੂੰ ਤੇਰੇ ਹੱਥਾਂ ਵਿੱਚ ਕਰ ਦਿਆਂਗਾ ।"
8ਬਾਰਾਕ ਨੇ ਉਸ ਨੂੰ ਕਿਹਾ, "ਜੇਕਰ ਤੂੰ ਮੇਰੇ ਨਾਲ ਚੱਲੇਂਗੀ ਤਾਂ ਹੀ ਮੈਂ ਜਾਂਵਾਂਗਾ ਪਰ ਜੇ ਤੂੰ ਮੇਰੇ ਨਾਲ ਨਾ ਚੱਲੇਂ ਤਾਂ ਮੈਂ ਵੀ ਨਹੀਂ ਜਾਂਵਾਂਗਾ ।9ਦਬੋਰਾਹ ਨੇ ਕਿਹਾ, "ਮੈਂ ਜ਼ਰੂਰ ਤੇਰੇ ਨਾਲ ਚੱਲਾਂਗੀ, ਤਾਂ ਵੀ ਇਸ ਸਫ਼ਰ ਵਿੱਚ ਜੋ ਕੁਝ ਤੂੰ ਕਰੇਂਗਾ ਉਸ ਵਿੱਚ ਤੇਰੀ ਕੋਈ ਵਡਿਆਈ ਨਾ ਹੋਵੇਗੀ ਕਿਉਂ ਜੋ ਯਹੋਵਾਹ ਸੀਸਰਾ ਨੂੰ ਇੱਕ ਇਸਤਰੀ ਦੇ ਹੱਥ ਵਿੱਚ ਕਰ ਦੇਵੇਗਾ ।" ਤਦ ਦਬੋਰਾਹ ਉੱਠੀ ਅਤੇ ਬਾਰਾਕ ਦੇ ਨਾਲ ਕੇਦੇਸ਼ ਨੂੰ ਗਈ ।

10ਬਾਰਾਕ ਨੇ ਜ਼ਬੂਲੁਨ ਅਤੇ ਨਫ਼ਤਾਲੀ ਦੇ ਲੋਕਾਂ ਨੂੰ ਕੇਦੇਸ਼ ਵਿੱਚ ਇਕੱਠੇ ਬੁਲਾ ਲਿਆ ਅਤੇ ਉਹ ਆਪਣੇ ਨਾਲ ਦਸ ਹਜ਼ਾਰ ਮਨੁੱਖ ਲੈ ਕੇ ਚੜ੍ਹਿਆ ਅਤੇ ਦਬੋਰਾਹ ਵੀ ਉਸ ਦੇ ਨਾਲ ਗਈ ।
11ਹਬਰ ਕੇਨੀ ਨੇ ਜੋ ਮੂਸਾ ਦੇ ਸਹੁਰੇ ਹੋਬਾਬ ਦੀ ਸੰਤਾਨ ਵਿੱਚੋਂ ਸੀ, ਆਪਣੇ ਆਪ ਨੂੰ ਕੇਨੀਆਂ ਤੋਂ ਅਲੱਗ ਕੀਤਾ ਅਤੇ ਸਅਨਇਮ ਦੇ ਬਲੂਤ ਤੱਕ ਜੋ ਕੇਦੇਸ਼ ਦੇ ਨੇੜੇ ਹੈ ਆਪਣਾ ਤੰਬੂ ਲਾਇਆ ਸੀ ।
12ਤਦ ਸੀਸਰਾ ਨੂੰ ਖ਼ਬਰ ਹੋਈ ਕਿ ਅਬੀਨੋਅਮ ਦਾ ਪੁੱਤਰ ਬਾਰਾਕ ਤਾਬੋਰ ਦੇ ਪਹਾੜ ਉੱਤੇ ਚੜ੍ਹ ਗਿਆ ਹੈ ।13ਤਦ ਸੀਸਰਾ ਨੇ ਆਪਣੇ ਸਾਰੇ ਰਥ, ਜੋ ਲੋਹੇ ਦੇ ਨੌ ਸੌ ਰਥ ਸਨ ਅਤੇ ਆਪਣੇ ਨਾਲ ਦੀ ਸਾਰੀ ਫੌਜ ਨੂੰ ਪਰਾਈਆਂ ਕੌਮਾਂ ਦੇ ਹਰੋਸ਼ਥ ਤੋਂ ਕੀਸ਼ੋਨ ਦੀ ਨਦੀ ਤੱਕ ਇਕੱਠੇ ਕੀਤਾ ।
14ਤਦ ਦਬੋਰਾਹ ਨੇ ਬਾਰਾਕ ਨੂੰ ਕਿਹਾ, "ਉੱਠ ! ਕਿਉਂ ਜੋ ਅੱਜ ਉਹ ਦਿਨ ਹੈ ਜਿਸ ਵਿੱਚ ਯਹੋਵਾਹ ਨੇ ਸੀਸਰਾ ਨੂੰ ਤੇਰੇ ਵੱਸ ਕਰ ਦਿੱਤਾ ਹੈ ! ਕੀ ਯਹੋਵਾਹ ਤੇਰੇ ਅੱਗੇ ਨਹੀਂ ਨਿੱਕਲਿਆ ? " ਤਾਂ ਬਾਰਾਕ ਤਾਬੋਰ ਦੇ ਪਹਾੜ ਤੋਂ ਉੱਤਰਿਆ ਅਤੇ ਦਸ ਹਜ਼ਾਰ ਮਨੁੱਖ ਉਸ ਦੇ ਪਿੱਛੇ ਗਏ ।
15ਤਦ ਯਹੋਵਾਹ ਨੇ ਸੀਸਰਾ ਨੂੰ ਅਤੇ ਉਹ ਦੇ ਸਾਰਿਆਂ ਰਥਾਂ ਨੂੰ ਅਤੇ ਉਸ ਦੀ ਸਾਰੀ ਫ਼ੌਜ ਨੂੰ ਬਾਰਾਕ ਦੇ ਅੱਗੇ ਤਲਵਾਰ ਦੀ ਧਾਰ ਨਾਲ ਹਰਾ ਦਿੱਤਾ ਕਿ ਸੀਸਰਾ ਰਥ ਤੋਂ ਹੇਠਾਂ ਉਤਰ ਕੇ ਪੈਦਲ ਭੱਜਿਆ ।16ਅਤੇ ਬਾਰਾਕ ਨੇ ਪਰਾਈਆਂ ਕੌਮਾਂ ਦੇ ਹਰੋਸ਼ਥ ਤੱਕ ਫ਼ੌਜ ਅਤੇ ਰਥਾਂ ਦਾ ਪਿੱਛਾ ਕੀਤਾ ਅਤੇ ਸੀਸਰਾ ਦੀ ਸਾਰੀ ਫ਼ੌਜ ਤਲਵਾਰ ਨਾਲ ਇਸ ਤਰ੍ਹਾਂ ਮਾਰੀ ਗਈ ਕਿ ਇੱਕ ਵੀ ਨਾ ਬਚਿਆ ।
17ਪਰ ਸੀਸਰਾ ਪੈਦਲ ਭੱਜ ਕੇ ਹਬਰ ਕੇਨੀ ਦੀ ਪਤਨੀ ਯਾਏਲ ਦੇ ਤੰਬੂ ਵੱਲ ਗਿਆ, ਕਿਉਂ ਜੋ ਹਾਸੋਰ ਦੇ ਰਾਜਾ ਯਾਬੀਨ ਅਤੇ ਹਬਰ ਕੇਨੀ ਦੇ ਘਰਾਣੇ ਵਿੱਚ ਮੇਲ-ਜੋਲ ਸੀ ।

18ਤਦ ਯਾਏਲ ਸੀਸਰਾ ਦੇ ਮਿਲਣ ਨੂੰ ਨਿੱਕਲੀ ਅਤੇ ਉਸ ਨੂੰ ਕਿਹਾ, "ਆਓ ਮਹਾਰਾਜ, ਮੇਰੇ ਘਰ ਆਉ ਅਤੇ ਨਾ ਡਰੋ ।" ਜਦ ਉਹ ਤੰਬੂ ਵਿੱਚ ਉਸ ਦੇ ਕੋਲ ਗਿਆ ਤਾਂ ਉਸ ਨੇ ਕੰਬਲ ਨਾਲ ਉਸ ਨੂੰ ਢੱਕ ਦਿੱਤਾ ।
19ਤਾਂ ਸੀਸਰਾ ਨੇ ਉਸ ਨੂੰ ਕਿਹਾ, "ਮੈਨੂੰ ਥੋੜਾ ਜਿਹਾ ਪਾਣੀ ਪਿਲਾ ਕਿਉਂ ਜੋ ਮੈਨੂੰ ਪਿਆਸ ਲੱਗੀ ਹੈ ।" ਤਦ ਉਸ ਨੇ ਦੁੱਧ ਦੀ ਇੱਕ ਕਾੜ੍ਹਨੀ ਖੋਲ੍ਹ ਕੇ ਸੀਸਰਾ ਨੂੰ ਦੁੱਧ ਪਿਲਾਇਆ ਅਤੇ ਉਸ ਨੂੰ ਫਿਰ ਢੱਕ ਦਿੱਤਾ ।20ਫੇਰ ਸੀਸਰਾ ਨੇ ਉਸ ਨੂੰ ਕਿਹਾ, "ਤੰਬੂ ਦੇ ਦਰਵਾਜ਼ੇ ਉੱਤੇ ਖੜ੍ਹੀ ਹੋ ਜਾ ਅਤੇ ਜੇਕਰ ਕੋਈ ਆਵੇ ਅਤੇ ਤੈਨੂੰ ਪੁੱਛੇ ਕਿ ਇੱਥੇ ਕੋਈ ਪੁਰਖ ਹੈ ? ਤਾਂ ਤੂੰ ਆਖੀਂ, ਨਹੀਂ ।"
21ਇਸ ਤੋਂ ਬਾਅਦ ਹਬਰ ਦੀ ਪਤਨੀ ਯਾਏਲ ਨੇ ਤੰਬੂ ਦੀ ਇੱਕ ਕਿੱਲੀ ਚੁੱਕੀ ਅਤੇ ਇੱਕ ਹਥੌੜਾ ਹੱਥ ਵਿੱਚ ਲੈ ਲਿਆ ਅਤੇ ਚੁੱਪ-ਚਾਪ ਉਸ ਦੇ ਕੋਲ ਜਾ ਕੇ ਕਿੱਲੀ ਨੂੰ ਸੀਸਰਾ ਦੀ ਪੁੜਪੁੜੀ ਵਿੱਚ ਵਾੜ ਕੇ ਅਜਿਹਾ ਠੋਕਿਆ ਕਿ ਕਿੱਲੀ ਪਾਰ ਹੋ ਕੇ ਧਰਤੀ ਵਿੱਚ ਜਾ ਕੇ ਖੁੱਭ ਗਈ, ਉਹ ਤਾਂ ਥਕਾਵਟ ਦੇ ਕਾਰਨ ਗਹਿਰੀ ਨੀਂਦ ਵਿੱਚ ਸੁੱਤਾ ਪਿਆ ਸੀ, ਸੋ ਉਹ ਮਰ ਗਿਆ ।22ਅਤੇ ਵੇਖੋ, ਜਦੋਂ ਬਾਰਾਕ ਸੀਸਰਾ ਦਾ ਪਿੱਛਾ ਕਰਦਾ ਹੋਇਆ ਆਇਆ ਤਾਂ ਯਾਏਲ ਉਸ ਨੂੰ ਮਿਲਣ ਲਈ ਨਿੱਕਲੀ ਅਤੇ ਉਸ ਨੂੰ ਕਿਹਾ, "ਆ ਅਤੇ ਮੈਂ ਤੈਨੂੰ ਉਹ ਪੁਰਖ ਵਿਖਾਵਾਂਗੀ, ਜਿਸ ਨੂੰ ਤੂੰ ਲੱਭਦਾ ਹੈਂ ।" ਜਦ ਉਹ ਉਸ ਦੇ ਨਾਲ ਗਿਆ ਤਾਂ ਵੇਖੋ, ਸੀਸਰਾ ਮਰਿਆ ਪਿਆ ਸੀ ਅਤੇ ਕਿੱਲੀ ਉਸ ਦੀ ਪੁੜਪੁੜੀ ਵਿੱਚ ਸੀ ।
23ਇਸ ਤਰ੍ਹਾਂ ਉਸ ਦਿਨ ਪਰਮੇਸ਼ੁਰ ਨੇ ਕਨਾਨ ਦੇ ਰਾਜਾ ਯਾਬੀਨ ਨੂੰ ਇਸਰਾਏਲੀਆਂ ਦੇ ਸਾਹਮਣੇ ਹਰਾ ਦਿੱਤਾ24ਅਤੇ ਇਸਰਾਏਲੀਆਂ ਦਾ ਹੱਥ ਕਨਾਨ ਦੇ ਰਾਜਾ ਯਾਬੀਨ ਉੱਤੇ ਬਹੁਤ ਤਕੜਾ ਹੋਇਆ, ਇੱਥੋਂ ਤੱਕ ਕਿ ਉਨ੍ਹਾਂ ਨੇ ਕਨਾਨ ਦੇ ਰਾਜਾ ਯਾਬੀਨ ਨੂੰ ਨਾਸ ਕਰ ਦਿੱਤਾ ।

5
ਦਬੋਰਾਹ ਦਾ ਗੀਤ

1ਉਸੇ ਦਿਨ ਦਬੋਰਾਹ ਅਤੇ ਅਬੀਨੋਅਮ ਦੇ ਪੁੱਤਰ ਬਾਰਾਕ ਨੇ ਇਹ ਗੀਤ ਗਾਇਆ, -

2ਇਸਰਾਏਲ ਦੇ ਆਗੂਆਂ ਦੀ ਅਗਵਾਈ ਲਈ,
ਅਤੇ ਲੋਕਾਂ ਵੱਲੋਂ ਆਪਣੀ ਮਰਜ਼ੀ ਨਾਲ ਯੁੱਧ ਲਈ ਭਰਤੀ ਹੋਣ ਲਈ,
ਆਓ ਯਹੋਵਾਹ ਨੂੰ ਧੰਨ ਆਖੋ !

3ਹੇ ਰਾਜਿਓ, ਸੁਣੋ ਅਤੇ ਹੇ ਆਗੂਓ, ਧਿਆਨ ਦਿਉ !
ਮੈਂ, ਹਾਂ ਮੈਂ ਯਹੋਵਾਹ ਲਈ ਗੀਤ ਗਾਵਾਂਗੀ,
ਮੈਂ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਦੀ ਵਡਿਆਈ ਕਰਾਂਗੀ ।

4ਹੇ ਯਹੋਵਾਹ, ਜਦ ਤੂੰ ਸੇਈਰ ਤੋਂ ਨਿੱਕਲਿਆ,
ਜਦ ਤੂੰ ਅਦੋਮ ਦੇ ਦੇਸ਼ ਤੋਂ ਤੁਰਿਆ,
ਤਾਂ ਧਰਤੀ ਕੰਬ ਉੱਠੀ, ਅਕਾਸ਼ ਹਿੱਲ ਗਏ,
ਅਤੇ ਬੱਦਲਾਂ ਤੋਂ ਵੀ ਮੀਂਹ ਵਰ੍ਹਿਆ ।

5ਪਹਾੜ ਯਹੋਵਾਹ ਦੇ ਅੱਗੇ ਪਿਘਲ ਗਏ,
ਇਹ ਸੀਨਈ ਵੀ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੇ ਅੱਗੇ ਪਿਘਲ ਗਿਆ ।

6ਅਨਾਥ ਦੇ ਪੁੱਤਰ ਸ਼ਮਗਰ ਦੇ ਦਿਨਾਂ ਵਿੱਚ,
ਅਤੇ ਯਾਏਲ ਦੇ ਦਿਨਾਂ ਵਿੱਚ ਸੜਕਾਂ ਖਾਲੀ ਰਹਿੰਦੀਆਂ ਸਨ,
ਅਤੇ ਰਾਹੀ ਪੈਹਿਆਂ ਦੇ ਰਾਹ ਤੁਰਦੇ ਸਨ ।

7ਇਸਰਾਏਲ ਵਿੱਚ ਆਗੂ ਮੁੱਕ ਗਏ,
ਉਹ ਪੂਰੀ ਤਰ੍ਹਾਂ ਹੀ ਮੁੱਕ ਗਏ, ਜਦ ਤੱਕ ਮੈਂ, ਦਬੋਰਾਹ, ਨਾ ਉੱਠੀ,
ਜਦ ਤੱਕ ਮੈਂ ਇਸਰਾਏਲ ਵਿੱਚ ਮਾਂ ਬਣ ਕੇ ਨਾ ਉੱਠੀ !

8ਜਦ ਉਨ੍ਹਾਂ ਨੇ ਨਵੇਂ ਦੇਵਤੇ ਚੁਣੇ, ਤਦ ਫਾਟਕਾਂ ਕੋਲ ਲੜਾਈ ਹੋਈ ।
ਭਲਾ, ਇਸਰਾਏਲ ਦੇ ਚਾਲੀ ਹਜ਼ਾਰਾਂ ਵਿੱਚ ਇੱਕ ਢਾਲ ਜਾਂ ਇੱਕ ਬਰਛੀ ਵੀ ਦਿੱਸੀ ?
9ਮੇਰਾ ਮਨ ਇਸਰਾਏਲ ਦੇ ਹਾਕਮਾਂ ਵੱਲ ਲੱਗਿਆ ਹੋਇਆ ਹੈ,
ਜਿਨ੍ਹਾਂ ਨੇ ਆਪਣੇ ਆਪ ਨੂੰ ਲੋਕਾਂ ਵਿੱਚ ਖ਼ੁਸ਼ੀ ਨਾਲ ਪੇਸ਼ ਕੀਤਾ ।
ਯਹੋਵਾਹ ਨੂੰ ਧੰਨ ਆਖੋ !

10ਹੇ ਸਫ਼ੇਦ ਗਧਿਆਂ ਉੱਤੇ ਚੜ੍ਹਨ ਵਾਲਿਓ !
ਹੇ ਸ਼ਿੰਗਾਰੀਆਂ ਹੋਈਆਂ ਗੱਦੀਆਂ ਉੱਤੇ ਬੈਠਣ ਵਾਲਿਓ !
ਹੇ ਰਾਹ ਦੇ ਤੁਰਨ ਵਾਲਿਓ, ਤੁਸੀਂ ਇਸ ਦਾ ਚਰਚਾ ਕਰੋ !

11ਬਾਉਲੀਆਂ ਉੱਤੇ ਤੀਰ-ਅੰਦਾਜ਼ਾਂ ਦੀ ਗੱਲ ਦੇ ਕਾਰਨ,
ਉੱਥੇ ਉਹ ਯਹੋਵਾਹ ਦੇ ਧਰਮੀ ਕੰਮਾਂ ਨੂੰ ਸੁਣਾਉਣਗੇ, -
ਇਸਰਾਏਲ ਵਿੱਚ ਉਸ ਦੇ ਧਰਮੀ ਕੰਮਾਂ ਨੂੰ ।
ਤਦ ਯਹੋਵਾਹ ਦੇ ਲੋਕ ਫਾਟਕਾਂ ਕੋਲ ਗਏ ।

12ਜਾਗ, ਜਾਗ, ਹੇ ਦਬੋਰਾਹ, ਜਾਗ ਜਾਗ ਤੇ ਗੀਤ ਗਾ !
ਉੱਠ, ਹੇ ਬਾਰਾਕ ਅਬੀਨੋਅਮ ਦੇ ਪੁੱਤਰ ! ਅਤੇ ਆਪਣੇ ਬੰਦੀਆਂ ਨੂੰ ਬੰਨ੍ਹ ਲੈ ।

13ਤਦ ਬਚੇ ਹੋਏ ਆਗੂਆਂ ਨੇ ਪਰਜਾ ਦੇ ਉੱਤੇ ਰਾਜ ਕੀਤਾ,
ਯਹੋਵਾਹ ਨੇ ਮੈਨੂੰ ਬਲਵਾਨਾਂ ਉੱਤੇ ਰਾਜ ਦਿੱਤਾ ।

14ਇਫ਼ਰਾਈਮ ਵਿੱਚੋਂ ਉਹ ਆਏ ਜਿਨ੍ਹਾਂ ਦੀ ਜੜ੍ਹ ਅਮਾਲੇਕ ਵਿੱਚ ਸੀ,
ਤੇਰੇ ਪਿੱਛੇ, ਹੇ ਬਿਨਯਾਮੀਨ, ਤੇਰੇ ਲੋਕਾਂ ਵਿੱਚ, ਮਾਕੀਰ ਵਿੱਚੋਂ ਹਾਕਮ ਉਤਰ ਆਏ,
ਅਤੇ ਜ਼ਬੂਲੂਨ ਵਿੱਚੋਂ ਉਹ ਜਿਹੜੇ ਸੈਨਾਪਤੀ ਦਾ ਡੰਡਾ ਵਰਤਦੇ ਹਨ ।

15ਅਤੇ ਯਿੱਸਾਕਾਰ ਦੇ ਹਾਕਮ ਦਬੋਰਾਹ ਦੇ ਨਾਲ ਸਨ,
ਹਾਂ, ਯਿੱਸਾਕਾਰ ਬਾਰਾਕ ਦੇ ਨਾਲ ਸੀ ।
ਉਹ ਤਰਾਈ ਵਿੱਚ ਉਸ ਦੇ ਪਿੱਛੇ ਪੈਦਲ ਗਿਆ ।
ਰਊਬੇਨ ਦੇ ਦਲਾਂ ਵਿੱਚ ਵੱਡੇ-ਵੱਡੇ ਕੰਮ ਮਨਾਂ ਵਿੱਚ ਵਿਚਾਰੇ ਗਏ ।

16ਤੂੰ ਕਿਉਂ ਵਾੜਿਆਂ ਦੇ ਵਿੱਚ ਰਿਹਾ ?
ਇੱਜੜਾਂ ਦੇ ਮਿਮੀਆਉਣ ਦੀ ਅਵਾਜ਼ ਨੂੰ ਸੁਣਨ ਲਈ ?
ਰਊਬੇਨ ਦੇ ਦਲਾਂ ਵਿੱਚ ਵੱਡੇ-ਵੱਡੇ ਕੰਮ ਮਨਾਂ ਵਿੱਚ ਵਿਚਾਰੇ ਗਏ ।

17ਗਿਲਆਦ ਯਰਦਨ ਪਾਰ ਵੱਸਿਆ,
ਅਤੇ ਦਾਨ ਕਿਉਂ ਜਹਾਜ਼ਾਂ ਵਿੱਚ ਰਿਹਾ ?
ਆਸ਼ੇਰ ਸਮੁੰਦਰ ਦੇ ਕੰਢੇ ਉੱਤੇ ਵੱਸਿਆ,
ਅਤੇ ਆਪਣੇ ਘਾਟਾਂ ਵਿੱਚ ਬੈਠਿਆ ਰਿਹਾ ।
18ਜ਼ਬੂਲੂਨ ਆਪਣੀ ਜਾਨ ਤੇ ਖੇਡਣ ਵਾਲਾ ਬਣਿਆ,
ਨਫ਼ਤਾਲੀ ਨੇ ਵੀ ਮੈਦਾਨ ਦੀਆਂ ਉੱਚੀਆਂ ਥਾਵਾਂ ਉੱਤੇ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾਇਆ ।

19ਰਾਜੇ ਆ ਕੇ ਲੜੇ,
ਤਦ ਕਨਾਨ ਦੇ ਰਾਜੇ ਤਆਨਾਕ ਵਿੱਚ ਮਗਿੱਦੋ ਦੇ ਸੋਤਿਆਂ ਕੋਲ ਲੜੇ,
ਪਰ ਉਨ੍ਹਾਂ ਨੇ ਚਾਂਦੀ ਦੀ ਲੁੱਟ ਨਾ ਲੁੱਟੀ ।

20ਅਕਾਸ਼ ਤੋਂ ਤਾਰੇ ਵੀ ਲੜੇ,
ਸਗੋਂ ਆਪਣੇ-ਆਪਣੇ ਮੰਡਲਾਂ ਵਿੱਚੋਂ ਤਾਰੇ ਸੀਸਰਾ ਨਾਲ ਲੜੇ ।

21ਕੀਸ਼ੋਨ ਦੀ ਨਦੀ ਉਨ੍ਹਾਂ ਨੂੰ ਵਹਾ ਕੇ ਲੈ ਗਈ -
ਉਹ ਪੁਰਾਣੀ ਨਦੀ, ਕੀਸ਼ੋਨ ਦੀ ਨਦੀ ।
ਹੇ ਮੇਰੀ ਜਾਨ, ਤੂੰ ਬਲ ਨਾਲ ਅੱਗੇ ਚੱਲ !

22ਤਦ ਘੋੜਿਆਂ ਦੇ ਖੁਰਾਂ ਦੀ ਟਾਪ ਸੁਣਾਈ ਦਿੱਤੀ,
ਉਨ੍ਹਾਂ ਦੇ ਬਲਵਾਨਾਂ ਘੋੜਿਆਂ ਦੇ ਕੁੱਦਣ ਨਾਲ ਇਹ ਹੋਇਆ ।

23ਯਹੋਵਾਹ ਦੇ ਦੂਤ ਨੇ ਕਿਹਾ, ਮੇਰੋਜ਼ ਨੂੰ ਸਰਾਪ ਦਿਉ,
ਉਸ ਦੇ ਵਸਨੀਕਾਂ ਨੂੰ ਭਾਰੀ ਸਰਾਪ ਦਿਉ !
ਕਿਉਂ ਜੋ ਉਹ ਯਹੋਵਾਹ ਦੀ ਸਹਾਇਤਾ ਕਰਨ ਨੂੰ ਨਾ ਆਏ,
ਸੂਰਬੀਰਾਂ ਦੇ ਵਿਰੁੱਧ ਯਹੋਵਾਹ ਦੀ ਸਹਾਇਤਾ ਕਰਨ ਨੂੰ ।

24ਹਬਰ ਕੇਨੀ ਦੀ ਪਤਨੀ ਯਾਏਲ ਸਾਰੀਆਂ ਇਸਤਰੀਆਂ ਨਾਲੋਂ ਮੁਬਾਰਕ ਹੋਵੇ,
ਉਸ ਤੰਬੂ ਵਿੱਚ ਰਹਿਣ ਵਾਲੀਆਂ ਸਾਰੀਆਂ ਇਸਤਰੀਆਂ ਨਾਲੋਂ ਮੁਬਾਰਕ ਹੋਵੇ !

25ਸੀਸਰਾ ਨੇ ਪਾਣੀ ਮੰਗਿਆ, ਉਸ ਨੇ ਦੁੱਧ ਦਿੱਤਾ,
ਉਹ ਧਨਵਾਨਾਂ ਦੇ ਥਾਲ ਵਿੱਚ ਦਹੀ ਲਿਆਈ ।

26ਉਸ ਨੇ ਆਪਣਾ ਹੱਥ ਕਿੱਲੀ ਉੱਤੇ ਲਾਇਆ,
ਆਪਣਾ ਸੱਜਾ ਹੱਥ ਕਾਰੀਗਰ ਦੇ ਹਥੌੜੇ ਵੱਲ ਵਧਾਇਆ,
ਉਸਨੇ ਸੀਸਰਾ ਨੂੰ ਠੋਕਿਆ, ਉਸ ਦੇ ਸਿਰ ਨੂੰ ਭੰਨ ਸੁੱਟਿਆ,
ਉਸ ਦੀ ਪੁੜਪੁੜੀ ਨੂੰ ਆਰ ਪਾਰ ਵਿੰਨ੍ਹ ਦਿੱਤਾ !
27ਉਸ ਦੇ ਪੈਰਾਂ ਵਿੱਚ ਉਹ ਝੁੱਕਿਆ,
ਉਹ ਡਿੱਗਿਆ, ਉਹ ਲੰਮਾ ਪਿਆ ।
ਉਸ ਦੇ ਪੈਰਾਂ ਵਿੱਚ ਉਹ ਝੁੱਕਿਆ, ਉਹ ਡਿੱਗ ਪਿਆ,
ਜਿੱਥੇ ਉਹ ਝੁੱਕਿਆ, ਉੱਥੇ ਹੀ ਉਹ ਮਰ ਗਿਆ ।

28ਖਿੜਕੀ ਵਿੱਚੋਂ ਸੀਸਰਾ ਦੀ ਮਾਤਾ ਨੇ ਝਾਤੀ ਮਾਰੀ,
ਉਹ ਝਰੋਖੇ ਦੇ ਵਿੱਚੋਂ ਚਿੱਲਾਈ,
ਉਸ ਦੇ ਰਥ ਦੇ ਆਉਣ ਵਿੱਚ ਇੰਨਾ ਸਮਾਂ ਕਿਉਂ ਲੱਗਾ ?
ਉਸ ਦੇ ਰਥਾਂ ਦੇ ਪਹੀਏ ਦੇਰ ਕਿਉਂ ਲਾਉਂਦੇ ਹਨ ?

29ਉਸ ਦੀਆਂ ਸਿਆਣੀਆਂ ਇਸਤਰੀਆਂ ਵਿੱਚੋਂ ਇੱਕ ਨੇ ਉਸ ਨੂੰ ਉੱਤਰ ਦਿੱਤਾ,
ਸਗੋਂ ਉਸ ਨੇ ਆਪਣੇ ਆਪ ਨੂੰ ਉੱਤਰ ਦਿੱਤਾ,

30ਭਲਾ, ਉਹ ਲੁੱਟ ਪਾ ਕੇ ਉਸ ਨੂੰ ਨਹੀਂ ਵੰਡਦੇ ?
ਇੱਕ-ਇੱਕ ਪੁਰਖ ਨੂੰ ਇੱਕ ਜਾਂ ਦੋ ਕੁੜੀਆਂ,
ਸੀਸਰਾ ਨੂੰ ਰੰਗ-ਬਿਰੰਗੇ ਬਸਤਰਾਂ ਦੀ ਲੁੱਟ ?
ਸਗੋਂ ਰੰਗ-ਬਿਰੰਗੇ ਫੁਲਕਾਰੀ ਕੱਢੇ ਹੋਏ ਬਸਤਰਾਂ ਦੀ ਲੁੱਟ ?
ਲੁੱਟੇ ਹੋਇਆਂ ਦੇ ਗਲੇ ਵਿੱਚੋਂ, ਦੋਵੇਂ ਪਾਸੇ ਕੱਢੇ ਹੋਏ ਰੰਗ-ਬਿਰੰਗੇ ਬਸਤਰਾਂ ਦੀ ਲੁੱਟ ?

31ਇਸੇ ਤਰ੍ਹਾਂ, ਹੇ ਯਹੋਵਾਹ, ਤੇਰੇ ਸਾਰੇ ਵੈਰੀ ਨਾਸ਼ ਹੋ ਜਾਣ !
ਪਰ ਉਸ ਦੇ ਪ੍ਰੇਮੀ ਸੂਰਜ ਵਾਂਗ ਹੋਣ, ਜਦ ਉਹ ਆਪਣੇ ਪ੍ਰਤਾਪ ਨਾਲ ਚੜ੍ਹਦਾ ਹੈ ।

ਫਿਰ ਚਾਲੀ ਸਾਲਾਂ ਤੱਕ ਦੇਸ਼ ਵਿੱਚ ਸ਼ਾਂਤੀ ਰਹੀ ।

6
ਗਿਦਾਊਨ ਦਾ ਚਰਿੱਤਰ

1ਤਦ ਇਸਰਾਏਲੀਆਂ ਨੇ ਯਹੋਵਾਹ ਦੇ ਅੱਗੇ ਬੁਰਿਆਈ ਕੀਤੀ, ਇਸ ਲਈ ਯਹੋਵਾਹ ਨੇ ਉਨ੍ਹਾਂ ਨੂੰ ਸੱਤ ਸਾਲਾਂ ਤੱਕ ਮਿਦਯਾਨੀਆਂ ਦੇ ਹੱਥ ਵਿੱਚ ਕਰ ਦਿੱਤਾ ।2ਮਿਦਯਾਨੀਆਂ ਦਾ ਹੱਥ ਇਸਰਾਏਲੀਆਂ ਉੱਤੇ ਤਕੜਾ ਹੋਇਆ ਅਤੇ ਮਿਦਯਾਨੀਆਂ ਦੇ ਡਰ ਦੇ ਕਾਰਨ ਇਸਰਾਏਲੀਆਂ ਨੇ ਪਹਾੜਾਂ ਵਿੱਚ ਘੁਰਨੇ, ਗੁਫਾਂ ਅਤੇ ਗੜ੍ਹਾਂ ਵਿੱਚ ਆਪਣੇ ਨਿਵਾਸ ਬਣਾ ਲਏ ।

3ਅਜਿਹਾ ਹੁੰਦਾ ਸੀ ਕਿ ਜਦ ਵੀ ਇਸਰਾਏਲੀ ਕੁਝ ਬੀਜਦੇ ਸਨ, ਤਾਂ ਮਿਦਯਾਨੀ, ਅਮਾਲੇਕੀ ਅਤੇ ਪੂਰਬੀ ਲੋਕ ਉਨ੍ਹਾਂ ਉੱਤੇ ਹਮਲਾ ਕਰ ਦਿੰਦੇ ਸਨ4ਅਤੇ ਉਨ੍ਹਾਂ ਦੇ ਸਾਹਮਣੇ ਅੱਜ਼ਾਹ ਤੱਕ ਤੰਬੂ ਲਾ ਕੇ ਖੇਤਾਂ ਦਾ ਫਲ ਉਜਾੜ ਦਿੰਦੇ ਸਨ, ਅਤੇ ਇਸਰਾਏਲ ਵਿੱਚ ਨਾ ਤਾਂ ਕੋਈ ਭੋਜਨ ਪਦਾਰਥ, ਅਤੇ ਨਾ ਹੀ ਭੇਡ-ਬੱਕਰੀ, ਨਾ ਬਲ਼ਦ ਅਤੇ ਨਾ ਗਧਾ ਛੱਡਦੇ ਸਨ ।
5ਕਿਉਂ ਜੋ ਉਹ ਆਪਣੇ ਪਸ਼ੂਆਂ ਅਤੇ ਆਪਣਿਆਂ ਤੰਬੂਆਂ ਦੇ ਨਾਲ ਟਿੱਡੀਆਂ ਦੇ ਦਲ ਵਾਂਗ ਆਉਂਦੇ ਸਨ, ਉਹ ਅਤੇ ਉਨ੍ਹਾਂ ਦੇ ਊਠ ਅਣਗਿਣਤ ਸਨ, ਅਤੇ ਉਹ ਉਸ ਦੇਸ਼ ਵਿੱਚ ਵੜ ਕੇ ਉਸ ਨੂੰ ਉਜਾੜ ਦਿੰਦੇ ਸਨ ।6ਅਤੇ ਮਿਦਯਾਨੀਆਂ ਦੇ ਕਾਰਨ ਇਸਰਾਏਲੀ ਕੰਗਾਲ ਹੋ ਗਏ, ਤਦ ਇਸਰਾਏਲੀਆਂ ਨੇ ਯਹੋਵਾਹ ਦੇ ਅੱਗੇ ਦੁਹਾਈ ਦਿੱਤੀ ।

7ਅਜਿਹਾ ਹੋਇਆ ਕਿ ਜਦ ਇਸਰਾਏਲੀਆਂ ਨੇ ਮਿਦਯਾਨੀਆਂ ਦੇ ਕਾਰਨ ਯਹੋਵਾਹ ਦੇ ਅੱਗੇ ਦੁਹਾਈ ਦਿੱਤੀ8ਤਾਂ ਯਹੋਵਾਹ ਨੇ ਇਸਰਾਏਲੀਆਂ ਦੇ ਕੋਲ ਇੱਕ ਨਬੀ ਭੇਜਿਆ, ਜਿਸ ਨੇ ਉਨ੍ਹਾਂ ਨੂੰ ਕਿਹਾ, "ਇਸਰਾਏਲ ਦਾ ਪਰਮੇਸ਼ੁਰ ਯਹੋਵਾਹ ਇਹ ਫ਼ਰਮਾਉਂਦਾ ਹੈ, ਮੈਂ ਤੁਹਾਨੂੰ ਮਿਸਰ ਤੋਂ ਬਾਹਰ ਲਿਆਇਆ ਅਤੇ ਮੈਂ ਤੁਹਾਨੂੰ ਗ਼ੁਲਾਮੀ ਦੇ ਘਰ ਵਿੱਚੋਂ ਕੱਢ ਲਿਆਇਆ,
9ਅਤੇ ਮੈਂ ਤੁਹਾਨੂੰ ਮਿਸਰੀਆਂ ਦੇ ਹੱਥਾਂ ਤੋਂ ਸਗੋਂ ਉਨ੍ਹਾਂ ਸਾਰਿਆਂ ਦੇ ਹੱਥਾਂ ਤੋਂ ਛੁਡਾਇਆ ਜਿਹੜੇ ਤੁਹਾਨੂੰ ਦੁੱਖ ਦਿੰਦੇ ਸਨ, ਅਤੇ ਤੁਹਾਡੇ ਅੱਗਿਓਂ ਉਨ੍ਹਾਂ ਨੂੰ ਕੱਢ ਦਿੱਤਾ ਅਤੇ ਉਨ੍ਹਾਂ ਦਾ ਦੇਸ਼ ਤੁਹਾਨੂੰ ਦੇ ਦਿੱਤਾ,10ਅਤੇ ਮੈਂ ਤੁਹਾਨੂੰ ਕਿਹਾ, ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ, ਇਸ ਲਈ ਤੁਸੀਂ ਅਮੋਰੀਆਂ ਦੇ ਦੇਵਤਿਆਂ ਤੋਂ, ਜਿਨ੍ਹਾਂ ਦੇ ਦੇਸ ਵਿੱਚ ਤੁਸੀਂ ਵੱਸਦੇ ਹੋ, ਨਾ ਡਰੋ । ਪਰ ਤੁਸੀਂ ਮੇਰੇ ਬਚਨ ਨੂੰ ਨਾ ਮੰਨਿਆ ।"

11ਫਿਰ ਯਹੋਵਾਹ ਦਾ ਦੂਤ ਆਇਆ ਅਤੇ ਆਫ਼ਰਾਹ ਵਿੱਚ ਬਲੂਤ ਦੇ ਇੱਕ ਰੁੱਖ ਦੇ ਹੇਠ ਬੈਠ ਗਿਆ, ਜਿਹੜਾ ਯੋਆਸ਼ ਅਬੀ-ਅਜਰੀ ਦਾ ਸੀ । ਉਸ ਵੇਲੇ ਉਸ ਦਾ ਪੁੱਤਰ ਗਿਦਾਊਨ ਇੱਕ ਹੋਦ ਵਿੱਚ ਕਣਕ ਨੂੰ ਛੱਟ ਰਿਹਾ ਸੀ ਤਾਂ ਜੋ ਉਸ ਨੂੰ ਮਿਦਯਾਨੀਆਂ ਦੇ ਹੱਥੋਂ ਲੁਕਾਵੇ ।12ਯਹੋਵਾਹ ਦੇ ਦੂਤ ਨੇ ਉਸ ਨੂੰ ਦਰਸ਼ਨ ਦਿੱਤਾ ਅਤੇ ਕਿਹਾ, "ਹੇ ਸੂਰਬੀਰ ਸੂਰਮਾ, ਯਹੋਵਾਹ ਤੇਰੇ ਨਾਲ ਹੈ ।"
13ਗਿਦਾਊਨ ਨੇ ਉਸ ਨੂੰ ਕਿਹਾ, "ਹੇ ਪ੍ਰਭੂ, ਜੇ ਯਹੋਵਾਹ ਸਾਡੇ ਨਾਲ ਹੁੰਦਾ ਤਾਂ ਇਹ ਸਾਰੀ ਬਿਪਤਾ ਸਾਡੇ ਉੱਤੇ ਕਿਉਂ ਪੈਂਦੀ ? ਅਤੇ ਉਹ ਸਾਰੇ ਅਚਰਜ ਕੰਮ ਕਿੱਥੇ ਹਨ, ਜਿਹੜੇ ਸਾਡੇ ਪਿਉ-ਦਾਦੇ ਸਾਨੂੰ ਇਹ ਕਹਿ ਕੇ ਸੁਣਾਉਂਦੇ ਸਨ, ਕੀ ਭਲਾ, ਯਹੋਵਾਹ ਸਾਨੂੰ ਮਿਸਰ ਤੋਂ ਨਹੀਂ ਕੱਢ ਲਿਆਇਆ ? ਪਰ ਹੁਣ ਤਾਂ ਯਹੋਵਾਹ ਨੇ ਸਾਨੂੰ ਤਿਆਗ ਦਿੱਤਾ ਅਤੇ ਸਾਨੂੰ ਮਿਦਯਾਨੀਆਂ ਦੇ ਹੱਥ ਕਰ ਦਿੱਤਾ ਹੈ ।"
14ਤਦ ਯਹੋਵਾਹ ਨੇ ਉਸ ਦੀ ਵੱਲ ਵੇਖ ਕੇ ਕਿਹਾ, "ਤੂੰ ਆਪਣੇ ਇਸੇ ਬਲ ਨਾਲ ਜਾਹ ਅਤੇ ਤੂੰ ਇਸਰਾਏਲ ਨੂੰ ਮਿਦਯਾਨੀਆਂ ਦੇ ਹੱਥੋਂ ਛੁਡਾਵੇਂਗਾ ! ਭਲਾ, ਮੈਂ ਤੈਨੂੰ ਨਹੀਂ ਭੇਜਿਆ ? "15ਗਿਦਾਊਨ ਨੇ ਉਸ ਨੂੰ ਕਿਹਾ, "ਹੇ ਪ੍ਰਭੂ, ਮੈਂ ਇਸਰਾਏਲ ਨੂੰ ਕਿਸ ਤਰ੍ਹਾਂ ਛੁਡਾਵਾਂ ? ਵੇਖ, ਮੇਰਾ ਟੱਬਰ ਮਨੱਸ਼ਹ ਵਿੱਚ ਸਾਰਿਆਂ ਨਾਲੋਂ ਕੰਗਾਲ ਹੈ, ਅਤੇ ਆਪਣੇ ਪਿਤਾ ਦੇ ਘਰਾਣੇ ਵਿੱਚੋਂ ਮੈਂ ਸਭ ਤੋਂ ਛੋਟਾ ਹਾਂ ।'"
16ਤਾਂ ਯਹੋਵਾਹ ਨੇ ਉਸ ਨੂੰ ਕਿਹਾ, "ਮੈਂ ਜ਼ਰੂਰ ਤੇਰੇ ਨਾਲ ਹੋਵਾਂਗਾ, ਅਤੇ ਤੂੰ ਮਿਦਯਾਨੀਆਂ ਨੂੰ ਇੱਕ ਮਨੁੱਖ ਵਾਂਗ ਮਾਰ ਸੁੱਟੇਂਗਾ ।"17ਤਾਂ ਗਿਦਾਊਨ ਨੇ ਉਸ ਨੂੰ ਕਿਹਾ, "ਜੇਕਰ ਮੈਂ ਤੇਰੇ ਅੱਗੇ ਕਿਰਪਾ ਪਾਈ ਹੈ, ਤਾਂ ਮੈਨੂੰ ਕੋਈ ਨਿਸ਼ਾਨੀ ਵਿਖਾ ਜੋ ਮੈਂ ਜਾਣ ਲਵਾਂ ਕਿ ਤੂੰ ਹੀ ਹੈਂ, ਜਿਹੜਾ ਮੇਰੇ ਨਾਲ ਬੋਲਦਾ ਹੈਂ ।18ਮੈਂ ਤੇਰੇ ਅੱਗੇ ਬੇਨਤੀ ਕਰਦਾ ਤਾਂ ਕਿ ਜਦ ਤੱਕ ਮੈਂ ਤੇਰੇ ਕੋਲ ਵਾਪਿਸ ਨਾ ਆਵਾਂ ਅਤੇ ਆਪਣੀ ਭੇਟ ਨਾ ਲਿਆਵਾਂ ਅਤੇ ਉਸ ਨੂੰ ਤੇਰੇ ਅੱਗੇ ਅਰਪਣ ਨਾ ਕਰਾਂ, ਤਦ ਤੱਕ ਤੂੰ ਇੱਥੋਂ ਵਾਪਿਸ ਨਾ ਜਾਵੀਂ ।" ਉਸ ਨੇ ਕਿਹਾ, "ਜਦ ਤੱਕ ਤੂੰ ਨਾ ਮੁੜੇਂਗਾ, ਤਦ ਤੱਕ ਮੈਂ ਇੱਥੇ ਹੀ ਰਹਾਂਗਾ ।"

19ਤਦ ਗਿਦਾਊਨ ਗਿਆ ਅਤੇ ਉਸ ਨੇ ਬੱਕਰੀ ਦਾ ਇੱਕ ਬੱਚਾ ਅਤੇ ਇੱਕ ਏਫ਼ਾਹ ਆਟੇ ਦੀਆਂ ਪਤੀਰੀਆਂ ਰੋਟੀਆਂ ਪਕਾਈਆਂ ਅਤੇ ਮਾਸ ਨੂੰ ਟੋਕਰੀ ਵਿੱਚ ਰੱਖਿਆ ਅਤੇ ਤਰੀ ਨੂੰ ਇੱਕ ਭਾਂਡੇ ਵਿੱਚ ਪਾ ਕੇ ਬਲੂਤ ਦੇ ਰੁੱਖ ਹੇਠ ਉਸ ਦੇ ਲਈ ਲਿਆ ਕੇ ਰੱਖਿਆ ।20ਤਦ ਯਹੋਵਾਹ ਦੇ ਦੂਤ ਨੇ ਉਸ ਨੂੰ ਕਿਹਾ, "ਇਸ ਮਾਸ ਅਤੇ ਪਤੀਰੀਆਂ ਰੋਟੀਆਂ ਨੂੰ ਚੁੱਕ ਕੇ ਉਸ ਪੱਥਰ ਉੱਤੇ ਰੱਖਦੇ, ਅਤੇ ਤਰੀ ਨੂੰ ਉਸ ਦੇ ਉੱਤੇ ਡੋਲ੍ਹ ਦੇ ।" ਤਾਂ ਉਸ ਨੇ ਉਸੇ ਤਰ੍ਹਾਂ ਹੀ ਕੀਤਾ ।

21ਤਾਂ ਯਹੋਵਾਹ ਦੇ ਦੂਤ ਨੇ ਉਸ ਸੋਟੀ ਦੇ ਸਿਰੇ ਨਾਲ ਜਿਹੜੀ ਉਸ ਦੇ ਹੱਥ ਵਿੱਚ ਸੀ, ਮਾਸ ਅਤੇ ਪਤੀਰੀਆਂ ਰੋਟੀਆਂ ਨੂੰ ਛੂਹਿਆ ਅਤੇ ਉਸ ਪੱਥਰ ਵਿੱਚੋਂ ਅੱਗ ਨਿੱਕਲੀ ਜਿਸ ਨਾਲ ਮਾਸ ਤੇ ਪਤੀਰੀਆਂ ਰੋਟੀਆਂ ਭਸਮ ਹੋ ਗਈਆਂ, ਤਦ ਯਹੋਵਾਹ ਦਾ ਦੂਤ ਉਸ ਦੀਆਂ ਅੱਖਾਂ ਦੇ ਅੱਗੋਂ ਅਲੋਪ ਹੋ ਗਿਆ ।
22ਜਦ ਗਿਦਾਊਨ ਨੇ ਵੇਖਿਆ ਕਿ ਉਹ ਯਹੋਵਾਹ ਦਾ ਦੂਤ ਸੀ, ਤਾਂ ਗਿਦਾਊਨ ਨੇ ਕਿਹਾ, "ਹਾਏ ਹਾਏ ! ਹੇ ਪ੍ਰਭੂ ਯਹੋਵਾਹ, ਮੈਂ ਤਾਂ ਯਹੋਵਾਹ ਦੇ ਦੂਤ ਨੂੰ ਆਹਮੋ-ਸਾਹਮਣੇ ਵੇਖਿਆ ਹੈ !"23ਤਦ ਯਹੋਵਾਹ ਨੇ ਉਸ ਨੂੰ ਕਿਹਾ, "ਤੈਨੂੰ ਸ਼ਾਂਤੀ ਹੋਵੇ । ਨਾ ਡਰ, ਤੂੰ ਮਰੇਂਗਾ ਨਹੀਂ ।"24ਤਦ ਗਿਦਾਊਨ ਨੇ ਉੱਥੇ ਯਹੋਵਾਹ ਦੇ ਲਈ ਇੱਕ ਜਗਵੇਦੀ ਬਣਾਈ ਅਤੇ ਉਸ ਦਾ ਨਾਮ 'ਯਹੋਵਾਹ ਸ਼ਾਲੋਮ' ਰੱਖਿਆ । ਉਹ ਜਗਵੇਦੀ ਅੱਜ ਦੇ ਦਿਨ ਤੱਕ ਅਬੀ-ਅਜ਼ਰੀਆਂ ਦੇ ਆਫ਼ਰਾਹ ਵਿੱਚ ਬਣੀ ਹੋਈ ਹੈ ।

25ਫਿਰ ਅਜਿਹਾ ਹੋਇਆ ਕਿ ਉਸੇ ਰਾਤ ਯਹੋਵਾਹ ਨੇ ਗਿਦਾਊਨ ਨੂੰ ਕਿਹਾ, "ਆਪਣੇ ਪਿਤਾ ਦਾ ਬਲ਼ਦ ਲੈ, ਅਰਥਾਤ ਉਹ ਦੂਜਾ ਬਲ਼ਦ ਜਿਹੜਾ ਸੱਤ ਸਾਲ ਦਾ ਹੈ, ਅਤੇ ਬਆਲ ਦੀ ਜਗਵੇਦੀ ਜੋ ਤੇਰੇ ਪਿਤਾ ਦੀ ਹੈ ਉਸ ਨੂੰ ਢਾਹ ਦੇ ਅਤੇ ਉਸ ਦੇ ਕੋਲ ਅਸ਼ੇਰਾਹ ਦੇਵੀ ਨੂੰ ਵੱਢ ਦੇ,26ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਲਈ ਇਸ ਪੱਥਰ ਦੇ ਉੱਤੇ ਰੀਤ ਅਨੁਸਾਰ ਇੱਕ ਜਗਵੇਦੀ ਬਣਾ, ਅਤੇ ਉਸ ਦੂਜੇ ਬਲ਼ਦ ਨੂੰ ਲੈ ਅਤੇ ਉਸ ਨੂੰ ਅਸ਼ੇਰਾਹ ਦੀ ਲੱਕੜ ਨਾਲ ਜਿਸ ਨੂੰ ਤੂੰ ਵੱਢੇਗਾਂ, ਜਲਾ ਕੇ ਹੋਮ ਦੀ ਬਲੀ ਚੜ੍ਹਾ ।"
27ਤਦ ਗਿਦਊਨ ਨੇ ਆਪਣੇ ਸੇਵਕਾਂ ਵਿੱਚੋਂ ਦਸ ਲੋਕ ਲਏ ਅਤੇ ਜਿਸ ਤਰ੍ਹਾਂ ਯਹੋਵਾਹ ਨੇ ਉਸ ਨੂੰ ਕਿਹਾ ਸੀ, ਉਸੇ ਤਰ੍ਹਾਂ ਹੀ ਕੀਤਾ, ਪਰ ਕਿਉਂ ਜੋ ਉਹ ਆਪਣੇ ਪਿਤਾ ਦੇ ਘਰਾਣੇ ਅਤੇ ਸ਼ਹਿਰ ਦੇ ਵਾਸੀਆਂ ਤੋਂ ਡਰਦਾ ਸੀ, ਇਸ ਲਈ ਉਸਨੇ ਇਹ ਕੰਮ ਦਿਨੇ ਨਾ ਕਰਕੇ ਰਾਤ ਨੂੰ ਕੀਤਾ ।

28ਜਦ ਸ਼ਹਿਰ ਦੇ ਲੋਕ ਸਵੇਰੇ ਉੱਠੇ ਤਾਂ ਵੇਖਿਆ ਕਿ ਬਆਲ ਦੀ ਜਗਵੇਦੀ ਡਿੱਗੀ ਪਈ ਸੀ ਅਤੇ ਉਸ ਦੇ ਕੋਲ ਦੀ ਅਸ਼ੇਰਾਹ ਵੱਢੀ ਹੋਈ ਸੀ, ਅਤੇ ਦੂਜਾ ਬਲ਼ਦ ਉਸ ਜਗਵੇਦੀ ਉੱਤੇ ਜੋ ਬਣਾਈ ਗਈ ਸੀ, ਚੜ੍ਹਾਇਆ ਹੋਇਆ ਸੀ ।29ਤਦ ਉਨ੍ਹਾਂ ਨੇ ਆਪਸ ਵਿੱਚ ਕਿਹਾ, "ਇਹ ਕੰਮ ਕਿਸ ਨੇ ਕੀਤਾ ਹੈ ? " ਜਦ ਉਨ੍ਹਾਂ ਨੇ ਛਾਣਬੀਣ ਅਤੇ ਪੁੱਛ-ਗਿੱਛ ਕੀਤੀ ਤਾਂ ਕਹਿਣ ਲੱਗੇ, "ਯੋਆਸ਼ ਦੇ ਪੁੱਤਰ ਗਿਦਾਊਨ ਨੇ ਇਹ ਕੰਮ ਕੀਤਾ ਹੈ ।"
30ਤਾਂ ਸ਼ਹਿਰ ਦੇ ਲੋਕਾਂ ਨੇ ਯੋਆਸ਼ ਨੂੰ ਕਿਹਾ, "ਆਪਣੇ ਪੁੱਤਰ ਨੂੰ ਬਾਹਰ ਲੈ ਆ ਤਾਂ ਜੋ ਉਹ ਮਾਰਿਆ ਜਾਵੇ, ਕਿਉਂ ਜੋ ਉਸ ਨੇ ਬਆਲ ਦੇ ਜਗਵੇਦੀ ਨੂੰ ਢਾਹ ਦਿੱਤਾ, ਅਤੇ ਉਸ ਦੇ ਕੋਲ ਅਸ਼ੇਰਾਹ ਨੂੰ ਵੱਢ ਸੁੱਟਿਆ ਹੈ ।"
31ਤਾਂ ਯੋਆਸ਼ ਨੇ ਉਨ੍ਹਾਂ ਸਾਰਿਆਂ ਲੋਕਾਂ ਨੂੰ ਜੋ ਉਸ ਦੇ ਸਾਹਮਣੇ ਖੜ੍ਹੇ ਸਨ ਕਿਹਾ, "ਕੀ ਤੁਸੀਂ ਬਆਲ ਦੇ ਲਈ ਝਗੜਾ ਕਰਦੇ ਹੋ ? ਕੀ ਤੁਸੀਂ ਉਸ ਨੂੰ ਬਚਾਉਣਾ ਚਾਹੁੰਦੇ ਹੋ ? ਜੋ ਕੋਈ ਵੀ ਉਸ ਦੇ ਲਈ ਝਗੜਾ ਕਰੇ ਉਹ ਮਾਰਿਆ ਜਾਵੇ । ਸਵੇਰ ਤੱਕ ਠਹਿਰੋ, ਜੇ ਉਹ ਦੇਵਤਾ ਹੈ ਤਾਂ ਜਿਸ ਨੇ ਉਸ ਦੀ ਜਗਵੇਦੀ ਢਾਹ ਸੁੱਟੀ ਹੈ, ਉਸ ਦੇ ਨਾਲ ਉਹ ਆਪ ਹੀ ਝਗੜਾ ਕਰੇ ।"32ਇਸ ਲਈ ਉਸ ਦਿਨ ਤੋਂ ਗਿਦਾਊਨ ਦਾ ਨਾਮ ਇਹ ਕਹਿ ਕੇ ਯਰੁੱਬਆਲ ਰੱਖਿਆ ਗਿਆ ਕਿ ਉਸ ਦੇ ਬਆਲ ਦੀ ਜਗਵੇਦੀ ਢਾਹ ਦਿੱਤੀ ਹੈ, ਇਸ ਲਈ ਬਆਲ ਆਪ ਹੀ ਉਸ ਨਾਲ ਝਗੜਾ ਕਰੇ ।

33ਇਸ ਤੋਂ ਬਾਅਦ ਸਾਰੇ ਮਿਦਯਾਨੀ ਅਤੇ ਅਮਾਲੇਕੀ ਅਤੇ ਪੂਰਬੀ ਲੋਕ ਇਕੱਠੇ ਹੋਏ ਅਤੇ ਪਾਰ ਲੰਘ ਕੇ ਯਜ਼ਰਾਏਲ ਦੀ ਘਾਟੀ ਵਿੱਚ ਆ ਕੇ ਤੰਬੂ ਲਾਏ ।
34ਯਹੋਵਾਹ ਦਾ ਆਤਮਾ ਗਿਦਊਨ ਉੱਤੇ ਆਇਆ ਅਤੇ ਉਸ ਨੇ ਤੁਰ੍ਹੀ ਵਜਾਈ, ਤਦ ਅਬੀ-ਅਜ਼ਰ ਦੇ ਲੋਕ ਉਸ ਦੇ ਪਿੱਛੇ ਆਏ ।35ਫਿਰ ਉਸ ਨੇ ਸਾਰੇ ਮਨੱਸ਼ਹ ਵਿੱਚ ਸੰਦੇਸ਼-ਵਾਹਕ ਭੇਜੇ ਤਾਂ ਉਹ ਵੀ ਉਸ ਦੇ ਕੋਲ ਇਕੱਠੇ ਹੋਏ । ਉਸ ਨੇ ਆਸ਼ੇਰ ਅਤੇ ਜ਼ਬੂਲੁਨ ਅਤੇ ਨਫ਼ਤਾਲੀ ਦੇ ਕੋਲ ਵੀ ਹਲਕਾਰੇ ਭੇਜੇ, ਤਾਂ ਉਹ ਵੀ ਉਸ ਨੂੰ ਮਿਲਣ ਲਈ ਆ ਗਏ ।

36ਤਦ ਗਿਦਾਊਨ ਨੇ ਪਰਮੇਸ਼ੁਰ ਨੂੰ ਕਿਹਾ, "ਜੇ ਤੂੰ ਚਾਹੁੰਦਾ ਹੈਂ ਕਿ ਇਸਰਾਏਲ ਦਾ ਛੁਟਕਾਰਾ ਮੇਰੇ ਹੱਥਾਂ ਤੋਂ ਕੀਤਾ ਜਾਵੇ, ਜਿਵੇਂ ਕਿ ਤੂੰ ਆਖਿਆ ਹੈ,37ਤਾਂ ਵੇਖ, ਮੈਂ ਇੱਕ ਉੱਨ ਦਾ ਫੰਬਾ ਖੇਤ ਦੇ ਵਿੱਚ ਰੱਖਾਂਗਾ, ਅਤੇ ਜੇਕਰ ਤ੍ਰੇਲ ਸਿਰਫ਼ ਉੱਨ ਦੇ ਫੰਬੇ ਉੱਤੇ ਹੀ ਪਵੇ ਪਰ ਆਲੇ-ਦੁਆਲੇ ਦੀ ਸਾਰੀ ਧਰਤੀ ਸੁੱਕੀ ਰਹੇ ਤਾਂ ਮੈਂ ਸੱਚ-ਮੁੱਚ ਜਾਣਾਂਗਾ ਕਿ ਜਿਸ ਤਰ੍ਹਾਂ ਤੂੰ ਕਿਹਾ ਹੈ, ਉਸੇ ਤਰ੍ਹਾਂ ਹੀ ਤੂੰ ਇਸਰਾਏਲ ਨੂੰ ਮੇਰੇ ਹੱਥਾਂ ਤੋਂ ਛੁਟਕਾਰਾ ਦੇਵੇਂਗਾ ।"
38ਤਾਂ ਅਜਿਹਾ ਹੀ ਹੋਇਆ ਅਤੇ ਜਦ ਉਹ ਸਵੇਰ ਨੂੰ ਉੱਠਿਆ ਅਤੇ ਉਸ ਉੱਨ ਦੇ ਫੰਬੇ ਵਿੱਚੋਂ ਤ੍ਰੇਲ ਨੂੰ ਘੁੱਟ ਕੇ ਨਿਚੋੜਿਆ ਤਾਂ ਪਾਣੀ ਦਾ ਇੱਕ ਕਟੋਰਾ ਭਰ ਗਿਆ ।
39ਤਦ ਗਿਦਾਊਨ ਨੇ ਪਰਮੇਸ਼ੁਰ ਨੂੰ ਕਿਹਾ, "ਜੇਕਰ ਮੈਂ ਇੱਕ ਵਾਰੀ ਹੋਰ ਆਖਾਂ ਤਾਂ ਤੇਰਾ ਕ੍ਰੋਧ ਮੇਰੇ ਉੱਤੇ ਨਾ ਭੜਕੇ, ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਕਿ ਇੱਕ ਵਾਰੀ ਹੋਰ ਇਸ ਉੱਨ ਦੇ ਫੰਬੇ ਨਾਲ ਤੇਰੀ ਪ੍ਰੀਖਿਆ ਲਵਾਂ, ਇਸ ਵਾਰੀ ਸਿਰਫ਼ ਉੱਨ ਦਾ ਫੰਬਾ ਹੀ ਸੁੱਕਾ ਰਹੇ ਅਤੇ ਆਲੇ-ਦੁਆਲੇ ਦੀ ਸਾਰੀ ਧਰਤੀ ਉੱਤੇ ਤ੍ਰੇਲ ਪਵੇ ।"40ਉਸ ਰਾਤ ਪਰਮੇਸ਼ੁਰ ਨੇ ਅਜਿਹਾ ਹੀ ਕੀਤਾ, ਕਿਉਂ ਜੋ ਸਿਰਫ਼ ਉੱਨ ਦਾ ਫੰਬਾ ਹੀ ਸੁੱਕਾ ਰਿਹਾ ਅਤੇ ਬਾਕੀ ਸਾਰੀ ਧਰਤੀ ਉੱਤੇ ਤ੍ਰੇਲ ਪਈ ਸੀ ।

7
ਗਿਦਾਊਨ ਦੀ ਮਿਦਯਾਨੀਆਂ ਉੱਤੇ ਜਿੱਤ

1ਤਦ ਗਿਦਾਊਨ ਜੋ ਯਰੁੱਬਆਲ ਵੀ ਕਹਾਉਂਦਾ ਹੈ, ਅਤੇ ਉਹ ਸਾਰੇ ਲੋਕ ਜੋ ਉਸ ਦੇ ਨਾਲ ਸਨ, ਸਵੇਰ ਨੂੰ ਉੱਠੇ ਅਤੇ ਹਰੋਦ ਦੇ ਸੋਤੇ ਕੋਲ ਆਪਣੇ ਤੰਬੂ ਲਾਏ, ਅਤੇ ਮਿਦਯਾਨੀਆਂ ਦੀ ਛਾਉਣੀ ਉਨ੍ਹਾਂ ਦੇ ਉੱਤਰ ਵੱਲ ਮੋਰੀਹ ਪਹਾੜ ਦੇ ਕੋਲ ਘਾਟੀ ਵਿੱਚ ਸੀ ।

2ਤਾਂ ਯਹੋਵਾਹ ਨੇ ਗਿਦਾਊਨ ਨੂੰ ਕਿਹਾ, "ਮਿਦਯਾਨੀਆਂ ਨੂੰ ਤੇਰੇ ਵੱਸ ਵਿੱਚ ਕਰਨ ਲਈ, ਤੇਰੇ ਨਾਲ ਲੋਕ ਬਹੁਤ ਜ਼ਿਆਦਾ ਹਨ । ਅਜਿਹਾ ਨਾ ਹੋਵੇ ਕਿ ਇਸਰਾਏਲ ਮੇਰੇ ਸਾਹਮਣੇ ਆਕੜ ਕੇ ਕਹੇ ਕਿ 'ਮੇਰੇ ਹੀ ਹੱਥ ਨੇ ਮੈਨੂੰ ਬਚਾਇਆ ਹੈ' ।3ਇਸ ਲਈ ਤੂੰ ਹੁਣ ਲੋਕਾਂ ਨੂੰ ਸੁਣਾ ਕੇ ਘੋਸ਼ਣਾ ਕਰ ਅਤੇ ਕਹਿ ਕਿ ਜਿਹੜਾ ਘਬਰਾਉਂਦਾ ਹੈ ਅਤੇ ਡਰਦਾ ਹੈ ਉਹ ਗਿਲਆਦ ਪਹਾੜ ਤੋਂ ਵਾਪਿਸ ਮੁੜ ਜਾਵੇ ।" ਤਦ ਲੋਕਾਂ ਵਿੱਚੋਂ ਬਾਈ ਹਜ਼ਾਰ ਮਨੁੱਖ ਵਾਪਿਸ ਮੁੜ ਗਏ ਅਤੇ ਦਸ ਹਜ਼ਾਰ ਬਾਕੀ ਰਹਿ ਗਏ ।

4ਤਦ ਯਹੋਵਾਹ ਨੇ ਗਿਦਊਨ ਨੂੰ ਕਿਹਾ, "ਹੁਣ ਵੀ ਲੋਕ ਬਹੁਤ ਜ਼ਿਆਦਾ ਹਨ, ਉਨ੍ਹਾਂ ਨੂੰ ਪਾਣੀ ਦੇ ਸੋਤੇ ਕੋਲ ਹੇਠਾਂ ਲੈ ਆ ਅਤੇ ਉੱਥੇ ਮੈਂ ਤੇਰੇ ਲਈ ਉਨ੍ਹਾਂ ਦੀ ਪ੍ਰੀਖਿਆ ਲਵਾਂਗਾ, ਅਤੇ ਜਿਸ ਦੇ ਲਈ ਮੈਂ ਤੈਨੂੰ ਆਖਾਂ ਕਿ ਇਹ ਤੇਰੇ ਨਾਲ ਜਾਵੇ ਤਾਂ ਉਹ ਤੇਰੇ ਨਾਲ ਜਾਵੇ, ਜਿਨ੍ਹਾਂ ਦੇ ਲਈ ਮੈਂ ਆਖਾਂ ਕਿ ਇਹ ਤੇਰੇ ਨਾਲ ਨਾ ਜਾਣ, ਤਾਂ ਉਹ ਤੇਰੇ ਨਾਲ ਨਾ ਜਾਵੇ ।"
5ਤਦ ਉਹ ਉਨ੍ਹਾਂ ਲੋਕਾਂ ਨੂੰ ਪਾਣੀ ਦੇ ਸੋਤੇ ਕੋਲ ਹੇਠਾਂ ਲੈ ਆਇਆ ਅਤੇ ਉੱਥੇ ਯਹੋਵਾਹ ਨੇ ਗਿਦਊਨ ਨੂੰ ਕਿਹਾ, "ਜਿਹੜੇ ਮਨੁੱਖ ਕੁੱਤੇ ਦੀ ਤਰ੍ਹਾਂ ਚਪ-ਚਪ ਕਰਕੇ ਪਾਣੀ ਪੀਣ, ਉਨ੍ਹਾਂ ਨੂੰ ਤੂੰ ਵੱਖਰਾ ਰੱਖ ਅਤੇ ਉਸੇ ਤਰ੍ਹਾਂ ਹੀ ਉਨ੍ਹਾਂ ਨੂੰ ਵੀ ਜੋ ਆਪਣੇ ਗੋਡੇ ਨਿਵਾ ਕੇ ਪਾਣੀ ਪੀਣ ।"6ਤਾਂ ਉਹ ਜਿਨ੍ਹਾਂ ਨੇ ਆਪਣਾ ਹੱਥ ਮੂੰਹ ਨੂੰ ਲਾ ਕੇ ਚਪ-ਚਪ ਕਰਕੇ ਪਾਣੀ ਪੀਤਾ, ਉਹਨਾਂ ਦੀ ਗਿਣਤੀ ਤਿੰਨ ਸੌ ਸੀ ਪਰ ਬਾਕੀ ਸਾਰੇ ਲੋਕਾਂ ਨੇ ਗੋਡੇ ਨਿਵਾ ਕੇ ਪਾਣੀ ਪੀਤਾ ।
7ਤਾਂ ਯਹੋਵਾਹ ਨੇ ਗਿਦਊਨ ਨੂੰ ਕਿਹਾ, "ਮੈਂ ਇਨ੍ਹਾਂ ਤਿੰਨ ਸੌ ਮਨੁੱਖਾਂ ਨਾਲ ਜਿਨ੍ਹਾਂ ਨੇ ਚਪ-ਚਪ ਕਰ ਕੇ ਪਾਣੀ ਪੀਤਾ ਹੈ, ਤੁਹਾਨੂੰ ਬਚਾਵਾਂਗਾ ਅਤੇ ਮਿਦਯਾਨੀਆਂ ਨੂੰ ਤੇਰੇ ਹੱਥ ਵਿੱਚ ਕਰ ਦਿਆਂਗਾ ਅਤੇ ਬਾਕੀ ਸਾਰੇ ਲੋਕ ਆਪੋ ਆਪਣੇ ਘਰਾਂ ਨੂੰ ਮੁੜ ਜਾਣ ।8ਤਦ ਉਨ੍ਹਾਂ ਲੋਕਾਂ ਨੇ ਆਪਣੀ ਭੋਜਨ ਸਮੱਗਰੀ ਲਈ ਅਤੇ ਆਪਣੀਆਂ ਤੁਰ੍ਹੀਆਂ ਚੁੱਕ ਲਈਆਂ ਅਤੇ ਗਿਦਾਊਨ ਨੇ ਇਸਰਾਏਲ ਦੇ ਬਾਕੀ ਸਾਰੇ ਪੁਰਖਾਂ ਨੂੰ ਆਪੋ ਆਪਣੇ ਤੰਬੂ ਵੱਲ ਭੇਜ ਦਿੱਤਾ, ਪਰ ਉਨ੍ਹਾਂ ਤਿੰਨ ਸੌ ਪੁਰਖਾਂ ਨੂੰ ਉਸ ਨੇ ਆਪਣੇ ਕੋਲ ਰੱਖਿਆ ਅਤੇ ਮਿਦਯਾਨੀਆਂ ਦੀ ਛਾਉਣੀ ਉਸ ਦੇ ਹੇਠ ਘਾਟੀ ਵਿੱਚ ਸੀ ।

9ਤਾਂ ਉਸੇ ਰਾਤ ਯਹੋਵਾਹ ਨੇ ਉਸ ਨੂੰ ਕਿਹਾ, "ਉੱਠ ਅਤੇ ਉਸ ਛਾਉਣੀ ਦੇ ਕੋਲ ਜਾ ਕਿਉਂ ਜੋ ਮੈਂ ਉਸ ਨੂੰ ਤੇਰੇ ਅਧੀਨ ਕਰ ਦਿੱਤਾ ਹੈ ।10ਪਰ ਜੇ ਤੂੰ ਇਕੱਲਾ ਜਾਣ ਤੋਂ ਡਰਦਾ ਹੈਂ ਤਾਂ ਤੂੰ ਆਪਣੇ ਸੇਵਕ ਫੂਰਾਹ ਨੂੰ ਨਾਲ ਲੈ ਕੇ ਛਾਉਣੀ ਵੱਲ ਜਾ ।11ਉੱਥੇ ਤੂੰ ਸੁਣੇਂਗਾ ਕਿ ਉਹ ਕੀ ਕਹਿ ਰਹੇ ਹਨ, ਇਸ ਤੋਂ ਬਾਅਦ ਉਸ ਛਾਉਣੀ ਉੱਤੇ ਹਮਲਾ ਕਰਨ ਲਈ ਤੇਰੇ ਹੱਥਾਂ ਵਿੱਚ ਜ਼ੋਰ ਆਵੇਗਾ ।" ਤਦ ਉਹ ਆਪਣੇ ਸੇਵਕ ਫੂਰਾਹ ਨੂੰ ਨਾਲ ਲੈ ਕੇ ਉਨ੍ਹਾਂ ਹਥਿਆਰਬੰਦ ਸਿਪਾਹੀਆਂ ਤੱਕ ਗਿਆ, ਜਿਹੜੇ ਛਾਉਣੀ ਦੇ ਬੰਨ੍ਹੇ ਉੱਤੇ ਸਨ ।
12ਮਿਦਯਾਨੀ ਅਤੇ ਅਮਾਲੇਕੀ ਅਤੇ ਪੂਰਬੀ ਲੋਕ ਟਿੱਡੀਆਂ ਵਾਂਗ ਬਹੁਤ ਸਾਰੇ ਸਨ ਅਤੇ ਘਾਟੀ ਵਿੱਚ ਫੈਲੇ ਪਏ ਸਨ ਅਤੇ ਉਨ੍ਹਾਂ ਦੇ ਊਠ ਸਮੁੰਦਰ ਦੇ ਕੰਢੇ ਦੀ ਰੇਤ ਵਾਂਗ ਅਣਗਿਣਤ ਸਨ ।
13ਜਦ ਗਿਦਾਊਨ ਉੱਥੇ ਪਹੁੰਚਿਆ ਤਾਂ ਵੇਖੋ, ਉੱਥੇ ਇੱਕ ਮਨੁੱਖ ਸੀ ਜੋ ਆਪਣੇ ਸਾਥੀ ਨੂੰ ਇੱਕ ਸੁਫ਼ਨਾ ਸੁਣਾਉਂਦਾ ਸੀ, ਉਸਨੇ ਕਿਹਾ, "ਵੇਖੋ, ਮੈਂ ਇੱਕ ਸੁਫ਼ਨਾ ਵੇਖਿਆ ਹੈ ਕਿ ਜੌਂ ਦੀ ਇੱਕ ਰੋਟੀ ਮਿਦਯਾਨੀ ਛਾਉਣੀ ਵਿੱਚ ਰੁੜ੍ਹ ਕੇ ਆਈ ਅਤੇ ਇੱਕ ਤੰਬੂ ਨਾਲ ਆ ਲੱਗੀ ਅਤੇ ਉਸ ਨੇ ਤੰਬੂ ਨੂੰ ਅਜਿਹਾ ਮਾਰਿਆ ਕਿ ਉਹ ਡਿੱਗ ਪਿਆ ਅਤੇ ਉਸ ਨੂੰ ਅਜਿਹਾ ਮੂਧਾ ਕਰ ਸੁੱਟਿਆ ਕਿ ਉਹ ਤੰਬੂ ਵਿੱਛ ਗਿਆ ।"14ਤਾਂ ਉਸ ਦੇ ਸਾਥੀ ਨੇ ਉੱਤਰ ਦੇ ਕੇ ਕਿਹਾ, "ਯੋਆਸ਼ ਦੇ ਪੁੱਤਰ ਗਿਦਾਊਨ, ਇੱਕ ਇਸਰਾਏਲੀ ਮਨੁੱਖ ਦੀ ਤਲਵਾਰ ਤੋਂ ਬਿਨ੍ਹਾਂ ਇਸ ਦਾ ਕੋਈ ਹੋਰ ਅਰਥ ਨਹੀਂ, ਪਰਮੇਸ਼ੁਰ ਨੇ ਮਿਦਯਾਨ ਅਤੇ ਸਾਰੀ ਫੌਜ ਨੂੰ ਉਸ ਦੇ ਹੱਥ ਵਿੱਚ ਕਰ ਦਿੱਤਾ ਹੈ ।"

15ਅਜਿਹਾ ਹੋਇਆ ਕਿ ਜਦ ਗਿਦਾਊਨ ਨੇ ਇਹ ਸੁਫ਼ਨਾ ਅਤੇ ਉਸ ਦਾ ਅਰਥ ਸੁਣਿਆ ਤਾਂ ਮੱਥਾ ਟੇਕਿਆ ਅਤੇ ਇਸਰਾਏਲੀ ਛਾਉਣੀ ਨੂੰ ਮੁੜ ਆਇਆ ਅਤੇ ਕਿਹਾ, "ਉੱਠੋ, ਕਿਉਂ ਜੋ ਯਹੋਵਾਹ ਨੇ ਮਿਦਯਾਨੀ ਫੌਜ ਨੂੰ ਤੁਹਾਡੇ ਹੱਥਾਂ ਵਿੱਚ ਕਰ ਦਿੱਤਾ ਹੈ !"16ਤਦ ਉਸ ਨੇ ਤਿੰਨ ਸੌ ਮਨੁੱਖਾਂ ਦੀਆਂ ਤਿੰਨ ਟੋਲੀਆਂ ਬਣਾਈਆਂ ਅਤੇ ਇੱਕ-ਇੱਕ ਦੇ ਹੱਥ ਵਿੱਚ ਇੱਕ-ਇੱਕ ਤੁਰ੍ਹੀ ਅਤੇ ਖਾਲੀ ਘੜਾ ਦਿੱਤਾ, ਅਤੇ ਇੱਕ-ਇੱਕ ਮਸ਼ਾਲ ਘੜਿਆਂ ਦੇ ਵਿੱਚ ਰੱਖੀ ।
17ਫਿਰ ਉਸਨੇ ਉਨ੍ਹਾਂ ਨੂੰ ਕਿਹਾ, "ਮੈਨੂੰ ਵੇਖੋ ਅਤੇ ਮੇਰੇ ਵਾਂਗ ਹੀ ਕੰਮ ਕਰੋ ਅਤੇ ਸੁਚੇਤ ਰਹੋ । ਜਦ ਮੈਂ ਛਾਉਣੀ ਦੇ ਬੰਨ੍ਹੇ ਉੱਤੇ ਪਹੁੰਚ ਜਾਂਵਾਂ, ਤਾਂ ਜੋ ਕੁਝ ਮੈਂ ਕਰਾਂ ਤੁਸੀਂ ਵੀ ਉਸੇ ਤਰ੍ਹਾਂ ਹੀ ਕਰਨਾ ।18ਜਦ ਮੈਂ ਅਤੇ ਮੇਰੇ ਸਾਰੇ ਸਾਥੀ ਤੁਰ੍ਹੀਆਂ ਵਜਾਈਏ ਤਾਂ ਤੁਸੀਂ ਸਾਰੇ ਵੀ ਛਾਉਣੀ ਦੇ ਸਾਰਿਆਂ ਬੰਨ੍ਹਿਆਂ ਉੱਤੇ ਤੁਰ੍ਹੀਆਂ ਵਜਾਉਣਾ ਅਤੇ ਇਹ ਜੈਕਾਰਾ ਬੁਲਾਓ, "ਯਹੋਵਾਹ ਅਤੇ ਗਿਦਾਊਨ ਦੀ ਤਲਵਾਰ !" ।"

19ਇਸ ਤੋਂ ਬਾਅਦ ਗਿਦਾਊਨ ਅਤੇ ਉਹ ਸੌ ਮਨੁੱਖ ਜੋ ਉਸ ਦੇ ਨਾਲ ਸਨ, ਦੂਜੇ ਪਹਿਰ ਦੇ ਵੇਲੇ ਛਾਉਣੀ ਦੇ ਬੰਨ੍ਹੇ ਉੱਤੇ ਆਏ । ਉਸ ਸਮੇਂ ਪਹਿਰੇਦਾਰ ਹੁਣੇ ਬਦਲੇ ਹੀ ਸਨ, ਤਾਂ ਉਨ੍ਹਾਂ ਨੇ ਤੁਰ੍ਹੀਆਂ ਵਜਾਈਆਂ ਅਤੇ ਉਨ੍ਹਾਂ ਘੜਿਆਂ ਨੂੰ ਜੋ ਉਨ੍ਹਾਂ ਦੇ ਹੱਥ ਵਿੱਚ ਸਨ ਤੋੜ ਸੁੱਟਿਆ ।
20ਤਦ ਉਨ੍ਹਾਂ ਤਿੰਨਾਂ ਟੋਲੀਆਂ ਨੇ ਤੁਰ੍ਹੀਆਂ ਵਜਾਈਆਂ ਅਤੇ ਘੜੇ ਤੋੜ ਦਿੱਤੇ ਅਤੇ ਆਪਣੇ ਖੱਬੇ ਹੱਥਾਂ ਵਿੱਚ ਮਸ਼ਾਲਾਂ ਨੂੰ ਫੜ੍ਹਿਆ ਅਤੇ ਸੱਜੇ ਹੱਥਾਂ ਵਿੱਚ ਵਜਾਉਣ ਵਾਲੀ ਤੁਰ੍ਹੀਆਂ ਫੜ੍ਹੀਆਂ ਅਤੇ ਜ਼ੋਰ ਨਾਲ ਜੈਕਾਰਾ ਬੁਲਾਇਆ, "ਪਰਮੇਸ਼ੁਰ ਦੀ ਅਤੇ ਗਿਦਾਊਨ ਦੀ ਤਲਵਾਰ !"21ਉਨ੍ਹਾਂ ਵਿੱਚੋਂ ਹਰੇਕ ਮਨੁੱਖ ਆਪੋ ਆਪਣੇ ਸਥਾਨ ਤੇ ਛਾਉਣੀ ਦੇ ਚੁਫੇਰੇ ਖੜ੍ਹਾ ਰਿਹਾ, ਤਾਂ ਸਾਰੀ ਫੌਜ ਦੌੜੀ ਅਤੇ ਚੀਕਾਂ ਮਾਰਦੀ ਹੋਈ ਭੱਜ ਨਿੱਕਲੀ ।
22ਉਨ੍ਹਾਂ ਨੇ ਤਿੰਨ ਸੌ ਤੁਰ੍ਹੀਆਂ ਵਜਾਈਆਂ ਅਤੇ ਯਹੋਵਾਹ ਨੇ ਇੱਕ-ਇੱਕ ਮਨੁੱਖ ਦੀ ਤਲਵਾਰ ਉਸ ਦੇ ਸਾਥੀ ਉੱਤੇ ਅਤੇ ਸਾਰੀ ਫੌਜ ਉੱਤੇ ਚਲਵਾਈ, ਤਾਂ ਫੌਜ ਸਰੇਰਹ ਦੀ ਵੱਲ ਬੈਤ ਸ਼ਿੱਟਾਹ ਨੂੰ ਅਤੇ ਅਬੇਲ ਮਹੋਲਾਹ ਤੱਕ ਜੋ ਟੱਬਾਥ ਕੋਲ ਹੈ, ਭੱਜ ਗਈ ।23ਤਦ ਇਸਰਾਏਲੀ ਲੋਕ ਨਫ਼ਤਾਲੀ ਅਤੇ ਆਸ਼ੇਰ ਅਤੇ ਸਾਰੇ ਮਨੱਸ਼ਹ ਤੋਂ ਇਕੱਠੇ ਹੋ ਕੇ ਨਿੱਕਲੇ ਅਤੇ ਮਿਦਯਾਨੀਆਂ ਦੇ ਪਿੱਛੇ ਪਏ ।

24ਤਾਂ ਗਿਦਾਊਨ ਨੇ ਇਫ਼ਰਾਈਮ ਦੇ ਸਾਰੇ ਪਹਾੜੀ ਇਲਾਕੇ ਵਿੱਚ ਸੰਦੇਸ਼-ਵਾਹਕ ਭੇਜੇ ਅਤੇ ਕਿਹਾ, "ਮਿਦਯਾਨੀਆਂ ਦਾ ਸਾਹਮਣਾ ਕਰਨ ਨੂੰ ਆ ਜਾਉ ਅਤੇ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਯਰਦਨ ਨਦੀ ਦੇ ਘਾਟਾਂ ਨੂੰ ਬੈਤ ਬਾਰਾਹ ਤੱਕ ਆਪਣੇ ਕਬਜ਼ੇ ਵਿੱਚ ਕਰ ਲਓ ।" ਤਦ ਸਾਰੇ ਇਫ਼ਰਾਈਮੀਆਂ ਨੇ ਇਕੱਠੇ ਹੋ ਕੇ ਯਰਦਨ ਨਦੀ ਨੂੰ ਬੈਤ ਬਾਰਾਹ ਤੱਕ ਆਪਣੇ ਕਬਜ਼ੇ ਵਿੱਚ ਕਰ ਲਿਆ ।25ਅਤੇ ਉਨ੍ਹਾਂ ਨੇ ਮਿਦਯਾਨ ਦੇ ਦੋ ਹਾਕਮਾਂ ਓਰੇਬ ਅਤੇ ਜ਼ਏਬ ਨੂੰ ਫੜਿਆ, ਅਤੇ ਓਰੇਬ ਨੂੰ ਓਰੇਬ ਦੀ ਚੱਟਾਨ ਉੱਤੇ ਅਤੇ ਜ਼ਏਬ ਨੂੰ ਜ਼ਏਬ ਨਾਮਕ ਦਾਖ਼ਰਸ ਦੇ ਕੁੰਡ ਕੋਲ ਘਾਤ ਕੀਤਾ, ਅਤੇ ਫਿਰ ਉਹ ਮਿਦਯਾਨੀਆਂ ਦੇ ਪਿੱਛੇ ਪਏ ਅਤੇ ਓਰੇਬ ਤੇ ਜ਼ਏਬ ਦੇ ਸਿਰ ਯਰਦਨ ਦੇ ਪਾਰ ਗਿਦਾਊਨ ਕੋਲ ਲੈ ਆਏ ।

8
ਮਿਦਯਾਨੀਆਂ ਦੀ ਪੂਰਣ ਹਾਰ

1ਤਦ ਇਫ਼ਰਾਈਮ ਦੇ ਲੋਕਾਂ ਨੇ ਗਿਦਾਊਨ ਨੂੰ ਕਿਹਾ, "ਤੂੰ ਸਾਡੇ ਨਾਲ ਅਜਿਹਾ ਕਿਉਂ ਕੀਤਾ ਕਿ ਜਦ ਤੂੰ ਮਿਦਯਾਨੀਆਂ ਨਾਲ ਲੜਨ ਲਈ ਗਿਆ ਤਾਂ ਸਾਨੂੰ ਨਾ ਬੁਲਾਇਆ ? " ਸੋ ਉਨ੍ਹਾਂ ਨੇ ਉਸ ਦੇ ਨਾਲ ਬਹੁਤ ਝਗੜਾ ਕੀਤਾ ।

2ਤਦ ਉਸ ਨੇ ਉਨ੍ਹਾਂ ਨੂੰ ਕਿਹਾ, "ਭਲਾ, ਹੁਣ ਮੈਂ ਤੁਹਾਡੇ ਵਾਂਗੂੰ ਕੀ ਕੀਤਾ ਹੈ ? ਕੀ ਇਫ਼ਰਾਈਮ ਦੇ ਬਚੀ-ਖੁਚੀ ਦਾਖ਼ ਵੀ ਅਬੀ ਅਜ਼ਰ ਦੀ ਸਾਰੀ ਦਾਖਾਂ ਦੀ ਫ਼ਸਲ ਨਾਲੋਂ ਚੰਗੀ ਨਹੀਂ ?3ਪਰਮੇਸ਼ੁਰ ਨੇ ਮਿਦਯਾਨ ਦੇ ਹਾਕਮਾਂ ਓਰੇਬ ਅਤੇ ਜ਼ਏਬ ਨੂੰ ਤੁਹਾਡੇ ਵੱਸ ਕਰ ਦਿੱਤਾ, ਹੋਰ ਤੁਹਾਡੇ ਬਰਾਬਰ ਕੰਮ ਕਰਨ ਦੀ ਮੇਰੇ ਵਿੱਚ ਕਿਹੜੀ ਤਾਕਤ ਸੀ ? " ਜਦ ਉਸ ਨੇ ਇਹ ਗੱਲ ਕਹੀ ਤਾਂ ਉਨ੍ਹਾਂ ਦਾ ਕ੍ਰੋਧ ਉਸ ਤੋਂ ਘੱਟ ਗਿਆ ।

4ਤਦ ਗਿਦਾਊਨ ਯਰਦਨ ਕੋਲ ਆਇਆ ਅਤੇ ਉਹ ਆਪਣੇ ਤਿੰਨ ਸੌ ਸਾਥੀਆਂ ਨਾਲ ਪਾਰ ਲੰਘਿਆ, ਉਹ ਸਾਰੇ ਥੱਕੇ ਹੋਏ ਤਾਂ ਸਨ ਪਰ ਫਿਰ ਵੀ ਮਿਦਯਾਨੀਆਂ ਦੇ ਪਿੱਛੇ ਲੱਗੇ ਰਹੇ । ਤਦ ਗਿਦਾਊਨ ਨੇ ਸੁੱਕੋਥ ਦੇ ਲੋਕਾਂ ਨੂੰ ਕਿਹਾ, "ਜਿਹੜੇ ਮੇਰੇ ਨਾਲ ਹਨ, ਇਨ੍ਹਾਂ ਲੋਕਾਂ ਨੂੰ ਰੋਟੀਆਂ ਦਿਉ,5ਕਿਉਂ ਜੋ ਇਹ ਥੱਕੇ ਹੋਏ ਹਨ ਅਤੇ ਮੈਂ ਮਿਦਯਾਨ ਦੇ ਦੋਹਾਂ ਰਾਜਿਆਂ ਜ਼ਬਾਹ ਅਤੇ ਸਲਮੁੰਨਾ ਦੇ ਪਿੱਛੇ ਪਿਆ ਹੋਇਆ ਹਾਂ ।"

6ਪਰ ਸੁੱਕੋਥ ਦੇ ਹਾਕਮਾਂ ਨੇ ਉੱਤਰ ਦਿੱਤਾ, "ਕੀ ਜ਼ਬਾਹ ਅਤੇ ਸਲਮੁੰਨਾ ਹੁਣੇ ਤੇਰੇ ਹੱਥਾਂ ਵਿੱਚ ਆ ਗਏ ਹਨ ਜੋ ਅਸੀਂ ਤੇਰੀ ਫੌਜ ਨੂੰ ਰੋਟੀਆਂ ਦੇਈਏ ? "7ਗਿਦਾਊਨ ਨੇ ਕਿਹਾ, "ਠੀਕ ਹੈ, ਜਦ ਯਹੋਵਾਹ ਜ਼ਬਾਹ ਅਤੇ ਸਲਮੁੰਨਾ ਨੂੰ ਮੇਰੇ ਹੱਥਾਂ ਵਿੱਚ ਕਰ ਦੇਵੇਗਾ ਤਾਂ ਮੈਂ ਤੁਹਾਡੇ ਮਾਸ ਨੂੰ ਜੰਗਲੀ ਕੰਡਿਆਂ ਅਤੇ ਕੰਟੀਲੀ ਝਾੜੀਆਂ ਨਾਲ ਛਿੱਲਾਂਗਾ !"

8ਉੱਥੋਂ ਉਹ ਪਨੂਏਲ ਨੂੰ ਗਿਆ ਅਤੇ ਉੱਥੇ ਦੇ ਲੋਕਾਂ ਤੋਂ ਇਸੇ ਤਰ੍ਹਾਂ ਭੋਜਨ ਮੰਗਿਆ, ਪਰ ਪਨੂਏਲ ਦੇ ਲੋਕਾਂ ਨੇ ਵੀ ਉਸੇ ਤਰ੍ਹਾਂ ਉੱਤਰ ਦਿੱਤਾ, ਜੋ ਸੁੱਕੋਥੀਆਂ ਨੇ ਦਿੱਤਾ ਸੀ ।9ਉਸ ਨੇ ਪਨੂਏਲ ਦੇ ਵਾਸੀਆਂ ਨੂੰ ਕਿਹਾ, "ਜਦ ਮੈਂ ਸੁਖ-ਸਾਂਦ ਨਾਲ ਮੁੜ ਆਵਾਂਗਾ ਤਾਂ ਮੈਂ ਇਸ ਬੁਰਜ ਨੂੰ ਢਾਹ ਦਿਆਂਗਾ !"

10ਜ਼ਬਾਹ ਅਤੇ ਸਲਮੁੰਨਾ ਕਰਕੋਰ ਵਿੱਚ ਸਨ, ਅਤੇ ਉਨ੍ਹਾਂ ਦੇ ਨਾਲ ਲਗਭਗ ਪੰਦਰਾਂ ਹਜ਼ਾਰ ਮਨੁੱਖਾਂ ਦੀ ਫੌਜ ਸੀ, ਕਿਉਂ ਜੋ ਪੂਰਬ ਦੇ ਲੋਕਾਂ ਵਿੱਚੋਂ ਉਹ ਹੀ ਬਾਕੀ ਬਚੇ ਸਨ, ਅਤੇ ਜੋ ਮਾਰੇ ਗਏ ਉਹ ਇੱਕ ਲੱਖ ਵੀਹ ਹਜ਼ਾਰ ਹਥਿਆਰ ਬੰਦ ਸਨ ।

11ਤਦ ਗਿਦਾਊਨ ਨੇ ਨੋਬਹ ਅਤੇ ਯਾਗਬਹਾਹ ਦੇ ਪੂਰਬ ਵੱਲ, ਤੰਬੂਆਂ ਵਿੱਚ ਰਹਿਣ ਵਾਲਿਆਂ ਦੇ ਰਸਤੇ ਤੋਂ ਚੜ੍ਹਾਈ ਕਰ ਕੇ ਉਸ ਫੌਜ ਨੂੰ ਮਾਰਿਆ, ਕਿਉਂ ਜੋ ਉਹ ਫੌਜ ਬੇਫ਼ਿਕਰ ਪਈ ਸੀ ।12ਜਦ ਜ਼ਬਾਹ ਅਤੇ ਸਲਮੁੰਨਾ ਭੱਜੇ, ਤਾਂ ਉਸ ਨੇ ਉਨ੍ਹਾਂ ਦਾ ਪਿੱਛਾ ਕਰਕੇ ਮਿਦਯਾਨੀਆਂ ਦੇ ਦੋਵੇਂ ਰਾਜਿਆਂ ਜ਼ਬਾਹ ਅਤੇ ਸਲਮੁੰਨਾ ਨੂੰ ਫੜ ਲਿਆ ਅਤੇ ਸਾਰੀ ਫੌਜ ਨੂੰ ਹਰਾ ਦਿੱਤਾ ।

13ਯੋਆਸ਼ ਦਾ ਪੁੱਤਰ ਗਿਦਾਊਨ ਹਰਸ ਦੀ ਚੜ੍ਹਾਈ ਤੋਂ ਲੜਾਈ ਵਿੱਚੋਂ ਮੁੜਿਆ ।14ਅਤੇ ਸੁੱਕੋਥੀਆਂ ਵਿੱਚੋਂ ਇੱਕ ਜਵਾਨ ਨੂੰ ਫੜ੍ਹ ਕੇ ਉਸ ਤੋਂ ਪੁੱਛਿਆ, ਤਾਂ ਉਸ ਨੇ ਸੱਤਰ ਮਨੁੱਖਾਂ ਦਾ ਪਤਾ ਦੱਸਿਆ । ਇਹ ਸਭ ਸੁੱਕੋਥ ਦੇ ਹਾਕਮ ਅਤੇ ਬਜ਼ੁਰਗ ਸਨ ।
15ਤਦ ਉਹ ਸੁੱਕੋਥੀਆਂ ਕੋਲ ਆਇਆ ਅਤੇ ਕਹਿਣ ਲੱਗਾ, "ਜ਼ਬਾਹ ਅਤੇ ਸਲਮੁੰਨਾ ਨੂੰ ਵੇਖੋ, ਜਿਨ੍ਹਾਂ ਦੇ ਲਈ ਤੁਸੀਂ ਮੈਨੂੰ ਉਲਾਂਭਾ ਦਿੱਤਾ ਸੀ ਅਤੇ ਕਿਹਾ ਸੀ, ਭਲਾ, ਜ਼ਬਾਹ ਅਤੇ ਸਲਮੁੰਨਾ ਹੁਣੇ ਤੇਰੇ ਹੱਥ ਵਿੱਚ ਆ ਗਏ ਹਨ, ਜੋ ਅਸੀਂ ਤੇਰੇ ਥੱਕੇ ਹੋਏ ਜੁਆਨਾਂ ਨੂੰ ਰੋਟੀ ਦੇਈਏ ? "16ਤਾਂ ਉਸ ਨੇ ਸ਼ਹਿਰ ਦੇ ਬਜ਼ੁਰਗਾਂ ਨੂੰ ਫੜਿਆ ਅਤੇ ਜੰਗਲੀ ਕੰਡਿਆਂ ਅਤੇ ਕੰਟੀਲੀ ਝਾੜੀਆਂ ਨਾਲ ਸਜ਼ਾ ਦੇ ਕੇ ਸੁੱਕੋਥ ਦੇ ਲੋਕਾਂ ਨੂੰ ਸਬਕ ਸਿਖਾਇਆ ।17ਅਤੇ ਉਸ ਨੇ ਪਨੂਏਲ ਦਾ ਬੁਰਜ ਢਾਹ ਦਿੱਤਾ, ਅਤੇ ਨਗਰ ਦੇ ਮਨੁੱਖਾਂ ਨੂੰ ਵੱਢ ਸੁੱਟਿਆ ।

18ਫੇਰ ਉਸ ਨੇ ਜ਼ਬਾਹ ਅਤੇ ਸਲਮੁੰਨਾ ਤੋਂ ਪੁੱਛਿਆ, "ਜਿਨ੍ਹਾਂ ਮਨੁੱਖਾਂ ਨੂੰ ਤੁਸੀਂ ਤਬੋਰ ਵਿੱਚ ਵੱਢਿਆ ਸੀ, ਉਹ ਕਿਹੋ ਜਿਹੇ ਸਨ ? " ਉਨ੍ਹਾਂ ਦੇ ਉੱਤਰ ਦਿੱਤਾ, ਅਜਿਹੇ ਸਨ ਜਿਹੋ ਜਿਹਾ ਤੂੰ ਹੈਂ ਅਰਥਾਤ ਸਾਰੇ ਰਾਜਕੁਮਾਰਾਂ ਵਰਗੇ ਸਨ ।"19ਤਾਂ ਉਸ ਨੇ ਕਿਹਾ, "ਉਹ ਮੇਰੇ ਸੱਕੇ ਭਰਾ, ਮੇਰੀ ਮਾਂ ਦੇ ਪੁੱਤਰ ਸਨ, ਜੀਉਂਦੇ ਯਹੋਵਾਹ ਦੀ ਸੌਂਹ, ਜੇ ਤੁਸੀਂ ਉਨ੍ਹਾਂ ਨੂੰ ਜੀਉਂਦਾ ਛੱਡ ਦਿੰਦੇ ਤਾਂ ਮੈਂ ਤੁਹਾਨੂੰ ਨਾ ਮਾਰਦਾ !"
20ਫੇਰ ਉਸ ਨੇ ਆਪਣੇ ਜੇਠੇ ਪੁੱਤਰ ਯਥਰ ਨੂੰ ਕਿਹਾ, "ਉੱਠ, ਇਨ੍ਹਾਂ ਨੂੰ ਵੱਢ ਸੁੱਟ !" ਪਰ ਉਸ ਜੁਆਨ ਨੇ ਡਰ ਦੇ ਮਾਰੇ ਆਪਣੀ ਤਲਵਾਰ ਨਾ ਖਿੱਚੀ, ਕਿਉਂ ਜੋ ਉਹ ਅਜੇ ਮੁੰਡਾ ਹੀ ਸੀ ।21ਤਦ ਜ਼ਬਾਹ ਅਤੇ ਸਲਮੁੰਨਾ ਨੇ ਕਿਹਾ, "ਤੂੰ ਆਪ ਉੱਠ ਅਤੇ ਸਾਡੇ ਉੱਤੇ ਵਾਰ ਕਰ, ਕਿਉਂਕਿ ਜਿਹੋ ਜਿਹਾ ਮਨੁੱਖ ਉਸੇ ਤਰ੍ਹਾਂ ਹੀ ਉਸ ਦਾ ਜ਼ੋਰ ਹੋਵੇਗਾ !" ਤਾਂ ਗਿਦਾਊਨ ਨੇ ਉੱਠ ਕੇ ਜ਼ਬਾਹ ਅਤੇ ਸਲਮੁੰਨਾ ਨੂੰ ਵੱਢ ਸੁੱਟਿਆ ਅਤੇ ਉਹ ਜੰਜ਼ੀਰਾਂ ਜੋ ਉਨ੍ਹਾਂ ਦੇ ਊਠਾਂ ਦੇ ਗਲੇ ਵਿੱਚ ਸਨ, ਉਸ ਨੇ ਲਾਹ ਲਈਆਂ ।

22ਤਦ ਇਸਰਾਏਲ ਦੇ ਮਨੁੱਖਾਂ ਨੇ ਗਿਦਾਊਨ ਨੂੰ ਕਿਹਾ, "ਤੂੰ ਸਾਡੇ ਉੱਤੇ ਰਾਜ ਕਰ, ਤੂੰ ਅਤੇ ਤੇਰਾ ਪੁੱਤਰ ਅਤੇ ਤੇਰਾ ਪੋਤਰਾ ਵੀ, ਕਿਉਂ ਜੋ ਤੂੰ ਹੀ ਸਾਨੂੰ ਮਿਦਯਾਨ ਦੇ ਹੱਥੋਂ ਛੁਡਾਇਆ ਹੈ ।"23ਤਦ ਗਿਦਾਊਨ ਨੇ ਉਨ੍ਹਾਂ ਨੂੰ ਕਿਹਾ, "ਨਾ ਮੈਂ ਤੁਹਾਡੇ ਉੱਤੇ ਰਾਜ ਕਰਾਂਗਾ ਅਤੇ ਨਾ ਮੇਰਾ ਪੁੱਤਰ ਤੁਹਾਡੇ ਉੱਤੇ ਰਾਜ ਕਰੇਗਾ, ਸਗੋਂ ਯਹੋਵਾਹ ਹੀ ਤੁਹਾਡੇ ਉੱਤੇ ਰਾਜ ਕਰੇਗਾ ।"

24ਤਾਂ ਗਿਦਾਊਨ ਨੇ ਉਨ੍ਹਾਂ ਨੂੰ ਕਿਹਾ, "ਮੈਂ ਇੱਕ ਚੀਜ਼ ਤੁਹਾਡੇ ਤੋਂ ਮੰਗਦਾ ਹਾਂ, ਕਿ ਤੁਸੀਂ ਸਾਰੇ ਆਪਣੀ ਲੁੱਟ ਦੇ ਵਿੱਚੋਂ ਵਾਲੀਆਂ ਮੈਨੂੰ ਦੇ ਦਿਉ ।" ( ਕਿਉਂ ਜੋ ਉਹ ਵਾਲੀਆਂ ਸੋਨੇ ਦੀਆਂ ਸਨ, ਅਤੇ ਸੋਨੇ ਦੀਆਂ ਵਾਲੀਆਂ ਪਾਉਣਾ ਇਸ਼ਮਾਏਲੀਆਂ ਦੀ ਰੀਤ ਸੀ )25ਉਨ੍ਹਾਂ ਨੇ ਉੱਤਰ ਦਿੱਤਾ, "ਅਸੀਂ ਦੇਣ ਵਿੱਚ ਰਾਜ਼ੀ ਹਾਂ ।" ਤਦ ਉਨ੍ਹਾਂ ਨੇ ਇੱਕ ਚਾਦਰ ਵਿਛਾ ਕੇ ਆਪਣੀ ਆਪਣੀ ਲੁੱਟ ਦੇ ਧਨ ਵਿੱਚੋਂ ਵਾਲੀਆਂ ਕੱਢ ਕੇ ਉਸ ਵਿੱਚ ਪਾ ਦਿੱਤੀਆਂ ।
26ਜੋ ਸੋਨੇ ਦੀਆਂ ਵਾਲੀਆਂ ਉਸ ਨੇ ਮੰਗੀਆਂ ਸਨ, ਉਨ੍ਹਾਂ ਦਾ ਤੋਲ ਵੀਹ ਸੇਰ ਦੇ ਲਗਭਗ ਸੀ, ਉਨ੍ਹਾਂ ਗਹਿਣਿਆਂ, ਕੈਂਠੇ ਅਤੇ ਬੈਂਗਣੀ ਕੱਪੜਿਆਂ ਤੋਂ ਬਿਨ੍ਹਾਂ ਜੋ ਮਿਦਯਾਨੀਆਂ ਦੇ ਰਾਜੇ ਪਹਿਨਦੇ ਸਨ ਅਤੇ ਉਨ੍ਹਾਂ ਗਹਿਣਿਆਂ ਤੋਂ ਬਿਨ੍ਹਾਂ ਜੋ ਊਠਾਂ ਦੇ ਗਲ ਵਿੱਚ ਸਨ ।
27ਗਿਦਾਊਨ ਨੇ ਉਨ੍ਹਾਂ ਦਾ ਇੱਕ ਏਫ਼ੋਦ ਬਣਾ ਕੇ ਆਪਣੇ ਸ਼ਹਿਰ ਆਫ਼ਰਾਹ ਵਿੱਚ ਉਸ ਨੂੰ ਰੱਖਿਆ, ਅਤੇ ਉੱਥੇ ਸਾਰੇ ਇਸਰਾਏਲੀ ਵਿਭਚਾਰੀਆਂ ਵਾਂਗ ਉਸ ਦੇ ਪਿੱਛੇ ਲੱਗ ਗਏ ਅਤੇ ਇਹ ਗੱਲ ਗਿਦਾਊਨ ਅਤੇ ਉਸ ਦੇ ਘਰਾਣੇ ਲਈ ਫਾਹੀ ਹੋ ਗਈ ।

28ਇਸ ਤਰ੍ਹਾਂ ਨਾਲ ਮਿਦਯਾਨੀ ਇਸਰਾਏਲੀਆਂ ਤੋਂ ਅਜਿਹੇ ਹਾਰੇ ਕਿ ਫਿਰ ਸਿਰ ਨਾ ਚੁੱਕ ਸਕੇ ਅਤੇ ਗਿਦਾਊਨ ਦੇ ਦਿਨਾਂ ਵਿੱਚ ਚਾਲੀ ਸਾਲਾਂ ਤੱਕ ਦੇਸ਼ ਵਿੱਚ ਸ਼ਾਂਤੀ ਰਹੀ ।
ਗਿਦਾਊਨ ਦੀ ਮੌਤ

29ਯੋਆਸ਼ ਦਾ ਪੁੱਤਰ ਯਰੁੱਬਆਲ ਆਪਣੇ ਘਰ ਜਾ ਕੇ ਉੱਥੇ ਹੀ ਰਹਿਣ ਲੱਗਾ,30ਅਤੇ ਗਿਦਾਊਨ ਦੇ ਸੱਤਰ ਪੁੱਤਰ ਪੈਦਾ ਹੋਏ, ਕਿਉਂ ਜੋ ਉਸ ਦੀਆਂ ਬਹੁਤ ਸਾਰੀਆਂ ਪਤਨੀਆਂ ਸਨ ।31ਉਸ ਦੀ ਇੱਕ ਰਖ਼ੈਲ ਜੋ ਸ਼ਕਮ ਵਿੱਚ ਰਹਿੰਦੀ ਸੀ, ਉਸ ਤੋਂ ਇੱਕ ਪੁੱਤਰ ਜਣੀ ਅਤੇ ਗਿਦਾਊਨ ਨੇ ਉਸ ਦਾ ਨਾਮ ਅਬੀਮਲਕ ਰੱਖਿਆ ।
32ਅਤੇ ਯੋਆਸ਼ ਦਾ ਪੁੱਤਰ ਗਿਦਾਊਨ ਬਹੁਤ ਬੁੱਢਾ ਹੋ ਕੇ ਮਰ ਗਿਆ ਅਤੇ ਆਪਣੇ ਪਿਤਾ ਯੋਆਸ਼ ਦੀ ਕਬਰ ਵਿੱਚ ਜੋ ਅਬੀ ਅਜ਼ਰੀਆਂ ਦੇ ਆਫ਼ਰਾਹ ਵਿੱਚ ਸੀ, ਦਫਨਾਇਆ ਗਿਆ ।33ਅਤੇ ਅਜਿਹਾ ਹੋਇਆ ਕਿ ਗਿਦਾਊਨ ਦੀ ਮੌਤ ਹੁੰਦਿਆਂ ਹੀ ਇਸਰਾਏਲੀ ਮੁੜ ਗਏ ਅਤੇ ਬਆਲਾਂ ਦੇ ਪਿੱਛੇ ਲੱਗ ਕੇ ਵਿਭਚਾਰੀ ਹੋਏ ਅਤੇ ਬਆਲ ਬਰੀਤ ਨੂੰ ਆਪਣਾ ਦੇਵਤਾ ਬਣਾ ਲਿਆ ।
34ਇਸ ਤਰ੍ਹਾਂ ਇਸਰਾਏਲੀਆਂ ਨੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਯਾਦ ਨਾ ਰੱਖਿਆ, ਜਿਸ ਨੇ ਉਨ੍ਹਾਂ ਨੂੰ ਚੁਫੇਰਿਓਂ ਉਨ੍ਹਾਂ ਦੇ ਸਾਰੇ ਵੈਰੀਆਂ ਦੇ ਹੱਥਾਂ ਤੋਂ ਛੁਡਾਇਆ ਸੀ,35ਅਤੇ ਨਾ ਉਨ੍ਹਾਂ ਨੇ ਯਰੁੱਬਆਲ ਅਰਥਾਤ ਗਿਦਾਊਨ ਦੀਆਂ ਉਨ੍ਹਾਂ ਸਾਰੀਆਂ ਭਲਿਆਈਆਂ ਦੇ ਬਦਲੇ ਜੋ ਉਸ ਨੇ ਇਸਰਾਏਲੀਆਂ ਨਾਲ ਕੀਤੀਆਂ ਸਨ, ਉਸ ਦੇ ਘਰ ਉੱਤੇ ਦਯਾ ਕੀਤੀ ।

9
ਅਬੀਮਲਕ ਦਾ ਚਰਿੱਤਰ

1ਤਦ ਯਰੁੱਬਆਲ ਦਾ ਪੁੱਤਰ ਅਬੀਮਲਕ ਸ਼ਕਮ ਵਿੱਚ ਆਪਣੇ ਮਾਮਿਆਂ ਦੇ ਕੋਲ ਜਾ ਕੇ ਉਨ੍ਹਾਂ ਨੂੰ ਅਤੇ ਆਪਣੇ ਨਾਨਕੇ ਦੇ ਸਾਰੇ ਘਰਾਣੇ ਨੂੰ ਕਹਿਣ ਲੱਗਾ,2"ਸ਼ਕਮ ਦੇ ਸਾਰੇ ਵਾਸੀਆਂ ਦੇ ਕੰਨਾਂ ਵਿੱਚ ਇਹ ਗੱਲ ਪਾਓ, ਤੁਹਾਡੇ ਲਈ ਕੀ ਚੰਗਾ ਹੈ, ਇਹ ਕਿ ਯਰੁੱਬਆਲ ਦੇ ਸੱਤਰ ਪੁੱਤਰ ਤੁਹਾਡੇ ਉੱਤੇ ਰਾਜ ਕਰਨ ਜਾਂ ਇਹ ਕਿ ਸਿਰਫ਼ ਇੱਕ ਹੀ ਰਾਜ ਕਰੇ ? ਨਾਲੇ ਇਹ ਵੀ ਯਾਦ ਰੱਖੋ ਕਿ ਮੈਂ ਤੁਹਾਡੇ ਹੀ ਘਰਾਣੇ ਦਾ ਹਾਂ ਹਾਂ ।"

3ਤਦ ਉਸ ਦੇ ਮਾਮਿਆਂ ਨੇ ਸ਼ਕਮ ਦੇ ਸਾਰੇ ਲੋਕਾਂ ਦੇ ਕੰਨਾਂ ਵਿੱਚ ਇਹ ਗੱਲਾਂ ਪਾ ਦਿੱਤੀਆਂ । ਤਦ ਉਨ੍ਹਾਂ ਦੇ ਮਨ ਅਬੀਮਲਕ ਦੇ ਪਿੱਛੇ ਚੱਲਣ ਲਈ ਰਾਜ਼ੀ ਹੋਏ ਕਿਉਂ ਜੋ ਉਨ੍ਹਾਂ ਨੇ ਕਿਹਾ, "ਇਹ ਸਾਡਾ ਭਰਾ ਹੈ ।"4ਉਨ੍ਹਾਂ ਨੇ ਬਆਲ ਬਰੀਤ ਦੇ ਮੰਦਰ ਵਿੱਚੋਂ ਸੱਤਰ ਤੋਲੇ ਚਾਂਦੀ ਕੱਢ ਕੇ ਉਸ ਨੂੰ ਦਿੱਤੀ, ਅਤੇ ਉਸ ਦੇ ਨਾਲ ਅਬੀਮਲਕ ਨੇ ਗੁੰਡੇ ਅਤੇ ਲੁੱਚੇ ਲੋਕ ਰੱਖੇ ਜੋ ਉਸ ਦੇ ਪਿੱਛੇ ਹੋ ਗਏ ।
5ਤਦ ਉਸ ਨੇ ਆਫ਼ਰਾਹ ਵਿੱਚ ਆਪਣੇ ਪਿਤਾ ਦੇ ਘਰ ਜਾ ਕੇ ਆਪਣੇ ਸੱਤਰ ਭਰਾਵਾਂ ਨੂੰ ਜੋ ਯਰੁੱਬਆਲ ਦੇ ਪੁੱਤਰ ਸਨ, ਇੱਕ ਹੀ ਪੱਥਰ ਉੱਤੇ ਮਾਰ ਸੁੱਟਿਆ, ਪਰ ਯਰੁੱਬਆਲ ਦਾ ਛੋਟਾ ਪੁੱਤਰ ਯੋਥਾਮ ਲੁੱਕ ਗਿਆ, ਇਸ ਲਈ ਬਚ ਗਿਆ ।6ਤਦ ਸ਼ਕਮ ਦੇ ਸਾਰੇ ਲੋਕ ਅਤੇ ਮਿੱਲੋ ਦਾ ਸਾਰਾ ਟੱਬਰ ਇਕੱਠਾ ਹੋਇਆ ਅਤੇ ਉਨ੍ਹਾਂ ਨੇ ਬਲੂਤ ਦੇ ਥੰਮ੍ਹ ਦੇ ਕੋਲ ਜਿਹੜਾ ਸ਼ਕਮ ਵਿੱਚ ਸੀ, ਜਾ ਕੇ ਅਬੀਮਲਕ ਨੂੰ ਰਾਜਾ ਬਣਾਇਆ ।

7ਜਦ ਇਸ ਦੀ ਖ਼ਬਰ ਯੋਥਾਮ ਨੂੰ ਹੋਈ ਤਾਂ ਉਹ ਜਾ ਕੇ ਗਰਿੱਜ਼ੀਮ ਪਹਾੜ ਦੀ ਚੋਟੀ ਉੱਤੇ ਚੜ੍ਹ ਕੇ ਖੜ੍ਹਾ ਹੋ ਗਿਆ ਅਤੇ ਉੱਚੀ ਅਵਾਜ਼ ਨਾਲ ਬੋਲ ਕੇ ਉਨ੍ਹਾਂ ਨੂੰ ਕਹਿਣ ਲੱਗਾ, "ਹੇ ਸ਼ਕਮ ਦੇ ਲੋਕੋ, ਮੇਰੀ ਸੁਣੋ ਤਾਂ ਜੋ ਪਰਮੇਸ਼ੁਰ ਤੁਹਾਡੀ ਵੀ ਸੁਣੇ ।8ਇੱਕ ਵਾਰੀ ਰੁੱਖ ਆਪਣੇ ਉੱਤੇ ਰਾਜੇ ਦਾ ਮਸਹ ਕਰਨ ਲਈ ਨਿੱਕਲੇ, ਇਸ ਲਈ ਉਨ੍ਹਾਂ ਨੇ ਜ਼ੈਤੂਨ ਦੇ ਰੁੱਖ ਨੂੰ ਜਾ ਕੇ ਕਿਹਾ, 'ਤੂੰ ਸਾਡਾ ਰਾਜਾ ਬਣ ।'
9ਤਦ ਜ਼ੈਤੂਨ ਦੇ ਰੁੱਖ ਨੇ ਉਨ੍ਹਾਂ ਨੂੰ ਕਿਹਾ, 'ਭਲਾ, ਮੈਂ ਆਪਣੀ ਚਿਕਨਾਈ ਨੂੰ ਜਿਸ ਦੇ ਨਾਲ ਪਰਮੇਸ਼ੁਰ ਅਤੇ ਮਨੁੱਖ ਦਾ ਆਦਰ ਕੀਤਾ ਜਾਂਦਾ ਹੈ ਛੱਡ ਦਿਆਂ, ਅਤੇ ਜਾ ਕੇ ਰੁੱਖਾਂ ਉੱਤੇ ਝੁੱਲਦਾ ਫਿਰਾਂ ? '10ਤਾਂ ਰੁੱਖਾਂ ਨੇ ਹੰਜੀਰ ਦੇ ਰੁੱਖ ਨੂੰ ਕਿਹਾ, 'ਆ, ਤੂੰ ਸਾਡਾ ਰਾਜਾ ਬਣ ।'11ਪਰ ਹੰਜੀਰ ਨੇ ਉਨ੍ਹਾਂ ਨੂੰ ਕਿਹਾ, 'ਭਲਾ, ਮੈਂ ਆਪਣੀ ਮਿਠਾਸ ਅਤੇ ਆਪਣਾ ਚੰਗਾ ਫਲ ਛੱਡ ਦਿਆਂ ਅਤੇ ਰੁੱਖਾਂ ਉੱਤੇ ਝੁੱਲਦਾ ਫਿਰਾਂ ? '
12ਤਦ ਰੁੱਖਾਂ ਨੇ ਅੰਗੂਰੀ ਵੇਲ ਨੂੰ ਆਖਿਆ, 'ਚੱਲ ਤੂੰ ਸਾਡਾ ਰਾਜਾ ਬਣ ।'13ਤਾਂ ਅੰਗੂਰੀ ਵੇਲ ਨੇ ਉਨ੍ਹਾਂ ਨੂੰ ਕਿਹਾ, 'ਭਲਾ, ਮੈਂ ਆਪਣੇ ਰਸ ਨੂੰ ਜਿਸ ਦੇ ਨਾਲ ਪਰਮੇਸ਼ੁਰ ਤੇ ਮਨੁੱਖ ਖੁਸ਼ ਹੁੰਦੇ ਹਨ ਛੱਡ ਦਿਆਂ, ਅਤੇ ਰੁੱਖਾਂ ਉੱਤੇ ਜਾ ਕੇ ਝੁੱਲਦੀ ਫਿਰਾਂ ? '14ਤਦ ਉਨ੍ਹਾਂ ਸਾਰਿਆਂ ਰੁੱਖਾਂ ਨੇ ਕੰਡਿਆਲੀ ਝਾੜੀ ਨੂੰ ਕਿਹਾ, 'ਭਈ ਚੱਲ ਤੂੰ ਸਾਡਾ ਰਾਜਾ ਬਣ !'
15ਤਦ ਕੰਡਿਆਲੀ ਝਾੜੀ ਨੇ ਰੁੱਖਾਂ ਨੂੰ ਕਿਹਾ, 'ਜੇ ਤੁਸੀਂ ਸੱਚ-ਮੁੱਚ ਮੈਨੂੰ ਮਸਹ ਕਰ ਕੇ ਆਪਣਾ ਰਾਜਾ ਬਣਾਉਂਦੇ ਹੋ, ਤਾਂ ਆ ਕੇ ਮੇਰੀ ਛਾਂ ਦੇ ਹੇਠ ਆਸਰਾ ਲਉ, ਪਰ ਜੇ ਨਹੀਂ ਤਾਂ ਕੰਡਿਆਲੀ ਝਾੜੀ ਵਿੱਚੋਂ ਇੱਕ ਅੱਗ ਨਿੱਕਲੇ ਅਤੇ ਲਬਾਨੋਨ ਦੇ ਦਿਆਰਾਂ ਨੂੰ ਭਸਮ ਕਰ ਦੇਵੇ !'

16ਇਸ ਲਈ ਹੁਣ ਜੇ ਤੁਸੀਂ ਸਚਿਆਈ ਅਤੇ ਖਰਿਆਈ ਨਾਲ ਅਬੀਮਲਕ ਨੂੰ ਆਪਣਾ ਰਾਜਾ ਬਣਾਇਆ ਹੈ, ਅਤੇ ਜੇ ਕਦੀ ਤੁਸੀਂ ਯਰੁੱਬਆਲ ਅਤੇ ਉਸ ਦੇ ਘਰਾਣੇ ਨਾਲ ਭਲਿਆਈ ਕੀਤੀ, ਅਤੇ ਉਸ ਨਾਲ ਉਸ ਦੇ ਕੰਮਾਂ ਦੇ ਅਨੁਸਾਰ ਚੰਗਾ ਵਰਤਾਉ ਕੀਤਾ ਹੈ ਤਾਂ ਤੁਹਾਡਾ ਭਲਾ ਹੋਵੇ,
17ਕਿਉਂ ਜੋ ਮੇਰਾ ਪਿਤਾ ਤੁਹਾਡੇ ਲਈ ਲੜਿਆ ਅਤੇ ਆਪਣੀ ਜਾਨ ਨੂੰ ਤਲੀ ਉੱਤੇ ਰੱਖ ਕੇ ਤੁਹਾਨੂੰ ਮਿਦਯਾਨ ਦੇ ਹੱਥੋਂ ਛੁਡਾਇਆ,18ਪਰ ਅੱਜ ਤੁਸੀਂ ਮੇਰੇ ਪਿਤਾ ਦੇ ਘਰਾਣੇ ਦੇ ਵਿਰੁੱਧ ਹੱਥ ਚਲਾ ਕੇ ਉਸ ਦੇ ਸੱਤਰ ਪੁੱਤਰਾਂ ਨੂੰ ਇੱਕ ਹੀ ਪੱਥਰ ਉੱਤੇ ਵੱਢ ਸੁੱਟਿਆ ਅਤੇ ਉਸ ਦੀ ਦਾਸੀ ਦੇ ਪੁੱਤਰ ਅਬੀਮਲਕ ਨੂੰ ਸ਼ਕਮ ਦੇ ਲੋਕਾਂ ਉੱਤੇ ਰਾਜਾ ਬਣਾਇਆ, ਇਸ ਲਈ ਜੋ ਉਹ ਤੁਹਾਡਾ ਭਰਾ ਹੈ ।
19ਇਸ ਲਈ ਜੇਕਰ ਤੁਸੀਂ ਅੱਜ ਦੇ ਦਿਨ ਸਚਿਆਈ ਅਤੇ ਖਰਿਆਈ ਨਾਲ ਯਰੁੱਬਆਲ ਅਤੇ ਉਸ ਦੇ ਘਰਾਣੇ ਨਾਲ ਵਰਤਾਉ ਕੀਤਾ ਹੈ ਤਾਂ ਤੁਸੀਂ ਅਬੀਮਲਕ ਨਾਲ ਅਨੰਦ ਰਹੋ, ਅਤੇ ਉਹ ਵੀ ਤੁਹਾਡੇ ਨਾਲ ਅਨੰਦ ਰਹੇ,20ਪਰ ਜੇ ਨਹੀਂ, ਤਾਂ ਅਬੀਮਲਕ ਤੋਂ ਇੱਕ ਅੱਗ ਨਿੱਕਲੇ ਅਤੇ ਸ਼ਕਮ ਦੇ ਲੋਕਾਂ ਨੂੰ ਅਤੇ ਮਿੱਲੋ ਦੀ ਸੰਤਾਨ ਨੂੰ ਭਸਮ ਕਰ ਦੇਵੇ ! ਅਤੇ ਸ਼ਕਮ ਦੇ ਲੋਕਾਂ ਅਤੇ ਮਿੱਲੋ ਦੀ ਸੰਤਾਨ ਵੱਲੋਂ ਵੀ ਅਜਿਹੀ ਹੀ ਅੱਗ ਨਿੱਕਲੇ ਅਤੇ ਅਬੀਮਲਕ ਨੂੰ ਭਸਮ ਕਰ ਦੇਵੇ !"21ਤਦ ਯੋਥਾਮ ਉੱਥੋਂ ਭੱਜ ਗਿਆ ਅਤੇ ਆਪਣੇ ਭਰਾ ਅਬੀਮਲਕ ਦੇ ਡਰ ਦੇ ਕਾਰਨ ਬਏਰ ਨੂੰ ਜਾ ਕੇ ਉੱਥੇ ਹੀ ਰਹਿਣ ਲੱਗਾ ।

22ਅਬੀਮਲਕ ਨੇ ਇਸਰਾਏਲੀਆਂ ਉੱਤੇ ਤਿੰਨ ਸਾਲ ਤੱਕ ਰਾਜ ਕੀਤਾ ।23ਤਦ ਪਰਮੇਸ਼ੁਰ ਨੇ ਅਬੀਮਲਕ ਅਤੇ ਸ਼ਕਮ ਦੇ ਲੋਕਾਂ ਦੇ ਵਿਚਕਾਰ ਇੱਕ ਦੁਸ਼ਟ-ਆਤਮਾ ਭੇਜ ਦਿੱਤਾ ਅਤੇ ਸ਼ਕਮ ਦੇ ਵਾਸੀ ਅਬੀਮਲਕ ਨਾਲ ਧੋਖਾ ਕਰਨ ਲੱਗੇ,24ਤਾਂ ਜੋ ਉਹ ਜ਼ੁਲਮ ਜਿਹੜਾ ਯਰੁੱਬਆਲ ਦੇ ਸੱਤਰ ਪੁੱਤਰਾਂ ਨਾਲ ਹੋਇਆ ਸੀ ਮੁੜ ਕੇ ਉਨ੍ਹਾਂ ਦਾ ਖੂਨ ਉਨ੍ਹਾਂ ਦੇ ਭਰਾ ਅਬੀਮਲਕ ਦੇ ਸਿਰ ਉੱਤੇ ਆ ਪਵੇ, ਜਿਸ ਨੇ ਉਨ੍ਹਾਂ ਨੂੰ ਵੱਢ ਸੁੱਟਿਆ ਅਤੇ ਸ਼ਕਮ ਦੇ ਵਾਸੀਆਂ ਦੇ ਸਿਰ ਉੱਤੇ ਵੀ ਜਿਨ੍ਹਾਂ ਨੇ ਉਸ ਦੇ ਭਰਾਵਾਂ ਨੂੰ ਮਾਰਨ ਵਿੱਚ ਉਸ ਦੀ ਸਹਾਇਤਾ ਕੀਤੀ ਸੀ ।
25ਅਤੇ ਸ਼ਕਮ ਦੇ ਲੋਕਾਂ ਨੇ ਪਹਾੜ ਦੀਆਂ ਚੋਟੀਆਂ ਉੱਤੇ ਉਸ ਨੂੰ ਫੜਨ ਲਈ ਘਾਤ ਲਾਉਣ ਵਾਲੇ ਬਿਠਾਏ, ਜੋ ਉਸ ਰਸਤੇ ਤੋਂ ਲੰਘਣ ਵਾਲੇ ਸਾਰੇ ਲੋਕਾਂ ਨੂੰ ਲੁੱਟਦੇ ਸਨ, ਅਤੇ ਅਬੀਮਲਕ ਨੂੰ ਇਸ ਗੱਲ ਦੀ ਖ਼ਬਰ ਹੋਈ ।
26ਤਦ ਅਬਦ ਦਾ ਪੁੱਤਰ ਗਆਲ ਆਪਣੇ ਭਰਾਵਾਂ ਨਾਲ ਸ਼ਕਮ ਵਿੱਚ ਆਇਆ ਅਤੇ ਸ਼ਕਮ ਦੇ ਲੋਕਾਂ ਨੇ ਉਸ ਦੇ ਉੱਤੇ ਭਰੋਸਾ ਕੀਤਾ ।27ਫਿਰ ਉਨ੍ਹਾਂ ਨੇ ਖੇਤ ਵਿੱਚ ਜਾ ਕੇ ਆਪਣੇ ਅੰਗੂਰਾਂ ਦੇ ਬਾਗ਼ਾਂ ਦਾ ਫਲ ਤੋੜਿਆ ਅਤੇ ਅੰਗੂਰਾਂ ਨੂੰ ਨਿਚੋੜ ਕੇ ਅਨੰਦ ਕੀਤਾ ਅਤੇ ਆਪਣੇ ਦੇਵਤੇ ਦੇ ਮੰਦਰ ਵਿੱਚ ਜਾ ਕੇ ਖਾਧਾ ਅਤੇ ਪੀਤਾ ਅਤੇ ਅਬੀਮਲਕ ਨੂੰ ਸਰਾਪ ਦੇਣ ਲੱਗੇ ।
28ਤਦ ਅਬਦ ਦੇ ਪੁੱਤਰ ਗਆਲ ਨੇ ਕਿਹਾ, "ਅਬੀਮਲਕ ਹੈ ਕੌਣ ਅਤੇ ਸ਼ਕਮ ਕੌਣ ਹੈ, ਕਿ ਅਸੀਂ ਉਸ ਦੀ ਸੇਵਾ ਕਰੀਏ ? ਭਲਾ, ਉਹ ਯਰੁੱਬਆਲ ਦਾ ਪੁੱਤਰ ਨਹੀਂ ਅਤੇ ਜ਼ਬੂਲ ਉਸ ਦਾ ਹਾਕਮ ਨਹੀਂ ? ਤੁਸੀਂ ਸ਼ਕਮ ਦੇ ਪਿਤਾ ਹਮੋਰ ਦੇ ਲੋਕਾਂ ਦੀ ਤਾਂ ਸੇਵਾ ਕਰੋ । ਪਰ ਅਸੀਂ ਉਸ ਦੀ ਸੇਵਾ ਕਿਉਂ ਕਰੀਏ ?29ਭਲਾ ਹੁੰਦਾ ਜੇ ਕਦੀ ਇਹ ਲੋਕ ਮੇਰੇ ਵੱਸ ਵਿੱਚ ਹੁੰਦੇ ! ਤਾਂ ਮੈਂ ਅਬੀਮਲਕ ਨੂੰ ਇੱਕ ਪਾਸੇ ਕਰ ਦਿੰਦਾ ।" ਫਿਰ ਉਸ ਨੇ ਅਬੀਮਲਕ ਨੂੰ ਕਿਹਾ, "ਤੂੰ ਆਪਣੀ ਫੌਜ ਨੂੰ ਵਧਾ ਅਤੇ ਨਿੱਕਲ ਆ !"

30ਜਦ ਜ਼ਬੂਲ ਨੇ ਜੋ ਨਗਰ ਦਾ ਹਾਕਮ ਸੀ, ਅਬਦ ਦੇ ਪੁੱਤਰ ਗਆਲ ਦੀਆਂ ਇਹ ਗੱਲਾਂ ਸੁਣੀਆਂ ਤਾਂ ਉਸ ਦਾ ਕ੍ਰੋਧ ਭੜਕ ਗਿਆ ।31ਅਤੇ ਉਸ ਨੇ ਚਲਾਕੀ ਨਾਲ ਅਬੀਮਲਕ ਕੋਲ ਸੰਦੇਸ਼-ਵਾਹਕ ਭੇਜ ਕੇ ਕਿਹਾ, "ਅਬਦ ਦਾ ਪੁੱਤਰ ਗਆਲ ਆਪਣੇ ਭਰਾਵਾਂ ਦੇ ਨਾਲ ਸ਼ਕਮ ਵਿੱਚ ਆਇਆ ਹੈ ਅਤੇ ਵੇਖ, ਉਹ ਤੇਰੇ ਵਿਰੁੱਧ ਨਗਰ ਨੂੰ ਭੜਕਾਉਂਦੇ ਹਨ ।
32ਹੁਣ ਤੂੰ ਆਪਣੇ ਲੋਕਾਂ ਨਾਲ ਰਾਤ ਨੂੰ ਉੱਠ ਅਤੇ ਮੈਦਾਨ ਵਿੱਚ ਘਾਤ ਲਾ ਕੇ ਬੈਠ,33ਅਤੇ ਸਵੇਰੇ ਸੂਰਜ ਚੜ੍ਹਦੇ ਹੀ ਤੂੰ ਉੱਠ ਕੇ ਇਸ ਨਗਰ ਉੱਤੇ ਹਮਲਾ ਕਰ ਅਤੇ ਵੇਖ, ਜਦ ਉਹ ਆਪਣੇ ਲੋਕਾਂ ਨਾਲ ਤੇਰਾ ਸਾਹਮਣਾ ਕਰਨ ਨੂੰ ਨਿੱਕਲੇ ਤਾਂ ਜੋ ਕੁਝ ਤੇਰੇ ਤੋਂ ਹੋ ਸਕੇ, ਤੂੰ ਉਨ੍ਹਾਂ ਨਾਲ ਕਰੀਂ !"

34ਤਦ ਅਬੀਮਲਕ ਅਤੇ ਉਸ ਦੇ ਨਾਲ ਦੇ ਸਾਰੇ ਲੋਕ ਰਾਤ ਨੂੰ ਉੱਠੇ ਅਤੇ ਚਾਰ ਟੋਲੀਆਂ ਬਣਾ ਕੇ ਸ਼ਕਮ ਦੇ ਸਾਹਮਣੇ ਘਾਤ ਲਾ ਕੇ ਬੈਠ ਗਏ ।35ਅਤੇ ਅਬਦ ਦਾ ਪੁੱਤਰ ਗਆਲ ਬਾਹਰ ਜਾ ਕੇ ਨਗਰ ਦੇ ਫਾਟਕ ਵਿੱਚ ਖੜ੍ਹਾ ਹੋਇਆ, ਤਦ ਅਬੀਮਲਕ ਆਪਣੇ ਲੋਕਾਂ ਨਾਲ ਘਾਤ ਵਿੱਚੋਂ ਬਾਹਰ ਨਿੱਕਲਿਆ ।
36ਜਦ ਗਆਲ ਨੇ ਲੋਕਾਂ ਨੂੰ ਵੇਖਿਆ ਤਾਂ ਉਸ ਨੇ ਜ਼ਬੂਲ ਨੂੰ ਕਿਹਾ, "ਵੇਖ, ਪਹਾੜਾਂ ਦੀਆਂ ਚੋਟੀਆਂ ਉੱਤੋਂ ਲੋਕ ਉਤਰਦੇ ਹਨ !" ਜ਼ਬੂਲ ਨੇ ਉਸ ਨੂੰ ਕਿਹਾ, "ਇਹ ਤਾਂ ਪਹਾੜਾਂ ਦੇ ਪਰਛਾਂਵੇ ਹਨ, ਜਿਹੜੇ ਤੁਹਾਨੂੰ ਮਨੁੱਖਾਂ ਵਾਂਗ ਦਿੱਸਦੇ ਹਨ ।"37ਤਦ ਗਆਲ ਨੇ ਫੇਰ ਕਿਹਾ, "ਵੇਖ, ਮੈਦਾਨ ਦੇ ਵਿੱਚੋਂ ਦੀ ਲੋਕ ਹੇਠਾਂ ਨੂੰ ਉਤਰੇ ਆਉਂਦੇ ਹਨ ਅਤੇ ਇੱਕ ਟੋਲੀ ਮਾਓਨਾਨੀਮ ਦੇ ਬਲੂਤ ਦੇ ਰੁੱਖ ਵੱਲੋਂ ਆਉਂਦੀ ਹੈ ।"
38ਤਾਂ ਜ਼ਬੂਲ ਨੇ ਉਸ ਨੂੰ ਕਿਹਾ, "ਹੁਣ ਤੇਰੀਆਂ ਉਹ ਵੱਡੀਆਂ-ਵੱਡੀਆਂ ਗੱਲਾਂ ਕਿੱਥੇ ਹਨ, ਜਦ ਤੂੰ ਕਿਹਾ ਸੀ ਕਿ ਅਬੀਮਲਕ ਕੌਣ ਹੈ ਜੋ ਅਸੀਂ ਉਸ ਦੀ ਸੇਵਾ ਕਰੀਏ ? ਭਲਾ, ਇਹ ਉਹ ਲੋਕ ਨਹੀਂ ਜਿਨ੍ਹਾਂ ਦਾ ਤੁਸੀਂ ਮਖੌਲ ਉਡਾਇਆ ਸੀ ? ਇਸ ਲਈ ਹੁਣ ਬਾਹਰ ਜਾ ਕੇ ਉਨ੍ਹਾਂ ਨਾਲ ਲੜਾਈ ਕਰ !"39ਤਦ ਗਆਲ ਸ਼ਕਮ ਦੇ ਲੋਕਾਂ ਦੇ ਅੱਗੇ ਬਾਹਰ ਨਿੱਕਲ ਕੇ ਅਬੀਮਲਕ ਨਾਲ ਲੜਿਆ ।40ਉਹ ਅਬੀਮਲਕ ਦੇ ਅੱਗਿਓਂ ਭੱਜਿਆ ਅਤੇ ਅਬੀਮਲਕ ਨੇ ਉਸ ਦਾ ਪਿੱਛਾ ਕੀਤਾ, ਅਤੇ ਨਗਰ ਦੇ ਫਾਟਕ ਤੱਕ ਭੱਜਦਿਆਂ ਬਹੁਤ ਸਾਰੇ ਜ਼ਖਮੀ ਹੋ ਗਏ ।
41ਤਦ ਅਬੀਮਲਕ ਅਰੂਮਾਹ ਦੇ ਵਿੱਚ ਜਾ ਕੇ ਰਹਿਣ ਲੱਗਾ ਅਤੇ ਜ਼ਬੂਲ ਨੇ ਗਆਲ ਨੂੰ ਅਤੇ ਉਸ ਦੇ ਭਰਾਵਾਂ ਨੂੰ ਕੱਢ ਦਿੱਤਾ ਅਤੇ ਸ਼ਕਮ ਵਿੱਚ ਨਾ ਰਹਿਣ ਦਿੱਤਾ ।42ਅਗਲੇ ਦਿਨ ਅਜਿਹਾ ਹੋਇਆ ਕਿ ਲੋਕ ਮੈਦਾਨ ਵਿੱਚ ਨਿੱਕਲ ਗਏ ਅਤੇ ਅਬੀਮਲਕ ਨੂੰ ਇਸ ਦੀ ਖ਼ਬਰ ਹੋਈ ।43ਤਾਂ ਉਸ ਨੇ ਆਪਣੇ ਲੋਕਾਂ ਨੂੰ ਲੈ ਕੇ ਉਨ੍ਹਾਂ ਦੀਆਂ ਤਿੰਨ ਟੋਲੀਆਂ ਬਣਾਈਆਂ ਅਤੇ ਮੈਦਾਨ ਵਿੱਚ ਘਾਤ ਲਾ ਕੇ ਬੈਠਾ ਗਿਆ, ਅਤੇ ਜਦ ਉਸ ਨੇ ਵੇਖਿਆ ਕਿ ਲੋਕ ਨਗਰ ਤੋਂ ਨਿੱਕਲਦੇ ਹਨ ਤਦ ਉਨ੍ਹਾਂ ਉੱਤੇ ਹਮਲਾ ਕਰਕੇ ਉਨ੍ਹਾਂ ਨੂੰ ਮਾਰ ਲਿਆ
44ਅਤੇ ਅਬੀਮਲਕ ਆਪਣੇ ਨਾਲ ਦੀਆਂ ਟੋਲੀਆਂ ਨਾਲ ਅੱਗੇ ਭੱਜ ਕੇ ਨਗਰ ਦੇ ਫਾਟਕ ਵਿੱਚ ਖੜ੍ਹਾ ਹੋ ਗਿਆ, ਅਤੇ ਦੋ ਟੋਲੀਆਂ ਨੇ ਉਨ੍ਹਾਂ ਸਾਰਿਆਂ ਉੱਤੇ ਜਿਹੜੇ ਮੈਦਾਨ ਵਿੱਚ ਸਨ, ਹਮਲਾ ਕਰ ਕੇ ਉਨ੍ਹਾਂ ਨੂੰ ਮਾਰ ਦਿੱਤਾ ।45ਅਬੀਮਲਕ ਸਾਰਾ ਦਿਨ ਨਗਰ ਨਾਲ ਲੜਦਾ ਰਿਹਾ ਅਤੇ ਉਸ ਨੂੰ ਜਿੱਤ ਲਿਆ ਅਤੇ ਨਗਰ ਦੇ ਲੋਕਾਂ ਨੂੰ ਮਾਰ ਸੁੱਟਿਆ ਅਤੇ ਨਗਰ ਨੂੰ ਢਾਹ ਦਿੱਤਾ ਅਤੇ ਉਸ ਦੇ ਉੱਤੇ ਲੂਣ ਖਿੰਡਾ ਦਿੱਤਾ ।

46ਜਦ ਸ਼ਕਮ ਦੇ ਬੁਰਜ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੇ ਇਹ ਸੁਣਿਆ ਤਾਂ ਉਹ ਏਲਬਰੀਥ ਦੇਵਤੇ ਦੇ ਮੰਦਰ ਦੇ ਗੜ੍ਹ ਵਿੱਚ ਜਾ ਵੜੇ ।47ਜਦ ਇਸ ਦੀ ਖ਼ਬਰ ਅਬੀਮਲਕ ਨੂੰ ਹੋਈ ਕਿ ਸ਼ਕਮ ਦੇ ਬੁਰਜ ਦੇ ਸਭ ਲੋਕ ਇਕੱਠੇ ਹੋਏ ਹਨ,
48ਤਦ ਅਬੀਮਲਕ ਆਪਣੇ ਨਾਲ ਦੇ ਸਾਰੇ ਲੋਕਾਂ ਨਾਲ ਸਲਮੋਨ ਦੇ ਪਹਾੜ ਉੱਤੇ ਚੜ੍ਹ ਗਿਆ ਅਤੇ ਆਪਣੇ ਹੱਥ ਵਿੱਚ ਕੁਹਾੜਾ ਫੜ੍ਹ ਕੇ ਰੁੱਖਾਂ ਵਿੱਚੋਂ ਇੱਕ ਟਾਹਣੀ ਵੱਢੀ ਅਤੇ ਉਸ ਨੂੰ ਚੁੱਕ ਕੇ ਆਪਣੇ ਮੋਢੇ ਉੱਤੇ ਰੱਖ ਲਿਆ ਅਤੇ ਆਪਣੇ ਨਾਲ ਦੇ ਲੋਕਾਂ ਨੂੰ ਕਿਹਾ, "ਜੋ ਕੁਝ ਤੁਸੀਂ ਮੈਨੂੰ ਕਰਦਿਆਂ ਵੇਖਿਆ ਹੈ, ਤੁਸੀਂ ਵੀ ਛੇਤੀ ਨਾਲ ਉਸੇ ਤਰ੍ਹਾਂ ਹੀ ਕਰੋ !"49ਤਦ ਉਨ੍ਹਾਂ ਸਾਰਿਆਂ ਲੋਕਾਂ ਨੇ ਵੀ ਇੱਕ-ਇੱਕ ਟਾਹਣੀ ਵੱਢ ਲਈ, ਅਤੇ ਅਬੀਮਲਕ ਦੇ ਪਿੱਛੇ ਚੱਲੇ ਅਤੇ ਉਨ੍ਹਾਂ ਨੂੰ ਗੜ੍ਹ ਦੇ ਕੋਲ ਸੁੱਟ ਕੇ ਅੱਗ ਲਾ ਦਿੱਤੀ, ਤਦ ਸ਼ਕਮ ਦੇ ਬੁਰਜ ਵਿੱਚ ਸਾਰੇ ਪੁਰਖ ਅਤੇ ਇਸਤਰੀਆਂ ਜੋ ਇੱਕ ਹਜ਼ਾਰ ਦੇ ਲਗਭਗ ਸਨ, ਮਰ ਗਏ ।

50ਫੇਰ ਅਬੀਮਲਕ ਤੇਬੇਸ ਨੂੰ ਗਿਆ ਅਤੇ ਤੇਬੇਸ ਦੇ ਸਾਹਮਣੇ ਤੰਬੂ ਲਾ ਕੇ ਉਸ ਨੂੰ ਜਿੱਤ ਲਿਆ ।51ਪਰ ਉਸ ਨਗਰ ਦੇ ਵਿੱਚ ਇੱਕ ਵੱਡਾ ਪੱਕਾ ਬੁਰਜ ਸੀ, ਇਸ ਲਈ ਸਾਰੇ ਪੁਰਖ ਅਤੇ ਇਸਤਰੀਆਂ ਅਤੇ ਸ਼ਹਿਰ ਦੇ ਵਾਸੀ ਸਾਰੇ ਭੱਜ ਕੇ ਉਸ ਦੇ ਵਿੱਚ ਜਾ ਵੜੇ ਅਤੇ ਦਰਵਾਜ਼ਾ ਬੰਦ ਕਰਕੇ ਬੁਰਜ ਦੀ ਛੱਤ ਉੱਤੇ ਚੜ੍ਹ ਗਏ ।
52ਤਦ ਅਬੀਮਲਕ ਬੁਰਜ ਦੇ ਕੋਲ ਜਾ ਕੇ ਉਸ ਦੇ ਨਾਲ ਲੜਿਆ, ਅਤੇ ਉਸ ਨੂੰ ਸਾੜਨ ਲਈ ਬੁਰਜ ਦੇ ਦਰਵਾਜ਼ੇ ਦੇ ਨੇੜੇ ਪਹੁੰਚਿਆ ।53ਤਦ ਕਿਸੇ ਇਸਤਰੀ ਨੇ ਚੱਕੀ ਦਾ ਉਪਰਲਾ ਪੁੱੜ ਅਬੀਮਲਕ ਦੇ ਸਿਰ ਉੱਤੇ ਸੁੱਟ ਦਿੱਤਾ ਅਤੇ ਉਸ ਦਾ ਸਿਰ ਫੱਟ ਗਿਆ ।54ਤਦ ਉਸ ਨੇ ਝੱਟ ਆਪਣੇ ਹਥਿਆਰ ਚੁੱਕਣ ਵਾਲੇ ਜੁਆਨ ਨੂੰ ਬੁਲਾ ਕੇ ਕਿਹਾ, "ਆਪਣੀ ਤਲਵਾਰ ਖਿੱਚ ਕੇ ਮੈਨੂੰ ਮਾਰ ਦੇ, ਮੇਰੇ ਬਾਰੇ ਕੋਈ ਇਹ ਨਾ ਕਹੇ ਕਿ ਉਸ ਨੂੰ ਇੱਕ ਇਸਤਰੀ ਨੇ ਮਾਰ ਸੁੱਟਿਆ !" ਤਦ ਉਸ ਜੁਆਨ ਨੇ ਤਲਵਾਰ ਨਾਲ ਉਸ ਨੂੰ ਵਿੰਨ੍ਹ ਦਿੱਤਾ ਅਤੇ ਉਹ ਮਰ ਗਿਆ ।
55ਜਦੋਂ ਇਸਰਾਏਲੀਆਂ ਨੇ ਵੇਖਿਆ ਕਿ ਅਬੀਮਲਕ ਮਰ ਗਿਆ ਹੈ ਤਾਂ ਸਾਰੇ ਆਪੋ ਆਪਣੇ ਘਰਾਂ ਨੂੰ ਚਲੇ ਗਏ ।

56ਇਸ ਤਰ੍ਹਾਂ ਪਰਮੇਸ਼ੁਰ ਨੇ ਅਬੀਮਲਕ ਦੀ ਉਸ ਬੁਰਿਆਈ ਨੂੰ ਜੋ ਉਸ ਨੇ ਆਪਣੇ ਸੱਤਰ ਭਰਾਵਾਂ ਨੂੰ ਮਾਰ ਕੇ ਆਪਣੇ ਪਿਤਾ ਦੇ ਨਾਲ ਕੀਤੀ ਸੀ, ਉਸ ਦੇ ਸਿਰ ਉੱਤੇ ਮੋੜ ਦਿੱਤਾ,57ਅਤੇ ਸ਼ਕਮ ਦੇ ਲੋਕਾਂ ਦੀ ਸਾਰੀ ਬੁਰਿਆਈ ਵੀ ਪਰਮੇਸ਼ੁਰ ਨੇ ਉਨ੍ਹਾਂ ਦੇ ਸਿਰਾਂ ਉੱਤੇ ਪਾਈ ਅਤੇ ਯਰੁੱਬਆਲ ਦੇ ਪੁੱਤਰ ਯੋਥਾਮ ਦਾ ਸਰਾਪ ਉਨ੍ਹਾਂ ਉੱਤੇ ਆ ਪਿਆ ।

10
ਤੋਲਾ ਦਾ ਚਰਿੱਤਰ

1ਅਬੀਮਲਕ ਦੇ ਬਾਅਦ ਯਿੱਸਾਕਾਰ ਦੇ ਗੋਤ ਵਿੱਚੋਂ ਤੋਲਾ ਨਾਮਕ ਇੱਕ ਪੁਰਖ, ਜੋ ਦੋਦੋ ਦਾ ਪੋਤਰਾ ਅਤੇ ਪੁਆਹ ਦਾ ਪੁੱਤਰ ਸੀ ਇਸਰਾਏਲ ਦੇ ਬਚਾਉ ਲਈ ਉੱਠਿਆ, ਅਤੇ ਉਹ ਇਫ਼ਰਾਈਮ ਦੇ ਪਹਾੜੀ ਦੇਸ਼ ਦੇ ਸ਼ਾਮੀਰ ਨਗਰ ਵਿੱਚ ਰਹਿੰਦਾ ਸੀ ।2ਉਹ ਤੇਈ ਸਾਲ ਤੱਕ ਇਸਰਾਏਲ ਦਾ ਨਿਆਂ ਕਰਦਾ ਰਿਹਾ । ਫਿਰ ਉਹ ਮਰ ਗਿਆ ਅਤੇ ਸ਼ਾਮੀਰ ਵਿੱਚ ਦੱਬਿਆ ਗਿਆ ।

ਯਾਈਰ ਦਾ ਚਰਿੱਤਰ

3ਉਸ ਦੇ ਬਾਅਦ ਗਿਲਆਦੀ ਯਾਈਰ ਉੱਠਿਆ ਅਤੇ ਉਸ ਨੇ ਬਾਈ ਸਾਲ ਤੱਕ ਇਸਰਾਏਲ ਦਾ ਨਿਆਂ ਕੀਤਾ ।4ਉਸ ਦੇ ਤੀਹ ਪੁੱਤਰ ਸਨ, ਜੋ ਗਧੀਆਂ ਦੇ ਤੀਹ ਬੱਚਿਆਂ ਉੱਤੇ ਸਵਾਰ ਹੁੰਦੇ ਸਨ, ਅਤੇ ਉਨ੍ਹਾਂ ਦੇ ਤੀਹ ਨਗਰ ਵੀ ਸਨ, ਜੋ ਗਿਲਆਦ ਦੇਸ਼ ਵਿੱਚ ਹਨ ਅਤੇ ਜਿਨ੍ਹਾਂ ਦੇ ਨਾਮ ਤੇ ਅੱਜ ਦੇ ਦਿਨ ਤੱਕ ਯਾਈਰ ਦੀਆਂ ਬਸਤੀਆਂ ਹਨ ।5ਤਦ ਯਾਈਰ ਮਰ ਗਿਆ ਅਤੇ ਕਾਮੋਨ ਵਿੱਚ ਦੱਬਿਆ ਗਿਆ ।
ਯਿਫ਼ਤਾਹ ਦਾ ਚਰਿੱਤਰ

6ਤਦ ਇਸਰਾਏਲੀਆਂ ਨੇ ਫਿਰ ਯਹੋਵਾਹ ਦੇ ਅੱਗੇ ਬੁਰਿਆਈ ਕੀਤੀ ਅਤੇ ਉਹ ਬਆਲਾਂ ਅਤੇ ਅਸ਼ਤਾਰੋਥਾਂ ਅਤੇ ਅਰਾਮ, ਸੈਦਾ, ਮੋਆਬ, ਅੰਮੋਨੀਆਂ, ਅਤੇ ਫ਼ਲਿਸਤੀਆਂ ਦੇ ਦੇਵਤਿਆਂ ਦੀ ਪੂਜਾ ਕਰਨ ਲੱਗੇ, ਅਤੇ ਉਨ੍ਹਾਂ ਨੇ ਯਹੋਵਾਹ ਨੂੰ ਛੱਡ ਦਿੱਤਾ ਅਤੇ ਉਸ ਦੀ ਉਸਤਤ ਨਾ ਕੀਤੀ ।7ਤਦ ਯਹੋਵਾਹ ਦਾ ਕ੍ਰੋਧ ਇਸਰਾਏਲ ਉੱਤੇ ਭੜਕਿਆ ਅਤੇ ਉਸ ਨੇ ਉਨ੍ਹਾਂ ਨੂੰ ਫ਼ਲਿਸਤੀਆਂ ਅਤੇ ਅੰਮੋਨੀਆਂ ਦੇ ਹੱਥ ਵਿੱਚ ਕਰ ਦਿੱਤਾ ।
8ਉਨ੍ਹਾਂ ਨੇ ਉਸੇ ਸਾਲ ਇਸਰਾਏਲੀਆਂ ਨੂੰ ਦੁੱਖ ਦਿੱਤਾ ਸਗੋਂ ਸਾਰੇ ਇਸਰਾਏਲੀਆਂ ਨੂੰ ਜੋ ਯਰਦਨ ਪਾਰ ਅਮੋਰੀਆਂ ਦੇ ਦੇਸ਼ ਗਿਲਆਦ ਵਿੱਚ ਰਹਿੰਦੇ ਸਨ, ਅਠਾਰਾਂ ਸਾਲ ਤੱਕ ਬਹੁਤ ਦੁੱਖ ਦਿੰਦੇ ਰਹੇ ।9ਅਤੇ ਅੰਮੋਨੀਆਂ ਨੇ ਯਰਦਨ ਦੇ ਪਾਰ ਲੰਘ ਕੇ ਯਹੂਦਾਹ ਅਤੇ ਬਿਨਯਾਮੀਨ ਅਤੇ ਇਫ਼ਰਾਈਮ ਦੇ ਗੋਤਾਂ ਨਾਲ ਅਜਿਹੀ ਲੜਾਈ ਕੀਤੀ ਕਿ ਇਸਰਾਏਲੀ ਬਹੁਤ ਹੀ ਮੁਸੀਬਤ ਵਿੱਚ ਪੈ ਗਏ ।

10ਤਦ ਇਸਰਾਏਲੀਆਂ ਨੇ ਯਹੋਵਾਹ ਅੱਗੇ ਚਿੱਲਾ ਕੇ ਕਿਹਾ, "ਅਸੀਂ ਤੇਰੇ ਵਿਰੁੱਧ ਵੱਡਾ ਪਾਪ ਕੀਤਾ ਜੋ ਆਪਣੇ ਪਰਮੇਸ਼ੁਰ ਨੂੰ ਛੱਡ ਕੇ ਬਆਲਾਂ ਦੀ ਪੂਜਾ ਕੀਤੀ !"11ਯਹੋਵਾਹ ਨੇ ਇਸਰਾਏਲੀਆਂ ਨੂੰ ਕਿਹਾ, "ਕੀ ਮੈਂ ਤੁਹਾਨੂੰ ਮਿਸਰੀਆਂ, ਅਮੋਰੀਆਂ, ਅੰਮੋਨੀਆਂ ਅਤੇ ਫ਼ਲਿਸਤੀਆਂ ਦੇ ਹੱਥੋਂ ਨਹੀਂ ਛੁਡਾਇਆ ?12ਫਿਰ ਜਦ ਸੀਦੋਨੀਆਂ, ਅਮਾਲੇਕੀਆਂ ਅਤੇ ਮਾਓਨੀਆਂ ਨੇ ਵੀ ਤੁਹਾਨੂੰ ਸਤਾਇਆ ਅਤੇ ਤੁਸੀਂ ਮੇਰੇ ਅੱਗੇ ਦੁਹਾਈ ਦਿੱਤੀ, ਤਦ ਕੀ ਮੈਂ ਉਨ੍ਹਾਂ ਦੇ ਹੱਥਾਂ ਤੋਂ ਵੀ ਤੁਹਾਨੂੰ ਨਹੀਂ ਛੁਡਾਇਆ ?
13ਫਿਰ ਵੀ ਤੁਸੀਂ ਮੈਨੂੰ ਛੱਡ ਕੇ ਪਰਾਏ ਦੇਵਤਿਆਂ ਦੀ ਪੂਜਾ ਕੀਤੀ, ਇਸ ਲਈ ਹੁਣ ਮੈਂ ਤੁਹਾਡਾ ਹੋਰ ਛੁਟਕਾਰਾ ਨਹੀਂ ਕਰਾਂਗਾ ।14ਤੁਸੀਂ ਜਾਉ ਅਤੇ ਉਨ੍ਹਾਂ ਦੇਵਤਿਆਂ ਦੇ ਅੱਗੇ ਦੁਹਾਈ ਦਿਉ ਜਿਨ੍ਹਾਂ ਨੂੰ ਤੁਸੀਂ ਮੰਨ ਲਿਆ ਹੈ, ਤਾਂ ਜੋ ਉਹ ਹੀ ਤੁਹਾਨੂੰ ਤੁਹਾਡੀ ਮੁਸੀਬਤ ਦੇ ਸਮੇਂ ਛੁਡਾਉਣ !"
15ਫੇਰ ਇਸਰਾਏਲੀਆਂ ਨੇ ਯਹੋਵਾਹ ਨੂੰ ਕਿਹਾ, "ਅਸੀਂ ਪਾਪ ਕੀਤਾ ਹੈ, ਇਸ ਲਈ ਜੋ ਕੁਝ ਤੇਰੀ ਨਜ਼ਰ ਵਿੱਚ ਚੰਗਾ ਹੈ, ਉਹ ਹੀ ਸਾਡੇ ਨਾਲ ਕਰ, ਪਰ ਹੁਣ ਸਾਡਾ ਛੁਟਕਾਰਾ ਕਰ !"16ਤਦ ਉਨ੍ਹਾਂ ਨੇ ਪਰਾਏ ਦੇਵਤਿਆਂ ਨੂੰ ਆਪਣੇ ਵਿੱਚੋਂ ਕੱਢ ਦਿੱਤਾ ਅਤੇ ਯਹੋਵਾਹ ਦੀ ਉਸਤਤ ਕਰਨ ਲੱਗੇ ਤਾਂ ਉਸ ਦਾ ਮਨ ਇਸਰਾਏਲ ਦੇ ਦੁੱਖ ਨਾਲ ਦੁਖੀ ਹੋਇਆ ।

17ਉਸ ਸਮੇਂ ਅੰਮੋਨੀਆਂ ਨੇ ਇਕੱਠੇ ਹੋ ਕੇ ਗਿਲਆਦ ਵਿੱਚ ਆਪਣੇ ਤੰਬੂ ਲਾਏ ਅਤੇ ਇਸਰਾਏਲੀਆਂ ਨੇ ਵੀ ਇਕੱਠੇ ਹੋ ਕੇ ਮਿਸਫ਼ਾਹ ਵਿੱਚ ਤੰਬੂ ਲਾਏ ।18ਤਾਂ ਗਿਲਆਦ ਦੇ ਹਾਕਮ ਇੱਕ ਦੂਜੇ ਨੂੰ ਕਹਿਣ ਲੱਗੇ, ਉਹ ਕਿਹੜਾ ਮਨੁੱਖ ਹੈ ਜੋ ਅੰਮੋਨੀਆਂ ਦੇ ਨਾਲ ਲੜਾਈ ਸ਼ੁਰੂ ਕਰੇਗਾ ? ਉਹੋ ਹੀ ਸਾਰੇ ਗਿਲਆਦ ਦੇ ਵਾਸੀਆਂ ਦਾ ਪ੍ਰਧਾਨ ਬਣੇਗਾ ।

11

1ਗਿਲਆਦ ਵਿੱਚ ਯਿਫ਼ਤਾਹ ਨਾਮਕ ਇੱਕ ਮਨੁੱਖ ਵੱਡਾ ਸੂਰਮਾ ਸੀ । ਉਹ ਇੱਕ ਵੇਸਵਾ ਦਾ ਪੁੱਤਰ ਸੀ ਅਤੇ ਯਿਫ਼ਤਾਹ ਦਾ ਪਿਤਾ ਗਿਲਆਦ ਸੀ ।2ਗਿਲਆਦ ਦੀ ਪਤਨੀ ਨੇ ਵੀ ਪੁੱਤਰਾਂ ਨੂੰ ਜਨਮ ਦਿੱਤਾ ਅਤੇ ਜਦ ਉਸ ਦੇ ਪੁੱਤਰ ਵੱਡੇ ਹੋ ਗਏ ਤਾਂ ਉਨ੍ਹਾਂ ਨੇ ਯਿਫ਼ਤਾਹ ਨੂੰ ਇਹ ਕਹਿ ਕੇ ਕੱਢ ਦਿੱਤਾ, "ਸਾਡੇ ਪਿਤਾ ਦੇ ਘਰ ਵਿੱਚ ਤੇਰਾ ਕੋਈ ਹਿੱਸਾ ਨਹੀਂ, ਕਿਉਂ ਜੋ ਤੂੰ ਪਰਾਈ ਇਸਤਰੀ ਦਾ ਪੁੱਤਰ ਹੈਂ ।"3ਤਾਂ ਯਿਫ਼ਤਾਹ ਆਪਣੇ ਭਰਾਵਾਂ ਦੇ ਕੋਲੋਂ ਭੱਜ ਕੇ ਤੋਬ ਦੇਸ਼ ਵਿੱਚ ਜਾ ਕੇ ਵੱਸ ਗਿਆ ਅਤੇ ਯਿਫ਼ਤਾਹ ਦੇ ਕੋਲ ਲੁੱਚੇ ਲੋਕ ਇਕੱਠੇ ਹੋਏ ਅਤੇ ਉਹ ਉਸ ਦੇ ਨਾਲ ਤੁਰਦੇ ਫਿਰਦੇ ਸਨ ।

4ਅਜਿਹਾ ਹੋਇਆ ਕਿ ਕੁਝ ਸਮੇਂ ਬਾਅਦ ਅੰਮੋਨੀ ਇਸਰਾਏਲੀਆਂ ਨਾਲ ਲੜਨ ਲੱਗੇ ।5ਅਤੇ ਜਦ ਅੰਮੋਨੀ ਇਸਰਾਏਲ ਨਾਲ ਲੜਨ ਲੱਗੇ ਤਾਂ ਗਿਲਆਦ ਦੇ ਬਜ਼ੁਰਗ ਤੋਬ ਦੇਸ਼ ਵਿੱਚੋਂ ਯਿਫ਼ਤਾਹ ਨੂੰ ਵਾਪਿਸ ਲਿਆਉਣ ਲਈ ਗਏ ।6ਉਨ੍ਹਾਂ ਨੇ ਯਿਫ਼ਤਾਹ ਨੂੰ ਕਿਹਾ, "ਆ, ਅਤੇ ਸਾਡਾ ਆਗੂ ਬਣ ਤਾਂ ਜੋ ਅਸੀਂ ਅੰਮੋਨੀਆਂ ਦੇ ਨਾਲ ਲੜੀਏ ।"
7ਯਿਫ਼ਤਾਹ ਨੇ ਗਿਲਆਦ ਦੇ ਬਜ਼ੁਰਗਾਂ ਨੂੰ ਕਿਹਾ, "ਭਲਾ, ਤੁਸੀਂ ਮੇਰੇ ਨਾਲ ਵੈਰ ਕਰਕੇ ਮੈਨੂੰ ਮੇਰੇ ਪਿਤਾ ਦੇ ਘਰ ਵਿੱਚੋਂ ਨਹੀਂ ਕੱਢ ਦਿੱਤਾ ? ਫਿਰ ਹੁਣ ਮੁਸੀਬਤ ਦੇ ਸਮੇਂ ਤੁਸੀਂ ਮੇਰੇ ਕੋਲ ਕਿਉਂ ਆਏ ਹੋ ? "8ਗਿਲਆਦ ਦੇ ਬਜ਼ੁਰਗਾਂ ਨੇ ਯਿਫ਼ਤਾਹ ਨੂੰ ਕਿਹਾ, "ਅਸੀਂ ਤੇਰੇ ਕੋਲ ਹੁਣ ਇਸ ਲਈ ਆਏ ਹਾਂ ਤਾਂ ਜੋ ਤੂੰ ਸਾਡੇ ਨਾਲ ਚੱਲੇਂ ਅਤੇ ਅੰਮੋਨੀਆਂ ਨਾਲ ਲੜਾਈ ਕਰੇਂ, ਤਦ ਤੂੰ ਸਾਡਾ ਅਤੇ ਸਾਰੇ ਗਿਲਆਦ ਦੇ ਵਾਸੀਆਂ ਦਾ ਪ੍ਰਧਾਨ ਹੋਵੇਂਗਾ ।"
9ਯਿਫ਼ਤਾਹ ਨੇ ਗਿਲਆਦ ਦੇ ਬਜ਼ੁਰਗਾਂ ਤੋਂ ਪੁੱਛਿਆ, "ਭਈ ਜੇਕਰ ਅੰਮੋਨੀਆਂ ਨਾਲ ਲੜਾਈ ਕਰਨ ਨੂੰ ਤੁਸੀਂ ਮੈਨੂੰ ਆਪਣੇ ਨਾਲ ਲੈ ਚੱਲਦੇ ਹੋ, ਤਦ ਜੇਕਰ ਯਹੋਵਾਹ ਉਨ੍ਹਾਂ ਨੂੰ ਮੇਰੇ ਹੱਥ ਵਿੱਚ ਕਰ ਦੇਵੇ, ਤਾਂ ਭਲਾ, ਮੈਂ ਤੁਹਾਡਾ ਪ੍ਰਧਾਨ ਬਣ ਜਾਂਵਾਂਗਾ ? "10ਗਿਲਆਦ ਦੇ ਬਜ਼ੁਰਗਾਂ ਨੇ ਯਿਫ਼ਤਾਹ ਨੂੰ ਉੱਤਰ ਦਿੱਤਾ, "ਯਹੋਵਾਹ ਸਾਡੇ ਵਿੱਚ ਗਵਾਹ ਹੋਵੇ, ਅਸੀਂ ਯਕੀਨੀ ਤੌਰ ਤੇ ਤੇਰੇ ਕਹੇ ਅਨੁਸਾਰ ਕਰਾਂਗੇ ।"11ਤਦ ਯਿਫ਼ਤਾਹ ਗਿਲਆਦ ਦੇ ਬਜ਼ੁਰਗਾਂ ਦੇ ਨਾਲ ਤੁਰਿਆ ਅਤੇ ਲੋਕਾਂ ਨੇ ਉਸ ਨੂੰ ਆਪਣਾ ਆਗੂ ਅਤੇ ਪ੍ਰਧਾਨ ਬਣਾਇਆ ਅਤੇ ਯਿਫ਼ਤਾਹ ਨੇ ਮਿਸਫਾਹ ਵਿੱਚ ਯਹੋਵਾਹ ਦੇ ਅੱਗੇ ਆਪਣੀਆਂ ਸਾਰੀਆਂ ਗੱਲਾਂ ਕਹਿ ਸੁਣਾਈਆਂ ।

12ਤਦ ਯਿਫ਼ਤਾਹ ਨੇ ਅੰਮੋਨੀਆਂ ਦੇ ਰਾਜਾ ਕੋਲ ਸੰਦੇਸ਼-ਵਾਹਕ ਭੇਜ ਕੇ ਕਹਾਇਆ, "ਮੇਰੇ ਨਾਲ ਤੇਰਾ ਕੀ ਕੰਮ ਹੈ ਜੋ ਤੂੰ ਮੇਰੇ ਦੇਸ਼ ਨਾਲ ਲੜਾਈ ਕਰਨ ਨੂੰ ਆਇਆ ਹੈਂ ? "13ਅੰਮੋਨੀਆਂ ਦੇ ਰਾਜਾ ਨੇ ਯਿਫ਼ਤਾਹ ਦੇ ਸੰਦੇਸ਼-ਵਾਹਕਾਂ ਨੂੰ ਉੱਤਰ ਦਿੱਤਾ, "ਇਸ ਲਈ ਕਿ ਜਦੋਂ ਇਸਰਾਏਲੀ ਮਿਸਰ ਤੋਂ ਨਿੱਕਲ ਆਏ ਸਨ, ਤਾਂ ਉਨ੍ਹਾਂ ਨੇ ਅਰਨੋਨ ਤੋਂ ਲੈ ਕੇ ਯਬੋਕ ਅਤੇ ਯਰਦਨ ਤੱਕ ਮੇਰਾ ਦੇਸ਼ ਖੋਹ ਲਿਆ ਸੀ, ਇਸ ਲਈ ਹੁਣ ਉਹ ਦੇਸ਼ ਬਿਨ੍ਹਾਂ ਝਗੜਾ ਕੀਤੇ ਮੈਨੂੰ ਮੋੜ ਦੇ ।"
14ਤਦ ਯਿਫ਼ਤਾਹ ਨੇ ਹਲਕਾਰਿਆਂ ਨੂੰ ਫੇਰ ਅੰਮੋਨੀਆਂ ਦੇ ਰਾਜਾ ਕੋਲ ਭੇਜਿਆ15ਅਤੇ ਉਸ ਨੂੰ ਕਿਹਾ, "ਯਿਫ਼ਤਾਹ ਇਹ ਕਹਿੰਦਾ ਹੈ ਕਿ ਇਸਰਾਏਲ ਨੇ ਨਾ ਤਾਂ ਮੋਆਬ ਦਾ ਦੇਸ਼ ਖੋਹ ਲਿਆ ਸੀ ਅਤੇ ਨਾ ਹੀ ਅੰਮੋਨੀਆਂ ਦਾ ਦੇਸ਼,16ਪਰ ਜਦੋਂ ਇਸਰਾਏਲੀ ਮਿਸਰ ਤੋਂ ਨਿੱਕਲੇ ਅਤੇ ਉਜਾੜ ਵਿੱਚੋਂ ਤੁਰਦੇ ਹੋਏ ਲਾਲ ਸਮੁੰਦਰ ਤੱਕ ਚਲੇ ਅਤੇ ਕਾਦੇਸ਼ ਵਿੱਚ ਆਏ
17ਉਸ ਸਮੇਂ ਇਸਰਾਏਲੀਆਂ ਨੇ ਅਦੋਮ ਦੇ ਰਾਜਾ ਕੋਲ ਹਲਕਾਰੇ ਭੇਜ ਕੇ ਕਹਾਇਆ ਕਿ ਸਾਨੂੰ ਆਪਣੇ ਦੇਸ ਵਿੱਚੋਂ ਦੀ ਲੰਘ ਜਾਣ ਦੇ, ਪਰ ਅਦੋਮ ਦੇ ਰਾਜਾ ਨੇ ਉਨ੍ਹਾਂ ਦੀ ਨਾ ਸੁਣੀ । ਇਸੇ ਤਰ੍ਹਾਂ ਹੀ ਉਨ੍ਹਾਂ ਨੇ ਮੋਆਬ ਦੇ ਰਾਜਾ ਨੂੰ ਅਖਵਾ ਭੇਜਿਆ ਅਤੇ ਉਸ ਨੇ ਵੀ ਨਾ ਮੰਨਿਆ । ਇਸ ਲਈ ਇਸਰਾਏਲੀ ਕਾਦੇਸ਼ ਵਿੱਚ ਠਹਿਰੇ ।18ਤਦ ਉਹ ਉਜਾੜ ਵਿੱਚੋਂ ਦੀ ਤੁਰਦੇ ਹੋਏ ਅਦੋਮ ਅਤੇ ਮੋਆਬ ਦੇ ਦੇਸ਼ ਦੇ ਦੁਆਲੇ ਘੁੰਮ ਕੇ ਮੋਆਬ ਦੇ ਦੇਸ਼ ਦੇ ਪੂਰਬ ਵੱਲ ਆ ਨਿੱਕਲੇ ਅਤੇ ਅਰਨੋਨ ਦੇ ਪਰਲੇ ਪਾਸੇ ਆਪਣੇ ਤੰਬੂ ਲਾਏ, ਪਰ ਮੋਆਬ ਦੀ ਹੱਦ ਵਿੱਚ ਅੰਦਰ ਨਹੀਂ ਵੜੇ ਕਿਉਂ ਜੋ ਅਰਨੋਨ ਮੋਆਬ ਦੀ ਹੱਦ ਸੀ ।
19ਤਦ ਇਸਰਾਏਲ ਨੇ ਅਮੋਰੀਆਂ ਦੇ ਰਾਜਾ ਸੀਹੋਨ ਦੇ ਕੋਲ ਜੋ ਹਸ਼ਬੋਨ ਦਾ ਰਾਜਾ ਸੀ, ਹਲਕਾਰੇ ਭੇਜੇ ਅਤੇ ਉਸ ਨੂੰ ਕਿਹਾ, 'ਸਾਡੀ ਇਹ ਬੇਨਤੀ ਹੈ ਕਿ ਆਪਣੇ ਦੇਸ਼ ਦੇ ਵਿੱਚੋਂ ਦੀ ਸਾਨੂੰ ਸਾਡੇ ਦੇਸ਼ ਵੱਲ ਲੰਘ ਜਾਣ ਦਿਉ ।'20ਪਰ ਸੀਹੋਨ ਨੇ ਇਸਰਾਏਲ ਉੱਤੇ ਭਰੋਸਾ ਨਾ ਕੀਤਾ ਕਿ ਉਨ੍ਹਾਂ ਨੂੰ ਆਪਣੇ ਦੇਸ਼ ਦੇ ਵਿੱਚੋਂ ਦੀ ਹੋ ਕੇ ਲੰਘਣ ਦਿੰਦਾ ਸਗੋਂ ਸੀਹੋਨ ਨੇ ਆਪਣੇ ਸਾਰੇ ਲੋਕ ਇਕੱਠੇ ਕਰ ਲਏ ਅਤੇ ਯਹਾਸ ਵਿੱਚ ਤੰਬੂ ਲਾ ਕੇ ਇਸਰਾਏਲ ਨਾਲ ਲੜਿਆ ।
21ਅਤੇ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਨੇ ਸੀਹੋਨ ਨੂੰ ਉਸ ਦੀ ਸਾਰੀ ਫੌਜ ਸਮੇਤ ਇਸਰਾਏਲ ਦੇ ਹੱਥਾਂ ਵਿੱਚ ਕਰ ਦਿੱਤਾ ਅਤੇ ਉਨ੍ਹਾਂ ਨੇ ਉਹਨਾਂ ਨੂੰ ਮਾਰ ਲਿਆ । ਇਸੇ ਤਰ੍ਹਾਂ ਇਸਰਾਏਲੀਆਂ ਨੇ ਉਸ ਦੇਸ਼ ਦੇ ਵਾਸੀ ਅਮੋਰੀਆਂ ਦੇ ਸਾਰੇ ਦੇਸ਼ ਉੱਤੇ ਕਬਜ਼ਾ ਕਰ ਲਿਆ22ਅਤੇ ਉਨ੍ਹਾਂ ਨੇ ਅਰਨੋਨ ਤੋਂ ਲੈ ਕੇ ਯਬੋਕ ਤੱਕ ਅਤੇ ਉਜਾੜ ਤੋਂ ਲੈ ਕੇ ਯਰਦਨ ਤੱਕ ਅਮੋਰੀਆਂ ਦੇ ਸਾਰੇ ਦੇਸ਼ ਉੱਤੇ ਅਧਿਕਾਰ ਕਰ ਲਿਆ ।
23ਇਸ ਲਈ ਹੁਣ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਨੇ ਅਮੋਰੀਆਂ ਨੂੰ ਆਪਣੀ ਪਰਜਾ ਇਸਰਾਏਲ ਦੇ ਅੱਗਿਓਂ ਕੱਢ ਦਿੱਤਾ ਹੈ, ਤਾਂ ਭਲਾ, ਤੂੰ ਉਸ ਦਾ ਅਧਿਕਾਰੀ ਬਣੇਗਾ ?24ਕੀ ਉਸ ਨੂੰ ਤੂੰ ਕਬਜ਼ੇ ਵਿੱਚ ਨਹੀਂ ਲੈਂਦਾ ਜੋ ਤੇਰਾ ਦੇਵਤਾ ਕਮੋਸ਼ ਤੈਨੂੰ ਅਧਿਕਾਰ ਵਿੱਚ ਦਿੰਦਾ ਹੈ ? ਇਸੇ ਤਰ੍ਹਾਂ ਅਸੀਂ ਵੀ ਉਨ੍ਹਾਂ ਸਾਰੇ ਦੇਸ਼ਾਂ ਦੇ ਅਧਿਕਾਰੀ ਹੋਵਾਂਗੇ ਜਿਨ੍ਹਾਂ ਦੇ ਲੋਕਾਂ ਨੂੰ ਯਹੋਵਾਹ ਸਾਡਾ ਪਰਮੇਸ਼ੁਰ ਸਾਡੇ ਅੱਗਿਓਂ ਕੱਢ ਦੇਵੇਗਾ ।25ਹੁਣ ਭਲਾ ਤੂੰ ਮੋਆਬ ਦੇ ਰਾਜਾ ਸਿੱਫੋਰ ਦੇ ਪੁੱਤਰ ਬਾਲਾਕ ਨਾਲੋਂ ਕੁਝ ਚੰਗਾ ਹੈਂ ? ਕੀ ਉਸ ਨੇ ਇਸਰਾਏਲੀਆਂ ਨਾਲ ਕਦੀ ਝਗੜਾ ਕੀਤਾ ਜਾਂ ਕਦੀ ਉਨ੍ਹਾਂ ਦਾ ਸਾਹਮਣਾ ਕੀਤਾ ?
26ਜਦ ਕਿ ਇਸਰਾਏਲੀ ਹਸ਼ਬੋਨ ਅਤੇ ਉਸ ਦੇ ਪਿੰਡਾਂ ਵਿੱਚ ਅਤੇ ਅਰੋਏਰ ਅਤੇ ਉਸ ਦੇ ਪਿੰਡਾਂ ਵਿੱਚ ਅਤੇ ਉਨ੍ਹਾਂ ਸਾਰਿਆਂ ਪਿੰਡਾਂ ਵਿੱਚ ਜਿਹੜੇ ਅਰਨੋਨ ਦੇ ਦੋਹਾਂ ਕੰਢਿਆਂ ਦੇ ਨਜ਼ਦੀਕ ਹਨ, ਤਿੰਨ ਸੌ ਸਾਲ ਤੋਂ ਵੱਸਿਆ ਹੈ, ਤਾਂ ਭਲਾ, ਤੁਸੀਂ ਉਹਨਾਂ ਨੂੰ ਇੰਨੇ ਸਮੇਂ ਵਿੱਚ ਵਾਪਿਸ ਕਿਉਂ ਨਹੀਂ ਲਿਆ ?27ਗੱਲ ਕਾਹਦੀ, ਮੈਂ ਤਾਂ ਤੇਰਾ ਵਿਰੁੱਧ ਪਾਪ ਨਹੀਂ ਕੀਤਾ ਸਗੋਂ ਤੂੰ ਹੀ ਲੜਾਈ ਛੇੜ ਕੇ ਮੇਰੇ ਨਾਲ ਬੁਰਿਆਈ ਕਰਦਾ ਹੈਂ, ਇਸ ਲਈ ਯਹੋਵਾਹ ਹੀ ਜੋ ਨਿਆਈ ਹੈ, ਇਸਰਾਏਲੀਆਂ ਅਤੇ ਅੰਮੋਨੀਆਂ ਦੇ ਵਿਚਕਾਰ ਅੱਜ ਦੇ ਦਿਨ ਨਿਆਂ ਕਰੇ !"28ਪਰ ਅੰਮੋਨੀਆਂ ਦੇ ਰਾਜਾ ਨੇ ਉਨ੍ਹਾਂ ਗੱਲਾਂ ਨੂੰ ਜੋ ਯਿਫ਼ਤਾਹ ਨੇ ਉਸ ਨੂੰ ਅਖਵਾ ਭੇਜੀਆਂ ਸਨ, ਨਾ ਸੁਣਿਆ ।

29ਤਦ ਯਹੋਵਾਹ ਦਾ ਆਤਮਾ ਯਿਫ਼ਤਾਹ ਉੱਤੇ ਆਇਆ ਅਤੇ ਉਹ ਗਿਲਆਦ ਅਤੇ ਮਨੱਸ਼ਹ ਦੇ ਵਿੱਚੋਂ ਦੀ ਲੰਘ ਕੇ ਗਿਲਆਦ ਦੇ ਮਿਸਪੇਹ ਨੂੰ ਆਇਆ, ਅਤੇ ਗਿਲਆਦ ਦੇ ਮਿਸਪੇਹ ਤੋਂ ਹੋ ਕੇ ਅੰਮੋਨੀਆਂ ਦੇ ਵੱਲ ਚੱਲਿਆ ।30ਅਤੇ ਯਿਫ਼ਤਾਹ ਨੇ ਇਹ ਕਹਿ ਕੇ ਯਹੋਵਾਹ ਦੀ ਸੁੱਖਣਾ ਸੁੱਖੀ, "ਜੇਕਰ ਤੂੰ ਸੱਚ-ਮੁੱਚ ਅੰਮੋਨੀਆਂ ਨੂੰ ਮੇਰੇ ਹੱਥ ਵਿੱਚ ਕਰ ਦੇਵੇਂ,31ਤਾਂ ਅਜਿਹਾ ਹੋਵੇਗਾ ਕਿ ਜਿਸ ਵੇਲੇ ਮੈਂ ਅੰਮੋਨੀਆਂ ਵੱਲੋਂ ਸੁਖ-ਸਾਂਦ ਨਾਲ ਮੁੜਾਂਗਾ ਤਾਂ ਜੋ ਕੋਈ ਮੇਰੇ ਘਰ ਦੇ ਦਰਵਾਜ਼ੇ ਤੋਂ ਮੈਨੂੰ ਮਿਲਣ ਲਈ ਪਹਿਲਾਂ ਨਿੱਕਲੇਗਾ, ਉਹ ਯਹੋਵਾਹ ਦਾ ਹੋਵੇਗਾ ਅਤੇ ਮੈਂ ਉਸ ਨੂੰ ਹੋਮ ਦੀ ਬਲੀ ਕਰਕੇ ਚੜ੍ਹਾਵਾਂਗਾ ।"

32ਤਦ ਯਿਫ਼ਤਾਹ ਅੰਮੋਨੀਆਂ ਨਾਲ ਲੜਾਈ ਕਰਨ ਨੂੰ ਪਾਰ ਗਿਆ ਅਤੇ ਯਹੋਵਾਹ ਨੇ ਉਨ੍ਹਾਂ ਨੂੰ ਉਸ ਦੇ ਹੱਥ ਵਿੱਚ ਕਰ ਦਿੱਤਾ ।33ਅਤੇ ਉਸ ਨੇ ਅਰੋਏਰ ਤੋਂ ਲੈ ਕੇ ਮਿੰਨੀਥ ਵਿੱਚ ਪਹੁੰਚਣ ਤੱਕ ਜੋ ਵੀਹ ਨਗਰ ਸਨ, ਸਗੋਂ ਅੰਗੂਰਾਂ ਦੇ ਬਾਗ਼ਾਂ ਤੱਕ ਬਹੁਤ ਵੱਡੀ ਮਾਰ ਨਾਲ ਉਨ੍ਹਾਂ ਨੂੰ ਮਾਰਦਾ ਗਿਆ । ਇਸ ਤਰ੍ਹਾਂ ਅੰਮੋਨੀ ਇਸਰਾਏਲੀਆਂ ਕੋਲੋਂ ਹਾਰ ਗਏ ।
ਯਿਫ਼ਤਾਹ ਦੀ ਧੀ

34ਤਦ ਯਿਫ਼ਤਾਹ ਮਿਸਫਾਹ ਨੂੰ ਆਪਣੇ ਘਰ ਆਇਆ ਅਤੇ ਵੇਖੋ, ਉਸ ਦੀ ਧੀ ਡੱਫ ਵਜਾਉਂਦੀ ਅਤੇ ਨੱਚਦੀ ਹੋਈ ਉਸ ਨੂੰ ਮਿਲਣ ਦੇ ਲਈ ਨਿੱਕਲੀ ਅਤੇ ਉਹ ਉਸ ਦੀ ਇਕਲੌਤੀ ਸੀ, ਉਸ ਤੋਂ ਬਿਨਾਂ ਉਸ ਦਾ ਹੋਰ ਪੁੱਤਰ ਜਾਂ ਧੀ ਨਹੀਂ ਸੀ ।35ਤਦ ਅਜਿਹਾ ਹੋਇਆ ਕਿ ਜਦ ਉਸ ਨੇ ਉਸ ਨੂੰ ਵੇਖਿਆ ਤਾਂ ਆਪਣੇ ਕੱਪੜੇ ਪਾੜ ਕੇ ਕਿਹਾ, "ਹਾਏ ਮੇਰੀਏ ਧੀਏ ! ਤੂੰ ਮੈਨੂੰ ਬਹੁਤ ਨੀਵਾਂ ਕੀਤਾ ਹੈ, ਸਗੋਂ ਤੂੰ ਉਨ੍ਹਾਂ ਵਿੱਚੋਂ ਹੈਂ ਜੋ ਮੈਨੂੰ ਦੁੱਖ ਦਿੰਦੇ ਹਨ, ਕਿਉਂ ਜੋ ਮੈਂ ਯਹੋਵਾਹ ਨੂੰ ਬਚਨ ਦਿੱਤਾ ਹੈ ਅਤੇ ਟਾਲ ਨਹੀਂ ਸਕਦਾ ।"
36ਉਸ ਨੇ ਉਸ ਨੂੰ ਕਿਹਾ, "ਹੇ ਮੇਰੇ ਪਿਤਾ, ਤੂੰ ਯਹੋਵਾਹ ਨੂੰ ਜੋ ਬਚਨ ਦਿੱਤਾ ਹੈ, ਅਤੇ ਜੋ ਗੱਲ ਤੂੰ ਆਪਣੇ ਮੂੰਹੋਂ ਬੋਲੀ ਹੈ, ਉਸੇ ਤਰ੍ਹਾਂ ਮੇਰੇ ਨਾਲ ਕਰ ਕਿਉਂ ਜੋ ਯਹੋਵਾਹ ਨੇ ਤੇਰੇ ਵੈਰੀ ਅੰਮੋਨੀਆਂ ਤੋਂ ਤੇਰਾ ਬਦਲਾ ਲਿਆ ਹੈ ।"37ਫੇਰ ਉਸ ਨੇ ਆਪਣੇ ਪਿਤਾ ਨੂੰ ਕਿਹਾ, "ਮੇਰੇ ਲਈ ਇੰਨਾ ਕਰ ਕਿ ਦੋ ਮਹੀਨੇ ਮੈਨੂੰ ਛੱਡ ਦੇ ਤਾਂ ਜੋ ਮੈਂ ਪਹਾੜਾਂ ਵਿੱਚ ਫਿਰਦੀ ਹੋਈ ਆਪਣੀਆਂ ਸਹੇਲੀਆਂ ਨਾਲ ਆਪਣੇ ਕੁਆਰਪੁਣੇ ਦਾ ਸੋਗ ਕਰਾਂ ।"
38ਉਸ ਨੇ ਕਿਹਾ, "ਜਾ !" ਤਦ ਉਸ ਨੇ ਉਸ ਨੂੰ ਦੋ ਮਹੀਨਿਆਂ ਦਾ ਸਮਾਂ ਦਿੱਤਾ ਅਤੇ ਉਹ ਆਪਣੀਆਂ ਸਹੇਲੀਆਂ ਨੂੰ ਨਾਲ ਲੈ ਗਈ ਅਤੇ ਪਹਾੜਾਂ ਉੱਤੇ ਆਪਣੇ ਕੁਆਰਪੁਣੇ ਤੇ ਰੋਂਦੀ ਰਹੀ ।39ਅਜਿਹਾ ਹੋਇਆ ਕਿ ਦੋ ਮਹੀਨੇ ਬਾਅਦ ਉਹ ਆਪਣੇ ਪਿਤਾ ਕੋਲ ਵਾਪਿਸ ਆਈ ਅਤੇ ਉਸ ਨੇ ਉਸ ਨਾਲ ਆਪਣੀ ਸੁੱਖਣਾ ਅਨੁਸਾਰ ਕੀਤਾ ਅਤੇ ਉਹ ਕੁੜੀ ਪੁਰਖ ਤੋਂ ਅਣਜਾਣ ਰਹੀ, ਇਸ ਲਈ ਇਸਰਾਏਲੀਆਂ ਵਿੱਚ ਇਹ ਰੀਤ ਬਣੀ40ਕਿ ਹਰ ਸਾਲ ਇਸਰਾਏਲ ਦੀਆਂ ਧੀਆਂ ਸਾਲ ਵਿੱਚ ਚਾਰ ਦਿਨ ਤੱਕ ਯਿਫ਼ਤਾਹ ਗਿਲਆਦੀ ਦੀ ਧੀ ਦਾ ਸੋਗ ਕਰਨ ਜਾਂਦੀਆਂ ਸਨ ।

12
ਯਿਫ਼ਤਾਹ ਅਤੇ ਇਫ਼ਰਾਈਮ ਗੋਤ ਦੇ ਲੋਕ

1ਇਫ਼ਰਾਈਮ ਦੇ ਲੋਕ ਇਕੱਠੇ ਹੋ ਕੇ ਸਾਪੋਨ ਵੱਲ ਗਏ ਅਤੇ ਯਿਫ਼ਤਾਹ ਨੂੰ ਕਿਹਾ, "ਜਦ ਤੂੰ ਅੰਮੋਨੀਆਂ ਨਾਲ ਲੜਾਈ ਕਰਨ ਨੂੰ ਪਾਰ ਗਿਆ ਤਾਂ ਸਾਨੂੰ ਕਿਉਂ ਨਹੀਂ ਬੁਲਾਇਆ ਤਾਂ ਜੋ ਅਸੀਂ ਵੀ ਤੇਰੇ ਨਾਲ ਜਾਂਦੇ ? ਹੁਣ ਅਸੀਂ ਤੇਰੇ ਘਰ ਨੂੰ ਤੇਰੇ ਨਾਲ ਫੂਕ ਦਿਆਂਗੇ ।"2ਤਦ ਯਿਫ਼ਤਾਹ ਨੇ ਉਨ੍ਹਾਂ ਨੂੰ ਉੱਤਰ ਦਿੱਤਾ, "ਮੇਰਾ ਅਤੇ ਮੇਰੇ ਲੋਕਾਂ ਦਾ ਅੰਮੋਨੀਆਂ ਨਾਲ ਵੱਡਾ ਝਗੜਾ ਹੋਇਆ ਸੀ, ਅਤੇ ਜਦ ਮੈਂ ਤੁਹਾਨੂੰ ਬੁਲਾਇਆ ਤਾਂ ਤੁਸੀਂ ਮੈਨੂੰ ਉਨ੍ਹਾਂ ਦੇ ਹੱਥੋਂ ਨਾ ਛੁਡਾਇਆ ।

3ਜਦ ਮੈਂ ਵੇਖਿਆ ਕਿ ਤੁਹਾਡੇ ਵੱਲੋਂ ਮੇਰਾ ਬਚਾਉ ਨਹੀਂ ਹੁੰਦਾ ਤਾਂ ਮੈਂ ਆਪਣੀ ਜਾਨ ਤਲੀ ਉੱਤੇ ਰੱਖ ਕੇ ਪਾਰ ਗਿਆ ਅਤੇ ਅੰਮੋਨੀਆਂ ਦਾ ਸਾਹਮਣਾ ਕੀਤਾ, ਅਤੇ ਯਹੋਵਾਹ ਨੇ ਉਨ੍ਹਾਂ ਨੂੰ ਮੇਰੇ ਹੱਥ ਕਰ ਦਿੱਤਾ, ਫਿਰ ਤੁਸੀਂ ਅੱਜ ਦੇ ਦਿਨ ਮੇਰੇ ਨਾਲ ਲੜਨ ਨੂੰ ਕਿਉਂ ਚੜ੍ਹ ਆਏ ਹੋ ? "4ਤਦ ਯਿਫ਼ਤਾਹ ਨੇ ਸਾਰੇ ਗਿਲਆਦੀਆਂ ਨੂੰ ਇਕੱਠੇ ਕਰਕੇ ਇਫ਼ਰਾਈਮੀਆਂ ਨਾਲ ਲੜਾਈ ਕੀਤੀ, ਅਤੇ ਗਿਲਆਦੀਆਂ ਨੇ ਇਫ਼ਰਾਈਮੀਆਂ ਨੂੰ ਮਾਰ ਲਿਆ ਕਿਉਂ ਜੋ ਉਹ ਕਹਿੰਦੇ ਸਨ, "ਤੁਸੀਂ ਗਿਲਆਦੀ, ਇਫ਼ਰਾਈਮ ਦੇ ਭਗੌੜੇ ਹੋ ਜੋ ਇਫ਼ਰਾਈਮੀਆਂ ਅਤੇ ਮਨੱਸ਼ੀਆਂ ਦੇ ਵਿਚਕਾਰ ਰਹਿੰਦੇ ਹੋ !"
5ਅਤੇ ਗਿਲਆਦੀਆਂ ਨੇ ਯਰਦਨ ਦੇ ਕੰਢਿਆਂ ਉੱਤੇ ਜੋ ਇਫ਼ਰਾਈਮ ਦੇ ਸਾਹਮਣੇ ਸਨ, ਕਬਜ਼ਾ ਕਰ ਲਿਆ ਅਤੇ ਜਦ ਕੋਈ ਇਫ਼ਰਾਈਮੀ ਭਗੌੜਾ ਆ ਕੇ ਕਹਿੰਦਾ, "ਮੈਨੂੰ ਪਾਰ ਲੰਘਣ ਦਿਉ," ਤਾਂ ਗਿਲਆਦੀ ਉਸ ਨੂੰ ਪੁੱਛਦੇ, "ਕੀ ਤੂੰ ਇਫ਼ਰਾਈਮੀ ਹੈਂ ? " ਅਤੇ ਜੇਕਰ ਉਹ ਕਹਿੰਦਾ, "ਨਹੀਂ"6ਤਾਂ ਉਹ ਉਸ ਨੂੰ ਕਹਿੰਦੇ, "ਭਲਾ, 'ਸ਼ਿੱਬੋਲਥ" ਤਾਂ ਬੋਲ" ਅਤੇ ਉਹ ਕਹਿੰਦਾ "ਸਿੱਬੋਲਥ" ਕਿਉਂ ਜੋ ਉਹ ਇਸ ਗੱਲ ਨੂੰ ਠੀਕ ਤਰ੍ਹਾਂ ਨਹੀਂ ਬੋਲ ਸਕਦਾ ਸੀ, ਤਾਂ ਉਹ ਉਸ ਨੂੰ ਫੜ੍ਹ ਕੇ ਯਰਦਨ ਦੇ ਕੰਢਿਆਂ ਕੋਲ ਵੱਢ ਸੁੱਟਦੇ ਸਨ । ਇਸ ਤਰ੍ਹਾਂ ਉਸ ਸਮੇਂ ਬਤਾਲੀ ਹਜ਼ਾਰ ਇਫ਼ਰਾਈਮੀ ਮਾਰੇ ਗਏ ।
7ਯਿਫ਼ਤਾਹ ਨੇ ਛੇ ਸਾਲ ਤੱਕ ਇਸਰਾਏਲ ਦਾ ਨਿਆਂ ਕੀਤਾ । ਇਸ ਤੋਂ ਬਾਅਦ ਯਿਫ਼ਤਾਹ ਗਿਲਆਦੀ ਮਰ ਗਿਆ ਅਤੇ ਗਿਲਆਦ ਦੇ ਕਿਸੇ ਨਗਰ ਵਿੱਚ ਦੱਬਿਆ ਗਿਆ ।
ਇਬਸਾਨ, ਏਲੋਨ ਅਤੇ ਅਬਦੋਨ ਦਾ ਚਰਿੱਤਰ

8ਉਸ ਦੇ ਬਾਅਦ ਬੈਤਲਹਮ ਵਾਸੀ ਇਬਸਾਨ ਇਸਰਾਏਲ ਦਾ ਨਿਆਈ ਬਣਿਆ ।9ਉਸ ਦੇ ਤੀਹ ਪੁੱਤਰ ਅਤੇ ਤੀਹ ਧੀਆਂ ਸਨ, ਅਤੇ ਉਸ ਨੇ ਆਪਣੀਆਂ ਸਾਰੀਆਂ ਧੀਆਂ ਪਰਦੇਸ ਵਿੱਚ ਵਿਆਹ ਦਿੱਤੀਆਂ ਅਤੇ ਆਪਣੇ ਤੀਹ ਪੁੱਤਰਾਂ ਲਈ ਪਰਦੇਸ ਤੋਂ ਤੀਹ ਨੂੰਹਾਂ ਲੈ ਆਇਆ । ਉਹ ਸੱਤ ਸਾਲਾਂ ਤੱਕ ਇਸਰਾਏਲੀਆਂ ਦਾ ਨਿਆਈ ਬਣਿਆ ਰਿਹਾ ।
10ਤਦ ਇਬਸਾਨ ਮਰ ਗਿਆ ਅਤੇ ਬੈਤਲਹਮ ਵਿੱਚ ਦੱਬਿਆ ਗਿਆ ।

11ਉਸ ਦੇ ਬਾਅਦ ਜ਼ਬੂਲੁਨੀ ਏਲੋਨ ਇਸਰਾਏਲੀਆਂ ਦਾ ਨਿਆਈ ਬਣਿਆ ਅਤੇ ਉਹ ਦਸ ਸਾਲਾਂ ਤੱਕ ਇਸਰਾਏਲੀਆਂ ਦਾ ਨਿਆਂ ਕਰਦਾ ਰਿਹਾ ।12ਫਿਰ ਜ਼ਬੂਲੁਨੀ ਏਲੋਨ ਮਰ ਗਿਆ ਅਤੇ ਜ਼ਬੂਲੁਨ ਦੇਸ਼ ਦੇ ਅੱਯਾਲੋਨ ਵਿੱਚ ਦੱਬਿਆ ਗਿਆ ।

13ਉਸ ਦੇ ਬਾਅਦ ਹਿੱਲੇਲ ਫਿਰਾਤੋਨੀ ਦਾ ਪੁੱਤਰ ਅਬਦੋਨ ਇਸਰਾਏਲ ਦਾ ਨਿਆਈ ਬਣਿਆ ।14ਉਸ ਦੇ ਚਾਲੀ ਪੁੱਤਰ ਅਤੇ ਤੀਹ ਪੋਤਰੇ ਸਨ, ਜਿਹੜੇ ਗਧੀਆਂ ਦੇ ਸੱਤਰ ਬੱਚਿਆਂ ਉੱਤੇ ਸਵਾਰ ਹੁੰਦੇ ਸਨ । ਉਸ ਨੇ ਅੱਠ ਸਾਲਾਂ ਤੱਕ ਇਸਰਾਏਲੀਆਂ ਦਾ ਨਿਆਂ ਕੀਤਾ ।

15ਤਦ ਹਿੱਲੇਲ ਫਿਰਾਤੋਨੀ ਦਾ ਪੁੱਤਰ ਅਬਦੋਨ ਮਰ ਗਿਆ ਅਤੇ ਇਫ਼ਰਾਈਮ ਦੇਸ਼ ਦੇ ਫਿਰਾਤੋਨ ਵਿੱਚ, ਜੋ ਅਮਾਲੇਕ ਦੇ ਪਹਾੜੀ ਦੇਸ਼ ਵਿੱਚ ਹੈ, ਦੱਬਿਆ ਗਿਆ ।

13
ਸਮਸੂਨ ਦਾ ਜਨਮ

1ਇਸਰਾਏਲੀਆਂ ਨੇ ਫਿਰ ਯਹੋਵਾਹ ਦੀ ਨਿਗਾਹ ਵਿੱਚ ਬੁਰਿਆਈ ਕੀਤੀ ਅਤੇ ਯਹੋਵਾਹ ਨੇ ਉਨ੍ਹਾਂ ਨੂੰ ਚਾਲੀ ਸਾਲਾਂ ਲਈ ਫ਼ਲਿਸਤੀਆਂ ਦੇ ਹੱਥ ਵਿੱਚ ਦੇ ਦਿੱਤਾ ।

2ਦਾਨ ਦੇ ਟੱਬਰ ਵਿੱਚ ਮਾਨੋਆਹ ਨਾਮਕ ਇੱਕ ਮਨੁੱਖ ਸੀ, ਜੋ ਸਾਰਾਹ ਦਾ ਰਹਿਣ ਵਾਲਾ ਸੀ । ਉਸ ਦੀ ਪਤਨੀ ਬਾਂਝ ਸੀ ਅਤੇ ਉਸ ਦਾ ਕੋਈ ਬੱਚਾ ਨਹੀਂ ਸੀ ।
3ਯਹੋਵਾਹ ਦੇ ਦੂਤ ਨੇ ਉਸ ਇਸਤਰੀ ਨੂੰ ਦਰਸ਼ਨ ਦੇ ਕੇ ਕਿਹਾ, "ਵੇਖ, ਬਾਂਝ ਹੋਣ ਦੇ ਕਾਰਨ ਤੇਰਾ ਕੋਈ ਬੱਚਾ ਨਹੀਂ ਹੈ ਪਰ ਹੁਣ ਤੂੰ ਗਰਭਵਤੀ ਹੋਵੇਂਗੀ ਅਤੇ ਪੁੱਤਰ ਨੂੰ ਜਨਮ ਦੇਵੇਂਗੀ ।4ਇਸ ਲਈ ਹੁਣ ਤੂੰ ਧਿਆਨ ਰੱਖੀਂ ਅਤੇ ਦਾਖ਼ਰਸ ਜਾਂ ਨਸ਼ੇ ਵਾਲੀ ਕੋਈ ਚੀਜ਼ ਨਾ ਪੀਵੀਂ ਅਤੇ ਨਾ ਹੀ ਕੋਈ ਅਸ਼ੁੱਧ ਵਸਤੂ ਖਾਵੀਂ ।5ਕਿਉਂਕਿ ਵੇਖ, ਤੂੰ ਗਰਭਤੀ ਹੋਵੇਂਗੀ ਅਤੇ ਇੱਕ ਪੁੱਤਰ ਜਣੇਂਗੀ । ਉਸ ਦੇ ਸਿਰ ਉੱਤੇ ਉਸਤਰਾ ਕਦੇ ਨਾ ਲੱਗੇ ਕਿਉਂ ਜੋ ਉਹ ਮੁੰਡਾ ਗਰਭ ਤੋਂ ਹੀ ਪਰਮੇਸ਼ੁਰ ਦਾ ਨਜ਼ੀਰ ਹੋਵੇਗਾ ਅਤੇ ਉਹ ਫ਼ਲਿਸਤੀਆਂ ਦੇ ਹੱਥਾਂ ਤੋਂ ਇਸਰਾਏਲੀਆਂ ਦਾ ਬਚਾਉ ਕਰਨ ਲੱਗੇਗਾ ।"

6ਤਦ ਉਸ ਇਸਤਰੀ ਨੇ ਆਪਣੇ ਪਤੀ ਨੂੰ ਜਾ ਕੇ ਕਿਹਾ, "ਪਰਮੇਸ਼ੁਰ ਦਾ ਇੱਕ ਬੰਦਾ ਮੇਰੇ ਕੋਲ ਆਇਆ ਸੀ । ਉਸ ਦਾ ਰੂਪ ਪਰਮੇਸ਼ੁਰ ਦੇ ਦੂਤ ਦੇ ਰੂਪ ਵਰਗਾ ਬਹੁਤ ਭੈ ਯੋਗ ਸੀ ਅਤੇ ਮੈਂ ਉਸ ਨੂੰ ਨਹੀਂ ਪੁੱਛਿਆ ਕਿ ਤੂੰ ਕਿੱਥੋਂ ਦਾ ਹੈਂ ਅਤੇ ਉਸ ਨੇ ਵੀ ਮੈਨੂੰ ਆਪਣਾ ਨਾਮ ਨਹੀਂ ਦੱਸਿਆ ।7ਪਰ ਉਸ ਨੇ ਮੈਨੂੰ ਕਿਹਾ, 'ਵੇਖ, ਤੂੰ ਗਰਭਵਤੀ ਹੋਵੇਂਗੀ ਅਤੇ ਪੁੱਤਰ ਨੂੰ ਜਨਮ ਦੇਵੇਂਗੀ, ਇਸ ਲਈ ਹੁਣ ਤੂੰ ਦਾਖ਼ਰਸ ਜਾਂ ਨਸ਼ੇ ਵਾਲੀ ਕੋਈ ਚੀਜ਼ ਨਾ ਪੀਵੀਂ ਅਤੇ ਨਾ ਕੋਈ ਅਸ਼ੁੱਧ ਵਸਤੂ ਖਾਵੀਂ ਕਿਉਂ ਜੋ ਉਹ ਮੁੰਡਾ ਗਰਭ ਤੋਂ ਹੀ ਮਰਨ ਦੇ ਦਿਨ ਤੱਕ ਪਰਮੇਸ਼ੁਰ ਦਾ ਨਜ਼ੀਰ ਹੋਵੇਗਾ' ।"

8ਤਦ ਮਾਨੋਆਹ ਨੇ ਯਹੋਵਾਹ ਅੱਗੇ ਬੇਨਤੀ ਕਰ ਕੇ ਕਿਹਾ, "ਹੇ ਪ੍ਰਭੂ, ਬੇਨਤੀ ਸੁਣ, ਅਤੇ ਪਰਮੇਸ਼ੁਰ ਦਾ ਉਹ ਬੰਦਾ ਜਿਸ ਨੂੰ ਤੂੰ ਭੇਜਿਆ ਸੀ, ਫੇਰ ਸਾਡੇ ਕੋਲ ਭੇਜ ਤਾਂ ਜੋ ਉਹ ਸਾਨੂੰ ਸਿਖਾਵੇ ਕਿ ਜਿਹੜਾ ਮੁੰਡਾ ਪੈਦਾ ਹੋਵੇਗਾ ਉਸ ਨਾਲ ਅਸੀਂ ਕੀ-ਕੀ ਕਰੀਏ ।"9ਪਰਮੇਸ਼ੁਰ ਨੇ ਮਾਨੋਆਹ ਦੀ ਅਵਾਜ਼ ਸੁਣ ਲਈ ਅਤੇ ਪਰਮੇਸ਼ੁਰ ਦਾ ਦੂਤ ਉਸ ਇਸਤਰੀ ਕੋਲ ਆਇਆ ਜਦ ਉਹ ਖੇਤ ਵਿੱਚ ਬੈਠੀ ਹੋਈ ਸੀ ਪਰ ਉਸ ਵੇਲੇ ਉਸ ਦਾ ਪਤੀ ਮਾਨੋਆਹ ਉਸ ਦੇ ਕੋਲ ਨਹੀਂ ਸੀ ।
10ਤਦ ਉਸ ਇਸਤਰੀ ਨੇ ਛੇਤੀ ਨਾਲ ਭੱਜ ਕੇ ਆਪਣੇ ਪਤੀ ਨੂੰ ਜਾ ਦੱਸਿਆ ਅਤੇ ਕਿਹਾ, "ਵੇਖੋ, ਉਹੋ ਮਨੁੱਖ ਜੋ ਉਸ ਦਿਨ ਮੇਰੇ ਕੋਲ ਆਇਆ ਸੀ, ਉਹ ਫਿਰ ਮੈਨੂੰ ਵਿਖਾਈ ਦਿੱਤਾ ਹੈ ।"11ਇਹ ਸੁਣਦਿਆਂ ਹੀ ਮਾਨੋਆਹ ਉੱਠ ਕੇ ਆਪਣੀ ਪਤਨੀ ਦੇ ਪਿੱਛੇ ਤੁਰਿਆ ਅਤੇ ਉਸ ਮਨੁੱਖ ਦੇ ਕੋਲ ਆ ਕੇ ਉਸ ਨੂੰ ਪੁੱਛਣ ਲੱਗਾ, "ਕੀ ਤੂੰ ਉਹੋ ਮਨੁੱਖ ਹੈਂ ਜਿਸ ਨੇ ਇਸ ਇਸਤਰੀ ਨਾਲ ਗੱਲਾਂ ਕੀਤੀਆਂ ਸਨ ? " ਉਸ ਨੇ ਕਿਹਾ, "ਮੈਂ ਉਹੀ ਹਾਂ ।"
12ਤਦ ਮਾਨੋਆਹ ਨੇ ਕਿਹਾ, "ਜਿਸ ਤਰ੍ਹਾਂ ਤੁਸੀਂ ਕਿਹਾ ਹੈ ਉਸੇ ਤਰ੍ਹਾਂ ਹੀ ਹੋਵੇ, ਪਰ ਉਹ ਮੁੰਡਾ ਕਿਹੋ ਜਿਹਾ ਹੋਵੇਗਾ ਅਤੇ ਕੀ ਕੰਮ ਕਰੇਗਾ ? "13ਯਹੋਵਾਹ ਦੇ ਦੂਤ ਨੇ ਮਾਨੋਆਹ ਨੂੰ ਕਿਹਾ, "ਉਨ੍ਹਾਂ ਸਾਰੀਆਂ ਵਸਤੂਆਂ ਤੋਂ ਜਿਨ੍ਹਾਂ ਦੇ ਬਾਰੇ ਮੈਂ ਦੱਸਿਆ ਹੈ, ਇਹ ਇਸਤਰੀ ਦੂਰ ਰਹੇ ।14ਕੋਈ ਵੀ ਅਜਿਹੀ ਵਸਤੂ ਜੋ ਦਾਖ਼ ਦੀ ਬਣੀ ਹੋਵੇ, ਇਹ ਨਾ ਖਾਵੇ ਅਤੇ ਨਾ ਦਾਖ਼ਰਸ, ਨਾ ਕੋਈ ਨਸ਼ੇ ਵਾਲੀ ਚੀਜ਼ ਪੀਵੇ ਅਤੇ ਨਾ ਹੀ ਕੋਈ ਅਸ਼ੁੱਧ ਵਸਤੂ ਖਾਵੇ, ਇਹ ਇਨ੍ਹਾਂ ਸਾਰਿਆਂ ਹੁਕਮਾਂ ਨੂੰ ਯਾਦ ਰੱਖੇ ਜੋ ਮੈਂ ਉਸ ਨੂੰ ਦਿੱਤੇ ਹਨ ।"

15ਤਦ ਮਾਨੋਆਹ ਨੇ ਯਹੋਵਾਹ ਦੇ ਦੂਤ ਨੂੰ ਕਿਹਾ, "ਅਸੀਂ ਤੁਹਾਨੂੰ ਥੋੜ੍ਹੀ ਦੇਰ ਰੋਕਣਾ ਚਾਹੁੰਦੇ ਹਾਂ ਤਾਂ ਜੋ ਅਸੀਂ ਤੁਹਾਡੇ ਲਈ ਇੱਕ ਮੇਮਣਾ ਤਿਆਰ ਕਰੀਏ ।"16ਤਾਂ ਯਹੋਵਾਹ ਦੇ ਦੂਤ ਨੇ ਮਾਨੋਆਹ ਨੂੰ ਉੱਤਰ ਦਿੱਤਾ, "ਭਾਵੇਂ ਤੂੰ ਮੈਨੂੰ ਰੋਕ ਵੀ ਲਵੇਂ ਤਾਂ ਵੀ ਮੈਂ ਤੇਰੇ ਭੋਜਨ ਵਿੱਚੋਂ ਕੁਝ ਨਹੀਂ ਖਾਵਾਂਗਾ, ਪਰ ਜੇ ਤੂੰ ਹੋਮ ਦੀ ਬਲੀ ਚੜ੍ਹਾਉਣਾ ਚਾਹੁੰਦਾ ਹੈਂ ਤਾਂ ਤੈਨੂੰ ਯਹੋਵਾਹ ਦੇ ਅੱਗੇ ਚੜ੍ਹਾਉਣੀ ਚਾਹੀਦੀ ਹੈ ।" ਮਾਨੋਆਹ ਨਹੀਂ ਜਾਣਦਾ ਸੀ ਕਿ ਉਹ ਯਹੋਵਾਹ ਦਾ ਦੂਤ ਹੈ ।
17ਫੇਰ ਮਾਨੋਆਹ ਨੇ ਯਹੋਵਾਹ ਦੇ ਦੂਤ ਨੂੰ ਕਿਹਾ, "ਆਪਣਾ ਨਾਮ ਦੱਸੋ, ਕਿ ਜਦੋਂ ਤੁਹਾਡੀ ਆਖੀ ਹੋਈ ਗੱਲ ਪੂਰੀ ਹੋਵੇ ਤਾਂ ਅਸੀਂ ਤੁਹਾਡਾ ਆਦਰ ਭਾਉ ਕਰ ਸਕੀਏ ।"18ਤਾਂ ਯਹੋਵਾਹ ਦੇ ਦੂਤ ਨੇ ਉਸ ਨੂੰ ਕਿਹਾ, "ਮੇਰਾ ਨਾਮ ਤਾਂ ਅਚਰਜ ਹੈ । ਇਸ ਲਈ ਤੂੰ ਇਹ ਕਿਉਂ ਪੁੱਛਦਾ ਹੈਂ ? "
19ਤਦ ਮਾਨੋਆਹ ਨੇ ਮੈਦੇ ਦੀ ਭੇਟ ਦੇ ਨਾਲ ਇੱਕ ਮੇਮਣਾ ਲੈ ਕੇ ਪੱਥਰ ਉੱਤੇ ਯਹੋਵਾਹ ਦੇ ਅੱਗੇ ਚੜ੍ਹਾਇਆ, ਤਦ ਉਸ ਦੂਤ ਨੇ ਮਾਨੋਆਹ ਅਤੇ ਉਸ ਦੀ ਪਤਨੀ ਦੇ ਵੇਖਦਿਆਂ ਇੱਕ ਅਚਰਜ ਕੰਮ ਕੀਤਾ ।20ਅਜਿਹਾ ਹੋਇਆ ਕਿ ਜਦ ਜਗਵੇਦੀ ਦੇ ਉੱਤੋਂ ਅਕਾਸ਼ ਦੀ ਵੱਲ ਲਾਟ ਉੱਠੀ ਤਾਂ ਯਹੋਵਾਹ ਦਾ ਦੂਤ ਜਗਵੇਦੀ ਦੀ ਲਾਟ ਦੇ ਵਿਚਕਾਰ ਮਾਨੋਆਹ ਅਤੇ ਉਸ ਦੀ ਪਤਨੀ ਦੇ ਵੇਖਦਿਆਂ ਅਕਾਸ਼ ਨੂੰ ਚਲਿਆ ਗਿਆ, ਤਦ ਉਹ ਦੋਵੇਂ ਮੂੰਹ ਦੇ ਭਾਰ ਧਰਤੀ ਉੱਤੇ ਡਿੱਗ ਪਏ ।
21ਅਤੇ ਯਹੋਵਾਹ ਦਾ ਦੂਤ ਮਾਨੋਆਹ ਅਤੇ ਉਸ ਦੀ ਪਤਨੀ ਨੂੰ ਫਿਰ ਵਿਖਾਈ ਨਾ ਦਿੱਤਾ । ਤਦ ਮਾਨੋਆਹ ਨੇ ਜਾਣ ਲਿਆ ਕਿ ਉਹ ਯਹੋਵਾਹ ਦਾ ਦੂਤ ਸੀ ।22ਤਦ ਮਾਨੋਆਹ ਨੇ ਆਪਣੀ ਪਤਨੀ ਨੂੰ ਕਿਹਾ, "ਹੁਣ ਅਸੀਂ ਜ਼ਰੂਰ ਮਰ ਜਾਂਵਾਂਗੇ, ਕਿਉਂ ਜੋ ਅਸੀਂ ਪਰਮੇਸ਼ੁਰ ਨੂੰ ਵੇਖਿਆ ਹੈ !"
23ਉਸ ਦੀ ਪਤਨੀ ਨੇ ਉਸ ਨੂੰ ਕਿਹਾ, "ਜੇ ਯਹੋਵਾਹ ਨੇ ਸਾਨੂੰ ਮਾਰਨਾ ਹੁੰਦਾ ਤਾਂ ਸਾਡੇ ਹੱਥੋਂ ਹੋਮ ਦੀ ਬਲੀ ਅਤੇ ਮੈਦੇ ਦੀ ਭੇਟ ਸਵੀਕਾਰ ਨਾ ਕਰਦਾ, ਅਤੇ ਨਾ ਹੀ ਸਾਨੂੰ ਇਹ ਸਾਰੀਆਂ ਗੱਲਾਂ ਵਿਖਾਉਂਦਾ ਅਤੇ ਨਾ ਹੀ ਸਾਨੂੰ ਇਸ ਵੇਲੇ ਇਹੋ ਜਿਹੀਆਂ ਗੱਲਾਂ ਦੱਸਦਾ ।"

24ਫਿਰ ਉਸ ਇਸਤਰੀ ਨੇ ਇੱਕ ਪੁੱਤਰ ਨੂੰ ਜਣਿਆ ਅਤੇ ਉਸ ਦਾ ਨਾਮ ਸਮਸੂਨ ਰੱਖਿਆ, ਅਤੇ ਉਹ ਮੁੰਡਾ ਵੱਧਦਾ ਗਿਆ ਅਤੇ ਯਹੋਵਾਹ ਨੇ ਉਸ ਨੂੰ ਅਸੀਸ ਦਿੱਤੀ ।25ਅਤੇ ਯਹੋਵਾਹ ਦਾ ਆਤਮਾ ਮਹਨੇਹ-ਦਾਨ ਵਿੱਚ ਸਾਰਾਹ ਅਤੇ ਅਸ਼ਤਾਓਲ ਦੇ ਵਿਚਕਾਰ ਉਸ ਨੂੰ ਉਭਾਰਣ ਲੱਗਾ ।

14
ਸਮਸੂਨ ਅਤੇ ਤਿਮਨਾਥ ਨਗਰ ਦੀ ਇਸਤਰੀ

1ਸਮਸੂਨ ਤਿਮਨਾਥ ਵੱਲ ਗਿਆ ਅਤੇ ਤਿਮਨਾਥ ਵਿੱਚ ਫ਼ਲਿਸਤੀਆਂ ਦੀਆਂ ਧੀਆਂ ਵਿੱਚੋਂ ਉਸ ਨੇ ਇੱਕ ਜੁਆਨ ਇਸਤਰੀ ਨੂੰ ਵੇਖਿਆ ।2ਤਦ ਉਸ ਨੇ ਵਾਪਿਸ ਜਾ ਕੇ ਆਪਣੇ ਮਾਤਾ-ਪਿਤਾ ਨੂੰ ਦੱਸਿਆ, "ਤਿਮਨਾਥ ਵਿੱਚ ਫ਼ਲਿਸਤੀਆਂ ਦੀਆਂ ਧੀਆਂ ਵਿੱਚੋਂ ਮੈਂ ਇੱਕ ਇਸਤਰੀ ਨੂੰ ਵੇਖਿਆ ਹੈ, ਹੁਣ ਤੁਸੀਂ ਉਸ ਨਾਲ ਮੇਰਾ ਵਿਆਹ ਕਰਾ ਦਿਉ ।"

3ਤਦ ਉਸ ਦੇ ਮਾਤਾ-ਪਿਤਾ ਨੇ ਉਸ ਨੂੰ ਕਿਹਾ, "ਭਲਾ, ਤੇਰੇ ਰਿਸ਼ਤੇਦਾਰਾਂ ਦੀਆਂ ਧੀਆਂ ਵਿੱਚ ਅਤੇ ਸਾਡੇ ਸਾਰੇ ਲੋਕਾਂ ਵਿੱਚ ਕੋਈ ਇਸਤਰੀ ਨਹੀਂ ਹੈ, ਜੋ ਤੂੰ ਅਸੁੰਨਤੀ ਫ਼ਲਿਸਤੀਆਂ ਦੀ ਇਸਤਰੀ ਨਾਲ ਵਿਆਹ ਕਰਾਉਣ ਚਾਹੁੰਦਾ ਹੈਂ ? " ਸਮਸੂਨ ਨੇ ਆਪਣੇ ਪਿਤਾ ਨੂੰ ਕਿਹਾ, "ਮੇਰਾ ਵਿਆਹ ਉਸੇ ਨਾਲ ਹੀ ਕਰਾ ਦਿਉ, ਕਿਉਂ ਜੋ ਉਹ ਮੈਨੂੰ ਚੰਗੀ ਲੱਗਦੀ ਹੈ ।"4ਪਰ ਉਸ ਦੇ ਮਾਤਾ-ਪਿਤਾ ਨਾ ਸਮਝ ਸਕੇ ਕਿ ਇਹ ਗੱਲ ਯਹੋਵਾਹ ਦੇ ਵੱਲੋਂ ਸੀ, ਜੋ ਫ਼ਲਿਸਤੀਆਂ ਨਾਲ ਲੜਾਈ ਕਰਨ ਦਾ ਇੱਕ ਬਹਾਨਾ ਲੱਭਦਾ ਸੀ । ਉਸ ਸਮੇਂ ਫ਼ਲਿਸਤੀ ਇਸਰਾਏਲ ਉੱਤੇ ਰਾਜ ਕਰਦੇ ਸਨ ।

5ਤਦ ਸਮਸੂਨ ਆਪਣੇ ਮਾਤਾ-ਪਿਤਾ ਨੂੰ ਨਾਲ ਲੈ ਕੇ ਤਿਮਨਾਥ ਵੱਲ ਗਿਆ ਅਤੇ ਜਦ ਤਿਮਨਾਥ ਦੇ ਦਾਖਾਂ ਦੇ ਬਾਗ਼ਾਂ ਵਿੱਚ ਪਹੁੰਚਿਆ ਤਾਂ ਵੇਖੋ, ਇੱਕ ਜੁਆਨ ਬਬਰ ਸ਼ੇਰ ਉਸ ਦੇ ਸਾਹਮਣੇ ਆ ਕੇ ਗੱਜਿਆ ।6ਤਾਂ ਯਹੋਵਾਹ ਦਾ ਆਤਮਾ ਸਮਸੂਨ ਉੱਤੇ ਜ਼ੋਰ ਨਾਲ ਆਇਆ ਅਤੇ ਭਾਵੇਂ ਉਸ ਦੇ ਹੱਥ ਵਿੱਚ ਕੁਝ ਵੀ ਨਹੀਂ ਸੀ, ਤਾਂ ਵੀ ਉਸ ਨੇ ਸ਼ੇਰ ਨੂੰ ਇਸ ਤਰ੍ਹਾਂ ਪਾੜ ਦਿੱਤਾ ਜਿਵੇਂ ਕੋਈ ਮੇਮਣੇ ਨੂੰ ਪਾੜਦਾ ਹੈ । ਅਤੇ ਉਸਨੇ ਆਪਣਾ ਇਹ ਕੰਮ ਜੋ ਉਸ ਨੇ ਕੀਤਾ ਸੀ, ਆਪਣੇ ਪਿਤਾ ਜਾਂ ਆਪਣੀ ਮਾਤਾ ਨੂੰ ਨਾ ਦੱਸਿਆ ।
7ਫੇਰ ਉਸਨੇ ਜਾ ਕੇ ਉਸ ਇਸਤਰੀ ਨਾਲ ਗੱਲਾਂ ਕੀਤੀਆਂ ਅਤੇ ਉਹ ਸਮਸੂਨ ਨੂੰ ਚੰਗੀ ਲੱਗੀ ।

8ਕੁਝ ਦਿਨਾਂ ਬਾਅਦ ਉਹ ਉਸ ਨੂੰ ਵਿਆਹੁਣ ਲਈ ਗਿਆ ਅਤੇ ਉਸ ਬਬਰ ਸ਼ੇਰ ਦੀ ਲੋਥ ਵੇਖਣ ਲਈ ਰਾਹ ਤੋਂ ਇੱਕ ਪਾਸੇ ਨੂੰ ਮੁੜ ਗਿਆ ਅਤੇ ਵੇਖੋ, ਉੱਥੇ ਬਬਰ ਸ਼ੇਰ ਦੀ ਲੋਥ ਵਿੱਚ ਸ਼ਹਿਦ ਦੀਆਂ ਮੱਖੀਆਂ ਦਾ ਝੁੰਡ ਅਤੇ ਸ਼ਹਿਦ ਵੀ ਸੀ ।9ਤਦ ਉਸ ਨੇ ਉਸ ਵਿੱਚੋਂ ਕੁਝ ਸ਼ਹਿਦ ਲਿਆ ਅਤੇ ਉਸ ਨੂੰ ਹੱਥ ਵਿੱਚ ਫੜ੍ਹ ਕੇ ਖਾਂਦਾ-ਖਾਂਦਾ ਆਪਣੇ ਮਾਤਾ-ਪਿਤਾ ਕੋਲ ਆਇਆ ਅਤੇ ਉਨ੍ਹਾਂ ਨੂੰ ਵੀ ਕੁਝ ਦਿੱਤਾ ਅਤੇ ਉਨ੍ਹਾਂ ਨੇ ਵੀ ਖਾਧਾ ਪਰ ਉਸ ਉਨ੍ਹਾਂ ਨੂੰ ਇਹ ਨਾ ਦੱਸਿਆ ਕਿ ਮੈਂ ਇਹ ਸ਼ਹਿਦ ਬਬਰ ਸ਼ੇਰ ਦੀ ਲੋਥ ਵਿੱਚੋਂ ਕੱਢਿਆ ਹੈ ।

10ਫਿਰ ਸਮਸੂਨ ਦਾ ਪਿਤਾ ਉਸ ਇਸਤਰੀ ਦੇ ਘਰ ਗਿਆ ਅਤੇ ਉੱਥੇ ਸਮਸੂਨ ਨੇ ਦਾਵਤ ਦਿੱਤੀ ਕਿਉਂ ਜੋ ਉੱਥੇ ਜੁਆਨਾਂ ਦੀ ਇਹੋ ਰੀਤ ਸੀ ।11ਤਦ ਅਜਿਹਾ ਹੋਇਆ ਕਿ ਜਦ ਉੱਥੋਂ ਦੇ ਲੋਕਾਂ ਨੇ ਸਮਸੂਨ ਨੂੰ ਵੇਖਿਆ ਤਾਂ ਉਸ ਦੇ ਨਾਲ ਰਹਿਣ ਲਈ ਤੀਹ ਸਾਥੀਆਂ ਨੂੰ ਲਿਆਏ ।

12ਸਮਸੂਨ ਨੇ ਉਨ੍ਹਾਂ ਨੂੰ ਕਿਹਾ, "ਮੈਂ ਤੁਹਾਡੇ ਅੱਗੇ ਇੱਕ ਬੁਝਾਰਤ ਪਾਉਂਦਾ ਹਾਂ, ਜੇਕਰ ਤੁਸੀਂ ਦਾਵਤ ਦੇ ਸੱਤਾਂ ਦਿਨਾਂ ਵਿੱਚ ਉਸ ਨੂੰ ਬੁੱਝ ਲਉ ਅਤੇ ਮੈਨੂੰ ਦੱਸੋ ਤਾਂ ਮੈਂ ਤੀਹ ਕੁੜਤੇ ਅਤੇ ਤੀਹ ਜੋੜੇ ਬਸਤਰ ਤੁਹਾਨੂੰ ਦਿਆਂਗਾ,13ਅਤੇ ਜੇਕਰ ਤੁਸੀਂ ਨਾ ਦੱਸ ਸਕੋ ਤਾਂ ਤੁਹਾਨੂੰ ਤੀਹ ਕੁੜਤੇ ਅਤੇ ਤੀਹ ਜੋੜੇ ਬਸਤਰ ਮੈਨੂੰ ਦੇਣੇ ਪੈਣਗੇ ।" ਉਨ੍ਹਾਂ ਨੇ ਕਿਹਾ, "ਆਪਣੀ ਬੁਝਾਰਤ ਤਾਂ ਪਾ ਜੋ ਅਸੀਂ ਸੁਣੀਏ ।"
14ਤਾਂ ਉਸ ਨੇ ਉਨ੍ਹਾਂ ਨੂੰ ਕਿਹਾ, - "ਖਾਣ ਵਾਲੇ ਵਿੱਚੋਂ ਭੋਜਨ ਨਿੱਕਲਿਆ, ਅਤੇ ਤਕੜੇ ਵਿੱਚੋਂ ਮਿਠਾਸ" ਤਿੰਨ ਦਿਨਾਂ ਦੇ ਵਿੱਚ ਉਹ ਇਸ ਬੁਝਾਰਤ ਨੂੰ ਨਾ ਬੁੱਝ ਸਕੇ ।
15ਸੱਤਵੇਂ ਦਿਨ ਉਨ੍ਹਾਂ ਨੇ ਸਮਸੂਨ ਦੀ ਪਤਨੀ ਨੂੰ ਕਿਹਾ, "ਆਪਣੇ ਪਤੀ ਨੂੰ ਫੁਸਲਾ ਤਾਂ ਜੋ ਉਹ ਬੁਝਾਰਤ ਦਾ ਅਰਥ ਸਾਨੂੰ ਦੱਸੇ, ਨਹੀਂ ਤਾਂ ਅਸੀਂ ਤੈਨੂੰ ਅਤੇ ਤੇਰੇ ਪਿਤਾ ਦੇ ਘਰ ਨੂੰ ਅੱਗ ਨਾਲ ਸਾੜ ਦਿਆਂਗੇ । ਭਲਾ, ਤੁਸੀਂ ਇਸੇ ਵਾਸਤੇ ਸਾਨੂੰ ਸੱਦਿਆ ਸੀ ਕਿ ਜੋ ਕੁਝ ਸਾਡਾ ਹੈ ਉਹ ਤੁਸੀਂ ਆਪਣਾ ਕਰ ਲਉ ? "
16ਤਦ ਸਮਸੂਨ ਦੀ ਪਤਨੀ ਉਸ ਦੇ ਅੱਗੇ ਰੋ ਕੇ ਕਹਿਣ ਲੱਗੀ, "ਤੂੰ ਮੇਰੇ ਨਾਲ ਪਿਆਰ ਨਹੀਂ ਕਰਦਾ ਸਗੋਂ ਵੈਰ ਹੀ ਰੱਖਦਾ ਹੈਂ । ਤੂੰ ਮੇਰੇ ਲੋਕਾਂ ਦੇ ਅੱਗੇ ਇੱਕ ਬੁਝਾਰਤ ਪਾਈ ਅਤੇ ਮੈਨੂੰ ਉਸਦਾ ਅਰਥ ਦੱਸਿਆ ਵੀ ਨਹੀਂ ।" ਉਸ ਨੇ ਉੱਤਰ ਦਿੱਤਾ, "ਵੇਖ, ਮੈਂ ਆਪਣੇ ਮਾਤਾ-ਪਿਤਾ ਨੂੰ ਵੀ ਨਹੀਂ ਦੱਸੀ, ਤਾਂ ਭਲਾ, ਮੈਂ ਤੈਨੂੰ ਦੱਸਾਂ ? "17ਦਾਵਤ ਦੇ ਸੱਤਾਂ ਦਿਨਾਂ ਵਿੱਚ ਉਹ ਉਸ ਦੇ ਅੱਗੇ ਰੋਂਦੀ ਰਹੀ ਅਤੇ ਸੱਤਵੇਂ ਦਿਨ ਅਜਿਹਾ ਹੋਇਆ ਕਿ ਸਮਸੂਨ ਨੇ ਉਹ ਨੂੰ ਬੁਝਾਰਤ ਦਾ ਅਰਥ ਦੱਸ ਦਿੱਤਾ ਕਿਉਂ ਜੋ ਉਹ ਨੇ ਉਸ ਨੂੰ ਬਹੁਤ ਤੰਗ ਕੀਤਾ ਹੋਇਆ ਸੀ । ਤਦ ਉਸ ਨੇ ਜਾ ਕੇ ਆਪਣੇ ਲੋਕਾਂ ਨੂੰ ਦੱਸ ਦਿੱਤਾ ।
18ਅਤੇ ਸੱਤਵੇਂ ਦਿਨ ਸੂਰਜ ਢੱਲਣ ਤੋਂ ਪਹਿਲਾਂ ਉਸ ਸ਼ਹਿਰ ਦੇ ਲੋਕਾਂ ਨੇ ਸਮਸੂਨ ਨੂੰ ਕਿਹਾ, - "ਸ਼ਹਿਦ ਨਾਲੋਂ ਮਿੱਠਾ ਕੀ ਹੈ, ਅਤੇ ਬਬਰ ਸ਼ੇਰ ਨਾਲੋਂ ਤਕੜਾ ਕੌਣ ਹੈ ? " ਤਾਂ ਉਸ ਨੇ ਉਨ੍ਹਾਂ ਨੂੰ ਕਿਹਾ, - "ਜੇਕਰ ਤੁਸੀਂ ਮੇਰੀ ਵੱਛੀ ਨੂੰ ਹਲ ਅੱਗੇ ਨਾ ਜੋਤਦੇ, ਤਾਂ ਮੇਰੀ ਬੁਝਾਰਤ ਕਦੀ ਨਾ ਬੁੱਝਦੇ !"

19ਫੇਰ ਯਹੋਵਾਹ ਦਾ ਆਤਮਾ ਵੱਡੇ ਜ਼ੋਰ ਨਾਲ ਸਮਸੂਨ ਦੇ ਉੱਤੇ ਆਇਆ ਅਤੇ ਉਸ ਨੇ ਅਸ਼ਕਲੋਨ ਨੂੰ ਜਾ ਕੇ ਉਨ੍ਹਾਂ ਦੇ ਤੀਹ ਮਨੁੱਖ ਮਾਰੇ ਅਤੇ ਉਨ੍ਹਾਂ ਦੇ ਕੱਪੜੇ ਉਤਾਰ ਕੇ ਉਹੋ ਕੱਪੜੇ ਬੁਝਾਰਤ ਬੁੱਝਣ ਵਾਲਿਆਂ ਨੂੰ ਦੇ ਦਿੱਤੇ । ਤਦ ਉਸ ਦਾ ਕ੍ਰੋਧ ਭੜਕਿਆ ਅਤੇ ਉਹ ਆਪਣੇ ਪਿਤਾ ਦੇ ਘਰ ਨੂੰ ਵਾਪਿਸ ਚਲਾ ਗਿਆ ।20ਪਰ ਸਮਸੂਨ ਦੀ ਪਤਨੀ ਉਸ ਦੇ ਇੱਕ ਮਿੱਤਰ ਨੂੰ ਦੇ ਦਿੱਤੀ ਗਈ, ਜੋ ਵਿਆਹ ਵਿੱਚ ਉਸ ਦਾ ਸਾਥੀ ਸੀ ।

15

1ਪਰ ਕੁਝ ਦਿਨਾਂ ਬਾਅਦ, ਕਣਕ ਦੀ ਵਾਢੀ ਦੇ ਸਮੇਂ ਇਸ ਤਰ੍ਹਾਂ ਹੋਇਆ ਕਿ ਸਮਸੂਨ ਇੱਕ ਮੇਮਣਾ ਲੈ ਕੇ ਆਪਣੀ ਪਤਨੀ ਨੂੰ ਮਿਲਣ ਗਿਆ ਅਤੇ ਕਿਹਾ, "ਮੈਂ ਆਪਣੀ ਪਤਨੀ ਦੇ ਕੋਲ ਕੋਠੜੀ ਵਿੱਚ ਜਾਂਵਾਂਗਾ ।" ਪਰ ਉਸ ਦੇ ਸਹੁਰੇ ਨੇ ਉਸ ਨੂੰ ਅੰਦਰ ਨਾ ਜਾਣ ਦਿੱਤਾ ।2ਅਤੇ ਉਸ ਦੇ ਸਹੁਰੇ ਨੇ ਕਿਹਾ, "ਮੈਂ ਸੱਚ-ਮੁੱਚ ਜਾਣਦਾ ਸੀ ਕਿ ਤੂੰ ਉਸ ਦੇ ਨਾਲ ਵੈਰ ਹੀ ਰੱਖਦਾ ਹੈਂ, ਇਸ ਲਈ ਮੈਂ ਉਸਦਾ ਵਿਆਹ ਤੇਰੇ ਮਿੱਤਰ ਨਾਲ ਕਰਾ ਦਿੱਤਾ । ਭਲਾ, ਉਸ ਦੀ ਛੋਟੀ ਭੈਣ ਉਸ ਨਾਲੋਂ ਸੋਹਣੀ ਨਹੀਂ ? ਉਸ ਦੇ ਬਦਲੇ ਤੂੰ ਇਸ ਨਾਲ ਵਿਆਹ ਕਰ ਲੈ ।"

3ਸਮਸੂਨ ਨੇ ਉਨ੍ਹਾਂ ਨੂੰ ਕਿਹਾ, "ਹੁਣ ਜਦ ਮੈਂ ਫ਼ਲਿਸਤੀਆਂ ਦਾ ਨੁਕਸਾਨ ਕਰਾਂਗਾ, ਤਾਂ ਵੀ ਮੈਂ ਨਿਰਦੋਸ਼ ਹੀ ਠਹਿਰਾਂਗਾ ।"4ਤਦ ਸਮਸੂਨ ਨੇ ਜਾ ਕੇ ਤਿੰਨ ਸੌ ਲੂੰਬੜੀਆਂ ਨੂੰ ਫੜਿਆ, ਅਤੇ ਦੋ-ਦੋ ਲੂੰਬੜੀਆਂ ਦੀ ਪੂਛ ਨਾਲ ਪੂਛ ਬੰਨ੍ਹੀ ਅਤੇ ਦੋਹਾਂ ਪੂਛਾਂ ਵਿੱਚ ਇੱਕ-ਇੱਕ ਮਸ਼ਾਲ ਬੰਨ੍ਹ ਦਿੱਤੀ,
5ਅਤੇ ਮਸ਼ਾਲਾਂ ਜਲਾ ਕੇ ਲੂੰਬੜੀਆਂ ਨੂੰ ਫ਼ਲਿਸਤੀਆਂ ਦੀਆਂ ਖੜ੍ਹੀਆਂ ਫਸਲਾਂ ਵਿੱਚ ਛੱਡ ਦਿੱਤਾ, ਇਸ ਤਰ੍ਹਾਂ ਉਸ ਨੇ ਪੂਲਿਆਂ ਤੋਂ ਲੈ ਕੇ ਪੱਕੀਆਂ ਫਸਲਾਂ ਅਤੇ ਜ਼ੈਤੂਨ ਅਤੇ ਦਾਖਾਂ ਦੇ ਬਾਗ ਵੀ ਸਾੜ ਦਿੱਤੇ ।

6ਤਦ ਫ਼ਲਿਸਤੀ ਪੁੱਛਣ ਲੱਗੇ, "ਇਹ ਕਿਸ ਨੇ ਕੀਤਾ ਹੈ ? " ਲੋਕਾਂ ਨੇ ਕਿਹਾ, "ਤਿਮਨਾਥੀ ਦੇ ਜਵਾਈ ਸਮਸੂਨ ਨੇ, ਕਿਉਂਕਿ ਉਹ ਨੇ ਉਸ ਦੀ ਪਤਨੀ ਦਾ ਵਿਆਹ ਉਸ ਦੇ ਮਿੱਤਰ ਨਾਲ ਕਰ ਦਿੱਤਾ ।" ਤਦ ਫ਼ਲਿਸਤੀਆਂ ਨੇ ਜਾ ਕੇ ਉਸ ਦੀ ਪਤਨੀ ਅਤੇ ਉਸ ਦੇ ਪਿਤਾ ਨੂੰ ਅੱਗ ਨਾਲ ਸਾੜ ਦਿੱਤਾ ।

7ਸਮਸੂਨ ਨੇ ਉਨ੍ਹਾਂ ਨੂੰ ਕਿਹਾ, "ਜੇ ਤੁਸੀਂ ਅਜਿਹਾ ਕੰਮ ਕਰਦੇ ਹੋ, ਤਾਂ ਮੈਂ ਵੀ ਜ਼ਰੂਰ ਤੁਹਾਡੇ ਤੋਂ ਬਦਲਾ ਲੈ ਕੇ ਹੀ ਸ਼ਾਂਤ ਹੋਵਾਂਗਾ ।"8ਫੇਰ ਉਸ ਨੇ ਉਨ੍ਹਾਂ ਉੱਤੇ ਹਮਲਾ ਕਰਕੇ ਉਨ੍ਹਾਂ ਨੂੰ ਵੱਡੀ ਮਾਰ ਨਾਲ ਮਾਰਿਆ, ਤਦ ਉੱਥੋਂ ਜਾ ਕੇ ਏਟਾਮ ਨਾਮਕ ਚੱਟਾਨ ਦੀ ਇੱਕ ਗੁਫ਼ਾ ਵਿੱਚ ਰਹਿਣ ਲੱਗਾ ।
ਸਮਸੂਨ ਦੁਆਰਾ ਫ਼ਲਿਸਤੀਆਂ ਨੂੰ ਹਰਾਉਣਾ

9ਤਦ ਫ਼ਲਿਸਤੀਆਂ ਨੇ ਚੜ੍ਹਾਈ ਕਰ ਕੇ ਯਹੂਦਾਹ ਦੇਸ਼ ਦੇ ਵਿਚਕਾਰ ਤੰਬੂ ਲਾਏ ਅਤੇ ਲਹੀ ਵਿੱਚ ਫੈਲ ਗਏ ।10ਯਹੂਦਾਹ ਦੇ ਲੋਕਾਂ ਨੇ ਉਨ੍ਹਾਂ ਨੂੰ ਪੁੱਛਿਆ, "ਤੁਸੀਂ ਕਿਉਂ ਸਾਡੇ ਉੱਤੇ ਹਮਲਾ ਕਰਨ ਆਏ ਹੋ ? " ਉਨ੍ਹਾਂ ਨੇ ਉੱਤਰ ਦਿੱਤਾ, "ਅਸੀਂ ਸਮਸੂਨ ਨੂੰ ਬੰਨ੍ਹਣ ਲਈ ਆਏ ਹਾਂ ਤਾਂ ਜੋ ਜਿਸ ਤਰ੍ਹਾਂ ਉਸ ਨੇ ਸਾਡੇ ਨਾਲ ਕੀਤਾ, ਉਸੇ ਤਰ੍ਹਾਂ ਅਸੀਂ ਵੀ ਉਹ ਦੇ ਨਾਲ ਕਰੀਏ ।"
11ਤਦ ਤਿੰਨ ਹਜ਼ਾਰ ਯਹੂਦਾਹ ਦੇ ਪੁਰਖਾਂ ਨੇ ਏਟਾਮ ਚੱਟਾਨ ਦੀ ਗੁਫ਼ਾ ਉੱਤੇ ਜਾ ਕੇ ਸਮਸੂਨ ਨੂੰ ਕਿਹਾ, "ਕੀ ਤੂੰ ਨਹੀਂ ਜਾਣਦਾ ਕਿ ਫ਼ਲਿਸਤੀ ਸਾਡੇ ਉੱਤੇ ਰਾਜ ਕਰਦੇ ਹਨ ? ਫਿਰ ਤੂੰ ਸਾਡੇ ਨਾਲ ਅਜਿਹਾ ਕਿਉਂ ਕੀਤਾ ? " ਉਸ ਨੇ ਉਨ੍ਹਾਂ ਨੂੰ ਕਿਹਾ, "ਜਿਸ ਤਰ੍ਹਾਂ ਉਨ੍ਹਾਂ ਨੇ ਮੇਰੇ ਨਾਲ ਕੀਤਾ, ਉਸੇ ਤਰ੍ਹਾਂ ਹੀ ਮੈਂ ਵੀ ਉਨ੍ਹਾਂ ਨਾਲ ਕੀਤਾ ।"
12ਉਨ੍ਹਾਂ ਨੇ ਉਸ ਨੂੰ ਕਿਹਾ, "ਅਸੀਂ ਇਸ ਲਈ ਆਏ ਹਾਂ ਕਿ ਤੈਨੂੰ ਬੰਨ੍ਹ ਕੇ ਫ਼ਲਿਸਤੀਆਂ ਦੇ ਹੱਥ ਸੌਂਪ ਦੇਈਏ ।" ਤਦ ਸਮਸੂਨ ਨੇ ਉਨ੍ਹਾਂ ਨੂੰ ਕਿਹਾ, "ਮੇਰੇ ਨਾਲ ਸਹੁੰ ਖਾਉ ਕਿ ਤੁਸੀਂ ਆਪ ਮੇਰੇ ਉੱਤੇ ਹਮਲਾ ਨਹੀਂ ਕਰੋਗੇ ।"13ਉਨ੍ਹਾਂ ਨੇ ਉੱਤਰ ਦਿੱਤਾ, "ਨਹੀਂ ਕਰਾਂਗੇ, ਪਰ ਅਸੀਂ ਤੈਨੂੰ ਘੁੱਟ ਕੇ ਬੰਨ੍ਹਾਂਗੇ ਅਤੇ ਉਨ੍ਹਾਂ ਦੇ ਹੱਥ ਸੌਂਪ ਦਿਆਂਗੇ ਪਰ ਅਸੀਂ ਤੈਨੂੰ ਜਾਨੋਂ ਨਹੀਂ ਮਰਾਂਗੇ ।" ਫੇਰ ਉਨ੍ਹਾਂ ਨੇ ਉਸ ਨੂੰ ਦੋ ਨਵੇਂ ਰੱਸਿਆਂ ਨਾਲ ਬੰਨ੍ਹਿਆ ਅਤੇ ਪਹਾੜ ਉੱਤੋਂ ਉਤਾਰ ਲਿਆਏ ।

14ਜਦ ਉਹ ਨਿਵਾਣ ਵਿੱਚ ਪਹੁੰਚਿਆ ਤਾਂ ਫ਼ਲਿਸਤੀ ਉਸ ਨੂੰ ਵੇਖ ਕੇ ਚਿਲਾਉਂਦੇ ਹੋਏ ਉਸ ਨੂੰ ਮਿਲੇ । ਤਦ ਯਹੋਵਾਹ ਦਾ ਆਤਮਾ ਵੱਡੇ ਜ਼ੋਰ ਨਾਲ ਉਸ ਦੇ ਉੱਤੇ ਆਇਆ ਅਤੇ ਉਸ ਦੀਆਂ ਬਾਹਾਂ ਨਾਲ ਬੰਨ੍ਹੇ ਹੋਏ ਰੱਸੇ ਅੱਗ ਨਾਲ ਸੜੇ ਹੋਏ ਸਣ ਵਰਗੇ ਹੋ ਗਏ ਅਤੇ ਉਸ ਦੇ ਹੱਥਾਂ ਦੇ ਬੰਧਨ ਖੁੱਲ੍ਹ ਗਏ ।
15ਉਸ ਸਮੇਂ ਉਸ ਨੂੰ ਇੱਕ ਗਧੇ ਦੇ ਜਬਾੜੇ ਦੀ ਨਵੀਂ ਹੱਡੀ ਲੱਭੀ ਅਤੇ ਉਸ ਨੇ ਆਪਣਾ ਹੱਥ ਵਧਾ ਕੇ ਉਸ ਨੂੰ ਫੜ ਲਿਆ ਅਤੇ ਉਸ ਨਾਲ ਇੱਕ ਹਜ਼ਾਰ ਮਨੁੱਖਾਂ ਨੂੰ ਮਾਰ ਸੁੱਟਿਆ ।16ਤਦ ਸਮਸੂਨ ਨੇ ਕਿਹਾ, - "ਇੱਕ ਗਧੇ ਦੇ ਜਬਾੜੇ ਦੀ ਹੱਡੀ ਨਾਲ ਤਾਂ ਢੇਰਾਂ ਦੇ ਢੇਰ ਲੱਗ ਗਏ ! ਮੈਂ ਗਧੇ ਦੇ ਜਬਾੜੇ ਦੀ ਹੱਡੀ ਨਾਲ ਇੱਕ ਹਜ਼ਾਰ ਮਨੁੱਖ ਮਾਰ ਦਿੱਤੇ !"
17ਜਦ ਉਹ ਇਹ ਗੱਲ ਆਖ ਚੁੱਕਿਆ, ਤਾਂ ਉਸ ਨੇ ਜਬਾੜੇ ਦੀ ਹੱਡੀ ਆਪਣੇ ਹੱਥੋਂ ਸੁੱਟ ਦਿੱਤੀ ਅਤੇ ਉਸ ਥਾਂ ਦਾ ਨਾਮ ਰਾਮਥ-ਲਹੀ ਰੱਖਿਆ ।

18ਫਿਰ ਉਸ ਨੂੰ ਬਹੁਤ ਪਿਆਸ ਲੱਗੀ ਅਤੇ ਉਸ ਨੇ ਯਹੋਵਾਹ ਦੇ ਅੱਗੇ ਬੇਨਤੀ ਕਰ ਕੇ ਕਿਹਾ, "ਤੂੰ ਆਪਣੇ ਸੇਵਕ ਦੇ ਹੱਥ ਤੋਂ ਇੱਕ ਵੱਡਾ ਛੁਟਕਾਰਾ ਦਿੱਤਾ ਹੈ, ਹੁਣ ਭਲਾ, ਮੈਂ ਪਿਆਸ ਨਾਲ ਮਰ ਕੇ ਉਨ੍ਹਾਂ ਅਸੁੰਨਤੀਆਂ ਦੇ ਹੱਥਾਂ ਵਿੱਚ ਪਵਾਂ ? "
19ਤਦ ਪਰਮੇਸ਼ੁਰ ਨੇ ਲਹੀ ਵਿੱਚ ਇੱਕ ਟੋਆ ਬਣਾ ਦਿੱਤਾ ਅਤੇ ਉੱਥੋਂ ਪਾਣੀ ਨਿੱਕਲਣ ਲੱਗਿਆ, ਜਦ ਸਮਸੂਨ ਨੇ ਪੀਤਾ ਤਾਂ ਉਸ ਦੀ ਜਾਨ ਵਿੱਚ ਜਾਨ ਆਈ । ਇਸ ਲਈ ਉਸ ਥਾਂ ਦਾ ਨਾਮ ਏਨਹੱਕੋਰੇ ਰੱਖਿਆ ਗਿਆ, ਅਤੇ ਉਹ ਅੱਜ ਦੇ ਦਿਨ ਤੱਕ ਲਹੀ ਵਿੱਚ ਹੈ ।20ਸਮਸੂਨ ਨੇ ਫ਼ਲਿਸਤੀਆਂ ਦੇ ਸਮੇਂ ਵਿੱਚ ਵੀਹ ਸਾਲ ਤੱਕ ਇਸਰਾਏਲੀਆਂ ਦਾ ਨਿਆਂ ਕੀਤਾ ।

16
ਅੱਜ਼ਾਹ ਨਗਰ ਵਿੱਚ ਸਮਸੂਨ

1ਫੇਰ ਸਮਸੂਨ ਅੱਜ਼ਾਹ ਨੂੰ ਗਿਆ ਅਤੇ ਉੱਥੇ ਇੱਕ ਵੇਸਵਾ ਨੂੰ ਵੇਖ ਕੇ ਉਸ ਦੇ ਕੋਲ ਅੰਦਰ ਗਿਆ ।2ਜਦ ਅੱਜ਼ਾਹ ਦੇ ਲੋਕਾਂ ਨੂੰ ਖ਼ਬਰ ਮਿਲੀ ਕਿ ਸਮਸੂਨ ਇੱਥੇ ਆਇਆ ਹੈ ਤਾਂ ਉਨ੍ਹਾਂ ਨੇ ਉਸ ਨੂੰ ਘੇਰ ਲਿਆ, ਅਤੇ ਸਾਰੀ ਰਾਤ ਸ਼ਹਿਰ ਦੇ ਫਾਟਕ ਉੱਤੇ ਉਸ ਦੀ ਘਾਤ ਵਿੱਚ ਬੈਠੇ ਰਹੇ । ਉਹ ਸਾਰੀ ਰਾਤ ਇਹ ਕਹਿ ਕੇ ਚੁੱਪ-ਚਾਪ ਰਹੇ ਕਿ ਸਵੇਰ ਹੁੰਦੇ ਹੀ ਅਸੀਂ ਉਸ ਨੂੰ ਮਾਰ ਦਿਆਂਗੇ ।

3ਪਰ ਸਮਸੂਨ ਅੱਧੀ ਰਾਤ ਤੱਕ ਪਿਆ ਰਿਹਾ ਅਤੇ ਅੱਧੀ ਰਾਤ ਨੂੰ ਉੱਠ ਕੇ ਸ਼ਹਿਰ ਦੇ ਫਾਟਕ ਦੇ ਦੋਹਾਂ ਪੱਲਿਆਂ ਨੂੰ ਕਬਜ਼ਿਆਂ ਸਮੇਤ ਪੁੱਟ ਲਿਆ ਅਤੇ ਉਨ੍ਹਾਂ ਨੂੰ ਆਪਣੇ ਮੋਢਿਆਂ ਉੱਤੇ ਚੁੱਕ ਕੇ ਉਸ ਪਹਾੜ ਦੀ ਚੋਟੀ ਉੱਤੇ ਲੈ ਗਿਆ ਜੋ ਹਬਰੋਨ ਦੇ ਸਾਹਮਣੇ ਹੈ !
ਸਮਸੂਨ ਅਤੇ ਦਲੀਲਾਹ

4ਕੁਝ ਸਮੇਂ ਬਾਅਦ ਅਜਿਹਾ ਹੋਇਆ ਕਿ ਉਹ ਸੋਰੇਕ ਦੀ ਘਾਟੀ ਵਿੱਚ ਰਹਿਣ ਵਾਲੀ ਇੱਕ ਇਸਤਰੀ ਨਾਲ ਪਿਆਰ ਕਰਨ ਲੱਗਾ ਜਿਸ ਦਾ ਨਾਮ ਦਲੀਲਾਹ ਸੀ ।5ਫ਼ਲਿਸਤੀਆਂ ਦੇ ਸਰਦਾਰਾਂ ਨੇ ਉਸ ਇਸਤਰੀ ਦੇ ਕੋਲ ਜਾ ਕੇ ਕਿਹਾ, "ਤੂੰ ਉਸ ਨੂੰ ਫੁਸਲਾ ਕੇ ਪਤਾ ਕਰ ਕਿ ਉਸ ਦੀ ਵੱਡੀ ਸ਼ਕਤੀ ਦਾ ਕੀ ਭੇਤ ਹੈ ਅਤੇ ਅਸੀਂ ਉਸ ਨੂੰ ਕਿਸ ਤਰ੍ਹਾਂ ਵੱਸ ਵਿੱਚ ਕਰੀਏ ਕਿ ਉਸ ਨੂੰ ਬੰਨ੍ਹ ਕੇ ਅਧੀਨ ਕਰ ਲਈਏ, ਤਾਂ ਸਾਡੇ ਸਾਰਿਆਂ ਵਿੱਚੋਂ ਹਰ ਇੱਕ ਵਿਅਕਤੀ ਤੈਨੂੰ ਗਿਆਰਾਂ-ਗਿਆਰਾਂ ਸੌ ਚਾਂਦੀ ਦੇ ਸਿੱਕੇ ਦੇਵੇਗਾ ।"

6ਤਦ ਦਲੀਲਾਹ ਨੇ ਸਮਸੂਨ ਨੂੰ ਕਿਹਾ, "ਮੈਨੂੰ ਇਹ ਦੱਸ ਕਿ ਤੇਰੀ ਇਸ ਵੱਡੀ ਸ਼ਕਤੀ ਦਾ ਕੀ ਭੇਤ ਹੈ, ਅਤੇ ਤੈਨੂੰ ਕੋਈ ਕਿਸ ਤਰ੍ਹਾਂ ਬੰਨ੍ਹੇ ਕਿ ਤੈਨੂੰ ਅਧੀਨ ਕਰ ਲਵੇ ? "7ਸਮਸੂਨ ਨੇ ਉਸ ਨੂੰ ਕਿਹਾ, "ਜੇਕਰ ਕੋਈ ਮੈਨੂੰ ਸੱਤ ਹਰੀਆਂ ਛੰਮਕਾਂ ਨਾਲ ਬੰਨ੍ਹੇ ਜੋ ਸੁੱਕੀਆਂ ਨਾ ਹੋਣ, ਤਾਂ ਮੇਰਾ ਬਲ ਘੱਟ ਜਾਵੇਗਾ ਅਤੇ ਮੈਂ ਸਧਾਰਨ ਮਨੁੱਖਾਂ ਵਰਗਾ ਹੀ ਹੋ ਜਾਂਵਾਂਗਾ ।"
8ਤਦ ਫ਼ਲਿਸਤੀਆਂ ਦੇ ਸਰਦਾਰ ਸੱਤ ਹਰੀਆਂ ਛੰਮਕਾਂ ਜੋ ਅਜੇ ਸੁੱਕੀਆਂ ਨਹੀਂ ਸਨ, ਉਸ ਇਸਤਰੀ ਕੋਲ ਲੈ ਆਏ ਅਤੇ ਉਸ ਨੇ ਉਨ੍ਹਾਂ ਨਾਲ ਸਮਸੂਨ ਨੂੰ ਬੰਨ੍ਹਿਆ ।9ਉਸ ਦੇ ਕੋਲ ਕੁਝ ਮਨੁੱਖ ਕੋਠੜੀ ਦੇ ਅੰਦਰ ਘਾਤ ਲਾ ਕੇ ਬੈਠੇ ਸਨ । ਤਦ ਦਲੀਲਾਹ ਨੇ ਉਸ ਨੂੰ ਕਿਹਾ, "ਹੇ ਸਮਸੂਨ, ਫ਼ਲਿਸਤੀ ਤੇਰੇ ਉੱਤੇ ਚੜ੍ਹ ਆਏ ਹਨ !" ਤਾਂ ਉਸ ਨੇ ਛੰਮਕਾਂ ਨੂੰ ਇਸ ਤਰ੍ਹਾਂ ਤੋੜ ਦਿੱਤਾ ਜਿਵੇਂ ਸਣ ਦੀ ਲੱਟ ਅੱਗ ਨਾਲ ਸੜ ਜਾਂਦੀ ਹੈ, ਅਤੇ ਉਸ ਦੀ ਸ਼ਕਤੀ ਦਾ ਪਤਾ ਨਾ ਲੱਗਾ ।
10ਤਦ ਦਲੀਲਾਹ ਨੇ ਸਮਸੂਨ ਨੂੰ ਕਿਹਾ, "ਵੇਖ ਤੂੰ ਮੇਰੇ ਨਾਲ ਮਖੌਲ ਕੀਤਾ ਅਤੇ ਮੈਨੂੰ ਝੂਠ ਆਖਿਆ, ਹੁਣ ਮੈਨੂੰ ਦੱਸ ਕਿ ਤੂੰ ਕਿਸ ਤਰ੍ਹਾਂ ਬੰਨ੍ਹਿਆ ਜਾ ਸਕਦਾ ਹੈਂ ।"11ਉਸ ਨੇ ਉਹ ਨੂੰ ਕਿਹਾ, "ਜੇਕਰ ਮੈਨੂੰ ਨਵੀਆਂ ਰੱਸੀਆਂ ਨਾਲ ਜੋ ਕਦੀ ਵਰਤੀਆਂ ਨਾ ਗਈਆਂ ਹੋਣ, ਘੁੱਟ ਕੇ ਬੰਨ੍ਹਿਆ ਜਾਵੇ ਤਾਂ ਮੈਂ ਨਿਰਬਲ ਹੋ ਜਾਂਵਾਂਗਾ ਅਤੇ ਸਧਾਰਨ ਮਨੁੱਖ ਵਰਗਾ ਹੋ ਜਾਂਵਾਂਗਾ ।"12ਤਦ ਦਲੀਲਾਹ ਨਵੀਆਂ ਰੱਸੀਆਂ ਲਿਆਈ ਅਤੇ ਉਨ੍ਹਾਂ ਨਾਲ ਉਸ ਨੂੰ ਬੰਨ੍ਹ ਕੇ ਕਿਹਾ, "ਹੇ ਸਮਸੂਨ, ਫ਼ਲਿਸਤੀ ਤੇਰੇ ਉੱਤੇ ਚੜ੍ਹ ਆਏ !" ਅਤੇ ਘਾਤ ਲਾਉਣ ਵਾਲੇ ਉਸ ਕੋਠੜੀ ਵਿੱਚ ਲੁਕੇ ਹੋਏ ਸਨ । ਤਦ ਉਸ ਨੇ ਆਪਣੀਆਂ ਬਾਹਾਂ ਉੱਤੋਂ ਰੱਸੀਆਂ ਨੂੰ ਧਾਗੇ ਵਾਂਗ ਤੋੜ ਸੁੱਟਿਆ ।
13ਫਿਰ ਦਲੀਲਾਹ ਨੇ ਸਮਸੂਨ ਨੂੰ ਕਿਹਾ, "ਇਸ ਵਾਰ ਵੀ ਤੂੰ ਮੇਰੇ ਨਾਲ ਮਖੌਲ ਹੀ ਕੀਤਾ ਅਤੇ ਝੂਠ ਬੋਲਿਆ ਹੈ, ਪਰ ਮੈਨੂੰ ਦੱਸ ਕਿ ਤੈਨੂੰ ਕਿਸ ਤਰ੍ਹਾਂ ਬੰਨ੍ਹਿਆ ਜਾ ਸਕਦਾ ਹੈ ? " ਉਸ ਨੇ ਉਹ ਨੂੰ ਕਿਹਾ, "ਜੇ ਤੂੰ ਮੇਰੇ ਸਿਰ ਦੀਆਂ ਸੱਤੇ ਲਟਾਂ ਤਾਣੇ ਦੇ ਵਿੱਚ ਬੁਣ ਦੇਵੇਂ ਤਾਂ ਮੈਂ ਬੰਨ੍ਹਿਆ ਜਾਂਵਾਂਗਾ ।"14ਤਦ ਉਸ ਨੇ ਉਹ ਨੂੰ ਕਿੱਲੀ ਨਾਲ ਕੱਸ ਕੇ ਕਿਹਾ, "ਹੇ ਸਮਸੂਨ, ਫ਼ਲਿਸਤੀ ਤੇਰੇ ਉੱਤੇ ਚੜ੍ਹ ਆਏ ਹਨ !" ਤਾਂ ਉਸ ਨੇ ਨੀਂਦ ਤੋਂ ਜਾਗ ਕੇ ਕਿੱਲੀ ਨੂੰ ਤਾਣੇ ਸਮੇਤ ਪੁੱਟ ਲਿਆ ।

15ਤਦ ਦਲੀਲਾਹ ਨੇ ਉਸ ਨੂੰ ਕਿਹਾ, "ਤੇਰਾ ਮਨ ਤਾਂ ਮੇਰੇ ਨਾਲ ਨਹੀਂ ਲੱਗਾ, ਫਿਰ ਤੂੰ ਕਿਉਂ ਕਹਿੰਦਾ ਹੈਂ ਕਿ ਤੂੰ ਮੈਨੂੰ ਪਿਆਰ ਕਰਦਾ ਹੈਂ ? ਤੂੰ ਤਿੰਨੇ ਵਾਰੀ ਮੇਰੇ ਨਾਲ ਮਖੌਲ ਕੀਤਾ ਅਤੇ ਮੈਨੂੰ ਨਹੀਂ ਦੱਸਿਆ ਕਿ ਤੇਰੀ ਵੱਡੀ ਸ਼ਕਤੀ ਦਾ ਕੀ ਭੇਤ ਹੈ ।"16ਅਤੇ ਅਜਿਹਾ ਹੋਇਆ ਕਿ ਜਦ ਉਸ ਨੇ ਦਿਨੋਂ ਦਿਨ ਗੱਲਾਂ ਨਾਲ ਉਸ ਨੂੰ ਬਹੁਤ ਤੰਗ ਕੀਤਾ ਅਤੇ ਵੱਡਾ ਹਠ ਬੰਨ੍ਹਿਆ, ਇੱਥੋਂ ਤੱਕ ਕਿ ਉਸ ਦੇ ਪ੍ਰਾਣ ਮੌਤ ਮੰਗਦੇ ਸਨ ।
17ਤਦ ਉਸ ਨੇ ਆਪਣੇ ਮਨ ਦਾ ਸਾਰਾ ਭੇਤ ਉਸ ਨੂੰ ਦੱਸ ਦਿੱਤਾ ਅਤੇ ਅਤੇ ਕਿਹਾ, "ਮੇਰੇ ਸਿਰ ਉੱਤੇ ਉਸਤਰਾ ਕਦੇ ਨਹੀਂ ਫਿਰਿਆ, ਕਿਉਂਕਿ ਮੈਂ ਆਪਣੀ ਮਾਂ ਦੇ ਢਿੱਡ ਤੋਂ ਹੀ ਪਰਮੇਸ਼ੁਰ ਦਾ ਨਜ਼ੀਰ ਹਾਂ । ਜੇਕਰ ਕਦੇ ਮੇਰਾ ਸਿਰ ਮੁਨਿਆ ਜਾਵੇ ਤਾਂ ਮੇਰਾ ਜ਼ੋਰ ਘਟ ਜਾਵੇਗਾ ਅਤੇ ਮੈਂ ਨਿਰਬਲ ਹੋ ਜਾਂਵਾਂਗਾ ਅਤੇ ਸਧਾਰਨ ਮਨੁੱਖਾਂ ਵਰਗਾ ਹੋ ਜਾਂਵਾਂਗਾ ।"
18ਜਦ ਦਲੀਲਾਹ ਨੇ ਵੇਖਿਆ ਕਿ ਉਸ ਨੇ ਆਪਣੇ ਮਨ ਦਾ ਸਾਰਾ ਭੇਤ ਖੋਲ੍ਹ ਦਿੱਤਾ ਹੈ ਤਾਂ ਉਸ ਨੇ ਫ਼ਲਿਸਤੀਆਂ ਦੇ ਸਰਦਾਰਾਂ ਨੂੰ ਸੰਦੇਸ਼ਾ ਭੇਜਿਆ, "ਇਸ ਵਾਰੀ ਚੜ੍ਹ ਆਓ ਕਿਉਂਕਿ ਜੋ ਕੁਝ ਉਸ ਦੇ ਮਨ ਵਿੱਚ ਸੀ, ਉਹ ਸਭ ਉਸ ਨੇ ਮੇਰੇ ਅੱਗੇ ਪ੍ਰਗਟ ਕੀਤਾ ਹੈ ।" ਤਦ ਫ਼ਲਿਸਤੀਆਂ ਦੇ ਸਰਦਾਰ ਆਪਣੇ ਹੱਥ ਵਿੱਚ ਧਨ ਲੈ ਕੇ ਉਸ ਦੇ ਕੋਲ ਆਏ ।19ਤਦ ਉਸ ਨੇ ਉਹ ਨੂੰ ਆਪਣੇ ਗੋਡਿਆਂ ਉੱਤੇ ਸੁਲਾ ਲਿਆ ਅਤੇ ਇੱਕ ਮਨੁੱਖ ਨੂੰ ਸੱਦ ਕੇ ਉਸ ਦੇ ਸਿਰ ਦੀਆਂ ਸੱਤੇ ਲਟਾਂ ਮੁਨਾ ਸੁੱਟੀਆਂ । ਫਿਰ ਉਹ ਉਸ ਨੂੰ ਛੇੜਣ ਲੱਗੀ ਅਤੇ ਉਸ ਦਾ ਜ਼ੋਰ ਉਸ ਕੋਲੋਂ ਜਾਂਦਾ ਰਿਹਾ ।
20ਤਾਂ ਉਸਨੇ ਕਿਹਾ, "ਹੇ ਸਮਸੂਨ, ਫ਼ਲਿਸਤੀ ਤੇਰੇ ਉੱਤੇ ਚੜ੍ਹ ਆਏ ਹਨ !" ਉਹ ਨੀਂਦ ਤੋਂ ਜਾਗਿਆ ਅਤੇ ਸੋਚਣ ਲੱਗਾ, "ਮੈਂ ਪਹਿਲਾਂ ਵਾਂਗ ਬਾਹਰ ਨਿੱਕਲ ਕੇ ਆਪਣੇ ਆਪ ਨੂੰ ਹਿਲਾ ਕੇ ਖੋਲ੍ਹ ਲਵਾਂਗਾ ।" ਪਰ ਉਹ ਨਹੀਂ ਜਾਣਦਾ ਸੀ ਕਿ ਯਹੋਵਾਹ ਉਸ ਤੋਂ ਅਲੱਗ ਹੋ ਗਿਆ ਹੈ ।

21ਤਦ ਫ਼ਲਿਸਤੀਆਂ ਨੇ ਉਸ ਨੂੰ ਫੜਿਆ ਅਤੇ ਉਸ ਦੀਆਂ ਅੱਖਾਂ ਕੱਢ ਦਿੱਤੀਆਂ, ਅਤੇ ਉਸ ਨੂੰ ਅੱਜ਼ਾਹ ਵਿੱਚ ਲੈ ਗਏ ਅਤੇ ਪਿੱਤਲ ਦੀਆਂ ਬੇੜੀਆਂ ਨਾਲ ਉਸ ਨੂੰ ਬੰਨ੍ਹ ਦਿੱਤਾ ਅਤੇ ਉਹ ਕੈਦਖਾਨੇ ਵਿੱਚ ਚੱਕੀ ਪੀਸਦਾ ਹੁੰਦਾ ਸੀ ।22ਪਰ ਉਸ ਦਾ ਸਿਰ ਮੁੰਨਣ ਦੇ ਪਿੱਛੋਂ ਉਸ ਦੇ ਵਾਲ ਫਿਰ ਵੱਧਣ ਲੱਗੇ ।
ਸਮਸੂਨ ਦੀ ਮੌਤ

23ਤਦ ਫ਼ਲਿਸਤੀਆਂ ਦੇ ਸਰਦਾਰ ਇਕੱਠੇ ਹੋਏ ਤਾਂ ਜੋ ਆਪਣੇ ਦੇਵਤੇ ਦਾਗੋਨ ਦੇ ਅੱਗੇ ਵੱਡੀਆਂ ਭੇਟਾਂ ਚੜ੍ਹਾਉਣ ਅਤੇ ਅਨੰਦ ਕਰਨ ਕਿਉਂ ਜੋ ਉਹ ਕਹਿੰਦੇ ਸਨ ਕਿ ਸਾਡੇ ਦੇਵਤੇ ਨੇ ਸਾਡੇ ਵੈਰੀ ਸਮਸੂਨ ਨੂੰ ਸਾਡੇ ਹੱਥ ਵਿੱਚ ਸੌਂਪ ਦਿੱਤਾ ਹੈ ।24ਜਦ ਲੋਕਾਂ ਨੇ ਉਸ ਨੂੰ ਵੇਖਿਆ ਤਾਂ ਇਹ ਕਹਿ ਕੇ ਆਪਣੇ ਦੇਵਤੇ ਦੀ ਉਸਤਤ ਕਰਨ ਲੱਗੇ, "ਸਾਡੇ ਦੇਵਤੇ ਨੇ ਸਾਡੇ ਵੈਰੀ ਨੂੰ ਜਿਸ ਨੇ ਸਾਡਾ ਦੇਸ਼ ਉਜਾੜ ਦਿੱਤਾ ਸੀ ਅਤੇ ਸਾਡੇ ਵਿੱਚੋਂ ਬਹੁਤ ਸਾਰਿਆਂ ਨੂੰ ਮਾਰ ਵੀ ਦਿੱਤਾ ਸੀ, ਸਾਡੇ ਹੱਥ ਵਿੱਚ ਸੌਂਪ ਦਿੱਤਾ ਹੈ ।"
25ਤਦ ਅਜਿਹਾ ਹੋਇਆ ਕਿ ਜਦ ਉਹ ਅਨੰਦ ਕਰ ਰਹੇ ਸਨ, ਤਾਂ ਉਨ੍ਹਾਂ ਨੇ ਕਿਹਾ, "ਸਮਸੂਨ ਨੂੰ ਬੁਲਾਓ ਜੋ ਸਾਡੇ ਅੱਗੇ ਤਮਾਸ਼ਾ ਕਰੇ, ਇਸ ਲਈ ਉਨ੍ਹਾਂ ਨੇ ਸਮਸੂਨ ਨੂੰ ਕੈਦਖਾਨੇ ਵਿੱਚੋਂ ਬੁਲਵਾਇਆ ਅਤੇ ਉਹ ਉਨ੍ਹਾਂ ਦੇ ਅੱਗੇ ਤਮਾਸ਼ਾ ਕਰਨ ਲੱਗਾ, ਅਤੇ ਉਨ੍ਹਾਂ ਨੇ ਦੋ ਥੰਮ੍ਹਾਂ ਦੇ ਵਿਚਕਾਰ ਉਸ ਨੂੰ ਖੜ੍ਹਾ ਕਰ ਦਿੱਤਾ ।26ਤਦ ਸਮਸੂਨ ਨੇ ਉਸ ਮੁੰਡੇ ਨੂੰ ਜਿਸ ਨੇ ਉਹ ਦਾ ਹੱਥ ਫੜਿਆ ਹੋਇਆ ਸੀ ਕਿਹਾ, "ਮੈਨੂੰ ਉਨ੍ਹਾਂ ਥੰਮ੍ਹਾਂ ਉੱਤੇ ਜਿਨ੍ਹਾਂ ਉੱਤੇ ਇਹ ਘਰ ਟਿਕਿਆ ਹੋਇਆ ਹੈ, ਹੱਥ ਪਾ ਲੈਣ ਦੇ ਤਾਂ ਜੋ ਮੈਂ ਸਹਾਰਾ ਲਵਾਂ ।"
27ਉਹ ਘਰ ਪੁਰਸ਼ਾਂ ਅਤੇ ਇਸਤਰੀਆਂ ਨਾਲ ਭਰਿਆ ਹੋਇਆ ਸੀ, ਅਤੇ ਫ਼ਲਿਸਤੀਆਂ ਦੇ ਸਾਰੇ ਸਰਦਾਰ ਵੀ ਉੱਥੇ ਸਨ ਅਤੇ ਲਗਭਗ ਤਿੰਨ ਹਜ਼ਾਰ ਇਸਤਰੀਆਂ ਅਤੇ ਪੁਰਖ ਛੱਤ ਉੱਤੇ ਸਨ, ਜਿਹੜੇ ਸਮਸੂਨ ਨੂੰ ਤਮਾਸ਼ਾ ਕਰਦੇ ਹੋਏ ਵੇਖ ਰਹੇ ਸਨ ।

28ਤਦ ਸਮਸੂਨ ਨੇ ਯਹੋਵਾਹ ਦੇ ਅੱਗੇ ਬੇਨਤੀ ਕਰ ਕੇ ਕਿਹਾ, "ਹੇ ਪ੍ਰਭੂ ਯਹੋਵਾਹ, ਮੈਂ ਤੇਰੀ ਦੁਹਾਈ ਦਿੰਦਾ ਹਾਂ ਕਿ ਮੈਨੂੰ ਯਾਦ ਕਰ, ਹੇ ਪਰਮੇਸ਼ੁਰ ਇੱਕ ਵਾਰੀ ਹੋਰ ਮੈਨੂੰ ਸ਼ਕਤੀ ਦੇ ਤਾਂ ਜੋ ਮੈਂ ਫ਼ਲਿਸਤੀਆਂ ਤੋਂ ਇੱਕੋ ਵਾਰੀ ਆਪਣੀਆਂ ਦੋਵੇਂ ਅੱਖਾਂ ਦਾ ਬਦਲਾ ਲੈ ਲਵਾਂ !"29ਤਦ ਸਮਸੂਨ ਨੇ ਵਿਚਕਾਰਲੇ ਦੋਹਾਂ ਥੰਮ੍ਹਾਂ ਨੂੰ ਜਿਨ੍ਹਾਂ ਉੱਤੇ ਉਹ ਘਰ ਟਿਕਿਆ ਹੋਇਆ ਸੀ, ਫੜ੍ਹ ਕੇ ਇੱਕ ਉੱਤੇ ਸੱਜੇ ਹੱਥ ਨਾਲ ਅਤੇ ਦੂਜੇ ਨੂੰ ਖੱਬੇ ਹੱਥ ਨਾਲ ਜ਼ੋਰ ਲਾ ਦਿੱਤਾ ।
30ਸਮਸੂਨ ਨੇ ਕਿਹਾ, "ਮੇਰੇ ਪ੍ਰਾਣ ਵੀ ਫ਼ਲਿਸਤੀਆਂ ਦੇ ਨਾਲ ਹੀ ਜਾਣ ।" ਅਤੇ ਉਹ ਆਪਣਾ ਸਾਰਾ ਜ਼ੋਰ ਲਾ ਕੇ ਝੁਕਿਆ ਅਤੇ ਉਹ ਘਰ ਸਾਰੇ ਸਰਦਾਰਾਂ ਅਤੇ ਉਨ੍ਹਾਂ ਸਾਰਿਆਂ ਲੋਕਾਂ ਦੇ ਉੱਤੇ ਜੋ ਉਹ ਦੇ ਵਿੱਚ ਸਨ, ਡਿੱਗ ਪਿਆ । ਇਸ ਤਰ੍ਹਾਂ ਉਹ ਲੋਕ ਜਿਨ੍ਹਾਂ ਨੂੰ ਉਸ ਨੇ ਆਪਣੇ ਮਰਨ ਦੇ ਵੇਲੇ ਮਾਰਿਆ, ਉਨ੍ਹਾਂ ਨਾਲੋਂ ਵੱਧ ਸਨ ਜਿਨ੍ਹਾਂ ਨੂੰ ਉਸਨੇ ਆਪਣੇ ਜੀਉਂਦੇ ਜੀ ਮਾਰਿਆ ਸੀ ।31ਤਦ ਉਸ ਦੇ ਭਰਾ ਅਤੇ ਉਸ ਦੇ ਪਿਤਾ ਦੇ ਘਰਾਣੇ ਦੇ ਸਾਰੇ ਲੋਕ ਆਏ ਅਤੇ ਉਸ ਨੂੰ ਚੁੱਕ ਕੇ ਲੈ ਗਏ, ਅਤੇ ਸਾਰਾਹ ਅਤੇ ਅਸ਼ਤਾਓਲ ਦੇ ਵਿਚਕਾਰ ਉਸ ਦੇ ਪਿਤਾ ਮਾਨੋਆਹ ਦੀ ਕਬਰ ਵਿੱਚ ਉਸ ਨੂੰ ਦੱਬਿਆ । ਉਸ ਨੇ ਵੀਹ ਸਾਲਾਂ ਤੱਕ ਇਸਰਾਏਲ ਦਾ ਨਿਆਂ ਕੀਤਾ ।

17
ਮੀਕਾਹ ਦੀਆਂ ਮੂਰਤਾਂ

1ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਮੀਕਾਹ ਨਾਮ ਦਾ ਇੱਕ ਮਨੁੱਖ ਸੀ ।2ਉਸ ਨੇ ਆਪਣੀ ਮਾਂ ਨੂੰ ਕਿਹਾ, "ਉਹ ਗਿਆਰਾਂ ਸੌ ਚਾਂਦੀ ਦੇ ਸਿੱਕੇ ਜੋ ਤੇਰੇ ਤੋਂ ਲਏ ਗਏ ਸਨ, ਜਿਨ੍ਹਾਂ ਦੇ ਕਾਰਨ ਮੈਂ ਤੈਨੂੰ ਸਰਾਪ ਦਿੰਦੇ ਸੁਣਿਆ, ਵੇਖ ਉਹ ਚਾਂਦੀ ਮੇਰੇ ਕੋਲ ਹੈ, ਮੈਂ ਹੀ ਉਹ ਲੈ ਲਈ ਸੀ ।" ਉਸ ਦੀ ਮਾਂ ਨੇ ਕਿਹਾ, "ਹੇ ਮੇਰੇ ਪੁੱਤਰ ! ਯਹੋਵਾਹ ਤੈਨੂੰ ਅਸੀਸ ਦੇਵੇ ।

3ਅਤੇ ਜਦ ਉਸ ਨੇ ਉਹ ਗਿਆਰਾਂ ਸੌ ਚਾਂਦੀ ਦੇ ਸਿੱਕੇ ਆਪਣੀ ਮਾਂ ਨੂੰ ਮੋੜ ਦਿੱਤੇ ਤਾਂ ਉਸ ਦੀ ਮਾਂ ਨੇ ਕਿਹਾ, "ਮੈਂ ਇਹ ਚਾਂਦੀ ਆਪਣੇ ਪੁੱਤਰ ਦੇ ਕਾਰਨ ਯਹੋਵਾਹ ਨੂੰ ਅਰਪਣ ਕਰਦੀ ਹਾਂ ਤਾਂ ਜੋ ਉਹ ਇਸ ਨਾਲ ਇੱਕ ਘੜ੍ਹੀ ਹੋਈ ਅਤੇ ਇੱਕ ਢਾਲੀ ਹੋਈ ਮੂਰਤ ਬਣਾਵੇ । ਇਸ ਲਈ ਹੁਣ ਮੈਂ ਇਹ ਤੈਨੂੰ ਮੋੜ ਦਿੰਦੀ ਹਾਂ ।"4ਜਦ ਉਸ ਨੇ ਉਹ ਰੁਪਏ ਆਪਣੀ ਮਾਂ ਨੂੰ ਮੋੜ ਦਿੱਤੇ, ਤਾਂ ਉਸ ਦੀ ਮਾਂ ਨੇ ਦੋ ਸੌ ਸਿੱਕੇ ਲੈ ਕੇ ਢਾਲਣ ਵਾਲੇ ਨੂੰ ਦਿੱਤੇ ਅਤੇ ਉਸ ਨੇ ਉਨ੍ਹਾਂ ਨਾਲ ਇੱਕ ਘੜ੍ਹੀ ਹੋਈ ਅਤੇ ਇੱਕ ਢਾਲੀ ਹੋਈ ਮੂਰਤ ਬਣਾਈ, ਅਤੇ ਉਹ ਮੀਕਾਹ ਦੇ ਘਰ ਵਿੱਚ ਰਹੀ ।
5ਉਸ ਮਨੁੱਖ ਮੀਕਾਹ ਕੋਲ ਇੱਕ ਮੰਦਰ ਸੀ, ਤਦ ਉਸ ਨੇ ਇੱਕ ਏਫ਼ੋਦ ਅਤੇ ਤਿਰਾਫ਼ੀਮ ਅਰਥਾਤ ਘਰੇਲੂ ਦੇਵਤਾ ਬਣਵਾਏ ਅਤੇ ਆਪਣੇ ਪੁੱਤਰਾਂ ਵਿੱਚੋਂ ਇੱਕ ਨੂੰ ਆਪਣਾ ਪੁਰੋਹਿਤ ਠਹਿਰਾਇਆ ।6ਉਨ੍ਹਾਂ ਦਿਨਾਂ ਵਿੱਚ ਇਸਰਾਏਲ ਦਾ ਕੋਈ ਰਾਜਾ ਨਹੀਂ ਸੀ । ਜਿਸ ਕਿਸੇ ਨੂੰ ਜੋ ਠੀਕ ਲੱਗਦਾ ਸੀ, ਉਹ ਉਹੀ ਕਰਦਾ ਸੀ ।

7ਬੈਤਲਹਮ-ਯਹੂਦਾਹ ਦਾ ਰਹਿਣ ਵਾਲਾ ਇੱਕ ਜੁਆਨ ਲੇਵੀ, ਯਹੂਦਾਹ ਦੇ ਗੋਤ ਵਿੱਚ ਪਰਦੇਸੀ ਹੋ ਕੇ ਰਹਿੰਦਾ ਸੀ ।8ਇਹ ਮਨੁੱਖ ਬੈਤਲਹਮ-ਯਹੂਦਾਹ ਤੋਂ ਇਸ ਲਈ ਨਿੱਕਲਿਆ ਸੀ ਕਿ ਜਿੱਥੇ ਟਿਕਾਣਾ ਮਿਲੇ ਉੱਥੇ ਜਾ ਕੇ ਰਹੇ । ਉਹ ਚਲਦੇ-ਚਲਦੇ ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਮੀਕਾਹ ਦੇ ਘਰ ਪਹੁੰਚ ਗਿਆ ।9ਮੀਕਾਹ ਨੇ ਉਸ ਨੂੰ ਪੁੱਛਿਆ, "ਤੂੰ ਕਿੱਥੋਂ ਆਇਆ ਹੈਂ ? " ਉਸ ਨੇ ਉਹ ਨੂੰ ਕਿਹਾ, "ਮੈਂ ਬੈਤਲਹਮ-ਯਹੂਦਾਹ ਦਾ ਰਹਿਣ ਵਾਲਾ ਇੱਕ ਲੇਵੀ ਹਾਂ, ਅਤੇ ਇਸ ਲਈ ਤੁਰਿਆ ਹਾਂ ਕਿ ਜਿੱਥੇ ਕਿਤੇ ਟਿਕਾਣਾ ਮਿਲੇ ਉੱਥੇ ਜਾ ਕੇ ਰਹਾਂ ।"
10ਮੀਕਾਹ ਨੇ ਉਸ ਨੂੰ ਕਿਹਾ, "ਮੇਰੇ ਕੋਲ ਰਹਿ ਅਤੇ ਮੇਰਾ ਪਿਤਾ ਅਤੇ ਪੁਰੋਹਿਤ ਬਣ, ਅਤੇ ਮੈਂ ਤੈਨੂੰ ਹਰ ਸਾਲ ਚਾਂਦੀ ਦੇ ਦਸ ਸਿੱਕੇ, ਅਤੇ ਇੱਕ ਜੋੜੀ ਕੱਪੜੇ ਅਤੇ ਭੋਜਨ ਵੀ ਦਿਆਂਗਾ ।11ਤਾਂ ਉਹ ਲੇਵੀ ਮੀਕਾਹ ਨਾਲ ਰਹਿਣ ਲਈ ਤਿਆਰ ਹੋ ਗਿਆ ਅਤੇ ਉਹ ਜੁਆਨ ਉਸ ਦੇ ਨਾਲ ਉਸ ਦੇ ਪੁੱਤਰਾਂ ਵਰਗਾ ਬਣ ਕੇ ਰਿਹਾ ।
12ਤਾਂ ਮੀਕਾਹ ਨੇ ਉਸ ਲੇਵੀ ਨੂੰ ਨਿਯੁਕਤ ਕੀਤਾ ਅਤੇ ਉਹ ਜੁਆਨ ਉਸ ਦਾ ਪੁਰੋਹਿਤ ਬਣ ਕੇ ਮੀਕਾਹ ਦੇ ਘਰ ਵਿੱਚ ਰਹਿਣ ਲੱਗਾ ।13ਤਦ ਮੀਕਾਹ ਨੇ ਕਿਹਾ, "ਹੁਣ ਮੈਂ ਜਾਣਦਾ ਹਾਂ ਕਿ ਯਹੋਵਾਹ ਮੇਰਾ ਭਲਾ ਕਰੇਗਾ, ਕਿਉਂ ਜੋ ਮੈਂ ਇੱਕ ਲੇਵੀ ਨੂੰ ਆਪਣਾ ਪੁਰੋਹਿਤ ਬਣਾਇਆ ਹੈ ।"

18
ਦਾਨ ਦਾ ਗੋਤ ਅਤੇ ਮੀਕਾਹ

1ਉਨ੍ਹਾਂ ਦਿਨਾਂ ਵਿੱਚ ਇਸਰਾਏਲ ਦਾ ਕੋਈ ਰਾਜਾ ਨਹੀਂ ਸੀ ਅਤੇ ਉਨ੍ਹਾਂ ਦਿਨਾਂ ਵਿੱਚ ਦਾਨ ਦਾ ਗੋਤ ਆਪਣੇ ਵੱਸਣ ਲਈ ਕੋਈ ਸਥਾਨ ਲੱਭਦਾ ਸੀ, ਕਿਉਂਕਿ ਉਨ੍ਹਾਂ ਨੂੰ ਉਸ ਸਮੇਂ ਤੱਕ ਇਸਰਾਏਲ ਦੇ ਗੋਤਾਂ ਵਿੱਚ ਪੂਰਾ ਹਿੱਸਾ ਨਹੀਂ ਮਿਲਿਆ ਸੀ ।2ਇਸ ਲਈ ਦਾਨੀਆਂ ਨੇ ਆਪਣੇ ਟੱਬਰ ਦੇ ਪੰਜ ਸੂਰਬੀਰਾਂ ਨੂੰ ਸਾਰਾਹ ਅਤੇ ਅਸ਼ਤਾਓਲ ਵਿੱਚ ਦੇਸ਼ ਦਾ ਭੇਤ ਲੈਣ ਅਤੇ ਉਸ ਦੀ ਛਾਣਬੀਣ ਕਰਨ ਲਈ ਇਹ ਕਹਿ ਕੇ ਭੇਜਿਆ, "ਜਾਓ ਅਤੇ ਦੇਸ਼ ਦੀ ਛਾਣਬੀਣ ਕਰੋ ।" ਇਸ ਲਈ ਉਹ ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਮੀਕਾਹ ਦੇ ਘਰ ਤੱਕ ਆਏ ਤਾਂ ਉੱਥੇ ਰੁੱਕ ਗਏ ।

3ਜਦ ਉਹ ਮੀਕਾਹ ਦੇ ਘਰ ਕੋਲ ਪਹੁੰਚੇ ਤਾਂ ਉਨ੍ਹਾਂ ਨੇ ਉਸ ਲੇਵੀ ਜੁਆਨ ਦੀ ਅਵਾਜ਼ ਪਹਿਚਾਣ ਲਈ ਅਤੇ ਉੱਥੇ ਜਾ ਕੇ ਉਸ ਨੂੰ ਪੁੱਛਿਆ, "ਤੈਨੂੰ ਇੱਥੇ ਕੌਣ ਲਿਆਇਆ ? ਤੂੰ ਇੱਥੇ ਕੀ ਕਰਦਾ ਹੈਂ ਅਤੇ ਤੂੰ ਇੱਥੇ ਕਿਉਂ ਆਇਆ ਹੈਂ ? "4ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਮੀਕਾਹ ਨੇ ਉਸ ਲਈ ਕੀ-ਕੀ ਕੀਤਾ ਹੈ ਅਤੇ ਕਿਹਾ, "ਉਸਨੇ ਮੈਨੂੰ ਤਨਖਾਹ ਉੱਤੇ ਰੱਖਿਆ ਅਤੇ ਮੈਂ ਉਸ ਦਾ ਪੁਰੋਹਿਤ ਬਣ ਗਿਆ ਹਾਂ ।
5ਉਨ੍ਹਾਂ ਨੇ ਉਸ ਨੂੰ ਕਿਹਾ, "ਪਰਮੇਸ਼ੁਰ ਕੋਲੋਂ ਸਲਾਹ ਲੈ, ਤਾਂ ਜੋ ਅਸੀਂ ਜਾਣੀਏ ਕਿ ਜੋ ਯਾਤਰਾ ਅਸੀਂ ਕਰਦੇ ਹਾਂ ਉਹ ਸਾਡੇ ਲਈ ਸਫ਼ਲ ਹੋਵੇਗੀ ਜਾਂ ਨਹੀਂ ।6ਉਸ ਪੁਰੋਹਿਤ ਨੇ ਉਨ੍ਹਾਂ ਨੂੰ ਕਿਹਾ, "ਸੁਖ-ਸਾਂਦ ਨਾਲ ਜਾਉ ਕਿਉਂਕਿ ਜੋ ਯਾਤਰਾ ਤੁਸੀਂ ਕਰ ਰਹੇ ਹੋ, ਉਸ ਉੱਤੇ ਯਹੋਵਾਹ ਦੀ ਕਿਰਪਾ ਹੈ ।"

7ਤਦ ਉਹ ਪੰਜੇ ਮਨੁੱਖ ਨਿੱਕਲੇ ਅਤੇ ਲਾਇਸ਼ ਵਿੱਚ ਆਏ । ਉਨ੍ਹਾਂ ਨੇ ਵੇਖਿਆ ਕਿ ਉੱਥੋਂ ਦੇ ਲੋਕ ਸੈਦੋਨੀਆਂ ਦੀ ਤਰ੍ਹਾਂ ਨਿਡਰ, ਬੇਫ਼ਿਕਰ ਅਤੇ ਸ਼ਾਂਤੀ ਨਾਲ ਰਹਿੰਦੇ ਹਨ, ਅਤੇ ਉਸ ਦੇਸ਼ ਦਾ ਕੋਈ ਹਾਕਮ ਨਹੀਂ ਸੀ ਜੋ ਉਨ੍ਹਾਂ ਨੂੰ ਕਿਸੇ ਗੱਲ ਵਿੱਚ ਰੋਕੇ ਅਤੇ ਉਹ ਸੈਦੋਨੀਆਂ ਤੋਂ ਦੂਰ ਰਹਿੰਦੇ ਸਨ ਅਤੇ ਉਨ੍ਹਾਂ ਦਾ ਕਿਸੇ ਨਾਲ ਕੁਝ ਲੈਣਾ ਦੇਣਾ ਨਹੀਂ ਸੀ ।8ਤਦ ਉਹ ਸਾਰਾਹ ਤੇ ਅਸ਼ਤਾਓਲ ਵਿੱਚ ਆਪਣੇ ਭਰਾਵਾਂ ਕੋਲ ਮੁੜ ਆਏ ਅਤੇ ਉਨ੍ਹਾਂ ਦੇ ਭਰਾਵਾਂ ਨੇ ਉਨ੍ਹਾਂ ਨੂੰ ਪੁੱਛਿਆ, "ਤੁਸੀਂ ਕੀ ਖ਼ਬਰ ਲੈ ਕੇ ਆਏ ਹੋ ? "
9ਉਨ੍ਹਾਂ ਨੇ ਕਿਹਾ, "ਉੱਠੋ ਤਾਂ ਜੋ ਅਸੀਂ ਉਨ੍ਹਾਂ ਉੱਤੇ ਚੜ੍ਹਾਈ ਕਰੀਏ ਕਿਉਂਕਿ ਅਸੀਂ ਉਸ ਦੇਸ਼ ਨੂੰ ਵੇਖਿਆ ਹੈ ਅਤੇ ਉਹ ਬਹੁਤ ਚੰਗਾ ਹੈ ਅਤੇ ਤੁਸੀਂ ਐਵੇਂ ਹੀ ਬੈਠੇ ਹੋ ? ਹੁਣ ਤੁਸੀਂ ਚੱਲ ਕੇ ਉਸ ਦੇਸ਼ ਨੂੰ ਜਿੱਤਣ ਵਿੱਚ ਢਿੱਲ ਨਾ ਕਰੋ ।10ਜਦੋਂ ਤੁਸੀਂ ਉੱਥੇ ਪਹੁੰਚੋਗੇ ਤਾਂ ਬੇਫ਼ਿਕਰ ਰਹਿਣ ਵਾਲੇ ਲੋਕਾਂ ਨੂੰ ਅਤੇ ਇੱਕ ਵੱਡੇ ਦੇਸ਼ ਨੂੰ ਵੇਖੋਗੇ ਕਿਉਂ ਜੋ ਪਰਮੇਸ਼ੁਰ ਨੇ ਉਸ ਨੂੰ ਤੁਹਾਡੇ ਹੱਥਾਂ ਵਿੱਚ ਸੌਂਪ ਦਿੱਤਾ ਹੈ । ਉਹ ਇੱਕ ਅਜਿਹਾ ਦੇਸ਼ ਹੈ ਜਿਸ ਵਿੱਚ ਧਰਤੀ ਦੀਆਂ ਸਾਰੀਆਂ ਵਸਤੂਆਂ ਵਿੱਚੋਂ ਕਿਸੇ ਦੀ ਘਾਟ ਨਹੀਂ ਹੈ ।"

11ਤਦ ਦਾਨੀਆਂ ਦੇ ਟੱਬਰ ਵਿੱਚੋਂ ਸਾਰਾਹ ਅਤੇ ਅਸ਼ਤਾਓਲ ਦੇ ਛੇ ਸੌ ਪੁਰਖ ਹਥਿਆਰ ਬੰਨ੍ਹ ਕੇ ਉੱਥੋਂ ਚੱਲ ਪਏ ।12ਉਨ੍ਹਾਂ ਨੇ ਜਾ ਕੇ ਯਹੂਦਾਹ ਦੇਸ਼ ਦੇ ਕਿਰਯਥ-ਯਾਰੀਮ ਸ਼ਹਿਰ ਵਿੱਚ ਤੰਬੂ ਲਾਏ । ਇਸ ਲਈ ਅੱਜ ਦੇ ਦਿਨ ਤੱਕ ਉਸ ਸਥਾਨ ਨੂੰ ਮਹਾਨੇਹ-ਦਾਨ ਆਖਦੇ ਹਨ । ਇਹ ਕਿਰਯਥ-ਯਾਰੀਮ ਦੇ ਪੱਛਮ ਵੱਲ ਹੈ ।

13ਉੱਥੋਂ ਲੰਘ ਕੇ ਉਹ ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਮੀਕਾਹ ਦੇ ਘਰ ਦੇ ਕੋਲ ਆਏ ।

14ਤਦ ਉਹ ਪੰਜ ਮਨੁੱਖ ਜਿਹੜੇ ਲਾਇਸ਼ ਦੇ ਦੇਸ਼ ਦੀ ਛਾਣਬੀਣ ਕਰਨ ਲਈ ਗਏ ਸਨ ਆਪਣੇ ਭਰਾਵਾਂ ਨੂੰ ਕਹਿਣ ਲੱਗੇ, "ਕੀ ਤੁਸੀਂ ਜਾਣਦੇ ਹੋ ਕਿ ਇਨ੍ਹਾਂ ਘਰਾਂ ਵਿੱਚ ਇੱਕ ਏਫ਼ੋਦ ਅਤੇ ਤਰਾਫ਼ੀਮ (ਘਰੇਲੂ ਦੇਵਤਾ) ਅਤੇ ਇੱਕ ਘੜ੍ਹੀ ਹੋਈ ਅਤੇ ਇੱਕ ਢਾਲੀ ਹੋਈ ਮੂਰਤੀ ਹੈ ? ਇਸ ਲਈ ਹੁਣ ਵਿਚਾਰ ਕਰੋ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਹੈ ।"
15ਤਦ ਉਹ ਮੁੜ ਕੇ ਉਸ ਵੱਲ ਗਏ ਅਤੇ ਮੀਕਾਹ ਦੇ ਘਰ ਜਾ ਕੇ ਉਸ ਲੇਵੀ ਜੁਆਨ ਦੀ ਸੁਖ-ਸਾਂਦ ਪੁੱਛੀ,16ਅਤੇ ਉਹ ਛੇ ਸੌ ਦਾਨੀ ਪੁਰਖ ਹਥਿਆਰ ਬੰਨ੍ਹ ਕੇ ਸ਼ਹਿਰ ਦੇ ਫਾਟਕ ਵਿੱਚ ਖੜ੍ਹੇ ਰਹੇ
17ਅਤੇ ਉਨ੍ਹਾਂ ਪੰਜ ਮਨੁੱਖਾਂ ਨੇ ਜੋ ਦੇਸ਼ ਦਾ ਭੇਤ ਲੈਣ ਲਈ ਗਏ ਸਨ, ਉਸ ਘਰ ਦੇ ਵਿੱਚ ਜਾ ਕੇ ਘੜ੍ਹੀ ਹੋਈ ਅਤੇ ਢਾਲੀ ਹੋਈ ਮੂਰਤ ਅਤੇ ਏਫ਼ੋਦ ਅਤੇ ਤਰਾਫ਼ੀਮ ਨੂੰ ਲੈ ਲਿਆ ਅਤੇ ਉਹ ਪੁਰੋਹਿਤ ਉਨ੍ਹਾਂ ਛੇ ਸੌ ਹਥਿਆਰ ਬੰਦ ਮਨੁੱਖਾਂ ਨਾਲ ਫਾਟਕ ਵਿੱਚ ਖੜ੍ਹਾ ਸੀ ।18ਜਦ ਉਨ੍ਹਾਂ ਪੰਜ ਮਨੁੱਖਾਂ ਨੇ ਮੀਕਾਹ ਦੇ ਘਰ ਵਿੱਚ ਵੜ ਕੇ ਘੜ੍ਹੀ ਹੋਈ ਮੂਰਤ, ਏਫ਼ੋਦ, ਤਰਾਫ਼ੀਮ ਅਤੇ ਢਾਲੀ ਹੋਈ ਮੂਰਤ ਚੁੱਕ ਲਈ ਤਾਂ ਪੁਰੋਹਿਤ ਨੇ ਉਨ੍ਹਾਂ ਨੂੰ ਕਿਹਾ, "ਤੁਸੀਂ ਇਹ ਕੀ ਕਰਦੇ ਹੋ ? "
19ਤਦ ਉਨ੍ਹਾਂ ਨੇ ਉਸ ਨੂੰ ਕਿਹਾ, "ਚੁੱਪ ਕਰ ! ਆਪਣੇ ਮੂੰਹ ਉੱਤੇ ਹੱਥ ਰੱਖ ਅਤੇ ਸਾਡੇ ਨਾਲ ਚੱਲ ਕੇ ਸਾਡਾ ਪਿਤਾ ਅਤੇ ਪੁਰੋਹਿਤ ਬਣ । ਭਲਾ, ਤੇਰੇ ਲਈ ਕੀ ਚੰਗਾ ਹੈ ? ਇੱਕ ਮਨੁੱਖ ਦੇ ਘਰ ਦਾ ਪੁਰੋਹਿਤ ਹੋਣਾ ਜਾਂ ਇਸਰਾਏਲੀਆਂ ਦੇ ਇੱਕ ਗੋਤ ਅਤੇ ਟੱਬਰ ਦਾ ਪੁਰੋਹਿਤ ਹੋਣਾ ? "20ਤਦ ਪੁਰੋਹਿਤ ਦਾ ਮਨ ਅਨੰਦ ਹੋ ਗਿਆ ਅਤੇ ਉਹ ਏਫ਼ੋਦ, ਤਰਾਫ਼ੀਮ ਅਤੇ ਘੜ੍ਹੀ ਹੋਈ ਮੂਰਤ ਨੂੰ ਲੈ ਕੇ ਉਨ੍ਹਾਂ ਲੋਕਾਂ ਦੇ ਨਾਲ ਚੱਲ ਪਿਆ ।
21ਤਦ ਉਹ ਮੁੜੇ ਅਤੇ ਬਾਲਕਾਂ, ਪਸ਼ੂਆਂ ਅਤੇ ਆਪਣੇ ਸਾਰੇ ਸਮਾਨ ਨੂੰ ਆਪਣੇ ਅੱਗੇ ਕਰਕੇ ਚੱਲ ਪਏ ।

22ਜਦ ਉਹ ਮੀਕਾਹ ਦੇ ਘਰ ਤੋਂ ਥੋੜੀ ਹੀ ਦੂਰ ਗਏ ਸਨ ਤਾਂ ਮੀਕਾਹ ਦੇ ਘਰ ਦੇ ਆਲੇ-ਦੁਆਲੇ ਦੇ ਵਾਸੀ ਇਕੱਠੇ ਹੋ ਕੇ ਦਾਨੀਆਂ ਕੋਲ ਜਾ ਪਹੁੰਚੇ ।23ਅਤੇ ਉਨ੍ਹਾਂ ਨੇ ਜਾ ਕੇ ਦਾਨੀਆਂ ਨੂੰ ਲਲਕਾਰਿਆ ਤਾਂ ਉਨ੍ਹਾਂ ਨੇ ਮੁੜ ਕੇ ਮੀਕਾਹ ਨੂੰ ਕਿਹਾ, "ਤੈਨੂੰ ਕੀ ਹੋਇਆ ਹੈ ਜੋ ਐਨੇ ਵੱਡੇ ਦਲ ਨਾਲ ਆਉਂਦਾ ਹੈ ? "
24ਉਸ ਨੇ ਕਿਹਾ, "ਤੁਸੀਂ ਮੇਰੇ ਦੇਵਤਿਆਂ ਨੂੰ ਜਿਨ੍ਹਾਂ ਨੂੰ ਮੈਂ ਬਣਾਇਆ ਸੀ ਅਤੇ ਮੇਰੇ ਪੁਰੋਹਿਤ ਨੂੰ ਲੈ ਕੇ ਚੱਲ ਪਏ ਹੋ ਤਾਂ ਹੁਣ ਮੇਰੇ ਕੋਲ ਕੀ ਰਹਿ ਗਿਆ ਹੈ ? ਅਤੇ ਫਿਰ ਵੀ ਤੁਸੀਂ ਮੈਨੂੰ ਪੁੱਛਦੇ ਹੋ ਕਿ ਤੈਨੂੰ ਕੀ ਹੋਇਆ ? "25ਤਦ ਦਾਨੀਆਂ ਨੇ ਉਸ ਨੂੰ ਕਿਹਾ, "ਤੇਰੀ ਅਵਾਜ਼ ਸਾਡੇ ਲੋਕਾਂ ਵਿੱਚ ਸੁਣਾਈ ਨਾ ਦੇਵੇ, ਕਿਤੇ ਅਜਿਹਾ ਨਾ ਹੋਵੇ ਕਿ ਗੁੱਸੇ ਵਾਲੇ ਮਨੁੱਖ ਤੇਰੇ ਉੱਤੇ ਹਮਲਾ ਕਰਨ ਅਤੇ ਤੂੰ ਆਪਣੀ ਅਤੇ ਆਪਣੇ ਟੱਬਰ ਦੀ ਜਾਨ ਦੇ ਨਾਸ਼ ਦਾ ਕਾਰਨ ਬਣ ਜਾਵੇਂ !"26ਤਦ ਦਾਨੀ ਆਪਣੇ ਰਾਹ ਤੁਰ ਪਏ ਅਤੇ ਜਦ ਮੀਕਾਹ ਨੇ ਵੇਖਿਆ ਕਿ ਉਹ ਮੇਰੇ ਨਾਲੋਂ ਜ਼ਿਆਦਾ ਤਕੜੇ ਹਨ ਤਾਂ ਮੁੜ ਕੇ ਆਪਣੇ ਘਰ ਨੂੰ ਵਾਪਿਸ ਚਲਾ ਗਿਆ ।

27ਤਦ ਉਹ ਮੀਕਾਹ ਦੀਆਂ ਬਣਾਈਆਂ ਹੋਈਆਂ ਵਸਤੂਆਂ ਅਤੇ ਪੁਰੋਹਿਤ ਨੂੰ ਨਾਲ ਲੈ ਕੇ ਲਾਇਸ਼ ਵਿੱਚ ਉਨ੍ਹਾਂ ਲੋਕਾਂ ਕੋਲ ਪਹੁੰਚੇ ਜੋ ਸੁਖੀ ਅਤੇ ਬੇਫ਼ਿਕਰ ਸਨ ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਤਲਵਾਰ ਦੀ ਧਾਰ ਨਾਲ ਮਾਰਿਆ ਅਤੇ ਸ਼ਹਿਰ ਨੂੰ ਅੱਗ ਨਾਲ ਸਾੜ ਦਿੱਤਾ ।28ਅਤੇ ਉਨ੍ਹਾਂ ਦਾ ਕੋਈ ਸਹਾਇਕ ਨਹੀਂ ਸੀ, ਕਿਉਂ ਜੋ ਉਹ ਸੈਦੋਨ ਤੋਂ ਦੂਰ ਸਨ ਅਤੇ ਉਹ ਕਿਸੇ ਨਾਲ ਲੈਣਾ ਦੇਣਾ ਨਹੀਂ ਰੱਖਦੇ ਸਨ ਅਤੇ ਉਹ ਬੈਤਰਹੋਬ ਦੀ ਘਾਟੀ ਵਿੱਚ ਸੀ । ਤਦ ਦਾਨੀਆਂ ਨੇ ਉਸ ਸ਼ਹਿਰ ਨੂੰ ਫਿਰ ਬਣਾਇਆ ਅਤੇ ਉਸ ਵਿੱਚ ਵੱਸ ਗਏ ।29ਅਤੇ ਉਨ੍ਹਾਂ ਨੇ ਇਸਰਾਏਲ ਦੇ ਇੱਕ ਪੁੱਤਰ ਅਤੇ ਆਪਣੇ ਪਿਤਾ ਦਾਨ ਦੇ ਨਾਮ ਤੇ ਉਸ ਸ਼ਹਿਰ ਦਾ ਨਾਮ ਦਾਨ ਰੱਖਿਆ, ਪਰ ਪਹਿਲਾਂ ਉਸ ਸ਼ਹਿਰ ਦਾ ਨਾਮ ਲਾਇਸ਼ ਸੀ ।

30ਦਾਨੀਆਂ ਨੇ ਉਸ ਘੜ੍ਹੀ ਹੋਈ ਮੂਰਤ ਨੂੰ ਟਿਕਾ ਲਿਆ ਅਤੇ ਯੋਨਾਥਾਨ ਜੋ ਗੇਰਸ਼ੋਮ ਦਾ ਪੁੱਤਰ ਅਤੇ ਮਨੱਸ਼ਹ ਦਾ ਪੋਤਰਾ ਸੀ, ਉਹ ਅਤੇ ਉਸ ਦੇ ਪੁੱਤਰ, ਉਸ ਦੇਸ਼ ਦੇ ਗ਼ੁਲਾਮੀ ਵਿੱਚ ਜਾਣ ਦੇ ਦਿਨ ਤੱਕ ਦਾਨੀਆਂ ਦੇ ਪੁਰੋਹਿਤ ਬਣੇ ਰਹੇ ।31ਅਤੇ ਜਦ ਤੱਕ ਪਰਮੇਸ਼ੁਰ ਦਾ ਭਵਨ ਸ਼ੀਲੋਹ ਵਿੱਚ ਰਿਹਾ, ਤਦ ਤੱਕ ਉਨ੍ਹਾਂ ਨੇ ਮੀਕਾਹ ਦੀ ਘੜ੍ਹੀ ਹੋਈ ਮੂਰਤ ਆਪਣੇ ਲਈ ਖੜੀ ਕਰਕੇ ਰੱਖੀ ।

19
ਇੱਕ ਲੇਵੀ ਅਤੇ ਉਸ ਦੀ ਰਖ਼ੈਲ

1ਉਨ੍ਹਾਂ ਦਿਨਾਂ ਵਿੱਚ ਜਦ ਇਸਰਾਏਲੀਆਂ ਦਾ ਕੋਈ ਰਾਜਾ ਨਹੀਂ ਸੀ ਤਾਂ ਅਜਿਹਾ ਹੋਇਆ ਕਿ ਇੱਕ ਲੇਵੀ ਮਨੁੱਖ ਜਿਹੜਾ ਇਫ਼ਰਾਈਮ ਦੇ ਪਹਾੜੀ ਦੇਸ਼ ਦੇ ਦੂਸਰੇ ਪਾਸੇ ਰਹਿੰਦਾ ਸੀ, ਬੈਤਲਹਮ-ਯਹੂਦਾਹ ਤੋਂ ਆਪਣੇ ਲਈ ਇੱਕ ਰਖ਼ੈਲ ਨੂੰ ਰੱਖ ਲਿਆ ।2ਉਸ ਦੀ ਰਖ਼ੈਲ ਵਿਭਚਾਰ ਕਰਕੇ ਉਸ ਦੇ ਕੋਲੋਂ ਬੈਤਲਹਮ-ਯਹੂਦਾਹ ਵਿੱਚ ਆਪਣੇ ਪਿਤਾ ਦੇ ਘਰ ਚਲੀ ਗਈ, ਅਤੇ ਚਾਰ ਮਹੀਨੇ ਉੱਥੇ ਰਹੀ ।

3ਤਦ ਉਸ ਦਾ ਪਤੀ ਉੱਠਿਆ ਅਤੇ ਆਪਣੇ ਨਾਲ ਇੱਕ ਸੇਵਕ ਅਤੇ ਦੋ ਗਧੇ ਲੈ ਕੇ ਗਿਆ ਤਾਂ ਜੋ ਉਸ ਨੂੰ ਸਮਝਾ ਕੇ ਵਾਪਿਸ ਮੋੜ ਲਿਆਵੇ । ਉਹ ਉਸ ਨੂੰ ਆਪਣੇ ਪਿਤਾ ਦੇ ਘਰ ਲੈ ਕੇ ਗਈ ਅਤੇ ਜਦੋਂ ਉਸ ਜਵਾਨ ਇਸਤਰੀ ਦੇ ਪਿਤਾ ਨੇ ਉਸ ਨੂੰ ਵੇਖਿਆ ਤਾਂ ਉਸ ਨੂੰ ਮਿਲ ਕੇ ਅਨੰਦ ਹੋਇਆ ।4ਤਦ ਉਸ ਦੇ ਸਹੁਰੇ ਅਰਥਾਤ ਇਸਤਰੀ ਦੇ ਪਿਤਾ ਨੇ ਉਸ ਨੂੰ ਰੋਕ ਲਿਆ ਅਤੇ ਉਹ ਤਿੰਨ ਦਿਨ ਤੱਕ ਉਸ ਦੇ ਨਾਲ ਰਿਹਾ ਅਤੇ ਉਨ੍ਹਾਂ ਦੇ ਖਾਧਾ ਪੀਤਾ ਅਤੇ ਉੱਥੇ ਟਿਕੇ ਰਹੇ ।

5ਚੌਥੇ ਦਿਨ ਜਦ ਉਹ ਸਵੇਰ ਨੂੰ ਉੱਠੇ ਤਾਂ ਉਹ ਵਾਪਿਸ ਜਾਣ ਲਈ ਉੱਠ ਕੇ ਖੜ੍ਹਾ ਹੋ ਗਿਆ ਤਾਂ ਇਸਤਰੀ ਦੇ ਪਿਤਾ ਨੇ ਆਪਣੇ ਜੁਆਈ ਨੂੰ ਕਿਹਾ, "ਥੋੜ੍ਹੀ ਜਿਹੀ ਰੋਟੀ ਖਾ ਕੇ ਅਨੰਦ ਹੋ ਲੈ, ਫੇਰ ਤੁਸੀਂ ਚਲੇ ਜਾਣਾ ।"6ਤਦ ਉਹ ਦੋਵੇਂ ਬੈਠ ਗਏ ਅਤੇ ਉਨ੍ਹਾਂ ਨੇ ਰਲ ਕੇ ਖਾਧਾ ਪੀਤਾ, ਫਿਰ ਇਸਤਰੀ ਦੇ ਪਿਤਾ ਨੇ ਉਸ ਮਨੁੱਖ ਨੂੰ ਕਿਹਾ, "ਇੱਕ ਰਾਤ ਹੋਰ ਇੱਥੇ ਹੀ ਰਹੋ ਅਤੇ ਆਪਣੇ ਮਨ ਨੂੰ ਅਨੰਦ ਕਰੋ ।"
7ਉਹ ਮਨੁੱਖ ਵਿਦਿਆ ਹੋਣ ਲਈ ਉੱਠਿਆ ਪਰ ਉਸ ਦਾ ਸਹੁਰਾ ਉਸ ਨਾਲ ਜਿੱਦ ਕਰ ਬੈਠਾ ਇਸ ਲਈ ਫਿਰ ਉਸ ਨੇ ਰਾਤ ਉੱਥੇ ਹੀ ਕੱਟੀ ।8ਪੰਜਵੇਂ ਦਿਨ ਸਵੇਰੇ ਹੀ ਉਹ ਵਿਦਿਆ ਹੋਣ ਲਈ ਉੱਠ ਗਿਆ, ਪਰ ਇਸਤਰੀ ਦੇ ਪਿਤਾ ਨੇ ਕਿਹਾ, "ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਜੋ ਤੂੰ ਆਪਣੇ ਮਨ ਨੂੰ ਅਨੰਦ ਕਰ ਅਤੇ ਦਿਨ ਢੱਲਣ ਤੱਕ ਠਹਿਰ ਜਾਉ ।" ਤਦ ਉਨ੍ਹਾਂ ਦੋਹਾਂ ਨੇ ਇਕੱਠੇ ਰੋਟੀ ਖਾਧੀ ।
9ਜਦ ਉਹ ਮਨੁੱਖ ਆਪਣੀ ਰਖ਼ੈਲ ਅਤੇ ਸੇਵਕ ਦੇ ਨਾਲ ਵਿਦਿਆ ਹੋਣ ਲਈ ਉੱਠਿਆ ਤਦ ਉਸ ਦੇ ਸਹੁਰੇ ਅਰਥਾਤ ਉਸ ਇਸਤਰੀ ਦੇ ਪਿਤਾ ਨੇ ਉਸ ਨੂੰ ਕਿਹਾ, "ਵੇਖ, ਦਿਨ ਢੱਲਣ ਵਾਲਾ ਹੈ ਅਤੇ ਸ਼ਾਮ ਹੁੰਦੀ ਜਾਂਦੀ ਹੈ, ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਰਾਤ ਇੱਥੇ ਹੀ ਰਹੋ । ਵੇਖੋ, ਦਿਨ ਢਲਦਾ ਜਾਂਦਾ ਹੈ । ਇਸ ਲਈ ਇੱਥੇ ਹੀ ਰਹੋ ਅਤੇ ਅਨੰਦ ਹੋਵੇ ਅਤੇ ਸਵੇਰੇ ਹੀ ਉੱਠ ਕੇ ਆਪਣੇ ਰਾਹ ਪੈ ਜਾਣਾ ਤਾਂ ਜੋ ਤੂੰ ਆਪਣੇ ਡੇਰੇ ਵੱਲ ਵਿਦਿਆ ਹੋਵੇਂ ।"

10ਪਰ ਉਸ ਰਾਤ ਰਹਿਣ ਲਈ ਉਹ ਮਨੁੱਖ ਰਾਜ਼ੀ ਨਾ ਹੋਇਆ, ਇਸ ਲਈ ਵਿਦਿਆ ਹੋ ਕੇ ਚੱਲ ਪਿਆ ਅਤੇ ਯਬੂਸ ਦੇ ਨੇੜੇ ਜਿਸ ਨੂੰ ਯਰੂਸ਼ਲਮ ਕਹਿੰਦੇ ਹਨ, ਪਹੁੰਚ ਗਿਆ । ਕਾਠੀ ਪਾਏ ਹੋਏ ਦੋਵੇਂ ਗਧੇ ਅਤੇ ਉਸ ਦੀ ਰਖ਼ੈਲ ਵੀ ਉਸ ਦੇ ਨਾਲ ਸੀ ।11ਜਦ ਉਹ ਯਬੂਸ ਦੇ ਨੇੜੇ ਪਹੁੰਚੇ ਤਾਂ ਦਿਨ ਬਹੁਤ ਹੀ ਢੱਲ ਗਿਆ ਸੀ । ਤਾਂ ਸੇਵਕ ਨੇ ਆਪਣੇ ਸਵਾਮੀ ਨੂੰ ਕਿਹਾ, "ਆਉ ਜੀ, ਅਸੀਂ ਯਬੂਸਿਆਂ ਦੇ ਸ਼ਹਿਰ ਵਿੱਚ ਜਾ ਕੇ ਇੱਥੇ ਰਹੀਏ ।"
12ਪਰ ਉਸ ਦੇ ਸੁਆਮੀ ਨੇ ਉਸ ਨੂੰ ਕਿਹਾ, "ਪਰਾਏ ਸ਼ਹਿਰ ਵਿੱਚ ਜੋ ਇਸਰਾਏਲੀਆਂ ਦਾ ਨਹੀਂ ਹੈ, ਅਸੀਂ ਨਹੀਂ ਜਾਂਵਾਂਗੇ, ਪਰ ਅਸੀਂ ਗਿਬਆਹ ਵੱਲ ਚਲੇ ਜਾਂਵਾਂਗੇ ।"13ਫਿਰ ਉਸ ਨੇ ਆਪਣੇ ਸੇਵਕ ਨੂੰ ਕਿਹਾ, "ਆ, ਅਸੀਂ ਇਨ੍ਹਾਂ ਥਾਵਾਂ ਵਿੱਚੋਂ ਕਿਸੇ ਇੱਕ ਵੱਲ ਚੱਲੀਏ, ਜਾਂ ਗਿਬਆਹ ਨੂੰ ਜਾਂ ਰਾਮਾਹ ਨੂੰ ਤਾਂ ਜੋ ਉੱਥੇ ਰਾਤ ਕੱਟੀਏ ।"
14ਅਤੇ ਉਹ ਅੱਗੇ ਦੀ ਵੱਲ ਸਫ਼ਰ ਕਰਦੇ ਰਹੇ ਅਤੇ ਜਦ ਬਿਨਯਾਮੀਨ ਦੇ ਗਿਬਆਹ ਦੇ ਨੇੜੇ ਪਹੁੰਚੇ ਤਾਂ ਸੂਰਜ ਢੱਲ ਗਿਆ ।15ਇਸ ਲਈ ਉਹ ਮੁੜ ਗਏ ਤਾਂ ਜੋ ਗਿਬਆਹ ਵਿੱਚ ਜਾ ਕੇ ਉੱਥੇ ਰਹਿਣ । ਅਤੇ ਉੱਥੇ ਜਾ ਕੇ ਉਹ ਸ਼ਹਿਰ ਦੇ ਇੱਕ ਚੌਂਕ ਵਿੱਚ ਬੈਠ ਗਿਆ ਕਿਉਂਕਿ ਉੱਥੇ ਅਜਿਹਾ ਕੋਈ ਨਹੀਂ ਸੀ ਜੋ ਉਨ੍ਹਾਂ ਨੂੰ ਰਾਤ ਕੱਟਣ ਲਈ ਆਪਣੇ ਘਰ ਲੈ ਜਾਂਦਾ ।

16ਤਦ ਵੇਖੋ, ਸ਼ਾਮ ਦੇ ਵੇਲੇ ਇੱਕ ਬਜ਼ੁਰਗ ਆਪਣੇ ਖੇਤ ਵਿੱਚੋਂ ਕੰਮ -ਧੰਧਾ ਮੁਕਾ ਕੇ ਉੱਥੇ ਆਇਆ, ਉਹ ਵੀ ਇਫ਼ਰਾਈਮ ਦੇ ਪਹਾੜੀ ਦੇਸ਼ ਦਾ ਸੀ, ਜੋ ਗਿਬਆਹ ਵਿੱਚ ਆ ਕੇ ਵੱਸ ਗਿਆ ਸੀ ਪਰ ਉੱਥੋਂ ਦੇ ਵਾਸੀ ਬਿਨਯਾਮੀਨੀ ਸਨ ।17ਉਸ ਨੇ ਅੱਖਾਂ ਚੁੱਕ ਕੇ ਇੱਕ ਰਾਹੀ ਨੂੰ ਸ਼ਹਿਰ ਦੇ ਚੌਂਕ ਬੈਠੇ ਵੇਖਿਆ, ਤਾਂ ਉਸ ਬਜ਼ੁਰਗ ਨੇ ਪੁੱਛਿਆ, "ਤੂੰ ਕਿੱਥੋਂ ਆਇਆ ਹੈਂ ਅਤੇ ਕਿੱਥੇ ਜਾਣਾ ਹੈ ? "
18ਉਹ ਨੇ ਉਸ ਨੂੰ ਕਿਹਾ, "ਅਸੀਂ ਬੈਤਲਹਮ-ਯਹੂਦਾਹ ਤੋਂ ਆਏ ਅਤੇ ਇਫ਼ਰਾਈਮ ਦੇ ਪਹਾੜੀ ਦੇਸ਼ ਦੇ ਦੂਸਰੇ ਪਾਸੇ ਜਾਣਾ ਹੈ । ਮੈਂ ਉੱਥੋਂ ਦਾ ਹੀ ਹਾਂ । ਮੈਂ ਬੈਤਲਹਮ-ਯਹੂਦਾਹ ਨੂੰ ਗਿਆ ਸੀ ਅਤੇ ਹੁਣ ਆਪਣੇ ਘਰ ਦੇ ਵੱਲ ਜਾਂਦਾ ਹਾਂ । ਪਰ ਇੱਥੇ ਅਜਿਹਾ ਕੋਈ ਮਨੁੱਖ ਨਹੀਂ ਜੋ ਸਾਨੂੰ ਆਪਣੇ ਘਰ ਠਹਿਰਾਵੇ ।19ਸਾਡੇ ਕੋਲ ਖੋਤਿਆਂ ਲਈ ਦਾਣਾ ਪੱਠਾ ਵੀ ਹੈ ਅਤੇ ਮੇਰੇ ਲਈ ਅਤੇ ਤੇਰੀ ਇਸ ਦਾਸੀ ਲਈ ਅਤੇ ਇਸ ਜੁਆਨ ਦੇ ਲਈ ਜੋ ਤੇਰੇ ਸੇਵਕਾਂ ਦੇ ਨਾਲ ਹੈ, ਰੋਟੀ ਅਤੇ ਦਾਖ਼ਰਸ ਵੀ ਹੈ, ਸਾਨੂੰ ਕਿਸੇ ਵਸਤੂ ਦੀ ਘਾਟ ਨਹੀਂ ਹੈ ।"
20ਉਸ ਬਜ਼ੁਰਗ ਨੇ ਕਿਹਾ, "ਤੈਨੂੰ ਸੁਖ-ਸਾਂਦ ਹੋਵੇ ਅਤੇ ਤੇਰੀ ਸਾਰੀ ਲੋੜ ਸਾਡੇ ਸਿਰ ਤੇ ਹੋਵੇ ਪਰ ਤੂੰ ਚੌਂਕ ਵਿੱਚ ਰਾਤ ਬਿਲਕੁਲ ਨਾ ਕੱਟ ।"21ਤਦ ਉਹ ਉਸ ਨੂੰ ਆਪਣੇ ਘਰ ਲੈ ਗਿਆ ਅਤੇ ਉਸ ਦੇ ਖੋਤਿਆਂ ਨੂੰ ਪੱਠੇ ਪਾਏ ਅਤੇ ਉਨ੍ਹਾਂ ਨੇ ਆਪਣੇ ਪੈਰ ਧੋਤੇ ਅਤੇ ਖਾਣ-ਪੀਣ ਲੱਗੇ ।

22ਜਿਸ ਵੇਲੇ ਉਹ ਅਨੰਦ ਕਰ ਰਹੇ ਸਨ ਤਾਂ ਵੇਖੋ, ਉਸ ਸ਼ਹਿਰ ਦੇ ਲੋਕਾਂ ਵਿੱਚੋਂ ਜੋ ਬਲਿਆਲ ਦੇ ਵੰਸ਼ ਦੇ ਸਨ, ਕਈਆਂ ਨੇ ਉਸ ਦੇ ਘਰ ਨੂੰ ਘੇਰ ਲਿਆ ਅਤੇ ਬੂਹਾ ਖੜਕਾ ਕੇ ਉਸ ਘਰ ਦੇ ਸਵਾਮੀ ਵਾਲੇ ਅਰਥਾਤ ਉਸ ਬਜ਼ੁਰਗ ਨੂੰ ਕਹਿਣ ਲੱਗੇ, "ਜਿਹੜਾ ਮਨੁੱਖ ਤੇਰੇ ਘਰ ਆਇਆ ਹੈ ਉਸ ਨੂੰ ਬਾਹਰ ਕੱਢ ਲਿਆ ਜੋ ਅਸੀਂ ਉਸ ਨਾਲ ਸੰਗ ਕਰੀਏ ।"23ਉਸ ਮਨੁੱਖ ਅਰਥਾਤ ਘਰ ਦੇ ਸਵਾਮੀ ਨੇ ਬਾਹਰ ਨਿੱਕਲ ਕੇ ਉਨ੍ਹਾਂ ਨੂੰ ਕਿਹਾ, "ਨਹੀਂ ਮੇਰੇ ਭਰਾਉ, ਅਜਿਹੀ ਬੁਰਿਆਈ ਨਾ ਕਰੋ, ਕਿਉਂ ਜੋ ਇਹ ਮਨੁੱਖ ਸਾਡੇ ਘਰ ਆਇਆ ਹੈ, ਇਸ ਲਈ ਅਜਿਹੀ ਦੁਸ਼ਟਤਾ ਨਾ ਕਰੋ ।
24ਵੇਖੋ, ਇੱਥੇ ਮੇਰੀ ਕੁਆਰੀ ਧੀ ਅਤੇ ਇਸ ਪੁਰਖ ਦੀ ਰਖ਼ੈਲ ਹਨ । ਮੈਂ ਉਨ੍ਹਾਂ ਨੂੰ ਬਾਹਰ ਲੈ ਆਉਂਦਾ ਹਾਂ । ਤੁਸੀਂ ਉਨ੍ਹਾਂ ਦੀ ਬੇਪਤੀ ਕਰੋ ਅਤੇ ਜੋ ਤੁਹਾਨੂੰ ਚੰਗਾ ਲੱਗੇ ਉਹੋ ਉਨ੍ਹਾਂ ਨਾਲ ਕਰੋ, ਪਰ ਇਸ ਮਨੁੱਖ ਨਾਲ ਅਜਿਹੀ ਦੁਸ਼ਟਤਾ ਨਾ ਕਰੋ ।"25ਪਰ ਉਨ੍ਹਾਂ ਲੋਕਾਂ ਨੇ ਉਸ ਦੀ ਗੱਲ ਨਾ ਮੰਨੀ । ਤਦ ਉਹ ਮਨੁੱਖ ਆਪਣੀ ਰਖ਼ੈਲ ਨੂੰ ਫੜ੍ਹ ਕੇ ਉਨ੍ਹਾਂ ਕੋਲ ਬਾਹਰ ਲੈ ਆਇਆ ਅਤੇ ਉਨ੍ਹਾਂ ਨੇ ਉਸ ਦੇ ਨਾਲ ਸੰਗ ਕੀਤਾ ਅਤੇ ਸਾਰੀ ਰਾਤ ਸਗੋਂ ਸਵੇਰ ਤੱਕ ਉਸ ਨੂੰ ਛੇੜਦੇ ਰਹੇ ਅਤੇ ਜਦ ਸਵੇਰ ਹੋਈ ਤਾਂ ਉਸ ਨੂੰ ਛੱਡ ਗਏ ।26ਤਦ ਉਹ ਇਸਤਰੀ ਸਵੇਰੇ ਹੀ ਆ ਕੇ ਉਸ ਮਨੁੱਖ ਦੇ ਘਰ ਦੇ ਦਰਵਾਜ਼ੇ ਉੱਤੇ ਡਿੱਗ ਪਈ ਜਿੱਥੇ ਉਸ ਦਾ ਪਤੀ ਸੀ, ਅਤੇ ਦਿਨ ਚੜ੍ਹਨ ਤੱਕ ਉੱਥੇ ਹੀ ਪਈ ਰਹੀ ।

27ਉਸ ਦੇ ਪਤੀ ਨੇ ਸਵੇਰੇ ਉੱਠ ਕੇ ਘਰ ਦਾ ਦਰਵਾਜਾ ਖੋਲ੍ਹਿਆ ਅਤੇ ਜਾਣ ਲਈ ਬਾਹਰ ਨਿੱਕਲਿਆ ਤਾਂ ਵੇਖੋ, ਉਸ ਦੀ ਰਖ਼ੈਲ ਘਰ ਦੇ ਦਰਵਾਜ਼ੇ ਉੱਤੇ ਪਈ ਸੀ ਅਤੇ ਉਸ ਦੇ ਹੱਥ ਡਿਉੜ੍ਹੀ ਨਾਲ ਲੱਗੇ ਹੋਏ ਸਨ ।28ਉਹ ਨੇ ਉਸ ਨੂੰ ਕਿਹਾ, "ਉੱਠ, ਅਸੀਂ ਚੱਲੀਏ !" ਪਰ ਕੋਈ ਉੱਤਰ ਨਾ ਮਿਲਿਆ । ਤਦ ਉਹ ਨੇ ਉਸ ਨੂੰ ਆਪਣੇ ਖੋਤੇ ਉੱਤੇ ਰੱਖ ਲਿਆ ਅਤੇ ਉੱਠ ਕੇ ਆਪਣੇ ਘਰ ਵੱਲ ਚੱਲ ਪਿਆ ।
29ਜਦ ਉਹ ਆਪਣੇ ਘਰ ਪਹੁੰਚ ਗਿਆ ਤਾਂ ਛੁਰੀ ਲੈ ਕੇ ਆਪਣੀ ਰਖ਼ੈਲ ਦੇ ਅੰਗ-ਅੰਗ ਕੱਟ ਕੇ ਬਾਰਾਂ ਟੁੱਕੜੇ ਕੀਤੇ ਅਤੇ ਇਸਰਾਏਲ ਦੀਆਂ ਸਾਰੀਆਂ ਹੱਦਾਂ ਵਿੱਚ ਭੇਜ ਦਿੱਤੇ ।30ਤਦ ਜਿਸ ਕਿਸੇ ਨੇ ਇਹ ਵੇਖਿਆ ਉਹ ਆਪਸ ਵਿੱਚ ਕਹਿਣ ਲੱਗੇ, "ਇਸਰਾਏਲੀਆਂ ਦੇ ਮਿਸਰ ਤੋਂ ਨਿੱਕਲ ਕੇ ਆਉਣ ਦੇ ਸਮੇਂ ਤੋਂ ਲੈ ਕੇ ਅੱਜ ਦੇ ਦਿਨ ਤੱਕ ਅਜਿਹਾ ਕੰਮ ਕਦੇ ਨਹੀਂ ਹੋਇਆ, ਅਤੇ ਨਾ ਹੀ ਕਿਸੇ ਨੇ ਵੇਖਿਆ ! ਇਸ ਵੱਲ ਧਿਆਨ ਕਰੋ ਅਤੇ ਸਲਾਹ ਕਰ ਕੇ ਬੋਲੋ ਕਿ ਹੁਣ ਕੀ ਕਰਨਾ ਚਾਹੀਦਾ ਹੈ ।"

20
ਇਸਰਾਏਲੀਆਂ ਦੁਆਰਾ ਯੁੱਧ ਦੀ ਤਿਆਰੀ

1ਤਦ ਦਾਨ ਤੋਂ ਲੈ ਕੇ ਬਏਰਸਬਾ ਤੱਕ ਦੇ ਸਾਰੇ ਇਸਰਾਏਲੀ ਅਤੇ ਗਿਲਆਦ ਦੇ ਲੋਕ ਵੀ ਨਿੱਕਲੇ, ਅਤੇ ਸਾਰੀ ਮੰਡਲੀ ਇੱਕ ਮਨੁੱਖ ਵਾਂਗ ਯਹੋਵਾਹ ਦੇ ਸਨਮੁਖ ਮਿਸਫਾਹ ਵਿੱਚ ਇੱਕਠੀ ਹੋਈ ।2ਅਤੇ ਸਾਰੇ ਲੋਕਾਂ ਦੇ ਸਰਦਾਰ ਸਗੋਂ ਇਸਰਾਏਲ ਦੇ ਸਾਰੇ ਗੋਤਾਂ ਦੇ ਲੋਕ, ਜੋ ਪਰਮੇਸ਼ੁਰ ਦੇ ਲੋਕਾਂ ਦੀ ਸਭਾ ਵਿੱਚ ਆਏ, ਚਾਰ ਲੱਖ ਤਲਵਾਰ ਧਾਰੀ ਪਿਆਦੇ ਸਨ ।

3ਬਿਨਯਾਮੀਨੀਆਂ ਨੇ ਸੁਣਿਆ ਕਿ ਇਸਰਾਏਲੀ ਮਿਸਫਾਹ ਵਿੱਚ ਇਕੱਠੇ ਹੋਏ ਹਨ ਅਤੇ ਇਸਰਾਏਲੀ ਪੁੱਛਣ ਲੱਗੇ, "ਸਾਨੂੰ ਦੱਸੋ ਕਿ ਇਹ ਬੁਰਿਆਈ ਕਿਸ ਤਰ੍ਹਾਂ ਹੋਈ ? "4ਤਦ ਉਸ ਲੇਵੀ ਨੇ ਜੋ ਉਸ ਮਾਰੀ ਗਈ ਇਸਤਰੀ ਦਾ ਪਤੀ ਸੀ, ਉੱਤਰ ਦੇ ਕੇ ਕਿਹਾ, "ਮੈਂ ਆਪਣੀ ਰਖ਼ੈਲ ਦੇ ਨਾਲ ਬਿਨਯਾਮੀਨ ਦੇ ਗਿਬਆਹ ਵਿੱਚ ਰਾਤ ਕੱਟਣ ਲਈ ਗਿਆ ਸੀ ।
5ਤਦ ਗਿਬਆਹ ਦੇ ਲੋਕ ਮੇਰੇ ਉੱਤੇ ਆ ਪਏ ਅਤੇ ਰਾਤ ਨੂੰ ਘਰ ਦੇ ਦੁਆਲੇ ਘਾਤ ਲਾ ਕੇ ਬੈਠੇ ਅਤੇ ਮੈਨੂੰ ਮਾਰਨਾ ਚਾਹੁੰਦੇ ਸਨ ਅਤੇ ਮੇਰੀ ਰਖ਼ੈਲ ਨਾਲ ਅਜਿਹਾ ਕੁਕਰਮ ਕੀਤਾ ਕਿ ਉਹ ਮਰ ਗਈ ।6ਤਦ ਮੈਂ ਆਪਣੀ ਰਖ਼ੈਲ ਨੂੰ ਲੈ ਕੇ ਟੁੱਕੜੇ-ਟੁੱਕੜੇ ਕੀਤਾ ਅਤੇ ਉਸ ਨੂੰ ਇਸਰਾਏਲ ਦੇ ਹਿੱਸੇ ਦੇ ਸਾਰੇ ਦੇਸ਼ ਵਿੱਚ ਭੇਜਿਆ ਕਿਉਂ ਜੋ ਉਨ੍ਹਾਂ ਨੇ ਇਸਰਾਏਲ ਵਿੱਚ ਅਜਿਹਾ ਲੁੱਚਪੁਣਾ ਅਤੇ ਦੁਸ਼ਟਤਾ ਕੀਤੀ ਹੈ ।7ਵੇਖੋ, ਹੇ ਇਸਰਾਏਲੀਓ, ਅਤੇ ਇੱਥੇ ਹੀ ਤੁਸੀਂ ਆਪਣਾ ਮੱਤ ਦੱਸੋ ।"

8ਤਦ ਸਾਰੇ ਲੋਕ ਇੱਕ ਮਨੁੱਖ ਵਾਂਗ ਉੱਠੇ ਅਤੇ ਕਹਿਣ ਲੱਗੇ, "ਨਾ ਤਾਂ ਸਾਡੇ ਵਿੱਚੋਂ ਕੋਈ ਆਪਣੇ ਤੰਬੂ ਵੱਲ ਜਾਵੇਗਾ ਅਤੇ ਨਾ ਹੀ ਕੋਈ ਆਪਣੇ ਘਰ ਵੱਲ ਮੁੜੇਗਾ ।9ਪਰ ਹੁਣ ਅਸੀਂ ਗਿਬਆਹ ਨਾਲ ਇਹ ਕਰਾਂਗੇ ਅਰਥਾਤ ਅਸੀਂ ਪਰਚੀਆਂ ਪਾ ਕੇ ਉਹ ਦੇ ਉੱਤੇ ਚੜ੍ਹਾਈ ਕਰਾਂਗੇ,
10ਅਤੇ ਅਸੀਂ ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ ਸੌ ਵਿੱਚੋਂ ਦਸ, ਹਜ਼ਾਰ ਵਿੱਚੋਂ ਸੌ ਅਤੇ ਦਸ ਹਜ਼ਾਰ ਵਿੱਚੋਂ ਇੱਕ ਹਜ਼ਾਰ ਮਨੁੱਖ ਵੱਖਰੇ ਕਰਾਂਗੇ ਤਾਂ ਜੋ ਉਹ ਫੌਜ ਲਈ ਭੋਜਨ ਵਸਤੂਆਂ ਲਿਆਉਣ, ਕਿਉਂ ਜੋ ਅਸੀਂ ਬਿਨਯਾਮੀਨ ਦੇ ਗਿਬਆਹ ਵਿੱਚ ਜਾ ਕੇ ਉਨ੍ਹਾਂ ਨਾਲ ਉਸੇ ਦੁਸ਼ਟਤਾ ਦੇ ਅਨੁਸਾਰ ਕਰਾਂਗੇ ਜਿਹੜੀ ਉਨ੍ਹਾਂ ਨੇ ਇਸਰਾਏਲ ਵਿੱਚ ਕੀਤੀ ਹੈ ।"11ਤਦ ਸਾਰੇ ਇਸਰਾਏਲੀ ਇੱਕ ਮਨੁੱਖ ਵਾਂਗ ਜੁੜ ਕੇ ਉਸ ਸ਼ਹਿਰ ਦੇ ਵਿਰੁੱਧ ਇਕੱਠੇ ਹੋਏ ।

12ਇਸਰਾਏਲ ਦੇ ਗੋਤਾਂ ਨੇ ਬਿਨਯਾਮੀਨ ਦੇ ਸਾਰੇ ਗੋਤ ਵਿੱਚ ਇਹ ਪੁੱਛਣ ਲਈ ਮਨੁੱਖ ਭੇਜੇ, "ਭਈ ਇਹ ਕੀ ਬੁਰਿਆਈ ਹੈ ਜੋ ਤੁਹਾਡੇ ਵਿਚਕਾਰ ਹੋਈ ਹੈ ?13ਹੁਣ ਉਨ੍ਹਾਂ ਮਨੁੱਖਾਂ ਨੂੰ ਅਰਥਾਤ ਬਲਿਆਲ ਵੰਸ਼ੀਆਂ ਨੂੰ ਜੋ ਗਿਬਆਹ ਵਿੱਚ ਹਨ, ਸਾਡੇ ਹੱਥ ਵਿੱਚ ਸੌਂਪ ਦਿਉ ਤਾਂ ਜੋ ਅਸੀਂ ਉਨ੍ਹਾਂ ਨੂੰ ਮਾਰ ਕੇ ਇਸਰਾਏਲ ਵਿੱਚੋਂ ਬੁਰਿਆਈ ਦਾ ਨਾਸ਼ ਕਰ ਦੇਈਏ ।" ਪਰ ਬਿਨਯਾਮੀਨੀਆਂ ਨੇ ਆਪਣੇ ਇਸਰਾਏਲੀ ਭਰਾਵਾਂ ਦੀ ਗੱਲ ਨਾ ਮੰਨੀ14ਸਗੋਂ ਬਿਨਯਾਮੀਨੀ ਆਪੋ ਆਪਣੇ ਸ਼ਹਿਰਾਂ ਵਿੱਚੋਂ ਆ ਕੇ ਗਿਬਆਹ ਵਿੱਚ ਇਸ ਲਈ ਇਕੱਠੇ ਹੋਏ ਤਾਂ ਜੋ ਇਸਰਾਏਲੀਆਂ ਨਾਲ ਲੜਨ ਨੂੰ ਨਿੱਕਲਣ ।
15ਅਤੇ ਉਸੇ ਦਿਨ ਗਿਬਆਹ ਦੇ ਵਾਸੀਆਂ ਤੋਂ ਬਿਨਾਂ ਜੋ ਸੱਤ ਸੌ ਚੁਣੇ ਹੋਏ ਜੁਆਨ ਸਨ, ਦੂਸਰੇ ਸ਼ਹਿਰਾਂ ਤੋਂ ਆਏ ਹੋਏ ਬਿਨਯਾਮੀਨੀ ਤਲਵਾਰ ਧਾਰੀ ਸੂਰਮਿਆਂ ਦੀ ਗਿਣਤੀ ਛੱਬੀ ਹਜ਼ਾਰ ਸੀ ।16ਇਨ੍ਹਾਂ ਸਾਰੇ ਲੋਕਾਂ ਵਿੱਚੋਂ ਸੱਤ ਸੌ ਚੁਣੇ ਹੋਏ ਜੁਆਨ ਖੱਬੇ ਸਨ, ਇਹ ਸਾਰੇ ਦੇ ਸਾਰੇ ਅਜਿਹੇ ਸਨ ਜੋ ਗੁਲੇਲ ਨਾਲ ਪੱਥਰ ਦਾ ਨਿਸ਼ਾਨਾ ਲਗਾਉਂਦੇ ਸਨ ਅਤੇ ਕਦੀ ਚੂਕਦੇ ਨਹੀਂ ਸਨ ।
17ਬਿਨਯਾਮੀਨ ਤੋਂ ਬਿਨ੍ਹਾਂ ਇਸਰਾਏਲ ਦੇ ਲੋਕ ਚਾਰ ਲੱਖ ਤਲਵਾਰ ਧਾਰੀ ਸਨ ਅਤੇ ਇਹ ਸਭ ਯੋਧਾ ਸਨ ।
ਬਿਨਯਾਮੀਨੀਆਂ ਨਾਲ ਯੁੱਧ

18ਸਾਰੇ ਇਸਰਾਏਲੀ ਉੱਠ ਕੇ ਬੈਤੇਲ ਨੂੰ ਗਏ ਅਤੇ ਇਹ ਕਹਿ ਕੇ ਪਰਮੇਸ਼ੁਰ ਤੋਂ ਸਲਾਹ ਮੰਗੀ, "ਸਾਡੇ ਵਿੱਚੋਂ ਬਿਨਯਾਮੀਨੀਆਂ ਨਾਲ ਲੜਾਈ ਕਰਨ ਨੂੰ ਪਹਿਲਾਂ ਕੌਣ ਜਾਵੇ ? " ਯਹੋਵਾਹ ਨੇ ਕਿਹਾ, "ਪਹਿਲਾਂ ਯਹੂਦਾਹ ਜਾਵੇਗਾ ।"
19ਤਦ ਇਸਰਾਏਲੀਆਂ ਨੇ ਸਵੇਰੇ ਉੱਠ ਕੇ ਗਿਬਆਹ ਦੇ ਸਾਹਮਣੇ ਤੰਬੂ ਲਾਏ,20ਅਤੇ ਇਸਰਾਏਲੀ ਪੁਰਖ ਬਿਨਯਾਮੀਨ ਨਾਲ ਲੜਨ ਨੂੰ ਨਿੱਕਲੇ ਅਤੇ ਇਸਰਾਏਲੀ ਪੁਰਖ ਗਿਬਆਹ ਵਿੱਚ ਉਨ੍ਹਾਂ ਦੇ ਸਾਹਮਣੇ ਕਤਾਰ ਬੰਨ ਕੇ ਲੜਾਈ ਦੇ ਲਈ ਆ ਕੇ ਖੜ੍ਹੇ ਹੋਏ ।21ਤਦ ਬਿਨਯਾਮੀਨੀਆਂ ਨੇ ਗਿਬਆਹ ਤੋਂ ਨਿੱਕਲ ਕੇ ਉਸੇ ਦਿਨ ਬਾਈ ਹਜ਼ਾਰ ਇਸਰਾਏਲੀਆਂ ਨੂੰ ਮਾਰ ਕੇ ਮਿੱਟੀ ਵਿੱਚ ਰਲਾ ਦਿੱਤਾ ।
22ਫਿਰ ਵੀ ਇਸਰਾਏਲੀ ਮਨੁੱਖਾਂ ਨੇ ਆਪਣੇ ਆਪ ਨੂੰ ਤਕੜਾ ਕਰ ਕੇ ਅਗਲੇ ਦਿਨ ਉਸੇ ਥਾਂ ਵਿੱਚ ਜਿੱਥੇ ਪਹਿਲੇ ਦਿਨ ਕਤਾਰ ਬੰਨ੍ਹੀ ਸੀ, ਫਿਰ ਕਤਾਰ ਬੰਨ੍ਹੀ ।23ਅਤੇ ਇਸਰਾਏਲੀ ਜਾ ਕੇ ਸ਼ਾਮ ਤੱਕ ਯਹੋਵਾਹ ਦੇ ਅੱਗੇ ਰੋਂਦੇ ਰਹੇ ਅਤੇ ਇਹ ਕਹਿ ਕੇ ਯਹੋਵਾਹ ਤੋਂ ਸਲਾਹ ਮੰਗੀ, "ਕੀ ਅਸੀਂ ਆਪਣੇ ਭਰਾ ਬਿਨਯਾਮੀਨ ਦੇ ਨਾਲ ਲੜਨ ਨੂੰ ਫੇਰ ਜਾਈਏ ਕਿ ਨਾ ? " ਯਹੋਵਾਹ ਨੇ ਕਿਹਾ, "ਉਨ੍ਹਾਂ ਦੇ ਉੱਤੇ ਚੜ੍ਹਾਈ ਕਰੋ ।"
24ਅਗਲੇ ਦਿਨ ਇਸਰਾਏਲੀ ਬਿਨਯਾਮੀਨੀਆਂ ਨਾਲ ਲੜਨ ਲਈ ਨੇੜੇ ਗਏ ।25ਤਦ ਅਗਲੇ ਦਿਨ ਫਿਰ ਬਿਨਯਾਮੀਨੀਆਂ ਨੇ ਗਿਬਆਹ ਤੋਂ ਨਿੱਕਲਦੇ ਇਸਰਾਏਲੀਆਂ ਦੇ ਅਠਾਰਾਂ ਹਜ਼ਾਰ ਪੁਰਖਾਂ ਨੂੰ ਮਾਰ ਮਿੱਟੀ ਵਿੱਚ ਰਲਾ ਦਿੱਤਾ, ਇਹ ਸਭ ਤਲਵਾਰ ਧਾਰੀ ਮਨੁੱਖ ਸਨ ।

26ਤਦ ਇਸਰਾਏਲੀ ਅਤੇ ਸਾਰੇ ਲੋਕ ਉੱਠ ਕੇ ਬੈਤੇਲ ਵਿੱਚ ਆਏ ਅਤੇ ਉੱਥੇ ਯਹੋਵਾਹ ਦੇ ਸਨਮੁਖ ਬੈਠ ਕੇ ਰੋਂਦੇ ਰਹੇ, ਅਤੇ ਉਸ ਦਿਨ ਸਾਰਿਆਂ ਨੇ ਸ਼ਾਮ ਤੱਕ ਵਰਤ ਰੱਖਿਆ ਅਤੇ ਹੋਮ ਦੀਆਂ ਅਤੇ ਸੁਖ-ਸਾਂਦ ਦੀਆਂ ਭੇਟਾਂ ਯਹੋਵਾਹ ਦੇ ਅੱਗੇ ਚੜ੍ਹਾਈਆਂ ।
27ਅਤੇ ਇਸਰਾਏਲੀਆਂ ਨੇ ਯਹੋਵਾਹ ਕੋਲੋਂ ਪੁੱਛਿਆ ਕਿਉਂ ਜੋ ਉਨ੍ਹਾਂ ਦਿਨਾਂ ਵਿੱਚ ਪਰਮੇਸ਼ੁਰ ਦੇ ਨੇਮ ਦਾ ਸੰਦੂਕ ਉੱਥੇ ਹੀ ਸੀ ।28ਅਤੇ ਹਾਰੂਨ ਦੇ ਪੁੱਤਰ ਅਲਆਜ਼ਾਰ ਦਾ ਪੁੱਤਰ ਫ਼ੀਨਿਹਾਸ ਉਨ੍ਹਾਂ ਦਿਨਾਂ ਵਿੱਚ ਉਹ ਦੇ ਅੱਗੇ ਸੇਵਾ ਕਰਦਾ ਹੁੰਦਾ ਸੀ । ਉਨ੍ਹਾਂ ਨੇ ਪੁੱਛਿਆ, "ਕੀ ਅਸੀਂ ਫਿਰ ਆਪਣੇ ਭਰਾ ਬਿਨਯਾਮੀਨ ਦੇ ਨਾਲ ਲੜਾਈ ਕਰਨ ਨੂੰ ਜਾਈਏ ਜਾਂ ਪਿੱਛੇ ਹਟ ਜਾਈਏ ? " ਯਹੋਵਾਹ ਨੇ ਕਿਹਾ, "ਜਾਉ, ਕਿਉਂ ਜੋ ਕੱਲ ਮੈਂ ਉਨ੍ਹਾਂ ਨੂੰ ਤੁਹਾਡੇ ਹੱਥ ਵਿੱਚ ਸੌਂਪ ਦਿਆਂਗਾ ।"
29ਤਦ ਇਸਰਾਏਲੀਆਂ ਨੇ ਗਿਬਆਹ ਦੇ ਆਲੇ-ਦੁਆਲੇ ਘਾਤ ਲਾਉਣ ਵਾਲਿਆਂ ਨੂੰ ਬਿਠਾਇਆ ।

30ਇਸਰਾਏਲੀਆਂ ਨੇ ਤੀਜੇ ਦਿਨ ਫਿਰ ਬਿਨਯਾਮੀਨੀਆਂ ਉੱਤੇ ਚੜ੍ਹਾਈ ਕੀਤੀ ਅਤੇ ਪਹਿਲਾਂ ਦੀ ਤਰ੍ਹਾਂ ਗਿਬਆਹ ਦੇ ਸਾਹਮਣੇ ਫਿਰ ਕਤਾਰ ਬੰਨ੍ਹੀ ।
31ਤਦ ਬਿਨਯਾਮੀਨੀ ਉਨ੍ਹਾਂ ਲੋਕਾਂ ਦਾ ਸਾਹਮਣਾ ਕਰਨ ਲਈ ਨਿੱਕਲੇ ਅਤੇ ਸ਼ਹਿਰ ਤੋਂ ਦੂਰ ਨਿੱਕਲ ਗਏ ਅਤੇ ਉਨ੍ਹਾਂ ਸੜਕਾਂ ਉੱਤੇ ਜਿਨ੍ਹਾਂ ਵਿੱਚੋਂ ਇੱਕ ਸੜਕ ਬੈਤੇਲ ਵੱਲ ਅਤੇ ਦੂਜੀ ਗਿਬਆਹ ਵੱਲ ਜਾਂਦੀ ਸੀ, ਪਹਿਲਾਂ ਦੀ ਤਰ੍ਹਾਂ ਲੋਕਾਂ ਨੂੰ ਮਾਰਨਾ ਸ਼ੁਰੂ ਕੀਤਾ ਅਤੇ ਮੈਦਾਨ ਵਿੱਚ ਇਸਰਾਏਲ ਦੇ ਕੋਈ ਤੀਹ ਮਨੁੱਖ ਮਾਰੇ ਗਏ ।
32ਤਾਂ ਬਿਨਯਾਮੀਨੀਆਂ ਕਹਿਣ ਲੱਗੇ, "ਪਹਿਲਾਂ ਦੀ ਤਰ੍ਹਾਂ ਹੀ ਉਹ ਸਾਡੇ ਕੋਲੋਂ ਹਾਰ ਗਏ ਹਨ," ਪਰ ਇਸਰਾਏਲੀਆਂ ਨੇ ਕਿਹਾ, "ਆਉ ਭੱਜੀਏ ਅਤੇ ਉਨ੍ਹਾਂ ਨੂੰ ਸ਼ਹਿਰ ਵਿੱਚੋਂ ਸੜਕਾਂ ਉੱਤੇ ਖਿੱਚ ਲਿਆਈਏ ।"33ਤਦ ਸਾਰੇ ਇਸਰਾਏਲੀ ਆਪੋ-ਆਪਣੀ ਥਾਂ ਤੋਂ ਉੱਠ ਕੇ ਖੜ੍ਹੇ ਹੋ ਗਏ ਅਤੇ ਬਆਲ ਤਾਮਾਰ ਵਿੱਚ ਕਤਾਰ ਬੰਨ੍ਹੀ । ਉਸ ਸਮੇਂ ਉਹ ਇਸਰਾਏਲੀ ਜੋ ਘਾਤ ਵਿੱਚ ਬੈਠੇ ਹੋਏ ਸਨ, ਆਪਣੀਆਂ ਥਾਵਾਂ ਤੋਂ ਗਿਬਆਹ ਦੇ ਮੈਦਾਨ ਵਿੱਚ ਅਚਾਨਕ ਨਿੱਕਲ ਆਏ ।
34ਤਦ ਸਾਰੇ ਇਸਰਾਏਲ ਵਿੱਚੋਂ ਚੁਣੇ ਹੋਏ ਦਸ ਹਜ਼ਾਰ ਜੁਆਨ ਗਿਬਆਹ ਉੱਤੇ ਆ ਪਏ ਅਤੇ ਭਿਆਨਕ ਲੜਾਈ ਹੋਣ ਲੱਗੀ ਪਰ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਬਿਪਤਾ ਸਾਡੇ ਉੱਤੇ ਪੈਣ ਵਾਲੀ ਹੈ ।35ਤਦ ਯਹੋਵਾਹ ਨੇ ਬਿਨਯਾਮੀਨ ਨੂੰ ਇਸਰਾਏਲ ਦੇ ਅੱਗੇ ਮਾਰਿਆ ਅਤੇ ਉਸ ਦਿਨ ਇਸਰਾਏਲੀਆਂ ਨੇ ਪੱਚੀ ਹਜ਼ਾਰ ਇੱਕ ਸੌ ਬਿਨਯਾਮੀਨੀਆਂ ਨੂੰ ਮਾਰ ਦਿੱਤਾ ਜੋ ਸਭ ਤਲਵਾਰ ਧਾਰੀ ਸਨ ।
ਇਸਰਾਏਲੀਆਂ ਦੀ ਜਿੱਤ

36ਤਦ ਬਿਨਯਾਮੀਨੀਆਂ ਨੇ ਵੇਖਿਆ ਕਿ ਅਸੀਂ ਹਾਰ ਗਏ ਹਾਂ ਇਸ ਲਈ ਕਿ ਇਸਰਾਏਲ ਦੇ ਮਨੁੱਖ ਬਿਨਯਾਮੀਨੀਆਂ ਦੇ ਅੱਗਿਓਂ ਭੱਜੇ ਕਿਉਂਕਿ ਉਨ੍ਹਾਂ ਨੇ ਘਾਤ ਵਿੱਚ ਬੈਠਣ ਵਾਲਿਆਂ ਉੱਤੇ ਭਰੋਸਾ ਰੱਖਿਆ ਜਿਨ੍ਹਾਂ ਨੂੰ ਉਨ੍ਹਾਂ ਨੇ ਗਿਬਆਹ ਦੇ ਦੁਆਲੇ ਬਿਠਾਇਆ ਸੀ ।37ਤਦ ਘਾਤ ਵਿੱਚ ਬੈਠਣ ਵਾਲੇ ਛੇਤੀ ਨਾਲ ਗਿਬਆਹ ਉੱਤੇ ਆਣ ਪਏ ਅਤੇ ਅੱਗੇ ਵੱਧ ਕੇ ਸਾਰੇ ਸ਼ਹਿਰ ਨੂੰ ਤਲਵਾਰ ਦੀ ਧਾਰ ਨਾਲ ਮਾਰਿਆ ।38ਇਸਰਾਏਲ ਦੇ ਲੋਕਾਂ ਅਤੇ ਘਾਤ ਵਿੱਚ ਬੈਠਣ ਵਾਲਿਆਂ ਦੇ ਵਿਚਕਾਰ ਇਹ ਨਿਸ਼ਾਨੀ ਠਹਿਰਾਈ ਗਈ ਸੀ ਕਿ ਉਹ ਧੂੰਏਂ ਦਾ ਇੱਕ ਵੱਡਾ ਬੱਦਲ ਸ਼ਹਿਰ ਤੋਂ ਉੱਪਰ ਨੂੰ ਉਡਾਉਣ ।
39ਜਦ ਇਸਰਾਏਲ ਦੇ ਲੋਕ ਲੜਨ ਤੋਂ ਹਟ ਗਏ ਤਾਂ ਬਿਨਯਾਮੀਨੀ ਮਾਰਨ ਲੱਗੇ ਅਤੇ ਉਨ੍ਹਾਂ ਵਿੱਚੋਂ ਕੋਈ ਤੀਹ ਮਨੁੱਖਾਂ ਨੂੰ ਮਾਰ ਦਿੱਤਾ ਕਿਉਂ ਜੋ ਉਹ ਕਹਿੰਦੇ ਸਨ ਕਿ ਪਹਿਲੀ ਲੜਾਈ ਵਾਂਗੂ ਉਹ ਸਾਡੇ ਤੋਂ ਹਾਰੇ ਜਾਂਦੇ ਹਨ ।
40ਪਰ ਜਦੋਂ ਧੂੰਏਂ ਦਾ ਬੱਦਲ ਇੱਕਦਮ ਸ਼ਹਿਰ ਤੋਂ ਉੱਠਿਆ ਤਾਂ ਬਿਨਯਾਮੀਨੀਆਂ ਨੇ ਆਪਣੇ ਪਿੱਛੇ ਮੁੜ ਕੇ ਵੇਖਿਆ ਤਾਂ ਵੇਖੋ, ਸ਼ਹਿਰ ਤੋਂ ਅਕਾਸ਼ ਤੱਕ ਧੂੰਏਂ ਦਾ ਬੱਦਲ ਉੱਠ ਰਿਹਾ ਸੀ ।41ਤਦ ਇਸਰਾਏਲ ਦੇ ਮਨੁੱਖ ਮੁੜੇ ਅਤੇ ਬਿਨਯਾਮੀਨ ਦੇ ਲੋਕ ਇਹ ਵੇਖ ਕੇ ਘਬਰਾ ਗਏ ਕਿ ਬਿਪਤਾ ਉਨ੍ਹਾਂ ਦੇ ਉੱਤੇ ਆਣ ਪਈ ਹੈ !
42ਇਸ ਲਈ ਉਹ ਇਸਰਾਏਲ ਦੇ ਮਨੁੱਖਾਂ ਨੂੰ ਆਪਣੀ ਪਿੱਠ ਵਿਖਾ ਕੇ ਉਜਾੜ ਵੱਲ ਭੱਜ ਗਏ ਪਰ ਉਨ੍ਹਾਂ ਨਾਲ ਲੜਾਈ ਹੁੰਦੀ ਹੀ ਰਹੀ ਅਤੇ ਉਹ ਲੋਕ ਜਿਹੜੇ ਦੂਸਰੇ ਸ਼ਹਿਰਾਂ ਤੋਂ ਆਏ ਸਨ, ਉਨ੍ਹਾਂ ਨੂੰ ਇਸਰਾਏਲੀ ਰਸਤੇ ਵਿੱਚ ਮਾਰਦੇ ਗਏ ।
43ਉਨ੍ਹਾਂ ਨੇ ਬਿਨਯਾਮੀਨੀਆਂ ਨੂੰ ਘੇਰ ਲਿਆ ਅਤੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਗਿਬਆਹ ਦੇ ਪੂਰਬ ਵੱਲ ਦੀ ਛਾਉਣੀ ਤੱਕ ਉਨ੍ਹਾਂ ਨੂੰ ਖਦੇੜਦੇ ਗਏ ।44ਬਿਨਯਾਮੀਨੀਆਂ ਦੇ ਅਠਾਰਾਂ ਹਜ਼ਾਰ ਪੁਰਖ ਮਾਰੇ ਗਏ । ਉਹ ਸਾਰੇ ਸੂਰਬੀਰ ਮਨੁੱਖ ਸਨ ।
45ਤਦ ਉਹ ਘੁੰਮ ਕੇ ਉਜਾੜ ਵਿੱਚ ਰਿੰਮੋਨ ਦੀ ਪਹਾੜੀ ਵੱਲ ਭੱਜ ਗਏ ਪਰ ਇਸਰਾਏਲੀਆਂ ਨੇ ਉਨ੍ਹਾਂ ਵਿੱਚੋਂ ਪੰਜ ਹਜ਼ਾਰ ਨੂੰ ਚੁਣ-ਚੁਣ ਕੇ ਸੜਕਾਂ ਉੱਤੇ ਮਾਰ ਦਿੱਤਾ ਅਤੇ ਫਿਰ ਗਿਦੋਮ ਤੱਕ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਵਿੱਚੋਂ ਦੋ ਹਜ਼ਾਰ ਪੁਰਖ ਹੋਰ ਮਾਰ ਦਿੱਤੇ ।46ਸਭ ਬਿਨਯਾਮੀਨੀ ਜੋ ਉਸ ਦਿਨ ਮਾਰੇ ਗਏ ਉਹ ਪੱਚੀ ਹਜ਼ਾਰ ਤਲਵਾਰ ਧਾਰੀ ਜੁਆਨ ਸਨ ਅਤੇ ਇਹ ਸਾਰੇ ਸੂਰਬੀਰ ਸਨ ।
47ਪਰ ਛੇ ਸੌ ਪੁਰਖ ਘੁੰਮ ਕੇ ਉਜਾੜ ਵੱਲ ਭੱਜੇ ਅਤੇ ਰਿੰਮੋਨ ਦੀ ਪਹਾੜੀ ਵੱਲ ਚਲੇ ਗਏ ਅਤੇ ਚਾਰ ਮਹੀਨੇ ਤੱਕ ਉੱਥੇ ਹੀ ਰਹੇ ।48ਤਦ ਇਸਰਾਏਲ ਦੇ ਮਨੁੱਖਾਂ ਨੇ ਮੁੜ ਕੇ ਬਿਨਯਾਮੀਨੀਆਂ ਉੱਤੇ ਫੇਰ ਹਮਲਾ ਕੀਤਾ, ਅਤੇ ਸਾਰੇ ਸ਼ਹਿਰਾਂ ਵਿੱਚ ਮਨੁੱਖਾਂ ਨੂੰ, ਪਸ਼ੂਆਂ ਨੂੰ ਅਤੇ ਉਹ ਸਭ ਕੁਝ ਜੋ ਉਨ੍ਹਾਂ ਨੂੰ ਲੱਭਿਆ, ਤਲਵਾਰ ਦੀ ਧਾਰ ਨਾਲ ਨਾਸ਼ ਕਰ ਦਿੱਤਾ ਅਤੇ ਜਿੰਨੇ ਸ਼ਹਿਰ ਉਨ੍ਹਾਂ ਨੂੰ ਲੱਭੇ ਉਹ ਸਾਰੇ ਅੱਗ ਨਾਲ ਸਾੜ ਦਿੱਤੇ ।

21
ਬਿਨਯਾਮੀਨੀਆਂ ਦੇ ਲਈ ਪਤਨੀਆਂ ਦਾ ਪ੍ਰਬੰਧ

1ਇਸਰਾਏਲ ਦੇ ਲੋਕਾਂ ਨੇ ਮਿਸਫਾਹ ਵਿੱਚ ਸਹੁੰ ਖਾਧੀ ਸੀ ਕਿ ਸਾਡੇ ਵਿੱਚੋਂ ਕੋਈ ਵੀ ਆਪਣੀ ਧੀ ਬਿਨਯਾਮੀਨ ਵਿੱਚ ਵਿਆਹੁਣ ਲਈ ਨਹੀਂ ਦੇਵੇਗਾ ।2ਲੋਕ ਬੈਤੇਲ ਵਿੱਚ ਆਏ ਅਤੇ ਸ਼ਾਮ ਤੱਕ ਉੱਥੇ ਪਰਮੇਸ਼ੁਰ ਦੇ ਅੱਗੇ ਬੈਠੇ ਰਹੇ ਅਤੇ ਫੁੱਟ-ਫੁੱਟ ਕੇ ਰੋਂਦੇ ਰਹੇ3ਅਤੇ ਬੋਲੇ, "ਹੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ, ਇਸਰਾਏਲ ਵਿੱਚ ਅਜਿਹਾ ਕਿਉਂ ਹੋਇਆ ਕਿ ਅੱਜ ਇਸਰਾਏਲ ਵਿੱਚੋਂ ਇੱਕ ਗੋਤ ਘੱਟ ਗਿਆ ਹੈ ? "

4ਫਿਰ ਅਗਲੇ ਦਿਨ ਲੋਕਾਂ ਨੇ ਸਵੇਰੇ ਉੱਠ ਕੇ ਉੱਥੇ ਇੱਕ ਜਗਵੇਦੀ ਬਣਾਈ ਅਤੇ ਹੋਮ ਬਲੀ ਅਤੇ ਸੁਖ-ਸਾਂਦ ਦੀਆਂ ਭੇਟਾਂ ਚੜ੍ਹਾਈਆਂ ।5ਅਤੇ ਇਸਰਾਏਲੀ ਕਹਿਣ ਲੱਗੇ, "ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ ਕੌਣ ਹੈ ਜੋ ਯਹੋਵਾਹ ਦੇ ਸਨਮੁਖ ਸਭਾ ਦੇ ਨਾਲ ਨਹੀਂ ਆਇਆ ਸੀ ? " ਕਿਉਂ ਜੋ ਉਨ੍ਹਾਂ ਨੇ ਪੱਕੀ ਸਹੁੰ ਖਾਧੀ ਸੀ ਕਿ ਜੋ ਕੋਈ ਯਹੋਵਾਹ ਦੇ ਸਨਮੁਖ ਮਿਸਫਾਹ ਵਿੱਚ ਨਹੀਂ ਆਵੇਗਾ ਉਹ ਯਕੀਨੀ ਤੌਰ ਤੇ ਮਾਰਿਆ ਜਾਵੇਗਾ ।
6ਤਦ ਇਸਰਾਏਲ ਆਪਣੇ ਭਰਾ ਬਿਨਯਾਮੀਨ ਦੇ ਕਾਰਨ ਇਹ ਕਹਿ ਕੇ ਪਛਤਾਉਣ ਲੱਗੇ ਕਿ ਅੱਜ ਇਸਰਾਏਲੀਆਂ ਦਾ ਇੱਕ ਗੋਤ ਨਸ਼ਟ ਹੋ ਗਿਆ ਹੈ ।7ਅਸੀਂ ਤਾਂ ਯਹੋਵਾਹ ਦੀ ਸਹੁੰ ਖਾਧੀ ਹੈ ਕਿ ਅਸੀਂ ਆਪਣੀਆਂ ਧੀਆਂ ਉਨ੍ਹਾਂ ਨੂੰ ਵਿਆਹੁਣ ਲਈ ਨਹੀਂ ਦਿਆਂਗੇ, ਇਸ ਲਈ ਜਿਹੜੇ ਬਚ ਗਏ ਹਨ ਉਨ੍ਹਾਂ ਨੂੰ ਅਸੀਂ ਪਤਨੀਆਂ ਕਿੱਥੋਂ ਦੇਈਏ ?

8ਫਿਰ ਉਨ੍ਹਾਂ ਨੇ ਪੁੱਛਿਆ, ਇਸਰਾਏਲੀਆਂ ਵਿੱਚੋਂ ਕਿਹੜਾ ਗੋਤ ਹੈ ਜੋ ਮਿਸਫਾਹ ਵਿੱਚ ਯਹੋਵਾਹ ਦੇ ਸਨਮੁਖ ਨਹੀਂ ਆਇਆ ਸੀ ? ਤਦ ਉਨ੍ਹਾਂ ਨੂੰ ਪਤਾ ਲੱਗਿਆ ਕਿ ਯਾਬੇਸ਼-ਗਿਲਆਦ ਦੇ ਵਾਸੀਆਂ ਵਿੱਚੋਂ ਸਭਾ ਵਿੱਚ ਇਕੱਠੇ ਹੋਣ ਲਈ ਉੱਥੇ ਕੋਈ ਨਹੀਂ ਆਇਆ ਸੀ ।9ਕਿਉਂਕਿ ਜਿਸ ਵੇਲੇ ਲੋਕਾਂ ਦੀ ਗਿਣਤੀ ਕੀਤੀ ਗਈ ਤਾਂ ਯਾਬੇਸ਼-ਗਿਲਆਦ ਦੇ ਵਾਸੀਆਂ ਵਿੱਚੋਂ ਕੋਈ ਵੀ ਉੱਥੇ ਨਾ ਲੱਭਿਆ ।10ਤਦ ਸਭਾ ਨੇ ਬਾਰਾਂ ਹਜ਼ਾਰ ਸੂਰਬੀਰਾਂ ਨੂੰ ਇਹ ਆਗਿਆ ਦੇ ਕੇ ਭੇਜਿਆ, "ਤੁਸੀਂ ਜਾ ਕੇ ਯਾਬੇਸ਼-ਗਿਲਆਦ ਦੇ ਵਾਸੀਆਂ ਨੂੰ ਇਸਤਰੀਆਂ ਅਤੇ ਬਾਲਕਾਂ ਸਮੇਤ ਤਲਵਾਰ ਦੀ ਧਾਰ ਨਾਲ ਨਾਸ਼ ਕਰ ਦਿਉ ।
11ਅਤੇ ਇਹ ਕੰਮ ਕਰੋ ਕਿ ਸਾਰੇ ਪੁਰਸ਼ਾਂ ਅਤੇ ਉਨ੍ਹਾਂ ਇਸਤਰੀਆਂ ਨੂੰ ਜਿਨ੍ਹਾਂ ਨੇ ਪੁਰਖਾਂ ਨਾਲ ਸੰਗ ਕੀਤਾ ਹੋਇਆ ਹੋਵੇ ਨਾਸ ਕਰ ਦੇਣਾ ।"12ਉਨ੍ਹਾਂ ਨੂੰ ਯਾਬੇਸ਼-ਗਿਲਆਦ ਦੇ ਵਾਸੀਆਂ ਵਿੱਚੋਂ ਚਾਰ ਸੌ ਕੁਆਰੀਆਂ ਮਿਲੀਆਂ ਜਿਹੜੀਆਂ ਪੁਰਖਾਂ ਤੋਂ ਅਣਜਾਣ ਸਨ, ਅਤੇ ਜਿਨ੍ਹਾਂ ਨੇ ਕਿਸੇ ਨਾਲ ਸੰਗ ਨਹੀਂ ਕੀਤਾ ਸੀ । ਉਹ ਉਨ੍ਹਾਂ ਨੂੰ ਕਨਾਨ ਦੇਸ਼ ਵਿੱਚ ਸ਼ੀਲੋਹ ਦੀ ਛਾਉਣੀ ਵਿੱਚ ਲੈ ਆਏ ।

13ਤਦ ਸਾਰੀ ਸਭਾ ਨੇ ਬਿਨਯਾਮੀਨੀਆਂ ਨੂੰ ਜੋ ਰਿੰਮੋਨ ਦੀ ਪਹਾੜੀ ਵਿੱਚ ਸਨ, ਸੰਦੇਸ਼ਾ ਭੇਜਿਆ ਅਤੇ ਅਤੇ ਉਨ੍ਹਾਂ ਨਾਲ ਸੰਧੀ ਦੀ ਘੋਸ਼ਣਾ ਕੀਤੀ ।14ਤਦ ਉਸ ਸਮੇਂ ਬਿਨਯਾਮੀਨੀ ਮੁੜ ਆਏ ਅਤੇ ਉਨ੍ਹਾਂ ਨੂੰ ਯਾਬੇਸ਼-ਗਿਲਆਦ ਦੀਆਂ ਉਹ ਕੁਆਰੀਆਂ ਦਿੱਤੀਆਂ ਗਈਆਂ ਜਿਹੜੀਆਂ ਜੀਉਂਦੀਆਂ ਛੱਡੀਆਂ ਗਈਆਂ ਸਨ, ਪਰ ਉਹ ਉਨ੍ਹਾਂ ਲਈ ਪੂਰੀਆਂ ਨਾ ਹੋਈਆਂ ।15ਲੋਕ ਬਿਨਯਾਮੀਨ ਦੇ ਲਈ ਬਹੁਤ ਪਛਤਾਏ ਕਿਉਂਕਿ ਯਹੋਵਾਹ ਨੇ ਇਸਰਾਏਲ ਦੇ ਗੋਤਾਂ ਵਿੱਚ ਦਰਾਰ ਪਾ ਦਿੱਤੀ ਸੀ ।

16ਤਦ ਸਭਾ ਦੇ ਬਜ਼ੁਰਗਾਂ ਨੇ ਕਿਹਾ, "ਬਿਨਯਾਮੀਨ ਦੀਆਂ ਸਾਰੀਆਂ ਇਸਤਰੀਆਂ ਤਾਂ ਮਾਰੀਆਂ ਗਈਆਂ ਹਨ, ਹੁਣ ਬਚੇ ਹੋਏ ਪੁਰਖਾਂ ਲਈ ਪਤਨੀਆਂ ਕਿੱਥੋਂ ਲਿਆਈਏ ? "17ਤਦ ਉਨ੍ਹਾਂ ਨੇ ਕਿਹਾ, "ਇਹ ਜ਼ਰੂਰੀ ਹੈ ਕਿ ਜਿਹੜੇ ਬਿਨਯਾਮੀਨ ਦੇ ਵਿੱਚੋਂ ਬਚ ਗਏ ਹਨ, ਉਨ੍ਹਾਂ ਦਾ ਵੀ ਹਿੱਸਾ ਰਹੇ, ਤਾਂ ਜੋ ਇਸਰਾਏਲੀਆਂ ਦਾ ਇੱਕ ਗੋਤ ਮਿਟ ਨਾ ਜਾਵੇ ।
18ਫਿਰ ਵੀ ਅਸੀਂ ਤਾਂ ਆਪਣੀਆਂ ਧੀਆਂ ਦਾ ਵਿਆਹ ਉਨ੍ਹਾਂ ਨਾਲ ਨਹੀਂ ਕਰ ਸਕਦੇ, ਕਿਉਂ ਜੋ ਇਸਰਾਏਲੀਆਂ ਨੇ ਸਹੁੰ ਖਾਧੀ ਹੈ ਕਿ ਜਿਹੜਾ ਕਿਸੇ ਬਿਨਯਾਮੀਨੀ ਨਾਲ ਆਪਣੀ ਧੀ ਦਾ ਵਿਆਹ ਕਰੇ, ਉਹ ਸਰਾਪੀ ਹੋਵੇ ।19ਤਦ ਉਨ੍ਹਾਂ ਨੇ ਕਿਹਾ, "ਵੇਖੋ, ਸ਼ੀਲੋਹ ਵਿੱਚ ਉਸ ਥਾਂ ਦੇ ਕੋਲ ਜੋ ਬੈਤੇਲ ਦੇ ਉੱਤਰ ਵੱਲ ਅਤੇ ਉਸ ਸੜਕ ਦੇ ਪੂਰਬ ਵੱਲ ਜਿਹੜੀ ਬੈਤੇਲ ਤੋਂ ਸ਼ਕਮ ਨੂੰ ਲਬੋਨਾਹ ਦੇ ਦੱਖਣ ਵੱਲ ਲੰਘ ਕੇ ਜਾਂਦੀ ਹੈ, ਯਹੋਵਾਹ ਦੇ ਲਈ ਹਰ ਸਾਲ ਇੱਕ ਪਰਬ ਮਨਾਇਆ ਜਾਂਦਾ ਹੈ ।"
20ਤਦ ਉਨ੍ਹਾਂ ਨੇ ਬਿਨਯਾਮੀਨੀਆਂ ਨੂੰ ਇਹ ਆਗਿਆ ਦਿੱਤੀ, "ਤੁਸੀਂ ਜਾ ਕੇ ਅੰਗੂਰਾਂ ਦੇ ਬਾਗ਼ਾਂ ਦੇ ਵਿੱਚ ਘਾਤ ਲਾ ਕੇ ਬੈਠ ਜਾਉ,21ਅਤੇ ਧਿਆਨ ਨਾਲ ਵੇਖੋ, ਜੇਕਰ ਸ਼ੀਲੋਹ ਦੀਆਂ ਧੀਆਂ ਨੱਚਣ ਨੂੰ ਬਾਹਰ ਨਿੱਕਲਣ ਤਾਂ ਤੁਸੀਂ ਅੰਗੂਰਾਂ ਦੇ ਬਾਗ਼ਾਂ ਵਿੱਚੋਂ ਨਿੱਕਲ ਕੇ ਸ਼ੀਲੋਹ ਦੀਆਂ ਧੀਆਂ ਵਿੱਚੋਂ ਇੱਕ-ਇੱਕ ਕੁੜੀ ਆਪਣੇ ਲਈ ਫੜਕੇ ਬਿਨਯਾਮੀਨ ਦੇ ਦੇਸ਼ ਨੂੰ ਚਲੇ ਜਾਉ,
22ਅਤੇ ਜਦ ਉਨ੍ਹਾਂ ਦੇ ਪਿਤਾ ਜਾਂ ਭਰਾ ਸਾਡੇ ਕੋਲ ਸ਼ਿਕਾਇਤ ਕਰਨ ਲਈ ਆਉਣਗੇ ਤਾਂ ਅਸੀਂ ਉਨ੍ਹਾਂ ਨੂੰ ਕਹਾਂਗੇ ਕਿ ਕਿਰਪਾ ਕਰਕੇ ਸਾਡੇ ਲਈ ਉਨ੍ਹਾਂ ਨੂੰ ਬਖ਼ਸ਼ ਦਿਉ ਕਿਉਂਕਿ ਅਸੀਂ ਲੜਾਈ ਵਿੱਚ ਕਿਸੇ ਮਨੁੱਖ ਦੇ ਲਈ ਪਤਨੀ ਨਾ ਛੱਡੀ, ਨਾ ਹੀ ਤੁਸੀਂ ਆਪ ਉਨ੍ਹਾਂ ਨੂੰ ਉਹ ਕੁੜੀਆਂ ਦਿੱਤੀਆਂ ਹਨ ਕਿ ਤੁਸੀਂ ਅਪਰਾਧੀ ਹੁੰਦੇ ।"
23ਤਦ ਬਿਨਯਾਮੀਨੀਆਂ ਨੇ ਅਜਿਹਾ ਹੀ ਕੀਤਾ । ਉਨ੍ਹਾਂ ਨੇ ਆਪਣੀ ਗਿਣਤੀ ਦੇ ਅਨੁਸਾਰ ਨੱਚਣ ਵਾਲੀਆਂ ਵਿੱਚੋਂ ਆਪਣੇ ਲਈ ਇੱਕ-ਇੱਕ ਕੁੜੀ ਫੜ ਲਈ ਅਤੇ ਉਨ੍ਹਾਂ ਨੂੰ ਲੈ ਕੇ ਆਪਣੇ ਹਿੱਸੇ ਵੱਲ ਮੁੜ ਗਏ ਅਤੇ ਆਪਣੇ ਸ਼ਹਿਰਾਂ ਨੂੰ ਸੁਧਾਰ ਕੇ ਉਨ੍ਹਾਂ ਵਿੱਚ ਵੱਸ ਗਏ ।24ਉਸੇ ਸਮੇਂ ਸਾਰੇ ਇਸਰਾਏਲੀ ਵੀ ਉੱਥੋਂ ਆਪੋ ਆਪਣੇ ਗੋਤ ਅਤੇ ਆਪੋ ਆਪਣੇ ਘਰਾਣੇ ਵਿੱਚ ਚਲੇ ਗਏ ਅਤੇ ਉੱਥੋਂ ਉਹ ਸਾਰੇ ਆਪੋ ਆਪਣੇ ਹਿੱਸਿਆਂ ਵਿੱਚ ਚਲੇ ਗਏ ।

25ਉਨ੍ਹਾਂ ਦਿਨਾਂ ਵਿੱਚ ਇਸਰਾਏਲ ਦਾ ਕੋਈ ਰਾਜਾ ਨਹੀਂ ਸੀ । ਜਿਸ ਕਿਸੇ ਨੂੰ ਜੋ ਠੀਕ ਲੱਗਦਾ ਸੀ, ਉਹ ਉਹੀ ਕਰਦਾ ਸੀ ।

ਰੂਥ

1
ਅਲੀਮਲਕ ਅਤੇ ਉਸ ਦੇ ਪਰਿਵਾਰ ਦਾ ਮੋਆਬ ਨੂੰ ਜਾਣਾ

1ਨਿਆਂਈਆਂ ਦੇ ਰਾਜ ਦੇ ਸਮੇਂ ਅਜਿਹਾ ਹੋਇਆ ਕਿ ਉਸ ਦੇਸ ਵਿੱਚ ਕਾਲ ਪੈ ਗਿਆ । ਬੈਤਹਲਮ-ਯਹੂਦਾਹ ਦਾ ਇੱਕ ਮਨੁੱਖ ਆਪਣੀ ਪਤਨੀ ਅਤੇ ਦੋਵੇਂ ਪੁੱਤਰਾਂ ਦੇ ਨਾਲ ਮੋਆਬ ਦੇ ਦੇਸ ਵਿੱਚ ਪਰਦੇਸੀ ਹੋ ਕੇ ਰਹਿਣ ਨੂੰ ਗਿਆ ।2ਉਸ ਮਨੁੱਖ ਦਾ ਨਾਮ ਅਲੀਮਲਕ ਅਤੇ ਉਸ ਦੀ ਪਤਨੀ ਦਾ ਨਾਮ ਨਾਓਮੀ ਸੀ, ਉਸ ਦੇ ਪੁੱਤਰਾਂ ਦੇ ਨਾਮ ਮਹਿਲੋਨ ਅਤੇ ਕਿਲਓਨ ਸਨ । ਇਹ ਬੈਤਹਲਮ-ਯਹੂਦਾਹ ਦੇ ਇਫਰਾਥੀ ਸਨ ਅਤੇ ਉਹ ਮੋਆਬ ਦੇ ਦੇਸ ਵਿੱਚ ਆ ਕੇ ਉੱਥੇ ਰਹਿਣ ਲੱਗੇ ।

3ਨਾਓਮੀ ਦਾ ਪਤੀ ਅਲੀਮਲਕ ਮਰ ਗਿਆ । ਉਹ ਅਤੇ ਉਸ ਦੇ ਦੋਵੇਂ ਪੁੱਤਰ ਰਹਿ ਗਏ ।4ਉਨ੍ਹਾਂ ਦੋਹਾਂ ਨੇ ਮੋਆਬ ਦੀਆਂ ਕੁਆਰੀਆਂ ਵਿੱਚੋਂ ਇੱਕ-ਇੱਕ ਕੁਆਰੀ ਨਾਲ ਵਿਆਹ ਕਰਵਾ ਲਿਆ । ਇੱਕ ਦਾ ਨਾਮ ਆਰਪਾਹ, ਦੂਜੀ ਦਾ ਨਾਮ ਰੂਥ ਸੀ ਅਤੇ ਉਹ ਦਸ ਸਾਲ ਤੱਕ ਉੱਥੇ ਰਹੇ ।5ਇਸ ਤੋਂ ਬਾਦ ਮਹਿਲੋਨ ਅਤੇ ਕਿਲਓਨ ਦੋਵੇਂ ਮਰ ਗਏ । ਨਾਓਮੀ ਆਪਣੇ ਦੋਵੇਂ ਪੁੱਤਰਾਂ ਅਤੇ ਪਤੀ ਤੋਂ ਬਿਨ੍ਹਾਂ ਇਕੱਲੀ ਰਹਿ ਗਈ ।
ਨਾਓਮੀ ਅਤੇ ਰੂਥ ਦਾ ਬੈਤਲਹਮ ਨੂੰ ਮੁੜਨਾ

6ਤਦ ਉਹ ਆਪਣੀਆਂ ਦੋਵੇਂ ਨੂੰਹਾਂ ਦੇ ਨਾਲ ਮੋਆਬ ਦੇ ਦੇਸ ਤੋਂ ਵਾਪਸ ਜਾਣ ਲਈ ਉੱਠੀ ਕਿਉਂਕਿ ਉਸ ਨੇ ਮੋਆਬ ਦੇ ਦੇਸ ਵਿੱਚ ਇਹ ਗੱਲ ਸੁਣੀ ਕਿ ਯਹੋਵਾਹ ਨੇ ਆਪਣੇ ਲੋਕਾਂ ਵੱਲ ਧਿਆਨ ਕੀਤਾ ਹੈ ਅਤੇ ਉਨ੍ਹਾਂ ਨੂੰ ਰੋਟੀ ਦਿੱਤੀ ਹੈ ।7ਇਸ ਲਈ ਉਹ ਉਸ ਸਥਾਨ ਤੋਂ ਜਿੱਥੇ ਉਹ ਰਹਿੰਦੀ ਸੀ, ਆਪਣੀ ਦੋਵੇਂ ਨੂੰਹਾਂ ਦੇ ਨਾਲ ਤੁਰ ਪਈ ਅਤੇ ਯਹੂਦਾਹ ਦੇ ਦੇਸ ਨੂੰ ਮੁੜ ਜਾਣ ਲਈ ਸਫ਼ਰ ਸ਼ੁਰੂ ਕੀਤਾ ।
8ਨਾਓਮੀ ਨੇ ਆਪਣੀਆਂ ਨੂੰਹਾਂ ਨੂੰ ਕਿਹਾ, "ਤੁਸੀਂ ਦੋਵੇਂ ਆਪੋ ਆਪਣੇ ਮਾਪਿਆਂ ਦੇ ਘਰ ਚਲੀਆਂ ਜਾਓ । ਜਿਵੇਂ ਤੁਸੀਂ ਮੇਰੇ ਮ੍ਰਿਤਕਾਂ ਉੱਤੇ ਅਤੇ ਮੇਰੇ ਉੱਤੇ ਦਯਾ ਕੀਤੀ ਹੈ, ਉਸੇ ਤਰ੍ਹਾਂ ਯਹੋਵਾਹ ਤੁਹਾਡੇ ਉੱਤੇ ਦਯਾ ਕਰੇ ।9ਯਹੋਵਾਹ ਅਜਿਹਾ ਕਰੇ ਕਿ ਤੁਸੀਂ ਆਪੋ ਆਪਣੇ ਪਤੀਆਂ ਦੇ ਘਰ ਵਿੱਚ ਸੁੱਖ ਪਾਓ । " ਤਦ ਉਸ ਨੇ ਉਨ੍ਹਾਂ ਨੂੰ ਚੁੰਮਿਆ ਅਤੇ ਉਹ ਫੁੱਟ-ਫੁੱਟ ਕੇ ਰੋਣ ਲੱਗ ਪਈਆਂ ।10ਫੇਰ ਉਨ੍ਹਾਂ ਨੇ ਉਸ ਨੂੰ ਕਿਹਾ, "ਸੱਚ-ਮੁੱਚ ਅਸੀਂ ਤੇਰੇ ਨਾਲ, ਤੇਰੇ ਲੋਕਾਂ ਦੇ ਵਿੱਚ ਜਾਵਾਂਗੀਆਂ । "
11ਅੱਗੋਂ ਨਾਓਮੀ ਨੇ ਕਿਹਾ, "ਹੇ ਮੇਰੀ ਧੀਓ, ਵਾਪਸ ਚਲੀਆਂ ਜਾਓ । ਤੁਸੀਂ ਮੇਰੇ ਨਾਲ ਕਿਉਂ ਆਉਂਦੀਆਂ ਹੋ ? ਭਲਾ, ਮੇਰੇ ਗਰਭ ਵਿੱਚ ਹੋਰ ਪੁੱਤਰ ਹਨ ਜੋ ਤੁਹਾਡੇ ਪਤੀ ਬਣਨ ?12ਹੇ ਮੇਰੀਓ ਧੀਓ, ਵਾਪਸ ਚਲੀਆਂ ਜਾਓ, ਕਿਉਂਕਿ ਮੈਂ ਬਹੁਤ ਬੁੱਢੀ ਹਾਂ ਅਤੇ ਪਤੀ ਕਰਨ ਦੇ ਯੋਗ ਨਹੀਂ ਹਾਂ, ਜੇ ਮੈਂ ਆਖਾਂ ਕਿ ਮੈਨੂੰ ਆਸ ਹੈ ਕਿ ਜੇਕਰ ਅੱਜ ਦੀ ਰਾਤ ਮੇਰਾ ਪਤੀ ਹੁੰਦਾ ਅਤੇ ਮੈਂ ਮੁੰਡੇ ਜੰਮਦੀ13ਤਾਂ ਵੀ ਜਦ ਤੱਕ ਉਹ ਵੱਡੇ ਹੁੰਦੇ ਭਲਾ, ਤਦ ਤੱਕ ਤੁਸੀਂ ਉਡੀਕਦੀਆਂ ਅਤੇ ਉਨ੍ਹਾਂ ਦੀ ਆਸ ਉੱਤੇ ਪਤੀ ਨਾ ਕਰਦੀਆਂ ? ਨਹੀਂ ਮੇਰੀ ਧੀਓ, ਅਜਿਹਾ ਨਾ ਹੋਵੇ, ਕਿਉਂਕਿ ਮੇਰਾ ਦੁੱਖ ਤੁਹਾਡੇ ਦੁੱਖ ਨਾਲੋਂ ਬਹੁਤ ਵੱਡਾ ਹੈ, ਕਿਉਂ ਜੋ ਯਹੋਵਾਹ ਦਾ ਹੱਥ ਮੇਰੇ ਵਿਰੁੱਧ ਉੱਠਿਆ ਹੈ । "
14ਤਦ ਉਹ ਫਿਰ ਉੱਚੀ ਅਵਾਜ਼ ਨਾਲ ਰੋਈਆਂ ਅਤੇ ਆਰਪਾਹ ਨੇ ਆਪਣੀ ਸੱਸ ਨੂੰ ਚੁੰਮਿਆ ਪਰ ਰੂਥ ਨੇ ਉਸ ਨੂੰ ਨਾ ਛੱਡਿਆ ।

15ਤਦ ਨਾਓਮੀ ਨੇ ਕਿਹਾ, "ਵੇਖ, ਤੇਰੀ ਜੇਠਾਣੀ ਆਪਣੇ ਟੱਬਰ ਅਤੇ ਦੇਵੀ-ਦੇਵਤਿਆਂ ਦੇ ਕੋਲ ਮੁੜ ਗਈ ਹੈ, ਤੂੰ ਵੀ ਆਪਣੀ ਜੇਠਾਣੀ ਦੇ ਪਿੱਛੇ ਚਲੀ ਜਾ । "
16ਪਰ ਰੂਥ ਨੇ ਕਿਹਾ, "ਮੇਰੇ ਅੱਗੇ ਤਰਲੇ ਨਾ ਕਰ ਕਿ ਮੈਂ ਤੈਨੂੰ ਇਕੱਲੀ ਛੱਡਾਂ ਅਤੇ ਵਾਪਸ ਮੁੜਾਂ ਕਿਉਂਕਿ ਜਿੱਥੇ ਤੂੰ ਜਾਵੇਂਗੀ, ਉੱਥੇ ਹੀ ਮੈਂ ਜਾਵਾਂਗੀ ਅਤੇ ਜਿੱਥੇ ਤੂੰ ਰਹੇਂਗੀ, ਉੱਥੇ ਹੀ ਮੈਂ ਰਹਾਂਗੀ । ਤੇਰੇ ਲੋਕ ਮੇਰੇ ਲੋਕ ਹੋਣਗੇ ਅਤੇ ਤੇਰਾ ਪਰਮੇਸ਼ੁਰ ਮੇਰਾ ਪਰਮੇਸ਼ੁਰ ਹੋਵੇਗਾ,17ਜਿੱਥੇ ਤੂੰ ਮਰੇਂਗੀ, ਉੱਥੇ ਮੈਂ ਮਰਾਂਗੀ ਅਤੇ ਉੱਥੇ ਹੀ ਮੈਂ ਦੱਬੀ ਜਾਵਾਂਗੀ । ਯਹੋਵਾਹ ਮੇਰੇ ਨਾਲ ਅਜਿਹਾ ਹੀ ਕਰੇ ਅਤੇ ਇਸ ਨਾਲੋਂ ਵੀ ਵੱਧ ਜੇ ਕਦੀ ਮੌਤ ਤੋਂ ਬਿਨ੍ਹਾਂ ਕੋਈ ਹੋਰ ਕਾਰਨ ਮੈਨੂੰ ਤੇਰੇ ਤੋਂ ਵੱਖਰਾ ਕਰੇ । "18ਜਦ ਨਾਓਮੀ ਨੇ ਵੇਖਿਆ ਕਿ ਰੂਥ ਨੇ ਉਸ ਦੇ ਨਾਲ ਜਾਣ ਲਈ ਆਪਣੇ ਮਨ ਵਿੱਚ ਠਾਣ ਲਿਆ ਹੈ ਤਾਂ ਉਹ ਉਸ ਨੂੰ ਵਾਪਸ ਜਾਣ ਨੂੰ ਆਖਣ ਤੋਂ ਹਟ ਗਈ ।

19ਤਦ ਉਹ ਦੋਵੇਂ ਤੁਰ ਪਈਆਂ ਅਤੇ ਬੈਤਹਲਮ ਵਿੱਚ ਆਈਆਂ । ਜਦ ਉਹ ਬੈਤਹਲਮ ਵਿੱਚ ਪਹੁੰਚੀਆਂ ਤਾਂ ਸਾਰੇ ਸ਼ਹਿਰ ਵਿੱਚ ਰੌਲਾ ਪੈ ਗਿਆ ਅਤੇ ਇਸਤਰੀਆਂ ਕਹਿਣ ਲੱਗੀਆਂ, "ਕੀ ਇਹ ਨਾਓਮੀ ਹੈ ? "20ਉਸ ਨੇ ਉਨ੍ਹਾਂ ਨੂੰ ਕਿਹਾ, "ਮੈਨੂੰ ਨਾਓਮੀ ਨਾ ਕਹੋ, ਮੈਨੂੰ 'ਮਾਰਾ' ਕਹੋ ਕਿਉਂ ਜੋ ਸਰਬ ਸ਼ਕਤੀਮਾਨ ਨੇ ਮੈਨੂੰ ਬਹੁਤ ਦੁੱਖ ਦਿੱਤਾ ਹੈ ।21ਮੈਂ ਭਰੀ ਪੂਰੀ ਇੱਥੋਂ ਨਿੱਕਲੀ ਸੀ, ਪਰ ਯਹੋਵਾਹ ਮੈਨੂੰ ਖਾਲੀ ਹੱਥ ਮੋੜ ਲਿਆਇਆ ਹੈ । ਫੇਰ ਤੁਸੀਂ ਮੈਨੂੰ ਨਾਓਮੀ ਕਿਉਂ ਕਹਿੰਦੀਆਂ ਹੋ ? ਤੁਸੀਂ ਵੇਖਦੇ ਹੋ, ਜੋ ਯਹੋਵਾਹ ਮੇਰਾ ਵਿਰੋਧੀ ਬਣਿਆ ਅਤੇ ਸਰਬ ਸ਼ਕਤੀਮਾਨ ਨੇ ਮੈਨੂੰ ਦੁੱਖ ਦਿੱਤਾ । "
22ਗੱਲ ਕਾਹਦੀ, ਨਾਓਮੀ ਅਤੇ ਉਸ ਦੀ ਨੂੰਹ ਮੋਆਬਣ ਰੂਥ, ਮੋਆਬ ਦੇ ਦੇਸ ਤੋਂ ਵਾਪਸ ਆਈਆਂ ਅਤੇ ਜੌਂ ਦੀ ਵਾਢੀ ਦੇ ਦਿਨਾਂ ਵਿੱਚ ਬੈਤਹਲਮ ਨੂੰ ਪਹੁੰਚੀਆਂ ।

2
ਰੂਥ ਬੋਅਜ਼ ਦੇ ਖੇਤਾਂ ਵਿੱਚ

1ਨਾਓਮੀ ਦੇ ਪਤੀ ਦਾ ਇੱਕ ਰਿਸ਼ਤੇਦਾਰ ਸੀ, ਜੋ ਅਲੀਮਲਕ ਦੇ ਘਰਾਣੇ ਵਿੱਚ ਬਹੁਤ ਧਨਵਾਨ ਸੀ ਅਤੇ ਉਹ ਦਾ ਨਾਮ ਬੋਅਜ਼ ਸੀ ।2ਤਦ ਮੋਆਬਣ ਰੂਥ ਨੇ ਨਾਓਮੀ ਨੂੰ ਕਿਹਾ, "ਜੇ ਤੂੰ ਮੈਨੂੰ ਆਗਿਆ ਦੇਵੇਂ ਤਾਂ ਮੈਂ ਖੇਤਾਂ ਵਿੱਚ ਜਾਂਵਾਂ ਅਤੇ ਜਿਸ ਦੀ ਨਿਗਾਹ ਵਿੱਚ ਮੈਂ ਕਿਰਪਾ ਪਾਵਾਂ ਉਸ ਦੇ ਖੇਤ ਵਿੱਚੋਂ ਸਿੱਟੇ ਚੁੱਗ ਲਿਆਵਾਂ । " ਨਾਓਮੀ ਨੇ ਉਸ ਨੂੰ ਕਿਹਾ, "ਜਾ ਮੇਰੀਏ ਧੀਏ !"

3ਤਦ ਉਹ ਗਈ ਅਤੇ ਖੇਤ ਵਿੱਚ ਜਾ ਕੇ ਵਾਢਿਆਂ ਦੇ ਪਿੱਛੇ ਸਿੱਟੇ ਚੁਗਣ ਲੱਗੀ ਅਤੇ ਸਬੱਬ ਨਾਲ ਉਹ ਅਲੀਮਲਕ ਦੇ ਰਿਸ਼ਤੇਦਾਰ ਬੋਅਜ਼ ਦੇ ਖੇਤ ਵਿੱਚ ਜਾ ਵੜੀ ।

4ਅਤੇ ਵੇਖੋ, ਜਦ ਬੋਅਜ਼ ਬੈਤਹਲਮ ਤੋਂ ਆਇਆ ਤਾਂ ਵਾਢਿਆਂ ਨੂੰ ਕਿਹਾ, "ਯਹੋਵਾਹ ਤੁਹਾਡੇ ਨਾਲ ਹੋਵੇ" ਅਤੇ ਉਨ੍ਹਾਂ ਨੇ ਉੱਤਰ ਦਿੱਤਾ, "ਯਹੋਵਾਹ ਤੁਹਾਨੂੰ ਅਸੀਸ ਦੇਵੇ । "
5ਫਿਰ ਬੋਅਜ਼ ਨੇ ਉਸ ਸੇਵਕ ਤੋਂ ਜੋ ਵਾਢਿਆਂ ਦੇ ਉੱਤੇ ਨਿਯੁਕਤ ਸੀ ਪੁੱਛਿਆ, "ਇਹ ਕਿਸ ਦੀ ਕੁੜੀ ਹੈ ? "6ਸੇਵਕ ਨੇ ਜੋ ਵਾਢਿਆਂ ਦੇ ਉੱਤੇ ਨਿਯੁਕਤ ਸੀ ਉੱਤਰ ਦੇ ਕੇ ਆਖਿਆ, "ਇਹ ਮੋਆਬਣ ਕੁੜੀ ਹੈ, ਜੋ ਨਾਓਮੀ ਦੇ ਨਾਲ ਮੋਆਬ ਦੇਸ ਤੋਂ ਆਈ ਹੈ । "7ਉਸ ਨੇ ਸਾਨੂੰ ਕਿਹਾ, "ਮੈਨੂੰ ਵਾਢਿਆਂ ਦੇ ਪਿੱਛੇ ਪੂਲਿਆਂ ਦੇ ਵਿਚਕਾਰ ਸਿੱਟੇ ਚੁਗਣ ਅਤੇ ਇਕੱਠਾ ਕਰਨ ਦਿਓ ? " ਤਦ ਉਹ ਆਈ ਅਤੇ ਸਵੇਰ ਤੋਂ ਹੁਣ ਤੱਕ ਕੰਮ ਵਿੱਚ ਲੱਗੀ ਰਹੀ, ਥੋੜਾ ਜਿਹਾ ਅਰਾਮ ਕਰਨ ਲਈ ਘਰ ਵਿੱਚ ਠਹਿਰੀ ।

8ਤਦ ਬੋਅਜ਼ ਨੇ ਰੂਥ ਨੂੰ ਕਿਹਾ, "ਹੇ ਮੇਰੀਏ ਧੀਏ, ਤੂੰ ਮੇਰੀ ਗੱਲ ਸੁਣ ? ਤੂੰ ਹੋਰ ਕਿਸੇ ਦੇ ਖੇਤ ਵਿੱਚ ਸਿੱਟੇ ਚੁਗਣ ਲਈ ਨਾ ਜਾਵੀਂ ਅਤੇ ਇੱਥੋਂ ਨਾ ਨਿੱਕਲ ਸਗੋਂ ਇਸੇ ਤਰ੍ਹਾਂ ਮੇਰੀਆਂ ਦਾਸੀਆਂ ਦੇ ਨਾਲ-ਨਾਲ ਰਹਿ ।9ਇਸੇ ਖੇਤ ਵੱਲ, ਜਿਸ ਨੂੰ ਉਹ ਵੱਢਦੇ ਹਨ ਧਿਆਨ ਰੱਖ ਅਤੇ ਮੇਰੀਆਂ ਦਾਸੀਆਂ ਦੇ ਪਿੱਛੇ-ਪਿੱਛੇ ਤੁਰਦੀ ਜਾ । ਭਲਾ, ਮੈਂ ਇਨ੍ਹਾਂ ਜੁਆਨਾਂ ਨੂੰ ਆਗਿਆ ਨਹੀਂ ਦਿੱਤੀ, ਕਿ ਉਹ ਤੈਨੂੰ ਨਾ ਛੇੜਨ ਅਤੇ ਜਦੋਂ ਤੈਨੂੰ ਪਿਆਸ ਲੱਗੇ ਤਾਂ ਉਨ੍ਹਾਂ ਘੜਿਆਂ ਵਿੱਚੋਂ ਜਾ ਕੇ ਪੀ ਲਵੀਂ ਜੋ ਮੇਰੇ ਜੁਆਨਾਂ ਨੇ ਭਰੇ ਹਨ । "
10ਤਦ ਰੂਥ ਨੇ ਮੂੰਹ ਦੇ ਭਾਰ ਧਰਤੀ ਉੱਤੇ ਝੁੱਕ ਕੇ ਮੱਥਾ ਟੇਕਿਆ ਅਤੇ ਕਿਹਾ, "ਕੀ ਕਾਰਨ ਹੈ ਜੋ ਮੈਂ ਤੇਰੀ ਨਿਗਾਹ ਵਿੱਚ ਕਿਰਪਾ ਪਾਈ ਅਤੇ ਤੂੰ ਮੇਰੇ ਵੱਲ ਧਿਆਨ ਕੀਤਾ ? ਮੈਂ ਤਾਂ ਪਰਦੇਸਣ ਹਾਂ । "11ਤਦ ਬੋਅਜ਼ ਨੇ ਉੱਤਰ ਦੇ ਕੇ ਉਸ ਨੂੰ ਕਿਹਾ, "ਮੈਨੂੰ ਉਸ ਸਾਰੀ ਗੱਲ ਦੀ ਖ਼ਬਰ ਹੈ ਜੋ ਤੂੰ ਆਪਣੇ ਪਤੀ ਦੇ ਮਰਨ ਤੋਂ ਬਾਅਦ ਆਪਣੀ ਸੱਸ ਨਾਲ ਕੀਤੀ ਅਤੇ ਕਿਸ ਤਰ੍ਹਾਂ ਤੂੰ ਆਪਣੇ ਮਾਤਾ-ਪਿਤਾ ਅਤੇ ਆਪਣੀ ਜਨਮ ਭੂਮੀ ਨੂੰ ਛੱਡਿਆ ਅਤੇ ਇਨ੍ਹਾਂ ਲੋਕਾਂ ਵਿੱਚ ਆਈ, ਜਿਨ੍ਹਾਂ ਨੂੰ ਤੂੰ ਪਹਿਲਾਂ ਨਹੀਂ ਜਾਣਦੀ ਸੀ ।12ਯਹੋਵਾਹ ਤੇਰੇ ਕੰਮ ਦਾ ਫਲ ਦੇਵੇ, ਸਗੋਂ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਵੱਲੋਂ, ਜਿਸ ਦੇ ਖੰਭਾਂ ਹੇਠ ਵਿਸ਼ਵਾਸ ਕਰ ਕੇ ਤੂੰ ਆਈ ਹੈਂ, ਤੈਨੂੰ ਪੂਰਾ ਬਦਲਾ ਦਿੱਤਾ ਜਾਵੇ । "
13ਤਦ ਰੂਥ ਨੇ ਕਿਹਾ, "ਹੇ ਮੇਰੇ ਸਵਾਮੀ, ਤੁਹਾਡੀ ਦਯਾ ਦੀ ਨਿਗਾਹ ਮੇਰੇ ਉੱਤੇ ਹੋਵੇ । ਤੁਸੀਂ ਮੈਨੂੰ ਤਸੱਲੀ ਦਿੱਤੀ ਹੈ ਅਤੇ ਤੁਸੀਂ ਆਪਣੀ ਦਾਸੀ ਨਾਲ ਦਿਆਲਤਾ ਨਾਲ ਗੱਲਾਂ ਕੀਤੀਆਂ, ਭਾਵੇਂ ਮੈਂ ਤੁਹਾਡੀ ਦਾਸੀਆਂ ਵਿੱਚੋਂ ਇੱਕ ਵਰਗੀ ਵੀ ਨਹੀਂ ਹਾਂ । "

14ਫਿਰ ਰੋਟੀ ਖਾਣ ਦੇ ਸਮੇਂ ਬੋਅਜ਼ ਨੇ ਉਸ ਨੂੰ ਕਿਹਾ, "ਇੱਥੇ ਆ ਕੇ ਰੋਟੀ ਖਾ ਅਤੇ ਆਪਣੀ ਬੁਰਕੀ ਸਿਰਕੇ ਵਿੱਚ ਡੁਬੋ । " ਤਦ ਉਹ ਵਾਢਿਆਂ ਦੇ ਕੋਲ ਬੈਠ ਗਈ ਅਤੇ ਉਸ ਨੇ ਭੁੰਨੇ ਹੋਏ ਦਾਣੇ ਉਹ ਦੇ ਅੱਗੇ ਰੱਖੇ, ਤਾਂ ਉਹ ਨੇ ਖਾਧੇ ਅਤੇ ਰੱਜ ਗਈ ਸਗੋਂ ਕੁਝ ਬਚਾ ਕੇ ਵੀ ਰੱਖ ਲਏ ।
15ਜਦ ਉਹ ਸਿੱਟੇ ਚੁਗਣ ਲਈ ਉੱਠੀ ਤਾਂ ਬੋਅਜ਼ ਨੇ ਆਪਣੇ ਜੁਆਨਾਂ ਨੂੰ ਹੁਕਮ ਦਿੱਤਾ ਕਿ ਉਸ ਨੂੰ ਪੂਲਿਆਂ ਦੇ ਵਿੱਚ ਚੁਗਣ ਦੇਣ ਅਤੇ ਸ਼ਰਮਿੰਦਾ ਨਾ ਕਰਨ16ਸਗੋਂ ਪੂਲਿਆਂ ਵਿੱਚੋਂ ਜਾਣ ਬੁੱਝ ਕੇ ਉਹ ਦੇ ਲਈ ਕੁਝ ਡੇਗਦੇ ਜਾਓ ਅਤੇ ਉਸ ਦੇ ਚੁਗਣ ਲਈ ਛੱਡ ਦਿਓ, ਅਤੇ ਕੋਈ ਉਸ ਨੂੰ ਨਾ ਝਿੜਕੇ ।
17ਤਦ ਉਹ ਸ਼ਾਮ ਤੱਕ ਖੇਤ ਵਿੱਚ ਚੁਗਦੀ ਰਹੀ; ਅਤੇ ਜੋ ਕੁਝ ਉਸ ਨੇ ਚੁਗਿਆ ਸੀ, ਉਸ ਨੂੰ ਕੁੱਟਿਆ ਅਤੇ ਉਹ ਬੱਤੀ ਸੇਰ ਜੌਂ ਹੋਏ ।

18ਤਦ ਉਹ ਉਸ ਨੂੰ ਚੁੱਕ ਕੇ ਨਗਰ ਵਿੱਚ ਗਈ, ਅਤੇ ਜੋ ਕੁਝ ਉਸ ਨੇ ਚੁਗਿਆ ਸੀ, ਉਹ ਸਭ ਉਸ ਦੀ ਸੱਸ ਨੇ ਵੇਖਿਆ, ਅਤੇ ਉਹ ਦਾਣੇ ਜਿਹੜੇ ਉਸ ਨੇ ਰੱਜ ਕੇ ਖਾਣ ਤੋਂ ਬਾਅਦ ਬਚਾ ਕੇ ਰੱਖ ਲਏ ਸਨ, ਆਪਣੀ ਸੱਸ ਨੂੰ ਦਿੱਤੇ ।
19ਫੇਰ ਉਹ ਦੀ ਸੱਸ ਨੇ ਉਸ ਤੋਂ ਪੁੱਛਿਆ, "ਤੂੰ ਅੱਜ ਕਿੱਥੋਂ ਸਿੱਟੇ ਚੁਗੇ ਅਤੇ ਕਿੱਥੇ ਕੰਮ-ਧੰਦਾ ਕੀਤਾ ? ਧੰਨ ਹੈ ਉਹ ਜਿਸ ਨੇ ਤੇਰੀ ਖ਼ਬਰ ਲਈ ਹੈ । " ਤਦ ਉਸ ਨੇ ਆਪਣੀ ਸੱਸ ਨੂੰ ਉਹ ਦੇ ਬਾਰੇ; ਜਿਸ ਦੇ ਕੋਲ ਕੰਮ-ਧੰਦਾ ਕੀਤਾ ਸੀ, ਦੱਸ ਕੇ ਆਖਿਆ, ਉਸ ਮਨੁੱਖ ਦਾ ਨਾਮ ਬੋਅਜ਼ ਹੈ, ਜਿਸ ਦੇ ਕੋਲ ਮੈਂ ਅੱਜ ਕੰਮ-ਧੰਦਾ ਕਰਦੀ ਰਹੀ ।20ਤਦ ਨਾਓਮੀ ਨੇ ਆਪਣੀ ਨੂੰਹ ਨੂੰ ਕਿਹਾ, "ਉਹ ਯਹੋਵਾਹ ਵੱਲੋਂ ਮੁਬਾਰਕ ਹੋਵੇ, ਜਿਸ ਨੇ ਜੀਉਂਦਿਆਂ ਅਤੇ ਮੋਇਆਂ ਨੂੰ ਆਪਣੀ ਕਿਰਪਾ ਤੋਂ ਖ਼ਾਲੀ ਨਹੀਂ ਰੱਖਿਆ । " ਫੇਰ ਨਾਓਮੀ ਨੇ ਉਸ ਨੂੰ ਦੱਸਿਆ, ਇਹ ਮਨੁੱਖ ਸਾਡਾ ਨਜ਼ਦੀਕੀ ਰਿਸ਼ਤੇਦਾਰ ਹੈ ਸਗੋਂ ਉਨ੍ਹਾਂ ਵਿੱਚੋਂ ਇੱਕ ਹੈ, ਜਿਨ੍ਹਾਂ ਨੂੰ ਸਾਡੀ ਜ਼ਮੀਨ ਛੁਡਾਉਣ ਦਾ ਅਧਿਕਾਰ ਹੈ ।
21ਤਦ ਮੋਆਬਣ ਰੂਥ ਬੋਲੀ, "ਉਸ ਨੇ ਮੈਨੂੰ ਇਹ ਵੀ ਕਿਹਾ ਕਿ ਜਦ ਤੱਕ ਮੇਰੀਆਂ ਵਾਢੀਆਂ ਨਾ ਹੋ ਜਾਣ ਤਦ ਤੱਕ ਤੂੰ ਮੇਰਿਆਂ ਜੁਆਨਾਂ ਦੇ ਨਾਲ-ਨਾਲ ਰਿਹਾ ਕਰ । "22ਨਾਓਮੀ ਨੇ ਆਪਣੀ ਨੂੰਹ ਰੂਥ ਨੂੰ ਕਿਹਾ, "ਹੇ ਮੇਰੀਏ ਧੀਏ, ਇਹ ਚੰਗੀ ਗੱਲ ਹੈ ਕਿ ਤੂੰ ਉਸ ਦੀਆਂ ਦਾਸੀਆਂ ਦੇ ਨਾਲ ਜਾਇਆ ਕਰੇਂ ਕਿਉਂ ਜੋ ਕਿਸੇ ਹੋਰ ਦੇ ਖੇਤ ਵਿੱਚ ਜਾਣਾ ਤੇਰੇ ਲਈ ਨੁਕਸਾਨਦੇਹ ਹੋ ਸਕਦਾ ਹੈ ।
23ਇਸ ਲਈ ਜਦ ਤੱਕ ਜੌਂ ਦੀ ਅਤੇ ਕਣਕ ਦੀ ਵਾਢੀ ਹੁੰਦੀ ਰਹੀ, ਉਹ ਬੋਅਜ਼ ਦੀਆਂ ਦਾਸੀਆਂ ਦੇ ਨਾਲ-ਨਾਲ ਲੱਗੀ ਰਹੀ ਅਤੇ ਉਹ ਆਪਣੀ ਸੱਸ ਦੇ ਕੋਲ ਵੱਸੀ ਰਹੀ ।

3
ਨਾਓਮੀ ਦੀ ਰੂਥ ਨੂੰ ਸਲਾਹ

1ਤਦ ਉਸ ਦੀ ਸੱਸ ਨਾਓਮੀ ਨੇ ਉਸ ਨੂੰ ਕਿਹਾ, "ਹੇ ਮੇਰੀਏ ਧੀਏ, ਕੀ ਮੈਂ ਤੇਰੇ ਲਈ ਕੋਈ ਘਰ ਨਾ ਲੱਭਾਂ, ਜੋ ਤੇਰਾ ਭਲਾ ਹੋਵੇ ?2ਭਲਾ, ਹੁਣ ਬੋਅਜ਼ ਸਾਡੇ ਨਜ਼ਦੀਕੀ ਰਿਸ਼ਤੇਦਾਰਾਂ ਵਿੱਚੋਂ ਨਹੀਂ, ਜਿਸ ਦੀਆਂ ਦਾਸੀਆਂ ਦੇ ਨਾਲ ਤੂੰ ਰਹੀ ਸੀ ? ਵੇਖ, ਉਹ ਅੱਜ ਰਾਤ ਪਿੜ ਵਿੱਚ ਜੌਂ ਛੱਟੇਗਾ,

3ਸੋ ਤੂੰ ਇਸ਼ਨਾਨ ਕਰ ਅਤੇ ਤੇਲ ਲਾ ਅਤੇ ਆਪਣੇ ਚੰਗੇ ਬਸਤਰ ਪਾ ਕੇ ਪਿੜ ਵੱਲ ਜਾ ਅਤੇ ਜਦ ਤੱਕ ਉਹ ਖਾ ਪੀ ਨਾ ਚੁੱਕੇ ਤਦ ਤੱਕ ਆਪਣੇ ਆਪ ਨੂੰ ਉਸ ਮਨੁੱਖ ਅੱਗੇ ਪ੍ਰਗਟ ਨਾ ਕਰੀਂ ।4ਅਤੇ ਜਦ ਉਹ ਲੇਟ ਜਾਵੇ ਤਾਂ ਉਸ ਸਥਾਨ ਦਾ ਜਿੱਥੇ ਉਹ ਲੇਟੇਗਾ ਤੂੰ ਧਿਆਨ ਰੱਖੀਂ । ਫੇਰ ਤੂੰ ਅੰਦਰ ਜਾ ਕੇ ਉਸ ਦੇ ਪੈਰਾਂ ਵੱਲੋਂ ਕੱਪੜਾ ਚੁੱਕ ਕੇ ਉੱਥੇ ਹੀ ਲੇਟ ਜਾਵੀਂ ਅਤੇ ਫਿਰ ਉਹ ਸਭ ਕੁਝ ਜੋ ਤੂੰ ਕਰਨਾ ਹੈ, ਤੈਨੂੰ ਆਪ ਹੀ ਦੱਸੇਗਾ । "5ਉਸ ਨੇ ਆਪਣੀ ਸੱਸ ਨੂੰ ਕਿਹਾ, "ਜੋ ਕੁਝ ਤੂੰ ਮੈਨੂੰ ਕਿਹਾ ਹੈ, ਮੈਂ ਸਭ ਕਰਾਂਗੀ । "

6ਇਸ ਤੋਂ ਬਾਦ, ਉਹ ਪਿੜ ਵੱਲ ਚਲੀ ਗਈ ਅਤੇ ਜੋ ਕੁਝ ਉਹ ਦੀ ਸੱਸ ਨੇ ਆਗਿਆ ਦਿੱਤੀ ਸੀ, ਉਹ ਸਭ ਕੁਝ ਉਸ ਨੇ ਕੀਤਾ ।7ਜਦ ਬੋਅਜ਼ ਖਾ ਪੀ ਚੁੱਕਿਆ ਅਤੇ ਉਸ ਦਾ ਮਨ ਅਨੰਦ ਹੋਇਆ ਤਾਂ ਉਹ ਅਨਾਜ ਦੇ ਢੇਰ ਦੇ ਇੱਕ ਪਾਸੇ ਵੱਲ ਜਾ ਕੇ ਲੰਮਾ ਪੈ ਗਿਆ, ਤਦ ਰੂਥ ਚੁੱਪ-ਚੁਪੀਤੇ ਆਈ ਅਤੇ ਉਸ ਦੇ ਪੈਰਾਂ ਵੱਲੋਂ ਕੱਪੜਾ ਚੁੱਕ ਕੇ ਉੱਥੇ ਲੇਟ ਗਈ ।

8ਫਿਰ ਅਜਿਹਾ ਹੋਇਆ ਕਿ ਅੱਧੀ ਰਾਤ ਨੂੰ ਉਹ ਮਨੁੱਖ ਚੌਂਕ ਗਿਆ ਅਤੇ ਪਾਸਾ ਪਰਤ ਕੇ ਵੇਖਿਆ ਕਿ ਇੱਕ ਇਸਤਰੀ ਉਸ ਦੇ ਪੈਰਾਂ ਕੋਲ ਲੇਟੀ ਹੋਈ ਹੈ ।9ਤਦ ਉਸ ਨੇ ਪੁੱਛਿਆ," ਤੂੰ ਕੌਣ ਹੈਂ ? " ਉਹ ਬੋਲੀ, "ਮੈਂ ਤੁਹਾਡੀ ਦਾਸੀ ਰੂਥ ਹਾਂ, ਤੁਸੀਂ ਆਪਣੀ ਦਾਸੀ ਉੱਤੇ ਆਪਣੀ ਚੱਦਰ ਦਾ ਪੱਲਾ ਪਾ ਦਿਉ ਕਿਉਂ ਜੋ ਤੁਸੀਂ ਸਾਡੀ ਜ਼ਮੀਨ ਨੂੰ ਛਡਾਉਣ ਵਾਲਿਆਂ ਵਿੱਚੋਂ ਹੋ । "
10ਉਸ ਨੇ ਕਿਹਾ, "ਹੇ ਮੇਰੀਏ ਧੀਏ, ਯਹੋਵਾਹ ਤੈਨੂੰ ਅਸੀਸ ਦੇਵੇ ਕਿਉਂ ਜੋ ਤੂੰ ਪਹਿਲਾਂ ਨਾਲੋਂ, ਅੰਤ ਵਿੱਚ ਵੱਧ ਕਿਰਪਾ ਵਿਖਾਈ ਹੈ, ਇਸ ਲਈ ਜੋ ਤੂੰ ਗੱਭਰੂਆਂ ਦੇ ਪਿੱਛੇ ਨਹੀਂ ਲੱਗੀ, ਭਾਵੇਂ ਧਨਵਾਨ ਹੋਣ ਭਾਵੇਂ ਗਰੀਬ ।11ਇਸ ਲਈ ਹੁਣ ਹੇ ਮੇਰੀ ਧੀਏ, ਨਾ ਡਰ । ਮੈਂ ਉਹ ਸਭ ਕੁਝ ਜੋ ਤੂੰ ਮੰਗਦੀ ਹੈਂ, ਤੇਰੇ ਲਈ ਕਰਾਂਗਾ ਕਿਉਂ ਜੋ ਮੇਰੇ ਨਗਰ ਦੇ ਸਾਰੇ ਲੋਕ ਜਾਣਦੇ ਹਨ ਕਿ ਤੂੰ ਭਲੀ ਇਸਤਰੀ ਹੈਂ ।
12ਇਹ ਗੱਲ ਤਾਂ ਸੱਚ ਹੈ ਕਿ ਮੈਂ ਛੁਡਾਉਣ ਵਾਲਾ ਹਾਂ ਪਰ ਇੱਕ ਹੋਰ ਛੁਡਾਉਣ ਵਾਲਾ ਹੈ, ਜੋ ਮੇਰੇ ਨਾਲੋਂ ਵੀ ਨਜ਼ਦੀਕ ਦਾ ਹੈ ।13ਅੱਜ ਦੀ ਰਾਤ ਠਹਿਰ ਜਾ ਅਤੇ ਸਵੇਰ ਨੂੰ ਜੇ ਉਹ ਤੇਰੇ ਲਈ ਛੁਡਾਉਣ ਦਾ ਕੰਮ ਕਰੇ ਤਾਂ ਚੰਗਾ, ਉਹ ਛੁਡਾਵੇ, ਪਰ ਜੇ ਉਹ ਛੁਡਾਉਣਾ ਨਾ ਚਾਹੇ ਤਾਂ ਮੈਂ ਇਹ ਕੰਮ ਕਰਾਂਗਾ, ਮੈਂ ਜੀਉਂਦੇ ਯਹੋਵਾਹ ਦੀ ਸਹੁੰ ਖਾਂਦਾ ਹਾਂ । ਤੂੰ ਸਵੇਰ ਤੱਕ ਇੱਥੇ ਹੀ ਲੇਟੀ ਰਹਿ । "

14ਤਦ ਉਹ ਸਵੇਰ ਤੱਕ ਉਹ ਦੇ ਪੈਰਾਂ ਕੋਲ ਲੇਟੀ ਰਹੀ ਅਤੇ ਸਾਜਰੇ ਹੀ, ਜਿਸ ਵੇਲੇ ਕੋਈ ਇੱਕ ਦੂਜੇ ਨੂੰ ਪਛਾਣ ਨਾ ਸਕੇ ਉਹ ਉੱਠ ਖਲੋਤੀ । ਤਦ ਬੋਅਜ਼ ਨੇ ਕਿਹਾ, "ਇਸ ਗੱਲ ਦੀ ਖ਼ਬਰ ਕਿਸੇ ਨੂੰ ਨਾ ਹੋਵੇ ਕਿ ਪਿੜ ਵਿੱਚ ਕੋਈ ਇਸਤਰੀ ਆਈ ਸੀ । "15ਫਿਰ ਬੋਅਜ਼ ਨੇ ਕਿਹਾ, "ਆਪਣੇ ਉੱਪਰਲੀ ਚੱਦਰ ਫੜ੍ਹ ਲੈ", ਅਤੇ ਜਦ ਉਸ ਨੇ ਉਹ ਨੂੰ ਫੜ੍ਹ ਲਿਆ ਤਾਂ ਉਸ ਨੇ ਛੇ ਟੋਪੇ ਜੌਂ ਦੇ ਮਿਣੇ ਅਤੇ ਉਸ ਨੂੰ ਦਿੱਤੇ, ਫਿਰ ਉਹ ਨਗਰ ਨੂੰ ਚਲੀ ਗਈ ।
16ਜਦ ਰੂਥ ਆਪਣੀ ਸੱਸ ਕੋਲ ਆਈ ਤਾਂ ਉਸ ਨੇ ਪੁੱਛਿਆ, "ਹੇ ਮੇਰੀਏ ਧੀਏ, ਤੇਰੇ ਨਾਲ ਕੀ ਬੀਤੀ ? " ਤਦ ਉਸ ਨੇ ਉਹ ਸਭ ਕੁਝ ਦੱਸ ਦਿੱਤਾ ਜੋ ਉਸ ਮਨੁੱਖ ਨੇ ਉਸ ਦੇ ਲਈ ਕੀਤਾ ਸੀ ।17ਫਿਰ ਉਸ ਨੇ ਕਿਹਾ, "ਉਸ ਨੇ ਮੈਨੂੰ ਇਹ ਛੇ ਟੋਪੇ ਜੌਂ ਦੇ ਦਿੱਤੇ ਕਿਉਂਕਿ ਉਸ ਨੇ ਮੈਨੂੰ ਕਿਹਾ ਕਿ ਤੂੰ ਆਪਣੀ ਸੱਸ ਕੋਲ ਖ਼ਾਲੀ ਹੱਥ ਨਾ ਜਾਈਂ । "18ਤਦ ਨਾਓਮੀ ਨੇ ਕਿਹਾ, "ਮੇਰੀਏ ਧੀਏ, ਜਦ ਤੱਕ ਤੂੰ ਜਾਣ ਨਾ ਲਵੇਂ ਕਿ ਇਹ ਗੱਲ ਕਿਵੇਂ ਚੱਲਦੀ ਹੈ; ਤੂੰ ਚੁੱਪ-ਚਾਪ ਬੈਠੀ ਰਹਿ, ਕਿਉਂਕਿ ਅੱਜ ਜਦ ਤੱਕ ਉਹ ਇਸ ਕੰਮ ਨੂੰ ਪੂਰਾ ਨਾ ਕਰ ਲਵੇ, ਤਦ ਤੱਕ ਉਸ ਮਨੁੱਖ ਨੇ ਅਰਾਮ ਨਹੀਂ ਕਰਨਾ । "

4
ਰੂਥ ਅਤੇ ਬੋਅਜ਼ ਦਾ ਵਿਆਹ

1ਤਦ ਬੋਅਜ਼ ਨਗਰ ਦੇ ਫਾਟਕ ਦੇ ਕੋਲ ਗਿਆ ਅਤੇ ਉੱਥੇ ਜਾ ਕੇ ਬੈਠਿਆ ਤਾਂ ਵੇਖੋ, ਉਹ ਛੁਡਾਉਣ ਵਾਲਾ ਜਿਸ ਦੀ ਗੱਲ ਬੋਅਜ਼ ਨੇ ਕੀਤੀ ਸੀ, ਕੋਲੋਂ ਲੰਘ ਰਿਹਾ ਸੀ । ਤਦ ਬੋਅਜ਼ ਨੇ ਕਿਹਾ, "ਹੇ ਮਿੱਤਰ ! ਇੱਥੇ ਆ ਅਤੇ ਇੱਕ ਪਾਸੇ ਬੈਠ", ਤਾਂ ਉਹ ਮੁੜ ਕੇ ਇੱਕ ਪਾਸੇ ਆ ਕੇ ਬੈਠ ਗਿਆ ।2ਤਦ ਬੋਅਜ਼ ਨੇ ਨਗਰ ਦੇ ਦਸ ਬਜ਼ੁਰਗਾਂ ਨੂੰ ਸੱਦਿਆ ਅਤੇ ਕਿਹਾ, ਇੱਥੇ ਬੈਠੋ, ਤਾਂ ਉਹ ਬੈਠ ਗਏ ।

3ਤਦ ਉਹ ਨੇ ਉਸ ਛੁਡਾਉਣ ਵਾਲੇ ਨੂੰ ਕਿਹਾ, "ਨਾਓਮੀ ਜਿਹੜੀ ਮੋਆਬ ਦੇ ਦੇਸ ਤੋਂ ਮੁੜ ਆਈ ਹੈ, ਉਹ ਜ਼ਮੀਨ ਦਾ ਇੱਕ ਹਿੱਸਾ ਵੇਚਣਾ ਚਾਹੁੰਦੀ ਹੈ ਜੋ ਸਾਡੇ ਭਰਾ ਅਲੀਮਲਕ ਦਾ ਸੀ ।4ਇਸ ਲਈ ਮੈਂ ਸੋਚਿਆ ਕਿ ਤੇਰੇ ਕੰਨ ਵਿੱਚ ਇਹ ਗੱਲ ਪਾਵਾਂ, ਤਾਂ ਜੋ ਤੂੰ ਹੁਣ ਇਨ੍ਹਾਂ ਲੋਕਾਂ ਦੇ ਸਾਹਮਣੇ ਜੋ ਬੈਠੇ ਹਨ ਅਤੇ ਮੇਰੇ ਕੁਲ ਦੇ ਬਜ਼ੁਰਗਾਂ ਦੇ ਸਾਹਮਣੇ ਉਹ ਨੂੰ ਖਰੀਦ ਲੈ ਅਤੇ ਜੇ ਤੂੰ ਉਹ ਨੂੰ ਛੁਡਾਉਣਾ ਹੈ ਤਾਂ ਛੁਡਾ ਲੈ, ਅਤੇ ਜੇ ਤੂੰ ਨਾ ਛੁਡਾਉਣਾ ਚਾਹੇਂ ਤਾਂ ਮੈਨੂੰ ਦੱਸ ਦੇ, ਤਾਂ ਜੋ ਮੈਨੂੰ ਵੀ ਖ਼ਬਰ ਹੋਵੇ, ਕਿਉਂਕਿ ਤੇਰੇ ਬਿਨ੍ਹਾਂ ਹੋਰ ਕੋਈ ਨਹੀਂ ਛੁਡਾ ਸਕਦਾ ਅਤੇ ਤੇਰੇ ਬਾਅਦ ਮੈਂ ਹਾਂ । " ਉਸ ਨੇ ਕਿਹਾ, "ਮੈਂ ਛੁਡਾਵਾਂਗਾ । "
5ਤਦ ਬੋਅਜ਼ ਨੇ ਕਿਹਾ, "ਜਿਸ ਦਿਨ ਤੂੰ ਉਹ ਜ਼ਮੀਨ ਨਾਓਮੀ ਦੇ ਹੱਥੋਂ ਖ਼ਰੀਦ ਲਵੇਂ ਤਾਂ ਉਸੇ ਦਿਨ ਤੈਨੂੰ ਉਸ ਮਰੇ ਹੋਏ ਦੀ ਵਿਧਵਾ ਮੋਆਬਣ ਰੂਥ ਤੋਂ ਵੀ ਮੁੱਲ ਲੈਣੀ ਪਵੇਗੀ ਤਾਂ ਜੋ ਉਸ ਮਰੇ ਹੋਏ ਦਾ ਨਾਮ ਉਸ ਦੀ ਜਾਇਦਾਦ ਵਿੱਚ ਬਣਿਆ ਰਹੇ । "

6ਤਦ ਉਸ ਛੁਡਾਉਣ ਵਾਲੇ ਨੇ ਕਿਹਾ, "ਫਿਰ ਤਾਂ ਮੈਂ ਉਸ ਨੂੰ ਨਹੀਂ ਛੁਡਾ ਸਕਦਾ, ਅਜਿਹਾ ਨਾ ਹੋਵੇ ਕਿ ਮੈਂ ਆਪਣੀ ਜਾਇਦਾਦ ਵਿਗਾੜ ਬੈਠਾਂ । ਇਸ ਲਈ ਮੇਰੇ ਛੁਡਾਉਣ ਦਾ ਹੱਕ ਤੂੰ ਹੀ ਲੈ ਲੈ, ਕਿਉਂਕਿ ਮੈਂ ਉਸ ਨੂੰ ਨਹੀਂ ਛੁਡਾ ਸਕਦਾ । "
7ਪਹਿਲੇ ਸਮੇਂ ਇਸਰਾਏਲ ਵਿੱਚ ਛੁਡਾਉਣ ਅਤੇ ਵਟਾਉਣ ਦੇ ਵੇਲੇ ਸਾਰੀਆਂ ਗੱਲਾਂ ਨੂੰ ਪੱਕਾ ਕਰਨ ਦੀ ਇਹ ਰੀਤ ਹੁੰਦੀ ਸੀ ਕਿ ਇੱਕ ਜਣਾ ਆਪਣੀ ਜੁੱਤੀ ਲਾਹ ਕੇ ਆਪਣੀ ਗੁਆਂਢੀ ਨੂੰ ਦੇ ਦਿੰਦਾ ਸੀ, ਇਸਰਾਏਲ ਵਿੱਚ ਸਬੂਤ ਦੇਣ ਦੀ ਇਹੋ ਰੀਤ ਸੀ ।8ਤਦ ਉਸ ਛੁਡਾਉਣ ਵਾਲੇ ਨੇ ਬੋਅਜ਼ ਨੂੰ ਕਿਹਾ, "ਤੂੰ ਹੀ ਉਹ ਨੂੰ ਖਰੀਦ ਲੈ ਅਤੇ ਉਸ ਨੇ ਆਪਣੀ ਜੁੱਤੀ ਲਾਹ ਦਿੱਤੀ । "

9ਤਦ ਬੋਅਜ਼ ਨੇ ਸਾਰੇ ਬਜ਼ੁਰਗਾਂ ਅਤੇ ਸਾਰੇ ਲੋਕਾਂ ਨੂੰ ਕਿਹਾ, "ਤੁਸੀਂ ਅੱਜ ਦੇ ਦਿਨ ਦੇ ਗਵਾਹ ਹੋਏ ਹੋ ਕਿ ਮੈਂ ਅਲੀਮਲਕ ਅਤੇ ਕਿਲਓਨ ਅਤੇ ਮਹਿਲੋਨ ਦਾ ਸਭ ਕੁਝ ਨਾਓਮੀ ਦੇ ਹੱਥੋਂ ਖਰੀਦ ਲਿਆ ਹੈ ।10ਨਾਲੇ ਮੈਂ ਮਹਿਲੋਨ ਦੀ ਵਿਧਵਾ, ਮੋਆਬਣ ਰੂਥ ਨੂੰ ਵੀ ਮੁੱਲ ਲੈ ਲਿਆ ਕਿ ਉਹ ਮੇਰੀ ਪਤਨੀ ਬਣੇ ਤਾਂ ਜੋ ਉਸ ਮਰੇ ਹੋਏ ਦਾ ਨਾਮ ਉਸ ਦੀ ਜਾਇਦਾਦ ਵਿੱਚ ਬਣਿਆ ਰਹੇ, ਕਿਤੇ ਅਜਿਹਾ ਨਾ ਹੋਵੇ ਕਿ ਉਸ ਮਰੇ ਹੋਏ ਦਾ ਨਾਮ ਉਸ ਦੇ ਭਰਾਵਾਂ ਅਤੇ ਉਸ ਦੇ ਸਥਾਨ ਤੇ ਫਾਟਕਾਂ ਤੋਂ ਮਿੱਟ ਜਾਵੇ । ਤੁਸੀਂ ਅੱਜ ਦੇ ਦਿਨ ਦੇ ਗਵਾਹ ਹੋ । "
11ਤਦ ਸਾਰਿਆਂ ਲੋਕਾਂ ਨੇ ਜੋ ਫਾਟਕ ਉੱਤੇ ਸਨ ਅਤੇ ਉਨ੍ਹਾਂ ਬਜ਼ੁਰਗਾਂ ਨੇ ਕਿਹਾ, "ਅਸੀਂ ਗਵਾਹ ਹਾਂ । ਯਹੋਵਾਹ ਇਸ ਇਸਤਰੀ ਨੂੰ ਜੋ ਤੇਰੇ ਘਰ ਵਿੱਚ ਆਈ ਹੈ, ਰਾਖੇਲ ਅਤੇ ਲਿਆਹ ਵਰਗੀ ਕਰੇ, ਜਿਨ੍ਹਾਂ ਦੋਹਾਂ ਨੇ ਇਸਰਾਏਲ ਦਾ ਘਰ ਬਣਾਇਆ । ਤੂੰ ਇਫ਼ਰਾਥਾਹ ਵਿੱਚ ਵੀਰਤਾ ਕਰੇਂ ਅਤੇ ਬੈਤਹਲਮ ਵਿੱਚ ਤੇਰਾ ਨਾਮ ਉੱਚਾ ਹੋਵੇ ।12ਤੇਰਾ ਟੱਬਰ, ਜੋ ਯਹੋਵਾਹ ਤੈਨੂੰ ਇਸ ਇਸਤਰੀ ਦੇ ਦੁਆਰਾ ਦੇਵੇਗਾ ਫ਼ਾਰਸ ਦੇ ਟੱਬਰ ਵਰਗਾ ਹੋਵੇ, ਜਿਸ ਨੂੰ ਤਾਮਾਰ ਯਹੂਦਾਹ ਦੇ ਲਈ ਜਣੀ । "
ਬੋਅਜ਼ ਅਤੇ ਰੂਥ ਦਾ ਵੰਸ਼

13ਤਦ ਬੋਅਜ਼ ਨੇ ਰੂਥ ਨੂੰ ਵਿਆਹ ਲਿਆ, ਉਹ ਉਸ ਦੀ ਪਤਨੀ ਹੋ ਗਈ । ਜਦ ਉਸ ਨੇ ਉਹ ਦੇ ਨਾਲ ਸੰਗ ਕੀਤਾ ਤਾਂ ਯਹੋਵਾਹ ਨੇ ਉਹ ਨੂੰ ਗਰਭ ਦੀ ਅਸੀਸ ਦਿੱਤੀ ਅਤੇ ਉਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ।14ਤਦ ਇਸਤਰੀਆਂ ਨੇ ਨਾਓਮੀ ਨੂੰ ਕਿਹਾ, "ਮੁਬਾਰਕ ਹੈ ਯਹੋਵਾਹ, ਜਿਸ ਨੇ ਅੱਜ ਦੇ ਦਿਨ ਤੈਨੂੰ ਛੁਡਾਉਣ ਵਾਲੇ ਤੋਂ ਬਿਨ੍ਹਾਂ ਨਾ ਛੱਡਿਆ, ਜੋ ਉਸਦਾ ਨਾਮ ਇਸਰਾਏਲ ਵਿੱਚ ਉੱਚਾ ਹੋਵੇ,15ਅਤੇ ਇਹ ਤੇਰੇ ਪ੍ਰਾਣਾਂ ਨੂੰ ਨਰੋਇਆ ਕਰੇਗਾ ਅਤੇ ਤੇਰਾ ਬੁਢਾਪੇ ਦਾ ਪਾਲਣਹਾਰਾ ਹੋਵੇਗਾ, ਕਿਉਂਕਿ ਤੇਰੀ ਨੂੰਹ ਜੋ ਤੈਨੂੰ ਪ੍ਰੇਮ ਕਰਦੀ ਹੈ, ਤੇਰੇ ਲਈ ਸੱਤਾ ਪੁੱਤਰਾਂ ਨਾਲੋਂ ਚੰਗੀ ਹੈ, ਉਸ ਨੇ ਇਸ ਨੂੰ ਜਨਮ ਦਿੱਤਾ ਹੈ । "
16ਤਦ ਨਾਓਮੀ ਨੇ ਉਸ ਬੱਚੇ ਨੂੰ ਚੁੱਕ ਕੇ ਆਪਣੀ ਗੋਦ ਵਿੱਚ ਲੈ ਲਿਆ ਅਤੇ ਉਹ ਦੀ ਦਾਈ ਬਣੀ ।17ਤਦ ਉਸ ਦੀਆਂ ਗੁਆਂਢਣਾਂ ਨੇ ਇਹ ਕਹਿ ਕੇ ਕਿ "ਨਾਓਮੀ ਦੇ ਲਈ ਪੁੱਤਰ ਜੰਮਿਆ ਹੈ" ਉਸ ਦਾ ਨਾਮ ਓਬੇਦ ਰੱਖਿਆ । ਉਹ ਯੱਸੀ ਦਾ ਪਿਤਾ ਸੀ ਅਤੇ ਦਾਊਦ ਦਾ ਦਾਦਾ ਸੀ ।

18ਫ਼ਾਰਸ ਦੀ ਕੁਲਪੱਤ੍ਰੀ ਇਹ ਹੈ, ਫ਼ਾਰਸ ਤੋਂ ਹਸਰੋਨ ਜੰਮਿਆ,19ਹਸਰੋਨ ਤੋਂ ਰਾਮ ਜੰਮਿਆ, ਰਾਮ ਤੋਂ ਅਮੀਨਾਦਾਬ ਜੰਮਿਆ20ਅਤੇ ਅਮੀਨਾਦਾਬ ਤੋਂ ਨਹਿਸ਼ੋਨ ਜੰਮਿਆ, ਨਹਿਸ਼ੋਨ ਤੋਂ ਸਲਮੋਨ ਜੰਮਿਆ21ਅਤੇ ਸਲਮੋਨ ਤੋਂ ਬੋਅਜ਼ ਜੰਮਿਆ, ਬੋਅਜ਼ ਤੋਂ ਓਬੇਦ ਜੰਮਿਆ22ਅਤੇ ਓਬੇਦ ਤੋਂ ਯੱਸੀ ਜੰਮਿਆ, ਯੱਸੀ ਤੋਂ ਦਾਊਦ ਜੰਮਿਆ ।

1 ਸਮੂਏਲ

1
ਅਲਕਾਨਾਹ ਅਤੇ ਉਸ ਦਾ ਪਰਿਵਾਰ ਸ਼ਿਲੋਹ ਵਿੱਚ

1ਇਫ਼ਰਾਈਮ ਦੇ ਪਹਾੜ ਵਿੱਚ ਰਾਮਾਤੈਮ ਸੋਫ਼ੀਮ ਦਾ ਇੱਕ ਮਨੁੱਖ ਸੀ ਅਤੇ ਜਿਸ ਦਾ ਨਾਮ ਅਲਕਾਨਾਹ ਸੀ, ਜੋ ਯਰੋਹਾਮ ਦਾ ਪੁੱਤਰ ਸੀ, ਜੋ ਅਲੀਹੂ ਦਾ ਪੁੱਤਰ ਜੋ ਤੋਹੁ ਦਾ ਪੁੱਤਰ, ਜੋ ਸੂਫ਼ ਇਫ਼ਰਾਥੀ ਦਾ ਪੁੱਤਰ ਸੀ ।2ਉਹ ਦੀਆਂ ਦੋ ਪਤਨੀਆਂ ਸਨ । ਇਕ ਦਾ ਨਾਮ ਹੰਨਾਹ ਅਤੇ ਦੂਜੀ ਦਾ ਨਾਮ ਪਨਿੰਨਾਹ ਸੀ । ਪਨਿੰਨਾਹ ਦੇ ਦੋ ਪੁੱਤਰ ਸਨ, ਪਰ ਹੰਨਾਹ ਦੇ ਸੰਤਾਨ ਨਹੀਂ ਸੀ ।

3ਇਹ ਮਨੁੱਖ ਹਰੇਕ ਸਾਲ ਆਪਣੇ ਸ਼ਹਿਰ ਤੋਂ ਸ਼ਿਲੋਹ ਵਿੱਚ ਸੈਨਾਵਾਂ ਦੇ ਯਹੋਵਾਹ ਦੀ ਉਸਤਤ ਕਰਨ ਅਤੇ ਭੇਟ ਚੜ੍ਹਾਉਣ ਜਾਂਦਾ ਹੁੰਦਾ ਸੀ ਅਤੇ ਏਲੀ ਦੇ ਦੋ ਪੁੱਤਰ ਹਾਫ਼ਨੀ ਅਤੇ ਫੀਨਹਾਸ ਯਹੋਵਾਹ ਦੇ ਜਾਜਕ ਸਨ ।4ਅਜਿਹਾ ਹੋਇਆ ਜਦੋਂ ਅਲਕਾਨਾਹ ਭੇਂਟ ਚੜ੍ਹਾਉਂਦਾ ਹੁੰਦਾ ਸੀ ਤਾਂ ਆਪਣੀ ਪਤਨੀ ਪਨਿੰਨਾਹ ਨੂੰ ਅਤੇ ਉਹ ਦੇ ਪੁੱਤਰਾਂ ਅਤੇ ਧੀਆਂ ਨੂੰ ਉਸ ਵਿੱਚੋਂ ਹਿੱਸਾ ਦਿੰਦਾ ਹੁੰਦਾ ਸੀ ।
5ਪਰ ਹੰਨਾਹ ਨੂੰ ਦੁੱਗਣਾ ਹਿੱਸਾ ਦਿੰਦਾ ਸੀ ਕਿਉਂ ਜੋ ਉਹ ਹੰਨਾਹ ਨੂੰ ਪਿਆਰ ਕਰਦਾ ਸੀ, ਕਿਉਂਕਿ ਯਹੋਵਾਹ ਨੇ ਉਸ ਦੀ ਕੁੱਖ ਬੰਦ ਕਰ ਛੱਡੀ ਸੀ ।6ਉਹ ਦੀ ਸੌਂਕਣ ਹੰਨਾਹ ਨੂੰ ਖਿਝਾਉਣ ਲਈ ਬਹੁਤ ਛੇੜਦੀ ਸੀ, ਕਿਉਂ ਜੋ ਯਹੋਵਾਹ ਨੇ ਉਹ ਦੀ ਕੁੱਖ ਬੰਦ ਕਰ ਛੱਡੀ ਸੀ ।
7ਹਰੇਕ ਸਾਲ ਜਦ ਉਹ ਯਹੋਵਾਹ ਦੇ ਘਰ ਜਾਂਦਾ ਸੀ ਤਦ ਇਸੇ ਤਰ੍ਹਾਂ ਉਹ ਨੂੰ ਖਿਝਾਉਂਦੀ ਸੀ ਇਸ ਲਈ ਉਹ ਰੋਂਦੀ ਰਹਿੰਦੀ ਅਤੇ ਕੁਝ ਨਾ ਖਾਂਦੀ ਸੀ ।8ਸੋ ਅਜਿਹਾ ਹੋਇਆ ਜੋ ਉਹ ਦੇ ਪਤੀ ਅਲਕਾਨਾਹ ਨੇ ਉਹ ਨੂੰ ਆਖਿਆ, ਹੇ ਹੰਨਾਹ, ਤੂੰ ਕਿਉਂ ਰੋਂਦੀ ਹੈਂ ਅਤੇ ਖਾਂਦੀ ਕਿਉਂ ਨਹੀਂ ਅਤੇ ਤੇਰਾ ਮਨ ਕਿਉਂ ਕੁੜਦਾ ਰਹਿੰਦਾ ਹੈ ? ਭਲਾ, ਕੀ ਮੈਂ ਤੇਰੇ ਲਈ ਦਸ ਪੁੱਤਰਾਂ ਨਾਲੋਂ ਚੰਗਾ ਨਹੀਂ ?
ਹੰਨਾਹ ਅਤੇ ਏਲੀ

9ਜਦ ਉਹ ਸ਼ਿਲੋਹ ਵਿੱਚ ਖਾ ਪੀ ਚੁੱਕੇ ਤਾਂ ਹੰਨਾਹ ਉੱਠੀ ਅਤੇ ਉਸ ਵੇਲੇ ਏਲੀ ਜਾਜਕ ਯਹੋਵਾਹ ਦੀ ਹੈਕਲ ਦੀ ਚੁਗਾਠ ਕੋਲ ਗੱਦੀ ਉੱਤੇ ਬੈਠਾ ਹੋਇਆ ਸੀ ।10ਹੰਨਾਹ ਦਾ ਮਨ ਬਹੁਤ ਉਦਾਸ ਹੋਇਆ ਸੋ ਉਹ ਨੇ ਯਹੋਵਾਹ ਦੀ ਅੱਗੇ ਪ੍ਰਾਰਥਨਾ ਕੀਤੀ ਅਤੇ ਭੁੱਬਾਂ ਮਾਰ-ਮਾਰ ਰੋਈ
11ਅਤੇ ਉਹ ਨੇ ਸੁੱਖਣਾ ਸੁੱਖੀ ਅਤੇ ਆਖਿਆ, ਹੇ ਸੈਨਾਵਾਂ ਦੇ ਯਹੋਵਾਹ, ਜੋ ਤੂੰ ਆਪਣੀ ਦਾਸੀ ਦੇ ਦੁੱਖ ਵੱਲ ਧਿਆਨ ਕਰੇ ਅਤੇ ਮੈਨੂੰ ਚੇਤੇ ਕਰੇ ਅਤੇ ਆਪਣੀ ਦਾਸੀ ਨੂੰ ਨਾ ਭੁਲਾਵੇਂ ਅਤੇ ਆਪਣੀ ਦਾਸੀ ਨੂੰ ਪੁੱਤਰ ਦੇਵੇਂ ਤਾਂ ਮੈਂ ਉਹ ਨੂੰ ਜਿਨ੍ਹਾਂ ਚਿਰ ਉਹ ਜੀਉਂਦਾ ਰਹੇ ਯਹੋਵਾਹ ਨੂੰ ਦੇ ਦਿਆਂਗੀ ਅਤੇ ਉਹ ਦੇ ਸਿਰ ਉੱਤੇ ਉਸਤਰਾ ਕਦੀ ਨਾ ਫਿਰੇਗਾ ।

12ਜਦ ਉਹ ਯਹੋਵਾਹ ਦੇ ਅੱਗੇ ਪ੍ਰਾਰਥਨਾ ਕਰ ਰਹੀ ਸੀ ਤਾਂ ਏਲੀ ਨੇ ਉਹ ਦੇ ਚਿਹਰੇ ਵੱਲ ਵੇਖਿਆ ।13ਪਰ ਹੰਨਾਹ ਆਪਣੇ ਮਨ ਵਿੱਚ ਹੀ ਆਖਦੀ ਸੀ ਉਹ ਦੇ ਸਿਰਫ਼ ਬੁੱਲ ਹੀ ਹਿੱਲਦੇ ਸਨ ਪਰ ਉਹ ਦੀ ਆਵਾਜ਼ ਨਾ ਸੁਣਾਈ ਦਿੰਦੀ ਸੀ ਸੋ ਏਲੀ ਨੇ ਸਮਝਿਆ ਕਿ ਉਹ ਨਸ਼ੇ ਵਿੱਚ ਹੈ14ਸੋ ਏਲੀ ਨੇ ਉਹ ਨੂੰ ਆਖਿਆ, ਤੂੰ ਕਿੰਨ੍ਹਾਂ ਚਿਰ ਨਸ਼ੇ ਵਿੱਚ ਰਹੇਂਗੀ ? ਤੂੰ ਆਪਣੀ ਖੁਮਾਰੀ ਨੂੰ ਛੱਡ
15ਤਦ ਹੰਨਾਹ ਨੇ ਉੱਤਰ ਦਿੱਤਾ ਅਤੇ ਆਖਿਆ, ਨਹੀਂ ਮੇਰੇ ਪ੍ਰਭੂ ਜੀ, ਮੈਂ ਤਾਂ ਉਦਾਸ ਮਨ ਦੀ ਔਰਤ ਹਾਂ । ਮੈਂ ਕਿਸੇ ਤਰ੍ਹਾਂ ਦੀ ਮੈ ਜਾਂ ਕੋਈ ਹੋਰ ਨਸ਼ਾ ਨਹੀਂ ਪੀਤਾ ਪਰ ਯਹੋਵਾਹ ਦੇ ਅੱਗੇ ਆਪਣੇ ਮਨ ਨੂੰ ਡੋਲ੍ਹਿਆ ਹੈ ।16ਤੂੰ ਆਪਣੀ ਦਾਸੀ ਨੂੰ ਬੁਰੀ ਇਸਤਰੀ ਨਾ ਜਾਣ । ਮੈਂ ਤਾਂ ਆਪਣੀਆਂ ਚਿੰਤਾਂ ਅਤੇ ਦੁੱਖਾਂ ਦੇ ਢੇਰ ਹੋਣ ਕਰਕੇ, ਹੁਣ ਤੱਕ ਬੋਲਦੀ ਰਹੀ ਹਾਂ ।
17ਤਦ ਏਲੀ ਨੇ ਉੱਤਰ ਦਿੱਤਾ ਅਤੇ ਆਖਿਆ, ਸੁਖ ਸਾਂਦ ਹੋਵੇ ਅਤੇ ਇਸਰਾਏਲ ਦਾ ਪਰਮੇਸ਼ੁਰ ਤੇਰੀ ਬੇਨਤੀ ਪੂਰੀ ਕਰੇ ਜੋ ਤੂੰ ਉਸ ਤੋਂ ਮੰਗੀ ਹੈ ।18ਉਹ ਨੇ ਆਖਿਆ ਤੇਰੀ ਦਯਾ ਤੇਰੀ ਦਾਸੀ ਉੱਤੇ ਹੋਵੇ । ਤਦ ਉਸ ਇਸਤਰੀ ਨੇ ਜਾ ਕੇ ਰੋਟੀ ਖਾਧੀ ਅਤੇ ਫੇਰ ਉਸ ਦਾ ਚਿਹਰਾ ਉਦਾਸ ਨਾ ਹੋਇਆ ।
ਸਮੂਏਲ ਦਾ ਜਨਮ ਅਤੇ ਅਰਪਣ

19ਉਹਨਾਂ ਸਵੇਰੇ ਉੱਠ ਕੇ ਯਹੋਵਾਹ ਦੇ ਅੱਗੇ ਮੱਥਾ ਟੇਕਿਆ ਅਤੇ ਮੁੜ ਕੇ ਰਾਮਾਹ ਵਿੱਚ ਆਪਣੇ ਘਰ ਆਏ । ਤਦ ਅਲਕਾਨਾਹ ਨੇ ਆਪਣੀ ਪਤਨੀ ਹੰਨਾਹ ਨਾਲ ਸੰਗ ਕੀਤਾ ਸੋ ਯਹੋਵਾਹ ਨੇ ਉਸ ਨੂੰ ਚੇਤੇ ਕੀਤਾ,20ਹੰਨਾਹ ਦੇ ਗਰਭਵਤੀ ਹੋਣ ਦੇ ਪਿੱਛੋਂ ਜਦ ਦਿਨ ਪੂਰੇ ਹੋਏ ਤਾਂ ਉਸਨੇ ਪੁੱਤਰ ਨੂੰ ਜਨਮ ਦਿੱਤਾ ਤੇ ਉਸ ਦਾ ਨਾਮ ਸਮੂਏਲ ਰੱਖਿਆ ਕਿਉਂ ਜੋ ਉਹ ਨੇ ਆਖਿਆ ਭਈ ਮੈਂ ਉਹ ਨੂੰ ਯਹੋਵਾਹ ਕੋਲੋਂ ਮੰਗ ਕੇ ਲਿਆ ਹੈ ।

21ਉਹ ਮਨੁੱਖ ਅਲਕਾਨਾਹ ਆਪਣੇ ਸਾਰੇ ਟੱਬਰ ਨਾਲ ਉਸ ਸਾਲ ਦੀ ਭੇਟ ਅਤੇ ਸੁੱਖਣਾ ਯਹੋਵਾਹ ਅੱਗੇ ਚੜਾਉਣ ਨੂੰ ਗਿਆ ।22ਪਰ ਹੰਨਾਹ ਨਾ ਗਈ ਕਿਉਂ ਜੋ ਉਹ ਨੇ ਆਪਣੇ ਪਤੀ ਨੂੰ ਆਖਿਆ, ਜਿਨ੍ਹਾਂ ਚਿਰ ਬਾਲਕ ਦਾ ਦੁੱਧ ਨਾ ਛੁਡਾਇਆ ਜਾਵੇ ਮੈਂ ਇੱਥੇ ਹੀ ਰਹਾਂਗੀ ਅਤੇ ਫੇਰ ਉਹ ਨੂੰ ਲੈ ਕੇ ਜਾਵਾਂਗੀ ਜੋ ਉਹ ਯਹੋਵਾਹ ਦੇ ਸਾਹਮਣੇ ਆ ਜਾਵੇ ਅਤੇ ਫੇਰ ਸਦਾ ਉੱਥੇ ਹੀ ਰਹੇ ।23ਇਸ ਲਈ ਉਹ ਦੇ ਪਤੀ ਅਲਕਾਨਾਹ ਨੇ ਉਸ ਨੂੰ ਆਖਿਆ, ਜੋ ਤੈਨੂੰ ਚੰਗਾ ਲੱਗੇ ਉਹੀ ਕਰ । ਜਦ ਤੱਕ ਤੂੰ ਉਸ ਦਾ ਦੁੱਧ ਨਾ ਛੁਡਾਵੇਂ ਇੱਥੇ ਹੀ ਰਹਿ । ਸਿਰਫ ਯਹੋਵਾਹ ਆਪਣੇ ਬਚਨ ਨੂੰ ਪੂਰਾ ਕਰੇ । ਇਸ ਲਈ ਉਹ ਇਸਤਰੀ ਉੱਥੇ ਠਹਿਰੀ ਰਹੀ ਅਤੇ ਆਪਣੇ ਪੁੱਤਰ ਨੂੰ ਦੁੱਧ ਚੁੰਘਾਉਂਦੀ ਰਹੀ, ਜਦ ਤੱਕ ਉਸ ਦਾ ਦੁੱਧ ਨਾ ਛੁਡਾਇਆ ਗਿਆ ।

24ਜਦ ਉਹ ਨੇ ਉਸ ਦਾ ਦੁੱਧ ਛੁਡਾਇਆ ਤਾਂ ਉਸ ਨੂੰ ਆਪਣੇ ਨਾਲ ਲੈ ਗਈ ਅਤੇ ਤਿੰਨ ਸਾਲਾਂ ਦਾ ਵੱਛਾ, ਦਸ ਕਿਲੋ ਆਟਾ ਅਤੇ ਦਾਖ਼ਰਸ ਦੀ ਇੱਕ ਮਸ਼ਕ ਆਪਣੇ ਨਾਲ ਲੈ ਲਈ ਅਤੇ ਉਸ ਬਾਲਕ ਨੂੰ ਸ਼ਿਲੋਹ ਵਿੱਚ ਯਹੋਵਾਹ ਦੇ ਘਰ ਲੈ ਆਈ ਉਹ ਬਾਲਕ ਅਜੇ ਨਿਆਣਾ ਹੀ ਸੀ ।25ਤਦ ਉਨ੍ਹਾਂ ਨੇ ਵੱਛੇ ਨੂੰ ਭੇਂਟ ਚੜਾਇਆ ਅਤੇ ਬਾਲਕ ਨੂੰ ਏਲੀ ਕੋਲ ਲੈ ਆਏ
26ਅਤੇ ਉਹ ਬੋਲੀ, ਹੇ ਮੇਰੇ ਸੁਆਮੀ, ਤੇਰੇ ਜੀਵਨ ਦੀ ਸਹੁੰ, ਹੇ ਸੁਆਮੀ, ਮੈਂ ਉਹੋ ਇਸਤਰੀ ਹਾਂ ਜਿਸ ਨੇ ਤੇਰੇ ਕੋਲ ਇੱਥੇ ਖੜ੍ਹੇ ਹੋ ਕੇ ਯਹੋਵਾਹ ਦੇ ਅੱਗੇ ਪ੍ਰਾਰਥਨਾ ਕੀਤੀ ਸੀ27ਮੈਂ ਇਸ ਬਾਲਕ ਦੇ ਲਈ ਪ੍ਰਾਰਥਨਾ ਕੀਤੀ ਸੀ ਸੋ ਯਹੋਵਾਹ ਨੇ ਮੇਰੀ ਬੇਨਤੀ ਜੋ ਮੈਂ ਉਸ ਕੋਲੋਂ ਮੰਗੀ ਸੀ, ਪੂਰੀ ਕੀਤੀ28ਇਸ ਲਈ ਮੈਂ ਵੀ ਇਹ ਨੂੰ ਯਹੋਵਾਹ ਨੂੰ ਦੇ ਦਿੱਤਾ ਹੈ । ਜਦ ਤੱਕ ਇਹ ਜੀਉਂਦਾ ਰਹੇ, ਇਹ ਯਹੋਵਾਹ ਨੂੰ ਦਿੱਤਾ ਹੋਇਆ ਹੀ ਰਹੇ ਅਤੇ ਉਸ ਨੇ ਯਹੋਵਾਹ ਨੂੰ ਉੱਥੇ ਮੱਥਾ ਟੇਕਿਆ ।

2
ਹੰਨਾਹ ਦੀ ਪ੍ਰਾਰਥਨਾ

1ਹੰਨਾਹ ਨੇ ਪ੍ਰਾਰਥਨਾ ਕਰ ਕੇ ਆਖਿਆ,

ਮੇਰਾ ਮਨ ਯਹੋਵਾਹ ਦੇ ਕਾਰਨ ਮਗਨ ਹੈ ।
ਯਹੋਵਾਹ ਨੇ ਮੇਰਾ ਸਿੰਗ ਉੱਚਾ ਕੀਤਾ ਹੈ ।
ਮੇਰਾ ਮੂੰਹ ਮੇਰੇ ਵੈਰੀਆਂ ਦੇ ਸਾਹਮਣੇ ਖੋਲ੍ਹਿਆ ਗਿਆ,
ਕਿਉਂ ਜੋ ਮੈਂ ਤੇਰੀ ਮੁਕਤੀ ਤੋਂ ਅਨੰਦ ਹੋਈ ।

2ਯਹੋਵਾਹ ਵਰਗਾ ਕੋਈ ਪਵਿੱਤਰ ਨਹੀਂ,
ਤੇਰੇ ਬਿਨ੍ਹਾਂ ਕੋਈ ਪਰਮੇਸ਼ੁਰ ਨਹੀਂ,
ਕੋਈ ਸਾਡੇ ਪਰਮੇਸ਼ੁਰ ਵਰਗੀ ਚੱਟਾਨ ਨਹੀਂ ।

3ਹੰਕਾਰ ਦੀਆਂ ਗੱਲਾਂ ਹੋਰ ਨਾ ਆਖ,
ਅਤੇ ਆਕੜ ਦੀ ਗੱਲ ਤੇਰੇ ਮੂੰਹੋਂ ਨਾ ਨਿਕਲੇ,
ਯਹੋਵਾਹ ਤਾਂ ਗਿਆਨ ਦਾ ਪਰਮੇਸ਼ੁਰ ਹੈ,
ਅਤੇ ਉਹ ਕਰਨੀਆਂ ਦੇ ਅਨੁਸਾਰ ਹਿਸਾਬ ਕਰਦਾ ਹੈ ।

4ਸੂਰਵੀਰਾਂ ਦੇ ਤੀਰ ਟੁੱਟ ਗਏ,
ਅਤੇ ਉਹ ਜੋ ਠੇਡੇ ਖਾਂਦੇ ਸਨ ਉਨ੍ਹਾਂ ਦੇ ਲੱਕ ਬਲ ਨਾਲ ਕੱਸੇ ਗਏ ।

5ਉਹ ਜੋ ਰੱਜੇ ਹੋਏ ਸਨ ਆਪ ਹੀ ਰੋਟੀ ਦੇ ਲਈ ਮਜ਼ਦੂਰ ਹੋ ਗਏ,
ਅਤੇ ਉਹ ਜੋ ਭੁੱਖੇ ਸਨ ਉਨ੍ਹਾਂ ਦੀ ਭੁੱਖ ਮਿਟ ਗਈ,
ਇਥੋਂ ਤੱਕ ਜੋ ਬੇਓਲਾਦ ਸਨ ਉਹਨਾਂ ਦੇ ਸੱਤ ਜੰਮੇ,
ਅਤੇ ਜਿਹ ਦੇ ਢੇਰ ਸਾਰੇ ਬਾਲ ਬੱਚੇ ਸਨ ਉਹ ਕਮਜ਼ੋਰ ਪੈ ਗਈ ।

6ਯਹੋਵਾਹ ਮਾਰਦਾ ਹੈ ਅਤੇ ਜਿਵਾਉਂਦਾ ਹੈ,
ਉਹੋ ਪਤਾਲ ਵਿੱਚ ਉਤਾਰਦਾ ਹੈ ਅਤੇ ਉਹੋ ਹੀ ਉੱਪਰ ਚੁੱਕਦਾ ਹੈ ।

7ਯਹੋਵਾਹ ਹੀ ਕੰਗਾਲ ਕਰਦਾ ਹੈ ਅਤੇ ਧਨਵਾਨ ਕਰਦਾ ਹੈ,
ਉਹੀ ਨੀਵਾਂ ਕਰਦਾ ਹੈ ਅਤੇ ਉੱਚਾ ਕਰਦਾ ਹੈ ।

8ਗਰੀਬ ਨੂੰ ਮਿੱਟੀ ਵਿੱਚੋਂ ਚੁੱਕਦਾ ਹੈ,
ਅਤੇ ਕੰਗਾਲ ਨੂੰ ਰੁੜ੍ਹੀ ਵਿੱਚੋਂ ਕੱਢਦਾ ਹੈ,
ਤਾਂ ਜੋ ਉਹ ਨੂੰ ਪਤਵੰਤਾਂ ਵਿੱਚ ਬਿਠਾਵੇ,
ਅਤੇ ਮਹਿਮਾ ਦੀ ਗੱਦੀ ਦਾ ਅਧਿਕਾਰੀ ਬਣਾਵੇ ।
ਧਰਤੀ ਦੇ ਥੰਮ ਤਾਂ ਯਹੋਵਾਹ ਦੇ ਹੀ ਹਨ,
ਅਤੇ ਉਸ ਨੇ ਸੰਸਾਰ ਦੀ ਨੀਂਹ ਉਨ੍ਹਾਂ ਉੱਤੇ ਰੱਖੀ ਹੈ ।

9ਉਹ ਆਪਣੇ ਸੰਤਾਂ ਦੇ ਪੈਰਾਂ ਦੀ ਰਾਖੀ ਕਰੇਗਾ,
ਪਰ ਦੁਸ਼ਟ ਚੁੱਪ ਚੁਪੀਤੇ ਅੰਧਕਾਰ ਵਿੱਚ ਪਏ ਰਹਿਣਗੇ,
ਕਿਉਂ ਜੋ ਕੋਈ ਵੀ ਮਨੁੱਖ ਆਪਣੇ ਬਲ ਨਾਲ ਨਹੀਂ ਜਿੱਤਦਾ ।

10ਯਹੋਵਾਹ ਦੇ ਵਿਰੋਧੀ ਮਿਟਾਏ ਜਾਣਗੇ,
ਉਹ ਸੁਰਗ ਵੱਲੋਂ ਉਨ੍ਹਾਂ ਉੱਤੇ ਗੱਜੇਗਾ,
ਯਹੋਵਾਹ ਧਰਤੀ ਦੀਆਂ ਹੱਦਾਂ ਦਾ ਨਿਆਂ ਕਰੇਗਾ,
ਉਹ ਆਪਣੇ ਰਾਜੇ ਨੂੰ ਜ਼ੋਰ ਦੇਵੇਗਾ,
ਅਤੇ ਆਪਣੇ ਮਸੀਹ ਦੇ ਸਿੰਗ ਨੂੰ ਉੱਚਾ ਕਰੇਗਾ ।

11ਤਦ ਅਲਾਕਾਨਾਹ ਰਾਮਾਹ ਵੱਲ ਆਪਣੇ ਘਰ ਗਿਆ ਅਤੇ ਉਹ ਬਾਲਕ ਏਲੀ ਜਾਜਕ ਦੇ ਅੱਗੇ ਯਹੋਵਾਹ ਦੀ ਸੇਵਾ ਕਰਦਾ ਰਿਹਾ ।
ਏਲੀ ਦੇ ਪੁੱਤਰ

12ਹੁਣ ਏਲੀ ਦੇ ਪੁੱਤਰ ਦੁਸ਼ਟ ਸਨ । ਉਨ੍ਹਾਂ ਨੇ ਯਹੋਵਾਹ ਨੂੰ ਨਾ ਜਾਣਿਆ ।13ਜਾਜਕਾਂ ਦੀ ਰੀਤ ਇਹ ਸੀ ਕਿ ਜਦ ਕੋਈ ਮਨੁੱਖ ਭੇਂਟ ਚੜ੍ਹਾਉਂਦਾ ਸੀ ਤਾਂ ਜਾਜਕ ਦਾ ਸੇਵਕ ਮਾਸ ਪਕਾਉਣ ਦੇ ਵੇਲੇ ਇੱਕ ਤ੍ਰਿਸੂਲ ਹੱਥ ਦੇ ਵਿੱਚ ਲੈ ਕੇ ਆਉਂਦਾ ਸੀ14ਅਤੇ ਉਹ ਨੂੰ ਮਾਸ ਵਿੱਚ ਜੋ ਕੜਾਹੇ, ਦੇਕਚੇ, ਵੱਲਟੋਹੀ ਜਾਂ ਸਗਲੇ ਵਿੱਚ ਹੋਵੇ ਖੋਭਦਾ ਸੀ ਅਤੇ ਜਿਨ੍ਹਾਂ ਤ੍ਰਿਸੂਲ ਨਾਲ ਨਿੱਕਲੇ ਸੋ ਸਾਰਾ ਜਾਜਕ ਆਪ ਲੈਂਦਾ ਸੀ ਅਤੇ ਉਹ ਸ਼ੀਲੋਹ ਵਿੱਚ ਸਭਨਾਂ ਇਸਰਾਏਲੀਆਂ ਨਾਲ ਜੋ ਉੱਥੇ ਜਾਂਦੇ ਸਨ ਅਜਿਹਾ ਹੀ ਕਰਦੇ ਸਨ ।
15ਅਜਿਹਾ ਵੀ ਹੁੰਦਾ ਸੀ ਜੋ ਉਨ੍ਹਾਂ ਦੀ ਚਰਬੀ ਸੜਨ ਤੋਂ ਪਹਿਲਾਂ ਜਾਜਕ ਦਾ ਸੇਵਕ ਆਉਂਦਾ ਸੀ ਅਤੇ ਜਿਸ ਨੇ ਭੇਟ ਚੜ੍ਹਾਈ ਹੋਵੇ ਉਸ ਮਨੁੱਖ ਨੂੰ ਆਖਦਾ ਸੀ ਕਿ ਜਾਜਕ ਨੂੰ ਭੁੰਨਣ ਲਈ ਮਾਸ ਦੇ ਕਿਉਂ ਜੋ ਉਹ ਤੈਥੋਂ ਬਣਿਆ ਹੋਇਆ ਮਾਸ ਨਹੀਂ ਸਗੋਂ ਕੱਚਾ ਮਾਸ ਹੀ ਲਵੇਗਾ ।16ਅਤੇ ਜੇ ਉਹ ਨੂੰ ਕੋਈ ਆਖੇ ਕਿ ਅਜੇ ਉਸ ਚਰਬੀ ਨੂੰ ਸੜ ਲੈਣ ਦੇ ਤਾਂ ਫੇਰ ਜਿੰਨਾ ਤੇਰਾ ਜੀ ਕਰੇ ਲੈ ਜਾਈਂ ਤਾਂ ਉਹ ਉਸ ਨੂੰ ਅੱਗੋਂ ਆਖਦਾ, ਨਹੀਂ, ਤੂੰ ਮੈਨੂੰ ਹੁਣੇ ਦੇਹ ! ਨਹੀਂ ਤਾਂ ਮੈਂ ਖੋਹ ਲਵਾਂਗਾ !17ਇਸ ਕਰਕੇ ਉਨ੍ਹਾਂ ਜੁਆਨਾਂ ਦਾ ਪਾਪ ਯਹੋਵਾਹ ਦੇ ਅੱਗੇ ਬਹੁਤ ਵੱਡਾ ਸੀ, ਕਿਉਂ ਜੋ ਲੋਕ ਯਹੋਵਾਹ ਦੀ ਭੇਂਟ ਨੂੰ ਤੁੱਛ ਜਾਣਦੇ ਸਨ ।
ਬਾਲਕ ਸਮੂਏਲ ਸ਼ਿਲੋਹ ਵਿੱਚ

18ਪਰ ਸਮੂਏਲ ਜੋ ਬਾਲਕ ਸੀ, ਸੂਤੀ ਏਫ਼ੋਦ ਪਹਿਨ ਕੇ ਯਹੋਵਾਹ ਦੇ ਅੱਗੇ ਸੇਵਾ ਕਰਦਾ ਹੁੰਦਾ ਸੀ ।19ਅਤੇ ਉਹ ਦੀ ਮਾਤਾ ਉਹ ਦੇ ਲਈ ਇੱਕ ਨਿੱਕਾ ਜਿਹਾ ਚੋਗਾ ਬਣਾ ਕੇ ਹਰੇਕ ਸਾਲ ਲਿਆਉਂਦੀ ਸੀ, ਜਦ ਉਹ ਆਪਣੇ ਪਤੀ ਦੇ ਨਾਲ ਸਾਲ ਭਰ ਦੀ ਭੇਂਟ ਚੜ੍ਹਾਉਣ ਆਉਂਦੀ ਸੀ ।
20ਸੋ ਏਲੀ ਨੇ ਅਲਕਾਨਾਹ ਤੇ ਉਸ ਦੀ ਪਤਨੀ ਨੂੰ ਅਸੀਸ ਦੇ ਕੇ ਆਖਿਆ, ਯਹੋਵਾਹ ਤੈਨੂੰ ਇਸ ਇਸਤਰੀ ਤੋਂ, ਉਸ ਬੇਨਤੀ ਦੇ ਬਦਲੇ ਜੋ ਯਹੋਵਾਹ ਤੋਂ ਮੰਗੀ ਸੀ ਅੰਸ ਦੇਵੇ । ਸੋ ਉਹ ਆਪਣੇ ਘਰ ਗਏ

21ਫੇਰ ਹੰਨਾਹ ਉੱਤੇ ਯਹੋਵਾਹ ਨੇ ਕਿਰਪਾ ਕੀਤੀ ਅਤੇ ਉਹ ਗਰਭਵਤੀ ਹੋਈ ਅਤੇ ਉਹ ਨੇ ਤਿੰਨ ਪੁੱਤਰ ਤੇ ਦੋ ਧੀਆਂ ਨੂੰ ਜਨਮ ਦਿੱਤਾ ਅਤੇ ਉਹ ਦਾ ਬਾਲਕ ਸਮੂਏਲ ਯਹੋਵਾਹ ਦੇ ਅੱਗੇ ਵੱਡਾ ਹੁੰਦਾ ਗਿਆ ।
ਏਲੀ ਅਤੇ ਉਸ ਦੇ ਪੁੱਤਰ

22ਏਲੀ ਵੱਡੀ ਉਮਰ ਦਾ ਹੋ ਗਿਆ ਅਤੇ ਉਸ ਨੇ ਉਹ ਸਭ ਕੁਝ ਸੁਣਿਆ ਜੋ ਉਸ ਦੇ ਪੁੱਤਰ ਇਸਰਾਏਲ ਨਾਲ ਕਿਹੋ ਜਿਹਾ ਵਿਵਹਾਰ ਕਰਦੇ ਸਨ ਅਤੇ ਕਿਵੇਂ ਉਨ੍ਹਾਂ ਇਸਤਰੀਆਂ ਨਾਲ ਜੋ ਮੰਡਲੀ ਦੇ ਡੇਰੇ ਦੇ ਬੂਹੇ ਕੋਲ ਸੇਵਾ ਕਰਨ ਲਈ ਇਕੱਠੀਆਂ ਹੁੰਦੀਆਂ ਸਨ, ਉਹਨਾਂ ਨਾਲ ਸੰਗ ਕਰਦੇ ਸਨ ।23ਉਸ ਨੇ ਉਨ੍ਹਾਂ ਨੂੰ ਆਖਿਆ ਕਿ ਤੁਸੀਂ ਅਜਿਹੇ ਕੰਮ ਕਿਉਂ ਕਰਦੇ ਹੋ ? ਕਿਉਂ ਮੈਂ ਤੁਹਾਡੀ ਬਦੀ ਸਭਨਾਂ ਲੋਕਾਂ ਕੋਲੋਂ ਸੁਣਦਾ ਹਾਂ,24ਨਾ ਮੇਰੇ ਪੁੱਤਰੋ । ਕਿਉਂ ਜੋ ਇਹ ਚੰਗੀ ਖ਼ਬਰ ਨਹੀਂ, ਜਿਹੜੀ ਮੈਂ ਸੁਣਦਾ ਹਾਂ ਕਿ ਤੁਸੀਂ ਯਹੋਵਾਹ ਦੀ ਪਰਜਾ ਦੇ ਪਾਪ ਦਾ ਕਾਰਨ ਬਣਦੇ ਹੋ ।
25ਜੇ ਇੱਕ ਮਨੁੱਖ ਦੂਜੇ ਮਨੁੱਖ ਦਾ ਪਾਪ ਕਰੇ ਤਾਂ ਪਰਮੇਸ਼ੁਰ ਉਹ ਦਾ ਨਿਆਂ ਕਰੇਗਾ ਪਰ ਜੇ ਕੋਈ ਮਨੁੱਖ ਯਹੋਵਾਹ ਦਾ ਪਾਪ ਕਰੇ ਤਾਂ ਉਹ ਦੀ ਸਿਫਾਰਸ਼ ਕੌਣ ਕਰੇਗਾ ? ਫਿਰ ਵੀ ਉਨ੍ਹਾਂ ਨੇ ਆਪਣੇ ਪਿਤਾ ਦਾ ਕਹਿਣਾ ਨਾ ਮੰਨਿਆ ਕਿਉਂ ਜੋ ਯਹੋਵਾਹ ਉਨ੍ਹਾਂ ਨੂੰ ਮਾਰਨਾ ਚਾਹੁੰਦਾ ਸੀ ।26ਉਹ ਬਾਲਕ ਸਮੂਏਲ ਵਧਦਾ ਗਿਆ ਅਤੇ ਯਹੋਵਾਹ ਅਤੇ ਮਨੁੱਖਾਂ ਦੇ ਅੱਗੇ ਉਸ ਦੀ ਚੰਗੀ ਪਹਿਚਾਣ ਸੀ ।
ਏਲੀ ਦੇ ਪਰਿਵਾਰ ਦੇ ਵਿਰੋਧ ਵਿੱਚ ਭਵਿੱਖਬਾਣੀ

27ਤਦ ਇੱਕ ਪਰਮੇਸ਼ੁਰ ਦੇ ਬੰਦੇ ਨੇ ਏਲੀ ਕੋਲ ਆ ਕੇ ਆਖਿਆ, ਯਹੋਵਾਹ ਇਉਂ ਆਖਦਾ ਹੈ, ਭਲਾ, ਮੈਂ ਤੇਰੇ ਪਿਤਾ ਦੇ ਘਰਾਣੇ ਉੱਤੇ ਜਦ ਉਹ ਮਿਸਰ ਵਿੱਚ ਫਿਰਊਨ ਦੇ ਘਰਾਣੇ ਦੀ ਗ਼ੁਲਾਮੀ ਵਿੱਚ ਸਨ, ਪਰਗਟ ਨਹੀਂ ਹੋਇਆ ?28ਕੀ ਮੈਂ ਉਸ ਨੂੰ ਇਸਰਾਏਲ ਦੇ ਸਾਰਿਆਂ ਗੋਤਾਂ ਵਿੱਚੋਂ ਨਹੀਂ ਚੁਣ ਲਿਆ ਕਿ ਉਹ ਮੇਰਾ ਜਾਜਕ ਬਣੇ ਅਤੇ ਮੇਰੀ ਜਗਵੇਦੀ ਉੱਤੇ ਭੇਂਟ ਚੜ੍ਹਾਵੇ, ਧੂਪ ਧੁਖਾਵੇ, ਮੇਰੇ ਅੱਗੇ ਏਫ਼ੋਦ ਪਹਿਨੇ ਅਤੇ ਮੈਂ ਸਾਰੀਆਂ ਭੇਟਾਂ ਜੋ ਇਸਰਾਏਲੀ ਅੱਗ ਨਾਲ ਚੜ੍ਹਾਉਂਦੇ ਹਨ ਤੇਰੇ ਪਿਤਾ ਦੇ ਟੱਬਰ ਨੂੰ ਨਹੀਂ ਦਿੱਤੀਆਂ ?
29ਫੇਰ ਤੁਸੀਂ ਕਿਉਂ ਮੇਰੀ ਉਸ ਕੁਰਬਾਨੀ ਅਤੇ ਮੇਰੀ ਭੇਟ ਨੂੰ ਜੋ ਮੇਰੀ ਆਗਿਆ ਨਾਲ ਮੇਰੇ ਘਰ ਵਿੱਚ ਚੜ੍ਹਾਈ ਜਾਂਦੀ ਹੈ ਨਿਰਾਦਰ ਕਰਦੇ ਹੋ ਅਤੇ ਤੂੰ ਕਿਉਂ ਆਪਣੇ ਪੁੱਤਰਾਂ ਦਾ ਮੇਰੇ ਨਾਲੋਂ ਵੱਧ ਆਦਰ ਕਰਦਾ ਹੈਂ, ਤੁਸੀਂ ਮੇਰੀ ਪਰਜਾ ਇਸਰਾਏਲ ਦੀਆਂ ਚੰਗੀਆਂ-ਚੰਗੀਆਂ ਭੇਟਾਂ ਨੂੰ ਖਾ ਕੇ ਮੋਟੇ ਬਣੇ ?30ਸੋ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦਾ ਵਾਕ ਹੈ ਕਿ ਮੈਂ ਆਖਿਆ ਸੀ ਕਿ ਤੇਰਾ ਟੱਬਰ ਅਤੇ ਤੇਰੇ ਪਿਤਾ ਦਾ ਟੱਬਰ ਸਦਾ ਮੇਰੇ ਅੱਗੇ ਤੁਰੇ, ਪਰ ਹੁਣ ਯਹੋਵਾਹ ਦਾ ਵਾਕ ਹੈ ਕਿ ਇਹ ਮੈਥੋਂ ਦੂਰ ਹੋਵੇ ਕਿਉਂ ਜੋ ਉਹ ਜਿਹੜੇ ਮੇਰਾ ਆਦਰ ਕਰਦੇ ਹਨ, ਮੈਂ ਉਨ੍ਹਾਂ ਦਾ ਆਦਰ ਕਰਾਂਗਾ ਪਰ ਉਹ ਜੋ ਮੇਰੀ ਨਿੰਦਿਆ ਕਰਦੇ ਹਨ ਸੋ ਤੁੱਛ ਸਮਝੇ ਜਾਣਗੇ ।
31ਵੇਖ, ਉਹ ਦਿਨ ਆਉਂਦੇ ਹਨ, ਜੋ ਮੈਂ ਤੇਰੀ ਬਾਂਹ ਅਤੇ ਤੇਰੇ ਪਿਤਾ ਦੇ ਟੱਬਰ ਦੀ ਬਾਂਹ ਨੂੰ ਅਜਿਹੀ ਵੱਢ ਸੁੱਟਾਂਗਾ ਜੋ ਤੇਰੇ ਘਰ ਵਿੱਚ ਕੋਈ ਵੱਡੀ ਉਮਰ ਦਾ ਨਾ ਹੋਵੇਗਾ ।32ਅਤੇ ਉਸ ਸਾਰੀ ਭਲਿਆਈ ਦੇ ਵਿੱਚ ਜੋ ਉਹ ਇਸਰਾਏਲ ਨਾਲ ਕਰੇਗਾ ਤੂੰ ਘਰ ਵਿੱਚ ਦੁੱਖ ਵੇਖੇਂਗਾ ਅਤੇ ਤੇਰੀ ਸੰਤਾਨ ਵਿੱਚ ਕੋਈ ਬੁੱਢਾ ਨਾ ਹੋਵੇਗਾ ।33ਵੇਖ, ਮੈਂ ਤੇਰੇ ਘਰਾਣੇ ਵਿਚੋਂ ਹਰੇਕ ਤੋਂ ਜਗਵੇਦੀ ਦੀ ਸੇਵਾ ਨਾ ਖੋਵਾਂਗਾ, ਪਰ ਤੇਰੀਆਂ ਅੱਖਾਂ ਵੇਖਦੀਆਂ ਰਹਿ ਜਾਣਗੀਆਂ ਅਤੇ ਤੇਰਾ ਮਨ ਦੁਖੀ ਹੋਵੇਗਾ, ਤੇਰੇ ਘਰ ਦਾ ਸਾਰਾ ਵਾਧਾ ਜੁਆਨੀ ਵਿੱਚ ਹੀ ਮਰ ਖਪ ਜਾਵੇਗਾ ।
34ਜੋ ਤੇਰੇ ਦੋਹਾਂ ਪੁੱਤਰਾਂ ਹਾਫ਼ਨੀ ਅਤੇ ਫਨੀਹਾਸ ਉੱਤੇ ਬੀਤੇਗਾ ਸੋ ਤੇਰੇ ਲਈ ਇਹ ਇੱਕ ਨਿਸ਼ਾਨੀ ਹੋਵੇਗੀ, ਉਹ ਦੋਵੇਂ ਦੇ ਦੋਵੇਂ ਇੱਕੋ ਦਿਨ ਹੀ ਮਰ ਜਾਣਗੇ ।35ਮੈਂ ਆਪਣੇ ਲਈ ਇੱਕ ਧਰਮੀ ਜਾਜਕ ਖੜ੍ਹਾ ਕਰਾਂਗਾ, ਜੋ ਮੇਰੇ ਮਨ ਅਤੇ ਜੀਅ ਦੇ ਅਨੁਸਾਰ ਕਰੇਗਾ ਅਤੇ ਮੈਂ ਉਹ ਦੇ ਲਈ ਇੱਕ ਪੱਕਾ ਘਰ ਬਣਾਵਾਂਗਾ ਅਤੇ ਉਹ ਸਦਾ ਮੇਰੇ ਅਭਿਸ਼ੇਕ ਕੀਤੇ ਹੋਏ ਦੇ ਅੱਗੇ-ਅੱਗੇ ਤੁਰੇਗਾ ।
36ਅਤੇ ਅਜਿਹਾ ਹੋਵੇਗਾ ਕਿ ਜਿਹੜਾ ਮਨੁੱਖ ਤੇਰੇ ਘਰ ਵਿੱਚ ਬਚ ਜਾਵੇਗਾ ਉਹ ਇੱਕ ਟੁੱਕੜਾ ਚਾਂਦੀ ਅਤੇ ਇੱਕ ਟੁੱਕੜੇ ਰੋਟੀ ਦੇ ਲਈ ਉਹ ਦੇ ਅੱਗੇ ਮੱਥਾ ਟੇਕੇਗਾ ਅਤੇ ਉਹ ਆਖੇਗਾ, ਜਾਜਕਾਈ ਦਾ ਕੋਈ ਕੰਮ ਮੈਨੂੰ ਦੇ, ਤਾਂ ਜੋ ਮੈਨੂੰ ਇੱਕ ਟੁੱਕੜਾ ਰੋਟੀ ਮਿਲ ਜਾਵੇ ।

3
ਸਮੂਏਲ ਨੂੰ ਯਹੋਵਾਹ ਦਾ ਦਰਸ਼ਣ

1ਉਹ ਬਾਲਕ ਸਮੂਏਲ ਏਲੀ ਦੇ ਸਾਹਮਣੇ ਯਹੋਵਾਹ ਦੀ ਸੇਵਾ ਕਰਦਾ ਸੀ ਅਤੇ ਉਨ੍ਹਾਂ ਦਿਨਾਂ ਵਿੱਚ ਯਹੋਵਾਹ ਦਾ ਬਚਨ ਬਹੁਤ ਦੁਰਲੱਭ ਸੀ ਕਿਉਂ ਜੋ ਦਰਸ਼ਣ ਘੱਟ ਹੁੰਦਾ ਸੀ ।2ਅਤੇ ਅਜਿਹਾ ਹੋਇਆ ਜਦ ਏਲੀ ਆਪਣੇ ਥਾਂ ਲੰਮਾ ਪਿਆ ਸੀ ਅਤੇ ਉਹ ਦੀਆਂ ਅੱਖੀਆਂ ਅਜਿਹੀਆਂ ਧੁੰਦਲੀਆਂ ਹੋਣ ਲੱਗੀਆਂ ਜੋ ਉਹ ਵੇਖ ਨਹੀਂ ਸਕਦਾ ਸੀ ।3ਪਰਮੇਸ਼ੁਰ ਦਾ ਦੀਵਾ, ਜੋ ਯਹੋਵਾਹ ਦੀ ਹੈਕਲ ਵਿੱਚ ਜਿੱਥੇ ਪਰਮੇਸ਼ੁਰ ਦਾ ਸੰਦੂਕ ਸੀ ਜੋ ਅਜੇ ਨਹੀਂ ਬੁੱਝਿਆ ਸੀ ਅਤੇ ਸਮੂਏਲ ਲੰਮਾ ਪਿਆ ਹੋਇਆ ਸੀ ।4ਤਦ ਯਹੋਵਾਹ ਨੇ ਸਮੂਏਲ ਨੂੰ ਬੁਲਾਇਆ ਅਤੇ ਉਹ ਨੇ ਆਖਿਆ, ਮੈਂ ਹਾਜ਼ਰ ਹਾਂ,

5ਅਤੇ ਭੱਜ ਕੇ ਏਲੀ ਕੋਲ ਗਿਆ ਅਤੇ ਆਖਿਆ, ਤੂੰ ਜੋ ਮੈਨੂੰ ਬੁਲਾਇਆ ਹੈ ਮੈਂ ਹਾਜ਼ਰ ਹਾਂ । ਪਰ ਉਹ ਬੋਲਿਆ, ਮੈਂ ਤਾਂ ਨਹੀਂ ਬੁਲਾਇਆ । ਵਾਪਿਸ ਜਾ ਕੇ ਲੰਮਾ ਪੈ ਜਾ । ਸੋ ਉਹ ਜਾ ਕੇ ਲੰਮਾ ਪੈ ਗਿਆ ।6ਯਹੋਵਾਹ ਨੇ ਸਮੂਏਲ ਨੂੰ ਫੇਰ ਬੁਲਾਇਆ ਅਤੇ ਸਮੂਏਲ ਉੱਠ ਕੇ ਏਲੀ ਕੋਲ ਗਿਆ ਅਤੇ ਆਖਿਆ, ਮੈਂ ਹਾਜ਼ਰ ਹਾਂ, ਤੂੰ ਜੋ ਮੈਨੂੰ ਬੁਲਾਇਆ । ਉਸ ਨੇ ਆਖਿਆ, ਹੇ ਮੇਰੇ ਪੁੱਤਰ, ਮੈਂ ਨਹੀਂ ਬੁਲਾਇਆ । ਵਾਪਿਸ ਜਾ ਕੇ ਲੰਮਾ ਪੈ ਜਾ ।
7ਪਰ ਸਮੂਏਲ ਅਜੇ ਯਹੋਵਾਹ ਨੂੰ ਨਹੀਂ ਜਾਣਦਾ ਸੀ ਅਤੇ ਨਾ ਹੀ ਯਹੋਵਾਹ ਦਾ ਬਚਨ ਉਸ ਉੱਤੇ ਪਰਗਟ ਹੋਇਆ ਸੀ ।8ਫੇਰ ਯਹੋਵਾਹ ਨੇ ਤੀਜੀ ਵਾਰੀ ਸਮੂਏਲ ਨੂੰ ਬੁਲਾਇਆ ਅਤੇ ਉਹ ਉੱਠ ਕੇ ਏਲੀ ਕੋਲ ਗਿਆ ਅਤੇ ਆਖਿਆ, ਮੈਂ ਹਾਜ਼ਰ ਹਾਂ, ਤੂੰ ਜੋ ਮੈਨੂੰ ਬੁਲਾਇਆ ਹੈ । ਤਦ ਏਲੀ ਨੇ ਜਾਣ ਲਿਆ ਜੋ ਯਹੋਵਾਹ ਨੇ ਬਾਲਕ ਨੂੰ ਬੁਲਾਇਆ ਹੋਣਾ ਹੈ ।
9ਤਦ ਏਲੀ ਨੇ ਸਮੂਏਲ ਨੂੰ ਆਖਿਆ, ਜਾ ਲੰਮਾ ਪੈ ਜਾ ਅਤੇ ਅਜਿਹਾ ਹੋਵੇਗਾ ਕਿ ਜਦ ਉਹ ਤੈਨੂੰ ਪੁਕਾਰੇ ਤਾਂ ਤੂੰ ਆਖੀ, ਹੇ ਯਹੋਵਾਹ ਬੋਲ, ਤੇਰਾ ਦਾਸ ਸੁਣਦਾ ਹੈ । ਸੋ ਸਮੂਏਲ ਆਪਣੇ ਥਾਂ ਜਾ ਕੇ ਲੰਮਾ ਪੈ ਗਿਆ ।

10ਤਦ ਯਹੋਵਾਹ ਆਇਆ ਅਤੇ ਖੜ੍ਹੇ ਹੋ ਕੇ ਪਹਿਲਾਂ ਦੀ ਤਰ੍ਹਾਂ ਸੱਦਿਆ, "ਸਮੂਏਲ, ਸਮੂਏਲ । " ਤਦ ਸਮੂਏਲ ਨੇ ਕਿਹਾ, ਬੋਲ ਕਿਉਂ ਜੋ ਤੇਰਾ ਦਾਸ ਸੁਣਦਾ ਹੈ ।11ਤਦ ਯਹੋਵਾਹ ਨੇ ਸਮੂਏਲ ਨੂੰ ਆਖਿਆ, ਵੇਖ, ਮੈਂ ਇਸਰਾਏਲ ਦੇ ਵਿੱਚ ਇੱਕ ਅਜਿਹਾ ਕੰਮ ਕਰਾਂਗਾ ਜਿਸ ਨੂੰ ਸੁਣਨ ਵਾਲੇ ਕੰਬਣਗੇ,
12ਸੋ ਉਸ ਦਿਨ ਮੈਂ ਏਲੀ ਉੱਤੇ ਸਭ ਕੁਝ ਆਦ ਤੋਂ ਅੰਤ ਤੱਕ ਲਿਆਵਾਂਗਾ ਜੋ ਮੈਂ ਉਸ ਦੇ ਟੱਬਰ ਦੇ ਲਈ ਆਖਿਆ ਸੀ ।13ਕਿਉਂ ਜੋ ਮੈਂ ਉਹ ਨੂੰ ਆਖਿਆ ਕਿ ਮੈਂ ਉਸ ਬੁਰਿਆਈ ਦੇ ਕਾਰਨ ਜਿਸ ਨੂੰ ਉਹ ਨੇ ਜਾਣ ਵੀ ਲਿਆ ਹੈ ਸਦੀਪਕ ਕਾਲ ਤੱਕ ਉਹ ਦੇ ਘਰ ਤੋਂ ਬਦਲਾ ਲਵਾਂਗਾ ਕਿਉਂ ਜੋ ਉਹ ਦੇ ਪੁੱਤਰਾਂ ਨੇ ਆਪਣੇ ਆਪ ਨੂੰ ਨੀਚ ਕੀਤਾ ਹੈ ਅਤੇ ਉਹ ਨੇ ਉਨ੍ਹਾਂ ਨੂੰ ਨਹੀਂ ਰੋਕਿਆ ।14ਇਸ ਕਰਕੇ ਏਲੀ ਦੇ ਟੱਬਰ ਵਿਖੇ ਮੈਂ ਸਹੁੰ ਖਾਧੀ ਹੈ ਜੋ ਏਲੀ ਦੇ ਟੱਬਰ ਦੀ ਬੁਰਿਆਈ, ਕਿਸੇ ਕੁਰਬਾਨੀ ਜਾਂ ਭੇਟ ਦੇ ਨਾਲ ਸਦਾ ਤੱਕ ਨਾ ਮਿਟੇ ।

15ਸਮੂਏਲ ਸਵੇਰ ਤੱਕ ਸੁੱਤਾ ਰਿਹਾ, ਫੇਰ ਉਸ ਨੇ ਯਹੋਵਾਹ ਦੇ ਘਰ ਦੇ ਬੂਹੇ ਖੋਲ੍ਹ ਦਿੱਤੇ ਅਤੇ ਸਮੂਏਲ ਏਲੀ ਨੂੰ ਉਸ ਦਰਸ਼ਣ ਨੂੰ ਦੱਸਣ ਤੋਂ ਡਰਦਾ ਸੀ ।16ਤਦ ਏਲੀ ਨੇ ਸਮੂਏਲ ਨੂੰ ਸੱਦ ਕੇ ਆਖਿਆ, ਹੇ ਮੇਰੇ ਪੁੱਤਰ ਸਮੂਏਲ ! ਉਹ ਬੋਲਿਆ, ਮੈਂ ਹਾਜ਼ਰ ਹਾਂ ।
17ਤਦ ਉਹ ਨੇ ਪੁੱਛਿਆ, ਉਹ ਕਿਹੜੀ ਗੱਲ ਸੀ ਜੋ ਤੈਨੂੰ ਯਹੋਵਾਹ ਨੇ ਆਖੀ ਹੈ ? ਮੈਥੋਂ ਨਾ ਲੁਕਾਵੀਂ । ਜੇ ਕਦੀ ਉਨ੍ਹਾਂ ਗੱਲਾਂ ਵਿੱਚੋਂ ਜੋ ਉਸ ਨੇ ਤੈਨੂੰ ਆਖੀਆਂ ਹਨ, ਤੂੰ ਕੁਝ ਵੀ ਲੁਕਾਂਵੇ ਤਾਂ ਪਰਮੇਸ਼ੁਰ ਤੇਰੇ ਨਾਲ ਉਵੇਂ ਹੀ ਕਰੇ ਸਗੋਂ ਉਸ ਨਾਲੋਂ ਵੀ ਵੱਧ ਕਰੇ !18ਤਦ ਸਮੂਏਲ ਨੇ ਉਹ ਨੂੰ ਸਾਰਾ ਬਚਨ ਦੱਸ ਦਿੱਤਾ ਅਤੇ ਉਸ ਕੋਲੋਂ ਕੁਝ ਨਾ ਲੁਕਾਇਆ । ਉਹ ਬੋਲਿਆ, ਉਹ ਯਹੋਵਾਹ ਹੀ ਹੈ । ਜੋ ਚਾਹੇ ਸੋ ਕਰੇ ।

19ਸਮੂਏਲ ਵੱਧਦਾ ਗਿਆ ਅਤੇ ਯਹੋਵਾਹ ਉਹ ਦੇ ਅੰਗ-ਸੰਗ ਸੀ ਅਤੇ ਉਸ ਨੇ ਉਹ ਦੀ ਆਖੀ ਕੋਈ ਗੱਲ ਧਰਤੀ ਉੱਤੇ ਵਿਅਰਥ ਨਾ ਜਾਣ ਦਿੱਤੀ ।20ਅਤੇ ਦਾਨ ਤੋਂ ਲੈ ਕੇ ਬਏਰਸ਼ਬਾ ਤੱਕ ਸਾਰਾ ਇਸਰਾਏਲ ਜਾਣ ਗਿਆ ਜੋ ਸਮੂਏਲ ਯਹੋਵਾਹ ਦਾ ਨਬੀ ਠਹਿਰਾਇਆ ਗਿਆ ਸੀ ।21ਅਤੇ ਯਹੋਵਾਹ ਸ਼ੀਲੋਹ ਵਿੱਚ ਫੇਰ ਪ੍ਰਗਟ ਹੋਇਆ, ਕਿਉਂ ਜੋ ਯਹੋਵਾਹ ਨੇ ਆਪਣੇ ਆਪ ਨੂੰ ਸ਼ੀਲੋਹ ਵਿੱਚ ਸਮੂਏਲ ਉੱਤੇ ਆਪਣੇ ਬਚਨ ਨਾਲ ਪ੍ਰਗਟ ਕੀਤਾ ਸੀ ।

4
ਨੇਮ ਦੇ ਸੰਦੂਕ ਦਾ ਖੋਹ ਲਿਆ ਜਾਣਾ

1ਸਮੂਏਲ ਦੀ ਗੱਲ ਸਾਰੇ ਇਸਰਾਏਲ ਵਿੱਚ ਫੈਲ ਗਈ । ਇਸਰਾਏਲੀ ਫ਼ਲਿਸਤੀਆਂ ਨਾਲ ਲੜਨ ਨੂੰ ਨਿੱਕਲੇ ਅਤੇ ਅਬਨਅਜ਼ਰ ਦੇ ਨੇੜੇ ਤੰਬੂ ਲਾਏ ਅਤੇ ਫ਼ਲਿਸਤੀਆਂ ਨੇ ਅਫੇਕ ਵਿੱਚ ਤੰਬੂ ਲਾਏ ।2ਤਦ ਫ਼ਲਿਸਤੀਆਂ ਨੇ ਇਸਰਾਏਲ ਦਾ ਸਾਹਮਣਾ ਕਰਨ ਨੂੰ ਆਪਣੀ ਕਤਾਰ ਬੰਨ੍ਹੀ ਅਤੇ ਜਦੋਂ ਲੜਾਈ ਵੱਧ ਗਈ ਤਾਂ ਇਸਰਾਏਲੀ ਫ਼ਲਿਸਤੀਆਂ ਤੋਂ ਹਾਰ ਗਏ ਅਤੇ ਉਨ੍ਹਾਂ ਨੇ ਇਸਰਾਏਲੀਆਂ ਦੀ ਫ਼ੌਜ ਵਿੱਚੋਂ ਜੋ ਮੈਦਾਨ ਵਿੱਚ ਸੀ, ਚਾਰ ਹਜ਼ਾਰ ਦੇ ਲਗਭਗ ਮਨੁੱਖ ਵੱਢ ਸੁੱਟੇ ।

3ਜਦ ਲੋਕ ਛਾਉਣੀ ਵਿੱਚ ਮੁੜ ਆਏ ਤਾਂ ਇਸਰਾਏਲ ਦੇ ਬਜ਼ੁਰਗਾਂ ਨੇ ਆਖਿਆ, ਯਹੋਵਾਹ ਨੇ ਸਾਨੂੰ ਫ਼ਲਿਸਤੀਆਂ ਦੇ ਅੱਗੇ ਅੱਜ ਹਾਰ ਕਿਉਂ ਦਿੱਤੀ ? ਆਓ, ਅਸੀਂ ਪਰਮੇਸ਼ੁਰ ਦੇ ਨੇਮ ਦਾ ਸੰਦੂਕ ਸ਼ੀਲੋਹ ਤੋਂ ਆਪਣੇ ਕੋਲ ਲੈ ਆਈਏ ਕਿ ਉਹ ਸਾਡੇ ਵਿਚਕਾਰ ਹੋ ਕੇ ਸਾਡੇ ਵੈਰੀਆਂ ਦੇ ਹੱਥੋਂ ਸਾਨੂੰ ਛੁਡਾਵੇ ।4ਸੋ ਉਹਨਾਂ ਨੇ ਸ਼ੀਲੋਹ ਵਿੱਚ ਲੋਕ ਭੇਜੇ ਜੋ ਸੈਨਾਵਾਂ ਦੇ ਯਹੋਵਾਹ ਦੇ ਨੇਮ ਦੇ ਸੰਦੂਕ ਨੂੰ, ਜੋ ਦੋ ਕਰੂਬੀਆਂ ਦੇ ਵਿਚਕਾਰ ਬਿਰਾਜਮਾਨ ਹੈ, ਉੱਥੋਂ ਲੈ ਆਉਣ ਅਤੇ ਏਲੀ ਦੇ ਦੋਵੇਂ ਪੁੱਤਰ ਹਾਫ਼ਨੀ ਅਤੇ ਫ਼ੀਨਹਾਸ ਪਰਮੇਸ਼ੁਰ ਦੇ ਨੇਮ ਦੇ ਸੰਦੂਕ ਕੋਲ ਉੱਥੇ ਸਨ ।

5ਅਤੇ ਜਿਸ ਵੇਲੇ ਯਹੋਵਾਹ ਦੇ ਨੇਮ ਦਾ ਸੰਦੂਕ ਛਾਉਣੀ ਵਿੱਚ ਆ ਪਹੁੰਚਿਆ ਤਦ ਸਾਰੇ ਇਸਰਾਏਲ ਨੇ ਵੱਡੀ ਅਵਾਜ਼ ਨਾਲ ਜੈਕਾਰਾ ਬੁਲਾਇਆ, ਜਿਸ ਨਾਲ ਧਰਤੀ ਕੰਬ ਉੱਠੀ ।6ਜਦ ਫ਼ਲਿਸਤੀਆਂ ਨੇ ਜੈਕਾਰੇ ਦੀ ਅਵਾਜ਼ ਸੁਣੀ ਤਾਂ ਬੋਲੇ, ਇਨ੍ਹਾਂ ਇਬਰਾਨੀਆਂ ਦੀ ਛਾਉਣੀ ਵਿੱਚ ਇਹ ਜੈਕਾਰੇ ਦੀ ਕਿਹੋ ਜਿਹੀ ਅਵਾਜ਼ ਹੈ ? ਫੇਰ ਉਨ੍ਹਾਂ ਨੇ ਜਾਣਿਆ ਕਿ ਯਹੋਵਾਹ ਦੇ ਨੇਮ ਦਾ ਸੰਦੂਕ ਛਾਉਣੀ ਵਿੱਚ ਪਹੁੰਚ ਗਿਆ ਹੈ ।
7ਤਦ ਫ਼ਲਿਸਤੀ ਡਰ ਗਏ ਕਿਉਂ ਜੋ ਉਨ੍ਹਾਂ ਨੇ ਆਖਿਆ, ਪਰਮੇਸ਼ੁਰ ਛਾਉਣੀ ਵਿੱਚ ਆ ਗਿਆ ਹੈ ! ਅਤੇ ਬੋਲੇ,ਸਾਡੇ ਉੱਤੇ ਹਾਇ ! ਕਿਉਂ ਜੋ ਅੱਜ ਤੋਂ ਪਹਿਲਾਂ ਅਜਿਹੀ ਗੱਲ ਕਦੀ ਨਹੀਂ ਹੋਈ ।8ਹਾਇ ! ਅਜਿਹੇ ਬਲਵੰਤ ਪਰਮੇਸ਼ੁਰ ਦੇ ਹੱਥੋਂ ਸਾਨੂੰ ਕੌਣ ਬਚਾਵੇਗਾ ? ਇਹ ਉਹ ਦੇਵਤੇ ਹਨ ਜਿਨ੍ਹਾਂ ਨੇ ਮਿਸਰੀਆਂ ਨੂੰ ਉਜਾੜ ਵਿੱਚ ਸਭ ਪ੍ਰਕਾਰ ਦੀਆਂ ਬਵਾਂ ਨਾਲ ਮਾਰਿਆ ਸੀ ।9ਹੇ ਫ਼ਲਿਸਤੀਓ, ਤੁਸੀਂ ਤਕੜੇ ਹੋਵੇ ਅਤੇ ਮਰਦ ਬਣੋ ਜੋ ਤੁਸੀਂ ਇਬਰਾਨੀਆਂ ਦੇ ਗ਼ੁਲਾਮ ਨਾ ਬਣੋ ਜਿਵੇਂ ਉਹ ਤੁਹਾਡੇ ਗ਼ੁਲਾਮ ਬਣੇ ਸਨ, ਸਗੋਂ ਮਰਦ ਬਣੋ ਅਤੇ ਲੜੋ !

10ਸੋ ਫ਼ਲਿਸਤੀ ਲੜੇ ਅਤੇ ਇਸਰਾਏਲ ਉਹਨਾਂ ਤੋਂ ਹਾਰ ਗਿਆ ਅਤੇ ਉਹ ਆਪੋ ਆਪਣੇ ਤੰਬੂਆਂ ਵੱਲ ਨੱਠੇ ਅਤੇ ਉੱਥੇ ਬਹੁਤ ਲੜ੍ਹਾਈ ਹੋਈ ਕਿਉਂ ਜੋ ਤੀਹ ਹਜ਼ਾਰ ਇਸਰਾਏਲੀ ਮਾਰੇ ਗਏ,11ਪਰਮੇਸ਼ੁਰ ਦਾ ਸੰਦੂਕ ਖੋਹ ਲਿਆ ਗਿਆ ਅਤੇ ਏਲੀ ਦੇ ਦੋਵੇਂ ਪੁੱਤਰ ਹਾਫ਼ਨੀ ਅਤੇ ਫ਼ੀਨਹਾਸ ਮਾਰੇ ਗਏ ।
ਏਲੀ ਦੀ ਮੌਤ

12ਤਦ ਬਿਨਯਾਮੀਨ ਦਾ ਇੱਕ ਮਨੁੱਖ ਫ਼ੌਜ ਦੇ ਵਿੱਚੋਂ ਨੱਠਾ ਅਤੇ ਆਪਣੇ ਕੱਪੜੇ ਪਾੜੇ ਹੋਏ ਅਤੇ ਸਿਰ ਵਿੱਚ ਮਿੱਟੀ ਪਾਈ ਹੋਈ ਉਸੇ ਦਿਨ ਸ਼ੀਲੋਹ ਵਿੱਚ ਆਇਆ ।13ਜਦ ਉਹ ਆਇਆ ਤਾਂ ਵੇਖੋ,ਏਲੀ ਸੜਕ ਦੇ ਇੱਕ ਪਾਸੇ ਇੱਕ ਚੌਂਕੀ ਉੱਤੇ ਬੈਠ ਕੇ ਰਾਹ ਵੇਖਦਾ ਸੀ ਕਿਉਂ ਜੋ ਉਹ ਦਾ ਮਨ ਪਰਮੇਸ਼ੁਰ ਦੇ ਸੰਦੂਕ ਦੇ ਕਾਰਨ ਕੰਬਦਾ ਸੀ ਅਤੇ ਜਿਸ ਵੇਲੇ ਉਸ ਮਨੁੱਖ ਨੇ ਸ਼ਹਿਰ ਵਿੱਚ ਆ ਕੇ ਸੁਨੇਹਾ ਦਿੱਤਾ ਤਾਂ ਸਾਰਾ ਸ਼ਹਿਰ ਰੋਣ ਪਿੱਟਣ ਲੱਗਾ ।
14ਜਦ ਵਿਰਲਾਪ ਦੀ ਅਵਾਜ਼ ਏਲੀ ਨੇ ਸੁਣੀ ਤਾਂ ਉਹ ਨੇ ਆਖਿਆ, ਇਹ ਕਿਹੋ ਜਿਹਾ ਰੌਲਾ ਪੈ ਗਿਆ ? ਅਤੇ ਉਸ ਮਨੁੱਖ ਨੇ ਛੇਤੀ ਨਾਲ ਏਲੀ ਨੂੰ ਆਣ ਕੇ ਖ਼ਬਰ ਦਿੱਤੀ ।15ਏਲੀ ਅਠਾਨਵਿਆਂ ਸਾਲਾਂ ਦਾ ਬੁੱਢਾ ਸੀ ਅਤੇ ਉਹ ਦੀਆਂ ਅੱਖੀਆਂ ਧੁੰਦਲੀਆਂ ਹੋ ਗਈਆਂ ਸਨ ਅਤੇ ਉਸ ਨੂੰ ਕੁਝ ਦਿਖਾਈ ਨਹੀਂ ਸੀ ਦਿੰਦਾ ।
16ਸੋ ਉਸ ਮਨੁੱਖ ਨੇ ਏਲੀ ਨੂੰ ਆਖਿਆ, ਮੈਂ ਫ਼ੌਜ ਤੋਂ ਆਇਆ ਹਾਂ ਅਤੇ ਮੈਂ ਅੱਜ ਫ਼ੌਜ ਦੇ ਵਿੱਚੋਂ ਭੱਜ ਕੇ ਆਇਆ ਹਾਂ । ਉਹ ਬੋਲਿਆ, ਹੇ ਮੇਰੇ ਪੁੱਤਰ, ਕੀ ਖ਼ਬਰ ਹੈ ?17ਉਸ ਨੇ ਉੱਤਰ ਦੇ ਕੇ ਆਖਿਆ, ਇਸਰਾਏਲ ਨੇ ਫ਼ਲਿਸਤੀਆਂ ਦੇ ਅੱਗੋਂ ਹਾਰ ਖਾਧੀ ਅਤੇ ਲੋਕਾਂ ਵਿੱਚ ਵੱਡੀ ਵਾਢ ਹੋਈ ਅਤੇ ਤੇਰੇ ਦੋਵੇਂ ਪੁੱਤਰ ਹਾਫ਼ਨੀ ਅਤੇ ਫ਼ੀਨਹਾਸ ਮਾਰੇ ਗਏ ਅਤੇ ਪਰਮੇਸ਼ੁਰ ਦਾ ਸੰਦੂਕ ਹੱਥੋਂ ਨਿੱਕਲ ਗਿਆ ।
18ਤਦ ਅਜਿਹਾ ਹੋਇਆ ਕਿ ਜਿਸ ਵੇਲੇ ਉਹ ਨੇ ਪਰਮੇਸ਼ੁਰ ਦੇ ਸੰਦੂਕ ਦੀ ਗੱਲ ਸੁਣਾਈ ਤਾਂ ਉਹ ਚੌਂਕੀ ਉੱਤੋਂ ਪਿੱਠ ਭਾਰ ਦਰਵਾਜ਼ੇ ਕੋਲ ਡਿੱਗ ਪਿਆ, ਉਹ ਦੀ ਧੌਣ ਟੁੱਟ ਗਈ ਅਤੇ ਉਹ ਮਰ ਗਿਆ ਕਿਉਂ ਜੋ ਉਹ ਵੱਡੀ ਉਮਰ ਦਾ ਅਤੇ ਭਾਰਾ ਵੀ ਸੀ ਅਤੇ ਉਹ ਚਾਲੀ ਸਾਲ ਤੱਕ ਇਸਰਾਏਲ ਦਾ ਨਿਆਂ ਕਰਦਾ ਰਿਹਾ ।
ਫ਼ੀਨਹਾਸ ਦੀ ਵਿਧਵਾ ਦੀ ਮੌਤ

19ਉਸ ਦੀ ਨੂੰਹ ਫ਼ੀਨਹਾਸ ਦੀ ਪਤਨੀ ਗਰਭਵਤੀ ਸੀ ਅਤੇ ਉਹ ਦੇ ਜਨਣ ਦਾ ਵੇਲਾ ਨੇੜੇ ਸੀ ਜਦ ਉਹ ਨੇ ਇਹ ਗੱਲਾਂ ਸੁਣੀਆਂ ਕਿ ਪਰਮੇਸ਼ੁਰ ਦਾ ਸੰਦੂਕ ਹੱਥੋਂ ਨਿੱਕਲ ਗਿਆ ਹੈ ਅਤੇ ਤੇਰਾ ਸਹੁਰਾ ਅਤੇ ਪਤੀ ਮਰ ਗਏ ਹਨ ਤਾਂ ਉਹ ਨੂੰ ਜਣਨ ਦੀਆਂ ਪੀੜ੍ਹਾਂ ਲੱਗੀਆਂ ਅਤੇ ਉਸਨੇ ਪੁੱਤਰ ਨੂੰ ਜਨਮ ਦਿੱਤਾ ।20ਅਤੇ ਉਹ ਦੇ ਮਰਨ ਦੇ ਵੇਲੇ ਉਨ੍ਹਾਂ ਇਸਤਰੀਆਂ ਨੇ ਜੋ ਉੱਥੇ ਸਨ ਉਹ ਨੂੰ ਆਖਿਆ, ਨਿਰਾਸ਼ ਨਾ ਹੋ ਕਿਉਂ ਜੋ ਤੂੰ ਪੁੱਤਰ ਨੂੰ ਜਨਮ ਦਿੱਤਾ ਹੈ ਪਰ ਉਹ ਨੇ ਉੱਤਰ ਨਾ ਦਿੱਤਾ ਸਗੋਂ ਧਿਆਨ ਵੀ ਨਾ ਕੀਤਾ ।
21ਉਹ ਨੇ ਉਸ ਮੁੰਡੇ ਦਾ ਨਾਮ ਈਕਾਬੋਦ ਰੱਖਿਆ ਅਤੇ ਕਿਹਾ, ਇਸਰਾਏਲ ਤੋਂ ਪਰਤਾਪ ਜਾਂਦਾ ਰਿਹਾ, ਪਰਮੇਸ਼ੁਰ ਦਾ ਸੰਦੂਕ ਖੁੱਸ ਜੋ ਗਿਆ ਅਤੇ ਉਹ ਦੇ ਸਹੁਰੇ ਅਤੇ ਪਤੀ ਦੇ ਕਾਰਨ ਵੀ ।22ਅਤੇ ਉਹ ਬੋਲੀ, ਇਸਰਾਏਲ ਦਾ ਪਰਤਾਪ ਜਾਂਦਾ ਰਿਹਾ ਕਿਉਂ ਜੋ ਪਰਮੇਸ਼ੁਰ ਦਾ ਸੰਦੂਕ ਖੋਹ ਲਿਆ ਗਿਆ ।

5
ਨੇਮ ਦਾ ਸੰਦੂਕ ਫਲਿਸਤੀਆਂ ਦੇ ਦੇਸ ਵਿੱਚ

1ਫ਼ਲਿਸਤੀਆਂ ਨੇ ਪਰਮੇਸ਼ੁਰ ਦਾ ਸੰਦੂਕ, ਅਬਨ ਅਜ਼ਰ ਤੋਂ ਚੁੱਕ ਕੇ ਅਸ਼ਦੋਦ ਵਿੱਚ ਪਹੁੰਚਾ ਦਿੱਤਾ ।2ਜਦ ਫ਼ਲਿਸਤੀਆਂ ਨੇ ਪਰਮੇਸ਼ੁਰ ਦੇ ਸੰਦੂਕ ਨੂੰ ਖੋਹ ਲਿਆ ਤਾਂ ਉਹ ਉਸ ਨੂੰ ਦਾਗੋਨ ਦੇ ਮੰਦਰ ਵਿੱਚ ਲਿਆਏ ਅਤੇ ਦਾਗੋਨ ਕੋਲ ਰੱਖਿਆ ।3ਜਦ ਸਵੇਰ ਨੂੰ ਅਸ਼ਦੋਦੀ ਉੱਠੇ ਤਾਂ ਵੇਖੋ, ਦਾਗੋਨ ਯਹੋਵਾਹ ਦੇ ਸੰਦੂਕ ਅੱਗੇ ਮੂੰਹ ਦੇ ਭਾਰ ਧਰਤੀ ਉੱਤੇ ਡਿੱਗਾ ਪਿਆ ਸੀ, ਤਦ ਉਨ੍ਹਾਂ ਨੇ ਦਾਗੋਨ ਨੂੰ ਚੁੱਕ ਕੇ ਉਹ ਦੇ ਥਾਂ ਉੱਤੇ ਉਹ ਨੂੰ ਫੇਰ ਖੜ੍ਹਾ ਕੀਤਾ ।

4ਅਗਲੇ ਦਿਨ ਜਦ ਉਹ ਤੜਕੇ ਉੱਠੇ ਤਾਂ ਵੇਖੋ, ਦਾਗੋਨ ਯਹੋਵਾਹ ਦੇ ਸੰਦੂਕ ਅੱਗੇ ਮੂੰਹ ਦੇ ਭਾਰ ਧਰਤੀ ਉੱਤੇ ਡਿੱਗਾ ਪਿਆ ਸੀ ਅਤੇ ਦਾਗੋਨ ਦਾ ਸਿਰ ਅਤੇ ਉਹ ਦੇ ਦੋਹਾਂ ਹੱਥਾਂ ਦੀਆਂ ਤਲੀਆਂ ਬੂਹੇ ਦੇ ਸਾਹਮਣੇ ਵੱਢੀਆਂ ਪਈਆਂ ਸਨ । ਉਹ ਦਾ ਸਿਰਫ਼ ਧੜ ਹੀ ਰਹਿ ਗਿਆ ਸੀ ।5ਇਸ ਲਈ ਅਸ਼ਦੋਦ ਵਿੱਚ ਦਾਗੋਨ ਦੇ ਪੁਜਾਰੀ ਅਤੇ ਉਹ ਸਾਰੇ ਜੋ ਦਾਗੋਨ ਦੇ ਮੰਦਰ ਵਿੱਚ ਆਉਂਦੇ ਹਨ ਅੱਜ ਤੱਕ ਬੂਹੇ ਦੇ ਸਾਹਮਣੇ ਪੈਰ ਨਹੀਂ ਧਰਦੇ ।

6ਪਰ ਯਹੋਵਾਹ ਦਾ ਹੱਥ ਅਸ਼ਦੋਦੀਆਂ ਉੱਤੇ ਭਾਰਾ ਪੈ ਗਿਆ ਅਤੇ ਉਸ ਨੇ ਉਨ੍ਹਾਂ ਦਾ ਨਾਸ਼ ਕੀਤਾ ਅਤੇ ਅਸ਼ਦੋਦ ਅਤੇ ਉਸ ਦੇ ਆਲੇ-ਦੁਆਲੇ ਦੇ ਲੋਕਾਂ ਨੂੰ ਗਿਲ੍ਹਟੀਆਂ ਦੀ ਬਿਮਾਰੀ ਨਾਲ ਮਾਰਿਆ ।7ਜਦ ਅਸ਼ਦੋਦੀਆਂ ਨੇ ਜੋ ਕੁਝ ਹੋਇਆ ਉਹ ਵੇਖਿਆ ਤਾਂ ਉਨ੍ਹਾਂ ਨੇ ਆਖਿਆ, ਕਿ ਇਸਰਾਏਲ ਦੇ ਪਰਮੇਸ਼ੁਰ ਦਾ ਸੰਦੂਕ ਸਾਡੇ ਕੋਲ ਨਾ ਰਹੇ ਕਿਉਂ ਜੋ ਉਹ ਦਾ ਹੱਥ ਸਾਡੇ ਉੱਤੇ ਅਤੇ ਸਾਡੇ ਦੇਵਤੇ ਦਾਗੋਨ ਉੱਤੇ ਭਾਰਾ ਪਿਆ ਹੈ ।
8ਸੋ ਉਨ੍ਹਾਂ ਨੇ ਫ਼ਲਿਸਤੀਆਂ ਦੇ ਸਭਨਾਂ ਸਰਦਾਰਾਂ ਨੂੰ ਸੱਦ ਕੇ ਆਪਣੇ ਕੋਲ ਇਕੱਠਿਆਂ ਕੀਤਾ ਅਤੇ ਆਖਿਆ, ਅਸੀਂ ਇਸਰਾਏਲ ਦੇ ਪਰਮੇਸ਼ੁਰ ਦੇ ਸੰਦੂਕ ਦਾ ਕੀ ਕਰੀਏ ? ਤਦ ਉਨ੍ਹਾਂ ਨੇ ਉੱਤਰ ਦਿੱਤਾ ਕਿ ਇਹ ਜਰੂਰੀ ਹੈ ਕਿ ਇਸਰਾਏਲ ਦੇ ਪਰਮੇਸ਼ੁਰ ਦੇ ਸੰਦੂਕ ਨੂੰ ਗਥ ਨਗਰ ਵਿੱਚ ਲੈ ਜਾਣ, ਇਸ ਲਈ ਉਹ ਇਸਰਾਏਲ ਦੇ ਪਰਮੇਸ਼ੁਰ ਦੇ ਸੰਦੂਕ ਨੂੰ ਉੱਥੇ ਲੈ ਗਏ ।9ਜਦ ਉਹ ਉਸ ਨੂੰ ਉੱਥੇ ਲੈ ਗਏ ਤਾਂ ਅਜਿਹਾ ਹੋਇਆ ਜੋ ਯਹੋਵਾਹ ਦਾ ਹੱਥ ਉਸ ਸ਼ਹਿਰ ਨੂੰ ਨਾਸ਼ ਕਰਨ ਨੂੰ ਉਹ ਦੇ ਵਿਰੁੱਧ ਉੱਠਿਆ ਅਤੇ ਉਹ ਨੇ ਉਸ ਸ਼ਹਿਰ ਦੇ ਲੋਕਾਂ ਨੂੰ ਨਿੱਕਿਆਂ ਤੋਂ ਲੈ ਕੇ ਵੱਡਿਆਂ ਤੱਕ ਮਾਰਿਆ ਅਤੇ ਉਨ੍ਹਾਂ ਦੀਆਂ ਗੁਦਾਂ ਵਿੱਚ ਰਸੋਲੀਆਂ ਨਿੱਕਲੀਆਂ ।
10ਤਦ ਉਨ੍ਹਾਂ ਨੇ ਪਰਮੇਸ਼ੁਰ ਦਾ ਸੰਦੂਕ ਅਕਰੋਨ ਨੂੰ ਭੇਜਿਆ ਪਰ ਜਿਸ ਵੇਲੇ ਪਰਮੇਸ਼ੁਰ ਦਾ ਸੰਦੂਕ ਅਕਰੋਨ ਵਿੱਚ ਪਹੁੰਚਿਆ ਤਦ ਅਜਿਹਾ ਹੋਇਆ ਜੋ ਅਕਰੋਨੀ ਚੀਕ ਉੱਠੇ, ਕਿ ਉਹ ਇਸਰਾਏਲ ਦੇ ਪਰਮੇਸ਼ੁਰ ਦੇ ਸੰਦੂਕ ਨੂੰ ਸਾਡੇ ਵਿੱਚ ਇਸ ਲਈ ਲਿਆਏ ਹਨ, ਜੋ ਸਾਡਾ ਅਤੇ ਸਾਡੇ ਲੋਕਾਂ ਦਾ ਨਾਸ਼ ਕਰਨ ।
11ਸੋ ਉਨ੍ਹਾਂ ਨੇ ਫ਼ਲਿਸਤੀਆਂ ਦੇ ਸਰਦਾਰਾਂ ਨੂੰ ਸੱਦ ਕੇ ਇੱਕਠਿਆਂ ਕੀਤਾ ਅਤੇ ਆਖਿਆ, ਕਿ ਇਸਰਾਏਲ ਦੇ ਪਰਮੇਸ਼ੁਰ ਦੇ ਸੰਦੂਕ ਨੂੰ ਵਾਪਸ ਭੇਜੋ ਤਾਂ ਜੋ ਉਹ ਆਪਣੇ ਸਥਾਨ ਤੇ ਜਾਵੇ ਜੋ ਸਾਡਾ ਅਤੇ ਸਾਡੇ ਲੋਕਾਂ ਦਾ ਨਾਸ ਨਾ ਕਰੇ ਕਿਉਂ ਜੋ ਸਾਰਾ ਸ਼ਹਿਰ ਮੌਤ ਦੀ ਘਬਰਾਹਟ ਨਾਲ ਡਰ ਗਿਆ ਸੀ । ਉੱਥੇ ਪਰਮੇਸ਼ੁਰ ਦਾ ਹੱਥ ਅੱਤ ਭਾਰਾ ਸੀ ।12ਉਹ ਲੋਕ ਜੋ ਮਰੇ ਨਹੀਂ ਸਨ, ਉਹ ਗਿਲ੍ਹਟੀਆਂ ਦੀ ਬਿਮਾਰੀ ਨਾਲ ਪੀੜਤ ਸਨ ਅਤੇ ਸ਼ਹਿਰ ਦੀ ਦੁਹਾਈ ਅਕਾਸ਼ ਤੱਕ ਪਹੁੰਚ ਗਈ ।

6
ਨੇਮ ਦੇ ਸੰਦੂਕ ਨੂੰ ਵਾਪਸ ਲਿਆਂਦਾ ਜਾਣਾ

1ਸੋ ਯਹੋਵਾਹ ਦਾ ਸੰਦੂਕ ਸੱਤ ਮਹੀਨਿਆਂ ਤੱਕ ਫ਼ਲਿਸਤੀਆਂ ਦੇ ਦੇਸ ਵਿੱਚ ਰਿਹਾ ।2ਤਦ ਫ਼ਲਿਸਤੀਆਂ ਨੇ ਪੁਜਾਰੀਆਂ ਅਤੇ ਜੋਤਸ਼ੀਆਂ ਨੂੰ ਸੱਦਿਆ ਅਤੇ ਆਖਿਆ, ਕਿ ਯਹੋਵਾਹ ਦੇ ਇਸ ਸੰਦੂਕ ਨੂੰ ਅਸੀਂ ਕੀ ਕਰੀਏ ? ਸਾਨੂੰ ਦੱਸੋ ਕਿ ਕਿਸ ਤਰ੍ਹਾਂ ਉਸ ਨੂੰ ਉਹ ਦੇ ਸਥਾਨ ਵਿੱਚ ਪਹੁੰਚਾਈਏ ।

3ਉਹਨਾਂ ਨੇ ਕਿਹਾ, ਜੇ ਤੁਸੀਂ ਇਸਰਾਏਲ ਦੇ ਪਰਮੇਸ਼ੁਰ ਦੇ ਸੰਦੂਕ ਨੂੰ ਵਾਪਸ ਭੇਜਦੇ ਹੋ ਤਾਂ ਖਾਲੀ ਨਾ ਭੇਜੋ ਸਗੋਂ ਇੱਕ ਦੋਸ਼ ਦੀ ਭੇਟ ਉਹ ਦੇ ਨਾਲ ਜ਼ਰੂਰ ਭੇਜ ਦਿਓ ਤਾਂ ਤੁਸੀਂ ਚੰਗੇ ਹੋ ਜਾਓਗੇ ਅਤੇ ਤੁਸੀਂ ਜਾਣ ਲਓਗੇ ਉਸਦਾ ਹੱਥ ਤੁਹਾਡੇ ਉੱਤੋਂ ਕਿਉਂ ਨਹੀਂ ਚੁਕਿਆ ਗਿਆ ।4ਤਦ ਉਨ੍ਹਾਂ ਨੇ ਪੁੱਛਿਆ ਅਸੀਂ ਦੋਸ਼ ਦੀ ਭੇਟ ਲਈ ਕੀ ਭੇਜੀਏ ? ਉਹ ਬੋਲੇ, ਫ਼ਲਿਸਤੀ ਸਰਦਾਰਾਂ ਦੀ ਗਿਣਤੀ ਅਨੁਸਾਰ ਪੰਜ ਸੋਨੇ ਦੇ ਚੂਹੇ ਅਤੇ ਪੰਜ ਸੋਨੇ ਦੀਆਂ ਗਿਲਟੀਆਂ ਕਿਉਂ ਜੋ ਤੁਸੀਂ ਸਭਨਾਂ ਉੱਤੇ ਅਤੇ ਤੁਹਾਡੇ ਸਰਦਾਰਾਂ ਉੱਤੇ ਇੱਕੋ ਜਿਹੀ ਬਵਾਂ ਹੈ ।
5ਸੋ ਤੁਸੀਂ ਆਪਣੀਆਂ ਗਿਲਟੀਆਂ ਦੀਆਂ ਮੂਰਤਾਂ ਅਤੇ ਉਨ੍ਹਾਂ ਚੂਹਿਆਂ ਦੀਆਂ ਮੂਰਤਾਂ ਜੋ ਦੇਸ ਨੂੰ ਵਿਗਾੜਦੀਆਂ ਹਨ ਬਣਾਓ ਅਤੇ ਇਸਰਾਏਲ ਦੇ ਪਰਮੇਸ਼ੁਰ ਦੀ ਮਹਿਮਾ ਕਰੋ । ਹੋ ਸਕਦਾ ਹੈ ਕਿ ਉਹ ਤੁਹਾਥੋਂ ਅਤੇ ਤੁਹਾਡੇ ਦੇਵਤਿਆਂ ਅਤੇ ਤੁਹਾਡੇ ਦੇਸ ਉੱਤੋਂ ਆਪਣਾ ਹੱਥ ਚੁੱਕ ਲਵੇ ।6ਤੁਸੀਂ ਆਪਣੇ ਮਨ ਨੂੰ ਸਖ਼ਤ ਕਿਉਂ ਕਰਦੇ ਹੋ ਜਿਵੇਂ ਮਿਸਰੀਆਂ ਨੇ ਅਤੇ ਫਿਰਊਨ ਨੇ ਆਪਣੇ ਮਨਾਂ ਨੂੰ ਸਖ਼ਤ ਕੀਤਾ ? ਜਿਸ ਵੇਲੇ ਉਨ੍ਹਾਂ ਨੂੰ ਉਸ ਨੇ ਅਚਰਜ ਸ਼ਕਤੀਆਂ ਦਿਖਾਈਆਂ । ਭਲਾ, ਉਹਨਾਂ ਨੇ ਉਨ੍ਹਾਂ ਲੋਕਾਂ ਨੂੰ ਜਾਣ ਨਹੀਂ ਦਿੱਤਾ ਅਤੇ ਉਹ ਚੱਲੇ ਨਾ ਗਏ ?
7ਹੁਣ ਤੁਸੀਂ ਇੱਕ ਨਵੀਂ ਗੱਡੀ ਬਣਾਓ ਅਤੇ ਦੋ ਲਵੇਰੀਆਂ ਗਊਆਂ ਨੂੰ ਗੱਡੀ ਹੇਠ ਜੋੜ ਲਓ ਅਤੇ ਉਨ੍ਹਾਂ ਦੀਆਂ ਵੱਛੀਆਂ ਨੂੰ ਪਿੱਛੇ ਘਰ ਰਹਿਣ ਦਿਓ ।8ਯਹੋਵਾਹ ਦਾ ਸੰਦੂਕ ਲੈ ਕੇ ਉਸ ਗੱਡੀ ਦੇ ਉੱਤੇ ਰੱਖੋ ਅਤੇ ਸੋਨੇ ਦੀਆਂ ਵਸਤਾਂ ਜੋ ਦੋਸ਼ ਦੀ ਭੇਟ ਲਈ ਉਹ ਦੇ ਕੋਲ ਭੇਜਦੇ ਹੋ ਇੱਕ ਸੰਦੂਕ ਵਿੱਚ ਪਾ ਕੇ ਉਹ ਦੇ ਇੱਕ ਪਾਸੇ ਧਰ ਦਿਓ ਅਤੇ ਉਹ ਨੂੰ ਵਿਦਾ ਕਰ ਦਿਓ ਜੋ ਤੁਰ ਜਾਵੇ ।9ਅਤੇ ਵੇਖੋ, ਜੇ ਉਹ ਆਪਣੇ ਦੇਸ ਦੇ ਰਾਹ ਬੈਤਸ਼ਮਸ਼ ਵੱਲ ਚੜ੍ਹੇ ਤਾਂ ਇਹ ਵੱਡੀ ਬਿਪਤਾ ਉਸੇ ਨੇ ਸਾਡੇ ਉੱਤੇ ਪਾਈ ਹੈ ਅਤੇ ਜੇ ਨਾ ਜਾਵੇ ਤਾਂ ਅਸੀਂ ਜਾਣਾਂਗੇ ਕਿ ਸਾਡੇ ਉੱਤੇ ਉਹ ਦਾ ਹੱਥ ਨਹੀਂ ਚੱਲਿਆ ਸਗੋਂ ਇਹ ਗੱਲ ਜੋ ਸਾਡੇ ਉੱਤੇ ਹੋਈ ਹੈ ਸੋ ਐਵੇਂ ਹੀ ਹੋਈ ਹੈ ।

10ਸੋ ਲੋਕਾਂ ਨੇ ਅਜਿਹਾ ਹੀ ਕੀਤਾ ਜੋ ਦੋ ਲਵੇਰੀਆਂ ਗਊਆਂ ਲਈਆਂ ਅਤੇ ਉਨ੍ਹਾਂ ਨੂੰ ਗੱਡੀ ਅੱਗੇ ਜੋਤਿਆ ਅਤੇ ਉਨ੍ਹਾਂ ਦੀਆਂ ਵੱਛੀਆਂ ਨੂੰ ਘਰ ਵਿੱਚ ਬੰਨ੍ਹਿਆ ।11ਅਤੇ ਯਹੋਵਾਹ ਦਾ ਸੰਦੂਕ ਅਤੇ ਸੋਨੇ ਦੇ ਚੂਹੇ ਅਤੇ ਆਪਣੀਆਂ ਗਿਲਟੀਆਂ ਦੀਆਂ ਮੂਰਤਾਂ ਦੇ ਸੰਦੂਕ ਨੂੰ ਗੱਡੀ ਵਿੱਚ ਰੱਖਿਆ ।12ਤਦ ਗਊਆਂ ਸਿੱਧੀਆਂ ਬੈਤਸ਼ਮਸ਼ ਦੇ ਰਾਹ ਵੱਲ ਤੁਰ ਪਈਆਂ ਅਤੇ ਉਸ ਸੜਕ ਉੱਤੇ ਤੁਰੀਆਂ ਅਤੇ ਅੜਿੰਗਦੀਆਂ ਜਾਂਦੀਆਂ ਸਨ ਅਤੇ ਸੱਜੇ ਖੱਬੇ ਪਾਸੇ ਨਾ ਮੁੜੀਆਂ ਅਤੇ ਫ਼ਲਿਸਤੀ ਸਰਦਾਰ ਉਨ੍ਹਾਂ ਦੇ ਪਿੱਛੇ ਬੈਤਸ਼ਮਸ਼ ਦੇ ਬੰਨ੍ਹੇ ਤੱਕ ਗਏ ।
13ਬੈਤਸ਼ਮਸ਼ ਦੇ ਲੋਕ ਕਣਕ ਦੀਆਂ ਵਾਢੀਆਂ ਕਰਦੇ ਸਨ । ਜਦ ਉਨ੍ਹਾਂ ਨੇ ਅੱਖਾਂ ਚੁੱਕ ਕੇ ਸੰਦੂਕ ਨੂੰ ਵੇਖਿਆ ਤਾਂ ਵੇਖਦੇ ਸਾਰ ਅਨੰਦ ਹੋ ਗਏ ।
14ਗੱਡੀ ਬੈਤਸ਼ਮਸ਼ੀ ਯਹੋਸ਼ੁਆ ਦੀ ਪੈਲੀ ਵਿੱਚ ਆਈ ਅਤੇ ਜਿੱਥੇ ਇੱਕ ਵੱਡਾ ਪੱਥਰ ਸੀ ਉੱਥੇ ਖਲੋ ਗਈ । ਸੋ ਉਨ੍ਹਾਂ ਨੇ ਗੱਡੀ ਦੀਆਂ ਲੱਕੜੀਆਂ ਨੂੰ ਚੀਰਿਆ ਅਤੇ ਗਊਆਂ ਨੂੰ ਹੋਮ ਦੀ ਬਲੀ ਕਰਕੇ ਯਹੋਵਾਹ ਲਈ ਚੜ੍ਹਾਇਆ ।15ਲੇਵੀਆਂ ਨੇ ਯਹੋਵਾਹ ਦੇ ਸੰਦੂਕ ਨੂੰ ਉਸ ਸੰਦੂਕ ਸਮੇਤ ਜੋ ਉਸ ਦੇ ਨਾਲ ਸੀ ਅਤੇ ਜਿਸ ਦੇ ਵਿੱਚ ਸੋਨੇ ਦੀਆਂ ਵਸਤਾਂ ਸਨ, ਹੇਠਾਂ ਉਤਾਰਿਆ ਅਤੇ ਉਹ ਨੂੰ ਉਸ ਵੱਡੇ ਪੱਥਰ ਉੱਤੇ ਧਰਿਆ ਅਤੇ ਬੈਤਸ਼ਮਸ਼ ਦੇ ਲੋਕਾਂ ਨੇ ਉਸੇ ਦਿਨ ਯਹੋਵਾਹ ਦੇ ਲਈ ਹੋਮ ਬਲੀਆਂ ਚੜ੍ਹਾਈਆਂ ਅਤੇ ਹੋਰ ਬਲੀਆਂ ਵੀ ਦਿੱਤੀਆਂ ।
16ਜਦ ਉਨ੍ਹਾਂ ਪੰਜਾਂ ਫ਼ਲਿਸਤੀ ਸਰਦਾਰਾਂ ਨੇ ਇਹ ਡਿੱਠਾ ਤਾਂ ਉਹ ਉਸੇ ਦਿਨ ਅਕਰੋਨ ਨੂੰ ਮੁੜ ਗਏ ।

17ਇਹ ਸੋਨੇ ਦੀਆਂ ਗਿਲਟੀਆਂ ਜੋ ਫ਼ਲਿਸਤੀਆਂ ਨੇ ਦੋਸ਼ ਦੀ ਭੇਟ ਲਈ ਚੜ੍ਹਾਈਆਂ ਉਨ੍ਹਾਂ ਵਿੱਚੋਂ ਇੱਕ ਅਸ਼ਦੋਦ ਵੱਲੋਂ ਸੀ, ਇੱਕ ਅਜ਼ਾਹ ਦੀ, ਇੱਕ ਅਸ਼ਕਲੋਨ ਦੀ, ਇੱਕ ਗਥ ਦੀ ਅਤੇ ਇੱਕ ਅਕਰੋਨ ਦੀ18ਅਤੇ ਇਹ ਸੋਨੇ ਦੇ ਚੂਹੇ ਫ਼ਲਿਸਤੀਆਂ ਦੇ ਪੰਜਾਂ ਸਰਦਾਰਾਂ ਦੀ ਗਿਣਤੀ ਅਨੁਸਾਰ ਸਨ ਭਾਵੇਂ ਗੜ੍ਹ ਵਾਲੇ ਸ਼ਹਿਰਾਂ ਦੇ ਭਾਵੇਂ ਬਾਹਰਲੇ ਪਿੰਡਾਂ ਦੇ ਜਿੰਨੇ ਅਬੇਲ ਦੇ ਵੱਡੇ ਪੱਥਰ ਤੱਕ ਸਨ ਜਿਹ ਦੇ ਉੱਤੇ ਉਨ੍ਹਾਂ ਨੇ ਯਹੋਵਾਹ ਦੇ ਸੰਦੂਕ ਨੂੰ ਰੱਖਿਆ ਸੀ । ਉਹ ਅੱਜ ਦੇ ਦਿਨ ਤੱਕ ਯਹੋਸ਼ੁਆ ਦੀ ਪੈਲੀ ਵਿੱਚ ਹੈ ।

19ਉਹ ਨੇ ਬੈਤਸ਼ਮਸ਼ ਦੇ ਲੋਕਾਂ ਨੂੰ ਇਸ ਲਈ ਮਾਰਿਆ ਜੋ ਉਨ੍ਹਾਂ ਨੇ ਯਹੋਵਾਹ ਦੇ ਸੰਦੂਕ ਦੇ ਵਿੱਚ ਵੇਖਿਆ ਸੋ ਉਸ ਨੇ ਪੰਜਾਹ ਹਜ਼ਾਰ ਤੇ ਸੱਤਰ ਮਨੁੱਖ ਉਨ੍ਹਾਂ ਵਿੱਚੋਂ ਮਾਰ ਸੁੱਟੇ ਅਤੇ ਉੱਥੋਂ ਦੇ ਲੋਕ ਦੁਖੀ ਹੋਏ ਇਸ ਲਈ ਜੋ ਯਹੋਵਾਹ ਨੇ ਲੋਕਾਂ ਨੂੰ ਵੱਡੀ ਮਾਰ ਨਾਲ ਮਾਰਿਆ ।20ਸੋ ਬੈਤਸ਼ਮਸ਼ ਦੇ ਲੋਕ ਬੋਲੇ, ਭਲਾ, ਕਿਸ ਦੀ ਹਿੰਮਤ ਹੈ ਜੋ ਕੋਈ ਇਸ ਪਵਿੱਤਰ ਯਹੋਵਾਹ ਪਰਮੇਸ਼ੁਰ ਦੇ ਅੱਗੇ ਖਲੋਵੇ ਅਤੇ ਉਹ ਸਾਡੇ ਕੋਲੋਂ ਕਿਸ ਦੇ ਵੱਲ ਜਾਵੇ ?
21ਤਦ ਉਨ੍ਹਾਂ ਨੇ ਕਿਰਯਥ ਯਾਰੀਮ ਦੇ ਲੋਕਾਂ ਵੱਲ ਦੂਤ ਘੱਲੇ ਅਤੇ ਆਖਿਆ, ਫ਼ਲਿਸਤੀ ਯਹੋਵਾਹ ਦੇ ਸੰਦੂਕ ਨੂੰ ਮੋੜ ਲਿਆਏ ਹਨ ਸੋ ਤੁਸੀਂ ਆਓ ਅਤੇ ਆਪਣੀ ਵੱਲ ਲੈ ਜਾਓ ।

7

1ਤਦ ਕਿਰਯਥ ਯਾਰੀਮ ਦੇ ਲੋਕ ਆਏ ਅਤੇ ਯਹੋਵਾਹ ਦੇ ਸੰਦੂਕ ਨੂੰ ਲੈ ਜਾ ਕੇ ਅਬੀਨਾਦਾਬ ਦੇ ਘਰ ਵਿੱਚ ਰੱਖ ਦਿੱਤਾ ਜੋ ਟਿੱਲੇ ਦੇ ਉੱਤੇ ਸੀ ਅਤੇ ਉਹ ਦੇ ਪੁੱਤਰ ਅਲਆਜ਼ਾਰ ਨੂੰ ਪਵਿੱਤਰ ਕੀਤਾ ਤਾਂ ਜੋ ਉਹ ਯਹੋਵਾਹ ਦੇ ਸੰਦੂਕ ਦੀ ਦੇਖਭਾਲ ਕਰੇ ।

ਨਿਆਈਂ ਹੋਣ ਤੇ ਸਮੂਏਲ ਨਬੀ ਦੇ ਕੰਮ

2ਅਤੇ ਅਜਿਹਾ ਹੋਇਆ ਜੋ ਉਸ ਵੇਲੇ ਤੋਂ ਜਦ ਸੰਦੂਕ ਕਿਰਯਥ ਯਾਰੀਮ ਵਿੱਚ ਰਿਹਾ ਕਾਫ਼ੀ ਸਮਾਂ ਬੀਤ ਗਿਆ, ਕਿਉਂ ਜੋ ਉਸ ਨੂੰ ਵੀਹ ਸਾਲ ਹੋ ਗਏ ਅਤੇ ਇਸਰਾਏਲ ਦੇ ਸਾਰੇ ਟੱਬਰ ਨੇ ਵਿਰਲਾਪ ਕਰਦੇ ਹੋਏ ਯਹੋਵਾਹ ਦੀ ਭਾਲ ਕੀਤੀ ।
3ਸਮੂਏਲ ਨੇ ਇਸਰਾਏਲ ਦੇ ਸਾਰੇ ਟੱਬਰ ਨੂੰ ਸੱਦ ਕੇ ਆਖਿਆ, ਜੇ ਕਦੀ ਤੁਸੀਂ ਆਪਣੇ ਸਾਰੇ ਮਨ ਨਾਲ ਯਹੋਵਾਹ ਦੀ ਵੱਲ ਮੁੜੋ ਤਾਂ ਉਨ੍ਹਾਂ ਓਪਰਿਆਂ ਦੇਵਤਿਆਂ ਅਤੇ ਅਸ਼ਤਾਰੋਥ ਦੇਵੀਆਂ ਨੂੰ ਆਪਣੇ ਵਿਚਕਾਰੋਂ ਕੱਢ ਸੁੱਟੋ ਅਤੇ ਯਹੋਵਾਹ ਦੀ ਵੱਲ ਆਪਣੇ ਮਨਾਂ ਨੂੰ ਸੁਧਾਰੋ ਅਤੇ ਉਸੇ ਇੱਕ ਦੀ ਸੇਵਾ ਕਰੋ ਤਾਂ ਉਹ ਫ਼ਲਿਸਤੀਆਂ ਦੇ ਹੱਥੋਂ ਤੁਹਾਡਾ ਛੁਟਕਾਰਾ ਕਰੇਗਾ ।4ਤਦ ਇਸਰਾਏਲੀਆਂ ਨੇ ਬਆਲ ਤੇ ਅਸ਼ਤਾਰੋਥ ਨੂੰ ਕੱਢ ਸੁੱਟਿਆ ਅਤੇ ਸਿਰਫ਼ ਯਹੋਵਾਹ ਦੀ ਹੀ ਸੇਵਾ ਕੀਤੀ ।

5ਫੇਰ ਸਮੂਏਲ ਨੇ ਆਖਿਆ, ਮਿਸਫਾਹ ਵਿੱਚ ਸਾਰੇ ਇਸਰਾਏਲ ਨੂੰ ਇਕੱਠਿਆਂ ਕਰੋ ਤਾਂ ਮੈਂ ਤੁਹਾਡੇ ਲਈ ਯਹੋਵਾਹ ਦੇ ਅੱਗੇ ਬੇਨਤੀ ਕਰਾਂਗਾ ।6ਸੋ ਉਹ ਸਾਰੇ ਮਿਸਫਾਹ ਵਿੱਚ ਇਕੱਠੇ ਹੋਏ ਅਤੇ ਪਾਣੀ ਭਰ ਕੇ ਯਹੋਵਾਹ ਦੇ ਅੱਗੇ ਡੋਲ੍ਹ ਦਿੱਤਾ ਅਤੇ ਉਸ ਦਿਨ ਵਰਤ ਰੱਖਿਆ ਅਤੇ ਉੱਥੇ ਬੋਲੇ, ਅਸੀਂ ਯਹੋਵਾਹ ਦੇ ਵਿਰੁੱਧ ਪਾਪ ਕੀਤਾ ਹੈ ! ਅਤੇ ਸਮੂਏਲ ਨੇ ਮਿਸਫਾਹ ਵਿੱਚ ਇਸਰਾਏਲੀਆਂ ਦਾ ਨਿਆਂ ਕੀਤਾ ।
7ਜਦ ਫ਼ਲਿਸਤੀਆਂ ਨੇ ਸੁਣਿਆ ਕਿ ਇਸਰਾਏਲੀ ਮਿਸਫਾਹ ਵਿੱਚ ਇਕੱਠੇ ਹੋਏ ਹਨ ਤਾਂ ਉਨ੍ਹਾਂ ਦੇ ਸਰਦਾਰਾਂ ਨੇ ਇਸਰਾਏਲ ਉੱਤੇ ਹਮਲਾ ਕਰ ਦਿੱਤਾ ਸੋ ਇਸਰਾਏਲੀ ਇਹ ਸੁਣ ਕੇ ਫ਼ਲਿਸਤੀਆਂ ਕੋਲੋਂ ਡਰ ਗਏ ।8ਅਤੇ ਇਸਰਾਏਲੀਆਂ ਨੇ ਸਮੂਏਲ ਨੂੰ ਆਖਿਆ, ਚੁਪ ਨਾ ਰਹਿ ਪਰ ਯਹੋਵਾਹ ਸਾਡੇ ਪਰਮੇਸ਼ੁਰ ਦੇ ਅੱਗੇ ਸਾਡੇ ਲਈ ਤਰਲਾ ਕਰ ਜੋ ਉਹ ਸਾਨੂੰ ਫ਼ਲਿਸਤੀਆਂ ਦੇ ਹੱਥੋਂ ਬਚਾਵੇ ।
9ਸਮੂਏਲ ਨੇ ਇੱਕ ਦੁੱਧ ਚੁੰਘਦਾ ਮੇਮਨਾ ਲੈ ਕੇ ਉਹ ਨੂੰ ਪੂਰੀ ਹੋਮ ਦੀ ਬਲੀ ਕਰਕੇ ਯਹੋਵਾਹ ਦੇ ਅੱਗੇ ਚੜ੍ਹਾਇਆ ਅਤੇ ਸਮੂਏਲ ਨੇ ਇਸਰਾਏਲ ਦੇ ਲਈ ਯਹੋਵਾਹ ਦੇ ਅੱਗੇ ਤਰਲੇ ਕੀਤੇ ਤਾਂ ਯਹੋਵਾਹ ਨੇ ਉਹ ਦੀ ਸੁਣ ਲਈ ।
10ਜਿਸ ਵੇਲੇ ਸਮੂਏਲ ਉਸ ਹੋਮ ਦੀ ਬਲੀ ਨੂੰ ਚੜ੍ਹਾ ਰਿਹਾ ਸੀ ਤਦ ਫ਼ਲਿਸਤੀ ਇਸਰਾਏਲ ਦੇ ਸਾਹਮਣੇ ਲੜਨ ਲਈ ਨੇੜੇ ਆਏ ਤਦ ਯਹੋਵਾਹ ਫ਼ਲਿਸਤੀਆਂ ਦੇ ਉੱਤੇ ਉਸੇ ਦਿਨ ਵੱਡੀ ਗੜ੍ਹਕ ਨਾਲ ਗੱਜਿਆ ਅਤੇ ਉਨ੍ਹਾਂ ਨੂੰ ਘਬਰਾਹਟ ਵਿੱਚ ਪਾ ਦਿੱਤਾ ਅਤੇ ਉਹ ਇਸਰਾਏਲ ਅੱਗੇ ਹਾਰ ਗਏ ।11ਅਤੇ ਇਸਰਾਏਲ ਦੇ ਲੋਕਾਂ ਨੇ ਮਿਸਫਾਹ ਤੋਂ ਨਿੱਕਲ ਕੇ ਫ਼ਲਿਸਤੀਆਂ ਦਾ ਪਿੱਛਾ ਕੀਤਾ ਅਤੇ ਬੈਤਕਰ ਦੇ ਹੇਠ ਤੱਕ ਉਨ੍ਹਾਂ ਨੂੰ ਮਾਰਦੇ ਗਏ ।

12ਤਦ ਸਮੂਏਲ ਨੇ ਇੱਕ ਪੱਥਰ ਲੈ ਕੇ ਉਹ ਨੂੰ ਮਿਸਫਾਹ ਅਤੇ ਸ਼ੇਨ ਦੇ ਵਿਚਕਾਰ ਖੜ੍ਹਾ ਕੀਤਾ ਅਤੇ ਉਹ ਦਾ ਨਾਮ ਅਬਨਅਜ਼ਰ ਧਰਿਆ ਅਤੇ ਬੋਲਿਆ ਜੋ ਇੱਥੋਂ ਤੱਕ ਯਹੋਵਾਹ ਨੇ ਸਾਡੀ ਸਹਾਇਤਾ ਕੀਤੀ ।
13ਸੋ ਫ਼ਲਿਸਤੀ ਹਾਰ ਗਏ ਅਤੇ ਇਸਰਾਏਲ ਦੀਆਂ ਹੱਦਾਂ ਵਿੱਚ ਫੇਰ ਕਦੀ ਨਾ ਆਏ ਅਤੇ ਯਹੋਵਾਹ ਦਾ ਹੱਥ ਸਮੂਏਲ ਦੇ ਜੀਵਨ ਭਰ ਫ਼ਲਿਸਤੀਆਂ ਦੇ ਵਿਰੁੱਧ ਰਿਹਾ ।14ਅਤੇ ਉਹ ਸ਼ਹਿਰ ਜੋ ਫ਼ਲਿਸਤੀਆਂ ਨੇ ਇਸਰਾਏਲ ਤੋਂ ਖੋਹ ਲਏ ਸਨ ਅਕਰੋਨ ਤੋਂ ਲੈ ਕੇ ਗਥ ਤੱਕ ਫੇਰ ਇਸਰਾਏਲ ਦੇ ਹੱਥ ਵਿੱਚ ਆ ਗਏ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਇਲਾਕੇ ਵੀ ਇਸਰਾਏਲ ਨੇ ਫ਼ਲਿਸਤੀਆਂ ਦੇ ਹੱਥੋਂ ਛੁਡਾਏ ਅਤੇ ਇਸਰਾਏਲ ਅਤੇ ਅਮੋਰੀਆਂ ਵਿੱਚ ਮੇਲ ਹੋਇਆ ।

15ਜਦ ਤੱਕ ਸਮੂਏਲ ਜੀਉਂਦਾ ਰਿਹਾ ਇਸਰਾਏਲ ਦਾ ਨਿਆਂ ਕਰਦਾ ਰਿਹਾ ।16ਅਤੇ ਹਰੇਕ ਸਾਲ ਬੈਤੇਲ ਅਤੇ ਗਿਲਗਾਲ ਅਤੇ ਮਿਸਫਾਹ ਵਿੱਚ ਫੇਰਾ ਕਰਦਾ ਸੀ ਅਤੇ ਉਨ੍ਹਾਂ ਸਾਰਿਆਂ ਥਾਵਾਂ ਵਿੱਚ ਇਸਰਾਏਲ ਦਾ ਨਿਆਂ ਕਰਦਾ ਸੀ ।17ਫੇਰ ਰਾਮਾਹ ਵਿੱਚ ਮੁੜ ਆਉਂਦਾ ਸੀ ਕਿਉਂ ਜੋ ਉੱਥੇ ਉਹ ਦਾ ਘਰ ਸੀ ਅਤੇ ਉੱਥੇ ਇਸਰਾਏਲ ਦਾ ਨਿਆਂ ਕਰਦਾ ਸੀ ਅਤੇ ਉੱਥੇ ਉਹ ਨੇ ਯਹੋਵਾਹ ਦੇ ਲਈ ਇੱਕ ਜਗਵੇਦੀ ਬਣਾਈ ।

8
ਇਸਰਾਏਲੀਆਂ ਦੁਆਰਾ ਇੱਕ ਰਾਜੇ ਦੀ ਮੰਗ

1ਜਦ ਸਮੂਏਲ ਵੱਡੀ ਉਮਰ ਦਾ ਹੋ ਗਿਆ ਤਾਂ ਉਸ ਨੇ ਆਪਣੇ ਪੁੱਤਰਾਂ ਨੂੰ ਇਸਰਾਏਲ ਉੱਤੇ ਨਿਆਂ ਕਰਨ ਲਈ ਨਿਯੁਕਤ ਕੀਤਾ ।2ਅਤੇ ਉਸ ਦੇ ਵੱਡੇ ਪੁੱਤਰ ਦਾ ਨਾਮ ਯੋਏਲ ਸੀ ਅਤੇ ਉਸ ਦੇ ਦੂਜੇ ਪੁੱਤਰ ਦਾ ਨਾਮ ਅੱਬਿਯਾਹ ਸੀ । ਇਹ ਦੋਵੇਂ ਬਏਰਸ਼ਬਾ ਵਿੱਚ ਨਿਆਂ - ਅਧਿਕਾਰੀ ਸਨ ।3ਪਰ ਉਸ ਦੇ ਪੁੱਤਰ ਉਸ ਦੇ ਰਾਹ ਉੱਤੇ ਨਾ ਚੱਲੇ ਸਗੋਂ ਝੂਠੀ ਕਮਾਈ ਦੇ ਮਗਰ ਲੱਗਦੇ ਅਤੇ ਰਿਸ਼ਵਤ ਲੈਂਦੇ ਅਤੇ ਨਿਆਂ ਵਿੱਚ ਪੱਖਪਾਤ ਕਰਦੇ ਸਨ ।

4ਤਦ ਸਾਰੇ ਇਸਰਾਏਲੀ ਬਜ਼ੁਰਗ ਇਕੱਠੇ ਹੋਏ ਅਤੇ ਰਾਮਾਹ ਵਿੱਚ ਸਮੂਏਲ ਕੋਲ ਆਏ,5ਅਤੇ ਉਸ ਨੂੰ ਬੋਲੇ, ਵੇਖ, ਤੂੰ ਵੱਡੀ ਉਮਰ ਦਾ ਹੋ ਗਿਆ ਹੈਂ ਅਤੇ ਤੇਰੇ ਪੁੱਤਰ ਤੇਰੇ ਰਾਹ ਉੱਤੇ ਨਹੀਂ ਚੱਲਦੇ । ਸੋ ਹੁਣ ਤੂੰ ਸਾਡਾ ਨਿਆਂ ਕਰਨ ਲਈ ਕਿਸੇ ਨੂੰ ਸਾਡਾ ਰਾਜਾ ਠਹਿਰਾ ਦੇ, ਜਿਵੇਂ ਹੋਰਨਾਂ ਕੌਮਾਂ ਵਿੱਚ ਹੁੰਦਾ ਹੈ ।
6ਪਰ ਇਹ ਗੱਲ ਜੋ ਉਨ੍ਹਾਂ ਨੇ ਆਖੀ ਜੋ ਸਾਡੇ ਲਈ ਇੱਕ ਰਾਜਾ ਠਹਿਰਾ ਦੇ ਜੋ ਸਾਡਾ ਨਿਆਂ ਕਰੇ ਸਮੂਏਲ ਨੂੰ ਬੁਰੀ ਲੱਗੀ ਅਤੇ ਸਮੂਏਲ ਨੇ ਯਹੋਵਾਹ ਅੱਗੇ ਬੇਨਤੀ ਕੀਤੀ ।7ਤਦ ਯਹੋਵਾਹ ਨੇ ਸਮੂਏਲ ਨੂੰ ਆਖਿਆ, ਲੋਕਾਂ ਦੀ ਅਵਾਜ਼ ਵੱਲ ਅਤੇ ਉਨ੍ਹਾਂ ਸਭਨਾਂ ਗੱਲਾਂ ਵੱਲ ਜੋ ਉਹ ਤੈਨੂੰ ਆਖਣ ਕੰਨ ਲਗਾ, ਕਿਉਂ ਜੋ ਉਨ੍ਹਾਂ ਨੇ ਤੈਨੂੰ ਨਹੀਂ ਤਿਆਗਿਆ ਸਗੋਂ ਮੈਨੂੰ ਤਿਆਗ ਦਿੱਤਾ ਹੈ ਜੋ ਮੈਂ ਉਨ੍ਹਾਂ ਉੱਤੇ ਰਾਜ ਨਾ ਕਰਾਂ ।
8ਜਦੋਂ ਦਾ ਮੈਂ ਉਨ੍ਹਾਂ ਨੂੰ ਮਿਸਰ ਵਿਚੋਂ ਕੱਢ ਲਿਆਇਆ ਉਸ ਦਿਨ ਤੋਂ ਅੱਜ ਤੱਕ ਉਨ੍ਹਾਂ ਸਾਰਿਆਂ ਕੰਮਾਂ ਦੇ ਅਨੁਸਾਰ ਜੋ ਉਨ੍ਹਾਂ ਨੇ ਕੀਤੇ, ਜਿਵੇਂ ਉਨ੍ਹਾਂ ਨੇ ਮੈਨੂੰ ਤਿਆਗ ਦਿੱਤਾ ਅਤੇ ਹੋਰਨਾਂ ਦੇਵੀ-ਦੇਵਤਿਆਂ ਦੀ ਸੇਵਾ ਕੀਤੀ ਅਜਿਹਾ ਹੀ ਉਹ ਤੇਰੇ ਨਾਲ ਕਰਦੇ ਹਨ ।9ਇਸ ਲਈ ਉਨ੍ਹਾਂ ਦੀ ਗੱਲ ਤੂੰ ਸੁਣ । ਤੂੰ ਵੀ ਉਨ੍ਹਾਂ ਨੂੰ ਚੇਤਾਵਨੀ ਦੇ ਕੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਦੱਸ ਦੇ ਕਿ ਜਿਹੜਾ ਰਾਜਾ ਉਨ੍ਹਾਂ ਉੱਤੇ ਰਾਜ ਕਰੇਗਾ ਉਸ ਦਾ ਵਰਤਾਉ ਉਹਨਾਂ ਨਾਲ ਕਿਹੋ ਜਿਹਾ ਹੋਵੇਗਾ ।

10ਸਮੂਏਲ ਨੇ ਉਨ੍ਹਾਂ ਲੋਕਾਂ ਨੂੰ ਜੋ ਉਸ ਦੇ ਕੋਲੋਂ ਰਾਜੇ ਦੀ ਮੰਗ ਕਰਦੇ ਸਨ, ਯਹੋਵਾਹ ਦੀਆਂ ਸਾਰੀਆਂ ਗੱਲਾਂ ਦੱਸੀਆਂ ।11ਅਤੇ ਉਸ ਨੇ ਆਖਿਆ, ਜਿਹੜਾ ਤੁਹਾਡੇ ਉੱਤੇ ਰਾਜ ਕਰੇਗਾ ਉਸ ਰਾਜੇ ਦਾ ਇਹ ਵਰਤਾਉ ਹੋਵੇਗਾ, ਉਹ ਤੁਹਾਡੇ ਪੁੱਤਰਾਂ ਨੂੰ ਲੈ ਕੇ ਆਪਣੇ ਲਈ ਅਤੇ ਆਪਣਿਆਂ ਰੱਥਾਂ ਦੇ ਲਈ ਅਤੇ ਆਪਣੇ ਘੋੜਿਆਂ ਦੇ ਲਈ ਨੌਕਰ ਰੱਖੇਗਾ ਅਤੇ ਉਹ ਉਸ ਦੇ ਰੱਥਾਂ ਦੇ ਅੱਗੇ ਭੱਜਣਗੇ ।12ਅਤੇ ਆਪਣੇ ਲਈ ਹਜ਼ਾਰਾਂ ਉੱਤੇ ਸਰਦਾਰ ਅਤੇ ਪੰਜਾਹਾਂ ਉੱਤੇ ਸਰਦਾਰ ਬਣਾਵੇਗਾ ਅਤੇ ਉਹਨਾਂ ਕੋਲੋ ਖੇਤੀ ਅਤੇ ਵਾਢੀ ਕਰਾਵੇਗਾ ਅਤੇ ਆਪਣੇ ਲਈ ਲੜਾਈ ਦੇ ਹਥਿਆਰ ਅਤੇ ਰੱਥਾਂ ਦਾ ਸਮਾਨ ਤਿਆਰ ਕਰਾਵੇਗਾ,
13ਅਤੇ ਤੁਹਾਡੀਆਂ ਧੀਆਂ ਤੋਂ ਰਸੋਈ ਦੇ ਕੰਮ ਕਰਾਵੇਗਾ,14ਅਤੇ ਤੁਹਾਡੀਆਂ ਪੈਲੀਆਂ ਅਤੇ ਤੁਹਾਡੇ ਦਾਖਾਂ ਦੇ ਬਾਗਾਂ ਅਤੇ ਤੁਹਾਡੇ ਜ਼ੈਤੂਨ ਦੇ ਬਾਗਾਂ ਨੂੰ ਜੋ ਚੰਗੇ ਚੰਗੇ ਹੋਣਗੇ ਲੈ ਲਵੇਗਾ ਅਤੇ ਆਪਣੇ ਨੋਕਰਾਂ ਨੂੰ ਦੇ ਦੇਵੇਗਾ ।15ਅਤੇ ਤੁਹਾਡੇ ਬੀਜ ਅਤੇ ਦਾਖ ਦੇ ਬਾਗਾਂ ਦਾ ਦਸਵੰਧ ਲੈ ਕੇ ਆਪਣੇ ਖੁਸਰਿਆਂ ਅਤੇ ਆਪਣਿਆਂ ਸੇਵਕਾਂ ਨੂੰ ਦੇ ਦੇਵੇਗਾ ।
16ਅਤੇ ਤੁਹਾਡੇ ਦਾਸ ਅਤੇ ਦਾਸੀਆਂ ਅਤੇ ਤੁਹਾਡੇ ਸੋਹਣੇ ਜੁਆਨਾਂ ਨੂੰ ਅਤੇ ਤੁਹਾਡੇ ਗਧਿਆਂ ਨੂੰ ਲੈ ਕੇ ਆਪਣੇ ਕੰਮ ਲਵੇਗਾ17ਅਤੇ ਤੁਹਾਡੀਆਂ ਭੇਡਾਂ ਬੱਕਰੀਆਂ ਦਾ ਦਸਵੰਧ ਵੀ ਲਵੇਗਾ ਸੋ ਤੁਸੀਂ ਉਸ ਦੇ ਗ਼ੁਲਾਮ ਬਣੋਗੇ,18ਅਤੇ ਤੁਸੀਂ ਉਸ ਰਾਜੇ ਦੇ ਕਾਰਨ ਜਿਸ ਨੂੰ ਤੁਸੀਂ ਆਪਣੇ ਲਈ ਚੁਣਿਆ ਹੈ ਉਸ ਦਿਨ ਦੁਹਾਈਆਂ ਦੇਵੋਂਗੇ, ਪਰ ਉਸ ਦਿਨ ਯਹੋਵਾਹ ਤੁਹਾਡੀ ਨਾ ਸੁਣੇਗਾ !

19ਫਿਰ ਵੀ ਲੋਕਾਂ ਨੇ ਸਮੂਏਲ ਦੀ ਗੱਲ ਨਾ ਮੰਨੀ ਅਤੇ ਆਖਿਆ, ਨਹੀਂ ਸਾਨੂੰ ਆਪਣੇ ਉੱਤੇ ਰਾਜ ਕਰਨ ਲਈ ਰਾਜੇ ਦੀ ਲੋੜ ਹੈ ।20ਜੋ ਅਸੀਂ ਵੀ ਹੋਰ ਸਾਰੀਆਂ ਕੌਮਾਂ ਵਰਗੇ ਹੋਈਏ ਅਤੇ ਸਾਡਾ ਰਾਜਾ ਸਾਡਾ ਨਿਆਂ ਕਰੇ ਅਤੇ ਸਾਡੇ ਅੱਗੇ-ਅੱਗੇ ਤੁਰੇ ਅਤੇ ਸਾਡੇ ਲਈ ਲੜਾਈ ਕਰੇ ।
21ਤਦ ਸਮੂਏਲ ਨੇ ਲੋਕਾਂ ਦੀਆਂ ਸਾਰੀਆਂ ਗੱਲਾਂ ਸੁਣੀਆਂ ਅਤੇ ਯਹੋਵਾਹ ਨੂੰ ਦੱਸਿਆ ।22ਯਹੋਵਾਹ ਨੇ ਸਮੂਏਲ ਨੂੰ ਆਖਿਆ, ਤੂੰ ਉਹਨਾਂ ਦੀ ਗੱਲ ਮੰਨ ਅਤੇ ਉਹਨਾਂ ਲਈ ਇੱਕ ਰਾਜਾ ਚੁਣ । ਤਦ ਸਮੂਏਲ ਨੇ ਇਸਰਾਏਲ ਦੇ ਲੋਕਾਂ ਨੂੰ ਆਖਿਆ, ਕਿ ਤੁਸੀਂ ਸਭ ਆਪੋ ਆਪਣੇ ਸ਼ਹਿਰਾਂ ਨੂੰ ਜਾਓ ।

9
ਸ਼ਾਊਲ ਦਾ ਸਮੂਏਲ ਨੂੰ ਮਿਲਣਾ

1ਬਿਨਯਾਮੀਨ ਦੇ ਗੋਤ ਦਾ ਇੱਕ ਮਨੁੱਖ ਸੀ ਜਿਸ ਦਾ ਨਾਮ ਕੀਸ਼ ਜੋ ਅਬੀਏਲ ਦਾ ਪੁੱਤਰ ਜੋ ਸਰੂਰ ਦਾ ਪੁੱਤਰ ਜੋ ਬਕੋਰਥ ਦਾ ਪੁੱਤਰ ਜੋ ਆਫਿਆਹ ਦਾ ਪੁੱਤਰ ਸੀ ਅਤੇ ਇਹ ਬਿਨਯਾਮੀਨੀ ਵੱਡਾ ਤਕੜਾ ਸੂਰਮਾ ਸੀ ।2ਉਹ ਦਾ ਇੱਕ ਸ਼ਾਊਲ ਨਾਮਕ ਇੱਕ ਜੁਆਨ ਪੁੱਤਰ ਸੀ ਜੋ ਬਹੁਤ ਸੋਹਣਾ ਸੀ ਅਤੇ ਇਸਰਾਏਲੀਆਂ ਵਿੱਚ ਉਸ ਨਾਲੋਂ ਵੱਧ ਸੋਹਣਾ ਹੋਰ ਕੋਈ ਮਨੁੱਖ ਨਹੀਂ ਸੀ । ਉਹ ਸਾਰਿਆਂ ਮਨੁੱਖਾਂ ਵਿੱਚ ਸਭਨਾਂ ਨਾਲੋਂ ਉੱਚਾ ਸੀ ।

3ਸ਼ਾਊਲ ਦੇ ਪਿਤਾ ਕੀਸ਼ ਦੀਆਂ ਗਧੀਆਂ ਗੁਆਚ ਗਈਆਂ ਇਸ ਲਈ ਕੀਸ਼ ਨੇ ਆਪਣੇ ਪੁੱਤਰ ਸ਼ਾਊਲ ਨੂੰ ਆਖਿਆ, ਸੇਵਕਾਂ ਵਿੱਚੋਂ ਇੱਕ ਨੂੰ ਆਪਣੇ ਨਾਲ ਲੈ ਅਤੇ ਜਾ ਕੇ ਗਧੀਆਂ ਨੂੰ ਲੱਭ ।4ਸੋ ਉਹ ਅਫਰਾਈਮ ਦੇ ਪਹਾੜ ਵੱਲ ਦੀ ਲੰਘਿਆ ਅਤੇ ਸ਼ਲੀਸ਼ਾਹ ਦੇ ਦੇਸ ਵਿੱਚੋਂ ਦੀ ਹੋ ਕੇ ਨਿੱਕਲ ਗਿਆ, ਪਰ ਉਹ ਨਾ ਲੱਭੀਆਂ ਤਦ ਉਹ ਸ਼ਾਲੀਮ ਦੇ ਦੇਸ ਵਿੱਚ ਗਏ ਅਤੇ ਉਹ ਉੱਥੇ ਵੀ ਨਾ ਸਨ । ਫੇਰ ਉਹ ਬਿਨਯਾਮੀਨੀਆਂ ਦੇ ਦੇਸ ਵਿੱਚ ਦੀ ਆਏ ਤਾਂ ਉੱਥੇ ਵੀ ਉਹਨਾਂ ਨੂੰ ਨਾ ਲੱਭੀਆਂ ।

5ਜਦ ਉਹ ਸੂਫ ਦੇ ਦੇਸ ਵਿੱਚ ਆਏ ਤਦ ਸ਼ਾਊਲ ਨੇ ਆਪਣੇ ਨਾਲ ਦੇ ਸੇਵਕ ਨੂੰ ਆਖਿਆ, ਚੱਲ, ਅਸੀਂ ਮੁੜ ਜਾਈਏ ਕਿਤੇ ਅਜਿਹਾ ਨਾ ਹੋਵੇ ਜੋ ਮੇਰਾ ਪਿਤਾ ਗਧੀਆਂ ਦੀ ਚਿੰਤਾ ਛੱਡ ਕੇ ਸਾਡੇ ਲਈ ਚਿੰਤਾ ਕਰੇ ।6ਸੇਵਕ ਨੇ ਆਖਿਆ, ਵੇਖ, ਇਸ ਸ਼ਹਿਰ ਦੇ ਵਿੱਚ ਇੱਕ ਪਰਮੇਸ਼ੁਰ ਦਾ ਦਾਸ ਹੈ ਅਤੇ ਉਹ ਬਹੁਤ ਆਦਰ ਜੋਗ ਹੈ ਅਤੇ ਜਿਵੇਂ ਉਹ ਆਖੇ ਸਭ ਕੁਝ ਉਸੇ ਤਰ੍ਹਾਂ ਹੁੰਦਾ ਹੈ । ਚੱਲੋ ਉਸ ਕੋਲ ਚੱਲੀਏ । ਹੋ ਸਕਦਾ ਹੈ, ਜਿਸ ਰਾਹ ਦੇ ਵਿੱਚ ਜਾਣਾ ਚੰਗਾ ਹੈ ਉਹ ਰਾਹ ਸਾਨੂੰ ਦੱਸੋ ?
7ਸ਼ਾਊਲ ਨੇ ਆਪਣੇ ਸੇਵਕ ਨੂੰ ਆਖਿਆ, ਜੇਕਰ ਅਸੀਂ ਉੱਥੇ ਜਾਈਏ ਤਾਂ ਅਸੀਂ ਉਸ ਲਈ ਕੀ ਲੈ ਜਾਈਏ ? ਰੋਟੀਆਂ ਤਾਂ ਸਾਡੇ ਭਾਂਡਿਆਂ ਵਿੱਚੋਂ ਮੁੱਕ ਗਈਆਂ ਹਨ ਅਤੇ ਪਰਮੇਸ਼ੁਰ ਦੇ ਦਾਸ ਲਈ ਸਾਡੇ ਕੋਲ ਕੋਈ ਸੁਗਾਤ ਨਹੀਂ ਹੈ । ਸਾਡੇ ਕੋਲ ਹੈ ਕੀ ?8ਟਹਿਲੂਏ ਨੇ ਸ਼ਾਊਲ ਨੂੰ ਫੇਰ ਉੱਤਰ ਦਿੱਤਾ ਅਤੇ ਆਖਿਆ ਵੇਖ, ਇੱਕ ਚੁਆਨੀ ਮੇਰੇ ਕੋਲ ਹੈ ਸੋ ਮੈਂ ਉਸ ਪਰਮੇਸ਼ੁਰ ਦੇ ਜਨ ਨੂੰ ਦਿਆਗਾਂ ਕਿ ਉਹ ਸਾਨੂੰ ਸਾਡਾ ਰਾਹ ਦੱਸੇ ।
9ਪੁਰਾਣੇ ਸਮਿਆਂ ਵਿੱਚ, ਇਸਰਾਏਲ ਵਿੱਚ ਜਦ ਕੋਈ ਮਨੁੱਖ ਪਰਮੇਸ਼ੁਰ ਕੋਲ ਸਲਾਹ ਕਰਨ ਦੇ ਲਈ ਜਾਂਦਾ ਸੀ ਤਾਂ ਇਉਂ ਆਖਦਾ ਸੀ ਕਿ ਆਓ ਅਸੀਂ ਦਰਸ਼ੀ ਕੋਲ ਜਾਈਏ ਕਿਉਂ ਜੋ ਉਹ ਜਿਹੜਾ ਹੁਣ ਨਬੀ ਕਹਾਉਂਦਾ ਹੈ ਪਿੱਛੇ ਉਹ ਨੂੰ ਦਰਸ਼ੀ ਆਖਦੇ ਸਨ ।10ਤਦ ਸ਼ਾਊਲ ਨੇ ਆਪਣੇ ਟਹਿਲੂਏ ਨੂੰ ਆਖਿਆ, ਚੰਗੀ ਗੱਲ ਹੈ । ਚੱਲ ਚੱਲੀਏ । ਸੋ ਉਹ ਸ਼ਹਿਰ ਨੂੰ ਆਏ ਜਿੱਥੇ ਉਹ ਪਰਮੇਸ਼ੁਰ ਦਾ ਬੰਦਾ ਸੀ ।

11ਸ਼ਹਿਰ ਵੱਲ ਟਿੱਲੇ ਉੱਤੇ ਚੜ੍ਹਦਿਆਂ ਉਹਨਾਂ ਨੂੰ ਕਈ ਕੁੜੀਆਂ ਮਿਲ ਪਈਆਂ ਜੋ ਪਾਣੀ ਭਰਨ ਚੱਲੀਆਂ ਸਨ ਅਤੇ ਉਹਨਾਂ ਨੇ ਉਨ੍ਹਾਂ ਨੂੰ ਪੁੱਛਿਆ, ਕੀ ਇੱਥੇ ਦਰਸ਼ੀ ਹੈ ?
12ਉਨ੍ਹਾਂ ਨੇ ਉਹਨਾਂ ਨੂੰ ਉੱਤਰ ਦੇ ਕੇ ਆਖਿਆ, ਹਾਂ ਜੀ, ਹੈ, ਵੇਖੋ, ਉਹ ਤੁਹਾਡੇ ਸਾਹਮਣੇ ਹੈ । ਛੇਤੀ ਜਾਓ ਕਿਉਂ ਜੋ ਉਹ ਅੱਜ ਹੀ ਸ਼ਹਿਰ ਵਿੱਚ ਆਇਆ ਹੈ ਇਸ ਲਈ ਜੋ ਅੱਜ ਦੇ ਦਿਨ ਲੋਕ ਉੱਚੇ ਥਾਂ ਵਿੱਚ ਬਲੀ ਚੜ੍ਹਾਉਂਦੇ ਹਨ ।13ਜਦ ਤੁਸੀਂ ਸ਼ਹਿਰ ਵਿੱਚ ਵੜੋਂਗੇ ਤਾਂ ਤੁਸੀਂ ਉਹ ਨੂੰ ਉੱਚੇ ਥਾਂ ਵਿੱਚ ਰੋਟੀ ਖਾਣ ਲਈ ਜਾਣ ਤੋਂ ਪਹਿਲਾ ਤੁਰੰਤ ਮਿਲ ਲਵੋ ਕਿਉਂ ਜੋ ਜਦ ਤੱਕ ਉਹ ਨਾ ਜਾਵੇ ਲੋਕ ਖਾਂਦੇ ਨਹੀਂ ਇਸ ਜੋ ਉਹ ਬਲੀ ਨੂੰ ਅਸੀਸ ਦਿੰਦਾ ਹੈ ਤਾਂ ਉਹ ਦੇ ਪਿੱਛੋਂ ਪਰਾਹੁਣੇ ਖਾਂਦੇ ਹਨ । ਸੋ ਹੁਣ ਤੁਸੀਂ ਚੜ੍ਹੋ ਕਿਉਂ ਜੋ ਅੱਜ ਹੀ ਤੁਸੀਂ ਉਹ ਨੂੰ ਮਿਲੋਗੇ ।
14ਸੋ ਉਹ ਸ਼ਹਿਰ ਨੂੰ ਗਏ ਅਤੇ ਜਦ ਸ਼ਹਿਰ ਵਿੱਚ ਵੜੇ ਤਾਂ ਵੇਖੋ ਸਮੂਏਲ ਉੱਚੇ ਥਾਂ ਨੂੰ ਜਾਣ ਲਈ ਉਹਨਾਂ ਦੇ ਸਾਹਮਣੇ ਬਾਹਰ ਨਿੱਕਲਿਆ ।

15ਯਹੋਵਾਹ ਨੇ ਸ਼ਾਊਲ ਦੇ ਆਉਣ ਤੋਂ ਇੱਕ ਦਿਨ ਪਹਿਲਾਂ ਹੀ ਸਮੂਏਲ ਨੂੰ ਆਖ ਦਿੱਤਾ ਸੀ ।16ਜੋ ਇਸੇ ਸਮੇਂ ਇੱਕ ਮਨੁੱਖ ਨੂੰ ਬਿਨਯਾਮੀਨ ਦੇ ਦੇਸ ਤੋਂ ਹੈ ਮੈਂ ਤੇਰੇ ਕੋਲ ਘੱਲਾਂਗਾ, ਸੋ ਤੂੰ ਉਹ ਨੂੰ ਅਭਿਸ਼ੇਕ ਕਰੀਂ ਜੋ ਉਹ ਮੇਰੀ ਪਰਜਾ ਇਸਰਾਏਲ ਦਾ ਪ੍ਰਧਾਨ ਬਣੇ ਅਤੇ ਮੇਰੀ ਪਰਜਾ ਨੂੰ ਫ਼ਲਿਸਤੀਆਂ ਦੇ ਹੱਥੋਂ ਛੁਡਾਵੇ ਕਿਉਂ ਜੋ ਮੈਂ ਆਪਣੀ ਪਰਜਾ ਵੱਲ ਧਿਆਨ ਕੀਤਾ ਹੈ ਇਸ ਲਈ ਜੋ ਉਨ੍ਹਾਂ ਦੀ ਦੁਹਾਈ ਮੇਰੇ ਤੱਕ ਪਹੁੰਚ ਗਈ ਹੈ ।
17ਸੋ ਜਦ ਸਮੂਏਲ ਨੇ ਵੇਖਿਆ ਉਸੇ ਵੇਲੇ ਯਹੋਵਾਹ ਨੇ ਉਹ ਨੂੰ ਆਖਿਆ, ਵੇਖ ਇਹੋ ਉਹ ਮਨੁੱਖ ਹੈ ਜਿਸ ਦੇ ਲਈ ਮੈਂ ਤੈਨੂੰ ਕਿਹਾ ਸੀ, ਇਹੋ ਮੇਰੀ ਪਰਜਾ ਉੱਤੇ ਰਾਜ ਕਰੇਗਾ ।18ਇਸ ਲਈ ਸ਼ਾਊਲ ਡਿਉੜ੍ਹੀ ਵਿੱਚ ਸਮੂਏਲ ਕੋਲ ਪਹੁੰਚਿਆ ਅਤੇ ਉਹ ਨੂੰ ਆਖਿਆ, ਜੀ ਮੈਨੂੰ ਦੱਸੋ ਜੋ ਦਰਸ਼ੀ ਦਾ ਘਰ ਕਿੱਥੇ ਹੈ ?19ਸਮੂਏਲ ਨੇ ਸ਼ਾਊਲ ਨੂੰ ਉੱਤਰ ਦਿੱਤਾ, ਦਰਸ਼ੀ ਤਾਂ ਮੈਂ ਹੀ ਹਾਂ । ਮੇਰੇ ਅੱਗੇ-ਅੱਗੇ ਉੱਚੇ ਥਾਂ ਵੱਲ ਚੜ੍ਹ, ਜੋ ਤੁਸੀਂ ਅੱਜ ਮੇਰੇ ਨਾਲ ਭੋਜਨ ਕਰੋ ਅਤੇ ਸਵੇਰੇ ਮੈਂ ਤੈਨੂੰ ਵਿਦਾ ਕਰਾਂਗਾ ਅਤੇ ਜੋ ਕੁਝ ਤੇਰੇ ਮਨ ਵਿੱਚ ਹੈ ਉਹ ਸਭ ਤੈਨੂੰ ਦੱਸਾਂਗਾ ।
20ਅਤੇ ਤੇਰੀਆਂ ਗਧੀਆਂ ਜਿਨ੍ਹਾਂ ਨੂੰ ਗਵਾਚਿਆਂ ਤਿੰਨ ਦਿਨ ਹੋ ਗਏ ਹਨ ਉਨ੍ਹਾਂ ਦੀ ਚਿੰਤਾ ਨਾ ਕਰ ਕਿਉਂ ਜੋ ਉਹ ਲੱਭ ਗਈਆਂ ਹਨ ਅਤੇ ਇਸਰਾਏਲ ਕਿਸ ਦੇ ਮੂੰਹ ਵੱਲ ਵੇਖਦਾ ਹੈ ? ਭਲਾ, ਤੇਰੇ ਅਤੇ ਤੇਰੇ ਪਿਤਾ ਦੇ ਸਾਰੇ ਟੱਬਰ ਵੱਲ ਨਹੀਂ ?21ਸੋ ਸ਼ਾਊਲ ਨੇ ਉੱਤਰ ਦਿੱਤਾ, ਭਲਾ, ਮੈਂ ਬਿਨਯਾਮੀਨੀ ਨਹੀਂ ਜੋ ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ ਛੋਟੇ ਗੋਤ ਦਾ ਹਾਂ ਅਤੇ ਮੇਰਾ ਟੱਬਰ ਬਿਨਯਾਮੀਨ ਦੇ ਗੋਤ ਦੇ ਸਾਰਿਆਂ ਟੱਬਰਾਂ ਵਿੱਚ ਸਭਨਾਂ ਨਾਲੋਂ ਬਹੁਤ ਛੋਟਾ ਨਹੀਂ ? ਫੇਰ ਕੀ ਕਾਰਨ ਜੋ ਤੁਸੀਂ ਮੈਨੂੰ ਇਉਂ ਆਖਦੇ ਹੋ ?

22ਤਦ ਸਮੂਏਲ ਨੇ ਸ਼ਾਊਲ ਨੂੰ ਅਤੇ ਉਹ ਦੇ ਦਾਸ ਨੂੰ ਚੁਬਾਰੇ ਵਿੱਚ ਲੈ ਆਂਦਾ ਅਤੇ ਉਹਨਾਂ ਨੂੰ ਪਰਾਹੁਣਿਆਂ ਦੇ ਵਿੱਚ ਜੋ ਲਗਭਗ ਤੀਹ ਲੋਕ ਸਨ ਉੱਚੇ ਥਾਂ ਵਿੱਚ ਬਿਠਾਇਆ ।
23ਸਮੂਏਲ ਨੇ ਲਾਂਗਰੀ ਨੂੰ ਆਖਿਆ, ਉਹ ਟੁੱਕੜਾ ਜੋ ਮੈਂ ਤੈਨੂੰ ਆਖਿਆ ਸੀ, ਰੱਖ ਛੱਡੀਂ, ਉਸ ਨੂੰ ਲੈ ਆ ।24ਲਾਂਗਰੀ ਨੇ ਇੱਕ ਮਾਸ ਦਾ ਵੱਡਾ ਟੁੱਕੜਾ ਜੋ ਉਹ ਦੇ ਉੱਤੇ ਸੀ, ਚੁੱਕ ਕੇ ਸ਼ਾਊਲ ਦੇ ਅੱਗੇ ਲਿਆ ਕੇ ਰੱਖਿਆ ਅਤੇ ਸਮੂਏਲ ਨੇ ਆਖਿਆ ਵੇਖ, ਇਹ ਜੋ ਰੱਖਿਆ ਹੋਇਆ ਹੈ ਸੋ ਆਪਣੇ ਅੱਗੇ ਰੱਖ ਕੇ ਖਾ ਇਸ ਲਈ ਕਿ ਉਹ ਠਹਿਰਾਏ ਹੋਏ ਸਮੇਂ ਦਾ ਤੇਰੇ ਲਈ ਰੱਖਿਆ ਹੋਇਆ ਹੈ ਕਿਉਂ ਜੋ ਮੈਂ ਆਖਿਆ, ਮੈਂ ਲੋਕਾਂ ਨੂੰ ਨਿਉਂਦਾ ਦਿੱਤਾ ਹੈ ।

ਸੋ ਸ਼ਾਊਲ ਨੇ ਉਸ ਦਿਨ ਸਮੂਏਲ ਨਾਲ ਭੋਜਨ ਕੀਤਾ ।

25ਜਦ ਉਹ ਉੱਚੇ ਥਾਂ ਤੋਂ ਸ਼ਹਿਰ ਨੂੰ ਗਏ ਤਾਂ ਉਸ ਨੇ ਘਰ ਦੀ ਛੱਤ ਉੱਤੇ ਸ਼ਾਊਲ ਨਾਲ ਗੱਲਾਂ ਕੀਤੀਆਂ ।
ਸਮੂਏਲ ਦੁਆਰਾ ਰਾਜਾ ਹੋਣ ਲਈ ਸ਼ਾਊਲ ਨੂੰ ਮਸਹ ਕੀਤਾ ਜਾਣਾ

26ਅਤੇ ਉਹ ਸਵੇਰੇ ਹੀ ਉੱਠੇ ਅਤੇ ਅਜਿਹਾ ਹੋਇਆ ਜਾਂ ਦਿਨ ਚੜ੍ਹਨ ਲੱਗਾ ਤਾਂ ਸਮੂਏਲ ਨੇ ਸ਼ਾਊਲ ਨੂੰ ਘਰ ਦੀ ਛੱਤ ਉੱਤੇ ਫੇਰ ਸੱਦਿਆ ਅਤੇ ਆਖਿਆ, ਉੱਠ ਜੋ ਮੈਂ ਤੈਨੂੰ ਵਿਦਾ ਕਰਾਂ । ਸੋ ਸ਼ਾਊਲ ਉੱਠਿਆ, ਉਹ ਅਤੇ ਸਮੂਏਲ ਬਾਹਰ ਚੱਲੇ ਗਏ ।
27ਜਦ ਉਹ ਸ਼ਹਿਰ ਦੇ ਸਿਰੇ ਵੱਲ ਉੱਤਰਦੇ ਪਏ ਸਨ ਤਾਂ ਸਮੂਏਲ ਨੇ ਸ਼ਾਊਲ ਨੂੰ ਆਖਿਆ, ਆਪਣੇ ਦਾਸ ਨੂੰ ਆਗਿਆ ਦੇ ਜੋ ਸਾਡੇ ਤੋਂ ਅੱਗੇ-ਅੱਗੇ ਹੋ ਤੁਰੇ, ਸੋ ਉਹ ਅੱਗੇ ਹੋ ਗਿਆ, ਪਰ ਤੂੰ ਹੁਣ ਖੜ੍ਹਾ ਰਹਿ ਤਾਂ ਜੋ ਮੈਂ ਪਰਮੇਸ਼ੁਰ ਦਾ ਬਚਨ ਤੈਨੂੰ ਸੁਣਾਵਾਂ ।

10

1ਫੇਰ ਸਮੂਏਲ ਨੇ ਇੱਕ ਕੁੱਪੀ ਤੇਲ ਉਹ ਦੇ ਸਿਰ ਉੱਤੇ ਉਂਡੇਲ ਦਿੱਤਾ ਅਤੇ ਉਸ ਨੂੰ ਚੁੰਮ ਕੇ ਆਖਿਆ, ਕੀ ਯਹੋਵਾਹ ਨੇ ਤੈਨੂੰ ਇਸ ਕਰਕੇ ਅਭਿਸ਼ੇਕ ਨਹੀਂ ਕੀਤਾ ਜੋ ਤੂੰ ਉਹ ਦੀ ਵਿਰਾਸਤ ਦਾ ਪ੍ਰਧਾਨ ਬਣੇਂ ?2ਅੱਜ ਜਦ ਤੂੰ ਮੇਰੇ ਕੋਲੋਂ ਵਿਦਾ ਹੋਵੇਂਗਾ ਤਾਂ ਬਿਨਯਾਮੀਨ ਦੀ ਹੱਦ ਵਿੱਚ ਰਾਖ਼ੇਲ ਦੀ ਕਬਰ ਸਲਸਾਹ ਕੋਲ ਤੈਨੂੰ ਦੋ ਲੋਕ ਮਿਲਣਗੇ ਅਤੇ ਉਹ ਤੈਨੂੰ ਆਖਣਗੇ ਕਿ ਜਿਨ੍ਹਾਂ ਨੂੰ ਤੂੰ ਲੱਭਣ ਗਿਆ ਸੀ ਉਹ ਗਧੀਆਂ ਲੱਭ ਗਈਆਂ ਹਨ, ਵੇਖ, ਹੁਣ ਤੇਰਾ ਪਿਤਾ ਗਧੀਆਂ ਵੱਲੋਂ ਬੇਫ਼ਿਕਰ ਹੋ ਕੇ ਤੁਹਾਡੇ ਲਈ ਚਿੰਤਾ ਕਰਦਾ ਹੈ ਅਤੇ ਆਖਦਾ ਹੈ, ਮੈਂ ਆਪਣੇ ਪੁੱਤਰ ਲਈ ਕੀ ਕਰਾਂ ?

3ਫਿਰ ਤੂੰ ਉੱਥੋਂ ਲੰਘੇਂਗਾ ਅਤੇ ਤਬੋਰ ਦੇ ਬਲੂਤ ਹੇਠ ਪਹੁੰਚੇਗਾ ਤਾਂ ਉੱਥੋਂ ਤਿੰਨ ਲੋਕ ਜੋ ਪਰਮੇਸ਼ੁਰ ਦੇ ਅੱਗੇ ਬੈਤੇਲ ਵਿੱਚ ਜਾਂਦੇ ਹੋਣਗੇ ਤੈਨੂੰ ਮਿਲਣਗੇ । ਇੱਕ ਬੱਕਰੀ ਦੇ ਤਿੰਨ ਬੱਚੇ ਅਤੇ ਦੂਜਾ ਤਿੰਨ ਰੋਟੀਆਂ ਅਤੇ ਤੀਜੇ ਨੇ ਦਾਖ਼ਰਸ ਦੀ ਮਸ਼ਕ ਚੁੱਕੀ ਹੋਵੇਗੀ ।4ਉਹ ਤੈਨੂੰ ਸੁੱਖ-ਸਾਂਦ ਪੁੱਛਣਗੇ ਅਤੇ ਤੈਨੂੰ ਦੋ ਰੋਟੀਆਂ ਦੇਣਗੇ ਸੋ ਤੂੰ ਉਨ੍ਹਾਂ ਦੇ ਹੱਥੋਂ ਲੈ ਲਵੀਂ,
5ਇਸ ਤੋਂ ਬਾਅਦ ਤੂੰ ਪਰਮੇਸ਼ੁਰ ਦੇ ਪਰਬਤ ਦੇ ਨੇੜੇ ਜਿੱਥੇ ਫ਼ਲਿਸਤੀਆਂ ਦੀ ਚੌਂਕੀ ਹੈ ਪਹੁੰਚੇਗਾ ਅਤੇ ਅਜਿਹਾ ਹੋਵੇਗਾ ਜਦ ਤੂੰ ਉੱਥੇ ਸ਼ਹਿਰ ਵਿੱਚ ਦਾਖਿਲ ਹੋਵੇਂ ਤਾਂ ਇੱਕ ਨਬੀਆਂ ਦੀ ਟੋਲੀ ਤੈਨੂੰ ਮਿਲੇਗੀ ਜੋ ਉੱਥੇ ਉੱਚੇ ਸਥਾਨ ਤੋਂ ਉੱਤਰਦੀ ਹੋਵੇਗੀ ਅਤੇ ਉਹ ਰਬਾਬ, ਖੰਜਰੀ, ਬੰਸਰੀ ਤੇ ਬੀਨ ਆਪਣੇ ਅੱਗੇ ਲਈ ਆਉਂਦੇ ਹੋਣਗੇ ਅਤੇ ਉਹ ਅਗੰਮ ਵਾਕ ਕਰਦੇ ਹੋਣਗੇ ।6ਤਦ ਯਹੋਵਾਹ ਦਾ ਆਤਮਾ ਤੇਰੇ ਉੱਤੇ ਆਵੇਗਾ ਅਤੇ ਤੂੰ ਵੀ ਉਨ੍ਹਾਂ ਦੇ ਨਾਲ ਅਗੰਮ ਵਾਕ ਬੋਲੇਂਗਾ ਸਗੋਂ ਤੂੰ ਇੱਕ ਅਲੱਗ ਤਰ੍ਹਾਂ ਦਾ ਮਨੁੱਖ ਬਣ ਜਾਵੇਗਾਂ
7ਅਤੇ ਅਜਿਹਾ ਹੋਵੇਗਾ ਜਦ ਇਹ ਨਿਸ਼ਾਨੀਆਂ ਤੇਰੇ ਉੱਤੇ ਪਰਗਟ ਹੋਣ, ਫਿਰ ਜਿਸ ਕੰਮ ਨੂੰ ਕਰਨ ਦਾ ਤੈਨੂੰ ਮੌਕਾ ਮਿਲੇ ਉਸ ਨੂੰ ਕਰਨ ਵਿੱਚ ਲੱਗ ਜਾਣਾ; ਕਿਉਂ ਜੋ ਪਰਮੇਸ਼ੁਰ ਤੇਰੇ ਸੰਗ ਹੈ ।8ਤੂੰ ਮੇਰੇ ਨਾਲੋਂ ਪਹਿਲਾਂ ਗਿਲਗਾਲ ਵੱਲ ਜਾ, ਮੈਂ ਤੇਰੇ ਕੋਲ ਆਵਾਂਗਾ ਜੋ ਹੋਮ ਦੀਆਂ ਬਲੀਆਂ ਅਤੇ ਸੁਖ ਸਾਂਦ ਦੀਆਂ ਬਲੀਆਂ ਚੜ੍ਹਾਵਾਂ । ਤੂੰ ਸੱਤਾਂ ਦਿਨਾਂ ਤੱਕ ਉੱਥੇ ਰਹਿ ਜਦ ਤੱਕ ਮੈਂ ਤੇਰੇ ਕੋਲ ਨਾ ਪਹੁੰਚਾ ਅਤੇ ਦੱਸਾਂ ਜੋ ਤੈਨੂੰ ਕੀ ਕਰਨਾ ਹੋਵੇਗਾ ।

9ਜਿਵੇਂ ਹੀ ਉਹ ਸਮੂਏਲ ਕੋਲੋਂ ਮੁੜਿਆ ਤੇ ਪਿੱਠ ਫੇਰੀ ਤਾਂ ਉਸੇ ਵੇਲੇ ਪਰਮੇਸ਼ੁਰ ਨੇ ਉਸ ਨੂੰ ਇੱਕ ਨਵਾਂ ਮਨ ਦਿੱਤਾ ਅਤੇ ਉਹ ਸਭ ਨਿਸ਼ਾਨੀਆਂ ਉਸੇ ਦਿਨ ਪ੍ਰਗਟ ਹੋ ਗਈਆਂ ।10ਜਦ ਉਹ ਉਸ ਪਰਬਤ ਨੂੰ ਆਏ ਤਾਂ ਵੇਖੋ, ਉਸ ਨੂੰ ਇੱਕ ਨਬੀਆਂ ਦੀ ਟੋਲੀ ਮਿਲੀ ਅਤੇ ਪਰਮੇਸ਼ੁਰ ਦਾ ਆਤਮਾ ਉਹ ਦੇ ਉੱਤੇ ਜ਼ੋਰ ਨਾਲ ਆਇਆ ਅਤੇ ਉਹ ਵੀ ਉਨ੍ਹਾਂ ਨਾਲ ਅਗੰਮ ਵਾਕ ਬੋਲਣ ਲੱਗ ਪਿਆ
11ਅਤੇ ਜਦ ਉਹ ਦੇ ਜਾਣਨ ਵਾਲਿਆਂ ਨੇ ਉਹ ਨੂੰ ਨਬੀਆਂ ਦੇ ਵਿਚਕਾਰ ਅਗੰਮ ਵਾਕ ਬੋਲਦਿਆਂ ਦੇਖਿਆ ਤਾਂ ਇੱਕ ਦੂਜੇ ਨੂੰ ਆਖਣ ਲੱਗੇ, ਕੀਸ਼ ਦੇ ਪੁੱਤਰ ਨੂੰ ਕੀ ਹੋਇਆ ? ਕੀ ਸ਼ਾਊਲ ਵੀ ਨਬੀਆਂ ਦੇ ਵਿੱਚ ਹੈ ?12ਉਨ੍ਹਾਂ ਵਿੱਚੋਂ ਇੱਕ ਨੇ ਉੱਤਰ ਦੇ ਕੇ ਆਖਿਆ, ਭਲਾ ਉਹਨਾਂ ਦਾ ਪਿਤਾ ਕੌਣ ਹੈ ? ਤਦੋਂ ਦੀ ਇਹ ਕਹਾਉਤ ਬਣ ਗਈ, "ਭਲਾ, ਸ਼ਾਊਲ ਵੀ ਨਬੀਆਂ ਵਿੱਚੋਂ ਹੈ ? "13ਜਦ ਉਹ ਅਗੰਮ ਵਾਕ ਬੋਲ ਚੁੱਕਿਆ ਤਾਂ ਉੱਚੇ ਥਾਂ ਨੂੰ ਗਿਆ ।

14ਉੱਥੇ ਸ਼ਾਊਲ ਦੇ ਚਾਚੇ ਨੇ ਉਹ ਨੂੰ ਅਤੇ ਉਹ ਦੇ ਟਹਿਲੂਏ ਨੂੰ ਆਖਿਆ, ਤੁਸੀਂ ਕਿੱਥੇ ਗਏ ਸੀ ? ਉਹ ਨੇ ਆਖਿਆ, ਗਧੀਆਂ ਨੂੰ ਲੱਭਣ ਅਤੇ ਜਦ ਅਸੀਂ ਵੇਖਿਆ ਜੋ ਉਹ ਸਾਨੂੰ ਨਾ ਮਿਲੀਆਂ ਤਦ ਅਸੀਂ ਸਮੂਏਲ ਕੋਲ ਗਏ ।15ਫੇਰ ਸ਼ਾਊਲ ਦਾ ਚਾਚਾ ਬੋਲਿਆ, ਮੈਨੂੰ ਦੱਸ, ਸਮੂਏਲ ਨੇ ਤੈਨੂੰ ਕੀ ਆਖਿਆ ?16ਸ਼ਾਊਲ ਨੇ ਆਪਣੇ ਚਾਚੇ ਨੂੰ ਕਿਹਾ, ਉਸ ਨੇ ਸਾਨੂੰ ਸਿੱਧਾ ਆਖ ਦਿੱਤਾ ਕਿ ਗਧੀਆਂ ਲੱਭ ਪਈਆਂ ਹਨ ਪਰ ਜਿਹੜੀ ਉਹ ਨੂੰ ਸਮੂਏਲ ਨੇ ਰਾਜ ਦੀ ਗੱਲ ਆਖੀ ਸੀ ਉਹ ਨਾ ਦੱਸੀ ।
ਰਾਜਾ ਦੇ ਰੂਪ ਵਿੱਚ ਸ਼ਾਊਲ ਦਾ ਸਵਾਗਤ

17ਇਹ ਦੇ ਪਿੱਛੋਂ ਸਮੂਏਲ ਨੇ ਮਿਸਫਾਹ ਵਿੱਚ ਲੋਕਾਂ ਨੂੰ ਸੱਦ ਕੇ ਯਹੋਵਾਹ ਦੇ ਸਾਹਮਣੇ ਇੱਕਠਿਆਂ ਕੀਤਾ ।18ਅਤੇ ਇਸਰਾਏਲੀਆਂ ਨੂੰ ਆਖਿਆ ਜੋ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਹ ਆਖਦਾ ਹੈ, ਕਿ ਮੈਂ ਇਸਰਾਏਲ ਨੂੰ ਮਿਸਰ ਵਿੱਚੋਂ ਕੱਢ ਲਿਆਇਆ ਅਤੇ ਤੁਹਾਨੂੰ ਮਿਸਰੀਆਂ ਦੇ ਹੱਥੋਂ ਅਤੇ ਸਭਨਾਂ ਰਜਵਾੜਿਆਂ ਦੇ ਹੱਥੋਂ ਜਿਹੜੇ ਤੁਹਾਡੇ ਉੱਤੇ ਅਨ੍ਹੇਰ ਕਰਦੇ ਸਨ ਛੁਡਾ ਦਿੱਤਾ ।19ਪਰ ਅੱਜ ਤੁਸੀਂ ਆਪਣੇ ਪਰਮੇਸ਼ੁਰ ਨੂੰ ਛੱਡ ਦਿੱਤਾ ਜਿਸ ਨੇ ਤੁਹਾਡੀਆਂ ਸਾਰੀਆਂ ਬੁਰਿਆਈਆਂ ਅਤੇ ਤੁਹਾਡੇ ਦੁੱਖਾਂ ਤੋਂ ਤੁਹਾਡਾ ਛੁਟਕਾਰਾ ਕੀਤਾ ਤੁਸੀਂ ਉਹ ਨੂੰ ਆਖਿਆ, ਹਾਂ, ਸਾਡੇ ਲਈ ਇੱਕ ਰਾਜਾ ਨਿਯੁਕਤ ਕਰ । ਸੋ ਹੁਣ ਇੱਕ-ਇੱਕ ਗੋਤ ਪਿੱਛੇ ਹਜ਼ਾਰ ਹਜ਼ਾਰ ਤੁਸੀਂ ਆਪਣੇ ਆਪ ਨੂੰ ਯਹੋਵਾਹ ਦੇ ਅੱਗੇ ਹਾਜ਼ਰ ਕਰੋ ।

20ਜਦ ਸਮੂਏਲ ਨੇ ਇਸਰਾਏਲ ਦੇ ਸਾਰੇ ਗੋਤਾਂ ਨੂੰ ਇੱਕਠਿਆਂ ਕੀਤਾ ਤਾਂ ਬਿਨਯਾਮੀਨ ਗੋਤ ਦੇ ਨਾਮ ਤੇ ਪਰਚੀ ਨਿਕਲੀ21ਅਤੇ ਜਦ ਉਹ ਨੇ ਬਿਨਯਾਮੀਨ ਦੇ ਗੋਤ ਨੂੰ ਉਸ ਦੇ ਟੱਬਰਾਂ ਦੇ ਅਨੁਸਾਰ ਨਜ਼ਦੀਕ ਬੁਲਾਇਆ ਤਾਂ ਮਤਰੀ ਦੇ ਟੱਬਰ ਦਾ ਨਾਮ ਨਿੱਕਲਿਆ ਅਤੇ ਫੇਰ ਕੀਸ਼ ਦੇ ਪੁੱਤਰ ਸ਼ਾਊਲ ਦਾ ਨਾਮ ਨਿੱਕਲਿਆ ਅਤੇ ਜਦ ਉਨ੍ਹਾਂ ਨੇ ਉਹ ਨੂੰ ਭਾਲਿਆ ਤਾਂ ਉਹ ਨਾ ਲੱਭਿਆ ।
22ਸੋ ਉਨ੍ਹਾਂ ਨੇ ਫੇਰ ਯਹੋਵਾਹ ਕੋਲੋਂ ਪੁੱਛਿਆ, ਕੋਈ ਹੋਰ ਮਨੁੱਖ ਐਥੇ ਆਵੇਗਾ ਕਿ ਨਹੀਂ ? ਯਹੋਵਾਹ ਨੇ ਆਖਿਆ, ਵੇਖੋ, ਉਹ ਸਮਾਨ ਵਿੱਚ ਲੁੱਕ ਰਿਹਾ ਹੈ ।23ਤਦ ਉਹ ਭੱਜ ਕੇ ਉੱਥੋਂ ਉਸ ਨੂੰ ਲੈ ਆਏ ਅਤੇ ਜਦ ਉਹ ਲੋਕਾਂ ਦੇ ਵਿਚਕਾਰ ਖੜ੍ਹਾ ਹੋਇਆ ਤਾਂ ਉਹ ਸਭਨਾਂ ਤੋਂ ਵੱਧ ਲੰਮਾ ਸੀ ਕਿਉਂ ਜੋ ਸਾਰੇ ਉਸ ਦੇ ਮੋਢੇ ਤੱਕ ਹੀ ਆਉਂਦੇ ਸਨ ।
24ਸਮੂਏਲ ਨੇ ਲੋਕਾਂ ਨੂੰ ਆਖਿਆ, ਜਿਸ ਨੂੰ ਯਹੋਵਾਹ ਨੇ ਚੁਣਿਆ ਹੈ ਉਹ ਨੂੰ ਤੁਸੀਂ ਵੇਖੋ ਜੋ ਸਾਰਿਆਂ ਲੋਕਾਂ ਵਿੱਚ ਇਹ ਦੇ ਵਰਗਾ ਕੋਈ ਨਹੀਂ । ਤਦ ਸਾਰੇ ਲੋਕਾਂ ਨੇ ਜੈਕਾਰਾ ਬੁਲਾ ਕੇ ਆਖਿਆ, ਰਾਜਾ ਜਿਉਂਦਾ ਰਹੇ !

25ਫੇਰ ਸਮੂਏਲ ਨੇ ਲੋਕਾਂ ਨੂੰ ਰਾਜ ਦਾ ਵਰਣਨ ਕੀਤਾ ਅਤੇ ਪੋਥੀ ਵਿੱਚ ਲਿਖ ਕੇ ਯਹੋਵਾਹ ਦੇ ਸਾਹਮਣੇ ਰੱਖ ਦਿਤਾ । ਸਮੂਏਲ ਨੇ ਸਾਰੇ ਲੋਕਾਂ ਨੂੰ ਵਿਦਾ ਕੀਤਾ ਕਿ ਹਰ ਕੋਈ ਆਪੋ ਆਪਣੇ ਘਰ ਜਾਵੇ ।
26ਸ਼ਾਊਲ ਵੀ ਗਿਬਆਹ ਨੂੰ ਆਪਣੇ ਘਰ ਗਿਆ ਅਤੇ ਲੋਕਾਂ ਦੀ ਇੱਕ ਟੋਲੀ ਜਿਨ੍ਹਾਂ ਦੇ ਮਨਾਂ ਨੂੰ ਪਰਮੇਸ਼ੁਰ ਨੇ ਉਭਾਰਿਆ ਸੀ ਉਹ ਦੇ ਨਾਲ ਗਈ ।27ਪਰ ਕੁਝ ਬੁਰੇ ਲੋਕ ਬੋਲੇ, ਇਹ ਮਨੁੱਖ ਸਾਨੂੰ ਕਿਵੇਂ ਬਚਾਵੇਗਾ ? ਅਤੇ ਉਹ ਦੀ ਨਿੰਦਿਆ ਕੀਤੀ ਅਤੇ ਉਹ ਦੇ ਲਈ ਨਜ਼ਰਾਨਾ ਨਾ ਲਿਆਏ । ਪਰ ਉਸ ਨੇ ਸਾਰੀ ਗੱਲ ਨੂੰ ਸੁਣ ਕੇ ਅਣਸੁਣੀ ਕਰ ਦਿੱਤੀ ।

11
ਸ਼ਾਊਲ ਦੀ ਅਮੋਨੀਆਂ ਉੱਤੇ ਜਿੱਤ

1ਤਦ ਅੰਮੋਨੀ ਨਾਹਾਸ਼ ਨੇ ਹਮਲਾ ਕੀਤਾ ਅਤੇ ਯਾਬੇਸ਼-ਗਿਲਆਦ ਦੇ ਸਾਹਮਣੇ ਡੇਰੇ ਲਾਏ । ਤਦ ਯਾਬੇਸ਼ ਦੇ ਸਭਨਾਂ ਲੋਕਾਂ ਨੇ ਨਾਹਾਸ਼ ਨੂੰ ਆਖਿਆ, ਸਾਡੇ ਨਾਲ ਫੈਸਲਾ ਕਰੋ ਤਾਂ ਅਸੀਂ ਤੁਹਾਡੀ ਸੇਵਾ ਕਰਾਂਗੇ ।2ਅੰਮੋਨੀ ਨਾਹਾਸ਼ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਕਿ ਇਸ ਗੱਲ ਉੱਤੇ ਮੈਂ ਤੁਹਾਡੇ ਨਾਲ ਫੈਂਸਲਾ ਕਰਾਂਗਾ ਜੋ ਮੈਂ ਤੁਹਾਡੇ ਸਾਰਿਆਂ ਦੀਆਂ ਸੱਜੀਆਂ ਅੱਖਾਂ ਕੱਢ ਸੁੱਟਾਂ ਅਤੇ ਜਿਸ ਨਾਲ ਮੈਂ ਸਾਰੇ ਇਸਰਾਏਲ ਦਾ ਅਪਮਾਨ ਕਰਾਂ !

3ਤਦ ਯਾਬੇਸ਼ ਦੇ ਬਜ਼ੁਰਗਾਂ ਨੇ ਉਹ ਨੂੰ ਆਖਿਆ, ਸਾਨੂੰ ਸੱਤਾਂ ਦਿਨਾਂ ਦਾ ਸਮਾਂ ਦਿਓ ਤਾਂ ਜੋ ਅਸੀਂ ਸਾਰੇ ਇਸਰਾਏਲ ਵਿੱਚ ਦੂਤ ਭੇਜੀਏ, ਜੇ ਸਾਨੂੰ ਕੋਈ ਬਚਾਉਣ ਵਾਲਾ ਨਾ ਮਿਲਿਆ ਤਾਂ ਅਸੀਂ ਤੁਹਾਡੇ ਕੋਲ ਆਵਾਂਗੇ ।
4ਤਦ ਸ਼ਾਊਲ ਦੇ ਗਿਬਆਹ ਵਿੱਚ ਦੂਤ ਆਏ ਅਤੇ ਉਨ੍ਹਾਂ ਨੇ ਲੋਕਾਂ ਨੂੰ ਇਹ ਸੁਨੇਹਾ ਸੁਣਾਇਆ । ਤਦ ਸਭ ਲੋਕ ਭੁੱਬਾਂ ਮਾਰ ਕੇ ਰੋਣ ਲੱਗੇ ।

5ਅਤੇ ਵੇਖੋ, ਸ਼ਾਊਲ ਪੈਲੀ ਤੋਂ ਬਲ਼ਦਾਂ ਦੇ ਮਗਰ ਆ ਰਿਹਾ ਸੀ ਅਤੇ ਸ਼ਾਊਲ ਨੇ ਆਖਿਆ, ਕੀ ਗੱਲ ਹੋਈ ਜੋ ਲੋਕ ਰੋਂਦੇ ਪਏ ਹਨ ? ਉਨ੍ਹਾਂ ਨੇ ਯਾਬੇਸ਼ ਦੇ ਲੋਕਾਂ ਦਾ ਸੁਨੇਹਾ ਆਖ ਸੁਣਾਇਆ ।
6ਜਿਸ ਵੇਲੇ ਸ਼ਾਊਲ ਨੇ ਇਹ ਖ਼ਬਰ ਸੁਣੀ ਉਸੇ ਵੇਲੇ ਉਹ ਦੇ ਉੱਤੇ ਪਰਮੇਸ਼ੁਰ ਦਾ ਆਤਮਾ ਜ਼ੋਰ ਨਾਲ ਆਇਆ, ਉਹ ਦਾ ਕ੍ਰੋਧ ਭੜਕਿਆ7ਅਤੇ ਉਸ ਨੇ ਇੱਕ ਬਲ਼ਦਾਂ ਦੀ ਜੋੜੀ ਲੈ ਲਈ ਅਤੇ ਉਨ੍ਹਾਂ ਨੂੰ ਵੱਢ ਕੇ ਟੋਟੇ-ਟੋਟੇ ਕੀਤਾ, ਅਤੇ ਉਨ੍ਹਾਂ ਨੂੰ ਦੂਤਾਂ ਦੇ ਹੱਥ ਇਸਰਾਏਲ ਦੀਆਂ ਸਾਰਿਆਂ ਹੱਦਾਂ ਵਿੱਚ ਭੇਜ ਦਿੱਤਾ ਅਤੇ ਇਹ ਆਖਿਆ, ਜੋ ਕੋਈ ਸ਼ਾਊਲ ਅਤੇ ਸਮੂਏਲ ਦੇ ਮਗਰ ਨਾ ਆਵੇਗਾ ਉਹ ਦੇ ਬਲ਼ਦਾਂ ਨਾਲ ਅਜਿਹਾ ਹੀ ਕੀਤਾ ਜਾਵੇਗਾ । ਤਦ ਯਹੋਵਾਹ ਦਾ ਡਰ ਲੋਕਾਂ ਉੱਤੇ ਛਾ ਗਿਆ ਅਤੇ ਉਹ ਇੱਕ ਮਨ ਹੋ ਕੇ ਬਾਹਰ ਨਿਕਲੇ ।8ਅਤੇ ਸ਼ਾਊਲ ਨੇ ਉਹਨਾਂ ਨੂੰ ਬਜ਼ਕ ਵਿੱਚ ਗਿਣਿਆ ਸੋ ਇਸਰਾਏਲੀ ਤਿੰਨ ਲੱਖ ਸਨ ਅਤੇ ਯਹੂਦਾਹ ਦੇ ਮਨੁੱਖ ਤੀਹ ਹਜ਼ਾਰ ਸਨ ।
9ਸੋ ਉਹਨਾਂ ਨੇ ਉਨ੍ਹਾਂ ਦੂਤਾਂ ਨੂੰ ਜੋ ਆਏ ਸਨ ਆਖਿਆ ਕਿ ਤੁਸੀਂ ਯਾਬੇਸ਼ ਗਿਲਆਦ ਦੇ ਮਨੁੱਖਾਂ ਨੂੰ ਇਹ ਆਖੋ ਜੋ ਜਿਸ ਵੇਲੇ ਧੁੱਪ ਤੇਜ ਹੋਵੇਗੀ ਤਦ ਤੁਹਾਨੂੰ ਛੁਟਕਾਰਾ ਮਿਲੇਗਾ । ਸੋ ਦੂਤਾਂ ਨੇ ਯਾਬੇਸ਼ ਦੇ ਲੋਕਾਂ ਨੂੰ ਸੁਨੇਹਾ ਦਿੱਤਾ ਅਤੇ ਉਹਨਾਂ ਨੇ ਬਹੁਤ ਆਨੰਦ ਮਨਾਇਆ ।10ਤਦ ਯਾਬੇਸ਼ ਦੇ ਮਨੁੱਖਾਂ ਨੇ ਉਨ੍ਹਾਂ ਨੂੰ ਆਖਿਆ, ਕੱਲ ਅਸੀਂ ਤੁਹਾਡੇ ਕੋਲ ਨਿੱਕਲ ਆਵਾਂਗੇ ਅਤੇ ਜੋ ਤੁਸੀਂ ਚੰਗਾ ਜਾਣੋ ਸੋ ਸਭ ਕੁਝ ਸਾਡੇ ਨਾਲ ਕਰੋ ।
11ਅਤੇ ਸਵੇਰ ਨੂੰ ਸ਼ਾਊਲ ਨੇ ਲੋਕਾਂ ਦੀਆਂ ਤਿੰਨ ਟੋਲੀਆਂ ਬਣਾਈਆਂ ਅਤੇ ਉਹ ਪਹਿਲੇ ਪਹਿਰ ਡੇਰੇ ਦੇ ਵਿੱਚ ਆ ਵੜਿਆ ਅਤੇ ਅੰਮੋਨੀਆਂ ਨੂੰ ਮਾਰਿਆ ਅਤੇ ਦਿਨ ਚੜਨ ਤੱਕ ਅਜਿਹਾ ਮਾਰਦੇ ਰਹੇ ਕਿ ਜਿਹੜੇ ਬਚ ਗਏ ਸੋ ਅਜਿਹੇ ਬਿਖ਼ਰ ਗਏ, ਜੋ ਦੋ ਲੋਕ ਵੀ ਇਕੱਠੇ ਨਾ ਰਹੇ ।

12ਤਦ ਲੋਕਾਂ ਨੇ ਸਮੂਏਲ ਨੂੰ ਆਖਿਆ, ਉਹ ਕੌਣ ਹੈ ਜਿਸ ਨੇ ਆਖਿਆ ਸੀ ਕਿ ਸ਼ਾਊਲ ਸਾਡੇ ਉੱਤੇ ਰਾਜ ਕਰੇਗਾ ? ਉਨ੍ਹਾਂ ਲੋਕਾਂ ਨੂੰ ਲੈ ਆਓ ਜੋ ਅਸੀਂ ਉਨ੍ਹਾਂ ਨੂੰ ਮਾਰ ਸੁੱਟੀਏ !13ਸ਼ਾਊਲ ਨੇ ਆਖਿਆ, ਅੱਜ ਦੇ ਦਿਨ ਕੋਈ ਮਾਰਿਆ ਨਾ ਜਾਏ ਕਿਉਂ ਜੋ ਅੱਜ ਦੇ ਦਿਨ ਯਹੋਵਾਹ ਨੇ ਇਸਰਾਏਲ ਦਾ ਛੁਟਕਾਰਾ ਕੀਤਾ ਹੈ ।

14ਤਦ ਸਮੂਏਲ ਨੇ ਪਰਜਾ ਨੂੰ ਆਖਿਆ, ਆਓ, ਅਸੀਂ ਗਿਲਗਾਲ ਨੂੰ ਚੱਲੀਏ ਕਿ ਉੱਥੇ ਰਾਜ ਨੂੰ ਦੂਜੀ ਵਾਰ ਫਿਰ ਸਥਾਪਿਤ ਕਰੀਏ ।15ਸਾਰੀ ਪਰਜਾ ਗਿਲਗਾਲ ਨੂੰ ਗਈ ਅਤੇ ਗਿਲਗਾਲ ਵਿੱਚ ਯਹੋਵਾਹ ਦੇ ਸਾਹਮਣੇ ਉਨ੍ਹਾਂ ਨੇ ਸ਼ਾਊਲ ਨੂੰ ਰਾਜਾ ਠਹਿਰਾਇਆ ਅਤੇ ਉਨ੍ਹਾਂ ਨੇ ਉੱਥੇ ਯਹੋਵਾਹ ਦੇ ਅੱਗੇ ਸੁਖ-ਸਾਂਦ ਦੀਆਂ ਬਲੀਆਂ ਚੜ੍ਹਾਈਆਂ ਅਤੇ ਉੱਥੇ ਸ਼ਾਊਲ ਨੇ ਅਤੇ ਸਾਰੇ ਇਸਰਾਏਲੀ ਮਨੁੱਖਾਂ ਨੇ ਵੱਡੀ ਖੁਸ਼ੀ ਮਨਾਈ ।

12
ਸਮੂਏਲ ਦਾ ਸੰਦੇਸ਼

1ਫਿਰ ਸਮੂਏਲ ਨੇ ਸਾਰੇ ਇਸਰਾਏਲ ਨੂੰ ਆਖਿਆ, ਜੋ ਕੁਝ ਤੁਸੀਂ ਮੈਨੂੰ ਕਿਹਾ ਮੈਂ ਤੁਹਾਡੀ ਗੱਲ ਨੂੰ ਮੰਨ ਲਿਆ ਹੈ ਅਤੇ ਤੁਹਾਡੇ ਉੱਤੇ ਇੱਕ ਰਾਜਾ ਠਹਿਰਾ ਦਿੱਤਾ ਹੈ ।2ਹੁਣ ਵੇਖੋ, ਇਹ ਰਾਜਾ ਤੁਹਾਡੇ ਅੱਗੇ-ਅੱਗੇ ਤੁਰਦਾ ਹੈ; ਅਤੇ ਮੈਂ ਹੁਣ ਬਜ਼ੁਰਗ ਹੋ ਗਿਆ ਹਾਂ ਅਤੇ ਮੇਰੇ ਸਿਰ ਦੇ ਵਾਲ ਚਿੱਟੇ ਹੋ ਗਏ ਹਨ, ਮੇਰੇ ਪੁੱਤਰ ਤੁਹਾਡੇ ਨਾਲ ਹਨ ਅਤੇ ਮੈਂ ਆਪਣੀ ਛੋਟੀ ਉਮਰ ਤੋਂ ਅੱਜ ਤੱਕ ਤੁਹਾਡੇ ਅੱਗੇ ਚੱਲਦਾ ਰਿਹਾ ।

3ਵੇਖੋ, ਮੈਂ ਹਾਜ਼ਰ ਹਾਂ, ਯਹੋਵਾਹ ਦੇ ਅਤੇ ਉਸ ਦੇ ਅਭਿਸ਼ੇਕ ਕੀਤੇ ਹੋਏ ਦੇ ਅੱਗੇ ਮੇਰੇ ਲਈ ਗਵਾਹੀ ਭਰੋ । ਮੈਂ ਕਿਸ ਦਾ ਬਲ਼ਦ ਲਿਆ ਜਾਂ ਕਿਸ ਦਾ ਗਧਾ ਲਿਆ ? ਮੈਂ ਕਿਸ ਨਾਲ ਕੁਧਰਮ ਕੀਤਾ ਜਾਂ ਕਿਸ ਉੱਤੇ ਅਨ੍ਹੇਰ ਮਾਰਿਆ ? ਅਤੇ ਕਿਸ ਕੋਲੋਂ ਮੈਂ ਰਿਸ਼ਵਤ ਲਈ ਹੈ ਤਾਂ ਜੋ ਅਣਦੇਖਾ ਕਰ ਕੇ ਨਿਆਂ ਕਰਨ ਲਈ ਅੰਨ੍ਹਾ ਹੋ ਜਾਂਵਾਂ ਦੱਸੋ ? ਅਤੇ ਮੈਂ ਤੁਹਾਨੂੰ ਮੋੜ ਦਿਆਂਗਾ ।
4ਤਦ ਉਨ੍ਹਾਂ ਨੇ ਆਖਿਆ, ਤੂੰ ਸਾਡੇ ਨਾਲ ਕੋਈ ਕੁਧਰਮ ਨਹੀਂ ਕੀਤਾ, ਨਾ ਸਾਡੇ ਉੱਤੇ ਕੁਝ ਅਨ੍ਹੇਰ ਮਾਰਿਆ ਹੈ ਅਤੇ ਨਾ ਹੀ ਤੂੰ ਕਿਸੇ ਦੇ ਹੱਥੋਂ ਕੁਝ ਲਿਆ ਹੈ ।5ਤਦ ਉਸ ਨੇ ਆਖਿਆ, ਯਹੋਵਾਹ ਤੁਹਾਡੇ ਉੱਤੇ ਗਵਾਹ ਅਤੇ ਉਹ ਦਾ ਅਭਿਸ਼ੇਕ ਕੀਤਾ ਹੋਇਆ, ਅੱਜ ਦੇ ਦਿਨ ਗਵਾਹ ਹੈ ਜੋ ਤੁਸੀਂ ਮੇਰੇ ਕੋਲੋਂ ਕੁਝ ਨਹੀਂ ਲੱਭਿਆ । ਉਹ ਬੋਲੇ, ਹਾਂ ਉਹ ਗਵਾਹ ਹੈ ।

6ਫੇਰ ਸਮੂਏਲ ਨੇ ਲੋਕਾਂ ਨੂੰ ਆਖਿਆ, ਹਾਂ, ਉਹ ਯਹੋਵਾਹ ਹੈ, ਜਿਸ ਨੇ ਮੂਸਾ ਤੇ ਹਾਰੂਨ ਨੂੰ ਠਹਿਰਾਇਆ ਅਤੇ ਤੁਹਾਡੇ ਪਿਓ ਦਾਦਿਆ ਨੂੰ ਮਿਸਰ ਦੇ ਦੇਸ ਵਿੱਚੋਂ ਕੱਢ ਲਿਆਂਦਾ ।7ਹੁਣ ਚੁੱਪ ਕਰਕੇ ਖੜ੍ਹੇ ਹੋ ਜਾਓ, ਕਿਉਂ ਜੋ ਮੈਂ ਯਹੋਵਾਹ ਦੇ ਸਾਹਮਣੇ ਉਨ੍ਹਾਂ ਸਾਰਿਆਂ ਦੀ ਭਲਿਆਈਆਂ ਦੇ ਕਾਰਨ ਜੋ ਯਹੋਵਾਹ ਨੇ ਤੁਹਾਡੇ ਪੁਰਖਿਆਂ ਉੱਤੇ ਕੀਤੀਆਂ, ਤੁਹਾਡੇ ਨਾਲ ਵਿਚਾਰ ਕਰਾਂਗਾ ।
8ਜਿਸ ਵੇਲੇ ਯਾਕੂਬ ਮਿਸਰ ਵਿੱਚ ਆਇਆ ਅਤੇ ਤੁਹਾਡੇ ਪੁਰਖਿਆਂ ਨੇ ਯਹੋਵਾਹ ਦੇ ਅੱਗੇ ਦੁਹਾਈ ਦਿੱਤੀ ਤਦ ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਭੇਜਿਆ ਅਤੇ ਉਹ ਤੁਹਾਡੇ ਪੁਰਖਿਆਂ ਨੂੰ ਮਿਸਰ ਵਿੱਚੋਂ ਕੱਢ ਲਿਆਏ ਅਤੇ ਉਹਨਾਂ ਨੂੰ ਇੱਥੇ ਵਸਾਇਆ ।9ਫੇਰ ਜਦ ਉਹਨਾਂ ਨੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਛੱਡ ਦਿੱਤਾ ਤਾਂ ਉਸ ਨੇ ਉਹਨਾਂ ਨੂੰ ਹਸੋਰ ਦੇ ਸੈਨਾਪਤੀ ਸੀਸਰਾ ਦੇ ਹੱਥ, ਫ਼ਲਿਸਤੀਆਂ ਦੇ ਹੱਥ ਅਤੇ ਮੋਆਬ ਦੇ ਰਾਜਾ ਦੇ ਹੱਥ ਕਰ ਦਿੱਤਾ ਅਤੇ ਉਹ ਉਹਨਾਂ ਨਾਲ ਲੜੇ ।
10ਫੇਰ ਉਹਨਾਂ ਨੇ ਯਹੋਵਾਹ ਅੱਗੇ ਦੁਹਾਈ ਦੇ ਕੇ ਆਖਿਆ, ਅਸੀਂ ਪਾਪ ਕੀਤਾ ਕਿਉਂ ਜੋ ਅਸੀਂ ਯਹੋਵਾਹ ਨੂੰ ਛੱਡਿਆ ਅਤੇ ਬਆਲੀਮ ਤੇ ਅਸ਼ਤਾਰੋਥ ਦੀ ਪੂਜਾ ਕੀਤੀ । ਪਰ ਜੇ ਹੁਣ ਤੂੰ ਸਾਨੂੰ ਸਾਡੇ ਵੈਰੀਆਂ ਦੇ ਹੱਥੋਂ ਛੁਡਾਵੇਂ ਤਾਂ ਅਸੀਂ ਤੇਰੀ ਹੀ ਉਪਾਸਨਾ ਕਰਾਂਗੇ ।11ਫੇਰ ਯਹੋਵਾਹ ਨੇ ਯਰੁਬਆਲ ਅਤੇ ਬਦਾਨ ਅਤੇ ਯਿਫਤਾਹ ਅਤੇ ਸਮੂਏਲ ਨੂੰ ਭੇਜਿਆ ਅਤੇ ਤੁਹਾਨੂੰ ਤੁਹਾਡੇ ਵੈਰੀਆਂ ਦੇ ਹੱਥੋਂ ਜੋ ਤੁਹਾਡੇ ਚੁਫੇਰੇ ਸਨ, ਛੁਟਕਾਰਾ ਦਿੱਤਾ ਅਤੇ ਤੁਸੀਂ ਸੁੱਖ ਨਾਲ ਵੱਸ ਗਏ ।
12ਜਦ ਤੁਸੀਂ ਦੇਖਿਆ ਕਿ ਅੰਮੋਨੀਆਂ ਦੇ ਰਾਜਾ ਨਾਹਾਸ਼ ਨੇ ਤੁਹਾਡੇ ਉੱਤੇ ਹਮਲਾ ਕੀਤਾ ਤਾਂ ਤੁਸੀਂ ਮੈਨੂੰ ਆਖਿਆ ਕਿ ਹਾਂ, ਸਾਨੂੰ ਇੱਕ ਰਾਜੇ ਦੀ ਲੋੜ ਹੈ ਜੋ ਸਾਡੇ ਉਤੇ ਰਾਜ ਕਰੇ, ਜਦ ਕਿ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡਾ ਰਾਜਾ ਸੀ13ਹੁਣ ਵੇਖੋ, ਇਹ ਤੁਹਾਡਾ ਰਾਜਾ ਹੈ ਜਿਸ ਨੂੰ ਤੁਸੀਂ ਚੁਣ ਲਿਆ ਅਤੇ ਜਿਸ ਨੂੰ ਤੁਸੀਂ ਮੰਗਿਆ ਅਤੇ ਵੇਖੋ, ਯਹੋਵਾਹ ਨੇ ਤੁਹਾਡੇ ਉੱਤੇ ਰਾਜਾ ਠਹਿਰਾ ਦਿੱਤਾ ਹੈ ।
14ਜੇ ਯਹੋਵਾਹ ਕੋਲੋਂ ਡਰਦੇ ਰਹੋਗੇ, ਉਹ ਦੀ ਉਪਾਸਨਾ ਕਰੋਗੇ, ਉਹ ਦਾ ਬਚਨ ਮੰਨੋਗੇ ਅਤੇ ਯਹੋਵਾਹ ਦੇ ਹੁਕਮਾਂ ਦੀ ਉਲੰਘਣਾ ਨਾ ਕਰੋਗੇ ਤਾਂ ਤੁਸੀਂ ਅਤੇ ਜਿਹੜਾ ਰਾਜਾ ਤੁਹਾਡੇ ਉੱਤੇ ਰਾਜ ਕਰਦਾ ਹੈ, ਯਹੋਵਾਹ ਆਪਣੇ ਪਰਮੇਸ਼ੁਰ ਦੇ ਮਗਰ ਚੱਲਦੇ ਜਾਓਗੇ ।15ਪਰ ਜੇ ਤੁਸੀਂ ਯਹੋਵਾਹ ਦਾ ਬਚਨ ਨਾ ਮੰਨੋਗੇ ਅਤੇ ਯਹੋਵਾਹ ਦੇ ਹੁਕਮਾਂ ਦੀ ਉਲੰਘਣਾ ਕਰੋਗੇ ਤਾਂ ਯਹੋਵਾਹ ਦਾ ਹੱਥ ਤੁਹਾਡੇ ਵਿਰੁੱਧ ਹੋਵੇਗਾ ਜਿਸ ਤਰ੍ਹਾਂ ਤੁਹਾਡੇ ਪੁਰਖਿਆਂ ਦੇ ਵਿਰੁੱਧ ਹੁੰਦਾ ਸੀ ।
16ਸੋ ਹੁਣ ਤੁਸੀਂ ਖੜ੍ਹੇ ਹੋ ਜਾਓ ਅਤੇ ਇਹ ਵੱਡੀ ਗੱਲ ਜੋ ਯਹੋਵਾਹ ਤੁਹਾਡੀਆਂ ਅੱਖਾਂ ਦੇ ਸਾਹਮਣੇ ਕਰੇਗਾ ਵੇਖੋ ।17ਕੀ, ਅੱਜ ਕਣਕ ਵੱਢਣ ਦਾ ਸਮਾਂ ਨਹੀਂ ? ਮੈਂ ਯਹੋਵਾਹ ਨੂੰ ਪੁਕਾਰਾਂਗਾ ਜੋ ਬੱਦਲਾਂ ਨੂੰ ਗਰਜਾਵੇ ਅਤੇ ਮੀਂਹ ਘੱਲੇ ਇਸ ਕਰਕੇ ਜੋ ਤੁਸੀਂ ਜਾਣੋ ਅਤੇ ਵੇਖੋ, ਜੋ ਯਹੋਵਾਹ ਕੋਲੋਂ ਰਾਜਾ ਮੰਗਣ ਦਾ ਇੱਕ ਵੱਡਾ ਪਾਪ ਕੀਤਾ ਹੈ ।18ਇਸ ਤੋਂ ਬਾਅਦ ਸਮੂਏਲ ਨੇ ਯਹੋਵਾਹ ਨੂੰ ਪੁਕਾਰਿਆ ਅਤੇ ਉਸੇ ਵੇਲੇ ਗਰਜਣ ਹੋਈ ਅਤੇ ਯਹੋਵਾਹ ਨੇ ਮੀਂਹ ਭੇਜਿਆ । ਤਦ ਸਭ ਲੋਕ ਯਹੋਵਾਹ ਕੋਲੋਂ ਅਤੇ ਸਮੂਏਲ ਕੋਲੋਂ ਬਹੁਤ ਡਰ ਗਏ ।

19ਤਦ ਸਾਰੇ ਲੋਕਾਂ ਨੇ ਸਮੂਏਲ ਨੂੰ ਆਖਿਆ, ਆਪਣੇ ਦਾਸਾਂ ਦੇ ਲਈ ਯਹੋਵਾਹ ਆਪਣੇ ਪਰਮੇਸ਼ੁਰ ਅੱਗੇ ਬੇਨਤੀ ਕਰ ਜੋ ਅਸੀਂ ਮਰ ਨਾ ਜਾਈਏ ਕਿਉਂ ਜੋ ਅਸੀਂ ਆਪਣੇ ਸਾਰੇ ਪਾਪਾਂ ਨਾਲੋਂ ਵੱਧ ਇਹ ਬੁਰਿਆਈ ਕੀਤੀ ਹੈ ਜੋ ਆਪਣੇ ਲਈ ਇੱਕ ਰਾਜਾ ਮੰਗਿਆ !20ਤਦ ਸਮੂਏਲ ਨੇ ਲੋਕਾਂ ਨੂੰ ਆਖਿਆ, ਡਰੋ ਨਹੀ ! ਇਹ ਸਭ ਬੁਰਿਆਈ ਤਾਂ ਤੁਸੀਂ ਕੀਤੀ ਹੈ ਪਰ ਯਹੋਵਾਹ ਦੇ ਮਗਰ ਚੱਲਣ ਤੋਂ ਫਿਰ ਪਿੱਛੇ ਨਾ ਮੁੜਿਓ, ਸਗੋਂ ਆਪਣੇ ਮਨਾਂ ਨਾਲ ਯਹੋਵਾਹ ਦੀ ਉਪਾਸਨਾ ਕਰੋ ।21ਅਤੇ ਤੁਸੀਂ ਵਿਅਰਥ ਗੱਲਾਂ ਦੇ ਮਗਰ ਲੱਗ ਕੇ ਪਿੱਛੇ ਨਾ ਹਟੋ, ਜਿਸ ਦੇ ਵਿੱਚੋਂ ਕੁਝ ਲਾਭ ਜਾਂ ਛੁਟਕਾਰਾ ਨਹੀਂ ਹੁੰਦਾ, ਉਹ ਸਭ ਵਿਅਰਥ ਹੈ,
22ਕਿਉਂ ਜੋ ਯਹੋਵਾਹ ਆਪਣੇ ਵੱਡੇ ਨਾਮ ਦੇ ਕਾਰਨ ਆਪਣੀ ਪਰਜਾ ਦਾ ਤਿਆਗ ਨਾ ਕਰੇਗਾ ਇਸ ਲਈ ਜੋ ਯਹੋਵਾਹ ਨੇ ਆਪਣੀ ਹੀ ਮਰਜ਼ੀ ਨਾਲ ਤੁਹਾਨੂੰ ਆਪਣੀ ਪਰਜਾ ਬਣਾਇਆ ਹੈ ।23ਅਤੇ ਮੇਰੇ ਤੋਂ ਅਜਿਹਾ ਨਾ ਹੋਵੇ ਜੋ ਮੈਂ ਤੁਹਾਡੇ ਲਈ ਪ੍ਰਾਰਥਨਾ ਕਰਨੀ ਛੱਡ ਕੇ ਯਹੋਵਾਹ ਦੇ ਵਿਰੁੱਧ ਪਾਪ ਕਰਾਂ । ਸਗੋਂ ਮੈਂ ਤੁਹਾਨੂੰ ਉਹ ਰਾਹ ਦੱਸਦਾ ਰਹਾਂਗਾ ਜੋ ਭਲਾ ਅਤੇ ਸਿੱਧਾ ਹੈ ।
24ਤੁਸੀਂ ਸਿਰਫ਼ ਇਹ ਕਰੋ ਕਿ ਯਹੋਵਾਹ ਦਾ ਡਰ ਮੰਨੋ ਅਤੇ ਆਪਣੇ ਸਾਰੇ ਮਨ ਨਾਲ ਉਸ ਦੀ ਸੱਚੀ ਉਪਾਸਨਾ ਕਰੋ । ਧਿਆਨ ਕਰੋ ਜੋ ਤੁਹਾਡੇ ਲਈ ਉਸ ਨੇ ਕਿੰਨੇ ਵੱਡੇ-ਵੱਡੇ ਕੰਮ ਕੀਤੇ ਹਨ ।25ਪਰ ਜੇ ਕਦੀ ਤੁਸੀਂ ਅੱਗੇ ਨੂੰ ਵੀ ਬੁਰਿਆਈ ਕਰੋਗੇ ਤਾਂ ਤੁਸੀਂ ਅਤੇ ਤੁਹਾਡਾ ਰਾਜਾ ਦੋਵੇਂ ਮਿਟਾਏ ਜਾਓਗੇ !

13
ਫਲਿਸਤੀਆਂ ਦੇ ਵਿਰੁੱਧ ਯੁੱਧ

1ਸ਼ਾਊਲ ਤੀਹ ਸਾਲ ਦਾ ਸੀ ਜਦ ਉਹ ਰਾਜ ਕਰਨ ਲੱਗਾ, ਅਤੇ ਉਸ ਨੇ ਇਸਰਾਏਲ ਉੱਤੇ ਦੋ ਸਾਲ ਰਾਜ ਕੀਤਾ ।

2ਤਦ ਸ਼ਾਊਲ ਨੇ ਇਸਰਾਏਲ ਦੇ ਤਿੰਨ ਹਜ਼ਾਰ ਮਨੁੱਖਾਂ ਨੂੰ ਆਪਣੇ ਲਈ ਚੁਣ ਲਿਆ, ਦੋ ਹਜ਼ਾਰ ਮਿਕਮਾਸ਼ ਵਿੱਚ, ਬੈਤੇਲ ਦੇ ਪਹਾੜ ਵਿੱਚ ਸ਼ਾਊਲ ਦੇ ਨਾਲ ਰਹੇ ਅਤੇ ਇੱਕ ਹਜ਼ਾਰ ਬਿਨਯਾਮੀਨ ਦੇ ਗਿਬਆਹ ਵਿੱਚ ਯੋਨਾਥਾਨ ਦੇ ਨਾਲ ਰਹੇ । ਉਸ ਨੇ ਬਾਕੀ ਸਭਨਾਂ ਨੂੰ ਆਪੋ ਆਪਣੇ ਡੇਰੇ ਵੱਲ ਵਿਦਾ ਕੀਤਾ ।
3ਯੋਨਾਥਾਨ ਨੇ ਫ਼ਲਿਸਤੀਆਂ ਦੀ ਚੌਂਕੀ ਦੇ ਸਿਪਾਹੀਆਂ ਨੂੰ ਜੋ ਗਿਬਆਹ ਵਿੱਚ ਸਨ ਮਾਰਿਆ, ਇਹ ਗੱਲ ਜਦੋਂ ਫ਼ਲਿਸਤੀਆਂ ਨੇ ਸੁਣੀ ਅਤੇ ਸ਼ਾਊਲ ਨੇ ਤੁਰ੍ਹੀ ਦੀ ਆਵਾਜ਼ ਨਾਲ ਸਾਰੇ ਦੇਸ ਵਿੱਚ ਮੁਨਾਦੀ ਸੁਣਾਈ, ਜੋ ਇਬਰਾਨੀ ਸੁਣ ਲੈਣ !4ਅਤੇ ਇਹ ਗੱਲ ਸਾਰੇ ਇਸਰਾਏਲ ਨੇ ਸੁਣੀ ਜੋ ਸ਼ਾਊਲ ਨੇ ਫ਼ਲਿਸਤੀਆਂ ਦੀ ਇੱਕ ਚੌਂਕੀ ਦੇ ਸਿਪਾਹੀ ਮਾਰ ਸੁੱਟੇ ਅਤੇ ਜੋ ਫ਼ਲਿਸਤੀਆਂ ਦੀ ਨਜ਼ਰ ਵਿੱਚ ਇਸਰਾਏਲੀ ਵੀ ਘਿਣਾਉਣੇ ਹੋ ਗਏ ਅਤੇ ਸ਼ਾਊਲ ਕੋਲ ਗਿਲਗਾਲ ਵਿੱਚ ਇਕੱਠੇ ਹੋਏ ।

5ਫ਼ਲਿਸਤੀ ਵੀ ਇਸਰਾਏਲ ਨਾਲ ਲੜ੍ਹਾਈ ਕਰਨ ਲਈ ਇਕੱਠੇ ਹੋਏ । ਉਨ੍ਹਾਂ ਕੋਲ ਤੀਹ ਹਜ਼ਾਰ ਰੱਥ ਅਤੇ ਛੇ ਹਜ਼ਾਰ ਸਵਾਰ ਸਨ ਅਤੇ ਸਮੁੰਦਰ ਦੀ ਰੇਤ ਦੀ ਤਰ੍ਹਾਂ ਬਹੁਤੇ ਲੋਕ ਸਨ । ਸੋ ਉਹਨਾਂ ਚੜ੍ਹਾਈ ਕੀਤੀ ਅਤੇ ਬੈਤ-ਆਵਨ ਦੇ ਪੂਰਬ ਵੱਲ ਮਿਕਮਾਸ਼ ਵਿੱਚ ਡੇਰੇ ਲਾਏ ।
6ਜਦ ਇਸਰਾਏਲੀਆਂ ਨੇ ਦੇਖਿਆ ਜੋ ਅਸੀਂ ਮੁਸ਼ਕਿਲ ਵਿੱਚ ਹਾਂ ਇਸ ਲਈ ਉਹ ਲੋਕ ਗੁਫਾਵਾਂ, ਝਾੜੀਆਂ, ਚੱਟਾਨਾਂ, ਗੜ੍ਹਾਂ ਅਤੇ ਟੋਇਆਂ ਵਿੱਚ ਜਾ ਲੁੱਕੇ ।7ਕਈ ਇਬਰਾਨੀ ਯਰਦਨੋਂ ਪਾਰ ਗਾਦ ਅਤੇ ਗਿਲਆਦ ਦੇ ਦੇਸ ਨੂੰ ਚੱਲੇ ਗਏ, ਪਰ ਸ਼ਾਊਲ ਗਿਲਗਾਲ ਵਿੱਚ ਹੀ ਰਿਹਾ, ਅਤੇ ਉਹ ਸਭ ਲੋਕ ਕੰਬਦੇ ਹੋਏ ਉਹਨਾਂ ਦੇ ਪਿੱਛੇ ਚੱਲ ਪਏ ।

8ਉਹ ਉੱਥੇ ਸਮੂਏਲ ਦੇ ਠਹਿਰਾਏ ਹੋਏ ਸਮੇਂ ਦੇ ਅਨੁਸਾਰ, ਸੱਤਾਂ ਦਿਨਾਂ ਤੱਕ ਉਡੀਕ ਕਰਦਾ ਰਿਹਾ, ਪਰ ਸਮੂਏਲ ਗਿਲਗਲ ਵਿੱਚ ਨਾ ਆਇਆ ਅਤੇ ਸਾਰੇ ਲੋਕ ਉਹ ਦੇ ਕੋਲੋਂ ਇੱਧਰ-ਉੱਧਰ ਹੋ ਗਏ ।9ਤਦ ਸ਼ਾਊਲ ਨੇ ਆਖਿਆ, ਹੋਮ ਦੀ ਬਲੀ ਅਤੇ ਸੁੱਖ-ਸਾਂਦ ਦੀ ਭੇਟ ਮੇਰੇ ਕੋਲ ਲੈ ਆਓ ਅਤੇ ਉਸ ਨੇ ਹੋਮ ਦੀ ਬਲੀ ਚੜ੍ਹਾਈ ।10ਅਤੇ ਜਿਸ ਵੇਲੇ ਉਹ ਹੋਮ ਦੀ ਬਲੀ ਚੜ੍ਹਾ ਚੁੱਕਾ ਤਾਂ ਵੇਖੋ, ਸਮੂਏਲ ਵੀ ਪਹੁੰਚ ਗਿਆ ਅਤੇ ਸ਼ਾਊਲ ਉਸ ਨੂੰ ਮਿਲਣ ਲਈ ਉਸ ਦੀ ਸੁੱਖ-ਸਾਂਦ ਪੁੱਛਣ ਨਿੱਕਲਿਆ ।
11ਸਮੂਏਲ ਨੇ ਪੁੱਛਿਆ, ਤੂੰ ਕੀ ਕੀਤਾ ? ਸ਼ਾਊਲ ਬੋਲਿਆ, ਮੈਂ ਜਦੋਂ ਵੇਖਿਆ ਕਿ ਲੋਕ ਮੇਰੇ ਕੋਲੋਂ ਇੱਧਰ-ਉੱਧਰ ਹੋ ਗਏ ਹਨ ਅਤੇ ਤੂੰ ਠਹਿਰਾਏ ਹੋਏ ਦਿਨਾਂ ਵਿੱਚ ਨਾ ਆਇਆ ਅਤੇ ਫ਼ਲਿਸਤੀ ਮਿਕਮਾਸ਼ ਵਿੱਚ ਇੱਕਠੇ ਹੋਏ ।12ਤਦ ਮੈਂ ਆਖਿਆ ਜੋ ਫ਼ਲਿਸਤੀ ਮੇਰੇ ਉੱਤੇ ਗਿਲਗਾਲ ਵਿੱਚ ਹਮਲਾ ਕਰਨਗੇ ਅਤੇ ਮੈਂ ਹੁਣ ਤੱਕ ਯਹੋਵਾਹ ਦੀ ਕਿਰਪਾ ਦੀ ਬੇਨਤੀ ਨਹੀਂ ਕੀਤੀ ਇਸ ਲਈ ਮੈਂ ਨਾ ਚਾਹੁੰਦੇ ਹੋਏ ਵੀ ਹੋਮ ਦੀ ਬਲੀ ਚੜ੍ਹਾਈ ।
13ਸਮੂਏਲ ਨੇ ਸ਼ਾਊਲ ਨੂੰ ਆਖਿਆ, ਤੂੰ ਮੂਰਖਤਾਈ ਕੀਤੀ ਹੈ ਕਿਉਂ ਜੋ ਤੂੰ ਯਹੋਵਾਹ ਆਪਣੇ ਪਰਮੇਸ਼ੁਰ ਦੀ ਆਗਿਆ ਨਹੀਂ ਮੰਨੀ ਜੋ ਉਸ ਨੇ ਤੈਨੂੰ ਦਿੱਤੀ ਸੀ, ਨਹੀਂ ਤਾਂ ਯਹੋਵਾਹ ਹੁਣ ਤੋਂ ਸਦੀਪਕ ਕਾਲ ਤੱਕ ਤੇਰਾ ਰਾਜ ਇਸਰਾਏਲ ਵਿੱਚ ਠਹਿਰਾ ਦਿੰਦਾ ।14ਹੁਣ ਤੇਰਾ ਰਾਜ ਕਾਇਮ ਨਾ ਰਹੇਗਾ ਕਿਉਂ ਜੋ ਯਹੋਵਾਹ ਨੇ ਇੱਕ ਆਪਣੇ ਮਨ ਦੇ ਅਨੁਸਾਰ ਮਨੁੱਖ ਨੂੰ ਲੱਭ ਲਿਆ ਅਤੇ ਯਹੋਵਾਹ ਨੇ ਆਪਣੇ ਲੋਕਾਂ ਦਾ ਪਰਧਾਨ ਬਣਨ ਲਈ ਉਹ ਨੂੰ ਆਗਿਆ ਕੀਤੀ ਕਿਉਂ ਜੋ ਤੂੰ ਯਹੋਵਾਹ ਦੀ ਆਗਿਆ ਨੂੰ ਨਹੀਂ ਮੰਨਿਆ, ਜੋ ਉਸ ਨੇ ਤੈਨੂੰ ਦਿੱਤੀ ਸੀ ।

15ਸਮੂਏਲ ਉੱਠਿਆ ਅਤੇ ਗਿਲਗਾਲ ਤੋਂ ਬਿਨਯਾਮੀਨ ਦੇ ਸ਼ਹਿਰ ਗਿਬਆਹ ਨੂੰ ਗਿਆ । ਤਦ ਸ਼ਾਊਲ ਨੇ ਉਨ੍ਹਾਂ ਲੋਕਾਂ ਨੂੰ ਗਿਣਿਆ ਜੋ ਉਹ ਦੇ ਕੋਲ ਸਨ, ਅਤੇ ਉਹ ਮਨੁੱਖ ਲਗਭਗ ਛੇ ਸੌ ਸਨ ।16ਅਤੇ ਸ਼ਾਊਲ ਅਤੇ ਉਸ ਦਾ ਪੁੱਤਰ ਯੋਨਾਥਾਨ ਅਤੇ ਉਨ੍ਹਾਂ ਦੇ ਨਾਲ ਦੇ ਲੋਕ ਬਿਨਯਾਮੀਨ ਦੇ ਗਿਬਆਹ ਵਿੱਚ ਰਹੇ ਅਤੇ ਫ਼ਲਿਸਤੀ ਮਿਕਮਾਸ਼ ਵਿੱਚ ਡੇਰੇ ਲਾਈ ਬੈਠੇ ਸਨ ।
17ਫ਼ਲਿਸਤੀਆਂ ਦੇ ਦਲ ਤੋਂ ਲੁਟੇਰੇ ਤਿੰਨ ਟੋਲੀਆਂ ਬਣਾ ਕੇ ਨਿੱਕਲੇ । ਇੱਕ ਟੋਲੀ ਸ਼ੂਆਲ ਦੇ ਦੇਸ ਨੂੰ ਓਫਰਾਹ ਦੇ ਰਾਹ ਵੱਲ ਗਈ ।18ਦੂਜੀ ਟੋਲੀ ਬੈਤ-ਹੋਰੋਨ ਦੇ ਰਾਹ ਆਈ ਅਤੇ ਤੀਜੀ ਟੋਲੀ ਉਸ ਬੰਨੇ ਦੇ ਰਾਹ ਤੁਰੀ ਜਿਹੜਾ ਸਬੋਈਮ ਦੀ ਖੱਡ ਦੇ ਉੱਤੇ ਉਜਾੜ ਦੇ ਪਾਸੇ ਸੀ ।

19ਉਸ ਵੇਲੇ ਇਸਰਾਏਲ ਦੇ ਸਾਰੇ ਦੇਸ ਵਿੱਚ ਇੱਕ ਲੁਹਾਰ ਵੀ ਨਹੀਂ ਮਿਲਦਾ ਸੀ, ਕਿਉਂ ਜੋ ਫ਼ਲਿਸਤੀਆਂ ਨੇ ਆਖਿਆ ਸੀ, ਅਜਿਹਾ ਨਾ ਹੋਵੇ ਜੋ ਇਬਰਾਨੀ ਲੋਕ ਤਲਵਾਰਾਂ ਅਤੇ ਬਰਛੇ ਆਪਣੇ ਲਈ ਬਣਾਉਣ,20ਸਗੋਂ ਸਾਰੇ ਇਸਰਾਏਲੀ ਫ਼ਲਿਸਤੀਆਂ ਦੇ ਕੋਲ ਸੱਭੇ ਆਪੋ ਆਪਣੇ ਹਲ ਫਾਲੇ ਅਤੇ ਆਪਣੀ ਕਹੀ ਅਤੇ ਆਪਣਾ ਕੁਹਾੜਾ ਅਤੇ ਆਪਣੀ ਦਾਤੀ ਤਿੱਖੇ ਕਰਾਉਣ ਲਈ ਜਾਂਦੇ ਸਨ ।21ਪਰ ਦਾਤੀਆਂ, ਹੱਲ੍ਹ ਫਾਲਾਂ, ਤ੍ਰਿਸ਼ੂਲ ਅਤੇ ਕੁਹਾੜਿਆਂ ਦੇ ਲਈ ਅਤੇ ਆਰਾਂ ਨੂੰ ਤਿੱਖਿਆਂ ਕਰਨ ਲਈ ਉਨ੍ਹਾਂ ਕੋਲ ਰੇਤੀਆਂ ਸਨ ।
22ਇਸ ਲਈ ਅਜਿਹਾ ਹੋਇਆ ਜੋ ਲੜਾਈ ਦੇ ਦਿਨ ਉਨ੍ਹਾਂ ਲੋਕਾਂ ਦੇ ਵਿੱਚੋਂ ਜੋ ਸ਼ਾਊਲ ਅਤੇ ਯੋਨਾਥਾਨ ਦੇ ਨਾਲ ਸਨ, ਕਿਸੇ ਦੇ ਹੱਥ ਵਿੱਚ ਇੱਕ ਤਲਵਾਰ ਅਤੇ ਇੱਕ ਬਰਛੀ ਵੀ ਨਹੀਂ ਸੀ, ਪਰ ਉਹ ਸ਼ਾਊਲ ਅਤੇ ਉਹ ਦੇ ਪੁੱਤਰ ਯੋਨਾਥਾਨ ਦੇ ਕੋਲ ਸਨ ।23ਤਦ ਫ਼ਲਿਸਤੀਆਂ ਦੀ ਚੋਂਕੀ ਦੇ ਸਿਪਾਹੀ ਮਿਕਮਾਸ਼ ਦੀ ਘਾਟੀ ਤੱਕ ਪਹੁੰਚ ਗਏ ।

14
ਯੋਨਾਥਾਨ ਦੀ ਜਿੱਤ

1ਇੱਕ ਦਿਨ ਸ਼ਾਊਲ ਦੇ ਪੁੱਤਰ ਯੋਨਾਥਾਨ ਨੇ ਉਸ ਜੁਆਨ ਨੂੰ ਜੋ ਉਹ ਦੇ ਸ਼ਸ਼ਤ੍ਰ ਚੁੱਕਦਾ ਸੀ ਆਖਿਆ, ਆਓ, ਅਸੀਂ ਫ਼ਲਿਸਤੀਆਂ ਦੀ ਚੌਂਕੀ ਵੱਲ ਚੱਲੀਏ, ਪਰ ਉਸ ਨੇ ਆਪਣੇ ਪਿਤਾ ਨੂੰ ਨਾ ਦੱਸਿਆ ।

2ਸ਼ਾਊਲ ਗਿਬਆਹ ਦੇ ਰਾਹ ਵਿੱਚ ਇੱਕ ਅਨਾਰ ਦੇ ਬਿਰਛ ਹੇਠ ਰੁਕਿਆ, ਜੋ ਮਿਗਰੋਨ ਵਿੱਚ ਸੀ ਅਤੇ ਲਗਭਗ ਛੇ ਸੌ ਮਨੁੱਖ ਉਸ ਦੇ ਨਾਲ ਸਨ ।3ਆਹੀਯਾਹ ਅਹੀਟੂਬ ਦਾ ਪੁੱਤਰ ਜੋ ਈਕਾਬੋਦ ਦਾ ਭਰਾ ਸੀ, ਫ਼ੀਨਹਾਸ ਦਾ ਪੋਤ੍ਰਾ ਅਤੇ ਏਲੀ ਦਾ ਪੜਪੋਤ੍ਰਾ ਸੀ, ਸ਼ੀਲੋਹ ਵਿੱਚ ਏਫ਼ੋਦ ਪਹਿਨੇ ਹੋਏ ਯਹੋਵਾਹ ਦਾ ਜਾਜਕ ਸੀ ਅਤੇ ਲੋਕਾਂ ਨੂੰ ਖ਼ਬਰ ਨਾ ਹੋਈ ਜੋ ਯੋਨਾਥਾਨ ਚਲਿਆ ਗਿਆ ਹੈ ।
4ਉਸ ਦਰੇ ਵਿੱਚ, ਜਿੱਥੋਂ ਯੋਨਾਥਾਨ ਚਾਹੁੰਦਾ ਸੀ ਜੋ ਫ਼ਲਿਸਤੀਆਂ ਦੀ ਚੌਂਕੀ ਉੱਤੇ ਜਾ ਪਈਏ, ਇੱਕ ਪਾਸੇ ਵੱਡਾ ਤਿੱਖਾ ਪਹਾੜ ਸੀ ਅਤੇ ਦੂਏ ਪਾਸੇ ਵੀ ਇੱਕ ਵੱਡਾ ਤਿੱਖਾ ਪਹਾੜ ਸੀ । ਇੱਕ ਦਾ ਨਾਮ ਬੋਸੇਸ ਅਤੇ ਦੂਜੇ ਦਾ ਨਾਮ ਸਨਹ ਸੀ ।5ਇੱਕ ਪਹਾੜ ਦਾ ਮੂੰਹ ਮਿਕਮਾਸ਼ ਦੇ ਉੱਤਰ ਵੱਲ ਸੀ ਅਤੇ ਦੂਜਾ ਦੱਖਣ ਵੱਲ ਗਾਬਾ ਦੇ ਸਾਹਮਣੇ ਸੀ ।

6ਤਦ ਯੋਨਾਥਾਨ ਨੇ ਉਸ ਜੁਆਨ ਨੂੰ ਜੋ ਉਹ ਦੇ ਸ਼ਸਤਰ ਚੁੱਕਦਾ ਸੀ ਆਖਿਆ, ਚੱਲ ਅਸੀਂ ਉੱਥੇ ਉਨ੍ਹਾਂ ਅਸੁੰਨਤੀਆਂ ਦੀ ਚੌਂਕੀ ਵੱਲ ਚੱਲੀਏ, ਕੀ ਜਾਣੀਏ ਜੋ ਯਹੋਵਾਹ ਸਾਡੀ ਮਦਦ ਕਰੇ ਕਿਉਂ ਜੋ ਯਹੋਵਾਹ ਲਈ ਕੁਝ ਔਖਾ ਨਹੀਂ ਜੋ ਬਹੁਤਿਆਂ ਨਾਲ ਜਾਂ ਥੋੜ੍ਹੇ ਲੋਕਾਂ ਦੇ ਰਾਹੀਂ ਛੁਟਕਾਰਾ ਦੇਵੇ ।7ਉਹ ਦੇ ਸ਼ਸਤਰ ਚੁੱਕਣ ਵਾਲੇ ਨੇ ਉਸ ਨੂੰ ਆਖਿਆ, ਜੋ ਤੁਹਾਡੇ ਮਨ ਵਿੱਚ ਹੈ ਸੋ ਕਰੋ; ਤੁਰੋ ਅਤੇ ਵੇਖੋ, ਮੈਂ ਤਾਂ ਤੁਹਾਡੀ ਮਰਜ਼ੀ ਦੇ ਅਨੁਸਾਰ ਤੁਹਾਡੇ ਨਾਲ ਹੀ ਹਾਂ ।
8ਤਦ ਯੋਨਾਥਾਨ ਬੋਲਿਆ, ਵੇਖ, ਅਸੀਂ ਉਨ੍ਹਾਂ ਲੋਕਾਂ ਕੋਲ ਪਾਰ ਲੰਘ ਕੇ ਉਨ੍ਹਾਂ ਕੋਲ ਆਪਣੇ ਆਪ ਨੂੰ ਪ੍ਰਗਟ ਕਰਾਂਗੇ ।9ਜੇ ਉਹ ਸਾਨੂੰ ਇਹ ਆਖਣ, ਜਦ ਤੱਕ ਅਸੀਂ ਤੁਹਾਡੇ ਕੋਲ ਨਾ ਆਈਏ ਠਹਿਰ ਜਾਓ ਤਾਂ ਅਸੀਂ ਆਪਣੇ ਥਾਂ ਖੜ੍ਹੇ ਰਹਾਂਗੇ ਅਤੇ ਉਨ੍ਹਾਂ ਉੱਤੇ ਚੜਾਈ ਨਾ ਕਰਾਂਗੇ ।10ਪਰ ਜੇ ਉਹ ਐਉਂ ਆਖਣ, ਸਾਡੇ ਕੋਲ ਚੜ੍ਹ ਆਓ ਤਾਂ ਅਸੀਂ ਚੜ੍ਹਾਂਗੇ ਕਿਉਂ ਜੋ ਯਹੋਵਾਹ ਨੇ ਉਨ੍ਹਾਂ ਨੂੰ ਸਾਡੇ ਹੱਥ ਸੌਂਪ ਦਿੱਤਾ ਹੈ ਅਤੇ ਇਹ ਸਾਡੇ ਲਈ ਇੱਕ ਨਿਸ਼ਾਨੀ ਹੋਵੇਗੀ ।
11ਤਦ ਉਹਨਾਂ ਦੋਹਾਂ ਨੇ ਫ਼ਲਿਸਤੀਆਂ ਦੀ ਚੌਂਕੀ ਅੱਗੇ ਆਪਣੇ ਆਪ ਨੂੰ ਪਰਗਟ ਕੀਤਾ ਅਤੇ ਫ਼ਲਿਸਤੀ ਬੋਲੇ, ਵੇਖੋ, ਇਬਰਾਨੀ ਉਨ੍ਹਾਂ ਖੁੱਡਾਂ ਵਿੱਚੋਂ ਨਿੱਕਲੇ ਆਉਂਦੇ ਹਨ ਜਿੱਥੇ ਉਹ ਲੁੱਕੇ ਸਨ ।12ਤਦ ਚੌਂਕੀ ਦੇ ਮਨੁੱਖਾਂ ਨੇ ਯੋਨਾਥਾਨ ਅਤੇ ਉਹ ਦੇ ਸ਼ਸਤਰ ਚੁੱਕਣ ਵਾਲੇ ਨੂੰ ਆਖਿਆ, ਸਾਡੇ ਕੋਲ ਚੜ੍ਹ ਆਓ ਤਾਂ ਅਸੀਂ ਤੁਹਾਨੂੰ ਇੱਕ ਗੱਲ ਦੱਸਾਂਗੇ । ਸੋ ਯੋਨਾਥਾਨ ਨੇ ਆਪਣੇ ਸ਼ਸਤਰ ਚੁੱਕਣ ਵਾਲੇ ਨੂੰ ਆਖਿਆ, ਹੁਣ ਮੇਰੇ ਮਗਰ ਚੜ੍ਹ ਆ ਕਿਉਂ ਜੋ ਯਹੋਵਾਹ ਨੇ ਉਨ੍ਹਾਂ ਨੂੰ ਇਸਰਾਏਲ ਦੇ ਵੱਸ ਪਾ ਦਿੱਤਾ ਹੈ ।
13ਅਤੇ ਯੋਨਾਥਾਨ ਆਪਣੇ ਹੱਥਾਂ ਅਤੇ ਪੈਰਾਂ ਦੇ ਭਾਰ ਚੜ੍ਹ ਗਿਆ, ਅਤੇ ਉਹ ਦਾ ਸ਼ਸਤਰ ਚੁੱਕਣ ਵਾਲਾ ਉਹ ਦੇ ਮਗਰ ਹੋਇਆ ਅਤੇ ਉਹ ਯੋਨਾਥਾਨ ਦੇ ਅੱਗੇ ਡਿੱਗਦੇ ਜਾਂਦੇ ਸਨ ਅਤੇ ਉਹ ਦਾ ਸ਼ਸਤਰ ਚੁੱਕਣ ਵਾਲਾ ਵੀ ਉਹ ਦੇ ਮਗਰ ਮਗਰ ਮਾਰੀ ਜਾਂਦਾ ਸੀ ।14ਸੋ ਇਹ ਪਹਿਲੀ ਮਾਰ ਜੋ ਯੋਨਾਥਾਨ ਤੇ ਉਹ ਦੇ ਸ਼ਸਤਰ ਚੁੱਕਣ ਵਾਲੇ ਨੇ ਕੀਤੀ ਵੀਹਕੁ ਮਨੁੱਖਾਂ ਦੀ ਸੀ ਅਤੇ ਅੱਧੀ ਕੁ ਬਿਘਾ ਪੈਲੀ ਵਿੱਚ ਹੋਈ ।
15ਤਦ ਡੇਰੇ ਅਤੇ ਮੈਦਾਨ ਅਤੇ ਸਾਰਿਆਂ ਲੋਕਾਂ ਵਿੱਚ ਕੰਬਣੀ ਛਿੜ ਪਈ ਅਤੇ ਉਹ ਚੌਂਕੀ ਵਾਲੇ ਅਤੇ ਲੁਟੇਰੇ ਵੀ ਕੰਬੇ ਅਤੇ ਧਰਤੀ ਵਿੱਚ ਭੂਚਾਲ ਆਇਆ ਅਤੇ ਇਹ ਜਾਣੋ ਪਰਮੇਸ਼ੁਰ ਵੱਲੋਂ ਕੰਬਣੀ ਸੀ ।
ਫਲਿਸਤੀਆਂ ਦੀ ਹਾਰ

16ਸ਼ਾਊਲ ਦੇ ਪਹਿਰੇਦਾਰਾਂ ਨੇ ਜੋ ਬਿਨਯਾਮੀਨ ਦੇ ਗਿਬਆਹ ਵਿੱਚ ਸਨ ਵੇਖਿਆ ਕਿ ਉਹ ਭੀੜ ਘੱਟਦੀ ਜਾਂਦੀ ਹੈ ਅਤੇ ਉਹ ਇੱਧਰ-ਉੱਧਰ ਤੁਰੇ ਜਾਂਦੇ ਸਨ ।17ਤਦ ਸ਼ਾਊਲ ਨੇ ਆਪਣੇ ਨਾਲ ਦੇ ਲੋਕਾਂ ਨੂੰ ਆਖਿਆ, ਗਿਣਤੀ ਕਰਕੇ ਵੇਖੋ ਜੋ ਸਾਡੇ ਵਿੱਚੋਂ ਕੌਣ ਗਿਆ ਹੈ । ਜਦ ਉਨ੍ਹਾਂ ਗਿਣਿਆ ਤਾਂ ਵੇਖੋ, ਯੋਨਾਥਾਨ ਅਤੇ ਉਹ ਦਾ ਸ਼ਸਤਰ ਚੁੱਕਣ ਵਾਲਾ ਨਾ ਲੱਭਾ ।
18ਉਸ ਵੇਲੇ ਸ਼ਾਊਲ ਨੇ ਅਹੀਯਾਹ ਨੂੰ ਆਖਿਆ, ਪਰਮੇਸ਼ੁਰ ਦਾ ਸੰਦੂਕ ਇੱਥੇ ਲੈ ਆਓ । ਉਸ ਸਮੇਂ ਪਰਮੇਸ਼ੁਰ ਦਾ ਸੰਦੂਕ ਇਸਰਾਏਲੀਆਂ ਦੇ ਵਿਚਕਾਰ ਸੀ ।19ਜਿਸ ਵੇਲੇ ਸ਼ਾਊਲ ਜਾਜਕ ਦੇ ਨਾਲ ਗੱਲ ਕਰਦਾ ਸੀ ਤਾਂ ਫ਼ਲਿਸਤੀਆਂ ਦੇ ਡੇਰੇ ਵਿੱਚ ਜੋ ਰੌਲਾ ਪਿਆ ਸੋ ਵੱਧਦਾ ਜਾਂਦਾ ਸੀ ਅਤੇ ਸ਼ਾਊਲ ਨੇ ਜਾਜਕ ਨੂੰ ਆਖਿਆ, ਆਪਣਾ ਹੱਥ ਹਟਾ ਲੈ ।
20ਤਦ ਸ਼ਾਊਲ ਅਤੇ ਸਾਰੇ ਲੋਕ ਜੋ ਉਹ ਦੇ ਨਾਲ ਸਨ ਇਕੱਠੇ ਹੋਏ ਅਤੇ ਲੜਾਈ ਨੂੰ ਆਏ ਅਤੇ ਵੇਖੋ, ਸਭ ਕਿਸੇ ਦੀ ਤਲਵਾਰ ਆਪਣੇ ਨਾਲ ਦੇ ਉੱਤੇ ਚੱਲੀ ਅਤੇ ਵੱਡੀ ਹੱਲ-ਚੱਲ ਪੈ ਗਈ ।21ਉਹ ਇਬਰਾਨੀ ਜੋ ਪਹਿਲਾਂ ਫ਼ਲਿਸਤੀਆਂ ਦੇ ਨਾਲ ਸਨ ਅਤੇ ਜੋ ਚੁਫੇਰਿਓਂ ਇਕੱਠੇ ਹੋ ਕੇ ਉਹ ਦੇ ਨਾਲ ਡੇਰੇ ਵਿੱਚ ਆਏ ਸਨ ਸੋ ਮੁੜ ਕੇ ਉਨ੍ਹਾਂ ਹੀ ਇਸਰਾਏਲੀਆਂ ਵਿੱਚ ਜੋ ਸ਼ਾਊਲ ਅਤੇ ਯੋਨਾਥਾਨ ਦੇ ਸੰਗ ਸਨ, ਰਲ ਗਏ ।
22ਉਨ੍ਹਾਂ ਸਭਨਾਂ ਇਸਰਾਏਲੀ ਮਨੁੱਖਾਂ ਨੇ ਵੀ ਜੋ ਅਫ਼ਰਾਈਮ ਦੇ ਪਹਾੜ ਵਿੱਚ ਲੁਕ ਗਏ ਸਨ ਜਦ ਇਹ ਸੁਣਿਆ ਭਈ ਫ਼ਲਿਸਤੀ ਭੱਜ ਗਏ ਉਸੇ ਵੇਲੇ ਨਿੱਕਲ ਕੇ ਉਹਨਾਂ ਨੇ ਵੀ ਲੜਾਈ ਵਿੱਚ ਉਨ੍ਹਾਂ ਦਾ ਪਿੱਛਾ ਕੀਤਾ ।23ਸੋ ਯਹੋਵਾਹ ਨੇ ਉਸ ਦਿਨ ਇਸਰਾਏਲ ਨੂੰ ਛੁਟਕਾਰਾ ਦਿੱਤਾ ਅਤੇ ਲੜਾਈ ਬੈਤਆਵਨ ਦੇ ਦੂਏ ਪਾਸੇ ਤੱਕ ਪਹੁੰਚ ਗਈ ।
ਯੁੱਧ ਦੇ ਬਾਅਦ ਦੀਆਂ ਘਟਨਾਵਾਂ

24ਇਸਰਾਏਲੀ ਮਨੁੱਖ ਉਸ ਦਿਨ ਬਹੁਤ ਔਖੇ ਸਨ ਕਿਉਂ ਜੋ ਸ਼ਾਊਲ ਨੇ ਲੋਕਾਂ ਨੂੰ ਸਹੁੰ ਚੁਕਾ ਕੇ ਇਉਂ ਆਖਿਆ ਸੀ ਕਿ ਜਿਹੜਾ ਅੱਜ ਸ਼ਾਮਾਂ ਤੱਕ ਭੋਜਨ ਚੱਖੇ, ਉਹ ਦੇ ਉੱਤੇ ਸਰਾਪ ਹੋਵੇ ਇਸ ਕਾਰਨ ਜੋ ਮੈਂ ਆਪਣੇ ਵੈਰੀਆਂ ਤੋਂ ਬਦਲਾ ਲਵਾਂ ਸੋ ਉਹਨਾਂ ਲੋਕਾਂ ਵਿੱਚੋਂ ਕਿਸੇ ਨੇ ਭੋਜਨ ਨਾ ਚੱਖਿਆ ਸੀ ।25ਸਭ ਲੋਕ ਇੱਕ ਜੰਗਲ ਵਿੱਚ ਜਾ ਪੁੱਜੇ ਅਤੇ ਉੱਥੇ ਜ਼ਮੀਨ ਉੱਤੇ ਸ਼ਹਿਦ ਸੀ ।26ਜਿਸ ਵੇਲੇ ਇਹ ਲੋਕ ਉਸ ਜੰਗਲ ਵਿੱਚ ਅੱਪੜੇ ਤਾਂ ਵੇਖੋ, ਉੱਥੇ ਸ਼ਹਿਦ ਚੌਂਦਾ ਪਿਆ ਸੀ ਪਰ ਕੋਈ ਵੀ ਆਪਣੇ ਮੂੰਹ ਵੱਲ ਹੱਥ ਨਾ ਲੈ ਕੇ ਗਿਆ ਕਿਉਂ ਜੋ ਲੋਕ ਉਸ ਸਹੁੰ ਤੋਂ ਡਰੇ ।
27ਪਰ ਜਿਸ ਵੇਲੇ ਉਹ ਦੇ ਪਿਤਾ ਨੇ ਲੋਕਾਂ ਕੋਲੋਂ ਸਹੁੰ ਚੁਕਾਈ ਸੀ ਉਸ ਵੇਲੇ ਯੋਨਾਥਾਨ ਨੇ ਨਹੀਂ ਸੁਣਿਆ ਸੀ ਅਤੇ ਉਹ ਨੇ ਆਪਣੀ ਸੋਟੀ ਦੇ ਸਿਰੇ ਨੂੰ ਸ਼ਹਿਦ ਦੇ ਛੱਤੇ ਦੇ ਵਿੱਚ ਵਾੜਿਆ ਅਤੇ ਹੱਥ ਮੂੰਹ ਵੱਲ ਕੀਤਾ ਅਤੇ ਉਹ ਦੀਆਂ ਅੱਖਾਂ ਵਿੱਚ ਰੋਸ਼ਨੀ ਆਈ ।28ਤਦ ਉਹਨਾਂ ਲੋਕਾਂ ਵਿੱਚੋਂ ਇੱਕ ਨੇ ਉਹ ਨੂੰ ਆਖਿਆ, ਤੁਹਾਡੇ ਪਿਤਾ ਨੇ ਲੋਕਾਂ ਕੋਲੋਂ ਸਹੁੰ ਚੁਕਾ ਕੇ ਆਖਿਆ ਸੀ ਕਿ ਜਿਹੜਾ ਮਨੁੱਖ ਅੱਜ ਦੇ ਦਿਨ ਭੋਜਨ ਖਾਵੇ ਉਹ ਦੇ ਉੱਤੇ ਸਰਾਪ ਹੋਵੇ ਅਤੇ ਉਸ ਵੇਲੇ ਲੋਕ ਥੱਕੇ ਹੋਏ ਸਨ ।
29ਯੋਨਾਥਾਨ ਬੋਲ੍ਹਿਆ, ਮੇਰੇ ਪਿਤਾ ਨੇ ਦੇਸ ਨੂੰ ਦੁੱਖ ਦਿੱਤਾ । ਵੇਖੋ, ਮੈਂ ਥੋੜਾ ਜਿਹਾ ਸ਼ਹਿਦ ਚੱਖਿਆ ਤਾਂ ਮੇਰੀਆਂ ਅੱਖਾਂ ਵਿੱਚ ਰੋਸ਼ਨੀ ਆ ਗਈ ।30ਜੇ ਕਦੀ ਸਾਰੇ ਲੋਕ ਵੈਰੀਆਂ ਦੀ ਲੁੱਟ ਵਿੱਚੋਂ ਜੋ ਉਹਨਾਂ ਨੇ ਪਾਈ ਸੀ ਰੱਜ ਕੇ ਖਾਂਦੇ ਤਾਂ ਕਿਨ੍ਹਾ ਵਧੇਰੇ ਚੰਗਾ ਹੁੰਦਾ । ਭਲਾ, ਅਜਿਹਾ ਨਹੀਂ ਹੁੰਦਾ ਜੋ ਇਸ ਵੇਲੇ ਫ਼ਲਿਸਤੀਆਂ ਦਾ ਇਸ ਨਾਲੋਂ ਵੀ ਹੋਰ ਵਧੇਰੇ ਨਾਸ਼ ਹੁੰਦਾ ?

31ਸੋ ਉਹਨਾਂ ਨੇ ਉਸ ਦਿਨ ਮਿਕਮਾਸ਼ ਤੋਂ ਲੈ ਕੇ ਅਯਾਲੋਨ ਤੱਕ ਫ਼ਲਿਸਤੀਆਂ ਨੂੰ ਮਾਰਿਆ ਸੋ ਲੋਕ ਬਹੁਤ ਥੱਕੇ ਪਏ ਸਨ ।32ਲੋਕ ਲੁੱਟ ਦੇ ਮਾਲ ਉੱਤੇ ਆਣ ਪਏ ਅਤੇ ਭੇਡਾਂ ਅਤੇ ਬਲ਼ਦਾਂ ਨੂੰ ਫੜ੍ਹ ਕੇ ਅਤੇ ਉਨ੍ਹਾਂ ਨੂੰ ਧਰਤੀ ਉੱਤੇ ਵੱਢ ਕੇ ਲਹੂ ਸਮੇਤ ਖਾ ਗਏ ।
33ਜਦ ਸ਼ਾਊਲ ਨੂੰ ਖ਼ਬਰ ਹੋਈ ਜੋ ਵੇਖੋ, ਲੋਕ ਯਹੋਵਾਹ ਦਾ ਪਾਪ ਕਰਦੇ ਹਨ ਸੋ ਲਹੂ ਸਮੇਤ ਖਾਂਦੇ ਜਾਂਦੇ ਹਨ । ਉਹ ਬੋਲਿਆ, ਤੁਸੀਂ ਪਾਪ ਕੀਤਾ ਸੋ ਮੇਰੇ ਸਾਹਮਣੇ ਇੱਕ ਵੱਡਾ ਪੱਥਰ ਰੇੜ੍ਹ ਲਿਆਓ ।34ਫੇਰ ਸ਼ਾਊਲ ਨੇ ਆਖਿਆ, ਲੋਕਾਂ ਦੇ ਵਿੱਚ ਫੈਲ ਜਾਓ ਅਤੇ ਉਹਨਾਂ ਨੂੰ ਆਖੋ ਕਿ ਹਰ ਕੋਈ ਮਨੁੱਖ ਆਪੋ ਆਪਣੇ ਬਲ਼ਦ ਅਤੇ ਆਪੋ-ਆਪਣੀ ਭੇਡ ਮੇਰੇ ਕੋਲ ਲੈ ਆਵੇ ਅਤੇ ਐਥੇ ਵੱਢ ਕੇ ਖਾਵੇ ਪਰ ਲਹੂ ਸਮੇਤ ਖਾ ਕੇ ਯਹੋਵਾਹ ਦਾ ਪਾਪ ਨਾ ਕਰੇ । ਉਸ ਰਾਤ ਲੋਕਾਂ ਵਿੱਚੋਂ ਹਰੇਕ ਮਨੁੱਖ ਆਪੋ ਆਪਣੇ ਬਲ਼ਦ ਉੱਥੇ ਲੈ ਆਇਆ ਅਤੇ ਉੱਥੇ ਹੀ ਵੱਢਿਆ ।
35ਅਤੇ ਸ਼ਾਊਲ ਨੇ ਯਹੋਵਾਹ ਦੇ ਲਈ ਇੱਕ ਜਗਵੇਦੀ ਬਣਾਈ । ਇਹ ਪਹਿਲੀ ਜਗਵੇਦੀ ਹੈ ਜੋ ਉਸ ਨੇ ਯਹੋਵਾਹ ਦੇ ਲਈ ਬਣਾਈ ।

36ਫੇਰ ਸ਼ਾਊਲ ਨੇ ਆਖਿਆ, ਆਓ ਰਾਤ ਨੂੰ ਫ਼ਲਿਸਤੀਆਂ ਦਾ ਪਿੱਛਾ ਕਰੀਏ ਅਤੇ ਸਵੇਰ ਹੋਣ ਤੱਕ ਉਨ੍ਹਾਂ ਨੂੰ ਲੁੱਟੀਏ ਅਤੇ ਉਨ੍ਹਾਂ ਵਿੱਚੋਂ ਇੱਕ ਮਨੁੱਖ ਨੂੰ ਵੀ ਨਾ ਛੱਡੀਏ ਅਤੇ ਉਹ ਬੋਲੇ, ਜੋ ਕੁਝ ਤੁਹਾਨੂੰ ਭਾਵੇ ਸੋ ਕਰੋ । ਤਦ ਜਾਜਕ ਬੋਲਿਆ, ਆਓ, ਪਰਮੇਸ਼ੁਰ ਦੇ ਨੇੜੇ ਹੋਈਏ ।37ਇਸ ਤੋਂ ਬਾਅਦ ਸ਼ਾਊਲ ਨੇ ਪਰਮੇਸ਼ੁਰ ਤੋਂ ਸਲਾਹ ਪੁੱਛੀ ਕੀ ਮੈਂ ਫ਼ਲਿਸਤੀਆਂ ਦਾ ਪਿੱਛਾ ਕਰਾਂ ? ਕੀ ਤੂੰ ਉਨ੍ਹਾਂ ਨੂੰ ਇਸਰਾਏਲ ਦੇ ਹੱਥ ਵਿੱਚ ਸੌਂਪੇਗਾ ? ਪਰ ਉਸ ਨੇ ਉਸ ਦਿਨ ਉਹ ਨੂੰ ਕੁਝ ਉੱਤਰ ਨਾ ਦਿੱਤਾ ।
38ਤਦ ਸ਼ਾਊਲ ਨੇ ਆਖਿਆ, ਲੋਕਾਂ ਦੇ ਸਾਰੇ ਸਰਦਾਰ ਮੇਰੇ ਨੇੜੇ ਆਉਣ ਅਤੇ ਵੇਖਣ ਜੋ ਅੱਜ ਦੇ ਦਿਨ ਕਿਵੇਂ ਪਾਪ ਹੋਇਆ ਹੈ ।39ਕਿਉਂ ਜੋ ਜਿਉਂਦੇ ਯਹੋਵਾਹ ਦੀ ਸਹੁੰ ਜੋ ਇਸਰਾਏਲ ਦਾ ਛੁਟਕਾਰਾ ਕਰਦਾ ਹੈ ਜੇ ਮੇਰੇ ਪੁੱਤਰ ਯੋਨਾਥਾਨ ਤੋਂ ਵੀ ਹੋਵੇ ਤਾਂ ਉਹ ਜਰੂਰ ਮਾਰਿਆ ਜਾਵੇ ਅਤੇ ਸਾਰਿਆਂ ਲੋਕਾਂ ਵਿੱਚੋਂ ਕਿਸੇ ਮਨੁੱਖ ਨੇ ਉਸ ਦਾ ਉੱਤਰ ਨਾ ਦਿੱਤਾ
40ਤਦ ਉਸ ਨੇ ਸਾਰੇ ਇਸਰਾਏਲ ਨੂੰ ਆਖਿਆ, ਤੁਸੀਂ ਸਾਰੇ ਇੱਕ ਪਾਸੇ ਹੋਵੋ ਅਤੇ ਮੈਂ ਅਤੇ ਮੇਰਾ ਪੁੱਤਰ ਯੋਨਾਥਾਨ ਦੂਜੇ ਪਾਸੇ ਹੋਈਏ । ਤਦ ਲੋਕ ਸ਼ਾਊਲ ਨੂੰ ਬੋਲੇ, ਜੋ ਤੁਹਾਨੂੰ ਚੰਗਾ ਲੱਗੇ ਉਹੀ ਕਰੋ ।41ਸ਼ਾਊਲ ਨੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੂੰ ਆਖਿਆ, ਸੱਚੀ ਗੱਲ ਦੱਸ । ਤਦ ਸ਼ਾਊਲ ਅਤੇ ਯੋਨਾਥਾਨ ਫੜੇ ਗਏ, ਪਰ ਲੋਕ ਬਚ ਗਏ ।42ਤਦ ਸ਼ਾਊਲ ਨੇ ਆਖਿਆ ਮੇਰੇ ਅਤੇ ਮੇਰੇ ਪੁੱਤਰ ਯੋਨਾਥਾਨ ਦੇ ਨਾਮ ਉੱਤੇ ਪਰਚੀ ਪਾਓ । ਤਦ ਯੋਨਾਥਾਨ ਦੇ ਨਾਮ ਦੀ ਪਰਚੀ ਨਿਕਲੀ ।

43ਸ਼ਾਊਲ ਨੇ ਯੋਨਾਥਾਨ ਨੂੰ ਆਖਿਆ, ਮੈਨੂੰ ਦੱਸ, ਤੂੰ ਕੀ ਕੀਤਾ ਹੈ ? ਯੋਨਾਥਾਨ ਨੇ ਉਸ ਨੂੰ ਦੱਸਿਆ ਅਤੇ ਆਖਿਆ, ਮੈਂ ਤਾਂ ਨਿਰੀ ਸੋਟੀ ਦੀ ਨੁਕਰ ਨਾਲ ਥੋੜਾ ਜਿਹਾ ਸ਼ਹਿਦ ਚੱਖਿਆ ਸੀ ਅਤੇ ਵੇਖੋ ਮੈਂ ਹੁਣ ਮਰ ਰਿਹਾ ਹਾਂ ।44ਸ਼ਾਊਲ ਨੇ ਆਖਿਆ, ਮੇਰਾ ਪਰਮੇਸ਼ੁਰ ਮੇਰੇ ਨਾਲ ਅਜਿਹਾ ਹੀ ਕਰੇ ਅਤੇ ਇਸ ਤੋਂ ਵੀ ਵੱਧ ਪਰ ਹੇ ਯੋਨਾਥਾਨ, ਤੈਨੂੰ ਜ਼ਰੂਰ ਮਰਨਾ ਪਵੇਗਾ ।
45ਤਦ ਲੋਕਾਂ ਨੇ ਸ਼ਾਊਲ ਨੂੰ ਆਖਿਆ, ਕੀ ਯੋਨਾਥਾਨ ਮਰ ਜਾਉ ਜਿਸ ਨੇ ਇਸਰਾਏਲ ਦੇ ਲਈ ਅਜਿਹਾ ਵੱਡਾ ਛੁਟਕਾਰਾ ਕੀਤਾ ਹੈ ? ਪਰਮੇਸ਼ੁਰ ਨਾ ਕਰੇ ! ਜਿਉਂਦੇ ਪਰਮੇਸ਼ੁਰ ਦੀ ਸਹੁੰ, ਉਹ ਦਾ ਇੱਕ ਵਾਲ ਵੀ ਧਰਤੀ ਉੱਤੇ ਨਾ ਡਿੱਗੇਗਾ ਕਿਉਂ ਜੋ ਉਹ ਨੇ ਅੱਜ ਪਰਮੇਸ਼ੁਰ ਦੇ ਨਾਲ ਕੰਮ ਕੀਤਾ ਹੈ । ਸੋ ਲੋਕਾਂ ਨੇ ਯੋਨਾਥਾਨ ਨੂੰ ਬਚਾਇਆ ਜੋ ਉਹ ਮਾਰਿਆ ਨਾ ਗਿਆ ।46ਫੇਰ ਸ਼ਾਊਲ ਨੇ ਫ਼ਲਿਸਤੀਆਂ ਦਾ ਪਿੱਛਾ ਕਰਨ ਤੋਂ ਹਟ ਕੇ ਉਤਾਹਾਂ ਮੁੜ ਗਿਆ ਅਤੇ ਫ਼ਲਿਸਤੀ ਆਪਣੇ ਥਾਂ ਨੂੰ ਗਏ ।
ਸ਼ਾਊਲ ਦਾ ਰਾਜ ਅਤੇ ਉਸ ਦਾ ਪਰਿਵਾਰ

47ਸੋ ਸ਼ਾਊਲ ਨੇ ਇਸਰਾਏਲ ਦੇ ਉੱਤੇ ਰਾਜ ਕੀਤਾ ਅਤੇ ਆਪਣੇ ਵੈਰੀਆਂ ਨਾਲ ਚੁਫੇਰਿਓਂ ਮੋਆਬ ਦੇ ਅਤੇ ਅੰਮੋਨੀਆਂ ਦੇ ਨਾਲ ਅਤੇ ਅਦੋਮ ਦੇ ਅਤੇ ਸੋਬਾਹ ਦੇ ਰਾਜਿਆਂ ਨਾਲ ਅਤੇ ਫ਼ਲਿਸਤੀਆਂ ਨਾਲ ਲੜਾਈ ਕੀਤੀ ਅਤੇ ਜਿਸ ਪਾਸੇ ਉਹ ਮੂੰਹ ਕਰਦਾ ਸੀ ਉਸੇ ਪਾਸੇ ਉਹ ਉਨ੍ਹਾਂ ਨੂੰ ਦੁੱਖ ਦਿੰਦਾ ਸੀ ।48ਫੇਰ ਉਸ ਨੇ ਬਹਾਦਰੀ ਕਰ ਕੇ ਅਮਾਲੇਕੀਆਂ ਨੂੰ ਮਾਰਿਆ ਅਤੇ ਇਸਰਾਏਲੀਆਂ ਨੂੰ ਉਨ੍ਹਾਂ ਦੇ ਲੁਟੇਰਿਆਂ ਦੇ ਹੱਥੋਂ ਛੁਡਾਇਆ ।

49ਸ਼ਾਊਲ ਦੇ ਪੁੱਤਰਾਂ ਦੇ ਨਾਮ ਇਹ ਸਨ, ਯੋਨਾਥਾਨ, ਯਿਸ਼ਵੀ, ਮਾਲਕਿਸ਼ੂਆ ਅਤੇ ਉਹ ਦੀਆਂ ਦੋਹਾਂ ਧੀਆਂ ਦੇ ਨਾਮ ਇਹ ਸਨ, ਵੱਡੀ ਦਾ ਨਾਮ ਮੇਰਬ ਅਤੇ ਛੋਟੀ ਦਾ ਨਾਮ ਮੀਕਲ ।50ਅਤੇ ਸ਼ਾਊਲ ਦੀ ਪਤਨੀ ਦਾ ਨਾਮ ਆਹੀਨੋਆਮ ਸੀ ਜੋ ਅਹੀਮਆਸ ਦੀ ਧੀ ਸੀ ਅਤੇ ਉਹ ਦੇ ਸੈਨਾਪਤੀ ਦਾ ਨਾਮ ਅਬੀਨੇਰ ਸੀ ਜੋ ਸ਼ਾਊਲ ਦੇ ਚਾਚੇ ਨੇਰ ਦਾ ਪੁੱਤਰ ਸੀ ।51ਸ਼ਾਊਲ ਦੇ ਪਿਤਾ ਦਾ ਨਾਮ ਕੀਸ਼ ਸੀ ਅਤੇ ਅਬੀਨੇਰ ਦਾ ਪਿਤਾ ਨੇਰ ਅਬੀਏਲ ਦਾ ਪੁੱਤਰ ਸੀ ।

52ਸ਼ਾਊਲ ਦੀ ਸਾਰੀ ਉਮਰ ਫ਼ਲਿਸਤੀਆਂ ਨਾਲ ਡਾਢੀ ਲੜਾਈ ਹੁੰਦੀ ਰਹੀ ਅਤੇ ਜਦ ਸ਼ਾਊਲ ਕਿਸੇ ਮਨੁੱਖ ਜਾਂ ਸੂਰਬੀਰ ਮਨੁੱਖ ਨੂੰ ਦੇਖਦਾ ਸੀ ਤਾਂ ਉਹ ਨੂੰ ਆਪਣੇ ਕੋਲ ਰੱਖ ਲੈਂਦਾ ਸੀ ।

15
ਅਮਾਲੇਕੀਆਂ ਦੇ ਵਿਰੁੱਧ ਯੁੱਧ

1ਸਮੂਏਲ ਨੇ ਸ਼ਾਊਲ ਨੂੰ ਆਖਿਆ, ਮੈਨੂੰ ਯਹੋਵਾਹ ਨੇ ਭੇਜਿਆ ਹੈ ਜੋ ਮੈਂ ਤੈਨੂੰ ਅਭਿਸ਼ੇਕ ਕਰਾਂ, ਇਸ ਕਰਕੇ ਜੋ ਤੂੰ ਉਹ ਦੀ ਪਰਜਾ ਇਸਰਾਏਲ ਦਾ ਰਾਜਾ ਬਣੇਂ ਸੋ ਹੁਣ ਯਹੋਵਾਹ ਦਾ ਬਚਨ ਸੁਣ ।2ਸੈਨਾਵਾਂ ਦਾ ਯਹੋਵਾਹ ਇਉਂ ਆਖਦਾ ਹੈ, ਮੈਨੂੰ ਯਾਦ ਹੈ ਜੋ ਕੁਝ ਅਮਾਲੇਕ ਨੇ ਇਸਰਾਏਲ ਨਾਲ ਕੀਤਾ ਜਿਸ ਵੇਲੇ ਉਹ ਮਿਸਰੋਂ ਨਿੱਕਲ ਆਏ ਤਾਂ ਉਹ ਕਿਵੇਂ ਉਹਨਾਂ ਦੇ ਰਾਹ ਵਿੱਚ ਵਿਰੋਧੀ ਬਣ ਕੇ ਆਇਆ ।3ਸੋ ਹੁਣ ਤੂੰ ਜਾ ਅਤੇ ਅਮਾਲੇਕ ਨੂੰ ਮਾਰ ਅਤੇ ਸਭ ਕੁਝ ਜੋ ਉਨ੍ਹਾਂ ਦਾ ਹੈ ਮੂਲੋਂ ਨਾਸ਼ ਕਰ ਅਤੇ ਉਨ੍ਹਾਂ ਉੱਤੇ ਤਰਸ ਨਾ ਖਾ ਸਗੋਂ ਪੁਰਸ਼ ਅਤੇ ਇਸਤ੍ਰੀ, ਗੋਦ ਦੇ ਬਾਲ ਅਤੇ ਦੁੱਧ ਚੁੰਘਦੇ ਵੀ ਅਤੇ ਬਲ਼ਦ ਭੇੜ ਅਤੇ ਊਠ, ਗਧੇ ਤੱਕ ਸਾਰਿਆਂ ਨੂੰ ਵੱਢ ਸੁੱਟ ।

4ਸੋ ਸ਼ਾਊਲ ਨੇ ਲੋਕਾਂ ਨੂੰ ਇਕੱਠਿਆਂ ਕੀਤਾ ਅਤੇ ਤਲਾਇਮ ਵਿੱਚ ਉਹਨਾਂ ਦੀ ਗਿਣਤੀ ਕੀਤੀ । ਉਹ ਦੋ ਲੱਖ ਸਿਪਾਹੀ ਅਤੇ ਯਹੂਦੀ ਮਨੁੱਖ ਦਸ ਹਜ਼ਾਰ ਸਨ ।5ਸ਼ਾਊਲ ਨੇ ਅਮਾਲੇਕ ਨਗਰ ਦੀ ਘਾਟੀ ਦੇ ਵਿੱਚ ਘਾਤ ਲਾ ਕੇ ਉਹਨਾਂ ਨੂੰ ਬੈਠਾਇਆ ।
6ਸ਼ਾਊਲ ਨੇ ਕੇਨੀਆਂ ਨੂੰ ਆਖਿਆ, ਤੁਸੀਂ ਇੱਥੋਂ ਜਾਓ, ਅਮਾਲੇਕੀਆਂ ਦੇ ਵਿੱਚੋਂ ਨਿੱਕਲ ਜਾਓ ਅਜਿਹਾ ਨਾ ਹੋਵੇ ਜੋ ਮੈਂ ਉਨ੍ਹਾਂ ਦੇ ਨਾਲ ਤੁਹਾਡਾ ਵੀ ਨਾਸ਼ ਕਰ ਦੇਵਾਂ ਇਸ ਲਈ ਜੋ ਤੁਸੀਂ ਸਾਰੇ ਇਸਰਾਏਲੀਆਂ ਉੱਤੇ ਕਿਰਪਾ ਕੀਤੀ ਸੀ ਜਿਸ ਵੇਲੇ ਉਹ ਮਿਸਰ ਵਿਚੋਂ ਨਿੱਕਲ ਆਏ ਸਨ । ਸੋ ਕੇਨੀ ਅਮਾਲੇਕੀਆਂ ਵਿੱਚੋਂ ਨਿੱਕਲ ਗਏ ।7ਤਦ ਸ਼ਾਊਲ ਨੇ ਅਮਾਲੇਕੀਆਂ ਨੂੰ ਹਵੀਲਾਹ ਤੋਂ ਲੈ ਕੇ ਸੂਰ ਤੱਕ ਜੋ ਮਿਸਰ ਦੇ ਪੂਰਬ ਵਿੱਚ ਹੈ ਮਾਰਿਆ ।
8ਉਹਨਾਂ ਦੇ ਰਾਜਾ ਅਗਾਗ ਨੂੰ ਜਿਉਂਦਾ ਫੜ ਲਿਆ ਅਤੇ ਸਭਨਾਂ ਲੋਕਾਂ ਨੂੰ ਤਲਵਾਰ ਦੀ ਧਾਰ ਨਾਲ ਨਾਸ਼ ਕਰ ਦਿੱਤਾ ।9ਪਰ ਸ਼ਾਊਲ ਅਤੇ ਲੋਕਾਂ ਨੇ ਅਗਾਗ ਨੂੰ ਚੰਗੀਆਂ ਭੇਡਾਂ ਅਤੇ ਬਲ਼ਦਾਂ ਅਤੇ ਮੋਟੇ-ਮੋਟੇ ਵੱਛਿਆਂ ਅਤੇ ਮੇਢਿਆਂ ਦੇ ਬੱਚਿਆਂ ਨੂੰ ਅਤੇ ਸਭ ਕੁਝ ਜੋ ਚੰਗਾ ਸੀ ਬਚਾ ਰੱਖਿਆ ਅਤੇ ਉਨ੍ਹਾਂ ਦਾ ਨਾਸ਼ ਕਰਨ ਵਿੱਚ ਰਾਜ਼ੀ ਨਾ ਹੋਏ ਪਰ ਸਾਰੀਆਂ ਵਸਤਾਂ ਜੋ ਮਾੜੀਆਂ ਅਤੇ ਨਿਕੰਮੀਆਂ ਸਨ ਉਨ੍ਹਾਂ ਦਾ ਸੱਤਿਆਨਾਸ ਕਰ ਦਿੱਤਾ ।
ਰਾਜਾ ਹੋਣ ਲਈ ਸ਼ਾਊਲ ਨੂੰ ਅਸਵੀਕਾਰ ਕੀਤਾ ਜਾਣਾ

10ਤਦ ਯਹੋਵਾਹ ਦਾ ਬਚਨ ਸਮੂਏਲ ਨੂੰ ਮਿਲਿਆ,11ਮੈਂ ਪਛਤਾਉਂਦਾ ਹਾਂ ਜੋ ਮੈਂ ਸ਼ਾਊਲ ਨੂੰ ਰਾਜਾ ਬਣਾਇਆ ਕਿਉਂ ਜੋ ਉਹ ਮੇਰੇ ਪਿਛੇ ਚੱਲਣ ਤੋਂ ਮੁੜ ਗਿਆ ਹੈ ਅਤੇ ਉਸ ਨੇ ਮੇਰੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ । ਸਮੂਏਲ ਗੁੱਸੇ ਹੋਇਆ ਅਤੇ ਸਾਰੀ ਰਾਤ ਯਹੋਵਾਹ ਦੇ ਅੱਗੇ ਤਰਲੇ ਕਰਦਾ ਰਿਹਾ ।
12ਜਦ ਸਮੂਏਲ ਸ਼ਾਊਲ ਨੂੰ ਮਿਲਣ ਲਈ ਤੜਕੇ ਉੱਠਿਆ ਤਾਂ ਸਮੂਏਲ ਨੂੰ ਖ਼ਬਰ ਹੋਈ ਜੋ ਸ਼ਾਊਲ ਕਰਮਲ ਨੂੰ ਆਇਆ ਹੋਇਆ ਹੈ ਅਤੇ ਵੇਖੋ, ਆਪਣੇ ਲਈ ਉਸ ਨੇ ਇੱਕ ਯਾਦਗਾਰ ਕਾਇਮ ਕੀਤੀ, ਅਤੇ ਲੰਘ ਕੇ ਗਿਲਗਾਲ ਵੱਲ ਚੱਲਾ ਗਿਆ ।13ਫੇਰ ਸਮੂਏਲ ਸ਼ਾਊਲ ਕੋਲ ਗਿਆ ਅਤੇ ਸ਼ਾਊਲ ਨੇ ਆਖਿਆ, ਹੇ ਯਹੋਵਾਹ ਦੇ ਮੁਬਾਰਕ, ਮੈਂ ਯਹੋਵਾਹ ਦੀ ਆਗਿਆ ਅਨੁਸਾਰ ਕੰਮ ਕੀਤਾ ।
14ਸਮੂਏਲ ਨੇ ਆਖਿਆ, ਫੇਰ ਭੇਡਾਂ ਦੀ ਮੈਂ ਮੈਂ ਅਤੇ ਬਲ਼ਦਾਂ ਦਾ ਅੜਾਉਣਾ ਕੀ ਹੈ, ਜੋ ਮੈਂ ਸੁਣਦਾ ਹਾਂ ?15ਸ਼ਾਊਲ ਨੇ ਆਖਿਆ, ਉਹ ਇਨ੍ਹਾਂ ਨੂੰ ਅਮਾਲੇਕੀਆਂ ਵੱਲੋਂ ਲਿਆਏ ਹਨ ਅਤੇ ਲੋਕਾਂ ਨੇ ਚੰਗੀਆਂ-ਚੰਗੀਆਂ ਭੇਡਾਂ ਅਤੇ ਬਲ਼ਦਾਂ ਨੂੰ ਜਿਉਂਦੇ ਰੱਖਿਆ ਜੋ ਉਨ੍ਹਾਂ ਨੂੰ ਯਹੋਵਾਹ ਤੇਰੇ ਪਰਮੇਸ਼ੁਰ ਦੇ ਅੱਗੇ ਬਲੀ ਚੜ੍ਹਾਉਣ ਅਤੇ ਰਹਿੰਦੇ ਸਭਨਾਂ ਨੂੰ ਅਸੀਂ ਮੂਲੋਂ ਹੀ ਨਾਸ਼ ਕਰ ਸੁੱਟਿਆ ।16ਤਦ ਸਮੂਏਲ ਨੇ ਸ਼ਾਊਲ ਨੂੰ ਆਖਿਆ, ਠਹਿਰ ਜਾ ਅਤੇ ਅੱਜ ਰਾਤੀਂ ਜਿਹੜਾ ਯਹੋਵਾਹ ਨੇ ਮੈਨੂੰ ਆਖਿਆ ਹੈ ਉਹ ਮੈਂ ਤੈਨੂੰ ਦੱਸਾਂਗਾ ਤਾਂ ਸ਼ਾਊਲ ਬੋਲਿਆ ਦੱਸੋ ਜੀ ।

17ਸਮੂਏਲ ਨੇ ਆਖਿਆ, ਜਿਸ ਵੇਲੇ ਤੂੰ ਆਪਣੀ ਨਜ਼ਰ ਵਿੱਚ ਤੁੱਛ ਸੀ ਤਾਂ ਭਲਾ, ਇਸਰਾਏਲ ਦੇ ਗੋਤਾਂ ਦਾ ਤੂੰ ਪ੍ਰਧਾਨ ਨਹੀਂ ਠਹਿਰਾਇਆ ਗਿਆ ? ਯਹੋਵਾਹ ਨੇ ਇਸਰਾਏਲ ਦਾ ਰਾਜਾ ਬਣਨ ਲਈ ਤੈਨੂੰ ਅਭਿਸ਼ੇਕ ਕੀਤਾ ।18ਯਹੋਵਾਹ ਨੇ ਤੈਨੂੰ ਖ਼ਾਸ ਮਕਸਦ ਲਈ ਭੇਜਿਆ ਅਤੇ ਆਖਿਆ, ਜਾਹ ਅਤੇ ਉਨ੍ਹਾਂ ਪਾਪੀ ਅਮਾਲੇਕੀਆਂ ਦਾ ਨਾਸ਼ ਕਰ ਜਦ ਤੱਕ ਉਹ ਨਸ਼ਟ ਨਾ ਹੋ ਜਾਣ ਉਨ੍ਹਾਂ ਨਾਲ ਲੜਾਈ ਕਰ ।19ਫੇਰ ਤੂੰ ਯਹੋਵਾਹ ਦੀ ਗੱਲ ਕਿਉਂ ਨਾ ਮੰਨੀ ਅਤੇ ਲੁੱਟ ਦੇ ਮਾਲ ਉੱਤੇ ਤੇਰਾ ਮਨ ਕਿਉਂ ਆ ਡਿੱਗਾ ਅਤੇ ਯਹੋਵਾਹ ਦੇ ਸਨਮੁਖ ਕਿਉਂ ਬੁਰਾਈ ਕੀਤੀ ?
20ਸ਼ਾਊਲ ਨੇ ਸਮੂਏਲ ਨੂੰ ਆਖਿਆ, ਮੈਂ ਤਾਂ ਯਹੋਵਾਹ ਦੀ ਆਗਿਆ ਮੰਨੀ ਹੈ ਅਤੇ ਜਿਸ ਦੇ ਵਿੱਚ ਯਹੋਵਾਹ ਨੇ ਮੈਨੂੰ ਭੇਜਿਆ ਉਸ ਰਾਹ ਤੁਰਿਆ ਹਾਂ ਅਤੇ ਅਮਾਲੇਕ ਦੇ ਰਾਜਾ ਅਗਾਗ ਨੂੰ ਲੈ ਆਇਆ ਹਾਂ ਅਤੇ ਅਮਾਲੇਕੀਆਂ ਨੂੰ ਮੂਲੋਂ ਨਾਸ਼ ਕੀਤਾ ਹੈ ।21ਪਰ ਲੋਕ ਲੁੱਟ ਦੇ ਵਿੱਚੋਂ ਭੇਡਾਂ ਅਤੇ ਬਲ਼ਦ ਅਰਥਾਤ ਚੰਗੀਆਂ-ਚੰਗੀਆਂ ਵਸਤਾਂ ਜਿਨ੍ਹਾਂ ਨੂੰ ਨਾਸ਼ ਕਰਨਾ ਚਾਹੀਦਾ ਸੀ, ਇਸ ਲਈ ਗਿਲਗਾਲ ਵਿੱਚ ਯਹੋਵਾਹ ਤੇਰੇ ਪਰਮੇਸ਼ੁਰ ਦੇ ਅੱਗੇ ਭੇਟ ਚੜ੍ਹਾਉਣ ਲਈ ਲੈ ਆਏ ਹਨ ।
22ਸਮੂਏਲ ਬੋਲਿਆ,
ਭਲਾ, ਯਹੋਵਾਹ ਹੋਮ ਦੀਆਂ ਭੇਟਾਂ ਅਤੇ ਬਲੀਆਂ ਨਾਲ ਪਰਸੰਨ ਹੁੰਦਾ ਹੈ,
ਜਾਂ ਇਸ ਗੱਲ ਉੱਤੇ ਜੋ ਉਹ ਦੀ ਅਵਾਜ਼ ਸੁਣੀ ਜਾਵੇ ?
ਵੇਖ, ਆਗਿਆ ਮੰਨਣਾ ਭੇਟਾਂ ਚੜ੍ਹਾਉਣ ਨਾਲੋਂ,
ਅਤੇ ਸਰੋਤਾ ਬਣਨਾ ਮੇਂਢੇਆਂ ਦੀ ਚਰਬੀ ਨਾਲੋਂ ਚੰਗਾ ਹੈ ।

23ਕਿਉਂ ਜੋ ਬਗਾਵਤ ਕਰਨਾ ਅਤੇ ਜਾਦੂਗਰੀ ਦਾ ਪਾਪ ਇੱਕੋ ਜਿਹਾ ਹੈ,
ਅਤੇ ਢੀਠਤਾ, ਮੂਰਤੀ ਪੂਜਾ ਜਿਹੀ ਹੈ ।
ਸੋ ਜਿਵੇਂ ਤੂੰ ਯਹੋਵਾਹ ਦੇ ਬਚਨ ਨੂੰ ਰੱਦਿਆ ਹੈ,
ਉਸੇ ਤਰ੍ਹਾਂ ਹੀ ਯਹੋਵਾਹ ਨੇ ਰਾਜਾ ਹੋਣ ਤੋਂ ਤੈਨੂੰ ਰੱਦਿਆ ਹੈ ।

24ਸ਼ਾਊਲ ਨੇ ਸਮੂਏਲ ਨੂੰ ਆਖਿਆ, ਮੈਂ ਪਾਪ ਕੀਤਾ ਕਿਉਂ ਜੋ ਯਹੋਵਾਹ ਦੀ ਆਗਿਆ ਨੂੰ ਅਤੇ ਤੇਰੀਆਂ ਗੱਲਾਂ ਨੂੰ ਮੋੜ ਦਿੱਤਾ ਮੈਂ ਲੋਕਾਂ ਤੋਂ ਜੋ ਡਰਿਆ ਅਤੇ ਉਹਨਾਂ ਦੀ ਗੱਲ ਸੁਣੀ25ਸੋ ਹੁਣ ਦਯਾ ਕਰ ਕੇ ਮੇਰਾ ਪਾਪ ਮਾਫ਼ ਕਰ ਅਤੇ ਮੇਰੇ ਨਾਲ ਮੁੜ ਚੱਲ ਜੋ ਮੈਂ ਯਹੋਵਾਹ ਦੇ ਅੱਗੇ ਮੱਥਾ ਟੇਕਾ
26ਤਾਂ ਸਮੂਏਲ ਨੇ ਸ਼ਾਊਲ ਨੂੰ ਆਖਿਆ, ਮੈ ਤੇਰੇ ਨਾਲ ਨਹੀਂ ਜਾਂਵਾਂਗਾ ਕਿਉਂ ਜੋ ਤੂੰ ਯਹੋਵਾਹ ਦੇ ਬਚਨ ਨੂੰ ਰੱਦਿਆ ਅਤੇ ਯਹੋਵਾਹ ਨੇ ਇਸਰਾਏਲ ਉੱਤੇ ਰਾਜਾ ਰਹਿਣ ਤੋਂ ਤੈਨੂੰ ਰੱਦਿਆ ਹੈ ।27ਜਦ ਸਮੂਏਲ ਵਿਦਾ ਹੋਣ ਨੂੰ ਮੁੜਿਆ ਤਾਂ ਉਹ ਨੇ ਉਸ ਦੀ ਚਾਦਰ ਦਾ ਪੱਲਾ ਫੜ ਲਿਆ ਅਤੇ ਉਹ ਫਟ ਗਿਆ ।
28ਤਦ ਸਮੂਏਲ ਨੇ ਉਹ ਨੂੰ ਆਖਿਆ, ਯਹੋਵਾਹ ਨੇ ਤੇਰਾ ਰਾਜ ਜੋ ਤੂੰ ਇਸਰਾਏਲ ਉੱਤੇ ਕਰਦਾ ਸੀ ਅੱਜ ਤੇਰੇ ਨਾਲੋਂ ਵੱਖ ਕਰ ਦਿੱਤਾ ਹੈ ਅਤੇ ਤੇਰੇ ਇੱਕ ਗੁਆਂਢੀ ਨੂੰ ਦੇ ਦਿੱਤਾ ਜੋ ਤੇਰੇ ਨਾਲੋਂ ਚੰਗਾ ਹੈ ।29ਇਸਰਾਏਲ ਦਾ ਸ਼ਕਤੀਮਾਨ ਝੂਠ ਨਹੀਂ ਬੋਲਦਾ ਅਤੇ ਪਛਤਾਉਂਦਾ ਨਹੀਂ ਕਿਉਂ ਜੋ ਉਹ ਮਨੁੱਖ ਨਹੀਂ ਜੋ ਪਛਤਾਵੇ ।
30ਤਦ ਉਹ ਨੇ ਆਖਿਆ, ਮੈਂ ਪਾਪ ਕੀਤਾ ਪਰ ਮੇਰੇ ਲੋਕਾਂ ਦੇ ਬਜ਼ੁਰਗਾਂ ਅਤੇ ਇਸਰਾਏਲ ਦੇ ਅੱਗੇ ਮੇਰਾ ਆਦਰ ਕਰ ਅਤੇ ਮੇਰੇ ਨਾਲ ਮੁੜ ਚੱਲ ਜੋ ਮੈਂ ਯਹੋਵਾਹ ਤੇਰੇ ਪਰਮੇਸ਼ੁਰ ਅੱਗੇ ਮੱਥਾ ਟੇਕਾਂ ।31ਤਦ ਸਮੂਏਲ ਸ਼ਾਊਲ ਦੇ ਮਗਰ ਮੁੜਿਆ ਅਤੇ ਸ਼ਾਊਲ ਨੇ ਯਹੋਵਾਹ ਦੇ ਅੱਗੇ ਮੱਥਾ ਟੇਕਿਆ ।

32ਤਦ ਸਮੂਏਲ ਨੇ ਆਖਿਆ, ਅਮਾਲੇਕੀਆਂ ਦੇ ਰਾਜਾ ਅਗਾਗ ਨੂੰ ਮੇਰੇ ਕੋਲ ਲੈ ਆਓ ਅਤੇ ਅਗਾਗ ਨਿਚਿੰਤ ਹੋ ਕੇ ਉਹ ਦੇ ਕੋਲ ਆਇਆ, ਅਗਾਗ ਨੇ ਆਖਿਆ, ਜ਼ਰੂਰ ਮੌਤ ਦੀ ਕੁੜੱਤਣ ਲੰਘ ਗਈ ਹੋਵੇਗੀ ।33ਪਰ ਸਮੂਏਲ ਨੇ ਆਖਿਆ, ਜਿਸ ਤਰ੍ਹਾਂ ਤੇਰੀ ਤਲਵਾਰ ਨੇ ਤੀਵੀਆਂ ਨੂੰ ਔਂਤਰਿਆਂ ਕੀਤਾ ਉਸੇ ਤਰ੍ਹਾਂ ਹੀ ਤੇਰੀ ਮਾਂ ਤੀਵੀਆਂ ਵਿੱਚੋਂ ਔਂਤਰੀ ਹੋਵੇਗੀ ਅਤੇ ਸਮੂਏਲ ਨੇ ਗਿਲਗਾਲ ਵਿੱਚ ਯਹੋਵਾਹ ਦੇ ਅੱਗੇ ਅਗਾਗ ਨੂੰ ਟੋਟੇ-ਟੋਟੇ ਕੀਤਾ ।

34ਸਮੂਏਲ ਰਾਮਾਹ ਨੂੰ ਗਿਆ ਅਤੇ ਸ਼ਾਊਲ ਆਪਣੇ ਘਰ ਨੂੰ ਗਿਬਆਹ ਵੱਲ ਚੜ੍ਹ ਗਿਆ,35ਅਤੇ ਸਮੂਏਲ ਆਪਣੀ ਮੌਤ ਤੱਕ ਸ਼ਾਊਲ ਨੂੰ ਨਾ ਵੇਖਣ ਗਿਆ ਤਾਂ ਵੀ ਸਮੂਏਲ ਸ਼ਾਊਲ ਤੋਂ ਉਦਾਸ ਹੁੰਦਾ ਰਿਹਾ ਅਤੇ ਯਹੋਵਾਹ ਨੇ ਵੀ ਸ਼ਾਊਲ ਨੂੰ ਇਸਰਾਏਲ ਦਾ ਰਾਜਾ ਬਣਾਉਣ ਵਿੱਚ ਅਫ਼ਸੋਸ ਕੀਤਾ ।

16
ਦਾਊਦ ਨੂੰ ਰਾਜਾ ਹੋਣ ਲਈ ਮਸਹ ਕੀਤਾ ਜਾਣਾ

1ਯਹੋਵਾਹ ਨੇ ਸਮੂਏਲ ਨੂੰ ਆਖਿਆ, ਕਦੋਂ ਤੱਕ ਤੂੰ ਸ਼ਾਊਲ ਲਈ ਸੋਗ ਕਰਦਾ ਰਹੇਗਾਂ ਜਦ ਕਿ ਮੈਂ ਉਹ ਨੂੰ ਇਸਰਾਏਲ ਰਾਜਾ ਹੋਣ ਤੋਂ ਤਿਆਗ ਦਿੱਤਾ ਹੈ ? ਤੂੰ ਆਪਣੇ ਸਿੰਗ ਵਿੱਚ ਤੇਲ ਭਰ ਅਤੇ ਜਾ । ਮੈਂ ਤੈਨੂੰ ਬੈਤਲਹਮ ਵਿੱਚ ਯੱਸੀ ਦੇ ਕੋਲ ਭੇਜਦਾ ਹਾਂ ਕਿਉਂ ਜੋ ਉਹ ਦੇ ਪੁੱਤਰਾਂ ਵਿੱਚੋਂ ਇੱਕ ਨੂੰ ਮੈਂ ਰਾਜਾ ਹੋਣ ਲਈ ਚੁਣਿਆ ਹੈ ।

2ਸਮੂਏਲ ਬੋਲਿਆ, ਮੈਂ ਕਿਸ ਤਰ੍ਹਾਂ ਜਾਂਵਾਂ ? ਜੇਕਰ ਸ਼ਾਊਲ ਇਹ ਸੁਣੇਗਾ ਤਾਂ ਮੈਨੂੰ ਮਾਰ ਸੁੱਟੇਗਾ । ਯਹੋਵਾਹ ਨੇ ਆਖਿਆ, ਇੱਕ ਵੱਛੀ ਆਪਣੇ ਨਾਲ ਲੈ ਜਾ ਅਤੇ ਇਸ ਤਰ੍ਹਾਂ ਆਖ ਕਿ ਮੈਂ ਯਹੋਵਾਹ ਦੇ ਅੱਗੇ ਭੇਟ ਚੜ੍ਹਾਉਣ ਆਇਆ ਹਾਂ ।3ਜਦ ਤੂੰ ਬਲੀ ਚੜ੍ਹਾਵੇਂ ਤਾਂ ਯੱਸੀ ਨੂੰ ਸੱਦਾ ਦੇ ਅਤੇ ਫੇਰ ਜੋ ਤੈਨੂੰ ਕਰਨਾ ਹੋਵੇਗਾ ਉਹ ਮੈਂ ਤੈਨੂੰ ਦੱਸਾਂਗਾ ਅਤੇ ਜਿਸ ਦਾ ਨਾਮ ਮੈਂ ਤੈਨੂੰ ਦੱਸਾਂ ਉਸ ਨੂੰ ਮੇਰੇ ਲਈ ਅਭਿਸ਼ੇਕ ਕਰ ।
4ਤਦ ਜਿਵੇਂ ਯਹੋਵਾਹ ਨੇ ਆਖਿਆ ਸੀ ਸਮੂਏਲ ਨੇ ਉਸੇ ਤਰ੍ਹਾਂ ਕੀਤਾ ਅਤੇ ਬੈਤਲਹਮ ਵਿੱਚ ਆਇਆ । ਸ਼ਹਿਰ ਦੇ ਬਜ਼ੁਰਗ ਉਹ ਦੇ ਆਉਣ ਤੋਂ ਕੰਬ ਕੇ ਬੋਲੇ, ਤੂੰ ਸ਼ਾਂਤੀ ਨਾਲ ਆਇਆ ਹੈ ਜਾਂ ਨਹੀਂ ?5ਉਹ ਬੋਲਿਆ, ਹਾਂ, ਮੈਂ ਸ਼ਾਂਤੀ ਨਾਲ ਆਇਆ ਹਾਂ । ਮੈਂ ਯਹੋਵਾਹ ਦੇ ਅੱਗੇ ਭੇਟ ਚੜ੍ਹਾਉਣ ਆਇਆ ਹਾਂ । ਤੁਸੀਂ ਆਪਣੇ ਆਪ ਨੂੰ ਪਵਿੱਤਰ ਕਰੋ ਅਤੇ ਮੇਰੇ ਨਾਲ ਭੇਟ ਚੜ੍ਹਾਉਣ ਲਈ ਆਓ ਅਤੇ ਉਸ ਨੇ ਯੱਸੀ ਨੂੰ ਉਹ ਦੇ ਪੁੱਤਰਾਂ ਸਮੇਤ ਪਵਿੱਤਰ ਕੀਤਾ ਅਤੇ ਉਨ੍ਹਾਂ ਨੂੰ ਭੇਟ ਚੜ੍ਹਾਉਣ ਲਈ ਸੱਦਿਆ ।
6ਜਦ ਉਹ ਆਏ ਤਦ ਸਮੂਏਲ ਨੇ ਅਲੀਆਬ ਨੂੰ ਵੇਖਿਆ ਅਤੇ ਸੋਚਿਆ, ਯਕੀਨਨ ਜੋ ਯਹੋਵਾਹ ਦੇ ਅੱਗੇ ਹੈ ਉਹੀ ਉਸ ਦਾ ਅਭਿਸ਼ੇਕ ਕੀਤਾ ਹੋਇਆ ਹੈ ।7ਪਰ ਯਹੋਵਾਹ ਨੇ ਸਮੂਏਲ ਨੂੰ ਆਖਿਆ, ਉਹ ਦੇ ਮੂੰਹ ਉੱਤੇ ਅਤੇ ਉਹ ਦੇ ਕੱਦ ਵੱਲ ਨਾ ਵੇਖ ਕਿਉਂ ਜੋ ਉਸ ਨੂੰ ਮੈਂ ਸਵੀਕਾਰ ਨਹੀਂ ਕੀਤਾ, ਯਹੋਵਾਹ ਦਾ ਵੇਖਣਾ ਮਨੁੱਖਾਂ ਵਰਗਾ ਨਹੀਂ । ਮਨੁੱਖ ਤਾਂ ਬਾਹਰਲਾ ਰੂਪ ਵੇਖਦਾ ਹੈ ਪਰ ਯਹੋਵਾਹ ਦਿਲ ਨੂੰ ਵੇਖਦਾ ਹੈ ।
8ਤਦ ਯੱਸੀ ਨੇ ਅਬੀਨਾਦਾਬ ਨੂੰ ਸੱਦਿਆ ਅਤੇ ਉਹ ਨੂੰ ਸਮੂਏਲ ਦੇ ਅੱਗੇ ਕੀਤਾ । ਉਹ ਬੋਲਿਆ, ਇਹ ਨੂੰ ਵੀ ਯਹੋਵਾਹ ਨੇ ਨਹੀਂ ਚੁਣਿਆ ।9ਫੇਰ ਯੱਸੀ ਨੇ ਸ਼ੰਮਾਹ ਨੂੰ ਅੱਗੇ ਕੀਤਾ ਪਰ ਉਹ ਬੋਲਿਆ, ਇਹ ਨੂੰ ਵੀ ਯਹੋਵਾਹ ਨੇ ਨਹੀਂ ਚੁਣਿਆ ।10ਯੱਸੀ ਨੇ ਆਪਣੇ ਸੱਤਾਂ ਹੀ ਪੁੱਤਰਾਂ ਨੂੰ ਸਮੂਏਲ ਦੇ ਅੱਗੇ ਕਰ ਦਿੱਤਾ ਸੋ ਸਮੂਏਲ ਨੇ ਯੱਸੀ ਨੂੰ ਆਖਿਆ, ਯਹੋਵਾਹ ਨੇ ਇਹਨਾਂ ਨੂੰ ਨਹੀਂ ਚੁਣਿਆ ।
11ਸਮੂਏਲ ਨੇ ਯੱਸੀ ਨੂੰ ਪੁੱਛਿਆ, ਕੀ ਤੇਰੇ ਸਾਰੇ ਪੁੱਤਰ ਇਹੋ ਹੀ ਹਨ ? ਉਹ ਬੋਲਿਆ ਸਭ ਤੋਂ ਛੋਟਾ ਅਜੇ ਰਹਿੰਦਾ ਹੈ । ਉਹ ਇੱਜੜ ਨੂੰ ਚਰਾਉਂਦਾ ਹੈ । ਤਦ ਸਮੂਏਲ ਨੇ ਯੱਸੀ ਨੂੰ ਆਖਿਆ, ਉਹ ਨੂੰ ਸੱਦਾ ਭੇਜ ਕਿਉਂ ਜੋ ਜਦ ਤੱਕ ਉਹ ਇੱਥੇ ਨਾ ਆਵੇ ਅਸੀਂ ਨਹੀਂ ਬੈਠਾਂਗੇ ।12ਇਸ ਲਈ ਉਸ ਨੂੰ ਸੱਦਾ ਭੇਜਿਆ ਅਤੇ ਉਸ ਨੂੰ ਅੰਦਰ ਲੈ ਆਇਆ । ਉਸ ਦਾ ਰੰਗ ਲਾਲ, ਸੋਹਣੀਆਂ ਅੱਖਾਂ ਅਤੇ ਵੇਖਣ ਵਿੱਚ ਚੰਗਾ ਸੀ ਅਤੇ ਯਹੋਵਾਹ ਨੇ ਆਖਿਆ, ਉੱਠ ਅਤੇ ਇਹ ਨੂੰ ਅਭਿਸ਼ੇਕ ਕਰ ਕਿਉਂ ਜੋ ਇਹੋ ਹੀ ਹੈ ।
13ਤਦ ਸਮੂਏਲ ਨੇ ਤੇਲ ਦਾ ਸਿੰਗ ਲੈ ਕੇ ਉਹ ਦੇ ਭਰਾਵਾਂ ਦੇ ਵਿੱਚ ਉਹ ਨੂੰ ਅਭਿਸ਼ੇਕ ਕੀਤਾ ਅਤੇ ਉਸ ਦਿਨ ਤੋਂ ਯਹੋਵਾਹ ਦਾ ਆਤਮਾ ਸਦਾ ਦਾਊਦ ਉੱਤੇ ਆਉਂਦਾ ਰਿਹਾ ਅਤੇ ਸਮੂਏਲ ਉੱਠ ਕੇ ਰਾਮਾਹ ਨੂੰ ਵਿਦਾ ਹੋਇਆ ।
ਦਾਊਦ ਦਾ ਸ਼ਾਊਲ ਦੇ ਸਨਮੁੱਖ ਹਾਜਰ ਹੋਣਾ

14ਪਰ ਸ਼ਾਊਲ ਉੱਤੋਂ ਯਹੋਵਾਹ ਦਾ ਆਤਮਾ ਅਲੱਗ ਹੋ ਗਿਆ ਅਤੇ ਯਹੋਵਾਹ ਵੱਲੋਂ ਇੱਕ ਦੁਸ਼ਟ-ਆਤਮਾ ਉਹ ਨੂੰ ਘਬਰਾਉਣ ਲੱਗਾ ।15ਤਦ ਸ਼ਾਊਲ ਦੇ ਸੇਵਕਾਂ ਨੇ ਉਹ ਨੂੰ ਆਖਿਆ, ਵੇਖੋ, ਹੁਣ ਪਰਮੇਸ਼ੁਰ ਵੱਲੋਂ ਇੱਕ ਦੁਸ਼ਟ-ਆਤਮਾ ਤੁਹਾਨੂੰ ਘਬਰਾਉਂਦਾ ਹੈ ।16ਸਾਡਾ ਸੁਆਮੀ ਹੁਣ ਆਪਣੇ ਸੇਵਕਾਂ ਨੂੰ ਜੋ ਤੁਹਾਡੇ ਸਾਹਮਣੇ ਹਨ ਆਗਿਆ ਦੇਵੇ ਕਿ ਜੋ ਉਹ ਇੱਕ ਅਜਿਹਾ ਮਨੁੱਖ ਲੱਭਣ ਜਿਹੜਾ ਬਰਬਤ ਵਜਾਉਣ ਵਿੱਚ ਕੁਸ਼ਲ ਹੋਵੇ ਅਤੇ ਅਜਿਹਾ ਹੋਵੇਗਾ ਕਿ ਜਿਸ ਵੇਲੇ ਪਰਮੇਸ਼ੁਰ ਵੱਲੋਂ ਇਹ ਦੁਸ਼ਟ-ਆਤਮਾ ਤੁਹਾਡੇ ਉੱਤੇ ਆਵੇ ਤਾਂ ਉਹ ਆਪਣੇ ਹੱਥ ਨਾਲ ਵਜਾਵੇਗਾ ਤਾਂ ਤੁਸੀਂ ਚੰਗੇ ਹੋ ਜਾਓਗੇ ।
17ਸ਼ਾਊਲ ਨੇ ਆਪਣੇ ਸੇਵਕਾਂ ਨੂੰ ਆਖਿਆ, ਠੀਕ ਹੈ, ਮੇਰੇ ਲਈ ਕਿਸੇ ਵਧੀਆ ਬਰਬਤ ਵਜਾਉਣ ਵਾਲੇ ਨੂੰ ਲੱਭੋ ਅਤੇ ਉਸ ਨੂੰ ਮੇਰੇ ਕੋਲ ਲੈ ਆਉ ।18ਸੋ ਉਸ ਵੇਲੇ ਉਹ ਦੇ ਸੇਵਕਾਂ ਵਿੱਚੋਂ ਇੱਕ ਨੇ ਕਿਹਾ, ਵੇਖ, ਮੈਂ ਬੈਤਲਹਮ ਦੇ ਯੱਸੀ ਦਾ ਇੱਕ ਪੁੱਤਰ ਵੇਖਿਆ ਹੈ ਜੋ ਵਜਾਉਣ ਵਿੱਚ ਕੁਸ਼ਲ ਹੈ, ਨਾਲੇ ਵੱਡਾ ਸੂਰਬੀਰ ਹੈ, ਜੋਧਾ ਹੈ, ਗੱਲਾਂ ਵਿੱਚ ਬਹੁਤ ਸਿਆਣਾ ਹੈ, ਸੋਹਣਾ ਹੈ ਅਤੇ ਯਹੋਵਾਹ ਉਹ ਦੇ ਨਾਲ ਹੈ ।19ਸੋ ਸ਼ਾਊਲ ਨੇ ਦੂਤਾਂ ਦੇ ਹੱਥ ਯੱਸੀ ਨੂੰ ਸੱਦਾ ਭੇਜਿਆ ਕਿ ਆਪਣੇ ਪੁੱਤਰ ਦਾਊਦ ਨੂੰ ਜੋ ਇੱਜੜ ਦੇ ਨਾਲ ਹੈ ਮੇਰੇ ਕੋਲ ਭੇਜ ਦੇ ।
20ਤਦ ਯੱਸੀ ਨੇ ਇੱਕ ਗਧਾ ਜਿਸ ਦੇ ਉੱਤੇ ਰੋਟੀਆਂ ਲੱਦੀਆਂ ਸਨ ਅਤੇ ਇੱਕ ਮਸ਼ਕ ਮੈਅ ਦੀ ਅਤੇ ਬੱਕਰੀ ਦਾ ਇੱਕ ਬੱਚਾ ਲੈ ਕੇ ਆਪਣੇ ਪੁੱਤਰ ਦਾਊਦ ਦੇ ਹੱਥੀਂ ਸ਼ਾਊਲ ਕੋਲ ਭੇਜਿਆ ।21ਦਾਊਦ ਸ਼ਾਊਲ ਕੋਲ ਆਇਆ ਅਤੇ ਉਸ ਦੇ ਸਾਹਮਣੇ ਆ ਖੜ੍ਹਾ ਹੋਇਆ ਅਤੇ ਉਸ ਨੇ ਦਾਊਦ ਦੇ ਨਾਲ ਬਹੁਤ ਪਿਆਰ ਕੀਤਾ ਅਤੇ ਉਹ ਉਸ ਦੇ ਸ਼ਸਤਰ ਚੁੱਕਣ ਵਾਲਾ ਬਣ ਗਿਆ ।
22ਸ਼ਾਊਲ ਨੇ ਯੱਸੀ ਨੂੰ ਆਖ ਭੇਜਿਆ ਦਾਊਦ ਨੂੰ ਮੇਰੀ ਸੇਵਾ ਵਿੱਚ ਰਹਿਣ ਦੇ ਕਿਉਂ ਜੋ ਮੈਂ ਉਸ ਤੋਂ ਬਹੁਤ ਪ੍ਰਸੰਨ ਹਾਂ ।23ਤਾਂ ਇਸ ਤਰ੍ਹਾਂ ਹੋਇਆ ਕਿ ਜਿਸ ਵੇਲੇ ਦੁਸ਼ਟ-ਆਤਮਾ ਪਰਮੇਸ਼ੁਰ ਵੱਲੋਂ ਸ਼ਾਊਲ ਉੱਤੇ ਆਉਂਦਾ ਸੀ ਤਾਂ ਦਾਊਦ ਬਰਬਤ ਲੈ ਕੇ ਵਜਾਉਂਦਾ ਸੀ ਅਤੇ ਸ਼ਾਊਲ ਨੂੰ ਤਾਜ਼ਗੀ ਮਿਲਦੀ ਸੀ ਅਤੇ ਉਹ ਚੰਗਾ ਹੋ ਜਾਂਦਾ ਸੀ ਤਾਂ ਉਹ ਦੁਸ਼ਟ-ਆਤਮਾ ਉਹ ਦੇ ਉੱਤੋਂ ਹੱਟ ਜਾਂਦਾ ਸੀ ।

17
ਗੋਲੀਅਥ ਵੱਲੋਂ ਸਾਰੇ ਇਸਰਾਏਲ ਨੂੰ ਚਣੌਤੀ

1ਹੁਣ ਫ਼ਲਿਸਤੀਆਂ ਨੇ ਲੜਾਈ ਦੇ ਲਈ ਆਪਣੇ ਦਲਾਂ ਨੂੰ ਇਕੱਠਾ ਕੀਤਾ ਅਤੇ ਯਹੂਦਾਹ ਦੇ ਸ਼ਹਿਰ ਸੋਕੋਹ ਵਿੱਚ ਇਕੱਠੇ ਹੋਏ ਅਤੇ ਸੋਕੋਹ ਅਤੇ ਅਜ਼ੇਕਾਹ ਦੇ ਵਿਚਕਾਰ ਅਫ਼ਸਦੰਮੀਮ ਵਿੱਚ ਡੇਰੇ ਲਾਏ ।

2ਸ਼ਾਊਲ ਅਤੇ ਇਸਰਾਏਲ ਦੇ ਲੋਕਾਂ ਨੇ ਵੀ ਇਕੱਠੇ ਹੋ ਕੇ ਏਲਾਹ ਦੀ ਘਾਟੀ ਵਿੱਚ ਡੇਰੇ ਲਾਏ ਅਤੇ ਲੜਾਈ ਦੇ ਲਈ ਫ਼ਲਿਸਤੀਆਂ ਦੇ ਸਾਹਮਣੇ ਕਤਾਰਾਂ ਬੰਨ੍ਹੀਆਂ ।3ਇੱਕ ਪਾਸੇ ਦੇ ਪਹਾੜ ਉੱਤੇ ਫ਼ਲਿਸਤੀ ਖੜ੍ਹੇ ਸਨ ਅਤੇ ਦੂਜੇ ਪਾਸੇ ਦੇ ਪਹਾੜ ਉੱਤੇ ਇਸਰਾਏਲੀ ਖੜ੍ਹੇ ਸਨ ਅਤੇ ਉਨ੍ਹਾਂ ਦੋਹਾਂ ਦੇ ਵਿਚਕਾਰ ਇੱਕ ਘਾਟੀ ਸੀ ।
4ਉਸ ਵੇਲੇ ਫ਼ਲਿਸਤੀਆਂ ਦੇ ਡੇਰੇ ਵਿੱਚੋਂ ਗਾਥੀ ਗੋਲਿਅਥ ਨਾਂ ਦਾ ਇੱਕ ਸੂਰਮਾ ਮਨੁੱਖ ਨਿੱਕਲਿਆ । ਉਹ ਦਾ ਕੱਦ ਛੇ ਹੱਥ ਅਤੇ ਇੱਕ ਗਿੱਠ ਉੱਚਾ ਸੀ ।5ਅਤੇ ਉਹ ਦੇ ਸਿਰ ਉੱਤੇ ਇੱਕ ਪਿੱਤਲ ਦਾ ਟੋਪ ਸੀ ਅਤੇ ਇੱਕ ਸੰਜੋ ਉਹ ਨੇ ਪਹਿਨੀ ਹੋਈ ਸੀ ਜੋ ਤੋਲ ਵਿੱਚ ਡੇਢ ਮਣ ਪਿੱਤਲ ਦੀ ਸੀ ।
6ਅਤੇ ਉਹ ਦੀਆਂ ਦੋਹਾਂ ਲੱਤਾਂ ਉੱਤੇ ਪਿੱਤਲ ਦੇ ਕਵਚ ਸਨ ਅਤੇ ਉਹ ਦੇ ਦੋਹਾਂ ਮੋਢਿਆਂ ਦੇ ਵਿਚਕਾਰ ਪਿੱਤਲ ਦੀ ਬਰਛੀ ਸੀ ।7ਅਤੇ ਉਹ ਦੇ ਬਰਛੇ ਦਾ ਡੰਡਾ ਜੁਲਾਹੇ ਦੀ ਤੁਰ ਵਰਗਾ ਸੀ ਅਤੇ ਉਹ ਦੇ ਬਰਛੇ ਦਾ ਫਲ ਸਾਢੇ ਸੱਤ ਸੇਰ ਲੋਹੇ ਦਾ ਸੀ ਅਤੇ ਇੱਕ ਮਨੁੱਖ ਢਾਲ ਚੁੱਕ ਕੇ ਉਹ ਦੇ ਅੱਗੇ ਤੁਰਦਾ ਸੀ ।
8ਸੋ ਉਹ ਨਿੱਕਲ ਕੇ ਖੜ੍ਹਾ ਹੋਇਆ ਅਤੇ ਇਸਰਾਏਲ ਦੇ ਦਲਾਂ ਵੱਲ ਉਹ ਨੇ ਪੁਕਾਰ ਕੇ ਆਖਿਆ, ਤੁਸੀਂ ਲੜਾਈ ਦੇ ਲਈ ਕਿਉਂ ਕਤਾਰ ਬੰਨ੍ਹੀ ਹੈ ? ਕੀ, ਮੈਂ ਫ਼ਲਿਸਤੀ ਨਹੀਂ ਅਤੇ ਤੁਸੀਂ ਸ਼ਾਊਲ ਦੇ ਦਾਸ ਨਹੀਂ ? ਸੋ ਤੁਸੀਂ ਆਪਣੇ ਲਈ ਕਿਸੇ ਮਨੁੱਖ ਨੂੰ ਚੁਣੋ ਅਤੇ ਉਹ ਮੇਰੇ ਕੋਲ ਆਵੇ ।9ਜੇ ਕਦੀ ਉਹ ਮੇਰੇ ਨਾਲ ਲੜਨ ਜੋਗਾ ਹੋਵੇ ਅਤੇ ਮੈਨੂੰ ਮਾਰ ਲਵੇ ਤਾਂ ਅਸੀਂ ਤੁਹਾਡੇ ਗ਼ੁਲਾਮ ਬਣਾਂਗੇ ਪਰ ਜੇ ਕਦੀ ਉਸ ਦੇ ਉੱਤੇ ਮੈਂ ਤਕੜਾ ਹੋਵਾਂ ਅਤੇ ਉਹ ਨੂੰ ਮਾਰ ਲਵਾਂ ਤਾਂ ਤੁਸੀਂ ਸਾਡੇ ਗ਼ੁਲਾਮ ਹੋਵੋਗੇ ਅਤੇ ਸਾਡੀ ਗ਼ੁਲਾਮੀ ਕਰੋਗੇ ।
10ਫੇਰ ਉਹ ਫ਼ਲਿਸਤੀ ਬੋਲਿਆ,ਅੱਜ ਮੈਂ ਇਸਰਾਏਲ ਦੇ ਦਲਾਂ ਨੂੰ ਲਲਕਾਰਦਾ ਹਾਂ । ਮੇਰੇ ਲਈ ਕੋਈ ਮਨੁੱਖ ਠਹਿਰਾ ਲਓ ਜੋ ਅਸੀਂ ਆਪਸ ਵਿੱਚ ਯੁੱਧ ਕਰੀਏ ।11ਜਿਸ ਵੇਲੇ ਸ਼ਾਊਲ ਅਤੇ ਸਾਰੇ ਇਸਰਾਏਲ ਨੇ ਉਸ ਫ਼ਲਿਸਤੀ ਦੀਆਂ ਗੱਲਾਂ ਸੁਣੀਆਂ ਤਾਂ ਉਹ ਘਬਰਾ ਗਏ ਅਤੇ ਡਰ ਗਏ ।
ਦਾਊਦ ਸ਼ਾਊਲ ਦੀ ਛਾਉਣੀ ਵਿੱਚ

12ਦਾਊਦ ਬੈਤਲਹਮ ਯਹੂਦਾਹ ਦੇ ਅਫਰਾਥੀ ਯੱਸੀ ਦਾ ਪੁੱਤਰ ਸੀ ਜਿਸ ਦੇ ਅੱਠ ਪੁੱਤਰ ਸਨ ਅਤੇ ਉਹ ਆਪ ਸ਼ਾਊਲ ਦੇ ਦਿਨਾਂ ਵਿੱਚ ਉਹ ਬਜ਼ੁਰਗ ਅਤੇ ਕਮਜ਼ੋਰ ਹੋ ਗਿਆ ਸੀ ।13ਯੱਸੀ ਦੇ ਤਿੰਨ ਵੱਡੇ ਪੁੱਤਰ ਲੜਾਈ ਦੇ ਵਿੱਚ ਸ਼ਾਊਲ ਦੇ ਮਗਰ ਜਾ ਲੱਗੇ ਅਤੇ ਉਨ੍ਹਾਂ ਤਿੰਨਾਂ ਵਿੱਚੋਂ ਜੋ ਲੜਨ ਗਏ ਸਨ ਉਹਨਾਂ ਵਿੱਚੋ ਜੇਠੇ ਦਾ ਨਾਮ ਅਲੀਆਬ ਸੀ ਅਤੇ ਦੂਜੇ ਦਾ ਨਾਮ ਅਬੀਨਾਦਾਬ ਅਤੇ ਤੀਜੇ ਦਾ ਨਾਮ ਸ਼ੰਮਾਹ ਸੀ ।
14ਦਾਊਦ ਸਭ ਤੋਂ ਛੋਟਾ ਸੀ ਅਤੇ ਤਿੰਨ ਵੱਡੇ ਪੁੱਤਰ ਸ਼ਾਊਲ ਦੇ ਮਗਰ ਲੱਗੇ15ਪਰ ਦਾਊਦ ਸ਼ਾਊਲ ਕੋਲੋਂ ਵੱਖਰਾ ਹੋ ਕੇ ਆਪਣੇ ਪਿਤਾ ਦੇ ਇੱਜੜ ਨੂੰ ਬੈਤਲਹਮ ਵਿੱਚ ਚਰਾਉਣ ਗਿਆ ਸੀ ।

16ਸੋ ਉਹ ਫ਼ਲਿਸਤੀ ਹਰ ਰੋਜ਼ ਸਵੇਰੇ ਅਤੇ ਸ਼ਾਮ ਨੂੰ ਨੇੜੇ ਆਉਂਦਾ ਸੀ । ਚਾਲੀਆਂ ਦਿਨਾਂ ਤੱਕ ਉਹ ਆਪਣੇ ਆਪ ਨੂੰ, ਅੱਗੇ ਕਰਦਾ ਰਿਹਾ ।

17ਫੇਰ ਯੱਸੀ ਨੇ ਆਪਣੇ ਪੁੱਤਰ ਦਾਊਦ ਨੂੰ ਆਖਿਆ,ਇਹ ਪੰਜ ਸੇਰ ਭੁੰਨੇ ਹੋਏ ਦਾਣੇ ਅਤੇ ਇਹ ਦਸ ਰੋਟੀਆਂ ਲੈ ਕੇ ਆਪਣੇ ਭਰਾਵਾਂ ਕੋਲ ਛਾਉਣੀ ਵੱਲ ਜਾ ।18ਅਤੇ ਇਹ ਦਸ ਟਿੱਕੀਆਂ ਪਨੀਰ ਦੀਆਂ ਉਨ੍ਹਾਂ ਦੇ ਸੂਬੇਦਾਰ ਦੇ ਲਈ ਲੈ ਜਾ ਅਤੇ ਆਪਣੇ ਭਰਾਵਾਂ ਦਾ ਹਾਲ ਚਾਲ ਵੇਖ ਅਤੇ ਉਨ੍ਹਾਂ ਦੀ ਕੁਝ ਨਿਸ਼ਾਨੀ ਲੈ ਆ ।
19ਉਸ ਵੇਲੇ ਸ਼ਾਊਲ ਅਤੇ ਇਸਰਾਏਲ ਦੇ ਸਭ ਲੋਕ ਏਲਾਹ ਦੀ ਘਾਟੀ ਚ ਫ਼ਲਿਸਤੀਆਂ ਦੇ ਨਾਲ ਲੜਦੇ ਪਏ ਸਨ ।

20ਦਾਊਦ ਨੇ ਸਵੇਰ ਦੇ ਵੇਲੇ ਉੱਠ ਕੇ ਭੇਡਾਂ ਨੂੰ ਰਾਖੇ ਦੇ ਕੋਲ ਛੱਡਿਆ ਅਤੇ ਜਿਵੇਂ ਯੱਸੀ ਨੇ ਉਹ ਨੂੰ ਆਖਿਆ ਸੀ ਵਸਤਾਂ ਲੈ ਕੇ ਤੁਰ ਪਿਆ ਅਤੇ ਜਿਸ ਵੇਲੇ ਦਲ ਲੜਨ ਲਈ ਨਿੱਕਲਦਾ ਅਤੇ ਲੜਾਈ ਦੇ ਲਈ ਲਲਕਾਰਦਾ ਸੀ ਉਸ ਸਮੇਂ ਉਹ ਮੋਰਚੇ ਵਿੱਚ ਪਹੁੰਚ ਗਿਆ ।21ਅਤੇ ਇਸਰਾਏਲ ਅਤੇ ਫ਼ਲਿਸਤੀਆਂ ਨੇ ਆਪੋ ਆਪਣੇ ਦਲ ਦੀਆਂ ਆਹਮੋ ਸਾਹਮਣੇ ਕਤਾਰਾਂ ਬੰਨ੍ਹੀਆਂ ਸਨ ।
22ਸੋ ਦਾਊਦ ਨੇ ਆਪਣੀਆਂ ਵਸਤਾਂ ਉਹ ਦੇ ਕੋਲ ਰੱਖੀਆਂ ਜੋ ਸਮਾਨ ਦੀ ਰਾਖੀ ਕਰਦਾ ਸੀ, ਅਤੇ ਆਪ ਦਲ ਵੱਲ ਦੌੜ ਗਿਆ ਅਤੇ ਆ ਕੇ ਆਪਣੇ ਭਰਾਵਾਂ ਦੀ ਖ਼ਬਰ ਪੁੱਛੀ ।23ਉਹ ਉਨ੍ਹਾਂ ਨਾਲ ਅਜੇ ਗੱਲਾਂ ਕਰਦਾ ਹੀ ਸੀ ਜੋ ਵੇਖੋ, ਉਹ ਜ਼ੋਰਾਵਰ ਗਾਥੀ ਗੋਲਿਅਥ ਨਾਮ ਫ਼ਲਿਸਤੀ ਕਤਾਰਾਂ ਵਿੱਚੋਂ ਨਿੱਕਲਿਆ ਅਤੇ ਉਸ ਨੇ ਪਹਿਲਾਂ ਦੀ ਤਰ੍ਹਾਂ ਗੱਲਾਂ ਕੀਤੀਆਂ ਅਤੇ ਦਾਊਦ ਨੇ ਸੁਣੀਆਂ ।

24ਇਸਰਾਏਲ ਦੇ ਸਭ ਲੋਕ ਉਸ ਮਨੁੱਖ ਨੂੰ ਵੇਖ ਕੇ ਉਸ ਦੇ ਅੱਗੋਂ ਭੱਜੇ ਅਤੇ ਬਹੁਤ ਡਰ ਗਏ
25ਤਦ ਇਸਰਾਏਲ ਦੇ ਲੋਕਾਂ ਨੇ ਆਖਿਆ, ਤੁਸੀਂ ਇਸ ਮਨੁੱਖ ਨੂੰ ਵੇਖਿਆ ਜੋ ਨਿੱਕਲਿਆ ਹੈ । ਸੱਚ-ਮੁੱਚ ਇਹ ਤਾਂ ਇਸਰਾਏਲ ਨੂੰ ਸ਼ਰਮਿੰਦਾ ਕਰਨ ਲਈ ਆਇਆ ਹੈ ਅਤੇ ਅਜਿਹਾ ਹੋਵੇਗਾ ਭਈ ਜਿਹੜਾ ਉਸ ਨੂੰ ਮਾਰੇਗਾ ਤਾਂ ਰਾਜਾ ਉਹ ਨੂੰ ਵੱਡੇ ਧਨ ਨਾਲ ਧਨਵਾਨ ਕਰੇਗਾ ਅਤੇ ਆਪਣੀ ਧੀ ਉਸ ਦੇ ਨਾਲ ਵਿਆਹ ਦੇਵੇਗਾ ਅਤੇ ਉਹ ਦੇ ਪਿਤਾ ਦੇ ਟੱਬਰ ਨੂੰ ਇਸਰਾਏਲ ਵਿੱਚ ਅਜ਼ਾਦ ਕਰੇਗਾ ।
26ਤਦ ਦਾਊਦ ਨੇ ਆਪਣੇ ਦੁਆਲੇ ਦੇ ਲੋਕਾਂ ਕੋਲੋਂ ਪੁੱਛਿਆ ਕਿ ਜਿਹੜਾ ਮਨੁੱਖ ਇਸ ਫ਼ਲਿਸਤੀ ਨੂੰ ਮਾਰੇ ਅਤੇ ਇਸ ਕਲੰਕ ਨੂੰ ਇਸਰਾਏਲ ਉੱਤੋਂ ਹਟਾਵੇ ਤਾਂ ਉਹ ਨੂੰ ਕੀ ਮਿਲੇਗਾ ਕਿਉਂ ਜੋ ਇਹ ਅਸੁੰਨਤੀ ਫ਼ਲਿਸਤੀ ਹੈ ਕੌਣ ਜੋ ਜਿਉਂਦੇ ਪਰਮੇਸ਼ੁਰ ਦੇ ਦਲਾਂ ਨੂੰ ਸ਼ਰਮਿੰਦਾ ਕਰੇ ?27ਲੋਕਾਂ ਨੇ ਇਸ ਤਰ੍ਹਾਂ ਦਾ ਉੱਤਰ ਦਿੱਤਾ ਕਿ ਜਿਹੜਾ ਉਸ ਨੂੰ ਮਾਰੇ ਉਸ ਮਨੁੱਖ ਨੂੰ ਇਹ ਇਹ ਮਿਲੇਗਾ ।

28ਉਸੇ ਵੇਲੇ ਉਹ ਦੇ ਵੱਡੇ ਭਰਾ ਅਲੀਆਬ ਨੇ ਉਹ ਦੀਆਂ ਗੱਲਾਂ ਸੁਣੀਆਂ ਜੋ ਉਹ ਲੋਕਾਂ ਨਾਲ ਕਰ ਰਿਹਾ ਸੀ ਅਤੇ ਅਲੀਆਬ ਦਾ ਕ੍ਰੋਧ ਦਾਊਦ ਉੱਤੇ ਭੜਕਿਆ ਅਤੇ ਉਹ ਬੋਲਿਆ, ਤੂੰ ਕਿਉਂ ਇੱਥੇ ਆਇਆ ਹੈਂ ਅਤੇ ਉੱਥੇ ਉਜਾੜ ਵਿੱਚ ਉਨ੍ਹਾਂ ਥੋੜੀਆਂ ਜਿਹੀਆਂ ਭੇਡਾਂ ਨੂੰ ਤੂੰ ਕਿਸ ਦੇ ਭਰੋਸੇ ਛੱਡ ਆਇਆ ਹੈਂ ? ਮੈਂ ਤੇਰਾ ਘਮੰਡ ਅਤੇ ਤੇਰੇ ਮਨ ਦੀ ਬੁਰਿਆਈ ਨੂੰ ਜਾਣਦਾ ਹਾਂ । ਤੂੰ ਲੜਾਈ ਵੇਖਣ ਨੂੰ ਹੀ ਆਇਆ ਹੈਂ29ਦਾਊਦ ਬੋਲਿਆ, ਮੈਂ ਹੁਣ ਕੀ ਕੀਤਾ ਹੈ ? ਕੀ, ਮੈਂ ਗੱਲ ਵੀ ਨਹੀ ਕਰ ਸੱਕਦਾ ? ।30ਉਹ ਉਸ ਕੋਲੋਂ ਮੁੜ ਕੇ ਦੂਜੇ ਦੀ ਵੱਲ ਗਿਆ ਅਤੇ ਉਹੋ ਗੱਲਾਂ ਫੇਰ ਕੀਤੀਆਂ । ਸੋ ਲੋਕਾਂ ਨੇ ਉਹ ਨੂੰ ਪਹਿਲੇ ਵਰਗਾ ਹੀ ਉੱਤਰ ਦਿੱਤਾ ।

31ਅਤੇ ਜਦ ਉਹ ਗੱਲਾਂ ਜੋ ਦਾਊਦ ਨੇ ਆਖੀਆਂ ਸਨ ਸੁਣੀਆਂ ਗਈਆਂ ਤਾਂ ਉਹਨਾਂ ਨੇ ਸ਼ਾਊਲ ਕੋਲ ਉਨ੍ਹਾਂ ਦੀ ਖ਼ਬਰ ਦਿੱਤੀ ਅਤੇ ਉਸ ਨੇ ਉਹ ਨੂੰ ਆਪਣੇ ਕੋਲ ਬੁਲਾਇਆ ।32ਤਦ ਦਾਊਦ ਨੇ ਸ਼ਾਊਲ ਨੂੰ ਆਖਿਆ,ਉਸ ਮਨੁੱਖ ਕਰਕੇ ਕਿਸੇ ਦਾ ਮਨ ਨਾ ਘਬਰਾਵੇ । ਤੁਹਾਡਾ ਦਾਸ ਜਾਵੇਗਾ ਅਤੇ ਉਸ ਫ਼ਲਿਸਤੀ ਨਾਲ ਲੜੇਗਾ ।33ਤਦ ਸ਼ਾਊਲ ਨੇ ਦਾਊਦ ਨੂੰ ਆਖਿਆ, ਤੂੰ ਉਸ ਫ਼ਲਿਸਤੀ ਦਾ ਸਾਹਮਣਾ ਕਰਨ ਅਤੇ ਉਸ ਦੇ ਨਾਲ ਲੜਨ ਯੋਗ ਨਹੀਂ ਹੈਂ ਕਿਉਂ ਜੋ ਤੂੰ ਮੁੰਡਾ ਹੀ ਹੈਂ ਅਤੇ ਉਹ ਬਚਪਨ ਤੋਂ ਹੀ ਯੋਧਾ ਹੈ ।
34ਤਦ ਦਾਊਦ ਨੇ ਸ਼ਾਊਲ ਨੂੰ ਉੱਤਰ ਦਿੱਤਾ, ਤੁਹਾਡਾ ਦਾਸ ਆਪਣੇ ਪਿਤਾ ਦੀਆਂ ਭੇਡਾਂ ਦੀ ਰਾਖੀ ਕਰਦਾ ਸੀ ਅਤੇ ਜਦ ਇੱਕ ਸ਼ੇਰ ਅਤੇ ਇੱਕ ਰਿੱਛ ਆਇਆ ਅਤੇ ਇੱਜੜ ਵਿੱਚੋਂ ਇੱਕ ਬੱਚਾ ਲੈ ਗਿਆ ।35ਤਦ ਮੈਂ ਉਹ ਦੇ ਮਗਰ ਨਿੱਕਲਿਆ ਅਤੇ ਉਸ ਨੂੰ ਮਾਰਿਆ ਅਤੇ ਉਸ ਦੇ ਮੂੰਹ ਵਿੱਚੋਂ ਉਹ ਨੂੰ ਛੁਡਾਇਆ ਅਤੇ ਜਦ ਉਸ ਨੇ ਮੇਰੇ ਉੱਤੇ ਹਮਲਾ ਕੀਤਾ ਤਾਂ ਮੈਂ ਉਸ ਨੂੰ ਵਾਲਾਂ ਤੋਂ ਫੜ੍ਹ ਕੇ ਮਾਰਿਆ ਅਤੇ ਉਸ ਨੂੰ ਜਾਨੋਂ ਮਾਰ ਦਿੱਤਾ ।
36ਤੁਹਾਡੇ ਦਾਸ ਨੇ ਸ਼ੇਰ ਅਤੇ ਰਿੱਛ ਦੋਹਾਂ ਨੂੰ ਮਾਰਿਆ ਹੈ ਸੋ ਇਹ ਅਸੁੰਨਤੀ ਫ਼ਲਿਸਤੀ ਉਨ੍ਹਾਂ ਵਿੱਚੋਂ ਇੱਕ ਵਰਗਾ ਹੋਵੇਗਾ ਜੋ ਜਿਉਂਦੇ ਪਰਮੇਸ਼ੁਰ ਦੇ ਦਲਾਂ ਨੂੰ ਸ਼ਰਮਿੰਦਾ ਕਰ ਰਿਹਾ ਹੈ !
37ਫੇਰ ਦਾਊਦ ਨੇ ਇਹ ਵੀ ਆਖਿਆ, ਜਿਸ ਯਹੋਵਾਹ ਨੇ ਮੈਨੂੰ ਸ਼ੇਰ ਦੇ ਪੰਜੇ ਅਤੇ ਰਿੱਛ ਦੇ ਪੰਜੇ ਤੋਂ ਛੁਡਾਇਆ ਹੈ ਉਹੋ ਹੀ ਮੈਨੂੰ ਉਸ ਫ਼ਲਿਸਤੀ ਦੇ ਹੱਥੋਂ ਛੁਡਾਵੇਗਾ । ਤਦ ਸ਼ਾਊਲ ਨੇ ਦਾਊਦ ਨੂੰ ਆਖਿਆ, ਜਾ ਫੇਰ ਅਤੇ ਯਹੋਵਾਹ ਤੇਰੇ ਨਾਲ ਹੋਵੇ ।38ਤਾਂ ਸ਼ਾਊਲ ਨੇ ਆਪਣੇ ਹਥਿਆਰ ਦਾਊਦ ਨੂੰ ਪਹਿਨਾਏ ਅਤੇ ਇੱਕ ਪਿੱਤਲ ਦਾ ਟੋਪ ਉਹ ਦੇ ਸਿਰ ਉੱਤੇ ਧਰਿਆ ਅਤੇ ਸੰਜੋ ਵੀ ਉਹ ਨੂੰ ਪਹਿਨਾਈ
39ਅਤੇ ਦਾਊਦ ਨੇ ਆਪਣੀ ਤਲਵਾਰ ਸੰਜੋ ਉੱਤੇ ਬੰਨ੍ਹੀ ਅਤੇ ਤੁਰਨ ਦਾ ਜਤਨ ਕੀਤਾ ਕਿਉਂ ਜੋ ਉਹ ਨੇ ਇਨਾਂ ਨੂੰ ਕਦੇ ਪਹਿਨਿਆ ਨਹੀਂ ਸੀ । ਤਦ ਦਾਊਦ ਨੇ ਸ਼ਾਊਲ ਨੂੰ ਆਖਿਆ, ਇਨ੍ਹਾਂ ਨਾਲ ਤਾਂ ਮੈਥੋਂ ਨਹੀਂ ਤੁਰਿਆ ਜਾਂਦਾ ਕਿਉਂ ਜੋ ਮੈਂ ਉਨ੍ਹਾਂ ਨੂੰ ਪਰਖਿਆ ਨਹੀਂ ਹੈ । ਸੋ ਦਾਊਦ ਨੇ ਉਹ ਸਭ ਆਪਣੇ ਉੱਤੋਂ ਉਤਾਰ ਦਿੱਤੇ ।40ਅਤੇ ਉਹ ਨੇ ਆਪਣੀ ਸੋਟੀ ਹੱਥ ਵਿੱਚ ਫੜ ਲਈ ਅਤੇ ਉਹ ਨੇ ਉਸ ਸੋਤੇ ਵਿੱਚੋਂ ਪੰਜ ਚੀਕਣੇ ਪੱਥਰ ਚੁਣ ਲਏ ਅਤੇ ਉਨ੍ਹਾਂ ਨੂੰ ਆਜੜੀ ਦੇ ਝੋਲੇ ਵਿੱਚ ਜੋ ਉਹ ਦੇ ਕੋਲ ਸੀ ਅਰਥਾਤ ਗੁਥਲੀ ਵਿੱਚ ਰੱਖ ਲਿਆ ਅਤੇ ਉਹ ਦਾ ਗੁਲੇਲ ਉਹ ਦੇ ਹੱਥ ਵਿੱਚ ਸੀ ਸੋ ਉਹ ਉਸ ਫ਼ਲਿਸਤੀ ਦੇ ਨੇੜੇ ਜਾਣ ਲੱਗਾ ।
ਦਾਊਦ ਨੇ ਗੋਲੀਅਥ ਨੂੰ ਮਾਰਿਆ

41ਤਦ ਫ਼ਲਿਸਤੀ ਤੁਰਿਆ ਅਤੇ ਦਾਊਦ ਦੇ ਨੇੜੇ ਆਉਣ ਲੱਗਾ ਅਤੇ ਉਸ ਦੀ ਢਾਲ ਚੁੱਕਣ ਵਾਲਾ ਉਸ ਦੇ ਅੱਗੇ ਸੀ ।42ਜਦ ਫ਼ਲਿਸਤੀ ਨੇ ਆਲੇ-ਦੁਆਲੇ ਵੇਖ ਕੇ ਦਾਊਦ ਨੂੰ ਵੇਖਿਆ ਤਾਂ ਉਹ ਨੂੰ ਤੁੱਛ ਜਾਣਿਆ ਕਿਉਂ ਜੋ ਉਹ ਮੁੰਡਾ ਹੀ ਸੀ । ਉਹ ਦਾ ਰੰਗ ਲਾਲ ਅਤੇ ਉਹ ਸੋਹਣੇ ਰੂਪ ਦਾ ਸੀ ।43ਸੋ ਫ਼ਲਿਸਤੀ ਨੇ ਦਾਊਦ ਨੂੰ ਆਖਿਆ, ਕੀ, ਮੈਂ ਕੋਈ ਕੁੱਤਾ ਹਾਂ ਜੋ ਤੂੰ ਸੋਟੀ ਲੈ ਕੇ ਮੇਰੇ ਕੋਲ ਆਇਆ ਹੈਂ ? ਅਤੇ ਫ਼ਲਿਸਤੀ ਆਪਣੇ ਦੇਵਤਿਆਂ ਦੇ ਨਾਮ ਲੈ ਕੇ ਦਾਊਦ ਨੂੰ ਬੁਰਾ ਬੋਲਣ ਲੱਗਾ ।
44ਤਦ ਫ਼ਲਿਸਤੀ ਨੇ ਦਾਊਦ ਨੂੰ ਆਖਿਆ, ਮੇਰੇ ਕੋਲ ਆ ਜੋ ਮੈਂ ਤੇਰਾ ਮਾਸ ਅਕਾਸ਼ ਦੇ ਪੰਛੀਆਂ ਅਤੇ ਜੰਗਲੀ ਜਾਨਵਰਾਂ ਨੂੰ ਖੁਆਵਾਂ !45ਪਰ ਦਾਊਦ ਨੇ ਫ਼ਲਿਸਤੀ ਨੂੰ ਆਖਿਆ, ਤੂੰ ਤਲਵਾਰ ਅਤੇ ਬਰਛਾ ਅਤੇ ਢਾਲ ਲੈ ਕੇ ਮੇਰੇ ਕੋਲ ਆਉਂਦਾ ਹੈ ਪਰ ਮੈਂ ਸੈਨਾਵਾਂ ਦੇ ਯਹੋਵਾਹ ਦੇ ਨਾਮ ਉੱਤੇ ਜੋ ਇਸਰਾਏਲ ਦੇ ਦਲਾਂ ਦਾ ਪਰਮੇਸ਼ੁਰ ਹੈ ਜਿਸ ਨੂੰ ਤੂੰ ਲਲਕਾਰਿਆ ਹੈ ਤੇਰੇ ਕੋਲ ਆਉਂਦਾ ਹਾਂ !
46ਅਤੇ ਅੱਜ ਹੀ ਯਹੋਵਾਹ ਮੇਰੇ ਹੱਥ ਵਿੱਚ ਤੈਨੂੰ ਕਰ ਦੇਵੇਗਾ ਅਤੇ ਮੈਂ ਤੈਨੂੰ ਮਾਰ ਸੁੱਟਾਂਗਾ ਅਤੇ ਤੇਰਾ ਸਿਰ ਤੈਥੋਂ ਵੱਖਰਾ ਕਰ ਦਿਆਂਗਾ ਅਤੇ ਅੱਜ ਹੀ ਫ਼ਲਿਸਤੀਆਂ ਦੇ ਦਲਾਂ ਦੀਆਂ ਲਾਸ਼ਾਂ ਅਕਾਸ਼ ਦੇ ਪੰਛੀਆਂ ਅਤੇ ਧਰਤੀ ਦੇ ਜਾਨਵਰਾਂ ਨੂੰ ਦੇਵਾਂਗਾ ਜੋ ਸਾਰਾ ਸੰਸਾਰ ਜਾਣੇ ਜੋ ਇਸਰਾਏਲ ਵਿੱਚ ਇੱਕ ਪਰਮੇਸ਼ੁਰ ਹੈ ।47ਅਤੇ ਇਸ ਸਾਰੇ ਦਲ ਨੂੰ ਵੀ ਖ਼ਬਰ ਹੋਵੇਗੀ ਜੋ ਯਹੋਵਾਹ ਤਲਵਾਰ ਅਤੇ ਬਰਛੀ ਨਾਲ ਨਹੀਂ ਬਚਾਉਂਦਾ ਕਿਉਂ ਜੋ ਯੁਧ ਯਹੋਵਾਹ ਦਾ ਹੈ ਅਤੇ ਉਹੋ ਹੀ ਤੁਹਾਨੂੰ ਸਾਡੇ ਹੱਥ ਵਿੱਚ ਦੇਵੇਗਾ !

48ਅਤੇ ਅਜਿਹਾ ਹੋਇਆ ਜਦ ਫ਼ਲਿਸਤੀ ਉੱਠਿਆ ਅਤੇ ਅੱਗੇ ਵੱਧ ਕੇ ਦਾਊਦ ਨਾਲ ਲੜਨ ਨੂੰ ਨੇੜੇ ਆਇਆ ਤਾਂ ਦਾਊਦ ਨੇ ਛੇਤੀ ਕੀਤੀ ਅਤੇ ਦਲ ਦੀ ਵੱਲ ਫ਼ਲਿਸਤੀ ਨਾਲ ਲੜਨ ਨੂੰ ਭੱਜਿਆ ।49ਅਤੇ ਦਾਊਦ ਨੇ ਆਪਣੀ ਗੁਥਲੀ ਵਿੱਚ ਹੱਥ ਪਾ ਕੇ ਉਹ ਦੇ ਵਿੱਚੋਂ ਇੱਕ ਪੱਥਰ ਕੱਢਿਆ ਅਤੇ ਗੁਲੇਲ ਵਿੱਚ ਰੱਖ ਕੇ ਫਿਲਸਤੀ ਦੇ ਮੱਥੇ ਨੂੰ ਅਜਿਹਾ ਮਾਰਿਆ ਜੋ ਉਹ ਪੱਥਰ ਉਸ ਦੇ ਮੱਥੇ ਵਿੱਚ ਖੁੱਭ ਗਿਆ ਅਤੇ ਉਹ ਮੂੰਹ ਦੇ ਭਾਰ ਧਰਤੀ ਉੱਤੇ ਡਿੱਗ ਪਿਆ !

50ਸੋ ਦਾਊਦ ਨੇ ਇੱਕ ਗੁਲੇਲ ਅਤੇ ਇੱਕ ਪੱਥਰ ਨਾਲ ਫ਼ਲਿਸਤੀ ਨੂੰ ਜਿੱਤ ਲਿਆ ਅਤੇ ਉਸ ਫ਼ਲਿਸਤੀ ਨੂੰ ਮਾਰਿਆ ਅਤੇ ਵੱਢ ਸੁੱਟਿਆ ਪਰ ਦਾਊਦ ਦੇ ਹੱਥ ਵਿੱਚ ਤਲਵਾਰ ਨਹੀਂ ਸੀ ।51ਇਸ ਕਰਕੇ ਦਾਊਦ ਭੱਜ ਕੇ ਫ਼ਲਿਸਤੀ ਦੇ ਉੱਤੇ ਚੜ੍ਹ ਖੜ੍ਹਾ ਹੋਇਆ ਅਤੇ ਉਸ ਦੀ ਤਲਵਾਰ ਫੜ੍ਹ ਕੇ ਮਿਆਨੋਂ ਖਿੱਚ ਲਈ ਅਤੇ ਉਸ ਨੂੰ ਮਾਰ ਕੇ ਉਸ ਦਾ ਸਿਰ ਉਸੇ ਤਲਵਾਰ ਨਾਲ ਵੱਢ ਸੁੱਟਿਆ ਅਤੇ ਜਦ ਫ਼ਲਿਸਤੀਆਂ ਨੇ ਆਪਣਾ ਸੂਰਮਾ ਮਰਿਆ ਹੋਇਆ ਵੇਖਿਆ ਤਾਂ ਉਹ ਭੱਜ ਗਏ ।
52ਤਾਂ ਇਸਰਾਏਲ ਅਤੇ ਯਹੂਦਾਹ ਦੇ ਲੋਕ ਉੱਠੇ ਅਤੇ ਘਾਟੀ ਤੱਕ ਅਤੇ ਅਕਰੋਨ ਦੇ ਫਾਟਕਾਂ ਤੱਕ ਲਲਕਾਰਦੇ ਹੋਏ ਫ਼ਲਿਸਤੀਆਂ ਦੇ ਮਗਰ ਪਏ ਅਤੇ ਜਿਹੜੇ ਫ਼ਲਿਸਤੀਆਂ ਵਿੱਚੋਂ ਜਖ਼ਮੀ ਹੋ ਗਏ ਸੋ ਸਆਰੈਮ ਦੇ ਰਾਹ ਵਿੱਚ ਗਥ ਅਤੇ ਅਕਰੋਨ ਤੱਕ ਡਿੱਗਦੇ ਗਏ ।53ਤਦ ਇਸਰਾਏਲੀ ਫ਼ਲਿਸਤੀਆਂ ਦੇ ਮਗਰੋਂ ਮੁੜ ਆਏ ਅਤੇ ਉਨ੍ਹਾਂ ਦੇ ਡੇਰਿਆਂ ਨੂੰ ਲੁੱਟ ਲਿਆ ।54ਅਤੇ ਦਾਊਦ ਉਸ ਫ਼ਲਿਸਤੀ ਦਾ ਸਿਰ ਲੈ ਕੇ ਯਰੂਸ਼ਲਮ ਵਿੱਚ ਆਇਆ ਪਰ ਉਸ ਦੇ ਸ਼ਸਤਰਾਂ ਨੂੰ ਉਹ ਨੇ ਆਪਣੇ ਡੇਰੇ ਵਿੱਚ ਰੱਖਿਆ ।
ਦਾਊਦ ਨੂੰ ਸ਼ਾਊਲ ਦੇ ਸਾਹਮਣੇ ਲਿਆਂਦਾ ਜਾਣਾ

55ਜਿਸ ਵੇਲੇ ਸ਼ਾਊਲ ਨੇ ਦਾਊਦ ਨੂੰ ਫ਼ਲਿਸਤੀ ਨਾਲ ਲੜਨ ਲਈ ਜਾਂਦਿਆਂ ਵੇਖਿਆ ਤਾਂ ਉਸ ਨੇ ਸੈਨਾਪਤੀ ਅਬਨੇਰ ਕੋਲੋਂ ਪੁੱਛਿਆ, ਅਬਨੇਰ ਇਹ ਮੁੰਡਾ ਕਿਸ ਦਾ ਪੁੱਤਰ ਹੈ ? ਅਬਨੇਰ ਬੋਲਿਆ, ਹੇ ਮਹਾਰਾਜ, ਤੇਰੇ ਜੀਵਨ ਦੀ ਸਹੁੰ ਮੈਂ ਨਹੀ ਜਾਣਦਾ ।56ਤਦ ਰਾਜੇ ਨੇ ਆਖਿਆ, ਤੂੰ ਪਤਾ ਕਰ ਜੋ ਮੁੰਡਾ ਕਿਸ ਦਾ ਪੁੱਤਰ ਹੈ ।
57ਸੋ ਜਦ ਦਾਊਦ ਉਸ ਫ਼ਲਿਸਤੀ ਨੂੰ ਵੱਢ ਕੇ ਮੁੜਿਆ ਤਾਂ ਅਬਨੇਰ ਨੇ ਉਹ ਨੂੰ ਫੜ੍ਹ ਲਿਆ ਅਤੇ ਸ਼ਾਊਲ ਕੋਲ ਲੈ ਗਿਆ ਅਤੇ ਫ਼ਲਿਸਤੀ ਦਾ ਸਿਰ ਉਹ ਦੇ ਹੱਥ ਵਿੱਚ ਸੀ ।58ਤਦ ਸ਼ਾਊਲ ਨੇ ਉਹ ਨੂੰ ਪੁੱਛਿਆ, ਤੂੰ ਕਿਸ ਦਾ ਪੁੱਤਰ ਹੈਂ ? ਤਦ ਦਾਊਦ ਨੇ ਉੱਤਰ ਦਿੱਤਾ, ਮੈਂ ਤੁਹਾਡੇ ਦਾਸ ਬੈਤਲਹਮ ਦੇ ਵਾਸੀ ਯੱਸੀ ਦਾ ਪੁੱਤਰ ਹਾਂ ।

18

1ਅਜਿਹਾ ਹੋਇਆ ਜਦ ਉਹ ਨੇ ਸ਼ਾਊਲ ਨਾਲ ਗੱਲ ਕਰ ਲਈ ਤਾਂ ਯੋਨਾਥਾਨ ਦਾ ਜੀਅ ਦਾਊਦ ਦੇ ਨਾਲ ਇਸ ਤਰ੍ਹਾਂ ਮਿਲ ਗਿਆ ਕਿ ਯੋਨਾਥਾਨ ਨੇ ਉਹ ਨੂੰ ਆਪਣਾ ਮਿੱਤਰ ਬਣਾਇਆ ।2ਸ਼ਾਊਲ ਨੇ ਉਸ ਦਿਨ ਤੋਂ ਉਹ ਨੂੰ ਆਪਣੇ ਕੋਲ ਰੱਖਿਆ ਅਤੇ ਫੇਰ ਉਹ ਨੂੰ ਉਹ ਦੇ ਪਿਤਾ ਦੇ ਘਰ ਨਾ ਮੁੜਨ ਦਿੱਤਾ ।

3ਯੋਨਾਥਾਨ ਨੇ ਦਾਊਦ ਨਾਲ ਆਪਸ ਵਿੱਚ ਨੇਮ ਬੰਨ੍ਹਿਆ ਕਿਉਂ ਜੋ ਉਹ ਉਸ ਨੂੰ ਆਪਣੇ ਪ੍ਰਾਣਾਂ ਦੇ ਸਮਾਨ ਪਿਆਰਾ ਜਾਣਦਾ ਸੀ ।4ਯੋਨਾਥਾਨ ਨੇ ਆਪਣਾ ਚੋਗਾ ਲਾਹ ਕੇ ਆਪਣੀ ਤਲਵਾਰ, ਧਣੁਖ ਪਟਕੇ ਨਾਲ, ਆਪਣੇ ਕੱਪੜੇ ਵੀ ਦਾਊਦ ਨੂੰ ਦੇ ਦਿੱਤੇ ।
5ਜਿੱਥੇ ਕਿਤੇ ਸ਼ਾਊਲ ਉਹ ਨੂੰ ਭੇਜਦਾ ਸੀ, ਉੱਥੇ ਦਾਊਦ ਜਾਂਦਾ ਸੀ ਅਤੇ ਸਫ਼ਲ ਹੁੰਦਾ ਸੀ ਅਜਿਹਾ ਜੋ ਸ਼ਾਊਲ ਨੇ ਉਹ ਨੂੰ ਜੋਧਿਆਂ ਉੱਤੇ ਸਰਦਾਰ ਬਣਾਇਆ ਅਤੇ ਉਹ ਸਾਰੇ ਲੋਕਾਂ ਦੇ ਸਾਹਮਣੇ ਅਤੇ ਸ਼ਾਊਲ ਦੇ ਸੇਵਕਾਂ ਦੇ ਸਾਹਮਣੇ ਵੀ ਮੰਨਿਆ ਪਰਮੰਨਿਆ ਹੋਇਆ ਸੀ ।
ਸ਼ਾਊਲ ਦਾ ਦਾਊਦ ਤੋਂ ਕ੍ਰੋਧਿਤ ਹੋਣਾ

6ਉਹ ਇਸਤਰੀਆਂ ਗਾਉਂਦੀਆਂ ਨੱਚਦੀਆਂ ਅਨੰਦ ਨਾਲ ਡੱਫ਼ਾਂ ਅਤੇ ਚਿਕਾਰੇ ਵਜਾਉਂਦੀਆਂ ਹੋਈਆਂ ਸ਼ਾਊਲ ਰਾਜਾ ਦੇ ਮਿਲਣ ਨੂੰ ਨਿੱਕਲੀਆਂ ।7ਅਤੇ ਉਨ੍ਹਾਂ ਇਸਤਰੀਆਂ ਨੇ ਵਜਾਉਂਦੇ ਹੋਏ ਵਾਰੋ-ਵਾਰੀ ਗਾ ਕੇ ਆਖਿਆ,
ਸ਼ਾਊਲ ਨੇ ਹਜ਼ਾਰਾਂ ਨੂੰ ਮਾਰਿਆ,
ਅਤੇ ਦਾਊਦ ਨੇ ਲੱਖਾਂ ਨੂੰ !

8ਤਦ ਸ਼ਾਊਲ ਨੂੰ ਬਹੁਤ ਕ੍ਰੋਧ ਆਇਆ ਅਤੇ ਇਹ ਗੱਲ ਉਸ ਨੂੰ ਬੁਰੀ ਲੱਗੀ ਅਤੇ ਉਹ ਬੋਲਿਆ, ਉਨ੍ਹਾਂ ਨੇ ਦਾਊਦ ਦੇ ਲਈ ਲੱਖਾਂ ਪਰ ਮੇਰੇ ਲਈ ਹਜ਼ਾਰਾਂ ਠਹਿਰਾਏ ! ਬੱਸ, ਹੁਣ ਰਾਜ ਤੋਂ ਬਿਨ੍ਹਾਂ ਹੋਰ ਉਹ ਨੂੰ ਕੀ ਮਿਲਣਾ ਬਾਕੀ ਹੈ ?9ਉਸ ਦਿਨ ਤੋਂ ਬਾਅਦ ਦਾਊਦ ਸ਼ਾਊਲ ਦੀ ਅੱਖ ਵਿੱਚ ਰੜਕਣ ਲੱਗਾ ।

10ਅਗਲੇ ਦਿਨ ਅਜਿਹਾ ਹੋਇਆ ਜੋ ਪਰਮੇਸ਼ੁਰ ਵੱਲੋਂ ਉਹ ਦੁਸ਼ਟ-ਆਤਮਾ ਸ਼ਾਊਲ ਉੱਤੇ ਆਇਆ । ਤਦ ਉਹ ਘਰ ਵਿੱਚ ਅਗੰਮ ਵਾਕ ਕਰਨ ਲੱਗ ਪਿਆ ਅਤੇ ਦਾਊਦ ਨੇ ਉਹ ਦੇ ਸਾਹਮਣੇ ਪਹਿਲਾਂ ਵਾਂਗੂੰ ਹੱਥ ਨਾਲ ਵਜਾਇਆ । ਉਸ ਵੇਲੇ ਸ਼ਾਊਲ ਦੇ ਹੱਥ ਵਿੱਚ ਇੱਕ ਭਾਲਾ ਸੀ ।11ਤਦ ਸ਼ਾਊਲ ਨੇ ਭਾਲਾ ਸੁੱਟ ਕੇ ਆਖਿਆ, ਮੈਂ ਦਾਊਦ ਨੂੰ ਕੰਧ ਨਾਲ ਵਿੰਨ ਦਿਆਂਗਾ ਪਰ ਦਾਊਦ ਉਹ ਦੇ ਸਾਹਮਣਿਓਂ ਦੂਜੀ ਵਾਰੀ ਵੀ ਬਚ ਨਿੱਕਲਿਆ ।

12ਸ਼ਾਊਲ ਦਾਊਦ ਕੋਲੋਂ ਡਰਦਾ ਸੀ ਕਿਉਂ ਜੋ ਯਹੋਵਾਹ ਉਹ ਦੇ ਨਾਲ ਸੀ ਅਤੇ ਸ਼ਾਊਲ ਕੋਲੋਂ ਵੱਖਰਾ ਹੋ ਗਿਆ ।
13ਇਸ ਲਈ ਸ਼ਾਊਲ ਨੇ ਉਹ ਨੂੰ ਆਪਣੇ ਕੋਲੋਂ ਵੱਖਰਾ ਕੀਤਾ ਅਤੇ ਉਹ ਨੂੰ ਹਜ਼ਾਰਾਂ ਦਾ ਸਰਦਾਰ ਬਣਾਇਆ ਅਤੇ ਉਹ ਲੋਕਾਂ ਦੇ ਸਾਹਮਣੇ ਆਉਂਦਾ ਜਾਂਦਾ ਸੀ ।14ਦਾਊਦ ਆਪਣੇ ਸਾਰੇ ਰਾਹਾਂ ਵਿੱਚ ਸਫ਼ਲ ਹੁੰਦਾ ਸੀ ਅਤੇ ਯਹੋਵਾਹ ਉਹ ਦੇ ਨਾਲ ਸੀ ।
15ਸੋ ਜਦ ਸ਼ਾਊਲ ਨੇ ਦੇਖਿਆ ਜੋ ਉਹ ਵੱਡੀ ਸਫ਼ਲਤਾ ਨਾਲ ਚਲਦਾ ਹੈ ਤਾਂ ਉਸ ਕੋਲੋਂ ਡਰਨ ਲੱਗ ਪਿਆ ।16ਪਰ ਸਾਰਾ ਇਸਰਾਏਲ ਅਤੇ ਯਹੂਦਾਹ ਦਾਊਦ ਨਾਲ ਪਿਆਰ ਕਰਦਾ ਸੀ ਕਿਉਂ ਜੋ ਉਹ ਉਹਨਾਂ ਦੇ ਅੱਗੇ ਆਉਂਦਾ ਜਾਂਦਾ ਹੁੰਦਾ ਸੀ ।
ਸ਼ਾਊਲ ਦੀ ਧੀ ਮੀਕਲ ਦਾ ਦਾਊਦ ਨਾਲ ਵਿਆਹ

17ਤਦ ਸ਼ਾਊਲ ਨੇ ਦਾਊਦ ਨੂੰ ਆਖਿਆ, ਵੇਖ ਮੇਰੀ ਵੱਡੀ ਧੀ ਮੇਰਬ ਹੈ । ਮੈਂ ਉਹਦਾ ਵਿਆਹ ਤੇਰੇ ਨਾਲ ਕਰ ਦਿਆਂਗਾ । ਤੂੰ ਸਿਰਫ਼ ਮੇਰੇ ਲਈ ਸੂਰਬੀਰ ਬਣ ਕੇ ਯਹੋਵਾਹ ਦੇ ਲਈ ਲੜਾਈ ਕਰ ਕਿਉਂ ਜੋ ਸ਼ਾਊਲ ਨੇ ਮਨ ਵਿੱਚ ਆਖਿਆ, ਕਿ ਉਹ ਦੇ ਉੱਤੇ ਮੇਰਾ ਹੱਥ ਨਾ ਚੱਲੇ ਸਗੋਂ ਉਹ ਦੇ ਉੱਤੇ ਫ਼ਲਿਸਤੀਆਂ ਦਾ ਹੱਥ ਹੀ ਚੱਲੇ ।18ਪਰ ਦਾਊਦ ਨੇ ਸ਼ਾਊਲ ਨੂੰ ਆਖਿਆ, ਮੈਂ ਹਾਂ ਕੌਣ ਅਤੇ ਮੇਰਾ ਜੀਵਨ ਕੀ ਹੈ ਅਤੇ ਇਸਰਾਏਲ ਵਿੱਚ ਮੇਰੇ ਪਿਤਾ ਦਾ ਟੱਬਰ ਕੀ ਹੈ ਜੋ ਮੈਂ ਰਾਜੇ ਦਾ ਜਵਾਈ ਬਣਾਂ ?
19ਪਰ ਅਜਿਹਾ ਹੋਇਆ ਜਦ ਉਹ ਵੇਲਾ ਆਇਆ ਜੋ ਸ਼ਾਊਲ ਦੀ ਧੀ ਮੇਰਬ ਦਾਊਦ ਨਾਲ ਵਿਆਹੀ ਜਾਵੇ ਤਾਂ ਉਹ ਮਹੋਲਾਥੀ ਅਦਰੀਏਲ ਨਾਲ ਵਿਆਹੀ ਗਈ ।

20ਅਤੇ ਸ਼ਾਊਲ ਦੀ ਧੀ ਮੀਕਲ ਦਾਊਦ ਨਾਲ ਪ੍ਰੇਮ ਕਰਨ ਲੱਗੀ ਸੋ ਉਨ੍ਹਾਂ ਨੇ ਸ਼ਾਊਲ ਨੂੰ ਖ਼ਬਰ ਦਿੱਤੀ ਅਤੇ ਇਸ ਗੱਲ ਕਰਕੇ ਉਹ ਰਾਜ਼ੀ ਹੋਇਆ ।21ਤਦ ਸ਼ਾਊਲ ਨੇ ਆਖਿਆ, ਮੈਂ ਉਹ ਨੂੰ ਉਸ ਨਾਲ ਵਿਆਹਵਾਂਗਾ ਜੋ ਉਹ ਦੇ ਲਈ ਫਾਹੀ ਹੋਵੇ ਅਤੇ ਫ਼ਲਿਸਤੀਆਂ ਦਾ ਹੱਥ ਉਹ ਦੇ ਉੱਤੇ ਆਣ ਪਵੇ ਸੋ ਸ਼ਾਊਲ ਨੇ ਦਾਊਦ ਨੂੰ ਆਖਿਆ, ਭਈ ਇਸ ਤਰ੍ਹਾਂ ਤੂੰ ਅੱਜ ਹੀ ਮੇਰਾ ਜਵਾਈ ਬਣ ਜਾਵੇਂਗਾ ।
22ਸ਼ਾਊਲ ਨੇ ਆਪਣੇ ਸੇਵਕਾਂ ਨੂੰ ਆਖਿਆ ਕਿ ਦਾਊਦ ਨਾਲ ਹੌਲੀ ਜੇਹੇ ਗੱਲ ਕਰੋ ਅਤੇ ਆਖੋ, ਵੇਖ, ਰਾਜਾ ਤੇਰੇ ਨਾਲ ਰਾਜ਼ੀ ਹੈ ਅਤੇ ਉਸ ਦੇ ਸਾਰੇ ਸੇਵਕ ਤੈਨੂੰ ਪਿਆਰ ਕਰਦੇ ਹਨ । ਹੁਣ ਤੂੰ ਰਾਜਾ ਦਾ ਜਵਾਈ ਬਣ ।
23ਤਦ ਸ਼ਾਊਲ ਦੇ ਸੇਵਕਾਂ ਨੇ ਇਹ ਗੱਲਾਂ ਦਾਊਦ ਨੂੰ ਕਹਿ ਸੁਣਾਈਆਂ ਅਤੇ ਦਾਊਦ ਬੋਲਿਆ, ਭਲਾ, ਇਹ ਤੁਹਾਨੂੰ ਕੋਈ ਛੋਟੀ ਜਿਹੀ ਗੱਲ ਦਿੱਸਦੀ ਹੈ ਜੋ ਮੈਂ ਰਾਜਾ ਦਾ ਜਵਾਈ ਬਣਾਂ ਕਿਉਂ ਜੋ ਮੈਂ ਕੰਗਾਲ ਅਤੇ ਤੁੱਛ ਮਨੁੱਖ ਹਾਂ ?24ਤਾਂ ਸ਼ਾਊਲ ਦੇ ਸੇਵਕਾਂ ਨੇ ਉਹ ਨੂੰ ਖ਼ਬਰ ਦਿੱਤੀ ਕਿ ਦਾਊਦ ਇਉਂ ਆਖਦਾ ਹੈ ।
25ਤਦ ਸ਼ਾਊਲ ਨੇ ਆਖਿਆ, ਤੁਸੀਂ ਦਾਊਦ ਨੂੰ ਆਖੋ ਕਿ ਰਾਜਾ ਕਿਸੇ ਤਰ੍ਹਾਂ ਦੀ ਕੀਮਤ ਨਹੀਂ ਮੰਗਦਾ ਸਗੋਂ ਫ਼ਲਿਸਤੀਆਂ ਦੀਆਂ ਸੌ ਖਲੜੀਆਂ ਇਸ ਲਈ ਜੋ ਰਾਜਾ ਦੇ ਵੈਰੀਆਂ ਤੋਂ ਬਦਲਾ ਲਿਆ ਜਾਵੇ । ਪਰ ਸ਼ਾਊਲ ਇਹ ਚਾਹੁੰਦਾ ਸੀ ਕਿ ਫ਼ਲਿਸਤੀਆਂ ਦੇ ਰਾਹੀਂ ਦਾਊਦ ਨੂੰ ਮਰਵਾ ਦੇਵੇ ।26ਜਦ ਉਹ ਦੇ ਸੇਵਕਾਂ ਨੇ ਇਹ ਗੱਲਾਂ ਦਾਊਦ ਨੂੰ ਆਖੀਆਂ, ਤਾਂ ਦਾਊਦ ਨੂੰ ਇਹ ਗੱਲ ਚੰਗੀ ਲੱਗੀ ਜੋ ਰਾਜਾ ਦਾ ਜਵਾਈ ਬਣਾਂ, ਕੁਝ ਦਿਨ ਰਹਿ ਗਏ ਸਨ ।
27ਤਦ ਦਾਊਦ ਉੱਠਿਆ ਅਤੇ ਆਪਣੇ ਲੋਕਾਂ ਨੂੰ ਨਾਲ ਲੈ ਕੇ ਤੁਰਿਆ ਅਤੇ ਦੋ ਸੌ ਫ਼ਲਿਸਤੀ ਮਾਰੇ ਅਤੇ ਦਾਊਦ ਉਨ੍ਹਾਂ ਦੀਆਂ ਖਲੜੀਆਂ ਲੈ ਆਇਆ ਅਤੇ ਉਨ੍ਹਾਂ ਨੇ ਉਹ ਸਾਰਾ ਲੇਖਾ ਪੂਰਾ ਕਰਕੇ ਰਾਜੇ ਦੇ ਅੱਗੇ ਰੱਖ ਦਿੱਤੀਆਂ ਜੋ ਉਹ ਰਾਜੇ ਦਾ ਜਵਾਈ ਬਣੇ ਤਾਂ ਸ਼ਾਊਲ ਨੇ ਆਪਣੀ ਧੀ ਮੀਕਲ ਉਹ ਨੂੰ ਵਿਆਹ ਦਿੱਤੀ ।28ਇਹ ਵੇਖ ਕੇ ਸ਼ਾਊਲ ਨੇ ਜਾਣ ਲਿਆ ਜੋ ਯਹੋਵਾਹ ਦਾਊਦ ਦੇ ਸੰਗ ਹੈ ਅਤੇ ਉਸ ਦੀ ਦੀ ਧੀ ਮੀਕਲ, ਦਾਊਦ ਦੇ ਨਾਲ ਪਿਆਰ ਕਰਦੀ ਸੀ ।29ਤਦ ਸ਼ਾਊਲ ਦਾਊਦ ਤੋਂ ਹੋਰ ਵੀ ਡਰ ਗਿਆ ਅਤੇ ਸ਼ਾਊਲ ਦਾਊਦ ਦਾ ਸਦਾ ਲਈ ਵੈਰੀ ਬਣ ਗਿਆ ।

30ਤਦ ਫ਼ਲਿਸਤੀਆਂ ਦੇ ਸਰਦਾਰ ਬਾਹਰ ਨਿੱਕਲ ਆਏ ਅਤੇ ਜਦ ਉਹ ਨਿੱਕਲ ਆਏ ਤਾਂ ਸ਼ਾਊਲ ਦੇ ਸੇਵਕਾਂ ਨਾਲੋਂ ਦਾਊਦ ਨੂੰ ਵੱਧ ਸਫ਼ਲਤਾ ਪ੍ਰਾਪਤ ਹੋਈ ਸੋ ਉਹ ਦਾ ਨਾਮ ਬਹੁਤ ਆਦਰ ਪਾ ਗਿਆ ।

19
ਸ਼ਾਊਲ ਦਾਊਦ ਉੱਤੇ ਹਮਲਾ ਕਰਦਾ ਹੈ

1ਤਦ ਸ਼ਾਊਲ ਨੇ ਆਪਣੇ ਪੁੱਤਰ ਯੋਨਾਥਾਨ ਅਤੇ ਆਪਣੇ ਸਾਰਿਆਂ ਸੇਵਕਾਂ ਨੂੰ ਆਖਿਆ ਕਿ ਦਾਊਦ ਨੂੰ ਮਾਰ ਦਿਓ, ਪਰ ਸ਼ਾਊਲ ਦਾ ਪੁੱਤਰ ਯੋਨਾਥਾਨ ਦਾਊਦ ਨੂੰ ਬਹੁਤ ਪਿਆਰ ਕਰਦਾ ਸੀ ।2ਸੋ ਯੋਨਾਥਾਨ ਨੇ ਦਾਊਦ ਨੂੰ ਆਖਿਆ, ਮੇਰਾ ਪਿਤਾ ਤੈਨੂੰ ਮਾਰਨਾ ਚਾਹੁੰਦਾ ਹੈ ਇਸ ਲਈ ਹੁਣ ਸਵੇਰ ਤੱਕ ਤੂੰ ਸਾਵਧਾਨ ਰਹਿ ਅਤੇ ਕਿਸੇ ਗੁਪਤ ਸਥਾਨ ਵਿੱਚ ਆਪ ਨੂੰ ਲੁਕਾ ਲੈ ।3ਅਤੇ ਮੈਂ ਬਾਹਰ ਜਾ ਕੇ ਉਸ ਮੈਦਾਨ ਵਿੱਚ ਜਿੱਥੇ ਤੂੰ ਹੋਵੇਂਗਾ ਆਪਣੇ ਪਿਤਾ ਦੇ ਕੋਲ ਖੜ੍ਹਾ ਹੋਵੇਂਗਾ ਅਤੇ ਆਪਣੇ ਪਿਤਾ ਨਾਲ ਤੇਰੇ ਵਿਖੇ ਗੱਲ ਕਰਾਂਗਾ ਅਤੇ ਜੋ ਕੁਝ ਮੈਨੂੰ ਪਤਾ ਲੱਗੇਗਾ ਤੈਨੂੰ ਦੱਸਾਂਗਾ ।

4ਸੋ ਯੋਨਾਥਾਨ ਨੇ ਆਪਣੇ ਪਿਤਾ ਸ਼ਾਊਲ ਕੋਲ ਦਾਊਦ ਦੀ ਵਡਿਆਈ ਕੀਤੀ ਅਤੇ ਆਖਿਆ,ਰਾਜਾ ਆਪਣੇ ਦਾਸ ਦਾਊਦ ਦਾ ਦੋਸ਼ੀ ਨਾ ਬਣੇ । ਉਸ ਨੇ ਤੇਰਾ ਕੁਝ ਪਾਪ ਨਹੀਂ ਕੀਤਾ ਸਗੋਂ ਉਸ ਦੇ ਕੰਮ ਤੇਰੇ ਫਾਇਦੇ ਲਈ ਹਨ ।5ਕਿਉਂ ਜੋ ਉਸ ਨੇ ਆਪਣੀ ਜਾਨ ਆਪਣੀ ਤਲੀ ਉੱਤੇ ਰੱਖ ਕੇ ਫ਼ਲਿਸਤੀਆਂ ਨੂੰ ਵੱਢਿਆ ਅਤੇ ਯਹੋਵਾਹ ਨੇ ਇਸਰਾਏਲ ਨੂੰ ਵੱਡੀ ਫਤਹ ਬਖ਼ਸ਼ੀ ਅਤੇ ਇਹ ਵੇਖ ਕੇ ਤੂੰ ਵੀ ਪ੍ਰਸੰਨ ਹੋਇਆ ਸੀ । ਫੇਰ ਤੂੰ ਕਿਸ ਗੱਲ ਲਈ ਬੇਦੋਸ਼ੇ ਦੇ ਲਹੂ ਦਾ ਪਾਪ ਕਰਨਾ ਚਾਹੁੰਦਾ ਹੈਂ ਅਤੇ ਬਿਨ੍ਹਾਂ ਕਿਸੇ ਕਾਰਨ ਦਾਊਦ ਨੂੰ ਮਾਰਨਾਂ ਚਾਹੁੰਦਾ ਹੈ ?
6ਸ਼ਾਊਲ ਨੇ ਯੋਨਾਥਾਨ ਦੀ ਗੱਲ ਸੁਣੀ ਅਤੇ ਸਹੁੰ ਖਾ ਕੇ ਆਖਿਆ ਕਿ ਜਿਉਂਦੇ ਯਹੋਵਾਹ ਦੀ ਸਹੁੰ, ਉਹ ਨਾ ਮਾਰਿਆ ਜਾਵੇਗਾ ।7ਤਦ ਯੋਨਾਥਾਨ ਨੇ ਦਾਊਦ ਨੂੰ ਸੱਦ ਕੇ ਸਾਰੀਆਂ ਗੱਲਾਂ ਉਸ ਨੂੰ ਦੱਸੀਆਂ ਅਤੇ ਦਾਊਦ ਨੂੰ ਸ਼ਾਊਲ ਕੋਲ ਲੈ ਆਇਆ ਅਤੇ ਉਹ ਅੱਗੇ ਵਾਂਗੂੰ ਉਹ ਦੇ ਕੋਲ ਰਹਿਣ ਲੱਗਾ ।

8ਫੇਰ ਲੜਾਈ ਹੋਈ ਅਤੇ ਦਾਊਦ ਨਿੱਕਲਿਆ ਅਤੇ ਫ਼ਲਿਸਤੀਆਂ ਨਾਲ ਲੜਿਆ ਅਤੇ ਵੱਡੀ ਮਾਰ ਨਾਲ ਅਜਿਹਾ ਮਾਰਿਆ ਕਿ ਉਹ ਉਸ ਦੇ ਅੱਗੋਂ ਨੱਸ ਗਏ ।9ਯਹੋਵਾਹ ਵੱਲੋਂ ਉਹ ਦੁਸ਼ਟ-ਆਤਮਾ ਸ਼ਾਊਲ ਉੱਤੇ ਆਇਆ । ਉਹ ਆਪਣੇ ਘਰ ਵਿੱਚ ਇੱਕ ਭਾਲਾ ਆਪਣੇ ਹੱਥ ਵਿੱਚ ਫੜ੍ਹ ਕੇ ਬੈਠਾ ਹੋਇਆ ਸੀ ਅਤੇ ਦਾਊਦ ਹੱਥ ਨਾਲ ਵਜਾ ਰਿਹਾ ਸੀ ।
10ਸ਼ਾਊਲ ਨੇ ਚਾਹਿਆ ਭਈ ਦਾਊਦ ਨੂੰ ਕੰਧ ਨਾਲ ਵਿੰਨ ਦੇਵੇ ਪਰ ਦਾਊਦ ਸ਼ਾਊਲ ਦੇ ਅੱਗੋਂ ਹੱਟ ਗਿਆ ਅਤੇ ਭਾਲਾ ਕੰਧ ਦੇ ਵਿੱਚ ਜਾ ਖੁੱਭਿਆ ਇਸ ਤਰ੍ਹਾਂ ਦਾਊਦ ਉਸ ਰਾਤ ਭੱਜ ਕੇ ਬਚ ਗਿਆ ।

11ਸ਼ਾਊਲ ਨੇ ਉਸ ਦੀ ਰਾਖੀ ਕਰਨ ਅਤੇ ਸਵੇਰੇ ਉਸ ਨੂੰ ਮਾਰ ਸੁੱਟਣ ਲਈ ਦਾਊਦ ਦੇ ਘਰ ਦੂਤ ਘੱਲੇ ਅਤੇ ਦਾਊਦ ਦੀ ਪਤਨੀ ਮੀਕਲ ਨੇ ਉਸ ਨੂੰ ਖ਼ਬਰ ਦੇ ਕੇ ਆਖਿਆ, ਜੇ ਤੂੰ ਅੱਜ ਰਾਤ ਨੂੰ ਆਪਣੀ ਜਾਨ ਨਾ ਬਚਾਵੇਂ ਤਾਂ ਕੱਲ ਮਾਰਿਆ ਜਾਵੇਂਗਾ ।
12ਮੀਕਲ ਨੇ ਦਾਊਦ ਨੂੰ ਖਿੜਕੀ ਵਿੱਚੋਂ ਹੇਠਾਂ ਉਤਾਰ ਦਿੱਤਾ ਸੋ ਉਹ ਭੱਜ ਕੇ ਬਚ ਗਿਆ ।13ਤਦ ਮੀਕਲ ਨੇ ਇੱਕ ਘਰੇਲੂ ਬੁੱਤ ਲੈ ਕੇ ਮੰਜੇ ਉੱਤੇ ਲੰਮਾ ਪਾ ਦਿੱਤਾ ਅਤੇ ਬੱਕਰਿਆਂ ਦੇ ਚੰਮ ਦਾ ਸਿਰਹਾਣਾ ਬਣਾ ਕੇ ਉਹ ਦੇ ਸਿਰ ਵਾਲੇ ਪਾਸੇ ਧਰਿਆ ਅਤੇ ਕੱਪੜਾ ਉੱਤੇ ਤਾਣ ਦਿੱਤਾ ।
14ਜਦ ਸ਼ਾਊਲ ਨੇ ਦਾਊਦ ਦੇ ਫੜਨ ਨੂੰ ਦੂਤ ਘੱਲੇ ਤਾਂ ਉਹ ਬੋਲੀ, ਉਹ ਤਾਂ ਬੀਮਾਰ ਹੈ ।15ਸ਼ਾਊਲ ਨੇ ਦਾਊਦ ਦੇ ਵੇਖਣ ਲਈ ਦੂਤਾਂ ਨੂੰ ਫੇਰ ਭੇਜਿਆ ਅਤੇ ਆਖਿਆ, ਉਹ ਨੂੰ ਮੰਜੇ ਸਮੇਤ ਮੇਰੇ ਕੋਲ ਚੁੱਕ ਲਿਆਓ ਜੋ ਮੈਂ ਉਹ ਨੂੰ ਮਾਰ ਸੁੱਟਾਂ ।
16ਜਦ ਦੂਤ ਅੰਦਰ ਆਏ ਤਾਂ ਵੇਖੋ, ਮੰਜੇ ਉੱਤੇ ਉਹ ਬੁੱਤ ਲੰਮਾ ਪਿਆ ਹੋਇਆ ਹੈ ਅਤੇ ਉਹ ਦੀ ਸਿਰ ਵਾਲੇ ਪਾਸੇ ਬੱਕਰਿਆਂ ਦੀ ਖੱਲ ਦਾ ਸਿਰਹਾਣਾ ਰੱਖਿਆ ਹੋਇਆ ਹੈ ।17ਤਦ ਸ਼ਾਊਲ ਨੇ ਮੀਕਲ ਨੂੰ ਆਖਿਆ, ਤੂੰ ਮੇਰੇ ਨਾਲ ਇਹ ਧੋਖਾ ਕਿਉਂ ਕੀਤਾ ਜੋ ਮੇਰੇ ਵੈਰੀ ਨੂੰ ਤੋਰ ਦਿੱਤਾ ਅਤੇ ਉਹ ਬਚ ਗਿਆ ? ਸੋ ਮੀਕਲ ਨੇ ਸ਼ਾਊਲ ਨੂੰ ਉੱਤਰ ਦਿੱਤਾ, ਉਸ ਨੇ ਮੈਨੂੰ ਆਖਿਆ, ਮੈਨੂੰ ਜਾਣ ਦੇ । ਮੈਂ ਤੈਨੂੰ ਕਿਉਂ ਮਾਰ ਸੁੱਟਾਂ ?

18ਦਾਊਦ ਭੱਜ ਕੇ ਬਚ ਗਿਆ ਅਤੇ ਰਾਮਾਹ ਵਿੱਚ ਸਮੂਏਲ ਕੋਲ ਆਇਆ ਅਤੇ ਜੋ ਕੁਝ ਸ਼ਾਊਲ ਨੇ ਉਸ ਨਾਲ ਕੀਤਾ ਸੀ ਸੋ ਸਭ ਉਹ ਨੂੰ ਦੱਸ ਦਿੱਤਾ । ਤਦ ਉਹ ਅਤੇ ਸਮੂਏਲ ਨਾਯੋਥ ਵਿੱਚ ਜਾ ਕੇ ਰਹਿਣ ਲੱਗੇ ।19ਸ਼ਾਊਲ ਨੂੰ ਖ਼ਬਰ ਹੋਈ ਜੋ ਦਾਊਦ ਰਾਮਾਹ ਦੇ ਨਾਯੋਥ ਵਿੱਚ ਹੈ ।20ਤਦ ਸ਼ਾਊਲ ਨੇ ਦਾਊਦ ਦੇ ਫੜਨ ਲਈ ਦੂਤ ਘੱਲੇ ਅਤੇ ਉਨ੍ਹਾਂ ਨੇ ਜਦ ਵੇਖਿਆ ਕਿ ਇੱਕ ਨਬੀਆਂ ਦੀ ਟੋਲੀ ਹੈ ਅਤੇ ਉਹ ਅਗੰਮ ਵਾਕ ਕਰ ਰਹੇ ਹਨ ਅਤੇ ਸਮੂਏਲ ਉਨ੍ਹਾਂ ਦਾ ਆਗੂ ਬਣ ਕੇ ਖੜ੍ਹਾ ਹੋਇਆ ਹੈ ਤਾਂ ਪਰਮੇਸ਼ੁਰ ਦਾ ਆਤਮਾ ਸ਼ਾਊਲ ਦੇ ਦੂਤਾਂ ਉੱਤੇ ਆਇਆ ਅਤੇ ਉਹ ਵੀ ਅਗੰਮ ਬੋਲਣ ਲੱਗੇ ।
21ਜਦ ਸ਼ਾਊਲ ਨੂੰ ਇਹ ਖ਼ਬਰ ਪਹੁੰਚੀ ਤਾਂ ਉਸ ਨੇ ਹੋਰ ਦੂਤ ਘੱਲੇ ਅਤੇ ਉਹ ਵੀ ਅਗੰਮ ਵਾਕ ਕਰਨ ਲੱਗੇ ਹਨ ਤਾਂ ਸ਼ਾਊਲ ਨੇ ਤੀਜੀ ਵਾਰੀ ਫੇਰ ਹੋਰ ਦੂਤ ਘੱਲੇ ਅਤੇ ਉਹ ਵੀ ਅਗੰਮ ਵਾਕ ਕਰਨ ਲੱਗੇ ।22ਤਦ ਉਹ ਆਪ ਰਾਮਾਹ ਨੂੰ ਗਿਆ ਅਤੇ ਉਸ ਵੱਡੇ ਖੂਹ ਕੋਲ ਜੋ ਸੇਕੂ ਵਿੱਚ ਹੈ ਪਹੁੰਚ ਗਿਆ ਅਤੇ ਉਸ ਨੇ ਪੁੱਛਿਆ, ਸਮੂਏਲ ਅਤੇ ਦਾਊਦ ਕਿੱਥੇ ਹਨ ? ਇੱਕ ਨੇ ਆਖਿਆ, ਵੇਖ ਉਹ ਤਾਂ ਰਾਮਾਹ ਦੇ ਨਾਯੋਥ ਵਿੱਚ ਹਨ ।
23ਤਦ ਉਹ ਰਾਮਾਹ ਦੇ ਨਾਯੋਥ ਵੱਲ ਗਿਆ ਅਤੇ ਪਰਮੇਸ਼ੁਰ ਦਾ ਆਤਮਾ ਉਹ ਦੇ ਉੱਤੇ ਵੀ ਆਇਆ ਅਤੇ ਉਹ ਰਾਮਾਹ ਤੋਂ ਨਾਯੋਥ ਤੱਕ ਪਹੁੰਚਣ ਤੱਕ ਚਲਦੇ ਚਲਦੇ ਅਗੰਮ ਵਾਕ ਕਰਦਾ ਗਿਆ24ਅਤੇ ਉਸ ਨੇ ਵੀ ਆਪਣੇ ਕੱਪੜੇ ਉਤਾਰ ਦਿਤੇ ਅਤੇ ਸਮੂਏਲ ਦੇ ਅੱਗੇ ਉਸੇ ਤਰ੍ਹਾਂ ਅਗੰਮ ਵਾਕ ਕਰਨ ਲੱਗਾ ਅਤੇ ਉਸ ਸਾਰੇ ਦਿਨ ਅਤੇ ਸਾਰੀ ਰਾਤ ਵਿੱਚ ਨੰਗਾ ਪਿਆ ਰਿਹਾ । ਸੋ ਇਹ ਕਹਾਉਤ ਚੱਲ ਪਈ " ਕੀ, ਸ਼ਾਊਲ ਵੀ ਨਬੀਆਂ ਵਿੱਚੋਂ ਹੈ ? "

20
ਯੋਨਾਥਾਨ ਦੁਆਰਾ ਦਾਊਦ ਦੀ ਸਹਾਇਤਾ

1ਤਦ ਦਾਊਦ ਰਾਮਾਹ ਦੇ ਨਾਯੋਥ ਵਿੱਚੋਂ ਭੱਜ ਕੇ ਯੋਨਾਥਾਨ ਕੋਲ ਆਇਆ ਅਤੇ ਬੋਲਿਆ, ਮੈਂ ਕੀ ਕੀਤਾ ਹੈ ? ਮੇਰਾ ਕੀ ਅਪਰਾਧ ਹੈ ? ਮੈਂ ਤੇਰੇ ਪਿਤਾ ਦੇ ਵਿਰੁੱਧ ਕੀ ਪਾਪ ਕੀਤਾ ਹੈ ਜੋ ਉਹ ਮੈਨੂੰ ਮਾਰਨਾ ਚਾਹੁੰਦਾ ਹੈ ?2ਤਦ ਉਸ ਨੇ ਉਹ ਨੂੰ ਆਖਿਆ, ਪਰਮੇਸ਼ੁਰ ਇਸ ਤਰ੍ਹਾਂ ਨਾ ਕਰੇ ! ਤੂੰ ਨਾ ਮਾਰਿਆ ਜਾਵੇਂਗਾ । ਵੇਖ, ਮੇਰਾ ਪਿਤਾ ਮੈਨੂੰ ਦੱਸੇ ਬਿਨ੍ਹਾਂ ਕੋਈ ਵੀ ਵੱਡਾ ਜਾਂ ਛੋਟਾ ਕੰਮ ਨਹੀਂ ਕਰਦਾ ਅਤੇ ਇਹ ਗੱਲ ਮੇਰਾ ਪਿਤਾ ਮੇਰੇ ਤੋਂ ਕਿਵੇਂ ਲੁਕਾਵੇਗਾ ? ਅਜਿਹਾ ਨਾ ਹੋਵੇਗਾ ।

3ਤਦ ਦਾਊਦ ਨੇ ਸਹੁੰ ਖਾ ਕੇ ਆਖਿਆ, ਤੇਰਾ ਪਿਤਾ ਚੰਗੀ ਤਰ੍ਹਾਂ ਜਾਣਦਾ ਹੈ ਜੋ ਮੇਰੇ ਉੱਤੇ ਤੇਰੀ ਦਯਾ ਦੀ ਨਿਗਾਹ ਹੈ ਅਤੇ ਉਸ ਨੇ ਆਖਿਆ, ਜੋ ਯੋਨਾਥਾਨ ਇਹ ਨਾ ਜਾਣੇ ਕਿ ਉਹ ਦੁੱਖੀ ਹੋਵੇ ਪਰ ਜਿਉਂਦੇ ਪਰਮੇਸ਼ੁਰ ਅਤੇ ਤੇਰੀ ਜਾਨ ਦੀ ਸਹੁੰ, ਮੇਰੇ ਅਤੇ ਮੌਤ ਦੇ ਵਿੱਚ ਸਿਰਫ਼ ਇੱਕ ਹੀ ਕਦਮ ਦੀ ਦੂਰੀ ਹੈ ।
4ਤਦ ਯੋਨਾਥਾਨ ਨੇ ਦਾਊਦ ਨੂੰ ਆਖਿਆ, ਜੋ ਕੁਝ ਤੇਰਾ ਜੀ ਚਾਹੇ ਉਹੋ ਮੈਂ ਤੇਰੇ ਲਈ ਕਰਾਂਗਾ ।5ਦਾਊਦ ਨੇ ਯੋਨਾਥਾਨ ਨੂੰ ਆਖਿਆ, ਵੇਖ, ਕੱਲ ਨਵੇਂ ਚੰਨ ਦਾ ਤਿਉਹਾਰ ਹੈ ਅਤੇ ਮੇਰੇ ਲਈ ਜਰੂਰੀ ਹੈ ਜੋ ਉਸ ਦਿਨ ਮੈਂ ਰਾਜੇ ਨਾਲ ਭੋਜਨ ਕਰਾਂ ਪਰ ਤੂੰ ਮੈਨੂੰ ਇਜ਼ਾਜਤ ਦੇ ਜੋ ਮੈਂ ਤੀਜੇ ਦਿਨ ਦੀ ਸ਼ਾਮ ਤੱਕ ਖੇਤਾਂ ਵਿੱਚ ਲੁਕਿਆ ਰਹਾਂ ।
6ਜੇ ਕਦੀ ਤੇਰਾ ਪਿਤਾ ਮੈਨੂੰ ਉੱਥੇ ਨਾ ਵੇਖੇ ਤਾਂ ਉਹ ਨੂੰ ਆਖੀਂ ਜੋ ਦਾਊਦ ਨੇ ਮੇਰੇ ਕੋਲੋਂ ਛੇਤੀ ਹੀ ਆਪਣੇ ਸ਼ਹਿਰ ਬੈਤਲਹਮ ਨੂੰ ਜਾਣ ਲਈ ਮਿੰਨਤ ਕਰ ਕੇ ਛੁੱਟੀ ਲਈ ਹੈ ਕਿਉਂ ਜੋ ਉੱਥੇ ਸਾਰੇ ਪਰਿਵਾਰ ਦੇ ਲਈ ਸਾਲ ਦੀ ਬਲੀ ਭੇਂਟ ਹੈ ।7ਸੋ ਜੇ ਉਹ ਬੋਲੇ," ਠੀਕ ਹੈ "ਤਾਂ ਸਮਝੀ ਸਭ ਕੁਝ ਠੀਕ ਠਾਕ ਹੈ, ਪਰ ਜੇ ਇਹ ਸੁਣ ਕੇ ਉਹ ਨੂੰ ਕ੍ਰੋਧ ਆਵੇ, ਤਾਂ ਸਮਝੀ ਕਿ ਉਸ ਨੇ ਮੈਨੂੰ ਮਾਰਨ ਦਾ ਪੱਕਾ ਫੈਸਲਾ ਕਰ ਲਿਆ ਹੈ ।
8ਫੇਰ ਤੈਨੂੰ ਆਪਣੇ ਦਾਸ ਉੱਤੇ ਕਿਰਪਾ ਕਰਨ ਦੀ ਲੋੜ ਪਏਗੀ ਕਿਉਂ ਜੋ ਤੂੰ ਆਪਣੇ ਦਾਸ ਨੂੰ ਯਹੋਵਾਹ ਦੇ ਨੇਮ ਵਿੱਚ ਆਪਣੇ ਨਾਲ ਮਿਲਾਇਆ ਹੈ । ਤਦ ਵੀ ਜੇ ਕਦੀ ਮੇਰੇ ਵਿੱਚ ਕਮੀ ਹੋਵੇ ਤਾਂ ਤੂੰ ਆਪ ਹੀ ਮੈਨੂੰ ਮਾਰ ਸੁੱਟ ਪਰ ਤੂੰ ਆਪਣੇ ਪਿਤਾ ਦੇ ਹੱਥੋਂ ਕਿਉਂ ਮਰਨ ਦੇਵੇਂ ?9ਤਦ ਯੋਨਾਥਾਨ ਬੋਲਿਆ, ਇਹ ਗੱਲ ਤੇਰੇ ਉੱਤੋਂ ਟਲ ਜਾਵੇ ਜੇ ਕਦੀ ਮੈਨੂੰ ਖ਼ਬਰ ਹੁੰਦੀ ਮੇਰਾ ਪਿਤਾ ਤੇਰੀ ਬੁਰਿਆਈ ਕਰਨਾ ਚਾਹੁੰਦਾ ਹੈ, ਕੀ ਮੈਂ ਤੈਨੂੰ ਖ਼ਬਰ ਨਾ ਕਰਦਾ ?
10ਫੇਰ ਦਾਊਦ ਨੇ ਯੋਨਾਥਾਨ ਨੂੰ ਆਖਿਆ, ਮੈਨੂੰ ਕੌਣ ਖ਼ਬਰ ਦੇਵੇ ? ਕੀ ਜਾਣੀਏ, ਤੇਰਾ ਪਿਤਾ ਤੈਨੂੰ ਅੱਗੋਂ ਸਖ਼ਤ ਜਵਾਬ ਦੇਵੇ ।11ਤਦ ਯੋਨਾਥਾਨ ਨੇ ਦਾਊਦ ਨੂੰ ਆਖਿਆ, ਅਸੀਂ ਖੇਤ ਵਿੱਚ ਚੱਲੀਏ ਸੋ ਉਹ ਦੋਵੋਂ ਖੇਤ ਵਿੱਚ ਗਏ ।

12ਤਦ ਯੋਨਾਥਾਨ ਨੇ ਦਾਊਦ ਨੂੰ ਆਖਿਆ, ਹੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ, ਜਿਸ ਵੇਲੇ ਮੈਂ ਕੱਲ ਜਾਂ ਪਰਸੋਂ ਆਪਣੇ ਪਿਤਾ ਨੂੰ ਨਿਤਾਰਾਂ ਅਤੇ ਵੇਖ, ਜੇ ਉਹ ਦੀ ਨੀਤ ਦਾਊਦ ਦੇ ਭਲੇ ਵਿੱਚ ਹੋਵੇ ਅਤੇ ਤੇਰੇ ਕੋਲ ਖ਼ਬਰ ਨਾ ਘੱਲਾਂ ਅਤੇ ਤੈਨੂੰ ਨਾ ਦੱਸਾਂ ।13ਤਦ ਯਹੋਵਾਹ ਯੋਨਾਥਾਨ ਨਾਲ ਵੀ ਤੇਹਾ ਹੀ ਕਰੇ ਸਗੋਂ ਉਸ ਨਾਲੋਂ ਵੀ ਵੱਧ ਅਤੇ ਜੇ ਕਦੀ ਮੇਰੇ ਪਿਤਾ ਦੀ ਨੀਤ ਤੇਰੇ ਵੱਲ ਮਾੜੀ ਹੋਵੇ ਤਦ ਵੀ ਮੈਂ ਤੈਨੂੰ ਦੱਸਾਂਗਾ ਅਤੇ ਵਿਦਾ ਕਰ ਦਿਆਂਗਾ ਜੋ ਤੂੰ ਸੁੱਖ ਨਾਲ ਤੁਰਿਆ ਜਾਵੇਂ ਅਤੇ ਯਹੋਵਾਹ ਤੇਰੇ ਨਾਲ ਹੋਵੇ ਜਿੱਕੁਰ ਮੇਰੇ ਪਿਤਾ ਦੇ ਨਾਲ ਸੀ
14ਅਤੇ ਤੂੰ ਸਿਰਫ ਮੇਰੇ ਜਿਉਂਦੇ ਜੀ ਮੇਰੇ ਉੱਤੇ ਯਹੋਵਾਹ ਦੀ ਕਿਰਪਾ ਕਰੇ, ਜੋ ਮੈਂ ਮਰ ਨਾ ਜਾਂਵਾਂ ।15ਸਗੋਂ ਜਿਸ ਵੇਲੇ ਯਹੋਵਾਹ ਤੇਰੇ ਸਾਰੇ ਵੈਰੀਆਂ ਨੂੰ ਧਰਤੀ ਉੱਤੋਂ ਨਾਸ਼ ਕਰ ਦੇਵੇ ਤਾਂ ਸਦੀਪਕ ਕਾਲ ਦੇ ਲਈ ਮੇਰੀ ਸੰਤਾਨ ਉੱਤੋਂ ਵੀ ਆਪਣੀ ਕਿਰਪਾ ਨਾ ਹਟਾਵੀਂ ।16ਸੋ ਯੋਨਾਥਾਨ ਨੇ ਦਾਊਦ ਦੇ ਪਰਿਵਾਰ ਨਾਲ ਇਹ ਵਾਇਦਾ ਕੀਤਾ ਅਤੇ ਆਖਿਆ, ਭਈ ਯਹੋਵਾਹ ਦਾਊਦ ਦੇ ਵੈਰੀਆਂ ਕੋਲੋਂ ਬਦਲਾ ਲਵੇ ।
17ਯੋਨਾਥਾਨ ਨੇ ਦਾਊਦ ਕੋਲੋਂ ਦੋ ਵਾਰੀ ਸਹੁੰ ਚੁਕਾਈ ਇਸ ਲਈ ਜੋ ਉਸ ਨਾਲ ਉਹ ਦਾ ਬਹੁਤ ਪਿਆਰ ਸੀ ਅਤੇ ਉਸ ਨਾਲ ਆਪਣੇ ਪ੍ਰਾਣਾਂ ਦੇ ਸਮਾਨ ਪ੍ਰੀਤ ਰੱਖਦਾ ਸੀ ।

18ਤਦ ਯੋਨਾਥਾਨ ਨੇ ਦਾਊਦ ਨੂੰ ਆਖਿਆ ਕੱਲ ਨਵੇਂ ਚੰਨ ਦਾ ਤਿਉਹਾਰ ਹੋਵੇਗਾ ਅਤੇ ਤੈਨੂੰ ਯਾਦ ਕੀਤਾ ਜਾਵੇਗਾ ਕਿਉਂ ਜੋ ਤੇਰੀ ਜਗ੍ਹਾ ਖਾਲੀ ਰਹੇਗੀ ।19ਤੂੰ ਤਿੰਨਾਂ ਦਿਨਾਂ ਤੋਂ ਬਾਅਦ ਜਰੂਰ ਆਵੀਂ, ਜਿੱਥੇ ਤੂੰ ਉਸ ਦਿਨ ਲੁਕਿਆ ਸੀ, ਅੱਜਲ ਦੀ ਗੁਫਾ ਵਿੱਚ ਰਹੀ ।
20ਮੈਂ ਆ ਕੇ ਉਸ ਵੱਲ ਤਿੰਨ ਤੀਰ ਚਲਾਵਾਂਗਾ ਜਿਵੇਂ ਕਿਸੇ ਨਿਸ਼ਾਨੇ ਤੇ ਚਲਾਈਦਾ ਹੈ ।21ਅਤੇ ਵੇਖ, ਉਸ ਵੇਲੇ ਮੈਂ ਇੱਕ ਮੁੰਡੇ ਨੂੰ ਭੇਜਾਂਗਾ ਜੋ ਤੀਰ ਲੱਭ ਕੇ ਲੈ ਆਵੇ । ਉਸ ਵੇਲੇ ਜੇ ਮੈਂ ਮੁੰਡੇ ਨੂੰ ਆਖਾਂ, ਵੇਖ, ਤੀਰ ਤੇਰੇ ਇਸ ਪਾਸੇ ਹਨ ਲੱਭ ਕੇ ਲਿਆ ਤਾਂ ਤੂੰ ਨਿੱਕਲ ਆਵੀਂ ਕਿਉਂ ਜੋ ਤੇਰੇ ਲਈ ਸੁੱਖ ਹੈ ਅਤੇ ਜਿਉਂਦੇ ਪਰਮੇਸ਼ੁਰ ਦੀ ਸਹੁੰ, ਔਖ ਨਹੀਂ ਹੈ ।
22ਪਰ ਜੇ ਮੈਂ ਮੁੰਡੇ ਨੂੰ ਇਹ ਆਖਾਂ, ਵੇਖ, ਤੀਰ ਤੇਰੇ ਤੋਂ ਦੂਰ ਹਨ ਤਾਂ ਤੂੰ ਨਿੱਕਲ ਜਾ ਕਿਉਂ ਜੋ ਯਹੋਵਾਹ ਨੇ ਤੈਨੂੰ ਵਿਦਾ ਕੀਤਾ ਹੈ ।23ਉਸ ਗੱਲ ਦੇ ਉੱਤੇ ਜਿਹੜੀ ਮੈਂ ਅਤੇ ਤੂੰ ਕੀਤੀ ਹੈ ਵੇਖ,ਯਹੋਵਾਹ ਤੇਰੇ ਅਤੇ ਮੇਰੇ ਵਿਚਕਾਰ ਸਦਾ ਹੋਵੇ ।

24ਸੋ ਦਾਊਦ ਮੈਦਾਨ ਦੇ ਵਿੱਚ ਲੁਕਿਆ ਅਤੇ ਜਦ ਨਵਾਂ ਚੰਦ ਹੋਇਆ ਤਾਂ ਰਾਜਾ ਰੋਟੀ ਖਾਣ ਲਈ ਬੈਠਾ,25ਅਤੇ ਰਾਜਾ ਆਪਣੀ ਰੀਤ ਅਨੁਸਾਰ ਉਸ ਚੌਂਕੀ ਉੱਤੇ ਬੈਠਾ ਜੋ ਕੰਧ ਦੇ ਲਾਗੇ ਸੀ ਅਤੇ ਯੋਨਾਥਾਨ ਉੱਠਿਆ ਅਤੇ ਅਬਨੇਰ ਸ਼ਾਊਲ ਦੇ ਇੱਕ ਪਾਸੇ ਵੱਲ ਬੈਠਾ, ਪਰ ਦਾਊਦ ਦੀ ਜਗ੍ਹਾ ਖਾਲੀ ਸੀ ।

26ਉਸ ਦਿਨ ਸ਼ਾਊਲ ਨੇ ਕੁਝ ਨਾ ਆਖਿਆ, ਕਿਉਂ ਜੋ ਉਸ ਨੇ ਵਿਚਾਰਿਆ ਕਿ ਇਸ ਦਾ ਕੋਈ ਨਾ ਕੋਈ ਕਾਰਨ ਹੋਵੇਗਾ । ਅਸ਼ੁੱਧ ਹੋਣਾ ਹੈ, ਜ਼ਰੂਰ ਹੀ ਅਸ਼ੁੱਧ ਹੋਵੇਗਾ ।27ਪਰ ਅਗਲੇ ਦਿਨ ਜੋ ਮਹੀਨੇ ਦਾ ਦੂਜਾ ਦਿਨ ਸੀ ਤਾਂ ਅਜਿਹਾ ਹੋਇਆ ਜੋ ਦਾਊਦ ਦਾ ਥਾਂ ਫੇਰ ਖਾਲੀ ਰਹੀ । ਤਦ ਸ਼ਾਊਲ ਨੇ ਆਪਣੇ ਪੁੱਤਰ ਯੋਨਾਥਾਨ ਨੂੰ ਆਖਿਆ, ਇਹ ਕੀ ਕਾਰਨ ਜੋ ਯੱਸੀ ਦਾ ਪੁੱਤਰ ਨਾ ਕੱਲ ਖਾਣ ਆਇਆ ਸੀ, ਨਾ ਅੱਜ ?
28ਤਦ ਯੋਨਾਥਾਨ ਨੇ ਸ਼ਾਊਲ ਨੂੰ ਉੱਤਰ ਦਿੱਤਾ ਜੋ ਦਾਊਦ ਨੇ ਮਿੰਨਤ ਕਰ ਕੇ ਬੈਤਲਹਮ ਨੂੰ ਜਾਣ ਦੀ ਛੁੱਟੀ ਮੈਥੋਂ ਲਈ ਹੈ ।29ਅਤੇ ਉਸ ਨੇ ਆਖਿਆ, ਮੈਨੂੰ ਛੁੱਟੀ ਦੇ ਕਿਉਂ ਜੋ ਸ਼ਹਿਰ ਵਿੱਚ ਸਾਡੇ ਪਰਿਵਾਰ ਦੀ ਇੱਕ ਬਲੀ ਭੇਟ ਹੈ ਅਤੇ ਮੇਰੇ ਭਰਾ ਨੇ ਮੈਨੂੰ ਉੱਥੇ ਹਾਜ਼ਿਰ ਹੋਣ ਲਈ ਆਖਿਆ ਹੈ ਅਤੇ ਹੁਣ ਜੇ ਕਦੀ ਮੈਂ ਤੁਹਾਡੇ ਵੇਖਣ ਵਿੱਚ ਕਿਰਪਾ ਜੋਗ ਹਾਂ ਤਾਂ ਮੈਨੂੰ ਛੁੱਟੀ ਦਿਉ ਕਿ ਮੈਂ ਆਪਣੇ ਭਰਾਵਾਂ ਨੂੰ ਜਾ ਮਿਲਾਂ । ਇਸ ਕਰਕੇ ਉਹ ਰਾਜੇ ਨਾਲ ਭੋਜਨ ਲਈ ਨਹੀਂ ਆਇਆ ।

30ਤਦ ਸ਼ਾਊਲ ਨੂੰ ਯੋਨਾਥਾਨ ਉਤੇ ਕ੍ਰੋਧ ਆਇਆ ਅਤੇ ਉਸ ਨੇ ਉਹ ਨੂੰ ਆਖਿਆ, ਹੇ ਦੁਸ਼ਟ ਦੇਸ ਧਰੋਹੀ ਦੇ ਪੁੱਤਰ ! ਭਲਾ, ਮੈਨੂੰ ਖ਼ਬਰ ਨਹੀਂ ਜੋ ਤੂੰ ਆਪਣੀ ਲੱਜ ਅਤੇ ਆਪਣੀ ਮਾਂ ਦੇ ਨੰਗੇਜ ਦੀ ਲੱਜ ਲਈ ਯੱਸੀ ਦੇ ਪੁੱਤਰ ਨੂੰ ਚੁਣ ਲਿਆ ਹੈ ?31ਜਦ ਤੱਕ ਇਹ ਯੱਸੀ ਦਾ ਪੁੱਤਰ ਧਰਤੀ ਉੱਤੇ ਜੀਉਂਦਾ ਹੈ ਤਦ ਤੱਕ ਨਾ ਤੂੰ ਸਥਿਰ ਹੋਵੇਂਗਾ ਨਾ ਤੇਰਾ ਰਾਜ । ਹੁਣੇ ਮਨੁੱਖ ਘੱਲ ਅਤੇ ਉਹ ਨੂੰ ਮੇਰੇ ਕੋਲ ਲਿਆ ਕਿਉਂ ਜੋ ਉਹ ਜਰੂਰ ਮਾਰਿਆ ਜਾਵੇ ।
32ਤਦ ਯੋਨਾਥਾਨ ਨੇ ਆਪਣੇ ਪਿਤਾ ਸ਼ਾਊਲ ਨੂੰ ਉੱਤਰ ਦਿੱਤਾ, ਉਹ ਕਿਉਂ ਮਾਰਿਆ ਜਾਵੇ ? ਉਸ ਨੇ ਅਜਿਹਾ ਕੀ ਕੀਤਾ ਹੈ ?33ਤਦ ਸ਼ਾਊਲ ਨੇ ਉਸ ਦੇ ਮਾਰਨ ਲਈ ਭਾਲਾ ਚਲਾਇਆ । ਤਦ ਯੋਨਾਥਾਨ ਨੂੰ ਖ਼ਬਰ ਹੋਈ ਜੋ ਉਹ ਦੇ ਪਿਤਾ ਨੇ ਦਾਊਦ ਨੂੰ ਮਾਰਨ ਦਾ ਮਨ ਬਣਾ ਲਿਆ ਹੈ ।34ਸੋ ਯੋਨਾਥਾਨ ਵੱਡੇ ਕ੍ਰੋਧ ਨਾਲ ਭੋਜਨ ਦੀ ਮੇਜ ਤੋਂ ਉੱਠ ਗਿਆ ਅਤੇ ਮਹੀਨੇ ਦੇ ਦੂਜੇ ਦਿਨ ਕੁਝ ਭੋਜਨ ਨਾ ਖਾਧਾ ਕਿਉਂ ਜੋ ਉਹ ਦਾਊਦ ਦੇ ਕਾਰਨ ਵੱਡਾ ਦੁਖੀ ਹੋਇਆ ਕਿ ਉਹ ਦੇ ਪਿਤਾ ਨੇ ਦਾਊਦ ਦਾ ਬਹੁਤ ਨਿਰਾਦਰ ਕੀਤਾ ਸੀ ।

35ਸਵੇਰ ਨੂੰ ਯੋਨਾਥਾਨ ਉਸੇ ਵੇਲੇ ਜੋ ਦਾਊਦ ਨਾਲ ਠਹਿਰਾਇਆ ਹੋਇਆ ਸੀ ਮੈਦਾਨ ਵੱਲ ਗਿਆ ਅਤੇ ਇੱਕ ਛੋਟਾ ਮੁੰਡਾ ਉਹ ਦੇ ਨਾਲ ਸੀ ।36ਉਹ ਨੇ ਆਪਣੇ ਮੁੰਡੇ ਨੂੰ ਆਗਿਆ ਕੀਤੀ ਕਿ ਇਹ ਤੀਰ ਜੋ ਮੈਂ ਚਲਾਉਂਦਾ ਹਾਂ ਭੱਜ ਕੇ ਲੱਭ ਲਿਆ ਅਤੇ ਜਿਸ ਵੇਲੇ ਉਹ ਭੱਜਾ ਤਾਂ ਉਸ ਨੇ ਅਜਿਹਾ ਤੀਰ ਮਾਰਿਆ ਜੋ ਉਸ ਮੁੰਡੇ ਤੋਂ ਪਰੇ ਜਾ ਡਿੱਗਾ ।37ਅਤੇ ਜਦ ਉਹ ਮੁੰਡਾ ਉਸ ਤੀਰ ਕੋਲ ਜੋ ਯੋਨਾਥਾਨ ਨੇ ਮਾਰਿਆ ਸੀ ਪਹੁੰਚ ਗਿਆ ਤਾਂ ਯੋਨਾਥਾਨ ਨੇ ਮੁੰਡੇ ਨੂੰ ਪੁਕਾਰ ਕੇ ਕਿਹਾ, ਕੀ, ਤੀਰ ਤੇਰੇ ਤੋਂ ਪਰੇ ਨਹੀਂ ?
38ਨਾਲੇ ਯੋਨਾਥਾਨ ਨੇ ਮੁੰਡੇ ਨੂੰ ਪੁਕਾਰ ਕੇ ਆਖਿਆ, ਛੇਤੀ ਕਰ, ਛੇਤੀ ਹੋ ਢਿੱਲ ਨਾ ਲਾ ! ਸੋ ਯੋਨਾਥਾਨ ਦਾ ਮੁੰਡਾ ਤੀਰਾਂ ਨੂੰ ਇਕੱਠਿਆ ਕਰ ਕੇ ਆਪਣੇ ਮਾਲਕ ਕੋਲ ਲੈ ਆਇਆ ।39ਪਰ ਉਸ ਮੁੰਡੇ ਨੇ ਕੁਝ ਨਾ ਸਮਝਿਆ, ਸਿਰਫ਼ ਦਾਊਦ ਅਤੇ ਯੋਨਾਥਾਨ ਹੀ ਇਸ ਗੱਲ ਨੂੰ ਜਾਣਦੇ ਸਨ ।40ਫੇਰ ਯੋਨਾਥਾਨ ਨੇ ਆਪਣੇ ਹਥਿਆਰ ਉਸ ਮੁੰਡੇ ਨੂੰ ਦੇ ਕੇ ਆਖਿਆ, ਜਾ ਸ਼ਹਿਰ ਵੱਲ ਲੈ ਜਾ ।
41ਜਦ ਉਹ ਮੁੰਡਾ ਚੱਲਿਆ ਗਿਆ ਤਾਂ ਦਾਊਦ ਦੱਖਣ ਵੱਲੋਂ ਨਿੱਕਲਿਆ ਅਤੇ ਧਰਤੀ ਉੱਤੇ ਮੂੰਹ ਦੇ ਭਾਰ ਡਿੱਗ ਪਿਆ ਅਤੇ ਤਿੰਨ ਵਾਰੀਂ ਮੱਥਾ ਟੇਕਿਆ ਅਤੇ ਉਹਨਾਂ ਨੇ ਆਪੋ ਵਿੱਚ ਇੱਕ ਦੂਜੇ ਨੂੰ ਚੁੰਮਿਆ ਅਤੇ ਦੋਵੇਂ ਇੱਕਠੇ ਰੋਏ, ਪਰ ਦਾਊਦ ਵੱਧ ਰੋਇਆ ।42ਯੋਨਾਥਾਨ ਨੇ ਦਾਊਦ ਨੂੰ ਆਖਿਆ, ਉਸ ਬਚਨ ਦੇ ਕਾਰਨ ਜੋ ਅਸੀਂ ਦੋਹਾਂ ਨੇ ਯਹੋਵਾਹ ਦੇ ਨਾਮ ਦੀ ਸਹੁੰ ਚੁੱਕ ਕੇ ਕੀਤਾ ਕਿ ਮੇਰੇ ਤੇਰੇ ਵਿੱਚ ਅਤੇ ਮੇਰੀ ਤੇਰੀ ਸੰਤਾਨ ਦੇ ਵਿੱਚ ਸਦਾ ਦੇ ਲਈ ਯਹੋਵਾਹ ਰਹੇ, ਤੂੰ ਸੁੱਖ ਨਾਲ ਜਾ । ਸੋ ਉਹ ਉੱਠ ਕੇ ਵਿਦਾ ਹੋਇਆ ਅਤੇ ਯੋਨਾਥਾਨ ਸ਼ਹਿਰ ਨੂੰ ਗਿਆ ।

21
ਦਾਊਦ ਸ਼ਾਊਲ ਕੋਲੋਂ ਭੱਜ ਜਾਂਦਾ ਹੈ

1ਦਾਊਦ ਨੋਬ ਵਿੱਚ ਅਹੀਮਲਕ ਜਾਜਕ ਦੇ ਕੋਲ ਆਇਆ ਅਤੇ ਅਹੀਮਲਕ ਦਾਊਦ ਦੇ ਮਿਲਣ ਤੋਂ ਡਰਿਆ ਅਤੇ ਉਸ ਨੇ ਪੁੱਛਿਆ, ਤੂੰ ਇੱਕਲਾ ਕਿਉਂ ਹੈਂ ਅਤੇ ਤੇਰੇ ਨਾਲ ਕੋਈ ਮਨੁੱਖ ਕਿਉਂ ਨਹੀਂ ਹੈ ?2ਸੋ ਦਾਊਦ ਨੇ ਅਹੀਮਲਕ ਜਾਜਕ ਨੂੰ ਆਖਿਆ, ਕਿ ਰਾਜਾ ਨੇ ਮੈਨੂੰ ਇੱਕ ਕੰਮ ਕਰਨ ਦੀ ਆਗਿਆ ਦਿੱਤੀ ਹੈ ਅਤੇ ਮੈਨੂੰ ਆਖਿਆ ਹੈ, ਇਹ ਕੰਮ ਜਿਸ ਕਰਕੇ ਮੈਂ ਤੈਨੂੰ ਭੇਜਿਆ ਹੈ ਕਿਸੇ ਮਨੁੱਖ ਉੱਤੇ ਪਰਗਟ ਨਾ ਹੋਵੇ ਅਤੇ ਆਪਣੇ ਜੁਆਨਾਂ ਨੂੰ ਮੈਂ ਫ਼ਲਾਨੇ-ਫ਼ਲਾਨੇ ਥਾਂ ਬਿਠਾ ਦਿੱਤਾ ਹੈ ।

3ਪਰ ਹੁਣ ਤੇਰੇ ਹੱਥ ਵਿੱਚ ਕੀ ਹੈ ? ਪੰਜ ਰੋਟੀਆਂ ਜਾਂ ਹੋਰ ਜੋ ਕੁਝ ਹੈ ਸੋ ਮੇਰੇ ਹੱਥ ਵਿੱਚ ਦੇ ।4ਜਾਜਕ ਨੇ ਦਾਊਦ ਨੂੰ ਉੱਤਰ ਦੇ ਕੇ ਆਖਿਆ, ਮੇਰੇ ਹੱਥ ਵਿੱਚ ਆਮ ਰੋਟੀਆਂ ਨਹੀਂ ਪਰ ਪਵਿੱਤਰ ਰੋਟੀਆਂ ਹਨ ਜੇਕਰ ਕਦੀ ਜੁਆਨਾਂ ਨੇ ਸੱਚ-ਮੁੱਚ ਆਪਣੇ ਆਪ ਨੂੰ ਇਸਤਰੀਆਂ ਕੋਲੋਂ ਵੱਖਰਾ ਰੱਖਿਆ ਹੋਵੇ ।
5ਤਦ ਦਾਊਦ ਨੇ ਜਾਜਕ ਨੂੰ ਉੱਤਰ ਦੇ ਕੇ ਆਖਿਆ, ਸੱਚ-ਮੁੱਚ ਇਨ੍ਹਾਂ ਤਿੰਨਾਂ ਦਿਨਾਂ ਵਿੱਚ ਜਦ ਦੇ ਅਸੀਂ ਨਿੱਕਲੇ ਹਾਂ ਇਸਤਰੀਆਂ ਕੋਲੋਂ ਵੱਖਰੇ ਰਹੇ ਹਾਂ ਅਤੇ ਜੁਆਨਾਂ ਦੇ ਭਾਂਡੇ ਸ਼ੁੱਧ ਹਨ ਅਤੇ ਉਹ ਰਾਹ ਖ਼ਾਸ ਨਹੀ ਹੈ ਤਾਂ, ਉਹਨਾਂ ਦੇ ਭਾਂਡੇ ਅੱਜ ਕਿੰਨੇ ਵੱਧ ਸ਼ੁੱਧ ਹੋਣਗੇ ।6ਸੋ ਜਾਜਕ ਨੇ ਪਵਿੱਤਰ ਰੋਟੀ ਉਸ ਨੂੰ ਦਿੱਤੀ ਕਿਉਂ ਜੋ ਉੱਥੇ ਹਜ਼ੂਰੀ ਦੀ ਰੋਟੀ ਜਿਹੜੀ ਯਹੋਵਾਹ ਦੇ ਅੱਗੋਂ ਚੁੱਕੀ ਗਈ ਸੀ ਜੋ ਉਹ ਦੇ ਥਾਂ ਬਦਲਣੇ ਦੇ ਦਿਨ ਵਿੱਚ ਗਰਮ ਰੋਟੀ ਰੱਖੀ ਜਾਵੇ ਹੋਰ ਰੋਟੀ ਨਹੀਂ ਸੀ ।

7ਉਸ ਦਿਨ ਉੱਥੇ ਸ਼ਾਊਲ ਦੇ ਸੇਵਕਾਂ ਵਿੱਚੋਂ ਇੱਕ ਮਨੁੱਖ ਯਹੋਵਾਹ ਦੇ ਅੱਗੇ ਰੁੱਕਿਆ ਹੋਇਆ ਸੀ । ਉਹ ਦਾ ਨਾਮ ਅਦੋਮੀ ਦੋਏਗ ਸੀ, ਉਹ ਸ਼ਾਊਲ ਦੇ ਚਰਵਾਹਿਆਂ ਦਾ ਮੁਖੀਆ ਸੀ ।

8ਫੇਰ ਦਾਊਦ ਨੇ ਅਹੀਮਲਕ ਨੂੰ ਪੁੱਛਿਆ, ਐਥੇ ਤੇਰੇ ਕੋਲ ਕੋਈ ਬਰਛੀ ਜਾਂ ਤਲਵਾਰ ਤਾਂ ਨਹੀਂ ? ਕਿਉਂ ਜੋ ਮੈਂ ਰਾਜਾ ਦੇ ਕੰਮ ਦੀ ਛੇਤੀ ਹੋਣ ਕਾਰਨ ਆਪਣੀ ਤਲਵਾਰ ਅਤੇ ਆਪਣੇ ਹਥਿਆਰ ਨਾਲ ਨਹੀਂ ਲਿਆਇਆ ।9ਸੋ ਜਾਜਕ ਨੇ ਆਖਿਆ, ਫ਼ਲਿਸਤੀ ਗੋਲਿਅਥ ਦੀ ਤਲਵਾਰ ਜਿਸ ਨੂੰ ਤੂੰ ਏਲਾਹ ਦੀ ਘਾਟੀ ਵਿੱਚ ਮਾਰਿਆ ਸੀ ਵੇਖ ਉਹ ਇੱਕ ਕੱਪੜੇ ਦੇ ਵਿੱਚ ਲਪੇਟੀ ਹੋਈ ਏਫ਼ੋਦ ਦੇ ਪਿੱਛੇ ਹੈ । ਜੇ ਤੈਨੂੰ ਉਹ ਦੀ ਲੋੜ ਹੈ ਤਾਂ ਲੈ ਲੈ ਕਿਉਂ ਜੋ ਉਹ ਦੇ ਬਿਨ੍ਹਾਂ ਹੋਰ ਇੱਥੇ ਕੋਈ ਹੋਰ ਤਲਵਾਰ ਨਹੀਂ । ਤਦ ਦਾਊਦ ਬੋਲਿਆ, ਉਸ ਦੇ ਵਰਗੀ ਤਾਂ ਹੋਰ ਕੋਈ ਹੈ ਹੀ ਨਹੀਂ । ਉਹੋ ਮੈਨੂੰ ਦੇ ।

10ਤਾਂ ਦਾਊਦ ਉੱਠਿਆ ਅਤੇ ਸ਼ਾਊਲ ਦੇ ਡਰ ਨਾਲ ਉਸੇ ਦਿਨ ਭੱਜ ਗਿਆ ਅਤੇ ਗਥ ਦੇ ਰਾਜਾ ਆਕੀਸ਼ ਦੇ ਕੋਲ ਚੱਲਿਆ ਗਿਆ ।11ਆਕੀਸ਼ ਦੇ ਸੇਵਕਾਂ ਨੇ ਉਹ ਨੂੰ ਆਖਿਆ, ਕੀ, ਇਹ ਉਹ ਦਾਊਦ ਨਹੀਂ ਜੋ ਉਸ ਦੇਸ ਦਾ ਰਾਜਾ ਹੈ ? ਅਤੇ ਉਹ ਨਹੀਂ ਜਿਸ ਦੇ ਲਈ ਉਹ ਨੱਚਦੀਆਂ ਹੋਈਆਂ ਆਪੋ ਵਿੱਚ ਗਾਉਂਦੀਆਂ ਸਨ,
ਸ਼ਾਊਲ ਨੇ ਹਜ਼ਾਰਾਂ ਨੂੰ ਮਾਰਿਆ,
ਪਰ ਦਾਊਦ ਲੱਖਾਂ ਨੂੰ ?

12ਇਹ ਗੱਲਾਂ ਦਾਊਦ ਨੇ ਆਪਣੇ ਮਨ ਵਿੱਚ ਰੱਖੀਆਂ ਅਤੇ ਗਥ ਦੇ ਰਾਜਾ ਆਕੀਸ਼ ਤੋਂ ਬਹੁਤ ਡਰਿਆ ।13ਤਦ ਉਹ ਨੇ ਉਸ ਦੇ ਅੱਗੇ ਦੂਸਰੀ ਚਾਲ ਚਲੀ ਅਤੇ ਉਨ੍ਹਾਂ ਦੇ ਵੱਸ ਵਿੱਚ ਹੋਣ ਕਰਕੇ ਆਪ ਨੂੰ ਪਾਗਲ ਬਣਾਇਆ ਅਤੇ ਡਿਉੜ੍ਹੀ ਦੇ ਬੂਹਿਆਂ ਉੱਤੇ ਵਿਅਰਥ ਲਕੀਰਾਂ ਖਿਚਣ ਲੱਗਾ ਅਤੇ ਆਪਣੀਆਂ ਲਾਲਾਂ ਦਾਹੜੀ ਉੱਤੇ ਵਗਾਉਣ ਲੱਗਾ ।
14ਤਦ ਆਕੀਸ਼ ਨੇ ਆਪਣੇ ਸੇਵਕਾਂ ਨੂੰ ਆਖਿਆ, ਲਓ, ਵੇਖੋ, ਇਹ ਮਨੁੱਖ ਤਾਂ ਪਾਗਲਾਂ ਜਿਹਾ ਹੈ ! ਤੁਸੀਂ ਇਹ ਨੂੰ ਮੇਰੇ ਕੋਲ ਕਿਉਂ ਨੂੰ ਲਿਆਏ ਹੋ ?15ਭਲਾ, ਮੈਨੂੰ ਪਾਗਲਾਂ ਦੀ ਕਮੀ ਹੈ ਜੋ ਤੁਸੀਂ ਉਸ ਨੂੰ ਮੇਰੇ ਸਾਹਮਣੇ ਪਾਗਲਪੁਣਾ ਖਿਲਾਰਨ ਨੂੰ ਮੇਰੇ ਕੋਲ ਲੈ ਆਏ ਹੋ ? ਕੀ, ਅਜਿਹਾ ਮਨੁੱਖ ਮੇਰੇ ਘਰ ਵਿੱਚ ਵੜ ਜਾਵੇ ?

22
ਜਾਜਕਾਂ ਦੀ ਹੱਤਿਆ

1ਦਾਊਦ ਉੱਥੋਂ ਨਿੱਕਲ ਕੇ ਅਦੁੱਲਾਮ ਦੀ ਗੁਫਾ ਵਿੱਚ ਭੱਜ ਗਿਆ ਅਤੇ ਉਹ ਦੇ ਭਰਾ, ਉਹ ਦੇ ਪਿਤਾ ਦਾ ਸਾਰਾ ਟੱਬਰ ਇਹ ਸੁਣ ਕੇ ਉਹ ਦੇ ਕੋਲ ਉੱਥੇ ਆ ਗਏ ।2ਸਭ ਦੁੱਖੀ ਅਤੇ ਕਰਜਾਈ ਅਤੇ ਸਭ ਜੋ ਮੁਸ਼ਕਿਲ ਵਿੱਚ ਸਨ, ਉਹ ਦੇ ਕੋਲ ਆ ਗਏ ਅਤੇ ਉਹ ਉਨ੍ਹਾਂ ਦਾ ਪ੍ਰਧਾਨ ਬਣਿਆ ਅਤੇ ਚਾਰ ਸੌ ਮਨੁੱਖ ਉਹ ਦੇ ਨਾਲ ਹੋ ਗਏ ।

3ਉੱਥੋਂ ਦਾਊਦ ਮੋਆਬ ਦੇ ਮਿਸਫੇਹ ਨੂੰ ਗਿਆ ਅਤੇ ਮੋਆਬ ਦੇ ਰਾਜੇ ਨੂੰ ਆਖਿਆ, ਮੇਰੇ ਪਿਤਾ ਅਤੇ ਮੇਰੀ ਮਾਤਾ ਨੂੰ ਆਗਿਆ ਦੇ ਕਿ ਉਹ ਤੇਰੇ ਕੋਲ ਆ ਕੇ ਰਹਿਣ, ਜਦ ਤੱਕ ਮੈਂ ਨਾ ਜਾਣਾਂ ਜੋ ਪਰਮੇਸ਼ੁਰ ਮੇਰੇ ਨਾਲ ਕੀ ਕਰੇਗਾ ।4ਸੋ ਉਹ ਉਨ੍ਹਾਂ ਨੂੰ ਮੋਆਬ ਦੇ ਰਾਜੇ ਕੋਲ ਲੈ ਆਇਆ ਅਤੇ ਜਦ ਤੱਕ ਦਾਊਦ ਨੇ ਆਪਣੇ ਆਪ ਨੂੰ ਗੜ੍ਹ ਵਿੱਚ ਲੁਕਾ ਕੇ ਰੱਖਿਆ ਉਹ ਉਸ ਦੇ ਨਾਲ ਰਹੇ ।5ਤਦ ਗਾਦ ਨਬੀ ਨੇ ਦਾਊਦ ਨੂੰ ਆਖਿਆ, ਗੜ੍ਹ ਵਿੱਚ ਨਾ ਲੁਕਿਆ ਰਹਿ । ਚੱਲ ਅਤੇ ਯਹੂਦਾਹ ਦੇ ਦੇਸ ਵੱਲ ਨਿੱਕਲ ਜਾ । ਸੋ ਦਾਊਦ ਤੁਰਿਆ ਅਤੇ ਹਾਰਥ ਦੇ ਜੰਗਲ ਵਿੱਚ ਆ ਗਿਆ ।

6ਤਦ ਸ਼ਾਊਲ ਨੇ ਸੁਣਿਆ ਕਿ ਦਾਊਦ ਅਤੇ ਉਸ ਦੇ ਸਾਥੀਆਂ ਦਾ ਪਤਾ ਲੱਗ ਗਿਆ ਹੈ ਕਿਉਂ ਜੋ ਸ਼ਾਊਲ ਉਸ ਵੇਲੇ ਰਾਮਾਹ ਦੇ ਗਿਬਆਹ ਵਿੱਚ ਇੱਕ ਝਾਊ ਦੇ ਬਿਰਛ ਹੇਠ ਆਪਣਾ ਭਾਲਾ ਹੱਥ ਵਿੱਚ ਫੜੀ ਬੈਠਾ ਸੀ ਅਤੇ ਉਸ ਦੇ ਆਲੇ-ਦੁਆਲੇ ਉਸ ਦੇ ਸੇਵਕ ਖੜ੍ਹੇ ਸਨ ।
7ਤਦ ਸ਼ਾਊਲ ਨੇ ਆਪਣੇ ਕਰਮਚਾਰੀਆਂ ਨੂੰ ਜੋ ਉਸ ਦੇ ਆਲੇ-ਦੁਆਲੇ ਖੜ੍ਹੇ ਸਨ ਆਖਿਆ, ਸੁਣੋ ਹੇ ਬਿਨਯਾਮੀਨੀਓ ! ਕੀ, ਯੱਸੀ ਦਾ ਪੁੱਤਰ ਤੁਹਾਡੇ ਵਿੱਚੋਂ ਹਰੇਕ ਨੂੰ ਪੈਲੀ ਅਤੇ ਦਾਖਾਂ ਦਾ ਬਾਗ ਦੇਵੇਗਾ ?8ਅਤੇ ਤੁਹਾਨੂੰ ਸਭਨਾਂ ਨੂੰ ਸੈਂਕੜਿਆਂ ਅਤੇ ਹਜ਼ਾਰਾਂ ਦੇ ਪ੍ਰਧਾਨ ਬਣਾਵੇਗਾ ਜੋ ਤੁਸੀਂ ਸਾਰਿਆਂ ਨੇ ਮੇਰੇ ਵਿਰੋਧੀ ਬਣਨ ਦਾ ਮਨ ਬਣਾਇਆ ਹੈ ਅਤੇ ਅਜਿਹਾ ਹੋਰ ਕੋਈ ਨਹੀਂ ਜੋ ਮੈਨੂੰ ਦੱਸੇ ਕਿ ਮੇਰੇ ਪੁੱਤਰ ਨੇ ਯੱਸੀ ਦੇ ਪੁੱਤਰ ਨਾਲ ਨੇਮ ਕੀਤਾ ਹੈ ਅਤੇ ਤੁਹਾਡੇ ਵਿੱਚੋਂ ਵੀ ਅਜਿਹਾ ਕੋਈ ਨਹੀਂ ਜੋ ਮੇਰੇ ਲਈ ਉਦਾਸ ਹੋਵੇ ਅਤੇ ਮੈਨੂੰ ਦੱਸੇ ਜੋ ਮੇਰੇ ਵਿਰੁੱਧ ਛਹਿ ਲਾ ਕੇ ਬੈਠਣ ਨੂੰ ਜਿਵੇਂ ਅੱਜ ਦੇ ਦਿਨ ਹੈ ਮੇਰੇ ਪੁੱਤਰ ਨੇ ਮੇਰੇ ਸੇਵਕ ਨੂੰ ਚੁੱਕਿਆ ਹੈ ?
9ਤਦ ਦੋਏਗ ਅਦੋਮੀ ਨੇ ਜੋ ਸ਼ਾਊਲ ਦੇ ਸੇਵਕਾਂ ਕੋਲ ਖੜ੍ਹਾ ਸੀ ਉੱਤਰ ਦੇ ਕੇ ਆਖਿਆ, ਮੈਂ ਯੱਸੀ ਦੇ ਪੁੱਤਰ ਨੂੰ ਨੋਬ ਵਿੱਚ ਅਹੀਟੂਬ ਦੇ ਪੁੱਤਰ ਅਹੀਮਲਕ ਜਾਜਕ ਕੋਲ ਆਉਂਦਾ ਵੇਖਿਆ ।10ਉਹ ਦੇ ਲਈ ਉਸ ਨੇ ਯਹੋਵਾਹ ਕੋਲੋਂ ਪੁੱਛਿਆ ਅਤੇ ਉਹ ਨੂੰ ਰਾਹ ਲਈ ਭੋਜਨ ਵਸਤਾਂ ਦਿੱਤੀਆਂ ਅਤੇ ਫ਼ਲਿਸਤੀ ਗੋਲਿਅਥ ਦੀ ਤਲਵਾਰ ਉਹ ਨੂੰ ਦਿੱਤੀ ।

11ਤਦ ਰਾਜਾ ਨੇ ਅਹੀਟੂਬ ਦੇ ਪੁੱਤਰ ਅਹੀਮਲਕ ਜਾਜਕ ਨੂੰ ਅਤੇ ਉਹ ਦੇ ਪਿਤਾ ਦੇ ਸਾਰੇ ਟੱਬਰ ਨੂੰ ਅਤੇ ਉਨ੍ਹਾਂ ਜਾਜਕਾਂ ਨੂੰ ਜੋ ਟੋਬ ਵਿੱਚ ਸਨ ਸੱਦਾ ਭੇਜਿਆ ਅਤੇ ਉਹ ਸਭ ਰਾਜਾ ਕੋਲ ਆਏ ।12ਤਦ ਸ਼ਾਊਲ ਨੇ ਆਖਿਆ,ਹੇ ਅਹੀਟੂਬ ਦੇ ਪੁੱਤਰ ਤੂੰ ਸੁਣ ! ਉਹ ਬੋਲਿਆ, ਹੇ ਸੁਆਮੀ, ਮੈਂ ਹਾਜ਼ਰ ਹਾਂ ।13ਤਦ ਸ਼ਾਊਲ ਨੇ ਆਖਿਆ, ਤੂੰ ਅਤੇ ਯੱਸੀ ਦੇ ਪੁੱਤਰ ਨੇ ਮੇਰੇ ਵਿਰੁੱਧ ਸਾਜ਼ਿਸ਼ ਕਿਉਂ ਕੀਤੀ ? ਤੂੰ ਜੋ ਉਹ ਨੂੰ ਰੋਟੀ ਅਤੇ ਤਲਵਾਰ ਦਿੱਤੀ ਅਤੇ ਯਹੋਵਾਹ ਕੋਲੋਂ ਪੁੱਛਿਆ ਭਈ ਉਹ ਮੇਰੇ ਵਿਰੁੱਧ ਉੱਠੇ ਅਤੇ ਘਾਤ ਲਾ ਕੇ ਬੈਠੇ ਜਿਵੇਂ ਅੱਜ ਦੇ ਦਿਨ ਹੈ ।
14ਤਦ ਅਹੀਮਲਕ ਨੇ ਰਾਜਾ ਨੂੰ ਉੱਤਰ ਦੇ ਕੇ ਆਖਿਆ, ਤੁਹਾਡੇ ਸਾਰਿਆਂ ਸੇਵਕਾਂ ਵਿੱਚੋਂ ਦਾਊਦ ਦੇ ਸਮਾਨ ਧਰਮੀ ਕੌਣ ਹੈ ਜੋ ਰਾਜਾ ਦਾ ਜਵਾਈ ਅਤੇ ਤੁਹਾਡੇ ਦਰਬਾਰ ਵਿੱਚ ਜਾਂਦਾ ਹੁੰਦਾ ਹੈ ਅਤੇ ਤੁਹਾਡੇ ਘਰ ਵਿੱਚ ਇਜ਼ਤ ਵਾਲਾ ਹੈ ?15ਕੀ, ਮੈਂ ਉਸੇ ਵੇਲੇ ਉਹ ਦੇ ਲਈ ਪਰਮੇਸ਼ੁਰ ਕੋਲੋਂ ਪੁੱਛਿਆ ? ਇਹ ਗੱਲ ਮੈਥੋਂ ਦੂਰ ਹੋਵੇ । ਰਾਜਾ ਆਪਣੇ ਦਾਸ ਦਾ ਅਤੇ ਮੇਰੇ ਪਿਤਾ ਦੇ ਸਾਰੇ ਟੱਬਰ ਦਾ ਕੁਝ ਦੋਸ਼ ਨਾ ਗਿਣੇ ਕਿਉਂ ਜੋ ਤੁਹਾਡਾ ਸੇਵਕ ਇਨ੍ਹਾਂ ਗੱਲਾਂ ਬਾਰੇ ਕੁਝ ਵੀ ਨਹੀਂ ਜਾਣਦਾ ਸੀ ।
16ਤਦ ਰਾਜਾ ਬੋਲਿਆ, ਅਹੀਮਲਕ,ਤੂੰ ਜ਼ਰੂਰ ਮਾਰਿਆ ਜਾਵੇਗਾ, ਤੂੰ ਅਤੇ ਤੇਰੇ ਪਿਤਾ ਦਾ ਸਾਰਾ ਟੱਬਰ !17ਫੇਰ ਰਾਜਾ ਨੇ ਉਨ੍ਹਾਂ ਸਿਪਾਹੀਆਂ ਨੂੰ ਜੋ ਉਹ ਦੇ ਕੋਲ ਖੜ੍ਹੇ ਸਨ ਆਗਿਆ ਕੀਤੀ, ਤੁਸੀਂ ਅੱਗੇ ਵੱਧੋ ਅਤੇ ਯਹੋਵਾਹ ਦੇ ਜਾਜਕਾਂ ਨੂੰ ਮਾਰ ਸੁੱਟੋ ਕਿਉਂ ਜੋ ਇਹ ਦਾਊਦ ਨਾਲ ਰਲੇ ਹੋਏ ਹਨ ਅਤੇ ਉਨ੍ਹਾਂ ਨੇ ਜਾਣ ਲਿਆ ਸੀ ਭਈ ਇਹ ਭੱਜਿਆ ਹੋਇਆ ਹੈ ਅਤੇ ਮੈਨੂੰ ਖ਼ਬਰ ਨਾ ਕੀਤੀ । ਪਰ ਰਾਜਾ ਦੇ ਸੇਵਕਾਂ ਨੇ ਯਹੋਵਾਹ ਦੇ ਜਾਜਕਾਂ ਉੱਤੇ ਹੱਥ ਨਾ ਚੁੱਕਿਆ ।
18ਤਦ ਰਾਜਾ ਨੇ ਦੋਏਗ ਨੂੰ ਆਖਿਆ, ਤੂੰ ਮੁੜ ਅਤੇ ਜਾਜਕਾਂ ਉੱਤੇ ਹਮਲਾ ਕਰ ! ਸੋ ਅਦੋਮੀ ਦੋਏਗ ਨੇ ਮੁੜ ਕੇ ਜਾਜਕਾਂ ਉੱਤੇ ਹਮਲਾ ਕੀਤਾ ਅਤੇ ਉਸ ਦਿਨ ਉਸ ਨੇ ਪਚਾਸੀ ਜਣਿਆਂ ਨੂੰ ਜਿਨ੍ਹਾਂ ਨੇ ਕਤਾਨ ਦੇ ਏਫ਼ੋਦ ਪਾਏ ਹੋਏ ਸਨ ਮਾਰ ਦਿੱਤਾ ।19ਜਾਜਕਾਂ ਦੇ ਸ਼ਹਿਰ ਨੂੰ ਉਸ ਨੇ ਤਲਵਾਰ ਦੀ ਧਾਰ ਨਾਲ ਮਾਰਿਆ ਅਤੇ ਉਹ ਦੇ ਪੁਰਖ, ਇਸਤਰੀਆਂ, ਬਾਲਕਾਂ, ਦੁੱਧ ਚੁੰਘਦੇ ਬੱਚਿਆਂ ਅਤੇ ਬਲ਼ਦਾਂ, ਖੋਤਿਆਂ ਅਤੇ ਭੇਡਾਂ ਨੂੰ ਤਲਵਾਰ ਦੀ ਧਾਰ ਨਾਲ ਮਾਰਿਆ ।

20ਅਤੇ ਅਹੀਟੂਬ ਦੇ ਪੁੱਤਰ ਅਹੀਮਲਕ ਦੇ ਪੁੱਤਰਾਂ ਵਿੱਚੋਂ ਇੱਕ ਜਣਾ ਜਿਸ ਦਾ ਨਾਮ ਅਬਯਾਥਾਰ ਸੀ ਬਚ ਨਿੱਕਲਿਆ ਅਤੇ ਦਾਊਦ ਵੱਲ ਭੱਜ ਗਿਆ ।21ਅਬਯਾਥਾਰ ਨੇ ਦਾਊਦ ਨੂੰ ਖ਼ਬਰ ਦਿੱਤੀ ਜੋ ਸ਼ਾਊਲ ਨੇ ਯਹੋਵਾਹ ਦੇ ਜਾਜਕਾਂ ਨੂੰ ਮਾਰ ਸੁੱਟਿਆ ।
22ਦਾਊਦ ਨੇ ਅਬਯਾਥਾਰ ਨੂੰ ਆਖਿਆ, ਮੈਂ ਤਾਂ ਉਸੇ ਦਿਨ ਜਾਣ ਗਿਆ ਸੀ ਜਦ ਅਦੋਮੀ ਦੋਏਗ ਉੱਥੇ ਸੀ ਕਿ ਇਹ ਜ਼ਰੂਰ ਸ਼ਾਊਲ ਨੂੰ ਖ਼ਬਰ ਦੇਵੇਗਾ । ਤੇਰੇ ਪਿਤਾ ਦੇ ਸਾਰੇ ਟੱਬਰ ਦੇ ਵੱਢ ਸੁੱਟਣ ਦਾ ਮੁੱਢ ਮੈਂ ਹੀ ਹਾਂ ।23ਸੋ ਤੂੰ ਮੇਰੇ ਨਾਲ ਰਹਿ ਅਤੇ ਡਰ ਨਾ ਕਿਉਂ ਜੋ ਜਿਹੜਾ ਤੇਰੀ ਜਾਨ ਨੂੰ ਭਾਲਦਾ ਹੈ ਸੋ ਮੇਰੀ ਜਾਨ ਨੂੰ ਵੀ ਭਾਲਦਾ ਹੈ ਪਰ ਤੂੰ ਮੇਰੇ ਨਾਲ ਸੁਰੱਖਿਅਤ ਰਹੇਂਗਾ ।

23
ਦਾਊਦ ਦੁਆਰਾ ਕਈਲਾਹ ਨਗਰ ਦੀ ਰੱਖਿਆ

1ਤਦ ਉਨ੍ਹਾਂ ਨੇ ਦਾਊਦ ਨੂੰ ਖ਼ਬਰ ਦੇ ਕੇ ਆਖਿਆ,ਵੇਖ ਫ਼ਲਿਸਤੀ ਕਈਲਾਹ ਨਗਰ ਨਾਲ ਲੜਦੇ ਹਨ ਅਤੇ ਫਸਲਾਂ ਨੂੰ ਲੁੱਟਦੇ ਹਨ ।2ਤਦ ਦਾਊਦ ਨੇ ਯਹੋਵਾਹ ਕੋਲੋਂ ਪੁੱਛਿਆ, ਕੀ ਮੈਂ ਜਾਂਵਾਂ ਅਤੇ ਉਨ੍ਹਾਂ ਫ਼ਲਿਸਤੀਆਂ ਨੂੰ ਮਾਰਾਂ ? ਯਹੋਵਾਹ ਨੇ ਦਾਊਦ ਨੂੰ ਆਖਿਆ,ਜਾ ਫ਼ਲਿਸਤੀਆਂ ਨੂੰ ਮਾਰ ਅਤੇ ਕਈਲਾਹ ਨਗਰ ਨੂੰ ਬਚਾ

3ਪਰ ਦਾਊਦ ਦੇ ਲੋਕਾਂ ਨੇ ਉਹ ਨੂੰ ਆਖਿਆ, ਵੇਖ, ਅਸੀਂ ਤਾਂ ਐਥੇ ਯਹੂਦਾਹ ਵਿੱਚ ਵੀ ਡਰ ਦੇ ਮਾਰੇ ਰਹਿ ਰਹੇ ਹਾਂ । ਫੇਰ ਜੇ ਅਸੀਂ ਕਈਲਾਹ ਨਗਰ ਵਿੱਚ ਜਾ ਕੇ ਫ਼ਲਿਸਤੀਆਂ ਦੀ ਫੌਜ ਦਾ ਸਾਹਮਣਾ ਕਰੀਏ ਤਾਂ ਕੀ ਵੱਧ ਡਰ ਦਾ ਸਾਹਮਣਾ ਨਹੀਂ ਕਰਨਗੇ ?4ਤਦ ਦਾਊਦ ਨੇ ਯਹੋਵਾਹ ਕੋਲੋਂ ਫੇਰ ਪੁੱਛਿਆ, ਸੋ ਯਹੋਵਾਹ ਨੇ ਉੱਤਰ ਦਿੱਤਾ ਕਿ ਉੱਠ ਕਈਲਾਹ ਨਗਰ ਵੱਲ ਜਾ ਕਿਉਂ ਜੋ ਮੈਂ ਫ਼ਲਿਸਤੀਆਂ ਨੂੰ ਤੇਰੇ ਵੱਸ ਵਿੱਚ ਕਰ ਦਿਆਂਗਾ ।
5ਸੋ ਦਾਊਦ ਅਤੇ ਉਹ ਦੇ ਮਨੁੱਖ ਕਈਲਾਹ ਨਗਰ ਗਏ ਅਤੇ ਫ਼ਲਿਸਤੀਆਂ ਨਾਲ ਲੜਾਈ ਕੀਤੀ ਅਤੇ ਉਨ੍ਹਾਂ ਦਾ ਮਾਲ ਡੰਗਰ ਲੈ ਆਏ ਅਤੇ ਉਨ੍ਹਾਂ ਵਿੱਚੋਂ ਕਈਆਂ ਨੂੰ ਮਾਰ ਸੁਟਿਆ, ਸੋ ਦਾਊਦ ਨੇ ਕਈਲਾਹ ਵਾਸੀਆਂ ਨੂੰ ਬਚਾਇਆ ।

6ਅਤੇ ਅਜਿਹਾ ਹੋਇਆ ਜੋ ਜਿਸ ਵੇਲੇ ਅਹੀਮਲਕ ਦਾ ਪੁੱਤਰ ਅਬਯਾਥਾਰ ਭੱਜ ਕੇ ਕਈਲਾਹ ਨਗਰ ਵਿੱਚ ਦਾਊਦ ਕੋਲ ਗਿਆ ਤਾਂ ਉਹ ਦੇ ਹੱਥ ਵਿੱਚ ਇੱਕ ਚੋਗਾ ਸੀ ।

7ਸੋ ਸ਼ਾਊਲ ਨੂੰ ਖ਼ਬਰ ਮਿਲੀ ਕਿ ਦਾਊਦ ਕਈਲਾਹ ਨਗਰ ਵਿੱਚ ਪਹੁੰਚ ਗਿਆ ਹੈ ਅਤੇ ਸ਼ਾਊਲ ਬੋਲਿਆ, ਪਰਮੇਸ਼ੁਰ ਨੇ ਉਹ ਨੂੰ ਮੇਰੇ ਹੱਥ ਵਿੱਚ ਕਰ ਦਿੱਤਾ ਕਿਉਂ ਜੋ ਉਹ ਅਜਿਹੇ ਸ਼ਹਿਰ ਵਿੱਚ ਜਿਸ ਦੇ ਬੂਹੇ ਅਤੇ ਉਚੀ ਚਾਰ ਦੀਵਾਰੀ ਹੈ ਉਸ ਵਿੱਚ ਦਾਖਿਲ ਹੋ ਕੇ ਫਸ ਗਿਆ ਹੈ ।8ਸ਼ਾਊਲ ਨੇ ਆਪਣੇ ਸਾਰੇ ਲੋਕਾਂ ਨੂੰ ਇਕੱਠਿਆ ਕੀਤਾ ਕਿ ਉਹ ਯੁੱਧ ਕਰ ਕੇ ਅਤੇ ਕਈਲਾਹ ਨਗਰ ਵਿੱਚ ਜਾ ਕੇ ਦਾਊਦ ਨੂੰ ਅਤੇ ਉਹ ਦੇ ਸਾਥੀਆਂ ਨੂੰ ਘੇਰਾ ਪਾ ਲੈਣ ।9ਦਾਊਦ ਨੂੰ ਖ਼ਬਰ ਹੋਈ ਜੋ ਸ਼ਾਊਲ ਮੇਰੇ ਨਾਸ਼ ਦੀ ਯੋਜਨਾ ਤਿਆਰ ਕਰ ਰਿਹਾ ਹੈ ਤਾਂ ਉਸ ਨੇ ਅਬਯਾਥਾਰ ਜਾਜਕ ਨੂੰ ਆਖਿਆ, ਏਫ਼ੋਦ ਐਥੇ ਲੈ ਆ ।
10ਦਾਊਦ ਨੇ ਆਖਿਆ, ਹੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ, ਤੇਰੇ ਦਾਸ ਨੇ ਜ਼ਰੂਰ ਸੁਣਿਆ ਹੈ ਕਿ ਸ਼ਾਊਲ ਦੀ ਇਹ ਯੋਜਨਾ ਹੈ ਜੋ ਕਈਲਾਹ ਨਗਰ ਵਿੱਚ ਆ ਕੇ ਮੇਰੇ ਕਾਰਨ ਸ਼ਹਿਰ ਦਾ ਹੀ ਨਾਸ਼ ਕਰ ਦੇਵੇ ।11ਕੀ, ਕਈਲਾਹ ਦੇ ਲੋਕ ਮੈਨੂੰ ਉਹ ਦੇ ਹੱਥ ਦੇ ਦੇਣਗੇ ਅਤੇ ਜਿਵੇਂ ਤੇਰੇ ਦਾਸ ਨੇ ਸੁਣਿਆ ਹੈ ਸ਼ਾਊਲ ਆਵੇਗਾ ? ਹੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ,ਤੂੰ ਆਪਣੇ ਦਾਸ ਨੂੰ ਦੱਸ । ਯਹੋਵਾਹ ਨੇ ਆਖਿਆ ਹਾਂ, "ਉਹ ਆਵੇਗਾ" ।
12ਤਦ ਦਾਊਦ ਨੇ ਆਖਿਆ, ਕੀ, ਕਈਲਾਹ ਦੇ ਲੋਕ ਮੈਨੂੰ ਅਤੇ ਮੇਰੇ ਲੋਕਾਂ ਨੂੰ ਸ਼ਾਊਲ ਦੇ ਹੱਥ ਦੇ ਦੇਣਗੇ ਜਾਂ ਨਹੀਂ ? ਯਹੋਵਾਹ ਨੇ ਆਖਿਆ, ਉਹ ਦੇ ਦੇਣਗੇ ।
13ਤਦ ਦਾਊਦ ਆਪਣੇ ਲੋਕਾਂ ਨਾਲ ਜੋ ਲਗਭਗ ਛੇ ਸੌ ਮਨੁੱਖ ਸਨ ਉੱਠਿਆ ਅਤੇ ਕਈਲਾਹ ਨਗਰ ਵਿੱਚੋਂ ਨਿੱਕਲ ਗਿਆ ਅਤੇ ਜਿੱਥੇ ਕਿਤੇ ਉਨ੍ਹਾਂ ਨੂੰ ਰਾਹ ਲੱਭਾ ਉੱਧਰ ਹੀ ਤੁਰ ਗਏ । ਸ਼ਾਊਲ ਨੂੰ ਖ਼ਬਰ ਮਿਲੀ ਜੋ ਦਾਊਦ ਕਈਲਾਹ ਨਗਰ ਵਿੱਚੋਂ ਨਿੱਕਲ ਗਿਆ ਹੈ ਤਾਂ ਉਹ ਉੱਥੇ ਨਾ ਗਿਆ ।
ਦਾਊਦ ਪਹਾੜੀ ਦੇਸ ਵਿੱਚ

14ਦਾਊਦ ਜੰਗਲ ਦੇ ਵਿੱਚ ਪੱਕਿਆਂ ਥਾਵਾਂ ਦੇ ਵਿੱਚ ਰਹਿਣ ਲੱਗਾ ਅਤੇ ਪਹਾੜੀ ਦੇਸ ਦੇ ਜ਼ੀਫ ਦੀ ਉਜਾੜ ਵਿੱਚ ਜਾ ਟਿਕਿਆ ਅਤੇ ਸ਼ਾਊਲ ਦਿਨੋਂ ਦਿਨ ਉਹ ਦੀ ਭਾਲ ਕਰਦਾ ਸੀ ਪਰ ਪਰਮੇਸ਼ੁਰ ਨੇ ਉਹ ਨੂੰ ਉਸ ਦੇ ਹੱਥ ਵਿੱਚ ਨਾ ਦਿੱਤਾ ।
15ਜਦ ਦਾਊਦ ਜਾਣ ਗਿਆ ਜੋ ਸ਼ਾਊਲ ਮੇਰੀ ਜਾਨ ਲੈਣ ਲਈ ਨਿੱਕਲਿਆ ਹੈ ਉਸ ਵੇਲੇ ਦਾਊਦ ਜ਼ੀਫ ਦੀ ਜੰਗਲ ਦੇ ਇੱਕ ਬਣ ਵਿੱਚ ਸੀ ।16ਸ਼ਾਊਲ ਦਾ ਪੁੱਤਰ ਯੋਨਾਥਾਨ ਉੱਠਿਆ ਅਤੇ ਦਾਊਦ ਦੇ ਕੋਲ ਜੰਗਲ ਵਿੱਚ ਜਾ ਕੇ ਉਸ ਨੂੰ ਪਰਮੇਸ਼ੁਰ ਵਿੱਚ ਤੱਸਲੀ ਦਿੱਤੀ ।
17ਉਹ ਨੂੰ ਆਖਿਆ, ਤੂੰ ਡਰ ਨਹੀਂ ਕਿਉਂ ਜੋ ਮੇਰੇ ਪਿਤਾ ਸ਼ਾਊਲ ਦਾ ਹੱਥ ਤੇਰੇ ਕੋਲ ਨਾ ਪਹੁੰਚੇਗਾ ਅਤੇ ਤੂੰ ਇਸਰਾਏਲ ਦਾ ਰਾਜਾ ਹੋਵੇਂਗਾ ਅਤੇ ਮੈਂ ਤੇਰੇ ਤੋਂ ਦੂਜੇ ਦਰਜੇ ਤੇ ਹੋਵਾਂਗਾ ਅਤੇ ਇਹ ਗੱਲ ਮੇਰਾ ਪਿਤਾ ਸ਼ਾਊਲ ਵੀ ਜਾਣਦਾ ਹੈ ।18ਸੋ ਉਨ੍ਹਾਂ ਦੋਹਾਂ ਨੇ ਯਹੋਵਾਹ ਦੇ ਅੱਗੇ ਬਚਨ ਕੀਤਾ ਅਤੇ ਦਾਊਦ ਜੰਗਲ ਵਿੱਚ ਠਹਿਰਿਆ ਰਿਹਾ ਅਤੇ ਯੋਨਾਥਾਨ ਆਪਣੇ ਘਰ ਚਲਾ ਗਿਆ ।

19ਤਦ ਜ਼ੀਫੀ ਸ਼ਾਊਲ ਕੋਲ ਗਿਬਆਹ ਵਿੱਚ ਚੜ੍ਹ ਆਏ ਅਤੇ ਬੋਲੇ, ਭਲਾ, ਦਾਊਦ ਸਾਡੇ ਵਿੱਚਕਾਰ ਜੰਗਲ ਦੇ ਪੱਕਿਆਂ ਥਾਵਾਂ ਵਿੱਚ ਹਕੀਲਾਹ ਦੇ ਪਹਾੜ ਉੱਤੇ ਜੋ ਯਸ਼ੀਮੋਨ ਦੇ ਦੱਖਣ ਵੱਲ ਹੈ, ਲੁਕਿਆ ਹੋਇਆ ਨਹੀਂ ਰਹਿੰਦਾ ਹੈ ?20ਸੋ ਹੇ ਰਾਜਾ, ਹੁਣ ਜੇਕਰ ਤੁਹਾਡੀ ਆਉਣ ਦੀ ਮਰਜ਼ੀ ਹੈ ਤਾਂ ਆ ਜਾਓ ਅਤੇ ਉਸ ਨੂੰ ਰਾਜੇ ਨੂੰ ਫੜਵਾਉਣਾ ਸਾਡਾ ਕੰਮ ਹੈ ।
21ਤਦ ਸ਼ਾਊਲ ਬੋਲਿਆ, ਯਹੋਵਾਹ ਵੱਲੋਂ ਤੁਸੀਂ ਧੰਨ ਹੋਵੋ ਕਿਉਂ ਜੋ ਤੁਸੀਂ ਮੇਰੇ ਉੱਤੇ ਦਯਾ ਕੀਤੀ ਹੈ ।22ਹੁਣ ਤੁਰੋ ਅਤੇ ਹੋਰ ਤਿਆਰੀ ਕਰੋ ਅਤੇ ਲੱਭੋ ਅਤੇ ਵੇਖੋ ਜੋ ਉਹ ਦਾ ਟਿਕਾਣਾ ਕਿੱਥੇ ਹੈ ਅਤੇ ਉੱਥੇ ਉਹ ਨੂੰ ਕਿਸ ਨੇ ਵੇਖਿਆ ਹੈ ਕਿਉਂ ਜੋ ਮੈਨੂੰ ਖ਼ਬਰ ਹੈ ਕਿ ਉਹ ਵੱਡੀ ਚਤਰਾਈ ਨਾਲ ਚੱਲਦਾ ਹੈ ।23ਸੋ ਤੁਸੀਂ ਵੇਖੋ ਅਤੇ ਉਨ੍ਹਾਂ ਟਿਕਾਣਿਆਂ ਨੂੰ ਭਾਲੋ ਜਿੱਥੇ ਉਹ ਲੁਕਿਆ ਰਹਿੰਦਾ ਹੈ ਅਤੇ ਚੰਗੀ ਤਰ੍ਹਾਂ ਖ਼ਬਰ ਲੈ ਕੇ ਮੇਰੇ ਕੋਲ ਮੁੜ ਆਓ । ਫੇਰ ਮੈਂ ਤੁਹਾਡੇ ਨਾਲ ਜਾਂਵਾਂਗਾ ਅਤੇ ਅਜਿਹਾ ਹੋਵੇਗਾ ਜੇ ਉਹ ਇਸ ਦੇਸ ਵਿੱਚ ਕਿਤੇ ਹੋਵੇ ਤਾਂ ਮੈਂ ਉਹ ਨੂੰ ਯਹੂਦਾਹ ਦੇ ਹਜ਼ਾਰਾਂ ਵਿੱਚੋਂ ਲੱਭ ਲਵਾਂਗਾ ।
24ਸੋ ਉਹ ਉੱਠੇ ਅਤੇ ਸ਼ਾਊਲ ਦੇ ਅੱਗੇ ਜ਼ੀਫ ਨੂੰ ਗਏ । ਉਸ ਵੇਲੇ ਦਾਊਦ ਆਪਣਿਆਂ ਲੋਕਾਂ ਸਮੇਤ ਮਾਓਨ ਦੀ ਉਜਾੜ ਵਿੱਚ ਯਸ਼ੀਮੋਨ ਦੇ ਦੱਖਣ ਵੱਲ ਇੱਕ ਮੈਦਾਨ ਵਿੱਚ ਸੀ ।25ਸ਼ਾਊਲ ਅਤੇ ਉਹ ਦੇ ਲੋਕ ਵੀ ਉਸ ਨੂੰ ਲੱਭਣ ਤੁਰੇ ਅਤੇ ਦਾਊਦ ਨੂੰ ਵੀ ਖ਼ਬਰ ਹੋ ਗਈ ਸੋ ਉਹ ਉਸ ਪੱਥਰ ਕੋਲ ਲਹਿ ਗਿਆ ਅਤੇ ਮਾਓਨ ਦੀ ਉਜਾੜ ਵਿੱਚ ਠਹਿਰਿਆ ਰਿਹਾ ਅਤੇ ਇਹ ਸੁਣ ਕੇ ਸ਼ਾਊਲ ਵੀ ਮਾਓਨ ਦੀ ਉਜਾੜ ਵਿੱਚ ਦਾਊਦ ਦੇ ਮਗਰ ਲੱਗਾ ।
26ਸੋ ਸ਼ਾਊਲ ਪਹਾੜ ਦੇ ਇਸ ਪਾਸੇ ਵੱਲ ਜਾਂਦਾ ਸੀ ਅਤੇ ਦਾਊਦ ਆਪਣੇ ਲੋਕਾਂ ਸਮੇਤ ਪਹਾੜ ਦੇ ਉਸ ਪਾਸੇ ਵੱਲ ਅਤੇ ਦਾਊਦ ਨੇ ਸ਼ਾਊਲ ਦੇ ਡਰ ਨਾਲ ਨਿੱਕਲਣ ਵਿੱਚ ਵੱਡੀ ਛੇਤੀ ਕੀਤੀ ਕਿਉਂ ਜੋ ਸ਼ਾਊਲ ਅਤੇ ਉਹ ਦੇ ਲੋਕਾਂ ਨੇ ਦਾਊਦ ਅਤੇ ਉਸ ਦੇ ਲੋਕਾਂ ਨੂੰ ਫੜਨ ਦੇ ਲਈ ਚੁਫ਼ੇਰਿਓਂ ਘੇਰ ਲਿਆ ਸੀ ।27ਉਸ ਵੇਲੇ ਇੱਕ ਸੰਦੇਸ਼ਵਾਹਕ ਸ਼ਾਊਲ ਕੋਲ ਆ ਕੇ ਬੋਲਿਆ, ਛੇਤੀ ਨਾਲ ਆ ਜਾਓ ਕਿਉਂ ਜੋ ਫ਼ਲਿਸਤੀਆਂ ਨੇ ਦੇਸ ਉੱਤੇ ਹਮਲਾ ਕੀਤਾ ਹੈ ।
28ਸੋ ਸ਼ਾਊਲ ਦਾਊਦ ਦੇ ਮਗਰ ਲੱਗਣੋਂ ਹਟਿਆ ਅਤੇ ਫ਼ਲਿਸਤੀਆਂ ਦੇ ਵਿਰੁੱਧ ਹੋਇਆ । ਇਸ ਲਈ ਉਨ੍ਹਾਂ ਨੇ ਉਸ ਥਾਂ ਦਾ ਨਾਮ "ਰਿਹਾਈ ਦੀ ਚਟਾਨ ਰੱਖਿਆ ।29ਦਾਊਦ ਉੱਥੋਂ ਨਿੱਕਲ ਕੇ ਏਨ ਗਦੀ ਦੇ ਗੜ੍ਹਾਂ ਵਿੱਚ ਆ ਕੇ ਰਹਿਣ ਲੱਗ ਪਿਆ ।

24
ਦਾਊਦ ਸ਼ਾਊਲ ਉੱਤੇ ਹੱਥ ਨਹੀਂ ਉਠਾਉਂਦਾ

1ਅਜਿਹਾ ਹੋਇਆ ਜਦ ਸ਼ਾਊਲ ਫ਼ਲਿਸਤੀਆਂ ਦਾ ਪਿੱਛਾ ਕਰਨ ਤੋਂ ਮੁੜ ਪਿਆ ਤਾਂ ਲੋਕਾਂ ਨੇ ਉਹ ਨੂੰ ਖ਼ਬਰ ਦਿੱਤੀ ਕਿ ਵੇਖੋ,ਦਾਊਦ ਏਨ ਗਦੀ ਦੀ ਉਜਾੜ ਵਿੱਚ ਹੈ ।2ਤਦ ਸ਼ਾਊਲ ਸਾਰੇ ਇਸਰਾਏਲ ਵਿੱਚੋਂ ਤਿੰਨ ਹਜ਼ਾਰ ਚੁਣਵੇਂ ਮਨੁੱਖ ਕੱਢ ਕੇ ਜੰਗਲੀ ਬੱਕਰੀਆਂ ਦੇ ਟੇਕਰੇ ਵੱਲ ਦਾਊਦ ਅਤੇ ਉਹ ਦੇ ਮਨੁੱਖਾਂ ਨੂੰ ਭਾਲਣ ਤੁਰਿਆ ।

3ਜਦ ਉਹ ਭੇਡਾਂ ਦੇ ਵਾੜਿਆਂ ਨੂੰ ਅੱਪੜ ਪਿਆ ਜੋ ਪਹੇ ਦੇ ਕੋਲ ਸਨ । ਉੱਥੇ ਇੱਕ ਗੁਫ਼ਾ ਸੀ ਸੋ ਸ਼ਾਊਲ ਜੰਗਲ ਪਾਣੀ ਫਿਰਨ ਲਈ ਉਸ ਗੁਫ਼ਾ ਵਿੱਚ ਵੜ ਗਿਆ ਅਤੇ ਉਸ ਵੇਲੇ ਦਾਊਦ ਆਪਣਿਆਂ ਮਨੁੱਖਾਂ ਸਮੇਤ ਉਸੇ ਗੁਫ਼ਾ ਦੀਆਂ ਨੁੱਕਰਾਂ ਵਿੱਚ ਬੈਠਾ ਹੋਇਆ ਸੀ ।4ਦਾਊਦ ਦੇ ਮਨੁੱਖਾਂ ਨੇ ਉਹ ਨੂੰ ਆਖਿਆ, ਵੇਖੋ, ਉਹ ਦਿਨ ਆਇਆ ਹੈ ਜੋ ਯਹੋਵਾਹ ਨੇ ਤੁਹਾਨੂੰ ਆਖਿਆ ਸੀ ਕਿ ਵੇਖ, ਮੈਂ ਤੇਰੇ ਵੈਰੀ ਨੂੰ ਭਈ ਜੋ ਤੈਨੂੰ ਭਾਵੇ ਸੋ ਉਹ ਦੇ ਨਾਲ ਕਰਨ ਤੇਰੇ ਹੱਥ ਵਿੱਚ ਕਰ ਦਿਆਂਗਾ । ਤਦ ਦਾਊਦ ਨੇ ਚੁਪ-ਚਾਪ ਉੱਠ ਕੇ ਸ਼ਾਊਲ ਦੀ ਚੱਦਰ ਦਾ ਪੱਲਾ ਕੱਟ ਲਿਆ ।
5ਇਹ ਦੇ ਪਿੱਛੋਂ ਅਜਿਹਾ ਹੋਇਆ ਜੋ ਦਾਊਦ ਦਾ ਮਨ ਬੇਚੈਨ ਹੋ ਗਿਆ ਇਸ ਲਈ ਕਿ ਉਸ ਨੇ ਉਹ ਦੀ ਚੱਦਰ ਦਾ ਪੱਲਾ ਜੋ ਕੱਟਿਆ ਸੀ ।6ਅਤੇ ਉਸ ਨੇ ਆਪਣੇ ਲੋਕਾਂ ਨੂੰ ਆਖਿਆ, ਯਹੋਵਾਹ ਨਾ ਕਰੇ ਕਿ ਮੈਂ ਆਪਣੇ ਸੁਆਮੀ ਨਾਲ ਜੋ ਯਹੋਵਾਹ ਵੱਲੋਂ ਅਭਿਸ਼ੇਕ ਹੋਇਆ ਹੈ ਅਜਿਹਾ ਕੰਮ ਕਰਾਂ ਜੋ ਆਪਣਾ ਹੱਥ ਉਹ ਦੇ ਵਿਰੁੱਧ ਚਲਾਵਾਂ ਕਿਉਂ ਜੋ ਉਹ ਪਰਮੇਸ਼ੁਰ ਦਾ ਅਭਿਸ਼ੇਕ ਕੀਤਾ ਹੋਇਆ ਹੈ ।7ਸੋ ਦਾਊਦ ਨੇ ਆਪਣੇ ਮਨੁੱਖਾਂ ਨੂੰ ਇਹ ਗੱਲਾਂ ਸੁਣਾ ਕੇ ਰੋਕਿਆ ਅਤੇ ਉਨ੍ਹਾਂ ਨੂੰ ਸ਼ਾਊਲ ਉੱਤੇ ਹੱਥ ਨਾ ਚਲਾਉਣ ਦਿੱਤਾ ਅਤੇ ਸ਼ਾਊਲ ਗੁਫ਼ਾ ਵਿੱਚੋਂ ਉੱਠ ਨਿੱਕਲ ਕੇ ਆਪਣੇ ਰਾਹ ਤੁਰਿਆ ।

8ਇਹ ਦੇ ਪਿੱਛੋਂ ਦਾਊਦ ਵੀ ਉੱਠ ਕੇ ਉਸ ਗੁਫ਼ਾ ਵਿੱਚੋਂ ਨਿੱਕਲਿਆ ਅਤੇ ਸ਼ਾਊਲ ਦੇ ਪਿੱਛੇ ਹਾਕਾਂ ਮਾਰ ਕੇ ਆਖਿਆ, ਹੇ ਮੇਰੇ ਮਹਾਰਾਜ ਰਾਜਾ ! ਜਦ ਸ਼ਾਊਲ ਨੇ ਪਿਛੇ ਮੁੜ ਕੇ ਜਦ ਡਿੱਠਾ ਤਾਂ ਦਾਊਦ ਨੇ ਮੂੰਹ ਪਰਨੇ ਧਰਤੀ ਉੱਤੇ ਡਿੱਗ ਕੇ ਮੱਥਾ ਟੇਕਿਆ ।9ਦਾਊਦ ਨੇ ਸ਼ਾਊਲ ਨੂੰ ਆਖਿਆ, ਤੂੰ ਉਨ੍ਹਾਂ ਆਦਮੀਆਂ ਦੀਆਂ ਗੱਲਾਂ ਉੱਤੇ ਕਿਉਂ ਕੰਨ ਲਾਉਂਦਾ ਹੈ ਜਿਹੜੇ ਆਖਦੇ ਹਨ ਭਈ ਵੇਖੋ, ਦਾਊਦ ਤੁਹਾਡੀ ਬੁਰਿਆਈ ਚਾਹੁੰਦਾ ਹੈ ?
10ਵੇਖ, ਅੱਜ ਤੂੰ ਆਪਣੀਆਂ ਅੱਖੀਆਂ ਨਾਲ ਦੇਖਿਆ ਜੋ ਯਹੋਵਾਹ ਨੇ ਅੱਜ ਹੀ ਕਿਸ ਤਰ੍ਹਾਂ ਤੈਨੂੰ ਗੁਫ਼ਾ ਦੇ ਅੰਦਰ ਮੇਰੇ ਵੱਸ ਵਿੱਚ ਕਰ ਦਿੱਤਾ ਸੀ ਅਤੇ ਕਈਆਂ ਨੇ ਮੈਨੂੰ ਆਖਿਆ ਵੀ, ਉਹ ਨੂੰ ਮਾਰ ਪਰ ਮੇਰੀਆਂ ਅੱਖੀਆਂ ਨੇ ਤੇਰੇ ਉੱਤੇ ਤਰਸ ਖਾਧਾ ਅਤੇ ਮੈਂ ਆਖਿਆ ਕਿ ਮੈਂ ਆਪਣੇ ਸੁਆਮੀ ਉੱਤੇ ਹੱਥ ਨਾ ਚਲਾਵਾਂਗਾ ਕਿਉਂ ਜੋ ਉਹ ਯਹੋਵਾਹ ਦਾ ਅਭਿਸ਼ੇਕ ਕੀਤਾ ਹੋਇਆ ਹੈ ।11ਹੇ ਮੇਰੇ ਪਿਤਾ, ਵੇਖ, ਇਹ ਵੀ ਵੇਖ, ਤੇਰੀ ਚੱਦਰ ਦਾ ਪੱਲਾ ਮੇਰੇ ਹੱਥ ਵਿੱਚ ਹੈ ਮੈਂ ਤੇਰੀ ਚੱਦਰ ਦਾ ਪੱਲਾ ਕੱਟ ਲਿਆ ਪਰ ਤੈਨੂੰ ਨਾ ਮਾਰਿਆ । ਸੋ ਹੁਣ ਤੂੰ ਇਸ ਗੱਲ ਤੋਂ ਜਾਣ ਅਤੇ ਵੇਖ ਜੋ ਨਾ ਮੇਰੇ ਹੱਥ ਵਿੱਚ ਖੋਟ ਹੈ ਅਤੇ ਨਾ ਹੀ ਦੋਸ਼ ਹੈ ਅਤੇ ਮੈਂ ਤੇਰਾ ਕੋਈ ਪਾਪ ਨਹੀਂ ਕੀਤਾ ਤਾਂ ਵੀ ਤੂੰ ਮੇਰੀ ਜਿੰਦ ਦਾ ਨਾਸ ਕਰਨ ਦੀ ਭਾਲ ਵਿੱਚ ਲੱਗਾ ਰਹਿੰਦਾ ਹੈਂ ।
12ਮੇਰਾ ਤੇਰਾ ਨਿਆਂ ਯਹੋਵਾਹ ਕਰੇ ਅਤੇ ਯਹੋਵਾਹ ਤੈਥੋਂ ਬਦਲਾਂ ਲਵੇ ਪਰ ਮੇਰਾ ਹੱਥ ਤੇਰੇ ਉੱਤੇ ਨਾ ਚੱਲੇਗਾ ।13ਜਿਵੇਂ ਪੁਰਾਣਿਆਂ ਦੀ ਅਖਾਉਤ ਵਿੱਚ ਹੈ ਭਈ ਬੁਰਿਆਂ ਤੋਂ ਬੁਰਿਆਈ ਹੀ ਹੁੰਦੀ ਹੈ ਪਰ ਮੇਰਾ ਹੱਥ ਤੇਰੇ ਉੱਤੇ ਨਾ ਚੱਲੇਗਾ ।
14ਇਸਰਾਏਲ ਦਾ ਰਾਜਾ ਕਿਸ ਦੇ ਮਗਰ ਨਿੱਕਲਿਆ ਹੈ ਅਤੇ ਤੂੰ ਕਿਸ ਦਾ ਪਿੱਛਾ ਕਰਨ ਲਈ ਆਇਆ ਹੈਂ ? ਭਲਾ, ਮਰੇ ਹੋਏ ਕੁੱਤੇ ਦਾ ਜਾਂ ਇੱਕ ਪਿੱਸੂ ਦਾ !15ਫੇਰ ਯਹੋਵਾਹ ਹੀ ਨਿਆਈ ਬਣੇ ਅਤੇ ਮੇਰੇ ਤੇਰੇ ਵਿੱਚ ਨਿਤਾਰਾ ਕਰੇ ਅਤੇ ਵੇਖੇ ਅਤੇ ਮੇਰੇ ਝਗੜੇ ਨੂੰ ਨਿਬੇੜੇ ਅਤੇ ਮੈਨੂੰ ਤੇਰੇ ਹੱਥੋਂ ਛੁਡਾਵੇ ।

16ਅਜਿਹਾ ਹੋਇਆ ਜਦ ਦਾਊਦ ਨੇ ਇਹ ਗੱਲਾਂ ਸ਼ਾਊਲ ਨੂੰ ਆਖ ਦਿੱਤੀਆਂ ਤਾਂ ਸ਼ਾਊਲ ਬੋਲਿਆ, ਹੇ ਮੇਰੇ ਪੁੱਤਰ ਦਾਊਦ, ਇਹ ਤੇਰੀ ਅਵਾਜ਼ ਹੈ ? ਅਤੇ ਸ਼ਾਊਲ ਉੱਚੀ ਅਵਾਜ਼ ਨਾਲ ਰੋਇਆ
17ਤਦ ਉਸ ਨੇ ਦਾਊਦ ਨੂੰ ਆਖਿਆ, ਤੂੰ ਮੇਰੇ ਤੋਂ ਵੱਧ ਧਰਮੀ ਹੈਂ ਕਿਉਂ ਜੋ ਮੈਂ ਤੇਰੇ ਨਾਲ ਬੁਰਿਆਈ ਕੀਤੀ ਪਰ ਤੂੰ ਉਹ ਦੇ ਬਦਲੇ ਮੇਰੇ ਨਾਲ ਭਲਿਆਈ ਕੀਤੀ ਹੈ ।18ਅੱਜ ਤੂੰ ਪ੍ਰਗਟ ਕੀਤਾ ਜੋ ਤੂੰ ਮੇਰੇ ਨਾਲ ਭਲਿਆਈ ਕੀਤੀ ਜਦ ਕਿ ਜੋ ਯਹੋਵਾਹ ਨੇ ਮੈਨੂੰ ਤੇਰੇ ਹੱਥ ਵਿੱਚ ਕਰ ਦਿੱਤਾ ਪਰ ਤੂੰ ਮੈਨੂੰ ਨਾ ਮਾਰਿਆ ।
19ਜੇ ਕਦੀ ਕੋਈ ਮਨੁੱਖ ਆਪਣੇ ਵੈਰੀ ਨੂੰ ਟੱਕਰ ਜਾਵੇ ਤਾਂ ਕੀ, ਉਹ ਨੂੰ ਸੁਖ-ਸਾਂਦ ਨਾਲ ਛੱਡ ਦਿੰਦਾ ਹੈ ? ਸੋ ਯਹੋਵਾਹ ਉਸ ਭਲਿਆਈ ਦੇ ਥਾਂ ਜੋ ਤੂੰ ਅੱਜ ਮੇਰੇ ਨਾਲ ਕੀਤੀ ਹੈ ਤੇਰੇ ਨਾਲ ਵੀ ਭਲਿਆਈ ਕਰੇ ।20ਵੇਖ, ਹੁਣ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਜੋ ਸੱਚ-ਮੁੱਚ ਤੂੰ ਰਾਜਾ ਬਣੇਂਗਾ ਅਤੇ ਇਸਰਾਏਲ ਦਾ ਰਾਜ ਤੇਰੇ ਹੱਥ ਵਿੱਚ ਹੋਵੇਗਾ ।
21ਸੋ ਤੂੰ ਮੇਰੇ ਨਾਲ ਯਹੋਵਾਹ ਦੀ ਸਹੁੰ ਖਾ ਕੇ ਇਉਂ ਆਖ ਜੋ ਮੈਂ ਤੇਰੇ ਪਿੱਛੇ ਤੇਰੀ ਸੰਤਾਨ ਦਾ ਨਾਸ ਨਾ ਕਰਾਂਗਾ ਅਤੇ ਤੇਰੇ ਪਿਤਾ ਦੇ ਟੱਬਰ ਵਿੱਚੋਂ ਤੇਰੇ ਨਾਮ ਨੂੰ ਨਾ ਮਿਟਾਵਾਂਗਾ ।22ਸੋ ਦਾਊਦ ਨੇ ਸ਼ਾਊਲ ਨਾਲ ਸਹੁੰ ਖਾਧੀ ਅਤੇ ਸ਼ਾਊਲ ਘਰ ਨੂੰ ਚੱਲਿਆ ਗਿਆ ਪਰ ਦਾਊਦ ਅਤੇ ਉਹ ਦੇ ਲੋਕ ਗੜ੍ਹ ਵਿੱਚ ਜਾ ਬੈਠੇ ।

25
ਸਮੂਏਲ ਦੀ ਮੌਤ

1ਸਮੂਏਲ ਮਰ ਗਿਆ ਅਤੇ ਸਾਰੇ ਇਸਰਾਏਲੀਆਂ ਨੇ ਇੱਕਠਿਆਂ ਹੋ ਕੇ ਉਹ ਦਾ ਸੋਗ ਕੀਤਾ ਅਤੇ ਰਾਮਾਹ ਵਿੱਚ ਉਹ ਦੇ ਹੀ ਘਰ ਉਹ ਨੂੰ ਦੱਬਿਆ ਅਤੇ ਦਾਊਦ ਉੱਠ ਕੇ ਪਾਰਾਨ ਦੀ ਉਜਾੜ ਵੱਲ ਚਲਾ ਗਿਆ ।

ਦਾਊਦ ਅਤੇ ਅਬੀਗੈਲ

2ਉੱਥੇ ਮਾਓਨ ਵਿੱਚ ਇੱਕ ਮਨੁੱਖ ਸੀ ਜਿਹ ਦਾ ਕਾਰੋਬਾਰ ਕਰਮਲ ਵਿੱਚ ਸੀ । ਇਹ ਬਹੁਤ ਧਨਵਾਨ ਮਨੁੱਖ ਸੀ ਅਤੇ ਤਿੰਨ ਹਜ਼ਾਰ ਭੇਡ ਅਤੇ ਇੱਕ ਹਜ਼ਾਰ ਬੱਕਰੀਆਂ ਉਹ ਦੇ ਕੋਲ ਸੀ ਅਤੇ ਉਹ ਕਰਮਲ ਵਿੱਚ ਆਪਣੀਆਂ ਭੇਡਾਂ ਦੀ ਉੱਨ ਕਤਰ ਰਿਹਾ ਸੀ ।3ਉਸ ਮਨੁੱਖ ਦਾ ਨਾਮ ਨਾਬਾਲ ਅਤੇ ਉਹ ਦੀ ਇਸਤਰੀ ਦਾ ਨਾਮ ਅਬੀਗੈਲ ਸੀ । ਇਹ ਇਸਤਰੀ ਵੱਡੀ ਸਿਆਣੀ ਅਤੇ ਰੂਪਵੰਤੀ ਸੀ ਪਰ ਉਹ ਮਨੁੱਖ ਵੱਡਾ ਬੋਲ ਵਿਗਾੜ ਅਤੇ ਖੋਟਾ ਸੀ ਅਤੇ ਉਹ ਕਾਲੇਬ ਦੀ ਸੰਤਾਨ ਵਿੱਚੋਂ ਸੀ ।
4ਦਾਊਦ ਨੇ ਉਜਾੜ ਵਿੱਚ ਸੁਣਿਆ ਕਿ ਨਾਬਾਲ ਆਪਣੀਆਂ ਭੇਡਾਂ ਦੀ ਉੱਨ ਕਤਰ ਰਿਹਾ ਹੈ ।5ਸੋ ਦਾਊਦ ਨੇ ਦਸ ਜੁਆਨ ਘੱਲੇ ਅਤੇ ਦਾਊਦ ਨੇ ਉਨ੍ਹਾਂ ਜੁਆਨਾਂ ਨੂੰ ਆਖਿਆ, ਤੁਸੀਂ ਨਾਬਾਲ ਕੋਲ ਕਰਮਲ ਨੂੰ ਤੁਰ ਜਾਓ ਅਤੇ ਮੇਰਾ ਨਾਮ ਲੈ ਕੇ ਉਹ ਦੀ ਸੁਖ-ਸਾਂਦ ਪੁੱਛੋ ।6ਅਤੇ ਉਸ ਵਡਭਾਗੀ ਮਨੁੱਖ ਨੂੰ ਇਉਂ ਆਖੋ, ਤੇਰੀ ਸਲਾਮਤੀ, ਤੇਰੇ ਘਰ ਦੀ ਸਲਾਮਤੀ ਅਤੇ ਉਨ੍ਹਾਂ ਸਭਨਾਂ ਦੀ ਜੋ ਤੇਰੇ ਨਾਲ ਹਨ ਸਲਾਮਤੀ ਹੋਵੇ !
7ਮੈਂ ਹੁਣ ਸੁਣਿਆ ਹੈ ਜੋ ਤੇਰੇ ਕੋਲ ਉੱਨ ਕਤਰਨ ਵਾਲੇ ਹਨ ਅਤੇ ਜਦ ਤੇਰੇ ਆਜੜੀ ਸਾਡੇ ਨਾਲ ਸਨ, ਅਸੀਂ ਉਨ੍ਹਾਂ ਨੂੰ ਕੁਝ ਦੁੱਖ ਨਹੀਂ ਦਿੱਤਾ ਅਤੇ ਜਿੰਨਾ ਚਿਰ ਉਹ ਕਰਮਲ ਵਿੱਚ ਸਨ ਉਨ੍ਹਾਂ ਦਾ ਕੁਝ ਨਹੀਂ ਗੁਆਚਿਆ ।8ਤੂੰ ਆਪਣੇ ਜੁਆਨਾਂ ਕੋਲੋਂ ਪੁੱਛ, ਉਹ ਜ਼ਰੂਰ ਤੈਨੂੰ ਦੱਸਣਗੇ ਸੋ ਸਾਡੇ ਇਹ ਜੁਆਨ ਤੁਹਾਡੀ ਨਿਗਾਹ ਵਿੱਚ ਦਯਾ ਜੋਗ ਹੋਣ ਕਿਉਂ ਜੋ ਅਸੀਂ ਭਲੇ ਦਿਨ ਆਏ ਹਾਂ । ਜੋ ਕੁਝ ਤੇਰੇ ਹੱਥ ਆਵੇ ਆਪਣੇ ਸੇਵਕਾਂ ਨੂੰ ਅਤੇ ਆਪਣੇ ਪੁੱਤਰ ਦਾਊਦ ਨੂੰ ਬਖ਼ਸ਼ ਦੇ ।

9ਸੋ ਦਾਊਦ ਦੇ ਜੁਆਨਾਂ ਨੇ ਦਾਊਦ ਦਾ ਨਾਮ ਲੈ ਕੇ ਉਨ੍ਹਾਂ ਸਾਰੀਆਂ ਗੱਲਾਂ ਦੇ ਅਨੁਸਾਰ ਨਾਬਾਲ ਨੂੰ ਆ ਕੇ ਆਖਿਆ, ਤਾਂ ਚੁੱਪ ਕਰ ਰਹੇ ।10ਨਾਬਾਲ ਨੇ ਦਾਊਦ ਦੇ ਸੇਵਕਾਂ ਨੂੰ ਉੱਤਰ ਦੇ ਕੇ ਆਖਿਆ, ਭਲਾ, ਦਾਊਦ ਹੈ ਕੌਣ ਅਤੇ ਯੱਸੀ ਦਾ ਪੁੱਤਰ ਕੌਣ ? ਅੱਜ-ਕੱਲ ਬਥੇਰੇ ਨੌਕਰ ਅਜਿਹੇ ਹਨ ਜੋ ਆਪਣੇ ਮਾਲਕਾਂ ਨੂੰ ਛੱਡ ਕੇ ਨੱਠ ਜਾਂਦੇ ਹਨ ।11ਭਲਾ, ਮੈਂ ਆਪਣੀ ਰੋਟੀ ਅਤੇ ਪਾਣੀ ਅਤੇ ਮਾਸ ਜੋ ਮੈਂ ਆਪਣੇ ਕਤਰਨ ਵਾਲਿਆਂ ਲਈ ਵੱਢਿਆ ਹੈ ਉਨ੍ਹਾਂ ਲੋਕਾਂ ਨੂੰ ਲਿਆ ਦੇ ਜਿਨ੍ਹਾਂ ਨੂੰ ਮੈਂ ਜਾਣਦਾ ਵੀ ਨਹੀਂ ਜੋ ਕਿੱਥੋਂ ਦੇ ਹਨ ?
12ਦਾਊਦ ਦੇ ਜੁਆਨ ਹਟ ਕੇ ਤੁਰ ਪਏ ਅਤੇ ਮੁੜ ਆਏ ਅਤੇ ਉਨ੍ਹਾਂ ਸਭਨਾਂ ਗੱਲਾਂ ਦੇ ਅਨੁਸਾਰ ਉਹ ਨੂੰ ਸੁਨੇਹਾ ਆ ਦਿੱਤਾ ।13ਤਦ ਦਾਊਦ ਨੇ ਆਪਣੇ ਲੋਕਾਂ ਨੂੰ ਆਖਿਆ, ਸੱਭੋ ਆਪੋ ਆਪਣੀਆਂ ਤਲਵਾਰਾਂ ਬੰਨ੍ਹੋ । ਸੋ ਸਭਨਾਂ ਨੇ ਆਪੋ-ਆਪਣੀ ਤਲਵਾਰ ਬੰਨ ਲਈ ਅਤੇ ਦਾਊਦ ਨੇ ਵੀ ਆਪਣੀ ਤਲਵਾਰ ਬੰਨੀ ਅਤੇ ਚਾਰ ਸੌ ਜੁਆਨ ਦਾਊਦ ਦੇ ਨਾਲ ਤੁਰ ਪਏ ਅਤੇ ਦੋ ਸੌ ਨਿੱਕ ਸੁੱਕ ਕੋਲ ਠਹਿਰੇ ।

14ਪਰ ਉਨ੍ਹਾਂ ਜੁਆਨਾਂ ਵਿੱਚੋਂ ਇੱਕ ਨੇ ਨਾਬਾਲ ਦੀ ਇਸਤਰੀ ਅਬੀਗੈਲ ਨੂੰ ਆਖਿਆ, ਵੇਖੋ, ਦਾਊਦ ਨੇ ਉਜਾੜ ਵਿੱਚੋਂ ਸਾਡੇ ਮਾਲਕ ਕੋਲ ਸੁਖ-ਸਾਂਦ ਪੁੱਛਣ ਲਈ ਦੂਤ ਘੱਲੇ ਪਰ ਉਸ ਨੇ ਉਨ੍ਹਾਂ ਨੂੰ ਝਿੜਕਿਆ ।15ਪਰ ਉਨ੍ਹਾਂ ਲੋਕਾਂ ਨੇ ਸਾਡੇ ਨਾਲ ਵੱਡੀ ਭਲਿਆਈ ਕੀਤੀ ਅਤੇ ਸਾਨੂੰ ਕੁਝ ਦੁੱਖ ਨਹੀਂ ਹੋਇਆ ਅਤੇ ਜਿੰਨਾ ਚਿਰ ਅਸੀਂ ਉਨ੍ਹਾਂ ਵਿੱਚ ਰਹੇ ਅਤੇ ਮੈਦਾਨਾਂ ਵਿੱਚ ਸੀ ਉੱਨਾ ਚਿਰ ਸਾਡਾ ਕੁਝ ਨਹੀਂ ਗੁਆਚਿਆ ।
16ਸਗੋਂ ਜਿੰਨਾ ਚਿਰ ਅਸੀਂ ਉਨ੍ਹਾਂ ਦੇ ਨਾਲ ਭੇਡਾਂ ਬੱਕਰੀਆਂ ਚਰਾਉਂਦੇ ਰਹੇ ਤਾਂ ਰਾਤ ਨੂੰ ਵੀ ਅਤੇ ਦਿਨ ਨੂੰ ਵੀ ਅਸੀਂ ਕੰਧ ਵਰਗੀ ਸੁਰਖਿਆ ਵਿੱਚ ਸੀ ।17ਸੋ ਹੁਣ ਸਮਝੋ ਅਤੇ ਵਿਚਾਰੋ ਜੋ ਤੁਸੀਂ ਕੀ ਕਰੋਗੇ ਕਿਉਂ ਜੋ ਸਾਡੇ ਮਾਲਕ ਉੱਤੇ ਅਤੇ ਉਹ ਦੇ ਸਾਰੇ ਟੱਬਰ ਉੱਤੇ ਬਦੀ ਪੈਣ ਵਾਲੀ ਹੈ । ਉਹ ਤਾਂ ਅਜਿਹਾ ਦੁਸ਼ਟ ਦਾ ਪੁੱਤਰ ਹੈ ਜੋ ਉਹ ਦੇ ਅੱਗੇ ਕੋਈ ਗੱਲ ਨਹੀਂ ਕਰ ਸਕਦਾ ।

18ਤਦ ਅਬੀਗੈਲ ਫੁਰਤੀ ਨਾਲ ਉੱਠੀ ਅਤੇ ਦੋ ਸੌ ਰੋਟੀਆਂ ਅਤੇ ਦੋ ਮਸ਼ਕਾਂ ਮੈ ਦੀਆਂ ਅਤੇ ਪੰਜ ਭੇਡਾਂ ਰਿੰਨੀਆਂ ਹੋਈਆਂ ਅਤੇ ਪੰਜ ਟੋਪੇ ਭੁੰਨੇ ਹੋਏ ਦਾਣੇ ਅਤੇ ਇੱਕ ਸੌ ਗੁੱਛਾ ਸੌਗੀ ਦਾ ਅਤੇ ਦੋ ਸੌ ਪਿੰਨੀ ਹੰਜੀਰਾਂ ਦੀ ਲੈ ਕੇ ਖੋਤਿਆਂ ਉੱਤੇ ਲੱਦ ਲਿਆ ।19ਅਤੇ ਆਪਣੇ ਸੇਵਕਾਂ ਨੂੰ ਆਖਿਆ, ਮੇਰੇ ਅੱਗੇ ਤੁਰੋ । ਵੇਖੋ, ਮੈਂ ਤੁਹਾਡੇ ਮਗਰ ਮਗਰ ਆਉਂਦੀ ਹਾਂ ਪਰ ਉਸ ਨੇ ਆਪਣੇ ਪਤੀ ਨਾਬਾਲ ਨੂੰ ਨਾ ਦੱਸਿਆ ।
20ਅਜਿਹਾ ਹੋਇਆ ਜਿਸ ਵੇਲੇ ਉਹ ਖੋਤੇ ਉੱਤੇ ਚੜ੍ਹ ਕੇ ਪਹਾੜ ਦੇ ਰਾਹ ਵੱਲੋਂ ਲਹਿ ਗਈ ਉਸ ਵੇਲੇ ਦਾਊਦ ਵੀ ਆਪਣਿਆਂ ਲੋਕਾਂ ਸਮੇਤ ਉਹ ਦੇ ਸਾਹਮਣੇ ਲਹਿੰਦਾ ਆਇਆ ਅਤੇ ਉਹ ਉਸ ਨੂੰ ਮਿਲ ਪਈ ।
21ਦਾਊਦ ਨੇ ਆਖਿਆ ਸੀ ਕਿ ਜੋ ਕੁਝ ਮਾਲ ਇਹ ਦਾ ਉਜਾੜ ਵਿੱਚ ਹੈ ਸੀ ਸੋ ਮੈਂ ਵਿਅਰਥ ਹੀ ਉਹ ਅਜਿਹੀ ਰਾਖੀ ਕਰਦਾ ਰਿਹਾ ਜੋ ਉਹ ਦੇ ਸਾਰੇ ਮਾਲ ਵਿੱਚੋਂ ਰਤਾ ਵੀ ਨਾ ਗੁਆਚਿਆ ਅਤੇ ਉਸ ਨੇ ਭਲਿਆਈ ਦੇ ਥਾਂ ਮੇਰੇ ਨਾਲ ਬੁਰਿਆਈ ਕੀਤੀ ।22ਸੋ ਜੇ ਕਦੀ ਮੈਂ ਸਵੇਰੇ ਤੱਕ ਉਹ ਦੇ ਸਾਰੇ ਮਨੁੱਖਾਂ ਵਿੱਚੋਂ ਇੱਕ ਨੂੰ ਵੀ ਜੋ ਕੰਧ ਦੇ ਨਾਲ ਮੂਤ੍ਰੇ ਛੱਡ ਦੇਵਾਂ ਤਾਂ ਪਰਮੇਸ਼ੁਰ ਦਾਊਦ ਦੇ ਵੈਰੀਆਂ ਨਾਲ ਵੀ ਅਜਿਹਾ ਹੀ ਕਰੇ ਸਗੋਂ ਉਸ ਨਾਲੋਂ ਵੀ ਵੱਧ ।

23ਜਦ ਅਬੀਗੈਲ ਨੇ ਦਾਊਦ ਨੂੰ ਦੇਖਿਆ ਤਾਂ ਛੇਤੀ ਕੀਤੀ ਅਤੇ ਖੋਤੇ ਉਤੋਂ ਹੇਠਾਂ ਉਤਰ ਕੇ ਦਾਊਦ ਦੇ ਅੱਗੇ ਮੂੰਹ ਪਰਨੇ ਡਿੱਗ ਪਈ ਅਤੇ ਧਰਤੀ ਤੇ ਮੱਥਾ ਟੇਕਿਆ ।24ਉਹ ਦੇ ਪੈਰਾਂ ਉੱਤੇ ਡਿੱਗ ਕੇ ਬੋਲਣ ਲੱਗੀ, ਮੇਰੇ ਉੱਤੇ, ਹੇ ਮੇਰੇ ਮਹਾਰਾਜ, ਇਹ ਦੋਸ਼ ਮੇਰੇ ਉੱਤੇ ਰੱਖ ਅਤੇ ਆਪਣੀ ਦਾਸੀ ਨੂੰ ਤੁਹਾਡੇ ਕੰਨ ਵਿੱਚ ਇੱਕ ਗੱਲ ਆਖਣ ਦੀ ਪਰਵਾਨਗੀ ਦਿਓ ਅਤੇ ਆਪਣੀ ਦਾਸੀ ਦੀ ਬੇਨਤੀ ਸੁਣ ਲਓ ।
25ਮੈਂ ਤੁਹਾਡੇ ਤਰਲੇ ਕਰਦੀ ਹਾਂ ਜੋ ਮੇਰਾ ਮਹਾਰਾਜ ਇਸ ਬੁਰੇ ਮਨੁੱਖ ਵੱਲ ਅਰਥਾਤ ਉਸ ਨਾਬਾਲ ਵੱਲ ਧਿਆਨ ਨਾ ਕਰੇ ਕਿਉਂ ਜੋ ਜਿਹਾ ਉਹ ਦਾ ਨਾਮ ਹੈ ਤਿਹਾ ਹੀ ਉਹ ਹੈ । ਉਹ ਦਾ ਨਾਮ ਨਾਬਾਲ ਹੈ ਅਤੇ ਮੂਰਖਤਾਈ ਉਹ ਦੇ ਨਾਲ ਹੈ ਅਤੇ ਮੈਂ ਜੋ ਤੁਹਾਡੀ ਦਾਸੀ ਹਾਂ ਸੋ ਮੇਰੇ ਮਹਾਰਾਜ ਦੇ ਜੁਆਨਾਂ ਨੂੰ ਜਿਨ੍ਹਾਂ ਨੂੰ ਤੁਸੀਂ ਭੇਜਿਆ, ਵੇਖਿਆ ਨਹੀਂ ਸੀ ।26ਸੋ ਹੁਣ ਹੇ ਮੇਰੇ ਮਹਾਰਾਜ, ਜਿਉਂਦੇ ਪਰਮੇਸ਼ੁਰ ਦੀ ਸਹੁੰ, ਅਤੇ ਤੇਰੀ ਜਿੰਦ ਦੀ ਸਹੁੰ, ਕਿਉਂ ਜੋ ਯਹੋਵਾਹ ਨੇ ਤੁਹਾਨੂੰ ਲਹੂ ਵਗਾਉਣੋਂ ਅਤੇ ਆਪਣੇ ਹੱਥ ਨਾਲ ਬਦਲੇ ਲੈਣੋਂ ਹਟਾਇਆ ਸੋ ਤੁਹਾਡੇ ਵੈਰੀ ਅਤੇ ਉਹ ਜੋ ਮੇਰੇ ਮਹਾਰਾਜ ਦੀ ਬੁਰਿਆਈ ਲੋਚਦੇ ਹਨ ਨਾਬਾਲ ਵਰਗੇ ਹੋਣ !
27ਹੁਣ ਇਹ ਭੇਟ ਜੋ ਤੁਹਾਡੀ ਦਾਸੀ ਮੇਰੇ ਮਹਾਰਾਜ ਦੇ ਸਾਹਮਣੇ ਲਿਆਈ ਹੈ ਸੋ ਉਨ੍ਹਾਂ ਜੁਆਨਾਂ ਨੂੰ ਜੋ ਮੇਰੇ ਮਹਾਰਾਜ ਦੇ ਮਗਰ ਲੱਗਦੇ ਹਨ ਦਿੱਤੀ ਜਾਵੇ ।28ਦਯਾ ਕਰਕੇ ਆਪਣੀ ਦਾਸੀ ਦਾ ਦੋਸ਼ ਮਾਫ਼ ਕਰੋ ਕਿਉਂ ਜੋ ਯਹੋਵਾਹ ਮੇਰੇ ਮਹਾਰਾਜ ਦਾ ਇੱਕ ਪੱਕਾ ਘਰ ਜ਼ਰੂਰ ਬਣਾਵੇਗਾ ਇਸ ਲਈ ਜੋ ਮੇਰਾ ਮਹਾਰਾਜ ਯਹੋਵਾਹ ਦੀਆਂ ਲੜਾਈਆਂ ਲੜਦਾ ਹੈ ਅਤੇ ਤੁਹਾਡੇ ਸਾਰੇ ਜੀਵਨ ਵਿੱਚ ਤੁਹਾਥੋਂ ਕੋਈ ਬੁਰਿਆਈ ਨਹੀਂ ਲੱਭੀ ।
29ਤਾਂ ਵੀ ਤੁਹਾਡੇ ਮਗਰ ਲੱਗਣ ਅਤੇ ਤੁਹਾਡੀ ਜਿੰਦ ਨੂੰ ਲੱਭਣ ਵਾਸਤੇ ਇੱਕ ਜਣਾ ਉੱਠਿਆ ਹੈ ਪਰ ਮੇਰੇ ਮਹਾਰਾਜ ਦੀ ਜਿੰਦ ਯਹੋਵਾਹ ਤੁਹਾਡੇ ਪਰਮੇਸ਼ੁਰ ਦੇ ਕੋਲ ਜੀਉਣ ਦੀ ਗੱਠੜੀ ਵਿੱਚ ਬੰਨ੍ਹੀ ਰਹੇਗੀ ਪਰ ਤੁਹਾਡੇ ਵੈਰੀਆਂ ਦੇ ਪ੍ਰਾਣਾਂ ਨੂੰ ਉਹ ਅਜਿਹਾ ਚਲਾਵੇਗਾ ਜਿਹਾ ਕਿਸੇ ਗੋਪੀਏ ਵਿੱਚੋਂ ।
30ਅਤੇ ਅਜਿਹਾ ਹੋਵੇਗਾ, ਜਿਸ ਵੇਲ ਯਹੋਵਾਹ ਆਪਣੇ ਆਖਣ ਦੇ ਅਨੁਸਾਰ ਸਾਰੀਆਂ ਭਲਿਆਈਆਂ ਮੇਰੇ ਮਹਾਰਾਜ ਨਾਲ ਕਰ ਛੱਡੇ ਅਤੇ ਤੁਹਾਨੂੰ ਇਸਰਾਏਲ ਦਾ ਪਰਧਾਨ ਠਹਿਰਾਵੇ ।31ਤਾਂ ਇਹ ਗੱਲ ਤੁਹਾਨੂੰ ਔਖ ਦਾ ਕਾਰਨ ਨਾ ਹੋਵੇਗੀ ਅਤੇ ਮੇਰੇ ਮਹਾਰਾਜ ਦੇ ਮਨ ਵਿੱਚ ਕਲੇਸ਼ ਨਾ ਹੋਵੇਗਾ ਜੋ ਮੈਂ ਵਿਅਰਥ ਲਹੂ ਵਗਾਇਆ ਜਾਂ ਮੇਰੇ ਮਹਾਰਾਜ ਨੇ ਆਪਣਾ ਬਦਲਾ ਲਿਆ ਪਰ ਜਿਸ ਵੇਲੇ ਯਹੋਵਾਹ ਮੇਰੇ ਮਹਾਰਾਜ ਉੱਤੇ ਕਿਰਪਾ ਕਰੇ ਤਦ ਤੁਸੀਂ ਆਪਣੀ ਟਹਿਲਣ ਨੂੰ ਚੇਤੇ ਕਰੋ ।

32ਦਾਊਦ ਨੇ ਅਬੀਗੈਲ ਨੂੰ ਆਖਿਆ, ਮੁਬਾਰਕ ਹੈ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਜਿਸ ਨੇ ਤੈਨੂੰ ਅੱਜ ਮੈਨੂੰ ਮਿਲਣ ਨੂੰ ਭੇਜਿਆ ਹੈ ।33ਮੁਬਾਰਕ ਤੇਰੀ ਮੱਤ ਅਤੇ ਮੁਬਾਰਕ ਤੂੰ ਹੈਂ ਕਿਉਂ ਜੋ ਅੱਜ ਦੇ ਦਿਨ ਤੂੰ ਮੈਨੂੰ ਲਹੂ ਵਗਾਉਣੋਂ ਅਤੇ ਆਪਣੇ ਹੱਥ ਦੇ ਬਦਲਾ ਲੈਣ ਤੋਂ ਹਟਾਇਆ ।
34ਕਿਉਂ ਜੋ ਸੱਚੀ ਮੁੱਚੀ ਜਿਉਂਦੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੀ ਸਹੁੰ, ਜਿਸ ਨੇ ਮੈਨੂੰ ਤੁਹਾਡੇ ਨਾਲ ਬੁਰਿਆਈ ਕਰਨ ਤੋਂ ਹਟਾਇਆ ਜੇ ਕਦੀ ਤੂੰ ਛੇਤੀ ਨਾ ਕਰਦੀ ਅਤੇ ਮੇਰੇ ਮਿਲਣ ਨੂੰ ਨਾ ਆਉਂਦੀ ਤਾਂ ਸਵੇਰੇ ਤੱਕ ਨਾਬਾਲ ਦਾ ਇੱਕ ਵੀ ਪੁਰਖ ਨਾ ਛੱਡਦਾ !35ਅਤੇ ਦਾਊਦ ਨੇ ਉਹ ਦੇ ਹੱਥੋਂ ਜੋ ਕੁਝ ਉਹ ਉਸ ਦੇ ਕੋਲ ਲੈ ਆਈ ਸੀ ਲੈ ਲਿਆ ਅਤੇ ਉਹ ਨੂੰ ਆਖਿਆ, ਆਪਣੇ ਘਰ ਸੁਖ ਸਾਂਦ ਨਾਲ ਜਾ । ਵੇਖ, ਮੈਂ ਤੇਰੀ ਗੱਲ ਸੁਣ ਲਈ ਹੈ ਅਤੇ ਤੇਰੀ ਅਰਜ਼ ਨੂੰ ਮੰਨ ਲਿਆ ।

36ਤਦ ਅਬੀਗੈਲ ਨਾਬਾਲ ਕੋਲ ਆਈ ਅਤੇ ਵੇਖੋ, ਉਹ ਆਪਣੇ ਘਰ ਵਿੱਚ ਜੱਗ ਕਰਦਾ ਸੀ ਜਿਵੇਂ ਕੋਈ ਰਾਜਾ ਜੱਗ ਕਰੇ ਅਤੇ ਨਾਬਾਲ ਦਾ ਜੀਅ ਉਹ ਦੇ ਵਿੱਚ ਵੱਡਾ ਅਨੰਦ ਸੀ ਬਹੁਤ ਜੋ ਪੀਤੀ ਸੀ ਸੋ ਉਸ ਨੇ ਪਰਭਾਤ ਤੱਕ ਉਹ ਨੂੰ ਥੋੜਾ ਬਹੁਤ ਕੁਝ ਨਾ ਆਖਿਆ ।
37ਅਤੇ ਅਜਿਹਾ ਹੋਇਆ ਜੋ ਪਰਭਾਤ ਨੂੰ ਜਿਸ ਵੇਲੇ ਨਾਬਾਲ ਦਾ ਨਸ਼ਾ ਉਤਰ ਗਿਆ ਤਾਂ ਉਹ ਦੀ ਇਸਤਰੀ ਨੇ ਉਹ ਨੂੰ ਸਾਰੀ ਗੱਲ ਦੱਸੀ ਤਾਂ ਉਹ ਦਾ ਮਨ ਉਹ ਦੇ ਵਿੱਚ ਮਰ ਗਿਆ ਅਤੇ ਉਹ ਪੱਥਰ ਵਰਗਾ ਹੋ ਗਿਆ ।38ਅਜਿਹਾ ਹੋਇਆ ਜੋ ਦਸਾਂ ਦਿਨਾਂ ਪਿੱਛੋਂ ਯਹੋਵਾਹ ਨੇ ਨਾਬਾਲ ਨੂੰ ਅਜਿਹਾ ਮਾਰਿਆ ਜੋ ਉਹ ਮਰ ਗਿਆ ।

39ਦਾਊਦ ਨੇ ਸੁਣਿਆ ਜੋ ਨਾਬਾਲ ਮਰ ਗਿਆ ਹੈ ਤਾਂ ਆਖਿਆ, ਮੁਬਾਰਕ ਹੈ ਯਹੋਵਾਹ ਜਿਸ ਨੇ ਨਾਬਾਲ ਦੇ ਹੱਥੋਂ ਮੇਰੀ ਨਿੰਦਿਆ ਦਾ ਬਦਲਾ ਲਿਆ ਅਤੇ ਆਪਣੇ ਦਾਸ ਨੂੰ ਬੁਰਿਆਈ ਤੋਂ ਬਚਾਇਆ ਕਿਉਂ ਜੋ ਯਹੋਵਾਹ ਨੇ ਨਾਬਾਲ ਦੀ ਬੁਰਾਈ ਨੂੰ ਉਸੇ ਦੇ ਸਿਰ ਉੱਤੇ ਪਾਇਆ । ਤਾਂ ਦਾਊਦ ਨੇ ਸੇਵਕ ਘੱਲੇ ਅਤੇ ਅਬੀਗੈਲ ਨਾਲ ਉਸ ਨੂੰ ਆਪਣੀ ਪਤਨੀ ਬਣਾਉਣ ਲਈ ਗੱਲਾਂ ਕੀਤੀਆਂ ।40ਜਦ ਦਾਊਦ ਦੇ ਸੇਵਕ ਅਬੀਗੈਲ ਕੋਲ ਕਰਮਲ ਵਿੱਚ ਆਏ ਤਾਂ ਉਨ੍ਹਾਂ ਨੇ ਉਸ ਨੂੰ ਆਖਿਆ, ਦਾਊਦ ਨੇ ਸਾਨੂੰ ਤੁਹਾਡੇ ਕੋਲ ਭੇਜਿਆ ਹੈ ਜੋ ਅਸੀਂ ਤੁਹਾਨੂੰ ਉਹ ਦੀ ਪਤਨੀ ਬਣਨ ਲਈ ਲੈ ਜਾਈਏ ।
41ਤਦ ਉਹ ਉੱਠੀ ਅਤੇ ਧਰਤੀ ਉੱਤੇ ਮੂੰਹ ਪਰਨੇ ਡਿੱਗ ਪਈ ਅਤੇ ਬੋਲੀ, ਵੇਖੋ ਤੁਹਾਡੀ ਦਾਸੀ ਆਪਣੇ ਮਹਾਰਾਜ ਦੇ ਸੇਵਕਾਂ ਦੇ ਪੈਰ ਧੋਣ ਵਾਲੀ ਸੇਵਕਣੀ ਠਹਿਰੇ ।42ਅਤੇ ਅਬੀਗੈਲ ਨੇ ਛੇਤੀ ਕੀਤੀ ਅਤੇ ਉੱਠ ਕੇ ਖੋਤੇ ਉੱਤੇ ਚੜ੍ਹ ਬੈਠੀ ਅਤੇ ਆਪਣੀਆਂ ਪੰਜ ਸਹੇਲੀਆਂ ਜੋ ਉਹ ਦੇ ਨਾਲ ਸਨ, ਲੈ ਲਈਆਂ ਅਤੇ ਦਾਊਦ ਦੇ ਦੂਤਾਂ ਦੇ ਨਾਲ ਤੁਰ ਪਈ ਅਤੇ ਉਹ ਦੀ ਪਤਨੀ ਬਣੀ ।

43ਦਾਊਦ ਨੇ ਯਿਜ਼ਰਏਲ ਵਿੱਚੋਂ ਅਹੀਨੋਅਮ ਨੂੰ ਵੀ ਪਤਨੀ ਬਣਾਇਆ ਸੋ ਉਹ ਦੋਵੇਂ ਉਹ ਦੀਆਂ ਪਤਨੀਆਂ ਬਣ ਗਈਆਂ ।44ਪਰ ਸ਼ਾਊਲ ਨੇ ਆਪਣੀ ਧੀ ਮੀਕਲ ਜੋ ਦਾਊਦ ਦੀ ਪਤਨੀ ਸੀ ਲੈਸ਼ ਦੇ ਪੁੱਤਰ ਗੱਲੀਮੀ ਫਲਟੀ ਨੂੰ ਦੇ ਦਿੱਤੀ ਸੀ ।

26
ਦਾਊਦ ਦੁਬਾਰਾ ਫਿਰ ਸ਼ਾਊਲ ਉੱਤੇ ਹੱਥ ਨਹੀਂ ਉਠਾਉਂਦਾ

1ਜ਼ੀੱਫੀ ਲੋਕ ਗਿਬਆਹ ਨੂੰ ਸ਼ਾਊਲ ਕੋਲ ਆਣ ਕੇ ਬੋਲੇ, ਕੀ, ਦਾਊਦ ਹਕੀਲਾਹ ਦੇ ਪਹਾੜ ਵਿੱਚ ਜੋ ਯਸ਼ੀਮੋਨ ਦੇ ਸਾਹਮਣੇ ਹੈ ਲੁਕਿਆ ਨਹੀਂ ਰਹਿੰਦਾ ?2ਸੋ ਸ਼ਾਊਲ ਉੱਠਿਆ ਅਤੇ ਤਿੰਨ ਹਜ਼ਾਰ ਚੁਣਵੇਂ ਇਸਰਾਏਲੀ ਜੁਆਨ ਆਪਣੇ ਨਾਲ ਲੈ ਕੇ ਜ਼ੀਫ ਦੀ ਉਜਾੜ ਵਿੱਚ ਦਾਊਦ ਨੂੰ ਭਾਲਣ ਉਤਰਿਆ ।

3ਸ਼ਾਊਲ ਨੇ ਹਕੀਲਾਹ ਦੇ ਪਹਾੜ ਵਿੱਚ ਜੋ ਯਸ਼ੀਮੋਨ ਦੇ ਸਾਹਮਣੇ ਹੈ ਰਾਹ ਉੱਤੇ ਡੇਰੇ ਲਾਏ ਪਰ ਦਾਊਦ ਉਜਾੜ ਦੇ ਵਿੱਚ ਠਹਿਰਿਆ ਸੋ ਉਸ ਨੇ ਵੇਖਿਆ ਜੋ ਸ਼ਾਊਲ ਮੇਰੇ ਮਗਰੇ ਮਗਰ ਉਜਾੜ ਵਿੱਚ ਤੁਰਿਆ ਆਉਂਦਾ ਹੈ ।4ਤਾਂ ਦਾਊਦ ਨੇ ਭੇਤੀਆਂ ਨੂੰ ਭੇਜਿਆ ਅਤੇ ਜਾਣਿਆ ਜੋ ਸ਼ਾਊਲ ਸੱਚ-ਮੁੱਚ ਆਇਆ ਹੈ ।
5ਤਦ ਦਾਊਦ ਉੱਠ ਕੇ ਸ਼ਾਊਲ ਦੇ ਡੇਰਿਆਂ ਕੋਲ ਆਇਆ, ਦਾਊਦ ਨੇ ਉਸ ਥਾਂ ਨੂੰ ਜਿੱਥੇ ਸ਼ਾਊਲ ਲੰਮਾ ਪਿਆ ਹੋਇਆ ਸੀ ਅਤੇ ਨੇਰ ਦਾ ਪੁੱਤਰ ਅਬੀਨੇਰ ਵੀ ਜੋ ਉਹ ਦਾ ਸੈਨਾਪਤੀ ਸੀ ਵੇਖਿਆ ਅਤੇ ਸ਼ਾਊਲ ਗੱਡੀਆਂ ਦੇ ਥਾਂ ਵਿੱਚ ਸੁੱਤਾ ਪਿਆ ਸੀ ਅਤੇ ਲੋਕਾਂ ਨੇ ਉਹ ਦੇ ਆਲੇ-ਦੁਆਲੇ ਡੇਰੇ ਲਾਏ ਹੋਏ ਸਨ ।

6ਤਦ ਦਾਊਦ ਨੇ ਹਿੱਤੀ ਅਹੀਮਲਕ ਅਤੇ ਸਰੂਯਾਹ ਦੇ ਪੁੱਤਰ ਅਬੀਸ਼ਈ ਨੂੰ ਜੋ ਯੋਆਬ ਦਾ ਭਰਾ ਸੀ ਆਖਿਆ, ਸ਼ਾਊਲ ਦੇ ਡੇਰਿਆਂ ਵੱਲ ਮੇਰੇ ਨਾਲ ਕੌਣ ਉਤਰੇਗਾ ? ਅਬੀਸ਼ਈ ਬੋਲਿਆ, ਤੁਹਾਡੇ ਨਾਲ ਮੈਂ ਉਤਰਾਂਗਾ ।7ਸੋ ਦਾਊਦ ਅਤੇ ਅਬੀਸ਼ਈ ਰਾਤ ਨੂੰ ਉਨ੍ਹਾਂ ਲੋਕਾਂ ਵਿੱਚ ਜਾ ਪਏ ਅਤੇ ਵੇਖੋ, ਉਸ ਵੇਲੇ ਸ਼ਾਊਲ ਗੱਡੀਆਂ ਦੇ ਥਾਂ ਵਿੱਚ ਸੁੱਤਾ ਪਿਆ ਸੀ ਅਤੇ ਉਹ ਦੀ ਬਰਛੀ ਉਹ ਦੀ ਸਿਰਹਾਣੇ ਧਰਤੀ ਵਿੱਚ ਗੱਡੀ ਹੋਈ ਸੀ ਅਤੇ ਅਬੀਨੇਰ ਅਤੇ ਸਿਪਾਹੀ ਉਹ ਦੇ ਉਦਾਲੇ ਪਏ ਹੋਏ ਸਨ ।8ਤਦ ਅਬੀਸ਼ਈ ਨੇ ਦਾਊਦ ਨੂੰ ਆਖਿਆ, ਪਰਮੇਸ਼ੁਰ ਨੇ ਅੱਜ ਤੁਹਾਡੇ ਵੈਰੀ ਨੂੰ ਤੁਹਾਡੇ ਹੱਥ ਕਰ ਦਿੱਤਾ । ਜੇ ਹੁਣ ਆਗਿਆ ਕਰੋ ਤਾਂ ਮੈਂ ਉਹ ਨੂੰ ਬਰਛੀ ਦਾ ਇੱਕੋ ਵਾਰ ਮਾਰ ਕੇ ਧਰਤੀ ਨਾਲ ਵਿਨ੍ਹਾਂ ਅਤੇ ਮੈਂ ਉਹ ਨੂੰ ਦੂਜੀ ਵਾਰ ਨਾ ਮਾਰਾਂਗਾ !
9ਪਰ ਦਾਊਦ ਨੇ ਅਬੀਸ਼ਈ ਨੂੰ ਆਖਿਆ, ਉਹ ਨੂੰ ਨਾ ਮਾਰ ਕਿਉਂ ਜੋ ਯਹੋਵਾਹ ਦੇ ਅਭਿਸ਼ੇਕ ਹੋਏ ਉੱਤੇ ਕਿਹੜਾ ਹੈ ਜੋ ਹੱਥ ਚੁੱਕੇ ਅਤੇ ਬੇਦੋਸ਼ਾ ਠਹਿਰੇ ?10ਦਾਊਦ ਨੇ ਇਹ ਵੀ ਆਖਿਆ, ਜਿਉਂਦੇ ਯਹੋਵਾਹ ਦੀ ਸਹੁੰ, ਜਾਂ ਤਾਂ ਉਹ ਨੂੰ ਯਹੋਵਾਹ ਆਪ ਮਾਰੇਗਾ ਉਹ ਦੇ ਮਰਨ ਦਾ ਦਿਨ ਆਵੇਗਾ ਜਾਂ ਉਹ ਲੜਾਈ ਵਿੱਚ ਜਾ ਕੇ ਮਾਰਿਆ ਜਾਵੇਗਾ ।
11ਪਰ ਯਹੋਵਾਹ ਨਾ ਕਰੇ ਜੋ ਮੈਂ ਯਹੋਵਾਹ ਦੇ ਅਭਿਸ਼ੇਕ ਹੋਏ ਉੱਤੇ ਹੱਥ ਚਲਾਵਾਂ ਪਰ ਤੂੰ ਉਸ ਦੇ ਸਿਰਹਾਣੇ ਇਹ ਬਰਛੀ ਅਤੇ ਪਾਣੀ ਦੀ ਗੜਵੀ ਨੂੰ ਚੁੱਕ ਲੈ ਅਤੇ ਅਸੀਂ ਤੁਰ ਪਈਏ ।12ਸੋ ਦਾਊਦ ਨੇ ਬਰਛੀ ਅਤੇ ਪਾਣੀ ਦੀ ਗੜਵੀ ਨੂੰ ਸ਼ਾਊਲ ਦੇ ਸਿਰਹਾਣੇ ਤੋਂ ਲੈ ਲਿਆ ਅਤੇ ਉਹ ਤੁਰ ਗਏ ਅਤੇ ਕਿਸੇ ਮਨੁੱਖ ਨੇ ਵੀ ਇਹ ਨਾ ਵੇਖਿਆ ਅਤੇ ਨਾ ਹੀ ਜਾਣਿਆ ਅਤੇ ਕੋਈ ਨਾ ਜਾਗਿਆ ਕਿਉਂ ਜੋ ਉਹ ਸਭ ਸੁੱਤੇ ਪਏ ਸਨ ਇਸ ਕਰਕੇ ਜੋ ਯਹੋਵਾਹ ਵੱਲੋਂ ਉਨ੍ਹਾਂ ਉੱਤੇ ਘੂਕ ਨੀਂਦ ਆਈ ਹੋਈ ਸੀ ।

13ਫੇਰ ਦਾਊਦ ਪਰਲੇ ਪਾਸੇ ਲੰਘ ਕੇ ਦੂਰ ਇੱਕ ਪਹਾੜ ਦੀ ਟੀਸੀ ਉੱਤੇ ਜਾ ਖੜ੍ਹਾ ਹੋਇਆ ਅਤੇ ਉਨ੍ਹਾਂ ਦੇ ਵਿੱਚਕਾਰ ਵੱਡੀ ਵਿੱਥ ਸੀ14ਦਾਊਦ ਨੇ ਲੋਕਾਂ ਵੱਲ ਅਤੇ ਨੇਰ ਦੇ ਪੁੱਤਰ ਅਬੀਨੇਰ ਵੱਲ ਹਾਕਾਂ ਮਾਰ ਕੇ ਆਖਿਆ,ਹੇ ਅਬੀਨੇਰ ਉੱਤਰ ਨਹੀਂ ਦਿੰਦਾ ? ਤਦ ਅਬੀਨੇਰ ਨੇ ਉੱਤਰ ਦੇ ਕੇ ਆਖਿਆ,ਤੂੰ ਕੌਣ ਹੈਂ ਜੋ ਰਾਜਾ ਨੂੰ ਹਾਕਾਂ ਮਾਰਦਾ ਹੈਂ ?
15ਤਦ ਦਾਊਦ ਨੇ ਅਬੀਨੇਰ ਨੂੰ ਆਖਿਆ,ਭਲਾ,ਤੂੰ ਵੱਡਾ ਸੂਰਮਾ ਨਹੀਂ ਅਤੇ ਇਸਰਾਏਲ ਵਿੱਚ ਤੇਰੇ ਸਮਾਨ ਕੌਣ ਹੈ ? ਫੇਰ ਕੀ ਹੋਇਆ ਜੋ ਤੂੰ ਆਪਣੇ ਸੁਆਮੀ ਰਾਜਾ ਦੀ ਰਾਖੀ ਨਹੀਂ ਕੀਤੀ ? ਕਿਉਂ ਜੋ ਲੋਕਾਂ ਵਿੱਚੋਂ ਇੱਕ ਜਣਾ ਤੇਰੇ ਮਾਲਕ ਰਾਜਾ ਦੇ ਮਾਰਨ ਨੂੰ ਵੜ ਗਿਆ ਸੀ16ਸੋ ਇਹ ਕੰਮ ਤਾਂ ਤੂੰ ਕੁਝ ਚੰਗਾ ਨਹੀਂ ਕੀਤਾ । ਜਿਉਂਦੇ ਯਹੋਵਾਹ ਦੀ ਸਹੁੰ,ਤੁਸੀਂ ਵੱਢਣ ਜੋਗੇ ਹੋ ਕਿਉਂ ਜੋ ਤੁਸੀਂ ਆਪਣੇ ਮਾਲਕ ਦੀ ਜੋ ਯਹੋਵਾਹ ਦਾ ਅਭਿਸ਼ੇਕ ਹੋਇਆ ਹੈ ਰਾਖੀ ਨਹੀਂ ਕੀਤੀ ਅਤੇ ਹੁਣ ਵੇਖੋ,ਰਾਜਾ ਦੀ ਬਰਛੀ ਅਤੇ ਪਾਣੀ ਦੀ ਗੜਵੀ ਜੋ ਉਹ ਦੇ ਸਿਰਹਾਣੇ ਕੋਲ ਸੀ ਕਿੱਥੇ ਹੈ ?

17ਤਦ ਸ਼ਾਊਲ ਨੇ ਦਾਊਦ ਦੀ ਅਵਾਜ਼ ਸਿਆਣ ਕੇ ਆਖਿਆ,ਹੇ ਮੇਰੇ ਪੁੱਤਰ ਦਾਊਦ,ਇਹ ਤੇਰੀ ਅਵਾਜ਼ ਹੈ ? ਦਾਊਦ ਬੋਲਿਆ ਜੀ,ਮੇਰੇ ਮਹਾਰਾਜ ਅਤੇ ਰਾਜਾ,ਇਹ ਮੇਰੀ ਹੀ ਅਵਾਜ਼ ਹੈ18ਤਾਂ ਉਸ ਨੇ ਆਖਿਆ,ਮੇਰਾ ਮਹਾਰਾਜ ਆਪਣੇ ਸੇਵਕ ਦੇ ਪਿਛੇ ਇਸ ਤਰ੍ਹਾਂ ਕਾਹਨੂੰ ਲੱਗਾ ਹੋਇਆ ਹੈ ? ਮੈਂ ਕੀ ਕੀਤਾ ਹੈ ਅਤੇ ਮੇਰੇ ਹੱਥ ਵਿੱਚ ਕੀ ਖੋਟ ਹੈ ?
19ਸੋ ਹੁਣ ਹੇ ਮਹਾਰਾਜ ਰਾਜਾ,ਆਪਣੇ ਸੇਵਕ ਦੀ ਸੁਣ । ਜੇ ਕਦੀ ਯਹੋਵਾਹ ਨੇ ਮੇਰੇ ਵਿਰੁੱਧ ਤੈਨੂੰ ਉਕਸਾਇਆ ਹੋਵੇ ਤਾਂ ਉਹ ਭੇਟ ਮੰਨ ਲਵੇ ਅਤੇ ਜੇ ਕਦੀ ਮਨੁੱਖਾਂ ਨੇ ਅਜਿਹਾ ਕੀਤਾ ਹੋਵੇ ਤਾਂ ਯਹੋਵਾਹ ਦੇ ਅੱਗੋਂ ਉਨ੍ਹਾਂ ਉੱਤੇ ਸਰਾਪ ਹੋਵੇ ਕਿਉਂ ਜੋ ਅੱਜ ਉਨ੍ਹਾਂ ਨੇ ਯਹੋਵਾਹ ਦੀ ਦਿੱਤੀ ਹੋਈ ਮਿਲਖ ਵਿੱਚ ਰਹਿਣ ਤੋਂ ਮੈਨੂੰ ਧੱਕ ਦਿੱਤਾ ਅਤੇ ਮੈਨੂੰ ਆਖਦੇ ਹਨ,ਜਾ,ਹੋਰਨਾਂ ਦੇਵਤਿਆਂ ਦੀ ਪੂਜਾ ਕਰ20ਸੋ ਹੁਣ ਯਹੋਵਾਹ ਦੇ ਸਾਹਮਣੇ ਮੇਰਾ ਲਹੂ ਧਰਤੀ ਉੱਤੇ ਨਾ ਵਹੇ ਕਿਉਂ ਜੋ ਇਸਰਾਏਲ ਦਾ ਰਾਜਾ ਇੱਕ ਪਿੱਸੂ ਲੱਭਣ ਨੂੰ ਨਿੱਕਲਿਆ ਹੈ ਜਿਵੇ ਕੋਈ ਪਹਾੜਾਂ ਉੱਤੇ ਤਿੱਤਰ ਦਾ ਸ਼ਿਕਾਰ ਖੇਡਦਾ ਹੈ ।

21ਤਦ ਸ਼ਾਊਲ ਨੇ ਆਖਿਆ,ਮੈਂ ਪਾਪ ਕੀਤਾ,ਹੇ ਮੇਰੇ ਪੁੱਤਰ ਦਾਊਦ,ਮੁੜ ਆ ਕਿਉਂ ਜੋ ਮੈਂ ਤੈਨੂੰ ਫੇਰ ਨਾ ਦੁਖਾਵਾਂਗਾ,ਅੱਜ ਜੋ ਮੇਰੀ ਜਿੰਦ ਤੇਰੀ ਨਿਗਾਹ ਵਿੱਚ ਕੀਮਤੀ ਹੋਈ । ਵੇਖ,ਮੈਂ ਮੂਰਖ ਬਣਿਆ ਅਤੇ ਵੱਡੀ ਭੁੱਲ ਕੀਤੀ !
22ਦਾਊਦ ਨੇ ਉੱਤਰ ਦੇ ਕੇ ਆਖਿਆ,ਵੇਖ,ਰਾਜਾ ਦੀ ਬਰਛੀ ਹੈ ਸੋ ਜੁਆਨਾਂ ਵਿੱਚੋਂ ਕੋਈ ਆਣ ਕੇ ਉਹ ਨੂੰ ਲੈ ਜਾਵੇ23ਅਤੇ ਯਹੋਵਾਹ ਸਾਰੇ ਮਨੁੱਖਾਂ ਨੂੰ ਆਪੋ-ਆਪਣੀ ਨੀਤ ਅਤੇ ਭਲਮਾਣਸੀ ਦੇ ਅਨੁਸਾਰ ਫਲ ਦੇਵੇ ਕਿਉਂ ਜੋ ਯਹੋਵਾਹ ਨੇ ਤੈਨੂੰ ਅੱਜ ਮੇਰੇ ਹੱਥ ਵਿੱਚ ਸੌਂਪ ਦਿੱਤਾ ਪਰ ਮੈਂ ਨਹੀਂ ਚਾਹਿਆ ਜੋ ਯਹੋਵਾਹ ਦੇ ਅਭਿਸ਼ੇਕ ਹੋਏ ਉੱਤੇ ਹੱਥ ਚਲਾਵਾਂ
24ਵੇਖ,ਜਿਵੇਂ ਤੇਰੀ ਜਾਨ ਮੇਰੀਆਂ ਅੱਖੀਆਂ ਵਿੱਚ ਅੱਜ ਦੁਰਲੱਭ ਦਿੱਸੀ ਹੈ ਤੇਹੀ ਹੀ ਮੇਰੀ ਜਿੰਦ ਯਹੋਵਾਹ ਦੀ ਨਿਗਾਹ ਵਿੱਚ ਕੀਮਤ ਹੋਵੇ ਅਤੇ ਉਹ ਮੈਨੂੰ ਸਾਰਿਆਂ ਦੁਖਾਂ ਵਿੱਚੋਂ ਛੁਟਕਾਰਾ ਦੇਵੇ25ਤਦ ਸ਼ਾਊਲ ਨੇ ਦਾਊਦ ਨੂੰ ਆਖਿਆ, ਮੁਬਾਰਕ ਹੈ ਤੂੰ, ਹੇ ਮੇਰੇ ਪੁੱਤਰ ਦਾਊਦ ਤੂੰ ਵੱਡੇ-ਵੱਡੇ ਕੰਮ ਕਰੇਂਗਾ ਅਤੇ ਤੂੰ ਭਾਗਵਾਨ ਵੀ ਹੋਵੇਂਗਾ । ਸੋ ਦਾਊਦ ਆਪਣੇ ਰਾਹ ਤੁਰ ਗਿਆ ਅਤੇ ਸ਼ਾਊਲ ਆਪਣੇ ਥਾਂ ਨੂੰ ਮੁੜ ਗਿਆ ।

27
ਦਾਊਦ ਫਲਿਸਤੀਆਂ ਦੇ ਵਿੱਚ ਸ਼ਰਣ ਲੈਂਦਾ ਹੈ

1ਦਾਊਦ ਨੇ ਆਪਣੇ ਮਨ ਵਿੱਚ ਆਖਿਆ ਕਿ ਹੁਣ ਮੈਂ ਕਿਸੇ ਦਿਨ ਸ਼ਾਊਲ ਦੇ ਹੱਥ ਨਾਲ ਤਬਾਹ ਹੋ ਜਾਂਵਾਂਗਾ । ਫੇਰ ਮੇਰੇ ਲਈ ਇਹ ਦੇ ਨਾਲੋਂ ਹੋਰ ਕੋਈ ਚੰਗੀ ਸਲਾਹ ਨਹੀਂ ਜੋ ਮੈਂ ਤੇਜੀ ਨਾਲ ਭੱਜ ਕੇ ਫ਼ਲਿਸਤੀਆਂ ਦੇ ਦੇਸ ਵਿੱਚ ਜਾ ਵੱਸਾਂ ਅਤੇ ਸ਼ਾਊਲ ਇਸਰਾਏਲ ਦੇ ਬੰਨਿਆਂ ਵਿੱਚੋਂ ਮੇਰੇ ਲੱਭਣ ਤੋਂ ਨਿਰਾਸ ਹੋ ਜਾਵੇਗਾ ਤਾਂ ਉਹ ਦੇ ਹੱਥੋਂ ਮੈਂ ਛੁੱਟ ਜਾਂਵਾਂਗਾ

2ਤਦ ਦਾਊਦ ਉੱਠਿਆ ਅਤੇ ਆਪਣੇ ਨਾਲ ਦੇ ਛੇ ਸੌ ਜੁਆਨਾਂ ਨੂੰ ਲੈ ਕੇ ਗਥ ਦੇ ਰਾਜਾ ਮਾਓਕ ਦੇ ਪੁੱਤਰ ਆਕੀਸ਼ ਵੱਲ ਲੰਘ ਗਿਆ3ਆਕੀਸ਼ ਦੇ ਨਾਲ ਦਾਊਦ ਗਥ ਵਿੱਚ ਰਿਹਾ ਅਰਥਾਤ ਉਹ ਅਤੇ ਉਹ ਦੇ ਲੋਕ ਜਿਨ੍ਹਾਂ ਵਿੱਚੋਂ ਸਭ ਕੋਈ ਆਪੋ ਆਪਣੇ ਟੱਬਰ ਸਮੇਤ ਸੀ ਅਤੇ ਦਾਊਦ ਆਪਣੀਆਂ ਦੋਹਾਂ ਪਤਨੀਆਂ ਦੇ ਨਾਲ ਅਰਥਾਤ ਅਹੀਨੋਅਮ ਯਿਜ਼ਰਾਏਲਣ ਅਤੇ ਕਰਮੇਲਣੀ ਅਬੀਗੈਲ ਜੋ ਨਾਬਾਲ ਦੀ ਇਸਤਰੀ ਸੀ4ਅਤੇ ਸ਼ਾਊਲ ਨੂੰ ਖ਼ਬਰ ਹੋਈ ਜੋ ਦਾਊਦ ਗਥ ਨੂੰ ਭੱਜ ਗਿਆ ਸੋ ਉਹ ਉਸ ਦੇ ਲੱਭਣ ਲਈ ਫੇਰ ਨਾ ਨਿੱਕਲਿਆ ।

5ਦਾਊਦ ਨੇ ਆਕੀਸ਼ ਨੂੰ ਆਖਿਆ,ਜੇ ਤੇਰੀ ਨਿਗਾਹ ਵਿੱਚ ਮੈਂ ਦਯਾ ਜੋਗ ਹਾਂ ਤਾਂ ਉਹ ਮੈਨੂੰ ਦੇਸ ਦੇ ਕਿਸੇ ਸ਼ਹਿਰ ਵਿੱਚ ਵੱਸਣ ਲਈ ਥਾਂ ਦੇ ਦੇਣ ਕਿਉਂ ਜੋ ਤੇਰਾ ਸੇਵਕਾਂ ਰਾਜਧਾਨੀ ਵਿੱਚ ਤੇਰੇ ਕੋਲ ਕਾਹਨੂੰ ਰਹੇ ?6ਤਦ ਆਕੀਸ਼ ਨੇ ਉਸ ਦਿਨ ਉਹ ਨੂੰ ਸਿਕਲਗ ਸ਼ਹਿਰ ਦੇ ਦਿੱਤਾ ਸੋ ਸਿਕਲਗ ਅੱਜ ਤੱਕ ਯਹੂਦਾਹ ਦੇ ਰਾਜਾ ਦਾ ਹੈ

7ਜਿੰਨਾ ਚਿਰ ਦਾਊਦ ਫ਼ਲਿਸਤੀਆਂ ਦੇ ਦੇਸ ਵਿੱਚ ਰਿਹਾ ਸੋ ਪੂਰਾ ਇੱਕ ਸਾਲ ਅਤੇ ਚਾਰ ਮਹੀਨੇ ਸਨ ।
8ਦਾਊਦ ਅਤੇ ਉਹ ਦੇ ਮਨੁੱਖਾਂ ਨੇ ਚੜ੍ਹ ਕੇ ਗਸ਼ੂਰੀਆਂ ਅਤੇ ਗਜ਼ਰੀਆਂ ਅਤੇ ਅਮਾਲੇਕੀਆਂ ਦੇ ਉੱਤੇ ਹੱਲਾ ਕੀਤਾ ਅਤੇ ਉਹ ਸ਼ੂਰ ਦੇ ਰਾਹੋਂ ਲੈ ਕੇ ਮਿਸਰ ਦੇ ਬੰਨੇ ਤੱਕ ਉਸ ਦੇਸ ਵਿੱਚ ਪਹਿਲੇ ਸਮੇਂ ਤੋਂ ਵੱਸਦੇ ਸਨ9ਅਤੇ ਦਾਊਦ ਨੇ ਉਸ ਦੇਸ ਨੂੰ ਜਿੱਤ ਲਿਆ ਅਤੇ ਕਿਸੇ ਇਸਤ੍ਰੀ ਪੁਰਖ, ਕਿਸੇ ਨੂੰ ਜਿਉਂਦੇ ਨਾ ਛੱਡਿਆ ਅਤੇ ਉਨ੍ਹਾਂ ਦੇ ਇੱਜੜ,ਡੰਗਰ,ਖੋਤੇ,ਊਠ ਅਤੇ ਲੁੱਟ ਲਏ ਅਤੇ ਆਕੀਸ਼ ਕੋਲ ਮੁੜ ਆਇਆ
10ਤਾਂ ਆਕੀਸ਼ ਨੇ ਪੁੱਛਿਆ, ਅੱਜ ਤੁਹਾਡਾ ਰਾਹ ਕਿੱਧਰ ਸੀ ? ਦਾਊਦ ਨੇ ਆਖਿਆ,ਯਹੂਦਾਹ ਦੇ ਦੱਖਣ ਵੱਲ ਅਤੇ ਯਰਾਹਮਿਏਲੀਆਂ ਦੇ ਦੱਖਣ ਵੱਲ ਅਤੇ ਕੇਨੀਆਂ ਦੇ ਦੱਖਣ ਵੱਲ
11ਅਤੇ ਦਾਊਦ ਕਿਸੇ ਇੱਕ ਪੁਰਸ਼ ਜਾਂ ਇਸਤ੍ਰੀ ਨੂੰ ਵੀ ਗਥ ਵਿੱਚ ਨਾ ਲਿਆਇਆ ਜੋ ਕਿਤੇ ਇਹ ਸਾਡੇ ਵਿਰੁੱਧ ਨਾ ਖ਼ਬਰ ਜਾ ਦੇਣ ਕਿ ਦਾਊਦ ਨੇ ਅਜਿਹਾ ਕੰਮ ਕੀਤਾ ਹੈ । ਜਦ ਤੱਕ ਉਹ ਫ਼ਲਿਸਤੀਆਂ ਦੇ ਦੇਸ ਵਿੱਚ ਰਿਹਾ ਉਸ ਦੀ ਇਹੋ ਮਰਜਾਦਾ ਰਹੀ12ਆਕੀਸ਼ ਨੇ ਦਾਊਦ ਦੀ ਗੱਲ ਉੱਤੇ ਪਰਤੀਤ ਕੀਤੀ ਅਤੇ ਆਖਿਆ, ਭਈ ਉਸ ਨੇ ਆਪਣੇ ਲੋਕ ਇਸਰਾਏਲ ਨਾਲ ਅਜਿਹਾ ਕੰਮ ਕੀਤਾ ਹੈ ਜੋ ਉਹ ਉਸ ਤੋਂ ਬਹੁਤ ਨਫ਼ਰਤ ਕਰਦੇ ਹੋਣਗੇ ਇਸ ਲਈ ਉਹ ਸਦਾ ਮੇਰਾ ਸੇਵਕ ਰਹੇਗਾ ।

28

1ਉਨੀਂ ਦਿਨੀਂ ਅਜਿਹਾ ਹੋਇਆ ਜੋ ਫ਼ਲਿਸਤੀਆਂ ਨੇ ਇਸਰਾਏਲ ਨਾਲ ਲੜਨ ਲਈ ਆਪਣੇ ਦਲਾਂ ਨੂੰ ਇਕੱਠਿਆਂ ਕੀਤਾ । ਤਦ ਆਕੀਸ਼ ਨੇ ਦਾਊਦ ਨੂੰ ਆਖਿਆ,ਤੂੰ ਸੱਚ ਜਾਣ ਜੋ ਤੈਨੂੰ ਅਤੇ ਤੇਰੇ ਲੋਕਾਂ ਨੂੰ ਮੇਰੇ ਨਾਲ ਲੜਾਈ ਵਿੱਚ ਜਾਣਾ ਪਵੇਗਾ2ਸੋ ਦਾਊਦ ਨੇ ਆਕੀਸ਼ ਨੂੰ ਆਖਿਆ,ਤੈਨੂੰ ਜ਼ਰੂਰ ਮਲੂਮ ਹੋ ਜਾਵੇਗਾ ਜੋ ਤੇਰੇ ਸੇਵਕ ਕੋਲੋਂ ਕਿੰਨਾ ਕੁ ਕੰਮ ਹੋਵੇਗਾ ਅਤੇ ਆਕੀਸ਼ ਨੇ ਦਾਊਦ ਨੂੰ ਆਖਿਆ,ਤਾਂ ਸਦਾ ਦੇ ਲਈ ਮੈਂ ਤੈਨੂੰ ਆਪਣੇ ਸਿਰ ਦਾ ਰਾਖਾ ਬਣਾਵਾਂਗਾ ।

ਸ਼ਾਊਲ ਅਤੇ ਜਾਦੂਗਰਨੀ

3ਸਮੂਏਲ ਮਰ ਗਿਆ ਸੀ ਅਤੇ ਸਾਰੇ ਇਸਰਾਏਲ ਨੇ ਉਹ ਦਾ ਅਫ਼ਸੋਸ ਕੀਤਾ ਅਤੇ ਉਸੇ ਦੇ ਸ਼ਹਿਰ ਵਿੱਚ ਜੋ ਰਾਮਾਹ ਸੀ ਉਹ ਨੂੰ ਦੱਬ ਦਿੱਤਾ ਅਤੇ ਸ਼ਾਊਲ ਨੇ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਦੇ ਭੂਤ ਮਿੱਤ੍ਰ ਸਨ ਅਤੇ ਦਿਓਯਾਰਾਂ ਨੂੰ ਦੇਸ ਵਿੱਚੋਂ ਕੱਢ ਦਿੱਤਾ ਸੀ ।

4ਸੋ ਫ਼ਲਿਸਤੀਆਂ ਨੇ ਇਕੱਠੇ ਹੋ ਕੇ ਸ਼ੂਨੇਮ ਵਿੱਚ ਆ ਡੇਰੇ ਲਾਏ ਅਤੇ ਸ਼ਾਊਲ ਨੇ ਵੀ ਸਾਰੇ ਇਸਰਾਏਲ ਨੂੰ ਇਕੱਠਿਆਂ ਕੀਤਾ, ਉਨ੍ਹਾਂ ਨੇ ਗਿਲਬੋਆ ਵਿੱਚ ਡੇਰੇ ਲਾਏ ।
5ਜਦ ਸ਼ਾਊਲ ਨੇ ਫ਼ਲਿਸਤੀਆਂ ਦਾ ਦਲ ਦੇਖਿਆ ਤਾਂ ਡਰ ਗਿਆ ਅਤੇ ਉਹ ਦਾ ਮਨ ਡਾਢਾ ਕੰਬਿਆ6ਅਤੇ ਜਿਸ ਵੇਲੇ ਸ਼ਾਊਲ ਨੇ ਯਹੋਵਾਹ ਕੋਲੋਂ ਸਲਾਹ ਪੁੱਛੀ ਤਾਂ ਯਹੋਵਾਹ ਨੇ ਉਹ ਨੂੰ ਨਾ ਸੁਫਨਿਆਂ ਦੇ ਨਾ ਊਰੀਮ ਦੇ ਅਤੇ ਨਾ ਨਬੀਆਂ ਦੇ ਰਾਹੀਂ ਕੁਝ ਉੱਤਰ ਦਿੱਤਾ ।7ਤਦ ਸ਼ਾਊਲ ਨੇ ਆਪਣੇ ਸੇਵਕਾਂ ਨੂੰ ਆਖਿਆ, ਮੇਰੇ ਲਈ ਕੋਈ ਅਜਿਹੀ ਇਸਤਰੀ ਭਾਲੋ ਜਿਸ ਦੇ ਭੂਤ ਮਿੱਤ੍ਰ ਹੋਣ ਜੋ ਮੈਂ ਉਸ ਦੇ ਕੋਲ ਜਾਂਵਾਂ ਅਤੇ ਉਸ ਕੋਲੋਂ ਪੁੱਛਾਂ । ਸੋ ਉਹ ਦੇ ਸੇਵਕਾਂ ਨੇ ਉਹ ਨੂੰ ਆਖਿਆ, ਵੇਖੋ, ਏਨਦੋਰ ਵਿੱਚ ਇੱਕ ਇਸਤਰੀ ਹੈ ਜਿਸ ਦਾ ਭੂਤ ਮਿੱਤ੍ਰ ਹੈ ।

8ਸੋ ਸ਼ਾਊਲ ਨੇ ਆਪਣਾ ਭੇਸ ਬਦਲ ਕੇ ਹੋਰ ਕੱਪੜੇ ਪਾ ਕੇ ਗਿਆ ਅਤੇ ਦੋ ਜਣੇ ਉਹ ਦੇ ਨਾਲ ਸਨ ਅਤੇ ਰਾਤ ਨੂੰ ਉਸ ਇਸਤਰੀ ਕੋਲ ਗਿਆ ਅਤੇ ਉਸ ਨੂੰ ਆਖਿਆ, ਦਯਾ ਕਰ ਕੇ ਆਪਣੇ ਭੂਤ ਮਿੱਤ੍ਰ ਕੋਲੋਂ ਮੇਰੇ ਲਈ ਸਲਾਹ ਪੁੱਛ ਅਤੇ ਜਿਸ ਦਾ ਨਾਮ ਮੈਂ ਤੈਨੂੰ ਦੱਸਾਂ ਉਹ ਨੂੰ ਮੇਰੇ ਲਈ ਬੁਲਾ ਲਿਆ ।9ਤਦ ਉਸ ਇਸਤਰੀ ਨੇ ਉਹ ਨੂੰ ਆਖਿਆ, ਵੇਖ, ਤੂੰ ਜਾਣਦਾ ਹੈਂ ਜੋ ਸ਼ਾਊਲ ਨੇ ਕੀ ਕੀਤਾ, ਕਿਵੇਂ ਉਹ ਨੇ ਉਨ੍ਹਾਂ ਨੂੰ ਜਿਨ੍ਹਾਂ ਦੇ ਭੂਤ ਮਿੱਤ੍ਰ ਸਨ ਅਤੇ ਦਿਓਯਾਰਾਂ ਨੂੰ ਦੇਸ ਵਿੱਚੋਂ ਮੁਕਾ ਸੁੱਟਿਆ । ਫੇਰ ਤੂੰ ਮੇਰੀ ਜਾਨ ਨੂੰ ਕਾਹਨੂੰ ਫਸਾਉਂਦਾ ਹੈਂ ਜੋ ਮੈਨੂੰ ਮਰਵਾ ਸੁੱਟੇ ?10ਤਦ ਸ਼ਾਊਲ ਨੇ ਯਹੋਵਾਹ ਦੀ ਸਹੁੰ ਚੁੱਕ ਕੇ ਆਖਿਆ, ਭਈ ਜਿਉਂਦੇ ਯਹੋਵਾਹ ਦੀ ਸਹੁੰ, ਇਸ ਗੱਲ ਦੀ ਤੈਨੂੰ ਕੋਈ ਸਜ਼ਾ ਨਹੀਂ ਮਿਲੇਗੀ ।
11ਤਦ ਉਹ ਇਸਤਰੀ ਬੋਲੀ, ਮੈਂ ਤੇਰੇ ਲਈ ਕਿਸਨੂੰ ਬੁਲਾਵਾਂ ? ਉਹ ਬੋਲਿਆ, ਮੇਰੇ ਲਈ ਸਮੂਏਲ ਨੂੰ ਬੁਲਵਾ ।12ਜਿਸ ਵੇਲੇ ਉਸ ਇਸਤਰੀ ਨੇ ਸਮੂਏਲ ਨੂੰ ਵੇਖਿਆ ਤਾਂ ਉੱਚੀ ਅਵਾਜ਼ ਨਾਲ ਚਿੱਲਾਈ ਅਤੇ ਉਸ ਇਸਤਰੀ ਨੇ ਸ਼ਾਊਲ ਨੂੰ ਆਖਿਆ, ਤੁਸੀਂ ਮੇਰੇ ਨਾਲ ਧੋਖਾ ਕਿਉਂ ਕੀਤਾ ਕਿਉਂ ਜੋ ਸ਼ਾਊਲ ਤਾਂ ਤੁਸੀਂ ਹੀ ਹੋ !
13ਤਦ ਰਾਜਾ ਨੇ ਉਸ ਨੂੰ ਆਖਿਆ, ਘਾਬਰ ਨਾ । ਤੂੰ ਕੀ ਵੇਖਿਆ ਹੈ ? ਉਸ ਇਸਤਰੀ ਨੇ ਸ਼ਾਊਲ ਨੂੰ ਆਖਿਆ, ਮੈਂ ਇੱਕ ਦੇਵਤੇ ਨੂੰ ਧਰਤੀ ਵਿੱਚੋਂ ਨਿੱਕਲਦੇ ਵੇਖਦੀ ਹਾਂ ।14ਤਦ ਉਹ ਨੇ ਉਸ ਨੂੰ ਆਖਿਆ, ਉਹ ਦੇ ਰੰਗ ਰੂਪ ਬਾਰੇ ਦੱਸ ! ਉਹ ਬੋਲੀ, ਇੱਕ ਬੁੱਢਾ ਮਨੁੱਖ ਉੱਪਰ ਆਉਂਦਾ ਹੈ ਅਤੇ ਚੱਦਰ ਨਾਲ ਢੱਕਿਆ ਹੋਇਆ ਹੈ । ਤਦ ਸ਼ਾਊਲ ਨੇ ਜਾਣਿਆ ਜੋ ਉਹ ਸਮੂਏਲ ਹੀ ਹੈ ਅਤੇ ਉਹ ਨੇ ਮੂੰਹ ਦੇ ਭਾਰ ਧਰਤੀ ਉੱਤੇ ਡਿੱਗ ਕੇ ਮੱਥਾ ਟੇਕਿਆ ।

15ਤਦ ਸਮੂਏਲ ਨੇ ਸ਼ਾਊਲ ਨੂੰ ਆਖਿਆ, ਤੂੰ ਮੇਰੇ ਸੁਖ ਵਿੱਚ ਕਾਹਨੂੰ ਭੰਗ ਪਾਇਆ ਜੋ ਮੈਨੂੰ ਸੱਦਿਆ ? ਸ਼ਾਊਲ ਬੋਲਿਆ, ਮੈਂ ਬਹੁਤ ਦੁਖ ਵਿੱਚ ਪਿਆ ਹੋਇਆ ਹਾਂ ਕਿਉਂ ਜੋ ਫ਼ਲਿਸਤੀ ਮੇਰੇ ਨਾਲ ਲੜਦੇ ਹਨ ਅਤੇ ਪਰਮੇਸ਼ੁਰ ਨੇ ਮੈਨੂੰ ਤਿਆਗ ਦਿੱਤਾ ਹੈ ਅਤੇ ਕੁਝ ਉੱਤਰ ਨਹੀਂ ਦਿੰਦਾ ਨਾ ਨਬੀਆਂ ਦੇ ਰਾਹੀਂ ਨਾ ਹੀ ਸੁਫ਼ਨਿਆਂ ਦੇ । ਇਸ ਲਈ ਮੈਂ ਤੈਨੂੰ ਸੱਦਿਆ ਹੈ ਜੋ ਤੂੰ ਮੈਨੂੰ ਦੱਸੇ ਭਈ ਮੈਂ ਕੀ ਕਰਾਂ ।
16ਤਦ ਸਮੂਏਲ ਨੇ ਆਖਿਆ, ਜਦ ਯਹੋਵਾਹ ਨੇ ਤੈਨੂੰ ਛੱਡ ਦਿੱਤਾ ਅਤੇ ਤੇਰਾ ਵੈਰੀ ਬਣਿਆ ਹੈ ਤਾਂ ਫੇਰ ਮੈਨੂੰ ਕਿਉਂ ਪੁੱਛਦਾ ਹੈਂ ?17ਯਹੋਵਾਹ ਨੇ ਤਾਂ ਆਪਣੀ ਵੱਲੋਂ ਉਹੋ ਹੀ ਕੀਤਾ ਜੋ ਉਸ ਨੇ ਮੇਰੇ ਰਾਹੀਂ ਆਖਿਆ ਸੀ ਕਿ ਯਹੋਵਾਹ ਨੇ ਤੇਰੇ ਹੱਥੋਂ ਰਾਜ ਖੋਹ ਲਿਆ ਅਤੇ ਤੇਰੇ ਗੁਆਂਢੀ ਦਾਊਦ ਨੂੰ ਦੇ ਦਿੱਤਾ ।
18ਇਸ ਲਈ ਜੋ ਤੂੰ ਯਹੋਵਾਹ ਦਾ ਬਚਨ ਨਾ ਮੰਨਿਆ ਅਤੇ ਤੂੰ ਅਮਾਲੇਕ ਦੇ ਨਾਲ ਉਹ ਦੇ ਕ੍ਰੋਧ ਦੀ ਅੱਗ ਅਨੁਸਾਰ ਕੰਮ ਨਾ ਕੀਤਾ ਇਸੇ ਕਰਕੇ ਅੱਜ ਯਹੋਵਾਹ ਨੇ ਤੇਰੇ ਨਾਲ ਇਹ ਕੀਤਾ ।19ਅਤੇ ਯਹੋਵਾਹ ਤੇਰੇ ਸਮੇਤ ਇਸਰਾਏਲ ਨੂੰ ਫ਼ਲਿਸਤੀਆਂ ਦੇ ਹੱਥ ਵਿੱਚ ਕਰ ਦੇਵੇਗਾ ਅਤੇ ਕੱਲ ਤੂੰ ਅਤੇ ਤੇਰੇ ਪੁੱਤਰ ਮੇਰੇ ਕੋਲ ਹੋਵੋਗੇ ਅਤੇ ਇਸਰਾਏਲੀ ਦਲ ਨੂੰ ਵੀ ਯਹੋਵਾਹ ਫ਼ਲਿਸਤੀਆਂ ਦੇ ਹੱਥ ਵਿੱਚ ਕਰ ਦੇਵੇਗਾ ।

20ਤਦ ਸ਼ਾਊਲ ਉਸੇ ਵੇਲੇ ਧਰਤੀ ਉੱਤੇ ਲੰਮਾ ਡਿੱਗ ਪਿਆ ਅਤੇ ਸਮੂਏਲ ਦੀਆਂ ਗੱਲਾਂ ਨਾਲ ਬਹੁਤ ਡਰ ਗਿਆ ਅਤੇ ਉਹ ਦੇ ਵਿੱਚ ਕੁਝ ਸਾਹ ਸਤ ਨਾ ਰਿਹਾ ਕਿਉਂ ਜੋ ਉਹ ਨੇ ਸਾਰਾ ਦਿਨ ਅਤੇ ਸਾਰੀ ਰਾਤ ਰੋਟੀ ਨਹੀਂ ਖਾਧੀ ਸੀ ।21ਤਦ ਉਹ ਇਸਤਰੀ ਸ਼ਾਊਲ ਕੋਲ ਆਈ ਅਤੇ ਜਦ ਵੇਖਿਆ ਜੋ ਉਹ ਅੱਤ ਘਬਰਾ ਗਿਆ ਹੈ ਤਾਂ ਉਸ ਨੇ ਉਹ ਨੂੰ ਆਖਿਆ, ਵੇਖੋ, ਤੁਹਾਡੀ ਦਾਸੀ ਨੇ ਤੁਹਾਡੀ ਗੱਲ ਮੰਨੀ ਅਤੇ ਮੈਂ ਆਪਣੀ ਜਾਨ ਆਪਣੇ ਹੱਥ ਦੀ ਤਲੀ ਉੱਤੇ ਰੱਖੀ ਅਤੇ ਜੋ ਗੱਲਾਂ ਤੁਸੀਂ ਮੈਨੂੰ ਆਖੀਆਂ ਸਨ ਸੋ ਮੰਨ ਲਈਆਂ ।
22ਸੋ ਹੁਣ ਮੈਂ ਤੁਹਾਡੇ ਅੱਗੇ ਬੇਨਤੀ ਕਰਦੀ ਹਾਂ ਜੋ ਤੁਸੀਂ ਵੀ ਆਪਣੀ ਦਾਸੀ ਦੀ ਗੱਲ ਮੰਨੋ ਕਰੋ ਅਤੇ ਪਰਵਾਨਗੀ ਦਿਓ ਜੋ ਮੈਂ ਤੁਹਾਡੇ ਲਈ ਰੋਟੀ ਲੈ ਆਵਾਂ । ਤੁਸੀਂ ਉਹ ਨੂੰ ਖਾਓ ਭਈ ਜਿਸ ਵੇਲੇ ਤੁਸੀਂ ਆਪਣੇ ਰਾਹ ਵਿੱਚ ਤੁਰੋ ਤਾਂ ਜ਼ੋਰ ਹੋਵੇ ।23ਪਰ ਉਹ ਨੇ ਨਾ ਮੰਨਿਆ ਅਤੇ ਆਖਿਆ, ਮੈਂ ਨਹੀਂ ਖਾਂਦਾ ਪਰ ਉਹ ਦੇ ਸੇਵਕਾਂ ਨੇ ਉਸ ਇਸਤਰੀ ਨਾਲ ਰਲ ਕੇ ਉਹ ਨੂੰ ਵੱਡੀ ਖਿੱਚ ਕੀਤੀ ਤਾਂ ਉਹ ਨੇ ਉਨ੍ਹਾਂ ਦਾ ਆਖਿਆ ਮੰਨਿਆ ਅਤੇ ਧਰਤੀ ਉੱਤੋਂ ਉੱਠ ਕੇ ਮੰਜੇ ਉੱਤੇ ਬੈਠ ਗਿਆ ।
24ਅਤੇ ਉਸ ਇਸਤਰੀ ਦੇ ਘਰ ਵਿੱਚ ਇੱਕ ਮੋਟਾ ਵੱਛਾ ਸੀ ਸੋ ਉਸ ਨੇ ਉਹ ਨੂੰ ਛੇਤੀ ਨਾਲ ਕੱਟਿਆ ਅਤੇ ਆਟਾ ਲੈ ਕੇ ਗੁੰਨਿਆ ਅਤੇ ਪਤੀਰੀਆਂ ਰੋਟੀਆਂ ਪਕਾਈਆਂ25ਅਤੇ ਸ਼ਾਊਲ ਅਤੇ ਉਹ ਦੇ ਸੇਵਕਾਂ ਦੇ ਅੱਗੇ ਲਿਆ ਕੇ ਰੱਖੀਆਂ ਅਤੇ ਉਨ੍ਹਾਂ ਨੇ ਖਾਧਾ ਤਦ ਉਹ ਉਸੇ ਰਾਤ ਉੱਥੋਂ ਚੱਲ ਪਏ ।

29
ਫਲਿਸਤੀ ਦਾਊਦ ਉੱਤੇ ਸ਼ੱਕ ਕਰਦੇ ਹਨ

1ਸੋ ਫ਼ਲਿਸਤੀਆਂ ਦੇ ਸਾਰੇ ਦਲ ਅਫੇਕ ਵਿੱਚ ਇਕੱਠੇ ਹੋਏ ਸਨ ਅਤੇ ਇਸਰਾਏਲੀਆਂ ਨੇ ਇੱਕ ਪਾਣੀ ਦੇ ਸੋਤੇ ਦੇ ਨੇੜੇ ਜੋ ਯਿਜ਼ਰਾਏਲ ਵਿੱਚ ਹੈ ਆ ਡੇਰੇ ਲਾਏ2ਅਤੇ ਫ਼ਲਿਸਤੀਆਂ ਦੇ ਸਰਦਾਰ ਸੈਂਕੜਿਆਂ ਤੇ ਹਜ਼ਾਰਾਂ ਦੇ ਨਾਲ ਅੱਗੇ-ਅੱਗੇ ਜਾਂਦੇ ਸਨ ਪਰ ਦਾਊਦ ਆਪਣੇ ਮਨੁੱਖਾਂ ਸਮੇਤ ਪਿੱਛੇ-ਪਿੱਛੇ ਆਕੀਸ਼ ਨਾਲ ਆਉਂਦਾ ਸੀ

3ਤਦ ਫ਼ਲਿਸਤੀ ਸਰਦਾਰਾਂ ਦੇ ਆਖਿਆ,ਇਨ੍ਹਾਂ ਇਬਰਾਨੀਆਂ ਦਾ ਇੱਥੇ ਕੀ ਕੰਮ ? ਆਕੀਸ਼ ਨੇ ਫ਼ਲਿਸਤੀ ਸਰਦਾਰਾਂ ਨੂੰ ਆਖਿਆ, ਭਲਾ, ਇਹ ਦਾਊਦ ਇਸਰਾਏਲ ਦੇ ਰਾਜਾ ਸ਼ਾਊਲ ਦਾ ਦਾਸ ਨਹੀਂ ਜੋ ਐੱਨੇ ਦਿਨਾਂ ਅਤੇ ਐੱਨੇ ਸਾਲਾਂ ਤੋਂ ਮੇਰੇ ਨਾਲ ਹੈ ਅਤੇ ਜਦੋਂ ਦਾ ਉਹ ਮੇਰੇ ਕੋਲ ਆਇਆ ਹੈ ਮੈਂ ਉਹ ਦੇ ਵਿੱਚ ਕੋਈ ਖੋਟ ਨਹੀਂ ਵੇਖੀ ?
4ਤਦ ਫ਼ਲਿਸਤੀਆਂ ਦੇ ਹਾਕਮ ਉਹ ਦੇ ਨਾਲ ਗੁੱਸੇ ਹੋਏ ਅਤੇ ਫ਼ਲਿਸਤੀ ਹਾਕਮਾਂ ਨੇ ਉਹ ਨੂੰ ਆਖਿਆ ਕਿ ਇਸ ਮਨੁੱਖ ਨੂੰ ਐੱਥੋਂ ਮੋੜ ਦਿਓ ਜੋ ਉਹ ਆਪਣੇ ਥਾਂ ਵੱਲ ਜੋ ਤੁਸੀਂ ਉਹ ਦੇ ਲਈ ਠਹਿਰਾਇਆ ਹੈ ਮੁੜ ਜਾਵੇ ਪਰ ਸਾਡੇ ਨਾਲ ਰਲ ਕੇ ਲੜਾਈ ਵਿੱਚ ਨਾ ਜਾਵੇ ਕੀ ਜਾਣੀਏ ਜੋ ਉਹ ਲੜਾਈ ਵੇਲੇ ਸਾਡੇ ਨਾਲ ਵੈਰ ਕਰੇ ਕਿਉਂ ਜੋ ਉਹ ਆਪਣੇ ਮਾਲਕ ਨਾਲ ਕਿਵੇਂ ਮੇਲ ਕਰੇਗਾ ? ਭਲਾ,ਇਨ੍ਹਾਂ ਲੋਕਾਂ ਦੇ ਸਿਰਾਂ ਨੂੰ ਵੱਡ ਕੇ ਨਹੀਂ ਕਰੇਗਾ ?
5ਭਲਾ,ਇਹ ਉਹ ਦਾਊਦ ਨਹੀਂ ਜਿਸ ਦੇ ਲਈ ਉਹ ਨੱਚਦੀਆਂ ਹੋਈਆਂ ਗਾਉਂਦੀਆਂ ਸਨ,
ਸ਼ਾਊਲ ਨੇ ਆਪਣੇ ਹਜ਼ਾਰਾਂ ਨੂੰ ਮਾਰਿਆ,
ਅਤੇ ਦਾਊਦ ਨੇ ਲੱਖਾਂ ਨੂੰ ?

6ਤਦ ਆਕੀਸ਼ ਨੇ ਦਾਊਦ ਨੂੰ ਸੱਦ ਕੇ ਆਖਿਆ,ਜਿਉਂਦੇ ਯਹੋਵਾਹ ਦੀ ਸਹੁੰ,ਸੱਚ-ਮੁੱਚ ਤੂੰ ਸਿੱਧਾ ਹੀ ਹੈਂ ਅਤੇ ਮੇਰੇ ਨਾਲ ਦਲ ਵਿੱਚ ਤੇਰਾ ਆਉਣਾ ਜਾਣਾ ਮੈਨੂੰ ਚੰਗਾ ਦਿੱਸਿਆ ਕਿਉਂ ਜੋ ਜਿਸ ਦਿਨ ਦਾ ਤੂੰ ਮੇਰੇ ਕੋਲ ਆਇਆ ਹੈਂ ਅੱਜ ਤੱਕ ਮੈਂ ਤੇਰੇ ਵਿੱਚ ਕੋਈ ਔਗੁਣ ਨਹੀਂ ਲੱਭਾ ਪਰ ਸਰਦਾਰ ਤੇਰੇ ਨਾਲ ਰਾਜ਼ੀ ਨਹੀਂ7ਸੋ ਹੁਣ ਤੂੰ ਮੁੜ ਅਤੇ ਸੁਖ ਨਾਲ ਚੱਲਿਆ ਜਾ ਜੋ ਫ਼ਲਿਸਤੀ ਪ੍ਰਧਾਨ ਤੇਰੇ ਨਾਲ ਗੁੱਸਾ ਨਾ ਹੋਣ ।
8ਤਦ ਦਾਊਦ ਨੇ ਆਕੀਸ਼ ਨੂੰ ਆਖਿਆ,ਮੈਂ ਕੀ ਕੀਤਾ ਹੈ ਅਤੇ ਜਿਸ ਸਮੇਂ ਦਾ ਮੈਂ ਤੇਰੇ ਕੋਲ ਆਇਆ ਹਾਂ ਉਦੋਂ ਦਾ ਅੱਜ ਤੱਕ ਤੂੰ ਮੇਰੇ ਵਿੱਚ ਕੀ ਵੇਖਿਆ ਹੈ ਜੋ ਮੈਂ ਆਪਣੇ ਸੁਆਮੀ ਰਾਜਾ ਦੇ ਵੈਰੀਆਂ ਨਾਲ ਲੜਨ ਲਈ ਨਾ ਜਾਂਵਾਂ ?9ਤਦ ਆਕੀਸ਼ ਨੇ ਦਾਊਦ ਨੂੰ ਉੱਤਰ ਦਿੱਤਾ,ਇਹ ਤਾਂ ਮੈਂ ਜਾਣਦਾ ਹਾਂ ਅਤੇ ਤੂੰ ਮੇਰੇ ਵੇਖਣ ਵਿੱਚ ਪਰਮੇਸ਼ੁਰ ਦੇ ਦੂਤ ਵਰਗਾ ਭਲਾ ਹੈਂ ਪਰ ਫ਼ਲਿਸਤੀ ਹਾਕਮਾਂ ਨੇ ਕਿਹਾ ਕਿ ਉਹ ਸਾਡੇ ਨਾਲ ਲੜਾਈ ਵਿੱਚ ਨਾ ਜਾਏ
10ਸੋ ਹੁਣ ਤੂੰ ਸਵੇਰੇ ਆਪਣੇ ਮਾਲਕ ਦੇ ਸੇਵਕਾਂ ਸਮੇਤ ਜੋ ਇੱਥੇ ਤੇਰੇ ਨਾਲ ਆਏ ਹਨ ਉੱਠ ਕੇ ਛੇਤੀ ਸਵੇਰ ਹੁੰਦੇ ਹੀ ਵਿਦਾ ਹੋ ਜਾਈਂ11ਸੋ ਦਾਊਦ ਆਪਣਿਆਂ ਮਨੁੱਖਾਂ ਨਾਲ ਤੜਕੇ ਹੀ ਉੱਠਿਆ ਜੋ ਪਰਭਾਤ ਨੂੰ ਉੱਥੋਂ ਤੁਰ ਕੇ ਫ਼ਲਿਸਤੀਆਂ ਦੇ ਦੇਸ ਵਿੱਚ ਮੁੜ ਜਾਵੇ ਅਤੇ ਫ਼ਲਿਸਤੀਆਂ ਨੇ ਯਿਜ਼ਰਾਏਲ ਤੇ ਚੜਾਈ ਕੀਤੀ ।

30
ਅਮਾਲੇਕੀਆਂ ਦੇ ਵਿਰੁੱਧ ਯੁੱਧ

1ਜਦ ਦਾਊਦ ਆਪਣੇ ਸਾਥੀਆਂ ਨਾਲ ਤੀਜੇ ਦਿਨ ਸਿਕਲਗ ਵਿੱਚ ਪਹੁੰਚਿਆ, ਤਦ ਅਮਾਲੇਕੀਆਂ ਨੇ ਦੱਖਣੀ ਦੇਸ ਅਤੇ ਸਿਕਲਗ ਉੱਤੇ ਹਮਲਾ ਕੀਤਾ, ਅਤੇ ਸਿਕਲਗ ਨੂੰ ਮਾਰਿਆ ਅਤੇ ਉਹ ਨੂੰ ਸਾੜ ਸੁੱਟਿਆ ।2ਅਤੇ ਜਿਹੜੀਆਂ ਇਸਤਰੀਆਂ ਉੱਥੇ ਸਨ ਉਹਨਾਂ ਨੂੰ ਅਤੇ ਜਿਨ੍ਹੇ ਵੀ ਨਿੱਕੇ ਵੱਡੇ ਸਨ ਸਾਰਿਆਂ ਨੂੰ ਗ਼ੁਲਾਮ ਬਣਾ ਲਿਆ । ਪਰ ਕਿਸੇ ਨੂੰ ਮਾਰਿਆ ਨਹੀਂ ਸਗੋਂ ਉਹਨਾਂ ਨੂੰ ਆਪਣੇ ਨਾਲ ਲੈ ਕੇ ਆਪਣੇ ਰਾਹ ਚੱਲ ਪਏ ।

3ਜਦ ਦਾਊਦ ਅਤੇ ਉਸ ਦੇ ਸਾਥੀ ਸ਼ਹਿਰ ਵਿੱਚ ਵੜੇ ਤਾਂ ਵੇਖੋ, ਉਹ ਅੱਗ ਨਾਲ ਸੜਿਆ ਪਿਆ ਸੀ ਅਤੇ ਉਨ੍ਹਾਂ ਦੀਆਂ ਇਸਤਰੀਆਂ ਅਤੇ ਉਨ੍ਹਾਂ ਦੇ ਪੁੱਤਰ ਅਤੇ ਧੀਆਂ ਸਾਰੇ ਗ਼ੁਲਾਮ ਹੋ ਗਏ ਸਨ ।4ਤਦ ਦਾਊਦ ਅਤੇ ਉਹ ਦੇ ਨਾਲ ਦੇ ਲੋਕ ਉੱਚੀ ਅਵਾਜ਼ ਨਾਲ ਅਜਿਹਾ ਰੋਏ ਜੋ ਹੋਰ ਰੋਣ ਦਾ ਉਨ੍ਹਾਂ ਵਿੱਚ ਜ਼ੋਰ ਨਾ ਰਿਹਾ ।
5ਦਾਊਦ ਦੀਆਂ ਦੋਵੇਂ ਪਤਨੀਆਂ, ਯਿਜ਼ਰਾਏਲੀ ਅਹੀਨੋਅਮ ਅਤੇ ਅਬੀਗੈਲ ਵੀ ਜੋ ਅੱਗੇ ਕਰਮਲੀ ਨਾਬਾਲ ਦੀ ਇਸਤਰੀ ਸੀ, ਗ਼ੁਲਾਮ ਬਣ ਗਈਆਂ ਸਨ ।6ਦਾਊਦ ਵੱਡੇ ਸੰਕਟ ਵਿੱਚ ਪਿਆ ਕਿਉਂ ਜੋ ਲੋਕ ਉਹ ਨੂੰ ਵੱਟੇ ਮਾਰਨ ਦੀ ਯੋਜਨਾ ਬਣਾ ਰਹੇ ਸਨ ਇਸ ਲਈ ਜੋ ਸੱਭੇ ਆਪੋ ਆਪਣੇ ਪੁੱਤਰਾਂ ਧੀਆਂ ਵੱਲੋਂ ਬਹੁਤ ਦੁਖੀ ਸਨ । ਪਰ ਦਾਊਦ ਨੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਯਾਦ ਕਰ ਆਪਣੇ ਆਪ ਨੂੰ ਤਕੜਾ ਕੀਤਾ

7ਅਤੇ ਦਾਊਦ ਨੇ ਅਹੀਮਲਕ ਦੇ ਪੁੱਤਰ ਅਬਯਾਥਾਰ ਜਾਜਕ ਨੂੰ ਆਖਿਆ, ਮੈਂ ਤੇਰੇ ਅੱਗੇ ਬੇਨਤੀ ਕਰਨਾ ਜੋ ਐੱਥੇ ਮੇਰੇ ਕੋਲ ਏਫੋਦ ਲੈ ਆ । ਸੋ ਅਬਯਾਥਾਰ ਉੱਥੇ ਦਾਊਦ ਕੋਲ ਏਫੋਦ ਲੈ ਆਇਆ8ਤਾਂ ਦਾਊਦ ਨੇ ਯਹੋਵਾਹ ਕੋਲੋਂ ਗੱਲ ਪੁੱਛੀ ਅਤੇ ਆਖਿਆ, ਮੈਂ ਉਸ ਦਲ ਦਾ ਪਿਛਾ ਕਰਨ ਜਾਂਵਾਂ ਕਿ ਨਹੀਂ ? ਕੀ ਮੈਂ ਉਨ੍ਹਾਂ ਕੋਲ ਪਹੁੰਚਾਗਾ ਜਾਂ ਨਹੀਂ ? ਉਸ ਨੇ ਉੱਤਰ ਦਿੱਤਾ, ਪਿਛਾ ਕਰ ਕਿਉਂ ਜੋ ਜ਼ਰੂਰ ਤੂੰ ਉਨ੍ਹਾਂ ਕੋਲ ਪਹੁੰਚੇਗਾ ਅਤੇ ਨਿਸੰਗ ਤੂੰ ਉਨ੍ਹਾਂ ਕੋਲੋਂ ਸਭ ਕੁਝ ਛੁਡਾ ਲਵੇਂਗਾ ।
9ਸੋ ਦਾਊਦ ਅਤੇ ਉਹ ਦੇ ਨਾਲ ਦੇ ਛੇ ਸੌ ਮਨੁੱਖ ਬਸੋਰ ਦੇ ਨਾਲੇ ਤੱਕ ਆਏ, ਅਤੇ ਉਹ ਜੋ ਪਿੱਛੇ ਛੱਡੇ ਗਏ ਸੋ ਉੱਥੇ ਹੀ ਰਹੇ ।10ਪਰ ਦਾਊਦ ਮਗਰ ਲੱਗਾ ਰਿਹਾ ਉਹ ਅਤੇ ਚਾਰ ਸੌ ਮਨੁੱਖ ਬਾਕੀ ਜੋ ਦੋ ਸੌ ਪਿੱਛੇ ਰਹਿ ਗਏ ਸਨ ਜੋ ਅਜਿਹੇ ਥੱਕ ਗਏ ਸਨ ਕਿ ਬਸੋਰ ਦੇ ਨਾਲੇ ਦੇ ਪਾਰ ਨਾ ਲੰਘ ਸੱਕੇ ।

11ਉਨ੍ਹਾਂ ਨੂੰ ਮੈਦਾਨ ਵਿੱਚ ਇੱਕ ਮਿਸਰੀ ਮਨੁੱਖ ਮਿਲਿਆ, ਸੋ ਉਹ ਨੂੰ ਦਾਊਦ ਕੋਲ ਲੈ ਆਏ ਅਤੇ ਉਹ ਨੂੰ ਰੋਟੀ ਦਿੱਤੀ ਅਤੇ ਉਹ ਨੇ ਖਾਧੀ ਅਤੇ ਉਹ ਨੂੰ ਪਾਣੀ ਵੀ ਪਿਲਾਇਆ ।12ਨਾਲੇ ਉਨ੍ਹਾਂ ਨੇ ਇੱਕ ਹਜੀਰ ਦੀ ਪਿੰਨੀ ਅਤੇ ਦੋ ਗੁੱਛੇ ਸੌਗੀ ਦੇ ਉਹ ਨੂੰ ਦਿੱਤੇ ਅਤੇ ਜਦ ਉਹ ਨੇ ਖਾਧੇ ਤਾਂ ਉਹ ਦੇ ਵਿੱਚ ਜਾਨ ਆ ਗਈ ਕਿਉਂ ਜੋ ਉਹ ਨੇ ਤਿੰਨ ਦਿਨ ਅਤੇ ਤਿੰਨ ਰਾਤਾਂ ਤੋਂ ਨਾ ਰੋਟੀ ਖਾਧੀ,ਨਾ ਹੀ ਪਾਣੀ ਪੀਤਾ ਸੀ ।
13ਤਦ ਦਾਊਦ ਨੇ ਉਹ ਨੂੰ ਪੁੱਛਿਆ, ਤੂੰ ਕਿਸ ਦਾ ਬੰਦਾ ਹੈਂ ਅਤੇ ਤੂੰ ਕਿਥੋਂ ਦਾ ਹੈ ? ਉਹ ਬੋਲਿਆ, ਜੀ ਮੈਂ ਇੱਕ ਮਿਸਰੀ ਜੁਆਨ ਹਾਂ ਅਤੇ ਇੱਕ ਅਮਾਲੇਕੀ ਦਾ ਸੇਵਕ ਹਾਂ ਅਤੇ ਮੇਰਾ ਮਾਲਕ ਮੈਨੂੰ ਛੱਡ ਗਿਆ ਹੈ ਕਿਉਂ ਜੋ ਤਿੰਨ ਦਿਨ ਹੋਏ ਹਨ ਤਾਂ ਮੈਂ ਬੀਮਾਰ ਪੈ ਗਿਆ ।14ਅਸੀਂ ਕਰੇਤੀਆਂ ਦੇ ਦੱਖਣ ਅਤੇ ਯਹੂਦਾਹ ਦੇ ਦੇਸ ਉੱਤੇ ਅਤੇ ਕਾਲੇਬ ਦੇ ਦੱਖਣ ਉੱਤੇ ਵੀ ਲੁੱਟ ਮਾਰ ਕੀਤੀ ਸੀ ਅਤੇ ਸਿਕਲਗ ਨੂੰ ਅਸੀਂ ਅੱਗ ਨਾਲ ਸਾੜ ਸੁੱਟਿਆ ।
15ਤਦ ਦਾਊਦ ਨੇ ਉਹ ਨੂੰ ਆਖਿਆ, ਭਲਾ, ਤੂੰ ਮੈਨੂੰ ਉਹਨਾਂ ਦੇ ਕੋਲ ਪਹੁੰਚਾ ਸਕਦਾ ਹੈਂ ? ਉਹ ਬੋਲਿਆ, ਮੇਰੇ ਨਾਲ ਪਰਮੇਸ਼ੁਰ ਦੀ ਸਹੁੰ ਚੁਕ ਜੋ ਤੂੰ ਮੈਨੂੰ ਜਾਨੋਂ ਨਾ ਮਾਰੇਂਗਾ ਅਤੇ ਨਾ ਮੇਰੇ ਮਾਲਕ ਦੇ ਹੱਥ ਮੈਨੂੰ ਸੌਪੇਂਗਾ ਤਾਂ ਮੈਂ ਉਹਨਾਂ ਕੋਲ ਤੈਨੂੰ ਪਹੁੰਚਾਵਾਂਗਾ ।

16ਜਦ ਉਹ ਉਸ ਨੂੰ ਉੱਥੇ ਲੈ ਗਿਆ ਤਾਂ ਵੇਖੋ, ਉਹ ਸਾਰੀ ਧਰਤੀ ਉੱਤੇ ਖਿੰਡੇ ਹੋਏ ਸਨ ਅਤੇ ਉਸ ਢੇਰ ਸਾਰੀ ਲੁੱਟ ਦੇ ਕਾਰਨ ਜੋ ਉਨ੍ਹਾਂ ਨੇ ਫ਼ਲਿਸਤੀਆਂ ਦੇ ਦੇਸ ਅਤੇ ਯਹੂਦਾਹ ਦੇ ਦੇਸ ਵਿੱਚੋਂ ਲੁੱਟੀ ਸੀ ਖਾਂਦੇ-ਪੀਂਦੇ ਅਤੇ ਨੱਚਦੇ ਸਨ ।17ਦਾਊਦ ਨੇ ਰਾਤ ਦੇ ਪਹਿਲੇ ਪਹਿਰ ਤੋਂ ਲੈ ਕੇ ਦੂਜੇ ਦਿਨ ਸ਼ਾਮ ਤੱਕ ਉਨ੍ਹਾਂ ਨੂੰ ਮਾਰ ਸੁੱਟਿਆ ਅਤੇ ਉਨ੍ਹਾਂ ਵਿੱਚੋਂ ਇੱਕ ਵੀ ਨਾ ਬਚਿਆ ਸਿਰਫ਼ ਚਾਰ ਸੌ ਜੁਆਨ ਊਠਾਂ ਉੱਤੇ ਚੜ੍ਹ ਕੇ ਭੱਜ ਨਿੱਕਲੇ ।
18ਅਤੇ ਜੋ ਕੁਝ ਅਮਾਲੇਕੀ ਨਾਲ ਲੈ ਗਏ ਸਨ ਦਾਊਦ ਨੇ ਸਭ ਨੂੰ ਛੁਡਾ ਲਿਆ ਅਤੇ ਦਾਊਦ ਨੇ ਆਪਣੀਆਂ ਦੋਹਾਂ ਪਤਨੀਆਂ ਨੂੰ ਵੀ ਛੁਡਾਇਆ ।19ਉਨ੍ਹਾਂ ਦੀ ਕਿਸੇ ਵਸਤੂ ਦਾ ਘਾਟਾ ਨਾ ਹੋਇਆ, ਨਾ ਨਿੱਕੀ ਨਾ ਵੱਡੀ, ਨਾ ਧੀ ਨਾ ਪੁੱਤਰ, ਨਾ ਲੁੱਟ ਨਾ ਕੋਈ ਵਸਤੂ ਜੋ ਉਨ੍ਹਾਂ ਆਪਣੇ ਲਈ ਲੁੱਟੀ ਸੀ, ਦਾਊਦ ਨੇ ਸਭ ਕੁਝ ਮੋੜ ਲਿਆਂਦਾ ।20ਅਤੇ ਦਾਊਦ ਨੇ ਸਾਰੇ ਇੱਜੜ ਅਤੇ ਡੰਗਰ ਲੈ ਲਏ ਅਤੇ ਉਨ੍ਹਾਂ ਨੂੰ ਰਹਿੰਦੇ ਡੰਗਰਾਂ ਦੇ ਅੱਗੇ ਹੱਕ ਦਿੱਤਾ ਅਤੇ ਆਖਦੇ ਸਨ ਜੋ ਇਹ ਦਾਊਦ ਦੀ ਲੁੱਟ ਹੈ ।

21ਦਾਊਦ ਉਨ੍ਹਾਂ ਦੋ ਸੌ ਮਨੁੱਖਾਂ ਕੋਲ ਜੋ ਥੱਕ ਕੇ ਦਾਊਦ ਦੇ ਨਾਲ ਨਹੀਂ ਜਾ ਸੱਕੇ, ਜਿਹੜੇ ਉਨ੍ਹਾਂ ਨੇ ਬਸੋਰ ਦੇ ਨਾਲੇ ਕੋਲ ਹੀ ਰਹਿਣ ਦਿੱਤੇ ਸਨ ਮੁੜ ਆਇਆ ਅਤੇ ਉਹ ਦਾਊਦ ਦੇ ਅਤੇ ਉਹ ਦੇ ਨਾਲ ਦੇ ਲੋਕਾਂ ਦੇ ਮਿਲਣ ਨੂੰ ਨਿੱਕਲੇ ਅਤੇ ਜਦ ਦਾਊਦ ਉਨ੍ਹਾਂ ਲੋਕਾਂ ਦੇ ਨੇੜੇ ਆਇਆ ਤਾਂ ਉਸ ਨੇ ਉਨ੍ਹਾਂ ਦੀ ਸੁੱਖ-ਸਾਂਦ ਪੁੱਛੀ ।22ਉਸ ਵੇਲੇ ਜਿਹੜੇ ਦਾਊਦ ਦੇ ਨਾਲ ਗਏ ਸਨ ਉਹਨਾਂ ਵਿੱਚੋਂ ਸਭਨਾਂ ਦੁਸ਼ਟ ਅਤੇ ਬੁਰਿਆਰੇ ਲੋਕਾਂ ਨੇ ਆਖਿਆ, ਇਹ ਜੋ ਸਾਡੇ ਨਾਲ ਨਹੀਂ ਗਏ ਇਸ ਕਰਕੇ ਅਸੀਂ ਉਸ ਲੁੱਟ ਵਿੱਚੋਂ ਜੋ ਅਸੀਂ ਛੁਡਾਈ ਹੈ ਨਿਰਾ ਉਨ੍ਹਾਂ ਦੀਆਂ ਵਹੁਟੀਆਂ ਅਤੇ ਪੁੱਤਰਾਂ ਧੀਆਂ ਤੋਂ ਬਿਨ੍ਹਾਂ ਜੋ ਉਹ ਲੈ ਕੇ ਤੁਰ ਜਾਣ ਹੋਰ ਕੁਝ ਨਾ ਦਿਆਂਗੇ ।
23ਤਾਂ ਦਾਊਦ ਬੋਲਿਆ, ਹੇ ਮੇਰੇ ਭਰਾਵੋ, ਜੋ ਪਰਮੇਸ਼ੁਰ ਨੇ ਸਾਨੂੰ ਦਿੱਤਾ ਹੈ ਉਸ ਲੁੱਟ ਨਾਲ ਅਜਿਹਾ ਨਹੀਂ ਕਰਨਾ ਚਾਹੀਦਾ ਕਿਉਂ ਜੋ ਉਸੇ ਨੇ ਸਾਨੂੰ ਬਚਾਇਆ ਅਤੇ ਜਿਸ ਨੇ ਸਾਨੂੰ ਲੁੱਟਿਆ ਸੀ ਉਹ ਦਲ ਸਾਡੇ ਹੱਥ ਵਿੱਚ ਕਰ ਦਿੱਤਾ ।24ਇਸ ਗੱਲ ਵਿੱਚ ਭਲਾ, ਤੁਹਾਡੀ ਕੌਣ ਸੁਣੇਗਾ ? ਕਿਉਂ ਜੋ ਜਿਵੇਂ ਜਿਹੜਾ ਕੋਈ ਲੜਾਈ ਵਿੱਚ ਜਾਂਦਾ ਹੈ, ਜੇਹੀ ਵੰਡ ਉਹ ਨੂੰ ਮਿਲਦੀ ਹੈ ਤੇਹਾ ਹੀ ਜਿਹੜਾ ਕੋਈ ਡੇਰੇ ਵਿੱਚ ਰਹੇ ਮਿਲੇਗੀ । ਦੋਹਾਂ ਦੀ ਇੱਕੋ ਜੇਹੀ ਵੰਡ ਹੋਵੇਗੀ ।25ਸੋ ਉਸ ਦਿਨ ਤੋਂ ਉਸ ਨੇ ਇਸਰਾਏਲ ਦੇ ਲਈ ਇਹ ਬਿਧੀ ਅਤੇ ਹੁਕਮ ਠਹਿਰਾ ਦਿੱਤਾ ਜੋ ਅੱਜ ਤੱਕ ਹੈ ।

26ਜਦ ਦਾਊਦ ਸਿਕਲਗ ਵਿੱਚ ਆਇਆ ਤਾਂ ਉਸ ਨੇ ਲੁੱਟ ਵਿੱਚੋਂ ਯਹੂਦਾਹ ਦੇ ਬਜ਼ੁਰਗਾਂ ਅਤੇ ਆਪਣੇ ਮਿੱਤ੍ਰਾਂ ਦੇ ਲਈ ਕੁਝ ਭੇਜਿਆ ਅਤੇ ਆਖਿਆ, ਵੇਖੋ,ਯਹੋਵਾਹ ਦੇ ਵੈਰੀਆਂ ਦੇ ਮਾਲ ਦੀ ਲੁੱਟ ਵਿੱਚੋਂ ਇਹ ਤੁਹਾਡੇ ਲਈ ਇੱਕ ਸੁਗਾਤ ਹੈ ।27ਅਤੇ ਜਿਹੜੇ ਬੈਤੇਲ ਵਿੱਚ ਸਨ ਉਨ੍ਹਾਂ ਕੋਲ ਭੇਜਿਆ ਅਤੇ ਉਨ੍ਹਾਂ ਕੋਲ ਜੋ ਦੱਖਣੀ ਰਾਮੋਥ ਵਿੱਚ ਸਨ ਅਤੇ ਉਨ੍ਹਾਂ ਕੋਲ ਜੋ ਯੱਤੀਰ ਵਿੱਚ ਸਨ28ਅਤੇ ਉਨ੍ਹਾਂ ਕੋਲ ਜੋ ਅਰੋਏਰ ਵਿੱਚ ਸਨ ਅਤੇ ਉਨ੍ਹਾਂ ਕੋਲ ਜੋ ਸਿਫਮੋਥ ਵਿੱਚ ਸਨ ਅਤੇ ਉਨ੍ਹਾਂ ਕੋਲ ਜੋ ਇਸ਼ਤਿਮੋਆ ਵਿੱਚ ਸਨ
29ਅਤੇ ਉਨ੍ਹਾਂ ਕੋਲ ਜੋ ਰਾਕਾਲ ਵਿੱਚ ਸਨ ਅਤੇ ਉਨ੍ਹਾਂ ਕੋਲ ਜੋ ਯਰਹਮਿਏਲੀਆਂ ਦੇ ਸ਼ਹਿਰਾਂ ਵਿੱਚ ਅਤੇ ਉਨ੍ਹਾਂ ਕੋਲ ਜੋ ਕੇਨੀਆਂ ਦੇ ਸ਼ਹਿਰਾਂ ਵਿੱਚ ਸਨ30ਨਾਲੇ ਉਨ੍ਹਾਂ ਕੋਲ ਜੋ ਹਾਰਮਾਹ ਵਿੱਚ ਸਨ ਅਤੇ ਉਨ੍ਹਾਂ ਕੋਲ ਜੋ ਕੋਰਾਸ਼ਾਨ ਵਿੱਚ ਸਨ ਅਤੇ ਉਨ੍ਹਾਂ ਕੋਲ ਜੋ ਅਤਾਕ ਵਿੱਚ ਸਨ31ਅਤੇ ਉਨ੍ਹਾਂ ਕੋਲ ਜੋ ਹਬਰੋਨ ਵਿੱਚ ਸਨ ਅਤੇ ਉਨ੍ਹਾਂ ਸਭਨਾਂ ਥਾਵਾਂ ਵਿੱਚ ਜਿੱਥੇ ਜਿੱਥੇ ਦਾਊਦ ਅਤੇ ਉਹ ਦੇ ਲੋਕ ਭੌਂਦੇ ਰਹੇ ਸਨ ਭੇਜਿਆ ।

31
ਸ਼ਾਊਲ ਅਤੇ ਉਸ ਦੇ ਪੁੱਤਰਾਂ ਦੀ ਮੌਤ
(1 ਇਤਿਹਾਸ 10:1-12)

1ਫੇਰ ਫ਼ਲਿਸਤੀਆਂ ਨੇ ਇਸਰਾਏਲ ਨਾਲ ਲੜਾਈ ਕੀਤੀ ਅਤੇ ਇਸਰਾਏਲੀ ਮਨੁੱਖ ਫ਼ਲਿਸਤੀਆਂ ਦੇ ਅੱਗੋਂ ਭੱਜ ਗਏ, ਅਤੇ ਗਿਲਬੋਆ ਦੇ ਪਹਾੜ ਵਿੱਚ ਮਾਰੇ ਗਏ ।2ਫ਼ਲਿਸਤੀਆਂ ਨੇ ਸ਼ਾਊਲ ਅਤੇ ਉਹ ਦੇ ਪੁੱਤਰਾਂ ਦਾ ਬਹੁਤ ਪਿੱਛਾ ਕੀਤਾ, ਯੋਨਾਥਾਨ ਅਤੇ ਅਬੀਨਾਦਾਬ ਅਤੇ ਮਲਕਿਸ਼ੂਆ, ਸ਼ਾਊਲ ਦੇ ਪੁੱਤਰਾਂ ਨੂੰ ਮਾਰ ਸੁੱਟਿਆ ।3ਸ਼ਾਊਲ ਨਾਲ ਲੜਾਈ ਵੱਧ ਗਈ ਅਤੇ ਤੀਰਅੰਦਾਜਾਂ ਨੇ ਉਹ ਨੂੰ ਲੱਭਾ ਅਤੇ ਤੀਰਅੰਦਾਜਾਂ ਦੇ ਹੱਥੋਂ ਉਹ ਬਹੁਤ ਦੁਖੀ ਹੋਇਆ ।

4ਤਦ ਸ਼ਾਊਲ ਨੇ ਆਪਣੇ ਸ਼ਸਤਰ ਚੁੱਕਣ ਵਾਲੇ ਨੂੰ ਆਖਿਆ, ਆਪਣੀ ਤਲਵਾਰ ਨਾਲ ਮੈਨੂੰ ਵਿੰਨ ਦੇ ਕਿਤੇ ਅਜਿਹਾ ਨਾ ਹੋਵੇ ਜੋ ਇਹ ਅਸੁੰਨਤੀ ਆਉਣ ਅਤੇ ਮੈਨੂੰ ਵਿੰਨਣ ਅਤੇ ਮੇਰੇ ਨਾਲ ਮਖੌਲ ਕਰਨ । ਪਰ ਇਹ ਗੱਲ ਉਹ ਦੇ ਸ਼ਸਤਰ ਚੁੱਕਣ ਵਾਲੇ ਨੇ ਨਾ ਮੰਨੀ ਕਿਉਂ ਜੋ ਉਹ ਬਹੁਤ ਘਬਰਾ ਗਿਆ । ਤਦ ਸ਼ਾਊਲ ਤਲਵਾਰ ਫੜ੍ਹ ਕੇ ਉਹ ਦੇ ਉੱਤੇ ਡਿੱਗ ਪਿਆ ।5ਜਦ ਉਹ ਦੇ ਸ਼ਸਤਰ ਚੁੱਕਣ ਵਾਲੇ ਨੇ ਵੇਖਿਆ ਜੋ ਸ਼ਾਊਲ ਮਰ ਗਿਆ ਹੈ ਤਾਂ ਉਹ ਵੀ ਆਪਣੀ ਤਲਵਾਰ ਉੱਤੇ ਡਿੱਗ ਪਿਆ ਅਤੇ ਉਹ ਦੇ ਨਾਲ ਹੀ ਮਰ ਗਿਆ ।6ਸੋ ਸ਼ਾਊਲ ਅਤੇ ਉਹ ਦੇ ਤਿੰਨੇ ਪੁੱਤਰ ਅਤੇ ਉਹ ਦਾ ਸ਼ਸਤਰ ਚੁੱਕਣ ਵਾਲਾ ਅਤੇ ਉਹ ਦਾ ਸਾਰਾ ਘਰਾਣਾ ਉਸ ਦਿਨ ਇਕੱਠੇ ਹੀ ਮਰ ਗਏ ।
7ਜਦ ਉਨ੍ਹਾਂ ਇਸਰਾਏਲੀ ਮਨੁੱਖਾਂ ਨੇ ਜੋ ਉਸ ਵਾਦੀ ਦੇ ਦੂਜੀ ਵੱਲ ਸਨ ਅਤੇ ਉਨ੍ਹਾਂ ਨੇ ਜੋ ਯਰਦਨੋਂ ਪਾਰ ਸਨ ਇਹ ਡਿੱਠਾ ਜੋ ਇਸਰਾਏਲ ਦੇ ਲੋਕ ਨੱਠੇ ਅਤੇ ਸ਼ਾਊਲ ਅਤੇ ਉਹ ਦੇ ਪੁੱਤਰ ਮਰੇ ਪਏ ਹਨ ਤਾਂ ਉਹ ਵੀ ਸ਼ਹਿਰਾਂ ਨੂੰ ਛੱਡ ਕੇ ਭੱਜ ਗਏ ਅਤੇ ਫ਼ਲਿਸਤੀ ਉਨ੍ਹਾਂ ਵਿੱਚ ਆਣ ਵੱਸੇ ।

8ਅਗਲੇ ਦਿਨ ਜਿਸ ਵੇਲੇ ਫ਼ਲਿਸਤੀ ਉਨ੍ਹਾਂ ਮਰਿਆਂ ਹੋਇਆਂ ਦੇ ਸ਼ਸਤਰ ਬਸਤਰ ਉਤਾਰਨ ਆਏ ਤਾਂ ਉਨ੍ਹਾਂ ਨੂੰ ਸ਼ਾਊਲ ਅਤੇ ਉਹ ਦੇ ਤਿੰਨੇ ਪੁੱਤਰ ਗਿਲਬੋਆ ਪਹਾੜ ਵਿੱਚ ਪਏ ਮਿਲੇ ।
9ਸੋ ਉਨ੍ਹਾਂ ਨੇ ਉਸ ਦਾ ਸਿਰ ਵੱਢ ਸੁੱਟਿਆ ਅਤੇ ਉਹ ਦੇ ਸ਼ਸਤਰ ਲਾਹ ਕੇ ਫ਼ਲਿਸਤੀਆਂ ਦੇ ਦੇਸ ਵਿੱਚ ਘੱਲ ਦਿੱਤੇ ਜੋ ਉਨ੍ਹਾਂ ਦੇਵਤਿਆਂ ਦੇ ਮੰਦਰਾਂ ਵਿੱਚ ਅਤੇ ਲੋਕਾਂ ਵਿੱਚ ਉਸ ਦੀ ਖ਼ਬਰ ਦੇਣ ।10ਸੋ ਉਨ੍ਹਾਂ ਨੇ ਉਹ ਦੇ ਸ਼ਸਤਰਾਂ ਨੂੰ ਅਸ਼ਤਾਰੋਥ ਦੇਵੀ ਦੇ ਮੰਦਰ ਵਿੱਚ ਰੱਖਿਆ ਅਤੇ ਉਹ ਦੀ ਲਾਸ਼ ਨੂੰ ਬੈਤ-ਸ਼ਾਨ ਦੀ ਕੰਧ ਉੱਤੇ ਟੰਗ ਦਿੱਤਾ ।
11ਜਦ ਯਾਬੇਸ਼ ਗਿਲਆਦ ਦੇ ਵਾਸੀਆਂ ਨੇ ਸੁਣਿਆ ਜੋ ਫ਼ਲਿਸਤੀਆਂ ਨੇ ਸ਼ਾਊਲ ਨਾਲ ਐਉਂ ਕੀਤਾ,12ਤਾਂ ਉਨ੍ਹਾਂ ਵਿੱਚੋਂ ਸਭ ਸੂਰਮੇ ਉੱਠੇ, ਸਾਰੀ ਰਾਤ ਤੁਰੇ ਗਏ ਅਤੇ ਬੈਤ-ਸ਼ਾਨ ਦੀ ਕੰਧ ਉੱਤੋਂ ਉਹ ਦੇ ਪੁੱਤਰਾਂ ਦੀਆਂ ਲਾਸ਼ਾਂ ਸਮੇਤ ਉਹ ਦੀ ਲਾਸ਼ ਉਤਾਰ ਕੇ ਯਾਬੇਸ਼ ਵਿੱਚ ਮੁੜ ਆਏ ਅਤੇ ਉੱਥੇ ਉਨ੍ਹਾਂ ਨੂੰ ਸਾੜ ਦਿੱਤਾ ।13ਤਦ ਉਨ੍ਹਾਂ ਦੀਆਂ ਹੱਡੀਆਂ ਨੂੰ ਲਿਆ ਅਤੇ ਉਨ੍ਹਾਂ ਨੂੰ ਯਾਬੇਸ਼ ਵਿੱਚ ਬਲੂਤ ਦੇ ਬਿਰਛ ਹੇਠ ਦੱਬ ਦਿੱਤਾ ਅਤੇ ਸੱਤ ਦਿਨ ਤੱਕ ਵਰਤ ਰੱਖਿਆ ।

2 ਸਮੂਏਲ

1
ਦਾਊਦ ਨੂੰ ਸ਼ਾਊਲ ਦੀ ਮੌਤ ਦੀ ਖ਼ਬਰ ਮਿਲਨਾ

1ਸ਼ਾਊਲ ਦੇ ਮਰਨ ਤੋਂ ਬਾਅਦ, ਇਸ ਤਰ੍ਹਾਂ ਹੋਇਆ ਜਦ ਦਾਊਦ ਅਮਾਲੇਕੀਆਂ ਨੂੰ ਮਾਰ ਕੇ ਵਾਪਿਸ ਆਇਆ ਅਤੇ ਉਹ ਸਿਕਲਗ ਵਿੱਚ ਦੋ ਦਿਨ ਠਹਿਰਿਆ ਸੀ ।2ਤਦ ਤੀਜੇ ਦਿਨ ਅਜਿਹਾ ਹੋਇਆ ਵੇਖੋ, ਇੱਕ ਮਨੁੱਖ ਸ਼ਾਊਲ ਦੇ ਡੇਰਿਆਂ ਵੱਲੋਂ ਕੱਪੜੇ ਪਾੜੇ ਹੋਏ ਅਤੇ ਸਿਰ ਉੱਤੇ ਮਿੱਟੀ ਪਾਈ ਹੋਈ ਆਇਆ ਅਤੇ ਅਜਿਹਾ ਹੋਇਆ ਕਿ ਜਿਸ ਵੇਲੇ ਦਾਊਦ ਦੇ ਕੋਲ ਪਹੁੰਚਿਆ ਤਾਂ ਧਰਤੀ ਉੱਤੇ ਡਿੱਗ ਕੇ ਮੂੰਹ ਦੇ ਭਾਰ ਨੀਵਾਂ ਹੋ ਕੇ ਮੱਥਾ ਟੇਕਿਆ ।

3ਦਾਊਦ ਨੇ ਉਸ ਨੂੰ ਆਖਿਆ, ਤੂੰ ਕਿੱਥੋਂ ਆਇਆ ਹੈ ? ਉਸ ਨੇ ਉਹ ਨੂੰ ਆਖਿਆ, ਮੈਂ ਇਸਰਾਏਲ ਦੇ ਡੇਰਿਆਂ ਵਿੱਚੋਂ ਜਾਨ ਬਚਾ ਕੇ ਨਿੱਕਲ ਆਇਆ ਹਾਂ ।4ਤਦ ਦਾਊਦ ਨੇ ਉਸ ਨੂੰ ਪੁੱਛਿਆ, ਕੀ ਗੱਲ ਹੋਈ ? ਮੈਨੂੰ ਦੱਸ ਤਾਂ ਸਹੀ ! ਉਸ ਨੇ ਆਖਿਆ, ਲੋਕ ਲੜਾਈ ਵਿੱਚੋਂ ਨੱਠ ਗਏ ਅਤੇ ਕਈ ਡਿੱਗ ਪਏ ਅਤੇ ਕਈ ਮਰ ਵੀ ਗਏ, ਸ਼ਾਊਲ ਅਤੇ ਉਹ ਦਾ ਪੁੱਤਰ ਯੋਨਾਥਨ ਵੀ ਮਰ ਗਏ ।5ਤਦ ਦਾਊਦ ਨੇ ਉਸ ਜੁਆਨ ਨੂੰ ਜਿਸ ਨੇ ਉਹ ਨੂੰ ਇਹ ਦੱਸਿਆ ਸੀ ਪੁੱਛਿਆ, ਤੂੰ ਕਿਵੇਂ ਜਾਣਦਾ ਹੈਂ ਜੋ ਸ਼ਾਊਲ ਅਤੇ ਉਹ ਦਾ ਪੁੱਤਰ ਯੋਨਾਥਨ ਮਰ ਗਏ ਹਨ ?
6ਉਸ ਜੁਆਨ ਨੇ ਜੋ ਉਹ ਨੂੰ ਦੱਸਦਾ ਸੀ ਆਖਿਆ, ਸੰਜੋਗ ਨਾਲ ਮੈਂ ਗਿਲਬੋਆ ਪਹਾੜ ਵਿੱਚ ਸੀ ਅਤੇ ਵੇਖੋ, ਉਸ ਵੇਲੇ ਸ਼ਾਊਲ ਆਪਣੀ ਬਰਛੀ ਉੱਤੇ ਢਾਸਣਾ ਲਾਈ ਪਿਆ ਸੀ ਅਤੇ ਵੇਖੋ, ਰਥ ਅਤੇ ਘੁੜਸਵਾਰ ਵੱਡੇ ਜ਼ੋਰ ਨਾਲ ਉਸ ਦੇ ਪਿੱਛੇ ਲੱਗੇ ਹੋਏ ਸਨ ।7ਅਤੇ ਉਹ ਨੇ ਆਪਣੇ ਪਿੱਛੇ ਮੁੜ ਕੇ ਜਦੋਂ ਮੈਨੂੰ ਵੇਖਿਆ ਤਾਂ ਮੈਨੂੰ ਸੱਦਿਆ । ਮੈਂ ਆਖਿਆ, ਜੀ ਮੈਂ ਹਾਜ਼ਰ ਹਾਂ !
8ਉਸਨੇ ਮੈਨੂੰ ਪੁਛਿਆ, ਤੂੰ ਕੌਣ ਹੈ ? ਮੈਂ ਉਸ ਨੂੰ ਆਖਿਆ, ਮੈਂ ਅਮਾਲੇਕੀ ਹਾਂ ।9ਫਿਰ ਉਸ ਨੇ ਮੈਨੂੰ ਆਖਿਆ, ਮੇਰੇ ਕੋਲ ਖੜ੍ਹਾ ਹੋ ਕੇ ਮੈਨੂੰ ਮਾਰ ਦੇ ਕਿਉਂ ਜੋ ਮੈਂ ਵੱਡੀ ਪੀੜ ਵਿੱਚ ਹਾਂ, ਅਤੇ ਪ੍ਰਾਣ ਅਜੇ ਤੱਕ ਵੀ ਮੇਰੇ ਵਿੱਚ ਹਨ ।10ਤਦ ਮੈਂ ਉਸ ਦੇ ਉੱਤੇ ਖੜ੍ਹਾ ਹੋ ਕੇ ਉਸ ਨੂੰ ਮਾਰ ਸੁੱਟਿਆ ਕਿਉਂ ਜੋ ਮੈਂ ਜਾਣਦਾ ਸੀ ਕਿ ਡਿੱਗਣ ਤੋਂ ਬਾਅਦ ਇਸ ਦਾ ਬਚਣਾ ਮੁਸ਼ਕਿਲ ਹੈ ਅਤੇ ਮੈਂ ਉਹ ਦੇ ਸਿਰ ਦਾ ਮੁਕਟ ਅਤੇ ਉਹ ਦਾ ਕੜਾ, ਜੋ ਉਸ ਦੀ ਬਾਂਹ ਵਿੱਚ ਸੀ ਲਾਹ ਲਿਆ ਸੋ ਮੈਂ ਉਨ੍ਹਾਂ ਨੂੰ ਆਪਣੇ ਮਹਾਰਾਜ ਕੋਲ ਲੈ ਆਇਆ ਹਾਂ ।
11ਤਦ ਦਾਊਦ ਨੇ ਆਪਣੇ ਬਸਤਰ ਪਾੜੇ ਅਤੇ ਸਾਰਿਆਂ ਲੋਕਾਂ ਨੇ ਵੀ ਜੋ ਉਸ ਦੇ ਨਾਲ ਸਨ ਅਜਿਹਾ ਹੀ ਕੀਤਾ ।12ਓਹ ਰੋਏ ਪਿੱਟੇ ਅਤੇ ਉਨ੍ਹਾਂ ਨੇ ਸ਼ਾਊਲ ਅਤੇ ਉਸ ਦੇ ਪੁੱਤਰ ਯੋਨਾਥਾਨ ਅਤੇ ਯਹੋਵਾਹ ਦੇ ਲੋਕਾਂ ਅਤੇ ਇਸਰਾਏਲ ਦੇ ਘਰਾਣੇ ਦੇ ਲਈ ਜੋ ਤਲਵਾਰ ਨਾਲ ਮਾਰੇ ਗਏ ਸਨ ਸ਼ਾਮ ਤੱਕ ਦਾ ਵਰਤ ਰੱਖਿਆ ।13ਫਿਰ ਦਾਊਦ ਨੇ ਉਸ ਜੁਆਨ ਨੂੰ ਜਿਹੜਾ ਇਹ ਖ਼ਬਰ ਲਿਆਇਆ ਸੀ ਪੁੱਛਿਆ, ਤੂੰ ਕਿੱਥੋਂ ਦਾ ਹੈ ? ਉਸ ਨੇ ਆਖਿਆ, ਜੀ ਮੈਂ ਪਰਦੇਸੀ ਦਾ ਪੁੱਤਰ ਅਤੇ ਅਮਾਲੇਕੀ ਹਾਂ ।
14ਸੋ ਦਾਊਦ ਨੇ ਉਸ ਨੂੰ ਆਖਿਆ, ਕੀ, ਤੈਨੂੰ ਯਹੋਵਾਹ ਦੇ ਅਭਿਸ਼ੇਕ ਕੀਤੇ ਹੋਏ ਉੱਤੇ ਉਸ ਦਾ ਨਾਸ਼ ਕਰਨ ਲਈ ਹੱਥ ਚੁੱਕਣ ਤੋਂ ਡਰ ਨਾ ਲੱਗਿਆ ?15ਫਿਰ ਦਾਊਦ ਨੇ ਇੱਕ ਜੁਆਨ ਨੂੰ ਬੁਲਾ ਕੇ ਆਖਿਆ, ਉਸ ਦੇ ਨੇੜੇ ਜਾ, ਉਸ ਨੂੰ ਮਾਰ ਸੁੱਟ ! ਸੋ ਉਹ ਨੇ ਉਸ ਨੂੰ ਅਜਿਹਾ ਮਾਰਿਆ ਜੋ ਉਹ ਮਰ ਗਿਆ ।16ਦਾਊਦ ਨੇ ਉਸ ਨੂੰ ਆਖਿਆ, ਤੇਰਾ ਖ਼ੂਨ ਤੇਰੇ ਹੀ ਸਿਰ ਉੱਤੇ ਹੋਵੇ ਕਿਉਂ ਜੋ ਤੂੰ ਆਪਣੀ ਗਵਾਹੀ ਆਪ ਦਿੱਤੀ ਅਤੇ ਆਖਿਆ ਕਿ ਮੈਂ ਯਹੋਵਾਹ ਦੇ ਅਭਿਸ਼ੇਕ ਕੀਤੇ ਹੋਏ ਨੂੰ ਜਿਉਂਦਿਆਂ ਹੀ ਮਾਰ ਮੁਕਾਇਆ !
ਸ਼ਾਊਲ ਅਤੇ ਯੋਨਾਥਾਨ ਲਈ ਦਾਊਦ ਦਾ ਵਿਰਲਾਪ ਗੀਤ

17ਦਾਊਦ ਨੇ ਸ਼ਾਊਲ ਅਤੇ ਉਸ ਦੇ ਪੁੱਤਰ ਯੋਨਾਥਾਨ ਲਈ ਇਹ ਵਿਰਲਾਪ ਕੀਤਾ,18ਅਤੇ ਉਹ ਨੇ ਉਨ੍ਹਾਂ ਯਹੂਦੀਆਂ ਨੂੰ ਕਮਾਣ ਦਾ ਗੀਤ ਸਿਖਾਉਣ ਦੀ ਆਗਿਆ ਦਿੱਤੀ । ਵੇਖੋ, ਉਹ ਯਾਸ਼ਰ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ:19ਹੇ ਇਸਰਾਏਲ, ਤੇਰਾ ਸਿਰੋਮਣੀ ਉਚਿਆਂ ਥਾਵਾਂ ਵਿੱਚ ਮਾਰਿਆ ਗਿਆ । ਹਾਏ ਸੂਰਬੀਰ ਕਿਵੇਂ ਡਿੱਗ ਪਿਆ !20ਗਥ ਵਿੱਚ ਇਹ ਖ਼ਬਰ ਨਾ ਦੱਸੋ, ਅਸ਼ਕਲੋਨ ਦੀਆਂ ਗਲੀਆਂ ਵਿੱਚ ਇਸ ਦੀ ਚਰਚਾ ਨਾ ਕਰੋ, ਅਜਿਹਾ ਨਾ ਹੋਵੇ ਜੋ ਫ਼ਲਿਸਤੀਆਂ ਦੀਆਂ ਧੀਆਂ ਅਨੰਦ ਹੋਣ, ਅਜਿਹਾ ਨਾ ਹੋਵੇ ਜੋ ਅਸੁੰਨਤੀਆਂ ਦੀਆਂ ਧੀਆਂ ਖੁਸ਼ੀ ਮਨਾਉਣ ।
21ਹੇ ਗਿਲਬੋਆ ਦੇ ਪਹਾੜੋ, ਤੁਹਾਡੇ ਉੱਤੇ ਨਾ ਤ੍ਰੇਲ, ਨਾ ਮੀਂਹ ਪਵੇ, ਨਾ ਚੁੱਕਣ ਦੀਆਂ ਭੇਟਾਂ ਦੀਆਂ ਪੈਲੀਆਂ ਹੋਣ ! ਕਿਉਂ ਜੋ ਉੱਥੇ ਸੂਰਮਿਆਂ ਦੀ ਢਾਲ ਅਪਵਿੱਤਰ ਹੋ ਗਈ ਹਾਂ, ਸ਼ਾਊਲ ਦੀ ਢਾਲ, ਜਾਣੋ ਉਹ ਤੇਲ ਨਾਲ ਮਸਹ ਹੀ ਨਹੀਂ ਕੀਤੀ ਗਈ ਸੀ !22ਵੱਢਿਆਂ ਹੋਇਆਂ ਦੇ ਲਹੂ ਤੋਂ ਅਤੇ ਸੂਰਮਿਆਂ ਦੀ ਚਰਬੀ ਤੋਂ, ਯੋਨਾਥਾਨ ਦੀ ਕਮਾਣ ਨਾ ਪਿੱਛੇ ਮੁੜੀ, ਨਾ ਸ਼ਾਊਲ ਦੀ ਤਲਵਾਰ ਸੱਖਣੀ ਮੁੜੀ ।
23ਸ਼ਾਊਲ ਅਤੇ ਯੋਨਾਥਾਨ ਆਪਣੇ ਜੀਵਨ ਭਰ ਸਾਰਿਆਂ ਦੇ ਪਿਆਰੇ ਅਤੇ ਮਨਭਾਉਂਦੇ ਸਨ, ਅਤੇ ਉਹ ਆਪਣੀ ਮੌਤ ਵੇਲੇ ਵੀ ਵੱਖਰੇ ਨਾ ਹੋਏ । ਉਹ ਉਕਾਬਾਂ ਨਾਲੋਂ ਵੀ ਤੇਜ਼, ਅਤੇ ਬੱਬਰ ਸ਼ੇਰ ਨਾਲੋਂ ਵੀ ਤਕੜੇ ਸਨ ।24ਹੇ ਇਸਰਾਏਲ ਦੀ ਧੀਓ, ਸ਼ਾਊਲ ਲਈ ਰੋਵੋ, ਜਿਸ ਨੇ ਤੁਹਾਨੂੰ ਲਾਲ ਰੰਗ ਦੇ ਕੱਪੜੇ ਪਹਿਨਾਏ, ਜਿਸ ਨੇ ਤੁਹਾਡੇ ਕੱਪੜਿਆਂ ਨੂੰ ਸੋਨੇ ਦੇ ਗਹਿਣਿਆਂ ਨਾਲ ਸਜਾਇਆ ।
25ਹਾਏ ! ਓਹ ਸੂਰਮੇ ਕਿਵੇਂ ਲੜਾਈ ਦੇ ਵਿੱਚ ਢੇਰੀ ਹੋ ਗਏ ! ਹੇ ਯੋਨਾਥਨ, ਤੂੰ ਆਪਣੇ ਉੱਚੇ ਥਾਵਾਂ ਵਿੱਚ ਮਾਰਿਆ ਗਿਆ !26ਹੇ ਮੇਰੇ ਭਰਾ ਯੋਨਾਥਾਨ, ਮੈਂ ਤੇਰੇ ਕਾਰਨ ਬਹੁਤ ਦੁੱਖੀ ਹਾਂ, ਤੂੰ ਮੈਨੂੰ ਬਹੁਤ ਹੀ ਪਿਆਰਾ ਸੀ: ਮੇਰੇ ਵੱਲ ਤੇਰੀ ਅਚਰਜ ਪ੍ਰੀਤ ਸੀ, ਇਸਤਰੀਆਂ ਦੀ ਪ੍ਰੀਤ ਨਾਲੋ ਵੀ ਵੱਧ !27ਹਾਏ ! ਉਹ ਸੂਰਮੇ ਕਿਵੇਂ ਢੇਰੀ ਹੋ ਗਏ, ਅਤੇ ਯੁੱਧ ਦੇ ਸ਼ਸਤਰ ਤਬਾਹ ਹੋ ਗਏ !

2
ਦਾਊਦ ਯਹੂਦਾਹ ਦਾ ਰਾਜਾ ਬਣਦਾ ਹੈ

1ਇਹ ਤੋਂ ਬਾਅਦ ਦਾਊਦ ਨੇ ਯਹੋਵਾਹ ਕੋਲੋਂ ਪੁੱਛਿਆ, ਕੀ ਮੈਂ ਯਹੂਦਾਹ ਦੇ ਨਗਰ ਵਿੱਚ ਜਾਂਵਾਂ ? ਯਹੋਵਾਹ ਨੇ ਉਹ ਨੂੰ ਆਖਿਆ, ਚਲਾ ਜਾ ! ਫਿਰ ਦਾਊਦ ਨੇ ਪੁੱਛਿਆ, ਕਿੱਥੇ ਜਾਂਵਾਂ ? ਉਸ ਨੇ ਆਖਿਆ ਹਬਰੋਨ ਵੱਲ,2ਇਸ ਲਈ ਦਾਊਦ ਉੱਥੇ ਗਿਆ ਅਤੇ ਉਹ ਦੀਆਂ ਪਤਨੀਆਂ ਅਰਥਾਤ ਯਿਜ਼ਰੇਲ ਅਹੀਨੋਅਮ ਅਤੇ ਕਰਮਲੀ ਨਾਬਾਲ ਦੀ ਪਤਨੀ ਅਬੀਗੈਲ ਵੀ ਉਸ ਦੇ ਨਾਲ ਸਨ ।3ਦਾਊਦ ਆਪਣੇ ਲੋਕਾਂ ਨੂੰ ਜੋ ਉਹ ਦੇ ਨਾਲ ਸਨ, ਉਨ੍ਹਾਂ ਦੇ ਘਰਾਣੇ ਸਮੇਤ ਲੈ ਆਇਆ ਸੋ ਉਹ ਹਬਰੋਨ ਦੇ ਪਿੰਡਾਂ ਵਿੱਚ ਆ ਵੱਸੇ ।

4ਤਦ ਯਹੂਦਾਹ ਦੇ ਲੋਕ ਆਏ ਅਤੇ ਉੱਥੇ ਉਨ੍ਹਾਂ ਨੇ ਦਾਊਦ ਨੂੰ ਅਭਿਸ਼ੇਕ ਕੀਤਾ ਜੋ ਉਹ ਯਹੂਦਾਹ ਦੇ ਘਰਾਣੇ ਦਾ ਰਾਜਾ ਬਣੇ ਅਤੇ ਲੋਕਾਂ ਨੇ ਇਹ ਆਖ ਕੇ ਦਾਊਦ ਨੂੰ ਖ਼ਬਰ ਦਿੱਤੀ ਕਿ ਜਿਨ੍ਹਾਂ ਨੇ ਸ਼ਾਊਲ ਨੂੰ ਦੱਬਿਆ ਸੀ ਉਹ ਯਾਬੇਸ਼ ਗਿਲਆਦ ਦੇ ਲੋਕ ਹਨ ।5ਸੋ ਦਾਊਦ ਨੇ ਯਾਬੇਸ਼ ਗਿਲਆਦ ਦੇ ਲੋਕਾਂ ਕੋਲ ਦੂਤ ਭੇਜ ਕੇ ਉਨ੍ਹਾਂ ਨੂੰ ਆਖਿਆ ਕਿ ਯਹੋਵਾਹ ਵੱਲੋਂ ਤੁਸੀਂ ਆਪਣੇ ਮਾਲਕ ਸ਼ਾਊਲ ਉੱਤੇ ਵੱਡੀ ਦਯਾ ਕੀਤੀ ਜੋ ਉਹ ਨੂੰ ਦਫ਼ਨਾ ਦਿੱਤਾ ।
6ਹੁਣ ਯਹੋਵਾਹ ਤੁਹਾਡੇ ਨਾਲ ਕਿਰਪਾ ਅਤੇ ਸਚਿਆਈ ਨਾਲ ਵਰਤਾਉ ਕਰੇ ਅਤੇ ਮੈਂ ਵੀ ਤੁਹਾਨੂੰ ਉਸ ਭਲਿਆਈ ਦਾ ਬਦਲਾ ਦਿਆਂਗਾ ਕਿਉਂ ਜੋ ਤੁਸੀਂ ਇਹ ਕੰਮ ਕੀਤਾ ।7ਇਸ ਲਈ ਤੁਹਾਡੇ ਹੱਥ ਮਜ਼ਬੂਤ ਹੋਣ ਤੁਸੀਂ ਦਲੇਰ ਹੋਵੋ ਕਿਉਂ ਜੋ ਤੁਹਾਡਾ ਮਾਲਕ ਸ਼ਾਊਲ ਮਰ ਗਿਆ ਹੈ ਅਤੇ ਯਹੂਦਾਹ ਦੇ ਘਰਾਣੇ ਨੇ ਮੈਨੂੰ ਅਭਿਸ਼ੇਕ ਕੀਤਾ ਜੋ ਮੈਂ ਉਹਨਾਂ ਦਾ ਰਾਜਾ ਬਣਾਂ ।
ਈਸ਼ਬੋਸ਼ਥ ਨੂੰ ਇਸਰਾਏਲ ਦਾ ਰਾਜਾ ਬਣਾਇਆ ਜਾਣਾ

8ਪਰ ਨੇਰ ਦੇ ਪੁੱਤਰ ਅਬਨੇਰ ਨੇ ਜਿਹੜਾ ਸ਼ਾਊਲ ਦਾ ਸੈਨਾਪਤੀ ਸੀ, ਸ਼ਾਊਲ ਦੇ ਪੁੱਤਰ ਈਸ਼ਬੋਸ਼ਥ ਨੂੰ ਨਾਲ ਲੈ ਕੇ ਉਹ ਨੂੰ ਮਹਨਾਇਮ ਵਿੱਚ ਪਹੁੰਚਾ ਦਿੱਤਾ ।9ਅਤੇ ਉਹ ਨੂੰ ਗਿੱਲਆਦ, ਅਸ਼ੂਰਿਆ, ਯਿਜ਼ਰਾਏਲ, ਅਫ਼ਰਾਈਮ, ਬਿਨਯਾਮੀਨ, ਅਤੇ ਸਾਰੇ ਇਸਰਾਏਲ ਦਾ ਰਾਜਾ ਬਣਾ ਦਿੱਤਾ ।
10ਸ਼ਾਊਲ ਦੇ ਪੁੱਤਰ ਈਸ਼ਬੋਸ਼ਬ ਦੀ ਉਮਰ ਚਾਲ੍ਹੀ ਸਾਲ ਸੀ, ਜਿਸ ਵੇਲੇ ਉਹ ਇਸਰਾਏਲ ਦਾ ਰਾਜਾ ਬਣਿਆ ਅਤੇ ਉਸ ਨੇ ਦੋ ਸਾਲ ਰਾਜ ਕੀਤਾ ਪਰ ਯਹੂਦਾਹ ਦਾ ਘਰਾਣਾ ਦਾਊਦ ਦੇ ਪੱਖ ਵਿੱਚ ਰਿਹਾ ।11ਦਾਊਦ ਨੇ ਹਬਰੋਨ ਵਿੱਚ ਯਹੂਦਾਹ ਦੇ ਘਰਾਣੇ ਉੱਤੇ ਸੱਤ ਸਾਲ ਛੇ ਮਹੀਨੇ ਰਾਜ ਕੀਤਾ ।
ਯਹੂਦਾਹ ਅਤੇ ਇਸਰਾਏਲ ਦੇ ਵਿੱਚ ਯੁੱਧ

12ਨੇਰ ਦੇ ਪੁੱਤਰ ਅਬਨੇਰ ਅਤੇ ਸ਼ਾਊਲ ਦੇ ਪੁੱਤਰ ਈਸ਼ਬੋਸ਼ਬ ਦੇ ਸੇਵਕ ਮਹਨਾਇਮ ਵਿਚੋਂ ਚੱਲ ਕੇ ਗਿਬਓਨ ਵਿੱਚ ਆਏ ।13ਅਤੇ ਸਰੂਯਾਹ ਦਾ ਪੁੱਤਰ ਯੋਆਬ ਅਤੇ ਦਾਊਦ ਦੇ ਸੇਵਕ ਨਿੱਕਲ ਕੇ ਗਿਬਓਨ ਦੇ ਤਲਾਬ ਕੋਲ ਉਨ੍ਹਾਂ ਨੂੰ ਮਿਲੇ ਅਤੇ ਦੋਵੇਂ ਬੈਠ ਗਏ ਇੱਕ ਤਾਂ ਤਲਾਬ ਦੇ ਉਰਲੇ ਬੰਨ੍ਹੇ ਅਤੇ ਦੂਜਾ ਤਲਾਬ ਦੇ ਪਰਲੇ ਬੰਨ੍ਹੇ ।
14ਤਦ ਅਬਨੇਰ ਨੇ ਯੋਆਬ ਨੂੰ ਆਖਿਆ, ਆਖੋ ਤਾਂ ਜੁਆਨ ਉੱਠਣ ਅਤੇ ਸਾਡੇ ਅੱਗੇ ਕੋਈ ਖੇਡ ਵਿਖਾਉਣ । ਯੋਆਬ ਬੋਲਿਆ, ਉੱਠੋ ।15ਤਦ ਸ਼ਾਊਲ ਦੇ ਪੁੱਤਰ ਈਸ਼ਬੋਸ਼ਬ ਵੱਲੋਂ ਬਿਨਯਾਮੀਨ ਦੇ ਗਿਣਤੀ ਦੇ ਬਾਰਾਂ ਜੁਆਨ ਉੱਠੇ ਅਤੇ ਪਰਲੇ ਪਾਸੇ ਗਏ ਅਤੇ ਦਾਊਦ ਦੇ ਸੇਵਕਾਂ ਵੱਲੋਂ ਵੀ ਬਾਰਾਂ ਜੁਆਨ ਨਿੱਕਲੇ ।
16ਅਤੇ ਇੱਕ-ਇੱਕ ਨੇ ਆਪੋ ਆਪਣੇ ਵਿਰੋਧੀ ਨੂੰ ਸਿਰੋਂ ਫੜ੍ਹ੍ਹ ਕੇ ਆਪਣੀ ਤਲਵਾਰ ਆਪਣੇ ਵਿਰੋਧੀ ਦੀ ਵੱਖੀ ਵਿੱਚ ਧਸਾ ਦਿੱਤੀ, ਅਤੇ ਉਹ ਇੱਕਠੇ ਹੀ ਡਿੱਗ ਪਏ ! ਇਸ ਲਈ ਉਸ ਥਾਂ ਦਾ ਨਾਮ ਹਲਕਤ ਹੱਸੂਰੀਮ ਰੱਖਿਆ, ਜੋ ਗਿਬਓਨ ਵਿੱਚ ਹੈ ।17ਅਤੇ ਉਸ ਦਿਨ ਵੱਡੀ ਲੜਾਈ ਹੋਈ ਅਤੇ ਅਬਨੇਰ ਅਤੇ ਇਸਰਾਏਲ ਦੇ ਲੋਕ ਦਾਊਦ ਦੇ ਲੋਕਾਂ ਕੋਲੋਂ ਹਾਰ ਗਏ ।
18ਉੱਥੇ ਸੂਰਯਾਹ ਦੇ ਤਿੰਨ ਪੁੱਤਰ ਯੋਆਬ, ਅਬੀਸ਼ਈ ਅਤੇ ਅਸਾਹੇਲ ਸਨ । ਅਸਾਹੇਲ ਜੰਗਲੀ ਹਿਰਨ ਦੀ ਤਰ੍ਹਾਂ ਫੁਰਤੀਲਾ ਸੀ ।19ਅਤੇ ਅਸਾਹੇਲ ਨੇ ਅਬਨੇਰ ਦਾ ਪਿੱਛਾ ਕੀਤਾ ਅਤੇ ਅਬਨੇਰ ਦਾ ਪਿੱਛਾ ਕਰਨ ਵੇਲੇ ਨਾ ਤਾਂ ਸੱਜੇ ਨਾ ਹੀ ਖੱਬੇ ਪਾਸੇ ਮੁੜਿਆ
20ਤਦ ਅਬਨੇਰ ਨੇ ਆਪਣੇ ਪਿੱਛੇ ਵੇਖ ਕੇ ਉਹ ਨੂੰ ਪੁੱਛਿਆ, ਕੀ ਤੂੰ ਹੀ ਅਸਾਹੇਲ ਹੈਂ ? ਉਸ ਨੇ ਉੱਤਰ ਦਿੱਤਾ, ਹਾਂ, ਮੈਂ ਹੀ ਹਾਂ !21ਤਦ ਅਬਨੇਰ ਨੇ ਉਹ ਨੂੰ ਆਖਿਆ, ਸੱਜੇ ਜਾਂ ਖੱਬੇ ਹੱਥ ਨੂੰ ਮੁੜ ਅਤੇ ਜੁਆਨਾਂ ਵਿੱਚੋਂ ਕਿਸੇ ਨੂੰ ਫੜ੍ਹ ਲੈ ਅਤੇ ਉਹ ਦੇ ਸ਼ਸਤਰ ਲੁੱਟ ਲੈ, ਪਰ ਅਸਾਹੇਲ ਨੇ ਉਸ ਦਾ ਪਿੱਛਾ ਕਰਨਾ ਨਾ ਛੱਡਿਆ ਜੋ ਉਸ ਦਾ ਪਿੱਛਾ ਕਰਨ ਤੋਂ ਕਿਸੇ ਹੋਰ ਦੀ ਵੱਲ ਜਾਂਵਾਂ ।
22ਅਬਨੇਰ ਨੇ ਅਸਾਹੇਲ ਨੂੰ ਫਿਰ ਆਖਿਆ, ਮੇਰਾ ਪਿੱਛਾ ਕਰਨਾ ਛੱਡ ਦੇ ! ਮੈਂ ਕਿਉਂ ਤੈਨੂੰ ਵੱਢ ਕੇ ਧਰਤੀ ਤੇ ਸੁੱਟਾਂ ? ਫੇਰ ਮੈਂ ਤੇਰੇ ਭਰਾ ਯੋਆਬ ਨੂੰ ਕਿਵੇਂ ਮੂੰਹ ਵਿਖਾਵਾਂਗਾ ?23ਪਰ ਉਸ ਨੇ ਕਿਸੇ ਹੋਰ ਪਾਸੇ ਮੁੜਨ ਤੋਂ ਨਾਂਹ ਕੀਤੀ । ਤਦ ਅਬਨੇਰ ਨੇ ਬਰਛੀ ਦੇ ਪਿਛਲੇ ਸਿਰੇ ਨਾਲ ਉਸ ਦੇ ਢਿੱਡ ਵਿੱਚ ਅਜਿਹਾ ਮਾਰਿਆ ਜੋ ਉਸ ਦੀ ਪਿੱਠ ਵਿੱਚੋਂ ਦੀ ਪਾਰ ਨਿੱਕਲ ਗਈ, ਉਹ ਉੱਥੇ ਡਿੱਗ ਪਿਆ ਅਤੇ ਉਸੇ ਥਾਂ ਮਰ ਗਿਆ । ਅਜਿਹਾ ਹੋਇਆ, ਜੋ ਕੋਈ ਉਸ ਸਥਾਨ ਉੱਤੇ ਆਉਂਦਾ ਸੀ ਜਿੱਥੇ ਅਸਾਹੇਲ ਮਰਿਆ ਪਿਆ ਸੀ, ਤਾਂ ਉਹ ਉੱਥੇ ਹੀ ਖੜ੍ਹਾ ਰਹਿੰਦਾ ਸੀ ।
24ਤਦ ਯੋਆਬ ਅਤੇ ਅਬੀਸ਼ਈ ਵੀ ਅਬਨੇਰ ਦਾ ਪਿੱਛਾ ਕਰਦੇ ਰਹੇ ਅਤੇ ਜਦ ਉਹ ਅੰਮਾਹ ਦੇ ਪਹਾੜ ਤੱਕ ਜੋ ਗਿਬਓਨ ਦੇ ਉਜਾੜ ਦੇ ਰਾਹ ਵਿੱਚ ਗਿਯਹ ਦੇ ਸਾਹਮਣੇ ਹੈ ਪਹੁੰਚੇ, ਤਦ ਸੂਰਜ ਡੁੱਬ ਗਿਆ ।25ਅਤੇ ਬਿਨਯਾਮੀਨੀ ਅਬਨੇਰ ਦੇ ਪਿੱਛੇ ਹੋ ਕੇ ਇੱਕਠੇ ਹੋਏ ਅਤੇ ਇੱਕ ਟੋਲੀ ਬਣ ਕੇ ਇੱਕ ਪਹਾੜ ਦੀ ਟੀਸੀ ਉੱਤੇ ਖੜ੍ਹੇ ਹੋ ਗਏ ।
26ਤਦ ਅਬਨੇਰ ਨੇ ਯੋਆਬ ਨੂੰ ਸੱਦ ਕੇ ਆਖਿਆ, ਭਲਾ, ਕੀ ਤਲਵਾਰ ਸਦਾ ਤਬਾਹੀ ਕਰਦੀ ਰਹੇਗੀ ? ਭਲਾ ਤੂੰ ਨਹੀਂ ਜਾਣਦਾ ਜੋ ਇਸ ਦਾ ਫਲ ਬੁਰਾ ਹੋਵੇਗਾ ਅਤੇ ਕਦ ਤੱਕ ਤੂੰ ਲੋਕਾਂ ਨੂੰ ਆਪੋ ਆਪਣੇ ਭਰਾਵਾਂ ਦਾ ਪਿੱਛਾ ਕਰਨ ਤੋਂ ਨਾ ਮੋਂੜੇਗਾ ?27ਤਦ ਯੋਆਬ ਨੇ ਆਖਿਆ, ਜਿਉਂਦੇ ਪਰਮੇਸ਼ੁਰ ਦੀ ਸਹੁੰ, ਜੇ ਕਦੇ ਤੂੰ ਇਹ ਗੱਲ ਨਾ ਆਖਦਾ, ਤਾਂ ਲੋਕ ਸਵੇਰੇ ਹੀ ਮੁੜ ਜਾਂਦੇ ਅਤੇ ਆਪੋ ਆਪਣੇ ਭਰਾਵਾਂ ਦਾ ਪਿੱਛਾ ਨਾ ਕਰਦੇ ।
28ਯੋਆਬ ਨੇ ਤੁਰ੍ਹੀ ਵਜਾਈ ਅਤੇ ਸਭ ਲੋਕ ਖੜ੍ਹੇ ਹੋ ਗਏ ਅਤੇ ਫਿਰ ਇਸਰਾਏਲ ਦਾ ਪਿੱਛਾ ਨਾ ਕੀਤਾ ਅਤੇ ਲੜਾਈ ਵੀ ਨਾ ਕੀਤੀ ।29ਅਬਨੇਰ ਅਤੇ ਉਹ ਦੇ ਲੋਕ ਉਸ ਸਾਰੀ ਰਾਤ ਮੈਦਾਨ ਵਿੱਚ ਤੁਰਦੇ ਗਏ ਅਤੇ ਯਰਦਨ ਦੇ ਪਾਰ ਹੋਏ ਅਤੇ ਸਾਰੇ ਬਿਤਰੋਨ ਵਿੱਚ ਦੀ ਗਏ ਅਤੇ ਮਹਨਾਇਮ ਵਿੱਚ ਫੇਰ ਆ ਗਏ ।
30ਯੋਆਬ ਅਬਨੇਰ ਦਾ ਪਿੱਛਾ ਕਰਨ ਤੋਂ ਮੁੜ ਗਿਆ; ਅਤੇ ਜਦ ਉਸ ਨੇ ਸਾਰੇ ਲੋਕਾਂ ਨੂੰ ਇਕੱਠਾ ਕੀਤਾ ਤਦ ਉਸ ਨੇ ਵੇਖਿਆ ਕਿ ਦਾਊਦ ਦੇ ਸੇਵਕਾਂ ਵਿੱਚੋਂ ਉੰਨੀ ਮਨੁੱਖ ਨਾ ਲੱਭੇ ਅਤੇ ਅਸਾਹੇਲ ਵੀ ਨਾ ਲੱਭਿਆ ।31ਪਰ ਦਾਊਦ ਦੇ ਸੇਵਕਾਂ ਨੇ ਬਿਨਯਾਮੀਨ ਵਿੱਚੋਂ ਅਤੇ ਅਬਨੇਰ ਦੇ ਸੇਵਕਾਂ ਵਿੱਚੋਂ ਲੋਕਾਂ ਨੂੰ ਅਜਿਹਾ ਮਾਰਿਆ, ਜੋ ਤਿੰਨ ਸੋ ਸੱਠ ਮਨੁੱਖ ਮਰ ਗਏ ।32ਉਨ੍ਹਾਂ ਨੇ ਅਸਾਹੇਲ ਨੂੰ ਚੁੱਕ ਲਿਆ ਅਤੇ ਉਹ ਦੇ ਪਿਤਾ ਦੇ ਕਬਰਿਸਤਾਨ ਵਿੱਚ ਜੋ ਬੈਤਹਲਮ ਵਿੱਚ ਸੀ, ਉਹ ਨੂੰ ਦਫ਼ਨਾ ਦਿੱਤਾ ਅਤੇ ਯੋਆਬ ਅਤੇ ਉਹ ਦੇ ਮਨੁੱਖ ਸਾਰੀ ਰਾਤ ਤੁਰ ਕੇ ਪਹਿਲੇ ਪਹਿਰ ਹਬਰੋਨ ਵਿੱਚ ਆ ਗਏ ।

3
ਦਾਊਦ ਦੇ ਪੁੱਤਰ

1ਸ਼ਾਊਲ ਦੇ ਘਰਾਣੇ ਅਤੇ ਦਾਊਦ ਦੇ ਘਰਾਣੇ ਵਿੱਚ ਲੰਮੇ ਸਮੇਂ ਤੱਕ ਯੁੱਧ ਹੁੰਦਾ ਰਿਹਾ, ਪਰ ਦਾਊਦ ਦਿਨੋ ਦਿਨ ਤਕੜਾ ਹੁੰਦਾ ਗਿਆ, ਪਰ ਸ਼ਾਊਲ ਦਾ ਘਰਾਣਾ ਕਮਜ਼ੋਰ ਹੁੰਦਾ ਗਿਆ ।

2ਫਿਰ ਹਬਰੋਨ ਵਿੱਚ ਦਾਊਦ ਦੇ ਪੁੱਤਰ ਪੈਦਾ ਹੋਏ, ਉਹ ਦੇ ਜੇਠੇ ਪੁੱਤਰ ਦਾ ਅਮਨੋਨ ਜੋ ਯਿਜ਼ਰੇਲਣ ਅਰੀਨੋਅਮ ਦੀ ਕੁੱਖੋਂ ਹੋਇਆ,3ਦੂਜੇ ਦਾ ਨਾਮ ਕਿਲਆਬ ਸੀ ਜੋ ਕਰਮਲੀ ਨਾਬਾਲ ਦੀ ਪਤਨੀ ਅਬੀਗੈਲ ਦੀ ਕੁੱਖੋਂ ਪੈਦਾ ਹੋਇਆ ਅਤੇ ਤੀਜੇ ਦਾ ਅਬਸ਼ਾਲੋਮ ਸੀ ਜੋ ਗਸ਼ੂਰ ਦੇ ਰਾਜੇ ਤਲਮੈਂ ਦੀ ਧੀ ਮਆਕਾਰ ਦੀ ਕੁੱਖੋਂ ਪੈਦਾ ਹੋਇਆ,
4ਅਤੇ ਚੋਥੇ ਦਾ ਨਾਮ ਅਦੋਨੀਯਾਹ ਜਿਸ ਨੂੰ ਹੱਗੀਬ ਨੇ ਜਨਮ ਦਿੱਤਾ ਅਤੇ ਪੰਜਵੇ ਦਾ ਨਾਮ ਸਫਟਯਾਹ ਸੀ ਜਿਸ ਨੂੰ ਅਬੀਟਾਲ ਨੇ ਜਨਮ ਦਿੱਤਾ5ਅਤੇ ਛੇਵਾਂ ਯਿਥਰਆਮ ਸੀ, ਉਹ ਜੋ ਦਾਊਦ ਦੀ ਪਤਨੀ ਅਗਲਾਹ ਦੀ ਕੁੱਖੋਂ ਪੈਦਾ ਹੋਇਆ ਸੀ । ਦਾਊਦ ਦੇ ਇਹ ਪੁੱਤਰ ਹਬਰੋਨ ਵਿੱਚ ਪੈਦਾ ਹੋਏ ।
ਅਬਨੇਰ ਦਾ ਦਾਊਦ ਦੇ ਪੱਖ ਵਿੱਚ ਆਉਣਾ

6ਜਦ ਸ਼ਾਊਲ ਦੇ ਘਰਾਣੇ ਅਤੇ ਦਾਊਦ ਘਰਾਣੇ ਵਿੱਚ ਲੜਾਈ ਹੋ ਰਹੀ ਸੀ ਤਾਂ ਅਜਿਹਾ ਹੋਇਆ ਕਿ ਅਬਨੇਰ ਨੇ ਸ਼ਾਊਲ ਦੇ ਘਰਾਣੇ ਵਿੱਚ ਆਪਣੇ ਆਪ ਨੂੰ ਤਕੜਾ ਕੀਤਾ ।7ਸ਼ਾਊਲ ਦੀ ਇੱਕ ਰਖ਼ੇਲ ਰਿਜ਼ਪਾਹ ਜੋ ਅੱਯਾਹ ਦੀ ਧੀ ਸੀ, ਈਸ਼ਬੋਸ਼ਥ ਨੇ ਅਬਨੇਰ ਨੂੰ ਆਖਿਆ, ਤੂੰ ਮੇਰੇ ਪਿਤਾ ਦੀ ਰਖ਼ੇਲ ਨਾਲ ਕਿਉਂ ਸੰਗ ਕੀਤਾ ?
8ਅਬਨੇਰ ਈਸ਼ਬੋਸ਼ਥ ਦੀ ਇਸ ਗੱਲ ਦੇ ਕਾਰਨ ਗੁੱਸੇ ਹੋਇਆ ਅਤੇ ਆਖਿਆ, ਕੀ ਮੈਂ ਯਹੂਦਾਹ ਦੇ ਕੁੱਤੇ ਦਾ ਸਿਰ ਹਾਂ ? ਮੈਂ ਯਹੂਦਾਹ ਨਾਲ ਵਿਰੋਧ ਕਰ ਕੇ ਅੱਜ ਦੇ ਦਿਨ ਤੱਕ ਤੇਰੇ ਪਿਤਾ ਸ਼ਾਊਲ ਦੇ ਘਰਾਣੇ ਉੱਤੇ ਅਤੇ ਉਹ ਦੇ ਭਰਾਵਾਂ ਉੱਤੇ ਅਤੇ ਉਹ ਦੇ ਮਿੱਤਰਾਂ ਉੱਤੇ ਕਿਰਪਾ ਕਰਦਾ ਰਿਹਾ ਹਾਂ ਅਤੇ ਮੈਂ ਤੈਨੂੰ ਦਾਊਦ ਦੇ ਹੱਥ ਨਹੀਂ ਸੌਂਪਿਆ, ਪਰ ਤੂੰ ਅੱਜ ਇਸ ਇਸਤਰੀ ਦੇ ਕਾਰਨ ਮੇਰੇ ਉੱਤੇ ਦੋਸ਼ ਲਗਾਉਂਦਾ ਹੈਂ ?
9ਪਰਮੇਸ਼ੁਰ ਅਬਨੇਰ ਨਾਲ ਅਜਿਹਾ ਹੀ ਕਰੇ ਸਗੋਂ ਇਸ ਨਾਲੋਂ ਵੀ ਵਧੇਰੇ ਮੈਂ ਉਸੇ ਤਰ੍ਹਾਂ ਨਾਲ ਕੰਮ ਨਾ ਕਰਾਂ, ਜਿਵੇਂ ਯਹੋਵਾਹ ਨੇ ਦਾਊਦ ਨਾਲ ਸਹੁੰ ਖਾਧੀ ਹੈ ।10ਰਾਜ ਨੂੰ ਸ਼ਾਊਲ ਦੇ ਘਰਾਣੇ ਤੋਂ ਵੱਖਰਾ ਕਰ ਦੇਵਾਂ ਅਤੇ ਦਾਊਦ ਦੀ ਗੱਦੀ ਨੂੰ ਇਸਰਾਏਲ ਉੱਤੇ ਅਤੇ ਯਹੂਦਾਹ ਉੱਤੇ ਦਾਨ ਤੋਂ ਲੈ ਕੇ ਬਏਰਸ਼ਬਾ ਤੱਕ ਸਥਿਰ ਕਰ ਦੇਵਾਂ !11ਤਦ ਉਹ ਅਬਨੇਰ ਦੇ ਸਾਹਮਣੇ ਫਿਰ ਕੁਝ ਉੱਤਰ ਨਾ ਦੇ ਸਕਿਆ, ਕਿਉਂ ਜੋ ਉਹ ਉਸ ਤੋਂ ਡਰ ਗਿਆ ਸੀ ।
12ਇਸ ਲਈ ਅਬਨੇਰ ਨੇ ਦਾਊਦ ਕੋਲ ਦੂਤ ਭੇਜੇ ਅਤੇ ਆਖਿਆ, ਦੇਸ਼ ਕਿਹ ਦਾ ਹੈ ? ਤੁਸੀਂ ਮੇਰੇ ਨਾਲ ਵਾਇਦਾ ਕਰੋ ਅਤੇ ਵੇਖੋ, ਮੈਂ ਤੁਹਾਡੀ ਸਹਾਇਤਾ ਕਰਾਂਗਾ ਜੋ ਸਾਰੇ ਇਸਰਾਏਲ ਦੇ ਮਨਾਂ ਨੂੰ ਤੁਹਾਡੀ ਵੱਲ ਕਰ ਦੇਵਾਂ ।13ਤਦ ਦਾਊਦ ਬੋਲਿਆ, ਚੰਗੀ ਗੱਲ, ਮੈਂ ਤੇਰੇ ਨਾਲ ਬਚਨ ਕਰਾਂਗਾ, ਪਰ ਤੈਥੋਂ ਮੈਂ ਇੱਕ ਗੱਲ ਮੰਗਦਾ ਕਿ ਜਿਸ ਵੇਲੇ ਤੂੰ ਮੈਨੂੰ ਮਿਲਣ ਲਈ ਆਵੇਂ ਅਤੇ ਸ਼ਾਊਲ ਦੀ ਧੀ ਮੀਕਲ ਨੂੰ ਆਪਣੇ ਨਾਲ ਨਾ ਲਿਆਵੇਂ ਤਾਂ ਤੂੰ ਮੇਰਾ ਮੂੰਹ ਕਦੇ ਨਾ ਵੇਖੇਂਗਾ ।
14ਫਿਰ ਦਾਊਦ ਨੇ ਸ਼ਾਊਲ ਦੇ ਪੁੱਤਰ ਈਸ਼ਬੋਸ਼ਥ ਨੂੰ ਦੂਤਾਂ ਦੇ ਰਾਹੀਂ ਸੁਨੇਹਾ ਭੇਜਿਆ, ਮੇਰੀ ਪਤਨੀ ਮੀਕਲ ਨੂੰ, ਜੋ ਮੈਂ ਫ਼ਲਿਸਤੀਆਂ ਦੀਆਂ ਸੌ ਖਲੜੀਆਂ ਦੇ ਕੇ ਵਿਆਹੀ ਸੀ ਮੇਰੇ ਹੱਥ ਸੌਂਪ ਦੇ ।15ਤਦ ਈਸ਼ਬੋਸ਼ਥ ਨੇ ਲੋਕ ਭੇਜੇ ਅਤੇ ਉਸ ਇਸਤਰੀ ਨੂੰ ਉਸ ਦੇ ਪਤੀ ਲਾਵੀਸ਼ ਦੇ ਪੁੱਤਰ ਫ਼ਲਟੀਏਲ ਕੋਲੋਂ ਖੋਹ ਲਿਆ ।16ਤਦ ਉਸ ਦਾ ਪਤੀ ਉਸ ਇਸਤਰੀ ਦੇ ਨਾਲ ਤੁਰਿਆ ਉਸ ਦੇ ਪਿੱਛੇ ਬਹੁਰੀਮ ਤੱਕ ਰੋਂਦਾ ਆਇਆ । ਤਦ ਅਬਨੇਰ ਨੇ ਉਹ ਨੂੰ ਆਖਿਆ, ਜਾ, ਮੁੜ ਜਾ ! ਤਦ ਉਹ ਮੁੜ ਗਿਆ ।
17ਤਦ ਅਬਨੇਰ ਨੇ ਇਸਰਾਏਲ ਦੇ ਬਜ਼ੁਰਗਾਂ ਨਾਲ ਗੱਲਾ ਬਾਤਾਂ ਕਰ ਕੇ ਆਖਿਆ, ਤੁਸੀਂ ਤਾਂ ਪਹਿਲਾ ਹੀ ਚਾਹੁੰਦੇ ਸੀ ਕਿ ਦਾਊਦ ਸਾਡਾ ਰਾਜਾ ਬਣੇ,18ਇਸ ਲਈ ਹੁਣ ਤੁਸੀਂ ਅਜਿਹਾ ਹੀ ਕਰੋਂ ਕਿਉਂ ਜੋ ਯਹੋਵਾਹ ਨੇ ਦਾਊਦ ਦੇ ਲਈ ਆਖਿਆ ਹੈ ਕਿ ਮੈਂ ਆਪਣੇ ਦਾਸ ਦਾਊਦ ਦੇ ਰਾਹੀਂ ਆਪਣੀ ਪਰਜਾ ਇਸਰਾਏਲ ਨੂੰ ਫ਼ਲਿਸਤੀਆਂ ਦੇ ਹੱਥੋਂ ਅਤੇ ਉਸ ਦੇ ਸਾਰੇ ਵੈਰੀਆਂ ਦੇ ਹੱਥੋਂ ਛੁਟਕਾਰਾ ਦਿਆਂਗਾ ।
19ਤਦ ਅਬਨੇਰ ਨੇ ਬਿਨਯਾਮੀਨ ਨੂੰ ਵੀ ਇਹ ਗੱਲ ਸੁਣਾਈ ਤਾਂ ਫਿਰ ਅਬਨੇਰ ਹਬਰੋਨ ਨੂੰ ਗਿਆ ਤਾਂ ਕਿ ਜੋ ਸਭ ਕੁਝ ਜਿਹੜਾ ਇਸਰਾਏਲ ਨੂੰ ਅਤੇ ਬਿਨਯਾਮੀਨ ਦੇ ਸਾਰੇ ਘਰਾਣੇ ਨੂੰ ਚੰਗਾ ਲੱਗਿਆ ਸੀ ਉਹ ਸਭ ਕੁਝ ਦਾਊਦ ਨੂੰ ਸੁਣਾਵੇ ।20ਸੋ ਅਬਨੇਰ ਹਬਰੋਨ ਵਿੱਚ ਦਾਊਦ ਕੋਲ ਆਇਆ ਅਤੇ ਵੀਹ ਮਨੁੱਖ ਉਹ ਦੇ ਨਾਲ ਸਨ । ਤਦ ਦਾਊਦ ਨੇ ਅਬਨੇਰ ਦੀ ਅਤੇ ਉਹ ਦੇ ਨਾਲ ਦੇ ਲੋਕਾਂ ਦੀ ਦਾਵਤ ਕੀਤੀ ।
21ਅਬਨੇਰ ਨੇ ਦਾਊਦ ਨੂੰ ਆਖਿਆ, ਹੁਣ ਮੈਂ ਉੱਠ ਕੇ ਜਾਂਵਾਂਗਾ ਅਤੇ ਸਾਰੇ ਇਸਰਾਏਲ ਨੂੰ ਆਪਣੇ ਮਹਾਰਾਜ ਰਾਜਾ ਦੇ ਕੋਲ ਇੱਕਠਿਆਂ ਕਰਾਂਗਾ ਜੋ ਓਹ ਤੁਹਾਡੇ ਨਾਲ ਵਾਇਦਾ ਕਰਨ ਅਤੇ ਜਿੱਥੇ ਤੁਹਾਡਾ ਜੀਅ ਕਰੇ ਉੱਥੇ ਹੀ ਤੁਸੀਂ ਰਾਜ ਕਰੋ । ਦਾਊਦ ਨੇ ਅਬਨੇਰ ਨੂੰ ਵਿਦਾ ਕੀਤਾ ਅਤੇ ਉਹ ਸੁਖ ਸਾਂਦ ਨਾਲ ਚੱਲਿਆ ਗਿਆ ।
ਅਬਨੇਰ ਦੀ ਹੱਤਿਆ

22ਵੇਖੋ, ਉਸ ਵੇਲੇ ਦਾਊਦ ਦੇ ਸੇਵਕਾਂ ਅਤੇ ਯੋਆਬ ਕਿਸੇ ਟੋਲੀ ਦਾ ਪਿੱਛਾ ਕਰ ਕੇ ਢੇਰ ਸਾਰੀ ਲੁੱਟ ਆਪਣੇ ਨਾਲ ਲੈ ਆਏ । ਉਸ ਵੇਲੇ ਅਬਨੇਰ ਹਬਰੋਨ ਵਿੱਚ ਦਾਊਦ ਦੇ ਕੋਲ ਨਹੀਂ ਸੀ ਕਿਉਂ ਜੋ ਉਸ ਨੇ ਉਹ ਨੂੰ ਤੋਰ ਦਿੱਤਾ ਸੀ । ਉਹ ਸੁਖ-ਸਾਂਦ ਨਾਲ ਚੱਲਿਆ ਗਿਆ ।23ਜਦ ਯੋਆਬ ਅਤੇ ਦਲ ਦੇ ਸਭ ਲੋਕ ਜੋ ਉਹ ਦੇ ਨਾਲ ਸਨ ਆਏ ਤਾਂ ਉਨ੍ਹਾਂ ਨੇ ਯੋਆਬ ਨੂੰ ਆਖਿਆ, ਨੇਰ ਦਾ ਪੁੱਤਰ ਅਬਨੇਰ ਰਾਜਾ ਕੋਲ ਆਇਆ ਸੀ ਅਤੇ ਉਸ ਨੇ ਉਹ ਨੂੰ ਤੋਰ ਦਿੱਤਾ ਅਤੇ ਉਹ ਸੁਖ ਸਾਂਦ ਨਾਲ ਚੱਲਿਆ ਗਿਆ ।
24ਸੋ ਯੋਆਬ ਰਾਜਾ ਦੇ ਕੋਲ ਆ ਕੇ ਬੋਲਿਆ, ਇਹ ਤੂੰ ਕੀ ਕੀਤਾ ? ਵੇਖ ਅਬਨੇਰ ਤੇਰੇ ਕੋਲ ਆਇਆ ਸੋ ਤੂੰ ਉਹ ਨੂੰ ਕਿਉਂ ਵਿਦਾ ਕੀਤਾ ਅਤੇ ਉਹ ਚੱਲਿਆ ਗਿਆ ।25ਤੂੰ ਨੇਰ ਦੇ ਪੁੱਤਰ ਅਬਨੇਰ ਨੂੰ ਜਾਣਦਾ ਹੈਂ ਉਹ ਜੋ ਤੇਰੇ ਨਾਲ ਧੋਖਾ ਕਰਨ ਨੂੰ ਅਤੇ ਤੇਰੇ ਆਉਣ ਜਾਣ ਅਤੇ ਤੇਰੇ ਸਾਰੇ ਕੰਮਾਂ ਦਾ ਭੇਦ ਲੈਣ ਆਇਆ ਸੀ ।26ਫਿਰ ਜਦ ਯੋਆਬ ਦਾਊਦ ਕੋਲੋਂ ਨਿੱਕਲ ਆਇਆ ਤਾਂ ਉਸ ਨੇ ਅਬਨੇਰ ਦੇ ਪਿੱਛੇ ਦੂਤ ਭੇਜੇ ਅਤੇ ਓਹ ਉਸ ਨੂੰ ਸਿਗਹ ਦੇ ਖੂਹ ਕੋਲੋਂ ਮੋੜ ਲਿਆਏ ਪਰ ਦਾਊਦ ਨੂੰ ਇਸ ਗੱਲ ਦੀ ਖ਼ਬਰ ਨਹੀਂ ਸੀ ।
27ਜਦ ਅਬਨੇਰ ਹਬਰੋਨ ਵਿੱਚ ਮੁੜ ਆਇਆ ਤਾਂ ਯੋਆਬ ਉਸ ਦੇ ਨਾਲ ਇਕੱਲੇ ਵਿੱਚ ਗੱਲ ਕਰਨ ਲਈ ਉਹ ਡਿਉੜ੍ਹੀ ਦੀ ਨੁੱਕਰ ਵਿੱਚ ਲੈ ਗਿਆ ਅਤੇ ਉੱਥੇ ਉਸ ਦੇ ਢਿੱਡ ਵਿੱਚ ਆਪਣੇ ਭਰਾ ਅਸਾਹੇਲ ਦੇ ਖੂਨ ਬਦਲੇ ਅਜਿਹਾ ਮਾਰਿਆ ਕਿ ਉਹ ਮਰ ਗਿਆ ।
28ਇਹ ਦੇ ਪਿੱਛੋਂ ਜਦ ਦਾਊਦ ਨੇ ਸੁਣਿਆ ਤਾਂ ਉਹ ਬੋਲਿਆ, ਮੈਂ ਆਪਣੇ ਰਾਜ ਸਮੇਤ ਯਹੋਵਾਹ ਦੇ ਅੱਗੇ ਨੇਰ ਦੇ ਪੁੱਤਰ ਅਬਨੇਰ ਦੇ ਖੂਨ ਤੋਂ ਨਿਰਦੋਸ਼ ਹਾਂ ।29ਉਹ ਯੋਆਬ ਦੇ ਸਿਰ ਅਤੇ ਉਹ ਦੇ ਪਿਤਾ ਦੇ ਸਾਰੇ ਘਰਾਣੇ ਦੇ ਉੱਤੇ ਰਹੇ ਅਤੇ ਯੋਆਬ ਦੇ ਘਰ ਵਿੱਚ ਕੋਈ ਨਾ ਕੋਈ ਅਜਿਹਾ ਰਹੇ ਜਿਹ ਦਾ ਲਹੂ ਬਹੇ ਜਾਂ ਕੋੜ੍ਹ ਹੋਵੇ ਜਾਂ ਲਾਠੀ ਫੜ੍ਹ ਕੇ ਤੁਰੇ ਜਾਂ ਤਲਵਾਰ ਨਾਲ ਡਿੱਗੇ ਜਾਂ ਰੋਟੀ ਦੀ ਘਾਟ ਹੋਵੇ !30ਸੋ ਯੋਆਬ ਅਤੇ ਉਸ ਦੇ ਭਰਾ ਅਬਿਸ਼ਈ ਨੇ ਅਬਨੇਰ ਨੂੰ ਮਾਰ ਸੁੱਟਿਆ ਕਿਉਂ ਜੋ ਉਸ ਨੇ ਉਨ੍ਹਾਂ ਦੇ ਭਰਾ ਅਸਾਹੇਲ ਨੂੰ ਗਿਬਓਨ ਦੀ ਲੜਾਈ ਦੇ ਵਿੱਚ ਮਾਰ ਸੁੱਟਿਆ ਸੀ ।
ਅਬਨੇਰ ਨੂੰ ਦਫਨਾਇਆ ਜਾਣਾ

31ਦਾਊਦ ਨੇ ਯੋਆਬ ਅਤੇ ਸਾਰੇ ਲੋਕਾਂ ਨੂੰ ਜੋ ਉਹ ਦੇ ਨਾਲ ਸਨ ਆਖਿਆ ਆਪਣੇ ਕੱਪੜੇ ਪਾੜੋ ਅਤੇ ਤੱਪੜ ਪਹਿਨ ਲਓ ਅਤੇ ਅਬਨੇਰ ਦੇ ਅੱਗੇ ਤੁਰ ਕੇ ਰੋਵੋ ਅਤੇ ਦਾਊਦ ਰਾਜਾ ਆਪ ਅਰਥੀ ਪਿੱਛੇ-ਪਿੱਛੇ ਤੁਰਿਆ ।32ਸੋ ਉਨ੍ਹਾਂ ਨੇ ਅਬਨੇਰ ਨੂੰ ਹਬਰੋਨ ਵਿੱਚ ਦਫ਼ਨਾ ਦਿੱਤਾ ਅਤੇ ਰਾਜਾ ਉੱਚੀ ਅਵਾਜ਼ ਨਾਲ ਅਬਨੇਰ ਦੀ ਕਬਰ ਉੱਤੇ ਰੋਇਆ ਅਤੇ ਲੋਕ ਵੀ ਰੋਏ ।
33ਰਾਜਾ ਨੇ ਅਬਨੇਰ ਲਈ ਵਿਰਲਾਪ ਕੀਤਾ ਅਤੇ ਆਖਿਆ, ਹਾਏ ਅਬਨੇਰ ! ਕੀ ਤੂੰ ਇੱਕ ਮੂਰਖ ਦੀ ਮੌਤ ਮਰਿਆ ?34ਤੇਰੇ ਹੱਥ ਬੰਨ੍ਹੇ ਹੋਏ ਨਹੀਂ ਸਨ, ਨਾ ਤੇਰੇ ਪੈਰੀਂ ਬੇੜੀਆਂ ਸਨ, ਤੂੰ ਤਾਂ ਇਸ ਤਰ੍ਹਾਂ ਡਿੱਗਿਆ ਜਿਵੇਂ ਕੋਈ ਅਪਰਾਧੀ ਅੱਗੇ ਡਿੱਗ ਪਵੇ ! ਤਦ ਉਹ ਦੇ ਉੱਤੇ ਸਭ ਲੋਕ ਹੋਰ ਰੋਏ ।
35ਤਾਂ ਸਭ ਲੋਕ ਉਥੋਂ ਆਏ ਤੇ ਦਿਨ ਰਹਿੰਦਿਆਂ ਦਾਊਦ ਨੂੰ ਕੁਝ ਖੁਵਾਉਣ ਲੱਗੇ । ਤਦ ਦਾਊਦ ਨੇ ਸਹੁੰ ਖਾ ਕੇ ਆਖਿਆ, ਜੇਕਰ ਮੈਂ ਸੂਰਜ ਡੁੱਬਣ ਤੋਂ ਪਹਿਲਾਂ ਰੋਟੀ ਜਾਂ ਹੋਰ ਕੁਝ ਖਾਵਾਂ ਤਾਂ ਪਰਮੇਸ਼ੁਰ ਮੇਰੇ ਨਾਲ ਅਜਿਹਾ ਹੀ ਕਰੇ ਸਗੋਂ ਇਸ ਨਾਲੋ ਵੀ ਵੱਧ ਕਰੇ !36ਸਾਰੇ ਲੋਕਾਂ ਨੇ ਇਸ ਗੱਲ ਉੱਤੇ ਧਿਆਨ ਕੀਤਾ ਅਤੇ ਇਹ ਗੱਲ ਉਨ੍ਹਾਂ ਨੂੰ ਚੰਗੀ ਲੱਗੀ ਕਿਉਂਕਿ ਜੋ ਕੁਝ ਰਾਜਾ ਕਰਦਾ ਸੀ, ਸਭ ਲੋਕ ਉਸ ਤੇ ਰਾਜ਼ੀ ਹੁੰਦੇ ਸਨ ।
37ਸਾਰੇ ਲੋਕਾਂ ਨੇ ਅਤੇ ਸਾਰੇ ਇਸਰਾਏਲ ਨੇ ਉਸ ਦਿਨ ਇਹ ਜਾਣ ਲਿਆ ਕਿ ਨੇਰ ਦਾ ਪੁੱਤਰ ਅਬਨੇਰ ਰਾਜੇ ਦੀ ਮਰਜ਼ੀ ਨਾਲ ਨਹੀਂ ਮਰਿਆ ।38ਰਾਜੇ ਨੇ ਆਪਣੇ ਸੇਵਕਾਂ ਨੂੰ ਆਖਿਆ, ਭਲਾ, ਤੁਸੀਂ ਨਹੀਂ ਜਾਣਦੇ ਕਿ ਅੱਜ ਦੇ ਦਿਨ ਇੱਕ ਪ੍ਰਧਾਨ ਸਗੋਂ ਇੱਕ ਮਹਾਂ ਪੁਰਸ਼ ਇਸਰਾਏਲ ਦੇ ਵਿੱਚੋਂ ਹਟਾ ਦਿੱਤਾ ਗਿਆ ਹੈ ?39ਭਾਵੇਂ ਮੈਂ ਅਭਿਸ਼ੇਕ ਕੀਤਾ ਹੋਇਆ ਰਾਜਾ ਹਾਂ, ਫ਼ਿਰ ਵੀ ਅੱਜ ਦੇ ਦਿਨ ਮੈਂ ਕਮਜ਼ੋਰ ਹਾਂ ਅਤੇ ਇਹ ਲੋਕ ਸੂਰਯਾਹ ਦੇ ਪੁੱਤਰ ਮੇਰੇ ਨਾਲ ਜ਼ੋਰਾਵਰੀ ਕਰਦੇ ਹਨ, ਪਰ ਯਹੋਵਾਹ ਬੁਰਿਆਰ ਨੂੰ ਉਹ ਦੀ ਬੁਰਿਆਈ ਦਾ ਪੂਰਾ ਬਦਲਾ ਦੇਵੇਗਾ ।

4
ਈਸ਼ਬੋਸ਼ਥ ਦੀ ਹੱਤਿਆ

1ਜਦ ਸ਼ਾਊਲ ਦੇ ਪੁੱਤਰ ਨੇ ਸੁਣਿਆ, ਕਿ ਅਬਨੇਰ ਹਬਰੋਨ ਵਿੱਚ ਮਾਰਿਆ ਗਿਆ, ਤਦ ਉਹ ਘਬਰਾ ਗਿਆ ਅਤੇ ਸਾਰੇ ਇਸਰਾਏਲੀ ਵੀ ਘਬਰਾ ਗਏ ।2ਸ਼ਾਊਲ ਦੇ ਪੁੱਤਰ ਦੇ ਦੋ ਮਨੁੱਖ ਸਨ ਜੋ ਟੋਲੀਆਂ ਦੇ ਪ੍ਰਧਾਨ ਸਨ, ਇੱਕ ਦਾ ਨਾਮ ਬਆਨਾਹ ਅਤੇ ਦੂਜੇ ਦਾ ਨਾਮ ਰੇਕਾਬ ਸੀ, ਇਹ ਦੋਵੇਂ ਬਿਨਯਾਮੀਨ ਦੇ ਵੰਸ਼ ਵਿੱਚੋਂ ਬੇਰੋਥੀ ਰਿੰਮੋਨ ਦੇ ਪੁੱਤਰ ਸਨ । ਕਿਉਂ ਜੋ ਬੇਰੋਥੀ ਵੀ ਬਿਨਯਾਮੀਨ ਵਿੱਚ ਹੀ ਗਿਣਿਆ ਜਾਂਦਾ ਸੀ ।3ਅਤੇ ਬੇਰੋਥੀ ਗਿੱਤਾਯਮ ਨੂੰ ਭੱਜ ਗਏ ਸਨ ਅਤੇ ਅੱਜ ਤੱਕ ਉਹ ਉਥੋਂ ਦੇ ਪਰਦੇਸੀ ਹਨ ।

4ਸ਼ਾਊਲ ਦੇ ਪੁੱਤਰ ਯੋਨਾਥਨ ਦਾ ਇੱਕ ਪੁੱਤਰ ਦੋਹਾਂ ਪੈਰਾਂ ਤੋਂ ਲੰਗੜਾ ਸੀ । ਜਿਸ ਵੇਲੇ ਸ਼ਾਊਲ ਅਤੇ ਯੋਨਾਥਨ ਦੀ ਖ਼ਬਰ ਯਿਜ਼ਰਾਏਲ ਤੋਂ ਆਈ ਤਦ ਉਹ ਪੰਜ ਸਾਲ ਦਾ ਸੀ, ਉਸੇ ਵੇਲੇ ਉਹ ਦੀ ਦਾਈ ਉਹ ਨੂੰ ਲੈ ਕੇ ਭੱਜ ਨਿੱਕਲੀ ਸੀ,ਜਦ ਭੱਜਣ ਦੇ ਵੇਲੇ ਉਸ ਨੇ ਕਾਹਲੀ ਕੀਤੀ ਤਾਂ ਅਜਿਹਾ ਹੋਇਆ ਕਿ ਉਹ ਡਿੱਗ ਪਿਆ ਅਤੇ ਲੰਗੜਾ ਹੋ ਗਿਆ । ਉਹ ਦਾ ਨਾਮ ਮਫ਼ੀਬੋਸ਼ਥ ਸੀ ।
5ਰਿੰਮੋਨ ਬੇਰੋਥੀ ਦੇ ਪੁੱਤਰ ਰੇਕਾਬ ਅਤੇ ਬਆਨਾਹ ਆਏ ਅਤੇ ਦਿਨ ਦੀ ਧੁੱਪ ਵੇਲੇ ਈਸ਼ਬੋਸ਼ਥ ਦੇ ਘਰ ਵਿੱਚ ਜਾ ਵੜੇ । ਉਹ ਦੁਪਿਹਰ ਨੂੰ ਅਰਾਮ ਕਰ ਰਿਹਾ ਸੀ ।6ਉਹ ਕਣਕ ਲੈਣ ਦੇ ਬਹਾਨੇ ਘਰ ਵਿੱਚ ਆ ਵੜੇ, ਅਤੇ ਉਹ ਦੇ ਪੇਟ ਵਿੱਚ ਮਾਰਿਆ । ਰਕਾਬ ਅਤੇ ਉਹ ਦਾ ਭਰਾ ਬਆਨਾਹ ਭੱਜ ਨਿੱਕਲੇ ।7ਕਿਉਂ ਜੋ ਜਿਸ ਵੇਲੇ ਉਹ ਘਰ ਦੇ ਵਿੱਚ ਆਏ ਤਾਂ ਉਹ ਆਪਣੀ ਕੋਠੜੀ ਵਿੱਚ ਮੰਜੇ ਉੱਤੇ ਸੁੱਤਾ ਪਿਆ ਸੀ । ਸੋ ਉਨ੍ਹਾਂ ਨੇ ਉਸ ਨੂੰ ਮਾਰ ਦਿੱਤਾ ਅਤੇ ਉਹ ਦਾ ਸਿਰ ਲਾਹ ਲਿਆ । ਅਤੇ ਉਸ ਸਿਰ ਨੂੰ ਲੈ ਕੇ ਰਾਤੋ ਰਾਤ ਮੈਦਾਨ ਦੇ ਰਾਹ ਭੱਜ ਗਏ ।
8ਉਹ ਈਸ਼ਬੋਸ਼ਥ ਦਾ ਸਿਰ ਹਬਰੋਨ ਵਿੱਚ ਦਾਊਦ ਦੇ ਕੋਲ ਲੈ ਆਏ ਅਤੇ ਰਾਜਾ ਨੂੰ ਆਖਿਆ, ਇਹ ਤੁਹਾਡਾ ਵੈਰੀ ਸ਼ਾਊਲ ਜੋ ਤੁਹਾਡੀ ਜਿੰਦ ਨੂੰ ਭਾਲਦਾ ਸੀ, ਉਹ ਦੇ ਪੁੱਤਰ ਈਸ਼ਬੋਸ਼ਥ ਦਾ ਸਿਰ ਹੈ । ਸੋ ਯਹੋਵਾਹ ਨੇ ਅੱਜ ਦੇ ਦਿਨ ਮੇਰੇ ਮਹਾਰਾਜ ਰਾਜਾ ਦਾ ਬਦਲਾ ਸ਼ਾਊਲ ਅਤੇ ਉਹ ਦੀ ਅੰਸ ਤੋਂ ਲੈ ਲਿਆ ਹੈ ।9ਤਦ ਦਾਊਦ ਨੇ ਰੇਕਾਬ ਅਤੇ ਉਹ ਦੇ ਭਰਾ ਬਆਨਾਹ ਨੂੰ ਜੋ ਬੇਰੋਥੀ ਰਿੰਮੋਨ ਦੇ ਪੁੱਤਰ ਸਨ ਉੱਤਰ ਦੇ ਕੇ ਆਖਿਆ, ਜਿਉਂਦੇ ਯਹੋਵਾਹ ਦੀ ਸਹੁੰ ਜਿਸ ਨੇ ਮੇਰੀ ਜਾਨ ਨੂੰ ਸਾਰਿਆਂ ਦੁੱਖਾਂ ਤੋਂ ਛੁਟਕਾਰਾ ਦਿੱਤਾ ।10ਜਿਸ ਵੇਲੇ ਇੱਕ ਮਨੁੱਖ ਨੇ ਮੈਨੂੰ ਆਖਿਆ ਵੇਖੋ, ਸ਼ਾਊਲ ਮਰ ਗਿਆ ਹੈ ਅਤੇ ਉਸ ਨੇ ਸਮਝਿਆ ਕਿ ਮੈਂ ਇਹ ਚੰਗੀ ਖ਼ਬਰ ਦਿੰਦਾ ਹਾਂ ਤਦ ਮੈਂ ਉਹ ਨੂੰ ਫੜਿਆ ਅਤੇ ਸਿਕਲਗ ਵਿੱਚ ਉਹ ਨੂੰ ਮਾਰ ਸੁੱਟਿਆ । ਮੈਂ ਉਹ ਦੀ ਖ਼ਬਰ ਦੇ ਬਦਲੇ ਇਹੋ ਇਨਾਮ ਦਿੱਤਾ ।
11ਜਦ ਦੁਸ਼ਟਾਂ ਨੇ ਇੱਕ ਧਰਮੀ ਮਨੁੱਖ ਨੂੰ ਉਹ ਦੇ ਘਰ ਵਿੱਚ, ਉਹ ਦੇ ਮੰਜੇ ਉੱਤੇ ਹੀ ਵੱਢ ਸੁੱਟਿਆ ! ਤਾਂ ਕੀ, ਮੈਂ ਉਹ ਦੇ ਖੂਨ ਦਾ ਬਦਲਾ ਨਾ ਲਵਾਂਗਾ ਅਤੇ ਤੁਹਾਨੂੰ ਧਰਤੀ ਉੱਤੋਂ ਨਾਸ਼ ਨਾ ਕਰਾਂਗਾ ?12ਤਦ ਦਾਊਦ ਨੇ ਆਪਣੇ ਜੁਆਨਾਂ ਨੂੰ ਆਗਿਆ ਦਿੱਤੀ ਤਾਂ ਉਨ੍ਹਾਂ ਨੇ ਉਹਨਾਂ ਨੂੰ ਮਾਰਿਆ ਪਰ ਉਹਨਾਂ ਦੇ ਹੱਥ-ਪੈਰ ਵੱਢ ਕੇ ਹਬਰੋਨ ਦੀ ਬਾਓਲੀ ਉੱਤੇ ਲਟਕਾ ਛੱਡੇ ਅਤੇ ਈਸ਼ਬੋਸ਼ਥ ਦੇ ਸਿਰ ਨੂੰ ਲੈ ਕੇ ਹਬਰੋਨ ਦੇ ਵਿਚਕਾਰ ਅਬਨੇਰ ਦੀ ਕਬਰ ਵਿੱਚ ਉਹ ਨੂੰ ਦੱਬ ਦਿੱਤਾ ।

5
ਦਾਊਦ ਦਾ ਇਸਰਾਏਲ ਅਤੇ ਯਹੂਦਾਹ ਦਾ ਰਾਜਾ ਬਣਨਾ
(1 ਇਤ. 11:1-9; 14:1-7)

1ਇਹ ਦੇ ਬਾਅਦ ਇਸਰਾਏਲ ਦੇ ਸਾਰੇ ਗੋਤ ਹਬਰੋਨ ਦੇ ਵਿੱਚ ਦਾਊਦ ਦੇ ਕੋਲ ਆਏ ਅਤੇ ਉਹ ਨੂੰ ਆਖਿਆ, ਵੇਖੋ, ਅਸੀਂ ਤੁਹਾਡੀ ਹੀ ਹੱਡੀ ਤੇ ਮਾਸ ਹਾਂ ।2ਪਿਛਲੇ ਸਮੇਂ ਵਿੱਚ ਜਿਸ ਵੇਲੇ ਸਾਡਾ ਰਾਜਾ ਸ਼ਾਊਲ ਸੀ, ਤਦ ਤੁਸੀਂ ਹੀ ਇਸਰਾਏਲ ਦੀ ਅਗਵਾਈ ਕੀਤੀ ਅਤੇ ਯਹੋਵਾਹ ਨੇ ਤੁਹਾਨੂੰ ਆਖਿਆ ਸੀ ਜੋ ਤੂੰ ਮੇਰੀ ਪਰਜਾ ਇਸਰਾਏਲ ਦਾ ਚਰਵਾਹਾ ਹੋਵੇਂਗਾ ਅਤੇ ਤੂੰ ਹੀ ਇਸਰਾਏਲ ਉੱਤੇ ਪ੍ਰਧਾਨ ਹੋਵੇਂਗਾ ।

3ਇਸ ਲਈ ਇਸਰਾਏਲ ਦੇ ਸਾਰੇ ਬਜ਼ੁਰਗ ਹਬਰੋਨ ਵਿੱਚ ਰਾਜਾ ਕੋਲ ਆਏ, ਦਾਊਦ ਰਾਜਾ ਨੇ ਹਬਰੋਨ ਵਿੱਚ ਉਨ੍ਹਾਂ ਦੇ ਨਾਲ ਯਹੋਵਾਹ ਦੇ ਅੱਗੇ ਵਾਇਦਾ ਕੀਤਾ ਅਤੇ ਉਨ੍ਹਾਂ ਨੇ ਦਾਊਦ ਨੂੰ ਮਸਹ ਕਰ ਕੇ ਇਸਰਾਏਲ ਦਾ ਰਾਜਾ ਬਣਾ ਦਿੱਤਾ ।4ਜਿਸ ਵੇਲੇ ਦਾਊਦ ਰਾਜ ਕਰਨ ਲੱਗਾ ਤਦ ਉਸ ਦੀ ਉਮਰ ਤੀਹ ਸਾਲ ਸੀ ਅਤੇ ਉਸ ਨੇ ਚਾਲ੍ਹੀ ਸਾਲ ਰਾਜ ਕੀਤਾ ।5ਉਸ ਨੇ ਸੱਤ ਸਾਲ ਛੇ ਮਹੀਨੇ ਯਹੂਦਾਹ ਉੱਤੇ ਹਬਰੋਨ ਵਿੱਚ, ਅਤੇ ਸਾਰੇ ਇਸਰਾਏਲ ਅਤੇ ਯਹੂਦਾਹ ਉੱਤੇ ਯਰੂਸ਼ਲਮ ਵਿੱਚ ਤੇਤੀ ਸਾਲ ਰਾਜ ਕੀਤਾ ।
6ਫਿਰ ਰਾਜਾ ਆਪਣਿਆਂ ਸੈਨਿਕਾਂ ਨਾਲ ਯਰੂਸ਼ਲਮ ਨੂੰ ਯਬੂਸੀਆਂ ਦੇ ਕੋਲ ਗਿਆ ਜੋ ਉਸ ਦੇਸ਼ ਦੇ ਵਾਸੀ ਸਨ । ਉਨ੍ਹਾਂ ਨੇ ਦਾਊਦ ਨੂੰ ਆਖਿਆ, ਤੂੰ ਇੱਥੇ ਨਾ ਵੜੇਂਗਾ ਪਰੰਤੂ ਅੰਨ੍ਹੇ ਅਤੇ ਲੰਗੜੇ ਤੈਨੂੰ ਰੋਕਣਗੇ ਕਿਉਂ ਜੋ ਉਨ੍ਹਾਂ ਨੇ ਸਮਝਿਆ ਕਿ ਦਾਊਦ ਏਥੇ ਨਹੀਂ ਵੜ ਸਕੇਗਾ,7ਪਰ ਦਾਊਦ ਨੇ ਸੀਯੋਨ ਦਾ ਗੜ੍ਹ ਲੈ ਲਿਆ ਅਤੇ ਉਹੀ ਦਾਊਦ ਦਾ ਸ਼ਹਿਰ ਬਣਿਆ ।
8ਉਸ ਦਿਨ ਦਾਊਦ ਨੇ ਆਖਿਆ, ਜਿਹੜਾ ਕੋਈ ਯਬੂਸੀਆਂ ਨੂੰ ਮਾਰਨਾ ਚਾਹੇ ਉਹ ਪਰਨਾਲੇ ਵਿੱਚੋਂ ਦੀ ਲੰਘੇ ਅਤੇ ਅੰਨੇ ਅਤੇ ਲੰਗੜੇ ਜਿਹਨਾਂ ਨੂੰ ਦਾਊਦ ਨਫ਼ਰਤ ਕਰਦਾ ਹੈ ਉਹਨਾਂ ਨੂੰ ਮਾਰਨ । ਇਸੇ ਲਈ ਇਹ ਕਹਾਉਤ ਚੱਲ ਪਈ ਕਿ ਅੰਨ੍ਹੇ ਅਤੇ ਲੰਗੜੇ ਭਵਨ ਵਿੱਚ ਨਹੀਂ ਵੜ ਸਕਦੇ ।9ਦਾਊਦ ਉਸ ਗੜ੍ਹ ਵਿੱਚ ਰਿਹਾ ਅਤੇ ਉਸ ਨੇ ਉਹ ਦਾ ਨਾਮ ਦਾਊਦ ਦਾ ਸ਼ਹਿਰ ਰੱਖਿਆ ਅਤੇ ਦਾਊਦ ਨੇ ਆਲੇ-ਦੁਆਲੇ ਅਤੇ ਉਹ ਦੇ ਅੰਦਰ ਸ਼ਹਿਰਪਨਾਹ ਬਣਾਈ ।10ਦਾਊਦ ਵੱਧਦਾ ਗਿਆ ਅਤੇ ਸੈਨਾਂ ਦਾ ਪਰਮੇਸ਼ੁਰ ਯਹੋਵਾਹ ਉਸ ਦੇ ਅੰਗ-ਸੰਗ ਸੀ ।
11ਸੋਰ ਦੇ ਰਾਜਾ ਹੀਰਾਮ ਨੇ ਸੰਦੇਸ਼-ਵਾਹਕ ਅਤੇ ਦਿਆਰ ਦੀ ਲੱਕੜ ਅਤੇ ਤਰਖਾਣ ਅਤੇ ਪੱਥਰ ਘੜਨ ਵਾਲੇ ਦਾਊਦ ਕੋਲ ਭੇਜੇ ਅਤੇ ਉਨ੍ਹਾਂ ਨੇ ਦਾਊਦ ਦੇ ਲਈ ਮਹਿਲ ਬਣਾਇਆ ।12ਦਾਊਦ ਜਾਣ ਗਿਆ ਕਿ ਯਹੋਵਾਹ ਨੇ ਮੈਨੂੰ ਇਸਰਾਏਲ ਦਾ ਰਾਜਾ ਬਣਾ ਦਿੱਤਾ ਹੈ, ਅਤੇ ਉਸ ਨੇ ਮੇਰੇ ਰਾਜ ਨੂੰ ਆਪਣੀ ਪਰਜਾ ਇਸਰਾਏਲ ਦੇ ਲਈ ਹੀ ਵਧਾਇਆ ਹੈ ।
13ਦਾਊਦ ਨੇ ਹਬਰੋਨ ਤੋਂ ਆ ਕੇ ਯਰੂਸ਼ਲਮ ਵਿੱਚ ਹੋਰ ਵੀ ਰਖ਼ੇਲਾਂ ਰੱਖੀਆਂ ਅਤੇ ਇਸਤਰੀਆਂ ਨਾਲ ਵਿਆਹ ਕੀਤਾ ਅਤੇ ਦਾਊਦ ਤੋਂ ਹੋਰ ਵੀ ਪੁੱਤਰ ਅਤੇ ਧੀਆਂ ਜੰਮੇ ।14ਉਸ ਦੇ ਪੁੱਤਰਾਂ ਦੇ ਨਾਮ ਜੋ ਯਰੂਸ਼ਲਮ ਵਿੱਚ ਜੰਮੇ ਇਹ ਸਨ - ਸ਼ਮੂਆਹ, ਸ਼ੋਬਾਬ, ਨਾਥਾਨ, ਅਤੇ ਸੁਲੇਮਾਨ,15ਯਿਬਹਾਰ, ਅਲੀਸ਼ੂਆ, ਨਫ਼ਗ, ਅਤੇ ਯਾਫ਼ੀਆ16ਅਲੀਸ਼ਾਮਾ, ਅਲਯਾਦਾ ਅਤੇ ਅਲੀਫ਼ਾਲਟ ।
ਫਲਿਸਤੀਆਂ ਉੱਤੇ ਜਿੱਤ
(1 ਇਤ. 14:8-17)

17ਜਦ ਫਲੀਸਤੀਆਂ ਨੇ ਸੁਣਿਆ ਕਿ ਉਨ੍ਹਾਂ ਨੇ ਦਾਊਦ ਨੂੰ ਮਸਹ ਕਰ ਕੇ ਇਸਰਾਏਲ ਦਾ ਰਾਜਾ ਬਣਾਇਆ ਹੈ, ਤਦ ਸਾਰੇ ਫ਼ਲਿਸਤੀਆਂ ਨੇ ਦਾਊਦ ਨੂੰ ਲੱਭਣ ਲਈ ਚੜ੍ਹਾਈ ਕੀਤੀ । ਦਾਊਦ ਨੇ ਸੁਣਿਆ ਇਸ ਲਈ ਉਹ ਗੜ੍ਹ ਵਿੱਚ ਚਲਾ ਗਿਆ ।18ਫ਼ਲਿਸਤੀ ਆਏ ਅਤੇ ਰਫ਼ਾਈਆਂ ਦੀ ਘਾਟੀ ਵਿੱਚ ਫੈਲ ਗਏ ।
19ਤਦ ਦਾਊਦ ਨੇ ਯਹੋਵਾਹ ਕੋਲੋਂ ਪੁੱਛਿਆ, ਭਲਾ, ਮੈਂ ਫ਼ਲਿਸਤੀਆਂ ਉੱਤੇ ਚੜ੍ਹਾਈ ਕਰਾਂ ? ਕੀ ਤੂੰ ਉਨ੍ਹਾਂ ਨੂੰ ਮੇਰੇ ਹੱਥ ਵਿੱਚ ਸੌਂਪ ਦੇਵੇਂਗਾ ? ਯਹੋਵਾਹ ਨੇ ਦਾਊਦ ਨੂੰ ਆਖਿਆ, ਚੜ੍ਹਾਈ ਕਰ ਕਿਉਂ ਜੋ ਜ਼ਰੂਰ ਹੀ ਮੈਂ ਫ਼ਲਿਸਤੀਆਂ ਨੂੰ ਤੇਰੇ ਹੱਥ ਵਿੱਚ ਸੌਂਪਾਂਗਾ ।20ਇਸ ਲਈ ਦਾਊਦ ਬਆਲ ਪਰਾਸੀਮ ਵਿੱਚ ਆਇਆ ਅਤੇ ਉੱਥੇ ਦਾਊਦ ਨੇ ਉਨ੍ਹਾਂ ਨੂੰ ਮਾਰਿਆ ਅਤੇ ਆਖਿਆ, ਯਹੋਵਾਹ ਮੇਰੇ ਸਾਹਮਣੇ ਮੇਰੇ ਵੈਰੀਆਂ ਤੇ ਇਸ ਤਰ੍ਹਾਂ ਟੁੱਟ ਪਿਆ ਜਿਵੇਂ ਪਾਣੀ ਦੀਆਂ ਲਹਿਰਾਂ ਰੋੜ ਕੇ ਲੈ ਜਾਂਦੀਆਂ ਹਨ ! ਇਸ ਲਈ ਉਸ ਨੇ ਉਸ ਥਾਂ ਦਾ ਨਾਮ ਬਆਲ ਪਰਾਸੀਮ ਰੱਖਿਆ ।21ਉਨ੍ਹਾਂ ਨੇ ਆਪਣੀਆਂ ਮੂਰਤਾਂ ਨੂੰ ਉੱਥੇ ਛੱਡਿਆ, ਸੋ ਦਾਊਦ ਅਤੇ ਉਸ ਦੇ ਲੋਕਾਂ ਨੇ ਉਨ੍ਹਾਂ ਨੂੰ ਚੁੱਕ ਲਿਆ ।
22ਫ਼ਲਿਸਤੀ ਫੇਰ ਚੜ੍ਹੇ ਅਤੇ ਰਫ਼ਾਈਆਂ ਦੀ ਘਾਟੀ ਵਿੱਚ ਫੈਲ ਗਏ ।23ਸੋ ਦਾਊਦ ਨੇ ਯਹੋਵਾਹ ਕੋਲੋਂ ਫੇਰ ਸਲਾਹ ਮੰਗੀ ਅਤੇ ਉਸ ਨੇ ਆਖਿਆ, ਤੂੰ ਚੜ੍ਹਾਈ ਨਾ ਕਰ ਪਰ ਪਿੱਛੇ ਦੀ ਹੋ ਕੇ ਉਨ੍ਹਾਂ ਨੂੰ ਘੇਰਾ ਪਾ ਅਤੇ ਤੂਤ ਦੇ ਰੁੱਖਾਂ ਦੇ ਸਾਹਮਣੇ ਹੋ ਕੇ ਉਨ੍ਹਾਂ ਉੱਤੇ ਹਮਲਾ ਕਰ,
24ਅਤੇ ਜਿਸ ਵੇਲੇ ਤੂੰ ਤੂਤਾਂ ਦੇ ਰੁੱਖਾਂ ਦੀਆਂ ਉਤਲੀਆਂ ਟਾਹਣੀਆਂ ਵਿੱਚ ਤੁਰਨ ਦੀ ਅਵਾਜ਼ ਸੁਣੇ ਤਾਂ ਸੁਚੇਤ ਹੋ ਕਿਉਂ ਜੋ ਉਸ ਵੇਲੇ ਯਹੋਵਾਹ ਤੇਰੇ ਅੱਗੇ-ਅੱਗੇ ਤੁਰ ਕੇ ਫ਼ਲਿਸਤੀਆਂ ਦੇ ਦਲ ਨੂੰ ਮਾਰੇਗਾ ।25ਇਸ ਲਈ ਜਿਵੇਂ ਯਹੋਵਾਹ ਨੇ ਉਹ ਨੂੰ ਹੁਕਮ ਦਿੱਤਾ ਸੀ, ਦਾਊਦ ਨੇ ਉਸੇ ਤਰ੍ਹਾਂ ਹੀ ਕੀਤਾ, ਅਤੇ ਫ਼ਲਿਸਤੀਆਂ ਨੂੰ ਗੱਬਾਹ ਤੋਂ ਲੈ ਕੇ ਗਜਰ ਵਿੱਚ ਪਹੁੰਚਣ ਤੱਕ ਮਾਰਿਆ ।

6
ਨੇਮ ਦਾ ਸੰਦੂਕ ਯਰੂਸ਼ਲਮ ਵਿੱਚ
(1 ਇਤ. 13:1-14; 15:25 – 16:6, 43)

1ਫਿਰ ਦਾਊਦ ਨੇ ਇਸਰਾਏਲ ਦੇ ਸਾਰੇ ਚੁਣੇ ਹੋਏ, ਤੀਹ ਹਜ਼ਾਰ ਜੁਆਨਾਂ ਨੂੰ ਇੱਕਠਿਆਂ ਕੀਤਾ ।2ਤਦ ਦਾਊਦ ਉੱਠਿਆ ਅਤੇ ਆਪਣੇ ਨਾਲ ਦੇ ਸਾਰਿਆਂ ਲੋਕਾਂ ਨੂੰ ਲੈ ਕੇ ਬਆਲੇ ਨਾਮ ਦੇ ਸਥਾਨ, ਯਹੂਦਾਹ ਤੋਂ ਤੁਰਿਆ, ਤਾਂ ਜੋ ਪਰਮੇਸ਼ੁਰ ਦੇ ਸੰਦੂਕ ਨੂੰ ਲੈ ਆਵੇ ਜਿਹੜਾ ਉਸ ਨਾਮ ਤੋਂ ਅਰਥਾਤ ਸੈਨਾਂ ਦੇ ਯਹੋਵਾਹ ਦੇ ਨਾਮ ਤੋਂ ਸਦਾਉਂਦਾ ਹੈ, ਜੋ ਕਰੂਬੀਆਂ ਦੇ ਉੱਤੇ ਬਿਰਾਜਮਾਨ ਹੈ ।

3ਸੋ ਉਨ੍ਹਾਂ ਨੇ ਪਰਮੇਸ਼ੁਰ ਦੇ ਸੰਦੂਕ ਨੂੰ ਨਵੀਂ ਗੱਡੀ ਉੱਤੇ ਰੱਖਿਆ ਅਤੇ ਉਹ ਨੂੰ ਅਬੀਨਾਦਾਬ ਦੇ ਘਰ ਤੋਂ ਜੋ ਗਿਬਆਹ ਵਿੱਚ ਸੀ, ਚੁੱਕ ਲਿਆਏ ਅਤੇ ਅਬੀਨਾਦਾਬ ਦੇ ਪੁੱਤਰਾਂ ਊਜ਼ਾਹ ਅਤੇ ਅਹਯੋ ਨੇ ਉਸ ਨਵੀਂ ਗੱਡੀ ਨੂੰ ਹੱਕਿਆ ।4ਉਹ ਉਸ ਨੂੰ ਅਬੀਨਾਦਾਬ ਦੇ ਘਰ ਤੋਂ ਜੋ ਗਿਬਆਹ ਪਹਾੜ ਵਿੱਚ ਸੀ ਚੁੱਕ ਲਿਆਏ ਅਤੇ ਪਰਮੇਸ਼ੁਰ ਦੇ ਸੰਦੂਕ ਦੇ ਨਾਲ-ਨਾਲ ਗਏ । ਅਤੇ ਅਹਯੋ ਸੰਦੂਕ ਦੇ ਅੱਗੇ-ਅੱਗੇ ਤੁਰਿਆ ।5ਦਾਊਦ ਅਤੇ ਇਸਰਾਏਲ ਦਾ ਸਾਰਾ ਘਰਾਣਾ ਚੀਲ ਦੀ ਲੱਕੜ ਦੇ ਸਾਰੇ ਤਰ੍ਹਾਂ ਦੇ ਵਾਜੇ ਅਰਥਾਤ ਬੀਨ, ਮੱਧਮ, ਖੰਜ਼ਰੀਆਂ, ਚਿਮਟਾ ਅਤੇ ਛੈਣੇ ਲੈ ਕੇ ਯਹੋਵਾਹ ਦੇ ਸੰਦੂਕ ਅੱਗੇ-ਅੱਗੇ ਵਜਾਉਂਦੇ ਗਏ ।
6ਜਦ ਉਹ ਨਾਕੋਨ ਦੇ ਪਿੜ ਕੋਲ ਪਹੁੰਚੇ, ਤਦ ਊਜ਼ਾਹ ਨੇ ਹੱਥ ਵਧਾ ਕੇ ਪਰਮੇਸ਼ੁਰ ਦੇ ਸੰਦੂਕ ਨੂੰ ਫੜ੍ਹ ਕੇ ਸੰਭਾਲਿਆ ।7ਕਿਉਂ ਜੋ ਬਲ਼ਦਾਂ ਨੂੰ ਠੋਕਰ ਲੱਗੀ ਸੀ, ਤਦ ਯਹੋਵਾਹ ਦਾ ਕ੍ਰੋਧ ਊਜ਼ਾਹ ਦੇ ਉੱਤੇ ਭੜਕਿਆ ਅਤੇ ਪਰਮੇਸ਼ੁਰ ਨੇ ਉਹ ਦੇ ਦੋਸ਼ ਦੇ ਕਾਰਨ ਉਹ ਨੂੰ ਮਾਰਿਆ ਅਤੇ ਉਹ ਯਹੋਵਾਹ ਦੇ ਸੰਦੂਕ ਦੇ ਕੋਲ ਹੀ ਮਰ ਗਿਆ ।
8ਦਾਊਦ ਉਦਾਸ ਹੋ ਗਿਆ, ਕਿਉਂ ਜੋ ਯਹੋਵਾਹ ਊਜ਼ਾਹ ਉੱਤੇ ਆਣ ਪਿਆ ਅਤੇ ਉਹ ਨੇ ਉਸ ਥਾਂ ਦਾ ਨਾਮ ਪਰਸ-ਊਜ਼ਾਹ ਰੱਖਿਆ ਜੋ ਅੱਜ ਤੱਕ ਹੈ ।9ਦਾਊਦ ਉਸ ਦਿਨ ਯਹੋਵਾਹ ਕੋਲੋਂ ਡਰਿਆ ਅਤੇ ਆਖਿਆ, ਯਹੋਵਾਹ ਦਾ ਸੰਦੂਕ ਮੇਰੇ ਕੋਲ ਕਿਵੇਂ ਆਵੇਗਾ ?
10ਸੋ ਦਾਊਦ ਦਾ ਜੀਅ ਨਾ ਕੀਤਾ ਜੋ ਯਹੋਵਾਹ ਦੇ ਸੰਦੂਕ ਨੂੰ ਆਪਣੇ ਸ਼ਹਿਰ ਵਿੱਚ ਲੈ ਜਾ ਕੇ ਆਪਣੇ ਕੋਲ ਰੱਖੇ, ਤਦ ਦਾਊਦ ਉਹ ਨੂੰ ਇੱਕ ਪਾਸੇ ਓਬੇਦ-ਅਦੋਮ ਗਿੱਤੀ ਦੇ ਘਰ ਵਿੱਚ ਲੈ ਗਿਆ ।11ਯਹੋਵਾਹ ਦਾ ਸੰਦੂਕ ਓਬੇਦ-ਅਦੋਮ ਗਿੱਤੀ ਦੇ ਘਰ ਵਿੱਚ ਤਿੰਨ ਮਹੀਨੇ ਰਿਹਾ । ਯਹੋਵਾਹ ਨੇ ਓਬੇਦ-ਅਦੋਮ ਨੂੰ ਅਤੇ ਉਸ ਦੇ ਸਾਰੇ ਘਰਾਣੇ ਨੂੰ ਬਰਕਤ ਦਿੱਤੀ ।
12ਦਾਊਦ ਰਾਜਾ ਨੂੰ ਲੋਕਾਂ ਨੇ ਇਹ ਖ਼ਬਰ ਦਿੱਤੀ ਕਿ ਓਬੇਦ-ਅਦੋਮ ਦੇ ਘਰ ਨੂੰ ਅਤੇ ਉਸ ਦੀਆਂ ਵਸਤਾਂ ਨੂੰ ਪਰਮੇਸ਼ੁਰ ਦੇ ਸੰਦੂਕ ਦੇ ਕਾਰਨ ਯਹੋਵਾਹ ਨੇ ਬਰਕਤ ਦਿੱਤੀ ਹੈ । ਤਦ ਦਾਊਦ ਗਿਆ ਅਤੇ ਪਰਮੇਸ਼ੁਰ ਦੇ ਸੰਦੂਕ ਨੂੰ ਓਬੇਦ-ਅਦੋਮ ਦੇ ਘਰੋਂ ਦਾਊਦ ਦੇ ਸ਼ਹਿਰ ਵਿੱਚ ਆਨੰਦ ਨਾਲ ਲੈ ਆਇਆ ।13ਅਤੇ ਜਦ ਯਹੋਵਾਹ ਦੇ ਸੰਦੂਕ ਦੇ ਚੁੱਕਣ ਵਾਲੇ ਛੇ ਕਦਮ ਤੁਰੇ ਤਾਂ ਦਾਊਦ ਨੇ ਬਲਦ ਅਤੇ ਪਲਿਆ ਹੋਇਆ ਵੱਛਾ ਭੇਟ ਕਰ ਕੇ ਚੜ੍ਹਾਇਆ ।
14ਦਾਊਦ ਯਹੋਵਾਹ ਦੇ ਸੰਦੂਕ ਅੱਗੇ ਆਪਣੇ ਸਾਰੇ ਜ਼ੋਰ ਨਾਲ ਨਚਦਾ ਜਾਂਦਾ ਸੀ ਅਤੇ ਦਾਊਦ ਨੇ ਕਤਾਨ ਦਾ ਚੋਗਾ ਪਹਿਨਿਆ ਹੋਇਆ ਸੀ ।15ਇਸ ਤਰ੍ਹਾਂ ਦਾਊਦ ਅਤੇ ਇਸਰਾਏਲ ਦਾ ਸਾਰਾ ਘਰਾਣਾ ਯਹੋਵਾਹ ਦੇ ਸੰਦੂਕ ਨੂੰ ਜੈਕਾਰਾ ਬੁਲਾਉਂਦੇ ਅਤੇ ਤੁਰ੍ਹੀਆਂ ਵਜਾਉਂਦੇ ਹੋਏ ਚੁੱਕ ਕੇ ਲੈ ਆਏ ।
16ਜਦ ਯਹੋਵਾਹ ਦਾ ਸੰਦੂਕ ਦਾਊਦ ਦੇ ਸ਼ਹਿਰ ਵਿੱਚ ਆਇਆ ਤਾਂ ਸ਼ਾਊਲ ਦੀ ਧੀ ਮੀਕਲ ਨੇ ਝਾਤੀ ਮਾਰ ਕੇ ਦਾਊਦ ਰਾਜਾ ਨੂੰ ਯਹੋਵਾਹ ਦੇ ਅੱਗੇ ਨਚਦੇ-ਟੱਪਦੇ ਦੇਖਿਆ ਸੋ ਉਸ ਨੇ ਆਪਣੇ ਮਨ ਵਿੱਚ ਉਹ ਨੂੰ ਤੁੱਛ ਜਾਣਿਆ ।17ਇਸ ਤਰ੍ਹਾਂ ਓਹ ਯਹੋਵਾਹ ਦੇ ਸੰਦੂਕ ਨੂੰ ਅੰਦਰ ਲੈ ਆਏ ਅਤੇ ਉਹ ਨੂੰ ਉਹ ਦੇ ਠੀਕ ਥਾਂ ਵਿੱਚ ਉਸ ਤੰਬੂ ਦੇ ਵਿਚਕਾਰ, ਜੋ ਦਾਊਦ ਨੇ ਉਹ ਦੇ ਲਈ ਲਾਇਆ ਸੀ ਰੱਖ ਦਿੱਤਾ ਅਤੇ ਦਾਊਦ ਨੇ ਹੋਮ ਦੀਆਂ ਭੇਟਾਂ ਯਹੋਵਾਹ ਦੇ ਅੱਗੇ ਚੜ੍ਹਾਈਆਂ ।
18ਜਦ ਦਾਊਦ ਹੋਮ ਦੀਆਂ ਬਲੀਆਂ ਅਤੇ ਸੁਖ ਸਾਂਦ ਦੀਆਂ ਭੇਟਾਂ ਚੜ੍ਹਾ ਚੁੱਕਾ ਤਾਂ ਉਸ ਨੇ ਸੈਨਾਂ ਦੇ ਯਹੋਵਾਹ ਦਾ ਨਾਮ ਲੈ ਕੇ ਲੋਕਾਂ ਨੂੰ ਅਸੀਸ ਦਿੱਤੀ ।19ਅਤੇ ਉਸ ਨੇ ਸਾਰਿਆ ਲੋਕਾਂ ਨੂੰ ਸਗੋਂ ਇਸਰਾਏਲ ਦੀ ਸਾਰੀ ਪਰਜਾ ਨੂੰ ਭਾਵੇ ਇਸਰਤੀ, ਪੁਰਸ਼, ਸਾਰਿਆਂ ਨੂੰ ਇੱਕ-ਇੱਕ ਰੋਟੀ, ਇੱਕ-ਇੱਕ ਮਾਸ ਦੀ ਬੋਟੀ ਅਤੇ ਇੱਕ-ਇੱਕ ਨੂੰ ਸੋਗੀ ਦੀ ਟਿੱਕੀ ਦਿਤੀ ਤਦ ਸਭ ਲੋਕ ਆਪੋ ਆਪਣੇ ਘਰਾਂ ਨੂੰ ਵਿਦਾ ਹੋਏ ।
20ਤਦ ਦਾਊਦ ਆਪਣੇ ਘਰਾਣੇ ਨੂੰ ਅਸੀਸ ਦੇਣ ਲਈ ਮੁੜਿਆ । ਉਸ ਵੇਲੇ ਸ਼ਾਊਲ ਦੀ ਧੀ ਮੀਕਲ ਦਾਊਦ ਦੇ ਮਿਲਣ ਨੂੰ ਨਿੱਕਲੀ ਅਤੇ ਬੋਲੀ, ਇਸਰਾਏਲ ਦਾ ਰਾਜਾ ਅੱਜ ਪ੍ਰਤਾਪੀ ਲੱਗਦਾ ਸੀ, ਜਿਸ ਨੇ ਅੱਜ ਆਪਣੇ ਨੋਕਰਾਂ ਦੀਆਂ ਦਾਸੀਆਂ ਦੀਆਂ ਅੱਖਾਂ ਦੇ ਸਾਹਮਣੇ ਆਪਣੇ ਆਪ ਨੂੰ ਨੰਗਾ ਕੀਤਾ, ਜਿਵੇਂ ਕੋਈ ਲੁੱਚਾ ਆਪ ਨੂੰ ਨਿਰਲੱਜ ਬਣਾ ਕੇ ਨੰਗਾ ਕਰਦਾ ਹੈ ।
21ਦਾਊਦ ਨੇ ਮੀਕਲ ਨੂੰ ਆਖਿਆ, ਇਹ ਯਹੋਵਾਹ ਦੇ ਅੱਗੇ ਸੀ ਜਿਸ ਨੇ ਤੇਰੇ ਪਿਤਾ ਅਤੇ ਉਹ ਦੇ ਸਾਰੇ ਘਰਾਣੇ ਦੇ ਅੱਗੇ ਮੈਨੂੰ ਚੁਣ ਲਿਆ ਅਤੇ ਯਹੋਵਾਹ ਦੀ ਪਰਜਾ ਇਸਰਾਏਲ ਦਾ ਪ੍ਰਧਾਨ ਬਣਾ ਦਿੱਤਾ, ਇਸ ਲਈ ਮੈਂ ਯਹੋਵਾਹ ਦੇ ਅੱਗੇ ਨੱਚਾਂਗਾ22ਸਗੋਂ ਮੈਂ ਇਸ ਨਾਲੋਂ ਵੀ ਨੀਚ ਬਣਾਂਗਾ ਅਤੇ ਆਪਣੇ ਆਪ ਨੂੰ ਆਪਣੀ ਨਜ਼ਰ ਵਿੱਚ ਤੁੱਛ ਗਿਣਾਂਗਾ ਅਤੇ ਜਿਹੜੀਆਂ ਦਾਸੀਆਂ ਦੀ ਗੱਲ ਤੂੰ ਕੀਤੀ ਹੈ ਉਹ ਮੇਰਾ ਆਦਰ-ਸਨਮਾਨ ਕਰਨਗੀਆਂ ।23ਇਸ ਕਾਰਨ ਮੀਕਲ ਸ਼ਾਊਲ ਦੀ ਧੀ ਨੂੰ ਮਰਨ ਤੱਕ ਕੋਈ ਬੱਚਾ ਨਾ ਜੰਮਿਆ ।

7
ਦਾਊਦ ਨੂੰ ਨਾਥਾਨ ਨਬੀ ਦਾ ਸੰਦੇਸ਼
( 1 ਇਤ. 17:1 – 15)

1ਅਜਿਹਾ ਹੋਇਆ ਜਿਸ ਵੇਲੇ ਰਾਜਾ ਆਪਣੇ ਘਰ ਵਿੱਚ ਬੈਠਾ ਸੀ, ਯਹੋਵਾਹ ਨੇ ਉਸ ਦੇ ਚੁਫੇਰੇ ਦੇ ਵੈਰੀਆਂ ਤੋਂ ਉਹ ਨੂੰ ਆਰਾਮ ਦਿੱਤਾ ।2ਤਦ ਰਾਜਾ ਨੇ ਨਾਥਾਨ ਨਬੀ ਨੂੰ ਆਖਿਆ, ਵੇਖ, ਮੈਂ ਤਾਂ ਦਿਆਰ ਦੀਆਂ ਲੱਕੜੀਆਂ ਦੇ ਮਹਿਲ ਵਿੱਚ ਰਹਿੰਦਾ ਹਾਂ ਪਰ ਪਰਮੇਸ਼ੁਰ ਦਾ ਸੰਦੂਕ ਪੜਦਿਆਂ ਦੇ ਵਿਚਕਾਰ ਰਹਿੰਦਾ ਹੈ ।

3ਤਦ ਨਾਥਾਨ ਨੇ ਰਾਜਾ ਨੂੰ ਆਖਿਆ, ਜਾ, ਜੋ ਕੁਝ ਤੇਰੇ ਮਨ ਵਿੱਚ ਹੈ ਉਸੇ ਤਰ੍ਹਾਂ ਕਰ, ਕਿਉਂ ਜੋ ਯਹੋਵਾਹ ਤੇਰੇ ਨਾਲ ਹੈ ।4ਉਸੇ ਰਾਤ ਯਹੋਵਾਹ ਦਾ ਬਚਨ ਨਾਥਾਨ ਨੂੰ ਆਇਆ, ਜਾ ਕੇ ਮੇਰੇ ਦਾਸ ਦਾਊਦ ਨੂੰ ਆਖ, ਯਹੋਵਾਹ ਇਸ ਤਰ੍ਹਾਂ ਫ਼ਰਮਾਉਂਦਾ ਹੈ,5ਕੀ ਤੂੰ ਮੇਰੇ ਰਹਿਣ ਲਈ ਇੱਕ ਭਵਨ ਬਣਾਏਂਗਾ ?
6ਜਿਸ ਦਿਨ ਤੋਂ ਮੈਂ ਇਸਰਾਏਲ ਨੂੰ ਮਿਸਰ ਵਿਚੋਂ ਬਾਹਰ ਕੱਢ ਲਿਆਇਆ ਹਾਂ, ਅੱਜ ਤੱਕ ਮੈਂ ਕਿਸੇ ਭਵਨ ਵਿਚ ਨਹੀਂ ਰਿਹਾ ਸਗੋਂ ਤੰਬੂ ਵਿੱਚ ਜਾਂ ਡੇਰ੍ਹੇ ਵਿੱਚ ਫਿਰਦਾ ਰਿਹਾ ।7ਜਿੱਥੇ-ਜਿੱਥੇ ਮੈਂ ਸਾਰੇ ਇਸਰਾਏਲੀਆਂ ਦੇ ਨਾਲ ਫਿਰਦਾ ਰਿਹਾਂ ਹਾਂ, ਤਾਂ ਭਲਾ, ਮੈਂ ਕਿਸੇ ਇਸਰਾਏਲੀ ਪਰਜਾ ਦੇ ਚਰਾਉਣ ਦੀ ਆਗਿਆ ਕੀਤੀ, ਕਦੀ ਆਖਿਆ ਕਿ ਤੁਸੀਂ ਮੇਰੇ ਲਈ ਦਿਆਰ ਦਾ ਭਵਨ ਕਿਉਂ ਨਹੀਂ ਬਣਾਉਂਦੇ ?
8ਸੋ ਹੁਣ ਤੂੰ ਮੇਰੇ ਦਾਸ ਦਾਊਦ ਨੂੰ ਆਖ ਕਿ ਸੈਨਾਂ ਦਾ ਯਹੋਵਾਹ ਇਹ ਆਖਦਾ ਹੈ, ਮੈਂ ਤੈਨੂੰ ਭੇਡ-ਬਕਰੀਆਂ ਦੇ ਸਥਾਨ ਵਿੱਚੋਂ ਜਿੱਥੇ ਤੂੰ ਭੇਡਾਂ ਚਰਾਉਂਦਾ ਹੁੰਦਾ ਸੀ, ਮੈਂ ਕੱਢ ਕੇ ਆਪਣੀ ਪਰਜਾ ਇਸਰਾਏਲ ਦੇ ਉੱਤੇ ਪ੍ਰਧਾਨ ਬਣਾ ਦਿੱਤਾ ।9ਅਤੇ ਜਿੱਥੇ-ਜਿੱਥੇ ਤੂੰ ਗਿਆ ਮੈਂ ਤੇਰੇ ਨਾਲ ਰਿਹਾ ਅਤੇ ਤੇਰੇ ਸਾਰਿਆਂ ਵੈਰੀਆਂ ਨੂੰ ਤੇਰੇ ਅੱਗੋਂ ਮਿਟਾ ਦਿੱਤਾ ਅਤੇ ਮੈਂ ਉਨ੍ਹਾਂ ਲੋਕਾਂ ਵਰਗਾ ਜਿਨ੍ਹਾਂ ਦਾ ਨਾਮ ਜਗਤ ਵਿੱਚ ਵੱਡਾ ਹੈ, ਤੇਰਾ ਨਾਮ ਵੱਡਾ ਕਰਾਗਾਂ ।
10ਮੈਂ ਆਪਣੀ ਪਰਜਾ ਇਸਰਾਏਲ ਦੇ ਲਈ ਇੱਕ ਥਾਂ ਠਹਿਰਾ ਦਿਆਂਗਾ ਅਤੇ ਉੱਥੇ ਉਨ੍ਹਾਂ ਨੂੰ ਸਥਿਰ ਕਰਾਂਗਾ, ਜੋ ਓਹ ਆਪਣੇ ਠੀਕ ਥਾਂ ਵਿੱਚ ਵੱਸਣ ਅਤੇ ਫੇਰ ਨਾ ਭਟਕਣ ਅਤੇ ਦੁਸ਼ਟ ਲੋਕ ਫਿਰ ਉਹਨਾਂ ਨੂੰ ਦੁੱਖ ਨਾ ਦੇਣਗੇ ਜਿਵੇਂ ਪਹਿਲਾਂ ਦਿੰਦੇ ਸੀ,11ਸਗੋਂ ਉਸ ਦਿਨ ਵਾਂਗੂੰ ਜਿਸ ਵਿੱਚ ਮੈਂ ਨਿਆਈਆਂ ਨੂੰ ਹੁਕਮ ਦਿੱਤਾ ਸੀ ਕਿ ਮੇਰੀ ਪਰਜਾ ਇਸਰਾਏਲ ਉੱਤੇ ਹੋਵੋ ਅਤੇ ਮੈਂ ਤੇਰੇ ਸਾਰੇ ਵੈਰੀਆਂ ਤੋਂ ਆਰਾਮ ਦਿਆਗਾ । ਫਿਰ ਯਹੋਵਾਹ ਤੈਨੂੰ ਇਹ ਵੀ ਦੱਸਦਾ ਹੈ ਜੋ ਯਹੋਵਾਹ ਤੇਰੇ ਲਈ ਵੀ ਘਰ ਬਣਾਏਗਾ,
12ਅਤੇ ਜਦ ਤੇਰੇ ਦਿਨ ਪੂਰੇ ਹੋਣਗੇ, ਅਤੇ ਤੂੰ ਆਪਣੇ ਪਿਓ ਦਾਦਿਆਂ ਦੇ ਨਾਲ ਸੌਂ ਜਾਵੇਂਗਾ, ਤਾਂ ਮੈਂ ਤੇਰੇ ਪਿੱਛੋਂ ਤੇਰੀ ਸੰਤਾਨ ਨੂੰ ਖੜ੍ਹਾ ਕਰਾਂਗਾ ਅਤੇ ਉਸ ਦੇ ਰਾਜ ਨੂੰ ਮਜ਼ਬੂਤ ਕਰਾਂਗਾ ।13ਉਹ ਮੇਰੇ ਨਾਮ ਦਾ ਇੱਕ ਭਵਨ ਬਣਾਵੇਗਾ ਅਤੇ ਮੈਂ ਉਸ ਦੇ ਰਾਜ ਦੀ ਗੱਦੀ ਨੂੰ ਸਦੀਪਕ ਕਾਲ ਤੱਕ ਸਥਿਰ ਰੱਖਾਂਗਾ ।14ਮੈਂ ਉਸ ਦਾ ਪਿਤਾ ਬਣਾਂਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ । ਜੇ ਕਦੀ ਉਹ ਬੁਰਾਈ ਕਰੇ, ਤਾਂ ਮੈਂ ਉਹ ਨੂੰ ਮਨੁੱਖਾਂ ਦੀ ਜੋਗ ਸਜ਼ਾ ਅਤੇ ਆਦਮ ਦੀ ਸੰਤਾਨ ਦੀ ਜੋਗ ਸਜ਼ਾ ਨਾਲ ਤਾੜਨਾ ਦੇਵਾਂਗਾ ।
15ਪਰ ਮੇਰੀ ਦਯਾ ਉਸ ਤੋਂ ਵੱਖਰੀ ਨਾ ਹੋਵੇਗੀ, ਜਿਵੇਂ ਸ਼ਾਊਲ ਤੋਂ ਵੱਖਰੀ ਕਰ ਕੇ ਮੈਂ ਉਸ ਨੂੰ ਤੇਰੇ ਅੱਗੋਂ ਨਾਸ਼ ਕੀਤਾ ।16ਤੇਰਾ ਘਰਾਣਾ ਅਤੇ ਤੇਰਾ ਰਾਜ ਸਦੀਪਕ ਕਾਲ ਤੱਕ ਤੇਰੇ ਅੱਗੇ ਅਟੱਲ ਰਹੇਗਾ । ਤੇਰੀ ਰਾਜ ਗੱਦੀ ਸਦਾ ਅਟੱਲ ਰਹੇਗੀ ।17ਸੋ ਨਾਥਾਨ ਨੇ ਇਨ੍ਹਾਂ ਸਾਰੀਆਂ ਗੱਲਾਂ ਅਤੇ ਉਸ ਦਰਸ਼ਣ ਅਨੁਸਾਰ ਦਾਊਦ ਨੂੰ ਸਮਝਾ ਦਿੱਤਾ ।
ਦਾਊਦ ਦੀ ਪ੍ਰਾਰਥਨਾ
(1 ਇਤ. 17:6 – 27)

18ਤਦ ਦਾਊਦ ਰਾਜਾ ਅੰਦਰ ਗਿਆ ਅਤੇ ਯਹੋਵਾਹ ਦੇ ਅੱਗੇ ਬੈਠ ਕੇ ਆਖਿਆ, ਹੇ ਪ੍ਰਭੂ ਯਹੋਵਾਹ, ਮੈਂ ਕੌਣ ਹਾਂ । ਮੇਰਾ ਘਰ ਕੀ ਹੈ ਜੋ ਤੂੰ ਮੈਨੂੰ ਐਥੋਂ ਤੱਕ ਪਹੁੰਚਾ ਦਿੱਤਾ ਹੈ ?19ਤਾਂ ਵੀ ਹੇ ਪ੍ਰਭੂ ਯਹੋਵਾਹ, ਇਹ ਤੇਰੀ ਨਿਗਾਹ ਵਿੱਚ ਇਹ ਕੁਝ ਵੀ ਨਹੀਂ ਹੈ ਕਿਉਂ ਜੋ ਤੂੰ ਆਪਣੇ ਦਾਸ ਦੇ ਘਰ ਦੇ ਲਈ ਬਹੁਤ ਦੂਰ ਦੀ ਖ਼ਬਰ ਪਹਿਲਾਂ ਹੀ ਦੱਸ ਦਿੱਤੀ । ਹੇ ਪ੍ਰਭੂ ਯਹੋਵਾਹ, ਮਨੁੱਖ ਦਾ ਇਹੋ ਨਿਯਮ ਹੈ !20ਅਤੇ ਦਾਊਦ ਤੈਨੂੰ ਹੋਰ ਕੀ ਆਖ ਸਕਦਾ ਹੈ ? ਹੇ ਪ੍ਰਭੂ ਯਹੋਵਾਹ, ਤੂੰ ਤਾਂ ਆਪਣੇ ਦਾਸ ਨੂੰ ਜਾਣਦਾ ਹੈਂ !
21ਤੂੰ ਆਪਣੇ ਬਚਨ ਦੇ ਅਨੁਸਾਰ ਅਤੇ ਆਪਣੇ ਮਨ ਦੇ ਅਨੁਸਾਰ ਇਹ ਸਾਰੇ ਵੱਡੇ ਕੰਮ ਕੀਤੇ ਤਾਂ ਜੋ ਤੇਰਾ ਦਾਸ ਜਾਣ ਲਵੇ ।22ਇਸ ਲਈ ਹੇ ਯਹੋਵਾਹ ਪਰਮੇਸ਼ੁਰ, ਤੂੰ ਵੱਡਾ ਹੈਂ ਕਿਉਂ ਜੋ ਜਿਥੋਂ ਤੱਕ ਅਸੀਂ ਆਪਣੇ ਕੰਨੀਂ ਸੁਣਿਆ ਹੈ ਕੋਈ ਤੇਰੇ ਵਰਗਾ ਨਹੀਂ ਅਤੇ ਤੇਰੇ ਤੋਂ ਬਿਨ੍ਹਾਂ ਹੋਰ ਕੋਈ ਪਰਮੇਸ਼ੁਰ ਨਹੀਂ ਹੈ ।23ਅਤੇ ਇਸ ਸੰਸਾਰ ਵਿੱਚ ਤੇਰੀ ਪਰਜਾ ਇਸਰਾਏਲ ਦੇ ਵਰਗੀ ਕਿਹੜੀ ਕੌਮ ਹੈ, ਜਿਸ ਦੇ ਬਚਾਉਣ ਨੂੰ ਪਰਮੇਸ਼ੁਰ ਆਪ ਗਿਆ ਕਿ ਉਹ ਨੂੰ ਆਪਣੀ ਪਰਜਾ ਬਣਾਵੇ ਅਤੇ ਤੁਹਾਡੇ ਅਤੇ ਤੇਰੇ ਦੇਸ਼ ਦੇ ਲਈ ਵੱਡੀਆਂ ਤੇ ਡਰਾਉਣੀਆਂ ਸ਼ਕਤੀਆਂ ਆਪਣੀ ਪਰਜਾ ਦੇ ਅੱਗੇ ਵਿਖਾਵੇ, ਜਿਸ ਨੂੰ ਤੂੰ ਮਿਸਰ ਤੋਂ, ਕੌਮਾਂ ਤੇ ਅਤੇ ਉਨ੍ਹਾਂ ਦੇ ਦੇਵਤਿਆਂ ਤੋਂ ਆਪਣੇ ਲਈ ਛੁਟਕਾਰਾ ਦਿੱਤਾ ?
24ਤੂੰ ਆਪਣੇ ਲਈ ਆਪਣੀ ਪਰਜਾ ਇਸਰਾਏਲ ਨੂੰ ਕਾਇਮ ਕੀਤਾ, ਜੋ ਸਦੀਪਕ ਕਾਲ ਤੱਕ ਉਹ ਤੇਰੀ ਪਰਜਾ ਹੋਵੇ ਅਤੇ ਹੇ ਯਹੋਵਾਹ, ਤੂੰ ਆਪ ਉਨ੍ਹਾਂ ਦਾ ਪਰਮੇਸ਼ੁਰ ਬਣਿਆ ।25ਹੁਣ ਹੇ ਯਹੋਵਾਹ ਪਰਮੇਸ਼ੁਰ, ਉਸ ਬਚਨ ਨੂੰ ਜੋ ਤੂੰ ਆਪਣੇ ਦਾਸ ਲਈ ਅਤੇ ਉਹ ਦੇ ਘਰਾਣੇ ਦੇ ਬਾਰੇ ਬੋਲਿਆ ਹੈ, ਸਦੀਪਕ ਕਾਲ ਤੱਕ ਅਟੱਲ ਕਰ ਅਤੇ ਜੋ ਤੂੰ ਬੋਲਿਆ ਹੈ ਉਸੇ ਤਰ੍ਹਾਂ ਹੀ ਕਰ ।26ਇਹ ਆਖ ਕੇ ਤੇਰੇ ਨਾਮ ਦੀ ਸਦੀਪਕ ਕਾਲ ਤੱਕ ਵਡਿਆਈ ਹੋਵੇ ਕਿ ਸੈਨਾਂ ਦਾ ਯਹੋਵਾਹ ਇਸਰਾਏਲ ਉੱਤੇ ਪਰਮੇਸ਼ੁਰ ਹੈ ਅਤੇ ਤੇਰੇ ਦਾਸ ਦਾਊਦ ਦਾ ਘਰਾਣਾ ਤੇਰੇ ਸਾਹਮਣੇ ਅਟੱਲ ਰਹੇ ।
27ਕਿਉਂ ਜੋ ਤੂੰ, ਹੇ ਸੈਨਾਂ ਦੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ, ਆਪਣੇ ਦਾਸ ਦੇ ਕੰਨ ਖੋਲ੍ਹ ਦਿੱਤੇ ਅਤੇ ਆਖਿਆ ਕਿ ਮੈਂ ਤੇਰੇ ਲਈ ਘਰ ਬਣਾਵਾਂਗਾ ਇਸ ਲਈ ਤੇਰੇ ਦਾਸ ਨੂੰ ਇੰਨ੍ਹੀ ਹਿੰਮਤ ਹੋਈ ਜੋ ਤੇਰੇ ਅੱਗੇ ਇਹ ਪ੍ਰਾਰਥਨਾ ਕਰੇ ।28ਹੇ ਯਹੋਵਾਹ ਪ੍ਰਭੂ, ਤੂੰ ਹੀ ਪਰਮੇਸ਼ੁਰ ਹੈਂ ਅਤੇ ਤੇਰੇ ਬਚਨ ਸੱਚੇ ਹਨ ਅਤੇ ਤੂੰ ਆਪਣੇ ਦਾਸ ਨਾਲ ਭਲਿਆਈ ਦਾ ਵਾਇਦਾ ਕੀਤਾ ਹੈ ।29ਸੋ ਹੁਣ ਤੂੰ ਆਪਣੇ ਦਾਸ ਦੇ ਘਰ ਨੂੰ ਬਰਕਤ ਦੇ, ਜੋ ਉਹ ਤੇਰੇ ਅੱਗੇ ਸਦੀਪਕ ਕਾਲ ਤੱਕ ਅਟੱਲ ਰਹੇ ਕਿਉਂ ਜੋ ਤੂੰ ਹੇ ਯਹੋਵਾਹ ਪ੍ਰਭੂ, ਇਹ ਆਖਿਆ ਹੈ ਅਤੇ ਤੇਰੀ ਹੀ ਬਰਕਤ ਨਾਲ ਤੇਰੇ ਦਾਸ ਦਾ ਘਰਾਣਾ ਸਦੀਪਕ ਤੱਕ ਮੁਬਾਰਕ ਹੋਵੇ ।

8
ਦਾਊਦ ਦੀ ਜਿੱਤ
(1 ਇਤ. 18:1 - 17)

1ਇਸ ਤੋਂ ਬਾਅਦ ਅਜਿਹਾ ਹੋਇਆ ਕਿ ਦਾਊਦ ਨੇ ਫ਼ਲਿਸਤੀਆਂ ਨੂੰ ਮਾਰਿਆ ਅਤੇ ਉਨ੍ਹਾਂ ਨੂੰ ਆਪਣੇ ਅਧੀਨ ਕਰ ਲਿਆ । ਅਤੇ ਦਾਊਦ ਨੇ ਰਾਜਧਾਨੀ ਫ਼ਲਿਸਤੀਆਂ ਦੇ ਹੱਥ ਵਿਚੋਂ ਖੋਹ ਲਈ ।

2ਅਤੇ ਉਸ ਨੇ ਮੋਆਬ ਨੂੰ ਵੀ ਜਿੱਤ ਲਿਆ ਅਤੇ ਉਨ੍ਹਾਂ ਨੂੰ ਧਰਤੀ ਉੱਤੇ ਲੰਮੇ ਪਾ ਕੇ ਡੋਰੀ ਨਾਲ ਉਨ੍ਹਾਂ ਨੂੰ ਮਿਣਿਆ ਅਰਥਾਤ ਦੋ ਡੋਰੀਆਂ ਤੱਕ ਮਿਣੇ ਗਏ ਲੋਕਾਂ ਨੂੰ ਘਾਤ ਕੀਤਾ ਅਤੇ ਇੱਕ ਡੋਰੀ ਤੱਕ ਮਿਣੇ ਗਏ ਲੋਕਾਂ ਨੂੰ ਜੀਉਂਦੇ ਛੱਡ ਦਿੱਤਾ, ਤਦ ਮੋਆਬੀ ਦਾਊਦ ਦੇ ਸੇਵਕ ਬਣੇ ਅਤੇ ਭੇਂਟ ਚੜ੍ਹਾਉਣ ਲਈ ਲਿਆਏ ।
3ਦਾਊਦ ਨੇ ਸੋਬਾਰ ਦੇ ਰਾਜਾ ਰਹੋਬ ਦੇ ਪੁੱਤਰ ਹਦਦਅਜ਼ਰ ਨੂੰ ਵੀ ਜਿੱਤ ਲਿਆ, ਜਦ ਉਹ ਦਰਿਆ ਉੱਤੇ ਆਪਣੇ ਦੇਸ਼ ਨੂੰ ਛਡਾਉਣ ਨਿੱਕਲਿਆ ਸੀ ।4ਦਾਊਦ ਨੇ ਉਸ ਦੇ ਇੱਕ ਹਜ਼ਾਰ ਸੱਤ ਸੌ ਸਵਾਰ ਅਤੇ ਵੀਹ ਹਜ਼ਾਰ ਪਿਆਦੇ ਫੜ ਲਏ । ਦਾਊਦ ਨੇ ਰਥਾਂ ਦੇ ਸਾਰੇ ਘੋੜਿਆਂ ਦੀਆਂ ਨਾੜਾਂ ਨੂੰ ਵੱਡ ਸੁੱਟਿਆਂ ਪਰ ਉਨ੍ਹਾਂ ਵਿੱਚੋਂ ਸੌ ਰਥਾਂ ਦੇ ਲਈ ਘੋੜੇ ਰੱਖ ਲਏ ।
5ਜਦ ਦੰਮਿਸਕ ਦੇ ਅਰਾਮੀ, ਸੋਬਾਹ ਦੇ ਰਾਜਾ ਹਦਦਅਜ਼ਰ ਦੀ ਸਹਾਇਤਾ ਕਰਨ ਨੂੰ ਆਏ ਤਾਂ ਦਾਊਦ ਨੇ ਦੰਮਿਸਕੀ ਅਰਾਮੀਆਂ ਦੇ ਬਾਈ ਹਜ਼ਾਰ ਮਨੁੱਖ ਮਾਰ ਸੁੱਟੇ ।6ਤਦ ਦਾਊਦ ਨੇ ਦੰਮਿਸਕੀ ਅਰਾਮੀਆਂ ਦੇ ਵਿਚਕਾਰ ਚੌਂਕੀਆਂ ਬੈਠਾ ਦਿੱਤੀਆਂ, ਸੋ ਅਰਾਮੀ ਵੀ ਦਾਊਦ ਦੇ ਸੇਵਕ ਬਣੇ ਅਤੇ ਭੇਂਟ ਲਿਆਏ । ਜਿੱਥੇ ਵੀ ਦਾਊਦ ਜਾਂਦਾ ਸੀ, ਯਹੋਵਾਹ ਉਹ ਨੂੰ ਜਿੱਤ ਬਖਸ਼ਦਾ ਸੀ ।
7ਦਾਊਦ ਨੇ ਹਦਦਅਜ਼ਰ ਦੇ ਦਾਸਾਂ ਦੀਆਂ ਸੁਨਹਿਰੀ ਢਾਲਾਂ ਖੋਹ ਲਈਆਂ ਅਤੇ ਉਨ੍ਹਾਂ ਨੂੰ ਯਰੂਸ਼ਲਮ ਵਿੱਚ ਲੈ ਆਇਆ ।8ਅਤੇ ਬਟਹ ਅਤੇ ਬੇਰੋਤਈ ਤੋਂ ਜੋ ਹਦਦਅਜ਼ਰ ਦੇ ਸ਼ਹਿਰਾਂ ਵਿੱਚੋਂ ਸਨ, ਦਾਊਦ ਰਾਜਾ ਢੇਰ ਸਾਰਾ ਪਿੱਤਲ ਲੈ ਆਇਆ ।
9ਜਦ ਹਮਾਥ ਦੇ ਰਾਜਾ ਤੋਈ ਨੇ ਸੁਣਿਆ ਜੋ ਦਾਊਦ ਨੇ ਹਦਦਅਜ਼ਰ ਦੀ ਸਾਰੀ ਫੋਜ ਨੂੰ ਮਾਰਿਆ ਹੈ,10ਤਦ ਤੋਈ ਨੇ ਆਪਣੇ ਪੁੱਤਰ ਯੋਰਾਮ ਨੂੰ ਦਾਊਦ ਰਾਜਾ ਕੋਲ ਭੇਜਿਆ ਜੋ ਉਸ ਦੀ ਸੁੱਖ-ਸਾਂਦ ਪੁੱਛੇ ਅਤੇ ਵਧਾਈ ਦੇਵੇ ਕਿਉਂ ਜੋ ਉਸ ਨੇ ਹਦਦਅਜ਼ਰ ਨਾਲ ਲੜਾਈ ਕਰ ਕੇ ਉਹ ਨੂੰ ਮਾਰ ਲਿਆ ਸੀ, ਕਿਉਂ ਜੋ ਹਦਦਅਜ਼ਰ ਤੋਈ ਨਾਲ ਵੀ ਲੜਾਈ ਕਰਦਾ ਰਹਿੰਦਾ ਸੀ । ਸੋ ਯੋਰਾਮ ਚਾਂਦੀ, ਅਤੇ ਪਿੱਤਲ ਦੇ ਭਾਂਡੇ ਆਪਣੇ ਨਾਲ ਲੈ ਆਇਆ ।
11ਦਾਊਦ ਰਾਜਾ ਨੇ ਉਹ ਸਭ ਕੁਝ ਜੋ ਉਸਨੇ ਕੌਮਾਂ ਤੋਂ ਜਿਤਿਆ ਸੀ, ਉਹਨਾਂ ਦੀ ਚਾਂਦੀ ਅਤੇ ਸੋਨੇ ਸਮੇਤ, ਇਨ੍ਹਾਂ ਨੂੰ ਵੀ ਯਹੋਵਾਹ ਦੇ ਲਈ ਪਵਿੱਤਰ ਕਰ ਕੇ ਰੱਖ ਛੱਡਿਆ ।12ਅਰਥਾਤ ਅਰਾਮੀਆਂ, ਮੋਆਬੀਆਂ, ਅੰਮੋਨੀਆਂ, ਫ਼ਲਿਸਤੀਆਂ, ਅਮਾਲੇਕੀਆਂ, ਅਤੇ ਸੋਬਾਹ ਦੇ ਰਾਜਾ ਰਹੋਬ ਦੇ ਪੁੱਤਰ ਹਦਦਅਜ਼ਰ ਦੀ ਲੁੱਟ ਵਿੱਚੋਂ ਰੱਖਿਆ,
13ਜਦ ਦਾਊਦ ਅਠਾਰਾਂ ਹਜ਼ਾਰ ਅਰਾਮੀਆਂ ਨੂੰ ਮਾਰ ਕੇ ਮੁੜ ਆਇਆ ਤਦ ਉਸਦਾ ਨਾਮ ਵੱਡਾ ਹੋਇਆ ।14ਉਸ ਨੇ ਅਦੋਮ ਵਿੱਚ ਚੌਕੀਆਂ ਬਿਠਾਈਆਂ, ਸਗੋਂ ਸਾਰੇ ਅਦੋਮ ਵਿੱਚ ਚੌਕੀਆਂ ਬਿਠਾਈਆਂ । ਸਾਰੇ ਅਦੋਮੀ ਵੀ ਦਾਊਦ ਦੇ ਅਧੀਨ ਹੋ ਗਏ । ਜਿੱਥੇ-ਜਿੱਥੇ ਦਾਊਦ ਗਿਆ, ਯਹੋਵਾਹ ਦਾਊਦ ਨੂੰ ਜਿੱਤ ਬਖ਼ਸ਼ਦਾ ਰਿਹਾ ।
ਦਾਊਦ ਦੇ ਕਰਮਚਾਰੀਆਂ ਦੇ ਨਾਮ

15ਦਾਊਦ ਨੇ ਸਾਰੇ ਇਸਰਾਏਲ ਉੱਤੇ ਰਾਜ ਕੀਤਾ ਅਤੇ ਦਾਊਦ ਆਪਣੀ ਸਾਰੀ ਪਰਜਾ ਨਾਲ ਧਰਮ ਅਤੇ ਨਿਆਂ ਦੇ ਕੰਮ ਕਰਦਾ ਸੀ ।16ਸੂਰਯਾਹ ਦਾ ਪੁੱਤਰ ਯੋਆਬ ਸੈਨਾਪਤੀ ਸੀ । ਅਹੀਲੂਦ ਦਾ ਪੁੱਤਰ ਯਹੋਸਾਫਾਤ ਇਤਿਹਾਸ ਦਾ ਲਿਖਾਰੀ ਸੀ ।17ਅਹੀਟੂਬ ਦਾ ਪੁੱਤਰ ਸਾਦੋਕ ਅਤੇ ਅਬਯਾਥਾਰ ਦਾ ਪੁੱਤਰ ਅਹੀਮਲਕ ਜਾਜਕ ਸਨ, ਅਤੇ ਸਰਾਯਾਹ ਲਿਖਾਰੀ ਸੀ,18ਅਤੇ ਯਹੋਯਾਦਾ ਦਾ ਪੁੱਤਰ ਬਨਾਯਾਹ ਕਰੇਤੀਆਂ ਅਤੇ ਫ਼ਲੇਤੀਆਂ ਉੱਤੇ ਪ੍ਰਧਾਨ ਸੀ ਅਤੇ ਦਾਊਦ ਦੇ ਪੁੱਤਰ ਦੀਵਾਨ ਸਨ ।

9
ਮਫੀਬੋਸ਼ਥ ਉੱਤੇ ਦਾਊਦ ਦੀ ਕਿਰਪਾ

1ਫਿਰ ਦਾਊਦ ਨੇ ਪੁੱਛਿਆ, ਕੀ ਸ਼ਾਊਲ ਦੇ ਘਰਾਣੇ ਵਿੱਚੋਂ ਅਜੇ ਵੀ ਕੋਈ ਰਹਿੰਦਾ ਹੈ ਤਾਂ ਜੋ ਮੈਂ ਯੋਨਾਥਾਨ ਦੇ ਕਾਰਨ ਉਸ ਉੱਤੇ ਦਯਾ ਕਰਾਂ ?2ਸ਼ਾਊਲ ਦੇ ਘਰਾਣੇ ਦਾ ਸੀਬਾ ਨਾਮ ਦਾ ਇੱਕ ਸੇਵਕ ਸੀ ਜਦ ਉਨ੍ਹਾਂ ਨੇ ਉਸ ਨੂੰ ਦਾਊਦ ਕੋਲ ਸੱਦਿਆ ਤਾਂ ਰਾਜਾ ਨੇ ਉਸ ਨੂੰ ਪੁੱਛਿਆ, ਤੂੰ ਸੀਬਾ ਹੈਂ ? ਉਹ ਬੋਲਿਆ, ਜੀ ਤੁਹਾਡਾ ਸੇਵਕ ਮੈਂ ਉਹੋ ਹੀ ਹਾਂ ।

3ਤਦ ਰਾਜਾ ਨੇ ਉਹ ਨੂੰ ਆਖਿਆ, ਸ਼ਾਊਲ ਦੇ ਘਰਾਣੇ ਵਿੱਚੋਂ ਕੋਈ ਰਹਿੰਦਾ ਹੈ ਤਾਂ ਜੋ ਮੈਂ ਉਹ ਦੇ ਨਾਲ ਪਰਮੇਸ਼ੁਰ ਜਿਹੀ ਦਯਾ ਕਰਾਂ ? ਸੀਬਾ ਨੇ ਰਾਜਾ ਨੂੰ ਆਖਿਆ, ਅਜੇ ਯੋਨਾਥਾਨ ਦਾ ਇੱਕ ਪੁੱਤਰ ਹੈ ਜੋ ਪੈਰੋਂ ਲੰਗੜਾ ਹੈ ।4ਤਦ ਰਾਜਾ ਨੇ ਉਹ ਨੂੰ ਪੁੱਛਿਆ, ਉਹ ਕਿੱਥੇ ਹੈ ? ਸੀਬਾ ਨੇ ਰਾਜਾ ਨੂੰ ਆਖਿਆ ਵੇਖੋ ਲੋਦਬਰ ਵਿੱਚ ਅੰਮੀਏਲ ਦੇ ਪੁੱਤਰ ਮਾਕੀਰ ਦੇ ਘਰ ਵਿੱਚ ਹੈ ।
5ਸੋ ਦਾਊਦ ਰਾਜਾ ਨੇ ਮਨੁੱਖ ਭੇਜੇ ਅਤੇ ਲੋਦਬਾਰ ਤੋਂ ਅੰਮੀਏਲ ਦੇ ਪੁੱਤਰ ਮਾਕੀਰ ਦੇ ਘਰੋਂ ਉਹ ਨੂੰ ਮੰਗਵਾ ਲਿਆ ।6ਅਤੇ ਜਦ ਸ਼ਾਊਲ ਦਾ ਪੋਤਰਾ ਯੋਨਾਥਨ ਦਾ ਪੁੱਤਰ ਮਫੀਬੋਸ਼ਥ ਦਾਊਦ ਦੇ ਕੋਲ ਆਇਆ ਤਾਂ ਉਸ ਨੇ ਮੂੰਹ ਦੇ ਭਾਰ ਡਿੱਗ ਕੇ ਮੱਥਾ ਟੇਕਿਆ । ਤਦ ਦਾਊਦ ਨੇ ਆਖਿਆ, ਮਫੀਬੋਸ਼ਥ ! ਉਸ ਨੇ ਆਖਿਆ, ਵੇਖੋ, ਤੁਹਾਡਾ ਸੇਵਕ ਹਾਜ਼ਰ ਹੈ !
7ਸੋ ਦਾਊਦ ਨੇ ਉਹ ਨੂੰ ਆਖਿਆ, ਡਰ ਨਾ ਕਿਉਂ ਜੋ ਮੈਂ ਤੇਰੇ ਪਿਤਾ ਯੋਨਾਥਾਨ ਦੇ ਕਾਰਨ ਤੇਰੇ ਨਾਲ ਭਲਿਆਈ ਕਰਾਗਾਂ ਅਤੇ ਤੇਰੇ ਦਾਦਾ ਸ਼ਾਊਲ ਦੀ ਸਾਰੀ ਜ਼ਮੀਨ ਤੈਨੂੰ ਮੋੜ ਦਿਆਂਗਾ ਅਤੇ ਤੂੰ ਹਮੇਸ਼ਾ ਮੇਰੀ ਮੇਜ਼ ਤੋਂ ਰੋਟੀ ਖਾਵੇਂਗਾ ।8ਤਦ ਉਸ ਨੇ ਮੱਥਾ ਟੇਕਿਆ ਅਤੇ ਬੋਲਿਆ, ਤੁਹਾਡਾ ਸੇਵਕ ਹੈ ਹੀ ਕੀ ਜੋ ਤੁਸੀਂ ਮੇਰੇ ਉੱਤੇ ਜੋ ਮਰੇ ਹੋਏ ਕੁੱਤੇ ਵਰਗਾ ਹਾਂ ਧਿਆਨ ਕਰੋ ।
9ਤਦ ਰਾਜਾ ਨੇ ਸ਼ਾਊਲ ਦੇ ਸੇਵਕ ਸੀਬਾ ਨੂੰ ਸੱਦਿਆ ਅਤੇ ਉਹ ਨੂੰ ਆਖਿਆ, ਮੈਂ ਸਭ ਕੁਝ ਜੋ ਸ਼ਾਊਲ ਅਤੇ ਉਸ ਦੇ ਘਰਾਣੇ ਦਾ ਸੀ, ਸੋ ਤੇਰੇ ਮਾਲਕ ਦੇ ਪੁੱਤਰ ਨੂੰ ਦੇ ਦਿੱਤਾ ਹੈ ।10ਸੋ ਤੂੰ ਆਪਣੇ ਪੁੱਤਰਾਂ ਅਤੇ ਸੇਵਕਾਂ ਸਮੇਤ ਉਹ ਦੇ ਲਈ ਜ਼ਮੀਨ ਵਾਹ ਅਤੇ ਉਸ ਦੀ ਪੈਦਾਵਾਰ ਲਿਆਇਆ ਕਰ ਜੋ ਤੇਰੇ ਮਾਲਕ ਦੇ ਪੁੱਤਰ ਦੇ ਲਈ ਰੋਟੀ ਹੋਵੇ ਪਰ ਮਫੀਬੋਸ਼ਥ ਜੋ ਤੇਰੇ ਮਾਲਕ ਦਾ ਪੁੱਤਰ ਹੈ ਉਹ ਹਮੇਸ਼ਾ ਲਈ ਮੇਰੀ ਮੇਜ਼ ਤੋਂ ਰੋਟੀ ਖਾਵੇਗਾ, ਸੀਬਾ ਦੇ ਪੰਦਰਾ ਪੁੱਤਰ ਅਤੇ ਵੀਹ ਸੇਵਕ ਸਨ ।
11ਸੀਬਾ ਨੇ ਰਾਜਾ ਨੂੰ ਆਖਿਆ, ਸਭ ਕੁਝ ਜੋ ਮੇਰੇ ਮਹਾਰਾਜ ਰਾਜਾ ਨੇ ਆਪਣੇ ਸੇਵਕ ਨੂੰ ਆਖਿਆ ਹੈ ਸੋ ਤੁਹਾਡਾ ਸੇਵਕ ਕਰੇਗਾ ਪਰ ਮਫੀਬੋਸ਼ਥ ਦੇ ਲਈ ਰਾਜਾ ਨੇ ਆਖਿਆ ਕਿ ਉਹ ਰਾਜਾ ਦੇ ਪੁੱਤਰਾਂ ਵਾਂਗੂੰ ਮੇਰੀ ਮੇਜ਼ ਤੋਂ ਰੋਟੀ ਖਾਵੇਗਾ ।12ਮਫੀਬੋਸ਼ਥ ਦਾ ਮੀਕਾ ਨਾਮ ਦੇ ਇੱਕ ਛੋਟਾ ਜਿਹਾ ਪੁੱਤਰ ਸੀ ਅਤੇ ਜਿਨ੍ਹੇ ਸੀਬਾ ਦੇ ਘਰ ਵਿੱਚ ਰਹਿੰਦੇ ਸਨ ਸਭ ਮਫੀਬੋਸ਼ਥ ਦੇ ਸੇਵਕ ਸਨ ।13ਮਫੀਬੋਸ਼ਥ ਯਰੂਸ਼ਲਮ ਵਿੱਚ ਰਿਹਾ ਕਿਉਂ ਜੋ ਉਹ ਹਮੇਸ਼ਾ ਰਾਜੇ ਦੀ ਮੇਜ਼ ਤੋਂ ਭੋਜਨ ਕਰਦਾ ਸੀ ਅਤੇ ਦੋਹਾਂ ਪੈਰਾਂ ਤੋ ਲੰਗੜਾ ਸੀ ।

10
ਅਮੋਨੀਆਂ ਅਤੇ ਅਰਾਮੀਆਂ ਦੀ ਹਾਰ
(1 ਇਤ. 17:1 -19)

1ਇਹ ਦੇ ਪਿੱਛੋਂ ਅਜਿਹਾ ਹੋਇਆ ਜੋ ਅੰਮੋਨੀਆਂ ਦਾ ਰਾਜਾ ਮਰ ਗਿਆ ਅਤੇ ਉਸ ਦੇ ਪੁੱਤਰ ਹਾਨੂਨ ਨੇ ਉਸ ਦੇ ਥਾਂ ਰਾਜ ਕੀਤਾ ।2ਤਦ ਦਾਊਦ ਨੇ ਆਖਿਆ, ਮੈਂ ਨਾਹਾਸ਼ ਦੇ ਪੁੱਤਰ ਹਾਨੂਨ ਦੇ ਨਾਲ ਭਲਿਆਈ ਕਰਾਂਗਾ ਜਿਵੇਂ ਉਹ ਦੇ ਪਿਤਾ ਨੇ ਮੇਰੇ ਨਾਲ ਭਲਿਆਈ ਕੀਤੀ ਸੀ ਸੋ ਦਾਊਦ ਨੇ ਉਹ ਦੇ ਪਿਤਾ ਦੇ ਵਿਖੇ ਉਹ ਦੇ ਕੋਲ ਤੱਸਲੀ ਦੇਣ ਲਈ ਆਪਣੇ ਸੇਵਕ ਭੇਜੇ ਅਤੇ ਦਾਊਦ ਦੇ ਸੇਵਕ ਅੰਮੋਨੀਆਂ ਦੇ ਦੇਸ਼ ਵਿੱਚ ਗਏ ।3ਪਰ ਅੰਮੋਨੀਆਂ ਦੇ ਪ੍ਰਧਾਨਾਂ ਨੇ ਆਪਣੇ ਮਾਲਕ ਹਾਨੂਨ ਨੂੰ ਆਖਿਆ, ਭਲਾ, ਤੈਨੂੰ ਇਹ ਧਿਆਨ ਹੈ ਜੋ ਦਾਊਦ ਤੇਰੇ ਪਿਤਾ ਦਾ ਆਦਰ ਕਰਦਾ ਹੈ ਜੋ ਉਸ ਤੱਸਲੀ ਦੇਣ ਲਈ ਤੇਰੇ ਕੋਲ ਲੋਕ ਭੇਜੇ ਹਨ ? ਭਲਾ, ਦਾਊਦ ਨੇ ਆਪਣੇ ਸੇਵਕ ਤੇਰੇ ਕੋਲ ਇਸ ਲਈ ਨਹੀਂ ਭੇਜੇ ਜੋ ਸ਼ਹਿਰ ਦਾ ਹਾਲ ਵੇਖ ਲੈਣ ਅਤੇ ਉਹ ਦਾ ਭੇਤ ਲੈਣ ਜੋ ਸ਼ਹਿਰ ਨੂੰ ਨਾਸ਼ ਕਰਨ ?

4ਤਦ ਹਾਨੂਨ ਨੇ ਦਾਊਦ ਦੇ ਸੇਵਕਾਂ ਨੂੰ ਫੜ ਲਿਆ ਅਤੇ ਸਾਰਿਆਂ ਦੀ ਅੱਧੀ-ਅੱਧੀ ਦਾੜੀ ਮੁਨਵਾ ਸੁੱਟੀ ਅਤੇ ਉਨ੍ਹਾਂ ਦੇ ਲੀੜੇ ਅੱਧ ਵਿਚਕਾਰੋਂ ਲੱਕ ਤੱਕ ਫਾੜ ਸੁੱਟੇ ਅਤੇ ਉਨ੍ਹਾਂ ਨੂੰ ਤੋਰ ਦਿੱਤਾ ।5ਜਦ ਦਾਊਦ ਨੂੰ ਖ਼ਬਰ ਮਿਲੀ ਤਾਂ ਉਸ ਨੇ ਉਨ੍ਹਾਂ ਨੂੰ ਮਿਲਣ ਲਈ ਲੋਕ ਭੇਜੇ ਕਿਉਂ ਜੋ ਓਹ ਮਨੁੱਖ ਬਹੁਤ ਲੱਜਿਆਵਾਨ ਹੋਏ ਸੋ ਰਾਜਾ ਨੇ ਆਖਿਆ, ਜਦ ਤੱਕ ਤੁਹਾਡੀਆਂ ਦਾੜ੍ਹੀਆਂ ਨਾ ਵਧਣ ਯਰੀਹੋ ਵਿੱਚ ਰਹੋ, ਇਸ ਤੋਂ ਬਾਅਦ ਹੀ ਵਾਪਸ ਆ ਜਾਣਾ ।
6ਅੰਮੋਨੀਆਂ ਨੇ ਜਦ ਵੇਖਿਆ ਕਿ ਅਸੀਂ ਦਾਊਦ ਅੱਗੇ ਬੁਰੇ ਠਹਿਰੇ ਹਾਂ ਅੰਮੋਨੀਆਂ ਨੇ ਲੋਕ ਭੇਜੇ ਅਤੇ ਬੈਤ-ਰਹੋਬ ਦੇ ਅਰਾਮੀਆਂ ਅਤੇ ਸੋਬਾ ਦੇ ਅਰਾਮੀਆਂ ਦੇ ਵੀਹ ਹਜ਼ਾਰ ਪਿਆਦੇ ਲਏ ਅਤੇ ਮਆਕਾਹ ਦੇ ਰਾਜਾ ਤੋਂ ਹਜ਼ਾਰ ਮਨੁੱਖਾਂ ਨੂੰ ਅਤੇ ਬਾਰਾਂ ਹਜ਼ਾਰ ਟੋਬ ਦੇ ਮਨੁੱਖਾਂ ਨੂੰ ਭਾੜੇ ਤੇ ਰੱਖਿਆ ।7ਇਹ ਸੁਣ ਕੇ ਦਾਊਦ ਨੇ ਯੋਆਬ ਅਤੇ ਸੂਰਮਿਆਂ ਦੀ ਸਾਰੀ ਸੈਨਾ ਨੂੰ ਭੇਜਿਆ ।8ਤਦ ਅੰਮੋਨੀ ਨਿੱਕਲੇ ਅਤੇ ਸ਼ਹਿਰ ਦੇ ਫਾਟਕ ਦੇ ਲਾਂਘੇ ਕੋਲ ਲੜਾਈ ਦੇ ਲਈ ਕਤਾਰ ਬੰਨ੍ਹੀ । ਅਤੇ ਸੋਬਾ ਅਤੇ ਰਹੋਬ ਦੇ ਅਰਾਮੀ ਅਤੇ ਟੋਬ ਅਤੇ ਮਆਕਾਹ ਦੇ ਮਨੁੱਖ ਮੈਦਾਨ ਵਿੱਚ ਵੱਖਰੇ ਰਹੇ ।
9ਜਦ ਯੋਆਬ ਨੇ ਵੇਖਿਆ ਕਿ ਉਨ੍ਹਾਂ ਦੇ ਵਿਰੁੱਧ ਦੋਹੀਂ ਪਾਸੀਂ, ਅੱਗੇ-ਪਿੱਛੇ ਲੜਾਈ ਲਈ ਕਤਾਰ ਬੰਨ੍ਹੀ ਗਈ ਹੈ ਤਾਂ ਉਸ ਨੇ ਇਸਰਾਏਲ ਵਿੱਚੋਂ ਚੰਗੇ ਮਨੁੱਖ ਚੁਣ ਲਏ ਅਤੇ ਅਰਾਮੀਆਂ ਦੇ ਸਾਹਮਣੇ ਕਤਾਰ ਬੰਨ੍ਹੀ ।10ਅਤੇ ਬਾਕੀ ਦੇ ਲੋਕਾਂ ਨੂੰ ਅੰਮੋਨੀਆਂ ਦੇ ਸਾਹਮਣੇ ਕਤਾਰ ਬੰਨ੍ਹਣ ਲਈ ਆਪਣੇ ਭਰਾ ਅਬੀਸ਼ਈ ਦੇ ਹੱਥ ਸੌਂਪ ਦਿੱਤਾ ।
11ਅਤੇ ਆਖਿਆ, ਜੇਕਰ ਅਰਾਮੀ ਮੇਰੇ ਵਿਰੁੱਧ ਪਰਬਲ ਹੋਣ ਤਾਂ ਤੂੰ ਮੇਰੀ ਸਹਾਇਤਾ ਕਰੀਂ ਅਤੇ ਜੇ ਅੰਮੇਨੀ ਤੇਰੇ ਉੱਤੇ ਜੋਰ ਪਾਉਣ ਤਾਂ ਮੈਂ ਆ ਕੇ ਤੇਰੀ ਸਹਾਇਤਾ ਕਰਾਂਗਾ ।12ਸੋ ਤਕੜੇ ਰਹੀਏ, ਆਪਣੇ ਲੋਕਾਂ ਦੇ ਲਈ ਅਤੇ ਆਪਣੇ ਪਰਮੇਸ਼ੁਰ ਦੇ ਸ਼ਹਿਰਾਂ ਦੇ ਲਈ ਪੁਰਸ਼ਾਰਥ ਕਰੀਏ ਅਤੇ ਜੋ ਯਹੋਵਾਹ ਨੂੰ ਚੰਗਾ ਲੱਗੇ, ਉਹੀ ਕਰੇ ।
13ਫਿਰ ਯੋਆਬ ਅਤੇ ਓਹ ਲੋਕ ਜੋ ਉਸ ਦੇ ਨਾਲ ਸਨ ਅਰਾਮੀਆਂ ਦੇ ਉੱਤੇ ਹਮਲਾ ਕਰਨ ਨੂੰ ਅੱਗੇ ਵਧੇ ਅਤੇ ਅਰਾਮੀ ਉਨ੍ਹਾਂ ਦੇ ਅੱਗਿਓਂ ਭੱਜ ਗਏ ।14ਅਤੇ ਅੰਮੋਨੀ ਵੀ ਇਹ ਵੇਖ ਕੇ ਕਿ ਅਰਾਮੀ ਨੱਠ ਗਏ ਹਨ ਤਾਂ ਓਹ ਵੀ ਅਬੀਸ਼ਈ ਦੇ ਅੱਗੋਂ ਨੱਠ ਗਏ ਫੇਰ ਸ਼ਹਿਰ ਵਿੱਚ ਜਾ ਵੜੇ ਤਾਂ ਯੋਆਬ ਅੰਮੋਨੀਆਂ ਨਾਲ ਲੜਨ ਤੋਂ ਮੁੜ ਕੇ ਯਰੂਸ਼ਲਮ ਵਿੱਚ ਆਇਆ ।
15ਜਦ ਅਰਾਮੀਆਂ ਨੇ ਵੇਖਿਆ ਜੋ ਅਸੀਂ ਇਸਰਾਏਲ ਦੇ ਅੱਗੇ ਹਾਰ ਗਏ ਹਾਂ ਤਾਂ ਉਨ੍ਹਾਂ ਨੇ ਆਪਣੇ ਆਪ ਨੂੰ ਇੱਕਠਿਆਂ ਕੀਤਾ ।16ਅਤੇ ਹਦਦਅਜ਼ਰ ਨੇ ਲੋਕ ਭੇਜੇ ਅਤੇ ਅਰਾਮੀਆਂ ਨੂੰ ਜੋ ਦਰਿਆ ਦੇ ਪਾਰ ਸਨ ਲੈ ਆਇਆ ਅਤੇ ਓਹ ਹੇਲਾਮ ਵਿੱਚ ਆਏ ਅਤੇ ਸੋਬਕ ਜੋ ਹਦਦਅਜ਼ਰ ਦੀ ਆਰਾਮੀ ਫੌਜ ਦਾ ਪ੍ਰਧਾਨ ਸੀ, ਉਨ੍ਹਾਂ ਦੇ ਅੱਗੇ ਤੁਰਿਆ ।
17ਇਹ ਸੁਣ ਕੇ ਦਾਊਦ ਨੇ ਸਾਰੇ ਇਸਰਾਏਲੀਆਂ ਨੂੰ ਇਕੱਠਿਆਂ ਕੀਤਾ ਅਤੇ ਯਰਦਨੋਂ ਪਾਰ ਲੰਘ ਕੇ ਹੇਲਾਮ ਤੱਕ ਆਇਆ । ਅਰਾਮੀਆਂ ਨੇ ਦਾਊਦ ਦੇ ਸਾਹਮਣੇ ਕਤਾਰ ਬੰਨ੍ਹੀ ਅਤੇ ਉਸ ਨਾਲ ਲੜੇ18ਅਤੇ ਅਰਾਮੀ ਇਸਰਾਏਲ ਦੇ ਅੱਗੋਂ ਭੱਜ ਗਏ ਅਤੇ ਦਾਊਦ ਨੇ ਅਰਾਮੀਆਂ ਦੇ ਸੱਤ ਸੌ ਰਥ ਅਤੇ ਚਾਲ੍ਹੀ ਹਜ਼ਾਰ ਸਵਾਰ ਵੱਢ ਸੁੱਟੇ ਅਤੇ ਉਨ੍ਹਾਂ ਦੇ ਸੈਨਾਪਤੀ ਸ਼ੋਬਕ ਨੂੰ ਅਜਿਹਾ ਮਾਰਿਆ ਜੋ ਉਹ ਉੱਥੇ ਹੀ ਮਰ ਗਿਆ ।19ਜਦ ਉਨ੍ਹਾਂ ਰਾਜਿਆਂ ਨੇ ਜੋ ਹਦਦਅਜ਼ਰ ਦੇ ਅਧੀਨ ਸਨ ਵੇਖਿਆ ਕਿ ਓਹ ਇਸਰਾਏਲ ਅੱਗੇ ਹਾਰ ਗਏ ਹਨ ਤਾਂ ਉਨ੍ਹਾਂ ਨੇ ਇਸਰਾਏਲੀਆਂ ਨਾਲ ਸਮਝੋਤਾ ਕੀਤਾ ਅਤੇ ਉਨ੍ਹਾਂ ਦੀ ਟਹਿਲ ਸੇਵਾ ਕੀਤੀ । ਇਸ ਲਈ, ਅਰਾਮੀ ਅੰਮੋਨੀਆਂ ਦੀ ਫੇਰ ਸਹਾਇਤਾ ਕਰਨ ਤੋਂ ਡਰੇ ।

11
ਦਾਊਦ ਅਤੇ ਬਥ-ਸ਼ਬਾ

1ਜਦ ਸਾਲ ਦੇ ਆਰੰਭ ਦੇ ਦਿਨ ਆ ਗਏ, ਜਿਹ ਦੇ ਵਿੱਚ ਰਾਜਾ ਲੋਕ ਲੜਾਈ ਲਈ ਚੜਾਈ ਕਰਦੇ ਸਨ ਤਾਂ ਦਾਊਦ ਨੇ ਯੋਆਬ ਅਤੇ ਉਹ ਦੇ ਨਾਲ ਆਪਣੇ ਸੇਵਕਾਂ ਅਤੇ ਸਾਰੇ ਇਸਰਾਏਲ ਨੂੰ ਭੇਜਿਆ ਅਤੇ ਉਨ੍ਹਾਂ ਨੇ ਅੰਮੋਨੀਆਂ ਨੂੰ ਤਬਾਹ ਕਰ ਸੁੱਟਿਆ ਅਤੇ ਰੱਬਾਹ ਨੂੰ ਚਾਰੋਂ ਪਾਸਿਓਂ ਘੇਰ ਲਿਆ, ਪਰ ਦਾਊਦ ਯਰੂਸ਼ਲਮ ਵਿੱਚ ਹੀ ਰਿਹਾ ।

2ਇੱਕ ਦਿਨ ਸ਼ਾਮ ਦੇ ਵੇਲੇ ਅਜਿਹਾ ਹੋਇਆ ਕਿ ਦਾਊਦ ਆਪਣੇ ਮੰਜੇ ਉੱਤੋਂ ਉੱਠ ਕੇ ਸ਼ਾਹੀ ਮਹਿਲ ਦੀ ਛੱਤ ਉੱਤੇ ਤੁਰਨ ਫਿਰਨ ਲੱਗਾ ਅਤੇ ਉੱਥੋਂ ਉਸ ਨੇ ਇੱਕ ਇਸਤਰੀ ਨੂੰ ਨਹਾਉਂਦੇ ਦੇਖਿਆ ਅਤੇ ਉਹ ਇਸਤਰੀ ਵੇਖਣ ਵਿੱਚ ਬਹੁਤ ਸੋਹਣੀ ਸੀ ।3ਤਦ ਦਾਊਦ ਨੇ ਉਸ ਇਸਤਰੀ ਦਾ ਪਤਾ ਕਰਨ ਲਈ ਸੇਵਕਾਂ ਨੂੰ ਭੇਜਿਆ । ਉਨ੍ਹਾਂ ਨੇ ਆਖਿਆ, ਭਲਾ, ਉਹ ਅਲੀਆਮ ਦੀ ਧੀ ਬਥ-ਸ਼ਬਾ ਹਿੱਤੀ ਊਰਿੱਯਾਹ ਦੀ ਇਸਤਰੀ ਨਹੀਂ ?
4ਦਾਊਦ ਨੇ ਉਸ ਇਸਤਰੀ ਨੂੰ ਬੁਲਵਾ ਲਿਆ ਇਸ ਲਈ ਉਹ ਉਸ ਦੇ ਕੋਲ ਆਈ ਅਤੇ ਉਸ ਨੇ ਉਹ ਦੇ ਨਾਲ ਸੰਗ ਕੀਤਾ ਕਿਉਂ ਜੋ ਉਹ ਆਪਣੀ ਅਸ਼ੁੱਧਤਾਈ ਤੋਂ ਸ਼ੁੱਧ ਹੋਈ ਸੀ ਤਾਂ ਉਹ ਆਪਣੇ ਘਰ ਚੱਲੀ ਗਈ ।5ਉਹ ਇਸਤਰੀ ਗਰਭਵਤੀ ਹੋ ਗਈ ਸੋ ਉਸ ਨੇ ਦਾਊਦ ਕੋਲ ਸੁਨੇਹਾ ਭੇਜਿਆ ਕਿ ਮੈਂ ਗਰਭਵਤੀ ਹਾਂ ।
6ਦਾਊਦ ਨੇ ਯੋਆਬ ਨੂੰ ਸੁਨੇਹਾ ਭੇਜਿਆ ਕਿ ਹਿੱਤੀ ਊਰਿੱਯਾਹ ਨੂੰ ਮੇਰੇ ਕੋਲ ਭੇਜ ਸੋ ਯੋਆਬ ਨੇ ਊਰਿੱਯਾਹ ਨੂੰ ਦਾਊਦ ਕੋਲ ਭੇਜਿਆ ।7ਜਦ ਊਰਿੱਯਾਹ ਆਇਆ ਤਾਂ ਦਾਊਦ ਨੇ ਪੁੱਛਿਆ, ਉਸ ਤੋਂ ਯੋਆਬ ਦੇ ਵਿਖੇ, ਸੈਨਾਂ ਦੇ ਵਿਖੇ ਅਤੇ ਯੁੱਧ ਦੇ ਹਲਾਤ ਬਾਰੇ ਪੁੱਛਿਆ ?8ਫਿਰ ਦਾਊਦ ਨੇ ਊਰਿੱਯਾਹ ਨੂੰ ਆਖਿਆ, ਜਾ ਆਪਣੇ ਘਰ ਪੈਰ ਧੋ । ਊਰਿੱਯਾਹ ਜਦ ਰਾਜੇ ਦੇ ਮਹਿਲ ਤੋਂ ਨਿੱਕਲਿਆ ਤਾਂ ਰਾਜੇ ਵੱਲੋਂ ਉਹ ਦੇ ਪਿੱਛੇ ਕੁਝ ਤੋਹਫ਼ੇ ਭੇਜੇ ਗਏ ।
9ਇਸ ਲਈ ਊਰਿੱਯਾਹ ਰਾਜਾ ਦੇ ਮਹਿਲ ਦੇ ਬੂਹੇ ਉੱਤੇ ਆਪਣੇ ਮਾਲਕ ਦੇ ਸੇਵਕਾਂ ਨਾਲ ਸੌਂ ਗਿਆ ਅਤੇ ਆਪਣੇ ਘਰ ਨਾ ਗਿਆ ।10ਜਦ ਉਨ੍ਹਾਂ ਨੇ ਦਾਊਦ ਨੂੰ ਖ਼ਬਰ ਦਿੱਤੀ ਕਿ ਊਰਿੱਯਾਹ ਆਪਣੇ ਘਰ ਨਹੀਂ ਗਿਆ ਤਾਂ ਦਾਊਦ ਨੇ ਊਰਿੱਯਾਹ ਨੂੰ ਆਖਿਆ, ਭਲਾ, ਤੂੰ ਸਫ਼ਰ ਕਰ ਕੇ ਨਹੀਂ ਆਇਆ ਫਿਰ ਤੂੰ ਆਪਣੇ ਘਰ ਕਿਉਂ ਨਹੀਂ ਗਿਆ ?11ਤਦ ਊਰਿੱਯਾਹ ਨੇ ਦਾਊਦ ਨੂੰ ਆਖਿਆ, ਸੰਦੂਕ ਅਤੇ ਇਸਰਾਏਲ ਅਤੇ ਯਹੂਦਾਹ ਤੰਬੂਆਂ ਵਿੱਚ ਰਹਿੰਦੇ ਸਨ ਅਤੇ ਮੇਰਾ ਮਾਲਕ ਯੋਆਬ ਅਤੇ ਮੇਰੇ ਮਹਾਰਾਜ ਦੇ ਦਾਸ ਖੁੱਲੇ ਮੈਦਾਨ ਵਿੱਚ ਪਏ ਹੋਏ ਹਨ, ਫਿਰ ਮੈਂ ਕਿਵੇਂ ਆਪਣੇ ਘਰ ਵਿੱਚ ਜਾ ਕੇ ਖਾਵਾਂ-ਪੀਵਾਂ ਅਤੇ ਆਪਣੀ ਇਸਤਰੀ ਨਾਲ ਸੌਂ ਜਾਂਵਾਂ ? ਤੇਰੀ ਜਾਨ ਅਤੇ ਤੇਰੇ ਪ੍ਰਾਣ ਦੀ ਸਹੁੰ ਮੈਂ ਅਜਿਹਾ ਕਦੀ ਨਾ ਕਰਾਂਗਾ !
12ਫਿਰ ਦਾਊਦ ਨੇ ਊਰਿੱਯਾਹ ਨੂੰ ਆਖਿਆ, ਅੱਜ ਵੀ ਏਥੇ ਰਹਿ ਅਤੇ ਸਵੇਰੇ ਮੈਂ ਤੈਨੂੰ ਵਿਦਾ ਕਰਾਂਗਾ । ਸੋ ਊਰਿੱਯਾਹ ਉਸ ਦਿਨ ਅਤੇ ਦੂਜੇ ਦਿਨ ਵੀ ਯਰੂਸ਼ਲਮ ਵਿੱਚ ਹੀ ਠਹਿਰ ਗਿਆ ।13ਤਦ ਦਾਊਦ ਨੇ ਉਹ ਨੂੰ ਸੱਦਿਆ ਤਾਂ ਉਹ ਨੇ ਉਸ ਦੇ ਅੱਗੇ ਖਾਧਾ ਅਤੇ ਪੀਤਾ ਅਤੇ ਉਸ ਨੇ ਉਹ ਨੂੰ ਮਤਵਾਲਾ ਕੀਤਾ ਅਤੇ ਉਹ ਸ਼ਾਮ ਨੂੰ ਬਾਹਰ ਜਾ ਕੇ ਆਪਣੇ ਮਾਲਕ ਦੇ ਸੇਵਕਾਂ ਦੇ ਨਾਲ ਮੰਜੇ ਉੱਤੇ ਸੁਤਾ ਰਿਹਾ ਪਰ ਆਪਣੇ ਘਰ ਨਾ ਗਿਆ ।
14ਸਵੇਰ ਨੂੰ ਦਾਊਦ ਨੇ ਯੋਆਬ ਦੇ ਲਈ ਚਿੱਠੀ ਲਿਖੀ ਅਤੇ ਊਰਿੱਯਾਹ ਦੇ ਹੱਥੀਂ ਉਹ ਨੂੰ ਭੇਜੀ ।15ਅਤੇ ਉਸ ਨੇ ਚਿੱਠੀ ਵਿੱਚ ਇਹ ਲਿਖਿਆ ਕਿ ਊਰਿੱਯਾਹ ਨੂੰ ਡਾਢੀ ਲੜਾਈ ਦੇ ਵੇਲੇ ਅੱਗੇ ਰੱਖਿਓ ਅਤੇ ਉਹ ਦੇ ਕੋਲੋਂ ਪਿੱਛੇ ਹੱਟ ਜਾਇਓ ਤਾਂ ਜੋ ਉਹ ਮਾਰਿਆ ਜਾਵੇ ।
16ਅਤੇ ਅਜਿਹਾ ਹੋਇਆ ਕਿ ਯੋਆਬ ਨੇ ਸ਼ਹਿਰ ਨੂੰ ਚੰਗੀ ਤਰ੍ਹਾਂ ਵੇਖਿਆ ਅਤੇ ਉਸ ਨੇ ਊਰਿੱਯਾਹ ਨੂੰ ਅਜਿਹੇ ਥਾਂ ਵਿੱਚ ਠਹਿਰਾ ਦਿੱਤਾ ਜਿੱਥੇ ਉਸ ਨੇ ਜਾਣਿਆ ਕਿ ਉੱਥੇ ਸੂਰਮੇ ਹਨ ।17ਤਦ ਉਸ ਸ਼ਹਿਰ ਦੇ ਲੋਕ ਨਿੱਕਲੇ ਅਤੇ ਯੋਆਬ ਦੇ ਨਾਲ ਲੜਾਈ ਕੀਤੀ ਅਤੇ ਉੱਥੇ ਦਾਊਦ ਦੇ ਸੇਵਕਾਂ ਵਿੱਚੋਂ ਕਈ ਡਿੱਗ ਪਏ ਅਤੇ ਹਿੱਤੀ ਊਰਿੱਯਾਹ ਵੀ ਮਾਰਿਆ ਗਿਆ
18ਤਦ ਯੋਆਬ ਨੇ ਕਿਸੇ ਨੂੰ ਭੇਜ ਕੇ ਲੜਾਈ ਦੀ ਸਾਰੀ ਖ਼ਬਰ ਦਾਊਦ ਨੂੰ ਦੱਸੀ ।19ਇਸ ਤਰ੍ਹਾਂ ਸੁਨੇਹਾ ਦੇਣ ਵਾਲੇ ਨੂੰ ਇਸ ਤਰ੍ਹਾਂ ਸਮਝਾ ਕੇ ਆਖਿਆ, ਜਦ ਤੂੰ ਰਾਜਾ ਨੂੰ ਲੜਾਈ ਦੀ ਗੱਲ ਸੁਣਾ ਦੇਵੇਂ ।20ਜੇਕਰ ਅਜਿਹਾ ਹੋਵੇ ਕਿ ਰਾਜੇ ਦਾ ਕ੍ਰੋਧ ਭੜਕੇ ਅਤੇ ਉਹ ਤੈਨੂੰ ਆਖੇ ਕਿ ਜਦ ਤੁਸੀਂ ਲੜਨ ਨੂੰ ਗਏ ਤਾਂ ਸ਼ਹਿਰ ਦੇ ਇਨ੍ਹਾਂ ਨੇੜੇ ਕਿਉਂ ਗਏ ? ਭਲਾ ਤੁਸੀਂ ਨਹੀਂ ਜਾਣਦੇ ਸੀ ਜੋ ਉਹ ਕੰਧ ਉੱਤੋਂ ਦੀ ਤੀਰ ਚਲਾਉਣਗੇ ?
21ਯਰੂਬਸ਼ਥ ਦੇ ਪੁੱਤਰ ਅਬੀਮਲਕ ਨੂੰ ਕਿਸ ਨੇ ਮਾਰਿਆ ? ਕੀ, ਇੱਕ ਇਸਤਰੀ ਨੇ ਚੱਕੀ ਦਾ ਉਪਰਲਾ ਹਿੱਸਾ ਉਹ ਦੇ ਉੱਤੇ ਕੱਢ ਕਿ ਮਾਰਿਆ ਜੋ ਉਹ ਤੇਬੇਸ ਵਿੱਚ ਮਰ ਗਿਆ ? ਸੋ ਤੁਸੀਂ ਸ਼ਹਿਰ ਦੀ ਕੰਧ ਹੇਠ ਕਿਉਂ ਗਏ ਸੀ ? ਤਦ ਕਹਿਓ, ਜੋ ਤੇਰਾ ਸੇਵਕ ਹਿੱਤੀ ਊਰਿੱਯਾਹ ਵੀ ਮਾਰਿਆ ਗਿਆ ।
22ਸੋ ਦੂਤ ਚਲਾ ਗਿਆ ਅਤੇ ਜੋ ਕੁਝ ਯੋਆਬ ਨੇ ਆਖਿਆ ਸੀ ਸੋ ਦਾਊਦ ਨੂੰ ਆਖ ਸੁਣਾਇਆ ।23ਅਤੇ ਦੂਤ ਨੇ ਦਾਊਦ ਨੂੰ ਆਖਿਆ ਕਿ ਸੱਚ-ਮੁੱਚ ਲੋਕ ਸਾਡੇ ਉੱਤੇ ਭਾਰੀ ਪੈ ਗਏ ਅਤੇ ਉਹ ਮੈਦਾਨ ਵਿੱਚ ਸਾਡੇ ਕੋਲ ਆਏ ਸੋ ਅਸੀਂ ਉਨ੍ਹਾਂ ਨੂੰ ਫਾਟਕ ਤੱਕ ਮਾਰਦੇ ਗਏ ।
24ਤਦ ਤੀਰਅੰਦਾਜਾਂ ਨੇ ਕੰਧ ਉੱਤੇ ਦੀ ਤੁਹਾਡੇ ਲੋਕਾਂ ਤੇ ਨਿਸ਼ਾਨਾ ਲਾਇਆ । ਰਾਜਾ ਦੇ ਕਈ ਸਿਪਾਹੀ ਮਰ ਗਏ ਅਤੇ ਤੁਹਾਡਾ ਸੇਵਕ ਹਿੱਤੀ ਊਰਿੱਯਾਹ ਵੀ ਮਰ ਗਿਆ ।25ਸੋ ਦਾਊਦ ਨੇ ਦੂਤ ਨੂੰ ਆਖਿਆ,ਕਿ ਯੋਆਬ ਨੂੰ ਜਾ ਕੇ ਇਸ ਤਰ੍ਹਾਂ ਆਖ ਜੋ ਇਹ ਗੱਲ ਤੈਨੂੰ ਬੁਰੀ ਨਾ ਲੱਗੇ ਕਿਉਂ ਜੋ ਤਲਵਾਰ ਹਰੇਕ ਨੂੰ ਇੱਕੋ ਜਿਹਾ ਵੱਢਦੀ ਹੈ । ਤੂੰ ਸ਼ਹਿਰ ਦੇ ਵਿਰੁੱਧ ਦਲੇਰੀ ਨਾਲ ਲੜਾਈ ਕਰ ਅਤੇ ਉਹ ਨੂੰ ਢਾਹ ਦੇਹ । ਸੋ ਤੂੰ ਉਹ ਨੂੰ ਹੋਂਸਲਾ ਦੇਵੀਂ ।
26ਜਦ ਊਰਿੱਯਾਹ ਦੀ ਪਤਨੀ ਨੇ ਆਪਣੇ ਪਤੀ ਦੀ ਮੌਤ ਬਾਰੇ ਜਾਣਿਆ ਤਦ ਉਹ ਅਫ਼ਸੋਸ ਵਿੱਚ ਬੈਠੀ ।27ਅਤੇ ਜਦ ਵਿਰਲਾਪ ਦੇ ਦਿਨ ਲੰਘ ਗਏ ਤਾਂ ਦਾਊਦ ਨੇ ਉਸ ਨੂੰ ਆਪਣੇ ਮਹਿਲ ਵਿੱਚ ਸੱਦਿਆ ਅਤੇ ਉਹ ਉਸ ਦੀ ਪਤਨੀ ਬਣੀ ਅਤੇ ਉਹ ਨੇ ਉਸ ਦੇ ਲਈ ਪੁੱਤਰ ਨੂੰ ਜਨਮ ਦਿੱਤਾ ਪਰ ਜੋ ਕੰਮ ਦਾਊਦ ਨੇ ਕੀਤਾ ਸੋ ਯਹੋਵਾਹ ਨੂੰ ਬੁਰਾ ਲੱਗਾ ।

12
ਨਾਥਾਨ ਦੁਆਰਾ ਦਾਊਦ ਨੂੰ ਸੰਦੇਸ਼

1ਯਹੋਵਾਹ ਨੇ ਨਾਥਾਨ ਨੂੰ ਦਾਊਦ ਦੇ ਕੋਲ ਭੇਜਿਆ । ਉਸ ਨੇ ਉਹ ਦੇ ਕੋਲ ਆ ਕੇ ਉਹ ਨੂੰ ਆਖਿਆ, ਇੱਕ ਸ਼ਹਿਰ ਵਿੱਚ ਦੋ ਮਨੁੱਖ ਸਨ, ਇੱਕ ਧਨਵਾਨ ਅਤੇ ਦੂਜਾ ਕੰਗਾਲ ।2ਉਸ ਧਨਵਾਨ ਕੋਲ ਢੇਰ ਸਾਰੀਆਂ ਭੇਡ-ਬਕਰੀਆਂ ਅਤੇ ਮਾਲ ਡੰਗਰ ਸਨ ।3ਪਰ ਉਸ ਕੰਗਾਲ ਕੋਲ ਭੇਡਾਂ ਦੀ ਇੱਕ ਲੇਲੀ ਤੋਂ ਇਲਾਵਾ ਹੋਰ ਕੁਝ ਨਹੀਂ ਸੀ । ਉਸ ਨੂੰ ਉਹ ਨੇ ਮੁੱਲ ਲਿਆ ਅਤੇ ਪਾਲਿਆ ਸੀ ਅਤੇ ਉਸਦਾ ਪਾਲਣ ਪੋਸ਼ਣ ਉਸ ਦੇ ਬੱਚਿਆਂ ਨਾਲ ਹੀ ਹੋਇਆ ਸੀ । ਉਹ ਉਸੇ ਦੀ ਰੋਟੀ ਵਿੱਚੋਂ ਖਾਂਦੀ, ਉਸ ਦੇ ਕਟੋਰੇ ਵਿੱਚੋਂ ਪੀਂਦੀ, ਉਸੇ ਦੀ ਗੋਦ ਵਿੱਚ ਸੋਂਦੀ ਅਤੇ ਉਸ ਦੀ ਧੀ ਦੇ ਵਰਗੀ ਸੀ ।

4ਇੱਕ ਯਾਤਰੀ ਉਸ ਧਨਵਾਨ ਕੋਲ ਆਇਆ ਸੋ ਉਸ ਨੇ ਆਪਣੇ ਇੱਜੜ ਅਤੇ ਆਪਣੇ ਮਾਲ ਡੰਗਰਾਂ ਨੂੰ ਬਚਾ ਰੱਖਿਆ ਅਤੇ ਉਸ ਯਾਤਰੀ ਦੇ ਲਈ ਜੋ ਉਸ ਕੋਲ ਆਇਆ ਸੀ ਉਸ ਨੇ ਤਿਆਰੀ ਨਾ ਕੀਤੀ ਸਗੋਂ ਉਸ ਕੰਗਾਲ ਦੀ ਲੇਲੀ ਨੂੰ ਲੈ ਲਿਆ ਅਤੇ ਉਸ ਪਰਾਹੁਣੇ ਦੇ ਲਈ ਭੋਜਨ ਤਿਆਰ ਕੀਤਾ5ਤਦ ਉਸ ਮਨੁੱਖ ਉੱਤੇ ਦਾਊਦ ਦਾ ਕ੍ਰੋਧ ਭੜਕਿਆ ਅਤੇ ਉਸ ਨੇ ਨਾਥਾਨ ਨੂੰ ਆਖਿਆ, ਜਿਉਂਦੇ ਯਹੋਵਾਹ ਦੀ ਸਹੁੰ ਜਿਸ ਮਨੁੱਖ ਨੇ ਇਹ ਕੰਮ ਕੀਤਾ ਹੈ ਉਹ ਵੱਢਣ ਜੋਗਾ ਹੈ !6ਇਸ ਲਈ ਉਹ ਮਨੁੱਖ ਉਸ ਲੇਲੀ ਦੀ ਕੀਮਤ ਦਾ ਚਾਰ ਗੁਣਾ ਉਹ ਨੂੰ ਵਾਪਿਸ ਕਰੇ ਕਿਉਂ ਜੋ ਉਸ ਨੇ ਅਜਿਹਾ ਕੰਮ ਕੀਤਾ ਅਤੇ ਕੁਝ ਦਯਾ ਨਾ ਕੀਤੀ ।
ਦਾਊਦ ਦੀ ਤੋਬਾ

7ਤਦ ਨਾਥਾਨ ਨੇ ਦਾਊਦ ਨੂੰ ਆਖਿਆ, ਉਹ ਮਨੁੱਖ ਤੂੰ ਹੀ ਤਾਂ ਹੈ ! ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੇ ਇਸ ਤਰ੍ਹਾਂ ਆਖਿਆ ਹੈ, ਮੈਂ ਤੈਨੂੰ ਅਭਿਸ਼ੇਕ ਕੀਤਾ ਜੋ ਇਸਰਾਏਲ ਉੱਤੇ ਰਾਜ ਕਰੇਂ ਮੈਂ ਤੈਨੂੰ ਸ਼ਾਊਲ ਦੇ ਹੱਥੋਂ ਛੁਡਾਇਆ ।8ਮੈਂ ਤੇਰੇ ਮਾਲਕ ਦਾ ਘਰ ਤੈਨੂੰ ਦਿੱਤਾ, ਤੇਰੇ ਮਾਲਕ ਦੀਆਂ ਰਾਣੀਆਂ ਨੂੰ ਵੀ ਤੇਰੀ ਬੁੱਕਲ ਵਿੱਚ ਦੇ ਦਿੱਤਾ, ਇਸਰਾਏਲ ਅਤੇ ਯਹੂਦਾਹ ਦੇ ਘਰਾਣੇ ਵੀ ਤੈਨੂੰ ਦੇ ਦਿੱਤੇ, ਜੇ ਇਹ ਸਭ ਕੁਝ ਥੋੜ੍ਹਾ ਸੀ ਤਾਂ ਮੈਂ ਤੈਨੂੰ ਹੋਰ ਵੀ ਦੇ ਦਿੰਦਾ ।
9ਸੋ ਤੂੰ ਯਹੋਵਾਹ ਦੀ ਆਗਿਆ ਨੂੰ ਤੁੱਛ ਜਾਣ ਕੇ ਉਸ ਦੇ ਅੱਗੇ ਕਿਉਂ ਬੁਰਿਆਈ ਕੀਤੀ ਕਿਉਂ ਜੋ ਤੂੰ ਹਿਤੀ ਊਰਿੱਯਾਹ ਨੂੰ ਤਲਵਾਰ ਨਾਲ ਮਰਵਾਇਆ ਅਤੇ ਉਸ ਦੀ ਪਤਨੀ ਨੂੰ ਆਪਣੀ ਪਤਨੀ ਬਣਾਇਆ ਅਤੇ ਉਸ ਨੂੰ ਅੰਮੋਨਿਆ ਦੀ ਤਲਵਾਰ ਨਾਲ ਮਰਵਾ ਸੁੱਟਿਆ ?10ਸੋ ਹੁਣ ਤੇਰੇ ਘਰ ਉੱਤੋਂ ਤਲਵਾਰ ਕਦੀ ਨਾ ਹਟੇਗੀ ਕਿਉਂ ਜੋ ਤੂੰ ਮੈਨੂੰ ਤੁੱਛ ਜਾਣਿਆ ਅਤੇ ਹਿੱਤੀ ਊਰਿੱਯਾਹ ਦੀ ਪਤਨੀ ਨੂੰ ਆਪਣੀ ਪਤਨੀ ਬਣਾਇਆ ।
11ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਵੇਖ ਮੈਂ ਇੱਕ ਬੁਰਿਆਈ ਨੂੰ ਤੇਰੇ ਆਪਣੇ ਘਰ ਵਿੱਚੋਂ ਹੀ ਤੇਰੇ ਉੱਤੇ ਪਾਵਾਂਗਾ ਅਤੇ ਮੈਂ ਤੇਰੀਆਂ ਪਤਨੀਆਂ ਨੂੰ ਲੈ ਕੇ ਤੇਰੀਆਂ ਅੱਖੀਆਂ ਦੇ ਸਾਹਮਣੇ ਦੂਸਰਿਆਂ ਨੂੰ ਦਿਆਂਗਾ ਅਤੇ ਉਹ ਦਿਨ ਦੁਪਿਹਰੇ ਤੇਰੀਆਂ ਪਤਨੀਆਂ ਦੇ ਨਾਲ ਸੰਗ ਕਰਨਗੇ ।12ਕਿਉਂ ਜੋ ਤੂੰ ਇਹ ਕੰਮ ਲੁੱਕ ਕੇ ਕੀਤਾ ਪਰ ਮੈਂ ਸਾਰੇ ਇਸਰਾਏਲ ਦੇ ਸਾਹਮਣੇ ਸ਼ਰੇਆਮ ਕਰਾਂਗਾ ।13ਤਦ ਦਾਊਦ ਨੇ ਨਾਥਾਨ ਨੂੰ ਆਖਿਆ, ਮੈਂ ਯਹੋਵਾਹ ਦੇ ਵਿਰੁੱਧ ਪਾਪ ਕੀਤਾ ਅਤੇ ਨਾਥਾਨ ਨੇ ਦਾਊਦ ਨੂੰ ਆਖਿਆ, ਯਹੋਵਾਹ ਨੇ ਵੀ ਤੇਰਾ ਪਾਪ ਮਾਫ਼ ਕੀਤਾ ਸੋ ਤੂੰ ਨਾ ਮਰੇਂਗਾ ।
14ਪਰ ਇਸ ਕਰਕੇ ਜੋ ਤੇਰੇ ਇਸ ਕੰਮ ਕਰਨ ਤੋਂ ਯਹੋਵਾਹ ਦੇ ਵੈਰੀਆਂ ਨੂੰ ਨਿੰਦਿਆ ਕਰਨ ਦਾ ਵੱਡਾ ਮੌਕਾ ਮਿਲਿਆ ਸੋ ਇਹ ਬਾਲਕ ਵੀ ਜੋ ਤੇਰੇ ਲਈ ਜਨਮ ਲਵੇਗਾ ਉਹ ਜ਼ਰੂਰ ਮਰ ਜਾਵੇਗਾ, ਤਾਂ ਨਾਥਾਨ ਆਪਣੇ ਘਰ ਚਲਾ ਗਿਆ ।
ਦਾਊਦ ਦੇ ਪੁੱਤਰ ਦੀ ਮੌਤ

15ਯਹੋਵਾਹ ਨੇ ਉਸ ਬਾਲਕ ਨੂੰ ਜੋ ਊਰਿੱਯਾਹ ਦੀ ਪਤਨੀ ਤੋਂ ਦਾਊਦ ਲਈ ਜੰਮਿਆ ਸੀ ਅਜਿਹਾ ਮਾਰਿਆ ਜੋ ਉਹ ਬਹੁਤ ਬੀਮਾਰ ਪੈ ਗਿਆ ।
16ਸੋ ਦਾਊਦ ਨੇ ਉਸ ਬਾਲਕ ਦੇ ਲਈ ਪਰਮੇਸ਼ੁਰ ਦੇ ਕੋਲ ਬੇਨਤੀ ਕੀਤੀ ਤੇ ਦਾਊਦ ਨੇ ਵਰਤ ਵੀ ਰੱਖਿਆ ਤੇ ਸਾਰੀ ਰਾਤ ਜ਼ਮੀਨ ਤੇ ਪਿਆ ਰਿਹਾ ।17ਉਹ ਦੇ ਘਰ ਦੇ ਬਜ਼ੁਰਗ ਉੱਠ ਕੇ ਉਹ ਦੇ ਕੋਲ ਆਏ ਜੋ ਉਹ ਨੂੰ ਉਠਾਉਣ ਪਰ ਉਹ ਨਾ ਮੰਨਿਆ ਅਤੇ ਉਨ੍ਹਾਂ ਦੇ ਨਾਲ ਰੋਟੀ ਨਾ ਖਾਧੀ ।18ਤਦ ਅਜਿਹਾ ਹੋਇਆ ਜੋ ਸੱਤਵੇਂ ਦਿਨ ਉਹ ਬਾਲਕ ਮਰ ਗਿਆ । ਦਾਊਦ ਦੇ ਦਾਸ ਡਰ ਦੇ ਮਾਰੇ ਆਖ ਨਾ ਸੱਕੇ ਜੋ ਬਾਲਕ ਮਰ ਗਿਆ ਹੈ ਕਿਉਂ ਜੋ ਉਨ੍ਹਾਂ ਨੇ ਆਖਿਆ, ਵੇਖ, ਜਦ ਉਹ ਬਾਲਕ ਅਜੇ ਜੀਉਂਦਾ ਸੀ ਤਾਂ ਅਸੀਂ ਉਹ ਨੂੰ ਆਖਿਆ ਅਤੇ ਉਹ ਨੇ ਸਾਡੀ ਗੱਲ ਨਾ ਮੰਨੀ ਅਤੇ ਜੇ ਹੁਣ ਅਸੀਂ ਉਹ ਨੂੰ ਆਖੀਏ ਕਿ ਬਾਲਕ ਮਰ ਗਿਆ ਹੈ ਤਾਂ ਉਹ ਆਪਣੀ ਜਿੰਦ ਨੂੰ ਕਸ਼ਟ ਦੇ ਸਕਦਾ ਹੈ !
19ਪਰ ਜਦ ਦਾਊਦ ਨੇ ਵੇਖਿਆ ਜੋ ਦਾਸ ਆਪੋ ਵਿੱਚ ਘੁਸਰ-ਮੁਸਰ ਕਰਦੇ ਹਨ ਤਾਂ ਦਾਊਦ ਨੇ ਜਾਣ ਲਿਆ ਕਿ ਬਾਲਕ ਮਰ ਗਿਆ ਹੈ ਸੋ ਦਾਊਦ ਨੇ ਆਪਣੇ ਦਾਸਾਂ ਨੂੰ ਆਖਿਆ, ਕੀ ਬਾਲਕ ਮਰ ਗਿਆ ਹੈ ? ਉਨ੍ਹਾਂ ਨੇ ਆਖਿਆ, ਜੀ ਮਰ ਗਿਆ ।20ਤਦ ਦਾਊਦ ਜ਼ਮੀਨ ਤੋ ਉੱਠਿਆ, ਨਹਾਇਆ, ਸੁਗੰਧ ਲਾਈ, ਕੱਪੜੇ ਬਦਲੇ ਅਤੇ ਯਹੋਵਾਹ ਦੇ ਘਰ ਵਿੱਚ ਆ ਕੇ ਮੱਥਾ ਟੇਕਿਆ ਫਿਰ ਆਪਣੇ ਘਰ ਗਿਆ ਅਤੇ ਉਸ ਦੇ ਆਖਣ ਤੇ ਭੋਜਨ ਲਗਾਇਆ ਗਿਆ ਅਤੇ ਉਸ ਨੇ ਭੋਜਨ ਖਾਧਾ ।
21ਤਦ ਉਹ ਦੇ ਸੇਵਕ ਨੇ ਉਹ ਨੂੰ ਆਖਿਆ, ਇਹ ਕੀ ਗੱਲ ਹੈ ਜੋ ਤੁਸੀਂ ਕੀਤੀ ? ਤੁਸੀਂ ਉਸ ਮੁੰਡੇ ਦੇ ਲਈ ਜਦ ਉਹ ਜੀਉਂਦਾ ਸੀ ਤਾਂ ਵਰਤ ਰੱਖਿਆ ਅਤੇ ਰੋਂਦੇ ਰਹੇ ਪਰ ਜਦ ਉਹ ਮਰ ਗਿਆ ਤਾਂ ਤੁਸੀਂ ਉੱਠ ਕੇ ਰੋਟੀ ਖਾਧੀ ।22ਉਸ ਨੇ ਆਖਿਆ, ਜਦ ਤੱਕ ਉਹ ਬਾਲਕ ਜੀਉਂਦਾ ਸੀ ਤਾਂ ਮੈਂ ਵਰਤ ਰੱਖਿਆ ਅਤੇ ਰੋਂਦਾ ਰਿਹਾ ਕਿਉਂ ਜੋ ਮੈਂ ਆਖਿਆ, ਕੀ ਜਾਣੀਏ ਜੋ ਯਹੋਵਾਹ ਦਯਾ ਕਰੇ ਜੋ ਇਹ ਬਾਲਕ ਜਿਉਂਦਾ ਰਹੇ ?23ਪਰ ਹੁਣ ਤਾਂ ਉਹ ਮਰ ਗਿਆ । ਫਿਰ ਮੈਂ ਕਿਉਂ ਵਰਤ ਰੱਖਾਂ ? ਭਲਾ ਮੈਂ ਉਹ ਨੂੰ ਫਿਰ ਆਪਣੇ ਕੋਲ ਲਿਆ ਸਕਦਾ ਹਾਂ ? ਮੈਂ ਤਾਂ ਉਹ ਦੇ ਕੋਲ ਜਾਂਵਾਂਗਾ ਪਰ ਉਹ ਨੇ ਮੇਰੇ ਕੋਲ ਨਹੀਂ ਮੁੜ ਆਉਣਾ ।
ਸੁਲੇਮਾਨ ਦਾ ਜਨਮ

24ਦਾਊਦ ਨੇ ਆਪਣੀ ਪਤਨੀ ਬਥ-ਸ਼ਬਾ ਨੂੰ ਤਸੱਲੀ ਦਿੱਤੀ ਅਤੇ ਉਹ ਦੇ ਕੋਲ ਗਿਆ ਅਤੇ ਉਸ ਨਾਲ ਸੰਗ ਕੀਤਾ ਅਤੇ ਉਹ ਇੱਕ ਪੁੱਤਰ ਜਣੀ ਅਤੇ ਉਸ ਦਾ ਨਾਮ ਸੁਲੇਮਾਨ ਰੱਖਿਆ । ਉਹ ਯਹੋਵਾਹ ਦਾ ਪਿਆਰਾ ਹੋਇਆ25ਅਤੇ ਉਹ ਨੇ ਨਾਥਾਨ ਨਬੀ ਦੇ ਰਾਹੀਂ ਆਖ ਭੇਜਿਆ ਅਤੇ ਉਸ ਦਾ ਨਾਮ ਯਹੋਵਾਹ ਦੇ ਕਾਰਨ ਯਦੀਦਯਾਹ ਰੱਖਿਆ ।
ਰੱਬਾਹ ਨਗਰ ਦਾ ਪਤਨ
(1 ਇਤ. 20:1-3)

26ਯੋਆਬ ਅੰਮੋਨੀਆਂ ਦੇ ਰੱਬਾਹ ਨਾਲ ਲੜਿਆ ਅਤੇ ਉਸ ਨੇ ਉਹ ਰਾਜਧਾਨੀ ਲੈ ਲਈ ।27ਫਿਰ ਯੋਆਬ ਨੇ ਦੂਤਾਂ ਦੇ ਰਾਹੀਂ ਦਾਊਦ ਨੂੰ ਆਖ ਭੇਜਿਆ, ਮੈਂ ਰੱਬਾਹ ਨਾਲ ਲੜਿਆ ਹਾਂ ਅਤੇ ਮੈਂ ਪਾਣੀਆਂ ਦੇ ਸ਼ਹਿਰ ਨੂੰ ਲੈ ਲਿਆ ਹੈ ।28ਸੋ ਹੁਣ ਤੁਸੀਂ ਬਾਕੀ ਲੋਕਾਂ ਨੂੰ ਇਕੱਠਾ ਕਰ ਕੇ ਉਸ ਸ਼ਹਿਰ ਉੱਤੇ ਡੇਰਾ ਲਾਓ ਅਤੇ ਉਹ ਨੂੰ ਜਿੱਤ ਲਓ, ਅਜਿਹਾ ਨਾ ਹੋਵੇ ਜੋ ਮੈਂ ਉਸ ਸ਼ਹਿਰ ਨੂੰ ਜਿੱਤ ਲਵਾਂ ਅਤੇ ਉਹ ਮੇਰੇ ਨਾਮ ਤੋਂ ਸੱਦਿਆ ਜਾਵੇ ।
29ਤਦ ਦਾਊਦ ਨੇ ਸਾਰੇ ਲੋਕਾਂ ਨੂੰ ਇੱਕਠਿਆਂ ਕੀਤਾ ਅਤੇ ਰੱਬਾਹ ਉੱਤੇ ਚੜਾਈ ਕੀਤੀ ਅਤੇ ਉਹ ਦੇ ਵਿਰੁੱਧ ਲੜਿਆ ਅਤੇ ਉਹ ਨੂੰ ਜਿੱਤ ਲਿਆ ।30ਉਹ ਨੇ ਉਨ੍ਹਾਂ ਦੇ ਰਾਜੇ ਦਾ ਮੁਕਟ ਉਸ ਦੇ ਸਿਰ ਤੋਂ ਲੈ ਲਿਆ ਜੋ ਤੋਲ ਵਿੱਚ ਇੱਕ ਤੋੜੇ ਸੋਨੇ ਦਾ ਸੀ ਅਤੇ ਉਸ ਵਿੱਚ ਬਹੁਮੁੱਲੇ ਪੱਥਰ ਲੱਗੇ ਹੋਏ ਸਨ ਤੇ ਉਹ ਦਾਊਦ ਦੇ ਸਿਰ ਉੱਤੇ ਰੱਖਿਆ ਗਿਆ ਅਤੇ ਉਹ ਨੇ ਉਸ ਦੇ ਸ਼ਹਿਰ ਵਿੱਚੋਂ ਬਹੁਤ ਸਾਰਾ ਲੁੱਟ ਦਾ ਸਮਾਨ ਇਕੱਠਾ ਕੀਤਾ ।
31ਤਦ ਉਸ ਨੇ ਉਨ੍ਹਾਂ ਨੂੰ ਜੋ ਅੰਦਰ ਸਨ, ਬਾਹਰ ਕੱਢ ਕੇ ਆਰੀਆਂ, ਲੋਹੇ ਦੇ ਸੁਹਾਗਿਆਂ, ਲੋਹੇ ਦੀਆਂ ਕੁਹਾੜੀਆਂ ਨਾਲ ਉਨ੍ਹਾਂ ਤੋਂ ਕੰਮ ਲਿਆ ਅਤੇ ਉਨ੍ਹਾਂ ਨੂੰ ਇੱਟਾਂ ਦੇ ਕੰਮ ਵਿੱਚ ਲਾਇਆ ਅਤੇ ਉਸ ਨੇ ਅੰਮੋਨੀਆਂ ਦੇ ਸਾਰੇ ਸ਼ਹਿਰਾਂ ਨਾਲ ਇਹੋ ਹੀ ਕੀਤਾ ਤਦ ਦਾਊਦ ਅਤੇ ਸਭ ਲੋਕ ਯਰੂਸ਼ਲਮ ਨੂੰ ਮੁੜ ਗਏ ।

13
ਅਮਨੋਨ ਦਾ ਕੁਕਰਮ

1ਇਸ ਤੋਂ ਬਾਅਦ ਅਜਿਹਾ ਹੋਇਆ ਕਿ ਦਾਊਦ ਦੇ ਪੁੱਤਰ ਅਬਸ਼ਾਲੋਮ ਦੀ ਤਾਮਾਰ ਨਾਮ ਦੀ ਇੱਕ ਭੈਣ ਜੋ ਬਹੁਤ ਸੋਹਣੀ ਸੀ । ਦਾਊਦ ਦਾ ਪੁੱਤਰ ਅਮਨੋਨ ਉਸ ਨਾਲ ਪ੍ਰੇਮ ਕਰਨ ਲੱਗਾ ।2ਅਮਨੋਨ ਅਜਿਹਾ ਬੇਚੈਨ ਹੋਇਆ ਜੋ ਆਪਣੀ ਭੈਣ ਤਾਮਾਰ ਦੇ ਕਾਰਨ ਬੀਮਾਰ ਹੋ ਗਿਆ ਕਿਉਂ ਜੋ ਉਹ ਕੁਆਰੀ ਸੀ ਇਸ ਲਈ ਅਮਨੋਨ ਉਹ ਦੇ ਨਾਲ ਕੁਝ ਕਰਨਾ ਔਖਾ ਜਾਣ ਪਿਆ ।

3ਦਾਊਦ ਦੇ ਭਰਾ ਸਿਮਆਹ ਦਾ ਪੁੱਤਰ ਯੋਨਾਦਾਬ ਅਮਨੋਨ ਦਾ ਮਿੱਤਰ ਸੀ ਅਤੇ ਇਹ ਯੋਨਾਦਾਬ ਬਹੁਤ ਚਲਾਕ ਮਨੁੱਖ ਸੀ ।4ਸੋ ਉਸ ਨੇ ਉਹ ਨੂੰ ਆਖਿਆ, ਤੂੰ ਰਾਜਾ ਦਾ ਪੁੱਤਰ ਹੋ ਕੇ ਦਿਨੋਂ-ਦਿਨ ਕਮਜ਼ੋਰ ਕਿਉਂ ਹੁੰਦਾ ਜਾਂਦਾ ਹੈ ? ਭਲਾ, ਤੂੰ ਮੈਨੂੰ ਨਾ ਦੱਸੇਗਾ ? ਤਦ ਅਮਨੋਨ ਨੇ ਉਸ ਨੂੰ ਆਖਿਆ ਕਿ ਮੈਂ ਆਪਣੇ ਭਰਾ ਅਬਸ਼ਾਲੋਮ ਦੀ ਭੈਣ ਤਾਮਾਰ ਨਾਲ ਪਿਆਰ ਕਰਦਾ ਹਾਂ ।
5ਇਸ ਲਈ ਯੋਨਾਦਾਬ ਨੇ ਉਹ ਨੂੰ ਆਖਿਆ, ਤੂੰ ਮੰਜੇ ਉੱਤੇ ਪਿਆ ਰਹਿ ਅਤੇ ਆਪਣੇ ਆਪ ਨੂੰ ਰੋਗੀ ਬਣਾ ਅਤੇ ਜਦ ਤੇਰਾ ਪਿਤਾ ਤੈਨੂੰ ਵੇਖਣ ਆਵੇ ਤਾਂ ਤੂੰ ਉਹ ਨੂੰ ਆਖੀਂ ਕਿ ਮੇਰੀ ਭੈਣ ਤਾਮਾਰ ਨੂੰ ਆਖੋ ਜੋ ਉਹ ਆਵੇ ਅਤੇ ਮੈਨੂੰ ਰੋਟੀ ਖੁਆਵੇ ਅਤੇ ਮੇਰੇ ਸਾਹਮਣੇ ਭੋਜਨ ਪਕਾਵੇ ਜੋ ਮੈਂ ਵੇਖਾਂ ਅਤੇ ਉਹ ਦੇ ਹੱਥੋਂ ਖਾਵਾਂ ।6ਤਦ ਅਮਨੋਨ ਲੰਮਾ ਪਿਆ ਰਿਹਾ ਅਤੇ ਆਪਣੇ ਆਪ ਨੂੰ ਬੀਮਾਰ ਬਣਾਇਆ ਅਤੇ ਜਦ ਰਾਜਾ ਉਸ ਨੂੰ ਵੇਖਣ ਲਈ ਆਇਆ ਤਾਂ ਅਮਨੋਨ ਨੇ ਰਾਜਾ ਨੂੰ ਆਖਿਆ, ਮੇਰੀ ਭੈਣ ਤਾਮਾਰ ਨੂੰ ਆਉਣ ਦਿਓ ਜੋ ਉਹ ਮੇਰੇ ਸਾਹਮਣੇ ਇੱਕ ਦੋ ਪੂਰੀਆਂ ਤਲੇ ਜੋ ਮੈਂ ਉਸ ਦੇ ਹੱਥੋਂ ਭੋਜਨ ਕਰਾਂ ।
7ਤਦ ਦਾਊਦ ਨੇ ਤਾਮਾਰ ਦੇ ਘਰ ਸੁਨੇਹਾ ਭੇਜਿਆ, ਤੂੰ ਹੁਣ ਆਪਣੇ ਭਰਾ ਅਮਨੋਨ ਦੇ ਘਰ ਜਾ ਅਤੇ ਉਹ ਦੇ ਲਈ ਭੋਜਨ ਤਿਆਰ ਕਰ ।8ਸੋ ਤਾਮਾਰ ਆਪਣੇ ਭਰਾ ਅਮਨੋਨ ਦੇ ਘਰ ਆਈ ਅਤੇ ਉਹ ਮੰਜੇ ਉੱਤੇ ਪਿਆ ਹੋਇਆ ਸੀ । ਉਸ ਨੇ ਆਟਾ ਗੁੰਨ੍ਹਿਆ ਅਤੇ ਉਹ ਦੇ ਸਾਹਮਣੇ ਪੂਰੀਆਂ ਤਲੀਆਂ,9ਉਸ ਨੇ ਥਾਲੀ ਲੈ ਕੇ ਉਨ੍ਹਾਂ ਨੂੰ ਉਹ ਦੇ ਸਾਹਮਣੇ ਰੱਖ ਦਿੱਤਾ ਪਰ ਉਹ ਨੇ ਖਾਣ ਤੋਂ ਮਨ੍ਹਾ ਕੀਤਾ । ਤਦ ਅਮਨੋਨ ਨੇ ਆਖਿਆ, ਸਾਰੇ ਲੋਕ ਮੇਰੇ ਕੋਲੋਂ ਬਾਹਰ ਚਲੇ ਜਾਣ ਸੋ ਸਭ ਉਹ ਦੇ ਕੋਲੋਂ ਬਾਹਰ ਚਲੇ ਗਏ ।
10ਤਦ ਅਮਨੋਨ ਨੇ ਤਾਮਾਰ ਨੂੰ ਆਖਿਆ, ਕੋਠੜੀ ਦੇ ਅੰਦਰ ਭੋਜਨ ਲੈ ਆ ਜੋ ਮੈਂ ਤੇਰੇ ਹੱਥੋਂ ਖਾਵਾਂ । ਸੋ ਤਾਮਾਰ ਨੇ ਉਹ ਪੂਰੀਆਂ ਜੋ ਉਸ ਨੇ ਤਲੀਆਂ ਸਨ ਲਈਆਂ ਅਤੇ ਕੋਠੜੀ ਦੇ ਵਿੱਚ ਆਪਣੇ ਭਰਾ ਅਮਨੋਨ ਦੇ ਕੋਲ ਲੈ ਆਈ ।11ਜਦ ਉਹ ਭੋਜਨ ਖਵਾਉਣ ਲਈ ਉਹ ਦੇ ਸਾਹਮਣੇ ਲੈ ਆਈ ਤਾਂ ਉਹ ਨੇ ਉਸ ਨੂੰ ਫੜ ਲਿਆ ਅਤੇ ਉਸ ਨੂੰ ਆਖਿਆ, ਕੁੜੀਏ, ਮੇਰੇ ਨਾਲ ਸੰਗ ਕਰ !12ਉਹ ਬੋਲੀ, ਨਹੀਂ ਮੇਰੇ ਭਰਾ, ਮੇਰੇ ਨਾਲ ਜ਼ਬਰਦਸਤੀ ਨਾ ਕਰ ਕਿਉਂ ਜੋ ਇਸਰਾਏਲ ਵਿੱਚ ਅਜਿਹਾ ਕੰਮ ਕਰਨਾ ਯੋਗ ਨਹੀਂ ! ਤੂੰ ਅਜਿਹੀ ਮੂਰਖਤਾ ਨਾ ਕਰ ।
13ਮੈਂ ਆਪਣਾ ਕਲੰਕ ਕਿੱਥੇ ਲਾਹਵਾਂਗੀ ਅਤੇ ਤੂੰ ਇਸਰਾਏਲ ਦੇ ਵਿੱਚ ਮੂਰਖ ਹੋਵੇਂਗਾ ! ਤੂੰ ਹੁਣ ਰਾਜਾ ਨੂੰ ਆਖ । ਉਹ ਮੈਨੂੰ ਤੇਰੇ ਨਾਲ ਵਿਆਹ ਤੋਂ ਨਾਂਹ ਨਾ ਕਰੇਗਾ ।14ਪਰ ਉਹ ਨੇ ਉਸ ਦੀ ਗੱਲ ਨਾ ਮੰਨੀ ਅਤੇ ਉਸ ਤੋਂ ਤਕੜਾ ਹੋਣ ਦੇ ਕਾਰਨ ਉਸ ਦੇ ਨਾਲ ਜ਼ਬਰਦਸਤੀ ਕੀਤੀ ਅਤੇ ਸੰਗ ਕੀਤਾ ।
15ਫਿਰ ਅਮਨੋਨ ਨੇ ਉਸ ਦੇ ਨਾਲ ਡਾਢਾ ਵੈਰ ਕੀਤਾ ਅਜਿਹਾ ਵੈਰ ਜੋ ਉਸ ਦੀ ਪ੍ਰੀਤ ਨਾਲੋਂ ਵੀ ਵੱਧ ਸੀ ਅਤੇ ਅਮਨੋਨ ਨੇ ਉਸ ਨੂੰ ਆਖਿਆ, ਉੱਠ, ਚੱਲੀ ਜਾਹ !16ਤਾਂ ਉਸ ਨੇ ਉਹ ਨੂੰ ਆਖਿਆ, ਅਜਿਹਾ ਨਹੀਂ ਹੋਵੇਗਾ ਕਿਉਂ ਜੋ ਮੈਨੂੰ ਕੱਢ ਦੇਣ ਬੁਰਿਆਈ ਉਸ ਨਾਲੋਂ ਵੀ ਵੱਧ ਹੈ ਜਿਹੜੀ ਤੂੰ ਮੇਰੇ ਨਾਲ ਸੰਗ ਕਰ ਕੇ ਕੀਤੀ ਹੈ ! ਪਰ ਉਹ ਨੇ ਉਸ ਦੀ ਗੱਲ ਨਾ ਸੁਣੀ ।17ਤਦ ਅਮਨੋਨ ਨੇ ਆਪਣੇ ਜੁਆਨ ਸੇਵਕ ਨੂੰ ਜੋ ਉਹ ਦੀ ਸੇਵਾ ਕਰਦਾ ਸੀ ਸੱਦ ਕੇ ਆਖਿਆ, ਇਹ ਨੂੰ ਮੇਰੇ ਘਰੋਂ ਹੁਣੇ ਬਾਹਰ ਕੱਢ ਕੇ ਉਸ ਦੇ ਪਿੱਛੋਂ ਦਰਵਾਜਾ ਬੰਦ ਕਰ ਦੇ !
18ਉਸ ਨੇ ਰੰਗ-ਬਰੰਗੀ ਕੁੜਤੀ ਪਾਈ ਹੋਈ ਸੀ ਕਿਉਂ ਜੋ ਰਾਜਾ ਦੀਆਂ ਕੁਆਰੀਆਂ ਧੀਆਂ ਇਹੋ ਜਿਹੇ ਬਸਤਰ ਪਹਿਨਦੀਆਂ ਸਨ । ਸੋ, ਉਹ ਦੇ ਸੇਵਕ ਨੇ ਉਸ ਨੂੰ ਬਾਹਰ ਕੱਢ ਦਿੱਤਾ ਅਤੇ ਉਸ ਦੇ ਪਿੱਛੋਂ ਦਰਵਾਜਾ ਬੰਦ ਕਰ ਲਿਆ ।19ਤਾਮਾਰ ਨੇ ਸਿਰ ਉੱਤੇ ਸੁਆਹ ਪਾਈ ਅਤੇ ਉਹ ਰੰਗ-ਬਿਰੰਗੀ ਕੁੜਤੀ ਜੋ ਪਹਿਨੀ ਹੋਈ ਸੀ ਪਾੜ ਸੁੱਟੀ ਅਤੇ ਸਿਰ ਉੱਤੇ ਹੱਥ ਧਰ ਕੇ ਚੀਕਾਂ ਮਾਰਦੀ ਹੋਈ ਤੁਰੀ ਜਾਂਦੀ ਸੀ ।
20ਉਸ ਦੇ ਭਰਾ ਅਬਸ਼ਾਲੋਮ ਨੇ ਉਸ ਨੂੰ ਆਖਿਆ ਕੀ ਤੇਰੇ ਭਰਾ ਅਮਨੋਨ ਨੇ ਤੇਰੇ ਨਾਲ ਕੁਝ ਕੀਤਾ ? ਪਰ ਹੇ ਮੇਰੀ ਭੈਣ, ਹੁਣ ਚੁੱਪ ਰਹਿ ਕਿਉਂ ਜੋ ਉਹ ਤੇਰਾ ਭਰਾ ਹੈ ਅਤੇ ਇਸ ਗੱਲ ਲਈ ਮਨ ਵਿੱਚ ਫ਼ਿਕਰ ਨਾ ਕਰ । ਤਦ ਤਾਮਾਰ ਆਪਣੇ ਭਰਾ ਅਬਸ਼ਾਲੋਮ ਦੇ ਘਰ ਵਿੱਚ ਉਦਾਸ ਹੋ ਕੇ ਬੈਠੀ ਰਹੀ ।21ਜਦ ਦਾਊਦ ਰਾਜਾ ਨੇ ਇਹ ਸਾਰੀਆਂ ਗੱਲਾਂ ਸੁਣੀਆਂ ਤਾਂ ਉਹ ਦਾ ਕ੍ਰੋਧ ਭੜਕ ਪਿਆ ।22ਅਬਸ਼ਾਲੋਮ ਨੇ ਆਪਣੇ ਭਰਾ ਅਮਨੋਨ ਨੂੰ ਕੁਝ ਚੰਗਾ-ਮੰਦਾ ਨਾ ਆਖਿਆ, ਕਿਉਂ ਜੋ ਅਬਸ਼ਾਲੋਮ ਅਮਨੋਨ ਨਾਲ ਵੈਰ ਰੱਖਦਾ ਸੀ ਕਿਉਂਕਿ ਜੋ ਉਸ ਨੇ ਉਹ ਦੀ ਭੈਣ ਤਾਮਾਰ ਨਾਲ ਜ਼ਬਰਦਸਤੀ ਕੀਤੀ ਸੀ
ਅਬਸ਼ਾਲੋਮ ਦਾ ਬਦਲਾ

23ਅਜਿਹਾ ਹੋਇਆ ਜੋ ਪੂਰੇ ਦੋ ਸਾਲਾਂ ਪਿੱਛੋਂ ਅਬਸ਼ਾਲੋਮ ਨੇ ਇਫ਼ਰਾਈਮ ਦੇ ਕੋਲ ਬਆਲ-ਹਸੋਰ ਵਿੱਚ ਆਪਣੀਆਂ ਭੇਡਾਂ ਦੀ ਉੱਨ ਕਤਰਵਾਈ ਅਤੇ ਅਬਸ਼ਾਲੋਮ ਨੇ ਰਾਜੇ ਦੇ ਸਾਰੇ ਪੁੱਤਰਾਂ ਨੂੰ ਉੱਥੇ ਬੁਲਾਇਆ ।24ਅਬਸ਼ਾਲੋਮ ਰਾਜੇ ਕੋਲ ਆਇਆ ਅਤੇ ਆਖਿਆ, ਵੇਖੋ, ਤੇਰੇ ਸੇਵਕ ਦੇ ਉੱਨ ਕਤਰਨ ਵਾਲੇ ਉੱਥੇ ਹਨ ਸੋ ਹੁਣ ਮੈਂ ਬੇਨਤੀ ਕਰਦਾ ਹਾਂ ਕਿ ਰਾਜਾ ਅਤੇ ਉਹ ਦੇ ਦਾਸ ਤੇਰੇ ਸੇਵਕ ਨਾਲ ਚੱਲਣ ।
25ਤਦ ਰਾਜੇ ਨੇ ਅਬਸ਼ਾਲੋਮ ਨੂੰ ਆਖਿਆ, ਨਾ ਪੁੱਤਰ ਅਸੀਂ ਸਾਰੇ ਨਹੀਂ ਜਾਂਵਾਂਗੇ ਅਜਿਹਾ ਨਾ ਹੋਵੇ ਜੋ ਤੇਰੇ ਤੇ ਭਾਰੀ ਹੋ ਜਾਈਏ ਅਤੇ ਉਸ ਨੇ ਬੇਨਤੀ ਕੀਤੀ ਪਰ ਉਹ ਨੇ ਜਾਣ ਤੋਂ ਨਾਂਹ ਕੀਤੀ ਪਰ ਉਹ ਨੂੰ ਅਸੀਸ ਦਿੱਤੀ ।26ਤਦ ਅਬਸ਼ਾਲੋਮ ਨੇ ਆਖਿਆ, ਜੇਕਰ ਤੂੰ ਨਹੀ ਜਾਂਦਾ ਤਾਂ ਮੇਰੇ ਭਰਾ ਅਮਨੋਨ ਨੂੰ ਸਾਡੇ ਨਾਲ ਭੇਜ ਦਿਓ । ਤਾਂ ਰਾਜਾ ਨੇ ਉਹ ਨੂੰ ਆਖਿਆ, ਉਹ ਕਿਉਂ ਤੇਰੇ ਨਾਲ ਜਾਵੇ ?
27ਤਦ ਅਬਸ਼ਾਲੋਮ ਨੇ ਉਹ ਨੂੰ ਜ਼ੋਰ ਪਾਇਆ, ਤਾਂ ਉਸ ਨੇ ਅਮਨੋਨ ਨੂੰ ਅਤੇ ਸਾਰੇ ਰਾਜ ਪੁੱਤਰਾਂ ਨੂੰ ਉਹ ਦੇ ਨਾਲ ਜਾਣ ਦਿੱਤਾ ।28ਅਬਸ਼ਾਲੋਮ ਨੇ ਆਪਣੇ ਜੁਆਨਾਂ ਨੂੰ ਹੁਕਮ ਦੇ ਦਿੱਤਾ ਸੀ ਕਿ ਸੁਚੇਤ ਰਹੋ । ਜਦ ਅਮਨੋਨ ਦਾ ਦਿਲ ਸ਼ਰਾਬ ਪੀ ਕੇ ਮਤਵਾਲਾ ਹੋਵੇ ਅਤੇ ਮੈਂ ਤੁਹਾਨੂੰ ਆਖਾਂ ਕਿ ਅਮਨੋਨ ਨੂੰ ਮਾਰ ਦਿਓ ! ਤਾਂ ਤੁਸੀਂ ਉਹ ਨੂੰ ਮਾਰ ਸੁੱਟਣਾ । ਬਿਲਕੁਲ ਨਾ ਡਰਿਓ ! ਭਲਾ, ਮੈਂ ਤੁਹਾਨੂੰ ਹੁਕਮ ਨਹੀਂ ਦਿੱਤਾ ? ਸੋ ਤਕੜੇ ਹੋਵੋ, ਹੱਥ ਮਜ਼ਬੂਤ ਕਰੋ !29ਇਸ ਲਈ ਅਬਸ਼ਾਲੋਮ ਦੇ ਜੁਆਨਾਂ ਨੇ ਜਿਵੇਂ ਅਬਸ਼ਾਲੋਮ ਨੇ ਹੁਕਮ ਦਿੱਤਾ ਸੀ ਉਸੇ ਤਰ੍ਹਾਂ ਹੀ ਅਮਨੋਨ ਨਾਲ ਕੀਤਾ । ਤਦ ਸਾਰੇ ਰਾਜ ਪੁੱਤਰ ਉੱਠੇ ਅਤੇ ਸਾਰੇ ਮਨੁੱਖ ਆਪੋ ਆਪਣੇ ਖ਼ੱਚਰਾਂ ਉੱਤੇ ਚੜ੍ਹ ਕੇ ਭੱਜ ਗਏ ।
30ਤਦ ਅਜਿਹਾ ਹੋਇਆ ਜੋ ਉਹ ਅਜੇ ਰਾਹ ਵਿੱਚ ਹੀ ਸਨ ਜੋ ਦਾਊਦ ਨੂੰ ਖ਼ਬਰ ਹੋਈ ਕਿ ਅਬਸ਼ਾਲੋਮ ਨੇ ਸਾਰੇ ਰਾਜ-ਪੁੱਤਰਾਂ ਨੂੰ ਮਾਰ ਸੁੱਟਿਆ ਅਤੇ ਉਨ੍ਹਾਂ ਵਿੱਚੋਂ ਇੱਕ ਵੀ ਨਾ ਬਚਿਆ !31ਤਦ ਰਾਜਾ ਉੱਠਿਆ, ਆਪਣੇ ਕੱਪੜੇ ਪਾੜ ਸੁੱਟੇ ਅਤੇ ਜ਼ਮੀਨ ਉੱਤੇ ਲੰਮਾ ਪੈ ਗਿਆ ਤਾਂ ਉਹ ਦੇ ਸਾਰੇ ਸੇਵਕ ਵੀ ਕੱਪੜੇ ਪਾੜ ਕੇ ਉਹ ਦੇ ਅੱਗੇ ਖੜ੍ਹੇ ਹੋ ਗਏ ।
32ਤਦ ਦਾਊਦ ਦੇ ਭਰਾ ਸ਼ਿਮਆਹ ਦਾ ਪੁੱਤਰ ਯੋਨਾਦਾਬ ਇਸ ਤਰ੍ਹਾਂ ਬੋਲਿਆ, ਮੇਰਾ ਮਹਾਰਾਜ ਇਹ ਧਿਆਨ ਨਾ ਕਰੋ ਜੋ ਉਨ੍ਹਾਂ ਨੇ ਸਾਰੇ ਜੁਆਨਾਂ ਨੂੰ ਅਰਥਾਤ ਰਾਜੇ ਦੇ ਪੁੱਤਰ ਸਨ ਮਾਰ ਸੁੱਟਿਆ ਸਗੋਂ ਅਮਨੋਨ ਹੀ ਇੱਕਲਾ ਮਾਰਿਆ ਗਿਆ ਕਿਉਂ ਜੋ ਅਬਸ਼ਾਲੋਮ ਨੇ ਜਿਸ ਦਿਨ ਤੋਂ ਅਮਨੋਨ ਨੇ ਉਹ ਦੀ ਭੈਣ ਤਾਮਾਰ ਨਾਲ ਜ਼ਬਰਦਸਤੀ ਕੀਤੀ ਸੀ ਇਹ ਗੱਲ ਮਿੱਥ ਲਈ ਸੀ ।33ਸੋ ਮੇਰਾ ਮਹਾਰਾਜ ਰਾਜਾ ਮਨ ਵਿੱਚ ਇਹ ਨਾ ਸਮਝੇ ਕਿ ਸਾਰੇ ਰਾਜ-ਪੁੱਤਰ ਮਾਰੇ ਗਏ ਕਿਉਂ ਜੋ ਅਮਨੋਨ ਹੀ ਇੱਕਲਾ ਮਾਰਿਆ ਗਿਆ ਹੈ ।
34ਅਬਸ਼ਾਲੋਮ ਨੱਠ ਗਿਆ ਅਤੇ ਉਸ ਜੁਆਨ ਰਾਖੇ ਨੇ ਜਦ ਆਪਣੀਆਂ ਅੱਖੀਆਂ ਉਤਾਹਾਂ ਚੁੱਕੀਆਂ ਤਾਂ ਕੀ ਵੇਖੇ ਜੋ ਵੱਡੀ ਭੀੜ ਪਹਾੜ ਦੇ ਰਾਹ ਵੱਲੋਂ ਉਹ ਦੇ ਪਿੱਛੇ ਆਉਂਦੀ ਸੀ ।35ਤਦ ਯੋਨਾਦਾਬ ਨੇ ਰਾਜਾ ਨੂੰ ਆਖਿਆ, ਵੇਖੋ ਰਾਜ-ਪੁੱਤਰ ਆ ਗਏ ਅਤੇ ਜਿਵੇਂ ਤੁਹਾਡੇ ਸੇਵਕ ਨੇ ਆਖਿਆ ਸੀ ਉਸੇ ਤਰ੍ਹਾਂ ਹੀ ਹੋਇਆ ।36ਜਦ ਉਹ ਗੱਲ ਆਖ ਚੁੱਕਾ ਤਾਂ ਰਾਜ-ਪੁੱਤਰ ਆ ਪਹੁੰਚੇ ਅਤੇ ਚੀਕਾਂ ਮਾਰ-ਮਾਰ ਕੇ ਰੋਏ ਅਤੇ ਰਾਜਾ ਵੀ ਆਪਣੇ ਸਾਰਿਆਂ ਸੇਵਕਾਂ ਨਾਲ ਬਹੁਤ ਭੁੱਬਾਂ ਮਾਰ-ਮਾਰ ਰੋਇਆ ।
37ਪਰ ਅਬਸ਼ਾਲੋਮ ਨੱਠ ਕੇ ਗਸ਼ੂਰ ਦੇ ਰਾਜਾ ਅਮੀਹੂਰ ਦੇ ਪੁੱਤਰ ਤਲਮੀ ਕੋਲ ਗਿਆ ਅਤੇ ਦਾਊਦ ਹਰ ਰੋਜ਼ ਆਪਣੇ ਪੁੱਤਰ ਲਈ ਸੋਗ ਕਰਦਾ ਸੀ ।38ਅਬਸ਼ਾਲੋਮ ਨੱਠ ਕੇ ਗਸ਼ੂਰ ਵਿੱਚ ਆਇਆ ਅਤੇ ਤਿੰਨ ਸਾਲ ਉੱਥੇ ਰਿਹਾ ।39ਅਤੇ ਦਾਊਦ ਰਾਜਾ ਦਾ ਮਨ ਅਬਸ਼ਾਲੋਮ ਕੋਲ ਜਾਣ ਲਈ ਬਹੁਤ ਤਰਸਦਾ ਸੀ ਕਿਉਂ ਜੋ ਅਮਨੋਨ ਦੀ ਵੱਲੋਂ ਉਹ ਨੂੰ ਸ਼ਾਂਤੀ ਆ ਗਈ ਸੀ, ਕਿਉਂ ਜੋ ਉਹ ਮਰ ਚੁੱਕਾ ਸੀ ।

14
ਯੋਆਬ ਦੀ ਯੋਜਨਾ ਅਤੇ ਅਬਸ਼ਾਲੋਮ ਦੀ ਵਾਪਸੀ

1ਸਰੂਯਾਹ ਦੇ ਪੁੱਤਰ ਯੋਆਬ ਨੇ ਜਾਣ ਲਿਆ ਕਿ ਰਾਜਾ ਦਾ ਦਿਲ ਅਬਸ਼ਾਲੋਮ ਵੱਲ ਹੈ ।2ਇਸ ਲਈ ਯੋਆਬ ਨੇ ਤਕੋਆਹ ਵਿੱਚ ਮਨੁੱਖ ਭੇਜ ਕੇ ਉੱਥੋਂ ਇੱਕ ਸਮਝਦਾਰ ਇਸਤਰੀ ਨੂੰ ਬੁਲਵਾਇਆ ਅਤੇ ਉਸ ਨੂੰ ਆਖਿਆ, ਜੋ ਸੋਗ ਦਾ ਪਹਿਰਾਵਾ ਪਾ ਕੇ ਸੋਗ ਕਰਨ ਵਾਲੀ ਬਣ ਅਤੇ ਤੇਲ ਨਾ ਲਗਾ ਸਗੋਂ ਅਜਿਹੀ ਬਣ ਜੋ ਬਹੁਤ ਦਿਨਾਂ ਤੋਂ ਮੌਤ ਦਾ ਵਿਰਲਾਪ ਕਰ ਰਹੀ ਹੋਵੇ ।3ਰਾਜੇ ਕੋਲ ਜਾ ਕੇ ਉਸ ਨਾਲ ਇਹ ਗੱਲ ਕਰ । ਤਦ ਯੋਆਬ ਨੇ ਜੋ ਕੁਝ ਉਸ ਨੇ ਆਖਣਾ ਸੀ ਉਸ ਨੂੰ ਸਿਖਾ ਦਿੱਤਾ ।

4ਜਦ ਤਕੋਆਹ ਦੀ ਉਹ ਇਸਤਰੀ ਰਾਜੇ ਕੋਲ ਆਈ ਤਾਂ ਮੂੰਹ ਦੇ ਭਾਰ ਧਰਤੀ ਉੱਤੇ ਡਿੱਗੀ ਅਤੇ ਮੱਥਾ ਟੇਕਿਆ ਅਤੇ ਆਖਣ ਲੱਗੀ, ਹੇ ਰਾਜਾ, ਮੇਰੀ ਦੁਹਾਈ ਸੁਣ !5ਤਦ ਰਾਜਾ ਨੇ ਉਸ ਨੂੰ ਆਖਿਆ, ਤੈਨੂੰ ਕੀ ਹੋਇਆ ? ਉਹ ਬੋਲੀ, ਮੈਂ ਸੱਚ-ਮੁੱਚ ਵਿਧਵਾ ਇਸਤਰੀ ਹਾਂ ਅਤੇ ਮੇਰਾ ਪਤੀ ਮਰ ਗਿਆ ਹੈ ।6ਤੁਹਾਡੀ ਦਾਸੀ ਦੇ ਦੋ ਪੁੱਤਰ ਸਨ ਸੋ ਦੋਵੇ ਖੇਤ ਵਿੱਚ ਹੱਥੋਂ ਪਾਈ ਹੋ ਪਏ ਅਤੇ ਉੱਥੇ ਕੋਈ ਨਹੀਂ ਸੀ ਜੋ ਉਨ੍ਹਾਂ ਨੂੰ ਅਲੱਗ ਕਰੇ ਸੋ ਇੱਕ ਨੇ ਦੂਜੇ ਨੂੰ ਮਾਰਿਆ ਅਤੇ ਵੱਢ ਸੁੱਟਿਆ ।
7ਹੁਣ ਵੇਖੋ, ਸਾਰਾ ਘਰਾਣਾ ਤੁਹਾਡੀ ਦਾਸੀ ਦਾ ਵਿਰੋਧੀ ਹੋ ਗਿਆ ਅਤੇ ਉਹ ਆਖਦੇ ਹਨ ਕਿ ਜਿਸ ਨੇ ਆਪਣੇ ਭਰਾ ਨੂੰ ਵੱਢ ਸੁੱਟਿਆ ਹੈ ਉਸ ਨੂੰ ਸਾਡੇ ਹੱਥ ਸੌਂਪ ਦੇ ਤਾਂ ਜੋ ਅਸੀਂ ਉਹ ਦੇ ਮਾਰੇ ਹੋਏ ਭਰਾ ਦੇ ਬਦਲੇ ਉਹ ਨੂੰ ਵੱਢ ਸੁੱਟੀਏ । ਇਸ ਤਰ੍ਹਾਂ ਉਹ ਵਾਰਿਸ ਨੂੰ ਵੀ ਮਾਰ ਸੁੱਟਣਗੇ ! ਅਤੇ ਉਹ ਮੇਰੇ ਰਹਿੰਦੇ ਅੰਗਾਰੇ ਨੂੰ ਵੀ ਬੁਝਾਉਣਾ ਚਾਹੁੰਦੇ ਹਨ ਅਤੇ ਮੇਰੇ ਪਤੀ ਦਾ ਨਾਂ ਅਤੇ ਵੰਸ਼ ਨੂੰ ਧਰਤੀ ਉੱਤੋਂ ਮਿਟਾ ਦੇਣਗੇ ।
8ਇਸ ਲਈ ਰਾਜੇ ਨੇ ਉਸ ਇਸਤਰੀ ਨੂੰ ਆਖਿਆ, ਤੂੰ ਆਪਣੇ ਘਰ ਜਾ ਅਤੇ ਮੈਂ ਤੇਰੇ ਲਈ ਆਗਿਆ ਦਿਆਂਗਾ ।9ਤਦ ਉਸ ਤਕੋਆਹ ਦੀ ਇਸਤਰੀ ਨੇ ਰਾਜਾ ਨੂੰ ਆਖਿਆ, ਹੇ ਮੇਰੇ ਮਹਾਰਾਜ ਰਾਜਾ, ਸਾਰਾ ਦੋਸ਼ ਮੇਰੇ ਉੱਤੇ ਅਤੇ ਮੇਰੇ ਪਿਤਾ ਦੇ ਘਰਾਣੇ ਉੱਤੇ ਹੋਵੇ ਅਤੇ ਰਾਜਾ ਅਤੇ ਉਸ ਦਾ ਸਿੰਘਾਸਣ ਨਿਰਦੋਸ਼ ਹੋਵੇ ।
10ਤਦ ਰਾਜਾ ਨੇ ਆਖਿਆ, ਜੋ ਕੋਈ ਤੈਨੂੰ ਕੁਝ ਬੋਲੇ ਉਸ ਨੂੰ ਮੇਰੇ ਕੋਲ ਲੈ ਆ ਫਿਰ ਉਹ ਤੈਨੂੰ ਛੂਹ ਨਾ ਸਕੇਗਾ ।11ਤਦ ਉਸ ਨੇ ਆਖਿਆ, ਮੈਂ ਬੇਨਤੀ ਕਰਦੀ ਹਾਂ, ਹੇ ਰਾਜਾ, ਯਹੋਵਾਹ ਆਪਣੇ ਪਰਮੇਸ਼ੁਰ ਵੱਲ ਧਿਆਨ ਲਾ ਕੇ ਖੂਨ ਦਾ ਬਦਲਾ ਲੈਣ ਵਾਲਿਆਂ ਨੂੰ ਰੋਕ ਦਿਓ ਅਜਿਹਾ ਨਾ ਹੋਵੇ ਜੋ ਮੇਰੇ ਪੁੱਤਰ ਨੂੰ ਮਾਰ ਦੇਣ । ਤਦ ਉਸ ਨੇ ਆਖਿਆ, ਜਿਉਂਦੇ ਯਹੋਵਾਹ ਦੀ ਸਹੁੰ, ਤੇਰੇ ਪੁੱਤਰ ਦਾ ਇੱਕ ਵਾਲ ਵੀ ਧਰਤੀ ਉੱਤੇ ਨਾ ਡਿੱਗੇਗਾ ।
12ਤਦ ਉਸ ਇਸਤਰੀ ਨੇ ਆਖਿਆ, ਆਪਣੀ ਦਾਸੀ ਨੂੰ ਆਗਿਆ ਦੇ ਜੋ ਆਪਣੇ ਮਹਾਰਾਜ ਰਾਜਾ ਅੱਗੇ ਇੱਕ ਗੱਲ ਹੋਰ ਬੋਲੇ13ਉਸ ਨੇ ਆਖਿਆ, ਬੋਲ ਤਦ ਉਸ ਇਸਤਰੀ ਨੇ ਆਖਿਆ, ਫਿਰ ਤੁਸੀਂ ਪਰਮੇਸ਼ੁਰ ਦੇ ਲੋਕਾਂ ਦੇ ਵਿਰੁੱਧ ਅਜਿਹੀ ਯੋਜਨਾ ਕਿਉਂ ਬਣਾਈ ਹੈ ? ਕਿਉਂਕਿ ਜੋ ਬਚਨ ਰਾਜਾ ਨੇ ਬੋਲੇ ਹਨ, ਉਸ ਨਾਲ ਰਾਜਾ ਹੀ ਦੋਸ਼ੀ ਠਹਿਰਦਾ ਹੈ ਕਿਉਂ ਜੋ ਰਾਜਾ ਆਪਣੇ ਕੱਢੇ ਹੋਏ ਨੂੰ ਫਿਰ ਨਹੀਂ ਸੱਦਦਾ ।14ਅਸੀਂ ਸਭ ਨੇ ਮਰਨਾ ਹੀ ਹੈ ਅਤੇ ਪਾਣੀ ਵਰਗੇ ਹਾਂ ਜੋ ਧਰਤੀ ਉੱਤੇ ਡੋਲ੍ਹਿਆ ਜਾਂਦਾ ਹੈ ਅਤੇ ਫਿਰ ਚੁੱਕਿਆ ਨਹੀਂ ਜਾ ਸਕਦਾ । ਪਰਮੇਸ਼ੁਰ ਕਿਸੇ ਦੀ ਜਾਨ ਨਹੀਂ ਲੈਂਦਾ ਪਰ ਅਜਿਹਾ ਹਲ ਕਰਦਾ ਹੈ ਕਿ ਕੱਢਿਆ ਹੋਇਆ ਉਸ ਕੋਲੋਂ ਕੱਢਿਆ ਹੋਇਆ ਨਾ ਰਹੇ ।
15ਸੋ ਹੁਣ ਮੈਂ ਆਪਣੇ ਮਹਾਰਾਜ ਰਾਜਾ ਅੱਗੇ ਇਹ ਆਖਣ ਲਈ ਆਈਂ ਹਾਂ ਕਿਉਂ ਜੋ ਲੋਕਾਂ ਨੇ ਮੈਨੂੰ ਡਰਾਇਆ ਤਦ ਤੁਹਾਡੀ ਦਾਸੀ ਨੇ ਆਖਿਆ ਕਿ ਮੈਂ ਆਪ ਰਾਜਾ ਅੱਗੇ ਬੇਨਤੀ ਕਰਾਂਗੀ । ਕੀ ਜਾਣੀਏ ਜੋ ਰਾਜਾ ਆਪਣੀ ਦਾਸੀ ਦੀ ਬੇਨਤੀ ਅਨੁਸਾਰ ਕਰੇ ?16ਕਿਉਂ ਜੋ ਰਾਜਾ ਜ਼ਰੂਰ ਸੁਣ ਕੇ ਆਪਣੀ ਦਾਸੀ ਨੂੰ ਉਸ ਮਨੁੱਖ ਦੇ ਹੱਥੋਂ ਜੋ ਮੈਨੂੰ ਅਤੇ ਮੇਰੇ ਪੁੱਤਰ ਨੂੰ ਪਰਮੇਸ਼ੁਰ ਦੇ ਦਿੱਤੇ ਹੋਏ ਭਾਗ ਵਿੱਚੋਂ ਕੱਢ ਕੇ ਮਾਰਨਾ ਚਾਹੁੰਦੇ ਹਨ, ਛੁਡਾਵੇਗਾ ।17ਤਦ ਤੁਹਾਡੀ ਦਾਸੀ ਨੇ ਆਖਿਆ, ਮੇਰੇ ਮਹਾਰਾਜ ਰਾਜਾ ਦੀ ਗੱਲ ਸੁਖਦਾਇਕ ਹੋਵੇਗੀ ਕਿਉਂ ਜੋ ਮੇਰਾ ਰਾਜਾ ਭਲਿਆਈ ਅਤੇ ਬੁਰਿਆਈ ਦੇ ਪਰਖਣ ਵਿੱਚ ਪਰਮੇਸ਼ੁਰ ਦੇ ਦੂਤ ਵਰਗਾ ਹੈ ਸੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਨਾਲ ਹੋਵੇ !
18ਤਦ ਰਾਜਾ ਨੇ ਉਸ ਇਸਤਰੀ ਨੂੰ ਆਖਿਆ ਜਿਹੜੀ ਗੱਲ ਮੈਂ ਪੁਛਦਾ ਹਾਂ ਸੋ ਤੂੰ ਮੈਂਥੋਂ ਨਾ ਲੁਕਾਵੀਂ, ਤਦ ਉਸ ਇਸਤਰੀ ਨੇ ਕਿਹਾ, ਜੀ ਮਹਾਰਾਜ ਰਾਜਾ, ਦੱਸੋ19ਸੋ ਰਾਜਾ ਨੇ ਆਖਿਆ, ਭਲਾ, ਇਸ ਸਾਰੇ ਕੰਮ ਵਿੱਚ ਯੋਆਬ ਦਾ ਹੱਥ ਤੇਰੇ ਨਾਲ ਨਹੀਂ ?20ਉਸ ਇਸਤਰੀ ਨੇ ਉੱਤਰ ਦੇ ਕੇ ਆਖਿਆ ਤੁਹਾਡੀ ਜਾਨ ਦੀ ਸਹੁੰ, ਹੇ ਮੇਰੇ ਮਹਾਰਾਜ ਰਾਜਾ, ਕਿਸੇ ਨੂੰ ਉਨ੍ਹਾਂ ਗੱਲਾਂ ਤੋਂ ਜੋ ਮੇਰੇ ਮਹਾਰਾਜ ਰਾਜਾ ਨੇ ਆਖੀਆਂ ਹਨ ਸੱਜੇ ਜਾਂ ਖੱਬੇ ਵੱਲ ਮੁੜਨਾ ਅਣਹੋਣਾ ਹੈ ! ਤੁਹਾਡੇ ਸੇਵਕ ਯੋਆਬ ਨੇ ਹੀ ਮੈਨੂੰ ਆਗਿਆ ਦਿਤੀ ਸੀ ਅਤੇ ਉਸ ਨੇ ਇਹ ਸਭ ਗੱਲਾਂ ਤੁਹਾਡੀ ਦਾਸੀ, ਤੇਰੇ ਦਾਸ ਯੋਆਬ ਨੇ ਇਹ ਕੰਮ ਇਸ ਕਰਕੇ ਕੀਤਾ ਤਾਂ ਜੋ ਉਹ ਇਸ ਕੰਮ ਦਾ ਰੰਗ ਬਦਲ ਦੇਵੇ ਅਤੇ ਜੋ ਕੁਝ ਧਰਤੀ ਉੱਤੇ ਹੁੰਦਾ ਹੈ ਉਹ ਦੇ ਜਾਣਨ ਨੂੰ ਮੇਰਾ ਮਹਾਰਾਜ ਪਰਮੇਸ਼ੁਰ ਦੇ ਦੂਤ ਦੀ ਬੁੱਧ ਅਨੁਸਾਰ ਬੁੱਧਵਾਨ ਹੈ ।
21ਤਦ ਰਾਜਾ ਨੇ ਯੋਆਬ ਨੂੰ ਆਖਿਆ, ਵੇਖ, ਮੈਂ ਇਹ ਕੰਮ ਕਰਦਾ ਹਾਂ ! ਤੂੰ ਜਾ ਅਤੇ ਉਸ ਜੁਆਨ ਅਬਸ਼ਾਲੋਮ ਨੂੰ ਮੋੜ ਲਿਆ ।22ਤਦ ਯੋਆਬ ਧਰਤੀ ਉੱਤੇ ਮੂੰਹ ਭਾਰ ਡਿੱਗ ਪਿਆ ਅਤੇ ਮੱਥਾ ਟੇਕ ਕੇ ਰਾਜਾ ਨੂੰ ਧੰਨ ਆਖਿਆ । ਤਦ ਯੋਆਬ ਬੋਲਿਆ, ਹੇ ਮੇਰੇ ਮਹਾਰਾਜਾ, ਅੱਜ ਤੁਹਡਾ ਸੇਵਕ ਜਾਣ ਗਿਆ ਹੈ ਕਿ ਤੁਹਾਡੀ, ਮੇਰੇ ਉੱਤੇ ਕਿਰਪਾ ਦੀ ਨਜ਼ਰ ਹੈ, ਇਸ ਲਈ ਜੋ ਰਾਜਾ ਨੇ ਆਪਣੇ ਸੇਵਕ ਦੀ ਬੇਨਤੀ ਮੰਨ ਲਈ ਹੈ ।
23ਫਿਰ ਯੋਆਬ ਉੱਠਿਆ ਅਤੇ ਗਸ਼ੂਰ ਨੂੰ ਜਾ ਕੇ ਅਬਸ਼ਾਲੋਮ ਨੂੰ ਯਰੂਸ਼ਲਮ ਵਿੱਚ ਲੈ ਆਇਆ ।24ਤਦ ਰਾਜਾ ਨੇ ਆਖਿਆ, ਉਹ ਆਪਣੇ ਘਰ ਮੁੜ ਜਾਏ ਮੇਰਾ ਮੂੰਹ ਨਾ ਵੇਖੇ ! ਸੋ ਅਬਸ਼ਾਲੋਮ ਆਪਣੇ ਘਰ ਗਿਆ ਅਤੇ ਰਾਜਾ ਦਾ ਮੂੰਹ ਨਾ ਵੇਖਿਆ ।
ਅਬਸ਼ਾਲੋਮ ਨੂੰ ਦਾਊਦ ਦਾ ਦਰਸ਼ਣ ਮਿਲਨਾ

25ਸਾਰੇ ਇਸਰਾਏਲ ਵਿੱਚ ਕੋਈ ਮਨੁੱਖ ਅਬਸ਼ਾਲੋਮ ਦੇ ਵਰਗਾ ਸੁਹੱਪਣ ਦੇ ਕਾਰਨ ਪ੍ਰਸ਼ੰਸਾ ਦੇ ਜੋਗ ਨਹੀਂ ਸੀ ਕਿਉਂ ਜੋ ਉਹ ਦੇ ਪੈਰਾਂ ਦੀ ਤਲੀ ਤੋਂ ਲੈ ਕੇ ਸਿਰ ਦੀ ਚੋਟੀ ਤਕ ਕੋਈ ਕਮੀ ਨਹੀਂ ਸੀ ।26ਸਾਲ ਦੇ ਅੰਤ ਵਿੱਚ ਉਹ ਆਪਣੇ ਵਾਲ ਕਟਾਉਂਦਾ ਸੀ ਕਿਉਂ ਜੋ ਉਸ ਦੇ ਵਾਲ ਬਹੁਤ ਭਾਰੇ ਸਨ, ਇਸ ਕਰਕੇ ਉਨ੍ਹਾਂ ਨੂੰ ਕੱਟਦਾ ਸੀ ਅਤੇ ਆਪਣੇ ਸਿਰ ਦੇ ਵਾਲ ਤੋਲਦਾ ਸੀ ਜੋ ਰਾਜਾ ਦੀ ਤੋਲ ਅਨੁਸਾਰ ਢਾਈ ਸੇਰ ਹੁੰਦੇ ਸਨ ।27ਅਬਸ਼ਾਲੋਮ ਦੇ ਤਿੰਨ ਪੁੱਤਰ ਪੈਦਾ ਹੋਏ ਅਤੇ ਇੱਕ ਧੀ ਸੀ ਜਿਸ ਦਾ ਨਾਮ ਤਾਮਾਰ ਸੀ । ਉਹ ਬਹੁਤ ਸੋਹਣੀ ਸੀ ।
28ਅਬਸ਼ਾਲੋਮ ਪੂਰੇ ਦੋ ਸਾਲ ਯਰੂਸ਼ਲਮ ਵਿੱਚ ਰਿਹਾ ਪਰ ਰਾਜਾ ਦਾ ਮੂੰਹ ਨਾ ਵੇਖਿਆ ।29ਸੋ ਅਬਸ਼ਾਲੋਮ ਨੇ ਯੋਆਬ ਨੂੰ ਸੱਦਿਆ ਤਾਂ ਜੋ ਉਹ ਉਸ ਨੂੰ ਰਾਜਾ ਕੋਲ ਭੇਜੇ ਪਰ ਉਹ ਉਸ ਦੇ ਕੋਲ ਨਹੀਂ ਆਇਆ ਅਤੇ ਫਿਰ ਉਸ ਨੇ ਉਹ ਨੂੰ ਦੂਜੀ ਵਾਰ ਸੱਦਿਆ ਪਰ ਉਹ ਨਾ ਆਇਆ
30ਤਦ ਉਸ ਨੇ ਆਪਣੇ ਸੇਵਕਾਂ ਨੂੰ ਆਖਿਆ, ਵੇਖੋ, ਯੋਆਬ ਦੇ ਖੇਤ ਜੋ ਮੇਰੇ ਖੇਤ ਦੇ ਨਜ਼ਦੀਕ ਹੈ ਅਤੇ ਉਸ ਵਿਚ ਜੌਂ ਦੀ ਫ਼ਸਲ ਤਿਆਰ ਹੈ, ਸੋ ਉਸ ਨੂੰ ਨੂੰ ਜਾ ਕੇ ਅੱਗ ਨਾਲ ਸਾੜ ਸੁੱਟੋ ! ਤਦ ਅਬਸ਼ਾਲੋਮ ਦੇ ਸੇਵਕਾਂ ਨੇ ਖੇਤ ਨੂੰ ਅੱਗ ਲਾ ਦਿੱਤੀ31ਤਦ ਯੋਆਬ ਉੱਠਿਆ ਅਤੇ ਅਬਸ਼ਾਲੋਮ ਦੇ ਘਰ ਆਇਆ ਅਤੇ ਉਹ ਨੂੰ ਆਖਿਆ, ਤੇਰੇ ਸੇਵਕਾਂ ਨੇ ਮੇਰੇ ਖੇਤ ਕਿਉਂ ਸਾੜ ਦਿੱਤੇ ?
32ਤਦ ਅਬਸ਼ਾਲੋਮ ਨੇ ਯੋਆਬ ਨੂੰ ਆਖਿਆ, ਵੇਖ, ਮੈਂ ਤੈਨੂੰ ਸੁਨੇਹਾ ਭੇਜਿਆ ਕਿ ਐਥੇ ਆ ਜੋ ਮੈਂ ਤੈਨੂੰ ਇਹ ਸੁਨੇਹਾ ਦੇ ਕੇ ਰਾਜਾ ਕੋਲ ਭੇਜਾਂ ਕਿ ਮੈਂ ਗਸ਼ੂਰ ਤੋਂ ਇਥੇ ਕਿਉਂ ਆਇਆ ? ਮੇਰੇ ਲਈ ਤਾਂ ਉੱਥੇ ਰਹਿਣਾ ਹੀ ਚੰਗਾ ਸੀ, ਸੋ ਹੁਣ ਰਾਜਾ ਦਾ ਦਰਸ਼ਣ ਮੈਨੂੰ ਕਰਾਈਂ ਅਤੇ ਜੇ ਮੇਰੇ ਵਿੱਚ ਕੋਈ ਦੋਸ਼ ਹੋਵੇ ਤਾਂ ਉਹ ਮੈਨੂੰ ਮਾਰ ਸੁੱਟੇ ।33ਤਦ ਯੋਆਬ ਨੇ ਰਾਜਾ ਕੋਲ ਜਾ ਕੇ ਉਸ ਨੂੰ ਇਹ ਗੱਲ ਆਖੀ ਅਤੇ ਜਦ ਉਸ ਨੇ ਅਬਸ਼ਾਲੋਮ ਨੂੰ ਸੱਦਿਆ ਤਾਂ ਉਹ ਰਾਜਾ ਕੋਲ ਆਇਆ ਅਤੇ ਰਾਜਾ ਦੇ ਅੱਗੇ ਮੂੰਹ ਦੇ ਭਾਰ ਡਿੱਗ ਪਿਆ ਅਤੇ ਰਾਜਾ ਨੇ ਅਬਸ਼ਾਲੋਮ ਨੂੰ ਚੁੰਮਿਆ ।

15
ਅਬਸ਼ਾਲੋਮ ਦੁਆਰਾ ਵਿਦਰੋਹ ਦੀ ਯੋਜਨਾ

1ਇਸ ਤੋਂ ਬਾਅਦ ਅਜਿਹਾ ਹੋਇਆ ਜੋ ਅਬਸ਼ਾਲੋਮ ਨੇ ਆਪਣੇ ਲਈ ਰਥ ਅਤੇ ਘੋੜੇ ਅਤੇ ਆਪਣੇ ਅੱਗੇ ਦੌੜਨ ਲਈ ਪੰਜਾਹ ਮਨੁੱਖ ਤਿਆਰ ਕੀਤੇ ।2ਅਤੇ ਅਬਸ਼ਾਲੋਮ ਸਵੇਰੇ ਉੱਠਦੇ ਸਾਰ ਹੀ ਫਾਟਕ ਦੇ ਰਾਹ ਕੋਲ ਖੜ੍ਹਾ ਜੋ ਜਾਂਦਾ ਸੀ ਅਤੇ ਜਦ ਕੋਈ ਫਰਿਆਦੀ ਰਾਜਾ ਕੋਲ ਆਉਂਦਾ ਸੀ ਤਾਂ ਅਬਸ਼ਾਲੋਮ ਉਹ ਨੂੰ ਪੁਕਾਰ ਕੇ ਪੁੱਛਦਾ ਸੀ, ਤੂੰ ਕਿਹੜੇ ਸ਼ਹਿਰ ਦਾ ਹੈ ? ਜੇਕਰ ਉਹ ਆਖਦਾ, ਤੇਰਾ ਦਾਸ ਇਸਰਾਏਲ ਦੇ ਫਲਾਣੇ ਗੋਤ ਵਿੱਚੋਂ ਹੈ ।

3ਅਬਸ਼ਾਲੋਮ ਉਹ ਨੂੰ ਆਖਦਾ ਹੁੰਦਾ ਸੀ, ਵੇਖ, ਤੇਰੀਆਂ ਗੱਲਾਂ ਠੀਕ ਅਤੇ ਸੱਚੀਆਂ ਹਨ ਪਰ ਰਾਜਾ ਦੀ ਵੱਲੋਂ ਅਜਿਹਾ ਕੋਈ ਨਹੀਂ ਜੋ ਤੇਰੀ ਸੁਣੇ ।4ਫਿਰ ਅਬਸ਼ਾਲੋਮ ਇਹ ਵੀ ਆਖਦਾ ਹੁੰਦਾ ਸੀ, ਜੇਕਰ ਮੈਨੂੰ ਨਿਆਈ ਨਿਯੁਕਤ ਕੀਤਾ ਜਾਂਦਾ ਤਾਂ ਜੋ ਕੋਈ ਫਰਿਆਦੀ ਮੇਰੇ ਕੋਲ ਆਉਂਦਾ ਤਾਂ ਮੈਂ ਜ਼ਰੂਰ ਹੀ ਉਸ ਦਾ ਨਿਆਂ ਕਰਦਾ !
5ਅਤੇ ਇਸ ਤਰ੍ਹਾਂ ਹੁੰਦਾ ਸੀ ਕਿ ਜੇਕਰ ਕੋਈ ਅਬਸ਼ਾਲੋਮ ਦੇ ਕੋਲ ਮੱਥਾ ਟੇਕਣ ਲਈ ਆਉਂਦਾ ਸੀ ਤਾਂ ਉਹ ਆਪਣੀਆਂ ਬਾਹਾਂ ਫੈਲਾ ਕੇ ਉਹ ਨੂੰ ਗਲੇ ਲਾ ਕੇ ਚੁੰਮ ਲੈਂਦਾ ਸੀ ।6ਅਬਸ਼ਾਲੋਮ ਸਾਰੇ ਇਸਰਾਏਲ ਨਾਲ ਜੋ ਰਾਜਾ ਕੋਲ ਫ਼ਰਿਆਦ ਲੈ ਕੇ ਆਉਂਦੇ ਸਨ ਇਸੇ ਤਰ੍ਹਾਂ ਹੀ ਕਰਦਾ ਸੀ । ਇਸ ਤਰ੍ਹਾਂ ਅਬਸ਼ਾਲੋਮ ਨੇ ਇਸਰਾਏਲ ਦੇ ਮਨੁੱਖਾਂ ਦੇ ਮਨ ਜਿੱਤ ਲਏ ।
7ਚਾਰ ਸਾਲ ਬਾਅਦ ਅਜਿਹਾ ਹੋਇਆ ਜੋ ਅਬਸ਼ਾਲੋਮ ਨੇ ਰਾਜਾ ਨੂੰ ਆਖਿਆ, ਮੈਨੂੰ ਇਜ਼ਾਜਤ ਦਿਓ ਕਿ ਮੈਂ ਜਾਂਵਾਂ ਤਾਂ ਕਿ ਜੋ ਸੁੱਖਣਾ ਮੈਂ ਯਹੋਵਾਹ ਦੇ ਅੱਗੇ ਸੁੱਖੀ ਹੈ, ਉਸ ਨੂੰ ਹਬਰੋਨ ਵਿੱਚ ਪੂਰੀ ਕਰਾਂ ।8ਕਿਉਂ ਜੋ ਤੁਹਾਡਾ ਦਾਸ ਜਦ ਅਰਾਮ ਦੇ ਗਸ਼ੂਰ ਵਿੱਚ ਸੀ ਤਾਂ ਇਹ ਸੁੱਖਣਾ ਸੁੱਖੀ ਸੀ ਕਿ ਜੇਕਰ ਯਹੋਵਾਹ ਮੈਨੂੰ ਸੱਚ-ਮੁੱਚ ਯਰੂਸ਼ਲਮ ਵਿੱਚ ਮੋੜ ਲਿਆਵੇ ਤਾਂ ਮੈਂ ਯਹੋਵਾਹ ਦੀ ਉਪਾਸਨਾ ਕਰਾਂਗਾ ।
9ਤਦ ਰਾਜਾ ਨੇ ਉਹ ਨੂੰ ਆਖਿਆ, ਸੁੱਖ ਨਾਲ ਜਾ, ਤਦ ਉਹ ਉੱਠਿਆ ਅਤੇ ਹਬਰੋਨ ਨੂੰ ਤੁਰ ਪਿਆ ।10ਅਬਸ਼ਾਲੋਮ ਨੇ ਇਸਰਾਏਲ ਦੇ ਸਾਰੇ ਗੋਤਾਂ ਵਿੱਚ ਭੇਤੀ ਇਸ ਤਰ੍ਹਾਂ ਅਖਵਾ ਕੇ ਭੇਜੇ ਕਿ ਜਿਸ ਵੇਲੇ ਤੁਸੀਂ ਤੁਰ੍ਹੀ ਦੀ ਅਵਾਜ਼ ਸੁਣੋ ਤਾਂ ਤੁਸੀਂ ਆਖਣਾ, ਅਬਸ਼ਾਲੋਮ ਹਬਰੋਨ ਵਿੱਚ ਰਾਜਾ ਹੈ !
11ਅਬਸ਼ਾਲੋਮ ਦੇ ਨਾਲ ਯਰੂਸ਼ਲਮ ਤੋਂ ਦੋ ਸੌ ਮਨੁੱਖ ਤੁਰੇ, ਜੋ ਸੱਦੇ ਗਏ ਸਨ । ਉਹ ਆਪਣੇ ਸਹਿਜ ਸੁਭਾਵ ਤੁਰੇ ਜਾਦੇਂ ਸਨ ਤੇ ਉਨ੍ਹਾਂ ਨੂੰ ਕਿਸੇ ਗੱਲ ਦੀ ਖ਼ਬਰ ਨਹੀਂ ਸੀ ।12ਅਬਸ਼ਾਲੋਮ ਨੇ ਦਾਊਦ ਦੇ ਮੰਤਰੀ ਗੀਲੋਨੀ ਅਹੀਥੋਫ਼ਲ ਨੂੰ ਉਹ ਦੇ ਸ਼ਹਿਰ ਗਿਲੋਹ ਤੋਂ ਜਿਸ ਵੇਲੇ ਉਹ ਬਲੀ ਚੜ੍ਹਾਉਂਦਾ ਸੀ, ਸੱਦ ਲਿਆ ਅਤੇ ਸਭਾ ਵੱਧਦੀ ਜਾਂਦੀ ਸੀ ਕਿਉਂ ਜੋ ਲੋਕ ਅਬਸ਼ਾਲੋਮ ਨਾਲ ਜੁੜਦੇ ਜਾਂਦੇ ਸਨ ।
ਦਾਊਦ ਦਾ ਯਰੂਸ਼ਲਮ ਤੋਂ ਭੱਜਣਾ

13ਤਦ ਕਿਸੇ ਨੇ ਦਾਊਦ ਨੂੰ ਆ ਕੇ ਦੱਸਿਆ ਕਿ ਇਸਰਾਏਲ ਦੇ ਮਨੁੱਖਾਂ ਦੇ ਮਨ ਅਬਸ਼ਾਲੋਮ ਦੇ ਪਿੱਛੇ ਲੱਗੇ ਹੋਏ ਹਨ ।14ਸੋ ਦਾਊਦ ਨੇ ਆਪਣੇ ਨਾਲ ਦੇ ਸਾਰੇ ਸੇਵਕਾਂ ਨੂੰ ਜੋ ਯਰੂਸ਼ਲਮ ਵਿੱਚ ਸਨ ਆਖਿਆ, ਉੱਠੋ, ਅਸੀਂ ਭੱਜ ਚੱਲੀਏ, ਨਹੀਂ ਤਾਂ ਅਬਸ਼ਾਲੋਮ ਦੇ ਹੱਥੋਂ ਅਸੀਂ ਨਹੀਂ ਬਚਾਂਗੇ ! ਛੇਤੀ ਤੁਰੋ, ਅਜਿਹਾ ਨਾ ਹੋਵੇ ਕਿ ਉਹ ਤੁਰੰਤ ਆ ਕੇ ਸਾਨੂੰ ਫੜ ਲਵੇ ਅਤੇ ਸਾਡੇ ਉੱਤੇ ਬੁਰਿਆਈ ਲਿਆਵੇ ਅਤੇ ਤਲਵਾਰ ਦੀ ਧਾਰ ਨਾਲ ਸ਼ਹਿਰ ਨੂੰ ਨਾਸ਼ ਕਰੇ !15ਰਾਜਾ ਦੇ ਸੇਵਕਾਂ ਨੇ ਰਾਜਾ ਨੂੰ ਆਖਿਆ, ਵੇਖੋ, ਤੁਹਾਡੇ ਸੇਵਕ ਜੋ ਕੁਝ ਮਹਾਰਾਜ ਰਾਜਾ ਆਖੇ ਉਹੋ ਕਰਨ ਨੂੰ ਤਿਆਰ ਹਨ ।
16ਤਦ ਰਾਜਾ ਨਿੱਕਲਿਆ ਅਤੇ ਉਹ ਦਾ ਸਾਰਾ ਟੱਬਰ ਉਹ ਦੇ ਪਿੱਛੇ ਗਿਆ ਅਤੇ ਰਾਜਾ ਨੇ ਦਸ ਇਸਤਰੀਆਂ ਨੂੰ ਜੋ ਰਖ਼ੇਲਾਂ ਸਨ, ਪਿੱਛੇ ਛੱਡ ਦਿੱਤਾ ਤਾਂ ਜੋ ਓਹ ਘਰ ਦੀ ਰਾਖੀ ਕਰਨ ।17ਤਦ ਰਾਜਾ ਨਿੱਕਲਿਆ ਅਤੇ ਸਭ ਲੋਕ ਉਹ ਦੇ ਪਿੱਛੇ-ਪਿੱਛੇ ਗਏ ਅਤੇ ਬੈਤ ਮਰਹਾਕ ਵਿੱਚ ਜਾ ਠਹਿਰੇ,18ਅਤੇ ਉਹ ਦੇ ਸਾਰੇ ਸੇਵਕ ਉਹ ਦੇ ਨਾਲ ਪਾਰ ਲੰਘਦੇ ਜਾਂਦੇ ਸਨ ਅਤੇ ਸਭ ਕਰੇਤੀ, ਫਲੇਤੀ ਅਤੇ ਛੇ ਸੌ ਗਿੱਤੀ ਜੁਆਨ ਜੋ ਗਥ ਤੋਂ ਉਹ ਦੇ ਨਾਲ ਆਏ ਸਨ ਰਾਜਾ ਦੇ ਅੱਗੇ-ਅੱਗੇ ਪਾਰ ਲੰਘ ਗਏ ।
19ਤਦ ਰਾਜਾ ਨੇ ਗਿੱਤੀ ਇੱਤਈ ਨੂੰ ਆਖਿਆ, ਤੂੰ ਸਾਡੇ ਨਾਲ ਕਿਉਂ ਆਇਆ ਹੈ ? ਤੂੰ ਮੁੜ ਜਾ ਅਤੇ ਰਾਜਾ ਨਾਲ ਰਹਿ ਕਿਉਂ ਜੋ ਤੂੰ ਪਰਦੇਸੀ ਹੈਂ ਅਤੇ ਆਪਣੇ ਦੇਸ਼ ਵਿਚੋਂ ਕੱਢਿਆ ਹੋਇਆ ਵੀ ਹੈਂ20ਆਪਣੇ ਸਥਾਨ ਨੂੰ ਮੁੜ ਜਾ ! ਕੱਲ ਹੀ ਤਾਂ ਤੂੰ ਆਇਆ ਹੈਂ ਅਤੇ ਭਲਾ, ਅੱਜ ਹੀ ਮੈਂ ਤੈਨੂੰ ਆਪਣੇ ਨਾਲ ਇੱਧਰ-ਉੱਧਰ ਲੈ ਕੇ ਫਿਰਾਂ ਕਿਉਂ ਜੋ ਮੇਰੇ ਲਈ ਕੋਈ ਜਗ੍ਹਾ ਨਹੀਂ ਜਿੱਥੇ ਮੈਂ ਜਾਂਵਾਂ ? ਸੋ ਤੂੰ ਮੁੜ ਜਾ ਅਤੇ ਆਪਣੇ ਭਰਾਵਾਂ ਨੂੰ ਵੀ ਲੈ ਜਾ ਅਤੇ ਦਯਾ ਅਤੇ ਸਚਿਆਈ ਤੇਰੇ ਨਾਲ ਹੋਵੇ ।
21ਤਦ ਇੱਤਈ ਨੇ ਰਾਜਾ ਨੂੰ ਉੱਤਰ ਦੇ ਕੇ ਆਖਿਆ, ਜੀਉਂਦੇ ਯਹੋਵਾਹ ਅਤੇ ਮੇਰੇ ਮਹਾਰਾਜ ਰਾਜਾ ਦੀ ਜਿੰਦ ਦੀ ਸਹੁੰ ਜਿੱਥੇ ਕਿਤੇ ਮੇਰਾ ਰਾਜਾ ਜਾਵੇ, ਭਾਵੇਂ ਮਰਿਆ ਹੋਵੇ ਭਾਵੇਂ ਜੀਉਂਦਾ ਉੱਥੇ ਤੁਹਾਡਾ ਦਾਸ ਵੀ ਜ਼ਰੂਰ ਨਾਲ ਜਾਵੇਗਾ ।22ਤਦ ਦਾਊਦ ਨੇ ਇੱਤਈ ਨੂੰ ਆਖਿਆ, ਚੱਲ ਪਾਰ ਲੰਘ, ਅਤੇ ਇੱਤਈ ਗਿੱਤੀ ਅਤੇ ਉਸ ਦੇ ਸਾਰੇ ਲੋਕ, ਸਭ ਬੱਚੇ ਜੋ ਉਸ ਦੇ ਨਾਲ ਸਨ, ਪਾਰ ਲੰਘ ਗਏ ।23ਅਤੇ ਸਾਰਾ ਦੇਸ਼ ਭੁੱਬਾਂ ਮਾਰ-ਮਾਰ ਕੇ ਰੋਇਆ ਅਤੇ ਸਭ ਲੋਕ ਪਾਰ ਹੋ ਗਏ ਅਤੇ ਰਾਜਾ ਆਪ ਵੀ ਕਿਦਰੋਨ ਨਦੀ ਦੇ ਪਾਰ ਗਿਆ ਅਤੇ ਸਭ ਲੋਕ ਪਾਰ ਲੰਘ ਕੇ ਉਜਾੜ ਦੇ ਰਾਹ ਚੱਲ ਪਏ ।
24ਵੇਖੋ, ਸਾਦੋਕ ਵੀ ਅਤੇ ਸਾਰੇ ਲੇਵੀ ਪਰਮੇਸ਼ੁਰ ਦੇ ਨੇਮ ਦਾ ਸੰਦੂਕ ਚੁੱਕੇ ਹੋਏ ਉਹ ਦੇ ਨਾਲ ਸਨ, ਸੋ ਉਨ੍ਹਾਂ ਨੇ ਪਰਮੇਸ਼ੁਰ ਦੇ ਨੇਮ ਦੇ ਸੰਦੂਕ ਨੂੰ ਰੱਖ ਦਿੱਤਾ ਅਤੇ ਅਬਯਾਥਾਰ ਉਤਾਹਾਂ ਚੜ੍ਹ ਗਿਆ ਜਦ ਤੱਕ ਕਿ ਸਾਰੇ ਲੋਕ ਸ਼ਹਿਰ ਵਿੱਚੋਂ ਬਾਹਰ ਨਾ ਆ ਗਏ ।25ਤਦ ਰਾਜੇ ਨੇ ਸਾਦੋਕ ਨੂੰ ਆਖਿਆ, ਪਰਮੇਸ਼ੁਰ ਦਾ ਸੰਦੂਕ ਸ਼ਹਿਰ ਨੂੰ ਮੋੜ ਲੈ ਜਾਓ । ਜੇਕਰ ਯਹੋਵਾਹ ਵੱਲੋਂ ਮੇਰੇ ਉੱਤੇ ਕਿਰਪਾ ਹੋਈ ਤਾਂ ਉਹ ਮੈਨੂੰ ਮੋੜ ਲਿਆਵੇਗਾ ਅਤੇ ਉਹ ਦੇ ਸਥਾਨ ਦੇ ਦਰਸ਼ਨ ਮੈਨੂੰ ਫਿਰ ਕਰਾਵੇਗਾ ।26ਪਰ ਜੇ ਉਹ ਆਖੇ ਕਿ ਮੈਂ ਹੁਣ ਤੇਰੇ ਤੋਂ ਪ੍ਰਸੰਨ ਨਹੀਂ ਹਾਂ ਤਾਂ ਮੈਂ ਹਾਜ਼ਰ ਹਾਂ ! ਜੋ ਕੁਝ ਉਸ ਦੀ ਨਿਗਾਹ ਵਿੱਚ ਚੰਗਾ ਹੈ, ਸੋ ਮੇਰੇ ਨਾਲ ਕਰੇ ।
27ਰਾਜੇ ਨੇ ਸਾਦੋਕ ਜਾਜਕ ਨੂੰ ਫਿਰ ਆਖਿਆ, ਭਲਾ, ਤੂੰ ਦਰਸ਼ੀ ਨਹੀਂ ? ਸ਼ਹਿਰ ਨੂੰ ਸ਼ਾਂਤੀ ਨਾਲ ਮੁੜ ਜਾ ਅਤੇ ਤੇਰੇ ਦੋਵੇਂ ਪੁੱਤਰ, ਅਹੀਮਅਸ ਜੋ ਤੇਰਾ ਪੁੱਤਰ ਹੈ ਅਤੇ ਯੋਨਾਥਨ ਜੋ ਅਬਯਾਥਾਰ ਦਾ ਪੁੱਤਰ ਹੈ, ਮੁੜ ਜਾਣ ।28ਵੇਖ, ਮੈਂ ਉਸ ਉਜਾੜ ਦੇ ਪੱਤਣ ਕੋਲ ਠਹਿਰਾਂਗਾ, ਜਦ ਤੱਕ ਕਿ ਤੁਹਾਡੇ ਵੱਲੋਂ ਕੋਈ ਖ਼ਬਰ ਮੇਰੇ ਕੋਲ ਨਾ ਆਵੇ29ਸੋ ਸਾਦੋਕ ਅਤੇ ਅਬਯਾਥਾਰ ਪਰਮੇਸ਼ੁਰ ਦਾ ਸੰਦੂਕ ਯਰੂਸ਼ਲਮ ਵਿੱਚ ਮੋੜ ਲਿਆਏ ਅਤੇ ਉੱਥੇ ਹੀ ਰਹੇ ।
30ਦਾਊਦ ਜੈਤੂਨ ਦੇ ਪਹਾੜ ਨੂੰ ਚੜ੍ਹ ਗਿਆ ਅਤੇ ਚੜ੍ਹਦਾ ਹੋਇਆ ਰਾਹ ਵਿੱਚ ਰੋਂਦਾ ਜਾਂਦਾ ਸੀ, ਉਸਦਾ ਸਿਰ ਢੱਕਿਆ ਹੋਇਆ ਅਤੇ ਉਹ ਪੈਰੋਂ ਨੰਗਾ ਸੀ । ਉਸ ਦੇ ਨਾਲ ਦੇ ਸਾਰੇ ਲੋਕਾਂ ਨੇ ਵੀ ਆਪਣੇ ਸਿਰ ਢੱਕ ਲਏ ਅਤੇ ਚੜ੍ਹਦੇ ਜਾਂਦੇ ਸਨ ਅਤੇ ਰਾਹ ਵਿੱਚ ਰੋਂਦੇ ਜਾਂਦੇ ਸਨ ।31ਕਿਸੇ ਨੇ ਦਾਊਦ ਨੂੰ ਦੱਸਿਆ, ਅਹੀਥੋਫ਼ਲ ਵੀ ਅਬਸ਼ਾਲੋਮ ਦੇ ਨਾਲ ਹੈ, ਤਦ ਦਾਊਦ ਨੇ ਆਖਿਆ, ਹੇ ਯਹੋਵਾਹ, ਮੈਂ ਤੇਰੇ ਅੱਗੇ ਬੇਨਤੀ ਕਰਦਾਂ ਹਾਂ ਕਿ ਅਹੀਥੋਫ਼ਲ ਦੀ ਸਲਾਹ ਨੂੰ ਮੂਰਖਤਾਈ ਵਿੱਚ ਬਦਲ ਦੇ ।
32ਫਿਰ ਜਦ ਦਾਊਦ ਉਸ ਪਹਾੜ ਦੀ ਟੀਸੀ ਉੱਤੇ ਪਹੁੰਚਿਆ ਜਿੱਥੇ ਉਸ ਨੇ ਪਰਮੇਸ਼ੁਰ ਦੇ ਅੱਗੇ ਮੱਥਾ ਟੇਕਿਆ ਸੀ ਤਾਂ ਵੇਖੋ ਹੂਸ਼ਈ ਅਰਕੀ ਆਪਣੇ ਕੱਪੜੇ ਪਾੜੇ ਹੋਏ ਅਤੇ ਆਪਣੇ ਸਿਰ ਉੱਤੇ ਮਿੱਟੀ ਪਾਏ ਹੋਏ ਉਹ ਨੂੰ ਮਿਲਣ ਲਈ ਆਇਆ ।33ਤਦ ਦਾਊਦ ਨੇ ਉਹ ਨੂੰ ਆਖਿਆ, ਜੇਕਰ ਤੂੰ ਮੇਰੇ ਨਾਲ ਚੱਲੇਂਗਾ ਤਾਂ ਤੂੰ ਮੇਰੇ ਲਈ ਬੋਝ ਹੋਵੇਂਗਾ,34ਪਰ ਜੇਕਰ ਤੂੰ ਸ਼ਹਿਰ ਵਿੱਚ ਮੁੜ ਜਾਵੇਂ ਅਤੇ ਅਬਸ਼ਾਲੋਮ ਨੂੰ ਆਖੇ, ਹੇ ਰਾਜਾ, ਮੈਂ ਤੁਹਾਡਾ ਹਾਂ । ਜਿਵੇਂ ਮੈਂ ਤੁਹਾਡੇ ਪਿਤਾ ਦਾ ਸੇਵਕ ਸੀ, ਉਸੇ ਤਰ੍ਹਾਂ ਹੁਣ ਤੁਹਾਡਾ ਸੇਵਕ ਹਾਂ, ਤਦ ਤੂੰ ਮੇਰੇ ਲਈ ਅਹੀਥੋਫ਼ਲ ਦੀ ਸਲਾਹ ਨੂੰ ਨਿਸਫਲ ਕਰ ਸਕਦਾ ਹੈਂ ।
35ਭਲਾ, ਤੇਰੇ ਨਾਲ ਸਾਦੋਕ ਅਤੇ ਅਬਯਾਥਾਰ ਦੋਵੇਂ ਜਾਜਕ ਨਹੀਂ ਹਨ ? ਜੋ ਕੁਝ ਤੂੰ ਰਾਜਾ ਦੇ ਘਰ ਵਿੱਚ ਸੁਣੇਗਾ, ਸੋ ਸਾਦੋਕ ਅਤੇ ਅਬਯਥਾਰ ਜਾਜਕਾਂ ਨੂੰ ਦੱਸ ਦੇਵੀਂ ।36ਵੇਖੋ, ਉਨ੍ਹਾਂ ਦੇ ਨਾਲ ਉਨ੍ਹਾਂ ਦੇ ਦੋ ਪੁੱਤਰ ਵੀ ਹਨ ਅਰਥਾਤ ਸਾਦੋਕ ਦਾ ਪੁੱਤਰ ਅਹੀਮਅਸ ਸਾਦੋਕ ਅਤੇ ਅਬਯਾਥਾਰ ਦਾ ਪੁੱਤਰ ਯੋਨਾਥਨ । ਫਿਰ ਜੋ ਕੁਝ ਤੁਸੀਂ ਸੁਣੋ ਸੋ ਉਨ੍ਹਾਂ ਦੇ ਰਾਹੀਂ ਮੈਨੂੰ ਅਖਵਾ ਘੱਲਣਾ ।37ਸੋ ਹੂਸ਼ਈ, ਦਾਊਦ ਦਾ ਮਿੱਤਰ ਸ਼ਹਿਰ ਨੂੰ ਆਇਆ ਅਤੇ ਅਬਸ਼ਾਲੋਮ ਵੀ ਸ਼ਹਿਰ ਵਿੱਚ ਆ ਪਹੁੰਚਿਆ ।

16
ਦਾਊਦ ਅਤੇ ਸੀਬਾ

1ਜਦ ਦਾਊਦ ਪਹਾੜ ਦੀ ਟੀਸੀ ਤੋਂ ਕੁਝ ਅੱਗੇ ਵੱਧਿਆ ਤਾਂ ਮਫ਼ੀਬੋਸ਼ਥ ਦਾ ਸੇਵਕ ਸੀਬਾ, ਕਾਠੀ ਕੱਸੇ ਹੋਏ ਦੋ ਗਧੇ ਜਿਨ੍ਹਾਂ ਉੱਤੇ ਦੋ ਸੋ ਰੋਟੀਆਂ, ਸੌ ਦਾਖਾਂ ਦੇ ਗੁੱਛੇ, ਸੌ ਹੰਜੀਰ ਦੇ ਫਲ ਅਤੇ ਇੱਕ ਮਸ਼ਕ ਮਧ ਲੱਦੀ ਹੋਈ ਸੀ, ਲੈ ਕੇ ਉਸ ਨੂੰ ਮਿਲਣ ਲਈ ਆਇਆ ।2ਰਾਜੇ ਨੇ ਸੀਬਾ ਨੂੰ ਆਖਿਆ, ਇਨ੍ਹਾਂ ਤੋਂ ਤੇਰਾ ਕੀ ਉਦੇਸ਼ ਹੈ ? ਸੀਬਾ ਨੇ ਆਖਿਆ, ਇਹ ਗਧੇ ਰਾਜਾ ਦੇ ਘਰਾਣੇ ਦੀ ਸਵਾਰੀ ਲਈ ਹਨ ਅਤੇ ਰੋਟੀਆਂ ਅਤੇ ਹੰਜੀਰ ਦੇ ਫਲ ਜੁਆਨਾਂ ਦੇ ਖਾਣ ਲਈ ਹਨ ਅਤੇ ਇਹ ਮਧ ਇਸ ਲਈ ਹੈ ਕਿ ਜੋ ਉਜਾੜ ਵਿੱਚ ਥੱਕ ਜਾਣ, ਉਹ ਇਸ ਨੂੰ ਪੀ ਲੈਣ ।

3ਰਾਜਾ ਨੇ ਪੁੱਛਿਆ, ਤੇਰੇ ਮਾਲਕ ਦਾ ਪੁੱਤਰ ਕਿੱਥੇ ਹੈ ? ਸੀਬਾ ਨੇ ਰਾਜਾ ਨੂੰ ਆਖਿਆ, ਵੇਖੋ, ਉਹ ਯਰੂਸ਼ਲਮ ਵਿੱਚ ਹੈ, ਕਿਉਂ ਜੋ ਉਹ ਆਖਦਾ ਹੈ ਕਿ ਇਸਰਾਏਲ ਦਾ ਘਰਾਣਾ ਅੱਜ ਹੀ ਮੇਰੇ ਪਿਤਾ ਦਾ ਰਾਜ ਮੈਨੂੰ ਮੋੜ ਦੇਵੇਗਾ ।4ਤਦ ਰਾਜਾ ਨੇ ਸੀਬਾ ਨੂੰ ਆਖਿਆ, ਵੇਖ, ਜੋ ਕੁਝ ਮਫੀਬੋਸ਼ਥ ਦਾ ਹੈ, ਉਹ ਸਭ ਕੁਝ ਤੇਰਾ ਹੋਇਆ । ਤਦ ਸੀਬਾ ਨੇ ਆਖਿਆ, ਮੈਂ ਤੁਹਾਡੇ ਅੱਗੇ ਗੋਡੇ ਨਿਵਾਉਂਦਾ ਹਾਂ, ਮੇਰੇ ਮਹਾਰਾਜ ਰਾਜਾ ਦੀ ਕਿਰਪਾ ਦੀ ਨਿਗਾਹ ਮੇਰੇ ਉੱਤੇ ਹੋਵੇ ।
ਦਾਊਦ ਅਤੇ ਸ਼ਿਮਈ

5ਫਿਰ ਉੱਥੋਂ ਦਾਊਦ ਰਾਜਾ ਬਹੁਰੀਮ ਵਿੱਚ ਆਇਆ ਤਾਂ ਵੇਖੋ, ਉੱਥੋਂ ਸ਼ਾਊਲ ਦੇ ਘਰਾਣੇ ਦੇ ਵਿੱਚੋਂ ਇੱਕ ਮਨੁੱਖ ਨਿੱਕਲਿਆ ਜੋ ਗੇਰਾ ਦਾ ਪੁੱਤਰ ਸ਼ਿਮਈ ਸੀ ਅਤੇ ਉਹ ਸਰਾਪ ਦਿੰਦਾ ਹੋਇਆ ਤੁਰਿਆ ਜਾਂਦਾ ਸੀ ।6ਉਸ ਨੇ ਦਾਊਦ ਉੱਤੇ ਅਤੇ ਦਾਊਦ ਰਾਜਾ ਦੇ ਸਾਰਿਆਂ ਸੇਵਕਾਂ ਨੂੰ ਵੱਟੇ ਮਾਰੇ ਅਤੇ ਉਸ ਵੇਲੇ ਸਾਰੇ ਸੂਰਮੇ ਅਤੇ ਸਾਰੇ ਲੋਕ ਉਹ ਦੇ ਸੱਜੇ ਖੱਬੇ ਸਨ ।
7ਸ਼ਿਮਈ ਸਰਾਪ ਦਿੰਦਾ ਹੋਇਆ ਇਹ ਆਖਦਾ ਸੀ, ਨਿੱਕਲ ਆ, ਤੂੰ ਨਿੱਕਲ ਆ, ਹੇ ਖੂਨੀ ਮਨੁੱਖ ! ਹੇ ਦੁਸ਼ਟ ਮਨੁੱਖ !8ਕਿਉਂ ਜੋ ਯਹੋਵਾਹ ਨੇ ਸ਼ਾਊਲ ਦੇ ਘਰਾਣੇ ਦੇ ਸਾਰੇ ਖੂਨ ਨੂੰ ਤੇਰੇ ਉੱਤੇ ਮੋੜ ਦਿੱਤਾ ਹੈ, ਜਿਸ ਦੇ ਸਥਾਨ ਤੇ ਤੂੰ ਰਾਜਾ ਬਣਿਆ ਹੈਂ ਅਤੇ ਯਹੋਵਾਹ ਨੇ ਤੇਰਾ ਰਾਜ, ਤੇਰੇ ਪੁੱਤਰ ਅਬਸ਼ਾਲੋਮ ਦੇ ਹੱਥ ਦੇ ਦਿੱਤਾ ਹੈ ਅਤੇ ਵੇਖ, ਤੂੰ ਆਪਣੀ ਬੁਰਿਆਈ ਵਿੱਚ ਫਸਿਆ ਹੋਇਆ ਹੈਂ, ਕਿਉਂ ਜੋ ਤੂੰ ਖੂਨੀ ਮਨੁੱਖ ਹੈਂ !
9ਤਦ ਸੂਰਯਾਹ ਦੇ ਪੁੱਤਰ ਅਬੀਸ਼ਈ ਨੇ ਰਾਜਾ ਨੂੰ ਆਖਿਆ, ਇਹ ਮਰਿਆ ਹੋਇਆ ਕੁੱਤਾ ਕਿਉਂ ਮੇਰੇ ਮਹਾਰਾਜ ਨੂੰ ਸਰਾਪ ਦੇਵੇ ? ਜੇ ਹੁਕਮ ਕਰੋ ਤਾਂ ਮੈਂ ਉਸਦਾ ਸਿਰ ਵੱਢ ਦੇਵਾਂ !10ਰਾਜਾ ਨੇ ਆਖਿਆ, ਹੇ ਸਰੂਯਾਹ ਦੇ ਪੁੱਤਰੋਂ, ਤੁਹਾਡੇ ਨਾਲ ਮੇਰਾ ਕੀ ਕੰਮ ਹੈ ? ਉਹ ਨੂੰ ਸਰਾਪ ਦੇਣ ਦਿਓ, ਕਿਉਂ ਜੋ ਯਹੋਵਾਹ ਨੇ ਉਹ ਨੂੰ ਆਖਿਆ ਹੈ ਕਿ ਦਾਊਦ ਨੂੰ ਸਰਾਪ ਦੇ । ਫਿਰ ਕੌਣ ਆਖ ਸਕਦਾ ਹੈ ਕਿ ਤੂੰ ਅਜਿਹਾ ਕਿਉਂ ਕੀਤਾ ?
11ਦਾਊਦ ਨੇ ਅਬੀਸ਼ਈ ਅਤੇ ਆਪਣੇ ਸਾਰੇ ਸੇਵਕਾਂ ਨੂੰ ਆਖਿਆ, ਵੇਖੋ, ਮੇਰਾ ਪੁੱਤਰ ਹੀ, ਜੋ ਮੈਂਥੋਂ ਜੰਮਿਆ ਸੀ ਮੈਨੂੰ ਮਾਰਨ ਨੂੰ ਫਿਰਦਾ ਹੈ, ਤਾਂ ਭਲਾ, ਇਹ ਬਿਨਯਾਮੀਨੀ ਹੁਣ ਅਜਿਹਾ ਨਾ ਕਰੇਗਾ ? ਉਸ ਨੂੰ ਜਾਣ ਦਿਓ ਅਤੇ ਸਰਾਪ ਦੇਣ ਦਿਓ ਕਿਉਂ ਜੋ ਯਹੋਵਾਹ ਨੇ ਉਹ ਨੂੰ ਹੁਕਮ ਦਿੱਤਾ ਹੈ ।12ਕੀ ਪਤਾ, ਯਹੋਵਾਹ ਉਸ ਬੁਰਿਆਈ ਵੱਲ ਵੇਖੇ, ਜੋ ਮੇਰੇ ਉੱਤੇ ਆਈ ਹੈ ਅਤੇ ਯਹੋਵਾਹ ਅੱਜ ਦੇ ਦਿਨ ਉਹ ਦੇ ਸਰਾਪ ਦੇ ਬਦਲੇ ਮੇਰੇ ਨਾਲ ਭਲਿਆਈ ਕਰੇ ?
13ਜਿਸ ਵੇਲੇ ਦਾਊਦ ਅਤੇ ਉਸ ਦੇ ਲੋਕ ਰਾਹ ਦੇ ਵਿੱਚ ਤੁਰੇ ਜਾਂਦੇ ਸਨ, ਤਦ ਸ਼ਿਮਈ ਪਹਾੜ ਦੇ ਬੰਨ੍ਹੇ ਉੱਤੇ ਉਸ ਦੇ ਨਾਲ ਲੰਘ ਰਿਹਾ ਸੀ, ਅਤੇ ਉਹ ਸਰਾਪ ਦਿੰਦਾ ਜਾਂਦਾ ਸੀ, ਉਸ ਦੀ ਵੱਲ ਵੱਟੇ ਮਾਰਦਾ ਅਤੇ ਮਿੱਟੀ ਸੁੱਟਦਾ ਸੀ ।14ਰਾਜਾ ਅਤੇ ਉਹ ਦੇ ਨਾਲ ਦੇ ਸਾਰੇ ਥੱਕੇ ਹੋਏ ਸਨ ਅਤੇ ਉੱਥੇ ਉਨ੍ਹਾਂ ਨੇ ਆਰਾਮ ਕੀਤਾ ।
ਯਰੂਸ਼ਲਮ ਵਿੱਚ ਅਬਸ਼ਾਲੋਮ ਦਾ ਪ੍ਰਵੇਸ਼

15ਅਬਸ਼ਾਲੋਮ ਅਤੇ ਉਹ ਦੇ ਸਾਰੇ ਲੋਕ ਅਰਥਾਤ ਇਸਰਾਏਲ ਦੇ ਮਨੁੱਖ ਯਰੂਸ਼ਲਮ ਵਿੱਚ ਆਏ ਅਤੇ ਅਹੀਥੋਫ਼ਲ ਉਸ ਦੇ ਨਾਲ ਸੀ ।16ਤਦ ਅਜਿਹਾ ਹੋਇਆ ਕਿ ਜਦ ਦਾਊਦ ਦਾ ਮਿੱਤਰ ਹੂਸ਼ਈ ਅਰਕੀ ਅਬਸ਼ਾਲੋਮ ਕੋਲ ਆਇਆ ਤਾਂ ਹੂਸ਼ਈ ਨੇ ਅਬਸ਼ਾਲੋਮ ਨੂੰ ਆਖਿਆ, ਰਾਜਾ ਜੀਉਂਦਾ ਰਹੇ, ਰਾਜਾ ਜੀਉਂਦਾ ਰਹੇ !
17ਅਬਸ਼ਾਲੋਮ ਨੇ ਹੂਸ਼ਈ ਨੂੰ ਆਖਿਆ, ਭਲਾ, ਤੂੰ ਆਪਣੇ ਮਿੱਤਰ ਉੱਤੇ ਇਹੋ ਕਿਰਪਾ ਕੀਤੀ ? ਤੂੰ ਆਪਣੇ ਮਿੱਤਰ ਨਾਲ ਕਿਉਂ ਨਹੀਂ ਗਿਆ ?18ਤਦ ਹੂਸ਼ਈ ਨੇ ਅਬਸ਼ਾਲੋਮ ਨੂੰ ਆਖਿਆ, ਅਜਿਹਾ ਨਹੀਂ ਹੈ, ਸਗੋਂ ਜਿਸ ਨੂੰ ਯਹੋਵਾਹ ਅਤੇ ਇਹ ਲੋਕ ਅਤੇ ਇਸਰਾਏਲ ਦੇ ਸਾਰੇ ਮਨੁੱਖ ਚੁਣ ਲੈਣ ਮੈਂ ਉਸੇ ਦਾ ਹੋਵਾਂਗਾ ਅਤੇ ਉਸ ਦੇ ਨਾਲ ਰਹਾਂਗਾ ।
19ਫਿਰ ਮੈਂ ਕਿਸ ਦੀ ਸੇਵਾ ਟਹਿਲ ਕਰਾਂ ? ਭਲਾ, ਉਹ ਦੇ ਪੁੱਤਰ ਦੀ ਨਹੀਂ, ਜਿਵੇਂ ਮੈਂ ਤੁਹਾਡੇ ਪਿਤਾ ਦੇ ਅੱਗੇ ਸੇਵਾ ਟਹਿਲ ਕੀਤੀ, ਉਸੇ ਤਰ੍ਹਾਂ ਤੁਹਾਡੇ ਅੱਗੇ ਵੀ ਕਰਾਂਗਾ ।
20ਤਦ ਅਬਸ਼ਾਲੋਮ ਨੇ ਅਹੀਥੋਫ਼ਲ ਨੂੰ ਆਖਿਆ, ਤੁਸੀਂ ਆਪਸ ਵਿੱਚ ਸਲਾਹ ਕਰੋ ਜੋ ਅਸੀਂ ਕੀ ਕਰੀਏ ?21ਸੋ ਅਹੀਥੋਫ਼ਲ ਨੇ ਅਬਸ਼ਾਲੋਮ ਨੂੰ ਆਖਿਆ, ਆਪਣੇ ਪਿਤਾ ਦੀਆਂ ਉਨ੍ਹਾਂ ਰਖੈਲਾਂ ਦੇ ਨਾਲ ਸੰਗ ਕਰ, ਜਿਨ੍ਹਾਂ ਨੂੰ ਉਹ ਘਰ ਦੀ ਰਾਖੀ ਕਰਨ ਲਈ ਛੱਡ ਗਿਆ ਹੈ, ਕਿਉਂ ਜੋ ਜਿਸ ਵੇਲੇ ਸਾਰੇ ਇਸਰਾਏਲੀ ਸੁਣਨਗੇ ਕਿ ਤੁਹਾਡਾ ਪਿਤਾ ਤੁਹਾਡੇ ਤੋਂ ਘਿਰਣਾ ਕਰਦਾ ਹੈ ਤਾਂ ਜੋ ਤੁਹਾਡੇ ਨਾਲ ਹਨ, ਉਨ੍ਹਾਂ ਸਾਰਿਆਂ ਦੇ ਹੱਥ ਤਕੜੇ ਹੋਣਗੇ ।
22ਉਨ੍ਹਾਂ ਨੇ ਰਾਜ-ਭਵਨ ਦੀ ਛੱਤ ਉੱਤੇ ਅਬਸ਼ਾਲੋਮ ਦੇ ਲਈ ਤੰਬੂ ਲਾਇਆ ਅਤੇ ਅਬਸ਼ਾਲੋਮ ਨੇ ਸਾਰੇ ਇਸਰਾਏਲ ਦੇ ਸਾਹਮਣੇ ਆਪਣੇ ਪਿਤਾ ਦੀਆਂ ਰਖੈਲਾਂ ਨਾਲ ਸੰਗ ਕੀਤਾ ।23ਅਹੀਥੋਫ਼ਲ ਦੀ ਸਲਾਹ, ਜੋ ਉਹ ਉਨ੍ਹਾਂ ਦਿਨਾਂ ਵਿੱਚ ਦਿੰਦਾ ਸੀ, ਅਜਿਹੀ ਮੰਨੀ ਜਾਂਦੀ ਸੀ, ਜਾਣੋ ਜਿਵੇਂ ਕੋਈ ਪਰਮੇਸ਼ੁਰ ਦਾ ਬਚਨ ਪਾਉਂਦਾ ਹੈ । ਸੋ ਅਹੀਥੋਫ਼ਲ ਦੀ ਸਲਾਹ ਦਾਊਦ ਅਤੇ ਅਬਸ਼ਾਲੋਮ ਦੇ ਨਾਲ ਇਸ ਤਰ੍ਹਾਂ ਦੀ ਸੀ ।

17
ਅਹੀਥੋਫ਼ਲ ਦੀ ਸਲਾਹ

1ਅਹੀਥੋਫ਼ਲ ਨੇ ਅਬਸ਼ਾਲੋਮ ਨੂੰ ਇਹ ਵੀ ਆਖਿਆ ਕਿ ਮੈਨੂੰ ਹੁਕਮ ਦਿਓ ਤਾਂ ਜੋ ਮੈਂ ਹੁਣ ਬਾਰਾਂ ਹਜ਼ਾਰ ਮਨੁੱਖ ਚੁਣ ਲਵਾਂ ਅਤੇ ਅੱਜ ਰਾਤ ਨੂੰ ਹੀ ਉੱਠ ਕੇ ਦਾਊਦ ਦਾ ਪਿੱਛਾ ਕਰਾਂਗਾ,2ਜਿਸ ਵੇਲੇ ਉਹ ਥੱਕਿਆ ਹੋਇਆ ਹੋਵੇ ਅਤੇ ਉਹ ਦੇ ਹੱਥ ਢਿੱਲੇ ਹੋਣ ਤਾਂ ਮੈਂ ਉਸ ਉੱਤੇ ਹਮਲਾ ਕਰਾਂਗਾ ਅਤੇ ਉਸ ਨੂੰ ਡਰਾਵਾਂਗਾ ਅਤੇ ਉਸ ਦੇ ਨਾਲ ਦੇ ਸਾਰੇ ਭੱਜ ਜਾਣਗੇ ਅਤੇ ਮੈਂ ਸਿਰਫ਼ ਰਾਜਾ ਨੂੰ ਹੀ ਮਾਰ ਲਵਾਂਗਾ ।3ਸਾਰੇ ਲੋਕਾਂ ਨੂੰ ਮੈਂ ਤੁਹਾਡੇ ਵੱਲ ਮੋੜ ਲਿਆਵਾਂਗਾ ਕਿਉਂ ਜੋ ਉਹ ਮਨੁੱਖ ਜਿਸ ਨੂੰ ਤੁਸੀਂ ਲੱਭਦੇ ਹੋ ਅਤੇ ਇਨ੍ਹਾਂ ਸਾਰੇ ਲੋਕਾਂ ਦਾ ਮੁੜਨਾ ਇੱਕੋ ਜਿਹਾ ਹੀ ਹੈ ਅਤੇ ਸਾਰੇ ਲੋਕ ਸੁਖ-ਸਾਂਦ ਨਾਲ ਰਹਿਣਗੇ ।4ਇਹ ਗੱਲ ਅਬਸ਼ਾਲੋਮ ਅਤੇ ਸਾਰੇ ਇਸਰਾਏਲੀ ਬਜ਼ੁਰਗਾਂ ਨੂੰ ਚੰਗੀ ਲੱਗੀ ।

ਹੂਸ਼ਈ ਦੀ ਸਲਾਹ

5ਉਸ ਵੇਲੇ ਅਬਸ਼ਾਲੋਮ ਨੇ ਆਖਿਆ, ਹੂਸ਼ਈ ਅਰਕੀ ਨੂੰ ਵੀ ਸੱਦ ਲਓ ਤਾਂ ਜੋ ਅਸੀਂ ਉਹ ਦੇ ਮੂੰਹੋਂ ਵੀ ਕੁਝ ਸੁਣੀਏ ।6ਜਦ ਹੂਸ਼ਈ ਅਬਸ਼ਾਲੋਮ ਦੇ ਸਾਹਮਣੇ ਆਇਆ ਤਾਂ ਅਬਸ਼ਾਲੋਮ ਨੇ ਉਹ ਨੂੰ ਆਖਿਆ ਕਿ ਅਹੀਥੋਫ਼ਲ ਇਹ ਸਲਾਹ ਦਿੰਦਾ ਹੈ, ਸੋ ਅਸੀਂ ਅਜਿਹਾ ਕਰੀਏ ਜਾਂ ਨਹੀਂ ? ਤੂੰ ਕੀ ਆਖਦਾ ਹੈਂ ?7ਤਦ ਹੂਸ਼ਈ ਨੇ ਅਬਸ਼ਾਲੋਮ ਨੂੰ ਆਖਿਆ, ਇਹ ਸਲਾਹ ਜੋ ਅਹੀਥੋਫ਼ਲ ਨੇ ਦਿੱਤੀ ਹੈ, ਇਸ ਵੇਲੇ ਚੰਗੀ ਨਹੀਂ ਹੈ ।
8ਫਿਰ ਹੂਸ਼ਈ ਨੇ ਇਹ ਵੀ ਆਖਿਆ, ਤੁਸੀਂ ਆਪਣੇ ਪਿਤਾ ਅਤੇ ਉਹ ਦੇ ਮਨੁੱਖਾਂ ਨੂੰ ਜਾਣਦੇ ਹੋ ਕਿ ਉਹ ਕਿੰਨ੍ਹੇ ਵੱਡੇ ਸੂਰਮੇ ਹਨ ਅਤੇ ਇਸ ਵੇਲੇ ਉਹ ਆਪਣੇ ਜੀਆਂ ਵਿੱਚ ਉਸ ਰਿਛਣੀ ਵਾਂਗੂੰ ਕ੍ਰੋਧ ਵਿੱਚ ਹੋਣਗੇ ਜਿਸ ਦੇ ਬੱਚੇ ਉਜਾੜ ਵਿੱਚ ਖੋਹ ਲਏ ਗਏ ਹੋਣ । ਤੁਹਾਡਾ ਪਿਤਾ ਯੋਧਾ ਹੈ ਅਤੇ ਉਹ ਸਾਰੇ ਲੋਕਾਂ ਦੇ ਨਾਲ ਨਹੀਂ ਰਹੇਗਾ ।9ਵੇਖੋ, ਜੋ ਉਹ ਹੁਣ ਕਿਸੇ ਖੋਹ ਵਿੱਚ ਜਾਂ ਕਿਸੇ ਹੋਰ ਸਥਾਨ ਥਾਂ ਵਿੱਚ ਲੁੱਕਿਆ ਹੋਵੇਗਾ ਅਤੇ ਜੇਕਰ ਪਹਿਲੇ ਹਮਲੇ ਵਿੱਚ ਹੀ ਇਨ੍ਹਾਂ ਲੋਕਾਂ ਵਿੱਚੋਂ ਕੁਝ ਮਾਰੇ ਜਾਣ ਤਾਂ ਸਾਰੇ ਸੁਣਨ ਵਾਲੇ ਇਹ ਆਖਣਗੇ ਕਿ ਅਬਸ਼ਾਲੋਮ ਦੇ ਲੋਕਾਂ ਵਿੱਚ ਵਾਢ ਪਾਈ ਗਈ ।10ਇਸ ਕਾਰਨ ਉਹ ਵੀ ਜੋ ਸੂਰਮਾ ਹੈ ਅਤੇ ਜਿਸ ਦਾ ਮਨ ਸ਼ੇਰ ਦੇ ਮਨ ਵਰਗਾ ਹੈ ਉਸਦਾ ਵੀ ਹੌਂਸਲਾ ਟੁੱਟ ਜਾਵੇਗਾ, ਕਿਉਂ ਜੋ ਸਾਰਾ ਇਸਰਾਏਲ ਜਾਣਦਾ ਹੈ ਕਿ ਤੁਹਾਡਾ ਪਿਤਾ ਸੂਰਮਾ ਹੈ ਅਤੇ ਉਹ ਦੇ ਨਾਲ ਦੇ ਵੀ ਸਾਰੇ ਸੂਰਮੇ ਹਨ ।
11ਇਸ ਲਈ ਮੈਂ ਇਹ ਸਲਾਹ ਦਿੰਦਾ ਹਾਂ ਕਿ ਸਾਰੇ ਇਸਰਾਏਲ ਵਿੱਚ ਦਾਨ ਤੋਂ ਲੈ ਕੇ ਬਏਰਸ਼ਥਾ ਤੱਕ ਐਨੇ ਲੋਕ ਤੁਹਾਡੇ ਨਾਲ ਇੱਕਠੇ ਹੋਣ ਜਿੰਨ੍ਹੀ ਸਮੁੰਦਰ ਦੇ ਕੰਢੇ ਉੱਤੇ ਰੇਤ ਹੁੰਦੀ ਹੈ, ਅਤੇ ਤੁਸੀਂ ਆਪ ਯੁੱਧ ਕਰਨ ਲਈ ਜਾਓ ।12ਉਸ ਵੇਲੇ ਉਹ ਜਿੱਥੇ ਕਿਤੇ ਵੀ ਹੋਵੇ, ਅਸੀਂ ਉਸ ਨੂੰ ਟੱਕਰਾਂਗੇ ਅਤੇ ਤ੍ਰੇਲ ਦੀ ਤਰ੍ਹਾਂ ਜੋ ਧਰਤੀ ਉੱਤੇ ਡਿੱਗਦੀ ਹੈ, ਉਸ ਦੇ ਉੱਤੇ ਜਾ ਪਵਾਂਗੇ । ਤਦ ਉਹ ਅਤੇ ਉਨ੍ਹਾਂ ਸਾਰੇ ਲੋਕਾਂ ਵਿੱਚੋਂ ਜੋ ਉਸ ਦੇ ਨਾਲ ਹਨ, ਇੱਕ ਵੀ ਜੀਉਂਦਾ ਨਾ ਰਹੇਗਾ ।
13ਜੇਕਰ ਉਹ ਕਿਸੇ ਸ਼ਹਿਰ ਵਿੱਚ ਵੜ ਗਿਆ ਹੋਵੇ ਤਾਂ ਸਾਰੇ ਇਸਰਾਏਲੀ ਰੱਸੀਆਂ ਲੈ ਕੇ ਉਸ ਸ਼ਹਿਰ ਨੂੰ ਚੜ੍ਹ ਜਾਣਗੇ ਅਤੇ ਅਸੀਂ ਉਹ ਨੂੰ ਨਦੀ ਵਿੱਚ ਅਜਿਹਾ ਖਿੱਚ ਲਿਆਵਾਂਗੇ, ਜੋ ਉੱਥੇ ਉੱਥੋਂ ਇੱਕ ਰੋੜਾ ਵੀ ਨਹੀਂ ਲੱਭੇਗਾ ।14ਤਦ ਅਬਸ਼ਾਲੋਮ ਅਤੇ ਸਾਰੇ ਇਸਰਾਏਲ ਦੇ ਮਨੁੱਖਾਂ ਨੇ ਆਖਿਆ, ਇਹ ਸਲਾਹ ਜੋ ਹੂਸ਼ਈ ਅਰਕੀ ਨੇ ਦਿੱਤੀ ਹੈ, ਅਹੀਥੋਫ਼ਲ ਦੀ ਸਲਾਹ ਨਾਲੋਂ ਚੰਗੀ ਹੈ । ਕਿਉਂ ਜੋ ਯਹੋਵਾਹ ਨੇ ਅਹੀਥੋਫ਼ਲ ਦੀ ਚੰਗੀ ਸਲਾਹ ਉਲਟਾਉਣਾ, ਪਹਿਲਾਂ ਹੀ ਠਾਣ ਲਿਆ ਸੀ ਤਾਂ ਜੋ ਯਹੋਵਾਹ ਅਬਸ਼ਾਲੋਮ ਉੱਤੇ ਬੁਰਿਆਈ ਪਾਵੇ ।
ਦਾਊਦ ਨੂੰ ਸੰਦੇਸ਼ ਅਤੇ ਉਸ ਦਾ ਬਚ ਨਿੱਕਲਣਾ

15ਤਦ ਹੂਸ਼ਈ ਨੇ ਸਾਦੋਕ ਅਤੇ ਅਬਯਾਥਾਰ ਜਾਜਕਾਂ ਨੂੰ ਆਖਿਆ, ਅਹੀਥੋਫ਼ਲ ਨੇ ਅਬਸ਼ਾਲੋਮ ਨੂੰ ਅਤੇ ਇਸਰਾਏਲ ਦੇ ਬਜ਼ੁਰਗਾਂ ਨੂੰ ਇਸ ਤਰ੍ਹਾਂ ਸਲਾਹ ਦਿੱਤੀ ਹੈ,16ਇਸ ਲੈ ਹੁਣ ਛੇਤੀ ਹੀ ਕਿਸੇ ਨੂੰ ਭੇਜ ਕੇ ਦਾਊਦ ਨੂੰ ਆਖੋ ਕਿ ਅੱਜ ਦੀ ਰਾਤ ਉਜਾੜ ਦੇ ਪੱਤਣ ਕੋਲ ਨਾ ਰਹੋ ਪਰ ਛੇਤੀ ਨਾਲ ਪਾਰ ਲੰਘ ਜਾਓ, ਅਜਿਹਾ ਨਾ ਹੋਵੇ ਕਿ ਰਾਜਾ ਤੇ ਉਹ ਦੇ ਨਾਲ ਦੇ ਸਭ ਲੋਕ ਨਿਗਲੇ ਜਾਣ ।
17ਉਸ ਵੇਲੇ ਯੋਨਾਥਾਨ ਅਤੇ ਅਹੀਮਅਸ ਏਨ-ਰੋਗੇਲ ਵਿੱਚ ਰਹਿੰਦੇ ਸਨ ਤਾਂ ਜੋ ਉਨ੍ਹਾਂ ਦਾ ਆਉਣਾ-ਜਾਣਾ ਸ਼ਹਿਰ ਵਿੱਚ ਜਾਣਿਆ ਨਾ ਜਾਵੇ ਅਤੇ ਇੱਕ ਦਾਸੀ ਨੇ ਉਨ੍ਹਾਂ ਨੂੰ ਜਾ ਕੇ ਦੱਸਿਆ । ਤਦ ਉਹ ਗਏ ਅਤੇ ਦਾਊਦ ਰਾਜਾ ਨੂੰ ਖ਼ਬਰ ਦਿੱਤੀ ।18ਫਿਰ ਵੀ ਇੱਕ ਜੁਆਨ ਨੇ ਉਨ੍ਹਾਂ ਨੂੰ ਵੇਖ ਕੇ ਅਬਸ਼ਾਲੋਮ ਨੂੰ ਜਾ ਕੇ ਦੱਸਿਆ, ਪਰ ਉਹ ਦੋਵੇਂ ਛੇਤੀ ਨਾਲ ਨਿੱਕਲ ਗਏ ਅਤੇ ਬਹੁਰੀਮ ਵਿੱਚ ਇੱਕ ਮਨੁੱਖ ਦੇ ਘਰ ਆਣ ਵੜੇ । ਉਸ ਦੇ ਵਿਹੜੇ ਵਿੱਚ ਇੱਕ ਖੂਹ ਸੀ, ਉਹ ਉਸ ਦੇ ਵਿੱਚ ਉਤਰ ਗਏ ।
19ਅਤੇ ਉਸ ਦੀ ਪਤਨੀ ਨੇ ਇੱਕ ਕੱਪੜਾ ਲੈ ਕੇ ਖੂਹ ਦੇ ਮੂੰਹ ਉੱਤੇ ਪਾ ਦਿੱਤਾ ਅਤੇ ਉਸ ਉੱਤੇ ਦਲੀ ਹੋਈ ਕਣਕ ਪਾ ਦਿੱਤੀ, ਇਸ ਲਈ ਇਹ ਗੱਲ ਪਰਗਟ ਨਾ ਹੋਈ ।20ਜਦ ਅਬਸ਼ਾਲੋਮ ਦੇ ਸੇਵਕ ਉਸ ਘਰ ਵਿੱਚ ਉਸ ਇਸਤਰੀ ਕੋਲ ਆਏ ਅਤੇ ਪੁੱਛਿਆ ਕਿ ਅਹੀਮਅਸ ਅਤੇ ਯੋਨਾਥਨ ਕਿੱਥੇ ਹਨ ? ਤਦ ਉਸ ਇਸਤਰੀ ਨੇ ਉਨ੍ਹਾਂ ਨੂੰ ਆਖਿਆ, ਉਹ ਤਾਂ ਨਦੀਓਂ ਪਾਰ ਲੰਘ ਗਏ ਹੋਣਗੇ ਅਤੇ ਉਨ੍ਹਾਂ ਨੇ ਉਹਨਾਂ ਨੂੰ ਜਾ ਕੇ ਲੱਭਿਆ ਪਰ ਜਦ ਉਹ ਨਾ ਲੱਭੇ ਤਾਂ ਉਹ ਯਰੂਸ਼ਲਮ ਨੂੰ ਮੁੜ ਆਏ ।
21ਜਦ ਉਹ ਮੁੜ ਗਏ ਤਾਂ ਉਹ ਖੂਹ ਵਿੱਚੋਂ ਨਿੱਕਲ ਕੇ ਤੁਰ ਪਏ ਅਤੇ ਜਾ ਕੇ ਦਾਊਦ ਰਾਜਾ ਨੂੰ ਖ਼ਬਰ ਦਿੱਤੀ ਅਤੇ ਉਹਨਾਂ ਨੇ ਦਾਊਦ ਨੂੰ ਆਖਿਆ, ਉੱਠੋ ਛੇਤੀ ਪਾਰ ਲੰਘ ਜਾਉ, ਕਿਉਂ ਜੋ ਅਹੀਥੋਫ਼ਲ ਨੇ ਤੁਹਾਡੇ ਵਿਖੇ ਇਸ ਤਰ੍ਹਾਂ ਸਲਾਹ ਦਿੱਤੀ ਹੈ ।22ਤਦ ਦਾਊਦ ਅਤੇ ਉਸ ਦੇ ਨਾਲ ਦੇ ਸਾਰੇ ਲੋਕ ਉੱਠੇ ਅਤੇ ਯਰਦਨ ਤੋਂ ਪਾਰ ਲੰਘ ਗਏ । ਸਵੇਰ ਹੁੰਦਿਆਂ ਤੱਕ ਉਨ੍ਹਾਂ ਵਿੱਚੋਂ ਇੱਕ ਵੀ ਨਹੀਂ ਰਿਹਾ ਸੀ, ਜੋ ਯਰਦਨ ਤੋਂ ਪਾਰ ਨਾ ਲੰਘਿਆ ਹੋਵੇ ।
23ਜਦ ਅਹੀਥੋਫ਼ਲ ਨੇ ਵੇਖਿਆ ਕਿ ਮੇਰੀ ਸਲਾਹ ਅਨੁਸਾਰ ਕੰਮ ਨਹੀਂ ਕੀਤਾ ਗਿਆ ਤਾਂ ਉਸ ਨੇ ਆਪਣੇ ਗਧੇ ਉੱਤੇ ਕਾਠੀ ਪਾਈ ਅਤੇ ਉਸ ਉੱਤੇ ਬੈਠ ਕੇ ਆਪਣੇ ਸ਼ਹਿਰ ਵਿੱਚ ਘਰ ਨੂੰ ਗਿਆ ਅਤੇ ਆਪਣੇ ਘਰਾਣੇ ਨੂੰ ਸੰਭਾਲ ਕੇ ਆਪਣੇ ਆਪ ਨੂੰ ਫਾਹੇ ਲਾ ਲਿਆ ਅਤੇ ਮਰ ਗਿਆ ਅਤੇ ਆਪਣੇ ਪਿਤਾ ਦੀ ਕਬਰ ਵਿੱਚ ਦੱਬਿਆ ਗਿਆ ।
24ਦਾਊਦ ਮਹਨਇਮ ਵਿੱਚ ਆਇਆ ਅਤੇ ਅਬਸ਼ਾਲੋਮ ਯਰਦਨ ਤੋਂ ਪਾਰ ਲੰਘ ਗਿਆ ਅਤੇ ਇਸਰਾਏਲ ਦੇ ਸਾਰੇ ਲੋਕ ਉਹ ਦੇ ਨਾਲ ਸਨ ।25ਅਬਸ਼ਾਲੋਮ ਨੇ ਯੋਆਬ ਦੇ ਸਥਾਨ ਤੇ ਅਮਾਸਾ ਨੂੰ ਸੈਨਾਪਤੀ ਬਣਾਇਆ । ਇਹ ਅਮਾਸਾ ਇੱਕ ਯਿਥਰਾ ਨਮ ਦੇ ਇਸਰਾਏਲੀ ਮਨੁੱਖ ਦਾ ਪੁੱਤਰ ਸੀ, ਉਸ ਨੇ ਨਾਹਸ਼ ਦੀ ਧੀ ਅਬੀਗੈਲ ਨਾਲ ਜੋ ਯੋਆਬ ਦੀ ਮਾਂ ਅਤੇ ਸੂਰਯਾਹ ਦੀ ਭੈਣ ਸੀ, ਭੋਗ ਕੀਤਾ ਸੀ ।26ਇਸਰਾਏਲ ਅਤੇ ਅਬਸ਼ਾਲੋਮ ਨੇ ਗਿਲਆਦ ਦੇ ਦੇਸ਼ ਵਿੱਚ ਤੰਬੂ ਲਾਏ ।
27ਜਦ ਦਾਊਦ ਮਹਨਇਮ ਵਿੱਚ ਪਹੁੰਚਿਆ ਤਾਂ ਅਜਿਹਾ ਹੋਇਆ ਕਿ ਨਾਹਸ਼ ਦਾ ਪੁੱਤਰ ਮਾਕੀਰ ਲੋ-ਦੇਬਰ ਤੋਂ ਅਤੇ ਬਰਜ਼ਿੱਲਈ ਗਿਲਆਦੀ ਰੋਗਲੀਮ ਤੋਂ28ਮੰਜੇ, ਤਸਲੇ, ਮਿੱਟੀ ਦੇ ਭਾਂਡੇ, ਕਣਕ, ਜੌਂ, ਆਟਾ, ਭੁੰਨਿਆ ਹੋਇਆ ਅਨਾਜ, ਰਵਾਂਹ ਦੀਆਂ ਫਲੀਆਂ, ਮਸਰ, ਭੁੰਨੇ ਹੋਏ ਛੋਲੇ,29ਸ਼ਹਿਦ, ਮੱਖਣ, ਭੇਡਾਂ ਅਤੇ ਗੋਕਾ ਪਨੀਰ ਦਾਊਦ ਅਤੇ ਉਹ ਦੇ ਨਾਲ ਦੇ ਲੋਕਾਂ ਦੇ ਖਾਣ ਲਈ ਲੈ ਆਏ, ਕਿਉਂ ਜੋ ਉਨ੍ਹਾਂ ਨੇ ਆਖਿਆ ਕਿ ਉਹ ਲੋਕ ਉਜਾੜ ਵਿੱਚ ਭੁੱਖੇ, ਥੱਕੇ ਹੋਏ ਅਤੇ ਤਿਹਾਏ ਹੋਣਗੇ ।

18
ਅਬਸ਼ਾਲੋਮ ਦੀ ਹਾਰ ਅਤੇ ਮੌਤ

1ਦਾਊਦ ਨੇ ਉਨ੍ਹਾਂ ਲੋਕਾਂ ਦਾ ਜੋ ਉਸ ਦੇ ਨਾਲ ਇੱਕਠੇ ਸਨ, ਲੇਖਾ ਕੀਤਾ ਅਤੇ ਉਨ੍ਹਾਂ ਦੇ ਹਜ਼ਾਰਾਂ ਉੱਤੇ ਪ੍ਰਧਾਨ ਅਤੇ ਸੈਂਕੜਿਆ ਉੱਤੇ ਪ੍ਰਧਾਨ ਨਿਯੁਕਤ ਕਰ ਦਿੱਤੇ ।2ਦਾਊਦ ਨੇ ਲੋਕਾਂ ਦੀ ਇੱਕ ਤਿਹਾਈ ਯੋਆਬ ਦੇ ਹੱਥ ਵਿੱਚ ਅਤੇ ਇੱਕ ਤਿਹਾਈ ਯੋਆਬ ਦੇ ਭਰਾ ਸੂਰਯਾਹ ਦੇ ਪੁੱਤਰ ਅਬੀਸ਼ਈ ਦੇ ਹੱਥ ਵਿੱਚ ਅਤੇ ਇੱਕ ਤਿਹਾਈ ਗਿੱਤੀ ਇੱਤਈ ਦੇ ਹੱਥ ਕਰਕੇ ਉਨ੍ਹਾਂ ਨੂੰ ਬਾਹਰ ਭੇਜਿਆ । ਤਦ ਰਾਜਾ ਨੇ ਲੋਕਾਂ ਨੂੰ ਆਖਿਆ, ਮੈਂ ਵੀ ਜ਼ਰੂਰ ਤੁਹਾਡੇ ਨਾਲ ਚੱਲਾਂਗਾ ।

3ਪਰ ਲੋਕਾਂ ਨੇ ਆਖਿਆ, ਤੁਸੀਂ ਨਾ ਚੱਲੋ ਕਿਉਂ ਜੋ ਜੇਕਰ ਸਾਨੂੰ ਨੱਠਣਾ ਪਵੇ ਤਾਂ ਉਨ੍ਹਾਂ ਨੂੰ ਸਾਡੀ ਕੋਈ ਲੋੜ ਨਹੀਂ ਅਤੇ ਜੇ ਕਦੀ ਅਸੀਂ ਅੱਧੇ ਮਾਰੇ ਵੀ ਜਾਈਏ ਤਾਂ ਵੀ ਉਨ੍ਹਾਂ ਨੂੰ ਸਾਡੀ ਲੋੜ ਨਹੀਂ ਪਰ ਹੁਣ ਤੁਸੀਂ ਸਾਡੇ ਲਈ ਦਸ ਹਜ਼ਾਰ ਵਰਗੇ ਹੋ । ਸੋ ਹੁਣ ਚੰਗੀ ਗੱਲ ਇਹ ਹੈ ਜੋ ਤੁਸੀਂ ਸ਼ਹਿਰ ਵਿੱਚ ਰਹਿ ਕੇ ਉੱਥੋਂ ਸਾਡੀ ਸਹਾਇਤਾ ਕਰੋ ।4ਤਦ ਰਾਜਾ ਨੇ ਉਨ੍ਹਾਂ ਨੂੰ ਆਖਿਆ, ਜੋ ਗੱਲ ਤੁਹਾਡੀ ਨਿਗਾਹ ਵਿੱਚ ਚੰਗੀ ਲੱਗੇ ਮੈਂ ਉਹੋ ਕਰਾਂਗਾ । ਸੋ ਰਾਜਾ ਸ਼ਹਿਰ ਦੇ ਫਾਟਕ ਦੇ ਕੋਲ ਖੜ੍ਹਾ ਹੋ ਗਿਆ ਅਤੇ ਸਾਰੇ ਲੋਕ ਸੌ-ਸੌ ਅਤੇ ਹਜ਼ਾਰ-ਹਜ਼ਾਰ ਕਰ ਕੇ ਨਿੱਕਲ ਪਏ ।
5ਉਸ ਵੇਲੇ ਰਾਜਾ ਨੇ ਯੋਆਬ ਅਤੇ ਅਸ਼ੀਮਈ ਅਤੇ ਇੱਤਈ ਨੂੰ ਹੁਕਮ ਦਿੱਤਾ ਕਿ ਮੇਰੇ ਕਾਰਨ ਉਸ ਜਵਾਨ ਅਬਸ਼ਾਲੋਮ ਨਾਲ ਨਰਮ ਵਰਤਾਵ ਕਰਨਾ ਅਤੇ ਜਿਸ ਵੇਲੇ ਰਾਜਾ ਨੇ ਸਾਰੇ ਪ੍ਰਧਾਨਾਂ ਨੂੰ ਅਬਸ਼ਾਲੋਮ ਦੇ ਲਈ ਆਗਿਆ ਦਿੱਤੀ ਤਾਂ ਸਾਰਿਆਂ ਲੋਕਾਂ ਨੇ ਸੁਣੀ ।
6ਲੋਕ ਮੈਦਾਨ ਦੇ ਵਿੱਚ ਨਿੱਕਲ ਕੇ ਇਸਰਾਏਲ ਦਾ ਸਾਹਮਣਾ ਕਰਨ ਲਈ ਆਏ ਅਤੇ ਅਫ਼ਰਾਈਮ ਦੇ ਜੰਗਲ ਬਣ ਵਿੱਚ ਲੜਾਈ ਹੋਈ ।7ਅਤੇ ਇਸਰਾਏਲ ਦੇ ਲੋਕ ਦਾਊਦ ਦੇ ਸੇਵਕਾਂ ਦੇ ਅੱਗੇ ਮਾਰੇ ਗਏ ਅਤੇ ਉਸ ਦਿਨ ਵੀਹ ਹਜ਼ਾਰ ਮਨੁੱਖਾਂ ਦੀ ਡਾਢੀ ਮਾਰ ਹੋਈ ।8ਕਿਉਂ ਜੋ ਉਸ ਦਿਨ ਲੜਾਈ ਸਾਰੇ ਦੇਸ਼ ਵਿੱਚ ਫੈਲ ਗਈ ਸੋ ਜਿਹੜੇ ਜੰਗਲ ਦੇ ਕਾਰਨ ਨਾਸ਼ ਹੋਏ ਉਨ੍ਹਾਂ ਨਾਲੋਂ ਬਹੁਤ ਜਿਆਦਾ ਸਨ ਜਿਹੜੇ ਤਲਵਾਰ ਨਾਲ ਮਾਰੇ ਗਏ ।
9ਉਸ ਵੇਲੇ ਅਬਸ਼ਾਲੋਮ ਦਾਊਦ ਦੇ ਸੇਵਕਾਂ ਨੂੰ ਟੱਕਰ ਗਿਆ । ਅਬਸ਼ਾਲੋਮ ਇੱਕ ਖੱਚਰ ਉੱਤੇ ਚੜ੍ਹਿਆ ਹੋਇਆ ਸੀ । ਅਤੇ ਉਹ ਖੱਚਰ ਇੱਕ ਵੱਡੇ ਬਲੂਤ ਦੇ ਬਿਰਛ ਦੇ ਮੋਟੇ ਟਾਹਣੇ ਹੇਠੋਂ ਲੰਘੀ । ਤਦ ਉਹ ਦਾ ਸਿਰ ਬਲੂਤ ਵਿੱਚ ਫਸ ਗਿਆ ਅਤੇ ਉਹ ਆਕਾਸ਼ ਅਤੇ ਧਰਤੀ ਦੇ ਵਿਚਕਾਰ ਲਟਕਦਾ ਰਹਿ ਗਿਆ ਅਤੇ ਖੱਚਰ ਉਹ ਦੇ ਹੇਠੋਂ ਨਿੱਕਲ ਕੇ ਚੱਲੀ ਗਈ ।10ਸੋ ਇੱਕ ਜਣੇ ਨੇ ਵੇਖ ਕੇ ਯੋਆਬ ਨੂੰ ਜਾ ਖ਼ਬਰ ਦੱਸੀ ਕਿ ਵੇਖ, ਮੈਂ ਅਬਸ਼ਾਲੋਮ ਨੂੰ ਬਲੂਤ ਦੇ ਬਿਰਛ ਨਾਲ ਫਸਿਆ ਹੋਇਆ ਵੇਖਿਆ !11ਤਦ ਯੋਆਬ ਨੇ ਉਸ ਨੂੰ ਜਿਸ ਨੇ ਉਹ ਨੂੰ ਖ਼ਬਰ ਦੱਸੀ ਸੀ ਆਖਿਆ ਵਾਹ ! ਤੂੰ ਉਹ ਨੂੰ ਵੇਖਿਆ ਅਤੇ ਉਹ ਨੂੰ ਮਾਰ ਕੇ ਧਰਤੀ ਦੇ ਉੱਤੇ ਕਿਉਂ ਨਾ ਸੁੱਟ ਦਿੱਤਾ ? ਤਾਂ ਮੈਂ ਤੈਨੂੰ ਦਸ ਟੁੱਕੜੇ ਚਾਂਦੀ ਅਤੇ ਇੱਕ ਪੇਟੀ ਦਿੰਦਾ ।
12ਉਸ ਮਨੁੱਖ ਨੇ ਯੋਆਬ ਨੂੰ ਆਖਿਆ, ਭਾਵੇਂ ਤੂੰ ਹਜ਼ਾਰ ਟੁੱਕੜੇ ਚਾਂਦੀ ਮੇਰੇ ਹੱਥ ਵਿੱਚ ਤੋਲ ਕੇ ਦਿੰਦਾ ਤਾਂ ਵੀ ਮੈਂ ਰਾਜਾ ਦੇ ਪੁੱਤਰ ਉੱਤੇ ਹੱਥ ਨਾ ਚੁੱਕਦਾ ਕਿਉਂ ਜੋ ਰਾਜਾ ਨੇ ਸਾਨੂੰ ਲੋਕਾਂ ਦੇ ਸੁਣਦਿਆਂ ਤੈਨੂੰ ਅਤੇ ਅਬੀਸ਼ਈ ਅਤੇ ਇਤਈ ਨੂੰ ਆਖਿਆ ਸੀ ਕਿ ਧਿਆਨ ਰੱਖਣਾ ਜੋ ਅਬਸ਼ਾਲੋਮ ਜੁਆਨ ਨੂੰ ਕੋਈ ਨਾ ਛੂਹੇ ।13ਜੇ ਮੈਂ ਅਜਿਹਾ ਕਰਦਾ ਤਾਂ ਆਪਣੇ ਪ੍ਰਾਣਾਂ ਨਾਲ ਛਲ ਕਰਦਾ ਕਿਉਂ ਜੋ ਪਾਤਸ਼ਾਹ ਕੋਲੋਂ ਕੋਈ ਗੱਲ ਲੁਕੀ ਹੋਈ ਨਹੀਂ ਰਹਿੰਦੀ ਸਗੋਂ ਤੂੰ ਵੀ ਮੇਰੇ ਨਾਲ ਵੈਰ ਕਰਦਾ ।
14ਤਦ ਯੋਆਬ ਨੇ ਆਖਿਆ, ਮੈਂ ਤੇਰੇ ਨਾਲ ਹੁਣ ਜਿਆਦਾ ਸਮਾਂ ਨਹੀਂ ਲਾਉਂਦਾ ਸੋ ਉਸ ਨੇ ਤਿੰਨ ਤੀਰ ਹੱਥ ਵਿੱਚ ਲਏ ਅਤੇ ਅਬਸ਼ਾਲੋਮ ਦੇ ਦਿਲ ਵਿੱਚ ਜਦ ਉਹ ਬਲੂਤ ਦੇ ਵਿਚਕਾਰ ਜੀਉਂਦਾ ਹੀ ਸੀ, ਧਸਾ ਦਿੱਤੇ ।15ਦਸਾਂ ਜੁਆਨਾਂ ਨੇ ਜੋ ਯੋਆਬ ਦੇ ਸ਼ਸਤਰ ਚੁੱਕਣ ਵਾਲੇ ਸਨ ਅਬਸ਼ਾਲੋਮ ਨੂੰ ਘੇਰ ਕੇ ਉਹ ਨੂੰ ਮਾਰਿਆ ਅਤੇ ਵੱਢ ਸੁੱਟਿਆ ।
16ਤਦ ਯੋਆਬ ਨੇ ਤੁਰ੍ਹੀ ਵਜਾਈ ਅਤੇ ਲੋਕ ਇਸਰਾਏਲ ਦਾ ਪਿੱਛਾ ਕਰਨ ਤੋਂ ਮੁੜੇ ਕਿਉਂ ਜੋ ਯੋਆਬ ਨੇ ਲੋਕਾਂ ਨੂੰ ਰੋਕਿਆ ।17ਅਤੇ ਉਨ੍ਹਾਂ ਨੇ ਅਬਸ਼ਾਲੋਮ ਨੂੰ ਲੈ ਕੇ ਜੰਗਲ ਦੇ ਵਿੱਚ ਇੱਕ ਵੱਡੇ ਸਾਰੇ ਟੋਏ ਦੇ ਵਿੱਚ ਸੁੱਟ ਦਿੱਤਾ ਅਤੇ ਉਹ ਦੇ ਉੱਤੇ ਪੱਥਰਾਂ ਦਾ ਇੱਕ ਵੱਡਾ ਢੇਰ ਲਾਇਆ ਅਤੇ ਸਾਰਾ ਇਸਰਾਏਲ ਭੱਜ ਕੇ ਆਪੋ ਆਪਣੇ ਡੇਰੇ ਵੱਲ ਗਿਆ ।
ਅਬਸ਼ਾਲੋਮ ਦੀ ਮੌਤ ਦੀ ਦਾਊਦ ਨੂੰ ਖ਼ਬਰ

18ਅਬਸ਼ਾਲੋਮ ਨੇ ਆਪਣੇ ਜੀਉਂਦੇ ਜੀਅ ਆਪਣੇ ਲਈ ਸ਼ਾਹੀ ਵਾਦੀ ਵਿੱਚ ਇੱਕ ਥੰਮ੍ਹ ਬਣਾਇਆ ਸੀ ਕਿਉਂ ਜੋ ਉਸ ਨੇ ਆਖਿਆ, ਕਿ ਮੇਰੇ ਕੋਈ ਪੁੱਤਰ ਨਹੀਂ ਹੈ ਜਿਸ ਨਾਲ ਮੇਰਾ ਨਾਮ ਯਾਦ ਰੱਖਿਆ ਜਾਵੇ ਅਤੇ ਉਸ ਨੇ ਆਪਣੇ ਨਾਮ ਉੱਤੇ ਉਸ ਥੰਮ੍ਹ ਦਾ ਨਾਮ ਰੱਖਿਆ ਅਤੇ ਅੱਜ ਦੇ ਦਿਨ ਤੱਕ ਉਹ ਅਬਸ਼ਾਲੋਮ ਦਾ ਥੰਮ ਸਦਾਉਂਦਾ ਹੈ ।
19ਤਦ ਸਾਦੋਕ ਦੇ ਪੁੱਤਰ ਅਹੀਮਅਸ ਨੇ ਆਖਿਆ, ਮੈਨੂੰ ਹੁਣ ਦੌੜ ਕੇ ਰਾਜਾ ਨੂੰ ਇਹ ਖ਼ਬਰ ਦੇਣ ਲਈ ਜਾਣ ਦੇ ਕਿ ਜੋ ਯਹੋਵਾਹ ਨੇ ਉਹ ਦੇ ਵੈਰੀਆਂ ਤੋਂ ਉਹ ਦਾ ਬਦਲਾ ਲਿਆ ਹੈ ।20ਯੋਆਬ ਨੇ ਉਸ ਨੂੰ ਆਖਿਆ, ਅੱਜ ਦੇ ਦਿਨ ਤੂੰ ਖ਼ਬਰ ਨਾ ਦੱਸ । ਕਿਸੇ ਹੋਰ ਦਿਨ ਤੈਨੂੰ ਖ਼ਬਰ ਦੱਸਣ ਦੀ ਆਗਿਆ ਹੋਵੇਗੀ ਪਰ ਅੱਜ ਤੂੰ ਕੋਈ ਖ਼ਬਰ ਨਾ ਦੇਵੀਂ ਕਿਉਂ ਜੋ ਰਾਜਾ ਦਾ ਪੁੱਤਰ ਮਰ ਗਿਆ ਹੈ ।
21ਤਦ ਯੋਆਬ ਨੇ ਕੂਸ਼ੀ ਨੂੰ ਆਖਿਆ, ਤੂੰ ਜਾ ਅਤੇ ਜੋ ਕੁਝ ਤੂੰ ਵੇਖਿਆ ਹੈ ਸੋ ਰਾਜਾ ਨੂੰ ਦੱਸ ਦੇ ! ਤਦ ਕੂਸ਼ੀ ਨੇ ਯੋਆਬ ਨੂੰ ਮੱਥਾ ਟੇਕਿਆ ਅਤੇ ਦੌੜ ਪਿਆ ।22ਫਿਰ ਸਾਦੋਕ ਦੇ ਪੁੱਤਰ ਅਹੀਮਅਸ ਨੇ ਦੂਜੀ ਵੇਰੀ ਯੋਆਬ ਨੂੰ ਆਖਿਆ, ਜੋ ਵੀ ਹੋਵੇ, ਪਰ ਮੈਨੂੰ ਵੀ ਆਗਿਆ ਦੇ ਤਾਂ ਜੋ ਮੈਂ ਕੂਸ਼ੀ ਦੇ ਪਿੱਛੇ ਦੌੜਾਂ ਸੋ ਯੋਆਬ ਨੇ ਆਖਿਆ, ਮੇਰੇ ਪੁੱਤਰ, ਤੈਨੂੰ ਭੱਜਣ ਕੀ ਲੋੜ ਹੈ ਕਿਉਂ ਜੋ ਇਸ ਖ਼ਬਰ ਦਾ ਤੈਨੂੰ ਕੋਈ ਲਾਭ ਨਾ ਹੋਵੇਗਾ ?23ਫਿਰ ਉਸ ਨੇ ਆਖਿਆ, ਜੋ ਵੀ ਹੋਵੇ, ਪਰ ਮੈਨੂੰ ਦੌੜਨ ਦੇ । ਉਹ ਨੇ ਆਖਿਆ ਦੌੜ ! ਅਤੇ ਅਹੀਮਅਸ ਮੈਦਾਨ ਦੇ ਰਾਹ ਤੋਂ ਗਿਆ ਅਤੇ ਕੂਸ਼ੀ ਤੋਂ ਅੱਗੇ ਨਿੱਕਲ ਗਿਆ
24ਅਤੇ ਉਸ ਵੇਲੇ ਦਾਊਦ ਦੋਹਾਂ ਫਾਟਕਾਂ ਦੇ ਵਿਚਕਾਰ ਬੈਠਾ ਸੀ ਅਤੇ ਰਾਖਾ ਫਾਟਕ ਦੀ ਛੱਤ ਦੇ ਬੰਨੇ ਉੱਤੇ ਚੜ੍ਹਿਆ ਹੋਇਆ ਸੀ ਉਸ ਨੇ ਅੱਖਾਂ ਚੁੱਕ ਕੇ ਵੇਖਿਆ ਅਤੇ ਵੇਖੋ, ਇੱਕ ਜਣਾ ਇੱਕਲਾ ਦੌੜਿਆ ਆਉਂਦਾ ਸੀ ।25ਰਾਖੇ ਨੇ ਪੁਕਾਰ ਕੇ ਰਾਜਾ ਨੂੰ ਖ਼ਬਰ ਕੀਤੀ ਸੋ ਰਾਜਾ ਨੇ ਆਖਿਆ, ਜੇ ਉਹ ਇਕਲਾ ਹੈ ਤਾਂ ਉਹ ਦੇ ਕੋਲ ਕੋਈ ਖ਼ਬਰ ਹੋਵੇਗੀ । ਉਹ ਭੱਜਦਾ-ਭੱਜਦਾ ਨੇੜੇ ਢੁੱਕਦਾ ਆਉਂਦਾ ਸੀ
26ਤਦ ਰਾਖੇ ਨੇ ਇੱਕ ਹੋਰ ਮਨੁੱਖ ਨੂੰ ਨੱਠੇ ਆਉਂਦਿਆਂ ਵੇਖਿਆ ਅਤੇ ਰਾਖੇ ਨੇ ਫਾਟਕ ਦੇ ਰਖਵਾਲੇ ਨੂੰ ਸੱਦ ਕੇ ਕਿਹਾ, ਵੇਖ ਇੱਕ ਜਣਾ ਹੋਰ ਇੱਕਲਾ ਨੱਠਾ ਆਉਂਦਾ ਹੈ । ਤਦ ਰਾਜਾ ਨੇ ਆਖਿਆ, ਉਹ ਵੀ ਖ਼ਬਰ ਲਿਆਉਂਦਾ ਹੋਵੇਗਾ27ਤਦ ਰਾਖੇ ਨੇ ਆਖਿਆ, ਮੈਨੂੰ ਅਗਲੇ ਦਾ ਭੱਜਣਾ ਸਾਦੋਕ ਦੇ ਪੁੱਤਰ ਅਹੀਮਅਸ ਦੇ ਭੱਜਣ ਵਰਗਾ ਲੱਗਦਾ ਹੈ । ਤਦ ਰਾਜਾ ਨੇ ਆਖਿਆ, ਉਹ ਭਲਾ ਮਨੁੱਖ ਹੈ ਅਤੇ ਭਲੀ ਖ਼ਬਰ ਲਿਆਉਂਦਾ ਹੋਵੇਗਾ ।
28ਅਹੀਮਅਸ ਨੇ ਪੁਕਾਰ ਕੇ ਰਾਜਾ ਨੂੰ ਆਖਿਆ, ਸਭ ਸੁਖ ਹੈ ਅਤੇ ਰਾਜਾ ਦੇ ਅੱਗੇ ਮੂੰਹ ਭਰ ਡਿੱਗ ਪਿਆ ਅਤੇ ਮੱਥਾ ਟੇਕ ਆਖਿਆ, ਯਹੋਵਾਹ ਤੁਹਾਡਾ ਪਰਮੇਸ਼ੁਰ ਧੰਨ ਹੋਵੇ ਜਿਸ ਨੇ ਉਨ੍ਹਾਂ ਮਨੁੱਖਾਂ ਨੂੰ ਜਿਨ੍ਹਾਂ ਨੇ ਮੇਰੇ ਮਹਾਰਾਜ ਰਾਜਾ ਉੱਤੇ ਹੱਥ ਚੁੱਕਿਆ ਸੀ ਤੁਹਾਡੇ ਹੱਥ ਵਿੱਚ ਸੌਂਪ ਦਿੱਤਾ ਹੈ ।29ਤਾਂ ਰਾਜਾ ਨੇ ਪੁੱਛਿਆ, ਕੀ ਅਬਸ਼ਾਲੋਮ ਜੁਆਨ ਠੀਕ-ਠਾਕ ਹੈ ? ਅਹੀਮਅਸ ਨੇ ਉੱਤਰ ਦਿੱਤਾ, ਜਿਸ ਵੇਲੇ ਯੋਆਬ ਨੇ ਰਾਜਾ ਦੇ ਸੇਵਕ ਨੂੰ ਭੇਜਿਆ ਉਸ ਵੇਲੇ ਮੈਂ ਇੱਕ ਵੱਡੀ ਭੀੜ ਡਿੱਠੀ ਪਰ ਮੈਨੂੰ ਖ਼ਬਰ ਨਹੀਂ ਸੀ ਜੋ ਕੀ ਹੋਇਆ ਹੈ ।30ਤਦ ਰਾਜਾ ਨੇ ਆਖਿਆ, ਇੱਕ ਪਾਸੇ ਹੋ ਕੇ ਖੜ੍ਹਾ ਹੋ ਜਾ, ਤਦ ਉਹ ਇੱਕ ਪਾਸੇ ਹੋ ਕੇ ਖੜ੍ਹਾ ਹੋ ਗਿਆ ।
31ਤਦ ਵੇਖੋ, ਉਹ ਕੂਸ਼ੀ ਆਇਆ ਅਤੇ ਉਸ ਕੂਸ਼ੀ ਨੇ ਆਖਿਆ, ਮੇਰੇ ਮਹਾਰਾਜ ਰਾਜਾ ਮੈਂ ਚੰਗੀ ਖ਼ਬਰ ਲਿਆਇਆ ਹਾਂ ਕਿ ਯਹੋਵਾਹ ਨੇ ਅੱਜ ਦੇ ਦਿਨ ਉਨ੍ਹਾਂ ਸਾਰਿਆਂ ਤੋਂ ਜੋ ਤੁਹਾਡੇ ਵਿਰੁੱਧ ਉੱਠੇ ਸਨ, ਤੁਹਾਡਾ ਬਦਲਾ ਲਿਆ ।32ਜਦ ਰਾਜਾ ਨੇ ਉਸ ਕੂਸ਼ੀ ਨੂੰ ਪੁਛਿਆ ਕਿ ਅਬਸ਼ਾਲੋਮ ਜੁਆਨ ਠੀਕ-ਠਾਕ ਹੈ ? ਤਦ ਉਸ ਕੂਸ਼ੀ ਨੇ ਉੱਤਰ ਦੇ ਕੇ ਆਖਿਆ, ਮੇਰੇ ਮਹਾਰਾਜ ਰਾਜਾ ਦੇ ਵੈਰੀ ਅਤੇ ਓਹ ਸੱਭੇ ਜੋ ਰਾਜਾ ਦੇ ਵਿਰੋਧ ਵਿੱਚ ਤੁਹਾਡੀ ਹਾਨੀ ਕਰਨ ਲਈ ਉੱਠਦੇ ਹਨ ਸੋ ਉਸ ਜੁਆਨ ਵਰਗੇ ਹੋ ਜਾਣ !33ਤਦ ਰਾਜਾ ਕੰਬ ਉੱਠਿਆ ਅਤੇ ਉਸ ਚੁਬਾਰੇ ਵਿੱਚ ਜੋ ਫਾਟਕ ਦੇ ਉੱਤੇ ਸੀ ਰੋਂਦਾ ਰੋਂਦਾ ਚੜ੍ਹ ਗਿਆ ਅਤੇ ਚੜ੍ਹਦੇ ਹੋਏ ਇਸ ਤਰ੍ਹਾਂ ਆਖਦਾ ਜਾਂਦਾ ਸੀ ਹਾਏ ਮੇਰੇ ਪੁੱਤਰ ਅਬਸ਼ਾਲੋਮ ! ਹੇ ਮੇਰੇ ਪੁੱਤਰ, ਮੇਰੇ ਪੁੱਤਰ ਅਬਸ਼ਾਲੋਮ ! ਚੰਗਾ ਹੁੰਦਾ ਜੇਕਰ ਮੈਂ ਤੇਰੇ ਥਾਂ ਮਰਦਾ ! ਹੇ ਅਬਸ਼ਾਲੋਮ, ਮੇਰੇ ਪੁੱਤਰ, ਮੇਰੇ ਪੁੱਤਰ !

19
ਦਾਊਦ ਨੂੰ ਯੋਆਬ ਦੀ ਫਿਟਕਾਰ

1ਯੋਆਬ ਨੂੰ ਖ਼ਬਰ ਹੋਈ ਕਿ ਵੇਖ ਰਾਜਾ ਅਬਸ਼ਾਲੋਮ ਦੇ ਲਈ ਰੋਂਦਾ-ਪਿੱਟਦਾ ਹੈ ।2ਅਤੇ ਉਸ ਦਿਨ ਦੀ ਜਿੱਤ ਸਾਰੇ ਲੋਕਾਂ ਦੇ ਲਈ ਰੋਣ ਦਾ ਕਾਰਨ ਬਣ ਗਈ ਹੈ ਕਿਉਂ ਜੋ ਲੋਕਾਂ ਨੇ ਉਸ ਦਿਨ ਖ਼ਬਰ ਸੁਣੀ ਕਿ ਰਾਜਾ ਆਪਣੇ ਪੁੱਤਰ ਦੇ ਲਈ ਦੁੱਖੀ ਹੁੰਦਾ ।

3ਅਤੇ ਉਸ ਦਿਨ ਲੋਕ ਸ਼ਹਿਰ ਵਿੱਚ ਇਸ ਤਰ੍ਹਾਂ ਚੋਰੀ ਛਿੱਪੇ ਵੜੇ ਸ਼ਹਿਰ ਵਿੱਚ ਆ ਵੜੇ ਜਿਵੇਂ ਕੋਲ ਲੜਾਈ ਵਿੱਚੋਂ ਭੱਜ ਆਉਣ ਦੇ ਕਾਰਨ ਸ਼ਰਮਿੰਦੇ ਹੋ ਕੇ ਲੁਕਦੇ ਹਨ ।4ਰਾਜਾ ਨੇ ਆਪਣਾ ਮੂੰਹ ਢੱਕਿਆ ਅਤੇ ਰਾਜਾ ਉੱਚੀ ਅਵਾਜ਼ ਨਾਲ ਪੁਕਾਰਦਾ ਰਿਹਾ ਹਾਏ ਮੇਰੇ ਪੁੱਤਰ ਅਬਸ਼ਾਲੋਮ ! ਹਾਏ ਅਬਸ਼ਾਲੋਮ ਮੇਰੇ ਪੁੱਤਰ, ਮੇਰੇ ਪੁੱਤਰ !
5ਤਦ ਯੋਆਬ ਘਰ ਵਿੱਚ ਰਾਜਾ ਕੋਲ ਆਇਆ ਅਤੇ ਆਖਿਆ, ਅੱਜ ਦੇ ਦਿਨ ਤੂੰ ਆਪਣੇ ਸਾਰੇ ਸੇਵਕਾਂ ਦੇ ਅੱਗੇ ਸ਼ਰਮਿੰਦਗੀ ਦਾ ਕਾਰਨ ਬਣਿਆ ਜਿਨ੍ਹਾਂ ਨੇ ਤੇਰੀ ਜਾਨ, ਤੇਰੇ ਪੁੱਤਰ ਧੀਆਂ, ਤੇਰੀਆਂ ਰਾਣੀਆਂ, ਤੇਰੀਆਂ ਰਾਖੈਲਾਂ ਦੀਆਂ ਜਾਨਾਂ ਬਚਾਈਆ ।6ਤੂੰ ਤਾਂ ਆਪਣੇ ਵੈਰੀਆਂ ਨਾਲ ਪ੍ਰੀਤ ਕਰਦਾ ਹੈ ਅਤੇ ਆਪਣੇ ਮਿੱਤਰਾਂ ਨਾਲ ਵੈਰ ਰੱਖਦਾ ਹੈ ਕਿਉਂ ਜੋ ਅੱਜ ਦੇ ਦਿਨ ਤੂੰ ਇਹ ਪਰਗਟ ਕੀਤਾ ਕਿ ਨਾ ਤਾਂ ਤੈਨੂੰ ਪ੍ਰਧਾਨਾਂ ਦੀ ਲੋੜ ਹੈ ਨਾ ਸੇਵਕਾਂ ਦੀ ਕਿਉਂ ਜੋ ਅੱਜ ਮੈਨੂੰ ਇਹ ਦਿੱਸਦਾ ਹੈ ਕਿ ਜੇਕਰ ਅਬਸ਼ਾਲੋਮ ਜੀਉਂਦਾ ਰਹਿੰਦਾ ਅਤੇ ਪਰ ਅਸੀਂ ਸਾਰੇ ਅੱਜ ਮਰ ਜਾਂਦੇ ਤਾਂ ਤੇਰੀ ਨਿਗਾਹ ਵਿੱਚ ਬਹੁਤ ਚੰਗਾ ਹੁੰਦਾ !
7ਸੋ ਹੁਣ ਉੱਠ ਅਤੇ ਬਾਹਰ ਨਿੱਕਲ ਅਤੇ ਆਪਣੇ ਸੇਵਕਾਂ ਨੂੰ ਤਸੱਲੀ ਦੇਹ ਕਿਉਂ ਜੋ ਮੈਂ ਯਹੋਵਾਹ ਦੀ ਸਹੁੰ ਖਾਂਦਾ ਹਾਂ ਕਿ ਜੇ ਬਾਹਰ ਨਾ ਨਿੱਕਲੇਂਗਾ ਤਾਂ ਰਾਤ ਤੱਕ ਇੱਕ ਵੀ ਤੇਰੇ ਨਾਲ ਨਾ ਰਹੇਗਾ ਅਤੇ ਇਹ ਤੇਰੇ ਲਈ ਉਨ੍ਹਾਂ ਸਾਰੇ ਬੁਰਿਆਈਆਂ ਨਾਲੋਂ ਜੋ ਜਵਾਨੀ ਤੋਂ ਲੈ ਕੇ ਅੱਜ ਤੱਕ ਤੇਰੇ ਉੱਤੇ ਆਈਆਂ ਵੱਧ ਬੁਰੀ ਹੋਵੇਗੀ !8ਸੋ ਰਾਜਾ ਉੱਠਿਆ ਅਤੇ ਫਾਟਕ ਵਿੱਚ ਆਣ ਬੈਠਾ ਅਤੇ ਸਾਰੇ ਲੋਕਾਂ ਨੂੰ ਖ਼ਬਰ ਹੋਈ, ਤਾਂ ਵੇਖੋ, ਰਾਜਾ ਕੋਲ ਆ ਜੁੜੇ ਕਿਉਂ ਜੋ ਸਭ ਇਸਰਾਏਲੀ ਆਪੋ ਆਪਣੇ ਤੰਬੂਆਂ ਨੂੰ ਨੱਠ ਗਏ ਸਨ ।
ਦਾਊਦ ਦਾ ਯਰੂਸ਼ਲਮ ਨੂੰ ਵਾਪਸ ਜਾਣਾ

9ਇਸਰਾਏਲ ਦੇ ਸਾਰਿਆਂ ਗੋਤਾਂ ਦੇ ਸਭ ਲੋਕ ਆਪੋ ਵਿੱਚ ਝਗੜਦੇ ਸਨ ਅਤੇ ਆਖਦੇ ਸਨ ਰਾਜਾ ਨੇ ਸਾਡੇ ਵੈਰੀਆਂ ਦੇ ਹੱਥੋਂ ਸਾਨੂੰ ਛੁਡਾਇਆ ਅਤੇ ਫਲੀਸਤੀਆਂ ਦੇ ਹੱਥੋਂ ਸਾਨੂੰ ਬਚਾਇਆ ਸੀ ਅਤੇ ਹੁਣ ਉਹ ਅਬਸ਼ਾਲੋਮ ਦੇ ਸਾਹਮਣਿਓਂ ਦੇਸ਼ ਛੱਡ ਕੇ ਭੱਜ ਗਿਆ ਹੈ ।10ਅਤੇ ਅਬਸ਼ਾਲੋਮ ਜਿਸ ਨੂੰ ਅਸੀਂ ਆਪਣੇ ਉੱਤੇ ਰਾਜਾ ਹੋਣ ਲਈ ਮਸਹ ਕੀਤਾ ਸੋ ਲੜਾਈ ਵਿੱਚ ਮਾਰਿਆ ਗਿਆ ਸੋ ਹੁਣ ਤੁਸੀਂ ਰਾਜਾ ਦੇ ਮੋੜ ਲਿਆਉਣ ਲਈ ਕਿਉਂ ਚੁੱਪ ਹੋ ? ।
11ਤਦ ਦਾਊਦ ਰਾਜਾ ਨੇ ਸਾਦੋਕ ਅਤੇ ਅਬਯਾਥਾਰ ਜਾਜਕਾਂ ਨੂੰ ਸੰਦੇਸਾ ਭੇਜਿਆ ਜੋ ਯਹੂਦਾਹ ਦੇ ਬਜ਼ੁਰਗਾਂ ਨੂੰ ਆਖੋ ਕਿ ਤੁਸੀਂ ਰਾਜਾ ਨੂੰ ਮਹਿਲ ਵੱਲ ਮੋੜ ਲਿਆਉਣ ਵਿੱਚ ਸਾਰਿਆਂ ਨਾਲੋਂ ਪਿੱਛੇ ਕਿਉਂ ਰਹਿ ਗਏ ਹੋ ? ਭਾਵੇਂ ਸਾਰੇ ਇਸਰਾਏਲ ਦੀਆਂ ਗੱਲਾਂ ਰਾਜਾ ਕੋਲ ਪਹੁੰਚਦੀਆਂ ਹਨ ਕਿ ਰਾਜਾ ਨੂੰ ਉਸ ਦੇ ਭਵਨ ਵਿੱਚ ਪਹੁੰਚਾਈਏ ।12ਤੁਸੀਂ ਮੇਰੇ ਭਰਾ ਹੋ ਅਤੇ ਤੁਸੀਂ ਮੇਰੀਆਂ ਹੱਡੀਆਂ ਅਤੇ ਮਾਸ ਹੋ । ਫਿਰ ਤੁਸੀਂ ਰਾਜਾ ਨੂੰ ਮੋੜ ਲਿਆਉਣ ਵਿੱਚ ਪਿੱਛੇ ਕਿਉਂ ਰਹਿ ਗਏ ਹੋ ?
13ਅਮਾਸਾ ਨੂੰ ਆਖੋ, ਭਲਾ, ਤੂੰ ਮੇਰੀ ਹੱਡੀ ਅਤੇ ਮੇਰਾ ਮਾਸ ਨਹੀਂ ? ਸੋ ਜੇਕਰ ਮੈਂ ਤੈਨੂੰ ਯੋਆਬ ਦੇ ਥਾਂ ਆਪਣੇ ਅੱਗੇ ਸਦਾ ਲਈ ਸੈਨਾਪਤੀ ਨਾ ਬਣਾਵਾਂ ਤਾਂ ਪਰਮੇਸ਼ੁਰ ਮੇਰੇਬ ਨਾਲ ਅਜਿਹਾ ਹੀ ਕਰੇ ਸਗੋਂ ਇਹ ਦੇ ਨਾਲੋਂ ਵੀ ਵੱਧ ਕਰੇ !14ਉਸ ਨੇ ਸਾਰੇ ਯਹੂਦਾਹ ਦੇ ਮਨੁੱਖਾਂ ਦਾ ਮਨ ਆਪਣੇ ਵੱਲ ਮੋੜ ਲਿਆ ਹੈ ਸੋ ਉਨ੍ਹਾਂ ਨੇ ਰਾਜਾ ਨੂੰ ਸੁਨੇਹਾ ਭੇਜਿਆ ਕਿ ਆਪਣੇ ਸਾਰਿਆਂ ਸੇਵਕਾਂ ਸਣੇ ਮੁੜ ਆਓ ।15ਸੋ ਰਾਜਾ ਮੁੜਿਆ ਅਤੇ ਯਰਦਨ ਤੱਕ ਆਇਆ ਅਤੇ ਯਹੂਦਾਹ ਰਾਜਾ ਦੇ ਮਿਲਣ ਨੂੰ ਅਤੇ ਉਹ ਨੂੰ ਯਰਦਨ ਦੇ ਪਾਰ ਲਿਆਉਣ ਨੂੰ ਗਿਲਗਾਲ ਤੱਕ ਆਇਆ
ਸ਼ਿਮਈ ਨੂੰ ਮਾਫ਼ੀ

16ਅਤੇ ਗੇਰਾ ਦਾ ਪੁੱਤਰ ਬਹੁਰੀਮ ਤੋਂ ਛੇਤੀ ਨਾਲ ਤੁਰਿਆ ਅਤੇ ਯਹੂਦਾਹ ਦੇ ਮਨੁੱਖਾਂ ਨਾਲ ਰਲ ਕੇ ਦਾਊਦ ਰਾਜਾ ਦੇ ਮਿਲਣ ਨੂੰ ਆਇਆ ।17ਉਹ ਦੇ ਨਾਲ ਹਜ਼ਾਰ ਬਿਨਯਾਮੀਨੀ ਜੁਆਨ ਸਨ ਅਤੇ ਸੀਬਾ ਸ਼ਾਊਲ ਦੇ ਘਰ ਦਾ ਕਰਮਚਾਰੀ ਆਪਣੇ ਪੰਦਰਾਂ ਪੁੱਤਰਾਂ ਅਤੇ ਵੀਹਾਂ ਸੇਵਕਾਂ ਸਮੇਤ ਆਇਆ ਅਤੇ ਓਹ ਰਾਜਾ ਦੇ ਸਾਹਮਣੇ ਯਰਦਨੋਂ ਪਾਰ ਲੰਘੇ ।18ਰਾਜਾ ਦੇ ਘਰਾਣੇ ਨੂੰ ਲੈ ਆਉਣ ਲਈ ਅਤੇ ਹੋਰ ਕੰਮ ਜੋ ਉਹ ਨੂੰ ਚੰਗਾ ਦਿਸੇ ਕਰਨ ਨੂੰ ਪੱਤਣ ਦੀ ਇੱਕ ਬੇੜੀ ਪਾਰ ਗਈ ਅਤੇ ਗੋਰਾ ਦਾ ਪੁੱਤਰ ਸ਼ਿਮਈ ਰਾਜਾ ਦੇ ਅੱਗੇ ਉਸ ਦੇ ਯਰਦਨੋਂ ਪਾਰ ਲੰਘਦਿਆਂ ਸਾਰ ਮੂੰਹ ਦੇ ਭਾਰ ਡਿੱਗ ਪਿਆ ।
19ਅਤੇ ਰਾਜਾ ਨੂੰ ਆਖਿਆ ਹੇ ਮੇਰੇ ਮਹਾਰਾਜ, ਮੇਰੇ ਉੱਤੇ ਦੋਸ਼ ਨਾ ਲਾਓ ਅਤੇ ਜਿਹੜਾ ਤੁਹਾਡੇ ਸੇਵਕ ਨੇ ਜਿਸ ਦਿਨ ਮੇਰਾ ਮਹਾਰਾਜ ਰਾਜਾ ਯਰੂਸ਼ਲਮ ਤੋਂ ਨਿੱਕਲਿਆ ਹਨ ਨਾਲ ਆਖਿਆ ਸੀ ਯਾਦ ਨਾ ਕਰੋ ਅਤੇ ਰਾਜਾ ਆਪਣੇ ਮਨ ਵਿੱਚ ਨਾ ਰੱਖੋ ।20ਕਿਉਂ ਜੋ ਤੁਹਾਡਾ ਸੇਵਕ ਜਾਣਦਾ ਹੈ ਜੋ ਮੈਂ ਪਾਪ ਕੀਤਾ ਹੈ । ਵੇਖੋ, ਅੱਜ ਦੇ ਦਿਨ ਮੈਂ ਆਪਣੇ ਮਹਾਰਾਜ ਰਾਜਾ ਦੇ ਮਿਲਣ ਨੂੰ ਯੂਸੁਫ਼ ਦੇ ਸਾਰੇ ਘਰਾਣੇ ਤੋਂ ਪਹਿਲਾਂ ਨਿਕਲਿਆ ਹਾਂ
21ਫਿਰ ਸੂਰਯਾਹ ਦੇ ਪੁੱਤਰ ਅਬੀਸ਼ਈ ਨੇ ਆਖਿਆ, ਭਲਾ, ਸ਼ਿਮਈ ਨਾ ਮਾਰਿਆ ਜਾਵੇਗਾ ਜਿਸ ਨੇ ਯਹੋਵਾਹ ਦੇ ਮਸਹ ਕੀਤੇ ਨੂੰ ਸਰਾਪ ਦਿੱਤਾ ?22ਪਰ ਦਾਊਦ ਨੇ ਆਖਿਆ ਹੇ ਸੂਰਯਾਹ ਦੇ ਪੁੱਤਰੋਂ, ਮੈਨੂੰ ਤੁਹਾਡੇ ਨਾਲ ਕੀ ਕੰਮ ਹੈ ਜੋ ਤੁਸੀਂ ਅੱਜ ਮੇਰੇ ਵਿਰੋਧੀ ਬਣ ਜਾਓ ? ਭਲਾ ਇਸਰਾਏਲ ਵਿੱਚੋਂ ਕੋਈ ਮਨੁੱਖ ਅੱਜ ਦੇ ਦਿਨ ਵੱਢਿਆ ਜਾਵੇ ? ਭਲਾ, ਮੈਂ ਇਹ ਨਹੀਂ ਜਾਣਦਾ ਜੋ ਅੱਜ ਦੇ ਦਿਨ ਮੈਂ ਇਸਰਾਏਲ ਦਾ ਰਾਜਾ ਬਣਿਆ ਹਾਂ ?23ਤਦ ਰਾਜਾ ਨੇ ਸ਼ਿਮਈ ਨੂੰ ਆਖਿਆ, ਤੂੰ ਨਾ ਮਾਰਿਆ ਜਾਵੇਂਗਾ, ਅਤੇ ਰਾਜਾ ਨੇ ਉਹ ਦੇ ਨਾਲ ਸਹੁੰ ਖਾਧੀ ।
ਮਫੀਬੋਸ਼ਥ ਉੱਤੇ ਦਾਊਦ ਦੀ ਕਿਰਪਾ ਦੀ ਨਿਗਾਹ

24ਸ਼ਾਊਲ ਦਾ ਪੁੱਤਰ ਮਫੀਬੋਸ਼ਥ ਰਾਜਾ ਦੇ ਮਿਲਣ ਨੂੰ ਆਇਆ ਅਤੇ ਜਿਸ ਦਿਨ ਦਾ ਰਾਜਾ ਨਿੱਕਲਿਆ ਸੀ ਉਸ ਨੇ ਉਸ ਦਿਨ ਤੱਕ ਜਦ ਉਹ ਸੁਖ ਨਾਲ ਮੁੜ ਆਇਆ ਨਾ ਤਾਂ ਆਪਣੇ ਪੈਰ ਧੋਤੇ ਸਨ ਨਾ ਆਪਣੀ ਦਾਹੜੀ ਬਨਵਾਈ ਸੀ ਅਤੇ ਨਾ ਹੀ ਆਪਣੇ ਕੱਪੜੇ ਧੁਆਵੇ ਸਨ ।25ਅਤੇ ਅਜਿਹਾ ਹੋਇਆ ਜਦ ਉਹ ਰਾਜਾ ਦੇ ਮਿਲਣ ਨੂੰ ਯਰੂਸ਼ਲਮ ਵਿੱਚ ਆਇਆ ਤਾਂ ਰਾਜਾ ਨੇ ਉਹ ਨੂੰ ਆਖਿਆ ਮਫੀਬੋਸ਼ਥ ਤੂੰ ਸਾਡੇ ਨਾਲ ਕਿਉਂ ਨਾ ਗਿਆ ?
26ਉਸ ਨੇ ਉੱਤਰ ਦਿੱਤਾ, ਹੇ ਮੇਰੇ ਮਹਾਰਾਜ, ਹੇ ਰਾਜਾ, ਮੇਰੇ ਸੇਵਕ ਨੇ ਮੇਰੇ ਨਾਲ ਛਲ ਕੀਤਾ । ਤੁਹਾਡੇ ਸੇਵਕ ਨੇ ਆਖਿਆ ਸੀ ਕਿ ਮੈਂ ਆਪਣੇ ਲਈ ਖੋਤੇ ਉੱਤੇ ਕਾਠੀ ਪਾਵਾਂ ਜੋ ਮੈਂ ਚੜ੍ਹ ਕੇ ਰਾਜਾ ਕੋਲ ਜਾਂਵਾਂ, ਕਿਉਂ ਜੋ ਤੁਹਾਡਾ ਦਾਸ ਲੰਗੜਾ ਹੈ ।27ਪਰ ਉਸ ਨੇ ਮੇਰੇ ਮਹਾਰਾਜ ਰਾਜਾ ਦੇ ਅੱਗੇ ਮੇਰੇ ਉੱਤੇ ਜੋ ਤੁਹਾਡਾ ਸੇਵਕ ਹਾਂ ਚੁਗਲੀ ਕੀਤੀ ਪਰ ਮੇਰਾ ਮਹਾਰਾਜ ਰਾਜਾ ਤਾਂ ਪਰਮੇਸ਼ੁਰ ਦੇ ਦੂਤ ਵਰਗਾ ਹੈ ਸੋ ਜੋ ਤੁਹਾਨੂੰ ਚੰਗਾ ਦਿੱਸੇ ਸੋ ਕਰੋ ।28ਕਿਉਂ ਜੋ ਮੇਰੇ ਪਿਤਾ ਦਾ ਸਾਰਾ ਘਰਾਣਾ ਮੇਰੇ ਮਹਾਰਾਜ ਰਾਜਾ ਦੇ ਅੱਗੇ ਮੁਰਦਿਆਂ ਵਰਗਾ ਸੀ ਪਰ ਤੁਸੀਂ ਆਪਣੇ ਸੇਵਕ ਨੂੰ ਉਨ੍ਹਾਂ ਨਾਲ ਬਿਠਾਇਆ ਜੋ ਤੁਹਾਡੀ ਮੇਜ਼ ਉੱਤੋਂ ਰੋਟੀ ਖਾਂਦੇ ਹਨ । ਫਿਰ ਰਾਜਾ ਦੇ ਅੱਗੇ ਹੋਰ ਦੁਹਾਈ ਦੇਣ ਦਾ ਮੇਰਾ ਕੀ ਅਧਿਕਾਰ ਹੈ ?
29ਜਦ ਰਾਜਾ ਨੇ ਉਹ ਨੂੰ ਆਖਿਆ, ਤੂੰ ਆਪਣੀਆ ਗੱਲਾਂ ਕਿਉਂ ਕਰਦਾ ਜਾਂਦਾ ਹੈ ? ਮੈਂ ਤਾਂ ਆਖ ਦਿੱਤਾ ਹੈ ਕਿ ਤੂੰ ਅਤੇ ਸੀਬਾ ਪੈਲੀ ਨੂੰ ਵੰਡ ਲਓ ।30ਤਦ ਮਫੀਬੋਸ਼ਥ ਨੇ ਰਾਜਾ ਨੂੰ ਆਖਿਆ ਜੀ ਹਾਂ, ਸਗੋਂ ਓਹ ਸਭ ਕੁਝ ਲੈ ਲਵੇ ਕਿਉਂ ਜੋ ਮੇਰਾ ਮਹਾਰਾਜ ਰਾਜਾ ਜੋ ਸੁਖ ਨਾਲ ਫਿਰ ਘਰ ਵਿੱਚ ਆਇਆ ਹੈ ।
ਬਰਜ਼ਿੱਲਈ ਉੱਤੇ ਦਾਊਦ ਦੀ ਕਿਰਪਾ ਦੀ ਨਿਗਾਹ

31ਬਰਜ਼ਿੱਲਈ ਗਿਲਆਦੀ ਰੋਗਲੀਮ ਤੋਂ ਉਤਰ ਕੇ ਉਹ ਨੂੰ ਯਰਦਨ ਤੋਂ ਪਾਰ ਪਹੁੰਚਾਉਣ ਲਈ ਰਾਜਾ ਦੇ ਨਾਲ ਯਰਦਨੋਂ ਪਾਰ ਗਿਆ ।32ਅਤੇ ਇਹ ਬਰਜ਼ਿੱਲੀ ਬਹੁਤ ਬਜ਼ੁਰਗ ਸਗੋਂ ਅੱਸੀ ਸਾਲਾਂ ਦਾ ਸੀ ਅਤੇ ਉਸ ਨੇ ਰਾਜਾ ਨੂੰ ਜਦ ਉਹ ਮਹਨਇਮ ਵਿੱਚ ਪਿਆ ਸੀ ਤਾਂ ਰਸਤ ਪਹੁਚਾਈ ਸੀ ਕਿਉਂ ਜੋ ਉਹ ਬਹੁਤ ਧਨਵਾਨ ਮਨੁੱਖ ਸੀ ।33ਸੋ ਰਾਜਾ ਨੇ ਬਰਜ਼ਿੱਲੀ ਨੂੰ ਆਖਿਆ ਤੂੰ ਮੇਰੇ ਨਾਲ ਪਾਰ ਚੱਲ ਕਿਉਂ ਜੋ ਯਰੂਸ਼ਲਮ ਵਿੱਚ ਮੈਂ ਆਪਣੇ ਨਾਲ ਤੇਰੀ ਪਾਲਣਾ ਕਰਾਗਾਂ ।
34ਬਰਜ਼ਿੱਲੀ ਨੇ ਰਾਜਾ ਨੂੰ ਉੱਤਰ ਦਿੱਤਾ, ਹੁਣ ਮੈਂ ਹੋਰ ਕਿੰਨ੍ਹੇ ਦਿਨ ਜੀਉਂਦਾ ਰਹਾਂਗਾ ਜੋ ਰਾਜਾ ਨਾਲ ਯਰੂਸ਼ਲਮ ਨੂੰ ਜਾਂਵਾਂ ?35ਕਿਉਂ ਜੋ ਅੱਜ ਦੇ ਦਿਨ ਮੈਂ ਅੱਸੀ ਸਾਲਾਂ ਦਾ ਹੋ ਚੁੱਕਾ ਹਾਂ । ਭਲਾ, ਮੈਂ ਚੰਗਾ ਮੰਦਾ ਸਿਆਣ ਸਕਦਾ ਹਾਂ ? ਭਲਾ, ਤੁਹਾਡਾ ਸੇਵਕ ਜੋ ਕੁਝ ਖਾਂਦਾ ਪੀਂਦਾ ਹੈ ਉਸ ਦਾ ਸੁਆਦ ਵੀ ਚੱਖ ਸਕਦਾ ਹੈ ? ਅਤੇ ਭਲਾ, ਮੈਂ ਗਾਉਣ ਵਾਲੇ ਅਤੇ ਗਾਉਣ ਵਾਲੀਆਂ ਦਾ ਗਾਉਣਾ ਸੁਣ ਸਕਦਾ ਹਾਂ ? ਫਿਰ ਤੁਹਾਡਾ ਸੇਵਕ ਆਪਣੇ ਮਹਾਰਾਜ ਰਾਜਾ ਉੱਤੇ ਕਿਉਂ ਭਾਰ ਪਵੇ ?36ਤੁਹਾਡਾ ਸੇਵਕ ਥੋੜੀ ਦੂਰ ਯਰਦਨ ਦੇ ਪਾਰ ਰਾਜਾ ਨਾਲ ਜਾਂਵਾਂਗਾ ਰਾਜਾ ਇਸ ਦਾ ਮੈਨੂੰ ਵੱਡਾ ਬਦਲਾ ਦੇਵੇਂ ।
37ਆਪਣੇ ਸੇਵਕ ਨੂੰ ਮੁੜਨ ਦੀ ਆਗਿਆ ਦਿਓ ਜੋ ਮੈਂ ਆਪਣੇ ਸ਼ਹਿਰ ਵਿੱਚ ਆਪਣੇ ਪਿਤਾ ਅਤੇ ਆਪਣੇ ਮਾਂ ਦੀ ਕਬਰ ਦੇ ਕੋਲ ਮਰ ਜਾਂਵਾਂ ਪਰ ਵੇਖੋ, ਤੁਹਾਡਾ ਸੇਵਕ ਕਿਮਹਾਮ ਹੈ, ਉਹ ਮੇਰੇ ਮਹਾਰਾਜ ਰਾਜਾ ਦੇ ਨਾਲ ਪਾਰ ਜਾਵੇ ਅਤੇ ਜੋ ਕੁਝ ਤੁਹਾਨੂੰ ਚੰਗਾ ਦਿੱਸੇ ਸੋ ਉਹ ਦੇ ਨਾਲ ਕਰੋ ।
38ਤਦ ਰਾਜਾ ਨੇ ਉੱਤਰ ਦਿੱਤਾ ਕਿਮਹਾਮ ਮੇਰੇ ਨਾਲ ਪਾਰ ਚੱਲੇਗਾ ਅਤੇ ਜੋ ਕੁਝ ਤੈਨੂੰ ਚੰਗਾ ਲੱਗੇ ਸੋ ਮੈਂ ਉਸ ਦੇ ਨਾਲ ਕਰਾਗਾਂ ਅਤੇ ਜੋ ਕੁਝ ਤੂੰ ਮੈਂਥੋ ਮੰਗੇਗਾ ਸੋ ਮੈਂ ਤੇਰੇ ਲਈ ਕਰਾਂਗਾ ।39ਫਿਰ ਸਾਰੇ ਲੋਕ ਯਰਦਨ ਦੇ ਪਾਰ ਲੰਘ ਗਏ ਅਤੇ ਜਦ ਰਾਜਾ ਪਾਰ ਆਇਆ ਤਾਂ ਰਾਜਾ ਨੇ ਬਰਜ਼ਿੱਲੀ ਨੂੰ ਚੁੰਮਿਆ ਅਤੇ ਉਹ ਨੂੰ ਅਸੀਸ ਦਿੱਤੀ ਅਤੇ ਉਹ ਆਪਣੇ ਥਾਂ ਨੂੰ ਮੁੜ ਗਿਆ ।
ਰਾਜੇ ਦੇ ਬਾਰੇ ਯਹੂਦੀ ਅਤੇ ਇਸਰਾਏਲੀ ਲੋਕਾਂ ਦੇ ਵਿੱਚ ਵਿਵਾਦ

40ਤਦ ਰਾਜਾ ਗਿਲਗਾਲ ਨੂੰ ਤੁਰਿਆ ਅਤੇ ਯਹੂਦਾਹ ਦੇ ਸਭ ਲੋਕ ਅਤੇ ਇਸਰਾਏਲ ਦੇ ਲੋਕਾਂ ਵਿੱਚੋਂ ਵੀ ਅੱਧੇ ਰਾਜਾ ਦੇ ਨਾਲ ਗਏ ।41ਅਤੇ ਵੇਖੋ, ਇਸਰਾਏਲ ਦੇ ਸਭ ਰਾਜਾ ਕੋਲ ਆਏ ਅਤੇ ਰਾਜਾ ਨੂੰ ਆਖਿਆ, ਸਾਡੇ ਹੀ ਭਰਾ ਯਹੂਦਾਹ ਦੇ ਮਨੁੱਖ ਤੁਹਾਨੂੰ ਕਿਉਂ ਚੋਰੀ ਲੈ ਆਏ ਹਨ, ਲਿਆਏ ? ਅਤੇ ਜਾ ਕੇ ਰਾਜਾ ਨੂੰ ਅਤੇ ਉਹ ਦੇ ਘਰਾਣੇ ਨੂੰ ਅਤੇ ਦਾਊਦ ਦੇ ਨਾਲ ਦੇ ਸਾਰੇ ਲੋਕਾਂ ਯਰਦਨੋਂ ਪਾਰ ਲੈ ਆਏ ?
42ਤਦ ਸਾਰੇ ਯਹੂਦਾਹ ਦੇ ਮਨੁੱਖਾਂ ਨੇ ਇਸਰਾਏਲ ਦੇ ਮਨੁੱਖਾਂ ਨੂੰ ਉੱਤਰ ਦਿੱਤ, ਇਸ ਲਈ ਜੋ ਰਾਜਾ ਸਾਡੇ ਨੇੜੇ ਦਾ ਸਾਕ ਹੈ ਸੋ ਇਸ ਗੱਲ ਵਿੱਚ ਤੁਸੀਂ ਕਿਉਂ ਗੁੱਸੇ ਹੁੰਦੇ ਹੋ ? ਭਲਾ, ਅਸੀਂ ਰਾਜਾ ਦਾ ਕੁਝ ਖਾ ਲਿਆ ਹੈ ? ਜਾਂ ਰਾਜਾ ਨੇ ਸਾਨੂੰ ਕੁਝ ਬਖਸ਼ ਦਿੱਤਾ ਹੈ ?43ਫਿਰ ਯਹੂਦਾਹ ਦੇ ਮਨੁੱਖਾਂ ਨੇ ਇਸਰਾਏਲ ਦੇ ਮਨੁੱਖਾਂ ਨੂੰ ਉੱਤਰ ਦੇ ਕੇ ਆਖਿਆ, ਰਾਜਾ ਵਿੱਚ ਸਾਡੀਆਂ ਦਸ ਵੰਸ਼ ਹਨ ਇਸ ਲਈ ਤੁਹਾਡੇ ਨਾਲੋਂ ਸਾਡਾ ਅਧਿਕਾਰ ਦਾਊਦ ਉੱਤੇ ਵੱਧ ਹੈ । ਫਿਰ ਤੁਸੀਂ ਸਾਨੂੰ ਕਿਉਂ ਤੁੱਛ ਜਾਣਦੇ ਹੋ ਜੇ ਤੁਸੀਂ ਰਾਜਾ ਨੂੰ ਮੋੜ ਲਿਆਉਣ ਵਿੱਚ ਪਹਿਲਾਂ ਸਾਡੇ ਨਾਲ ਸਲਾਹ ਨਾ ਕੀਤੀ ? ਅਤੇ ਯਹੂਦਾਹ ਦੇ ਮਨੁੱਖਾਂ ਦੀਆਂ ਗੱਲਾਂ ਇਸਰਾਏਲ ਦੇ ਮਨੁੱਖਾਂ ਦੀਆਂ ਗੱਲਾਂ ਨਾਲੋਂ ਤੱਤੀਆਂ ਸਨ ।

20
ਸ਼ਬਾ ਦਾ ਵਿਦਰੋਹ

1ਅਜਿਹਾ ਹੋਇਆ ਉੱਥੇ ਇੱਕ ਸ਼ਬਾ ਨਾਮ ਦਾ ਬਿਨਯਾਮੀਨੀ ਮਨੁੱਖ ਸੀ, ਜੋ ਬੜਾ ਦੁਸ਼ਟ ਸੀ, ਉਹ ਮਨੁੱਖ ਬਿਕ੍ਰੀ ਦਾ ਪੁੱਤਰ ਸੀ । ਉਸ ਨੇ ਨਰਸਿੰਗਾ ਵਜਾ ਕੇ ਆਖਿਆ, ਨਾ ਸਾਡੀ ਵੰਡ ਯੱਸੀ ਦੇ ਪੁੱਤਰ ਨਾਲ ਸਾਡਾ ਭਾਗ ਹੈ । ਹੇ ਇਸਰਾਏਲ, ਆਪੋ ਆਪਣੇ ਤੰਬੂ ਨੂੰ ਜਾਓ !2ਸੋ ਸਾਰੇ ਇਸਰਾਏਲੀ ਮਨੁੱਖ ਦਾਊਦ ਦਾ ਪਿੱਛਾ ਛੱਡ ਕੇ ਬਿਕਰੀ ਦੇ ਪੁੱਤਰ ਸ਼ਬਾ ਦੇ ਪਿੱਛੇ ਲੱਗ ਪਏ ਪਰ ਯਹੂਦਾਹ ਦੇ ਲੋਕ ਯਰਦਨ ਤੋਂ ਲੈ ਕੇ ਯਰੂਸ਼ਲਮ ਤੱਕ ਆਪਣੇ ਰਾਜਾ ਦੇ ਨਾਲ ਲੱਗੇ ਰਹੇ ।

3ਦਾਊਦ ਯਰੂਸ਼ਲਮ ਨੂੰ ਆਪਣੇ ਮਹਿਲ ਵਿੱਚ ਆਇਆ ਅਤੇ ਰਾਜਾ ਨੇ ਆਪਣੀਆਂ ਉਨ੍ਹਾਂ ਦਸ ਰਖੈਲਾਂ ਨੂੰ ਫੜ੍ਹ ਕੇ ਕੈਦ ਕਰ ਦਿੱਤਾ ਜਿਨ੍ਹਾਂ ਨੂੰ ਊਬ ਆਪਣੇ ਮਹਿਲ ਮਹਿਲ ਦੀ ਰਾਖੀ ਲਈ ਛੱਡ ਗਿਆ ਸੀ ਅਤੇ ਉਨ੍ਹਾਂ ਦੇ ਲਈ ਰਸਤ ਠਹਿਰਾ ਦਿੱਤੀ ਪਰ ਉਨ੍ਹਾਂ ਦੇ ਕੋਲ ਨਾ ਗਿਆ ਸੋ ਓਹ ਆਪਣੇ ਮਰਨ ਦੇ ਦਿਨ ਤੱਕ ਕੈਦ ਵਿੱਚ ਰੰਡੇਪੇ ਜੇਹੀ ਹਾਲਤ ਵਿੱਚ ਰਹੀਆਂ ।
ਅਮਾਸਾ ਦੀ ਹੱਤਿਆ

4ਰਾਜਾ ਨੇ ਅਸਾਮਾ ਨੂੰ ਆਖਿਆ ਕਿ ਤਿੰਨਾਂ ਦਿਨਾਂ ਵਿੱਚ ਯਹੂਦਾਹ ਦੇ ਮਨੁੱਖਾਂ ਨੂੰ ਮੇਰੇ ਕੋਲ ਇੱਕਠਿਆ ਕਰ ਅਤੇ ਤੂੰ ਵੀ ਐਥੋਂ ਹੋਵੀਂ ।5ਸੋ ਅਮਾਸਾ ਯਹੂਦਾਹ ਦੇ ਮਨੁੱਖਾਂ ਨੂੰ ਇਕੱਠਾ ਕਰਨ ਗਿਆ ਪਰ ਉਸ ਨੇ ਠਹਿਰਾਏ ਹੋਏ ਸਮੇਂ ਤੋਂ ਵੱਧ ਸਮਾਂ ਲਾ ਦਿੱਤਾ ।
6ਤਦ ਦਾਊਦ ਨੇ ਅਬੀਸ਼ਈ ਨੂੰ ਆਖਿਆ, ਹੁਣ ਸ਼ਬਾ ਬਿਕਰੀ ਦਾ ਪੁੱਤਰ ਸਾਡੇ ਨਾਲ ਅਬਸ਼ਾਲੋਮ ਨਾਲੋਂ ਵੀ ਵੱਧ ਬਦੀ ਕਰੇਗਾ ਸੋ ਤੂੰ ਆਪਣੇ ਮਾਲਕ ਦੇ ਸੇਵਕਾਂ ਨੂੰ ਲੈ ਕੇ ਉਸ ਦਾ ਪਿੱਛਾ ਕਰ ਅਜਿਹਾ ਨਾ ਹੋਵੇ ਜੋ ਉਹ ਗੜ੍ਹ ਵਾਲੇ ਸ਼ਹਿਰਾਂ ਵਿੱਚ ਵੜ ਕੇ ਸਾਡਿਆਂ ਨਜਰਾਂ ਤੋਂ ਬਚਨ ।7ਸੋ ਉਸ ਦੇ ਪਿੱਛੇ ਯੋਆਬ ਦੇ ਲੋਕ ਕਰੇਤੀ, ਫਲੇਤੀ ਅਤੇ ਸਾਰੇ ਸੂਰਮੇ ਨਿੱਕਲੇ ਅਤੇ ਬਿਕਰੀ ਦੇ ਪੁੱਤਰ ਦਾ ਪਿੱਛਾ ਕਰਨ ਨੂੰ ਯਰੂਸ਼ਲਮ ਤੋਂ ਬਾਹਰ ਆਏ ।
8ਜਿਸ ਵੇਲੇ ਓਹ ਉਸ ਵੱਡੇ ਪੱਥਰ ਦੇ ਕੋਲ ਜੋ ਗਿਬਓਨ ਦੇ ਵਿੱਚ ਹੈ ਪਹੁੰਚੇ ਤਾਂ ਅਮਾਸਾ ਉਨ੍ਹਾਂ ਉਨ੍ਹਾਂ ਨੂੰ ਆ ਕੇ ਮਿਲਿਆ ਅਤੇ ਯੋਆਬ ਨੇ ਆਪਣੇ ਫ਼ੌਜੀ ਬਸਤਰਾਂ ਉੱਤੇ ਇੱਕ ਪਟਕਾ ਕੱਸਿਆ ਹੋਇਆ ਸੀ ਅਤੇ ਉਸ ਪਟਕੇ ਵਿੱਚ ਇੱਕ ਤਲਵਾਰ ਮਿਆਨ ਵਿੱਚ ਬੰਨ੍ਹੀ ਹੋਈ ਸੀ ਪੱਟਕਾ ਮਿਆਨ ਵਿੱਚ ਪਈ ਹੋਈ ਤਲਵਾਰ ਸਣੇ ਸੀ ਜੋ ਉਹ ਦੇ ਲੱਕ ਉੱਤੇ ਬੰਨਿਆ ਹੋਇਆ ਸੀ ਅਤੇ ਜਦ ਉਹ ਚੱਲਿਆ ਤਾਂ ਤਲਵਾਰ ਡਿੱਗ ਪਈ ।
9ਸੋ ਯੋਆਬ ਨੇ ਅਮਾਸਾ ਨੂੰ ਆਖਿਆ, ਹੇ ਮੇਰੇ ਭਾਈ, ਤੂੰ ਸੁਖ ਸਾਂਦ ਨਾਲ ਹੈਂ ? ਅਤੇ ਯੋਆਬ ਨੇ ਅਮਾਸਾ ਦੀ ਦਾਹੜੀ ਸੱਜੇ ਹੱਥ ਨਾਲ ਫੜ੍ਹ ਲਈ ਜੋ ਉਹ ਨੂੰ ਚੁੰਮੇ ।10ਪਰ ਅਸਾਮਾ ਨੇ ਉਸ ਤਲਵਾਰ ਦਾ ਯੋਆਬ ਦੇ ਹੱਥ ਵਿੱਚ ਸੀ ਕੁਝ ਧਿਆਨ ਨਾ ਕੀਤਾ ਸੋ ਉਸ ਨੇ ਉਹ ਨੂੰ ਪਸਲੀ ਵਿੱਚ ਅਜਿਹਾ ਮਾਰਿਆ ਜੋ ਉਹ ਦੀਆਂ ਆਂਦਰਾਂ ਧਰਤੀ ਉੱਤੇ ਜਾ ਡਿੱਗੀਆ ਅਤੇ ਉਸ ਨੇ ਦੂਜੀ ਵਾਰੀ ਉਸ ਨੂੰ ਨਾ ਮਾਰਿਆ ਸੋ ਉਹ ਮਰ ਗਿਆ । ਫਿਰ ਯੋਆਬ ਅਤੇ ਉਹ ਦਾ ਭਰਾ ਅਬੀਸ਼ਈ ਬਿਕਰੀ ਦੇ ਪੁੱਤਰ ਸ਼ਬਾ ਦੇ ਪਿੱਛੇ ਲੱਗ ਪਏ ।
11ਤਦ ਯੋਆਬ ਦੇ ਜੁਆਨਾਂ ਵਿੱਚੋਂ ਇੱਕ ਜਣਾ ਉਸ ਦੇ ਕੋਲ ਖੜਾ ਰਿਹਾ ਅਤੇ ਇਸ ਤਰ੍ਹਾਂ ਆਖਿਆ, ਜੋ ਕੋਈ ਯੋਆਬ ਦੇ ਪੱਖ ਨਾਲ ਰਾਜੀ ਹੈ ਅਤੇ ਦਾਊਦ ਦੀ ਵੱਲ ਹੈ ਸੋ ਯੋਆਬ ਨਾਲ ਤੁਰੇ ।12ਅਤੇ ਅਮਾਸਾ ਰਾਹ ਵਿੱਚ ਲਹੂ ਦੇ ਵਿਚਕਾਰ ਲੇਟਣੀਆਂ ਖਾਂਦਾ ਸੀ ਅਤੇ ਜਦ ਉਸ ਮਨੁੱਖ ਨੇ ਵੇਖਿਆ ਕਿ ਸਾਰੇ ਲੋਕ ਖੜ੍ਹੇ ਹੋ ਜਾਂਦੇ ਹਨ ਤਾਂ ਉਹ ਅਮਾਸਾ ਨੂੰ ਰਾਹ ਉੱਤੋਂ ਪੈਲੀ ਵਿੱਚ ਘਸੀਟ ਲੈ ਗਿਆ ਅਤੇ ਉਹ ਦੇ ਉੱਤੇ ਕੱਪੜਾ ਪਾ ਦਿੱਤਾ ਕਿਉਂ ਜੋ ਉਸਨੇ ਵੇਖਿਆ ਕਿ ਜਿਹੜਾ ਕੋਈ ਉਹ ਦੇ ਨੇੜੇ ਆਇਆ ਸੋ ਖੜ੍ਹਾ ਹੋ ਜਾਂਦਾ ਹੈ ।13ਜਦ ਉਹ ਰਾਹ ਵਿੱਚੋਂ ਉਹ ਨੂੰ ਚੁੱਕ ਲੈ ਗਿਆ ਤਾਂ ਸਭ ਲੋਕ ਯੋਆਬ ਦੇ ਨਾਲ ਬਿਕਰੀ ਦੇ ਪੁੱਤਰ ਸ਼ਬਾ ਦਾ ਪਿੱਛਾ ਕਰਨ ਨੂੰ ਤੁਰ ਪਏ ।
ਸ਼ਬਾ ਦੀ ਮੌਤ

14ਸੋ ਉਹ ਸਾਰੇ ਇਸਰਾਏਲ ਦੇ ਗੋਤਾਂ ਵਿੱਚੋਂ ਹੋ ਕੇ ਆਬੋਲ ਅਤੇ ਬੈਤ- ਮਅਕਾਹ ਤੱਕ ਗਿਆ ਅਤੇ ਸਾਰੇ ਬੇਰੀ ਇੱਕਠੇ ਹੋ ਕੇ ਉਹ ਦੇ ਪਿੱਛੇ ਤੁਰੇ ।15ਉਨ੍ਹਾਂ ਨੇ ਆ ਕੇ ਉਸ ਨੂੰ ਬੈਤ-ਮਆਕਾਹ ਦੇ ਆਬੇਲ ਦੇ ਵਿੱਚ ਘੇਰ ਲਿਆ ਅਤੇ ਸ਼ਹਿਰ ਦੇ ਸਾਹਮਣੇ ਇੱਕ ਟੀਲਾ ਬਣਾਇਆ ਜੋ ਕੰਧ ਦੇ ਨਾਲ ਸੀ ਅਤੇ ਸਭ ਲੋਕ ਜੋ ਯੋਆਬ ਦੇ ਨਾਲ ਸਨ ਸੋ ਕੰਧ ਨੂੰ ਢਾਉਣ ਦਾ ਜਤਨ ਕਰਦੇ ਸਨ ।16ਉਸ ਵੇਲੇ ਇੱਕ ਸਮਝਦਾਰ ਇਸਤਰੀ ਨੇ ਸ਼ਹਿਰ ਵਿੱਚੋਂ ਹਾਕਾਂ ਮਾਰ ਕੇ ਆਖਿਆ, ਸੁਣਿਓ, ਵੇ ਸੁਣਿਓ ! ਯੋਆਬ ਨੂੰ ਆਖੋ ਕਿ ਐਥੇ ਨੇੜੇ ਆ ਕਿਉਂ ਜੋ ਮੈਂ ਤੇਰੇ ਨਾਲ ਗੱਲ ਕਰਨੀ ਹੈ ।
17ਅਤੇ ਜਦ ਉਹ ਨੇੜੇ ਆਇਆ ਤਾਂ ਉਸ ਇਸਤਰੀ ਨੇ ਉਹ ਨੂੰ ਆਖਿਆ, ਤੂੰ ਯੋਆਬ ਹੈਂ ? ਉਸ ਆਖਿਆ, ਜੀ ਮੈਂ ਉਹੋ ਹਾਂ ਤਾਂ ਉਸ ਨੇ ਉਹ ਨੂੰ ਆਖਿਆ, ਆਪਣੀ ਦਾਸੀ ਦੀ ਗੱਲ ਸੁਣ ਲੈ । ਉਹ ਬੋਲਿਆ, ਜੀ ਮੈਂ ਸੁਣਦਾ ਹਾਂ ।18ਤਦ ਉਸ ਆਖਿਆ, ਕਿ ਪਿਛਲੇ ਸਮੇਂ ਵਿੱਚ ਇਹ ਕਹਾਉਤ ਆਖਦੇ ਸਨ ਜੋ ਓਹ ਜ਼ਰੂਰ ਆਬੇਲ ਤੋਂ ਸਲਾਹ ਪੁੱਛਣਗੇ ਅਤੇ ਇਸ ਤਰ੍ਹਾਂ ਓਹ ਕੰਮ ਨੂੰ ਮੁਕਾਉਂਦੇ ਸਨ ।19ਮੈਂ ਇਸਰਾਏਲ ਵਿੱਚ ਸ਼ਾਂਤ ਸੁਭਾਓ ਅਤੇ ਭਲੀ ਮਾਣਸ ਹਾਂ । ਤੂੰ ਇੱਕ ਸ਼ਹਿਰ ਨੂੰ ਅਤੇ ਇੱਕ ਮਾਂ ਨੂੰ ਇਸਰਾਏਲ ਵਿੱਚ ਨਾਸ਼ ਕਰਨਾ ਚਾਹੁੰਦਾ ਹੈਂ । ਭਲਾ, ਤੂੰ ਯਹੋਵਾਹ ਦੀ ਮਿਲਖ ਨੂੰ ਕਿਉਂ ਨਿਗਲਣਾ ਚਾਹੁੰਦਾ ਹੈਂ ।
20ਯੋਆਬ ਨੇ ਉੱਤਰ ਦੇ ਕੇ ਆਖਿਆ, ਇਹ ਗੱਲ ਮੇਰੇ ਤੋਂ ਦਫ਼ਾ ਦੂਰ ਹੋਵੇ ਜੋ ਨਿਗਲਾਂ ਜਾਂ ਨਾਸ਼ ਕਰਾਂ !21ਗੱਲ ਇਹ ਨਹੀਂ ਹੈ ਸਗੋਂ ਇਫਰਾਈਮ ਦੇ ਪਹਾੜ ਦਾ ਇੱਕ ਮਨੁੱਖ ਸ਼ਬਾ ਨਾਮ ਦੇ ਬਿਕਰੀ ਦਾ ਪੁੱਤਰ ਹੈ । ਉਸ ਨੇ ਰਾਜਾ ਉੱਤੇ ਅਰਥਾਤ ਦਾਊਦ ਉੱਤੇ ਆਪਣਾ ਹੱਥ ਚੁੱਕਿਆ ਹੈ ਇਸ ਲਈ ਸਿਰਫ਼ ਉਸ ਨੂੰ ਮੇਰੇ ਹੱਥ ਸੌਂਪ ਦਿਉ ਤਾਂ ਮੈਂ ਸ਼ਹਿਰੋਂ ਚਲਾ ਜਾਂਵਾਂਗਾ । ਉਸ ਇਸਰਤੀ ਨੇ ਯੋਆਬ ਨੂੰ ਆਖਿਆ, ਵੇਖ ਉਹ ਦਾ ਸਿਰ ਕੰਧ ਉੱਤੋਂ ਤੇਰੇ ਕੋਲ ਸੁੱਟਿਆ ਜਾਵੇਗਾ !22ਤਦ ਉਹ ਇਸਤਰੀ ਆਪਣੀ ਬੁੱਧ ਨਾਲ ਸਾਰੇ ਲੋਕਾਂ ਦੇ ਕੋਲ ਗਈ ਸੋ ਉਨ੍ਹਾਂ ਨੇ ਪੁੱਤਰ ਸ਼ਬਾ ਦਾ ਸਿਰ ਵੱਢ ਕੇ ਯੋਆਬ ਵੱਲ ਬਾਹਰ ਨੂੰ ਸੁੱਟ ਦਿੱਤਾ ਤਦ ਉਸ ਨੇ ਤੁਰ੍ਹੀ ਵਜਾਈ ਅਤੇ ਲੋਕ ਸ਼ਹਿਰ ਤੋਂ ਉੱਠ ਕੇ ਸਭ ਆਪੋ ਆਪਣੇ ਤੰਬੂਆਂ ਨੂੰ ਗਏ ਅਤੇ ਯੋਆਬ ਮੁੜ ਕੇ ਯਰੂਸ਼ਲਮ ਵਿੱਚ ਰਾਜਾ ਕੋਲ ਆਇਆ ।
ਦਾਊਦ ਦੇ ਅਧਿਕਾਰੀ

23ਯੋਆਬ ਇਸਰਾਏਲ ਦੀ ਸਾਰੀ ਸੈਨਾ ਉੱਤੇ ਸੀ ਅਤੇ ਯਹੋਯਾਦਾ ਦਾ ਪੁੱਤਰ ਬਨਾਯਾਹ ਕਰੇਤੀਆਂ ਅਤੇ ਫਲੇਤੀਆਂ ਉੱਤੇ ਪ੍ਰਧਾਨ ਸੀ ।24ਅਤੇ ਅਦੋਰਾਮ ਬੇਗਾਰੀਆਂ ਉੱਤੇ ਸੀ ਅਤੇ ਅਹੀਲਦ ਦਾ ਪੁੱਤਰ ਯਹੋਸ਼ਾਫ਼ਾਟ ਇਤਹਾਸ ਦਾ ਲਿਖਾਰੀ ਸੀ ।25ਸਵਾ ਲਿਖਾਰੀ ਸੀ ਅਤੇ ਸਾਦੋਕ ਅਤੇ ਅਬਿਯਾਥਾਰ ਜਾਜਕ ਸਨ ।26ਅਤੇ ਈਰਾ ਯਾਇਰੀ ਵੀ ਦਾਊਦ ਦਾ ਸ਼ਾਹੀ ਜਾਜਕ ਸੀ ।

21
ਗਿਬਓਨੀਆਂ ਦਾ ਬਦਲਾ ਲਿਆ ਜਾਣਾ

1ਫਿਰ ਦਾਊਦ ਦੇ ਸਮੇਂ ਵਿੱਚ ਤਿੰਨ ਸਾਲ ਤੱਕ ਲਗਾਤਾਰ ਕਾਲ ਪਿਆ ਅਤੇ ਦਾਊਦ ਨੇ ਯਹੋਵਾਹ ਦੀ ਹਜ਼ੂਰੀ ਨੂੰ ਭਾਲਿਆ ਸੋ ਯਹੋਵਾਹ ਨੇ ਆਖਿਆ, ਇਹ ਸ਼ਾਊਲ ਦੇ ਅਤੇ ਉਹ ਦੇ ਖੂਨੀ ਘਰਾਣੇ ਦੇ ਕਾਰਨ ਹੈ ਕਿਉਂ ਜੋ ਉਸ ਨੇ ਗਿਬਓਨੀਆਂ ਨੂੰ ਵੱਡ ਸੁੱਟਿਆ

2ਤਦ ਰਾਜਾ ਨੇ ਗਿਬਓਨੀਆਂ ਨੂੰ ਸੱਦ ਕੇ ਉਨ੍ਹਾਂ ਨੂੰ ਆਖਿਆ ( ਇਹ ਇਸਰਾਏਲ ਦੀ ਸੰਤਾਨ ਵਿੱਚੋਂ ਨਹੀਂ ਸਨ ਸਗੋਂ ਅਮੋਰੀਆਂ ਦੇ ਬਚੇ ਹੋਏ ਸਨ ਅਤੇ ਇਸਰਾਏਲੀਆਂ ਨੇ ਉਨ੍ਹਾਂ ਨਾਲ ਸਹੁੰ ਖਾਧੀ ਸੀ ਪਰ ਸ਼ਾਊਲ ਨੇ ਇਸਰਾਏਲੀਆਂ ਅਤੇ ਯਹੂਦੀਆਂ ਲਈ ਜਤਨ ਕਰ ਕੇ ਉਨ੍ਹਾਂ ਨੂੰ ਮਾਰਨਾ ਚਾਹੁੰਦਾ ਸੀ )3ਇਸ ਲਈ ਦਾਊਦ ਨੇ ਗਿਬਓਨੀਆਂ ਨੂੰ ਆਖਿਆ, ਮੈਂ ਤੁਹਾਡੇ ਲਈ ਕੀ ਕਰਾਂ ਅਤੇ ਕਿਸ ਵਸਤੂ ਨਾਲ ਮੈਂ ਪਰਾਸਚਿਤ ਕਰਾਂ ਤਾਂ ਜੋ ਤੁਸੀਂ ਯਹੋਵਾਹ ਦੇ ਨਿੱਜ-ਭਾਗ ਨੂੰ ਅਸੀਸ ਦਿਓ ?
4ਤਦ ਗਿਬਓਨੀਆਂ ਨੇ ਉਹ ਨੂੰ ਆਖਿਆ, ਸਾਡਾ ਸ਼ਾਊਲ ਤੋਂ ਅਤੇ ਉਸ ਦੇ ਘਰਾਣੇ ਤੋਂ ਚਾਂਦੀ-ਸੋਨੇ ਦਾ ਕੋਈ ਝਗੜਾ ਅਤੇ ਨਾ ਤੁਸੀਂ ਸਾਡੇ ਲਈ ਇਸਰਾਏਲ ਦੇ ਕਿਸੇ ਮਨੁੱਖ ਨੂੰ ਜਾਨ ਤੋਂ ਦਿੱਤਾ । ਸੋ ਉਸ ਆਖਿਆ, ਫ਼ੇਰ ਤੁਸੀਂ ਕੀ ਆਖਦੇ ਹੋ ਜੋ ਮੈਂ ਤੁਹਾਡੇ ਲਈ ਕਰਾਂ ?
5ਤਦ ਉਨ੍ਹਾਂ ਨੇ ਰਾਜਾ ਨੂੰ ਉੱਤਰ ਦਿੱਤਾ, ਉਹ ਮਨੁੱਖ ਜਿਸ ਨੇ ਸਾਨੂੰ ਨਾਸ਼ ਕੀਤਾ ਅਤੇ ਸਾਡੇ ਵਿਰੁੱਧ ਵਿੱਚ ਸਾਨੂੰ ਨਾਸ਼ ਕਰਨ ਦੀ ਅਜਿਹੀ ਯੋਜਨਾ ਬਣਾਈ ਕਿ ਅਸੀਂ ਇਸਰਾਏਲ ਦੇ ਕਿਸੇ ਬੰਨੇ ਵਿੱਚ ਨਾ ਟਿਕੀਏ ।6ਸੋ ਉਹ ਦੇ ਪੁੱਤਰਾਂ ਵਿੱਚੋਂ ਸੱਤ ਜਣੇ ਸਾਨੂੰ ਸੌਂਪ ਦਿਓ ਜੋ ਅਸੀਂ ਉਨ੍ਹਾਂ ਨੂੰ ਯਹੋਵਾਹ ਦੇ ਲਈ ਯਹੋਵਾਹ ਦੇ ਚੁਣੇ ਹੋਏ ਸ਼ਾਊਲ ਦੇ ਗਿਬਆਹ ਵਿੱਚ ਫਾਹੇ ਦੇਈਏ । ਤਦ ਰਾਜਾ ਨੇ ਆਖਿਆ, ਮੈਂ ਉਨ੍ਹਾਂ ਨੂੰ ਸੌਂਪ ਦਿਆਂਗਾ
7ਪਰ ਰਾਜਾ ਨੇ ਸ਼ਾਊਲ ਦੇ ਪੋਤਰੇ ਯੋਨਾਥਨ ਦੇ ਪੁੱਤਰ ਮਫੀਬੋਸ਼ਥ ਉੱਤੇ ਤਰਸ ਕੀਤਾ ਅਤੇ ਉਸ ਸਹੁੰ ਦੇ ਕਾਰਨ ਜੋ ਉਨ੍ਹਾਂ ਨੇ ਅਰਥਾਤ ਦਾਊਦ ਅਤੇ ਸ਼ਾਊਲ ਦੇ ਪੁੱਤਰ ਯੋਨਾਥਨ ਨੇ ਯਹੋਵਾਹ ਨੂੰ ਵਿੱਚ ਰੱਖ ਕੇ ਖਾਧੀ ਸੀ ।8ਪਰ ਰਾਜਾ ਨੇ ਅੱਯਾਹ ਦੀ ਧੀ ਰਿਸਫਾਹ ਦੇ ਦੋ ਪੁੱਤਰ ਜਿਨ੍ਹਾਂ ਨੂੰ ਉਸ ਨੇ ਸ਼ਾਊਲ ਦੇ ਲਈ ਜਣਿਆ ਸੀ ਅਰਥਾਤ ਅਰਮੋਨੀ ਅਤੇ ਅਫੀਬੋਸ਼ਥ ਅਤੇ ਸ਼ਾਊਲ ਦੀ ਧੀ ਮੀਕਲ ਦੇ ਪੰਜ ਪੁੱਤਰ ਜੋ ਉਸ ਨੇ ਬਰਜ਼ਿੱਲਈ ਮਹੋਲਾਥੀ ਦੇ ਪੁੱਤਰ ਅਦਰੀਏਲ ਦੇ ਲਈ ਜਣੇ ਸਨ, ਫੜ੍ਹ ਲਏ9ਅਤੇ ਉਨ੍ਹਾਂ ਨੂੰ ਗਿਬਓਨੀਆਂ ਦੇ ਹੱਥ ਸੌਂਪ ਦਿੱਤਾ ਅਤੇ ਉਨ੍ਹਾਂ ਨੇ ਓਹਨਾਂ ਨੂੰ ਟਿੱਬੇ ਉੱਤੇ ਯਹੋਵਾਹ ਦੇ ਸਨਮੁਖ ਫਾਹੇ ਦੇ ਦਿੱਤਾ । ਓਹ ਸੱਤੇ ਦੇ ਸੱਤੇ ਨਾਸ਼ ਹੋ ਗਏ ਅਤੇ ਫ਼ਸਲ ਦੇ ਦਿਨਾਂ ਵਿੱਚ ਅਰਥਾਤ ਉਨ੍ਹਾਂ ਪਹਿਲੇ ਦਿਨਾਂ ਵਿੱਚ ਜਦੋਂ ਜਵਾਂ ਦੀਆਂ ਵਾਢੀਆਂ ਅਰੰਭ ਹੁੰਦੀਆਂ ਹਨ, ਮਾਰੇ ਗਏ ।
10ਤਦ ਅੱਯਾਹ ਦੀ ਧੀ ਰੀਸਫਾਹ ਨੇ ਤੱਪੜ ਲੈ ਕੇ ਵਾਢੀਆਂ ਦੇ ਅਰੰਭ ਵਿੱਚ ਆਪਣੇ ਲਈ ਪੱਥਰ ਦੇ ਉੱਤੇ ਵਿਛਾ ਦਿੱਤਾ ਜਦ ਤੱਕ ਅਕਾਸ਼ੋਂ ਓਹਨਾਂ ਉੱਤੇ ਕਣੀਆਂ ਨਾ ਵਰਹੀਆਂ ਅਤੇ ਉਸ ਨੇ ਓਹਨਾਂ ਨੂੰ ਦਿਨ ਵਿੱਚ ਅਕਾਸ਼ ਦੇ ਪੰਛੀਆਂ ਅਤੇ ਰਾਤ ਨੂੰ ਜੰਗਲੀ ਜਾਨਵਰਾਂ ਤੋਂ ਬਚਾ ਕੇ ਰੱਖਿਆ ਜੋ ਓਹਨਾਂ ਨੂੰ ਨਾ ਛੂਹਣ11ਤਦ ਦਾਊਦ ਨੂੰ ਖ਼ਬਰ ਹੋਈ ਕਿ ਸ਼ਾਊਲ ਦੀ ਰਖੈਲ ਅੱਯਾਹ ਦੀ ਧੀ ਰਿਸਫਾਹ ਨੇ ਇਸ ਤਰ੍ਹਾਂ ਕੀਤਾ ।
12ਸੋ ਦਾਊਦ ਨੇ ਜਾ ਕੇ ਸ਼ਾਊਲ ਦੀਆਂ ਹੱਡੀਆਂ ਅਤੇ ਉਹ ਦੇ ਪੁੱਤਰ ਯੋਨਾਥਨ ਦੀਆਂ ਹੱਡੀਆਂ ਨੂੰ ਯਾਬੇਸ਼ ਗਿਲਆਦੀਆਂ ਤੋਂ ਵਾਪਿਸ ਲਿਆ ਕਿਉਂ ਜੋ ਓਹ ਉਨ੍ਹਾਂ ਨੂੰ ਬੈਤ-ਸ਼ਾਨ ਦੇ ਚੌਂਕ ਵਿੱਚੋਂ ਜਿਸ ਵੇਲੇ ਫ਼ਲਿਸਤੀਆਂ ਨੇ ਸ਼ਾਊਲ ਨੂੰ ਗਿਲਬੋਆ ਵਿੱਚ ਮਾਰਿਆ ਅਤੇ ਉਨ੍ਹਾਂ ਨੂੰ ਟੰਗ ਦਿੱਤਾ ਸੀ ਚੁਰਾ ਲੈ ਗਏ ਸਨ ।13ਸੋ ਉਹ ਸ਼ਾਊਲ ਅਤੇ ਉਸ ਦੇ ਪੁੱਤਰ ਦੀਆਂ ਹੱਡੀਆਂ ਨੂੰ ਉਥੋਂ ਲੈ ਆਇਆ ਅਤੇ ਇਨ੍ਹਾਂ ਸਾਰਿਆਂ ਦੀਆਂ ਹੱਡੀਆਂ ਨੂੰ ਜੋ ਟੰਗੇ ਗਏ ਸਨ ਇਕੱਠਾ ਕੀਤਾ ।
14ਤਾਂ ਉਨ੍ਹਾਂ ਨੇ ਸ਼ਾਊਲ ਅਤੇ ਉਸ ਦੇ ਪੁੱਤਰ ਯੋਨਾਥਨ ਦੀਆਂ ਹੱਡੀਆਂ ਨੂੰ ਬਿਨਯਾਮੀਨ ਦੇ ਦੇਸ਼ ਦੇ ਸੇਲਾ ਵਿੱਚ ਉਸ ਦੇ ਪਿਤਾ ਕੇਸ਼ ਦੇ ਮਕਬਰੇ ਵਿੱਚ ਦੱਬ ਦਿੱਤਾ ਅਤੇ ਜੋ ਕੁਝ ਰਾਜਾ ਨੇ ਹੁਕਮ ਦਿੱਤਾ ਸੀ ਉਹ ਸਭ ਕੁਝ ਉਨ੍ਹਾਂ ਨੇ ਕੀਤਾ ਅਤੇ ਇਸ ਤੋਂ ਬਾਅਦ ਉਸ ਦੇਸ਼ ਦੇ ਲਈ ਪਰਮੇਸ਼ੁਰ ਨੇ ਬੇਨਤੀਆਂ ਸੁਣ ਲਈਆਂ ।
ਫਲਿਸਤੀਆਂ ਨਾਲ ਯੁੱਧ
(1 ਇਤ. 20:4-8)

15ਫਲਿਸਤੀ ਫਿਰ ਇਸਰਾਏਲ ਦੇ ਨਾਲ ਲੜੇ ਅਤੇ ਦਾਊਦ ਆਪਣੇ ਸੇਵਕਾਂ ਨੂੰ ਨਾਲ ਲੈ ਕੇ ਉਤਰਿਆ ਅਤੇ ਫ਼ਲਿਸਤੀਆਂ ਨਾਲ ਲੜਿਆ ਅਤੇ ਦਾਊਦ ਥੱਕ ਗਿਆ ।16ਉਸ ਵੇਲੇ ਦੈਂਤ ਦੇ ਪੁੱਤਰਾਂ ਵਿੱਚੋਂ ਇਸ਼ਬੀ- ਬਨੇਥ ਨੇ ਜਿਸ ਦੇ ਬਰਛੇ ਦਾ ਫਲ ਤੋਲ ਵਿੱਚ ਪੋਣੇ ਚਾਰ ਸੇਰ ਪਿੱਤਲ ਦਾ ਸੀ ਉਹ ਇੱਕ ਨਵੀਂ ਤਲਵਾਰ ਬੰਨ੍ਹ ਕੇ ਦਾਊਦ ਨੂੰ ਮਾਰਨਾ ਚਾਹੁੰਦਾ ਸੀ ।17ਪਰ ਯਹੂਦਾਹ ਦੇ ਪੁੱਤਰ ਅਬੀਸ਼ਈ ਨੇ ਦਾਊਦ ਦੀ ਸਹਾਇਤਾ ਕੀਤੀ ਅਤੇ ਉਸ ਨੇ ਫਲਿਸਤੀ ਨੂੰ ਮਾਰ ਕੇ ਵੱਢ ਸੁੱਟਿਆ । ਤਦ ਦਾਊਦ ਦੇ ਲੋਕਾਂ ਨੇ ਉਹ ਦੇ ਨਾਲ ਸਹੁੰ ਖਾ ਕੇ ਆਖਿਆ, ਤੁਸੀਂ ਫਿਰ ਕਦੀ ਸਾਡੇ ਨਾਲ ਲੜਾਈ ਵਿੱਚ ਨਾ ਨਿੱਕਲੋ ਕਿਤੇ ਇਸਰਾਏਲ ਦਾ ਦੀਵਾ ਨਾ ਬੁਝ ਜਾਵੇ ।
18ਅਤੇ ਅਜਿਹਾ ਹੋਇਆ ਜੋ ਇਸ ਤੋਂ ਬਾਅਦ ਗੋਬ ਵਿੱਚ ਫ਼ਲਿਸਤੀਆਂ ਨਾਲ ਫਿਰ ਲੜਾਈ ਹੋਈ ਤਦ ਹੁਸ਼ਾਤੀ ਸਿਬਕੀ ਨੇ ਸਫ ਨੂੰ ਜੋ ਦੈਂਤ ਦੇ ਪੁੱਤਰਾਂ ਵਿੱਚੋਂ ਸੀ ਵੱਢ ਸੁੱਟਿਆ ।19ਅਤੇ ਫਿਰ ਫ਼ਲਿਸਤੀਆਂ ਨਾਲ ਗੋਬ ਵਿੱਚ ਇੱਕ ਹੋਰ ਲੜਾਈ ਹੋਈ ਤਦ ਯਆਰੋ ਓਰਗੀਮ ਦੇ ਪੁੱਤਰ ਅਲਹਨਾਨ ਨੇ ਜੋ ਬੈਤਹਲਮ ਦਾ ਸੀ ਗਿੱਤੀ ਗੋਲਿਅਥ ਦੇ ਭਰਾ ਨੂੰ ਜਿਸ ਦੀ ਬਰਛੀ ਜੁਲਾਹੇ ਦੇ ਤੁਰ ਵਰਗੀ ਸੀ ਮਾਰਿਆ ।
20ਫਿਰ ਗਥ ਵਿੱਚ ਇੱਕ ਹੋਰ ਲੜਾਈ ਹੋਈ ਅਤੇ ਉੱਥੇ ਇੱਕ ਵੱਡੀ ਡੀਲ ਡੌਲ ਵਾਲਾ ਮਨੁੱਖ ਸੀ । ਉਹ ਦੇ ਇੱਕ-ਇੱਕ ਹੱਥ ਵਿੱਚ ਛੇ-ਛੇ ਉਂਗਲੀਆਂ ਅਤੇ ਇੱਕ-ਇੱਕ ਪੈਰ ਵਿੱਚ ਵੀ ਛੇ-ਛੇ ਉਂਗਲੀਆਂ ਸਨ ਅਰਥਾਤ ਚੌਵੀ ਉਂਗਲੀਆਂ ਸਨ ਅਤੇ ਇਹ ਵੀ ਦੈਂਤ ਦੇ ਵੰਸ਼ ਵਿੱਚੋਂ ਸੀ ।21ਜਿਸ ਵੇਲੇ ਉਸ ਨੇ ਇਸਰਾਏਲ ਨੂੰ ਲਲਕਾਰਿਆ ਸੀ ਉਸ ਵੇਲੇ ਦਾਊਦ ਦੇ ਭਰਾ ਸ਼ਿਮਅਈ ਦੇ ਪੁੱਤਰ ਯੋਨਾਥਨ ਨੇ ਉਹ ਨੂੰ ਮਾਰਿਆ ।22ਇਹ ਚਾਰੇ ਗਥ ਵਿੱਚ ਦੈਂਤ ਤੋਂ ਜੰਮੇ ਸਨ ਅਤੇ ਅਤੇ ਦਾਊਦ ਦੇ ਹੱਥੋਂ ਅਤੇ ਉਹ ਦੇ ਸੇਵਕਾਂ ਦੇ ਹੱਥੋਂ ਮਾਰੇ ਗਏ ਸਨ ।

22
ਦਾਊਦ ਦਾ ਅਰਾਧਨਾ ਦਾ ਭਜਨ
(ਜ਼ਬੂਰ 18)

1ਜਿਸ ਦਿਨ ਯਹੋਵਾਹ ਨੇ ਦਾਊਦ ਨੂੰ ਉਹ ਦੇ ਸਾਰੇ ਵੈਰੀਆਂ ਅਤੇ ਸ਼ਾਊਲ ਦੇ ਹੱਥੋਂ ਛੁਟਕਾਰਾ ਦਿੱਤਾ, ਉਸ ਦਿਨ ਉਸ ਨੇ ਯਹੋਵਾਹ ਲਈ ਇਸ ਭਜਨ ਨੂੰ ਗਾਇਆ ।2ਉਹ ਨੇ ਆਖਿਆ, ਯਹੋਵਾਹ ਮੇਰੀ ਚਟਾਨ, ਮੇਰਾ ਗੜ੍ਹ, ਮੇਰਾ ਛੁਡਾਉਣ ਵਾਲਾ ਹੈ, ਉਹ ਮੇਰਾ ਹੈ !

3ਪਰਮੇਸ਼ੁਰ ਮੇਰਾ ਟਿੱਲਾ ਹੈ, ਜਿਸ ਦੀ ਸ਼ਰਨ ਵਿੱਚ ਮੈਂ ਆਇਆ ਹਾਂ, ਮੇਰੀ ਢਾਲ, ਮੇਰੇ ਬਚਾਓ ਦਾ ਸਿੰਗ, ਮੇਰਾ ਉੱਚਾ ਗੜ੍ਹ ਅਤੇ ਮੇਰੀ ਓਟ । ਮੇਰੇ ਬਚਾਉਣ ਵਾਲੇ, ਤੂੰ ਮੈਨੂੰ ਅੰਧਕਾਰ ਤੋਂ ਬਚਾਉਂਦਾ ਹੈਂ ।4ਮੈਂ ਯਹੋਵਾਹ ਨੂੰ ਜਿਹੜਾ ਉਸਤਤ ਯੋਗ ਹੈ ਪੁਕਾਰਾਂਗਾ, ਸੋ ਮੈਂ ਆਪਣੇ ਵੈਰੀਆਂ ਤੋਂ ਬਚ ਜਾਂਵਾਂਗਾ ।
5ਮੌਤ ਦੀਆਂ ਲਹਿਰਾ ਨੇ ਮੈਨੂੰ ਘੇਰ ਲਿਆ, ਬੇਧਰਮੀ ਦੇ ਹੜ੍ਹਾਂ ਨੇ ਮੈਨੂੰ ਡਰਾਇਆ ।6ਪਤਾਲ ਦੀਆਂ ਦੀਆਂ ਰੱਸੀਆਂ ਨੇ ਮੈਨੂੰ ਘੇਰ ਲਿਆ, ਮੌਤ ਦੇ ਫੰਦੇ ਮੇਰੇ ਚੁਫ਼ੇਰੇ ਸਨ ।
7ਆਪਣੀ ਔਖ ਦੇ ਵੇਲੇ ਮੈਂ ਯਹੋਵਾਹ ਨੂੰ ਪੁਕਾਰਿਆ, ਹਾਂ, ਆਪਣੇ ਪਰਮੇਸ਼ੁਰ ਨੂੰ ਪੁਕਾਰਿਆ । ਉਹ ਨੇ ਆਪਣੀ ਹੈਕਲ ਵਿੱਚੋਂ ਮੇਰੀ ਅਵਾਜ਼ ਸੁਣੀ, ਅਤੇ ਮੇਰੀ ਦੁਹਾਈ ਉਹ ਦੇ ਕੰਨਾਂ ਤੱਕ ਪਹੁੰਚੀ ।
8ਤਦ ਧਰਤੀ ਕੰਬ ਗਈ ਅਤੇ ਥਰ ਥਰਾਈ, ਅਤੇ ਆਕਾਸ਼ ਦੀਆਂ ਨੀਹਾਂ ਹਿੱਲ ਗਈਆਂ, ਅਤੇ ਧੜਕ ਉੱਠਿਆ, ਕਿਉਂ ਜੋ ਉਹ ਕ੍ਰੋਧਵਾਨ ਹੋ ਗਿਆ ਸੀ !9ਉਹ ਦੀਆਂ ਨਾਸਾਂ ਤੋਂ ਧੂੰਆਂ ਉੱਠਿਆ ਅਤੇ ਉਹ ਦੇ ਮੂੰਹ ਦੀ ਅੱਗ ਭਸਮ ਕਰਦੀ ਸੀ, ਅੰਗਿਆਰੇ ਉਸ ਤੋਂ ਦਗ-ਦਗ ਕਰਨ ਲੱਗੇ !
10ਉਹ ਨੇ ਅਕਾਸ਼ਾਂ ਨੂੰ ਝੁਕਾਇਆ ਅਤੇ ਹੇਠਾਂ ਉਤਰਿਆਂ, ਅਤੇ ਉਹ ਦੇ ਪੈਰਾਂ ਹੇਠ ਘੁੱਪ ਅਨ੍ਹੇਰਾ ਸੀ ।11ਉਹ ਕਰੂਬ ਉੱਤੇ ਚੜ੍ਹ ਕੇ ਉੱਡਿਆ, ਹਾਂ ਉਹ ਪੌਣ ਦਿਆਂ ਖੰਭਾਂ ਉੱਤੇ ਵੇਖਿਆ ਗਿਆ ।12ਉਸ ਨੇ ਹਨੇਰੇ ਨੂੰ ਆਪਣੇ ਆਲੇ-ਦੁਆਲੇ ਦਾ ਮੰਡਪ ਬਣਾਇਆ, ਬੱਦਲਾਂ ਦਾ ਇਕੱਠ, ਅਕਾਸ਼ ਦੀਆਂ ਘਟਾਂ ਨੂੰ ।
13ਉਸ ਚਮਕ ਤੋਂ ਜੋ ਉਸ ਦੇ ਅੱਗੇ ਸੀ, ਅੰਗਿਆਰੇ ਦਗ-ਦਗ ਕਰਨ ਲੱਗੇ !14ਯਹੋਵਾਹ ਅਕਾਸ਼ ਤੋਂ ਗੱਜਿਆ, ਅਤੇ ਅੱਤ ਮਹਾਨ ਨੇ ਆਪਣੀ ਅਵਾਜ਼ ਸੁਣਾਈ ।15ਫਿਰ ਉਹ ਨੇ ਆਪਣੇ ਤੀਰ ਚਲਾ ਕੇ ਮੇਰੇ ਵੈਰੀਆਂ ਨੂੰ ਤਿੱਤਰ-ਬਿੱਤਰ ਕਰ ਦਿੱਤਾ, ਬਿਜਲੀਆਂ ਨਾਲ ਉਨ੍ਹਾਂ ਨੂੰ ਘਬਰਾ ਦਿੱਤਾ !
16ਯਹੋਵਾਹ ਦੇ ਦਬਕੇ ਦੇ ਕਾਰਨ, ਉਹ ਦੀਆਂ ਨਾਸਾਂ ਦੇ ਸਾਹਾਂ ਦੇ ਝੋਕੇ ਦੇ ਕਾਰਨ, ਸਮੁੰਦਰ ਦੀਆਂ ਸਤਹ ਦਿੱਸ ਪਈਆਂ, ਅਤੇ ਜਗਤ ਦੀਆਂ ਨੀਹਾਂ ਖੁੱਲ੍ਹ ਗਈਆਂ ।
17ਉਹ ਨੇ ਉੱਪਰ ਤੋਂ ਹੱਥ ਦੇ ਕੇ ਮੈਨੂੰ ਲੈ ਕੱਢ ਲਿਆ, ਉਹ ਨੇ ਮੈਨੂੰ ਪਾਣੀ ਦੇ ਹੜ੍ਹਾਂ ਵਿੱਚੋਂ ਕੱਢ ਲਿਆ ।18ਉਸ ਨੇ ਮੇਰੇ ਬਲਵੰਤ ਵੈਰੀ ਤੋਂ ਮੈਨੂੰ ਛੁਡਾਇਆ, ਅਤੇ ਉਨ੍ਹਾਂ ਤੋਂ ਜਿਹੜੇ ਮੈਂਥੋਂ ਨਫ਼ਰਤ ਕਰਦੇ ਸਨ, ਕਿਉਂ ਜੋ ਓਹ ਮੇਰੇ ਨਾਲੋਂ ਬਹੁਤ ਤਕੜੇ ਸਨ ।
19ਮੇਰੀ ਬਿਪਤਾ ਦੇ ਦਿਨ ਉਨ੍ਹਾਂ ਨੇ ਮੇਰਾ ਸਾਹਮਣਾ ਕੀਤਾ, ਪਰੰਤੂ ਯਹੋਵਾਹ ਮੇਰਾ ਆਸਰਾ ਸੀ ।20ਉਹ ਮੈਨੂੰ ਖੁਲ੍ਹੇ ਸਥਾਨ ਵਿੱਚ ਕੱਢ ਲਿਆਇਆ, ਉਹ ਨੇ ਮੈਨੂੰ ਇਸ ਲਈ ਛੁਡਾਇਆ ਕਿ ਉਹ ਮੈਂਥੋਂ ਪ੍ਰਸੰਨ ਸੀ ।21ਯਹੋਵਾਹ ਨੇ ਮੇਰੇ ਧਰਮ ਦੇ ਅਨੁਸਾਰ ਮੇਰੇ ਨਾਲ ਵਰਤਾਉ ਕੀਤਾ, ਮੇਰੇ ਹੱਥਾਂ ਦੀ ਸ਼ੁੱਧਤਾ ਦੇ ਅਨੁਸਾਰ ਮੈਨੂੰ ਬਦਲਾ ਦਿੱਤਾ ।
22ਕਿਉਂ ਜੋ ਮੈਂ ਯਹੋਵਾਹ ਦੇ ਰਾਹਾਂ ਦੀ ਪਾਲਨਾ ਕੀਤੀ, ਅਤੇ ਬਦੀ ਕਰ ਕੇ ਆਪਣੇ ਪਰਮੇਸ਼ੁਰ ਤੋਂ ਬੇਮੁਖ ਨਹੀਂ ਹੋਇਆ !23ਉਹ ਦੇ ਸਾਰੇ ਨਿਯਮ ਮੇਰੇ ਸਾਹਮਣੇ ਰਹੇ ਅਤੇ ਉਹ ਦੀਆਂ ਬਿਧੀਆਂ ਤੋਂ ਮੈਂ ਨਹੀਂ ਮੁੜਿਆ ।
24ਮੈਂ ਉਹ ਦੇ ਨਾਲ ਖਰਾ ਉਤਰਿਆ, ਅਤੇ ਆਪਣੇ ਆਪ ਨੂੰ ਬਦੀ ਤੋਂ ਬਚਾਈ ਰੱਖਿਆ ।25ਇਸ ਲਈ ਯਹੋਵਾਹ ਨੇ ਮੇਰੇ ਧਰਮ ਦੇ ਅਨੁਸਾਰ ਮੇਰੇ ਨਾਲ ਵਰਤਾਉ ਕੀਤਾ, ਮੇਰੇ ਹੱਥਾਂ ਦੀ ਸ਼ੁੱਧਤਾ ਦੇ ਅਨੁਸਾਰ ਮੈਨੂੰ ਬਦਲਾ ਦਿੱਤਾ ।
26ਦਯਾਵਾਨ ਲਈ ਤੂੰ ਆਪਣੇ ਆਪ ਨੂੰ ਦਯਾਵਾਨ ਵਿਖਾਵੇਂਗਾ ।27ਸ਼ੁੱਧ ਲਈ ਤੂੰ ਆਪਣੇ ਆਪ ਨੂੰ ਸ਼ੁੱਧ ਵਿਖਾਵੇਂਗਾ, ਅਤੇ ਟੇਢਿਆਂ ਲਈ ਤੂੰ ਆਪਣੇ ਆਪ ਨੂੰ ਟੇਢਾ ਵਿਖਾਵੇਂਗਾ ।
28ਤੂੰ ਦੁਖੀ ਲੋਕਾਂ ਨੂੰ ਬਚਾਵੇਂਗਾ, ਪਰ ਤੇਰੀਆਂ ਅੱਖਾਂ ਹੰਕਾਰੀਆਂ ਦੇ ਉੱਤੇ ਹਨ ਕਿ ਉਨ੍ਹਾਂ ਨੂੰ ਨੀਵਾਂ ਕਰੇਂ ।29ਤੂੰ ਮੇਰਾ ਦੀਵਾ ਹੈਂ, ਹੇ ਯਹੋਵਾਹ, ਯਹੋਵਾਹ ਮੇਰੇ ਹਨੇਰੇ ਨੂੰ ਚਾਨਣ ਕਰਦਾ ਹੈ !
30ਤਦ ਮੈਂ ਤੇਰੀ ਸਹਾਇਤਾ ਨਾਲ ਇੱਕ ਦਲ ਦੇ ਵਿਰੁੱਧ ਭੱਜ ਸਕਦਾ, ਅਤੇ ਆਪਣੇ ਪਰਮੇਸ਼ੁਰ ਦੀ ਸਹਾਇਤਾ ਨਾਲ ਮੈਂ ਕੰਧ ਨੂੰ ਟੱਪ ਸਕਦਾ ਹਾਂ ।31ਪਰਮੇਸ਼ੁਰ ਦਾ ਰਾਹ ਸਿੱਧ ਹੈ ਯਹੋਵਾਹ ਦਾ ਬਚਨ ਤਾਇਆ ਹੋਇਆ ਹੈ, ਉਹ ਆਪਣੇ ਸਾਰੇ ਸ਼ਰਨਾਰਥੀਆਂ ਲਈ ਇੱਕ ਢਾਲ ਹੈ ।
32ਯਹੋਵਾਹ ਤੋਂ ਬਿਨ੍ਹਾਂ ਹੋਰ ਕੌਣ ਪਰਮੇਸ਼ੁਰ ਹੈ ? ਅਤੇ ਸਾਡੇ ਪਰਮੇਸ਼ੁਰ ਤੋਂ ਇਲਾਵਾ ਹੋਰ ਕਿਹੜੀ ਚੱਟਾਨ ਹੈ ?33ਪਰਮੇਸ਼ੁਰ ਮੇਰਾ ਪੱਕਾ ਗੜ੍ਹ ਹੈ ਉਹ ਮੇਰਾ ਰਾਹ ਸੰਪੂਰਨ ਕਰਦਾ ਹੈ ।
34ਉਹ ਮੇਰੇ ਪੈਰਾਂ ਨੂੰ ਹਰਨੀਆਂ ਦੇ ਪੈਰ ਵਰਗਾ ਬਣਾਉਂਦਾ ਹੈਂ, ਅਤੇ ਮੈਨੂੰ ਮੇਰੇ ਉੱਚੀਆਂ ਥਾਵਾਂ ਉੱਤੇ ਖੜ੍ਹਾ ਕਰਦਾ ਹੈ ।35ਉਹ ਮੇਰੇ ਹੱਥਾਂ ਨੂੰ ਯੁੱਧ ਕਰਨਾ ਇਸ ਤਰ੍ਹਾਂ ਸਿਖਾਉਂਦਾ ਹੈ ਕਿ ਮੇਰੀਆਂ ਬਾਹਾਂ ਪਿੱਤਲ ਦਾ ਧਣੁਖ ਝੁਕਾ ਦਿੰਦੀਆਂ ਹਨ ।
36ਤੂੰ ਆਪਣੇ ਬਚਾਓ ਦੀ ਢਾਲ ਮੈਨੂੰ ਦਿੱਤੀ ਹੈ, ਅਤੇ ਤੇਰੀ ਨਰਮਾਈ ਨੇ ਮੈਨੂੰ ਵਡਿਆਇਆ ਹੈ ।37ਤੂੰ ਮੇਰੇ ਕਦਮਾਂ ਲਈ ਸਥਾਨ ਚੌੜਾ ਕੀਤਾ ਹੈ ਅਤੇ ਮੇਰੇ ਪੈਰ ਨਹੀਂ ਤਿਲਕੇ ।
38ਮੈਂ ਆਪਣੇ ਵੈਰੀਆਂ ਦਾ ਪਿੱਛਾ ਕਰ ਕੇ ਉਨ੍ਹਾਂ ਦਾ ਨਾਸ਼ ਕੀਤਾ, ਮੈਂ ਪਿੱਛੇ ਨਾ ਹਟਿਆ ਜਿਨ੍ਹਾਂ ਚਿਰ ਉਨ੍ਹਾਂ ਦਾ ਨਾਸ਼ ਨਾ ਹੋ ਗਿਆ ।39ਮੈਂ ਉਨ੍ਹਾਂ ਦਾ ਨੂੰ ਅੰਤ ਕੀਤਾ ਅਤੇ ਅਜਿਹਾ ਮਾਰਿਆ, ਕਿ ਓਹ ਫਿਰ ਨਾ ਉੱਠੇ - ਓਹ ਮੇਰੇ ਪੈਰਾਂ ਹੇਠ ਡਿੱਗ ਪਏ ਸਨ !
40ਤੂੰ ਯੁੱਧ ਲਈ ਮੇਰੇ ਲੱਕ ਨੂੰ ਬਲ ਦਿੱਤਾ, ਤੂੰ ਮੇਰੇ ਵਿਰੋਧੀਆਂ ਨੂੰ ਮੇਰੇ ਸਾਹਮਣੇ ਹਰਾ ਦਿੱਤਾ ਹੈ ।41ਤੂੰ ਮੇਰੇ ਵੈਰੀਆਂ ਦੀ ਪਿੱਠ ਮੈਨੂੰ ਵਿਖਾਈ, ਅਤੇ ਮੈਂ ਆਪਣੇ ਨਫ਼ਰਤ ਕਰਨ ਵਾਲਿਆਂ ਦਾ ਸੱਤਿਆ ਨਾਸ਼ ਕੀਤਾ !
42ਉਨ੍ਹਾਂ ਨੇ ਵੇਖਿਆ ਪਰ ਕੋਈ ਬਚਾਉਣ ਵਾਲਾ ਨਹੀਂ ਸੀ, ਸਗੋਂ ਯਹੋਵਾਹ ਵੱਲ ਵੀ, ਪਰ ਉਸ ਨੇ ਉਨ੍ਹਾਂ ਨੂੰ ਉੱਤਰ ਨਾ ਦਿੱਤਾ ।43ਫਿਰ ਮੈਂ ਉਨ੍ਹਾਂ ਨੂੰ ਧਰਤੀ ਦੀ ਧੂੜ੍ਹ ਦੀ ਤਰ੍ਹਾਂ ਪੀਹ ਸੁੱਟਿਆ ਰਸਤੇ ਦੇ ਚਿੱਕੜ ਵਾਂਗੂੰ ਉਨ੍ਹਾਂ ਨੂੰ ਮਿੱਧਿਆ ਅਤੇ ਉਨ੍ਹਾਂ ਨੂੰ ਖਿਲਾਰ ਦਿੱਤਾ !
44ਤੂੰ ਮੈਨੂੰ ਮੇਰੇ ਲੋਕਾਂ ਦੇ ਝਗੜਿਆਂ ਤੋਂ ਛੁਡਾਇਆ, ਤੂੰ ਮੈਨੂੰ ਕੌਮਾਂ ਦਾ ਮੁਖੀਆ ਨਿਯੁਕਤ ਕੀਤਾ, ਜਿਨ੍ਹਾਂ ਲੋਕਾਂ ਨੂੰ ਮੈਂ ਨਹੀਂ ਜਾਣਿਆ, ਉਨ੍ਹਾਂ ਨੇ ਮੇਰੀ ਸੇਵਾ ਕੀਤੀ ।45ਪਰਦੇਸੀ ਮੇਰੇ ਅੱਗੇ ਚਾਪਲੂਸੀ ਕਰਨਗੇ, ਮੇਰਾ ਨਾਮ ਸੁਣਦੇ ਹੀ ਓਹ ਮੇਰੇ ਅਧੀਨ ਹੋ ਗਏ ।46ਪਰਦੇਸ਼ੀ ਮੁਰਝਾ ਗਏ, ਅਤੇ ਆਪਣੇ ਕੋਟਾਂ ਵਿੱਚੋਂ ਥਰ ਥਰਾਉਂਦੇ ਹੋਏ ਨਿੱਕਲੇ ।
47ਯਹੋਵਾਹ ਜਿਉਂਦਾ ਹੈ ਸੋ ਮੁਬਾਰਕ ਹੋਵੇ ਮੇਰੀ ਚਟਾਨ ! ਪਰਮੇਸ਼ੁਰ ਦੀ ਜੋ ਮੇਰੇ ਬਚਾਓ ਦੀ ਚਟਾਨ ਹੈ ਬਜ਼ੁਰਗੀ ਹੋਵੇ !48ਉਸੇ ਹੀ ਪਰਮੇਸ਼ੁਰ ਨੇ ਮੇਰਾ ਬਦਲਾ ਲਿਆ, ਅਤੇ ਲੋਕਾਂ ਨੂੰ ਮੇਰੇ ਵੱਸ ਕਰ ਦਿੱਤਾ ।49ਜਿਸ ਨੇ ਮੈਨੂੰ ਮੇਰੇ ਵੈਰੀਆਂ ਵਿੱਚੋਂ ਕੱਢਿਆ ਹਾਂ, ਤੂੰ ਮੈਨੂੰ ਮੇਰੇ ਵਿਰੋਧੀਆਂ ਵਿੱਚ ਉੱਚਾ ਕੀਤਾ, ਮੈਨੂੰ ਜ਼ਾਲਮਾਂ ਤੋਂ ਬਚਾਇਆ ।
50ਇਸੇ ਕਾਰਨ ਹੇ ਯਹੋਵਾਹ, ਮੈਂ ਕੌਮਾਂ ਵਿੱਚ ਤੇਰਾ ਧੰਨਵਾਦ ਕਰਾਂਗਾ, ਅਤੇ ਤੇਰੇ ਨਾਮ ਦਾ ਜੱਸ ਗਾਵਾਂਗਾ !51ਉਹ ਆਪਣੇ ਠਹਿਰਾਏ ਹੋਏ ਰਾਜਾ ਲਈ ਬਚਾਓ ਦਾ ਬੁਰਜ ਹੈ, ਅਤੇ ਆਪਣੇ ਮਸਹ ਕੀਤੇ ਹੋਏ ਉੱਤੇ, ਅਰਥਾਤ ਦਾਊਦ, ਉਹ ਦੀ ਅੰਸ ਉੱਤੇ, ਸਦਾ ਤੱਕ ਦਯਾ ਕਰਦਾ ਹੈ ।

23
ਦਾਊਦ ਦੇ ਅੰਤਿਮ ਵਚਨ

1ਇਹ ਦਾਊਦ ਦੇ ਆਖਰੀ ਬਚਨ ਹਨ । ਦਾਊਦ ਯੱਸੀ ਦੇ ਪੁੱਤਰ ਦਾ ਵਾਕ ਅਤੇ ਉਸ ਮਨੁੱਖ ਦਾ ਵਾਕ ਹੈ, ਜੋ ਉੱਚਾ ਕੀਤਾ ਗਿਆ, ਜੋ ਯਾਕੂਬ ਦੇ ਪਰਮੇਸ਼ੁਰ ਦਾ ਮਸਹ ਕੀਤਾ ਹੋਇਆ, ਅਤੇ ਇਸਰਾਏਲ ਵਿੱਚ ਰਸੀਲਾ ਕਵੀਸ਼ਰ ਸੀ ।2ਯਹੋਵਾਹ ਦਾ ਆਤਮਾ ਮੇਰੇ ਵਿੱਚੋਂ ਬੋਲਿਆ, ਅਤੇ ਉਹ ਦਾ ਬਚਨ ਮੇਰੀ ਜੀਭ ਉੱਤੇ ਸੀ ।

3ਇਸਰਾਏਲ ਦੇ ਪਰਮੇਸ਼ੁਰ ਨੇ ਆਖਿਆ, ਇਸਰਾਏਲ ਦੀ ਚੱਟਾਨ ਨੇ ਮੇਰੇ ਨਾਲ ਗੱਲਾਂ ਕੀਤੀਆਂ, ਜਿਹੜਾ ਆਦਮੀਆਂ ਉੱਤੇ ਧਰਮ ਨਾਲ ਰਾਜ ਕਰਦਾ ਹੈ, ਜੋ ਪਰਮੇਸ਼ੁਰ ਦੇ ਭੈਅ ਨਾਲ ਰਾਜ ਕਰਦਾ ਹੈ,4ਉਹ ਸਵੇਰ ਦੇ ਚਾਨਣ ਵਰਗਾ ਹੋਵੇਗਾ ਜਦ ਸੂਰਜ ਨਿੱਕਲਦਾ ਹੀ ਹੈ, ਅਜਿਹੀ ਸਵੇਰ ਜਿਸ ਦੇ ਵਿੱਚ ਬੱਦਲ ਨਾ ਹੋਣ, ਅਤੇ ਘਾਹ ਵਰਗਾ ਜੋ ਮੀਂਹ ਦੇ ਪਿੱਛੋਂ ਤਿੱਖੀ ਧੁੱਪ ਦੇ ਕਾਰਨ ਧਰਤੀ ਵਿੱਚੋਂ ਉੱਗਦਾ ਹੈ ।
5ਭਾਵੇਂ ਮੇਰਾ ਘਰਾਣਾ ਪਰਮੇਸ਼ੁਰ ਦੇ ਅੱਗੇ ਅਜਿਹਾ ਨਹੀਂ, ਫਿਰ ਵੀ ਉਹ ਨੇ ਇੱਕ ਸਦਾ ਦਾ ਨੇਮ ਮੇਰੇ ਨਾਲ ਕੀਤਾ ਹੈ, ਜੋ ਸਾਰਿਆਂ ਗੱਲਾਂ ਵਿੱਚ ਠੀਕ-ਠਾਕ ਅਤੇ ਪੱਕਾ ਹੈ । ਇਹ ਮੇਰਾ ਸਾਰਾ ਨਿਸਤਾਰਾ ਅਤੇ ਮੇਰੀ ਸਾਰੀ ਚਾਹ ਹੈ । ਭਲਾ, ਉਹ ਉਸ ਨੂੰ ਸਫਲ ਨਾ ਕਰੇਗਾ ?
6ਪਰ ਬੇਧਰਮ ਲੋਕ ਸਾਰਿਆਂ ਦੇ ਸਾਰੇ ਕੰਡਿਆਂ ਵਾਂਗੂੰ ਦੂਰ ਸੁੱਟੇ ਜਾਣਗੇ, ਕਿਉਂ ਜੋ ਓਹ ਹਥਾਂ ਨਾਲ ਫੜ੍ਹੇ ਨਹੀਂ ਜਾਂਦੇ ।7ਪਰ ਜੇ ਮਨੁੱਖ ਉਨ੍ਹਾਂ ਨੂੰ ਛੂਹਣਾ ਚਾਹੇ, ਤਾਂ ਜ਼ਰੂਰੀ ਹੈ ਕਿ ਲੋਹੇ ਜਾਂ ਬਰਛੀ ਦੇ ਫਲ ਨੂੰ ਵਰਤੇ, ਅਤੇ ਉਹ ਉੱਥੇ ਹੀ ਅੱਗ ਨਾਲ ਸਾੜੇ ਜਾਣਗੇ ।
ਦਾਊਦ ਦੇ ਸੂਰਬੀਰਾਂ ਦੇ ਨਾਮ
(1 ਇਤ. 11:10-41)

8ਦਾਊਦ ਦੇ ਸੂਰਮਿਆਂ ਦੇ ਨਾਮ ਇਹ ਹਨ ਪਹਿਲਾਂ ਤਾਂ ਤਾਹਕਮੋਨੀ ਯੇਸ਼ੋਬ-ਬਸ਼ਬਥ, ਉਹ ਪ੍ਰਧਾਨਾਂ ਵਿੱਚੋਂ ਵੱਡਾ ਸੀ, ਉਹੋ ਹੀ ਅਦੀਨੋ ਜਿਹੜਾ ਅਜਨੀ ਸਦਾਉਂਦਾ ਸੀ । ਉਸੇ ਨੇ ਅੱਠ ਸੌ ਮਨੁੱਖਾਂ ਉੱਤੇ ਬਰਛੀ ਚਲਾਈ ਅਤੇ ਉਨ੍ਹਾਂ ਨੂੰ ਇੱਕੋ ਵਾਰ ਹੀ ਵੱਢ ਸੁੱਟਿਆ ।
9ਉਹ ਦੇ ਪਿੱਛੋਂ ਡੋਡੀ ਦਾ ਪੁੱਤਰ ਅਲਾਆਜ਼ਾਰ ਦਾ ਪੋਤਰਾ ਇਹ ਉਨ੍ਹਾਂ ਤਿੰਨਾਂ ਸੂਰਮਿਆਂ ਵਿਚੋਂ ਸੀ ਜੋ ਦਾਊਦ ਦੇ ਨਾਲ ਚੜ੍ਹੇ ਸਨ ਜਿਸ ਵੇਲੇ ਉਸ ਨੇ ਉਨ੍ਹਾਂ ਫ਼ਲਿਸਤੀਆਂ ਨੂੰ ਜੋ ਯੁੱਧ ਕਰਨ ਨੂੰ ਇੱਕਠੇ ਹੋਏ ਸਨ ਲਲਕਾਰਿਆ ਸੀ ਅਤੇ ਸਾਰੇ ਇਸਰਾਏਲ ਦੇ ਮਨੁੱਖ ਚੱਲੇ ਗਏ ਸਨ ।10ਸੋ ਉਸ ਨੇ ਉੱਠ ਕੇ ਫ਼ਲਿਸਤੀਆਂ ਨੂੰ ਮਾਰਿਆ ਐਥੋਂ ਤੱਕ ਜੋ ਉਹ ਦਾ ਹੱਥ ਥੱਕ ਗਿਆ ਅਤੇ ਉਹ ਦਾ ਹੱਥ ਤਲਵਾਰ ਦੀ ਮੁੱਠ ਨਾਲ ਚੰਬੜ ਗਿਆ ਅਤੇ ਯਹੋਵਾਹ ਨੇ ਉਸ ਦਿਨ ਵੱਡੀ ਜਿੱਤ ਦਿੱਤੀ ਅਤੇ ਲੋਕ ਉਸ ਦੇ ਪਿੱਛੇ ਸਿਰਫ਼ ਲੁੱਟਣ ਲਈ ਹੀ ਮੁੜ ਆਏ ।
11ਉਸ ਦੇ ਪਿੱਛੋਂ ਹਰਾਰੀ ਅਗੇ ਦਾ ਪੁੱਤਰ ਸ਼ੰਮਾਹ ਸੀ । ਜਿਸ ਵੇਲੇ ਫ਼ਲਿਸਤੀ ਇੱਕ ਪੈਲੀ ਵਿੱਚ ਜਿੱਥੇ ਮਸਰ ਬੀਜੇ ਹੋਏ ਸਨ ਪੱਠੇ ਲੈਣ ਲਈ ਇਕੱਠੇ ਹੋਏ ਸਨ ਅਤੇ ਸਭ ਲੋਕ ਫ਼ਲਿਸਤੀਆਂ ਦੇ ਅੱਗੋਂ ਨੱਸ ਗਏ ।12ਉਹ ਉਸ ਪੈਲੀ ਦੇ ਵਿੱਚਕਾਰ ਖੜ੍ਹਾ ਰਿਹਾ ਅਤੇ ਉਸ ਨੂੰ ਬਚਾਇਆ ਅਤੇ ਫ਼ਲਿਸਤੀਆਂ ਨੂੰ ਵੱਢ ਸੁੱਟਿਆ ਸੋ ਯਹੋਵਾਹ ਨੇ ਵੱਡੀ ਜਿੱਤ ਲੈ ਦਿੱਤੀ ।
13ਉਨ੍ਹਾਂ ਤੀਹਾਂ ਮੁਖੀਆਂ ਵਿੱਚੋਂ ਤਿੰਨ ਨਿੱਕਲ ਗਏ ਅਤੇ ਅਦਲਾਮ ਦੀ ਗੁਫਾ ਨੂੰ ਵਾਢੀਆਂ ਦੇ ਵੇਲੇ ਦਾਊਦ ਕੋਲ ਆਏ ਅਤੇ ਫ਼ਲਿਸਤੀਆਂ ਦੇ ਦਲ ਨੇ ਰਫਾਈਮ ਦੀ ਘਾਟੀ ਵਿੱਚ ਤੰਬੂ ਲਾਏ ਸਨ ।14ਤਾਂ ਦਾਊਦ ਉਸ ਵੇਲੇ ਇੱਕ ਗੜ੍ਹ ਵਿੱਚ ਸੀ ਅਤੇ ਫ਼ਲਿਸਤੀਆਂ ਦੀ ਛਾਉਣੀ ਬੈਤਹਲਮ ਦੇ ਵਿੱਚ ਸੀ
15ਅਤੇ ਦਾਊਦ ਨੇ ਦਿਆਂ ਹੋਇਆਂ ਆਖਿਆ, ਕਾਸ਼ ਕਿ ਕੋਈ ਮਨੁੱਖ ਉਸ ਖੂਹ ਦਾ ਜੋ ਬੈਤਹਲਮ ਦੇ ਫਾਟਕ ਕੋਲ ਹੈ ਇੱਕ ਘੁੱਟ ਪਾਣੀ ਦਾ ਮੈਨੂੰ ਪਿਲਾਵੇ ।16ਤਦ ਉਨ੍ਹਾਂ ਤਿੰਨਾਂ ਨੇ ਫ਼ਲਿਸਤੀਆਂ ਦੇ ਡੇਰੇ ਦੇ ਵਿੱਚੋਂ ਦੀ ਲੰਘ ਕੇ ਬੈਤਹਲਮ ਦੇ ਖੂਹ ਤੋਂ ਪਾਣੀ ਭਰਿਆ ਜਿਹੜਾ ਫਾਟਕ ਉੱਤੇ ਸੀ ਅਤੇ ਦਾਊਦ ਨੂੰ ਲਿਆ ਦਿੱਤਾ ਪਰ ਉਸ ਨੇ ਨਾ ਪੀਤਾ ਸਗੋਂ ਯਹੋਵਾਹ ਦੇ ਅੱਗੇ ਡੋਲ੍ਹ ਦਿੱਤਾ ।17ਅਤੇ ਉਸ ਨੇ ਆਖਿਆ, ਹੇ ਯਹੋਵਾਹ ਅਜਿਹਾ ਕਰਨਾ ਮੇਰੇ ਤੋਂ ਦੂਰ ਹੋਵੇ ਕਿਉਂ ਜੋ ਇਹ ਉਨ੍ਹਾਂ ਲੋਕਾਂ ਦਾ ਲਹੂ ਹੈ ਜੋ ਆਪਣੀ ਜਾਨ ਨੂੰ ਤਲੀ ਉੱਤੇ ਰੱਖ ਕੇ ਗਏ ! ਸੋ ਉਸ ਨੇ ਉਹ ਨੂੰ ਪੀਣ ਵੱਲੋਂ ਨਾਂਹ ਕੀਤੀ । ਉਨ੍ਹਾਂ ਤਿੰਨਾਂ ਸੂਰਮਿਆਂ ਨੇ ਇਹ ਕੰਮ ਕੀਤੇ ।
18ਅਤੇ ਸੂਰਯਾਹ ਦੇ ਪੁੱਤਰ ਯੋਆਬ ਦਾ ਭਰਾ ਅਬੀਸ਼ਈ ਤਿੰਨਾਂ ਵਿੱਚੋਂ ਮੁਖਿਆ ਸੀ । ਉਸ ਨੇ ਤਿੰਨ ਸੌ ਉੱਤੇ ਬਰਛੀ ਚਲਾਈ ਅਤੇ ਉਨ੍ਹਾਂ ਨੂੰ ਵੱਢ ਸੁੱਟਿਆ ਅਤੇ ਤਿੰਨਾਂ ਵਿੱਚੋਂ ਨਾਮੀ ਬਣਿਆ ।19ਉਹ ਤਾਂ ਤਿੰਨਾਂ ਵਿਚੋਂ ਸਾਰੇ ਨਾਲੋਂ ਵੱਡਾ ਪਤਵਾਲਾ ਸੀ ਤਦ ਉਹ ਉਨ੍ਹਾਂ ਦਾ ਪ੍ਰਧਾਨ ਬਣਿਆ ਪਰ ਉਨ੍ਹਾਂ ਪਹਿਲੇ ਤਿੰਨਾਂ ਵਰਗਾ ਨਹੀਂ ਸੀ ।
20ਯਹੋਯਾਦਾ ਦਾ ਪੁੱਤਰ ਬਨਾਯਾਹ ਕਬਸਏਲ ਵਿੱਚ ਇੱਕ ਵੱਡੇ ਸੂਰਮੇ ਮਨੁੱਖ ਦਾ ਪੋਤਰਾ ਸੀ ਜਿਸ ਨੇ ਕਈ ਵੱਡੇ ਕੰਮ ਕੀਤੇ ਸਨ ਉਸ ਨੇ ਮੋਆਬ ਦੇ ਦੋ ਸ਼ੀਹ ਵਰਗੇ ਜੁਆਨਾਂ ਨੂੰ ਮਾਰ ਸੁੱਟਿਆ ਅਤੇ ਬਰਫ਼ ਦੇ ਦਿਨਾਂ ਵਿੱਚ ਇੱਕ ਟੋਏ ਵਿੱਚ ਇੱਕ ਸ਼ੇਰ ਨੂੰ ਜਾ ਮਾਰਿਆ ।21ਅਤੇ ਉਸ ਨੇ ਇੱਕ ਸੋਹਣੇ ਮਿਸਰੀ ਨੂੰ ਵੱਢ ਸੁੱਟਿਆ । ਉਸ ਮਿਸਰੀ ਦੇ ਹੱਥ ਵਿੱਚ ਇੱਕ ਬਰਛੀ ਸੀ ਪਰ ਉਹ ਲਾਠੀ ਲੈ ਕੇ ਉਹ ਦੇ ਉੱਤੇ ਆਣ ਪਿਆ ਅਤੇ ਉਸ ਮਿਸਰੀ ਦੇ ਹੱਥ ਵਿੱਚੋਂ ਬਰਛੀ ਖੋਹ ਕੇ ਉਸੇ ਨਾ ਉਹ ਨੂੰ ਮਾਰਿਆ ।
22ਯਹੋਯਾਦਾ ਦੇ ਪੁੱਤਰ ਬਨਾਯਾਹ ਨੇ ਇਹ ਕੰਮ ਕੀਤੇ ਅਤੇ ਤਿੰਨਾਂ ਸੂਰਮਿਆਂ ਵਿੱਚ ਉਸ ਦਾ ਨਾਮ ਸੀ ।23ਉਹ ਉਨ੍ਹਾਂ ਤੀਹਾਂ ਵਿੱਚੋਂ ਵੱਧ ਪਤਵਾਲਾ ਸੀ ਪਰ ਉਹ ਉਨ੍ਹਾਂ ਪਹਿਲੇ ਤਿੰਨਾਂ ਵਰਗਾ ਨਹੀਂ ਸੀ ਅਤੇ ਦਾਊਦ ਨੇ ਉਸ ਨੂੰ ਆਪਣੀ ਸਭਾ ਦਾ ਮੁੱਖੀਆ ਠਹਿਰਾਇਆ ।
24ਯੋਆਬ ਦਾ ਭਰਾ ਅਸਾਹੇਲ ਉਨ੍ਹਾਂ ਤੀਹਾਂ ਵਿੱਚੋਂ ਸੀ ਨਾਲੇ ਬੈਤਲਹਮੀ ਦੋਦੋ ਦਾ ਪੁੱਤਰ ਅਲਹਾਨਾਨ,25ਸ਼ੰਮਾਹ ਹਰੋਡੀ ਅਤੇ ਅਲੀਕਾ ਹਰੋਦੀ26ਹਸਲ ਪਲਟੀ ਅਤੇ ਇੱਕੇਸ਼ ਤਕੋਈ ਦਾ ਪੁੱਤਰ ਈਰਾ27ਅਬੀਅਜ਼ਰ ਅੰਨਥੋਥੀ ਮਬੁੰਨਈ ਹੁਸ਼ਾਥੀ28ਸਲਮੋਨ ਅਹੋਹੀ ਤੇ ਮਹਰਦੀ ਨਟੋਫਾਥੀ,
29ਬਆਨਾਹ ਦਾ ਪੁੱਤਰ ਹੇਲਬ ਇੱਕ ਨਟੋਫਾਥੀ ਤੇ ਰੀਬਈ ਦਾ ਪੁੱਤਰ ਇੱਤਈ ਜੋ ਬਿਨਯਾਮੀਨੀਆਂ ਵਿੱਚੋਂ ਗਿਬਆਹ ਤੋਂ ਸੀ ।30ਬਨਾਯਾਹ ਪਿਰਥੋਨੀ ਤੇ ਗਆਸ਼ ਦੀਆਂ ਨਦੀਆਂ ਤੋਂ ਹਿੱਦਈ,31ਅਬੀ-ਅਲਬੋਨ ਅਰਬਾਥੀ ਤੇ ਅਜ਼ਮਾਵਥ ਬਰਹੁਮੀ,32ਅਲਯਹਬਾ ਸ਼ਅਲਬੋਨੀ ਤੇ ਯਾਸੇਨ ਦੇ ਪੁੱਤਰਾਂ ਤੋਂ ਯੋਨਾਥਨ
33ਸ਼ੰਮਾਹ ਹਰਾਰੀ ਤੇ ਸ਼ਰਾਰ ਅਰਾਰੀ ਦਾ ਪੁੱਤਰ ਅਹੀਆਮ ।34ਉਸ ਮਆਕਾਥੀ ਦਾ ਪੋਤ੍ਰਾ ਅਹਸਬਈ ਦਾ ਪੁੱਤਰ ਅਲੀਫਲਟ ਤੇ ਅਹੀਥੋਫ਼ਲ ਗਿਲੋਨੀ ਦਾ ਪੁੱਤਰ ਅਲੀਆਮ,35ਹਸਰਈ ਕਰਮਲੀ ਤੇ ਪਅਰਈ ਅਰਬੀ,36ਸੋਬਾਹ ਤੋਂ ਨਾਥਾਨ ਦਾ ਪੁੱਤਰ ਯਿਗਾਲ ਤੇ ਬਾਨੀ ਗਾਦੀ ।
37ਸਲਕ ਅੰਮੋਨੀ ਤੇ ਨਹਰਈ ਬਏਰੋਥੀ ਜੋ ਸੂਰਯਾਹ ਦੇ ਪੁੱਤਰ ਯੋਆਬ ਦੇ ਸ਼ਸਤਰ ਚੁੱਕਣ ਵਾਲੇ ਸਨ ।38ਈਰਾ ਯਿਥਰੀ ਤੇ ਗ਼ਾਰੇਬ ਯਿਥਰੀ ।39ਊਰਿਯਾੱਹ ਹਿੱਤੀ - ਸਾਰੇ ਸੈਂਤੀ ਸਨ ।

24
ਦਾਊਦ ਦੁਆਰਾ ਮਰਦਮਸ਼ੁਮਾਰੀ ਕਰਨਾ ਅਤੇ ਉਸ ਦੀ ਸਜ਼ਾ ਭੋਗਣਾ
(1 ਇਤ. 21:1-27)

1ਯਹੋਵਾਹ ਦਾ ਕ੍ਰੋਧ ਇਸਰਾਏਲ ਉੱਤੇ ਫਿਰ ਭੜਕਿਆ, ਅਤੇ ਉਸ ਨੇ ਦਾਊਦ ਦੇ ਮਨ ਨੂੰ ਉਨ੍ਹਾਂ ਦੇ ਵਿਰੋਧ ਵਿੱਚ ਉਭਾਰਿਆ, ਕਿ ਜਾ ਇਸਰਾਏਲ ਅਤੇ ਯਹੂਦਾਹ ਦੀ ਗਿਣਤੀ ਕਰ ।2ਇਸ ਲਈ ਰਾਜਾ ਨੇ ਯੋਆਬ ਸੈਨਾਪਤੀ ਨੂੰ ਜੋ ਉਹ ਦੇ ਨਾਲ ਸੀ ਆਖਿਆ, ਇਸਰਾਏਲ ਦੇ ਸਾਰੇ ਗੋਤਾਂ ਵਿੱਚ, ਦਾਨ ਤੋਂ ਲੈ ਕੇ ਬਏਰਸ਼ਬਾ ਤੱਕ ਜਾ ਅਤੇ ਲੋਕਾਂ ਨੂੰ ਗਿਣ ਲੈ ਕਿ ਮੈਨੂੰ ਲੋਕਾਂ ਦੀ ਗਿਣਤੀ ਪਤਾ ਹੋਵੇ ।

3ਯੋਆਬ ਨੇ ਰਾਜਾ ਨੂੰ ਆਖਿਆ, ਪਰਜਾ ਦੇ ਲੋਕ ਕਿੰਨ੍ਹੇ ਵੀ ਕਿਉਂ ਨਾ ਹੋਣ, ਤੁਹਾਡਾ ਪਰਮੇਸ਼ੁਰ ਯਹੋਵਾਹ ਲੋਕਾਂ ਨੂੰ ਵਧਾਵੇ, ਅਤੇ ਮੇਰੇ ਮਹਾਰਾਜ ਦੀਆਂ ਅੱਖੀਆਂ ਵੀ ਇਹ ਗੱਲ ਵੇਖਣ, ਪਰ ਇਹ ਤੁਸੀਂ ਕਿਉਂ ਚਾਹੁੰਦੇ ਹੋ ?4ਫਿਰ ਵੀ ਰਾਜਾ ਦੀ ਆਗਿਆ ਯੋਆਬ ਉੱਤੇ ਅਤੇ ਦਲ ਦੇ ਪ੍ਰਧਾਨਾਂ ਉੱਤੇ ਪ੍ਰਬਲ ਹੋਈ । ਤਦ ਯੋਆਬ ਅਤੇ ਦਲ ਦੇ ਪ੍ਰਧਾਨ ਰਾਜਾ ਦੇ ਅੱਗਿਓਂ ਇਸਰਾਏਲ ਦੇ ਲੋਕਾਂ ਦੀ ਗਿਣਤੀ ਕਰਨ ਨੂੰ ਨਿੱਕਲ ਗਏ ।
5ਉਹ ਯਰਦਨ ਤੋਂ ਪਾਰ ਲੰਘੇ ਅਤੇ ਅਰੋਏਰੇ ਵਿੱਚ ਜੋ ਗਾਦ ਦੀ ਵਾਦੀ ਦੇ ਸ਼ਹਿਰ ਦੇ ਸੱਜੇ ਬੰਨੇ ਯਾਜ਼ੇਰ ਵੱਲ ਹੈ ਤੰਬੂ ਲਾਏ ਅਤੇ ਉੱਥੋਂ ਗਿਲਆਦ ਅਤੇ ਤਹਤੀਮ ਹਾਦਸ਼ੀ ਦੇ ਦੇਸ਼ ਨੂੰ ਆਏ ਦਾਨ ਯਾਨ ਨੂੰ ਆਏ ਅਤੇ ਘੁੰਮ ਕੇ ਸੀਦੋਨ ਤੱਕ ਪਹੁੰਚੇ ।6ਅਤੇ ਉੱਥੋਂ ਸੋਰ ਦੇ ਗੜ੍ਹ ਤੱਕ ਆਏ ਅਤੇ ਹਿੱਵੀਆਂ ਅਤੇ ਕਨਾਨੀਆਂ ਦੇ ਸਾਰਿਆਂ ਸ਼ਹਿਰਾਂ ਤੱਕ ਅਤੇ ਯਹੂਦਾਹ ਦੇ ਦੱਖਣ ਨੂੰ ਬਏਰਸਬਾ ਤੱਕ ਨਿੱਕਲ ਗਏ ।7ਇਸ ਤਰ੍ਹਾਂ, ਓਹ ਸਾਰੇ ਦੇਸ਼ ਵਿੱਚੋਂ ਘੁੰਮ ਕੇ ਨੌ ਮਹੀਨੇ ਅਤੇ ਵੀਹ ਦਿਨਾਂ ਬਾਅਦ ਯਰੂਸ਼ਲਮ ਨੂੰ ਮੁੜ ਆਏ ।
8ਅਤੇ ਯੋਆਬ ਨੇ ਲੋਕਾਂ ਦੀ ਗਿਣਤੀ ਦਾ ਲੇਖਾ ਰਾਜਾ ਨੂੰ ਦਿੱਤਾ ਸੋ ਇਸਰਾਏਲ ਦੇ ਅੱਠ ਲੱਖ ਮਨੁੱਖ ਸਨ ਅਤੇ ਯਹੂਦਾਹ ਦੇ ਪੰਜ ਲੱਖ ਮਨੁੱਖ ਸਨ ।9ਲੋਕਾਂ ਦੀ ਗਿਣਤੀ ਕਰਨ ਤੋਂ ਬਾਅਦ ਦਾਊਦ ਦੇ ਮਨ ਨੇ ਉਹ ਨੂੰ ਸਤਾਇਆ ਅਤੇ ਦਾਊਦ ਨੇ ਯਹੋਵਾਹ ਨੂੰ ਆਖਿਆ ਕਿ ਜੋ ਮੈਂ ਕੀਤਾ ਹੈ ਵੱਡਾ ਪਾਪ ਹੈ ! ਹੁਣ ਹੇ ਯਹੋਵਾਹ ਦਯਾ ਕਰ ਕੇ ਆਪਣੇ ਦਾਸ ਦੀ ਬਦੀ ਦੂਰ ਕਿਉਂ ਜੋ ਮੈਂ ਵੱਡੀ ਮੂਰਖਤਾਈ ਦਾ ਕੰਮ ਕੀਤਾ ਹੈ ।
10ਸੋ ਜਦ ਦਾਊਦ ਸਵੇਰ ਨੂੰ ਉੱਠਿਆ ਤਾਂ ਯਹੋਵਾਹ ਦਾ ਬਚਨ ਗਾਦ ਨਬੀ ਨੂੰ ਜੋ ਦਾਊਦ ਦਾ ਦਾਰਸ਼ਨਿਕ ਸੀ, ਆਇਆ ਅਤੇ ਉਹ ਨੂੰ ਆਖਿਆ ।
11ਜਾ ਕੇ ਦਾਊਦ ਨੂੰ ਆਖ ਕਿ ਯਹੋਵਾਹ ਇਹ ਫਰਮਾਉਂਦਾ ਹੈ ਜੋ ਮੈਂ ਤੇਰੇ ਅੱਗੇ ਤਿੰਨ ਬਿਪਤਾ ਰੱਖਦਾ ਹਾਂ ਸੋ ਤੂੰ ਉਨ੍ਹਾਂ ਵਿੱਚੋਂ ਇੱਕ ਚੁਣ ਲੈ ਜੋ ਮੈਂ ਤੇਰੇ ਉੱਤੇ ਪਾਵਾਂ ।12ਸੋ ਗਾਦ ਨੇ ਦਾਊਦ ਕੋਲ ਆ ਕੇ ਦੱਸਿਆ ਅਤੇ ਉਹ ਨੂੰ ਪੁੱਛਿਆ ਕਿ ਤੂੰ ਕਿ ਚਾਹੁੰਦਾ ਹੈ ਜੋ ਤੇਰੇ ਦੇਸ਼ ਵਿੱਚ ਤੇਰੇ ਉੱਤੇ ਸੱਤਾਂ ਸਾਲਾਂ ਦਾ ਕਾਲ ਪਵੇ ਜਾਂ ਤਿੰਨ ਮਹੀਨਿਆਂ ਤੱਕ ਤੂੰ ਆਪਣੇ ਵੈਰੀਆਂ ਅੱਗਿਓਂ ਭੱਜੇ ਅਤੇ ਓਹ ਤੇਰੇ ਪਿੱਛੇ ਲੱਗਣ ਜਾਂ ਤੇਰੇ ਦੇਸ਼ ਵਿੱਚ ਤਿੰਨ ਦਿਨਾਂ ਤੱਕ ਮਰੀ ਪਵੇ ? ਹੁਣ ਸਲਾਹ ਕਰ ਅਤੇ ਠਹਿਰਾ ਲੈ ਜੋ ਮੈਂ ਉਸ ਨੂੰ ਜਿਸ ਨੇ ਮੈਨੂੰ ਭੇਜਿਆ ਹੈ ਕੀ ਉੱਤਰ ਦੇਵਾਂ ।
13ਤਦ ਦਾਊਦ ਨੇ ਗਾਦ ਨੂੰ ਆਖਿਆ, ਮੈਂ ਵੱਡੀ ਮੁਸੀਬਤ ਵਿੱਚ ਪਿਆ ਹਾਂ ! ਹੁਣ ਅਸੀਂ ਯਹੋਵਾਹ ਦੇ ਹੱਥ ਵਿੱਚ ਪਈਏ ਕਿਉਂ ਜੋ ਉਸ ਦੀ ਦਯਾ ਵੱਡੀ ਹੈ ਪਰ ਮਨੁੱਖ ਦੇ ਹੱਥ ਵਿੱਚ ਨਾ ਪਈਏ ।14ਸੋ ਯਹੋਵਾਹ ਨੇ ਇਸਰਾਏਲ ਦੇ ਉੱਤੇ ਮਰੀ ਘੱਲੀ ਜਿਹੜੀ ਉਸ ਸਵੇਰ ਤੋਂ ਠਹਿਰਾਏ ਹੋਏ ਸਮੇਂ ਤੱਕ ਪਈ ਰਹੀ ਅਤੇ ਦਾਨ ਤੋਂ ਲੈ ਕੇ ਬਏਰਸਥਾ ਤੱਕ ਲੋਕਾਂ ਵਿੱਚੋਂ ਸੱਤਰ ਹਜ਼ਾਰ ਮਨੁੱਖ ਮਰ ਗਏ ।
15ਜਦ ਦੂਤ ਨੇ ਯਰੂਸ਼ਲਮ ਦੇ ਨਾਸ਼ ਕਰਨ ਨੂੰ ਆਪਣਾ ਹੱਥ ਵਧਾਇਆ ਤਾਂ ਯਹੋਵਾਹ ਬੁਰਿਆਈ ਦੇ ਕਾਰਨ ਪਛਤਾਇਆ ਅਤੇ ਉਸ ਦੂਤ ਨੂੰ ਜੋ ਲੋਕਾਂ ਨੂੰ ਮਾਰਦਾ ਸੀ ਆਖਿਆ, ਬੱਸ ਬਹੁਤ ਹੋ ਚੁੱਕੀ ਹੈ, ਹੁਣ ਆਪਣਾ ਹੱਥ ਖਿੱਚ ਲੈ । ਉਸ ਵੇਲੇ ਯਹੋਵਾਹ ਦਾ ਦੂਤ ਯਬੂਸੀ ਅਰਵਾਨਾਹ ਦੇ ਖੇਤ ਕੋਲ ਖੜ੍ਹਾ ਸੀ ।16ਅਤੇ ਜਦ ਦਾਊਦ ਨੇ ਉਸ ਲੋਕਾਂ ਦੇ ਮਾਰਨ ਵਾਲੇ ਦੂਤ ਨੂੰ ਵੇਖਿਆ ਤਾਂ ਯਹੋਵਾਹ ਨੂੰ ਆਖਿਆ, ਵੇਖ, ਪਾਪ ਤਾਂ ਮੈਂ ਕੀਤਾ ਅਤੇ ਬੁਰਿਆਈ ਵੀ ਮੇਰੇ ਕੋਲੋਂ ਹੋਈ ਪਰ ਇਨ੍ਹਾਂ ਭੇਡਾਂ ਦਾ ਕੀ ਦੋਸ਼ ? ਸੋ ਮੇਰੇ ਪਿਤਾ ਦੇ ਘਰਾਣੇ ਉੱਤੇ ਆਪਣਾ ਹੱਥ ਚਲਾ !
17ਜਦੋਂ ਪਰਜਾ ਦਾ ਨਾਸ਼ ਕਰਣ ਵਾਲਾ ਦੂਤ ਦਾਊਦ ਨੂੰ ਵਿਖਾਈ ਦਿੱਤਾ, ਤਦ ਉਸ ਨੇ ਯਹੋਵਾਹ ਨੂੰ ਆਖਿਆ, ਵੇਖ, ਇਹ ਪਾਪ ਅਤੇ ਬੁਰਿਆਈ ਮੈ ਹੀ ਕੀਤੀ ਹੈ, ਪਰ ਇਹਨਾਂ ਭੇਡਾਂ ਨੇ ਕੀ ਕੀਤਾ ਹੈ ? ਇਸ ਲਈ ਤੇਰਾ ਹੱਥ ਮੇਰੇ ਅਤੇ ਮੇਰੇ ਪਿਤਾ ਦੇ ਘਰਾਣੇ ਦੇ ਵਿਰੁਧ ਹੋਵੇ ।
18ਉਸ ਦਿਨ ਗਾਦ ਦਾਊਦ ਕੋਲ ਆਇਆ ਅਤੇ ਉਹ ਨੂੰ ਆਖਿਆ, ਜਾ ਅਤੇ ਯਬੂਸੀ ਅਰਵਨਾਹ ਦੇ ਪਿੜ ਵਿੱਚ ਯਹੋਵਾਹ ਦੇ ਲਈ ਇੱਕ ਜਗਵੇਦੀ ਬਣਾ ।19ਦਾਊਦ ਨੇ ਗਾਦ ਦੇ ਆਖਣ ਅਨੁਸਾਰ ਜਿਵੇਂ ਯਹੋਵਾਹ ਦੀ ਆਗਿਆ ਸੀ ਉੱਥੇ ਗਿਆ ।20ਅਤੇ ਅਰਵਨਾਹ ਨੇ ਤੱਕਿਆ ਅਤੇ ਰਾਜਾ ਅਤੇ ਉਸ ਦੇ ਸੇਵਕਾਂ ਨੂੰ ਆਪਣੇ ਵੱਲ ਆਉਂਦਿਆਂ ਵੇਖਿਆ ਸੋ ਅਰਵਨਾਹ ਨਿੱਕਲਿਆ ਅਤੇ ਰਾਜਾ ਦੇ ਅੱਗੇ ਮੂੰਹ ਮੂੰਹ ਭਾਰ ਝੁੱਕਿਆ ।
21ਅਤੇ ਅਰਵਨਾਹ ਨੇ ਆਖਿਆ, ਮਹਾਰਾਜ ਮੇਰਾ ਰਾਜਾ ਆਪਣੇ ਸੇਵਕ ਕੋਲ ਕਿਉਂ ਆਇਆ ? ਦਾਊਦ ਨੇ ਆਖਿਆ, ਇਹ ਪਿੜ ਮੈਂ ਤੇਰੇ ਕੋਲੋਂ ਮੁੱਲ ਲੈਣ ਲਈ ਆਇਆ ਹਾਂ ਕਿ ਯਹੋਵਾਹ ਲਈ ਇੱਕ ਜਗਵੇਦੀ ਬਣਾਵਾਂ ਤਾਂ ਜੋ ਲੋਕਾਂ ਵਿੱਚੋਂ ਮਰੀ ਹਟ ਜਾਏ ।22ਅਰਵਨਾਹ ਨੇ ਦਾਊਦ ਨੂੰ ਆਖਿਆ, ਮੇਰਾ ਮਹਾਰਾਜ ਰਾਜਾ ਜੋ ਕੁਝ ਭੇਟ ਕਰਨ ਲਈ ਉਸ ਦੀ ਨਿਗਾਹ ਵਿੱਚ ਚੰਗਾ ਹੋਵੇ ਸੋ ਲਵੇ; ਹੋਮ ਦੀ ਭੇਟ ਲਈ ਬਲਦ ਹਨ, ਅਤੇ ਗਾਹ ਪਾਉਣ ਦਾ ਵਲੇਵਾ ਬਲ਼ਦਾਂ ਦੇ ਵਲੇਵੇ ਸਣੇ ਲੱਕੜ ਦੇ ਲਈ ਹੈ ।23ਇਹ ਸਭ ਕੁਝ ਅਰਵਨਾਹ ਨੇ ਰਾਜਾ ਨੂੰ ਦੇ ਦਿੱਤਾ । ਫਿਰ ਅਰਵਨਾਹ ਨੇ ਰਾਜਾ ਨੂੰ ਆਖਿਆ, ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਤੋਂ ਪਰਸੰਨ ਹੋਵੇ ।
24ਰਾਜਾ ਨੇ ਅਰਵਨਾਹ ਨੂੰ ਆਖਿਆ, ਅਜਿਹਾ ਨਹੀਂ ਹੋਵੇਗਾ ਨਹੀਂ, ਪਰ ਮੈਂ ਤੈਨੂੰ ਮੁੱਲ ਦੇ ਕੇ ਉਹ ਪਿੜ ਲਵਾਂਗਾ ਅਤੇ ਮੈਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਲਈ ਅਜਿਹੀ ਭੇਟ ਨਾ ਚੜ੍ਹਾਵਾਂਗਾ, ਅਜਿਹਾ ਨਹੀਂ ਹੋਵੇਗਾ ਮੇਰਾ ਕੁਝ ਮੁੱਲ ਨਾ ਲੱਗਾ ਹੋਵੇ ! ਸੋ ਦਾਊਦ ਨੇ ਉਹ ਉਹ ਪਿੜ ਅਤੇ ਉਹ ਬਲਦ ਚਾਂਦੀ ਦੇ ਪੰਜਾਹ ਸ਼ਕੇਲ ਰੁਪਏ ਦੇ ਕੇ ਮੁੱਲ ਲੈ ਲਿਆ ।25ਤਦ ਦਾਊਦ ਨੇ ਉੱਥੇ ਯਹੋਵਾਹ ਦੇ ਲਈ ਜਗਦੇਵੀ ਬਣਾਈ ਅਤੇ ਹੋਮ ਦੀਆਂ ਬਲੀਆਂ ਉੱਤੇ ਸੁਖ ਦੀਆਂ ਭੇਟਾਂ ਚੜਾਈਆਂ । ਸੋ ਯਹੋਵਾਹ ਨੇ ਦੇਸ਼ ਦੇ ਲਈ ਉਨ੍ਹਾਂ ਦੀਆਂ ਬੇਨਤੀਆਂ ਸੁਣ ਲਈਆਂ, ਤਦ ਇਸਰਾਏਲ ਵਿਚੋਂ ਮਰੀ ਹਟ ਗਈ ।

1 ਰਾਜਿਆਂ

1
ਰਾਜਾ ਦਾਊਦ ਆਪਣੇ ਬੁਢਾਪੇ ਦੇ ਵਿੱਚ

1ਦਾਊਦ ਪਾਤਸ਼ਾਹ ਦੀ ਉਮਰ ਜਿਆਦਾ ਹੋ ਜਾਣ ਦੇ ਕਾਰਨ, ਉਸ ਨੂੰ ਜਿਆਦਾ ਕੱਪੜੇ ਪਹਿਨਾਉਣ ਤੇ ਵੀ ਉਹ ਗਰਮ ਨਹੀਂ ਹੁੰਦਾ ਸੀ ।2ਇਸ ਲਈ ਉਸ ਦੇ ਸੇਵਕਾਂ ਨੇ ਉਸ ਨੂੰ ਆਖਿਆ ਕਿ ਮੇਰੇ ਸੁਆਮੀ ਪਾਤਸ਼ਾਹ ਲਈ ਇੱਕ ਮੁਟਿਆਰ ਕੁੜੀ ਲੱਭੀ ਜਾਵੇ, ਜੋ ਪਾਤਸ਼ਾਹ ਦੇ ਸਨਮੁਖ ਖੜ੍ਹੀ ਰਿਹਾ ਕਰੇ, ਉਸ ਦੀ ਸੇਵਾ ਕਰਿਆ ਕਰੇ ਅਤੇ ਤੇਰੀ ਹਿੱਕ ਨਾਲ ਲੱਗ ਕੇ ਲੇਟਿਆ ਕਰੇ, ਤਾਂ ਜੋ ਮੇਰਾ ਮਾਲਕ ਪਾਤਸ਼ਾਹ ਗਰਮ ਹੋਵੇ ।

3ਉਹ ਇਸਰਾਏਲ ਦੀਆਂ ਸਾਰੀਆਂ ਹੱਦਾਂ ਵਿੱਚ ਇੱਕ ਸੋਹਣੀ ਮੁਟਿਆਰ ਲੱਭਣ ਲੱਗੇ, ਤਾਂ ਉਨ੍ਹਾਂ ਨੂੰ ਸ਼ੂਨੰਮੀ ਅਬੀਸ਼ਗ ਲੱਭੀ ਅਤੇ ਉਹ ਨੂੰ ਪਾਤਸ਼ਾਹ ਦੇ ਕੋਲ ਲੈ ਆਏ ।4ਉਹ ਮੁਟਿਆਰ ਬਹੁਤ ਸੋਹਣੀ ਸੀ । ਉਹ ਪਾਤਸ਼ਾਹ ਦੀ ਸੇਵਾਦਾਰਨੀ ਹੋਈ ਅਤੇ ਉਸ ਦੀ ਖ਼ਬਰ ਰੱਖਦੀ ਸੀ, ਪਰ ਪਾਤਸ਼ਾਹ ਨੇ ਉਸ ਨਾਲ ਸੰਬੰਧ ਨਾ ਬਣਾਇਆ ।
ਅਦੋਨੀਯਾਹ ਦੀ ਬਗਾਵਤ

5ਤਦ ਹਗੀਥ ਦੇ ਪੁੱਤਰ ਅਦੋਨੀਯਾਹ ਨੇ ਆਪਣੇ ਆਪ ਨੂੰ ਉੱਚਾ ਕੀਤਾ ਅਤੇ ਆਖਿਆ, "ਮੈਂ ਪਾਤਸ਼ਾਹ ਬਣਾਗਾਂ" ਅਤੇ ਉਹ ਨੇ ਆਪਣੇ ਲਈ ਰੱਥ, ਘੋੜ ਚੜ੍ਹੇ ਅਤੇ ਪੰਜਾਹ ਮਨੁੱਖ ਆਪਣੇ ਅੱਗੇ-ਅੱਗੇ ਦੌੜਨ ਲਈ ਤਿਆਰ ਕੀਤੇ ।6ਉਹ ਦੇ ਪਿਤਾ ਨੇ ਇਹ ਆਖ ਕੇ ਉਹ ਨੂੰ ਕਦੀ ਨਾ ਉਦਾਸ ਕੀਤਾ ਕਿ ਤੂੰ ਇਸ ਤਰ੍ਹਾਂ ਕਿਉਂ ਕੀਤਾ, ਉਹ ਵੀ ਬਹੁਤ ਸੁੰਦਰ ਸੀ ਅਤੇ ਉਹ ਅਬਸ਼ਾਲੋਮ ਦੇ ਬਾਅਦ ਜੰਮਿਆ ਸੀ ।
7ਉਹ ਸਰੂਯਾਹ ਦੇ ਪੁੱਤਰ ਯੋਆਬ ਅਤੇ ਅਬਯਾਥਾਰ ਜਾਜਕ ਨਾਲ ਗੱਲਾਂ ਕਰਦਾ ਸੀ ਅਤੇ ਇਹ ਅਦੀਨੋਯਾਹ ਦੇ ਪਿੱਛੇ ਲੱਗ ਕੇ ਉਹ ਦੀ ਸਹਾਇਤਾ ਕਰਦੇ ਸਨ ।8ਪਰ ਸਾਦੋਕ ਜਾਜਕ ਅਤੇ ਯਹੋਯਾਦਾ ਦਾ ਪੁੱਤਰ ਬਨਾਯਾਹ, ਨਾਥਾਨ ਨਬੀ, ਸ਼ਿਮਾਈ, ਰੇਈ ਅਤੇ ਦਾਊਦ ਦੇ ਸੂਰਬੀਰ ਅਦੋਨੀਯਾਹ ਦੇ ਨਾਲ ਨਹੀਂ ਸਨ ।
9ਅਦੋਨੀਯਾਹ ਨੇ ਭੇਡਾਂ, ਬਲ਼ਦ ਅਤੇ ਮੋਟੇ-ਮੋਟੇ ਪਸ਼ੂ ਜ਼ੋਹਲਥ ਪੱਥਰ ਉੱਤੇ ਜੋ ਐਨ-ਰੋਗੇਲ ਦੇ ਕੋਲ ਹੈ ਵੱਢੇ ਅਤੇ ਆਪਣੇ ਸਾਰੇ ਭਰਾ ਅਰਥਾਤ ਪਾਤਸ਼ਾਹ ਦੇ ਪੁੱਤਰ ਅਤੇ ਯਹੂਦਾਹ ਦੇ ਸਭ ਮਨੁੱਖ, ਜਿਹੜੇ ਪਾਤਸ਼ਾਹ ਦੇ ਸੇਵਕ ਸਨ ਸੱਦੇ ।10ਪਰ ਨਾਥਾਨ ਨਬੀ, ਬਨਾਯਾਹ, ਸੂਰ ਬੀਰ ਅਤੇ ਆਪਣੇ ਭਰਾ ਸੁਲੇਮਾਨ ਨੂੰ ਨਾ ਸੱਦਿਆ ।
ਸੁਲੇਮਾਨ ਨੂੰ ਰਾਜਾ ਬਣਾਉਣਾ

11ਨਾਥਾਨ ਨੇ ਸੁਲੇਮਾਨ ਦੀ ਮਾਤਾ ਬਥ-ਸ਼ਬਾ ਨੂੰ ਆਖਿਆ, ਕੀ ਤੁਸੀਂ ਨਹੀਂ ਸੁਣਿਆ ਕਿ ਹਗੀਥ ਦਾ ਪੁੱਤਰ ਅਦੋਨੀਯਾਹ ਰਾਜ ਕਰਦਾ ਹੈ ਅਤੇ ਸਾਡੇ ਮਾਲਕ ਦਾਊਦ ਨੂੰ ਉਸ ਦੀ ਖ਼ਬਰ ਵੀ ਨਹੀਂ ਹੈ ?12ਹੁਣ ਤੁਸੀਂ ਆਓ ਮੈਂ ਤੁਹਾਨੂੰ ਸਲਾਹ ਦੇਵਾਂ ਕਿ ਤੁਸੀਂ ਆਪਣੀ ਅਤੇ ਆਪਣੇ ਪੁੱਤਰ ਸੁਲੇਮਾਨ ਦੀ ਜਾਨ ਬਚਾ ਸਕੋ ।
13ਤੁਸੀਂ ਜਾਓ ਅਤੇ ਦਾਊਦ ਪਾਤਸ਼ਾਹ ਕੋਲ ਅੰਦਰ ਜਾ ਕੇ ਉਹ ਨੂੰ ਆਖੋ, ਹੇ ਮੇਰੇ ਮਾਲਕ ਪਾਤਸ਼ਾਹ, ਕੀ ਤੂੰ ਆਪਣੀ ਦਾਸੀ ਨਾਲ ਸਹੁੰ ਖਾ ਕੇ ਨਹੀਂ ਆਖਿਆ ਸੀ ਕਿ ਸੱਚ-ਮੁੱਚ ਤੇਰਾ ਪੁੱਤਰ ਸੁਲੇਮਾਨ ਮੇਰੇ ਪਿੱਛੋਂ ਰਾਜ ਕਰੇਗਾ ਅਤੇ ਉਹੋ ਹੀ ਮੇਰੀ ਰਾਜ ਗੱਦੀ ਉੱਤੇ ਬੈਠੇਗਾ ? ਫੇਰ ਅਦੋਨੀਯਾਹ ਕਿਉਂ ਰਾਜ ਕਰਦਾ ਹੈ ?14ਵੇਖੋ ਤੁਹਾਡੇ ਪਾਤਸ਼ਾਹ ਨਾਲ ਗੱਲ ਕਰਨ ਦੇ ਸਮੇਂ ਮੈਂ ਵੀ ਤੁਹਾਡੇ ਮਗਰ ਅੰਦਰ ਆਵਾਂਗਾ ਅਤੇ ਤੁਹਾਡੀਆਂ ਗੱਲਾਂ ਦੇ ਬਾਰੇ ਗੱਲ ਕਰਾਂਗਾ ।
15ਇਸ ਲਈ ਬਥ-ਸ਼ਬਾ ਕੋਠੜੀ ਦੇ ਅੰਦਰ ਪਾਤਸ਼ਾਹ ਕੋਲ ਗਈ । ਪਾਤਸ਼ਾਹ ਬਹੁਤ ਬੁੱਢਾ ਸੀ ਅਤੇ ਸ਼ੂਨੰਮੀ ਅਬੀਸ਼ਗ ਪਾਤਸ਼ਾਹ ਦੀ ਸੇਵਾ ਕਰ ਰਹੀ ਸੀ ।16ਬਥ-ਸ਼ਬਾ ਝੁਕੀ ਅਤੇ ਪਾਤਸ਼ਾਹ ਨੂੰ ਮੱਥਾ ਟੇਕਿਆ, ਤਾਂ ਪਾਤਸ਼ਾਹ ਨੇ ਆਖਿਆ, ਤੂੰ ਕੀ ਮੰਗਦੀ ਹੈਂ ?17ਉਸ ਨੇ ਆਖਿਆ, ਮੇਰੇ ਮਾਲਕ ਤੂੰ ਯਹੋਵਾਹ ਆਪਣੇ ਪਰਮੇਸ਼ੁਰ ਦੀ ਆਪਣੀ ਦਾਸੀ ਨਾਲ ਸਹੁੰ ਖਾਧੀ ਸੀ, ਕਿ ਮੇਰੇ ਪਿੱਛੋਂ ਤੇਰਾ ਪੁੱਤਰ ਸੁਲੇਮਾਨ ਪਾਤਸ਼ਾਹ ਬਣੇਗਾ ਅਤੇ ਉਹੋ ਮੇਰੀ ਰਾਜ ਗੱਦੀ ਉੱਤੇ ਬੈਠੇਗਾ ।
18ਹੁਣ ਵੇਖ, ਅਦੋਨੀਯਾਹ ਰਾਜ ਕਰਦਾ ਹੈ ਅਤੇ ਹੁਣ ਤੱਕ ਹੇ ਮੇਰੇ ਮਾਲਕ ਪਾਤਸ਼ਾਹ ਤੈਨੂੰ ਇਸ ਦੀ ਕੁਝ ਖ਼ਬਰ ਨਹੀਂ ਹੈ ।19ਉਸ ਨੇ ਢੇਰ ਸਾਰੇ ਬਲ਼ਦ, ਮੋਟੇ-ਮੋਟੇ ਪਸ਼ੂ ਅਤੇ ਭੇਡਾਂ ਵੱਢੀਆਂ ਹਨ ਅਤੇ ਪਾਤਸ਼ਾਹ ਦੇ ਸਾਰੇ ਪੁੱਤਰਾਂ, ਅਬਯਾਥਾਰ ਜਾਜਕ ਅਤੇ ਸੈਨਾਪਤੀ ਯੋਆਬ ਨੂੰ ਤਾਂ ਸੱਦਿਆ ਹੈ, ਪਰ ਤੇਰੇ ਦਾਸ ਸੁਲੇਮਾਨ ਨੂੰ ਉਸ ਨੇ ਨਹੀਂ ਸੱਦਿਆ ।
20ਹੁਣ ਹੇ ਮੇਰੇ ਮਾਲਕ ਪਾਤਸ਼ਾਹ, ਸਾਰੇ ਇਸਰਾਏਲ ਦੀਆਂ ਅੱਖਾਂ ਤੇਰੇ ਉੱਤੇ ਹਨ ਕਿ ਤੂੰ ਉਨ੍ਹਾਂ ਨੂੰ ਦੱਸੇਂ, ਕਿ ਮੇਰੇ ਮਾਲਕ ਪਾਤਸ਼ਾਹ ਦੀ ਰਾਜ ਗੱਦੀ ਉੱਤੇ ਤੇਰੇ ਪਿੱਛੋਂ ਕੌਣ ਬੈਠੇਗਾ ।21ਨਹੀਂ ਤਾਂ ਇਸ ਤਰ੍ਹਾਂ ਹੋਵੇਗਾ ਕਿ ਜਦ ਮੇਰਾ ਮਾਲਕ ਪਾਤਸ਼ਾਹ ਆਪਣੇ ਪਿਉ-ਦਾਦਿਆਂ ਨਾਲ ਵਿਸਰਾਮ ਕਰੇਗਾ, ਤਾਂ ਮੈਂ ਅਤੇ ਮੇਰਾ ਪੁੱਤਰ ਸੁਲੇਮਾਨ ਪਾਪੀ ਠਹਿਰਾਂਗੇ ।
22ਉਹ ਅਜੇ ਪਾਤਸ਼ਾਹ ਨਾਲ ਗੱਲਾਂ ਕਰਦੀ ਹੀ ਸੀ, ਕਿ ਨਾਥਾਨ ਨਬੀ ਵੀ ਅੰਦਰ ਆ ਗਿਆ ।23ਉਨ੍ਹਾਂ ਨੇ ਪਾਤਸ਼ਾਹ ਨੂੰ ਦੱਸਿਆ ਕਿ ਵੇਖੋ ਨਾਥਾਨ ਨਬੀ ਆ ਗਿਆ ਹੈ, ਉਹ ਪਾਤਸ਼ਾਹ ਦੇ ਸਨਮੁਖ ਹੋਇਆ, ਤਾਂ ਉਸ ਨੇ ਪਾਤਸ਼ਾਹ ਨੂੰ ਧਰਤੀ ਤੱਕ ਮੂੰਹ ਪਰਨੇ ਹੋ ਕੇ ਮੱਥਾ ਟੇਕਿਆ ।
24ਫਿਰ ਨਾਥਾਨ ਨੇ ਆਖਿਆ, ਹੇ ਮੇਰੇ ਮਾਲਕ ਪਾਤਸ਼ਾਹ, ਕੀ ਤੁਸੀਂ ਆਖਿਆ ਹੈ ਕਿ ਮੇਰੇ ਪਿੱਛੋਂ ਅਦੋਨੀਯਾਹ ਰਾਜ ਕਰੇਗਾ ਅਤੇ ਮੇਰੀ ਰਾਜ ਗੱਦੀ ਉੱਤੇ ਬੈਠੇਗਾ ?25ਉਹ ਤਾਂ ਅੱਜ ਦੇ ਦਿਨ ਹਠਾੜ ਨੂੰ ਗਿਆ ਹੈ ਅਤੇ ਢੇਰ ਸਾਰੇ ਬਲ਼ਦ, ਮੋਟੇ-ਮੋਟੇ ਪਸ਼ੂ ਅਤੇ ਭੇਡਾਂ ਵੱਢੀਆਂ ਹਨ । ਪਾਤਸ਼ਾਹ ਦੇ ਸਾਰੇ ਪੁੱਤਰਾਂ, ਸੈਨਾਪਤੀਆਂ ਅਤੇ ਅਬਯਾਥਾਰ ਜਾਜਕ ਨੂੰ ਸੱਦਿਆ, ਵੇਖੋ ਉਹ ਉਹ ਦੇ ਸਨਮੁਖ ਖਾਂਦੇ-ਪੀਂਦੇ ਹਨ ਅਤੇ ਆਖਦੇ ਹਨ, ਪਾਤਸ਼ਾਹ ਅਦੋਨੀਯਾਹ ਜਿਉਂਦਾ ਰਹੇ ।
26ਪਰ ਤੁਹਾਡੇ ਦਾਸ ਨੂੰ ਅਰਥਾਤ ਮੈਨੂੰ, ਸਾਦੋਕ ਜਾਜਕ, ਯਹੋਯਾਦਾ ਦੇ ਪੁੱਤਰ ਬਨਾਯਾਹ ਅਤੇ ਤੁਹਾਡੇ ਦਾਸ ਸੁਲੇਮਾਨ ਨੂੰ ਨਹੀਂ ਸੱਦਿਆ ।27ਕੀ ਇਹ ਮੇਰੇ ਮਾਲਕ ਪਾਤਸ਼ਾਹ ਵੱਲੋਂ ਹੋਇਆ ਹੈ ਅਤੇ ਤੁਸੀਂ ਆਪਣੇ ਦਾਸ ਨੂੰ ਖ਼ਬਰ ਵੀ ਨਾ ਕੀਤੀ ਕਿ ਮੇਰੇ ਮਾਲਕ ਪਾਤਸ਼ਾਹ ਦੇ ਪਿੱਛੋਂ ਉਹ ਦੀ ਰਾਜ ਗੱਦੀ ਉੱਤੇ ਕੌਣ ਬੈਠੇਗਾ ?
28ਦਾਊਦ ਪਾਤਸ਼ਾਹ ਨੇ ਉੱਤਰ ਦਿੱਤਾ ਕਿ ਬਥ-ਸ਼ਬਾ ਨੂੰ ਮੇਰੇ ਕੋਲ ਸੱਦੋ, ਉਹ ਪਾਤਸ਼ਾਹ ਦੇ ਸਨਮੁਖ ਅੰਦਰ ਆਈ ਅਤੇ ਪਾਤਸ਼ਾਹ ਦੇ ਸਨਮੁਖ ਖੜ੍ਹੀ ਰਹੀ ।29ਪਾਤਸ਼ਾਹ ਨੇ ਸਹੁੰ ਖਾ ਕੇ ਆਖਿਆ, ਜਿਉਂਦੇ ਯਹੋਵਾਹ ਦੀ ਸਹੁੰ ਜਿਸ ਮੇਰੇ ਪ੍ਰਾਣਾਂ ਨੂੰ ਸਾਰਿਆਂ ਦੁੱਖਾਂ ਤੋਂ ਛੁਡਾਇਆ ।30ਜਿਵੇਂ ਮੈਂ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੀ ਸਹੁੰ ਖਾ ਕੇ ਤੈਨੂੰ ਆਖਿਆ ਸੀ ਕਿ ਸੱਚ-ਮੁੱਚ ਤੇਰਾ ਪੁੱਤਰ ਸੁਲੇਮਾਨ ਮੇਰੇ ਪਿੱਛੋਂ ਪਾਤਸ਼ਾਹ ਬਣੇਗਾ ਅਤੇ ਮੇਰੇ ਥਾਂ ਰਾਜ ਗੱਦੀ ਉੱਤੇ ਉਹੋ ਹੀ ਬੈਠੇਗਾ, ਮੈਂ ਅੱਜ ਦੇ ਦਿਨ ਉਸੇ ਤਰ੍ਹਾਂ ਹੀ ਕਰਾਂਗਾ ।31ਤਦ ਬਥ-ਸ਼ਬਾ ਧਰਤੀ ਉੱਤੇ ਮੂੰਹ ਪਰਨੇ ਡਿੱਗੀ ਅਤੇ ਪਾਤਸ਼ਾਹ ਦੇ ਅੱਗੇ ਮੱਥਾ ਟੇਕ ਕੇ ਆਖਿਆ, ਮੇਰਾ ਮਾਲਕ ਪਾਤਸ਼ਾਹ ਦਾਊਦ ਸਦਾ ਤੱਕ ਜਿਉਂਦਾ ਰਹੇ ।
32ਅੱਗੋਂ ਦਾਊਦ ਪਾਤਸ਼ਾਹ ਨੇ ਆਖਿਆ ਕਿ ਸਾਦੋਕ ਜਾਜਕ, ਨਾਥਾਨ ਨਬੀ ਅਤੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਮੇਰੇ ਕੋਲ ਸੱਦੋ, ਤਾਂ ਉਹ ਪਾਤਸ਼ਾਹ ਦੇ ਸਨਮੁਖ ਆਏ ।33ਪਾਤਸ਼ਾਹ ਨੇ ਉਨ੍ਹਾਂ ਨੂੰ ਆਖਿਆ, ਆਪਣੇ ਮਾਲਕ ਦੇ ਸੇਵਕਾਂ ਨੂੰ ਆਪਣੇ ਨਾਲ ਲਓ, ਮੇਰੇ ਪੁੱਤਰ ਸੁਲੇਮਾਨ ਨੂੰ ਮੇਰੀ ਖੱਚਰ ਉੱਤੇ ਚੜ੍ਹਾਓ ਅਤੇ ਉਸ ਨੂੰ ਗੀਹੋਨ ਕੋਲ ਲੈ ਜਾਓ ।34ਉੱਥੇ ਸਾਦੋਕ ਜਾਜਕ ਅਤੇ ਨਾਥਾਨ ਨਬੀ ਉਸ ਨੂੰ ਮਸਹ ਕਰਕੇ ਇਸਰਾਏਲ ਦਾ ਪਾਤਸ਼ਾਹ ਬਣਾਉਣ ਅਤੇ ਤੁਸੀਂ ਤੁਰ੍ਹੀ ਵਜਾ ਕੇ ਆਖੋ ਸੁਲੇਮਾਨ ਪਾਤਸ਼ਾਹ ਜਿਉਂਦਾ ਰਹੇ ।
35ਫੇਰ ਤੁਸੀਂ ਉਹ ਦੇ ਪਿੱਛੇ-ਪਿੱਛੇ ਹੋ ਕੇ ਉਤਾਂਹਾ ਚੱਲੇ ਆਓ, ਤਾਂ ਜੋ ਉਹ ਆਵੇ ਅਤੇ ਮੇਰੀ ਰਾਜ ਗੱਦੀ ਉੱਤੇ ਬੈਠ ਜਾਵੇ, ਕਿਉਂ ਜੋ ਉਹ ਮੇਰੇ ਥਾਂ ਪਾਤਸ਼ਾਹ ਬਣੇਗਾ ਕਿਉਂਕਿ ਮੈਂ ਉਸ ਨੂੰ ਠਹਿਰਾ ਦਿੱਤਾ ਹੈ ਕਿ ਇਸਰਾਏਲ ਅਤੇ ਯਹੂਦਾਹ ਉੱਤੇ ਰਾਜਾ ਹੋਵੇ ।36ਯਹੋਯਾਦਾ ਦੇ ਪੁੱਤਰ ਬਨਾਯਾਹ ਨੇ ਪਾਤਸ਼ਾਹ ਨੂੰ ਉੱਤਰ ਦੇ ਕੇ ਆਖਿਆ, ਸਤ ਬਚਨ ਯਹੋਵਾਹ ਮੇਰੇ ਮਾਲਕ ਪਾਤਸ਼ਾਹ ਦਾ ਪਰਮੇਸ਼ੁਰ ਇਸੇ ਤਰ੍ਹਾਂ ਹੀ ਆਖੇ ।37ਜਿਵੇਂ ਯਹੋਵਾਹ ਮੇਰੇ ਮਾਲਕ ਪਾਤਸ਼ਾਹ ਦੇ ਨਾਲ ਸੀ, ਉਸੇ ਤਰ੍ਹਾਂ ਹੀ ਸੁਲੇਮਾਨ ਦੇ ਨਾਲ ਹੋਵੇ ਅਤੇ ਉਹ ਦੀ ਰਾਜ ਗੱਦੀ ਨੂੰ ਮੇਰੇ ਮਾਲਕ ਪਾਤਸ਼ਾਹ ਦਾਊਦ ਦੀ ਰਾਜ ਗੱਦੀ ਨਾਲੋਂ ਵਧਾਵੇ ।
38ਸਾਦੋਕ ਜਾਜਕ, ਨਾਥਾਨ ਨਬੀ, ਯਹੋਯਾਦਾ ਦਾ ਪੁੱਤਰ ਬਨਾਯਾਹ, ਕਰੇਤੀ ਅਤੇ ਪਲੋਤੀ ਹਠਾੜ ਨੂੰ ਗਏ ਅਤੇ ਸੁਲੇਮਾਨ ਨੂੰ ਦਾਊਦ ਪਾਤਸ਼ਾਹ ਦੀ ਖੱਚਰ ਉੱਤੇ ਚੜ੍ਹਾ ਕੇ ਗੀਹੋਨ ਕੋਲ ਲੈ ਆਏ ।39ਤਦ ਸਾਦੋਕ ਜਾਜਕ ਨੇ ਤੰਬੂ ਵਿੱਚੋਂ ਇੱਕ ਤੇਲ ਦਾ ਸਿੰਙ ਲਿਆ ਅਤੇ ਸੁਲੇਮਾਨ ਨੂੰ ਮਸਹ ਕੀਤਾ, ਤਦ ਉਨ੍ਹਾਂ ਤੁਰ੍ਹੀ ਵਜਾਈ ਅਤੇ ਸਭ ਦੇ ਸਭ ਬੋਲ ਉੱਠੇ, ਸੁਲੇਮਾਨ ਪਾਤਸ਼ਾਹ ਜੀਉਂਦਾ ਰਹੇ ।40ਸਭ ਲੋਕ ਉਸ ਦੇ ਮਗਰ ਉਤਾਹਾਂ ਆਏ ਅਤੇ ਲੋਕ ਵੰਝਲੀਆਂ ਵਜਾਉਂਦੇ ਹੋਏ ਵੱਡਾ ਅਨੰਦ ਕਰਦੇ ਤੁਰੇ ਜਾਂਦੇ ਸਨ, ਅਜਿਹਾ ਜੋ ਧਰਤੀ ਉਨ੍ਹਾਂ ਦੀ ਅਵਾਜ਼ ਨਾਲ ਹਿੱਲ ਗਈ ।
41ਅਦੋਨੀਯਾਹ ਅਤੇ ਉਸ ਦੇ ਨਾਲ ਦੇ ਸਾਰੇ ਮਹਿਮਾਨਾਂ ਨੇ ਜਦ ਉਹ ਰੋਟੀ ਖਾ ਕੇ ਹਟੇ ਹੀ ਸਨ, ਤਾਂ ਇਹ ਅਵਾਜ਼ ਸੁਣੀ ਅਤੇ ਜਦ ਯੋਆਬ ਨੇ ਤੁਰ੍ਹੀ ਦੀ ਅਵਾਜ਼ ਸੁਣੀ ਤਾਂ ਉਸ ਆਖਿਆ, ਸ਼ਹਿਰ ਵਿੱਚ ਇਹ ਰੋਲੇ ਦੀ ਅਵਾਜ਼ ਕਿਉਂ ਹੈ ?42ਉਹ ਅਜੇ ਇਹ ਬੋਲਦਾ ਹੀ ਸੀ, ਤਾਂ ਵੇਖੋ ਅਬਯਾਥਾਰ ਜਾਜਕ ਦਾ ਪੁੱਤਰ ਯੋਨਾਥਾਨ ਆਇਆ ਅਤੇ ਅਦੋਨੀਯਾਹ ਨੇ ਉਸ ਨੂੰ ਆਖਿਆ ਅੰਦਰ ਆ ਜਾ ਕਿਉਂ ਜੋ ਤੂੰ ਸੂਰਮਾ ਮਨੁੱਖ ਹੈ ਅਤੇ ਚੰਗੀ ਖ਼ਬਰ ਲਿਆਇਆ ਹੋਵੇਂਗਾ ।
43ਯੋਨਾਥਾਨ ਨੇ ਉੱਤਰ ਦਿੱਤਾ ਅਤੇ ਅਦੋਨੀਯਾਹ ਨੂੰ ਆਖਿਆ, ਸੱਚ-ਮੁੱਚ ਸਾਡੇ ਮਾਲਕ ਪਾਤਸ਼ਾਹ ਦਾਊਦ ਨੇ ਸੁਲੇਮਾਨ ਨੂੰ ਪਾਤਸ਼ਾਹ ਬਣਾ ਦਿੱਤਾ ਹੈ ।44ਪਾਤਸ਼ਾਹ ਨੇ ਸਾਦੋਕ ਜਾਜਕ, ਨਾਥਾਨ ਨਬੀ, ਯਹੋਯਾਦਾ ਦੇ ਪੁੱਤਰ ਬਨਾਯਾਹ, ਕਰੇਤੀ ਅਤੇ ਪਲੇਤੀ ਉਹ ਦੇ ਨਾਲ ਭੇਜੇ । ਉਨ੍ਹਾਂ ਨੇ ਪਾਤਸ਼ਾਹ ਦੀ ਖੱਚਰ ਉੱਤੇ ਉਸ ਨੂੰ ਚੜ੍ਹਾਇਆ ।45ਸਾਦੋਕ ਜਾਜਕ ਅਤੇ ਨਾਥਾਨ ਨਬੀ ਨੇ ਗੀਹੋਨ ਵਿੱਚ ਉਹ ਨੂੰ ਪਾਤਸ਼ਾਹ ਹੋਣ ਲਈ ਮਸਹ ਕੀਤਾ, ਤਾਂ ਉਹ ਉਥੋਂ ਅਜਿਹਾ ਅਨੰਦ ਕਰਦੇ ਮੁੜੇ ਸਨ ਜੋ ਸ਼ਹਿਰ ਗੱਜ ਉੱਠਿਆ ਹੈ । ਉਹੋ ਗੱਜ ਦੀ ਅਵਾਜ਼ ਤੁਸੀਂ ਸੁਣੀ ।
46ਸੁਲੇਮਾਨ ਰਾਜ ਗੱਦੀ ਉੱਤੇ ਬੈਠ ਗਿਆ ਹੈ ।47ਪਾਤਸ਼ਾਹ ਦੇ ਸੇਵਕ ਆ ਕੇ ਸਾਡੇ ਮਾਲਕ ਪਾਤਸ਼ਾਹ ਦਾਊਦ ਨੂੰ ਵਧਾਈਆਂ ਦੇ ਰਹੇ ਹਨ, ਕਿ ਤੁਹਾਡਾ ਪਰਮੇਸ਼ੁਰ ਸੁਲੇਮਾਨ ਦੇ ਨਾਮ ਨੂੰ ਤੁਹਾਡੇ ਨਾਮ ਨਾਲੋਂ ਵੱਡਾ ਕਰੇ ਅਤੇ ਉਹ ਦੀ ਰਾਜ ਗੱਦੀ ਨੂੰ ਤੁਹਾਡੀ ਰਾਜ ਗੱਦੀ ਨਾਲੋਂ ਵਧਾਵੇ, ਤਾਂ ਪਾਤਸ਼ਾਹ ਨੇ ਆਪਣੇ ਆਪ ਨੂੰ ਮੰਜੇ ਉੱਤੇ ਨੀਵਿਆ ਕੀਤਾ ।48ਪਾਤਸ਼ਾਹ ਨੇ ਵੀ ਇਸ ਤਰ੍ਹਾਂ ਆਖਿਆ, ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਮੁਬਾਰਕ ਹੈ, ਜਿਸ ਨੇ ਅੱਜ ਦੇ ਦਿਨ ਇੱਕ ਪੁੱਤਰ ਦਿੱਤਾ ਜਿਹੜਾ ਮੇਰੀਆਂ ਅੱਖਾਂ ਦੇ ਵੇਖਦਿਆਂ ਮੇਰੀ ਰਾਜ ਗੱਦੀ ਉੱਤੇ ਬੈਠਾ ਹੈ ।
49ਸਾਰੇ ਮਹਿਮਾਨ ਜਿਹੜੇ ਅਦੋਨੀਯਾਹ ਦੇ ਨਾਲ ਸਨ, ਘਬਰਾ ਕੇ ਉੱਠ ਖੜ੍ਹੇ ਹੋਏ ਅਤੇ ਹਰ ਮਨੁੱਖ ਆਪਣੇ-ਆਪਣੇ ਰਾਹ ਤੁਰ ਗਿਆ ।50ਇਸ ਤੋਂ ਬਾਅਦ ਅਦੋਨੀਯਾਹ ਸੁਲੇਮਾਨ ਦੇ ਅੱਗੋਂ ਡਰ ਕੇ ਉੱਠਿਆ ਅਤੇ ਜਗਵੇਦੀ ਦੇ ਸਿੰਙਾਂ ਨੂੰ ਘੁੱਟ ਕੇ ਜਾ ਫੜਿਆ ।51ਸੁਲੇਮਾਨ ਨੂੰ ਦੱਸਿਆ ਗਿਆ ਕਿ ਵੇਖੋ ਅਦੋਨੀਯਾਹ ਸੁਲੇਮਾਨ ਪਾਤਸ਼ਾਹ ਕੋਲੋਂ ਡਰਦਾ ਹੈ ਅਤੇ ਉਸ ਨੇ ਜਗਵੇਦੀ ਦੇ ਸਿੰਙ ਜਾ ਫੜੇ ਹਨ ਅਤੇ ਆਖਦਾ ਹੈ ਕਿ ਸੁਲੇਮਾਨ ਅੱਜ ਦੇ ਦਿਨ ਮੇਰੇ ਨਾਲ ਸਹੁੰ ਖਾਵੇ ਕਿ ਉਹ ਆਪਣੇ ਦਾਸ ਨੂੰ ਤਲਵਾਰ ਨਾਲ ਨਾ ਮਾਰੇਗਾ ।
52ਸੁਲੇਮਾਨ ਨੇ ਆਖਿਆ, ਜੇ ਉਹ ਆਪਣੇ ਆਪ ਨੂੰ ਭਲਾ ਮਨੁੱਖ ਬਣਾ ਕੇ ਵਿਖਾਵੇ, ਤਾਂ ਉਸ ਦਾ ਇੱਕ ਵਾਲ ਵੀ ਧਰਤੀ ਉੱਤੇ ਨਾ ਡਿੱਗੇਗਾ ਪਰ ਜੇ ਕਦੀ ਉਸ ਵਿੱਚ ਕੋਈ ਬੁਰਿਆਈ ਪਾਈ ਗਈ ਤਾਂ ਉਹ ਮਾਰ ਦਿੱਤਾ ਜਾਵੇਗਾ ।53ਸੁਲੇਮਾਨ ਪਾਤਸ਼ਾਹ ਨੇ ਲੋਕ ਭੇਜੇ ਅਤੇ ਉਹ ਉਸ ਨੂੰ ਜਗਵੇਦੀ ਤੋਂ ਹੇਠਾਂ ਲਾਹ ਲਿਆਏ । ਉਸ ਨੇ ਆ ਕੇ ਸੁਲੇਮਾਨ ਪਾਤਸ਼ਾਹ ਨੂੰ ਮੱਥਾ ਟੇਕਿਆ ਅਤੇ ਸੁਲੇਮਾਨ ਨੇ ਉਸ ਨੂੰ ਆਖਿਆ, ਤੂੰ ਆਪਣੇ ਘਰ ਨੂੰ ਜਾ ।

2
ਸੁਲੇਮਾਨ ਨੂੰ ਦਾਊਦ ਦੀ ਆਖਰੀ ਆਗਿਆ

1ਜਦ ਦਾਊਦ ਦੇ ਮਰਨ ਦੇ ਦਿਨ ਨੇੜੇ ਆਏ, ਤਾਂ ਉਸ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਇਹ ਆਗਿਆ ਦਿੱਤੀ2ਕਿ ਮੈਂ ਸਾਰੀ ਸਰਿਸ਼ਟੀ ਦੀ ਤਰ੍ਹਾਂ ਮਰਨ ਨੂੰ ਹਾਂ, ਤੂੰ ਤਕੜਾ ਹੋ ਤੇ ਮਰਦ ਬਣ ।3ਯਹੋਵਾਹ ਆਪਣੇ ਪਰਮੇਸ਼ੁਰ ਦੀ ਆਗਿਆ ਨੂੰ ਮੰਨ ਕੇ ਉਹ ਦੇ ਮਾਰਗ ਉੱਤੇ ਚੱਲ ਅਤੇ ਉਹ ਦੀਆਂ ਬਿਧੀਆਂ, ਹੁਕਮਾਂ, ਨਿਯਮਾਂ, ਅਤੇ ਸਾਖੀਆਂ ਦੀ ਪਾਲਨਾ ਕਰ ਕੇ ਰਾਖੀ ਕਰ, ਜਿਵੇਂ ਮੂਸਾ ਦੀ ਬਿਵਸਥਾ ਵਿੱਚ ਲਿਖਿਆ ਹੈ । ਇਸ ਕਾਰਨ ਤੂੰ ਉਸ ਸਾਰੇ ਕੰਮ ਵਿੱਚ ਜਿਹੜਾ ਤੂੰ ਕਰੇਂ ਅਤੇ ਉਸ ਸਭ ਕਾਸੇ ਵੱਲ ਜਿੱਧਰ ਤੂੰ ਮੂੰਹ ਕਰੇਂ, ਸਫ਼ਲ ਹੋਵੇਂਗਾ ।4ਜਿਸ ਕਰਕੇ ਯਹੋਵਾਹ ਆਪਣੇ ਉਸ ਬਚਨ ਉੱਤੇ ਬਣਿਆ ਰਹੇ, ਜੋ ਉਸ ਨੇ ਮੇਰੇ ਬਾਰੇ ਆਖਿਆ ਸੀ ਕਿ ਜੇਕਰ ਤੇਰੀ ਸੰਤਾਨ ਆਪਣੇ ਮਾਰਗ ਉੱਤੇ ਧਿਆਨ ਰੱਖੇ ਅਤੇ ਆਪਣੇ ਸਾਰੇ ਮਨ ਅਤੇ ਆਪਣੀ ਸਾਰੀ ਜਾਨ ਨਾਲ ਮੇਰੇ ਅੱਗੇ ਸਚਿਆਈ ਨਾਲ ਚਲੇ, ਤਾਂ ਤੇਰੇ ਵੰਸ਼ ਵਿੱਚ ਇਸਰਾਏਲ ਦੀ ਰਾਜ ਗੱਦੀ ਦੇ ਲਈ ਮਨੁੱਖ ਦੀ ਕਮੀ ਨਾ ਹੋਵੇਗੀ ।

5ਤੂੰ ਜਾਣਦਾ ਵੀ ਹੈਂ, ਜੋ ਕੁਝ ਸਰੂਯਾਹ ਦੇ ਪੁੱਤਰ ਯੋਆਬ ਨੇ ਮੇਰੇ ਨਾਲ ਅਤੇ ਇਸਰਾਏਲ ਦੇ ਦੋਹਾਂ ਸੈਨਾਪਤੀਆਂ ਅਰਥਾਤ ਨੇਰ ਦੇ ਪੁੱਤਰ ਅਬਨੇਰ ਅਤੇ ਯਥਰ ਦੇ ਪੁੱਤਰ ਅਮਾਸਾ ਨਾਲ ਕੀਤਾ, ਜਿਨ੍ਹਾਂ ਨੂੰ ਉਸ ਨੇ ਵੱਢ ਸੁੱਟਿਆ ਅਤੇ ਸੁਲਾਹ ਦੇ ਵਿੱਚ ਯੁੱਧ ਦਾ ਲਹੂ ਵਹਾਇਆ ਅਤੇ ਯੁੱਧ ਦੇ ਲਹੂ ਨੂੰ ਆਪਣੀ ਪੇਟੀ ਉੱਤੇ ਜਿਹੜੀ ਉਹ ਦੇ ਲੱਕ ਨਾਲ ਸੀ ਅਤੇ ਆਪਣੀ ਜੁੱਤੀ ਉੱਤੇ ਜਿਹੜੀ ਉਹ ਦੇ ਪੈਰਾਂ ਵਿੱਚ ਸੀ, ਛਿੜਕਿਆ ।6ਤੂੰ ਆਪਣੀ ਬੁੱਧ ਦੇ ਅਨੁਸਾਰ ਕਰੀਂ ਅਤੇ ਉਹ ਦਾ ਧੋਲਾ ਸਿਰ ਸਲਾਮਤੀ ਨਾਲ ਕਬਰ ਵਿੱਚ ਨਾ ਜਾਣ ਦੇਵੀਂ ।
7ਪਰ ਬਰਜ਼ਿੱਲਈ ਗਿਲਆਦੀ ਦੇ ਪੁੱਤਰਾਂ ਉੱਤੇ ਦਯਾ ਕਰੀਂ ਅਤੇ ਉਨ੍ਹਾਂ ਨੂੰ ਉਹਨਾਂ ਦੇ ਵਿੱਚ ਜੋ ਤੇਰੀ ਮੇਜ਼ ਵਿੱਚੋਂ ਖਾਂਦੇ ਹਨ ਰਲਾ ਦੇਈਂ, ਕਿਉਂ ਜੋ ਜਿਸ ਵੇਲੇ ਮੈਂ ਤੇਰੇ ਭਰਾ ਅਬਸ਼ਾਲੋਮ ਦੇ ਅੱਗੋਂ ਭੱਜਿਆ ਸੀ, ਤਾਂ ਉਹ ਉਵੇਂ ਹੀ ਮੇਰੇ ਕੋਲ ਆਏ ਸਨ ।
8ਵੇਖ ਬਹੁਰੀਮ ਦੇ ਬਿਨਯਾਮੀਨੀ ਗੇਰਾ ਦਾ ਪੁੱਤਰ ਸ਼ਿਮਈ ਤੇਰੇ ਨਾਲ ਹੈ । ਜਿਸ ਦਿਨ ਮੈਂ ਮਹਨਇਮ ਨੂੰ ਜਾਂਦਾ ਸੀ, ਤਾਂ ਉਸ ਮੈਨੂੰ ਸੜਿਆ ਹੋਇਆ ਸਰਾਪ ਦਿੱਤਾ ਸੀ ਪਰ ਉਹ ਯਰਦਨ ਉੱਤੇ ਮੈਨੂੰ ਲੈਣ ਲਈ ਆਇਆ ਅਤੇ ਮੈਂ ਉਹ ਨੂੰ ਯਹੋਵਾਹ ਦੀ ਸਹੁੰ ਖਾ ਕੇ ਆਖਿਆ ਸੀ ਕਿ ਮੈਂ ਤੈਨੂੰ ਤਲਵਾਰ ਨਾਲ ਨਾ ਵੱਢਾਂਗਾ ।9ਹੁਣ ਤੂੰ ਉਸ ਨੂੰ ਸਜ਼ਾ ਦਿੱਤੇ ਬਿਨਾਂ ਨਾ ਛੱਡੀ ਕਿਉਂ ਜੋ ਤੂੰ ਬੁੱਧਵਾਨ ਮਨੁੱਖ ਹੈਂ ਅਤੇ ਜੋ ਕੁਝ ਉਸ ਦੇ ਨਾਲ ਕਰਨ ਦੀ ਜ਼ਰੂਰਤ ਹੈ ਉਸ ਨੂੰ ਤੂੰ ਜਾਣਦਾ ਹੈਂ, ਇਸ ਲਈ ਤੂੰ ਉਸ ਦਾ ਧੋਲਾ ਸਿਰ ਲਹੂ ਨਾਲ ਕਬਰ ਵਿੱਚ ਉਤਾਰੀ ।
ਦਾਊਦ ਦੀ ਮੌਤ

10ਦਾਊਦ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ ਅਤੇ ਦਾਊਦ ਦੇ ਸ਼ਹਿਰ ਵਿੱਚ ਦੱਬਿਆ ਗਿਆ ।11ਦਾਊਦ ਨੇ ਇਸਰਾਏਲ ਉੱਤੇ ਚਾਲ੍ਹੀ ਸਾਲ ਰਾਜ ਕੀਤਾ । ਸੱਤ ਸਾਲ ਉਸ ਨੇ ਹਬਰੋਨ ਵਿੱਚ ਰਾਜ ਕੀਤਾ ਅਤੇ ਤੇਤੀ ਸਾਲ ਉਸ ਨੇ ਯਰੂਸ਼ਲਮ ਵਿੱਚ ਰਾਜ ਕੀਤਾ ।12ਸੁਲੇਮਾਨ ਆਪਣੇ ਪਿਤਾ ਦਾਊਦ ਦੀ ਰਾਜ ਗੱਦੀ ਉੱਤੇ ਬੈਠਾ ਅਤੇ ਉਸ ਦਾ ਰਾਜ ਬਹੁਤ ਹੀ ਦ੍ਰਿੜ ਹੋ ਗਿਆ ।
ਅਦੋਨੀਯਾਹ ਮੌਤ ਦੀ ਸਜ਼ਾ

13ਇਸ ਤੋਂ ਬਾਅਦ ਹਗੀਥ ਦਾ ਪੁੱਤਰ ਅਦੋਨੀਯਾਹ ਸੁਲੇਮਾਨ ਦੀ ਮਾਤਾ ਬਥ-ਸ਼ਬਾ ਕੋਲ ਆਇਆ । ਅੱਗੋਂ ਉਸ ਨੇ ਆਖਿਆ, ਤੂੰ ਸੁਲਾਹ ਨਾਲ ਆਇਆ ਹੈਂ ? ਤਾਂ ਉਸ ਨੇ ਉੱਤਰ ਦਿੱਤਾ, ਸੁਲਾਹ ਨਾਲ ।14ਫਿਰ ਉਸ ਨੇ ਆਖਿਆ, ਮੈਂ ਤੇਰੇ ਨਾਲ ਇੱਕ ਗੱਲ ਕਰਨੀ ਹੈਂ ? ਉਸ ਆਖਿਆ, ਬੋਲ ।15ਤਦ ਉਸ ਨੇ ਆਖਿਆ, ਤੂੰ ਜਾਣਦੀ ਹੈਂ ਕਿ ਰਾਜ ਤਾਂ ਮੇਰਾ ਸੀ ਅਤੇ ਉਸ ਵੇਲੇ ਸਾਰੇ ਇਸਰਾਏਲ ਦਾ ਮੂੰਹ ਮੇਰੇ ਉੱਤੇ ਸੀ ਕਿ ਮੈਂ ਰਾਜ ਕਰਾਂ, ਪਰ ਰਾਜ ਉਲਟ ਗਿਆ ਅਤੇ ਮੇਰੇ ਭਰਾ ਦਾ ਹੋ ਗਿਆ, ਕਿਉਂ ਜੋ ਉਹ ਯਹੋਵਾਹ ਦੀ ਵੱਲੋਂ ਉਹ ਦਾ ਹੀ ਸੀ ।
16ਹੁਣ ਮੈਂ ਤੇਰੇ ਕੋਲੋਂ ਇੱਕ ਗੱਲ ਮੰਗਦਾ ਹਾਂ । ਤੂੰ ਮੈਨੂੰ ਨਾਂਹ ਨਾ ਕਰੀਂ । ਉਸ ਨੇ ਆਖਿਆ, ਬੋਲ ।17ਤਦ ਉਸ ਨੇ ਆਖਿਆ, ਦਯਾ ਕਰਕੇ ਸੁਲੇਮਾਨ ਪਾਤਸ਼ਾਹ ਨੂੰ ਆਖ ਕਿ ਉਹ ਅਬੀਸ਼ਗ ਸ਼ੂਨੰਮੀ ਨੂੰ ਮੇਰੀ ਪਤਨੀ ਹੋਣ ਲਈ ਦੇਵੇ, ਕਿਉਂ ਜੋ ਉਹ ਤੇਰੀ ਗੱਲ ਨਾ ਮੋੜੇਗਾ ।18ਬਥ-ਸ਼ਬਾ ਆਖਿਆ, ਚੰਗਾ ਮੈਂ ਤੇਰੇ ਬਾਰੇ ਪਾਤਸ਼ਾਹ ਨਾਲ ਗੱਲ ਕਰਾਂਗੀ ।
19ਬਥ-ਸ਼ਬਾ ਸੁਲੇਮਾਨ ਪਾਤਸ਼ਾਹ ਕੋਲ ਅੰਦਰ ਗਈ ਕਿ ਅਦੋਨੀਯਾਹ ਲਈ ਉਹ ਦੇ ਨਾਲ ਗੱਲ ਕਰੇ, ਤਾਂ ਪਾਤਸ਼ਾਹ ਉਸ ਦੇ ਮਿਲਣ ਲਈ ਉੱਠ ਖੜ੍ਹਾ ਹੋਇਆ ਅਤੇ ਉਸ ਨੂੰ ਮੱਥਾ ਟੇਕਿਆ, ਅਤੇ ਆਪਣੀ ਰਾਜ ਗੱਦੀ ਉੱਤੇ ਬੈਠ ਗਿਆ ਅਤੇ ਆਪਣੀ ਮਾਤਾ ਲਈ ਇੱਕ ਸ਼ਾਹੀ ਕੁਰਸੀ ਲਗਵਾਈ । ਉਹ ਉਹ ਦੇ ਸੱਜੇ ਪਾਸੇ ਵੱਲ ਬੈਠ ਗਈ ।20ਅੱਗੋਂ ਉਸ ਆਖਿਆ, ਮੈਂ ਤੇਰੇ ਕੋਲੋਂ ਇੱਕ ਛੋਟੀ ਜਿਹੀ ਮੰਗ ਮੰਗਦੀ ਹਾਂ । ਮੈਨੂੰ ਖਾਲੀ ਨਾ ਮੋੜੀ ਤਾਂ ਪਾਤਸ਼ਾਹ ਨੇ ਆਖਿਆ, ਮਾਤਾ ਜੀ ਮੰਗੋ ਮੈਂ ਤੁਹਾਡੇ ਬੋਲ ਨੂੰ ਨਾ ਮੋੜਾਂਗਾ ।21ਉਸ ਨੇ ਆਖਿਆ ਕਿ ਅਬੀਸ਼ਗ ਸ਼ੂਨੰਮੀ ਨੂੰ ਆਪਣੇ ਭਰਾ ਅਦੋਨੀਯਾਹ ਦੀ ਪਤਨੀ ਹੋਣ ਲਈ ਦੇ ਦੇ ।
22ਸੁਲੇਮਾਨ ਪਾਤਸ਼ਾਹ ਨੇ ਉੱਤਰ ਦੇ ਕੇ ਆਪਣੀ ਮਾਤਾ ਜੀ ਨੂੰ ਆਖਿਆ, ਤੂੰ ਅਦੋਨੀਯਾਹ ਲਈ ਅਬੀਸ਼ਗ ਸ਼ੂਨੰਮੀ ਨੂੰ ਹੀ ਕਿਉਂ ਮੰਗਦੀ ਹੈਂ ? ਸਗੋਂ ਉਸ ਦੇ ਲਈ ਰਾਜ ਵੀ ਮੰਗ ਕਿਉਂ ਜੋ ਉਹ ਮੇਰਾ ਵੱਡਾ ਭਰਾ ਹੈ, ਸਗੋਂ ਉਹ ਦੇ ਲਈ ਅਤੇ ਅਬਯਾਥਾਰ ਜਾਜਕ ਅਤੇ ਸਰੂਯਾਹ ਦੇ ਪੁੱਤਰ ਯੋਆਬ ਲਈ ਵੀ ।23ਸੁਲੇਮਾਨ ਪਾਤਸ਼ਾਹ ਨੇ ਯਹੋਵਾਹ ਦੀ ਸਹੁੰ ਖਾ ਕੇ ਆਖਿਆ, ਜੇ ਕਦੇ ਅਦੋਨੀਯਾਹ ਨੇ ਇਹ ਗੱਲ ਆਪਣੇ ਪ੍ਰਾਣਾਂ ਦੇ ਵਿਰੋਧ ਵਿੱਚ ਨਹੀਂ ਬੋਲੀ, ਤਾਂ ਪਰਮੇਸ਼ੁਰ ਮੇਰੇ ਨਾਲ ਵੀ ਅਜਿਹਾ ਹੀ ਕਰੇ ਸਗੋਂ ਇਸ ਤੋਂ ਵੀ ਵੱਧ ।
24ਹੁਣ ਜੀਉਂਦੇ ਯਹੋਵਾਹ ਦੀ ਸਹੁੰ ਜਿਸ ਮੈਨੂੰ ਕਾਇਮ ਕੀਤਾ ਹੈ, ਮੈਨੂੰ ਮੇਰੇ ਪਿਤਾ ਦਾਊਦ ਦੀ ਰਾਜ ਗੱਦੀ ਉੱਤੇ ਬਿਠਾਇਆ ਹੈ ਅਤੇ ਮੇਰੇ ਲਈ ਆਪਣੇ ਬਚਨ ਅਨੁਸਾਰ ਇੱਕ ਘਰ ਬਣਾਇਆ ਹੈ, ਅਦੋਨੀਯਾਹ ਅੱਜ ਦੇ ਦਿਨ ਹੀ ਵੱਢਿਆ ਜਾਵੇਗਾ ।25ਸੁਲੇਮਾਨ ਪਾਤਸ਼ਾਹ ਨੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਭੇਜਿਆ ਅਤੇ ਉਹ ਨੇ ਜਾ ਕੇ ਉਸ ਉੱਤੇ ਅਜਿਹਾ ਹਮਲਾ ਕੀਤਾ ਕਿ ਉਹ ਮਰ ਗਿਆ ।
ਅਬਯਾਥਾਰ ਨੂੰ ਹਟਾਉਣਾ

26ਫੇਰ ਪਾਤਸ਼ਾਹ ਨੇ ਅਬਯਾਥਾਰ ਜਾਜਕ ਨੂੰ ਆਖਿਆ ਕਿ ਤੂੰ ਅਨਾਥੋਥ ਨੂੰ ਆਪਣੇ ਖੇਤਾਂ ਵੱਲ ਚੱਲਾ ਜਾ, ਕਿਉਂ ਜੋ ਤੂੰ ਮਰਨ ਜੋਗ ਮਨੁੱਖ ਹੈ ਪਰ ਮੈਂ ਤੈਨੂੰ ਅੱਜ ਦੇ ਦਿਨ ਨਹੀਂ ਮਾਰਦਾ ਕਿਉਂ ਜੋ ਤੂੰ ਮੇਰੇ ਪਿਤਾ ਦਾਊਦ ਦੇ ਸਨਮੁਖ ਯਹੋਵਾਹ ਪ੍ਰਭੂ ਦਾ ਸੰਦੂਕ ਚੁੱਕਦਾ ਹੁੰਦਾ ਸੀ ਅਤੇ ਤੂੰ ਉਨ੍ਹਾਂ ਸਭਨਾਂ ਦੁੱਖਾਂ ਵਿੱਚ ਸਾਂਝੀ ਰਿਹਾ, ਜੋ ਮੇਰੇ ਪਿਤਾ ਉੱਤੇ ਆਏ ਸਨ ।27ਸੁਲੇਮਾਨ ਨੇ ਅਬਯਾਥਾਰ ਨੂੰ ਕੱਢ ਦਿੱਤਾ ਕਿ ਉਹ ਯਹੋਵਾਹ ਦਾ ਜਾਜਕ ਨਾ ਰਹੇ ਇਸ ਲਈ ਕਿ ਉਹ ਯਹੋਵਾਹ ਦਾ ਉਹ ਬਚਨ ਪੂਰਾ ਕਰੇ, ਜਿਹੜਾ ਉਸ ਨੂੰ ਸ਼ੀਲੋਹ ਵਿੱਚ ਏਲੀ ਦੇ ਘਰਾਣੇ ਦੇ ਦੁਆਰਾ ਬੋਲਿਆ ਸੀ ।
ਯੋਆਬ ਨੂੰ ਮੌਤ ਦੀ ਸਜ਼ਾ

28ਇਹ ਖ਼ਬਰ ਯੋਆਬ ਤੱਕ ਪਹੁੰਚੀ, ਕਿਉਂ ਜੋ ਯੋਆਬ ਅਦੋਨੀਯਾਹ ਦੇ ਪਿੱਛੇ ਤਾਂ ਲੱਗਾ ਹੀ ਸੀ, ਭਾਵੇਂ ਉਹ ਅਬਸ਼ਾਲੋਮ ਦੇ ਪਿੱਛੇ ਨਹੀਂ ਸੀ ਲੱਗਾ । ਯੋਆਬ ਯਹੋਵਾਹ ਦੇ ਤੰਬੂ ਵੱਲ ਨੂੰ ਭੱਜਾ ਅਤੇ ਜਗਵੇਦੀ ਦੇ ਸਿੰਙਾਂ ਨੂੰ ਘੁੱਟ ਕੇ ਜਾ ਫੜਿਆ ।29ਸੁਲੇਮਾਨ ਨੇ ਪਾਤਸ਼ਾਹ ਨੂੰ ਦੱਸਿਆ ਗਿਆ ਕਿ ਯੋਆਬ ਯਹੋਵਾਹ ਦੇ ਤੰਬੂ ਨੂੰ ਭੱਜ ਗਿਆ ਹੈ ਅਤੇ ਵੇਖੋ ਉਹ ਜਗਵੇਦੀ ਦੇ ਕੋਲ ਹੈ, ਤਾਂ ਸੁਲੇਮਾਨ ਨੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਭੇਜਿਆ ਕਿ ਉਸ ਉੱਤੇ ਜਾ ਪਓ ।
30ਬਨਾਯਾਹ ਯਹੋਵਾਹ ਦੇ ਤੰਬੂ ਵਿੱਚ ਗਿਆ ਅਤੇ ਉਸ ਨੂੰ ਆਖਿਆ ਕਿ ਪਾਤਸ਼ਾਹ ਇਸ ਤਰ੍ਹਾਂ ਆਖਦਾ ਹੈ ਕਿ ਨਿੱਕਲ ਆ । ਅੱਗੋਂ ਉਸ ਨੇ ਆਖਿਆ, ਨਹੀਂ, ਮੈਂ ਤਾਂ ਇੱਥੇ ਹੀ ਮਰਾਂਗਾ । ਫੇਰ ਇਸ ਗੱਲ ਲਈ ਬਨਾਯਾਹ ਪਾਤਸ਼ਾਹ ਵੱਲ ਮੁੜ ਆਇਆ ਅਤੇ ਆਖਿਆ, ਯੋਆਬ ਇਸ ਤਰ੍ਹਾਂ ਬੋਲਿਆ ਹੈ ਅਤੇ ਮੈਨੂੰ ਇਸ ਤਰ੍ਹਾਂ ਉੱਤਰ ਦਿੱਤਾ ਹੈ ।31ਪਾਤਸ਼ਾਹ ਨੇ ਉਹ ਨੂੰ ਆਖਿਆ, ਉਸ ਦੇ ਬੋਲ ਅਨੁਸਾਰ ਕਰ ਅਤੇ ਉਸ ਦੇ ਉੱਤੇ ਜਾ ਪਓ ਪਰ ਉਸ ਨੂੰ ਦੱਬ ਦੇਵੀਂ ਅਤੇ ਉਨ੍ਹਾਂ ਬੇਦੋਸ਼ਿਆਂ ਦੇ ਖ਼ੂਨ ਨੂੰ ਜੋ ਯੋਆਬ ਨੇ ਵਹਾਇਆ ਮੇਰੇ ਤੋਂ ਅਤੇ ਮੇਰੇ ਪਿਤਾ ਦੇ ਘਰ ਤੋਂ ਮਿਟਾ ਦੇਵੀਂ ।
32ਯਹੋਵਾਹ ਉਸ ਦਾ ਖ਼ੂਨ ਉਸ ਦੇ ਸਿਰ ਉੱਤੇ ਰੱਖੇ, ਕਿਉਂ ਜੋ ਉਹ ਦੋਂਹਾਂ ਮਨੁੱਖਾਂ ਉੱਤੇ ਜਾ ਪਿਆ ਜਿਹੜੇ ਉਸ ਨਾਲੋਂ ਵੱਧ ਸੱਚੇ ਅਤੇ ਭਲੇ ਸਨ ਅਤੇ ਉਨ੍ਹਾਂ ਨੂੰ ਤਲਵਾਰ ਨਾਲ ਵੱਢ ਸੁੱਟਿਆ ਸੀ ਅਤੇ ਮੇਰੇ ਪਿਤਾ ਦਾਊਦ ਨੂੰ ਨਾ ਦੱਸਿਆ ਗਿਆ, ਅਰਥਾਤ ਨੇਰ ਦਾ ਪੁੱਤਰ ਅਬਨੇਰ ਜੋ ਇਸਰਾਏਲ ਦਾ ਸੈਨਾਪਤੀ ਸੀ ਅਤੇ ਯਥਰ ਦਾ ਪੁੱਤਰ ਅਮਾਸਾ ਜੋ ਯਹੂਦਾਹ ਦਾ ਸੈਨਾਪਤੀ ਸੀ ।33ਇਸ ਲਈ ਉਨ੍ਹਾਂ ਦਾ ਖ਼ੂਨ ਯੋਆਬ ਦੇ ਸਿਰ ਉੱਤੇ ਅਤੇ ਉਸ ਦੀ ਅੰਸ ਦੇ ਸਿਰ ਉੱਤੇ ਸਦਾ ਤੱਕ ਰਹੇ, ਪਰ ਦਾਊਦ ਉੱਤੇ, ਉਹ ਦੀ ਅੰਸ ਉੱਤੇ, ਉਹ ਦੇ ਘਰ ਉੱਤੇ ਅਤੇ ਉਹ ਦੀ ਰਾਜਗੱਦੀ ਉੱਤੇ ਸਦਾ ਤੱਕ ਯਹੋਵਾਹ ਵੱਲੋਂ ਸੁੱਖ-ਸਾਂਦ ਰਹੇਗੀ ।
34ਯਹੋਯਾਦਾ ਦਾ ਪੁੱਤਰ ਬਨਾਯਾਹ ਉਤਾਹਾਂ ਚੜ੍ਹ ਗਿਆ, ਉਸ ਦੇ ਉੱਤੇ ਹਮਲਾ ਕਰਕੇ ਉਸ ਨੂੰ ਮਾਰ ਸੁੱਟਿਆ ਅਤੇ ਉਸ ਨੂੰ ਉਸੇ ਦੇ ਘਰ ਵਿੱਚ ਦੱਬ ਦਿੱਤਾ ।35ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਪਾਤਸ਼ਾਹ ਨੇ ਉਸ ਦੇ ਥਾਂ ਸੈਨਾਪਤੀ ਬਣਾਇਆ ਅਤੇ ਸਾਦੋਕ ਜਾਜਕ ਨੂੰ ਪਾਤਸ਼ਾਹ ਨੇ ਅਬਯਾਥਾਰ ਦਾ ਥਾਂ ਦਿੱਤਾ ।
ਸ਼ਿਮਈ ਨੂੰ ਮੌਤ ਦੀ ਸਜ਼ਾ

36ਫੇਰ ਪਾਤਸ਼ਾਹ ਨੇ ਸ਼ਿਮਈ ਨੂੰ ਸੱਦਾ ਭੇਜਿਆ ਅਤੇ ਉਹ ਨੂੰ ਆਖਿਆ, ਤੂੰ ਯਰੂਸ਼ਲਮ ਵਿੱਚ ਇੱਕ ਘਰ ਬਣਾ ਕੇ ਉੱਥੇ ਹੀ ਰਹਿ ਅਤੇ ਉੱਥੋਂ ਕਿਤੇ ਬਾਹਰ ਨਾ ਜਾਈਂ ।37ਕਿਉਂ ਜੋ ਅਜਿਹਾ ਹੋਵੇਗਾ ਕਿ ਜਿਸ ਦਿਨ ਤੂੰ ਬਾਹਰ ਨਿੱਕਲ ਕੇ ਕਿਦਰੋਨ ਦੀ ਵਾਦੀ ਤੋਂ ਲੰਘੇਗਾ, ਤਾਂ ਤੂੰ ਸੱਚ-ਮੁੱਚ ਚੇਤੇ ਰੱਖੀਂ ਕਿ ਤੂੰ ਮਾਰਿਆ ਜਾਵੇਂਗਾ ਅਤੇ ਤੇਰਾ ਖ਼ੂਨ ਤੇਰੇ ਹੀ ਸਿਰ ਉੱਤੇ ਹੋਵੇਗਾ ।38ਸ਼ਿਮਈ ਨੇ ਪਾਤਸ਼ਾਹ ਨੂੰ ਆਖਿਆ, ਸੱਚ ਬਚਨ । ਜਿਵੇਂ ਮੇਰੇ ਮਾਲਕ ਪਾਤਸ਼ਾਹ ਨੇ ਆਖਿਆ, ਤਿਵੇਂ ਹੀ ਤੁਹਾਡਾ ਸੇਵਕ ਕਰੇਗਾ । ਸ਼ਿਮਈ ਬਹੁਤ ਦਿਨਾਂ ਤੱਕ ਯਰੂਸ਼ਲਮ ਵਿੱਚ ਟਿਕਿਆ ਰਿਹਾ ।
39ਤੀਜੇ ਸਾਲ ਦੇ ਅੰਤ ਵਿੱਚ ਇਸ ਤਰ੍ਹਾਂ ਹੋਇਆ ਕਿ ਸ਼ਿਮਈ ਦੇ ਸੇਵਕਾਂ ਵਿੱਚੋਂ ਦੋ ਗਥ ਦੇ ਰਾਜਾ ਮਆਕਾਹ ਦੇ ਪੁੱਤਰ ਅਕੀਸ਼ ਦੇ ਕੋਲ ਭੱਜ ਗਏ, ਤਦ ਸ਼ਿਮਈ ਨੂੰ ਦੱਸਿਆ ਗਿਆ ਕਿ ਵੇਖ ਤੇਰੇ ਸੇਵਕ ਗਥ ਵਿੱਚ ਹਨ ।40ਸ਼ਿਮਈ ਨੇ ਉੱਠ ਕੇ ਆਪਣੇ ਖੋਤੇ ਉੱਤੇ ਕਾਠੀ ਪਾਈ ਅਤੇ ਆਪਣੇ ਸੇਵਕਾਂ ਦੀ ਖ਼ੋਜ ਵਿੱਚ ਗਥ ਵਿੱਚ ਅਕੀਸ਼ ਨੂੰ ਗਿਆ । ਇਸ ਤੋਂ ਬਾਅਦ ਸ਼ਿਮਈ ਗਿਆ ਅਤੇ ਗਥ ਤੋਂ ਆਪਣੇ ਸੇਵਕਾਂ ਨੂੰ ਮੋੜ ਲਿਆਇਆ ।
41ਤਦ ਸੁਲੇਮਾਨ ਨੂੰ ਦੱਸਿਆ ਗਿਆ ਕਿ ਸ਼ਿਮਈ ਯਰੂਸ਼ਲਮ ਵਿੱਚੋਂ ਗਥ ਨੂੰ ਗਿਆ ਅਤੇ ਮੁੜ ਆਇਆ ।42ਪਾਤਸ਼ਾਹ ਨੇ ਸ਼ਿਮਈ ਨੂੰ ਸੱਦ ਭੇਜਿਆ ਅਤੇ ਉਹ ਨੂੰ ਆਖਿਆ ਕੀ ਮੈਂ ਤੈਨੂੰ ਯਹੋਵਾਹ ਦੀ ਸਹੁੰ ਨਹੀਂ ਖਵਾਈ ਸੀ ਅਤੇ ਤੈਨੂੰ ਸਖ਼ਤੀ ਨਾਲ ਨਹੀਂ ਸੀ ਆਖਿਆ ਕਿ ਤੂੰ ਸੱਚ ਜਾਣੀ ਕਿ ਜਿਸ ਦਿਨ ਤੂੰ ਬਾਹਰ ਜਾਵੇਂਗਾ, ਉਸ ਦਿਨ ਤੂੰ ਸੱਚ-ਮੁੱਚ ਮਾਰਿਆ ਜਾਵੇਂਗਾ ? ਅਤੇ ਤੂੰ ਮੈਨੂੰ ਆਖਿਆ ਸੱਚ ਬਚਨ । ਮੈਂ ਗੱਲ ਸੁਣ ਲਈ ਹੈ ।
43ਫੇਰ ਤੂੰ ਕਿਉਂ ਯਹੋਵਾਹ ਦੀ ਸਹੁੰ ਦੀ ਪਾਲਨਾ ਨਾ ਕੀਤੀ ਅਤੇ ਉਸ ਹੁਕਮ ਉੱਤੇ ਜਿਹੜਾ ਮੈਂ ਤੈਨੂੰ ਦਿੱਤਾ ਸੀ ਨਾ ਚੱਲਿਆ ?44ਤਦ ਪਾਤਸ਼ਾਹ ਨੇ ਸ਼ਿਮਈ ਨੂੰ ਆਖਿਆ, ਤੂੰ ਉਸ ਸਾਰੀ ਬੁਰਿਆਈ ਨੂੰ ਜਾਣਦਾ ਹੈਂ ਜਿਹੜੀ ਤੇਰੇ ਮਨ ਵਿੱਚ ਹੈ ਅਤੇ ਜਿਹੜੀ ਤੂੰ ਮੇਰੇ ਪਿਤਾ ਦਾਊਦ ਨਾਲ ਕੀਤੀ, ਯਹੋਵਾਹ ਉਸ ਬੁਰਿਆਈ ਨੂੰ ਤੇਰੇ ਸਿਰ ਮੋੜ ਲਿਆਵੇਗਾ ।
45ਪਰ ਸੁਲੇਮਾਨ ਪਾਤਸ਼ਾਹ ਮੁਬਾਰਕ ਹੋਵੇਗਾ ਅਤੇ ਦਾਊਦ ਦੀ ਰਾਜ ਗੱਦੀ ਯਹੋਵਾਹ ਅੱਗੇ ਸਦਾ ਤੱਕ ਕਾਇਮ ਰਹੇਗੀ ।46ਪਾਤਸ਼ਾਹ ਨੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਹੁਕਮ ਦਿੱਤਾ, ਤਾਂ ਉਹ ਬਾਹਰ ਗਿਆ ਅਤੇ ਉਸ ਉੱਤੇ ਹਮਲਾ ਕੀਤਾ ਕਿ ਉਹ ਮਰ ਗਿਆ, ਸੋ ਰਾਜ ਸੁਲੇਮਾਨ ਦੇ ਹੱਥ ਵਿੱਚ ਪੱਕਾ ਹੋ ਗਿਆ ।

3
ਬੁੱਧੀ ਪਾਉਣ ਦੇ ਲਈ ਸੁਲੇਮਾਨ ਦੀ ਪ੍ਰਾਰਥਨਾ

1ਸੁਲੇਮਾਨ ਨੇ ਮਿਸਰ ਦੇ ਪਾਤਸ਼ਾਹ ਫ਼ਿਰਊਨ ਨਾਲ ਰਿਸ਼ਤੇਦਾਰੀ ਬਣਾਈ ਅਤੇ ਫਿਰਊਨ ਦੀ ਧੀ ਨੂੰ ਵਿਆਹ ਕੇ ਲੈ ਆਇਆ । ਉਸ ਨੂੰ ਆਪਣਾ ਮਹਿਲ, ਯਹੋਵਾਹ ਦਾ ਭਵਨ ਅਤੇ ਯਰੂਸ਼ਲਮ ਦੀ ਸ਼ਹਿਰ ਪਨਾਹ ਬਣਨ ਤੱਕ ਦਾਊਦ ਦੇ ਸ਼ਹਿਰ ਵਿੱਚ ਰੱਖਿਆ ।2ਲੋਕ ਕੇਵਲ ਉੱਚਿਆਂ ਥਾਵਾਂ ਉੱਤੇ ਬਲੀਆਂ ਚੜ੍ਹਾਉਂਦੇ ਸਨ, ਕਿਉਂ ਜੋ ਕੋਈ ਭਵਨ ਯਹੋਵਾਹ ਦੇ ਨਾਮ ਲਈ ਅਜੇ ਤੱਕ ਬਣਿਆ ਨਹੀਂ ਸੀ ।3ਸੁਲੇਮਾਨ ਦੀ ਯਹੋਵਾਹ ਨਾਲ ਲਗਨ ਸੀ ਅਤੇ ਆਪਣੇ ਪਿਤਾ ਦਾਊਦ ਦੀਆਂ ਬਿਧੀਆਂ ਉੱਤੇ ਚੱਲਦਾ ਸੀ, ਪਰ ਉੱਚਿਆਂ ਥਾਵਾਂ ਉੱਤੇ ਬਲੀਆਂ ਚੜ੍ਹਾਉਂਦਾ ਅਤੇ ਧੂਪ ਧੁਖਾਉਂਦਾ ਸੀ ।

4ਪਾਤਸ਼ਾਹ ਹੋਮ ਬਲੀ ਲਈ ਗਿਬਓਨ ਨੂੰ ਗਿਆ ਕਿਉਂ ਜੋ ਉਹ ਉੱਚਾ ਅਤੇ ਵੱਡਾ ਥਾਂ ਸੀ ਅਤੇ ਸੁਲੇਮਾਨ ਨੇ ਉਸ ਜਗਵੇਦੀ ਉੱਤੇ ਹੋਮ ਦੀਆਂ ਇੱਕ ਹਜ਼ਾਰ ਬਲੀਆਂ ਚੜ੍ਹਾਈਆਂ ।5ਗਿਬਓਨ ਵਿੱਚ ਰਾਤ ਦੇ ਸਮੇਂ ਸੁਫਨੇ ਵਿੱਚ ਸੁਲੇਮਾਨ ਨੂੰ ਯਹੋਵਾਹ ਦਾ ਦਰਸ਼ਨ ਹੋਇਆ । ਪਰਮੇਸ਼ੁਰ ਨੇ ਆਖਿਆ, ਮੰਗ ਮੈਂ ਤੈਨੂੰ ਕੀ ਦੇਵਾਂ ?
6ਸੁਲੇਮਾਨ ਨੇ ਆਖਿਆ, ਤੂੰ ਆਪਣੇ ਦਾਸ ਮੇਰੇ ਪਿਤਾ ਦਾਊਦ ਉੱਤੇ ਵੱਡੀ ਨੇਕੀ ਕੀਤੀ ਕਿਉਂ ਜੋ ਉਹ ਤੇਰੇ ਸਨਮੁਖ ਸਚਿਆਈ, ਧਰਮ ਅਤੇ ਮਨ ਦੀ ਖਰਾਈ ਵਿੱਚ ਤੇਰੇ ਨਾਲ ਚੱਲਦਾ ਰਿਹਾ ਅਤੇ ਤੂੰ ਉਹ ਦੇ ਲਈ ਉਸ ਵੱਡੀ ਨੇਕੀ ਦੀ ਪਾਲਨਾ ਕੀਤੀ ਕਿ ਉਹ ਨੂੰ ਇੱਕ ਪੁੱਤਰ ਦਿੱਤਾ ਜਿਹੜਾ ਉਹ ਦੀ ਰਾਜ ਗੱਦੀ ਉੱਤੇ ਬੈਠਾ ਹੈ, ਜਿਵੇਂ ਅੱਜ ਦੇ ਦਿਨ ਹੈ ।
7ਹੁਣ ਹੇ ਯਹੋਵਾਹ, ਮੇਰੇ ਪਰਮੇਸ਼ੁਰ ਤੂੰ ਆਪਣੇ ਦਾਸ ਨੂੰ ਮੇਰੇ ਪਿਤਾ ਦਾਊਦ ਦੇ ਥਾਂ ਪਾਤਸ਼ਾਹ ਬਣਾਇਆ ਹੈ ਪਰ ਮੈਂ ਤਾਂ ਇੱਕ ਛੋਟਾ ਜਿਹਾ ਮੁੰਡਾ ਹਾਂ ਅਤੇ ਮੈਂ ਬਾਹਰ ਜਾਣਾ ਅਤੇ ਅੰਦਰ ਆਉਣਾ ਨਹੀਂ ਜਾਣਦਾ ਹਾਂ ।8ਤੇਰਾ ਦਾਸ ਤੇਰੀ ਪਰਜਾ ਦੇ ਵਿੱਚਕਾਰ ਹੈ ਜਿਹ ਨੂੰ ਤੂੰ ਚੁਣਿਆ ਹੈ । ਉਹ ਬਹੁਤੇ ਲੋਕ ਹਨ ਜਿਹੜੇ ਨਾ ਗਿਣੇ ਜਾਂਦੇ ਹਨ ਅਤੇ ਬਹੁਤਿਆਂ ਦੇ ਕਾਰਨ ਨਾ ਉਨ੍ਹਾਂ ਦਾ ਲੇਖਾ ਹੀ ਹੋ ਸਕਦਾ ਹੈ ।9ਤੂੰ ਆਪਣੇ ਦਾਸ ਨੂੰ ਸੁਣਨ ਵਾਲਾ ਮਨ ਦੇ ਕਿ ਉਹ ਤੇਰੀ ਪਰਜਾ ਦਾ ਨਿਆਂ ਕਰ ਸਕੇ, ਇਸ ਲਈ ਕਿ ਮੈਂ ਭਲੇ ਅਤੇ ਬੁਰੇ ਨੂੰ ਸਮਝਾਂ ਕਿਉਂ ਜੋ ਤੇਰੇ ਬਹੁਤੇ ਲੋਕਾਂ ਦਾ ਨਿਆਂ ਕੌਣ ਕਰ ਸਕਦਾ ਹੈ ?
10ਇਹ ਗੱਲ ਪ੍ਰਭੂ ਦੀ ਨਿਗਾਹ ਵਿੱਚ ਚੰਗੀ ਲੱਗੀ, ਕਿ ਸੁਲੇਮਾਨ ਨੇ ਇਹ ਚੀਜ਼ ਮੰਗੀ ਹੈ ।11ਅਤੇ ਆਪਣੇ ਲਈ ਬਹੁਤੇ ਦਿਨ ਨਹੀਂ ਮੰਗੇ ਨਾ ਆਪਣੇ ਲਈ ਧਨ ਮੰਗਿਆ ਹੈ ਅਤੇ ਨਾ ਆਪਣੇ ਵੈਰੀਆਂ ਦੇ ਪ੍ਰਾਣ ਮੰਗੇ ਹਨ, ਪਰ ਆਪਣੇ ਲਈ ਨਿਆਂ ਦੇ ਸੁਣਨ ਲਈ ਬੁੱਧ ਮੰਗੀ ਹੈ ।12ਵੇਖ ਮੈਂ ਤੇਰੀਆਂ ਗੱਲਾਂ ਦੇ ਅਨੁਸਾਰ ਕਰਾਂਗਾ ਅਤੇ ਮੈਂ ਤੈਨੂੰ ਇੱਕ ਬੁੱਧਵਾਨ ਅਤੇ ਸਮਝ ਵਾਲਾ ਮਨ ਦਿੱਤਾ ਹੈ, ਅਜਿਹਾ ਜੋ ਤੇਰੇ ਵਰਗਾ ਤੇਰੇ ਨਾਲੋਂ ਪਹਿਲਾਂ ਕੋਈ ਨਹੀਂ ਹੋਇਆ ਅਤੇ ਨਾ ਤੇਰੇ ਬਾਅਦ ਕੋਈ ਤੇਰੇ ਵਰਗਾ ਉੱਠੇਗਾ ।
13ਮੈਂ ਤੈਨੂੰ ਜੋ ਤੂੰ ਨਹੀਂ ਮੰਗਿਆ ਉਹ ਵੀ ਦਿੱਤਾ, ਧਨ ਅਤੇ ਇੱਜ਼ਤ ਵੀ ਅਜਿਹਾ ਜੋ ਪਾਤਸ਼ਾਹਾਂ ਦੇ ਵਿੱਚੋਂ ਤੇਰੇ ਵਰਗਾ ਤੇਰੇ ਸਾਰੇ ਦਿਨਾਂ ਵਿੱਚ ਕੋਈ ਮਨੁੱਖ ਨਹੀਂ ਹੋਵੇਗਾ ।14ਜੇਕਰ ਤੂੰ ਮੇਰੇ ਮਾਰਗ ਉੱਤੇ ਚੱਲੇਂਗਾ ਅਤੇ ਮੇਰੀਆਂ ਬਿਧੀਆਂ ਅਤੇ ਮੇਰੇ ਹੁਕਮਾਂ ਦੀ ਪਾਲਨਾ ਕਰੇਂਗਾ, ਜਿਵੇਂ ਤੇਰੇ ਪਿਤਾ ਦਾਊਦ ਨੇ ਕੀਤਾ, ਤਾਂ ਮੈਂ ਤੇਰੀ ਉਮਰ ਵਧਾਵਾਂਗਾ ।
15ਤਦ ਸੁਲੇਮਾਨ ਜਾਗ ਉੱਠਿਆ ਅਤੇ ਵੇਖਿਆ ਕਿ ਇਹ ਤਾਂ ਸੁਫ਼ਨਾ ਹੈ । ਫੇਰ ਉਹ ਯਰੂਸ਼ਲਮ ਵਿੱਚ ਆਇਆ ਅਤੇ ਪ੍ਰਭੂ ਦੇ ਨੇਮ ਦੇ ਸੰਦੂਕ ਅੱਗੇ ਖੜ੍ਹਾ ਰਿਹਾ ਅਤੇ ਹੋਮ ਦੀਆਂ ਬਲੀਆਂ ਚੜ੍ਹਾਈਆਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਤਿਆਰ ਕੀਤੀਆਂ ਅਤੇ ਆਪਣੇ ਸੇਵਕਾਂ ਲਈ ਦਾਵਤ ਕੀਤੀ ।
ਸੁਲੇਮਾਨ ਦਾ ਅਦਭੁਤ ਨਿਆਂ

16ਉਸ ਵੇਲੇ ਦੋ ਔਰਤਾਂ ਜਿਹੜੀਆਂ ਵੇਸਵਾਂ ਸਨ ਪਾਤਸ਼ਾਹ ਦੇ ਸਨਮੁਖ ਆ ਖੜ੍ਹੀਆਂ ।17ਇੱਕ ਔਰਤ ਨੇ ਆਖਿਆ, ਹੇ ਮੇਰੇ ਮਾਲਕ, ਅਸੀਂ ਦੋਵੇਂ ਔਰਤਾਂ ਇੱਕੋ ਘਰ ਵਿੱਚ ਰਹਿੰਦੀਆਂ ਹਾਂ ਅਤੇ ਮੈਂ ਘਰ ਵਿੱਚ ਉਸ ਦੇ ਨਾਲ ਰਹਿੰਦਿਆਂ ਇੱਕ ਬੱਚੇ ਨੂੰ ਜਨਮ ਦਿੱਤਾ ।
18ਤਦ ਤੀਜੇ ਦਿਨ ਇਸ ਤਰ੍ਹਾਂ ਹੋਇਆ ਕਿ ਜਦ ਮੈਂ ਬੱਚੇ ਨੂੰ ਜਨਮ ਦੇ ਚੁੱਕੀ, ਤਾਂ ਇਹ ਔਰਤ ਨੇ ਵੀ ਇੱਕ ਬੱਚੇ ਨੂੰ ਜਨਮ ਦਿੱਤਾ, ਅਸੀਂ ਇਕੱਠੀਆਂ ਸੀ ਅਤੇ ਸਾਡੇ ਨਾਲ ਘਰ ਵਿੱਚ ਕੋਈ ਓਪਰਾ ਨਹੀਂ ਸੀ, ਇੱਥੋਂ ਤੱਕ ਕਿ ਘਰ ਵਿੱਚ ਸਾਡੇ ਤੋਂ ਇਲਾਵਾ ਹੋਰ ਕੋਈ ਵੀ ਨਹੀਂ ਸੀ ।19ਇਸ ਔਰਤ ਦਾ ਬੱਚਾ ਰਾਤ ਨੂੰ ਮਰ ਗਿਆ ਕਿਉਂ ਜੋ ਇਹ ਉਹ ਦੇ ਉੱਤੇ ਲੇਟ ਗਈ ਸੀ ।20ਤਦ ਇਹ ਅੱਧੀ ਰਾਤ ਨੂੰ ਉੱਠੀ, ਜਦ ਤੇਰੀ ਦਾਸੀ ਸੁੱਤੀ ਹੋਈ ਸੀ, ਤਾਂ ਮੇਰੇ ਬੱਚੇ ਨੂੰ ਮੇਰੇ ਨਾਲੋਂ ਲਿਆ ਅਤੇ ਆਪਣੀ ਹਿੱਕ ਨਾਲ ਲਿਟਾ ਲਿਆ ਅਤੇ ਆਪਣਾ ਮੁਰਦਾ ਬੱਚਾ ਮੇਰੀ ਹਿੱਕ ਨਾਲ ਲਿਟਾ ਦਿੱਤਾ ।
21ਸਵੇਰ ਨੂੰ ਜਦ ਮੈਂ ਆਪਣੇ ਬੱਚੇ ਨੂੰ ਦੁੱਧ ਚੁੰਘਾਉਣ ਲਈ ਉੱਠੀ ਤਾਂ ਵੇਖੋ ਉਹ ਮਰਿਆ ਪਿਆ ਸੀ, ਪਰ ਜਦ ਸਵੇਰ ਦੇ ਚਾਨਣ ਵਿੱਚ ਮੈਂ ਉਸ ਨੂੰ ਧਿਆਨ ਦੇ ਨਾਲ ਵੇਖਿਆ, ਤਾਂ ਇਹ ਮੇਰਾ ਬੱਚਾ ਨਹੀਂ ਸੀ ਜਿਸ ਨੂੰ ਮੈਂ ਜਨਮ ਦਿੱਤਾ ਸੀ ।22ਤਦ ਦੂਜੀ ਔਰਤ ਨੇ ਆਖਿਆ, ਇਸ ਤਰ੍ਹਾਂ ਨਹੀਂ ਹੈ, ਸਗੋਂ ਜਿਉਂਦਾ ਬੱਚਾ ਮੇਰਾ ਹੈ ਅਤੇ ਮਰਿਆ ਹੋਇਆ ਤੇਰਾ ਹੈ । ਪਹਿਲੀ ਨੇ ਆਖਿਆ, ਇਸ ਤਰ੍ਹਾਂ ਨਹੀਂ ਤੇਰਾ ਬੱਚਾ ਮਰਿਆ ਹੋਇਆ ਹੈ ਅਤੇ ਮੇਰਾ ਬੱਚਾ ਜਿਉਂਦਾ ਹੈ । ਇਸ ਤਰ੍ਹਾਂ ਉਨ੍ਹਾਂ ਨੇ ਪਾਤਸ਼ਾਹ ਦੇ ਸਨਮੁਖ ਗੱਲਾਂ ਕੀਤੀਆਂ ।
23ਤਦ ਪਾਤਸ਼ਾਹ ਨੇ ਆਖਿਆ, ਇੱਕ ਆਖਦੀ ਹੈ ਕਿ ਜਿਉਂਦਾ ਬੱਚਾ ਮੇਰਾ ਹੈ ਅਤੇ ਮਰਿਆ ਹੋਇਆ ਇਸ ਦਾ ਹੈ ਅਤੇ ਦੂਸਰੀ ਆਖਦੀ ਹੈ ਕਿ ਜਿਉਂਦਾ ਬੱਚਾ ਮੇਰਾ ਹੈ ਅਤੇ ਮਰਿਆ ਹੋਇਆ ਇਸ ਦਾ ।24ਪਾਤਸ਼ਾਹ ਨੇ ਆਖਿਆ, ਮੇਰੇ ਲਈ ਇੱਕ ਤਲਵਾਰ ਲੈ ਆਓ ਤਾਂ ਉਹ ਪਾਤਸ਼ਾਹ ਦੇ ਸਨਮੁਖ ਇੱਕ ਤਲਵਾਰ ਲੈ ਆਏ ।25ਪਾਤਸ਼ਾਹ ਨੇ ਆਖਿਆ, ਇਸ ਜਿਉਂਦੇ ਬੱਚੇ ਨੂੰ ਦੋ ਹਿੱਸਿਆਂ ਵਿੱਚ ਚੀਰ ਸੁੱਟੋ । ਅੱਧਾ ਇੱਕ ਨੂੰ ਦੇ ਦਿਓ ਅਤੇ ਅੱਧਾ ਦੂਜੀ ਨੂੰ ।
26ਤਦ ਉਹ ਔਰਤ ਜਿਸ ਦਾ ਬੱਚਾ ਜਿਉਂਦਾ ਸੀ ਪਾਤਸ਼ਾਹ ਨੂੰ ਆਖਣ ਲੱਗੀ, ਹੇ ਮੇਰੇ ਮਾਲਕ, ਜਿਉਂਦਾ ਬੱਚਾ ਇਸੇ ਨੂੰ ਦੇ ਦਿਓ ਅਤੇ ਉਸ ਨੂੰ ਨਾ ਮਾਰੋ ਕਿਉਂ ਜੋ ਉਸ ਦੀ ਮਮਤਾ ਆਪਣੇ ਬੱਚੇ ਲਈ ਬਲ ਉੱਠੀ ਸੀ । ਦੂਜੀ ਨੇ ਆਖਿਆ, ਇਹ ਨਾ ਮੇਰਾ ਰਹੇ ਨਾ ਤੇਰਾ ਸਗੋਂ ਚੀਰਿਆ ਜਾਵੇ ।27ਪਾਤਸ਼ਾਹ ਨੇ ਉੱਤਰ ਦੇ ਕੇ ਆਖਿਆ ਕਿ ਜਿਉਂਦਾ ਬੱਚਾ ਇਸੇ ਨੂੰ ਦੇ ਦਿਓ ਅਤੇ ਨਾ ਮਾਰੋ ਕਿਉਂ ਜੋ ਇਸ ਦੀ ਮਾਤਾ ਇਹੋ ਹੀ ਹੈ ।28ਤਦ ਸਾਰੇ ਇਸਰਾਏਲ ਨੇ ਇਸ ਨਿਆਂ ਨੂੰ ਸੁਣਿਆ ਜਿਹੜਾ ਨਿਆਂ ਪਾਤਸ਼ਾਹ ਨੇ ਕੀਤਾ, ਤਾਂ ਉਹ ਪਾਤਸ਼ਾਹ ਦੇ ਸਨਮੁਖ ਡਰਨ ਲੱਗ ਪਏ ਕਿਉਂ ਜੋ ਉਨ੍ਹਾਂ ਨੇ ਵੇਖਿਆ ਕਿ ਪਰਮੇਸ਼ੁਰ ਦੀ ਬੁੱਧ ਨਿਆਂ ਕਰਨ ਲਈ ਉਸ ਦੇ ਵਿੱਚ ਹੈ ।

4
ਸੁਲੇਮਾਨ ਦੇ ਉੱਚ ਅਧਿਕਾਰੀ

1ਇਸ ਤਰ੍ਹਾਂ ਸੁਲੇਮਾਨ ਪਾਤਸ਼ਾਹ ਸਾਰੇ ਇਸਰਾਏਲ ਉੱਤੇ ਪਾਤਸ਼ਾਹ ਹੋ ਗਿਆ ।2ਉਸ ਦੇ ਮੁੱਖ ਸਰਦਾਰ ਇਹ ਸਨ: ਸਾਦੋਕ ਜਾਜਕ ਦਾ ਪੁੱਤਰ ਅਜ਼ਰਯਾਹ ਜਾਜਕ ਸੀ,3ਸ਼ੀਸ਼ਾ ਦੇ ਪੁੱਤਰ ਅਲੀ ਹੋਰਫ ਅਤੇ ਅਹੀਯਾਹ ਲਿਖਾਰੀ ਸਨ, ਅਹੀਲੂਦ ਦਾ ਪੁੱਤਰ ਯਹੋਸ਼ਾਫਾਟ ਇਤਿਹਾਸ ਦਾ ਲਿਖਾਰੀ ਸੀ,4ਯਹੋਯਾਦਾ ਦਾ ਪੁੱਤਰ ਬਨਾਯਾਹ ਸੈਨਾਪਤੀ ਸੀ, ਸਾਦੋਕ ਅਤੇ ਅਬਯਾਥਾਰ ਜਾਜਕ ਸਨ,

5ਨਾਥਾਨ ਦਾ ਪੁੱਤਰ ਅਜ਼ਰਯਾਹ ਭੰਡਾਰੀਆਂ ਦੇ ਉੱਤੇ ਸੀ ਅਤੇ ਨਾਥਾਨ ਦਾ ਪੁੱਤਰ ਜ਼ਾਬੂਦ ਜਾਜਕ ਸੀ ਅਤੇ ਉਹ ਪਾਤਸ਼ਾਹ ਦਾ ਮਿੱਤਰ ਸੀ,6ਅਹੀਸ਼ਾਰ ਘਰਾਣੇ ਉੱਤੇ ਸੀ ਅਤੇ ਅਬਦਾ ਦਾ ਪੁੱਤਰ ਅਦੋਨੀਰਾਮ ਉਨ੍ਹਾਂ ਉੱਤੇ ਸੀ ਜਿੰਨ੍ਹਾਂ ਤੋਂ ਧੱਕੇ ਨਾਲ ਕੰਮ ਕਰਵਾਇਆ ਜਾਂਦਾ ਸੀ ।
7ਸੁਲੇਮਾਨ ਨੇ ਸਾਰੇ ਇਸਰਾਏਲ ਉੱਤੇ ਬਾਰਾਂ ਭੰਡਾਰੀ ਠਹਿਰਾਏ ਜਿਹੜੇ ਪਾਤਸ਼ਾਹ ਅਤੇ ਉਸ ਦੇ ਘਰਾਣੇ ਲਈ ਰਸਤ ਲਿਆਉਣ । ਉਨ੍ਹਾਂ ਵਿੱਚੋਂ ਇੱਕ-ਇੱਕ ਜਣਾ ਸਾਲ ਵਿੱਚ ਇੱਕ ਮਹੀਨਾ ਰਸਤ ਲਿਆਉਂਦਾ ਸੀ ।8ਉਨ੍ਹਾਂ ਦੇ ਨਾਮ ਇਹ ਸਨ, ਬਨਹੂਰ ਅਫ਼ਰਾਈਮ ਦੇ ਪਹਾੜ ਵਿੱਚ;9ਬਨ-ਦਕਰ ਮਾਕਸ, ਸਆਲਬੀਮ, ਬੈਤ-ਸ਼ਮਸ਼ ਅਤੇ ਏਲੋਨ-ਬੈਤ-ਹਨਾਨ ਦੇ ਵਿੱਚ ਸੀ;10ਬਨ-ਹਸਦ ਅਰੁਬੋਥ ਵਿੱਚ ਜਿਸ ਲਈ ਸੋਕੋਹ ਅਤੇ ਹੇਫਰ ਦਾ ਸਾਰਾ ਦੇਸ ਸੀ;
11ਬਨ ਅਬੀਨਾਦਾਬ ਦੋਰ ਦੀ ਸਾਰੀ ਚੜ੍ਹਾਈ ਵਿੱਚ ਜਿਸ ਦੀ ਪਤਨੀ ਸੁਲੇਮਾਨ ਦੀ ਧੀ ਟਾਫਥ ਸੀ;12ਅਹੀਲੂਦ ਦਾ ਪੁੱਤਰ ਬਆਨਾ ਤਾਨਾਕ, ਮਗਿੱਦੋ ਅਤੇ ਸਾਰੇ ਬੈਤ-ਸ਼ਾਨ ਵਿੱਚ ਜਿਹੜਾ ਸਾਰਥਾਨਾਹ ਦੇ ਨਾਲ ਸੀ ਅਤੇ ਯਿਜ਼ਰਾਏਲ ਦੀ ਨਿਵਾਨ ਵਿੱਚ ਸੀ ਬੈਤ-ਸ਼ਾਨ ਤੋਂ ਆਬੇਲ ਮਹੋਲਾਹ ਤੱਕ ਅਤੇ ਯਾਕਮਆਮ ਦੇ ਪਾਰ ਤੱਕ;13ਬਨ ਗਬਰ ਰਾਮੋਥ ਗਿਲਆਦ ਵਿੱਚ ਅਤੇ ਮੱਨਸ਼ਹ ਦੇ ਪੁੱਤਰ ਯਾਈਰ ਦੇ ਪਿੰਡ ਜੋ ਗਿਲਆਦ ਵਿੱਚ ਸਨ ਉਹ ਦੇ ਸਨ ਅਤੇ ਅਰਗੋਬ ਦੇ ਹਿੱਸੇ ਨਾਲ ਜੋ ਬਾਸ਼ਾਨ ਵਿੱਚ ਸੀ ਅਰਥਾਤ ਸੱਠ ਵੱਡੇ ਅਤੇ ਫਸੀਲ ਵਾਲੇ ਪਿੱਤਲ ਦੇ ਅਰਲਾਂ ਵਾਲੇ ਸ਼ਹਿਰ ਉਸ ਦੇ ਸਨ;14ਇੱਦੋ ਦਾ ਪੁੱਤਰ ਅਹੀਨਾਦਾਬ ਮਹਨਇਮ ਵਿੱਚ;
15ਅਹੀਮਆਸ ਨਫਤਾਲੀ ਵਿੱਚ ਅਤੇ ਉਸ ਨੇ ਸੁਲੇਮਾਨ ਦੀ ਧੀ ਬਾਸਮਥ ਨੂੰ ਵਿਆਹ ਲਿਆ;16ਹਸ਼ਈ ਦਾ ਪੁੱਤਰ ਬਆਨਾ ਆਸ਼ੇਰ ਵਿੱਚ ਅਤੇ ਆਲੋਥ ਵਿੱਚ;17ਪਾਰੂਆਹ ਦਾ ਪੁੱਤਰ ਯਹੋਸ਼ਾਫਟ ਯਿੱਸਾਕਾਰ ਵਿੱਚ;
18ਏਲਾ ਦਾ ਪੁੱਤਰ ਸ਼ਿਮਾਈ ਬਿਨਯਾਮੀਨ ਵਿੱਚ;19ਊਰੀ ਦਾ ਪੁੱਤਰ ਗਬਰ ਗਿਲਆਦ ਦੇ ਦੇਸ ਵਿੱਚ ਜੋ ਅੰਮੋਰੀਆਂ ਦੇ ਰਾਜਾ ਸੀਹੋਨ ਅਤੇ ਬਾਸ਼ਾਨ ਦੇ ਰਾਜਾ ਓਗ ਦਾ ਦੇਸ ਸੀ, ਉਸ ਦੇਸ ਦਾ ਉਹ ਇੱਕਲਾ ਭੰਡਾਰੀ ਸੀ ।
ਸੁਲੇਮਾਨ ਦਾ ਸਫ਼ਲ ਰਾਜ

20ਯਹੂਦਾਹ ਅਤੇ ਇਸਰਾਏਲ ਉਸ ਰੇਤ ਦੇ ਢੇਰ ਵਾਂਗੂੰ ਬਹੁਤ ਸਾਰੇ ਸਨ ਜਿਹੜੀ ਸਮੁੰਦਰ ਦੇ ਕੰਢੇ ਉੱਤੇ ਹੈ ਅਤੇ ਉਹ ਖਾਂਦੇ-ਪੀਂਦੇ ਅਤੇ ਅਨੰਦ ਕਰਦੇ ਸਨ ।21ਸੁਲੇਮਾਨ ਸਾਰੀਆਂ ਪਾਤਸ਼ਾਹੀਆਂ ਉੱਤੇ ਰਾਜ ਕਰਦਾ ਸੀ ਫਰਾਤ ਦਰਿਆ ਤੋਂ ਲੈ ਕੇ ਫ਼ਲਿਸਤੀਨ ਤੱਕ ਅਤੇ ਮਿਸਰ ਦੀ ਹੱਦ ਤੱਕ । ਉਹ ਉਸ ਨੂੰ ਨਜ਼ਰਾਨੇ ਦਿੰਦੇ ਸਨ ਅਤੇ ਸੁਲੇਮਾਨ ਦੇ ਜੀਵਨ ਦੇ ਸਾਰੇ ਦਿਨ ਉਸ ਦੀ ਸੇਵਾ ਕਰਦੇ ਰਹੇ ।22ਸੁਲੇਮਾਨ ਦੀ ਇੱਕ ਦਿਨ ਦੀ ਇਹ ਰਸਤ ਸੀ ਅਰਥਾਤ ਦੋ ਸੌ ਪੱਚੀ ਮਣ ਮੈਦਾ, ਚਾਰ ਸੌ ਪੰਜਾਹ ਮਣ ਆਟਾ,23ਦਸ ਮੋਟੇ ਬਲ਼ਦ ਅਤੇ ਚਰਾਈ ਵਿੱਚੋਂ ਵੀਹ ਬਲ਼ਦ, ਇੱਕ ਸੌ ਭੇਡਾਂ ਅਤੇ ਉਨ੍ਹਾਂ ਤੋਂ ਵੱਧ ਚਿਕਾਰੇ, ਹਰਨ, ਪਾਹੜੇ ਅਤੇ ਮੋਟੇ-ਮੋਟੇ ਕੁੱਕੜ ।
24ਕਿਉਂ ਜੋ ਉਹ ਦਰਿਆ ਦੇ ਇਸ ਪਾਸੇ ਤਿਫਸਾਹ ਤੋਂ ਲੈ ਕੇ ਅੱਜ਼ਾਹ ਤੱਕ ਉਨ੍ਹਾਂ ਸਾਰਿਆਂ ਰਾਜਿਆਂ ਉੱਤੇ ਜੋ ਦਰਿਆ ਦੇ ਇਸ ਪਾਸੇ ਸਨ ਰਾਜ ਕਰਦਾ ਸੀ ਅਤੇ ਉਨ੍ਹਾਂ ਸਾਰਿਆਂ ਨਾਲ ਜੋ ਉਸ ਦੇ ਆਲੇ-ਦੁਆਲੇ ਸਨ ਸੁਲਾਹ ਰੱਖਦਾ ਸੀ ।25ਯਹੂਦਾਹ ਅਤੇ ਇਸਰਾਏਲ ਵਿੱਚੋਂ ਹਰ ਮਨੁੱਖ ਆਪਣੇ ਅੰਗੂਰ ਅਤੇ ਆਪਣੀ ਹੰਜ਼ੀਰ ਦੇ ਹੇਠ, ਦਾਨ ਤੋਂ ਲੈ ਕੇ ਬਏਰਸ਼ਬਾ ਤੱਕ ਸੁਲੇਮਾਨ ਦੇ ਸਾਰੇ ਦਿਨਾਂ ਵਿੱਚ ਅਮਨ ਨਾਲ ਬੈਠਦਾ ਸੀ ।
26ਸੁਲੇਮਾਨ ਦੇ ਰੱਥਾਂ ਦੇ ਘੋੜਿਆਂ ਲਈ ਚਾਲ੍ਹੀ ਹਜ਼ਾਰ ਤਬੇਲੇ ਸਨ ਅਤੇ ਬਾਰਾਂ ਹਜ਼ਾਰ ਘੋੜ ਚੜ੍ਹੇ ਸਨ ।27ਇਹ ਰਜਵਾੜੇ ਆਪਣੀ ਵਾਰੀ ਉੱਤੇ ਇੱਕ ਮਹੀਨਾ ਭਰ ਸੁਲੇਮਾਨ ਪਾਤਸ਼ਾਹ ਲਈ ਅਤੇ ਉਨ੍ਹਾਂ ਸਭਨਾਂ ਲਈ ਜੋ ਸੁਲੇਮਾਨ ਪਾਤਸ਼ਾਹ ਦੇ ਲੰਗਰ ਵਿੱਚੋਂ ਖਾਂਦੇ ਸਨ ਰਸਤ ਪਹੁੰਚਾਉਂਦੇ ਸਨ ਅਤੇ ਇਸ ਗੱਲ ਵਿੱਚ ਉਹ ਕਿਸੇ ਚੀਜ਼ ਦੀ ਕਮੀ ਨਹੀਂ ਰੱਖਦੇ ਸਨ ।28ਘੋੜਿਆਂ ਅਤੇ ਸਾਹਨਾਂ ਲਈ ਜੌਂ ਅਤੇ ਤੂੜੀ ਜਿੱਥੇ ਕਿਤੇ ਇਹ ਹੁੰਦੇ ਸਨ, ਓਥੋਂ ਇੱਕ-ਇੱਕ ਮਨੁੱਖ ਆਪਣੀ ਮਰਜਾਦਾ ਅਨੁਸਾਰ ਲਿਆਉਂਦਾ ਸੀ ।
29ਪਰਮੇਸ਼ੁਰ ਨੇ ਸੁਲੇਮਾਨ ਨੂੰ ਬੁੱਧੀ ਅਤੇ ਸਮਝ ਬਹੁਤ ਹੀ ਵੱਧ ਦਿੱਤੀ ਅਤੇ ਖੁੱਲ੍ਹਾ ਮਨ ਸਮੁੰਦਰ ਦੇ ਕੰਢੇ ਦੀ ਰੇਤ ਵਾਂਗੂੰ30ਅਤੇ ਸੁਲੇਮਾਨ ਦੀ ਬੁੱਧੀ ਸਾਰੇ ਪੂਰਬੀਆਂ ਦੀ ਬੁੱਧੀ ਨਾਲੋਂ ਅਤੇ ਮਿਸਰ ਦੀ ਸਾਰੀ ਬੁੱਧੀ ਨਾਲੋਂ ਬਹੁਤ ਵੱਧ ਸੀ ।31ਕਿਉਂ ਜੋ ਉਹ ਸਭਨਾਂ ਆਦਮੀਆਂ ਨਾਲੋਂ ਅਰਥਾਤ ਏਥਾਨ ਅਜ਼ਰਾਹੀ, ਹੇਮਾਨ, ਮਾਹੋਲ ਦੇ ਪੁੱਤਰ ਕਲਕੋਲ ਅਤੇ ਦਰਦਾ ਨਾਲੋਂ ਬੁੱਧਵਾਨ ਸੀ ਅਤੇ ਉਸ ਦਾ ਨਾਮ ਆਲੇ-ਦੁਆਲੇ ਦੀਆਂ ਸਾਰੀਆਂ ਕੌਮਾਂ ਵਿੱਚ ਮਸ਼ਹੂਰ ਸੀ ।
32ਉਸ ਨੇ ਤਿੰਨ ਹਜ਼ਾਰ ਕਹਾਉਤਾਂ ਰਚੀਆਂ ਅਤੇ ਇੱਕ ਹਜ਼ਾਰ ਪੰਜ ਉਸ ਦੇ ਗੀਤ ਸਨ ।33ਉਹ ਰੁੱਖਾਂ ਉੱਤੇ ਵੀ ਬੋਲਿਆ ਦਿਆਰ ਤੋਂ ਲੈ ਕੇ ਜੋ ਲਬਾਨੋਨ ਵਿੱਚ ਹੈ ਉਸ ਜੂਫ਼ੇ ਤੱਕ ਜੋ ਕੰਧਾਂ ਉੱਤੇ ਉਗਦਾ ਹੈ ਅਤੇ ਉਹ ਪਸ਼ੂਆਂ ਉੱਤੇ ਅਤੇ ਪੰਛੀਆਂ ਅਤੇ ਘਿਸਰਨ ਵਾਲਿਆਂ ਅਤੇ ਮੱਛੀਆਂ ਉੱਤੇ ਬੋਲਿਆ ।34ਸਾਰੀਆਂ ਜਾਤੀਆਂ ਵਿੱਚੋਂ ਸਾਰੀ ਧਰਤੀ ਦੇ ਪਾਤਸ਼ਾਹਾਂ ਵੱਲੋਂ ਲੋਕ ਜਿਨ੍ਹਾਂ ਨੇ ਸੁਲੇਮਾਨ ਦੀ ਬੁੱਧੀ ਦੇ ਵਿਖੇ ਸੁਣਿਆ ਸੀ, ਉਸ ਦੀ ਬੁੱਧੀ ਸੁਣਨ ਲਈ ਆਉਂਦੇ ਸਨ ।

5
ਹੈਕਲ ਦੇ ਨਿਰਮਾਣ ਦੀ ਤਿਆਰੀ

1ਸੂਰ ਦੇ ਰਾਜੇ ਹੀਰਾਮ ਨੇ ਆਪਣੇ ਸੇਵਕ ਸੁਲੇਮਾਨ ਦੇ ਕੋਲ ਭੇਜੇ ਕਿਉਂ ਜੋ ਉਸ ਨੇ ਸੁਣਿਆ ਸੀ ਕਿ ਉਨ੍ਹਾਂ ਨੇ ਉਹ ਨੂੰ ਮਸਹ ਕੀਤਾ ਕਿ ਆਪਣੇ ਪਿਤਾ ਦੇ ਥਾਂ ਪਾਤਸ਼ਾਹ ਹੋਵੇ ਅਤੇ ਹੀਰਾਮ ਆਪਣੀ ਸਾਰੀ ਉਮਰ ਦਾਊਦ ਦਾ ਮਿੱਤਰ ਰਿਹਾ ।2ਤਦ ਸੁਲੇਮਾਨ ਨੇ ਹੀਰਾਮ ਨੂੰ ਸੁਨੇਹਾ ਭੇਜਿਆ ਕਿ3ਤੂੰ ਜਾਣਦਾ ਹੈਂ ਕਿ ਮੇਰਾ ਪਿਤਾ ਦਾਊਦ ਯਹੋਵਾਹ ਆਪਣੇ ਪਰਮੇਸ਼ੁਰ ਦੇ ਨਾਮ ਦੇ ਲਈ ਇੱਕ ਭਵਨ ਨਾ ਬਣਾ ਸਕਿਆ, ਕਿਉਂ ਜੋ ਉਸ ਦੇ ਆਲੇ-ਦੁਆਲੇ ਲੜਾਈਆਂ ਹੁੰਦੀਆਂ ਰਹੀਆਂ ਜਦ ਤੱਕ ਕਿ ਯਹੋਵਾਹ ਨੇ ਉਨ੍ਹਾਂ ਸਭਨਾਂ ਨੂੰ ਉਹ ਦੇ ਪੈਰਾਂ ਹੇਠ ਨਾ ਕੀਤਾ ।

4ਪਰ ਹੁਣ ਯਹੋਵਾਹ ਮੇਰੇ ਪਰਮੇਸ਼ੁਰ ਨੇ ਮੈਨੂੰ ਚੁਫੇਰਿਓਂ ਆਰਾਮ ਦਿੱਤਾ ਹੈ, ਕਿਉਂ ਜੋ ਨਾ ਕੋਈ ਵਿਰੋਧੀ ਹੈ ਅਤੇ ਨਾ ਹੀ ਕੋਈ ਬੁਰਿਆਈ ਹੋਣ ਵਾਲੀ ਹੈ ।5ਇਸ ਲਈ ਮੈਂ ਆਖਦਾ ਹਾਂ ਕਿ ਯਹੋਵਾਹ ਆਪਣੇ ਪਰਮੇਸ਼ੁਰ ਦੇ ਨਾਮ ਦਾ ਭਵਨ ਬਣਾਵਾਂ, ਜਿਵੇਂ ਯਹੋਵਾਹ ਮੇਰੇ ਪਿਤਾ ਦਾਊਦ ਨੂੰ ਬੋਲਿਆ ਸੀ ਕਿ ਤੇਰਾ ਪੁੱਤਰ ਜਿਹ ਨੂੰ ਮੈਂ ਤੇਰੀ ਰਾਜ ਗੱਦੀ ਉੱਤੇ ਤੇਰੇ ਥਾਂ ਬਿਠਾਵਾਂਗਾ, ਉਹੋ ਮੇਰੇ ਨਾਮ ਦਾ ਭਵਨ ਬਣਾਵੇਗਾ ।
6ਹੁਣ ਤੂੰ ਹੁਕਮ ਦੇ ਕਿ ਉਹ ਮੇਰੇ ਲਈ ਲਬਾਨੋਨ ਤੋਂ ਦਿਆਰ ਦੇ ਬਿਰਛ ਵੱਢਣ ਅਤੇ ਮੇਰੇ ਸੇਵਕ ਤੇਰੇ ਸੇਵਕਾਂ ਦੇ ਨਾਲ ਹੋਣਗੇ ਅਤੇ ਜੋ ਮਜ਼ਦੂਰੀ ਤੂੰ ਠਹਿਰਾਵੇਂ ਮੈਂ ਤੇਰੇ ਸੇਵਕਾਂ ਲਈ ਤੈਨੂੰ ਦੇ ਦਿਆਂਗਾ, ਕਿਉਂ ਜੋ ਤੂੰ ਜਾਣਦਾ ਹੈਂ ਕਿ ਸਾਡੇ ਵਿੱਚੋਂ ਕਿਸੇ ਮਨੁੱਖ ਨੂੰ ਸਿਦੋਨੀਆਂ ਵਾਂਗੂੰ ਲੱਕੜੀ ਵੱਢਣ ਦਾ ਢੰਗ ਨਹੀਂ ਆਉਂਦਾ ।
7ਤਦ ਇਸ ਤਰ੍ਹਾਂ ਹੋਇਆ ਕਿ ਜਦ ਹੀਰਾਮ ਨੇ ਸੁਲੇਮਾਨ ਦੀਆਂ ਗੱਲਾਂ ਸੁਣੀਆਂ, ਤਾਂ ਉਹ ਬਹੁਤ ਖੁਸ਼ ਹੋਇਆ ਅਤੇ ਆਖਿਆ, ਅੱਜ ਦੇ ਦਿਨ ਯਹੋਵਾਹ ਮੁਬਾਰਕ ਹੈ ਜਿਸ ਨੇ ਦਾਊਦ ਨੂੰ ਇਨ੍ਹਾਂ ਬਹੁਤਿਆਂ ਲੋਕਾਂ ਉੱਤੇ ਇੱਕ ਬੁੱਧਵਾਨ ਪੁੱਤਰ ਦਿੱਤਾ ਹੈ ।8ਹੀਰਾਮ ਨੇ ਸੁਲੇਮਾਨ ਨੂੰ ਸੁਨੇਹਾ ਭੇਜਿਆ ਕਿ ਜੋ ਤੂੰ ਸੁਨੇਹਾ ਭੇਜਿਆ ਉਹ ਮੈਂ ਸੁਣਿਆ । ਮੈਂ ਤੇਰੀ ਸਾਰੀ ਇੱਛਾ ਦੇ ਅਨੁਸਾਰ ਦਿਆਰ ਦੀ ਲੱਕੜੀ ਅਤੇ ਚੀਲ ਦੀ ਲੱਕੜ ਲਈ ਕਰਾਂਗਾ ।
9ਮੇਰੇ ਕਾਮੇ ਉਨ੍ਹਾਂ ਨੂੰ ਲਬਾਨੋਨ ਤੋਂ ਸਮੁੰਦਰ ਤੱਕ ਲਾਹੁਣਗੇ ਅਤੇ ਮੈਂ ਉਨ੍ਹਾਂ ਦਾ ਬੇੜਾ ਬੰਨਵਾ ਕੇ ਸਮੁੰਦਰ ਦੇ ਰਾਹੀਂ ਉਸ ਥਾਂ ਜਿਹੜਾ ਤੂੰ ਠਹਿਰਾਵੇਂ ਪਹੁੰਚਾ ਦੇਵਾਂਗਾ ਅਤੇ ਉੱਥੇ ਉਨ੍ਹਾਂ ਨੂੰ ਖੋਲ ਕੇ ਸੁੱਟਵਾ ਦਿਆਂਗਾ, ਤਾਂ ਜੋ ਤੈਨੂੰ ਮਿਲ ਜਾਣ ਅਤੇ ਤੂੰ ਮੇਰੇ ਘਰਾਣੇ ਨੂੰ ਰੋਟੀ ਦੇ ਕੇ ਮੇਰੀ ਇੱਛਿਆ ਨੂੰ ਪੂਰਾ ਕਰੀਂ ।
10ਤਦ ਹੀਰਾਮ ਨੇ ਦਿਆਰ ਦੀ ਲੱਕੜ ਅਤੇ ਚੀਲ ਦੀ ਲੱਕੜ ਸੁਲੇਮਾਨ ਨੂੰ ਉਸ ਦੀ ਸਾਰੀ ਇੱਛਿਆ ਅਨੁਸਾਰ ਦਿੱਤੀ ।11ਸੁਲੇਮਾਨ ਇੱਕ ਲੱਖ ਪੰਜਾਹ ਹਜ਼ਾਰ ਮਣ ਕਣਕ ਅਤੇ ਇੱਕ ਸੋ ਪੰਜਾਹ ਮਣ ਕੁਟਵਾਂ ਤੇਲ ਹੀਰਾਮ ਨੂੰ ਉਸ ਦੇ ਘਰਾਣੇ ਦੇ ਖਾਣ ਲਈ ਹਰ ਸਾਲ ਦਿੰਦਾ ਸੀ ।12ਯਹੋਵਾਹ ਨੇ ਸੁਲੇਮਾਨ ਨੂੰ ਬੁੱਧੀ ਦਿੱਤੀ, ਜਿਵੇਂ ਉਸ ਉਹ ਦੇ ਨਾਲ ਬਚਨ ਕੀਤਾ ਸੀ ਅਤੇ ਹੀਰਾਮ ਅਤੇ ਸੁਲੇਮਾਨ ਦੇ ਵਿੱਚ ਸੁਲਾਹ ਸੀ ਅਤੇ ਉਨ੍ਹਾਂ ਨੇ ਇੱਕ ਦੂਜੇ ਨਾਲ ਨੇਮ ਬੰਨਿਆ ।
13ਸੁਲੇਮਾਨ ਪਾਤਸ਼ਾਹ ਨੇ ਸਾਰੇ ਇਸਰਾਏਲ ਤੋਂ ਬੇਗਾਰ ਲਈ ਅਤੇ ਬੇਗਾਰੀ ਤੀਹ ਹਜ਼ਾਰ ਮਨੁੱਖ ਸਨ ।14ਉਹ ਉਨ੍ਹਾਂ ਵਿੱਚੋਂ ਮਹੀਨੇ ਭਰ ਲਈ ਦਸ ਹਜ਼ਾਰ ਵਾਰੀ ਨਾਲ ਲਬਾਨੋਨ ਨੂੰ ਭੇਜਦਾ ਸੀ । ਇਸ ਤਰ੍ਹਾਂ ਉਹ ਇੱਕ ਮਹੀਨਾ ਲਬਾਨੋਨ ਵਿੱਚ ਰਹਿੰਦੇ ਸਨ ਅਤੇ ਦੋ ਮਹੀਨੇ ਆਪਣੇ ਘਰੀਂ ਅਤੇ ਅਦੋਨੀਰਾਮ ਉਨ੍ਹਾਂ ਬੇਗਾਰੀਆਂ ਉੱਤੇ ਸੀ ।
15ਸੁਲੇਮਾਨ ਦੇ ਸੱਤਰ ਹਜ਼ਾਰ ਪਾਂਡੀ ਅਤੇ ਅੱਸੀ ਹਜ਼ਾਰ ਪਹਾੜ ਵਿੱਚ ਕੱਟਣ ਵਾਲੇ ਸਨ ।16ਇਨ੍ਹਾਂ ਸਰਦਾਰਾਂ ਤੋਂ ਬਿਨਾਂ ਜਿਨ੍ਹਾਂ ਨੂੰ ਸੁਲੇਮਾਨ ਨੇ ਕੰਮ ਉੱਤੇ ਲਾਇਆ ਹੋਇਆ ਸੀ ਹੋਰ ਤਿੰਨ ਹਜ਼ਾਰ ਤਿੰਨ ਸੌ ਸਨ ਜੋ ਇਨ੍ਹਾਂ ਕੰਮ ਕਰਨ ਵਾਲਿਆਂ ਲੋਕਾਂ ਦੇ ਉੱਤੇ ਹੁਕਮ ਚਲਾਉਂਦੇ ਸਨ ।
17ਤਦ ਉਹ ਪਾਤਸ਼ਾਹ ਦੇ ਹੁਕਮ ਨਾਲ ਵੱਡੇ ਪੱਥਰ ਅਤੇ ਬਹੁਮੁੱਲੇ ਪੱਥਰ ਕੱਢ ਲਿਆਏ ਕਿ ਭਵਨ ਦੀ ਨਿਉਂ ਘੜੇ ਹੋਏ ਪੱਥਰਾਂ ਨਾਲ ਰੱਖੀ ਜਾਵੇ ।18ਸੁਲੇਮਾਨ ਦੇ ਰਾਜ ਮਿਸਤਰੀਆਂ, ਹੀਰਾਮ ਦੇ ਰਾਜ ਮਿਸਤਰੀਆਂ ਅਤੇ ਗਬਿਲੀਆਂ ਨੇ ਉਨ੍ਹਾਂ ਨੂੰ ਘੜਿਆ ਅਤੇ ਉਨ੍ਹਾਂ ਨੇ ਭਵਨ ਬਣਾਉਣ ਲਈ ਲੱਕੜ ਅਤੇ ਪੱਥਰ ਤਿਆਰ ਕੀਤੇ ।

6
ਹੈਕਲ ਦਾ ਨਿਰਮਾਣ

1ਇਸਰਾਏਲੀਆਂ ਦੇ ਮਿਸਰ ਦੇਸ ਤੋਂ ਨਿੱਕਲਣ ਦੇ ਚਾਰ ਸੌ ਅੱਸੀ ਸਾਲ ਦੇ ਬਾਅਦ, ਇਸਰਾਏਲ ਉੱਤੇ ਸੁਲੇਮਾਨ ਦੇ ਰਾਜ ਦੇ ਚੌਥੇ ਸਾਲ ਜ਼ਿਵ ਦੇ ਮਹੀਨੇ ਜੋ ਦੂਜਾ ਮਹੀਨਾ ਹੈ, ਉਹ ਯਹੋਵਾਹ ਲਈ ਭਵਨ ਬਣਾਉਣ ਲੱਗਾ ।2ਉਹ ਭਵਨ ਜਿਹੜਾ ਸੁਲੇਮਾਨ ਪਾਤਸ਼ਾਹ ਨੇ ਯਹੋਵਾਹ ਲਈ ਬਣਾਇਆ ਉਸ ਦੀ ਲੰਬਾਈ ਸੱਠ ਹੱਥ, ਚੁੜਾਈ ਵੀਹ ਹੱਥ ਅਤੇ ਉਚਾਈ ਤੀਹ ਹੱਥ ਸੀ ।

3ਉਸ ਭਵਨ ਦੀ ਹੈਕਲ ਦੇ ਅੱਗੇ ਇੱਕ ਦਲਾਨ ਵੀਹ ਹੱਥ ਲੰਮਾ ਭਵਨ ਦੀ ਚੁੜਾਈ ਦੇ ਬਰਾਬਰ ਸੀ ਅਤੇ ਉਸ ਦੀ ਚੁੜਾਈ ਭਵਨ ਦੇ ਅੱਗੇ ਦਸ ਹੱਥ ਸੀ ।4ਭਵਨ ਲਈ ਉਸ ਨੇ ਜਾਲੀ ਦਾਰ ਜੜਵੀਆਂ ਖਿੜਕੀਆਂ ਬਣਾਈਆਂ ।
5ਉਸ ਨੇ ਭਵਨ ਦੀ ਕੰਧ ਦੇ ਨਾਲ-ਨਾਲ ਚੁਫ਼ੇਰੇ ਕੋਠੜੀਆਂ ਬਣਾਈਆਂ, ਭਵਨ ਦੀਆਂ ਉਨ੍ਹਾਂ ਕੰਧਾਂ ਦੇ ਨਾਲ ਜੋ ਚੁਫ਼ੇਰੇ ਸਨ ਅਰਥਾਤ ਹੈਕਲ ਅਤੇ ਵਿਚਲੀ ਕੋਠੜੀ ਦੇ । ਇਸ ਲਈ ਉਸ ਨੇ ਕੋਠੜੀਆਂ ਚੁਫ਼ੇਰੇ ਬਣਾਈਆਂ ।6ਹੇਠਲੀ ਕੋਠੜੀ ਪੰਜ ਹੱਥ ਚੌੜੀ ਸੀ, ਵਿੱਚਕਾਰਲੀ ਛੇ ਹੱਥ ਚੌੜੀ ਅਤੇ ਤੀਜੀ ਸੱਤ ਹੱਥ ਚੌੜੀ ਸੀ । ਇਸ ਕਾਰਨ ਭਵਨ ਦੀ ਕੰਧ ਦੇ ਬਾਹਰ ਉਸ ਨੇ ਚੁਫ਼ੇਰੇ ਬਾਲੇ ਰੱਖਣ ਦੇ ਲਈ ਵਾਧਾ ਬਣਾਇਆ ਕਿ ਬਾਲੇ ਭਵਨ ਦੀਆਂ ਕੰਧਾਂ ਵਿੱਚ ਨਾ ਰੱਖੇ ਜਾਣ ।
7ਜਦ ਇਹ ਭਵਨ ਬਣਾਉਂਦੇ ਸਨ, ਤਾਂ ਉਸ ਵਿੱਚ ਪੂਰੇ ਪੂਰੇ ਪੱਥਰ ਲਾਏ ਜਿਹੜੇ ਖਾਣ ਉੱਤੇ ਤਿਆਰ ਕੀਤੇ ਹੋਏ ਸਨ, ਇਸ ਲਈ ਭਵਨ ਦੇ ਬਣਾਉਣ ਵਿੱਚ ਨਾ ਉੱਥੇ ਤੇਸੀ, ਨਾ ਬਸੂਲੀ ਅਤੇ ਨਾ ਲੋਹੇ ਦੇ ਕਿਸੇ ਹੋਰ ਸੰਦ ਦੀ ਅਵਾਜ਼ ਸੁਣਾਈ ਦਿੰਦੀ ਸੀ ।8ਵਿੱਚਲੀ ਕੋਠੜੀ ਦਾ ਬੂਹਾ ਨਾਲ ਲੱਗਦਾ ਭਵਨ ਦੇ ਸੱਜੇ ਪਾਸੇ ਵਿੱਚ ਸੀ ਅਤੇ ਚੱਕਰ ਵਾਲੀਆਂ ਪੌੜੀਆਂ ਨਾਲ ਵਿੱਚਲੀ ਕੋਠੜੀ ਵਿੱਚ ਅਤੇ ਵਿਚਲੀ ਕੋਠੜੀ ਦੇ ਵਿੱਚੋਂ ਦੀ ਤੀਜੀ ਕੋਠੜੀ ਵਿੱਚ ਚੜ੍ਹਦੇ ਸਨ ।
9ਉਸ ਨੇ ਭਵਨ ਨੂੰ ਬਣਾਇਆ ਅਤੇ ਉਹ ਨੂੰ ਸੰਪੂਰਨ ਕੀਤਾ ਅਤੇ ਉਸ ਨੇ ਭਵਨ ਨੂੰ ਦਿਆਰ ਦੇ ਫੱਟਾਂ ਅਤੇ ਸ਼ਤੀਰਾਂ ਨਾਲ ਢੱਕਿਆ ।10ਉਸ ਨੇ ਸਾਰੇ ਭਵਨ ਦੇ ਨਾਲ-ਨਾਲ ਕੋਠੜੀਆਂ ਬਣਾਈਆਂ ਜਿਹੜੀਆਂ ਪੰਜ ਹੱਥ ਉੱਚੀਆਂ ਸਨ ਅਤੇ ਉਹ ਦਿਆਰ ਦੀ ਲਕੜੀ ਨਾਲ ਭਵਨ ਨੂੰ ਲੱਗਵੀਆਂ ਸਨ ।
11ਤਦ ਯਹੋਵਾਹ ਦਾ ਬਚਨ ਸੁਲੇਮਾਨ ਨੂੰ ਆਇਆ ਕਿ12ਇਹ ਭਵਨ ਜਿਹੜਾ ਤੂੰ ਬਣਾਉਂਦਾ ਹੈਂ ਜੇਕਰ ਤੂੰ ਮੇਰੀਆਂ ਬਿਧੀਆਂ ਉੱਤੇ ਚੱਲੇਂ ਅਤੇ ਮੇਰੇ ਨਿਆਵਾਂ ਨੂੰ ਪੂਰਾ ਕਰਕੇ ਉਨ੍ਹਾਂ ਦੀ ਪਾਲਨਾ ਕਰੇਂ ਅਤੇ ਮੇਰੇ ਹੁਕਮਾਂ ਅਨੁਸਾਰ ਚੱਲੇਂ, ਤਾਂ ਮੈਂ ਆਪਣੇ ਬਚਨ ਨੂੰ ਜੋ ਮੈਂ ਤੇਰੇ ਪਿਤਾ ਦਾਊਦ ਨਾਲ ਕੀਤਾ ਹੈ ਤੇਰੇ ਨਾਲ ਕਾਇਮ ਰੱਖਾਂਗਾ ।13ਮੈਂ ਇਸਰਾਏਲੀਆਂ ਦੇ ਵਿੱਚ ਵੱਸਾਂਗਾ ਅਤੇ ਆਪਣੀ ਪਰਜਾ ਇਸਰਾਏਲ ਨੂੰ ਨਾ ਛੱਡਾਂਗਾ ।
ਹੈਕਲ ਦੀ ਅੰਦਰੂਨੀ ਸਜ਼ਾਵਟ

14ਸੁਲੇਮਾਨ ਨੇ ਭਵਨ ਬਣਾਇਆ ਅਤੇ ਉਹ ਨੂੰ ਸੰਪੂਰਨ ਕੀਤਾ ।15ਉਸ ਨੇ ਅੰਦਰਲੇ ਪਾਸੇ ਭਵਨ ਦੀਆਂ ਕੰਧਾਂ ਉੱਤੇ ਦਿਆਰ ਦੇ ਫੱਟੇ ਲਾਏ, ਭਵਨ ਦੇ ਫਰਸ਼ ਤੋਂ ਲੈ ਕੇ ਛੱਤ ਤੱਕ ਅੰਦਰਲੇ ਪਾਸੇ ਲੱਕੜ ਨਾਲ ਢੱਕਿਆ ਅਤੇ ਭਵਨ ਦੇ ਥੱਲੇ ਨੂੰ ਚੀਲ ਦੇ ਫੱਟਾਂ ਨਾਲ ਢੱਕਿਆ ।
16ਉਸ ਨੇ ਭਵਨ ਦੇ ਪਿਛਲੇ ਪਾਸੇ ਵੀਹ ਹੱਥ ਤੱਕ ਦਿਆਰ ਦੇ ਫੱਟਾਂ ਨਾਲ ਫਰਸ਼ ਤੋਂ ਲੈ ਕੇ ਉਹ ਦੀਆਂ ਕੰਧਾਂ ਤੱਕ ਬਣਾਇਆ । ਉਹ ਦੇ ਅੰਦਰ ਵਾਰ ਵਿੱਚਲੀ ਕੋਠੜੀ ਲਈ ਅਰਥਾਤ ਅੱਤ ਪਵਿੱਤਰ ਥਾਂ ਲਈ ਉਹ ਨੂੰ ਬਣਾਇਆ ।17ਉਹ ਭਵਨ ਅਰਥਾਤ ਸਾਹਮਣੀ ਹੈਕਲ ਚਾਲ੍ਹੀ ਹੱਥ ਲੰਮੀ ਸੀ ।18ਭਵਨ ਦੇ ਅੰਦਰਲੀ ਵੱਲ ਦਿਆਰ ਦਾ ਸੀ ਉਸ ਵਿੱਚ ਕਲੀਆਂ ਅਤੇ ਫੁੱਲ ਉੱਕਰੇ ਹੋਏ ਸਨ ਅਤੇ ਇਹ ਸਾਰਾ ਦਿਆਰ ਦਾ ਸੀ, ਕੋਈ ਪੱਥਰ ਨਹੀਂ ਦਿਸਦਾ ਸੀ ।
19ਭਵਨ ਦੇ ਵਿੱਚ ਅੰਦਰਲੀ ਵੱਲ ਵਿੱਚਲੀ ਕੋਠੜੀ ਸੀ, ਤਾਂ ਜੋ ਉੱਥੇ ਯਹੋਵਾਹ ਦੇ ਨੇਮ ਦਾ ਸੰਦੂਕ ਰੱਖਿਆ ਜਾ ਸਕੇ ।20ਵਿੱਚਲੀ ਕੋਠੜੀ ਦੇ ਅੰਦਰਲੇ ਪਾਸੇ ਦੀ ਲੰਬਾਈ ਵੀਹ ਹੱਥ, ਉਸ ਦੀ ਚੁੜਾਈ ਵੀਹ ਹੱਥ ਅਤੇ ਉਚਾਈ ਵੀ ਵੀਹ ਹੱਥ ਸੀ ਅਤੇ ਕੁੰਦਨ ਸੋਨਾ ਉਸ ਦੇ ਉੱਤੇ ਚੜ੍ਹਾਇਆ ਅਤੇ ਜਗਵੇਦੀ ਦੀ ਤਖਤਾ ਬੰਦੀ ਦਿਆਰ ਨਾਲ ਕੀਤੀ ।
21ਸੁਲੇਮਾਨ ਨੇ ਭਵਨ ਉੱਤੇ ਅੰਦਰ ਵਾਰ ਕੁੰਦਨ ਸੋਨਾ ਚੜ੍ਹਾਇਆ ਅਤੇ ਵਿੱਚਲੀ ਕੋਠੜੀ ਦੇ ਬਾਹਰਲੇ ਪਾਸੇ ਸੋਨੇ ਦੇ ਸੰਗਲ ਤਾਣ ਦਿੱਤੇ ਅਤੇ ਉਸ ਉੱਤੇ ਵੀ ਸੋਨਾ ਚੜ੍ਹਾਇਆ ।22ਉਸ ਨੇ ਸਾਰਾ ਭਵਨ ਸੋਨੇ ਨਾਲ ਮੜ੍ਹਿਆ ਇੱਥੋਂ ਤੱਕ ਕਿ ਸਾਰਾ ਭਵਨ ਸੰਪੂਰਨ ਹੋ ਗਿਆ ਅਤੇ ਸਾਰੀ ਜਗਵੇਦੀ ਉੱਤੇ ਜਿਹੜੀ ਵਿੱਚਲੀ ਕੋਠੜੀ ਦੀ ਸੀ ਉਸ ਨੇ ਸੋਨਾ ਚੜ੍ਹਾਇਆ ।
23ਉਸ ਨੇ ਵਿੱਚਲੀ ਕੋਠੜੀ ਵਿੱਚ ਦੋ ਕਰੂਬ ਜ਼ੈਤੂਨ ਦੀ ਲੱਕੜ ਦੇ ਦਸ ਹੱਥ ਉੱਚੇ ਬਣਾਏ ।24ਕਰੂਬ ਦੇ ਇੱਕ ਖੰਭ ਦੀ ਲੰਬਾਈ ਪੰਜ ਹੱਥ ਅਤੇ ਕਰੂਬ ਦੇ ਦੂਜੇ ਖੰਭ ਦੀ ਲੰਬਾਈ ਵੀ ਪੰਜ ਹੱਥ ਦੀ ਸੀ, ਇਸ ਤਰ੍ਹਾਂ ਇੱਕ ਖੰਭ ਦੇ ਸਿਰੇ ਤੋਂ ਦੂਜੇ ਖੰਭ ਦੇ ਸਿਰੇ ਤੱਕ ਦਸ ਹੱਥ ਦੀ ਵਿੱਥ ਸੀ ।25ਦਸ ਹੀ ਹੱਥ ਦੂਜੇ ਕਰੂਬ ਦੀ ਦੋਵੇਂ ਕਰੂਬ ਇੱਕੋ ਹੀ ਮਿਣਤੀ ਅਤੇ ਇੱਕੋ ਹੀ ਡੌਲ ਦੇ ਸਨ ।26ਇੱਕ ਕਰੂਬ ਦੀ ਉਚਿਆਈ ਦਸ ਹੱਥ ਦੀ ਸੀ ਅਤੇ ਇਸੇ ਤਰ੍ਹਾਂ ਦੂਜੇ ਕਰੂਬ ਦੀ ਸੀ ।
27ਉਸ ਨੇ ਦੋਹਾਂ ਕਰੂਬਆਂ ਨੂੰ ਭਵਨ ਦੇ ਅੰਦਰਲੀ ਵੱਲ ਰੱਖਿਆ, ਉਨ੍ਹਾਂ ਨੇ ਆਪਣੇ ਖੰਭ ਖਿਲਾਰੇ ਹੋਏ ਸਨ ਅਤੇ ਇੱਕ ਦਾ ਖੰਭ ਇੱਕ ਕੰਧ ਨਾਲ ਅਤੇ ਦੂਜੇ ਕਰੂਬ ਦਾ ਖੰਭ ਦੂਜੀ ਕੰਧ ਨਾਲ ਲੱਗਾ ਹੋਇਆ ਸੀ ਅਤੇ ਉਨ੍ਹਾਂ ਦੇ ਖੰਭ ਭਵਨ ਵਿੱਚ ਇੱਕ ਦੂਜੇ ਨਾਲ ਲਗਦੇ ਸਨ ।28ਉਸ ਉਨ੍ਹਾਂ ਕਰੂਬੀਆਂ ਉੱਤੇ ਸੋਨਾ ਚੜ੍ਹਾਇਆ ।
29ਭਵਨ ਦੀਆਂ ਸਾਰੀਆਂ ਕੰਧਾਂ ਉੱਤੇ ਆਲੇ-ਦੁਆਲੇ ਕਰੂਬੀਆਂ ਅਤੇ ਖਜ਼ੂਰਾਂ ਅਤੇ ਖਿੜੇ ਹੋਏ ਫੁੱਲਾਂ ਦੀਆਂ ਮੂਰਤਾਂ ਉਸ ਨੇ ਉੱਕਰ ਕੇ ਅੰਦਰਲੀ ਵੱਲ ਅਤੇ ਬਾਹਰਲੀ ਵੱਲ ਬਣਾਈਆਂ ।30ਭਵਨ ਦੇ ਥੱਲੇ ਉੱਤੇ ਅੰਦਰ-ਬਾਹਰ ਉਸ ਨੇ ਸੋਨਾ ਚੜ੍ਹਾਇਆ ।
31ਵਿੱਚਲੀ ਕੋਠੜੀ ਵਿੱਚ ਵੜਨ ਲਈ ਉਸ ਨੇ ਜ਼ੈਤੂਨ ਦੀ ਲੱਕੜੀ ਦੇ ਬੂਹੇ ਬਣਾਏ । ਉਸ ਦੀਆਂ ਬਾਰੀਆਂ ਅਤੇ ਛੱਤਣ ਦੀ ਲੰਬਾਈ ਕੰਧ ਦਾ ਪੰਜਵਾਂ ਹਿੱਸਾ ਸੀ ।32ਜ਼ੈਤੂਨ ਦੀ ਲੱਕੜ ਦੇ ਦੋਹਾਂ ਬੂਹਿਆਂ ਉੱਤੇ ਉਸ ਨੇ ਕਰੂਬੀਆਂ, ਖਜ਼ੂਰ ਦੇ ਬਿਰਛ ਅਤੇ ਖਿੜੇ ਹੋਏ ਫੁੱਲ ਉੱਕਰੇ ਅਤੇ ਉਨ੍ਹਾਂ ਉੱਤੇ ਸੋਨਾ ਚੜ੍ਹਾਇਆ ਅਤੇ ਉਸ ਸੋਨੇ ਨੂੰ ਉਸ ਨੇ ਕਰੁਬੀਮ ਉੱਤੇ ਅਤੇ ਖਜ਼ੂਰ ਦੇ ਬਿਰਛਾਂ ਉੱਤੇ ਢਾਲ਼ ਕੇ ਚੜ੍ਹਾਇਆ ।
33ਇਸੇ ਤਰ੍ਹਾਂ ਹੈਕਲ ਦੇ ਬੂਹੇ ਲਈ ਜਿਹੜਾ ਕੰਧ ਦਾ ਚੌਥਾ ਹਿੱਸਾ ਸੀ, ਉਸ ਨੇ ਜ਼ੈਤੂਨ ਲੱਕੜ ਦੀ ਚੁਗਾਠ ਬਣਾਈ ।34ਉਸ ਦੇ ਦੋਵੇਂ ਬੂਹੇ ਚੀਲ ਦੀ ਲੱਕੜ ਦੇ ਸਨ ਇੱਕ ਬੂਹੇ ਦੇ ਦੋ-ਦੋ ਫੱਟ ਜੋ ਮੋੜੇ ਜਾਂਦੇ ਸਨ ।35ਉਨ੍ਹਾਂ ਉੱਤੇ ਕਰੂਬੀਆਂ ਖਜ਼ੂਰਾਂ ਅਤੇ ਖਿੜੇ ਹੋਏ ਫੁੱਲਾਂ ਦੀਆਂ ਮੂਰਤਾਂ ਉੱਕਰੀਆਂ ਅਤੇ ਉਨ੍ਹਾਂ ਸਭਨਾਂ ਉੱਤੇ ਸੋਨਾ ਚੜ੍ਹਾਇਆ, ਉਹ ਉਸ ਉੱਕਰੀ ਬਣਤ ਉੱਤੇ ਠੀਕ ਠੀਕ ਬੈਠਾ ।
36ਅੰਦਰਲੇ ਵਿਹੜੇ ਦੇ ਤਿੰਨ ਰਦੇ ਘੜੇ ਹੋਏ ਪੱਥਰਾਂ ਦੇ ਬਣਾਏ ਅਤੇ ਇੱਕ ਰਦਾ ਦਿਆਰ ਦੀ ਲੱਕੜ ਦਾ ।
37ਚੌਥੇ ਸਾਲ ਜ਼ਿਵ ਦੇ ਮਹੀਨੇ ਵਿੱਚ ਯਹੋਵਾਹ ਦੇ ਭਵਨ ਦੀ ਨੀਂਹ ਰੱਖੀ ਗਈ ।38ਗਿਆਰਵੇਂ ਸਾਲ ਦੇ ਬੂਲ ਦੇ ਮਹੀਨੇ ਵਿੱਚ ਜੋ ਅੱਠਵਾਂ ਮਹੀਨਾ ਹੈ, ਉਹ ਭਵਨ ਉਹ ਦੇ ਸਾਰੇ ਕੰਮ ਸਮੇਤ ਅਤੇ ਉਹ ਦੀ ਸਾਰੀ ਡੌਲ ਦੇ ਸਮਾਨ ਸੰਪੂਰਨ ਹੋਇਆ । ਉਸ ਨੇ ਉਹ ਨੂੰ ਸੱਤਾਂ ਸਾਲਾਂ ਵਿੱਚ ਬਣਾਇਆ ।

7
ਸੁਲੇਮਾਨ ਦਾ ਮਹਿਲ

1ਸੁਲੇਮਾਨ ਨੇ ਆਪਣੇ ਮਹਿਲ ਨੂੰ ਤੇਰਾਂ ਸਾਲਾਂ ਵਿੱਚ ਬਣਾਇਆ ਅਤੇ ਸਾਰੇ ਮਹਿਲ ਨੂੰ ਸੰਪੂਰਨ ਕੀਤਾ ।2ਉਸ ਨੇ "ਲਬਾਨੋਨ ਬਣ ਦੀ ਲੱਕੜ ਨਾਲ ਮਹਿਲ" ਬਣਾਇਆ ਜਿਹ ਦੀ ਲੰਬਾਈ ਸੌ ਹੱਥ, ਚੁੜਾਈ ਪੰਜਾਹ ਹੱਥ ਅਤੇ ਉਚਾਈ ਤੀਹ ਹੱਥ ਦੀ ਸੀ ਅਤੇ ਉਹ ਦਿਆਰ ਦੇ ਥੰਮਾਂ ਦੀਆਂ ਚਾਰ ਕਤਾਰਾਂ ਉੱਤੇ ਸੀ ਅਤੇ ਥੰਮਾਂ ਦੇ ਉੱਤੇ ਦਿਆਰ ਦੇ ਸ਼ਤੀਰ ਸਨ ।

3ਉਹ ਬਾਲਿਆਂ ਦੇ ਉੱਪਰਲੀ ਵੱਲੋਂ ਦਿਆਰ ਨਾਲ ਢੱਕਿਆ ਗਿਆ ਜਿਹੜੇ ਪੰਤਾਲੀਆਂ ਥੰਮਾਂ ਉੱਤੇ ਸਨ ਅਤੇ ਇੱਕ-ਇੱਕ ਕਤਾਰ ਵਿੱਚ ਪੰਦਰਾਂ ਪੰਦਰਾਂ ਸਨ ।4ਤਿੰਨ ਕਤਾਰਾਂ ਚੁਗਾਠਾਂ ਦੀਆਂ ਸਨ ਅਤੇ ਖਿੜਕੀਆਂ ਆਹਮੋ ਸਾਹਮਣੇ ਤਿੰਨ ਸਤਰਾਂ ਵਿੱਚ ਸਨ ।5ਸਾਰੇ ਦਰਵਾਜ਼ੇ ਅਤੇ ਚੁਗਾਠਾਂ ਚੌਰਸ ਸਨ ਅਤੇ ਖਿੜਕੀਆਂ ਆਹਮੋ ਸਾਹਮਣੇ ਤਿੰਨ ਮੰਜਿਲਾਂ ਵਿੱਚ ਸਨ ।
6ਉਸ ਨੇ ਥੰਮਾਂ ਦਾ ਇੱਕ ਦਲਾਨ ਬਣਾਇਆ ਜਿਸ ਦੀ ਲੰਬਾਈ ਪੰਜਾਹ ਹੱਥ, ਚੁੜਾਈ ਤੀਹ ਹੱਥ ਅਤੇ ਇੱਕ ਦਲਾਨ ਉਸ ਦੇ ਸਾਹਮਣੇ ਸੀ ਅਤੇ ਉਨ੍ਹਾਂ ਦੇ ਅੱਗੇ ਥੰਮ੍ਹ ਅਤੇ ਇੱਕ ਚਬੂਤਰਾ ਸੀ ।
7ਉਸ ਨੇ ਇੱਕ ਦਲਾਨ ਰਾਜਗੱਦੀ ਲਈ ਬਣਾਇਆ ਜਿੱਥੇ ਉਹ ਨਿਆਂ ਕਰਦਾ ਸੀ ਅਰਥਾਤ ਨਿਆਂ ਦਾ ਦਲਾਨ ਅਤੇ ਉਹ ਥੱਲਿਓਂ ਛੱਤ ਤੱਕ ਦਿਆਰ ਨਾਲ ਢੱਕਿਆ ਗਿਆ ।
8ਉਸ ਦਾ ਮਹਿਲ ਜਿੱਥੇ ਉਹ ਰਹਿੰਦਾ ਸੀ ਅਤੇ ਚੌਂਕ ਜਿਹੜਾ ਮਹਿਲ ਦੇ ਦਲਾਨ ਦੇ ਪਛਵਾੜੇ ਸੀ ਉਹ ਉੱਸੇ ਕਾਰੀਗਰੀ ਦਾ ਸੀ ਅਤੇ ਉਸ ਨੇ ਇੱਕ ਮਹਿਲ ਫਿਰਊਨ ਦੀ ਧੀ ਲਈ ਬਣਾਇਆ ਜਿਸ ਨੂੰ ਸੁਲੇਮਾਨ ਨੇ ਵਿਆਹ ਲਿਆ ਸੀ । ਉਹ ਇਸੇ ਦਲਾਨ ਵਰਗਾ ਸੀ ।
9ਇਹ ਸਾਰੇ ਅੰਦਰੋਂ ਬਾਹਰੋਂ ਬਹੁਮੁੱਲੇ ਪੱਥਰਾਂ ਦੇ ਸਨ ਜਿਨ੍ਹਾਂ ਦੀ ਘੜਤ ਮਿਣਤੀ ਦੇ ਅਨੁਸਾਰ ਸੀ ਅਤੇ ਆਰੇ ਨਾਲ ਚੀਰੇ ਹੋਏ ਸਨ ਅਰਥਾਤ ਨਿਉਂ ਤੋਂ ਲੈ ਕੇ ਛੱਜੇ ਤੱਕ ਅਤੇ ਬਾਹਰ ਵੱਡੇ ਵਿਹੜੇ ਤੱਕ ।10ਨਿਉਂ ਬਹੁਮੁੱਲੇ ਪੱਥਰਾਂ ਦੀ ਅਤੇ ਵੱਡੇ-ਵੱਡੇ ਪੱਥਰਾਂ ਦੀ ਸੀ ਅਰਥਾਤ ਦਸ ਹੱਥ ਦੇ ਪੱਥਰ ਅਤੇ ਅੱਠ ਹੱਥ ਦੇ ਪੱਥਰ ।
11ਉੱਤੇ ਵੀ ਬਹੁਮੁੱਲੇ ਅਤੇ ਮਿਣਤੀ ਅਨੁਸਾਰ ਘੜੇ ਹੋਏ ਪੱਥਰ ਸਨ ਨਾਲੇ ਦਿਆਰ ਸੀ ।12ਵੱਡੇ ਵਿਹੜੇ ਦੇ ਦੁਆਲੇ ਤਿੰਨ ਰਦੇ ਘੜੇ ਹੋਏ ਪੱਥਰਾਂ ਦੇ ਸਨ ਅਤੇ ਇੱਕ ਦਿਆਰ ਦੇ ਸ਼ਤੀਰਾਂ ਦਾ ਸੀ । ਇਸ ਤਰ੍ਹਾਂ ਯਹੋਵਾਹ ਦੇ ਭਵਨ ਦੇ ਅੰਦਰਲੇ ਚੌਂਕ ਲਈ ਅਤੇ ਮਹਿਲ ਦੇ ਦਲਾਨ ਲਈ ਵੀ ਸੀ ।
ਹੀਰਾਮ ਦਾ ਕੰਮ

13ਸੁਲੇਮਾਨ ਪਾਤਸ਼ਾਹ ਨੇ ਸੁਨੇਹਾ ਭੇਜ ਕੇ ਹੀਰਾਮ ਨੂੰ ਸੂਰ ਤੋਂ ਬੁਲਾ ਲਿਆ ।14ਉਹ ਨਫਤਾਲੀ ਦੇ ਗੋਤ ਵਿੱਚੋਂ ਵਿਧਵਾ ਦਾ ਪੁੱਤਰ ਸੀ, ਅਤੇ ਉਹ ਦਾ ਪਿਤਾ ਇੱਕ ਸੂਰੀ ਠਠਿਆਰ ਸੀ । ਉਹ ਬੁੱਧ, ਸਮਝ ਅਤੇ ਹੁਨਰ ਵਿੱਚ ਇਸ ਤਰ੍ਹਾਂ ਭਰਪੂਰ ਸੀ ਕਿ ਉਹ ਪਿੱਤਲ ਦੇ ਸਾਰੇ ਕੰਮ ਕਰ ਸਕੇ । ਉਹ ਸੁਲੇਮਾਨ ਪਾਤਸ਼ਾਹ ਕੋਲ ਆਇਆ ਅਤੇ ਉਸ ਦਾ ਸਾਰਾ ਕੰਮ ਕੀਤਾ ।
ਪਿੱਤਲ ਦੇ ਦੋ ਥੰਮ੍ਹ

15ਉਹ ਨੇ ਪਿੱਤਲ ਨੂੰ ਢਾਲ਼ ਕੇ ਥੰਮ੍ਹ ਬਣਾਏ ਇੱਕ ਥੰਮ੍ਹ ਦੀ ਉਚਿਆਈ ਅਠਾਰਾਂ ਹੱਥ ਸੀ ਅਤੇ ਦੂਜੇ ਦਾ ਘੇਰ ਬਾਰਾਂ ਹੱਥ ਦੀ ਰੱਸੀ ਦੇ ਨਾਪ ਦਾ ਸੀ ।16ਉਹ ਨੇ ਥੰਮਾਂ ਦੇ ਸਿਰਾਂ ਉੱਤੇ ਦੇਣ ਲਈ ਦੋ ਮੁਕਟ ਪਿੱਤਲ ਢਾਲ਼ ਕੇ ਬਣਾਏ । ਇੱਕ ਪੰਜ ਹੱਥ ਉੱਚਾ ਸੀ ਅਤੇ ਦੂਜਾ ਵੀ ਪੰਜ ਹੱਥ ਉੱਚਾ ਸੀ ।17ਥੰਮਾਂ ਦੇ ਸਿਰਾਂ ਉਤਲੇ ਮੁਕਟਾਂ ਲਈ ਬਣਤ ਦੀਆਂ ਜਾਲੀਆਂ ਅਤੇ ਗੋਠਵੀਆਂ ਮਾਲਾਂ ਸਨ, ਸੱਤ ਇੱਕ ਮੁਕਟ ਲਈ ਸੱਤ ਦੂਜੇ ਮੁਕਟ ਲਈ ।
18ਇਸੇ ਤਰ੍ਹਾਂ ਉਸ ਨੇ ਥੰਮਾਂ ਨੂੰ ਬਣਾਇਆ ਅਤੇ ਇੱਕ-ਇੱਕ ਜਾਲੀ ਉੱਤੇ ਦੋ ਕਤਾਰਾਂ ਅਨਾਰਾਂ ਦੀਆਂ ਦੁਆਲੇ ਬਣਾਈਆਂ, ਤਾਂ ਜੋ ਉਨ੍ਹਾਂ ਦੋਹਾਂ ਮੁਕਟਾਂ ਨੂੰ ਜੋ ਉਨ੍ਹਾਂ ਦੋਹਾਂ ਥੰਮਾਂ ਦੇ ਸਿਰਾਂ ਉੱਤੇ ਸਨ ਢੱਕਣ ਅਤੇ ਇਸੇ ਤਰ੍ਹਾਂ ਦੂਜੇ ਮੁਕਟ ਲਈ ਬਣਾਇਆ ।19ਉਹ ਮੁਕਟ ਜਿਹੜੇ ਥੰਮਾਂ ਦੇ ਸਿਰਾਂ ਉੱਤੇ ਦਲਾਨ ਵਿੱਚ ਸਨ ਚਾਰ ਹੱਥ ਤੱਕ ਸੋਸਨੀ ਕੰਮ ਦੇ ਸਨ ।
20ਉਨ੍ਹਾਂ ਦੋਹਾਂ ਥੰਮਾਂ ਦੇ ਉੱਤੇ ਉਤਾਹਾਂ ਵੀ ਮੁਕਟ ਸਨ ਜੋ ਉਸ ਗੁਲਆਈ ਦੇ ਕੋਲ ਸਨ ਜਿਹੜੀ ਜਾਲੀ ਦੇ ਨਾਲ ਲਗਵੀਂ ਸੀ, ਅਨਾਰ ਬਣੇ ਹੋਏ ਸਨ ਅਰਥਾਤ ਉਸ ਦੂਜੇ ਮੁਕਟ ਉੱਤੇ ਆਲੇ-ਦੁਆਲੇ ਕਤਾਰਾਂ ਵਿੱਚ ਦੋ ਸੌ ਅਨਾਰ ਸਨ ।21ਉਹ ਨੇ ਹੈਕਲ ਦੇ ਬਰਾਂਡੇ ਕੋਲ ਥੰਮ੍ਹ ਟਿਕਾ ਦਿੱਤੇ ਇੱਕ ਥੰਮ੍ਹ ਸੱਜੇ ਪਾਸੇ ਟਿਕਾਇਆ ਅਤੇ ਉਸ ਦਾ ਨਾਮ ਯਾਕੀਨ ਰੱਖਿਆ ਅਤੇ ਦੂਜਾ ਥੰਮ੍ਹ ਖੱਬੇ ਪਾਸੇ ਟਿਕਾਇਆ ਅਤੇ ਉਸ ਦਾ ਨਾਮ ਬੋਅਜ਼ ਰੱਖਿਆ ।22ਥੰਮਾਂ ਦੇ ਸਿਰਾਂ ਉੱਤੇ ਸੋਸਨੀ ਕੰਮ ਸੀ, ਸੋ ਥੰਮਾਂ ਦਾ ਕੰਮ ਸੰਪੂਰਨ ਹੋਇਆ ।
ਪਿੱਤਲ ਦਾ ਹੌਦ

23ਫੇਰ ਉਹ ਨੇ ਇੱਕ ਸਾਗਰੀ ਹੌਦ ਢਾਲ਼ ਕੇ ਬਣਾਇਆ ਜਿਹੜਾ ਕੰਢੇ ਤੋਂ ਕੰਢੇ ਤੱਕ ਦਸ ਹੱਥ ਸੀ । ਉਹ ਆਲਿਓਂ ਦੁਆਲਿਓਂ ਗੋਲ ਸੀ, ਉਹ ਪੰਜ ਹੱਥ ਉੱਚਾ ਸੀ ਅਤੇ ਉਸ ਦਾ ਘੇਰਾ ਤੀਹ ਹੱਥ ਦੀ ਰੱਸੀ ਨਾਲ ਮਿਣਿਆ ਹੋਇਆ ਸੀ ।24ਉਸ ਦੇ ਕੰਢੇ ਦੇ ਹੇਠ ਆਲੇ-ਦੁਆਲੇ ਗੋਲੇ ਇੱਕ ਹੱਥ ਵਿੱਚ ਦਸ ਸਨ, ਜਿਹੜੇ ਸਾਗਰੀ ਹੌਦ ਦੇ ਚੁਫ਼ੇਰੇ ਸਨ । ਗੋਲੇ ਦੋ ਕਤਾਰਾਂ ਵਿੱਚ ਸਨ ਅਤੇ ਉਹ ਉਸ ਦੇ ਨਾਲ ਹੀ ਢਾਲ਼ੇ ਹੋਏ ਸਨ ।
25ਉਹ ਬਾਰਾਂ ਬਲ਼ਦਾਂ ਦੇ ਉੱਤੇ ਧਰਿਆ ਹੋਇਆ ਸੀ । ਤਿੰਨਾਂ ਦੇ ਮੂੰਹ ਉੱਤਰ ਵੱਲ, ਤਿੰਨਾਂ ਦੇ ਮੂੰਹ ਪੱਛਮ ਵੱਲ, ਤਿੰਨਾਂ ਦੇ ਮੂੰਹ ਦੱਖਣ ਵੱਲ ਅਤੇ ਤਿੰਨਾਂ ਦੇ ਮੂੰਹ ਪੂਰਬ ਵੱਲ ਸਨ । ਉਹ ਸਾਗਰੀ ਹੌਦ ਉਨ੍ਹਾਂ ਦੇ ਉੱਤੇ ਧਰਿਆ ਹੋਇਆ ਸੀ ਅਤੇ ਉਨ੍ਹਾਂ ਦੀਆਂ ਸਾਰੀਆਂ ਪਛਾੜੀਆਂ ਅੰਦਰਲੀ ਵੱਲ ਸਨ ।26ਉਸ ਦਾ ਦਲ ਇੱਕ ਚੱਪਾ ਭਰ ਸੀ । ਉਸ ਦੇ ਕੰਢੇ ਕਟੋਰੇ ਦੇ ਕੰਢੇ ਵਰਗੇ ਸੋਸਨੀ ਫੁੱਲਾਂ ਦੇ ਘੜੇ ਹੋਏ ਸਨ ਅਤੇ ਉਸ ਦੇ ਵਿੱਚ ਪੰਦਰਾਂ ਕੁ ਸੌ ਮਣ ਦੀ ਸਮਾਈ ਸੀ ।
ਪਿੱਤਲ ਦੀਆਂ ਕੁਰਸੀਆਂ

27ਉਸ ਨੇ ਦਸ ਕੁਰਸੀਆਂ ਪਿੱਤਲ ਦੀਆਂ ਬਣਾਈਆਂ । ਉਨ੍ਹਾਂ ਵਿੱਚ ਇੱਕ-ਇੱਕ ਕੁਰਸੀ ਦੀ ਲੰਬਾਈ ਚਾਰ ਹੱਥ, ਚੁੜਾਈ ਚਾਰ ਹੱਥ ਅਤੇ ਉਚਿਆਈ ਤਿੰਨ ਹੱਥ ਸੀ ।28ਉਨ੍ਹਾਂ ਕੁਰਸੀਆਂ ਦੀ ਬਣਤ ਇਸ ਤਰ੍ਹਾਂ ਸੀ ਕਿ ਉਨ੍ਹਾਂ ਦੀਆਂ ਪਟੜੀਆਂ ਸਨ ਅਤੇ ਪਟੜੀਆਂ ਵਿੱਚ ਜੋੜ ਸਨ ।29ਪਟੜੀਆਂ ਦੇ ਉੱਤੇ ਜਿਹੜੀਆਂ ਜੋੜਾਂ ਵਿੱਚ ਸਨ ਸ਼ੇਰ ਬਲ਼ਦ ਅਤੇ ਕਰੂਬ ਸਨ ਅਤੇ ਜੋੜ ਦੇ ਉੱਤੇ ਵੀ ਇਸੇ ਤਰ੍ਹਾਂ ਹੀ ਸੀ ਅਤੇ ਸ਼ੇਰਾਂ ਅਤੇ ਬਲ਼ਦਾਂ ਦੇ ਹੇਠ ਲਟਕਵੇਂ ਹਾਰ ਸਨ ।
30ਹਰ ਕੁਰਸੀ ਲਈ ਪਿੱਤਲ ਦੇ ਚਾਰ ਪਹੀਏ ਸਨ ਅਤੇ ਉਨ੍ਹਾਂ ਦੀਆਂ ਧੁਰਾਂ ਪਿੱਤਲ ਦੀਆਂ ਸਨ । ਉਨ੍ਹਾਂ ਦੇ ਚੋਹਾਂ ਪਹੀਆਂ ਹੇਠ ਫਰਸ਼ੀਆਂ ਸਨ ਹੌਦ ਦੇ ਹੇਠ ਢਲਵੀਆਂ ਫਰਸ਼ੀਆਂ ਸਨ ਅਤੇ ਹਰ ਇੱਕ ਦੇ ਪਾਸੇ ਉੱਤੇ ਹਾਰ ਸਨ ।31ਉਹ ਦਾ ਮੂੰਹ ਮੁਕਟ ਦੇ ਵਿੱਚ ਅਤੇ ਉੱਤੇ ਇੱਕ ਹੱਥ ਸੀ । ਉਹ ਦਾ ਮੂੰਹ ਗੋਲ ਅਤੇ ਕੁਰਸੀ ਦੀ ਬਣਤ ਅਨੁਸਾਰ ਡੇਢ ਹੱਥ ਸੀ ਅਤੇ ਉਹ ਦੇ ਮੂੰਹ ਦੇ ਉੱਤੇ ਵੀ ਉੱਕਰਾਈ ਦਾ ਕੰਮ ਸੀ ਅਤੇ ਉਨ੍ਹਾਂ ਦੀਆਂ ਪਟੜੀਆਂ ਚੋਰਸ ਸਨ, ਗੋਲ ਨਹੀਂ ਸਨ ।
32ਉਹ ਚਾਰ ਪਹੀਏ ਉਨ੍ਹਾਂ ਪਟੜੀਆਂ ਦੇ ਹੇਠ ਸਨ ਅਤੇ ਪਹੀਆਂ ਦੇ ਧੁਰੇ ਕੁਰਸੀ ਵਿੱਚ ਲੱਗੇ ਹੋਏ ਸਨ ਅਤੇ ਹਰ ਪਹੀਏ ਦੀ ਉਚਿਆਈ ਡੇਢ ਹੱਥ ਸੀ ।33ਪਹੀਏ ਦੀ ਬਣਤਰ ਰਥ ਦੇ ਪਹੀਆਂ ਦੀ ਬਣਤਰ ਵਾਂਗੂ ਸੀ, ਉਨ੍ਹਾਂ ਦੇ ਧੁਰੇ, ਉਨ੍ਹਾਂ ਦੇ ਆਓਲ, ਉਨ੍ਹਾਂ ਦੀਆਂ ਪੁੱਠੀਆਂ, ਉਨ੍ਹਾਂ ਦੀਆਂ ਅਰਾਂ ਅਤੇ ਉਨ੍ਹਾਂ ਦੀਆਂ ਨਾਭਾਂ ਸਭ ਢਲੀਆਂ ਹੋਈਆਂ ਸਨ ।
34ਹਰ ਕੁਰਸੀ ਦੀਆਂ ਚੌਹਾਂ ਨੁਕਰਾਂ ਉੱਤੇ ਚਾਰ ਫਰਸ਼ੀਆਂ ਸਨ ਅਤੇ ਉਹ ਫਰਸ਼ੀਆਂ ਕੁਰਸੀਆਂ ਦੇ ਵਿੱਚੋਂ ਸਨ ।35ਕੁਰਸੀ ਦੇ ਸਿਰੇ ਵਿੱਚ ਆਲੇ-ਦੁਆਲੇ ਅੱਧ ਹੱਥ ਦੀ ਇੱਕ ਗੋਲ ਉਚਾਨ ਸੀ ਅਤੇ ਕੁਰਸੀ ਦੇ ਸਿਰ ਉੱਤੇ ਉਹ ਦੇ ਢਾਸਣੇ ਅਤੇ ਪਟੜੀਆਂ ਉੱਸੇ ਵਿੱਚੋਂ ਸਨ ।
36ਉਹ ਦੇ ਢਾਸਣਿਆਂ ਦੀਆਂ ਪੱਟੀਆਂ ਉੱਤੇ ਅਤੇ ਉਹ ਦੀਆਂ ਪਟੜੀਆਂ ਉੱਤੇ ਉਸ ਨੇ ਕਰੂਬ, ਸ਼ੇਰ ਅਤੇ ਖਜ਼ੂਰਾਂ ਦੇ ਬਿਰਛ ਹਰ ਇੱਕ ਦੇ ਵਿੱਤ ਅਨੁਸਾਰ ਉੱਕਰੇ ਅਤੇ ਆਲੇ-ਦੁਆਲੇ ਹਾਰ ਸਨ ।37ਇਸੇ ਤਰ੍ਹਾਂ ਉਸ ਨੇ ਦਸੇ ਕੁਰਸੀਆਂ ਬਣਾਈਆਂ ਉਨ੍ਹਾਂ ਦਾ ਇੱਕੋ ਹੀ ਸੰਚਾ, ਇੱਕੋ ਹੀ ਨਾਪ ਅਤੇ ਇੱਕੋ ਹੀ ਰੂਪ ਸੀ ।
38ਉਸ ਨੇ ਪਿੱਤਲ ਦੀਆਂ ਦਸ ਹੌਦੀਆਂ ਬਣਾਈਆਂ ਅਤੇ ਇੱਕ-ਇੱਕ ਹੌਦੀ ਵਿੱਚ ਤੀਹ ਮਣ ਦੀ ਸਮਾਈ ਸੀ । ਹਰ ਇੱਕ ਹੌਦੀ ਚਾਰ ਹੱਥ ਦੀ ਸੀ । ਹਰ ਇੱਕ ਹੌਦੀ ਦਸਾਂ ਕੁਰਸੀਆਂ ਉੱਤੇ ਸੀ ।39ਉਸ ਪੰਜ ਕੁਰਸੀਆਂ ਭਵਨ ਦੇ ਸੱਜੇ ਪਾਸੇ ਅਤੇ ਪੰਜ ਭਵਨ ਦੇ ਖੱਬੇ ਪਾਸੇ ਰੱਖੀਆਂ ਅਤੇ ਉਹ ਸਾਗਰੀ ਹੌਦ ਉਸ ਨੇ ਭਵਨ ਦੇ ਸੱਜੇ ਪਾਸੇ ਪੂਰਬ ਵੱਲ ਦੱਖਣ ਦੇ ਸਾਹਮਣੇ ਰੱਖ ਦਿੱਤਾ ।
ਹੈਕਲ ਦੇ ਪਵਿੱਤਰ ਭਾਂਡੇ ਅਤੇ ਹੋਰ ਚੀਜ਼ਾਂ

40ਹੀਰਾਮ ਨੇ ਉਨ੍ਹਾਂ ਹੌਦੀਆਂ, ਬਾਟੀਆਂ ਅਤੇ ਕੜਛਿਆਂ ਨੂੰ ਬਣਾਇਆ ਅਤੇ ਹੀਰਾਮ ਨੇ ਉਹ ਸਾਰਾ ਕੰਮ ਜਿਹੜਾ ਉਸ ਨੇ ਯਹੋਵਾਹ ਦੇ ਭਵਨ ਉੱਤੇ ਸੁਲੇਮਾਨ ਪਾਤਸ਼ਾਹ ਲਈ ਬਣਾਇਆ ਸੀ ਸੰਪੂਰਨ ਕੀਤਾ ।41ਅਰਥਾਤ ਉਹ ਦੋ ਥੰਮ੍ਹ ਅਤੇ ਕੌਲਾਂ ਵਰਗੇ ਮੁਕਟ ਜਿਹੜੇ ਉਨ੍ਹਾਂ ਥੰਮਾਂ ਦੇ ਸਿਰਾਂ ਉੱਤੇ ਸਨ ਅਤੇ ਦੋ ਜਾਲੀਆਂ ਜਿਹੜੀਆਂ ਥੰਮਾਂ ਦੇ ਸਿਰਾਂ ਉੱਤਲੇ ਕੌਲਾਂ ਵਰਗੇ ਮੁਕਟਾਂ ਨੂੰ ਢੱਕਦੀਆਂ ਸਨ ।
42ਉਨ੍ਹਾਂ ਦੋਹਾਂ ਜਾਲੀਆਂ ਦੇ ਚਾਰ ਸੌ ਅਨਾਰ ਅਰਥਾਤ ਹਰ ਇੱਕ ਜਾਲੀ ਲਈ ਅਨਾਰਾਂ ਦੀਆਂ ਦੋ ਕਤਾਰਾਂ ਜਿਹੜੀਆਂ ਥੰਮਾਂ ਦੇ ਸਿਰਾਂ ਉੱਤਲੇ ਕੌਲਾਂ ਵਰਗੇ ਮੁਕਟਾਂ ਨੂੰ ਢੱਕਦੀਆਂ ਸਨ ।43ਉਹ ਦਸ ਕੁਰਸੀਆਂ ਅਤੇ ਉਨ੍ਹਾਂ ਕੁਰਸੀਆਂ ਦੀਆਂ ਦਸੇ ਹੌਦੀਆਂ ।
44ਇੱਕ ਸਾਗਰੀ ਹੌਦ ਅਤੇ ਸਾਗਰੀ ਹੌਦ ਦੇ ਹੇਠ ਬਾਰਾਂ ਬਲ਼ਦ ।45ਵਲਟੋਹੀਆਂ, ਬਾਟੀਆਂ ਅਤੇ ਕੜਛੇ ਅਤੇ ਇਹ ਸਾਰੇ ਭਾਂਡੇ ਜਿਹੜੇ ਹੀਰਾਮ ਨੇ ਸੁਲੇਮਾਨ ਪਾਤਸ਼ਾਹ ਲਈ ਯਹੋਵਾਹ ਦੇ ਭਵਨ ਦੇ ਵਾਸਤੇ ਬਣਾਏ, ਮਾਂਜੇ ਹੋਏ ਪਿੱਤਲ ਦੇ ਸਨ ।
46ਯਰਦਨ ਦੇ ਮਦਾਨ ਵਿੱਚ ਪਾਤਸ਼ਾਹ ਨੇ ਉਨ੍ਹਾਂ ਨੂੰ ਢਾਲਿਆ ਉਸ ਦੀ ਚੀਕਣੀ ਮਿੱਟੀ ਵਿੱਚ ਜਿਹੜੀ ਸੁੱਕੋਥ ਅਤੇ ਸਾਰਥਾਨ ਦੇ ਵਿਚਾਲੇ ਸੀ ।47ਸੁਲੇਮਾਨ ਨੇ ਇਹ ਸਾਰੇ ਭਾਂਡੇ ਨਾ ਤੋਲੇ । ਉਹ ਐਨੇ ਵੱਧ ਸਨ ਕਿ ਉਹ ਪਿੱਤਲ ਦੇ ਭਾਰ ਦਾ ਪਤਾ ਨਾ ਲਗਾ ਸਕੇ ।
48ਸੁਲੇਮਾਨ ਨੇ ਇਹ ਸਾਰੇ ਭਾਂਡੇ ਬਣਾਏ ਜਿਹੜੇ ਯਹੋਵਾਹ ਦੇ ਭਵਨ ਲਈ ਸਨ ਅਰਥਾਤ ਸੋਨੇ ਦੀ ਜਗਵੇਦੀ ਅਤੇ ਸੋਨੇ ਦੀ ਮੇਜ਼ ਜਿਹ ਦੇ ਉੱਤੇ ਹਜ਼ੂਰੀ ਦੀ ਰੋਟੀ ਸੀ ।49ਕੁੰਦਨ ਸੋਨੇ ਦੇ ਸ਼ਮਾਦਾਨ ਪੰਜ ਸੱਜੇ ਪਾਸੇ ਵੱਲ ਅਤੇ ਪੰਜ ਖੱਬੇ ਪਾਸੇ ਵੱਲ ਵਿੱਚਲੀ ਕੋਠੜੀ ਦੇ ਅੱਗੇ ਅਤੇ ਸੋਨੇ ਦੇ ਫੁੱਲ, ਦੀਵੇ ਅਤੇ ਚਿੱਮਟੇ ।
50ਕੁੰਦਨ ਸੋਨੇ ਦੇ ਭਾਂਡੇ, ਬਾਟੇ, ਗੁਲ ਤਰਾਸ਼ਾਂ, ਕੌਲੀਆਂ ਅਤੇ ਅੰਗੀਠੀਆਂ ਨਾਲੇ ਸੋਨੇ ਦੇ ਕਬਜ਼ੇ ਜਿਹੜੇ ਅੰਦਰਲੇ ਭਵਨ ਦੇ ਦਰਵਾਜ਼ਿਆਂ ਲਈ ਅਰਥਾਤ ਅੱਤ ਪਵਿੱਤਰ ਸਥਾਨ ਲਈ ਅਤੇ ਭਵਨ ਦੇ ਦਰਵਾਜ਼ਿਆਂ ਲਈ ਅਰਥਾਤ ਹੈਕਲ ਲਈ ।
51ਇਸ ਤਰ੍ਹਾਂ ਯਹੋਵਾਹ ਦੇ ਭਵਨ ਦਾ ਸਾਰਾ ਕੰਮ ਜਿਹੜਾ ਸੁਲੇਮਾਨ ਪਾਤਸ਼ਾਹ ਨੇ ਬਣਾਇਆ ਸੰਪੂਰਨ ਹੋਇਆ ਤਾਂ ਸੁਲੇਮਾਨ ਆਪਣੇ ਪਿਤਾ ਦਾਊਦ ਦੀਆਂ ਪਵਿੱਤਰ ਚੀਜ਼ਾਂ ਅੰਦਰ ਲਿਆਇਆ ਅਰਥਾਤ ਚਾਂਦੀ, ਸੋਨਾ ਅਤੇ ਭਾਂਡੇ । ਉਸ ਨੇ ਉਨ੍ਹਾਂ ਨੂੰ ਯਹੋਵਾਹ ਦੇ ਭਵਨ ਦੇ ਖਜ਼ਾਨਿਆਂ ਵਿੱਚ ਰੱਖ ਦਿੱਤਾ ।

8
ਨੇਮ ਦੇ ਸੰਦੂਕ ਨੂੰ ਹੈਕਲ ਦੇ ਵਿੱਚ ਲਿਆਉਣਾ

1ਸੁਲੇਮਾਨ ਨੇ ਇਸਰਾਏਲ ਦੇ ਬਜ਼ੁਰਗਾਂ ਨੂੰ ਗੋਤਾਂ ਦੇ ਸਾਰੇ ਮੁਖੀਆਂ ਨੂੰ ਜੋ ਇਸਰਾਏਲੀਆਂ ਦੇ ਪਿਉ-ਦਾਦਿਆਂ ਦੇ ਪ੍ਰਧਾਨ ਸਨ ਆਪਣੇ ਕੋਲ ਯਰੂਸ਼ਲਮ ਵਿੱਚ ਇੱਕਠੇ ਕੀਤਾ, ਤਾਂ ਜੋ ਉਹ ਯਹੋਵਾਹ ਦੇ ਨੇਮ ਦੇ ਸੰਦੂਕ ਨੂੰ ਦਾਊਦ ਦੇ ਸ਼ਹਿਰੋਂ ਜਿਹੜਾ ਸੀਯੋਨ ਹੈ, ਉਤਾਹਾਂ ਲੈ ਆਉਣ ।2ਇਸਰਾਏਲ ਦੇ ਸਾਰੇ ਮਨੁੱਖ ਸੁਲੇਮਾਨ ਪਾਤਸ਼ਾਹ ਕੋਲ ਏਥਾਨੀਮ ਮਹੀਨੇ ਦੇ ਪਰਬ ਉੱਤੇ ਜਿਹੜਾ ਸਤਵਾਂ ਮਹੀਨਾ ਹੈ ਇੱਕਠੇ ਹੋਏ ।

3ਇਸਰਾਏਲ ਦੇ ਸਾਰੇ ਬਜ਼ੁਰਗ ਆਏ ਅਤੇ ਸੰਦੂਕ ਨੂੰ ਜਾਜਕਾਂ ਨੇ ਚੁੱਕਿਆ ।4ਉਹ ਯਹੋਵਾਹ ਦੇ ਸੰਦੂਕ ਨੂੰ, ਮੰਡਲੀ ਦੇ ਤੰਬੂ ਨੂੰ ਅਤੇ ਸਾਰੇ ਪਵਿੱਤਰ ਭਾਂਡਿਆਂ ਨੂੰ ਜਿਹੜੇ ਤੰਬੂ ਵਿੱਚ ਸਨ ਉਤਾਹਾਂ ਲਿਆਏ । ਇਸ ਤਰ੍ਹਾਂ ਜਾਜਕ ਤੇ ਲੇਵੀ ਉਨ੍ਹਾਂ ਨੂੰ ਲਿਆਏ ।5ਸੁਲੇਮਾਨ ਪਾਤਸ਼ਾਹ ਅਤੇ ਇਸਰਾਏਲ ਦੀ ਸਾਰੀ ਮੰਡਲੀ ਜੋ ਉਹ ਦੇ ਕੋਲ ਇੱਕਠੀ ਹੋਈ ਉਹ ਦੇ ਨਾਲ ਸੰਦੂਕ ਦੇ ਅੱਗੇ ਸਨ ਅਤੇ ਉਨ੍ਹਾਂ ਨੇ ਐਨੀਆਂ ਭੇਡਾਂ ਤੇ ਬਲ਼ਦ ਚੜ੍ਹਾਏ ਕਿ ਉਹ ਵੱਧ ਹੋਣ ਦੇ ਕਾਰਨ ਨਾ ਗਿਣਤੀ ਵਿੱਚ ਨਾ ਲੇਖੇ ਵਿੱਚ ਆ ਸਕਦੇ ਸਨ ।
6ਜਾਜਕ ਯਹੋਵਾਹ ਦੇ ਨੇਮ ਦੇ ਸੰਦੂਕ ਨੂੰ ਉਹ ਦੇ ਸਥਾਨ ਵਿੱਚ ਅਰਥਾਤ ਭਵਨ ਦੀ ਵਿਚਲੀ ਕੋਠੜੀ, ਅੱਤ ਪਵਿੱਤਰ ਸਥਾਨ ਵਿੱਚ ਕਰੂਬੀਆਂ ਦੇ ਖੰਭਾਂ ਹੇਠ ਲਿਆਏ ।7ਕਿਉਂ ਜੋ ਕਰੂਬ ਆਪਣੇ ਦੋਵੇਂ ਖੰਭ ਸੰਦੂਕ ਦੇ ਸਥਾਨ ਉੱਤੇ ਖਿਲਾਰੇ ਹੋਏ ਸਨ ਅਤੇ ਕਰੂਬ ਸੰਦੂਕ ਨੂੰ ਤੇ ਉਹ ਦੀਆਂ ਚੋਬਾਂ ਨੂੰ ਉਤਾਹਾਂ ਤੋਂ ਢੱਕਦੇ ਸਨ ।8ਉਨ੍ਹਾਂ ਨੇ ਚੋਬਾਂ ਨੂੰ ਇਨ੍ਹਾਂ ਲੰਮਾ ਕੀਤਾ ਕਿ ਚੋਬਾਂ ਦੇ ਸਿਰੇ ਵਿਚਲੀ ਕੋਠੜੀ ਅੱਗੋਂ ਪਵਿੱਤਰ ਸਥਾਨ ਤੋਂ ਦਿਸਦੇ ਸਨ ਪਰ ਬਾਹਰੋਂ ਨਹੀਂ ਦਿਸਦੇ ਸਨ ਅਤੇ ਉਹ ਅੱਜ ਦੇ ਦਿਨ ਤੱਕ ਉੱਥੇ ਹੀ ਹਨ ।
9ਸੰਦੂਕ ਵਿੱਚ ਉਨ੍ਹਾਂ ਦੋਹਾਂ ਪੱਥਰਾਂ ਦੀਆਂ ਪੱਟੀਆਂ ਤੋਂ ਬਿਨਾਂ ਹੋਰ ਕੁਝ ਨਹੀਂ ਸੀ ਜਿਹੜੀਆਂ ਮੂਸਾ ਨੇ ਉੱਥੇ ਹੋਰੇਬ ਵਿੱਚ ਰੱਖੀਆਂ ਸਨ ਜਿੱਥੇ ਯਹੋਵਾਹ ਨੇ ਇਸਰਾਏਲੀਆਂ ਨਾਲ ਨੇਮ ਬੰਨ੍ਹਿਆ ਸੀ ਜਦ ਉਹ ਮਿਸਰ ਦੇਸ ਤੋਂ ਨਿੱਕਲੇ ਸਨ ।10ਇਸ ਤਰ੍ਹਾਂ ਹੋਇਆ ਕਿ ਜਦ ਜਾਜਕ ਪਵਿੱਤਰ ਸਥਾਨ ਤੋਂ ਨਿੱਕਲੇ ਤਦ ਉਸ ਬੱਦਲ ਨੇ ਯਹੋਵਾਹ ਦੇ ਭਵਨ ਨੂੰ ਇਸ ਤਰ੍ਹਾਂ ਭਰ ਦਿੱਤਾ11ਕਿ ਜਾਜਕ ਬੱਦਲ ਦੇ ਕਾਰਨ ਉਪਾਸਨਾ ਕਰਨ ਲਈ ਖੜ੍ਹੇ ਨਾ ਹੋ ਸਕੇ ਕਿਉਂ ਜੋ ਯਹੋਵਾਹ ਦੇ ਜਲਾਲ ਨੇ ਯਹੋਵਾਹ ਦੇ ਭਵਨ ਨੂੰ ਭਰ ਦਿੱਤਾ ਸੀ ।
12ਸੁਲੇਮਾਨ ਨੇ ਆਖਿਆ ਕਿ ਯਹੋਵਾਹ ਨੇ ਫ਼ਰਮਾਇਆ ਸੀ ਕਿ ਉਹ ਅਨ੍ਹੇਰ ਘੁੱਪ ਵਿੱਚ ਵੱਸੇਗਾ ।13ਮੈਂ ਜ਼ਰੂਰ ਤੇਰੇ ਲਈ ਇੱਕ ਉੱਚਾ ਭਵਨ ਜਿੱਥੇ ਤੂੰ ਸਦਾ ਤੱਕ ਰਹੇਂ ਬਣਾਇਆ ।
ਸੁਲੇਮਾਨ ਦਾ ਪ੍ਰਵਚਨ

14ਤਦ ਪਾਤਸ਼ਾਹ ਨੇ ਆਪਣਾ ਮੂੰਹ ਮੋੜ ਕੇ ਇਸਰਾਏਲ ਦੀ ਸਾਰੀ ਸਭਾ ਨੂੰ ਬਰਕਤ ਦਿੱਤੀ ਤੇ ਇਸਰਾਏਲ ਦੀ ਸਾਰੀ ਸਭਾ ਖੜ੍ਹੀ ਰਹੀ ।15ਉਸ ਆਖਿਆ, ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਮੁਬਾਰਕ ਹੋਵੇ ਜਿਸ ਨੇ ਮੇਰੇ ਪਿਤਾ ਦਾਊਦ ਨਾਲ ਆਪਣੇ ਮੂੰਹ ਨਾਲ ਬਚਨ ਕੀਤਾ ਅਤੇ ਆਪਣੇ ਹੱਥ ਨਾਲ ਉਹ ਨੂੰ ਪੂਰਾ ਵੀ ਕੀਤਾ ।16ਕਿ ਜਿਸ ਦਿਨ ਤੋਂ ਮੈਂ ਆਪਣੀ ਪਰਜਾ ਇਸਰਾਏਲ ਨੂੰ ਮਿਸਰੋਂ ਕੱਢ ਲਿਆਇਆ ਮੈਂ ਘਰ ਬਣਾਉਣ ਲਈ ਕਿ ਮੇਰਾ ਨਾਮ ਉੱਥੇ ਰਹੇ ਇਸਰਾਏਲ ਦਿਆਂ ਸਾਰਿਆਂ ਗੋਤਾਂ ਵਿੱਚੋਂ ਕੋਈ ਸ਼ਹਿਰ ਨਹੀਂ ਚੁਣਿਆ ਪਰ ਮੈਂ ਦਾਊਦ ਨੂੰ ਚੁਣਿਆ ਕਿ ਉਹ ਮੇਰੀ ਪਰਜਾ ਇਸਰਾਏਲ ਉੱਤੇ ਹੋਵੇ ।
17ਮੇਰੇ ਪਿਤਾ ਦਾਊਦ ਦੀ ਇੱਛਾ ਸੀ ਕਿ ਮੈਂ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਦੇ ਨਾਮ ਲਈ ਇੱਕ ਭਵਨ ਬਣਾਵਾਂ ।18ਪਰ ਯਹੋਵਾਹ ਨੇ ਮੇਰੇ ਪਿਤਾ ਦਾਊਦ ਨੂੰ ਆਖਿਆ, ਇਸ ਲਈ ਕਿ ਤੇਰੇ ਮਨ ਵਿੱਚ ਮੇਰੇ ਨਾਮ ਲਈ ਭਵਨ ਬਣਾਉਣ ਦੀ ਇੱਛਾ ਸੀ ਤਾਂ ਤੂੰ ਚੰਗਾ ਕੀਤਾ ਕਿ ਇਹ ਤੇਰੇ ਮਨ ਵਿੱਚ ਸੀ ।19ਤਾਂ ਵੀ ਤੂੰ ਭਵਨ ਨਹੀਂ ਬਣਾਵੇਂਗਾ ਪਰ ਤੇਰਾ ਪੁੱਤਰ ਜਿਹੜਾ ਤੇਰੀ ਅੰਸ ਤੋਂ ਨਿੱਕਲੇਗਾ ਉਹ ਮੇਰੇ ਨਾਮ ਲਈ ਭਵਨ ਬਣਾਵੇਗਾ ।
20ਸੋ ਯਹੋਵਾਹ ਨੇ ਆਪਣੇ ਇਸ ਬਚਨ ਨੂੰ ਪੂਰਾ ਕੀਤਾ ਹੈ ਕਿਉਂ ਜੋ ਮੈਂ ਆਪਣੇ ਪਿਤਾ ਦਾਊਦ ਦੇ ਥਾਂ ਉੱਠਿਆ ਹਾਂ ਅਤੇ ਮੈਂ ਇਸਰਾਏਲ ਦੀ ਰਾਜ ਗੱਦੀ ਉੱਤੇ ਬੈਠਾ ਹਾਂ ਜਿਵੇਂ ਯਹੋਵਾਹ ਨੇ ਬਚਨ ਕੀਤਾ ਅਤੇ ਮੈਂ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੇ ਨਾਮ ਲਈ ਇਹ ਭਵਨ ਬਣਾਇਆ ਹੈ ।21ਉੱਥੇ ਮੈਂ ਸੰਦੂਕ ਲਈ ਥਾਂ ਰੱਖਿਆ ਹੈ ਜਿਹ ਦੇ ਵਿੱਚ ਯਹੋਵਾਹ ਦਾ ਨੇਮ ਹੈ ਜਿਹ ਨੂੰ ਉਸ ਨੇ ਸਾਡੇ ਪਿਉ-ਦਾਦਿਆਂ ਨਾਲ ਬੰਨ੍ਹਿਆ ਜਦ ਉਸ ਨੇ ਉਨ੍ਹਾਂ ਨੂੰ ਮਿਸਰ ਦੇਸ ਤੋਂ ਕੱਢਿਆ ।
ਸੁਲੇਮਾਨ ਦੀ ਪ੍ਰਾਰਥਨਾ

22ਤਦ ਸੁਲੇਮਾਨ ਯਹੋਵਾਹ ਦੀ ਜਗਵੇਦੀ ਅੱਗੇ ਇਸਰਾਏਲ ਦੀ ਸਾਰੀ ਸਭਾ ਦੇ ਸਾਹਮਣੇ ਖੜ੍ਹਾ ਹੋਇਆ ਅਤੇ ਆਪਣੇ ਹੱਥ ਅਕਾਸ਼ ਵੱਲ ਚੁੱਕੇ ।23ਉਸ ਨੇ ਆਖਿਆ, ਹੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਤੇਰੇ ਵਰਗਾ ਉਤਾਹਾਂ ਸਵਰਗ ਵਿੱਚ ਅਥਵਾ ਹੇਠਾਂ ਧਰਤੀ ਉੱਤੇ ਕੋਈ ਪਰਮੇਸ਼ੁਰ ਨਹੀਂ ਜੋ ਨੇਮ ਅਤੇ ਕਿਰਪਾ ਆਪਣੇ ਦਾਸਾਂ ਨਾਲ ਕਾਇਮ ਰੱਖਦਾ ਹੈ ਜਿਹੜੇ ਤੇਰੇ ਅੱਗੇ ਪੂਰੇ ਦਿਲ ਨਾਲ ਚੱਲਦੇ ਹਨ ।24ਜਿਸ ਨੇ ਆਪਣੇ ਦਾਸ ਮੇਰੇ ਪਿਤਾ ਦਾਊਦ ਨਾਲ ਜੋ ਬਚਨ ਕੀਤਾ ਸੋ ਪੂਰਾ ਕੀਤਾ । ਤੂੰ ਆਪਣੇ ਮੂੰਹ ਤੋਂ ਬੋਲਿਆ ਅਤੇ ਆਪਣੇ ਹੱਥ ਨਾਲ ਪੂਰਾ ਕੀਤਾ ਜਿਵੇਂ ਅੱਜ ਦੇ ਦਿਨ ਹੈ ।
25ਇਸ ਲਈ ਹੁਣ ਹੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ, ਮੇਰੇ ਪਿਤਾ ਤੇ ਆਪਣੇ ਦਾਸ ਦਾਊਦ ਨਾਲ ਜੋ ਬਚਨ ਕੀਤਾ ਪੂਰਾ ਕਰ ਕਿ ਮੇਰੇ ਅੱਗੇ ਇਸਰਾਏਲ ਦੀ ਰਾਜ ਗੱਦੀ ਉੱਤੇ ਬੈਠਣ ਲਈ ਤੇਰੇ ਥਾਂ ਮਨੁੱਖ ਦੀ ਕਮੀ ਨਾ ਹੋਵੇਗੀ ਜੇ ਕੇਵਲ ਤੇਰੇ ਪੁੱਤਰ ਆਪਣੇ ਰਾਹ ਉੱਤੇ ਧਿਆਨ ਕਰਨ ਕਿ ਉਹ ਮੇਰੇ ਸਨਮੁਖ ਤੁਰਨ ਜਿਵੇਂ ਤੂੰ ਮੇਰੇ ਸਨਮੁਖ ਤੁਰਿਆ ਹੈਂ ।26ਹੁਣ ਹੇ ਇਸਰਾਏਲ ਦੇ ਪਰਮੇਸ਼ੁਰ, ਤੇਰਾ ਬਚਨ ਜਿਹੜਾ ਤੂੰ ਮੇਰੇ ਪਿਤਾ ਦਾਊਦ ਆਪਣੇ ਦਾਸ ਨਾਲ ਕੀਤਾ ਸੱਚਾ ਠਹਿਰਾਇਆ ਜਾਵੇ ।
27ਭਲਾ, ਪਰਮੇਸ਼ੁਰ ਸੱਚ-ਮੁੱਚ ਧਰਤੀ ਉੱਤੇ ਵਾਸ ਕਰੇਗਾ ? ਵੇਖ, ਸਵਰਗ ਸਗੋਂ ਸਵਰਗਾਂ ਦੇ ਸਵਰਗ ਤੈਨੂੰ ਨਹੀਂ ਸੰਭਾਲ ਸਕੇ, ਫਿਰ ਕਿਵੇਂ ਇਹ ਭਵਨ ਜੋ ਮੈਂ ਬਣਾਇਆ ?28ਹੇ ਯਹੋਵਾਹ ਮੇਰੇ ਪਰਮੇਸ਼ੁਰ, ਆਪਣੇ ਦਾਸ ਦੀ ਬੇਨਤੀ ਤੇ ਅਰਦਾਸ ਵੱਲ ਧਿਆਨ ਦੇਈਂ । ਉਸ ਦੁਹਾਈ ਤੇ ਬੇਨਤੀ ਨੂੰ ਸੁਣ ਜੋ ਤੇਰਾ ਦਾਸ ਤੇਰੇ ਅੱਗੇ ਅੱਜ ਪ੍ਰਾਰਥਨਾ ਕਰਦਾ ਹੈ ।
29ਤੇਰੀਆਂ ਅੱਖਾਂ ਰਾਤ-ਦਿਨ ਇਸ ਭਵਨ ਵੱਲ ਖੁਲ੍ਹੀਆਂ ਰਹਿਣ ਅਰਥਾਤ ਇਸ ਸਥਾਨ ਵੱਲ ਜਿਹ ਦੇ ਵਿਖੇ ਤੂੰ ਆਖਿਆ ਕਿ ਮੇਰਾ ਨਾਮ ਉੱਥੇ ਰਹੇਗਾ ਆਪਣੇ ਦਾਸ ਦੀ ਬੇਨਤੀ ਨੂੰ ਜੋ ਉਹ ਇਸ ਸਥਾਨ ਵੱਲ ਕਰੇ ਸੁਣ ਲਈਂ ।30ਆਪਣੇ ਦਾਸ ਦੀ ਤੇ ਆਪਣੀ ਪਰਜਾ ਇਸਰਾਏਲ ਦੀ ਅਰਦਾਸ ਨੂੰ ਸੁਣ ਲਈਂ ਜਦ ਉਹ ਇਸ ਸਥਾਨ ਵੱਲ ਪ੍ਰਾਰਥਨਾ ਕਰਨ ਸਵਰਗ ਭਵਨ ਵਿੱਚ ਸੁਣ ਲਈਂ ਅਤੇ ਸੁਣ ਕੇ ਮਾਫ਼ ਕਰੀਂ ।
31ਜੇ ਕੋਈ ਮਨੁੱਖ ਆਪਣੇ ਗੁਆਂਢੀ ਨਾਲ ਪਾਪ ਕਰੇ ਅਤੇ ਉਹ ਦੇ ਕੋਲੋਂ ਸਹੁੰ ਖਵਾਈ ਜਾਵੇ ਅਤੇ ਉਹ ਸਹੁੰ ਇਸ ਭਵਨ ਦੀ ਜਗਵੇਦੀ ਅੱਗੇ ਖਾਧੀ ਜਾਵੇ ।32ਤਾਂ ਤੂੰ ਸਵਰਗ ਵਿੱਚ ਸੁਣ ਲਈਂ ਅਤੇ ਕੰਮ ਕਰੀਂ ਅਤੇ ਆਪਣੇ ਦਾਸਾਂ ਦਾ ਨਿਆਂ ਇਸ ਤਰ੍ਹਾਂ ਕਰੀਂ ਕਿ ਬੁਰੇ ਨੂੰ ਤੂੰ ਦੋਸ਼ੀ ਠਹਿਰਾਵੇਂ ਕਿ ਉਹ ਦਾ ਕੀਤਾ ਉਹ ਦੇ ਸਿਰ ਉੱਤੇ ਆਵੇ ਅਤੇ ਧਰਮੀ ਨੂੰ ਧਰਮੀ ਠਹਿਰਾਵੇਂ ਕਿ ਉਹ ਦੇ ਧਰਮ ਅਨੁਸਾਰ ਉਹ ਨੂੰ ਬਦਲਾ ਦਿੱਤਾ ਜਾਵੇ ।
33ਜਦ ਤੇਰੀ ਪਰਜਾ ਇਸਰਾਏਲ ਵੈਰੀ ਦੇ ਅੱਗਿਓਂ ਇਸ ਲਈ ਮਾਰੀ ਜਾਵੇ ਕਿ ਉਨ੍ਹਾਂ ਨੇ ਤੇਰਾ ਪਾਪ ਕੀਤਾ ਹੋਵੇ ਤਾਂ ਜੇ ਉਹ ਤੇਰੀ ਵੱਲ ਫਿਰਨ ਤੇ ਤੇਰੇ ਨਾਮ ਨੂੰ ਮੰਨ ਲੈਣ ਤੇ ਤੇਰੇ ਅੱਗੇ ਇਸ ਭਵਨ ਵਿੱਚ ਬੇਨਤੀ ਤੇ ਅਰਦਾਸ ਕਰਨ ।34ਤਦ ਤੂੰ ਸਵਰਗੋਂ ਸੁਣ ਕੇ ਆਪਣੀ ਪਰਜਾ ਇਸਰਾਏਲ ਦੇ ਪਾਪ ਨੂੰ ਮਾਫ਼ ਕਰੀਂ ਅਤੇ ਉਨ੍ਹਾਂ ਨੂੰ ਉਸ ਦੇਸ ਵਿੱਚ ਜੋ ਤੂੰ ਉਨ੍ਹਾਂ ਦੇ ਪਿਉ-ਦਾਦਿਆਂ ਨੂੰ ਦਿੱਤਾ ਹੈ ਮੋੜ ਲਿਆਵੀਂ ।
35ਜਦ ਅਕਾਸ਼ ਬੰਦ ਹੋਵੇ ਅਤੇ ਮੀਂਹ ਇਸ ਲਈ ਨਾ ਪਵੇ ਕਿ ਉਨ੍ਹਾਂ ਨੇ ਤੇਰਾ ਪਾਪ ਕੀਤਾ ਤਾਂ ਜੇ ਉਹ ਇਸ ਸਥਾਨ ਵੱਲ ਬੇਨਤੀ ਕਰਨ ਅਤੇ ਤੇਰੇ ਨਾਮ ਨੂੰ ਮੰਨ ਲੈਣ ਅਤੇ ਆਪਣੇ ਪਾਪਾਂ ਤੋਂ ਮੁੜਨ ਜਦ ਤੂੰ ਉਨ੍ਹਾਂ ਨੂੰ ਸਜ਼ਾ ਦਿੱਤੀ ਹੋਵੇ ।36ਤਦ ਤੂੰ ਸਵਰਗੋਂ ਸੁਣ ਕੇ ਆਪਣੇ ਦਾਸਾਂ ਤੇ ਆਪਣੀ ਪਰਜਾ ਇਸਰਾਏਲ ਦੇ ਪਾਪ ਨੂੰ ਮਾਫ਼ ਕਰੀਂ ਤਾਂ ਜੋ ਤੂੰ ਉਨ੍ਹਾਂ ਨੂੰ ਉਹ ਚੰਗਾ ਰਾਹ ਜਿਹ ਦੇ ਵਿੱਚ ਉਨ੍ਹਾਂ ਨੂੰ ਤੁਰਨਾ ਚਾਹੀਦਾ ਹੈ ਸਿਖਾਵੇਂ ਅਤੇ ਆਪਣੀ ਧਰਤੀ ਉੱਤੇ ਜੋ ਤੂੰ ਆਪਣੀ ਪਰਜਾ ਨੂੰ ਮਿਲਖ ਵਿੱਚ ਦਿੱਤੀ ਹੈ ਮੀਂਹ ਵਰਸਾਵੇਂ ।
37ਜੇ ਦੇਸ ਵਿੱਚ ਕਾਲ ਜਾਂ ਬਵਾ ਪੈ ਜਾਵੇ ਜਾਂ ਔੜ ਜਾਂ ਕੁੰਗੀ ਜਾਂ ਸਲਾ ਜਾਂ ਸੁੰਡੀ ਟੋਕਾ ਆ ਜਾਣ ਅਤੇ ਜੇ ਉਨ੍ਹਾਂ ਦੇ ਵੈਰੀ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ ਜਾਂ ਫਾਟਕਾਂ ਨੂੰ ਘੇਰ ਲੈਣ ਅਤੇ ਜੇ ਕੋਈ ਕਸ਼ਟ ਜਾਂ ਰੋਗ ਆ ਪਵੇ ।38ਜੋ ਬੇਨਤੀ ਜਾਂ ਅਰਦਾਸ ਤੇਰੀ ਸਾਰੀ ਪਰਜਾ ਇਸਰਾਏਲ ਦੇ ਕਿਸੇ ਆਦਮੀ ਤੋਂ ਕੀਤੀ ਜਾਵੇ ਜੋ ਆਪਣੇ ਹੀ ਮਨ ਦਾ ਕਸ਼ਟ ਜਾਣੇ ਅਤੇ ਆਪਣੇ ਹੱਥ ਇਸ ਭਵਨ ਵੱਲ ਅੱਡੇ ।
39ਤਦ ਤੂੰ ਆਪਣੇ ਸਵਰਗੀ ਭਵਨ ਤੋਂ ਸੁਣ ਕੇ ਮਾਫ਼ ਕਰੀਂ ਅਤੇ ਕੰਮ ਕਰੀਂ ਅਤੇ ਹਰ ਮਨੁੱਖ ਨੂੰ ਉਹ ਦੀਆਂ ਸਾਰੀਆਂ ਚਾਲਾਂ ਅਨੁਸਾਰ ਬਦਲਾ ਦੇਵੀਂ ਜਿਹ ਦੇ ਮਨ ਨੂੰ ਤੂੰ ਜਾਣਦਾ ਹੈਂ ਕਿਉਂ ਜੋ ਤੂੰ ਹਾਂ ਤੂੰ ਹੀ ਮਨੁੱਖ ਦੇ ਮਨਾ ਨੂੰ ਜਾਣਦਾ ਹੈਂ ।40ਤਾਂ ਜੋ ਉਹ ਆਪਣੇ ਜੀਉਣ ਦੇ ਸਾਰੇ ਦਿਨ ਜਿਹੜੇ ਉਹ ਉਸ ਭੂਮੀ ਉੱਤੇ ਗੁਜਾਰਨ ਜਿਹ ਨੂੰ ਤੂੰ ਸਾਡੇ ਪਿਉ-ਦਾਦਿਆਂ ਨੂੰ ਦਿੱਤੀ ਹੈ ਤੇਰੇ ਕੋਲੋਂ ਡਰਨ ।
41ਨਾਲੇ ਉਸ ਓਪਰੇ ਦੇ ਵਿਖੇ ਵੀ ਜੋ ਤੇਰੀ ਪਰਜਾ ਇਸਰਾਏਲ ਦਾ ਨਹੀਂ ਹੈ ਪਰ ਦੂਰ ਦੇਸ ਤੋਂ ਤੇਰੇ ਨਾਮ ਦੇ ਕਾਰਨ ਆਇਆ ਹੈ ।42ਕਿਉਂ ਜੋ ਉਹ ਤੇਰਾ ਵੱਡਾ ਨਾਮ, ਬਲਵਾਨ ਹੱਥ ਅਤੇ ਪਸਾਰੀ ਹੋਈ ਬਾਂਹ ਦੀ ਖ਼ਬਰ ਸੁਣਨਗੇ ਸੋ ਜਦ ਉਹ ਆਵੇ ਅਤੇ ਇਸ ਭਵਨ ਵੱਲ ਬੇਨਤੀ ਕਰੇ ।43ਤਦ ਤੂੰ ਆਪਣੇ ਸਵਰਗੀ ਭਵਨ ਤੋਂ ਸੁਣ ਕੇ ਉਸ ਓਪਰੇ ਦੀ ਸਾਰੀ ਦੁਹਾਈ ਅਨੁਸਾਰ ਕਰੀਂ ਤਾਂ ਜੋ ਧਰਤੀ ਦੇ ਸਾਰੇ ਲੋਕ ਤੇਰੇ ਨਾਮ ਨੂੰ ਜਾਣ ਲੈਣ ਅਤੇ ਤੇਰਾ ਭੈ ਮੰਨਣ ਜਿਵੇਂ ਤੇਰੀ ਪਰਜਾ ਇਸਰਾਏਲ ਕਰਦੀ ਹੈ ਅਤੇ ਜਾਣ ਲੈਣ ਕਿ ਇਹ ਭਵਨ ਜਿਹ ਨੂੰ ਮੈਂ ਬਣਾਇਆ ਹੈ ਤੇਰੇ ਨਾਮ ਦਾ ਕਹਾਵੇਗਾ ।
44ਜਦ ਤੇਰੀ ਪਰਜਾ ਆਪਣੇ ਵੈਰੀ ਨਾਲ ਯੁਧ ਕਰਨ ਲਈ ਨਿੱਕਲੇ ਜਿਸ ਰਾਹ ਥਾਣੀ ਤੂੰ ਉਨ੍ਹਾਂ ਨੂੰ ਭੇਜੇਂ ਅਤੇ ਯਹੋਵਾਹ ਅੱਗੇ ਇਸ ਸ਼ਹਿਰ ਵੱਲ ਜਿਹ ਨੂੰ ਤੂੰ ਚੁਣਿਆ ਹੈ ਅਤੇ ਇਸ ਭਵਨ ਵੱਲ ਜਿਹ ਨੂੰ ਮੈਂ ਤੇਰੇ ਨਾਮ ਲਈ ਬਣਾਇਆ ਹੈ ਬੇਨਤੀ ਕਰਨ ।45ਤਾਂ ਤੂੰ ਸਵਰਗੋਂ ਉਨ੍ਹਾਂ ਦੀ ਬੇਨਤੀ ਤੇ ਉਨ੍ਹਾਂ ਦੀ ਅਰਦਾਸ ਸੁਣ ਲਈਂ ਅਤੇ ਉਨ੍ਹਾਂ ਦੇ ਹੱਕ ਦਾ ਨਿਆਂ ਕਰੀਂ ।
46ਜੇ ਉਹ ਪਾਪ ਕਰਨ ਕਿਉਂ ਜੋ ਕੋਈ ਆਦਮੀ ਅਜਿਹਾ ਨਹੀਂ ਜੋ ਪਾਪ ਨਾ ਕਰੇ ਅਤੇ ਤੂੰ ਉਨ੍ਹਾਂ ਨਾਲ ਕ੍ਰੋਧਵਾਨ ਹੋਵੇਂ ਅਤੇ ਉਨ੍ਹਾਂ ਨੂੰ ਵੈਰੀ ਦੇ ਹੱਥ ਵਿੱਚ ਇਸ ਤਰ੍ਹਾਂ ਦੇ ਦੇਵੇਂ ਕਿ ਉਹ ਉਨ੍ਹਾਂ ਨੂੰ ਬੰਧੂਏ ਬਣਾ ਕੇ ਵੈਰੀ ਦੇ ਦੇਸ ਲੈ ਜਾਣ ਭਾਵੇਂ ਦੂਰ ਭਾਵੇਂ ਨੇੜੇ ।47ਤਾਂ ਜੋ ਉਹ ਉਸ ਦੇਸ ਵਿੱਚ ਜਿੱਥੇ ਉਹ ਬੰਧੂਏ ਬਣ ਕੇ ਪਹੁੰਚਾਏ ਗਏ ਹੋਣ ਆਪਣੇ ਮਨਾਂ ਵਿੱਚ ਧਿਆਨ ਕਰਨ ਅਤੇ ਪਛਤਾਉਣ ਅਤੇ ਆਪਣੇ ਬੰਧੂਏ ਬਣਾਉਣ ਵਾਲਿਆਂ ਦੇ ਦੇਸ ਵਿੱਚ ਤੇਰੇ ਅੱਗੇ ਇਹ ਆਖ ਕੇ ਬੇਨਤੀ ਕਰਨ ਕਿ ਅਸੀਂ ਪਾਪ ਕੀਤਾ, ਅਸੀਂ ਕੁਰਾਹੀ ਕੀਤੀ ਅਤੇ ਅਸੀਂ ਬਦੀ ਕੀਤੀ ।
48ਅਤੇ ਇਸ ਤਰ੍ਹਾਂ ਆਪਣੇ ਵੈਰੀਆਂ ਦੇ ਦੇਸ ਜਿਨ੍ਹਾਂ ਨੇ ਉਨ੍ਹਾਂ ਨੂੰ ਬੰਧੂਏ ਬਣਾਇਆ ਉਹ ਤੇਰੀ ਵੱਲ ਆਪਣੇ ਸਾਰੇ ਮਨ ਤੇ ਆਪਣੀ ਸਾਰੀ ਜਾਨ ਨਾਲ ਮੁੜਨ ਅਤੇ ਤੇਰੇ ਅੱਗੇ ਆਪਣੇ ਦੇਸ ਵੱਲ ਬੇਨਤੀ ਕਰਨ ਜਿਹੜਾ ਤੂੰ ਉਨ੍ਹਾਂ ਦੇ ਪਿਉ-ਦਾਦਿਆਂ ਨੂੰ ਦਿੱਤਾ ਅਤੇ ਇਸ ਸ਼ਹਿਰ ਵੱਲ ਜਿਹ ਨੂੰ ਤੂੰ ਚੁਣਿਆ ਤੇ ਇਸ ਸ਼ਹਿਰ ਵੱਲ ਜਿਹ ਨੂੰ ਮੈਂ ਤੇਰੇ ਨਾਮ ਲਈ ਬਣਾਇਆ ।
49ਤਾਂ ਤੂੰ ਆਪਣੇ ਸਵਰਗੀ ਭਵਨ ਤੋਂ ਉਨ੍ਹਾਂ ਦੀ ਬੇਨਤੀ ਤੇ ਅਰਦਾਸ ਸੁਣ ਲਈਂ ਅਤੇ ਉਨ੍ਹਾਂ ਦੇ ਹੱਕ ਦਾ ਨਿਆਂ ਕਰੀਂ ।50ਅਤੇ ਆਪਣੇ ਲੋਕਾਂ ਨੂੰ ਜਿਨ੍ਹਾਂ ਨੇ ਤੇਰਾ ਪਾਪ ਕੀਤਾ ਉਨ੍ਹਾਂ ਦਿਆਂ ਸਾਰਿਆਂ ਅਪਰਾਧਾਂ ਨੂੰ ਜਿਨ੍ਹਾਂ ਨਾਲ ਉਨ੍ਹਾਂ ਨੇ ਤੇਰੀ ਉਲੰਘਣਾ ਕੀਤੀ ਮਾਫ਼ ਕਰੀਂ ਅਤੇ ਉਹ ਆਪਣੇ ਬੰਧੂਏ ਬਣਾਉਣ ਵਾਲਿਆਂ ਦੇ ਅੱਗੇ ਦਯਾ ਪ੍ਰਾਪਤ ਕਰਨ ਤਾਂ ਜੋ ਉਹ ਉਨ੍ਹਾਂ ਉੱਤੇ ਰਹਿਮ ਕਰਨ ।
51ਕਿਉਂ ਜੋ ਇਹ ਤੇਰੀ ਪਰਜਾ ਤੇ ਤੇਰੀ ਵਿਰਾਸਤ ਹੈ ਜਿਹ ਨੂੰ ਤੂੰ ਮਿਸਰ ਤੋਂ ਲੋਹੇ ਦੀ ਭੱਠੀ ਵਿੱਚੋਂ ਕੱਢਿਆ ਹੈ ।52ਤਾਂ ਜੋ ਤੇਰੀਆਂ ਅੱਖਾਂ ਆਪਣੇ ਦਾਸ ਦੀ ਅਰਦਾਸ ਵੱਲ ਅਤੇ ਆਪਣੀ ਪਰਜਾ ਇਸਰਾਏਲ ਦੀ ਅਰਦਾਸ ਵੱਲ ਖੁਲ੍ਹੀਆਂ ਰਹਿਣ ਕਿ ਤੂੰ ਉਨ੍ਹਾਂ ਦੀ ਸਾਰੀ ਦੁਹਾਈ ਨੂੰ ਜੋ ਉਹ ਤੇਰੇ ਅੱਗੇ ਦੇਣ ਸੁਣੇਂ ।53ਕਿਉਂ ਜੋ ਤੂੰ ਹੇ ਪ੍ਰਭੂ ਯਹੋਵਾਹ, ਉਨ੍ਹਾਂ ਨੂੰ ਧਰਤੀ ਦੇ ਸਾਰੇ ਲੋਕਾਂ ਤੋਂ ਆਪਣੀ ਵਿਰਾਸਤ ਹੋਣ ਲਈ ਵੱਖਰਾ ਕੀਤਾ ਜਿਵੇਂ ਤੂੰ ਆਪਣੇ ਦਾਸ ਮੂਸਾ ਦੇ ਰਾਹੀਂ ਬਚਨ ਕੀਤਾ ਜਦ ਤੂੰ ਸਾਡੇ ਪਿਉ-ਦਾਦਿਆਂ ਨੂੰ ਮਿਸਰ ਤੋਂ ਕੱਢਿਆ ।
ਸੁਲੇਮਾਨ ਦਾ ਅਸ਼ੀਰਵਾਦ

54ਇਸ ਤਰ੍ਹਾਂ ਹੋਇਆ ਕਿ ਜਦ ਸੁਲੇਮਾਨ ਇਹ ਸਾਰੀ ਬੇਨਤੀ ਤੇ ਅਰਦਾਸ ਯਹੋਵਾਹ ਦੇ ਅੱਗੇ ਕਰ ਚੁੱਕਿਆ ਤਾਂ ਉਹ ਯਹੋਵਾਹ ਦੀ ਜਗਵੇਦੀ ਦੇ ਅੱਗਿਓਂ ਉੱਠ ਖੜ੍ਹਾ ਹੋਇਆ ਜਿੱਥੇ ਉਹ ਆਪਣੇ ਗੋਡੇ ਨਿਵਾ ਕੇ ਤੇ ਹੱਥ ਅਕਾਸ਼ ਵੱਲ ਅੱਡ ਕੇ ਬੈਠਾ ਸੀ ।55ਉਹ ਖੜ੍ਹਾ ਹੋ ਗਿਆ ਅਤੇ ਉਸ ਇਸਰਾਏਲ ਦੀ ਸਾਰੀ ਸਭਾ ਨੂੰ ਉੱਚੀ ਅਵਾਜ਼ ਨਾਲ ਬਰਕਤ ਦਿੱਤੀ ਕਿ56ਯਹੋਵਾਹ ਮੁਬਾਰਕ ਹੋਵੇ ਜਿਸ ਨੇ ਆਪਣੀ ਪਰਜਾ ਇਸਰਾਏਲ ਨੂੰ ਸੁੱਖ ਦਿੱਤਾ ਜਿਵੇਂ ਉਸ ਬਚਨ ਕੀਤਾ ਸੀ । ਉਸ ਸਾਰੇ ਚੰਗੇ ਬਚਨ ਤੋਂ ਜਿਹੜਾ ਉਸ ਨੇ ਆਪਣੇ ਦਾਸ ਮੂਸਾ ਦੇ ਰਾਹੀਂ ਕੀਤਾ ਇੱਕ ਵੀ ਗੱਲ ਖਾਲੀ ਨਾ ਗਈ ।
57ਯਹੋਵਾਹ ਸਾਡਾ ਪਰਮੇਸ਼ੁਰ ਸਾਡੇ ਅੰਗ-ਸੰਗ ਹੋਵੇ ਜਿਵੇਂ ਉਹ ਸਾਡੇ ਪਿਉ-ਦਾਦਿਆਂ ਦੇ ਨਾਲ ਸੀ, ਉਹ ਨਾ ਸਾਨੂੰ ਤਿਆਗੇ ਅਤੇ ਨਾ ਸਾਨੂੰ ਛੱਡੇ ।58ਉਹ ਸਾਡੇ ਮਨਾਂ ਨੂੰ ਆਪਣੀ ਵੱਲ ਫੇਰੇ ਕਿ ਅਸੀਂ ਉਹ ਦੇ ਸਾਰੇ ਰਾਹਾਂ ਵਿੱਚ ਚੱਲੀਏ ਅਤੇ ਉਹ ਦੇ ਹੁਕਮ ਬਿਧੀਆਂ ਤੇ ਨਿਆਂ ਮੰਨੀਏ ਜਿਨ੍ਹਾਂ ਦਾ ਉਸ ਸਾਡੇ ਪਿਉ-ਦਾਦਿਆਂ ਨੂੰ ਹੁਕਮ ਦਿੱਤਾ ਸੀ ।
59ਅਤੇ ਇਹ ਮੇਰੀਆਂ ਗੱਲਾਂ ਜਿਨ੍ਹਾਂ ਦੇ ਨਾਲ ਮੈਂ ਯਹੋਵਾਹ ਅੱਗੇ ਅਰਦਾਸ ਕੀਤੀ ਯਹੋਵਾਹ ਸਾਡੇ ਪਰਮੇਸ਼ੁਰ ਦੇ ਨੇੜੇ ਦਿਨ ਰਾਤ ਰਹਿਣ ਕਿ ਉਹ ਆਪਣੇ ਦਾਸ ਦੇ ਹੱਕ ਦਾ ਨਿਆਂ ਕਰੇ ਨਾਲੇ ਆਪਣੀ ਪਰਜਾ ਇਸਰਾਏਲ ਦੇ ਹੱਕ ਦਾ ਨਿਆਂ ਰੋਜ਼ ਰੋਜ਼ ਕਾਇਮ ਰੱਖੋ ।60ਤਾਂ ਜੋ ਧਰਤੀ ਦੇ ਸਾਰੇ ਲੋਕ ਜਾਣ ਲੈਣ ਕਿ ਯਹੋਵਾਹ ਹੀ ਪਰਮੇਸ਼ੁਰ ਹੈ ਅਤੇ ਹੋਰ ਕੋਈ ਨਹੀਂ ।61ਤੁਹਾਡਾ ਮਨ ਯਹੋਵਾਹ ਸਾਡੇ ਪਰਮੇਸ਼ੁਰ ਲਈ ਸੰਪੂਰਨ ਹੋਵੇ ਕਿ ਤੁਸੀਂ ਉਹ ਦੀਆਂ ਬਿਧੀਆਂ ਵਿੱਚ ਚੱਲੋ ਅਤੇ ਉਹ ਦੇ ਹੁਕਮਾਂ ਦੀ ਪਾਲਨਾ ਕਰੋ ਜਿਵੇਂ ਅੱਜ ਦੇ ਦਿਨ ਹੁੰਦਾ ਹੈ ।
ਹੈਕਲ ਦਾ ਸਮਰਪਣ

62ਪਾਤਸ਼ਾਹ ਨੇ ਸਾਰੇ ਇਸਰਾਏਲ ਦੇ ਨਾਲ ਯਹੋਵਾਹ ਦੇ ਅੱਗੇ ਬਲੀਆਂ ਚੜ੍ਹਾਈਆਂ ।63ਸੋ ਸੁਲੇਮਾਨ ਨੇ ਸੁੱਖ-ਸਾਂਦ ਦੀਆਂ ਬਲੀਆਂ ਲਈ ਜਿਹ ਨੂੰ ਉਸ ਨੇ ਯਹੋਵਾਹ ਅੱਗੇ ਚੜ੍ਹਾਇਆ ਬਾਈ ਹਜ਼ਾਰ ਬਲ਼ਦ ਤੇ ਇੱਕ ਲੱਖ ਵੀਹ ਹਜ਼ਾਰ ਭੇਡਾਂ ਸਨ । ਸੋ ਪਾਤਸ਼ਾਹ ਤੇ ਸਾਰੇ ਇਸਰਾਏਲੀਆਂ ਨੇ ਯਹੋਵਾਹ ਦੇ ਭਵਨ ਨੂੰ ਅਰਪਿਤ ਕੀਤਾ ।
64ਉਸ ਦਿਨ ਪਾਤਸ਼ਾਹ ਨੇ ਉਸ ਵਿਹੜੇ ਦੇ ਵਿੱਚਕਾਰਲੇ ਹਿੱਸੇ ਨੂੰ ਜੋ ਯਹੋਵਾਹ ਦੇ ਭਵਨ ਦੇ ਸਾਹਮਣੇ ਸੀ ਪਵਿੱਤਰ ਠਹਿਰਾਇਆ ਅਤੇ ਉਸ ਨੇ ਹੋਮ ਦੀਆਂ ਬਲੀਆਂ, ਮੈਦੇ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਬਲੀਆਂ ਦੀ ਚਰਬੀ ਉੱਥੇ ਇਸ ਲਈ ਚੜ੍ਹਾਈ ਕਿ ਪਿੱਤਲ ਦੀ ਜਗਵੇਦੀ ਜਿਹੜੀ ਯਹੋਵਾਹ ਦੇ ਅੱਗੇ ਸੀ ਛੋਟੀ ਸੀ ਅਤੇ ਹੋਮ ਦੀਆਂ ਬਲੀਆਂ, ਮੈਦੇ ਦੀਆਂ ਭੇਟਾਂ ਤੇ ਸੁੱਖ-ਸਾਂਦ ਦੀਆਂ ਬਲੀਆਂ ਦੀ ਚਰਬੀ ਉੱਥੇ ਨਹੀਂ ਸਮਾ ਸਕਦੀ ਸੀ ।
65ਇਸ ਤਰ੍ਹਾਂ ਸੁਲੇਮਾਨ ਨੇ ਉਸ ਵੇਲੇ ਸਾਰੇ ਇਸਰਾਏਲ ਸਣੇ ਜੋ ਇੱਕ ਬਹੁਤ ਵੱਡੀ ਸਭਾ ਸੀ ਹਮਾਥ ਦੇ ਲਾਂਘੇ ਤੋਂ ਮਿਸਰ ਦੀ ਨਦੀ ਤੱਕ ਯਹੋਵਾਹ ਸਾਡੇ ਪਰਮੇਸ਼ੁਰ ਦੇ ਅੱਗੇ ਉਸ ਪਰਬ ਨੂੰ ਮਨਾਇਆ ਸੱਤ ਦਿਨ ਫੇਰ ਸੱਤ ਦਿਨ ਅਰਥਾਤ ਚੌਦਾਂ ਦਿਨ ਲੱਗੇ ।66ਅੱਠਵੇਂ ਦਿਨ ਉਸ ਨੇ ਲੋਕਾਂ ਨੂੰ ਵਿਦਿਆ ਕੀਤਾ ਅਤੇ ਉਨ੍ਹਾਂ ਨੇ ਪਾਤਸ਼ਾਹ ਨੂੰ ਅਸੀਸ ਦਿੱਤੀ ਅਤੇ ਆਪਣੇ ਤੰਬੂਆਂ ਨੂੰ ਉਸ ਸਾਰੀ ਭਲਿਆਈ ਦੇ ਕਾਰਨ ਜਿਹੜੀ ਯਹੋਵਾਹ ਨੇ ਆਪਣੇ ਦਾਸ ਦਾਊਦ ਤੇ ਆਪਣੀ ਪਰਜਾ ਇਸਰਾਏਲ ਦੇ ਨਾਲ ਕੀਤੀ ਸੀ ਉਹ ਖੁਸ਼ੀ ਤੇ ਮਨ ਦੀ ਅਨੰਦਤਾਈ ਨਾਲ ਚਲੇ ਗਏ ।

9
ਸੁਲੇਮਾਨ ਨੂੰ ਪਰਮੇਸ਼ੁਰ ਦਾ ਦਰਸ਼ਨ
(2 ਇਤਿਹਾਸ 7:11-22)

1ਇਸ ਤਰ੍ਹਾਂ ਹੋਇਆ ਕਿ ਜਦ ਸੁਲੇਮਾਨ ਯਹੋਵਾਹ ਦੇ ਭਵਨ ਅਤੇ ਸ਼ਾਹੀ ਮਹਿਲ ਅਤੇ ਆਪਣੀ ਸਾਰੀ ਇੱਛਾ ਜਿਹੜੀ ਉਹ ਕਰਨਾ ਚਾਹੁੰਦਾ ਸੀ ਪੂਰੀ ਕਰ ਚੁੱਕਿਆ ।2ਤਦ ਯਹੋਵਾਹ ਨੇ ਸੁਲੇਮਾਨ ਨੂੰ ਦੋਬਾਰਾ ਦਰਸ਼ਨ ਦਿੱਤਾ ਜਿਵੇਂ ਉਹ ਨੇ ਗਿਬਓਨ ਵਿੱਚ ਦਰਸ਼ਨ ਦਿੱਤਾ ਸੀ ।

3ਅਤੇ ਯਹੋਵਾਹ ਨੇ ਉਹ ਨੂੰ ਆਖਿਆ, ਕਿ ਮੈਂ ਤੇਰੀ ਬੇਨਤੀ ਤੇ ਅਰਦਾਸ ਨੂੰ ਜੋ ਤੂੰ ਮੇਰੇ ਅੱਗੇ ਕੀਤੀ ਸੁਣਿਆ । ਮੈਂ ਇਸ ਭਵਨ ਨੂੰ ਜੋ ਤੂੰ ਬਣਾਇਆ ਪਵਿੱਤਰ ਕੀਤਾ ਅਤੇ ਮੈਂ ਆਪਣਾ ਨਾਮ ਸਦਾ ਤੱਕ ਇੱਥੇ ਰੱਖਾਂਗਾ ਅਤੇ ਮੇਰੀਆਂ ਅੱਖਾਂ ਤੇ ਮੇਰਾ ਮਨ ਇੱਥੇ ਸਦਾ ਰਹੇਗਾ ।
4ਜੇ ਤੂੰ ਮੇਰੇ ਸਨਮੁਖ ਮਨ ਦੀ ਸਚਿਆਈ ਤੇ ਧਰਮ ਨਾਲ ਚੱਲੇਂਗਾ ਜਿਵੇਂ ਤੇਰਾ ਪਿਤਾ ਦਾਊਦ ਚੱਲਦਾ ਰਿਹਾ ਅਤੇ ਉਹ ਸਭ ਜਿਹ ਦਾ ਮੈਂ ਤੈਨੂੰ ਹੁਕਮ ਦਿੱਤਾ ਪੂਰਾ ਕਰੇਂਗਾ ਅਤੇ ਮੇਰੇ ਹੁਕਮਾਂ ਤੇ ਨਿਯਮਾਂ ਦੀ ਪਾਲਨਾ ਕਰੇਂਗਾ ।5ਮੈਂ ਤੇਰੀ ਪਾਤਸ਼ਾਹੀ ਦੀ ਰਾਜ ਗੱਦੀ ਇਸਰਾਏਲ ਉੱਤੇ ਸਦਾ ਤੱਕ ਕਾਇਮ ਰਖਾਂਗਾ ਜਿਵੇਂ ਮੈਂ ਤੇਰੇ ਪਿਤਾ ਦਾਊਦ ਨਾਲ ਇਹ ਆਖ ਕੇ ਬਚਨ ਕੀਤਾ ਸੀ ਕਿ ਤੇਰੇ ਲਈ ਇਸਰਾਏਲ ਦੀ ਰਾਜ ਗੱਦੀ ਵਿਖੇ ਮਨੁੱਖ ਦੀ ਥੁੜੋਂ ਨਾ ਰਹੇਗੀ ।
6ਪਰ ਜੇ ਤੁਸੀਂ ਜਾਂ ਤੁਹਾਡੀ ਸੰਤਾਨ ਮੈਥੋਂ ਫਿਰ ਜਾਵੋ ਅਤੇ ਤੁਸੀਂ ਮੇਰੇ ਹੁਕਮਾਂ ਤੇ ਬਿਧੀਆਂ ਨੂੰ ਜੋ ਮੈਂ ਤੁਹਾਡੇ ਅੱਗੇ ਰੱਖੀਆਂ ਨਾ ਮੰਨੋ ਸਗੋਂ ਜਾ ਕੇ ਹੋਰਨਾਂ ਦੇਵਤਿਆਂ ਦੀ ਪੂਜਾ ਕਰੋ ਅਤੇ ਉਨ੍ਹਾਂ ਅੱਗੇ ਮੱਥਾ ਟੇਕੋ ।7ਤਾਂ ਮੈਂ ਇਸਰਾਏਲ ਨੂੰ ਉਸ ਭੂਮੀ ਦੇ ਉੱਤੋਂ ਜੋ ਮੈਂ ਉਨ੍ਹਾਂ ਨੂੰ ਦਿੱਤੀ ਛੇਕ ਦਿਆਂਗਾ ਅਤੇ ਇਸ ਭਵਨ ਨੂੰ ਜੋ ਮੈਂ ਆਪਣੇ ਨਾਮ ਲਈ ਪਵਿੱਤਰ ਕੀਤਾ ਮੈਂ ਆਪਣੀ ਨਿਗਾਹ ਤੋਂ ਲਾਹ ਸੁੱਟਾਂਗਾ ਸੋ ਇਸਰਾਏਲ ਸਾਰੇ ਲੋਕਾਂ ਵਿੱਚ ਕਹਾਉਤ ਤੇ ਠੱਠਾ ਹੋਵੇਗਾ ।
8ਭਾਵੇਂ ਇਹ ਭਵਨ ਅੱਤ ਉੱਚਾ ਹੈ ਪਰ ਹਰ ਲੰਘਣ ਵਾਲਾ ਅਚਰਜ ਹੋਵੇਗਾ ਅਤੇ ਧਿਕੱਕਾਰ ਦੇਵੇਗਾ ਅਤੇ ਉਹ ਆਖਣਗੇ ਕਿ ਯਹੋਵਾਹ ਨੇ ਇਸ ਧਰਤੀ ਨਾਲ ਤੇ ਇਸ ਭਵਨ ਨਾਲ ਅਜਿਹਾ ਕਿਉਂ ਕੀਤਾ ?9ਤਦ ਉਹ ਆਖਣਗੇ ਇਸ ਲਈ ਕਿ ਉਨ੍ਹਾਂ ਨੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਤਿਆਗ ਦਿੱਤਾ ਜਿਹੜਾ ਉਨ੍ਹਾਂ ਦੇ ਪਿਉ-ਦਾਦਿਆਂ ਨੂੰ ਮਿਸਰ ਦੇਸ ਤੋਂ ਕੱਢ ਲਿਆਇਆ ਅਤੇ ਉਹ ਓਪਰੇ ਦੇਵਤਿਆਂ ਦੇ ਪਿੱਛੇ ਲੱਗ ਗਏ ਅਤੇ ਉਨ੍ਹਾਂ ਅੱਗੇ ਮੱਥਾ ਟੇਕਿਆ ਅਤੇ ਉਨ੍ਹਾਂ ਦੀ ਉਪਾਸਨਾ ਕੀਤੀ ਇਸ ਲਈ ਯਹੋਵਾਹ ਉਨ੍ਹਾਂ ਉੱਤੇ ਇਹ ਸਾਰੀ ਬੁਰਿਆਈ ਲਿਆਇਆ ਹੈ ।
ਸੁਲੇਮਾਨ ਦਾ ਹੀਰਾਮ ਦੇ ਨਾਲ ਸਮਝੌਤਾ
(2 ਇਤਿਹਾਸ 8:1-2 )

10ਇਸ ਤਰ੍ਹਾਂ ਹੋਇਆ ਕਿ ਵੀਹਾਂ ਸਾਲਾਂ ਦੇ ਅੰਤ ਵਿੱਚ ਜਦ ਸੁਲੇਮਾਨ ਇਹ ਦੋਵੇਂ ਥਾਂ ਅਰਥਾਤ ਯਹੋਵਾਹ ਦਾ ਭਵਨ ਅਤੇ ਪਾਤਸ਼ਾਹ ਦਾ ਮਹਿਲ ਬਣਾ ਚੁੱਕਿਆ ।11ਤਦ ਸੁਲੇਮਾਨ ਪਾਤਸ਼ਾਹ ਨੇ ਹੀਰਾਮ ਨੂੰ ਗਲੀਲ ਦੇ ਦੇਸ ਵਿੱਚ ਵੀਹ ਨਗਰ ਦਿੱਤੇ ਕਿਉਂ ਜੋ ਸੂਰ ਦੇ ਰਾਜਾ ਹੀਰਾਮ ਨੇ ਸੁਲੇਮਾਨ ਨੂੰ ਦਿਆਰ ਦੇ ਰੁੱਖ ਅਤੇ ਚੀਲ ਦੇ ਰੁੱਖ ਤੇ ਸੋਨਾ ਜਿਨ੍ਹਾਂ ਉਹ ਚਾਹੁੰਦਾ ਸੀ ਦਿੱਤਾ ।
12ਜਦ ਹੀਰਾਮ ਸੂਰ ਤੋਂ ਉਨ੍ਹਾਂ ਨਗਰਾਂ ਨੂੰ ਜੋ ਸੁਲੇਮਾਨ ਨੇ ਉਹ ਨੂੰ ਦਿੱਤੇ ਸਨ ਵੇਖਣ ਲਈ ਆਇਆ ਤਾਂ ਉਹ ਉਹ ਨੂੰ ਚੰਗੇ ਨਾ ਲੱਗੇ ।13ਤਾਂ ਉਸ ਨੇ ਆਖਿਆ, ਹੇ ਮੇਰੇ ਭਰਾ ਇਹ ਕੇਹੋ ਜੇਹੇ ਨਗਰ ਹਨ ਜੋ ਤੂੰ ਮੈਨੂੰ ਦਿੱਤੇ ? ਸੋ ਉਸ ਉਨ੍ਹਾਂ ਨੂੰ ਕਾਬੂਲ ਦਾ ਦੇਸ ਆਖਿਆ ਜੋ ਅੱਜ ਤੱਕ ਹੈ ।14ਹੀਰਾਮ ਨੇ ਪਾਤਸ਼ਾਹ ਕੋਲ ਇੱਕ ਸੌ ਵੀਹ ਤੋੜੇ ਸੋਨਾ ਭੇਜਿਆ ।
ਸੁਲੇਮਾਨ ਦੇ ਹੋਰ ਕੰਮ
(2 ਇਤਿਹਾਸ 8:13-18)

15ਉਸ ਬੇਗਾਰ ਦੇ ਕਾਰਨ ਜਿਹੜੀ ਸੁਲੇਮਾਨ ਪਾਤਸ਼ਾਹ ਨੇ ਲੋਕਾਂ ਉੱਤੇ ਪਾਈ ਇਹ ਸੀ ਕਿ ਉਹ ਯਹੋਵਾਹ ਦਾ ਭਵਨ ਤੇ ਆਪਣਾ ਮਹਿਲ ਤੇ ਮਿੱਲੋ ਤੇ ਯਰੂਸ਼ਲਮ ਦੀ ਸਫੀਲ ਤੇ ਹਾਸ਼ੋਰ ਤੇ ਮਗਿੱਦੋ ਤੇ ਗਜਰ ਬਣਾਏ ।16ਮਿਸਰ ਦਾ ਰਾਜਾ ਫਿਰਊਨ ਚੜ੍ਹ ਆਇਆ ਅਤੇ ਉਸ ਨੇ ਗਜਰ ਨੂੰ ਲੈ ਕੇ ਅੱਗ ਨਾਲ ਸਾੜ ਦਿੱਤਾ ਅਤੇ ਉਨ੍ਹਾਂ ਕਨਾਨੀਆਂ ਨੂੰ ਜੋ ਸ਼ਹਿਰ ਵਿੱਚ ਵੱਸਦੇ ਸਨ ਵੱਢ ਸੁੱਟਿਆ ਫੇਰ ਆਪਣੀ ਧੀ ਨੂੰ ਜਿਹੜੀ ਸੁਲੇਮਾਨ ਦੀ ਰਾਣੀ ਸੀ ਇਹ ਦਾਜ ਵਿੱਚ ਦੇ ਦਿੱਤਾ ।
17ਸੁਲੇਮਾਨ ਨੇ ਗਜਰ ਅਤੇ ਹੇਠਲਾ ਬੈਤ ਹੋਰੋਨ ਬਣਾਏ ।18ਨਾਲੇ ਬਆਲਾਥ ਤੇ ਤਦਮੋਰ ਜੋ ਉਸ ਦੇਸ ਦੀ ਉਜਾੜ ਵਿੱਚ ਸਨ ।19ਨਾਲੇ ਸੁਲੇਮਾਨ ਦੇ ਸਾਰੇ ਭੰਡਾਰ ਦੇ ਸ਼ਹਿਰ ਤੇ ਰਥਾਂ ਲਈ ਸ਼ਹਿਰ ਤੇ ਸਵਾਰਾਂ ਦੇ ਸ਼ਹਿਰ ਅਤੇ ਜੋ ਕੁਝ ਸੁਲੇਮਾਨ ਆਪਣੀ ਖੁਸ਼ੀ ਲਈ ਯਰੂਸ਼ਲਮ ਵਿੱਚ ਤੇ ਲਬਾਨੋਨ ਵਿੱਚ ਤੇ ਆਪਣੇ ਰਾਜ ਦੇ ਸਾਰੇ ਦੇਸ ਵਿੱਚ ਬਣਾਉਣੇ ਚਾਹੁੰਦਾ ਸੀ ।
20ਅਮੋਰੀਆਂ, ਹਿੱਤੀਆਂ, ਫਰਿੱਜ਼ੀਆਂ, ਹਿੱਵੀਆਂ ਤੇ ਯਬੂਸੀਆਂ ਵਿੱਚੋਂ ਸਾਰਾ ਬਕੀਆ ਜੋ ਇਸਰਾਏਲੀ ਨਹੀਂ ਸਨ ।21ਅਰਥਾਤ ਉਨ੍ਹਾਂ ਦੀ ਸੰਤਾਨ ਜਿਹੜੀ ਦੇਸ ਵਿੱਚ ਉਨ੍ਹਾਂ ਦੇ ਮਗਰੋਂ ਰਹਿ ਗਈ ਸੀ ਜਿਨ੍ਹਾਂ ਦਾ ਨਾਸ ਇਸਰਾਏਲੀ ਨਾ ਕਰ ਸਕੇ ਉਨ੍ਹਾਂ ਉੱਤੇ ਸੁਲੇਮਾਨ ਨੇ ਬੇਗਾਰ ਦਾ ਡੰਨ ਜੋ ਅੱਜ ਤੱਕ ਹੈ ਲਾਇਆ ।
22ਪਰ ਇਸਰਾਏਲੀਆਂ ਵਿੱਚੋਂ ਸੁਲੇਮਾਨ ਨੇ ਬੇਗਾਰੀ ਨਾ ਬਣਾਏ । ਉਹ ਜੋਧੇ ਤੇ ਉਸ ਦੇ ਟਹਿਲੂਏ ਤੇ ਉਹ ਦੇ ਸਰਦਾਰ ਤੇ ਉਹ ਦੇ ਅਫ਼ਸਰ ਤੇ ਉਹ ਦੇ ਰਥਾਂ ਦੇ ਸਰਦਾਰ ਤੇ ਉਹ ਦੇ ਸਵਾਰ ਸਨ ।
23ਇਹ ਸਾਢੇ ਪੰਜ ਸੋ ਚੌਹਧਰੀਆਂ ਦੇ ਸਰਦਾਰ ਸਨ ਜੋ ਸੁਲੇਮਾਨ ਦੇ ਕੰਮ ਉੱਤੇ ਸਨ ਨਾਲੇ ਉਨ੍ਹਾਂ ਲੋਕਾਂ ਦੇ ਉੱਤੇ ਜਿਹੜੇ ਕੰਮ ਕਰਦੇ ਸਨ ।
24ਪਰ ਫਿਰਊਨ ਦੀ ਧੀ ਦਾਊਦ ਦੇ ਸ਼ਹਿਰੋਂ ਆਪਣੇ ਮਹਿਲ ਵਿੱਚ ਜਿਹੜਾ ਉਸ ਨੇ ਉਹ ਦੇ ਲਈ ਬਣਾਇਆ ਸੀ ਆਈ ਤਦ ਉਸ ਨੇ ਮਿੱਲੋ ਬਣਾਇਆ ।
25ਸਾਲ ਵਿੱਚ ਤਿੰਨ ਵਾਰ ਸੁਲੇਮਾਨ ਹੋਮ ਤੇ ਸੁੱਖ-ਸਾਂਦ ਦੀਆਂ ਬਲੀਆਂ ਉਸ ਜਗਵੇਦੀ ਉੱਤੇ ਜਿਹੜੀ ਉਸ ਨੇ ਯਹੋਵਾਹ ਲਈ ਬਣਾਈ ਚੜ੍ਹਾਉਂਦਾ ਹੁੰਦਾ ਸੀ ਅਤੇ ਉਹ ਦੇ ਨਾਲ ਉਸ ਜਗਵੇਦੀ ਉੱਤੇ ਜਿਹੜੀ ਯਹੋਵਾਹ ਦੇ ਅੱਗੇ ਸੀ ਧੂਪ ਧੁਖਾਉਂਦਾ ਹੁੰਦਾ ਸੀ । ਸੋ ਉਸ ਨੇ ਭਵਨ ਨੂੰ ਸੰਪੂਰਨ ਕੀਤਾ ।
26ਸੁਲੇਮਾਨ ਪਾਤਸ਼ਾਹ ਨੇ ਜਹਾਜ਼ਾਂ ਦਾ ਬੇੜ ਅਸਿਓਨ ਗਬਰ ਵਿੱਚ ਜੋ ਏਲੋਥ ਕੋਲ ਲਾਲ ਸਮੁੰਦਰ ਦੇ ਕੰਢੇ ਉੱਤੇ ਅਦੋਮ ਦੇਸ ਵਿੱਚ ਹੈ ਬਣਾਇਆ ।27ਅਤੇ ਹੀਰਾਮ ਨੇ ਬੇੜੇ ਵਿੱਚ ਆਪਣੇ ਸੇਵਕ ਜੋ ਸਮੁੰਦਰ ਦੇ ਜਾਣਕਾਰ ਮਲਾਹ ਸਨ ਸੁਲੇਮਾਨ ਦੇ ਸੇਵਕਾਂ ਨਾਲ ਭੇਜੇ ।28ਉਹ ਓਫੀਰ ਵਿੱਚ ਆਏ ਅਤੇ ਓਥੋਂ ਚਾਰ ਸੌ ਵੀਹ ਤੋੜੇ ਸੋਨੇ ਦੇ ਲੈ ਕੇ ਸੁਲੇਮਾਨ ਪਾਤਸ਼ਾਹ ਕੋਲ ਲਿਆਏ ।

10
ਸ਼ਬਾ ਦੀ ਰਾਣੀ ਦਾ ਆਉਣਾ
(2 ਇਤਿਹਾਸ 9:1-12)

1ਜਦ ਸ਼ਬਾ ਦੀ ਰਾਣੀ ਨੇ ਸੁਲੇਮਾਨ ਦੀ ਧੁੰਮ ਯਹੋਵਾਹ ਦੇ ਨਾਮ ਦੇ ਕਾਰਨ ਸੁਣੀ ਤਾਂ ਉਸ ਨੂੰ ਬੁਝਾਰਤਾਂ ਵਿੱਚ ਪਰਖਣ ਲਈ ਆਈ ।2ਉਹ ਵੱਡੇ ਭਾਰੀ ਕਾਫਲੇ ਦੇ ਨਾਲ ਯਰੂਸ਼ਲਮ ਵਿੱਚ ਆਈ ਅਤੇ ਮਸਾਲੇ ਨਾਲ ਲੱਦੇ ਹੋਏ ਊਠ ਅਤੇ ਢੇਰ ਸਾਰਾ ਸੋਨਾ ਅਤੇ ਬਹੁਮੁੱਲੇ ਪੱਥਰ ਨਾਲ ਸਨ । ਜਦ ਸੁਲੇਮਾਨ ਕੋਲ ਆਈ ਤਾਂ ਜੋ ਕੁਝ ਉਹ ਦੇ ਮਨ ਵਿੱਚ ਸੀ ਉਸ ਨਾਲ ਗੱਲ ਕੀਤੀ ।

3ਸੁਲੇਮਾਨ ਨੇ ਉਹ ਦੀਆਂ ਸਾਰੀਆਂ ਗੱਲਾਂ ਦਾ ਉਹ ਨੂੰ ਉੱਤਰ ਦਿੱਤਾ ਅਤੇ ਪਾਤਸ਼ਾਹ ਤੋਂ ਕੋਈ ਗੱਲ ਗੁੱਝੀ ਨਾ ਸੀ, ਜਿਹ ਦਾ ਉਸ ਨੇ ਉੱਤਰ ਨਾ ਦਿੱਤਾ ਹੋਵੇ ।4ਜਦ ਸ਼ਬਾ ਦੀ ਰਾਣੀ ਨੇ ਸੁਲੇਮਾਨ ਦੀ ਸਾਰੀ ਬੁੱਧ ਅਤੇ ਉਸ ਮਹਿਲ ਨੂੰ ਜਿਹੜਾ ਉਸ ਨੇ ਬਣਾਇਆ ਸੀ ਦੇਖਿਆ ।5ਨਾਲੇ ਉਸ ਦੀ ਮੇਜ਼ ਦੇ ਉੱਤੇ ਦਾ ਖਾਣਾ, ਉਸ ਦੇ ਕਰਮਚਾਰੀਆਂ ਦੇ ਬੈਠਣ ਦਾ ਤਰੀਕਾ, ਉਸ ਦੇ ਸੇਵਕਾਂ ਦੀ ਆਗਿਆਕਾਰੀ, ਉਨ੍ਹਾਂ ਦਾ ਪਹਿਰਾਵਾ, ਉਸ ਦੇ ਸਾਕੀ ਅਤੇ ਉਸ ਦੀਆਂ ਹੋਮ ਦੀਆਂ ਬਲੀਆਂ ਜਿਹੜੀਆਂ ਉਹ ਯਹੋਵਾਹ ਦੇ ਭਵਨ ਵਿੱਚ ਚੜ੍ਹਾਉਂਦਾ ਸੀ ਤਾਂ ਉਹ ਦੇ ਹੋਸ਼ ਉੱਡ ਗਏ ।
6ਤਾਂ ਉਹ ਨੇ ਪਾਤਸ਼ਾਹ ਨੂੰ ਆਖਿਆ, ਕਿ ਇਹ ਸੱਚੀ ਗੱਲ ਸੀ ਜੋ ਮੈਂ ਆਪਣੇ ਦੇਸ ਵਿੱਚ ਤੇਰੀਆਂ ਗੱਲਾਂ ਉੱਤੇ ਅਤੇ ਤੇਰੀ ਬੁੱਧੀ ਉੱਤੇ ਸੁਣੀ ।7ਪਰ ਜਦ ਤੱਕ ਮੈਂ ਆ ਕੇ ਆਪਣੀ ਅੱਖੀਂ ਨਾ ਵੇਖਿਆ ਤਦ ਤੱਕ ਮੈਂ ਉਨ੍ਹਾਂ ਗੱਲਾਂ ਦੀ ਪਰਤੀਤ ਨਾ ਕੀਤੀ ਅਤੇ ਵੇਖੋ ਉਹ ਮੈਨੂੰ ਅੱਧੀਆਂ ਵੀ ਨਹੀਂ ਦੱਸੀਆਂ ਗਈਆਂ । ਤੂੰ ਆਪਣੀ ਬੁੱਧੀ ਤੇ ਨੇਕੀ ਨੂੰ ਜਿਹੜੀ ਮੈਂ ਸੁਣੀ ਆਪਣੀ ਧੁੰਮ ਨਾਲੋਂ ਵਧਾਇਆ ਹੋਇਆ ਹੈ ।
8ਧੰਨ ਹਨ ਤੇਰੇ ਮਨੁੱਖ ਤੇ ਧੰਨ ਹਨ ਇਹ ਤੇਰੇ ਸੇਵਕ ਜਿਹੜੇ ਸਦਾ ਤੇਰੇ ਸਨਮੁਖ ਖੜ੍ਹੇ ਰਹਿੰਦੇ ਹਨ ਅਤੇ ਤੇਰੀ ਬੁੱਧੀ ਨੂੰ ਸੁਣਦੇ ਹਨ ।9ਯਹੋਵਾਹ ਤੇਰਾ ਪਰਮੇਸ਼ੁਰ ਮੁਬਾਰਕ ਹੋਵੇ ਜਿਹੜਾ ਤੇਰੇ ਉੱਤੇ ਰੀਝਵਾਨ ਹੈ ਅਤੇ ਤੈਨੂੰ ਇਸਰਾਏਲ ਦੀ ਰਾਜ ਗੱਦੀ ਉੱਤੇ ਬਿਠਾਇਆ ਹੈ ਇਸ ਲਈ ਕਿ ਯਹੋਵਾਹ ਨੇ ਇਸਰਾਏਲ ਨਾਲ ਸਦਾ ਹਿੱਤ ਕੀਤਾ ਅਤੇ ਤੈਨੂੰ ਪਾਤਸ਼ਾਹ ਬਣਾਇਆ ਕਿ ਤੂੰ ਧਰਮ ਦੇ ਨਿਆਂ ਕਰੇਂ ।
10ਤਦ ਉਸ ਨੇ ਪਾਤਸ਼ਾਹ ਨੂੰ ਇੱਕ ਸੌ ਵੀਹ ਤੋੜੇ ਸੋਨਾ ਅਤੇ ਢੇਰ ਸਾਰਾ ਮਸਾਲਾ ਅਤੇ ਬਹੁਮੁੱਲੇ ਪੱਥਰ ਦਿੱਤੇ ਅਤੇ ਜਿੰਨਾ ਮਸਾਲਾ ਸ਼ਬਾ ਦੀ ਰਾਣੀ ਨੇ ਸੁਲੇਮਾਨ ਪਾਤਸ਼ਾਹ ਲਈ ਦਿੱਤਾ ਫੇਰ ਕਦੀ ਐਨਾ ਨਾ ਆਇਆ ।
11ਹੀਰਾਮ ਦਾ ਬੇੜਾ ਵੀ ਜਿਹੜੀ ਓਫੀਰ ਤੋਂ ਸੋਨਾ ਲਿਆਉਂਦਾ ਸੀ ਉਹ ਵੀ ਓਫੀਰ ਤੋਂ ਚੰਦਨ ਦੀ ਢੇਰ ਸਾਰੀ ਲੱਕੜੀ ਤੇ ਬਹੁਮੁੱਲੇ ਪੱਥਰ ਲਿਆਇਆ ।12ਪਾਤਸ਼ਾਹ ਨੇ ਯਹੋਵਾਹ ਦੇ ਭਵਨ ਲਈ ਅਤੇ ਸ਼ਾਹੀ ਮਹਿਲ ਲਈ ਚੰਦਨ ਦੀ ਲੱਕੜ ਦੀਆਂ ਥੰਮ੍ਹੀਆਂ ਅਤੇ ਰਾਗੀਆਂ ਲਈ ਬਰਬਤਾਂ ਤੇ ਰਬਾਬ ਬਣਾਏ ਅਤੇ ਫੇਰ ਅਜਿਹੇ ਚੰਦਨ ਦੀ ਲੱਕੜੀ ਅੱਜ ਤੱਕ ਕਦੀ ਵੇਖਣ ਵਿੱਚ ਨਹੀਂ ਆਈ ।
13ਇਸ ਤੋਂ ਬਾਅਦ ਸੁਲੇਮਾਨ ਪਾਤਸ਼ਾਹ ਨੇ ਸ਼ਬਾ ਦੀ ਰਾਣੀ ਉਸ ਦੀ ਸਾਰੀ ਇੱਛਿਆ ਦੇ ਅਨੁਸਾਰ ਜੋ ਉਸ ਨੇ ਮੰਗਿਆ ਸੋ ਦਿੱਤਾ । ਇਹ ਉਸ ਤੋਂ ਅਲੱਗ ਸੀ ਜਿਹੜਾ ਸੁਲੇਮਾਨ ਨੇ ਆਪਣੀ ਸਾਰੀ ਸਖਾਵਤ ਨਾਲ ਦਿੱਤਾ ਸੀ । ਸੋ ਉਹ ਆਪਣੇ ਸੇਵਕਾਂ ਦੇ ਨਾਲ ਆਪਣੇ ਦੇਸ ਨੂੰ ਮੁੜ ਗਈ ।
ਰਾਜਾ ਸੁਲੇਮਾਨ ਦੀ ਸ਼ਾਨ
(2 ਇਤਿਹਾਸ 9:13-29)

14ਉਸ ਸੋਨੇ ਦਾ ਭਾਰ ਜਿਹੜਾ ਹਰ ਸਾਲ ਸੁਲੇਮਾਨ ਦੇ ਕੋਲ ਆਉਂਦਾ ਸੀ ਛੇ ਸੌ ਛਿਆਹਠ ਤੋੜੇ ਸੋਨਾ ਸੀ ।15ਉਸ ਤੋਂ ਬਿਨਾਂ ਹੋਰ ਵੀ ਜਿਹੜਾ ਵਪਾਰੀਆਂ ਕੋਲੋਂ ਤੇ ਸੋਦਾਗਰਾਂ ਤੋਂ ਅਤੇ ਅਰਬ ਦੇ ਸਾਰੇ ਰਾਜਿਆਂ ਕੋਲੋਂ ਤੇ ਦੇਸ ਦੇ ਹਾਕਮਾਂ ਕੋਲੋਂ ਆਉਂਦਾ ਸੀ ।
16ਅਤੇ ਸੁਲੇਮਾਨ ਪਾਤਸ਼ਾਹ ਨੇ ਸੋਨਾ ਘੜ ਕੇ ਦੋ ਸੌ ਵੱਡੀਆਂ ਢਾਲਾਂ ਬਣਾਈਆਂ ਅਤੇ ਇੱਕ-ਇੱਕ ਢਾਲ਼ ਨੂੰ ਸਾਢੇ ਸੱਤ ਸੱਤ ਸੇਰ ਸੋਨਾ ਲੱਗਾ ।17ਅਤੇ ਸੋਨੇ ਦੀਆਂ ਘੜਵੀਆਂ ਤਿੰਨ ਸੌ ਛੋਟੀਆਂ ਢਾਲਾਂ ਬਣਾਈਆਂ ਅਤੇ ਇੱਕ-ਇੱਕ ਢਾਲ਼ ਨੂੰ ਦੋ ਕੁ ਸੇਰ ਸੋਨਾ ਲੱਗਾ ਤਾਂ ਪਾਤਸ਼ਾਹ ਨੇ ਉਨ੍ਹਾਂ ਨੂੰ ਲਬਾਨੋਨੀ ਬਣ ਦੇ ਮਹਿਲ ਵਿੱਚ ਰੱਖਿਆ ।
18ਪਾਤਸ਼ਾਹ ਨੇ ਹਾਥੀ ਦੰਦ ਦੀ ਇੱਕ ਵੱਡੀ ਰਾਜ ਗੱਦੀ ਬਣਾਈ ਅਤੇ ਉਹ ਦੇ ਉੱਤੇ ਕੁੰਦਨ ਸੋਨਾ ਚੜ੍ਹਾਇਆ ।19ਉਸ ਰਾਜ ਗੱਦੀ ਦੀ ਛੇ ਪੌਡੇ ਦੀ ਪੋੜੀ ਸੀ ਅਤੇ ਰਾਜ ਗੱਦੀ ਦਾ ਉਪਰਲਾ ਥਾਂ ਪਿੱਛਿਓਂ ਗੋਲ ਸੀ ਅਤੇ ਬੈਠਣ ਦੇ ਥਾਂ ਦੇ ਆਲੇ-ਦੁਆਲੇ ਦੋਹੀਂ ਪਾਸੀਂ ਢਾਸਣੇ ਸਨ ਅਤੇ ਢਾਸਣਿਆਂ ਦੇ ਕੋਲ ਦੋ ਬਬਰ ਸ਼ੇਰ ਖੜ੍ਹੇ ਸਨ ।20ਉਨ੍ਹਾਂ ਛੇ ਪੌੜੀਆਂ ਦੇ ਉੱਤੇ ਬਾਰਾਂ ਸ਼ੇਰ ਦੋਵੇਂ ਪਾਸੀਂ ਖੜ੍ਹੇ ਸਨ ਅਤੇ ਸਾਰੀਆਂ ਪਾਤਸ਼ਾਹੀਆਂ ਵਿੱਚ ਕਿਤੇ ਅਜਿਹੀ ਬਣੀ ਹੋਈ ਨਹੀਂ ਸੀ ।
21ਸੁਲੇਮਾਨ ਪਾਤਸ਼ਾਹ ਦੇ ਪੀਣ ਦੇ ਸਾਰੇ ਭਾਂਡੇ ਸੋਨੇ ਦੇ ਸਨ ਅਤੇ ਲਬਾਨੋਨੀ ਬਣ ਦੇ ਮਹਿਲ ਦੇ ਸਾਰੇ ਭਾਂਡੇ ਕੁੰਦਨ ਸੋਨੇ ਦੇ ਸਨ । ਚਾਂਦੀ ਦਾ ਇੱਕ ਵੀ ਨਹੀਂ ਸੀ ਸੁਲੇਮਾਨ ਦੇ ਦਿਨਾਂ ਵਿੱਚ ਚਾਂਦੀ ਨੂੰ ਕੋਈ ਪੁੱਛਦਾ ਵੀ ਨਹੀਂ ਸੀ ।22ਕਿਉਂ ਜੋ ਪਾਤਸ਼ਾਹ ਦਾ ਸਮੁੰਦਰ ਦੇ ਉੱਤੇ ਇੱਕ ਤਰਸ਼ੀਸ਼ੀ ਬੇੜਾ ਹੀਰਾਮ ਦੇ ਬੇੜੇ ਦੇ ਨਾਲ ਸੀ । ਤਿੰਨ ਸਾਲ ਵਿੱਚ ਇੱਕ ਵਾਰ ਇਹ ਤਰਸ਼ੀਸ਼ੀ ਬੇੜਾ ਸੋਨਾ, ਚਾਂਦੀ, ਹਾਥੀ ਦੰਦ, ਬਾਂਦਰ ਤੇ ਮੋਰ ਲੱਦ ਕੇ ਲਿਆਉਂਦਾ ਹੁੰਦਾ ਸੀ ।
23ਇਸ ਤਰ੍ਹਾਂ ਸੁਲੇਮਾਨ ਪਾਤਸ਼ਾਹ ਧਰਤੀ ਦੇ ਸਾਰਿਆਂ ਰਾਜਿਆਂ ਨਾਲੋਂ ਧਨ ਅਤੇ ਬੁੱਧ ਵਿੱਚ ਬਹੁਤ ਵੱਡਾ ਸੀ ।24ਅਤੇ ਸਾਰੀ ਧਰਤੀ ਸੁਲੇਮਾਨ ਦੇ ਮੂੰਹ ਵੱਲ ਤੱਕਦੀ ਹੁੰਦੀ ਸੀ ਕਿ ਉਹ ਦੀ ਬੁੱਧੀ ਸੁਣੇ ਜਿਹੜੀ ਪਰਮੇਸ਼ੁਰ ਨੇ ਉਹ ਦੇ ਮਨ ਵਿੱਚ ਪਾਈ ਸੀ ।25ਉਨ੍ਹਾਂ ਵਿੱਚੋਂ ਹਰ ਮਨੁੱਖ ਆਪਣਾ ਨਜ਼ਰਾਨਾ ਅਰਥਾਤ ਚਾਂਦੀ ਦੇ ਭਾਂਡੇ, ਸੋਨੇ ਦੇ ਭਾਂਡੇ, ਬਸਤਰ, ਸ਼ਸਤਰ, ਮਸਾਲਾ, ਘੋੜੇ ਅਤੇ ਖੱਚਰਾਂ ਸਾਲ ਦੇ ਸਾਲ ਲਿਆਉਂਦਾ ਹੁੰਦਾ ਸੀ ।
26ਸੁਲੇਮਾਨ ਨੇ ਰਥ ਅਤੇ ਘੋੜ ਚੜ੍ਹੇ ਇੱਕਠੇ ਕੀਤੇ ਅਤੇ ਉਹ ਦੇ ਇੱਕ ਹਜ਼ਾਰ ਚਾਰ ਸੌ ਰਥ ਅਤੇ ਬਾਰਾਂ ਹਜ਼ਾਰ ਘੋੜ ਚੜ੍ਹੇ ਸਨ ਜਿਨ੍ਹਾਂ ਨੂੰ ਉਸ ਨੇ ਰਥਾਂ ਦੇ ਸ਼ਹਿਰਾਂ ਵਿੱਚ ਅਤੇ ਯਰੂਸ਼ਲਮ ਵਿੱਚ ਪਾਤਸ਼ਾਹ ਦੇ ਨੇੜੇ ਰੱਖਿਆ ।27ਪਾਤਸ਼ਾਹ ਨੇ ਯਰੂਸ਼ਲਮ ਵਿੱਚ ਚਾਂਦੀ ਪੱਥਰਾਂ ਵਾਂਗੂੰ ਦਿੱਤੀ ਅਤੇ ਦਿਆਰ ਨੂੰ ਗੁੱਲ੍ਹਰ ਵਾਂਗੂੰ ਦਿੱਤਾ ਜਿਹੜੀ ਬੇਟ ਵਿੱਚ ਢੇਰਾਂ ਦੇ ਢੇਰ ਹੁੰਦੀ ਹੈ ।
28ਉਹ ਘੋੜੇ ਜਿਹੜੇ ਸੁਲੇਮਾਨ ਕੋਲ ਸਨ ਮਿਸਰੋਂ ਲਿਆਏ ਜਾਂਦੇ ਸਨ ਅਤੇ ਪਾਤਸ਼ਾਹ ਦੇ ਵਪਾਰੀ ਉਨ੍ਹਾਂ ਦਾ ਭਾ ਬਣਾ ਕੇ ਲੈਂਦੇ ਸਨ ।29ਅਤੇ ਇੱਕ ਰਥ ਛੇ ਸੌ ਰੂਪਏ ਨਾਲ ਮਿਸਰੋਂ ਉਤਾਹਾਂ ਲਿਆਇਆ ਜਾਂਦਾ ਸੀ ਅਤੇ ਇੱਕ ਘੋੜਾ ਡੇਢ ਸੌ ਨਾਲ ਇਸੇ ਤਰ੍ਹਾਂ ਹਿੱਤੀਆਂ ਦੇ ਸਾਰਿਆਂ ਰਾਜਿਆਂ ਲਈ ਅਤੇ ਅਰਾਮੀਆਂ ਦੇ ਰਾਜਿਆਂ ਲਈ ਉਨ੍ਹਾਂ ਦੀ ਰਾਹੀਂ ਲਿਆਏ ਜਾਂਦੇ ਸਨ ।

11
ਸੁਲੇਮਾਨ ਦਾ ਪਤਨ

1ਸੁਲੇਮਾਨ ਪਾਤਸ਼ਾਹ ਨੇ ਫ਼ਿਰਊਨ ਦੀ ਧੀ ਤੋਂ ਬਿਨਾਂ ਬਹੁਤ ਸਾਰੀਆਂ ਪਰਾਈਆਂ ਕੌਮਾਂ ਦੀਆਂ ਇਸਤਰੀਆਂ ਨਾਲ-ਨਾਲ ਪ੍ਰੀਤ ਲਾ ਲਈ ਅਰਥਾਤ ਮੋਆਬਣਾਂ, ਅੰਮੋਨਣਾਂ, ਅਦੋਮਣਾਂ, ਸਿਦੋਨਣਾਂ ਅਤੇ ਹਿੱਤਣਾਂ ਨਾਲ ।2ਇਹ ਉਨ੍ਹਾਂ ਕੌਮਾਂ ਵਿੱਚੋਂ ਸਨ ਜਿਨ੍ਹਾਂ ਦੇ ਵਿਖੇ ਯਹੋਵਾਹ ਨੇ ਇਸਰਾਏਲੀਆਂ ਨੂੰ ਆਖਿਆ ਸੀ ਕਿ ਤੁਸੀਂ ਉਨ੍ਹਾਂ ਦੇ ਵਿੱਚ ਨਾ ਜਾਇਓ ਅਤੇ ਨਾ ਉਹ ਤੁਹਾਡੇ ਵਿੱਚ ਆਉਣ । ਉਹ ਤੁਹਾਡਿਆਂ ਮਨਾਂ ਨੂੰ ਆਪਣੇ ਦੇਵਤਿਆਂ ਵੱਲ ਫੇਰ ਲੈਣਗੀਆਂ ਪਰ ਸੁਲੇਮਾਨ ਨੇ ਇਨ੍ਹਾਂ ਨਾਲ ਪਰੀਤ ਲਗਾ ਲਈ ।

3ਉਹ ਦੀਆਂ ਸੱਤ ਸੌ ਰਾਣੀਆਂ ਸਨ ਜਿਹੜੀਆਂ ਰਾਜ ਪੁੱਤਰੀਆਂ ਸਨ ਨਾਲੇ ਤਿੰਨ ਸੌ ਰਖੈਲਾਂ ਅਤੇ ਉਹ ਦੀਆਂ ਇਸਤਰੀਆਂ ਨੇ ਉਹ ਦਾ ਮਨ ਫੇਰ ਲਿਆ ।4ਤਾਂ ਇਸ ਤਰ੍ਹਾਂ ਹੋਇਆ ਕਿ ਸੁਲੇਮਾਨ ਦੇ ਬੁਢਾਪੇ ਵਿੱਚ ਉਹ ਦੀਆਂ ਇਸਤਰੀਆਂ ਨੇ ਉਹ ਦੇ ਮਨ ਨੂੰ ਹੋਰ ਦੇਵਤਿਆਂ ਦੇ ਪਿੱਛੇ ਫੇਰ ਦਿੱਤਾ ਸੋ ਉਹ ਦਾ ਮਨ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਸੰਪੂਰਨ ਨਾ ਰਿਹਾ ਜਿਵੇਂ ਉਹ ਦੇ ਪਿਤਾ ਦਾਊਦ ਦਾ ਮਨ ਸੀ ।
5ਸੁਲੇਮਾਨ ਸੀਦੋਨੀਆਂ ਦੀ ਦੇਵੀਂ ਅਸ਼ਤਾਰੋਥ ਅਤੇ ਅੰਮੋਨੀਆਂ ਦੇ ਘਿਣਾਉਣੇ ਦਿਓ ਮਿਲਕੋਮ ਦੇ ਪਿੱਛੇ ਚੱਲਿਆ ।6ਇਸ ਤਰ੍ਹਾਂ ਸੁਲੇਮਾਨ ਨੇ ਯਹੋਵਾਹ ਦੀ ਨਿਗਾਹ ਵਿੱਚ ਬਦੀ ਕੀਤੀ ਅਤੇ ਯਹੋਵਾਹ ਦੇ ਪਿੱਛੇ ਪੂਰੀ ਤਰ੍ਹਾਂ ਨਾ ਚੱਲਿਆ ਜਿਵੇਂ ਉਹ ਦੇ ਪਿਤਾ ਦਾਊਦ ਨੇ ਕੀਤਾ ।
7ਤਾਂ ਸੁਲੇਮਾਨ ਨੇ ਮੋਆਬ ਦੇ ਘਿਣਾਉਣੇ ਕਮੋਸ਼ ਲਈ ਇੱਕ ਉੱਚਾ ਥਾਂ ਉਸ ਪਰਬਤ ਉੱਤੇ ਜਿਹੜਾ ਯਰੂਸ਼ਲਮ ਦੇ ਅੱਗੇ ਹੈ ਬਣਾਇਆ ਨਾਲੇ ਅੰਮੋਨੀਆਂ ਦੇ ਘਿਣਾਉਣੇ ਮੋਲਕ ਲਈ ਵੀ ।8ਇਸੇ ਤਰ੍ਹਾਂ ਉਸ ਨੇ ਆਪਣੀਆਂ ਸਾਰੀਆਂ ਓਪਰੀਆਂ ਇਸਤਰੀਆਂ ਲਈ ਕੀਤਾ ਜਿਹੜੀਆਂ ਆਪੋ ਆਪਣੇ ਦੇਵਤਿਆਂ ਲਈ ਧੂਪ ਧੁਖਾਉਂਦੀਆਂ ਤੇ ਬਲੀਆਂ ਚੜ੍ਹਾਉਂਦੀਆਂ ਸਨ ।
9ਤਾਂ ਯਹੋਵਾਹ ਸੁਲੇਮਾਨ ਨਾਲ ਕ੍ਰੋਧਵਾਨ ਹੋਇਆ ਕਿਉਂ ਜੋ ਉਹ ਦਾ ਮਨ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਤੋਂ ਫਿਰ ਗਿਆ ਜਿਸ ਨੇ ਉਹ ਨੂੰ ਦੋ ਵਾਰ ਦਰਸ਼ਣ ਦਿੱਤਾ ਸੀ।10ਅਤੇ ਉਸ ਨੇ ਉਹ ਨੂੰ ਇਸ ਗੱਲ ਦਾ ਹੁਕਮ ਦਿੱਤਾ ਸੀ ਕਿ ਦੂਜਿਆਂ ਦੇਵਤਿਆਂ ਦੇ ਪਿੱਛੇ ਨਾ ਚੱਲੇ ਪਰ ਉਹ ਨੇ ਯਹੋਵਾਹ ਦਾ ਹੁਕਮ ਨਾ ਮੰਨਿਆ ।
11ਤਾਂ ਯਹੋਵਾਹ ਨੇ ਸੁਲੇਮਾਨ ਨੂੰ ਆਖਿਆ, ਇਸ ਲਈ ਕਿ ਇਹ ਤੇਰੇ ਕੋਲੋਂ ਹੋਇਆ ਹੈ ਅਤੇ ਤੂੰ ਮੇਰੇ ਨੇਮ ਨੂੰ ਤੇ ਮੇਰੀਆਂ ਬਿਧੀਆਂ ਨੂੰ ਜਿਨ੍ਹਾਂ ਦਾ ਮੈਂ ਤੈਨੂੰ ਹੁਕਮ ਦਿੱਤਾ ਸੀ ਨਹੀਂ ਮੰਨਿਆ ਮੈਂ ਜ਼ਰੂਰ ਰਾਜ ਤੇਰੇ ਕੋਲੋਂ ਖੋਹ ਲਵਾਂਗਾ ਅਤੇ ਤੇਰੇ ਟਹਿਲੂਏ ਨੂੰ ਦੇ ਦਿਆਂਗਾ ।12ਤਾਂ ਵੀ ਮੈਂ ਤੇਰੇ ਦਿਨਾਂ ਵਿੱਚ ਤੇਰੇ ਪਿਤਾ ਦਾਊਦ ਦੇ ਕਾਰਨ ਇਹ ਨਹੀਂ ਕਰਾਂਗਾ । ਤੇਰੇ ਪੁੱਤਰ ਦੇ ਹੱਥੋਂ ਮੈਂ ਉਹ ਨੂੰ ਖੋਹ ਲਵਾਂਗਾ ।13ਪਰੰਤੂ ਮੈਂ ਸਾਰਾ ਰਾਜ ਨਹੀਂ ਖੋਹਵਾਂਗਾ । ਇੱਕ ਗੋਤ ਮੈਂ ਤੇਰੇ ਪੁੱਤਰ ਨੂੰ ਤੇਰੇ ਪਿਤਾ ਦਾਊਦ ਦੇ ਕਾਰਨ ਅਤੇ ਯਰੂਸ਼ਲਮ ਦੇ ਕਾਰਨ ਜਿਹ ਨੂੰ ਮੈਂ ਚੁਣਿਆ ਦਿਆਂਗਾ ।
ਸੁਲੇਮਾਨ ਦੇ ਵੈਰੀ

14ਇਸ ਤੋਂ ਬਾਅਦ ਯਹੋਵਾਹ ਨੇ ਇੱਕ ਵਿਰੋਧੀ ਨੂੰ ਸੁਲੇਮਾਨ ਦੇ ਵਿਰੁੱਧ ਅਰਥਾਤ ਹਦਦ ਅਦੋਮੀ ਨੂੰ ਪਰੇਰਿਆ ਉਹ ਅਦੋਮ ਵਿੱਚ ਰਾਜਾ ਦੀ ਅੰਸ ਵਿੱਚੋ ਸੀ ।15ਇਸ ਤਰ੍ਹਾਂ ਹੋਇਆ ਜਦ ਦਾਊਦ ਅਦੋਮ ਵਿੱਚ ਸੀ ਜਿਸ ਵੇਲੇ ਯੋਆਬ ਸੈਨਾਪਤੀ ਵੱਢਿਆਂ ਹੋਇਆਂ ਦੇ ਦੱਬਣ ਲਈ ਉਤਾਹਾਂ ਆਇਆ ਅਤੇ ਅਦੋਮ ਦੇ ਹਰ ਨਰ ਨੂੰ ਵੱਢ ਸੁੱਟਿਆ ਸੀ ।16ਕਿਉਂ ਜੋ ਯੋਆਬ ਸਾਰੇ ਇਸਰਾਏਲ ਸਣੇ ਛੇ ਮਹੀਨੇ ਉੱਥੇ ਰਿਹਾ ਜਦ ਤੱਕ ਉਸ ਨੇ ਅਦੋਮ ਵਿੱਚ ਹਰ ਨਰ ਨੂੰ ਨਾਸ ਨਾ ਕਰ ਲਿਆ ।17ਤਦ ਹਦਦ ਅਤੇ ਉਹ ਦੇ ਨਾਲ ਉਹ ਦੇ ਪਿਤਾ ਦੇ ਅਦੋਮੀ ਟਹਿਲੂਏ ਨੱਠੇ ਕਿ ਉਹ ਮਿਸਰ ਨੂੰ ਜਾਣ ਅਤੇ ਹਦਦ ਇੱਕ ਛੋਟਾ ਬਾਲ ਹੀ ਸੀ ।
18ਉਹ ਮਿਦਿਆਨ ਤੋਂ ਉੱਠ ਕੇ ਪਾਰਾਨ ਨੂੰ ਆਏ ਅਤੇ ਆਪਣੇ ਨਾਲ ਪਾਰਾਨ ਤੋਂ ਮਨੁੱਖ ਲੈ ਕੇ ਉਹ ਮਿਸਰ ਵਿੱਚ ਮਿਸਰ ਦੇ ਰਾਜਾ ਫਿਰਊਨ ਕੋਲ ਗਏ ਅਤੇ ਉਸ ਨੇ ਉਹ ਨੂੰ ਇੱਕ ਘਰ ਦੇ ਦਿੱਤਾ ਅਤੇ ਉਹ ਦੇ ਲਈ ਰੋਟੀ ਠਹਿਰਾਈ ਅਤੇ ਉਹ ਨੂੰ ਭੂਮੀ ਦਿੱਤੀ ।19ਅਤੇ ਫਿਰਊਨ ਦੀ ਵੱਡੀ ਕਿਰਪਾ ਦੀ ਨਿਗਾਹ ਹਦਦ ਉੱਤੇ ਹੋਈ ਸੋ ਉਸ ਨੇ ਆਪਣੀ ਸਾਲੀ ਨੂੰ ਅਰਥਾਤ ਤਹਪਨੇਸ ਰਾਣੀ ਦੀ ਭੈਣ ਨੂੰ ਉਹ ਦੇ ਨਾਲ ਵਿਆਹ ਦਿੱਤਾ ।
20ਤਾਂ ਤਹਪਨੇਸ ਦੀ ਭੈਣ ਉਹ ਦਾ ਪੁੱਤਰ ਗਨੂਬਥ ਜਣੀ ਜਿਹ ਦਾ ਤਹਪਨੇਸ ਨੇ ਫਿਰਊਨ ਦੇ ਮਹਿਲ ਵਿੱਚ ਦੁੱਧ ਛੁਡਾਇਆ ਅਤੇ ਗਨੂਬਥ ਫਿਰਊਨ ਦੇ ਘਰਾਣੇ ਵਿੱਚ ਫਿਰਊਨ ਦੇ ਪੁੱਤਰਾਂ ਨਾਲ ਰਿਹਾ ।21ਜਦ ਹਦਦ ਨੇ ਮਿਸਰ ਵਿੱਚ ਸੁਣਿਆ ਕਿ ਦਾਊਦ ਆਪਣੇ ਪਿਉ-ਦਾਦਿਆਂ ਨਾਲ ਸੌ ਗਿਆ ਹੈ ਤੇ ਯੋਆਬ ਸੈਨਾਪਤੀ ਵੀ ਮਰ ਗਿਆ ਹੈ ਤਾਂ ਹਦਦ ਨੇ ਫਿਰਊਨ ਨੂੰ ਆਖਿਆ, ਮੈਨੂੰ ਜਾਣ ਦਿਓ ਕਿ ਮੈਂ ਆਪਣੇ ਦੇਸ ਨੂੰ ਚੱਲਿਆ ਜਾਂਵਾਂ ।22ਪਰ ਫਿਰਊਨ ਨੇ ਉਹ ਨੂੰ ਆਖਿਆ, ਤੈਨੂੰ ਮੇਰੀ ਵੱਲੋਂ ਕੀ ਥੁੜੋਂ ਸੀ ਕਿ ਵੇਖ ਤੂੰ ਆਪਣੇ ਦੇਸ ਨੂੰ ਜਾਣਾ ਚਾਹੁੰਦਾ ਹੈਂ ਤਾਂ ਅੱਗੋਂ ਉਹ ਬੋਲਿਆ, ਕੋਈ ਥੁੜੋਂ ਨਹੀਂ ਰਹੀ ਪਰ ਮੈਨੂੰ ਜ਼ਰੂਰ ਭੇਜ ਦਿਓ ।
23ਫੇਰ ਪਰਮੇਸ਼ੁਰ ਨੇ ਇੱਕ ਹੋਰ ਵਿਰੋਧੀ ਨੂੰ ਉਹ ਦੇ ਲਈ ਪਰੇਰਿਆ ਅਰਥਾਤ ਰਜ਼ੋਨ ਅਲਯਾਦਾ ਦੇ ਪੁੱਤਰ ਨੂੰ ਜੋ ਆਪਣੇ ਸੁਆਮੀ ਸੋਬਾਹ ਦੇ ਰਾਜਾ ਹਦਦਅਜ਼ਰ ਤੋਂ ਨੱਠਾ ਸੀ ।24ਉਸ ਨੇ ਆਪਣੇ ਨਾਲ ਮਨੁੱਖ ਇੱਕਠੇ ਕੀਤੇ ਅਤੇ ਉਹ ਉਨ੍ਹਾਂ ਦੇ ਜਥੇ ਦਾ ਸਰਦਾਰ ਸੀ ਜਦ ਦਾਊਦ ਨੇ ਉਨ੍ਹਾਂ ਨੂੰ ਵੱਢਿਆ, ਤਾਂ ਉਹ ਦੰਮਿਸਕ ਜਾ ਵੱਸੇ ਅਤੇ ਦੰਮਿਸ਼ਕ ਵਿੱਚ ਰਾਜ ਕਰਦੇ ਰਹੇ ।25ਉਸ ਬਦੀ ਤੋਂ ਬਿਨਾਂ ਜਿਹੜੀ ਹਦਦ ਨੇ ਕੀਤੀ ਸੀ ਉਹ ਸੁਲੇਮਾਨ ਦੇ ਸਾਰੇ ਦਿਨ ਇਸਰਾਏਲ ਦਾ ਵਿਰੋਧੀ ਬਣਿਆ ਰਿਹਾ ਅਤੇ ਉਸ ਨੇ ਇਸਰਾਏਲ ਨੂੰ ਘਿਣਾਉਣਾ ਸਮਝਿਆ ਅਤੇ ਅਰਾਮ ਉੱਤੇ ਰਾਜ ਕੀਤਾ ।
ਯਾਰਾਬੁਆਮ ਦਾ ਵਿਦਰੋਹ

26ਨਬਾਟ ਦੇ ਪੁੱਤਰ ਯਾਰਾਬੁਆਮ ਨੇ ਜੋ ਸਰੇਦਾਹ ਤੋਂ ਇਫਰਾਥੀ ਸੀ ਤੇ ਸੁਲੇਮਾਨ ਦਾ ਟਹਿਲੂਆ ਵੀ ਸੀ ਜਿਹ ਦੀ ਮਾਤਾ ਦਾ ਨਾਮ ਸਰੂਆਹ ਸੀ ਜਿਹੜੀ ਵਿੱਧਵਾ ਸੀ ਉਸ ਆਪਣਾ ਹੱਥ ਪਾਤਸ਼ਾਹ ਉੱਤੇ ਚੁੱਕਿਆ ।27ਅਤੇ ਉਸ ਦੇ ਪਾਤਸ਼ਾਹ ਉੱਤੇ ਹੱਥ ਚੁੱਕਣ ਦਾ ਕਾਰਨ ਇਹ ਸੀ ਕਿ ਸੁਲੇਮਾਨ ਨੇ ਮਿੱਲੋ ਬਣਾਇਆ ਅਤੇ ਆਪਣੇ ਪਿਤਾ ਦਾਊਦ ਦੇ ਸ਼ਹਿਰ ਦੀਆਂ ਤੇੜਾਂ ਦੀ ਮੁਰੰਮਤ ਕੀਤੀ ।
28ਯਾਰਾਬੁਆਮ ਸੂਰਮਾ ਜੋਧਾ ਸੀ ਅਤੇ ਜਦ ਸੁਲੇਮਾਨ ਨੇ ਵੇਖਿਆ ਕਿ ਇਹ ਜੁਆਨ ਮਿਹਨਤੀ ਹੈ ਤਾਂ ਉਹ ਨੇ ਉਸ ਨੂੰ ਯੂਸੁਫ਼ ਦੇ ਘਰਾਣੇ ਦੇ ਕੰਮ-ਧੰਦੇ ਉੱਤੇ ਠਹਿਰਾਇਆ ।29ਤਾਂ ਇਸ ਤਰ੍ਹਾਂ ਹੋਇਆ ਕਿ ਉਸ ਵੇਲੇ ਜਦ ਯਾਰਾਬੁਆਮ ਯਰੂਸ਼ਲਮ ਤੋਂ ਬਾਹਰ ਨਿੱਕਲਿਆ ਤਦ ਅਹੀਯਾਹ ਨਬੀ ਸ਼ੀਲੋਨੀ ਉਹ ਨੂੰ ਰਾਹ ਵਿੱਚ ਮਿਲ ਪਿਆ ਅਤੇ ਉਸ ਨੇ ਇੱਕ ਨਵੀਂ ਚਾਦਰ ਲਈ ਹੋਈ ਸੀ ਅਤੇ ਦੋਨੋਂ ਰੜ ਵਿੱਚ ਇੱਕਲੇ ਸਨ ।30ਤਾਂ ਅਹੀਯਾਹ ਨੇ ਉਸ ਨਵੀਂ ਚਾਦਰ ਨੂੰ ਜੋ ਉਸ ਦੇ ਆਪਣੇ ਉੱਤੇ ਸੀ ਫੜ੍ਹ ਕੇ ਬਾਰਾਂ ਟੁਕੜਿਆਂ ਵਿੱਚ ਪਾੜ ਸੁੱਟਿਆ ।
31ਅਤੇ ਉਸ ਨੇ ਯਾਰਾਬੁਆਮ ਨੂੰ ਆਖਿਆ, ਤੂੰ ਆਪਣੇ ਲਈ ਦਸ ਟੁਕੜੇ ਲੈ ਲੈ ਕਿਉਂ ਜੋ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਕਿ ਵੇਖ ਮੈਂ ਰਾਜ ਸੁਲੇਮਾਨ ਦੇ ਹੱਥੋਂ ਖੋਹ ਲਵਾਂਗਾ ਅਤੇ ਤੈਨੂੰ ਦਸ ਗੋਤ ਦੇ ਦਿਆਂਗਾ ।32ਪਰ ਮੈਂ ਆਪਣੇ ਦਾਸ ਦਾਊਦ ਦੇ ਕਾਰਨ ਇੱਕ ਗੋਤ ਉਹ ਦੇ ਕੋਲ ਰਹਿਣ ਦਿਆਂਗਾ ਨਾਲੇ ਯਰੂਸ਼ਲਮ ਦੇ ਕਾਰਨ ਜਿਸ ਸ਼ਹਿਰ ਨੂੰ ਮੈਂ ਇਸਰਾਏਲ ਦੇ ਸਾਰੇ ਗੋਤਾਂ ਵਿਚੋਂ ਚੁਣਿਆ ਹੈ ।33ਇਹ ਦਾ ਕਾਰਨ ਇਹ ਹੈ ਕਿ ਉਨ੍ਹਾਂ ਨੇ ਮੈਨੂੰ ਤਿਆਗ ਕੇ ਸੀਦੋਨੀਆਂ ਦੀ ਦੇਵੀਂ ਅਸ਼ਤਾਰੋਥ ਅਤੇ ਮੋਆਬ ਦੇ ਦਿਓ ਕਮੋਸ਼ ਤੇ ਅੰਮੋਨੀਆਂ ਦੇ ਦਿਓ ਮਿਲਕੋਮ ਅੱਗੇ ਮੱਥਾ ਟੇਕਿਆ ਅਤੇ ਇਸ ਤਰ੍ਹਾਂ ਮੇਰੇ ਮਾਰਗਾਂ ਵਿੱਚ ਨਹੀਂ ਚੱਲਦੇ ਰਹੇ ਕਿ ਜੋ ਮੇਰੀ ਨਿਗਾਹ ਵਿੱਚ ਸਿੱਧੀ ਗੱਲ ਹੈ ਉਹ ਉਹੋ ਕਰਨ ਅਤੇ ਮੇਰੀਆਂ ਬਿਧੀਆਂ ਤੇ ਮੇਰੇ ਨਿਆਵਾਂ ਨੂੰ ਮੰਨਣ ਜਿਵੇਂ ਉਹ ਦੇ ਪਿਤਾ ਦਾਊਦ ਨੇ ਕੀਤਾ ।
34ਤਾਂ ਵੀ ਮੈਂ ਸਾਰਾ ਰਾਜ ਉਹ ਦੇ ਹੱਥੋਂ ਨਾ ਲਵਾਂਗਾ ਪਰ ਮੈਂ ਉਹ ਦੇ ਜੀਵਨ ਭਰ ਉਹ ਨੂੰ ਆਪਣੇ ਦਾਸ ਦਾਊਦ ਦੇ ਕਾਰਨ ਸਜਾਦਾ ਬਣਾ ਰੱਖਾਂਗਾ ਜਿਹ ਨੂੰ ਮੈਂ ਇਸ ਲਈ ਚੁਣਿਆ ਕਿ ਉਹ ਨੇ ਮੇਰੇ ਹੁਕਮਾਂ ਤੇ ਬਿਧੀਆਂ ਨੂੰ ਮੰਨਿਆ ।35ਪਰ ਮੈਂ ਰਾਜ ਉਹ ਦੇ ਪੁੱਤਰ ਦੇ ਹੱਥੋਂ ਤੈਨੂੰ ਦਿਆਂਗਾ ਅਰਥਾਤ ਉਹ ਦਸ ਗੋਤ ।36ਅਤੇ ਮੈਂ ਉਹ ਦੇ ਪੁੱਤਰ ਨੂੰ ਇੱਕ ਗੋਤ ਦਿਆਂਗਾ ਤਾਂ ਜੋ ਮੇਰੇ ਦਾਸ ਦਾਊਦ ਲਈ ਇੱਕ ਚਰਾਗ ਯਰੂਸ਼ਲਮ ਵਿੱਚ ਜਿਸ ਸ਼ਹਿਰ ਨੂੰ ਮੈਂ ਆਪਣਾ ਨਾਮ ਰੱਖਣ ਲਈ ਚੁਣਿਆ ਹੈ ਸਾਰੇ ਦਿਨ ਮੇਰੇ ਅੱਗੇ ਰਹੇ ।
37ਮੈਂ ਤੈਨੂੰ ਲਵਾਂਗਾ ਅਤੇ ਤੂੰ ਆਪਣੇ ਮਨ ਦੀ ਸਾਰੀ ਇੱਛਾ ਅਨੁਸਾਰ ਰਾਜ ਕਰੇਂਗਾ ਸੋ ਤੂੰ ਇਸਰਾਏਲ ਉੱਤੇ ਪਾਤਸ਼ਾਹ ਹੋਵਾਂਗਾ ।38ਤਾਂ ਇਸ ਤਰ੍ਹਾਂ ਹੋਵੇਗਾ ਕਿ ਜੇ ਤੂੰ ਮੇਰੇ ਸਾਰੇ ਹੁਕਮਾਂ ਨੂੰ ਸੁਣੇਂ ਅਤੇ ਮੇਰੇ ਮਾਰਗਾਂ ਉੱਤੇ ਚੱਲੇ ਅਤੇ ਜੋ ਮੇਰੀ ਨਿਗਾਹ ਵਿੱਚ ਸਿੱਧਾ ਹੈ ਉਹੋ ਕਰੇਂ ਅਤੇ ਮੇਰੀਆਂ ਬਿਧੀਆਂ ਤੇ ਹੁਕਮਾਂ ਨੂੰ ਮੰਨੇ ਜਿਵੇਂ ਮੇਰੇ ਦਾਸ ਦਾਊਦ ਨੇ ਕੀਤਾ ਤਾਂ ਮੈਂ ਤੇਰੇ ਅੰਗ-ਸੰਗ ਰਹਾਂਗਾ ਅਤੇ ਤੇਰੇ ਲਈ ਇੱਕ ਅਟੱਲ ਘਰਾਣਾ ਬਣਾਵਾਂਗਾ ਜਿਵੇਂ ਮੈਂ ਦਾਊਦ ਲਈ ਬਣਾਇਆ ਨਾਲੇ ਮੈਂ ਇਸਰਾਏਲ ਤੈਨੂੰ ਦੇ ਦਿਆਂਗਾ ।39ਇਸ ਕਾਰਨ ਮੈਂ ਦਾਊਦ ਦੀ ਅੰਸ ਨੂੰ ਦੁੱਖ ਦਿਆਂਗਾ ਪਰ ਸਦਾ ਲਈ ਨਹੀਂ ।
40ਤਾਂ ਸੁਲੇਮਾਨ ਨੇ ਯਾਰਾਬੁਆਮ ਨੂੰ ਮਾਰਨਾ ਚਾਹਿਆ ਪਰ ਯਾਰਾਬੁਆਮ ਉੱਠ ਕੇ ਮਿਸਰ ਨੂੰ ਮਿਸਰ ਦੇ ਰਾਜਾ ਸ਼ੀਸ਼ਕ ਕੋਲ ਨੱਠ ਗਿਆ ਅਤੇ ਉਹ ਮਿਸਰ ਵਿੱਚ ਸੁਲੇਮਾਨ ਦੀ ਮੌਤ ਤੱਕ ਰਿਹਾ ।
ਸੁਲੇਮਾਨ ਦੀ ਮੌਤ
(2 ਇਤਿਹਾਸ 9:29-31 )

41ਅਤੇ ਸੁਲੇਮਾਨ ਦੀ ਬਾਕੀ ਵਾਰਤਾ ਜੋ ਕੁਝ ਉਸ ਨੇ ਕੀਤਾ ਅਤੇ ਉਸ ਦੀ ਬੁੱਧੀ ਕੀ ਇਹ ਸੁਲੇਮਾਨ ਦੇ ਵਿਰਤਾਂਤ ਦੀ ਪੋਥੀ ਵਿੱਚ ਲਿਖੇ ਹੋਏ ਨਹੀਂ ?42ਉਹ ਚਿਰ ਜਦ ਸੁਲੇਮਾਨ ਸਾਰੇ ਇਸਰਾਏਲ ਉੱਤੇ ਰਾਜ ਕਰਦਾ ਸੀ ਸੋ ਚਾਲ੍ਹੀ ਸਾਲ ਸਨ ।43ਤਾਂ ਸੁਲੇਮਾਨ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ ਅਤੇ ਆਪਣੇ ਪਿਤਾ ਦਾਊਦ ਦੇ ਸ਼ਹਿਰ ਵਿੱਚ ਦੱਬਿਆ ਗਿਆ ਅਤੇ ਰਹਬੁਆਮ ਉਸ ਦਾ ਪੁੱਤਰ ਉਸ ਦੇ ਥਾਂ ਰਾਜ ਕਰਨ ਲੱਗਾ ।

12
ਇਸਰਾਏਲ ਰਾਜ ਦਾ ਦੋ ਭਾਗਾਂ ਦੇ ਵਿੱਚ ਵੰਡਿਆ ਜਾਣਾ
(2 ਇਤਿਹਾਸ 10:1-19)

1ਰਹਬੁਆਮ ਸ਼ਕਮ ਨੂੰ ਗਿਆ ਕਿਉਂ ਜੋ ਸਾਰਾ ਇਸਰਾਏਲ ਉਹ ਨੂੰ ਪਾਤਸ਼ਾਹ ਬਣਾਉਣ ਲਈ ਸ਼ਕਮ ਵਿੱਚ ਆਇਆ ਹੋਇਆ ਸੀ ।2ਫੇਰ ਇਸ ਤਰ੍ਹਾਂ ਹੋਇਆ ਕਿ ਜਦ ਨਾਬਾਟ ਦੇ ਪੁੱਤਰ ਯਾਰਾਬੁਆਮ ਨੇ ਜਿਹੜਾ ਅਜੇ ਤੱਕ ਮਿਸਰ ਵਿੱਚ ਸੀ ਇਹ ਸੁਣਿਆ ਕਿਉਂ ਜੋ ਉਹ ਸੁਲੇਮਾਨ ਪਾਤਸ਼ਾਹ ਦੇ ਅੱਗੋਂ ਨੱਠ ਗਿਆ ਸੀ ਅਤੇ ਯਾਰਾਬੁਆਮ ਮਿਸਰ ਵਿੱਚ ਜਾ ਵੱਸਿਆ ਸੀ ।

3ਉਨ੍ਹਾਂ ਨੇ ਉਸ ਨੂੰ ਸੱਦ ਭੇਜਿਆ ਤਾਂ ਯਾਰਾਬੁਆਮ ਨੇ ਇਸਰਾਏਲ ਦੀ ਸਾਰੀ ਸਭਾ ਦੇ ਨਾਲ ਆ ਕੇ ਰਹਬੁਆਮ ਨਾਲ ਗੱਲ ਕੀਤੀ ਕਿ ।4ਤੁਹਾਡੇ ਪਿਤਾ ਨੇ ਸਾਡੇ ਜੂਲੇ ਨੂੰ ਕਰੜਾ ਕੀਤਾ ਹੋਇਆ ਸੀ ਸੋ ਹੁਣ ਤੁਸੀਂ ਆਪਣੇ ਪਿਤਾ ਦੀ ਉਸ ਕਰੜੀ ਟਹਿਲ ਨੂੰ ਅਤੇ ਉਸ ਭਾਰੀ ਜੂਲੇ ਨੂੰ ਜੋ ਸਾਡੇ ਉੱਤੇ ਦੇ ਰੱਖਿਆ ਹੈ ਹੌਲਾ ਕਰੋ ਤਾਂ ਅਸੀਂ ਤੁਹਾਡੀ ਟਹਿਲ ਕਰਾਂਗੇ ।5ਤਾਂ ਉਸ ਉਨ੍ਹਾਂ ਨੂੰ ਆਖਿਆ, ਤੁਸੀਂ ਹੁਣ ਤਾਂ ਤਿੰਨਾਂ ਦਿਨਾਂ ਲਈ ਚੱਲੇ ਜਾਓ ਫੇਰ ਮੇਰੇ ਕੋਲ ਆਇਓ ਤਾਂ ਲੋਕ ਚਲੇ ਗਏ ।
6ਫੇਰ ਰਹਬੁਆਮ ਪਾਤਸ਼ਾਹ ਨੇ ਉਨ੍ਹਾਂ ਬਜ਼ੁਰਗਾਂ ਨਾਲ ਸਲਾਹ ਕੀਤੀ ਜਿਹੜੇ ਉਸ ਦੇ ਪਿਤਾ ਸੁਲੇਮਾਨ ਦੇ ਸਨਮੁਖ ਜਦ ਉਹ ਜਿਉਂਦਾ ਸੀ, ਖੜ੍ਹੇ ਰਹਿੰਦੇ ਸਨ, ਕਿ ਤੁਸੀਂ ਮੈਨੂੰ ਕਿ ਸਲਾਹ ਦਿੰਦੇ ਹੋ ਜੋ ਮੈਂ ਇੰਨ੍ਹਾਂ ਲੋਕਾਂ ਨੂੰ ਇਸ ਗੱਲ ਦਾ ਉੱਤਰ ਦਿਆਂ ?7ਤਾਂ ਉਹ ਉਸ ਨੂੰ ਬੋਲੇ ਕਿ ਅੱਜ ਦੇ ਦਿਨ ਜੇ ਤੂੰ ਇਨ੍ਹਾਂ ਲੋਕਾਂ ਦਾ ਸੇਵਕ ਬਣੇਂਗਾ ਅਤੇ ਉਨ੍ਹਾਂ ਦੀ ਸੇਵਾ ਕਰੇਂਗਾ ਅਤੇ ਉਨ੍ਹਾਂ ਨੂੰ ਮਿੱਠੇ ਬੋਲਾਂ ਨਾਲ ਉੱਤਰ ਦੇਵੇਂਗਾ ਤਾਂ ਉਹ ਸਦਾ ਲਈ ਤੇਰੇ ਟਹਿਲੂਏ ਹੋ ਜਾਣਗੇ ।
8ਪਰ ਉਸ ਨੇ ਉਨ੍ਹਾਂ ਬਜ਼ੁਰਗਾਂ ਦੀ ਸਲਾਹ ਨੂੰ ਛੱਡ ਦਿੱਤਾ ਜਿਹੜੀ ਉਨ੍ਹਾਂ ਨੇ ਉਸ ਨੂੰ ਦਿੱਤੀ ਸੀ ਅਤੇ ਉਹਨਾਂ ਛੋਕਰਿਆਂ ਤੋਂ ਜਿਹੜੇ ਉਸ ਦੇ ਲੰਗੋਟੀਏ ਯਾਰ ਸਨ ਅਤੇ ਉਸ ਦੇ ਸਨਮੁਖ ਖੜ੍ਹੇ ਰਹਿੰਦੇ ਸਨ, ਸਲਾਹ ਲਈ ।9ਉਸ ਉਹਨਾਂ ਨੂੰ ਆਖਿਆ, ਤੁਸੀਂ ਮੈਨੂੰ ਕੀ ਸਲਾਹ ਦਿੰਦੇ ਹੋ ਕਿ ਅਸੀਂ ਉਨ੍ਹਾਂ ਲੋਕਾਂ ਨੂੰ ਉਸ ਗੱਲ ਦਾ ਉੱਤਰ ਦੇਵੀਏ ਜਿਹੜੀ ਉਨ੍ਹਾਂ ਨੇ ਮੈਨੂੰ ਆਖੀ ਕਿ ਸਾਡੇ ਜੂਲੇ ਨੂੰ ਹੌਲਾ ਕਰੋ ਜਿਹੜਾ ਤੁਹਾਡੇ ਪਿਤਾ ਨੇ ਸਾਡੇ ਉੱਤੇ ਰੱਖਿਆ ਹੋਇਆ ਹੈ ?
10ਤਾਂ ਉਹ ਛੋਕਰੇ ਜਿਹੜੇ ਉਸ ਦੇ ਲੰਗੋਟੀਏ ਯਾਰ ਸਨ ਉਹ ਨੂੰ ਬੋਲੇ ਕਿ ਤੂੰ ਉਨ੍ਹਾਂ ਲੋਕਾਂ ਨੂੰ ਜਿਹੜੇ ਇਸ ਤਰ੍ਹਾਂ ਬੋਲਦੇ ਹਨ ਕਿ ਤੁਹਾਡੇ ਪਿਤਾ ਨੇ ਸਾਡੇ ਜੂਲੇ ਨੂੰ ਭਾਰੀ ਕੀਤਾ ਹੋਇਆ ਸੀ ਤੁਸੀਂ ਉਹ ਨੂੰ ਸਾਡੇ ਉੱਤੋਂ ਹੌਲਾ ਕਰੋ ਤੂੰ ਉਨ੍ਹਾਂ ਨੂੰ ਇਸ ਤਰ੍ਹਾਂ ਬੋਲ ਕਿ ਮੇਰੀ ਚੀਚੀ ਮੇਰੇ ਪਿਤਾ ਦੇ ਲੱਕ ਨਾਲੋਂ ਮੋਟੀ ਹੈ ।11ਜੇ ਮੇਰੇ ਪਿਤਾ ਨੇ ਤੁਹਾਡੇ ਉੱਤੇ ਭਾਰਾ ਜੂਲਾ ਦਿੱਤਾ ਹੋਇਆ ਸੀ ਤਾਂ ਮੈਂ ਤੁਹਾਡੇ ਜੂਲੇ ਨੂੰ ਹੋਰ ਭਾਰਾ ਕਰਾਂਗਾ । ਮੇਰੇ ਪਿਤਾ ਨੇ ਤੁਹਾਨੂੰ ਕੋਟਲਿਆਂ ਨਾਲ ਫੰਡਿਆਂ ਸੀ ਮੈਂ ਤੁਹਾਨੂੰ ਬਿਛੂਆਂ ਵਾਲੇ ਕੋਟਲਿਆਂ ਨਾਲ ਫੰਡਾਂਗਾ ।
12ਸੋ ਯਾਰਾਬੁਆਮ ਅਤੇ ਸਾਰੇ ਲੋਕ ਤੀਜੇ ਦਿਨ ਰਹਬੁਆਮ ਕੋਲ ਆਏ ਜਿਵੇਂ ਪਾਤਸ਼ਾਹ ਨੇ ਉਨ੍ਹਾਂ ਨਾਲ ਗੱਲ ਕੀਤੀ ਸੀ ਕਿ ਜਿਵੇਂ ਤੁਸੀਂ ਤੀਜੇ ਦਿਨ ਨੂੰ ਮੇਰੇ ਕੋਲ ਆਇਓ ।13ਤਾਂ ਪਾਤਸ਼ਾਹ ਨੇ ਉਨ੍ਹਾਂ ਲੋਕਾਂ ਨੂੰ ਕੌੜਾ ਜੇਹਾ ਉੱਤਰ ਦਿੱਤਾ ਅਤੇ ਉਨ੍ਹਾਂ ਬਜ਼ੁਰਗਾਂ ਦੀ ਸਲਾਹ ਨੂੰ ਜਿਹੜੀ ਉਨ੍ਹਾਂ ਨੇ ਉਸ ਨੂੰ ਦਿੱਤੀ ਛੱਡ ਦਿੱਤਾ ।14ਅਤੇ ਛੋਕਰਿਆਂ ਦੀ ਸਲਾਹ ਦੇ ਅਨੁਸਾਰ ਉਹ ਉਨ੍ਹਾਂ ਨੂੰ ਬੋਲਿਆ ਕਿ ਮੇਰੇ ਪਿਤਾ ਨੇ ਤਾਂ ਤੁਹਾਡੇ ਉੱਤੇ ਭਾਰਾ ਜੂਲਾ ਦਿੱਤਾ ਪਰ ਮੈਂ ਤੁਹਾਡੇ ਜੂਲੇ ਦਾ ਭਾਰ ਹੋਰ ਵਧਾਵਾਂਗਾ । ਮੇਰੇ ਪਿਤਾ ਨੇ ਤੁਹਾਨੂੰ ਕੋਟਲਿਆਂ ਨਾਲ ਫੰਡਿਆਂ ਪਰ ਮੈਂ ਤੁਹਾਨੂੰ ਬਿਛੂਆਂ ਵਾਲੇ ਕੋਟਲਿਆਂ ਨਾਲ ਫੰਡਾਂਗਾ ।
15ਇਉਂ ਪਾਤਸ਼ਾਹ ਨੇ ਲੋਕਾਂ ਦੀ ਨਾ ਸੁਣੀ ਕਿਉਂ ਜੋ ਇਹ ਯਹੋਵਾਹ ਵੱਲੋਂ ਸੀ ਕਿ ਉਹ ਆਪਣੇ ਉਸ ਬਚਨ ਨੂੰ ਜਿਹੜਾ ਯਹੋਵਾਹ ਨੇ ਸ਼ੀਲੋਨੀ ਅਹੀਯਾਹ ਦੇ ਰਾਹੀਂ ਨਬਾਟ ਦੇ ਪੁੱਤਰ ਯਾਰਾਬੁਆਮ ਨੂੰ ਆਖਿਆ ਸੀ ਪੂਰਾ ਕਰੇ ।
16ਸੋ ਜਦ ਸਾਰੇ ਇਸਰਾਏਲ ਨੇ ਵੇਖਿਆ ਕਿ ਪਾਤਸ਼ਾਹ ਨੇ ਸਾਡੀ ਨਹੀਂ ਸੁਣੀ ਤਾਂ ਲੋਕਾਂ ਨੇ ਪਾਤਸ਼ਾਹ ਨੂੰ ਉੱਤਰ ਵਿੱਚ ਆਖਿਆ ਕਿ ਦਾਊਦ ਨਾਲ ਸਾਡਾ ਕੀ ਸ਼ਰੀਕਾ ਅਤੇ ਯੱਸੀ ਦੇ ਪੁੱਤਰ ਨਾਲ ਕੀ ਵੰਡ ਵਿਹਾਰ ? । ਹੇ ਇਸਰਾਏਲ, ਆਪਣੇ ਤੰਬੂਆਂ ਨੂੰ ਜਾਓ ਅਤੇ ਹੇ ਦਾਊਦ, ਹੁਣ ਤੂੰ ਆਪਣੇ ਘਰਾਣੇ ਨੂੰ ਸੰਭਾਲ ਸੋ ਇਸਰਾਏਲੀ ਆਪਣਿਆਂ ਤੰਬੂਆਂ ਨੂੰ ਚੱਲੇ ਗਏ ।17ਪਰ ਉਹ ਇਸਰਾਏਲੀ ਜਿਹੜੇ ਯਹੂਦਾਹ ਦੇ ਸ਼ਹਿਰਾਂ ਵਿੱਚ ਵੱਸਦੇ ਸਨ ਉਨ੍ਹਾਂ ਉੱਤੇ ਰਹਬੁਆਮ ਰਾਜ ਕਰਦਾ ਸੀ ।
18ਫੇਰ ਰਹਬੁਆਮ ਪਾਤਸ਼ਾਹ ਨੇ ਅਦੋਰਾਮ ਨੂੰ ਭੇਜਿਆ ਜਿਹੜਾ ਬੇਗਾਰੀਆਂ ਉੱਤੇ ਸੀ ਤਾਂ ਸਾਰੇ ਇਸਰਾਏਲ ਨੇ ਉਹ ਨੂੰ ਪਥਰਾਉ ਕੀਤਾ ਅਤੇ ਉਹ ਮਰ ਗਿਆ ਅਤੇ ਰਹਬੁਆਮ ਪਾਤਸ਼ਾਹ ਨੇ ਛੇਤੀ ਕੀਤੀ ਅਤੇ ਰਥ ਉੱਤੇ ਚੜ੍ਹ ਕੇ ਯਰੂਸ਼ਲਮ ਨੂੰ ਨੱਠ ਗਿਆ ।19ਸੋ ਇਸਰਾਏਲ ਅੱਜ ਦੇ ਦਿਨ ਤੱਕ ਦਾਊਦ ਦੇ ਘਰਾਣੇ ਤੋਂ ਆਕੀ ਹੈ ।
20ਫੇਰ ਇਸ ਤਰ੍ਹਾਂ ਹੋਇਆ ਕਿ ਜਦ ਸਾਰੇ ਇਸਰਾਏਲ ਨੇ ਸੁਣਿਆ ਕਿ ਯਾਰਾਬੁਆਮ ਮੁੜ ਆਇਆ ਹੈ ਤਾਂ ਲੋਕ ਭੇਜ ਕੇ ਉਸ ਨੂੰ ਮੰਡਲੀ ਦੇ ਵਿੱਚ ਸੱਦਿਆ ਅਤੇ ਉਸ ਨੂੰ ਉਨ੍ਹਾਂ ਨੇ ਸਾਰੇ ਇਸਰਾਏਲ ਉੱਤੇ ਪਾਤਸ਼ਾਹ ਬਣਾਇਆ । ਇੱਕ ਯਹੂਦਾਹ ਦੇ ਗੋਤ ਤੋਂ ਛੁੱਟ ਹੋਰ ਕੋਈ ਦਾਊਦ ਦੇ ਘਰਾਣੇ ਦੇ ਪਿੱਛੇ ਨਾ ਲੱਗਾ ।
ਸ਼ਮਾਯਾਹ ਦੀ ਭਵਿੱਖਬਾਣੀ
(2 ਇਤਿਹਾਸ 11:1-4)

21ਜਦ ਰਹਬੁਆਮ ਯਰੂਸ਼ਲਮ ਵਿੱਚ ਆਇਆ ਤਾਂ ਉਹ ਨੇ ਯਹੂਦਾਹ ਦੇ ਸਾਰੇ ਘਰਾਣੇ ਨੂੰ ਬਿਨਯਾਮੀਨ ਦੇ ਗੋਤ ਸਣੇ ਇੱਕਠਾ ਕੀਤਾ ਜਿਹੜੇ ਇੱਕ ਲੱਖ ਅੱਸੀ ਹਜ਼ਾਰ ਯੁਧ ਦੇ ਚੁਣਵੇਂ ਸੂਰਮੇ ਸਨ ਕਿ ਇਸਰਾਏਲ ਨਾਲ ਲੜ ਕੇ ਸੁਲੇਮਾਨ ਦੇ ਪੁੱਤਰ ਰਹਬੁਆਮ ਦੇ ਲਈ ਰਾਜ ਨੂੰ ਮੋੜ ਲੈਣ ।
22ਤਾਂ ਇਸ ਤਰ੍ਹਾਂ ਹੋਇਆ ਕਿ ਪਰਮੇਸ਼ੁਰ ਦਾ ਬਚਨ ਸ਼ਮਾਯਾਹ ਨੂੰ ਜੋ ਪਰਮੇਸ਼ੁਰ ਦਾ ਬੰਦਾ ਸੀ ਆਇਆ ਕਿ ।23ਯਹੂਦਾਹ ਦੇ ਪਾਤਸ਼ਾਹ ਸੁਲੇਮਾਨ ਦੇ ਪੁੱਤਰ ਰਹਬੁਆਮ ਨੂੰ ਅਤੇ ਯਹੂਦਾਹ ਅਤੇ ਬਿਨਯਾਮੀਨ ਦੇ ਸਾਰੇ ਘਰਾਣੇ ਨੂੰ ਤੇ ਲੋਕਾਂ ਦੇ ਬਕੀਏ ਨੂੰ ਆਖ ਕਿ ।24ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਤੁਸੀਂ ਚੜ੍ਹਾਈ ਨਾ ਕਰੋ ਨਾ ਆਪਣੇ ਇਸਰਾਏਲ ਭਰਾਵਾਂ ਨਾਲ ਲੜੋ । ਹਰ ਮਨੁੱਖ ਆਪੋ ਆਪਣੇ ਘਰ ਨੂੰ ਮੁੜ ਜਾਵੇ ਕਿਉਂ ਜੋ ਇਹ ਗੱਲ ਮੇਰੀ ਵੱਲੋਂ ਹੈ ਸੋ ਉਹ ਯਹੋਵਾਹ ਦੀ ਗੱਲ ਸੁਣ ਕੇ ਕਿ ਇਹ ਯਹੋਵਾਹ ਦੀ ਗੱਲ ਅਨੁਸਾਰ ਹੈ ਮੁੜ ਕੇ ਚੱਲੇ ਗਏ ।
ਯਾਰਾਬੁਆਮ ਦੁਆਰਾ ਮੂਰਤੀ ਪੂਜਾ ਚਲਾਉਣਾ

25ਤਾਂ ਯਾਰਾਬੁਆਮ ਨੇ ਅਫਰਾਈਮ ਪਹਾੜ ਵਿੱਚ ਸ਼ਕਮ ਨੂੰ ਬਣਾਇਆ ਅਤੇ ਉਹ ਦੇ ਵਿੱਚ ਵੱਸਿਆ ਅਤੇ ਓਥੋਂ ਜਾ ਕੇ ਪਨੂਏਲ ਨੂੰ ਬਣਾਇਆ ।26ਤਾਂ ਯਾਰਾਬੁਆਮ ਨੇ ਆਪਣੇ ਮਨ ਵਿੱਚ ਆਖਿਆ, ਹੁਣ ਰਾਜ ਦਾਊਦ ਦੇ ਘਰਾਣੇ ਵੱਲ ਮੁੜ ਜਾਵੇਗਾ ।27ਜੇ ਕਦੀ ਇਹ ਲੋਕ ਯਰੂਸ਼ਲਮ ਨੂੰ ਯਹੋਵਾਹ ਦੇ ਭਵਨ ਵਿੱਚ ਬਲੀ ਚੜ੍ਹਾਉਣ ਨੂੰ ਜਾਣ ਤਾਂ ਉਨ੍ਹਾਂ ਲੋਕਾਂ ਦੇ ਮਨ ਆਪਣੇ ਸੁਆਮੀ ਦੀ ਵੱਲ ਅਰਥਾਤ ਯਹੂਦਾਹ ਦੇ ਪਾਤਸ਼ਾਹ ਰਹਬੁਆਮ ਵੱਲ ਫਿਰ ਜਾਣਗੇ ਅਤੇ ਉਹ ਮੈਨੂੰ ਮਾਰ ਸੁੱਟਣਗੇ ਅਤੇ ਯਹੂਦਾਹ ਦੇ ਪਾਤਸ਼ਾਹ ਰਹਬੁਆਮ ਵੱਲ ਮੁੜ ਜਾਣਗੇ ।
28ਇਸ ਉੱਤੇ ਪਾਤਸ਼ਾਹ ਨੇ ਸਲਾਹ ਕਰ ਕੇ ਸੋਨੇ ਦੇ ਦੋ ਵੱਛੇ ਬਣਾਏ ਅਤੇ ਉਨ੍ਹਾਂ ਲੋਕਾਂ ਨੂੰ ਆਖਿਆ, ਕਿ ਯਰੂਸ਼ਲਮ ਨੂੰ ਚੜ੍ਹਨਾ ਤੁਹਾਡਾ ਵਾਧੂ ਹੀ ਹੈ । ਵੇਖ, ਹੇ ਇਸਰਾਏਲ, ਆਪਣੇ ਦੇਵਤੇ ਜਿਹੜੇ ਤੈਨੂੰ ਮਿਸਰ ਦੇਸ ਤੋਂ ਕੱਢ ਲਿਆਏ ।29ਤਾਂ ਉਸ ਨੇ ਇੱਕ ਬੈਤਏਲ ਵਿੱਚ ਟਿਕਾਇਆ ਅਤੇ ਦੂਜਾ ਦਾਨ ਵਿੱਚ ਰੱਖ ਦਿੱਤਾ ।30ਪਰ ਇਹ ਕੰਮ ਇੱਕ ਪਾਪ ਹੋ ਗਿਆ ਕਿਉਂ ਜੋ ਲੋਕ ਦਾਨ ਤੱਕ ਉਹ ਦੇ ਅੱਗੇ ਪੂਜਾ ਕਰਨ ਲਈ ਗਏ ।
31ਅਤੇ ਉਸ ਨੇ ਉੱਚਿਆਂ ਥਾਵਾਂ ਉੱਤੇ ਭਵਨ ਬਣਾਏ ਅਤੇ ਲੋਕਾਂ ਵਿੱਚੋਂ ਜੋ ਲੇਵੀ ਦੀ ਅੰਸ ਵਿੱਚੋਂ ਨਹੀਂ ਸਨ ਜਾਜਕ ਬਣਾਏ ।
ਬੈਤਏਲ ਦੀ ਪੂਜਾ ਸਜ਼ਾਯੋਗ

32ਅਤੇ ਯਾਰਾਬੁਆਮ ਨੇ ਅੱਠਵੇਂ ਮਹੀਨੇ ਦੀ ਪੰਦਰਵੀਂ ਤਰੀਕ ਉੱਤੇ ਪਰਬ ਮੰਨਾਇਆ ਉਸ ਪਰਬ ਵਾਂਗੂੰ ਜੋ ਯਹੂਦਾਹ ਵਿੱਚ ਹੁੰਦਾ ਸੀ ਅਤੇ ਜਗਵੇਦੀ ਉੱਤੇ ਬਲੀਆਂ ਚੜ੍ਹਾਈਆਂ । ਇਸ ਤਰ੍ਹਾਂ ਉਸ ਨੇ ਬੈਤਏਲ ਵਿੱਚ ਵੀ ਕੀਤਾ ਅਤੇ ਆਪਣੇ ਬਣਾਏ ਹੋਏ ਵੱਛਿਆਂ ਦੇ ਅੱਗੇ ਬਲੀਆਂ ਚੜ੍ਹਾਉਣ ਲੱਗ ਪਿਆ ਅਤੇ ਬੈਤਏਲ ਵਿੱਚ ਉਸ ਨੇ ਆਪਣੇ ਬਣਾਏ ਹੋਏ ਉੱਚਿਆਂ ਥਾਵਾਂ ਲਈ ਜਾਜਕ ਰੱਖ ਲਏ ।
33ਸੋ ਅੱਠਵੇਂ ਮਹੀਨੇ ਦੀ ਪੰਦਰਵੀਂ ਤਰੀਕ ਜਿਹੜਾ ਮਹੀਨਾ ਉਸ ਨੇ ਆਪਣੇ ਮਨ ਵਿੱਚ ਮਿੱਥਿਆ ਸੀ ਉਹ ਉਸ ਜਗਵੇਦੀ ਕੋਲ ਜਿਹੜੀ ਉਸ ਨੇ ਬੈਤਏਲ ਵਿੱਚ ਬਣਾਈ ਸੀ ਗਿਆ ਅਤੇ ਇਸਰਾਏਲੀਆਂ ਲਈ ਇੱਕ ਪਰਬ ਠਹਿਰਾਇਆ ਅਤੇ ਜਗਵੇਦੀ ਕੋਲ ਗਿਆ ਕਿ ਧੂਪ ਧੁਖਾਵੇ ।

13

1ਵੇਖੋ, ਪਰਮੇਸ਼ੁਰ ਦਾ ਇੱਕ ਬੰਦਾ ਯਹੋਵਾਹ ਦੇ ਬਚਨ ਅਨੁਸਾਰ ਯਹੂਦਾਹ ਤੋਂ ਬੈਤਏਲ ਵਿੱਚ ਆਇਆ ਅਤੇ ਯਾਰਾਬੁਆਮ ਧੂਪ ਧੁਖਾਉਣ ਲਈ ਜਗਵੇਦੀ ਦੇ ਕੋਲ ਖੜ੍ਹਾ ਸੀ ।2ਉਹ ਯਹੋਵਾਹ ਦੇ ਬਚਨ ਨਾਲ ਜਗਵੇਦੀ ਦੇ ਵਿਰੁੱਧ ਉੱਚੀ ਦਿੱਤੀ ਬੋਲਿਆ ਅਤੇ ਆਖਿਆ, ਹੇ ਜਗਵੇਦੀ, ਹੇ ਜਗਵੇਦੀ ! ਯਹੋਵਾਹ ਇਸ ਤਰ੍ਹਾਂ ਫ਼ਰਮਾਉਂਦਾ ਹੈ ਕਿ ਵੇਖ, ਦਾਊਦ ਦੇ ਘਰਾਣੇ ਵਿੱਚੋਂ ਯੋਸੀਯਾਹ ਨਾਮੇ ਇੱਕ ਮੁੰਡਾ ਜੰਮੇਗਾ ਅਤੇ ਉਹ ਉੱਚਿਆਂ ਥਾਵਾਂ ਦੇ ਜਾਜਕਾਂ ਨੂੰ ਜੋ ਤੇਰੇ ਉੱਤੇ ਧੂਪ ਧੁਖਾਉਂਦੇ ਹਨ ਤੇਰੇ ਹੀ ਉੱਤੇ ਚੜ੍ਹਾਵੇਗਾ ਅਤੇ ਆਦਮੀਆਂ ਦੀਆਂ ਹੱਡੀਆਂ ਤੇਰੇ ਉੱਤੇ ਸਾੜੀਆਂ ਜਾਣਗੀਆਂ ।3ਅਤੇ ਉਸ ਨੇ ਉੱਸੇ ਦਿਨ ਇੱਕ ਨਿਸ਼ਾਨੀ ਦਿੱਤੀ ਕਿ ਉਹ ਨਿਸ਼ਾਨੀ ਜਿਹੜੀ ਯਹੋਵਾਹ ਬੋਲਿਆ ਹੈ ਇਹ ਹੈ ਕਿ ਵੇਖੋ ਜਗਵੇਦੀ ਪਾਟ ਜਾਵੇਗੀ ਅਤੇ ਉਹ ਸੁਆਹ ਜਿਹੜੀ ਉਹ ਦੇ ਉੱਤੇ ਹੋਵੇਗੀ ਢਿਲਕ ਜਾਵੇਗੀ ।

4ਤਾਂ ਇਸ ਤਰ੍ਹਾਂ ਹੋਇਆ ਕਿ ਜਦ ਪਾਤਸ਼ਾਹ ਨੇ ਪਰਮੇਸ਼ੁਰ ਦੇ ਬੰਦੇ ਦਾ ਬਚਨ ਸੁਣਿਆ ਜੋ ਉਸ ਨੇ ਬੈਤਏਲ ਵਿੱਚ ਜਗਵੇਦੀ ਦੇ ਵਿਰੁੱਧ ਉੱਚੀ ਦਿੱਤੀ ਆਖਿਆ ਸੀ ਤਾਂ ਯਾਰਾਬੁਆਮ ਨੇ ਜਗਵੇਦੀ ਤੋਂ ਆਪਣੀ ਬਾਂਹ ਲੰਮੀ ਕਰਕੇ ਆਖਿਆ, ਇਸ ਨੂੰ ਫੜ ਲਓ ਤਾਂ ਉਸ ਦੀ ਉਹ ਬਾਂਹ ਜਿਹੜੀ ਲੰਮੀ ਕੀਤੀ ਸੀ ਸੁੱਕ ਗਈ ਸੋ ਉਹ ਉਸ ਨੂੰ ਆਪਣੀ ਵੱਲ ਖਿੱਚ ਨਾ ਸਕਿਆ ।5ਤਾਂ ਜਗਵੇਦੀ ਵੀ ਪਾਟ ਗਈ ਅਤੇ ਸੁਆਹ ਉਸ ਜਗਵੇਦੀ ਤੋਂ ਢਿਲਕ ਪਈ ਉਸ ਨਿਸ਼ਾਨੀ ਦੇ ਅਨੁਸਾਰ ਜੋ ਉਸ ਪਰਮੇਸ਼ੁਰ ਦੇ ਬੰਦੇ ਨੇ ਯਹੋਵਾਹ ਦੇ ਬਚਨ ਨਾਲ ਦਿੱਤੀ ਸੀ ।
6ਤਾਂ ਪਾਤਸ਼ਾਹ ਨੇ ਉਸ ਪਰਮੇਸ਼ੁਰ ਦੇ ਬੰਦੇ ਨੂੰ ਉੱਤਰ ਵਿੱਚ ਆਖਿਆ ਕਿ ਹੁਣ ਤੂੰ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਅਰਦਾਸ ਕਰ ਅਤੇ ਮੇਰੇ ਲਈ ਬੇਨਤੀ ਕਰ ਕਿ ਮੇਰਾ ਹੱਥ ਫੇਰ ਮੇਰੇ ਲਈ ਚੰਗਾ ਕੀਤਾ ਜਾਵੇ ਤਾਂ ਉਸ ਪਰਮੇਸ਼ੁਰ ਦੇ ਬੰਦੇ ਨੇ ਯਹੋਵਾਹ ਅੱਗੇ ਅਰਦਾਸ ਕੀਤੀ ਅਤੇ ਪਾਤਸ਼ਾਹ ਦਾ ਹੱਥ ਉਹ ਦੇ ਲਈ ਚੰਗਾ ਕੀਤਾ ਗਿਆ ਅਤੇ ਅੱਗੇ ਵਰਗਾ ਹੋ ਗਿਆ ।7ਤਾਂ ਪਾਤਸ਼ਾਹ ਉਸ ਪਰਮੇਸ਼ੁਰ ਦੇ ਬੰਦੇ ਨੂੰ ਬੋਲਿਆ ਕਿ ਮੇਰੇ ਨਾਲ ਮਹਿਲ ਨੂੰ ਚੱਲ ਅਤੇ ਭੋਜਣ ਕਰ ਅਤੇ ਮੈਂ ਤੈਨੂੰ ਦਾਨ ਦਿਆਂਗਾ ।
8ਪਰ ਉਸ ਪਰਮੇਸ਼ੁਰ ਦੇ ਬੰਦੇ ਨੇ ਪਾਤਸ਼ਾਹ ਨੂੰ ਆਖਿਆ, ਜੇ ਤੂੰ ਮੈਨੂੰ ਆਪਣਾ ਅੱਧਾ ਮਹਿਲ ਵੀ ਦੇ ਦੇਵੇਂ ਤਾਂ ਵੀ ਮੈਂ ਤੇਰੇ ਨਾਲ ਨਹੀਂ ਜਾਂਵਾਂਗਾ ਨਾ ਇੱਥੇ ਰੋਟੀ ਖਾਵਾਂਗਾ ਅਤੇ ਨਾ ਹੀ ਪਾਣੀ ਪੀਵਾਂਗਾ ।9ਕਿਉਂ ਜੋ ਯਹੋਵਾਹ ਦੇ ਬਚਨ ਅਨੁਸਾਰ ਮੈਨੂੰ ਹੁਕਮ ਦਿੱਤਾ ਗਿਆ ਹੈ ਕਿ ਨਾ ਰੋਟੀ ਖਾਵੀਂ ਨਾ ਪਾਣੀ ਪੀਵੀਂ ਨਾ ਇਸੇ ਰਾਹ ਮੁੜੀਂ ਜਿਸ ਵਿੱਚੋਂ ਦੀ ਤੂੰ ਆਇਆ ।10ਸੋ ਉਹ ਦੂਜੇ ਰਾਹ ਥਾਣੀ ਮੁੜ ਗਿਆ ਉਸ ਰਾਹੋਂ ਨਹੀਂ ਜਿਸ ਥਾਣੀ ਉਹ ਬੈਤਏਲ ਨੂੰ ਆਇਆ ਸੀ ।
ਬੈਤਏਲ ਦਾ ਬੁੱਢਾ ਨਬੀ

11ਬੈਤਏਲ ਵਿੱਚ ਇੱਕ ਬੁੱਢਾ ਨਬੀ ਵੱਸਦਾ ਸੀ । ਉਸ ਦੇ ਪੁੱਤਰਾਂ ਨੇ ਆਣ ਕੇ ਉਹ ਸਾਰੇ ਕੰਮ ਦੱਸੇ ਜਿਹੜੇ ਪਰਮੇਸ਼ੁਰ ਦੇ ਬੰਦੇ ਨੇ ਉਸ ਦਿਨ ਬੈਤਏਲ ਵਿੱਚ ਕੀਤੇ ਅਤੇ ਉਹ ਗੱਲਾਂ ਜੋ ਉਹ ਪਾਤਸ਼ਾਹ ਨੂੰ ਬੋਲਿਆ ਆਪਣੇ ਪਿਤਾ ਨੂੰ ਦੱਸੀਆਂ ।12ਤਾਂ ਉਨ੍ਹਾਂ ਦਾ ਪਿਤਾ ਉਨ੍ਹਾਂ ਨੂੰ ਬੋਲਿਆ, ਉਹ ਕਿਸ ਰਾਹ ਗਿਆ ? ਕਿਉਂ ਜੋ ਉਸ ਦੇ ਪੁੱਤਰਾਂ ਨੇ ਵੇਖ ਲਿਆ ਸੀ ਕਿ ਉਹ ਪਰਮੇਸ਼ੁਰ ਦਾ ਬੰਦਾ ਜਿਹੜਾ ਯਹੂਦਾਹ ਤੋਂ ਆਇਆ ਸੀ ਕਿਰੜੇ ਰਾਹ ਗਿਆ ।13ਤਾਂ ਉਸ ਆਪਣੇ ਪੁੱਤਰਾਂ ਨੂੰ ਆਖਿਆ, ਮੇਰੇ ਲਈ ਖੋਤੇ ਉੱਤੇ ਕਾਠੀ ਕੱਸ ਦਿਓ ਸੋ ਉਨ੍ਹਾਂ ਨੇ ਉਸ ਲਈ ਖੋਤੇ ਉੱਤੇ ਕਾਠੀ ਕੱਸ ਦਿੱਤੀ ਤਾਂ ਉਹ ਉਸ ਉੱਤੇ ਚੜ੍ਹ ਗਿਆ ।
14ਅਤੇ ਪਰਮੇਸ਼ੁਰ ਦੇ ਬੰਦੇ ਦੇ ਪਿੱਛੇ ਚੱਲ ਪਿਆ ਸੋ ਉਹ ਉਸ ਨੂੰ ਬਲੂਤ ਦੇ ਹੇਠ ਬੈਠਾ ਹੋਇਆ ਲੱਭਾ ਤਾਂ ਉਸ ਨੇ ਉਹ ਨੂੰ ਆਖਿਆ, ਕੀ ਤੂੰ ਉਹੋ ਪਰਮੇਸ਼ੁਰ ਦਾ ਬੰਦਾ ਹੈਂ ਜੋ ਯਹੂਦਾਹ ਤੋਂ ਆਇਆ ਹੈਂ ? ਉਸ ਆਖਿਆ, ਮੈਂ ਹੀ ਹਾਂ ।15ਤਾਂ ਉਸ ਨੇ ਉਹ ਨੂੰ ਆਖਿਆ, ਮੇਰੇ ਨਾਲ ਘਰ ਨੂੰ ਚੱਲ ਅਤੇ ਰੋਟੀ ਖਾਹ ।16ਪਰ ਉਸ ਆਖਿਆ, ਮੈਂ ਤੇਰੇ ਨਾਲ ਮੁੜ ਨਹੀਂ ਸਕਦਾ ਨਾ ਤੇਰੇ ਘਰ ਦੇ ਅੰਦਰ ਜਾ ਸਕਦਾ ਹਾਂ ਨਾ ਮੈਂ ਤੇਰੇ ਨਾਲ ਇੱਥੇ ਰੋਟੀ ਖਾਵਾਂਗਾ ਨਾ ਪਾਣੀ ਪੀਵਾਂਗਾ ।17ਕਿਉਂ ਜੋ ਯਹੋਵਾਹ ਦੇ ਬਚਨ ਦੇ ਅਨੁਸਾਰ ਮੈਨੂੰ ਹੁਕਮ ਹੋਇਆ ਹੈ ਕਿ ਤੂੰ ਨਾ ਉੱਥੇ ਰੋਟੀ ਖਾਵੀਂ ਨਾ ਪਾਣੀ ਪੀਵੀਂ ਨਾ ਉਸ ਰਾਹ ਥਾਣੀ ਮੁੜੀ ਜਿੱਥੋਂ ਦੀ ਤੂੰ ਗਿਆ ।
18ਤਾਂ ਉਸ ਨੇ ਉਹ ਨੂੰ ਆਖਿਆ, ਮੈਂ ਵੀ ਤੇਰੇ ਜਿਹਾ ਇੱਕ ਨਬੀ ਹਾਂ ਅਤੇ ਯਹੋਵਾਹ ਦੇ ਬਚਨ ਨਾਲ ਇੱਕ ਦੂਤ ਮੈਨੂੰ ਬੋਲਿਆ ਕਿ ਤੂੰ ਉਹ ਨੂੰ ਆਪਣੇ ਘਰ ਮੋੜ ਲਿਆ ਕਿ ਉਹ ਤੇਰੇ ਘਰ ਰੋਟੀ ਖਾਵੇ ਅਤੇ ਪਾਣੀ ਪੀਵੇ ਪਰ ਉਸ ਨੇ ਉਹ ਦੇ ਨਾਲ ਝੂਠ ਮਾਰਿਆ ।19ਸੋ ਉਹ ਉਸ ਦੇ ਨਾਲ ਮੁੜ ਆਇਆ ਅਤੇ ਉਸ ਦੇ ਘਰ ਰੋਟੀ ਖਾਧੀ ਅਤੇ ਪਾਣੀ ਪੀਤਾ ।
20ਤਾਂ ਇਸ ਤਰ੍ਹਾਂ ਹੋਇਆ ਜਦ ਉਹ ਮੇਜ਼ ਕੋਲ ਬੈਠ ਰਹੇ ਸਨ ਕਿ ਯਹੋਵਾਹ ਦਾ ਬਚਨ ਉਸ ਨਬੀ ਨੂੰ ਜਿਹੜਾ ਉਸ ਨੂੰ ਮੋੜ ਲਿਆਇਆ ਸੀ ਆਇਆ ।21ਤਾਂ ਉਹ ਨੇ ਉਸ ਪਰਮੇਸ਼ੁਰ ਦੇ ਬੰਦੇ ਨੂੰ ਜਿਹੜਾ ਯਹੂਦਾਹ ਤੋਂ ਆਇਆ ਸੀ ਉੱਚੀ ਦਿੱਤੀ ਆਖਿਆ ਕਿ ਯਹੋਵਾਹ ਇਸ ਤਰ੍ਹਾਂ ਫ਼ਰਮਾਉਂਦਾ ਹੈ, ਇਸ ਲਈ ਕਿ ਤੂੰ ਯਹੋਵਾਹ ਦੇ ਵਾਕ ਦੀ ਉਲੰਘਣਾ ਕੀਤੀ ਅਤੇ ਉਸ ਹੁਕਮ ਦੀ ਪਾਲਨਾ ਨਹੀਂ ਕੀਤੀ ਜਿਸ ਦਾ ਯਹੋਵਾਹ ਤੇਰੇ ਪਰਮੇਸ਼ੁਰ ਨੇ ਤੈਨੂੰ ਹੁਕਮ ਦਿੱਤਾ ਸੀ ।22ਸਗੋਂ ਤੂੰ ਮੁੜ ਆਇਆ ਅਤੇ ਉਸ ਥਾਂ ਜਿੱਥੋਂ ਯਹੋਵਾਹ ਨੇ ਤੈਨੂੰ ਆਖਿਆ ਸੀ ਕਿ ਨਾ ਰੋਟੀ ਖਾਵੀਂ ਅਤੇ ਨਾ ਪਾਣੀ ਪੀਵੀਂ ਤੂੰ ਰੋਟੀ ਵੀ ਖਾਧੀ ਅਤੇ ਪਾਣੀ ਵੀ ਪੀਤਾ ਸੋ ਤੇਰੀ ਲੋਥ ਤੇਰੇ ਪਿਓ ਦਾਦਿਆਂ ਦੀ ਕਬਰ ਵਿੱਚ ਨਾ ਜਾਏਗੀ ।
23ਤਾਂ ਇਸ ਤਰ੍ਹਾਂ ਹੋਇਆ ਕਿ ਜਦ ਉਹ ਅੰਨ ਜਲ ਖਾ ਪੀ ਚੁੱਕਾ ਤਾਂ ਉਸ ਨੇ ਆਪਣੇ ਖੋਤੇ ਉੱਤੇ ਉਸ ਨਬੀ ਲਈ ਜਿਹ ਨੂੰ ਉਹ ਮੋੜ ਲਿਆਇਆ ਸੀ ਕਾਠੀ ਪਾਈ ।24ਜਦ ਉਹ ਤੁਰਿਆ ਜਾਂਦਾ ਸੀ ਤਾਂ ਰਾਹ ਵਿੱਚ ਉਸ ਨੂੰ ਇੱਕ ਸ਼ੇਰ ਮਿਲਿਆ ਜਿਸ ਨੇ ਉਸ ਨੂੰ ਪਾੜ ਸੁੱਟਿਆ ਸੋ ਉਸ ਦੀ ਲੋਥ ਰਾਹ ਵਿੱਚ ਪਈ ਰਹੀ ਅਤੇ ਖੋਤਾ ਉਸ ਨੇ ਨੇੜੇ ਖੜ੍ਹਾ ਰਿਹਾ ਅਤੇ ਸ਼ੇਰ ਵੀ ਉਸ ਲੋਥ ਦੇ ਕੋਲ ਖੜ੍ਹਾ ਰਿਹਾ ।25ਤਾਂ ਵੇਖੋ ਕਿ ਮਨੁੱਖ ਉੱਥੋਂ ਦੀ ਲੰਘਦੇ ਸਨ ਅਤੇ ਉਨ੍ਹਾਂ ਨੇ ਵੇਖਿਆ ਕਿ ਲੋਥ ਰਾਹ ਵਿੱਚ ਡਿੱਗੀ ਪਈ ਹੈ ਅਤੇ ਸ਼ੇਰ ਲਾਸ਼ ਦੇ ਕੋਲ ਖੜ੍ਹਾ ਹੈ ਸੋ ਉਨ੍ਹਾਂ ਨੇ ਸ਼ਹਿਰ ਵਿੱਚ ਜਿੱਥੇ ਬੁੱਢਾ ਨਬੀ ਰਹਿੰਦਾ ਸੀ ਜਾ ਕੇ ਗੱਲ ਦੱਸੀ ।
26ਅਤੇ ਉਸ ਨਬੀ ਨੇ ਜਿਹੜਾ ਉਸ ਨੂੰ ਰਾਹ ਵਿੱਚੋਂ ਮੋੜ ਲਿਆਇਆ ਸੀ ਸੁਣ ਕੇ ਆਖਿਆ ਕਿ ਇਹ ਉਹ ਪਰਮੇਸ਼ੁਰ ਦਾ ਬੰਦਾ ਸੀ ਜਿਸ ਯਹੋਵਾਹ ਦੇ ਬਚਨ ਦੀ ਉਲੰਘਣਾ ਕੀਤੀ ਇਸੇ ਲਈ ਯਹੋਵਾਹ ਨੇ ਉਸ ਨੂੰ ਸ਼ੇਰ ਦੇ ਹਵਾਲੇ ਕੀਤਾ ਜਿਸ ਉਸ ਨੂੰ ਪਾੜਿਆ ਅਤੇ ਮਾਰ ਸੁੱਟਿਆ । ਇਹ ਯਹੋਵਾਹ ਦੇ ਉਸ ਬਚਨ ਅਨੁਸਾਰ ਹੋਇਆ ਜੋ ਉਹ ਉਸ ਨੂੰ ਬੋਲਿਆ ਸੀ ।27ਤਾਂ ਉਹ ਆਪਣੇ ਪੁੱਤਰਾਂ ਨੂੰ ਬੋਲਿਆ ਕਿ ਮੇਰੇ ਲਈ ਖੋਤੇ ਉੱਤੇ ਕਾਠੀ ਪਾ ਦਿਓ ਤਾਂ ਉਨ੍ਹਾਂ ਨੇ ਪਾ ਦਿੱਤੀ ।28ਤਾਂ ਉਹ ਗਿਆ ਅਤੇ ਉਸ ਦੀ ਲੋਥ ਰਾਹ ਵਿੱਚ ਡਿੱਗੀ ਪਈ ਲੱਭੀ ਅਤੇ ਖੋਤਾ ਤੇ ਸ਼ੇਰ ਲਾਸ਼ ਦੇ ਕੋਲ ਖੜ੍ਹੇ ਸਨ । ਸ਼ੇਰ ਨੇ ਨਾ ਲੋਥ ਖਾਧੀ ਅਤੇ ਨਾ ਖੋਤੇ ਨੂੰ ਪਾੜਿਆ ।
29ਤਾਂ ਉਸ ਨਬੀ ਨੇ ਪਰਮੇਸ਼ੁਰ ਦੇ ਬੰਦੇ ਦੀ ਲੋਥ ਨੂੰ ਚੁੱਕ ਲਿਆ ਅਤੇ ਉਸ ਨੂੰ ਖੋਤੇ ਉੱਤੇ ਰੱਖ ਕੇ ਮੋੜ ਲਿਆਇਆ ਅਤੇ ਉਹ ਬੁੱਢਾ ਨਬੀ ਉਸ ਦਾ ਸੋਗ ਕਰਨ ਨੂੰ ਅਤੇ ਦੱਬਣ ਨੂੰ ਸ਼ਹਿਰ ਨੂੰ ਆਇਆ ।30ਉਹ ਨੇ ਉਸ ਦੀ ਲੋਥ ਆਪਣੀ ਕਬਰ ਵਿੱਚ ਰੱਖ ਦਿੱਤੀ ਅਤੇ ਉਨ੍ਹਾਂ ਉਸ ਉੱਤੇ "ਹਾਏ ਉਏ ਮੇਰਿਆ ਭਰਾਵਾ" ਆਖ ਕੇ ਵਰਲਾਪ ਕੀਤਾ ।
31ਤਾਂ ਇਸ ਤਰ੍ਹਾਂ ਹੋਇਆ ਕਿ ਉਸ ਨੂੰ ਦੱਬ ਚੁੱਕਣ ਦੇ ਪਿੱਛੋਂ ਉਹ ਨੇ ਆਪਣੇ ਪੁੱਤਰਾਂ ਨੂੰ ਆਖਿਆ ਕਿ ਜਦ ਮੈਂ ਮਰਾਂ ਤਾਂ ਮੈਨੂੰ ਉਸ ਕਬਰ ਵਿੱਚ ਦੱਬਣਾ ਜਿਸ ਵਿੱਚ ਪਰਮੇਸ਼ੁਰ ਦੇ ਬੰਦੇ ਨੂੰ ਦੱਬਿਆ ਹੈ ਅਤੇ ਮੇਰੀਆਂ ਹੱਡੀਆਂ ਉਸ ਦੀਆਂ ਹੱਡੀਆਂ ਦੇ ਨਾਲ-ਨਾਲ ਰੱਖਣੀਆਂ ।32ਕਿਉਂ ਜੋ ਯਹੋਵਾਹ ਦਾ ਉਹ ਬਚਨ ਜੋ ਉਸ ਨੇ ਬੈਤਏਲ ਦੀ ਜਗਵੇਦੀ ਦੇ ਵਿਰੁੱਧ ਅਤੇ ਉਨ੍ਹਾਂ ਸਭਨਾਂ ਉੱਚਿਆਂ ਥਾਵਾਂ ਦੇ ਭਵਨਾਂ ਦੇ ਵਿਰੁੱਧ ਜੋ ਸਾਮਰਿਯਾ ਦੇ ਸ਼ਹਿਰਾਂ ਵਿੱਚ ਹਨ ਬੋਲਿਆ ਸੀ ਉਹ ਸੱਚ-ਮੁੱਚ ਪੂਰਾ ਹੋਵੇਗਾ ।
ਯਾਰਾਬੁਆਮ ਦਾ ਘਾਤਕ ਪਾਪ

33ਇਸ ਗੱਲ ਦੇ ਪਿੱਛੋਂ ਵੀ ਯਾਰਾਬੁਆਮ ਆਪਣੇ ਬੁਰੇ ਰਾਹ ਤੋਂ ਨਾ ਮੁੜਿਆ ਸਗੋਂ ਸਾਰੇ ਲੋਕਾਂ ਵਿੱਚੋ ਉੱਚੇ ਥਾਵਾਂ ਲਈ ਜਾਜਕ ਫੇਰ ਰੱਖ ਲਏ । ਜਿਸ ਕਿਸੇ ਨੂੰ ਚਾਹਿਆ ਉਸ ਨੇ ਉਹ ਨੂੰ ਥਾਪ ਦਿੱਤਾ ਤਾਂ ਜੋ ਉਹ ਉੱਚਿਆਂ ਥਾਵਾਂ ਦਾ ਜਾਜਕ ਬਣ ਜਾਵੇ ।34ਇਸ ਗੱਲ ਤੋਂ ਇਹ ਯਾਰਾਬੁਆਮ ਦਾ ਪਾਪ ਹੋਇਆ ਜੋ ਉਸ ਦੇ ਮਿਟਾਉਣ ਅਤੇ ਧਰਤੀ ਤੋਂ ਨਾਸ ਹੋਣ ਦਾ ਕਾਰਨ ਬਣਿਆ ।

14
ਅਹੀਯਾਹ ਨਬੀ ਦੀ ਭਵਿੱਖਬਾਣੀ ਅਤੇ ਯਾਰਾਬੁਆਮ ਦੇ ਪੁੱਤਰ ਦੀ ਮੌਤ

1ਉਸ ਵੇਲੇ ਯਾਰਾਬੁਆਮ ਦਾ ਪੁੱਤਰ ਅਬੀਯਾਹ ਬਿਮਾਰ ਪੈ ਗਿਆ ।2ਤਾਂ ਯਾਰਾਬੁਆਮ ਨੇ ਆਪਣੀ ਰਾਣੀ ਨੂੰ ਆਖਿਆ, ਉੱਠ ਕੇ ਜ਼ਰਾ ਆਪਣਾ ਭੇਸ ਬਦਲ ਲੈ ਕਿ ਕੋਈ ਨਾ ਜਾਣੇ ਕਿ ਤੂੰ ਯਾਰਾਬੁਆਮ ਦੀ ਰਾਣੀ ਹੈਂ ਅਤੇ ਸ਼ੀਲੋਹ ਨੂੰ ਨੂੰ ਤੁਰ ਜਾ । ਵੇਖ, ਉੱਥੇ ਅਹੀਯਾਹ ਨਬੀ ਹੈ ਜੋ ਮੈਨੂੰ ਬੋਲਿਆ ਸੀ ਕਿ ਤੂੰ ਇਨ੍ਹਾਂ ਲੋਕਾਂ ਦਾ ਪਾਤਸ਼ਾਹ ਹੋਵੇਂਗਾ ।3ਅਤੇ ਆਪਣੇ ਹੱਥ ਵਿੱਚ ਦਸ ਰੋਟੀਆਂ, ਚੂਰਮਾ ਅਤੇ ਸ਼ਹਿਤ ਦਾ ਮਰਤਬਾਨ ਲੈ ਕੇ ਉਹ ਦੇ ਕੋਲ ਜਾ । ਉਹ ਤੈਨੂੰ ਦੱਸੇਗਾ ਕਿ ਮੁੰਡੇ ਨੂੰ ਕਿ ਹੋਵੇਗਾ ।

4ਸੋ ਯਾਰਾਬੁਆਮ ਦੀ ਰਾਣੀ ਨੇ ਤਿਵੇਂ ਹੀ ਕੀਤਾ । ਉਹ ਉੱਠ ਕੇ ਸ਼ੀਲੋਹ ਨੂੰ ਗਈ ਅਤੇ ਅਹੀਯਾਹ ਦੇ ਘਰ ਪਹੁੰਚੀ ਪਰ ਅਹੀਯਾਹ ਵੇਖ ਨਹੀਂ ਸਕਦਾ ਸੀ ਕਿਉਂ ਜੋ ਉਸ ਦੀਆਂ ਅੱਖਾਂ ਬੁਢਾਪੇ ਦੇ ਕਾਰਨ ਰੁਕ ਗਈਆਂ ਸਨ ।5ਤਾਂ ਯਹੋਵਾਹ ਨੇ ਅਹੀਯਾਹ ਨੂੰ ਆਖਿਆ ਕਿ ਵੇਖ, ਯਾਰਾਬੁਆਮ ਦੀ ਰਾਣੀ ਆਪਣੇ ਪੁੱਤਰ ਲਈ ਤੇਰੇ ਕੋਲੋਂ ਪੁੱਛਣ ਆਉਂਦੀ ਹੈ ਕਿਉਂ ਜੋ ਉਹ ਬਿਮਾਰ ਹੈ ਸੋ ਤੂੰ ਉਹ ਨੂੰ ਇਸ ਤਰ੍ਹਾਂ ਇਸ ਤਰ੍ਹਾਂ ਬੋਲੀਂ ਕਿਉਂ ਜੋ ਇਸ ਤਰ੍ਹਾਂ ਹੋਵੇਗਾ ਕਿ ਜਦ ਉਹ ਅੰਦਰ ਆਵੇਗੀ ਤਾਂ ਆਪ ਨੂੰ ਹੋਰ ਔਰਤ ਬਣਾਵੇਗੀ ।
6ਤਾਂ ਇਸ ਤਰ੍ਹਾਂ ਹੋਇਆ ਕਿ ਜਦ ਅਹੀਯਾਹ ਨੇ ਉਹ ਦੇ ਪੈਰਾਂ ਦੀ ਪੈਛੜ ਜਾਂ ਉਹ ਬੂਹੇ ਦੇ ਅੰਦਰ ਵੜੀ ਸੁਣੀ ਤਾਂ ਉਸ ਆਖਿਆ, ਹੇ ਯਾਰਾਬੁਆਮ ਦੀ ਰਾਣੀ ਅੰਦਰ ਲੰਘ ਆ । ਤੂੰ ਆਪ ਨੂੰ ਹੋਰ ਔਰਤ ਕਿਉਂ ਬਣਾਉਂਦੀ ਹੈਂ ? ਮੈਂ ਤੇਰੇ ਕੋਲ ਸਖ਼ਤ ਗੱਲਾਂ ਲਈ ਭੇਜਿਆ ਗਿਆ ਹਾਂ ।7ਤੂੰ ਚੱਲੀ ਜਾ ਅਤੇ ਯਾਰਾਬੁਆਮ ਨੂੰ ਆਖ ਕਿ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਫ਼ਰਮਾਉਂਦਾ ਹੈ ਕਿ ਮੈਂ ਤੈਨੂੰ ਲੋਕਾਂ ਵਿੱਚ ਉੱਚਾ ਕੀਤਾ ਅਤੇ ਮੈਂ ਤੈਨੂੰ ਆਪਣੀ ਪਰਜਾ ਇਸਰਾਏਲ ਉੱਤੇ ਪ੍ਰਧਾਨ ਚੁਣਿਆ ।8ਅਤੇ ਰਾਜ ਦਾਊਦ ਦੇ ਘਰਾਣੇ ਤੋਂ ਪਾੜ ਕੇ ਤੈਨੂੰ ਦਿੱਤਾ ਤਾਂ ਵੀ ਤੂੰ ਮੇਰੇ ਦਾਸ ਦਾਊਦ ਵਰਗਾ ਨਾ ਹੋਇਆ ਜਿਸ ਮੇਰੇ ਹੁਕਮਾਂ ਦੀ ਪਾਲਨਾ ਕੀਤੀ ਅਤੇ ਸਾਰੇ ਮਨ ਨਾਲ ਮੇਰੇ ਮਗਰ ਚੱਲਿਆ ਅਤੇ ਉਹੋ ਹੀ ਕੀਤਾ ਜੋ ਮੇਰੀ ਨਿਗਾਹ ਵਿੱਚ ਠੀਕ ਸੀ ।
9ਪਰ ਤੂੰ ਉਨ੍ਹਾਂ ਸਭਨਾਂ ਨਾਲੋਂ ਜੋ ਤੇਰੇ ਕੋਲੋਂ ਅੱਗੇ ਸਨ ਵੱਧ ਬੁਰਿਆਈ ਕੀਤੀ ਅਤੇ ਤੂੰ ਮੈਨੂੰ ਕ੍ਰੋਧ ਚੜ੍ਹਾਉਣ ਲਈ ਆਪਣੇ ਲਈ ਓਪਰੇ ਦੇਵਤੇ ਅਤੇ ਢਲਵੀਆਂ ਮੂਰਤਾਂ ਬਣਾਈਆਂ ਅਤੇ ਤੂੰ ਮੈਨੂੰ ਆਪਣੀ ਪਿੱਠ ਪਿੱਛੇ ਸੁੱਟਿਆ ।10ਇਸੇ ਲਈ ਵੇਖ ਮੈਂ ਯਾਰਾਬੁਆਮ ਦੇ ਘਰਾਣੇ ਉੱਤੇ ਬੁਰਿਆਈ ਲਿਆਵਾਂਗਾ ਅਤੇ ਯਾਰਾਬੁਆਮ ਦੇ ਹਰ ਨਰ ਨੂੰ ਅਤੇ ਇਸਰਾਏਲ ਦੇ ਬੰਧੂਏ ਅਤੇ ਆਜ਼ਾਦ ਨੂੰ ਨਾਸ ਕਰ ਦਿਆਂਗਾ ਅਤੇ ਯਾਰਾਬੁਆਮ ਦੇ ਘਰਾਣੇ ਦੇ ਪਿੱਛੇ ਇਸ ਤਰ੍ਹਾਂ ਝਾੜੂ ਲਈ ਫਿਰਾਂਗਾ ਜਿਉਂ ਗੰਦ ਚੁੱਕ ਲੈਣ ਦੇ ਪਿੱਛੋਂ ਕੁਝ ਬਾਕੀ ਨਹੀਂ ਰਹਿ ਜਾਂਦਾ ।
11ਅਤੇ ਯਾਰਾਬੁਆਮ ਦਾ ਜੇ ਕੋਈ ਸ਼ਹਿਰ ਵਿੱਚ ਮਰੇਗਾ ਉਹ ਨੂੰ ਕੁੱਤੇ ਖਾਣਗੇ ਅਤੇ ਜੋ ਰੜ ਵਿੱਚ ਮਰੇਗਾ ਉਹ ਨੂੰ ਅਕਾਸ਼ ਦੇ ਪੰਛੀ ਖਾਣਗੇ ਕਿਉਂ ਜੋ ਯਹੋਵਾਹ ਇਸ ਤਰ੍ਹਾਂ ਬੋਲਿਆ ਹੈ ।12ਸੋ ਤੂੰ ਉੱਠ ਅਤੇ ਆਪਣੇ ਘਰ ਜਾ । ਤੇਰੇ ਸ਼ਹਿਰ ਵਿੱਚ ਪੈਰ ਰੱਖਦਿਆਂ ਸਾਰ ਮੁੰਡਾ ਮਰ ਜਾਵੇਗਾ ।13ਤਾਂ ਸਾਰਾ ਇਸਰਾਏਲ ਉਹ ਦਾ ਸੋਗ ਕਰਨਗੇ ਅਤੇ ਉਹ ਨੂੰ ਦੱਬਣਗੇ ਕਿਉਂ ਜੋ ਯਾਰਾਬੁਆਮ ਦਾ ਉਹੋ ਇਕੱਲਾ ਕਬਰ ਵਿੱਚ ਪਏਗਾ ਇਸ ਲਈ ਕਿ ਯਾਰਾਬੁਆਮ ਦੇ ਘਰਾਣੇ ਵਿੱਚ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੂੰ ਉਸ ਵਿੱਚ ਹੀ ਕੁਝ ਚੰਗੀ ਗੱਲ ਲੱਭੀ ।
14ਅਤੇ ਯਹੋਵਾਹ ਆਪਣੀ ਵੱਲੋਂ ਇਸਰਾਏਲ ਉੱਤੇ ਇੱਕ ਪਾਤਸ਼ਾਹ ਖੜਾ ਕਰੇਗਾ ਜਿਹੜਾ ਉਸੇ ਦਿਨ ਯਾਰਾਬੁਆਮ ਦੇ ਘਰਾਣੇ ਨੂੰ ਨਾਸ ਕਰੇਗਾ । ਕੀ ਇਹ ਅੱਜ ਦੇ ਦਿਨ ਹੀ ? ਹਾਂ ਹੁਣੇ ਹੀ ।15ਅਤੇ ਯਹੋਵਾਹ ਇਸਰਾਏਲ ਨੂੰ ਇਸ ਤਰ੍ਹਾਂ ਮਰੇਗਾ ਜਿਵੇਂ ਪਾਣੀ ਵਿੱਚ ਕਾਨਾ ਹਿਲਾਇਆ ਜਾਂਦਾ ਹੈ ਅਤੇ ਉਹ ਇਸਰਾਏਲ ਨੂੰ ਇਸ ਚੰਗੀ ਭੂਮੀ ਵਿੱਚੋਂ ਉਖੇੜ ਦੇਵੇਗਾ ਜੋ ਉਸ ਨੇ ਉਨ੍ਹਾਂ ਦੇ ਪਿਉ-ਦਾਦਿਆਂ ਨੂੰ ਦਿੱਤੀ ਸੀ ਅਤੇ ਉਨ੍ਹਾਂ ਨੂੰ ਦਰਿਆ ਦੇ ਪਾਰ ਖਿਲਾਰ ਦੇਵੇਗਾ ਕਿਉਂ ਜੋ ਉਨ੍ਹਾਂ ਨੇ ਆਪਣੇ ਲਈ ਟੁੰਡ ਦੇਵ ਬਣਾ ਕੇ ਯਹੋਵਾਹ ਨੂੰ ਕ੍ਰੋਧਵਾਨ ਕੀਤਾ ।16ਅਤੇ ਉਹ ਇਸਰਾਏਲ ਨੂੰ ਯਾਰਾਬੁਆਮ ਦੇ ਪਾਪਾਂ ਦੇ ਕਾਰਨ ਤਿਆਗ ਦੇਵੇਗਾ ਕਿਉਂ ਜੋ ਉਹ ਪਾਪੀ ਬਣਿਆ ਅਤੇ ਇਸਰਾਏਲ ਨੂੰ ਪਾਪੀ ਬਣਾਇਆ ।
17ਤਾਂ ਯਾਰਾਬੁਆਮ ਦੀ ਰਾਣੀ ਉੱਠੀ ਅਤੇ ਚੱਲ ਪਈ ਅਤੇ ਤਿਰਜਾਹ ਨੂੰ ਆਈ । ਉਹ ਘਰ ਦੀ ਦਲੀਜ ਕੋਲ ਪਹੁੰਚੀ ਹੀ ਸੀ ਕਿ ਮੁੰਡਾ ਮਰ ਗਿਆ ।18ਤਾਂ ਸਾਰੇ ਇਸਰਾਏਲ ਨੇ ਉਹ ਨੂੰ ਦੱਬਿਆ ਅਤੇ ਉਸ ਦਾ ਸੋਗ ਕੀਤਾ ਜਿਵੇਂ ਯਹੋਵਾਹ ਦਾ ਬਚਨ ਸੀ ਜੋ ਉਹ ਆਪਣੇ ਦਾਸ ਅਹੀਯਾਹ ਨਬੀ ਦੇ ਰਾਹੀਂ ਬੋਲਿਆ ਸੀ ।
ਯਾਰਾਬੁਆਮ ਦੀ ਮੌਤ

19ਅਤੇ ਯਾਰਾਬੁਆਮ ਦੀਆਂ ਬਾਕੀ ਗੱਲਾਂ ਕਿ ਕਿਵੇਂ ਉਹ ਲੜਿਆ ਅਤੇ ਕਿਵੇਂ ਉਸ ਰਾਜ ਕੀਤਾ ਸੋ ਵੇਖੋ, ਉਹ ਇਸਰਾਏਲ ਦੇ ਪਾਤਸ਼ਾਹਾਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੀਆਂ ਹੋਈਆਂ ਹਨ ।20ਅਤੇ ਉਹ ਦਿਨ ਜਿਨ੍ਹਾਂ ਵਿੱਚ ਯਾਰਾਬੁਆਮ ਨੇ ਰਾਜ ਕੀਤਾ ਬਾਈ ਸਾਲ ਸਨ ਤਾਂ ਉਹ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ ਅਤੇ ਉਹ ਦਾ ਪੁੱਤਰ ਨਾਦਾਬ ਉਹ ਦੇ ਥਾਂ ਰਾਜ ਕਰਨ ਲੱਗਾ ।
ਯਹੂਦਾਹ ਦਾ ਰਾਜਾ ਰਹਬੁਆਮ
(2 ਇਤਿਹਾਸ 11:5-12:15 )

21ਸੁਲੇਮਾਨ ਦਾ ਪੁੱਤਰ ਰਹਬੁਆਮ ਯਹੂਦਾਹ ਵਿੱਚ ਪਾਤਸ਼ਾਹ ਸੀ ਅਤੇ ਰਹਬੁਆਮ ਇੱਕਤਾਲੀਆਂ ਸਾਲਾਂ ਦਾ ਸੀ ਜਦ ਰਾਜ ਕਰਨ ਲੱਗਾ ਅਤੇ ਉਸ ਨੇ ਯਰੂਸ਼ਲਮ ਵਿੱਚ ਜਿਹ ਨੂੰ ਯਹੋਵਾਹ ਨੇ ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ ਚੁਣਿਆ ਸੀ ਕਿ ਆਪਣਾ ਨਾਮ ਉੱਥੇ ਰੱਖੇ ਸਤਾਰਾਂ ਸਾਲਾਂ ਤੱਕ ਰਾਜ ਕੀਤਾ ਅਤੇ ਉਸ ਦੀ ਮਾਤਾ ਦਾ ਨਾਮ ਨਆਮਾਹ ਸੀ ਜੋ ਅੰਮੋਨਣ ਸੀ ।22ਅਤੇ ਯਹੂਦਾਹ ਨੇ ਉਹ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਬੁਰਾ ਸੀ ਅਤੇ ਉਨ੍ਹਾਂ ਨੇ ਉਸ ਦੀ ਅਣਖ ਨੂੰ ਭੜਕਾਇਆ ਉਨ੍ਹਾਂ ਸਾਰਿਆਂ ਪਾਪਾਂ ਦੇ ਕਾਰਨ ਜੋ ਉਨ੍ਹਾਂ ਆਪਣੇ ਪਿਉ-ਦਾਦਿਆਂ ਤੋਂ ਵੱਧ ਪਾਪ ਕੀਤਾ ।
23ਉਨ੍ਹਾਂ ਨੇ ਆਪਣੇ ਲਈ ਉੱਚਿਆਂ ਥਾਵਾਂ ਨੂੰ ਬਣਾਇਆ ਅਤੇ ਹਰ ਉੱਚੇ ਪਹਾੜ ਉੱਤੇ ਅਤੇ ਹਰ ਬਿਰਛ ਦੇ ਹੇਠ ਉੱਚੇ ਥਾਵਾਂ ਨੂੰ ਮੂਰਤਾਂ ਅਤੇ ਟੁੰਡਾਂ ਨੂੰ ਖੜਾ ਕੀਤਾ ।24ਅਤੇ ਦੇਸ ਵਿੱਚ ਸੰਮਲਿੰਗੀ ਵੀ ਸਨ । ਉਨ੍ਹਾਂ ਉਹਨਾਂ ਕੌਮਾਂ ਦੇ ਘਿਣਾਉਣੇ ਕੰਮ ਕੀਤੇ ਜਿਨ੍ਹਾਂ ਨੂੰ ਯਹੋਵਾਹ ਨੇ ਇਸਰਾਏਲੀਆਂ ਅੱਗੋਂ ਧੱਕ ਦਿੱਤਾ ਸੀ ।
25ਤਾਂ ਇਸ ਤਰ੍ਹਾਂ ਹੋਇਆ ਕਿ ਰਹਬੁਆਮ ਦੇ ਰਾਜ ਦੇ ਪੰਜਵੇਂ ਸਾਲ ਮਿਸਰ ਦਾ ਪਾਤਸ਼ਾਹ ਸੀਸ਼ਕ ਯਰੂਸ਼ਲਮ ਉੱਤੇ ਚੜ੍ਹ ਆਇਆ ।26ਉਹ ਨੇ ਯਹੋਵਾਹ ਦੇ ਭਵਨ ਦਾ ਖਜ਼ਾਨਾ ਅਤੇ ਪਾਤਸ਼ਾਹ ਦੇ ਮਹਿਲ ਦਾ ਖਜ਼ਾਨਾ ਲੈ ਲਿਆ ਸਗੋਂ ਉਹ ਨੇ ਸਭ ਕੁਝ ਲੈ ਲਿਆ ਅਤੇ ਉਹ ਨੇ ਉਹ ਸਭ ਸੋਨੇ ਦੀਆਂ ਢਾਲਾਂ ਜੋ ਸੁਲੇਮਾਨ ਨੇ ਬਣਵਾਈਆਂ ਸਨ ਲੈ ਲਈਆਂ ।
27ਤਾਂ ਰਹਬੁਆਮ ਪਾਤਸ਼ਾਹ ਨੇ ਪਿੱਤਲ ਦੀਆਂ ਢਾਲਾਂ ਬਣਾਈਆਂ ਅਤੇ ਉਨ੍ਹਾਂ ਨੂੰ ਸ਼ਾਹੀ ਨਿਗਾਹਬਾਨਾਂ ਦੇ ਸਰਦਾਰਾਂ ਦੇ ਹੱਥ ਵਿੱਚ ਸੌਂਪ ਦਿੱਤਾ ਜਿਹੜੇ ਪਾਤਸ਼ਾਹ ਦੇ ਮਹਿਲ ਦੇ ਦਰਵਾਜ਼ੇ ਦੀ ਰਾਖੀ ਕਰਦੇ ਸਨ ।28ਇਸ ਤਰ੍ਹਾਂ ਹੁੰਦਾ ਸੀ ਕਿ ਜਦ ਪਾਤਸ਼ਾਹ ਯਹੋਵਾਹ ਦੇ ਭਵਨ ਨੂੰ ਜਾਂਦਾ ਸੀ ਤਾਂ ਨਿਗਾਹਬਾਨ ਉਨ੍ਹਾਂ ਨੂੰ ਚੁੱਕ ਲੈਂਦੇ ਸਨ ਅਤੇ ਫੇਰ ਉਹਨਾਂ ਨੂੰ ਨਿਗਾਹਬਾਨਾਂ ਦੀ ਕੋਠੜੀ ਵਿੱਚ ਰੱਖ ਦਿੰਦੇ ਸਨ ।
29ਅਤੇ ਰਹਬੁਆਮ ਦੀਆਂ ਬਾਕੀ ਗੱਲਾਂ ਅਤੇ ਉਹ ਜੋ ਕੁਝ ਉਸ ਨੇ ਕੀਤਾ ਕੀ ਉਹ ਯਹੂਦਾਹ ਦੇ ਪਾਤਸ਼ਾਹਾਂ ਦੀ ਇਤਿਹਾਸ ਦੀ ਪੋਥੀ ਵਿੱਚ ਲਿਖੀਆਂ ਹੋਈਆਂ ਨਹੀਂ ਹਨ ?30ਇਸ ਤਰ੍ਹਾਂ ਰਹਬੁਆਮ ਅਤੇ ਯਾਰਾਬੁਆਮ ਦੇ ਵਿੱਚ ਉਨ੍ਹਾਂ ਦੇ ਸਭ ਦਿਨ ਲੜਾਈ ਲੱਗੀ ਰਹੀ ।31ਤਾਂ ਰਹਬੁਆਮ ਆਪਣੇ ਪਿਉ-ਦਾਦਿਆਂ ਦੇ ਨਾਲ ਸੌਂ ਗਿਆ ਅਤੇ ਦਾਊਦ ਦੇ ਸ਼ਹਿਰ ਵਿੱਚ ਆਪਣੇ ਪਿਉ-ਦਾਦਿਆਂ ਦੇ ਨਾਲ ਦੱਬਿਆ ਗਿਆ । ਉਸ ਦੀ ਮਾਤਾ ਦਾ ਨਾਮ ਨਆਮਾਹ ਸੀ ਜੋ ਅੰਮੋਨਣ ਸੀ ਅਤੇ ਉਸ ਦਾ ਪੁੱਤਰ ਅਬੀਯਾਮ ਉਸ ਦੇ ਥਾਂ ਰਾਜ ਕਰਨ ਲੱਗਾ ।

15
ਯਹੂਦਾਹ ਦਾ ਰਾਜਾ ਅਬੀਯਾਮ
(2 ਇਤਿਹਾਸ 13:1-14:1)

1ਨਬਾਟ ਦੇ ਪੁੱਤਰ ਯਾਰਾਬੁਆਮ ਦੇ ਰਾਜ ਦੇ ਅਠਾਰਵੇਂ ਸਾਲ ਅਬੀਯਾਮ ਯਹੂਦਾਹ ਉੱਤੇ ਰਾਜ ਕਰਨ ਲੱਗਾ ।2ਉਹ ਨੇ ਯਰੂਸ਼ਲਮ ਵਿੱਚ ਤਿੰਨ ਸਾਲ ਰਾਜ ਕੀਤਾ । ਉਹ ਦੀ ਮਾਤਾ ਦਾ ਨਾਮ ਮਆਕਾਹ ਸੀ ਜੋ ਅਬੀਸ਼ਾਲੋਮ ਦੀ ਧੀ ਸੀ ।3ਉਹ ਆਪਣੇ ਪਿਤਾ ਦੇ ਉਨ੍ਹਾਂ ਸਭਨਾਂ ਪਾਪਾਂ ਦੇ ਪਿੱਛੇ ਲੱਗਾ ਜੋ ਉਹ ਅੱਗੇ ਕਰਦਾ ਸੀ ਅਤੇ ਉਹ ਦਾ ਮਨ ਯਹੋਵਾਹ ਆਪਣੇ ਪਰਮੇਸ਼ੁਰ ਦੇ ਨਾਲ ਠੀਕ ਨਹੀਂ ਸੀ ਜਿਵੇਂ ਉਹ ਦੇ ਪਿਤਾ ਦਾਊਦ ਦਾ ਮਨ ਸੀ ।

4ਤਾਂ ਵੀ ਦਾਊਦ ਦੇ ਕਾਰਨ ਯਹੋਵਾਹ ਉਸ ਦੇ ਪਰਮੇਸ਼ੁਰ ਨੇ ਯਰੂਸ਼ਲਮ ਵਿੱਚ ਇੱਕ ਚਰਾਗ ਦਿੱਤਾ ਅਰਥਾਤ ਉਸ ਦੇ ਪੁੱਤਰ ਨੂੰ ਉਸ ਦੇ ਪਿੱਛੋਂ ਠਹਿਰਾਇਆ ਅਤੇ ਯਰੂਸ਼ਲਮ ਵਿੱਚ ਕਾਇਮ ਰੱਖਿਆ ।5ਕਿਉਂ ਜੋ ਦਾਊਦ ਨੇ ਉਹ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ ਅਤੇ ਆਪਣੇ ਜੀਵਨ ਦੇ ਸਭ ਦਿਨ ਉਸ ਸਾਰੇ ਤੋਂ ਜਿਸ ਦਾ ਉਸ ਨੂੰ ਹੁਕਮ ਸੀ ਹਿੱਤੀ ਊਰੀਯਾਹ ਦੀ ਗੱਲ ਤੋਂ ਬਿਨਾਂ ਕਿਸੇ ਪਾਸੇ ਨਾ ਫਿਰਿਆ ।6ਰਹਬੁਆਮ ਅਤੇ ਯਾਰਾਬੁਆਮ ਦੇ ਵਿੱਚ ਉਹ ਦੇ ਸਾਰੇ ਜੀਵਨ ਭਰ ਲੜਾਈ ਰਹੀ ।
7ਅਤੇ ਅਬੀਯਾਮ ਦੀਆਂ ਬਾਕੀ ਗੱਲਾਂ ਅਤੇ ਉਹ ਸਭ ਜੋ ਉਸ ਕੀਤਾ ਕੀ ਉਹ ਯਹੂਦਾਹ ਦੇ ਪਾਤਸ਼ਾਹਾਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੀਆਂ ਹੋਈਆਂ ਨਹੀਂ ਹਨ ? ਅਬੀਯਾਮ ਤੇ ਯਾਰਾਬੁਆਮ ਵਿੱਚ ਵੀ ਲੜਾਈ ਰਹੀ ।8ਤਾਂ ਅਬੀਯਾਮ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ ਅਤੇ ਉਨ੍ਹਾਂ ਨੇ ਉਸ ਨੂੰ ਦਾਊਦ ਦੇ ਸ਼ਹਿਰ ਵਿੱਚ ਦੱਬ ਦਿੱਤਾ ਤਾਂ ਉਹ ਦੇ ਥਾਂ ਆਸਾ ਉਹ ਦਾ ਪੁੱਤਰ ਰਾਜ ਕਰਨ ਲੱਗਾ ।
ਯਹੂਦਾਹ ਦਾ ਰਾਜਾ ਆਸਾ
(2 ਇਤਿਹਾਸ 15:16-16-6)

9ਇਸਰਾਏਲ ਦੇ ਪਾਤਸ਼ਾਹ ਯਾਰਾਬੁਆਮ ਦੇ ਰਾਜ ਦੇ ਵੀਹਵੇਂ ਸਾਲ ਆਸਾ ਯਹੂਦਾਹ ਉੱਤੇ ਰਾਜ ਕਰਨ ਲੱਗਾ ।10ਅਤੇ ਉਸ ਨੇ ਇੱਕਤਾਲੀ ਸਾਲ ਯਰੂਸ਼ਲਮ ਵਿੱਚ ਰਾਜ ਕੀਤਾ । ਉਸ ਦੀ ਦਾਦੀ ਦਾ ਨਾਮ ਮਆਕਾਹ ਸੀ ਜੋ ਅਬੀਸ਼ਾਲੋਮ ਦੀ ਧੀ ਸੀ ।11ਅਤੇ ਆਸਾ ਨੇ ਉਹ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ ਜਿਵੇਂ ਉਸ ਦੇ ਪਿਤਾ ਦਾਊਦ ਨੇ ਕੀਤਾ ਸੀ ।
12ਉਸ ਨੇ ਦੇਸ ਵਿੱਚੋਂ ਸੰਮਲਿੰਗੀਆਂ ਨੂੰ ਕੱਢ ਦਿੱਤਾ ਅਤੇ ਉਹ ਮੂਰਤਾਂ ਜੋ ਉਸ ਦੇ ਪਿਉ-ਦਾਦਿਆਂ ਨੇ ਬਣਾਈਆਂ ਸਨ ਦੂਰ ਦਫ਼ਾ ਕਰ ਦਿੱਤੀਆਂ ਕਰ ਦਿੱਤੀਆਂ ।13ਉਸ ਨੇ ਆਪਣੀ ਦਾਦੀ ਮਆਕਾਹ ਨੂੰ ਵੀ ਰਾਣੀ ਤੋਂ ਹਟਾ ਦਿੱਤਾ ਕਿਉਂ ਜੋ ਉਸ ਨੇ ਅਸ਼ੇਰਾਹ ਦੇਵੀਂ ਦੀ ਇੱਕ ਅੱਤ ਘਿਣਾਉਣੀ ਮੂਰਤ ਬਣਾਈ ਜਿਹ ਨੂੰ ਆਸਾ ਨੇ ਭੰਨ ਕੇ ਕਿਦਰੋਨ ਦੀ ਵਾਦੀ ਵਿੱਚ ਸਾੜ ਦਿੱਤਾ ।
14ਪਰ ਉੱਚੇ ਥਾਂ ਢਾਹੇ ਨਾ ਗਏ ਤਾਂ ਵੀ ਆਸਾ ਨੇ ਆਪਣੇ ਮਨ ਨੂੰ ਆਪਣੇ ਸਾਰੇ ਦਿਨ ਯਹੋਵਾਹ ਵੱਲ ਠੀਕ ਰੱਖਿਆ ।15ਅਤੇ ਉਹ ਉਨ੍ਹਾਂ ਚੀਜ਼ਾਂ ਨੂੰ ਜੋ ਉਸ ਦੇ ਪਿਤਾ ਨੇ ਪਵਿੱਤਰ ਠਹਿਰਾਈਆਂ ਸਨ ਨਾਲੇ ਉਨ੍ਹਾਂ ਨੂੰ ਜੋ ਉਸ ਨੇ ਆਪ ਪਵਿੱਤਰ ਠਹਿਰਾਈਆਂ ਸਨ ਯਹੋਵਾਹ ਦੇ ਭਵਨ ਵਿੱਚ ਲਿਆਇਆ ਅਰਥਾਤ ਚਾਂਦੀ, ਸੋਨਾ ਅਤੇ ਭਾਂਡੇ ।
16ਆਸਾ ਅਤੇ ਇਸਰਾਏਲ ਦੇ ਪਾਤਸ਼ਾਹ ਬਆਸ਼ਾ ਵਿੱਚ ਉਨ੍ਹਾਂ ਦੇ ਸਾਰੇ ਦਿਨ ਲੜਾਈ ਹੁੰਦੀ ਰਹੀ ।17ਤਾਂ ਇਸਰਾਏਲ ਦੇ ਪਾਤਸ਼ਾਹ ਬਆਸ਼ਾ ਨੇ ਯਹੂਦਾਹ ਉੱਤੇ ਚੜ੍ਹਾਈ ਕੀਤੀ ਅਤੇ ਰਾਮਾਹ ਨੂੰ ਬਣਾਇਆ ਤਾਂ ਜੋ ਯਹੂਦਾਹ ਦੇ ਪਾਤਸ਼ਾਹ ਕੋਲ ਨਾ ਕੋਈ ਜਾਵੇ ਨਾ ਕੋਈ ਆਵੇ ।
18ਤਾਂ ਆਸਾ ਨੇ ਯਹੋਵਾਹ ਦੇ ਭਵਨ ਦੇ ਖਜ਼ਾਨਿਆਂ ਦੀ ਬਾਕੀ ਚਾਂਦੀ ਅਤੇ ਸੋਨਾ ਅਤੇ ਪਾਤਸ਼ਾਹ ਦੇ ਮਹਿਲ ਦੇ ਖਜ਼ਾਨੇ ਤੋਂ ਲੈ ਕੇ ਆਪਣੇ ਟਹਿਲੂਆਂ ਦੇ ਹੱਥਾਂ ਵਿੱਚ ਦੇ ਦਿੱਤੇ ਅਤੇ ਆਸਾ ਪਾਤਸ਼ਾਹ ਨੇ ਉਨ੍ਹਾਂ ਨੂੰ ਅਰਾਮ ਦੇ ਪਾਤਸ਼ਾਹ ਬਨ-ਹਦਦ ਕੋਲ ਜੋ ਹਜ਼ਯੋਨ ਦਾ ਪੋਤਾ ਅਤੇ ਟਬਰਿੰਮੋਨ ਦਾ ਪੁੱਤਰ ਸੀ ਜੋ ਦੰਮਿਸ਼ਕ ਵਿੱਚ ਵੱਸਦਾ ਸੀ ਇਸ ਤਰ੍ਹਾਂ ਆਖ ਕੇ ਭੇਜ ਦਿੱਤਾ ਕਿ19ਉਹ ਨੇਮ ਜੋ ਮੇਰੇ ਤੇਰੇ ਵਿੱਚ ਹੈ ਅਤੇ ਮੇਰੇ ਪਿਤਾ ਅਤੇ ਤੇਰੇ ਪਿਤਾ ਦੇ ਵਿੱਚ ਸੀ ਵੇਖ ਮੈਂ ਤੇਰੇ ਕੋਲ ਚਾਂਦੀ ਅਤੇ ਸੋਨੇ ਦਾ ਗੱਫਾ ਭੇਜਦਾ ਹਾਂ ਕਿ ਤੂੰ ਜਾ ਕੇ ਆਪਣਾ ਨੇਮ ਇਸਰਾਏਲ ਦੇ ਪਾਤਸ਼ਾਹ ਬਆਸ਼ਾ ਨਾਲੋਂ ਤੋੜ ਲਵੇਂ ਤਾਂ ਜੋ ਉਹ ਮੇਰੇ ਕੋਲੋਂ ਮੁੜ ਜਾਵੇ ।
20ਤਾਂ ਬਨ-ਹਦਦ ਨੇ ਆਸਾ ਪਾਤਸ਼ਾਹ ਦੀ ਗੱਲ ਸੁਣੀ ਅਤੇ ਆਪਣਿਆਂ ਫੌਜਾਂ ਦੇ ਸਰਦਾਰਾਂ ਨੂੰ ਇਸਰਾਏਲੀ ਸ਼ਹਿਰਾਂ ਦੇ ਵਿਰੁੱਧ ਭੇਜਿਆ ਅਤੇ ਉਨ੍ਹਾਂ ਨੇ ਈਯੋਨ ਨੂੰ, ਦਾਨ ਨੂੰ, ਆਬੇਲ ਬੈਤ ਮਆਕਾਹ ਨੂੰ ਅਤੇ ਸਾਰੇ ਕਿੰਨਰੋਥ ਨੂੰ ਨਫ਼ਤਾਲੀ ਦੇ ਸਾਰੇ ਦੇਸ ਸਣੇ ਮਾਰ ਸੁੱਟਿਆ ।21ਤਾਂ ਇਸ ਤਰ੍ਹਾਂ ਹੋਇਆ ਕਿ ਜਦ ਬਆਸ਼ਾ ਨੇ ਇਹ ਸੁਣਿਆ ਤਾਂ ਰਾਮਾਹ ਦਾ ਬਣਾਉਣਾ ਛੱਡ ਕੇ ਤਿਰਸਾਹ ਵਿੱਚ ਜਾ ਵੱਸਿਆ ।22ਤਾਂ ਆਸਾ ਪਾਤਸ਼ਾਹ ਨੇ ਸਾਰੇ ਯਹੂਦਾਹ ਨੂੰ ਇਹ ਸੁਣਾਇਆ ਅਤੇ ਕੋਈ ਬਾਕੀ ਨਾ ਰਹਿਣ ਦਿੱਤਾ ਤਾਂ ਉਹ ਰਾਮਾਹ ਦੇ ਪੱਥਰਾਂ ਅਤੇ ਲੱਕੜੀ ਨੂੰ ਚੁੱਕ ਕੇ ਲੈ ਗਏ ਜਿਨ੍ਹਾਂ ਨਾਲ ਬਆਸ਼ਾ ਨੇ ਰਾਮਾਹ ਨੂੰ ਬਣਾਇਆ ਸੀ । ਉਨ੍ਹਾਂ ਨਾਲ ਆਸਾ ਪਾਤਸ਼ਾਹ ਨੇ ਬਿਨਯਾਮੀਨ ਦਾ ਗਬਾ ਅਤੇ ਮਿਸਫਾਹ ਬਣਾਏ ।
23ਅਤੇ ਆਸਾ ਦੇ ਬਾਕੀ ਕੰਮ ਅਤੇ ਉਹ ਦਾ ਸਾਰਾ ਬਲ ਅਤੇ ਉਹ ਸਭ ਜੋ ਉਸ ਕੀਤਾ ਅਤੇ ਸ਼ਹਿਰ ਜੋ ਉਸਨੇ ਬਣਾਏ ਕੀ ਉਹ ਯਹੂਦਾਹ ਦੇ ਪਾਤਸ਼ਾਹਾਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੇ ਹੋਏ ਨਹੀਂ ਹਨ ? ਪਰ ਉਸ ਦੇ ਬੁਢੇਪੇ ਵਿੱਚ ਉਸ ਦੇ ਪੈਰਾਂ ਦਾ ਰੋਗ ਲੱਗ ਗਿਆ ।24ਤਾਂ ਆਸਾ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ ਅਤੇ ਉਨ੍ਹਾਂ ਨੇ ਉਸ ਨੂੰ ਉਸ ਦੇ ਪਿਉ-ਦਾਦਿਆਂ ਦੇ ਨਾਲ ਦਾਊਦ ਦੇ ਸ਼ਹਿਰ ਵਿੱਚ ਦੱਬ ਦਿੱਤਾ ਤਾਂ ਉਸ ਦੇ ਥਾਂ ਉਸ ਦਾ ਪੁੱਤਰ ਯਹੋਸ਼ਾਫਾਟ ਰਾਜ ਕਰਨ ਲੱਗਾ ।
ਇਸਰਾਏਲ ਦਾ ਰਾਜਾ ਨਾਦਾਬ

25ਅਤੇ ਯਾਰਾਬੁਆਮ ਦਾ ਪੁੱਤਰ ਨਾਦਾਬ ਯਹੂਦਾਹ ਦੇ ਪਾਤਸ਼ਾਹ ਆਸਾ ਦੇ ਰਾਜ ਦੇ ਦੂਜੇ ਸਾਲ ਇਸਰਾਏਲ ਉੱਤੇ ਰਾਜ ਕਰਨ ਲੱਗਾ ਅਤੇ ਉਸ ਨੇ ਦੋ ਸਾਲ ਇਸਰਾਏਲ ਉੱਤੇ ਰਾਜ ਕੀਤਾ ।26ਪਰ ਉਸ ਨੇ ਯਹੋਵਾਹ ਦੀ ਨਿਗਾਹ ਵਿੱਚ ਬਦੀ ਕੀਤੀ ਅਤੇ ਆਪਣੇ ਪਿਤਾ ਦੇ ਰਾਹ ਵਿੱਚ ਚੱਲਿਆ ਅਤੇ ਆਪਣੇ ਪਾਪਾਂ ਨਾਲ ਉਸ ਨੇ ਇਸਰਾਏਲ ਨੂੰ ਪਾਪੀ ਬਣਾਇਆ ।
27ਅਤੇ ਯਿੱਸਾਕਾਰ ਦੇ ਘਰਾਣੇ ਦੇ ਅਹੀਯਾਹ ਦੇ ਪੁੱਤਰ ਬਆਸ਼ਾ ਉਸ ਦੇ ਵਿਰੁੱਧ ਗੋਸ਼ਟ ਕੀਤੀ ਅਤੇ ਬਆਸ਼ਾ ਨੇ ਉਸ ਨੂੰ ਫਲਿਸਤੀਆਂ ਦੇ ਸ਼ਹਿਰ ਗਿਬਥੋਨ ਵਿੱਚ ਵੱਢ ਸੁੱਟਿਆ ਜਦ ਨਾਦਾਬ ਅਤੇ ਸਾਰਾ ਇਸਰਾਏਲ ਗਿਬਥੋਨ ਨੂੰ ਘੇਰੀ ਬੈਠਾ ਸੀ ।28ਸੋ ਯਹੂਦਾਹ ਦੇ ਪਾਤਸ਼ਾਹ ਆਸਾ ਦੇ ਰਾਜ ਦੇ ਤੀਜੇ ਸਾਲ ਬਆਸ਼ਾ ਨੇ ਉਹ ਨੂੰ ਮਾਰ ਲਿਆ ਅਤੇ ਉਸ ਦੇ ਥਾਂ ਰਾਜ ਕਰਨ ਲੱਗਾ ।
29ਤਾਂ ਇਸ ਤਰ੍ਹਾਂ ਹੋਇਆ ਕਿ ਜਦ ਉਹ ਰਾਜ ਕਰਨ ਲੱਗਾ ਤਾਂ ਉਹ ਨੇ ਯਾਰਾਬੁਆਮ ਦੇ ਸਾਰੇ ਘਰਾਣੇ ਨੂੰ ਵੱਢ ਸੁੱਟਿਆ ਅਤੇ ਯਾਰਾਬੁਆਮ ਦਾ ਇੱਕ ਵੀ ਸਾਹ ਲੈਣ ਵਾਲਾ ਬਲੀ ਨਾ ਛੱਡਿਆ । ਜਦ ਤੱਕ ਉਹ ਨੇ ਉਨ੍ਹਾਂ ਦਾ ਨਾਸ ਨਾ ਕਰ ਲਿਆ ਅਤੇ ਇਹ ਯਹੋਵਾਹ ਦੇ ਉਸ ਬਚਨ ਅਨੁਸਾਰ ਜੋ ਉਹ ਆਪਣੇ ਦਾਸ ਅਹੀਯਾਹ ਸ਼ੀਲੋਨੀ ਦੇ ਰਾਹੀਂ ਬੋਲਿਆ ਸੀ ।30ਯਾਰਾਬੁਆਮ ਦੇ ਪਾਪਾਂ ਦੇ ਕਾਰਨ ਇਹ ਹੋਇਆ ਜੋ ਉਸ ਆਪ ਕੀਤੇ ਅਤੇ ਇਸਰਾਏਲ ਤੋਂ ਵੀ ਕਰਾਏ ਅਤੇ ਉਸ ਭੜਕਾਉਣ ਦੇ ਨਾਲ ਜਿਸ ਤੋਂ ਉਸ ਨੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੂੰ ਗੁੱਸੇ ਕੀਤਾ ।
31ਨਾਦਾਬ ਦੇ ਬਾਕੀ ਕੰਮ ਅਤੇ ਉਹ ਸਭ ਜੋ ਉਸ ਕੀਤਾ ਕੀ ਉਹ ਇਸਰਾਏਲ ਦੇ ਪਾਤਸ਼ਾਹਾਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੇ ਹੋਏ ਨਹੀਂ ?32ਆਸਾ ਅਤੇ ਇਸਰਾਏਲ ਦੇ ਪਾਤਸ਼ਾਹ ਬਆਸ਼ਾ ਵਿੱਚ ਉਨ੍ਹਾਂ ਦੇ ਸਾਰੇ ਦਿਨ ਲੜਾਈ ਹੁੰਦੀ ਰਹੀ ।
ਇਸਰਾਏਲ ਦਾ ਰਾਜਾ ਬਆਸ਼ਾ

33ਯਹੂਦਾਹ ਦੇ ਪਾਤਸ਼ਾਹ ਆਸਾ ਦੇ ਰਾਜ ਦੇ ਤੀਜੇ ਸਾਲ ਅਹੀਯਾਹ ਦਾ ਪੁੱਤਰ ਬਆਸ਼ਾ ਤਿਰਸਾਹ ਵਿੱਚ ਰਾਜ ਕਰਨ ਲੱਗਾ ਅਤੇ ਉਸ ਨੇ ਚੌਵੀ ਸਾਲ ਰਾਜ ਕੀਤਾ ।34ਉਸ ਨੇ ਯਹੋਵਾਹ ਦੀ ਨਿਗਾਹ ਵਿੱਚ ਬੁਰਿਆਈ ਕੀਤੀ ਅਤੇ ਯਾਰਾਬੁਅਮ ਦੇ ਰਾਹ ਵਿੱਚ ਚੱਲਿਆ ਅਤੇ ਉਹ ਦੇ ਪਾਪ ਵਿੱਚ ਜਿਸ ਨਾਲ ਉਹ ਨੇ ਇਸਰਾਏਲ ਨੂੰ ਪਾਪੀ ਬਣਾਇਆ ਲੱਗਾ ਰਿਹਾ ।

16

1ਫੇਰ ਯਹੋਵਾਹ ਦਾ ਬਚਨ ਹਨਾਨੀ ਦੇ ਪੁੱਤਰ ਯੇਹੂ ਕੋਲ ਬਆਸ਼ਾ ਦੇ ਵਿਰੁੱਧ ਆਇਆ ।2ਕਿ ਇਸ ਲਈ ਕਿ ਮੈਂ ਤੈਨੂੰ ਧੂੜ ਦੇ ਵਿੱਚੋਂ ਉਠਾਇਆ ਅਤੇ ਆਪਣੀ ਪਰਜਾ ਇਸਰਾਏਲ ਉੱਤੇ ਤੈਨੂੰ ਪ੍ਰਧਾਨ ਠਹਿਰਾਇਆ ਪਰ ਤੂੰ ਯਾਰਾਬੁਆਮ ਦੇ ਰਾਹ ਵਿੱਚ ਤੁਰਿਆ ਅਤੇ ਮੇਰੀ ਪਰਜਾ ਇਸਰਾਏਲ ਤੋਂ ਪਾਪ ਕਰਵਾਇਆ ਜੋ ਉਹ ਆਪਣੇ ਪਾਪਾਂ ਨਾਲ ਮੈਨੂੰ ਕ੍ਰੋਧਵਾਨ ਕਰਨ ।

3ਤਾਂ ਵੇਖ ਮੈਂ ਬਆਸ਼ਾ ਤੇ ਉਹ ਦੇ ਘਰਾਣੇ ਨੂੰ ਮਿਟਾ ਦਿਆਂਗਾ ਅਤੇ ਮੈਂ ਤੇਰੇ ਘਰਾਣੇ ਨੂੰ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਘਰਾਣੇ ਵਰਗਾ ਕਰ ਦਿਆਂਗਾ ।4ਜੋ ਬਆਸ਼ਾ ਦੀ ਅੰਸ਼ ਦਾ ਸ਼ਹਿਰ ਵਿੱਚ ਮਰ ਜਾਵੇ ਉਹ ਨੂੰ ਕੁੱਤੇ ਖਾਣਗੇ ਅਤੇ ਜੋ ਉਹ ਦੀ ਅੰਸ਼ ਦਾ ਰੜੇ ਵਿੱਚ ਮਰ ਜਾਵੇ ਅਕਾਸ਼ ਦੇ ਪੰਛੀ ਉਹ ਨੂੰ ਖਾ ਜਾਣਗੇ ।
5ਹੁਣ ਬਆਸ਼ਾ ਦੀਆਂ ਬਾਕੀ ਗੱਲਾਂ ਅਤੇ ਜੋ ਕੁਝ ਉਸ ਨੇ ਕੀਤਾ ਅਤੇ ਉਸ ਦਾ ਬਲ ਕੀ ਇਹ ਸਭ ਇਸਰਾਏਲ ਦੇ ਪਾਤਸ਼ਾਹਾਂ ਦੇ ਇਤਿਹਾਸ ਦੀ ਪੋਥੀ ਵਿੱਚ ਨਹੀਂ ਲਿਖੇ ਹੋਏ ?6ਸੋ ਬਆਸ਼ਾ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ ਅਤੇ ਤਿਰਸਾਹ ਵਿੱਚ ਦੱਬਿਆ ਗਿਆ ਅਤੇ ਉਸ ਦਾ ਪੁੱਤਰ ਏਲਾਹ ਉਸ ਦੇ ਥਾਂ ਰਾਜ ਕਰਨ ਲੱਗਾ ।
7ਨਾਲੇ ਹਨਾਨੀ ਦੇ ਪੁੱਤਰ ਯੇਹੂ ਨਬੀ ਨੂੰ ਵੀ ਯਹੋਵਾਹ ਦਾ ਬਚਨ ਬਆਸ਼ਾ ਅਤੇ ਉਸ ਦੇ ਘਰਾਣੇ ਦੇ ਵਿਰੁੱਧ ਆਇਆ ਅਤੇ ਇਹ ਦਾ ਕਾਰਨ ਉਹ ਸਭ ਬੁਰਿਆਈ ਸੀ ਜੋ ਉਸ ਨੇ ਯਹੋਵਾਹ ਦੇ ਵੇਖਣ ਵਿੱਚ ਕੀਤੀ ਜਦ ਉਸ ਨੇ ਆਪਣੇ ਹੱਥਾਂ ਦੇ ਕੰਮ ਨਾਲ ਅਤੇ ਯਾਰਾਬੁਆਮ ਦੇ ਘਰਾਣੇ ਜਿਹਾ ਹੋਣ ਨਾਲ ਉਹ ਨੂੰ ਕ੍ਰੋਧਵਾਨ ਕੀਤਾ ਅਤੇ ਇਸ ਲਈ ਵੀ ਕਿ ਉਸ ਨੇ ਉਹ ਨੂੰ ਮਾਰ ਸੁੱਟਿਆ ।
ਇਸਰਾਏਲ ਦਾ ਰਾਜਾ ਏਲਾਹ

8ਯਹੂਦਾਹ ਦੇ ਪਾਤਸ਼ਾਹ ਆਸਾ ਦੇ ਛੱਬੀਵੇਂ ਸਾਲ ਵਿੱਚ ਬਆਸ਼ਾ ਦਾ ਪੁੱਤਰ ਏਲਾਹ ਇਸਰਾਏਲ ਉੱਤੇ ਰਾਜ ਕਰਨ ਲੱਗਾ ਅਤੇ ਤਿਰਸਾਹ ਵਿੱਚ ਦੋ ਸਾਲ ਰਾਜ ਕੀਤਾ ।9ਜਦ ਉਹ ਤਿਰਸਾਹ ਵਿੱਚ ਅਰਸਾ ਦੇ ਘਰ ਵਿੱਚ ਜੋ ਤਿਰਸਾਹ ਵਿੱਚ ਉਹ ਦੇ ਘਰ ਦਾ ਦੀਵਾਨ ਸੀ ਪੀ ਪੀ ਕੇ ਮਸਤ ਹੋ ਰਿਹਾ ਸੀ ਤਾਂ ਉਹ ਦੇ ਟਹਿਲੂਏ ਜ਼ਿਮਰੀ ਨੇ ਜੋ ਉਹ ਦੇ ਅੱਧੇ ਰਥਾਂ ਦਾ ਸਰਦਾਰ ਸੀ ਉਹ ਦੇ ਵਿਰੁੱਧ ਗੋਸ਼ਟ ਮੇਲੀ ।10ਤਾਂ ਜ਼ਿਮਰੀ ਨੇ ਅੰਦਰ ਆ ਕੇ ਉਹ ਨੂੰ ਇਸ ਤਰ੍ਹਾਂ ਮਾਰਿਆ ਕਿ ਉਹ ਮਰ ਗਿਆ ਅਤੇ ਇਹ ਯਹੂਦਾਹ ਦੇ ਪਾਤਸ਼ਾਹ ਆਸਾ ਦੇ ਸਤਾਈਵੇਂ ਸਾਲ ਵਿੱਚ ਹੋਇਆ ਤਾਂ ਉਹ ਉਹ ਦੇ ਥਾਂ ਰਾਜ ਕਰਨ ਲੱਗਾ ।
11ਫੇਰ ਇਸ ਤਰ੍ਹਾਂ ਹੋਇਆ ਕਿ ਜਦ ਉਹ ਰਾਜ ਕਰਨ ਲੱਗਾ ਤਾਂ ਰਾਜ ਗੱਦੀ ਉੱਤੇ ਬਹਿੰਦਿਆਂ ਸਾਰ ਉਸ ਨੇ ਬਆਸ਼ਾ ਦੇ ਸਾਰੇ ਘਰਾਣੇ ਨੂੰ ਮਾਰ ਸੁੱਟਿਆ ਅਤੇ ਇੱਕ ਵੀ ਨਰ ਉਹ ਦੇ ਸਾਕਾਂ ਅਤੇ ਮਿੱਤਰਾਂ ਵਿੱਚੋਂ ਨਾ ਛੱਡਿਆ ।12ਇਸ ਤਰ੍ਹਾਂ ਜ਼ਿਮਰੀ ਨੇ ਬਆਸ਼ਾ ਦੇ ਸਾਰੇ ਘਰਾਣੇ ਨੂੰ ਮਾਰਿਆ ਜਿਵੇਂ ਯਹੋਵਾਹ ਦਾ ਬਚਨ ਆਇਆ ਜਦ ਉਹ ਬਆਸ਼ਾ ਦੇ ਵਿਰੁੱਧ ਯੇਹੂ ਨਬੀ ਦੇ ਰਾਹੀਂ ਬੋਲਿਆ ਸੀ ।13ਬਆਸ਼ਾ ਦੇ ਸਾਰੇ ਪਾਪਾਂ ਦੇ ਅਤੇ ਉਹ ਦੇ ਪੁੱਤਰ ਏਲਾਹ ਦੇ ਪਾਪਾਂ ਦੇ ਕਾਰਨ ਇਹ ਹੋਇਆ ਜਿਨ੍ਹਾਂ ਨੇ ਪਾਪ ਕੀਤਾ ਸਗੋਂ ਇਸਰਾਏਲ ਤੋਂ ਪਾਪ ਕਰਵਾਇਆ ਜਦ ਉਨ੍ਹਾਂ ਨੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੂੰ ਆਪਣੇ ਵਿਅਰਥ ਕੰਮਾਂ ਦੇ ਨਾਲ ਕ੍ਰੋਧਵਾਨ ਕੀਤਾ ।
14ਏਲਾਹ ਦੀਆਂ ਬਾਕੀ ਗੱਲਾਂ ਅਤੇ ਜੋ ਕੁਝ ਉਹ ਨੇ ਕੀਤਾ ਕੀ ਉਹ ਸਭ ਇਸਰਾਏਲ ਦੀਆਂ ਪਾਤਸ਼ਾਹਾਂ ਦੇ ਇਤਿਹਾਸ ਦੀ ਪੋਥੀ ਵਿੱਚ ਨਹੀਂ ਲਿਖੇ ਹੋਏ ਹਨ ?
ਇਸਰਾਏਲ ਦਾ ਰਾਜਾ ਜ਼ਿਮਰੀ

15ਯਹੂਦਾਹ ਦੇ ਪਾਤਸ਼ਾਹ ਆਸਾ ਦੇ ਸਤਾਈਵੇਂ ਸਾਲ ਵਿੱਚ ਜ਼ਿਮਰੀ ਨੇ ਤਿਰਸਾਹ ਵਿੱਚ ਸੱਤ ਦਿਨ ਰਾਜ ਕੀਤਾ ਅਤੇ ਲੋਕਾਂ ਨੇ ਫ਼ਲਿਸਤੀਆਂ ਦੇ ਸ਼ਹਿਰ ਗਿਬਥੋਨ ਦੇ ਵਿਰੁੱਧ ਡੇਰੇ ਲਾਏ ਹੋਏ ਸਨ ।16ਤਾਂ ਡੇਰੇ ਦੇ ਲੋਕਾਂ ਨੇ ਸੁਣਿਆ ਕਿ ਜ਼ਿਮਰੀ ਨੇ ਗੋਸ਼ਟ ਕਰਕੇ ਪਾਤਸ਼ਾਹ ਨੂੰ ਵੀ ਮਾਰ ਸੁੱਟਿਆ ਹੈ ਸੋ ਸਾਰੇ ਇਸਰਾਏਲ ਨੇ ਉੱਸੇ ਦਿਨ ਡੇਰੇ ਵਿੱਚ ਆਮਰੀ ਸੈਨਾਪਤੀ ਨੂੰ ਇਸਰਾਏਲ ਉਤੇ ਪਾਤਸ਼ਾਹ ਬਣਾਇਆ ।17ਤਾਂ ਆਮਰੀ ਨੇ ਸਾਰੇ ਇਸਰਾਏਲ ਸਣੇ ਗਿਬਥੋਨ ਤੋਂ ਚੜ੍ਹ ਕੇ ਤਿਰਸਾਹ ਨੂੰ ਘੇਰ ਲਿਆ ।
18ਅਤੇ ਇਸ ਤਰ੍ਹਾਂ ਹੋਇਆ ਜਦ ਜ਼ਿਮਰੀ ਨੇ ਵੇਖਿਆ ਕਿ ਸ਼ਹਿਰ ਜਿੱਤਿਆ ਗਿਆ ਹੈ ਤਾਂ ਪਾਤਸ਼ਾਹੀ ਮਹਿਲ ਦੇ ਕਿਲ੍ਹੇ ਵਿੱਚ ਜਾ ਕੇ ਉਸ ਨੇ ਪਾਤਸ਼ਾਹੀ ਮਹਿਲ ਨੂੰ ਅੱਗ ਲਾ ਕੇ ਆਪਣੇ ਆਪ ਨੂੰ ਸਾੜ ਲਿਆ । ਸੋ ਉਹ ਮਰ ਗਿਆ ।19ਇਹ ਉਸ ਦੇ ਪਾਪਾਂ ਦੇ ਕਾਰਨ ਹੋਇਆ ਜੋ ਉਸ ਨੇ ਕੀਤੇ ਜਦ ਉਸ ਨੇ ਯਹੋਵਾਹ ਦੇ ਵੇਖਣ ਵਿੱਚ ਬੁਰਿਆਈ ਕੀਤੀ ਅਤੇ ਯਾਰਾਬੁਆਮ ਦੇ ਰਾਹ ਵਿੱਚ ਚੱਲਦਾ ਰਿਹਾ ਅਤੇ ਜਦ ਉਸ ਨੇ ਆਪ ਪਾਪ ਕੀਤਾ ਜਿਸ ਤੋਂ ਇਸਰਾਏਲ ਨੂੰ ਵੀ ਪਾਪੀ ਬਣਾਇਆ ।20ਜ਼ਿਮਰੀ ਦੀਆਂ ਬਾਕੀ ਗੱਲਾਂ ਅਤੇ ਉਹ ਆਕੀਪੁਣਾ ਜੋ ਉਸ ਨੇ ਕੀਤਾ ਕੀ ਉਹ ਸਭ ਇਸਰਾਏਲ ਦੇ ਪਾਤਸ਼ਾਹਾਂ ਦੇ ਇਤਿਹਾਸ ਦੀ ਪੋਥੀ ਵਿੱਚ ਨਹੀਂ ਲਿਖੇ ਹੋਏ ਹਨ ? ।
ਇਸਰਾਏਲ ਦਾ ਰਾਜਾ ਆਮਰੀ

21ਤਦ ਇਸਰਾਏਲ ਦੇ ਲੋਕ ਦੋ ਹਿੱਸਿਆਂ ਵਿੱਚ ਵੰਡੇ ਗਏ । ਅੱਧੇ ਲੋਕ ਗੀਨਥ ਦੇ ਪੁੱਤਰ ਤਿਬਨੀ ਦੇ ਮਗਰ ਸਨ ਕਿ ਉਹ ਉਹ ਨੂੰ ਪਾਤਸ਼ਾਹ ਬਣਾਉਣ ਅਤੇ ਅੱਧੇ ਆਮਰੀ ਦੇ ਮਗਰ ਸਨ ।22ਪਰ ਆਮਰੀ ਦੇ ਤਰਫਦਾਰ ਗੀਨਥ ਦੇ ਪੁੱਤਰ ਤਿਬਨੀ ਦੇ ਤਰਫਦਾਰਾਂ ਨਾਲੋਂ ਤਕੜੇ ਨਿੱਕਲੇ ਸੋ ਤਿਬਨੀ ਮਾਰ ਗਿਆ ਅਤੇ ਆਮਰੀ ਰਾਜ ਕਰਨ ਲੱਗਾ ।
23ਯਹੂਦਾਹ ਦੇ ਪਾਤਸ਼ਾਹ ਆਸਾ ਦੇ ਇਕੱਤੀਵੇਂ ਸਾਲ ਵਿੱਚ ਆਮਰੀ ਇਸਰਾਏਲ ਉੱਤੇ ਰਾਜ ਕਰਨ ਲੱਗਾ ਅਤੇ ਬਾਰਾਂ ਸਾਲ ਰਾਜ ਕਰਦਾ ਰਿਹਾ ਜਿਨ੍ਹਾਂ ਦੇ ਵਿੱਚੋਂ ਛੇ ਸਾਲ ਤਿਰਸਾਹ ਵਿੱਚ ਰਾਜ ਕੀਤਾ ।24ਉਸ ਨੇ ਸਾਮਰਿਯਾ ਦੇ ਪਰਬਤ ਨੂੰ ਸ਼ਮਰ ਨਾਮੇ ਮਨੁੱਖ ਤੋਂ ਦੋ ਤੋੜੇ ਚਾਂਦੀ ਦੇ ਕੇ ਮੁੱਲ ਲਿਆ ਅਤੇ ਉਸ ਪਰਬਤ ਉੱਤੇ ਇੱਕ ਸ਼ਹਿਰ ਬਣਾਇਆ ਜਿਹ ਦਾ ਨਾਮ ਸ਼ਮਰ ਦੇ ਨਾਮ ਉੱਤੇ ਜੋ ਉਸ ਪਰਬਤ ਦਾ ਮਾਲਕ ਸੀ ਸਾਮਰਿਯਾ ਰੱਖਿਆ ।
25ਪਰ ਆਮਰੀ ਨੇ ਯਹੋਵਾਹ ਦੇ ਵੇਖਣ ਵਿੱਚ ਬੁਰਿਆਈ ਕੀਤੀ ਸਗੋਂ ਉਸ ਨੇ ਆਪਣੇ ਸਭ ਪਹਿਲਿਆਂ ਨਾਲੋਂ ਵੀ ਵੱਧ ਬੁਰਿਆਈ ਕੀਤੀ ।26ਉਹ ਨਬਾਟ ਦੇ ਪੁੱਤਰ ਯਾਰਾਬੁਆਮ ਦਿਆਂ ਸਾਰਿਆਂ ਰਾਹਾਂ ਵਿੱਚ ਚੱਲਦਾ ਰਿਹਾ ਅਤੇ ਉਹ ਦਿਆਂ ਪਾਪਾਂ ਵਿੱਚ ਵੀ ਜਿਨ੍ਹਾਂ ਨਾਲ ਉਸ ਨੇ ਇਸਰਾਏਲ ਤੋਂ ਪਾਪ ਕਰਵਾਏ ਜਦ ਉਨ੍ਹਾਂ ਨੇ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਨੂੰ ਆਪਣੇ ਵਿਅਰਥ ਕੰਮਾਂ ਨਾਲ ਕ੍ਰੋਧਵਾਨ ਕੀਤਾ ।
27ਅਤੇ ਆਮਰੀ ਦੇ ਬਾਕੀ ਕੰਮ ਅਤੇ ਉਹ ਬਲ ਜੋ ਉਸ ਨੇ ਵਿਖਾਇਆ ਕੀ ਇਹ ਸਭ ਇਸਰਾਏਲ ਦੇ ਪਾਤਸ਼ਾਹਾਂ ਦੇ ਇਤਿਹਾਸ ਦੀ ਪੋਥੀ ਵਿੱਚ ਨਹੀਂ ਲਿਖੇ ਹੋਏ ਹਨ ?28ਸੋ ਆਮਰੀ ਆਪਣੇ ਪਿਉ-ਦਾਦਿਆਂ ਦੇ ਨਾਲ ਸੌਂ ਗਿਆ ਅਤੇ ਸਾਮਰਿਯਾ ਵਿੱਚ ਦੱਬਿਆ ਗਿਆ ਅਤੇ ਉਸ ਦਾ ਪੁੱਤਰ ਅਹਾਬ ਉਸ ਦੇ ਥਾਂ ਰਾਜ ਕਰਨ ਲੱਗਾ ।
ਇਸਰਾਏਲ ਦੇ ਰਾਜਾ ਅਹਾਬ ਦੇ ਰਾਜ ਦੀ ਸ਼ੁਰੂਆਤ

29ਯਹੂਦਾਹ ਦੇ ਪਾਤਸ਼ਾਹ ਆਸਾ ਦੇ ਅਠੱਤੀਵੇਂ ਸਾਲ ਵਿੱਚ ਆਮਰੀ ਦਾ ਪੁੱਤਰ ਅਹਾਬ ਇਸਰਾਏਲ ਉੱਤੇ ਰਾਜ ਕਰਨ ਲੱਗਾ ਅਤੇ ਆਮਰੀ ਦਾ ਪੁੱਤਰ ਅਹਾਬ ਇਸਰਾਏਲ ਉੱਤੇ ਸਾਮਰਿਯਾ ਵਿੱਚ ਬਾਈ ਸਾਲ ਰਾਜ ਕਰਦਾ ਰਿਹਾ ।30ਅਤੇ ਆਮਰੀ ਦੇ ਪੁੱਤਰ ਅਹਾਬ ਨੇ ਯਹੋਵਾਹ ਦੇ ਵੇਖਣ ਵਿੱਚ ਆਪਣੇ ਸਾਰੇ ਪਹਿਲਿਆਂ ਨਾਲੋਂ ਵੱਧ ਬਦੀ ਕੀਤੀ ।
31ਤਾਂ ਇਸ ਤਰ੍ਹਾਂ ਹੋਇਆ ਕਿ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਪਾਪਾਂ ਵਿੱਚ ਚੱਲਣਾ ਹਲਕੀ ਜੇਹੀ ਗੱਲ ਜਾਣ ਕੇ ਉਹ ਨੇ ਸੀਦੋਨੀਆਂ ਦੇ ਰਾਜਾ ਅਥਬਆਲ ਦੀ ਧੀ ਈਜ਼ਬਲ ਨੂੰ ਵਿਆਹ ਲਿਆ ਅਤੇ ਜਾ ਕੇ ਬਆਲ ਦੀ ਪੂਜਾ ਕੀਤੀ ਅਤੇ ਉਸ ਦੇ ਅੱਗੇ ਮੱਥਾ ਟੇਕਿਆ ।32ਨਾਲੇ ਉਹ ਨੇ ਬਆਲ ਲਈ ਬਆਲ ਦੇ ਭਵਨ ਵਿੱਚ ਜੋ ਉਹ ਨੇ ਸਾਮਰਿਯਾ ਵਿੱਚ ਬਣਾਇਆ ਇੱਕ ਜਗਵੇਦੀ ਬਣਾਈ ।33ਅਤੇ ਅਹਾਬ ਨੇ ਇੱਕ ਟੁੰਡ ਬਣਾਇਆ ਸੋ ਅਹਾਬ ਨੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੂੰ ਉਨ੍ਹਾਂ ਸਭਨਾਂ ਇਸਰਾਏਲੀ ਪਾਤਸ਼ਾਹਾਂ ਨਾਲੋਂ ਜੋ ਉਸ ਤੋਂ ਪਹਿਲੇ ਸਨ ਵੱਧ ਕ੍ਰੋਧ ਚੜ੍ਹਾਇਆ ।
34ਉਹ ਦੇ ਦਿਨਾਂ ਵਿੱਚ ਹੀਏਲ ਬੈਤਏਲੀ ਨੇ ਯਰੀਹੋ ਨੂੰ ਬਣਾਇਆ, ਉਸ ਨੇ ਆਪਣੇ ਪਲੋਠੇ ਪੁੱਤਰ ਅਬੀਰਾਮ ਉੱਤੇ ਉਹ ਦੀ ਨੀਂਹ ਧਰੀ ਅਤੇ ਆਪਣੇ ਨਿੱਕੇ ਪੁੱਤਰ ਸਗੂਬ ਨਾਲ ਉਹ ਦੇ ਫਾਟਕ ਖੜੇ ਕੀਤੇ । ਇਹ ਉਸ ਬਚਨ ਦੇ ਅਨੁਸਾਰ ਹੋਇਆ ਜੋ ਯਹੋਵਾਹ ਨੇ ਨੂਨ ਦੇ ਪੁੱਤਰ ਯਹੋਸ਼ੁਆ ਦੇ ਰਾਹੀਂ ਆਖਿਆ ਸੀ ।

17
ਏਲੀਯਾਹ ਨਬੀ ਅਤੇ ਅਕਾਲ

1ਏਲੀਯਾਹ ਤਿਸ਼ਬੀ ਨੇ ਜੋ ਗਿਲਆਦ ਦੇ ਵਾਸੀਆਂ ਵਿੱਚੋਂ ਸੀ ਅਹਾਬ ਨੂੰ ਆਖਿਆ ਕਿ ਜਿਉਂਦੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੀ ਸਹੁੰ ਜਿਹ ਦੇ ਅੱਗੇ ਮੈਂ ਖੜਾ ਹਾਂ ਇਨ੍ਹਾਂ ਸਾਲਾਂ ਵਿੱਚ ਮੇਰੇ ਬਚਨ ਤੋਂ ਬਿਨਾਂ ਨਾ ਤ੍ਰੇਲ ਪਵੇਗੀ ਨਾ ਮੀਂਹ ।

2ਇਸ ਤਰ੍ਹਾਂ ਯਹੋਵਾਹ ਦਾ ਬਚਨ ਉਹ ਨੂੰ ਆਇਆ ਕਿ3ਏਥੋਂ ਚੱਲ ਦੇਹ ਅਤੇ ਆਪਣਾ ਮੁਹਾਣਾ ਪੂਰਬ ਵੱਲ ਫੇਰ ਅਤੇ ਆਪ ਨੂੰ ਕਰੀਥ ਦੇ ਨਾਲੇ ਕੋਲ ਜਿਹੜਾ ਯਰਦਨ ਦੇ ਸਾਹਮਣੇ ਹੈ ਲੁਕਾ ਲੈ ।4ਤਾਂ ਇਸ ਤਰ੍ਹਾਂ ਹੋਵੇਗਾ ਕਿ ਤੂੰ ਉਸ ਨਾਲੇ ਵਿੱਚੋਂ ਪੀਵੇਂਗਾ ਅਤੇ ਮੈਂ ਪਹਾੜੀ ਕਾਵਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਤੈਨੂੰ ਉੱਥੇ ਹੀ ਪਾਲਣ ।
5ਤਾਂ ਉਹ ਚੱਲ ਪਿਆ ਅਤੇ ਯਹੋਵਾਹ ਦੇ ਬਚਨ ਅਨੁਸਾਰ ਕੀਤਾ । ਉਹ ਚੱਲ ਕੇ ਕਰੀਥ ਦੇ ਨਾਲੇ ਕੋਲ ਜਾ ਟਿਕਿਆ ਜਿਹੜਾ ਯਰਦਨ ਦੇ ਸਾਹਮਣੇ ਹੈ ।6ਤਾਂ ਪਹਾੜੀ ਕਾਂ ਉਹ ਦੇ ਲਈ ਰੋਟੀ ਤੇ ਮਾਸ ਸਵੇਰ ਨੂੰ ਅਤੇ ਰੋਟੀ ਤੇ ਮਾਸ ਸ਼ਾਮ ਨੂੰ ਲਿਆਉਂਦੇ ਰਹੇ ਅਤੇ ਉਹ ਉਸ ਨਾਲੇ ਤੋਂ ਪਾਣੀ ਪੀ ਲੈਂਦਾ ਸੀ ।7ਤਾਂ ਇਸ ਤਰ੍ਹਾਂ ਹੋਇਆ ਕਿ ਥੋੜੇ ਦਿਨਾਂ ਦੇ ਪਿੱਛੋਂ ਨਾਲਾ ਸੁੱਕ ਗਿਆ ਕਿਉਂ ਜੋ ਦੇਸ ਵਿੱਚ ਮੀਂਹ ਨਾ ਪਿਆ ।
ਏਲੀਯਾਹ ਅਤੇ ਸਾਰਫਥ ਦੀ ਵਿਧਵਾ

8ਤਾਂ ਯਹੋਵਾਹ ਦਾ ਇਹ ਬਚਨ ਉਹ ਨੂੰ ਆਇਆ ।9ਕਿ ਉੱਠ ਅਤੇ ਸੀਦੋਨ ਦੇ ਸਾਰਫਥ ਨੂੰ ਚੱਲਾ ਜਾ ਅਤੇ ਉੱਥੇ ਜਾ ਟਿੱਕ । ਵੇਖ ਮੈਂ ਇੱਕ ਵਿੱਧਵਾ ਔਰਤ ਨੂੰ ਹੁਕਮ ਦਿੱਤਾ ਹੈ ਕਿ ਉਹ ਤੇਰੀ ਪਾਲਣਾ ਕਰੇ ।10ਸੋ ਉਹ ਉੱਠਿਆ ਅਤੇ ਸਾਰਫਥ ਨੂੰ ਚੱਲਿਆ ਗਿਆ ਅਤੇ ਜਾਂ ਸ਼ਹਿਰ ਦੇ ਦਰਵਾਜ਼ੇ ਕੋਲ ਆਇਆ ਤਾਂ ਵੇਖੋ ਉੱਥੇ ਇੱਕ ਵਿੱਧਵਾ ਲੱਕੜੀਆਂ ਚੁੱਗਦੀ ਸੀ ਤਾਂ ਉਸ ਉਹ ਨੂੰ ਉੱਚੀ ਦਿੱਤੀ ਆਖਿਆ, ਜ਼ਰਾ ਮੈਨੂੰ ਆਪਣੇ ਭਾਂਡੇ ਵਿੱਚ ਥੋੜਾ ਜਿਹਾ ਪਾਣੀ ਲਿਆ ਦੇ ਕਿ ਮੈਂ ਪੀ ਲਵਾਂ ।
11ਜਦ ਉਹ ਲਿਆਉਣ ਲਈ ਚੱਲੀ ਤਾਂ ਉਸ ਨੇ ਉਹ ਉੱਚੀ ਦਿੱਤੀ ਆਖਿਆ, ਜ਼ਰਾ ਇੱਕ ਚੱਪਾ ਟੁਕੜਾ ਵੀ ਆਪਣੇ ਹੱਥ ਵਿੱਚ ਲੈਂਦੀ ਆਵੀਂ ।12ਅੱਗੋਂ ਉਸ ਆਖਿਆ, ਜਿਉਂਦੇ ਯਹੋਵਾਹ ਤੇਰੇ ਪਰਮੇਸ਼ੁਰ ਦੀ ਸਹੁੰ ਮੇਰੇ ਕੋਲ ਕੁਝ ਵੀ ਰਿੱਧਾ ਪੱਕਾ ਨਹੀਂ ਪਰ ਇੱਕ ਤੌਲੇ ਵਿੱਚ ਇੱਕ ਮੁੱਠ ਆਟੇ ਦੀ ਅਤੇ ਥੋੜਾ ਜਿਹਾ ਤੇਲ ਇੱਕ ਕੁੱਜੀ ਵਿੱਚ ਹੈ ਅਤੇ ਵੇਖ ਮੈਂ ਇਹ ਦੋ ਕੁ ਲੱਕੜੀਆਂ ਚੁੱਗ ਰਹੀ ਹਾਂ ਕਿ ਮੈਂ ਘਰ ਜਾ ਕੇ ਆਪਣੇ ਲਈ ਅਤੇ ਆਪਣੇ ਪੁੱਤਰ ਲਈ ਪਕਾਵਾਂ ਤਾਂ ਜੋ ਅਸੀਂ ਉਹ ਨੂੰ ਖਾਈਏ ਅਤੇ ਮਰੀਏ ।13ਤਾਂ ਏਲੀਯਾਹ ਨੇ ਉਸ ਨੂੰ ਆਖਿਆ ਨਾ ਡਰ । ਜਾ ਅਤੇ ਆਪਣੀ ਗੱਲ ਦੇ ਅਨੁਸਾਰ ਕਰ ਪਰ ਪਹਿਲਾਂ ਉਸ ਵਿੱਚੋਂ ਮੇਰੇ ਲਈ ਇੱਕ ਮੱਨੀ ਪਕਾ ਕੇ ਮੇਰੇ ਕੋਲ ਲੈ ਆ ਅਤੇ ਪਿੱਛੋਂ ਆਪਣੇ ਅਤੇ ਆਪਣੇ ਪੁੱਤਰ ਲਈ ਪਕਾਈਂ ।
14ਕਿਉਂ ਜੋ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਕਿ ਨਾ ਤੌਲੇ ਦਾ ਆਟਾ ਮੁੱਕੇਗਾ ਨਾ ਕੁੱਜੀ ਦਾ ਤੇਲ ਘਟੇਗਾ ਜਿੰਨਾ ਚਿਰ ਯਹੋਵਾਹ ਜ਼ਮੀਨ ਉੱਤੇ ਮੀਂਹ ਨਾ ਪਾਵੇ ।15ਤਾਂ ਉਹ ਗਈ ਅਤੇ ਏਲੀਯਾਹ ਦੇ ਆਖਣ ਅਨੁਸਾਰ ਕੀਤਾ । ਫੇਰ ਇਹ ਅਤੇ ਉਹ ਅਤੇ ਉਹ ਦਾ ਘਰਾਣਾ ਕਈ ਦਿਨਾਂ ਤੱਕ ਖਾਂਦੇ ਰਹੇ ।16ਅਤੇ ਨਾ ਤੌਲੇ ਵਿੱਚੋਂ ਆਟਾ ਮੁੱਕਾ ਨਾ ਕੁੱਜੀ ਦਾ ਤੇਲ ਘਟਿਆ । ਇਹ ਯਹੋਵਾਹ ਦੇ ਉਸ ਬਚਨ ਅਨੁਸਾਰ ਹੋਇਆ ਜੋ ਉਸ ਨੇ ਏਲੀਯਾਹ ਦੇ ਰਾਹੀਂ ਬੋਲਿਆ ਸੀ ।
17ਤਾਂ ਇਸ ਤਰ੍ਹਾਂ ਹੋਇਆ ਕਿ ਇਨ੍ਹਾਂ ਗੱਲਾਂ ਦੇ ਪਿੱਛੋਂ ਉਸ ਘਰ ਵਾਲੀ ਔਰਤ ਦਾ ਪੁੱਤਰ ਬਿਮਾਰ ਪੈ ਗਿਆ ਅਤੇ ਉਹ ਦੀ ਬਿਮਾਰੀ ਬਹੁਤ ਸਖ਼ਤ ਸੀ ਐਥੋਂ ਤੋੜੀ ਜੋ ਉਹ ਦੇ ਵਿੱਚ ਪ੍ਰਾਣ ਨਾ ਰਹੇ ।18ਤਾਂ ਉਸ ਏਲੀਯਾਹ ਨੂੰ ਆਖਿਆ, ਮੇਰਾ ਤੇਰੇ ਨਾਲ ਕੀ ਕੰਮ ਹੈ ਹੇ ਪਰਮੇਸ਼ੁਰ ਦੇ ਬੰਦੇ ? ਕੀ ਤੂੰ ਇਸ ਲਈ ਮੇਰੇ ਕੋਲ ਆਇਆ ਕਿ ਮੇਰੇ ਪਾਪ ਮੈਨੂੰ ਚੇਤੇ ਕਰਾਵੇਂ ਅਤੇ ਮੇਰੇ ਪੁੱਤਰ ਨੂੰ ਮਾਰ ਸੁੱਟੇਂ ?
19ਤਾਂ ਉਸ ਨੇ ਉਹ ਨੂੰ ਆਖਿਆ, ਆਪਣਾ ਪੁੱਤਰ ਮੈਨੂੰ ਦੇ । ਉਹ ਉਸ ਦੀ ਹਿੱਕ ਨਾਲੋਂ ਲੈ ਕੇ ਉੱਪਰ ਚੁਬਾਰੇ ਵਿੱਚ ਜਿੱਥੇ ਉਹ ਰਹਿੰਦਾ ਸੀ ਚੜ੍ਹ ਗਿਆ ਅਤੇ ਉਹ ਨੂੰ ਆਪਣੇ ਮੰਜੇ ਉੱਤੇ ਲਿਟਾ ਲਿਆ ।20ਤਾਂ ਉਸ ਨੇ ਯਹੋਵਾਹ ਨੂੰ ਉੱਚੀ ਦਿੱਤੀ ਆਖਿਆ, ਹੇ ਯਹੋਵਾਹ ਮੇਰੇ ਪਰਮੇਸ਼ੁਰ, ਤੂੰ ਇਸ ਵਿੱਧਵਾ ਉੱਤੇ ਵੀ ਬੁਰਿਆਈ ਲਿਆਇਆ ਜਿਹ ਦੇ ਘਰ ਮੈਂ ਟਿਕਿਆ ਹਾਂ ਕਿ ਤੂੰ ਇਸ ਦੇ ਪੁੱਤਰ ਨੂੰ ਮਾਰ ਦਿੱਤਾ ।21ਤਾਂ ਉਸ ਨੇ ਤਿੰਨ ਵਾਰ ਆਪ ਨੂੰ ਮੁੰਡੇ ਉੱਤੇ ਪਸਾਰਿਆ ਅਤੇ ਯਹੋਵਾਹ ਨੂੰ ਉੱਚੀ ਦਿੱਤੀ ਆਖਿਆ, ਹੇ ਯਹੋਵਾਹ ਮੇਰੇ ਪਰਮੇਸ਼ੁਰ, ਮੇਰੀ ਮਿੰਨਤ ਹੈ ਕਿ ਇਸ ਮੁੰਡੇ ਦੇ ਪ੍ਰਾਣ ਫੇਰ ਉਹ ਦੇ ਵਿੱਚ ਆ ਜਾਣ ।
22ਤਾਂ ਯਹੋਵਾਹ ਨੇ ਏਲੀਯਾਹ ਦੀ ਆਵਾਜ਼ ਸੁਣੀ ਅਤੇ ਮੁੰਡੇ ਦੇ ਪ੍ਰਾਣ ਉਹ ਦੇ ਵਿੱਚ ਫੇਰ ਆ ਗਏ ਅਤੇ ਉਹ ਜੀ ਉੱਠਿਆ ।23ਤਾਂ ਏਲੀਯਾਹ ਮੁੰਡੇ ਨੂੰ ਚੁੱਕ ਕੇ ਚੁਬਾਰੇ ਵਿੱਚੋਂ ਘਰ ਦੇ ਅੰਦਰ ਲੈ ਗਿਆ ਉਹ ਦੀ ਮਾਂ ਨੂੰ ਜਾ ਦਿੱਤਾ ਅਤੇ ਏਲੀਯਾਹ ਨੇ ਆਖਿਆ, ਵੇਖ ਤੇਰਾ ਪੁੱਤਰ ਜਿਉਂਦਾ ਹੈ !24ਤਾਂ ਉਸ ਔਰਤ ਨੇ ਏਲੀਯਾਹ ਨੂੰ ਆਖਿਆ, ਹੁਣ ਮੈਂ ਜਾਣਿਆ ਕਿ ਤੂੰ ਪਰਮੇਸ਼ੁਰ ਦਾ ਬੰਦਾ ਹੈਂ ਅਤੇ ਯਹੋਵਾਹ ਦਾ ਬਚਨ ਜੇ ਤੇਰੇ ਮੂੰਹ ਵਿੱਚ ਹੈ ਸੋ ਸੱਚਾ ਹੈ ।

18
ਏਲੀਯਾਹ ਅਤੇ ਬਆਲ ਦੇ ਪੁਜਾਰੀ

1ਬਹੁਤ ਦਿਨਾਂ ਤੋਂ ਮਗਰੋਂ ਇਸ ਤਰ੍ਹਾਂ ਹੋਇਆ ਕਿ ਯਹੋਵਾਹ ਦਾ ਬਚਨ ਏਲੀਯਾਹ ਕੋਲ ਤੀਜੇ ਸਾਲ ਵਿੱਚ ਆਇਆ ਕਿ ਜਾ ਅਹਾਬ ਕੋਲ ਆਪਣੇ ਆਪ ਨੂੰ ਵਿਖਾ ਅਤੇ ਮੈਂ ਜ਼ਮੀਨ ਉੱਤੇ ਮੀਂਹ ਪਾਵਾਂਗਾ ।2ਸੋ ਏਲੀਯਾਹ ਆਪਣੇ ਆਪ ਨੂੰ ਅਹਾਬ ਕੋਲ ਵਿਖਾਉਣ ਲਈ ਤੁਰਿਆ ਅਤੇ ਸਾਮਰਿਯਾ ਵਿੱਚ ਸਖ਼ਤ ਕਾਲ ਸੀ ।

3ਇਸ ਤੋਂ ਬਾਅਦ ਅਹਾਬ ਨੇ ਓਬਦਿਆਹ ਨੂੰ ਜੋ ਉਹ ਦੇ ਮਹਿਲ ਦਾ ਦੀਵਾਨ ਸੀ ਸੱਦਿਆ । ਓਬਦਿਆਹ ਯਹੋਵਾਹ ਕੋਲੋਂ ਬਹੁਤ ਡਰਦਾ ਸੀ ।4ਇਸ ਤਰ੍ਹਾਂ ਹੋਇਆ ਜਦ ਈਜ਼ਬਲ ਯਹੋਵਾਹ ਦੇ ਨਬੀਆਂ ਨੂੰ ਵੱਢਦੀ ਪਈ ਸੀ ਤਾਂ ਓਬਦਿਆਹ ਨੇ ਸੌ ਨਬੀ ਲੈ ਕੇ ਉਨ੍ਹਾਂ ਨੂੰ ਪੰਜਾਹ-ਪੰਜਾਹ ਕਰ ਕੇ ਇੱਕ ਖੁੰਧਰ ਵਿੱਚ ਲੁਕਾ ਲਿਆ ਅਤੇ ਉਨ੍ਹਾਂ ਨੂੰ ਅੰਨ ਪਾਣੀ ਦਿੱਤਾ ।
5ਤਾਂ ਅਹਾਬ ਨੇ ਓਬਦਿਆਹ ਨੂੰ ਆਖਿਆ, ਦੇਸ ਵਿੱਚ ਸਾਰੇ ਸੋਤਿਆਂ ਕੋਲ ਅਤੇ ਸਾਰੇ ਨਾਲਿਆਂ ਕੋਲ ਜਾ ਸ਼ਾਇਦ ਸਾਨੂੰ ਘਾਹ ਲੱਭੇ ਅਤੇ ਅਸੀਂ ਘੋੜੇ ਖੱਚਰਾਂ ਨੂੰ ਜਿਉਂਦੇ ਰੱਖ ਸਕੀਏ ਅਤੇ ਡੰਗਰਾਂ ਨੂੰ ਨਾ ਗੁਆਈਏ ।6ਸੋ ਉਨ੍ਹਾਂ ਨੇ ਦੇਸ ਦੇ ਵਿੱਚੋਂ ਲੰਘਣ ਲਈ ਉਹ ਨੂੰ ਵੰਡ ਦਿੱਤਾ, ਅਹਾਬ ਇਕੱਲਾ ਇੱਕ ਰਾਹ ਗਿਆ ਅਤੇ ਓਬਦਿਆਹ ਇਕੱਲਾ ਦੂਜੇ ਰਾਹ ਗਿਆ ।
7ਜਦ ਓਬਦਿਆਹ ਰਾਹ ਵਿੱਚ ਸੀ ਤਾਂ ਵੇਖੋ ਏਲੀਯਾਹ ਉਸ ਨੂੰ ਮਿਲ ਪਿਆ ਅਤੇ ਉਸ ਨੇ ਉਹ ਨੂੰ ਪਹਿਚਾਣਿਆ ਅਤੇ ਮੂੰਹ ਪਰਨੇ ਡਿੱਗ ਕੇ ਆਖਿਆ, ਭਲਾ, ਮੇਰਾ ਸੁਆਮੀ ਏਲੀਯਾਹ ਤੂੰ ਹੀ ਹੈਂ ?8ਉਸ ਨੇ ਆਖਿਆ, ਮੈਂ ਹੀ ਹਾਂ । ਜਾ ਆਪਣੇ ਮਾਲਕ ਨੂੰ ਆਖ ਕਿ ਵੇਖੋ ਏਲੀਯਾਹ ਆਇਆ ।
9ਉਸ ਨੇ ਆਖਿਆ, ਮੈਂ ਕੀ ਪਾਪ ਕੀਤਾ ਜੋ ਤੂੰ ਆਪਣੇ ਦਾਸ ਨੂੰ ਅਹਾਬ ਦੇ ਹੱਥ ਵਿੱਚ ਦੇਵੇਂ ਕਿ ਉਹ ਮੈਨੂੰ ਮਾਰ ਸੁੱਟੇ ।10ਜਿਉਂਦੇ ਯਹੋਵਾਹ ਤੇਰੇ ਪਰਮੇਸ਼ੁਰ ਸਹੁੰ ਕੋਈ ਕੌਮ ਤੇ ਕੋਈ ਰਾਜ ਨਹੀਂ ਜਿੱਥੇ ਮੇਰੇ ਸੁਆਮੀ ਨੇ ਤੇਰੇ ਭਾਲਣ ਲਈ ਨਹੀਂ ਭੇਜਿਆ ਹੈ । ਜਦ ਉਨ੍ਹਾਂ ਨੇ ਆਖਿਆ ਕਿ ਉਹ ਐਥੇ ਨਹੀਂ ਤਦ ਉਸ ਨੇ ਉਸ ਰਾਜ ਤੇ ਕੌਮ ਤੋਂ ਸਹੁੰ ਚੁਕਾਈ ਕਿ ਉਨ੍ਹਾਂ ਨੇ ਤੈਨੂੰ ਨਹੀਂ ਲੱਭਿਆ ।11ਹੁਣ ਤੂੰ ਕਹਿੰਦਾ ਹੈਂ ਕਿ ਜਾ ਆਪਣੇ ਮਾਲਕ ਨੂੰ ਆਖ ਕਿ ਵੇਖੋ ਏਲੀਯਾਹ ਆਇਆ ਹੈ ।
12ਅਤੇ ਇਸ ਤਰ੍ਹਾਂ ਹੋਵੇਗਾ ਕਿ ਜਦ ਮੈਂ ਤੇਰੇ ਕੋਲ ਚੱਲਿਆ ਜਾਂਵਾਂਗਾ ਤਾਂ ਯਹੋਵਾਹ ਦਾ ਆਤਮਾ ਤੈਨੂੰ ਖਬਰੇ ਕਿੱਥੇ ਲੈ ਜਾਵੇ ਅਤੇ ਮੈਂ ਜਾ ਕੇ ਅਹਾਬ ਨੂੰ ਦੱਸਾਂ ਅਤੇ ਤੂੰ ਉਹ ਨੂੰ ਨਾ ਲੱਭੇ ਤਾਂ ਉਹ ਮੈਨੂੰ ਵੱਢ ਸੁੱਟੇਗਾ ਪਰ ਤੇਰਾ ਦਾਸ ਬਚਪਨ ਤੋਂ ਯਹੋਵਾਹ ਦਾ ਭੈ ਮੰਨਦਾ ਰਿਹਾ ।13ਭਲਾ, ਮੇਰੇ ਸੁਆਮੀ ਨੂੰ ਉਹ ਨਹੀਂ ਦੱਸਿਆ ਗਿਆ ਜੋ ਮੈਂ ਕੀਤਾ ਜਦ ਈਜ਼ਬਲ ਯਹੋਵਾਹ ਦੇ ਨਬੀਆਂ ਨੂੰ ਵੱਢ ਰਹੀ ਸੀ ਕਿ ਮੈਂ ਕਿਵੇਂ ਯਹੋਵਾਹ ਦੇ ਨਬੀਆਂ ਵਿੱਚੋਂ ਸੌ ਮਨੁੱਖ ਪੰਜਾਹ-ਪੰਜਾਹ ਕਰ ਕੇ ਇੱਕ ਖੁੰਧਰ ਵਿੱਚ ਲੁਕਾ ਛੱਡੇ ਸਨ ਨਾਲੇ ਉਨ੍ਹਾਂ ਨੂੰ ਅੰਨ ਪਾਣੀ ਦਿੱਤਾ ਸੀ ?
14ਹੁਣ ਤੂੰ ਕਹਿੰਦਾ ਹੈਂ ਜਾ ਆਪਣੇ ਮਾਲਕ ਨੂੰ ਆਖ ਕਿ ਵੇਖੋ ਏਲੀਯਾਹ ਆਇਆ ਹੈ । ਉਹ ਮੈਨੂੰ ਵੱਢ ਸੁੱਟੇਗਾ ।15ਤਾਂ ਏਲੀਯਾਹ ਨੇ ਆਖਿਆ, ਸੈਨਾਂ ਦੇ ਯਹੋਵਾਹ ਦੀ ਸਹੁੰ ਜਿਹ ਦੇ ਅੱਗੇ ਮੈਂ ਖੜ੍ਹਾ ਹਾਂ ਮੈਂ ਅੱਜ ਆਪਣਾ ਆਪ ਉਹ ਨੂੰ ਸੱਚ-ਮੁੱਚ ਵਿਖਾਵਾਂਗਾ ।
16ਸੋ ਓਬਦਿਆਹ ਅਹਾਬ ਨੂੰ ਮਿਲਣ ਲਈ ਗਿਆ ਅਤੇ ਉਹ ਨੂੰ ਖ਼ਬਰ ਦਿੱਤੀ । ਤਾਂ ਅਹਾਬ ਏਲੀਯਾਹ ਦੇ ਮਿਲਣ ਨੂੰ ਆਇਆ ।17ਫੇਰ ਇਸ ਤਰ੍ਹਾਂ ਹੋਇਆ ਜਦ ਅਹਾਬ ਨੇ ਏਲੀਯਾਹ ਨੂੰ ਦੇਖਿਆ ਤਦ ਅਹਾਬ ਨੇ ਉਸ ਨੂੰ ਆਖਿਆ, ਭਲਾ, ਤੂੰ ਹੀ ਹੈਂ ਹੇ ਇਸਰਾਏਲ ਦੇ ਦੁੱਖ ਦੇਣ ਵਾਲਿਆ ?
18ਤਾਂ ਉਸਨੇ ਆਖਿਆ, ਮੈਂ ਇਸਰਾਏਲ ਨੂੰ ਦੁੱਖ ਨਹੀਂ ਦਿੱਤਾ ਸਗੋਂ ਤੂੰ ਅਤੇ ਤੇਰੇ ਪਿਤਾ ਦੇ ਘਰਾਣੇ ਨੇ ਜਦ ਤੁਸੀਂ ਯਹੋਵਾਹ ਦੇ ਹੁਕਮਾਂ ਨੂੰ ਛੱਡ ਦਿੱਤਾ ਅਤੇ ਬਆਲ ਦੇ ਮਗਰ ਚੱਲ ਪਾਏ ।19ਹੁਣ ਤੂੰ ਮੇਰੇ ਲਈ ਸਾਰਾ ਇਸਰਾਏਲ ਕਰਮਲ ਪਰਬਤ ਕੋਲ ਸੱਦ ਕੇ ਇਕੱਠਾ ਕਰ ਨਾਲੇ ਬਆਲ ਦੇ ਸਾਢੇ ਚਾਰ ਸੌ ਨਬੀ ਅਤੇ ਅਸ਼ੇਰਾਹ ਦੇਵੀਂ ਦੇ ਚਾਰ ਸੌ ਨਬੀ ਜਿਹੜੇ ਈਜ਼ਬਲ ਦੇ ਲੰਗਰ ਵਿੱਚੋਂ ਖਾਂਦੇ ਹਨ ।
20ਇਸ ਤੋਂ ਬਾਅਦ ਅਹਾਬ ਨੇ ਸਾਰੇ ਇਸਰਾਏਲੀਆਂ ਨੂੰ ਸੱਦਿਆ ਅਤੇ ਉਹਨਾਂ ਨਬੀਆਂ ਨੂੰ ਕਰਮਲ ਪਰਬਤ ਉੱਤੇ ਇਕੱਠਾ ਕੀਤਾ ।21ਤਾਂ ਏਲੀਯਾਹ ਸਾਰੇ ਲੋਕਾਂ ਕੋਲ ਆਇਆ ਅਤੇ ਉਨ੍ਹਾਂ ਨੂੰ ਆਖਿਆ, ਭਲਾ, ਤੁਸੀਂ ਕਦ ਤੱਕ ਦੋ ਖਿਆਲਾਂ ਉੱਤੇ ਲੰਗੜਾ ਕੇ ਚੱਲੋਗੇ ? ਜੇ ਯਹੋਵਾਹ ਪਰਮੇਸ਼ੁਰ ਹੈ ਤਾਂ ਉਹ ਦੇ ਮਗਰ ਲੱਗੋ ਪਰ ਜੇ ਬਆਲ ਹੈ ਤਾਂ ਉਹ ਦੇ ਮਗਰ ਲੱਗੋ ਤਾਂ ਲੋਕਾਂ ਨੇ ਉਸ ਦੇ ਉੱਤਰ ਵਿੱਚ ਇੱਕ ਗੱਲ ਵੀ ਨਾ ਆਖੀ ।
22ਤਾਂ ਏਲੀਯਾਹ ਨੇ ਲੋਕਾਂ ਨੂੰ ਆਖਿਆ, ਮੈਂ ਇਕੱਲਾ ਹੀ ਯਹੋਵਾਹ ਦਾ ਨਬੀ ਰਹਿ ਗਿਆ ਹਾਂ ਪਰ ਬਆਲ ਦੇ ਸਾਢੇ ਚਾਰ ਸੌ ਮਨੁੱਖ ਹਨ ।23ਉਹ ਸਾਨੂੰ ਦੋ ਬਲ਼ਦ ਦੇਣ ਅਤੇ ਉਹ ਆਪਣੇ ਲਈ ਇੱਕ ਬਲ਼ਦ ਚੁਣ ਲੈਣ ਅਤੇ ਉਹ ਨੂੰ ਟੋਟੇ-ਟੋਟੇ ਕਰ ਕੇ ਬਾਲਣ ਦੇ ਉੱਤੇ ਰੱਖਣ ਪਰ ਅੱਗ ਨਾ ਲਾਉਣ ਅਤੇ ਮੈਂ ਦੂਜਾ ਬਲ਼ਦ ਤਿਆਰ ਕਰਾਂਗਾ ਅਤੇ ਉਹ ਨੂੰ ਬਾਲਣ ਉੱਤੇ ਰੱਖਾਂਗਾ ਪਰ ਅੱਗ ਨਾ ਲਾਵਾਂਗਾ ।24ਤਾਂ ਤੁਸੀਂ ਆਪਣੇ ਦੇਵਤੇ ਦਾ ਨਾਮ ਲੈ ਕੇ ਪੁਕਾਰੋ ਅਤੇ ਮੈਂ ਯਹੋਵਾਹ ਦਾ ਨਾਮ ਲੈ ਕੇ ਪੁਕਾਰਾਂਗਾ । ਫੇਰ ਜਿਹੜਾ ਪਰਮੇਸ਼ੁਰ ਅੱਗ ਨਾਲ ਉੱਤਰ ਦੇਵੇ ਉਹੋ ਹੀ ਪਰਮੇਸ਼ੁਰ ਹੋਵੇ । ਤਾਂ ਸਭਨਾਂ ਲੋਕਾਂ ਨੇ ਉੱਤਰ ਦੇ ਕੇ ਆਖਿਆ, ਇਹ ਗੱਲ ਚੰਗੀ ਹੈ ।
25ਤਦ ਏਲੀਯਾਹ ਨੇ ਬਆਲ ਦੇ ਨਬੀਆਂ ਨੂੰ ਆਖਿਆ, ਤੁਸੀਂ ਇੱਕ ਬਲ਼ਦ ਆਪਣੇ ਲਈ ਚੁਣ ਲਓ ਅਤੇ ਤੁਸੀਂ ਪਹਿਲਾਂ ਉਸ ਨੂੰ ਤਿਆਰ ਕਰੋ ਕਿਉਂ ਜੋ ਤੁਸੀਂ ਬਹੁਤੇ ਹੋ ਅਤੇ ਆਪਣੇ ਦੇਵਤੇ ਦਾ ਨਾਮ ਲੈ ਕੇ ਪੁਕਾਰੋ ਪਰ ਅੱਗ ਨਾ ਲਾਓ ।26ਸੋ ਉਨ੍ਹਾਂ ਨੇ ਉਹ ਬਲ਼ਦ ਜੋ ਉਨ੍ਹਾਂ ਨੂੰ ਮਿਲਿਆ ਸੀ ਲੈ ਕੇ ਤਿਆਰ ਕੀਤਾ ਅਤੇ ਸਵੇਰ ਤੋਂ ਦੁਪਹਿਰ ਤੱਕ ਬਆਲ ਦੇ ਨਾਮ ਉੱਤੇ ਪੁਕਾਰਦੇ ਰਹੇ, ਹੇ ਬਆਲ ਸਾਡੀ ਸੁਣ । ਪਰ ਕੁਝ ਅਵਾਜ਼ ਨਾ ਆਈ ਨਾ ਕੋਈ ਉੱਤਰ ਦੇਣ ਵਾਲਾ ਸੀ ਅਤੇ ਉਹ ਉਸ ਜਗਵੇਦੀ ਦੇ ਦੁਆਲੇ ਜੋ ਬਣੀ ਹੋਈ ਸੀ ਭੁੜਕਦੇ ਫਿਰਦੇ ਸਨ ।
27ਦੁਪਹਿਰ ਨੂੰ ਇਸ ਤਰ੍ਹਾਂ ਹੋਇਆ ਕਿ ਏਲੀਯਾਹ ਨੇ ਉਨ੍ਹਾਂ ਦਾ ਮਖੌਲ ਉਡਾ ਕੇ ਆਖਿਆ, ਉੱਚੀ ਦੇ ਕੇ ਬੁਲਾਓ ਕਿਉਂ ਜੋ ਉਹ ਤਾਂ ਦੇਵਤਾ ਹੈ ! ਕੀ ਜਾਣੀਏ ਜੋ ਉਹ ਸੋਚ ਵਿੱਚ ਹੋਵੇ ਜਾਂ ਲਾਂਭੇ ਗਿਆ ਹੋਵੇ ਜਾਂ ਉਹ ਸਫ਼ਰ ਵਿੱਚ ਹੋਵੇ ਜਾਂ ਸ਼ਾਇਤ ਸੁੱਤਾ ਪਿਆ ਹੋਵੇ ਅਤੇ ਉਹ ਨੂੰ ਜਗਾਉਣਾ ਪਵੇ ?28ਤਦ ਉਨ੍ਹਾਂ ਨੇ ਉੱਚੀ ਦੇ ਕੇ ਪੁਕਾਰਿਆ ਅਤੇ ਆਪਣੇ ਆਪ ਨੂੰ ਆਪਣੀ ਰੀਤ ਦੇ ਅਨੁਸਾਰ ਤਲਵਾਰਾਂ ਅਤੇ ਛੁਰੀਆਂ ਨਾਲ ਅਜਿਹਾ ਵੱਢਿਆ ਕਿ ਉਹ ਲਹੂ ਲੁਹਾਨ ਹੋ ਗਏ ।29ਤਾਂ ਇਸ ਤਰ੍ਹਾਂ ਹੋਇਆ ਜਦ ਦੁਪਹਿਰ ਲੰਘ ਗਈ ਤਾਂ ਉਹ ਸ਼ਾਮ ਦੀ ਭੇਟ ਚੜ੍ਹਾਉਣ ਦੇ ਵੇਲੇ ਤੱਕ ਵਾਚਦੇ ਰਹੇ ਪਰ ਨਾ ਕੋਈ ਅਵਾਜ਼, ਨਾ ਕੋਈ ਉੱਤਰ ਦੇਣ ਵਾਲਾ ਅਤੇ ਨਾ ਕੋਈ ਧਿਆਨ ਕਰਨ ਵਾਲਾ ਸੀ ।
30ਤਾਂ ਏਲੀਯਾਹ ਨੇ ਸਭਨਾਂ ਲੋਕਾਂ ਨੂੰ ਆਖਿਆ, ਮੇਰੇ ਨੇੜੇ ਆਓ ਅਤੇ ਸਭ ਲੋਕ ਉਹ ਦੇ ਨੇੜੇ ਗਏ ਤਾਂ ਉਸ ਨੇ ਯਹੋਵਾਹ ਦੀ ਟੁੱਟੀ ਹੋਈ ਜਗਵੇਦੀ ਦੀ ਮੁਰੰਮਤ ਕੀਤੀ ।31ਫੇਰ ਏਲੀਯਾਹ ਨੇ ਯਾਕੂਬ ਦੇ ਪੁੱਤਰਾਂ ਦੇ ਗੋਤਾਂ ਦੇ ਲੇਖੇ ਅਨੁਸਾਰ ਜਿਨ੍ਹਾਂ ਨੂੰ ਯਹੋਵਾਹ ਦਾ ਬਚਨ ਇਸ ਤਰ੍ਹਾਂ ਆਇਆ ਕਿ ਤੇਰਾ ਨਾਮ ਇਸਰਾਏਲ ਹੋਵੇਗਾ ਬਾਰਾਂ ਪੱਥਰ ਲਏ ।32ਅਤੇ ਇਨ੍ਹਾਂ ਪੱਥਰਾਂ ਨਾਲ ਯਹੋਵਾਹ ਦੇ ਨਾਮ ਉੱਤੇ ਇੱਕ ਜਗਵੇਦੀ ਬਣਾਈ ਅਤੇ ਜਗਵੇਦੀ ਦੇ ਚੁਫ਼ੇਰੇ ਉਸ ਨੇ ਅਜਿਹੀ ਵੱਡੀ ਖਾਈ ਪੁੱਟੀ ਜਿਹ ਦੇ ਵਿੱਚ ਵੀਹ ਕੁ ਸੇਰ ਬੀਜ ਸਮਾ ਜਾਣ ।
33ਅਤੇ ਲੱਕੜੀਆਂ ਨੂੰ ਚਿਣਿਆ ਅਤੇ ਬਲ਼ਦ ਨੂੰ ਟੋਟੇ-ਟੋਟੇ ਕਰ ਕੇ ਲੱਕੜੀਆਂ ਉੱਤੇ ਰੱਖਿਆ ਅਤੇ ਆਖਿਆ ਚਾਰ ਘੜੇ ਪਾਣੀ ਦੇ ਭਰ ਕੇ ਹੋਮ ਦੀ ਬਲੀ ਅਤੇ ਬਾਲਣ ਉੱਤੇ ਡੋਹਲ ਦਿਓ ।34ਤਾਂ ਉਸ ਨੇ ਆਖਿਆ, ਦੂਜੀ ਵਾਰ ਕਰੋ । ਸੋ ਉਨ੍ਹਾਂ ਨੇ ਦੂਜੀ ਵਾਰ ਕੀਤਾ । ਫੇਰ ਉਸ ਨੇ ਆਖਿਆ, ਤੀਜੀ ਵਾਰ ਕਰੋ । ਸੋ ਉਨ੍ਹਾਂ ਨੇ ਤੀਜੀ ਵਾਰ ਨਹੀਂ ਕੀਤਾ ।35ਉਹ ਪਾਣੀ ਜਗਵੇਦੀ ਦੇ ਚੁਫ਼ੇਰੇ ਵੱਗਿਆ ਅਤੇ ਉਸ ਨੇ ਖਾਈ ਪਾਣੀ ਨਾਲ ਭਰ ਦਿੱਤੀ ।
36ਤਾਂ ਤਕਾਲਾਂ ਦੀ ਭੇਟ ਚੜ੍ਹਾਉਣ ਦੇ ਵੇਲੇ ਇਸ ਤਰ੍ਹਾਂ ਹੋਇਆ ਕਿ ਏਲੀਯਾਹ ਨਬੀ ਨੇ ਨੇੜੇ ਆ ਕੇ ਆਖਿਆ, ਹੇ ਯਹੋਵਾਹ ਅਬਰਾਹਾਮ, ਇਸਹਾਕ ਤੇ ਇਸਰਾਏਲ ਦੇ ਪਰਮੇਸ਼ੁਰ, ਅੱਜ ਪਤਾ ਲੱਗ ਜਾਵੇ ਕਿ ਤੂੰ ਇਸਰਾਏਲ ਵਿੱਚ ਪਰਮੇਸ਼ੁਰ ਹੈਂ ਅਤੇ ਮੈਂ ਤੇਰਾ ਦਾਸ ਹਾਂ ਅਤੇ ਮੈਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਤੇਰੇ ਬਚਨ ਨਾਲ ਕੀਤਾ ਹੈ ।37ਮੇਰੀ ਸੁਣ, ਹੇ ਯਹੋਵਾਹ, ਮੇਰੀ ਸੁਣ, ਜੋ ਇਹ ਲੋਕ ਜਾਣਨ ਕਿ ਤੂੰ ਹੀ ਯਹੋਵਾਹ ਪਰਮੇਸ਼ੁਰ ਹੈਂ ਅਤੇ ਤੂੰ ਉਨ੍ਹਾਂ ਦਾ ਮਨ ਮੋੜ ਲਿਆ ਹੈ ।
38ਤਦ ਯਹੋਵਾਹ ਦੀ ਅੱਗ ਆਣ ਪਈ ਅਤੇ ਉਸ ਨੂੰ ਹੋਮ ਦੀ ਬਲੀ ਅਤੇ ਬਾਲਣ ਅਤੇ ਪੱਥਰਾਂ ਅਤੇ ਮਿੱਟੀ ਨੂੰ ਸਾੜ ਸੁੱਟਿਆ ਅਤੇ ਜੋ ਪਾਣੀ ਖਾਈ ਵਿੱਚ ਸੀ ਉਹ ਨੂੰ ਚੱਟ ਲਿਆ ।39ਜਦ ਲੋਕਾਂ ਨੇ ਇਹ ਵੇਖਿਆ ਤਦ ਉਹ ਮੂੰਹਾਂ ਭਰ ਡਿੱਗੇ ਅਤੇ ਆਖਿਆ, ਯਹੋਵਾਹ ਉਹੋ ਪਰਮੇਸ਼ੁਰ ਹੈ ! ਯਹੋਵਾਹ ਉਹੋ ਪਰਮੇਸ਼ੁਰ ਹੈ !40ਤਾਂ ਏਲੀਯਾਹ ਨੇ ਉਨ੍ਹਾਂ ਨੂੰ ਆਖਿਆ, ਬਆਲ ਦੇ ਨਬੀਆਂ ਨੂੰ ਫੜ ਲਓ । ਉਹਨਾਂ ਵਿੱਚੋਂ ਇੱਕ ਵੀ ਨਾ ਬਚ ਨਿੱਕਲੇ । ਸੋ ਉਨ੍ਹਾਂ ਨੇ ਉਹਨਾਂ ਨੂੰ ਫੜ ਲਿਆ ਅਤੇ ਏਲੀਯਾਹ ਨੇ ਉਹਨਾਂ ਨੂੰ ਕੀਸ਼ੋਨ ਦੇ ਨਾਲੇ ਹੇਠਾਂ ਲੈ ਜਾ ਕੇ ਉੱਥੇ ਉਹਨਾਂ ਨੂੰ ਵੱਢ ਸੁੱਟਿਆ ।
ਅਕਾਲ ਦੀ ਸਮਾਪਤੀ

41ਤਦ ਏਲੀਯਾਹ ਨੇ ਅਹਾਬ ਨੂੰ ਆਖਿਆ, ਚੜ੍ਹ ਜਾ ਅਤੇ ਖਾ ਪੀ ਕਿਉਂ ਜੋ ਡਾਢੇ ਮੀਂਹ ਦੀ ਅਵਾਜ਼ ਆਈ ਹੈ ।42ਸੋ ਅਹਾਬ ਖਾਣ-ਪੀਣ ਨੂੰ ਚੜ੍ਹਿਆ ਅਤੇ ਏਲੀਯਾਹ ਕਰਮਲ ਦੀ ਟੀਸੀ ਉੱਤੇ ਚੜ੍ਹਿਆ ਅਤੇ ਧਰਤੀ ਤੱਕ ਝੁਕਿਆ ਅਤੇ ਆਪਣਾ ਮੂੰਹ ਗੋਡਿਆਂ ਵਿੱਚ ਰੱਖਿਆ ।
43ਤਾਂ ਉਸ ਨੇ ਆਪਣੇ ਬਾਲਕੇ ਨੂੰ ਆਖਿਆ, ਚੜ੍ਹ ਕੇ ਸਮੁੰਦਰ ਵੱਲ ਵੇਖ । ਉਹ ਚੜ੍ਹਿਆ ਜਦ ਵੇਖਿਆ ਤਾਂ ਆਖਿਆ, ਕੁਝ ਨਹੀਂ ਹੈ । ਫੇਰ ਉਸ ਨੇ ਆਖਿਆ, ਸੱਤ ਵਾਰ ਮੁੜ ਜਾ ।44ਤਾਂ ਸੱਤਵੀਂ ਵਾਰ ਇਸ ਤਰ੍ਹਾਂ ਹੋਇਆ ਕਿ ਉਹ ਨੇ ਆਖਿਆ, ਵੇਖ ਇੱਕ ਨਿੱਕਾ ਜਿਹਾ ਬੱਦਲ ਆਦਮੀ ਦੇ ਹੱਥ ਜਿਹਾ ਸਮੁੰਦਰੋਂ ਉੱਠ ਰਿਹਾ ਹੈ । ਤਾਂ ਉਸ ਨੇ ਆਖਿਆ, ਜਾ ਅਹਾਬ ਨੂੰ ਆਖ ਕਿ ਰਥ ਜੋੜ ਕੇ ਹੇਠਾਂ ਜਾਓ ਤਾਂ ਜੋ ਮੀਂਹ ਤੁਹਾਨੂੰ ਨਾ ਅੱਟਕਾਵੇ ।
45ਐਨੇ ਵਿੱਚ ਇਸ ਤਰ੍ਹਾਂ ਹੋਇਆ ਕਿ ਅਕਾਸ਼ ਘਟਾਂ ਅਤੇ ਹਵਾ ਨਾਲ ਕਾਲਾ ਹੋ ਗਿਆ ਅਤੇ ਡਾਢਾ ਮੀਂਹ ਵਰ੍ਹਿਆ ਤਾਂ ਅਹਾਬ ਚੜ੍ਹ ਕੇ ਯਿਜ਼ਰਾਏਲ ਨੂੰ ਗਿਆ ।46ਯਹੋਵਾਹ ਦਾ ਹੱਥ ਏਲੀਯਾਹ ਦੇ ਉੱਤੇ ਸੀ ਸੋ ਉਹ ਆਪਣਾ ਲੱਕ ਬਨ੍ਹ ਕੇ ਅਹਾਬ ਦੇ ਅੱਗੇ ਯਿਜ਼ਰਏਲ ਦੇ ਲਾਂਘੇ ਤੱਕ ਭੱਜਿਆ ਗਿਆ ।

19
ਏਲੀਯਾਹ ਹੋਰੇਬ ਪਹਾੜ ਉੱਤੇ

1ਅਹਾਬ ਨੇ ਉਹ ਸਭ ਜੋ ਏਲੀਯਾਹ ਨੇ ਕੀਤਾ ਅਤੇ ਉਹ ਸਭ ਕਿ ਜਿਵੇਂ ਉਸ ਨੇ ਸਾਰੇ ਨਬੀਆਂ ਨੂੰ ਤਲਵਾਰ ਨਾਲ ਵੱਢਿਆ ਈਜ਼ਬਲ ਨੂੰ ਦੱਸਿਆ ।2ਤਾਂ ਈਜ਼ਬਲ ਨੇ ਹਲਕਾਰੇ ਦੇ ਰਾਹੀਂ ਏਲੀਯਾਹ ਨੂੰ ਆਖ ਭੇਜਿਆ ਕਿ ਜੇ ਮੈਂ ਕੱਲ ਇਸੇ ਵੇਲੇ ਤੇਰੀ ਜਾਨ ਨੂੰ ਵੀ ਉਨ੍ਹਾਂ ਵਿੱਚੋਂ ਕਿਸੇ ਇੱਕ ਦੀ ਜਾਨ ਵਰਗਾ ਨਾ ਕਰ ਲਵਾਂ ਤਾਂ ਦੇਵਤੇ ਮੇਰੇ ਨਾਲ ਵੀ ਅਜਿਹਾ ਹੀ ਕਰਨ ਸਗੋਂ ਇਸ ਨਾਲੋਂ ਵੀ ਵੱਧ3ਤਾਂ ਜਾਂ ਉਸ ਵੇਖਿਆ ਉਹ ਉੱਠਿਆ ਅਤੇ ਆਪਣੀ ਜਾਨ ਲਈ ਭੱਜ ਕੇ ਬਏਰਸ਼ਬਾ ਨੂੰ ਗਿਆ ਜੋ ਯਹੂਦਾਹ ਦਾ ਹੈ ਅਤੇ ਆਪਣੇ ਬਾਲਕੇ ਨੂੰ ਤਾਂ ਉੱਥੇ ਹੀ ਛੱਡਿਆ ।

4ਪਰ ਆਪ ਇੱਕ ਦਿਨ ਦੇ ਰਾਹ ਤੱਕ ਉਜਾੜ ਵਿੱਚ ਅੱਗੇ ਚਲਿਆ ਗਿਆ ਅਤੇ ਰਤਮੇ ਦੇ ਰੁੱਖ ਹੇਠ ਜਾ ਬੈਠਾ ਤਾਂ ਉਸ ਆਪਣੀ ਜਾਨ ਲਈ ਮੌਤ ਮੰਗੀ ਅਤੇ ਆਖਿਆ, ਹੇ ਯਹੋਵਾਹ, ਹੁਣ ਇੰਨਾ ਹੀ ਬਹੁਤ ਹੈ ਮੇਰੀ ਜਾਨ ਕੱਢ ਲੈ ਕਿਉਂ ਜੋ ਮੈਂ ਆਪਣੇ ਪਿਉ-ਦਾਦਿਆਂ ਨਾਲੋਂ ਨੇਕ ਨਹੀਂ ਹਾਂ ।5ਤਾਂ ਉਹ ਰਤਮੇ ਦੇ ਰੁੱਖ ਹੇਠ ਲੰਮਾ ਪੈ ਗਿਆ ਅਤੇ ਉਹ ਸੌਂ ਗਿਆ ਤਾਂ ਵੇਖੋ, ਇੱਕ ਦੂਤ ਉਸ ਨੂੰ ਟੁੰਬ ਰਿਹਾ ਸੀ ਅਤੇ ਆਖਦਾ ਸੀ ਕਿ ਉੱਠ ਅਤੇ ਖਾਹ ।6ਜਦ ਉਸ ਨੇ ਦੇਖਿਆ ਤਾਂ ਵੇਖੋ, ਅੰਗਿਆਰਾਂ ਉੱਤੇ ਪੱਕੀ ਹੋਈ ਇੱਕ ਰੋਟੀ ਅਤੇ ਪਾਣੀ ਦੀ ਇੱਕ ਸੁਰਾਹੀ ਉਸ ਦੇ ਸਰਾਣੇ ਪਈ ਹੋਈ ਸੀ ਤਾਂ ਉਹ ਖਾ ਪੀ ਕੇ ਫੇਰ ਲੰਮਾ ਪੈ ਗਿਆ ।
7ਯਹੋਵਾਹ ਦਾ ਦੂਤ ਉਸ ਦੇ ਕੋਲ ਫੇਰ ਆਇਆ ਅਤੇ ਉਸ ਨੂੰ ਟੁੰਬ ਕੇ ਆਖਿਆ, ਉੱਠ ਕੇ ਖਾ ਲੈ ਕਿਉਂ ਜੋ ਰਾਹ ਤੇਰੇ ਲਈ ਬਹੁਤ ਲੰਮਾ ਹੈ ।8ਉਸ ਨੇ ਉੱਠ ਕੇ ਖਾਧਾ ਅਤੇ ਪੀਤਾ ਤਾਂ ਉਹ ਉੱਸੇ ਭੋਜਨ ਦੇ ਬਲ ਨਾਲ ਚਾਲ੍ਹੀ ਦਿਨ ਅਤੇ ਚਾਲ੍ਹੀ ਰਾਤਾਂ ਪਰਮੇਸ਼ੁਰ ਦੇ ਹੋਰੇਬ ਪਰਬਤ ਤੱਕ ਤੁਰਿਆ ਗਿਆ ।
9ਉੱਥੇ ਉਹ ਇੱਕ ਗੁਫਾ ਵਿੱਚ ਜਾ ਰਿਹਾ ਤਾਂ ਵੇਖੋ, ਯਹੋਵਾਹ ਦਾ ਬਚਨ ਉਸ ਨੂੰ ਆਇਆ ਅਤੇ ਉਸ ਨੂੰ ਆਖਿਆ, ਹੇ ਏਲੀਯਾਹ ਤੂੰ ਇੱਥੇ ਕੀ ਕਰਦਾ ਹੈਂ ?10ਅੱਗੋਂ ਉਸ ਨੇ ਆਖਿਆ, ਮੈਂ ਯਹੋਵਾਹ ਸੈਨਾਂ ਦੇ ਪਰਮੇਸ਼ੁਰ ਦੀ ਅਣਖ ਨਾਲ ਸੜਿਆ ਪਿਆ ਹਾਂ ਕਿਉਂ ਜੋ ਇਸਰਾਏਲੀਆਂ ਨੇ ਤੇਰੇ ਨੇਮ ਨੂੰ ਤਿਆਗ ਦਿੱਤਾ ਤੇਰੀਆਂ ਜਗਵੇਦੀਆਂ ਢਾਹ ਸੁੱਟੀਆਂ ਅਤੇ ਤੇਰੇ ਨਬੀਆਂ ਨੂੰ ਤਲਵਾਰ ਨਾਲ ਵੱਢ ਦਿੱਤਾ । ਹੁਣ ਮੈਂ ਹੀ ਇੱਕਲਾ ਬਾਕੀ ਰਹਿ ਗਿਆ ਹਾਂ ਪਰ ਉਹ ਮੇਰੀ ਜਾਨ ਕੱਢਣ ਨੂੰ ਮੈਨੂੰ ਲੱਭਦੇ ਫਿਰਦੇ ਹਨ ।
11ਤਾਂ ਉਸ ਆਖਿਆ, ਅੱਗੇ ਜਾ ਅਤੇ ਯਹੋਵਾਹ ਦੇ ਸਨਮੁਖ ਪਰਬਤ ਉੱਤੇ ਖੜ੍ਹਾ ਹੋ ਜਾ । ਤਾਂ ਵੇਖੋ, ਯਹੋਵਾਹ ਲੰਘਿਆ ਅਤੇ ਇੱਕ ਵੱਡੀ ਤੇ ਜ਼ੋਰ ਦੀ ਅਨ੍ਹੇਰੀ ਨੇ ਪਹਾੜ ਪਾੜ ਸੁੱਟੇ ਅਤੇ ਯਹੋਵਾਹ ਦੇ ਅੱਗੇ ਚਟਾਨਾਂ ਨੂੰ ਚੂਰ-ਚੂਰ ਕਰ ਦਿੱਤਾ ਪਰ ਯਹੋਵਾਹ ਅਨ੍ਹੇਰੀ ਵਿੱਚ ਨਹੀਂ ਸੀ । ਤਾਂ ਅਨ੍ਹੇਰੀ ਪਿੱਛੋਂ ਭੁਚਾਲ ਆਇਆ ਪਰ ਯਹੋਵਾਹ ਭੁਚਾਲ ਵਿੱਚ ਵੀ ਨਹੀਂ ਸੀ ।12ਤਾਂ ਭੁਚਾਲ ਦੇ ਪਿੱਛੋਂ ਅੱਗ ਆਈ ਪਰ ਯਹੋਵਾਹ ਅੱਗ ਦੇ ਵਿੱਚ ਵੀ ਨਹੀਂ ਸੀ । ਤਾਂ ਅੱਗ ਦੇ ਪਿੱਛੋਂ ਇੱਕ ਹੌਲੀ ਅਤੇ ਨਿਮ੍ਹੀ ਅਵਾਜ਼ ਆਈ ।
13ਇਸ ਤਰ੍ਹਾਂ ਹੋਇਆ ਕਿ ਜਦ ਏਲੀਯਾਹ ਨੇ ਸੁਣਿਆ ਤਾਂ ਉਸ ਨੇ ਆਪਣਾ ਮੂੰਹ ਆਪਣੀ ਗੋਦੜੀ ਵਿੱਚ ਢੱਕ ਲਿਆ ਅਤੇ ਬਾਹਰ ਨਿੱਕਲ ਕੇ ਗੁਫਾ ਦੇ ਮੂੰਹ ਉੱਤੇ ਖੜ੍ਹਾ ਹੋ ਗਿਆ, ਤਾਂ ਵੇਖੋ, ਉਸ ਨੂੰ ਇੱਕ ਅਵਾਜ਼ ਆਈ ਅਤੇ ਆਖਿਆ, ਏਲੀਯਾਹ ਤੂੰ ਇੱਥੇ ਕੀ ਕਰਦਾ ਹੈਂ ?14ਤਾਂ ਉਸ ਨੇ ਆਖਿਆ, ਮੈਂ ਯਹੋਵਾਹ ਸੈਨਾਂ ਦੇ ਪਰਮੇਸ਼ੁਰ ਦੀ ਅਣਖ ਨਾਲ ਸੜਿਆ ਪਿਆ ਹਾਂ ਕਿਉਂ ਜੋ ਇਸਰਾਏਲੀਆਂ ਨੇ ਤੇਰੇ ਨੇਮ ਨੂੰ ਤਿਆਗ ਦਿੱਤਾ ਤੇਰੀਆਂ ਜਗਵੇਦੀਆਂ ਨੂੰ ਢਾਹ ਸੁੱਟਿਆ ਤੇਰੇ ਨਬੀਆਂ ਨੂੰ ਤਲਵਾਰ ਨਾਲ ਵੱਢ ਦਿੱਤਾ । ਮੈਂ ਹੀ ਇੱਕਲਾ ਬਾਕੀ ਰਹਿ ਗਿਆ ਹਾਂ, ਪਰ ਉਹ ਮੇਰੀ ਜਾਨ ਕੱਢਣ ਨੂੰ ਲੱਭਦੇ ਫਿਰਦੇ ਹਨ ।
15ਤਾਂ ਯਹੋਵਾਹ ਨੇ ਉਸ ਨੂੰ ਆਖਿਆ, ਜਾ ਅਤੇ ਉਜਾੜ ਦੇ ਰਾਹ ਦੰਮਿਸਕ ਨੂੰ ਮੁੜ ਜਾ ਅਤੇ ਉੱਥੇ ਜਾ ਕੇ ਹਜ਼ਾਏਲ ਨੂੰ ਮਸਹ ਕਰਕੇ ਅਰਾਮ ਦਾ ਪਾਤਸ਼ਾਹ ਬਣਾ ।16ਅਤੇ ਨਿਮਸ਼ੀ ਦੇ ਪੁੱਤਰ ਯੇਹੂ ਨੂੰ ਮਸਹ ਕਰ ਕੇ ਇਸਰਾਏਲ ਦਾ ਪਾਤਸ਼ਾਹ ਬਣਾ ਅਤੇ ਸ਼ਾਫਾਟ ਦੇ ਪੁੱਤਰ ਏਲੀਸ਼ਾ ਨੂੰ ਜੋ ਆਬੇਲ ਮਹੋਲਾਹ ਦਾ ਹੈ ਮਸਹ ਕਰ ਕਿ ਉਹ ਤੇਰੇ ਥਾਂ ਨਬੀ ਹੋਵੇ ।
17ਤਾਂ ਇਸ ਤਰ੍ਹਾਂ ਹੋਵੇਗਾ ਕਿ ਜਿਹੜਾ ਹਜ਼ਾਏਲ ਦੀ ਤਲਵਾਰ ਤੋਂ ਬਚੇਗਾ ਉਹ ਨੂੰ ਯੇਹੂ ਮਰੇਗਾ ਅਤੇ ਜਿਹੜਾ ਯੇਹੂ ਦੀ ਤਲਵਾਰ ਤੋਂ ਬਚੇਗਾ ਉਹ ਨੂੰ ਏਲੀਸ਼ਾ ਮਰੇਗਾ ।18ਪਰ ਮੈਂ ਇਸਰਾਏਲ ਵਿੱਚੋਂ ਆਪਣੇ ਲਈ ਸੱਤ ਹਜ਼ਾਰ ਰੱਖ ਲਏ ਹਨ ਉਹ ਸਭ ਜਿਨ੍ਹਾਂ ਦੇ ਗੋਡੇ ਬਆਲ ਅੱਗੇ ਨਹੀਂ ਨਿਵੇ ਅਤੇ ਉਹ ਸਾਰੇ ਮੂੰਹ ਜਿਨ੍ਹਾਂ ਨੇ ਉਹ ਨੂੰ ਨਹੀਂ ਚੁੰਮਿਆ ।
ਅਲੀਸ਼ਾ ਦਾ ਅਭਿਸ਼ੇਕ

19ਉਹ ਓਥੋਂ ਚੱਲ ਪਿਆ ਅਤੇ ਸ਼ਾਫਾਟ ਦੇ ਪੁੱਤਰ ਏਲੀਸ਼ਾ ਨੂੰ ਹਲ ਵਾਹੁੰਦਿਆਂ ਜਾ ਲੱਭਾ, ਉਹ ਦੀ ਬਾਰਾਂ ਹਲਾਂ ਦੀ ਵਾਹੀ ਸੀ ਅਤੇ ਬਾਰਵੀਂ ਜੋਗ ਦੇ ਮਗਰ ਉਹ ਆਪ ਸੀ । ਏਲੀਯਾਹ ਨੇ ਉਹ ਦੇ ਕੋਲ ਦੀ ਲੰਘ ਕੇ ਆਪਣੀ ਗੋਦੜੀ ਉਹ ਦੇ ਉੱਤੇ ਪਾ ਦਿੱਤੀ ।20ਤਾਂ ਉਹ ਬਲ਼ਦਾਂ ਨੂੰ ਛੱਡ ਕੇ ਏਲੀਯਾਹ ਦੇ ਮਗਰ ਦੌੜ ਗਿਆ ਅਤੇ ਉਸ ਨੂੰ ਆਖਿਆ, ਮੈਨੂੰ ਪਰਵਾਨਗੀ ਦੇਹ ਜੋ ਮੈਂ ਆਪਣੇ ਮਾਪਿਆਂ ਨੂੰ ਚੁੰਮ ਆਵਾਂ ਤਾਂ ਮੈਂ ਤੇਰੇ ਪਿੱਛੇ ਲੱਗ ਜਾਂਵਾਂਗਾ । ਉਸ ਨੇ ਉਹ ਨੂੰ ਆਖਿਆ, ਮੁੜ ਜਾ । ਮੈਂ ਤੈਨੂੰ ਕੀ ਕੀਤਾ ?
21ਤਾਂ ਉਹ ਉਸ ਦੇ ਕੋਲੋਂ ਮੁੜ ਗਿਆ । ਉਸ ਇੱਕ ਜੋਗ ਬਲ਼ਦਾਂ ਦੀ ਲੈ ਕੇ ਉਨ੍ਹਾਂ ਨੂੰ ਵੱਢ ਸੁੱਟਿਆ ਅਤੇ ਹਲ ਪੰਜਾਲੀ ਦੀਆਂ ਲੱਕੜੀਆਂ ਨਾਲ ਉਨ੍ਹਾਂ ਦਾ ਮਾਸ ਰਿੰਨ੍ਹ ਕੇ ਲੋਕਾਂ ਨੂੰ ਦਿੱਤਾ ਤਾਂ ਉਹਨਾਂ ਨੇ ਖਾਧਾ । ਫੇਰ ਉਹ ਉੱਠਿਆ ਅਤੇ ਏਲੀਯਾਹ ਦੇ ਪਿੱਛੇ ਜਾ ਲੱਗਾ ਅਤੇ ਉਸ ਦੀ ਸੇਵਾ ਕਰਦਾ ਰਿਹਾ ।

20
ਅਹਾਬ ਦੀ ਅਰਾਮੀਆਂ ਉੱਤੇ ਜਿੱਤ

1ਬਨ-ਹਦਦ ਅਰਾਮ ਦੇ ਰਾਜੇ ਨੇ ਆਪਣੀ ਫੌਜ ਨੂੰ ਇੱਕਠਾ ਕੀਤਾ ਅਤੇ ਉਹ ਦੇ ਨਾਲ ਬੱਤੀ ਰਾਜੇ ਸਨ ਨਾਲੇ ਘੋੜੇ ਤੇ ਰਥ ਅਤੇ ਉਹ ਨੇ ਉਤਾਹਾਂ ਜਾ ਕੇ ਸਾਮਰਿਯਾ ਨੂੰ ਘੇਰ ਲਿਆ ਅਤੇ ਉਸ ਦੇ ਨਾਲ ਯੁਧ ਕੀਤਾ ।2ਉਹ ਨੇ ਇਸਰਾਏਲ ਦੇ ਪਾਤਸ਼ਾਹ ਅਹਾਬ ਕੋਲ ਸ਼ਹਿਰ ਨੂੰ ਹਲਕਾਰੇ ਭੇਜੇ ਅਤੇ ਉਸ ਨੂੰ ਆਖਿਆ ਕਿ ਬਨ-ਹਦਦ ਇਸ ਤਰ੍ਹਾਂ ਆਖਦਾ ਹੈ ।3ਕਿ ਤੇਰਾ ਚਾਂਦੀ ਸੋਨਾ ਮੇਰਾ ਹੈ । ਤੇਰੀਆਂ ਇਸਤਰੀਆਂ ਅਤੇ ਤੇਰੇ ਚੰਗੇ ਤੋਂ ਚੰਗੇ ਬੱਚੇ ਮੇਰੇ ਹਨ ।

4ਤਾਂ ਇਸਰਾਏਲ ਦੇ ਪਾਤਸ਼ਾਹ ਨੇ ਉੱਤਰ ਦਿੱਤਾ ਕਿ ਹੇ ਮੇਰੇ ਸੁਆਮੀ, ਹੇ ਮੇਰੇ ਪਾਤਸ਼ਾਹ, ਮੈਂ ਅਤੇ ਜੋ ਕੁਝ ਮੇਰਾ ਹੈ ਉਹ ਸਭ ਤੁਹਾਡਾ ਹੈ ।5ਤਾਂ ਉਨ੍ਹਾਂ ਹਲਕਾਰਿਆਂ ਨੇ ਮੁੜ ਆਖਿਆ, ਬਨ-ਹਦਦ ਇਸ ਤਰ੍ਹਾਂ ਆਖਦਾ ਹੈ ਕਿ ਮੈਂ ਤਾਂ ਤੇਰੇ ਕੋਲ ਆਖ ਭੇਜਿਆ ਸੀ ਕਿ ਤੂੰ ਆਪਣਾ ਚਾਂਦੀ, ਸੋਨਾ, ਇਸਤਰੀਆਂ ਅਤੇ ਬਾਲ ਬੱਚੇ ਮੈਨੂੰ ਦੇ ਦੇਹ ।6ਪਰ ਹੁਣ ਮੈਂ ਕੱਲ ਇਸੇ ਵੇਲੇ ਆਪਣਿਆਂ ਟਹਿਲੂਆਂ ਨੂੰ ਤੇਰੇ ਕੋਲ ਭੇਜਾਂਗਾ ਅਤੇ ਉਹ ਤੇਰੇ ਮਹਿਲ ਦੀ ਅਤੇ ਤੇਰੇ ਟਹਿਲੂਆਂ ਦੇ ਘਰਾਂ ਦੀ ਤਲਾਸ਼ੀ ਲੈਣਗੇ ਅਤੇ ਇਸ ਤਰ੍ਹਾਂ ਹੋਵੇਗਾ ਕਿ ਜੋ ਕੁਝ ਤੇਰੀ ਨਿਗਾਹ ਵਿੱਚ ਚੰਗਾ ਹੈ ਉਹ ਆਪਣੇ ਹੱਥ ਵਿੱਚ ਚੁੱਕ ਕੇ ਲੈ ਜਾਣਗੇ ।
7ਤਾਂ ਇਸਰਾਏਲ ਦੇ ਪਾਤਸ਼ਾਹ ਨੇ ਦੇਸ ਦੇ ਸਾਰੇ ਬਜ਼ੁਰਗਾਂ ਨੂੰ ਸੱਦ ਕੇ ਆਖਿਆ ਕਿ ਧਿਆਨ ਕਰੋ ਅਤੇ ਵੇਖੋ ਜੋ ਇਹ ਮਨੁੱਖ ਕਿੱਕਰ ਬੁਰਿਆਈ ਕਰਨੀ ਚਾਹੁੰਦਾ ਹੈ ਕਿਉਂ ਜੋ ਉਹ ਨੇ ਮੇਰੇ ਕੋਲੋਂ ਮੇਰੀਆਂ ਇਸਤਰੀਆਂ, ਮੇਰੇ ਬੱਚੇ ਤੇ ਮੇਰਾ ਚਾਂਦੀ ਸੋਨਾ ਮੰਗ ਭੇਜਿਆ ਹੈ ਅਤੇ ਮੈਂ ਉਹ ਨੂੰ ਮਨਾ ਨਹੀਂ ਕੀਤਾ ।8ਅੱਗੋਂ ਸਾਰੇ ਬਜ਼ੁਰਗਾਂ ਅਤੇ ਸਾਰੇ ਲੋਕਾਂ ਨੇ ਉਹ ਨੂੰ ਆਖਿਆ, ਉਸ ਦੀ ਨਾ ਸੁਣੋ ਅਤੇ ਨਾ ਮੰਨੋ ।
9ਇਸ ਤੋਂ ਬਾਅਦ ਉਹ ਨੇ ਬਨ-ਹਦਦ ਦੇ ਹਲਕਾਰਿਆਂ ਨੂੰ ਆਖਿਆ, ਮੇਰੇ ਸੁਆਮੀ ਪਾਤਸ਼ਾਹ ਨੂੰ ਆਖੋ ਕਿ ਜੋ ਕੁਝ ਤੁਸੀਂ ਆਪਣੇ ਦਾਸ ਤੋਂ ਪਹਿਲੇ ਮੰਗਿਆ ਉਹ ਮੈਂ ਕਰਾਂਗਾ ਪਰ ਇਹ ਗੱਲ ਮੈਥੋਂ ਨਹੀਂ ਹੋਣੀ । ਤਾਂ ਹਲਕਾਰੇ ਤੁਰ ਗਏ ਅਤੇ ਉੱਤਰ ਜਾ ਦਿੱਤਾ ।10ਤਾਂ ਬਨ-ਹਦਦ ਨੇ ਉਹ ਨੂੰ ਆਖ ਭੇਜਿਆ ਕਿ ਜੇ ਸਾਮਰਿਯਾ ਦੀ ਧੂੜ ਉਨ੍ਹਾਂ ਸਭਨਾਂ ਲੋਕਾਂ ਲਈ ਜੋ ਮੇਰੇ ਅਧੀਨ ਹਨ ਮੁੱਠ ਭਰਨ ਲਈ ਪੂਰੀ ਹੀ ਹੋਵੇ ਤਾਂ ਦੇਵਤੇ ਮੇਰੇ ਨਾਲ ਅਜਿਹਾ ਹੀ ਕਰਨ ਸਗੋਂ ਇਸ ਨਾਲੋਂ ਵੀ ਵੱਧ ।
11ਫੇਰ ਇਸਰਾਏਲ ਦੇ ਪਾਤਸ਼ਾਹ ਨੇ ਉੱਤਰ ਦਿੱਤਾ ਕਿ ਉਸ ਨੂੰ ਆਖੋ ਸ਼ਸਤਰ ਬੰਨਣ ਵਾਲਾ ਸ਼ਸਤਰ ਲਾਹੁਣ ਵਾਲੇ ਜਿਨ੍ਹਾਂ ਹੰਕਾਰ ਨਾ ਕਰੇ ।12ਤਾਂ ਇਸ ਤਰ੍ਹਾਂ ਹੋਇਆ ਕਿ ਜਾਂ ਉਸ ਨੇ ਇਹ ਗੱਲ ਸੁਣੀ ਜਦ ਉਹ ਰਾਜਿਆਂ ਦੇ ਨਾਲ ਸ਼ਾਮਿਆਨੇ ਦੇ ਵਿੱਚ ਪੀ ਰਿਹਾ ਸੀ ਤਾਂ ਉਸ ਨੇ ਆਪਣੇ ਟਹਿਲੂਆਂ ਨੂੰ ਆਖਿਆ, ਪਾਲਾਂ ਬੰਨ੍ਹ ਲਓ, ਸੋ ਉਨ੍ਹਾਂ ਨੇ ਸ਼ਹਿਰ ਦੇ ਵਿਰੁੱਧ ਪਾਲਾਂ ਬੰਨ੍ਹੀਆਂ ।
13ਤਾਂ ਵੇਖੋ ਇੱਕ ਨਬੀ ਇਸਰਾਏਲ ਦੇ ਪਾਤਸ਼ਾਹ ਅਹਾਬ ਕੋਲ ਆਇਆ ਅਤੇ ਉਹ ਨੂੰ ਆਖਿਆ, ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਭਲਾ, ਤੂੰ ਇਹ ਸਾਰਾ ਵੱਡਾ ਦਲ ਵੇਖਿਆ ਹੈ ? ਵੇਖ ਮੈਂ ਇਹ ਨੂੰ ਅੱਜ ਤੇਰੇ ਹੱਥ ਵਿੱਚ ਕਰ ਦਿਆਂਗਾ ਤਾਂ ਜੋ ਤੂੰ ਜਾਣੇਂ ਕਿ ਮੈਂ ਹੀ ਯਹੋਵਾਹ ਹਾਂ ।14ਤਦ ਅਹਾਬ ਨੇ ਪੁੱਛਿਆ, ਕਿਸ ਦੇ ਰਾਹੀਂ ? ਉਸ ਆਖਿਆ, ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਸੂਬਿਆਂ ਦੇ ਸਰਦਾਰਾਂ ਦੇ ਜੁਆਨਾਂ ਦੇ ਰਾਹੀਂ । ਤਾਂ ਫੇਰ ਉਸ ਪੁੱਛਿਆ, ਲੜਾਈ ਕੌਣ ਸ਼ੁਰੂ ਕਰੇ ? ਉਸ ਆਖਿਆ ਤੂੰ ।15ਸੋ ਉਹ ਨੇ ਸੂਬਿਆਂ ਦੇ ਸਰਦਾਰਾਂ ਦੇ ਜੁਆਨਾਂ ਦੀ ਗਿਣਤੀ ਕੀਤੀ ਅਤੇ ਉਹ ਦੋ ਸੌ ਬੱਤੀ ਸਨ । ਇਹ ਦੇ ਮਗਰੋਂ ਉਹ ਨੇ ਸਭਨਾਂ ਲੋਕਾਂ ਨੂੰ ਅਰਥਾਤ ਸਾਰੇ ਇਸਰਾਏਲੀਆਂ ਨੂੰ ਵੀ ਗਿਣਿਆ ਅਤੇ ਉਹ ਸੱਤ ਹਜ਼ਾਰ ਸਨ ।
16ਉਹ ਦੁਪਹਿਰ ਨੂੰ ਨਿੱਕਲੇ ਪਰ ਬਨ-ਹਦਦ ਅਤੇ ਉਹ ਬੱਤੀ ਰਾਜੇ ਜੋ ਉਸ ਦੇ ਸਹਾਇਕ ਸਨ ਸ਼ਾਮਿਆਨੇ ਵਿੱਚ ਪੀ ਕੇ ਮਤਵਾਲੇ ਹੋ ਰਹੇ ਸਨ17ਤਦ ਸੂਬਿਆਂ ਦੇ ਸਰਦਾਰਾਂ ਦੇ ਜੁਆਨ ਪਹਿਲਾਂ ਨਿੱਕਲੇ ਅਤੇ ਬਨ-ਹਦਦ ਨੇ ਆਦਮੀ ਭੇਜੇ ਅਤੇ ਉਨ੍ਹਾਂ ਨੇ ਉਸ ਨੂੰ ਦੱਸਿਆ ਕਿ ਮਨੁੱਖ ਸਾਮਰਿਯਾ ਤੋਂ ਨਿੱਕਲੇ ਹਨ ।
18ਤਾਂ ਉਸ ਨੇ ਆਖਿਆ, ਜੇ ਉਹ ਸੁਲਾਹ ਲਈ ਨਿੱਕਲੇ ਹਨ ਤਾਂ ਉਨ੍ਹਾਂ ਨੂੰ ਜਿਉਂਦੇ ਫੜ ਲਓ ਅਤੇ ਜੇ ਉਹ ਲੜਨ ਨੂੰ ਨਿੱਕਲੇ ਹਨ ਤਾਂ ਵੀ ਜਿਉਂਦੇ ਫੜ ਲਓ ।19ਸੋ ਇਹ ਜੋ ਸੂਬਿਆਂ ਦੇ ਸਰਦਾਰਾਂ ਦੇ ਜੁਆਨ ਸਨ ਸ਼ਹਿਰ ਤੋਂ ਉਸ ਫੌਜ ਸਣੇ ਜੋ ਉਨ੍ਹਾਂ ਦੇ ਪਿੱਛੇ ਸੀ ਨਿੱਕਲੇ ।
20ਅਤੇ ਇੱਕ-ਇੱਕ ਨੇ ਆਪਣੇ ਵੈਰੀ ਨੂੰ ਵੱਢ ਸੁੱਟਿਆ ਤਾਂ ਅਰਾਮੀ ਨੱਠੇ ਅਤੇ ਇਸਰਾਏਲ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਅਰਾਮ ਦਾ ਰਾਜਾ ਬਨ-ਹਦਦ ਇੱਕ ਘੋੜੇ ਉੱਤੇ ਘੋੜ ਚੜਿਆਂ ਦੇ ਨਾਲ ਭੱਜ ਗਿਆ ।21ਤਾਂ ਇਸਰਾਏਲ ਦੇ ਪਾਤਸ਼ਾਹ ਨੇ ਬਾਹਰ ਨਿੱਕਲ ਕੇ ਘੋੜਿਆਂ ਅਤੇ ਰਥਾਂ ਨੂੰ ਮਾਰਿਆ ਅਤੇ ਅਰਾਮੀਆਂ ਉੱਤੇ ਵੱਡਾ ਵਢਾਂਗਾ ਫੇਰਿਆ ।
22ਅਤੇ ਉਹ ਨਬੀ ਇਸਰਾਏਲ ਦੇ ਪਾਤਸ਼ਾਹ ਕੋਲ ਆਇਆ ਅਤੇ ਉਹ ਨੂੰ ਆਖਿਆ, ਜਾ ਅਤੇ ਆਪਣੇ ਆਪ ਨੂੰ ਤਕੜਾ ਕਰ ਅਤੇ ਧਿਆਨ ਰੱਖ ਅਤੇ ਵੇਖ ਲੈ ਕਿ ਤੂੰ ਕੀ ਕਰਨਾ ਹੈ ਕਿਉਂ ਜੋ ਅਰਾਮ ਦਾ ਰਾਜਾ ਆਉਂਦੇ ਸਾਲ ਤੇਰੇ ਉੱਤੇ ਚੜ੍ਹਾਈ ਕਰੇਗਾ ।
ਅਰਾਮ ਦਾ ਹਮਲਾ

23ਅਰਾਮ ਦੇ ਰਾਜੇ ਦੇ ਟਹਿਲੂਆਂ ਨੇ ਉਸ ਨੂੰ ਆਖਿਆ, ਉਨ੍ਹਾਂ ਦਾ ਦੇਵਤਾ ਪਹਾੜੀ ਦੇਵਤਾ ਹੈ ਇਸੇ ਲਈ ਉਹ ਸਾਡੇ ਨਾਲੋਂ ਤਕੜੇ ਹਨ ਪਰ ਅਸੀਂ ਉਨ੍ਹਾਂ ਨਾਲ ਮਦਾਨ ਵਿੱਚ ਲੜੀਏ ਤਾਂ ਅਸੀਂ ਉਨ੍ਹਾਂ ਨਾਲੋਂ ਜ਼ਰੂਰ ਤਕੜੇ ਹੋਵਾਂਗੇ ।
24ਪਰ ਇੱਕ ਕੰਮ ਇਹ ਕਰੋ ਕਿ ਰਾਜਿਆਂ ਵਿੱਚੋਂ ਹਰ ਇੱਕ ਨੂੰ ਉਹ ਦੇ ਥਾਂ ਤੋਂ ਕੱਢ ਕੇ ਉਨ੍ਹਾਂ ਦੇ ਬਦਲੇ ਸੂਬੇਦਾਰਾਂ ਨੂੰ ਠਹਿਰਾ ਦਿਓ ।25ਅਤੇ ਆਪਣੇ ਲਈ ਇੱਕ ਫੌਜ ਗਿਣ ਲਓ ਜੋ ਉਸ ਫੌਜ ਦੇ ਤੁੱਲ ਹੋਵੇ ਜਿਹੜੀ ਗੁਆਚ ਗਈ ਹੈ ਘੋੜੇ ਦੇ ਥਾਂ ਘੋੜਾ ਅਤੇ ਰਥ ਦੇ ਥਾਂ ਰਥ ਤਾਂ ਅਸੀਂ ਉਨ੍ਹਾਂ ਨਾਲ ਮਦਾਨ ਵਿੱਚ ਲੜਾਂਗੇ । ਤਾਂ ਅਸੀਂ ਉਨ੍ਹਾਂ ਨਾਲੋਂ ਜ਼ਰੂਰ ਤਕੜੇ ਹੋਵਾਂਗੇ । ਸੋ ਉਸ ਨੇ ਉਨ੍ਹਾਂ ਦੀ ਅਵਾਜ਼ ਸੁਣੀ ਅਤੇ ਉਵੇਂ ਹੀ ਕੀਤਾ ।
26ਤਾਂ ਇਸ ਤਰ੍ਹਾਂ ਹੋਇਆ ਕਿ ਆਉਂਦੇ ਸਾਲ ਬਨ-ਹਦਦ ਨੇ ਅਰਾਮੀਆਂ ਨੂੰ ਗਿਣਿਆ ਅਤੇ ਅਫੇਕ ਉੱਤੇ ਚੜ੍ਹਾਈ ਕੀਤੀ ਕਿ ਇਸਰਾਏਲ ਨਾਲ ਲੜੇ ।27ਇਸਰਾਏਲੀ ਗਿਣੇ ਗਏ ਅਤੇ ਉਨ੍ਹਾਂ ਨੂੰ ਰਾਸ਼ਨ ਦੇ ਦਿੱਤਾ ਫੇਰ ਉਹ ਉਨ੍ਹਾਂ ਦਾ ਸਾਹਮਣਾ ਕਰਨ ਨੂੰ ਨਿੱਕਲੇ ਅਤੇ ਇਸਰਾਏਲੀਆਂ ਨੇ ਉਨ੍ਹਾਂ ਦੇ ਸਾਹਮਣੇ ਡੇਰੇ ਲਾ ਲਏ ਅਤੇ ਉਹ ਇਸ ਤਰ੍ਹਾਂ ਜਾਪਦੇ ਸਨ ਜਿੱਕਰ ਪਠੋਰਿਆਂ ਦੇ ਦੋ ਛੋਟੇ ਇੱਜੜ ਹਨ ਪਰ ਅਰਾਮੀਆਂ ਨਾਲ ਦੇਸ ਭਰ ਗਿਆ ਸੀ ।
28ਪਰਮੇਸ਼ੁਰ ਦੇ ਇੱਕ ਬੰਦੇ ਨੇ ਆ ਕੇ ਇਸਰਾਏਲ ਦੇ ਪਾਤਸ਼ਾਹ ਨੂੰ ਆਖਿਆ ਕਿ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਇਸ ਲਈ ਕਿ ਅਰਾਮੀਆਂ ਨੇ ਆਖਿਆ ਕਿ ਯਹੋਵਾਹ ਪਹਾੜਾਂ ਦਾ ਪਰਮੇਸ਼ੁਰ ਹੈ ਪਰ ਉਹ ਮਦਾਨ ਦਾ ਪਰਮੇਸ਼ੁਰ ਨਹੀਂ ਹੈ ਮੈਂ ਇਸ ਵੱਡੇ ਦਲ ਨੂੰ ਸਾਰੇ ਦਾ ਸਾਰਾ ਤੇਰੇ ਹੱਥ ਵਿੱਚ ਕਰ ਦਿਆਂਗਾ ਜੋ ਤੁਸੀਂ ਜਾਣੋ ਕਿ ਮੈਂ ਯਹੋਵਾਹ ਹਾਂ ।
29ਸੋ ਉਨ੍ਹਾਂ ਨੇ ਇੱਕ ਦੂਜੇ ਦੇ ਸਾਹਮਣੇ ਸੱਤ ਦਿਨ ਡੇਰੇ ਲਾਈ ਰੱਖੇ ਤਾਂ ਇਸ ਤਰ੍ਹਾਂ ਹੋਇਆ ਕਿ ਸੱਤਵੇਂ ਦਿਨ ਲੜਾਈ ਜੁੱਟ ਪਈ ਅਤੇ ਇਸਰਾਏਲੀਆਂ ਨੇ ਇੱਕ ਦਿਹਾੜੀ ਵਿੱਚ ਅਰਾਮੀਆਂ ਦਾ ਇੱਕ ਲੱਖ ਪਿਆਦਾ ਵੱਢ ਸੁੱਟਿਆ ।30ਪਰ ਰਹਿੰਦੇ ਖੂੰਧੇ ਅਫੇਕ ਸ਼ਹਿਰ ਨੂੰ ਨੱਠ ਗਏ ਅਤੇ ਉੱਥੇ ਸਤਾਈ ਹਜ਼ਾਰ ਉੱਤੇ ਜੋ ਬਚ ਗਏ ਸਨ ਇੱਕ ਕੰਧ ਡਿੱਗ ਪਈ ਅਤੇ ਬਨ-ਹਦਦ ਵੀ ਨੱਠਾ ਅਤੇ ਸ਼ਹਿਰ ਦੇ ਵਿੱਚ ਇੱਕ ਅੰਦਰਲੀ ਕੋਠੜੀ ਵਿੱਚ ਜਾ ਵੜਿਆ ।
31ਤਾਂ ਉਸ ਦੇ ਟਹਿਲੂਆਂ ਨੇ ਉਸ ਨੂੰ ਆਖਿਆ, ਵੇਖੋ, ਅਸੀਂ ਸੁਣਿਆ ਹੈ ਕਿ ਇਸਰਾਏਲ ਦੇ ਘਰਾਣੇ ਦੇ ਪਾਤਸ਼ਾਹ ਦਿਆਲੂ ਪਾਤਸ਼ਾਹ ਹੁੰਦੇ ਹਨ । ਅਸੀਂ ਆਪਣੇ ਲੱਕਾਂ ਉੱਤੇ ਤੱਪੜ ਅਤੇ ਆਪਣੇ ਸਿਰਾਂ ਉੱਤੇ ਰੱਸੀਆਂ ਵਲੇਟ ਲਈਏ ਅਤੇ ਇਸਰਾਏਲ ਦੇ ਪਾਤਸ਼ਾਹ ਕੋਲ ਜਾਈਏ, ਸ਼ਾਇਦ ਉਹ ਤੇਰੀ ਜਾਨ ਬਖਸ਼ੀ ਕਰੇ ।32ਸੋ ਉਨ੍ਹਾਂ ਨੇ ਆਪਣੇ ਲੱਕਾਂ ਉੱਤੇ ਤੱਪੜ ਅਤੇ ਸਿਰਾਂ ਉੱਤੇ ਰੱਸੀਆਂ ਵਲੇਟ ਲਈਆਂ ਅਤੇ ਇਸਰਾਏਲ ਦੇ ਪਾਤਸ਼ਾਹ ਕੋਲ ਆਏ ਅਤੇ ਆਖਿਆ ਕਿ ਤੁਹਾਡਾ ਦਾਸ ਬਨ-ਹਦਦ ਆਖਦਾ ਹੈ, ਦਯਾ ਕਰਕੇ ਮੇਰੀ ਜਾਨ ਬਖਸ਼ ਦਿਓ । ਅੱਗੋਂ ਉਸ ਆਖਿਆ ਕੀ ਉਹ ਅਜੇ ਜਿਉਂਦਾ ਹੈ ? ਉਹ ਤਾਂ ਮੇਰਾ ਭਰਾ ਹੈ ।
33ਉਨ੍ਹਾਂ ਮਨੁੱਖਾਂ ਨੇ ਇਹ ਚੰਗਾ ਲੱਛਣ ਜਾਣਿਆ ਅਤੇ ਧਿਆਨ ਨਾਲ ਉਹ ਦਾ ਇੱਛਾ ਜਾਚ ਕੇ ਆਖਿਆ, ਉਹ ਤੁਹਾਡਾ ਭਰਾ ਬਨ-ਹਦਦ ਹੈ ਤਾਂ ਉਸ ਆਖਿਆ, ਜਾਓ ਉਸ ਨੂੰ ਲੈ ਆਓ ਤਦ ਬਨ-ਹਦਦ ਉਹ ਦੇ ਕੋਲ ਬਾਹਰ ਆਇਆ ਅਤੇ ਉਹ ਨੇ ਉਸ ਨੂੰ ਆਪਣੇ ਰਥ ਉੱਤੇ ਚੜ੍ਹਾ ਲਿਆ ।34ਉਹ ਨੇ ਉਸ ਨੂੰ ਆਖਿਆ, ਜਿਹੜੇ ਸ਼ਹਿਰ ਮੇਰੇ ਪਿਤਾ ਨੇ ਤੇਰੇ ਪਿਤਾ ਤੋਂ ਖੋਹ ਲਏ ਸਨ ਉਹ ਮੈਂ ਮੋੜ ਦਿਆਂਗਾ । ਤੂੰ ਆਪਣੇ ਲਈ ਦੰਮਿਸ਼ਕ ਵਿੱਚ ਬਜਾਰ ਬਣਾ ਲਈਂ ਜਿਵੇਂ ਮੇਰੇ ਪਿਤਾ ਨੇ ਸਾਮਰਿਯਾ ਵਿੱਚ ਬਣਾਏ ਸਨ ਤਦ ਅਹਾਬ ਨੇ ਆਖਿਆ, ਮੈਂ ਇਸ ਨੇਮ ਨਾਲ ਤੈਨੂੰ ਵਿਦਿਆ ਕਰਦਾ ਹਾਂ ਸੋ ਉਹ ਨੇ ਉਸ ਦੇ ਨਾਲ ਨੇਮ ਬੰਨ੍ਹਿਆ ਅਤੇ ਉਸ ਨੂੰ ਛੱਡ ਦਿੱਤਾ ।
ਅਹਾਬ ਦੇ ਵਿਨਾਸ਼ ਦੀ ਭਵਿੱਖਬਾਣੀ

35ਫੇਰ ਨਬੀਆਂ ਦੇ ਪੁੱਤਰਾਂ ਵਿੱਚੋਂ ਇੱਕ ਜਣੇ ਨੇ ਆਪਣੇ ਗੁਆਂਢੀ ਨੂੰ ਯਹੋਵਾਹ ਦੇ ਬਚਨ ਅਨੁਸਾਰ ਆਖਿਆ, ਮੈਨੂੰ ਮਾਰ ਹੀ ਦੇਹ ਪਰ ਉਸ ਨੇ ਉਹ ਦੇ ਮਾਰਨ ਤੋਂ ਨਾਹ ਕੀਤੀ ।36ਇਸ ਤੋਂ ਬਾਅਦ ਉਹ ਨੇ ਉਸ ਨੂੰ ਆਖਿਆ, ਇਸ ਲਈ ਕਿ ਤੂੰ ਯਹੋਵਾਹ ਦੀ ਅਵਾਜ਼ ਨੂੰ ਨਹੀਂ ਮੰਨਿਆ ਤਾਂ ਵੇਖ ਮੇਰੇ ਕੋਲੋਂ ਜਾਂਦਿਆਂ ਸਾਰ ਇੱਕ ਬੱਬਰ ਸ਼ੇਰ ਤੈਨੂੰ ਪਾੜ ਸੁੱਟੇਗਾ । ਸੋ ਜਦੋਂ ਹੀ ਉਹ ਉਸ ਕੋਲੋਂ ਗਿਆ ਇੱਕ ਬੱਬਰ ਸ਼ੇਰ ਉਸ ਨੂੰ ਮਿਲਿਆ ਜਿਸ ਉਸ ਨੂੰ ਪਾੜ ਸੁੱਟਿਆ ।
37ਫੇਰ ਉਹ ਨੂੰ ਇੱਕ ਹੋਰ ਮਨੁੱਖ ਮਿਲਿਆ ਤਾਂ ਉਹ ਨੇ ਉਸ ਨੂੰ ਆਖਿਆ, ਮੈਨੂੰ ਮਾਰ ਹੀ ਦੇਹ । ਉਸ ਮਨੁੱਖ ਨੇ ਉਸ ਨੂੰ ਮਾਰ-ਮਾਰ ਕੇ ਘਾਇਲ ਕਰ ਦਿੱਤਾ ।38ਸੋ ਉਹ ਨਬੀ ਪਾਤਸ਼ਾਹ ਦੀ ਉਡੀਕ ਵਿੱਚ ਰਾਹ ਕੋਲ ਜਾ ਖੜ੍ਹਾ ਹੋਇਆ ਅਤੇ ਉਹ ਨੇ ਆਪਣੀ ਪਗੜੀ ਆਪਣੀਆਂ ਅੱਖਾਂ ਉੱਤੇ ਬੰਨ੍ਹ ਕੇ ਭੇਸ ਵਟਾਇਆ ।
39ਤਾਂ ਜਦ ਪਾਤਸ਼ਾਹ ਲੰਘ ਰਿਹਾ ਸੀ ਤਦ ਉਹ ਨੇ ਪਾਤਸ਼ਾਹ ਦੀ ਦੁਹਾਈ ਦਿੱਤੀ ਕਿ ਤੁਹਾਡਾ ਦਾਸ ਲੜਾਈ ਵਿੱਚ ਗਿਆ ਅਤੇ ਵੇਖੋ ਇੱਕ ਮਨੁੱਖ ਮੁੜ ਕੇ ਇੱਕ ਹੋਰ ਮਨੁੱਖ ਨੂੰ ਮੇਰੇ ਕੋਲ ਲਿਆਇਆ ਅਤੇ ਆਖਿਆ ਕਿ ਇਸ ਮਨੁੱਖ ਦਾ ਧਿਆਨ ਰੱਖ । ਜੇ ਕਦੀ ਇਹ ਨਿੱਕਲ ਜਾਵੇ ਤਾਂ ਇਸ ਦੀ ਜਾਨ ਦੇ ਵੱਟੇ ਤੇਰੀ ਜਾਨ ਜਾਵੇਗੀ ਜਾਂ ਤੈਨੂੰ ਇੱਕ ਤੋੜਾ ਚਾਂਦੀ ਦੇਣੀ ਪਵੇਗੀ ।40ਜਿਸ ਵੇਲੇ ਤੇਰਾ ਦਾਸ ਇਧਰ ਉਧਰ ਕੰਮ ਵਿੱਚ ਫੱਸਿਆ ਹੋਇਆ ਸੀ ਤਾਂ ਉਹ ਨਿੱਕਲ ਗਿਆ । ਤਦ ਇਸਰਾਏਲ ਦੇ ਪਾਤਸ਼ਾਹ ਨੇ ਉਹ ਨੂੰ ਆਖਿਆ, ਇਵੇਂ ਹੀ ਤੇਰਾ ਨਬੇੜਾ ਹੋਵੇਗਾ ਜਿਵੇਂ ਤੂੰ ਆਪ ਨਬੇੜਿਆ ।
41ਫੇਰ ਉਹ ਨੇ ਛੇਤੀ ਨਾਲ ਉਸ ਪਗੜੀ ਨੂੰ ਆਪਣੀਆਂ ਅੱਖਾਂ ਉੱਤੋਂ ਲਾਹ ਦਿੱਤਾ ਤਾਂ ਇਸਰਾਏਲ ਦੇ ਪਾਤਸ਼ਾਹ ਨੇ ਉਹ ਨੂੰ ਪਹਿਚਾਣਿਆ ਕਿ ਉਹ ਨਬੀਆਂ ਵਿੱਚੋਂ ਹੈ ।42ਉਹ ਨੇ ਉਸ ਨੂੰ ਆਖਿਆ, ਯਹੋਵਾਹ ਇਸ ਤਰ੍ਹਾਂ ਫ਼ਰਮਾਉਂਦਾ ਹੈ ਇਸ ਲਈ ਕਿ ਤੂੰ ਉਸ ਮਨੁੱਖ ਨੂੰ ਜਿਹੜਾ ਮੈਂ ਵੱਢਣ ਜੋਗ ਠਹਿਰਾਇਆ ਸੀ ਆਪਣੇ ਹੱਥੀਂ ਖਿਸਕਾ ਦਿੱਤਾ ਤਾਂ ਉਸ ਦੀ ਜਾਨ ਦੇ ਵੱਟੇ ਤੇਰੀ ਜਾਨ ਜਾਵੇਗੀ ਅਤੇ ਉਸ ਦੇ ਲੋਕਾਂ ਦੇ ਵੱਟੇ ਤੇਰੇ ਲੋਕ43ਤਾਂ ਇਸਰਾਏਲ ਦਾ ਪਾਤਸ਼ਾਹ ਆਪਣੇ ਮਹਿਲ ਨੂੰ ਉਦਾਸ ਅਤੇ ਗੁੱਸੇ ਹੋ ਕੇ ਚੱਲਿਆ ਗਿਆ ਅਤੇ ਸਾਮਰਿਯਾ ਵਿੱਚ ਆਇਆ ।

21
ਨਾਬੋਥ ਦਾ ਦਾਖ ਦਾ ਬਾਗ

1ਤਾਂ ਇਸ ਤਰ੍ਹਾਂ ਹੋਇਆ ਕਿ ਇਨ੍ਹਾਂ ਗੱਲਾਂ ਦੇ ਪਿੱਛੋਂ ਨਾਬੋਥ ਯਿਜ਼ਰਏਲੀ ਦੇ ਕੋਲ ਅੰਗੂਰਾਂ ਦਾ ਬਾਗ ਸੀ ਜਿਹੜਾ ਯਿਜ਼ਰਏਲ ਵਿੱਚ ਅਤੇ ਸਾਮਰਿਯਾ ਦੇ ਪਾਤਸ਼ਾਹ ਅਹਾਬ ਦੇ ਮਹਿਲ ਦੇ ਨਾਲ ਲਗਵਾਂ ਸੀ ।2ਅਹਾਬ ਨਾਬੋਥ ਨੂੰ ਬੋਲਿਆ ਕਿ ਆਪਣਾ ਅੰਗੂਰੀ ਬਾਗ ਮੈਨੂੰ ਦੇ ਦੇਹ ਕਿ ਇਹ ਮੇਰੇ ਲਈ ਇੱਕ ਸਬਜ਼ੀ ਦਾ ਬਾਗ ਹੋਵੇ ਕਿਉਂ ਜੋ ਉਹ ਮੇਰੇ ਘਰ ਦੇ ਨਾਲ ਲਗਵਾਂ ਹੈ ਅਤੇ ਮੈਂ ਤੈਨੂੰ ਉਹ ਦੇ ਥਾਂ ਇੱਕ ਚੰਗਾ ਅੰਗੂਰੀ ਬਾਗ ਦੇ ਦਿਆਂਗਾ ਅਤੇ ਜੇ ਤੇਰੀ ਨਿਗਾਹ ਵਿੱਚ ਚੰਗਾ ਲੱਗੇ ਤਾਂ ਮੈਂ ਤੈਨੂੰ ਉਹ ਦੇ ਲਈ ਚਾਂਦੀ ਦਿਆਂਗਾ ।

3ਤਾਂ ਨਾਬੋਥ ਨੇ ਅਹਾਬ ਨੂੰ ਆਖਿਆ ਕਿ ਯਹੋਵਾਹ ਇਹ ਮੈਥੋਂ ਦੂਰ ਰੱਖੇ ਕਿ ਮੈਂ ਆਪਣੇ ਪਿਉ-ਦਾਦਿਆਂ ਦੀ ਮੀਰਾਸ ਤੁਹਾਨੂੰ ਦੇਵਾਂ ।4ਤਾਂ ਅਹਾਬ ਆਪਣੇ ਘਰ ਨੂੰ ਗਿਆ । ਉਹ ਉਸ ਗੱਲ ਤੋਂ ਗੁੱਸੇ ਵਿੱਚ ਵੱਟਿਆ ਘੁੱਟਿਆ ਹੋਇਆ ਸੀ ਜੋ ਯਿਜ਼ਰਏਲੀ ਨਾਬੋਥ ਨੇ ਉਹ ਨੂੰ ਆਖੀ ਸੀ ਕਿ ਮੈਂ ਤੁਹਾਨੂੰ ਆਪਣੇ ਪਿਉ-ਦਾਦਿਆਂ ਦੀ ਮੀਰਾਸ ਨਹੀਂ ਦਿਆਂਗਾ । ਉਹ ਆਪਣੇ ਪਲੰਘ ਉੱਤੇ ਆ ਪਿਆ ਅਤੇ ਮੂੰਹ ਵੱਟ ਛੱਡਿਆ ਅਤੇ ਰੋਟੀ ਨਾ ਖਾਧੀ ।
5ਤਾਂ ਉਹ ਦੀ ਰਾਣੀ ਈਜ਼ਬਲ ਉਹ ਦੇ ਕੋਲ ਆਈ ਅਤੇ ਉਹ ਨੂੰ ਬੋਲੀ, ਤੇਰੀ ਰੂਹ ਕਿਉਂ ਉਦਾਸੀ ਵਿੱਚ ਹੈ ਜੋ ਤੂੰ ਰੋਟੀ ਨਹੀਂ ਖਾਧੀ ?6ਉਹ ਉਸ ਨੂੰ ਬੋਲਿਆ ਕਿ ਮੈਂ ਯਿਜ਼ਰਏਲੀ ਨਾਬੋਥ ਨਾਲ ਗੱਲ ਕੀਤੀ ਸੀ ਅਤੇ ਮੈਂ ਉਸ ਨੂੰ ਆਖਿਆ ਸੀ ਕਿ ਤੂੰ ਆਪਣਾ ਅੰਗੂਰੀ ਬਾਗ ਮੈਨੂੰ ਚਾਂਦੀ ਦੇ ਕੇ ਦੇਹ ਅਤੇ ਜਾਂ ਜੇ ਤੈਨੂੰ ਪਸੰਦ ਹੋਵੇ ਤਾਂ ਮੈਂ ਤੈਨੂੰ ਉਹ ਦੇ ਥਾਂ ਇੱਕ ਹੋਰ ਅੰਗੂਰੀ ਬਾਗ ਦੇ ਦਿੰਦਾ ਹਾਂ ਪਰ ਉਸ ਨੇ ਆਖਿਆ, ਮੈਂ ਤੁਹਾਨੂੰ ਆਪਣਾ ਅੰਗੂਰੀ ਬਾਗ ਨਹੀਂ ਦਿਆਂਗਾ ।7ਤਾਂ ਉਸ ਦੀ ਰਾਣੀ ਈਜ਼ਬਲ ਨੇ ਉਹ ਨੂੰ ਆਖਿਆ, ਕੀ ਤੂੰ ਇਸ ਵੇਲੇ ਇਸਰਾਏਲ ਉੱਤੇ ਰਾਜ ਕਰਦਾ ਹੈਂ ? ਉੱਠ ਰੋਟੀ ਖਾਹ ਅਤੇ ਆਪਣਾ ਮਨ ਭਾਉਂਦਾ ਭੋਗ ਬਿਲਾਸ ਕਰ । ਮੈਂ ਤੈਨੂੰ ਯਿਜ਼ਰਏਲੀ ਨਾਬੋਥ ਦਾ ਅੰਗੂਰੀ ਬਾਗ ਲੈ ਕੇ ਦਿੰਦੀ ਹਾਂ ।
8ਸੋ ਉਸ ਨੇ ਅਹਾਬ ਦੇ ਨਾਮ ਉੱਤੇ ਪਰਵਾਨੇ ਲਿਖੇ ਅਤੇ ਉਨ੍ਹਾਂ ਉੱਤੇ ਉਹ ਦੀ ਮੋਹਰ ਲਾਈ । ਉਹ ਉਨ੍ਹਾਂ ਬਜ਼ੁਰਗਾਂ ਅਤੇ ਭਲੇ ਲੋਕਾਂ ਨੂੰ ਭੇਜੇ ਜਿਹੜੇ ਉਹ ਦੇ ਸ਼ਹਿਰੀ ਸਨ ਅਤੇ ਨਾਬੋਥ ਦੇ ਨੇੜੇ ਵੱਸਦੇ ਸਨ ।9ਤਾਂ ਉਸ ਨੇ ਪਰਵਾਨਿਆਂ ਵਿੱਚ ਲਿਖਿਆ ਕਿ ਵਰਤ ਦੀ ਡੌਂਡੀ ਫਿਰਾਓ ਅਤੇ ਨਾਬੋਥ ਨੂੰ ਲੋਕਾਂ ਦੇ ਸਿਰੇ ਤੇ ਬਿਠਾਓ ।10ਤਾਂ ਸ਼ਤਾਨ ਦੇ ਪੁੱਤਰਾਂ ਵਿੱਚੋਂ ਦੋ ਮਨੁੱਖਾਂ ਨੂੰ ਉਹ ਦੇ ਸਾਹਮਣੇ ਬਿਠਾਓ । ਉਹ ਗਵਾਹੀ ਦੇਣ ਕਿ ਤੂੰ ਪਰਮੇਸ਼ੁਰ ਅਤੇ ਪਾਤਸ਼ਾਹ ਨੂੰ ਦੁਰਬਚਨ ਬੋਲਿਆ ਹੈਂ ਤਾਂ ਉਹ ਉਸ ਨੂੰ ਬਾਹਰ ਲੈ ਜਾ ਕੇ ਪਥਰਾਉ ਕਰਨ ਕਿ ਉਹ ਮਰ ਜਾਵੇ ।
11ਸੋ ਉਹ ਦੇ ਸ਼ਹਿਰ ਦੇ ਲੋਕਾਂ ਨੇ ਅਰਥਾਤ ਬਜ਼ੁਰਗਾਂ ਅਤੇ ਭਲੇ ਲੋਕਾਂ ਨੇ ਜੋ ਉਹ ਦੇ ਸ਼ਹਿਰ ਦੇ ਵਾਸੀ ਸਨ ਜਿਵੇਂ ਈਜ਼ਬਲ ਨੇ ਉਨ੍ਹਾਂ ਨੂੰ ਸੁਨੇਹਾ ਭੇਜਿਆ ਸੀ ਅਤੇ ਜਿਵੇਂ ਉਨ੍ਹਾਂ ਪਰਵਾਨਿਆਂ ਵਿੱਚ ਲਿਖਿਆ ਸੀ ਜੋ ਉਸ ਉਨ੍ਹਾਂ ਨੂੰ ਭੇਜੇ ਤਿਵੇਂ ਹੀ ਕੀਤਾ ।12ਉਨ੍ਹਾਂ ਨੇ ਵਰਤ ਦੀ ਡੌਂਡੀ ਫਿਰਾਈ ਅਤੇ ਨਾਬੋਥ ਨੂੰ ਲੋਕਾਂ ਵਿੱਚ ਉੱਚਾ ਕਰਕੇ ਬਿਠਾਇਆ ।13ਤਾਂ ਦੋ ਸ਼ਤਾਨੀ ਮਨੁੱਖ ਅੰਦਰ ਆਏ ਅਤੇ ਉਸ ਦੇ ਸਾਹਮਣੇ ਬੈਠ ਗਏ ਤਾਂ ਇਨ੍ਹਾਂ ਸ਼ਤਾਨੀ ਮਨੁੱਖਾਂ ਨੇ ਉਸ ਦੇ ਉੱਤੇ ਅਰਥਾਤ ਨਾਬੋਥ ਉੱਤੇ ਲੋਕਾਂ ਦੇ ਅੱਗੇ ਗਵਾਹੀ ਦਿੱਤੀ ਕਿ ਨਾਬੋਥ ਨੇ ਪਰਮੇਸ਼ੁਰ ਅਤੇ ਪਾਤਸ਼ਾਹ ਨੂੰ ਦੁਰਬਚਨ ਆਖੇ ਹਨ ਤਾਂ ਉਹ ਉਸ ਨੂੰ ਸ਼ਹਿਰੋਂ ਬਾਹਰ ਲੈ ਗਏ ਅਤੇ ਉਸ ਨੂੰ ਪਥਰਾਉ ਕਰ ਕੇ ਮਾਰ ਸੁੱਟਿਆ ।14ਤਾਂ ਉਨ੍ਹਾਂ ਨੇ ਈਜ਼ਬਲ ਨੂੰ ਕਹਾ ਭੇਜਿਆ ਕਿ ਨਾਬੋਥ ਨੂੰ ਪਥਰਾਉ ਕੀਤਾ ਗਿਆ ਅਤੇ ਉਹ ਮਰ ਗਿਆ ਹੈ ।
15ਤਾਂ ਇਸ ਤਰ੍ਹਾਂ ਹੋਇਆ ਕਿ ਜਦ ਈਜ਼ਬਲ ਨੇ ਸੁਣਿਆ ਕਿ ਨਾਬੋਥ ਉੱਤੇ ਪਥਰਾਉ ਕੀਤਾ ਗਿਆ ਅਤੇ ਉਹ ਮਰ ਗਿਆ ਹੈ ਤਾਂ ਈਜ਼ਬਲ ਨੇ ਅਹਾਬ ਨੂੰ ਆਖਿਆ, ਉੱਠ ਅਤੇ ਯਿਜ਼ਰਏਲੀ ਨਾਬੋਥ ਦੇ ਅੰਗੂਰੀ ਬਾਗ ਨੂੰ ਕਬਜ਼ੇ ਵਿੱਚ ਲੈ ਜਿਹੜਾ ਉਹ ਤੈਨੂੰ ਚਾਂਦੀ ਲੈ ਕੇ ਦੇਣਾ ਨਹੀਂ ਚਾਹੁੰਦਾ ਸੀ ਕਿਉਂ ਜੋ ਨਾਬੋਥ ਜਿਉਂਦਾ ਨਹੀਂ ਸਗੋਂ ਉਹ ਤਾਂ ਮਰ ਗਿਆ ਹੈ ।16ਅਤੇ ਇਸ ਤਰ੍ਹਾਂ ਹੋਇਆ ਕਿ ਜਦ ਅਹਾਬ ਨੇ ਸੁਣਿਆ ਕਿ ਨਾਬੋਥ ਮਰ ਗਿਆ ਹੈ ਤਾਂ ਅਹਾਬ ਉੱਠਿਆ ਕਿ ਨਾਬੋਥ ਯਿਜ਼ਰਏਲੀ ਦੇ ਅੰਗੂਰੀ ਬਾਗ ਉੱਤੇ ਕਬਜ਼ਾ ਕਰਨ ਲਈ ਹੇਠਾਂ ਜਾਵੇ ।
17ਤਾਂ ਪਰਮੇਸ਼ੁਰ ਦਾ ਬਚਨ ਏਲੀਯਾਹ ਤਿਸ਼ਬੀ ਨੂੰ ਆਇਆ ਕਿ18ਉੱਠ ਅਤੇ ਇਸਰਾਏਲ ਦੇ ਪਾਤਸ਼ਾਹ ਅਹਾਬ ਨੂੰ ਜੋ ਸਾਮਰਿਯਾ ਵਿੱਚ ਵੱਸਦਾ ਹੈ ਜਾ ਮਿਲ । ਵੇਖ, ਉਹ ਨਾਬੋਥ ਦੇ ਅੰਗੂਰੀ ਬਾਗ ਵਿੱਚ ਹੈ ਅਤੇ ਉਸ ਦਾ ਕਬਜ਼ਾ ਲੈਣ ਨੂੰ ਉੱਥੇ ਗਿਆ ਹੈ ।
19ਤੂੰ ਉਹ ਨੂੰ ਬੋਲ ਕਿ ਯਹੋਵਾਹ ਇਸ ਤਰ੍ਹਾਂ ਫ਼ਰਮਾਉਂਦਾ ਹੈ ਕੀ ਤੂੰ ਖ਼ੂਨੀ ਬਣਿਆ ਅਤੇ ਕੀ ਕਬਜ਼ਾ ਵੀ ਲਿਆ ? ਤੂੰ ਉਹ ਨੂੰ ਬੋਲ ਕਿ ਯਹੋਵਾਹ ਇਸ ਤਰ੍ਹਾਂ ਫ਼ਰਮਾਉਂਦਾ ਹੈ, ਕਿ ਜਿੱਥੇ ਕੁੱਤਿਆਂ ਨੇ ਨਾਬੋਥ ਦਾ ਲਹੂ ਚੱਟਿਆ ਉੱਥੇ ਤੇਰਾ ਲਹੂ ਚੱਟਣਗੇ, ਹਾਂ ਤੇਰਾ ਹੀ ।20ਅੱਗੋਂ ਅਹਾਬ ਨੇ ਏਲੀਯਾਹ ਨੂੰ ਆਖਿਆ, ਹੇ ਮੇਰਿਆ ਦੁਸ਼ਮਣਾ, ਤੂੰ ਮੈਨੂੰ ਲੱਭ ਲਿਆ ? ਉਸ ਉੱਤਰ ਦਿੱਤਾ ਹਾਂ, ਲੱਭ ਲਿਆ ਕਿਉਂ ਜੋ ਤੂੰ ਯਹੋਵਾਹ ਦੇ ਵੇਖਦਿਆਂ ਤੇ ਬੁਰਿਆਈ ਕਰਨ ਲਈ ਆਪ ਨੂੰ ਵੇਚ ਦਿੱਤਾ ।
21ਤੂੰ ਵੇਖੇਂਗਾ ਕਿ ਮੈਂ ਤੇਰੇ ਉੱਤੇ ਬੁਰਿਆਈ ਲਿਆਵਾਂਗਾ ਅਤੇ ਮੈਂ ਤੈਨੂੰ ਝਾੜ ਸੁੱਟਾਂਗਾ ਅਤੇ ਮੈਂ ਅਹਾਬ ਨਾਲੋਂ ਨਰ ਅਤੇ ਇਸਰਾਏਲ ਦੇ ਬੰਧੂਏ ਅਤੇ ਅਜ਼ਾਦ ਵੱਢ ਸੁੱਟਾਂਗਾ ।22ਅਤੇ ਮੈਂ ਤੇਰੇ ਘਰਾਣੇ ਨੂੰ ਨਾਬਾਟ ਦੇ ਪੁੱਤਰ ਯਾਰਾਬੁਆਮ ਦੇ ਵਾਂਗੂੰ ਤੇ ਅਹੀਯਾਹ ਦੇ ਪੁੱਤਰ ਬਆਸ਼ਾ ਦੇ ਘਰਾਣੇ ਵਾਂਗੂੰ ਕਰ ਦਿਆਂਗਾ ਉਸ ਖਿਝ ਦੇ ਕਾਰਨ ਜਿਹ ਦੇ ਨਾਲ ਤੂੰ ਮੈਨੂੰ ਖਿਝਾਇਆ ਅਤੇ ਇਸ ਤੋਂ ਵੀ ਕਿ ਤੂੰ ਇਸਰਾਏਲ ਤੋਂ ਪਾਪ ਕਰਾਇਆ ।
23ਈਜ਼ਬਲ ਲਈ ਵੀ ਯਹੋਵਾਹ ਦਾ ਬਚਨ ਹੈ ਕਿ ਈਜ਼ਬਲ ਨੂੰ ਯਿਜ਼ਰਏਲ ਦੀ ਸਫੀਲ ਕੋਲ ਕੁੱਤੇ ਖਾਣਗੇ ।24ਅਹਾਬ ਦਾ ਜਿਹੜਾ ਸ਼ਹਿਰ ਵਿੱਚ ਮਰੇਗਾ ਉਹ ਨੂੰ ਕੁੱਤੇ ਖਾਣਗੇ ਅਤੇ ਜਿਹੜਾ ਰੜ ਵਿੱਚ ਮਰੇਗਾ ਉਹ ਨੂੰ ਅਕਾਸ਼ ਦੇ ਪੰਛੀ ਖਾਣਗੇ ।
25ਪਰ ਅਹਾਬ ਵਰਗਾ ਕੋਈ ਨਹੀਂ ਹੋਇਆ ਜਿਸ ਯਹੋਵਾਹ ਦੀ ਨਿਗਾਹ ਵਿੱਚ ਬੁਰਿਆਈ ਕਰਨ ਲਈ ਆਪ ਨੂੰ ਵੇਚਿਆ ਅਤੇ ਜਿਸ ਨੂੰ ਉਹ ਦੀ ਰਾਣੀ ਈਜ਼ਬਲ ਨੇ ਪਰੇਰਿਆ ।26ਉਹ ਨੇ ਅੱਤ ਘਿਣਾਉਣਾ ਕੰਮ ਇਹ ਕੀਤਾ ਕਿ ਅੰਮੋਰੀਆਂ ਵਾਂਗੂੰ ਜਿਨ੍ਹਾਂ ਨੂੰ ਯਹੋਵਾਹ ਨੇ ਇਸਰਾਏਲ ਦੇ ਅੱਗੋਂ ਕੱਢ ਦਿੱਤਾ ਸੀ ਉਹ ਬੁੱਤਾਂ ਦੇ ਮਗਰ ਲੱਗ ਗਿਆ ।
27ਤਾਂ ਇਸ ਤਰ੍ਹਾਂ ਹੋਇਆ ਕਿ ਜਦ ਅਹਾਬ ਨੇ ਇਹ ਗੱਲਾਂ ਸੁਣੀਆਂ ਤਾਂ ਆਪਣੇ ਲੀੜੇ ਪਾੜ ਲਏ ਅਤੇ ਆਪਣੇ ਸਰੀਰ ਉੱਤੇ ਤੱਪੜ ਪਾ ਕੇ ਵਰਤ ਰੱਖਿਆ ਅਤੇ ਤੱਪੜ ਵਿੱਚ ਹੀ ਲੇਟਣ ਅਤੇ ਹੌਲੀ-ਹੌਲੀ ਚੱਲਣ ਲੱਗਾ ।28ਤਾਂ ਯਹੋਵਾਹ ਦਾ ਬਚਨ ਏਲੀਯਾਹ ਤਿਸ਼ਬੀ ਨੂੰ ਆਇਆ ਕੀ29ਤੂੰ ਵੇਖਦਾ ਹੈਂ ਕਿ ਅਹਾਬ ਨੇ ਮੇਰੇ ਸਾਹਮਣੇ ਆਪ ਨੂੰ ਅਧੀਨ ਕੀਤਾ ਹੈ ? ਇਸ ਲਈ ਕਿ ਉਹ ਨੇ ਆਪ ਨੂੰ ਮੇਰੇ ਸਨਮੁਖ ਅਧੀਨ ਕੀਤਾ ਹੈ ਮੈਂ ਉਹ ਦੇ ਦਿਨਾਂ ਵਿੱਚ ਇਹ ਬੁਰਿਆਈ ਨਾ ਲਿਆਵਾਂਗਾ ਪਰ ਉਹ ਦੇ ਪੁੱਤਰ ਦੇ ਦਿਨਾਂ ਵਿੱਚ ਉਹ ਦੇ ਘਰਾਣੇ ਉੱਤੇ ਇਹ ਬੁਰਿਆਈ ਲਿਆਵਾਂਗਾ ।

22
ਮੀਕਾਯਾਹ ਦੀ ਅਹਾਬ ਨੂੰ ਚੇਤਾਵਨੀ
( 2 ਇਤਿਹਾਸ 18:2-27)

1ਤਿੰਨਾਂ ਸਾਲਾਂ ਤੱਕ ਉਹ ਅਮਨ ਨਾਲ ਟਿਕੇ ਰਹੇ ਅਤੇ ਅਰਾਮ ਅਤੇ ਇਸਰਾਏਲ ਵਿੱਚ ਕੋਈ ਲੜਾਈ ਨਾ ਹੋਈ ।2ਤਾਂ ਤੀਜੇ ਸਾਲ ਇਸ ਤਰ੍ਹਾਂ ਹੋਇਆ ਕਿ ਯਹੂਦਾਹ ਦਾ ਪਾਤਸ਼ਾਹ ਯਹੋਸ਼ਾਫਾਟ ਇਸਰਾਏਲ ਦੇ ਪਾਤਸ਼ਾਹ ਕੋਲ ਹਠਾੜ ਨੂੰ ਆਇਆ ।

3ਅਤੇ ਇਸਰਾਏਲ ਦੇ ਪਾਤਸ਼ਾਹ ਨੇ ਆਪਣੇ ਟਹਿਲੂਆਂ ਨੂੰ ਆਖਿਆ, ਤੁਸੀਂ ਜਾਣਦੇ ਹੋ ਕਿ ਰਾਮੋਥ ਗਿਲਆਦ ਸਾਡਾ ਹੈ । ਭਲਾ, ਅਸੀਂ ਚੁੱਪ ਕਰਕੇ ਬੈਠ ਰਹੀਏ ਅਤੇ ਉਸ ਨੂੰ ਅਰਾਮ ਦੇ ਰਾਜਾ ਕੋਲੋਂ ਮੋੜ ਕੇ ਨਾ ਲਈਏ ?4ਉਹ ਨੇ ਯਹੋਸ਼ਾਫਾਟ ਨੂੰ ਆਖਿਆ, ਕੀ ਤੂੰ ਮੇਰੇ ਨਾਲ ਰਾਮੋਥ ਗਿਲਆਦ ਨੂੰ ਲੜਾਈ ਲਈ ਚੱਲੇਂਗਾ ? ਤਾਂ ਯਹੋਸ਼ਾਫਾਟ ਨੇ ਇਸਰਾਏਲ ਦੇ ਪਾਤਸ਼ਾਹ ਨੂੰ ਆਖਿਆ, ਜੇਹਾ ਤੂੰ ਤੇਹਾ ਮੈਂ, ਜੇਹੇ ਤੇਰੇ ਲੋਕ ਤੇਹੇ ਮੇਰੇ ਲੋਕ, ਜੇਹੇ ਤੇਰੇ ਘੋੜੇ ਤੇਹੇ ਮੇਰੇ ਘੋੜੇ ।
5ਇਸ ਤੋਂ ਬਾਅਦ ਯਹੋਸ਼ਾਫਾਟ ਨੇ ਇਸਰਾਏਲ ਦੇ ਪਾਤਸ਼ਾਹ ਨੂੰ ਆਖਿਆ, ਅੱਜ ਜ਼ਰਾ ਯਹੋਵਾਹ ਦੇ ਬਚਨ ਦੀ ਤਾਂ ਪੁੱਛ ਕਰੀਂ ।6ਤਾਂ ਇਸਰਾਏਲ ਦੇ ਪਾਤਸ਼ਾਹ ਨੇ ਨਬੀਆਂ ਨੂੰ ਜੋ ਚਾਰ ਕੁ ਸੌ ਸਨ ਇਕੱਠਾ ਕੀਤਾ ਅਤੇ ਉਨ੍ਹਾਂ ਨੂੰ ਆਖਿਆ, ਕੀ ਮੈਂ ਰਾਮੋਥ ਗਿਲਆਦ ਦੇ ਵਿਰੁੱਧ ਲੜਾਈ ਲਈ ਚੜਾਈ ਕਰਾਂ ਜਾਂ ਜਾਣ ਦਿਆਂ ? ਉਨ੍ਹਾਂ ਆਖਿਆ, ਤੁਸੀਂ ਜਾਓ ਕਿਉਂ ਜੋ ਯਹੋਵਾਹ ਉਸ ਨੂੰ ਪਾਤਸ਼ਾਹ ਦੇ ਹੱਥ ਵਿੱਚ ਦੇ ਦੇਵੇਗਾ ।
7ਤਾਂ ਯਹੋਸ਼ਾਫਾਟ ਨੇ ਆਖਿਆ, ਇਨ੍ਹਾਂ ਤੋਂ ਵਾਹਵਾ ਯਹੋਵਾਹ ਦਾ ਕੋਈ ਹੋਰ ਨਬੀ ਵੀ ਹੈ ਤਾਂ ਜੋ ਅਸੀਂ ਉਸ ਦੇ ਕੋਲੋਂ ਵੀ ਪੁੱਛੀਏ ?8ਤਾਂ ਇਸਰਾਏਲ ਦੇ ਪਾਤਸ਼ਾਹ ਨੇ ਯਹੋਸ਼ਾਫਾਟ ਨੂੰ ਆਖਿਆ, ਅਜੇ ਇੱਕ ਮਨੁੱਖ ਹੈ ਜਿਹ ਦੇ ਰਾਹੀਂ ਅਸੀਂ ਯਹੋਵਾਹ ਤੋਂ ਪੁੱਛੀਏ ਉਹ ਯਿਮਲਾਹ ਦਾ ਪੁੱਤਰ ਮੀਕਾਯਾਹ ਹੈ ਪਰ ਮੈਨੂੰ ਉਸ ਤੋਂ ਕਿੜ ਹੈ ਜੋ ਉਹ ਮੇਰੇ ਵਿਖੇ ਭਲਿਆਈ ਦਾ ਨਹੀਂ ਸਗੋਂ ਬੁਰਿਆਈ ਦਾ ਅਗੰਮ ਵਾਚਦਾ ਹੈ । ਯਹੋਸ਼ਾਫਾਟ ਨੇ ਆਖਿਆ, ਪਾਤਸ਼ਾਹ ਇਸ ਤਰ੍ਹਾਂ ਨਾ ਆਖੇ ।9ਤਦ ਇਸਰਾਏਲ ਦੇ ਪਾਤਸ਼ਾਹ ਨੇ ਇੱਕ ਖੁਸਰੇ ਨੂੰ ਸੱਦ ਕੇ ਆਖਿਆ, ਯਿਮਲਾਹ ਦੇ ਪੁੱਤਰ ਮੀਕਾਯਾਹ ਨੂੰ ਛੇਤੀ ਲੈ ਆ ।
10ਇਸਰਾਏਲ ਦਾ ਪਾਤਸ਼ਾਹ ਅਤੇ ਯਹੂਦਾਹ ਦਾ ਪਾਤਸ਼ਾਹ ਯਹੋਸ਼ਾਫਾਟ ਆਪੋ ਆਪਣੀਆਂ ਰਾਜ ਗੱਦੀਆਂ ਉੱਤੇ ਪਾਤਸ਼ਾਹੀ ਬਸਤਰ ਪਹਿਨੇ ਹੋਏ ਇੱਕ ਪਿੜ ਵਿੱਚ ਜੋ ਸਾਮਰਿਯਾ ਦੇ ਫਾਟਕ ਅੱਗੇ ਸੀ ਬੈਠੇ ਹੋਏ ਸਨ ਅਤੇ ਸਾਰੇ ਨਬੀ ਉਨ੍ਹਾਂ ਦੇ ਅੱਗੇ ਅਗੰਮ ਵਾਚ ਰਹੇ ਸਨ ।11ਕਨਾਨਾਹ ਦੇ ਪੁੱਤਰ ਸਿਦਕੀਯਾਹ ਨੇ ਆਪਣੇ ਲਈ ਲੋਹੇ ਦੇ ਸਿੰਙ ਬਣਾਏ ਅਤੇ ਆਖਿਆ, ਯਹੋਵਾਹ ਇਸ ਤਰ੍ਹਾਂ ਫ਼ਰਮਾਉਂਦਾ ਹੈ ਕਿ ਇਨ੍ਹਾਂ ਨਾਲ ਤੁਸੀਂ ਅਰਾਮੀਆਂ ਨੂੰ ਜਦ ਤੱਕ ਉਹ ਮੁੱਕ ਨਾ ਜਾਣ ਧਸੀ ਜਾਓਗੇ12ਅਤੇ ਸਾਰੇ ਨਬੀ ਇਸ ਤਰ੍ਹਾਂ ਅਗੰਮ ਵਾਚ ਰਹੇ ਸਨ ਕਿ ਰਾਮੋਥ ਗਿਲਆਦ ਉੱਤੇ ਚੜ੍ਹ ਜਾਓ ਅਤੇ ਫਤਹ ਪਾਓ ਕਿਉਂ ਜੋ ਯਹੋਵਾਹ ਉਸ ਨੂੰ ਪਾਤਸ਼ਾਹ ਦੇ ਹੱਥ ਵਿੱਚ ਕਰ ਦੇਵੇਗਾ ।
13ਉਹ ਹਲਕਾਰਾ ਜੋ ਮੀਕਾਯਾਹ ਨੂੰ ਸੱਦਣ ਗਿਆ ਸੀ ਉਹ ਨੂੰ ਬੋਲਿਆ, ਜ਼ਰਾ ਵੇਖੀ ਨਾ ਕਿ ਨਬੀ ਇੱਕ ਮੂੰਹ ਹੋ ਕੇ ਪਾਤਸ਼ਾਹ ਲਈ ਭਲਿਆਈ ਦੀਆਂ ਗੱਲਾਂ ਦੱਸਦੇ ਹਨ । ਤੇਰੀ ਗੱਲ ਵੀ ਉਨ੍ਹਾਂ ਦੀਆਂ ਗੱਲਾਂ ਵਰਗੀ ਹੋਵੇ ਅਤੇ ਭਲਿਆਈ ਬੋਲੀਂ ।14ਅੱਗੋਂ ਮੀਕਾਯਾਹ ਨੇ ਆਖਿਆ, ਜਿਉਂਦੇ ਯਹੋਵਾਹ ਦੀ ਸਹੁੰ ਜੋ ਕੁਝ ਯਹੋਵਾਹ ਮੈਨੂੰ ਫ਼ਰਮਾਏਗਾ ਉਹੋ ਹੀ ਬੋਲਾਂਗਾ ।15ਸੋ ਉਹ ਪਾਤਸ਼ਾਹ ਕੋਲ ਆਇਆ ਤਾਂ ਪਾਤਸ਼ਾਹ ਨੇ ਉਹ ਨੂੰ ਆਖਿਆ, ਹੇ ਮੀਕਾਯਾਹ, ਭਲਾ ਅਸੀਂ ਰਾਮੋਥ-ਗਿਲਆਦ ਉੱਤੇ ਚੜ੍ਹਾਈ ਕਰਨ ਜਾਈਏ ਜਾਂ ਰੁਕੇ ਰਹੀਏ ? ਤਾਂ ਉਹ ਨੇ ਉਸ ਨੂੰ ਆਖਿਆ, ਚੜ੍ਹ ਜਾਓ ਅਤੇ ਫਤਹ ਪਾਓ ਕਿਉਂ ਜੋ ਯਹੋਵਾਹ ਉਸ ਨੂੰ ਪਾਤਸ਼ਾਹ ਦੇ ਹੱਥ ਵਿੱਚ ਦੇ ਦੇਵੇਗਾ ।
16ਤਾਂ ਪਾਤਸ਼ਾਹ ਨੇ ਉਹ ਨੂੰ ਆਖਿਆ, ਮੈਂ ਤੈਨੂੰ ਕਿੰਨੀ ਕੁ ਵਾਰ ਸਹੁੰ ਚੁਕਾਵਾਂ ਕਿ ਤੂੰ ਮੈਨੂੰ ਯਹੋਵਾਹ ਦੇ ਨਾਮ ਉੱਤੇ ਸਚਿਆਈ ਤੋਂ ਬਿਨਾਂ ਕੁਝ ਹੋਰ ਨਾ ਦੱਸੇਂ ?17ਤਦ ਉਹ ਨੇ ਆਖਿਆ, ਮੈਂ ਸਾਰੇ ਇਸਰਾਏਲ ਨੂੰ ਉਨ੍ਹਾਂ ਭੇਡਾਂ ਵਾਂਗੂੰ ਜਿਨ੍ਹਾਂ ਦਾ ਅਯਾਲੀ ਨਹੀਂ ਪਹਾੜਾਂ ਉੱਤੇ ਖਿੰਡ ਜਾਣਾ ਦੇਖਿਆ ਅਤੇ ਯਹੋਵਾਹ ਨੇ ਫ਼ਰਮਾਇਆ ਕਿ ਇਨ੍ਹਾਂ ਦਾ ਮਾਲਕ ਨਹੀਂ ਉਨ੍ਹਾਂ ਦਾ ਹਰ ਮਨੁੱਖ ਆਪਣੇ ਘਰ ਨੂੰ ਸੁਲਾਹ ਵਿੱਚ ਜਾਵੇ ।
18ਇਸ ਤੋਂ ਬਾਅਦ ਇਸਰਾਏਲ ਦੇ ਪਾਤਸ਼ਾਹ ਨੇ ਯਹੋਸ਼ਾਫਾਟ ਨੂੰ ਆਖਿਆ, ਭਲਾ, ਮੈਂ ਤੈਨੂੰ ਨਹੀਂ ਆਖਿਆ ਸੀ ਕਿ ਉਹ ਮੇਰੀ ਭਲਿਆਈ ਨਹੀਂ ਸਗੋਂ ਬੁਰਿਆਈ ਵਾਚੇਗਾ ?19ਉਹ ਨੇ ਫੇਰ ਆਖਿਆ, ਇਸ ਲਈ ਤੁਸੀਂ ਯਹੋਵਾਹ ਦਾ ਬਚਨ ਸੁਣੋ । ਮੈਂ ਯਹੋਵਾਹ ਨੂੰ ਆਪਣੇ ਸਿੰਘਾਸਣ ਉੱਤੇ ਬੈਠਿਆਂ ਦੇਖਿਆ ਅਤੇ ਸਵਰਗ ਦੀ ਸਾਰੀ ਸੈਨਾ ਉਹ ਦੇ ਸੱਜੇ ਅਤੇ ਖੱਬੇ ਖੜ੍ਹੀ ਸੀ ।20ਤਾਂ ਯਹੋਵਾਹ ਨੇ ਆਖਿਆ, ਕੌਣ ਅਹਾਬ ਨੂੰ ਭਰਮਾਏਗਾ ਜੋ ਉਹ ਚੜ੍ਹ ਕੇ ਰਾਮੋਥ ਗਿਲਆਦ ਕੋਲ ਡਿੱਗ ਮਰੇ ? ਤਾਂ ਇੱਕ ਇਸ ਤਰ੍ਹਾਂ ਬੋਲਿਆ ਅਤੇ ਇੱਕ ਉਸ ਤਰ੍ਹਾਂ ਬੋਲਿਆ ।
21ਤਾਂ ਇਕ ਆਤਮਾ ਨਿੱਕਲ ਕੇ ਯਹੋਵਾਹ ਦੇ ਅੱਗੇ ਜਾ ਖੜ੍ਹਾ ਹੋਇਆ ਅਤੇ ਆਖਿਆ, ਮੈਂ ਉਸ ਨੂੰ ਭਰਮਾਵਾਂਗਾ ਤਾਂ ਯਹੋਵਾਹ ਨੇ ਪੁੱਛਿਆ, ਕਿਸ ਤਰ੍ਹਾਂ ?22ਉਸ ਆਖਿਆ, ਮੈਂ ਜਾ ਕੇ ਇੱਕ ਝੂਠਾ ਆਤਮਾ ਉਸ ਦੇ ਸਾਰੇ ਨਬੀਆਂ ਦੇ ਮੂੰਹਾਂ ਵਿੱਚ ਬਣਾਂਗਾ । ਤਾਂ ਉਹ ਨੇ ਆਖਿਆ, ਤੂੰ ਉਸ ਨੂੰ ਭਰਮਾ ਲਏਂਗਾ ਅਤੇ ਜਿੱਤੇਂਗਾ । ਜਾ ਅਤੇ ਇਸ ਤਰ੍ਹਾਂ ਕਰ ।23ਹੁਣ ਵੇਖੋ, ਯਹੋਵਾਹ ਨੇ ਤੁਹਾਡੇ ਇੰਨ੍ਹਾਂ ਸਭਨਾਂ ਨਬੀਆਂ ਦੇ ਮੂੰਹਾਂ ਵਿੱਚ ਇੱਕ ਝੂਠਾ ਆਤਮਾ ਪਾ ਦਿੱਤਾ ਹੈ ਪਰ ਯਹੋਵਾਹ ਤੁਹਾਡੇ ਲਈ ਬੁਰਿਆਈ ਬੋਲਿਆ ਹੈ ।
24ਤਾਂ ਕਨਾਨਾਹ ਦੇ ਪੁੱਤਰ ਸਿਦਕੀਯਾਹ ਨੇ ਨੇੜੇ ਆ ਕੇ ਮੀਕਾਯਾਹ ਨੂੰ ਗੱਲ੍ਹ ਉੱਤੇ ਮਾਰਿਆ ਅਤੇ ਆਖਿਆ, ਯਹੋਵਾਹ ਦਾ ਆਤਮਾ ਕਿਸ ਰਾਹ ਥਾਣੀ ਮੇਰੇ ਕੋਲੋਂ ਦੀ ਲੰਘਿਆ ਜੋ ਤੈਨੂੰ ਬੋਲੇ ?25ਪਰ ਮੀਕਾਯਾਹ ਨੇ ਆਖਿਆ, ਵੇਖ, ਤੂੰ ਉਸ ਦਿਨ ਜਦ ਤੂੰ ਅੰਦਰਲੀ ਕੋਠੜੀ ਵਿੱਚ ਲੁੱਕਣ ਨੂੰ ਵੜੇਂਗਾ ਤਦ ਤੂੰ ਵੇਖੇਂਗਾ ।
26ਤਦ ਇਸਰਾਏਲ ਦੇ ਪਾਤਸ਼ਾਹ ਨੇ ਆਖਿਆ, ਮੀਕਾਯਾਹ ਨੂੰ ਫੜ੍ਹ ਕੇ ਸ਼ਹਿਰ ਦੇ ਸਰਦਾਰ ਆਮੋਨ ਕੋਲ ਅਤੇ ਪਾਤਸ਼ਾਹ ਦੇ ਪੁੱਤਰ ਯੋਆਸ਼ ਕੋਲ ਮੋੜ ਲੈ ਜਾ ।27ਅਤੇ ਆਖ ਕਿ ਪਾਤਸ਼ਾਹ ਇਸ ਤਰ੍ਹਾਂ ਫ਼ਰਮਾਉਂਦਾ ਹੈ ਕਿ ਮੇਰੇ ਸੁੱਖ-ਸਾਂਦ ਨਾਲ ਆਉਣ ਤੋੜੀ ਇਸ ਨੂੰ ਕੈਦ ਵਿੱਚ ਰੱਖੋ ਅਤੇ ਉਹ ਨੂੰ ਤੰਗੀ ਦੀ ਰੋਟੀ ਅਤੇ ਤੰਗੀ ਦਾ ਪਾਣੀ ਦਿਓ ।28ਪਰ ਮੀਕਾਯਾਹ ਨੇ ਆਖਿਆ, ਜੇਕਰ ਤੁਸੀਂ ਕਦੀ ਸੁੱਖ-ਸਾਂਦ ਨਾਲ ਮੁੜ ਆਓ ਤਾਂ ਯਹੋਵਾਹ ਮੇਰੇ ਰਾਹੀਂ ਨਹੀਂ ਬੋਲਿਆ ਨਾਲੇ ਉਹ ਨੇ ਆਖਿਆ, ਹੇ ਲੋਕੋ, ਤੁਸੀਂ ਸਭ ਦੇ ਸਭ ਸੁਣ ਲਓ ।
ਅਹਾਬ ਦੀ ਮੌਤ
(2 ਇਤਿਹਾਸ 18:28-34)

29ਤਾਂ ਇਸਰਾਏਲ ਦਾ ਪਾਤਸ਼ਾਹ ਅਤੇ ਯਹੂਦਾਹ ਦਾ ਪਾਤਸ਼ਾਹ ਰਾਮੋਥ ਗਿਲਆਦ ਨੂੰ ਚੜ੍ਹੇ ।30ਅਤੇ ਇਸਰਾਏਲ ਦੇ ਪਾਤਸ਼ਾਹ ਨੇ ਯਹੋਸ਼ਾਫਾਟ ਨੂੰ ਆਖਿਆ, ਮੈਂ ਆਪਣਾ ਭੇਸ ਵਟਾ ਕੇ ਲੜਾਈ ਵਿੱਚ ਜਾਂਵਾਂਗਾ ਪਰ ਤੂੰ ਆਪਣੇ ਬਸਤਰ ਪਾਈ ਰੱਖ । ਸੋ ਇਸਰਾਏਲ ਦਾ ਪਾਤਸ਼ਾਹ ਭੇਸ ਵਟਾ ਕੇ ਲੜਾਈ ਵਿੱਚ ਗਿਆ ।
31ਪਰ ਅਰਾਮ ਦੇ ਰਾਜੇ ਨੇ ਆਪਣੇ ਰੱਥਾਂ ਦੇ ਬੱਤੀਆਂ ਸਰਦਾਰਾਂ ਨੂੰ ਹੁਕਮ ਦਿੱਤਾ ਕਿ ਇਸਰਾਏਲ ਦੇ ਪਾਤਸ਼ਾਹ ਤੋਂ ਛੁੱਟ ਹੋਰ ਕਿਸੇ ਛੋਟੇ ਵੱਡੇ ਨਾਲ ਨਾ ਲੜਿਓ ।32ਤਾਂ ਇਸ ਤਰ੍ਹਾਂ ਹੋਇਆ ਕਿ ਜਦ ਰੱਥਾਂ ਦੇ ਸਰਦਾਰਾਂ ਨੇ ਯਹੋਸ਼ਾਫਾਟ ਨੂੰ ਦੇਖਿਆ ਤਾਂ ਉਨ੍ਹਾਂ ਨੇ ਆਖਿਆ, ਇਸਰਾਏਲ ਦਾ ਪਾਤਸ਼ਾਹ ਜ਼ਰੂਰ ਇਹੋ ਹੀ ਹੋਵੇਗਾ ਅਤੇ ਉਹ ਉਸ ਦੇ ਨਾਲ ਲੜਨ ਨੂੰ ਮੁੜੇ ਪਰ ਯਹੋਸ਼ਾਫਾਟ ਚਿਚਲਾਇਆ ।33ਅਤੇ ਇਸ ਤਰ੍ਹਾਂ ਹੋਇਆ ਕਿ ਜਦ ਰੱਥਾਂ ਦੇ ਸਰਦਾਰਾਂ ਨੇ ਵੇਖਿਆ ਕਿ ਇਹ ਇਸਰਾਏਲ ਦਾ ਪਾਤਸ਼ਾਹ ਨਹੀਂ ਹੈਂ ਤਾਂ ਉਹ ਉਸ ਦਾ ਪਿੱਛਾ ਕਰਨ ਤੋਂ ਹਟ ਗਏ ।
34ਅਤੇ ਕਿਸੇ ਮਨੁੱਖ ਨੇ ਅੱਟਕਲ ਪੱਚੂ ਆਪਣਾ ਧਨੁਖ ਖਿੱਚ ਕੇ ਇਸਰਾਏਲ ਦੇ ਪਾਤਸ਼ਾਹ ਨੂੰ ਸੰਜੋ ਦੇ ਜੋੜ ਵਿੱਚ ਤੀਰ ਮਾਰਿਆ ਤਾਂ ਉਸ ਆਪਣੇ ਸਾਰਥੀ ਨੂੰ ਆਖਿਆ, ਮੋੜ ਲੈ ਅਤੇ ਮੈਨੂੰ ਦਲ ਵਿੱਚੋਂ ਕੱਢ ਲੈ ਚੱਲ ਕਿਉਂ ਜੋ ਮੈਂ ਫੱਟੜ ਹੋ ਗਿਆ ਹਾਂ ।
35ਅਤੇ ਲੜਾਈ ਉਸ ਦਿਨ ਵੱਧ ਗਈ ਅਤੇ ਪਾਤਸ਼ਾਹ ਅਰਾਮੀਆਂ ਦੇ ਸਾਹਮਣੇ ਰਥ ਉੱਤੇ ਥੰਮ੍ਹਿਆ ਰਿਹਾ ਅਤੇ ਸੰਝ ਨੂੰ ਮਰ ਗਿਆ ਅਤੇ ਲਹੂ ਉਹ ਦੇ ਜ਼ਖਮ ਤੋਂ ਰਥ ਦੇ ਵਿੱਚ ਵਗਦਾ ਰਿਹਾ ।36ਅਤੇ ਸੂਰਜ ਦੇ ਆਥਣ ਦੇ ਵੇਲੇ ਦਲ ਦੇ ਵਿੱਚ ਇਹ ਹੋਕਾ ਫਿਰਾਇਆ ਗਿਆ ਕਿ ਹਰ ਕੋਈ ਆਪੋ ਆਪਣੇ ਸ਼ਹਿਰ ਅਤੇ ਹਰ ਕੋਈ ਆਪੋ ਆਪਣੇ ਦੇਸ ਨੂੰ ਤੁਰ ਜਾਵੇ ।
37ਸੋ ਪਾਤਸ਼ਾਹ ਮਰ ਗਿਆ ਅਤੇ ਉਹ ਨੂੰ ਸਾਮਰਿਯਾ ਵਿੱਚ ਲੈ ਗਏ ਅਤੇ ਉਨ੍ਹਾਂ ਨੇ ਪਾਤਸ਼ਾਹ ਨੂੰ ਸਾਮਰਿਯਾ ਵਿੱਚ ਦੱਬ ਦਿੱਤਾ ।38ਅਤੇ ਰਥ ਨੂੰ ਸਾਮਰਿਯਾ ਦੇ ਤਲਾਓ ਵਿੱਚ ਧੋਤਾ ਜਿੱਥੇ ਵੇਸਵਾ ਨਹਾਉਂਦੀਆਂ ਹੁੰਦੀਆਂ ਸਨ ਅਤੇ ਯਹੋਵਾਹ ਦੇ ਬਚਨ ਅਨੁਸਾਰ ਜੋ ਉਹ ਬੋਲਿਆ ਕੁੱਤਿਆਂ ਨੇ ਆ ਕੇ ਉਹ ਦਾ ਲਹੂ ਚੱਟਿਆ ।
39ਅਹਾਬ ਦੀਆਂ ਬਾਕੀ ਗੱਲਾਂ ਅਤੇ ਜੋ ਕੁਝ ਉਸਨੇ ਕੀਤਾ ਅਤੇ ਉਹ ਹਾਥੀ ਦੰਦ ਦਾ ਘਰ ਜੋ ਉਸ ਨੇ ਬਣਾਇਆ ਅਤੇ ਉਹ ਸਾਰੇ ਸ਼ਹਿਰ ਜੋ ਉਸ ਨੇ ਉਸਾਰੇ ਕੀ ਉਹ ਸਭ ਇਸਰਾਏਲ ਦਿਆਂ ਪਾਤਸ਼ਾਹਾਂ ਦੇ ਇਤਿਹਾਸ ਦੀ ਪੋਥੀ ਵਿੱਚ ਨਹੀਂ ਲਿਖੇ ਗਏ ?40ਸੋ ਅਹਾਬ ਆਪਣੇ ਪਿਉ-ਦਾਦਿਆਂ ਦੇ ਨਾਲ ਸੌਂ ਗਿਆ ਅਤੇ ਉਸ ਦਾ ਪੁੱਤਰ ਅਹਜ਼ਯਾਹ ਉਸ ਦੇ ਥਾਂ ਰਾਜ ਕਰਨ ਲੱਗਾ ।
ਯਹੂਦਾਹ ਦਾ ਰਾਜਾ ਯਹੋਸ਼ਾਫਾਟ
(2 ਇਤਿਹਾਸ 20:31-21:1)

41ਆਸਾ ਦਾ ਪੁੱਤਰ ਯਹੋਸ਼ਾਫਾਟ ਇਸਰਾਏਲ ਦੇ ਪਾਤਸ਼ਾਹ ਅਹਾਬ ਦੇ ਚੌਥੇ ਸਾਲ ਵਿੱਚ ਯਹੂਦਾਹ ਉੱਤੇ ਰਾਜ ਕਰਨ ਲੱਗਾ ।42ਯਹੋਸ਼ਾਫਾਟ ਪੈਂਤੀਆਂ ਸਾਲਾਂ ਦਾ ਸੀ ਜਦ ਰਾਜ ਕਰਨ ਲੱਗਾ ਅਤੇ ਯਰੂਸ਼ਲਮ ਵਿੱਚ ਪੰਝੀ ਸਾਲ ਰਾਜ ਕੀਤਾ ਅਤੇ ਉਹ ਦੀ ਮਾਤਾ ਦਾ ਨਾਮ ਸ਼ਿਲਹੀ ਦੀ ਧੀ ਅਜ਼ੂਬਾਹ ਸੀ ।
43ਉਹ ਆਪਣੇ ਪਿਤਾ ਆਸਾ ਦੇ ਸਾਰੇ ਰਾਹ ਵਿੱਚ ਚੱਲਦਾ ਰਿਹਾ । ਉਹ ਉਸ ਤੋਂ ਨਹੀਂ ਮੁੜਿਆ ਪਰ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ ਉਹੋ ਕਰਦਾ ਰਿਹਾ ਤਾਂ ਵੀ ਉੱਚੇ ਸਥਾਨ ਢਾਹੇ ਨਾ ਗਏ ਸਗੋਂ ਅਜੇ ਲੋਕ ਉਨ੍ਹਾਂ ਉੱਚਿਆਂ ਥਾਵਾਂ ਉੱਤੇ ਬਲੀਆਂ ਚੜ੍ਹਾਉਂਦੇ ਅਤੇ ਧੂਪ ਧੁਖਾਉਂਦੇ ਸਨ ।44ਯਹੋਸ਼ਾਫਾਟ ਨੇ ਇਸਰਾਏਲ ਦੇ ਪਾਤਸ਼ਾਹ ਨਾਲ ਮੇਲ ਕੀਤਾ ।
45ਯਹੋਸ਼ਾਫਾਟ ਦੀਆਂ ਬਾਕੀ ਗੱਲਾਂ ਅਤੇ ਉਹ ਦਾ ਬਲ ਜੋ ਉਹ ਨੇ ਵਿਖਾਇਆ ਅਤੇ ਉਹ ਕਿਵੇਂ ਲੜਿਆ ਕੀ ਇਹ ਯਹੂਦਾਹ ਦੇ ਪਾਤਸ਼ਾਹਾਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੇ ਹੋਏ ਨਹੀਂ ਹਨ ?46ਅਤੇ ਉਨ੍ਹਾਂ ਗਾਂਡੂਆਂ ਨੂੰ ਜੋ ਉਹ ਦੇ ਪਿਤਾ ਆਸਾ ਦੇ ਦਿਨਾਂ ਵਿੱਚ ਬਾਕੀ ਰਹਿ ਗਏ ਸਨ ਉਹ ਨੇ ਦੇਸੋਂ ਕੱਢ ਦਿੱਤਾ ।47ਅਦੋਮ ਵਿੱਚ ਕੋਈ ਰਾਜਾ ਨਹੀਂ ਸੀ । ਇੱਕ ਗੁਮਾਸ਼ਤਾ ਰਾਜ ਕਰਦਾ ਸੀ ।
48ਯਹੋਸ਼ਾਫਾਟ ਨੇ ਤਰਸ਼ੀਸ਼ੀ ਜਹਾਜ਼ ਬਣਾਏ ਤਾਂ ਜੋ ਉਹ ਸੋਨੇ ਲਈ ਓਫੀਰ ਨੂੰ ਜਾਣ ਪਰ ਉਹ ਗਏ ਨਾ ਕਿਉਂ ਜੋ ਉਹ ਜਹਾਜ਼ ਅਸਯੋਨ-ਗਬਰ ਕੋਲ ਟੁੱਟ ਗਏ ।49ਤਦ ਅਹਾਬ ਦੇ ਪੁੱਤਰ ਅਹਜ਼ਯਾਹ ਨੇ ਯਹੋਸ਼ਾਫਾਟ ਨੂੰ ਆਖਿਆ ਕਿ ਜਹਾਜ਼ਾਂ ਉੱਤੇ ਆਪਣਿਆਂ ਟਹਿਲੂਆਂ ਨਾਲ ਮੇਰੇ ਟਹਿਲੂਆਂ ਨੂੰ ਜਾਣ ਦੇਹ ਪਰ ਯਹੋਸ਼ਾਫਾਟ ਨੇ ਨਾਂਹ ਕਰ ਦਿੱਤੀ ।50ਤਾਂ ਯਹੋਸ਼ਾਫਾਟ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ ਅਤੇ ਆਪਣੇ ਪਿਤਾ ਦਾਊਦ ਦੇ ਸ਼ਹਿਰ ਵਿੱਚ ਆਪਣੇ ਪਿਉ-ਦਾਦਿਆਂ ਨਾਲ ਦੱਬਿਆ ਗਿਆ ਅਤੇ ਯਹੋਰਾਮ ਉਹ ਦਾ ਪੁੱਤਰ ਉਹ ਦੇ ਥਾਂ ਰਾਜ ਕਰਨ ਲੱਗਾ ।
ਇਸਰਾਏਲ ਦਾ ਰਾਜਾ ਅਹਜ਼ਯਾਹ

51ਅਹਾਬ ਦਾ ਪੁੱਤਰ ਅਹਜ਼ਯਾਹ ਯਹੂਦਾਹ ਦੇ ਪਾਤਸ਼ਾਹ ਯਹੋਸ਼ਾਫਾਟ ਦੇ ਸਤਾਰਵੇਂ ਸਾਲ ਵਿੱਚ ਇਸਰਾਏਲ ਉੱਤੇ ਸਾਮਰਿਯਾ ਵਿੱਚ ਰਾਜ ਕਰਨ ਲੱਗਾ ਅਤੇ ਉਹ ਨੇ ਇਸਰਾਏਲ ਉੱਤੇ ਦੋ ਸਾਲ ਰਾਜ ਕੀਤਾ ।52ਉਹ ਨੇ ਯਹੋਵਾਹ ਦੇ ਵੇਖਣ ਵਿੱਚ ਬੁਰਿਆਈ ਕੀਤੀ ਅਤੇ ਆਪਣੇ ਪਿਤਾ ਦੇ ਰਾਹ ਵਿੱਚ ਅਤੇ ਆਪਣੀ ਮਾਤਾ ਦੇ ਰਾਹ ਵਿੱਚ ਅਤੇ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਰਾਹ ਵਿੱਚ ਜਿਸ ਇਸਰਾਏਲ ਤੋਂ ਪਾਪ ਕਰਾਇਆ ਸੀ ਚੱਲਦਾ ਰਿਹਾ ।53ਕਿਉਂ ਜੋ ਉਹ ਨੇ ਬਆਲ ਦੀ ਪੂਜਾ ਕੀਤੀ ਅਤੇ ਉਹ ਦੇ ਅੱਗੇ ਮੱਥਾ ਟੇਕਿਆ ਸੋ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਨੂੰ ਖਿਝਾਇਆ ਅਤੇ ਤਿਵੇਂ ਹੀ ਸਭ ਕੁਝ ਕੀਤਾ ਜਿਵੇਂ ਉਹ ਦੇ ਪਿਤਾ ਨੇ ਕੀਤਾ ਸੀ ।

2 ਰਾਜਿਆਂ

1
ਏਲੀਯਾਹ ਅਤੇ ਰਾਜਾ ਅਹਜ਼ਯਾਹ

1ਅਹਾਬ ਦੀ ਮੌਤ ਤੋਂ ਬਾਅਦ ਮੋਆਬ ਇਸਰਾਏਲ ਤੋਂ ਬਾਗੀ ਹੋ ਗਿਆ ।2ਅਹਜ਼ਯਾਹ ਆਪਣੇ ਉਸ ਚੁਬਾਰੇ ਦੀ ਜਾਲੀਦਾਰ ਤਾਕੀ ਵਿੱਚੋਂ ਜਿਹੜਾ ਸਾਮਰਿਯਾ ਵਿੱਚ ਸੀ ਡਿੱਗ ਪਿਆ ਤੇ ਬੀਮਾਰ ਪੈ ਗਿਆ । ਸੋ ਉਸ ਨੇ ਸੰਦੇਸ਼ਵਾਹਕਾਂ ਨੂੰ ਭੇਜਿਆ ਅਤੇ ਉਨ੍ਹਾਂ ਨੂੰ ਆਖਿਆ ਕਿ ਅਕਰੋਨ ਦੇ ਦੇਵਤੇ ਬਆਲ-ਜਬੂਬ ਨੂੰ ਜਾ ਕੇ ਪੁੱਛੋ, “ਕੀ ਮੈਂ ਇਸ ਰੋਗ ਤੋਂ ਚੰਗਾ ਹੋ ਜਾਂਵਾਂਗਾ ? ”

3ਪਰ ਯਹੋਵਾਹ ਦੇ ਦੂਤ ਨੇ ਏਲੀਯਾਹ ਤਿਸ਼ਬੀ ਨੂੰ ਆਖਿਆ ਕਿ ਉੱਠ ਤੇ ਸਾਮਰਿਯਾ ਦੇ ਰਾਜੇ ਦੇ ਸੰਦੇਸ਼ਵਾਹਕਾਂ ਨੂੰ ਮਿਲਣ ਲਈ ਜਾ ਅਤੇ ਉਨ੍ਹਾਂ ਨੂੰ ਕਹਿ, “ਕੀ ਇਸਰਾਏਲ ਵਿੱਚ ਕੋਈ ਪਰਮੇਸ਼ੁਰ ਨਹੀਂ ਹੈ, ਜੋ ਤੁਸੀਂ ਅਕਰੋਨ ਦੇ ਦੇਵਤੇ ਬਆਲ-ਜਬੂਬ ਤੋਂ ਪੁੱਛਣ ਚੱਲੇ ਹੋ ?4ਇਸ ਲਈ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਜਿਸ ਬਿਸਤਰ ਉੱਤੇ ਤੂੰ ਪਿਆ ਹੈਂ, ਉਸ ਤੋਂ ਤੂੰ ਨਹੀਂ ਉੱਠੇਂਗਾ ਸਗੋਂ ਤੂੰ ਜ਼ਰੂਰ ਮਰੇਂਗਾ ।” ਤਦ ਏਲੀਯਾਹ ਤੁਰ ਪਿਆ ।
5ਜਦ ਸੰਦੇਸ਼ਵਾਹਕ ਮੁੜ ਕੇ ਉਸ ਕੋਲ ਆਏ ਤਾਂ ਉਸ ਨੇ ਉਨ੍ਹਾਂ ਨੂੰ ਪੁੱਛਿਆ, “ਤੁਸੀਂ ਕਿਉਂ ਮੁੜ ਆਏ ? ”6ਉਨ੍ਹਾਂ ਨੇ ਉਸ ਨੂੰ ਉੱਤਰ ਦਿੱਤਾ, “ਇੱਕ ਮਨੁੱਖ ਸਾਨੂੰ ਮਿਲਣ ਲਈ ਆਇਆ ਅਤੇ ਸਾਨੂੰ ਆਖਿਆ ਕਿ ਜਿਸ ਰਾਜੇ ਨੇ ਤੁਹਾਨੂੰ ਭੇਜਿਆ ਉਸ ਦੇ ਕੋਲ ਮੁੜ ਜਾਓ ਅਤੇ ਉਸ ਨੂੰ ਆਖੋ ਕਿ ਯਹੋਵਾਹ ਇਸ ਤਰ੍ਹਾਂ ਕਹਿੰਦਾ ਹੈ, ‘ਕੀ ਇਸਰਾਏਲ ਵਿੱਚ ਕੋਈ ਪਰਮੇਸ਼ੁਰ ਨਹੀਂ ਹੈ ਜੋ ਤੂੰ ਅਕਰੋਨ ਦੇ ਦੇਵਤੇ ਬਆਲ-ਜਬੂਬ ਕੋਲ ਪੁੱਛਣ ਲਈ ਭੇਜਦਾ ਹੈਂ ?’ ਇਸ ਲਈ ਜਿਸ ਬਿਸਤਰ ਉੱਤੇ ਤੂੰ ਪਿਆ ਹੈਂ, ਉਸ ਤੋਂ ਤੂੰ ਨਹੀਂ ਉੱਠੇਂਗਾ ਸਗੋਂ ਤੂੰ ਜ਼ਰੂਰ ਮਰੇਂਗਾ ।”
7ਤਦ ਉਸ ਨੇ ਉਨ੍ਹਾਂ ਨੂੰ ਆਖਿਆ ਕਿ ਉਹ ਕਿਹੋ ਜਿਹਾ ਮਨੁੱਖ ਸੀ ਜਿਹੜਾ ਤੁਹਾਨੂੰ ਮਿਲਣ ਲਈ ਆਇਆ ਤੇ ਤੁਹਾਡੇ ਨਾਲ ਇਹ ਗੱਲਾਂ ਕੀਤੀਆਂ ?8ਉਨ੍ਹਾਂ ਨੇ ਉਸ ਨੂੰ ਆਖਿਆ, “ਇੱਕ ਜੱਤ ਵਾਲਾ ਆਦਮੀ ਸੀ ਅਤੇ ਜਿਹ ਦੇ ਲੱਕ ਦੁਆਲੇ ਚਮੜੇ ਦੀ ਪੇਟੀ ਬੰਨ੍ਹੀ ਹੋਈ ਸੀ ।” ਤਦ ਉਹ ਬੋਲਿਆ, “ਉਹ ਤਾਂ ਏਲੀਯਾਹ ਤਿਸ਼ਬੀ ਹੈ ।”
9ਫਿਰ ਉਸ ਨੇ ਪੰਜਾਹ ਸਿਪਾਹੀਆਂ ਦੇ ਸਰਦਾਰ ਨੂੰ ਉਹ ਦੇ ਪੰਜਾਹ ਸਿਪਾਹੀਆਂ ਦੇ ਨਾਲ ਉਹ ਦੇ ਕੋਲ ਭੇਜਿਆ, ਤਾਂ ਉਹ ਉਹ ਦੇ ਕੋਲ ਗਿਆ ਅਤੇ ਵੇਖੋ ਉਹ ਇੱਕ ਟਿੱਲੇ ਦੀ ਚੋਟੀ ਉੱਤੇ ਬੈਠਾ ਸੀ । ਉਸ ਨੇ ਉਹ ਨੂੰ ਆਖਿਆ, “ਹੇ ਪਰਮੇਸ਼ੁਰ ਦੇ ਬੰਦੇ, ਰਾਜਾ ਨੇ ਆਖਿਆ ਹੈ ਕਿ ਉਤਰ ਆ ।”10ਏਲੀਯਾਹ ਨੇ ਪੰਜਾਹ ਸਿਪਾਹੀਆਂ ਦੇ ਸਰਦਾਰ ਨੂੰ ਉੱਤਰ ਦਿੱਤਾ ਕਿ ਜੇ ਮੈਂ ਪਰਮੇਸ਼ੁਰ ਦਾ ਬੰਦਾ ਹਾਂ, ਤਾਂ ਅਕਾਸ਼ੋਂ ਅੱਗ ਉਤਰੇ ਤੇ ਤੈਨੂੰ ਤੇ ਤੇਰੇ ਪੰਜਾਹਾਂ ਨੂੰ ਭਸਮ ਕਰ ਦੇਵੇ । ਤਦ ਅਕਾਸ਼ੋਂ ਅੱਗ ਉਤਰੀ ਅਤੇ ਉਸ ਨੂੰ ਅਤੇ ਉਸ ਦੇ ਪੰਜਾਹਾਂ ਨੂੰ ਭਸਮ ਕਰ ਦਿੱਤਾ ।
11ਫੇਰ ਉਸ ਨੇ ਪੰਜਾਹ ਸਿਪਾਹੀਆਂ ਦੇ ਦੂਜੇ ਸਰਦਾਰ ਨੂੰ ਉਸ ਦੇ ਪੰਜਾਹਾਂ ਨਾਲ ਉਹ ਦੇ ਕੋਲ ਭੇਜਿਆ । ਉਸ ਉਹ ਨੂੰ ਉੱਤਰ ਦਿੱਤਾ ਕਿ ਹੇ ਪਰਮੇਸ਼ੁਰ ਦੇ ਬੰਦੇ, ਰਾਜਾ ਨੇ ਇਸ ਤਰ੍ਹਾਂ ਆਖਿਆ ਹੈ ਕਿ ਛੇਤੀ ਉਤਰ ਆ ।12ਤਦ ਏਲੀਯਾਹ ਨੇ ਉਸ ਨੂੰ ਉੱਤਰ ਦਿੱਤਾ ਕਿ ਜੇ ਮੈਂ ਪਰਮੇਸ਼ੁਰ ਦਾ ਬੰਦਾ ਹਾਂ ਤਾਂ ਅਕਾਸ਼ੋਂ ਅੱਗ ਉਤਰੇ ਅਤੇ ਤੈਨੂੰ ਤੇ ਤੇਰੇ ਪੰਜਾਹਾਂ ਨੂੰ ਭਸਮ ਕਰ ਦੇਵੇ । ਤਦ ਪਰਮੇਸ਼ੁਰ ਦੀ ਅੱਗ ਅਕਾਸ਼ੋਂ ਉਤਰੀ ਅਤੇ ਉਸ ਨੂੰ ਤੇ ਉਸ ਦੇ ਪੰਜਾਹਾਂ ਨੂੰ ਭਸਮ ਕਰ ਦਿੱਤਾ ।
13ਤਦ ਉਸ ਨੇ ਫੇਰ ਤੀਸਰੇ ਪੰਜਾਹ ਸਿਪਾਹੀਆਂ ਦੇ ਸਰਦਾਰ ਨੂੰ ਉਸ ਦੇ ਪੰਜਾਹਾਂ ਦੇ ਨਾਲ ਭੇਜਿਆ, ਤਾਂ ਤੀਜਾ ਪੰਜਾਹਾਂ ਦਾ ਸਰਦਾਰ ਉੱਤੇ ਚੜ੍ਹ ਕੇ ਨੇੜੇ ਗਿਆ ਤੇ ਏਲੀਯਾਹ ਦੇ ਅੱਗੇ ਗੋਡੇ ਨਿਵਾਏ ਅਤੇ ਅਰਦਾਸ ਕਰ ਕੇ ਉਹ ਨੂੰ ਆਖਿਆ, “ਹੇ ਪਰਮੇਸ਼ੁਰ ਦੇ ਬੰਦੇ, ਮੇਰੀ ਜਾਨ ਅਤੇ ਇਨ੍ਹਾਂ ਪੰਜਾਹਾਂ ਦਾਸਾਂ ਦੀਆਂ ਜਾਨਾਂ ਤੇਰੀ ਨਿਗਾਹ ਵਿੱਚ ਬਹੁ ਮੁੱਲੀਆਂ ਹੋਣ ।14ਵੇਖ, ਅਕਾਸ਼ੋਂ ਅੱਗ ਉਤਰੀ ਅਤੇ ਪੰਜਾਹ-ਪੰਜਾਹ ਦੇ ਪਹਿਲੇ ਦੋ ਸਰਦਾਰਾਂ ਤੇ ਉਨ੍ਹਾਂ ਦੇ ਪੰਜਾਹਾਂ ਨੂੰ ਭਸਮ ਕਰ ਦਿੱਤਾ । ਪਰ ਹੁਣ ਮੇਰੀ ਜਾਨ ਤੇਰੀ ਨਿਗਾਹ ਵਿੱਚ ਬਹੁ ਮੁੱਲੀ ਹੋਵੇ ।”
15ਯਹੋਵਾਹ ਦੇ ਦੂਤ ਨੇ ਏਲੀਯਾਹ ਨੂੰ ਆਖਿਆ, “ਉਸ ਦੇ ਨਾਲ ਹੇਠਾਂ ਜਾ ਤੇ ਉਸ ਦੇ ਕੋਲੋਂ ਨਾ ਡਰ ।” ਤਦ ਉਹ ਉੱਠ ਕੇ ਉਸ ਦੇ ਨਾਲ ਰਾਜਾ ਕੋਲ ਉਤਰ ਗਿਆ ।16ਤੇ ਉਸ ਨੂੰ ਆਖਿਆ ਕਿ ਯਹੋਵਾਹ ਇਸ ਤਰ੍ਹਾਂ ਆਖਦਾ ਹੈ, “ਤੂੰ ਜੋ ਅਕਰੋਨ ਦੇ ਦੇਵਤੇ ਬਆਲ-ਜਬੂਬ ਦੇ ਕੋਲ ਪੁੱਛਣ ਲਈ ਸੰਦੇਸ਼ਵਾਹਕ ਭੇਜੇ, ਕੀ ਇਸ ਲਈ ਕਿ ਇਸਰਾਏਲ ਵਿੱਚ ਕੋਈ ਪਰਮੇਸ਼ੁਰ ਨਹੀਂ ਹੈ ਜਿਸ ਦੇ ਕੋਲੋਂ ਤੂੰ ਗੱਲ ਪੁੱਛ ਸਕੇਂ ? ਇਸ ਲਈ ਜਿਸ ਬਿਸਤਰ ਉੱਤੇ ਤੂੰ ਪਿਆ ਹੈਂ, ਉਸ ਤੋਂ ਤੂੰ ਨਹੀਂ ਉੱਠੇਂਗਾ ਸਗੋਂ ਤੂੰ ਜ਼ਰੂਰ ਮਰੇਂਗਾ ।”
17ਉਹ ਯਹੋਵਾਹ ਦੇ ਉਸ ਬਚਨ ਦੇ ਅਨੁਸਾਰ ਜਿਹੜਾ ਏਲੀਯਾਹ ਦੇ ਦੁਆਰਾ ਕਿਹਾ ਗਿਆ ਸੀ, ਮਰ ਗਿਆ ਅਤੇ ਇਸ ਕਰਕੇ ਕਿ ਉਸ ਦਾ ਕੋਈ ਪੁੱਤਰ ਨਹੀਂ ਸੀ ਯਹੋਸ਼ਾਫਾਟ ਦਾ ਪੁੱਤਰ ਯਹੋਰਾਮ ਯਹੂਦਾਹ ਦੇ ਰਾਜਾ ਦੇ ਦੂਜੇ ਸਾਲ ਯਹੋਰਾਮ ਉਸ ਦੇ ਥਾਂ ਰਾਜ ਕਰਨ ਲੱਗਾ ।18ਹੁਣ ਅਹਜ਼ਯਾਹ ਦੇ ਬਾਕੀ ਕੰਮ ਜੋ ਉਸ ਨੇ ਕੀਤੇ, ਕੀ ਉਹ ਇਸਰਾਏਲ ਦੇ ਪਾਤਸ਼ਾਹਾਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੇ ਹੋਏ ਨਹੀਂ ਹਨ ?

2
ਏਲੀਯਾਹ ਦਾ ਸਵਰਗ ਵਿੱਚ ਉਠਾਇਆ ਜਾਣਾ

1ਜਦੋਂ ਯਹੋਵਾਹ ਏਲੀਯਾਹ ਨੂੰ ਇੱਕ ਵਾਵਰੋਲੇ ਵਿੱਚ ਅਕਾਸ਼ ਨੂੰ ਚੁੱਕਣ ਵਾਲਾ ਸੀ, ਤਾਂ ਏਲੀਯਾਹ ਅਲੀਸ਼ਾ ਨਾਲ ਗਿਲਗਾਲ ਤੋਂ ਚੱਲਿਆ ।2ਤਦ ਏਲੀਯਾਹ ਨੇ ਅਲੀਸ਼ਾ ਨੂੰ ਆਖਿਆ, “ਤੂੰ ਇੱਥੇ ਠਹਿਰ ਜਾ ਕਿਉਂ ਜੋ ਯਹੋਵਾਹ ਨੇ ਮੈਨੂੰ ਬੈਤਏਲ ਤੱਕ ਭੇਜਿਆ ਹੈ ।” ਪਰ ਅਲੀਸ਼ਾ ਨੇ ਆਖਿਆ, “ਜੀਉਂਦੇ ਯਹੋਵਾਹ ਦੀ ਤੇ ਤੇਰੀ ਜਾਨ ਦੀ ਸਹੁੰ, ਮੈਂ ਤੈਨੂੰ ਨਹੀਂ ਛੱਡਾਂਗਾ !” ਇਸ ਲਈ ਉਹ ਬੈਤਏਲ ਨੂੰ ਚੱਲੇ ਗਏ ।

3ਨਬੀਆਂ ਦੇ ਪੁੱਤਰ ਜਿਹੜੇ ਬੈਤਏਲ ਵਿੱਚ ਸਨ, ਉਹ ਅਲੀਸ਼ਾ ਕੋਲ ਆਏ ਅਤੇ ਉਸ ਨੂੰ ਆਖਿਆ, “ਕੀ ਤੂੰ ਜਾਣਦਾ ਹੈਂ ਕਿ ਯਹੋਵਾਹ ਅੱਜ ਤੇਰੇ ਸਿਰ ਤੋਂ ਤੇਰੇ ਸੁਆਮੀ ਨੂੰ ਚੁੱਕ ਲਵੇਗਾ ? ” ਉਹ ਬੋਲਿਆ, “ਮੈਨੂੰ ਪਤਾ ਹੈ । ਚੁੱਪ ਰਹੋ ।”4ਤਦ ਏਲੀਯਾਹ ਨੇ ਉਸ ਨੂੰ ਆਖਿਆ ਕਿ ਅਲੀਸ਼ਾ ਤੂੰ ਇੱਥੇ ਠਹਿਰ ਜਾਈਂ, ਕਿਉਂ ਜੋ ਯਹੋਵਾਹ ਨੇ ਮੈਨੂੰ ਯਰੀਹੋ ਨੂੰ ਭੇਜਿਆ ਹੈ, ਪਰ ਉਸ ਨੇ ਆਖਿਆ, “ਜੀਉਂਦੇ ਯਹੋਵਾਹ ਦੀ ਤੇ ਤੇਰੀ ਜਾਨ ਦੀ ਸਹੁੰ, ਮੈਂ ਤੈਨੂੰ ਨਹੀਂ ਛੱਡਾਂਗਾ !” ਸੋ ਉਹ ਯਰੀਹੋ ਨੂੰ ਆਏ ।
5ਨਬੀਆਂ ਦੇ ਪੁੱਤਰ ਜਿਹੜੇ ਯਰੀਹੋ ਵਿੱਚ ਸਨ, ਉਹ ਅਲੀਸ਼ਾ ਕੋਲ ਆਏ ਅਤੇ ਉਸ ਨੂੰ ਆਖਿਆ, “ਕੀ ਤੂੰ ਜਾਣਦਾ ਹੈਂ ਕਿ ਯਹੋਵਾਹ ਅੱਜ ਤੇਰੇ ਸਿਰ ਤੋਂ ਤੇਰੇ ਸੁਆਮੀ ਨੂੰ ਚੁੱਕ ਲਵੇਗਾ ? ” ਉਸ ਆਖਿਆ, “ਮੈਨੂੰ ਪਤਾ ਹੈ । ਚੁੱਪ ਰਹੋ ।”6ਤਾਂ ਏਲੀਯਾਹ ਨੇ ਉਸ ਨੂੰ ਆਖਿਆ ਕਿ ਤੂੰ ਇੱਥੇ ਠਹਿਰ ਜਾਈਂ, ਕਿਉਂ ਜੋ ਯਹੋਵਾਹ ਨੇ ਮੈਨੂੰ ਯਰਦਨ ਨੂੰ ਭੇਜਿਆ ਹੈ । ਪਰ ਉਹ ਬੋਲਿਆ, “ਜੀਉਂਦੇ ਯਹੋਵਾਹ ਦੀ ਅਤੇ ਤੇਰੀ ਜਾਨ ਦੀ ਸਹੁੰ ਮੈਂ ਤੈਨੂੰ ਨਹੀਂ ਛੱਡਾਂਗਾ ।” ਸੋ ਓਹ ਦੋਵੇਂ ਤੁਰ ਪਏ ।
7ਨਬੀਆਂ ਦੇ ਪੁੱਤਰਾਂ ਵਿੱਚੋਂ ਪੰਜਾਹ ਜਣੇ ਆਏ, ਉਨ੍ਹਾਂ ਦੇ ਆਹਮੋ ਸਾਹਮਣੇ ਦੂਰ ਜਾ ਖੜ੍ਹੇ ਹੋਏ ਅਤੇ ਉਹ ਦੋਵੇਂ ਯਰਦਨ ਦੇ ਕੰਢੇ ਉੱਤੇ ਖੜ੍ਹੇ ਰਹੇ ।8ਤਦ ਏਲੀਯਾਹ ਨੇ ਆਪਣੀ ਚਾਦਰ ਲਈ, ਉਹ ਨੂੰ ਵਲ੍ਹੇਟ ਕੇ ਪਾਣੀ ਉੱਤੇ ਮਾਰਿਆ ਅਤੇ ਉਹ ਪਾਟ ਕੇ ਇੱਧਰ-ਉੱਧਰ ਹੋ ਗਿਆ, ਤਦ ਉਹ ਦੋਵੇਂ ਸੁੱਕੀ ਧਰਤੀ ਦੇ ਉੱਤੋਂ ਦੀ ਪਾਰ ਲੰਘ ਗਏ ।
9ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਉਹ ਪਾਰ ਲੰਘ ਰਹੇ ਸਨ, ਤਾਂ ਏਲੀਯਾਹ ਨੇ ਅਲੀਸ਼ਾ ਨੂੰ ਆਖਿਆ, “ਇਸ ਤੋਂ ਪਹਿਲਾ ਕਿ ਮੈਂ ਤੇਰੇ ਕੋਲੋਂ ਲੈ ਲਿਆ ਜਾਂਵਾਂ ਦੱਸ ਮੈਂ ਤੇਰੇ ਲਈ ਕੀ ਕਰਾਂ ? ” ਅਲੀਸ਼ਾ ਬੋਲਿਆ, “ਤੇਰੇ ਆਤਮਾ ਦਾ ਦੁੱਗਣਾ ਹਿੱਸਾ ਮੇਰੇ ਉੱਤੇ ਹੋਵੇ !”10ਉਹ ਨੇ ਆਖਿਆ, ਤੂੰ ਔਖੀ ਗੱਲ ਮੰਗੀ ਹੈ । ਜੇ ਤੂੰ ਮੈਨੂੰ ਉਸ ਸਮੇਂ ਵੇਖੇਂ ਜਦ ਮੈਂ ਤੇਰੇ ਕੋਲੋਂ ਲੈ ਲਿਆ ਜਾਂਵਾਂ, ਤਾਂ ਤੇਰੇ ਲਈ ਉਵੇਂ ਹੀ ਹੋਵੇਗਾ, ਪਰ ਜੇ ਨਾ ਵੇਖਿਆ ਤਾਂ ਐਉਂ ਨਹੀਂ ਹੋਵੇਗਾ ।
11ਤਾਂ ਜਦੋਂ ਉਹ ਗੱਲਾਂ ਕਰਦੇ ਕਰਦੇ ਤੁਰੇ ਜਾਂਦੇ ਸਨ ਤਾਂ ਵੇਖੋ, ਉੱਥੇ ਇੱਕ ਅਗਨ ਰੱਥ ਤੇ ਅਗਨ ਘੋੜੇ ਦਿੱਸੇ, ਜਿਨ੍ਹਾਂ ਨੇ ਉਨ੍ਹਾਂ ਨੂੰ ਦੋਹਾਂ ਵੱਖੋ-ਵੱਖ ਕਰ ਦਿੱਤਾ ਅਤੇ ਏਲੀਯਾਹ ਵਾਵਰੋਲੇ ਵਿੱਚ ਅਕਾਸ਼ ਨੂੰ ਚੜ੍ਹ ਗਿਆ ।12ਅਤੇ ਇਹ ਵੇਖਦਿਆਂ ਹੀ ਅਲੀਸ਼ਾ ਉੱਚੀ ਦਿੱਤੀ ਬੋਲਿਆ, “ਹੇ ਮੇਰੇ ਪਿਤਾ, ਹੇ ਮੇਰੇ ਪਿਤਾ ! ਇਸਰਾਏਲ ਦੇ ਰੱਥ ਤੇ ਉਹ ਦੇ ਸਾਰਥੀ !” ਪਰ ਜਦ ਉਹ ਉਹ ਨੂੰ ਫੇਰ ਨਾ ਵੇਖ ਸਕਿਆ ਤਾਂ ਉਸ ਨੇ ਆਪਣੇ ਕੱਪੜੇ ਪਾੜ ਕੇ ਦੋ ਹਿੱਸੇ ਕੀਤੇ ।
13ਉਸ ਨੇ ਏਲੀਯਾਹ ਦੀ ਗੋਦੜੀ ਵੀ ਜਿਹੜੀ ਉਹ ਦੇ ਉੱਤੋਂ ਡਿੱਗੀ ਸੀ, ਚੁੱਕ ਲਈ ਅਤੇ ਮੁੜ ਕੇ ਯਰਦਨ ਦੇ ਕੰਢੇ ਉੱਤੇ ਖੜ੍ਹਾ ਹੋ ਗਿਆ ।14ਅਤੇ ਉਹ ਗੋਦੜੀ ਜਿਹੜੀ ਏਲੀਯਾਹ ਉੱਤੋਂ ਡਿੱਗੀ ਸੀ, ਉਸ ਨੂੰ ਲੈ ਕੇ ਪਾਣੀ ਉੱਤੇ ਮਾਰਿਆ ਅਤੇ ਆਖਿਆ, “ਯਹੋਵਾਹ ਏਲੀਯਾਹ ਦਾ ਪਰਮੇਸ਼ੁਰ ਕਿੱਥੇ ਹੈ ? ” ਜਦੋਂ ਉਸ ਨੇ ਵੀ ਪਾਣੀ ਨੂੰ ਮਾਰਿਆ ਤਾਂ ਉਹ ਪਾਟ ਕੇ ਇੱਧਰ-ਉੱਧਰ ਹੋ ਗਿਆ ਅਤੇ ਅਲੀਸ਼ਾ ਪਾਰ ਲੰਘ ਗਿਆ ।
15ਜਦੋਂ ਨਬੀਆਂ ਦੇ ਪੁੱਤਰਾਂ ਨੇ ਜਿਹੜੇ ਯਰੀਹੋ ਵਿੱਚ ਉਸ ਦੇ ਆਹਮੋ-ਸਾਹਮਣੇ ਸਨ, ਉਸ ਨੂੰ ਦੇਖਿਆ ਤਾਂ ਉਹ ਬੋਲੇ, “ਏਲੀਯਾਹ ਦਾ ਆਤਮਾ ਅਲੀਸ਼ਾ ਉੱਤੇ ਠਹਿਰਿਆ ਹੋਇਆ ਹੈ ।” ਸੋ ਉਹ ਉਸ ਨੂੰ ਮਿਲਣ ਲਈ ਆਏ ਅਤੇ ਧਰਤੀ ਤੱਕ ਝੁੱਕ ਕੇ ਉਸ ਨੂੰ ਮੱਥਾ ਟੇਕਿਆ ।16ਤਦ ਉਨ੍ਹਾਂ ਨੇ ਉਸ ਨੂੰ ਆਖਿਆ, “ਵੇਖ, ਤੇਰੇ ਸੇਵਕਾਂ ਦੇ ਨਾਲ ਪੰਜਾਹ ਸੂਰਬੀਰ ਹਨ । ਉਨ੍ਹਾਂ ਨੂੰ ਜਾਣ ਦੇ ਜੋ ਉਹ ਤੇਰੇ ਸੁਆਮੀ ਨੂੰ ਲੱਭਣ । ਕੀ ਜਾਣੀਏ ਯਹੋਵਾਹ ਦੇ ਆਤਮਾ ਨੇ ਉਹ ਨੂੰ ਚੁੱਕ ਕੇ ਕਿਸੇ ਪਹਾੜ ਦੇ ਉੱਤੇ ਜਾਂ ਕਿਸੇ ਖੱਡ ਵਿੱਚ ਸੁੱਟ ਦਿੱਤਾ ਹੋਵੇ ? ” ਉਸ ਨੇ ਆਖਿਆ, “ਤੁਸੀਂ ਨਾ ਭੇਜੋ ।”
17ਪਰ ਜਦ ਉਨ੍ਹਾਂ ਨੇ ਬਹੁਤ ਜਿਦ ਕੀਤੀ ਕਿ ਉਹ ਸ਼ਰਮਿੰਦਾ ਹੋ ਗਿਆ ਤਾਂ ਉਸ ਨੇ ਆਖਿਆ, “ਭੇਜ ਦਿਓ ।” ਸੋ ਉਨ੍ਹਾਂ ਨੇ ਪੰਜਾਹ ਮਨੁੱਖ ਭੇਜੇ ਤੇ ਤਿੰਨ ਦਿਨ ਉਸ ਦੀ ਖੋਜ ਕੀਤੀ ਪਰ ਉਹ ਨਾ ਲੱਭਿਆ ।18ਜਦ ਉਹ ਮੁੜ ਕੇ ਉਸ ਦੇ ਕੋਲ ਆਏ, ਉਹ ਯਰੀਹੋ ਵਿੱਚ ਹੀ ਠਹਿਰਿਆ ਹੋਇਆ ਸੀ । ਉਸ ਨੇ ਉਨ੍ਹਾਂ ਨੂੰ ਆਖਿਆ, “ਕੀ ਮੈਂ ਤੁਹਾਨੂੰ ਨਹੀਂ ਸੀ ਆਖਿਆ, ਜੋ ਨਾ ਜਾਇਓ ।”
ਅਲੀਸ਼ਾ ਦੇ ਚਮਤਕਾਰ

19ਉਸ ਸ਼ਹਿਰ ਦੇ ਲੋਕਾਂ ਨੇ ਅਲੀਸ਼ਾ ਨੂੰ ਆਖਿਆ, “ਵੇਖੋ, ਇਹ ਸ਼ਹਿਰ ਕਿੰਨ੍ਹੇ ਚੰਗੇ ਥਾਂ ਉੱਤੇ ਹੈ, ਜਿਵੇਂ ਸਾਡਾ ਸੁਆਮੀ ਵੀ ਵੇਖਦਾ ਹੈ ਪਰ ਪਾਣੀ ਖਰਾਬ ਤੇ ਧਰਤੀ ਬੰਜਰ ਜਿਹੀ ਹੈ ।”20ਉਹ ਬੋਲਿਆ, “ਮੈਨੂੰ ਇੱਕ ਨਵਾਂ ਭਾਂਡਾ ਲਿਆ ਦਿਓ ਅਤੇ ਉਹ ਦੇ ਵਿੱਚ ਲੂਣ ਪਾ ਦਿਓ ।” ਤਦ ਉਹ ਉਸ ਦੇ ਕੋਲ ਲਿਆਏ ।
21ਉਹ ਪਾਣੀ ਦੇ ਸੋਤੇ ਕੋਲ ਗਿਆ ਅਤੇ ਉਸ ਵਿੱਚ ਲੂਣ ਪਾ ਕੇ ਬੋਲਿਆ, “ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਮੈਂ ਇਸ ਪਾਣੀ ਨੂੰ ਠੀਕ ਕਰ ਦਿੱਤਾ ਹੈ, ਅੱਗੇ ਨੂੰ ਉਹ ਦੇ ਵਿੱਚੋਂ ਮੌਤ ਜਾਂ ਬੰਜਰਪਣ ਨਹੀਂ ਆਵੇਗਾ ।”22ਅਲੀਸ਼ਾ ਦੇ ਬਚਨ ਅਨੁਸਾਰ ਜੋ ਉਸ ਨੇ ਕੀਤਾ ਪਾਣੀ ਠੀਕ ਹੋ ਗਿਆ ਤੇ ਅੱਜ ਦੇ ਦਿਨ ਤੱਕ ਉਸੇ ਤਰ੍ਹਾਂ ਹੈ ।
23ਉਹ ਉੱਥੋਂ ਬੈਤਏਲ ਨੂੰ ਉਤਾਹਾਂ ਤੁਰ ਪਿਆ ਅਤੇ ਜਦੋਂ ਉਹ ਰਾਹ ਵਿੱਚ ਤੁਰਿਆ ਜਾਂਦਾ ਸੀ ਤਾਂ ਕੁਝ ਮੁੰਡੇ ਸ਼ਹਿਰੋਂ ਬਾਹਰ ਨਿੱਕਲੇ ਅਤੇ ਮਖੌਲ ਕਰ ਕੇ ਉਹ ਨੂੰ ਆਖਿਆ, “ਚੜ੍ਹਿਆ ਜਾ ਗੰਜੇ ਸਿਰ ਵਾਲਿਆ ਚੜ੍ਹਿਆ ਜਾ ਗੰਜੇ ਸਿਰ ਵਾਲਿਆ ।”24ਜਦ ਉਹ ਨੇ ਪਿੱਛੇ ਮੁੜ ਕੇ ਉਨ੍ਹਾਂ ਨੂੰ ਵੇਖਿਆ, ਤਾਂ ਉਹ ਨੇ ਯਹੋਵਾਹ ਦਾ ਨਾਮ ਲੈ ਕੇ ਉਨ੍ਹਾਂ ਨੂੰ ਸਰਾਪ ਦਿੱਤਾ ਅਤੇ ਜੰਗਲ ਵਿੱਚੋਂ ਦੋ ਰਿੱਛਣੀਆਂ ਨਿੱਕਲੀਆਂ ਅਤੇ ਉਨ੍ਹਾਂ ਵਿੱਚੋਂ ਬਿਆਲੀ ਮੁੰਡਿਆਂ ਨੂੰ ਪਾੜ ਛੱਡਿਆ ।25ਉੱਥੋਂ ਉਹ ਕਰਮਲ ਪਹਾੜ ਨੂੰ ਗਿਆ ਅਤੇ ਉੱਥੋਂ ਉਹ ਸਾਮਰਿਯਾ ਨੂੰ ਮੁੜ ਆਇਆ ।

3
ਇਸਰਾਏਲ ਦਾ ਰਾਜਾ ਯਹੋਰਾਮ

1ਯਹੂਦਾਹ ਦੇ ਰਾਜਾ ਯਹੋਸ਼ਾਫਾਟ ਦੇ ਅਠਾਰਵੇਂ ਸਾਲ ਅਹਾਬ ਦਾ ਪੁੱਤਰ ਯਹੋਰਾਮ ਸਾਮਰਿਯਾ ਵਿੱਚ ਇਸਰਾਏਲ ਉੱਤੇ ਰਾਜ ਕਰਨ ਲੱਗਾ ਅਤੇ ਉਸ ਨੇ ਬਾਰਾਂ ਸਾਲ ਰਾਜ ਕੀਤਾ ।2ਉਸ ਨੇ ਉਹ ਕੰਮ ਕੀਤਾ ਜਿਹੜਾ ਯਹੋਵਾਹ ਦੀ ਨਿਗਾਹ ਵਿੱਚ ਭੈੜਾ ਸੀ ਪਰ ਆਪਣੇ ਮਾਂ ਪਿਉ ਵਾਂਗੂੰ ਨਹੀਂ ਸਗੋਂ ਉਸ ਨੇ ਬਆਲ ਦੇ ਥੰਮ੍ਹ ਨੂੰ ਜਿਹੜਾ ਉਸ ਦੇ ਪਿਉ ਨੇ ਬਣਾਇਆ ਸੀ ਕੱਢ ਛੱਡਿਆ ।3ਫਿਰ ਵੀ ਉਹ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਪਾਪਾਂ ਨਾਲ ਜਿਹੜੇ ਉਹ ਨੇ ਇਸਰਾਏਲ ਤੋਂ ਕਰਾਏ ਸੀ, ਚਿੰਬੜਿਆ ਰਿਹਾ ਤੇ ਉਨ੍ਹਾਂ ਤੋਂ ਮੂੰਹ ਨਾ ਮੋੜਿਆ ।

ਮੋਆਬ ਉੱਤੇ ਜਿੱਤ

4ਮੋਆਬ ਦਾ ਰਾਜਾ ਮੇਸ਼ਾ ਇੱਕ ਅਯਾਲੀ ਸੀ ਅਤੇ ਇਸਰਾਏਲ ਦੇ ਰਾਜਾ ਨੂੰ ਇੱਕ ਲੱਖ ਲੇਲਿਆਂ ਤੇ ਇੱਕ ਲੱਖ ਭੇਡੂਆਂ ਦੀ ਉੱਨ ਦਿੰਦਾ ਹੁੰਦਾ ਸੀ ।5ਜਦੋਂ ਅਹਾਬ ਮਰ ਗਿਆ ਤਾਂ ਮੋਆਬ ਦਾ ਰਾਜਾ ਇਸਰਾਏਲ ਦੇ ਰਾਜਾ ਤੋਂ ਬਾਗੀ ਹੋ ਗਿਆ ।6ਉਸ ਦਿਨ ਯਹੋਰਾਮ ਰਾਜਾ ਨੇ ਸਾਮਰਿਯਾ ਤੋਂ ਨਿੱਕਲ ਕੇ ਸਾਰੇ ਇਸਰਾਏਲ ਦੀ ਗਿਣਤੀ ਕੀਤੀ ।
7ਉਹ ਨੇ ਜਾ ਕੇ ਯਹੂਦਾਹ ਦੇ ਰਾਜਾ ਯਹੋਸ਼ਾਫਾਟ ਨੂੰ ਸੁਨੇਹਾ ਭੇਜਿਆ ਕਿ ਮੋਆਬ ਦਾ ਰਾਜਾ ਮੇਰੇ ਤੋਂ ਬਾਗੀ ਹੋ ਗਿਆ ਹੈ । ਕੀ ਤੂੰ ਮੋਆਬ ਦੇ ਵਿਰੁੱਧ ਲੜਨ ਲਈ ਮੇਰੇ ਨਾਲ ਚੱਲੇਂਗਾ ? ਉਸ ਨੇ ਆਖਿਆ, “ਮੈਂ ਜਾਂਵਾਂਗਾ । ਮੈਂ ਤੇਰੇ ਜਿਹਾ ਹਾਂ । ਮੇਰੇ ਲੋਕ ਤੇਰੇ ਲੋਕਾਂ ਵਰਗੇ ਅਤੇ ਮੇਰੇ ਘੋੜੇ ਤੇਰੇ ਘੋੜਿਆਂ ਵਰਗੇ ਹਨ ।”8ਉਹ ਨੇ ਆਖਿਆ, “ਅਸੀਂ ਕਿਹੜੇ ਪਾਸਿਓਂ ਚੜ੍ਹਾਈ ਕਰੀਏ ? ” ਉਸ ਨੇ ਆਖਿਆ, “ਅਦੋਮ ਦੀ ਉਜਾੜ ਵੱਲੋਂ ।”
9ਤਦ ਇਸਰਾਏਲ ਦਾ ਰਾਜਾ, ਯਹੂਦਾਹ ਦਾ ਰਾਜਾ ਅਤੇ ਅਦੋਮ ਦਾ ਰਾਜਾ ਤੁਰ ਪਏ, ਜਦੋਂ ਸੱਤਾਂ ਦਿਨਾਂ ਦਾ ਸਫ਼ਰ ਕੀਤਾ ਤਾਂ ਉਨ੍ਹਾਂ ਦੀ ਸੈਨਾ ਤੇ ਪਸ਼ੂਆਂ ਲਈ ਜਿਹੜੇ ਉਨ੍ਹਾਂ ਦੇ ਪਿੱਛੇ-ਪਿੱਛੇ ਆਉਂਦੇ ਸਨ, ਕਿਤੇ ਪਾਣੀ ਨਹੀਂ ਸੀ ।10ਤਦ ਇਸਰਾਏਲ ਦੇ ਰਾਜਾ ਨੇ ਆਖਿਆ, “ਹਾਏ, ਹਾਏ ! ਯਹੋਵਾਹ ਨੇ ਇਨ੍ਹਾਂ ਤਿੰਨਾਂ ਰਾਜਿਆਂ ਨੂੰ ਸੱਦਿਆ ਹੈ, ਜੋ ਉਨ੍ਹਾਂ ਨੂੰ ਮੋਆਬ ਦੇ ਹੱਥੀਂ ਫੜਾ ਦੇਵੇ ।”
11ਪਰ ਯਹੋਸ਼ਾਫਾਟ ਬੋਲਿਆ ਕਿ ਇੱਥੇ ਯਹੋਵਾਹ ਦਾ ਕੋਈ ਨਬੀ ਨਹੀਂ ਹੈ ਕਿ ਅਸੀਂ ਉਸ ਦੇ ਦੁਆਰਾ ਯਹੋਵਾਹ ਤੋਂ ਪੁੱਛੀਏ ? ਤਦ ਇਸਰਾਏਲ ਦੇ ਰਾਜਾ ਦੇ ਸੇਵਕਾਂ ਵਿੱਚੋਂ ਇੱਕ ਨੇ ਉੱਤਰ ਦੇ ਕੇ ਆਖਿਆ ਕਿ ਸ਼ਾਫਾਤ ਦਾ ਪੁੱਤਰ ਜਿਹੜਾ ਏਲੀਯਾਹ ਦੇ ਹੱਥਾਂ ਉੱਤੇ ਪਾਣੀ ਪਾਉਂਦਾ ਹੁੰਦਾ ਸੀ ਇੱਥੇ ਹੈ ।12ਤਦ ਯਹੋਸ਼ਾਫਾਟ ਨੇ ਆਖਿਆ, “ਯਹੋਵਾਹ ਦਾ ਬਚਨ ਉਹ ਦੇ ਕੋਲ ਹੈ ।” ਸੋ ਇਸਰਾਏਲ ਦਾ ਰਾਜਾ, ਯਹੋਸ਼ਾਫਾਟ ਤੇ ਅਦੋਮ ਦਾ ਰਾਜਾ ਉਹ ਦੇ ਕੋਲ ਗਏ ।
13ਤਦ ਅਲੀਸ਼ਾ ਨੇ ਇਸਰਾਏਲ ਦੇ ਰਾਜਾ ਨੂੰ ਆਖਿਆ, “ਮੇਰਾ ਤੇਰੇ ਨਾਲ ਕੀ ਵਾਸਤਾ ਹੈ ? ਤੂੰ ਆਪਣੇ ਪਿਉ ਦੇ ਨਬੀਆਂ ਅਤੇ ਆਪਣੀ ਮਾਂ ਦੇ ਨਬੀਆਂ ਕੋਲ ਜਾ ।” ਪਰ ਇਸਰਾਏਲ ਦੇ ਰਾਜਾ ਨੇ ਉਹ ਨੂੰ ਆਖਿਆ, “ਨਹੀਂ, ਕਿਉਂ ਜੋ ਯਹੋਵਾਹ ਨੇ ਇਨ੍ਹਾਂ ਤਿੰਨਾਂ ਰਾਜਿਆਂ ਨੂੰ ਇਕੱਠਾ ਕੀਤਾ ਹੈ ਕਿ ਉਨ੍ਹਾਂ ਨੂੰ ਮੋਆਬ ਦੇ ਹੱਥੀਂ ਫੜਾ ਦੇਵੇ ।”14ਤਦ ਅਲੀਸ਼ਾ ਬੋਲਿਆ, “ਸੈਨਾਂ ਦੇ ਜਿਉਂਦੇ ਯਹੋਵਾਹ ਦੀ ਸਹੁੰ ਜਿਸ ਦੇ ਅੱਗੇ ਮੈਂ ਖੜ੍ਹਾ ਹਾਂ, ਜੇ ਮੈਨੂੰ ਯਹੂਦਾਹ ਦੇ ਰਾਜਾ ਯਹੋਸ਼ਾਫਾਟ ਦੀ ਹਜ਼ੂਰੀ ਦਾ ਲਿਹਾਜ਼ ਨਾ ਹੁੰਦਾ, ਤਾਂ ਮੈਂ ਤੇਰੇ ਵੱਲ ਨਿਗਾਹ ਵੀ ਨਾ ਕਰਦਾ ਨਾ ਤੇਰੇ ਵੱਲ ਵੇਖਦਾ ।”
15ਪਰ ਹੁਣ ਕਿਸੇ ਵਜਾਉਣ ਵਾਲੇ ਨੂੰ ਮੇਰੇ ਕੋਲ ਲਿਆਓ, ਕਿਉਂ ਜੋ ਇਸ ਤਰ੍ਹਾਂ ਹੁੰਦਾ ਸੀ ਕਿ ਜਦੋਂ ਵਜਾਉਣ ਵਾਲਾ ਤਾਰਾਂ ਨੂੰ ਛੇੜਦਾ ਸੀ, ਤਾਂ ਯਹੋਵਾਹ ਦਾ ਹੱਥ ਉਹ ਦੇ ਉੱਤੇ ਆਉਂਦਾ ਸੀ ।16ਤਦ ਉਹ ਨੇ ਆਖਿਆ ਕਿ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਇਸ ਘਾਟੀ ਵਿੱਚ ਟੋਏ ਹੀ ਟੋਏ ਪੁੱਟ ਦਿਓ ।17ਕਿਉਂਕਿ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਤੁਸੀਂ ਨਾ ਹਵਾ ਨੂੰ ਵੇਖੋਗੇ ਨਾ ਮੀਂਹ ਨੂੰ, ਤਾਂ ਵੀ ਉਹ ਘਾਟੀ ਪਾਣੀ ਨਾਲ ਭਰ ਜਾਵੇਗੀ ਅਤੇ ਤੁਸੀਂ ਪੀਵੋਗੇ ਤੇ ਤੁਹਾਡੇ ਪਸ਼ੂ ਵੀ ।
18ਇਹ ਯਹੋਵਾਹ ਦੀ ਨਿਗਾਹ ਵਿੱਚ ਨਿੱਕੀ ਜਿਹੀ ਗੱਲ ਹੈ । ਉਹ ਮੋਆਬ ਨੂੰ ਤੁਹਾਡੇ ਹੱਥ ਦੇ ਦੇਵੇਗਾ ।19ਤੁਸੀਂ ਹਰ ਸ਼ਹਿਰ ਪਨਾਹ ਵਾਲੇ ਸ਼ਹਿਰ ਅਤੇ ਉੱਤਮ ਸ਼ਹਿਰ ਢਾਹ ਛੱਡੋਗੇ, ਹਰ ਚੰਗੇ ਰੁੱਖ ਨੂੰ ਵੱਢ ਸੁੱਟੋਗੇ, ਪਾਣੀ ਦੇ ਸਾਰੇ ਸੋਤਿਆਂ ਨੂੰ ਪੂਰ ਦੇਵੋਗੇ ਅਤੇ ਹਰ ਚੰਗੇ ਖੇਤ ਨੂੰ ਪੱਥਰਾਂ ਨਾਲ ਵਿਗਾੜ ਦਿਓਗੇ ।
20ਇਸ ਤਰ੍ਹਾਂ ਹੋਇਆ ਜਦੋਂ ਸਵੇਰ ਨੂੰ ਭੇਟ ਚੜ੍ਹਾਈ ਜਾਂਦੀ ਸੀ, ਤਾਂ ਵੇਖੋ ਅਦੋਮ ਦੇ ਪਾਸਿਓਂ ਪਾਣੀ ਆ ਰਿਹਾ ਸੀ ਤੇ ਉਹ ਧਰਤੀ ਪਾਣੀ ਨਾਲ ਭਰ ਗਈ ।
21ਜਦ ਸਾਰੇ ਮੋਆਬੀਆਂ ਨੇ ਸੁਣਿਆ ਕਿ ਰਾਜਿਆਂ ਨੇ ਸਾਡੇ ਨਾਲ ਲੜਨ ਲਈ ਚੜ੍ਹਾਈ ਕੀਤੀ ਹੈ, ਤਦ ਸਾਰੇ ਜਵਾਨ ਅਤੇ ਬੁੱਢੇ ਜਿਹੜੇ ਸ਼ਸਤਰ ਬੰਨ੍ਹ ਸਕਦੇ ਸਨ ਇਕੱਠੇ ਹੋਏ ਅਤੇ ਹੱਦ ਉੱਤੇ ਖੜ੍ਹੇ ਹੋ ਗਏ ।22ਜਦੋਂ ਉਹ ਸਵੇਰੇ ਉੱਠੇ ਤਾਂ ਪਾਣੀ ਉੱਤੇ ਸੂਰਜ ਚਮਕ ਰਿਹਾ ਸੀ ਅਤੇ ਮੋਆਬੀਆਂ ਨੂੰ ਉਹ ਪਾਣੀ ਜੋ ਉਨ੍ਹਾਂ ਦੇ ਸਾਹਮਣੇ ਸੀ ਲਹੂ ਵਾਂਗੂੰ ਦਿੱਸਦਾ ਸੀ ।23ਇਸ ਲਈ ਉਹ ਬੋਲੇ, “ਇਹ ਤਾਂ ਲਹੂ ਹੈ ਰਾਜਾ ਨਾਸ ਹੀ ਹੋ ਗਏ । ਹਾਂ, ਹਰ ਮਨੁੱਖ ਨੇ ਆਪਣੇ ਨਾਲ ਦੇ ਨੂੰ ਮਾਰ ਛੱਡਿਆ ਹੈ । ਹੇ ਮੋਆਬ, ਹੁਣ ਲੁੱਟ ਨੂੰ ਤੁਰ ਪਓ ।”
24ਜਦ ਉਹ ਇਸਰਾਏਲ ਦੇ ਡੇਰੇ ਵਿੱਚ ਆਏ ਤਾਂ ਇਸਰਾਏਲੀਆਂ ਨੇ ਉੱਠ ਕੇ ਮੋਆਬੀਆਂ ਨੂੰ ਇਸ ਤਰ੍ਹਾਂ ਮਾਰਿਆ ਕਿ ਉਹ ਉਨ੍ਹਾਂ ਦੇ ਅੱਗਿਓਂ ਨੱਠ ਤੁਰੇ । ਉਹ ਉਸ ਦੇਸ ਵਿੱਚ ਵੜ ਕੇ ਮੋਆਬੀਆਂ ਨੂੰ ਮਾਰਦੇ ਜਾਂਦੇ ਸਨ ।25ਉਨ੍ਹਾਂ ਨੇ ਸ਼ਹਿਰਾਂ ਨੂੰ ਢਾਹ ਦਿੱਤਾ, ਹਰ ਇੱਕ ਚੰਗੇ ਖੇਤ ਵਿੱਚ ਹਰ ਆਦਮੀ ਨੇ ਇੱਕ-ਇੱਕ ਪੱਥਰ ਸੁੱਟਿਆ ਤੇ ਉਹ ਨੂੰ ਭਰ ਦਿੱਤਾ, ਪਾਣੀ ਦੇ ਸਾਰੇ ਸੋਤੇ ਉਨ੍ਹਾਂ ਨੇ ਪੂਰ ਦਿੱਤੇ ਅਤੇ ਸਾਰੇ ਚੰਗੇ ਰੁੱਖ ਉਨ੍ਹਾਂ ਨੇ ਵੱਢ ਦਿੱਤੇ, ਜਦੋਂ ਤੱਕ ਕੀਰ-ਹਰਾਸਥ ਵਿੱਚ ਪੱਥਰ ਹੀ ਬਾਕੀ ਰਹੇ, ਤਾਂ ਗੋਪੀਆ ਚਲਾਉਣ ਵਾਲਿਆਂ ਨੇ ਉਹ ਨੂੰ ਘੇਰ ਕੇ ਮਾਰਿਆ ।
26ਜਦੋਂ ਮੋਆਬ ਦੇ ਰਾਜਾ ਨੇ ਦੇਖਿਆ ਕਿ ਅਸੀਂ ਹਾਰਨ ਵਾਲੇ ਹਾਂ, ਤਾਂ ਉਸ ਨੇ ਸੱਤ ਸੌ ਤਲਵਾਰ ਚਲਾਉਣ ਵਾਲੇ ਆਦਮੀ ਆਪਣੇ ਨਾਲ ਲਏ ਕਿ ਅਦੋਮ ਦੇ ਰਾਜਾ ਦੇ ਕੋਲ ਦੀ ਹਮਲਾ ਕਰਨ, ਪਰ ਉਹ ਨਾ ਕਰ ਸੱਕੇ ।27ਤਦ ਉਹ ਨੇ ਆਪਣੇ ਜੇਠੇ ਪੁੱਤਰ ਨੂੰ ਜਿਹੜਾ ਉਹ ਦੇ ਥਾਂ ਰਾਜ ਕਰਨ ਵਾਲਾ ਸੀ ਲੈ ਕੇ ਸ਼ਹਿਰਪਨਾਹ ਉੱਤੇ ਹੋਮ ਦੀ ਬਲੀ ਲਈ ਚੜ੍ਹਾਇਆ ਅਤੇ ਇਸ ਤਰ੍ਹਾਂ ਹੋਇਆ ਕਿ ਇਸਰਾਏਲ ਦੇ ਵਿਰੁੱਧ ਵੱਡਾ ਕਰੋਪ ਹੋ ਗਿਆ ਅਤੇ ਉਹ ਉਹ ਦੇ ਵੱਲੋਂ ਹਟ ਕੇ ਆਪਣੇ ਦੇਸ ਨੂੰ ਮੁੜ ਆਏ ।

4
ਅਲੀਸ਼ਾ ਅਤੇ ਇੱਕ ਵਿਧਵਾ

1ਨਬੀਆਂ ਦੇ ਪੁੱਤਰਾਂ ਦੀਆਂ ਪਤਨੀਆਂ ਵਿੱਚੋਂ ਇੱਕ ਨੇ ਅਲੀਸ਼ਾ ਅੱਗੇ ਦੁਹਾਈ ਦਿੱਤੀ ਕਿ ਤੇਰਾ ਦਾਸ ਮੇਰਾ ਪਤੀ ਮਰ ਗਿਆ ਹੈ ਅਤੇ ਤੂੰ ਜਾਣਦਾ ਹੈਂ ਕਿ ਤੇਰਾ ਦਾਸ ਯਹੋਵਾਹ ਦਾ ਭੈ ਮੰਨਦਾ ਸੀ । ਹੁਣ ਲੈਣਦਾਰ ਮੇਰੇ ਦੋ ਪੁੱਤਰਾਂ ਨੂੰ ਆਪਣੇ ਗੁਲਾਮ ਬਣਾਉਣ ਲਈ ਲੈਣ ਆਇਆ ਹੈ ।2ਅਲੀਸ਼ਾ ਨੇ ਉਸ ਨੂੰ ਆਖਿਆ, “ਮੈਂ ਤੇਰੇ ਲਈ ਕੀ ਕਰਾਂ ? ਮੈਨੂੰ ਦੱਸ ਤੇਰੇ ਕੋਲ ਘਰ ਵਿੱਚ ਕੀ ਹੈ ? ” ਉਹ ਬੋਲੀ, “ਤੇਰੀ ਦਾਸੀ ਦੇ ਘਰ ਵਿੱਚ ਇੱਕ ਕੁੱਪੀ ਤੇਲ ਤੋਂ ਬਿਨ੍ਹਾਂ ਕੁਝ ਵੀ ਨਹੀਂ ।”

3ਤਾਂ ਉਹ ਬੋਲਿਆ, “ਤੂੰ ਜਾ ਤੇ ਆਪਣੇ ਸਾਰੇ ਗੁਆਂਢੀਆਂ ਤੋਂ ਖਾਲੀ ਭਾਂਡੇ ਮੰਗ ਲੈ ਅਤੇ ਉਹ ਥੋੜੇ ਨਾ ਹੋਣ ।4ਜਦੋਂ ਤੂੰ ਅੰਦਰ ਆ ਜਾਵੇਂ ਤਾਂ ਆਪਣੇ ਤੇ ਆਪਣੇ ਪੁੱਤਰਾਂ ਲਈ ਬੂਹਾ ਬੰਦ ਕਰ ਲਵੀਂ ਅਤੇ ਉਨ੍ਹਾਂ ਸਾਰੇ ਭਾਂਡਿਆਂ ਵਿੱਚ ਤੇਲ ਪਾਈ ਜਾਵੀਂ । ਜਿਹੜਾ ਭਰ ਜਾਏ ਉਹ ਨੂੰ ਅਲੱਗ ਰੱਖ ਦੇਵੀਂ ।”
5ਉਹ ਉਸ ਦੇ ਅੱਗਿਓਂ ਚੱਲੀ ਗਈ ਤੇ ਆਪਣੇ ਅਤੇ ਆਪਣੇ ਪੁੱਤਰਾਂ ਲਈ ਬੂਹਾ ਬੰਦ ਕਰ ਲਿਆ । ਉਹ ਉਸ ਦੇ ਕੋਲ ਲਿਆਉਂਦੇ ਗਏ ਤੇ ਉਹ ਪਾਈ ਗਈ ।6ਜਦੋਂ ਭਾਂਡੇ ਭਰ ਗਏ ਤਾਂ ਉਸ ਨੇ ਆਪਣੇ ਪੁੱਤਰ ਨੂੰ ਆਖਿਆ, “ਮੇਰੇ ਕੋਲ ਇੱਕ ਹੋਰ ਭਾਂਡਾ ਲਿਆ ।” ਉਹ ਨੇ ਉਸ ਨੂੰ ਆਖਿਆ ਕਿ ਹੋਰ ਤਾਂ ਕੋਈ ਭਾਂਡਾ ਨਹੀਂ ਹੈ ਤਾਂ ਤੇਲ ਬੰਦ ਹੋ ਗਿਆ ।
7ਤਦ ਉਹ ਪਰਮੇਸ਼ੁਰ ਦੇ ਜਨ ਕੋਲ ਆਈ ਤੇ ਉਹ ਨੂੰ ਦੱਸਿਆ ਅਤੇ ਉਹ ਬੋਲਿਆ, “ਜਾ ਕੇ ਤੇਲ ਵੇਚ ਤੇ ਆਪਣਾ ਕਰਜ਼ਾ ਭਰ ਦੇ ਅਤੇ ਜੋ ਬਚੇ ਉਹ ਦੇ ਨਾਲ ਤੂੰ ਤੇਰੇ ਪੁੱਤਰ ਗੁਜ਼ਾਰਾ ਕਰਿਓ ।”
ਅਲੀਸ਼ਾ ਅਤੇ ਸ਼ੂਨੇਮ ਦੀ ਰਹਿਣ ਵਾਲੀ ਧਨੀ ਔਰਤ

8ਇੱਕ ਦਿਨ ਇਸ ਤਰ੍ਹਾਂ ਹੋਇਆ ਕਿ ਅਲੀਸ਼ਾ ਸ਼ੂਨੇਮ ਵੱਲੋਂ ਦੀ ਹੋ ਕੇ ਲੰਘਿਆ, ਜਿੱਥੇ ਇੱਕ ਪਤਵੰਤੀ ਔਰਤ ਸੀ । ਉਹ ਨੇ ਉਸ ਨੂੰ ਰੋਟੀ ਖਾਣ ਲਈ ਮਜ਼ਬੂਰ ਕੀਤਾ । ਫੇਰ ਜਦੋਂ ਕਦੀ ਉਹ ਉਧਰ ਦੀ ਲੰਘਦਾ ਸੀ ਰੋਟੀ ਖਾਣ ਲਈ ਉਧਰੇ ਮੁੜ ਪੈਂਦਾ ਸੀ ।9ਤਦ ਉਹ ਨੇ ਆਪਣੇ ਪਤੀ ਨੂੰ ਆਖਿਆ, “ਵੇਖ, ਉਹ ਜਿਹੜਾ ਬਹੁਤ ਕਰਕੇ ਸਾਡੇ ਪਾਸਿਓਂ ਲੰਘਦਾ ਹੈ ਪਰਮੇਸ਼ੁਰ ਦਾ ਪਵਿੱਤਰ ਜਨ ਜਾਪਦਾ ਹੈ ।
10ਅਸੀਂ ਇੱਕ ਨਿੱਕਾ ਜਿਹਾ ਚੁਬਾਰਾ ਉਹ ਦੇ ਲਈ ਬਣਾਈਏ ਅਤੇ ਉੱਥੇ ਉਸ ਦੇ ਲਈ ਇੱਕ ਮੰਜਾ, ਇੱਕ ਮੇਜ਼, ਇੱਕ ਚੌਂਕੀ ਤੇ ਇੱਕ ਦੀਵਾ ਰੱਖੀਏ ਅਤੇ ਇਸ ਤਰ੍ਹਾਂ ਹੋਵੇਗਾ ਕਿ ਜਦ ਉਹ ਸਾਡੇ ਕੋਲ ਆਵੇ ਤਾਂ ਉੱਥੇ ਰਹਿ ਸਕੇਗਾ ।”11ਇੱਕ ਦਿਨ ਇਸ ਤਰ੍ਹਾਂ ਹੋਇਆ ਕਿ ਉਹ ਉੱਧਰ ਆਇਆ ਅਤੇ ਉਸ ਚੁਬਾਰੇ ਵਿੱਚ ਜਾ ਕੇ ਉੱਥੇ ਹੀ ਲੇਟਿਆ ।
12ਤਦ ਉਸ ਨੇ ਆਪਣੇ ਚੇਲੇ ਗੇਹਾਜੀ ਨੂੰ ਆਖਿਆ, “ਇਸ ਸ਼ੂਨੰਮੀ ਔਰਤ ਨੂੰ ਸੱਦ,” ਤਦ ਉਹ ਨੇ ਉਹ ਨੂੰ ਸੱਦਿਆ ਤੇ ਉਹ ਉਸ ਦੇ ਅੱਗੇ ਖੜ੍ਹੀ ਹੋ ਗਈ ।13ਉਸ ਨੇ ਚੇਲੇ ਨੂੰ ਕਿਹਾ ਕਿ ਉਹ ਨੂੰ ਆਖ ਕਿ ਵੇਖ ਤੂੰ ਜੋ ਐਨੇ ਧਿਆਨ ਨਾਲ ਸਾਡੀ ਸੇਵਾ ਕਰਦੀ ਰਹੀ, ਤੇਰੇ ਲਈ ਕੀ ਕੀਤਾ ਜਾਵੇ ? ਕੀ ਅਸੀਂ ਰਾਜਾ ਜਾਂ ਸੈਨਾਪਤੀ ਨਾਲ ਤੇਰੇ ਬਾਰੇ ਗੱਲ ਕਰੀਏ ? ਪਰ ਉਹ ਬੋਲੀ, “ਮੈਂ ਤਾਂ ਆਪਣੇ ਹੀ ਲੋਕਾਂ ਦੇ ਵਿਚਕਾਰ ਵੱਸਦੀ ਹਾਂ ।”
14ਫੇਰ ਉਸ ਨੇ ਕਿਹਾ ਤਾਂ ਉਹ ਦੇ ਲਈ ਕੀ ਕੀਤਾ ਜਾਵੇ ? ਅੱਗੋਂ ਗੇਹਾਜੀ ਬੋਲਿਆ, “ਸੱਚ-ਮੁੱਚ ਉਹ ਦੇ ਕੋਈ ਪੁੱਤਰ ਨਹੀਂ ਹੈ ਅਤੇ ਉਹ ਦਾ ਪਤੀ ਬਿਰਧ ਹੈ ।”15ਉਸ ਨੇ ਕਿਹਾ, “ਉਹ ਨੂੰ ਸੱਦ ।” ਸੋ ਉਸ ਨੇ ਉਹ ਨੂੰ ਸੱਦਿਆ ਤੇ ਉਹ ਦਰਵਾਜ਼ੇ ਵਿੱਚ ਆ ਖੜ੍ਹੀ ਹੋਈ ।16ਤਦ ਉਹ ਬੋਲਿਆ, “ਐਸੇ ਰੁੱਤੇ ਬਸੰਤ ਦੇ ਦਿਨਾਂ ਦੇ ਨੇੜ੍ਹੇ ਤੇਰੇ ਇੱਕ ਪੁੱਤਰ ਹੋਵੇਗਾ ।” ਉਹ ਬੋਲੀ, “ਨਹੀਂ, ਮੇਰੇ ਸੁਆਮੀ ਪਰਮੇਸ਼ੁਰ ਦੇ ਜਨ ਆਪਣੀ ਦਾਸੀ ਨਾਲ ਝੂਠ ਨਾ ਬੋਲ ।”
17ਪਰ ਉਹ ਔਰਤ ਗਰਭਵਤੀ ਹੋਈ ਅਤੇ ਜਿਵੇਂ ਅਲੀਸ਼ਾ ਨੇ ਆਖਿਆ ਸੀ ਉਸੇ ਰੁੱਤੇ ਬਸੰਤ ਦੇ ਨੇੜ੍ਹੇ ਉਹ ਦੇ ਪੁੱਤਰ ਜੰਮਿਆ ।18ਜਦੋਂ ਬਾਲਕ ਵੱਡਾ ਹੋਇਆ, ਤਾਂ ਇੱਕ ਦਿਨ ਉਹ ਆਪਣੇ ਪਿਉ ਕੋਲ ਵਾਢਿਆਂ ਵੱਲ ਚੱਲਿਆ ਗਿਆ ।19ਅਤੇ ਉਹ ਆਪਣੇ ਪਿਉ ਨੂੰ ਆਖਣ ਲੱਗਾ, “ਹਾਏ ਮੇਰਾ ਸਿਰ, ਹਾਏ ਮੇਰਾ ਸਿਰ !” ਉਹ ਨੇ ਆਪਣੇ ਇੱਕ ਸੇਵਕ ਨੂੰ ਆਖਿਆ, “ਉਹ ਨੂੰ ਉਹ ਦੀ ਮਾਂ ਕੋਲ ਲੈ ਜਾ ।”20ਜਦੋਂ ਉਹ ਉਸ ਨੂੰ ਚੁੱਕ ਕੇ ਉਹ ਦੀ ਮਾਂ ਕੋਲ ਅੰਦਰ ਲੈ ਗਿਆ, ਤਾਂ ਉਹ ਦੁਪਹਿਰਾਂ ਤੱਕ ਉਹ ਦੇ ਗੋਡਿਆਂ ਉੱਤੇ ਬੈਠਾ ਰਿਹਾ, ਫੇਰ ਮਰ ਗਿਆ ।
21ਤਦ ਉਹ ਨੇ ਉੱਤੇ ਜਾ ਕੇ ਉਹ ਨੂੰ ਪਰਮੇਸ਼ੁਰ ਦੇ ਜਨ ਦੇ ਮੰਜੇ ਉੱਤੇ ਲਿਟਾ ਦਿੱਤਾ ਅਤੇ ਦਰਵਾਜ਼ਾ ਬੰਦ ਕਰ ਕੇ ਬਾਹਰ ਚਲੀ ਗਈ ।22ਉਹ ਨੇ ਆਪਣੇ ਪਤੀ ਨੂੰ ਸੱਦ ਕੇ ਆਖਿਆ, “ਜੁਆਨਾਂ ਵਿਚੋਂ ਇੱਕ ਜਣਾ ਨਾਲੇ ਇੱਕ ਗਧਾ ਮੇਰੇ ਕੋਲ ਭੇਜ ਕਿ ਮੈਂ ਪਰਮੇਸ਼ੁਰ ਦੇ ਜਨ ਕੋਲ ਭੱਜ ਕੇ ਜਾਂਵਾਂ ਤੇ ਮੁੜ ਆਵਾਂ ।”
23ਅੱਗੋਂ ਉਹ ਬੋਲਿਆ, “ਅੱਜ ਤੂੰ ਕਿਉਂ ਉਹ ਦੇ ਕੋਲ ਜਾਂਦੀ ਹੈਂ, ਨਾ ਨਵਾਂ ਚੰਦ ਹੈ ਨਾ ਸਬਤ ? ” ਪਰ ਉਹ ਬੋਲੀ ਸਲਾਮਤੀ ਹੀ ਹੋਵੇਗੀ ।24ਤਦ ਉਹ ਨੇ ਗਧੇ ਉੱਤੇ ਕਾਠੀ ਕੱਸੀ ਅਤੇ ਆਪਣੇ ਸੇਵਕ ਨੂੰ ਆਖਿਆ, “ਹੱਕ ਲੈ ਤੇ ਅੱਗੇ ਵੱਧ । ਜਦ ਤੱਕ ਮੈਂ ਤੈਨੂੰ ਨਾ ਆਖਾਂ ਮੇਰੇ ਕਾਰਨ ਸਵਾਰੀ ਹੱਕਣ ਵਿੱਚ ਢਿੱਲ ਨਾ ਕਰੀਂ ।”
25ਸੋ ਉਹ ਰਾਹ ਪੈ ਗਈ ਤੇ ਪਰਮੇਸ਼ੁਰ ਦੇ ਜਨ ਕੋਲ ਕਰਮਲ ਦੇ ਪਰਬਤ ਉੱਤੇ ਗਈ ਅਤੇ ਜਦੋਂ ਪਰਮੇਸ਼ੁਰ ਦੇ ਜਨ ਨੇ ਉਹ ਨੂੰ ਦੂਰੋਂ ਵੇਖਿਆ, ਤਾਂ ਉਸ ਨੇ ਆਪਣੇ ਦਾਸ ਗੇਹਾਜੀ ਨੂੰ ਆਖਿਆ, “ਵੇਖ, ਓਹ ਸ਼ੂਨੰਮੀ ਔਰਤ ਹੈ ।”26ਤੂੰ ਹੁਣ ਭੱਜ ਕੇ ਉਹ ਨੂੰ ਮਿਲ ਤੇ ਉਹ ਨੂੰ ਪੁੱਛ ਕਿ ਤੂੰ ਰਾਜੀ ਬਾਜ਼ੀ ਤਾਂ ਹੈਂ ? ਤੇਰਾ ਪਤੀ ਰਾਜੀ ਬਾਜ਼ੀ ਹੈ ? ਬਾਲਕ ਰਾਜੀ ਬਾਜ਼ੀ ਹੈ ? ਅੱਗੋਂ ਉਹ ਬੋਲੀ, “ਸੁਖ ਸਾਂਦ ਹੈ ।”
27ਪਰ ਜਦੋਂ ਉਹ ਪਰਮੇਸ਼ੁਰ ਦੇ ਜਨ ਕੋਲ ਪਰਬਤ ਉੱਤੇ ਆਈ, ਤਾਂ ਉਸ ਦੇ ਪੈਰ ਫੜ ਲਏ ਅਤੇ ਗੇਹਾਜੀ ਉਹ ਨੂੰ ਪਰੇ ਹਟਾਉਣ ਲਈ ਨੇੜੇ ਆਇਆ ਪਰ ਪਰਮੇਸ਼ੁਰ ਦੇ ਜਨ ਨੇ ਆਖਿਆ, “ਉਹ ਨੂੰ ਰਹਿਣ ਦੇ, ਕਿਉਂ ਜੋ ਉਹ ਦਾ ਮਨ ਭਰਿਆ ਹੋਇਆ ਹੈ ਪਰ ਯਹੋਵਾਹ ਨੇ ਇਹ ਮੇਰੇ ਤੋਂ ਲੁਕਾਇਆ ਤੇ ਮੈਨੂੰ ਨਾ ਦੱਸਿਆ ।”
28ਤਦ ਉਹ ਬੋਲੀ, “ਕੀ ਮੈਂ ਆਪਣੇ ਸੁਆਮੀ ਕੋਲੋਂ ਪੁੱਤਰ ਮੰਗਿਆ ਸੀ ? ਕੀ ਮੈਂ ਇਹ ਨਹੀਂ ਸੀ ਆਖਿਆ ਕਿ ਮੈਨੂੰ ਧੋਖਾ ਨਾ ਦੇਵੀਂ ? ”29ਤਾਂ ਉਸ ਨੇ ਗੇਹਾਜੀ ਨੂੰ ਕਿਹਾ, “ਆਪਣਾ ਲੱਕ ਬੰਨ੍ਹ ਅਤੇ ਮੇਰੀ ਲਾਠੀ ਆਪਣੇ ਹੱਥ ਵਿੱਚ ਲੈ ਕੇ ਆਪਣਾ ਰਾਹ ਫੜ । ਜੇ ਕੋਈ ਆਦਮੀ ਤੈਨੂੰ ਮਿਲੇ ਤਾਂ ਉਹ ਨੂੰ ਪਰਨਾਮ ਨਾ ਕਰੀਂ ਅਤੇ ਜੇ ਕੋਈ ਆਦਮੀ ਪਰਨਾਮ ਕਰੇਂ ਤਾਂ ਤੂੰ ਉਹ ਨੂੰ ਉੱਤਰ ਨਾ ਦੇਵੀਂ । ਫੇਰ ਤੂੰ ਮੁੰਡੇ ਦੇ ਮੂੰਹ ਉੱਤੇ ਮੇਰੀ ਲਾਠੀ ਰੱਖ ਦੇਵੀਂ ।”
30ਪਰ ਮੁੰਡੇ ਦੀ ਮਾਂ ਬੋਲੀ, “ਜੀਉਂਦੇ ਯਹੋਵਾਹ ਦੀ ਤੇ ਤੇਰੀ ਜਾਨ ਦੀ ਸਹੁੰ ਮੈਂ ਤੈਨੂੰ ਨਹੀਂ ਛੱਡਾਂਗੀ ।” ਸੋ ਉਹ ਉੱਠ ਕੇ ਉਹ ਦੇ ਮਗਰ ਤੁਰ ਪਿਆ ।31ਗੇਹਾਜੀ ਉਨ੍ਹਾਂ ਤੋਂ ਪਹਿਲਾਂ ਤੁਰ ਗਿਆ ਤੇ ਮੁੰਡੇ ਦੇ ਮੂੰਹ ਉੱਤੇ ਲਾਠੀ ਰੱਖੀ ਪਰ ਨਾ ਅਵਾਜ਼ ਸੀ ਨਾ ਸੁਰਤ, ਇਸ ਲਈ ਉਹ ਉਸ ਨੂੰ ਮਿਲਣ ਲਈ ਮੁੜਿਆ ਅਤੇ ਉਸ ਨੂੰ ਦੱਸਿਆ ਕਿ ਬਾਲਕ ਨਹੀਂ ਜਾਗਿਆ ।
32ਜਦੋਂ ਅਲੀਸ਼ਾ ਘਰ ਵਿੱਚ ਆਇਆ, ਵੇਖੋ ਬਾਲਕ ਮਰਿਆ ਹੋਇਆ ਉਸ ਦੇ ਮੰਜੇ ਉੱਤੇ ਪਿਆ ਸੀ ।33ਉਹ ਅੰਦਰ ਗਿਆ ਅਤੇ ਉਨ੍ਹਾਂ ਦੋਵਾਂ ਲਈ ਦਰਵਾਜ਼ਾ ਬੰਦ ਕਰ ਲਿਆ ਅਤੇ ਯਹੋਵਾਹ ਦੇ ਅੱਗੇ ਬੇਨਤੀ ਕੀਤੀ ।34ਤਦ ਉਹ ਚੜ੍ਹ ਕੇ ਬਾਲਕ ਉੱਤੇ ਲੇਟ ਗਿਆ, ਉਸ ਨੇ ਆਪਣਾ ਮੂੰਹ ਉਹ ਦੇ ਮੂੰਹ ਉੱਤੇ, ਆਪਣੀਆਂ ਅੱਖਾਂ ਉਹ ਦੀਆਂ ਅੱਖਾਂ ਉੱਤੇ, ਆਪਣੇ ਹੱਥ ਉਹ ਦੇ ਹੱਥਾਂ ਉੱਤੇ ਰੱਖੇ ਅਤੇ ਉਹ ਦੇ ਉੱਤੇ ਪਸਰ ਗਿਆ ਤਦ ਉਸ ਬੱਚੇ ਦਾ ਸਰੀਰ ਨਿੱਘਾ ਹੋ ਗਿਆ ।
35ਫੇਰ ਉਹ ਉੱਠਿਆ ਅਤੇ ਇੱਕ ਵਾਰੀ ਘਰ ਵਿੱਚ ਇਧਰ ਉਧਰ ਟਹਿਲਿਆ ਤਦ ਉਹ ਚੜ੍ਹ ਕੇ ਉਹ ਦੇ ਉੱਤੇ ਪਸਰ ਗਿਆ ਤੇ ਬਾਲਕ ਸੱਤ ਵਾਰੀ ਛਿੱਕਿਆ ਅਤੇ ਮੁੰਡੇ ਨੇ ਆਪਣੀਆਂ ਅੱਖਾਂ ਖੋਲ੍ਹੀਆਂ ।36ਤਦ ਉਸ ਨੇ ਗੇਹਾਜੀ ਨੂੰ ਸੱਦ ਕੇ ਆਖਿਆ, “ਇਸ ਸ਼ੂਨੰਮੀ ਨੂੰ ਸੱਦ ਲੈ ।” ਸੋ ਉਸ ਨੇ ਉਹ ਨੂੰ ਸੱਦਿਆ ਅਤੇ ਜਦੋਂ ਉਹ ਉਸ ਦੇ ਕੋਲ ਅੰਦਰ ਆਈ ਤਾਂ ਉਹ ਬੋਲਿਆ, “ਆਪਣੇ ਪੁੱਤਰ ਨੂੰ ਚੁੱਕ ਲੈ ।”37ਤਦ ਉਹ ਅੰਦਰ ਆਈ ਤੇ ਉਸ ਦੇ ਚਰਨਾਂ ਉੱਤੇ ਡਿੱਗੀ, ਆਪਣੇ ਆਪ ਨੂੰ ਧਰਤੀ ਤੇ ਨਿਵਾਇਆ ਅਤੇ ਆਪਣੇ ਪੁੱਤਰ ਨੂੰ ਚੁੱਕ ਕੇ ਬਾਹਰ ਚੱਲੀ ਗਈ ।
ਅਲੀਸ਼ਾ ਦੇ ਦੋ ਹੋਰ ਚਮਤਕਾਰ

38ਫੇਰ ਅਲੀਸ਼ਾ ਗਿਲਗਾਲ ਨੂੰ ਮੁੜਿਆ, ਦੇਸ ਵਿੱਚ ਕਾਲ ਸੀ ਅਤੇ ਨਬੀਆਂ ਦੇ ਪੁੱਤਰ ਉਸ ਦੇ ਅੱਗੇ ਬੈਠੇ ਹੋਏ ਸਨ ਅਤੇ ਉਸ ਨੇ ਆਪਣੇ ਬਾਲਕੇ ਨੂੰ ਆਖਿਆ, “ਦੇਗ ਚੜ੍ਹਾ ਦੇ ਅਤੇ ਨਬੀਆਂ ਦੇ ਪੁੱਤਰਾਂ ਲਈ ਭਾਜੀ ਉਬਾਲ ।”39ਇੱਕ ਜਣਾ ਬਾਹਰ ਖੇਤ ਵਿੱਚ ਭਾਜੀ ਲੈਣ ਗਿਆ, ਉਸ ਨੂੰ ਖੇਤ ਵਿੱਚ ਇੱਕ ਜੰਗਲੀ ਵੇਲ ਲੱਭੀ, ਉਸ ਨੇ ਉਹ ਦੇ ਨਾਲੋਂ ਜੰਗਲੀ ਕੱਦੂ ਤੋੜ ਕੇ ਝੋਲੀ ਭਰ ਲਈ ਅਤੇ ਆ ਗਿਆ ਤਦ ਉਹਨਾਂ ਨੇ ਫਾੜੀਆਂ ਕਰ ਕੇ ਉਸ ਦੇਗ ਵਿੱਚ ਪਾ ਦਿੱਤਾ, ਪਰ ਉਨ੍ਹਾਂ ਨੂੰ ਉਹਨਾਂ ਦੀ ਪਛਾਣ ਨਹੀਂ ਸੀ ।
40ਸੋ ਉਨ੍ਹਾਂ ਨੇ ਬੰਦਿਆਂ ਦੇ ਖਾਣ ਲਈ ਦਿੱਤਾ, ਤਾਂ ਜਦੋਂ ਉਹ ਭਾਜੀ ਖਾ ਰਹੇ ਸਨ ਤਦ ਉਹ ਚੀਕ ਉੱਠੇ ਕਿ ਹੇ ਪਰਮੇਸ਼ੁਰ ਦੇ ਜਨ, ਦੇਗ ਵਿੱਚ ਤਾਂ ਮੌਤ ਹੈ ! ਅਤੇ ਉਹ ਖਾ ਨਾ ਸਕੇ ।41ਪਰ ਉਹ ਬੋਲਿਆ, “ਆਟਾ ਲਿਆਓ ਅਤੇ ਉਸ ਨੇ ਉਹ ਦੇਗ ਵਿੱਚ ਪਾ ਦਿੱਤਾ,” ਤਦ ਆਖਿਆ ਕਿ ਲੋਕਾਂ ਨੂੰ ਦਿਓ ਕਿ ਉਹ ਖਾਣ ਅਤੇ ਦੇਗ ਵਿੱਚ ਕੋਈ ਕਸਰ ਨਾ ਰਹੀ ।
42ਬਆਲ-ਸ਼ਲੀਸ਼ਾਹ ਤੋਂ ਇੱਕ ਮਨੁੱਖ ਆਇਆ ਅਤੇ ਪਰਮੇਸ਼ੁਰ ਦੇ ਜਨ ਲਈ ਪਹਿਲੇ ਫ਼ਲਾਂ ਦੇ ਜਵਾਂ ਦੀਆਂ ਵੀਹ ਰੋਟੀਆਂ ਤੇ ਅਨਾਜ ਦੇ ਹਰੇ ਹਰੇ ਸਿੱਟੇ ਆਪਣੀ ਝੋਲੀ ਵਿੱਚ ਲਿਆਇਆ । ਉਹ ਬੋਲਿਆ, “ਇਨ੍ਹਾਂ ਲੋਕਾਂ ਨੂੰ ਦੇ ਜੋ ਉਹ ਖਾਣ ।”43ਪਰ ਉਸ ਦੇ ਸੇਵਕ ਨੇ ਆਖਿਆ, “ਮੈਂ ਸੌ ਆਦਮੀਆਂ ਦੇ ਅੱਗੇ ਇਹ ਕਿਵੇਂ ਰੱਖ ਸਕਦਾ ਹਾਂ ? ” ਅੱਗੋਂ ਉਹ ਬੋਲਿਆ, “ਲੋਕਾਂ ਨੂੰ ਦੇ ਕਿ ਉਹ ਖਾਣ ।” ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਉਹ ਖਾਣਗੇ ਤੇ ਬਾਕੀ ਛੱਡਣਗੇ ।44ਸੋ ਉਸ ਨੇ ਉਨ੍ਹਾਂ ਦੇ ਅੱਗੇ ਰੱਖਿਆ ਅਤੇ ਉਨ੍ਹਾਂ ਨੇ ਖਾਧਾ ਤੇ ਯਹੋਵਾਹ ਦੇ ਬਚਨ ਅਨੁਸਾਰ ਬਾਕੀ ਵੀ ਛੱਡ ਦਿੱਤਾ ।

5
ਨਅਮਾਨ ਕੋੜ੍ਹੀ ਨੂੰ ਸ਼ੁੱਧ ਕੀਤਾ ਜਾਣਾ

1ਅਰਾਮ ਦੇ ਰਾਜਾ ਦਾ ਸੈਨਾਪਤੀ ਨਅਮਾਨ ਆਪਣੇ ਸੁਆਮੀ ਦੇ ਅੱਗੇ ਵੱਡਾ ਆਦਮੀ ਸੀ ਅਤੇ ਉਹ ਦਾ ਆਦਰ ਮਾਣ ਹੁੰਦਾ ਸੀ, ਕਿਉਂ ਜੋ ਉਹ ਦੇ ਦੁਆਰਾ ਯਹੋਵਾਹ ਨੇ ਅਰਾਮ ਨੂੰ ਫ਼ਤਹ ਦਿੱਤੀ ਸੀ । ਉਹ ਮਨੁੱਖ ਜੋਧਾ ਸੂਰਮਾ ਸੀ ਪਰ ਕੋੜ੍ਹੀ ਸੀ ।2ਅਰਾਮੀ ਜੱਥੇ ਬੰਨ੍ਹ ਕੇ ਨਿੱਕਲੇ ਤੇ ਇਸਰਾਏਲ ਦੇ ਦੇਸ ਵਿੱਚੋਂ ਇੱਕ ਛੋਟੀ ਕੁੜੀ ਨੂੰ ਗ਼ੁਲਾਮ ਬਣਾ ਕੇ ਨਾਲ ਲੈ ਆਏ ਸਨ, ਜੋ ਨਅਮਾਨ ਦੀ ਇਸਤਰੀ ਦੀ ਦਾਸੀ ਬਣ ਗਈ ਸੀ ।

3ਉਸ ਨੇ ਆਪਣੀ ਮਾਲਕਣ ਨੂੰ ਆਖਿਆ, “ਜੇਕਰ ਮੇਰਾ ਸੁਆਮੀ ਉਸ ਨਬੀ ਦੇ ਕੋਲ ਹੁੰਦਾ ਜੋ ਸਾਮਰਿਯਾ ਵਿੱਚ ਹੈ, ਤਾਂ ਉਹ ਉਸ ਨੂੰ ਉਸ ਦੇ ਕੋੜ੍ਹ ਤੋਂ ਚੰਗਾ ਕਰ ਦਿੰਦਾ ।”4ਕਿਸੇ ਨੇ ਅੰਦਰ ਜਾ ਕੇ ਆਪਣੇ ਸੁਆਮੀ ਨੂੰ ਦੱਸਿਆ ਕਿ ਉਸ ਕੁੜੀ ਨੇ ਜੋ ਇਸਰਾਏਲ ਦੇ ਦੇਸ ਦੀ ਹੈ, ਇਸ ਤਰ੍ਹਾਂ ਆਖਿਆ ਹੈ ।
5ਤਦ ਨਅਮਾਨ ਅਰਾਮ ਦੇ ਰਾਜਾ ਕੋਲ ਗਿਆ ਅਤੇ ਰਾਜਾ ਨੇ ਆਖਿਆ, “ਚੱਲਾ ਜਾ । ਮੈਂ ਇਸਰਾਏਲ ਦੇ ਰਾਜਾ ਨੂੰ ਇੱਕ ਚਿੱਠੀ ਭੇਜਾਂਗਾ ।” ਸੋ ਉਹ ਤੁਰ ਪਿਆ ਤੇ ਦਸ ਤੋੜੇ ਚਾਂਦੀ, ਛੇ ਹਜ਼ਾਰ ਮਿਸਕਾਲ ਸੋਨਾ ਅਤੇ ਦਸ ਜੋੜੇ ਕੱਪੜੇ ਆਪਣੇ ਨਾਲ ਲੈ ਲਏ ।6ਉਹ ਇਸਰਾਏਲ ਦੇ ਰਾਜਾ ਦੇ ਕੋਲ ਚਿੱਠੀ ਲਿਆਇਆ ਜਿਸ ਦੇ ਵਿੱਚ ਇਹ ਲਿਖਿਆ ਸੀ ਕਿ ਹੁਣ ਜਦੋਂ ਇਹ ਚਿੱਠੀ ਤੇਰੇ ਕੋਲ ਪਹੁੰਚੇ, ਤਾਂ ਵੇਖ ਮੈਂ ਆਪਣੇ ਬੰਦੇ ਨਅਮਾਨ ਨੂੰ ਤੇਰੇ ਕੋਲ ਭੇਜਿਆ ਹੈ ਕਿ ਤੂੰ ਉਹ ਨੂੰ ਉਹ ਦੇ ਕੋੜ੍ਹ ਤੋਂ ਚੰਗਿਆ ਕਰ ਦੇਵੇਂ ।
7ਜਦੋਂ ਇਸਰਾਏਲ ਦੇ ਰਾਜਾ ਨੇ ਉਹ ਚਿੱਠੀ ਪੜ੍ਹੀ ਤਾਂ ਉਸ ਨੇ ਆਪਣੇ ਕੱਪੜੇ ਪਾੜ ਕੇ ਆਖਿਆ, “ਕੀ ਮੈਂ ਪਰਮੇਸ਼ੁਰ ਹਾਂ ਜੋ ਮਾਰਾਂ ਜਾਂ ਜਿਉਂਦਾ ਕਰਾਂ, ਜੋ ਇਹ ਪੁਰਸ਼ ਇੱਕ ਆਦਮੀ ਨੂੰ ਮੇਰੇ ਕੋਲ ਭੇਜਦਾ ਹੈ ਕਿ ਮੈਂ ਉਹ ਨੂੰ ਕੋੜ੍ਹ ਤੋਂ ਚੰਗਾ ਕਰਾਂ ? ਇਸ ਤਰ੍ਹਾਂ ਲੱਗਦਾ ਹੈ ਕਿ ਉਹ ਮੇਰੇ ਨਾਲ ਬਹਿਸ ਸ਼ੁਰੂ ਕਰਨਾ ਚਾਹੁੰਦਾ ਹੈ ।”
8ਜਦੋਂ ਪਰਮੇਸ਼ੁਰ ਦੇ ਜਨ ਅਲੀਸ਼ਾ ਨੇ ਸੁਣਿਆ ਕਿ ਇਸਰਾਏਲ ਦੇ ਰਾਜਾ ਨੇ ਆਪਣੇ ਕੱਪੜੇ ਪਾੜੇ ਤਾਂ ਉਸ ਨੇ ਰਾਜਾ ਨੂੰ ਇਹ ਕਹਿ ਭੇਜਿਆ ਕਿ ਤੂੰ ਆਪਣੇ ਕੱਪੜੇ ਕਿਉਂ ਪਾੜੇ ਹਨ ? ਉਹ ਨੂੰ ਮੇਰੇ ਕੋਲ ਆਉਣ ਦੇ ਤਾਂ ਜੋ ਉਹ ਨੂੰ ਪਤਾ ਲੱਗੇ ਕਿ ਇਸਰਾਏਲ ਵਿੱਚ ਇੱਕ ਨਬੀ ਹੈ ।9ਸੋ ਨਅਮਾਨ ਆਪਣੇ ਘੋੜਿਆਂ ਤੇ ਆਪਣੇ ਰੱਥਾਂ ਸਮੇਤ ਆਇਆ ਅਤੇ ਅਲੀਸ਼ਾ ਦੇ ਘਰ ਦੇ ਦਰਵਾਜ਼ੇ ਕੋਲ ਆ ਗਿਆ ।10ਅਲੀਸ਼ਾ ਨੇ ਇੱਕ ਸੰਦੇਸ਼ਵਾਹਕ ਨੂੰ ਇਹ ਆਖ ਕੇ ਉਹ ਦੇ ਕੋਲ ਭੇਜਿਆ ਕਿ ਜਾ ਤੇ ਯਰਦਨ ਵਿੱਚ ਸੱਤ ਚੁੱਭੀਆਂ ਮਾਰ, ਤਾਂ ਤੇਰਾ ਕੋੜ੍ਹ ਜਾਂਦਾ ਰਹੇਗਾ ਅਤੇ ਤੂੰ ਸ਼ੁੱਧ ਹੋ ਜਾਵੇਂਗਾ ।
11ਪਰ ਨਅਮਾਨ ਕ੍ਰੋਧੀ ਹੋ ਕੇ ਚੱਲਿਆ ਗਿਆ ਅਤੇ ਕਹਿਣ ਲੱਗਾ, “ਵੇਖੋ, ਮੈਂ ਤਾਂ ਸੋਚਦਾ ਸੀ ਕਿ ਜ਼ਰੂਰ ਉਹ ਬਾਹਰ ਆ ਕੇ ਮੇਰੇ ਕੋਲ ਆਵੇਗਾ ਅਤੇ ਆਪਣੇ ਪਰਮੇਸ਼ੁਰ ਯਹੋਵਾਹ ਦਾ ਨਾਮ ਲੈ ਕੇ ਉਸ ਕੋੜ੍ਹ ਵਾਲੇ ਥਾਂ ਉੱਤੇ ਆਪਣਾ ਹੱਥ ਫੇਰੇਗਾ ਅਤੇ ਕੋੜ੍ਹ ਨੂੰ ਚੰਗਾ ਕਰੇਗਾ ।12ਕੀ ਦੰਮਿਸਕ ਦੀਆਂ ਨਦੀਆਂ ਅਬਾਨਾਹ ਤੇ ਫਰ ਫਰ ਇਸਰਾਏਲ ਦੀਆਂ ਸਾਰੀਆਂ ਨਦੀਆਂ ਤੋਂ ਚੰਗੀਆਂ ਨਹੀਂ ਹਨ ? ਕੀ ਮੈਂ ਉਨ੍ਹਾਂ ਵਿੱਚ ਨਹਾ ਕੇ ਸ਼ੁੱਧ ਨਹੀਂ ਹੋ ਸਕਦਾ ਸੀ ? ” ਸੋ ਉਹ ਮੁੜਿਆ ਤੇ ਗੁੱਸੇ ਨਾਲ ਚੱਲਿਆ ਗਿਆ ।
13ਤਦ ਉਹ ਦੇ ਸੇਵਕ ਨੇੜੇ ਆਏ ਤੇ ਉਹ ਨੂੰ ਇਹ ਆਖਿਆ, “ਹੇ ਸਾਡੇ ਪਿਤਾ, ਜੇ ਨਬੀ ਤੁਹਾਨੂੰ ਕੋਈ ਵੱਡਾ ਕੰਮ ਕਰਨ ਦੀ ਆਗਿਆ ਦਿੰਦਾ ਤਾਂ ਕੀ ਤੁਸੀਂ ਨਾ ਕਰਦੇ ? ਜਦੋਂ ਉਸ ਨੇ ਤੁਹਾਨੂੰ ਆਖਿਆ ਹੈ ਕਿ ਨਹਾ ਲੈ ਤੇ ਸ਼ੁੱਧ ਹੋ ਜਾ, ਤਾਂ ਕਿੰਨਾ ਵਧ ਕੇ ਇਹ ਕਰਨਾ ਚਾਹੀਦਾ ਹੈ ? ”14ਤਦ ਪਰਮੇਸ਼ੁਰ ਦੇ ਜਨ ਦੇ ਕਹਿਣ ਅਨੁਸਾਰ ਉਹ ਨੇ ਯਰਦਨ ਵਿੱਚ ਉਤਰ ਕੇ ਸੱਤ ਚੁੱਭੀਆਂ ਮਾਰੀਆਂ ਤੇ ਫੇਰ ਉਹ ਦੀ ਦੇਹ ਛੋਟੇ ਬੱਚੇ ਦੇ ਸਰੀਰ ਵਰਗੀ ਸਾਫ਼ ਹੋ ਗਈ ਅਤੇ ਉਹ ਸ਼ੁੱਧ ਹੋ ਗਿਆ ।
15ਤਾਂ ਉਹ ਤੇ ਉਹ ਦੀ ਸਾਰੀ ਟੋਲੀ ਪਰਮੇਸ਼ੁਰ ਦੇ ਜਨ ਕੋਲ ਮੁੜ ਕੇ ਆਏ ਅਤੇ ਉਹ ਉਸ ਦੇ ਅੱਗੇ ਖੜ੍ਹੇ ਹੋ ਕੇ ਬੋਲਿਆ, “ਵੇਖ, ਮੈਂ ਜਾਣਦਾ ਹਾਂ ਕਿ ਇਸਰਾਏਲ ਤੋਂ ਬਿਨ੍ਹਾਂ ਸਾਰੀ ਧਰਤੀ ਉੱਤੇ ਕੋਈ ਪਰਮੇਸ਼ੁਰ ਨਹੀਂ ਹੈ । ਇਸ ਲਈ ਹੁਣ ਆਪਣੇ ਸੇਵਕ ਦੀ ਇੱਕ ਭੇਂਟ ਕਬੂਲ ਕਰ ।”16ਪਰ ਉਸ ਨੇ ਆਖਿਆ, “ਜੀਉਂਦੇ ਯਹੋਵਾਹ ਦੀ ਸਹੁੰ ਜਿਹ ਦੇ ਅੱਗੇ ਮੈਂ ਖੜ੍ਹਾ ਹਾਂ ਮੈਂ ਕੁਝ ਕਬੂਲ ਨਹੀਂ ਕਰਾਂਗਾ ।” ਭਾਵੇਂ ਉਹ ਨੇ ਉਸ ਨੂੰ ਮਜ਼ਬੂਰ ਕੀਤਾ ਕਿ ਉਹ ਭੇਂਟ ਨੂੰ ਕਬੂਲ ਕਰੇ, ਫਿਰ ਵੀ ਉਸ ਨੇ ਨਾਂ ਹੀ ਕੀਤੀ ।
17ਤਦ ਨਅਮਾਨ ਨੇ ਆਖਿਆ, “ਤੇਰੇ ਸੇਵਕ ਨੂੰ ਦੋ ਖੱਚਰਾਂ ਦੇ ਭਾਰ ਦੇ ਬਰਾਬਰ ਮਿੱਟੀ ਦਿੱਤੀ ਜਾਵੇ, ਕਿਉਂ ਜੋ ਤੇਰਾ ਸੇਵਕ ਹੁਣ ਤੋਂ ਲੈ ਕੇ ਯਹੋਵਾਹ ਤੋਂ ਬਿਨ੍ਹਾਂ ਹੋਰ ਕਿਸੇ ਦੇਵਤੇ ਦੇ ਅੱਗੇ ਨਾ ਤਾਂ ਹੋਮ ਦੀ ਬਲੀ ਤੇ ਨਾ ਭੇਟ ਚੜ੍ਹਾਵੇਗਾ ।18ਇਸ ਗੱਲ ਵਿੱਚ ਯਹੋਵਾਹ ਤੇਰੇ ਸੇਵਕ ਨੂੰ ਮਾਫ਼ ਕਰੇ ਕਿ ਜਦੋਂ ਮੇਰਾ ਮਾਲਕ ਪੂਜਾ ਕਰਨ ਲਈ ਰਿੰਮੋਨ ਦੇ ਮੰਦਰ ਵਿੱਚ ਵੜੇ ਅਤੇ ਉਹ ਮੇਰੇ ਹੱਥ ਉੱਤੇ ਢਾਸਣਾ ਲਾਵੇ ਤੇ ਮੈਂ ਰਿੰਮੋਨ ਦੇ ਮੰਦਰ ਵਿੱਚ ਸੀਸ ਨਿਵਾਂਵਾ । ਜਦੋਂ ਮੈਂ ਰਿੰਮੋਨ ਦੇ ਮੰਦਰ ਵਿੱਚ ਸੀਸ ਨਿਵਾਂਵਾ ਤਾਂ ਇਸ ਗੱਲ ਵਿੱਚ ਯਹੋਵਾਹ ਤੇਰੇ ਸੇਵਕ ਨੂੰ ਮਾਫ਼ ਕਰੇ ।”19ਉਸ ਨੇ ਉਹ ਨੂੰ ਆਖਿਆ, “ਜਾ ਅਤੇ ਸੁਖੀ ਰਹਿ ।” ਪਰ ਜਦ ਉਹ ਉਸ ਦੇ ਕੋਲੋਂ ਥੋੜੀ ਦੂਰ ਚੱਲਿਆ ਗਿਆ ।
20ਤਾਂ ਪਰਮੇਸ਼ੁਰ ਦੇ ਜਨ ਅਲੀਸ਼ਾ ਦੇ ਚੇਲੇ ਗੇਹਾਜੀ ਨੇ ਆਖਿਆ, “ਵੇਖੋ, ਮੇਰੇ ਸੁਆਮੀ ਨੇ ਨਅਮਾਨ ਅਰਾਮੀ ਦੇ ਹੱਥੋਂ ਜੋ ਕੁਝ ਉਹ ਲਿਆਇਆ ਸੀ ਨਾ ਲੈ ਕੇ ਉਹ ਨੂੰ ਜਾਣ ਦਿੱਤਾ । ਜੀਉਂਦੇ ਯਹੋਵਾਹ ਦੀ ਸਹੁੰ ਮੈਂ ਸੱਚ-ਮੁੱਚ ਉਹ ਦੇ ਪਿੱਛੇ ਭੱਜਾਂਗਾ ਤੇ ਉਹ ਦੇ ਕੋਲੋਂ ਕੁਝ ਲੈ ਲਵਾਂਗਾ ।”21ਤਾਂ ਗੇਹਾਜੀ ਤੇਜ਼ੀ ਨਾਲ ਨਅਮਾਨ ਦੇ ਮਗਰ ਗਿਆ । ਜਦ ਨਅਮਾਨ ਨੇ ਵੇਖਿਆ ਕਿ ਕੋਈ ਮੇਰੇ ਮਗਰ ਭੱਜਾ ਆਉਂਦਾ ਹੈ, ਤਾਂ ਉਹ ਉਸ ਨੂੰ ਮਿਲਣ ਲਈ ਆਪਣੇ ਰੱਥ ਤੋਂ ਉਤਰਿਆ ਅਤੇ ਬੋਲਿਆ, “ਸੁੱਖ ਤਾਂ ਹੈ ? ”22ਉਸ ਨੇ ਆਖਿਆ, “ਸਭ ਸੁੱਖ ਹੈ । ਮੇਰੇ ਸੁਆਮੀ ਨੇ ਇਹ ਆਖਣ ਲਈ ਮੈਨੂੰ ਭੇਜਿਆ ਹੈ ਕਿ ਵੇਖ ਨਬੀਆਂ ਦੇ ਪੁੱਤਰਾਂ ਵਿੱਚੋਂ ਦੋ ਜੁਆਨ ਇਫਰਾਈਮ ਦੇ ਪਹਾੜੀ ਦੇਸ ਤੋਂ ਹੁਣੇ ਮੇਰੇ ਕੋਲ ਆਏ ਹਨ । ਉਨ੍ਹਾਂ ਲਈ ਇੱਕ ਤੋੜਾ ਚਾਂਦੀ ਤੇ ਦੋ ਜੋੜੇ ਬਸਤਰ ਦੇ ਦੇ ।”
23ਨਅਮਾਨ ਨੇ ਆਖਿਆ, “ਖੁਸ਼ੀ ਨਾਲ ਦੋ ਤੋੜੇ ਲੈ ।” ਅਤੇ ਉਹ ਨੇ ਉਸ ਨੂੰ ਮਜ਼ਬੂਰ ਕਰਕੇ ਦੋ ਥੈਲੀਆਂ ਵਿੱਚ ਦੋ ਤੋੜੇ ਚਾਂਦੀ ਦੇ ਅਤੇ ਦੋ ਜੋੜੇ ਬਸਤਰਾਂ ਸਮੇਤ ਬੰਨ੍ਹ ਦਿੱਤੇ ਅਤੇ ਉਨ੍ਹਾਂ ਨੂੰ ਆਪਣੇ ਦੋ ਨੌਕਰਾਂ ਉੱਤੇ ਲੱਦ ਦਿੱਤਾ, ਤਾਂ ਉਹ ਉਨ੍ਹਾਂ ਨੂੰ ਉਹ ਦੇ ਅੱਗੇ-ਅੱਗੇ ਚੁੱਕ ਕੇ ਤੁਰ ਪਏ ।24ਜਦੋਂ ਉਹ ਪਹਾੜੀ ਟਿੱਲੇ ਕੋਲ ਆਇਆ, ਤਾਂ ਉਹ ਨੇ ਉਨ੍ਹਾਂ ਨੂੰ ਉਹਨਾਂ ਦੇ ਹੱਥੋਂ ਲੈ ਕੇ ਘਰ ਵਿੱਚ ਰੱਖ ਲਿਆ ਅਤੇ ਉਹਨਾਂ ਆਦਮੀਆਂ ਨੂੰ ਜਾਣ ਦਿੱਤਾ, ਸੋ ਉਹ ਚੱਲੇ ਗਏ ।25ਜਦੋਂ ਉਹ ਅੰਦਰ ਆ ਕੇ ਆਪਣੇ ਸੁਆਮੀ ਦੇ ਅੱਗੇ ਖੜ੍ਹਾ ਹੋਇਆ ਤਾਂ ਅਲੀਸ਼ਾ ਨੇ ਉਹ ਨੂੰ ਪੁਛਿਆ, “ਗੇਹਾਜੀ ਤੂੰ ਕਿੱਥੋਂ ਆ ਰਿਹਾ ਹੈਂ ? ” ਉਹ ਬੋਲਿਆ, “ਤੇਰਾ ਚੇਲਾ ਇਧਰ ਉਧਰ ਕਿਤੇ ਨਹੀਂ ਗਿਆ ।”
26ਤਦ ਉਸ ਨੇ ਆਖਿਆ, “ਜਦ ਉਹ ਮਨੁੱਖ ਤੈਨੂੰ ਮਿਲਣ ਲਈ ਆਪਣੇ ਰੱਥ ਉੱਤੋਂ ਮੁੜ ਆਇਆ ਤਾਂ ਕੀ ਮੇਰਾ ਮਨ ਤੇਰੇ ਨਾਲ ਨਹੀਂ ਸੀ ? ਕੀ ਚਾਂਦੀ ਲੈਣ ਅਤੇ ਬਸਤਰ, ਜੈਤੂਨ, ਬਾਗਾਂ, ਅੰਗੂਰੀ ਬਾਗਾਂ, ਇੱਜੜਾਂ, ਵੱਗਾਂ, ਗੋਲੇ ਅਤੇ ਗੋਲੀਆਂ ਦੇ ਲੈਣ ਦਾ ਇਹੋ ਸਮਾਂ ਹੈ ?27ਇਸ ਲਈ ਨਅਮਾਨ ਦਾ ਕੋੜ੍ਹ ਤੈਨੂੰ ਤੇ ਤੇਰੀ ਅੰਸ ਨੂੰ ਸਦਾ ਤੱਕ ਲੱਗਾ ਰਹੇਗਾ ਅਤੇ ਉਹ ਬਰਫ ਵਰਗਾ ਚਿੱਟਾ ਹੋ ਕੇ ਉਹ ਦੇ ਅੱਗੋਂ ਚਲਾ ਗਿਆ ।”

6
ਕੁਹਾੜੀ ਦਾ ਪਾਣੀ ਉੱਤੇ ਤੈਰਨਾ

1ਨਬੀਆਂ ਦੇ ਪੁੱਤਰਾਂ ਨੇ ਅਲੀਸ਼ਾ ਨੂੰ ਆਖਿਆ, ਵੇਖ ਇਹ ਥਾਂ ਜਿੱਥੇ ਅਸੀਂ ਤੇਰੇ ਨਾਲ ਰਹਿੰਦੇ ਹਾਂ ਸਾਡੇ ਲਈ ਬਹੁਤ ਤੰਗ ਹੈ ।2ਤੂੰ ਸਾਨੂੰ ਯਰਦਨ ਤੱਕ ਜਾਣ ਦੇ ਤਾਂ ਕਿ ਹਰ ਮਨੁੱਖ ਉੱਥੋਂ ਇੱਕ-ਇੱਕ ਬੱਲੀ ਲਿਆਵੇ ਕਿ ਅਸੀਂ ਇੱਕ ਥਾਂ ਬਣਾਈਏ ਜਿਸ ਵਿੱਚ ਅਸੀਂ ਰਹਿ ਸਕੀਏ । ਉਸ ਨੇ ਆਖਿਆ, ਜਾਓ ।3ਤਦ ਉਹਨਾਂ ਵਿੱਚੋਂ ਇੱਕ ਨੇ ਆਖਿਆ, ਕਿਰਪਾ ਕਰ ਕੇ ਤੂੰ ਆਪਣੇ ਦਾਸਾਂ ਨਾਲ ਚੱਲ ।

4ਅਲੀਸ਼ਾ ਨੇ ਆਖਿਆ, ਮੈਂ ਚੱਲਾਂਗਾ, ਸੋ ਉਹ ਉਨ੍ਹਾਂ ਦੇ ਨਾਲ ਗਿਆ ਅਤੇ ਜਦ ਉਹ ਯਰਦਨ ਕੋਲ ਆਏ, ਉਹ ਲੱਕੜਾਂ ਵੱਢਣ ਲੱਗੇ ।5ਤਦ ਅਜਿਹਾ ਹੋਇਆ ਕਿ ਟਾਹਣਾ ਵੱਢਦਿਆਂ ਇੱਕ ਦੀ ਕੁਹਾੜੀ ਦਾ ਫਲ ਪਾਣੀ ਵਿੱਚ ਡਿੱਗ ਪਿਆ । ਇਸ ਲਈ ਉਹ ਨੇ ਦੁਹਾਈ ਦਿੱਤੀ ਕਿ ਹਾਏ ਮੇਰੇ ਸੁਆਮੀ ਜੀ, ਉਹ ਤਾਂ ਮੈਂ ਮੰਗ ਕੇ ਲਿਆਂਦੀ ਸੀ ।
6ਤਦ ਪਰਮੇਸ਼ੁਰ ਦੇ ਜਨ ਨੇ ਆਖਿਆ, “ਉਹ ਕਿੱਥੇ ਡਿੱਗਿਆ ? ” ਉਹ ਨੇ ਉਸ ਨੂੰ ਉਹ ਥਾਂ ਵਿਖਾਇਆ ਅਤੇ ਉਸ ਨੇ ਲੱਕੜੀ ਦਾ ਇੱਕ ਡੰਡਾ ਵੱਢ ਕੇ ਉਸੇ ਥਾਂ ਪਾ ਦਿੱਤਾ, ਤਦ ਲੋਹਾ ਤਰਨ ਲੱਗ ਪਿਆ ।7ਉਸ ਨੇ ਆਖਿਆ, “ਉਹ ਨੂੰ ਚੁੱਕ ਲੈ ਅਤੇ ਉਹ ਨੇ ਹੱਥ ਵਧਾ ਕੇ ਉਹ ਨੂੰ ਚੁੱਕ ਲਿਆ ।”
ਅਲੀਸ਼ਾ ਅਤੇ ਅਰਾਮ ਦੀ ਸੈਨਾ

8ਅਰਾਮ ਦਾ ਰਾਜਾ ਇਸਰਾਏਲ ਨਾਲ ਲੜ ਰਿਹਾ ਸੀ । ਸੋ ਉਹ ਨੇ ਆਪਣੇ ਸੇਵਕਾਂ ਨਾਲ ਯੋਜਨਾ ਬਣਾਈ ਅਤੇ ਆਖਿਆ ਮੇਰਾ ਡੇਰਾ ਕਿੱਥੇ ਲੱਗੇਗਾ ।9ਫਿਰ ਪਰਮੇਸ਼ੁਰ ਦੇ ਜਨ ਨੇ ਇਸਰਾਏਲ ਦੇ ਰਾਜਾ ਨੂੰ ਸੁਨੇਹਾ ਭੇਜਿਆ ਕਿ ਖ਼ਬਰਦਾਰ ਇਸ ਥਾਂ ਦੇ ਵਿੱਚ ਦੀ ਨਾ ਲੰਘੀ, ਕਿਉਂ ਜੋ ਓਧਰ ਅਰਾਮੀ ਆ ਰਹੇ ਹਨ ।
10ਅਤੇ ਇਸਰਾਏਲ ਦੇ ਰਾਜਾ ਨੇ ਉਸ ਥਾਂ ਨੂੰ ਜਿਹ ਦੇ ਬਾਰੇ ਪਰਮੇਸ਼ੁਰ ਦੇ ਜਨ ਨੇ ਚੇਤਾਵਨੀ ਦਿੱਤੀ ਸੀ, ਆਦਮੀ ਭੇਜੇ ਅਤੇ ਉੱਥੇ ਕਈ ਵਾਰ ਆਪਣਾ ਬਚਾਓ ਕੀਤਾ ।11ਤਦ ਇਸ ਗੱਲ ਦੇ ਕਾਰਨ ਅਰਾਮ ਦੇ ਰਾਜਾ ਦਾ ਮਨ ਘਬਰਾ ਗਿਆ ਅਤੇ ਉਹ ਨੇ ਆਪਣੇ ਸੇਵਕਾਂ ਨੂੰ ਸੱਦ ਕੇ ਉਨ੍ਹਾਂ ਨੂੰ ਆਖਿਆ, “ਕੀ ਤੁਸੀਂ ਮੈਨੂੰ ਨਹੀਂ ਦੱਸੋਗੇ ਕਿ ਸਾਡੇ ਵਿੱਚੋਂ ਕੌਣ ਆਦਮੀ ਇਸਰਾਏਲ ਦੇ ਰਾਜਾ ਵੱਲ ਹੈ ? ”
12ਤਦ ਉਹ ਦੇ ਸੇਵਕਾਂ ਵਿੱਚੋਂ ਇੱਕ ਨੇ ਆਖਿਆ, “ਮੇਰੇ ਸੁਆਮੀ ਤੇ ਰਾਜਾ ਕੋਈ ਨਹੀਂ, ਪਰ ਅਲੀਸ਼ਾ ਨਬੀ ਜੋ ਇਸਰਾਏਲ ਵਿੱਚ ਹੈ ਤੇਰੀਆਂ ਉਹ ਗੱਲਾਂ ਜੋ ਤੂੰ ਆਪਣੇ ਸੌਣ ਵਾਲੇ ਕਮਰੇ ਵਿੱਚ ਕਰਦਾ ਹੈਂ, ਇਸਰਾਏਲ ਦੇ ਰਾਜਾ ਨੂੰ ਦੱਸਦਾ ਹੈ ।”13ਤਦ ਉਹ ਬੋਲਿਆ, ਜਾ ਕੇ ਵੇਖੋ ਉਹ ਕਿੱਥੇ ਹੈ ਕਿ ਮੈਂ ਉਸ ਨੂੰ ਫੜ੍ਹ ਕੇ ਲੈ ਆਵਾਂ । ਫਿਰ ਉਹ ਨੂੰ ਦੱਸਿਆ ਗਿਆ ਕਿ ਵੇਖੋ ਉਹ ਦੋਥਾਨ ਵਿੱਚ ਹੈ ।
14ਸੋ ਉਹ ਨੇ ਘੋੜਿਆਂ, ਰੱਥਾਂ ਤੇ ਇੱਕ ਤਕੜੀ ਫੌਜ ਨੂੰ ਓਧਰ ਭੇਜਿਆ ਅਤੇ ਉਨ੍ਹਾਂ ਨੇ ਰਾਤੋ ਰਾਤ ਆ ਕੇ ਸ਼ਹਿਰ ਨੂੰ ਘੇਰ ਲਿਆ ।15ਜਦ ਪਰਮੇਸ਼ੁਰ ਦੇ ਜਨ ਦਾ ਸੇਵਕ ਸਵੇਰੇ ਉੱਠ ਕੇ ਬਾਹਰ ਗਿਆ, ਤਦ ਉਸ ਨੇ ਵੇਖਿਆ ਕਿ ਇੱਕ ਫੌਜ ਨੇ ਘੋੜਿਆਂ ਤੇ ਰੱਥਾਂ ਨਾਲ ਸ਼ਹਿਰ ਨੂੰ ਘੇਰਿਆ ਹੋਇਆ ਹੈ । ਤਦ ਉਸ ਦੇ ਸੇਵਕ ਨੇ ਉਸ ਨੂੰ ਆਖਿਆ, ਹਾਏ ਮੇਰੇ ਸੁਆਮੀ ਜੀ ! ਅਸੀਂ ਕੀ ਕਰੀਏ ?16ਉਸ ਨੇ ਆਖਿਆ, “ਨਾ ਡਰ, ਕਿਉਂਕਿ ਜੋ ਸਾਡੇ ਵੱਲ ਹਨ, ਉਹ ਉਨ੍ਹਾਂ ਦੇ ਨਾਲੋਂ ਜ਼ਿਆਦਾ ਹਨ ।”
17ਤਦ ਅਲੀਸ਼ਾ ਨੇ ਬੇਨਤੀ ਕੀਤੀ ਤੇ ਆਖਿਆ ਕਿ ਹੇ ਯਹੋਵਾਹ, ਤੂੰ ਉਹ ਦੀਆਂ ਅੱਖਾਂ ਖੋਲ੍ਹ ਕਿ ਉਹ ਵੇਖੇ ਅਤੇ ਯਹੋਵਾਹ ਨੇ ਉਸ ਸੇਵਕ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਅਤੇ ਉਹ ਨੇ ਨਿਗਾਹ ਕਰ ਕੇ ਵੇਖਿਆ ਕਿ ਅਲੀਸ਼ਾ ਦੇ ਦੁਆਲੇ ਦਾ ਪਹਾੜ ਅਗਨ ਦੇ ਘੋੜਿਆਂ ਤੇ ਰੱਥਾਂ ਨਾਲ ਭਰਿਆ ਹੋਇਆ ਹੈ ।18ਜਦ ਉਹ ਅਲੀਸ਼ਾ ਵੱਲ ਆਉਣ ਲੱਗੇ ਤਦ ਅਲੀਸ਼ਾ ਨੇ ਯਹੋਵਾਹ ਦੇ ਅੱਗੇ ਬੇਨਤੀ ਕੀਤੀ ਅਤੇ ਆਖਿਆ ਕਿ ਇਸ ਕੌਮ ਨੂੰ ਅੰਨ੍ਹੀ ਕਰ ਦੇ । ਉਸ ਨੇ ਅਲੀਸ਼ਾ ਦੇ ਆਖੇ ਅਨੁਸਾਰ ਉਨ੍ਹਾਂ ਨੂੰ ਅੰਨ੍ਹਿਆ ਕਰ ਦਿੱਤਾ ।19ਤਦ ਅਲੀਸ਼ਾ ਨੇ ਉਨ੍ਹਾਂ ਨੂੰ ਆਖਿਆ, “ਇਹ ਉਹ ਰਾਹ ਨਹੀਂ, ਨਾ ਹੀ ਉਹ ਸ਼ਹਿਰ ਹੈ ।” ਮੇਰੇ ਪਿੱਛੇ ਆਓ ਕਿ ਮੈਂ ਤੁਹਾਨੂੰ ਉਸ ਆਦਮੀ ਕੋਲ ਲੈ ਚੱਲਾਂ, ਜਿਹ ਨੂੰ ਤੁਸੀਂ ਲੱਭਦੇ ਹੋ, ਸੋ ਉਹ ਉਨ੍ਹਾਂ ਨੂੰ ਸਾਮਰਿਯਾ ਨੂੰ ਲੈ ਗਿਆ ।
20ਅਤੇ ਅਜਿਹਾ ਹੋਇਆ ਜਦ ਉਹ ਸਾਮਰਿਯਾ ਵਿੱਚ ਵੜੇ ਤਦ ਅਲੀਸ਼ਾ ਨੇ ਆਖਿਆ, ਹੇ ਯਹੋਵਾਹ, ਇਨ੍ਹਾਂ ਲੋਕਾਂ ਦੀਆਂ ਅੱਖੀਆਂ ਖੋਲ੍ਹ ਕਿ ਉਹ ਵੇਖਣ । ਤਦ ਯਹੋਵਾਹ ਨੇ ਉਨ੍ਹਾਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਅਤੇ ਉਨ੍ਹਾਂ ਨੇ ਵੇਖਿਆ ਕਿ ਅਸੀਂ ਸਾਮਰਿਯਾ ਦੇ ਵਿੱਚ ਹਾਂ ।21ਜਦ ਇਸਰਾਏਲ ਦੇ ਰਾਜਾ ਨੇ ਉਨ੍ਹਾਂ ਨੂੰ ਵੇਖਿਆ ਤਾਂ ਅਲੀਸ਼ਾ ਨੂੰ ਆਖਿਆ, ਹੇ ਮੇਰੇ ਪਿਤਾ, ਕੀ ਮੈਂ ਉਨ੍ਹਾਂ ਨੂੰ ਮਾਰਾਂ ? ਮੈਂ ਉਨ੍ਹਾਂ ਨੂੰ ਮਾਰਾਂ ?
22ਅੱਗੋਂ ਉਸ ਨੇ ਆਖਿਆ, ਉਨ੍ਹਾਂ ਨੂੰ ਨਾ ਮਾਰੀਂ । ਜਿਨ੍ਹਾਂ ਨੂੰ ਤੂੰ ਆਪਣੀ ਤਲਵਾਰ ਤੇ ਧਣੁਖ ਨਾਲ ਗੁਲਾਮ ਬਣਾਇਆ, ਕੀ ਤੂੰ ਉਨ੍ਹਾਂ ਨੂੰ ਮਾਰ ਸੁੱਟੇਂਗਾ ? ਉਨ੍ਹਾਂ ਦੇ ਅੱਗੇ ਰੋਟੀ ਤੇ ਪਾਣੀ ਰੱਖ ਕਿ ਉਹ ਖਾਣ-ਪੀਣ ਅਤੇ ਆਪਣੇ ਸੁਆਮੀ ਕੋਲ ਵਾਪਸ ਚਲੇ ਜਾਣ ।23ਫਿਰ ਉਸ ਨੇ ਉਨ੍ਹਾਂ ਲਈ ਵੱਡਾ ਭੋਜਨ ਤਿਆਰ ਕੀਤਾ ਅਤੇ ਜਦ ਉਹ ਖਾ ਪੀ ਚੁੱਕੇ ਤਾਂ ਉਸ ਨੇ ਉਨ੍ਹਾਂ ਨੂੰ ਜਾਣ ਦਿੱਤਾ ਅਤੇ ਉਹ ਆਪਣੇ ਸੁਆਮੀ ਕੋਲ ਚੱਲੇ ਗਏ ਅਤੇ ਅਰਾਮ ਦੇ ਦਲ ਫੇਰ ਕਦੇ ਇਸਰਾਏਲ ਦੇ ਦੇਸ ਵਿੱਚ ਨਾ ਆਏ ।
ਸਾਮਰਿਯਾ ਦੀ ਘੇਰਾਬੰਦੀ

24ਪਰ ਇਹ ਦੇ ਬਾਅਦ ਅਜਿਹਾ ਹੋਇਆ ਕਿ ਅਰਾਮ ਦੇ ਰਾਜੇ ਬਨ-ਹਦਦ ਨੇ ਆਪਣੀ ਫੌਜ ਨੂੰ ਇਕੱਠੀ ਕਰਕੇ ਚੜ੍ਹਾਈ ਕੀਤੀ ਅਤੇ ਸਾਮਰਿਯਾ ਨੂੰ ਘੇਰ ਲਿਆ ।25ਸਾਮਰਿਯਾ ਵਿੱਚ ਮਹਾਂ ਕਾਲ ਪੈ ਗਿਆ ਅਤੇ ਵੇਖੋ, ਉਹਨਾਂ ਨੇ ਉਹ ਨੂੰ ਘੇਰੀ ਰੱਖਿਆ, ਐਥੋਂ ਤੱਕ ਕਿ ਗਧੇ ਦਾ ਸਿਰ ਅੱਸੀ ਰੁਪਏ ਨੂੰ ਤੇ ਕਬੂਤਰ ਦੀ ਵਿੱਠ ਦਾ ਅੱਧਾ ਸੇਰ ਪੰਜ ਰੁਪਏ ਨੂੰ ਵਿਕਣ ਲੱਗ ਪਿਆ ।26ਤਦ ਅਜਿਹਾ ਹੋਇਆ ਜਦ ਇਸਰਾਏਲ ਦਾ ਰਾਜਾ ਕੰਧ ਉੱਤੇ ਘੁੰਮ ਰਿਹਾ ਸੀ ਤਾਂ ਇੱਕ ਔਰਤ ਨੇ ਇਹ ਆਖ ਕੇ ਉਹ ਦੀ ਦੁਹਾਈ ਦਿੱਤੀ ਕਿ ਹੇ ਮੇਰੇ ਮਹਾਰਾਜ ਰਾਜਾ, ਬਚਾ ਲਓ ।
27ਉਸ ਨੇ ਅੱਗੋਂ ਆਖਿਆ, “ਜੇ ਯਹੋਵਾਹ ਹੀ ਤੈਨੂੰ ਨਾ ਬਚਾਵੇ ਤਾਂ ਮੈਂ ਤੈਨੂੰ ਕਿੱਥੋਂ ਬਚਾਵਾਂ ? ਕੀ ਖਲਵਾੜੇ ਤੋਂ ਜਾਂ ਦਾਖ ਦੇ ਚੁਬੱਚੇ ਤੋਂ ? ”28ਰਾਜਾ ਨੇ ਉਸ ਨੂੰ ਆਖਿਆ, “ਤੈਨੂੰ ਕੀ ਦੁੱਖ ਹੈ ? ” ਉਹ ਬੋਲੀ, “ਇਸ ਔਰਤ ਨੇ ਮੈਨੂੰ ਆਖਿਆ ਕਿ ਆਪਣਾ ਪੁੱਤਰ ਦੇ ਕਿ ਅਸੀਂ ਅੱਜ ਉਹ ਨੂੰ ਖਾਈਏ ਅਤੇ ਮੇਰੇ ਪੁੱਤਰ ਨੂੰ ਅਸੀਂ ਕੱਲ ਖਾ ਲਵਾਗੀਆਂ ।29ਸੋ ਮੇਰੇ ਪੁੱਤਰ ਨੂੰ ਅਸੀਂ ਪਕਾਇਆ ਤੇ ਖਾ ਲਿਆ ਅਤੇ ਅਗਲੇ ਦਿਨ ਮੈਂ ਉਹ ਨੂੰ ਆਖਿਆ ਕਿ ਆਪਣਾ ਪੁੱਤਰ ਦੇ ਕਿ ਉਹ ਨੂੰ ਖਾਈਏ, ਪਰ ਉਹ ਨੇ ਆਪਨੇ ਪੁੱਤਰ ਨੂੰ ਲੁਕਾ ਲਿਆ ।”
30ਜਦ ਰਾਜੇ ਨੇ ਉਸ ਔਰਤ ਦੀਆਂ ਗੱਲਾਂ ਸੁਣੀਆਂ ਤੇ ਉਹ ਨੇ ਕੰਧ ਉੱਤੋਂ ਦੀ ਲੰਘਦਿਆਂ ਆਪਣੇ ਕੱਪੜੇ ਪਾੜੇ ਅਤੇ ਲੋਕਾਂ ਨੇ ਵੇਖਿਆ ਕਿ ਉਹ ਦੇ ਸਰੀਰ ਉੱਤੇ ਟਾਟ ਹੈ ।31ਉਹ ਨੇ ਆਖਿਆ ਕਿ ਜੇ ਅੱਜ ਸ਼ਾਫਾਤ ਦੇ ਪੁੱਤਰ ਅਲੀਸ਼ਾ ਦਾ ਸਿਰ ਉਹ ਦੇ ਤਨ ਉੱਤੇ ਰਹਿ ਜਾਵੇ ਤਾਂ ਪਰਮੇਸ਼ੁਰ ਮੇਰੇ ਨਾਲ ਇਸੇ ਤਰ੍ਹਾਂ ਸਗੋਂ ਇਹ ਦੇ ਨਾਲੋਂ ਵੀ ਵਧ ਕੇ ਕਰੇ ।
32ਜਦ ਅਲੀਸ਼ਾ ਆਪਣੇ ਘਰ ਬੈਠਾ ਸੀ, ਬਜ਼ੁਰਗ ਉਹ ਦੇ ਨਾਲ ਬੈਠੇ ਸਨ ਤਦ ਰਾਜਾ ਨੇ ਆਪਣੇ ਅੱਗੋਂ ਇੱਕ ਆਦਮੀ ਨੂੰ ਭੇਜਿਆ । ਇਸ ਤੋਂ ਪਹਿਲਾਂ ਕਿ ਸੰਦੇਸ਼ਵਾਹਕ ਉਸ ਦੇ ਕੋਲ ਪਹੁੰਚੇ, ਉਸ ਨੇ ਆਪ ਹੀ ਬਜ਼ੁਰਗਾਂ ਨੂੰ ਆਖਿਆ ਕਿ ਤੁਸੀਂ ਵੇਖਦੇ ਹੋ ਕਿ ਉਸ ਖੂਨੀ ਦੇ ਪੁੱਤਰ ਨੇ ਮੇਰਾ ਸਿਰ ਲੈਣ ਲਈ ਇੱਕ ਜਣੇ ਨੂੰ ਭੇਜਿਆ ਹੈ ? ਵੇਖੋ, ਜਦ ਉਹ ਸੰਦੇਸ਼ਵਾਹਕ ਆਵੇ ਤਾਂ ਤੁਸੀਂ ਦਰਵਾਜਾ ਬੰਦ ਕਰਕੇ ਉਸ ਨੂੰ ਰੋਕੀ ਰੱਖਿਓ । ਕੀ ਉਸ ਦੇ ਪਿੱਛੋਂ ਉਸ ਦੇ ਸੁਆਮੀ ਦੇ ਪੈਰਾਂ ਦੀ ਅਵਾਜ਼ ? ਨਹੀਂ ?33ਜਦੋਂ ਉਹ ਉਨ੍ਹਾਂ ਨਾਲ ਗੱਲਾਂ ਹੀ ਕਰਦਾ ਸੀ ਕਿ ਵੇਖੋ, ਉਹ ਸੰਦੇਸ਼ਵਾਹਕ ਉਹ ਦੇ ਕੋਲ ਆ ਪਹੁੰਚਿਆ ਅਤੇ ਆਖਿਆ ਕਿ ਵੇਖੋ, ਇਹ ਮੁਸੀਬਤ ਯਹੋਵਾਹ ਦੀ ਵੱਲੋਂ ਹੈ । ਹੁਣ ਮੈਂ ਅੱਗੇ ਨੂੰ ਯਹੋਵਾਹ ਦੀ ਉਡੀਕ ਕਿਉਂ ਕਰਾਂ ?

7

1ਤਦ ਅਲੀਸ਼ਾ ਨੇ ਆਖਿਆ, ਤੁਸੀਂ ਯਹੋਵਾਹ ਦਾ ਬਚਨ ਸੁਣੋ । ਯਹੋਵਾਹ ਅਜਿਹਾ ਫ਼ਰਮਾਉਂਦਾ ਹੈ ਕਿ ਕੱਲ ਇਸੇ ਸਮੇ ਸਾਮਰਿਯਾ ਦੇ ਫਾਟਕ ਤੇ ਦਸ ਸੇਰ ਮੈਦਾ ਇੱਕ ਰੁਪਏ ਦਾ ਅਤੇ ਵੀਹ ਸੇਰ ਜੌਂ ਇੱਕ ਰੁਪਏ ਦੇ ਹੋਣਗੇ ।2ਤਦ ਉਸ ਅਹੁਦੇਦਾਰ ਨੇ ਜਿਹ ਦੇ ਹੱਥ ਤੇ ਰਾਜਾ ਢਾਸਣਾ ਲੈਂਦਾ ਸੀ ਪਰਮੇਸ਼ੁਰ ਦੇ ਜਨ ਨੂੰ ਉੱਤਰ ਦਿੱਤਾ ਕਿ ਜੇ ਯਹੋਵਾਹ ਅਕਾਸ਼ ਦੀਆਂ ਖਿੜਕੀਆਂ ਵੀ ਖੋਲ੍ਹ ਦੇਵੇ ਤਦ ਵੀ ਕੀ ਇਹ ਗੱਲ ਹੋ ਸੱਕਦੀ ਹੈ ? ਉਸ ਨੇ ਆਖਿਆ, ਵੇਖ ਤੂੰ ਇਸ ਨੂੰ ਆਪਣੀਆਂ ਅੱਖਾਂ ਨਾਲ ਵੇਖਣ ਹੀ ਵਾਲਾ ਹੈਂ ਪਰ ਤੂੰ ਉਹ ਦੇ ਵਿੱਚੋਂ ਕੁਝ ਵੀ ਨਾ ਖਾਵੇਂਗਾ ।

ਅਰਾਮੀ ਸੈਨਾ ਦਾ ਭੱਜ ਜਾਣਾ

3ਹੁਣ ਫਾਟਕ ਦੇ ਰਸਤੇ ਤੇ ਚਾਰ ਕੋੜ੍ਹੀ ਸਨ, ਉਨ੍ਹਾਂ ਨੇ ਇੱਕ ਦੂਜੇ ਨੂੰ ਆਖਿਆ, “ਅਸੀਂ ਇੱਥੇ ਬੈਠੇ-ਬੈਠੇ ਕਿਉਂ ਮਰੀਏ ? ”4ਜੇ ਅਸੀਂ ਆਖੀਏ ਕਿ ਚੱਲੋ ਸ਼ਹਿਰ ਵਿੱਚ ਚਲੀਏ ਤਾਂ ਅਸੀਂ ਉੱਥੇ ਮਰਾਂਗੇ ਕਿਉਂਕਿ ਉੱਥੇ ਕਾਲ ਹੈ ਅਤੇ ਜੇ ਅਸੀਂ ਇੱਥੇ ਹੀ ਬੈਠੇ ਰਹੀਏ ਤਾਂ ਵੀ ਅਸੀਂ ਮਰਾਂਗੇ । ਇਸ ਲਈ ਹੁਣ ਅਸੀਂ ਅਰਾਮੀਆਂ ਦੇ ਡੇਰੇ ਵਿੱਚ ਜਾਈਏ, ਜੇ ਉਹ ਸਾਨੂੰ ਜੀਉਂਦਾ ਛੱਡਣ ਤਾਂ ਅਸੀਂ ਜੀਵਾਂਗੇ ਅਤੇ ਜੇ ਉਹ ਸਾਨੂੰ ਮਾਰ ਸੁੱਟਣ ਤਾਂ ਅਸੀਂ ਮਰਨਾ ਹੀ ਹੈ ।
5ਤਦ ਉਹ ਸ਼ਾਮ ਦੇ ਸਮੇ ਅਰਾਮੀਆਂ ਦੇ ਡੇਰੇ ਨੂੰ ਜਾਣ ਲਈ ਉੱਠੇ ਅਤੇ ਜਦ ਉਹ ਅਰਾਮੀਆਂ ਦੇ ਡੇਰੇ ਦੀ ਬਾਹਰਲੀ ਹੱਦ ਵਿੱਚ ਪਹੁੰਚੇ ਤਾਂ ਵੇਖਿਆ ਕਿ ਉੱਥੇ ਇੱਕ ਵੀ ਆਦਮੀ ਨਹੀਂ ਹੈ ।6ਅਜਿਹਾ ਇਸ ਲਈ ਹੋਇਆ ਕਿ ਪ੍ਰਭੂ ਨੇ ਅਰਾਮੀਆਂ ਦੀ ਫੌਜ ਨੂੰ ਰੱਥਾਂ ਦੀ ਅਵਾਜ਼, ਘੋੜਿਆਂ ਦੀ ਅਵਾਜ਼ ਅਤੇ ਇੱਕ ਵੱਡੇ ਲਸ਼ਕਰ ਦੀ ਅਵਾਜ਼ ਸੁਣਵਾਈ ਸੀ, ਤਦ ਉਹ ਇੱਕ ਦੂਜੇ ਨੂੰ ਕਹਿਣ ਲੱਗੇ ਕਿ ਵੇਖੋ, ਇਸਰਾਏਲ ਦੇ ਰਾਜਾ ਨੇ ਸਾਡੇ ਵਿਰੁੱਧ ਹਿੱਤੀਆਂ ਦੇ ਰਾਜਿਆਂ ਤੇ ਮਿਸਰੀਆਂ ਦੇ ਰਾਜਿਆਂ ਨੂੰ ਕਿਰਾਏ ਤੇ ਲਿਆ ਹੈ ਕਿ ਉਹ ਸਾਡੇ ਉੱਤੇ ਹਮਲਾ ਕਰਨ ।
7ਇਸ ਲਈ ਸ਼ਾਮ ਨੂੰ ਉੱਠ ਕੇ ਭੱਜ ਤੁਰੇ ਅਤੇ ਆਪਣੇ ਤੰਬੂ, ਆਪਣੇ ਘੋੜੇ ਅਤੇ ਆਪਣੇ ਗਧੇ ਅਰਥਾਤ ਡੇਰੇ ਜਿਸ ਤਰ੍ਹਾਂ ਦੇ ਸੀ ਉਸੇ ਤਰ੍ਹਾਂ ਹੀ ਛੱਡ ਕੇ ਆਪਣੀਆਂ ਜਾਨਾਂ ਬਚਾ ਕੇ ਭੱਜੇ ।8ਜਦ ਉਹ ਕੋੜ੍ਹੀ ਡੇਰੇ ਦੀ ਬਾਹਰਲੀ ਹੱਦ ਤੱਕ ਪਹੁੰਚੇ, ਤਦ ਉਨ੍ਹਾਂ ਨੇ ਇੱਕ ਤੰਬੂ ਵਿੱਚ ਵੜ ਕੇ ਖਾਧਾ ਪੀਤਾ ਅਤੇ ਉੱਥੋਂ ਚਾਂਦੀ, ਸੋਨਾ ਅਤੇ ਕੱਪੜੇ ਲੈ ਜਾ ਕੇ ਲੁਕਾ ਰੱਖੇ, ਫਿਰ ਮੁੜ ਕੇ ਦੂਜੇ ਤੰਬੂ ਵਿੱਚ ਵੜ ਕੇ ਉੱਥੋਂ ਵੀ ਲੈ ਗਏ ਅਤੇ ਜਾ ਕੇ ਲੁਕਾ ਦਿੱਤਾ ।
9ਤਦ ਉਹ ਇੱਕ ਦੂਜੇ ਨੂੰ ਕਹਿਣ ਲੱਗੇ, ਜੋ ਅਸੀਂ ਕਰ ਰਹੇ ਹਾਂ ਉਹ ਚੰਗੀ ਗੱਲ ਨਹੀਂ ਹੈ । ਅੱਜ ਦਾ ਦਿਨ ਖੁਸ਼ੀ ਦੇ ਸਮਾਚਾਰ ਦਾ ਦਿਨ ਹੈ ਅਤੇ ਅਸੀਂ ਚੁੱਪ-ਚਾਪ ਹਾਂ । ਜੇ ਅਸੀਂ ਸਵੇਰ ਹੋਣ ਤੱਕ ਠਹਿਰੇ ਰਹੀਏ ਤਦ ਸਾਡੇ ਉੱਤੇ ਕੋਈ ਸਜ਼ਾ ਆਵੇਗੀ, ਹੁਣ ਆਓ, ਅਸੀਂ ਜਾ ਕੇ ਰਾਜੇ ਦੇ ਘਰਾਣੇ ਨੂੰ ਖ਼ਬਰ ਦੱਸੀਏ ।10ਤਦ ਉਨ੍ਹਾਂ ਨੇ ਸ਼ਹਿਰ ਦੇ ਦਰਬਾਨਾਂ ਨੂੰ ਜਾ ਕੇ ਅਵਾਜ਼ ਦੇ ਕੇ ਉਹਨਾਂ ਨੂੰ ਦੱਸਿਆ ਕਿ ਅਸੀਂ ਅਰਾਮੀਆਂ ਦੇ ਡੇਰੇ ਵਿੱਚ ਵੜੇ ਅਤੇ ਵੇਖੋ, ਉੱਥੇ ਨਾ ਆਦਮੀ ਸੀ, ਨਾ ਆਦਮੀ ਦੀ ਅਵਾਜ਼ ਕੇਵਲ ਘੋੜੇ ਅਤੇ ਗਧੇ ਬੰਨ੍ਹੇ ਹੋਏ ਸਨ ਅਤੇ ਤੰਬੂ ਉਸੇ ਤਰ੍ਹਾਂ ਸਨ ।11ਤਦ ਫਾਟਕ ਦੇ ਦਰਬਾਨਾਂ ਨੇ ਅਵਾਜ਼ ਦੇ ਕੇ ਰਾਜਾ ਦੇ ਘਰਾਣੇ ਨੂੰ ਖਬਰ ਦਿੱਤੀ ।
12ਤਦ ਰਾਜਾ ਰਾਤ ਨੂੰ ਉੱਠਿਆ ਅਤੇ ਆਪਣੇ ਨੌਕਰਾਂ ਨੂੰ ਆਖਿਆ, ਮੈਂ ਤੁਹਾਨੂੰ ਦੱਸਦਾ ਹਾਂ ਕਿ ਅਰਾਮੀਆਂ ਨੇ ਸਾਡੇ ਨਾਲ ਕੀ ਕੀਤਾ ਹੈ । ਉਹਨਾਂ ਨੂੰ ਪਤਾ ਸੀ ਕਿ ਅਸੀਂ ਭੁੱਖੇ ਹਾਂ, ਇਸ ਲਈ ਉਹ ਇਹ ਆਖ ਕੇ ਡੇਰੇ ਤੋਂ ਨਿੱਕਲ ਕੇ ਖੇਤ ਵਿੱਚ ਲੁਕਣ ਲਈ ਗਏ ਹਨ ਕਿ ਜਦੋਂ ਅਸੀਂ ਸ਼ਹਿਰ ਤੋਂ ਨਿੱਕਲ ਕੇ ਬਾਹਰ ਜਾਈਏ, ਤਦ ਉਹ ਸਾਨੂੰ ਜੀਉਂਦਿਆਂ ਨੂੰ ਫੜ ਲੈਣ ਇਸ ਤਰ੍ਹਾਂ ਉਹ ਫੇਰ ਸ਼ਹਿਰ ਵਿੱਚ ਆ ਵੜਨਗੇ ।13ਤਦ ਰਾਜਾ ਦੇ ਨੌਕਰਾਂ ਵਿੱਚੋਂ ਇੱਕ ਨੇ ਉੱਤਰ ਦਿੱਤਾ ਕਿ ਉਨ੍ਹਾਂ ਬਚਿਆਂ ਹੋਇਆਂ ਘੋੜਿਆਂ ਵਿੱਚੋਂ ਜਿਹੜੇ ਸ਼ਹਿਰ ਵਿੱਚ ਬਾਕੀ ਹਨ, ਲੋਕ ਪੰਜ ਘੋੜੇ ਲੈਣ ਅਤੇ ਅਸੀਂ ਉਨ੍ਹਾਂ ਨੂੰ ਘੱਲ ਕੇ ਵੇਖੀਏ ( ਉਹ ਇਸਰਾਏਲ ਦੇ ਸਾਰੇ ਦਲ ਦੀ ਤਰ੍ਹਾਂ ਹਨ ਜਿਹੜਾ ਬਚ ਰਿਹਾ ਹੈ ਜਾਂ ਵੇਖੋ, ਉਹ ਇਸਰਾਏਲ ਦੇ ਉਸ ਸਾਰੇ ਦਲ ਦੀ ਤਰ੍ਹਾਂ ਹਨ ਜਿਹੜਾ ਨਸ਼ਟ ਹੋ ਗਿਆ ਹੈ )
14ਉਨ੍ਹਾਂ ਨੇ ਦੋ ਰੱਥ ਤੇ ਘੋੜੇ ਲਏ ਅਤੇ ਰਾਜਾ ਨੇ ਉਨ੍ਹਾਂ ਨੂੰ ਅਰਾਮੀਆਂ ਦੇ ਲਸ਼ਕਰ ਦੇ ਪਿੱਛੇ ਭੇਜਿਆ ਤੇ ਆਖਿਆ, ਜਾਓ ਅਤੇ ਵੇਖੋ ।15ਤਦ ਉਹ ਯਰਦਨ ਤੱਕ ਉਨ੍ਹਾਂ ਦੇ ਪਿੱਛੇ ਗਏ ਅਤੇ ਵੇਖੋ, ਸਾਰਾ ਰਾਹ ਕੱਪੜਿਆਂ ਤੇ ਭਾਂਡਿਆਂ ਨਾਲ ਭਰਿਆ ਪਿਆ ਸੀ, ਜਿਨ੍ਹਾਂ ਨੂੰ ਅਰਾਮੀਆਂ ਨੇ ਘਬਰਾਹਟ ਦੇ ਕਾਰਨ ਸੁੱਟ ਦਿੱਤਾ ਸੀ ਅਤੇ ਸੰਦੇਸ਼ਵਾਹਕਾਂ ਨੇ ਮੁੜ ਕੇ ਰਾਜਾ ਨੂੰ ਖਬਰ ਦਿੱਤੀ ।
16ਤਦ ਲੋਕਾਂ ਨੇ ਜਾ ਕੇ ਅਰਾਮੀਆਂ ਦੇ ਡੇਰੇ ਨੂੰ ਲੁੱਟਿਆ । ਤਾਂ ਯਹੋਵਾਹ ਦੇ ਬਚਨ ਦੇ ਅਨੁਸਾਰ ਮੈਦਾ ਇੱਕ ਰੁਪਏ ਦਾ ਦਸ ਸੇਰ ਅਤੇ ਜੌਂ ਇੱਕ ਰੁਪਏ ਦੇ ਵੀਹ ਸੇਰ ਹੋ ਗਏ ।17ਰਾਜਾ ਨੇ ਉਸ ਅਹੁਦੇਦਾਰ ਨੂੰ ਜਿਹ ਦੇ ਹੱਥ ਦਾ ਉਹ ਢਾਸਣਾ ਲੈਂਦਾ ਸੀ, ਫਾਟਕ ਦੀ ਦੇਖਭਾਲ ਲਈ ਅਧਿਕਾਰੀ ਬਣਾ ਦਿੱਤਾ ਅਤੇ ਉਹ ਫਾਟਕ ਦੇ ਵਿਚਕਾਰ ਲੋਕਾਂ ਦੇ ਪੈਰਾਂ ਹੇਠਾਂ ਮਿੱਧਿਆ ਗਿਆ ਅਤੇ ਮਰ ਗਿਆ, ਜਿਵੇਂ ਪਰਮੇਸ਼ੁਰ ਦੇ ਜਨ ਨੇ ਆਖਿਆ ਸੀ, ਜਦ ਰਾਜਾ ਉਹ ਦੇ ਕੋਲ ਆਇਆ ਸੀ ।
18ਜਿਵੇਂ ਪਰਮੇਸ਼ੁਰ ਦੇ ਜਨ ਨੇ ਰਾਜਾ ਨੂੰ ਆਖਿਆ ਸੀ ਕਿ ਇਸ ਸਮੇ ਸਾਮਰਿਯਾ ਦੇ ਫਾਟਕ ਤੇ ਜੌਂ ਇੱਕ ਰੁਪਏ ਦੇ ਵੀਹ ਸੇਰ ਅਤੇ ਮੈਦਾ ਇੱਕ ਰੁਪਏ ਦਾ ਦਸ ਸੇਰ ਹੋਵੇਗਾ ਤਿਵੇਂ ਹੀ ਹੋਇਆ ।19ਉਸ ਅਹੁਦੇਦਾਰ ਨੇ ਪਰਮੇਸ਼ੁਰ ਦੇ ਜਨ ਨੂੰ ਉੱਤਰ ਦਿੱਤਾ ਸੀ ਕਿ ਵੇਖ, ਜੇ ਯਹੋਵਾਹ ਅਕਾਸ਼ ਦੀਆਂ ਖਿੜਕੀਆਂ ਵੀ ਖੋਲ੍ਹ ਦੇਵੇ ਤਾਂ ਵੀ ਕੀ ਇਹ ਗੱਲ ਹੋ ਸੱਕਦੀ ਹੈ ? ਅਤੇ ਉਹ ਨੇ ਆਖਿਆ ਸੀ, ਵੇਖ, ਤੂੰ ਇਸ ਨੂੰ ਆਪਣੀਆਂ ਅੱਖਾਂ ਨਾਲ ਵੇਖਣ ਹੀ ਵਾਲਾ ਹੈਂ, ਪਰ ਤੂੰ ਉਹ ਦੇ ਵਿੱਚੋਂ ਕੁਝ ਵੀ ਨਾ ਖਾਵੇਂਗਾ ।20ਅਤੇ ਉਸ ਦੇ ਨਾਲ ਉਸੇ ਤਰ੍ਹਾਂ ਹੀ ਹੋਇਆ ਅਤੇ ਉਹ ਫਾਟਕ ਦੇ ਵਿਚਕਾਰ ਲੋਕਾਂ ਦੇ ਪੈਰਾਂ ਹੇਠਾਂ ਮਿੱਧਿਆਂ ਗਿਆ ਤੇ ਮਰ ਗਿਆ ।

8
ਸ਼ੂਨੰਮੀ ਔਰਤ ਦੀ ਭੂਮੀ ਵਾਪਸ ਕੀਤਾ ਜਾਣਾ

1ਅਲੀਸ਼ਾ ਨੇ ਉਸ ਔਰਤ ਨੂੰ ਜਿਸ ਦੇ ਪੁੱਤਰ ਨੂੰ ਉਸ ਨੇ ਜਿੰਦਾ ਕੀਤਾ ਸੀ ਆਖਿਆ ਕਿ ਉੱਠ ਅਤੇ ਆਪਣੇ ਪਰਿਵਾਰ ਸਮੇਤ ਜਾ ਅਤੇ ਜਿੱਥੇ ਕਿਤੇ ਤੂੰ ਵੱਸ ਸੱਕੇਂ ਉੱਥੇ ਵੱਸ ਜਾ ਕਿਉਂ ਜੋ ਯਹੋਵਾਹ ਨੇ ਕਾਲ ਦਾ ਹੁਕਮ ਲਾ ਦਿੱਤਾ ਹੈ ਅਤੇ ਉਹ ਇਸ ਦੇਸ਼ ਉੱਤੇ ਸੱਤ ਸਾਲ ਰਹੇਗਾ ।2ਤਦ ਉਸ ਔਰਤ ਨੇ ਉੱਠ ਕੇ ਪਰਮੇਸ਼ੁਰ ਦੇ ਜਨ ਦੇ ਕਹਿਣ ਅਨੁਸਾਰ ਆਪਣੇ ਪਰਿਵਾਰ ਸਮੇਤ ਸਫ਼ਰ ਕੀਤਾ ਅਤੇ ਫਲਿਸਤੀਆਂ ਦੇ ਦੇਸ਼ ਵਿੱਚ ਜਾ ਕੇ ਸੱਤ ਸਾਲ ਉੱਥੇ ਵੱਸੀ ।

3ਸੱਤਾਂ ਸਾਲਾਂ ਦੇ ਅੰਤ ਵਿੱਚ ਅਜਿਹਾ ਹੋਇਆ ਕਿ ਉਹ ਔਰਤ ਫਲਿਸਤੀਆਂ ਦੇ ਦੇਸ਼ ਤੋਂ ਮੁੜ ਆਈ ਅਤੇ ਆਪਣੇ ਘਰ ਦੇ ਲਈ ਅਤੇ ਆਪਣੀ ਜ਼ਮੀਨ ਦੇ ਲਈ ਰਾਜਾ ਕੋਲ ਦੁਹਾਈ ਦੇਣ ਲਈ ਗਈ ।4ਤਦ ਰਾਜਾ ਪਰਮੇਸ਼ੁਰ ਦੇ ਜਨ ਦੇ ਸੇਵਕ ਗੇਹਾਜੀ ਨਾਲ ਗੱਲਾਂ ਕਰਦਾ ਸੀ ਅਤੇ ਉਸ ਨੇ ਆਖਿਆ ਕਿ ਉਹ ਸਾਰੇ ਵੱਡੇ ਕੰਮ ਜਿਹੜੇ ਅਲੀਸ਼ਾ ਨੇ ਕੀਤੇ ਹਨ ਮੈਨੂੰ ਦੱਸ ।
5ਤਦ ਅਜਿਹਾ ਹੋਇਆ ਕਿ ਜਦ ਉਹ ਰਾਜਾ ਨੂੰ ਦੱਸ ਹੀ ਰਿਹਾ ਸੀ ਕਿ ਕਿਵੇਂ ਉਸ ਨੇ ਇੱਕ ਮੁਰਦੇ ਨੂੰ ਜੁਆਲਿਆ, ਤਦ ਵੇਖੋ, ਉਹ ਔਰਤ ਜਿਸ ਦੇ ਪੁੱਤਰ ਨੂੰ ਉਹ ਨੇ ਜਿੰਦਾ ਕੀਤਾ ਸੀ ਉਹ ਰਾਜਾ ਦੇ ਕੋਲ ਆਪਣੇ ਘਰ ਤੇ ਆਪਣੀ ਜ਼ਮੀਨ ਦੇ ਲਈ ਦੁਹਾਈ ਦੇਣ ਲੱਗੀ । ਤਦ ਗੇਹਾਜੀ ਨੇ ਆਖਿਆ, ਹੇ ਮੇਰੇ ਸੁਆਮੀ ! ਹੇ ਰਾਜਾ ! ਇਹ ਓਹੀ ਔਰਤ ਅਤੇ ਇਸ ਦਾ ਪੁੱਤਰ ਇਹ ਹੀ ਹੈ, ਜਿਹ ਨੂੰ ਅਲੀਸ਼ਾ ਨੇ ਜਿੰਦਾ ਕੀਤਾ ।6ਜਦ ਰਾਜਾ ਨੇ ਉਸ ਔਰਤ ਨੂੰ ਉਸ ਦੇ ਪੁੱਤਰ ਬਾਰੇ ਪੁੱਛਿਆ, ਤਦ ਉਹ ਨੇ ਉਸ ਨੂੰ ਦੱਸਿਆ । ਇਸ ਲਈ ਰਾਜਾ ਨੇ ਉਸ ਦੇ ਲਈ ਇੱਕ ਹਾਕਮ ਨੂੰ ਠਹਿਰਾ ਕੇ ਉਸ ਨੂੰ ਆਖਿਆ, “ਸਭ ਕੁਝ ਜੋ ਇਸ ਦਾ ਸੀ ਜਦ ਤੋਂ ਇਸ ਨੇ ਇਹ ਦੇਸ ਛੱਡਿਆ, ਉਸ ਸਮੇ ਤੋਂ ਲੈ ਕੇ ਹੁਣ ਤੱਕ ਦੀ ਖੇਤ ਦੀ ਸਾਰੀ ਪੈਦਾਵਾਰ ਉਸ ਨੂੰ ਮੋੜ ਦੇ ।”
ਅਲੀਸ਼ਾ ਅਤੇ ਅਰਾਮ ਦਾ ਰਾਜਾ

7ਤਦ ਅਲੀਸ਼ਾ ਦੰਮਿਸਕ ਵਿੱਚ ਆਇਆ । ਉਸ ਸਮੇ ਅਰਾਮ ਦਾ ਰਾਜਾ ਬਨ-ਹਦਦ ਬਿਮਾਰ ਸੀ ਅਤੇ ਉਹ ਨੂੰ ਇਹ ਦੱਸਿਆ ਗਿਆ ਕਿ ਪਰਮੇਸ਼ੁਰ ਦਾ ਜਨ ਇੱਥੇ ਤੱਕ ਆਇਆ ਹੈ ।8ਰਾਜਾ ਨੇ ਹਜ਼ਾਏਲ ਨੂੰ ਆਖਿਆ, ਆਪਣੇ ਹੱਥ ਵਿੱਚ ਭੇਂਟ ਲੈ ਕੇ ਪਰਮੇਸ਼ੁਰ ਦੇ ਜਨ ਨੂੰ ਮਿਲਣ ਲਈ ਜਾ ਅਤੇ ਉਸ ਦੇ ਰਾਹੀਂ ਯਹੋਵਾਹ ਕੋਲੋਂ ਪੁੱਛ, “ਕੀ ਮੈਂ ਇਸ ਰੋਗ ਤੋਂ ਚੰਗਾ ਹੋ ਜਾਂਵਾਂਗਾ ? ”9ਤਦ ਹਜ਼ਾਏਲ ਉਹ ਨੂੰ ਮਿਲਣ ਲਈ ਗਿਆ ਅਤੇ ਦੰਮਿਸਕ ਦੀ ਹਰ ਉੱਤਮ ਵਸਤੂ ਦਾ ਚੜ੍ਹਾਵਾ ਚਾਲੀਆਂ ਊਠਾਂ ਉੱਤੇ ਲੱਦ ਕੇ ਆਪਣੇ ਨਾਲ ਲੈ ਆਇਆ ਅਤੇ ਉਹ ਦੇ ਸਾਹਮਣੇ ਖੜ੍ਹ ਕੇ ਆਖਿਆ, ਤੇਰੇ ਪੁੱਤਰ ਅਰਾਮ ਦੇ ਰਾਜੇ ਬਨ-ਹਦਦ ਨੇ ਇਹ ਆਖ ਕੇ ਮੈਨੂੰ ਤੇਰੇ ਕੋਲ ਭੇਜਿਆ ਹੈ ਕਿ ਕੀ ਮੈਂ ਇਸ ਰੋਗ ਤੋਂ ਚੰਗਾ ਹੋ ਜਾਂਵਾਂਗਾ ?
10ਅਲੀਸ਼ਾ ਨੇ ਉਸ ਨੂੰ ਆਖਿਆ, ਜਾ ਕੇ ਉਸ ਨੂੰ ਆਖ, ਤੂੰ ਚੰਗਾ ਹੋ ਜਾਵੇਂਗਾ ਤਾਂ ਵੀ ਯਹੋਵਾਹ ਨੇ ਮੇਰੇ ਉੱਤੇ ਪਰਗਟ ਕੀਤਾ ਹੈ ਕਿ ਉਹ ਜ਼ਰੂਰ ਮਰ ਜਾਵੇਗਾ ।11ਅਤੇ ਉਹ ਉਸ ਦੀ ਵੱਲ ਧਿਆਨ ਲਾ ਕੇ ਵੇਖਦਾ ਰਿਹਾ ਇੱਥੋਂ ਤੱਕ ਕਿ ਉਹ ਸ਼ਰਮਿੰਦਾ ਹੋ ਗਿਆ ਅਤੇ ਪਰਮੇਸ਼ੁਰ ਦਾ ਜਨ ਰੋ ਪਿਆ ।12ਤਦ ਹਜ਼ਾਏਲ ਨੇ ਆਖਿਆ, ਮੇਰਾ ਸੁਆਮੀ ਕਿਉਂ ਰੋਂਦਾ ਹੈ ? ਅੱਗੋਂ ਉਸ ਨੇ ਉੱਤਰ ਦਿੱਤਾ, ਕਿਉਂ ਜੋ ਮੈਂ ਉਸ ਬਦੀ ਨੂੰ ਜਾਣਦਾ ਹਾਂ ਜੋ ਤੂੰ ਇਸਰਾਏਲੀਆਂ ਨਾਲ ਕਰੇਂਗਾ । ਤੂੰ ਉਨ੍ਹਾਂ ਦੇ ਕਿਲ੍ਹਿਆਂ ਨੂੰ ਅੱਗ ਲਾਵੇਂਗਾ, ਉਨ੍ਹਾਂ ਦੇ ਚੰਗੇ ਗਭਰੂਆਂ ਨੂੰ ਤਲਵਾਰ ਨਾਲ ਮਾਰੇਗਾ, ਉਨ੍ਹਾਂ ਦੇ ਬੱਚਿਆਂ ਨੂੰ ਪਟਕਾ-ਪਟਕਾ ਕੇ ਟੋਟੇ-ਟੋਟੇ ਕਰੇਂਗਾ ਅਤੇ ਉਨ੍ਹਾਂ ਦੀਆਂ ਗਰਭਵਤੀ ਔਰਤਾਂ ਨੂੰ ਚੀਰ ਸੁੱਟੇਂਗਾ ।
13ਹਜ਼ਾਏਲ ਨੇ ਆਖਿਆ, ਪਰ ਤੇਰਾ ਦਾਸ ਕੁੱਤੇ ਸਮਾਨ ਹੈ । ਉਹ ਹੈ ਹੀ ਕੀ ਕਿ ਉਹ ਇੰਨਾ ਵੱਡਾ ਕੰਮ ਕਰੇ ? ਪਰ ਅਲੀਸ਼ਾ ਨੇ ਆਖਿਆ, ਯਹੋਵਾਹ ਨੇ ਮੈਨੂੰ ਵਿਖਾਇਆ ਹੈ ਕਿ ਤੂੰ ਅਰਾਮ ਦੇ ਉੱਤੇ ਰਾਜਾ ਹੋਵੇਂਗਾ ।14ਫੇਰ ਉਹ ਅਲੀਸ਼ਾ ਕੋਲੋਂ ਤੁਰ ਪਿਆ ਅਤੇ ਆਪਣੇ ਸੁਆਮੀ ਕੋਲ ਆ ਕੇ ਉਸ ਨੇ ਉਸ ਨੂੰ ਪੁੱਛਿਆ, “ਅਲੀਸ਼ਾ ਨੇ ਤੈਨੂੰ ਕੀ ਆਖਿਆ ਹੈ ? ” ਤਦ ਉਹ ਬੋਲਿਆ, ਉਸ ਨੇ ਮੈਨੂੰ ਦੱਸਿਆ ਕਿ ਤੂੰ ਚੰਗਾ ਹੋ ਜਾਵੇਂਗਾ ।15ਅਗਲੇ ਦਿਨ ਅਜਿਹਾ ਹੋਇਆ ਕਿ ਉਹ ਨੇ ਇੱਕ ਚਾਦਰ ਲਈ ਤੇ ਉਹ ਨੂੰ ਪਾਣੀ ਨਾਲ ਭਿਉਂ ਕੇ ਉਸ ਦੇ ਮੂੰਹ ਉੱਤੇ ਪਾ ਦਿੱਤੀ ਤੇ ਉਹ ਮਰ ਗਿਆ ਅਤੇ ਹਜ਼ਾਏਲ ਉਸ ਦੇ ਥਾਂ ਰਾਜ ਕਰਨ ਲੱਗਾ ।
ਯਹੂਦਾਹ ਦਾ ਰਾਜਾ ਯੋਰਾਮ
(2 ਇਤਿਹਾਸ 21:1 - 20)

16ਇਸਰਾਏਲ ਦੇ ਰਾਜਾ ਅਹਾਬ ਦੇ ਪੁੱਤਰ ਯੋਰਾਮ ਦੇ ਪੰਜਵੇਂ ਸਾਲ ਜਦ ਯਹੋਸ਼ਾਫਾਟ ਯਹੂਦਾਹ ਦਾ ਰਾਜਾ ਸੀ, ਤਾਂ ਯਹੂਦਾਹ ਦੇ ਰਾਜਾ ਯਹੋਸ਼ਾਫਾਟ ਦਾ ਪੁੱਤਰ ਯੋਰਾਮ ਯਹੂਦਾਹ ਤੇ ਰਾਜ ਕਰਨ ਲੱਗਾ ।17ਜਦ ਉਹ ਰਾਜ ਕਰਨ ਲੱਗਾ ਤਦ ਉਹ ਬੱਤੀ ਸਾਲਾਂ ਦਾ ਸੀ ਅਤੇ ਉਸ ਨੇ ਯਰੂਸ਼ਲਮ ਵਿੱਚ ਅੱਠ ਸਾਲ ਰਾਜ ਕੀਤਾ ।
18ਅਤੇ ਉਹ ਅਹਾਬ ਦੇ ਘਰਾਣੇ ਵਾਂਗੂੰ ਇਸਰਾਏਲ ਦੇ ਰਾਜਿਆਂ ਦੇ ਰਾਹ ਉੱਤੇ ਤੁਰਿਆ ਕਿਉਂ ਜੋ ਅਹਾਬ ਦੀ ਧੀ ਉਸ ਦੀ ਰਾਣੀ ਬਣ ਗਈ ਅਤੇ ਉਸ ਨੇ ਉਹ ਕੰਮ ਕੀਤਾ ਜਿਹੜਾ ਯਹੋਵਾਹ ਦੀ ਨਿਗਾਹ ਵਿੱਚ ਬੁਰਾ ਸੀ ।19ਫੇਰ ਵੀ ਯਹੋਵਾਹ ਨੇ ਆਪਣੇ ਦਾਸ ਦਾਊਦ ਦੇ ਕਾਰਨ ਯਹੂਦਾਹ ਨੂੰ ਨਾਸ ਕਰਨਾ ਨਾ ਚਾਹਿਆ ਜਿਵੇਂ ਉਸ ਨੇ ਉਹ ਦੇ ਨਾਲ ਵਾਅਦਾ ਕੀਤਾ ਸੀ ਕਿ ਮੈਂ ਤੇਰੀ ਅੰਸ ਨੂੰ ਸਦਾ ਲਈ ਇੱਕ ਵਾਰਿਸ ਦਿਆਂਗਾ ।
20ਉਸ ਦੇ ਦਿਨਾਂ ਵਿੱਚ ਅਦੋਮ ਯਹੂਦਾਹ ਦੀ ਅਧੀਨਤਾਈ ਤੋਂ ਬਾਗੀ ਹੋ ਗਿਆ ਅਤੇ ਉਨ੍ਹਾਂ ਨੇ ਆਪਣੇ ਲਈ ਇੱਕ ਰਾਜਾ ਬਣਾ ਲਿਆ ।21ਤਦ ਯੋਰਾਮ ਸਈਰ ਨੂੰ ਚਲਾ ਗਿਆ ਅਤੇ ਸਾਰੇ ਰੱਥ ਉਸ ਦੇ ਨਾਲ ਸਨ, ਅਜਿਹਾ ਹੋਇਆ ਕਿ ਉਸ ਨੇ ਰਾਤ ਨੂੰ ਉੱਠ ਕੇ ਅਦੋਮੀਆਂ ਨੂੰ ਜਿਨ੍ਹਾਂ ਨੇ ਉਹ ਨੂੰ ਘੇਰਿਆ ਹੋਇਆ ਸੀ, ਰੱਥਾਂ ਦੇ ਸਰਦਾਰਾਂ ਨੂੰ ਮਾਰਿਆ ਅਤੇ ਲੋਕ ਤੰਬੂਆਂ ਨੂੰ ਭੱਜ ਗਏ ।
22ਇਸ ਕਰਕੇ ਅਦੋਮ ਅੱਜ ਤੱਕ ਯਹੂਦਾਹ ਦੀ ਅਧੀਨਤਾਈ ਤੋ ਬਾਗੀ ਹੈ ਅਤੇ ਉਸੇ ਵੇਲੇ ਲਿਬਨਾਹ ਵੀ ਬਾਗੀ ਹੋ ਗਿਆ ।23ਯੋਰਾਮ ਦੀ ਬਾਕੀ ਘਟਨਾ ਅਤੇ ਉਹ ਸਭ ਕੁਝ ਜੋ ਉਹ ਨੇ ਕੀਤਾ, ਕੀ ਉਹ ਯਹੂਦਾਹ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਨਹੀਂ ਹੈ ?24ਯੋਰਾਮ ਪਿਉ-ਦਾਦਿਆਂ ਨਾਲ ਸੌਂ ਗਿਆ ਅਤੇ ਦਾਊਦ ਦੇ ਸ਼ਹਿਰ ਵਿੱਚ ਆਪਣੇ ਪਿਉ-ਦਾਦਿਆਂ ਦੇ ਨਾਲ ਦੱਬਿਆ ਗਿਆ । ਉਹ ਦਾ ਪੁੱਤਰ ਅਹਜ਼ਯਾਹ ਉਹ ਦੇ ਥਾਂ ਰਾਜ ਕਰਨ ਲੱਗਾ ।
ਯਹੂਦਾਹ ਦਾ ਰਾਜਾ ਅਹਜ਼ਯਾਹ
(2 ਇਤਿਹਾਸ 22:1 - 6)

25ਇਸਰਾਏਲ ਦੇ ਰਾਜਾ ਅਹਾਬ ਦੇ ਪੁੱਤਰ ਯੋਰਾਮ ਦੇ ਬਾਰ੍ਹਵੇਂ ਸਾਲ ਤੋਂ ਯਹੂਦਾਹ ਦੇ ਰਾਜਾ ਯਹੋਰਾਮ ਦਾ ਪੁੱਤਰ ਅਹਜ਼ਯਾਹ ਰਾਜ ਕਰਨ ਲੱਗਾ ।26ਅਹਜ਼ਯਾਹ ਬਾਈ ਸਾਲਾਂ ਦਾ ਸੀ ਜਦ ਉਹ ਰਾਜ ਕਰਨ ਲੱਗਾ ਅਤੇ ਉਸ ਨੇ ਇੱਕ ਸਾਲ ਯਰੂਸ਼ਲਮ ਵਿੱਚ ਰਾਜ ਕੀਤਾ । ਉਸ ਦੀ ਮਾਤਾ ਦਾ ਨਾਮ ਅਥਲਯਾਹ ਸੀ ਜੋ ਇਸਰਾਏਲ ਦੇ ਰਾਜਾ ਆਮਰੀ ਦੀ ਧੀ ਸੀ ।27ਉਹ ਅਹਾਬ ਦੇ ਘਰਾਣੇ ਦੇ ਰਾਹ ਉੱਤੇ ਤੁਰਿਆ, ਉਹ ਨੇ ਅਹਾਬ ਦੇ ਘਰਾਣੇ ਵਾਂਗੂੰ ਯਹੋਵਾਹ ਦੀ ਨਿਗਾਹ ਵਿੱਚ ਬਦੀ ਕੀਤੀ ਕਿਉ ਜੋ ਉਹ ਅਹਾਬ ਦੇ ਘਰਾਣੇ ਦਾ ਜਵਾਈ ਸੀ ।
28ਉਹ ਅਹਾਬ ਦੇ ਪੁੱਤਰ ਯੋਰਾਮ ਦੇ ਨਾਲ ਰਾਮੋਥ-ਗਿਲਆਦ ਵਿੱਚ ਅਰਾਮ ਦੇ ਰਾਜਾ ਹਜ਼ਾਏਲ ਨਾਲ ਲੜਨ ਲਈ ਗਿਆ ਅਤੇ ਅਰਾਮੀਆਂ ਨੇ ਯੋਰਾਮ ਨੂੰ ਜ਼ਖਮੀ ਕੀਤਾ ।29ਅਤੇ ਰਾਜਾ ਯੋਰਾਮ ਮੁੜ ਗਿਆ ਕਿ ਯਿਜ਼ਰਏਲ ਵਿੱਚ ਉਨ੍ਹਾਂ ਜਖਮਾਂ ਦਾ ਇਲਾਜ ਕਰਾਵੇ, ਜਿਹੜੇ ਅਰਾਮ ਦੇ ਰਾਜਾ ਹਜ਼ਾਏਲ ਨਾਲ ਲੜਨ ਸਮੇ ਰਾਮਾਹ ਵਿੱਚ ਅਰਾਮੀਆਂ ਦੇ ਹੱਥੋਂ ਲੱਗੇ ਸਨ । ਅਤੇ ਯਹੂਦਾਹ ਦੇ ਰਾਜਾ ਯਹੋਰਾਮ ਦਾ ਪੁੱਤਰ ਅਹਜ਼ਯਾਹ ਅਹਾਬ ਦੇ ਪੁੱਤਰ ਯੋਰਾਮ ਨੂੰ ਵੇਖਣ ਲਈ ਯਿਜ਼ਰਏਲ ਵਿੱਚ ਆਇਆ ਕਿਉਂ ਜੋ ਉਹ ਬਿਮਾਰ ਸੀ ।

9
ਇਸਰਾਏਲ ਦੇ ਰਾਜਾ ਦੇ ਰੂਪ ਵਿੱਚ ਯੇਹੂ ਦਾ ਅਭਿਸ਼ੇਕ ਕੀਤਾ ਜਾਣਾ

1ਅਲੀਸ਼ਾ ਨਬੀ ਨੇ ਨਬੀਆਂ ਦੇ ਪੁੱਤਰਾਂ ਵਿੱਚੋਂ ਇੱਕ ਨੂੰ ਸੱਦ ਕੇ ਉਹ ਨੂੰ ਆਖਿਆ, ਆਪਣਾ ਲੱਕ ਬੰਨ੍ਹ, ਤੇਲ ਦੀ ਇੱਕ ਕੁੱਪੀ ਆਪਣੇ ਹੱਥ ਵਿੱਚ ਲੈ ਅਤੇ ਰਾਮੋਥ-ਗਿਲਆਦ ਨੂੰ ਜਾ ।2ਜਦ ਤੂੰ ਉੱਥੇ ਪਹੁੰਚੇ ਤਦ ਨਿਮਸ਼ੀ ਦੇ ਪੋਤਰੇ ਯਹੋਸ਼ਾਫਾਟ ਦੇ ਪੁੱਤਰ ਯੇਹੂ ਨੂੰ ਲੱਭ ਲਈਂ ਅਤੇ ਤੂੰ ਅੰਦਰ ਜਾ ਕੇ ਉਹ ਨੂੰ ਉਹ ਦੇ ਭਰਾਵਾਂ ਵਿੱਚੋਂ ਉਠਾ ਕੇ ਅੰਦਰਲੀ ਕੋਠੜੀ ਵਿੱਚ ਲੈ ਜਾਈਂ ।3ਫੇਰ ਤੇਲ ਦੀ ਕੁੱਪੀ ਲੈ ਕੇ ਉਹ ਦੇ ਸਿਰ ਉੱਤੇ ਡੋਲ੍ਹ ਦੇਈਂ ਅਤੇ ਆਖੀਂ ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਮੈਂ ਤੈਨੂੰ ਇਸਰਾਏਲ ਦਾ ਰਾਜਾ ਹੋਣ ਲਈ ਮਸਹ ਕੀਤਾ ਹੈ । ਤਦ ਤੂੰ ਬੂਹਾ ਖੋਲ੍ਹ ਕੇ ਭੱਜ ਜਾਈਂ ਅਤੇ ਨਾ ਠਹਿਰੀਂ ।

4ਇਸ ਲਈ ਉਹ ਜੁਆਨ ਅਰਥਾਤ ਉਹ ਜੁਆਨ ਨਬੀ ਰਾਮੋਥ-ਗਿਲਆਦ ਨੂੰ ਗਿਆ ।5ਜਦ ਉਹ ਪਹੁੰਚਿਆ ਤਾਂ ਵੇਖੋ, ਫੌਜ ਦੇ ਸਰਦਾਰ ਬੈਠੇ ਹੋਏ ਸਨ । ਉਸ ਨੇ ਆਖਿਆ, ਹੇ ਸਰਦਾਰ, ਮੇਰੇ ਕੋਲ ਤੇਰੇ ਲਈ ਇੱਕ ਸੁਨੇਹਾ ਹੈ ਅਤੇ ਯੇਹੂ ਨੇ ਪੁੱਛਿਆ, ਸਾਡੇ ਸਾਰਿਆਂ ਵਿੱਚੋਂ ਕਿਸ ਦੇ ਲਈ ? ਉਸ ਨੇ ਆਖਿਆ, ਹੇ ਸਰਦਾਰ ਤੇਰੇ ਲਈ ।6ਤਦ ਉਹ ਉੱਠ ਕੇ ਘਰ ਵਿੱਚ ਗਿਆ ਅਤੇ ਉਸ ਨੇ ਉਹ ਦੇ ਸਿਰ ਉੱਤੇ ਤੇਲ ਡੋਲ੍ਹ ਦਿੱਤਾ ਅਤੇ ਉਸ ਨੂੰ ਆਖਿਆ, ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, ਮੈਂ ਤੈਨੂੰ ਯਹੋਵਾਹ ਦੀ ਪਰਜਾ ਇਸਰਾਏਲ ਦਾ ਰਾਜਾ ਹੋਣ ਲਈ ਮਸਹ ਕੀਤਾ ਹੈ ।
7ਤੂੰ ਆਪਣੇ ਸੁਆਮੀ ਅਹਾਬ ਦੇ ਘਰਾਣੇ ਨੂੰ ਮਾਰ ਸੁੱਟੀਂ ਤਾਂ ਕਿ ਮੈਂ ਆਪਣੇ ਦਾਸ ਨਬੀਆਂ ਦੇ ਲਹੂ ਦਾ ਅਤੇ ਯਹੋਵਾਹ ਦੇ ਸਭ ਦਾਸਾਂ ਦੇ ਲਹੂ ਦਾ ਬਦਲਾ ਈਜ਼ਬਲ ਦੇ ਹੱਥੋਂ ਲਵਾਂ ।8ਅਹਾਬ ਦੇ ਸਾਰੇ ਘਰਾਣੇ ਦਾ ਨਾਸ ਹੋਵੇਗਾ ਅਤੇ ਮੈਂ ਅਹਾਬ ਤੋਂ ਹਰੇਕ ਲੜਕੇ ਨੂੰ, ਇਸਰਾਏਲ ਵਿੱਚ ਹਰ ਗੁਲਾਮ ਨੂੰ ਅਤੇ ਹਰ ਅਜ਼ਾਦ ਨੂੰ ਕੱਟ ਦਿਆਂਗਾ ।
9ਮੈਂ ਅਹਾਬ ਦੇ ਘਰਾਣੇ ਨੂੰ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਘਰ ਅਤੇ ਅਹੀਯਾਹ ਦੇ ਪੁੱਤਰ ਬਆਸ਼ਾ ਦੇ ਘਰ ਵਾਂਗੂੰ ਕਰ ਛੱਡਾਂਗਾ ।10ਈਜ਼ਬਲ ਨੂੰ ਯਿਜ਼ਰਏਲ ਦੀ ਭੂਮੀ ਵਿੱਚ ਕੁੱਤੇ ਖਾਣਗੇ ਅਤੇ ਉਹ ਨੂੰ ਦੱਬਣ ਵਾਲਾ ਉੱਥੇ ਕੋਈ ਨਾ ਹੋਵੇਗਾ । ਫੇਰ ਉਹ ਬੂਹਾ ਖੋਲ੍ਹ ਕੇ ਭੱਜ ਗਿਆ ।
11ਤਦ ਯੇਹੂ ਆਪਣੇ ਸੁਆਮੀ ਦੇ ਨੌਕਰਾਂ ਕੋਲ ਬਾਹਰ ਆਇਆ ਅਤੇ ਇੱਕ ਨੇ ਉਸ ਨੂੰ ਆਖਿਆ, ਸੁੱਖ ਤਾਂ ਹੈ ? ਇਹ ਬਾਵਰਾ ਤੇਰੇ ਕੋਲ ਕਿਉਂ ਆਇਆ ਸੀ ? ਉਹ ਨੇ ਉਹਨਾਂ ਨੂੰ ਆਖਿਆ, ਤੁਸੀਂ ਉਸ ਆਦਮੀ ਤੇ ਉਸ ਦੇ ਸੁਨੇਹੇ ਨੂੰ ਜਾਣਦੇ ਹੋ ।12ਅਤੇ ਉਹ ਬੋਲੇ, ਇਹ ਝੂਠਾ ਹੈ । ਕਿਰਪਾ ਕਰਕੇ ਸਾਨੂੰ ਦੱਸ ਤਾਂ ਸਹੀ, ਤਦ ਉਸ ਨੇ ਉੱਤਰ ਦਿੱਤਾ, ਉਸ ਨੇ ਮੇਰੇ ਨਾਲ ਇਸ ਤਰ੍ਹਾਂ ਗੱਲ ਕੀਤੀ ਕਿ ਯਹੋਵਾਹ ਅਜਿਹਾ ਆਖਦਾ ਹੈ ਕਿ ਮੈਂ ਤੈਨੂੰ ਇਸਰਾਏਲ ਦਾ ਰਾਜਾ ਹੋਣ ਲਈ ਮਸਹ ਕੀਤਾ ।13ਤਦ ਉਹਨਾਂ ਨੇ ਛੇਤੀ ਕੀਤੀ ਅਤੇ ਹਰੇਕ ਆਦਮੀ ਨੇ ਆਪਣੇ ਕੱਪੜੇ ਲੈ ਕੇ ਉਹ ਦੇ ਹੇਠਾਂ ਉਨ੍ਹਾਂ ਹੀ ਪੌੜੀਆਂ ਉੱਤੇ ਵਿਛਾਏ ਅਤੇ ਤੁਰ੍ਹੀ ਵਜਾ ਕੇ ਆਖਿਆ ਕਿ ਯੇਹੂ ਰਾਜਾ ਹੈ ।
ਇਸਰਾਏਲ ਦੇ ਰਾਜਾ ਯੋਰਾਮ ਦਾ ਕਤਲ

14ਇਸ ਤਰ੍ਹਾਂ ਨਿਮਸ਼ੀ ਦੇ ਪੋਤਰੇ ਯਹੋਸ਼ਾਫਾਟ ਦੇ ਪੁੱਤਰ ਯੇਹੂ ਨੇ ਯੋਰਾਮ ਦੇ ਵਿਰੁੱਧ ਰਾਜਦ੍ਰੋਹ ਕੀਤਾ ਅਤੇ ਅਰਾਮ ਦੇ ਰਾਜਾ ਹਜ਼ਾਏਲ ਦੇ ਕਾਰਨ ਯੋਰਾਮ ਸਾਰੇ ਇਸਰਾਏਲ ਦੇ ਨਾਲ ਰਾਮੋਥ-ਗਿਲਆਦ ਦੀ ਦੇਖਭਾਲ ਕਰਦਾ ਸੀ ।15ਪਰ ਯੋਰਾਮ ਰਾਜਾ ਮੁੜ ਗਿਆ ਸੀ ਕਿ ਯਿਜ਼ਰਏਲ ਵਿੱਚ ਉਨ੍ਹਾਂ ਜਖਮਾਂ ਦਾ ਇਲਾਜ ਕਰਾਵੇ, ਜਿਹੜੇ ਅਰਾਮ ਦੇ ਰਾਜਾ ਹਜ਼ਾਏਲ ਨਾਲ ਲੜਦਿਆਂ ਅਰਾਮੀਆਂ ਦੇ ਹੱਥੋਂ ਲੱਗੇ ਸਨ । ਤਦ ਯੇਹੂ ਨੇ ਆਖਿਆ, ਜੇ ਤੁਹਾਡਾ ਵਿਚਾਰ ਅਜਿਹਾ ਹੈ ਤਾਂ ਕੋਈ ਭੱਜਣ ਵਾਲਾ ਇਸ ਸ਼ਹਿਰ ਵਿੱਚੋਂ ਨਿੱਕਲ ਕੇ ਯਿਜ਼ਰਏਲ ਨੂੰ ਖਬਰ ਨਾ ਲਿਜਾਵੇ ।16ਅਤੇ ਯੇਹੂ ਰੱਥ ਉੱਤੇ ਚੜ੍ਹ ਕੇ ਯਿਜ਼ਰਏਲ ਨੂੰ ਗਿਆ ਕਿਉਂ ਜੋ ਯੋਰਾਮ ਉੱਥੇ ਪਿਆ ਹੋਇਆ ਸੀ ਅਤੇ ਯਹੂਦਾਹ ਦਾ ਰਾਜਾ ਅਹਜ਼ਯਾਹ ਯੋਰਾਮ ਨੂੰ ਮਿਲਣ ਲਈ ਆਇਆ ਹੋਇਆ ਸੀ ।
17ਯਿਜ਼ਰਏਲ ਵਿੱਚ ਪਹਿਰੇ ਵਾਲਾ ਬੁਰਜ ਉੱਤੇ ਖੜ੍ਹਾ ਸੀ ਅਤੇ ਜਦ ਉਸ ਨੇ ਯੇਹੂ ਦੇ ਵੱਡੇ ਜੱਥੇ ਨੂੰ ਆਉਂਦਿਆ ਵੇਖਿਆ ਤਾਂ ਆਖਿਆ, ਮੈਨੂੰ ਇੱਕ ਵੱਡਾ ਜੱਥਾ ਦਿਸਦਾ ਹੈ । ਯੋਰਾਮ ਨੇ ਕਿਹਾ, ਇੱਕ ਸਵਾਰ ਨੂੰ ਲੈ ਕੇ ਉਨ੍ਹਾਂ ਨੂੰ ਮਿਲਣ ਲਈ ਘੱਲ ਕਿ ਉਹ ਉਸ ਨੂੰ ਪੁੱਛੇ, “ਕੀ ਸ਼ਾਂਤੀ ਵੀ ਹੈ ? ”18ਫਿਰ ਇੱਕ ਸਵਾਰ ਉਹ ਨੂੰ ਮਿਲਣ ਲਈ ਗਿਆ ਅਤੇ ਬੋਲਿਆ, ਰਾਜਾ ਪੁੱਛਦਾ ਹੈ, “ਸ਼ਾਂਤੀ ਵੀ ਹੈ ? ” ਅਤੇ ਯੇਹੂ ਬੋਲਿਆ, “ਤੈਨੂੰ ਸ਼ਾਂਤੀ ਨਾਲ ਕੀ ? ਤੂੰ ਮੇਰੇ ਪਿੱਛੇ ਚੱਲ ।” ਪਹਿਰੇ ਵਾਲੇ ਨੇ ਆਖਿਆ, ਸੰਦੇਸ਼ਵਾਹਕ ਉਨ੍ਹਾਂ ਕੋਲ ਪਹੁੰਚ ਤਾਂ ਗਿਆ ਪਰ ਪਿੱਛੇ ਨਾ ਮੁੜਿਆ ।
19ਤਦ ਉਹ ਨੇ ਦੂਜੇ ਸਵਾਰ ਨੂੰ ਭੇਜਿਆ ਅਤੇ ਉਸ ਨੇ ਉਨ੍ਹਾਂ ਕੋਲ ਜਾ ਕੇ ਆਖਿਆ, ਰਾਜਾ ਪੁੱਛਦਾ ਹੈ, “ਸ਼ਾਂਤੀ ਵੀ ਹੈ ? ” ਯੇਹੂ ਨੇ ਉਸ ਨੂੰ ਕਿਹਾ, “ਤੈਨੂੰ ਸ਼ਾਂਤੀ ਨਾਲ ਕੀ ? ਮੇਰੇ ਪਿੱਛੇ ਚੱਲ ।”20ਤਦ ਪਹਿਰੇ ਵਾਲੇ ਨੇ ਦੱਸਿਆ, ਉਹ ਉਨ੍ਹਾਂ ਕੋਲ ਪਹੁੰਚ ਤਾਂ ਗਿਆ ਪਰ ਪਿੱਛੇ ਨਾ ਮੁੜਿਆ ਅਤੇ ਹੱਕਣਾ ਨਿਮਸ਼ੀ ਦੇ ਪੁੱਤਰ ਯੇਹੂ ਦੇ ਹੱਕਣ ਵਰਗਾ ਹੈ ਕਿਉਂ ਜੋ ਉਹ ਬਹੁਤ ਤੇਜ਼ੀ ਨਾਲ ਹੱਕਦਾ ਹੁੰਦਾ ਹੈ ।
21ਤਦ ਯੋਰਾਮ ਨੇ ਆਖਿਆ, ਜੋੜ ਦੇ । ਉਨ੍ਹਾਂ ਨੇ ਉਹ ਦਾ ਰੱਥ ਜੋੜ ਦਿੱਤਾ । ਤਦ ਇਸਰਾਏਲ ਦਾ ਰਾਜਾ ਯੋਰਾਮ ਅਤੇ ਯਹੂਦਾਹ ਦਾ ਰਾਜਾ ਅਹਜ਼ਯਾਹ ਆਪਣੇ-ਆਪਣੇ ਰੱਥ ਉੱਤੇ ਨਿੱਕਲ ਕੇ ਯੇਹੂ ਨੂੰ ਮਿਲਣ ਲਈ ਗਏ ਅਤੇ ਯਿਜ਼ਰਏਲੀ ਨਬੋਥ ਦੀ ਭੂਮੀ ਵਿੱਚ ਉਹ ਨੂੰ ਜਾ ਮਿਲੇ ।22ਤਦ ਅਜਿਹਾ ਹੋਇਆ ਜਦ ਯੋਰਾਮ ਨੇ ਯੇਹੂ ਨੂੰ ਦੇਖਿਆ ਤਾਂ ਬੋਲਿਆ, “ਯੇਹੂ ਸ਼ਾਂਤੀ ਵੀ ਹੈ ? ” ਉਸ ਨੇ ਆਖਿਆ, ਜਦ ਤੱਕ ਤੇਰੀ ਮਾਂ ਈਜ਼ਬਲ ਦੀਆਂ ਵਿਭਚਾਰੀਆਂ ਤੇ ਉਸ ਦੀਆਂ ਜਾਦੂਗਰੀਆਂ ਇੰਨੀਆਂ ਵਧੀਆਂ ਹੋਈਆਂ ਹੋਣ ਤਦ ਤੱਕ ਕਿਸ ਤਰ੍ਹਾਂ ਦੀ ਸ਼ਾਂਤੀ ?
23ਤਦ ਯੋਰਾਮ ਨੇ ਵਾਗਾਂ ਮੋੜੀਆਂ ਅਤੇ ਭੱਜ ਤੁਰਿਆ ਅਤੇ ਅਹਜ਼ਯਾਹ ਨੂੰ ਆਖਿਆ, ਹੇ ਅਹਜ਼ਯਾਹ ਧੋਖਾ ਹੈ ! ਭੱਜ ।24ਤਦ ਯੇਹੂ ਨੇ ਆਪਣਾ ਧਣੁਖ ਜ਼ੋਰ ਨਾਲ ਖਿੱਚਿਆ ਅਤੇ ਯੋਰਾਮ ਦੇ ਮੋਢਿਆਂ ਦੇ ਵਿਚਕਾਰ ਮਾਰਿਆ, ਤੀਰ ਉਹ ਦੇ ਦਿਲ ਵਿੱਚੋਂ ਹੋ ਕੇ ਨਿੱਕਲਿਆ ਅਤੇ ਉਹ ਆਪਣੇ ਰੱਥ ਵਿੱਚ ਹੀ ਡਿੱਗ ਪਿਆ ।
25ਤਦ ਉਸ ਨੇ ਆਪਣੇ ਇੱਕ ਅਹੁਦੇਦਾਰ ਬਿਦਕਰ ਨੂੰ ਆਖਿਆ, ਉਹ ਨੂੰ ਚੁੱਕ ਕੇ ਯਿਜ਼ਰਏਲੀ ਨਬੋਥ ਦੇ ਖੇਤ ਦੇ ਹਿੱਸੇ ਵਿੱਚ ਸੁੱਟ ਦੇ ਕਿਉਂ ਜੋ ਚੇਤੇ ਕਰ ਕਿ ਜਦ ਮੈਂ ਤੇ ਤੂੰ ਦੋਵੇਂ ਰਲ ਕੇ ਉਸ ਦੇ ਪਿਤਾ ਅਹਾਬ ਦੇ ਪਿੱਛੇ ਸਵਾਰ ਹੋਏ ਜਾਂਦੇ ਸਾਂ ਤਦ ਯਹੋਵਾਹ ਨੇ ਉਹ ਦੇ ਉੱਤੇ ਇਹੋ ਹੁਕਮ ਲਾਇਆ ਸੀ ।26ਸੱਚ-ਮੁੱਚ ਮੈਂ ਅੱਜ-ਕੱਲ ਹੀ ਨਬੋਥ ਦਾ ਲਹੂ ਅਤੇ ਉਹ ਦੇ ਪੁੱਤਰਾਂ ਦਾ ਲਹੂ ਵੇਖਿਆ ਹੈ, ਯਹੋਵਾਹ ਦਾ ਵਾਕ ਹੈ । ਮੈਂ ਇਸ ਖੇਤ ਵਿੱਚ ਤੈਨੂੰ ਬਦਲਾ ਦਿਆਂਗਾ, ਯਹੋਵਾਹ ਦਾ ਵਾਕ ਹੈ । ਇਸ ਲਈ ਹੁਣ ਯਹੋਵਾਹ ਦੇ ਵਾਕ ਅਨੁਸਾਰ ਉਹ ਨੂੰ ਚੁੱਕ ਕੇ ਉਸੇ ਥਾਂ ਸੁੱਟ ਦੇ ।
ਯਹੂਦਾਹ ਦੇ ਰਾਜਾ ਅਹਜ਼ਯਾਹ ਦਾ ਕਤਲ

27ਜਦ ਯਹੂਦਾਹ ਦੇ ਰਾਜਾ ਅਹਜ਼ਯਾਹ ਨੇ ਇਹ ਵੇਖਿਆ ਤਾਂ ਬਾਗ ਦੇ ਰਾਹ ਤੋਂ ਭੱਜਿਆ, ਪਰ ਯੇਹੂ ਨੇ ਉਹ ਦਾ ਪਿੱਛਾ ਕਰਕੇ ਕਿਹਾ, ਉਸ ਨੂੰ ਵੀ ਰੱਥ ਵਿੱਚ ਹੀ ਮਾਰ ਸੁੱਟੋ । ਤਾਂ ਉਹ ਵੀ ਯਿਬਲਾਮ ਦੇ ਨਾਲ ਗੂਰ ਦੀ ਚੜ੍ਹਾਈ ਤੇ ਮਾਰਿਆ ਗਿਆ ਅਤੇ ਮਗਿੱਦੋ ਤੱਕ ਭੱਜ ਕੇ ਉੱਥੇ ਮਰ ਗਿਆ ।28ਤਦ ਉਹ ਦੇ ਨੌਕਰ ਉਹ ਨੂੰ ਰੱਥ ਵਿੱਚ ਰੱਖ ਕੇ ਯਰੂਸ਼ਲਮ ਨੂੰ ਲਿਆਏ ਅਤੇ ਉਹ ਨੂੰ ਉਹ ਦੀ ਕਬਰ ਵਿੱਚ ਉਹ ਦੇ ਪਿਉ-ਦਾਦਿਆਂ ਦੇ ਨਾਲ ਦਾਊਦ ਦੇ ਸ਼ਹਿਰ ਵਿੱਚ ਦੱਬਿਆ ।
29ਅਹਾਬ ਦੇ ਪੁੱਤਰ ਯੋਰਾਮ ਦੇ ਗਿਆਰਵੇਂ ਸਾਲ ਅਹਜ਼ਯਾਹ ਯਹੂਦਾਹ ਉੱਤੇ ਰਾਜ ਕਰਨ ਲੱਗਾ ।
ਰਾਣੀ ਈਜ਼ਬਲ ਦਾ ਕਤਲ

30ਜਦ ਯੇਹੂ ਯਿਜ਼ਰਏਲ ਵਿੱਚ ਵੜਿਆ ਅਤੇ ਈਜ਼ਬਲ ਨੇ ਇਹ ਸੁਣਿਆ ਤਾਂ ਉਸ ਨੇ ਆਪਣੀਆਂ ਅੱਖਾਂ ਵਿੱਚ ਸੁਰਮਾ ਪਾਇਆ ਅਤੇ ਆਪਣੇ ਸਿਰ ਨੂੰ ਸਿੰਗਾਰ ਕੇ ਖਿੜਕੀ ਵਿੱਚੋਂ ਦੀ ਦੇਖਣ ਲੱਗੀ ।31ਜਦ ਯੇਹੂ ਫਾਟਕ ਵਿੱਚ ਪਹੁੰਚਿਆ, ਉਹ ਬੋਲੀ, ਹੇ ਜ਼ਿਮਰੀ ਆਪਣੇ ਸੁਆਮੀ ਦੇ ਮਾਰਨ ਵਾਲੇ ਸ਼ਾਂਤ ਤਾਂ ਹਨ ?32ਉਸ ਨੇ ਖਿੜਕੀ ਵੱਲ ਮੂੰਹ ਚੁੱਕ ਕੇ ਆਖਿਆ, ਮੇਰੇ ਵੱਲ ਕੌਣ ਹੈ ? ਕੌਣ ? ਅਤੇ ਦੋ ਤਿੰਨ ਖੋਜਿਆਂ ਨੇ ਉਹ ਦੀ ਵੱਲ ਵੇਖਿਆ ।
33ਤਦ ਉਸ ਨੇ ਆਖਿਆ, ਉਹ ਨੂੰ ਹੇਠਾਂ ਡੇਗ ਦਿਓ । ਫਿਰ ਉਨ੍ਹਾਂ ਨੇ ਉਹ ਨੂੰ ਡੇਗ ਦਿੱਤਾ ਅਤੇ ਉਹ ਦੇ ਲਹੂ ਦੇ ਛਿੱਟੇ ਕੰਧ ਉੱਤੇ ਅਤੇ ਕੁਝ ਘੋੜਿਆਂ ਉੱਤੇ ਪਏ ਅਤੇ ਉਸ ਨੇ ਉਹ ਨੂੰ ਲਤਾੜ ਛੱਡਿਆ ।34ਤਦ ਉਹ ਅੰਦਰ ਜਾ ਕੇ ਖਾਣ-ਪੀਣ ਲੱਗਾ ਅਤੇ ਉਸ ਨੇ ਆਖਿਆ, ਇਸ ਸਰਾਪੀ ਔਰਤ ਨੂੰ ਦੇਖੋ ਅਤੇ ਉਹ ਨੂੰ ਦੱਬ ਦਿਓ ਕਿਉਂ ਜੋ ਉਹ ਇੱਕ ਰਾਜਾ ਦੀ ਧੀ ਹੈ ।
35ਉਹ ਉਸ ਨੂੰ ਦੱਬਣ ਲਈ ਗਏ ਪਰ ਖੋਪੜੀ, ਪੈਰਾਂ ਅਤੇ ਉਹ ਦੇ ਹੱਥਾਂ ਦੀਆਂ ਹਥੇਲੀਆਂ ਤੋਂ ਬਿਨ੍ਹਾਂ ਉਸ ਦਾ ਹੋਰ ਕੁਝ ਵੀ ਨਾ ਮਿਲਿਆ ।36ਤਦ ਉਹ ਮੁੜ ਆਏ ਅਤੇ ਉਸ ਨੂੰ ਇਹ ਦੱਸਿਆ ਤਾਂ ਉਸ ਨੇ ਆਖਿਆ, ਇਹ ਯਹੋਵਾਹ ਦਾ ਉਹ ਬਚਨ ਹੈ ਜਿਹੜਾ ਉਸ ਨੇ ਆਪਣੇ ਦਾਸ ਏਲੀਯਾਹ ਤਿਸ਼ਬੀ ਦੇ ਰਾਹੀਂ ਆਖਿਆ ਸੀ ਕਿ ਯਿਜ਼ਰਏਲ ਦੀ ਭੂਮੀ ਦੇ ਖੇਤ ਵਿੱਚ ਕੁੱਤੇ ਈਜ਼ਬਲ ਦਾ ਮਾਸ ਖਾਣਗੇ ।37ਅਤੇ ਈਜ਼ਬਲ ਦੀ ਲੋਥ ਯਿਜ਼ਰਏਲ ਦੀ ਭੂਮੀ ਦੇ ਖੇਤ ਵਿੱਚ ਪਈ ਹੋਈ ਖਾਦ ਵਾਂਗੂੰ ਹੋਵੇਗੀ ਤਾਂ ਜੋ ਕੋਈ ਕਹਿ ਨਾ ਸਕੇ ਕਿ ਇਹ ਈਜ਼ਬਲ ਹੈ ।

10
ਅਹਾਬ ਦੇ ਰਾਜ ਪਰਿਵਾਰ ਦਾ ਨਾਸ

1ਸਾਮਰਿਯਾ ਵਿੱਚ ਅਹਾਬ ਦੇ ਸੱਤਰ ਪੁੱਤਰ ਸਨ, ਯੇਹੂ ਨੇ ਸਾਮਰਿਯਾ ਵਿੱਚ ਯਿਜ਼ਰਏਲ ਦੇ ਸਰਦਾਰਾਂ, ਬਜ਼ੁਰਗਾਂ ਅਤੇ ਉਨ੍ਹਾਂ ਨੂੰ ਜੋ ਅਹਾਬ ਦੇ ਪੁੱਤਰਾਂ ਨੂੰ ਪਾਲਣ ਵਾਲੇ ਸਨ, ਚਿੱਠੀਆਂ ਲਿਖ ਕੇ ਭੇਜੀਆਂ ।2ਤੁਹਾਡੇ ਕੋਲ ਤੁਹਾਡੇ ਸੁਆਮੀ ਦੇ ਪੁੱਤਰ ਰਹਿੰਦੇ ਹਨ ਅਤੇ ਤੁਹਾਡੇ ਕੋਲ ਰੱਥ, ਘੋੜੇ, ਸ਼ਹਿਰ ਪਨਾਹ ਵਾਲੇ ਸ਼ਹਿਰ ਅਤੇ ਹਥਿਆਰ ਵੀ ਹਨ ।3ਇਸ ਲਈ ਜਦ ਇਹ ਚਿੱਠੀ ਤੁਹਾਡੇ ਕੋਲ ਪਹੁੰਚੇ ਤਾਂ ਤੁਸੀਂ ਆਪਣੇ ਸੁਆਮੀ ਦੇ ਵੰਸ਼ਜਾਂ ਵਿੱਚੋਂ ਸਾਰਿਆਂ ਨਾਲੋਂ ਚੰਗੇ ਤੇ ਲਾਇਕ ਨੂੰ ਚੁਣ ਕੇ, ਉਸ ਨੂੰ ਉਸ ਦੇ ਪਿਤਾ ਦੀ ਗੱਦੀ ਉੱਤੇ ਬਿਠਾਓ ਅਤੇ ਤੁਸੀਂ ਆਪਣੇ ਸੁਆਮੀ ਦੇ ਘਰਾਣੇ ਲਈ ਜੁੱਧ ਕਰੋ ।

4ਤਦ ਉਹ ਬਹੁਤ ਡਰ ਕੇ ਆਖਣ ਲੱਗੇ, ਵੇਖੋ, ਦੋ ਰਾਜੇ ਤਾਂ ਉਸ ਦੇ ਅੱਗੇ ਖੜ੍ਹੇ ਨਾ ਹੋ ਸਕੇ ਤਾਂ ਅਸੀਂ ਕਿਵੇਂ ਖੜ੍ਹੇ ਹੋਵਾਂਗੇ ?5ਤਦ ਉਸ ਨੇ ਜਿਹੜਾ ਘਰ ਦਾ ਮੁੱਖੀਆ ਅਤੇ ਜੋ ਸ਼ਹਿਰ ਉੱਤੇ ਹਾਕਮ ਸੀ, ਉਹਨਾਂ ਨੇ ਅਤੇ ਬਜ਼ੁਰਗਾਂ ਨੇ ਅਤੇ ਪਾਲਣ ਵਾਲਿਆਂ ਨੇ ਯੇਹੂ ਨੂੰ ਇਹ ਸੁਨੇਹਾ ਭੇਜਿਆ ਕਿ ਅਸੀਂ ਤਾਂ ਤੁਹਾਡੇ ਦਾਸ ਹਾਂ ਅਤੇ ਸਭ ਜੋ ਕੁਝ ਤੁਸੀਂ ਆਖੋਗੇ ਅਸੀਂ ਕਰਾਂਗੇ । ਅਸੀਂ ਕਿਸੇ ਆਦਮੀ ਨੂੰ ਰਾਜਾ ਨਹੀਂ ਬਣਾਵਾਂਗੇ । ਜੋ ਕੁਝ ਤੁਹਾਡੀ ਨਿਗਾਹ ਵਿੱਚ ਚੰਗਾ ਹੋਵੇ ਉਹ ਹੀ ਕਰੋ ।
6ਤਦ ਉਸ ਨੇ ਉਨ੍ਹਾਂ ਨੂੰ ਦੂਜੀ ਚਿੱਠੀ ਵਿੱਚ ਇਹ ਲਿਖਿਆ, ਜੋ ਤੁਸੀਂ ਮੇਰੇ ਹੋ ਅਤੇ ਮੇਰੀ ਅਵਾਜ਼ ਨੂੰ ਸੁਣਨਾ ਚਾਹੁੰਦੇ ਹੋ ਤਾਂ ਉਨ੍ਹਾਂ ਮਨੁੱਖਾਂ ਦੇ ਜੋ ਤੁਹਾਡੇ ਸੁਆਮੀ ਦੇ ਪੁੱਤਰ ਹਨ, ਸਿਰ ਲਾਹ ਛੱਡੋ ਅਤੇ ਕੱਲ ਇਸੇ ਕੁਵੇਲੇ ਮੇਰੇ ਕੋਲ ਯਿਜ਼ਰਏਲ ਵਿੱਚ ਆ ਜਾਓ । ਹੁਣ ਰਾਜਾ ਦੇ ਪੁੱਤਰ ਜੋ ਸੱਤਰ ਪ੍ਰਾਣੀ ਸਨ, ਸ਼ਹਿਰ ਦੇ ਉਨ੍ਹਾਂ ਮਹਾਂ ਪੁਰਸ਼ਾਂ ਦੇ ਨਾਲ ਸਨ ਜੋ ਉਨ੍ਹਾਂ ਨੂੰ ਪਾਲਦੇ ਸਨ ।7ਅਜਿਹਾ ਹੋਇਆ ਕਿ ਜਦ ਚਿੱਠੀ ਉਨ੍ਹਾਂ ਕੋਲ ਪਹੁੰਚੀ ਉਨ੍ਹਾਂ ਨੇ ਰਾਜਾ ਦੇ ਪੁੱਤਰਾਂ ਨੂੰ ਅਰਥਾਤ ਸੱਤਰਾਂ ਜਣਿਆਂ ਨੂੰ ਫੜ੍ਹ ਕੇ ਮਾਰ ਛੱਡਿਆ ਅਤੇ ਉਨ੍ਹਾਂ ਦੇ ਸਿਰਾਂ ਨੂੰ ਟੋਕਰਿਆਂ ਵਿੱਚ ਪਾ ਕੇ ਉਹ ਦੇ ਕੋਲ ਯਿਜ਼ਰਏਲ ਵਿੱਚ ਭੇਜ ਦਿੱਤਾ ।
8ਤਦ ਇੱਕ ਸੰਦੇਸ਼ਵਾਹਕ ਨੇ ਆ ਕੇ ਉਸ ਨੂੰ ਦੱਸਿਆ ਕਿ ਉਹ ਰਾਜਾ ਦੇ ਪੁੱਤਰਾਂ ਦੇ ਸਿਰ ਲਿਆਏ ਹਨ ਅਤੇ ਉਸ ਨੇ ਆਖਿਆ, ਉਨ੍ਹਾਂ ਦੇ ਦੋ ਢੇਰ ਲਾ ਕੇ ਕੱਲ ਸਵੇਰ ਤੱਕ ਫਾਟਕ ਦੇ ਕੋਲ ਰੱਖੋ ।9ਅਜਿਹਾ ਹੋਇਆ ਕਿ ਸਵੇਰ ਨੂੰ ਉਹ ਬਾਹਰ ਨਿੱਕਲ ਕੇ ਖੜ੍ਹਾ ਹੋ ਗਿਆ ਅਤੇ ਸਾਰਿਆਂ ਲੋਕਾਂ ਨੂੰ ਆਖਣ ਲੱਗਾ, ਤੁਸੀਂ ਧਰਮੀ ਹੋ । ਵੇਖੋ, ਮੈਂ ਆਪਣੇ ਸੁਆਮੀ ਦੇ ਵਿਰੁੱਧ ਯੋਜਨਾ ਬਣਾਈ ਅਤੇ ਉਸ ਨੂੰ ਮਾਰ ਛੱਡਿਆ ਪਰ ਇਨ੍ਹਾਂ ਸਾਰਿਆਂ ਨੂੰ ਕਿਸ ਨੇ ਮਾਰਿਆ ?
10ਹੁਣ ਤੁਸੀਂ ਜਾਣ ਲਓ ਕਿ ਜੋ ਗੱਲ ਯਹੋਵਾਹ ਨੇ ਅਹਾਬ ਦੇ ਘਰਾਣੇ ਬਾਰੇ ਆਖੀ ਕਿ ਉਹ ਖਾਲੀ ਨਾ ਜਾਵੇਗੀ ਪਰ ਯਹੋਵਾਹ ਨੇ ਉਹ ਕੁਝ ਕੀਤਾ ਹੈ ਜੋ ਉਸ ਨੇ ਆਪਣੇ ਦਾਸ ਏਲੀਯਾਹ ਦੇ ਰਾਹੀਂ ਆਖਿਆ ਸੀ ।11ਤਦ ਯੇਹੂ ਨੇ ਉਨ੍ਹਾਂ ਸਾਰਿਆਂ ਨੂੰ ਜੋ ਅਹਾਬ ਦੇ ਘਰਾਣੇ ਦੇ ਯਿਜ਼ਰਏਲ ਵਿੱਚ ਬਾਕੀ ਰਹੇ ਸਨ, ਉਹ ਦੇ ਸਾਰੇ ਮਹਾਂ ਪੁਰਸ਼ਾਂ, ਉਹ ਦੇ ਜਾਣ ਪਛਾਣਾਂ ਅਤੇ ਉਹ ਦੇ ਜਾਜਕਾਂ ਨੂੰ ਮਾਰ ਸੁੱਟਿਆ ਇੱਥੋਂ ਤੱਕ ਕਿ ਉਨ੍ਹਾਂ ਵਿੱਚੋਂ ਕੋਈ ਬਾਕੀ ਨਾ ਰਿਹਾ ।
ਰਾਜਾ ਅਹਜ਼ਯਾਹ ਦੇ ਰਿਸ਼ਤੇਦਾਰਾਂ ਦਾ ਕਤਲ

12ਤਦ ਉਹ ਉੱਠ ਕੇ ਸਾਮਰਿਯਾ ਨੂੰ ਤੁਰ ਪਿਆ । ਉਹ ਅਯਾਲੀਆਂ ਦੀ ਉੱਨ ਕਤਰਣ ਵਾਲੀ ਥਾਂ ਵਿੱਚ ਰਾਹ ਦੇ ਉੱਤੇ ਸੀ ।13ਅਤੇ ਉੱਥੇ ਯਹੂਦਾਹ ਦੇ ਰਾਜਾ ਅਹਜ਼ਯਾਹ ਦੇ ਭਰਾ ਯੇਹੂ ਨੂੰ ਮਿਲ ਪਏ ਅਤੇ ਉਹ ਬੋਲਿਆ ਤੁਸੀਂ ਕੌਣ ਹੋ ? ਅੱਗੋਂ ਉਹ ਬੋਲੇ, ਅਸੀਂ ਅਹਜ਼ਯਾਹ ਦੇ ਭਰਾ ਹਾਂ ਅਸੀਂ ਰਾਜਾ ਦੇ ਪੁੱਤਰਾਂ ਅਤੇ ਰਾਣੀ ਦੇ ਪੁੱਤਰਾਂ ਨੂੰ ਸੁੱਖ-ਸਾਂਦ ਪੁੱਛਣ ਚੱਲੇ ਹਾਂ ।14ਤਦ ਉਸ ਨੇ ਆਖਿਆ, ਉਨ੍ਹਾਂ ਨੂੰ ਜੀਉਂਦੇ ਫੜ ਲਵੋ । ਉਨ੍ਹਾਂ ਨੇ ਉਹਨਾਂ ਨੂੰ ਜੀਉਂਦੇ ਫੜ ਲਿਆ ਅਤੇ ਉਨ੍ਹਾਂ ਬਿਆਲੀ ਆਦਮੀਆਂ ਨੂੰ ਉੱਨ ਕਤਰਣ ਵਾਲੀ ਥਾਂ ਦੇ ਘਰ ਦੇ ਟੋਏ ਕੋਲ ਮਾਰ ਸੁੱਟਿਆ । ਉਸ ਨੇ ਉਨ੍ਹਾਂ ਵਿੱਚੋਂ ਇੱਕ ਵੀ ਮਨੁੱਖ ਨਾ ਛੱਡਿਆ ।
ਅਹਾਬ ਦੇ ਹੋਰ ਰਿਸ਼ਤੇਦਾਰਾਂ ਦਾ ਕਤਲ

15ਫੇਰ ਉਹ ਉੱਥੋਂ ਤੁਰ ਪਿਆ ਅਤੇ ਰੇਕਾਬ ਦੇ ਪੁੱਤਰ ਯਹੋਨਾਦਾਬ ਨੂੰ ਜੋ ਉਹ ਨੂੰ ਮਿਲਣ ਲਈ ਆਉਂਦਾ ਸੀ ਮਿਲਿਆ ਅਤੇ ਉਹ ਨੇ ਉਸ ਨੂੰ ਪਰਨਾਮ ਕਰ ਕੇ ਆਖਿਆ, ਕੀ ਤੇਰਾ ਮਨ ਠੀਕ ਹੈ ਜਿਵੇਂ ਮੇਰਾ ਮਨ ਤੇਰੇ ਮਨ ਦੇ ਨਾਲ ਹੈ ? ਅੱਗੋਂ ਯਹੋਨਾਦਾਬ ਬੋਲਿਆ, ਠੀਕ ਹੈ । ਸੋ ਜੇ ਠੀਕ ਹੈ ਤੇ ਆਪਣਾ ਹੱਥ ਮੈਨੂੰ ਦੇ ਅਤੇ ਉਸ ਨੇ ਆਪਣਾ ਹੱਥ ਉਹ ਨੂੰ ਦਿੱਤਾ । ਤਾਂ ਉਹ ਨੇ ਉਸ ਨੂੰ ਆਪਣੇ ਰੱਥ ਉੱਤੇ ਬਿਠਾ ਲਿਆ16ਅਤੇ ਆਖਿਆ, ਮੇਰੇ ਨਾਲ ਚੱਲ ਤੇ ਯਹੋਵਾਹ ਦੇ ਲਈ ਮੇਰੇ ਜੋਸ਼ ਨੂੰ ਵੇਖ । ਫਿਰ ਉਨ੍ਹਾਂ ਨੇ ਉਸ ਨੂੰ ਉਹ ਦੇ ਰੱਥ ਵਿੱਚ ਬਿਠਾ ਦਿੱਤਾ ।17ਜਦ ਉਹ ਸਾਮਰਿਯਾ ਵਿੱਚ ਆਇਆ ਤਦ ਅਹਾਬ ਦੇ ਜਿੰਨੇ ਬਚੇ-ਖੁਚੇ ਸਾਮਰਿਯਾ ਵਿੱਚ ਸਨ ਉਨ੍ਹਾਂ ਸਭਨਾਂ ਨੂੰ ਮਾਰ ਸੁੱਟਿਆ ਇੱਥੋਂ ਤੱਕ ਕਿ ਉਸ ਨੇ ਯਹੋਵਾਹ ਦੇ ਬਚਨ ਅਨੁਸਾਰ ਜੋ ਉਸ ਨੇ ਏਲੀਯਾਹ ਨੂੰ ਆਖਿਆ ਸੀ ਉਸ ਨੂੰ ਨਸ਼ਟ ਕਰ ਛੱਡਿਆ ।
ਬਆਲ ਦੇ ਪੂਜਾਰੀਆਂ ਦਾ ਕਤਲ

18ਤਦ ਯੇਹੂ ਨੇ ਸਾਰਿਆਂ ਲੋਕਾਂ ਨੂੰ ਇਕੱਠੇ ਕੀਤਾ ਅਤੇ ਉਹਨਾਂ ਨੂੰ ਆਖਿਆ, ਅਹਾਬ ਨੇ ਬਆਲ ਦੀ ਥੋੜ੍ਹੀ ਜਿਹੀ ਉਪਾਸਨਾ ਕੀਤੀ, ਯੇਹੂ ਉਸ ਦੀ ਬਹੁਤ ਉਪਾਸਨਾ ਕਰੇਗਾ ।19ਇਸ ਲਈ ਹੁਣ ਤੁਸੀਂ ਬਆਲ ਦੇ ਸਾਰੇ ਨਬੀਆਂ, ਸਾਰਿਆਂ ਉਪਾਸਕਾਂ ਅਤੇ ਸਾਰਿਆਂ ਪੁਜਾਰੀਆਂ ਨੂੰ ਮੇਰੇ ਕੋਲ ਬੁਲਾ ਲਿਆਓ । ਕੋਈ ਵੀ ਰਹਿ ਨਾ ਜਾਵੇ ਕਿਉਂ ਜੋ ਬਆਲ ਦੇ ਲਈ ਮੈਂ ਇੱਕ ਵੱਡੀ ਭੇਟ ਚੜ੍ਹਾਉਣੀ ਹੈ ਜੇ ਕੋਈ ਨਾ ਆਵੇ ਤਾਂ ਉਹ ਜੀਉਂਦਾ ਨਾ ਬਚੇਗਾ । ਪਰ ਯੇਹੂ ਨੇ ਬਆਲ ਦੇ ਉਪਾਸਕਾਂ ਦਾ ਨਾਸ਼ ਕਰਨ ਲਈ ਇਹ ਧੋਖਾ ਕੀਤਾ ਸੀ ।20ਯੇਹੂ ਨੇ ਆਖਿਆ, ਬਆਲ ਦੇ ਲਈ ਤੁਸੀਂ ਇੱਕ ਮਹਾਂ ਸਭਾ ਤਿਆਰ ਕਰੋ ਅਤੇ ਉਹਨਾਂ ਨੇ ਮੁਨਾਦੀ ਕੀਤੀ ।
21ਯੇਹੂ ਨੇ ਸਾਰੇ ਇਸਰਾਏਲ ਵਿੱਚ ਸੰਦੇਸ਼ਵਾਹਕ ਭੇਜੇ ਅਤੇ ਬਆਲ ਦੇ ਸਾਰੇ ਉਪਾਸਕ ਆਏ ਇੱਥੋਂ ਤੱਕ ਕਿ ਇੱਕ ਵੀ ਆਦਮੀ ਨਾ ਰਿਹਾ ਜਿਹੜਾ ਨਾ ਆਇਆ ਹੋਵੇ, ਉਹ ਬਆਲ ਦੇ ਮੰਦਰ ਵਿੱਚ ਪਹੁੰਚ ਗਏ ਅਤੇ ਬਆਲ ਦਾ ਮੰਦਰ ਇੱਕ ਪਾਸੇ ਤੋਂ ਦੂਜੇ ਪਾਸੇ ਤੱਕ ਭਰ ਗਿਆ ।22ਤਦ ਉਹ ਨੇ ਉਸ ਨੂੰ ਜਿਹੜਾ ਕੱਪੜਿਆਂ ਦੇ ਭੰਡਾਰ ਦਾ ਮੁੱਖੀਆ ਸੀ ਆਖਿਆ ਕਿ ਬਆਲ ਦੇ ਸਾਰੇ ਉਪਾਸਕਾਂ ਲਈ ਕੱਪੜੇ ਕੱਢ ਲਿਆ ਅਤੇ ਉਹ ਉਨ੍ਹਾਂ ਦੇ ਲਈ ਕੱਪੜੇ ਕੱਢ ਲਿਆਇਆ ।
23ਤਦ ਯੇਹੂ ਰੇਕਾਬ ਦੇ ਪੁੱਤਰ ਯਹੋਨਾਦਾਬ ਨਾਲ ਬਆਲ ਦੇ ਮੰਦਰ ਵਿੱਚ ਪਹੁੰਚਿਆ ਅਤੇ ਉਹ ਨੇ ਬਆਲ ਦੇ ਉਪਾਸਕਾਂ ਨੂੰ ਆਖਿਆ, ਤੁਸੀਂ ਭਾਲ ਕਰੋ ਤੇ ਵੇਖੋ ਕਿ ਇੱਥੇ ਤੁਹਾਡੇ ਨਾਲ ਕੋਈ ਯਹੋਵਾਹ ਦਾ ਉਪਾਸਕ ਨਾ ਹੋਵੇ । ਕੇਵਲ ਬਆਲ ਦੇ ਹੀ ਉਪਾਸਕ ਹੋਣ ।24ਜਦ ਉਹ ਭੇਂਟਾਂ ਅਤੇ ਹੋਮ ਦੀਆਂ ਬਲੀਆਂ ਚੜ੍ਹਾਉਣ ਲਈ ਅੰਦਰ ਗਏ ਤਦ ਯੇਹੂ ਨੇ ਅੱਸੀ ਆਦਮੀਆਂ ਨੂੰ ਬਾਹਰ ਠਹਿਰਾ ਕੇ ਆਖਿਆ, ਜਿਨ੍ਹਾਂ ਆਦਮੀਆਂ ਨੂੰ ਮੈਂ ਤੁਹਾਡੇ ਹੱਥਾਂ ਵਿੱਚ ਦਿੰਦਾ ਹਾਂ ਜੇ ਉਨ੍ਹਾਂ ਵਿੱਚੋਂ ਕੋਈ ਬਚ ਨਿੱਕਲੇ ਤਾਂ ਜਿਹੜਾ ਉਹ ਨੂੰ ਜਾਣ ਦੇਵੇ ਉਸ ਦੇ ਪ੍ਰਾਣ ਉਹ ਦੇ ਬਦਲੇ ਲਏ ਜਾਣਗੇ ।
25ਤਦ ਅਜਿਹਾ ਹੋਇਆ ਕਿ ਜਿਵੇਂ ਉਹ ਹੋਮ ਦੀ ਬਲੀ ਚੜ੍ਹਾ ਚੁੱਕਿਆ ਉਸੇ ਤਰ੍ਹਾਂ ਹੀ ਯੇਹੂ ਨੇ ਪਹਿਰੇਦਾਰਾਂ ਅਤੇ ਅਹੁਦੇਦਾਰਾਂ ਨੂੰ ਆਖਿਆ, ਵੜ ਜਾਓ ਅਤੇ ਉਨ੍ਹਾਂ ਨੂੰ ਮਾਰ ਦਿਓ । ਇੱਕ ਵੀ ਮਨੁੱਖ ਨਿੱਕਲ ਨਾ ਸਕੇ । ਉਹਨਾਂ ਨੇ ਉਨ੍ਹਾਂ ਨੂੰ ਤਲਵਾਰ ਦੀ ਧਾਰ ਨਾਲ ਵੱਢ ਸੁੱਟਿਆ, ਪਹਿਰੇਦਾਰਾਂ ਅਤੇ ਅਹੁਦੇਦਾਰਾਂ ਨੇ ਉਨ੍ਹਾਂ ਨੂੰ ਬਾਹਰ ਸੁੱਟ ਦਿੱਤਾ ਅਤੇ ਬਆਲ ਦੇ ਮੰਦਰ ਦੇ ਸ਼ਹਿਰ ਤੱਕ ਗਏ ।26ਥੰਮ੍ਹਾਂ ਨੂੰ ਜਿਹੜੇ ਬਆਲ ਦੇ ਮੰਦਰ ਵਿੱਚ ਸਨ ਕੱਢ ਕੇ ਸਾੜ ਦਿੱਤਾ ।27ਉਹਨਾਂ ਨੇ ਬਆਲ ਦੇ ਥੰਮ੍ਹ ਨੂੰ ਤੋੜ ਛੱਡਿਆ ਅਤੇ ਬਆਲ ਦੇ ਮੰਦਰ ਨੂੰ ਢਾਹ ਕੇ ਪਖਾਨਾ ਬਣਾ ਦਿੱਤਾ । ਉਹ ਅੱਜ ਦੇ ਦਿਨ ਤੱਕ ਉਸੇ ਤਰ੍ਹਾਂ ਹੀ ਹੈ ।28ਇਸ ਤਰ੍ਹਾਂ ਯੇਹੂ ਨੇ ਬਆਲ ਨੂੰ ਇਸਰਾਏਲ ਵਿੱਚੋਂ ਮਿਟਾ ਦਿੱਤਾ ।
29ਤਦ ਵੀ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਪਾਪਾਂ ਤੋਂ ਜਿਹੜੇ ਉਸ ਨੇ ਇਸਰਾਏਲ ਤੋਂ ਕਰਵਾਏ ਸਨ, ਯੇਹੂ ਨੇ ਮੂੰਹ ਨਾ ਮੋੜਿਆ ਅਰਥਾਤ ਉਨ੍ਹਾਂ ਨੇ ਸੋਨੇ ਦੇ ਵੱਛਿਆਂ ਦੀ ਪੂਜਾ ਕੀਤੀ ਜੋ ਬੈਤਾਏਲ ਦੇ ਦਾਨ ਵਿੱਚ ਸਨ ।30ਤਦ ਯਹੋਵਾਹ ਨੇ ਯੇਹੂ ਨੂੰ ਆਖਿਆ, ਇਸ ਲਈ ਕਿ ਤੂੰ ਉਹ ਕੰਮ ਕਰਕੇ ਜੋ ਮੇਰੀ ਨਿਗਾਹ ਵਿੱਚ ਚੰਗਾ ਸੀ, ਇਹ ਭਲਿਆਈ ਕੀਤੀ ਹੈ ਅਤੇ ਅਹਾਬ ਦੇ ਘਰਾਣੇ ਨਾਲ ਮੇਰੇ ਮਨ ਦੀ ਇੱਛਾ ਅਨੁਸਾਰ ਵਾਰਤਾਵਾ ਕੀਤਾ, ਤੇਰੇ ਪੁੱਤਰ ਚੌਥੀ ਪੀੜ੍ਹੀ ਤੱਕ ਇਸਰਾਏਲ ਦੀ ਗੱਦੀ ਉੱਤੇ ਬੈਠਣਗੇ ।31ਪਰ ਯੇਹੂ ਨੇ ਇਸਰਾਏਲ ਦੇ ਪਰਮੇਸ਼ੁਰ ਦੀ ਬਿਵਸਥਾ ਉੱਤੇ ਆਪਣੇ ਸਾਰੇ ਮਨ ਨਾਲ ਚੱਲਣ ਦੀ ਕੋਸ਼ਿਸ਼ ਨਾ ਕੀਤੀ, ਉਹ ਨੇ ਯਾਰਾਬੁਆਮ ਦੇ ਪਾਪਾਂ ਤੋਂ ਮੂੰਹ ਨਾ ਮੋੜਿਆ ਜਿਹੜੇ ਉਸ ਨੇ ਇਸਰਾਏਲ ਤੋਂ ਕਰਵਾਏ ਸਨ ।
32ਉਨ੍ਹਾਂ ਦਿਨਾਂ ਵਿੱਚ ਯਹੋਵਾਹ ਇਸਰਾਏਲ ਨੂੰ ਘਟਾਉਣ ਲੱਗਾ ਅਤੇ ਹਜ਼ਾਏਲ ਨੇ ਉਨ੍ਹਾਂ ਨੂੰ ਇਸਰਾਏਲ ਦੀਆਂ ਸਾਰੀਆਂ ਹੱਦਾਂ ਵਿੱਚ ਮਾਰਿਆ ।33ਯਰਦਨ ਤੋਂ ਲੈ ਕੇ ਪੂਰਬ ਵੱਲ ਗਿਲਆਦ ਦੇ ਸਾਰੇ ਦੇਸ ਵਿੱਚ ਗਾਦੀਆਂ ਤੇ ਰਊਬੇਨੀਆਂ ਤੇ ਮੱਨਸੀਆਂ ਨੂੰ ਅਰੋਏਰ ਤੋਂ ਲੈ ਕੇ ਜੋ ਅਰਨੋਨ ਦੀ ਘਾਟੀ ਦੇ ਕੋਲ ਹੈ, ਗਿਲਆਦ ਅਤੇ ਬਾਸ਼ਾਨ ਨੂੰ ਵੀ ।
34ਯੇਹੂ ਦੀ ਬਾਕੀ ਘਟਨਾ ਅਤੇ ਸਭ ਕੁਝ ਜੋ ਉਸ ਨੇ ਕੀਤਾ ਅਤੇ ਉਸ ਦੀ ਸਾਮਰਥ, ਕੀ ਉਹ ਇਸਰਾਏਲ ਦੇ ਰਾਜਿਆਂ ਦੀ ਇਤਿਹਾਸ ਦੀ ਪੋਥੀ ਵਿੱਚ ਲਿਖੀ ਹੋਈ ਨਹੀਂ ਹੈ ?35ਯੇਹੂ ਆਪਣੇ ਪਿਉ-ਦਾਦਿਆਂ ਦੇ ਨਾਲ ਸੌਂ ਗਿਆ ਅਤੇ ਉਨ੍ਹਾਂ ਨੇ ਉਸ ਨੂੰ ਸਾਮਰਿਯਾ ਵਿੱਚ ਦੱਬਿਆ, ਉਸ ਦਾ ਪੁੱਤਰ ਯਹੋਅਹਾਜ਼ ਉਸ ਦੇ ਥਾਂ ਰਾਜ ਕਰਨ ਲੱਗਾ ।36ਉਹ ਸਮਾਂ ਜਿਹ ਦੇ ਵਿੱਚ ਯੇਹੂ ਨੇ ਇਸਰਾਏਲ ਉੱਤੇ ਸਾਮਰਿਯਾ ਵਿੱਚ ਰਾਜ ਕੀਤਾ, ਅਠਾਈ ਸਾਲਾਂ ਦਾ ਸੀ ।

11
ਯਹੂਦਾਹ ਦੀ ਰਾਣੀ ਅਥਲਯਾਹ
(2 ਇਤਿਹਾਸ 22:10 - 23:15)

1ਜਦ ਅਹਜ਼ਯਾਹ ਦੀ ਮਾਤਾ ਅਥਲਯਾਹ ਨੇ ਵੇਖਿਆ ਕਿ ਮੇਰਾ ਪੁੱਤਰ ਮਰ ਗਿਆ ਤਦ ਉਸ ਨੇ ਉੱਠ ਕੇ ਸਾਰੇ ਰਾਜ ਵੰਸ਼ ਦਾ ਨਾਸ਼ ਕਰ ਦਿੱਤਾ ।2ਪਰ ਯੋਰਾਮ ਰਾਜਾ ਦੀ ਧੀ ਯਹੋਸ਼ਬਾ ਨੇ ਜੋ ਅਹਜ਼ਯਾਹ ਦੀ ਭੈਣ ਸੀ, ਅਹਜ਼ਯਾਹ ਦੇ ਪੁੱਤਰ ਯੋਆਸ਼ ਨੂੰ ਲਿਆ ਅਤੇ ਉਹ ਨੂੰ ਰਾਜਾ ਦੇ ਪੁੱਤਰਾਂ ਵਿੱਚੋਂ ਜੋ ਮਾਰੇ ਜਾ ਰਹੇ ਸਨ ਬਚਾ ਲਿਆ । ਉਹ ਨੇ ਉਹ ਦੀ ਦਾਈ ਸਮੇਤ ਅੱਗੋਂ ਅਜਿਹਾ ਲੁਕਾਇਆ ਕਿ ਉਹ ਮਾਰਿਆ ਨਾ ਗਿਆ ।3ਯਹੋਵਾਹ ਦੇ ਭਵਨ ਵਿੱਚ ਉਸ ਦੇ ਨਾਲ ਛੇ ਸਾਲ ਲੁੱਕਿਆ ਰਿਹਾ ਅਤੇ ਅਥਲਯਾਹ ਦੇਸ ਉੱਤੇ ਰਾਜ ਕਰਦੀ ਰਹੀ ।

4ਪਰੰਤੂ ਸਤਵੇਂ ਸਾਲ ਯਹੋਯਾਦਾ ਨੇ ਕਾਰੀਆਂ ਤੇ ਪਹਿਰੇਦਾਰਾਂ ਦੇ ਸੌ-ਸੌ ਦੇ ਸਰਦਾਰਾਂ ਨੂੰ ਸੱਦਾ ਭੇਜਿਆ ਅਤੇ ਉਨ੍ਹਾਂ ਨੂੰ ਆਪਣੇ ਕੋਲ ਯਹੋਵਾਹ ਦੇ ਭਵਨ ਵਿੱਚ ਲਿਆਇਆ । ਜਦ ਉਸ ਨੇ ਉਨ੍ਹਾਂ ਨਾਲ ਨੇਮ ਬੰਨ੍ਹਿਆਂ ਅਤੇ ਯਹੋਵਾਹ ਦੇ ਭਵਨ ਵਿੱਚ ਉਨ੍ਹਾਂ ਨੂੰ ਸਹੁੰ ਖੁਵਾਈ ਤਦ ਉਸ ਨੇ ਉਨ੍ਹਾਂ ਨੂੰ ਰਾਜਾ ਦਾ ਪੁੱਤਰ ਵਿਖਾਇਆ ।5ਉਨ੍ਹਾਂ ਨੂੰ ਇਹ ਹੁਕਮ ਦਿੱਤਾ ਕਿ ਤੁਸੀਂ ਇਹ ਕੰਮ ਕਰਨਾ । ਤੁਹਾਡੇ ਵਿੱਚੋਂ ਇੱਕ ਤਿਹਾਈ ਸਬਤ ਨੂੰ ਆ ਕੇ ਰਾਜਾ ਦੇ ਮਹਿਲ ਉੱਤੇ ਪਹਿਰਾ ਦੇਣਗੇ ।6ਇੱਕ ਤਿਹਾਈ ਸੂਰ ਨਾਮਕ ਫਾਟਕ ਉੱਤੇ ਅਤੇ ਇੱਕ ਤਿਹਾਈ ਪਹਿਰੇਦਾਰਾਂ ਦੇ ਪਿੱਛਲੇ ਪਾਸੇ ਦੇ ਫਾਟਕ ਉੱਤੇ । ਇਸ ਤਰ੍ਹਾਂ ਤੁਸੀਂ ਮਹਿਲ ਉੱਤੇ ਪਹਿਰਾ ਦੇਣਾ ।
7ਅਤੇ ਤੁਹਾਡੇ ਦੋ ਜੱਥੇ ਉਹ ਸਭ ਜਿਹੜੇ ਸਬਤ ਨੂੰ ਬਾਹਰ ਨਿੱਕਲਦੇ ਹਨ, ਰਾਜਾ ਦੇ ਨੇੜੇ ਰਹਿ ਕੇ ਯਹੋਵਾਹ ਦੇ ਭਵਨ ਦੀ ਰਾਖੀ ਕਰਨ ।8ਇਸ ਤਰ੍ਹਾਂ ਤੁਸੀਂ ਆਪਣੇ-ਆਪਣੇ ਹਥਿਆਰ ਹੱਥ ਵਿੱਚ ਲੈ ਕੇ ਰਾਜਾ ਨੂੰ ਚੁਫੇਰਿਓਂ ਘੇਰੀ ਰੱਖਿਓ ਅਤੇ ਜੇ ਕੋਈ ਕਤਾਰਾਂ ਦੇ ਅੰਦਰ ਆਵੇ ਉਹ ਮਾਰਿਆ ਜਾਵੇ । ਤੁਸੀਂ ਰਾਜਾ ਦੇ ਅੰਦਰ-ਬਾਹਰ ਆਉਂਦਿਆਂ ਜਾਂਦਿਆਂ ਉਹ ਦੇ ਨਾਲ-ਨਾਲ ਰਹਿਣਾ ।
9ਤਦ ਸੌ-ਸੌ ਦੇ ਸਰਦਾਰਾਂ ਨੇ ਸਭ ਕੁਝ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਯਾਦਾ ਜਾਜਕ ਨੇ ਆਗਿਆ ਦਿੱਤੀ ਸੀ । ਉਨ੍ਹਾਂ ਨੇ ਆਪਣੇ ਆਦਮੀਆਂ ਨੂੰ ਜਿਹੜੇ ਸਬਤ ਨੂੰ ਅੰਦਰ ਆਉਣ ਵਾਲੇ ਸਨ, ਲਿਆ ਅਤੇ ਯਹੋਯਾਦਾ ਜਾਜਕ ਕੋਲ ਆਏ ।10ਅਤੇ ਜਾਜਕ ਨੇ ਦਾਊਦ ਰਾਜਾ ਦੇ ਬਰਛੇ ਤੇ ਢਾਲਾਂ ਜੋ ਯਹੋਵਾਹ ਦੇ ਭਵਨ ਵਿੱਚ ਸਨ ਸੌ-ਸੌ ਦੇ ਸਰਦਾਰਾਂ ਨੂੰ ਦਿੱਤੀਆਂ ।
11ਪਹਿਰੇਦਾਰ ਆਪਣੇ-ਆਪਣੇ ਹਥਿਆਰ ਹੱਥ ਵਿੱਚ ਲੈ ਕੇ ਭਵਨ ਦੇ ਸੱਜੇ ਖੂੰਜੇ ਦੇ ਨੇੜੇ ਰਾਜਾ ਦੇ ਚੁਫੇਰੇ ਖੜ੍ਹੇ ਹੋ ਗਏ ।12ਤਦ ਉਸ ਨੇ ਰਾਜਾ ਦੇ ਪੁੱਤਰ ਨੂੰ ਬਾਹਰ ਲਿਆ ਕੇ ਉਹ ਦੇ ਉੱਤੇ ਮੁਕਟ ਰੱਖਿਆ ਅਤੇ ਗਵਾਹੀ ਪੱਤਰ ਵੀ ਦਿੱਤਾ ਇਸ ਲਈ ਉਨ੍ਹਾਂ ਨੇ ਉਸ ਨੂੰ ਰਾਜਾ ਬਣਾਇਆ ਅਤੇ ਉਹ ਨੂੰ ਮਸਹ ਕੀਤਾ, ਤਾਲੀਆਂ ਵਜਾਈਆਂ ਅਤੇ ਆਖਿਆ, “ਰਾਜਾ ਜੀਉਂਦਾ ਰਹੇ ! ।”
13ਅਥਲਯਾਹ ਨੇ ਪਹਿਰੇਦਾਰਾਂ ਅਤੇ ਲੋਕਾਂ ਦਾ ਰੌਲਾ ਸੁਣਿਆ ਤਦ ਉਹ ਲੋਕਾਂ ਕੋਲ ਯਹੋਵਾਹ ਦੇ ਭਵਨ ਵਿੱਚ ਆਈ ।14ਜਦ ਨਿਗਾਹ ਕੀਤੀ ਤਦ ਵੇਖੋ, ਰੀਤੀ ਅਨੁਸਾਰ ਰਾਜਾ ਥੰਮ੍ਹ ਦੇ ਕੋਲ ਖੜ੍ਹਾ ਸੀ, ਸਰਦਾਰ ਅਤੇ ਤੁਰ੍ਹੀ ਵਜਾਉਣ ਵਾਲੇ ਰਾਜਾ ਦੇ ਕੋਲ ਸਨ, ਦੇਸ ਦੇ ਸਾਰੇ ਲੋਕ ਖੁਸ਼ੀਆਂ ਮਨਾਉਂਦੇ ਅਤੇ ਤੁਰ੍ਹੀਆਂ ਵਜਾਉਂਦੇ ਸਨ ਅਤੇ ਅਥਲਯਾਹ ਨੇ ਆਪਣੇ ਕੱਪੜੇ ਪਾੜੇ ਅਤੇ ਉੱਚੀ ਦਿੱਤੀ ਬੋਲੀ, ਗਦਰ ਵੇ ਗਦਰ !
15ਤਦ ਯਹੋਯਾਦਾ ਜਾਜਕ ਨੇ ਸੌ-ਸੌ ਦੇ ਸਰਦਾਰਾਂ ਨੂੰ ਜੋ ਲਸ਼ਕਰ ਦੇ ਹਾਕਮ ਸਨ, ਆਗਿਆ ਦਿੱਤੀ ਅਤੇ ਉਨ੍ਹਾਂ ਨੂੰ ਆਖਿਆ, ਉਹ ਨੂੰ ਪਾਲਾਂ ਦੇ ਵਿੱਚਕਾਰੋਂ ਲੈ ਜਾਓ ਅਤੇ ਜੋ ਕੋਈ ਉਹ ਦੇ ਪਿੱਛੇ ਆਵੇ ਤੁਸੀਂ ਉਸ ਨੂੰ ਤਲਵਾਰ ਨਾਲ ਮਾਰਨਾ ਕਿਉਂ ਜੋ ਜਾਜਕ ਨੇ ਆਖਿਆ ਕਿ ਉਹ ਯਹੋਵਾਹ ਦੇ ਭਵਨ ਵਿੱਚ ਮਾਰੀ ਨਾ ਜਾਵੇ ।16ਉਨ੍ਹਾਂ ਨੇ ਉਹ ਦੇ ਲਈ ਰਾਹ ਛੱਡ ਦਿੱਤਾ ਅਤੇ ਉਹ ਉਸੇ ਰਸਤੇ ਗਈ, ਜਿਸ ਰਾਹ ਘੋੜੇ ਰਾਜਾ ਦੇ ਮਹਿਲ ਨੂੰ ਜਾਂਦੇ ਹੁੰਦੇ ਸਨ ਅਤੇ ਉਹ ਉੱਥੇ ਮਾਰੀ ਗਈ ।
ਯਹੋਯਾਦਾ ਦਾ ਸੁਧਾਰ
(2 ਇਤਿਹਾਸ 23:16 - 21)

17ਯਹੋਯਾਦਾ ਨੇ ਯਹੋਵਾਹ, ਰਾਜਾ ਅਤੇ ਲੋਕਾਂ ਦੇ ਵਿਚਕਾਰ ਇੱਕ ਨੇਮ ਬੰਨ੍ਹਿਆ ਕਿ ਉਹ ਯਹੋਵਾਹ ਦੀ ਪਰਜਾ ਹੋਣ, ਰਾਜਾ ਅਤੇ ਲੋਕਾਂ ਦੇ ਵਿਚਕਾਰ ਵੀ ਨੇਮ ਬੰਨ੍ਹਿਆ ।18ਦੇਸ ਦੇ ਸਾਰੇ ਲੋਕ ਬਆਲ ਦੇ ਮੰਦਰ ਵਿੱਚ ਵੜ ਗਏ ਅਤੇ ਉਸ ਨੂੰ ਢਾਹ ਦਿੱਤਾ । ਉਹ ਦੀਆਂ ਜਗਵੇਦੀਆਂ ਅਤੇ ਮੂਰਤਾਂ ਨੂੰ ਪੂਰੀ ਤਰ੍ਹਾਂ ਹੀ ਚਕਨਾ-ਚੂਰ ਕਰ ਸੁੱਟਿਆ ਅਤੇ ਬਆਲ ਦੇ ਪੁਜਾਰੀ ਮੱਤਾਨ ਨੂੰ ਉਨ੍ਹਾਂ ਨੇ ਜਗਵੇਦੀਆਂ ਦੇ ਅੱਗੇ ਮਾਰ ਸੁੱਟਿਆ ਅਤੇ ਜਾਜਕ ਨੇ ਯਹੋਵਾਹ ਦੇ ਭਵਨ ਉੱਤੇ ਦੇਖਭਾਲ ਕਰਨ ਵਾਲੇ ਠਹਿਰਾਏ
19ਉਹ ਨੇ ਸੌ-ਸੌ ਦੇ ਸਰਦਾਰਾਂ, ਕਾਰੀਆਂ ਅਤੇ ਪਹਿਰੇਦਾਰਾਂ ਅਤੇ ਦੇਸ ਦੇ ਸਾਰੇ ਲੋਕਾਂ ਨੂੰ ਲਿਆ । ਉਹ ਰਾਜਾ ਨੂੰ ਯਹੋਵਾਹ ਦੇ ਭਵਨ ਤੋਂ ਉਤਾਰ ਲਿਆਏ ਅਤੇ ਉਹ ਪਹਿਰੇਦਾਰਾਂ ਦੇ ਫਾਟਕ ਦੇ ਰਾਹ ਰਾਜਾ ਦੇ ਮਹਿਲ ਵਿੱਚ ਆਏ ਫਿਰ ਉਹ ਰਾਜਾ ਦੇ ਸਿੰਘਾਸਣ ਉੱਤੇ ਬਿਰਾਜਮਾਨ ਹੋਇਆ ।20ਅਤੇ ਦੇਸ ਦੇ ਸਾਰਿਆਂ ਲੋਕਾਂ ਨੇ ਖੁਸ਼ੀ ਮਨਾਈ, ਜਦ ਉਨ੍ਹਾਂ ਨੇ ਅਥਲਯਾਹ ਨੂੰ ਰਾਜਾ ਦੇ ਮਹਿਲ ਵਿੱਚ ਤਲਵਾਰ ਨਾਲ ਮਾਰ ਸੁੱਟਿਆ ਤਾਂ ਸ਼ਹਿਰ ਵਿੱਚ ਅਮਨ ਹੋ ਗਿਆ ।
21ਜਦ ਯਹੋਆਸ਼ ਰਾਜ ਕਰਨ ਲੱਗਾ ਤਦ ਉਹ ਸੱਤ ਸਾਲਾਂ ਦਾ ਸੀ ।

12
ਯਹੂਦਾਹ ਦਾ ਰਾਜਾ ਯਹੋਆਸ਼
(2 ਇਤਿਹਾਸ 24:1 - 16)

1ਯੇਹੂ ਦੇ ਸੱਤਵੇਂ ਸਾਲ ਯਹੋਆਸ਼ ਰਾਜ ਕਰਨ ਲੱਗਾ ਅਤੇ ਉਹ ਨੇ ਯਰੂਸ਼ਲਮ ਵਿੱਚ ਚਾਲੀ ਸਾਲ ਰਾਜ ਕੀਤਾ, ਉਹ ਦੀ ਮਾਤਾ ਦਾ ਨਾਮ ਸਿਬਯਾਹ ਸੀ, ਜੋ ਬਏਰਸ਼ਬਾ ਦੀ ਸੀ ।2ਯਹੋਆਸ਼ ਆਪਣੀ ਸਾਰੀ ਉਮਰ ਜਦ ਤੱਕ ਯਹੋਯਾਦਾ ਜਾਜਕ ਉਹ ਨੂੰ ਸਿੱਖਿਆ ਦਿੰਦਾ ਰਿਹਾ, ਉਹ ਹੀ ਕੰਮ ਕਰਦਾ ਰਿਹਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ ।3ਤਦ ਵੀ ਉੱਚੇ ਥਾਂ ਉਨ੍ਹਾਂ ਨੇ ਨਾ ਢਾਏ । ਅਜੇ ਤੱਕ ਲੋਕ ਉੱਚਿਆਂ ਥਾਵਾਂ ਉੱਤੇ ਬਲੀ ਚੜ੍ਹਾਉਂਦੇ ਅਤੇ ਧੂਪ ਧੁਖਾਉਂਦੇ ਸਨ ।

4ਯਹੋਆਸ਼ ਨੇ ਜਾਜਕਾਂ ਨੂੰ ਆਖਿਆ, ਪਵਿੱਤਰ ਕੀਤੀਆਂ ਹੋਈਆਂ ਵਸਤੂਆਂ ਦਾ ਉਹ ਸਾਰਾ ਰੁਪਿਆ, ਜੋ ਯਹੋਵਾਹ ਦੇ ਭਵਨ ਵਿੱਚ ਲਿਆਇਆ ਜਾਵੇ ਅਰਥਾਤ ਗਿਣਿਆ ਹੋਇਆ ਲੋਕਾਂ ਦਾ ਰੁਪਿਆ ਅਤੇ ਉਹ ਸਭ ਰੁਪਿਆ ਜੋ ਕੋਈ ਆਦਮੀ ਆਪਣੀ ਇੱਛਾ ਨਾਲ ਯਹੋਵਾਹ ਦੇ ਭਵਨ ਵਿੱਚ ਲਿਆਵੇ ।5ਜਾਜਕ ਆਪਣੇ ਪਹਿਚਾਣ ਵਾਲਿਆਂ ਕੋਲੋਂ ਲੈ ਲਿਆ ਕਰਨ ਅਤੇ ਜਿੱਥੇ ਕਿਤੇ ਯਹੋਵਾਹ ਦੇ ਭਵਨ ਵਿੱਚ ਟੁੱਟ-ਫੁੱਟ ਹੋਵੇ ਉਨ੍ਹਾਂ ਟੁੱਟਾਂ-ਫੁੱਟਾਂ ਦੀ ਮੁਰੰਮਤ ਕਰਨ ।
6ਪਰ ਅਜਿਹਾ ਹੋਇਆ ਕਿ ਯਹੋਆਸ਼ ਦੇ ਤੇਈਵੇਂ ਸਾਲ ਤੱਕ ਜਾਜਕਾਂ ਨੇ ਭਵਨ ਦੀ ਟੁੱਟ-ਫੁੱਟ ਦੀ ਮੁਰੰਮਤ ਨਾ ਕੀਤੀ ।7ਉਪਰੰਤ ਯਹੋਆਸ਼ ਰਾਜਾ ਨੇ ਯਹੋਯਾਦਾ ਜਾਜਕ ਅਤੇ ਦੂਜੇ ਜਾਜਕਾਂ ਨੂੰ ਸੱਦ ਕੇ ਉਹਨਾਂ ਨੂੰ ਆਖਿਆ, ਤੁਸੀਂ ਭਵਨ ਦੀ ਟੁੱਟ-ਫੁੱਟ ਦੀ ਮੁਰੰਮਤ ਕਿਉਂ ਨਹੀਂ ਕਰਦੇ ? ਇਸ ਲਈ ਆਪਣਿਆਂ ਜਾਣ ਪਛਾਣਾਂ ਕੋਲੋਂ ਹੁਣ ਰੁਪਿਆ ਨਾ ਲਵੋ ਪਰ ਭਵਨ ਦੀ ਟੁੱਟ-ਫੁੱਟ ਲਈ ਦੇਵੋ ।8ਇਸ ਲਈ ਜਾਜਕਾ ਨੇ ਮੰਨ ਲਿਆ ਕਿ ਨਾ ਤਾਂ ਅਸੀਂ ਲੋਕਾਂ ਕੋਲੋਂ ਚਾਂਦੀ ਲਵਾਂਗੇ, ਨਾ ਭਵਨ ਦੀ ਟੁੱਟ-ਫੁੱਟ ਦੀ ਮੁਰੰਮਤ ਕਰਾਂਗੇ ।
9ਤਦ ਯਹੋਯਾਦਾ ਜਾਜਕ ਨੇ ਇੱਕ ਸੰਦੂਕ ਲਿਆ, ਉਹ ਦੇ ਢੱਕਣ ਵਿੱਚ ਮੋਰੀ ਕੀਤੀ ਅਤੇ ਉਸ ਨੂੰ ਜਗਵੇਦੀ ਦੇ ਕੋਲ ਇਸ ਤਰ੍ਹਾਂ ਟਿਕਾਇਆ ਕਿ ਯਹੋਵਾਹ ਦੇ ਭਵਨ ਵਿੱਚ ਵੜਨ ਵਾਲੇ ਦੇ ਸੱਜੇ ਪਾਸੇ ਰਹੇ ਅਤੇ ਉਹ ਜਾਜਕ ਜੋ ਡਿਉੜ੍ਹੀ ਦੀ ਰਖਵਾਲੀ ਕਰਦੇ ਸਨ, ਉਹ ਸਾਰਾ ਰੁਪਿਆ ਜੋ ਯਹੋਵਾਹ ਦੇ ਭਵਨ ਵਿੱਚ ਲਿਆਇਆ ਜਾਂਦਾ ਸੀ, ਉਸ ਵਿੱਚ ਪਾ ਦਿੰਦੇ ਸਨ ।10ਜਦ ਉਹ ਵੇਖਦੇ ਸਨ ਕਿ ਸੰਦੂਕ ਵਿੱਚ ਬਹੁਤ ਰੁਪਿਆ ਹੋ ਗਿਆ ਹੈ ਤਦ ਰਾਜਾ ਦਾ ਪ੍ਰਧਾਨ ਅਤੇ ਮਹਾਂ ਜਾਜਕ ਉੱਥੇ ਆ ਕੇ ਉਸ ਰੁਪਏ ਨੂੰ ਜਿਹੜਾ ਯਹੋਵਾਹ ਦੇ ਭਵਨ ਵਿੱਚ ਮਿਲਦਾ ਸੀ, ਥੈਲੀਆਂ ਵਿੱਚ ਪਾ ਕੇ ਗਿਣ ਲੈਂਦੇ ਸਨ ।
11ਤਦ ਉਹ ਉਸ ਰੁਪਏ ਨੂੰ ਜੋ ਤੋਲਿਆ ਹੁੰਦਾ ਸੀ, ਉਨ੍ਹਾਂ ਕੰਮ ਕਰਨ ਵਾਲਿਆਂ ਦੇ ਹੱਥ ਵਿੱਚ ਦੇ ਦਿੰਦੇ ਸਨ, ਜੋ ਯਹੋਵਾਹ ਦੇ ਭਵਨ ਦੀ ਦੇਖਭਾਲ ਕਰਦੇ ਸਨ ਅਤੇ ਉਹ ਤਰਖਾਣਾਂ ਦੇ ਉਸਾਰੀ ਕਰਨ ਵਾਲਿਆਂ ਨੂੰ ਜੋ ਯਹੋਵਾਹ ਦੇ ਭਵਨ ਦਾ ਕੰਮ ਕਰਦੇ ਸਨ,12ਰਾਜ ਮਿਸਤਰੀਆਂ ਨੂੰ, ਪੱਥਰ ਕੱਟਣ ਵਾਲਿਆਂ ਨੂੰ ਅਤੇ ਯਹੋਵਾਹ ਦੇ ਭਵਨ ਦੀ ਟੁੱਟ ਫੁੱਟ ਦੀ ਮੁਰੰਮਤ ਦੇ ਲਈ ਲੱਕੜ ਤੇ ਕੱਟੇ ਹੋਏ ਪੱਥਰ ਮੁੱਲ ਲੈਣ ਲਈ ਸਭ ਕੁਝ ਲਈ ਜੋ ਭਵਨ ਦੀ ਮੁਰੰਮਤ ਦੇ ਲਈ ਆਉਂਦਾ ਸੀ ਦੇ ਦਿੰਦੇ ਸਨ ।
13ਪਰ ਜੋ ਰੁਪਿਆ ਯਹੋਵਾਹ ਦੇ ਭਵਨ ਵਿੱਚ ਲਿਆਂਦਾ ਜਾਂਦਾ ਸੀ, ਉਹ ਦੇ ਵਿੱਚੋਂ ਯਹੋਵਾਹ ਦੇ ਭਵਨ ਦੇ ਲਈ ਚਾਂਦੀ ਦੇ ਪਿਆਲੇ, ਗੁਲਤਰਾਸ਼, ਬਾਟਾਂ, ਤੁਰ੍ਹੀਆਂ, ਸੋਨੇ ਦੇ ਭਾਂਡੇ ਜਾਂ ਚਾਂਦੀ ਦੇ ਭਾਂਡੇ ਨਾ ਬਣਾਏ ਗਏ ।14ਕਿਉਂ ਜੋ ਉਹ ਕਾਰੀਗਰਾਂ ਨੂੰ ਦਿੰਦੇ ਹੁੰਦੇ ਸਨ, ਉਨ੍ਹਾਂ ਨੇ ਉਸ ਨਾਲ ਯਹੋਵਾਹ ਦੇ ਭਵਨ ਦੀ ਮੁਰੰਮਤ ਕੀਤੀ ।
15ਜਿਨ੍ਹਾਂ ਆਦਮੀਆਂ ਦੇ ਹੱਥ ਵਿੱਚ ਉਹ ਕੰਮ ਕਰਨ ਵਾਲਿਆਂ ਨੂੰ ਦੇਣ ਲਈ ਰੁਪਿਆ ਦਿੰਦੇ ਸਨ, ਉਹਨਾਂ ਕੋਲੋਂ ਹਿਸਾਬ ਨਹੀਂ ਲੈਂਦੇ ਸਨ ਕਿਉਂ ਜੋ ਉਹ ਇਮਾਨਦਾਰੀ ਨਾਲ ਕੰਮ ਕਰਦੇ ਸਨ ।16ਦੋਸ਼ ਦੀਆਂ ਬਲੀਆਂ ਦਾ ਰੁਪਿਆ ਅਤੇ ਪਾਪ ਦੀਆਂ ਬਲੀਆਂ ਦਾ ਰੁਪਿਆ ਯਹੋਵਾਹ ਦੇ ਭਵਨ ਵਿੱਚ ਨਹੀਂ ਲਿਆਇਆ ਜਾਂਦਾ ਸੀ, ਉਹ ਜਾਜਕਾਂ ਦਾ ਹੁੰਦਾ ਸੀ ।
17ਤਦ ਅਰਾਮ ਦੇ ਰਾਜਾ ਹਜ਼ਾਏਲ ਨੇ ਚੜ੍ਹਾਈ ਕੀਤੀ ਅਤੇ ਗਥ ਨਾਲ ਲੜ ਕੇ ਉਸ ਨੂੰ ਲੈ ਲਿਆ । ਤਦ ਹਜ਼ਾਏਲ ਨੇ ਯਰੂਸ਼ਲਮ ਵੱਲ ਮੂੰਹ ਮੋੜਿਆ ਕਿ ਉਹ ਦੇ ਉੱਤੇ ਵੀ ਚੜ੍ਹਾਈ ਕਰੇ ।18ਇਸ ਲਈ ਯਹੂਦਾਹ ਦੇ ਰਾਜਾ ਯਹੋਆਸ਼ ਨੇ ਸਾਰੀਆਂ ਪਵਿੱਤਰ ਕੀਤੀਆਂ ਹੋਈਆਂ ਵਸਤੂਆਂ ਜਿਨ੍ਹਾਂ ਨੂੰ ਉਹ ਦੇ ਪਿਉ-ਦਾਦਿਆਂ ਯਹੋਸ਼ਾਫਾਟ, ਯਹੋਰਾਮ ਅਤੇ ਅਹਜ਼ਯਾਹ ਯਹੂਦਾਹ ਦੇ ਰਾਜਿਆਂ ਨੇ ਪਵਿੱਤਰ ਕੀਤਾ ਸੀ, ਆਪਣੀਆਂ ਪਵਿੱਤਰ ਕੀਤੀਆਂ ਹੋਈਆਂ ਵਸਤੂਆਂ ਅਤੇ ਜਿੰਨਾ ਸੋਨਾ ਯਹੋਵਾਹ ਦੇ ਭਵਨ ਦੇ ਖਜ਼ਾਨਿਆਂ ਵਿੱਚ ਅਤੇ ਰਾਜਾ ਦੇ ਮਹਿਲ ਵਿੱਚ ਮਿਲਿਆ ਉਹ ਲੈ ਕੇ ਅਰਾਮ ਦੇ ਰਾਜਾ ਹਜ਼ਾਏਲ ਨੂੰ ਭੇਜ ਦਿੱਤਾ ਤਦ ਉਹ ਯਰੂਸ਼ਲਮ ਵੱਲੋਂ ਚਲਾ ਗਿਆ ।
19ਯੋਆਸ਼ ਦੀ ਬਾਕੀ ਘਟਨਾ ਅਤੇ ਉਹ ਸਭ ਕੁਝ ਜੋ ਉਸ ਨੇ ਕੀਤਾ, ਕੀ ਉਹ ਯਹੂਦਾਹ ਦੇ ਰਾਜਿਆਂ ਦੀ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਨਹੀਂ ਹੈ ?20ਫਿਰ ਉਸ ਦੇ ਟਹਿਲੂਆਂ ਨੇ ਉੱਠ ਕੇ ਮਤਾ ਪਕਾਇਆ ਅਤੇ ਯੋਆਸ਼ ਨੂੰ ਮਿੱਲੋ ਦੇ ਘਰ ਵਿੱਚ ਜੋ ਸਿੱਲਾ ਦੀ ਢਾਲ ਉੱਤੇ ਹੈ ਮਾਰ ਛੱਡਿਆ ।21ਅਰਥਾਤ ਉਸ ਦੇ ਸੇਵਕ ਸਿਮਾਥ ਦੇ ਪੁੱਤਰ ਯੋਜਾਕਾਰ ਅਤੇ ਸ਼ੋਮੇਰ ਦੇ ਪੁੱਤਰ ਯਹੋਜ਼ਾਬਾਦ ਨੇ ਉਸ ਨੂੰ ਇਸ ਤਰ੍ਹਾਂ ਮਾਰਿਆ ਕਿ ਉਹ ਮਰ ਗਿਆ ਅਤੇ ਉਹ ਆਪਣੇ ਪਿਉ-ਦਾਦਿਆਂ ਨਾਲ ਦਾਊਦ ਦੇ ਸ਼ਹਿਰ ਵਿੱਚ ਦੱਬਿਆ ਗਿਆ ਅਤੇ ਉਸ ਦਾ ਪੁੱਤਰ ਅਮਸਯਾਹ ਉਸ ਦੇ ਥਾਂ ਰਾਜ ਕਰਨ ਲੱਗਾ ।

13
ਇਸਰਾਏਲ ਦਾ ਰਾਜਾ ਯਹੋਆਹਾਜ਼

1ਯਹੂਦਾਹ ਦੇ ਰਾਜਾ ਅਹਜ਼ਯਾਹ ਦੇ ਪੁੱਤਰ ਯੋਆਸ਼ ਦੇ ਤੇਈਵੇਂ ਸਾਲ ਤੋਂ ਯੇਹੂ ਦਾ ਪੁੱਤਰ ਯਹੋਆਹਾਜ਼ ਸਾਮਰਿਯਾ ਵਿੱਚ ਇਸਰਾਏਲ ਉੱਤੇ ਰਾਜ ਕਰਨ ਲੱਗਾ ਅਤੇ ਉਸ ਨੇ ਸਤਾਰਾਂ ਸਾਲ ਰਾਜ ਕੀਤਾ ।2ਉਸ ਨੇ ਉਹ ਕੰਮ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਬੁਰਾ ਸੀ ਅਤੇ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਪਾਪਾਂ ਦੇ ਅਨੁਸਾਰ ਕੀਤਾ, ਜਿਹੜੇ ਉਹ ਨੇ ਇਸਰਾਏਲ ਤੋਂ ਕਰਵਾਏ ਸਨ ਅਤੇ ਉਸ ਨੇ ਉਨ੍ਹਾਂ ਨੂੰ ਨਾ ਛੱਡਿਆ ।

3ਤਦ ਯਹੋਵਾਹ ਦਾ ਕ੍ਰੋਧ ਇਸਰਾਏਲ ਉੱਤੇ ਭੜਕਿਆ ਅਤੇ ਉਹਨਾਂ ਨੂੰ ਅਰਾਮ ਦੇ ਰਾਜਾ ਹਜ਼ਾਏਲ ਅਤੇ ਹਜ਼ਾਏਲ ਦੇ ਪੁੱਤਰ ਬਨ-ਹਦਦ ਦੇ ਹੱਥ ਵਿੱਚ ਦਿੰਦਾ ਰਿਹਾ ।4ਤਦ ਯਹੋਆਹਾਜ਼ ਨੇ ਯਹੋਵਾਹ ਨੂੰ ਮਨਾ ਲਿਆ ਅਤੇ ਯਹੋਵਾਹ ਨੇ ਉਸ ਦੀ ਸੁਣ ਲਈ ਕਿਉਂ ਜੋ ਉਸ ਨੇ ਇਸਰਾਏਲ ਉੱਤੇ ਹੋ ਰਹੇ ਅਨ੍ਹੇਰ ਨੂੰ ਵੇਖਿਆ, ਉਹ ਅਨ੍ਹੇਰ ਜਿਹੜਾ ਅਰਾਮ ਦਾ ਰਾਜਾ ਉਹਨਾਂ ਉੱਤੇ ਕਰਦਾ ਸੀ ।5ਯਹੋਵਾਹ ਨੇ ਇਸਰਾਏਲ ਨੂੰ ਇੱਕ ਛੁਡਾਉਣ ਵਾਲਾ ਦਿੱਤਾ, ਉਹ ਅਰਾਮ ਦੇ ਹੱਥ ਹੇਠੋਂ ਨਿੱਕਲ ਗਏ ਅਤੇ ਇਸਰਾਏਲੀ ਅੱਗੇ ਵਾਂਗੂੰ ਆਪਣਿਆਂ ਤੰਬੂਆਂ ਵਿੱਚ ਰਹਿਣ ਲੱਗ ਪਏ
6ਫਿਰ ਵੀ ਉਹਨਾਂ ਨੇ ਯਾਰਾਬੁਆਮ ਦੇ ਘਰਾਣੇ ਦੇ ਉਨ੍ਹਾਂ ਪਾਪਾਂ ਨੂੰ ਨਾ ਛੱਡਿਆ ਜੋ ਉਹ ਨੇ ਇਸਰਾਏਲ ਤੋਂ ਕਰਾਏ ਸਨ ਪਰ ਉਨ੍ਹਾਂ ਉੱਤੇ ਉਹ ਚੱਲਦੇ ਰਹੇ ਨਾਲੇ ਲੱਕੜ ਦੇ ਬੁੱਤ ਵੀ ਅਜੇ ਤੱਕ ਸਾਮਰਿਯਾ ਵਿੱਚ ਖੜ੍ਹੇ ਸਨ ।7ਉਹ ਨੇ ਯਹੋਆਹਾਜ਼ ਲਈ ਪੰਜਾਹ ਸਵਾਰਾਂ ਅਤੇ ਦਸ ਰੱਥਾਂ ਅਤੇ ਦਸ ਹਜ਼ਾਰ ਪਿਆਦਿਆਂ ਤੋਂ ਬਿਨ੍ਹਾਂ ਕੋਈ ਆਦਮੀ ਨਾ ਛੱਡਿਆ ਕਿਉਂ ਜੋ ਅਰਾਮ ਦੇ ਰਾਜਾ ਨੇ ਉਹਨਾਂ ਦਾ ਨਾਸ ਕਰ ਦਿੱਤਾ ਸੀ ਅਤੇ ਮਿੱਧ-ਮਿੱਧ ਕੇ ਮਿੱਟੀ ਵਾਂਗੂੰ ਕਰ ਦਿੱਤਾ ਸੀ ।
8ਯਹੋਆਹਾਜ਼ ਦੀ ਬਾਕੀ ਘਟਨਾ ਅਤੇ ਸਭ ਕੁਝ ਜੋ ਉਸ ਨੇ ਕੀਤਾ ਉਸ ਦੀ ਸਾਮਰਥ, ਕੀ ਉਹ ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੀ ਹੋਈ ਨਹੀਂ ਹੈ ?9ਤਦ ਯਹੋਆਹਾਜ਼ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ ਅਤੇ ਉਹਨਾਂ ਨੇ ਉਸ ਨੂੰ ਸਾਮਰਿਯਾ ਵਿੱਚ ਦੱਬ ਦਿੱਤਾ ਅਤੇ ਉਸ ਦਾ ਪੁੱਤਰ ਯੋਆਸ਼ ਉਸ ਦੇ ਥਾਂ ਰਾਜ ਕਰਨ ਲੱਗਾ ।
ਇਸਰਾਏਲ ਦਾ ਰਾਜਾ ਯਹੋਆਸ਼

10ਯਹੂਦਾਹ ਦੇ ਰਾਜਾ ਯੋਆਸ਼ ਦੇ ਸੈਂਤੀਵੇਂ ਸਾਲ ਯਹੋਆਹਾਜ਼ ਦਾ ਪੁੱਤਰ ਯਹੋਆਸ਼ ਸਾਮਰਿਯਾ ਵਿੱਚ ਇਸਰਾਏਲ ਉੱਤੇ ਰਾਜ ਕਰਨ ਲੱਗਾ ਅਤੇ ਉਸ ਨੇ ਸੋਲ਼ਾਂ ਸਾਲ ਰਾਜ ਕੀਤਾ ।11ਉਸ ਨੇ ਉਹ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਬੁਰਾ ਸੀ । ਉਸ ਨੇ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਉਨ੍ਹਾਂ ਸਾਰਿਆਂ ਪਾਪਾਂ ਤੋਂ ਜੋ ਉਸ ਨੇ ਇਸਰਾਏਲ ਤੋਂ ਕਰਵਾਏ ਸਨ, ਮੂੰਹ ਨਾ ਮੋੜਿਆ । ਉਹ ਉਨ੍ਹਾਂ ਉੱਤੇ ਚੱਲਦਾ ਰਿਹਾ ।
12ਯੋਆਸ਼ ਦੀ ਬਾਕੀ ਘਟਨਾ ਅਤੇ ਸਭ ਕੁਝ ਜੋ ਉਸ ਨੇ ਕੀਤਾ ਅਤੇ ਉਸ ਦੀ ਸਾਮਰਥ ਜਿਹ ਦੇ ਨਾਲ ਉਹ ਯਹੂਦਾਹ ਦੇ ਰਾਜਾ ਅਮਸਯਾਹ ਦੇ ਵਿਰੁੱਧ ਲੜਿਆ, ਕੀ ਉਹ ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਨਹੀਂ ਹੈ ?13ਤਦ ਯੋਆਸ਼ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ ਅਤੇ ਯਾਰਾਬੁਆਮ ਉਸ ਦੇ ਥਾਂ ਰਾਜ ਗੱਦੀ ਉੱਤੇ ਬੈਠ ਗਿਆ, ਯੋਆਸ਼ ਸਾਮਰਿਯਾ ਵਿੱਚ ਇਸਰਾਏਲ ਦੇ ਰਾਜਿਆਂ ਨਾਲ ਦੱਬਿਆ ਗਿਆ ।
ਅਲੀਸ਼ਾ ਦੀ ਮੌਤ

14ਫਿਰ ਅਲੀਸ਼ਾ ਉਸ ਰੋਗ ਨਾਲ ਬਿਮਾਰ ਹੋਇਆ ਜਿਹ ਦੇ ਨਾਲ ਉਹ ਮਰਨ ਵਾਲਾ ਸੀ । ਤਦ ਇਸਰਾਏਲ ਦਾ ਰਾਜਾ ਯੋਆਸ਼ ਉਹ ਦੇ ਕੋਲ ਆਇਆ ਅਤੇ ਉਹ ਦੇ ਅੱਗੇ ਰੋ ਕੇ ਆਖਣ ਲੱਗਾ, ਹੇ ਮੇਰੇ ਪਿਤਾ, ਹੇ ਮੇਰੇ ਪਿਤਾ ! ਇਸਰਾਏਲ ਦੇ ਰਥ ਅਤੇ ਉਸ ਦੇ ਸਾਰਥੀ ।15ਤਦ ਅਲੀਸ਼ਾ ਨੇ ਉਸ ਨੂੰ ਆਖਿਆ, ਧਣੁਖ ਤੇ ਬਾਣ ਲੈ । ਉਸ ਨੇ ਆਪਣੇ ਲਈ ਧਣੁਖ ਤੇ ਬਾਣ ਲੈ ਲਏ ।16ਤਦ ਉਹ ਨੇ ਇਸਰਾਏਲ ਦੇ ਰਾਜਾ ਨੂੰ ਆਖਿਆ, ਧਣੁਖ ਉੱਤੇ ਆਪਣਾ ਹੱਥ ਰੱਖ । ਉਸ ਨੇ ਆਪਣਾ ਹੱਥ ਉਹ ਦੇ ਉੱਤੇ ਰੱਖਿਆ ਫੇਰ ਅਲੀਸ਼ਾ ਨੇ ਆਪਣੇ ਹੱਥ ਰਾਜਾ ਦੇ ਹੱਥਾਂ ਉੱਤੇ ਰੱਖੇ ।
17ਅਤੇ ਆਖਿਆ, ਪੂਰਬ ਵੱਲ ਦੀ ਖਿੜਕੀ ਖੋਲ੍ਹ, ਉਸ ਨੇ ਖੋਲ੍ਹੀ । ਤਦ ਅਲੀਸ਼ਾ ਨੇ ਆਖਿਆ, ਬਾਣ ਮਾਰ ਅਤੇ ਉਸ ਨੇ ਮਾਰਿਆ । ਤਦ ਉਹ ਬੋਲਿਆ, ਯਹੋਵਾਹ ਵੱਲੋਂ ਜਿੱਤ ਦਾ ਬਾਣ ਸਗੋਂ ਅਰਾਮ ਉੱਤੇ ਜਿੱਤ ਦਾ ਬਾਣ ਹੈ ਕਿਉਂ ਜੋ ਤੂੰ ਅਫੇਕ ਵਿੱਚ ਅਰਾਮ ਨੂੰ ਇੱਥੋ ਤੱਕ ਮਾਰੇਂਗਾ ਕਿ ਉਹ ਦਾ ਨਾਸ ਹੋ ਜਾਵੇਗਾ ।18ਤਦ ਉਹ ਨੇ ਆਖਿਆ, ਬਾਣਾਂ ਨੂੰ ਲੈ ਸੋ ਉਸ ਨੇ ਲੈ ਲਏ । ਤਦ ਉਹ ਨੇ ਇਸਰਾਏਲ ਦੇ ਰਾਜਾ ਨੂੰ ਕਿਹਾ, ਧਰਤੀ ਉੱਤੇ ਮਾਰ ਸੋ ਉਸ ਨੇ ਤਿੰਨ ਵਾਰੀ ਮਾਰਿਆ, ਤਦ ਠਹਿਰ ਗਿਆ ।19ਫੇਰ ਪਰਮੇਸ਼ੁਰ ਦਾ ਜਨ ਉਸ ਦੇ ਉੱਤੇ ਕ੍ਰੋਧਵਾਨ ਹੋ ਕੇ ਬੋਲਿਆ, ਤੈਨੂੰ ਪੰਜ ਜਾਂ ਛੇ ਵਾਰੀ ਮਾਰਨਾ ਚਾਹੀਦਾ ਸੀ ਤਾਂ ਤੂੰ ਅਰਾਮ ਨੂੰ ਇੰਨਾ ਮਾਰਦਾ ਕਿ ਉਹ ਨੂੰ ਨਾਸ ਕਰ ਦਿੰਦਾ ਪਰ ਹੁਣ ਤੂੰ ਤਿੰਨ ਵਾਰੀ ਹੀ ਅਰਾਮ ਨੂੰ ਮਾਰੇਂਗਾ ।
20ਅਲੀਸ਼ਾ ਮਰ ਗਿਆ ਅਤੇ ਉਨ੍ਹਾਂ ਨੇ ਉਹ ਨੂੰ ਦੱਬ ਦਿੱਤਾ । ਮੋਆਬੀਆਂ ਦੇ ਜੱਥੇ ਸਾਲ ਦੇ ਸ਼ੁਰੂ ਵਿੱਚ ਦੇਸ ਵਿੱਚ ਆ ਵੜੇ ।21ਅਤੇ ਅਜਿਹਾ ਹੋਇਆ ਕਿ ਜਦ ਉਹ ਇੱਕ ਮਨੁੱਖ ਨੂੰ ਦੱਬਣ ਨੂੰ ਹੀ ਸਨ ਤਾਂ ਵੇਖੋ ਉਨ੍ਹਾਂ ਨੇ ਇੱਕ ਜੱਥਾ ਦੇਖਿਆ । ਸੋ ਉਨ੍ਹਾਂ ਨੇ ਉਸ ਮਨੁੱਖ ਨੂੰ ਅਲੀਸ਼ਾ ਦੀ ਕਬਰ ਵਿੱਚ ਸੁੱਟ ਦਿੱਤਾ ਅਤੇ ਜਦ ਉਹ ਮਨੁੱਖ ਅਲੀਸ਼ਾ ਦੀਆਂ ਹੱਡੀਆਂ ਨੂੰ ਜਾ ਕੇ ਛੋਹਿਆ ਤਾਂ ਉਹ ਜੀ ਉਠਿਆ ਅਤੇ ਆਪਣੇ ਪੈਰਾਂ ਉੱਤੇ ਖੜ੍ਹਾ ਹੋ ਗਿਆ ।
ਇਸਰਾਏਲ ਅਤੇ ਅਰਾਮ ਦੇ ਵਿਚਕਾਰ ਜੁੱਧ

22ਅਰਾਮ ਦਾ ਰਾਜਾ ਹਜ਼ਾਏਲ ਯਹੋਆਹਾਜ਼ ਦੇ ਸਾਰਿਆਂ ਦਿਨਾਂ ਵਿੱਚ ਇਸਰਾਏਲ ਨੂੰ ਸਤਾਉਂਦਾ ਰਿਹਾ ।23ਪਰ ਯਹੋਵਾਹ ਉਨ੍ਹਾਂ ਉੱਤੇ ਦਯਾਵਾਨ ਹੋਇਆ ਅਤੇ ਉਨ੍ਹਾਂ ਉੱਤੇ ਤਰਸ ਖਾਧਾ, ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਬੰਨ੍ਹੇ ਹੋਏ ਨੇਮ ਦੇ ਕਾਰਨ ਉਨ੍ਹਾਂ ਵੱਲ ਮੁੜਿਆ ਅਤੇ ਅਜੇ ਵੀ ਨਾ ਤਾਂ ਉਨ੍ਹਾਂ ਦਾ ਨਾਸ ਕਰਨਾ ਨਾ ਉਨ੍ਹਾਂ ਨੂੰ ਆਪਣੇ ਹਜ਼ੂਰੋਂ ਪਰ੍ਹੇ ਹਟਾਉਣਾ ਚਾਹੁੰਦਾ ਸੀ ।24ਤਦ ਅਰਾਮ ਦਾ ਰਾਜਾ ਹਜ਼ਾਏਲ ਮਰ ਗਿਆ, ਉਹ ਦਾ ਪੁੱਤਰ ਬਨ-ਹਦਦ ਉਹ ਦੇ ਥਾਂ ਰਾਜ ਕਰਨ ਲੱਗਾ ।25ਅਤੇ ਯਹੋਆਹਾਜ਼ ਦੇ ਪੁੱਤਰ ਯਹੋਆਸ਼ ਨੇ ਹਜ਼ਾਏਲ ਦੇ ਪੁੱਤਰ ਬਨ-ਹਦਦ ਦੇ ਹੱਥੋਂ ਉਹ ਸ਼ਹਿਰ ਫੇਰ ਖੋਹ ਲਏ, ਜੋ ਉਹ ਨੇ ਉਸ ਦੇ ਪਿਉ ਯਹੋਆਹਾਜ਼ ਦੇ ਹੱਥੋਂ ਜੁੱਧ ਵਿੱਚ ਲੈ ਲਏ ਸਨ । ਤਿੰਨ ਵਾਰੀ ਯੋਆਸ਼ ਨੇ ਉਹ ਨੂੰ ਮਾਰਿਆ ਅਤੇ ਇਸਰਾਏਲ ਦੇ ਸ਼ਹਿਰਾਂ ਨੂੰ ਮੁੜ ਲੈ ਲਿਆ ।

14
ਯਹੂਦਾਹ ਦਾ ਰਾਜਾ ਅਮਸਯਾਹ
(2 ਇਤਿਹਾਸ 25:1 - 24)

1ਇਸਰਾਏਲ ਦੇ ਰਾਜਾ ਯਹੋਆਹਾਜ਼ ਦੇ ਪੁੱਤਰ ਯੋਆਸ਼ ਦੇ ਦੂਜੇ ਸਾਲ ਯਹੂਦਾਹ ਦੇ ਰਾਜਾ ਯੋਆਸ਼ ਦਾ ਪੁੱਤਰ ਅਮਸਯਾਹ ਰਾਜ ਕਰਨ ਲੱਗਾ ।2ਜਦ ਉਹ ਰਾਜ ਕਰਨ ਲੱਗਾ ਤਦ ਉਹ ਪੱਚੀ ਸਾਲਾਂ ਦਾ ਸੀ ਅਤੇ ਉਸ ਨੇ ਉਨੱਤੀ ਸਾਲ ਯਰੂਸ਼ਲਮ ਵਿੱਚ ਰਾਜ ਕੀਤਾ, ਉਹ ਦੀ ਮਾਤਾ ਦਾ ਨਾਮ ਯਹੋਅੱਦੀਨ ਸੀ, ਜੋ ਯਰੂਸ਼ਲਮ ਦੀ ਸੀ ।3ਜੋ ਯਹੋਵਾਹ ਦੀ ਨਿਗਾਹ ਵਿੱਚ ਚੰਗਾ ਸੀ, ਉਸ ਨੇ ਕੀਤਾ ਪਰ ਆਪਣੇ ਪਿਤਾ ਦਾਊਦ ਵਾਂਗੂੰ ਨਹੀਂ । ਜਿਵੇਂ ਉਹ ਦੇ ਪਿਤਾ ਯੋਆਸ਼ ਨੇ ਕੀਤਾ ਉਸੇ ਤਰ੍ਹਾਂ ਉਹ ਨੇ ਸਭ ਕੁਝ ਕੀਤਾ ।

4ਉਨ੍ਹਾਂ ਨੇ ਉੱਚਿਆਂ ਥਾਵਾਂ ਨੂੰ ਨਾ ਢਾਹਿਆ । ਅਜੇ ਤੱਕ ਲੋਕ ਉੱਚਿਆਂ ਥਾਵਾਂ ਤੇ ਬਲੀਆਂ ਚੜ੍ਹਾਉਂਦੇ ਅਤੇ ਧੂਪ ਧੁਖਾਉਂਦੇ ਸਨ ।5ਅਜਿਹਾ ਹੋਇਆ ਕਿ ਜਿਵੇਂ ਹੀ ਰਾਜ ਉਹ ਦੇ ਹੱਥ ਵਿੱਚ ਸਥਿਰ ਹੋ ਗਿਆ ਉਸੇ ਤਰ੍ਹਾਂ ਹੀ ਉਹ ਨੇ ਆਪਣਿਆਂ ਉਨ੍ਹਾਂ ਸੇਵਕਾਂ ਨੂੰ ਮਾਰ ਛੱਡਿਆ, ਜਿਨ੍ਹਾਂ ਨੇ ਉਹ ਦੇ ਪਿਤਾ ਨੂੰ ਮਾਰਿਆ ਸੀ, ਜੋ ਰਾਜਾ ਸੀ ।
6ਪਰ ਉਹ ਦੇ ਮਾਰਨ ਵਾਲਿਆਂ ਦੇ ਪੁੱਤਰਾਂ ਨੂੰ ਉਹ ਨੇ ਨਾ ਮਾਰਿਆ ਕਿਉਂ ਜੋ ਮੂਸਾ ਦੀ ਬਿਵਸਥਾ ਦੀ ਪੋਥੀ ਵਿੱਚ ਜਿਵੇਂ ਯਹੋਵਾਹ ਨੇ ਆਗਿਆ ਦਿੱਤੀ, ਅਜਿਹਾ ਲਿਖਿਆ ਹੈ ਕਿ ਪੁੱਤਰਾਂ ਦੇ ਬਦਲੇ ਪਿਤਾ ਨਾ ਮਾਰੇ ਜਾਣ ਅਤੇ ਨਾ ਪਿਤਾਵਾਂ ਦੇ ਬਦਲੇ ਪੁੱਤਰ ਮਾਰੇ ਜਾਣ ਪਰ ਹਰ ਆਦਮੀ ਆਪਣੇ ਹੀ ਪਾਪ ਦੇ ਕਾਰਨ ਮਾਰਿਆ ਜਾਵੇ ।7ਉਹ ਨੇ ਲੂਣ ਦੀ ਘਾਟੀ ਵਿੱਚ ਦਸ ਹਜ਼ਾਰ ਅਦੋਮੀ ਮਾਰੇ ਅਤੇ ਸਲਾ ਨੂੰ ਜੁੱਧ ਕਰਕੇ ਲੈ ਲਿਆ ਅਤੇ ਉਹ ਦਾ ਨਾਮ ਯਾਕਤੇਲ ਰੱਖਿਆ, ਜਿਹੜਾ ਅੱਜ ਦੇ ਦਿਨ ਤੱਕ ਹੈ ।
8ਤਦ ਅਮਸਯਾਹ ਨੇ ਇਸਰਾਏਲ ਦੇ ਰਾਜਾ ਯਹੋਆਸ਼ ਦੇ ਕੋਲ ਜੋ ਯੇਹੂ ਦਾ ਪੋਤਾ ਅਤੇ ਯਹੋਆਹਾਜ਼ ਦਾ ਪੁੱਤਰ ਸੀ, ਸੰਦੇਸ਼ਵਾਹਕਾਂ ਨੂੰ ਸੁਨੇਹਾ ਭੇਜਿਆ ਕਿ ਹੁਣ ਆ ਅਸੀਂ ਇੱਕ ਦੂਜੇ ਦੇ ਆਹਮੋ ਸਾਹਮਣੇ ਵੇਖੀਏ ।9ਤਦ ਇਸਰਾਏਲ ਦੇ ਰਾਜਾ ਯਹੋਆਸ਼ ਨੇ ਯਹੂਦਾਹ ਦੇ ਰਾਜਾ ਅਮਸਯਾਹ ਨੂੰ ਇਹ ਸੁਨੇਹਾ ਭੇਜਿਆ ਕਿ ਲਬਾਨੋਨ ਦੇ ਕੰਡਿਆਲੇ ਨੇ ਲਬਾਨੋਨ ਦੇ ਦਿਆਰ ਨੂੰ ਸੁਨੇਹਾ ਭੇਜਿਆ ਕਿ ਆਪਣੀ ਧੀ ਨੂੰ ਮੇਰੇ ਪੁੱਤਰ ਨਾਲ ਵਿਆਹ ਦੇ ਅਤੇ ਇੱਕ ਜੰਗਲੀ ਜਨੌਰ ਜੋ ਲਬਾਨੋਨ ਵਿੱਚ ਸੀ, ਕੋਲੋਂ ਦੀ ਲੰਘਿਆ ਅਤੇ ਕੰਡਿਆਲੇ ਨੂੰ ਮਿੱਧ ਛੱਡਿਆ ।10ਤੂੰ ਅਦੋਮ ਨੂੰ ਮਾਰਿਆ ਹੈ ਅਤੇ ਤੇਰੇ ਮਨ ਦਾ ਘੁਮੰਡ ਤੈਨੂੰ ਚੁੱਕਦਾ ਹੈ । ਘਰ ਵਿੱਚ ਰਹਿ ਕੇ ਘੁਮੰਡ ਕਰ । ਭਲਾ, ਤੂੰ ਕਿਉਂ ਬਿਪਤਾ ਨੂੰ ਛੇੜੇਂ ਤੇ ਡਿੱਗੇਂ ਅਤੇ ਤੇਰੇ ਨਾਲ ਹੀ ਯਹੂਦਾਹ ਵੀ ?
11ਪਰ ਅਮਸਯਾਹ ਨੇ ਧਿਆਨ ਨਾ ਕੀਤਾ ਤਦ ਇਸਰਾਏਲ ਦੇ ਰਾਜਾ ਯਹੋਆਸ਼ ਨੇ ਚੜ੍ਹਾਈ ਕੀਤੀ ਅਤੇ ਉਸ ਤੇ ਯਹੂਦਾਹ ਦਾ ਰਾਜਾ ਅਮਸਯਾਹ ਬੈਤ-ਸ਼ਮਸ਼ ਵਿੱਚ ਜੋ ਯਹੂਦਾਹ ਦਾ ਹੈ, ਆਹਮੋ ਸਾਹਮਣੇ ਹੋਏ ।12ਤਦ ਯਹੂਦਾਹ ਇਸਰਾਏਲ ਦੇ ਅੱਗੋਂ ਹਾਰ ਗਿਆ ਅਤੇ ਉਨ੍ਹਾਂ ਵਿੱਚੋਂ ਹਰੇਕ ਆਪਣੇ ਤੰਬੂ ਨੂੰ ਭੱਜਾ ।
13ਇਸਰਾਏਲ ਦੇ ਰਾਜਾ ਯਹੋਆਸ਼ ਨੇ ਯਹੂਦਾਹ ਦੇ ਰਾਜਾ ਅਮਸਯਾਹ ਨੂੰ ਜੋ ਅਹਜ਼ਯਾਹ ਦਾ ਪੋਤਾ ਅਤੇ ਯਹੋਆਸ਼ ਦਾ ਪੁੱਤਰ ਸੀ ਬੈਤ-ਸ਼ਮਸ਼ ਵਿੱਚ ਫੜ ਲਿਆ ਅਤੇ ਯਰੂਸ਼ਲਮ ਵਿੱਚ ਵੜਿਆ ਅਤੇ ਯਰੂਸ਼ਲਮ ਦੀ ਸ਼ਹਿਰਪਨਾਹ ਇਫਰਾਈਮ ਦੇ ਫਾਟਕ ਤੋਂ ਲੈ ਕੇ ਖੂੰਜੇ ਵਾਲੇ ਫਾਟਕ ਤੱਕ ਚਾਰ ਸੌ ਹੱਥ ਢਾਹ ਦਿੱਤੀ ।14ਉਸ ਨੇ ਸਾਰਾ ਸੋਨਾ, ਚਾਂਦੀ ਅਤੇ ਸਾਰੇ ਭਾਂਡੇ ਜੋ ਯਹੋਵਾਹ ਦੇ ਭਵਨ ਵਿੱਚ ਅਤੇ ਰਾਜਾ ਦੇ ਮਹਿਲ ਦੇ ਖਜ਼ਾਨਿਆਂ ਵਿੱਚ ਮਿਲੇ, ਗੁਲਾਮ ਪੁਰਸ਼ਾਂ ਨੂੰ ਨਾਲ ਲੈ ਕੇ ਸਾਮਰਿਯਾ ਨੂੰ ਮੁੜਿਆ ।
15ਯਹੋਆਸ਼ ਦੀ ਬਾਕੀ ਘਟਨਾਵਾਂ ਜੋ ਕੁਝ ਉਸ ਨੇ ਕੀਤਾ ਉਸ ਦੀ ਸਾਮਰਥ ਜਿਸ ਤਰ੍ਹਾਂ ਉਹ ਯਹੂਦਾਹ ਦੇ ਰਾਜਾ ਅਮਸਯਾਹ ਨਾਲ ਲੜਿਆ, ਕੀ ਉਹ ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਨਹੀਂ ਹੈ ?16ਯਹੋਆਸ਼ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ, ਸਾਮਰਿਯਾ ਵਿੱਚ ਇਸਰਾਏਲ ਦੇ ਰਾਜਿਆਂ ਨਾਲ ਦੱਬਿਆ ਗਿਆ ਅਤੇ ਉਹ ਦਾ ਪੁੱਤਰ ਯਾਰਾਬੁਆਮ ਉਹ ਦੇ ਥਾਂ ਰਾਜ ਕਰਨ ਲੱਗਾ ।
ਯਹੂਦਾਹ ਦੇ ਰਾਜਾ ਅਮਸਯਾਹ ਦੀ ਮੌਤ
(2 ਇਤਿਹਾਸ 25:25 - 28)

17ਯਹੂਦਾਹ ਦੇ ਰਾਜਾ ਯੋਆਸ਼ ਦਾ ਪੁੱਤਰ ਅਮਸਯਾਹ ਇਸਰਾਏਲ ਦੇ ਰਾਜਾ ਯਹੋਆਹਾਜ਼ ਦੇ ਪੁੱਤਰ ਯਹੋਆਸ਼ ਦੇ ਮਰਨ ਦੇ ਪਿੱਛੋਂ ਪੰਦਰਾਂ ਸਾਲ ਜੀਉਂਦਾ ਰਿਹਾ ।18ਅਮਸਯਾਹ ਦੀ ਬਾਕੀ ਘਟਨਾ, ਕੀ ਯਹੂਦਾਹ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੀ ਹੋਈ ਨਹੀਂ ਹੈ ?19ਜਦ ਉਨ੍ਹਾਂ ਨੇ ਉਹ ਦੇ ਵਿਰੁੱਧ ਯਰੂਸ਼ਲਮ ਵਿੱਚ ਯੋਜਨਾ ਬਣਾਈ ਤਦ ਉਹ ਲਕੀਸ਼ ਨੂੰ ਭੱਜਿਆ ਪਰ ਉਨ੍ਹਾਂ ਨੇ ਲਕੀਸ਼ ਨੂੰ ਉਹ ਦੇ ਪਿੱਛੇ ਆਦਮੀ ਭੇਜੇ ਅਤੇ ਉੱਥੇ ਉਹ ਨੂੰ ਮਾਰ ਛੱਡਿਆ ।
20ਉਹ ਉਸ ਨੂੰ ਘੋੜਿਆਂ ਉੱਤੇ ਲੈ ਆਏ ਅਤੇ ਉਹ ਯਰੂਸ਼ਲਮ ਦਾਊਦ ਦੇ ਸ਼ਹਿਰ ਵਿੱਚ ਆਪਣੇ ਪਿਉ-ਦਾਦਿਆਂ ਨਾਲ ਦੱਬਿਆ ਗਿਆ ।21ਯਹੂਦਾਹ ਦੇ ਸਾਰਿਆਂ ਲੋਕਾਂ ਨੇ ਅਜ਼ਰਯਾਹ ਨੂੰ ਜੋ ਸੋਲ਼ਾਂ ਸਾਲਾਂ ਦਾ ਸੀ ਉਹ ਦੇ ਪਿਤਾ ਅਮਸਯਾਹ ਦੇ ਥਾਂ ਰਾਜਾ ਬਣਾਇਆ ।22ਰਾਜਾ ਦੇ ਆਪਣੇ ਪਿਉ-ਦਾਦਿਆਂ ਨਾਲ ਸੌਂ ਜਾਣ ਦੇ ਮਗਰੋਂ ਉਸ ਨੇ ਏਲਥ ਨੂੰ ਬਣਾਇਆ ਅਤੇ ਉਹ ਨੂੰ ਫੇਰ ਯਹੂਦਾਹ ਵਿੱਚ ਮਿਲਾ ਲਿਆ ।
ਇਸਰਾਏਲ ਦਾ ਰਾਜਾ ਯਾਰਾਬੁਆਮ

23ਯਹੂਦਾਹ ਦੇ ਰਾਜਾ ਯੋਆਸ਼ ਦੇ ਪੁੱਤਰ ਅਮਸਯਾਹ ਦੇ ਪੰਦਰਵੇਂ ਸਾਲ ਵਿੱਚ ਇਸਰਾਏਲ ਦੇ ਰਾਜਾ ਯੋਆਸ਼ ਦਾ ਪੁੱਤਰ ਯਾਰਾਬੁਆਮ ਸਾਮਰਿਯਾ ਵਿੱਚ ਰਾਜ ਕਰਨ ਲੱਗਾ ਅਤੇ ਉਸ ਨੇ ਇੱਕਤਾਲੀ ਸਾਲ ਰਾਜ ਕੀਤਾ ।24ਉਸ ਨੇ ਉਹ ਕੰਮ ਕੀਤਾ ਜਿਹੜਾ ਯਹੋਵਾਹ ਦੀ ਨਿਗਾਹ ਵਿੱਚ ਬੁਰਾ ਸੀ । ਉਹ ਨੇ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਉਨ੍ਹਾਂ ਸਾਰਿਆਂ ਪਾਪਾਂ ਵਿੱਚੋਂ ਕਿਸੇ ਤੋਂ ਮੂੰਹ ਨਾ ਮੋੜਿਆ, ਜੋ ਉਸ ਨੇ ਇਸਰਾਏਲ ਤੋਂ ਕਰਵਾਏ ਸਨ ।25ਉਸ ਨੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੇ ਉਸ ਬਚਨ ਦੇ ਅਨੁਸਾਰ, ਜੋ ਉਸ ਨੇ ਅਮਿੱਤਈ ਦੇ ਪੁੱਤਰ ਆਪਣੇ ਦਾਸ ਯੂਨਾਹ ਨਬੀ ਦੇ ਰਾਹੀਂ, ਜੋ ਗਥ ਹੇਫਰ ਦਾ ਸੀ ਆਖਿਆ ਸੀ, ਇਸਰਾਏਲ ਦੀ ਹੱਦ ਨੂੰ ਹਮਾਥ ਦੇ ਕੋਲੋਂ ਲੈ ਕੇ ਅਰਾਬਾਹ ਦੇ ਸਮੁੰਦਰ ਤੱਕ ਫਿਰ ਪੁਚਾ ਦਿੱਤਾ ।
26ਇਸ ਲਈ ਜੋ ਯਹੋਵਾਹ ਨੇ ਇਸਰਾਏਲ ਦੇ ਦੁੱਖ ਨੂੰ ਵੇਖਿਆ ਕਿ ਉਹ ਸੱਚ-ਮੁੱਚ ਬਹੁਤ ਕੌੜਾ ਹੈ ਕਿਉਂ ਜੋ ਨਾ ਤਾਂ ਕੋਈ ਗੁਲਾਮ ਨਾ ਨਿਰਬੰਧ ਰਿਹਾ ਅਤੇ ਨਾ ਕੋਈ ਇਸਰਾਏਲ ਦਾ ਸਹਾਇਕ ਸੀ ।27ਯਹੋਵਾਹ ਨੇ ਇਹ ਵੀ ਨਹੀਂ ਆਖਿਆ ਕਿ ਮੈਂ ਅਕਾਸ਼ ਦੇ ਹੇਠੋਂ ਇਸਰਾਏਲ ਦਾ ਨਾਮ ਮਿਟਾ ਦਿਆਂਗਾ । ਉਸ ਨੇ ਉਨ੍ਹਾਂ ਨੂੰ ਯੋਆਸ਼ ਦੇ ਪੁੱਤਰ ਯਾਰਾਬੁਆਮ ਦੇ ਹੱਥੀਂ ਛੁਟਕਾਰਾ ਦਿੱਤਾ ।
28ਯਾਰਾਬੁਆਮ ਦੀ ਬਾਕੀ ਘਟਨਾ ਅਤੇ ਸਭ ਕੁਝ ਜੋ ਉਹ ਨੇ ਕੀਤਾ, ਉਹ ਦੀ ਸਾਮਰਥ ਜਦ ਉਹ ਨੇ ਯੁੱਧ ਕੀਤਾ ਅਤੇ ਕਿਵੇਂ ਦੰਮਿਸਕ ਅਤੇ ਹਮਾਥ ਨੂੰ ਜੋ ਯਹੂਦਾਹ ਦੇ ਸਨ, ਫੇਰ ਇਸਰਾਏਲ ਦੇ ਲਈ ਮੋੜ ਲਿਆ ਕੀ ਉਹ ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਨਹੀਂ ਹੈ ?29ਅਤੇ ਯਾਰਾਬੁਆਮ ਆਪਣੇ ਪਿਉ-ਦਾਦਿਆਂ ਇਸਰਾਏਲ ਦੇ ਰਾਜਿਆਂ ਨਾਲ ਸੌਂ ਗਿਆ ਅਤੇ ਉਸ ਦਾ ਪੁੱਤਰ ਜ਼ਕਰਯਾਹ ਉਹ ਦੇ ਥਾਂ ਰਾਜ ਕਰਨ ਲੱਗਾ ।

15
ਯਹੂਦਾਹ ਦਾ ਰਾਜਾ ਅਜ਼ਰਯਾਹ
(2 ਇਤਿਹਾਸ 26:1 - 23)

1ਇਸਰਾਏਲ ਦੇ ਰਾਜਾ ਯਾਰਾਬੁਆਮ ਦੇ ਸਤਾਈਵੇਂ ਸਾਲ ਯਹੂਦਾਹ ਦੇ ਰਾਜਾ ਅਮਸਯਾਹ ਦਾ ਪੁੱਤਰ ਅਜ਼ਰਯਾਹ ਰਾਜ ਕਰਨ ਲੱਗਾ ।2ਜਦ ਉਹ ਰਾਜ ਕਰਨ ਲੱਗਾ ਤਾਂ ਸੋਲ਼ਾਂ ਸਾਲਾਂ ਦਾ ਸੀ ਅਤੇ ਉਸ ਨੇ ਯਰੂਸ਼ਲਮ ਵਿੱਚ ਬਵੰਜਾ ਸਾਲ ਰਾਜ ਕੀਤਾ, ਉਸ ਦੀ ਮਾਤਾ ਦਾ ਨਾਮ ਯਕਾਲਯਾਹ ਸੀ ਜੋ ਯਰੂਸ਼ਲਮ ਦੀ ਸੀ ।3ਜਿਵੇਂ ਉਸ ਦੇ ਪਿਤਾ ਅਮਸਯਾਹ ਨੇ ਕੀਤਾ ਸੀ, ਉਸ ਨੇ ਵੀ ਉਹ ਹੀ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ ।

4ਤਾਂ ਵੀ ਉੱਚੇ ਥਾਂ ਢਾਏ ਨਾ ਗਏ । ਅਜੇ ਤੱਕ ਲੋਕ ਉੱਚਿਆਂ ਥਾਵਾਂ ਤੇ ਬਲੀਆਂ ਚੜ੍ਹਾਉਂਦੇ ਅਤੇ ਧੂਪ ਧੁਖਾਉਂਦੇ ਸਨ ।5ਯਹੋਵਾਹ ਨੇ ਰਾਜਾ ਨੂੰ ਅਜਿਹਾ ਮਾਰਿਆ ਕਿ ਉਹ ਆਪਣੇ ਮਰਨ ਦੇ ਦਿਨ ਤੱਕ ਕੋੜ੍ਹੀ ਰਿਹਾ ਅਤੇ ਇੱਕ ਅਲੱਗ ਘਰ ਵਿੱਚ ਰਹਿੰਦਾ ਸੀ, ਰਾਜਾ ਦਾ ਪੁੱਤਰ ਯੋਥਾਮ ਘਰ ਦੀ ਦੇਖਭਾਲ ਅਤੇ ਦੇਸ ਦੇ ਲੋਕਾਂ ਦਾ ਨਿਆਂ ਕਰਦਾ ਸੀ ।
6ਅਜ਼ਰਯਾਹ ਦੀ ਬਾਕੀ ਘਟਨਾ ਅਤੇ ਸਭ ਕੁਝ ਜੋ ਉਸ ਨੇ ਕੀਤਾ ਕੀ ਉਹ ਯਹੂਦਾਹ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਨਹੀਂ ਹੈ ?7ਅਜ਼ਰਯਾਹ ਆਪਣੇ ਪਿਉ-ਦਾਦਿਆਂ ਦੇ ਨਾਲ ਸੌਂ ਗਿਆ ਉਹਨਾਂ ਨੇ ਉਸ ਨੂੰ ਉਸ ਦੇ ਪਿਉ-ਦਾਦਿਆਂ ਨਾਲ ਦਾਊਦ ਦੇ ਸ਼ਹਿਰ ਵਿੱਚ ਦੱਬ ਦਿੱਤਾ, ਉਸ ਦਾ ਪੁੱਤਰ ਯੋਥਾਮ ਉਸ ਦੇ ਥਾਂ ਰਾਜ ਕਰਨ ਲੱਗਾ ।
ਇਸਰਾਏਲ ਦਾ ਰਾਜਾ ਜ਼ਕਰਯਾਹ

8ਯਹੂਦਾਹ ਦੇ ਰਾਜਾ ਅਜ਼ਰਯਾਹ ਦੇ ਅਠੱਤੀਵੇਂ ਸਾਲ ਯਾਰਾਬੁਆਮ ਦਾ ਪੁੱਤਰ ਜ਼ਕਰਯਾਹ ਸਾਮਰਿਯਾ ਵਿੱਚ ਇਸਰਾਏਲ ਉੱਤੇ ਰਾਜ ਕਰਨ ਲੱਗਾ, ਉਸ ਨੇ ਛੇ ਮਹੀਨੇ ਤੱਕ ਰਾਜ ਕੀਤਾ ।9ਉਸ ਨੇ ਉਹ ਕੰਮ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜਾ ਸੀ, ਜਿਵੇਂ ਉਸ ਦੇ ਪਿਉ-ਦਾਦਿਆਂ ਨੇ ਵੀ ਕੀਤਾ ਸੀ । ਉਸ ਨੇ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਉਨ੍ਹਾਂ ਪਾਪਾਂ ਤੋਂ ਮੂੰਹ ਨਾ ਮੋੜਿਆ, ਜੋ ਉਹ ਨੇ ਇਸਰਾਏਲ ਤੋਂ ਕਰਵਾਏ ਸਨ ।
10ਤਦ ਯਾਬੇਸ਼ ਦੇ ਪੁੱਤਰ ਸ਼ੱਲੁਮ ਨੇ ਉਸ ਦੇ ਵਿਰੁੱਧ ਯੋਜਨਾ ਬਣਾਈ ਅਤੇ ਲੋਕਾਂ ਦੇ ਸਾਹਮਣੇ ਉਸ ਨੂੰ ਕੁੱਟ-ਕੁੱਟ ਕੇ ਮਾਰ ਛੱਡਿਆ ਅਤੇ ਉਸ ਦੇ ਥਾਂ ਰਾਜ ਕਰਨ ਲੱਗਾ ।11ਵੇਖੋ, ਜ਼ਕਰਯਾਹ ਦੀ ਬਾਕੀ ਘਟਨਾ ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੀ ਹੋਈ ਹੈ ।12ਯਹੋਵਾਹ ਦਾ ਉਹ ਬਚਨ ਜਿਹੜਾ ਉਸ ਨੇ ਯੇਹੂ ਨਾਲ ਕੀਤਾ ਸੀ, ਇਹ ਹੀ ਸੀ ਕਿ ਤੇਰੇ ਪੁੱਤਰ ਚੌਥੀ ਪੀੜ੍ਹੀ ਤੱਕ ਇਸਰਾਏਲ ਦੀ ਰਾਜ ਗੱਦੀ ਉੱਤੇ ਬੈਠਣਗੇ ਅਤੇ ਉਸੇ ਤਰ੍ਹਾਂ ਹੀ ਹੋਇਆ ।
ਇਸਰਾਏਲ ਦਾ ਰਾਜਾ ਸ਼ੱਲੁਮ

13ਯਹੂਦਾਹ ਦੇ ਰਾਜਾ ਉੱਜ਼ੀਯਾਹ ਦੇ ਉੱਨਤਾਲੀਵੇਂ ਸਾਲ ਯਾਬੇਸ਼ ਦਾ ਪੁੱਤਰ ਸ਼ੱਲੁਮ ਰਾਜ ਕਰਨ ਲੱਗਾ ਅਤੇ ਉਸ ਨੇ ਸਾਮਰਿਯਾ ਵਿੱਚ ਮਹੀਨਾ ਭਰ ਰਾਜ ਕੀਤਾ ।14ਤਦ ਗਾਦੀ ਦਾ ਪੁੱਤਰ ਮਨਹੇਮ ਤਿਰਸਾਹ ਤੋਂ ਆਇਆ ਅਤੇ ਸਾਮਰਿਯਾ ਵਿੱਚ ਪਹੁੰਚ ਗਿਆ, ਯਾਬੇਸ਼ ਦੇ ਪੁੱਤਰ ਸ਼ੱਲੁਮ ਨੂੰ ਸਾਮਰਿਯਾ ਵਿੱਚ ਮਾਰਿਆ ਅਤੇ ਉਸ ਨੂੰ ਘਾਤ ਕਰਕੇ ਉਸ ਦੇ ਥਾਂ ਰਾਜ ਕਰਨ ਲੱਗ ਪਿਆ ।
15ਸ਼ੱਲੁਮ ਦੀ ਬਾਕੀ ਘਟਨਾ ਅਤੇ ਜੋ ਯੋਜਨਾ ਉਸ ਨੇ ਬਣਾਈ, ਵੇਖੋ, ਉਹ ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ ।16ਤਦ ਮਨਹੇਮ ਨੇ ਤਿਰਸਾਹ ਤੋਂ ਜਾ ਕੇ ਤਿਫਸਹ ਨੂੰ ਅਤੇ ਉਨ੍ਹਾਂ ਸਭਨਾਂ ਨੂੰ ਜੋ ਉਹ ਦੇ ਵਿੱਚ ਸਨ, ਉਹ ਦੀਆਂ ਹੱਦਾਂ ਨੂੰ ਮਾਰਿਆ ਕਿਉਂ ਜੋ ਉਨ੍ਹਾਂ ਨੇ ਫਾਟਕ ਨਾ ਖੋਲ੍ਹੇ, ਇਸ ਲਈ ਉਹ ਨੇ ਉਨ੍ਹਾਂ ਨੂੰ ਮਾਰਿਆ ਅਤੇ ਉਹ ਨੇ ਉੱਥੇ ਦੀਆਂ ਸਾਰੀਆਂ ਗਰਭਵਤੀ ਔਰਤਾਂ ਨੂੰ ਚੀਰ ਦਿੱਤਾ ।
ਇਸਰਾਏਲ ਦਾ ਰਾਜਾ ਮਨਹੇਮ

17ਯਹੂਦਾਹ ਦੇ ਰਾਜਾ ਅਜ਼ਰਯਾਹ ਦੇ ਉੱਨਤਾਲੀਵੇਂ ਸਾਲ ਗਾਦੀ ਦਾ ਪੁੱਤਰ ਮਨਹੇਮ ਇਸਰਾਏਲ ਉੱਤੇ ਰਾਜ ਕਰਨ ਲੱਗਾ । ਉਹ ਨੇ ਸਾਮਰਿਯਾ ਵਿੱਚ ਦਸ ਸਾਲ ਰਾਜ ਕੀਤਾ ।18ਉਸ ਨੇ ਉਹ ਕੰਮ ਕੀਤਾ, ਜਿਹੜਾ ਯਹੋਵਾਹ ਦੀ ਨਿਗਾਹ ਵਿੱਚ ਭੈੜਾ ਸੀ । ਉਹ ਨੇ ਨਾਬਾਟ ਦੇ ਪੁੱਤਰ ਯਾਰਾਬੁਆਮ ਦੇ ਉਨ੍ਹਾਂ ਪਾਪਾਂ ਤੋਂ ਜੋ ਉਸ ਨੇ ਇਸਰਾਏਲ ਤੋਂ ਕਰਵਾਏ ਸਨ, ਸਾਰੀ ਉਮਰ ਮੂੰਹ ਨਾ ਮੋੜਿਆ ।
19ਅੱਸ਼ੂਰ ਦਾ ਰਾਜਾ ਪੂਲ ਉਸ ਦੇਸ ਉੱਤੇ ਹਮਲਾ ਕੀਤਾ, ਮਨਹੇਮ ਨੇ ਪੂਲ ਨੂੰ ਇੱਕ ਹਜ਼ਾਰ ਤੋੜੇ ਚਾਂਦੀ ਦਿੱਤੀ ਤਾਂ ਜੋ ਉਹ ਉਸ ਦੀ ਸਹਾਇਤਾ ਕਰੇ ਅਤੇ ਰਾਜ ਨੂੰ ਉਹ ਦੇ ਹੱਥਾਂ ਵਿੱਚ ਸਥਿਰ ਕਰ ਦੇਵੇ ।20ਮਨਹੇਮ ਨੇ ਉਹ ਚਾਂਦੀ ਇਸਰਾਏਲ ਦੇ ਸਾਰਿਆਂ ਧਨੀ ਪੁਰਸ਼ਾਂ ਕੋਲੋਂ ਇੱਕ ਮਨੁੱਖ ਪਿੱਛੇ ਪੰਜਾਹ ਰੁਪਏ ਧੱਕੇ ਨਾਲ ਲਏ ਤਾਂ ਜੋ ਉਹ ਅੱਸ਼ੂਰ ਦੇ ਰਾਜਾ ਨੂੰ ਦੇਵੇ । ਅੱਸ਼ੂਰ ਦੇ ਰਾਜਾ ਨੇ ਪਿੱਠ ਮੋੜੀ ਅਤੇ ਉਸ ਦੇਸ ਵਿੱਚ ਨਾ ਠਹਿਰਿਆ ।
21ਮਨਹੇਮ ਦੀ ਬਾਕੀ ਘਟਨਾ ਅਤੇ ਸਭ ਕੁਝ ਜੋ ਉਹ ਨੇ ਕੀਤਾ, ਕੀ ਉਹ ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਨਹੀਂ ਹੈ ?22ਮਨਹੇਮ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ, ਉਹ ਦਾ ਪੁੱਤਰ ਪਕਹਯਾਹ ਉਹ ਦੇ ਥਾਂ ਰਾਜ ਕਰਨ ਲੱਗਾ ।
ਇਸਰਾਏਲ ਦਾ ਰਾਜਾ ਪਕਹਯਾਹ

23ਯਹੂਦਾਹ ਦੇ ਰਾਜਾ ਅਜ਼ਰਯਾਹ ਦੇ ਪੰਜਾਹਵੇਂ ਸਾਲ ਮਨਹੇਮ ਦਾ ਪੁੱਤਰ ਪਕਹਯਾਹ ਸਾਮਰਿਯਾ ਵਿੱਚ ਇਸਰਾਏਲ ਉੱਤੇ ਰਾਜ ਕਰਨ ਲੱਗਾ, ਉਸ ਨੇ ਦੋ ਸਾਲ ਰਾਜ ਕੀਤਾ ।24ਉਸ ਨੇ ਉਹ ਕੰਮ ਕੀਤਾ, ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜਾ ਸੀ । ਉਹ ਨੇ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਉਨ੍ਹਾਂ ਪਾਪਾਂ ਤੋਂ ਮੂੰਹ ਨਾ ਮੋੜਿਆ, ਜੋ ਉਸ ਨੇ ਇਸਰਾਏਲ ਤੋਂ ਕਰਵਾਏ ਸਨ ।
25ਰਮਲਯਾਹ ਦੇ ਪੁੱਤਰ ਪਕਹ ਨੇ ਜੋ ਉਹ ਦਾ ਇੱਕ ਅਹੁਦੇਦਾਰ ਸੀ, ਉਸ ਦੇ ਵਿਰੁੱਧ ਮਤਾ ਪਕਾਇਆ ਅਤੇ ਸਾਮਰਿਯਾ ਵਿੱਚ ਰਾਜਾ ਦੇ ਆਪਣੇ ਮਹਿਲ ਵਿੱਚ ਉਸ ਨੂੰ ਅਰਗੋਬ ਅਤੇ ਅਰਯੇਹ ਦੇ ਨਾਲ ਮਾਰਿਆ, ਗਿਲਆਦੀਆਂ ਦੇ ਪੁੱਤਰਾਂ ਵਿੱਚੋਂ ਪੰਜਾਹ ਮਨੁੱਖ ਉਸ ਦੇ ਨਾਲ ਸਨ, ਉਸ ਨੇ ਉਹ ਨੂੰ ਮਾਰ ਛੱਡਿਆ ਅਤੇ ਉਹ ਦੇ ਥਾਂ ਰਾਜ ਕਰਨ ਲੱਗਾ ।26ਪਕਹਯਾਹ ਦੀ ਬਾਕੀ ਘਟਨਾ ਅਤੇ ਸਭ ਕੁਝ ਜੋ ਉਹ ਨੇ ਕੀਤਾ, ਵੇਖੋ, ਉਹ ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ ।
ਇਸਰਾਏਲ ਦਾ ਰਾਜਾ ਪਕਹ

27ਯਹੂਦਾਹ ਦੇ ਰਾਜਾ ਅਜ਼ਰਯਾਹ ਦੇ ਬਵੰਜਵੇਂ ਸਾਲ ਰਮਲਯਾਹ ਦਾ ਪੁੱਤਰ ਪਕਹ, ਸਾਮਰਿਯਾ ਵਿੱਚ ਇਸਰਾਏਲ ਉੱਤੇ ਰਾਜ ਕਰਨ ਲੱਗਾ ਅਤੇ ਉਸ ਨੇ ਵੀਹ ਸਾਲ ਰਾਜ ਕੀਤਾ ।28ਉਸ ਨੇ ਉਹ ਕੰਮ ਕੀਤਾ, ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜਾ ਸੀ । ਉਸ ਨੇ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਉਨ੍ਹਾਂ ਪਾਪਾਂ ਤੋਂ ਮੂੰਹ ਨਾ ਮੋੜਿਆ ਜੋ ਉਸ ਨੇ ਇਸਰਾਏਲ ਤੋਂ ਕਰਵਾਏ ਸਨ ।
29ਇਸਰਾਏਲ ਦੇ ਰਾਜਾ ਪਕਹ ਦੇ ਦਿਨਾਂ ਵਿੱਚ ਅੱਸ਼ੂਰ ਦੇ ਰਾਜਾ ਤਿਗਲਥ ਪਿਲਸਰ ਨੇ ਆ ਕੇ ਈਯੋਨ, ਆਬੇਲ-ਬੈਤ-ਮਆਕਾਹ, ਯਾਨੋਆਹ, ਕਦਸ਼, ਹਾਸੋਰ, ਗਿਲਆਦ, ਗਾਲੀਲ ਅਤੇ ਨਫਤਾਲੀ ਦੇ ਸਾਰੇ ਦੇਸ ਨੂੰ ਲੈ ਲਿਆ ਅਤੇ ਉਹਨਾਂ ਨੂੰ ਗੁਲਾਮ ਕਰਕੇ ਅੱਸ਼ੂਰ ਨੂੰ ਲੈ ਗਿਆ ।30ਏਲਾਹ ਦੇ ਪੁੱਤਰ ਹੋਸ਼ੇਆ ਨੇ ਰਮਲਯਾਹ ਦੇ ਪੁੱਤਰ ਪਕਹ ਦੇ ਵਿਰੁੱਧ ਯੋਜਨਾ ਬਣਾਈ ਅਤੇ ਉਸ ਨੂੰ ਮਾਰਿਆ, ਉਸ ਨੂੰ ਘਾਤ ਕਰਕੇ ਉੱਜ਼ੀਯਾਹ ਦੇ ਪੁੱਤਰ ਯੋਥਾਮ ਦੇ ਵੀਹਵੇਂ ਸਾਲ ਉਸ ਦੇ ਥਾਂ ਰਾਜ ਕਰਨ ਲੱਗਾ ।31ਪਕਹ ਦੀ ਬਾਕੀ ਘਟਨਾ ਅਤੇ ਸਭ ਕੁਝ ਜੋ ਉਸ ਨੇ ਕੀਤਾ, ਵੇਖੋ, ਉਹ ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ ।
ਯਹੂਦਾਹ ਦਾ ਰਾਜਾ ਯੋਥਾਮ
(2 ਇਤਿਹਾਸ 27:1 - 9)

32ਰਮਲਯਾਹ ਦਾ ਪੁੱਤਰ ਪਕਹ, ਜੋ ਇਸਰਾਏਲ ਦਾ ਰਾਜਾ ਸੀ, ਉਸ ਦੇ ਦੂਜੇ ਸਾਲ ਯਹੂਦਾਹ ਦੇ ਰਾਜਾ ਉੱਜ਼ੀਯਾਹ ਦਾ ਪੁੱਤਰ ਯੋਥਾਮ ਰਾਜ ਕਰਨ ਲੱਗਾ ।33ਜਦ ਉਹ ਪੱਚੀ ਸਾਲਾਂ ਦਾ ਸੀ, ਉਸ ਸਮੇ ਰਾਜ ਕਰਨ ਲੱਗਾ ਅਤੇ ਉਸ ਨੇ ਸੋਲ਼ਾਂ ਸਾਲ ਯਰੂਸ਼ਲਮ ਵਿੱਚ ਰਾਜ ਕੀਤਾ, ਉਸ ਦੀ ਮਾਤਾ ਦਾ ਨਾਮ ਯਰੂਸ਼ਾ ਸੀ, ਜੋ ਸਾਦੋਕ ਦੀ ਧੀ ਸੀ ।
34ਉਹ ਸਭ ਕੁਝ ਜੋ ਉਸ ਦੇ ਪਿਉ ਉੱਜ਼ੀਯਾਹ ਨੇ ਕੀਤਾ ਸੀ, ਉਸੇ ਤਰ੍ਹਾਂ ਹੀ ਉਸ ਨੇ ਵੀ ਕੀਤਾ, ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ ।35ਕੇਵਲ ਉਨ੍ਹਾਂ ਨੇ ਉੱਚੀਆਂ ਥਾਵਾਂ ਨੂੰ ਨਾ ਢਾਹਿਆ । ਅੱਜ ਤੱਕ ਲੋਕ ਉੱਚਿਆਂ ਥਾਵਾਂ ਤੇ ਬਲੀਆਂ ਚੜ੍ਹਾਉਂਦੇ ਅਤੇ ਧੂਪ ਧੁਖਾਉਂਦੇ ਸਨ । ਉਸ ਨੇ ਯਹੋਵਾਹ ਦੇ ਘਰ ਦਾ ਉੱਪਰਲਾ ਫਾਟਕ ਬਣਾਇਆ ।36ਯੋਥਾਮ ਦੀ ਬਾਕੀ ਘਟਨਾ ਅਤੇ ਜੋ ਕੁਝ ਉਸ ਨੇ ਕੀਤਾ, ਕੀ ਉਹ ਯਹੂਦਾਹ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਨਹੀਂ ਹੈ ?37ਉਹਨਾਂ ਦਿਨਾਂ ਵਿੱਚ ਯਹੋਵਾਹ ਅਰਾਮ ਦੇ ਰਾਜਾ ਰਸੀਨ ਨੂੰ ਅਤੇ ਰਮਲਯਾਹ ਦੇ ਪੁੱਤਰ ਪਕਹ ਨੂੰ ਯਹੂਦਾਹ ਦੇ ਵਿਰੁੱਧ ਭੇਜਣ ਲੱਗਾ ।38ਯੋਥਾਮ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ, ਆਪਣੇ ਪਿਤਾ ਦਾਊਦ ਦੇ ਸ਼ਹਿਰ ਵਿੱਚ ਆਪਣੇ ਪਿਉ-ਦਾਦਿਆਂ ਨਾਲ ਦੱਬਿਆ ਗਿਆ ਅਤੇ ਉਸ ਦਾ ਪੁੱਤਰ ਆਹਾਜ਼ ਉਸ ਦੇ ਥਾਂ ਰਾਜ ਕਰਨ ਲੱਗਾ ।

16
ਯਹੂਦਾਹ ਦਾ ਰਾਜਾ ਆਹਾਜ਼
(2 ਇਤਿਹਾਸ 28:1 - 27)

1ਰਮਲਯਾਹ ਦੇ ਪੁੱਤਰ ਪਕਹ ਦੇ ਸਤਾਰਵੇਂ ਸਾਲ ਯਹੂਦਾਹ ਦੇ ਰਾਜਾ ਯੋਥਾਮ ਦਾ ਪੁੱਤਰ ਆਹਾਜ਼ ਰਾਜ ਕਰਨ ਲੱਗਾ ।2ਆਹਾਜ਼ ਵੀਹ ਸਾਲਾਂ ਦਾ ਸੀ, ਜਦ ਰਾਜ ਕਰਨ ਲੱਗਾ ਅਤੇ ਉਹ ਨੇ ਯਰੂਸ਼ਲਮ ਵਿੱਚ ਸੋਲ਼ਾਂ ਸਾਲ ਰਾਜ ਕੀਤਾ । ਉਸ ਨੇ ਉਹ ਕੰਮ ਨਾ ਕੀਤਾ ਜੋ ਯਹੋਵਾਹ ਉਹ ਦੇ ਪਰਮੇਸ਼ੁਰ ਦੀ ਨਿਗਾਹ ਵਿੱਚ ਠੀਕ ਸੀ ਜਿਵੇਂ ਉਹ ਦੇ ਪਿਤਾ ਦਾਊਦ ਨੇ ਕੀਤਾ ਸੀ ।

3ਪਰ ਉਹ ਇਸਰਾਏਲ ਦੇ ਰਾਜਿਆਂ ਦੇ ਰਾਹ ਉੱਤੇ ਤੁਰਿਆ, ਸਗੋਂ ਉਨ੍ਹਾਂ ਕੌਮਾਂ ਦੀਆਂ ਘਿਣਾਉਣੀਆਂ ਰੀਤਾਂ ਅਨੁਸਾਰ ਜਿਨ੍ਹਾਂ ਨੂੰ ਯਹੋਵਾਹ ਨੇ ਇਸਰਾਏਲੀਆਂ ਦੇ ਅੱਗੋਂ ਕੱਢ ਦਿੱਤਾ ਸੀ, ਉਸ ਨੇ ਆਪਣੇ ਪੁੱਤਰ ਨੂੰ ਅੱਗ ਵਿੱਚੋਂ ਲੰਘਵਾਇਆ ।4ਉਹ ਉੱਚਿਆਂ ਥਾਵਾਂ, ਟਿੱਲਿਆਂ ਅਤੇ ਹਰ ਹਰੇ ਰੁੱਖ ਦੇ ਹੇਠਾਂ ਬਲੀਆਂ ਚੜ੍ਹਾਉਂਦਾ ਅਤੇ ਧੂਪ ਧੁਖਾਉਂਦਾ ਰਿਹਾ ।
5ਤਦ ਅਰਾਮ ਦੇ ਰਾਜਾ ਰਸੀਨ ਅਤੇ ਇਸਰਾਏਲ ਦੇ ਰਾਜਾ ਰਮਲਯਾਹ ਦੇ ਪੁੱਤਰ ਪਕਹ ਨੇ ਲੜਨ ਲਈ ਯਰੂਸ਼ਲਮ ਉੱਤੇ ਚੜ੍ਹਾਈ ਕੀਤੀ ਅਤੇ ਉਨ੍ਹਾਂ ਨੇ ਆਹਾਜ਼ ਨੂੰ ਘੇਰ ਲਿਆ ਪਰ ਉਸ ਨੂੰ ਜਿੱਤ ਨਾ ਸਕੇ ।6ਉਸ ਵੇਲੇ ਅਰਾਮ ਦੇ ਰਾਜਾ ਰਸੀਨ ਨੇ ਏਲਥ ਨੂੰ ਫਿਰ ਲੈ ਕੇ ਅਰਾਮ ਵਿੱਚ ਮਿਲਾ ਦਿੱਤਾ ਅਤੇ ਏਲਥ ਵਿੱਚੋਂ ਯਹੂਦੀਆਂ ਨੂੰ ਪੂਰੀ ਤਰ੍ਹਾਂ ਹੀ ਕੱਢ ਛੱਡਿਆ ਅਤੇ ਆਰਮੀ ਏਲਥ ਵਿੱਚ ਆ ਪਹੁੰਚੇ, ਅੱਜ ਦੇ ਦਿਨ ਤੱਕ ਉਹ ਉੱਥੇ ਹੀ ਵੱਸਦੇ ਹਨ ।
7ਤਦ ਆਹਾਜ਼ ਨੇ ਅੱਸ਼ੂਰ ਦੇ ਰਾਜਾ ਤਿਗਲਥ ਪਿਲਸਰ ਕੋਲ ਇਹ ਕਹਿ ਕੇ ਸੰਦੇਸ਼ਵਾਹਕ ਭੇਜੇ ਕਿ ਮੈਂ ਤੇਰਾ ਦਾਸ ਅਤੇ ਤੇਰਾ ਪੁੱਤਰ ਹਾਂ, ਅਰਾਮ ਦੇ ਰਾਜਾ ਦੇ ਹੱਥੋਂ ਅਤੇ ਇਸਰਾਏਲ ਦੇ ਰਾਜਾ ਦੇ ਹੱਥੋਂ ਮੈਨੂੰ ਆ ਕੇ ਬਚਾ, ਜੋ ਮੇਰੇ ਉੱਤੇ ਚੜ੍ਹ ਆਏ ਹਨ ।8ਆਹਾਜ਼ ਨੇ ਉਹ ਚਾਂਦੀ ਅਤੇ ਸੋਨਾ ਜੋ ਯਹੋਵਾਹ ਦੇ ਭਵਨ ਅਤੇ ਰਾਜਾ ਦੇ ਮਹਿਲ ਦੇ ਖਜਾਨਿਆਂ ਵਿੱਚ ਮਿਲਿਆ, ਨੂੰ ਲੈ ਕੇ ਅੱਸ਼ੂਰ ਦੇ ਰਾਜਾ ਨੂੰ ਰਿਸ਼ਵਤ ਭੇਜੀ ।9ਅੱਸ਼ੂਰ ਦੇ ਰਾਜਾ ਨੇ ਉਸ ਦੀ ਮੰਨ ਲਈ ਅਤੇ ਉਸ ਨੇ ਦੰਮਿਸ਼ਕ ਉੱਤੇ ਚੜ੍ਹਾਈ ਕਰ ਕੇ ਉਸ ਨੂੰ ਜਿੱਤ ਲਿਆ ਅਤੇ ਉੱਥੋਂ ਦੇ ਲੋਕਾਂ ਨੂੰ ਗੁਲਾਮ ਬਣਾ ਕੇ ਕੀਰ ਨੂੰ ਲੈ ਗਿਆ ਅਤੇ ਰਸੀਨ ਨੂੰ ਮਾਰ ਦਿੱਤਾ ।
10ਆਹਾਜ਼ ਰਾਜਾ ਦੰਮਿਸ਼ਕ ਵਿੱਚ ਅੱਸ਼ੂਰ ਦੇ ਰਾਜਾ ਤਿਗਲਥ ਪਿਲਸਰ ਨੂੰ ਮਿਲਣ ਲਈ ਗਿਆ ਅਤੇ ਉਸ ਨੇ ਉਹ ਜਗਵੇਦੀ ਵੇਖੀ, ਜੋ ਦੰਮਿਸ਼ਕ ਵਿੱਚ ਸੀ ਅਤੇ ਆਹਾਜ਼ ਰਾਜਾ ਨੇ ਉਸ ਜਗਵੇਦੀ ਦੀ ਸਮਾਨਤਾ ਦਾ ਨਮੂਨਾ ਉਸ ਦੀ ਸਾਰੀ ਕਾਰੀਗਰੀ ਦੇ ਅਨੁਸਾਰ ਊਰੀਯਾਹ ਜਾਜਕ ਦੇ ਕੋਲ ਭੇਜਿਆ ।11ਊਰੀਯਾਹ ਜਾਜਕ ਨੇ ਆਹਾਜ਼ ਰਾਜਾ ਦੀ ਦੰਮਿਸ਼ਕ ਤੋਂ ਭੇਜੀ ਹੋਈ ਆਗਿਆ ਦੇ ਅਨੁਸਾਰ ਇੱਕ ਜਗਵੇਦੀ ਬਣਾਈ ਅਤੇ ਆਹਾਜ਼ ਰਾਜਾ ਦੇ ਦੰਮਿਸ਼ਕ ਤੋਂ ਵਾਪਸ ਆਉਣ ਤੱਕ ਊਰੀਯਾਹ ਜਾਜਕ ਨੇ ਉਸ ਨੂੰ ਬਣਾ ਲਿਆ ।12ਜਦ ਰਾਜਾ ਦੰਮਿਸ਼ਕ ਤੋਂ ਮੁੜਿਆ ਤਾਂ ਰਾਜਾ ਨੇ ਜਗਵੇਦੀ ਵੇਖੀ ਅਤੇ ਰਾਜਾ ਨੇ ਜਗਵੇਦੀ ਦੇ ਨੇੜੇ ਜਾ ਕੇ ਉਸ ਦੇ ਉੱਤੇ ਬਲੀ ਚੜ੍ਹਾਈ ।
13ਉਸ ਨੇ ਉਸ ਜਗਵੇਦੀ ਉੱਤੇ ਆਪਣੀ ਹੋਮ ਦੀ ਬਲੀ ਅਤੇ ਆਪਣੇ ਮੈਦੇ ਦੀ ਬਲੀ ਸਾੜੀ ਅਤੇ ਆਪਣੀ ਪੀਣ ਦੀ ਭੇਂਟ ਡੋਹਲ ਕੇ ਆਪਣੀ ਸੁੱਖ-ਸਾਂਦ ਦੀਆਂ ਬਲੀਆਂ ਦਾ ਲਹੂ ਜਗਵੇਦੀ ਉੱਤੇ ਛਿੜਕਿਆ ।14ਪਿੱਤਲ ਦੀ ਉਸ ਜਗਵੇਦੀ ਨੂੰ, ਜੋ ਯਹੋਵਾਹ ਦੇ ਅੱਗੇ ਸੀ ਉਸ ਨੇ ਹੈਕਲ ਦੇ ਸਾਹਮਣਿਓਂ ਯਹੋਵਾਹ ਦੇ ਭਵਨ ਤੇ ਆਪਣੀ ਜਗਵੇਦੀ ਦੇ ਵਿਚਕਾਰ ਹਟਾ ਕੇ ਆਪਣੀ ਜਗਵੇਦੀ ਦੇ ਉੱਤਰ ਵੱਲ ਰੱਖ ਦਿੱਤਾ ।
15ਆਹਾਜ਼ ਰਾਜਾ ਨੇ ਇਹ ਆਖ ਕੇ ਊਰੀਯਾਹ ਜਾਜਕ ਨੂੰ ਆਗਿਆ ਦਿੱਤੀ ਕਿ ਸਵੇਰ ਦੀ ਹੋਮ ਬਲੀ, ਸ਼ਾਮ ਦੀ ਮੈਦੇ ਦੀ ਭੇਂਟ, ਰਾਜਾ ਦੀ ਹੋਮ ਬਲੀ ਅਤੇ ਉਸ ਦੀ ਮੈਦੇ ਦੀ ਭੇਂਟ, ਦੇਸ ਦੇ ਸਾਰੇ ਲੋਕਾਂ ਦੀ ਹੋਮ ਬਲੀ ਅਤੇ ਉਨ੍ਹਾਂ ਦੀ ਮੈਦੇ ਦੀ ਭੇਂਟ ਅਤੇ ਉਨ੍ਹਾਂ ਦੀਆਂ ਪੀਣ ਦੀਆਂ ਭੇਂਟਾਂ ਵੱਡੀ ਜਗਵੇਦੀ ਤੇ ਚੜ੍ਹਾਇਆ ਕਰ । ਹੋਮ ਬਲੀ ਦਾ ਸਾਰਾ ਲਹੂ ਅਤੇ ਕੁਰਬਾਨੀ ਦਾ ਸਾਰਾ ਲਹੂ ਉਸ ਦੇ ਉੱਤੇ ਛਿੜਕਿਆ ਕਰ ਪਰ ਪਿੱਤਲ ਦੀ ਜਗਵੇਦੀ ਮੇਰੇ ਪੁੱਛ-ਗਿੱਛ ਕਰਨ ਦੇ ਲਈ ਹੋਵੇਗੀ ।16ਊਰੀਯਾਹ ਜਾਜਕ ਨੇ ਆਹਾਜ਼ ਰਾਜਾ ਦੀ ਆਗਿਆ ਦੇ ਅਨੁਸਾਰ ਸਭ ਕੁਝ ਕੀਤਾ ।
17ਤਦ ਆਹਾਜ਼ ਰਾਜਾ ਨੇ ਕੁਰਸੀਆਂ ਦੀਆਂ ਪਟੜੀਆਂ ਨੂੰ ਕੱਟ ਕੇ ਉਹਨਾਂ ਦੇ ਉੱਪਰਲੇ ਹੌਦ ਨੂੰ ਲਾਹ ਦਿੱਤਾ ਅਤੇ ਸਾਗਰੀ ਹੌਦ ਨੂੰ ਪਿੱਤਲ ਦੇ ਬਲਦਾਂ ਉੱਤੋਂ ਜੋ ਉਹ ਦੇ ਥੱਲੇ ਸਨ, ਲਾਹ ਕੇ ਪੱਥਰਾਂ ਦੇ ਫ਼ਰਸ਼ ਉੱਤੇ ਰੱਖ ਦਿੱਤਾ ।18ਉਸ ਨੇ ਉਹ ਛੱਤਿਆ ਹੋਇਆ ਰਾਹ, ਜਿਸ ਨੂੰ ਉਨ੍ਹਾਂ ਨੇ ਸਬਤ ਦੇ ਲਈ ਹੈਕਲ ਦੇ ਵਿੱਚ ਬਣਾਇਆ ਸੀ ਅਤੇ ਰਾਜਾ ਦੇ ਬਾਹਰਲੇ ਫਾਟਕ ਨੂੰ ਅੱਸ਼ੂਰ ਦੇ ਰਾਜਾ ਦੇ ਕਾਰਨ ਯਹੋਵਾਹ ਦੇ ਭਵਨ ਤੋਂ ਹਟਾ ਦਿੱਤਾ ।
19ਆਹਾਜ਼ ਦੀ ਬਾਕੀ ਘਟਨਾ ਅਤੇ ਜੋ ਕੁਝ ਉਹ ਨੇ ਕੀਤਾ, ਕੀ ਉਹ ਯਹੂਦਾਹ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਨਹੀਂ ਹੈ ?20ਆਹਾਜ਼ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ ਅਤੇ ਆਪਣੇ ਪਿਉ-ਦਾਦਿਆਂ ਨਾਲ ਦਾਊਦ ਦੇ ਸ਼ਹਿਰ ਵਿੱਚ ਦੱਬਿਆ ਗਿਆ ਫਿਰ ਉਸ ਦਾ ਪੁੱਤਰ ਹਿਜ਼ਕੀਯਾਹ ਉਸ ਦੇ ਥਾਂ ਰਾਜ ਕਰਨ ਲੱਗਾ ।

17
ਇਸਰਾਏਲ ਦਾ ਰਾਜਾ ਹੋਸ਼ੇਆ

1ਯਹੂਦਾਹ ਦੇ ਰਾਜਾ ਆਹਾਜ਼ ਦੇ ਬਾਰ੍ਹਵੇਂ ਸਾਲ ਏਲਾਹ ਦਾ ਪੁੱਤਰ ਹੋਸ਼ੇਆ, ਸਾਮਰਿਯਾ ਵਿੱਚ ਇਸਰਾਏਲ ਉੱਤੇ ਰਾਜ ਕਰਨ ਲੱਗਾ ਅਤੇ ਉਸ ਨੇ ਨੌਂ ਸਾਲ ਰਾਜ ਕੀਤਾ ।2ਉਸ ਨੇ ਉਹ ਕੰਮ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜਾ ਸੀ, ਪਰ ਇਸਰਾਏਲ ਦੇ ਉਨ੍ਹਾਂ ਰਾਜਿਆਂ ਵਾਂਗੂੰ ਨਹੀਂ ਜੋ ਉਸ ਤੋਂ ਪਹਿਲਾਂ ਸਨ ।3ਅੱਸ਼ੂਰ ਦੇ ਰਾਜਾ ਸ਼ਲਮਨਸਰ ਨੇ ਉਸ ਦੇ ਉੱਤੇ ਹਮਲਾ ਕੀਤਾ । ਹੋਸ਼ੇਆ ਉਸ ਦਾ ਦਾਸ ਹੋ ਗਿਆ ਅਤੇ ਉਸ ਨੂੰ ਨਜ਼ਰਾਨਾ ਦਿੱਤਾ ।

4ਅੱਸ਼ੂਰ ਦੇ ਰਾਜਾ ਨੇ ਹੋਸ਼ੇਆ ਦੀ ਚਾਲ ਨੂੰ ਬੁੱਝ ਲਿਆ ਕਿਉਂ ਜੋ ਉਸ ਨੇ ਮਿਸਰ ਦੇ ਰਾਜਾ ਦੇ ਕੋਲ ਦੂਤ ਭੇਜੇ ਸਨ ਅਤੇ ਅੱਸ਼ੂਰ ਦੇ ਰਾਜਾ ਕੋਲ ਉਹ ਨਜ਼ਰਾਨਾ ਲੈ ਕੇ ਨਾ ਗਿਆ, ਜਿਹੜਾ ਉਹ ਹਰ ਸਾਲ ਲੈ ਕੇ ਜਾਂਦਾ ਹੁੰਦਾ ਸੀ । ਇਸ ਕਰਕੇ ਅੱਸ਼ੂਰ ਦੇ ਰਾਜਾ ਨੇ ਉਸ ਨੂੰ ਬੰਦ ਕਰ ਲਿਆ ਅਤੇ ਬੰਨ੍ਹ ਕੇ ਬੰਦੀ ਖਾਨੇ ਵਿੱਚ ਪਾ ਦਿੱਤਾ ।
ਸਾਮਰਿਯਾ ਦਾ ਪਤਨ

5ਤਦ ਅੱਸ਼ੂਰ ਦੇ ਰਾਜਾ ਨੇ ਸਾਰੇ ਦੇਸ ਉੱਤੇ ਚੜ੍ਹਾਈ ਕੀਤੀ ਅਤੇ ਸਾਮਰਿਯਾ ਉੱਤੇ ਚੜ੍ਹਾਈ ਕਰ ਕੇ ਤਿੰਨ ਸਾਲ ਉਸ ਨੂੰ ਘੇਰੀ ਰੱਖਿਆ ।6ਹੋਸ਼ੇਆ ਦੇ ਨੌਵੇਂ ਸਾਲ ਅੱਸ਼ੂਰ ਦੇ ਰਾਜਾ ਨੇ ਸਾਮਰਿਯਾ ਨੂੰ ਲੈ ਲਿਆ ਅਤੇ ਇਸਰਾਏਲ ਨੂੰ ਗੁਲਾਮ ਬਣਾ ਕੇ ਅੱਸ਼ੂਰ ਨੂੰ ਲੈ ਗਿਆ ਅਤੇ ਉਨ੍ਹਾਂ ਨੂੰ ਹਲਹ ਵਿੱਚ ਤੇ ਗੋਜ਼ਾਨ ਦੀ ਨਦੀ ਹਾਬੋਰ ਦੇ ਵਿੱਚ ਅਤੇ ਮਾਦੀਆਂ ਦੇ ਸ਼ਹਿਰਾਂ ਵਿੱਚ ਵਸਾ ਦਿੱਤਾ ।
7ਇਸ ਦਾ ਕਾਰਨ ਇਹ ਸੀ ਕਿ ਇਸਰਾਏਲ ਨੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਵਿਰੁੱਧ ਜੋ ਉਨ੍ਹਾਂ ਨੂੰ ਮਿਸਰ ਦੇ ਦੇਸ ਤੋਂ ਅਤੇ ਮਿਸਰ ਦੇ ਰਾਜਾ ਫਿਰਊਨ ਦੇ ਹੱਥੋਂ ਕੱਢ ਕੇ ਲਿਆਇਆ ਸੀ, ਪਾਪ ਕੀਤਾ ਅਤੇ ਪਰਾਏ ਦੇਵਤਿਆਂ ਦਾ ਭੈ ਮੰਨਿਆ ।8ਜਿਨ੍ਹਾਂ ਕੌਮਾਂ ਨੂੰ ਯਹੋਵਾਹ ਨੇ ਇਸਰਾਏਲੀਆਂ ਦੇ ਸਾਹਮਣਿਓਂ ਕੱਢ ਦਿੱਤਾ ਸੀ, ਉਨ੍ਹਾਂ ਦੀਆਂ ਅਤੇ ਇਸਰਾਏਲ ਦੇ ਰਾਜਿਆਂ ਦੀਆਂ ਬਣਾਈਆਂ ਹੋਈਆਂ ਬਿਧੀਆਂ ਉੱਤੇ ਚੱਲਦੇ ਸਨ ।
9ਇਸਰਾਏਲੀਆਂ ਨੇ ਗੁਪਤ ਵਿੱਚ ਯਹੋਵਾਹ ਆਪਣੇ ਪਰਮੇਸ਼ੁਰ ਦੇ ਵਿਰੁੱਧ ਉਹ ਕੰਮ ਕੀਤੇ, ਜੋ ਚੰਗੇ ਨਹੀਂ ਸਨ ਅਤੇ ਉਨ੍ਹਾਂ ਨੇ ਪਹਿਰੇਦਾਰਾਂ ਨੂੰ ਗੁੱਮਟ ਤੋਂ ਲੈ ਕੇ ਗੜ੍ਹ ਵਾਲੇ ਸ਼ਹਿਰ ਤੱਕ ਆਪਣਿਆਂ ਸਾਰਿਆਂ ਸ਼ਹਿਰਾਂ ਵਿੱਚ ਉੱਚੇ ਥਾਂ ਬਣਾ ਲਏ ।10ਉਨ੍ਹਾਂ ਨੇ ਹਰ ਉੱਚੇ ਟਿੱਲੇ ਉੱਤੇ ਤੇ ਹਰੇਕ ਹਰੇ ਰੁੱਖ ਦੇ ਹੇਠਾਂ ਆਪਣੇ ਲਈ ਥੰਮ੍ਹ ਅਤੇ ਲੱਕੜ ਦੇ ਦੇਵਤੇ ਖੜ੍ਹੇ ਕਰ ਲਏ ।
11ਉੱਥੇ ਸਾਰਿਆਂ ਉੱਚਿਆਂ ਥਾਵਾਂ ਦੇ ਉੱਤੇ ਉਹਨਾਂ ਕੌਮਾਂ ਵਾਂਗੂੰ ਜਿਨ੍ਹਾਂ ਨੂੰ ਯਹੋਵਾਹ ਨੇ ਉਨ੍ਹਾਂ ਦੇ ਸਾਹਮਣਿਓਂ ਕੱਢ ਦਿੱਤਾ ਸੀ, ਧੂਪ ਧੁਖਾਈ ਅਤੇ ਯਹੋਵਾਹ ਦੇ ਕ੍ਰੋਧ ਨੂੰ ਭੜਕਾਉਣ ਲਈ ਉਹ ਕੰਮ ਕੀਤੇ, ਜੋ ਭੈੜੇ ਸਨ12ਅਤੇ ਬੁੱਤਾਂ ਦੀ ਪੂਜਾ ਕੀਤੀ ਜਿਸ ਦੇ ਵਿਖੇ ਯਹੋਵਾਹ ਨੇ ਉਨ੍ਹਾਂ ਨੂੰ ਆਖਿਆ ਸੀ ਕਿ ਤੁਸੀਂ ਇਹ ਕੰਮ ਨਾ ਕਰਿਓ ।
13ਯਹੋਵਾਹ ਸਾਰੇ ਨਬੀਆਂ ਅਤੇ ਸਾਰੇ ਦਰਸ਼ਣ ਵੇਖਣ ਵਾਲਿਆਂ ਦੇ ਰਾਹੀਂ ਇਹ ਕਹਿ ਕੇ ਇਸਰਾਏਲ ਤੇ ਯਹੂਦਾਹ ਨੂੰ ਚਿਤਾਰਦਾ ਰਿਹਾ ਕਿ ਆਪਣਿਆਂ ਭੈੜਿਆ ਰਾਹਾਂ ਤੋਂ ਮੁੜੋ ਅਤੇ ਉਸ ਸਾਰੀ ਬਿਵਸਥਾ ਦੇ ਅਨੁਸਾਰ ਜਿਸ ਦੀ ਆਗਿਆ ਮੈਂ ਤੁਹਾਡੇ ਪਿਉ-ਦਾਦਿਆਂ ਨੂੰ ਦਿੱਤੀ ਅਤੇ ਜਿਸ ਨੂੰ ਮੈਂ ਆਪਣੇ ਦਾਸਾਂ ਨਬੀਆਂ ਦੇ ਰਾਹੀਂ ਤੁਹਾਡੇ ਕੋਲ ਭੇਜਿਆ, ਮੇਰਿਆਂ ਹੁਕਮਾਂ ਤੇ ਬਿਧੀਆਂ ਨੂੰ ਮੰਨੋ ।
14ਤਦ ਵੀ ਉਨ੍ਹਾਂ ਨੇ ਨਾ ਸੁਣੀ ਪਰ ਆਪਣੇ ਪਿਉ-ਦਾਦਿਆਂ ਵਾਂਗੂੰ ਜਿਨ੍ਹਾਂ ਯਹੋਵਾਹ ਆਪਣੇ ਪਰਮੇਸ਼ੁਰ ਤੇ ਨਿਹਚਾ ਨਾ ਕੀਤੀ, ਢੀਠ ਹੋ ਗਏ ।15ਪਰ ਉਸ ਦੀਆਂ ਬਿਧੀਆਂ ਅਤੇ ਨੇਮ ਨੂੰ ਜੋ ਉਸ ਨੇ ਉਨ੍ਹਾਂ ਦੇ ਪਿਉ-ਦਾਦਿਆਂ ਨਾਲ ਬੰਨ੍ਹਿਆ ਸੀ ਅਤੇ ਉਸ ਦੀਆਂ ਸਾਖੀਆਂ ਨੂੰ ਜੋ ਉਸ ਨੇ ਉਨ੍ਹਾਂ ਨੂੰ ਸੰਭਾਲੀਆਂ ਸਨ, ਓਹ ਨੇ ਰੱਦਿਆ ਅਤੇ ਨਿਕੰਮੀਆਂ ਵਸਤੂਆਂ ਦੇ ਪਿੱਛੇ ਲੱਗ ਕੇ ਨਿਕੰਮੇ ਹੋ ਗਏ ਅਤੇ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਦੇ ਪਿੱਛੇ ਲੱਗ ਗਏ, ਜਿਨ੍ਹਾਂ ਦੇ ਵਿਖੇ ਯਹੋਵਾਹ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਉਨ੍ਹਾਂ ਵਾਂਗੂੰ ਕੰਮ ਨਾ ਕਰਨ ।
16ਪਰ ਉਨ੍ਹਾਂ ਨੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਾਰੇ ਹੁਕਮਾਂ ਨੂੰ ਛੱਡ ਕੇ ਆਪਣੇ ਲਈ ਢਾਲੀਆਂ ਹੋਈਆਂ ਮੂਰਤਾਂ ਅਰਥਾਤ ਦੋ ਵੱਛੇ ਬਣਾਏ, ਇੱਕ ਲੱਕੜ ਦਾ ਬੁੱਤ ਤਿਆਰ ਕਰ ਕੇ ਅਕਾਸ਼ ਦੀ ਸਾਰੀ ਸੈਨਾ ਨੂੰ ਮੱਥਾ ਟੇਕਿਆ ਅਤੇ ਬਆਲ ਦੀ ਪੂਜਾ ਕੀਤੀ ।17ਅਤੇ ਆਪਣੇ ਪੁੱਤਰਾਂ ਅਤੇ ਆਪਣੀਆਂ ਧੀਆਂ ਨੂੰ ਅੱਗ ਵਿੱਚ ਦੀ ਲੰਘਾਇਆ ਅਤੇ ਪੁੱਛ ਪੁਆਉਣ ਵਾਲਿਆਂ ਤੇ ਜਾਦੂਗਰਾਂ ਤੋਂ ਕੰਮ ਲਿਆ ਅਤੇ ਆਪਣੇ ਆਪ ਉਨ੍ਹਾਂ ਕੰਮਾਂ ਲਈ ਵਿੱਕ ਗਏ ਜੋ ਯਹੋਵਾਹ ਦੀ ਨਿਗਾਹ ਵਿੱਚ ਬੁਰੇ ਸਨ ਅਤੇ ਉਹ ਦੇ ਕ੍ਰੋਧ ਨੂੰ ਭੜਕਾਇਆ ।18ਯਹੋਵਾਹ ਇਸਰਾਏਲ ਉੱਤੇ ਅੱਤ ਕ੍ਰੋਧਵਾਨ ਹੋਇਆ ਅਤੇ ਉਨ੍ਹਾਂ ਨੂੰ ਆਪਣੇ ਅੱਗਿਓਂ ਦੂਰ ਕਰ ਦਿੱਤਾ । ਯਹੂਦਾਹ ਦੇ ਗੋਤ ਤੋਂ ਬਿਨ੍ਹਾਂ ਕੋਈ ਨਾ ਛੁੱਟਿਆ ।
19ਯਹੂਦਾਹ ਨੇ ਆਪਣੇ ਪਰਮੇਸ਼ੁਰ ਦੇ ਹੁਕਮਾਂ ਨੂੰ ਨਾ ਮੰਨਿਆ ਪਰ ਉਹ ਉਹਨਾਂ ਬਿਧੀਆਂ ਤੇ ਚੱਲਦੇ ਰਹੇ ਜੋ ਇਸਰਾਏਲ ਨੇ ਬਣਾਈਆਂ ਸਨ ।20ਇਸ ਲਈ ਯਹੋਵਾਹ ਨੇ ਇਸਰਾਏਲ ਦੀ ਸਾਰੀ ਅੰਸ ਨੂੰ ਰੱਦਿਆ ਅਤੇ ਉਨ੍ਹਾਂ ਨੂੰ ਨੀਵੀਆਂ ਕੀਤਾ ਅਤੇ ਉਨ੍ਹਾਂ ਨੂੰ ਲੁਟੇਰਿਆਂ ਦੇ ਹੱਥ ਵਿੱਚ ਦੇ ਕੇ ਅੰਤ ਨੂੰ ਆਪਣੇ ਅੱਗਿਓਂ ਉਨ੍ਹਾਂ ਨੂੰ ਦੂਰ ਕਰ ਦਿੱਤਾ ।
21ਕਿਉਂ ਜੋ ਉਸ ਇਸਰਾਏਲ ਨੂੰ ਦਾਊਦ ਦੇ ਘਰਾਣੇ ਤੋਂ ਅਲੱਗ ਕਰ ਦਿੱਤਾ ਅਤੇ ਉਨ੍ਹਾਂ ਨੇ ਨਬਾਟ ਦੇ ਪੁੱਤਰ ਯਾਰਾਬੁਆਮ ਨੂੰ ਰਾਜਾ ਬਣਾ ਲਿਆ ਅਤੇ ਯਾਰਾਬੁਆਮ ਨੇ ਇਸਰਾਏਲ ਨੂੰ ਯਹੋਵਾਹ ਦੇ ਪਿੱਛੇ ਤੁਰਨ ਤੋਂ ਹਟਾ ਕੇ ਉਨ੍ਹਾਂ ਤੋਂ ਵੱਡਾ ਪਾਪ ਕਰਾਇਆ ।22ਅਤੇ ਇਸਰਾਏਲੀ ਉਹਨਾਂ ਸਾਰਿਆਂ ਪਾਪਾਂ ਵਿੱਚ ਤੁਰਦੇ ਰਹੇ ਜੋ ਯਾਰਾਬੁਆਮ ਨੇ ਕੀਤੇ ਸਨ ਅਤੇ ਉਨ੍ਹਾਂ ਨੇ ਉਹਨਾਂ ਨੂੰ ਨਾ ਛੱਡਿਆ ।23ਇੱਥੋਂ ਤੱਕ ਕਿ ਯਹੋਵਾਹ ਨੇ ਇਸਰਾਏਲ ਨੂੰ ਆਪਣੇ ਅੱਗਿਓਂ ਹਟਾ ਦਿੱਤਾ ਜਿਵੇਂ ਉਸ ਨੇ ਆਪਣੇ ਸਾਰੇ ਦਾਸਾਂ ਨਬੀਆਂ ਦੇ ਰਾਹੀਂ ਆਖਿਆ ਸੀ । ਇਸਰਾਏਲ ਆਪਣੀ ਧਰਤੀ ਤੋਂ ਕੱਢ ਕੇ ਅੱਸ਼ੂਰ ਵਿੱਚ ਪਹੁੰਚਾਇਆ ਗਿਆ ਜਿੱਥੇ ਉਹ ਅੱਜ ਦੇ ਦਿਨ ਤੱਕ ਹੈ ।
ਇਸਰਾਏਲ ਦੇ ਵਿੱਚ ਪਰਾਈਆਂ ਕੌਮਾਂ ਦਾ ਵਸਾਇਆ ਜਾਣਾ

24ਅੱਸ਼ੂਰ ਦੇ ਰਾਜਾ ਨੇ ਬਾਬਲ, ਕੂਥਾਹ, ਅੱਵਾ, ਹਮਾਥ ਅਤੇ ਸਫਰਵਇਮ ਦੇ ਲੋਕਾਂ ਨੂੰ ਲਿਆ ਕੇ, ਸਮਰਿਯਾ ਵਿੱਚ ਇਸਰਾਏਲੀਆਂ ਦੇ ਥਾਂ ਵਸਾਇਆ । ਫਿਰ ਉਨ੍ਹਾਂ ਨੇ ਸਾਮਰਿਯਾ ਨੂੰ ਲੈ ਲਿਆ ਤੇ ਉਸ ਦੇ ਸ਼ਹਿਰਾਂ ਵਿੱਚ ਵੱਸ ਗਏ ।25ਤਦ ਅਜਿਹਾ ਹੋਇਆ ਕਿ ਜਦ ਉਹ ਪਹਿਲੇ ਪਹਿਲ ਉੱਥੇ ਵੱਸੇ ਤਦ ਉਹ ਯਹੋਵਾਹ ਦਾ ਭੈ ਨਹੀਂ ਮੰਨਦੇ ਸਨ । ਇਸ ਲਈ ਯਹੋਵਾਹ ਨੇ ਉਨ੍ਹਾਂ ਵਿੱਚ ਸ਼ੇਰ ਭੇਜੇ, ਜਿਨ੍ਹਾਂ ਨੇ ਉਨ੍ਹਾਂ ਵਿੱਚੋਂ ਕਈਆਂ ਨੂੰ ਮਾਰਿਆ ।26ਇਸ ਲਈ ਉਨ੍ਹਾਂ ਨੇ ਅੱਸ਼ੂਰ ਦੇ ਰਾਜਾ ਨੂੰ ਇਹ ਆਖਿਆ ਕਿ ਜਿਨ੍ਹਾਂ ਕੌਮਾਂ ਨੂੰ ਤੁਸੀਂ ਲੈ ਜਾ ਕੇ ਸਾਮਰਿਯਾ ਵਿੱਚ ਵਸਾਇਆ ਹੈ ਉਹ ਉਸ ਦੇਸ ਦੇ ਪਰਮੇਸ਼ੁਰ ਦੀ ਰੀਤ ਨੂੰ ਨਹੀਂ ਜਾਣਦੀਆਂ, ਇਸ ਲਈ ਉਸ ਨੇ ਉਨ੍ਹਾਂ ਦੇ ਵਿੱਚ ਸ਼ੇਰ ਭੇਜੇ ਹਨ ਅਤੇ ਵੇਖੋ, ਉਹ ਉਨ੍ਹਾਂ ਨੂੰ ਪਾੜਦੇ ਹਨ ਕਿਉਂ ਜੋ ਉਸ ਦੇਸ ਦੇ ਦੇਵਤੇ ਦੀ ਰੀਤ ਨੂੰ ਨਹੀਂ ਜਾਣਦੇ ।
27ਤਦ ਅੱਸ਼ੂਰ ਦੇ ਰਾਜਾ ਨੇ ਆਗਿਆ ਦਿੱਤੀ ਕਿ ਜਿਨ੍ਹਾਂ ਜਾਜਕਾਂ ਨੂੰ ਤੁਸੀਂ ਉਸ ਥਾਂ ਤੋਂ ਗੁਲਾਮ ਬਣਾ ਕੇ ਲੈ ਆਏ ਹੋ, ਉਹਨਾਂ ਵਿੱਚੋਂ ਇੱਕ ਨੂੰ ਉੱਥੇ ਲੈ ਜਾਓ ਕਿ ਉਹ ਉੱਥੇ ਜਾ ਕੇ ਵੱਸੇ ਅਤੇ ਉਨ੍ਹਾਂ ਨੂੰ ਉਸ ਦੇਸ ਦੇ ਦੇਵਤੇ ਦੀ ਰੀਤ ਸਿਖਾਉਣ ।28ਤਦ ਉਹਨਾਂ ਜਾਜਕਾਂ ਵਿੱਚੋਂ ਜਿਨ੍ਹਾਂ ਨੂੰ ਉਹ ਸਾਮਰਿਯਾ ਵਿੱਚ ਗੁਲਾਮ ਬਣਾ ਕੇ ਲਿਆਏ ਸਨ, ਇੱਕ ਜਣਾ ਆ ਕੇ ਬੈਤਏਲ ਵਿੱਚ ਰਹਿਣ ਲੱਗਾ ਅਤੇ ਉਨ੍ਹਾਂ ਨੂੰ ਸਿਖਾਉਣ ਲੱਗ ਪਿਆ ਕਿ ਉਨ੍ਹਾਂ ਨੂੰ ਕਿਵੇਂ ਯਹੋਵਾਹ ਦਾ ਭੈ ਮੰਨਣਾ ਚਾਹੀਦਾ ਹੈ ।
29ਤਦ ਵੀ ਸਾਰੀਆਂ ਕੌਮਾਂ ਨੇ ਵੱਖੋ-ਵੱਖ ਆਪਣੇ ਦੇਵਤੇ ਬਣਾਏ ਅਤੇ ਉਨ੍ਹਾਂ ਸ਼ਹਿਰਾਂ ਵਿੱਚ ਜਿੱਥੇ ਵੱਸ ਗਏ ਸਨ, ਹਰ ਕੌਮ ਨੇ ਸਾਮਰਿਯਾ ਦੀਆਂ ਬਣਾਈਆਂ ਹੋਈਆਂ ਉੱਚੀਆਂ ਥਾਵਾਂ ਦੇ ਮੰਦਰਾਂ ਵਿੱਚ ਉਨ੍ਹਾਂ ਨੂੰ ਰੱਖ ਦਿੱਤਾ ।30ਬਾਬਲ ਦੇ ਮਨੁੱਖਾਂ ਨੇ ਸੁੱਕੋਥ ਬਨੋਥ ਨੂੰ ਬਣਾਇਆ ਅਤੇ ਕੂਥ ਦੇ ਮਨੁੱਖਾਂ ਨੇ ਨੇਰਗਾਲ ਨੂੰ ਬਣਾਇਆ ਅਤੇ ਹਮਾਥ ਦੇ ਮਨੁੱਖਾਂ ਨੇ ਅਸ਼ੀਮਾ ਨੂੰ ਬਣਾਇਆ ।31ਅੱਵੀਆਂ ਨੇ ਨਿਬਹਜ਼ ਅਤੇ ਤਰਤਾਕ ਨੂੰ ਬਣਾਇਆ ਅਤੇ ਸਫ਼ਰਵੀਆਂ ਨੇ ਆਪਣੇ ਪੁੱਤਰਾਂ ਨੂੰ ਅੱਦਰਮਲਕ ਅਤੇ ਅਨਮਲਕ ਦੇ ਲਈ ਜੋ ਸਫਰਵਇਮ ਦੇ ਦੇਵਤੇ ਸਨ, ਅੱਗ ਵਿੱਚ ਸਾੜਦੇ ਹੁੰਦੇ ਸਨ ।
32ਇਸ ਤਰਾਂ ਉਹ ਯਹੋਵਾਹ ਦਾ ਭੈ ਮੰਨਣ ਵਾਲੇ ਤਾਂ ਹੋ ਗਏ, ਪਰ ਨਾਲ ਹੀ ਆਪਣੇ ਲਈ ਉੱਚਿਆਂ ਥਾਵਾਂ ਦੇ ਜਾਜਕ ਵੀ ਆਪਣੇ ਵਿੱਚੋਂ ਬਣਾ ਲਏ ਜੋ ਉਨ੍ਹਾਂ ਦੇ ਲਈ ਉੱਚਿਆਂ ਥਾਵਾਂ ਦੇ ਮੰਦਰਾਂ ਵਿੱਚ ਭੇਂਟਾਂ ਚੜ੍ਹਾਉਂਦੇ ਹੁੰਦੇ ਸਨ ।33ਉਹ ਯਹੋਵਾਹ ਦਾ ਭੈ ਮੰਨਦੇ ਸਨ ਪਰ ਨਾਲ ਹੀ ਉਨ੍ਹਾਂ ਕੌਮਾਂ ਦੀ ਰੀਤ ਅਨੁਸਾਰ ਜਿਨ੍ਹਾਂ ਵਿੱਚੋਂ ਉਹ ਕੱਢ ਕੇ ਲਿਆਂਦੇ ਗਏ ਸਨ, ਆਪਣੇ ਦੇਵਤਿਆਂ ਦੀ ਪੂਜਾ ਵੀ ਕਰਦੇ ਹੁੰਦੇ ਸਨ ।
34ਅੱਜ ਦੇ ਦਿਨ ਤੱਕ ਉਹ ਪਹਿਲੀਆਂ ਰੀਤਾਂ ਦੇ ਅਨੁਸਾਰ ਕਰਦੇ ਹਨ । ਉਹ ਯਹੋਵਾਹ ਦਾ ਭੈ ਨਹੀਂ ਮੰਨਦੇ ਨਾ ਉਹ ਉਹਨਾਂ ਦੀਆਂ ਬਿਧੀਆਂ ਜਾਂ ਰੀਤਾਂ ਅਨੁਸਾਰ ਕਰਦੇ ਹਨ ਅਤੇ ਨਾ ਉਸ ਬਿਵਸਥਾ ਅਤੇ ਹੁਕਮ ਅਨੁਸਾਰ ਜਿਹ ਦਾ ਹੁਕਮ ਯਹੋਵਾਹ ਨੇ ਯਾਕੂਬ ਦੀ ਸੰਤਾਨ ਨੂੰ ਦਿੱਤਾ ਜਿਹ ਦਾ ਨਾਮ ਉਹ ਨੇ ਇਸਰਾਏਲ ਰੱਖਿਆ ਸੀ ।35ਜਿਨ੍ਹਾਂ ਨਾਲ ਯਹੋਵਾਹ ਨੇ ਨੇਮ ਬੱਧਾ ਅਤੇ ਇਹ ਹੁਕਮ ਦਿੱਤਾ ਸੀ ਕਿ ਤੁਸੀਂ ਪਰਾਇਆਂ ਦੇਵਤਿਆਂ ਦਾ ਭੈ ਨਾ ਮੰਨਿਓ, ਨਾ ਉਨ੍ਹਾਂ ਅੱਗੇ ਮੱਥਾ ਟੇਕਿਓ, ਨਾ ਉਨ੍ਹਾਂ ਦੀ ਪੂਜਾ ਕਰਿਓ ਤੇ ਨਾ ਉਨ੍ਹਾਂ ਅੱਗੇ ਬਲੀ ਚੜ੍ਹਾਇਓ ।
36ਪਰ ਯਹੋਵਾਹ ਜੋ ਵੱਡੇ ਬਲ ਅਤੇ ਵਧਾਈ ਹੋਈ ਬਾਂਹ ਨਾਲ ਤੁਹਾਨੂੰ ਮਿਸਰ ਦੇ ਦੇਸ ਵਿੱਚੋਂ ਕੱਢ ਲਿਆਇਆ ਕੇਵਲ ਉਸੇ ਦਾ ਭੈ ਮੰਨੋ ਅਤੇ ਉਸੇ ਨੂੰ ਤੁਸੀਂ ਮੱਥਾ ਟੇਕੋ ਅਤੇ ਉਸ ਦੇ ਅੱਗੇ ਤੁਸੀਂ ਬਲੀ ਚੜ੍ਹਾਇਓ ।37ਅਤੇ ਜੋ ਬਿਧੀਆਂ, ਆਗਿਆਵਾਂ, ਬਿਵਸਥਾ ਅਤੇ ਹੁਕਮਨਾਮਾ ਉਸ ਨੇ ਤੁਹਾਡੇ ਲਈ ਲਿਖੇ ਉਨ੍ਹਾਂ ਨੂੰ ਪੱਕਾ ਕਰ ਕੇ ਮੰਨਿਓ ਅਤੇ ਪਰਾਏ ਦੇਵਤਿਆਂ ਦਾ ਭੈ ਨਾ ਮੰਨਿਓ ।38ਜਿਹੜਾ ਨੇਮ ਮੈਂ ਤੁਹਾਡੇ ਨਾਲ ਬੰਨ੍ਹਿਆ ਹੈ ਤੁਸੀਂ ਨਾ ਭੁੱਲਣਾ ਨਾ ਪਰਾਏ ਦੇਵਤਿਆਂ ਦਾ ਵੀ ਤੁਸੀਂ ਮੰਨਣਾ ।
39ਪਰ ਯਹੋਵਾਹ ਆਪਣੇ ਪਰਮੇਸ਼ੁਰ ਦਾ ਭੈ ਮੰਨਿਓ ਤਦ ਉਹ ਤੁਹਾਨੂੰ ਤੁਹਾਡੇ ਸਾਰੇ ਵੈਰੀਆਂ ਦੇ ਹੱਥੋਂ ਛੁਡਾਵੇਗਾ ।40ਪਰ ਉਨ੍ਹਾਂ ਨੇ ਨਾ ਸੁਣਿਆ ਸਗੋਂ ਆਪਣੀ ਪਹਿਲੀ ਰੀਤ ਅਨੁਸਾਰ ਕਰਦੇ ਰਹੇ ।41ਇਸ ਤਰਾਂ ਉਹ ਕੌਮਾਂ ਯਹੋਵਾਹ ਦਾ ਭੈ ਵੀ ਮੰਨਦੀਆਂ ਸਨ ਤੇ ਨਾਲੇ ਆਪਣੀਆਂ ਘੜੀਆਂ ਹੋਇਆਂ ਮੂਰਤਾਂ ਦੀ ਪੂਜਾ ਵੀ ਕਰਦੀਆਂ ਸਨ ਅਤੇ ਜਿਵੇਂ ਪਿਉ-ਦਾਦੇ ਭੇਟਾਂ ਚੜ੍ਹਾਉਂਦੇ ਸਨ, ਉਸੇ ਤਰ੍ਹਾਂ ਉਨ੍ਹਾਂ ਦੇ ਪੁੱਤਰ ਪੋਤੇ ਵੀ ਅੱਜ ਦੇ ਦਿਨ ਤੱਕ ਚੜ੍ਹਾਉਂਦੇ ਹਨ ।

18
ਯਹੂਦਾਹ ਦਾ ਰਾਜਾ ਹਿਜ਼ਕੀਯਾਹ
(2 ਇਤਿਹਾਸ 29:1,2; 31:1)

1ਫਿਰ ਇਸ ਤਰ੍ਹਾਂ ਹੋਇਆ ਕਿ ਇਸਰਾਏਲ ਦੇ ਰਾਜਾ ਏਲਾਹ ਦੇ ਪੁੱਤਰ ਹੋਸ਼ੇਆ ਦੇ ਤੀਜੇ ਸਾਲ ਵਿੱਚ ਆਹਾਜ਼ ਦਾ ਪੁੱਤਰ ਹਿਜ਼ਕੀਯਾਹ ਯਹੂਦਾਹ ਦਾ ਰਾਜਾ ਰਾਜ ਕਰਨ ਲੱਗਾ ।2ਜਦ ਉਹ ਰਾਜ ਕਰਨ ਲੱਗਾ ਤਾਂ ਪੱਚੀ ਸਾਲਾਂ ਦਾ ਸੀ ਅਤੇ ਉਸ ਨੇ ਉਨੱਤੀ ਸਾਲ ਰਾਜ ਕੀਤਾ ਅਤੇ ਉਸ ਦੀ ਮਾਤਾ ਦਾ ਨਾਮ ਅਬੀ ਸੀ, ਜੋ ਜ਼ਕਰਯਾਹ ਦੀ ਧੀ ਸੀ ।3ਅਤੇ ਸਭ ਕੁਝ ਜੋ ਉਸ ਦੇ ਪਿਉ ਦਾਊਦ ਨੇ ਕੀਤਾ ਸੀ ਉਸ ਨੇ ਉੱਸੇ ਤਰਾਂ ਓਹੋ ਕੰਮ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ ।

4ਉਸ ਨੇ ਉੱਚਿਆਂ ਥਾਵਾਂ ਨੂੰ ਹਟਾ ਦਿੱਤਾ, ਥੰਮ੍ਹਾ ਦੇ ਟੁੱਕੜੇ-ਟੁੱਕੜੇ ਕਰ ਦਿੱਤੇ, ਟੁੰਡਾਂ ਨੂੰ ਵੱਢ ਸੁੱਟਿਆ ਅਤੇ ਪਿੱਤਲ ਦੇ ਸੱਪ ਨੂੰ ਜੋ ਮੂਸਾ ਨੇ ਬਣਾਇਆ ਸੀ ਚਕਨਾ-ਚੂਰ ਕਰ ਦਿੱਤਾ, ਕਿਉਂ ਜੋ ਉਨ੍ਹਾਂ ਦਿਨਾਂ ਤੱਕ ਇਸਰਾਏਲੀ ਉਹ ਦੇ ਅੱਗੇ ਧੂਪ ਧੁਖਾਉਂਦੇ ਸਨ ਸੋ ਉਸ ਨੇ ਉਹ ਦਾ ਨਾਮ ਨਹੁਸ਼ਤਾਨ ਰੱਖਿਆ ।5ਉਹ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਉੱਤੇ ਭਰੋਸਾ ਰੱਖਦਾ ਸੀ ਐਥੋਂ ਤੱਕ ਕਿ ਉਸ ਤੋਂ ਬਾਅਦ ਯਹੂਦਾਹ ਦੇ ਸਾਰੇ ਰਾਜਿਆਂ ਵਿੱਚੋਂ ਇੱਕ ਵੀ ਉਸ ਦੇ ਵਰਗਾ ਨਾ ਹੋਇਆ ਅਤੇ ਨਾ ਉਸ ਤੋਂ ਪਹਿਲਾਂ ਕੋਈ ਹੋਇਆ ਸੀ ।
6ਉਹ ਯਹੋਵਾਹ ਦੇ ਨਾਲ ਚਿੰਬੜਿਆ ਰਿਹਾ ਅਤੇ ਉਹ ਦੇ ਪਿੱਛੋਂ ਤੁਰਨੋਂ ਨਾ ਹਟਿਆ, ਪਰ ਉਹ ਦੇ ਹੁਕਮਾਂ ਨੂੰ ਮੰਨਦਾ ਰਿਹਾ ਜਿਹੜੇ ਯਹੋਵਾਹ ਨੇ ਮੂਸਾ ਨੂੰ ਦਿੱਤੇ ਸਨ ।7ਯਹੋਵਾਹ ਉਸ ਦੇ ਅੰਗ-ਸੰਗ ਰਿਹਾ ਅਤੇ ਜਿੱਥੇ ਕਿਤੇ ਉਹ ਗਿਆ ਉਸ ਦਾ ਜਾਣਾ ਸਫਲ ਹੋਇਆ ਅਤੇ ਉਹ ਅੱਸ਼ੂਰ ਦੇ ਰਾਜਾ ਤੋਂ ਬੇਮੁਖ ਹੋ ਗਿਆ ਅਤੇ ਉਹ ਦੇ ਅਧੀਨ ਨਾ ਰਿਹਾ ।8ਉਸੇ ਨੇ ਹੀ ਫਲਿਸਤੀਆਂ ਨੂੰ ਅੱਜ਼ਾਹ ਅਤੇ ਉਹ ਦੀਆਂ ਹੱਦਾਂ ਤੱਕ ਪਹਿਰੇਦਾਰਾਂ ਦੇ ਬੁਰਜ ਤੋਂ ਗੜ੍ਹ ਵਾਲੇ ਸ਼ਹਿਰ ਤੱਕ ਮਾਰਿਆ ।
9ਹਿਜ਼ਕੀਯਾਹ ਰਾਜਾ ਦੇ ਚੌਥੇ ਸਾਲ ਜੋ ਇਸਰਾਏਲ ਦੇ ਰਾਜਾ ਏਲਾਹ ਦੇ ਪੁੱਤਰ ਹੋਸ਼ੇਆ ਦਾ ਸੱਤਵਾਂ ਸਾਲ ਸੀ, ਇਸ ਤਰ੍ਹਾਂ ਹੋਇਆ ਕਿ ਅੱਸ਼ੂਰ ਦੇ ਰਾਜਾ ਸ਼ਲਮਨਸਰ ਨੇ ਸਾਮਰਿਯਾ ਉੱਤੇ ਚੜ੍ਹਾਈ ਕੀਤੀ ਅਤੇ ਉਹ ਨੂੰ ਘੇਰ ਲਿਆ ।10ਅਤੇ ਤਿੰਨਾ ਸਾਲਾਂ ਦੇ ਅੰਤ ਵਿੱਚ ਉਨ੍ਹਾਂ ਨੇ ਉਹ ਨੂੰ ਲੈ ਲਿਆ । ਹਿਜ਼ਕੀਯਾਹ ਦੇ ਛੇਵੇਂ ਸਾਲ ਜੋ ਇਸਰਾਏਲ ਦੇ ਰਾਜਾ ਹੋਸ਼ੇਆ ਦਾ ਨੌਵਾਂ ਸਾਲ ਸੀ, ਸਾਮਰਿਯਾ ਲੈ ਲਿਆ ਗਿਆ ।
11ਸੋ ਅੱਸ਼ੂਰ ਦਾ ਰਾਜਾ ਇਸਰਾਏਲ ਨੂੰ ਅੱਸ਼ੂਰ ਵਿੱਚ ਗੁਲਾਮ ਬਣਾ ਕੇ ਲੈ ਗਿਆ ਅਤੇ ਉਹਨਾਂ ਨੂੰ ਹਲਹ ਵਿੱਚ ਅਤੇ ਗੋਜ਼ਾਨ ਦੀ ਨਦੀ ਦੇ ਕੋਲ ਹਾਬੋਰ ਵਿੱਚ ਅਤੇ ਮਾਦੀਆਂ ਦੇ ਸ਼ਹਿਰਾਂ ਵਿੱਚ ਵਸਾ ਦਿੱਤਾ ।12ਕਿਉਂ ਜੋ ਉਨ੍ਹਾਂ ਨੇ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨਾ ਸੁਣੀ ਸਗੋਂ ਉਹ ਦੇ ਨੇਮ ਦਾ ਉਲੰਘਣ ਕੀਤਾ । ਉਹ ਸਭ ਕੁਝ ਜਿਹ ਦੀ ਆਗਿਆ ਯਹੋਵਾਹ ਦੇ ਦਾਸ ਮੂਸਾ ਨੇ ਦਿੱਤੀ ਉਹਨਾਂ ਨੇ ਨਾ ਤਾਂ ਮੰਨਿਆ ਅਤੇ ਨਾ ਹੀ ਉਹ ਨੂੰ ਪੂਰਾ ਕੀਤਾ ।
ਅੱਸ਼ੂਰ ਦਾ ਯਰੂਸ਼ਲਮ ਉੱਤੇ ਹਮਲਾ ਹੋਣਾ
(2 ਇਤਿਹਾਸ 32:1 - 19; ਯਸਾਯਾਹ 36:1-22)

13ਹਿਜ਼ਕੀਯਾਹ ਰਾਜਾ ਦੇ ਚੌਧਵੇਂ ਸਾਲ ਅੱਸ਼ੂਰ ਦੇ ਰਾਜਾ ਸਨਹੇਰੀਬ ਨੇ ਯਹੂਦਾਹ ਦੇ ਸਾਰੇ ਗੜ੍ਹ ਵਾਲੇ ਸ਼ਹਿਰਾਂ ਉੱਤੇ ਚੜ੍ਹਾਈ ਕੀਤੀ ਅਤੇ ਉਨ੍ਹਾਂ ਨੂੰ ਲੈ ਲਿਆ ।14ਤਦ ਯਹੂਦਾਹ ਦੇ ਰਾਜਾ ਹਿਜ਼ਕੀਯਾਹ ਨੇ ਅੱਸ਼ੂਰ ਦੇ ਰਾਜਾ ਨੂੰ ਲਾਕੀਸ਼ ਵਿੱਚ ਸੁਨੇਹਾ ਭੇਜਿਆ ਕਿ ਮੇਰੇ ਕੋਲੋਂ ਪਾਪ ਹੋਇਆ । ਮੇਰੇ ਕੋਲੋਂ ਮੁੜ ਜਾ । ਜੋ ਕੁਝ ਤੂੰ ਮੇਰੇ ਉੱਤੇ ਰੱਖੇਂ ਉਹ ਨੂੰ ਮੈਂ ਚੁੱਕਾਂਗਾ । ਸੋ ਅੱਸ਼ੂਰ ਦੇ ਰਾਜਾ ਨੇ ਤਿੰਨ ਸੌ ਤੋੜੇ ਚਾਂਦੀ ਅਤੇ ਤੀਹ ਤੋੜੇ ਸੋਨਾ ਯਹੂਦਾਹ ਦੇ ਰਾਜਾ ਹਿਜ਼ਕੀਯਾਹ ਲਈ ਠਹਿਰਾ ਦਿੱਤਾ ।15ਅਤੇ ਹਿਜ਼ਕੀਯਾਹ ਨੇ ਸਾਰੀ ਚਾਂਦੀ ਜੋ ਯਹੋਵਾਹ ਦੇ ਭਵਨ ਵਿੱਚ ਅਤੇ ਰਾਜਾ ਦੇ ਮਹਿਲ ਦੇ ਖਜਾਨਿਆਂ ਵਿੱਚ ਮਿਲੀ ਉਹ ਨੂੰ ਦੇ ਦਿੱਤੀ ।
16ਉਸ ਵੇਲੇ ਹਿਜ਼ਕੀਯਾਹ ਨੇ ਯਹੋਵਾਹ ਦੀ ਹੈਕਲ ਦੇ ਬੂਹਿਆਂ ਦਾ ਅਤੇ ਥਮ੍ਹਾਂ ਦਾ ਸੋਨਾ ਜੋ ਯਹੂਦਾਹ ਦੇ ਰਾਜਾ ਹਿਜ਼ਕੀਯਾਹ ਨੇ ਮੜ੍ਹਵਾਇਆ ਸੀ, ਲਹਾ ਲਿਆ ਅਤੇ ਅੱਸ਼ੂਰ ਦੇ ਰਾਜਾ ਨੂੰ ਦੇ ਦਿੱਤਾ ।17ਤਾਂ ਅੱਸ਼ੂਰ ਦੇ ਰਾਜਾ ਨੇ ਤਰਤਾਨ, ਰਬਸਾਰੀਸ ਅਤੇ ਰਬਸ਼ਾਕੇਹ ਨੂੰ ਲਾਕੀਸ਼ ਤੋਂ ਵੱਡੀ ਫੌਜ ਦੇ ਨਾਲ ਹਿਜ਼ਕੀਯਾਹ ਰਾਜਾ ਵੱਲ ਯਰੂਸ਼ਲਮ ਨੂੰ ਭੇਜਿਆ । ਸੋ ਉਹ ਚੜ੍ਹੇ ਤੇ ਯਰੂਸ਼ਲਮ ਦੇ ਨੇੜੇ ਪਹੁੰਚੇ ਅਤੇ ਉਪਰਲੇ ਤਲਾਓ ਦੀ ਖਾਲੀ ਦੇ ਕੋਲ ਜੋ ਧੋਬੀਆਂ ਦੇ ਮਦਾਨ ਦੇ ਰਾਹ ਉੱਤੇ ਹੈ, ਖੜ੍ਹੇ ਹੋ ਗਏੇ18ਤਦ ਉਨ੍ਹਾਂ ਨੇ ਰਾਜਾ ਨੂੰ ਆਵਾਜ਼ ਦਿੱਤੀ ਅਤੇ ਹਿਲਕੀਯਾਹ ਦਾ ਪੁੱਤਰ ਅਲਯਾਕੀਮ ਜੋ ਮਹਿਲ ਦਾ ਮੁਖਤਿਆਰ ਸੀ ਅਤੇ ਸਬਨਾਹ ਮੁਨੀਮ ਅਤੇ ਆਸਾਫ ਦਾ ਪੁੱਤਰ ਯੋਆਹ ਲਿਖਾਰੀ ਉਨ੍ਹਾਂ ਕੋਲ ਨਿੱਕਲ ਕੇ ਆਏ ।
19ਤਾਂ ਰਬਸ਼ਾਕੇਹ ਨੇ ਉਹਨਾਂ ਨੂੰ ਆਖਿਆ, ਤੁਸੀਂ ਹਿਜ਼ਕੀਯਾਹ ਨੂੰ ਆਖੋ, ਅੱਸ਼ੂਰ ਦਾ ਮਹਾਰਾਜਾ ਇਸ ਤਰ੍ਹਾਂ ਆਖਦਾ ਹੈ ਕਿ ਤੂੰ ਕਿਹੜੀ ਸ਼ਰਧਾ ਉੱਤੇ ਭਰੋਸਾ ਕੀਤਾ ਹੈ ?20ਤੂੰ ਆਖਿਆ ਤਾਂ ਹੈ, ਪਰ ਇਹ ਮੂੰਹ ਦੀਆਂ ਹੀ ਗੱਲਾਂ ਹਨ, ਕਿ ਜੁੱਧ ਲਈ ਮੇਰੇ ਕੋਲ ਜੁਗਤ ਤੇ ਬਲ ਹੈ । ਹੁਣ ਤੈਨੂੰ ਕਿਸ ਦੇ ਉੱਤੇ ਭਰੋਸਾ ਹੈ, ਜੋ ਤੂੰ ਮੇਰੇ ਤੋਂ ਬੇਮੁੱਖ ਹੋਇਆਂ ਹੈਂ ?21ਹੁਣ ਵੇਖ ਤੈਨੂੰ ਇਸ ਕੁਚਲੇ ਹੋਏ ਕਾਨੇ ਅਰਥਾਤ ਮਿਸਰ ਦੇ ਸਹਾਰੇ ਦਾ ਭਰੋਸਾ ਹੈ । ਜੇ ਕੋਈ ਮਨੁੱਖ ਉਹ ਦੇ ਨਾਲ ਢਾਸਣਾ ਲਾਵੇ ਤਾਂ ਉਹ ਉਸ ਦੇ ਹੱਥ ਵਿੱਚ ਖੁੱਭ ਕੇ ਉਸ ਨੂੰ ਪਾੜ ਛੱਡੇਗਾ । ਮਿਸਰ ਦਾ ਰਾਜਾ ਫਿਰਊਨ ਉਹਨਾਂ ਸਾਰਿਆਂ ਲਈ ਜਿਹੜੇ ਉਹ ਦੇ ਉੱਤੇ ਭਰੋਸਾ ਰੱਖਦੇ ਹਨ, ਏਹੋ ਜੇਹਾ ਹੀ ਹੈ ।
22ਪਰ ਜੇ ਤੁਸੀਂ ਮੈਨੂੰ ਆਖੋ ਕਿ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਤੇ ਭਰੋਸਾ ਰੱਖਦੇ ਹਾਂ, ਤਾਂ ਕੀ ਉਹ ਓਹੀ ਨਹੀਂ ਹੈ ਜਿਹ ਦੇ ਉੱਚੇ ਥਾਵਾਂ ਅਤੇ ਜਗਵੇਦੀਆਂ ਨੂੰ ਹਿਜ਼ਕੀਯਾਹ ਨੇ ਹਟਾ ਕੇ ਯਹੂਦਾਹ ਅਤੇ ਯਰੂਸ਼ਲਮ ਨੂੰ ਆਖਿਆ ਹੈ, ਤੁਸੀਂ ਯਰੂਸ਼ਲਮ ਵਿੱਚ ਇਸ ਜਗਵੇਦੀ ਅੱਗੇ ਮੱਥਾ ਟੇਕਿਆ ਕਰੋ ?23ਇਸ ਲਈ ਹੁਣ ਮੇਰੇ ਸੁਆਮੀ ਅੱਸ਼ੂਰ ਦੇ ਰਾਜਾ ਦੇ ਨਾਲ ਸ਼ਰਤ ਲਾ । ਮੈਂ ਤੈਨੂੰ ਦੋ ਹਜ਼ਾਰ ਘੋੜੇ ਦਿੰਦਾ ਹਾਂ ਜੇ ਤੂੰ ਉਹਨਾਂ ਉੱਤੇ ਆਪਣੀ ਵੱਲੋਂ ਸਵਾਰ ਬਿਠਾ ਸੱਕੇਂ ।
24ਫੇਰ ਤੂੰ ਮੇਰੇ ਸੁਆਮੀ ਦੇ ਛੋਟੇ ਤੋਂ ਛੋਟੇ ਨੌਕਰਾਂ ਵਿੱਚੋਂ ਕਿਵੇਂ ਇੱਕ ਕਪਤਾਨ ਦਾ ਵੀ ਮੂੰਹ ਫੇਰ ਸੱਕੇਂਗਾ ? ਜਾਂ ਕੀ ਤੂੰ ਆਪਣੀ ਵੱਲੋਂ ਰੱਥਾਂ ਤੇ ਸਵਾਰਾਂ ਲਈ ਮਿਸਰ ਤੇ ਭਰੋਸਾ ਕੀਤਾ ਹੋਇਆ ਹੈ ?25ਕੀ ਮੈਂ ਯਹੋਵਾਹ ਦੇ ਹੁਕਮ ਤੋਂ ਬਾਹਰ ਹੋ ਕੇ ਇਸ ਥਾਂ ਨੂੰ ਨਾਸ ਕਰਨ ਲਈ ਇਹ ਦੇ ਉੱਤੇ ਚੜ੍ਹਾਈ ਕੀਤੀ ਹੈ ? ਯਹੋਵਾਹ ਨੇ ਆਪ ਹੀ ਮੈਨੂੰ ਆਖਿਆ ਕਿ ਇਸ ਦੇਸ ਤੇ ਚੜ੍ਹਾਈ ਕਰ ਕੇ ਇਸ ਨੂੰ ਨਾਸ ਕਰ ਦੇ !
26ਤਦ ਹਿਲਕੀਯਾਹ ਦੇ ਪੁੱਤਰ ਅਲਯਾਕੀਮ, ਸ਼ਬਨਾ ਅਤੇ ਯੋਆਹ ਨੇ ਰਬਸ਼ਾਕੇਹ ਨੂੰ ਆਖਿਆ ਕਿ ਆਪਣੇ ਦਾਸਾਂ ਨਾਲ ਅਰਾਮੀ ਬੋਲੀ ਵਿੱਚ ਗੱਲ ਕਰੋ, ਕਿਉਂ ਜੋ ਅਸੀਂ ਉਹ ਨੂੰ ਸਮਝਦੇ ਹਾਂ ਅਤੇ ਉਨ੍ਹਾਂ ਲੋਕਾਂ ਦੇ ਸੁਣਦਿਆਂ ਜੋ ਕੰਧ ਉੱਤੇ ਹਨ ਯਹੂਦੀਆਂ ਦੀ ਬੋਲੀ ਵਿੱਚ ਸਾਡੇ ਨਾਲ ਗੱਲ ਨਾ ਕਰੋ ।27ਪਰ ਰਬਸ਼ਾਕੇਹ ਨੇ ਉਨ੍ਹਾਂ ਨੂੰ ਆਖਿਆ, ਕੀ ਮੇਰੇ ਸੁਆਮੀ ਨੇ ਤੇਰੇ ਸੁਆਮੀ ਦੇ ਕੋਲ ਅਤੇ ਤੇਰੇ ਕੋਲ ਇਹ ਗੱਲਾਂ ਆਖਣ ਲਈ ਮੈਨੂੰ ਭੇਜਿਆ ਹੈ ਪਰ ਇਹਨਾਂ ਮਨੁੱਖਾਂ ਦੇ ਕੋਲ ਨਹੀਂ ਜੋ ਕੰਧ ਉੱਤੇ ਬੈਠੇ ਹੋਏ ਹਨ ਕਿ ਉਹ ਤੁਹਾਡੇ ਨਾਲ ਹੀ ਆਪਣਾ ਮਲ ਖਾਣ ਤੇ ਆਪਣਾ ਮੂਤ ਪੀਣ ?
28ਤਦ ਰਬਸ਼ਾਕੇਹ ਖੜ੍ਹਾ ਹੋ ਗਿਆ ਅਤੇ ਯਹੂਦੀਆਂ ਦੀ ਬੋਲੀ ਵਿੱਚ ਉੱਚੀ ਦੇ ਕੇ ਬੋਲਿਆ ਅਤੇ ਇਹ ਆਖਿਆ, ਤੁਸੀਂ ਅੱਸ਼ੂਰ ਦੇ ਮਹਾਰਾਜ ਦਾ ਬਚਨ ਸੁਣ ਲਵੋ !29ਰਾਜਾ ਇਸ ਤਰ੍ਹਾਂ ਆਖਦਾ ਹੈ ਕਿ ਹਿਜ਼ਕੀਯਾਹ ਤੁਹਾਨੂੰ ਧੋਖਾ ਨਾ ਦੇਵੇ, ਕਿਉਂ ਜੋ ਉਹ ਤੁਹਾਨੂੰ ਮੇਰੇ ਹੱਥੋਂ ਛੁਡਾ ਨਹੀਂ ਸੱਕੇਗਾ ।30ਨਾ ਹੀ ਹਿਜ਼ਕੀਯਾਹ ਇਹ ਆਖ ਕੇ ਯਹੋਵਾਹ ਉੱਤੇ ਤੁਹਾਡਾ ਭਰੋਸਾ ਕਰਾਵੇ ਕਿ ਯਹੋਵਾਹ ਜ਼ਰੂਰ ਸਾਨੂੰ ਛੁਡਾਵੇਗਾ ਇਸ ਲਈ ਇਹ ਸ਼ਹਿਰ ਅੱਸ਼ੂਰ ਦੇ ਰਾਜਾ ਦੇ ਹੱਥ ਵਿੱਚ ਨਹੀਂ ਦਿੱਤਾ ਜਾਵੇਗਾ ।
31ਹਿਜ਼ਕੀਯਾਹ ਦੀ ਨਾ ਸੁਣਿਓ ਕਿਉਂ ਜੋ ਅੱਸ਼ੂਰ ਦਾ ਰਾਜਾ ਇਸ ਤਰ੍ਹਾਂ ਆਖਦਾ ਹੈ ਕਿ ਮੇਰੇ ਨਾਲ ਸੁਲਾਹ ਕਰੋ ਅਤੇ ਨਿੱਕਲ ਕੇ ਮੇਰੇ ਕੋਲ ਆਓ । ਤਾਂ ਤੁਹਾਡੇ ਵਿੱਚੋਂ ਹਰ ਕੋਈ ਆਪਣੀ ਦਾਖ ਦੀ ਵੇਲ ਤੋਂ ਅਤੇ ਹਰ ਕੋਈ ਆਪਣੇ ਹੀ ਹੰਜੀਰ ਦੇ ਰੁੱਖ ਤੋਂ ਖਾਵੇਗਾ ਅਤੇ ਹਰ ਕੋਈ ਆਪਣੇ ਹੀ ਚੁਬੱਚੇ ਦਾ ਪਾਣੀ ਪੀਵੇਗਾ ।32ਜਦ ਤੱਕ ਮੈਂ ਆ ਕੇ ਤੁਹਾਨੂੰ ਇੱਕ ਅਜਿਹੇ ਦੇਸ ਵਿੱਚ ਨਾ ਲੈ ਜਾਂਵਾਂ ਜੋ ਤੁਹਾਡੇ ਦੇਸ ਵਾਂਗੂੰ ਅਨਾਜ ਤੇ ਨਵੀਂ ਮੈ ਦਾ ਦੇਸ, ਰੋਟੀ ਤੇ ਅੰਗੂਰੀ ਬਾਗਾਂ ਦਾ ਦੇਸ, ਜੈਤੂਨ ਦੇ ਤੇਲ ਅਤੇ ਸ਼ਹਿਦ ਦਾ ਦੇਸ ਹੈ, ਤਾਂ ਜੋ ਤੁਸੀਂ ਜੀਉਂਦੇ ਰਹੋ ਅਤੇ ਮਰ ਨਾ ਜਾਓ । ਪਰ ਹਿਜ਼ਕੀਯਾਹ ਦੀ ਨਾ ਸੁਣਿਓ, ਕਿਉਂ ਜੋ ਉਹ ਤੁਹਾਨੂੰ ਇਹ ਆਖ ਕੇ ਭਰਮਾਵੇਗਾ ਕਿ ਯਹੋਵਾਹ ਸਾਨੂੰ ਛੁਡਾਵੇਗਾ ।
33ਕੀ ਕੌਮਾਂ ਦੇ ਦੇਵਤਿਆਂ ਵਿੱਚੋਂ ਕਿਸੇ ਨੇ ਵੀ ਆਪਣੇ ਦੇਸ ਨੂੰ ਅੱਸ਼ੂਰ ਦੇ ਰਾਜਾ ਦੇ ਹੱਥੋਂ ਕਦੀ ਛੁਡਾਇਆ ਹੈ ?34ਹਮਾਥ ਅਤੇ ਅਰਪਾਦ ਦੇ ਦੇਵਤੇ ਕਿੱਥੇ ਹਨ ? ਸਫ਼ਰਵਇਮ, ਹੇਠਾ ਅਤੇ ਇੱਵਾਹ ਦੇ ਦੇਵਤੇ ਕਿੱਥੇ ਹਨ ? ਕੀ ਉਹਨਾਂ ਨੇ ਸਾਮਰਿਯਾ ਨੂੰ ਮੇਰੇ ਹੱਥੋਂ ਛੁਡਾ ਲਿਆ ?35ਦੇਸ ਦੇ ਸਾਰਿਆਂ ਦੇਵਤਿਆਂ ਵਿੱਚੋਂ ਉਹ ਕਿਹੜੇ ਹਨ, ਜਿਨ੍ਹਾਂ ਨੇ ਆਪਣਾ ਦੇਸ ਮੇਰੇ ਹੱਥੋਂ ਛੁਡਾ ਲਿਆ ਕਿ ਯਹੋਵਾਹ ਮੇਰੇ ਹੱਥੋਂ ਯਰੂਸ਼ਲਮ ਨੂੰ ਛੁਡਾ ਲਵੇ ?
36ਪਰ ਲੋਕਾਂ ਨੇ ਚੁੱਪ ਵੱਟ ਲਈ ਅਤੇ ਉਹ ਨੂੰ ਇੱਕ ਗੱਲ ਦਾ ਵੀ ਉੱਤਰ ਨਾ ਦਿੱਤਾ, ਕਿਉਂ ਜੋ ਰਾਜਾ ਦਾ ਹੁਕਮ ਇਹ ਸੀ ਕਿ ਤੁਸੀਂ ਉਹ ਨੂੰ ਉੱਤਰ ਦੇਣਾ ਹੀ ਨਹੀਂ ।37ਤਦ ਹਿਲਕੀਯਾਹ ਦਾ ਪੁੱਤਰ ਅਲਯਾਕੀਮ ਜੋ ਮਹਿਲ ਦਾ ਮੁਖਤਿਆਰ ਸੀ, ਸਬਨਾ ਮੁਨੀਮ ਅਤੇ ਆਸਾਫ ਦਾ ਪੁੱਤਰ ਯੋਆਹ ਲਿਖਾਰੀ ਕੱਪੜੇ ਪਾੜ ਕੇ ਹਿਜ਼ਕੀਯਾਹ ਦੇ ਕੋਲ ਆਏ ਅਤੇ ਉਨ੍ਹਾਂ ਨੇ ਉਸ ਨੂੰ ਰਬਸ਼ਾਕੇਹ ਦੀਆਂ ਗੱਲਾਂ ਦੱਸੀਆਂ ।

19
ਰਾਜਾ ਦਾ ਯਸਾਯਾਹ ਤੋਂ ਸਲਾਹ ਮੰਗਣਾ
(ਯਸਾਯਾਹ 37:1 - 7)

1ਜਦੋਂ ਹਿਜ਼ਕੀਯਾਹ ਰਾਜਾ ਨੇ ਇਹ ਸੁਣਿਆ ਤਾਂ ਉਸ ਨੇ ਆਪਣੇ ਕੱਪੜੇ ਪਾੜੇ ਅਤੇ ਆਪਣੇ ਦੁਆਲੇ ਟਾਟ ਵਲ੍ਹੇਟਿਆ ਅਤੇ ਯਹੋਵਾਹ ਦੇ ਭਵਨ ਵਿੱਚ ਗਿਆ ।2ਅਤੇ ਅਲਯਾਕੀਮ ਨੂੰ ਜੋ ਮਹਿਲ ਦਾ ਮੁਖਤਿਆਰ ਸੀ ਅਤੇ ਸ਼ਬਨਾ ਮੁਨੀਮ ਅਤੇ ਜਾਜਕਾਂ ਦੇ ਬਜ਼ੁਰਗਾਂ ਨੂੰ ਟਾਟ ਪੁਆ ਕੇ ਆਮੋਸ ਦੇ ਪੁੱਤਰ ਯਸਾਯਾਹ ਨਬੀ ਕੋਲ ਭੇਜਿਆ ।

3ਅਤੇ ਉਨ੍ਹਾਂ ਨੇ ਉਹ ਨੂੰ ਆਖਿਆ, ਹਿਜ਼ਕੀਯਾਹ ਇਸ ਤਰ੍ਹਾਂ ਆਖਦਾ ਹੈ ਕਿ ਇਹ ਦਿਨ ਦੁੱਖ, ਘੂਰ ਅਤੇ ਬੇਪਤੀ ਦਾ ਦਿਨ ਹੈ, ਕਿਉਂ ਜੋ ਬੱਚੇ ਤਾਂ ਜੰਮਣ ਵਾਲੇ ਹਨ ਪਰ ਜਣਨ ਦੀ ਸ਼ਕਤੀ ਨਹੀਂ ਹੈ ।4ਕੀ ਪਤਾ ਯਹੋਵਾਹ ਤੇਰਾ ਪਰਮੇਸ਼ੁਰ ਰਬਸ਼ਾਕੇਹ ਦੀਆਂ ਸਭ ਗੱਲਾਂ ਸੁਣੇ ਜਿਸ ਨੂੰ ਉਹ ਦੇ ਸੁਆਮੀ ਅੱਸ਼ੂਰ ਦੇ ਰਾਜਾ ਨੇ ਭੇਜਿਆ ਹੈ ਕਿ ਜੀਉਂਦੇ ਪਰਮੇਸ਼ੁਰ ਨੂੰ ਬੋਲੀਆਂ ਮਾਰੇ ਅਤੇ ਜਿਹੜੀਆਂ ਗੱਲਾਂ ਯਹੋਵਾਹ ਤੇਰੇ ਪਰਮੇਸ਼ੁਰ ਨੇ ਸੁਣੀਆਂ ਹਨ ਸ਼ਾਇਦ ਉਹ ਉਨ੍ਹਾਂ ਤੇ ਝਿੜਕੇ । ਇਸ ਲਈ ਤੂੰ ਬਚਿਆਂ ਖੁਚਿਆਂ ਲਈ ਜੋ ਰਹਿ ਗਏ ਹਨ, ਪ੍ਰਾਰਥਨਾ ਕਰ ।
5ਸੋ ਹਿਜ਼ਕੀਯਾਹ ਰਾਜਾ ਦੇ ਸੇਵਕ ਯਸਾਯਾਹ ਦੇ ਕੋਲ ਆਏ ।6ਅਤੇ ਯਸਾਯਾਹ ਨੇ ਉਨ੍ਹਾਂ ਨੂੰ ਆਖਿਆ ਕਿ ਤੁਸੀਂ ਆਪਣੇ ਸੁਆਮੀ ਨੂੰ ਇਸ ਤਰ੍ਹਾਂ ਆਖਿਓ ਕਿ ਯਹੋਵਾਹ ਇਹ ਆਖਦਾ ਹੈ, ਤੂੰ ਉਹਨਾਂ ਗੱਲਾਂ ਤੋਂ ਜੋ ਤੂੰ ਸੁਣੀਆਂ ਹਨ ਜਿਨ੍ਹਾਂ ਨਾਲ ਅੱਸ਼ੂਰ ਦੇ ਰਾਜਾ ਦੇ ਨੌਕਰਾਂ ਨੇ ਮੇਰੇ ਉੱਤੇ ਕੁਫ਼ਰ ਬਕਿਆ ਹੈ, ਨਾ ਡਰੀਂ ।7ਵੇਖ ਮੈਂ ਉਹ ਦੇ ਵਿੱਚ ਇੱਕ ਅਜਿਹੀ ਰੂਹ ਪਾਵਾਂਗਾ ਕਿ ਉਹ ਅਫ਼ਵਾਹ ਸੁਣ ਕੇ ਆਪਣੇ ਦੇਸ ਨੂੰ ਮੁੜ ਜਾਵੇਗਾ ਅਤੇ ਮੈਂ ਉਹ ਨੂੰ ਉੱਸੇ ਦੇ ਦੇਸ ਵਿੱਚ ਤਲਵਾਰ ਨਾਲ ਡੇਗ ਦਿਆਂਗਾ ।
ਅੱਸ਼ੂਰ ਦੀ ਧਮਕੀ
(ਯਸਾਯਾਹ 37:8 - 20)

8ਸੋ ਰਬਸ਼ਾਕੇਹ ਮੁੜ ਗਿਆ ਅਤੇ ਅੱਸ਼ੂਰ ਦੇ ਰਾਜਾ ਨੂੰ ਲਿਬਨਾਹ ਦੇ ਵਿਰੁੱਧ ਜੁੱਧ ਕਰਦਿਆਂ ਪਾਇਆ, ਕਿਉਂ ਜੋ ਉਹ ਨੇ ਸੁਣਿਆ ਸੀ ਕਿ ਉਹ ਲਾਕੀਸ਼ ਤੋਂ ਉੱਠ ਗਿਆ ਹੈ ।9ਜਦ ਉਹ ਨੇ ਕੂਸ਼ ਦੇ ਰਾਜੇ ਤਿਰਹਾਕਾਹ ਦੇ ਵਿਖੇ ਇਹ ਸੁਣਿਆ ਕਿ ਵੇਖ ਉਹ ਤੇਰੇ ਨਾਲ ਲੜਨ ਨੂੰ ਨਿੱਕਲਿਆ ਹੈ, ਤਾਂ ਉਹ ਨੇ ਇਹ ਆਖ ਕੇ ਹਿਜ਼ਕੀਯਾਹ ਵੱਲ ਫੇਰ ਹਲਕਾਰੇ ਭੇਜੇ ।
10ਕਿ ਤੁਸੀਂ ਯਹੂਦਾਹ ਦੇ ਰਾਜਾ ਹਿਜ਼ਕੀਯਾਹ ਨੂੰ ਇਸ ਤਰ੍ਹਾਂ ਆਖਿਓ ਕਿ ਤੇਰਾ ਪਰਮੇਸ਼ੁਰ ਜਿਹ ਦੇ ਉੱਤੇ ਤੇਰਾ ਭਰੋਸਾ ਹੈ ਇਹ ਆਖ ਕੇ ਤੈਨੂੰ ਧੋਖਾ ਨਾ ਦੇਵੇ ਕਿ ਯਰੂਸ਼ਲਮ ਅੱਸ਼ੂਰ ਦੇ ਰਾਜਾ ਦੇ ਹੱਥ ਵਿੱਚ ਨਹੀਂ ਦਿੱਤਾ ਜਾਵੇਗਾ ।11ਵੇਖ ਤੂੰ ਆਪ ਸੁਣਿਆ ਹੈ ਕਿ ਅੱਸ਼ੂਰ ਦੇ ਰਾਜਿਆਂ ਨੇ ਸਾਰਿਆਂ ਦੇਸਾਂ ਨੂੰ ਨਾਸ ਕਰਕੇ ਉਹਨਾਂ ਨਾਲ ਕੀ ਕੀਤਾ । ਕੀ ਤੂੰ ਹੀ ਛੁੱਟ ਜਾਵੇਂਗਾ ?
12ਕੀ ਉਹਨਾਂ ਕੌਮਾਂ ਦੇ ਦੇਵਤਿਆਂ ਨੇ ਉਹਨਾਂ ਨੂੰ ਅਰਥਾਤ ਗੋਜ਼ਾਨ, ਹਾਰਾਨ, ਰਸ਼ਫ਼ ਅਤੇ ਅਦਨ ਦੇ ਪੁੱਤਰਾਂ ਨੂੰ ਜੋ ਤੱਲਾਸਾਰ ਵਿੱਚ ਸਨ, ਜਿਨ੍ਹਾਂ ਨੂੰ ਮੇਰੇ ਪਿਉ-ਦਾਦਿਆਂ ਨੇ ਨਾਸ ਕੀਤਾ ਛੁਡਾਇਆ ਸੀ ?13ਹਮਾਥ ਦਾ ਰਾਜਾ, ਅਰਪਾਦ ਦਾ ਰਾਜਾ ਅਤੇ ਸਫ਼ਰਵਇਮ ਸ਼ਹਿਰ ਦਾ, ਹੇਨਾ ਅਤੇ ਇੱਵਾਹ ਦੇ ਰਾਜੇ ਕਿੱਥੇ ਹਨ ?
14ਜਦ ਹਿਜ਼ਕੀਯਾਹ ਨੇ ਸੰਦੇਸ਼ਵਾਹਕਾਂ ਦੇ ਹੱਥੋਂ ਉਹ ਪੱਤਰ ਲੈ ਕੇ ਪੜ੍ਹਿਆ, ਤਦ ਯਹੋਵਾਹ ਦੇ ਭਵਨ ਵਿੱਚ ਜਾ ਕੇ ਹਿਜ਼ਕੀਯਾਹ ਨੇ ਉਹ ਨੂੰ ਯਹੋਵਾਹ ਦੇ ਅੱਗੇ ਖੋਲ੍ਹ ਕੇ ਰੱਖ ਦਿੱਤਾ ।15ਅਤੇ ਹਿਜ਼ਕੀਯਾਹ ਨੇ ਯਹੋਵਾਹ ਅੱਗੇ ਇਹ ਆਖ ਕੇ ਪ੍ਰਾਰਥਨਾ ਕੀਤੀ, ਹੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ, ਕਰੂਬੀਆਂ ਦੇ ਉੱਤੇ ਬਿਰਾਜਣ ਵਾਲੇ, ਧਰਤੀ ਦੇ ਸਾਰੇ ਰਾਜਾਂ ਦਾ ਤੂੰ ਆਪ ਹੀ ਇਕੱਲਾ ਪਰਮੇਸ਼ੁਰ ਹੈਂ । ਤੂੰ ਅਕਾਸ਼ ਤੇ ਧਰਤੀ ਨੂੰ ਬਣਾਇਆ ।
16ਹੇ ਯਹੋਵਾਹ, ਆਪਣਾ ਕੰਨ ਲਾ ਅਤੇ ਸੁਣ ! ਹੇ ਯਹੋਵਾਹ, ਆਪਣੀਆਂ ਅੱਖਾਂ ਖੋਲ੍ਹ ਅਤੇ ਵੇਖ ! ਤੂੰ ਸਨਹੇਰੀਬ ਦੀਆਂ ਗੱਲਾਂ ਨੂੰ ਸੁਣ ਜਿਹੜੀਆਂ ਉਹ ਨੇ ਜੀਉਂਦੇ ਪਰਮੇਸ਼ੁਰ ਨੂੰ ਬੋਲੀਆਂ ਮਾਰਨ ਲਈ ਅਖਵਾ ਭੇਜੀਆਂ ਹਨ ।17ਹੇ ਯਹੋਵਾਹ, ਅੱਸ਼ੂਰ ਦੇ ਰਾਜਿਆਂ ਨੇ ਸੱਚ-ਮੁੱਚ ਕੌਮਾਂ ਦੇ ਉਹਨਾਂ ਦੇ ਦੇਸਾਂ ਨੂੰ ਨਾਸ ਕੀਤਾ ਹੈ ।18ਅਤੇ ਉਹਨਾਂ ਦੇ ਦੇਵਤਿਆਂ ਨੂੰ ਅੱਗ ਵਿੱਚ ਪਾ ਦਿੱਤਾ, ਕਿਉਂ ਜੋ ਉਹ ਦੇਵਤੇ ਵੀ ਨਹੀਂ ਸਨ, ਸਗੋਂ ਮਨੁੱਖਾਂ ਦੇ ਹੱਥਾਂ ਦੀ ਕਾਰੀਗਰੀ ਅਤੇ ਲੱਕੜੀ ਤੇ ਪੱਥਰ ਸਨ, ਸੋ ਉਨ੍ਹਾਂ ਨੇ ਉਹਨਾਂ ਨੂੰ ਨਾਸ ਕਰ ਦਿੱਤਾ ।
19ਇਸ ਲਈ ਹੁਣ ਹੇ ਯਹੋਵਾਹ ਸਾਡੇ ਪਰਮੇਸ਼ੁਰ, ਮੈਂ ਤੇਰੀ ਮਿੰਨਤ ਕਰਦਾ ਹਾਂ, ਤੂੰ ਸਾਨੂੰ ਉਹ ਦੇ ਹੱਥੋਂ ਬਚਾ ਤਾਂ ਜੋ ਧਰਤੀ ਦੇ ਸਾਰੇ ਰਾਜ ਜਾਣ ਲੈਣ ਕਿ ਤੂੰ ਹੀ ਯਹੋਵਾਹ ਇਕੱਲਾ ਪਰਮੇਸ਼ੁਰ ਹੈਂ ।
ਰਾਜਾ ਦੇ ਲਈ ਯਸਾਯਾਹ ਦਾ ਸੰਦੇਸ਼
(ਯਸਾਯਾਹ 37:21 - 38)

20ਤਦ ਆਮੋਸ ਦੇ ਪੁੱਤਰ ਯਸਾਯਾਹ ਨੇ ਹਿਜ਼ਕੀਯਾਹ ਨੂੰ ਇਹ ਸੁਨੇਹਾ ਭੇਜਿਆ ਕਿ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਕਿ ਜਿਹੜੀ ਪ੍ਰਾਰਥਨਾ ਤੂੰ ਅੱਸ਼ੂਰ ਦੇ ਰਾਜਾ ਸਨਹੇਰੀਬ ਦੇ ਵਿਖੇ ਮੇਰੇ ਅੱਗੇ ਕੀਤੀ ਹੈ, ਉਹ ਮੈਂ ਸੁਣ ਲਈ ਹੈ ।21ਉਹ ਦੇ ਵਿਖੇ ਜੋ ਬਚਨ ਯਹੋਵਾਹ ਨੇ ਆਖਿਆ ਹੈ, ਸੋ ਇਹ ਹੈ, ਸੀਯੋਨ ਦੀ ਕੁਆਰੀ ਧੀ, ਤੈਨੂੰ ਤੁੱਛ ਜਾਣਦੀ ਉਹ ਤੈਨੂੰ ਮਖੌਲ ਕਰਦੀ ਹੈ, ਯਰੂਸ਼ਲਮ ਦੀ ਧੀ ਤੇਰੇ ਪਿੱਛੇ ਸਿਰ ਹਿਲਾਉਂਦੀ ਹੈ ।22ਤੂੰ ਕਿਸਨੂੰ ਬੋਲੀਆਂ ਮਾਰੀਆਂ ਅਤੇ ਕਿਸਨੂੰ ਕੁਫ਼ਰ ਬਕਿਆ ? ਕਿਸ ਦੇ ਵਿਰੁੱਧ ਤੂੰ ਆਪਣੀ ਅਵਾਜ਼ ਉੱਚੀ ਕੀਤੀ ? ਹਾਂ, ਤੂੰ ਇਸਰਾਏਲ ਦੇ ਪਵਿੱਤਰ ਪੁਰਖ ਦੇ ਵਿਰੁੱਧ ਘੁਮੰਡ ਨਾਲ, ਆਪਣੀਆਂ ਅੱਖੀਆਂ ਉਤਾਹਾਂ ਚੁੱਕੀਆਂ ।
23ਤੂੰ ਆਪਣਿਆਂ ਸੰਦੇਸ਼ਵਾਹਕਾਂ ਦੇ ਰਾਹੀਂ ਪ੍ਰਭੁ ਨੂੰ ਬੋਲੀਆਂ ਮਾਰੀਆਂ ਅਤੇ ਆਖਿਆ ਹੈ, ਮੈਂ ਆਪਣੇ ਬਾਹਲਿਆਂ ਰਥਾਂ ਨਾਲ ਪਹਾੜਾਂ ਦੀਆਂ ਟੀਸੀਆਂ ਉੱਤੇ ਸਗੋਂ ਲਬਾਨੋਨ ਦੇ ਵਿੱਚਕਾਰ ਤੱਕ ਚੜ੍ਹ ਆਇਆ ਹਾਂ, ਮੈਂ ਉਹ ਦੇ ਉੱਚੇ ਤੋਂ ਉੱਚੇ ਦਿਆਰ, ਤੇ ਵਧੀਆ ਤੋਂ ਵਧੀਆ ਸਰੂ ਵੱਢ ਛੱਡਿਆ ਅਤੇ ਉਹ ਦੀ ਟੀਸੀ ਦੇ ਟਿਕਾਣਿਆਂ ਵਿੱਚ ਅਤੇ ਉਹ ਦੀ ਬਣ ਵਾੜੀ ਵਿੱਚ ਜਾ ਵੜਿਆ ।24ਮੈਂ ਤਾਂ ਪੁੱਟ ਪੁੱਟ ਕੇ ਪਰਦੇਸਾਂ ਦਾ ਪਾਣੀ ਪੀਤਾ ਹੈ ਅਤੇ ਮੈਂ ਮਿਸਰ ਦੀਆਂ ਸਾਰੀਆਂ ਨਦੀਆਂ ਨੂੰ ਆਪਣੇ ਪੈਰਾਂ ਦੀਆਂ ਤਲੀਆਂ ਨਾਲ ਮੁਕਾ ਦਿੱਤਾ ।
25ਕੀ ਤੂੰ ਨਹੀਂ ਸੁਣਿਆ ਕਿ ਬਹੁਤ ਸਮਾਂ ਪਹਿਲਾਂ, ਮੈਂ ਇਹੋ ਠਾਣ ਲਿਆ ਸੀ ਅਤੇ ਪੁਰਾਣਿਆਂ ਦਿਨਾਂ ਵਿੱਚ ਮੈਂ ਇਹ ਦੇ ਲਈ ਕੰਮ ਕੀਤਾ ਸੀ ? ਹੁਣ ਮੈਂ ਉਹ ਨੂੰ ਪੂਰਾ ਕਰਦਾ ਹਾਂ, ਪਰ ਗੜ੍ਹ ਵਾਲਿਆਂ ਸ਼ਹਿਰਾਂ ਨੂੰ ਉਜਾੜ ਪੁਜਾੜ ਕੇ ਵਿਰਾਨ ਕਰ ਛੱਡੇਂ ।26ਸੋ ਉਨ੍ਹਾਂ ਦੇ ਨਿਵਾਸੀ ਨਿਰਬਲ ਹੋਣ ਕਰਕੇ, ਘਾਬਰ ਗਏ ਅਤੇ ਵਿਅਕੁਲ ਕੀਤੇ ਗਏ, ਉਹ ਖੇਤ ਦੇ ਸਾਗ ਪੱਤ ਅਤੇ ਹਰੀ ਅੰਗੂਰੀ ਵਰਗੇ ਹੋ ਗਏ ਅਤੇ ਛੱਤ ਉੱਤੇ ਦਾ ਘਾਹ ਅਤੇ ਅੰਨ ਵਾਂਗੂ ਹੋ ਗਏ, ਜੋ ਉੱਗਣ ਤੋਂ ਪਹਿਲਾਂ ਹੀ ਸੁੱਕ ਜਾਵੇ ।
27ਪਰ ਮੈਂ ਤੇਰਾ ਬੈਠਣਾ ਤੇ ਤੇਰਾ ਅੰਦਰ-ਬਾਹਰ ਆਉਣਾ ਜਾਣਾ ਅਤੇ ਤੇਰਾ ਮੇਰੇ ਉੱਤੇ ਖਿਝਣਾ ਜਾਣਦਾ ਹਾਂ ।28ਇਸ ਲਈ ਕਿ ਤੇਰਾ ਮੇਰੇ ਉੱਤੇ ਖਿਝਣਾ ਅਤੇ ਤੇਰਾ ਰੌਲਾ ਮੇਰੇ ਕੰਨਾਂ ਤੱਕ ਪਹੁੰਚਿਆ ਹੈ, ਸੋ ਮੈਂ ਆਪਣੀ ਨਕੇਲ ਤੇਰੇ ਨੱਕ ਵਿੱਚ ਅਤੇ ਆਪਣੀ ਲਗਾਮ ਤੇਰੇ ਮੂੰਹ ਵਿੱਚ ਪਾਵਾਂਗਾ, ਜਿਹੜੇ ਰਾਹ ਤੂੰ ਆਇਆ ਉਸੇ ਰਾਹ ਤੈਨੂੰ ਪਿੱਛੇ ਮੋੜ ਦਿਆਂਗਾ ।
29ਤੇਰੇ ਲਈ ਇਹ ਨਿਸ਼ਾਨ ਹੋਵੇਗਾ । ਇਸ ਸਾਲ ਉਹ ਖਾਓ ਜੋ ਕਿਰੇ ਹੋਏ ਬੀ ਤੋਂ ਉੱਗੇ, ਦੂਜੇ ਸਾਲ ਉਹ ਜੋ ਬਾਅਦ ਵਿੱਚ ਉਤਪਤ ਹੋਵੇ, ਤਦ ਤੀਜੇ ਸਾਲ ਤੁਸੀਂ ਬੀ ਬੀਜੋ ਤੇ ਵੱਢੋ, ਅੰਗੂਰੀ ਬਾਗ ਲਾਓ ਅਤੇ ਉਨ੍ਹਾਂ ਦਾ ਫਲ ਖਾਓ ।30ਤਦ ਉਹ ਬਚੇ ਖੁਚੇ ਜੋ ਯਹੂਦਾਹ ਦੇ ਘਰਾਣੇ ਵਿੱਚੋਂ ਬਚ ਰਹੇ ਹਨ, ਫੇਰ ਹੇਠਾਂ ਨੂੰ ਜਦ ਫੜ੍ਹ ਕੇ ਉਤਾਹਾਂ ਫਲ ਲਿਆਉਣਗੇ ।31ਕਿਉਂ ਜੋ ਇੱਕ ਬਕੀਆ ਯਰੂਸ਼ਲਮ ਵਿੱਚੋਂ ਅਤੇ ਬਚੇ ਖੁਚੇ ਸੀਯੋਨ ਪਰਬਤ ਵਿੱਚੋਂ ਨਿਕੱਲਣਗੇ । ਯਹੋਵਾਹ ਦੀ ਅਣਖ ਇਹ ਕਰੇਗੀ ।
32ਇਸ ਲਈ ਅੱਸ਼ੂਰ ਦੇ ਰਾਜਾ ਦੇ ਬਾਰੇ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਉਹ ਨਾ ਤਾਂ ਇਸ ਸ਼ਹਿਰ ਕੋਲ ਆਵੇਗਾ, ਨਾ ਉੱਥੇ ਬਾਣ ਚਲਾਵੇਗਾ । ਨਾ ਢਾਲ ਲੈ ਕੇ ਉਹ ਦੇ ਉੱਤੇ ਧਾਵਾ ਕਰੇਗਾ ਤੇ ਨਾ ਉਹ ਦੇ ਅੱਗੇ ਘੇਰਾ ਬਣਾਵੇਗਾ ।33ਜਿਹੜੇ ਰਾਹ ਉਹ ਆਇਆ ਉਸੇ ਰਾਹ ਮੁੜ ਜਾਵੇਗਾ ਅਤੇ ਉਹ ਇਸ ਸ਼ਹਿਰ ਕੋਲ ਨਾ ਆਵੇਗਾ, ਇਹ ਯਹੋਵਾਹ ਦਾ ਵਾਕ ਹੈ ।34ਇਸ ਤਰਾਂ ਮੈਂ ਆਪਣੇ ਨਮਿੱਤ ਤੇ ਆਪਣੇ ਦਾਸ ਦਾਊਦ ਦੇ ਨਮਿੱਤ ਇਸ ਸ਼ਹਿਰ ਨੂੰ ਬਚਾਉਣ ਲਈ ਇਹ ਨੂੰ ਸਾਂਭ ਰੱਖਾਂਗਾ ।
35ਫਿਰ ਇਸ ਤਰ੍ਹਾਂ ਹੋਇਆ ਕਿ ਉਸੇ ਰਾਤ ਯਹੋਵਾਹ ਦੇ ਦੂਤ ਨੇ ਨਿੱਕਲ ਕੇ ਅੱਸ਼ੂਰੀਆਂ ਦੇ ਡੇਰੇ ਵਿੱਚ ਇੱਕ ਲੱਖ ਪਚਾਸੀ ਹਜ਼ਾਰ ਮਾਰ ਛੱਡੇ ਅਤੇ ਜਦ ਲੋਕ ਸਵੇਰੇ ਉੱਠੇ, ਤਾਂ ਵੇਖੋ ਉਹ ਸਭ ਲੋਥਾਂ ਹੀ ਲੋਥਾਂ ਸਨ ।36ਸੋ ਅੱਸ਼ੂਰ ਦਾ ਰਾਜਾ ਸਨਹੇਰੀਬ ਉੱਥੋਂ ਤੁਰ ਪਿਆ ਅਤੇ ਮੁੜ ਕੇ ਨੀਨਵਾਹ ਵਿੱਚ ਜਾ ਰਿਹਾ ।37ਫੇਰ ਇਸ ਤਰ੍ਹਾਂ ਹੋਇਆ ਜਦ ਉਹ ਆਪਣੇ ਦੇਵਤੇ ਨਿਸਰੋਕ ਦੇ ਮੰਦਰ ਵਿੱਚ ਪੂਜਾ ਕਰ ਰਿਹਾ ਸੀ, ਤਾਂ ਅਦਰਮਲਕ ਅਤੇ ਸ਼ਰਸਰ ਨੇ ਉਹ ਨੂੰ ਤਲਵਾਰ ਨਾਲ ਵੱਢ ਛੱਡਿਆ ਅਤੇ ਉਹ ਅਰਾਰਾਤ ਦੇ ਦੇਸ ਨੂੰ ਭੱਜ ਗਏ ਅਤੇ ਉਹ ਦਾ ਪੁੱਤਰ ਏਸਰ ਹਦੋਨੇ ਉਹ ਦੇ ਥਾਂ ਰਾਜ ਕਰਨ ਲੱਗਾ ।

20
ਰਾਜਾ ਹਿਜ਼ਕੀਯਾਹ ਦਾ ਮੌਤ ਤੋਂ ਬੱਚਣਾ
(ਯਸਾਯਾਹ 38:1 - 8, 21, 22; 2 ਇਤਿਹਾਸ 32:24 - 26)

1ਉਨ੍ਹਾਂ ਦਿਨਾਂ ਵਿੱਚ ਹਿਜ਼ਕੀਯਾਹ ਬੀਮਾਰ ਹੋ ਕੇ ਮਰਨ ਵਾਲਾ ਸੀ, ਤਾਂ ਆਮੋਸ ਦਾ ਪੁੱਤਰ ਯਸਾਯਾਹ ਨਬੀ ਉਹ ਦੇ ਕੋਲ ਆਇਆ ਅਤੇ ਉਹ ਨੂੰ ਆਖਿਆ ਕਿ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਤੂੰ ਆਪਣੇ ਘਰਾਣੇ ਉੱਤੇ ਜੁੰਮੇਵਾਰੀ ਪਾ, ਕਿਉਂ ਜੋ ਤੂੰ ਮਰਨ ਵਾਲਾ ਹੈਂ ਅਤੇ ਨਹੀਂ ਬਚੇਂਗਾ ।2ਤਦ ਉਹ ਨੇ ਕੰਧ ਵੱਲ ਮੂੰਹ ਫੇਰ ਕੇ ਯਹੋਵਾਹ ਕੋਲੋਂ ਇਹ ਪ੍ਰਾਰਥਨਾ ਕੀਤੀ ।3ਹੇ ਯਹੋਵਾਹ, ਮੈਂ ਤੇਰੀ ਮਿੰਨਤ ਕਰਦਾ ਹਾਂ ਚੇਤੇ ਕਰ ਕਿ ਮੈਂ ਕਿਵੇਂ ਵਫਾਦਾਰੀ ਨਾਲ ਤੇ ਪੂਰੇ ਦਿਲ ਨਾਲ ਤੇਰੇ ਹਜ਼ੂਰ ਚੱਲਦਾ ਰਿਹਾ ਹਾਂ ਅਤੇ ਜੋ ਤੇਰੀ ਨਿਗਾਹ ਵਿੱਚ ਭਲਾ ਹੈ ਓਹੋ ਮੈਂ ਕੀਤਾ ਹੈ, ਤਾਂ ਹਿਜ਼ਕੀਯਾਹ ਭੁੱਬਾਂ ਮਾਰ ਕੇ ਰੋਇਆ ।

4ਤਾਂ ਇਸ ਤਰ੍ਹਾਂ ਕਿ ਯਸਾਯਾਹ ਨਿੱਕਲ ਕੇ ਵਿਹੜੇ ਦੇ ਵਿੱਚਕਾਰ ਵੀ ਨਹੀਂ ਗਿਆ ਸੀ, ਕਿ ਯਹੋਵਾਹ ਦਾ ਬਚਨ ਉਸ ਨੂੰ ਮਿਲਿਆ ।5ਕਿ ਮੁੜ ਜਾ ਅਤੇ ਤੂੰ ਮੇਰੀ ਪਰਜਾ ਦੇ ਪ੍ਰਧਾਨ ਹਿਜ਼ਕੀਯਾਹ ਨੂੰ ਆਖ ਯਹੋਵਾਹ ਤੇਰੇ ਪਿਤਾ ਦਾਊਦ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, ਮੈਂ ਤੇਰੀ ਪ੍ਰਾਰਥਨਾ ਸੁਣੀ ਹੈ । ਮੈਂ ਤੇਰੇ ਅੱਥਰੂ ਵੇਖ ਲਏ ਹਨ । ਵੇਖ, ਮੈਂ ਤੈਨੂੰ ਚੰਗਾ ਕਰਨ ਵਾਲਾ ਹਾਂ ਤੀਜੇ ਦਿਹਾੜੇ ਤੂੰ ਯਹੋਵਾਹ ਦੇ ਭਵਨ ਵਿੱਚ ਜਾਏਂਗਾ ।
6ਮੈਂ ਤੇਰੀ ਉਮਰ ਵਿੱਚ ਪੰਦਰਾਂ ਸਾਲ ਹੋਰ ਵਧਾਵਾਂਗਾ ਅਤੇ ਮੈਂ ਤੈਨੂੰ ਤੇ ਇਸ ਸ਼ਹਿਰ ਨੂੰ ਅੱਸ਼ੂਰ ਦੇ ਰਾਜਾ ਦੇ ਹੱਥੋਂ ਛੁਡਾਵਾਂਗਾ ਅਤੇ ਆਪਣੇ ਨਮਿੱਤ ਅਤੇ ਆਪਣੇ ਦਾਸ ਦਾਊਦ ਦੇ ਨਮਿੱਤ ਇਸ ਸ਼ਹਿਰ ਨੂੰ ਸਾਂਭ ਰੱਖਾਂਗਾ ।7ਤਾਂ ਯਸਾਯਾਹ ਨੇ ਆਖਿਆ, ਤੁਸੀਂ ਹੰਜੀਰਾਂ ਦੀ ਇੱਕ ਲੁਪਰੀ ਲਓ । ਸੋ ਉਨ੍ਹਾਂ ਨੇ ਉਹ ਲੈ ਕੇ ਫੋੜੇ ਉੱਤੇ ਬੱਧੀ ਅਤੇ ਉਹ ਚੰਗਾ ਹੋ ਗਿਆ ।
8ਫੇਰ ਹਿਜ਼ਕੀਯਾਹ ਨੇ ਯਸਾਯਾਹ ਤੋਂ ਪੁੱਛਿਆ ਕਿ ਕੀ ਨਿਸ਼ਾਨ ਹੈ ਜੋ ਯਹੋਵਾਹ ਮੈਨੂੰ ਚੰਗਾ ਕਰ ਦੇਵੇਗਾ ਅਤੇ ਮੈਂ ਤੀਜੇ ਦਿਹਾੜੇ ਯਹੋਵਾਹ ਦੇ ਭਵਨ ਨੂੰ ਜਾਂਵਾਂਗਾ ?9ਤਾਂ ਯਸਾਯਾਹ ਨੇ ਆਖਿਆ ਕਿ ਇਸ ਗੱਲ ਦਾ ਕਿ ਯਹੋਵਾਹ ਨੇ ਜੋ ਕੰਮ ਕਰਨ ਨੂੰ ਆਖਿਆ ਹੈ, ਉਹ ਨੂੰ ਕਰੇਗਾ ਯਹੋਵਾਹ ਵੱਲੋਂ ਤੇਰੇ ਲਈ ਇਹ ਨਿਸ਼ਾਨ ਹੈ, ਕੀ ਪਰਛਾਵਾਂ ਦਸ ਦਰਜੇ ਅਗਾਹਾਂ ਨੂੰ ਜਾਏ ਜਾਂ ਦਸ ਦਰਜੇ ਪਿਛਾਹਾਂ ਨੂੰ ਮੁੜੇ ?
10ਤਾਂ ਹਿਜ਼ਕੀਯਾਹ ਬੋਲਿਆ ਕਿ ਪਰਛਾਵੇਂ ਦਾ ਦਸ ਦਰਜੇ ਅਗਾਹਾਂ ਜਾਣਾ ਤਾਂ ਨਿੱਕੀ ਜਿਹੀ ਗੱਲ ਹੈ । ਨਹੀਂ ਸਗੋਂ ਪਰਛਾਵਾਂ ਦਸ ਦਰਜੇ ਪਿਛਾਹਾਂ ਨੂੰ ਮੁੜੇ ।11ਫਿਰ ਯਸਾਯਾਹ ਨਬੀ ਨੇ ਯਹੋਵਾਹ ਨੂੰ ਪੁਕਾਰਿਆ ਸੋ ਉਸ ਨੇ ਪਰਛਾਵੇਂ ਨੂੰ ਆਹਾਜ਼ ਦੀ ਧੁੱਪ ਘੜੀ ਵਿੱਚ ਦਸ ਦਰਜੇ ਅਰਥਾਤ ਜਿੰਨ੍ਹਾਂ ਉਹ ਢਲ ਚੁੱਕਿਆ ਸੀ, ਓਨ੍ਹਾਂ ਹੀ ਪਿੱਛੇ ਨੂੰ ਮੋੜ ਦਿੱਤਾ ।
ਬਾਬੁਲ ਦੇ ਸੰਦੇਸ਼ਵਾਹਕਾਂ ਦਾ ਆਉਣਾ
(ਯਸਾਯਾਹ 39:1 - 8)

12ਉਸ ਵੇਲੇ ਬਾਬਲ ਦੇ ਰਾਜਾ ਬਲਦਾਨ ਦੇ ਪੁੱਤਰ ਬਰੋਦਕ-ਬਲਦਾਨ ਨੇ ਹਿਜ਼ਕੀਯਾਹ ਨੂੰ ਸੁਗਾਤ ਅਤੇ ਚਿੱਠੀਆਂ ਭੇਜੀਆਂ, ਕਿਉਂ ਜੋ ਉਸ ਨੇ ਸੁਣਿਆ ਸੀ ਕਿ ਹਿਜ਼ਕੀਯਾਹ ਬੀਮਾਰ ਹੋ ਗਿਆ ਸੀ ।13ਅਤੇ ਹਿਜ਼ਕੀਯਾਹ ਨੇ ਉਨ੍ਹਾਂ ਦੀ ਸੁਣੀ ਅਤੇ ਆਪਣਾ ਸਾਰਾ ਤੋਸ਼ਾ ਖਾਨਾ ਉਨ੍ਹਾਂ ਨੂੰ ਵਿਖਾਇਆ, ਚਾਂਦੀ, ਸੋਨਾ, ਮਸਾਲਾ, ਖ਼ਾਲਸ ਤੇਲ, ਆਪਣਾ ਸ਼ਸਤਰ ਖਾਨਾ ਅਤੇ ਸਭ ਕੁਝ ਜੋ ਉਹ ਦੇ ਖਜ਼ਾਨਿਆਂ ਵਿੱਚ ਸੀ । ਉਹ ਦੇ ਮਹਿਲ ਤੇ ਉਹ ਦੇ ਸਾਰੇ ਰਾਜ ਵਿੱਚ ਕੁਝ ਅਜਿਹਾ ਨਹੀਂ ਸੀ, ਜੋ ਹਿਜ਼ਕੀਯਾਹ ਨੇ ਉਨ੍ਹਾਂ ਨੂੰ ਨਾ ਵਿਖਾਇਆ ।
14ਤਦ ਯਸਾਯਾਹ ਨਬੀ ਹਿਜ਼ਕੀਯਾਹ ਰਾਜਾ ਕੋਲ ਆਇਆ ਅਤੇ ਉਹ ਨੂੰ ਆਖਿਆ, ਇਨ੍ਹਾਂ ਮਨੁੱਖਾਂ ਨੇ ਕੀ ਆਖਿਆ ਅਤੇ ਉਹ ਕਿੱਥੋਂ ਤੇਰੇ ਕੋਲ ਆਏ ? ਹਿਜ਼ਕੀਯਾਹ ਨੇ ਅੱਗੋਂ ਆਖਿਆ, ਉਹ ਇੱਕ ਦੂਰ ਦੇਸ ਤੋਂ ਆਏ, ਬਾਬਲ ਤੋਂ ।15ਤਾਂ ਉਸ ਆਖਿਆ ਕਿ ਉਨ੍ਹਾਂ ਨੇ ਤੇਰੇ ਮਹਿਲ ਵਿੱਚ ਕੀ ਵੇਖਿਆ ? ਤਦ ਹਿਜ਼ਕੀਯਾਹ ਨੇ ਆਖਿਆ ਕਿ ਜੋ ਕੁਝ ਮੇਰੇ ਮਹਿਲ ਵਿੱਚ ਹੈ ਉਹ ਸਭ ਉਨ੍ਹਾਂ ਨੇ ਵੇਖਿਆ ਹੈ । ਮੇਰਿਆਂ ਖਜ਼ਾਨਿਆਂ ਵਿੱਚ ਕੋਈ ਵਸਤੂ ਨਹੀਂ ਜੋ ਮੈਂ ਉਨ੍ਹਾਂ ਨੂੰ ਨਹੀਂ ਵਿਖਾਈ ।
16ਤਦ ਯਸਾਯਾਹ ਨੇ ਹਿਜ਼ਕੀਯਾਹ ਨੂੰ ਆਖਿਆ ਕਿ ਤੂੰ ਯਹੋਵਾਹ ਦਾ ਬਚਨ ਸੁਣ ਲੈ !17ਵੇਖ ਉਹ ਦਿਨ ਆਉਂਦੇ ਹਨ ਜਦ ਸਭ ਕੁਝ ਜੋ ਤੇਰੇ ਮਹਿਲ ਵਿੱਚ ਅਤੇ ਜੋ ਕੁਝ ਤੇਰੇ ਪਿਉ-ਦਾਦਿਆਂ ਨੇ ਅੱਜ ਦੇ ਦਿਨ ਤੱਕ ਇਕੱਠਾ ਕੀਤਾ ਹੈ ਬਾਬਲ ਨੂੰ ਲੈ ਜਾਇਆ ਜਾਵੇਗਾ, ਕੁਝ ਵੀ ਛੱਡਿਆ ਨਾ ਜਾਵੇਗਾ, ਯਹੋਵਾਹ ਆਖਦਾ ਹੈ ।18ਅਤੇ ਤੇਰਿਆਂ ਪੁੱਤਰਾਂ ਵਿੱਚੋਂ ਜੋ ਤੇਰੇ ਤੋਂ ਪੈਦਾ ਹੋਣਗੇ ਅਤੇ ਜੋ ਤੇਰੇ ਤੋਂ ਜੰਮਣਗੇ, ਕਈਆਂ ਨੂੰ ਓਹ ਲੈ ਜਾਣਗੇ ਅਤੇ ਉਹ ਬਾਬਲ ਦੇ ਰਾਜਾ ਦੇ ਮਹਿਲ ਵਿੱਚ ਖੋਜੇ ਬਣਨਗੇ ।
19ਅੱਗੋਂ ਹਿਜ਼ਕੀਯਾਹ ਨੇ ਯਸਾਯਾਹ ਨੂੰ ਆਖਿਆ ਕਿ ਯਹੋਵਾਹ ਦਾ ਬਚਨ ਜੋ ਤੂੰ ਬੋਲਿਆ ਹੈ ਉਹ ਭਲਾ ਹੈ ਅਤੇ ਉਹ ਨੇ ਆਖਿਆ, ਕੀ ਇਹ ਗੱਲ ਨਹੀਂ ਕਿ ਮੇਰੇ ਦਿਨਾਂ ਵਿੱਚ ਸੁਲਾਹ ਤੇ ਸਚਿਆਈ ਰਹੇਗੀ ?
ਹਿਜ਼ਕੀਯਾਹ ਦੇ ਰਾਜ ਦਾ ਅੰਤ
(2 ਇਤਿਹਾਸ 32:32, 33)

20ਹਿਜ਼ਕੀਯਾਹ ਦੀ ਬਾਕੀ ਵਾਰਤਾ ਅਤੇ ਉਹ ਦੀ ਸਾਰੀ ਸਮਰੱਥਾ ਅਤੇ ਕਿਵੇਂ ਉਹ ਨੇ ਇੱਕ ਤਲਾਓ ਤੇ ਨਾਲੀ ਬਣਾ ਕੇ ਸ਼ਹਿਰ ਵਿੱਚ ਪਾਣੀ ਲਿਆਂਦਾ ਕੀ ਉਹ ਯਹੂਦਾਹ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਨਹੀਂ ?21ਸੋ ਹਿਜ਼ਕੀਯਾਹ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ ਅਤੇ ਉਹ ਦਾ ਪੁੱਤਰ ਮਨੱਸ਼ਹ ਉਹ ਦੇ ਥਾਂ ਰਾਜ ਕਰਨ ਲੱਗਾ ।

21
ਯਹੂਦਾਹ ਦਾ ਰਾਜਾ ਮਨੱਸ਼ਹ
(2 ਇਤਿਹਾਸ 33:1 - 20)

1ਜਦ ਮਨੱਸ਼ਹ ਰਾਜ ਕਰਨ ਲੱਗਾ ਤਾਂ ਉਹ ਬਾਰਾਂ ਸਾਲਾਂ ਦਾ ਸੀ ਅਤੇ ਉਸ ਨੇ ਪਚਵੰਜਾ ਸਾਲ ਯਰੂਸ਼ਲਮ ਵਿੱਚ ਰਾਜ ਕੀਤਾ ਅਤੇ ਉਸ ਦੀ ਮਾਤਾ ਦਾ ਨਾਮ ਹਫਸੀਬਾਹ ਸੀ ।2ਉਸ ਨੇ ਉਨ੍ਹਾਂ ਕੌਮਾਂ ਦੇ ਘਿਣਾਉਣੇ ਕੰਮਾਂ ਵਾਂਗੂ ਜਿਨ੍ਹਾਂ ਨੂੰ ਯਹੋਵਾਹ ਨੇ ਇਸਰਾਏਲੀਆਂ ਦੇ ਅੱਗਿਓਂ ਕੱਢ ਦਿੱਤਾ ਸੀ, ਯਹੋਵਾਹ ਦੀ ਨਿਗਾਹ ਵਿੱਚ ਬਦੀ ਕੀਤੀ ।3ਉਸ ਨੇ ਉਨ੍ਹਾਂ ਉੱਚਿਆਂ ਥਾਵਾਂ ਨੂੰ ਫੇਰ ਬਣਾ ਲਿਆ ਜਿਨ੍ਹਾਂ ਨੂੰ ਉਸ ਦੇ ਪਿਉ ਹਿਜ਼ਕੀਯਾਹ ਨੇ ਢਾਹ ਦਿੱਤਾ ਸੀ ਅਤੇ ਬਆਲ ਦੀਆਂ ਜਗਵੇਦੀਆਂ ਬਣਾਈਆਂ ਅਤੇ ਟੁੰਡ ਬਣਾਏ, ਜਿਵੇਂ ਇਸਰਾਏਲ ਦੇ ਰਾਜਾ ਅਹਾਬ ਨੇ ਕੀਤਾ ਸੀ ਅਤੇ ਸਾਰੇ ਸਵਰਗੀ ਲਸ਼ਕਰ ਨੂੰ ਮੱਥਾ ਟੇਕਿਆ ਅਤੇ ਉਨ੍ਹਾਂ ਦੀ ਪੂਜਾ ਕੀਤੀ ।

4ਉਸ ਨੇ ਯਹੋਵਾਹ ਦੇ ਉਸ ਭਵਨ ਵਿੱਚ ਜਗਵੇਦੀਆਂ ਬਣਾਈਆਂ ਜਿਸ ਦੇ ਵਿਖੇ ਯਹੋਵਾਹ ਨੇ ਆਖਿਆ ਸੀ, ਮੈਂ ਯਰੂਸ਼ਲਮ ਵਿੱਚ ਆਪਣਾ ਨਾਮ ਰੱਖਾਂਗਾ ।5ਅਤੇ ਉਸ ਨੇ ਯਹੋਵਾਹ ਦੇ ਭਵਨ ਦੇ ਦੋਹਾਂ ਵਿਹੜਿਆਂ ਵਿੱਚ ਅਕਾਸ਼ ਦੇ ਸਾਰੇ ਲਸ਼ਕਰ ਲਈ ਜਗਵੇਦੀਆਂ ਬਣਾਈਆਂ ।6ਆਪਣੇ ਪੁੱਤਰ ਨੂੰ ਅੱਗ ਵਿੱਚੋਂ ਦੀ ਲੰਘਾਇਆ ਅਤੇ ਫਾਲ ਪਾਉਂਦਾ ਅਤੇ ਟੂਣੇ ਟੋਟਕੇ ਕਰਦਾ ਅਤੇ ਪੁੱਛਣ ਵਾਲੇ ਆਤਮਿਆਂ ਅਤੇ ਜਾਦੂਗਰਾਂ ਨਾਲ ਮਿਲਾਪ ਰੱਖਦਾ ਸੀ ਅਤੇ ਉਹ ਅਜਿਹਾ ਕੰਮ ਕਰਨ ਵਿੱਚ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜਾ ਸੀ ਬਹੁਤ ਵੱਧ ਗਿਆ ਅਤੇ ਉਹ ਦੇ ਕ੍ਰੋਧ ਨੂੰ ਭੜਕਾਇਆ ।
7ਉਸ ਨੇ ਆਪਣੀ ਉੱਕਰੀ ਹੋਈ ਅਸ਼ੇਰਾਹ ਦੇਵੀ ਦੀ ਮੂਰਤ ਨੂੰ ਉਸ ਭਵਨ ਵਿੱਚ ਧਰ ਦਿੱਤਾ, ਜਿਸ ਦੇ ਬਾਰੇ ਯਹੋਵਾਹ ਨੇ ਦਾਊਦ ਅਤੇ ਉਹ ਦੇ ਪੁੱਤਰ ਸੁਲੇਮਾਨ ਨੂੰ ਆਖਿਆ ਸੀ ਕਿ ਇਸ ਭਵਨ ਵਿੱਚ ਅਤੇ ਯਰੂਸ਼ਲਮ ਵਿੱਚ ਜਿਹ ਨੂੰ ਮੈਂ ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ ਚੁਣ ਲਿਆ, ਸਦਾ ਤੱਕ ਆਪਣਾ ਨਾਮ ਰੱਖਾਂਗਾ ।8ਮੈਂ ਫੇਰ ਇਸਰਾਏਲ ਦੇ ਪੈਰ ਨੂੰ ਉਸ ਭੂਮੀ ਤੋਂ ਬਾਹਰ ਭਟਕਣ ਨਹੀਂ ਦਿਆਂਗਾ ਜੋ ਮੈਂ ਉਹਨਾਂ ਦੇ ਪਿਉ-ਦਾਦਿਆਂ ਨੂੰ ਦਿੱਤੀ, ਜੇ ਉਹ ਮੇਰੀਆਂ ਦਿੱਤੀਆ ਹੋਈਆਂ ਸਾਰੀਆਂ ਆਗਿਆਵਾਂ ਤੇ ਨਾਲੇ ਉਸ ਸਾਰੀ ਬਿਵਸਥਾ ਦੇ ਅਨੁਸਾਰ ਜਿਸ ਦਾ ਹੁਕਮ ਮੇਰੇ ਦਾਸ ਮੂਸਾ ਨੇ ਉਹਨਾਂ ਨੂੰ ਦਿੱਤਾ, ਪੂਰਾ ਕਰ ਕੇ ਪਾਲਨਾ ਕਰਨ ।9ਪਰ ਓਹਨਾਂ ਨੇ ਕੰਨ ਨਾ ਲਾਇਆ ਅਤੇ ਮਨੱਸ਼ਹ ਨੇ ਓਹਨਾਂ ਨੂੰ ਬਹਿਕਾਇਆ ਕਿ ਓਹ ਉਨ੍ਹਾਂ ਕੌਮਾਂ ਨਾਲੋਂ ਜਿਨ੍ਹਾਂ ਨੂੰ ਯਹੋਵਾਹ ਨੇ ਇਸਰਾਏਲੀਆਂ ਦੇ ਅੱਗਿਓਂ ਨਾਸ ਕੀਤਾ ਸੀ ਹੋਰ ਭੀ ਭੈੜੇ ਕੰਮ ਕਰਨ ।
10ਯਹੋਵਾਹ ਆਪਣੇ ਦਾਸਾਂ ਨਬੀਆਂ ਦੇ ਰਾਹੀਂ ਇਹ ਬੋਲਿਆ,11ਇਸ ਲਈ ਕਿ ਯਹੂਦਾਹ ਦੇ ਰਾਜਾ ਮਨੱਸ਼ਹ ਨੇ ਇਹ ਘਿਣਾਉਣੇ ਕੰਮ ਕੀਤੇ ਹਨ ਅਤੇ ਅਮੋਰੀਆਂ ਨਾਲੋਂ ਜੋ ਉਸ ਤੋਂ ਪਹਿਲਾਂ ਸਨ ਵਧ ਕੇ ਭੈੜੇ ਕੰਮ ਕੀਤੇ ਸਗੋਂ ਯਹੂਦਾਹ ਤੋਂ ਵੀ ਆਪਣੇ ਬਣਾਏ ਹੋਏ ਬੁੱਤਾਂ ਦੇ ਨਾਲ ਪਾਪ ਕਰਾਇਆ ।12ਤਦ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੇ ਇਸ ਤਰ੍ਹਾਂ ਆਖਿਆ ਕਿ ਵੇਖੋ, ਮੈਂ ਯਰੂਸ਼ਲਮ ਅਤੇ ਯਹੂਦਾਹ ਉੱਤੇ ਬੁਰਿਆਈ ਲਿਆਉਂਦਾ ਹਾਂ, ਜਿਸ ਦੇ ਕਾਰਨ ਸੁਣਨ ਵਾਲੇ ਦੇ ਦੋਨੋਂ ਕੰਨ ਵੱਜ ਪੈਣਗੇ ।
13ਮੈਂ ਯਰੂਸ਼ਲਮ ਉੱਤੇ ਸਾਮਰਿਯਾ ਦੀ ਜਰੀਬ ਅਤੇ ਆਹਾਬ ਦੇ ਘਰਾਣੇ ਦਾ ਸਾਹਲ ਪਾਵਾਂਗਾ ਅਤੇ ਯਰੂਸ਼ਲਮ ਨੂੰ ਅਜਿਹਾ ਪੁੰਝਾਂਗਾ ਜਿਵੇਂ ਕੋਈ ਥਾਲੀ ਨੂੰ ਪੂੰਝਦਾ ਹੈ ਤੇ ਪੂੰਝ ਕੇ ਮੂਧਾ ਮਾਰ ਦਿੰਦਾ ਹੈ ।14ਅਤੇ ਮੈਂ ਆਪਣੇ ਵਿਰਸੇ ਦੇ ਬਚਿਆਂ ਖੁਚਿਆਂ ਨੂੰ ਤਿਆਗ ਕੇ ਉਨ੍ਹਾਂ ਨੂੰ ਉਹਨਾਂ ਦੇ ਵੈਰੀਆਂ ਦੇ ਹੱਥ ਵਿੱਚ ਦੇ ਦਿਆਂਗਾ ਅਤੇ ਉਹ ਆਪਣੇ ਸਾਰੇ ਵੈਰੀਆਂ ਦੇ ਲਈ ਸ਼ਿਕਾਰ ਤੇ ਲੁੱਟ ਹੋਣਗੇ ।15ਕਿਉਂ ਜੋ ਜਦ ਤੋਂ ਉਨ੍ਹਾਂ ਦੇ ਪਿਉ-ਦਾਦੇ ਮਿਸਰ ਵਿੱਚੋਂ ਨਿੱਕਲੇ ਉਸ ਸਮੇਂ ਤੋਂ ਅੱਜ ਦੇ ਦਿਨ ਤੱਕ ਉਹ ਅਜਿਹੇ ਕੰਮ ਕਰਦੇ ਰਹੇ, ਜੋ ਮੇਰੀ ਨਿਗਾਹ ਵਿੱਚ ਭੈੜੇ ਹਨ ਅਤੇ ਮੇਰੇ ਕ੍ਰੋਧ ਨੂੰ ਭੜਕਾਉਣ ਵਾਲੇ ਬਣੇ ।
16ਮਨੱਸ਼ਹ ਨੇ ਆਪਣੇ ਪਾਪ ਤੋਂ ਬਿੰਨ੍ਹਾਂ ਜਿਸ ਦੇ ਨਾਲ ਯਹੂਦਾਹ ਤੋਂ ਪਾਪ ਕਰਾਇਆ ਕਿ ਉਹ ਯਹੋਵਾਹ ਦੀ ਨਿਗਾਹ ਵਿੱਚ ਬੁਰਿਆਈ ਕਰਨ ਨਿਰਦੋਸ਼ਾਂ ਦਾ ਲਹੂ ਵੀ ਐਨਾ ਬਾਹਲਾ ਵਹਾਇਆ ਕਿ ਯਰੂਸ਼ਲਮ ਨੂੰ ਇੱਕ ਸਿਰਿਓਂ ਦੂਜੇ ਸਿਰੇ ਤੱਕ ਭਰ ਛੱਡਿਆ ।17ਅਤੇ ਮਨੱਸ਼ਹ ਦੀ ਬਾਕੀ ਵਾਰਤਾ ਤੇ ਉਹ ਸੱਭੋ ਕੁਝ ਜੋ ਉਸ ਨੇ ਕੀਤਾ ਅਤੇ ਉਹ ਪਾਪ ਜੋ ਉਸ ਨੇ ਕਮਾਇਆ ਕੀ ਉਹ ਯਹੂਦਾਹ ਦੇ ਪਾਤਸ਼ਾਹਾਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਨਹੀਂ ਹੈ ?18ਫੇਰ ਮਨੱਸ਼ਹ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ ਅਤੇ ਆਪਣੇ ਘਰ ਦੇ ਬਾਗ ਅਰਥਾਤ ਉੱਜ਼ਾ ਦੇ ਬਾਗ ਵਿੱਚ ਦੱਬਿਆ ਗਿਆ ਅਤੇ ਉਸ ਦਾ ਪੁੱਤਰ ਆਮੋਨ ਉਸ ਦੇ ਥਾਂ ਰਾਜ ਕਰਨ ਲੱਗਾ ।
ਯਹੂਦਾਹ ਦਾ ਰਾਜਾ ਆਮੋਨ
(2 ਇਤਿਹਾਸ 33:21 - 25)

19ਜਦ ਆਮੋਨ ਰਾਜ ਕਰਨ ਲੱਗਾ ਉਹ ਬਾਈਆਂ ਸਾਲਾਂ ਦਾ ਸੀ ਅਤੇ ਉਹ ਨੇ ਯਰੂਸ਼ਲਮ ਵਿੱਚ ਦੋ ਸਾਲ ਰਾਜ ਕੀਤਾ ਅਤੇ ਉਹ ਦੀ ਮਾਤਾ ਦਾ ਨਾਮ ਮਸ਼ੁੱਲਮਥ ਸੀ ਜੋ ਯਾਟਬਾਹੀ ਹਾਰੂਸ ਦੀ ਧੀ ਸੀ ।20ਅਤੇ ਉਹ ਨੇ ਉਹ ਕੰਮ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜਾ ਸੀ, ਜਿਵੇਂ ਉਹ ਦੇ ਪਿਉ ਮਨੱਸ਼ਹ ਨੇ ਵੀ ਕੀਤਾ ਸੀ ।
21ਅਤੇ ਉਹ ਉਸ ਸਾਰੇ ਰਾਹ ਉੱਤੇ ਤੁਰਿਆ ਜਿਹ ਦੇ ਉੱਤੇ ਉਹ ਦਾ ਪਿਉ ਤੁਰਦਾ ਸੀ ਅਤੇ ਉਨ੍ਹਾਂ ਬੁੱਤਾਂ ਦੀ ਪੂਜਾ ਕੀਤੀ ਜਿਨ੍ਹਾਂ ਦੀ ਪੂਜਾ ਉਹ ਦੇ ਪਿਉ ਨੇ ਕੀਤੀ ਸੀ ਅਤੇ ਉਨ੍ਹਾਂ ਅੱਗੇ ਮੱਥਾ ਟੇਕਿਆ ।22ਅਤੇ ਯਹੋਵਾਹ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਨੂੰ ਤਿਆਗ ਦਿੱਤਾ ਅਤੇ ਯਹੋਵਾਹ ਦੇ ਰਾਹ ਉੱਤੇ ਨਾ ਤੁਰਿਆ ।23ਅਤੇ ਆਮੋਨ ਦੇ ਨੌਕਰਾਂ ਨੇ ਉਹ ਦੇ ਵਿਰੁੱਧ ਯੋਜਨਾ ਬਣਾਈ ਅਤੇ ਰਾਜਾ ਨੂੰ ਉਹ ਦੇ ਮਹਿਲ ਦੇ ਵਿੱਚੇ ਹੀ ਮਾਰ ਛੱਡਿਆ ।
24ਪਰ ਉਸ ਦੇਸ ਦੇ ਲੋਕਾਂ ਨੇ ਉਹਨਾਂ ਸਾਰਿਆਂ ਨੂੰ ਮਾਰ ਛੱਡਿਆ ਜਿਨ੍ਹਾਂ ਨੇ ਆਮੋਨ ਰਾਜਾ ਦੇ ਵਿਰੁੱਧ ਯੋਜਨਾ ਬਣਾਈ ਸੀ ਅਤੇ ਦੇਸ ਦੇ ਲੋਕਾਂ ਨੇ ਉਹ ਦੇ ਪੁੱਤਰ ਯੋਸੀਯਾਹ ਨੂੰ ਉਹ ਦੇ ਥਾਂ ਰਾਜਾ ਬਣਾਇਆ ।25ਅਤੇ ਆਮੋਨ ਦੀ ਬਾਕੀ ਵਾਰਤਾ ਅਤੇ ਜੋ ਕੁਝ ਉਹ ਨੇ ਕੀਤਾ ਕੀ ਉਹ ਯਹੂਦਾਹ ਦੇ ਰਾਜਿਆਂ ਦੀ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਨਹੀਂ ਹੈ ?26ਅਤੇ ਉਹ ਆਪਣੀ ਕਬਰ ਵਿੱਚ ਉੱਜ਼ਾ ਦੇ ਬਾਗ ਵਿੱਚ ਦੱਬਿਆ ਗਿਆ ਅਤੇ ਉਹ ਦਾ ਪੁੱਤਰ ਯੋਸੀਯਾਹ ਉਹ ਦੇ ਥਾਂ ਰਾਜ ਕਰਨ ਲੱਗਾ ।

22
ਯਹੂਦਾਹ ਦਾ ਰਾਜਾ ਯੋਸੀਯਾਹ
(2 ਇਤਿਹਾਸ 34:1,2)

1ਜਦ ਯੋਸੀਯਾਹ ਰਾਜ ਕਰਨ ਲੱਗਾ ਤਾਂ ਉਹ ਅੱਠ ਸਾਲਾਂ ਦਾ ਸੀ ਅਤੇ ਉਸ ਨੇ ਯਰੂਸ਼ਲਮ ਵਿੱਚ ਇਕੱਤੀ ਸਾਲ ਰਾਜ ਕੀਤਾ । ਉਸ ਦੀ ਮਾਤਾ ਦਾ ਨਾਮ ਯਦੀਦਾਹ ਸੀ ਜੋ ਬਾਸਕਥੀ ਅਦਾਯਾਹ ਦੀ ਧੀ ਸੀ ।2ਅਤੇ ਉਸ ਨੇ ਓਹੋ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ ਅਤੇ ਆਪਣੇ ਪਿਉ ਦਾਊਦ ਦੇ ਸਾਰੇ ਰਾਹ ਤੇ ਚੱਲਦਾ ਰਿਹਾ ਅਤੇ ਸੱਜੇ ਜਾਂ ਖੱਬੇ ਨੂੰ ਨਾ ਮੁੜਿਆ ।

ਬਿਵਸਥਾ ਦੀ ਪੋਥੀ ਮਿਲਣਾ
(2 ਇਤਿਹਾਸ 34:8 - 28)

3ਯੋਸੀਯਾਹ ਰਾਜਾ ਦੇ ਅਠਾਰਵੇਂ ਸਾਲ ਇਸ ਤਰ੍ਹਾਂ ਹੋਇਆ ਕਿ ਰਾਜਾ ਨੇ ਮਸ਼ੁੱਲਾਮ ਦੇ ਪੋਤਰੇ ਅਸਲਯਾਹ ਦੇ ਪੁੱਤਰ ਸ਼ਾਫਾਨ ਮੁਨੀਮ ਨੂੰ ਯਹੋਵਾਹ ਦੇ ਭਵਨ ਨੂੰ ਇਹ ਆਖ ਕੇ ਭੇਜਿਆ ।4ਭਈ ਪ੍ਰਧਾਨ ਜਾਜਕ ਹਿਲਕੀਯਾਹ ਕੋਲ ਜਾ ਕਿ ਉਹ ਉਸ ਰੁਪਏ ਨੂੰ ਜੋ ਯਹੋਵਾਹ ਦੇ ਭਵਨ ਵਿੱਚ ਲਿਆਇਆ ਜਾਂਦਾ ਹੈ ਅਤੇ ਜਿਸ ਨੂੰ ਫਾਟਕ ਦੇ ਪਹਿਰੇਦਾਰਾਂ ਨੇ ਲੋਕਾਂ ਕੋਲੋਂ ਇਕੱਠਾ ਕੀਤਾ ਹੈ, ਗਿਣੇ5ਕਿ ਉਹ ਉਨ੍ਹਾਂ ਕਰਿੰਦਿਆਂ ਦੇ ਹੱਥ ਵਿੱਚ ਦੇ ਦੇਣ ਜੋ ਯਹੋਵਾਹ ਦੇ ਭਵਨ ਦੀ ਵੇਖ ਭਾਲ ਕਰਦੇ ਹਨ ਤਾਂ ਜੋ ਉਹ ਉਨ੍ਹਾਂ ਕਰਿੰਦਿਆਂ ਨੂੰ ਵੀ ਦੇਣ ਜੋ ਭਵਨ ਦੀ ਟੁੱਟ ਫੁੱਟ ਦੀ ਮੁਰੰਮਤ ਕਰਨ ਲਈ ਯਹੋਵਾਹ ਦੇ ਭਵਨ ਵਿੱਚ ਹਨ ।
6ਅਰਥਾਤ ਤਰਖਾਣਾਂ ਤੇ ਰਾਜਾਂ ਤੇ ਮਿਸਤਰੀਆਂ ਨੂੰ ਨਾਲੇ ਭਵਨ ਦੀ ਮੁਰੰਮਤ ਦੇ ਲਈ ਲੱਕੜ ਅਤੇ ਕੱਟੇ ਹੋਏ ਪੱਥਰ ਮੁੱਲ ਲੈਣ ।7ਪਰ ਜੋ ਚਾਂਦੀ ਉਨ੍ਹਾਂ ਦੇ ਹੱਥ ਵਿੱਚ ਦਿੱਤੀ ਜਾਂਦੀ ਸੀ ਉਹ ਦਾ ਲੇਖਾ ਉਨ੍ਹਾਂ ਨਾਲ ਨਹੀਂ ਕੀਤਾ ਜਾਂਦਾ ਸੀ, ਕਿਉਂ ਜੋ ਉਹ ਵਿਹਾਰ ਦੇ ਖਰੇ ਸਨ ।
8ਤਦ ਹਿਲਕੀਯਾਹ ਪ੍ਰਧਾਨ ਜਾਜਕ ਨੇ ਸ਼ਾਫਾਨ ਲਿਖਾਰੀ ਨੂੰ ਆਖਿਆ ਕਿ ਮੈਨੂੰ ਯਹੋਵਾਹ ਦੇ ਭਵਨ ਵਿੱਚੋਂ ਬਿਵਸਥਾ ਦੀ ਪੋਥੀ ਲੱਭੀ ਹੈ ਅਤੇ ਹਿਲਕੀਯਾਹ ਨੇ ਉਹ ਪੋਥੀ ਸ਼ਾਫਾਨ ਨੂੰ ਦਿੱਤੀ ਅਤੇ ਉਸ ਨੇ ਪੜ੍ਹੀ ।9ਤਦ ਸ਼ਾਫਾਨ ਲਿਖਾਰੀ ਰਾਜਾ ਦੇ ਕੋਲ ਆਇਆ ਅਤੇ ਰਾਜਾ ਕੋਲ ਫੇਰ ਇਹ ਖਬਰ ਲਿਆਇਆ ਅਤੇ ਆਖਿਆ ਕਿ ਤੁਹਾਡੇ ਦਾਸਾਂ ਨੇ ਉਹ ਚਾਂਦੀ ਜੋ ਹੈਕਲ ਵਿੱਚੋਂ ਮਿਲੀ ਇਕੱਠੀ ਕਰ ਕੇ ਉਨ੍ਹਾਂ ਕਰਿੰਦਿਆਂ ਦੇ ਹੱਥ ਵਿੱਚ ਦੇ ਦਿੱਤੀ ਜੋ ਯਹੋਵਾਹ ਦੇ ਭਵਨ ਦੀ ਵੇਖ ਭਾਲ ਕਰਦੇ ਹਨ ।10ਤਦ ਸ਼ਾਫਾਨ ਲਿਖਾਰੀ ਨੇ ਰਾਜਾ ਨੂੰ ਦੱਸਿਆ ਕਿ ਹਿਲਕੀਯਾਹ ਜਾਜਕ ਨੇ ਇੱਕ ਪੋਥੀ ਮੈਨੂੰ ਫੜਾਈ ਹੈ ਅਤੇ ਸ਼ਾਫਾਨ ਨੇ ਉਹ ਨੂੰ ਰਾਜਾ ਦੇ ਸਾਹਮਣੇ ਪੜ੍ਹਿਆ ।
11ਤਾਂ ਇਸ ਤਰ੍ਹਾਂ ਹੋਇਆ ਕਿ ਜਦ ਰਾਜਾ ਨੇ ਬਿਵਸਥਾ ਦੀ ਪੋਥੀ ਦੀਆਂ ਗੱਲਾਂ ਸੁਣੀਆਂ ਤਾਂ ਉਹ ਨੇ ਆਪਣੇ ਬਸਤਰ ਪਾੜੇ ।12ਅਤੇ ਰਾਜਾ ਨੇ ਹਿਲਕੀਯਾਹ ਜਾਜਕ ਅਤੇ ਸ਼ਾਫਾਨ ਦੇ ਪੁੱਤਰ ਅਹੀਕਾਮ ਅਤੇ ਮੀਕਾਯਾਹ ਦੇ ਪੁੱਤਰ ਅਕਬੋਰ ਅਤੇ ਸ਼ਾਫਾਨ ਲਿਖਾਰੀ ਅਤੇ ਰਾਜਾ ਦੇ ਟਹਿਲੂਏ ਅਸਾਯਾਹ ਨੂੰ ਇਹ ਆਗਿਆ ਦਿੱਤੀ ਕਿ13ਜਾਓ ਅਤੇ ਇਸ ਪੋਥੀ ਦੀਆਂ ਗੱਲਾਂ ਵਿਖੇ ਜੋ ਲੱਭੀ ਹੈ, ਮੇਰੀ ਵੱਲੋਂ ਤੇ ਲੋਕਾਂ ਦੀ ਵੱਲੋਂ ਤੇ ਸਾਰੇ ਯਹੂਦਾਹ ਵੱਲੋਂ ਯਹੋਵਾਹ ਤੋਂ ਪੁੱਛ-ਗਿੱਛ ਕਰੋ ਕਿਉਂ ਜੋ ਯਹੋਵਾਹ ਦਾ ਵੱਡਾ ਕ੍ਰੋਧ ਸਾਡੇ ਉੱਤੇ ਇਸੇ ਲਈ ਭੜਕਿਆ ਹੈ ਕਿ ਉਹ ਸਭ ਜੋ ਸਾਡੇ ਵਿਖੇ ਲਿਖਿਆ ਹੈ ਉਹ ਦੇ ਅਨੁਸਾਰ ਕਰਨ ਲਈ ਸਾਡੇ ਪਿਉ-ਦਾਦਿਆਂ ਨੇ ਇਸ ਪੋਥੀ ਦੀਆਂ ਗੱਲਾਂ ਨੂੰ ਨਾ ਸੁਣਿਆ ।
14ਸੋ ਹਿਲਕੀਯਾਹ ਜਾਜਕ, ਅਹੀਕਾਮ, ਅਕਬੋਰ, ਸ਼ਾਫਾਨ ਅਤੇ ਅਸਾਯਾਹ ਹੁਲਦਾਹ ਨਬੀਆ ਦੇ ਕੋਲ ਗਏ ਜੋ ਉਸ ਸ਼ਲੁੱਮ ਦੀ ਵਹੁਟੀ ਸੀ ਜੋ ਤਿਕਵਾਹ ਦਾ ਪੁੱਤਰ ਤੇ ਹਰਹਸ ਦਾ ਪੋਤਾ ਸੀ ਜੋ ਤੋਸ਼ੇ ਖਾਨੇ ਦਾ ਰੱਖਵਾਲਾ ਸੀ । ਉਹ ਯਰੂਸ਼ਲਮ ਵਿੱਚ ਮਿਸ਼ਨਹ ਨਾਮੀ ਮੁਹੱਲੇ ਵਿੱਚ ਵੱਸਦੀ ਸੀ ਅਤੇ ਉਨ੍ਹਾਂ ਨੇ ਉਹ ਦੇ ਨਾਲ ਗੱਲਬਾਤ ਕੀਤੀ ।15ਤਾਂ ਉਹ ਨੇ ਉਨ੍ਹਾਂ ਨੂੰ ਆਖਿਆ ਕਿ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਐਉਂ ਆਖਦਾ ਹੈ, ਤੁਸੀਂ ਉਸ ਆਦਮੀ ਨੂੰ ਜਿਸ ਨੇ ਤੁਹਾਨੂੰ ਮੇਰੇ ਕੋਲ ਭੇਜਿਆ ਹੈ ਆਖਣਾ ।16ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਵੇਖੋ ਮੈਂ ਇਸ ਥਾਂ ਅਤੇ ਉਹ ਦੇ ਵਾਸੀਆਂ ਉੱਤੇ ਬੁਰਿਆਈ ਅਰਥਾਤ ਇਸ ਪੋਥੀ ਦੀਆਂ ਸਾਰੀਆਂ ਗੱਲਾਂ ਲਿਆਉਣ ਵਾਲਾ ਹਾਂ, ਜੋ ਯਹੂਦਾਹ ਦੇ ਰਾਜਾ ਨੇ ਪੜ੍ਹੀ ਹੈ ।
17ਕਿਉਂ ਜੋ ਉਨ੍ਹਾਂ ਨੇ ਮੈਨੂੰ ਛੱਡ ਦਿੱਤਾ ਅਤੇ ਪਰਾਏ ਦੇਵਤਿਆਂ ਦੇ ਅੱਗੇ ਧੂਪ ਧੁਖਾਈ ਤਾਂ ਜੋ ਉਹ ਆਪਣੇ ਹੱਥਾਂ ਦੀ ਸਾਰੀ ਕਾਰੀਗਰੀ ਨਾਲ ਮੈਨੂੰ ਕ੍ਰੋਧ ਵਿੱਚ ਲਿਆਉਣ । ਸੋ ਮੇਰਾ ਕ੍ਰੋਧ ਇਸ ਥਾਂ ਤੇ ਭੜਕੇਗਾ ਅਤੇ ਠੰਡਾ ਨਾ ਹੋਵੇਗਾ ।18ਪਰ ਯਹੂਦਾਹ ਦੇ ਰਾਜਾ ਨੂੰ ਜਿਸ ਨੇ ਤੁਹਾਨੂੰ ਯਹੋਵਾਹ ਕੋਲੋਂ ਪੁੱਛ-ਗਿੱਛ ਕਰਨ ਲਈ ਭੇਜਿਆ ਹੈ ਤੁਸੀਂ ਇਸ ਤਰ੍ਹਾਂ ਆਖਿਓ ਕਿ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਕਿ ਉਹਨਾਂ ਗੱਲਾਂ ਦੇ ਵਿਖੇ ਜਿਹੜੀਆਂ ਤੂੰ ਸੁਣੀਆਂ ਹਨ ।19ਇਸ ਲਈ ਕਿ ਤੇਰਾ ਮਨ ਨਰਮ ਹੋਇਆ ਅਤੇ ਜਦ ਤੂੰ ਉਹ ਸੁਣਿਆ ਜੋ ਮੈਂ ਇਸ ਥਾਂ ਅਤੇ ਇਹ ਦੇ ਵਾਸੀਆਂ ਦੇ ਵਿਰੁੱਧ ਆਖਿਆ ਸੀ ਕਿ ਉਹ ਨਾਸ ਹੋਣ ਤੇ ਸਰਾਪੇ ਜਾਣ ਤਾਂ ਤੂੰ ਯਹੋਵਾਹ ਦੇ ਅੱਗੇ ਨੀਵਾਂ ਹੋਇਆ ਤੇ ਆਪਣੇ ਲੀੜੇ ਪਾੜੇ ਅਤੇ ਮੇਰੇ ਅੱਗੇ ਰੋਇਆ ਸੋ ਮੈਂ ਵੀ ਤੇਰੀ ਸੁਣੀ ਹੈ, ਯਹੋਵਾਹ ਦਾ ਵਾਕ ਹੈ ।
20ਇਸ ਕਾਰਨ ਵੇਖ ਮੈਂ ਤੈਨੂੰ ਤੇਰੇ ਪਿਉ-ਦਾਦਿਆਂ ਨਾਲ ਰਲਾਉਣ ਵਾਲਾ ਹਾਂ ਅਤੇ ਤੂੰ ਸ਼ਾਂਤੀ ਨਾਲ ਆਪਣੀ ਕਬਰ ਵਿੱਚ ਰੱਖਿਆ ਜਾਵੇਂਗਾ ਅਤੇ ਤੇਰੀਆਂ ਅੱਖੀਆਂ ਉਸ ਸਾਰੀ ਬੁਰਿਆਈ ਨੂੰ ਜੋ ਮੈਂ ਇਸ ਥਾਂ ਉੱਤੇ ਲਿਆਉਣ ਵਾਲਾ ਹਾਂ ਨਾ ਵੇਖਣਗੀਆਂ । ਉਹ ਫੇਰ ਰਾਜਾ ਕੋਲ ਇਹ ਸੁਨੇਹਾ ਲਿਆਏ ।

23
ਯੋਸੀਯਾਹ ਦੁਆਰਾ ਮੂਰਤੀ ਪੂਜਾ ਬੰਦ ਕਰਨਾ
(2 ਇਤਿਹਾਸ 34:3 - 7, 29 - 33)

1ਤਦ ਰਾਜਾ ਨੇ ਸੁਨੇਹਾ ਭੇਜਿਆ ਅਤੇ ਸਾਰੇ ਯਹੂਦਾਹ ਅਤੇ ਯਰੂਸ਼ਲਮ ਦੇ ਬਜ਼ੁਰਗ ਉਹ ਦੇ ਕੋਲ ਇਕੱਠੇ ਹੋਏ ।2ਤਾਂ ਰਾਜਾ ਯਹੋਵਾਹ ਦੇ ਭਵਨ ਨੂੰ ਗਿਆ ਅਤੇ ਯਹੂਦਾਹ ਦੇ ਸਾਰੇ ਮਨੁੱਖ ਅਤੇ ਯਰੂਸ਼ਲਮ ਦੇ ਸਾਰੇ ਵਾਸੀ ਅਤੇ ਜਾਜਕ, ਨਬੀ ਅਤੇ ਸਾਰੇ ਛੋਟੇ ਵੱਡੇ ਲੋਕ ਉਹ ਦੇ ਨਾਲ ਸਨ ਅਤੇ ਉਹ ਨੇ ਨੇਮ ਦੀ ਪੋਥੀ ਜੋ ਯਹੋਵਾਹ ਦੇ ਭਵਨ ਵਿੱਚੋਂ ਲੱਭੀ ਸੀ, ਉਹ ਦੀਆਂ ਸਾਰੀਆਂ ਗੱਲਾਂ ਪੜ੍ਹ ਕੇ ਉਨ੍ਹਾਂ ਦੇ ਕੰਨੀਂ ਪਾਈਆਂ ।

3ਤਦ ਰਾਜਾ ਥੜੇ ਦੇ ਉੱਤੇ ਖੜ੍ਹਾ ਹੋ ਗਿਆ ਅਤੇ ਉਹ ਨੇ ਯਹੋਵਾਹ ਦੇ ਅੱਗੇ ਇੱਕ ਨੇਮ ਬੰਨ੍ਹਿਆ ਕਿ ਅਸੀਂ ਯਹੋਵਾਹ ਦੇ ਪਿੱਛੇ ਤੁਰਾਂਗੇ ਤੇ ਉਸ ਦੇ ਹੁਕਮਾਂ ਤੇ ਸਾਖੀਆਂ ਤੇ ਬਿਧੀਆਂ ਨੂੰ ਆਪਣੇ ਸਾਰੇ ਦਿਲ ਅਤੇ ਆਪਣੀ ਸਾਰੀ ਜਾਨ ਨਾਲ ਮੰਨਾਂਗੇ ਅਤੇ ਉਸ ਨੇਮ ਦੀਆਂ ਗੱਲਾਂ ਨੂੰ ਜੋ ਉਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ ਪੂਰਾ ਕਰਾਂਗੇ ਤਾਂ ਸਾਰੇ ਲੋਕਾਂ ਨੇ ਉਸ ਨੇਮ ਨੂੰ ਮੰਨ ਲਿਆ ।
4ਤਦ ਰਾਜਾ ਨੇ ਪ੍ਰਧਾਨ ਜਾਜਕ ਹਿਲਕੀਯਾਹ ਨੂੰ ਅਤੇ ਦੂਜੇ ਦਰਜੇ ਦੇ ਜਾਜਕਾਂ ਨੂੰ ਅਤੇ ਦਰਬਾਨਾਂ ਨੂੰ ਆਗਿਆ ਦਿੱਤੀ ਕਿ ਉਹ ਸਾਰੇ ਭਾਂਡੇ ਜੋ ਬਆਲ ਅਤੇ ਅਸ਼ੇਰਾਹ ਦੇਵੀ ਅਤੇ ਅਕਾਸ਼ ਦੇ ਸਾਰੇ ਲਸ਼ਕਰ ਲਈ ਬਣਾਏ ਗਏ ਸਨ ਯਹੋਵਾਹ ਦੀ ਹੈਕਲ ਵਿੱਚੋਂ ਬਾਹਰ ਕੱਢ ਲਿਆਉਣ ਅਤੇ ਉਹ ਨੇ ਯਰੂਸ਼ਲਮੋਂ ਬਾਹਰ ਕਿਦਰੋਨ ਦੇ ਖੇਤਾਂ ਵਿੱਚ ਉਹਨਾਂ ਨੂੰ ਸਾੜ ਦਿੱਤਾ ਅਤੇ ਉਹਨਾਂ ਦੀ ਸੁਆਹ ਨੂੰ ਬੈਤਏਲ ਲੈ ਗਿਆ ।5ਅਤੇ ਉਹ ਨੇ ਉਹਨਾਂ ਬੁੱਤ ਪੂਜਕ ਪੁਜਾਰੀਆਂ ਨੂੰ ਜਿਨ੍ਹਾਂ ਨੂੰ ਯਹੂਦਾਹ ਦੇ ਰਾਜਿਆਂ ਨੇ ਯਹੂਦਾਹ ਦੇ ਸ਼ਹਿਰ ਦੇ ਉੱਚਿਆਂ ਥਾਵਾਂ ਅਤੇ ਯਰੂਸ਼ਲਮ ਦੇ ਆਲੇ-ਦੁਆਲੇ ਦੇ ਥਾਵਾਂ ਵਿੱਚ ਧੂਪ ਧੁਖਾਉਣ ਲਈ ਠਹਿਰਾਇਆ ਸੀ ਅਤੇ ਉਹਨਾਂ ਨੂੰ ਵੀ ਜੋ ਬਆਲ, ਸੂਰਜ, ਚੰਦ, ਘੁੰਮਣ ਵਾਲੇ ਤਾਰੇ ਅਤੇ ਅਕਾਸ਼ ਦੇ ਸਾਰੇ ਲਸ਼ਕਰ ਲਈ ਧੂਪ ਧੁਖਾਉਂਦੇ ਸਨ ਹਟਾ ਦਿੱਤਾ ।
6ਅਤੇ ਉਸ ਟੁੰਡਦੇਵੀ ਨੂੰ ਯਹੋਵਾਹ ਦੇ ਭਵਨ ਤੋਂ ਕੱਢ ਕੇ ਯਰੂਸ਼ਲਮ ਤੋਂ ਬਾਹਰ ਕਿਦਰੋਨ ਦੇ ਨਾਲੇ ਵਿੱਚ ਲੈ ਗਿਆ ਅਤੇ ਉਸ ਨੂੰ ਕਿਦਰੋਨ ਦੇ ਨਾਲੇ ਵਿੱਚ ਸਾੜ ਸੁੱਟਿਆ ਅਤੇ ਉਸ ਨੂੰ ਕੁੱਟ ਕੁੱਟ ਕੇ ਪੀਪੂੰ ਕਰ ਦਿੱਤਾ ਅਤੇ ਉਸ ਪੀਪੂੰ ਨੂੰ ਆਮ ਲੋਕਾਂ ਦੀਆਂ ਕਬਰਾਂ ਉੱਤੇ ਸੁੱਟ ਦਿੱਤਾ ।7ਅਤੇ ਉਹ ਨੇ ਸਮਲਿੰਗੀਆਂ ਦੇ ਘਰਾਂ ਨੂੰ ਜੋ ਯਹੋਵਾਹ ਦੇ ਭਵਨ ਕੋਲ ਸਨ ਜਿੱਥੇ ਔਰਤਾਂ ਉਸ ਟੁੰਡ ਦੇ ਲਈ ਪੜਦੇ ਬੁਣਦੀਆਂ ਸਨ ਢਾਹ ਦਿੱਤਾ ।
8ਉਹ ਯਹੂਦਾਹ ਦੇ ਸ਼ਹਿਰਾਂ ਵਿੱਚੋਂ ਸਾਰੇ ਜਾਜਕਾਂ ਨੂੰ ਲਿਆਇਆ ਅਤੇ ਗਬਾ ਤੋਂ ਲੈ ਕੇ ਬਏਰਸ਼ਬਾ ਤੱਕ ਉਹਨਾਂ ਸਾਰੀਆਂ ਉੱਚੀਆਂ ਥਾਵਾਂ ਨੂੰ ਜਿੱਥੇ ਜਾਜਕਾਂ ਨੇ ਧੂਪ ਧੁਖਾਈ ਸੀ ਭਰਿਸ਼ਟ ਕਰ ਦਿੱਤਾ ਅਤੇ ਉਹ ਨੇ ਰਾਹ ਦੇ ਫਾਟਕਾਂ ਦੇ ਉਹਨਾਂ ਉੱਚਿਆਂ ਥਾਵਾਂ ਨੂੰ ਜੋ ਸ਼ਹਿਰ ਦੇ ਹਾਕਮ ਯਹੋਸ਼ੁਆ ਦੇ ਫਾਟਕ ਦੇ ਰਾਹ ਤੇ ਸ਼ਹਿਰ ਦੇ ਫਾਟਕ ਦੇ ਖੱਬੇ ਹੱਥ ਸੀ ਢਾਹ ਦਿੱਤਾ ।9ਤਾਂ ਵੀ ਉੱਚਿਆਂ ਥਾਵਾਂ ਦੇ ਪੁਜਾਰੀ ਯਰੂਸ਼ਲਮ ਵਿੱਚ ਯਹੋਵਾਹ ਦੀ ਜਗਵੇਦੀ ਕੋਲ ਨਾ ਆਏ ਪਰ ਉਹ ਆਪਣੇ ਭਰਾਵਾਂ ਦੇ ਵਿੱਚਕਾਰ ਬੇ ਪਤੀਰੀ ਰੋਟੀ ਖਾ ਲੈਂਦੇ ਹੁੰਦੇ ਸਨ ।
10ਅਤੇ ਉਹ ਨੇ ਤੋਫ਼ਥ ਨੂੰ ਜੋ ਬਨੀ ਹਿੰਨੋਮ ਦੀ ਵਾਦੀ ਵਿੱਚ ਹੈ ਭਰਿਸ਼ਟ ਕੀਤਾ, ਤਾਂ ਜੋ ਕੋਈ ਮਨੁੱਖ ਆਪਣੇ ਪੁੱਤਰ ਜਾਂ ਆਪਣੀ ਧੀ ਨੂੰ ਮੋਲਕ ਦੇ ਲਈ ਅੱਗ ਵਿਚੋਂ ਦੀ ਨਾ ਲੰਘਾਵੇ ।11ਅਤੇ ਉਹ ਨੇ ਉਨ੍ਹਾਂ ਘੋੜਿਆਂ ਨੂੰ ਜਿਨ੍ਹਾਂ ਨੂੰ ਯਹੂਦਾਹ ਦੇ ਰਾਜਾ ਨੇ ਸੂਰਜ ਲਈ ਅਰਪਣ ਕੀਤਾ ਸੀ, ਯਹੋਵਾਹ ਦੇ ਭਵਨ ਦੇ ਰਾਹ ਕੋਲੋਂ ਨਾਥਾਨ-ਮਲਕ ਖੋਜੇ ਦੀ ਕੋਠੜੀ ਦੇ ਲਾਗਿਓਂ ਜੋ ਬਸਤੀ ਦੇ ਅੰਦਰ ਸੀ ਕੱਢ ਦਿੱਤਾ । ਉਹ ਨੇ ਸੂਰਜ ਦੇ ਰਥਾਂ ਨੂੰ ਵੀ ਅੱਗ ਨਾਲ ਫੂਕ ਦਿੱਤਾ ।
12ਅਤੇ ਜੋ ਜਗਵੇਦੀਆਂ ਆਹਾਜ਼ ਦੇ ਚੁਬਾਰੇ ਦੀ ਛੱਤ ਉੱਤੇ ਸਨ ਜਿਹੜੀਆਂ ਯਹੂਦਾਹ ਦੇ ਰਾਜਿਆਂ ਨੇ ਬਣਾਈਆਂ ਸਨ ਅਤੇ ਉਹ ਜਗਵੇਦੀਆਂ ਵੀ ਜੋ ਮਨੱਸ਼ਹ ਨੇ ਯਹੋਵਾਹ ਦੇ ਭਵਨ ਦੇ ਦੋਹਾਂ ਵਿਹੜਿਆਂ ਵਿੱਚ ਬਣਾਈਆਂ ਸਨ ਰਾਜਾ ਨੇ ਢਾਹ ਛੱਡੀਆਂ ਅਤੇ ਉੱਥੋਂ ਚੁੱਕਵਾ ਕੇ ਉਹਨਾਂ ਦੀ ਸੁਆਹ ਨੂੰ ਕਿਦਰੋਨ ਦੇ ਨਾਲੇ ਵਿੱਚ ਸੁੱਟ ਦਿਤਾ ।13ਪਾਤਸ਼ਾਹਾਂ ਨੇ ਉਹਨਾਂ ਉੱਚਿਆਂ ਥਾਵਾਂ ਨੂੰ ਭਰਿਸ਼ਟ ਕੀਤਾ ਜੋ ਯਰੂਸ਼ਲਮ ਦੇ ਸਾਹਮਣੇ ਗੰਦੇ ਪਰਬਤ ਦੇ ਸੱਜੇ ਪਾਸੇ ਸਨ ਜਿਨ੍ਹਾਂ ਨੂੰ ਇਸਰਾਏਲ ਦੇ ਰਾਜਾ ਸੁਲੇਮਾਨ ਨੇ ਸੀਦੋਨੀਆਂ ਦੀ ਘਿਣਾਉਣੀ ਦੇਵੀ ਅਸ਼ਤਾਰੋਥ ਅਤੇ ਮੋਆਬੀਆਂ ਦੇ ਘਿਣਾਉਣੇ ਦੇਵ ਕਮੋਸ਼ ਅਤੇ ਅੰਮੋਨੀਆਂ ਦੇ ਘਿਣਾਉਣੇ ਦੇਵ ਮਿਲਕੋਮ ਦੇ ਲਈ ਬਣਾਇਆ ਸੀ ।14ਅਤੇ ਉਹ ਨੇ ਥੰਮ੍ਹਾਂ ਨੂੰ ਟੁੱਕੜੇ-ਟੁੱਕੜੇ ਕਰ ਦਿੱਤਾ ਅਤੇ ਟੁੰਡਾਂ ਨੂੰ ਵੱਢ ਦਿੱਤਾ ਅਤੇ ਉਹਨਾਂ ਦਾ ਥਾਂ ਆਦਮੀਆਂ ਦੀਆਂ ਹੱਡੀਆਂ ਨਾਲ ਭਰ ਦਿੱਤਾ ।
15ਨਾਲੇ ਉਹ ਜਗਵੇਦੀ ਜੋ ਬੈਤਏਲ ਵਿੱਚ ਸੀ ਤੇ ਉਹ ਉੱਚਾ ਥਾਂ ਜੋ ਨਬਾਟ ਦੇ ਪੁੱਤਰ ਯਾਰਾਬੁਆਮ ਨੇ ਬਣਾਇਆ ਸੀ ਜਿਹ ਦੇ ਨਾਲ ਉਸ ਨੇ ਇਸਰਾਏਲ ਤੋਂ ਪਾਪ ਕਰਾਇਆ ਸੀ ਸੋ ਉਹ ਜਗਵੇਦੀ ਅਤੇ ਉੱਚਾ ਥਾਂ ਵੀ ਉਹ ਨੇ ਢਾਹ ਛੱਡਿਆ ਅਤੇ ਉਸ ਉੱਚੇ ਥਾਂ ਨੂੰ ਫੂਕ ਦਿੱਤਾ ਤੇ ਉਸ ਨੂੰ ਪੀਹ ਕੇ ਚੂਰ-ਚੂਰ ਕਰ ਦਿੱਤਾ ਅਤੇ ਟੁੰਡ ਨੂੰ ਫੂਕ ਛੱਡਿਆ ।16ਅਤੇ ਜਦ ਯੋਸੀਯਾਹ ਮੁੜਿਆ ਅਤੇ ਉਹ ਕਬਰਾਂ ਜੋ ਪਹਾੜ ਵਿੱਚ ਸਨ ਡਿੱਠੀਆਂ ਤਾਂ ਉਹ ਨੇ ਲੋਕ ਭੇਜ ਕੇ ਕਬਰਾਂ ਵਿੱਚੋਂ ਹੱਡੀਆਂ ਕਢਵਾਈਆਂ ਅਤੇ ਜਗਵੇਦੀ ਉੱਤੇ ਉਨ੍ਹਾਂ ਨੂੰ ਸਾੜ ਕੇ ਉਸ ਨੂੰ ਭਰਿਸ਼ਟ ਕੀਤਾ । ਇਹ ਯਹੋਵਾਹ ਦੇ ਬਚਨ ਦੇ ਅਨੁਸਾਰ ਹੋਇਆ ਜਿਹ ਦਾ ਪਰਮੇਸ਼ੁਰ ਦੇ ਜਨ ਨੇ ਪਰਚਾਰ ਕੀਤਾ ਜਿਸ ਨੇ ਇਸ ਵਾਰਤਾ ਦਾ ਵੀ ਪਰਚਾਰ ਕੀਤਾ ਸੀ ।
17ਤਦ ਉਹ ਨੇ ਆਖਿਆ ਕਿ ਉਹ ਯਾਦਗਾਰ ਜੋ ਮੈਂ ਓਧਰ ਵੇਖਦਾ ਹਾਂ ਕੀ ਹੈ ? ਅੱਗੋਂ ਸ਼ਹਿਰ ਦੇ ਲੋਕਾਂ ਨੇ ਉਹ ਨੂੰ ਆਖਿਆ, ਇਹ ਉਸ ਪਰਮੇਸ਼ੁਰ ਦੇ ਜਨ ਦੀ ਕਬਰ ਹੈ ਜਿਸ ਨੇ ਯਹੂਦਾਹ ਤੋਂ ਆ ਕੇ ਉਨ੍ਹਾਂ ਕੰਮਾਂ ਦਾ ਪਰਚਾਰ ਕੀਤਾ ਜੋ ਤੂੰ ਬੈਤਏਲ ਦੀ ਜਗਵੇਦੀ ਦੇ ਵਿਰੁੱਧ ਕੀਤੇ ਹਨ ।18ਤਾਂ ਉਹ ਨੇ ਆਖਿਆ ਕਿ ਉਸ ਨੂੰ ਵਿਸਰਾਮ ਕਰਨ ਦਿਓ । ਕੋਈ ਮਨੁੱਖ ਉਸ ਦੀਆਂ ਹੱਡੀਆਂ ਨੂੰ ਨਾ ਛੇੜੇ । ਸੋ ਉਹਨਾਂ ਨੇ ਉਸ ਦੀਆਂ ਹੱਡੀਆਂ ਉਸ ਨਬੀ ਦੀਆਂ ਹੱਡੀਆਂ ਨਾਲ ਜੋ ਸਾਮਰਿਯਾ ਵਿੱਚ ਆਇਆ ਸੀ ਰਹਿਣ ਦਿੱਤੀਆਂ ।
19ਨਾਲੇ ਯੋਸੀਯਾਹ ਨੇ ਉਨ੍ਹਾਂ ਉੱਚਿਆਂ ਥਾਵਾਂ ਦੇ ਸਾਰਿਆਂ ਮੰਦਰਾਂ ਨੂੰ ਵੀ ਜੋ ਸਾਮਰਿਯਾ ਦੇ ਸ਼ਹਿਰਾਂ ਵਿੱਚ ਸਨ ਜਿਨ੍ਹਾਂ ਨੂੰ ਇਸਰਾਏਲ ਦੇ ਪਾਤਸ਼ਾਹਾਂ ਨੇ ਯਹੋਵਾਹ ਦੇ ਕ੍ਰੋਧ ਨੂੰ ਭੜਕਾਉਣ ਲਈ ਬਣਾਇਆ ਸੀ ਢਾਹ ਦਿੱਤਾ ਅਤੇ ਉਹ ਸਭ ਜੋ ਉਹ ਨੇ ਬੈਤਏਲ ਵਿੱਚ ਕੀਤਾ ਸੀ, ਉਸੇ ਤਰਾਂ ਉਨ੍ਹਾਂ ਨਾਲ ਵੀ ਕੀਤਾ ।20ਅਤੇ ਉਹ ਨੇ ਉੱਚਿਆਂ ਥਾਵਾਂ ਦੇ ਸਾਰਿਆਂ ਪੁਜਾਰੀਆਂ ਨੂੰ ਜੋ ਉੱਥੇ ਸਨ ਜਗਵੇਦੀਆਂ ਉੱਤੇ ਬਲੀਦਾਨ ਕੀਤਾ ਅਤੇ ਉਨ੍ਹਾਂ ਦੇ ਉੱਤੇ ਆਦਮੀਆਂ ਦੀਆਂ ਹੱਡੀਆਂ ਸਾੜੀਆਂ ਫੇਰ ਯਰੂਸ਼ਲਮ ਨੂੰ ਮੁੜ ਆਇਆ ।
ਯੋਸੀਯਾਹ ਦੁਆਰਾ ਪਸਾਹ ਦਾ ਤਿਉਹਾਰ ਮਨਾਉਣਾ
(2 ਇਤਿਹਾਸ 35:1 - 9)

21ਤਦ ਰਾਜਾ ਨੇ ਸਾਰਿਆਂ ਲੋਕਾਂ ਨੂੰ ਇਹ ਹੁਕਮ ਦਿੱਤਾ ਕਿ ਜਿਵੇਂ ਇਸ ਨੇਮ ਦੀ ਪੋਥੀ ਵਿੱਚ ਲਿਖਿਆਂ ਹੈ ਯਹੋਵਾਹ ਆਪਣੇ ਪਰਮੇਸ਼ੁਰ ਦੇ ਲਈ ਪਸਾਹ ਮਨਾਓ22ਨਿਆਂਈਆਂ ਦੇ ਦਿਨਾਂ ਤੋਂ ਜੋ ਇਸਰਾਏਲ ਦਾ ਨਿਆਂਉਂ ਕਰਦੇ ਸਨ ਅਤੇ ਇਸਰਾਏਲ ਦੇ ਰਾਜਿਆਂ ਅਤੇ ਯਹੂਦਾਹ ਦੇ ਰਾਜਿਆਂ ਦੇ ਦਿਨਾਂ ਵਿੱਚ ਅਜਿਹੀ ਪਸਾਹ ਸੱਚ-ਮੁੱਚ ਨਹੀਂ ਹੋਈ ਸੀ ।23ਪਰ ਯੋਸੀਯਾਹ ਰਾਜਾ ਦੇ ਅਠਾਰਵੇਂ ਸਾਲ ਵਿੱਚ ਇਹ ਪਸਾਹ ਯਰੂਸ਼ਲਮ ਵਿੱਚ ਯਹੋਵਾਹ ਦੇ ਲਈ ਮਨਾਈ ਗਈ ।
ਯੋਸੀਯਾਹ ਦੁਆਰਾ ਹੋਰ ਸੁਧਾਰ

24ਨਾਲੇ ਯੋਸੀਯਾਹ ਨੇ ਉਨ੍ਹਾਂ ਨੂੰ ਜਿਨ੍ਹਾਂ ਵਿੱਚ ਪੁੱਛਣ ਵਾਲੀਆਂ ਰੂਹਾਂ ਸਨ ਦਿਓ ਯਾਰਾਂ, ਘਰੇਲੂ ਮੂਰਤਾਂ, ਬੁੱਤਾਂ ਅਤੇ ਸਾਰੀਆਂ ਘਿਣਾਉਣੀਆਂ ਵਸਤੂਆਂ ਨੂੰ ਜੋ ਯਹੂਦਾਹ ਦੇ ਦੇਸ ਅਤੇ ਯਰੂਸ਼ਲਮ ਵਿੱਚ ਦਿੱਸੇ ਸਨ ਹਟਾ ਦਿੱਤਾ ਤਾਂ ਜੋ ਉਹ ਬਿਵਸਥਾ ਦੀਆਂ ਉਹਨਾਂ ਗੱਲਾਂ ਨੂੰ ਪੂਰੀਆਂ ਕਰੇ ਜੋ ਉਸ ਪੋਥੀ ਵਿੱਚ ਲਿਖੀਆਂ ਹੋਈਆਂ ਸਨ ਜਿਹੜੀਆਂ ਹਿਲਕੀਯਾਹ ਜਾਜਕ ਨੂੰ ਯਹੋਵਾਹ ਦੇ ਭਵਨ ਵਿੱਚੋਂ ਲੱਭੀ ਸੀ ।25ਅਤੇ ਉਸ ਤੋਂ ਪਹਿਲਾਂ ਕੋਈ ਰਾਜਾ ਉਹ ਦੇ ਵਰਗਾ ਨਹੀਂ ਹੋਇਆ ਜੋ ਆਪਣੇ ਸਾਰੇ ਮਨ ਆਏ ਆਪਣੀ ਜਾਨ ਅਤੇ ਆਪਣੀ ਸਾਰੀ ਸ਼ਕਤੀ ਨਾਲ ਮੂਸਾ ਦੀ ਸਾਰੀ ਬਿਵਸਥਾ ਅਨੁਸਾਰ ਯਹੋਵਾਹ ਦੀ ਵੱਲ ਫਿਰਿਆ ਹੋਵੇ ਅਤੇ ਨਾ ਉਹ ਦੇ ਮਗਰੋਂ ਕੋਈ ਉਹ ਦੇ ਵਰਗਾ ਉੱਠਿਆ ।
26ਤਾਂ ਵੀ ਮਨੱਸ਼ਹ ਦੇ ਭੜਕਾਉਣ ਵਾਲਿਆਂ ਕੰਮਾਂ ਦੇ ਕਾਰਨ ਜਿਨ੍ਹਾਂ ਤੋਂ ਉਸ ਨੇ ਯਹੋਵਾਹ ਦੇ ਗੁੱਸੇ ਨੂੰ ਭੜਕਾਇਆ ਸੀ ਯਹੋਵਾਹ ਆਪਣੇ ਡਾਢੇ ਕ੍ਰੋਧ ਤੋਂ ਜਿਹ ਦੇ ਨਾਲ ਉਹ ਦਾ ਗੁੱਸਾ ਯਹੂਦਾਹ ਤੇ ਭੜਕਿਆ ਸੀ ਨਾ ਮੁੜਿਆ ।27ਸੋ ਯਹੋਵਾਹ ਨੇ ਆਖਿਆ, ਜਿਵੇਂ ਮੈਂ ਇਸਰਾਏਲ ਨੂੰ ਪਰੇ ਹਟਾ ਦਿੱਤਾ ਓਵੇਂ ਯਹੂਦਾਹ ਨੂੰ ਵੀ ਆਪਣੇ ਅੱਗਿਓਂ ਪਰੇ ਹਟਾ ਦਿਆਂਗਾ ਅਤੇ ਇਸ ਸ਼ਹਿਰ ਨੂੰ ਜਿਹ ਨੂੰ ਮੈਂ ਚੁਣਿਆ ਸੀ ਅਰਥਾਤ ਯਰੂਸ਼ਲਮ ਨੂੰ ਅਤੇ ਇਸ ਭਵਨ ਨੂੰ ਜਿਹ ਦੇ ਵਿਖੇ ਮੈਂ ਆਖਿਆ ਸੀ ਕਿ ਮੇਰਾ ਨਾਮ ਉੱਥੇ ਹੋਵੇਗਾ ਮੈਂ ਰੱਦਾਂਗਾ ।
ਯੋਸੀਯਾਹ ਦੇ ਰਾਜ ਦਾ ਅੰਤ
(2 ਇਤਿਹਾਸ 35:20 - 36:1)

28ਯੋਸੀਯਾਹ ਦੀ ਬਾਕੀ ਵਾਰਤਾ ਅਤੇ ਜੋ ਕੁਝ ਉਹ ਨੇ ਕੀਤਾ ਕੀ ਉਹ ਯਹੂਦਾਹ ਦੇ ਪਾਤਸ਼ਾਹਾਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਨਹੀਂ ਹੈ ?29ਉਸੇ ਦੇ ਦਿਨੀਂ ਮਿਸਰ ਦਾ ਰਾਜਾ ਫ਼ਿਰਊਨ ਨਕੋਹ ਅੱਸ਼ੂਰ ਦੇ ਰਾਜਾ ਉੱਤੇ ਚੜ੍ਹਾਈ ਕਰਨ ਲਈ ਫਰਾਤ ਦੇ ਦਰਿਆ ਨੂੰ ਗਿਆ ਅਤੇ ਯੋਸੀਯਾਹ ਰਾਜਾ ਉਸ ਦਾ ਸਾਹਮਣਾ ਕਰਨ ਲਈ ਗਿਆ ਅਤੇ ਵੇਖਦੇ ਸਾਰ ਹੀ ਫ਼ਿਰਉਨ ਨੇ ਉਹ ਨੂੰ ਮਗਿੱਦੋ ਕੋਲ ਮਾਰ ਛੱਡਿਆ ।30ਅਤੇ ਉਹ ਦੇ ਟਹਿਲੂਏ ਉਹ ਨੂੰ ਮਰਿਆ ਹੋਇਆ ਇੱਕ ਰਥ ਵਿੱਚ ਮਗਿੱਦੋ ਤੋਂ ਲੈ ਗਏ ਅਤੇ ਉਹ ਨੂੰ ਯਰੂਸ਼ਲਮ ਵਿੱਚ ਲਿਆ ਕੇ ਉੱਸੇ ਦੀ ਕਬਰ ਵਿੱਚ ਦੱਬ ਦਿੱਤਾ ਅਤੇ ਉਸ ਦੇਸ ਦੇ ਲੋਕਾਂ ਨੇ ਯੋਸੀਯਾਹ ਦੇ ਪੁੱਤਰ ਯਹੋਆਹਾਜ਼ ਨੂੰ ਲੈ ਕੇ ਉਸ ਨੂੰ ਮਸਹ ਕੀਤਾ ਅਤੇ ਉਸ ਦੇ ਪਿਤਾ ਦੇ ਥਾਂ ਉਸ ਨੂੰ ਰਾਜਾ ਬਣਾ ਲਿਆ ।
ਯਹੂਦਾਹ ਦਾ ਰਾਜਾ ਯਹੋਆਹਾਜ਼
(2 ਇਤਿਹਾਸ 36:2 - 4)

31ਯਹੋਆਹਾਜ਼ ਜਦ ਰਾਜ ਕਰਨ ਲੱਗਾ ਤਾਂ ਤੇਈ ਸਾਲਾਂ ਦਾ ਸੀ ਅਤੇ ਉਸ ਨੇ ਯਰੂਸ਼ਲਮ ਵਿੱਚ ਤਿੰਨ ਮਹੀਨੇ ਰਾਜ ਕੀਤਾ ਅਤੇ ਉਸ ਦੀ ਮਾਤਾ ਦਾ ਨਾਮ ਹਮੂਟਲ ਸੀ ਜੋ ਲਿਬਨਾਹ ਦੇ ਯਿਰਮਯਾਹ ਦੀ ਧੀ ਸੀ ।32ਅਤੇ ਜਿਵੇਂ ਉਸ ਦੇ ਪਿਉ-ਦਾਦਿਆਂ ਨੇ ਕੀਤਾ ਸੀ ਉਸ ਨੇ ਉਹ ਕੰਮ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜਾ ਸੀ ।33ਅਤੇ ਫ਼ਿਰਊਨ ਨਕੋਹ ਨੇ ਉਸ ਨੂੰ ਰਿਬਲਾਹ ਵਿੱਚ ਜੋ ਹਮਾਥ ਦੇ ਦੇਸ ਵਿੱਚ ਹੈ ਕੈਦ ਕਰ ਦਿੱਤਾ ਕਿ ਉਹ ਯਰੂਸ਼ਲਮ ਵਿੱਚ ਰਾਜ ਨਾ ਕਰੇ ਅਤੇ ਉਹ ਨੇ ਦੇਸ ਉੱਤੇ ਇੱਕ ਸੌ ਤੋੜਾ ਚਾਂਦੀ ਅਤੇ ਇੱਕ ਤੋੜਾ ਸੋਨੇ ਦਾ ਹਰਜਾਨਾ ਲਾ ਦਿੱਤਾ ।
34ਅਤੇ ਫ਼ਿਰਊਨ ਨਕੋਹ ਨੇ ਯੋਸੀਯਾਹ ਦੇ ਪੁੱਤਰ ਅਲਯਾਕੀਮ ਨੂੰ ਉਹ ਦੇ ਪਿਉ ਯੋਸੀਯਾਹ ਦੇ ਥਾਂ ਰਾਜਾ ਬਣਾਇਆ ਅਤੇ ਉਹ ਦਾ ਨਾਮ ਬਦਲ ਕੇ ਯਹੋਯਾਕੀਮ ਕਰ ਦਿੱਤਾ ਅਤੇ ਯਹੋਆਹਾਜ਼ ਨੂੰ ਲੈ ਗਿਆ ਜੋ ਉਹ ਮਿਸਰ ਵਿੱਚ ਆਇਆ ਅਤੇ ਉੱਥੇ ਮਰ ਗਿਆ ।
ਯਹੂਦਾਹ ਦਾ ਰਾਜਾ ਯਹੋਯਾਕੀਮ
(2 ਇਤਿਹਾਸ 36:5 - 8)

35ਅਤੇ ਯਹੋਯਾਕੀਮ ਨੇ ਚਾਂਦੀ ਤੇ ਸੋਨਾ ਫ਼ਿਰਊਨ ਨੂੰ ਦੇ ਦਿੱਤਾ ਪਰ ਉਸ ਦੇ ਦੇਸ ਉੱਤੇ ਫ਼ਿਰਊਨ ਦੇ ਹੁਕਮ ਅਨੁਸਾਰ ਕਰ ਲਾ ਦਿੱਤਾ । ਉਸ ਨੇ ਦੇਸ ਦੇ ਹਰ ਮਨੁੱਖ ਤੋਂ ਉਸ ਦੇ ਕਰ ਦੇ ਅਨੁਸਾਰ ਚਾਂਦੀ ਤੇ ਸੋਨਾ ਲਿਆ ਕਿ ਉਹ ਫ਼ਿਰਊਨ ਨਕੋਹ ਨੂੰ ਦੇਵੇ ।
36ਜਦ ਯਹੋਯਾਕੀਮ ਰਾਜ ਕਰਨ ਲੱਗਾ ਤਾਂ ਉਹ ਪੱਚੀ ਸਾਲਾਂ ਦਾ ਸੀ ਅਤੇ ਉਸ ਨੇ ਯਰੂਸ਼ਲਮ ਵਿੱਚ ਗਿਆਰਾਂ ਸਾਲ ਰਾਜ ਕੀਤਾ ਅਤੇ ਉਸ ਦੀ ਮਾਤਾ ਦਾ ਨਾਉਂ ਜ਼ਬੂਦਾਹ ਸੀ ਜੋ ਰੂਮਾਹ ਦੇ ਪਦਾਯਾਹ ਦੀ ਧੀ ਸੀ ।37ਅਤੇ ਜਿਵੇਂ ਉਸ ਦੇ ਪਿਉ-ਦਾਦਿਆਂ ਨੇ ਕੀਤਾ ਸੀ ਉਸ ਨੇ ਉਹ ਕੰਮ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜਾ ਸੀ ।

24

1ਉਹ ਦੇ ਦਿਨੀਂ ਬੁਕਦ-ਨੱਸਰ ਬਾਬਲ ਦਾ ਰਾਜਾ ਚੜ੍ਹ ਆਇਆ ਅਤੇ ਯਹੋਯਾਕੀਮ ਤਿੰਨ ਸਾਲ ਉਹ ਦਾ ਦਾਸ ਬਣਿਆ ਰਿਹਾ ਤਦ ਉਹ ਫਿਰ ਕੇ ਉਸ ਤੋਂ ਬਾਗੀ ਹੋ ਗਿਆ2ਅਤੇ ਯਹੋਵਾਹ ਨੇ ਉਹ ਦੇ ਵਿਰੁੱਧ ਕਸਦੀਆਂ ਦੇ ਜੱਥੇ ਅਤੇ ਅਰਾਮ ਦੇ ਜੱਥੇ ਮੋਆਬ ਦੇ ਜੱਥੇ ਅਤੇ ਅੰਮੋਨੀਆਂ ਦੇ ਜੱਥੇ ਭੇਜੇ ਅਤੇ ਉਸ ਨੇ ਯਹੂਦਾਹ ਦੇ ਵਿਰੁੱਧ ਉਨ੍ਹਾਂ ਨੂੰ ਭੇਜਿਆ ਤਾਂ ਜੋ ਯਹੋਵਾਹ ਦੇ ਉਸ ਬਚਨ ਦੇ ਅਨੁਸਾਰ ਜੋ ਉਸ ਨੇ ਆਪਣੇ ਦਾਸਾਂ ਨਬੀਆਂ ਦੇ ਰਾਹੀਂ ਬੋਲਿਆ ਸੀ ਉਹ ਨੂੰ ਨਾਸ ਕਰੇ ।

3ਸੱਛ ਮੁੱਚ ਯਹੋਵਾਹ ਦੇ ਹੁਕਮ ਕਰਕੇ ਹੀ ਇਹ ਯਹੂਦਾਹ ਨਾਲ ਹੋਇਆ ਤਾਂ ਜੋ ਮਨੱਸ਼ਹ ਦੇ ਪਾਪਾਂ ਕਰਕੇ ਉਹ ਦੀਆਂ ਸਾਰੀਆਂ ਕਰਨੀਆਂ ਅਨੁਸਾਰ ਓਹਨਾਂ ਨੂੰ ਆਪਣੇ ਅੱਗਿਓਂ ਪਰੇ ਹਟਾ ਦੇਵੇ ।4ਨਾਲੇ ਉਨ੍ਹਾਂ ਬੇਦੋਸ਼ਿਆਂ ਦੇ ਲਹੂ ਦੇ ਕਾਰਨ ਭੀ ਜੋ ਉਹ ਨੇ ਬਹਾਇਆ ਸੀ ਕਿਉਂ ਜੋ ਉਹ ਨੇ ਬੇਦੋਸ਼ਿਆਂ ਦੇ ਲਹੂ ਨਾਲ ਯਰੂਸ਼ਲਮ ਨੂੰ ਭਰ ਛੱਡਿਆ ਸੀ ਅਤੇ ਯਹੋਵਾਹ ਮਾਫ਼ ਕਰਨਾ ਨਹੀਂ ਸੀ ਚਾਹੁੰਦਾ ।
5ਅਤੇ ਯਹੋਯਾਕੀਮ ਦੀ ਬਾਕੀ ਵਾਰਤਾ ਅਤੇ ਸਭ ਕੁਝ ਜੋ ਉਹ ਨੇ ਕੀਤਾ ਕੀ ਉਹ ਯਹੂਦਾਹ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਨਹੀਂ ਹੈ ?6ਸੋ ਯਹੋਯਾਕੀਮ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ ਅਤੇ ਉਹ ਦਾ ਪੁੱਤਰ ਯਹੋਯਾਕੀਨ ਉਹ ਦੇ ਥਾਂ ਰਾਜ ਕਰਨ ਲੱਗਾ ।
7ਅਤੇ ਮਿਸਰ ਦਾ ਰਾਜਾ ਫੇਰ ਕਦੀ ਆਪਣੇ ਦੇਸੋਂ ਬਾਹਰ ਨਾ ਨਿੱਕਲਿਆ ਕਿਉਂ ਜੋ ਬਾਬਲ ਦੇ ਰਾਜਾ ਨੇ ਮਿਸਰ ਦੇ ਨਾਲੇ ਤੋਂ ਲੈ ਕੇ ਫਰਾਤ ਦੇ ਦਰਿਆ ਤਾਈਂ ਸਭ ਕੁਝ ਜੋ ਮਿਸਰ ਦੇ ਰਾਜਾ ਦਾ ਸੀ ਲੈ ਲਿਆ ।
ਯਹੂਦਾਹ ਦਾ ਰਾਜਾ ਯਹੋਯਾਕੀਨ
(2 ਇਤਿਹਾਸ 36:9, 10)

8ਜਦ ਯਹੋਯਾਕੀਨ ਰਾਜ ਕਰਨ ਲੱਗਾ ਤਾਂ ਉਹ ਅਠਾਰਾਂ ਵਰਿਹਾਂ ਦਾ ਸੀ ਅਤੇ ਉਸ ਨੇ ਯਰੂਸ਼ਲਮ ਵਿੱਚ ਤਿੰਨ ਮਹੀਨੇ ਰਾਜ ਕੀਤਾ ਅਤੇ ਉਸ ਦੀ ਮਾਤਾ ਦਾ ਨਾਉਂ ਨਹੁਸ਼ਤਾ ਸੀ ਜੋ ਯਰੂਸ਼ਲਮ ਦੇ ਅਲਨਾਥਾਨ ਦੀ ਧੀ ਸੀ ।9ਅਤੇ ਜਿਵੇਂ ਉਸ ਦੇ ਪਿਉ-ਦਾਦਿਆਂ ਨੇ ਸੱਭੋ ਕੁਝ ਕੀਤਾ ਓਵੇਂ ਉਸ ਨੇ ਭੀ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜਾ ਸੀ ।
10ਉਸ ਵੇਲੇ ਬਾਬਲ ਦੇ ਰਾਜਾ ਨਬੂਕਦ-ਨੱਸਰ ਦੇ ਚਾਕਰਾਂ ਨੇ ਯਰੂਸ਼ਲਮ ਦੇ ਉੱਤੇ ਚੜ੍ਹਾਈ ਕੀਤੀ ਅਤੇ ਸ਼ਹਿਰ ਘੇਰਿਆ ਗਿਆ ।11ਅਤੇ ਬਾਬਲ ਦਾ ਰਾਜਾ ਨਬੂਕਦ-ਨੱਸਰ ਸ਼ਹਿਰ ਤੇ ਚੜ੍ਹ ਆਇਆ ਜਦ ਕਿ ਉਹ ਦੇ ਚਾਕਰ ਉਸ ਨੂੰ ਘੇਰ ਰਹੇ ਸਨ ।12ਤਦ ਯਹੂਦਾਹ ਦਾ ਰਾਜਾ ਯਹੋਯਾਕੀਨ ਆਪਣੀ ਮਾਤਾ, ਆਪਣੇ ਚਾਕਰਾਂ, ਆਪਣੇ ਸਰਦਾਰਾਂ ਅਤੇ ਆਪਣੇ ਦਰਬਾਰੀਆਂ ਸਣੇ ਨਿੱਕਲ ਕੇ ਬਾਬਲ ਦੇ ਰਾਜਾ ਕੋਲ ਆਇਆ ਅਤੇ ਬਾਬਲ ਦੇ ਰਾਜਾ ਨੇ ਆਪਣੇ ਰਾਜ ਦੇ ਅੱਠਵੇਂ ਸਾਲ ਉਹ ਨੂੰ ਫੜ ਲਿਆ ।
13ਤਾਂ ਉਹ ਯਹੋਵਾਹ ਦੇ ਭਵਨ ਦਾ ਸਾਰਾ ਖਜ਼ਾਨਾ ਉੱਥੋਂ ਲੈ ਗਿਆ ਅਤੇ ਸੋਨੇ ਦੇ ਸੱਭੋ ਭਾਂਡੇ ਜੋ ਇਸਰਾਏਲ ਦੇ ਰਾਜਾ ਸੁਲੇਮਾਨ ਨੇ ਯਹੋਵਾਹ ਦੀ ਹੈਕਲ ਵਿੱਚ ਬਣਾਏ ਸਨ ਉਸ ਨੇ ਕੱਟ ਕੇ ਯਹੋਵਾਹ ਦੇ ਕਹੇ ਅਨੁਸਾਰ ਟੁੱਕੜੇ-ਟੁੱਕੜੇ ਕਰ ਦਿੱਤੇ ।14ਅਤੇ ਉਹ ਸਾਰੇ ਯਰੂਸ਼ਲਮ ਨੂੰ, ਸਾਰਿਆਂ ਸਰਦਾਰਾਂ, ਸਾਰਿਆਂ ਬਲਵੰਤ ਜੋਧਿਆਂ ਨੂੰ ਅਰਥਾਤ ਦਸ ਹਜ਼ਾਰ ਬੰਧੂਏ ਨਾਲੇ ਸਾਰੇ ਕਾਰੀਗਰਾਂ ਅਤੇ ਲੋਹਾਰਾਂ ਨੂੰ ਗ਼ੁਲਾਮ ਕਰ ਕੇ ਲੈ ਗਿਆ ਅਤੇ ਦੇਸ ਦੇ ਅਤੀ ਕੰਗਾਲਾਂ ਤੋਂ ਬਿਨਾ ਹੋਰ ਕੋਈ ਬਾਕੀ ਨਾ ਰਿਹਾ ।
15ਨਾਲੇ ਉਹ ਯਹੋਯਾਕੀਨ ਨੂੰ ਗ਼ੁਲਾਮ ਕਰ ਕੇ ਬਾਬਲ ਨੂੰ ਲੈ ਗਿਆ ਅਤੇ ਰਾਜਾ ਦੀ ਮਾਤਾ, ਰਾਜਾ ਦੀਆਂ ਰਾਣੀਆਂ, ਉਹ ਦੇ ਦਰਬਾਰੀਆਂ ਅਤੇ ਦੇਸ ਦੇ ਮਹਾਂ ਪੁਰਸ਼ਾਂ ਨੂੰ ਗ਼ੁਲਾਮ ਕਰ ਕੇ ਯਰੂਸ਼ਲਮ ਤੋਂ ਬਾਬਲ ਨੂੰ ਲੈ ਗਿਆ ।16ਅਤੇ ਸਾਰੇ ਸੂਰ ਬੀਰਾਂ ਨੂੰ ਜੋ ਸੱਤ ਹਜ਼ਾਰ ਸਨ, ਕਾਰੀਗਰਾਂ, ਲੋਹਾਰਾਂ ਨੂੰ ਜੋ ਇੱਕ ਹਜ਼ਾਰ ਸਨ ਅਤੇ ਸਾਰੇ ਗੁਣੀ ਜੋਧੇ ਸਨ ਉਨ੍ਹਾਂ ਨੂੰ ਬਾਬਲ ਦਾ ਰਾਜਾ ਗ਼ੁਲਾਮ ਕਰ ਕੇ ਬਾਬਲ ਵਿੱਚ ਲੈ ਆਇਆ ।17ਅਤੇ ਬਾਬਲ ਦੇ ਰਾਜਾ ਨੇ ਉਹ ਦੇ ਚਾਚੇ ਮੱਤਨਯਾਹ ਨੂੰ ਉਸ ਦੇ ਥਾਂ ਰਾਜਾ ਬਣਾਇਆ ਅਤੇ ਉਸ ਦਾ ਨਾਮ ਬਦਲ ਕੇ ਸਿਦਕੀਯਾਹ ਰੱਖ ਦਿੱਤਾ ।
ਯਹੂਦਾਹ ਦਾ ਰਾਜਾ ਸਿਦਕੀਯਾਹ
(2 ਇਤਿਹਾਸ 36:11, 12; ਯਿਰਮਿਯਾਹ 52:1 - 3)

18ਜਦ ਸਿਦਕੀਯਾਹ ਰਾਜ ਕਰਨ ਲੱਗਾ ਤਾਂ ਇੱਕੀਆਂ ਸਾਲਾਂ ਦਾ ਸੀ ਅਤੇ ਉਸ ਨੇ ਯਰੂਸ਼ਲਮ ਵਿੱਚ ਗਿਆਰਾਂ ਸਾਲ ਰਾਜ ਕੀਤਾ ਅਤੇ ਉਸ ਦੀ ਮਾਤਾ ਦਾ ਨਾਉਂ ਹਮੂਟਲ ਸੀ ਜੋ ਲਿਬਨਾਹ ਦੇ ਯਿਰਮਯਾਹ ਦੀ ਧੀ ਸੀ ।19ਅਤੇ ਸਭ ਕੁਝ ਜੋ ਯਹੋਯਾਕੀਮ ਨੇ ਕੀਤਾ ਸੀ ਉੱਸੇ ਦੇ ਅਨੁਸਾਰ ਉਸ ਨੇ ਭੀ ਉਹ ਕੰਮ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜਾ ਸੀ ।20ਕਿਉਂ ਜੋ ਯਹੋਵਾਹ ਦੇ ਕ੍ਰੋਧ ਕਰ ਕੇ ਜੋ ਯਰੂਸ਼ਲਮ ਅਤੇ ਯਹੂਦਾਹ ਦੇ ਉੱਤੇ ਸੀ ਇਹ ਹੋਇਆ ਕਿ ਅੰਤ ਨੂੰ ਉਸ ਨੇ ਉਨ੍ਹਾਂ ਨੂੰ ਆਪਣੇ ਸਾਹਮਣਿਓਂ ਕੱਢ ਦਿੱਤਾ ਅਤੇ ਸਿਦਕੀਯਾਹ ਬਾਬਲ ਦੇ ਰਾਜਾ ਤੋਂ ਬੇਮੁਖ ਹੋ ਗਿਆ ।

25
ਹੈਕਲ ਦਾ ਵਿਨਾਸ਼
(ਯਿਰਮਿਯਾਹ 52:12 - 23)

1ਇਸ ਤਰ੍ਹਾਂ ਹੋਇਆ ਕਿ ਉਹ ਦੇ ਰਾਜ ਦੇ ਨੌਵੇਂ ਸਾਲ ਦੇ ਦਸਵੇਂ ਦਿਨ ਬਾਬਲ ਦੇ ਰਾਜਾ ਨਬੂਕਦ-ਨੱਸਰ ਨੇ ਆਪਣੀ ਸਾਰੀ ਸੈਨਾਂ ਦੇ ਨਾਲ ਯਰੂਸ਼ਲਮ ਉੱਤੇ ਚੜ੍ਹਾਈ ਕੀਤੀ ਅਤੇ ਉਹ ਦੇ ਸਾਹਮਣੇ ਡੇਰੇ ਲਾ ਲਏ ਅਤੇ ਉਨ੍ਹਾਂ ਨੇ ਉਹ ਦੇ ਸਾਹਮਣੇ ਤੇ ਆਲੇ-ਦੁਆਲੇ ਦਮ ਦਮਾ ਬਣਾਇਆ ।2ਅਤੇ ਸਿਦਕੀਯਾਹ ਰਾਜਾ ਦੇ ਰਾਜ ਦੇ ਗਿਆਰਵੇਂ ਸਾਲ ਤੱਕ ਸ਼ਹਿਰ ਘੇਰਿਆ ਰਿਹਾ ।3ਚੌਥੇ ਮਹੀਨੇ ਦੇ ਨੌਵੇਂ ਦਿਹਾੜੇ ਜਦ ਕਾਲ ਸ਼ਹਿਰ ਵਿੱਚ ਡਾਢਾ ਹੋ ਗਿਆ ਅਤੇ ਦੇਸ ਦੇ ਲੋਕਾਂ ਲਈ ਰੋਟੀ ਨਾ ਰਹੀ ।

4ਤਦ ਸ਼ਹਿਰ ਤੋੜਿਆ ਗਿਆ ਅਤੇ ਦੋਹਾਂ ਕੰਧਾਂ ਦੇ ਵਿੱਚਕਾਰ ਜੋ ਫਾਟਕ ਰਾਜਾ ਦੇ ਬਾਗ ਦੇ ਕੋਲ ਸੀ ਉਹ ਦੇ ਰਾਹੀਂ ਸਾਰੇ ਜੋਧੇ ਰਾਤੋ ਰਾਤ ਭੱਜ ਗਏ ਜਦ ਕਸਦੀ ਸ਼ਹਿਰ ਦੇ ਆਲੇ-ਦੁਆਲੇ ਸਨ ਤਾਂ ਰਾਜਾ ਮਦਾਨ ਦੇ ਰਾਹ ਗਿਆ ।5ਅਤੇ ਕਸਦੀਆਂ ਦੀ ਸੈਨਾ ਨੇ ਰਾਜਾ ਦਾ ਪਿੱਛਾ ਕੀਤਾ ਅਤੇ ਯਰੀਹੋ ਦੇ ਮਦਾਨ ਵਿੱਚ ਉਹ ਨੂੰ ਜਾ ਲਿਆ ਅਤੇ ਉਹ ਦੀ ਸਾਰੀ ਸੈਨਾ ਉਹ ਦੇ ਕੋਲੋਂ ਖਿੰਡ ਖੁੰਡ ਗਈ ।
6ਸੋ ਉਨ੍ਹਾਂ ਨੇ ਰਾਜਾ ਨੂੰ ਫੜ ਲਿਆ ਅਤੇ ਉਹ ਨੂੰ ਰਿਬਲਾਹ ਵਿੱਚ ਬਾਬਲ ਦੇ ਰਾਜਾ ਕੋਲ ਲਿਆਏ ਤਾਂ ਉਨ੍ਹਾਂ ਨੇ ਉਹ ਦਾ ਨਿਆਂ ਕੀਤਾ ।7ਅਤੇ ਉਨ੍ਹਾਂ ਨੇ ਸਿਦਕੀਯਾਹ ਦੇ ਪੁੱਤਰਾਂ ਨੂੰ ਉਹ ਦੀਆਂ ਅੱਖਾਂ ਦੇ ਸਾਹਮਣੇ ਕੋਹਿਆ ਅਤੇ ਉਨ੍ਹਾਂ ਨੇ ਸਿਦਕੀਯਾਹ ਦੀਆਂ ਅੱਖਾਂ ਕੱਢ ਛੱਡੀਆਂ ਅਤੇ ਉਹ ਨੂੰ ਪਿੱਤਲ ਦੀਆਂ ਬੇੜੀਆਂ ਨਾਲ ਜਕੜ ਕੇ ਬਾਬਲ ਵਿੱਚ ਲਿਆਏ ।
8ਪੰਜਵੇਂ ਮਹੀਨੇ ਦੇ ਸੱਤਵੇਂ ਦਿਨ ਜੋ ਬਾਬਲ ਦੇ ਰਾਜਾ ਨਬੂਕਦ-ਨੱਸਰ ਦਾ ਉੱਨੀਵਾਂ ਵਰਹਾ ਸੀ ਸ਼ਾਹੀ ਜਲਾਦਾਂ ਦਾ ਸਰਦਾਰ ਨਬੂਜ਼ਰਦਾਨ ਜੋ ਬਾਬਲ ਦੇ ਰਾਜਾ ਦਾ ਚਾਕਰ ਸੀ ਯਰੂਸ਼ਲਮ ਵਿੱਚ ਆਇਆ ।9ਅਤੇ ਯਹੋਵਾਹ ਦਾ ਭਵਨ ਅਤੇ ਰਾਜਾ ਦਾ ਮਹਿਲ ਸਾੜ ਸੁੱਟਿਆ, ਹਾਂ, ਯਰੂਸ਼ਲਮ ਦੇ ਸਾਰੇ ਘਰ ਨਾਲੇ ਹਰ ਮਹਾਂ ਪੁਰਸ਼ ਦਾ ਘਰ ਉਸ ਨੇ ਅੱਗ ਨਾਲ ਫੂਕ ਦਿੱਤਾ ।10ਕਸਦੀਆਂ ਦੀ ਸਾਰੀ ਸੈਨਾਂ ਨੇ ਜੋ ਜਲਾਦਾਂ ਦੇ ਸਰਦਾਰ ਦੇ ਨਾਲ ਸੀ ਯਰੂਸ਼ਲਮ ਦੇ ਆਲੇ-ਦੁਆਲੇ ਦੀਆਂ ਕੰਧਾਂ ਨੂੰ ਢਾਹ ਦਿੱਤਾ ।
11ਅਤੇ ਬਚੇ ਖੁਚੇ ਲੋਕ ਜੋ ਸ਼ਹਿਰ ਵਿੱਚ ਰਹਿ ਗਏ ਸਨ ਅਤੇ ਭਗੌੜੇ ਜੋ ਬਾਬਲ ਦੇ ਰਾਜਾ ਵੱਲ ਹੋ ਗਏ ਸਨ ਨਾਲੇ ਦਲ ਦੇ ਬਚੇ ਖੁਚੇ ਉਨ੍ਹਾਂ ਨੂੰ ਨਬੂਜ਼ਰਦਾਨ ਜਲਾਦਾਂ ਦਾ ਸਰਦਾਰ ਗ਼ੁਲਾਮ ਕਰ ਕੇ ਲੈ ਗਿਆ ।12ਪਰ ਜਲਾਦਾਂ ਦੇ ਸਰਦਾਰ ਨੇ ਦੇਸ ਦੇ ਅੱਤੀ ਕੰਗਾਲਾਂ ਨੂੰ ਛੱਡ ਦਿੱਤਾ ਕਿ ਦਾਖ ਦੇ ਬਾਗਾਂ ਦੇ ਰਾਖੇ ਤੇ ਬਾਗਬਾਨ ਹੋਣ ।
13ਅਤੇ ਪਿੱਤਲ ਦੇ ਓਹਨਾਂ ਥੰਮ੍ਹਾਂ ਨੂੰ ਜੋ ਯਹੋਵਾਹ ਦੇ ਭਵਨ ਵਿੱਚ ਸਨ ਅਤੇ ਕੁਰਸੀਆਂ ਨੂੰ ਅਤੇ ਪਿੱਤਲ ਦੇ ਵੱਡੇ ਹੌਦ ਨੂੰ ਜੋ ਯਹੋਵਾਹ ਦੇ ਭਵਨ ਵਿੱਚ ਸੀ ਕਸਦੀਆਂ ਨੇ ਟੁੱਕੜੇ-ਟੁੱਕੜੇ ਕਰ ਦਿੱਤਾ ਅਤੇ ਓਹ ਓਹਨਾਂ ਦਾ ਪਿੱਤਲ ਬਾਬਲ ਨੂੰ ਲੈ ਗਏ ।14ਅਤੇ ਤਸਲੇ, ਕੜਛੇ, ਗੁਲਤਰਾਸ਼, ਕੌਲੀਆਂ ਨਾਲੇ ਪਿੱਤਲ ਦੇ ਓਹ ਸਾਰੇ ਭਾਂਡੇ ਜਿਨ੍ਹਾਂ ਨਾਲ ਸੇਵਾ ਕੀਤੀ ਜਾਂਦੀ ਸੀ ਓਹ ਲੈ ਗਏ ।15ਅਤੇ ਅੰਗੀਠੀਆਂ ਅਤੇ ਬਾਟੇ ਜੋ ਸੋਨੇ ਦੇ ਸਨ ਓਹਨਾਂ ਦਾ ਸੋਨਾ ਅਤੇ ਜੋ ਚਾਂਦੀ ਦੇ ਸਨ ਓਹਨਾਂ ਦੀ ਚਾਂਦੀ ਜਲਾਦਾਂ ਦਾ ਸਰਦਾਰ ਲੈ ਗਿਆ ।
16ਰਹੇ ਦੋ ਥੰਮ੍ਹ, ਵੱਡਾ ਹੌਦ ਅਤੇ ਕੁਰਸੀਆਂ ਜਿਨ੍ਹਾਂ ਨੂੰ ਸੁਲੇਮਾਨ ਨੇ ਯਹੋਵਾਹ ਦੇ ਭਵਨ ਦੇ ਲਈ ਬਣਾਇਆ ਸੀ ਓਹਨਾਂ ਸਾਰੀਆਂ ਵਸਤਾਂ ਦਾ ਪਿੱਤਲ ਤੋਲ ਤੋਂ ਬਾਹਰ ਸੀ ।17ਹਰ ਥੰਮ੍ਹ ਅਠਾਰਾਂ ਹੱਥ ਉੱਚਾ ਸੀ ਅਤੇ ਉਹ ਦੇ ਉੱਤੇ ਪਿੱਤਲ ਦਾ ਇੱਕ ਕਲਸ ਸੀ ਅਤੇ ਕਲਸ ਤਿੰਨ ਹੱਥ ਉੱਚਾ ਸੀ ਅਤੇ ਉਸ ਕਲਸ ਉੱਤੇ ਚੁਫੇਰੇ ਜਾਲੀ ਦੇ ਅਨਾਰ ਸੱਭੇ ਪਿੱਤਲ ਦੇ ਸਨ ਅਤੇ ਦੂਜਾ ਥੰਮ੍ਹ ਇਸ ਤਰ੍ਹਾਂ ਦਾ ਸੀ ਅਤੇ ਉਸ ਉੱਤੇ ਵੀ ਜਾਲੀ ਸੀ ।
ਯਹੂਦਾਹ ਦੇ ਲੋਕਾਂ ਨੂੰ ਬਾਬੁਲ ਵਿੱਚ ਲਿਆਂਦਾ ਜਾਣਾ
(ਯਿਰਮਿਯਾਹ 52:24 - 27)

18ਅਤੇ ਜਲਾਦਾਂ ਦੇ ਸਰਦਾਰ ਨੇ ਸਰਾਯਾਹ ਪ੍ਰਧਾਨ ਜਾਜਕ ਅਤੇ ਉਹ ਦੇ ਹੇਠਲੇ ਜਾਜਕ ਸਫਨਯਾਹ ਅਤੇ ਤਿੰਨਾਂ ਦਰਬਾਨਾਂ ਨੂੰ ਫੜ ਲਿਆ ।19ਅਤੇ ਸ਼ਹਿਰ ਵਿੱਚੋਂ ਇੱਕ ਦਰਬਾਰੀ ਨੂੰ ਫੜ ਲਿਆ ਜੋ ਜੋਧਿਆਂ ਉੱਤੇ ਠਹਿਰਾਇਆ ਹੋਇਆ ਸੀ ਅਤੇ ਜਿਹੜੇ ਰਾਜਾ ਦੇ ਸਨਮੁਖ ਰਹਿੰਦੇ ਸਨ ਉਨ੍ਹਾਂ ਵਿੱਚੋਂ ਪੰਜਾਂ ਮਨੁੱਖਾਂ ਨੂੰ ਜੋ ਸ਼ਹਿਰ ਵਿੱਚ ਮਿਲੇ ਅਤੇ ਸੈਨਾਪਤੀ ਦਾ ਲਿਖਾਰੀ ਜੋ ਦੇਸ ਦੇ ਲੋਕਾਂ ਦੀ ਭਰਤੀ ਕਰਦਾ ਹੁੰਦਾ ਸੀ ਅਤੇ ਦੇਸ ਦੇ ਲੋਕਾਂ ਵਿੱਚੋਂ ਸੱਠ ਆਦਮੀ ਜੋ ਸ਼ਹਿਰ ਵਿੱਚ ਮਿਲੇ ।
20ਇਨ੍ਹਾਂ ਨੂੰ ਜਲਾਦਾਂ ਦਾ ਸਰਦਾਰ ਨਬੂਜ਼ਰਦਾਨ ਫੜ੍ਹ ਕੇ ਬਾਬਲ ਦੇ ਰਾਜਾ ਦੇ ਕੋਲ ਰਿਬਲਾਹ ਵਿੱਚ ਲੈ ਗਿਆ ।21ਅਤੇ ਬਾਬਲ ਦੇ ਰਾਜਾ ਨੇ ਉਨ੍ਹਾਂ ਨੂੰ ਹਮਾਥ ਦੇਸ ਦੇ ਰਿਬਲਾਹ ਵਿੱਚ ਮਾਰ ਕੇ ਉਨ੍ਹਾਂ ਦਾ ਘਾਤ ਕੀਤਾ ਸੋ ਯਹੂਦਾਹ ਆਪਣੀ ਹੀ ਭੂਮੀ ਵਿੱਚੋਂ ਗ਼ੁਲਾਮ ਹੋ ਗਿਆ ।
ਯਹੂਦਾਹ ਦਾ ਰਾਜਪਾਲ ਗਦਲਯਾਹ
(ਯਿਰਮਿਯਾਹ 40:7 - 9; 41:1-3)

22ਪਰੰਤੂ ਜੋ ਲੋਕ ਯਹੂਦਾਹ ਦੀ ਧਰਤੀ ਵਿੱਚ ਰਹਿ ਗਏ ਜਿਨ੍ਹਾਂ ਨੂੰ ਬਾਬਲ ਦੇ ਰਾਜਾ ਨਬੂਕਦ-ਨੱਸਰ ਨੇ ਛੱਡ ਦਿੱਤਾ ਉਨ੍ਹਾਂ ਦੇ ਉੱਤੇ ਉਹ ਨੇ ਅਹੀਕਾਮ ਦੇ ਪੁੱਤਰ ਅਤੇ ਸ਼ਾਫਾਨ ਦੇ ਪੋਤੇ ਗਦਲਯਾਹ ਨੂੰ ਠਹਿਰਾ ਦਿੱਤਾ ।23ਜਦ ਸਾਰਿਆਂ ਸੈਨਾਪਤੀਆਂ ਅਤੇ ਉਨ੍ਹਾਂ ਦੇ ਸਿਪਾਹੀਆਂ ਨੇ ਸੁਣਿਆ ਕਿ ਬਾਬਲ ਦੇ ਰਾਜਾ ਨੇ ਗਦਲਯਾਹ ਨੂੰ ਅਧਿਕਾਰ ਦੇ ਦਿੱਤਾ ਹੈ ਤਾਂ ਓਹ ਮਿਸਪਹ ਵਿੱਚ ਗਦਲਯਾਹ ਕੋਲ ਆਏ ਅਰਥਾਤ ਨਥਨਯਾਹ ਦਾ ਪੁੱਤਰ ਇਸ਼ਮਾਏਲ ਅਤੇ ਕਾਰੇਆਹ ਦਾ ਪੁੱਤਰ ਯੋਹਾਨਾਨ ਅਤੇ ਨਟੋਫਥੀ ਤਨਹੁਮਥ ਦਾ ਪੁੱਤਰ ਸਰਾਯਾਹ ਅਤੇ ਮਅਕਾਥੀ ਦਾ ਪੁੱਤਰ ਯਅਜ਼ਨਯਾਹ, ਇਹ ਅਤੇ ਉਨ੍ਹਾਂ ਦੇ ਮਨੁੱਖ ਵੀ ।24ਅਤੇ ਗਦਲਯਾਹ ਨੇ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਮਨੁੱਖਾਂ ਨੂੰ ਸਹੁੰ ਖਾ ਕੇ ਆਖਿਆ, ਕਸਦੀਆਂ ਦੇ ਚਾਕਰਾਂ ਤੋਂ ਨਾ ਡਰੋ । ਦੇਸ ਵਿੱਚ ਵੱਸੋ ਤੇ ਬਾਬਲ ਦੇ ਰਾਜਾ ਦੀ ਸੇਵਾ ਕਰੋ ਤਾਂ ਤੁਹਾਡਾ ਭਲਾ ਹੋਵੇਗਾ ।
25ਪਰ ਸੱਤਵੇਂ ਮਹੀਨੇ ਇਸ ਤਰ੍ਹਾਂ ਹੋਇਆ ਕਿ ਨਥਨਯਾਹ ਦੇ ਪੁੱਤਰ ਅਲੀਸ਼ਾਮਾ ਦੇ ਪੋਤੇ ਇਸ਼ਮਾਏਲ ਜੋ ਰਾਜਬੰਸੀ ਸੀ ਆਪਣੇ ਨਾਲ ਦਸ ਮਨੁੱਖ ਲੈ ਕੇ ਆਇਆ ਅਤੇ ਗਦਲਯਾਹ ਨੂੰ ਇਸ ਤਰ੍ਹਾਂ ਮਾਰਿਆ ਕਿ ਉਹ ਮਰ ਗਿਆ ਅਤੇ ਓਹਨਾਂ ਯਹੂਦੀਆਂ ਤੇ ਕਸਦੀਆਂ ਨੂੰ ਵੀ ਜੋ ਉਹ ਦੇ ਨਾਲ ਮਿਸਪਹ ਵਿੱਚ ਸਨ ।26ਤਾਂ ਨਿੱਕੇ ਵੱਡੇ ਸਾਰੇ ਲੋਕ ਤੇ ਸੈਨਾਪਤੀ ਉੱਠ ਕੇ ਮਿਸਰ ਨੂੰ ਆਏ ਕਿਉਂ ਜੋ ਓਹ ਕਸਦੀਆਂ ਤੋਂ ਡਰਦੇ ਸਨ ।
ਯਹੋਯਾਕੀਨ ਦੀ ਕੈਦ ਵਿੱਚੋਂ ਮੁਕਤੀ
(ਯਿਰਮਿਯਾਹ 52:31 - 34)

27ਅਤੇ ਯਹੂਦਾਹ ਦੇ ਰਾਜਾ ਯਹੋਯਾਕੀਨ ਦੀ ਗ਼ੁਲਾਮੀ ਦੇ ਸੈਂਤੀਵੇਂ ਸਾਲ ਦੇ ਬਾਰ੍ਹਵੇਂ ਮਹੀਨੇ ਦੇ ਸਤਾਈਵੇਂ ਦਿਨ ਐਉਂ ਹੋਇਆ ਕਿ ਬਾਬਲ ਦੇ ਰਾਜਾ ਅਵੀਲ ਮਰੋਦਕ ਨੇ ਆਪਣੇ ਰਾਜ ਦੇ ਪਹਿਲੇ ਹੀ ਸਾਲ ਯਹੂਦਾਹ ਦੇ ਰਾਜਾ ਯਹੋਯਾਕੀਨ ਨੂੰ ਕੈਦੋਂ ਕੱਢ ਕੇ ਉਹ ਨੂੰ ਉੱਚਿਆਂ ਕੀਤਾ ।
28ਅਤੇ ਉਹ ਨੇ ਉਹ ਦੇ ਨਾਲ ਹਿੱਤ ਦੀਆਂ ਗੱਲਾਂ ਕੀਤੀਆਂ ਅਤੇ ਉਹ ਦੇ ਸਿੰਘਾਸਣ ਨੂੰ ਉਨ੍ਹਾਂ ਰਾਜਿਆਂ ਦੇ ਸਿੰਘਾਸਣਾਂ ਨਾਲੋਂ ਜੋ ਉਹ ਦੇ ਨਾਲ ਬਾਬਲ ਵਿੱਚ ਸਨ ਉੱਚਿਆਂ ਕੀਤਾ ।29ਆਪਣੇ ਕੈਦ ਵਾਲੇ ਬਸਤਰ ਬਦਲ ਕੇ ਉਹ ਉਮਰ ਭਰ ਉਸ ਦੇ ਸਾਹਮਣੇ ਰੋਟੀ ਖਾਂਦਾ ਰਿਹਾ ।30ਉਹ ਦਾ ਰਾਸ਼ਨ ਸਦਾ ਦਾ ਰਾਸ਼ਨ ਸੀ ਅਤੇ ਉਹ ਨੂੰ ਰਾਜਾ ਵੱਲੋਂ ਉਹ ਦੀ ਉਮਰ ਭਰ ਨਿੱਤ ਦਿੱਤਾ ਜਾਂਦਾ ਰਿਹਾ ।

1 ਇਤਿਹਾਸ

1
ਆਦਮ ਤੋਂ ਅਬਰਾਹਾਮ ਤੱਕ
(ਉਤਪਤ 5:1-32, 10:1-32, 11:10-26)

1ਆਦਮ, ਸੇਥ, ਅਨੋਸ਼,2ਕੇਨਾਨ, ਮਹਲਲਏਲ, ਯਰਦ,3ਹਨੋਕ, ਮਥੂਸ਼ਲਹ, ਲਾਮਕ,4ਨੂਹ, ਸ਼ੇਮ, ਹਾਮ ਅਤੇ ਯਾਫ਼ਥ ।

5ਯਾਫ਼ਥ ਦੇ ਪੁੱਤਰ: ਗੋਮਰ, ਮਾਗੋਗ, ਮਾਦਈ, ਯਾਵਾਨ, ਤੁਬਲ, ਮਸ਼ਕ ਅਤੇ ਤੀਰਾਸ ।6ਗੋਮਰ ਦੇ ਪੁੱਤਰ: ਅਸ਼ਕਨਜ਼ ਤੇ ਰੀਫ਼ਥ ਅਤੇ ਤੋਗਰਮਾਹ7ਯਾਵਾਨ ਦੇ ਪੁੱਤਰ: ਅਲੀਸ਼ਾਹ, ਤਰਸ਼ੀਸ਼, ਕਿੱਤੀਮ ਅਤੇ ਦੋਦਾਨੀਮ ।
8ਹਾਮ ਦੇ ਪੁੱਤਰ: ਕੂਸ਼, ਮਿਸਰਯਿਮ, ਪੂਟ ਅਤੇ ਕਨਾਨ ।9ਕੂਸ਼ ਦੇ ਪੁੱਤਰ: ਸਬਾ, ਹਵੀਲਾਹ, ਸਬਤਾ, ਰਅਮਾਹ, ਸਬਤਕਾ । ਰਅਮਾਹ ਦੇ ਪੁੱਤਰ: ਸ਼ਬਾ ਅਤੇ ਦਦਾਨ ।10ਕੂਸ਼ ਦਾ ਪੁੱਤਰ ਨਿਮਰੋਦ ਸੀ । ਉਹ ਧਰਤੀ ਉੱਤੇ ਪਹਿਲਾ ਸੂਰਬੀਰ ਹੋਇਆ ।
11ਮਿਸਰਯਿਮ ਦੇ ਪੁੱਤਰ: ਲੂਦੀਮ, ਲਹਾਬੀਮ, ਨਫ਼ਤੁਹੀਮ,12ਪਤਰੁਸੀਮ, ਕਸਲੁਹੀਮ ਅਤੇ ਕਫ਼ਤੋਰੀਮ ਸਨ । ਕਸਲੁਹੀਮ ਤੋਂ ਫ਼ਲਿਸਤੀ ਨਿੱਕਲੇ ।
13ਕਨਾਨ ਦੇ ਪੁੱਤਰ: ਸੀਦੋਨ ਉਹ ਦਾ ਜੇਠਾ ਪੁੱਤਰ, ਹੇਥ,14ਯਬੂਸੀ, ਅਮੋਰੀ, ਗਿਰਗਾਸ਼ੀ,15ਹਿੱਵੀ, ਅਰਕੀ, ਸੀਨੀ,16ਅਰਵਾਦੀ, ਸਮਾਰੀ ਅਤੇ ਹਮਾਥੀ ।
17ਸ਼ੇਮ ਦੇ ਪੁੱਤਰ: ਏਲਾਮ, ਅੱਸ਼ੂਰ, ਅਰਪਕਸਦ, ਲੂਦ, ਅਰਾਮ, ਊਸ, ਹੂਲ, ਗਥਰ ਅਤੇ ਮਸ਼ਕ ।18ਅਰਪਕਸਦ ਦਾ ਪੁੱਤਰ ਸ਼ਾਲਹ ਸੀ ਅਤੇ ਸ਼ਾਲਹ ਦਾ ਪੁੱਤਰ ਏਬਰ ਸੀ ।19ਏਬਰ ਦੇ ਦੋ ਪੁੱਤਰ ਸਨ । ਇੱਕ ਦਾ ਨਾਮ ਪਲਗ ਸੀ ਕਿਉਂਕਿ ਉਹ ਦੇ ਦਿਨਾਂ ਵਿੱਚ ਧਰਤੀ ਵੰਡੀ ਗਈ ਅਤੇ ਉਹ ਦੇ ਭਰਾ ਦਾ ਨਾਮ ਯਾਕਟਾਨ ਸੀ ।
20ਯਾਕਟਾਨ ਦੇ ਪੁੱਤਰ: ਅਲਮੋਦਾਦ, ਸ਼ਾਲਫ, ਹਸਰਮਾਵਥ, ਯਾਰਹ,21ਹਦੋਰਾਮ, ਊਜ਼ਾਲ, ਦਿਕਲਾਹ,22ਏਬਾਲ, ਅਬੀਮਾਏਲ, ਸ਼ਬਾ,23ਓਫੀਰ, ਹਵੀਲਾਹ ਅਤੇ ਯੋਬਾਬ । ਇਹ ਸਭ ਯਾਕਟਾਨ ਦੇ ਪੁੱਤਰ ਸਨ ।
24ਸ਼ੇਮ, ਅਰਪਕਸਦ, ਸਾਲਹ,25ਏਬਰ, ਪਲਗ, ਰਊ,26ਸਰੂਗ, ਨਾਹੋਰ, ਤਾਰਹ27ਅਬਰਾਮ ਜੋ ਅਬਰਾਹਾਮ ਹੈ ।
ਇਸਰਾਏਲ ਦੇ ਵੰਸ਼ਜ
(ਉਤਪਤ 25:12-16)

28ਅਬਰਾਹਾਮ ਦੇ ਪੁੱਤਰ, ਇਸਹਾਕ ਤੇ ਇਸ਼ਮਾਏਲ ਸਨ ।29ਇਹ ਉਨ੍ਹਾਂ ਦੀ ਕੁਲਪੱਤ੍ਰੀ ਹੈ, ਇਸ਼ਮਾਏਲ ਦੇ ਪੁੱਤਰ: ਜੇਠਾ ਨਬਾਯੋਥ, ਫਿਰ ਕੇਦਾਰ, ਅਦਬਏਲ, ਮਿਬਸਾਮ,30ਮਿਸ਼ਮਾ, ਦੂਮਾਹ, ਮੱਸਾ ਹਦਦ, ਤੇਮਾ,31ਯਟੂਰ, ਨਾਫੀਸ਼ ਅਤੇ ਕਾਦਮਾਹ । ਇਹ ਇਸ਼ਮਾਏਲ ਦੇ ਪੁੱਤਰ ਸਨ ।
32ਅਬਰਾਹਾਮ ਦੀ ਦਾਸੀ ਕਤੂਰਾਹ ਦੇ ਪੁੱਤਰ ਜਿਹਨਾਂ ਨੂੰ ਉਸ ਨੇ ਅਬਰਾਹਾਮ ਦੇ ਲਈ ਜਨਮ ਦਿੱਤਾ: ਜਿਮਰਾਨ, ਯਾਕਸਾਨ, ਮਦਾਨ, ਮਿਦਯਾਨ, ਯਿਸ਼ਬਾਕ ਅਤੇ ਸ਼ੁਆਹ । ਯਾਕਸਾਨ ਦੇ ਪੁੱਤਰ: ਸ਼ਬਾ ਅਤੇ ਦਦਾਨ ।33ਮਿਦਯਾਨ ਦੇ ਪੁੱਤਰ: ਏਫਾਹ, ਏਫਰ, ਹਨੋਕ, ਅਬੀਦਾ ਅਤੇ ਅਲਦਾਆਹ । ਇਹ ਸਭ ਕਤੂਰਾਹ ਦੇ ਪੁੱਤਰ ਸਨ ।
ਏਸਾਓ ਦੇ ਵੰਸ਼ਜ
(ਉਤਪਤ 36:1-19 )

34ਅਬਰਾਹਾਮ ਤੋਂ ਇਸਹਾਕ ਜੰਮਿਆ । ਇਸਹਾਕ ਦੇ ਪੁੱਤਰ: ਏਸਾਓ ਤੇ ਇਸਰਾਏਲ ।35ਏਸਾਓ ਦੇ ਪੁੱਤਰ: ਅਲੀਫ਼ਾਜ਼, ਰਊਏਲ, ਯਊਸ਼, ਯਅਲਾਮ ਅਤੇ ਕੋਰਹ ।36ਅਲੀਫ਼ਾਜ਼ ਦੇ ਪੁੱਤਰ: ਤੇਮਾਨ, ਓਮਾਰ, ਸ਼ਫੀ, ਗਅਤਾਮ, ਕਨਜ਼, ਤਿਮਨਾ ਅਤੇ ਅਮਾਲੇਕ ।37ਰਊਏਲ ਦੇ ਪੁੱਤਰ: ਨਹਥ, ਜ਼ਰਹ ਸ਼ੱਮਾਹ, ਅਤੇ ਮਿੱਜ਼ਾਹ ।
ਅਦੋਮ ਦੇ ਮੂਲ ਨਿਵਾਸੀ
(ਉਤਪਤ 36:20-30)

38ਸੇਈਰ ਦੇ ਪੁੱਤਰ: ਲੋਟਾਨ, ਸ਼ੋਬਾਲ, ਸਿਬਓਨ, ਅਨਾਹ, ਦੀਸ਼ੋਨ, ਏਸਰ ਅਤੇ ਦੀਸ਼ਾਨ ।39ਲੋਟਾਨ ਦੇ ਪੁੱਤਰ: ਹੋਰੀ, ਹੋਮਾਮ ਅਤੇ ਲੋਟਾਨ ਦੀ ਭੈਣ ਤਿਮਨਾ ਸੀ ।40ਸ਼ੋਬਾਲ ਦੇ ਪੁੱਤਰ: ਅਲਯਾਨ, ਮਾਨਹਥ, ਏਬਾਲ, ਸ਼ਫੀ ਅਤੇ ਓਨਾਮ । ਸਿਬਓਨ ਦੇ ਪੁੱਤਰ: ਅੱਯਾਹ ਅਤੇ ਅਨਾਹ ।
41ਅਨਾਹ ਦੇ ਪੁੱਤਰ: ਦੀਸ਼ੋਨ । ਦੀਸ਼ੋਨ ਦੇ ਪੁੱਤਰ: ਹਮਰਾਨ, ਅਸ਼ਬਾਨ, ਯਿਥਰਾਨ ਅਤੇ ਕਰਾਨ ।42ਏਸਰ ਦੇ ਪੁੱਤਰ: ਬਿਲਹਾਨ, ਜ਼ਅਵਾਨ ਅਤੇ ਯਅਕਾਨ । ਦੀਸ਼ੋਨ ਦੇ ਪੁੱਤਰ: ਊਸ ਤੇ ਅਰਾਨ ।
ਅਦੋਮ ਦੇ ਰਾਜਾ
(ਉਤਪਤੀ 36:31-43)

43ਜਿਹੜੇ ਪਾਤਸ਼ਾਹ ਅਦੋਮ ਦੇਸ ਦੇ ਉੱਤੇ ਇਸਰਾਏਲੀਆਂ ਦੇ ਪਾਤਸ਼ਾਹ ਹੋਣ ਤੋਂ ਪਹਿਲਾਂ ਰਾਜ ਕਰਦੇ ਸਨ ਸੋ ਇਹ ਸਨ, ਬਓਰ ਦਾ ਪੁੱਤਰ ਬਲਾ ।44ਜਦੋਂ ਬਲਾ ਮਰ ਗਿਆ, ਤਾਂ ਜ਼ਰਹ ਦਾ ਪੁੱਤਰ ਯੋਬਾਬ ਜਿਹੜਾ ਬਸਰਾਹ ਤੋਂ ਸੀ, ਉਹ ਦੇ ਥਾਂ ਰਾਜ ਕਰਦਾ ਸੀ ।45ਜਦੋਂ ਯੋਬਾਬ ਮਰ ਗਿਆ, ਤਾਂ ਹੂਸ਼ਾਮ ਜਿਹੜਾ ਤੇਮਾਨੀਆਂ ਦੇ ਦੇਸ ਤੋਂ ਸੀ, ਉਹ ਦੇ ਥਾਂ ਰਾਜ ਕਰਦਾ ਸੀ ।
46ਜਦੋਂ ਹੂਸ਼ਾਮ ਮਰ ਗਿਆ, ਤਾਂ ਬਦਦ ਦਾ ਪੁੱਤਰ ਹਦਦ ਜਿਸ ਨੇ ਮਿਦਯਾਨ ਨੂੰ ਮੋਆਬ ਦੇ ਖੇਤ ਵਿੱਚ ਮਾਰਿਆ ਸੀ, ਰਾਜ ਕਰਦਾ ਸੀ ਅਤੇ ਉਸ ਦੇ ਸ਼ਹਿਰ ਦਾ ਨਾਮ ਅਵਿਥ ਸੀ ।47ਜਦੋਂ ਹਦਦ ਮਰ ਗਿਆ, ਤਾਂ ਸਮਲਾਹ ਜਿਹੜਾ ਮਸਰੇਕਾਹ ਤੋਂ ਸੀ, ਉਹ ਦੇ ਥਾਂ ਰਾਜ ਕਰਦਾ ਸੀ ।48ਜਦੋਂ ਸਮਲਾਹ ਮਰ ਗਿਆ, ਤਾਂ ਸ਼ਾਊਲ ਜਿਹੜਾ ਦਰਿਆ ਦੇ ਰਹੋਬੋਥ ਤੋਂ ਸੀ, ਉਹ ਦੇ ਥਾਂ ਰਾਜ ਕਰਦਾ ਸੀ ।
49ਜਦੋਂ ਸ਼ਾਊਲ ਮਰ ਗਿਆ, ਤਾਂ ਅਕਬੋਰ ਦਾ ਪੁੱਤਰ ਬਅਲਹਾਨਾਨ, ਉਹ ਦੇ ਥਾਂ ਕਰਦਾ ਸੀ ।50ਜਦੋਂ ਬਅਲਹਾਨਾਨ ਮਰ ਗਿਆ, ਤਾਂ ਹਦਦ ਉਹ ਦੇ ਥਾਂ ਰਾਜ ਕਰਦਾ ਸੀ, ਉਹ ਦੇ ਸ਼ਹਿਰ ਦਾ ਨਾਮ ਪਈ ਸੀ ਅਤੇ ਉਹ ਦੀ ਰਾਣੀ ਦਾ ਨਾਮ ਮਹੇਟਬੇਲ ਸੀ, ਜਿਹੜੀ ਮੇਜ਼ਾਹਾਬ ਦੀ ਪੋਤੀ ਤੇ ਮਟਰੇਦ ਦੀ ਧੀ ਸੀ ।
51ਹਦਦ ਵੀ ਮਰ ਗਿਆ ਅਤੇ ਅਦੋਮ ਦੇ ਸਰਦਾਰ ਇਹ ਸਨ, ਸਰਦਾਰ ਤਿਮਨਾ, ਸਰਦਾਰ ਅਲਯਾਹ, ਸਰਦਾਰ ਯਤੇਤ,52ਸਰਦਾਰ ਆਹਲੀਬਾਮਾਹ, ਸਰਦਾਰ ਏਲਾਹ, ਸਰਦਾਰ ਪੀਨੋਨ,53ਸਰਦਾਰ ਕਨਜ਼, ਸਰਦਾਰ ਤੇਮਾਨ, ਸਰਦਾਰ ਮਿਬਸਾਰ54ਸਰਦਾਰ ਮਗਦੀਏਲ ਅਤੇ ਸਰਦਾਰ ਈਰਾਮ । ਇਹ ਅਦੋਮ ਦੇ ਸਰਦਾਰ ਸਨ ।

2
ਯਹੂਦਾਹ ਦੀ ਵੰਸ਼ਾਵਲੀ

1ਇਹ ਇਸਰਾਏਲ ਦੇ ਪੁੱਤਰ ਸਨ: ਰਊਬੇਨ, ਸਿਮੋਓਨ, ਲੇਵੀ, ਯਹੂਦਾਹ, ਯਿੱਸਾਕਾਰ, ਜ਼ਬੁਲੂਨ2ਦਾਨ, ਯੂਸੁਫ਼, ਬਿਨਯਾਮੀਨ, ਨਫ਼ਤਾਲੀ, ਗਾਦ ਅਤੇ ਆਸ਼ੇਰ ।

3ਯਹੂਦਾਹ ਦੇ ਪੁੱਤਰ: ਏਰ, ਓਨਾਨ ਅਤੇ ਸ਼ੇਲਾਹ ਜਿਹਨਾਂ ਤਿੰਨਾਂ ਨੂੰ ਉਸ ਕਨਾਨਣ ਸ਼ੂਆ ਦੀ ਧੀ ਨੇ, ਉਹ ਦੇ ਲਈ ਜਨਮ ਦਿੱਤਾ । ਏਰ ਯਹੂਦਾਹ ਦਾ ਜੇਠਾ ਯਹੋਵਾਹ ਦੀ ਨਿਗਾਹ ਵਿੱਚ ਬੁਰਾ ਸੀ, ਇਸ ਲਈ ਉਸ ਨੇ ਉਹ ਨੂੰ ਮਾਰ ਸੁੱਟਿਆ ।4ਤਮਾਰ ਉਹ ਦੀ ਨੂੰਹ ਨੇ ਉਹ ਦੇ ਲਈ ਪਰਸ ਤੇ ਜ਼ਰਹ ਨੂੰ ਜਨਮ ਦਿੱਤਾ । ਯਹੂਦਾਹ ਦੇ ਪੰਜ ਪੁੱਤਰ ਸਨ ।
5ਪਰਸ ਦੇ ਪੁੱਤਰ: ਹਸਰੋਨ ਅਤੇ ਹਮੂਲ ਸਨ ।6ਜ਼ਰਹ ਦੇ ਪੁੱਤਰ: ਜ਼ਿਮਰੀ, ਏਥਾਨ, ਹੇਮਾਨ, ਕਲਕੋਲ ਅਤੇ ਦਾਰਾ ਇਹ ਸਾਰੇ ਪੰਜ ਸਨ ।7ਕਰਮੀ ਦਾ ਪੁੱਤਰ: ਆਕਾਰ ਜਿਹੜਾ ਇਸਰਾਏਲ ਦਾ ਦੁੱਖ ਦੇਣ ਵਾਲਾ ਸੀ ਜਦੋਂ ਉਸ ਨੇ ਪਰਮੇਸ਼ੁਰ ਨੂੰ ਸਮਰਪਿਤ ਚੀਜ਼ ਦੇ ਵਿਖੇ ਅਪਰਾਧ ਕੀਤਾ ਸੀ ।8ਏਥਾਨ ਦਾ ਪੁੱਤਰ: ਅਜ਼ਰਯਾਹ ।
ਦਾਊਦ ਦੀ ਵੰਸ਼ਾਵਲੀ

9ਹਸਰੋਨ ਦੇ ਪੁੱਤਰ: ਯਰਹਮਏਲ, ਰਾਮ ਅਤੇ ਕਲੂਬਾਈ ਸਨ ।10ਰਾਮ ਦਾ ਪੁੱਤਰ ਅੰਮੀਨਾਦਾਬ ਸੀ ਅਤੇ ਅੰਮੀਨਾਦਾਬ ਦਾ ਪੁੱਤਰ ਨਹਸ਼ੋਨ ਯਹੂਦੀਆਂ ਦਾ ਸਜ਼ਾਦਾ ਸੀ ।11ਨਹਸ਼ੋਨ ਦਾ ਪੁੱਤਰ ਸਲਮਾ ਸੀ ਅਤੇ ਸਲਮਾ ਦਾ ਪੁੱਤਰ ਬੋਆਜ਼ ਸੀ ।12ਬੋਆਜ਼ ਦਾ ਪੁੱਤਰ ਓਬੇਦ ਸੀ ਅਤੇ ਓਬੇਦ ਦਾ ਪੁੱਤਰ ਯੱਸੀ ਸੀ ।
13ਯੱਸੀ ਦਾ ਜੇਠਾ ਪੁੱਤਰ ਅਲੀਆਬ ਸੀ, ਅਬੀਨਾਦਾਬ ਦੂਜਾ, ਸ਼ਿਮਆ ਤੀਜਾ,14ਨਥਨੇਲ ਚੌਥਾ, ਰੱਦਈ ਪੰਜਵਾਂ,15ਓਸਮ ਛੇਵਾਂ ਅਤੇ ਦਾਊਦ ਸੱਤਵਾਂ ਸੀ ।
16ਜਿਨ੍ਹਾਂ ਦੀਆਂ ਭੈਣਾਂ ਸਰੂਯਾਹ ਅਤੇ ਅਬੀਗੈਲ ਸਨ ਅਤੇ ਸਰੂਯਾਹ ਦੇ ਪੁੱਤਰ: ਆਬਸ਼ਈ, ਯੋਆਬ ਅਤੇ ਅਸਾਹੇਲ ਸਨ ।17ਅਬੀਗੈਲ ਦਾ ਪੁੱਤਰ ਅਮਾਸਾ ਸੀ ਅਤੇ ਅਮਾਸਾ ਦਾ ਪਿਤਾ ਯਥਰ ਇਸ਼ਮਏਲੀ ਸੀ ।
ਹਸ਼ਰੋਨ ਦੇ ਵੰਸ਼ਜ

18ਹਸ਼ਰੋਨ ਦੇ ਪੁੱਤਰ ਕਾਲੇਬ ਲਈ ਉਹ ਦੀ ਔਰਤ ਅਜ਼ੁਬਾਹ ਅਤੇ ਯਰੀਓਥ ਨੇ ਪੁੱਤਰਾਂ ਨੂੰ ਜਨਮ ਦਿੱਤਾ ਅਤੇ ਇਹ ਉਹ ਦੇ ਪੁੱਤਰ ਸਨ: ਯੇਸ਼ਰ, ਸੋਬਾਬ ਅਤੇ ਅਰਿਦੋਨ ।19ਜਦੋਂ ਅਜ਼ੁਬਾਹ ਮਰ ਗਈ ਤਾਂ ਕਾਲੇਬ ਨੇ ਅਫਰਾਥ ਨਾਲ ਵਿਆਹ ਲਿਆ ਅਤੇ ਉਸ ਨੇ ਉਹ ਦੇ ਲਈ ਹੂਰ ਨੂੰ ਜਨਮ ਦਿੱਤਾ ।20ਹੂਰ ਦਾ ਪੁੱਤਰ ਊਰੀ ਸੀ ਅਤੇ ਊਰੀ ਦਾ ਪੁੱਤਰ ਬਸਲੇਲ ਸੀ ।
21ਫੇਰ ਹਸਰੋਨ ਗਿਲਆਦ ਦੇ ਪਿਤਾ ਮਾਕੀਰ ਦੀ ਧੀ ਕੋਲ ਗਿਆ, ਜਿਹ ਨਾਲ ਉਸ ਨੇ ਸੱਠ ਸਾਲਾਂ ਦਾ ਹੋ ਕੇ ਵਿਆਹ ਕਰ ਲਿਆ ਅਤੇ ਉਸ ਨੇ ਉਹ ਦੇ ਲਈ ਸਗੂਬ ਨੂੰ ਜਨਮ ਦਿੱਤਾ ।22ਸਗੂਬ ਦਾ ਪੁੱਤਰ ਯਾਈਰ ਸੀ ਜਿਹ ਦੇ ਕੋਲ ਗਿਲਆਦ ਦੇਸ ਵਿੱਚ ਤੇਈ ਸ਼ਹਿਰ ਸਨ ।
23ਗਸ਼ੂਰ ਅਤੇ ਅਰਾਮ ਨੇ ਯਾਈਰ ਦੇ ਨਗਰਾਂ ਨੂੰ ਅਤੇ ਕਨਾਥ ਵੀ ਉਹ ਦੇ ਪਿੰਡਾਂ ਸਮੇਤ ਉਨ੍ਹਾਂ ਕੋਲੋਂ ਲੈ ਲਿਆ ਅਰਥਾਤ ਸੱਠਾਂ ਨਗਰਾਂ ਨੂੰ । ਇਹ ਸਭ ਗਿਲਆਦ ਦੇ ਪਿਤਾ ਮਾਕੀਰ ਦੇ ਪੁੱਤਰ ਸਨ ।24ਇਹ ਦੇ ਮਗਰੋਂ ਕਿ ਹਸਰੋਨ ਕਾਲੇਬ ਅਫਰਾਥਾਹ ਵਿੱਚ ਮਰ ਗਿਆ ਤਾਂ ਹਸਰੋਨ ਦੀ ਔਰਤ ਅਬਿਯਾਹ ਨੇ ਉਹ ਦੇ ਲਈ ਅਸ਼ਹੂਰ ਜਿਹੜਾ ਤਕੋਆ ਦਾ ਪਿਤਾ ਸੀ ਨੂੰ ਜਨਮ ਦਿੱਤਾ ।
ਯਰਹਮਏਲ ਦੇ ਵੰਸ਼ਜ

25ਹਸਰੋਨ ਦੇ ਪਲੌਠੇ ਯਰਹਮਏਲ ਦੇ ਪੁੱਤਰ ਸਨ: ਰਾਮ ਜਿਹੜਾ ਜੇਠਾ ਸੀ, ਬੂਨਾਹ, ਓਰਨ, ਅਤੇ ਓਸਮ ਅਹਿੱਯਾਹ ।26ਯਰਹਮਏਲ ਦੀ ਇੱਕ ਹੋਰ ਔਰਤ ਸੀ ਜਿਹ ਦਾ ਨਾਮ ਅਟਾਰਾਹ ਸੀ । ਉਹ ਓਨਾਮ ਦੀ ਮਾਤਾ ਸੀ ।27ਯਰਹਮਏਲ ਦੇ ਪਲੌਠੇ ਰਾਮ ਦੇ ਪੁੱਤਰ: ਮਅਸ, ਯਾਮੀਨ ਅਤੇ ਏਕਰ ਸਨ ।28ਓਨਾਮ ਦੇ ਪੁੱਤਰ ਸ਼ੰਮਈ ਅਤੇ ਯਾਦਾ ਸਨ । ਸ਼ੰਮਈ ਦੇ ਪੁੱਤਰ ਨਾਦਾਬ ਅਤੇ ਅਬੀਸ਼ੂਰ ਸਨ ।
29ਅਬੀਸ਼ੂਰ ਦੀ ਔਰਤ ਦਾ ਨਾਮ ਅਬੀਹੈਲ ਸੀ ਅਤੇ ਉਸ ਨੇ ਉਹ ਦੇ ਲਈ ਅਹਬਾਨ ਅਤੇ ਮੋਲੀਦ ਨੂੰ ਜਨਮ ਦਿੱਤਾ ।30ਨਾਦਾਬ ਦੇ ਪੁੱਤਰ: ਸਲਦ, ਅੱਪਇਮ ਸਨ । ਪਰ ਸਲਦ ਬੇ-ਉਲਾਦ ਹੀ ਮਰ ਗਿਆ ।31ਅੱਪਇਮ ਦਾ ਪੁੱਤਰ ਯਿਸ਼ਈ ਸੀ, ਯਿਸ਼ਈ ਦਾ ਪੁੱਤਰ ਸ਼ੇਸ਼ਾਨ ਸੀ ਅਤੇ ਸ਼ੇਸ਼ਾਨ ਦਾ ਪੁੱਤਰ ਅਹਲਈ ਸੀ32ਸ਼ੰਮਈ ਦੇ ਭਰਾ ਯਾਦਾ ਦੇ ਪੁੱਤਰ ਯਥਰ ਅਤੇ ਯੋਨਾਥਾਨ ਸਨ । ਯਥਰ ਬੇ-ਉਲਾਦ ਹੀ ਮਰ ਗਿਆ ।33ਯੋਨਾਥਾਨ ਦੇ ਪੁੱਤਰ ਪਲਥ ਅਤੇ ਜ਼ਾਜ਼ਾ ਸਨ । ਇਹ ਯਰਹਮਏਲ ਦੇ ਪੁੱਤਰ ਸਨ ।
34ਸ਼ੇਸ਼ਾਨ ਦੇ ਪੁੱਤਰ ਨਹੀਂ ਸਨ ਪਰ ਧੀਆਂ ਸਨ ਅਤੇ ਸ਼ੇਸ਼ਾਨ ਦਾ ਇੱਕ ਮਿਸਰੀ ਟਹਿਲੂਆ ਸੀ ਜਿਹ ਦਾ ਨਾਮ ਯਰਹਾ ਸੀ ।35ਸ਼ੇਸ਼ਾਨ ਨੇ ਆਪਣੀ ਧੀ ਦਾ ਵਿਆਹ ਆਪਣੇ ਟਹਿਲੂਏ ਯਰਹਾ ਨਾਲ ਕਰ ਦਿੱਤਾ ਅਤੇ ਉਸ ਨੇ ਉਹ ਦੇ ਲਈ ਅੱਤਈ ਨੂੰ ਜਨਮ ਦਿੱਤਾ ।
36ਅੱਤਈ ਦਾ ਪੁੱਤਰ ਨਾਥਾਨ ਸੀ ਅਤੇ ਨਾਥਾਨ ਦਾ ਪੁੱਤਰ ਜ਼ਾਬਾਦ ਸੀ ।37ਜ਼ਾਬਾਦ ਦਾ ਪੁੱਤਰ ਅਫ਼ਲਾਲ ਸੀ ਅਤੇ ਅਫ਼ਲਾਲ ਦਾ ਪੁੱਤਰ ਓਬੇਦ ਸੀ ।38ਓਬੇਦ ਦਾ ਪੁੱਤਰ ਯੇਹੂ ਸੀ ਅਤੇ ਯੇਹੂ ਦਾ ਪੁੱਤਰ ਅਜ਼ਰਯਾਹ ਸੀ ।
39ਅਜ਼ਰਯਾਹ ਦਾ ਪੁੱਤਰ ਹਲਸ ਸੀ ਅਤੇ ਹਲਸ ਦਾ ਪੁੱਤਰ ਅਲਾਸਾਹ ਸੀ ।40ਅਲਾਸਾਹ ਦਾ ਪੁੱਤਰ ਸਿਸਮਾਈ ਸੀ ਅਤੇ ਸਿਸਮਾਈ ਦਾ ਪੁੱਤਰ ਸ਼ੱਲੂਮ ਸੀ ।41ਸ਼ੱਲੂਮ ਦਾ ਪੁੱਤਰ ਯਕਮਯਾਹ ਸੀ ਅਤੇ ਯਕਮਯਾਹ ਦਾ ਪੁੱਤਰ ਅਲੀਸ਼ਾਮਾ ਸੀ ।
ਕਾਲੇਬ ਦੇ ਹੋਰ ਵੰਸ਼ਜ

42ਯਰਹਮਏਲ ਦੇ ਭਰਾ ਕਾਲੇਬ ਦੇ ਪੁੱਤਰ ਮੇਸ਼ਾ ਉਹ ਦਾ ਜੇਠਾ ਜਿਹੜਾ ਜੀਫ਼ ਦਾ ਪਿਤਾ ਅਤੇ ਹਬਰੋਨ ਦੇ ਪਿਤਾ ਮਾਰੇਸ਼ਾਹ ਦੇ ਪੁੱਤਰ43ਹਬਰੋਨ ਦੇ ਪੁੱਤਰ: ਕੋਰਹ, ਤੱਪੁਆਹ, ਰਕਮ ਅਤੇ ਸ਼ਮਾ ਸਨ ।44ਸ਼ਮਾ ਦਾ ਪੁੱਤਰ ਰਹਮ ਸੀ ਜਿਹੜਾ ਯਾਰਕਆਮ ਦਾ ਪਿਤਾ ਹੋਇਆ ਅਤੇ ਰਕਮ ਦਾ ਪੁੱਤਰ ਸ਼ੰਮਈ ਸੀ ।
45ਸ਼ੰਮਈ ਦਾ ਪੁੱਤਰ ਮਾਓਨ ਸੀ ਅਤੇ ਮਾਓਨ ਬੈਤ-ਸੂਰ ਦਾ ਪਿਤਾ ਸੀ ।46ਕਾਲੇਬ ਦੀ ਦਾਸੀ ਏਫਾਹ ਨੇ ਹਾਰਾਨ, ਮੋਸਾ ਅਤੇ ਗਾਜ਼ੇਜ਼ ਨੂੰ ਜਨਮ ਦਿੱਤਾ ਅਤੇ ਹਾਰਾਨ ਦਾ ਪੁੱਤਰ ਗਾਜ਼ੇਜ਼ ਸੀ ।47ਯਾਹਦਈ ਦੇ ਪੁੱਤਰ: ਰਗਮ, ਯੋਥਾਮ, ਗੇਸ਼ਾਨ, ਪਲਟ, ਏਫਾਹ ਅਤੇ ਸ਼ਾਅਫ ਸੀ ।
48ਮਅਕਾਹ ਕਾਲੇਬ ਦੀ ਦਾਸੀ ਨੇ ਸ਼ਬਰ ਅਤੇ ਤਿਰਹਨਾਹ ਨੂੰ ਜਨਮ ਦਿੱਤਾ ।49ਉਸ ਨੇ ਵੀ ਮਦਮੰਨਾਹ ਦੇ ਪਿਤਾ ਸ਼ਅਫ, ਮਕਬੇਨਾ ਦੇ ਪਿਤਾ ਸ਼ਵਾ ਅਤੇ ਗਿਬਆ ਦੇ ਪਿਤਾ ਨੂੰ ਜਨਮ ਦਿੱਤਾ ਅਤੇ ਕਾਲੇਬ ਦੀ ਧੀ ਅਕਸਾਹ ਸੀ ।50ਇਹ ਹੂਰ ਦਾ ਪੁੱਤਰ ਜਿਹੜਾ ਅਫਰਾਥਾਹ ਦਾ ਜੇਠਾ ਸੀ, ਕਾਲੇਬ ਦੇ ਪੁੱਤਰ ਸਨ, ਕਿਰਯਥਯਆਰੀਮ ਦਾ ਪਿਤਾ ਸ਼ੋਬਾਲ,
51ਬੈਤਲਹਮ ਦਾ ਪਿਤਾ ਸਾਲਮਾ, ਬੈਤਗਾਦੇਰ ਦਾ ਪਿਤਾ ਹਾਰੇਫ ।
52ਕਿਰਯਥਯਆਰੀਮ ਦੇ ਪਿਤਾ ਸ਼ੋਆਲ ਦੇ ਪੁੱਤਰ ਸਨ, ਹਾਰੋਆਹ ਤੇ ਮਨੁਹੋਥ ਦਾ ਅੱਧਾ ਹਿੱਸਾ ।53ਕਿਰਯਥਯਆਰੀਮ ਦੀਆਂ ਕੁਲਾਂ, ਯਿਥਰੀ, ਪੂਥੀ, ਸ਼ੁਮਾਥੀ ਅਤੇ ਮਿਸ਼ਰਾਈ ਜਿਨ੍ਹਾਂ ਤੋਂ ਸਾਰਆਥੀ ਅਤੇ ਅਸ਼ਤਾਉਲੀ ਨਿੱਕਲੇ ।
54ਸਾਲਮਾ ਦੇ ਪੁੱਤਰ, ਬੈਤਲਹਮ ਨਟੂਫਾਥੀ, ਅਟਰੋਥ-ਬੈਤ-ਯੋਆਬ ਦਾ ਘਰਾਣਾ ਤੇ ਮਨਹਥੀਆਂ ਦਾ ਅੱਧਾ ਹਿੱਸਾ, ਸਾਰਈ55ਅਤੇ ਉਨ੍ਹਾਂ ਲਿਖਾਰੀਆਂ ਦੀਆਂ ਕੁਲਾਂ ਜਿਹੜੇ ਯਅਬੇਨ ਵਿੱਚ ਵੱਸਦੇ ਸਨ, ਤੀਰਆਥੀ ਸ਼ਿਮਆਥੀ ਅਤੇ ਸੂਕਾਥੀ । ਇਹ ਕੀਨੀ ਹਨ ਜਿਹੜੇ ਰੇਕਾਬ ਦੇ ਘਰਾਣੇ ਦੇ ਪਿਤਾ ਹੰਮਥ ਤੋਂ ਆਏ ਸਨ ।

3
ਰਾਜਾ ਦਾਊਦ ਦੇ ਪੁੱਤਰ

1ਇਹ ਦਾਊਦ ਦੇ ਪੁੱਤਰ ਸਨ ਜਿਹੜੇ ਹਬਰੋਨ ਵਿੱਚ ਉਸ ਤੋਂ ਜੰਮੇ । ਜੇਠਾ ਅਮਨੋਨ ਯਿਜ਼ਰਏਲੀ ਅਹੀਨੋਅਮ ਤੋਂ, ਦੂਜਾ ਦਾਨਿਏਲ ਕਰਮਲੀ ਅਬੀਗੈਲ ਤੋਂ,2ਤੀਜਾ ਅਬਸ਼ਾਲੋਮ ਮਅਕਾਹ ਦਾ ਪੁੱਤਰ ਜਿਹੜੀ ਗਸ਼ੂਰ ਦੇ ਰਾਜਾ ਤਲਮਈ ਦੀ ਧੀ ਸੀ, ਚੌਥਾ ਅਦੋਨੀਯਾਹ ਹੱਗੀਥ ਦਾ ਪੁੱਤਰ,3ਪੰਜਵਾਂ ਸ਼ਫਟਯਾਹ ਅਬੀਟਾਲ ਤੋਂ ਅਤੇ ਛੇਵਾਂ ਯਿਥਰਆਮ ਉਹ ਦੀ ਰਾਣੀ ਅਗਲਾਹ ਤੋਂ ।

4ਇਹ ਛੇ ਹਬਰੋਨ ਵਿੱਚ ਉਹ ਤੋਂ ਜੰਮੇ ਜਿੱਥੇ ਉਹ ਸਾਢੇ ਸੱਤ ਸਾਲ ਰਾਜ ਕਰਦਾ ਰਿਹਾ । ਫੇਰ ਉਹ ਨੇ ਯਰੂਸ਼ਲਮ ਵਿੱਚ ਤੇਤੀ ਸਾਲ ਰਾਜ ਕੀਤਾ ।5ਇਹ ਯਰੂਸ਼ਲਮ ਵਿੱਚ ਉਹ ਤੋਂ ਜੰਮੇ: ਸ਼ਿਮਆ, ਸ਼ੋਬਾਬ, ਨਾਥਾਨ, ਸੁਲੇਮਾਨ, ਚਾਰ ਅੰਮੀਏਲ ਦੀ ਧੀ ਬਥਸ਼ੂਆ ਤੋਂ,
6ਯਿਬਹਾਰ, ਅਲੀਸ਼ਾਮਾ, ਅਲੀਫਾਲਟ,7ਨੋਗਹ, ਨਫਗ, ਯਾਫੀਆ,8ਅਲੀਸਾਮਾ, ਅਲਯਾਦਾ, ਅਲੀਫਲਟ ਅਤੇ ਨੌਂ ।9ਦਾਸੀ ਦੇ ਪੁੱਤਰਾਂ ਤੋਂ ਬਿਨ੍ਹਾਂ ਇਹ ਸਭ ਦਾਊਦ ਦੇ ਪੁੱਤਰ ਸਨ ਅਤੇ ਉਨ੍ਹਾਂ ਦੀ ਭੈਣ ਤਾਮਾਰ ਸੀ ।
ਰਾਜਾ ਸੁਲੇਮਾਨ ਦੇ ਵੰਸ਼ਜ

10ਸੁਲੇਮਾਨ ਦਾ ਪੁੱਤਰ ਰਹਬੁਆਮ ਸੀ, ਉਹ ਦਾ ਪੁੱਤਰ ਅਬੀਯਾਹ, ਉਹ ਦਾ ਪੁੱਤਰ ਆਸਾ, ਉਹ ਦਾ ਪੁੱਤਰ ਯਹੋਸ਼ਾਫਾਟ,11ਉਹ ਦਾ ਪੁੱਤਰ ਯੋਰਾਮ, ਉਹ ਦਾ ਪੁੱਤਰ ਅਹਜ਼ਯਾਹ, ਉਹ ਦਾ ਪੁੱਤਰ ਯੋਆਸ਼,12ਉਹ ਦਾ ਪੁੱਤਰ ਅਮਸਯਾਹ, ਉਹ ਦਾ ਪੁੱਤਰ ਅਜ਼ਰਯਾਹ, ਉਹ ਦਾ ਪੁੱਤਰ ਯੋਥਾਮ,
13ਉਹ ਦਾ ਪੁੱਤਰ ਆਹਾਜ਼, ਉਹ ਦਾ ਪੁੱਤਰ ਹਿਜ਼ਕੀਯਾਹ, ਉਹ ਦਾ ਪੁੱਤਰ ਮਨੱਸ਼ਹ,14ਉਹ ਦਾ ਪੁੱਤਰ ਆਮੋਨ, ਉਹ ਦਾ ਪੁੱਤਰ ਯੋਸੀਯਾਹ ।
15ਅਤੇ ਯੋਸੀਯਾਹ ਦੇ ਪੁੱਤਰ, ਜੇਠਾ ਯੋਹਾਨਾਨ, ਦੂਜਾ ਯਹੋਯਾਕੀਮ, ਤੀਜਾ ਸਿਦਕਿਯਾਹ ਅਤੇ ਚੌਥਾ ਸ਼ੱਲੂਮ ।16ਯਹੋਯਕੀਮ ਦੇ ਪੁੱਤਰ ਉਹ ਦਾ ਪੁੱਤਰ ਯਕਾਨਯਾਹ, ਉਹ ਦਾ ਪੁੱਤਰ ਸਿਦਕੀਯਾਹ ।
ਰਾਜਾ ਯਕਾਨਯਾਹ ਦੇ ਵੰਸ਼ਜ

17ਯਕਾਨਯਾਹ ਦੇ ਪੁੱਤਰ ਅੱਸਿਰ, ਉਹ ਦੇ ਪੁੱਤਰ: ਸ਼ਅਲਤੀਏਲ,18ਮਲਕੀਰਾਮ, ਫਦਾਯਾਹ, ਸ਼ਨੱਸਰ, ਯਕਮਯਾਹ, ਹੋਸ਼ਾਮਾ ਅਤੇ ਨਦਬਯਾਹ ।
19ਫਦਾਯਾਹ ਦੇ ਪੁੱਤਰ ਜ਼ਰੁੱਬਾਬਲ ਅਤੇ ਸ਼ਿਮਈ ਸਨ ਅਤੇ ਜ਼ਰੁੱਬਾਬਲ ਦੇ ਪੁੱਤਰ ਮੱਸੁਲਾਮ, ਹਨਨਯਾਹ ਅਤੇ ਉਨ੍ਹਾਂ ਦੀ ਭੈਣ ਸ਼ਲੋਮੀਥ ਸੀ,20ਹਸ਼ੁਬਾਹ, ਓਹਲ, ਬਰਕਯਾਹ, ਹਸਦਯਾਹ ਅਤੇ ਯੁਸ਼ਬਹਸਦ ਪੰਜ ਸਨ ।21ਹਨਨਯਾਹ ਦੇ ਪੁੱਤਰ ਪਲਟਯਾਹ ਅਤੇ ਯਿਸ਼ਅਯਾਹ, ਰਫ਼ਾਯਾਹ ਦੇ ਪੁੱਤਰ, ਅਰਨਾਨ ਦੇ ਪੁੱਤਰ ਓਬਦਯਾਹ ਦੇ ਪੁੱਤਰ, ਸ਼ਕਨਯਾਹ ਦੇ ਪੁੱਤਰ
22ਸ਼ਕਨਯਾਹ ਦੇ ਪੁੱਤਰ ਸ਼ਮਅਯਾਹ ਅਤੇ ਸ਼ਮਅਯਾਹ ਦੇ ਪੁੱਤਰ, ਹੱਟੂਸ਼, ਯਿਗਾਲ, ਬਾਰੀਆਹ, ਨਅਰਯਾਹ ਅਤੇ ਸ਼ਾਫਾਟ ਛੇ ਸਨ ।23ਨਅਰਯਾਹ ਦੇ ਪੁੱਤਰ, ਅਲਯੋਏਨਈ, ਹਿਜ਼ਕੀਯਾਹ ਅਤੇ ਅਜ਼ਰੀਕਾਮ ।24ਅਲਯੋਏਨਈ ਦੇ ਸੱਤ ਪੁੱਤਰ ਸਨ: ਹੋਦੈਯਾਹ, ਅਲਯਾਸ਼ੀਬ, ਫਲਾਯਾਹ, ਅੱਕੂਬ, ਯੋਹਾਨਾਨ, ਦਲਾਯਾਹ ਅਤੇ ਅਨਾਨੀ ।

4
ਯਹੂਦਾਹ ਦੇ ਵੰਸ਼ਜ

1ਯਹੂਦਾਹ ਦੇ ਪੁੱਤਰ: ਪਰਸ, ਹਸਰੋਨ, ਕਰਮੀ, ਹੂਰ ਅਤੇ ਸ਼ੋਬਾਲ ।2ਸ਼ੋਬਾਲ ਦੇ ਪੁੱਤਰ ਰਆਯਾਹ, ਉਹ ਦਾ ਪੁੱਤਰ ਯਹਥ, ਉਹ ਦੇ ਪੁੱਤਰ ਅਹੂਮਈ ਤੇ ਲਹਦ । ਇਹ ਸਾਰਆਥੀ ਦੇ ਕੁਲਾਂ ਦੇ ਪੁਰਖੇ ਸਨ ।

3ਏਟਾਮ ਦੇ ਪਿਤਾ ਦੇ ਇਹ ਪੁੱਤਰ ਸਨ: ਯਿਜ਼ਰਏਲ, ਯਿਸ਼ਮਾ, ਯਿਦਬਾਸ਼ ਅਤੇ ਉਨ੍ਹਾਂ ਦੀ ਭੈਣ ਹੱਸਲਲਪੋਨੀ ਸੀ ।4ਫਨੂਏਲ ਗਦੋਰ ਦਾ ਪਿਤਾ ਏਜ਼ਰ, ਹੂਸ਼ਾਹ ਦਾ ਪਿਤਾ । ਇਹ ਬੈਤਲਹਮ ਦੇ ਪਿਤਾ ਅਫਰਾਥਾਹ ਦੇ ਪਲੌਠੇ ਹੂਰ ਦੇ ਪੁੱਤਰ ਸਨ
5ਅਤੇ ਤਕੋਆ ਦੇ ਪਿਤਾ ਅਸ਼ਹੂਰ ਦੀਆਂ ਦੋ ਪਤਨੀਆਂ ਸਨ, ਹਲਾਹ ਅਤੇ ਨਅਰਾਹ ।6ਨਅਰਾਹ ਨੇ ਉਹ ਦੇ ਲਈ ਅਹੁੱਜ਼ਾਮ, ਹੇਫਰ, ਤੇਮਨੀ ਅਤੇ ਹਾਅਹਸ਼ਤਾਰੀ ਨੂੰ ਜਨਮ ਦਿੱਤਾ । ਇਹ ਨਅਰਾਹ ਦੇ ਪੁੱਤਰ ਸਨ ।7ਹਲਾਹ ਦੇ ਦੇ ਪੁੱਤਰ: ਸਰਥ, ਯਿਸਹਰ ਅਤੇ ਅਥਨਾਨ ਸਨ ।8ਕੋਸ ਤੋਂ ਆਨੂਬ, ਸੋਬੇਬਾਹ ਅਤੇ ਹਾਰੁਮ ਦੇ ਪੁੱਤਰ ਅਹਰਹੇਲ ਦੇ ਪਰਿਵਾਰ ਜੰਮੇ ।
9ਯਅਬੇਸ ਆਪਣੇ ਭਰਾਵਾਂ ਨਾਲੋਂ ਪਤਵੰਤ ਸੀ ਅਤੇ ਉਹ ਦੀ ਮਾਤਾ ਨੇ ਇਹ ਆਖ ਕੇ ਉਹ ਦਾ ਨਾਮ ਯਅਬੇਸ ਰੱਖਿਆ ਕਿ ਮੈਂ ਉਹ ਨੂੰ ਦੁੱਖ ਨਾਲ ਜਨਮ ਦਿੱਤਾ ਹੈ ।10ਯਅਬੇਸ ਨੇ ਇਸਰਾਏਲ ਦੇ ਪਰਮੇਸ਼ੁਰ ਅੱਗੇ ਬੇਨਤੀ ਕਰ ਕੇ ਆਖਿਆ, "ਕਾਸ਼ ਕਿ ਤੂੰ ਮੈਨੂੰ ਸੱਚ-ਮੁੱਚ ਬਰਕਤ ਦਿੰਦਾ, ਮੇਰੀਆਂ ਹੱਦਾਂ ਨੂੰ ਵਧਾਉਂਦਾ, ਤੇਰਾ ਹੱਥ ਮੇਰੇ ਨਾਲ ਰਹਿੰਦਾ ਅਤੇ ਤੂੰ ਮੈਨੂੰ ਬੁਰਿਆਈ ਤੋਂ ਬਚਾਉਂਦਾ ਤਾਂ ਜੋ ਉਹ ਮੈਨੂੰ ਨੂੰ ਦੁੱਖ ਨਾ ਦੇਵੇ !" ਪਰਮੇਸ਼ੁਰ ਨੇ ਉਸ ਦੀ ਪ੍ਰਾਰਥਨਾ ਸੁਣ ਲਈ ਅਤੇ ਉਸ ਦੇ ਅਨੁਸਾਰ ਕੀਤਾ ।
ਹੋਰ ਪਰਿਵਾਰਿਕ ਸੂਚੀਆਂ

11ਸ਼ੂਹਾਹ ਦੇ ਭਰਾ ਕਲੂਬ ਤੋਂ ਮਹੀਰ ਜੰਮਿਆ ਜੋ ਅਸ਼ਤੋਨ ਦਾ ਪਿਤਾ ਸੀ ।12ਅਸ਼ਤੋਨ ਤੋਂ ਬੈਤਰਾਫਾ, ਪਾਸੇਆਹ ਅਤੇ ਈਰਨਾਹਾਸ਼ ਦੇ ਪਿਤਾ ਤਹਿੰਨਾਹ ਜਨਮੇ । ਇਹ ਰੇਕਾਹ ਦੇ ਮਨੁੱਖ ਸਨ ।
13ਕਨਜ਼ ਦੇ ਪੁੱਤਰ ਆਥਨੀਏਲ ਦਾ ਪੁੱਤਰ, ਹਥਥ ।14ਮਓਨੋਥਈ ਤੋਂ ਆਫਰਾਹ ਜੰਮਿਆ ਅਤੇ ਸਰਾਯਾਹ ਤੋਂ ਯੋਆਬ ਜੰਮਿਆ ਜਿਹੜਾ ਗੇ-ਹਰਾਸ਼ੀਮ ਦਾ ਪੁਰਖਾ ਸੀ, ਜਿਸ ਦੇ ਲੋਕ ਕਾਰੀਗਰ ਸਨ ।15ਯਫੁੰਨਹ ਦੇ ਪੁੱਤਰ ਕਲੇਬ ਦੇ ਪੁੱਤਰ: ਈਰੂ, ਏਲਾਹ ਅਤੇ ਨਅਮ ਸਨ ਅਤੇ ਏਲਾਹ ਪੁੱਤਰ ਕਨਜ਼16ਅਤੇ ਯਹੱਲਲੇਲ ਦੇ ਪੁੱਤਰ, ਜ਼ੀਫ ਤੇ ਜ਼ੀਫਾਹ, ਤੀਰਯਾ ਤੇ ਅਸਰੇਲ
17ਅਤੇ ਅਜ਼ਰਾਹ ਦੇ ਪੁੱਤਰ ਯਥਰ, ਮਰਦ, ਏਫਰ ਅਤੇ ਯਾਲੋਨ ਅਤੇ ਉਹ ਮਿਰਯਮ ਤੇ ਸ਼ੰਮਈ ਤੇ ਯਿਸ਼ਬਹ ਅਸ਼ਤਮੋਆ ਦਾ ਪਿਤਾ ਜਣੀ18ਅਤੇ ਉਹ ਦੀ ਯਹੂਦਣ ਔਰਤ ਨੇ ਗਦੋਰ ਦਾ ਪਿਤਾ ਯਰਦ ਤੇ ਸੋਕੋ ਦਾ ਪਿਤਾ ਹਬਰ ਤੇ ਜ਼ਨੋਅਹ ਦਾ ਪਿਤਾ ਯਕੂਥੀਏਲ ਜਣੇ ਅਤੇ ਇਹ ਫ਼ਿਰਊਨ ਦੀ ਧੀ ਬਿਥਯਾਹ ਦੇ ਪੁੱਤਰ ਸਨ ਜਿਹ ਨੂੰ ਮਰਦ ਨੇ ਵਿਆਹ ਲਿਆ
19ਅਤੇ ਹੋਦੀਯਾਹ ਦੀ ਔਰਤ ਨਹਮ ਦੀ ਭੈਣ ਦੇ ਪੁੱਤਰ ਗਰਮੀ ਕਈਲਾਹ ਦਾ ਪਿਤਾ ਅਤੇ ਮਅਕਾਥੀ ਅਸ਼ਤਮੋਆ ਸਨ20ਅਤੇ ਸ਼ੀਮੋਨ ਦੇ ਪੁੱਤਰ ਅਮਨੋਨ ਤੇ ਰਿੰਨਾਹ ਬਨਹਾਨਾਨ ਤੇ ਤੀਲੋਨ ਅਤੇ ਯਿਸ਼ਈ ਦੇ ਪੁੱਤਰ ਜ਼ੋਹੇਥ ਤੇ ਬਨਜ਼ੋਹੇਥ ।
ਸ਼ੇਲਾਹ ਦੇ ਵੰਸ਼ਜ

21ਯਹੂਦਾਹ ਦੇ ਪੁੱਤਰ ਸ਼ੇਲਾਹ ਦੇ ਪੁੱਤਰ, ਲੇਕਾਹ ਦਾ ਪਿਤਾ ਏਰ ਤੇ ਮਾਰੇਸ਼ਾਹ ਦਾ ਪਿਤਾ ਲਅਦਾਹ ਅਤੇ ਅਸ਼ਬੇਆ ਦੇ ਘਰਾਣੇ ਦੇ ਪਰਿਵਾਰ ਜਿਹੜੇ ਮਹੀਨ ਕਤਾਨ ਬੁਨਣ ਵਾਲਿਆਂ ਦੇ ਘਰਾਣੇ ਦੇ ਸਨ22ਅਤੇ ਯੋਕੀਮ ਤੇ ਕੋਜ਼ੇਬਾ ਦੇ ਮਨੁੱਖ ਤੇ ਯੋਆਸ਼ ਤੇ ਸਾਰਾਫ ਜੋ ਮੋਆਬ ਤੇ ਹਕੂਮਤ ਕਰਦੇ ਸਨ ਅਤੇ ਯਾਸ਼ੂਬੀਲਹਮ । ਇਹ ਗੱਲਾਂ ਪੁਰਾਣੀਆਂ ਹਨ23ਇਹ ਘੁਮਿਆਰ ਸਨ ਅਤੇ ਗਦੇਰਾਹ ਤੇ ਨਟਾਈਮ ਦੇ ਵੱਸਣ ਵਾਲੇ ਸਨ । ਉੱਥੇ ਉਹ ਪਾਤਸ਼ਾਹ ਦਾ ਕੰਮ ਕਰਦੇ ਹੋਏ ਉਸ ਦੇ ਨਾਲ ਰਹਿੰਦੇ ਸਨ ।
ਸ਼ਿਮਓਨ ਦੀ ਵੰਸ਼ਾਵਲੀ

24ਸ਼ਿਮਓਨ ਦੇ ਪੁੱਤਰ, ਨਮੂਏਲ ਤੇ ਯਾਮੀਨ, ਯਰੀਬ, ਜ਼ਰਹ ਸ਼ਾਊਲ25ਉਹ ਦਾ ਪੁੱਤਰ ਸ਼ੱਲੁਮ, ਉਹ ਦਾ ਮਿਬਸਾਮ, ਉਹ ਦਾ ਪੁੱਤਰ ਮਿਸ਼ਮਾ26ਅਤੇ ਮਿਸ਼ਮਾ ਦੇ ਪੁੱਤਰ ਹਮੂਏਲ, ਉਹ ਦਾ ਪੁੱਤਰ ਜ਼ੱਕੂਰ, ਉਹ ਦਾ ਪੁੱਤਰ ਸ਼ਿਮਈ
27ਅਤੇ ਸ਼ਿਮਈ ਦੇ ਸੋਲ਼ਾਂ ਪੁੱਤਰ ਅਤੇ ਛੇ ਧੀਆਂ ਸਨ ਪਰ ਉਸ ਦੇ ਭਰਾਵਾਂ ਦੇ ਬਹੁਤ ਬਾਲ ਬੱਚੇ ਨਹੀਂ ਸਨ ਅਤੇ ਉਹਨਾਂ ਦੇ ਸਾਰੇ ਕੁਲ ਯਹੂਦਾ ਦੇ ਕੁਲ ਵਾਂਗੂੰ ਨਾ ਵਧੇ28ਅਤੇ ਓਹ ਬਏਰਸ਼ਬਾ ਵਿੱਚ ਤੇ ਮੋਲਾਦਾਹ ਤੇ ਹਸਰ-ਸ਼ੂਆਲ ਵਿੱਚ ਵੱਸਦੇ ਸਨ
29ਅਤੇ ਬਿਲਹਾਹ ਵਿੱਚ ਤੇ ਅਸਮ ਵਿੱਚ ਤੇ ਤੋਲਾਦ ਵਿੱਚ30ਅਤੇ ਬਥੂਏਲ ਵਿੱਚ ਤੇ ਹਾਰਮਾਹ ਵਿੱਚ ਤੇ ਸਿਕਲਗ ਵਿੱਚ31ਅਤੇ ਬੈਤ-ਮਰਕਾਬੋਥ ਵਿੱਚ ਤੇ ਹਸਰਸੂਸੀਮ ਵਿੱਚ ਤੇ ਬੈਤ-ਬਿਰਈ ਵਿੱਚ ਤੇ ਸ਼ਅਰਇਮ ਵਿੱਚ । ਇਹ ਉਨ੍ਹਾਂ ਦੇ ਸ਼ਹਿਰ ਦਾਊਦ ਦੇ ਰਾਜ ਤੱਕ ਸਨ
32ਉਨ੍ਹਾਂ ਦੇ ਪਿੰਡ, ਏਟਾਮ ਤੇ ਆਯਿਨ, ਰਿੰਮੋਨ ਤੇ ਤੋਕਨ ਤੇ ਆਸ਼ਾਨ, ਪੰਜ ਸ਼ਹਿਰ33ਨਾਲੇ ਇਨ੍ਹਾਂ ਸ਼ਹਿਰਾਂ ਦੇ ਆਲੇ-ਦੁਆਲੇ ਦੇ ਸਾਰੇ ਪਿੰਡ ਬਅਲ ਤੱਕ । ਇਹ ਉਨ੍ਹਾਂ ਦੇ ਵਸੇਬੇ ਸਨ ਅਤੇ ਉਨ੍ਹਾਂ ਦੀਆਂ ਕੁਲਪੱਤ੍ਰੀਆਂ ਸਨ
34ਅਤੇ ਮਸ਼ੋਬਾਬ ਤੇ ਯਮਲੇਕ ਤੇ ਯੋਸ਼ਾਹ ਅਮਸਯਾਹ ਦਾ ਪੁੱਤਰ35ਅਤੇ ਯੋਏਲ ਤੇ ਯੇਹੂ ਯੋਸ਼ਿਬਯਾਹ ਦਾ ਪੁੱਤਰ, ਅਸੀਏਲ ਦਾ ਪੁੱਤਰ36ਅਤੇ ਅਲਯੋਏਨਈ ਤੇ ਯਅਕੋਬਾਹ ਤੇ ਯਸ਼ੋਹਾਯਾਹ ਤੇ ਅਸ਼ਾਯਾਹ ਤੇ ਅਦੀਏਲ ਤੇ ਯਿਸੀਮਿਏਲ ਤੇ ਬਨਾਯਾਹ37ਅਤੇ ਸ਼ਿਫ਼ਈ ਦਾ ਪੁੱਤਰ ਜ਼ੀਜ਼ਾ, ਅੱਲੋਨ ਦਾ ਪੁੱਤਰ ਯਦਾਯਾਹ ਦਾ ਪੁੱਤਰ, ਸ਼ਿਮਰੀ ਦਾ ਪੁੱਤਰ, ਸ਼ਮਅਯਾਹ ਦਾ ਪੁੱਤਰ38ਇਹ ਜਿਨ੍ਹਾਂ ਦੇ ਨਾਵਾਂ ਦਾ ਵਰਨਣ ਹੋਇਆ ਆਪੋ ਆਪਣੇ ਕੁਲਾਂ ਦੇ ਸਰਦਾਰ ਸਨ ਅਤੇ ਉਨ੍ਹਾਂ ਦੇ ਘਰਾਣੇ ਬਹੁਤ ਹੀ ਵਧ ਗਏ ।
39ਅਤੇ ਉਹ ਗਦੋਰ ਤੋਂ ਬਾਹਰ ਉਸ ਘਾਟੀ ਦੇ ਪੂਰਬ ਤੱਕ ਆਪਣਿਆਂ ਇਜੜਾਂ ਲਈ ਚਾਰਾਗਾਹ ਲੱਭਣ ਗਏ ।40ਉੱਥੇ ਉਨ੍ਹਾਂ ਨੂੰ ਵਧੀਆ ਤੋਂ ਵਧੀਆ ਅਤੇ ਖੁੱਲ੍ਹੀ ਚਾਰਾਗਾਹ ਲੱਭੀ, ਅਤੇ ਉਹ ਦੇਸ ਲੰਬਾ ਚੌੜਾ, ਸ਼ਾਂਤੀ ਅਤੇ ਸੁੱਖ ਚੈਨ ਵਾਲਾ ਸੀ, ਕਿਉਂ ਜੋ ਹਾਮ ਦੇ ਲੋਕ ਮੁੱਢੋਂ ਉੱਥੇ ਵੱਸਦੇ ਸਨ ।41ਉਹ ਜਿਨ੍ਹਾਂ ਦੇ ਨਾਮ ਲਿਖੇ ਗਏ ਹਨ, ਉਹਨਾਂ ਨੇ ਯਹੂਦੀਆਂ ਦੇ ਪਾਤਸ਼ਾਹ ਹਿਜ਼ਕੀਯਾਹ ਦੇ ਸਮੇਂ ਉਹਨਾਂ ਦੇ ਡੇਰਿਆਂ ਤੇ ਹਮਲਾ ਕੀਤਾ ਅਤੇ ਮਊਨੀਮ ਉੱਤੇ ਜਿਹੜੇ ਉੱਥੇ ਰਹਿੰਦੇ ਸਨ, ਉਹਨਾਂ ਨੂੰ ਅਜਿਹਾ ਮਾਰਿਆ ਕਿ ਉਹ ਪੂਰੀ ਤਰ੍ਹਾਂ ਨਸ਼ਟ ਹੋ ਗਏ ਤੇ ਆਪ ਉੱਥੇ ਰਹਿਣ ਲੱਗੇ ਕਿਉਂ ਜੋ ਉੱਥੇ ਉਨ੍ਹਾਂ ਦੇ ਇਜੜਾਂ ਦੇ ਲਈ ਚਾਰਾ ਸੀ
42ਅਤੇ ਉਨ੍ਹਾਂ ਵਿਚੋਂ ਅਰਥਾਤ ਸ਼ਿਮਾਓਨ ਦੇ ਪੁੱਤਰਾਂ ਵਿਚੋਂ ਪੰਜ ਸੌ ਪੁਰਸ਼ ਸੇਈਰ ਦੇ ਪਹਾੜ ਉੱਤੇ ਗਏ ਅਤੇ ਉਨ੍ਹਾਂ ਦੇ ਮੁਖੀਏ ਯਸ਼ਈ ਦੇ ਪੁੱਤਰ ਪਲਟਯਾਹ ਤੇ ਨਅਰਯਾਹ ਤੇ ਰਫਾਯਾਹ ਤੇ ਉੱਜੀਏਲ ਸਨ43ਅਤੇ ਉਨ੍ਹਾਂ ਨੇ ਰਹਿੰਦਿਆਂ ਅਮਲੇਕੀਆਂ ਨੂੰ ਜਿਹੜੇ ਭੱਜ ਨਿੱਕਲੇ ਸਨ ਮਾਰ ਸੁੱਟਿਆ ਅਤੇ ਉਹ ਆਪ ਉੱਥੇ ਅੱਜ ਤੱਕ ਵੱਸਦੇ ਹਨ ।

5
ਰਊਬੇਨ ਦੀ ਵੰਸ਼ਾਵਲੀ

1ਇਸਰਾਏਲ ਦੇ ਜੇਠੇ ਰਊਬੇਨ ਦੇ ਪੁੱਤਰ (ਉਹ ਜੇਠਾ ਸੀ ਪਰ ਇਸ ਲਈ ਜੋ ਉਸ ਨੇ ਆਪਣੇ ਪਿਤਾ ਦੇ ਬਿਸਤਰ ਨੂੰ ਭਰਿਸ਼ਟ ਕੀਤਾ ਸੀ, ਉਸ ਦੇ ਜੇਠੇ ਹੋਣ ਦਾ ਹੱਕ ਇਸਰਾਏਲ ਦੇ ਪੁੱਤਰ ਯੂਸੁਫ਼ ਦੇ ਪੁੱਤਰਾਂ ਨੂੰ ਦਿੱਤਾ ਗਿਆ ਅਤੇ ਉਹ ਕੁਲ ਪੱਤ੍ਰੀ ਵਿੱਚ ਜੇਠਾ ਕਰਕੇ ਨਹੀਂ ਗਿਣਿਆ ਜਾਂਦਾ)2ਯਹੂਦਾਹ ਆਪਣੇ ਭਰਾਵਾਂ ਨਾਲੋਂ ਬਲਵਾਨ ਸੀ ਅਤੇ ਉਸ ਤੋਂ ਪ੍ਰਧਾਨ ਨਿੱਕਲਿਆ ਪਰ ਜੇਠਾ ਹੋਣ ਦਾ ਹੱਕ ਯੂਸੁਫ਼ ਦਾ ਸੀ3ਇਸਰਾਏਲ ਦੇ ਜੇਠੇ ਰਊਬੇਨ ਦੇ ਪੁੱਤਰ, ਹਨੋਕ ਤੇ ਫੱਲੂ, ਹਸਰੋਨ ਤੇ ਕਰਮੀ

4ਯੋਏਲ ਦੇ ਪੁੱਤਰ, ਸ਼ਮਅਯਾਹ ਉਹ ਦਾ ਪੁੱਤਰ, ਗੋਗ ਉਹ ਦਾ ਪੁੱਤਰ ਸ਼ਿਮਈ ਉਹ ਦਾ ਪੁੱਤਰ5ਮੀਕਾਹ ਉਹ ਦਾ ਪੁੱਤਰ, ਰਆਯਾਹ ਉਹ ਦਾ ਪੁੱਤਰ, ਬਆਲ ਉਹ ਦਾ ਪੁੱਤਰ6ਬਏਰਾਹ ਉਹ ਦਾ ਪੁੱਤਰ, ਜਿਸ ਨੂੰ ਅੱਸ਼ੂਰ ਦਾ ਰਾਜਾ ਤਿਲਗਥ ਪਿਲਨਅਸਰ ਬੰਧੂਆ ਬਣਾ ਕੇ ਲੈ ਗਿਆ । ਉਹ ਰਊਬੇਨੀਆਂ ਦਾ ਸਰਦਾਰ ਸੀ
7ਉਹ ਦੇ ਭਰਾ ਉਨ੍ਹਾਂ ਦੀਆਂ ਕੁਲਾਂ ਅਨੁਸਾਰ ਜਦ ਉਨ੍ਹਾਂ ਦੀਆਂ ਪੀੜ੍ਹੀਆਂ ਦੀ ਕੁਲ ਪੱਤ੍ਰੀ ਬਣੀ ਇਹ ਸਨ, ਮੁਖੀ, ਯਈਏਲ ਤੇ ਜ਼ਕਰਯਾਹ8ਅਤੇ ਬਲਆ ਆਜ਼ਾਜ਼ ਦਾ ਪੁੱਤਰ, ਸ਼ਮਆ ਦਾ ਪੁੱਤਰ, ਯੋਏਲ ਦਾ ਪੁੱਤਰ ਜਿਹੜਾ ਅਰੋਏਰ ਵਿੱਚ ਨਬੋ ਤੇ ਬਆਲ ਮਓਨ ਤੱਕ ਵੱਸਦਾ ਸੀ9ਅਤੇ ਉਹ ਚੜਦੇ ਪਾਸੇ ਫਰਾਤ ਦਰਿਆ ਤੋਂ ਉਜਾੜ ਦੇ ਰਸਤੇ ਤੱਕ ਵੱਸਦਾ ਸੀ ਕਿਉਂ ਜੋ ਉਨ੍ਹਾਂ ਦੇ ਪਸ਼ੂ ਗਿਲਆਦ ਦੇ ਦੇਸ ਵਿੱਚ ਵਧ ਗਏ ਸਨ
10ਅਤੇ ਸ਼ਾਊਲ ਦੇ ਦਿਨਾਂ ਵਿੱਚ ਉਨ੍ਹਾਂ ਨੇ ਹਗਰੀਆਂ ਨਾਲ ਯੁਧ ਕੀਤਾ ਜਿਹੜੇ ਉਨ੍ਹਾਂ ਦੇ ਹੱਥੋਂ ਮਾਰੇ ਗਏ ਅਤੇ ਓਹ ਗਿਲਆਦ ਦੇ ਸਾਰੇ ਚੜਦੇ ਵੱਲ ਆਪਣੇ ਤੰਬੂਆਂ ਵਿੱਚ ਵੱਸੇ ।
ਗਾਦ ਦੀ ਵੰਸ਼ਾਵਲੀ

11ਗਾਦੀ ਉਨ੍ਹਾਂ ਦੇ ਸਾਹਮਣੇ ਬਾਸ਼ਾਨ ਦੇ ਦੇਸ ਵਿੱਚ ਸਲਕਾਹ ਤੱਕ ਵੱਸੇ12ਯੋਏਲ ਮੁਖੀ ਸੀ, ਫੇਰ ਦੂਜਾ ਸ਼ਾਫਾਨ ਅਤੇ ਯਅਨਈ ਤੇ ਸ਼ਾਫਾਟ ਬਾਸ਼ਾਨ ਵਿੱਚ13ਅਤੇ ਉਨ੍ਹਾਂ ਦੇ ਪੁਰਖਾਂ ਦੇ ਘਰਾਣੇ ਦੇ ਸੱਤ ਭਰਾ, ਮੀਕਾਏਲ ਤੇ ਮਸ਼ੂੱਲਾਮ ਤੇ ਸ਼ਬਾ ਤੇ ਯੋਰਈ ਤੇ ਯਅਕਾਨ ਤੇ ਜ਼ੀਆ ਤੇ ਏਬਰ ਸਨ
14ਇਹ ਅਬੀਹਯਿਲ ਦੇ ਪੁੱਤਰ, ਹੂਰੀ ਦੇ ਪੁੱਤਰ, ਯਾਰੋਆਹ ਦਾ ਪੁੱਤਰ, ਗਿਲਆਦ ਦਾ ਪੁੱਤਰ, ਮੀਕਾਏਲ ਦਾ ਪੁੱਤਰ, ਯਸ਼ੀਸ਼ਈ ਦਾ ਪੁੱਤਰ, ਯਹਦੋ ਦਾ ਪੁੱਤਰ, ਬੂਜ਼ ਦਾ ਪੁੱਤਰ15ਅਬਦੀਏਲ ਦਾ ਪੁੱਤਰ ਅਹੀ, ਗੂਨੀ ਦਾ ਪੁੱਤਰ ਉਨ੍ਹਾਂ ਦੇ ਪੁਰਖਾਂ ਦੇ ਘਰਾਣਿਆਂ ਦਾ ਮੁਖੀ
16ਅਤੇ ਓਹ ਗਿਲਆਦ ਵਿੱਚ ਬਾਸ਼ਾਨ ਵਿੱਚ ਅਤੇ ਉਸ ਦੇ ਪਿੰਡਾਂ ਵਿੱਚ ਤੇ ਸ਼ਾਰੋਨ ਦੀਆਂ ਸਾਰੀਆਂ ਚਾਰਾਗਾਹਾਂ ਵਿੱਚ ਉਨ੍ਹਾਂ ਦੀਆਂ ਹੱਦਾਂ ਤੱਕ ਵੱਸਦੇ ਸਨ17ਯਹੂਦਾਹ ਦੇ ਪਾਤਸ਼ਾਹ ਯੋਥਾਮ ਦੇ ਦਿਨਾਂ ਵਿੱਚ ਅਤੇ ਇਸਰਾਏਲ ਦੇ ਪਾਤਸ਼ਾਹ ਯਾਰਾਬੁਆਮ ਦੇ ਦਿਨਾਂ ਵਿੱਚ ਇਹ ਸਾਰੀਆਂ ਕੁਲਪੱਤ੍ਰੀਆਂ ਲਿਖੀਆਂ ਗਈਆਂ ।
ਪੂਰਬ ਦੇ ਵਿੱਚ ਰਹਿਣ ਵਾਲੇ ਗੋਤਾਂ ਦੀਆਂ ਸੈਨਾਵਾਂ

18ਰਊਬੇਨੀ ਤੇ ਗਾਦੀ ਤੇ ਮਨੱਸ਼ਹ ਦੇ ਅੱਧੇ ਗੋਤ ਦੇ ਸੂਰਮੇ ਜਿਹੜੇ ਢਾਲ਼ ਤੇ ਤਲਵਾਰ ਉਠਾਉਣ ਵਾਲੇ, ਤੀਰਅੰਦਾਜ਼ ਅਤੇ ਲੜਾਈ ਵਿੱਚ ਸਿਆਣੇ ਸਨ, ਉਹ ਚੌਤਾਲੀ ਹਜ਼ਾਰ ਸੱਤ ਸੌ ਸੱਠ ਜੋਧੇ ਸਨ19ਅਤੇ ਇਹ ਹਗਰੀਆਂ, ਯਟੂਰ ਤੇ ਨਾਫੀਸ਼ ਤੇ ਨੋਦਾਬ ਨਾਲ ਲੜੇ
20ਅਤੇ ਉਨ੍ਹਾਂ ਦਾ ਵਿਰੋਧ ਕਰਨ ਵਿੱਚ ਇਨ੍ਹਾਂ ਨੂੰ ਸਹਾਇਤਾ ਮਿਲੀ ਅਤੇ ਹਗਰੀ ਅਤੇ ਸਭ ਜਿਹੜੇ ਉਨ੍ਹਾਂ ਨਾਲ ਸਨ ਉਨ੍ਹਾਂ ਦੇ ਹਵਾਲੇ ਕੀਤੇ ਗਏ ਕਿਉਂ ਜੋ ਉਨ੍ਹਾਂ ਨੇ ਲੜਾਈ ਵਿੱਚ ਪਰਮੇਸ਼ੁਰ ਦੀ ਬੇਨਤੀ ਕੀਤੀ ਅਤੇ ਉਨ੍ਹਾਂ ਦੀ ਬੇਨਤੀ ਪਰਵਾਨ ਹੋਈ, ਇਸ ਲਈ ਜੋ ਉਨ੍ਹਾਂ ਨੇ ਉਹ ਦੇ ਉੱਤੇ ਭਰੋਸਾ ਰੱਖਿਆ21ਅਤੇ ਓਹ ਉਨ੍ਹਾਂ ਦੇ ਪਸ਼ੂ ਲੈ ਗਏ, ਉਨ੍ਹਾਂ ਦੇ ਊਠ ਪੰਜਾਹ ਹਜ਼ਾਰ, ਅਤੇ ਭੇਡਾਂ ਢਾਈ ਲਖ, ਅਤੇ ਖੋਤੇ ਦੋ ਹਜ਼ਾਰ, ਅਤੇ ਇੱਕ ਲੱਖ ਮਨੁੱਖ22ਸੋ ਬਹੁਤ ਸਾਰੇ ਲੋਕ ਵੱਢੇ ਗਏ ਕਿਉਂ ਜੋ ਇਹ ਯੁਧ ਪਰਮੇਸ਼ੁਰ ਦੀ ਵੱਲੋਂ ਸੀ ਅਤੇ ਉਹ ਗ਼ੁਲਾਮ ਹੋਣ ਦੇ ਸਮੇਂ ਤੱਕ ਉਨ੍ਹਾਂ ਦੇ ਥਾਂ ਵਿੱਚ ਵੱਸਦੇ ਰਹੇ ਸਨ ।
ਪੂਰਬ ਦੇ ਵਿੱਚ ਵੱਸੇ ਮਨਸ਼ਹ ਦੇ ਲੋਕ

23ਮਨੰਸ਼ੀਆਂ ਦੇ ਅੱਧੇ ਗੋਤ ਦੇ ਲੋਕ ਉਸ ਦੀ ਧਰਤੀ ਵਿੱਚ ਵੱਸੇ । ਓਹ ਬਾਸ਼ਾਨ ਤੋਂ ਬਅਲਹਰਮੋਨ ਤੇ ਸਨੀਰ ਤੇ ਹਰਮੋਨ ਪਰਬਤ ਤੱਕ ਵਧਦੇ ਗਏ24ਇਹ ਉਨ੍ਹਾਂ ਦੇ ਪੁਰਖਾਂ ਦੇ ਘਰਾਣਿਆਂ ਦੇ ਮੁਖੀਏ ਸਨ, ਅਰਥਾਤ ਏਫਰ ਤੇ ਯਿਸ਼ਈ ਤੇ ਅਲੀਏਲ ਤੇ ਅਜ਼ਰੀਏਲ ਤੇ ਯਿਰਮਿਯਾਹ ਤੇ ਹੋਦਵਯਾਹ ਤੇ ਯਹਦੀਏਲ ਜਿਹੜੇ ਸੂਰਬੀਰ ਜੋਧੇ, ਨਾਮੀ, ਤੇ ਆਪਣੇ ਪੁਰਖਾਂ ਦੇ ਘਰਾਣਿਆਂ ਦੇ ਮੁਖੀਏ ਸਨ ।
ਪੂਰਬ ਵਿੱਚ ਵੱਸੇ ਗੋਤਾਂ ਦਾ ਗ਼ੁਲਾਮੀ ਦੇ ਵਿੱਚ ਜਾਣਾ

25ਅਤੇ ਉਨ੍ਹਾਂ ਨੇ ਆਪਣੇ ਵੱਡ ਵਡੇਰਿਆਂ ਦੇ ਪਰਮੇਸ਼ੁਰ ਦਾ ਅਪਰਾਧ ਕੀਤਾ ਅਤੇ ਉਸ ਦੇਸ ਦੇ ਲੋਕਾਂ ਦੇ ਦੇਵਤਿਆਂ ਨਾਲ ਜ਼ਨਾਹ ਕੀਤਾ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਉਨ੍ਹਾਂ ਅੱਗੇ ਨਸ਼ਟ ਕੀਤਾ26ਅਤੇ ਇਸਰਾਏਲ ਦੇ ਪਰਮੇਸ਼ੁਰ ਨੇ ਅੱਸ਼ੂਰ ਦੇ ਰਾਜਾ ਪੂਲ ਦੇ ਮਨ ਨੂੰ ਅਤੇ ਅਸ਼ੂਰ ਦੇ ਰਾਜਾ ਤਿਲਗਥ ਪਿਲਨਸਰ ਦੇ ਮਨ ਨੂੰ ਉਕਸਾਇਆ, ਅਤੇ ਉਹ ਉਹਨਾਂ ਨੂੰ ਅਰਥਾਤ ਰੂਬੇਨੀਆਂ ਨੂੰ, ਗਾਦੀਆਂ ਨੂੰ ਅਤੇ ਮਨੱਸ਼ਹ ਦੇ ਅੱਧੇ ਗੋਤ ਨੂੰ ਦੇਸ ਵਿੱਚੋਂ ਕੱਢ ਕੇ ਲੈ ਗਏ, ਅਤੇ ਉਨ੍ਹਾਂ ਨੂੰ ਰਲਹ, ਹਾਬੋਰ, ਹਾਰਾ ਅਤੇ ਗੋਜ਼ਾਨ ਦੀ ਨਦੀ ਨੂੰ ਲੈ ਆਇਆ । ਉਹ ਅੱਜ ਤੱਕ ਉੱਥੇ ਹੀ ਵਸਦੇ ਹਨ ।

6
ਮਹਾਂ ਜਾਜਕਾਂ ਦੇ ਵੰਸ਼ਜ

1ਲੇਵੀ ਦੇ ਪੁੱਤਰ, ਗੇਰਸ਼ੋਨ, ਕਹਾਥ ਤੇ ਮਰਾਰੀ2ਅਤੇ ਕਹਾਥ ਦੇ ਪੁੱਤਰ, ਅਮਰਾਮ, ਯਿਸਹਾਰ ਤੇ ਹਬਰੋਨ ਤੇ ਉੱਜੀਏਲ3ਅਤੇ ਅਮਰਾਮ ਦੇ ਪੁੱਤਰ, ਹਾਰੂਨ ਦੇ ਮੂਸਾ ਤੇ ਮਿਰਯਮ, ਅਤੇ ਹਾਰੂਨ ਦੇ ਪੁੱਤਰ, ਨਾਦਾਬ ਤੇ ਅਬੀਹੂ, ਅਲਾਆਜਰ ਤੇ ਇਥਾਮਾਰ

4ਅਲਾਆਜ਼ਾਰ ਤੋਂ ਫੀਨਹਾਸ ਜੰਮਿਆ, ਫੀਨਹਾਸ ਤੋਂ ਅਬੀਸ਼ੂਆ ਜੰਮਿਆ5ਅਤੇ ਅਬੀਸ਼ੂਆ ਤੋਂ ਬੁੱਕੀ ਜੰਮਿਆ ਅਤੇ ਬੁੱਕੀ ਤੋਂ ਉੱਜ਼ੀ6ਅਤੇ ਉੱਜ਼ੀ ਤੋਂ ਜ਼ਰਹਯਾਹ ਜੰਮਿਆ ਜ਼ਰਹਯਾਹ ਤੋਂ ਮਰਾਯੋਥ ਜੰਮਿਆ
7ਮਰਾਯੋਥ ਤੋਂ ਅਮਰਯਾਹ ਜੰਮਿਆ ਤੇ ਅਮਰਯਾਹ ਤੋਂ ਅਹੀਟੂਬ ਜੰਮਿਆ8ਅਤੇ ਅਹੀਟੂਬ ਤੋਂ ਸਾਦੋਕ ਜੰਮਿਆ ਅਤੇ ਸਾਦੋਕ ਤੋਂ ਆਹੀਮਾਅਸ ਜੰਮਿਆ9ਅਤੇ ਅਹੀਮਾਅਸ ਤੋਂ ਅਜ਼ਰਯਾਹ ਜੰਮਿਆ ਅਤੇ ਅਜ਼ਰਯਾਹ ਤੋਂ ਯਹੋਨਾਨ ਜੰਮਿਆ
10ਅਤੇ ਯਹੋਨਾਨ ਤੋਂ ਅਜ਼ਰਯਾਹ ਜੰਮਿਆ ਉਹੀ ਜਿਹੜਾ ਯਰੂਸ਼ਲਮ ਵਿੱਚ ਸੁਲੇਮਾਨ ਦੇ ਬਣਾਏ ਹੋਏ ਭਵਨ ਵਿੱਚ ਵਿੱਚ ਜਾਜਕਾਈ ਦਾ ਕੰਮ ਕਰਦਾ ਸੀ11ਅਤੇ ਅਜ਼ਰਯਾਹ ਤੋਂ ਅਮਰਯਾਹ ਜੰਮਿਆ ਅਤੇ ਅਮਰਯਾਹ ਤੋਂ ਅਹੀਟੂਬ ਜੰਮਿਆ12ਅਤੇ ਅਹੀਟੂਬ ਤੋਂ ਸਾਦੋਕ ਜੰਮਿਆ ਅਤੇ ਸਾਦੋਕ ਤੋਂ ਸ਼ੱਲੂਮ ਜੰਮਿਆ
13ਅਤੇ ਸ਼ੱਲੂਮ ਤੋਂ ਹਿਲਕੀਯਾਹ ਜੰਮਿਆ ਅਤੇ ਹਿਲਕੀਯਾਹ ਤੋਂ ਅਜ਼ਰਯਾਹ ਜੰਮਿਆ14ਅਤੇ ਅਜ਼ਰਯਾਹ ਤੋਂ ਸਰਾਯਾਹ ਜੰਮਿਆ ਅਤੇ ਸਰਾਯਾਹ ਤੋਂ ਯਹੋਸਾਦਾਕ ਜੰਮਿਆ15ਅਤੇ ਜਦ ਯਹੋਵਾਹ ਯਹੂਦਾਹ ਦੇ ਯਰੂਸ਼ਲਮ ਨੂੰ ਨਬੁਕਦਨੱਸਰ ਦੇ ਹੱਥੋਂ ਲੈ ਗਿਆ ਤਦ ਯਹੋਸਾਦਾਕ ਵੀ ਗ਼ੁਲਾਮ ਹੋ ਕੇ ਗਿਆ ।
ਲੇਵੀ ਦੇ ਹੋਰ ਵੰਸ਼ਜ

16ਲੇਵੀ ਦੇ ਪੁੱਤਰ, ਗੇਰਸ਼ੋਮ, ਕਹਾਥ ਤੇ ਮਰਾਰੀ17ਇਹ ਗੇਰਸ਼ੋਮ ਦੇ ਪੁੱਤਰਾਂ ਦੇ ਨਾਮ ਸਨ, ਲਿਬਨੀ ਤੇ ਸ਼ਿਮਈ18ਅਤੇ ਕਹਾਥ ਦੇ ਪੁੱਤਰ, ਅਮਰਾਮ ਤੇ ਯਿਸਹਾਰ ਤੇ ਹਬਰੋਨ ਤੇ ਉੱਜ਼ੀਏਲ
19ਮਰਾਰੀ ਦੇ ਪੁੱਤਰ, ਮਹਲੀ ਤੇ ਮੁਸ਼ੀ ਤੇ ਇਹ ਲੇਵੀ ਦੀਆਂ ਕੁਲ ਪਿਤਾਵਾਂ ਦੇ ਘਰਾਣਿਆਂ ਅਨੁਸਾਰ ਸਨ20ਗੇਰਸ਼ੋਮ ਦੀ, ਉਹ ਦਾ ਪੁੱਤਰ ਲਿਬਨੀ, ਉਹ ਦਾ ਪੁੱਤਰ ਯਹਥ, ਉਹ ਦਾ ਪੁੱਤਰ ਜ਼ਿੰਮਾਹ,21ਉਹ ਦਾ ਪੁੱਤਰ ਸੋਆਹ, ਉਹ ਦਾ ਪੁੱਤਰ ਇੱਦੋ, ਉਹ ਦਾ ਪੁੱਤਰ ਜ਼ਰਹ, ਉਹ ਦਾ ਪੁੱਤਰ ਯਅਥਰਈ
22ਕਹਾਥ ਦੇ ਪੁੱਤਰ, ਉਹ ਦਾ ਪੁੱਤਰ ਅੰਮੀਨਾਦਾਬ, ਉਹ ਦਾ ਪੁੱਤਰ ਕੋਰਹ, ਉਹ ਦਾ ਪੁੱਤਰ ਅੱਸੀਰ,23ਉਹਦਾ ਪੁੱਤਰ ਅਲਕਾਨਾਹ ਤੇ ਉਹਦਾ ਪੁੱਤਰ ਅਬਯਾਸਾਫ਼ ਤੇ ਉਹਦਾ ਪੁੱਤਰ ਅੱਸੀਰ24ਉਹ ਦਾ ਪੁੱਤਰ ਤਹਥ, ਉਹ ਦਾ ਪੁੱਤਰ ਉਰੀਏਲ, ਉਹ ਦਾ ਪੁੱਤਰ ਉੱਜ਼ੀਯਾਹਤੇ ਉਹ ਦਾ ਪੁੱਤਰ ਸ਼ਾਊਲ
25ਅਤੇ ਅਲਕਾਨਾਹ ਦੇ ਪੁੱਤਰ ਅਮਾਸਈ ਤੇ ਅਹੀਮੋਥ26ਅਲਕਾਨਾਹ, ਅਲਕਾਨਾਹ ਦੇ ਪੁੱਤਰ, ਉਹ ਦਾ ਪੁੱਤਰ ਸੋਫ਼ਈ ਤੇ ਉਹ ਦਾ ਪੁੱਤਰ ਨਹਥ27ਉਹ ਦਾ ਪੁੱਤਰ ਅਲੀਆਬ, ਉਹ ਦਾ ਪੁੱਤਰ ਯਰੋਹਾਮ, ਉਹ ਦਾ ਪੁੱਤਰ ਅਲਕਾਨਾਹ
28ਅਤੇ ਸਮੂਏਲ ਦੇ ਪੁੱਤਰ, ਉਹ ਦਾ ਜੇਠਾ ਵਸ਼ਨੀ ਤੇ ਅਬੀਯਾਹ29ਮਰਾਰੀ ਦੇ ਪੁੱਤਰ, ਮਹਲੀ, ਉਹ ਦਾ ਪੁੱਤਰ ਲਿਬਨੀ, ਉਹ ਦਾ ਪੁੱਤਰ ਸ਼ਿਮਈ, ਉਹ ਦਾ ਪੁੱਤਰ ਉੱਜ਼ਾਹ,30ਉਹ ਦਾ ਪੁੱਤਰ ਸ਼ਿਮਆ, ਉਹ ਦਾ ਪੁੱਤਰ ਹੱਗੀਯਾਹ, ਉਹ ਦਾ ਪੁੱਤਰ ਆਸਾਯਾਹ ।
ਹੈਕਲ ਦੇ ਗਾਇਕ

31ਇਹ ਉਹ ਹਨ ਜਿਨ੍ਹਾਂ ਨੂੰ ਦਾਊਦ ਨੇ ਯਹੋਵਾਹ ਭਵਨ ਦੇ ਗਵੱਈਯਾਂ ਉੱਤੇ ਨਿਯੁਕਤ ਕੀਤਾ, ਜਦੋਂ ਸੰਦੂਕ ਮੁਖ ਸਥਾਨ ਵਿੱਚ ਆਇਆ ਸੀ32ਅਤੇ ਜਦ ਤੱਕ ਕਿ ਸੁਲੇਮਾਨ ਨੇ ਯਰੂਸ਼ਲਮ ਵਿੱਚ ਯਹੋਵਾਹ ਦੇ ਭਵਨ ਨੂੰ ਪੂਰਾ ਕੀਤਾ, ਓਹ ਮੰਡਲੀ ਦੇ ਤੰਬੂ ਦੇ ਡੇਰੇ ਦੇ ਅੱਗੇ ਗਾਉਣ ਦੀ ਸੇਵਾ ਕਰਦੇ ਸਨ ਅਤੇ ਓਹ ਆਪਣੀ ਆਪਣੀ ਵਾਰੀ ਦੇ ਅਨੁਸਾਰ ਆਪਣੀ ਟਹਿਲ ਸੇਵਾ ਵਿੱਚ ਹਾਜ਼ਰ ਰਹਿੰਦੇ ਸਨ ।
33ਇਹ ਹਾਜ਼ਰ ਰਹਿੰਦੇ ਸਨ ਅਤੇ ਉਨ੍ਹਾਂ ਦੇ ਪੁੱਤਰ, ਕਹਾਥੀਆਂ ਵਿਚੋਂ ਹੇਮਾਨ ਗਵਿਯਾ, ਯੋਏਲ ਦਾ ਪੁੱਤਰ, ਸਮੂਏਲ ਦਾ ਪੁੱਤਰ,34ਅਲਕਾਨਾਹ ਦਾ ਪੁੱਤਰ, ਯਰੋਹਾਮ ਦਾ ਪੁੱਤਰ, ਅਲੀਏਲ ਦਾ ਪੁੱਤਰ, ਤੋਆਹ ਦਾ ਪੁੱਤਰ,35ਸੂਫ ਦਾ ਪੁੱਤਰ, ਅਲਕਾਨਾਹ ਦਾ ਪੁੱਤਰ, ਮਥਥ ਦਾ ਪੁੱਤਰ, ਅਮਾਸਈ ਦਾ ਪੁੱਤਰ
36ਅਲਕਾਨਾਹ ਦਾ ਪੁੱਤਰ, ਯੋਏਲ ਦਾ ਪੁੱਤਰ, ਅਜ਼ਰਯਾਹ ਦਾ ਪੁੱਤਰ, ਸਫਨਯਾਹ ਦਾ ਪੁੱਤਰ37ਤਹਥ ਦਾ ਪੁੱਤਰ, ਅੱਸੀਰ ਦਾ ਪੁੱਤਰ, ਅਬਯਾਸਾਫ ਦਾ ਪੁੱਤਰ, ਕੋਰਹ ਦਾ ਪੁੱਤਰ38ਯਿਸਹਾਰ ਦਾ ਪੁੱਤਰ, ਕਹਾਥ ਦਾ ਪੁੱਤਰ, ਲੇਵੀ ਦਾ ਪੁੱਤਰ, ਇਸਰਾਏਲ ਦਾ ਪੁੱਤਰ
39ਅਤੇ ਉਹ ਦਾ ਭਰਾ ਆਸਾਫ, ਜਿਹੜਾ ਉਹ ਦੇ ਸੱਜੇ ਪਾਸੇ ਖੜ੍ਹਾ ਹੁੰਦਾ ਸੀ ਆਸਾਫ ਬਰਕਯਾਹ ਦਾ ਪੁੱਤਰ, ਸ਼ਿਮਆ ਦਾ ਪੁੱਤਰ,40ਮੀਕਾਏਲ ਦਾ ਪੁੱਤਰ, ਬਅਸੇਯਾਹ ਦਾ ਪੁੱਤਰ, ਮਲਕੀਯਾਹ ਦਾ ਪੁੱਤਰ,41ਅਥਨੀ ਦਾ ਪੁੱਤਰ, ਜ਼ਰਹ ਦਾ ਪੁੱਤਰ, ਅਦਾਯਾਹ ਦਾ ਪੁੱਤਰ,42ਏਥਾਨ ਦਾ ਪੁੱਤਰ, ਜ਼ਿੰਮਾਹ ਦਾ ਪੁੱਤਰ, ਸ਼ਮਈ ਦਾ ਪੁੱਤਰ,43ਯਹਥ ਦਾ ਪੁੱਤਰ, ਗੇਰਸ਼ੋਮ ਦਾ ਪੁੱਤਰ, ਲੇਵੀ ਦਾ ਪੁੱਤਰ
44ਅਤੇ ਉਨ੍ਹਾਂ ਦੇ ਭਰਾ ਮਰਾਰੀ ਦੇ ਪੁੱਤਰ ਖੱਬੇ ਪਾਸੇ, ਏਥਾਨ ਕੀਸ਼ੀ ਦਾ ਪੁੱਤਰ, ਅਬਦੀ ਦਾ ਪੁੱਤਰ, ਮੱਲੂਕ ਦਾ ਪੁੱਤਰ,45ਹਸ਼ਬਯਾਹ ਦਾ ਪੁੱਤਰ, ਅਮਸਯਾਹ ਦਾ ਪੁੱਤਰ, ਹਿਲਕੀਯਾਹ ਦਾ ਪੁੱਤਰ46ਅਮਸੀ ਦਾ ਪੁੱਤਰ, ਬਾਨੀ ਦਾ ਪੁੱਤਰ, ਸ਼ਾਮਰ ਦਾ ਪੁੱਤਰ47ਮਹਲੀ ਦਾ ਪੁੱਤਰ, ਮੂਸ਼ੀ ਦਾ ਪੁੱਤਰ, ਮਰਾਰੀ ਦਾ ਪੁੱਤਰ, ਲੇਵੀ ਦਾ ਪੁੱਤਰ
48ਅਤੇ ਉਨ੍ਹਾਂ ਦੇ ਭਰਾ ਲੇਵੀ ਪਰਮੇਸ਼ੁਰ ਦੇ ਭਵਨ ਦੇ ਡੇਰੇ ਦੀ ਸਾਰੀ ਟਹਿਲ ਸੇਵਾ ਲਈ ਥਾਪੇ ਗਏ ।
ਹਾਰੂਨ ਦੇ ਵੰਸ਼ਜ

49ਪਰ ਹਾਰੂਨ ਤੇ ਉਹ ਦੇ ਪੁੱਤਰ ਹੋਮ ਦੀ ਜਗਵੇਦੀ ਉੱਤੇ ਧੂਪ ਦੀ ਜਗਵੇਦੀ ਉੱਤੇ ਅਤੇ ਅੱਤ ਪਵਿੱਤਰ ਸਥਾਨ ਦੇ ਸਾਰੇ ਕੰਮ ਲਈ ਅਤੇ ਇਸਰਾਏਲ ਦੇ ਪਰਾਸਚਿੱਤ ਲਈ ਭੇਟਾਂ ਚੜਾਉਂਦੇ ਸਨ ਜਿਵੇਂ ਹੀ ਪਰਮੇਸ਼ੁਰ ਦੇ ਦਾਸ ਮੂਸਾ ਨੇ ਹੁਕਮ ਦਿੱਤਾ ਸੀ
50ਅਤੇ ਇਹ ਹਾਰੂਨ ਦੇ ਪੁੱਤਰ ਸਨ, ਉਹ ਦਾ ਪੁੱਤਰ ਅਲਾਆਜ਼ਾਰ, ਉਹ ਦਾ ਪੁੱਤਰ ਫੀਨਹਾਸ, ਉਹ ਦਾ ਪੁੱਤਰ ਅਬੀਸ਼ੂਆ,51ਉਹ ਦਾ ਪੁੱਤਰ ਬੁੱਕੀ, ਉਹ ਦਾ ਪੁੱਤਰ ਉੱਜੀ, ਉਹ ਦਾ ਪੁੱਤਰ ਜ਼ਰਹਯਾਹ,52ਉਹ ਦਾ ਪੁੱਤਰ ਮਰਾਯੋਥ, ਉਹ ਦਾ ਪੁੱਤਰ ਅਮਰਯਾਹ, ਉਹ ਦਾ ਪੁੱਤਰ ਅਹੀਟੂਬ,53ਉਹ ਦਾ ਪੁੱਤਰ ਸਾਦੋਕ, ਉਹ ਦਾ ਪੁੱਤਰ ਅਹੀਮਅਸ ।
ਲੇਵੀਆਂ ਦੇ ਨਿਵਾਸ ਦਾ ਭਾਗ

54ਇਹ ਉਨ੍ਹਾਂ ਦੇ ਵਸੇਬੇ ਉਨ੍ਹਾਂ ਦੀਆਂ ਛਾਉਣੀਆਂ ਅਨੁਸਾਰ ਉਨ੍ਹਾਂ ਦੀਆਂ ਹੱਦਾਂ ਵਿੱਚ ਸਨ । ਕਹਾਥੀਆਂ ਦੇ ਪਰਿਵਾਰਾਂ ਵਿਚੋਂ ਹਾਰੂਨ ਦੇ ਪੁੱਤਰਾਂ ਨੂੰ ਕਿਉਂ ਜੋ ਓਹਨਾਂ ਦਾ ਪਹਿਲਾ ਗੁਣਾ ਨਿੱਕਲਿਆ55ਸੋ ਉਨ੍ਹਾਂ ਨੇ ਓਹਨਾਂ ਨੂੰ ਯਹੂਦੀਆਂ ਦੇ ਸਾਰੇ ਦੇਸ ਵਿੱਚ ਹਬਰੋਨ ਤੇ ਉਹ ਦੀਆਂ ਆਲੇ-ਦੁਆਲੇ ਦੀਆਂ ਸ਼ਾਮਲਾਟਾਂ ਦਿੱਤੀਆਂ56ਪਰ ਸ਼ਹਿਰ ਦੀਆਂ ਪੈਲੀਆਂ ਤੇ ਉਹ ਦੇ ਪਿੰਡ ਉਨ੍ਹਾਂ ਨੇ ਯਫੁੰਨਹ ਦੇ ਪੁੱਤਰ ਕਾਲੇਬ ਨੂੰ ਦਿੱਤੇ
57ਅਤੇ ਉਨ੍ਹਾਂ ਨੇ ਹਾਰੂਨ ਦੇ ਪੁੱਤਰਾਂ ਨੂੰ ਪਨਾਹ ਦੇ ਨਗਰ ਦਿੱਤੇ ਅਰਥਾਤ ਹਬਰੋਨ, ਲਿਬਨਾਹ ਉਹ ਦੀਆਂ ਸ਼ਾਮਲਾਟਾਂ ਸਣੇ, ਯੱਤਿਰ, ਅਸਤਮੋਆ ਉਹ ਦੀਆਂ ਸ਼ਾਮਲਾਟਾਂ ਸਣੇ58ਤੇ ਹੀਲੇਨ ਉਹ ਦੀਆਂ ਸ਼ਾਮਲਾਟਾਂ ਸਣੇ, ਦਬੀਰ ਉਹ ਦੀਆਂ ਸ਼ਾਮਲਾਟਾਂ ਸਣੇ
59ਤੇ ਆਸ਼ਾਨ ਉਹ ਦੀਆਂ ਸ਼ਾਮਲਾਟਾਂ ਸਣੇ ਤੇ ਬੈਤਸ਼ਮਸ਼ ਉਹ ਦੀਆਂ ਸ਼ਾਮਲਾਟਾਂ ਸਣੇ60ਅਤੇ ਬਿਨਯਾਮੀਨ ਦੇ ਗੋਤ ਵਿਚੋਂ, ਗਬਾ ਉਹ ਦੀਆਂ ਸ਼ਾਮਲਾਟਾਂ ਸਣੇ, ਅੱਲਮਥ ਉਹ ਦੀਆਂ ਸ਼ਾਮਲਾਟਾਂ ਸਣੇ ਤੇ ਅਨਾਥੋਥ ਉਹ ਦੀਆਂ ਸ਼ਾਮਲਾਟਾਂ ਸਣੇ । ਉਨ੍ਹਾਂ ਦੀਆਂ ਕੁਲਾਂ ਦੇ ਸਾਰੇ ਸ਼ਹਿਰ ਤੇਰਾਂ ਸ਼ਹਿਰ ਸਨ ।
61ਕਹਾਥ ਦੇ ਪੁੱਤਰਾਂ ਲਈ ਜਿਹੜੇ ਉਸ ਗੋਤ ਦੀ ਕੁਲ ਵਿਚੋਂ ਬਾਕੀ ਸਨ ਉਸ ਅੱਧੇ ਗੋਤ ਤੋਂ ਅਰਥਾਤ ਮਨੱਸ਼ਹ ਦੇ ਅੱਧੇ ਗੋਤ ਤੋਂ ਗੁਣਾ ਪਾ ਕੇ ਦਸ ਸ਼ਹਿਰ ਮਿਲੇ62ਅਤੇ ਗੇਰਸ਼ੋਮ ਦੇ ਪੁੱਤਰਾਂ ਲਈ ਉਨ੍ਹਾਂ ਦੀਆਂ ਕੁਲਾਂ ਅਨੁਸਾਰ, ਯਿੱਸਾਕਰ ਦੇ ਗੋਤ ਤੋਂ ਤੇ ਆਸ਼ੇਰ ਦੇ ਗੋਤ ਤੋਂ ਤੇ ਨਫਤਾਲੀ ਦੇ ਗੋਤ ਤੋਂ ਤੇ ਮਨੱਸ਼ਹ ਦੇ ਗੋਤ ਤੋਂ ਬਾਸ਼ਾਨ ਵਿੱਚ ਤੇਰਾਂ ਸ਼ਹਿਰ
63ਮਰਾਰੀ ਦੇ ਪੁੱਤਰਾਂ ਲਈ ਉਨ੍ਹਾਂ ਦੀਆਂ ਕੁਲਾਂ ਅਨੁਸਾਰ ਰਊਬੇਨ ਦੇ ਗੋਤ ਤੋਂ, ਗਾਦ ਦੇ ਗੋਤ ਤੋਂ ਤੇ ਜ਼ਬੁਲੂਨ ਦੇ ਗੋਤ ਤੋਂ ਗੁਣਾ ਪਾ ਕੇ ਬਾਰਾਂ ਸ਼ਹਿਰ64ਅਤੇ ਇਸਰਾਏਲੀਆਂ ਨੇ ਲੇਵੀਆਂ ਨੂੰ ਇਹ ਸ਼ਹਿਰ ਉਨ੍ਹਾਂ ਦੀਆਂ ਸ਼ਾਮਲਾਟਾਂ ਸਣੇ ਦਿੱਤੇ65ਅਤੇ ਉਨ੍ਹਾਂ ਨੇ ਗੁਣਾ ਪਾ ਕੇ ਯਹੂਦੀਆਂ ਦੇ ਗੋਤ ਤੋਂ ਤੇ ਸ਼ਿਮਓਨੀਆਂ ਦੇ ਗੋਤ ਤੋਂ ਤੇ ਬਿਨਯਾਮੀਨੀਆਂ ਦੇ ਗੋਤ ਤੋਂ ਇਹ ਸ਼ਹਿਰ ਦਿੱਤੇ ਜਿਨ੍ਹਾਂ ਦੇ ਨਾਵਾਂ ਦਾ ਵਰਨਣ ਹੋਇਆ ਹੈ ।
66ਅਤੇ ਕਹਾਥੀਆਂ ਦੀਆਂ ਕਈ ਕੁਲਾਂ ਲਈ ਉਨ੍ਹਾਂ ਦੇ ਬੰਨਿਆਂ ਦੇ ਸ਼ਹਿਰ ਅਫਰਾਈਮ ਦੇ ਗੋਤ ਤੋਂ ਸਨ67ਅਤੇ ਉਨ੍ਹਾਂ ਨੇ ਓਹਨਾਂ ਨੂੰ ਪਨਾਹ ਨਗਰ ਦਿੱਤੇ ਅਰਥਾਤ ਸ਼ਕਮ ਉਹ ਦੀਆਂ ਸ਼ਾਮਲਾਟਾਂ ਸਣੇ, ਅਫਰਾਈਮ ਦੇ ਪਰਬਤ ਵਿੱਚ ਅਤੇ ਗਜ਼ਰ ਉਹ ਦੀਆਂ ਸ਼ਾਮਲਾਟਾਂ ਸਣੇ68ਅਤੇ ਯਾਕਮਆਮ ਉਹ ਦੀਆਂ ਸ਼ਾਮਲਾਟਾਂ ਸਣੇ ਤੇ ਬੈਤਹੋਰੋਨ ਉਹ ਦਿਨ ਸ਼ਾਮਲਾਟਾਂ ਸਣੇ69ਅਤੇ ਅੱਯਾਲੋਨ ਉਹ ਦੀਆਂ ਸ਼ਾਮਲਾਟਾਂ ਸਣੇ ਤੇ ਗਥਰਿੰਮੋਨ ਉਹ ਦੀਆਂ ਸ਼ਾਮਲਾਟਾਂ ਸਣੇ
70ਅਤੇ ਮਨੱਸ਼ਹ ਦੇ ਅੱਧੇ ਗੋਤ ਤੋਂ ਅਨ੍ਹੇਰ ਉਹ ਦੀਆਂ ਸ਼ਾਮਲਾਟਾਂ ਸਣੇ, ਬਿਲਆਮ ਉਹ ਦੀਆਂ ਸ਼ਾਮਲਾਟਾਂ ਸਣੇ, ਕਹਾਥੀਆਂ ਦੀ ਕੁਲ ਦੇ ਬਾਕੀਆਂ ਲਈ ।
71ਗੇਰਸ਼ੋਮ ਦੇ ਪੁੱਤਰਾਂ ਲਈ, ਮਨੱਸ਼ਹ ਦੇ ਅੱਧੇ ਗੋਤ ਦੀ ਕੁਲ ਤੋਂ ਬਾਸ਼ਾਨ ਵਿੱਚ ਗੋਲਾਨ ਉਹ ਦੀਆਂ ਸ਼ਾਮਲਾਟਾਂ ਸਣੇ ਅਤੇ ਅਸ਼ਤਾਰੋਥ ਉਹ ਦੀਆਂ ਸ਼ਾਮਲਾਟਾਂ ਸਣੇ72ਅਤੇ ਯਿੱਸਾਕਾਰ ਦੇ ਗੋਤ ਤੋਂ ਕਦਸ਼ ਉਹ ਦੀਆਂ ਸ਼ਾਮਲਾਟਾਂ ਸਣੇ ਤੇ ਦਾਬਰਥ ਉਹ ਦੀਆਂ ਸ਼ਾਮਲਾਟਾਂ ਸਣੇ73ਅਤੇ ਰਾਮੋਥ ਉਹ ਦੀਆਂ ਸ਼ਾਮਲਾਟਾਂ ਸਣੇ ਤੇ ਆਨੇਮ ਉਹ ਦੀਆਂ ਸ਼ਾਮਲਾਟਾਂ ਸਣੇ
74ਅਤੇ ਆਸ਼ੇਰ ਦੇ ਗੋਤ ਤੋਂ ਮਾਸ਼ਾਲ ਉਹ ਦੀਆਂ ਸ਼ਾਮਲਾਟਾਂ ਸਣੇ ਤੇ ਅਬਦੋਨ ਉਹ ਦੀਆਂ ਸ਼ਾਮਲਾਟਾਂ ਸਣੇ75ਅਤੇ ਹੂਕੋਕ ਉਹ ਦੀਆਂ ਸ਼ਾਮਲਾਟਾਂ ਸਣੇ ਅਤੇ ਰਹੋਬ ਉਹ ਦੀਆਂ ਸ਼ਾਮਲਾਟਾਂ ਸਣੇ76ਅਤੇ ਨਫਤਾਲੀ ਦੇ ਗੋਤ ਤੋਂ, ਕਦਸ਼ ਗਾਲੀਲ ਵਿੱਚ ਉਹ ਦੀਆਂ ਸ਼ਾਮਲਾਟਾਂ ਸਣੇ ਤੇ ਹੰਮੋਨ ਉਹ ਦੀਆਂ ਸ਼ਾਮਲਾਟਾਂ ਸਣੇ ਕਿਰਯਥਯਿਮ ਉਹ ਦੀਆਂ ਸ਼ਾਮਲਾਟਾਂ ਸਣੇ ।
77ਬਾਕੀ ਮਰਾਰੀਆਂ ਲਈ ਜ਼ਬੁਲੂਨ ਦੇ ਗੋਤ ਤੋਂ ਰਿੰਮੋਨੋ ਉਹ ਦੀਆਂ ਸ਼ਾਮਲਾਟਾਂ ਸਣੇ, ਤਾਬੋਰ ਉਹ ਦੀਆਂ ਸ਼ਾਮਲਾਟਾਂ ਸਣੇ78ਅਤੇ ਯਰਦਨ ਪਾਰ ਯਰੀਹੋ ਕੋਲ ਯਰਦਨ ਦੇ ਚੜਦੇ ਪਾਸੇ ਰਊਬੇਨ ਦੇ ਗੋਤ ਤੋਂ ਬਸਰ ਉਜਾੜ ਵਿੱਚ ਉਹ ਦੀਆਂ ਸ਼ਾਮਲਾਟਾਂ ਸਣੇ ਤੇ ਯਹਸਾਹ ਉਹ ਦੀਆਂ ਸ਼ਾਮਲਾਟਾਂ ਸਣੇ79ਅਤੇ ਕਦੇਮੋਥ ਉਹ ਦੀਆਂ ਸ਼ਾਮਲਾਟਾਂ ਸਣੇ ਤੇ ਮੇਫਅਥ ਉਹ ਦੀਆਂ ਸ਼ਾਮਲਾਟਾਂ ਸਣੇ
80ਅਤੇ ਗਾਦ ਦੇ ਗੋਤ ਤੋਂ ਰਾਮੋਥ ਗਿਲਆਦ ਵਿੱਚ ਉਹ ਦੀਆਂ ਸ਼ਾਮਲਾਟਾਂ ਸਣੇ ਤੇ ਮਹਨਯਿਮ ਉਹ ਦੀਆਂ ਸ਼ਾਮਲਾਟਾਂ ਸਣੇ81ਅਤੇ ਹਸ਼ਬੋਨ ਉਹ ਦੀਆਂ ਸ਼ਾਮਲਾਟਾਂ ਸਣੇ ਤੇ ਯਾਜ਼ੇਰ ਉਹ ਦੀਆਂ ਸ਼ਾਮਲਾਟਾਂ ਸਣੇ ।

7
ਯਿੱਸਾਕਰ ਦੀ ਵੰਸ਼ਾਵਲੀ

1ਯਿੱਸਾਕਰ ਦੇ ਚਾਰ ਪੁੱਤਰ ਸਨ, ਤੋਲਾ ਤੇ ਫੂਆਹ ਤੇ ਯਾਸ਼ੂਬ ਤੇ ਸ਼ਿਮਰੋਨ2ਅਤੇ ਤੋਲਾ ਦੇ ਪੁੱਤਰ ਉੱਜੀ ਤੇ ਰਫਾਯਾਹ ਤੇ ਯਰੀਏਲ ਤੇ ਯਹਮਈ ਤੇ ਯਿਬਸਾਮ ਤੇ ਸ਼ਾਮੂਏਲ ਜਿਹੜੇ ਆਪਣੇ ਪਿਤਾ ਤੋਲਾ ਦੇ ਘਰਾਣਿਆਂ ਦੇ ਮੁਖੀਏ ਅਤੇ ਆਪਣੀਆਂ ਪੀੜ੍ਹੀਆਂ ਵਿੱਚ ਸੂਰਬੀਰ ਜੋਧੇ ਸਨ । ਦਾਊਦ ਦੇ ਦਿਨਾਂ ਵਿੱਚ ਉਨ੍ਹਾਂ ਦੀ ਗਿਣਤੀ ਬਾਈ ਹਜ਼ਾਰ ਛੇ ਸੌ ਸੀ3ਅਤੇ ਉੱਜੀ ਦੇ ਪੁੱਤਰ ਯਿਜ਼ਰਹਯਾਹ ਅਤੇ ਯਿਜ਼ਰਹਯਾਹ ਦੇ ਪੁੱਤਰ, ਮੀਕਾਏਲ ਤੇ ਓਬਦਯਾਹ ਤੇ ਯੋਏਲ, ਯਿੱਸ਼ਿਯਾਹ, ਪੰਜ, ਸਾਰੇ ਮੁਖੀਏ

4ਅਤੇ ਉਨ੍ਹਾਂ ਦੇ ਨਾਲ ਉਨ੍ਹਾਂ ਦੀਆਂ ਪੀੜ੍ਹੀਆਂ ਅਨੁਸਾਰ ਅਤੇ ਉਨ੍ਹਾਂ ਦੇ ਪਿਤਾਵਾਂ ਦੇ ਘਰਾਣਿਆਂ ਅਨੁਸਾਰ ਜੋਧਿਆਂ ਦੇ ਵੱਡੇ ਜਥੇ ਸਨ, ਛੱਤੀ ਹਜ਼ਾਰ ਜੁਆਨ ਕਿਉਂ ਜੋ ਉਨ੍ਹਾਂ ਦੀਆਂ ਬਹੁਤ ਸਾਰੀਆਂ ਪਤਨੀਆਂ ਅਤੇ ਪੁੱਤਰ ਸਨ5ਅਤੇ ਉਨ੍ਹਾਂ ਦੇ ਭਰਾ ਯਿੱਸਾਕਰ ਦੀਆਂ ਸਾਰੀਆਂ ਕੁਲਾਂ ਵਿੱਚ ਡਾਢੇ ਸੂਰਮੇ ਸਨ ਜਿਹੜੇ ਉਨ੍ਹਾਂ ਦੀਆਂ ਕੁਲਪੱਤ੍ਰੀਆਂ ਵਿੱਚ ਗਿਣੇ ਹੋਏ ਸਤਾਸੀ ਹਜ਼ਾਰ ਸਨ ।
ਬਿਨਯਾਮੀਨ ਅਤੇ ਦਾਨ ਦੀ ਵੰਸ਼ਾਵਲੀ

6ਬਿਨਯਾਮੀਨ ਦੇ ਪੁੱਤਰ, ਬਲਾ ਤੇ ਬਕਰ ਤੇ ਯਿਦੀਅਏਲ, ਤਿੰਨ7ਅਤੇ ਬਲਾ ਦੇ ਪੁੱਤਰ, ਅਸਬੋਨ ਤੇ ਉੱਜੀ ਤੇ ਉੱਜੀਏਲ ਤੇ ਯਿਰਮੋਥ ਤੇ ਈਰੀ, ਪੰਜ ਪੁਰਖਿਆਂ ਦੇ ਘਰਾਣਿਆਂ ਦੇ ਮੁਖੀਏ, ਬਹੁਤ ਤਕੜੇ ਸੂਰਮੇ ਅਤੇ ਆਪਣੀਆਂ ਕੁਲਪੱਤ੍ਰੀਆਂ ਦੇ ਵਿੱਚ ਉਹ ਬਾਈ ਹਜ਼ਾਰ ਚੌਂਤੀ ਗਿਣੇ ਗਏ ਸਨ ।
8ਬਕਰ ਦੇ ਪੁੱਤਰ ਜ਼ਮੀਰਾਹ ਤੇ ਯੋਆਸ਼ ਤੇ ਅਲੀਅਜ਼ਰ ਤੇ ਅਲਯੋਏਨਈ ਤੇ ਆਮਰੀ ਤੇ ਯਿਰੇਮੋਥ ਤੇ ਅਬੀਯਾਹ ਤੇ ਅਨਾਥੋਥ ਤੇ ਆਲਾਮਥ ਇਹ ਸਾਰੇ ਬਕਰ ਦੇ ਪੁੱਤਰ ਸਨ ।9ਕੁਲ-ਪੱਤ੍ਰੀ ਵਿੱਚ ਉਨ੍ਹਾਂ ਦੀਆਂ ਪੀੜ੍ਹੀਆਂ ਅਨੁਸਾਰ ਉਨ੍ਹਾਂ ਦੀ ਗਿਣਤੀ ਵੀਹ ਹਜ਼ਾਰ ਦੋ ਸੌ ਸੀ, ਡਾਢੇ ਸੂਰਮੇ ਅਤੇ ਆਪਣੇ ਪਿਤ੍ਰਾਂ ਦੇ ਘਰਾਣਿਆਂ ਦੇ ਮੁਖੀਏ10ਅਤੇ ਯਦੀਅਏਲ ਦੇ ਪੁੱਤਰ, ਬਿਲਹਾਨ ਅਤੇ ਬਿਲਹਾਨ ਦੇ ਪੁੱਤਰ, ਯਊਸ਼ ਤੇ ਬਿਨਯਾਮੀਨ ਤੇ ਇਹੂਦ ਤੇ ਕਨਅਨਾਹ ਤੇ ਜੇਥਾਨ ਤੇ ਤਰਸ਼ਿਸ਼ ਤੇ ਅਹੀਸ਼ਾਹਰ
11ਇਹ ਸਾਰੇ ਯਦੀਏਲ ਦੇ ਪੁੱਤਰ ਆਪੋ ਆਪਣੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਆਂ ਅਨੁਸਾਰ ਡਾਢੇ ਸੂਰਮੇ ਸਤਾਰਾਂ ਹਜ਼ਾਰ ਦੋ ਸੌ ਸਨ ਜਿਹੜੇ ਸੈਨਾ ਵਿੱਚ ਯੁੱਧ ਕਰਨ ਜੋਗ ਸਨ12ਅਤੇ ਸ਼ੁੱਪੀਮ ਤੇ ਹੁੱਪੀਮ ਈਰ ਦੇ ਪੁੱਤਰ, ਹੁਸ਼ੀਮ ਅਹੇਰ ਦੇ ਪੁੱਤਰ ।
ਨਫਤਾਲੀ ਦੀ ਵੰਸ਼ਾਵਲੀ

13ਨਫਤਾਲੀ ਦੇ ਪੁੱਤਰ, ਯਹਸੀਏਲ ਤੇ ਗੂਨੀ ਤੇ ਯਸਰ ਤੇ ਸ਼ੱਲੂਮ ਬਿਲਹਾਹ ਦੇ ਪੁੱਤਰ ।
ਮਨੱਸ਼ਹ ਦੀ ਵੰਸ਼ਾਵਲੀ

14ਮਨੱਸ਼ਹ ਦੇ ਪੁੱਤਰ, ਅਸਰੀਏਲ ਜਿਹ ਨੂੰ ਉਹ ਦੀ ਅਰਾਮੀ ਦਾਸੀ ਨੇ ਜਨਮ ਦਿੱਤਾ,ਉਸ ਨੇ ਗਿਲਆਦ ਦੇ ਪਿਤਾ ਮਾਕੀਰ ਨੂੰ ਜਨਮ ਦਿੱਤਾ ।15ਮਾਕੀਰ ਨੇ ਹੁੱਪੀਮ ਤੇ ਸੁੱਪੀਮ ਇੱਕ ਔਰਤ ਵਿਆਹ ਲਈ ਜਿਹ ਦੀ ਭੈਣ ਦਾ ਨਾਮ ਮਅਕਾਹ ਸੀ । ਦੂਜੇ ਦਾ ਨਾਮ ਸਲਾਫਹਾਦ ਸੀ ਅਤੇ ਸਲਾਫਹਾਦ ਦੀਆਂ ਧੀਆਂ ਹੀ ਸਨ ।16ਮਾਕੀਰ ਦੀ ਔਰਤ ਮਅਕਾਹ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਉਹ ਦਾ ਨਾਮ ਪਰਸ਼ ਰੱਖਿਆ ਅਤੇ ਉਹ ਦੇ ਭਰਾ ਦਾ ਨਾਮ ਸ਼ਰਸ਼ ਸੀ ਅਤੇ ਉਹ ਦੇ ਪੁੱਤਰ ਊਲਾਮ ਤੇ ਰਾਕਮ ਸਨ
17ਅਤੇ ਊਲਾਮ ਦੇ ਪੁੱਤਰ, ਬਦਾਨ । ਇਹ ਗਿਲਆਦ ਦੇ ਪੁੱਤਰ ਸਨ ਜਿਹੜਾ ਮਾਕੀਰ ਦੇ ਪੁੱਤਰ ਤੇ ਮਨੱਸ਼ਹ ਦਾ ਪੋਤਾ ਸੀ18ਅਤੇ ਉਹ ਦੀ ਭੈਣ ਹੰਮੋਲਕੋਥ ਨੇ ਈਸ਼ਹੋਦ ਤੇ ਅਬੀਅਜ਼ਰ ਤੇ ਮਹਲਾਹ ਜਣੇ19ਅਤੇ ਸ਼ਿਮੀਦਾ ਦੇ ਪੁੱਤਰ ਇਹ ਸਨ, ਅਹਯਾਨ ਤੇ ਸ਼ਕਮ ਤੇ ਲਿਕਹੀ ਤੇ ਅਨੀਆਮ ।
ਅਫਰਾਈਮ ਦੀ ਵੰਸ਼ਾਵਲੀ

20ਅਫਰਾਈਮ ਦੇ ਪੁੱਤਰ, ਸ਼ੂਥਾਲਹ ਤੇ ਉਹ ਦਾ ਪੁੱਤਰ ਬਰਦ ਤੇ ਉਹ ਦਾ ਤਹਥ, ਤੇ ਉਹ ਦਾ ਅਲਆਦਾਹ ਤੇ ਉਹ ਦਾ ਪੁੱਤਰ ਤਹਥ21ਅਤੇ ਉਹ ਦਾ ਪੁੱਤਰ ਜ਼ਾਬਾਦ ਤੇ ਉਹ ਦਾ ਪੁੱਤਰ ਸ਼ੂਥਾਲਹ ਤੇ ਅਜ਼ਰ ਤੇ ਅਲਆਦ ਜਿਨ੍ਹਾਂ ਨੂੰ ਗਥ ਦੇ ਮਨੁੱਖਾਂ ਨੇ ਜਿਹੜੇ ਉਸ ਦੇਸ ਵਿੱਚ ਜੰਮੇ ਸਨ ਇਸ ਲਈ ਮਾਰ ਸੁੱਟਿਆ ਕਿ ਉਹ ਉਨ੍ਹਾਂ ਦੇ ਪਸ਼ੂਆਂ ਦੀ ਚੋਰੀ ਕਰਨ ਨੂੰ ਆਏ ਸਨ ।22ਉਨ੍ਹਾਂ ਦਾ ਪਿਤਾ ਅਫਰਾਈਮ ਬਹੁਤ ਦਿਨਾਂ ਤੱਕ ਸੋਗ ਕਰਦਾ ਰਿਹਾ, ਉਹ ਦਾ ਭਾਈਚਾਰਾ ਉਸ ਨੂੰ ਤਸੱਲੀ ਦੇਣ ਲਈ ਆਏ
23ਉਹ ਆਪਣੀ ਔਰਤ ਕੋਲ ਗਿਆ ਅਤੇ ਉਹ ਗਰਭਵਤੀ ਹੋਈ ਅਤੇ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਉਸ ਦਾ ਨਾਮ ਬਰੀਆਹ ਰੱਖਿਆ ਕਿਉਂ ਜੋ ਉਹ ਦੇ ਘਰ ਵਿੱਚ ਬੁਰਿਆਈ ਆਈ ਸੀ24ਅਤੇ ਉਹ ਦੀ ਧੀ ਸ਼ਅਰਾਹ ਸੀ ਜਿਸ ਨੇ ਹੇਠਲੇ ਤੇ ਉਤਲੇ ਬੈਤਹੋਰੋਨ ਨੂੰ ਅਤੇ ਉੱਜ਼ੇਨਸ਼ਅਰਾਹ ਨੂੰ ਬਣਾਇਆ
25ਅਤੇ ਉਹ ਦਾ ਪੁੱਤਰ ਰਫਹ ਤੇ ਰਸ਼ਫ਼ ਤੇ ਉਹ ਦਾ ਪੁੱਤਰ ਤਲਹ ਤੇ ਉਹ ਦਾ ਪੁੱਤਰ ਤਹਨ26ਉਹ ਦਾ ਪੁੱਤਰ ਲਅਦਾਨ, ਉਹ ਦਾ ਪੁੱਤਰ ਅੰਮੀਹੂਦ, ਉਹ ਦਾ ਪੁੱਤਰ ਅਲੀਸ਼ਾਮਾ,27ਉਹ ਦਾ ਪੁੱਤਰ ਨੂਨ, ਉਹ ਦਾ ਪੁੱਤਰ ਯਹੋਸ਼ੁਆ ।
28ਉਨ੍ਹਾਂ ਦੇ ਜਾਇਦਾਦ ਤੇ ਵਸੇਬੇ ਇਹ ਸਨ, ਬੈਤੇਲ ਉਹ ਦੇ ਪਿੰਡਾਂ ਸਣੇ ਅਤੇ ਚੜਦੇ ਪਾਸੇ ਨਅਰਾਨ ਅਤੇ ਲਹਿੰਦੇ ਪਾਸੇ ਗਜ਼ਰ ਉਹ ਦੇ ਪਿੰਡਾਂ ਸਣੇ, ਨਾਲੇ ਸ਼ਕਮ ਉਹ ਦੇ ਪਿੰਡਾਂ ਸਣੇ ਅੱਜ਼ਾਹ ਤੱਕ ਉਹ ਦੇ ਪਿੰਡਾਂ ਸਣੇ29ਅਤੇ ਮਨੱਸ਼ੀਆਂ ਦੀਆਂ ਹੱਦਾਂ ਕੋਲ ਬੈਤਸ਼ਿਆਨ ਉਹ ਦੇ ਪਿੰਡਾਂ ਸਣੇ, ਤਅਨਾਕ ਉਹ ਦੇ ਪਿੰਡਾਂ ਸਣੇ, ਮਗਿੱਦੋ ਉਹ ਦੇ ਪਿੰਡਾਂ ਸਣੇ, ਦੋਰ ਉਹ ਦੇ ਪਿੰਡਾਂ ਸਣੇ । ਇਹਨਾਂ ਵਿੱਚ ਇਸਰਾਏਲ ਦੇ ਪੁੱਤਰ ਯੂਸੁਫ਼ ਦੇ ਪੁੱਤਰ ਵੱਸਦੇ ਸਨ ।
ਆਸ਼ੇਰ ਦੀ ਵੰਸ਼ਾਵਲੀ

30ਆਸ਼ੇਰ ਦੇ ਪੁੱਤਰ, ਯਿਮਨਾਹ ਤੇ ਯਿਸ਼ਵਾਨ ਤੇ ਯਿਸ਼ਵੀ ਤੇ ਬਰੀਆਹ ਤੇ ਉਨ੍ਹਾਂ ਦੀ ਭੈਣ ਸਰਹ31ਅਤੇ ਬਰੀਆਹ ਦੇ ਪੁੱਤਰ, ਹਬਰ ਤੇ ਮਲਕੀਏਲ ਜਿਹੜਾ ਬਿਰਜ਼ਾਵਿਥ ਦਾ ਪਿਤਾ ਹੈ32ਅਤੇ ਹਬਰ ਤੋਂ ਯਫਲੇਟ ਤੇ ਸ਼ੋਮਰ ਤੇ ਹੋਥਾਮ ਤੇ ਉਨ੍ਹਾਂ ਦੀ ਭੈਣ ਸ਼ੂਆ ਨੇ ਜਨਮ ਲਿਆ
33ਅਤੇ ਯਫਲੇਟ ਦੇ ਪੁੱਤਰ, ਪਾਸਕ ਤੇ ਬਿਸਹਾਲ ਤੇ ਅਸ਼ਵਥ । ਇਹ ਯਫਲੇਟ ਦੇ ਪੁੱਤਰ ਸਨ34ਅਤੇ ਸ਼ਮਰ ਦੇ ਪੁੱਤਰ, ਅਹੀ ਤੇ ਰੋਹਗਾਹ, ਤੇ ਹੁੱਬਾਹ ਤੇ ਅਰਾਮ35ਅਤੇ ਉਹ ਦਾ ਭਰਾ ਹੇਲਮ ਦੇ ਪੁੱਤਰ, ਸੋਫਾਹ ਤੇ ਯਿਮਨਾ ਤੇ ਸ਼ੇਲਸ਼ ਤੇ ਆਮਲ
36ਸੋਫਾਹ ਦੇ ਪੁੱਤਰ, ਸੂਆਹ ਤੇ ਹਰਨਫਰ ਤੇ ਸ਼ੂਆਲ ਤੇ ਬੇਰੀ ਤੇ ਯਿਮਰਾਹ37ਬਸਰ ਤੇ ਹੋਦ ਤੇ ਸ਼ੰਮਾ ਤੇ ਸ਼ਿਲਸ਼ਾਹ ਤੇ ਯਿਥਰਾਨ ਤੇ ਬਏਰਾ38ਅਤੇ ਯਥਰ ਦੇ ਪੁੱਤਰ, ਯਫੁੰਨਾਹ ਤੇ ਪਿਸਪਾ ਤੇ ਅਰਾ
39ਅਤੇ ਉੱਲਾ ਦੇ ਪੁੱਤਰ, ਆਰਹ ਤੇ ਹੰਨੀਏਲ ਤੇ ਰਿਸਯਾ40ਇਹ ਸਾਰੇ ਆਸ਼ੇਰ ਦੇ ਪੁੱਤਰ ਸਨ, ਪਿਤਾਵਾਂ ਦੇ ਘਰਾਣਿਆਂ ਦੇ ਮੁਖੀਏ, ਉੱਤਮ ਤੇ ਬਹੁਤ ਤਕੜੇ ਸੂਰਮੇ, ਸਰਦਾਰ ਅਤੇ ਜਿੰਨੇ ਕੁਲ ਪੱਤ੍ਰੀ ਅਨੁਸਾਰ ਸੈਨਾ ਦੇ ਜੋਧੇ ਗਿਣੇ ਗਏ ਸੋ ਛੱਬੀ ਹਜ਼ਾਰ ਸਨ ।

8
ਬਿਨਯਾਮੀਨ ਦੀ ਵੰਸ਼ਾਵਲੀ

1ਬਿਨਯਾਮੀਨ ਤੋਂ ਉਹ ਦਾ ਜੇਠਾ ਬਲਾ ਜੰਮਿਆ, ਦੂਜਾ ਅਸ਼ਬੇਲ ਤੇ ਤੀਜਾ ਅਹਰਹ2ਚੌਥਾ ਨੋਹਾਹ, ਪੰਜਵਾਂ ਰਾਫਾ3ਅਤੇ ਇਹ ਬਲਾ ਦੇ ਪੁੱਤਰ ਸਨ, ਅੱਦਾਰ ਤੇ ਗੇਰਾ ਤੇ ਅਬੀਹੂਦ4ਅਤੇ ਅਬੀਸ਼ੂਆ ਤੇ ਨਅਮਾਨ ਤੇ ਅਹੋਅਹ5ਅਤੇ ਗੇਰਾ ਤੇ ਸ਼ਫੂਫਾਨ ਤੇ ਹੂਰਾਮ

6ਅਹੂਦ ਦੇ ਪੁੱਤਰ ਇਹ ਸਨ । ਇਹ ਗਬਾ ਦੇ ਵਾਸੀਆਂ ਦੇ ਪਿਤਾਵਾਂ ਦਿਆਂ ਘਰਾਣਿਆਂ ਦੇ ਮੁਖੀਏ ਸਨ ਅਤੇ ਉਹ ਉਨ੍ਹਾਂ ਨੂੰ ਬੰਧੀ ਬਣਾ ਕੇ ਮਾਨਾਹਥ ਨੂੰ ਲੈ ਗਏ7ਅਤੇ ਨਅਮਾਨ ਤੇ ਅਹੀਯਾਹ ਤੇ ਗੇਰਾ ਉਨ੍ਹਾਂ ਨੂੰ ਲੈ ਗਿਆ ਅਤੇ ਉਸ ਤੋਂ ਉੱਜ਼ਾ ਤੇ ਅਹੀਹੂਦ ਜੰਮੇ ।
8ਸ਼ਹਰਯਿਮ ਤੋਂ ਬੱਚੇ, ਉਸ ਵੱਲੋਂ ਆਪਣੀਆਂ ਪਤਨੀਆਂ ਨੂੰ ਤਲਾਕ ਦੇਣ ਤੋਂ ਬਾਅਦ ਮੋਆਬ ਦੇ ਮਦਾਨ ਵਿੱਚ ਜਨਮੇ । ਹੂਸ਼ੀਮ ਤੇ ਬਅਰਾ ਉਹ ਦੀਆਂ ਔਰਤਾਂ ਸਨ9ਅਤੇ ਉਹ ਦੀ ਪਤਨੀ ਹੋਦਸ਼ ਤੋਂ ਯੋਬਾਬ ਤੇ ਸਿਬਯਾ ਤੇ ਮੇਸ਼ਾ ਤੇ ਮਲਕਮ ਜੰਮੇ10ਨਾਲੇ ਯਊਸ ਤੇ ਸ਼ਾਕਯਾਹ ਤੇ ਮਿਰਮਾਹ । ਇਹ ਉਹ ਦੇ ਪੁੱਤਰ, ਪਿਤਾਵਾਂ ਦੇ ਘਰਾਣਿਆਂ ਦੇ ਮੁਖੀਏ ਸਨ11ਅਤੇ ਹੂਸ਼ੀਮ ਤੋਂ ਅਬੀਟੂਥ ਤੇ ਅਲਪਾਅਲ ਜੰਮੇ
12ਅਤੇ ਅਲਪਾਅਲ ਦੇ ਪੁੱਤਰ, ਏਬਰ ਤੇ ਮਿਸ਼ਾਮ ਤੇ ਸ਼ਾਮਰ ਜਿਸ ਨੇ ਓਨੋ ਤੇ ਲੋਦ ਤੇ ਉਨ੍ਹਾਂ ਦੇ ਪਿੰਡ ਬਣਾਏ13ਅਤੇ ਬਰੀਆਹ ਤੇ ਸ਼ਮਾ ਜਿਹੜੇ ਅੱਯਾਲੋਨ ਦੇ ਵਾਸੀਆਂ ਦੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਏ ਸਨ । ਇਨ੍ਹਾਂ ਨੇ ਗਥ ਦੇ ਵਾਸੀਆਂ ਨੂੰ ਭਜਾ ਦਿੱਤਾ
14ਅਤੇ ਅਹਯੋ, ਸ਼ਾਸ਼ਕ ਤੇ ਯਿਰੇਮੋਥ15ਤੇ ਜਬਦਯਾਹ ਤੇ ਅਰਾਦ ਤੇ ਆਦਰ16ਤੇ ਮੀਕਾਏਲ ਤੇ ਯਿਸ਼ਪਾਹ ਤੇ ਯੋਹਾ, ਬਰੀਆਹ ਦੇ ਪੁੱਤਰ17ਤੇ ਜਬਦਯਾਹ ਤੇ ਮਸ਼ੁੱਲਾਮ ਤੇ ਹਿਜ਼ਕੀ ਤੇ ਹਬਰ18ਅਤੇ ਯਿਸ਼ਮਰੇ ਤੇ ਯਿਜ਼ਲੀਆਹ ਤੇ ਯੋਬਾਬ, ਅਲਪਾਅਲ ਦੇ ਪੁੱਤਰ
19ਅਤੇ ਯਾਕੀਮ ਤੇ ਜ਼ਿਕਰੀ ਤੇ ਜ਼ਬਦੀ20ਅਤੇ ਅਲੀਏਨਈ ਤੇ ਸਿੱਲਥਈ ਤੇ ਅਲੀਏਲ21ਅਤੇ ਅਦਾਯਾਹ ਤੇ ਬਰਾਯਾਹ ਤੇ ਸ਼ਿਮਰਾਥ, ਸ਼ਿਮਈ ਦੇ ਪੁੱਤਰ
22ਅਤੇ ਯਿਸ਼ਪਾਨ ਤੇ ਏਬਰ ਤੇ ਅਲੀਏਲ23ਅਤੇ ਅਬਦੋਨ ਤੇ ਜ਼ਿਕਰੀ ਤੇ ਹਾਨਾਨ24ਅਤੇ ਹਨਨਯਾਹ ਤੇ ਏਲਾਮ ਤੇ ਅਨਥੋਥੀਯਾਹ25ਅਤੇ ਯਿਫਦਯਾਹ ਤੇ ਫਨੂਏਲ, ਸ਼ਾਸ਼ਕ ਦੇ ਪੁੱਤਰ
26ਅਤੇ ਸ਼ਮਸ਼ਰਈ ਤੇ ਸ਼ਹਰਯਾਹ ਤੇ ਅਥਲਯਾਹ27ਅਤੇ ਯਅਰਸ਼ਯਾਹ ਤੇ ਏਲੀਯਾਹ ਤੇ ਜ਼ਿਕਰੀ, ਯਰੋਹਾਮ ਦੇ ਪੁੱਤਰ28ਇਹ ਮੁਖੀਏ ਆਪਣੀਆਂ ਪੀੜ੍ਹੀਆਂ ਵਿੱਚ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਏ ਸਨ । ਇਹ ਯਰੂਸ਼ਲਮ ਵਿੱਚ ਵੱਸਦੇ ਸਨ ।
29ਗਿਬਓਨ ਦਾ ਪਿਤਾ ਗਿਬਓਨ ਵਿੱਚ ਵੱਸਦਾ ਸੀ ਜਿਹ ਦੀ ਔਰਤ ਦਾ ਨਾਮ ਮਅਕਾਹ ਸੀ30ਅਤੇ ਉਹ ਦਾ ਜੇਠਾ ਪੁੱਤਰ ਅਬਦੋਨ ਸੀ ਅਤੇ ਸਰੂ ਤੇ ਕੀਸ਼ ਤੇ ਬਅਲ ਤੇ ਨਾਦਾਬ31ਅਤੇ ਗਦੋਰ ਤੇ ਅਹਯੋ ਤੇ ਜ਼ਕਾਰ
32ਅਤੇ ਮਿਕਲੋਥ ਤੋਂ ਸ਼ਿਮਆਹ ਜੰਮਿਆ ਅਤੇ ਓਹ ਵੀ ਆਪਣੇ ਭਰਾਵਾਂ ਦੇ ਨਾਲ ਯਰੂਸ਼ਲਮ ਵਿੱਚ ਆਪਣੇ ਭਰਾਵਾਂ ਦੇ ਆਮੋ ਸਾਹਮਣੇ ਵੱਸਦੇ ਸਨ ।
ਰਾਜਾ ਸ਼ਾਊਲ ਦੀ ਵੰਸ਼ਾਵਲੀ

33ਨੇਰ ਤੋਂ ਕੀਸ਼ ਜੰਮਿਆ ਅਤੇ ਕੀਸ਼ ਤੋਂ ਸ਼ਾਊਲ ਜੰਮਿਆ ਅਤੇ ਸ਼ਾਊਲ ਤੋਂ ਯੋਨਾਥਾਨ ਤੇ ਮਲਕੀਸ਼ੂਆ ਤੇ ਅਬੀਨਾਦਾਬ ਤੇ ਅਸ਼ਬਅਲ ਜੰਮੇ34ਅਤੇ ਯੋਨਾਥਾਨ ਦਾ ਪੁੱਤਰ ਮਰੀਬਬਅਲ ਸੀ ਅਤੇ ਮਰੀਬਬਅਲ ਤੋਂ ਮੀਕਾਹ ਜੰਮਿਆ
35ਅਤੇ ਮੀਕਾਹ ਦੇ ਪੁੱਤਰ, ਪਿਥੋਨਤੇ ਮਲਕ ਤੇ ਤਅਰੇਆ ਤੇ ਆਹਾਜ਼36ਅਤੇ ਆਹਾਜ਼ ਤੋਂ ਯਹੋਅੱਦਾਹ ਜੰਮਿਆ ਅਤੇ ਯਹੋਅੱਦਾਹ ਤੋਂ ਆਲਮਥ ਤੇ ਅਜ਼ਮਾਵਥ ਤੇ ਜ਼ਿਮਰੀ ਜੰਮੇ ਅਤੇ ਜ਼ਿਮਰੀ ਤੋਂ ਮੋਸਾ ਜੰਮਿਆ37ਅਤੇ ਮੋਸਾ ਤੋਂ ਬਿਨਆ ਜੰਮਿਆ ਉਹ ਦਾ ਪੁੱਤਰ ਰਾਫਾਹ, ਉਹ ਦਾ ਪੁੱਤਰ ਅਲਾਸਾਹ, ਉਹ ਦਾ ਪੁੱਤਰ ਆਸੇਲ
38ਤੇ ਆਸੇਲ ਦੇ ਛੇ ਪੁੱਤਰ ਸਨ ਜਿਨ੍ਹਾਂ ਦੇ ਨਾਮ ਇਹ ਸਨ, ਅਜ਼ਰੀਕਾਮ, ਬੋਕਰ ਤੇ ਇਸ਼ਮਾਏਲ ਤੇ ਸ਼ਅਰਯਾਹ ਤੇ ਓਬਦਯਾਹ ਤੇ ਹਾਨਾਨ । ਇਹ ਸਾਰੇ ਆਸੇਲ ਦੇ ਪੁੱਤਰ ਸਨ39ਅਤੇ ਉਹ ਦੇ ਭਰਾ ਏਸ਼ਕ ਦੇ ਪੁੱਤਰ, ਉਹ ਦਾ ਜੇਠਾ ਊਲਾਮ, ਦੂਜਾ ਯਊਸ਼ ਤੇ ਤੀਜਾ ਅਲੀਫਲਟ40ਅਤੇ ਊਲਾਮ ਦੇ ਪੁੱਤਰ ਬਹੁਤ ਤਕੜੇ ਸੂਰਮੇ ਤੇ ਤੀਰਅੰਦਾਜ਼ ਸਨ ਅਤੇ ਉਨ੍ਹਾਂ ਦੇ ਬਹੁਤ ਸਾਰੇ ਪੁੱਤਰ ਤੇ ਪੋਤੇ ਅਰਥਾਤ ਡੇਢ ਸੌ ਸਨ । ਇਹ ਸਾਰੇ ਬਿਨਯਾਮੀਨ ਦੇ ਪੁੱਤਰਾਂ ਵਿਚੋਂ ਸਨ ।

9
ਗ਼ੁਲਾਮੀ ਦੇ ਵਿਚੋਂ ਵਾਪਸ ਆਉਣ ਵਾਲੇ ਲੋਕ

1ਸਾਰਾ ਇਸਰਾਏਲ ਕੁਲਪੱਤ੍ਰੀਆਂ ਦੇ ਨਾਲ ਗਿਣਿਆ ਹੋਇਆ ਸੀ ਅਤੇ ਵੇਖੋ, ਉਨ੍ਹਾਂ ਦੇ ਨਾਮ ਇਸਰਾਏਲ ਦੇ ਪਾਤਸ਼ਾਹਾਂ ਦੀ ਪੋਥੀ ਵਿੱਚ ਲਿਖੇ ਹੋਏ ਹਨ ਅਤੇ ਯਹੂਦਾਹ ਨੂੰ ਆਪਣਿਆਂ ਅਪਰਾਧਾਂ ਦੇ ਕਾਰਨ ਬਾਬਲ ਨੂੰ ਗ਼ੁਲਾਮ ਕਰ ਕੇ ਲੈ ਗਏ ।2ਪਹਿਲੇ ਵਾਸੀ ਜਿਹੜੇ ਆਪਣੀ ਮਲਕੀਅਤ ਵਿੱਚ ਤੇ ਆਪਣੇ ਸ਼ਹਿਰਾਂ ਵਿੱਚ ਵੱਸਦੇ ਸਨ ਇਸਰਾਏਲੀ, ਜਾਜਕ, ਲੇਵੀ ਤੇ ਨਥੀਨੀਮ ਸਨ3ਅਤੇ ਯਹੂਦੀਆਂ ਵਿਚੋਂ, ਬਿਨਯਾਮੀਨੀਆਂ ਵਿਚੋਂ, ਅਫਰਈਮੀਆਂ ਵਿਚੋਂ ਅਤੇ ਮਨੱਸ਼ੀਆਂ ਵਿਚੋਂ ਯਰੂਸ਼ਲਮ ਵਿੱਚ ਇਹ ਵੱਸਦੇ ਸਨ,

4ਊਥਈ ਅੰਮੀਹੂਦ ਦਾ ਪੁੱਤਰ ਆਮਰੀ ਦਾ ਪੁੱਤਰ, ਇਮਰੀ ਦਾ ਪੁੱਤਰ, ਬਾਨੀ ਦਾ ਪੁੱਤਰ, ਫਰਸ ਦੇ ਪੁੱਤਰਾਂ ਵਿਚੋਂ, ਯਹੂਦਾਹ ਦਾ ਪੁੱਤਰ,5ਅਤੇ ਸ਼ੀਲੋਨੀਆਂ ਵਿਚੋਂ, ਅਸਾਯਾਹ ਜੇਠਾ ਤੇ ਉਹ ਦਾ ਪੁੱਤਰ6ਅਤੇ ਜ਼ਰਹ ਦੇ ਪੁੱਤਰਾਂ ਵਿਚੋਂ, ਯਊਏਲ ਤੇ ਉਨ੍ਹਾਂ ਦੇ ਭਰਾ ਛੇ ਸੌ ਨੱਬੇ
7ਅਤੇ ਬਿਨਯਾਮੀਨ ਦੇ ਪੁੱਤਰਾਂ ਵਿਚੋਂ ਸੱਲੂ ਮਸ਼ੁੱਲਾਮ ਦਾ ਪੁੱਤਰ, ਹੋਦਵਯਾਹ ਦਾ ਪੁੱਤਰ, ਹਸਨੂਆਹ ਦਾ ਪੁੱਤਰ,8ਤੇ ਯਿਬਨਯਾਹ ਯਰੋਹਾਮ ਦਾ ਪੁੱਤਰ ਤੇ ਏਲਾਹ ਉੱਜੀ ਦਾ ਪੁੱਤਰ, ਮਿਕਰੀ ਦਾ ਪੁੱਤਰ ਤੇ ਮਸ਼ੁੱਲਾਮ ਸ਼ਫਟਯਾਹ ਦਾ ਪੁੱਤਰ, ਰਊਏਲ ਦਾ ਪੁੱਤਰ, ਯਿਬਨੀਯਾਹ ਦਾ ਪੁੱਤਰ9ਅਤੇ ਉਨ੍ਹਾਂ ਦੇ ਭਰਾ ਆਪਣੀਆਂ ਪੀੜ੍ਹੀਆਂ ਅਨੁਸਾਰ ਨੌ ਸੌ ਛਿਪੰਜਾ ਸਨ । ਇਹ ਸਾਰੇ ਮਨੁੱਖ ਆਪਣੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਏ ਸਨ ।
ਯਰੂਸ਼ਲਮ ਦੇ ਵਿੱਚ ਰਹਿਣ ਵਾਲੇ ਜਾਜਕ

10ਅਤੇ ਜਾਜਕਾਂ ਵਿਚੋਂ ਯਦਅਯਾਹ ਤੇ ਯਹੋਯਾਰੀਬ ਤੇ ਯਾਕੀਨ11ਅਤੇ ਅਜ਼ਰਯਾਹ ਹਿਲਕੀਯਾਹ ਦਾ ਪੁੱਤਰ, ਮਸ਼ੁੱਲਾਮ ਦਾ ਪੁੱਤਰ, ਸਾਦੋਕ ਦਾ ਪੁੱਤਰ, ਮਰਾਯੋਥ ਦਾ ਪੁੱਤਰ, ਅਹੀਟੂਬ ਦਾ ਪੁੱਤਰ, ਪਰਮੇਸ਼ੁਰੀ ਭਵਨ ਦਾ ਪ੍ਰਧਾਨ
12ਅਤੇ ਅਦਾਯਾਹ ਯਰੋਹਾਮ ਦਾ ਪੁੱਤਰ, ਪਸ਼ਹੂਰ ਦਾ ਪੁੱਤਰ, ਮਲਕੀਯਾਹ ਦਾ ਪੁੱਤਰ ਅਤੇ ਮਅਸਈ ਅਦੀਏਲ ਦਾ ਪੁੱਤਰ, ਯਹਜ਼ੇਰਾਹ ਦਾ ਪੁੱਤਰ, ਮਸ਼ੁੱਲਾਮ ਦਾ ਪੁੱਤਰ, ਮਸ਼ਿੱਲੇਮੀਥ ਦਾ ਪੁੱਤਰ, ਇੰਮੇਰ ਦਾ ਪੁੱਤਰ13ਅਤੇ ਉਨ੍ਹਾਂ ਦੇ ਭਰਾ ਆਪਣੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਏ ਇੱਕ ਹਜ਼ਾਰ ਸੱਤ ਸੌ ਸੱਠ ਸਨ ਜਿਹੜੇ ਪਰਮੇਸ਼ੁਰ ਦੇ ਭਵਨ ਦੀ ਸੇਵਾ ਦੇ ਕਾਰਜ ਲਈ ਬਹੁਤ ਕੁਸ਼ਲ ਸਨ ।
ਯਰੂਸ਼ਲਮ ਦੇ ਵਿੱਚ ਰਹਿਣ ਵਾਲੇ ਲੇਵੀ

14ਅਤੇ ਲੇਵੀਆਂ ਵਿਚੋਂ, ਸ਼ਮਅਯਾਹ ਹਸ਼ੂਬ ਦਾ ਪੁੱਤਰ, ਅਜ਼ਰੀਕਾਮ ਦਾ ਪੁੱਤਰ, ਹਸ਼ਬਯਾਹ ਦਾ ਪੁੱਤਰ, ਮਰਾਰੀ ਦੇ ਪੁੱਤਰਾਂ ਵਿਚੋਂ15ਅਤੇ ਬਕਬੱਕਰ, ਹਰਸ਼ ਤੇ ਗਾਲਲ ਤੇ ਮੱਤਨਯਾਹ ਮੀਕਾ ਦਾ ਪੁੱਤਰ, ਜ਼ਿਕਰੀ ਦਾ ਪੁੱਤਰ, ਆਸਫ ਦਾ ਪੁੱਤਰ16ਅਤੇ ਓਬਦਯਾਹ ਸ਼ਮਅਯਾਹ ਦਾ ਪੁੱਤਰ, ਗਾਲਾਲ ਦਾ ਪੁੱਤਰ, ਯਦੂਥੂਨ ਦਾ ਪੁੱਤਰ ਅਤੇ ਬਰਕਯਾਹ ਆਸਾ ਦਾ ਪੁੱਤਰ, ਅਲਕਾਨਾਹ ਦੇ ਪੁੱਤਰ ਜਿਹੜੇ ਨਟੋਫਾਥੀਆਂ ਦੇ ਪਿੰਡਾਂ ਵਿੱਚ ਵੱਸਦੇ ਸਨ ।
ਯਰੂਸ਼ਲਮ ਦੇ ਵਿੱਚ ਰਹਿਣ ਵਾਲੇ ਹੈਕਲ ਦੇ ਦਰਬਾਨ

17ਅਤੇ ਕਰਬਾਨ ਇਹ ਸਨ, ਸ਼ੱਲੂਮ ਤੇ ਅੱਕੂਬ ਤੇ ਟਲਮੋਨ ਤੇ ਅਹੀਮਾਨ ਤੇ ਉਨ੍ਹਾਂ ਦਾ ਭਰਾ ਸ਼ੱਲੂਮ ਮੁਖੀਆ ਸੀ18ਅਤੇ ਹੁਣ ਤੱਕ ਓਹ ਪਾਤਸ਼ਾਹ ਦੇ ਫਾਟਕ ਕੋਲ ਚੜਦੇ ਪਾਸੇ ਰਹਿੰਦੇ ਸਨ । ਓਹ ਲੇਵੀਆਂ ਦੇ ਡੇਰੇ ਵਿੱਚ ਦਰਬਾਨ ਸਨ19ਅਤੇ ਸ਼ੱਲੂਮ ਕੋਰੇ ਦਾ ਪੁੱਤਰ, ਅਬਯਾਸਾਫ ਦਾ ਪੁੱਤਰ, ਕੋਰਹ ਦਾ ਪੁੱਤਰ ਤੇ ਉਹ ਦੇ ਭਰਾ ਜਿਹੜੇ ਉਹ ਦੇ ਪਿਤਾ ਦੇ ਘਰਾਣੇ ਦੇ ਕਾਰਹੀ ਸਨ ਉਪਾਸਨਾ ਦੇ ਕੰਮ ਉੱਤੇ ਸਨ ਤੇ ਤੰਬੂ ਦੇ ਦਰਵਾਜ਼ੇ ਦੇ ਰਾਖੇ ਸਨ ਅਤੇ ਉਨ੍ਹਾਂ ਦੇ ਪਿਤਾ ਦਾਦੇ ਯਹੋਵਾਹ ਦੇ ਡੇਰੇ ਦੇ ਦੁਆਰੇ ਦੇ ਰਾਖੇ ਹੋਏ ਸਨ
20ਅਤੇ ਫੀਨਹਾਸ ਅਲਆਜ਼ਾਰ ਦਾ ਪੁੱਤਰ ਪਹਿਲੇ ਸਮੇਂ ਵਿੱਚ ਉਨ੍ਹਾਂ ਦਾ ਹਾਕਮ ਸੀ ਤੇ ਯਹੋਵਾਹ ਉਹ ਦੇ ਨਾਲ ਸੀ21ਅਤੇ ਮਸ਼ਲਮਯਾਹ ਦਾ ਪੁੱਤਰ ਜ਼ਕਰਯਾਹ ਮੰਡਲੀ ਦੇ ਤੰਬੂ ਦੇ ਫਾਟਕ ਦਾ ਦਰਬਾਨ ਸੀ
22ਜਿੰਨੇ ਦਰਵਾਜ਼ਿਆਂ ਦੇ ਦਰਬਾਨ ਹੋਣ ਲਈ ਚੁਣੇ ਗਏ ਦੋ ਸੌ ਬਾਰਾਂ ਸਨ । ਇਹ ਆਪਣੀਆਂ ਕੁਲਪੱਤ੍ਰੀਆਂ ਅਨੁਸਾਰ ਆਪਣਿਆਂ ਪਿੰਡਾਂ ਵਿੱਚ ਗਿਣੇ ਹੋਏ ਸਨ ਜਿਨ੍ਹਾਂ ਨੂੰ ਦਾਊਦ ਤੇ ਸਮੂਏਲ ਅਗੰਮ ਗਿਆਨੀ ਨੇ ਉਨ੍ਹਾਂ ਦੀ ਮਿਥੀ ਹੋਈ ਜੁੰਮੇਵਾਰੀ ਉੱਤੇ ਥਾਪਿਆ23ਐਉਂ ਓਹ ਤੇ ਉਨ੍ਹਾਂ ਦੇ ਪੁੱਤਰ ਯਹੋਵਾਹ ਦੇ ਭਵਨ ਦੀ ਅਰਥਾਤ ਤੰਬੂ ਦੇ ਭਵਨ ਦੀ ਰਾਖੀ ਪਹਿਰਿਆਂ ਅਨੁਸਾਰ ਕਰਦੇ ਸਨ24ਚਾਰੋਂ ਪਾਸੇ ਪੂਰਬ, ਪੱਛਮ, ਉੱਤਰ, ਦੱਖਣ ਵੱਲ ਦਰਬਾਨ ਸਨ
25ਅਤੇ ਉਨ੍ਹਾਂ ਦੇ ਭਰਾ ਜਿਹੜੇ ਉਨ੍ਹਾਂ ਦੇ ਪਿੰਡਾਂ ਵਿੱਚ ਸਨ ਹਰ ਹਫ਼ਤੇ ਵਾਰੋ-ਵਾਰੀ ਉਨ੍ਹਾਂ ਦੇ ਨਾਲ ਬੈਠਣ ਆਉਂਦੇ ਸਨ26ਕਿਉਂ ਜੋ ਉਹ ਚਾਰ ਮੁਖ ਦਰਬਾਨ ਜਿਹੜੇ ਲੇਵੀ ਸਨ, ਇੱਕ ਜਿੰਮੇਵਾਰ ਅਹੁਦੇ ਵਿੱਚ ਸਨ ਅਤੇ ਪਰਮੇਸ਼ੁਰ ਦੇ ਭਵਨ ਦੀਆਂ ਕੋਠੜੀਆਂ ਉੱਤੇ ਅਤੇ ਖਜ਼ਾਨਿਆਂ ਉੱਤੇ ਸਨ27ਅਤੇ ਓਹ ਪਰਮੇਸ਼ੁਰ ਦੇ ਭਵਨ ਦੇ ਆਲੇ-ਦੁਆਲੇ ਟਿਕਿਆ ਕਰਦੇ ਸਨ ਕਿਉਂ ਜੋ ਉਹ ਦੀ ਜੁੰਮੇਵਾਰੀ ਉਨ੍ਹਾਂ ਉੱਤੇ ਸੀ ਅਤੇ ਹਰ ਪਰਭਾਤ ਵੇਲੇ ਉਸ ਦਾ ਖੋਲਣਾ ਉਨ੍ਹਾਂ ਦੇ ਜਿਮੇਂ ਲੱਗਾ ਹੋਇਆ ਸੀ ।
ਹੋਰ ਲੇਵੀ

28ਅਤੇ ਉਨ੍ਹਾਂ ਵਿਚੋਂ ਕਈ ਉਪਾਸਨਾ ਦੇ ਭਾਂਡਿਆਂ ਉੱਤੇ ਥਾਪੇ ਹੋਏ ਸਨ ਕਿਉਂਕਿ ਓਹ ਉਨ੍ਹਾਂ ਨੂੰ ਗਿਣ ਕੇ ਅੰਦਰ ਲਿਆਉਂਦੇ ਤੇ ਗਿਣ ਕੇ ਬਾਹਰ ਲੈ ਜਾਂਦੇ ਸਨ29ਅਤੇ ਕਈ ਉਨ੍ਹਾਂ ਵਿਚੋਂ ਵੀ ਸਮਾਨ ਉੱਤੇ, ਪਵਿੱਤਰ ਸਥਾਨ ਦੇ ਸਾਰੇ ਭਾਂਡਿਆਂ ਉੱਤੇ, ਮੈਦੇ, ਦਾਖ਼ਰਸ, ਤੇਲ, ਧੂਪ ਅਤੇ ਮਸਾਲੇ ਉੱਤੇ ਥਾਪੇ ਹੋਏ ਸਨ
30ਅਤੇ ਜਾਜਕ ਦੇ ਪੁੱਤਰਾਂ ਵਿਚੋਂ ਕਈ ਸੁਗੰਧੀਆਂ ਦਿਆਂ ਮਸਾਲਿਆਂ ਦਾ ਕੰਮ ਕਰਦੇ ਸਨ31ਅਤੇ ਮਤਿਥਯਾਹ ਲੇਵੀਆਂ ਵਿਚੋਂ ਜਿਹੜਾ ਕਾਰਹੀ ਸ਼ੱਲੁਮ ਦਾ ਜੇਠਾ ਸੀ ਤਵਿਆਂ ਦੀਆਂ ਰੋਟੀਆਂ ਉੱਤੇ ਜੁੰਮੇਵਾਰੀ ਰੱਖਦਾ ਸੀ32ਅਤੇ ਕਹਾਥੀਆਂ ਦੇ ਭਰਾਵਾਂ ਵਿਚੋਂ ਕਈ ਚੜਾਵੇ ਦੀ ਰੋਟੀ ਉੱਤੇ ਜਿੰਮੇਵਾਰ ਸਨ ਕਿ ਹਰ ਸਬਤ ਉਹ ਨੂੰ ਤਿਆਰ ਕਰਨ ।
33ਅਤੇ ਇਹ ਉਹ ਗਵੱਯੇ ਸਨ ਜਿਹੜੇ ਲੇਵੀਆਂ ਦੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਏ ਸਨ ਅਤੇ ਕੋਠੜੀਆਂ ਦੇ ਵਿੱਚ ਰਹਿ ਕੇ ਦੂਜੇ ਦੇ ਕੰਮ ਤੋਂ ਅੱਡ ਸਨ, ਕਿਉਂ ਜੋ ਉਹ ਰਾਤ-ਦਿਨ ਆਪਣੇ ਕੰਮ ਵਿੱਚ ਰੁਝੇ ਰਹਿੰਦੇ ਸਨ34ਇਹ ਲੇਵੀਆਂ ਦੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਏ ਸਨ ਤੇ ਆਪਣੀਆਂ ਪੀੜ੍ਹੀਆਂ ਵਿੱਚ ਮੁਖੀਏ ਰਹੇ । ਇਹ ਯਰੂਸ਼ਲਮ ਵਿੱਚ ਵੱਸਦੇ ਸਨ ।
ਰਾਜਾ ਸ਼ਾਊਲ ਦੀ ਵੰਸ਼ਾਵਲੀ
(8:29-38)

35ਗਿਬਓਨ ਵਿੱਚ ਗਿਬਓਨ ਦਾ ਪਿਤਾ ਯਈਏਲ ਵੱਸਦਾ ਸੀ, ਉਹ ਦੀ ਪਤਨੀ ਦਾ ਨਾਮ ਮਅਕਾਹ ਸੀ ।36ਉਹ ਦਾ ਜੇਠਾ ਪੁੱਤਰ ਅਬਦੋਨ ਸੀ ਫੇਰ ਸੂਰ ਤੇ ਕੀਸ਼ ਤੇ ਬਆਲ ਤੇ ਗੇਰ ਤੇ ਨਾਦਾਬ37ਅਤੇ ਗਦੋਰ ਤੇ ਅਹਯੋ ਤੇ ਜ਼ਕਰਯਾਹ ਤੇ ਮਿਕਲੋਥ
38ਅਤੇ ਮਿਕਲੋਥ ਤੋਂ ਸ਼ਿਮਆਮ ਜੰਮਿਆ ਅਤੇ ਉਹ ਵੀ ਯਰੂਸ਼ਲਮ ਵਿੱਚ ਆਪਣੇ ਭਰਾਵਾਂ ਦੇ ਨਾਲ ਆਹਮੋ ਸਾਹਮਣੇ ਵੱਸਦੇ ਸਨ ।39ਅਤੇ ਨੇਰ ਤੋਂ ਕੀਸ਼ ਜੰਮਿਆ ਤੇ ਕੀਸ਼ ਤੋਂ ਸ਼ਾਊਲ ਜੰਮਿਆ ਤੇ ਸ਼ਾਊਲ ਤੋਂ ਯੋਨਾਥਾਨ ਅਤੇ ਮਲਕੀਸ਼ੂਆ ਤੇ ਅਬੀਨਾਦਾਬ ਤੇ ਅਸ਼ਬਆਲ40ਅਤੇ ਯੋਨਾਥਾਨ ਦਾ ਪੁੱਤਰ ਮਰੀਬਬਅਲ ਸੀ ਅਤੇ ਮਰੀਬਬਅਲ ਤੋਂ ਮੀਕਾਹ ਜੰਮਿਆ
41ਅਤੇ ਮੀਕਾਹ ਦੇ ਪੁੱਤਰ, ਪੀਥੋਨ ਤੇ ਮਲਕ ਤੇ ਤਹਰੇਆ42ਅਤੇ ਆਹਜ਼ ਤੋਂ ਯਾਰਾਹ ਜੰਮਿਆ ਤੇ ਯਾਰਾਹ ਤੋਂ ਆਲਮਥ ਤੇ ਅਜ਼ਮਾਵਥ ਤੇ ਜ਼ਿਮਰੀ ਜੰਮੇ ਅਤੇ ਜ਼ਿਮਰੀ ਤੋਂ ਮੋਸਾ ਜੰਮਿਆ43ਅਤੇ ਮੋਸਾ ਤੋਂ ਬਿਨਆ ਜੰਮਿਆ ਅਤੇ ਰਫਾਯਾਹ ਉਹ ਦਾ ਪੁੱਤਰ, ਅਲਆਸਾਹ ਉਹ ਦਾ ਪੁੱਤਰ, ਆਸੇਲ ਉਹ ਦਾ ਪੁੱਤਰ44ਅਤੇ ਆਸੇਲ ਦੇ ਛੇ ਪੁੱਤਰ ਸਨ ਤੇ ਉਨ੍ਹਾਂ ਦੇ ਨਾਮ ਇਹ ਸਨ, ਅਜ਼ਾਰੀਕਾਮ, ਬੋਕਰੂ ਤੇ ਇਸ਼ਮਾਏਲ ਤੇ ਸ਼ਅਰਯਾਹ ਤੇ ਓਬਦਯਾਹ ਤੇ ਹਾਨਨ । ਇਹ ਆਸੇਲ ਦੇ ਪੁੱਤਰ ਸਨ ।

10
ਰਾਜਾ ਸ਼ਾਊਲ ਦੀ ਮੌਤ
(1 ਸਮੂਏਲ 31:1-13)

1ਫੇਰ ਫ਼ਲਿਸਤੀਆਂ ਨੇ ਇਸਰਾਏਲ ਨਾਲ ਲੜਾਈ ਕੀਤੀ ਅਤੇ ਇਸਰਾਏਲੀ ਮਨੁੱਖ ਫ਼ਲਿਸਤੀਆਂ ਅੱਗੋਂ ਨੱਠੇ ਅਤੇ ਗਿਲਬੋਆ ਦੇ ਪਹਾੜ ਵਿੱਚ ਜਖ਼ਮੀ ਹੋ ਕੇ ਡਿੱਗ ਪਏ ।2ਫ਼ਲਿਸਤੀਆਂ ਨੇ ਸ਼ਾਊਲ ਅਤੇ ਉਹ ਦੇ ਪੁੱਤਰਾਂ ਦਾ ਬਹੁਤ ਜਿਆਦਾ ਪਿੱਛਾ ਕੀਤਾ ਅਤੇ ਯੋਨਾਥਾਨ ਅਤੇ ਅਬੀਨਾਦਾਬ ਅਤੇ ਮਲਕੀਸ਼ੂਆ ਸ਼ਾਊਲ ਦੇ ਪੁੱਤਰਾਂ ਨੂੰ ਵੱਢ ਸੁੱਟਿਆ3ਅਤੇ ਸ਼ਾਊਲ ਉੱਤੇ ਵੱਡੀ ਲੜਾਈ ਵਧ ਗਈ ਅਤੇ ਤੀਰਅੰਦਾਜ਼ਾਂ ਨੇ ਉਹ ਨੂੰ ਲੱਭਿਆ ਅਤੇ ਤੀਰਅੰਦਾਜ਼ਾਂ ਦੇ ਹੱਥੋਂ ਉਹ ਬਹੁਤ ਜਖਮੀ ਕੀਤਾ ਗਿਆ

4ਤਦ ਸ਼ਾਊਲ ਨੇ ਆਪਣੇ ਸ਼ੱਸਤ੍ਰ ਚੁੱਕਣ ਵਾਲੇ ਨੂੰ ਆਖਿਆ, ਆਪਣੀ ਤਲਵਾਰ ਕੱਢ ਕੇ ਉਹ ਦੇ ਨਾਲ ਮੈਨੂੰ ਮਾਰ ਦੇ, ਅਜਿਹਾ ਨਾ ਹੋਵੇ ਜੋ ਇਹ ਅਸੁੰਨਤੀ ਆਉਣ ਤੇ ਮੈਨੂੰ ਮਾਰਨ ਅਤੇ ਮੇਰੇ ਨਾਲ ਮਖੌਲ ਕਰਨ ! ਪਰ ਇਹ ਗੱਲ ਉਹ ਦੇ ਸ਼ਸ਼ਤਰ ਚੁੱਕਣ ਵਾਲੇ ਨੇ ਨਾ ਮੰਨੀ ਕਿਉਂ ਜੋ ਉਹ ਘਾਬਰ ਗਿਆ । ਤਦ ਸ਼ਾਊਲ ਤਲਵਾਰ ਫੜ੍ਹ ਕੇ ਉਹ ਦੇ ਉੱਤੇ ਡਿੱਗ ਪਿਆ
5ਅਤੇ ਜਦੋਂ ਉਹ ਦੇ ਸ਼ੱਸਤ੍ਰ ਚੁੱਕਣ ਵਾਲੇ ਨੇ ਦੇਖਿਆ ਜੋ ਸ਼ਾਊਲ ਮਰ ਗਿਆ ਹੈ ਤਾਂ ਉਹ ਵੀ ਆਪਣੀ ਤਲਵਾਰ ਉੱਤੇ ਡਿੱਗ ਪਿਆ ਅਤੇ ਉਹ ਦੇ ਨਾਲ ਹੀ ਮਰ ਗਿਆ6ਸੋ ਸ਼ਾਊਲ ਅਤੇ ਉਹ ਦੇ ਤਿੰਨੇ ਪੁੱਤਰ ਅਤੇ ਉਹ ਦਾ ਸਾਰਾ ਘਰਾਣਾ ਇਕੱਠੇ ਹੀ ਮਰ ਗਏ ।
7ਜਦ ਉਨ੍ਹਾਂ ਇਸਰਾਏਲੀ ਮਨੁੱਖਾਂ ਨੇ ਜੋ ਉਸ ਵਾਦੀ ਵਿੱਚ ਸਨ ਇਹ ਦੇਖਿਆ ਕਿ ਉਹ ਨੱਠੇ ਅਤੇ ਸ਼ਾਊਲ ਤੇ ਉਹ ਦੇ ਪੁੱਤਰ ਮਰੇ ਪਏ ਹਨ, ਤਾਂ ਉਹ ਵੀ ਸ਼ਹਿਰਾਂ ਨੂੰ ਛੱਡ ਕੇ ਭੱਜ ਗਏ ਅਤੇ ਫਲਿਸਤੀ ਉਨ੍ਹਾਂ ਵਿੱਚ ਆਣ ਵੱਸੇ8ਅਤੇ ਅਗਲੇ ਦਿਨ ਅਜਿਹਾ ਹੋਇਆ ਕਿ ਜਿਸ ਵੇਲੇ ਫਲਿਸਤੀ ਉਨ੍ਹਾਂ ਲੋਥਾਂ ਦੇ ਸ਼ਸਤ੍ਰ ਬਸਤਰ ਲਾਹੁਣ ਆਏ ਤਾਂ ਉਨ੍ਹਾਂ ਨੂੰ ਸ਼ਾਊਲ ਤੇ ਉਹ ਦੇ ਤਿੰਨੇ ਪੁੱਤਰ ਗਿਲਬੋਆ ਪਹਾੜ ਵਿੱਚ ਡਿੱਗੇ ਲੱਭੇ
9ਸੋ ਉਨ੍ਹਾਂ ਨੇ ਉਸ ਦੇ ਸ਼ਸਤ੍ਰ ਬਸਤਰ ਲਾਹ ਕੇ ਤੇ ਉਹ ਦਾ ਸਿਰ ਤੇ ਹਥਿਆਰ ਲੈ ਕੇ ਫ਼ਲਿਸਤੀਆਂ ਦੇ ਦੇਸ ਵਿੱਚ ਆਲੇ-ਦੁਆਲੇ ਭੇਜ ਦਿੱਤੇ, ਤਾਂ ਕਿ ਆਪਣੇ ਮੂਰਤੀਆਂ ਦੇ ਮੰਦਰਾਂ ਵਿੱਚ ਅਤੇ ਲੋਕਾਂ ਵਿੱਚ ਉਸ ਦੇ ਮਰਨ ਦੀ ਖ਼ਬਰ ਦੇਣ10ਸੋ ਉਨ੍ਹਾਂ ਨੇ ਉਹ ਦੇ ਸ਼ੱਸਤ੍ਰਾਂ ਨੂੰ ਆਪਣੇ ਦੇਵਤਿਆਂ ਦੇ ਮੰਦਰ ਵਿੱਚ ਰੱਖਿਆ ਅਤੇ ਉਹ ਦੇ ਸਿਰ ਨੂੰ ਦਾਗੋਨ ਦੇ ਘਰ ਵਿੱਚ ਬੰਨਿਆ ।
11ਜਦੋਂ ਸਾਰੇ ਯਾਬੇਸ਼ ਗਿਲਆਦ ਨੇ ਸੁਣਿਆ ਜੋ ਫ਼ਲਿਸਤੀਆਂ ਨੇ ਸ਼ਾਊਲ ਨਾਲ ਇਹ ਸਭ ਕੁਝ ਕੀਤਾ12ਤਦ ਸਾਰੇ ਸੂਰਮੇ ਉੱਠੇ ਅਤੇ ਸ਼ਾਊਲ ਦੀ ਲਾਸ਼ ਤੇ ਉਹ ਦੇ ਪੁੱਤਰਾਂ ਦੀ ਲਾਸ਼ਾਂ ਨੂੰ ਲੈ ਜਾ ਕੇ ਉਨ੍ਹਾਂ ਨੂੰ ਯਾਬੇਸ਼ ਵਿੱਚ ਪਹੁੰਚਾਇਆ ਅਤੇ ਉਨ੍ਹਾਂ ਦੀਆਂ ਹੱਡੀਆਂ ਨੂੰ ਯਾਬੇਸ਼ ਵਿੱਚ ਬਲੂਤ ਦੇ ਰੁੱਖ ਦੇ ਹੇਠ ਦੱਬ ਦਿੱਤਾ ਅਤੇ ਸੱਤ ਦਿਨ ਤੱਕ ਵਰਤ ਰੱਖਿਆ
13ਇਸ ਤਰ੍ਹਾਂ ਸ਼ਾਊਲ ਆਪਣੇ ਅਪਰਾਧ ਦੇ ਕਾਰਨ ਜਿਹੜਾ ਉਸ ਨੇ ਯਹੋਵਾਹ ਦੇ ਵਿਰੁੱਧ ਕੀਤਾ ਸੀ ਮਰ ਗਿਆ ਅਰਥਾਤ ਯਹੋਵਾਹ ਦੀ ਬਾਣੀ ਦੇ ਕਾਰਨ ਜਿਹੜੀ ਉਸ ਨੇ ਨਾ ਮੰਨੀ ਅਤੇ ਇਸ ਲਈ ਵੀ ਜੋ ਉਸ ਨੇ ਇੱਕ ਭੂਤ ਮਿੱਤਰ ਤੋਂ ਸਲਾਹ ਲਈ,14ਪਰ ਯਹੋਵਾਹ ਤੋਂ ਸਲਾਹ ਨਾ ਲਈ, ਇਸ ਲਈ ਉਸ ਨੇ ਉਹ ਨੂੰ ਮਾਰ ਸੁੱਟਿਆ ਅਤੇ ਇਸਰਾਏਲ ਦਾ ਰਾਜ ਯੱਸੀ ਦੇ ਪੁੱਤਰ ਦਾਊਦ ਨੂੰ ਦੇ ਦਿੱਤਾ ।

11
ਦਾਊਦ ਸਾਰੇ ਇਸਰਾਏਲ ਦਾ ਰਾਜਾ ਬਣਦਾ ਹੈ
(2 ਸਮੂਏਲ 5:1-10)

1ਸਾਰੇ ਇਸਰਾਏਲੀ ਹਬਰੋਨ ਵਿੱਚ ਦਾਊਦ ਕੋਲ ਇਕੱਠੇ ਹੋਏ ਅਤੇ ਉਸ ਨੂੰ ਆਖਿਆ, ਵੇਖੋ, ਅਸੀਂ ਤਾਂ ਤੁਹਾਡੀ ਹੀ ਹੱਡੀ ਅਤੇ ਮਾਸ ਹਾਂ2ਇਸ ਤੋਂ ਇਲਾਵਾ ਪਿਛਲੇ ਸਮੇਂ ਵਿੱਚ ਵੀ ਜਦੋਂ ਸ਼ਾਊਲ ਪਾਤਸ਼ਾਹ ਸੀ ਤਾਂ ਤੁਸੀਂ ਇਸਰਾਏਲ ਨੂੰ ਬਾਹਰ ਅੰਦਰ ਲੈ ਜਾਂਦੇ ਸੀ ਅਤੇ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤਹਾਨੂੰ ਆਖਿਆ ਕਿ ਤੂੰ ਮੇਰੀ ਪਰਜਾ ਇਸਰਾਏਲ ਦੀ ਪਾਲਨਾ ਕਰੇਂਗਾ ਅਤੇ ਤੂੰ ਮੇਰੀ ਪਰਜਾ ਇਸਰਾਏਲ ਉੱਤੇ ਪ੍ਰਧਾਨ ਹੋਵੇਂਗਾ ।3ਇਸਰਾਏਲ ਦੇ ਸਾਰੇ ਬਜ਼ੁਰਗ ਹਬਰੋਨ ਵਿੱਚ ਪਾਤਸ਼ਾਹ ਕੋਲ ਆ ਪਹੁੰਚੇ ਅਤੇ ਦਾਊਦ ਨੇ ਹਬਰੋਨ ਵਿੱਚ ਯਹੋਵਾਹ ਦੇ ਅੱਗੇ ਉਨ੍ਹਾਂ ਦੇ ਨਾਲ ਨੇਮ ਕੀਤਾ ਤਾਂ ਉਨ੍ਹਾਂ ਨੇ ਦਾਊਦ ਨੂੰ ਇਸਰਾਏਲ ਦਾ ਪਾਤਸ਼ਾਹ ਹੋਣ ਲਈ ਮਸਹ ਕੀਤਾ, ਜਿਵੇਂ ਯਹੋਵਾਹ ਦਾ ਬਚਨ ਸਮੂਏਲ ਦੇ ਰਾਹੀਂ ਆਇਆ ।

4ਅਤੇ ਦਾਊਦ ਅਤੇ ਸਾਰੇ ਇਸਰਾਏਲ ਯਰੂਸ਼ਲਮ ਨੂੰ ਜਿਸ ਨੂੰ ਯਬੂਸ ਵੀ ਆਖਦੇ ਹਨ, ਗਏ ਅਤੇ ਉੱਥੇ ਉਸ ਭੂਮੀ ਦੇ ਵਸਨੀਕ ਯਬੂਸੀ ਲੋਕ ਸਨ5ਅਤੇ ਯਬੂਸ ਦੇ ਵਸਨੀਕਾਂ ਨੇ ਦਾਊਦ ਨੂੰ ਆਖਿਆ ਕਿ ਤੇਰਾ ਆਉਣਾ ਇੱਥੇ ਨਾ ਹੋਵੇਗਾ, ਪਰ ਦਾਊਦ ਨੇ ਸੀਯੋਨ ਦਾ ਗੜ੍ਹ ਵੱਸ ਕਰ ਲਿਆ ਅਤੇ ਉਹ ਦਾਊਦ ਦਾ ਨਗਰ ਹੋਇਆ6ਅਤੇ ਦਾਊਦ ਨੇ ਆਖਿਆ, ਜੋ ਕੋਈ ਪਹਿਲਾਂ ਯਬੂਸੀਆਂ ਨੂੰ ਮਾਰ ਲਵੇਗਾ, ਉਹੋ ਪ੍ਰਧਾਨ ਸਰਦਾਰ ਹੋਵੇਗਾ, ਤਾਂ ਸਰੂਯਾਹ ਦੇ ਪੁੱਤਰ ਯੋਆਬ ਨੇ ਪਹਿਲਾਂ ਚੜਾਈ ਕੀਤੀ ਅਤੇ ਮੁਖੀਆ ਹੋਇਆ ।
7ਦਾਊਦ ਗੜ੍ਹ ਵਿੱਚ ਵੱਸਿਆ, ਇਸ ਲਈ ਉਹ ਉਸ ਨੂੰ ਦਾਊਦ ਦਾ ਨਗਰ ਕਰਕੇ ਆਖਦੇ ਸਨ8ਅਤੇ ਉਸ ਨੇ ਨਗਰ ਨੂੰ ਚਾਰੇ ਪਾਸਿਓਂ ਬਣਾਇਆ, ਅਰਥਾਤ ਮਿੱਲੋ ਤੋਂ ਲੈ ਕੇ ਚੁਫ਼ੇਰੇ ਤੱਕ, ਅਤੇ ਯੋਆਬ ਨੇ ਰਹਿੰਦੇ ਸ਼ਹਿਰ ਨੂੰ ਸਵਾਰਿਆ,9ਅਤੇ ਦਾਊਦ ਬਹੁਤ ਵਧਦਾ ਗਿਆ, ਕਿਉਂ ਜੋ ਸੈਨਾ ਦਾ ਯਹੋਵਾਹ ਉਸ ਦੇ ਅੰਗ-ਸੰਗ ਸੀ ।
ਦਾਊਦ ਦੇ ਸੂਰਬੀਰ
(2 ਸਮੂਏਲ 23:8-39)

10ਦਾਊਦ ਦੇ ਸਾਥੀ ਸੂਰਬੀਰਾਂ ਦੇ ਮੁਖੀਏ ਜਿਹੜੇ ਉਹ ਦੇ ਰਾਜ ਵਿੱਚ ਉਹ ਦੇ ਪੱਖ ਵਿੱਚ ਰਹੇ ਸਨ, ਅਤੇ ਜਿਨ੍ਹਾਂ ਨੇ ਸਾਰੇ ਇਸਰਾਏਲ ਨਾਲ ਉਸ ਨੂੰ ਰਾਜਾ ਬਣਾਉਣ ਲਈ ਜੋਰ ਦਿੱਤਾ, ਜਿਹ ਦੀ ਯਹੋਵਾਹ ਨੇ ਇਸਰਾਏਲ ਦੇ ਲਈ ਆਗਿਆ ਦਿੱਤੀ ਸੀ, ਇਹ ਹਨ11ਅਤੇ ਦਾਊਦ ਦੇ ਸੂਰਬੀਰਾਂ ਦੀ ਗਿਣਤੀ ਇਹ ਹੈ, ਹਕਮੋਨੀ ਦਾ ਪੁੱਤਰ ਯਾਸ਼ਾਬਆਮ ਸੂਬੇਦਾਰਾਂ ਦਾ ਮੁਖੀਆ ਜਿਸ ਨੇ ਤਿੰਨ ਸੌ ਉੱਤੇ ਆਪਣਾ ਬਰਛਾ ਚਲਾਇਆ ਅਤੇ ਉਨ੍ਹਾਂ ਨੂੰ ਇੱਕੋ ਵਾਰ ਮਾਰ ਸੁੱਟਿਆ
12ਇਹ ਦੇ ਮਗਰੋਂ ਦੋਦੋ ਦਾ ਪੁੱਤਰ ਅਲਾਆਜ਼ਾਰ ਅਹੋਹੀ ਜਿਹੜਾ ਉਨ੍ਹਾਂ ਤਿੰਨਾਂ ਸੂਰਮਿਆਂ ਵਿਚੋਂ ਇੱਕ ਸੀ13ਉਹ ਦਾਊਦ ਦੇ ਨਾਲ ਫਸਦੰਮੀਮ ਵਿੱਚ ਸੀ, ਅਤੇ ਉੱਥੇ ਫ਼ਲਿਸਤੀ ਯੁਧ ਕਰਨ ਨੂੰ ਇਕੱਠੇ ਹੋਏ ਸਨ ਅਤੇ ਉੱਥੇ ਇੱਕ ਟੁੱਕੜਾ ਪੈਲੀ ਦਾ ਜਵਾਂ ਨਾਲ ਭਰਿਆ ਹੋਇਆ ਸੀ ਅਤੇ ਲੋਕ ਫ਼ਲਿਸਤੀਆਂ ਦੇ ਅੱਗੋਂ ਭੱਜ ਗਏ14ਪਰ ਉਨ੍ਹਾਂ ਉਸ ਟੁੱਕੜੇ ਦੇ ਵਿਚਕਾਰ ਖੜ੍ਹੇ ਹੋ ਕੇ ਉਸ ਨੂੰ ਛੁਡਾਇਆ, ਅਤੇ ਫ਼ਲਿਸਤੀਆਂ ਨੂੰ ਮਾਰ ਸੁੱਟਿਆ, ਸੋ ਯਹੋਵਾਹ ਨੇ ਉਨ੍ਹਾਂ ਨੂੰ ਇਸ ਜਿੱਤ ਤੋਂ ਵੱਡਾ ਛੁਟਕਾਰਾ ਦਿੱਤਾ ।
15ਅਤੇ ਉਨ੍ਹਾਂ ਤੀਹ ਸਰਦਾਰਾਂ ਵਿਚੋਂ ਇਹ ਤਿੰਨ ਨਿੱਕਲ ਕੇ ਪਰਬਤ ਤੇ ਦਾਊਦ ਕੋਲ ਅਦੁੱਲਾਮ ਦੀ ਗੁਫ਼ਾ ਵਿੱਚ ਵੜੇ ਅਤੇ ਫ਼ਲਿਸਤੀਆਂ ਦੀ ਸੈਨਾ ਨੇ ਰਫਾਈਮ ਦੀ ਘਾਟੀ ਵਿੱਚ ਛਾਉਣੀ ਪਾਈ16ਦਾਊਦ ਉਸ ਵੇਲੇ ਗੜ੍ਹ ਵਿੱਚ ਸੀ ਅਤੇ ਫ਼ਲਿਸਤੀਆਂ ਦਾ ਪਹਿਰਾ ਉਸ ਸਮੇਂ ਬੈਤਲਹਮ ਵਿੱਚ ਸੀ17ਅਤੇ ਦਾਊਦ ਤਰਸਿਆ ਅਤੇ ਆਖਿਆ, ਕਾਸ਼ ! ਕਿ ਕੋਈ ਮੈਨੂੰ ਬੈਤਲਹਮ ਦੇ ਉਸ ਖੂਹ ਦਾ ਪਾਣੀ ਪਿਲਾਵੇ, ਜਿਹੜਾ ਫਾਟਕ ਦੇ ਕੋਲ ਹੈ
18ਤਾਂ ਉਨ੍ਹਾਂ ਤਿੰਨਾਂ ਨੇ ਫ਼ਲਿਸਤੀਆਂ ਦੇ ਡੇਰੇ ਦੇ ਵਿਚੋਂ ਦੀ ਲੰਘ ਕੇ ਬੈਤਲਹਮ ਦੇ ਫਾਟਕ ਦੇ ਖੂਹ ਵਿਚੋਂ ਪਾਣੀ ਭਰਿਆ ਅਤੇ ਦਾਊਦ ਨੂੰ ਲਿਆ ਦਿੱਤਾ, ਪਰ ਦਾਊਦ ਨੇ ਨਾ ਪੀਤਾ ਸਗੋਂ ਉਸ ਨੂੰ ਯਹੋਵਾਹ ਦੇ ਅੱਗੇ ਡੋਹਲ ਦਿੱਤਾ19ਅਤੇ ਆਖਿਆ, ਹੇ ਪਰਮੇਸ਼ੁਰ, ਇਹ ਮੇਰੇ ਤੋਂ ਦੂਰ ਹੋਵੇ, ਜੋ ਮੈਂ ਇਹ ਕੰਮ ਕਰਾਂ, ਕੀ ਮੈਂ ਇਨ੍ਹਾਂ ਲੋਕਾਂ ਦਾ ਲਹੂ ਪੀਵਾਂ, ਜਿਨ੍ਹਾਂ ਨੇ ਆਪਣੀਆਂ ਜਾਨਾਂ ਨੂੰ ਹਥੇਲੀ ਉੱਤੇ ਧਰਿਆ ਹੈ ? ਕਿਉਂ ਜੋ ਉਹ ਆਪਣੀਆਂ ਜਾਨਾਂ ਨੂੰ ਜੋਖਮ ਵਿੱਚ ਪਾ ਕੇ ਇਸ ਨੂੰ ਲਿਆਏ, ਇਸ ਲਈ ਉਹ ਨੇ ਉਸ ਨੂੰ ਪੀਣਾ ਨਾ ਚਾਹਿਆ । ਇਸ ਤਰ੍ਹਾਂ ਦੇ ਕੰਮ ਇਨ੍ਹਾਂ ਤਿੰਨ ਸੂਰਮਿਆਂ ਨੇ ਕੀਤੇ ।
20ਅਤੇ ਯੋਆਬ ਦਾ ਭਰਾ ਅਬਸ਼ਈ ਉਨ੍ਹਾਂ ਤਿੰਨਾਂ ਦਾ ਮੁਖੀਆ ਸੀ ਕਿਉਂ ਜੋ ਉਸ ਨੇ ਤਿੰਨ ਸੌ ਜਣੇ ਉੱਤੇ ਆਪਣਾ ਬਰਛਾ ਚਲਾਇਆ ਅਤੇ ਉਨ੍ਹਾਂ ਦਾ ਨਾਸ ਕੀਤਾ, ਤਾਂ ਉਹ ਇਨ੍ਹਾਂ ਤਿੰਨਾਂ ਦੇ ਵਿੱਚ ਮੰਨਿਆਂ ਦੰਨਿਆ ਸੀ21ਇਹ ਉਨ੍ਹਾਂ ਤਿੰਨਾਂ ਦੇ ਵਿੱਚ ਉਨ੍ਹਾਂ ਦੋਹਾਂ ਨਾਲੋਂ ਪਤਵੰਤਾ ਸੀ ਅਤੇ ਉਨ੍ਹਾਂ ਦਾ ਸਰਦਾਰ ਹੋਇਆ ਪਰ ਉਹ ਉਨ੍ਹਾਂ ਪਹਿਲੇ ਤਿੰਨਾਂ ਦੇ ਦਰਜੇ ਤੱਕ ਨਾ ਪਹੁੰਚਿਆ ।
22ਅਤੇ ਯਹੋਯਾਦਾ ਦਾ ਪੁੱਤਰ ਬਨਾਯਾਹ ਜਿਹੜਾ ਇੱਕ ਕਬਸਿਏਲੀ ਸੂਰਮੇ ਦਾ ਪੁੱਤਰ ਸੀ ਜਿਸ ਨੇ ਵੱਡੀ ਸੂਰਮਤਾਈ ਕੀਤੀ ਸੀ, ਉਸ ਨੇ ਮੋਆਬ ਦੇ ਦੋ ਸ਼ੇਰ ਵਰਗੇ ਜੁਆਨਾਂ ਨੂੰ ਅਤੇ ਬਰਫ ਦੀ ਰੁੱਤ ਵਿੱਚ ਇੱਕ ਟੋਏ ਦੇ ਵਿੱਚ ਜਾ ਕੇ ਇੱਕ ਸ਼ੇਰ ਨੂੰ ਮਾਰ ਸੁੱਟਿਆ23ਅਤੇ ਉਸ ਨੇ ਪੰਜ ਹੱਥ ਦੇ ਇੱਕ ਲੰਮੇ ਮਿਸਰੀ ਜੁਆਨ ਨੂੰ ਜਾਨ ਤੋਂ ਮਾਰ ਦਿੱਤਾ, ਉਸ ਮਿਸਰੀ ਦੇ ਹੱਥ ਵਿੱਚ ਜੁਲਾਹੇ ਦੇ ਸ਼ਤੀਰ ਵਰਗਾ ਇੱਕ ਬਰਛਾ ਸੀ ਪਰ ਉਹ ਇੱਕ ਸੋਟਾ ਲੈ ਕੇ ਉਹ ਦੇ ਕੋਲ ਉਤਰਿਆ ਅਤੇ ਉਹ ਨੇ ਬਰਛਾ ਮਿਸਰੀ ਦੇ ਹੱਥੋਂ ਖੋਹ ਲਿਆ, ਅਤੇ ਉਸੇ ਦੇ ਬਰਛੇ ਨਾਲ ਉਸ ਨੂੰ ਮਾਰ ਸੁੱਟਿਆ ।
24ਯਹੋਯਾਦਾ ਦਾ ਪੁੱਤਰ ਬਨਾਯਾਹ ਨੇ ਇਹੋ ਜੇਹੇ ਕੰਮ ਕੀਤੇ, ਅਤੇ ਉਹ ਉਨ੍ਹਾਂ ਤਿੰਨਾਂ ਸੂਰਮਿਆਂ ਵਿਚੋਂ ਮੰਨਿਆਂ ਦੰਨਿਆ ਸੀ25ਵੇਖੋ ਤਾਂ ਉਹ ਉਨ੍ਹਾਂ ਤੀਹਾਂ ਨਾਲੋਂ ਪਤਵੰਤਾ ਸੀ ਤਾਂ ਵੀ ਉਹ ਪਹਿਲੇ ਤਿੰਨਾਂ ਦੇ ਦਰਜੇ ਤੱਕ ਨਾ ਪਹੁੰਚਿਆ ਅਤੇ ਦਾਊਦ ਨੇ ਉਹ ਨੂੰ ਆਪਣੇ ਰਾਖਿਆਂ ਦੇ ਉੱਤੇ ਨਿਯੁਕਤ ਕੀਤਾ ।
26ਫੌਜਾਂ ਦੇ ਸੂਰਮੇ ਇਹ ਸਨ, ਯੋਆਬ ਦਾ ਭਰਾ ਅਸਾਹੇਲ, ਬੈਤਲਹਮੀ ਦੋਦੋ ਦਾ ਪੁੱਤਰ ਅਲਹਾਨਾਨ27ਹਰੋਰੀ ਸ਼ੰਮੋਥ, ਪਲੋਨੀ ਹਲਸ28ਤਕੋਈ ਇੱਕੇਸ਼ ਦਾ ਪੁੱਤਰ ਈਰਾ, ਅੰਨਥੋਥੀ ਅਬੀਅਜ਼ਰ29ਹੁਸ਼ਾਥੀ ਸਿੱਬਕਈ, ਅਹੋਹੀ ਈਲਈ,
30ਨਟੋਫਾਥੀ ਮਹਰਈ, ਨਟੋਫਾਥੀ ਬਅਨਾਹ ਦਾ ਪੁੱਤਰ ਹੇਲਦ31ਗਿਬਅਰ ਦਾ ਬਿਨਯਾਮੀਨੀ ਰੀਬਈ ਦਾ ਪੁੱਤਰ ਈਥਈ, ਪਰਆਥੋਨੀ ਬਨਾਯਾਹ,32ਗਾਅਸ਼ ਦੇ ਨਦੀਆਂ ਦਾ ਹੂਰਈ, ਅਰਬਾਥੀ ਅਬੀਏਲ,33ਬਹਰੂਮੀ ਅਜ਼ਮਾਵਥ, ਸ਼ਅਲਬੋਨੀ ਅਲਯਹਬਾ
34ਗਿਜ਼ੋਨੀ ਹਾਸੇਮ ਦਾ ਪੁੱਤਰ, ਹਰਾਰੀ ਸ਼ਾਗੇ ਦਾ ਪੁੱਤਰ ਯੋਨਾਥਾਨ35ਹਰਾਰੀ ਸਾਕਾਰ ਦਾ ਪੁੱਤਰ ਅਹੀਆਮ, ਊਰ ਦਾ ਪੁੱਤਰ ਅਲੀਫਾਲ36ਮਕੇਰਾਥੀ ਰੇਫਰ, ਪਲੋਨੀ ਅਹੀਯਾਹ37ਕਰਮਲੀ ਹਸਰੋ, ਅਜ਼ਬਈ ਦਾ ਪੁੱਤਰ ਨਅਰਈ
38ਨਾਥਾਨ ਦਾ ਭਰਾ ਯੋਏਲ, ਹਗਰੀ ਦਾ ਪੁੱਤਰ ਮਿਬਹਾਰ39ਅੰਮੋਨੀ ਸਲਕ, ਬੇਰੋਥੀ ਨਹਰਈ, ਸਰੂਯਾਹ ਦੇ ਪੁੱਤਰ ਯੋਆਬ ਦਾ ਸ਼ਸਤ੍ਰ ਦਾ ਚੁੱਕਣ ਵਾਲਾ40ਯਿਥਰੀ ਈਰਾ, ਯਿਥਰੀ ਗਾਰੇਬ41ਹਿੱਤੀ ਊਰੀਯਾਹ, ਅਹਲਈ ਦਾ ਪੁੱਤਰ ਜ਼ਾਬਾਦ
42ਰਊਬੇਨੀ ਸ਼ੀਜ਼ਾ ਦਾ ਪੁੱਤਰ ਅਦੀਨਾ ਰਊਬੇਨੀਆਂ ਦਾ ਮੁਖੀਆ ਤੇ ਉਹ ਦੇ ਨਾਲ ਤੀਹ43ਮਅਕਾਹ ਦਾ ਪੁੱਤਰ ਹਾਨਾਨ, ਮਿਥਨੀ ਯੋਸ਼ਾਫਾਟ44ਅਸ਼ਤਾਰਾਥੀ ਉੱਜ਼ੀਯਾਹ, ਅਰੋਏਰੀ ਹੋਥਾਮ ਦੇ ਪੁੱਤਰ ਸ਼ਾਮਾ ਤੇ ਯਈਏਲ
45ਸ਼ਿਮਰੀ ਦਾ ਪੁੱਤਰ ਯਦੀਅਏਲ, ਤੇ ਉਹ ਦਾ ਭਰਾ ਯੋਹਾ ਤੀਸੀ46ਮਹਵੀ ਅਲੀਏਲ ਤੇ ਅਲਨਅਮ ਦੇ ਪੁੱਤਰ ਯਿਰੀਬਈ ਤੇ ਯੋਸ਼ਵਯਾਹ ਅਤੇ ਮਿਥਮਾਹ ਮੋਆਬੀ47ਅਲੀਏਲ ਤੇ ਓਬੇਦ ਤੇ ਯਅਸੀਏਲ ਮਸੋਬਾਯਾਥੀ ।

12
ਸੀਕਲਗ ਵਿੱਚ ਦਾਊਦ ਦੇ ਬਿਨਯਾਮੀਨੀ ਸਮਰਥਕ

1ਇਹ ਉਹ ਹਨ ਜਿਹੜੇ ਸੀਕਲਗ ਵਿੱਚ ਦਾਊਦ ਕੋਲ ਉਸ ਸਮੇਂ ਆ ਪਹੁੰਚੇ ਜਦੋਂ ਉਹ ਕੀਸ਼ ਦੇ ਪੁੱਤਰ ਸ਼ਾਊਲ ਦੇ ਕਾਰਨ ਲੁਕਦਾ ਫਿਰਦਾ ਸੀ ਅਤੇ ਇਹ ਉਹ ਦੇ ਸੂਰਮਿਆਂ ਵਿੱਚ ਸਨ ਜਿਹੜੇ ਲੜਾਈ ਵਿੱਚ ਉਹ ਦੇ ਸਹਾਇਕ ਸਨ2ਉਹ ਤੀਰਅੰਦਾਜ਼ ਸਨ ਅਤੇ ਸੱਜੇ ਤੇ ਖੱਬੇ ਹੱਥਾਂ ਨਾਲ ਪੱਥਰਾਂ ਨੂੰ ਮਾਰਦੇ ਸਨ, ਧੁਣਖ ਨਾਲ ਬਾਣਾਂ ਨੂੰ ਚਲਾਉਂਦੇ ਸਨ ਅਤੇ ਉਹ ਬਿਨਯਾਮੀਨੀ ਤੇ ਸ਼ਾਊਲ ਦੇ ਭਰਾਵਾਂ ਵਿਚੋਂ ਸਨ

3ਮੁਖੀਆ ਅਹੀਅਜ਼ਰ ਸੀ, ਫੇਰ ਯੋਆਸ਼ ਗਿਬਆਥੀ ਸ਼ਮਾਆਹ ਦੇ ਪੁੱਤਰ ਤੇ ਅਜ਼ਮਾਵਥ ਦੇ ਪੁੱਤਰ ਯਿਜ਼ੀਏਲ ਤੇ ਫਲਟ ਅਤੇ ਬਰਾਕਾਹ ਤੇ ਅੰਨਥੋਥੀ ਯੇਹੂ4ਅਤੇ ਗਿਬਓਨੀ ਯਿਸ਼ਮਅਯਾਹ ਜਿਹੜਾ ਤੀਹਾਂ ਵਿੱਚ ਸੂਰਮਾ ਸੀ ਅਤੇ ਤੀਹਾਂ ਉੱਤੇ ਸੀ ਅਤੇ ਯਿਰਮਿਯਾਹ ਤੇ ਯਹਜ਼ੀਏਲ ਤੇ ਯਹੋਨਾਨ ਤੇ ਗਦੇਰਾਥੀ ਯੋਜ਼ਾਬਾਦ
5ਅਲਊਜ਼ਈ ਤੇ ਯਿਰੀਮੋਥ ਤੇ ਬਅਲਯਾਹ ਤੇ ਸ਼ਮਰਯਾਹ ਤੇ ਸ਼ਫਟਯਾਹ ਹਰੁਫੀ6ਅਲਕਾਨਾਹ ਤੇ ਯਿੱਸ਼ੀਯਾਹ ਤੇ ਅਜ਼ਰਏਲ ਤੇ ਯੋਅਜ਼ਰ ਤੇ ਯਾਸ਼ਾਬਆਮ ਕਾਰਹੀ7ਅਤੇ ਯੋਏਲਾਹ ਤੇ ਜ਼ਬਦਯਾਹ ਗਦੋਰ ਦੇ ਯਰੋਹਾਮ ਦੇ ਪੁੱਤਰ ।
ਗਾਦ ਦੇ ਗੋਤ ਵਿਚੋਂ ਦਾਊਦ ਦੇ ਸਮਰਥਕ

8ਗਾਦੀਆਂ ਵਿਚੋਂ ਕਿੰਨੇ ਕੁ ਮਹਾਂ ਬਲੀ ਸੂਰਮੇ, ਚੰਗੇ ਜੋਧੇ ਜਿਹੜੇ ਢਾਲ਼ ਤੇ ਬਰਛੇ ਦੀ ਵਿੱਦਿਆ ਜਾਣਨ ਵਾਲੇ ਸਨ ਜਿਨ੍ਹਾਂ ਦੇ ਮੂੰਹ ਸ਼ੇਰ ਦੇ ਮੂੰਹ ਵਰਗੇ ਸਨ ਅਤੇ ਪਰਬਤਾਂ ਉੱਤੇ ਹਿਰਨਾਂ ਵਾਂਗੂੰ ਤੇਜ ਦੌੜਦੇ ਸਨ, ਇਹ ਗਾਦੀਆਂ ਤੋਂ ਅਲੱਗ ਹੋ ਕੇ ਉਜਾੜ ਦੇ ਗੜ੍ਹ ਵਿੱਚ ਦਾਊਦ ਦੀ ਵੱਲ ਹੋ ਗਏ
9ਏਜ਼ਰ ਮੁਖੀਆ, ਓਬਦਯਾਹ ਦੂਜਾ, ਅਲਯਾਬ ਤੀਜਾ10ਮਿਸ਼ਮੰਨਾਹ ਚੌਥਾ, ਯਿਰਮਿਯਾਹ ਪੰਜਵਾਂ11ਅੱਤਈ ਛੇਵਾਂ, ਅਲੀਏਲ ਸੱਤਵਾਂ12ਯਹੋਨਾਨ ਅੱਠਵਾਂ, ਅਲਜ਼ਾਬਾਦ ਨੌਵਾਂ13ਯਿਰਮਿਯਾਹ ਦਸਵਾਂ, ਮਕਬੰਨਈ ਯਾਰਵਾਂ
14ਇਹ ਗਾਦੀਆਂ ਵਿੱਚੋਂ ਸੈਨਾਪਤੀ ਸਨ । ਇਨ੍ਹਾਂ ਵਿੱਚੋਂ ਜਿਹੜਾ ਸਭਨਾਂ ਨਾਲੋਂ ਨਿੱਕਾ ਸੀ, ਉਹ ਸੌ ਜੁਆਨਾਂ ਦੇ ਬਰਾਬਰ ਸੀ, ਅਤੇ ਜਿਹੜਾ ਸਾਰਿਆਂ ਤੋਂ ਵੱਡਾ ਸੀ, ਉਹ ਹਜ਼ਾਰ ਜੁਆਨ ਦੇ ਬਰਾਬਰ ਸੀ15ਇਹ ਉਹ ਹਨ ਜਿਹੜੇ ਪਹਿਲੇ ਮਹੀਨੇ ਵਿੱਚ ਉਸ ਸਮੇਂ ਪਾਰ ਉਤਰੇ ਜਦੋਂ ਯਰਦਨ ਨਦੀ ਸਾਰੇ ਕੰਢਿਆਂ ਤੱਕ ਚੜੀ ਹੋਈ ਸੀ ਅਤੇ ਘਾਟੀਆਂ ਦੇ ਸਭਨਾਂ ਵਸਨੀਕਾਂ ਨੂੰ ਚੜਦੀ ਵੱਲ ਲਹਿੰਦੇ ਵੱਲ ਭਜਾ ਦਿੱਤਾ ।
ਬਿਨਯਾਮੀਨ ਅਤੇ ਯਹੂਦਾਹ ਦੇ ਗੋਤ ਵਿਚੋਂ ਦਾਊਦ ਦੇ ਸਮਰਥਕ

16ਬਿਨਯਾਮੀਨ ਅਤੇ ਯਹੂਦਾਹ ਦੀ ਅੰਸ ਵਿੱਚੋਂ ਕਿੰਨੇ ਕੁ ਲੋਕ ਗੜ੍ਹ ਵਿੱਚ ਦਾਊਦ ਕੋਲ ਆਏ ।17ਦਾਊਦ ਉਨ੍ਹਾਂ ਨੂੰ ਮਿਲਣ ਲਈ ਅੱਗੋਂ ਲੈਣ ਆਇਆ ਅਤੇ ਉਨ੍ਹਾਂ ਨੂੰ ਅੱਗੋਂ ਆਖਿਆ, ਜੇ ਮੇਰੀ ਸਹਾਇਤਾ ਲਈ ਤੁਸੀਂ ਲੋਕ ਸ਼ੁੱਧ ਸੁਭਾਅ ਨਾਲ ਮੇਰੇ ਕੋਲ ਆਏ ਹੋ, ਤਾਂ ਮੇਰਾ ਮਨ ਤੁਹਾਡੇ ਨਾਲ ਮਿਲਿਆ ਰਹੇ, ਪਰ ਜੇ ਮੈਨੂੰ ਮੇਰੇ ਵੈਰੀਆਂ ਦੇ ਹੱਥ ਫੜਾਉਣ ਨੂੰ ਆਏ ਹੋ, ਭਾਵੇਂ ਮੇਰੇ ਹੱਥੋਂ ਕੁੱਝ ਬੁਰਾ ਨਹੀਂ ਹੋਇਆ, ਤਾਂ ਸਾਡੇ ਪੁਰਖਿਆਂ ਦਾ ਪਰਮੇਸ਼ੁਰ ਇਸ ਗੱਲ ਵੱਲ ਧਿਆਨ ਕਰੇ, ਅਤੇ ਤਾੜਨਾ ਕਰੇ
18ਤਾਂ ਅਮਾਸਈ ਉੱਤੇ ਜਿਹੜਾ ਸੂਬੇਦਾਰਾਂ ਦਾ ਵੱਡਾ ਸੀ ਆਤਮਾ ਦਾ ਪਰਕਾਸ਼ ਹੋਇਆ ਅਤੇ ਉਹ ਬੋਲਿਆ, ਹੇ ਦਾਊਦ ਅਸੀਂ ਤੇਰੇ ਨਾਲ ਹਾਂ, ਅਤੇ ਹੇ ਯੱਸੀ ਦੇ ਪੁੱਤਰ, ਅਸੀਂ ਤੇਰੀ ਵੱਲ ਹਾਂ, ਸਲਾਮਤੀ ਤੈਨੂੰ ਸਲਾਮਤੀ ਅਤੇ ਤੇਰੇ ਸਹਾਇਕਾਂ ਨੂੰ ਸਲਾਮਤੀ, ਕਿਉਂ ਜੋ ਤੇਰਾ ਪਰਮੇਸ਼ੁਰ ਤੇਰੀ ਸਹਾਇਤਾ ਕਰਦਾ ਹੈ ! ਤਦ ਦਾਊਦ ਨੇ ਉਨ੍ਹਾਂ ਨੂੰ ਰੱਖ ਲਿਆ ਅਤੇ ਸੈਨਾਪਤੀ ਨਿਯੁਕਤ ਕੀਤਾ ।
ਮੱਨਸ਼ਾਹ ਗੋਤ ਵਿਚੋਂ ਦਾਊਦ ਦੇ ਸਮਰਥਕ

19ਮੱਨਸ਼ਾਹ ਵਿੱਚੋਂ ਵੀ ਅਨੇਕ ਲੋਕ ਦਾਊਦ ਦੀ ਵੱਲ ਆ ਕੇ ਮਿਲ ਗਏ, ਜਦੋਂ ਉਹ ਫ਼ਲਿਸਤੀਆਂ ਦੇ ਨਾਲ ਮਿਲ ਕੇ ਸ਼ਾਊਲ ਦੇ ਨਾਲ ਯੁਧ ਕਰਨ ਨੂੰ ਗਿਆ, ਪਰ ਉਹ ਉਹਨਾਂ ਦੀ ਕੁਝ ਸਹਾਇਤਾ ਨਾ ਕਰ ਸਕਿਆ, ਕਿਉਂ ਜੋ ਫ਼ਲਿਸਤੀਆਂ ਦੇ ਸਰਦਾਰਾਂ ਨੇ ਇਹ ਸਲਾਹ ਕਰਕੇ ਉਸ ਨੂੰ ਭੇਜ ਦਿੱਤਾ, ਕਿ ਉਹ ਸਾਡੇ ਸਿਰਾਂ ਨੂੰ ਕੱਟਵਾ ਕੇ ਆਪਣੇ ਸੁਆਮੀ ਸ਼ਾਊਲ ਨਾਲ ਜਾ ਮਿਲੇਗਾ20ਤਾਂ ਸਿਕਲਗ ਨੂੰ ਤੁਰ ਗਿਆ, ਤਾਂ ਮਨੱਸ਼ੀਆਂ ਵਿੱਚੋਂ ਅਦਨਾਹ ਅਤੇ ਯੋਜ਼ਾਬਾਦ, ਅਤੇ ਯਦਿਏਲ, ਅਤੇ ਮੀਕਾਏਲ, ਅਤੇ ਯੋਜ਼ਾਬਾਦ, ਅਤੇ ਅਲੀਹੂ ਅਤੇ ਸਿੱਲਥਈ ਜਿਹੜੇ ਮਨੱਸ਼ੀਆਂ ਵਿੱਚੋਂ ਹਜ਼ਾਰਾਂ ਦੇ ਮੁਖੀਏ ਸਨ, ਉਸ ਦੀ ਵੱਲ ਆ ਕੇ ਮਿਲ ਗਏ
21ਅਤੇ ਉਨ੍ਹਾਂ ਨੇ ਉਸ ਮੰਡਲੀ ਦੇ ਵਿਰੋਧ ਵਿੱਚ ਦਾਊਦ ਦੀ ਸਹਾਇਤਾ ਕੀਤੀ, ਕਿਉਂ ਜੋ ਉਹ ਸੱਭੇ ਮਹਾਂ ਬਲੀ ਸੂਰਮੇ ਤੇ ਸੈਨਾ ਵਿੱਚ ਸਰਦਾਰ ਸਨ22ਅਤੇ ਦਿਨੋਂ ਦਿਨ ਲੋਕ ਦਾਊਦ ਦੀ ਸਹਾਇਤਾ ਲਈ ਉਸ ਦੇ ਨਾਲ ਰਲਦੇ ਜਾਂਦੇ ਸਨ, ਇਥੋਂ ਤੱਕ ਜੋ ਉਹ ਸੈਨਾ ਪਰਮੇਸ਼ੁਰ ਦੀ ਸੈਨਾ ਵਾਂਗੂੰ ਵੱਡੀ ਬਣ ਗਈ ।
23ਇਹ ਉਨ੍ਹਾਂ ਮੁਖੀਆਂ ਦੀ ਗਿਣਤੀ ਹੈ ਜਿਹੜੇ ਲੜਨ ਲਈ ਸ਼ਸਤਰ ਧਾਰ ਕੇ ਹਬਰੋਨ ਵਿੱਚ ਦਾਊਦ ਨਾਲ ਮਿਲ ਗਏ, ਤਾਂ ਜੋ ਯਹੋਵਾਹ ਦੇ ਬਚਨ ਦੇ ਅਨੁਸਾਰ ਸ਼ਾਊਲ ਦੇ ਰਾਜ ਨੂੰ ਉਸ ਦੀ ਵੱਲ ਮੋੜ ਲਿਆਉਣ ।24ਯਹੂਦੀ ਛੇ ਹਜ਼ਾਰ ਅੱਠ ਸੌ ਸਨ, ਜਿਹੜੇ ਢਾਲਾਂ, ਅਤੇ ਬਰਛੇ ਧਾਰ ਕੇ ਯੁਧ ਦੇ ਲਈ ਲੱਕ ਬੰਨ੍ਹ ਖਲੋਤੇ ਸਨ25ਸ਼ਿਮੋਓਨੀਆਂ ਵਿੱਚੋਂ ਸੱਤ ਹਜ਼ਾਰ ਇੱਕ ਸੌ ਮਹਾਂ ਜੋਧੇ ਸਨ
26ਲੇਵੀਆਂ ਵਿੱਚੋਂ ਚਾਰ ਹਜ਼ਾਰ ਛੇ ਸੌ ਸਨ ।27ਯਹੋਯਾਦਾ ਹਾਰੂਨੀਆਂ ਦਾ ਸਰਦਾਰ ਸੀ, ਅਤੇ ਉਸ ਦੇ ਨਾਲ ਤਿੰਨ ਹਜ਼ਾਰ ਸੱਤ ਸੌ ਜੁਆਨ ਸਨ28ਅਤੇ ਸਾਦੋਕ ਇੱਕ ਮਹਾਂ ਬਲੀ ਸੂਰਮਾ ਅਤੇ ਉਸ ਦੇ ਵੱਡ ਵਡੇਰਿਆਂ ਦੀ ਕੁਲ ਦੇ ਬਾਈ ਸਰਦਾਰ ਸਨ
29ਅਤੇ ਬਿਨਯਾਮੀਨ ਦੇ ਕੁਲ ਵਿੱਚੋਂ ਤਿੰਨ ਹਜ਼ਾਰ ਸਨ, ਸ਼ਾਊਲ ਵੀ ਇਸੇ ਕੁਲ ਵਿੱਚੋਂ ਸੀ, ਇਸ ਲਈ ਅਜੇ ਤੱਕ ਬਹੁਤੇ ਸ਼ਾਊਲ ਦੀ ਕੁਲ ਦੇ ਵਫ਼ਾਦਾਰ ਸਨ30ਅਤੇ ਇਫਰਾਈਮੀਆਂ ਵਿੱਚੋਂ ਵੀਹ ਹਜ਼ਾਰ ਅੱਠ ਸੌ, ਜਿਹੜੇ ਵੱਡੇ ਸੂਰਬੀਰ, ਅਤੇ ਆਪੋ ਆਪਣੇ ਪੁਰਖਿਆਂ ਦੇ ਪਰਿਵਾਰਾਂ ਵਿੱਚ ਪ੍ਰਸਿੱਧ ਸਨ31ਅਤੇ ਮਨੱਸ਼ਹ ਦੇ ਅੱਧੇ ਗੋਤ ਵਿੱਚੋਂ ਅਠਾਰਾਂ ਹਜ਼ਾਰ ਜਿਹੜੇ ਚੁਣ ਚੁਣ ਕੇ ਸੱਦੇ ਗਏ, ਤਾਂ ਕਿ ਜਾ ਕੇ ਦਾਊਦ ਨੂੰ ਰਾਜਾ ਬਣਾਉਣ
32ਅਤੇ ਯਿੱਸਾਕਾਰੀਆਂ ਵਿੱਚੋਂ ਜਿਹੜੇ ਸਮੇਂ ਨੂੰ ਪਹਿਚਾਣਦੇ ਸਨ ਅਤੇ ਜਾਣਦੇ ਸਨ ਕਿ ਇਸਰਾਏਲ ਨੂੰ ਕੀ ਕਰਨਾ ਚਾਹੀਦਾ ਹੈ, ਸੋ ਉਨ੍ਹਾਂ ਦੇ ਮੁਖੀਏ ਦੋ ਸੌ ਸਨ, ਅਤੇ ਉਨ੍ਹਾਂ ਦੇ ਸਾਰੇ ਭਰਾ ਉਨ੍ਹਾਂ ਦੀ ਆਗਿਆ ਵਿੱਚ ਰਹਿੰਦੇ ਸਨ33ਜ਼ਬੁਲੂਨ ਵਿੱਚੋਂ ਜਿਹੜੇ ਰਣ ਭੂਮੀ ਵਿੱਚ ਜਾਣ ਲਈ ਤਿਆਰ ਅਤੇ ਸੈਨਾ ਦੀਆਂ ਪਾਲਾਂ ਬੰਨਣ ਵਾਲੇ ਅਤੇ ਲੜਾਈ ਦੇ ਸ਼ਸ਼ਤ੍ਰਾਂ ਵਿੱਚ ਮਾਹਰ ਸਨ, ਉਹ ਪੰਜਾਹ ਹਜ਼ਾਰ ਸਨ । ਉਹ ਲੜਾਈ ਦੀਆਂ ਪਾਲਾਂ ਬਣਾਉਣੀਆਂ ਜਾਣਦੇ ਸਨ ਅਤੇ ਦੁਚਿਤੇ ਨਹੀਂ ਸਨ
34ਅਤੇ ਨਫਤਾਲੀ ਵਿੱਚੋਂ ਇੱਕ ਹਜ਼ਾਰ ਸਰਦਾਰ, ਅਤੇ ਉਨ੍ਹਾਂ ਦੇ ਸਾਥੀ ਸੈਂਤੀ ਹਜ਼ਾਰ ਢਾਲਾਂ ਅਤੇ ਬਰਛੇ ਰੱਖਣ ਵਾਲੇ ਸਨ35ਅਤੇ ਦਾਨੀਆਂ ਵਿੱਚੋਂ ਅਠਾਈ ਹਜ਼ਾਰ ਛੇ ਸੌ ਸਨ, ਜਿਹੜੇ ਲੜਾਈ ਦੀਆਂ ਪਾਲਾਂ ਬੰਨਣ ਵਾਲੇ ਸਨ
36ਆਸ਼ੇਰ ਦੇ ਵਿੱਚੋਂ ਚਾਲੀ ਹਜ਼ਾਰ ਸਨ, ਜਿਹੜੇ ਦਲਾਂ ਦੇ ਨਾਲ ਨਿੱਕਲ ਜਾਣ ਵਾਲੇ ਅਤੇ ਲੜਾਈ ਦੀਆਂ ਪਾਲਾਂ ਬੰਨ੍ਹਣ ਵਾਲੇ ਸਨ37ਅਤੇ ਯਰਦਨ ਦੇ ਪਾਰ ਦੇ ਰਊਬੇਨੀਆਂ ਤੇ ਗਾਦੀਆਂ ਤੇ ਮਨੱਸ਼ਾਹ ਦੇ ਅੱਧੇ ਗੋਤ ਵਿੱਚੋਂ ਇੱਕ ਲੱਖ ਵੀਹ ਹਜ਼ਾਰ ਸਨ, ਜਿਹਨਾਂ ਨੇ ਯੁਧ ਦੇ ਹਰੇਕ ਪ੍ਰਕਾਰ ਦੇ ਸ਼ਸਤਰ ਧਾਰੇ ਹੋਏ ਸਨ
38ਇਹ ਸੱਭੇ ਜੋਧੇ ਪੁਰਸ਼ ਜਿਹੜੇ ਲੜਾਈ ਦੀਆਂ ਪਾਲਾਂ ਬੰਨਣ ਜਾਣਦੇ ਸਨ, ਸ਼ੁੱਧ ਮਨ ਨਾਲ ਹਬਰੋਨ ਵਿੱਚ ਆ ਪਹੁੰਚੇ, ਤਾਂ ਕਿ ਦਾਊਦ ਨੂੰ ਸਾਰੇ ਇਸਰਾਏਲ ਦਾ ਪਾਤਸ਼ਾਹ ਬਣਾਉਣ, ਅਤੇ ਇਸਰਾਏਲ ਦੇ ਸਾਰੇ ਰਹਿੰਦੇ ਲੋਕ ਵੀ ਦਾਊਦ ਨੂੰ ਪਾਤਸ਼ਾਹ ਬਣਾਉਣ ਲਈ ਇੱਕ ਮਨ ਹੋ ਗਏ39ਅਤੇ ਉਹ ਉੱਥੇ ਦਾਊਦ ਨਾਲ ਤਿੰਨਾਂ ਦਿਨਾਂ ਤੱਕ ਖਾਂਦੇ-ਪੀਂਦੇ ਰਹੇ, ਕਿਉਂ ਜੋ ਉਨ੍ਹਾਂ ਦੇ ਭਰਾਵਾਂ ਨੇ ਉਨ੍ਹਾਂ ਲਈ ਤਿਆਰੀ ਕੀਤੀ ਸੀ40ਇਸ ਤੋਂ ਇਲਾਵਾ ਉਹ ਜੋ ਉਨ੍ਹਾਂ ਦੇ ਨੇੜੇ ਸਨ ਅਤੇ ਉਹ ਜਿਹੜੇ ਯਿੱਸਾਕਰ, ਜ਼ਬੁਲੂਨ ਅਤੇ ਨਫਤਾਲੀ ਤੱਕ ਵੀ ਵੱਸਦੇ ਸਨ, ਉਹ ਵੀ ਖੋਤਿਆਂ ਉੱਤੇ, ਊੱਠਾਂ ਉੱਤੇ, ਖੱਚਰਾਂ ਉੱਤੇ ਅਤੇ ਬਲ਼ਦਾਂ ਉੱਤੇ ਲੱਦ ਕੇ ਰੋਟੀਆਂ, ਆਟਾ, ਅੰਜੀਰਾਂ ਦੀਆਂ ਪਿੰਨੀਆਂ, ਕਿਸ਼ਮਸ਼ ਦੇ ਗੁੱਛੇ, ਦਾਖ਼ਰਸ, ਤੇਲ, ਬਲ਼ਦ ਅਤੇ ਭੇਡਾਂ ਬਹੁਤਾਇਤ ਨਾਲ ਲਿਆਏ, ਇਸ ਲਈ ਜੋ ਇਸਰਾਏਲ ਵਿੱਚ ਅਨੰਦ ਹੋਇਆ ।

13
ਨੇਮ ਦੇ ਸੰਦੂਕ ਨੂੰ ਕਿਰਯਥਯਾਰੀਮ ਤੋਂ ਲਿਆਉਣਾ
(2 ਸਮੂਏਲ 6:1-11)

1ਦਾਊਦ ਨੇ ਹਜ਼ਾਰਾਂ ਤੇ ਸੈਂਕੜਿਆਂ ਦੇ ਸਰਦਾਰ ਸਗੋਂ ਸਾਰੇ ਹਾਕਮਾਂ ਨਾਲ ਸਲਾਹ ਕੀਤੀ ।2ਅਤੇ ਦਾਊਦ ਨੇ ਇਸਰਾਏਲ ਦੀ ਸਾਰੀ ਸਭਾ ਨੂੰ ਆਖਿਆ ਕਿ ਜੇ ਤੁਹਾਨੂੰ ਚੰਗਾ ਲੱਗੇ ਅਤੇ ਜੇ ਇਹ ਯਹੋਵਾਹ ਸਾਡੇ ਪਰਮੇਸ਼ੁਰ ਵੱਲੋਂ ਹੋਵੇ, ਤਾਂ ਅਸੀਂ ਇਸਰਾਏਲ ਦੇ ਸਾਰੇ ਦੇਸ ਵਿੱਚ ਆਪਣੇ ਰਹਿੰਦੇ ਭਰਾਵਾਂ ਦੇ ਕੋਲ ਅਤੇ ਉਨ੍ਹਾਂ ਦੇ ਨਾਲ ਜਾਜਕਾਂ ਤੇ ਲੇਵੀਆਂ ਦੇ ਕੋਲ, ਉਨ੍ਹਾਂ ਦੇ ਸ਼ਹਿਰਾਂ ਅਤੇ ਉਨ੍ਹਾਂ ਦੀਆਂ ਸ਼ਾਮਲਾਟਾਂ ਵਿੱਚ ਸਾਡੇ ਕੋਲ ਇਕੱਠੇ ਹੋਣ3ਅਤੇ ਅਸੀਂ ਆਪਣੇ ਪਰਮੇਸ਼ੁਰ ਦਾ ਸੰਦੂਕ ਆਪਣੇ ਕੋਲ ਇੱਥੇ ਮੋੜ ਲਿਆਈਏ, ਕਿਉਂ ਜੋ ਅਸੀਂ ਸ਼ਾਊਲ ਦਿਆਂ ਦਿਨਾਂ ਵਿੱਚ ਉਸ ਦੀ ਖੋਜ ਨਾ ਕੀਤੀ4ਤਦ ਸਾਰੀ ਸਭਾ ਨੇ ਆਖਿਆ ਕਿ ਅਸੀਂ ਇਸ ਤਰ੍ਹਾਂ ਕਰਾਂਗੇ, ਕਿਉਂਕਿ ਇਹ ਗੱਲ ਸਾਰੇ ਲੋਕਾਂ ਨੂੰ ਚੰਗੀ ਲੱਗੀ ।

5ਅਖ਼ੀਰ, ਦਾਊਦ ਨੇ ਸਾਰੇ ਇਸਰਾਏਲ ਨੂੰ ਮਿਸਰ ਦੇ ਸ਼ਹਿਰਾਂ ਤੋਂ ਹਮਾਥ ਦੇ ਰਸਤੇ ਤੱਕ ਇਕੱਠਾ ਕੀਤਾ, ਤਾਂ ਕਿ ਪਰਮੇਸ਼ੁਰ ਦੇ ਸੰਦੂਕ ਨੂੰ ਕਿਰਯਥਯਾਰੀਮ ਤੋਂ ਲਿਆਉਣ6ਅਤੇ ਦਾਊਦ ਅਤੇ ਸਾਰਾ ਇਸਰਾਏਲ ਬਆਲਹ ਨੂੰ ਅਰਥਾਤ ਕਿਰਯਥਯਾਰੀਮ ਨੂੰ ਜੋ ਯਹੂਦਾਹ ਵਿੱਚ ਹੈ ਚੜ੍ਹ ਗਏ, ਤਾਂ ਕਿ ਉੱਥੋਂ ਪਰਮੇਸ਼ੁਰ ਦੇ ਸੰਦੂਕ ਨੂੰ ਲਿਆਉਣ ਅਰਥਾਤ ਉਸ ਯਹੋਵਾਹ ਦੇ ਸੰਦੂਕ ਨੂੰ, ਜਿਹੜਾ ਕਰੂਬੀਆਂ ਦੇ ਵਿਚਕਾਰ ਵੱਸਦਾ ਹੈ, ਜਿੱਥੇ ਉਸ ਦਾ ਨਾਮ ਲਿਆ ਜਾਂਦਾ ਹੈ
7ਅਤੇ ਉਨ੍ਹਾਂ ਪਰਮੇਸ਼ੁਰ ਦੇ ਸੰਦੂਕ ਨੂੰ ਅਬੀਨਾਦਾਬ ਦੇ ਘਰੋਂ ਕੱਢ ਕੇ ਇੱਕ ਨਵੀਂ ਬੈਲ ਗੱਡੀ ਉੱਤੇ ਰੱਖਿਆ ਅਤੇ ਉੱਜ਼ਾ ਤੇ ਅਹਯੋ ਬੈਲ ਗੱਡੀ ਨੂੰ ਹੱਕਦੇ ਸਨ8ਅਤੇ ਦਾਊਦ ਅਤੇ ਸਾਰਾ ਇਸਰਾਏਲ ਪਰਮੇਸ਼ੁਰ ਦੇ ਅੱਗੇ ਆਪਣੇ ਸਾਰੇ ਬਲ ਨਾਲ ਗੀਤ ਅਤੇ ਰਾਗਾਂ ਨੂੰ ਗਾਉਂਦੇ, ਸਿਤਾਰ ਤੇ ਤੰਬੁਰਾ ਅਤੇ ਢੋਲਕ, ਅਤੇ ਛੈਣੇ ਅਤੇ ਤੁਰ੍ਹੀਆਂ ਨੂੰ ਵਜਾਉਂਦੇ ਹੋਏ ਤੁਰੇ ।
9ਅਤੇ ਜਦੋਂ ਉਹ ਕੀਦੋਨ ਦੇ ਪਿੜ ਵਿੱਚ ਪਹੁੰਚੇ ਤਾਂ ਉੱਜ਼ਾ ਨੇ ਸੰਦੂਕ ਦੇ ਸੰਭਾਲਣ ਲਈ ਆਪਣਾ ਹੱਥ ਲੰਮਾਂ ਕੀਤਾ, ਇਸ ਲਈ ਜੋ ਬਲ਼ਦਾਂ ਨੇ ਠੇਡਾ ਖਾਧਾ ਸੀ10ਤਾਂ ਯਹੋਵਾਹ ਦਾ ਕ੍ਰੋਧ ਉੱਜ਼ਾ ਉੱਤੇ ਭੜਕਿਆ ਅਤੇ ਉਸ ਨੇ ਉਹ ਨੂੰ ਮਾਰ ਸੁੱਟਿਆ, ਕਿਉਂਕਿ ਉਸ ਨੇ ਸੰਦੂਕ ਉੱਤੇ ਹੱਥ ਲੰਮਾ ਕੀਤਾ ਸੀ11ਅਤੇ ਉਹ ਪਰਮੇਸ਼ੁਰ ਦੇ ਅੱਗੇ ਉੱਥੇ ਹੀ ਮਰ ਗਿਆ, ਤਾਂ ਦਾਊਦ ਦੁਖੀ ਹੋਇਆ ਅਤੇ ਉਸ ਨੇ ਉਸ ਥਾਂ ਦਾ ਨਾਮ ਪਰਸਉੱਜ਼ਾ ਰੱਖਿਆ ਕਿਉਂਕਿ ਉੱਥੇ ਯਹੋਵਾਹ ਨੇ ਉੱਜ਼ਾ ਨੂੰ ਮਾਰਿਆ, ਇਹ ਨਾਮ ਅੱਜ ਤੱਕ ਪ੍ਰਸਿੱਧ ਹੈ
12ਅਤੇ ਦਾਊਦ ਉਸ ਵੇਲੇ ਪਰਮੇਸ਼ੁਰ ਤੋਂ ਡਰ ਕੇ ਬੋਲਿਆ ਕਿ ਮੈਂ ਪਰਮੇਸ਼ੁਰ ਦੇ ਸੰਦੂਕ ਨੂੰ ਆਪਣੇ ਕੋਲ ਕਿਵੇਂ ਲਿਆਵਾਂ ?13ਸੋ ਦਾਊਦ ਸੰਦੂਕ ਨੂੰ ਆਪਣੇ ਕੋਲ ਦਾਊਦ ਦੇ ਨਗਰ ਵਿੱਚ ਨਾ ਲਿਆਇਆ, ਸਗੋਂ ਗਿਤੀ ਓਬੇਦਅਦੋਮ ਦੇ ਘਰ ਵਿੱਚ ਉਸ ਨੂੰ ਰੱਖ ਛੱਡਿਆ14ਅਤੇ ਪਰਮੇਸ਼ੁਰ ਦਾ ਸੰਦੂਕ ਓਬੇਦਅਦੋਮ ਦੀ ਕੁਲ ਦੇ ਕੋਲ ਉਸ ਦੇ ਘਰ ਵਿੱਚ ਤਿੰਨਾਂ ਮਹੀਨਿਆਂ ਤੱਕ ਰਿਹਾ, ਅਤੇ ਯਹੋਵਾਹ ਨੇ ਓਬੇਦਅਦੋਮ ਦੇ ਘਰ ਨੂੰ ਅਤੇ ਉਸ ਦੀਆਂ ਸਾਰੀਆਂ ਵਸਤਾਂ ਨੂੰ ਅਸੀਸ ਦਿੱਤੀ ।

14
ਯਰੂਸ਼ਲਮ ਦੇ ਵਿੱਚ ਦਾਊਦ ਦੇ ਕੰਮ
(2 ਸਮੂਏਲ 5:11-16)

1ਸੂਰ ਦੇ ਰਾਜਾ ਹੀਰਾਮ ਨੇ ਦਾਊਦ ਕੋਲ ਦੂਤ ਭੇਜੇ ਅਤੇ ਉਸਦਾ ਮਹਿਲ ਬਣਾਉਣ ਲਈ ਦਿਆਰ ਦੀ ਲੱਕੜ ਦੇ ਸ਼ਤੀਰ, ਰਾਜ ਮਿਸਤਰੀ ਅਤੇ ਤਰਖਾਣ ਵੀ ਭੇਜੇ ।2ਦਾਊਦ ਨੂੰ ਵਿਸ਼ਵਾਸ ਹੋਇਆ ਕਿ ਯਹੋਵਾਹ ਨੇ ਉਸ ਨੂੰ ਇਸਰਾਏਲ ਦਾ ਪਾਤਸ਼ਾਹ ਠਹਿਰਾਇਆ ਹੈ, ਕਿਉਂ ਜੋ ਉਸ ਦਾ ਰਾਜ ਉਸ ਦੀ ਇਸਰਾਏਲੀ ਪਰਜਾ ਦੇ ਕਾਰਨ ਅੱਤ ਉੱਚਾ ਕੀਤਾ ਗਿਆ ।

3ਦਾਊਦ ਨੇ ਯਰੂਸ਼ਲਮ ਵਿੱਚ ਹੋਰ ਵੀ ਪਤਨੀਆਂ ਕੀਤੀਆਂ ਅਤੇ ਉਸ ਦੇ ਘਰ ਹੋਰ ਵੀ ਧੀਆਂ ਅਤੇ ਪੁੱਤਰ ਹੋਏ ।4ਉਸ ਦੇ ਉਨ੍ਹਾਂ ਪੁੱਤਰਾਂ ਦੇ ਨਾਮ ਜਿਹੜੇ ਯਰੂਸ਼ਲਮ ਵਿੱਚ ਜੰਮੇ ਇਹ ਸਨ - ਸ਼ੰਮੂਆ, ਸ਼ੋਬਾਬ, ਨਾਥਾਨ, ਸੁਲੇਮਾਨ,5ਯਿਬਹਾਰ, ਅਲੀਸ਼ੂਆ, ਅਲਪਾਲਟ,6ਨੋਗਹ, ਨਫਗ, ਯਾਫੀਆ,7ਅਲੀਸ਼ਾਮਾ, ਬਅਲਯਾਦਾ ਅਤੇ ਅਲੀਫਾਲਟ ।
ਫ਼ਲਿਸਤੀਆਂ ਉੱਤੇ ਦਾਊਦ ਦੀ ਜਿੱਤ
(2 ਸਮੂਏਲ 5:17-25)

8ਜਦੋਂ ਫ਼ਲਿਸਤੀਆਂ ਨੇ ਸੁਣਿਆ ਕਿ ਦਾਊਦ ਸਾਰੇ ਇਸਰਾਏਲ ਉੱਤੇ ਪਾਤਸ਼ਾਹ ਹੋਣ ਲਈ ਮਸਹ ਕੀਤਾ ਗਿਆ ਹੈ, ਤਾਂ ਸਾਰੇ ਫਲਿਸਤੀ ਦਾਊਦ ਦੇ ਲੱਭਣ ਨੂੰ ਆਏ, ਤਾਂ ਦਾਊਦ ਇਹ ਸੁਣ ਕੇ ਉਨ੍ਹਾਂ ਦਾ ਸਾਹਮਣਾ ਕਰਨ ਨੂੰ ਨਿੱਕਲਿਆ9ਅਤੇ ਫ਼ਲਿਸਤੀਆਂ ਨੇ ਆ ਕੇ ਰਫਾਈਮ ਦੀ ਘਾਟੀ ਵਿੱਚ ਹਮਲਾ ਕੀਤਾ
10ਤਦ ਦਾਊਦ ਨੇ ਪਰਮੇਸ਼ੁਰ ਤੋਂ ਪੁੱਛਿਆ, "ਕੀ ਮੈਂ ਫ਼ਲਿਸਤੀਆਂ ਦਾ ਸਾਹਮਣਾ ਕਰਨ ਨੂੰ ਜਾਂਵਾਂ ਅਤੇ ਕੀ ਤੂੰ ਉਨ੍ਹਾਂ ਨੂੰ ਮੇਰੇ ਵੱਸ ਕਰ ਦੇਵੇਂਗਾ ? " ਅਤੇ ਜਦੋਂ ਯਹੋਵਾਹ ਨੇ ਉਸ ਨੂੰ ਆਖਿਆ, "ਜਾ, ਕਿਉਂਕਿ ਮੈਂ ਉਨ੍ਹਾਂ ਨੂੰ ਤੇਰੇ ਅਧੀਨ ਕਰ ਦਿਆਂਗਾ ।"11ਤਾਂ ਉਹ ਬਅਲ ਪਰਾਸੀਮ ਨੂੰ ਚੜ੍ਹ ਆਏ, ਦਾਊਦ ਨੇ ਉਹਨਾਂ ਨੂੰ ਉੱਥੇ ਮਾਰਿਆ, ਤਾਂ ਦਾਊਦ ਨੇ ਆਖਿਆ, "ਪਰਮੇਸ਼ੁਰ ਮੇਰੇ ਹੱਥ ਨਾਲ ਮੇਰੇ ਵੈਰੀਆਂ ਉੱਤੇ ਹੜ੍ਹ ਵਾਂਗੂੰ ਟੁੱਟ ਪਿਆ, ਇਸ ਲਈ ਉਨ੍ਹਾਂ ਨੇ ਉਸ ਥਾਂ ਦਾ ਨਾਮ ਬਅਲਪਰਾਸੀਮ ਰੱਖਿਆ ।"12ਉਹ ਆਪਣੇ ਦੇਵਤਿਆਂ ਨੂੰ ਉੱਥੇ ਛੱਡ ਗਏ, ਤਾਂ ਦਾਊਦ ਨੇ ਉਹਨਾਂ ਦੇਵਤਿਆਂ ਨੂੰ ਅੱਗ ਵਿੱਚ ਸਾੜਨ ਦਾ ਹੁਕਮ ਦਿੱਤਾ ।
13ਫ਼ਲਿਸਤੀਆਂ ਨੇ ਮੁੜ ਕੇ ਫੇਰ ਉਸੇ ਘਾਟੀ ਵਿੱਚ ਹਮਲਾ ਕੀਤਾ,14ਤਾਂ ਦਾਊਦ ਨੇ ਪਰਮੇਸ਼ੁਰ ਕੋਲੋਂ ਪੁੱਛਿਆ ਅਤੇ ਪਰਮੇਸ਼ੁਰ ਨੇ ਉਸ ਨੂੰ ਆਖਿਆ, "ਤੂੰ ਹੁਣ ਉਨ੍ਹਾਂ ਦਾ ਪਿੱਛਾ ਨਾ ਕਰ, ਸਗੋਂ ਉਨ੍ਹਾਂ ਕੋਲੋਂ ਹਟ ਜਾ ਅਤੇ ਤੂਤਾਂ ਦੇ ਦਰੱਖ਼ਤਾਂ ਵੱਲੋਂ ਉਨ੍ਹਾਂ ਉੱਤੇ ਹਮਲਾ ਕਰ,
15ਤਾਂ ਜਿਸ ਵੇਲੇ ਤੂੰ ਤੂਤ ਦੇ ਦਰੱਖ਼ਤਾਂ ਦੀਆਂ ਟਾਹਣੀਆਂ ਵਿੱਚ ਤੁਰਨ ਦੀ ਆਵਾਜ਼ ਸੁਣੇਂ, ਤਾਂ ਤੂੰ ਯੁਧ ਕਰਨ ਨੂੰ ਨਿੱਕਲ ਜਾ, ਕਿਉਂ ਜੋ ਪਰਮੇਸ਼ੁਰ ਤੇਰੇ ਅੱਗੇ-ਅੱਗੇ ਫ਼ਲਿਸਤੀਆਂ ਦੀ ਸੈਨਾ ਨੂੰ ਮਾਰਨ ਲਈ ਨਿੱਕਲਿਆ ਹੈ ।"16ਦਾਊਦ ਨੇ ਪਰਮੇਸ਼ੁਰ ਦੀ ਆਗਿਆ ਦੇ ਅਨੁਸਾਰ ਹੀ ਕੀਤਾ ਅਤੇ ਉਹ ਫ਼ਲਿਸਤੀਆਂ ਦੇ ਦਲ ਨੂੰ ਗਿਬਓਨ ਤੋਂ ਲੈ ਕੇ ਗਜ਼ਰ ਤੱਕ ਮਾਰ-ਮਾਰ ਕੇ ਨਾਸ ਕਰਦਾ ਗਿਆ ।17ਤਾਂ ਦਾਊਦ ਦਾ ਨਾਮ ਸਾਰਿਆਂ ਦੇਸਾਂ ਵਿੱਚ ਫੈਲ ਗਿਆ ਅਤੇ ਯਹੋਵਾਹ ਨੇ ਸਾਰਿਆਂ ਲੋਕਾਂ ਦੇ ਮਨਾਂ ਵਿੱਚ ਉਸ ਦਾ ਡਰ ਪਾ ਦਿੱਤਾ ।

15
ਸੰਦੂਕ ਨੂੰ ਆਪਸ ਲਿਆਉਣ ਦੀ ਤਿਆਰੀ

1ਦਾਊਦ ਨੇ ਆਪਣੇ ਲਈ ਆਪਣੇ ਨਗਰ ਵਿੱਚ ਮਹਿਲ ਬਣਾਵੇ, ਉਸ ਨੇ ਪਰਮੇਸ਼ੁਰ ਦੇ ਸੰਦੂਕ ਲਈ ਇੱਕ ਸਥਾਨ ਬਣਵਾਇਆ ਅਤੇ ਉਸ ਦੇ ਲਈ ਇੱਕ ਤੰਬੂ ਖੜਾ ਕੀਤਾ ।2ਉਸ ਵੇਲੇ ਦਾਊਦ ਨੇ ਆਖਿਆ, "ਲੇਵੀਆਂ ਤੋਂ ਬਿਨ੍ਹਾਂ ਕੋਈ ਪਰਮੇਸ਼ੁਰ ਦੇ ਸੰਦੂਕ ਦੇ ਚੁੱਕਣ ਜੋਗ ਨਹੀਂ, ਕਿਉਂ ਜੋ ਯਹੋਵਾਹ ਨੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਸੰਦੂਕ ਨੂੰ ਚੁੱਕਣ ਲਈ ਅਤੇ ਸਦਾ ਤੱਕ ਉਸ ਦੇ ਅੱਗੇ ਸੇਵਾ ਕਰਨ ਲਈ ਚੁਣਿਆ ਹੈ ।"3ਦਾਊਦ ਨੇ ਸਾਰੇ ਇਸਰਾਏਲ ਨੂੰ ਯਰੂਸ਼ਲਮ ਵਿੱਚ ਸੱਦ ਕੇ ਇਕੱਠਾ ਕੀਤਾ ਤਾਂ ਕਿ ਉਹ ਯਹੋਵਾਹ ਦੇ ਸੰਦੂਕ ਨੂੰ ਉਸ ਸਥਾਨ ਵਿੱਚ ਲੈ ਆਉਣ, ਜਿਹੜਾ ਉਸ ਨੇ ਉਹ ਦੇ ਲਈ ਤਿਆਰ ਕੀਤਾ ਸੀ ।

4ਅਤੇ ਦਾਊਦ ਨੇ ਹਾਰੂਨ ਦੇ ਵੰਸ ਨੂੰ ਅਤੇ ਲੇਵੀਆਂ ਨੂੰ ਇਕੱਠਾ ਕੀਤਾ,5ਕਹਾਥੀਆਂ ਵਿੱਚੋਂ ਸਰਦਾਰ ਊਰੀਏਲ ਤੇ ਉਹ ਦੇ ਭਰਾ, ਇੱਕ ਸੌ ਵੀਹ6ਮਰਾਰੀਆਂ ਵਿੱਚੋਂ ਉਹ ਦੇ ਸਰਦਾਰ ਅਸਾਯਾਹ ਤੇ ਉਹ ਦੇ ਭਰਾ, ਦੋ ਸੌ ਵੀਹ
7ਗੇਰਸ਼ੋਮੀਆਂ ਵਿੱਚੋਂ ਸਰਦਾਰ ਯੋਏਲ ਤੇ ਉਹ ਦਾ ਭਰਾ, ਇੱਕ ਸੌ ਤੀਹ8ਅਲੀਸਾਫਾਨ ਦੇ ਪੁੱਤਰਾਂ ਵਿੱਚੋਂ ਸਰਦਾਰ ਸ਼ਮਅਯਾਹ ਤੇ ਉਹ ਦੇ ਭਰਾ, ਦੋ ਸੌ9ਹਬਰੋਨ ਦੇ ਪੁੱਤਰਾਂ ਵਿੱਚੋਂ ਸਰਦਾਰ ਅਲੀਏਲ ਤੇ ਉਹ ਦੇ ਭਰਾ, ਅੱਸੀ10ਉਜ਼ੀਏਲ ਦੇ ਪੁੱਤਰਾਂ ਵਿੱਚੋਂ ਸਰਦਾਰ ਅੰਮੀਨਾਦਾਬ ਤੇ ਉਹ ਦੇ ਭਰਾ, ਇੱਕ ਸੌ ਬਾਰਾਂ
11ਅਤੇ ਦਾਊਦ ਨੇ ਸਾਦੋਕ ਤੇ ਅਬਯਾਥਾਰ ਜਾਜਕਾਂ ਨੂੰ ਅਤੇ ਊਰੀਏਲ, ਅਸਾਯਾਹ ਤੇ ਯੋਏਲ, ਸ਼ਮਅਯਾਹ ਤੇ ਅਲੀਏਲ ਤੇ ਅੰਮੀਨਾਦਾਬ ਲੇਵੀਆਂ ਨੂੰ ਸੱਦਿਆ12ਅਤੇ ਉਨ੍ਹਾਂ ਨੂੰ ਆਖਿਆ, ਤੁਸੀਂ ਲੇਵੀਆਂ ਦੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਏ ਹੋ । ਤੁਸੀਂ ਆਪਣੇ ਆਪ ਨੂੰ ਪਵਿੱਤਰ ਕਰੋ, ਨਾਲੇ ਤੁਸੀਂ ਤੇ ਤੁਹਾਡੇ ਭਰਾ ਵੀ ਤਾਂ ਕਿ ਤੁਸੀਂ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੇ ਸੰਦੂਕ ਨੂੰ ਉਸ ਸਥਾਨ ਉੱਤੇ ਲੈ ਆਓ, ਜਿਹੜਾ ਮੈਂ ਉਸ ਲਈ ਤਿਆਰ ਕੀਤਾ ਹੈ ।
13ਤੁਸੀਂ ਲੋਕਾਂ ਨੇ ਪਹਿਲੀ ਵਾਰੀ ਸੰਦੂਕ ਨਾ ਚੁੱਕਿਆ, ਇਸ ਲਈ ਯਹੋਵਾਹ ਸਾਡਾ ਪਰਮੇਸ਼ੁਰ ਸਾਡੇ ਉੱਤੇ ਕ੍ਰੋਧਿਤ ਹੋਇਆ, ਕਿਉਂਕਿ ਅਸੀਂ ਉਸ ਦੀ ਭਾਲ ਠਹਿਰਾਈ ਹੋਈ ਰੀਤੀ ਨਾਲ ਨਾ ਕੀਤੀ ।14ਤਦ ਜਾਜਕਾਂ ਅਤੇ ਲੇਵੀਆਂ ਨੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੇ ਸੰਦੂਕ ਨੂੰ ਲਿਆਉਣ ਲਈ, ਆਪਣੇ ਆਪ ਨੂੰ ਪਵਿੱਤਰ ਕੀਤਾ ।15ਲੇਵੀਆਂ ਨੇ ਪਰਮੇਸ਼ੁਰ ਦੇ ਸੰਦੂਕ ਨੂੰ ਚੋਬਾਂ ਨਾਲ ਆਪਣੇ ਮੋਢੇ ਉੱਤੇ ਚੁੱਕਿਆ, ਜਿਵੇਂ ਮੂਸਾ ਨੇ ਯਹੋਵਾਹ ਦੀ ਬਾਣੀ ਦੇ ਅਨੁਸਾਰ ਆਗਿਆ ਦਿੱਤੀ ਸੀ ।
16ਦਾਊਦ ਨੇ ਲੇਵੀਆਂ ਦੇ ਸਰਦਾਰਾਂ ਨੂੰ ਆਗਿਆ ਦਿੱਤੀ ਜੋ ਆਪਣੇ ਭਰਾਵਾਂ ਵਿੱਚੋਂ ਗਵੱਯਾਂ ਨੂੰ ਠਹਿਰਾਉਣ, ਤਾਂ ਕਿ ਉਹ ਜੈ ਕਾਰ ਤੇ ਵਜੰਤਰ ਅਰਥਾਤ ਤੰਬੂਰੇ, ਸਤਾਰਾਂ, ਮਜੀਰੇ ਛੇੜਨ, ਉੱਚੀਆਂ ਸੁਰਾਂ ਕਰ ਕੇ ਅਨੰਦਤਾਈ ਦੇ ਨਾਲ ਗਾਉਣ ।17ਸੋ ਲੇਵੀਆਂ ਨੇ ਯੋਏਲ ਦੇ ਪੁੱਤਰ ਹੇਮਾਨ ਨੂੰ ਠਹਿਰਾਇਆ, ਨਾਲੇ ਉਹ ਦੇ ਭਰਾਵਾਂ ਵਿੱਚੋਂ ਬਰਕਯਾਹ ਦੇ ਪੁੱਤਰ ਆਸਾਫ ਨੂੰ ਅਤੇ ਉਨ੍ਹਾਂ ਦੇ ਮਰਾਰੀ ਭਰਾਵਾਂ ਵਿੱਚੋਂ ਕੂਸ਼ਾਯਾਹ ਦੇ ਪੁੱਤਰ ਯੇਥਾਨ ਨੂੰ18ਅਤੇ ਉਨ੍ਹਾਂ ਦੇ ਭਰਾਵਾਂ ਨੂੰ ਜਿਹੜੇ ਦੂਜੇ ਦਰਜੇ ਦੇ ਸਨ, ਜ਼ਕਰਯਾਹ, ਬੇਨ, ਯਅਜੀਏਲ, ਸ਼ਮੀਰਾਮੋਥ, ਯਹੀਏਲ, ਉੱਨੀ, ਅਲੀਆਬ, ਬਨਾਯਾਹ, ਮਅਸੇਯਾਹ, ਮੱਤਿਥਯਾਹ, ਅਲੀਫਲੇਹੂ, ਮਿਕਨੇਯਾਹ, ਓਬੇਦਅਦੋਮ ਅਤੇ ਯਿਈਏਲ ਦਰਬਾਨਾਂ ਨੂੰ
19ਅਤੇ ਹੇਮਾਨ, ਆਸਾਫ ਤੇ ਏਥਾਨ ਗਵੱਯੇ ਪਿੱਤਲ ਦੇ ਛੈਣਿਆਂ ਨਾਲ ਵਜਾਉਣ ਲਈ ਠਹਿਰਾਏ ਗਏ20ਅਤੇ ਜਕਰਯਾਹ, ਅਜ਼ੀਏਲ, ਸ਼ਮੀਰਾਮੋਥ, ਯਹੀਏਲ, ਉੱਨੀ, ਅਲੀਆਬ, ਮਅਸੇਯਾਹ, ਬਨਾਯਾਹ ਅਤੇ ਅਲਾਮੋਥ ਸੁਰ ਉੱਤੇ ਸਿਤਾਰਾਂ ਨਾਲ21ਅਤੇ ਮੱਤਿਥਯਾਹ ਤੇ ਅਲੀਫਲੇਹੂ ਤੇ ਮਿਕਨੇਯਾਹ ਤੇ ਓਬੇਦਅਦੋਮ ਤੇ ਯਈਏਲ ਤੇ ਅਜ਼ਜ਼ਯਾਹ, ਕਿ ਉਹ ਸ਼ਮੀਨੀਥ ਸੂਰ ਉੱਤੇ ਬਰਬਤਾਂ ਨਾਲ ਅਗਵਾਈ ਕਰਨ
22ਅਤੇ ਲੇਵੀਆਂ ਦਾ ਸਰਦਾਰ ਕਨਨਯਾਹ ਗਾਉਣ ਲਈ । ਉਹ ਗਾਉਣਾ ਸਿਖਾਉਂਦਾ ਸੀ ਕਿਉਂ ਜੋ ਉਹ ਵੱਡਾ ਗੁਣੀ ਸੀ23ਅਤੇ ਬਰਕਯਾਹ ਤੇ ਅਲਕਾਨਾਹ ਸੰਦੂਕ ਦੇ ਦਰਬਾਨ ਸਨ24ਅਤੇ ਸ਼ਬਨਯਾਹ, ਯੋਸ਼ਾਫਾਟ, ਨਥਨਏਲ, ਅਮਾਸਈ, ਜਕਰਯਾਹ, ਬਨਾਯਾਹ ਅਤੇ ਅਲੀਅਜ਼ਰ ਜਾਜਕ ਤੁਰ੍ਹੀਆਂ ਉੱਤੇ ਪਰਮੇਸ਼ੁਰ ਦੇ ਸੰਦੂਕ ਦੇ ਅੱਗੇ ਵਜਾਉਂਦੇ ਸਨ ਅਤੇ ਓਬੇਦਅਦੋਮ ਤੇ ਯਿਹਯਾਹ ਸੰਦੂਕ ਦੇ ਦਰਬਾਨ ਸਨ ।
ਨੇਮ ਦੇ ਸੰਦੂਕ ਨੂੰ ਯਰੂਸ਼ਲਮ ਦੇ ਵਿੱਚ ਲਿਆਉਣਾ
(2 ਸਮੂਏਲ 6:12-22)

25ਸੋ ਦਾਊਦ ਤੇ ਇਸਰਾਏਲ ਦੇ ਬਜ਼ੁਰਗ ਤੇ ਹਜ਼ਾਰਾਂ ਦੇ ਸਰਦਾਰ ਤੁਰ ਪਏ ਭਾਈ ਯਹੋਵਾਹ ਦੇ ਨੇਮ ਦੇ ਸੰਦੂਕ ਨੂੰ ਓਬੇਦਅਦੋਮ ਦੇ ਘਰੋਂ ਅਨੰਦ ਨਾਲ ਚੁੱਕ ਲਿਆਉਣ ।26ਅਤੇ ਅਜਿਹਾ ਹੋਇਆ, ਕਿ ਜਿਸ ਵੇਲੇ ਪਰਮੇਸ਼ੁਰ ਨੇ ਉਨ੍ਹਾਂ ਲੇਵੀਆਂ ਦੀ ਸਹਾਇਤਾ ਕੀਤੀ ਜਿਹੜੇ ਯਹੋਵਾਹ ਦੇ ਨੇਮ ਦੇ ਸੰਦੂਕ ਨੂੰ ਚੁੱਕੀ ਲਈ ਜਾਂਦੇ ਸਨ ਤਾਂ ਉਨ੍ਹਾਂ ਨੇ ਸੱਤ ਬਲ਼ਦ ਅਤੇ ਸੱਤ ਮੇਢੇ ਬਲੀਦਾਨ ਲਈ ਚੜਾਏ ।
27ਦਾਊਦ, ਸਾਰੇ ਲੇਵੀ ਜਿਹੜੇ ਸੰਦੂਕ ਨੂੰ ਚੁੱਕੀ ਲਈ ਜਾਂਦੇ ਸਨ, ਗਵੱਯਾ ਅਤੇ ਗਵੱਯਾਂ ਦੇ ਨਾਲ ਕਨਨਯਾਹ ਜਿਹੜਾ ਗਾਉਣ ਵਾਲਿਆਂ ਦਾ ਆਗੂ ਸੀ, ਸਭ ਨੇ ਕਤਾਨ ਦੇ ਚੋਲੇ ਪਹਿਨੇ ਹੋਏ ਸਨ, ਅਤੇ ਦਾਊਦ ਨੇ ਕਤਾਨ ਦਾ ਏਫੋਦ ਪਹਿਨਿਆ ਹੋਇਆ ਸੀ ।28ਅਤੇ ਸਾਰੇ ਇਸਰਾਏਲ ਨੇ ਪੁਕਾਰਦਿਆਂ, ਤੁਰ੍ਹੀਆਂ ਤੇ ਨਰਸਿੰਗੇ ਫੂਕਦੇ ਫੂਕਦੇ ਅਤੇ ਮਜੀਰਿਆਂ, ਸਿਤਾਰਾਂ ਤੇ ਬੀਨਾਂ ਨੂੰ ਉੱਚੀ ਅਵਾਜ਼ ਨਾਲ ਵਜਾਉਂਦਿਆਂ ਹੋਇਆਂ, ਯਹੋਵਾਹ ਦੇ ਨੇਮ ਦੇ ਸੰਦੂਕ ਨੂੰ ਚੁੱਕ ਲਿਆਏ ।
29ਤਾਂ ਜਦੋਂ ਯਹੋਵਾਹ ਦਾ ਸੰਦੂਕ ਦਾਊਦ ਦੇ ਨਗਰ ਵਿੱਚ ਪਹੁੰਚਿਆ, ਤਾਂ ਸ਼ਾਊਲ ਦੀ ਧੀ ਮੀਕਲ ਨੇ ਬਾਰੀ ਵਿੱਚੋਂ ਦੀ ਝਾਤ ਮਾਰੀ ਅਤੇ ਦੇਖਿਆ ਕਿ ਦਾਊਦ ਪਾਤਸ਼ਾਹ ਨੱਚਦਾ ਅਤੇ ਕੁੱਦਦਾ ਹੈ, ਉਸ ਨੇ ਆਪਣੇ ਮਨ ਵਿੱਚ ਉਸ ਨੂੰ ਤੁਛ ਜਾਣਿਆ ।

16

1ਸੋ ਉਹ ਪਰਮੇਸ਼ੁਰ ਦੇ ਸੰਦੂਕ ਨੂੰ ਚੁੱਕ ਲਿਆਏ ਅਤੇ ਉਸ ਨੂੰ ਤੰਬੂ ਵਿੱਚ ਰੱਖਿਆ ਜਿਹੜਾ ਦਾਊਦ ਨੇ ਉਸ ਦੇ ਲਈ ਖੜਾ ਕੀਤਾ ਸੀ ਅਤੇ ਹੋਮ ਦੀਆਂ ਬਲੀਆਂ ਤੇ ਸੁੱਖ-ਸਾਂਦ ਦੀਆਂ ਭੇਟਾਂ ਪਰਮੇਸ਼ੁਰ ਦੇ ਅੱਗੇ ਚੜ੍ਹਾਈਆਂ ।2ਜਦ ਦਾਊਦ ਹੋਮ ਦੀਆਂ ਬਲੀਆਂ ਤੇ ਸੁੱਖ-ਸਾਂਦ ਦੀਆਂ ਭੇਟਾਂ ਨੂੰ ਚੜ੍ਹਾ ਚੁੱਕਾ, ਤਾਂ ਉਸ ਨੇ ਯਹੋਵਾਹ ਦਾ ਨਾਮ ਲੈ ਕੇ ਲੋਕਾਂ ਨੂੰ ਅਸੀਸਾਂ ਦਿੱਤੀਆਂ3ਅਤੇ ਉਸ ਨੇ ਸਾਰੇ ਇਸਰਾਏਲੀ ਲੋਕਾਂ ਨੂੰ, ਕੀ ਪੁਰਸ਼, ਕੀ ਇਸਤਰੀ ਹਰੇਕ ਨੂੰ ਇੱਕ-ਇੱਕ ਰੋਟੀ, ਇੱਕ-ਇੱਕ ਟੁਕੜਾ ਮਾਸ ਦਾ ਅਤੇ ਇੱਕ-ਇੱਕ ਪਿੰਨੀ ਦਾਖ਼ ਦੀ ਵੰਡ ਦਿੱਤੀ ।

4ਉਸ ਨੇ ਲੇਵੀਆਂ ਵਿੱਚੋਂ ਕਈਆਂ ਨੂੰ ਠਹਿਰਾਇਆ ਜੋ ਯਹੋਵਾਹ ਦੇ ਸੰਦੂਕ ਦੇ ਅੱਗੇ ਸੇਵਾ ਕਰਨ, ਅਤੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੀ ਚਰਚਾ, ਧੰਨਵਾਦ ਅਤੇ ਉਸਤਤ ਕਰਨ5ਅਰਥਾਤ ਆਸਾਫ ਮੁਖੀਆ ਤੇ ਦੂਜੇ ਜ਼ਕਰਯਾਹ, ਯਿਈਏਲ, ਸ਼ਮੀਰਾਮੋਥ, ਯਿਹੀਏਲ, ਮੱਤਿਥਯਾਹ, ਅਲੀਆਬ, ਬਨਾਯਾਹ, ਓਬੇਦ ਅਦੋਮ ਅਤੇ ਯਿਈਏਲ ਨੂੰ, ਸਿਤਾਰਾਂ ਤੇ ਬਰਬਤਾਂ ਦੇ ਨਾਲ ਅਤੇ ਆਸਾਫ ਛੈਣਿਆਂ ਨਾਲ ਵਜਾਉਂਦਾ ਸੀ ।6ਬਨਾਯਾਹ ਤੇ ਯਹਜ਼ੀਏਲ ਜਾਜਕ ਤੁਰ੍ਹੀਆਂ ਨਾਲ ਪਰਮੇਸ਼ੁਰ ਦੇ ਨੇਮ ਦੇ ਸੰਦੂਕ ਦੇ ਅੱਗੇ ਸਦਾ ਵਜਾਉਂਦੇ ਸਨ ।
7ਉਸੇ ਦਿਨ ਦਾਊਦ ਨੇ ਆਸਾਫ਼ ਤੇ ਉਹ ਦੇ ਭਰਾਵਾਂ ਦੇ ਹੱਥ ਵਿੱਚ ਇਹ ਯਹੋਵਾਹ ਲਈ ਧੰਨਵਾਦ ਦਾ ਗੀਤ ਪਹਿਲਾਂ ਸੌਂਪ ਦਿੱਤਾ,
ਧੰਨਵਾਦ ਦਾ ਭਜਨ
(ਜ਼ਬੂਰ 10:1-15, 96:1-13, 106:1, 47, 48)

8ਯਹੋਵਾਹ ਦਾ ਧੰਨਵਾਦ ਕਰੋ, ਉਹ ਦਾ ਨਾਮ ਲੈ ਕੇ ਪੁਕਾਰੋ, ਉੱਮਤਾਂ ਵਿੱਚ ਉਹ ਦੇ ਕਾਰਜਾਂ ਨੂੰ ਪਰਗਟ ਕਰੋ ।9ਉਹ ਨੂੰ ਗਾਓ, ਉਸ ਲਈ ਭਜਨ ਗਾਓ, ਉਹ ਦੇ ਸਾਰਿਆਂ ਅਚਰਜ ਕੰਮਾਂ ਉੱਤੇ ਧਿਆਨ ਕਰੋ ।
10ਉਹ ਦੇ ਪਵਿੱਤਰ ਨਾਮ ਉਤੇ ਮਾਣ ਕਰੋ, ਯਹੋਵਾਹ ਦੇ ਖੋਜੀਆਂ ਦੇ ਮਨ ਅਨੰਦ ਹੋਣ ।11ਯਹੋਵਾਹ ਤੇ ਉਹ ਦੀ ਸਮਰੱਥਾ ਦੀ ਭਾਲ ਕਰੋ, ਸਦਾ ਉਹ ਦੇ ਦਰਸ਼ਨ ਨੂੰ ਲੋਚੋ ।
12ਉਹ ਦੇ ਅਚਰਜ ਕੰਮਾਂ ਨੂੰ ਜਿਹੜੇ ਉਸ ਨੇ ਕੀਤੇ ਹਨ ਚੇਤੇ ਰੱਖੋ, ਉਹ ਦੇ ਅਚੰਭਿਆਂ ਨੂੰ ਅਤੇ ਉਹ ਦੇ ਮੂੰਹ ਦੇ ਨਿਯਮਾਂ ਨੂੰ ਵੀ ।13ਹੇ ਉਹ ਦੇ ਦਾਸ ਇਸਰਾਏਲ ਦੇ ਵੰਸ, ਹੇ ਯਾਕੂਬ ਦੀ ਸੰਤਾਨ, ਜਿਹੜੇ ਉਹ ਦੇ ਚੁਣੇ ਹੋਏ ਹੋ,14ਉਹੋ ਯਹੋਵਾਹ ਸਾਡਾ ਪਰਮੇਸ਼ੁਰ ਹੈ ਸਾਰੇ ਜਗਤ ਵਿੱਚ ਉਹ ਦੇ ਨਿਆਂ ਹਨ ।
15ਉਹ ਦਾ ਨੇਮ ਸਦਾ ਤੱਕ ਚੇਤੇ ਰੱਖੋ, ਉਸ ਬਚਨ ਨੂੰ ਜਿਹ ਦਾ ਉਸ ਨੇ ਹਜ਼ਾਰਾਂ ਪੀੜ੍ਹੀਆਂ ਲਈ ਹੁਕਮ ਕੀਤਾ,16ਜਿਹੜਾ ਉਹ ਨੇ ਅਬਰਾਹਾਮ ਨਾਲ ਬੰਨ੍ਹਿਆ, ਅਤੇ ਇਸਹਾਕ ਨਾਲ ਉਹ ਦੀ ਸਹੁੰ ਖਾਧੀ,17ਅਤੇ ਉਹ ਨੂੰ ਯਾਕੂਬ ਲਈ ਬਿਧੀ ਕਰ ਕੇ ਅਤੇ ਇਸਰਾਏਲ ਲਈ ਸਦਾ ਦਾ ਨੇਮ ਕਰ ਕੇ ਪੱਕਾ ਕੀਤਾ ।18ਅਤੇ ਆਖਿਆ, ਮੈਂ ਕਨਾਨ ਦੇਸ ਤੈਨੂੰ ਦਿਆਂਗਾ ਉਹ ਤੁਹਾਡੀ ਵਿਰਾਸਤ ਦਾ ਹਿੱਸਾ ਹੈ,
19ਜਦ ਤੁਸੀਂ ਗਿਣਤੀ ਵਿੱਚ ਥੋੜੇ ਸਗੋਂ ਬਹੁਤ ਹੀ ਥੋੜੇ ਅਤੇ ਉਹ ਦੇ ਵਿੱਚ ਪਰਦੇਸੀ ਸੀ,20ਅਤੇ ਉਹ ਕੌਮ ਤੋਂ ਕੌਮ ਵਿੱਚ ਤੇ ਇੱਕ ਰਾਜ ਤੋਂ ਦੂਜੀ ਉੱਮਤ ਵਿੱਚ ਫਿਰਦੇ ਰਹੇ ।21ਉਸ ਨੇ ਕਿਸੇ ਨੂੰ ਉਨ੍ਹਾਂ ਉੱਤੇ ਧੱਕਾ ਨਾ ਕਰਨ ਦਿੱਤਾ ਸਗੋਂ ਉਨ੍ਹਾਂ ਦੇ ਕਾਰਨ ਰਾਜਿਆਂ ਨੂੰ ਝਿੜਕਿਆ,22ਕਿ ਮੇਰੇ ਮਸਹ ਕੀਤਿਆਂ ਹੋਇਆਂ ਨੂੰ ਹੱਥ ਨਾ ਲਾਓ, ਤੇ ਮੇਰੇ ਨਬੀਆਂ ਨੂੰ ਨੁਕਸਾਨ ਨਾ ਪਹੁੰਚਾਓ ।
23ਹੇ ਸਾਰੀ ਸਰਿਸ਼ਟੀ, ਯਹੋਵਾਹ ਲਈ ਗਾਓ, ਉਸ ਦੀ ਮੁਕਤੀ ਦਾ ਦਿਨੋਂ ਦਿਨ ਪਰਚਾਰ ਕਰੋ ।24ਕੌਮਾਂ ਦੇ ਵਿੱਚ ਉਸ ਦੇ ਪਰਤਾਪ ਦਾ ਅਤੇ ਸਾਰੇ ਲੋਕਾਂ ਵਿੱਚ ਉਸ ਦੇ ਅਚਰਜ ਕੰਮਾਂ ਦਾ ਵਰਨਣ ਕਰੋ ।
25ਇਸ ਲਈ ਕਿ ਯਹੋਵਾਹ ਮਹਾਨ ਤੇ ਅੱਤ ਉਸਤਤ ਜੋਗ ਹੈ, ਉਹ ਸਾਰੇ ਦੇਵਤਿਆਂ ਨਾਲੋਂ ਭੈ ਦਾਇਕ ਹੈ ।26ਲੋਕਾਂ ਦੇ ਸਾਰੇ ਦੇਵਤੇ ਬੁੱਤ ਹੀ ਹਨ, ਪਰ ਯਹੋਵਾਹ ਨੇ ਅਕਾਸ਼ ਬਣਾਏ ।27ਮਾਣ ਤੇ ਉਪਮਾ ਉਹ ਦੇ ਹਜ਼ੂਰ ਹਨ, ਬਲ ਤੇ ਅਨੰਦਤਾਈ ਉਸ ਦੇ ਸਥਾਨ ਵਿੱਚ ਹਨ ।
28ਹੇ ਲੋਕਾਂ ਦੇ ਕੁਲੋ, ਯਹੋਵਾਹ ਨੂੰ ਮੰਨੋ, ਹਾਂ ਪਰਤਾਪ ਤੇ ਸਮਰੱਥਾ ਯਹੋਵਾਹ ਦੀ ਮੰਨੋ,29ਪਰਤਾਪ ਯਹੋਵਾਹ ਦੇ ਨਾਮ ਦਾ ਮੰਨੋ, ਭੇਟਾਂ ਲੈ ਕੇ ਉਸ ਦੇ ਦਰਬਾਰ ਵਿੱਚ ਆਓ, ਪਵਿੱਤਰਤਾਈ ਦੀ ਸਜਾਵਟ ਨਾਲ ਯਹੋਵਾਹ ਨੂੰ ਮੱਥਾ ਟੇਕੋ ।
30ਹੇ ਸਾਰੀ ਸਰਿਸ਼ਟੀ, ਉਸ ਦੇ ਸਨਮੁਖ ਥਰ-ਥਰ ਕਰੋ ਜਗਤ ਤਾਂ ਕਾਇਮ ਹੈ, ਉਹ ਨਹੀਂ ਹਿੱਲੇਗਾ ।31ਅਕਾਸ਼ ਅਨੰਦ ਕਰਨ ਅਤੇ ਧਰਤੀ ਖੁਸ਼ੀ ਮਨਾਵੇ, ਅਤੇ ਕੌਮਾਂ ਵਿੱਚ ਲੋਕ ਆਖਣ, ਯਹੋਵਾਹ ਰਾਜ ਕਰਦਾ ਹੈ ।
32ਸਮੁੰਦਰ ਤੇ ਉਹ ਦੀ ਭਰਪੂਰੀ ਗਰਜੇ, ਮਦਾਨ ਤੇ ਜੋ ਕੁਝ ਉਸ ਦੇ ਵਿੱਚ ਹੈ ਬਾਗ਼ ਬਾਗ਼ ਹੋਵੇ,33ਤਾਂ ਬਨ ਦੇ ਰੁੱਖ ਯਹੋਵਾਹ ਦੇ ਹਜ਼ੂਰ ਜੈਕਾਰਾ ਗਜਾਉਣਗੇ, ਕਿਉਂ ਜੋ ਉਹ ਧਰਤੀ ਦੇ ਨਿਆਂ ਲਈ ਆ ਰਿਹਾ ਹੈ ।
34ਯਹੋਵਾਹ ਦਾ ਧੰਨਵਾਦ ਕਰੋ ਕਿਉਂਕਿ ਉਹ ਭਲਾ ਹੈ, ਤੇ ਉਹ ਦੀ ਦਯਾ ਸਦਾ ਤੱਕ ਹੈ ।35ਤੁਸੀਂ ਆਖੋ, ਹੇ ਸਾਡੀ ਮੁਕਤੀ ਦੇ ਪਰਮੇਸ਼ੁਰ, ਸਾਨੂੰ ਬਚਾ, ਅਤੇ ਸਾਨੂੰ ਇੱਕਠਾ ਕਰ ਤੇ ਸਾਨੂੰ ਕੌਮਾਂ ਤੋਂ ਛੁਡਾ, ਤਾਂ ਜੋ ਅਸੀਂ ਤੇਰੇ ਪਵਿੱਤਰ ਨਾਮ ਦਾ ਧੰਨਵਾਦ ਕਰੀਏ, ਤੇ ਤੇਰੀ ਵਡਿਆਈ ਵਿੱਚ ਫ਼ਤਹ ਪਾਈਏ ।
36ਯਹੋਵਾਹ ਇਸਰਾਏਲ ਦਾ ਪਰਮੇਸ਼ੁਰ, ਆਦ ਤੋਂ ਅੰਤ ਤੱਕ ਮੁਰਾਬਕ ਹੋਵੇ । ਤੇ ਸਾਰੀ ਪਰਜਾ ਨੇ "ਆਮੀਨ" ਆਖਿਆ ਅਤੇ ਯਹੋਵਾਹ ਦੀ ਉਸਤਤ ਕੀਤੀ ।
ਯਰੂਸ਼ਲਮ ਅਤੇ ਗਿਬੋਨ ਵਿੱਚ ਅਰਾਧਨਾ

37ਉਸ ਨੇ ਉੱਥੇ ਯਹੋਵਾਹ ਦੇ ਨੇਮ ਦੇ ਸੰਦੂਕ ਦੇ ਅੱਗੇ ਆਸਾਫ ਅਤੇ ਉਸ ਦੇ ਭਰਾਵਾਂ ਨੂੰ ਛੱਡਿਆ, ਤਾਂ ਜੋ ਹਰ ਰੋਜ਼ ਦੇ ਜ਼ਰੂਰੀ ਕੰਮਾਂ ਦੇ ਅਨੁਸਾਰ ਸੇਵਾ ਕਰਨ38ਅਤੇ ਓਬੋਦ ਅਦੋਮ, ਉਨ੍ਹਾਂ ਦੇ ਭਰਾਵਾਂ ਨੂੰ ਓਬੇਦ ਅਦੋਮ ਯਦੀਥੂਨ ਦੇ ਪੁੱਤਰ ਅਤੇ ਹੋਸਾਹ ਨੂੰ ਜੋ ਅਠਾਹਟ ਸਨ, ਦਰਬਾਨ ਹੋਣ ਲਈ39ਨਾਲੇ ਸਦੋਕ ਜਾਜਕ ਤੇ ਉਹ ਦੇ ਭਰਾਵਾਂ ਨੂੰ ਜਿਹੜੇ ਜਾਜਕ ਸਨ, ਤਾਂ ਕਿ ਉਹ ਯਹੋਵਾਹ ਦੇ ਡੇਹਰੇ ਦੇ ਸਾਹਮਣੇ ਜਿਹੜਾ ਗਿਬਓਨ ਦੇ ਉੱਚੇ ਥਾਂ ਉੱਤੇ ਸੀ,
40ਯਹੋਵਾਹ ਦੀ ਬਿਵਸਥਾ ਦੀਆਂ ਸਾਰੀਆਂ ਲਿਖੀਆਂ ਹੋਈਆਂ ਗੱਲਾਂ ਦੇ ਅਨੁਸਾਰ ਜਿਨ੍ਹਾਂ ਦਾ ਉਸ ਨੇ ਇਸਰਾਏਲ ਨੂੰ ਹੁਕਮ ਦਿੱਤਾ ਸੀ, ਹਰ ਰੋਜ਼ ਸਵੇਰ ਅਤੇ ਸ਼ਾਮ ਨੂੰ ਹੋਮ ਬਲੀ ਦੀ ਜਗਵੇਦੀ ਉੱਤੇ ਯਹੋਵਾਹ ਦੇ ਲਈ ਹੋਮ ਦੀਆਂ ਬਲੀਆਂ ਚੜ੍ਹਾਉਣ41ਅਤੇ ਉਨ੍ਹਾਂ ਦੇ ਨਾਲ ਹੇਮਾਨ ਤੇ ਯਦੂਥੂਨ ਤੇ ਰਹਿੰਦੇ, ਜਿਹੜੇ ਚੁਣੇ ਹੋਏ ਸਨ ਜਿਨ੍ਹਾਂ ਦੇ ਨਾਵਾਂ ਦਾ ਵਰਨਣ ਕੀਤਾ ਗਿਆ ਹੈ, ਤਾਂ ਜੋ ਯਹੋਵਾਹ ਦਾ ਧੰਨਵਾਦ ਕਰਨ ਕਿ ਉਹ ਦੀ ਦਯਾ ਸਦਾ ਲਈ ਹੈ
42ਅਤੇ ਉਨ੍ਹਾਂ ਦੇ ਨਾਲ ਹੇਮਾਨ ਅਤੇ ਯਦੂਥੂਨ ਸਨ ਅਤੇ ਵਜਾਉਣ ਵਾਲਿਆਂ ਦੇ ਲਈ ਤੁਰ੍ਹੀਆਂ ਤੇ ਛੈਣੇ ਤੇ ਪਰਮੇਸ਼ੁਰ ਦੇ ਗੀਤ ਗਾਉਣ ਲਈ ਵਾਜੇ ਸਨ ਅਤੇ ਯਦੂਥੂਨ ਦੇ ਪੁੱਤਰ ਦਰਬਾਨ ਸਨ43ਤਾਂ ਸਭ ਲੋਗ ਆਪੋ ਆਪਣੇ ਘਰਾਂ ਨੂੰ ਤੁਰ ਗਏ ਅਤੇ ਦਾਊਦ ਮੁੜ ਪਿਆ ਤਾਂ ਕਿ ਆਪਣੇ ਪਰਿਵਾਰ ਨੂੰ ਅਸੀਸ ਦੇਵੇ ।

17
ਦਾਊਦ ਨੂੰ ਨਾਥਾਨ ਨਬੀ ਦਾ ਸੰਦੇਸ਼
(2 ਸਮੂਏਲ 7:1-17)

1ਜਦੋਂ ਦਾਊਦ ਆਪਣੇ ਮਹਿਲ ਵਿੱਚ ਰਹਿਣ ਲੱਗਿਆ, ਤਾਂ ਦਾਊਦ ਨੇ ਨਾਥਾਨ ਨਬੀ ਨੂੰ ਆਖਿਆ, "ਵੇਖ, ਮੈਂ ਤਾਂ ਦਿਆਰ ਦੀ ਲੱਕੜ ਦੇ ਬਣਾਏ ਹੋਏ ਮਹਿਲ ਦੇ ਵਿੱਚ ਰਹਿੰਦਾ ਹਾਂ ਪਰ ਯਹੋਵਾਹ ਦੇ ਨੇਮ ਦਾ ਸੰਦੂਕ ਤੰਬੂ ਵਿੱਚ ਹੈ ।"2ਤਾਂ ਨਾਥਾਨ ਨੇ ਦਾਊਦ ਨੂੰ ਆਖਿਆ ਕਿ ਜੋ ਕੁਝ ਤੇਰੇ ਮਨ ਵਿੱਚ ਹੈ ਤੂੰ ਉਹ ਕਰ, ਕਿਉਂਕਿ ਪਰਮੇਸ਼ੁਰ ਤੇਰੇ ਨਾਲ ਹੈ ।

3ਫਿਰ ਉਸੇ ਰਾਤ ਪਰਮੇਸ਼ੁਰ ਦੀ ਬਾਣੀ ਨਾਥਾਨ ਨੂੰ ਆਈ4ਕਿ ਤੂੰ ਜਾ, ਅਤੇ ਮੇਰੇ ਦਾਸ ਦਾਊਦ ਨੂੰ ਆਖ ਕਿ ਯਹੋਵਾਹ ਇਹ ਆਖਦਾ ਹੈ, "ਤੂੰ ਮੇਰੇ ਨਿਵਾਸ ਲਈ ਕੋਈ ਭਵਨ ਨਾ ਬਣਾ5ਕਿਉਂਕਿ ਮੈਂ ਜਦੋਂ ਦਾ ਇਸਰਾਏਲ ਨੂੰ ਉਤਾਂਹ ਲਿਆਇਆ ਹਾਂ, ਅਜੇ ਤੱਕ ਕਿਸੇ ਭਵਨ ਵਿੱਚ ਨਾ ਵੱਸਿਆ ਸਗੋਂ ਤੰਬੂ ਤੋਂ ਤੰਬੂ ਅਤੇ ਡੇਰੇ ਤੋਂ ਡੇਰੇ ਵਿੱਚ ਫਿਰਦਾ ਰਿਹਾ ਹਾਂ ।6ਅਤੇ ਜਿੱਥੇ-ਜਿੱਥੇ ਮੈਂ ਸਾਰੇ ਇਸਰਾਏਲ ਨਾਲ ਫਿਰਦਾ ਰਿਹਾ ਹਾਂ, ਕੀ ਮੈਂ ਇਸਰਾਏਲ ਦੇ ਨਿਆਈਆਂ ਵਿੱਚੋਂ ਜਿਨ੍ਹਾਂ ਨੂੰ ਮੈਂ ਆਪਣੀ ਪਰਜਾ ਦੇ ਚਰਾਉਣ ਦੀ ਆਗਿਆ ਕੀਤੀ, ਕਿਸੇ ਨੂੰ ਕਦੀ ਆਖਿਆ ਕਿ ਤੂੰ ਮੇਰੇ ਲਈ ਦਿਆਰ ਦਾ ਭਵਨ ਕਿਉਂ ਨਹੀਂ ਬਣਾਇਆ ? "
7ਇਸ ਲਈ ਤੂੰ ਹੁਣ ਮੇਰੇ ਦਾਸ ਦਾਊਦ ਨੂੰ ਇਹ ਆਖ ਕਿ ਸੈਨਾ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਮੈਂ ਤੈਨੂੰ ਉੱਥੋਂ ਕੱਢ ਕੇ ਜਿੱਥੇ ਤੂੰ ਭੇਡਾਂ ਚਰਾਉਂਦਾ ਸੀ, ਆਪਣੀ ਪਰਜਾ ਇਸਰਾਏਲ ਦਾ ਪ੍ਰਧਾਨ ਬਣਾ ਦਿੱਤਾ,8ਜਿੱਥੇ ਜਿੱਥੇ ਤੂੰ ਗਿਆ ਮੈਂ ਤੇਰੇ ਨਾਲ ਰਿਹਾ ਅਤੇ ਤੇਰੇ ਅੱਗੋਂ ਤੇਰੇ ਸਾਰੇ ਵੈਰੀਆਂ ਨੂੰ ਮਿਟਾ ਦਿੱਤਾ, ਮੈਂ ਜਗਤ ਦੇ ਵੱਡੇ ਨਾਮੀ ਲੋਕਾਂ ਵਾਂਗੂੰ ਤੇਰਾ ਨਾਮ ਵੀ ਵੱਡਾ ਕੀਤਾ,
9ਮੈਂ ਆਪਣੀ ਇਸਰਾਏਲੀ ਪਰਜਾ ਦੇ ਲਈ ਇੱਕ ਥਾਂ ਠਹਿਰਾਵਾਂਗਾ ਅਤੇ ਉਸ ਨੂੰ ਟਿਕਾਵਾਂਗਾ ਤਾਂ ਕਿ ਉਹ ਆਪਣੇ ਹੀ ਥਾਂ ਵਿੱਚ ਵੱਸਣ ਅਤੇ ਫੇਰ ਕਦੀ ਇੱਧਰ-ਉੱਧਰ ਨਾ ਭਟਕਣ ਅਤੇ ਅਪਰਾਧੀਆਂ ਦੇ ਪੁੱਤਰ ਪਹਿਲਾਂ ਦੀ ਤਰ੍ਹਾਂ ਉਨ੍ਹਾਂ ਦਾ ਫੇਰ ਵਿਗਾੜ ਨਾ ਕਰਨਗੇ,10ਨਾ ਉਸ ਦਿਨ ਵਾਂਗੂੰ ਜਿਸ ਵਿੱਚ ਮੈਂ ਨਿਆਈਆਂ ਨੂੰ ਹੁਕਮ ਦਿੱਤਾ ਸੀ ਕਿ ਮੇਰੀ ਪਰਜਾ ਇਸਰਾਏਲ ਉੱਤੇ ਹੋਵੇ ਅਤੇ ਮੈਂ ਤੇਰੇ ਸਾਰੇ ਵੈਰੀਆਂ ਨੂੰ ਦਬਾਵਾਂਗਾ, ਮੈਂ ਤੈਨੂੰ ਇਹ ਵੀ ਆਖਦਾ ਹਾਂ, "ਯਹੋਵਾਹ ਤੇਰੇ ਲਈ ਇੱਕ ਘਰਾਣਾ ਬਣਾਵੇਗਾ ।
11ਜਦੋਂ ਤੇਰੀ ਅਵਸਥਾ ਪੂਰੀ ਹੋਵੇਗੀ ਅਤੇ ਤੈਨੂੰ ਆਪਣੇ ਪੁਰਖਿਆਂ ਦੇ ਕੋਲ ਜਾਣਾ ਪਵੇਗਾ, ਤਾਂ ਅਜਿਹਾ ਹੋਵੇਗਾ ਕਿ ਮੈਂ ਤੇਰੇ ਪਿੱਛੋਂ ਤੇਰੇ ਪੁੱਤਰਾਂ ਵਿੱਚੋਂ ਤੇਰੇ ਅੰਸ ਨੂੰ ਇਸਥਿਰ ਕਰਾਂਗਾ ਅਤੇ ਮੈਂ ਉਹ ਦੇ ਰਾਜ ਨੂੰ ਪੱਕਾ ਕਰਾਂਗਾ,12ਉਹ ਮੇਰੇ ਲਈ ਇੱਕ ਭਵਨ ਬਣਾਵੇਗਾ ਅਤੇ ਮੈਂ ਉਸ ਦੀ ਗੱਦੀ ਸਦਾ ਤੱਕ ਅਟੱਲ ਰੱਖਾਂਗਾ,
13ਮੈਂ ਉਸ ਦਾ ਪਿਤਾ ਬਣਾਂਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ, ਮੈਂ ਉਸ ਦੇ ਉੱਤੋਂ ਆਪਣੀ ਦਯਾ ਹਟਾ ਨਾ ਲਵਾਂਗਾ, ਜਿਵੇਂ ਮੈਂ ਉਸ ਤੋਂ ਹਟਾ ਲਈ ਜਿਹੜਾ ਤੇਰੇ ਨਾਲੋਂ ਪਹਿਲਾਂ ਸੀ,14ਸਗੋਂ ਮੈਂ ਉਹ ਨੂੰ ਆਪਣੇ ਭਵਨ ਵਿੱਚ ਅਤੇ ਆਪਣੇ ਰਾਜ ਵਿੱਚ ਸਦਾ ਤੱਕ ਇਸਥਿਰ ਕਰਾਂਗਾ, ਉਸ ਦੀ ਰਾਜ ਗੱਦੀ ਸਦੀਪਕ ਕਾਲ ਤੱਕ ਦ੍ਰਿੜ ਰਹੇਗੀ ।"15ਤਾਂ ਨਾਥਾਨ ਨੇ ਇਨ੍ਹਾਂ ਸਾਰੀਆਂ ਗੱਲਾਂ ਅਤੇ ਇਸ ਦਰਸ਼ਣ ਦੇ ਅਨੁਸਾਰ ਦਾਊਦ ਨੂੰ ਆਖਿਆ ।
ਦਾਊਦ ਦੀ ਧੰਨਵਾਦ ਦੀ ਪ੍ਰਾਰਥਨਾ
(2 ਸਮੂਏਲ 7:18-29)

16ਤਾਂ ਦਾਊਦ ਪਾਤਸ਼ਾਹ ਅੰਦਰ ਗਿਆ ਅਤੇ ਯਹੋਵਾਹ ਦੇ ਹਜ਼ੂਰ ਬੈਠ ਕੇ ਆਖਿਆ, "ਹੇ ਯਹੋਵਾਹ ਪਰਮੇਸ਼ੁਰ, ਮੈਂ ਕੌਣ ਹਾਂ ਅਤੇ ਮੇਰੀ ਕੁਲ ਕੀ ਹੈ, ਕਿ ਤੂੰ ਮੈਨੂੰ ਇੱਥੋਂ ਤੱਕ ਪਹੁੰਚਾ ਦਿੱਤਾ ?17ਹੇ ਪਰਮੇਸ਼ੁਰ ਇਹ ਤਾਂ ਤੇਰੇ ਲਈ ਇੱਕ ਛੋਟੀ ਜਿਹੀ ਗੱਲ ਸੀ ਪਰ ਤੂੰ ਆਪਣੇ ਦਾਸ ਦੀ ਕੁਲ ਦੇ ਬਾਰੇ ਬਹੁਤ ਦੂਰ ਦੀ ਖ਼ਬਰ ਪਹਿਲਾਂ ਹੀ ਦੱਸ ਦਿੱਤੀ ਅਤੇ ਹੇ ਯਹੋਵਾਹ ਪਰਮੇਸ਼ੁਰ ਮੇਰੇ ਉੱਤੇ ਅਜਿਹੀ ਕਿਰਪਾ ਦ੍ਰਿਸ਼ਟ ਕੀਤੀ ਕਿ ਜਿਵੇਂ ਮੈਂ ਵੱਡੀ ਪੱਦਵੀ ਵਾਲਾ ਮਨੁੱਖ ਹਾਂ !"18ਦਾਊਦ ਉਸ ਵਡਿਆਈ ਦੇ ਲਈ ਕੀ ਆਖੇ ਜਿਹੜੀ ਤੂੰ ਆਪਣੇ ਦਾਸ ਨੂੰ ਦਿੱਤੀ ? ਕਿਉਂ ਜੋ ਤੂੰ ਆਪਣੇ ਦਾਸ ਨੂੰ ਜਾਣਦਾ ਹੈਂ ?
19ਹੇ ਯਹੋਵਾਹ ਆਪਣੇ ਸੇਵਕ ਦੇ ਲਈ ਇਹ ਸਾਰਾ ਵਡਿਆਈ ਵਾਲਾ ਕੰਮ ਆਪਣੇ ਮਨ ਦੇ ਅਨੁਸਾਰ ਕੀਤਾ, ਤਾਂ ਕਿ ਸਾਰੀਆਂ ਵਡਿਆਈਆਂ ਪਰਗਟ ਹੋਣ20ਹੇ ਯਹੋਵਾਹ, ਤੇਰੇ ਤੁੱਲ ਕੋਈ ਨਹੀਂ ਹੈ ਅਤੇ ਤੇਰੇ ਤੋਂ ਬਿਨ੍ਹਾਂ ਜਿੱਥੋਂ ਤੱਕ ਅਸੀਂ ਆਪਣੇ ਕੰਨਾਂ ਨਾਲ ਸੁਣਿਆ, ਹੋਰ ਕੋਈ ਪਰਮੇਸ਼ੁਰ ਨਹੀਂ ਹੈ21ਅਤੇ ਸਾਰੇ ਜਗਤ ਵਿੱਚ ਹੋਰ ਕਿਹੜੀ ਜਾਤ ਹੈ ਜਿਹੜੀ ਤੇਰੀ ਪਰਜਾ ਇਸਰਾਏਲ ਦੇ ਤੁੱਲ ਹੋਵੇ, ਜਿਸ ਦੇ ਬਚਾਉਣ ਨੂੰ ਪਰਮੇਸ਼ੁਰ ਆਪ ਗਿਆ ਤਾਂ ਕਿ ਉਸ ਨੂੰ ਆਪਣੀ ਪਰਜਾ ਬਣਾਵੇ, ਵੱਡੇ-ਵੱਡੇ ਤੇ ਡਰਾਉਣੇ ਕੰਮਾਂ ਨਾਲ ਆਪਣਾ ਨਾਮ ਉੱਚਾ ਕਰੇ ਅਤੇ ਆਪਣੀ ਪਰਜਾ ਦੇ ਅੱਗੋਂ ਜਿਨ੍ਹਾਂ ਨੂੰ ਤੂੰ ਮਿਸਰ ਦੇਸ ਵਿੱਚੋਂ ਛੁਡਾ ਲਿਆਇਆ, ਕੌਮਾਂ ਨੂੰ ਕੱਢ ਦਿੱਤਾ ।
22ਕਿਉਂ ਜੋ ਤੂੰ ਆਪਣੀ ਪਰਜਾ ਇਸਰਾਏਲ ਨੂੰ ਸਦੀਪਕ ਕਾਲ ਤੱਕ ਆਪਣੀ ਪਰਜਾ ਬਣਾਇਆ ਅਤੇ ਹੇ ਯਹੋਵਾਹ, ਤੂੰ ਆਪ ਉਨ੍ਹਾਂ ਦਾ ਪਰਮੇਸ਼ੁਰ ਬਣਿਆ ।23ਸੋ ਹੁਣ ਹੇ ਯਹੋਵਾਹ, ਉਹ ਬਚਨ ਜਿਹੜਾ ਤੂੰ ਆਪਣੇ ਦਾਸ ਅਤੇ ਉਸ ਦੀ ਕੁਲ ਦੇ ਲਈ ਆਖਿਆ ਸੀ, ਸਦਾ ਤੱਕ ਇਸਥਿਰ ਹੋਵੇ ਅਤੇ ਤੂੰ ਆਪਣੇ ਬਚਨ ਦੇ ਅਨੁਸਾਰ ਕਰ24ਹਾਂ, ਉਹ ਇਸਥਿਰ ਹੋਵੇ ਅਤੇ ਤੇਰੇ ਨਾਮ ਦੀ ਮਹਿਮਾ ਸਦੀਪਕ ਕਾਲ ਤੱਕ ਪ੍ਰਸਿੱਧ ਹੋਵੇ, ਅਤੇ ਆਖਿਆ ਜਾਵੇ ਜੋ ਸੈਨਾ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਹੈ, ਹਾਂ, ਇਸਰਾਏਲ ਦੇ ਲਈ ਪਰਮੇਸ਼ੁਰ ਹੈ, ਅਤੇ ਤੇਰੇ ਦਾਸ ਦਾਊਦ ਦੀ ਕੁਲ ਤੇਰੇ ਅੱਗੇ ਅਟੱਲ ਰਹੇ
25ਕਿਉਂ ਜੋ ਹੇ ਪਰਮੇਸ਼ੁਰ, ਤੂੰ ਆਪਣੇ ਦਾਸ ਦਾ ਕੰਨ ਖੋਲ੍ਹਿਆ ਕਿ ਤੂੰ ਉਹ ਦੇ ਲਈ ਘਰਾਣਾ ਬਣਾਵੇਂਗਾ, ਇਸੇ ਕਾਰਨ ਤੇਰੇ ਦਾਸ ਨੇ ਤੇਰੇ ਅੱਗੇ ਅਰਦਾਸ ਕਰਨ ਦਾ ਹੌਂਸਲਾ ਕੀਤਾ ।26ਹੇ ਯਹੋਵਾਹ, ਤੂੰ ਹੀ ਤਾਂ ਪਰਮੇਸ਼ੁਰ ਹੈ, ਅਤੇ ਤੂੰ ਹੀ ਆਪਣੇ ਦਾਸ ਨੂੰ ਇਸ ਸੁੱਖ-ਸਾਂਦ ਦਾ ਬਚਨ ਕੀਤਾ ।27ਸੋ ਹੁਣ ਤੈਨੂੰ ਚੰਗਾ ਲੱਗਿਆ ਹੈ, ਜੋ ਤੂੰ ਆਪਣੇ ਦਾਸ ਦੀ ਕੁਲ ਨੂੰ ਅਸੀਸ ਦਿੱਤੀ, ਤਾਂ ਕਿ ਉਹ ਤੇਰੇ ਅੱਗੇ ਸਦਾ ਤੱਕ ਇਸਥਿਰ ਰਹੇ, ਕਿਉਂ ਜੋ ਯਹੋਵਾਹ ਤੂੰ ਅਸੀਸ ਦਿੱਤੀ ਹੈ, ਅਤੇ ਉਹ ਸਦਾ ਤੱਕ ਮੁਬਾਰਕ ਰਹੇ ।

18
ਦਾਊਦ ਦੀਆਂ ਜਿੱਤਾਂ ਦਾ ਵਰਣਨ
(2 ਸਮੂਏਲ 8:1-18)

1ਇਸ ਤੋਂ ਬਾਅਦ ਦਾਊਦ ਨੇ ਫ਼ਲਿਸਤੀਆਂ ਨੂੰ ਮਾਰਿਆ ਅਤੇ ਉਨ੍ਹਾਂ ਨੂੰ ਆਪਣੇ ਅਧੀਨ ਕਰ ਲਿਆ, ਫ਼ਲਿਸਤੀਆਂ ਦੇ ਹੱਥੋਂ ਗਥ ਅਤੇ ਉਸ ਦੇ ਪਿੰਡਾਂ ਨੂੰ ਖੋਹ ਲਿਆ ।2ਫਿਰ ਉਸ ਨੇ ਮੋਆਬ ਦੇਸ ਨੂੰ ਮਾਰਿਆ ਅਤੇ ਮੋਆਬ ਦੇਸ ਵਾਲੇ ਦਾਊਦ ਦੇ ਦਾਸ ਹੋਏ, ਅਤੇ ਨਜ਼ਰਾਨੇ ਲਿਆਏ ।

3ਦਾਊਦ ਨੇ ਸ਼ੋਬਾਹ ਦੇ ਰਾਜਾ ਹਦਰਅਜ਼ਰ ਨੂੰ ਵੀ ਹਮਾਥ ਤੱਕ ਮਾਰਿਆ, ਜਦੋਂ ਉਹ ਫਰਾਤ ਦਰਿਆ ਦੀ ਵੱਲ ਆਪਣਾ ਰਾਜ ਇਸਥਿਰ ਕਰਨ ਗਿਆ ਸੀ ।4ਅਤੇ ਦਾਊਦ ਨੇ ਉਸ ਤੋਂ ਇੱਕ ਹਜ਼ਾਰ ਰਥ, ਸੱਤ ਹਜ਼ਾਰ ਸਵਾਰ ਅਤੇ ਵੀਹ ਹਜ਼ਾਰ ਪਿਆਦੇ ਲੈ ਲਏ ਅਤੇ ਦਾਊਦ ਨੇ ਰੱਥਾਂ ਦੇ ਸਾਰੇ ਘੋੜਿਆਂ ਦੇ ਪੱਟਾਂ ਦੀਆਂ ਨਾੜੀਆਂ ਨੂੰ ਕੱਟ ਕੇ, ਉਹਨਾਂ ਨੂੰ ਲੰਗੜੇ ਕਰ ਦਿੱਤਾ ਪਰ ਉਨ੍ਹਾਂ ਵਿੱਚੋਂ ਇੱਕ ਸੌ ਰੱਥਾਂ ਦੇ ਲਈ ਘੋੜੇ ਬਚਾ ਰੱਖੇ ।
5ਅਤੇ ਜਦੋਂ ਦੰਮਿਸਕ ਦੇ ਅਰਾਮੀ ਲੋਕ ਸ਼ੋਬਾਹ ਦੇ ਰਾਜਾ ਹਦਰਅਜ਼ਰ ਦੀ ਸਹਾਇਤਾ ਲਈ ਆਏ, ਤਾਂ ਦਾਊਦ ਨੇ ਅਰਾਮੀਆਂ ਵਿਚੋਂ ਬਾਈ ਹਜ਼ਾਰ ਮਨੁੱਖ ਮਾਰ ਦਿੱਤੇ ।6ਤਦ ਦਾਊਦ ਨੇ ਦੰਮਿਸਕ ਦੇ ਅਰਾਮ ਵਿੱਚ ਚੌਂਕੀਆਂ ਬਣਾਈਆਂ ਅਤੇ ਅਰਾਮ ਵਾਲੇ ਦਾਊਦ ਦੇ ਅਧੀਨ ਹੋ ਗਏ, ਅਤੇ ਨਜ਼ਰਾਨੇ ਲਿਆਏ ਅਤੇ ਜਿੱਥੇ ਜਿੱਥੇ ਵੀ ਦਾਊਦ ਗਿਆ, ਯਹੋਵਾਹ ਨੇ ਉਸ ਨੂੰ ਫ਼ਤਹ ਦਿੱਤੀ
7ਅਤੇ ਦਾਊਦ ਹਦਰਅਜ਼ਰ ਦੇ ਸੇਵਕਾਂ ਤੋਂ ਸੁਨਹਿਰੀ ਢਾਲਾਂ ਖੋਹ ਕੇ ਯਰੂਸ਼ਲਮ ਨੂੰ ਲੈ ਆਇਆ ।8ਅਤੇ ਹਦਰਅਜ਼ਰ ਦੇ ਨਗਰ ਟਿਬਹਥ ਅਤੇ ਕੂਨ ਵਿਚੋਂ ਦਾਊਦ ਬਹੁਤ ਸਾਰਾ ਪਿੱਤਲ ਲਿਆਇਆ, ਜਿਹ ਦੇ ਨਾਲ ਸੁਲੇਮਾਨ ਨੇ ਪਿੱਤਲ ਦਾ ਹੌਜ਼, ਥੰਮ੍ਹ ਅਤੇ ਪਿੱਤਲ ਦੇ ਭਾਂਡੇ ਬਣਾਏ ।
9ਜਦੋਂ ਹਮਾਥ ਦੇ ਰਾਜਾ ਤੋਊ ਨੇ ਸੁਣਿਆ ਜੋ ਦਾਊਦ ਨੇ ਸ਼ੋਬਾਹ ਦੇ ਰਾਜਾ ਹਦਰਅਜ਼ਰ ਦੇ ਸਾਰੇ ਦਲ ਨੂੰ ਨਸ਼ਟ ਕਰ ਦਿੱਤਾ,10ਤਾਂ ਉਸ ਨੇ ਆਪਣੇ ਪੁੱਤਰ ਹਦੋਰਾਮ ਨੂੰ ਦਾਊਦ ਪਾਤਸ਼ਾਹ ਕੋਲ ਭੇਜਿਆ, ਤਾਂ ਕਿ ਉਸ ਦੀ ਸੁੱਖ-ਸਾਂਦ ਦੀ ਖ਼ਬਰ ਲਿਆਵੇ ਅਤੇ ਉਸ ਨੂੰ ਵਧਾਈ ਦੇਵੇ, ਇਸ ਲਈ ਜੋ ਉਸ ਨੇ ਹਦਰਅਜ਼ਰ ਨਾਲ ਯੁਧ ਕਰ ਕੇ ਜਿੱਤ ਪਾਈ, ਕਿਉਂ ਜੋ ਹਦਰਅਜ਼ਰ ਤੋਊ ਨਾਲ ਸਦਾ ਲੜਦਾ ਰਹਿੰਦਾ ਸੀ, ਅਤੇ ਉਸ ਨੇ ਸੋਨੇ, ਚਾਂਦੀ, ਅਤੇ ਪਿੱਤਲ ਦੇ ਭਾਂਡੇ ਵੀ ਨਾਲ ਭੇਜੇ ।11ਅਤੇ ਦਾਊਦ ਪਾਤਸ਼ਾਹ ਨੇ ਉਨ੍ਹਾਂ ਨੂੰ ਵੀ ਉਸ ਚਾਂਦੀ ਅਤੇ ਸੋਨੇ ਦੇ ਨਾਲ, ਜਿਹੜੇ ਉਸ ਨੇ ਸਰਬੱਤ ਕੌਮਾਂ ਤੋਂ ਅਰਥਾਤ ਅਦੋਮ, ਮੋਆਬ, ਅੰਮੋਨ ਦੀ ਸੰਤਾਨ, ਫ਼ਲਿਸਤੀਆਂ ਅਤੇ ਅਮਲੇਕ ਤੋਂ ਲਏ ਸਨ, ਯਹੋਵਾਹ ਦੇ ਅੱਗੇ ਅਰਪਣ ਕਰ ਦਿੱਤੇ
12ਅਤੇ ਅਬਿਸ਼ਈ ਸਰੂਯਾਹ ਦੇ ਪੁੱਤਰ ਨੇ ਲੂਣ ਦੀ ਘਾਟੀ ਵਿੱਚ ਅਦੋਮੀਆਂ ਵਿਚੋਂ ਅਠਾਰਾਂ ਹਜ਼ਾਰ ਜਣੇ ਮਾਰ ਸੁੱਟੇ ।13ਉਸ ਨੇ ਅਦੋਮ ਵਿੱਚ ਚੌਂਕੀਆਂ ਬਿਠਾਈਆਂ ਅਤੇ ਸਾਰੇ ਅਦੋਮ ਵਾਲੇ ਦਾਊਦ ਦੇ ਦਾਸ ਹੋ ਗਏ ਅਤੇ ਜਿੱਥੇ ਜਿੱਥੇ ਵੀ ਦਾਊਦ ਗਿਆ, ਯਹੋਵਾਹ ਨੇ ਉਸ ਨੂੰ ਫ਼ਤਹ ਦੇ ਦਿੱਤੀ ।
ਦਾਊਦ ਦੇ ਕਰਮਚਾਰੀਆਂ ਦੇ ਨਾਮ

14ਦਾਊਦ ਨੇ ਸਾਰੇ ਇਸਰਾਏਲ ਤੇ ਰਾਜ ਕੀਤਾ ਅਤੇ ਸਾਰੀ ਪਰਜਾ ਨਾਲ ਧਰਮ ਅਤੇ ਨਿਆਂ ਕਰਦਾ ਸੀ ।15ਯੋਆਬ ਸਰੂਯਾਹ ਦਾ ਪੁੱਤਰ ਸੈਨਾ ਦਾ ਸਰਦਾਰ ਸੀ, ਅਤੇ ਯਹੋਸ਼ਫਟ ਅਹੀਲੂਦ ਦਾ ਪੁੱਤਰ ਇਤਿਹਾਸ ਲਿਖਣ ਵਾਲਾ ਸੀ16ਅਤੇ ਸਾਦੋਕ ਅਹੀਟੂਬ ਦਾ ਪੁੱਤਰ ਅਤੇ ਅਬਿਮਲਕ, ਅਬਿਯਾਥਾਰ ਦਾ ਪੁੱਤਰ ਜਾਜਕ ਸਨ ਅਤੇ ਸ਼ੌਵਸ਼ਾ ਮੁਨਸ਼ੀ ਸੀ17ਅਤੇ ਬਿਨਾਯਾਹ, ਯਹੋਯਾਦਾ ਦਾ ਪੁੱਤਰ ਕਰੇਤੀਆਂ ਅਤੇ ਫਲੇਤੀਆਂ ਦਾ ਸਰਦਾਰ ਸੀ ਅਤੇ ਦਾਊਦ ਦੇ ਪੁੱਤਰ ਪਾਤਸ਼ਾਹ ਦੇ ਕੋਲ ਵਜ਼ੀਰ ਸਨ ।

19
ਅੰਮੋਨੀਆਂ ਅਤੇ ਅਰਾਮੀਆਂ ਉੱਤੇ ਦਾਊਦ ਦੀ ਜਿੱਤ
(2 ਸਮੂਏਲ 10:1-19)

1ਫਿਰ ਅੰਮੋਨੀਆਂ ਦੇ ਰਾਜੇ ਨਾਹਾਸ਼ ਦੇ ਮਰਨ ਤੋਂ ਬਾਅਦ ਉਸ ਦਾ ਪੁੱਤਰ ਉਸ ਦੀ ਥਾਂ ਸਿੰਘਾਸਣ ਉੱਤੇ ਬੈਠਾ ।2ਅਤੇ ਦਾਊਦ ਨੇ ਆਖਿਆ, ਮੈਂ ਨਾਹਾਸ਼ ਦੇ ਪੁੱਤਰ ਹਾਨੂਨ ਨਾਲ ਦਯਾ ਦਾ ਵਿਹਾਰ ਕਰਾਂਗਾ ਕਿਉਂ ਜੋ ਉਹ ਦੇ ਪਿਤਾ ਨੇ ਮੇਰੇ ਨਾਲ ਉਸੇ ਤਰ੍ਹਾਂ ਕੀਤਾ ਸੀ, ਸੋ ਦਾਊਦ ਨੇ ਦੂਤਾਂ ਨੂੰ ਭੇਜ ਦਿੱਤਾ ਜੋ ਉਸ ਦੇ ਪਿਤਾ ਦਾ ਅਫ਼ਸੋਸ ਕਰਨ ਅਤੇ ਦਾਊਦ ਦੇ ਸੇਵਕ ਅੰਮੋਨੀਆਂ ਦੇ ਦੇਸ ਵਿੱਚ ਹਾਨੂਨ ਕੋਲ ਆ ਪਹੁੰਚੇ ਕਿ ਉਸ ਨੂੰ ਧੀਰਜ ਦੇਣ3ਤਦ ਅੰਮੋਨੀਆਂ ਦੇ ਸਰਦਾਰਾਂ ਨੇ ਹਾਨੂਨ ਨੂੰ ਆਖਿਆ, "ਮਹਾਰਾਜ ਤੁਹਾਨੂੰ ਇਸ ਤਰ੍ਹਾਂ ਕਿਉਂ ਲੱਗਦਾ ਹੈ ਕਿ ਦਾਊਦ ਨੇ ਤੁਹਾਡੇ ਪਿਤਾ ਦਾ ਅਫ਼ਸੋਸ ਕਰਨ ਲਈ ਤੁਹਾਡੇ ਕੋਲ ਲੋਕ ਭੇਜੇ ਹਨ ? ਕੀ ਉਹ ਦੇ ਸੇਵਕ ਤੁਹਾਡੇ ਕੋਲ ਇਸ ਲਈ ਨਹੀਂ ਆਏ ਕਿ ਖੋਜ ਕਰਨ, ਨਾਸ ਕਰਨ ਅਤੇ ਦੇਸ ਦਾ ਭੇਤ ਲੈਣ ?

4ਗੱਲ ਕਾਹਦੀ, ਹਾਨੂਨ ਨੇ ਦਾਊਦ ਦੇ ਦਾਸਾਂ ਨੂੰ ਫੜ੍ਹ ਕੇ ਉਨ੍ਹਾਂ ਦੀਆਂ ਦਾੜੀਆਂ ਮੁਨਵਾ ਦਿੱਤੀਆਂ, ਉਨ੍ਹਾਂ ਦੀਆਂ ਪੁਸ਼ਾਕਾਂ ਕੱਟ ਕੇ ਉਨ੍ਹਾਂ ਨੂੰ ਧੜੋਂ ਨੰਗਾ ਕਰ ਦਿੱਤਾ ਅਤੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ।5ਤਾਂ ਕਈਆਂ ਨੇ ਜਾ ਕੇ ਦਾਊਦ ਨੂੰ ਇਨ੍ਹਾਂ ਪੁਰਸ਼ਾਂ ਦਾ ਸਾਰਾ ਹਾਲ ਸੁਣਾਇਆ ਅਤੇ ਉਸ ਨੇ ਉਨ੍ਹਾਂ ਦੇ ਅੱਗੋਂ ਲੈਣ ਲਈ ਲੋਕਾਂ ਨੂੰ ਭੇਜਿਆ, ਕਿਉਂ ਜੋ ਉਹ ਲੋਕ ਵੱਡੇ ਸ਼ਰਮਿੰਦੇ ਕੀਤੇ ਗਏ ਸਨ ਅਤੇ ਪਾਤਸ਼ਾਹ ਨੇ ਉਨ੍ਹਾਂ ਨੂੰ ਆਗਿਆ ਦਿੱਤੀ ਕਿ ਜਦੋਂ ਤੱਕ ਤੁਹਾਡੀਆਂ ਦਾੜੀਆਂ ਨਾ ਵਧਣ ਤਦ ਤੱਕ ਯਰੀਹੋ ਵਿੱਚ ਰਹੋ ।
6ਜਦੋਂ ਅੰਮੋਨੀਆਂ ਨੇ ਇਹ ਦੇਖਿਆ ਕਿ ਅਸੀਂ ਦਾਊਦ ਦੀ ਨਿਗਾਹ ਵਿੱਚ ਘਿਣਾਉਣੇ ਹੋਏ ਹਾਂ, ਤਾਂ ਹਾਨੂਨ ਅਤੇ ਅੰਮੋਨੀਆਂ ਨੇ ਇੱਕ ਹਜ਼ਾਰ ਕੰਤਾਰ ਚਾਂਦੀ ਭੇਜੀ ਕਿ ਮਸੋਪੋਤਾਮੀਆਂ, ਅਰਾਮਮਾਕਾਹ ਅਤੇ ਸੋਬਾਹ ਤੋਂ ਰੱਥਾਂ ਅਤੇ ਸਵਾਰਾਂ ਨੂੰ ਕਿਰਾਏ ਤੇ ਲੈ ਆਉਣ ।7ਸੋ ਉਨ੍ਹਾਂ ਨੇ ਬੱਤੀ ਹਜ਼ਾਰ ਰੱਥਾਂ, ਮਾਕਾਹ ਦੇ ਪਾਤਸ਼ਾਹ ਅਤੇ ਉਸ ਦੀ ਸੈਨਾਂ ਨੂੰ ਕਿਰਾਏ ਤੇ ਲਿਆ । ਇਹਨਾਂ ਨੇ ਆ ਕੇ ਮੇਦਬਾ ਦੇ ਅੱਗੇ ਡੇਰੇ ਲਾ ਦਿੱਤੇ ਅਤੇ ਅੰਮੋਨੀ ਆਪੋ ਆਪਣੇ ਨਗਰਾਂ ਤੋਂ ਇਕੱਠੇ ਹੋਏ ਅਤੇ ਯੁਧ ਕਰਨ ਨੂੰ ਆਏ ।
8ਜਦੋਂ ਇਹ ਗੱਲ ਦਾਊਦ ਨੇ ਸੁਣੀ ਤਾਂ ਉਸ ਨੇ ਯੋਆਬ ਅਤੇ ਸੂਰਮਿਆਂ ਦੀ ਸਾਰੀ ਸੈਨਾ ਨੂੰ ਤੋਰ ਦਿੱਤਾ ।9ਤਾਂ ਅੰਮੋਨੀਆਂ ਨੇ ਨਿੱਕਲ ਕੇ ਨਗਰ ਦੇ ਦੁਆਰੇ ਦੇ ਅੱਗੇ ਲੜਾਈ ਦਾ ਪਿੜ ਬੰਨ੍ਹ ਦਿੱਤਾ, ਅਤੇ ਉਹ ਪਾਤਸ਼ਾਹ ਜਿਹੜੇ ਆਏ ਸਨ, ਅਲੱਗ ਮੈਦਾਨ ਵਿੱਚ ਸਨ ।
10ਜਦੋਂ ਯੋਆਬ ਨੇ ਦੇਖਿਆ ਕਿ ਲੜਾਈ ਦਾ ਪਿੜ ਸਾਡੇ ਅੱਗੇ ਪਿੱਛੇ ਸਾਡੇ ਵਿਰੁੱਧ ਬਣਿਆ ਹੋਇਆ ਹੈ, ਤਾਂ ਉਸ ਨੇ ਇਸਰਾਏਲ ਦੇ ਲੋਕਾਂ ਵਿੱਚੋਂ ਸੂਰਮਿਆਂ ਨੂੰ ਚੁਣ ਲਿਆ ਅਤੇ ਉਨ੍ਹਾਂ ਨੂੰ ਅਰਾਮੀਆਂ ਦੇ ਸਾਹਮਣੇ ਖੜਾ ਕਰ ਦਿੱਤਾ ।11ਅਤੇ ਬਾਕੀ ਲੋਕਾਂ ਨੂੰ ਉਸ ਨੇ ਆਪਣੇ ਭਰਾ ਅਬਸ਼ਾਈ ਦੇ ਹਵਾਲੇ ਕਰ ਦਿੱਤਾ ਅਤੇ ਉਨ੍ਹਾਂ ਨੇ ਅੰਮੋਨੀਆਂ ਦੇ ਸਾਹਮਣੇ ਪਿੜ ਬੰਨਿਆ
12ਅਤੇ ਉਸ ਨੇ ਆਖਿਆ, ਜੇ ਅਰਾਮੀ ਮੇਰੇ ਉੱਤੇ ਜ਼ੋਰ ਪਾਉਣ ਤਾਂ ਤੂੰ ਮੇਰੀ ਸਹਾਇਤਾ ਕਰੀਂ ਅਤੇ ਜੇ ਅੰਮੋਨੀ ਤੇਰੇ ਉੱਤੇ ਬਲ ਪਾਉਣ ਤਾਂ ਮੈਂ ਤੇਰੀ ਸਹਾਇਤਾ ਕਰਾਂਗਾ13ਸੋ ਧੀਰਜ ਰੱਖੀ, ਅਤੇ ਆਓ ਅਸੀਂ ਆਪਣੇ ਲੋਕਾਂ ਦੇ ਲਈ ਅਤੇ ਆਪਣੇ ਪਰਮੇਸ਼ੁਰ ਦੇ ਨਗਰਾਂ ਲਈ ਬਹਾਦਰੀ ਦੇ ਨਾਲ ਲੜੀਏ ਅਤੇ ਜੋ ਯਹੋਵਾਹ ਨੂੰ ਭਾਉਂਦਾ ਹੋਵੇ, ਉਹ ਉਸੇ ਤਰ੍ਹਾਂ ਹੀ ਕਰੇ ।
14ਸੋ ਯੋਆਬ ਅਤੇ ਉਸ ਦੇ ਸਾਥੀ ਅਰਾਮੀਆਂ ਦੇ ਨਾਲ ਲੜਨ ਲਈ ਅੱਗੇ ਵਧੇ ਅਤੇ ਉਹ ਉਸ ਦੇ ਅੱਗੋਂ ਭੱਜ ਗਏ15ਜਦੋਂ ਅੰਮੋਨੀਆਂ ਨੇ ਦੇਖਿਆ ਕਿ ਅਰਾਮੀ ਭੱਜ ਗਏ ਹਨ, ਤਾਂ ਉਹ ਵੀ ਉਸ ਦੇ ਭਰਾ ਅਬਸ਼ਈ ਦੇ ਅੱਗੋਂ ਭੱਜ ਕੇ ਸ਼ਹਿਰ ਵਿੱਚ ਜਾ ਵੜੇ, ਤਾਂ ਯੋਆਬ ਯਰੂਸ਼ਲਮ ਨੂੰ ਮੁੜ ਆਇਆ ।
16ਜਦੋਂ ਅਰਾਮੀਆਂ ਨੇ ਦੇਖਿਆ ਕਿ ਅਸੀਂ ਇਸਰਾਏਲੀਆਂ ਤੋਂ ਹਾਰ ਗਏ ਹਾਂ, ਤਾਂ ਉਹ ਦੂਤਾਂ ਨੂੰ ਭੇਜ ਕੇ ਉਨ੍ਹਾਂ ਦਰਿਆ ਦੇ ਪਾਰ ਵਾਲਿਆਂ ਅਰਾਮੀਆਂ ਨੂੰ ਸੱਦ ਲਿਆਏ, ਅਤੇ ਹਦਰਅਜ਼ਰ ਦਾ ਸੈਨਾਪਤੀ ਸ਼ੋਫਕ ਉਨ੍ਹਾਂ ਦਾ ਸੈਨਾਪਤੀ ਸੀ17ਇਹ ਖ਼ਬਰ ਦਾਊਦ ਤੱਕ ਪਹੁੰਚੀ ਅਤੇ ਉਸ ਨੇ ਸਾਰੇ ਇਸਰਾਏਲ ਨੂੰ ਇਕੱਠਾ ਕੀਤਾ ਅਤੇ ਯਰਦਨ ਨਦੀ ਦੇ ਪਾਰ ਲੰਘ ਕੇ ਉਨ੍ਹਾਂ ਉੱਤੇ ਚੜਾਈ ਕੀਤੀ ਅਤੇ ਉਨ੍ਹਾਂ ਦੇ ਸਾਹਮਣੇ ਲੜਾਈ ਦਾ ਪਿੜ ਬੰਨਿਆ । ਜਦੋਂ ਦਾਊਦ ਨੇ ਅਰਾਮੀਆਂ ਦੇ ਸਨਮੁਖ ਲੜਾਈ ਦਾ ਪਿੜ ਬੰਨਿਆ, ਤਾਂ ਉਹ ਉਸ ਨਾਲ ਯੁਧ ਨੂੰ ਜੁੱਟ ਪਏ
18ਅਤੇ ਅਰਾਮੀ ਇਸਰਾਏਲ ਦੇ ਅੱਗੋਂ ਭੱਜੇ ਅਤੇ ਦਾਊਦ ਨੇ ਅਰਾਮੀਆਂ ਦੇ ਸੱਤ ਹਜ਼ਾਰ ਰੱਥਾਂ ਦੇ ਸਵਾਰਾਂ ਨੂੰ ਅਤੇ ਚਾਲੀ ਹਜ਼ਾਰ ਸਿਪਾਹੀਆਂ ਨੂੰ ਜਾਨੋਂ ਮਾਰ ਸੁੱਟਿਆ, ਸੈਨਾ ਦੇ ਸੈਨਾਪਤੀ ਸ਼ੋਫਕ ਨੂੰ ਵੀ ਜਾਨੋਂ ਮਾਰ ਮੁਕਾਇਆ19ਅਤੇ ਜਦੋਂ ਹਦਰਅਜ਼ਰ ਦੇ ਨੌਕਰਾਂ ਨੇ ਦੇਖਿਆ ਕਿ ਅਸੀਂ ਇਸਰਾਏਲ ਤੋਂ ਹਾਰ ਗਏ ਹਾਂ, ਤਾਂ ਦਾਊਦ ਨਾਲ ਮੇਲ ਕਰ ਕੇ ਉਸ ਦੇ ਦਾਸ ਬਣ ਗਏ । ਅਖ਼ੀਰ, ਅਰਾਮੀ ਨੇ ਅੰਮੋਨੀਆਂ ਦੀ ਸਹਾਇਤਾ ਫੇਰ ਨਾ ਕੀਤੀ ।

20
ਰੱਬਾਹ ਉੱਤੇ ਦਾਊਦ ਦਾ ਅਧਿਕਾਰ
(2 ਸਮੂਏਲ 12:26-31)

1ਫਿਰ ਇਸ ਤਰ੍ਹਾਂ ਹੋਇਆ ਕਿ ਨਵੇਂ ਸਾਲ ਦੇ ਅਰੰਭ ਵਿੱਚ, ਜਦੋਂ ਰਾਜੇ ਯੁਧ ਕਰਨ ਨੂੰ ਬਾਹਰ ਨਿੱਕਲਦੇ ਹਨ, ਤਾਂ ਯੋਆਬ ਨੇ ਫ਼ੌਜ ਦੇ ਮੁਖੀ ਸੂਰਮਿਆਂ ਨੂੰ ਲੈ ਜਾ ਕੇ ਅੰਮੋਨੀਆਂ ਦੀ ਧਰਤੀ ਨੂੰ ਲੁੱਟਿਆ ਅਤੇ ਰੱਬਾਹ ਨਗਰ ਨੂੰ ਆ ਕੇ ਘੇਰਾ ਪਾਇਆ, ਪਰ ਦਾਊਦ ਯਰੂਸ਼ਲਮ ਵਿੱਚ ਹੀ ਰਿਹਾ ਅਤੇ ਯੋਆਬ ਨੇ ਰਬਾਹ ਨੂੰ ਜਿੱਤ ਲਿਆ ਤੇ ਉਸ ਨੂੰ ਪੂਰੀ ਤਰ੍ਹਾਂ ਉਜਾੜ ਦਿੱਤਾ ।

2ਦਾਊਦ ਨੇ ਉਨ੍ਹਾਂ ਦੇ ਰਾਜੇ ਦਾ ਮੁਕਟ ਉਹ ਦੇ ਸਿਰ ਉੱਤੋਂ ਲਾਹ ਲਿਆ ਅਤੇ ਇਹ ਪਤਾ ਕੀਤਾ ਕਿ ਉਹ ਦਾ ਸੋਨਾ ਤੋਲ ਵਿੱਚ ਇੱਕ ਤੋੜਾ ਸੀ ਅਤੇ ਹੀਰਿਆਂ ਮੋਤੀਆਂ ਦੇ ਨਾਲ ਜੜਿਆ ਹੋਇਆ ਸੀ । ਉਹ ਮੁਕਟ ਦਾਊਦ ਦੇ ਸਿਰ ਉੱਤੇ ਧਰਿਆ ਗਿਆ ਅਤੇ ਉਸ ਨੇ ਉਸ ਸ਼ਹਿਰ ਵਿਚੋਂ ਬਹੁਤ ਕੁਝ ਲੁੱਟ ਲਿਆ3ਅਤੇ ਉਸ ਨੇ ਉਸ ਦੇ ਵਿਚੋਂ ਲੋਕਾਂ ਨੂੰ ਬਾਹਰ ਕੱਢ ਕੇ ਉਨ੍ਹਾਂ ਨੂੰ ਆਰੀਆਂ, ਲੋਹੇ ਦੇ ਹੱਲਾਂ ਅਤੇ ਕੁਹਾੜਿਆਂ ਨਾਲ ਵੱਢ ਸੁੱਟਿਆ, ਦਾਊਦ ਨੇ ਅੰਮੋਨੀਆਂ ਦੇ ਸਾਰੇ ਨਗਰਾਂ ਨਾਲ ਇਸੇ ਤਰ੍ਹਾਂ ਕੀਤਾ, ਫੇਰ ਦਾਊਦ ਸਾਰੇ ਲੋਕਾਂ ਨਾਲ ਯਰੂਸ਼ਲਮ ਨੂੰ ਮੁੜ ਆਇਆ ।
ਫ਼ਲਿਸਤੀ ਦਾਨਵਾਂ ਦੇ ਨਾਲ ਯੁੱਧ
(2 ਸਮੂਏਲ 21:15-22)

4ਫਿਰ ਗਜ਼ਰ ਵਿੱਚ ਫ਼ਲਿਸਤੀਆਂ ਨਾਲ ਯੁਧ ਦਾ ਅਰੰਭ ਹੋਇਆ, ਤਦ ਹੁੱਸ਼ਾਥੀ ਸਿਬਕਾਈ ਨੇ ਸਿੱਪਈ ਨੂੰ ਜਿਹੜਾ ਰਫ਼ਾ ਦੀ ਅੰਸ ਵਿਚੋਂ ਸੀ ਮਾਰ ਸੁੱਟਿਆ ਅਤੇ ਉਹ ਹਾਰ ਗਏ ।5ਫ਼ਲਿਸਤੀਆਂ ਨਾਲ ਫੇਰ ਲੜਾਈ ਹੋਈ, ਤਦ ਯਾਈਰ ਦੇ ਪੁੱਤਰ ਅਲਹਨਾਨ ਨੇ ਗਿੱਤੀ ਗੋਲਿਅਥ ਦੇ ਭਰਾ ਲਹਮੀ ਨੂੰ ਜਿਹ ਦੇ ਨੇਜੇ ਦਾ ਡੰਡਾ ਜੁਲਾਹੇ ਦੇ ਸ਼ਤੀਰ ਵਰਗਾ ਸੀ, ਮਾਰ ਸੁੱਟਿਆ ।
6ਗਥ ਵਿੱਚ ਇੱਕ ਹੋਰ ਲੜਾਈ ਹੋਈ ਅਤੇ ਉੱਥੇ ਇੱਕ ਵੱਡਾ ਲੰਮਾ ਜੋਧਾ ਸੀ, ਜਿਸ ਦੇ ਹੱਥਾਂ ਪੈਰਾਂ ਦੀਆਂ ਛੇ-ਛੇ ਉਂਗਲੀਆਂ ਅਰਥਾਤ ਉਸ ਦੀਆਂ ਚੌਵੀ ਉਂਗਲੀਆਂ ਸਨ ਅਤੇ ਉਹ ਰਫ਼ਾ ਦੀ ਕੁਲ ਵਿਚੋਂ ਸੀ ।7ਜਦੋਂ ਉਸ ਨੇ ਇਸਰਾਏਲ ਨੂੰ ਬਹੁਤ ਲਲਕਾਰਿਆ, ਤਾਂ ਦਾਊਦ ਦੇ ਭਰਾ ਸ਼ਿਮਈ ਦੇ ਪੁੱਤਰ ਯੋਨਾਥਾਨ ਨੇ ਉਸ ਨੂੰ ਜਾਨੋਂ ਮਾਰ ਦਿੱਤਾ ।8ਇਹ ਗਥ ਦੇ ਵਿੱਚ ਰਫ਼ਾ ਦੇ ਘਰ ਜੰਮੇ, ਉਹ ਦਾਊਦ ਅਤੇ ਉਹ ਦੇ ਸੇਵਕਾਂ ਦੇ ਹੱਥੋਂ ਮਾਰੇ ਗਏ ।

21
ਦਾਊਦ ਦੁਆਰਾ ਜਨ ਗਣਨਾ ਕਰਾਉਣਾ
(2 ਸਮੂਏਲ 24:1-25)

1ਸ਼ਤਾਨ ਇਸਰਾਏਲ ਦੇ ਵਿਰੁੱਧ ਉੱਠਿਆ ਅਤੇ ਉਸ ਨੇ ਦਾਊਦ ਨੂੰ ਉਕਸਾਇਆ ਕਿ ਉਹ ਇਸਰਾਏਲ ਦੀ ਗਿਣਤੀ ਕਰੇ ।2ਦਾਊਦ ਨੇ ਯੋਆਬ ਨੂੰ ਅਤੇ ਲੋਕਾਂ ਦੇ ਸਰਦਾਰਾਂ ਨੂੰ ਇਹ ਆਗਿਆ ਕੀਤੀ ਕਿ ਜਾਓ, ਬਏਰਸ਼ਬਾ ਤੋਂ ਲੈ ਕੇ ਦਾਨ ਤੱਕ ਇਸਰਾਏਲ ਦੀ ਗਿਣਤੀ ਕਰਕੇ ਮੈਨੂੰ ਦੱਸੋ, ਤਾਂ ਜੋ ਮੈਂ ਜਾਣ ਲਵਾਂ ।3ਪਰ ਯੋਆਬ ਨੇ ਆਖਿਆ, ਯਹੋਵਾਹ ਆਪਣੀ ਪਰਜਾ ਇਸ ਨਾਲੋਂ ਵੀ ਸੌ ਗੁਣਾ ਵੱਧ ਕਰੇ, ਪਰ ਹੇ ਮੇਰੇ ਸੁਆਮੀ ਮਹਾਰਾਜ, ਕੀ ਇਹ ਸਾਰਿਆਂ ਦੇ ਸਾਰੇ ਮੇਰੇ ਸੁਆਮੀ ਦੇ ਦਾਸ ਨਹੀਂ ਹਨ ? ਫੇਰ ਮੇਰਾ ਸੁਆਮੀ ਇਹ ਕਿਉਂ ਚਾਹੁੰਦਾ ਹੈ ? ਤੁਸੀਂ ਕਿਉਂ ਇਸਰਾਏਲ ਦੇ ਲਈ ਅਪਰਾਧੀ ਹੋਣ ਦਾ ਕਾਰਨ ਹੋਵੇ ?

4ਪਰ ਪਾਤਸ਼ਾਹ ਦੀ ਆਗਿਆ ਯੋਆਬ ਉੱਤੇ ਪਰਬਲ ਹੋਈ ਸੋ ਯੋਆਬ ਤੁਰ ਗਿਆ ਅਤੇ ਸਾਰੇ ਇਸਰਾਏਲ ਦੇ ਦੇਸ ਦੇ ਵਿੱਚੋਂ ਲੰਘ ਕੇ ਯਰੂਸ਼ਲਮ ਨੂੰ ਮੁੜ ਆਇਆ ।5ਤਾਂ ਯੋਆਬ ਨੇ ਲੋਕਾਂ ਦੀ ਗਿਣਤੀ ਦਾ ਚਿੱਠਾ ਦਾਊਦ ਨੂੰ ਦਿੱਤਾ ਅਤੇ ਸਾਰੇ ਇਸਰਾਏਲ ਦੇ ਤਲਵਾਰ ਧਾਰੀਆਂ ਦੀ ਗਿਣਤੀ ਗਿਆਰਾਂ ਲੱਖ ਸੀ ਅਤੇ ਯਹੂਦਾਹ ਦੇ ਚਾਰ ਲੱਖ ਸੱਤਰ ਹਜ਼ਾਰ ਤਲਵਾਰ ਧਾਰੀ ਸਨ ।
6ਪਰ ਉਸ ਨੇ ਇਨ੍ਹਾਂ ਦੇ ਵਿੱਚ ਲੇਵੀ ਅਤੇ ਬਿਨਯਾਮੀਨ ਦੇ ਲੋਕਾਂ ਦੀ ਗਿਣਤੀ ਨਾ ਕੀਤੀ, ਕਿਉਂ ਜੋ ਯੋਆਬ ਨੂੰ ਪਾਤਸ਼ਾਹ ਦੀ ਆਗਿਆ ਅੱਤ ਘਿਣਾਉਣੀ ਲੱਗੀ ।7ਅਤੇ ਪਰਮੇਸ਼ੁਰ ਨੂੰ ਇਹ ਗੱਲ ਬਹੁਤ ਬੁਰੀ ਲੱਗੀ, ਇਸ ਲਈ ਉਸ ਨੇ ਇਸਰਾਏਲ ਨੂੰ ਮਾਰਿਆ ।8ਤਾਂ ਦਾਊਦ ਨੇ ਪਰਮੇਸ਼ੁਰ ਦੀ ਹਜ਼ੂਰੀ ਵਿੱਚ ਬੇਨਤੀ ਕੀਤੀ ਕਿ ਮੇਰੇ ਕੋਲੋਂ ਵੱਡਾ ਪਾਪ ਹੋਇਆ, ਜੋ ਮੈਂ ਇਹ ਕੰਮ ਕੀਤਾ, ਪਰ ਹੁਣ ਆਪਣੇ ਸੇਵਕ ਦਾ ਪਾਪ ਮਾਫ਼ ਕਰ, ਜੋ ਮੈਂ ਇਹ ਉਹ ਕੰਮ ਕੀਤਾ ਹੈ ਜੋ ਕਰਨਾ ਜੋਗ ਨਹੀਂ ਸੀ ।
9ਯਹੋਵਾਹ ਨੇ ਦਾਊਦ ਦੇ ਅਗੰਮ ਗਿਆਨੀ ਗਾਦ ਨੂੰ ਆਗਿਆ ਦਿੱਤੀ10ਕਿ ਤੂੰ ਜਾ ਕੇ ਦਾਊਦ ਨੂੰ ਇਸ ਤਰ੍ਹਾਂ ਆਖ ਕਿ ਯਹੋਵਾਹ ਇਹ ਆਖਦਾ ਹੈ ਕਿ ਮੈਂ ਤੇਰੇ ਅੱਗੇ ਤਿੰਨ ਬਿਪਤਾਵਾਂ ਰੱਖਦਾ ਹਾਂ, ਤੂੰ ਉਨ੍ਹਾਂ ਵਿੱਚੋਂ ਇੱਕ ਚੁਣ ਲੈ, ਜੋ ਮੈਂ ਤੇਰੇ ਉੱਤੇ ਉਹ ਭੇਜ ਦੇਵਾਂ ।
11ਅਖ਼ੀਰ, ਗਾਦ ਦਾਊਦ ਕੋਲ ਆਇਆ ਅਤੇ ਉਸ ਨੂੰ ਆਖਿਆ ਕਿ ਯਹੋਵਾਹ ਦੀ ਇਹ ਆਗਿਆ ਹੈ ਜੋ ਤੂੰ ਇੰਨ੍ਹਾਂ ਵਿੱਚੋਂ ਇੱਕ ਚੁਣ ਲੈ,12ਜਾਂ ਤਿੰਨ ਸਾਲਾਂ ਦਾ ਅੰਨ ਕਾਲ ਹੋਵੇ ਜਾਂ ਤੂੰ ਆਪਣੇ ਵੈਰੀਆਂ ਦੇ ਸਾਹਮਣੇ ਤਿੰਨ ਮਹੀਨਿਆਂ ਤੱਕ ਨਾਸ ਹੁੰਦਾ ਜਾਏਂ ਜਦੋਂ ਤੇਰੇ ਵੈਰੀਆਂ ਦੀ ਤਲਵਾਰ ਤੇਰੇ ਉੱਤੇ ਆ ਪਵੇ ਜਾਂ ਤਿੰਨ ਦਿਨਾਂ ਤੱਕ ਯਹੋਵਾਹ ਦੀ ਤਲਵਾਰ ਅਰਥਾਤ ਮਹਾਂ ਮਰੀ ਦੇਸ ਵਿੱਚ ਹੋਵੇ ਅਤੇ ਯਹੋਵਾਹ ਦਾ ਦੂਤ ਇਸਰਾਏਲ ਦੀ ਸਾਰੀ ਧਰਤੀ ਵਿੱਚ ਨਸ਼ਟ ਕਰਦਾ ਫਿਰੇ । ਹੁਣ ਵਿਚਾਰ ਕਰ ਕੇ ਦੱਸ, ਜੋ ਮੈਂ ਆਪਣੇ ਭੇਜਣ ਵਾਲੇ ਨੂੰ ਕੀ ਉੱਤਰ ਦੇਵਾਂ ?
13ਦਾਊਦ ਨੇ ਗਾਦ ਨੂੰ ਆਖਿਆ, ਮੈਂ ਤਾਂ ਵੱਡੀ ਦੁਬਧਾ ਵਿੱਚ ਪੈ ਗਿਆ ਹਾਂ, ਮੈਂ ਯਹੋਵਾਹ ਦੇ ਹੱਥ ਵਿੱਚ ਹੁਣ ਪਵਾਂ ਕਿਉਂ ਜੋ ਉਸ ਦੀ ਦਯਾ ਬਹੁਤ ਵੱਡੀ ਹੈ, ਪਰ ਮਨੁੱਖ ਦੇ ਹੱਥ ਵਿੱਚ ਨਾ ਪਵਾਂ ।14ਸੋ ਯਹੋਵਾਹ ਨੇ ਇਸਰਾਏਲ ਉੱਤੇ ਮਹਾਂ ਮਰੀ ਭੇਜ ਦਿੱਤੀ ਅਤੇ ਇਸਰਾਏਲ ਵਿੱਚੋਂ ਸੱਤਰ ਹਜ਼ਾਰ ਲੋਕ ਮਰ ਗਏ ।15ਯਹੋਵਾਹ ਨੇ ਇੱਕ ਦੂਤ ਯਰੂਸ਼ਲਮ ਨੂੰ ਭੇਜ ਦਿੱਤਾ ਤਾਂ ਜੋ ਉਹ ਦਾ ਨਾਸ ਕਰੇ, ਜਦੋਂ ਉਸ ਨੇ ਉਸ ਦੇ ਨਾਸ ਕਰਨ ਨੂੰ ਤਿਆਰੀ ਕੀਤੀ ਹੀ ਸੀ, ਤਾਂ ਪਰਮੇਸ਼ੁਰ ਵੇਖ ਕੇ ਉਸ ਦੁੱਖ ਦੇ ਦੇਣ ਤੋਂ ਪਛਤਾਇਆ ਅਤੇ ਉਸ ਨਸ਼ਟ ਕਰਨ ਵਾਲੇ ਦੂਤ ਨੂੰ ਆਗਿਆ ਦਿੱਤੀ, ਬਸ, ਰੁਕ ਜਾ, ਹੁਣ ਆਪਣਾ ਹੱਥ ਖਿੱਚ ਲੈ ਅਤੇ ਯਹੋਵਾਹ ਦਾ ਦੂਤ ਅਜੇ ਯਬੂਸੀ ਆਰਨਾਨ ਦੇ ਪਿੜ ਕੋਲ ਖੜੋਤਾ ਸੀ,
16ਤਾਂ ਦਾਊਦ ਨੇ ਆਪਣੀਆਂ ਅੱਖਾਂ ਉਤਾਂਹ ਕਰ ਕੇ ਕੀ ਦੇਖਿਆ, ਕਿ ਯਹੋਵਾਹ ਦਾ ਦੂਤ ਅਕਾਸ਼ ਅਤੇ ਧਰਤੀ ਦੇ ਵਿਚਕਾਰ ਖਲੋਤਾ ਹੋਇਆ ਸੀ ਅਤੇ ਉਸ ਦੇ ਹੱਥ ਵਿੱਚ ਨੰਗੀ ਤਲਵਾਰ ਯਰੂਸ਼ਲਮ ਦੀ ਵੱਲ ਧੂਹੀ ਹੋਈ ਸੀ, ਤਾਂ ਦਾਊਦ ਅਤੇ ਬਜ਼ੁਰਗ ਤੱਪੜ ਪਹਿਨੇ ਹੋਏ ਮੂੰਹ ਦੇ ਭਾਰ ਡਿੱਗ ਪਏ ।17ਅਤੇ ਦਾਊਦ ਨੇ ਪਰਮੇਸ਼ੁਰ ਦੇ ਅੱਗੇ ਬੇਨਤੀ ਕਰ ਕੇ ਆਖਿਆ, ਕੀ ਮੈਂ ਹੀ ਇਹ ਆਗਿਆ ਨਹੀਂ ਦਿੱਤੀ ਸੀ ਜੋ ਲੋਕਾਂ ਦੀ ਗਿਣਤੀ ਕੀਤੀ ਜਾਵੇ ? ਪਾਪ ਤਾਂ ਮੈਂ ਕੀਤਾ ਹੈ ਅਤੇ ਸੱਚ-ਮੁੱਚ ਦੋਸ਼ ਮੇਰਾ ਹੈ, ਪਰ ਇੰਨ੍ਹਾਂ ਭੇਡਾਂ ਨੇ ਕੀ ਅਪਰਾਧ ਕੀਤਾ ਹੈ ? ਹੇ ਯਹੋਵਾਹ ਮੇਰੇ ਪਰਮੇਸ਼ੁਰ, ਤੇਰਾ ਹੱਥ ਮੇਰੇ ਅਤੇ ਮੇਰੇ ਵੱਡਿਆਂ ਦੀ ਕੁਲ ਦੇ ਵਿਰੁੱਧ ਹੋਵੇ, ਨਾ ਕਿ ਤੇਰੇ ਲੋਕਾਂ ਉੱਤੇ, ਜੋ ਉਹ ਬਵਾ ਵਿੱਚ ਫਸ ਜਾਣ ! ।
18ਤਾਂ ਯਹੋਵਾਹ ਦੇ ਦੂਤ ਨੇ ਗਾਦ ਨੂੰ ਆਗਿਆ ਦਿੱਤੀ ਕਿ ਦਾਊਦ ਨੂੰ ਆਖੋ ਜੋ ਦਾਊਦ ਜਸ ਕੇ ਯਬੂਸੀ ਆਰਨਾਨ ਦੇ ਪਿੜ ਉੱਤੇ ਯਹੋਵਾਹ ਦੇ ਲਈ ਇੱਕ ਜਗਵੇਦੀ ਬਣਾਵੇ ।19ਫਿਰ ਦਾਊਦ ਗਾਦ ਦੀ ਆਗਿਆ ਅਨੁਸਾਰ, ਜਿਹੜੀ ਉਸ ਨੇ ਯਹੋਵਾਹ ਦੇ ਨਾਮ ਉੱਤੇ ਦਿੱਤੀ ਸੀ, ਚਲਾ ਗਿਆ ।20ਆਰਨਾਨ ਨੇ ਪਿੱਛੇ ਮੁੜ ਕੇ ਦੂਤ ਨੂੰ ਦੇਖਿਆ ਅਤੇ ਉਸ ਦੇ ਚੌਹਾਂ ਪੁੱਤਰਾਂ ਨੇ ਉਹ ਦੇ ਨਾਲ ਆਪਣੇ ਆਪ ਨੂੰ ਲੁਕਾ ਲਿਆ, ਉਸ ਵੇਲੇ ਆਰਨਾਨ ਕਣਕ ਝਾੜ ਰਿਹਾ ਸੀ
21ਅਤੇ ਦਾਊਦ ਆਰਨਾਨ ਦੇ ਕੋਲ ਆਉਂਦਾ ਹੀ ਸੀ, ਤਾਂ ਆਰਨਾਨ ਨੇ ਦਾਊਦ ਨੂੰ ਦੇਖਿਆ, ਅਤੇ ਪਿੜ ਤੋਂ ਬਾਹਰ ਜਾ ਕੇ ਦਾਊਦ ਦੇ ਅੱਗੇ ਝੁੱਕ ਕੇ ਨਮਸਕਾਰ ਕੀਤਾ ।22ਤਾਂ ਦਾਊਦ ਨੇ ਆਰਨਾਨ ਨੂੰ ਆਖਿਆ ਕਿ ਇਹ ਪਿੜ ਮੈਨੂੰ ਦੇ, ਤਾਂ ਕਿ ਮੈਂ ਇਸ ਦੇ ਉੱਤੇ ਯਹੋਵਾਹ ਦੇ ਲਈ ਇੱਕ ਜਗਵੇਦੀ ਬਣਾਵਾਂ । ਮੇਰੇ ਕੋਲੋਂ ਇਸ ਦਾ ਪੂਰਾ ਮੁੱਲ ਲੈ ਕੇ ਮੈਨੂੰ ਦੇ ਦੇਹ, ਤਾਂ ਕਿ ਲੋਕਾਂ ਦੇ ਸਿਰ ਉੱਤੋਂ ਬਵਾ ਹਟ ਜਾਏ ।
23ਅਤੇ ਆਰਨਾਨ ਨੇ ਦਾਊਦ ਨੂੰ ਅੱਗੋਂ ਆਖਿਆ ਕਿ ਲੈ ਲਓ ਅਤੇ ਜਿਵੇਂ ਮੇਰਾ ਸੁਆਮੀ ਪਾਤਸ਼ਾਹ ਚਾਹੁੰਦਾ ਹੈ ਉਸੇ ਤਰ੍ਹਾਂ ਕਰੇ, ਵੇਖੋ, ਮੈਂ ਤਾਂ ਹੋਮ ਦੀਆਂ ਬਲੀਆਂ ਦੇ ਲਈ ਬਲ਼ਦ, ਕਣਕ ਝਾੜਨ ਦਾ ਸਾਰਾ ਸਮਾਨ ਬਾਲਣ ਵਾਸਤੇ, ਅੰਨ ਦੀ ਭੇਟ ਵਾਸਤੇ ਕਣਕ ਅਤੇ ਸਭ ਕੁਝ ਦਿੰਦਾ ਹਾਂ ।24ਤਦ ਦਾਊਦ ਪਾਤਸ਼ਾਹ ਨੇ ਆਰਨਾਨ ਨੂੰ ਆਖਿਆ, ਨਹੀਂ ਜੀ, ਸੱਚ-ਮੁੱਚ ਮੈਂ ਤਾਂ ਉਹ ਦਾ ਪੂਰਾ ਪੂਰਾ ਮੁੱਲ ਦੇ ਕੇ ਉਸ ਨੂੰ ਖਰੀਦਾਂਗਾ ਕਿਉਂ ਜੋ ਮੈਂ ਤਾਂ ਯਹੋਵਾਹ ਦੇ ਲਈ ਤੇਰਾ ਮਾਲ ਨਹੀਂ ਲਵਾਂਗਾ, ਨਾ ਮੁੱਲ ਤੋਂ ਬਿਨਾਂ ਹੋਮ ਬਲੀ ਚੜ੍ਹਾਵਾਂਗਾ ।
25ਅਖ਼ੀਰ, ਦਾਊਦ ਨੇ ਆਰਨਾਨ ਨੂੰ ਉੱਸੇ ਥਾਂ ਦੇ ਲਈ ਛੇ ਸੌ ਤੋੜਾ ਸੋਨਾ ਤੋਲ ਕੇ ਦਿੱਤਾ ।26ਦਾਊਦ ਨੇ ਯਹੋਵਾਹ ਦੇ ਲਈ ਇੱਕ ਜਗਵੇਦੀ ਬਣਾਈ, ਅਤੇ ਹੋਮ ਦੀਆਂ ਬਲੀਆਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਈਆਂ ਅਤੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ, ਤਾਂ ਯਹੋਵਾਹ ਨੇ ਅਕਾਸ਼ ਤੋਂ ਹੋਮ ਦੀ ਜਗਵੇਦੀ ਉੱਤੇ ਅੱਗ ਭੇਜ ਕੇ ਉਸ ਨੂੰ ਉੱਤਰ ਦਿੱਤਾ ।27ਯਹੋਵਾਹ ਨੇ ਉਸ ਦੂਤ ਨੂੰ ਆਗਿਆ ਦਿੱਤੀ, ਤਦ ਉਸ ਨੇ ਆਪਣੀ ਤਲਵਾਰ ਫੇਰ ਮਿਆਨ ਵਿੱਚ ਪਾ ਲਈ ।
28ਉਸ ਵੇਲੇ ਜਦ ਦਾਊਦ ਨੇ ਦੇਖਿਆ, ਜੋ ਯਹੋਵਾਹ ਨੇ ਯਬੂਸੀ ਆਰਨਾਨ ਦੇ ਪਿੜ ਵਿੱਚ ਉਸ ਨੂੰ ਉੱਤਰ ਦਿੱਤਾ, ਤਦ ਉਸ ਨੇ ਉੱਥੇ ਬਲੀਦਾਨ ਚੜ੍ਹਾਇਆ ।29ਕਿਉਂ ਜੋ ਉਸ ਵੇਲੇ ਯਹੋਵਾਹ ਦਾ ਡੇਰਾ ਜਿਹੜਾ ਮੂਸਾ ਨੇ ਉਜਾੜ ਵਿੱਚ ਬਣਾਇਆ ਸੀ ਅਤੇ ਹੋਮ ਦੀ ਬਲੀ ਦੀ ਜਗਵੇਦੀ ਗਿਬਾਓਨ ਦੇ ਉੱਚੇ ਥਾਂ ਉੱਤੇ ਸਨ30ਪਰ ਦਾਊਦ ਪਰਮੇਸ਼ੁਰ ਦੀ ਭਾਲ ਵਿੱਚ ਉੱਥੇ ਉਹ ਦੇ ਅੱਗੇ ਬੇਨਤੀ ਕਰਨ ਲਈ ਨਾ ਜਾ ਸਕਿਆ, ਕਿਉਂ ਜੋ ਉਹ ਯਹੋਵਾਹ ਦੇ ਦੂਤ ਦੀ ਤਲਵਾਰ ਤੋਂ ਡਰਦਾ ਸੀ ।

22

1ਤਦ ਦਾਊਦ ਨੇ ਆਖਿਆ, ਇਹ ਹੀ ਯਹੋਵਾਹ ਪਰਮੇਸ਼ੁਰ ਦਾ ਭਵਨ ਅਤੇ ਇਹ ਹੀ ਇਸਰਾਏਲ ਦੇ ਲਈ ਹੋਮ ਦੀਆਂ ਬਲੀਆਂ ਦੀ ਜਗਵੇਦੀ ਹੈ !

ਹੈਕਲ ਦੇ ਨਿਰਮਾਣ ਦੀ ਤਿਆਰੀ

2ਤਦ ਦਾਊਦ ਨੇ ਆਗਿਆ ਦਿੱਤੀ ਕਿ ਉਨ੍ਹਾਂ ਓਪਰਿਆਂ ਨੂੰ ਜਿਹੜੇ ਇਸਰਾਏਲ ਦੇ ਦੇਸ ਵਿੱਚ ਹਨ, ਇਕੱਠਾ ਕਰਨ ਅਤੇ ਉਸ ਨੇ ਪੱਥਰ ਘੜਨ ਵਾਲਿਆਂ ਨੂੰ ਠਹਿਰਾਇਆ, ਤਾਂ ਜੋ ਉਹ ਪਰਮੇਸ਼ੁਰ ਦੇ ਭਵਨ ਦੀ ਰਚਨਾ ਲਈ ਪੱਥਰ ਦੀਆਂ ਚੌਨੁਕਰੀਆਂ ਇੱਟਾਂ ਘੜਨ
3ਅਤੇ ਦਾਊਦ ਨੇ ਬੂਹਿਆਂ ਦੀਆਂ ਚੁਗਾਠਾਂ ਦੇ ਲਈ ਮੇਖਾਂ ਅਤੇ ਕਬਜ਼ਿਆਂ ਦੇ ਲਈ ਬਹੁਤ ਸਾਰਾ ਲੋਹਾ ਤਿਆਰ ਕੀਤਾ ਅਤੇ ਪਿੱਤਲ ਦੇ ਤੋਲ ਦੀ ਕੁਝ ਗਿਣਤੀ ਨਹੀਂ ਸੀ, ਕਿਉਂਕਿ ਪਿੱਤਲ ਢੇਰ ਸਾਰਾ ਸੀ4ਅਤੇ ਦਿਆਰ ਦੀ ਲੱਕੜੀ ਬਹੁਤ ਸਾਰੀ ਇਕੱਠੀ ਕੀਤੀ, ਕਿਉਂ ਜੋ ਸੀਦੋਨੀ ਅਤੇ ਸੂਰ ਦੇ ਵਸਨੀਕ ਬਹੁਤ ਸਾਰੀ ਦਿਆਰ ਦੀ ਲੱਕੜੀ ਦਾਊਦ ਦੇ ਕੋਲ ਲਿਆਉਂਦੇ ਸਨ ।5ਅਤੇ ਦਾਊਦ ਨੇ ਆਖਿਆ, "ਮੇਰਾ ਪੁੱਤਰ ਸੁਲੇਮਾਨ ਅਜੇ ਤਾਂ ਨਿਆਣਾ ਅਤੇ ਬਾਲਕ ਹੈ, ਅਤੇ ਜ਼ਰੂਰੀ ਹੈ ਕਿ ਜਿਹੜਾ ਭਵਨ ਯਹੋਵਾਹ ਦੇ ਲਈ ਬਣਾਇਆ ਜਾਵੇਗਾ, ਉਹ ਬਹੁਤ ਹੀ ਸੁੰਦਰ ਹੋਵੇ, ਤਾਂ ਕਿ ਉਹ ਦਾ ਨਾਮ ਅਤੇ ਪ੍ਰਤਾਪ ਸਾਰੇ ਦੇਸਾਂ ਵਿੱਚ ਉਜਾਗਰ ਹੋਵੇ, ਇਸ ਲਈ ਮੈਂ ਆਪ ਹੀ ਉਹ ਦੇ ਲਈ ਤਿਆਰੀ ਕਰਾਂਗਾ । ਅਖ਼ੀਰ, ਦਾਊਦ ਨੇ ਆਪਣੇ ਮਰਨ ਤੋਂ ਪਹਿਲਾਂ ਬਹੁਤ ਜਿਆਦਾ ਤਿਆਰੀਆਂ ਕੀਤੀਆਂ ।
6ਫਿਰ ਉਸ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਸੱਦਿਆ ਅਤੇ ਉਸ ਨੂੰ ਆਗਿਆ ਦਿੱਤੀ, ਕਿ ਉਹ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੇ ਲਈ ਇੱਕ ਭਵਨ ਬਣਾਵੇ ।7ਦਾਊਦ ਨੇ ਸੁਲੇਮਾਨ ਨੂੰ ਆਖਿਆ, ਮੇਰੇ ਪੁੱਤਰ ! ਮੈਂ, ਹਾਂ, ਮੈਂ ਆਪਣੇ ਮਨ ਵਿੱਚ ਇਹ ਕਲਪਨਾ ਕੀਤੀ ਸੀ ਕਿ ਮੈਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਲਈ ਇੱਕ ਭਵਨ ਬਣਾਵਾਂ ।8ਪਰ ਯਹੋਵਾਹ ਦੀ ਬਾਣੀ ਮੇਰੇ ਮਨ ਵਿੱਚ ਇਸ ਪ੍ਰਕਾਰ ਆਈ, ਕਿ ਤੂੰ ਤਾਂ ਬਹੁਤ ਜਿਆਦਾ ਲਹੂ ਵਹਾਇਆ ਹੈ, ਅਤੇ ਵੱਡੀਆਂ-ਵੱਡੀਆਂ ਲੜਾਈਆਂ ਲੜੀਆਂ ਹਨ, ਤੂੰ ਮੇਰੇ ਨਾਮ ਦੇ ਲਈ ਕੋਈ ਭਵਨ ਨਾ ਬਣਾਵੇਂਗਾ, ਕਿਉਂ ਜੋ ਤੂੰ ਧਰਤੀ ਉੱਤੇ ਮੇਰੀ ਨਿਗਾਹ ਵਿੱਚ ਹੱਦੋਂ ਵੱਧ ਲਹੂ ਵਹਾਇਆ ਹੈ ।
9ਵੇਖ, ਤੇਰੇ ਘਰ ਇੱਕ ਪੁੱਤਰ ਜੰਮੇਗਾ ਜੋ ਸ਼ਾਂਤ ਵਿਅਕਤੀ ਹੋਵੇਗਾ ਅਤੇ ਮੈਂ ਉਸ ਨੂੰ ਉਹ ਦੇ ਸਾਰੇ ਵੈਰੀਆਂ ਤੋਂ ਅਰਾਮ ਦਿਆਂਗਾ, ਕਿਉਂ ਜੋ ਉਹ ਦਾ ਨਾਮ ਸੁਲੇਮਾਨ ਹੋਵੇਗਾ ਅਤੇ ਮੈਂ ਉਹ ਦੇ ਸਮੇਂ ਵਿੱਚ ਇਸਰਾਏਲ ਨੂੰ ਸੁੱਖ-ਸਾਂਦ ਅਤੇ ਮੇਲ-ਮਿਲਾਪ ਬਖ਼ਸ਼ਾਂਗਾ ।10ਉਹ ਮੇਰੇ ਨਾਮ ਦੇ ਲਈ ਇੱਕ ਭਵਨ ਬਣਾਏਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ ਅਤੇ ਮੈਂ ਉਹ ਦਾ ਪਿਤਾ ਹੋਵਾਂਗਾ, ਮੈਂ ਇਸਰਾਏਲ ਉੱਤੇ ਉਸ ਦੇ ਰਾਜ ਦਾ ਸਿੰਘਾਸਣ ਸਦੀਪਕ ਕਾਲ ਤੱਕ ਇਸਥਿਰ ਕਰਾਂਗਾ ।
11ਹੁਣ ਹੇ ਮੇਰੇ ਪੁੱਤਰ, ਯਹੋਵਾਹ ਤੇਰੇ ਅੰਗ-ਸੰਗ ਰਹੇ ਤਾਂ ਜੋ ਤੂੰ ਸਫ਼ਲ ਹੋਵੇਂ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਭਵਨ ਨੂੰ ਬਣਾਵੇਂ, ਜਿਵੇਂ ਉਸ ਨੇ ਤੇਰੇ ਲਈ ਆਖਿਆ ਹੈ ।12ਯਹੋਵਾਹ ਕੇਵਲ ਤੈਨੂੰ ਬੁੱਧ ਅਤੇ ਸਮਝ ਦੇਵੇ ਅਤੇ ਇਸਰਾਏਲ ਦੇ ਲਈ ਤੈਨੂੰ ਖ਼ਾਸ ਆਗਿਆ ਦੇਵੇ, ਤਾਂ ਤੂੰ ਯਹੋਵਾਹ ਆਪਣੇ ਪਰਮੇਸ਼ੁਰ ਦੀ ਬਿਵਸਥਾ ਦੀ ਪਾਲਨਾ ਕਰੇਂ ।13ਤਾਂ ਤੂੰ ਸਫ਼ਲ ਹੋਵੇਂਗਾ, ਜੇ ਤੂੰ ਉਨ੍ਹਾਂ ਬਿਧੀਆਂ ਅਤੇ ਬਿਵਸਥਾ ਦੇ ਅਨੁਸਾਰ ਚੱਲੇਂਗਾ, ਜਿਹੜੀਆਂ ਯਹੋਵਾਹ ਨੇ ਇਸਰਾਏਲ ਦੇ ਲਈ ਮੂਸਾ ਨੂੰ ਆਗਿਆ ਦਿੱਤੀਆਂ ਸਨ । ਤਕੜਾ ਹੋ ਅਤੇ ਉਤਸਾਹ ਰੱਖ, ਡਰ ਨਹੀਂ ਅਤੇ ਨਾ ਘਾਬਰ ।
14ਵੇਖ, ਮੈਂ ਆਪਣੀ ਕਸ਼ਟ ਦੀ ਦਸ਼ਾ ਵਿੱਚ ਯਹੋਵਾਹ ਦੇ ਭਵਨ ਲਈ ਇੱਕ ਲੱਖ ਕੰਤਾਰ ਸੋਨਾ ਅਤੇ ਦਸ ਲੱਖ ਕੰਤਾਰ ਚਾਂਦੀ ਅਤੇ ਹੱਦੋਂ ਵੱਧ ਪਿੱਤਲ ਅਤੇ ਲੋਹਾ ਇਕੱਠਾ ਕੀਤਾ, ਜੋ ਉਹ ਤਾਂ ਬਹੁਤਾਇਤ ਨਾਲ ਹੈ, ਅਤੇ ਲੱਕੜ ਅਤੇ ਪੱਥਰ ਨੂੰ ਵੀ ਤਿਆਰ ਕੀਤਾ, ਤਾਂ ਤੂੰ ਉਨ੍ਹਾਂ ਨੂੰ ਹੋਰ ਵਾਧਾ ਕਰ ਸਕੇਂ ।
15ਤੇਰੇ ਕੋਲ ਬਹੁਤ ਸਾਰੇ ਕਾਰੀਗਰ ਵੀ ਹਨ, ਅਰਥਾਤ ਪੱਥਰ ਘੜਨ ਵਾਲੇ, ਪੱਥਰ ਤੋੜਨ ਵਾਲੇ ਅਤੇ ਤਰਖਾਣ, ਸਭ ਤਰ੍ਹਾਂ ਦੇ ਕਾਰੀਗਰ ਹਰੇਕ ਕੰਮ ਦੇ ਲਈ ਤੇਰੇ ਕੋਲ ਹਨ ।16ਸੋਨੇ, ਚਾਂਦੀ, ਪਿੱਤਲ ਅਤੇ ਲੋਹੇ ਦੀ ਤਾਂ ਗਿਣਤੀ ਹੀ ਨਹੀਂ, ਉੱਠ ਖੜਾ ਹੋ, ਲੱਕ ਬੰਨ ਕੇ ਕੰਮ ਕਰ, ਯਹੋਵਾਹ ਤੇਰੇ ਅੰਗ-ਸੰਗ ਹੋਵੇ ! ।
17ਅਤੇ ਦਾਊਦ ਨੇ ਇਸਰਾਏਲ ਦੇ ਸਾਰਿਆਂ ਸਰਦਾਰਾਂ ਨੂੰ ਵੀ ਆਗਿਆ ਦਿੱਤੀ, ਜੋ ਉਹ ਦੇ ਪੁੱਤਰ ਸੁਲੇਮਾਨ ਦੀ ਸਹਾਇਤਾ ਕਰਨ ਅਤੇ ਇਹ ਆਖਿਆ,18"ਕੀ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਨਾਲ ਨਹੀਂ ਹੈ ? "ਕੀ ਉਸ ਨੇ ਹਰ ਪਾਸਿਓਂ ਤੁਹਾਨੂੰ ਸੁੱਖ ਨਹੀਂ ਦਿੱਤਾ ਹੈ ? ਕਿਉਂ ਜੋ ਉਸ ਨੇ ਦੇਸ ਦੇ ਵਾਸੀਆਂ ਨੂੰ ਮੇਰੇ ਹੱਥ ਵਿੱਚ ਸੌਂਪ ਦਿੱਤਾ ਹੈ ਅਤੇ ਇਹ ਦੇਸ ਯਹੋਵਾਹ ਦੇ ਅੱਗੇ ਅਤੇ ਉਹ ਦੀ ਪਰਜਾ ਦੇ ਸਾਹਮਣੇ ਅਧੀਨ ਹੋਇਆ ਹੈ ।19ਸੋ ਹੁਣ ਤੁਸੀਂ ਆਪਣੇ ਮਨ ਅਤੇ ਤਨ ਨਾਲ ਯਹੋਵਾਹ ਆਪਣੇ ਪਰਮੇਸ਼ੁਰ ਦੀ ਭਾਲ ਵਿੱਚ ਲੱਗੇ ਰਹੋ ਅਤੇ ਉੱਠ ਕੇ ਖੜੇ ਹੋਵੋ ਅਤੇ ਯਹੋਵਾਹ ਪਰਮੇਸ਼ੁਰ ਦੇ ਪਵਿੱਤਰ ਸਥਾਨ ਨੂੰ ਬਣਾਓ, ਜੋ ਤੁਸੀਂ ਯਹੋਵਾਹ ਦੇ ਨੇਮ ਦੇ ਸੰਦੂਕ ਨੂੰ ਅਤੇ ਪਰਮੇਸ਼ੁਰ ਦੇ ਪਵਿੱਤਰ ਭਾਂਡਿਆਂ ਨੂੰ ਉੱਸੇ ਭਵਨ ਦੇ ਵਿੱਚ ਜਿਹੜਾ ਯਹੋਵਾਹ ਦੇ ਨਾਮ ਦੇ ਲਈ ਬਣਾਇਆ ਜਾਵੇਗਾ, ਲੈ ਆਓ ।

23

1ਹੁਣ ਦਾਊਦ ਬੁੱਢਾ ਹੋ ਗਿਆ ਅਤੇ ਉਮਰ ਭੋਗ ਚੁੱਕਿਆ । ਉਸ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਇਸਰਾਏਲ ਉੱਤੇ ਪਾਤਸ਼ਾਹ ਬਣਾਇਆ ।

ਲੇਵੀਆਂ ਦੇ ਕੰਮ

2ਉਸ ਨੇ ਇਸਰਾਏਲ ਦੇ ਸਾਰੇ ਸਰਦਾਰਾਂ ਨੂੰ ਜਾਜਕਾਂ ਅਤੇ ਲੇਵੀਆਂ ਸਣੇ ਇਕੱਠਿਆਂ ਕੀਤਾ3ਅਤੇ ਲੇਵੀ ਜਿਹੜੇ ਤੀਹ ਸਾਲਾਂ ਦੇ ਅਤੇ ਉਸ ਤੋਂ ਵੱਧ ਉਮਰ ਵਾਲੇ ਸਨ, ਉਹ ਗਿਣੇ ਗਏ । ਉਨ੍ਹਾਂ ਦੀ ਗਿਣਤੀ ਅਠੱਤੀ ਹਜ਼ਾਰ ਸੀ ।
4ਇੰਨ੍ਹਾਂ ਵਿੱਚੋਂ ਚੌਵੀ ਹਜ਼ਾਰ ਯਹੋਵਾਹ ਦੇ ਭਵਨ ਦੀ ਸੇਵਾ ਦੇ ਲਈ ਨਿਯੁਕਤ ਕੀਤੇ ਹੋਏ ਸਨ ਅਤੇ ਛੇ ਹਜ਼ਾਰ ਲਿਖਾਰੀ, ਅਤੇ ਨਿਆਈਂ ਸਨ5ਅਤੇ ਚਾਰ ਹਜ਼ਾਰ ਦਰਬਾਨ ਸਨ ਅਤੇ ਚਾਰ ਹਜ਼ਾਰ ਉਨ੍ਹਾਂ ਸਾਜ਼ਾਂ ਅਤੇ ਵਜੰਤ੍ਰਾਂ ਨੂੰ ਵਜਾਉਂਦੇ ਸਨ ਜਿਹੜੇ ਮੈਂ, ਦਾਊਦ ਨੇ ਆਖਿਆ ਹੈ, ਯਹੋਵਾਹ ਦੀ ਉਸਤਤ ਲਈ ਬਣਾਏ ਸਨ ।6ਦਾਊਦ ਨੇ ਉਨ੍ਹਾਂ ਨੂੰ ਲੇਵੀ ਦੇ ਪੁੱਤਰਾਂ ਦੀ ਗਿਣਤੀ ਅਨੁਸਾਰ ਅਰਥਾਤ ਗੇਰਸ਼ੋਨ, ਕਹਾਥ ਅਤੇ ਮਰਾਰੀ ਨੂੰ ਅਲੱਗ-ਅਲੱਗ ਦਲਾਂ ਵਿੱਚ ਵੰਡ ਦਿੱਤਾ ਸੀ ।
7ਗੇਰਸ਼ੋਨੀਆਂ ਵਿੱਚੋਂ, ਲਅਦਾਨ ਤੇ ਸ਼ਿਮਈ8ਲਅਦਾਨ ਦੇ ਪੁੱਤਰ, ਯਹੀਏਲ ਮੁਖੀਆ ਤੇ ਜ਼ੇਥਾਮ ਤੇ ਯੋਏਲ ਤਿੰਨ9ਸ਼ਿਮਈ ਦੇ ਪੁੱਤਰ, ਸ਼ਲੋਮੀਥ ਤੇ ਹਜ਼ੀਏਲ ਤੇ ਹਾਰਾਨ, ਤਿੰਨ । ਇਹ ਲਅਦਾਨ ਦੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਏ ਸਨ
10ਸ਼ਿਮਈ ਦੇ ਪੁੱਤਰ, ਯਹਥ, ਜ਼ੀਨਾ ਤੇ ਯਿਊਸ਼ ਤੇ ਬਰੀਆ ਇਹ ਸ਼ਿਮਈ ਦੇ ਪੁੱਤਰ ਸਨ, ਚਾਰ11ਅਤੇ ਯਹਥ ਮੁਖੀਆ ਤੇ ਜ਼ੀਜ਼ਾਹ ਦੂਜਾ ਪਰ ਯਿਊਸ਼ ਤੇ ਬਰੀਆਹ ਦੇ ਬਹੁਤ ਪੁੱਤਰ ਨਹੀਂ ਸਨ, ਤਦੇ ਉਹ ਮਿਲ ਕੇ ਪਿਤਾਵਾਂ ਦਾ ਇੱਕ ਘਰਾਣਾ ਠਹਿਰੇ ।
12ਕਹਾਥ ਦੇ ਪੁੱਤਰ, ਅਮਰਾਮ, ਯਿਸਹਾਰ, ਹਬਰੋਨ ਤੇ ਉੱਜ਼ੀਏਲ, ਚਾਰ13ਅਮਰਾਮ ਦੇ ਪੁੱਤਰ, ਹਾਰੂਨ ਤੇ ਮੂਸਾ, ਅਤੇ ਹਾਰੂਨ ਵੱਖਰਾ ਕੀਤਾ ਗਿਆ ਕਿ ਉਹ ਅੱਤ ਪਵਿੱਤਰ ਵਸਤਾਂ ਨੂੰ ਪਵਿੱਤਰ ਰੱਖੇ, ਉਹ ਤੇ ਉਹ ਦੇ ਪੁੱਤਰ ਸਦਾ ਲਈ, ਅਤੇ ਉਹ ਯਹੋਵਾਹ ਅੱਗੇ ਧੂਪ ਵੀ ਧੁਖਾਉਣ, ਉਹ ਦੀ ਉਪਾਸਨਾ ਕਰਨ ਤੇ ਸਦੀਪਕ ਕਾਲ ਉਹ ਦਾ ਨਾਮ ਲੈ ਕੇ ਬਰਕਤ ਦੇਣ ।14ਮੂਸਾ ਪਰਮੇਸ਼ੁਰ ਦਾ ਭਗਤ ਸੀ, ਉਹ ਦੇ ਪੁੱਤਰ ਲੇਵੀ ਦੇ ਗੋਤ ਵਿੱਚ ਗਿਣੇ ਗਏ ਸਨ
15ਮੂਸਾ ਦੇ ਪੁੱਤਰ, ਗੇਰਸ਼ੋਮ ਤੇ ਅਲੀਅਜ਼ਰ16ਗੇਰਸ਼ੋਮ ਦੇ ਪੁੱਤਰ, ਸ਼ਬੂਏਲ ਮੁਖੀਆ ਸੀ17ਅਤੇ ਅਲੀਅਜ਼ਰ ਦੇ ਪੁੱਤਰ, ਰਹਾਬਯਾਹ ਮੁਖੀਆ ਸੀ ਅਤੇ ਅਲੀਅਜ਼ਰ ਦੇ ਹੋਰ ਪੁੱਤਰ ਨਹੀਂ ਸਨ ਪਰ ਰਹਬਯਾਹ ਦੇ ਪੁੱਤਰ ਬਹੁਤ ਸਾਰੇ ਸਨ18ਯਿਸਹਾਰ ਦੇ ਪੁੱਤਰ, ਸ਼ਲੋਮੀਥ ਮੁਖੀਆ
19ਹਬਰੋਨ ਦੇ ਪੁੱਤਰ, ਯਰੀਯਾਹ ਮੁਖੀਆ, ਅਮਰਯਾਹ ਦੂਜਾ, ਯਹਜ਼ੀਏਲ ਤੀਜਾ ਤੇ ਯਿਕਮਆਮ ਚੌਥਾ20ਉੱਜ਼ੀਏਲ ਦੇ ਪੁੱਤਰ, ਮੀਕਾਹ ਮੁਖੀਆ ਤੇ ਯੱਸੀਯਾਹ ਦੂਜਾ ।
21ਮਰਾਰੀ ਦੇ ਪੁੱਤਰ, ਮਹਲੀ ਤੇ ਮੂਸ਼ੀ । ਮਹਲੀ ਦੇ ਪੁੱਤਰ ਅਲਆਜ਼ਾਰ ਤੇ ਕੀਸ਼22ਅਤੇ ਅਲਾਆਜਰ ਮਰ ਗਿਆ ਅਤੇ ਉਹ ਦੇ ਪੁੱਤਰ ਨਹੀਂ ਸਨ ਪਰ ਧੀਆਂ ਸਨ ਅਤੇ ਉਨ੍ਹਾਂ ਦੇ ਭਰਾਵਾਂ ਕੀਸ਼ ਦੇ ਪੁੱਤਰਾਂ ਨੇ ਉਨ੍ਹਾਂ ਨਾਲ ਵਿਆਹ ਕੀਤੇ23ਮੁਸ਼ੀ ਦੇ ਪੁੱਤਰ, ਮਹਲੀ ਤੇ ਏਦਰ ਤੇ ਯਿਰੇਮੋਥ, ਤਿੰਨ ।
24ਇਹ ਲੇਵੀ ਦੇ ਪੁੱਤਰ ਆਪਣਿਆਂ ਪਿਤਾਵਾਂ ਦੇ ਘਰਾਣਿਆਂ ਅਨੁਸਾਰ ਅਰਥਾਤ ਇਹ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਏ ਸਨ ਜਿਹੜੇ ਨਾਮ ਲੈ ਲੈ ਕੇ ਵੱਖੋ ਵੱਖਰੇ ਕਰ ਕੇ ਗਿਣੇ ਗਏ ਸਨ ਅਤੇ ਵੀਹ ਵਰਿਆਂ ਦੀ ਉਮਰ ਤੇ ਉਸ ਤੋਂ ਉੱਤੇ ਯਹੋਵਾਹ ਦੇ ਭਵਨ ਦੀ ਉਪਾਸਨਾ ਦਾ ਕੰਮ ਕਰਦੇ ਸਨ ।25ਕਿਉਂ ਜੋ ਦਾਊਦ ਨੇ ਆਖਿਆ, ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੇ ਆਪਣੀ ਪਰਜਾ ਨੂੰ ਵਿਸਰਾਮ ਦਿੱਤਾ ਹੈ ਅਤੇ ਉਹ ਯਰੂਸ਼ਲਮ ਵਿੱਚ ਸਦੀਪਕ ਕਾਲ ਤੱਕ ਵੱਸਦਾ ਰਹੇਗਾ26ਨਾਲੇ ਲੇਵੀਆਂ ਨੂੰ ਵੀ ਡੇਰਾ ਤੇ ਉਹ ਦਾ ਸਾਰਾ ਸਮਾਨ ਉਸ ਦੀ ਉਪਾਸਨਾ ਲਈ ਫੇਰ ਨਾ ਚੁੱਕਣਾ ਪਵੇਗਾ
27ਕਿਉਂ ਜੋ ਦਾਊਦ ਦੇ ਆਖਰੀ ਹੁਕਮ ਅਨੁਸਾਰ ਉਹ ਲੇਵੀ ਜਿਹੜੇ ਵੀਹ ਸਾਲ ਤੋਂ ਉੱਤੇ ਸਨ, ਗਿਣੇ ਗਏ28ਅਤੇ ਉਨ੍ਹਾਂ ਦਾ ਕੰਮ ਇਹ ਸੀ ਜੋ ਹਾਰੂਨ ਦੀ ਸੰਤਾਨ ਕੋਲ ਹਾਜ਼ਰ ਰਹਿਣ ਕਿ ਯਹੋਵਾਹ ਦੇ ਭਵਨ ਦੀ ਉਪਾਸਨਾ ਵਿਹੜਿਆਂ ਤੇ ਕੋਠੜੀਆਂ ਵਿੱਚ ਕਰਨ, ਅਤੇ ਸਾਰੀਆਂ ਪਵਿੱਤਰ ਵਸਤਾਂ ਨੂੰ ਸ਼ੁਧ ਕਰਨ ਅਰਥਾਤ ਪਰਮੇਸ਼ੁਰ ਦੇ ਭਵਨ ਦੀ ਉਪਾਸਨਾ ਕਰਨ29ਚੜਾਵੇ ਦੀ ਰੋਟੀ, ਅੰਨ ਬਲੀ ਦੇ ਮੈਦੇ, ਪਤੀਰਿਆਂ ਫੁਲਕਿਆਂ, ਤਵੇ ਉੱਤੇ ਪਕਾਈਆਂ ਹੋਈਆਂ ਰੋਟੀਆਂ, ਪੂਰੀਆਂ ਦੇ ਲਈ ਅਤੇ ਹਰ ਤਰ੍ਹਾਂ ਦੀ ਮਿਣਤੀ ਲਈ
30ਅਤੇ ਹਰ ਰੋਜ਼ ਸਵੇਰ ਦੇ ਵੇਲੇ ਖੜੇ ਹੋ ਕੇ ਯਹੋਵਾਹ ਦਾ ਧੰਨਵਾਦ ਤੇ ਉਸਤਤ ਕਰਨ ਅਤੇ ਇਸੇ ਤਰ੍ਹਾਂ ਸ਼ਾਮ ਦੇ ਵੇਲੇ ਵੀ ਕਰਨ31ਅਤੇ ਸਬਤਾਂ ਤੇ ਅਮੱਸਿਆ ਤੇ ਠਹਿਰਾਏ ਹੋਏ ਪਰਬਾਂ ਦੇ ਸਮਿਆਂ ਉੱਤੇ ਜਿਨ੍ਹਾਂ ਦੀ ਗਿਣਤੀ ਹੁਕਮਨਾਮੇ ਅਨੁਸਾਰ ਹੈ, ਉਹ ਯਹੋਵਾਹ ਲਈ ਸਾਰੀਆਂ ਹੋਮ ਬਲੀਆਂ ਨੂੰ ਨੇਮ ਦੇ ਅਨੁਸਾਰ ਹਰ ਰੋਜ਼ ਯਹੋਵਾਹ ਦੇ ਹਜ਼ੂਰ ਚੜਾਇਆ ਕਰਨ
32ਅਤੇ ਉਹ ਮੰਡਲੀ ਦੇ ਤੰਬੂ ਦੀ ਜ਼ੁੰਮੇਵਾਰੀ ਅਤੇ ਪਵਿੱਤਰ ਸਥਾਨ ਦੀ ਜ਼ੁੰਮੇਵਾਰੀ ਅਤੇ ਆਪਣੇ ਭਰਾਵਾਂ ਹਾਰੂਨ ਦੇ ਪੁੱਤਰਾਂ ਦੀ ਜ਼ੁੰਮੇਵਾਰੀ ਯਹੋਵਾਹ ਦੇ ਭਵਨ ਦੀ ਉਪਾਸਨਾ ਲਈ ਉਠਾਉਣ ।

24
ਜਾਜਕਾਂ ਨੂੰ ਸੌਂਪੇ ਗਏ ਕੰਮ

1ਹਾਰੂਨ ਦੇ ਪੁੱਤਰਾਂ ਦੇ ਦਲ ਇਹ ਹਨ, ਹਾਰੂਨ ਦੇ ਪੁੱਤਰ ਨਾਬਾਦ ਤੇ ਅਬੀਹੂ, ਅਲਆਜ਼ਰ ਤੇ ਈਥਮਾਰ2ਪਰ ਨਾਦਾਬ ਤੇ ਅਬੀਹੂ ਆਪਣੇ ਪਿਤਾ ਦੇ ਮਰਨ ਤੋਂ ਪਹਿਲਾ ਬੇ-ਉਲਾਦ ਮਰ ਗਏ ਇਸ ਕਾਰਨ ਅਲਆਜ਼ਰ ਤੇ ਈਥਾਮਾਰ ਨੇ ਜਾਜਕਾਈ ਦਾ ਕੰਮ ਕੀਤਾ ।3ਅਤੇ ਦਾਊਦ ਨੇ ਉਨ੍ਹਾਂ ਨੂੰ ਅਰਥਾਤ ਅਲਆਜ਼ਰ ਦੇ ਪੁੱਤਰਾਂ ਵਿੱਚੋਂ ਅਹੀਮਲਕ ਨੂੰ ਉਨ੍ਹਾਂ ਦੇ ਫਰਜ਼ਾਂ ਅਨੁਸਾਰ ਉਨ੍ਹਾਂ ਦੀ ਉਪਾਸਨਾ ਲਈ ਵੰਡ ਦਿੱਤਾ

4ਅਤੇ ਅਲਆਜ਼ਰ ਦੇ ਪੁੱਤਰਾਂ ਵਿੱਚੋਂ ਈਥਾਮਾਰ ਦੇ ਪੁੱਤਰਾਂ ਨਾਲੋਂ ਵੱਧ ਮੁਖੀਏ ਪੁਰਸ਼ ਪਾਏ ਗਏ ਸਨ ਅਤੇ ਉਹ ਇਸ ਤਰ੍ਹਾਂ ਵੰਡੇ ਗਏ, ਅਲਆਜ਼ਰ ਦੇ ਪੁੱਤਰਾਂ ਵਿੱਚੋਂ ਪਿਤਾਵਾਂ ਦੇ ਘਰਾਣਿਆਂ ਦੇ ਸੋਲ਼ਾਂ ਮੁਖੀਏ ਸਨ ਅਤੇ ਈਥਾਮਾਰ ਦੇ ਪੁੱਤਰਾਂ ਵਿੱਚੋਂ ਪਿਤਾਵਾਂ ਦੇ ਘਰਾਣਿਆਂ ਦੇ ਅੱਠ ਸਨ5ਇਸ ਤਰ੍ਹਾਂ ਪਰਚੀਆਂ ਪਾ ਕੇ ਉਹ ਬਰਾਬਰ ਵੰਡੇ ਗਏ ਕਿਉਂ ਜੋ ਅਲਆਜ਼ਰ ਦੇ ਪੁੱਤਰਾਂ ਵਿੱਚੋਂ ਨਾਲੇ ਈਥਾਮਾਰ ਦੇ ਪੁੱਤਰਾਂ ਵਿੱਚੋਂ ਪਵਿੱਤਰ ਸਥਾਨ ਦੇ ਸਰਦਾਰ ਅਤੇ ਪਰਮੇਸ਼ੁਰ ਦੇ ਸਰਦਾਰ ਸਨ
6ਅਤੇ ਲੇਵੀਆਂ ਵਿੱਚੋਂ ਨਥਨਿਏਲ ਦੇ ਪੁੱਤਰ ਸ਼ਮਆਯਾਹ ਲਿਖਾਰੀ ਨੇ ਉਨ੍ਹਾਂ ਨੂੰ ਪਾਤਸ਼ਾਹ ਦੇ ਅਤੇ ਸਰਦਾਰਾਂ ਦੇ ਅਤੇ ਸਾਦੋਕ ਜਾਜਕ ਦੇ ਅਤੇ ਅਬਯਾਥਾਰ ਦੇ ਪੁੱਤਰ ਅਹੀਮਲਕ ਦੇ ਅਤੇ ਲੇਵੀਆਂ ਦੇ ਜਾਜਕਾਂ ਦੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਆਂ ਦੇ ਸਨਮੁਖ ਲਿਖਿਆ । ਪਿਤਾਵਾਂ ਦਾ ਇੱਕ ਘਰਾਣਾ ਅਲਆਜ਼ਰ ਲਈ ਅਤੇ ਇੱਕ ਈਥਾਮਾਰ ਲਈ ਲਿਆ ਗਿਆ ।
7ਪਹਿਲੀ ਪਰਚੀ ਯਹੋਯਾਰੀਬ ਦੀ ਨਿੱਕਲੀ, ਦੂਜੀ ਯਿਦਅਯਾਹ ਦੀ,8ਤੀਸਰੀ ਹਰਿਮ ਦੀ, ਚੌਥੀ ਸਓਰੀਮ ਦੀ,9ਪੰਜਵੀ ਮਲਕੀਯਾਹ ਦੀ, ਛੇਵੀਂ ਮੀਯਾਮੀਨ ਦੀ,10ਸੱਤਵੀਂ ਹੱਕੋਸ ਦੀ, ਅੱਠਵੀਂ ਅਬੀਯਾਹ ਦੀ,
11ਨੌਵੀਂ ਯੇਸ਼ੂਆ ਦੀ, ਦਸਵੀਂ ਸ਼ਕਨਯਾਹ ਦੀ12ਗਿਆਰਵੀਂ ਅਲਯਾਸ਼ੀਬ ਦੀ, ਬਾਰਵੀਂ ਯਾਕੀਮ ਦੀ,13ਤੇਰਵੀਂ ਹੁੱਪਾਹ ਦੀ, ਚੌਦਵੀਂ ਯਸ਼ਬਆਬ ਦੀ,14ਪੰਦਰਵੀਂ ਬਿਲਗਾਹ ਦੀ, ਸੋਲਵੀਂ ਇੰਮੇਰ ਦੀ,
15ਸਤਾਰਵੀਂ ਹੇਜ਼ੀਰ ਦੀ, ਅਠਾਰਵੀਂ ਹੱਪੀੱਸੇਸ ਦੀ,16ਉਂਨੀਵੀਂ ਪਥਹਯਾਹ ਦੀ, ਵੀਹਵੀਂ ਯਹਜ਼ਕੇਲ ਦੀ,17ਇੱਕੀਵੀਂ ਯਾਕੀਨ ਦੀ, ਬਾਈਵੀਂ ਗਾਮੂਲ ਦੀ,18ਤੇਈਵੀਂ ਦਲਾਯਾਰ ਦੀ, ਚੌਵੀਵੀਂ ਮਅਜ਼ਯਾਹ ਦੀ ।
19ਇਹ ਉਨ੍ਹਾਂ ਦੀ ਉਪਾਸਨਾ ਦੀਆਂ ਵਾਰੀਆਂ ਸਨ ਕਿ ਉਹ ਯਹੋਵਾਹ ਦੇ ਭਵਨ ਵਿੱਚ ਉਸ ਦੇ ਹੁਕਮ ਦੇ ਅਨੁਸਾਰ ਆਉਣ ਜਿਹ ਦਾ ਹੁਕਮ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਨੇ ਉਨ੍ਹਾਂ ਦੇ ਪਿਤਾ ਹਾਰੂਨ ਦੇ ਰਾਹੀਂ ਦਿੱਤਾ ਸੀ ।
ਲੇਵੀਆਂ ਦੀ ਸੂਚੀ

20ਲੇਵੀ ਦੇ ਰਹਿੰਦੇ ਪੁੱਤਰ ਇਹ ਸਨ, ਅਮਰਾਮ ਦੇ ਪੁੱਤਰਾਂ ਵਿੱਚੋਂ ਸ਼ੂਬਾਏਲ । ਸ਼ੂਬਾਏਲ ਦੇ ਪੁੱਤਰਾਂ ਵਿੱਚੋਂ, ਜਹਦਯਾਹ21ਰਹਬਯਾਹ, ਰਹਬਯਾਹ ਦੇ ਪੁੱਤਰਾਂ ਵਿੱਚੋਂ ਪਿਹਲਾ ਯਿੱਸ਼ਿਯਾਹ ਸੀ22ਯਿੱਸਹਾਰੀਆਂ ਵਿੱਚੋਂ ਸ਼ਲੋਮੋਥ ਦੇ ਪੁੱਤਰਾਂ ਵਿੱਚੋਂ, ਯਹਥ
23ਅਤੇ ਹਬਰੋਨ ਦੇ ਪੁੱਤਰਾਂ ਵਿੱਚੋਂ ਯਰੀਯਾਹ, ਅਮਰਯਾਹ ਦੂਜਾ ਯਹਜੀਏਲ ਤੀਜਾ, ਯਕਮਆਮ ਚੌਥਾ24ਉੱਜ਼ੀਏਲ ਦੇ ਪੁੱਤਰਾਂ ਵਿੱਚੋਂ, ਮੀਕਾਹ । ਮੀਕਾਹ ਦੇ ਪੁੱਤਰਾਂ ਵਿੱਚੋਂ, ਸ਼ਾਮੀਰ25ਮੀਕਾਹ ਦੇ ਭਰਾ ਯਿੱਸ਼ੀਯਾਹ, ਯਿੱਸ਼ੀਯਾਹ ਦੇ ਪੁੱਤਰਾਂ ਵਿੱਚੋਂ ਜ਼ਕਰਯਾਹ
26ਮਰਾਰੀ ਦੇ ਪੁੱਤਰ, ਮਹਲੀ ਤੇ ਮੂਸ਼ੀ । ਯਅਜ਼ੀਯਾਹ ਦੇ ਪੁੱਤਰ, ਬਨੋ27ਮਰਾਰੀ ਦੇ ਪੁੱਤਰ, ਯਅਜ਼ੀਯਾਹ ਦੀ ਬਨੋ ਤੇ ਸ਼ੋਹਮ ਤੇ ਜ਼ੱਕੂਰ ਤੇ ਈਬਰੀ28ਮਹਲੀ ਦੀ ਅਲਆਜ਼ਰ ਜਿਹ ਦੇ ਪੁੱਤਰ ਨਹੀਂ ਸਨ
29ਰਿਹਾ ਕੀਸ਼, ਕੀਸ਼ ਦਾ ਪੁੱਤਰ, ਯਰਹਮਏਲ30ਅਤੇ ਮੂਸ਼ੀ ਦੇ ਪੁੱਤਰ ਮਹਲੀ ਤੇ ਏਦਰ ਤੇ ਯਿਰੀਮੋਥ । ਇਹ ਲੇਵੀ ਦੇ ਪੁੱਤਰ ਆਪਣੇ ਪਿਤਾਵਾਂ ਦੇ ਘਰਾਣਿਆਂ ਅਨੁਸਾਰ ਸਨ31ਇਨ੍ਹਾਂ ਨੇ ਵੀ ਹਾਰੂਨ ਦੇ ਪੁੱਤਰਾਂ ਆਪਣੇ ਭਰਾਵਾਂ ਵਾਂਗੂੰ ਦਾਊਦ ਪਾਤਸ਼ਾਹ ਦੇ, ਸਾਦੋਕ ਦੇ, ਅਹੀਮਲਕ ਦੇ ਅਤੇ ਲੇਵੀਆਂ ਤੇ ਜਾਜਕਾਂ ਦੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਆਂ ਦੇ ਸਨਮੁਖ ਪਰਚੀਆਂ ਪਈਆਂ ਅਰਥਾਤ ਮੁਖੀਏ ਦੇ ਪਿਤਾਵਾਂ ਦੇ ਘਰਾਣੇ ਆਪਣੇ ਛੋਟੇ ਭਰਾਵਾਂ ਦੇ ਬਰਾਬਰ ।

25
ਸੰਗੀਤਕਾਰਾਂ ਦੀ ਸੇਵਾ

1ਫਿਰ ਦਾਊਦ ਅਤੇ ਸੈਨਾ ਪਤੀਆਂ ਨੇ ਆਸਾਫ, ਹੇਮਾਨ ਅਤੇ ਯਦੂਬੂਨ ਦੇ ਪੁੱਤਰਾਂ ਵਿੱਚੋਂ ਕਈਆਂ ਨੂੰ ਉਪਾਸਨਾ ਲਈ ਵੱਖਰਾ ਰੱਖਿਆ ਕਿ ਉਹ ਬਰਬਤਾਂ, ਸਿਤਾਰਾਂ ਤੇ ਛੈਣਿਆਂ ਨਾਲ ਅਗੰਮ ਵਾਕ ਕਰਨ ਅਤੇ ਕੰਮ ਕਰਨ ਵਾਲਿਆਂ ਦੀ ਗਿਣਤੀ ਉਨ੍ਹਾਂ ਦੀ ਸੇਵਾ ਅਨੁਸਾਰ ਇਹ ਸੀ,2ਆਸਾਫ ਦੇ ਪੁੱਤਰਾਂ ਵਿੱਚੋਂ ਜ਼ਕੂਰ ਤੇ ਯੂਸੁਫ ਤੇ ਨਥਾਨਯਾਹ ਤੇ ਅਸ਼ਰੇਲਾਹ ਆਸਾਫ ਦੇ ਪੁੱਤਰ । ਉਹ ਆਸਾਫ ਦੇ ਮੁਤੀਹ ਸਨ ਜਿਹੜਾ ਪਾਤਸ਼ਾਹ ਦੇ ਹੁਕਮ ਅਨੁਸਾਰ ਅਗੰਮ ਵਾਕ ਕਰਦਾ ਸੀ3ਯਦੂਥੂਨ ਦੇ ਪੁੱਤਰ ਗਦਾਲਯਾਰ ਤੇ ਸਰੀ ਤੇ ਯਸ਼ਆਯਾਹ, ਹਸ਼ਬਯਾਰ, ਤੇ ਮੱਤਿਥਯਾਹ ਛੇ ਆਪਣੇ ਪਿਤਾ ਯਦੂਥੂਨ ਦੇ ਅਧੀਨ ਸਨ ਜਿਹੜਾ ਬਰਬਤ ਨਾਲ ਯਹੋਵਾਹ ਦਾ ਧੰਨਵਾਦ ਤੇ ਉਸਤਤ ਕਰ ਕੇ ਅਗੰਮ ਵਾਕ ਕਰਦਾ ਸੀ

4ਹੇਮਾਨ ਤੋਂ ਹੇਮਾਨ ਦੇ ਪੁੱਤਰ, ਬੁੱਕੀਯਾਹ, ਮਤਨਯਾਹ, ਉੱਜ਼ੀਏਲ, ਸ਼ਬੂਏਲ, ਯਰੀਮੋਥ, ਹਨਨਯਾਹ, ਹਨਾਨੀ, ਅਲੀਆਥਾਰ, ਗੱਦਲਤੀ ਤੇ ਰੋਮਮਤੀ ਅਜ਼ਰ, ਯਾਸ਼ਬਕਾਸ਼ਾਹ ਮੱਲੋਥੀ, ਹੋਥੀਰ ਤੇ ਮਹਜ਼ੀਓਥ5ਇਹ ਸਭੇ ਪਾਤਸ਼ਾਹ ਦੇ ਅਗੰਮ ਗਿਆਨੀ ਹੇਮਾਨ ਦੇ ਪੁੱਤਰ ਸਨ ਜਿਹੜਾ ਨਰਸਿੰਗਾ ਫੂਕਦਿਆਂ ਹੋਇਆਂ ਪਰਮੇਸ਼ੁਰ ਦੀਆਂ ਬਾਣੀਆਂ ਸੁਣਾਉਂਦਾ ਸੀ ਅਤੇ ਪਰਮੇਸ਼ੁਰ ਨੇ ਹੇਮਾਨ ਨੂੰ ਚੌਦਾਂ ਪੁੱਤਰ ਤੇ ਤਿੰਨ ਧੀਆਂ ਦਿੱਤੇ
6ਇਹ ਸਾਰੇ ਆਪਣੇ ਪਿਤਾ ਦੇ ਅਧੀਨ ਸਨ ਕਿ ਯਹੋਵਾਹ ਦੇ ਭਵਨ ਵਿੱਚ ਛੈਣਿਆਂ, ਸਤਾਰਾਂ ਤੇ ਬਰਬਤਾਂ ਨਾਲ ਗਾ ਵਜਾ ਕੇ ਪਰਮੇਸ਼ੁਰ ਦੇ ਭਵਨ ਦੀ ਉਪਾਸਨਾ ਕਰਨ, ਜਿਵੇਂ ਪਾਤਸ਼ਾਹ ਦਾ ਹੁਕਮ ਆਸਾਫ, ਯਦੂਥੂਨ ਅਤੇ ਹੇਮਾਨ ਨੂੰ ਹੁੰਦਾ ਸੀ7ਅਤੇ ਉਨ੍ਹਾਂ ਦੀ ਗਿਣਤੀ ਉਨ੍ਹਾਂ ਦੇ ਭਰਾਵਾਂ ਸਮੇਤ, ਜਿਹੜੇ ਯਹੋਵਾਹ ਦੇ ਲਈ ਭਜਨ ਗਾਉਣ ਨੂੰ ਸਿਖਾਏ ਹੋਏ ਸਨ ਅਰਥਾਤ ਸਾਰੇ ਜਿਹੜੇ ਸਿਆਣੇ ਸਨ, ਦੋ ਸੌ ਅਠਾਸੀ ਸਨ ।8ਅਤੇ ਉਨ੍ਹਾਂ ਸਭਨਾਂ ਨੇ, ਕੀ ਨਿੱਕੇ, ਕੀ ਵੱਡੇ, ਕੀ ਗੁਰੂ, ਕੀ ਚੇਲੇ, ਸਾਰਿਆਂ ਨੇ ਆਪਣੀਆਂ ਜੁੰਮੇਵਾਰੀਆਂ ਲਈ ਪਰਚੀਆਂ ਪਾਈਆਂ
9ਪਹਿਲੀ ਪਰਚੀ ਆਸਾਫ ਲਈ ਯੂਸੁਫ ਦੀ ਨਿੱਕਲੀ, ਦੂਜੀ ਗਦੀਲਯਾਹ ਦੀ । ਉਹ ਤੇ ਉਹ ਦੇ ਭਰਾ ਤੇ ਪੁੱਤਰ ਬਾਰਾਂ ਜਣੇ ਸਨ10ਤੀਜੀ ਜ਼ਕੂਰ ਦੀ । ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ11ਚੌਥੀ ਯਸਰੀ ਦੀ । ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ12ਪੰਜਵੀਂ ਨਥਨਯਾਹ ਦੀ । ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ
13ਛੇਵੀਂ ਬੁੱਕੀਯਾਹ ਦੀ । ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ14ਸੱਤਵੀਂ ਯਸ਼ਰੇਲਾਹ ਦੀ । ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ15ਅੱਠਵੀਂ ਯਸ਼ਆਯਾਹ ਦੀ । ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ16ਨੌਵੀਂ ਮੱਤਨਯਾਹ ਦੀ । ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ
17ਦਸਵੀਂ ਸ਼ਿਮਈ ਦੀ । ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ18ਗਿਆਰਵੀਂ ਅਜ਼ਰਏਲ ਦੀ । ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ19ਬਾਰਵੀਂ ਹਸ਼ਬਯਾਹ ਦੀ । ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ20ਤੇਰਵੀਂ ਸ਼ੂਬਾਏਲ ਦੀ । ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ
21ਚੌਦਵੀਂ ਮੱਤਿਥਯਾਹ ਦੀ । ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ22ਪੰਦਰਵੀਂ ਯਰੇਮੋਥ ਦੀ । ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ23ਸੋਲਵੀਂ ਹਨਨਯਾਹ ਦੀ । ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ24ਸਤਾਰਵੀਂ ਯਾਸਬਕਾਸ਼ ਦੀ । ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ
25ਅਠਾਰਵੀਂ ਹਨਾਨੀ ਦੀ । ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ26ਉਨੀਵੀਂ ਮੱਲੋਥੀ ਦੀ । ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ27ਵੀਹਵੀਂ ਅਲੀਯਾਥਾਹ ਦੀ । ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ28ਇੱਕੀਵੀਂ ਹੋਥੀਰ ਦੀ । ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ
29ਬਾਈਵੀਂ ਗਿੱਦਲਤੀ ਦੀ । ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ30ਤੇਈਵੀਂ ਮਹਜ਼ੀਓਥ ਦੀ । ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ31ਚੌਵੀਵੀਂ ਰੋਮਮਤੀ ਅਜ਼ਰ ਦੀ । ਉਹ ਦੇ ਪੁੱਤਰ ਤੇ ਭਰਾ ਬਾਰਾਂ ਸਨ ।

26
ਹੈਕਲ ਦੇ ਦਰਬਾਨ

1ਦਰਬਾਨਾਂ ਦੇ ਦਲਾਂ ਦੇ ਬਾਰੇ, ਕਾਰਾਹੀਆਂ ਵਿੱਚੋ ਮਸ਼ਲਮਯਾਹ ਕੋਰੇ ਦਾ ਪੁੱਤਰ ਜਿਹੜਾ ਆਸਾਫ ਦੇ ਪੁੱਤਰਾਂ ਵਿੱਚੋਂ ਸੀ2ਅਤੇ ਮਸ਼ਲਮਯਾਹ ਦੇ ਪੁੱਤਰ ਜ਼ਕਰਯਾਹ ਜੇਠਾ, ਯਦੀਅਏਲ ਦੂਜਾ, ਜ਼ਬਦਯਾਹ ਤੀਜਾ, ਯਥਨੀਏਲ ਚੌਥਾ,3ਏਲਾਮ ਪੰਜਵਾਂ, ਯਹੋਹਾਨਾਨ ਛੇਵਾਂ, ਅਲਯਹੋਏਨਈ ਸੱਤਵਾਂ

4ਓਬੇਦ ਅਦੋਮ ਦੇ ਪੁੱਤਰ, ਸ਼ਮਅਯਾਹ ਜੇਠਾ, ਯਹੋਜ਼ਾਬਾਦ ਦੂਜਾ, ਯੋਆਹ ਤੀਜਾ, ਤੇ ਸਾਕਾਰ ਚੌਥਾ ਤੇ ਨਥਾਨਿਏਲ ਪੰਜਵਾਂ,5ਅੰਮੀਏਲ ਛੇਵਾਂ, ਯਿੱਸਾਕਾਰ ਸੱਤਵਾਂ, ਪਉਲਥਈ ਅੱਠਵਾਂ ਕਿਉਂ ਜੋ ਪਰਮੇਸ਼ੁਰ ਨੇ ਉਹ ਨੂੰ ਬਰਕਤ ਦਿੱਤੀ6ਅਤੇ ਉਹ ਦੇ ਪੁੱਤਰ ਸ਼ਮਆਯਾਹ ਲਈ ਪੁੱਤਰ ਜੰਮੇ ਜਿਹੜੇ ਆਪਣੇ ਪਿਤਾ ਦੇ ਘਰਾਣੇ ਉੱਤੇ ਰਾਜ ਕਰਦੇ ਸਨ, ਕਿਉਂ ਜੋ ਉਹ ਮਹਾਂ ਸੂਰਬੀਰ ਸਨ
7ਸ਼ਮਅਯਾਹ ਦੇ ਪੁੱਤਰ, ਆਥਨੀ ਤੇ ਰਫਾਏਲ ਤੇ ਓਬੇਦ, ਅਲਜ਼ਾਬਾਦ ਜਿਹ ਦੇ ਭਰਾ ਸੂਰਮੇ ਸਨ, ਅਲੀਹੂ ਤੇ ਸਮਕਯਾਹ8ਇਹ ਸਭ ਓਬੇਦ ਅਦੋਮ ਦੇ ਪੁੱਤਰਾਂ ਵਿੱਚੋਂ ਸਨ । ਇਹ ਤੇ ਉਨ੍ਹਾਂ ਦੇ ਪੁੱਤਰ ਤੇ ਉਨ੍ਹਾਂ ਦੇ ਭਰਾ ਸੇਵਾ ਲਈ ਬਲਵਾਨ ਤੇ ਸ਼ਕਤੀਮਾਨ ਸਨ । ਓਬੇਦ ਅਦੋਮ ਤੋਂ ਬਾਹਠ ਜਣੇ ਸਨ9ਅਤੇ ਮਸ਼ਲਮਯਾਹ ਦੇ ਪੁੱਤਰ ਤੇ ਭਰਾ ਅਠਾਰਾਂ ਮਹਾਂ ਬਲਵਾਨ ਸਨ
10ਅਤੇ ਮਰਾਰੀਆਂ ਵਿੱਚੋਂ ਹੋਸਾਹ ਦੇ ਪੁੱਤਰ ਸਨ, ਸਿਮਰੀ ਮੁਖੀਆ ਉਹ ਤਾਂ ਜੇਠਾ ਨਹੀਂ ਸੀ ਪਰ ਤਾਂ ਵੀ ਉਹ ਦੇ ਪਿਤਾ ਨੇ ਉਹ ਨੂੰ ਮੁਖੀਆ ਠਹਿਰਾਇਆ ਸੀ11ਹਿਲਕੀਯਾਹ ਦੂਜਾ, ਟਬਲਯਾਹ ਤੀਜਾ, ਜ਼ਕਰਯਾਹ ਚੌਥਾ । ਹੋਸਾਹ ਦੇ ਸਾਰੇ ਪੁੱਤਰ ਤੇ ਭਰਾ ਤੇਰਾਂ ਸਨ ।
12ਇਨ੍ਹਾਂ ਵਿੱਚੋਂ ਅਰਥਾਤ ਮੁਖੀਆਂ ਵਿੱਚੋਂ ਕਈਆਂ ਨੂੰ ਦਰਬਾਨਾਂ ਦੀਆਂ ਵਾਰੀਆਂ ਮਿਲੀਆਂ ਜੋ ਉਹ ਆਪਣੇ ਭਰਾਵਾਂ ਦੇ ਬਰਾਬਰ ਚੌਂਕੀ ਦੇਣ ਅਤੇ ਯਹੋਵਾਹ ਦੇ ਭਵਨ ਵਿੱਚ ਸੇਵਾ ਕਰਨ13ਅਤੇ ਉਨ੍ਹਾਂ ਨੇ ਕੀ ਨਿੱਕੇ ਕੀ ਵੱਡੇ ਆਪੋ ਆਪਣੇ ਪਿਤਾਵਾਂ ਦੇ ਘਰਾਣਿਆਂ ਅਨੁਸਾਰ ਹਰੇਕ ਫਾਟਕ ਲਈ ਪਰਚੀਆਂ ਪਈਆਂ14ਚੜ੍ਹਦੀ ਵੱਲ ਦੀ ਪਰਚੀ ਸ਼ਲਮਯਾਹ ਦੀ ਨਿੱਕਲੀ ਤਾਂ ਉਨ੍ਹਾਂ ਨੇ ਉਹ ਦੇ ਪੁੱਤਰ ਜ਼ਕਰਯਾਹ ਲਈ ਜਿਹੜਾ ਬੁਧੀਵਾਨ ਸਲਾਹਕਾਰ ਸੀ ਪਰਚੀ ਪਾਈ ਅਤੇ ਉਹ ਦੀ ਪਰਚੀ ਉੱਤਰ ਦਿਸ਼ਾ ਦੀ ਨਿੱਕਲੀ
15ਓਬੇਦ ਅਦੋਮ ਨੂੰ ਦੱਖਣ ਦਿਸ਼ਾ ਦੀ ਅਤੇ ਉਹ ਦੇ ਪੁੱਤਰਾਂ ਦੇ ਲਈ ਭੰਡਾਰ ਦੀ16ਸ਼ੱਪੀਮ ਤੇ ਹੋਸਾਹ ਲਈ ਪੱਛਮ ਦਿਸ਼ਾ ਦੀ ਸ਼ੱਲਕਥ ਦੇ ਫਾਟਕ ਦੇ ਨਾਲ ਜਿੱਥੇ ਸੜਕ ਉਤਾਹਾਂ ਨੂੰ ਜਾਂਦੀ ਹੈ । ਇੱਕ ਪਹਿਰਾ ਦੂਜੇ ਪਹਿਰੇ ਦਾ ਬਰਾਬਰ ਸੀ
17ਚੜ੍ਹਦੀ ਵੱਲ ਛੇ ਲੇਵੀ ਸਨ, ਉੱਤਰ ਪਾਸੇ ਹਰ ਰੋਜ਼ ਚਾਰ, ਦੱਖਣ ਵੱਲ ਹਰ ਰੋਜ਼ ਚਾਰ ਅਤੇ ਭੰਡਾਰ ਦੇ ਲਈ ਦੋ-ਦੋ18ਪਰਬਾਰ ਲਈ ਲਹਿੰਦੀ ਵੱਲ ਚਾਰ ਸੜਕ ਕੋਲ ਅਤੇ ਪਰਬਾਰ ਲਈ ਦੋ19ਕਾਰਾਹੀਆਂ ਤੇ ਮਰਾਰੀਆਂ ਦੇ ਦਰਬਾਨਾਂ ਦੇ ਹਿੱਸੇ ਇਹ ਸਨ ।
ਹੈਕਲ ਦੀ ਸੇਵਾ ਦੇ ਹੋਰ ਕੰਮ

20ਲੇਵੀਆਂ ਵਿੱਚੋਂ ਅਹੀਯਾਹ ਪਰਮੇਸ਼ੁਰ ਦੇ ਭਵਨ ਦੇ ਖ਼ਜ਼ਾਨੇ ਉੱਤੇ ਅਤੇ ਪਵਿੱਤਰ ਚੀਜ਼ਾਂ ਦੇ ਖ਼ਜ਼ਾਨੇ ਉੱਤੇ ਵੀ ਸਨ21ਲਅਦਾਨ ਦੇ ਪੁੱਤਰਾਂ ਦੇ ਵਿਖੇ ਲਅਦਾਨ ਗੇਰਸ਼ੋਨੀ ਦੇ ਪੁੱਤਰ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਏ ਸਨ ਤੇ ਲਅਦਾਨ ਗੇਰਸ਼ੋਨੀ ਦਾ ਪੁੱਤਰ ਯਹੀਏਲੀ ਸੀ22ਯਹੀਏਲੀ ਦੇ ਪੁੱਤਰ, ਜੇਥਨ ਤੇ ਯੋਏਲ ਉਹ ਦਾ ਭਰਾ ਜਿਹੜੇ ਯਹੋਵਾਹ ਦੇ ਭਵਨ ਦੇ ਖ਼ਜ਼ਾਨੇ ਉਤੇ ਸਨ
23ਅਮਰਾਮੀਆਂ, ਯਿਸਹਾਰੀਆਂ, ਹਬਰੋਨੀਆਂ, ਉੱਜੀਏਲੀਆਂ ਵਿੱਚੋਂ24ਅਤੇ ਸ਼ਬੂਏਲ ਗੇਰਸ਼ੋਮ ਦਾ ਪੁੱਤਰ, ਮੂਸਾ ਦਾ ਪੋਤਾ ਖਜ਼ਾਨੇ ਦਾ ਪ੍ਰਧਾਨ ਸੀ25ਅਤੇ ਉਹ ਦੇ ਭਰਾ ਅਲੀਅਜਰ ਤੋਂ ਰਹਬਯਾਹ ਉਹ ਦਾ ਪੁੱਤਰ ਜੰਮਿਆ ਤੇ ਯਸ਼ਅਯਾਹ ਉਹ ਦਾ ਪੁੱਤਰ ਤੇ ਯੋਰਾਮ ਉਹ ਦਾ ਪੁੱਤਰ ਤੇ ਜ਼ਿਕਰੀ ਉਹ ਦਾ ਪੁੱਤਰ ਤੇ ਸ਼ਲੋਮੋਥ ਉਹ ਦਾ ਪੁੱਤਰ
26ਇਹ ਸ਼ਲੋਮੋਥ ਤੇ ਉਹ ਦੇ ਭਰਾ ਸਾਰੀਆਂ ਪਵਿੱਤਰ ਵਸਤਾਂ ਦੇ ਖਜ਼ਾਨੇ ਦੇ ਉੱਤੇ ਸਨ ਜਿਹੜੀਆਂ ਦਾਊਦ ਪਾਤਸ਼ਾਹ ਤੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਆਂ ਤੇ ਹਜ਼ਾਰਾਂ ਤੇ ਸੈਂਕੜਿਆਂ ਦੇ ਸਰਦਾਰਾਂ ਤੇ ਸੈਨਾਪਤੀਆਂ ਨੇ ਅਰਪਣ ਕੀਤੀਆਂ ਸਨ27ਲੜਾਈਆਂ ਦੀ ਲੁੱਟ ਵਿੱਚੋਂ ਉਨ੍ਹਾਂ ਨੇ ਪਰਮੇਸ਼ੁਰ ਦੇ ਭਵਨ ਦੇ ਉਸਾਰਨ ਲਈ ਉਨਾਂ ਨੂੰ ਅਰਪਣ ਕੀਤਾ28ਨਾਲੇ ਜੋ ਕੁਝ ਸਮੂਏਲ ਅਗੰਮ ਗਿਆਨੀ ਨੇ ਅਤੇ ਕੀਸ਼ ਦੇ ਪੁੱਤਰ ਸ਼ਾਊਲ ਨੇ ਅਤੇ ਨੇਰ ਦੇ ਪੁੱਤਰ ਅਬਨੇਰ ਅਤੇ ਸਰੂਯਾਹ ਦੇ ਪੁੱਤਰ ਯੋਆਬ ਨੇ ਅਰਪਣ ਕੀਤਾ ਸੀ ਅਤੇ ਕਿਸੇ ਦੀ ਪਵਿੱਤਰ ਚੀਜ਼, ਉਹ ਸਭ ਸ਼ਲੋਮੋਥ ਤੇ ਉਹ ਭਰਾਵਾਂ ਦੇ ਹੱਥ ਵਿੱਚ ਸੀ ।
ਹੋਰ ਲੇਵੀਆਂ ਦੇ ਫਰਜ਼

29ਯਿਸ਼ਹਾਰੀਆਂ ਵਿੱਚੋਂ ਕਨਨਯਾਹ ਤੇ ਉਹ ਦੇ ਪੁੱਤਰ ਇਸਰਾਏਲ ਦੇ ਬਾਹਰਲੇ ਕੰਮ ਲਈ ਸਨ ਅਰਥਾਤ ਉਹ ਅਹੁਦੇ ਵਾਲੇ ਤੇ ਨਿਆਈਂ ਸਨ30ਹਬਰੋਨੀਆਂ ਵਿੱਚੋਂ ਹਸ਼ਬਯਾਹ ਤੇ ਉਹ ਦੇ ਭਰਾ ਇੱਕ ਹਜ਼ਾਰ ਸੱਤ ਸੌ ਸੂਰਮੇ ਉਨ੍ਹਾਂ ਇਸਰਾਏਲੀਆਂ ਉੱਤੇ ਜਿਹੜੇ ਯਰਦਨ ਦੇ ਪਾਰ ਪੱਛਮ ਦੀ ਵੱਲ ਸਨ ਯਹੋਵਾਹ ਦੇ ਸਾਰੇ ਕੰਮ ਅਤੇ ਪਾਤਸ਼ਾਹ ਦੀ ਸੇਵਾ ਦੇ ਲਈ ਦੇਖਭਾਲ ਕਰਦੇ ਸਨ
31ਹਬਰੋਨੀਆਂ ਵਿੱਚ ਯਰੀਯਾਹ ਹਬਰੋਨੀਆਂ ਦਾ ਮੁਖੀਆ ਉਨ੍ਹਾਂ ਦੇ ਪਿਤਾਵਾਂ ਦੇ ਘਰਾਣਿਆਂ ਦੀਆਂ ਪੀੜ੍ਹੀਆਂ ਅਨੁਸਾਰ ਸੀ । ਦਾਊਦ ਪਾਤਸ਼ਾਹ ਦੇ ਚਾਲ੍ਹੀਵੇਂ ਸਾਲ ਵਿੱਚ ਉਹ ਲੱਭੇ ਗਏ ਅਤੇ ਗਿਲਆਦ ਦੇ ਯਅਜ਼ੇਰ ਵਿੱਚ ਉਨ੍ਹਾਂ ਵਿੱਚੋਂ ਮਹਾਂ ਸੂਰਮੇ ਲੱਭੇ ਗਏ32ਅਤੇ ਉਹ ਦੇ ਭਰਾ ਦੋ ਹਜ਼ਾਰ ਸੱਤ ਸੌ ਸੂਰਮੇ ਅਤੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਏ ਸਨ ਜਿਨ੍ਹਾਂ ਨੂੰ ਦਾਊਦ ਪਾਤਸ਼ਾਹ ਨੇ ਰਊਬੇਨੀਆਂ ਤੇ ਗਾਦੀਆਂ ਤੇ ਮਨੱਸ਼ੀਆਂ ਦੇ ਅੱਧੇ ਗੋਤ ਉੱਤੇ ਪਰਮੇਸ਼ੁਰ ਦੇ ਸਾਰੇ ਕੰਮਾਂ ਲਈ ਤੇ ਪਾਤਸ਼ਾਹ ਦੇ ਰਾਜ ਕਾਜਾਂ ਦੇ ਲਈ ਠਹਿਰਾ ਰੱਖਿਆ ।

27
ਦਾਊਦ ਦੇ ਉੱਚ ਅਧਿਕਾਰੀ

1ਹੁਣ ਇਸਰਾਏਲੀ ਆਪਣੀ ਗਿਣਤੀ ਦੇ ਅਨੁਸਾਰ ਜਿਹੜੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਏ ਸਨ ਤੇ ਹਜ਼ਾਰਾਂ ਤੇ ਸੈਂਕੜਿਆਂ ਦੇ ਸਰਦਾਰ ਸਨ ਤੇ ਉਨ੍ਹਾਂ ਦੇ ਅਫ਼ਸਰ ਜਿਹੜੇ ਵਾਰੀ ਵਾਲਿਆਂ ਦੀ ਹਰ ਇੱਕ ਗੱਲ ਵਿੱਚ ਪਾਤਸ਼ਾਹ ਦੀ ਸੇਵਾ ਕਰਦੇ ਸਨ ਅਤੇ ਸਾਲ ਦੇ ਬਾਰਾਂ ਮਹੀਨਿਆਂ ਵਿੱਚ ਮਹੀਨੇ ਦੇ ਮਹੀਨੇ ਆਇਆ ਜਾਇਆ ਕਰਦੇ ਸਨ, ਸੋ ਹਰੇਕ ਵਾਰੀ ਵਿੱਚ ਚੌਵੀ ਹਜ਼ਾਰ ਸਨ2ਪਹਿਲੇ ਮਹੀਨੇ ਦੀ ਪਹਿਲੀ ਵਾਰੀ ਉੱਤੇ ਜ਼ਬਦੀਏਲ ਦਾ ਪੁੱਤਰ ਯਸ਼ਾਬਆਮ ਸੀ । ਉਸ ਦੀ ਵਾਰੀ ਵਿੱਚ ਚੌਵੀ ਹਜ਼ਾਰ ਸਨ3ਪਰਸ ਦੇ ਪੁੱਤਰਾਂ ਵਿੱਚੋਂ ਉਹ ਸੀ ਅਤੇ ਪਹਿਲੇ ਮਹੀਨੇ ਦੇ ਸੈਨਾ ਪਤੀਆਂ ਦਾ ਮੁਖੀਆ ਸੀ

4ਅਤੇ ਦੂਜੇ ਮਹੀਨੇ ਦੀ ਵਾਰੀ ਉੱਤੇ ਅਹੋਹੀ ਦੋਦਈ ਸੀ ਅਤੇ ਉਸ ਦੀ ਵਾਰੀ ਉੱਤੇ ਮਿਕਲੋਥ ਹਾਕਮ ਸੀ । ਉਹ ਦੀ ਵਾਰੀ ਵਿੱਚ ਚੌਵੀ ਹਜ਼ਾਰ ਸਨ5ਤੀਜੇ ਮਹੀਨੇ ਦੀ ਤੀਜੀ ਸੈਨਾ ਦਾ ਸਰਦਾਰ ਬਨਾਯਾਹ ਸੀ ਜਿਹੜਾ ਯਹੋਯਾਦਾ ਪ੍ਰਧਾਨ ਜਾਜਕ ਦਾ ਪੁੱਤਰ ਸੀ । ਉਸ ਦੀ ਵਾਰੀ ਵਿੱਚ ਚੌਵੀ ਹਜ਼ਾਰ ਸਨ6ਇਹ ਉਹ ਬਨਾਯਾਹ ਹੈ ਜਿਹੜਾ ਤੀਹਾਂ ਵਿੱਚੋਂ ਮਹਾਂ ਸੂਰਮਾ ਸੀ, ਅਤੇ ਉਨ੍ਹਾਂ ਤੀਹਾਂ ਦੇ ਉੱਤੇ ਸੀ, ਉਸ ਦੀ ਵਾਰੀ ਵਿੱਚ ਉਸ ਦਾ ਪੁੱਤਰ ਅੰਮੀਜ਼ਾਬਾਦ ਸੀ
7ਚੌਥੇ ਮਹੀਨੇ ਦੇ ਲਈ ਚੌਥਾ ਸਰਦਾਰ ਯੋਆਬ ਦਾ ਭਰਾ ਅਸਾਹੇਲ ਸੀ ਅਤੇ ਉਸ ਦੇ ਪਿੱਛੇ ਉਸ ਦਾ ਪੁੱਤਰ ਜ਼ਬਦਯਾਹ ਸੀ । ਉਸ ਦੀ ਵਾਰੀ ਵਿੱਚ ਚੌਵੀ ਹਜ਼ਾਰ ਸਨ8ਪੰਜਵੇਂ ਮਹੀਨੇ ਦੇ ਲਈ ਪੰਜਵਾਂ ਸਰਦਾਰ ਸ਼ਮਹੂਥ ਇਜ਼ਰਾਹੀ ਸੀ । ਉਸ ਦੀ ਵਾਰੀ ਵਿੱਚ ਚੌਵੀ ਹਜ਼ਾਰ ਸਨ9ਛੇਵੇਂ ਮਹੀਨੇ ਦੇ ਲਈ ਛੇਵਾਂ ਸਰਦਾਰ ਤਕੋਈ ਇੱਕੇਸ਼ ਦਾ ਪੁੱਤਰ ਈਰਾ ਸੀ । ਉਸ ਦੀ ਵਾਰੀ ਵਿੱਚ ਚੌਵੀ ਹਜ਼ਾਰ ਸਨ
10ਸੱਤਵੇਂ ਮਹੀਨੇ ਦੇ ਲਈ ਸੱਤਵਾਂ ਸਰਦਾਰ ਇਫਰਾਈਮੀਆਂ ਵਿੱਚੋਂ ਹੇਲਸ ਪਲੋਨੀ ਸੀ । ਉਸ ਦੀ ਵਾਰੀ ਵਿੱਚ ਚੌਵੀ ਹਜ਼ਾਰ ਸਨ11ਅੱਠਵੇਂ ਮਹੀਨੇ ਦੇ ਲਈ ਅੱਠਵਾਂ ਸਰਦਾਰ ਹੱਸ਼ਾਰੀ ਸਿਬਕਈ ਜ਼ਰਹੀਆਂ ਵਿੱਚੋਂ ਸੀ । ਉਸ ਦੀ ਵਾਰੀ ਵਿੱਚ ਚੌਵੀ ਹਜ਼ਾਰ ਸਨ12ਨੌਵੇਂ ਮਹੀਨੇ ਲਈ ਨੌਵਾਂ ਸਰਦਾਰ ਬਿਨਯਾਮੀਨੀਆਂ ਵਿੱਚੋਂ ਅਨਥੋਥੀ ਅਬੀਅਜ਼ਰ ਸੀ । ਉਸ ਦੀ ਵਾਰੀ ਵਿੱਚ ਚੌਵੀ ਹਜ਼ਾਰ ਸਨ
13ਦਸਵੇਂ ਮਹੀਨੇ ਲਈ ਦਸਵਾਂ ਸਰਦਾਰ ਜ਼ਰਹੀਆਂ ਵਿੱਚੋਂ ਮਹਰਈ ਨਟੋਫਾਥੀ ਸੀ । ਉਸ ਦੀ ਵਾਰੀ ਵਿੱਚ ਚੌਵੀ ਹਜ਼ਾਰ ਸਨ14ਗਿਆਰਵੇਂ ਮਹੀਨੇ ਲਈ ਗਿਆਰਵਾਂ ਸਰਦਾਰ ਇਫਰਾਈਮੀਆਂ ਵਿੱਚੋਂ ਫਿਰਾਥੋਨੀ ਬਨਾਯਾਹ ਸੀ । ਉਸ ਦੀ ਵਾਰੀ ਵਿੱਚ ਚੌਵੀ ਹਜ਼ਾਰ ਸਨ15ਬਾਰਵੇਂ ਮਹੀਨੇ ਲਈ ਬਾਰਵਾਂ ਸਰਦਾਰ ਆਥਨੀਏਲ ਤੋਂ ਨਟੋਫਾਥੀ ਹਲਦਈ ਸੀ । ਉਸ ਦੀ ਵਾਰੀ ਵਿੱਚ ਚੌਵੀ ਹਜ਼ਾਰ ਸਨ ।
ਇਸਰਾਏਲੀ ਗੋਤਾਂ ਦਾ ਪ੍ਰਬੰਧ

16ਉਪਰੰਤ ਇਸਰਾਏਲ ਦਿਆਂ ਗੋਤਾਂ ਦੇ ਉੱਤੇ ਅਧਿਕਾਰੀ ਇਹ ਸਨ, ਰਊਬੇਨੀਆਂ ਦਾ ਹਾਕਮ ਜ਼ਿਕਰੀ ਦਾ ਪੁੱਤਰ ਅਲੀਅਜ਼ਰ ਸੀ । ਸ਼ਿਮੋਨੀਆਂ ਦਾ ਮਆਕਾਹ ਦਾ ਪੁੱਤਰ ਸ਼ਫਟਯਾਹ17ਲੇਵੀਆਂ ਦਾ, ਕਮੂਏਲ ਦਾ ਪੁੱਤਰ ਹਸ਼ਬਯਾਹ, ਹਾਰੂਨੀਆਂ ਦਾ, ਸਾਦੋਕ,18ਯਹੂਦਾਹ ਦਾ, ਦਾਊਦ ਦੇ ਭਰਾਵਾਂ ਵਿੱਚੋਂ ਅਲੀਹੂ । ਯਿੱਸਾਕਾਰ ਦਾ, ਮੀਕਾਏਲ ਦਾ ਪੁੱਤਰ ਆਮਰੀ,
19ਜ਼ਬੂਲੁਨ ਦਾ, ਓਬਦਯਾਹ ਦਾ ਪੁੱਤਰ ਯਿਸ਼ਮਅਯਾਹ । ਨਫਤਾਲੀ ਦਾ, ਅਜ਼ਰੀਏਲ ਦਾ ਪੁੱਤਰ ਯਰੀਮੋਥ,20ਅਫਰਾਈਮੀਆਂ ਦਾ, ਅਜ਼ਜ਼ਯਾਹ ਦਾ ਪੁੱਤਰ ਹੋਸ਼ੇਆ । ਮਨਸ਼ੱਹ ਦੇ ਅੱਧੀ ਗੋਤ ਦਾ, ਪਦਾਯਾਹ ਦਾ ਪੁੱਤਰ ਯੋਏਲ,21ਮਨੱਸ਼ਹ ਦੇ ਅੱਧੇ ਗੋਤ ਦਾ ਗਿਲਆਦ ਵੱਲ ਜ਼ਕਰਯਾਹ ਦਾ ਪੁੱਤਰ ਯਿੱਦੋ । ਬਿਨਯਾਮੀਨ ਦਾ, ਅਬਨੇਰ ਦਾ ਪੁੱਤਰ ਯਅਸੀਏਲ,22ਦਾਨ ਦਾ, ਯਰੋਹਾਮ ਦਾ ਪੁੱਤਰ ਅਜ਼ਰਏਲ । ਇਹ ਇਸਰਾਏਲ ਦੇ ਗੋਤਾਂ ਦੇ ਸਰਦਾਰ ਸਨ ।
23ਅਤੇ ਦਾਊਦ ਨੇ ਉਨ੍ਹਾਂ ਦੀ ਗਿਣਤੀ ਨਾ ਕੀਤੀ ਜਿਹੜੇ ਵੀਹ ਸਾਲਾਂ ਅਤੇ ਇਸ ਤੋਂ ਘੱਟ ਉਮਰ ਵਾਲੇ ਸਨ, ਕਿਉਂ ਜੋ ਯਹੋਵਾਹ ਨੇ ਬਚਨ ਕੀਤਾ ਸੀ ਕਿ ਮੈਂ ਇਸਰਾਏਲੀਆਂ ਨੂੰ ਅਕਾਸ਼ ਦੇ ਤਾਰਿਆਂ ਵਾਂਗੂੰ ਵਧਾਵਾਂਗਾ24ਸਰੂਯਾਹ ਦੇ ਪੁੱਤਰ ਯੋਆਬ ਨੇ ਗਿਣਤੀ ਕਰਨ ਦਾ ਅਰੰਭ ਕੀਤਾ ਪਰ ਸਮਾਪਤ ਨਾ ਕੀਤਾ, ਇਸੇ ਕਾਰਨ ਕਿ ਇਸਰਾਏਲ ਉੱਤੇ ਕ੍ਰੋਧ ਹੋਇਆ ਅਤੇ ਉਹ ਗਿਣਤੀ ਦਾਊਦ ਪਾਤਸ਼ਾਹ ਦੇ ਇਤਿਹਾਸ ਦੇ ਵਰਨਣ ਵਿੱਚ ਨਹੀਂ ਲਿਖੀ ਗਈ ।
ਰਾਜ ਦੀ ਸੰਪਤੀ ਦੇ ਅਧਿਕਾਰੀ

25ਪਾਤਸ਼ਾਹ ਦੇ ਭੰਡਾਰਾਂ ਉੱਤੇ ਅਦੀਏਲ ਦਾ ਪੁੱਤਰ ਅਜ਼ਮਾਵਥ ਸੀ, ਅਤੇ ਖੇਤਾਂ ਵਿੱਚ, ਨਗਰਾਂ ਵਿੱਚ, ਪਿੰਡਾਂ ਵਿੱਚ ਅਤੇ ਗੜਾਂ ਵਿੱਚ ਦੇ ਭੰਡਾਰਾਂ ਉੱਤੇ ਉੱਜ਼ੀਯਾਹ ਦਾ ਪੁੱਤਰ ਯਹੋਨਾਥਾਨ ਸੀ26ਅਤੇ ਖੇਤਾਂ ਵਾਲਿਆਂ ਉੱਤੇ ਜਿਹੜੇ ਧਰਤੀ ਨੂੰ ਵਾਹੁੰਦੇ ਬੀਜਦੇ ਸਨ, ਕਲੂਬ ਦਾ ਪੁੱਤਰ ਅਜ਼ਰੀ ਸੀ27ਅਤੇ ਦਾਖ਼ ਦੇ ਬਾਗਾਂ ਉੱਤੇ ਸ਼ਿਮਈ ਰਾਮਾਥੀ ਸੀ, ਅਤੇ ਦਾਖ਼ ਦੀ ਪੈਦਾਵਾਰੀ ਉੱਤੇ ਅਤੇ ਦਾਖ਼ਰਸ ਦੇ ਭੰਡਾਰਾਂ ਉੱਤੇ ਜ਼ਬਦੀ ਸ਼ਿਫਮੀ ਵਾਲਾ ਸੀ
28ਅਤੇ ਜ਼ੈਤੂਨ ਦੇ ਬਾਗਾਂ ਅਤੇ ਗੁੱਲਰ ਦੇ ਬੂਟਿਆਂ ਉੱਤੇ ਜਿਹੜੇ ਨਿਵਾਣਾਂ ਵਿੱਚ ਸਨ, ਬਆਲ ਹਨਾਨ ਗਦੇਰੀ ਸੀ, ਅਤੇ ਯੋਆਸ਼ ਤੇਲ ਦੇ ਭੰਡਾਰ ਉੱਤੇ ਸੀ29ਅਤੇ ਗਊਆਂ ਬਲ਼ਦਾਂ ਦੇ ਵੱਗਾਂ ਉੱਤੇ ਜਿਹੜੇ ਸ਼ਾਰੋਨ ਵਿੱਚ ਚਰਦੇ ਸਨ, ਸ਼ਿਟਰਈ ਸ਼ਾਰੋਨੀ ਸੀ ਅਤੇ ਅਦਲਾਇ ਦਾ ਪੁੱਤਰ ਸ਼ਫਾਟ ਉਨ੍ਹਾਂ ਵੱਗਾਂ ਉੱਤੇ ਸੀ ਜਿਹੜੇ ਨਿਵਾਣਾਂ ਵਿੱਚ ਚਰਦੇ ਹੁੰਦੇ ਸਨ,
30ਅਤੇ ਓਬੀਲ ਇਸ਼ਮਾਏਲੀ ਊਠਾਂ ਉੱਤੇ ਸੀ ਅਤੇ ਖੋਤਿਆਂ ਉੱਤੇ ਯਹਦੇਯਾਹ ਮੇਰੋਨੀ ਸੀ31ਅਤੇ ਯਾਜ਼ੀਜ਼ ਹਗਰੀ ਇੱਜੜਾਂ ਉੱਤੇ ਸੀ । ਇਹ ਸਭ ਦਾਊਦ ਪਾਤਸ਼ਾਹ ਦੇ ਮਾਲ ਉੱਤੇ ਠਹਿਰਾਏ ਹੋਏ ਸਨ ।
ਦਾਊਦ ਦੇ ਨਿੱਜੀ ਸਲਾਹਕਾਰ

32ਦਾਊਦ ਦਾ ਚਾਚਾ ਯੋਨਾਥਾਨ ਵੀ ਵਜ਼ੀਰ, ਬੁੱਧਵਾਨ ਤੇ ਲਿਖਾਰੀ ਸੀ, ਅਤੇ ਯਹੀਏਲ ਹਕਮੋਨੀ ਦਾ ਪੁੱਤਰ ਰਾਜ ਕੁਮਾਰਾਂ ਦੇ ਨਾਲ ਰਹਿੰਦਾ ਸੀ33ਅਤੇ ਅਹੀਤੋਫਲ ਪਾਤਸ਼ਾਹ ਦਾ ਮੰਤ੍ਰੀ ਸੀ ਅਤੇ ਹੂਸ਼ਈ ਅਰਕੀ ਪਾਤਸ਼ਾਹ ਦਾ ਮਿੱਤਰ ਸੀ34ਅਤੇ ਅਹੀਤੋਫਲ ਦੇ ਪਿੱਛੋਂ ਯਹੋਯਾਦਾ ਬਨਾਯਾਹ ਦਾ ਪੁੱਤਰ ਅਤੇ ਅਬਯਾਥਾਰ ਸਨ, ਅਤੇ ਯੋਆਬ ਪਾਤਸ਼ਾਹ ਦੇ ਦਲ ਦਾ ਸੈਨਾਪਤੀ ਸੀ ।

28
ਹੈਕਲ ਦੇ ਬਾਰੇ ਦਾਊਦ ਦੀ ਸਭਾ

1ਦਾਊਦ ਨੇ ਇਸਰਾਏਲ ਦੇ ਸਾਰਿਆਂ ਸਰਦਾਰਾਂ ਨੂੰ, ਅਰਥਾਤ ਗੋਤਾਂ ਦੇ ਸਰਦਾਰਾਂ ਨੂੰ ਅਤੇ ਉਨ੍ਹਾਂ ਮੰਡਲੀਆਂ ਦੇ ਸਰਦਾਰਾਂ ਨੂੰ, ਜਿਹੜੇ ਵਾਰੋ-ਵਾਰੀ ਪਾਤਸ਼ਾਹ ਦੀ ਸੇਵਾ ਕਰਦੇ ਸਨ ਅਤੇ ਹਜ਼ਾਰਾਂ ਦੇ ਸਰਦਾਰਾਂ ਨੂੰ, ਸੈਂਕੜਿਆਂ ਦੇ ਸਰਦਾਰਾਂ ਨੂੰ, ਪਾਤਸ਼ਾਹ ਅਤੇ ਉਸ ਦੇ ਪੁੱਤਰਾਂ ਦੇ ਸਾਰੇ ਮਾਲ ਧਨ ਦੇ ਸਰਦਾਰਾਂ ਨੂੰ, ਹੁੱਦੇਦਾਰਾਂ ਨੂੰ, ਸੂਰਮਿਆਂ ਨੂੰ, ਅਤੇ ਸਾਰੇ ਮਹਾਂ ਬਲੀਆਂ ਨੂੰ ਯਰੂਸ਼ਲਮ ਵਿੱਚ ਇਕੱਠਿਆ ਕੀਤਾ

2ਤਾਂ ਦਾਊਦ ਪਾਤਸ਼ਾਹ ਨੇ ਆਪਣੇ ਪੱਬਾਂ ਦੇ ਭਾਰ ਖੜਾ ਹੋ ਕੇ ਆਖਿਆ, ਹੇ ਮੇਰੇ ਭਾਈਓ ਅਤੇ ਹੇ ਮੇਰੀ ਪਰਜਾ, ਮੇਰੀ ਸੁਣੋ ! ਮੇਰੇ ਮਨ ਵਿੱਚ ਸੀ ਕਿ ਮੈਂ ਯਹੋਵਾਹ ਦੇ ਨੇਮ ਦੇ ਸੰਦੂਕ ਦੇ ਲਈ ਸੁੱਖ ਸਥਾਨ ਅਤੇ ਸਾਡੇ ਪਰਮੇਸ਼ੁਰ ਦੇ ਪੈਰਾਂ ਦੇ ਤਲੇ ਦੀ ਚੌਂਕੀ ਬਣਾਵਾਂ, ਅਤੇ ਮੈਂ ਉਸ ਦੇ ਬਣਾਉਣ ਦੇ ਲਈ ਤਿਆਰੀ ਕੀਤੀ ਸੀ3ਪਰ ਪਰਮੇਸ਼ੁਰ ਨੇ ਮੈਨੂੰ ਆਖਿਆ, ਤੂੰ ਮੇਰੇ ਨਾਮ ਦੇ ਲਈ ਭਵਨ ਨਾ ਬਣਾ, ਕਿਉਂਕਿ ਤੂੰ ਇੱਕ ਜੋਧਾ ਹੈ ਅਤੇ ਤੂੰ ਲਹੂ ਵਹਾਇਆ ਹੈ,
4ਪਰੰਤੂ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੇ ਮੈਨੂੰ ਮੇਰੇ ਪਿਤਾ ਦੇ ਸਾਰੇ ਵੰਸ਼ ਵਿੱਚੋਂ ਚੁਣ ਲਿਆ, ਜੋ ਮੈਂ ਇਸਰਾਏਲ ਦੇ ਉੱਤੇ ਸਦਾ ਤੱਕ ਪਾਤਸ਼ਾਹ ਹੋਵਾਂ, ਕਿਉਂ ਜੋ ਉਸ ਨੇ ਯਹੂਦਾਹ ਨੂੰ ਆਗੂ ਹੋਣ ਦੇ ਲਈ ਚੁਣ ਕੇ ਕੱਢਿਆ ਅਤੇ ਯਹੂਦਾਹ ਦੇ ਵੰਸ਼ ਵਿੱਚੋਂ ਮੇਰੇ ਪਿਤਾ ਦੇ ਪਰਿਵਾਰ ਨੂੰ ਅਤੇ ਮੇਰੇ ਪਿਤਾ ਦੇ ਪੁੱਤਰਾਂ ਵਿੱਚੋਂ ਮੈਨੂੰ ਪਸੰਦ ਕੀਤਾ, ਜੋ ਮੈਨੂੰ ਸਾਰੇ ਇਸਰਾਏਲ ਦਾ ਪਾਤਸ਼ਾਹ ਬਣਾਵੇ5ਅਤੇ ਮੇਰਿਆਂ ਸਾਰਿਆਂ ਪੁੱਤਰਾਂ ਵਿੱਚੋਂ (ਹਾਂ ਯਹੋਵਾਹ ਨੇ ਮੈਨੂੰ ਬਹੁਤ ਪੁੱਤਰ ਬਖਸ਼ ਦਿੱਤੇ ਹਨ) ਉਸ ਨੇ ਮੇਰੇ ਪੁੱਤਰ ਸੁਲੇਮਾਨ ਨੂੰ ਪਸੰਦ ਕੀਤਾ, ਤਾਂ ਕਿ ਯਹੋਵਾਹ ਦੇ ਰਾਜ ਵਿੱਚ ਇਸਰਾਏਲ ਦੀ ਗੱਦੀ ਉੱਤੇ ਬਰਾਜਮਾਨ ਹੋਵੇ ।
6ਉਸ ਨੇ ਮੈਨੂੰ ਕਿਹਾ, ਤੇਰਾ ਪੁੱਤਰ ਸੁਲੇਮਾਨ ਮੇਰੇ ਲਈ ਭਵਨ ਅਤੇ ਦਰਬਾਰਾਂ ਨੂੰ ਬਣਾਵੇਗਾ ਕਿਉਂ ਜੋ ਮੈਂ ਉਸ ਨੂੰ ਚੁਣ ਲਿਆ ਹੈ, ਜੋ ਉਹ ਮੇਰਾ ਪੁੱਤਰ ਹੋਵੇ ਅਤੇ ਮੈਂ ਉਸ ਦਾ ਪਿਤਾ ਹੋਵਾਂ7ਅਤੇ ਜੇ ਉਹ ਮੇਰੇ ਨਿਆਵਾਂ ਅਤੇ ਮੇਰਿਆਂ ਹੁਕਮਾਂ ਦੇ ਮੰਨਣ ਵਿੱਚ ਪੱਕਾ ਰਹੇਗਾ, ਜਿਵੇਂ ਇਸ ਵੇਲੇ ਹੈ ਤਾਂ ਮੈਂ ਉਸ ਦਾ ਰਾਜ ਸਦਾ ਤੱਕ ਇਸਥਿਰ ਕਰਾਂਗਾ
8ਇਸ ਲਈ ਹੁਣ ਸਾਰੇ ਇਸਰਾਏਲ ਦੇ ਵੇਖਦਿਆਂ, ਅਰਥਾਤ ਯਹੋਵਾਹ ਦੀ ਸਭਾ ਦੇ ਅੱਗੇ ਅਤੇ ਸਾਡੇ ਪਰਮੇਸ਼ੁਰ ਦੇ ਸੁਣਨ ਵਿੱਚ ਤੁਹਾਨੂੰ ਸਮਝਾਉਂਦਾ ਹਾਂ ਕਿ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀਆਂ ਸਾਰੀਆਂ ਆਗਿਆਂਵਾਂ ਉੱਤੇ ਧਿਆਨ ਰੱਖੋ, ਅਤੇ ਉਸ ਦੀ ਖੋਜ ਕਰੋ ਤਾਂ ਜੋ ਤੁਸੀਂ ਇਸ ਚੰਗੇ ਦੇਸ ਦੇ ਮਾਲਕ ਹੋਵੋ ਅਤੇ ਆਪਣੇ ਪਿੱਛੋਂ ਆਪਣੀ ਸੰਤਾਨ ਨੂੰ ਸਦਾ ਦੇ ਅਧਿਕਾਰ ਲਈ ਛੱਡ ਜਾਓ ।
9ਤੂੰ ਹੇ ਮੇਰੇ ਪੁੱਤਰ ਸੁਲੇਮਾਨ, ਤੂੰ ਆਪਣੇ ਪਿਤਾ ਦੇ ਪਰਮੇਸ਼ੁਰ ਨੂੰ ਜਾਣ ਅਤੇ ਦ੍ਰਿੜ ਮਨ ਨਾਲ, ਅਤੇ ਚਿੱਤ ਦੇ ਪ੍ਰੇਮ ਨਾਲ ਉਸ ਦੀ ਟਹਿਲ ਸੇਵਾ ਕਰ, ਕਿਉਂ ਜੋ ਯਹੋਵਾਹ ਸਾਰਿਆਂ ਮਨਾਂ ਨੂੰ ਜਾਂਚਦਾ ਹੈ ਅਤੇ ਜੋ ਵਿਚਾਰ ਪੈਦਾ ਹੁੰਦੇ ਹਨ ਉਹਨਾਂ ਨੂੰ ਜਾਣਦਾ ਹੈ । ਜੇ ਤੂੰ ਉਸ ਨੂੰ ਖੋਜੇਂਗਾ ਤਾਂ ਉਹ ਤੈਨੂੰ ਮਿਲ ਜਾਵੇਗਾ ਪਰ ਜੇ ਤੂੰ ਉਸ ਨੂੰ ਤਿਆਗ ਦੇਵੇਂ ਤਾਂ ਉਹ ਤੈਨੂੰ ਸਦੀਪਕਾਲ ਤੱਕ ਤਿਆਗ ਦੇਵੇਗਾ10ਹੁਣ ਵੇਖ, ਕਿਉਂ ਜੋ ਯਹੋਵਾਹ ਨੇ ਤੈਨੂੰ ਚੁਣਿਆ ਹੈ, ਤਾਂ ਕਿ ਤੂੰ ਪਵਿੱਤਰ ਸਥਾਨ ਦੇ ਲਈ ਇੱਕ ਭਵਨ ਬਣਾਵੇਂ । ਉਠ, ਤਕੜਾ ਹੋ ਅਤੇ ਉਸ ਨੂੰ ਬਣਾ ! ।
11ਤਾਂ ਦਾਊਦ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਉਸ ਦੇ ਦਲਾਨਾਂ ਦਾ, ਉਸ ਦੇ ਘਰਾਂ ਦਾ, ਉਸ ਦੇ ਭੰਡਾਰਾਂ ਦਾ, ਉਸ ਦੀਆਂ ਉਪਰਲੀਆਂ ਕੋਠੜੀਆਂ ਦਾ, ਉਸ ਦੀਆਂ ਅੰਦਰਲੀਆਂ ਕੋਠੜੀਆਂ ਦਾ ਅਤੇ ਉਸ ਦੀ ਪ੍ਰਾਸਚਿੱਤ ਦੇ ਸਥਾਨ ਦਾ ਨਕਸ਼ਾ ਦਿੱਤਾ12ਅਤੇ ਉਨ੍ਹਾਂ ਸਭਨਾਂ ਦਾ ਨਕਸ਼ਾ ਜਿਹੜਾ ਉਹ ਦੇ ਆਤਮਾ ਵਿੱਚ ਸੀ, ਅਰਥਾਤ ਯਹੋਵਾਹ ਦੇ ਭਵਨ ਦੇ ਵਿਹੜਿਆਂ ਦਾ, ਇਰਦੇ ਗਿਰਦੇ ਦੀਆਂ ਕੋਠੜੀਆਂ ਦਾ, ਪਰਮੇਸ਼ੁਰ ਦੇ ਘਰ ਦੇ ਭੰਡਾਰਾਂ ਦਾ, ਚੜਾਈਆਂ ਹੋਈਆਂ ਵਸਤਾਂ ਦੇ ਖਜ਼ਾਨਿਆਂ ਦਾ
13ਅਤੇ ਜਾਜਕਾਂ ਤੇ ਲੇਵੀਆਂ ਦੀਆਂ ਵਾਰੀਆਂ ਦਾ, ਅਤੇ ਯਹੋਵਾਹ ਦੇ ਭਵਨ ਦੀ ਟਹਿਲ ਸੇਵਾ ਦੇ ਸਾਰੇ ਕਾਰਜ ਦੇ ਲਈ, ਅਤੇ ਯਹੋਵਾਹ ਦੇ ਭਵਨ ਦੀ ਭਗਤੀ ਦੇ ਸਾਰੇ ਭਾਂਡਿਆ ਦੇ ਲਈ14ਅਤੇ ਸੋਨੇ ਦੇ ਭਾਂਡਿਆ ਦੇ ਲਈ ਸੋਨਾ ਤੋਲ ਕੇ ਦਿੱਤਾ, ਹਰੇਕ ਪ੍ਰਕਾਰ ਦੀ ਸੇਵਾ ਦੇ ਸਾਰੇ ਭਾਂਡਿਆ ਦੇ ਲਈ ਅਤੇ ਚਾਂਦੀ ਦੇ ਸਾਰੇ ਭਾਂਡਿਆ ਦੇ ਲਈ ਚਾਂਦੀ ਤੋਲ ਦਿੱਤੀ, ਸਭ ਪ੍ਰਕਾਰ ਦੀ ਟਹਿਲ ਸੇਵਾ ਦੇ ਸਾਰੇ ਭਾਂਡਿਆ ਦੇ ਲਈ15ਅਤੇ ਸੁਨਹਿਰੀ ਦੀਵਟ ਅਤੇ ਉਨ੍ਹਾਂ ਦੇ ਸੁਨਹਿਰੀ ਦੀਵਿਆਂ ਦੇ ਲਈ ਵੀ ਤੋਲ ਨਾਲ ਦਿੱਤਾ ਹਰੇਕ ਦੀਵਟ ਅਤੇ ਉਸ ਦੇ ਦੀਵਿਆਂ ਦੇ ਲਈ ਸੋਨਾ ਤੋਲ ਕੇ ਦਿੱਤਾ ਅਤੇ ਚਾਂਦੀ ਦੀਆਂ ਦੀਵਟਾਂ ਦੇ ਲਈ ਚਾਂਦੀ ਤੋਲ ਦਿੱਤੀ, ਹਰੇਕ ਦੀਵਟ ਅਤੇ ਉਸ ਦੇ ਦੀਵਿਆਂ ਦੇ ਲਈ, ਜਿਵੇਂ ਹਰੇਕ ਦੀਵਟ ਦੇ ਕੰਮ ਲਈ ਜ਼ਰੂਰੀ ਸੀ, ਚਾਂਦੀ ਤੋਲ ਨਾਲ ਦਿੱਤੀ
16ਅਤੇ ਚੜਾਵੇ ਦੀ ਰੋਟੀ ਦੀਆਂ ਮੇਜ਼ਾਂ ਦੀ ਮਿਣਤੀ ਦੇ ਅਨੁਸਾਰ ਹਰੇਕ ਮੇਜ਼ ਲਈ ਸੋਨਾ ਤੋਲ ਦਿੱਤਾ ਅਤੇ ਚਾਂਦੀ ਦੀਆਂ ਮੇਜ਼ਾਂ ਦੇ ਲਈ ਚਾਂਦੀ ਤੋਲ ਦਿੱਤੀ ।17ਕਾਂਟਿਆਂ, ਬਾਟੀਆਂ ਅਤੇ ਕਟੋਰਿਆਂ ਦੇ ਲਈ ਕੁੰਦਨ ਸੋਨਾ ਦਿੱਤਾ, ਅਤੇ ਸੁਨਹਿਰੀ ਛੰਨਿਆਂ ਦੇ ਲਈ ਹਰੇਕ ਛੰਨੇ ਦੇ ਲਈ ਸੋਨਾ ਤੋਲ ਨਾਲ ਦਿੱਤਾ ਅਤੇ ਚਾਂਦੀ ਦੇ ਛੰਨਿਆਂ ਦੇ ਲਈ ਹਰੇਕ ਛੰਨੇ ਦੇ ਲਈ ਚਾਂਦੀ ਤੋਲ ਕੇ ਦਿੱਤਾ,
18ਅਤੇ ਧੂਪ ਦੀ ਜਗਵੇਦੀ ਦੇ ਲਈ ਕੁੰਦਨ ਸੋਨਾ ਤੋਲ ਦਿੱਤਾ ਅਤੇ ਕਰੂਬੀਆਂ ਦੇ ਸੁਨਹਿਰੀ ਰਥ ਦੇ ਨਮੂਨੇ ਦੇ ਅਨੁਸਾਰ ਜਿਹੜੇ ਖੰਭ ਪਸਾਰੇ ਹੋਏ ਯਹੋਵਾਹ ਦੇ ਨੇਮ ਦੇ ਸੰਦੂਕ ਉੱਤੇ ਪੜਦਾ ਕਰਦੇ ਹਨ ।19ਦਾਊਦ ਬੋਲਿਆ, ਇਹ ਸੱਭੇ ਲਿਖਤ ਨਾਲ ਯਹੋਵਾਹ ਨੇ ਆਪਣੇ ਹੱਥ ਦੇ ਰਾਹੀਂ ਜੋ ਮੇਰੇ ਉੱਤੇ ਸੀ ਇਸ ਨਕਸ਼ੇ ਦੇ ਸਾਰੇ ਕੰਮ ਮੈਨੂੰ ਸਿਖਾਏ
20ਅਤੇ ਦਾਊਦ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਆਖਿਆ, ਤਕੜਾ ਅਤੇ ਸੂਰਮਾ ਹੋ ਅਤੇ ਕੰਮ ਕਰ, ਨਾ ਡਰੀਂ ਅਤੇ ਨਾ ਘਬਰਾਵੀਂ, ਕਿਉਂ ਜੋ ਯਹੋਵਾਹ ਪਰਮੇਸ਼ੁਰ ਅਰਥਾਤ ਮੇਰਾ ਪਰਮੇਸ਼ੁਰ ਤੇਰੇ ਅੰਗ-ਸੰਗ ਹੈ, ਉਹ ਤੈਨੂੰ ਨਾ ਭੁੱਲੇਗਾ ਨਾ ਤੈਨੂੰ ਤਿਆਗੇਗਾ ਜਦ ਤੱਕ ਯਹੋਵਾਹ ਦੇ ਭਵਨ ਦੀ ਟਹਿਲ ਸੇਵਾ ਲਈ ਸਾਰਾ ਕੰਮ ਸੰਪੂਰਨ ਨਾ ਹੋਵੇ !21ਅਤੇ ਵੇਖ, ਜਾਜਕਾਂ ਅਤੇ ਲੇਵੀਆਂ ਦੀਆਂ ਟੋਲੀਆਂ ਪਰਮੇਸ਼ੁਰ ਦੇ ਭਵਨ ਦੀ ਸਾਰੀ ਟਹਿਲ ਸੇਵਾ ਦੇ ਲਈ ਹਾਜ਼ਰ ਹਨ ਅਤੇ ਹਰ ਪਰਕਾਰ ਦੇ ਕਾਰਜ ਲਈ ਸਾਰੇ ਪੁਰਸ਼ ਜਿਹੜੇ ਹਰ ਪਰਕਾਰ ਦੀ ਸੇਵਾ ਵਿੱਚ ਚਤਰ ਹਨ, ਤੇਰੇ ਨਾਲ ਹੋਣਗੇ, ਸਰਦਾਰ ਅਤੇ ਸਾਰੇ ਲੋਕ ਤੇਰੀ ਆਗਿਆ ਵਿੱਚ ਹੋਣਗੇ ।

29
ਹੈਕਲ ਦੇ ਨਿਰਮਾਣ ਦੇ ਲਈ ਭੇਂਟ

1ਦਾਊਦ ਪਾਤਸ਼ਾਹ ਨੇ ਸਾਰੀ ਸਭਾ ਨੂੰ ਆਖਿਆ, ਮੇਰਾ ਪੁੱਤਰ ਸੁਲੇਮਾਨ ਜੋ ਇੱਕਲਾ ਪਰਮੇਸ਼ੁਰ ਨੇ ਚੁਣ ਲਿਆ ਹੈ, ਉਹ ਬਾਲਕ ਅਤੇ ਮਾਸੂਮ ਹੈ, ਪਰ ਕੰਮ ਬਹੁਤ ਵੱਡਾ ਹੈ ਕਿਉਂ ਜੋ ਉਹ ਭਵਨ ਮਨੁੱਖ ਦੇ ਲਈ ਨਹੀਂ ਸਗੋਂ ਯਹੋਵਾਹ ਪਰਮੇਸ਼ੁਰ ਦੇ ਲਈ ਹੋਵੇਗਾ ।2ਮੈਂ ਤਾਂ ਆਪਣੀ ਸਾਰੀ ਸ਼ਕਤੀ ਨਾਲ ਆਪਣੇ ਪਰਮੇਸ਼ੁਰ ਦੀ ਹੈਕਲ ਦੇ ਲਈ ਤਿਆਰੀ ਕੀਤੀ ਹੈ, ਸੋਨੇ ਦੀਆਂ ਵਸਤਾਂ ਦੇ ਲਈ ਸੋਨਾ, ਚਾਂਦੀ ਦੀਆਂ ਵਸਤਾਂ ਦੇ ਲਈ ਚਾਂਦੀ, ਪਿੱਤਲ ਦੀਆਂ ਵਸਤਾਂ ਦੇ ਲਈ ਪਿੱਤਲ, ਲੋਹੇ ਵਾਲੀਆਂ ਵਸਤਾਂ ਲਈ ਲੋਹਾ, ਲੱਕੜ ਗੜ੍ਹਾਂ ਦੇ ਲਈ ਲੱਕੜ, ਬਲੌਰੀ ਪੱਥਰ, ਜੜਨ ਘੜਨ ਲਈ ਭਾਂਤ-ਭਾਂਤ ਦੇ ਰੰਗੀਲੇ ਪੱਥਰ, ਹਰੇਕ ਪਰਕਾਰ ਦੇ ਅਨਮੋਲ ਪੱਥਰ ਅਤੇ ਬਿਅੰਤ ਚਿੱਟੇ ਪੱਥਰ ਤਿਆਰ ਕੀਤੇ ।

3ਕਿਉਂ ਜੋ ਮੈਂ ਆਪਣਾ ਮਨ ਆਪਣੇ ਪਰਮੇਸ਼ੁਰ ਦੇ ਭਵਨ ਉੱਤੇ ਲਾਇਆ ਹੈ, ਇਸ ਲਈ ਮੈਂ ਇਸ ਤੋਂ ਇਲਾਵਾ ਜੋ ਮੈਂ ਪਵਿੱਤਰ ਸਥਾਨ ਦੇ ਲਈ ਤਿਆਰ ਕਰ ਛੱਡਿਆ, ਮੈਂ ਆਪਣੇ ਨਿੱਜ ਧਨ ਵਿੱਚੋਂ ਆਪਣੇ ਪਰਮੇਸ਼ੁਰ ਦੇ ਘਰ ਲਈ ਸੋਨਾ ਅਤੇ ਚਾਂਦੀ ਦਿੰਦਾ ਹਾਂ4ਅਰਥਾਤ ਤਿੰਨ ਹਜ਼ਾਰ ਕੰਤਾਰ ਸੋਨਾ ਉਫੀਰੀ ਸੋਨੇ ਤੋਂ, ਅਤੇ ਸੱਤ ਹਜ਼ਾਰ ਕੰਤਾਰ ਖਰੀ ਚਾਂਦੀ ਸਥਾਨ ਦੀਆਂ ਕੰਧਾਂ ਤੇ ਮੜ੍ਹਨ ਲਈ5ਉਹ ਸੋਨਾ ਸੋਨੇ ਦੀਆਂ ਵਸਤਾਂ ਦੇ ਲਈ, ਅਤੇ ਚਾਂਦੀ ਦੀਆਂ ਵਸਤਾਂ ਦੇ ਲਈ, ਅਤੇ ਕਾਰੀਗਰੀਆਂ ਦੇ ਹਰੇਕ ਪ੍ਰਕਾਰ ਦੇ ਕੰਮ ਦੇ ਲਈ ਹੈ । ਅਤੇ ਅਜਿਹਾ ਕਿਹੜਾ ਹੈ ਜੋ ਮਨ ਦੇ ਪ੍ਰੇਮ ਨਾਲ ਭੇਟਾਂ ਚੜ੍ਹਾ ਕੇ ਯਹੋਵਾਹ ਦੇ ਲਈ ਆਪਣੇ ਆਪ ਨੂੰ ਅਰਪਣ ਕਰੇ ?
6ਤਦ ਪਿਤਾਵਾਂ ਦੀਆਂ ਕੁਲਾਂ ਦੇ ਸਰਦਾਰਾਂ ਅਤੇ ਇਸਰਾਏਲ ਦੇ ਗੋਤਾਂ ਦੇ ਸਰਦਾਰਾਂ ਅਤੇ ਹਜ਼ਾਰਾਂ ਅਤੇ ਸੈਂਕੜਿਆਂ ਦੇ ਸਰਦਾਰਾਂ ਅਤੇ ਪਾਤਸ਼ਾਹ ਦੇ ਰਾਜ ਕਾਜ ਦੇ ਸਰਦਾਰਾਂ ਨੇ ਮਨ ਦੇ ਪ੍ਰੇਮ ਨਾਲ ਭੇਟਾਂ ਚੜਾਈਆਂ7ਅਤੇ ਉਨ੍ਹਾਂ ਨੇ ਪਰਮੇਸ਼ੁਰ ਦੇ ਭਵਨ ਦੀ ਟਹਿਲ ਸੇਵਾ ਲਈ ਪੰਜ ਹਜ਼ਾਰ ਕੰਤਾਰ ਸੋਨਾ ਅਤੇ ਦਸ ਹਜ਼ਾਰ ਮੋਹਰਾਂ ਅਤੇ ਦਸ ਹਜ਼ਾਰ ਕੰਤਾਰ ਚਾਂਦੀ ਅਤੇ ਅਠਾਰਾਂ ਹਜ਼ਾਰ ਕੰਤਾਰ ਪਿੱਤਲ ਅਤੇ ਇੱਕ ਲੱਖ ਕੰਤਾਰ ਲੋਹਾ ਦਿੱਤਾ
8ਅਤੇ ਜਿਨ੍ਹਾਂ ਦੇ ਕੋਲ ਅਣਮੋਲਕ ਪੱਥਰ ਸਨ, ਉਹਨਾਂ ਨੇ ਉਨ੍ਹਾਂ ਨੂੰ ਯਹੀਏਲ ਗੇਰਸ਼ੋਨੀ ਦੇ ਹੱਥੀਂ ਯਹੋਵਾਹ ਦੇ ਭਵਨ ਦੇ ਖਜ਼ਾਨੇ ਵਿੱਚ ਦੇ ਦਿੱਤਾ9ਤਾਂ ਲੋਕਾਂ ਨੇ ਵੱਡਾ ਅਨੰਦ ਕੀਤਾ ਇਸ ਕਾਰਨ ਜੋ ਉਨ੍ਹਾਂ ਨੇ ਮਨ ਦੇ ਪ੍ਰੇਮ ਨਾਲ ਭੇਟਾਂ ਦਿੱਤੀਆਂ ਸਨ, ਕਿਉਂ ਜੋ ਸਿੱਧੇ ਮਨ ਨਾਲ ਉਨ੍ਹਾਂ ਨੇ ਯਹੋਵਾਹ ਦੇ ਲਈ ਭੇਟਾਂ ਚੜਾਈਆਂ ਸਨ ਅਤੇ ਦਾਊਦ ਪਾਤਸ਼ਾਹ ਨੇ ਵੀ ਬਹੁਤ ਅਨੰਦ ਕੀਤਾ ।
ਦਾਊਦ ਪਰਮੇਸ਼ੁਰ ਦਾ ਧੰਨਵਾਦ ਕਰਦਾ ਹੈ

10ਇਸ ਲਈ ਦਾਊਦ ਨੇ ਸਾਰੀ ਸਭਾ ਦੇ ਅੱਗੇ ਯਹੋਵਾਹ ਦਾ ਧੰਨਵਾਦ ਕੀਤਾ ਅਤੇ ਦਾਊਦ ਨੇ ਆਖਿਆ, ਹੇ ਯਹੋਵਾਹ ਸਾਡੇ ਪਿਤਾ ਇਸਰਾਏਲ ਦੇ ਪਰਮੇਸ਼ੁਰ, ਤੂੰ ਸਦੀਪਕਾਲ ਤੱਕ ਧੰਨ ਹੋ11ਹੇ ਯਹੋਵਾਹ, ਵਡਿਆਈ, ਸ਼ਕਤੀ, ਪਰਤਾਪ, ਫ਼ਤਹ ਅਤੇ ਮਹਿਮਾ ਤੇਰੀ ਹੀ ਹੈ, ਕਿਉਂ ਜੋ ਸੱਭੋ ਕੁਝ ਜਿਹੜਾ ਅਕਾਸ਼ ਅਤੇ ਧਰਤੀ ਦੇ ਵਿੱਚ ਹੈ ਤੇਰਾ ਹੀ ਹੈ । ਹੇ ਯਹੋਵਾਹ, ਰਾਜ ਤੇਰਾ ਹੀ ਹੈ, ਤੂੰ ਸਭਨਾਂ ਦੇ ਸਿਰ ਉੱਤੇ ਅੱਤ ਉੱਚੇ ਤੋਂ ਉੱਚਾ ਹੈਂ ।
12ਧਨ, ਮਾਯਾ ਅਤੇ ਪਤ ਤੇਰੀ ਵੱਲੋਂ ਹੀ ਆਉਂਦੀਆਂ ਹਨ ਅਤੇ ਤੂੰ ਸਾਰਿਆਂ ਦੇ ਸਿਰ ਉੱਤੇ ਰਾਜ ਕਰਦਾ ਹੈਂ, ਅਤੇ ਤੇਰੇ ਹੱਥ ਵਿੱਚ ਸ਼ਕਤੀ ਅਤੇ ਬਲ ਹਨ, ਅਤੇ ਤੇਰੇ ਅਧੀਨ ਹੈ ਜੋ ਵਡਿਆਈ ਅਤੇ ਬਲ ਸਾਰਿਆਂ ਨੂੰ ਬਖਸ਼ੇਂ13ਹੁਣ ਇਸ ਲਈ ਹੇ ਸਾਡੇ ਪਰਮੇਸ਼ੁਰ, ਅਸੀਂ ਤੇਰਾ ਧੰਨਵਾਦ ਕਰਦੇ ਹਾਂ ਅਤੇ ਤੇਰੇ ਪ੍ਰਤਾਪ ਵਾਲੇ ਨਾਮ ਦੀ ਮਹਿਮਾ ਕਰਦੇ ਹਾਂ
14ਪਰ ਮੈਂ ਕੌਣ ਅਤੇ ਮੇਰੀ ਪਰਜਾ ਕੌਣ, ਜੋ ਅਸੀਂ ਇਸ ਪ੍ਰਕਾਰ ਮਨ ਦੇ ਪ੍ਰੇਮ ਨਾਲ ਭੇਟਾਂ ਚੜ੍ਹਾਉਣ ਦੀ ਸ਼ਕਤੀ ਰੱਖੀਏ ? ਕਿਉਂ ਜੋ ਸਾਰੀਆਂ ਵਸਤਾਂ ਤੇਰੀ ਵੱਲੋਂ ਹੀ ਆਉਂਦੀਆਂ ਹਨ ਅਤੇ ਤੇਰੇ ਹੱਥ ਦੀ ਦਾਤ ਤੋਂ ਅਸੀਂ ਤੈਨੂੰ ਦਿੱਤਾ ਹੈ !15ਅਸੀਂ ਤਾਂ ਆਪਣੇ ਪੁਰਖਿਆਂ ਵਾਂਗੂੰ ਤੇਰੇ ਅੱਗੇ ਓਪਰੇ ਅਤੇ ਰਾਹੀ ਹਾਂ, ਧਰਤੀ ਉਤੇ ਸਾਡੇ ਦਿਨ ਛਾਂ ਵਾਂਗੂ ਹਨ ਅਤੇ ਕੁਝ ਠਿਕਾਣਾ ਹੈ ਨਹੀਂ ।
16ਹੇ ਯਹੋਵਾਹ ਸਾਡੇ ਪਰਮੇਸ਼ੁਰ, ਇਹ ਸਭ ਭੰਡਾਰ ਜਿਹੜਾ ਅਸੀਂ ਇਕੱਠਾ ਕੀਤਾ ਹੈ, ਕਿ ਤੇਰੇ ਪਵਿੱਤਰ ਨਾਮ ਦੇ ਲਈ ਇੱਕ ਭਵਨ ਬਣਾਈਏ ਤੇਰੇ ਹੀ ਹੱਥੋਂ ਆਇਆ ਹੈ ਅਤੇ ਸਭ ਤੇਰਾ ਹੀ ਹੈ ।17ਹੇ ਮੇਰੇ ਪਰਮੇਸ਼ੁਰ, ਮੈਂ ਇਸ ਗੱਲ ਨੂੰ ਵੀ ਜਾਣਦਾ ਹਾਂ ਕਿ ਤੂੰ ਮਨ ਨੂੰ ਜਾਂਚਦਾ ਹੈਂ ਅਤੇ ਸਚਿਆਈ ਤੈਨੂੰ ਚੰਗੀ ਲੱਗਦੀ ਹੈ, ਅਤੇ ਮੈਂ ਤਾਂ ਆਪਣੇ ਮਨ ਦੀ ਸਚਿਆਈ ਨਾਲ ਇਹ ਸਭ ਕੁਝ ਮਨ ਦੇ ਪ੍ਰੇਮ ਨਾਲ ਚੜ੍ਹਾਇਆ ਹੈ ਅਤੇ ਮੈਂ ਵੱਡੀ ਸ਼ਾਂਤੀ ਨਾਲ ਇਹ ਵੀ ਦੇਖਿਆ ਜੋ ਤੇਰੀ ਪਰਜਾ ਜਿਹੜੀ ਇਥੇ ਹਾਜ਼ਰ ਹੈ, ਮਨ ਦੇ ਪ੍ਰੇਮ ਨਾਲ ਤੇਰੇ ਲਈ ਦਿੰਦੇ ਹਨ ।
18ਹੇ ਯਹੋਵਾਹ ਸਾਡੇ ਪਿਤਾਵਾਂ ਅਬਰਾਹਾਮ, ਇਸਹਾਕ, ਅਤੇ ਇਸਰਾਏਲ ਦੇ ਪਰਮੇਸ਼ੁਰ ਆਪਣੀ ਪਰਜਾ ਦੇ ਹਿਰਦਿਆਂ ਦੇ ਧਿਆਨ ਅਤੇ ਵਿਚਾਰਾਂ ਵਿੱਚ ਸਦਾ ਇਹ ਦ੍ਰਿੜ ਕਰ, ਅਤੇ ਉਨ੍ਹਾਂ ਦੇ ਮਨਾਂ ਨੂੰ ਆਪਣੇ ਲਈ ਤਿਆਰ ਕਰ !19ਅਤੇ ਮੇਰੇ ਪੁੱਤਰ ਸੁਲੇਮਾਨ ਨੂੰ ਸੱਚਾ ਮਨ ਬਖਸ਼ ਤਾਂ ਜੋ ਉਹ ਤੇਰਿਆਂ ਹੁਕਮਾਂ ਅਤੇ ਸਾਖੀਆਂ ਬਿਧੀਆਂ ਦੀ ਪਾਲਨਾ ਕਰੇ ਅਤੇ ਇੰਨ੍ਹਾਂ ਸਭਨਾਂ ਦੇ ਅਨੁਸਾਰ ਚੱਲੇ ਅਤੇ ਉਸ ਭਵਨ ਨੂੰ ਉਸਾਰੇ, ਜਿਸ ਦੇ ਲਈ ਮੈਂ ਤਿਆਰੀ ਕੀਤੀ ਹੈ ।
20ਤਦ ਦਾਊਦ ਨੇ ਸਾਰੀ ਸਭਾ ਨੂੰ ਆਗਿਆ ਦਿੱਤੀ ਕਿ ਹੁਣ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਧੰਨ ਧੰਨ ਆਖੋ ! ਤਾਂ ਸਾਰੀ ਸਭਾ ਨੇ ਯਹੋਵਾਹ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਦੀ ਮਹਿਮਾ ਕੀਤੀ ਅਤੇ ਆਪੋ ਆਪਣੇ ਸਿਰ ਝੁਕਾ ਕੇ ਯਹੋਵਾਹ ਨੂੰ ਅਤੇ ਪਾਤਸ਼ਾਹ ਨੂੰ ਮੱਥਾ ਟੇਕਿਆ21ਅਤੇ ਉਨ੍ਹਾਂ ਨੇ ਅਗਲੇ ਦਿਨ ਸਵੇਰ ਨੂੰ ਯਹੋਵਾਹ ਦੇ ਲਈ ਬਲੀਦਾਨਾਂ ਨੂੰ ਬਲੀਦਾਨ ਕੀਤਾ, ਅਤੇ ਯਹੋਵਾਹ ਦੇ ਲਈ ਹੋਮ ਦੀਆਂ ਭੇਟਾਂ ਚੜਾਈਆਂ, ਅਰਥਾਤ ਇੱਕ ਹਜ਼ਾਰ ਬਲ਼ਦ, ਇੱਕ ਹਜ਼ਾਰ ਛੱਤਰਾ, ਅਤੇ ਇੱਕ ਹਜ਼ਾਰ ਲੇਲਾ, ਉਨ੍ਹਾਂ ਦੇ ਪੀਣ ਦੀਆਂ ਭੇਟਾਂ ਅਤੇ ਬੇਅੰਤ ਬਲੀਆਂ ਸਣੇ ਜੋ ਸਾਰੀ ਇਸਰਾਏਲ ਦੇ ਲਈ ਸਨ
22ਅਤੇ ਉਨ੍ਹਾਂ ਨੇ ਉਸੇ ਦਿਨ ਵੱਡੇ ਅਨੰਦ ਨਾਲ ਯਹੋਵਾਹ ਦੇ ਅੱਗੇ ਖਾਧਾ ਪੀਤਾ ਅਤੇ ਉਨ੍ਹਾਂ ਨੇ ਫੇਰ ਦੂਜੀ ਵਾਰੀ ਦਾਊਦ ਦੇ ਪੁੱਤਰ ਸੁਲੇਮਾਨ ਨੂੰ ਪਾਤਸ਼ਾਹ ਠਹਿਰਾਇਆ ਅਤੇ ਉਹ ਨੂੰ ਯਹੋਵਾਹ ਦੇ ਲਈ ਪ੍ਰਧਾਨ ਹੋਣ ਲਈ ਮਸਹ ਕੀਤਾ, ਅਤੇ ਸਾਦੋਕ ਨੂੰ ਜਾਜਕ ਹੋਣ ਦੇ ਲਈ23ਅਖ਼ੀਰ, ਸੁਲੇਮਾਨ ਯਹੋਵਾਹ ਦੇ ਸਿੰਘਾਸਣ ਉੱਤੇ ਰਾਜਾ ਹੋ ਕੇ ਆਪਣੇ ਪਿਤਾ ਦਾਊਦ ਦੇ ਥਾਂ ਬਿਰਾਜਮਾਨ ਹੋਇਆ ਅਤੇ ਧਨ ਸੰਪਤੀ ਵਾਲਾ ਹੋਇਆ ਅਤੇ ਸਾਰਾ ਇਸਰਾਏਲ ਉਸ ਦੀ ਆਗਿਆਕਾਰੀ ਕਰਦਾ ਸੀ ।
24ਅਤੇ ਸਾਰੇ ਸਰਦਾਰ, ਸੂਰਮੇ, ਦਾਊਦ ਪਾਤਸ਼ਾਹ ਦੇ ਸਾਰੇ ਪੁੱਤਰ ਵੀ ਸੁਲੇਮਾਨ ਪਾਤਸ਼ਾਹ ਦੇ ਆਗਿਆਕਾਰੀ ਹੋਏ25ਅਤੇ ਯਹੋਵਾਹ ਨੇ ਸਾਰੇ ਇਸਰਾਏਲ ਦੇ ਵੇਖਣ ਵਿੱਚ ਸੁਲੇਮਾਨ ਦੀ ਵੱਡੀ ਮਹਿਮਾ ਕੀਤੀ ਅਤੇ ਉਸ ਨੂੰ ਅਜਿਹਾ ਰਾਜ ਦਾ ਤੇਜ ਬਖ਼ਸ਼ ਦਿੱਤਾ, ਜਿਹੋ ਜਿਹਾ ਉਸ ਤੋਂ ਪਹਿਲੋਂ ਇਸਰਾਏਲ ਵਿੱਚ ਕਿਸੇ ਰਾਜੇ ਦਾ ਨਹੀਂ ਹੋਇਆ ਸੀ ।
ਦਾਊਦ ਦੀ ਮੌਤ

26ਦਾਊਦ, ਯੱਸੀ ਦਾ ਪੁੱਤਰ ਸਾਰੇ ਇਸਰਾਏਲ ਉੱਤੇ ਰਾਜ ਕਰਦਾ ਸੀ27ਉਹ ਸਮਾਂ ਜਿਸ ਵਿੱਚ ਉਹ ਇਸਰਾਏਲ ਉੱਤੇ ਰਾਜ ਕਰ ਰਿਹਾ ਸੀ ਸੋ ਚਾਲ੍ਹੀ ਸਾਲਾਂ ਦਾ ਸੀ, ਸੱਤ ਸਾਲ ਉਸ ਨੇ ਹਬਰੋਨ ਵਿੱਚ ਰਾਜ ਕੀਤਾ ਸੀ ਅਤੇ ਤੇਤੀ ਸਾਲ ਤੱਕ ਯਰੂਸ਼ਲਮ ਵਿੱਚ ਰਾਜ ਕੀਤਾ28ਉਹ ਚੰਗੀ ਲੰਮੀ ਅਵਸਥਾ ਵਿੱਚ ਜੀਉਣ, ਧਨ ਅਤੇ ਪਤ ਨਾਲ ਪੂਰੀ ਤਰ੍ਹਾਂ ਪੂਰਨ ਹੋ ਕੇ ਮਰ ਗਿਆ ਅਤੇ ਉਸ ਦਾ ਪੁੱਤਰ ਸੁਲੇਮਾਨ ਉਸ ਦੇ ਥਾਂ ਪਾਤਸ਼ਾਹ ਹੋਇਆ
29ਅਤੇ ਦਾਊਦ ਪਾਤਸ਼ਾਹ ਦਾ ਵਿਰਤਾਂਤ ਆਦ ਤੋਂ ਲੈ ਕੇ ਅੰਤ ਤੱਕ, ਵੇਖੋ, ਉਹ ਸਮੂਏਲ ਅਗੰਮ ਗਿਆਨੀ ਦੇ ਇਤਿਹਾਸ ਵਿੱਚ ਅਤੇ ਨਾਥਾਨ ਨਬੀ ਦੇ ਇਤਿਹਾਸ ਵਿੱਚ ਅਤੇ ਗਾਦ ਅਗੰਮ ਗਿਆਨੀ ਦੇ ਇਤਿਹਾਸ ਵਿੱਚ ਲਿਖਿਆ ਹੈ30ਅਰਥਾਤ ਉਸ ਦੇ ਸਾਰੇ ਰਾਜ ਅਤੇ ਬਲ ਦਾ ਵਰਨਣ ਅਤੇ ਜਿਹੜੇ ਜਿਹੜੇ ਸਮੇਂ ਉਸ ਉੱਤੇ ਅਤੇ ਇਸਰਾਏਲ ਉੱਤੇ ਅਤੇ ਸਾਰੇ ਦੇਸਾਂ ਦੀਆਂ ਸਾਰੀਆਂ ਰਾਜਧਾਨੀਆਂ ਉੱਤੇ ਵਰਤਮਾਨ ਹੋਏ ਸਨ ਉਨ੍ਹਾਂ ਦਾ ਹਾਲ ਸਭ ਲਿਖਿਆ ਹੈ ।

2 ਇਤਿਹਾਸ

1
ਬੁੱਧੀ ਦੇ ਲਈ ਸੁਲੇਮਾਨ ਦੀ ਪ੍ਰਾਰਥਨਾ
(1 ਰਾਜਾ 3:1-15)

1ਦਾਊਦ ਦਾ ਪੁੱਤਰ ਸੁਲੇਮਾਨ ਆਪਣੇ ਰਾਜ ਉੱਤੇ ਦ੍ਰਿੜ ਹੋ ਗਿਆ, ਯਹੋਵਾਹ ਉਹ ਦਾ ਪਰਮੇਸ਼ੁਰ ਉਹ ਦੇ ਨਾਲ ਸੀ ਅਤੇ ਉਹ ਨੂੰ ਬਹੁਤ ਵਧਾਇਆ ।

2ਸੁਲੇਮਾਨ ਨੇ ਸਾਰੇ ਇਸਰਾਏਲ ਨਾਲ ਅਰਥਾਤ ਹਜ਼ਾਰਾਂ ਤੇ ਸੈਂਕੜਿਆਂ ਦੇ ਸਰਦਾਰਾਂ, ਨਿਆਈਆਂ ਤੇ ਸਾਰੇ ਅਧਿਕਾਰੀਆਂ ਅਤੇ ਸਾਰੇ ਇਸਰਾਏਲੀਆਂ ਦੇ ਪਿਉ-ਦਾਦਿਆਂ ਦੇ ਮੁਖੀਆਂ ਨਾਲ ਗੱਲਾਂ ਕੀਤੀਆਂ ।3ਸੁਲੇਮਾਨ ਸਾਰੀ ਸਭਾ ਦੇ ਨਾਲ ਉਸ ਉੱਚੇ ਥਾਂ ਨੂੰ ਗਿਆ ਜੋ ਗਿਬਓਨ ਵਿੱਚ ਸੀ, ਕਿਉਂ ਜੋ ਪਰਮੇਸ਼ੁਰ ਦੀ ਮੰਡਲੀ ਦਾ ਤੰਬੂ ਜਿਸ ਨੂੰ ਯਹੋਵਾਹ ਦੇ ਦਾਸ ਮੂਸਾ ਨੇ ਉਜਾੜ ਵਿੱਚ ਬਣਾਇਆ ਸੀ, ਉੱਥੇ ਹੀ ਸੀ ।4ਪਰ ਪਰਮੇਸ਼ੁਰ ਦੇ ਸੰਦੂਕ ਨੂੰ ਦਾਊਦ ਕਿਰਯਥ ਯਆਰੀਮ ਤੋਂ ਉਸ ਥਾਂ ਲੈ ਆਇਆ ਸੀ ਜੋ ਦਾਊਦ ਨੇ ਉਹ ਦੇ ਲਈ ਤਿਆਰ ਕੀਤਾ ਸੀ, ਕਿਉਂ ਜੋ ਉਸ ਨੇ ਉਹ ਦੇ ਲਈ ਯਰੂਸ਼ਲਮ ਵਿੱਚ ਇੱਕ ਤੰਬੂ ਖੜ੍ਹਾ ਕੀਤਾ ਸੀ ।5ਪਿੱਤਲ ਦੀ ਜੋ ਜਗਵੇਦੀ ਊਰੀ ਦੇ ਪੁੱਤਰ ਹੂਰ ਦੇ ਪੋਤੇ ਬਸਲਿਏਲ ਨੇ ਬਣਾਈ ਸੀ, ਉੱਥੇ ਯਹੋਵਾਹ ਦੇ ਡੇਰੇ ਦੇ ਸਾਹਮਣੇ ਸੀ, ਜਿੱਥੇ ਸੁਲੇਮਾਨ ਤੇ ਸਭਾ ਉਸਤਤ ਕਰਦੇ ਹੁੰਦੇ ਸਨ ।
6ਸੁਲੇਮਾਨ ਓਧਰ ਯਹੋਵਾਹ ਦੇ ਸਾਹਮਣੇ ਵਾਲੀ ਪਿੱਤਲ ਦੀ ਜਗਵੇਦੀ ਦੇ ਕੋਲ ਉੱਪਰ ਵੱਲ ਗਿਆ ਜੋ ਮੰਡਲੀ ਦੇ ਤੰਬੂ ਕੋਲ ਸੀ, ਅਤੇ ਉਹ ਦੇ ਉੱਤੇ ਇੱਕ ਹਜ਼ਾਰ ਹੋਮ ਦੀਆਂ ਬਲੀਆਂ ਚੜਾਈਆਂ ।7ਓਸੇ ਰਾਤ ਪਰਮੇਸ਼ੁਰ ਨੇ ਸੁਲੇਮਾਨ ਨੂੰ ਦਰਸ਼ਣ ਦਿੱਤਾ ਤੇ ਉਹ ਨੂੰ ਆਖਿਆ, ਮੰਗ ਮੈਂ ਤੈਨੂੰ ਕੀ ਦੇਵਾਂ ?
8ਸੁਲੇਮਾਨ ਨੇ ਪਰਮੇਸ਼ੁਰ ਨੂੰ ਆਖਿਆ, ਤੂੰ ਆਪ ਮੇਰੇ ਪਿਤਾ ਦਾਊਦ ਉੱਤੇ ਵੱਡੀ ਦਯਾ ਕੀਤੀ ਅਤੇ ਉਹ ਦੇ ਥਾਂ ਮੈਨੂੰ ਪਾਤਸ਼ਾਹ ਬਣਾਇਆ ਹੈ9ਹੁਣ ਯਹੋਵਾਹ ਪਰਮੇਸ਼ੁਰ, ਜੋ ਬਚਨ ਤੂੰ ਮੇਰੇ ਪਿਤਾ ਦਾਊਦ ਨਾਲ ਕੀਤਾ ਉਹ ਕਾਇਮ ਰਹੇ ਕਿਉਂ ਜੋ ਤੂੰ ਮੈਨੂੰ ਅਜਿਹੀ ਪਰਜਾ ਦਾ ਰਾਜਾ ਬਣਾਇਆ ਜੋ ਧਰਤੀ ਦੀ ਧੂੜ ਵਾਂਗੂੰ ਬਹੁਤ ਜਿਆਦਾ ਹੈ10ਜੋ ਤੂੰ ਮੈਨੂੰ ਬੁੱਧ ਤੇ ਗਿਆਨ ਦੇ ਕਿ ਮੈਂ ਇਨ੍ਹਾਂ ਲੋਕਾਂ ਦੇ ਅੱਗੇ ਅੰਦਰ-ਬਾਹਰ ਆਇਆ ਜਾਇਆ ਕਰਾਂ ਕਿਉਂ ਜੋ ਤੇਰੀ ਇਸ ਵੱਡੀ ਪਰਜਾ ਦਾ ਨਿਆਂ ਕੌਣ ਕਰ ਸਕਦਾ ਹੈ ।11ਤਦ ਪਰਮੇਸ਼ੁਰ ਨੇ ਸੁਲੇਮਾਨ ਨੂੰ ਆਖਿਆ, ਇਸ ਲਈ ਜੋ ਤੇਰੇ ਮਨ ਵਿੱਚ ਇਹ ਗੱਲ ਸੀ ਅਤੇ ਤੂੰ ਨਾ ਤਾਂ ਧਨ ਦੌਲਤ, ਨਾ ਪਤ, ਨਾ ਆਪਣੇ ਵੈਰੀਆਂ ਦੇ ਪ੍ਰਾਣ ਮੰਗੇ ਤੇ ਨਾ ਹੀ ਵੱਡੀ ਉਮਰ ਮੰਗੀ ਸਗੋਂ ਤੂੰ ਆਪਣੇ ਲਈ ਬੁੱਧ ਤੇ ਗਿਆਨ ਮੰਗਿਆ ਤਾਂ ਜੋ ਮੇਰੀ ਇਸ ਪਰਜਾ ਦਾ ਨਿਆਂ ਕਰੇਂ ਜਿਨ੍ਹਾਂ ਦਾ ਮੈਂ ਤੈਨੂੰ ਪਾਤਸ਼ਾਹ ਬਣਾਇਆ ਹੈ ।
12ਬੁੱਧ ਤੇ ਗਿਆਨ ਤੈਨੂੰ ਦਿੱਤਾ ਜਾਂਦਾ ਹੈ ਤੇ ਨਾਲੇ ਤੈਨੂੰ ਬਹੁਤ ਧਨ ਦੌਲਤ ਤੇ ਸਭ ਕੁਝ ਦਿਆਂਗਾ ਕਿ ਨਾ ਤਾਂ ਤੇਰੇ ਕੋਲੋਂ ਪਹਿਲਾਂ ਦੇ ਪਾਤਸ਼ਾਹ ਦੇ ਕੋਲ ਸੀ ਤੇ ਨਾ ਹੀ ਤੇਰੇ ਮਗਰੋਂ ਆਉਣ ਵਾਲਿਆਂ ਦੇ ਕੋਲ ਹੋਵੇਗਾ ।13ਸੁਲੇਮਾਨ ਗਿਬਓਨ ਦੇ ਉੱਚੇ ਥਾਂ ਤੋਂ ਮਿਲਾਪ ਵਾਲੇ ਤੰਬੂ ਦੇ ਅੱਗਿਓਂ ਯਰੂਸ਼ਲਮ ਨੂੰ ਆਇਆ ਅਤੇ ਇਸਰਾਏਲ ਉੱਤੇ ਰਾਜ ਕਰਨ ਲੱਗਾ ।
ਰਾਜਾ ਸੁਲੇਮਾਨ ਦੀ ਸਾਮਰਥ ਅਤੇ ਭੜਕ
(1 ਰਾਜਾ 10:26-29)

14ਸੁਲੇਮਾਨ ਨੇ ਰੱਥ ਤੇ ਸਵਾਰ ਇਕੱਠੇ ਕਰ ਲਏ ਅਤੇ ਉਹ ਦੇ ਕੋਲ ਚੌਦਾਂ ਸੌ ਰੱਥ ਅਤੇ ਬਾਰਾਂ ਹਜ਼ਾਰ ਘੋੜ ਸਵਾਰ ਸਨ ਅਤੇ ਉਹ ਨੇ ਉਨ੍ਹਾਂ ਨੂੰ ਰੱਥਾਂ ਦੇ ਸ਼ਹਿਰਾਂ ਵਿੱਚ ਅਤੇ ਯਰੂਸ਼ਲਮ ਵਿੱਚ ਪਾਤਸ਼ਾਹ ਦੇ ਕੋਲ ਰੱਖ ਦਿੱਤਾ ।15ਪਾਤਸ਼ਾਹ ਨੇ ਯਰੂਸ਼ਲਮ ਵਿੱਚ ਚਾਂਦੀ ਤੇ ਸੋਨੇ ਨੂੰ ਪੱਥਰਾਂ ਵਾਂਗੂੰ ਅਤੇ ਦਿਆਰ ਦੇ ਦਰਖ਼ਤਾਂ ਨੂੰ ਗੂਲਰ ਦੇ ਉਨ੍ਹਾਂ ਦਰਖ਼ਤਾਂ ਵਾਂਗੂੰ ਕਰ ਦਿੱਤਾ ਜੋ ਮਹਿੰਗੇ ਵਿੱਚ ਬਹੁਤ ਹੁੰਦੇ ਹਨ ਅਤੇ ਪਾਤਸ਼ਾਹ ਦੇ ਕੋਲ ਜੋ ਘੋੜੇ ਸਨ ਉਹ ਮਿਸਰ ਤੋਂ ਆਉਂਦੇ ਸਨ ਅਤੇ ਪਾਤਸ਼ਾਹ ਦੇ ਵਪਾਰੀ ਹੇੜਾਂ ਦਾ ਮੁੱਲ ਕਰਕੇ ਲਿਆਉਂਦੇ ਹੁੰਦੇ ਸਨ ।16ਉਹ ਮਿਸਰ ਵਿੱਚੋਂ ਇੱਕ ਰੱਥ ਬਣਾ ਕੇ ਛੇ ਸੌ ਰੁਪਏ ਨੂੰ ਅਤੇ ਇੱਕ ਘੋੜਾ ਡੇਢ ਸੌ ਰੁਪਏ ਨੂੰ ਲਿਆਉਂਦੇ ਸਨ ਅਤੇ ਇਸੇ ਤਰ੍ਹਾਂ ਹਿੱਤੀਆਂ ਦੇ ਸਾਰੇ ਪਾਤਸ਼ਾਹਾਂ ਅਤੇ ਅਰਾਮ ਦੇ ਪਾਤਸ਼ਾਹਾਂ ਦੇ ਲਈ ਉਨ੍ਹਾਂ ਦੇ ਰਾਹੀਂ ਉਨ੍ਹਾਂ ਨੂੰ ਲਿਆਉਂਦੇ ਸਨ ।17ਸੁਲੇਮਾਨ ਦੇ ਵਪਾਰੀ ਮਿਸਰ ਤੋਂ ਇੱਕ ਰੱਥ ਚਾਂਦੀ ਦੇ ਛੇ ਸੌ ਰੁਪਏ ਦਾ ਅਤੇ ਇੱਕ ਘੋੜਾ ਚਾਂਦੀ ਦੇ ਡੇਢ ਸੌ ਰੁਪਏ ਖਰੀਦਦੇ ਸਨ । ਫ਼ੇਰ ਉਨ੍ਹਾਂ ਨੇ ਇਹ ਘੋੜੇ ਅਤੇ ਰੱਥ ਹਿੱਤੀ ਲੋਕਾਂ ਦੇ ਰਾਜਿਆਂ ਅਤੇ ਆਰਾਮ ਦੇ ਰਾਜਿਆਂ ਨੂੰ ਵੇਚ ਦਿੱਤੇ ।

2
ਹੈਕਲ ਦੇ ਨਿਰਮਾਣ ਦੀ ਤਿਆਰੀ
(1 ਰਾਜਾ 5:1-18)

1ਤਦ ਸੁਲੇਮਾਨ ਨੇ ਆਖਿਆ ਕਿ ਇੱਕ ਭਵਨ ਯਹੋਵਾਹ ਦੇ ਨਾਮ ਲਈ ਅਤੇ ਇੱਕ ਮਹਿਲ ਆਪਣੀ ਪਾਤਸ਼ਾਹੀ ਲਈ ਬਣਾਵਾਂ2ਅਤੇ ਸੁਲੇਮਾਨ ਨੇ ਸੱਤਰ ਹਜ਼ਾਰ ਮਨੁੱਖ ਭਾਰ ਢੋਣ ਲਈ, ਅੱਸੀ ਹਜ਼ਾਰ ਮਨੁੱਖ ਪਹਾੜ ਦੇ ਪੱਥਰ ਕੱਟਣ ਲਈ ਅਤੇ ਤਿੰਨ ਹਜ਼ਾਰ ਛੇ ਸੌ ਉਨ੍ਹਾਂ ਦੀ ਦੇਖਭਾਲ ਲਈ ਗਿਣ ਲਏ ।3ਸੁਲੇਮਾਨ ਨੇ ਸੂਰ ਦੇ ਰਾਜਾ ਹੂਰਾਮ ਨੂੰ ਇਸ ਤਰ੍ਹਾਂ ਆਖ ਭੇਜਿਆ ਕਿ ਇਸ ਲਈ ਕਿ ਤੂੰ ਮੇਰੇ ਪਿਤਾ ਦਾਊਦ ਦੇ ਨਾਲ ਵਰਤਾਓ ਕੀਤਾ ਅਤੇ ਉਹ ਦੇ ਰਹਿਣ ਲਈ ਉਸ ਨੂੰ ਦਿਆਰ ਦੀ ਲੱਕੜੀ ਭੇਜੀ ।

4ਵੇਖ, ਮੈਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਨਾਮ ਦੇ ਲਈ ਇੱਕ ਭਵਨ ਬਣਾਉਣ ਲੱਗਾ ਹਾਂ ਕਿ ਉਹ ਦੇ ਲਈ ਪਵਿੱਤਰ ਕਰਾਂ ਤੇ ਉਹ ਦੇ ਸਨਮੁਖ ਸੁਗੰਧੀ ਧੂਪ ਧੁਖਾਵਾਂ ਅਤੇ ਉਹ ਸਬਤਾਂ ਅਤੇ ਅਮੱਸਿਆ ਅਤੇ ਯਹੋਵਾਹ ਸਾਡੇ ਪਰਮੇਸ਼ੁਰ ਦੇ ਠਹਿਰਾਇਆਂ ਹੋਇਆਂ ਪਰਬਾਂ ਉੱਤੇ ਹਮੇਸ਼ਾਂ ਦੀ ਰੋਟੀ ਤੇ ਸੰਝ ਸਵੇਰ ਦੀਆਂ ਹੋਮ ਬਲੀਆਂ ਦੇ ਲਈ ਹੋਵੇ । ਇਹ ਇਸਰਾਏਲ ਉੱਤੇ ਸਦੀਪਕਾਲ ਹੈ5ਅਤੇ ਜਿਹੜਾ ਭਵਨ ਮੈਂ ਬਣਾਉਣ ਵਾਲਾ ਹਾਂ ਉਹ ਵੱਡਾ ਹੋਵੇਗਾ ਕਿਉਂ ਜੋ ਸਾਡਾ ਪਰਮੇਸ਼ੁਰ ਸਾਰਿਆਂ ਦੇਵਤਿਆਂ ਨਾਲੋਂ ਵੱਡਾ ਹੈ
6ਪਰੰਤੂ ਕੌਣ ਉਹ ਦੇ ਲਈ ਭਵਨ ਬਣਾਉਣ ਜੋਗ ਹੈ ਜਦ ਉਹ ਅਕਾਸ਼ ਵਿੱਚ ਸਗੋਂ ਅਕਾਸ਼ਾਂ ਦੇ ਅਕਾਸ਼ ਵਿੱਚ ਨਹੀਂ ਹੋ ਸਕਦਾ ? ਤਾਂ ਮੈਂ ਕੌਣ ਹਾਂ ਜੋ ਉਹ ਦੇ ਸਨਮੁਖ ਧੂਪ ਧੁਖਾਏ ਬਿਨ੍ਹਾਂ ਉਹ ਦੇ ਲਈ ਭਵਨ ਬਣਾਵਾਂ ?7ਹੁਣ ਤੂੰ ਮੇਰੇ ਕੋਲ ਇੱਕ ਮਨੁੱਖ ਨੂੰ ਭੇਜ ਜੋ ਸੋਨੇ ਤੇ ਚਾਂਦੀ ਤੇ ਪਿੱਤਲ ਤੇ ਲੋਹੇ ਦਾ ਕੰਮ ਕਰਨ ਵਿੱਚ ਅਤੇ ਨੀਲੇ, ਬੈਂਗਣੀ ਤੇ ਕਿਰਮਚੀ ਕੱਪੜੇ ਦੇ ਕੰਮ ਵਿੱਚ ਸਿਆਣਾ ਤੇ ਉੱਕਰਨ ਦੇ ਕੰਮ ਦਾ ਕਾਰੀਗਰ ਹੋਵੇ ਤੇ ਉਨ੍ਹਾਂ ਕਾਰੀਗਰਾਂ ਦੇ ਨਾਲ ਰਹੇ ਜੋ ਮੇਰੇ ਪਿਤਾ ਦਾਊਦ ਨੇ ਯਹੂਦਾਹ ਤੇ ਯਰੂਸ਼ਲਮ ਵਿੱਚ ਮੇਰੇ ਕੋਲ ਠਹਿਰਾਏ ਹਨ
8ਅਤੇ ਦਿਆਰ, ਸਰੂ ਅਤੇ ਚੰਦਨ ਦੀਆਂ ਗੇਲੀਆਂ ਲਬਾਨੋਨ ਵਿੱਚੋਂ ਮੈਨੂੰ ਭੇਜੀ ਕਿਉਂ ਜੋ ਮੈਂ ਜਾਣਦਾ ਹਾਂ ਕਿ ਤੇਰੇ ਸੇਵਕ ਲਬਾਨੋਨ ਦੀਆਂ ਗੇਲੀਆਂ ਵੱਢਣ ਵਿੱਚ ਕਾਰੀਗਰ ਹਨ ਅਤੇ ਵੇਖ, ਮੇਰੇ ਸੇਵਕ ਤੇਰੇ ਸੇਵਕਾਂ ਨਾਲ ਰਹਿਣਗੇ9ਕਿ ਮੇਰੇ ਲਈ ਬਹੁਤ ਸਾਰੀਆਂ ਸ਼ਤੀਰੀਆਂ ਤਿਆਰ ਕਰਨ ਕਿਉਂ ਜੋ ਜਿਹੜਾ ਭਵਨ ਮੈਂ ਬਣਾਉਣ ਵਾਲਾ ਹਾਂ ਉਹ ਮਹਾਨ ਤੇ ਅੱਤ ਅਚਰਜ ਹੋਵੇਗਾ10ਅਤੇ ਵੇਖ, ਲੱਕੜ ਕੱਟਣ ਵਾਲਿਆਂ ਨੂੰ ਜੋ ਤੇਰੇ ਸੇਵਕ ਹਨ ਮੈਂ ਭੋਜਨ ਲਈ ਇੱਕ ਲੱਖ ਪੰਜਾਹ ਹਜ਼ਾਰ ਮਣ ਝਾੜਵੀ ਕਣਕ, ਇੱਕ ਲੱਖ ਪੰਜਾਹ ਹਜ਼ਾਰ ਮਣ ਜੌਂ, ਪੰਦਰਾਂ ਹਜ਼ਾਰ ਮਣ ਦਾਖ਼ਰਸ ਅਤੇ ਪੰਦਰਾਂ ਹਜ਼ਾਰ ਮਣ ਤੇਲ ਦਿਆਂਗਾ ।
11ਤਦ ਸੂਰ ਦੇ ਰਾਜਾ ਹੂਰਾਮ ਨੇ ਉੱਤਰ ਲਿਖ ਕੇ ਸੁਲੇਮਾਨ ਦੇ ਕੋਲ ਭੇਜਿਆ ਕਿ ਯਹੋਵਾਹ ਨੂੰ ਆਪਣੇ ਲੋਕਾਂ ਨਾਲ ਪ੍ਰੇਮ ਹੈ ਇਸ ਲਈ ਉਸ ਨੇ ਤੈਨੂੰ ਉਨ੍ਹਾਂ ਦੇ ਉੱਤੇ ਪਾਤਸ਼ਾਹ ਬਣਾਇਆ ਹੈ ।12ਹੂਰਾਮ ਨੇ ਆਖਿਆ, ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਜਿਸ ਨੇ ਅਕਾਸ਼ ਤੇ ਧਰਤੀ ਨੂੰ ਰਚਿਆ ਧੰਨ ਹੋਵੇ ਕਿ ਉਹ ਨੇ ਦਾਊਦ ਪਾਤਸ਼ਾਹ ਨੂੰ ਇੱਕ ਪੁੱਤਰ ਬੁੱਧੀਵਾਨ ਤੇ ਗਿਆਨ ਵਾਲਾ ਦਿੱਤਾ ਹੈ ਕਿ ਉਹ ਇੱਕ ਭਵਨ ਯਹੋਵਾਹ ਦੇ ਲਈ ਤੇ ਇੱਕ ਮਹਿਲ ਆਪਣੀ ਪਾਤਸ਼ਾਹੀ ਲਈ ਬਣਾਵੇ
13ਸੋ ਹੁਣ ਮੈਂ ਆਪਣੇ ਪਿਤਾ ਹੂਰਾਮ ਦੇ ਇੱਕ ਸਿਆਣੇ ਤੇ ਮੱਤ ਦੇ ਧਨੀ ਮਨੁੱਖ ਨੂੰ ਭੇਜ ਦਿੱਤਾ ਹੈ14ਉਹ ਦਾਨ ਦੀਆਂ ਧੀਆਂ ਵਿੱਚੋਂ ਇੱਕ ਔਰਤ ਦਾ ਪੁੱਤਰ ਹੈ । ਉਹ ਦਾ ਪਿਤਾ ਸੂਰ ਦਾ ਇੱਕ ਮਨੁੱਖ ਸੀ । ਉਹ ਸੋਨੇ ਅਤੇ ਚਾਂਦੀ ਅਤੇ ਪਿੱਤਲ ਅਤੇ ਲੋਹੇ ਅਤੇ ਪੱਥਰ ਅਤੇ ਲੱਕੜੀ ਦਾ ਕੰਮ ਕਰਨ ਵਿੱਚ ਤੇ ਨੀਲੇ, ਬੈਂਗਣੀ ਤੇ ਕਿਰਮਚੀ ਤੇ ਮਹੀਨ ਕਤਾਨੀ ਕੱਪੜੇ ਦੇ ਕੰਮ ਵਿੱਚ ਅਤੇ ਹਰ ਪਰਕਾਰ ਦੇ ਉੱਕਰਨ ਦੇ ਕੰਮ ਵਿੱਚ ਅਤੇ ਹਰ ਪਰਕਾਰ ਦੀ ਕਾਰੀਗਰੀ ਦੇ ਲਈ ਜੋ ਉਹ ਨੂੰ ਸੌਂਪੀ ਜਾਵੇ ਕਾਰੀਗਰ ਹੈ । ਉਹ ਤੇਰੇ ਸਿਆਣੇ ਮਨੁੱਖਾਂ ਤੇ ਮੇਰੇ ਸੁਆਮੀ ਤੇਰੇ ਪਿਤਾ ਦਾਊਦ ਦੇ ਸਿਆਣਿਆਂ ਮਨੁੱਖਾਂ ਨਾਲ ਹੋਵੇ ।
15ਸੋ ਹੁਣ ਕਣਕ ਤੇ ਜੌਂ ਤੇ ਤੇਲ ਤੇ ਦਾਖ ਮਧ ਜਿਸ ਦਾ ਵੇਰਵਾ ਮੇਰੇ ਸੁਆਮੀ ਨੇ ਪਾਇਆ ਹੈ ਉਹ ਆਪਣੇ ਦਾਸਾਂ ਨੂੰ ਭੇਜ ਦੇਵੇ16ਅਤੇ ਜਿੰਨੀ ਲੱਕੜ ਤੈਨੂੰ ਲੋੜੀਂਦੀ ਹੈ ਅਸੀਂ ਲਬਾਨੋਨ ਵਿੱਚੋਂ ਵੱਢਾਂਗੇ ਤੇ ਉਹ ਨੂੰ ਸਾਗਰ ਦੇ ਰਾਹੀਂ ਉਤਾਰ ਕੇ ਯਾਫ਼ਾ ਵਿੱਚ ਤੇਰੇ ਕੋਲ ਲਿਆਵਾਂਗੇ ਅਤੇ ਤੂੰ ਉਹ ਨੂੰ ਯਰੂਸ਼ਲਮ ਤੱਕ ਲੈ ਜਾਵੀਂ ।
ਹੈਕਲ ਦੇ ਨਿਰਮਾਣ ਦੇ ਕੰਮ ਦੀ ਸ਼ੁਰੂਆਤ
(1 ਰਾਜਾ 6:1-38)

17ਸੁਲੇਮਾਨ ਨੇ ਇਸਰਾਏਲ ਦੇ ਸਾਰੇ ਪਰਦੇਸੀਆਂ ਦੀ ਗਿਣਤੀ ਕੀਤੀ ਜਿਵੇਂ ਉਹ ਦੇ ਪਿਤਾ ਦਾਊਦ ਨੇ ਉਨ੍ਹਾਂ ਨੂੰ ਗਿਣਿਆ ਸੀ ਅਤੇ ਉਹ ਇੱਕ ਲੱਖ ਤਰਵੰਜਾਂ ਹਜ਼ਾਰ ਛੇ ਸੌ ਨਿੱਕਲੇ18ਅਤੇ ਉਸ ਨੇ ਉਨ੍ਹਾਂ ਵਿੱਚੋਂ ਸੱਤਰ ਹਜ਼ਾਰ ਨੂੰ ਭਾਰ ਢੋਣ ਲਈ ਅਤੇ ਅੱਸੀ ਹਜ਼ਾਰ ਨੂੰ ਪਹਾੜ ਦੇ ਪੱਥਰ ਕੱਟਣ ਲਈ ਅਤੇ ਤਿੰਨ ਹਜ਼ਾਰ ਨੂੰ ਛੇ ਸੌ ਲੋਕਾਂ ਤੋਂ ਕੰਮ ਲੈਣ ਤੇ ਦੇਖਭਾਲ ਕਰਨ ਲਈ ਠਹਿਰਾਇਆ ।

3

1ਤਦ ਸੁਲੇਮਾਨ ਯਰੂਸ਼ਲਮ ਵਿੱਚ ਮੋਰੀਯਾਹ ਪਹਾੜ ਉੱਤੇ ਉਸੇ ਥਾਂ ਯਹੋਵਾਹ ਦਾ ਭਵਨ ਬਣਾਉਣ ਲੱਗਾ ਜਿੱਥੇ ਉਹ ਦੇ ਪਿਤਾ ਦਾਊਦ ਨੂੰ ਉਸ ਦਾ ਦਰਸ਼ਣ ਹੋਇਆ ਸੀ, ਉਸੇ ਥਾਂ ਜਿਹੜਾ ਆਰਨਾਨ ਯਬੂਸੀ ਦੇ ਪਿੜ ਵਿੱਚ ਦਾਊਦ ਨੇ ਤਿਆਰ ਕਰ ਕੇ ਠਹਿਰਾਇਆ ਹੋਇਆ ਸੀ2ਉਹ ਉਹ ਨੂੰ ਆਪਣੀ ਪਾਤਸ਼ਾਹੀ ਦੇ ਚੌਥੇ ਸਾਲ ਦੇ ਦੂਜੇ ਮਹੀਨੇ ਦੇ ਦੂਜੇ ਦਿਨ ਬਣਾਉਣ ਲੱਗਾ ।3ਜੋ ਨੀਂਹ ਸੁਲੇਮਾਨ ਨੇ ਯਹੋਵਾਹ ਦੇ ਭਵਨ ਦੀ ਉਸਾਰੀ ਲਈ ਰੱਖੀ ਉਹ ਇਹ ਹੈ, ਉਹ ਦੀ ਲੰਬਾਈ ਪਹਿਲੀ ਮਿਣਤੀ ਅਨੁਸਾਰ ਸੱਠ ਹੱਥ ਅਤੇ ਚੌੜਾਈ ਵੀਹ ਹੱਥ ਸੀ

4ਅਤੇ ਡਿਉੜੀ ਜੋ ਭਵਨ ਦੇ ਅੱਗੇ ਸੀ ਉਹ ਦੀ ਲੰਬਾਈ ਭਵਨ ਦੀ ਚੌੜਾਈ ਦੇ ਅਨੁਸਾਰ ਵੀਹ ਹੱਥ ਅਤੇ ਉਚਿਆਈ ਇੱਕ ਸੌ ਵੀਹ ਸੀ ਅਤੇ ਉਸ ਨੇ ਉਹ ਨੂੰ ਅੰਦਰ ਵਾਰੋਂ ਕੁੰਦਨ ਸੋਨੇ ਨਾਲ ਮੜਿਆ5ਅਤੇ ਵੱਡੇ ਘਰ ਵਿੱਚ ਉਹ ਨੇ ਚੀਲ ਦੀ ਲੱਕੜੀ ਜੜੀ ਅਤੇ ਉਹ ਨੂੰ ਚੋਖੇ ਸੋਨੇ ਨਾਲ ਮੜਿਆ ਅਤੇ ਉਹ ਦੇ ਉੱਤੇ ਖਜ਼ੂਰ ਦੇ ਬੂਟੇ ਤੇ ਜੰਜੀਰੀਆਂ ਉੱਕਰੀਆਂ
6ਅਤੇ ਸੁਹੱਪਣ ਲਈ ਉਹ ਨੇ ਉਸ ਭਵਨ ਨੂੰ ਬਹੁਮੁੱਲੇ ਪੱਥਰਾਂ ਨਾਲ ਸਜ਼ਾਇਆ ਅਤੇ ਉਹ ਸੋਨਾ ਪਰਵਾਇਮ ਦਾ ਸੋਨਾ ਸੀ7ਉਸ ਨੇ ਭਵਨ ਨੂੰ ਉਹ ਦੀਆਂ ਸ਼ਤੀਰਾਂ, ਉਹ ਦੀ ਡਿਉੜੀ ਅਤੇ ਕੰਧਾਂ ਅਤੇ ਉਹ ਦਿਆਂ ਬੂਹਿਆਂ ਨੂੰ ਸੋਨੇ ਨਾਲ ਮੜਿਆ ਅਤੇ ਕੰਧਾਂ ਉੱਤੇ ਕਰੂਬੀ ਉੱਕਰੇ
8ਅਤੇ ਉਸ ਨੇ ਅੱਤ ਪਵਿੱਤਰ ਸਥਾਨ ਨੂੰ ਬਣਾਇਆ । ਉਹ ਦੀ ਲੰਬਾਈ ਭਵਨ ਦੀ ਚੌੜਾਈ ਦੇ ਅਨੁਸਾਰ ਵੀਹ ਹੱਥ ਅਤੇ ਉਹ ਦੀ ਚੌੜਾਈ ਵੀਹ ਹੱਥ ਸੀ ਅਤੇ ਉਸ ਨੇ ਉਹ ਨੂੰ ਛੇ ਸੌ ਤੋੜੇ ਚੋਖੇ ਸੋਨੇ ਨਾਲ ਮੜਿਆ9ਅਤੇ ਕਿੱਲਾਂ ਦਾ ਤੋਲ ਪੰਜਾਹ ਤੋਲੇ ਸੋਨੇ ਦਾ ਸੀ । ਉਸ ਨੇ ਉਤਲੀਆਂ ਕੋਠੜੀਆਂ ਵੀ ਸੋਨੇ ਨਾਲ ਮੜੀਆਂ
10ਅਤੇ ਉਸ ਨੇ ਅੱਤ ਪਵਿੱਤਰ ਸਥਾਨ ਵਿੱਚ ਦੋ ਕਰੂਬੀ ਉੱਕਰ ਕੇ ਬਣਾਏ ਅਤੇ ਉਨ੍ਹਾਂ ਨੂੰ ਸੋਨੇ ਨਾਲ ਮੜਿਆ11ਅਤੇ ਕਰੂਬੀਆਂ ਦੇ ਖੰਭਾਂ ਦੀ ਲੰਬਾਈ ਵੀਹ ਹੱਥ ਸੀ । ਇੱਕ ਖੰਭ ਪੰਜ ਹੱਥ ਲੰਮਾ ਭਵਨ ਦੀ ਕੰਧ ਤੱਕ ਪਹੁੰਚਿਆ ਹੋਇਆ ਅਤੇ ਦੂਜਾ ਖੰਭ ਪੰਜ ਹੱਥ ਦਾ ਦੂਜੇ ਕਰੂਬੀ ਦੇ ਖੰਭ ਤੱਕ ਪਹੁੰਚਿਆ ਹੋਇਆ ਸੀ12ਅਤੇ ਦੂਜੇ ਕਰੂਬੀ ਦਾ ਇੱਕ ਖੰਭ ਪੰਜ ਹੱਥ ਲੰਮਾ ਭਵਨ ਦੀ ਕੰਧ ਤੱਕ ਪਹੁੰਚਿਆ ਹੋਇਆ ਅਤੇ ਦੂਜਾ ਖੰਭ ਪੰਜ ਹੱਥ ਦਾ ਦੂਜੇ ਕਰੂਬੀ ਦੇ ਖੰਭ ਨਾਲ ਜੁੜਿਆ ਹੋਇਆ ਸੀ
13ਇਨ੍ਹਾਂ ਕਰੂਬੀਆਂ ਦੇ ਖੰਭ ਵੀਹ ਹੱਥ ਫੈਲੇ ਹੋਏ ਸਨ ਅਤੇ ਉਹ ਆਪਣੇ-ਆਪਣੇ ਪੈਰਾਂ ਉੱਤੇ ਖੜ੍ਹੇ ਸਨ ਅਤੇ ਉਨ੍ਹਾਂ ਦੇ ਮੂੰਹ ਅੰਦਰਵਾਰ ਨੂੰ ਸਨ ।14ਅਤੇ ਉਸ ਨੇ ਪੜਦਾ ਨੀਲੇ, ਬੈਂਗਣੀ, ਕਿਰਮਚੀ ਮਹੀਨ ਕਤਾਨ ਦੇ ਕੱਪੜੇ ਦਾ ਬਣਾਇਆ ਅਤੇ ਉਹ ਦੇ ਉੱਤੇ ਕਰੂਬੀਆਂ ਦੀ ਕਢਾਈ ਕੀਤੀ ।
ਪਿੱਤਲ ਦੇ ਦੋ ਥੰਮ੍ਹ
(1 ਰਾਜਾ 7:15-22)

15ਉਸ ਨੇ ਭਵਨ ਦੇ ਅੱਗੇ ਦੇ ਲਈ ਲਗਭਗ ਪੈਂਤੀ ਹੱਥ ਉੱਚੇ ਦੋ ਥੰਮ੍ਹ ਬਣਾਏ ਅਤੇ ਹਰ ਇੱਕ ਦੀ ਟੀਸੀ ਉੱਤੇ ਪੰਜ ਪੰਜ ਹੱਥ ਦਾ ਮੁਕਟ ਸੀ ।16ਉਸ ਨੇ ਵਿੱਚਲੀ ਕੋਠੜੀ ਵਿੱਚ ਜੰਜੀਰੀਆਂ ਬਣਾ ਕੇ ਉਨ੍ਹਾਂ ਨੂੰ ਥੰਮਾਂ ਦੇ ਸਿਰਿਆਂ ਉੱਤੇ ਲਾਇਆ ਅਤੇ ਉਸ ਨੇ ਇੱਕ ਸੌ ਅਨਾਰ ਬਣਾ ਕੇ ਉਨ੍ਹਾਂ ਨੂੰ ਜੰਜੀਰੀਆਂ ਵਿੱਚ ਲਾ ਦਿੱਤਾ ।17ਉਸ ਨੇ ਥੰਮਾਂ ਨੂੰ ਹੈਕਲ ਦੇ ਅੱਗੇ ਇੱਕ ਨੂੰ ਸੱਜੇ ਤੇ ਦੂਜੇ ਨੂੰ ਖੱਬੇ ਪਾਸੇ ਖੜ੍ਹਾ ਕਰ ਦਿੱਤਾ ਅਤੇ ਜਿਹੜਾ ਸੱਜੇ ਪਾਸੇ ਸੀ ਉਹ ਦਾ ਨਾਮ "ਯਾਕੀਨ" ਅਤੇ ਜਿਹੜਾ ਖੱਬੇ ਪਾਸੇ ਸੀ ਉਹ ਦਾ ਨਾਮ "ਬੋਅਜ਼" ਰੱਖਿਆ ।

4
ਹੈਕਲ ਦਾ ਸਾਜ਼ ਸਮਾਨ
(1 ਰਾਜਾ 7:23-51)

1ਉਸ ਨੇ ਪਿੱਤਲ ਦੀ ਇੱਕ ਜਗਵੇਦੀ ਬਣਾਈ । ਉਹ ਦੀ ਲੰਬਾਈ ਵੀਹ ਹੱਥ ਅਤੇ ਉਹ ਦੀ ਚੌੜਾਈ ਵੀਹ ਹੱਥ ਅਤੇ ਉਹ ਦੀ ਉਚਿਆਈ ਦਸ ਹੱਥ ਸੀ ।2ਉਸ ਨੇ ਇੱਕ ਢਾਲਿਆ ਹੋਇਆ ਸਾਗਰੀ ਹੌਦ ਬਣਾਇਆ ਜੋ ਇੱਕ ਕੰਢਿਓਂ ਦੂਜੇ ਕੰਢੇ ਤੱਕ ਦਸ ਹੱਥ ਸੀ । ਉਹ ਚੌਫ਼ੇਰਿਓਂ ਗੋਲ ਸੀ ਅਤੇ ਉਹ ਦੀ ਉਚਿਆਈ ਪੰਜ ਹੱਥ ਸੀ ਅਤੇ ਉਹ ਦੇ ਘੇਰੇ ਦੀ ਮਿਣਤੀ ਤੀਹ ਹੱਥ ਸੀ ।3ਉਹ ਦੇ ਹੇਠਾਂ ਉਹ ਦੇ ਚੌਫ਼ੇਰੇ ਇੱਕ-ਇੱਕ ਹੱਥ ਵਿੱਚ ਦਸ ਦਸ ਬਲ਼ਦਾਂ ਦੀਆਂ ਮੂਰਤਾਂ ਉਸ ਸਾਗਰੀ ਹੌਦ ਨੂੰ ਦੁਆਲਿਓਂ ਘੇਰਦੀਆਂ ਸਨ । ਇਹ ਬਲ਼ਦ ਦੋ ਪਾਲਾਂ ਵਿੱਚ ਉਸੇ ਦੇ ਨਾਲ ਢਾਲ਼ੇ ਗਏ ਸਨ ।

4ਉਹ ਬਾਰਾਂ ਬਲ਼ਦਾਂ ਦੇ ਉੱਤੇ ਟਿਕਿਆ ਹੋਇਆ ਸੀ । ਤਿੰਨਾਂ ਦਾ ਮੂੰਹ ਉੱਤਰ ਵੱਲ ਤੇ ਤਿੰਨਾਂ ਦਾ ਮੂੰਹ ਪੱਛਮ ਵੱਲ ਤੇ ਤਿੰਨਾਂ ਦਾ ਮੂੰਹ ਦੱਖਣ ਵੱਲ ਸੀ ਅਤੇ ਤਿੰਨਾਂ ਦਾ ਮੂੰਹ ਪੂਰਬ ਵੱਲ ਸੀ ਅਤੇ ਸਾਗਰੀ ਹੌਦ ਉਨ੍ਹਾਂ ਦੇ ਉੱਤੇ ਸੀ ਅਤੇ ਉਨ੍ਹਾਂ ਸਾਰਿਆਂ ਦੇ ਪਿੱਛਲੇ ਅੰਗ ਅੰਦਰਵਾਰ ਨੂੰ ਸਨ ।5ਉਹ ਦੀ ਮੋਟਾਈ ਇੱਕ ਚੱਪਾ ਸੀ ਅਤੇ ਉਹ ਦਾ ਕੰਢਾ ਕਟੋਰੇ ਦੇ ਕੰਢੇ ਵਾਂਗੂੰ ਤੇ ਸੋਸਨ ਦੇ ਫੁੱਲਾਂ ਵਰਗਾ ਸੀ ਅਤੇ ਉਹ ਦੇ ਵਿੱਚ ਉੱਛਲਵਾਂ ਤਿੰਨ ਹਜ਼ਾਰ ਬਤ ਵੀ ਸਮਾ ਸਕਦਾ ਸੀ6ਅਤੇ ਉਸ ਨੇ ਦਸ ਹੌਦੀਆਂ ਬਣਾਈਆਂ, ਪੰਜ ਸੱਜੇ ਪਾਸੇ, ਪੰਜ ਖੱਬੇ ਪਾਸੇ ਰੱਖੀਆਂ ਕਿ ਉਨ੍ਹਾਂ ਵਿੱਚ ਹੋਮ ਬਲੀ ਦੀਆਂ ਵਸਤੂਆਂ ਧੋਤੀਆਂ ਜਾਣ । ਉਨ੍ਹਾਂ ਨੂੰ ਉੱਥੇ ਹੀ ਧੋਂਦੇ ਸਨ ਪਰ ਸਾਗਰੀ ਹੌਦ ਜਾਜਕਾਂ ਦੇ ਨਹਾਉਣ ਲਈ ਸੀ
7ਅਤੇ ਉਸ ਨੇ ਸੋਨੇ ਦੇ ਦਸ ਸ਼ਮਾਦਾਨ ਹੁਕਮ ਦੇ ਅਨੁਸਾਰ ਬਣਾਏ ਅਤੇ ਹੈਕਲ ਵਿੱਚ ਪੰਜ ਸੱਜੇ ਅਤੇ ਪੰਜ ਖੱਬੇ ਪਾਸੇ ਟਿਕਾ ਦਿੱਤੇ8ਉਸ ਨੇ ਦਸ ਮੇਜਾਂ ਬਣਾਈਆਂ ਅਤੇ ਹੈਕਲ ਵਿੱਚ ਪੰਜ ਸੱਜੇ ਅਤੇ ਪੰਜ ਖੱਬੇ ਪਾਸੇ ਟਿਕਾਈਆਂ ਅਤੇ ਉਸ ਨੇ ਸੋਨੇ ਦੇ ਇੱਕ ਸੌ ਕਟੋਰੇ ਬਣਾਏ
9ਫੇਰ ਉਸ ਨੇ ਜਾਜਕਾਂ ਦਾ ਵਿਹੜਾ ਤੇ ਵੱਡਾ ਵਲਗਣ ਬਣਾਇਆ ਅਤੇ ਵਲਗਣ ਦੇ ਬੂਹੇ ਬਣਾ ਕੇ ਉਨ੍ਹਾਂ ਨੂੰ ਪਿੱਤਲ ਨਾਲ ਮੜਿਆ10ਅਤੇ ਉਸ ਨੇ ਸਾਗਰੀ ਹੌਦ ਨੂੰ ਪੂਰਬ ਵੱਲ ਭਵਨ ਦੇ ਸੱਜੇ ਪਾਸੇ ਦੱਖਣ ਵੱਲ ਘੁਮਾ ਕੇ ਰੱਖਿਆ ।
11ਹੂਰਾਮ ਨੇ ਤਸਲੇ ਅਤੇ ਕੜਛੇ ਅਤੇ ਬਾਟੇ ਬਣਾਏ ਅਤੇ ਹੂਰਾਮ ਨੇ ਉਹ ਕੰਮ ਜੋ ਸੁਲੇਮਾਨ ਦੇ ਲਈ ਪਰਮੇਸ਼ੁਰ ਦੇ ਭਵਨ ਵਿੱਚ ਕਰਦਾ ਸੀ ਮੁਕਾ ਲਿਆ,12ਦੋਵੇਂ ਥੰਮ੍ਹ ਅਤੇ ਕੌਲ ਅਤੇ ਮੁਕਟ ਜਿਹੜੇ ਉਨ੍ਹਾਂ ਦੋਹਾਂ ਥੰਮਾਂ ਦੇ ਸਿਰਾਂ ਉੱਤੇ ਸਨ ਅਤੇ ਦੋ ਜਾਲੀਆਂ ਜਿਹੜੀਆਂ ਥੰਮਾਂ ਦੇ ਸਿਰਾਂ ਉੱਤਲੇ ਮੁਕਟਾਂ ਨੂੰ ਕੱਜਦੀਆਂ ਸਨ ।13ਦੋਹਾਂ ਜਾਲੀਆਂ ਲਈ ਚਾਰ ਸੌ ਅਨਾਰ, ਹਰ ਜਾਲੀ ਲਈ ਦੋਂਹ ਪਾਲਾਂ ਵਿੱਚ ਅਨਾਰ ਕਿ ਉਹ ਥੰਮਾਂ ਦੇ ਓਤਲੇ ਮੁਕਟਾਂ ਦੇ ਦੋਹਾਂ ਕੌਲਾਂ ਨੂੰ ਢੱਕ ਲੈਣ ।
14ਉਸ ਨੇ ਕੁਰਸੀਆਂ ਬਣਾਈਆਂ ਅਤੇ ਉਨ੍ਹਾਂ ਕੁਰਸੀਆਂ ਉੱਤੇ ਹੌਦੀਆਂ ਬਣਾਈਆਂ,15ਇੱਕ ਸਾਗਰੀ ਹੌਦ ਅਤੇ ਉਹ ਦੇ ਹੇਠਾਂ ਬਾਰਾਂ ਬਲ਼ਦ ਸਨ ।16ਤਸਲੇ, ਕੜਛੇ, ਤ੍ਰਿਸੂਲੀਆਂ ਅਤੇ ਸਾਰੇ ਭਾਂਡੇ ਉਹ ਦੇ ਪਿਤਾ ਹੂਰਾਮ ਨੇ ਸੁਲੇਮਾਨ ਪਾਤਸ਼ਾਹ ਦੇ ਨਮਿੱਤ ਯਹੋਵਾਹ ਦੇ ਭਵਨ ਲਈ ਚਿਲਕਦੇ ਪਿੱਤਲ ਦੇ ਬਣਾਏ
17ਪਾਤਸ਼ਾਹ ਨੇ ਉਨ੍ਹਾਂ ਨੂੰ ਯਰਦਨ ਦੀ ਤਰਾਈ ਵਿੱਚ ਸੁਕੋਥ ਅਤੇ ਸਰੇਦਾਥਾਹ ਦੇ ਵਿੱਚਕਾਰਲੀ ਚੀਕਣੀ ਮਿੱਟੀ ਦੀ ਭੂਮੀ ਵਿੱਚ ਢਾਲਿਆ18ਸੋ ਸੁਲੇਮਾਨ ਪਾਤਸ਼ਾਹ ਨੇ ਇਹ ਸਾਰੇ ਭਾਂਡੇ ਬਹੁਤ ਢੇਰ ਸਾਰੇ ਬਣਾਏ । ਇਸ ਲਈ ਪਿੱਤਲ ਦੇ ਤੋਲ ਦੀ ਜਾਂਚ ਨਾ ਹੋ ਸਕੀ
19ਸੁਲੇਮਾਨ ਨੇ ਉਹ ਸਾਰੇ ਭਾਂਡੇ ਜੋ ਪਰਮੇਸ਼ੁਰ ਦੇ ਭਵਨ ਲਈ ਸਨ ਬਣਾਏ ਅਤੇ ਸੋਨੇ ਦੀ ਜਗਵੇਦੀ ਅਤੇ ਮੇਜਾਂ ਜਿਨ੍ਹਾਂ ਉੱਤੇ ਹਜ਼ੂਰੀ ਦੀ ਰੋਟੀ ਹੁੰਦੀ ਸੀ20ਅਤੇ ਖਾਲਸ ਸੋਨੇ ਦੇ ਸ਼ਮਾਦਾਨ ਉਨ੍ਹਾਂ ਦੇ ਦੀਵਿਆਂ ਸਣੇ ਕਿ ਉਹ ਰੀਤੀ ਅਨੁਸਾਰ ਵਿੱਚਲੀ ਕੋਠੜੀ ਦੇ ਅੱਗੇ ਬਲ਼ਦੇ ਰਹਿਣ21ਅਤੇ ਫੁੱਲ ਅਤੇ ਦੀਵੇ ਅਤੇ ਜੀਭੀਆਂ ਸੋਨੇ ਦੀਆਂ ਸਨ ਅਤੇ ਉਹ ਖਰਾ ਸੋਨਾ ਸੀ22ਅਤੇ ਗੁਲਤਰਾਸ਼ ਅਤੇ ਗੁਲਦਾਨ ਅਤੇ ਕੌਲੀਆਂ ਅਤੇ ਧੂਪਦਾਨ ਖਾਲਸ ਸੋਨੇ ਦੇ ਸਨ ਅਤੇ ਭਵਨ ਦਾ ਦਰਵਾਜ਼ਾ ਅਤੇ ਉਹ ਦੇ ਅੰਦਰਲੇ ਬੂਹੇ ਜੋ ਅੱਤ ਪਵਿੱਤਰ ਸਥਾਨ ਲਈ ਸਨ ਅਤੇ ਹੈਕਲ ਦੇ ਭਵਨ ਦੇ ਬੂਹੇ ਸੋਨੇ ਦੇ ਸਨ ।

5

1ਇਸ ਤਰ੍ਹਾਂ ਉਹ ਸਾਰਾ ਕੰਮ ਜੋ ਸੁਲੇਮਾਨ ਨੇ ਯਹੋਵਾਹ ਦੇ ਭਵਨ ਲਈ ਕੀਤਾ ਸਮਾਪਤ ਹੋਇਆ । ਤਾਂ ਸੁਲੇਮਾਨ ਆਪਣੇ ਪਿਤਾ ਦਾਊਦ ਦੀਆਂ ਪਵਿੱਤਰ ਕੀਤੀਆਂ ਹੋਈਆਂ ਵਸਤੂਆਂ ਅਰਥਾਤ ਸੋਨਾ, ਚਾਂਦੀ ਅਤੇ ਸਾਰੇ ਭਾਂਡੇ ਅੰਦਰ ਲੈ ਆਇਆ ਅਤੇ ਪਰਮੇਸ਼ੁਰ ਦੇ ਘਰ ਦੇ ਖਜ਼ਾਨੇ ਵਿੱਚ ਉਨ੍ਹਾਂ ਨੂੰ ਰੱਖ ਦਿੱਤਾ ।

ਹੈਕਲ ਦੇ ਵਿੱਚ ਨੇਮ ਦਾ ਸੰਦੂਕ ਲਿਆਂਦਾ ਗਿਆ
(1 ਰਾਜਾ 8:1-9)

2ਤਦ ਸੁਲੇਮਾਨ ਨੇ ਇਸਰਾਏਲ ਦਿਆਂ ਬਜ਼ੁਰਗਾਂ ਅਤੇ ਗੋਤਾਂ ਦੇ ਸਾਰੇ ਮੁਖੀਆਂ ਅਤੇ ਇਸਰਾਏਲੀਆਂ ਦੇ ਪਿਤ੍ਰਾਂ ਦੇ ਘਰਾਣਿਆਂ ਦੇ ਸ਼ਜ਼ਾਦਿਆਂ ਨੂੰ ਯਰੂਸ਼ਲਮ ਵਿੱਚ ਇਕੱਠਿਆਂ ਕੀਤਾ ਕਿ ਉਹ ਦਾਊਦ ਦੇ ਸ਼ਹਿਰੋਂ ਜੋ ਸੀਯੋਨ ਹੈ ਯਹੋਵਾਹ ਦੇ ਨੇਮ ਦੇ ਸੰਦੂਕ ਨੂੰ ਲੈ ਆਉਣ,3ਤਾਂ ਇਸਰਾਏਲ ਦੇ ਸਾਰੇ ਮਨੁੱਖ ਸਤਵੇਂ ਮਹੀਨੇ ਪਰਬ ਦੇ ਲਈ ਪਾਤਸ਼ਾਹ ਕੋਲ ਇਕੱਠੇ ਹੋਏ
4ਅਤੇ ਇਸਰਾਏਲ ਦੇ ਸਾਰੇ ਬਜ਼ੁਰਗ ਆਏ ਅਤੇ ਲੇਵੀਆਂ ਨੇ ਸੰਦੂਕ ਚੁੱਕਿਆ ਹੋਇਆ ਸੀ ।5ਉਹ ਸੰਦੂਕ ਅਤੇ ਮੰਡਲੀ ਦਾ ਤੰਬੂ ਅਤੇ ਸਾਰੇ ਪਵਿੱਤਰ ਭਾਂਡਿਆਂ ਨੂੰ ਜੋ ਉਸ ਤੰਬੂ ਵਿੱਚ ਸਨ ਲੈ ਆਏ । ਲੇਵੀ ਤੇ ਜਾਜਕ ਇਹਨਾਂ ਨੂੰ ਲਿਆਏ6ਅਤੇ ਸੁਲੇਮਾਨ ਪਾਤਸ਼ਾਹ ਅਤੇ ਇਸਰਾਏਲ ਦੀ ਸਾਰੀ ਮੰਡਲੀ ਨੇ ਜੋ ਉਹ ਦੇ ਕੋਲ ਸੰਦੂਕ ਦੇ ਅੱਗੇ ਇਕੱਠੀ ਹੋਈ ਸੀ ਏਨੀਆਂ ਭੇਡਾਂ ਤੇ ਬਲ਼ਦ ਕੱਟੇ ਕਿ ਉਹ ਬਹੁਤਾਇਤ ਦੇ ਕਾਰਨ ਨਾ ਤਾਂ ਉਨ੍ਹਾਂ ਦੀ ਗਿਣਤੀ ਹੋ ਸਕਦੀ ਸੀ, ਤੇ ਨਾ ਹੀ ਲੇਖਾ ।
7ਜਾਜਕਾਂ ਨੇ ਯਹੋਵਾਹ ਦੇ ਨੇਮ ਦੇ ਸੰਦੂਕ ਨੂੰ ਉਹ ਦੇ ਥਾਂ ਭਵਨ ਦੀ ਵਿੱਚਲੀ ਕੋਠੜੀ ਅਰਥਾਤ ਅੱਤ ਪਵਿੱਤਰ ਸਥਾਨ ਵਿੱਚ ਕਰੂਬੀਆਂ ਦੇ ਖੰਭਾਂ ਦੇ ਹੇਠਾਂ ਲਿਆਂਦਾ8ਕਿਉਂ ਜੋ ਕਰੂਬੀਆਂ ਨੇ ਆਪਣਿਆਂ ਦੋਹਾਂ ਖੰਭਾਂ ਨੂੰ ਸੰਦੂਕ ਦੇ ਸਥਾਨ ਦੇ ਉੱਤੇ ਫੈਲਾਇਆ ਹੋਇਆ ਸੀ ਅਤੇ ਇਸ ਤਰ੍ਹਾਂ ਕਰੂਬੀਆਂ ਨੇ ਸੰਦੂਕ ਤੇ ਉਹ ਦੀਆਂ ਚੋਬਾਂ ਨੂੰ ਉੱਤੋਂ ਦੀ ਢੱਕਿਆ ਹੋਇਆ ਸੀ ।
9ਉਨ੍ਹਾਂ ਨੇ ਚੋਬਾਂ ਬਾਹਰ ਨੂੰ ਕੱਢੀਆਂ ਹੋਈਆਂ ਸਨ ਅਤੇ ਚੋਬਾਂ ਦੇ ਸਿਰੇ ਵਿੱਚਲੀ ਕੋਠੜੀ ਦੇ ਅੱਗੇ ਸੰਦੂਕ ਵਿੱਚੋ ਬਾਹਰ ਦਿਸਦੇ ਸਨ ਪਰ ਉਹ ਬਾਹਰ ਵਾਰੋਂ ਨਹੀਂ ਦਿਸਦੇ ਸਨ ਅਤੇ ਉਹ ਅੱਜ ਦੇ ਦਿਨ ਤੱਕ ਉੱਥੇ ਹੀ ਹਨ10ਸੰਦੂਕ ਵਿੱਚ ਕੁੱਝ ਨਹੀਂ ਸੀ ਬਿਨ੍ਹਾਂ ਦੋਂਹ ਤਖਤੀਆਂ ਦੇ ਜੋ ਮੂਸਾ ਨੇ ਹੋਰੇਬ ਵਿੱਚ ਉਹ ਦੇ ਅੰਦਰ ਰੱਖੀਆਂ ਸਨ ਜਦੋਂ ਯਹੋਵਾਹ ਨੇ ਇਸਰਾਏਲੀਆਂ ਦੇ ਮਿਸਰ ਤੋਂ ਨਿੱਕਲਦਿਆਂ ਉਨ੍ਹਾਂ ਨਾਲ ਨੇਮ ਬੰਨਿਆ ਸੀ ।
ਪਰਮੇਸ਼ੁਰ ਦੀ ਮਹਿਮਾ

11ਇਸ ਤਰ੍ਹਾਂ ਹੋਇਆ ਕਿ ਜਾਜਕ ਪਵਿੱਤਰ ਸਥਾਨ ਤੋਂ ਬਾਹਰ ਨਿੱਕਲੇ । ਉਹਨਾਂ ਸਾਰਿਆਂ ਜਾਜਕਾਂ ਨੇ ਜੋ ਹਾਜ਼ਰ ਸਨ ਆਪਣੇ ਆਪ ਨੂੰ ਪਵਿੱਤਰ ਕੀਤਾ ਹੋਇਆ ਸੀ ਅਤੇ ਉਹਨਾਂ ਨੂੰ ਵਾਰੀ ਸਿਰ ਸੇਵਾ ਕਰਨ ਦੀ ਲੋੜ ਨਹੀਂ ਸੀ12ਅਤੇ ਲੇਵੀ ਜੋ ਗਾਉਣ ਵਾਲੇ ਸਨ ਸਾਰੇ ਦੇ ਸਾਰੇ ਅਰਥਾਤ ਆਸਾਫ ਅਤੇ ਹੀਮਾਨ ਅਤੇ ਯਦੂਥੂਨ ਅਤੇ ਉਨ੍ਹਾਂ ਦੇ ਪੁੱਤਰ ਅਤੇ ਉਨ੍ਹਾਂ ਦੇ ਭਰਾ ਕਤਾਨੀ ਲੀੜੇ ਪਹਿਨ ਕੇ ਖੰਜਰੀਆਂ ਤੇ ਸਤਾਰਾਂ ਅਤੇ ਬਰਬਤਾਂ ਲੈ ਕੇ ਜਗਵੇਦੀ ਦੇ ਪੂਰਬ ਵੱਲ ਖੜ੍ਹੇ ਸਨ ਅਤੇ ਉਨ੍ਹਾਂ ਦੇ ਨਾਲ ਇੱਕ ਸੌ ਵੀਹ ਜਾਜਕ ਤੁਰ੍ਹੀਆਂ ਵਜਾਉਂਦੇ ਸਨ13ਤਦ ਐਉਂ ਹੋਇਆ ਕਿ ਜਦ ਤੁਰ੍ਹੀਆਂ ਦੇ ਵਜੰਤਰੀ ਅਤੇ ਗਵੰਤਰੀ ਮਿਲ ਗਏ ਕਿ ਯਹੋਵਾਹ ਦੀ ਉਸਤੱਤ ਅਤੇ ਧੰਨਵਾਦ ਕਰਨ ਵਿੱਚ ਉਨ੍ਹਾਂ ਦੀ ਸੁਰ ਇੱਕੋ ਹੀ ਸੁਣਾਈ ਦੇਵੇ ਅਤੇ ਜਦ ਤੁਰ੍ਹੀਆਂ ਅਤੇ ਖੰਜਰੀਆਂ ਅਤੇ ਗਾਉਣ ਦਿਆਂ ਸਾਜ਼ਾਂ ਨਾਲ ਉਨ੍ਹਾਂ ਨੇ ਆਪਣਾ ਸੁਰ ਉੱਚਾ ਕਰਕੇ ਯਹੋਵਾਹ ਦੀ ਉਸਤੱਤ ਕੀਤੀ ਕਿ ਉਹ ਭਲਾ ਹੈ, ਉਹ ਦੀ ਦਯਾ ਜੋ ਸਦਾ ਦੀ ਹੈ ਤਾਂ ਉਹ ਭਵਨ ਅਰਥਾਤ ਯਹੋਵਾਹ ਦਾ ਭਵਨ ਬੱਦਲ ਨਾਲ ਭਰ ਗਿਆ14ਅਤੇ ਜਾਜਕ ਬੱਦਲ ਕਰਕੇ ਸੇਵਾ ਲਈ ਖੜੇ ਨਾ ਰਹਿ ਸਕੇ ਕਿਉਂ ਜੋ ਪਰਮੇਸ਼ੁਰ ਦਾ ਭਵਨ ਯਹੋਵਾਹ ਦੇ ਪ੍ਰਤਾਪ ਨਾਲ ਭਰ ਗਿਆ ਸੀ ।

6
ਸੁਲੇਮਾਨ ਦਾ ਪ੍ਰਵਚਨ
(1 ਰਾਜਾ 8:12-21)

1ਤਦ ਸੁਲੇਮਾਨ ਨੇ ਕਿਹਾ, ਯਹੋਵਾਹ ਨੇ ਆਖਿਆ ਹੈ ਕਿ ਉਹ ਅਨ੍ਹੇਰ ਘੁੱਪ ਵਿੱਚ ਵੱਸੇਗਾ ।2ਮੈਂ ਜ਼ਰੂਰ ਤੇਰੇ ਲਈ ਇੱਕ ਉੱਚਾ ਭਵਨ ਜਿੱਥੇ ਤੂੰ ਸਦਾ ਤੱਕ ਰਹੇ ਬਣਾਇਆ ।3ਪਾਤਸ਼ਾਹ ਨੇ ਆਪਣਾ ਮੂੰਹ ਫੇਰਿਆ ਅਤੇ ਇਸਰਾਏਲ ਦੀ ਸਾਰੀ ਸਭਾ ਨੂੰ ਬਰਕਤ ਦਿੱਤੀ ਅਤੇ ਇਸਰਾਏਲ ਦੀ ਸਾਰੀ ਸਭਾ ਖੜ੍ਹੀ ਰਹੀ ।

4ਸੁਲੇਮਾਨ ਨੇ ਆਖਿਆ, ਇਸਰਾਏਲ ਦਾ ਪਰਮੇਸ਼ੁਰ ਯਹੋਵਾਹ ਮੁਬਾਰਕ ਹੋਵੇ ਜਿਸ ਆਪਣੇ ਮੂੰਹ ਤੋਂ ਮੇਰੇ ਪਿਤਾ ਦਾਊਦ ਦੇ ਨਾਲ ਬਚਨ ਕੀਤਾ ਅਤੇ ਉਹ ਨੂੰ ਆਪਣੇ ਹੱਥ ਨਾਲ ਪੂਰਾ ਪੂਰਾ ਵੀ ਕੀਤਾ,5ਕਿ ਜਿਸ ਦਿਨ ਤੋਂ ਮੈਂ ਆਪਣੀ ਪਰਜਾ ਨੂੰ ਮਿਸਰ ਦੇ ਦੇਸ ਵਿੱਚੋਂ ਕੱਢ ਕੇ ਲਿਆਇਆ ਹਾਂ ਤਦ ਤੋਂ ਮੈਂ ਇਸਰਾਏਲ ਦੇ ਸਾਰਿਆਂ ਗੋਤਾਂ ਵਿੱਚੋਂ ਨਾ ਤਾਂ ਕਿਸੇ ਸ਼ਹਿਰ ਨੂੰ ਚੁਣਿਆ, ਤਾਂ ਜੋ ਉਸ ਵਿੱਚ ਭਵਨ ਬਣਾਇਆ ਜਾਵੇ ਅਤੇ ਉੱਥੇ ਮੇਰਾ ਨਾਮ ਰਹੇ ਅਤੇ ਨਾ ਹੀ ਕਿਸੇ ਮਨੁੱਖ ਨੂੰ ਚੁਣਿਆ ਜੋ ਮੇਰੀ ਪਰਜਾ ਇਸਰਾਏਲ ਦਾ ਪ੍ਰਧਾਨ ਹੋਵੇ6ਪਰ ਮੈਂ ਯਰੂਸ਼ਲਮ ਨੂੰ ਚੁਣਿਆ ਕਿ ਉੱਥੇ ਮੇਰਾ ਨਾਮ ਹੋਵੇ ਅਤੇ ਦਾਊਦ ਨੂੰ ਚੁਣਿਆ ਕਿ ਉਹ ਮੇਰੀ ਪਰਜਾ ਇਸਰਾਏਲ ਦੇ ਉੱਤੇ ਹੋਵੇ
7ਅਤੇ ਮੇਰੇ ਪਿਤਾ ਦਾਊਦ ਦੇ ਦਿਲ ਵਿੱਚ ਸੀ ਕਿ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੇ ਨਾਮ ਤੇ ਇੱਕ ਭਵਨ ਬਣਾਵੇ8ਪਰ ਯਹੋਵਾਹ ਨੇ ਮੇਰੇ ਪਿਤਾ ਦਾਊਦ ਨੂੰ ਕਿਹਾ ਜੋ ਮੇਰੇ ਨਾਮ ਲਈ ਤੇਰੇ ਦਿਲ ਵਿੱਚ ਇੱਕ ਭਵਨ ਬਣਾਉਣ ਦੀ ਇੱਛਾ ਸੀ ਸੋ ਤੂੰ ਚੰਗਾ ਕੀਤਾ ਜੋ ਉਹ ਤੇਰੇ ਦਿਲ ਵਿੱਚ ਸੀ9ਤਾਂ ਵੀ ਤੂੰ ਇਸ ਭਵਨ ਨੂੰ ਨਹੀਂ ਬਣਾਵੇਗਾ ਸਗੋਂ ਤੇਰਾ ਪੁੱਤਰ ਜੋ ਤੇਰੀ ਵੰਸ ਵਿੱਚੋ ਹੋਵੇਗਾ ਉਹੀ ਮੇਰੇ ਨਾਮ ਲਈ ਭਵਨ ਬਣਾਵੇਗਾ
10ਯਹੋਵਾਹ ਨੇ ਆਪਣਾ ਉਹ ਬਚਨ ਜਿਹੜਾ ਉਹ ਨੇ ਕਿਹਾ ਸੀ ਪੂਰਾ ਕੀਤਾ ਕਿਉਂ ਜੋ ਮੈਂ ਆਪਣੇ ਪਿਤਾ ਦਾਊਦ ਦੇ ਥਾਂ ਉੱਠਿਆ ਹਾਂ ਅਤੇ ਜਿਵੇਂ ਯਹੋਵਾਹ ਨੇ ਬਚਨ ਕੀਤਾ ਸੀ । ਮੈਂ ਇਸਰਾਏਲ ਦੀ ਰਾਜ ਗੱਦੀ ਉੱਤੇ ਬੈਠਾ ਹਾਂ ਅਤੇ ਮੈਂ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੇ ਨਾਮ ਲਈ ਇਹ ਭਵਨ ਬਣਾਇਆ11ਅਤੇ ਉਸੇ ਥਾਂ ਮੈਂ ਉਹ ਸੰਦੂਕ ਰੱਖਿਆ ਹੈ ਜਿਸ ਵਿੱਚ ਯਹੋਵਾਹ ਦਾ ਉਹ ਨੇਮ ਹੈ ਜੋ ਉਸ ਨੇ ਇਸਰਾਏਲੀਆਂ ਨਾਲ ਕੀਤਾ ।
ਹੈਕਲ ਨੂੰ ਅਰਪਣ ਕਰਨ ਦੇ ਲਈ ਪ੍ਰਾਰਥਨਾ
(1 ਰਾਜਾ 8:22-53)

12ਸੁਲੇਮਾਨ ਨੇ ਇਸਰਾਏਲ ਦੀ ਸਾਰੀ ਸਭਾ ਦੇ ਅੱਗੇ ਯਹੋਵਾਹ ਦੀ ਜਗਵੇਦੀ ਦੇ ਸਾਹਮਣੇ ਖੜ੍ਹੇ ਹੋ ਕੇ ਆਪਣੇ ਹੱਥ ਅੱਡੇ13ਕਿਉਂ ਜੋ ਸੁਲੇਮਾਨ ਨੇ ਪੰਜ ਹੱਥ ਲੰਮਾ, ਪੰਜ ਹੱਥ ਚੌੜਾ ਅਤੇ ਤਿੰਨ ਹੱਥ ਉੱਚਾ ਪਿੱਤਲ ਦਾ ਇੱਕ ਥੜਾ ਬਣਵਾ ਕੇ ਵਿਹੜੇ ਵਿੱਚ ਧਰ ਦਿੱਤਾ ਅਤੇ ਉਸ ਉੱਤੇ ਉਹ ਖੜ੍ਹਾ ਹੋਇਆ ਸੀ, ਸੋ ਉਸ ਨੇ ਸਾਰੀ ਸਭਾ ਦੇ ਸਾਹਮਣੇ ਗੋਡੇ ਟੇਕ ਕੇ ਅਕਾਸ਼ ਵੱਲ ਆਪਣੇ ਹੱਥ ਅੱਡੇ
14ਅਤੇ ਕਹਿਣ ਲੱਗਾ, ਹੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ, ਤੇਰੇ ਜਿਹਾ ਨਾ ਸਵਰਗ ਵਿੱਚ ਨਾ ਧਰਤੀ ਉੱਤੇ ਕੋਈ ਪਰਮੇਸ਼ੁਰ ਨਹੀਂ ਜੋ ਆਪਣੇ ਉਨ੍ਹਾਂ ਦਾਸਾਂ ਲਈ ਜਿਹੜੇ ਆਪਣੇ ਸੱਚੇ ਦਿਲ ਨਾਲ ਤੇਰੇ ਅੱਗੇ ਚੱਲਦੇ ਹਨ ਆਪਣੇ ਨੇਮ ਅਤੇ ਕਿਰਪਾ ਕਾਇਮ ਰੱਖਦਾ ਹੈ15ਅਤੇ ਜਿਸ ਨੇ ਆਪਣੇ ਦਾਸ ਮੇਰੇ ਪਿਤਾ ਦਾਊਦ ਦੇ ਨਾਲ ਜੋ ਬਚਨ ਕੀਤਾ ਸੋ ਪੂਰਾ ਕੀਤਾ ਹੈ । ਹਾਂ ਤੂੰ ਆਪਣੇ ਮੂੰਹ ਤੋਂ ਬਚਨ ਦਿੱਤਾ ਅਤੇ ਆਪਣੇ ਹੱਥ ਨਾਲ ਉਹ ਨੂੰ ਪੂਰਾ ਕੀਤਾ ਜਿਵੇਂ ਅੱਜ ਦੇ ਦਿਨ ਹੈ
16ਹੁਣ ਹੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ, ਆਪਣੇ ਦਾਸ ਮੇਰੇ ਪਿਤਾ ਦਾਊਦ ਦੇ ਨਾਲ ਉਸ ਬਚਨ ਨੂੰ ਵੀ ਪੂਰਾ ਕਰ ਜੋ ਤੂੰ ਉਸ ਨਾਲ ਕੀਤਾ ਸੀ ਕਿ ਤੇਰੇ ਲਈ ਇਸਰਾਏਲ ਦੀ ਰਾਜ ਗੱਦੀ ਉੱਤੇ ਬੈਠਣ ਲਈ ਮੇਰੇ ਹਜ਼ੂਰ ਮਨੁੱਖ ਦੀ ਥੁੜ ਨਹੀਂ ਹੋਵੇਗੀ, ਜੇ ਕੇਵਲ ਤੇਰੇ ਪੁੱਤਰ ਆਪਣੇ ਰਾਹ ਉੱਤੇ ਧਿਆਨ ਕਰਨ ਅਤੇ ਮੇਰੀ ਬਿਵਸਥਾ ਅਨੁਸਾਰ ਚੱਲਣ ਜਿਵੇਂ ਤੂੰ ਮੇਰੇ ਸਨਮੁਖ ਚੱਲਦਾ ਰਿਹਾ ਹੈਂ17ਹੁਣ ਹੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ, ਜੋ ਬਚਨ ਤੂੰ ਆਪਣੇ ਦਾਸ ਦਾਊਦ ਨਾਲ ਕੀਤਾ ਸੀ ਉਹ ਸੱਚਾ ਠਹਿਰਾਇਆ ਜਾਵੇ ।
18ਪਰ ਕੀ ਪਰਮੇਸ਼ੁਰ ਸੱਚ-ਮੁੱਚ ਆਦਮੀਆਂ ਦੇ ਨਾਲ ਧਰਤੀ ਉੱਤੇ ਵਾਸ ਕਰੇਗਾ ? ਵੇਖ, ਸਵਰਗ, ਸਗੋਂ ਸਵਰਗਾਂ ਦੇ ਸਵਰਗ ਤੈਨੂੰ ਨਹੀਂ ਸੰਭਾਲ ਸਕੇ, ਫਿਰ ਕਿਵੇਂ ਇਹ ਭਵਨ ਜੋ ਮੈਂ ਬਣਾਇਆ ?19ਤਦ ਵੀ ਹੇ ਯਹੋਵਾਹ ਮੇਰੇ ਪਰਮੇਸ਼ੁਰ, ਆਪਣੇ ਦਾਸ ਦੀ ਬੇਨਤੀ ਅਤੇ ਅਰਦਾਸ ਵੱਲ ਧਿਆਨ ਕਰ ਕੇ ਉਸ ਦੀ ਦੁਹਾਈ ਅਤੇ ਬੇਨਤੀ ਨੂੰ ਸੁਣ ਲੈ ਜੋ ਤੇਰਾ ਦਾਸ ਤੇਰੇ ਸਾਹਮਣੇ ਕਰਦਾ ਹੈ20ਤਾਂ ਜੋ ਤੇਰੀਆਂ ਅੱਖੀਆਂ ਇਸ ਭਵਨ ਵੱਲ ਅਰਥਾਤ ਇਸ ਥਾਂ ਵੱਲ ਜਿਸ ਦੇ ਵਿਖੇ ਤੂੰ ਫ਼ਰਮਾਇਆ ਸੀ ਕਿ ਮੈਂ ਆਪਣਾ ਨਾਮ ਉੱਥੇ ਰੱਖਾਂਗਾ ਦਿਨ ਤੇ ਰਾਤ ਖੁਲੀਆਂ ਰਹਿਣ ਤਾਂ ਜੋ ਤੂੰ ਉਸ ਬੇਨਤੀ ਨੂੰ ਸੁਣੇਂ ਜੋ ਤੇਰਾ ਦਾਸ ਇਸ ਸਥਾਨ ਵੱਲ ਕਰੇ
21ਅਤੇ ਤੂੰ ਆਪਣੇ ਦਾਸ ਅਤੇ ਆਪਣੀ ਪਰਜਾ ਇਸਰਾਏਲ ਦੀਆਂ ਬੇਨਤੀਆਂ ਨੂੰ ਜਦ ਉਹ ਇਸ ਸਥਾਨ ਵੱਲ ਪ੍ਰਾਰਥਨਾ ਕਰਨ ਸੁਣ ਲਈ ਸਗੋਂ ਤੂੰ ਆਪਣੇ ਸਵਰਗੀ ਭਵਨ ਤੋਂ ਸੁਣ ਲਈਂ ਤੇ ਸੁਣ ਕੇ ਮਾਫ਼ ਕਰੀਂ ।
22ਜੇ ਕੋਈ ਮਨੁੱਖ ਆਪਣੇ ਗੁਆਂਢੀ ਨਾਲ ਪਾਪ ਕਰੇ ਅਤੇ ਉਸ ਤੋਂ ਸਹੁੰ ਖਵਾਈ ਜਾਵੇ ਅਤੇ ਉਹ ਆ ਕੇ ਇਸ ਭਵਨ ਵਿੱਚ ਤੇਰੀ ਜਗਵੇਦੀ ਦੇ ਸਾਹਮਣੇ ਸਹੁੰ ਖਾਵੇ23ਤਾਂ ਤੂੰ ਸਵਰਗ ਉੱਤੋਂ ਸੁਣ ਕੇ ਕੰਮ ਕਰੀਂ ਅਤੇ ਆਪਣੇ ਦਾਸਾਂ ਦਾ ਨਿਆਂ ਕਰ ਕੇ ਦੁਸ਼ਟ ਨੂੰ ਸਜ਼ਾ ਦੇਵੀਂ ਕਿ ਉਸ ਦੇ ਕੀਤੇ ਨੂੰ ਉਸ ਦੇ ਮੱਥੇ ਮੋੜੇਂ ਅਤੇ ਧਰਮੀ ਨੂੰ ਧਰਮੀ ਠਹਿਰਾ ਕੇ ਉਸ ਦੇ ਧਰਮ ਦਾ ਬਦਲ ਦੇਵੀਂ
24ਅਤੇ ਜੇਕਰ ਤੇਰੀ ਪਰਜਾ ਇਸਰਾਏਲ ਤੇਰਾ ਪਾਪ ਕਰਨ ਦੇ ਕਾਰਨ ਆਪਣੇ ਵੈਰੀਆਂ ਦੇ ਅੱਗੋਂ ਮਾਰੀ ਜਾਵੇ ਅਤੇ ਫੇਰ ਤੇਰੀ ਵੱਲ ਫਿਰਨ ਅਤੇ ਤੇਰੇ ਨਾਮ ਨੂੰ ਮੰਨ ਕੇ ਇਸ ਭਵਨ ਵਿੱਚ ਤੇਰੇ ਸਨਮੁਖ ਪ੍ਰਾਰਥਨਾ ਅਤੇ ਬੇਨਤੀ ਕਰਨ25ਤਾਂ ਤੂੰ ਸਵਰਗ ਉੱਤੋਂ ਸੁਣ ਕੇ ਆਪਣੀ ਪਰਜਾ ਇਸਰਾਏਲ ਦੇ ਪਾਪ ਨੂੰ ਮਾਫ਼ ਕਰੀਂ ਅਤੇ ਤੂੰ ਉਨ੍ਹਾਂ ਨੂੰ ਇਸ ਭੂਮੀ ਵਿੱਚ ਜਿਹੜੀ ਤੂੰ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਿਉ-ਦਾਦਿਆਂ ਨੂੰ ਦਿੱਤੀ ਹੈ ਮੁੜ ਲੈ ਆਈਂ ।
26ਜਦ ਇਸ ਕਾਰਨ ਕਿ ਉਨ੍ਹਾਂ ਨੇ ਤੇਰਾ ਪਾਪ ਕੀਤਾ ਹੋਵੇ ਅਕਾਸ਼ ਬੰਦ ਹੋ ਜਾਵੇ ਅਤੇ ਵਰਖਾ ਨਾ ਹੋਵੇ ਅਤੇ ਉਹ ਇਸ ਸਥਾਨ ਵੱਲ ਬੇਨਤੀ ਕਰਨ ਅਤੇ ਤੇਰੇ ਨਾਮ ਨੂੰ ਮੰਨਣ ਅਤੇ ਜਦ ਤੂੰ ਉਨ੍ਹਾਂ ਨੂੰ ਦੁੱਖ ਦਿੱਤਾ ਹੋਵੇ ਅਤੇ ਜਦ ਆਪਣੇ ਪਾਪ ਤੋਂ ਮੂੰਹ ਮੋੜਨ27ਤਾਂ ਤੂੰ ਸਵਰਗ ਉੱਤੋਂ ਸੁਣ ਕੇ ਆਪਣੇ ਦਾਸਾਂ ਅਤੇ ਆਪਣੀ ਪਰਜਾ ਇਸਰਾਏਲ ਦੇ ਪਾਪ ਮਾਫ਼ ਕਰੀਂ ਕਿਉਂ ਜੋ ਤੂੰ ਉਨ੍ਹਾਂ ਨੂੰ ਉਸ ਚੰਗੇ ਰਾਹ ਦੀ ਸਿੱਖਿਆ ਦਿੱਤੀ ਹੈ ਜਿਸ ਉੱਤੇ ਚੱਲਣਾ ਚਾਹੀਦਾ ਹੈ ਅਤੇ ਆਪਣੇ ਦੇਸ ਵਿੱਚ ਜਿਹੜਾ ਤੂੰ ਆਪਣੀ ਪਰਜਾ ਨੂੰ ਵਿਰਸੇ ਵਿੱਚ ਦਿੱਤਾ ਹੈ ਮੀਂਹ ਵਰਾਈਂ ।
28ਜੇਕਰ ਦੇਸ ਵਿੱਚ ਕਾਲ ਪੈ ਜਾਵੇ ਜਾਂ ਬਵਾ ਫੁੱਟ ਨਿੱਕਲੇ ਜਾਂ ਔੜ ਜਾਂ ਕੁੰਗੀ ਜਾਂ ਸਲਾ ਜਾਂ ਸੁੰਡੀ ਟੋਕਾ ਪੈ ਜਾਵੇ, ਜੇ ਉਨ੍ਹਾਂ ਦੇ ਵੈਰੀ ਉਨ੍ਹਾਂ ਦੇ ਦੇਸ ਦੇ ਸ਼ਹਿਰਾਂ ਨੂੰ ਘੇਰ ਲੈਣ ਭਾਵੇਂ ਕਿਹੋ ਜਿਹੀ ਔਕੜ ਜਾਂ ਬਿਮਾਰੀ ਹੋਵੇ29ਤਾਂ ਜਿਹੜੀ ਬੇਨਤੀ ਤੇ ਅਰਦਾਸ ਕਿਸੇ ਇੱਕ ਪੁਰਸ਼ ਵੱਲੋਂ ਜਾਂ ਤੇਰੀ ਸਾਰੀ ਪਰਜਾ ਇਸਰਾਏਲ ਵੱਲੋਂ ਹੋਵੇ ਜਿਸ ਵਿੱਚ ਹਰ ਇੱਕ ਮਨੁੱਖ ਆਪਣੇ ਦੁੱਖ ਅਤੇ ਆਪਣੀ ਨਿਰਾਸ਼ਾ ਨੂੰ ਜਾਣ ਕੇ ਆਪਣੇ ਹੱਥ ਇਸ ਭਵਨ ਵੱਲ ਅੱਡੇ30ਤਾਂ ਤੂੰ ਆਪਣੇ ਸਵਰਗੀ ਭਵਨ ਤੋਂ ਸੁਣ ਕੇ ਮਾਫ਼ ਕਰੀਂ ਅਤੇ ਤੂੰ ਜੋ ਉਸ ਦੇ ਦਿਲ ਨੂੰ ਜਾਣਦਾ ਹੈਂ ਹਰ ਮਨੁੱਖ ਨੂੰ ਉਸ ਦੀ ਚਾਲ ਅਨੁਸਾਰ ਬਦਲਾ ਦੇਈਂ ਕਿਉਂ ਜੋ ਤੂੰ ਹੀ ਇਨਸਾਨ ਦੇ ਦਿਲ ਨੂੰ ਜਾਣਨ ਵਾਲਾ ਹੈਂ31ਤਾਂ ਜੋ ਉਹ ਆਪਣੇ ਜੀਉਣ ਦੇ ਸਾਰੇ ਦਿਨ ਜਿਹੜੇ ਉਹ ਉਸ ਭੂਮੀ ਉੱਤੇ ਗੁਜ਼ਾਰਨ ਜਿਹ ਨੂੰ ਤੂੰ ਸਾਡੇ ਪਿਉ-ਦਾਦਿਆਂ ਨੂੰ ਦਿੱਤਾ ਹੈ ਤੇਰੇ ਰਾਹਾਂ ਉੱਤੇ ਚੱਲਣ ਅਤੇ ਤੇਰੇ ਕੋਲੋਂ ਡਰਨ ।
32ਉਹ ਪਰਦੇਸੀ ਵੀ ਜਿਹੜਾ ਤੇਰੀ ਪਰਜਾ ਇਸਰਾਏਲ ਵਿੱਚੋਂ ਨਹੀਂ ਹੈ, ਜਦ ਉਹ ਤੇਰੇ ਵੱਡੇ ਨਾਮ ਅਤੇ ਸ਼ਕਤੀਵਾਨ ਹੱਥ ਅਤੇ ਤੇਰੀ ਲੰਮੀ ਬਾਂਹ ਦੇ ਕਾਰਨ ਦੂਰ ਦੇ ਦੇਸ ਵਿੱਚੋਂ ਆਵੇ ਅਤੇ ਆ ਕੇ ਇਸ ਭਵਨ ਵੱਲ ਬੇਨਤੀ ਕਰੇ33ਤਾਂ ਤੂੰ ਆਪਣੇ ਸਵਰਗੀ ਭਵਨ ਤੋਂ ਸੁਣ ਕੇ ਉਸ ਓਪਰੇ ਦੀ ਸਾਰੀ ਦੁਹਾਈ ਅਨੁਸਾਰ ਕਰੀਂ ਤਾਂ ਜੋ ਧਰਤੀ ਦੇ ਸਾਰੇ ਲੋਕ ਤੇਰੇ ਨਾਮ ਨੂੰ ਜਾਨਣ ਅਤੇ ਤੇਰੀ ਪਰਜਾ ਇਸਰਾਏਲ ਵਾਂਗਰ ਤੇਰਾ ਭੈ ਮੰਨਣ ਅਤੇ ਜਾਣ ਲੈਣ ਕਿ ਇਹ ਭਵਨ ਜਿਹ ਨੂੰ ਮੈਂ ਬਣਾਇਆ ਹੈ ਤੇਰੇ ਨਾਮ ਦਾ ਕਹਾਉਂਦਾ ਹੈ ।
34ਜੇਕਰ ਤੇਰੀ ਪਰਜਾ ਕਿਸੇ ਰਾਹ ਤੋਂ ਜਿਸ ਤੇ ਤੂੰ ਉਨ੍ਹਾਂ ਨੂੰ ਭੇਜੇਂ ਆਪਣੇ ਵੈਰੀ ਨਾਲ ਲੜਨ ਲਈ ਨਿੱਕਲੇ ਅਤੇ ਜੇ ਉਹ ਇਸ ਸ਼ਹਿਰ ਵੱਲ ਜਿਸ ਨੂੰ ਤੂੰ ਚੁਣਿਆ ਹੈ ਅਤੇ ਇਸ ਭਵਨ ਵੱਲ ਜਿਸ ਨੂੰ ਮੈਂ ਤੇਰੇ ਨਾਮ ਲਈ ਬਣਾਇਆ ਹੈ ਤੇਰੇ ਅੱਗੇ ਬੇਨਤੀ ਕਰਨ35ਤਾਂ ਤੂੰ ਸਵਰਗ ਉੱਤੋਂ ਉਨ੍ਹਾਂ ਦੀ ਪ੍ਰਾਰਥਨਾ ਤੇ ਬੇਨਤੀ ਸੁਣ ਕੇ ਉਨ੍ਹਾਂ ਦੇ ਹੱਕ ਦਾ ਨਿਆਂ ਕਰੀਂ
36ਜੇਕਰ ਉਹ ਤੇਰਾ ਪਾਪ ਕਰਨ ਕਿਉਂ ਜੋ ਕੋਈ ਮਨੁੱਖ ਨਹੀਂ ਜੋ ਪਾਪ ਨਾ ਕਰਦਾ ਹੋਵੇ ਅਤੇ ਤੂੰ ਉਨ੍ਹਾਂ ਤੋਂ ਨਰਾਜ ਹੋ ਕੇ ਉਨ੍ਹਾਂ ਨੂੰ ਵੈਰੀ ਦੇ ਹਵਾਲੇ ਕਰ ਦੇਵੇਂ ਅਤੇ ਉਹ ਵੈਰੀ ਉਨ੍ਹਾਂ ਨੂੰ ਗ਼ੁਲਾਮ ਬਣਾ ਕੇ ਦੂਰ ਜਾਂ ਨੇੜੇ ਦੇ ਦੇਸ ਵਿੱਚ ਲੈ ਜਾਵੇ37ਤਦ ਵੀ ਜੇਕਰ ਉਹ ਉਸ ਦੇਸ ਵਿੱਚ ਜਿੱਥੇ ਉਹ ਗ਼ੁਲਾਮੀ ਵਿੱਚ ਹੋਣ ਤੇਰਾ ਧਿਆਨ ਧਾਰ ਕੇ ਫਿਰਨ ਅਤੇ ਆਪਣੀ ਗ਼ੁਲਾਮੀ ਦੇ ਦੇਸ ਵਿੱਚ ਤੇਰੇ ਅੱਗੇ ਇਹ ਆਖ ਕੇ ਬੇਨਤੀ ਕਰਨ ਕਿ ਅਸੀਂ ਪਾਪ ਕੀਤਾ, ਅਸੀਂ ਅਪਰਾਧ ਕੀਤਾ ਅਤੇ ਅਸੀਂ ਬਦੀ ਕੀਤੀ38ਸੋ ਜੇ ਉਹ ਉਸ ਗ਼ੁਲਾਮੀ ਦੇ ਦੇਸ ਵਿੱਚੋਂ ਜਿੱਥੇ ਉਹ ਬੰਧੂਏ ਹੋ ਕੇ ਲਿਆਏ ਗਏ ਆਪਣੇ ਸਾਰੇ ਮਨ ਅਤੇ ਆਪਣੀ ਸਾਰੀ ਜਾਨ ਨਾਲ ਤੇਰੀ ਵੱਲ ਮੁੜਨ ਅਤੇ ਆਪਣੇ ਇਸ ਦੇਸ ਵੱਲ ਜੋ ਤੂੰ ਉਨ੍ਹਾਂ ਦੇ ਪਿਉ-ਦਾਦਿਆਂ ਨੂੰ ਦਿੱਤਾ ਅਤੇ ਉਸ ਸ਼ਹਿਰ ਵੱਲ ਜੋ ਤੂੰ ਚੁਣਿਆ ਅਤੇ ਇਸ ਭਵਨ ਵੱਲ ਜੋ ਮੈਂ ਤੇਰੇ ਲਈ ਬਣਾਇਆ ਬੇਨਤੀ ਕਰਨ39ਤਾਂ ਤੂੰ ਆਪਣੇ ਸਵਰਗੀ ਭਵਨ ਤੋਂ ਉਨ੍ਹਾਂ ਦੀ ਪ੍ਰਾਰਥਨਾ ਤੇ ਬੇਨਤੀ ਨੂੰ ਸੁਣੀਂ ਅਤੇ ਉਨ੍ਹਾਂ ਦੇ ਹੱਕ ਦਾ ਨਿਆਂ ਕਰੀਂ ਅਤੇ ਆਪਣੀ ਪਰਜਾ ਨੂੰ ਜਿਸ ਤੇਰਾ ਪਾਪ ਕੀਤਾ ਹੈ ਮਾਫ਼ ਕਰੀਂ40ਸੋ ਹੇ ਮੇਰੇ ਪਰਮੇਸ਼ੁਰ, ਹੁਣ ਉਸ ਪ੍ਰਾਰਥਨਾ ਵੱਲ ਜੋ ਇਸ ਸਥਾਨ ਉੱਤੇ ਕੀਤੀ ਜਾਵੇ ਤੇਰੀਆਂ ਅੱਖਾਂ ਖੁੱਲੀਆਂ ਰਹਿਣ ਤੇ ਤੇਰੇ ਕੰਨ ਲੱਗੇ ਰਹਿਣ41ਹੇ ਯਹੋਵਾਹ ਪਰਮੇਸ਼ੁਰ, ਤੂੰ ਆਪਣੀ ਸ਼ਕਤੀ ਦੇ ਸੰਦੂਕ ਸਣੇ ਉੱਠ ਕੇ ਆਪਣੇ ਵਿਸਰਾਮ ਸਥਾਨ ਵਿੱਚ ਚੱਲ ! ਹੇ ਯਹੋਵਾਹ ਪਰਮੇਸ਼ੁਰ, ਤੇਰੇ ਜਾਜਕਾਂ ਨੂੰ ਸ਼ਕਤੀ ਪਹਿਨਾਈ ਜਾਵੇ ਅਤੇ ਤੇਰੇ ਸੰਤ ਜਨ ਤੇਰੀ ਭਲਿਆਈ ਵਿੱਚ ਅਨੰਦ ਹੋਣ42ਹੇ ਯਹੋਵਾਹ ਪਰਮੇਸ਼ੁਰ, ਤੂੰ ਆਪਣਾ ਮੂੰਹ ਆਪਣੇ ਮਸਹ ਕੀਤੇ ਹੋਏ ਤੋਂ ਨਾ ਮੋੜੀਂ । ਤੂੰ ਆਪਣੇ ਦਾਸ ਦਾਊਦ ਉੱਤੇ ਆਪਣੀ ਦਯਾ ਨੂੰ ਚੇਤੇ ਰੱਖੀਂ ।

7
ਹੈਕਲ ਦਾ ਸਮਰਪਣ
(1 ਰਾਜਾ 8:62-66)

1ਜਦ ਸੁਲੇਮਾਨ ਪ੍ਰਾਰਥਨਾ ਕਰ ਚੁੱਕਿਆ, ਤਾਂ ਆਕਾਸ਼ ਉੱਤੋਂ ਅੱਗ ਉੱਤਰੀ ਅਤੇ ਹੋਮ ਦੀ ਭੇਟ ਤੇ ਬਲੀਆਂ ਨੂੰ ਭੱਖ ਲਿਆ ਅਤੇ ਉਹ ਭਵਨ ਯਹੋਵਾਹ ਦੇ ਪਰਤਾਪ ਨਾਲ ਭਰ ਗਿਆ2ਤਾਂ ਜਾਜਕ ਯਹੋਵਾਹ ਦੇ ਭਵਨ ਦੇ ਅੰਦਰ ਨਾ ਜਾ ਸਕੇ ਕਿਉਂ ਜੋ ਯਹੋਵਾਹ ਦਾ ਭਵਨ ਯਹੋਵਾਹ ਦੇ ਪਰਤਾਪ ਨਾਲ ਭਰ ਗਿਆ ਸੀ ।3ਜਦੋਂ ਅੱਗ ਉੱਤਰੀ ਅਤੇ ਯਹੋਵਾਹ ਦਾ ਪਰਤਾਪ ਉਸ ਭਵਨ ਉੱਤੇ ਸੀ ਤਾਂ ਸਾਰੇ ਇਸਰਾਏਲੀ ਵੇਖ ਰਹੇ ਸਨ ਸੋ ਉਨ੍ਹਾਂ ਨੇ ਉੱਥੇ ਹੀ ਧਰਤੀ ਉੱਤੇ ਮੂੰਹ ਪਰਨੇ ਫਰਸ਼ ਤੇ ਡਿੱਗ ਕੇ ਮੱਥਾ ਟੇਕਿਆ ਅਤੇ ਯਹੋਵਾਹ ਦਾ ਧੰਨਵਾਦ ਕੀਤਾ ਕਿ ਉਹ ਭਲਾ ਹੈ, ਉਸ ਦੀ ਦਯਾ ਜੋ ਸਦਾ ਦੀ ਹੈ !

4ਤਦ ਪਾਤਸ਼ਾਹ ਤੇ ਸਾਰੀ ਪਰਜਾ ਨੇ ਯਹੋਵਾਹ ਦੇ ਸਾਹਮਣੇ ਬਲੀਆਂ ਚੜ੍ਹਾਈਆਂ5ਅਤੇ ਸੁਲੇਮਾਨ ਪਾਤਸ਼ਾਹ ਨੇ ਬਾਈ ਹਜ਼ਾਰ ਬਲ਼ਦਾਂ ਤੇ ਇੱਕ ਲੱਖ ਵੀਹ ਹਜ਼ਾਰ ਭੇਡਾਂ ਬੱਕਰੀਆਂ ਦੀ ਭੇਟ ਚੜ੍ਹਾਈ ਐਉਂ ਪਾਤਸ਼ਾਹ ਨੇ ਅਤੇ ਸਾਰੀ ਪਰਜਾ ਨੇ ਪਰਮੇਸ਼ੁਰ ਦੇ ਭਵਨ ਨੂੰ ਅਰਪਣ ਕੀਤਾ6ਅਤੇ ਜਾਜਕ ਆਪਣੇ-ਆਪਣੇ ਕੰਮਾਂ ਅਨੁਸਾਰ ਖੜ੍ਹੇ ਸਨ ਅਤੇ ਲੇਵੀ ਵੀ ਯਹੋਵਾਹ ਲਈ ਗਾਉਣ ਵਜਾਉਣ ਦੇ ਸਾਜ਼ ਲੈ ਕੇ ਖੜ੍ਹੇ ਸਨ ਜਿਨ੍ਹਾਂ ਨੂੰ ਦਾਊਦ ਪਾਤਸ਼ਾਹ ਨੇ ਯਹੋਵਾਹ ਦਾ ਧੰਨਵਾਦ ਕਰਨ ਲਈ ਬਣਾਇਆ ਸੀ ਤਾਂ ਜੋ ਉਨ੍ਹਾਂ ਸਲਾਹੁਤਾਂ ਦੇ ਰਾਹੀਂ ਪਰਮੇਸ਼ੁਰ ਦਾ ਧੰਨਵਾਦ ਕੀਤਾ ਜਾਵੇ ਕਿਉਂ ਜੋ ਉਸ ਦੀ ਦਯਾ ਸਦਾ ਦੀ ਹੈ ਅਤੇ ਜਾਜਕ ਉਨ੍ਹਾਂ ਦੇ ਅੱਗੇ ਨਰਸਿੰਗੇ ਫੂਕਦੇ ਰਹੇ ਅਤੇ ਸਾਰੇ ਇਸਰਾਏਲੀ ਖੜ੍ਹੇ ਰਹੇ
7ਤਾਂ ਸੁਲੇਮਾਨ ਨੇ ਉਸ ਵਿਹੜੇ ਦੇ ਵਿਚਲੇ ਹਿੱਸੇ ਨੂੰ ਜੋ ਯਹੋਵਾਹ ਦੇ ਭਵਨ ਦੇ ਸਾਹਮਣੇ ਸੀ ਪਵਿੱਤਰ ਕੀਤਾ ਕਿਉਂ ਜੋ ਉਸ ਨੇ ਉੱਥੇ ਹੋਮ ਦੀਆਂ ਬਲੀਆਂ ਤੇ ਸੁੱਖ-ਸਾਂਦ ਦੀਆਂ ਭੇਟਾਂ ਦੀ ਚਰਬੀ ਚੜ੍ਹਾਈ ਇਸ ਲਈ ਜੋ ਉਸ ਪਿੱਤਲ ਦੀ ਜਗਵੇਦੀ ਉੱਤੇ ਜਿਸ ਨੂੰ ਸੁਲੇਮਾਨ ਨੇ ਬਣਾਇਆ ਸੀ ਹੋਮ ਬਲੀ ਅਤੇ ਮੈਦੇ ਦੀ ਭੇਟ ਅਤੇ ਚਰਬੀ ਲਈ ਥਾਂ ਨਹੀਂ ਸੀ
8ਐਉਂ ਸੁਲੇਮਾਨ ਨੇ ਉਸ ਵੇਲੇ ਸਾਰੇ ਇਸਰਾਏਲ ਸਣੇ ਜੋ ਇੱਕ ਬਹੁਤ ਵੱਡੀ ਸਭਾ ਸੀ ਹਮਾਥ ਦੇ ਲਾਂਘੇ ਤੋਂ ਮਿਸਰ ਦੀ ਨਦੀ ਤੱਕ ਉਸ ਪਰਬ ਨੂੰ ਸੱਤਾਂ ਦਿਨਾਂ ਤੱਕ ਮਨਾਇਆ9ਅਤੇ ਅੱਠਵੇਂ ਦਿਨ ਉਨ੍ਹਾਂ ਨੇ ਸ਼੍ਰੋਮਣੀ ਸਭਾ ਕੀਤੀ ਇਸ ਲਈ ਜੋ ਉਹ ਸੱਤ ਦਿਨਾਂ ਤੱਕ ਉਸ ਜਗਵੇਦੀ ਦਾ ਅਰਪਣ ਕਰਦੇ ਰਹੇ ਅਤੇ ਪਰਬ ਮਨਾਉਂਦੇ ਰਹੇ10ਅਤੇ ਸੱਤਵੇਂ ਮਹੀਨੇ ਦੀ ਤੇਈਵੀਂ ਤਰੀਖ ਨੂੰ ਉਸ ਨੇ ਲੋਕਾਂ ਨੂੰ ਉਨ੍ਹਾਂ ਦੇ ਤੰਬੂਆਂ ਨੂੰ ਤੋਰ ਦਿੱਤਾ ਸੋ ਉਹ ਉਸ ਭਲਿਆਈ ਦੇ ਕਾਰਨ ਜੋ ਯਹੋਵਾਹ ਨੇ ਦਾਊਦ ਅਤੇ ਸੁਲੇਮਾਨ ਅਤੇ ਆਪਣੀ ਪਰਜਾ ਇਸਰਾਏਲ ਨਾਲ ਕੀਤੀ ਸੀ ਖੁਸ਼ ਤੇ ਪਰਸੰਨ ਹੋਏ ।
ਰਾਜਾ ਸੁਲੇਮਾਨ ਨੂੰ ਪਰਮੇਸ਼ੁਰ ਦਾ ਦੁਬਾਰਾ ਦਰਸ਼ਣ
(1 ਰਾਜਾ 9:1-9)

11ਇਸ ਤਰ੍ਹਾਂ ਸੁਲੇਮਾਨ ਨੇ ਯਹੋਵਾਹ ਦੇ ਭਵਨ ਅਤੇ ਪਾਤਸ਼ਾਹ ਦੇ ਮਹਿਲ ਨੂੰ ਸੰਪੂਰਨ ਕੀਤਾ ਅਤੇ ਜੋ ਕੁਝ ਸੁਲੇਮਾਨ ਦੇ ਦਿਲ ਵਿੱਚ ਆਇਆ ਕਿ ਯਹੋਵਾਹ ਦੇ ਭਵਨ ਅਤੇ ਆਪਣੇ ਮਹਿਲ ਲਈ ਬਣਾਵੇ ਸੋ ਚੰਗੀ ਤਰ੍ਹਾਂ ਸਫ਼ਲ ਹੋਇਆ12ਤਾਂ ਯਹੋਵਾਹ ਨੇ ਰਾਤ ਨੂੰ ਸੁਲੇਮਾਨ ਨੂੰ ਦਰਸ਼ਣ ਦਿੱਤਾ ਅਤੇ ਉਸ ਨੂੰ ਆਖਿਆ ਕਿ ਮੈਂ ਤੇਰੀ ਪ੍ਰਾਰਥਨਾ ਸੁਣ ਲਈ ਅਤੇ ਇਸ ਥਾਂ ਨੂੰ ਆਪਣੇ ਲਈ ਚੁਣ ਲਿਆ ਹੈ ਕਿ ਇਹ ਬਲੀਦਾਨ ਲਈ ਭਵਨ ਹੋਵੇ
13ਜੇ ਮੈਂ ਆਕਾਸ਼ ਨੂੰ ਕਦੀ ਬੰਦ ਕਰ ਦੇਵਾਂ ਕਿ ਮੀਂਹ ਨਾ ਪਵੇ ਜਾਂ ਟਿੱਡੀਆਂ ਨੂੰ ਹੁਕਮ ਦੇਵਾਂ ਕਿ ਦੇਸ ਨੂੰ ਚੱਟ ਲਵੇ ਜਾਂ ਆਪਣੀ ਪਰਜਾ ਦੇ ਵਿੱਚ ਬਿਮਾਰੀ ਭੇਜਾਂ14ਅਤੇ ਜੇ ਮੇਰੀ ਪਰਜਾ ਜੋ ਮੇਰੇ ਨਾਮ ਤੇ ਕਹਾਉਂਦੀ ਹੈ ਅਧੀਨ ਹੋ ਕੇ ਪ੍ਰਾਰਥਨਾ ਕਰੇ ਅਤੇ ਮੇਰੇ ਦਰਸ਼ਣ ਦੀ ਚਾਹਵੰਦ ਹੋਵੇ ਅਤੇ ਆਪਣੇ ਭੈੜੇ ਰਾਹ ਤੋਂ ਮੁੜੇ ਤਾਂ ਮੈਂ ਸਵਰਗ ਉੱਤੋਂ ਸੁਣ ਕੇ ਉਨ੍ਹਾਂ ਦੇ ਪਾਪ ਮਾਫ਼ ਕਰਾਂਗਾ ਅਤੇ ਉਨ੍ਹਾਂ ਦੇ ਦੇਸ ਨੂੰ ਬਹਾਲ ਕਰ ਦਿਆਂਗਾ15ਹੁਣ ਜਿਹੜੀ ਪ੍ਰਾਰਥਨਾ ਇਸ ਥਾਂ ਕੀਤੀ ਜਾਵੇਗੀ ਉਸ ਉੱਤੇ ਮੇਰੀਆਂ ਅੱਖਾਂ ਖੁੱਲ੍ਹੀਆਂ ਰਹਿਣਗੀਆਂ ਅਤੇ ਮੇਰੇ ਕੰਨ ਲੱਗੇ ਰਹਿਣਗੇ
16ਕਿਉਂ ਜੋ ਹੁਣ ਮੈਂ ਇਸ ਭਵਨ ਨੂੰ ਚੁਣਿਆ ਤੇ ਪਵਿੱਤਰ ਕੀਤਾ ਹੈ ਤਾਂ ਜੋ ਮੇਰਾ ਨਾਮ ਸਦਾ ਉੱਥੇ ਰਹੇ ਅਤੇ ਮੇਰੀਆਂ ਅੱਖਾਂ ਅਤੇ ਮੇਰਾ ਦਿਲ ਸਾਰੇ ਦਿਨਾਂ ਤੱਕ ਉੱਥੇ ਲੱਗੇ ਰਹਿਣਗੇ17ਅਤੇ ਜੇ ਤੂੰ ਮੇਰੇ ਸਨਮੁਖ ਉਸੇ ਤਰ੍ਹਾਂ ਚੱਲੇਂਗਾ ਜਿਵੇਂ ਤੇਰਾ ਪਿਤਾ ਦਾਊਦ ਚੱਲਦਾ ਰਿਹਾ ਅਤੇ ਜੋ ਹੁਕਮ ਮੈਂ ਤੈਨੂੰ ਦਿੱਤਾ ਉਸ ਦੇ ਅਨੁਸਾਰ ਕੰਮ ਕਰੇਂ ਅਤੇ ਮੇਰੀਆਂ ਬਿਧੀਆਂ ਅਤੇ ਨਿਆਵਾਂ ਦੀ ਪਾਲਣਾ ਕਰੇਂ18ਤਾਂ ਮੈਂ ਤੇਰੀ ਰਾਜ ਗੱਦੀ ਨੂੰ ਕਾਇਮ ਰੱਖਾਂਗਾ ਜਿਵੇਂ ਮੈਂ ਤੇਰੇ ਪਿਤਾ ਦਾਊਦ ਨਾਲ ਨੇਮ ਕੀਤਾ ਕਿ ਇਸਰਾਏਲ ਵਿੱਚ ਹਾਕਮ ਬਣਨ ਲਈ ਤੈਨੂੰ ਮਨੁੱਖ ਦੀ ਥੁੜ ਕਦੇ ਨਾ ਹੋਵੇਗੀ
19ਪਰ ਜੇ ਤੁਸੀਂ ਬੇਮੁੱਖ ਹੋ ਜਾਓ ਅਤੇ ਮੇਰੀਆਂ ਬਿਧੀਆਂ ਤੇ ਹੁਕਮਾਂ ਨੂੰ ਜੋ ਮੈਂ ਤੁਹਾਡੇ ਅੱਗੇ ਰੱਖੇ ਹਨ ਛੱਡ ਦਿਓ ਅਤੇ ਜਾ ਕੇ ਦੂਜੇ ਦੇਵਤਿਆਂ ਦੀ ਪੂਜਾ ਕਰੋ ਅਤੇ ਉਨ੍ਹਾਂ ਨੂੰ ਮੱਥਾ ਟੇਕੋ20ਤਾਂ ਮੈਂ ਉਨ੍ਹਾਂ ਨੂੰ ਮੇਰੀ ਭੂਮੀ ਉੱਤੋਂ ਜੋ ਮੈਂ ਉਨ੍ਹਾਂ ਨੂੰ ਦਿੱਤੀ ਜੜ੍ਹ ਤੋਂ ਪੁੱਟ ਸੁੱਟਾਂਗਾ ਅਤੇ ਇਸ ਭਵਨ ਨੂੰ ਜਿਸ ਨੂੰ ਮੈਂ ਆਪਣੇ ਨਾਮ ਦੇ ਲਈ ਪਵਿੱਤਰ ਕੀਤਾ ਆਪਣੀ ਨਿਗਾਹ ਤੋਂ ਲਾਹ ਸੁੱਟਾਂਗਾ ਅਤੇ ਇਸ ਨੂੰ ਸਾਰਿਆਂ ਲੋਕਾਂ ਵਿੱਚ ਇੱਕ ਕਹਾਉਤ ਤੇ ਮਖੌਲ ਬਣਾ ਦਿਆਂਗਾ21ਭਾਵੇਂ ਇਹ ਭਵਨ ਅੱਤ ਉੱਚਾ ਹੈ ਪਰ ਹਰ ਲੰਘਣ ਵਾਲਾ ਅਚਰਜ ਹੋ ਕੇ ਆਖੇਗਾ ਕਿ ਯਹੋਵਾਹ ਨੇ ਇਸ ਭਵਨ ਅਤੇ ਇਸ ਦੇਸ ਨਾਲ ਇਹੋ ਜਿਹਾ ਕਿਉਂ ਕੀਤਾ ?22ਤਦ ਉਹ ਆਖਣਗੇ, ਇਸ ਲਈ ਉਨ੍ਹਾਂ ਨੇ ਯਹੋਵਾਹ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਨੂੰ ਜੋ ਉਨ੍ਹਾਂ ਨੂੰ ਮਿਸਰ ਦੇਸ ਵਿੱਚੋਂ ਕੱਢ ਲਿਆਇਆ ਸੀ ਛੱਡ ਦਿੱਤਾ ਅਤੇ ਦੂਜੇ ਦੇਵਤਿਆਂ ਦੇ ਮਗਰ ਲੱਗੇ ਅਤੇ ਉਹਨਾਂ ਨੂੰ ਮੱਥਾ ਟੇਕਿਆ ਅਤੇ ਉਹਨਾਂ ਦੀ ਪੂਜਾ ਕੀਤੀ, ਇਸ ਲਈ ਯਹੋਵਾਹ ਉਨ੍ਹਾਂ ਉੱਤੇ ਇਹ ਸਾਰੀ ਬੁਰਿਆਈ ਲਿਆਇਆ ਹੈ ।

8
ਸੁਲੇਮਾਨ ਦੀਆਂ ਪ੍ਰਾਪਤੀਆਂ
(1 ਰਾਜਾ 9:10-28)

1ਵੀਹ ਸਾਲਾਂ ਦੇ ਅੰਤ ਵਿੱਚ ਜਿਨ੍ਹਾਂ ਵਿੱਚ ਸੁਲੇਮਾਨ ਨੇ ਯਹੋਵਾਹ ਦਾ ਭਵਨ ਅਤੇ ਆਪਣਾ ਮਹਿਲ ਬਣਾਇਆ ਸੀ2ਸੁਲੇਮਾਨ ਨੇ ਉਨ੍ਹਾਂ ਸ਼ਹਿਰਾਂ ਨੂੰ ਜੋ ਹੂਰਾਮ ਨੇ ਸੁਲੇਮਾਨ ਨੂੰ ਦਿੱਤੇ ਸਨ ਫੇਰ ਬਣਾਉਣ ਲੱਗਾ ਅਤੇ ਇਸਰਾਏਲੀਆਂ ਨੂੰ ਉੱਥੇ ਵਸਾਇਆ

3ਸੁਲੇਮਾਨ ਹਮਾਥ ਸੋਬਾਹ ਨੂੰ ਗਿਆ ਅਤੇ ਉਹ ਨੂੰ ਜਿੱਤ ਲਿਆ4ਉਸ ਨੇ ਉਜਾੜ ਵਿੱਚ ਤਦਮੋਰ ਨੂੰ ਬਣਾਇਆ ਨਾਲੇ ਭੰਡਾਰ ਦੇ ਸਾਰੇ ਸ਼ਹਿਰਾਂ ਨੂੰ ਜੋ ਉਸ ਨੇ ਹਮਾਥ ਵਿੱਚ ਬਣਾਏ ਸਨ
5ਅਤੇ ਉਸ ਨੇ ਉਤਲੇ ਬੈਤ ਹੋਰੋਨ ਨੂੰ ਅਤੇ ਹੇਠਲੇ ਬੈਤ ਹੋਰੋਨ ਨੂੰ ਬਣਾਇਆ ਜੋ ਕੰਧਾਂ, ਫਾਟਕਾਂ ਅਤੇ ਅਰਲਾਂ ਨਾਲ ਪੱਕੇ ਕੀਤੇ ਹੋਏ ਸ਼ਹਿਰ ਸਨ6ਨਾਲੇ ਬਆਲਾਥ ਅਤੇ ਭੰਡਾਰ ਦੇ ਸਾਰੇ ਸ਼ਹਿਰ ਜਿਹੜੇ ਸੁਲੇਮਾਨ ਦੇ ਸਨ ਅਤੇ ਰਥਾਂ ਦੇ ਸਾਰੇ ਸ਼ਹਿਰ ਅਤੇ ਸਵਾਰਾਂ ਦੇ ਸ਼ਹਿਰ ਨਾਲੇ ਜੋ ਕੁਝ ਸੁਲੇਮਾਨ ਯਰੂਸ਼ਲਮ ਅਤੇ ਲਬਾਨੋਨ ਅਤੇ ਆਪਣੇ ਰਾਜ ਦੇ ਸਾਰੇ ਦੇਸ ਵਿੱਚ ਆਪਣੀ ਖੁਸ਼ੀ ਨਾਲ ਬਣਾਉਣਾ ਚਾਹੁੰਦਾ ਸੀ ।
7ਉਹ ਸਾਰੇ ਲੋਕ ਜੋ ਹਿੱਤੀਆਂ ਅਤੇ ਅਮੋਰੀਆਂ ਅਤੇ ਫਰਿੱਜੀਆਂ ਅਤੇ ਹਿੱਵੀਆਂ ਅਤੇ ਯਬੂਸੀਆਂ ਵਿੱਚੋਂ ਬਾਕੀ ਰਹਿ ਗਏ ਸਨ ਅਤੇ ਇਸਰਾਏਲ ਵਿੱਚੋਂ ਨਹੀਂ ਸਨ8ਉਨ੍ਹਾਂ ਦੀ ਹੀ ਸੰਤਾਨ ਜੋ ਉਨ੍ਹਾਂ ਦੇ ਮਗਰੋਂ ਦੇਸ ਵਿੱਚ ਰਹਿ ਗਈ ਸੀ ਜਿਸ ਨੂੰ ਇਸਰਾਏਲੀਆਂ ਨੇ ਪੂਰੀ ਤਰ੍ਹਾਂ ਦੇ ਨਾਲ ਨਾਸ ਨਹੀਂ ਕੀਤਾ ਸੀ ਉਸੇ ਵਿੱਚੋਂ ਸੁਲੇਮਾਨ ਨੇ ਬੇਗਾਰੀ ਮੁਕਰਰ ਕੀਤੇ ਜਿਵੇਂ ਅੱਜ ਦੇ ਦਿਨ ਤੱਕ ਹੈ
9ਪਰ ਸੁਲੇਮਾਨ ਨੇ ਆਪਣੇ ਕੰਮ ਦੇ ਲਈ ਇਸਰਾਏਲੀਆਂ ਵਿੱਚੋਂ ਕਿਸੇ ਨੂੰ ਬੇਗਾਰੀ ਨਾ ਬਣਾਇਆ ਸਗੋਂ ਉਹ ਜੋਧੇ ਅਤੇ ਉਹ ਦੇ ਛੋਟੇ ਅਫ਼ਸਰਾਂ ਦੇ ਸਰਦਾਰ ਅਤੇ ਉਹ ਦੇ ਰਥਾਂ ਅਤੇ ਸਵਾਰਾਂ ਦੇ ਸਰਦਾਰ ਸਨ10ਅਤੇ ਸੁਲੇਮਾਨ ਪਾਤਸ਼ਾਹ ਦੇ ਇਹ ਖਾਸ ਸਰਦਾਰ ਸਨ ਜੋ ਲੋਕਾਂ ਉੱਤੇ ਮੁਕਰਰ ਸਨ, ਉਹ ਦੋ ਸੌ ਪੰਜਾਹ ਸਨ ।
11ਸੁਲੇਮਾਨ ਫ਼ਿਰਊਨ ਦੀ ਧੀ ਨੂੰ ਦਾਊਦ ਦੇ ਸ਼ਹਿਰ ਵਿੱਚੋਂ ਉਸ ਮਹਿਲ ਵਿੱਚ ਜੋ ਉਸ ਦੇ ਲਈ ਬਣਾਇਆ ਸੀ ਲੈ ਆਇਆ ਕਿਉਂ ਜੋ ਉਹ ਨੇ ਆਖਿਆ ਕਿ ਮੇਰੀ ਰਾਣੀ ਇਸਰਾਏਲ ਦੇ ਪਾਤਸ਼ਾਹ ਦਾਊਦ ਦੇ ਮਹਿਲ ਵਿੱਚ ਨਹੀਂ ਰਹੇਗੀ ਕਿਉਂ ਜੋ ਉਹ ਸਥਾਨ ਪਵਿੱਤਰ ਹਨ ਜਿਨ੍ਹਾਂ ਵਿੱਚ ਯਹੋਵਾਹ ਦਾ ਸੰਦੂਕ ਆ ਗਿਆ ਹੈ
12ਤਦ ਸੁਲੇਮਾਨ ਯਹੋਵਾਹ ਦੇ ਲਈ ਯਹੋਵਾਹ ਦੀ ਉਸ ਜਗਵੇਦੀ ਉੱਤੇ ਜਿਸ ਨੂੰ ਉਸ ਨੇ ਡਿਉੜੀ ਦੇ ਸਾਹਮਣੇ ਬਣਾਇਆ ਸੀ ਹੋਮ ਦੀਆਂ ਬਲੀਆਂ ਚੜ੍ਹਾਉਣ ਲੱਗਾ13ਉਹ ਹਰ ਰੋਜ਼ ਦੇ ਫਰਜ਼ ਅਨੁਸਾਰ ਜਿਵੇਂ ਮੂਸਾ ਨੇ ਹੁਕਮ ਦਿੱਤਾ ਸੀ ਸਬਤਾਂ ਨੂੰ ਅਤੇ ਅਮੱਸਿਆ ਨੂੰ ਅਤੇ ਸਾਲ ਵਿੱਚ ਤਿੰਨ ਵਾਰ ਠਹਿਰਾਏ ਹੋਏ ਤਿਉਹਾਰਾਂ ਉੱਤੇ ਅਰਥਾਤ ਪਤੀਰੀ ਰੋਟੀ ਦੇ ਪਰਬ ਉੱਤੇ ਅਤੇ ਹਫ਼ਤਿਆਂ ਦੇ ਪਰਬ ਉੱਤੇ ਅਤੇ ਡੇਰਿਆਂ ਦੇ ਪਰਬ ਉੱਤੇ ਬਲੀਆਂ ਚੜ੍ਹਾਉਂਦਾ ਸੀ
14ਅਤੇ ਉਸ ਨੇ ਆਪਣੇ ਪਿਤਾ ਦਾਊਦ ਦੇ ਹੁਕਮ ਨਾਲ ਜਾਜਕਾਂ ਦੀਆਂ ਵਾਰੀਆਂ ਨੂੰ ਉਨ੍ਹਾਂ ਦੀ ਉਪਾਸਨਾ ਅਨੁਸਾਰ ਅਤੇ ਲੇਵੀਆਂ ਨੂੰ ਵੀ ਉਨ੍ਹਾਂ ਦੀਆਂ ਜ਼ੁੰਮੇਵਾਰੀਆਂ ਅਨੁਸਾਰ ਠਹਿਰਾਇਆ ਤਾਂ ਜੋ ਉਹ ਜਾਜਕਾਂ ਦੇ ਸਾਹਮਣੇ ਨਿਤ ਨੇਮ ਉਸਤੱਤ ਤੇ ਸੇਵਾ ਕਰਨ ਅਤੇ ਦਰਬਾਨਾਂ ਨੂੰ ਵੀ ਉਨ੍ਹਾਂ ਦੀਆਂ ਵਾਰੀਆਂ ਅਨੁਸਾਰ ਹਰ ਇੱਕ ਫਾਟਕ ਉੱਤੇ ਲਾਇਆ ਕਿਉਂ ਜੋ ਪਰਮੇਸ਼ੁਰ ਦੇ ਬੰਦੇ ਦਾਊਦ ਨੇ ਐਉਂ ਹੀ ਹੁਕਮ ਦਿੱਤਾ ਸੀ15ਅਤੇ ਉਹ ਪਾਤਸ਼ਾਹ ਦੇ ਹੁਕਮ ਤੋਂ ਜਿਹੜਾ ਜਾਜਕ ਅਤੇ ਲੇਵੀਆਂ ਨੂੰ ਕਿਸੇ ਗੱਲ ਵਿਖੇ ਜਾਂ ਖਜ਼ਾਨਿਆਂ ਦੇ ਵਿਖੇ ਦਿੱਤਾ ਸੀ ਬਾਹਰ ਨਾ ਹੋਏ
16ਸੁਲੇਮਾਨ ਦਾ ਸਾਰਾ ਕੰਮ ਯਹੋਵਾਹ ਦੇ ਭਵਨ ਦੀ ਨੀਂਹ ਰੱਖਣ ਦੇ ਦਿਨ ਤੋਂ ਉਸ ਦੇ ਤਿਆਰ ਹੋਣ ਤੱਕ ਪੂਰਾ ਹੋਇਆ ਅਤੇ ਏਵੇਂ ਯਹੋਵਾਹ ਦਾ ਭਵਨ ਸੰਪੂਰਨ ਹੋ ਗਿਆ ।17ਤਦ ਸੁਲੇਮਾਨ ਅਸਯੋਨ-ਗਬਰ ਅਤੇ ਏਲੋਥ ਨੂੰ ਗਿਆ ਜੋ ਅਦੋਮ ਦੇਸ ਵਿੱਚ ਸਮੁੰਦਰ ਦੇ ਕੰਢੇ ਉੱਤੇ ਸਨ18ਅਤੇ ਹੂਰਾਮ ਨੇ ਆਪਣੇ ਨੌਕਰਾਂ ਦੇ ਹੱਥ ਜਹਾਜ਼ ਉੱਤੇ ਉਹ ਮਲਾਹ ਜੋ ਸਮੁੰਦਰ ਤੋਂ ਵਾਕਫ ਸਨ ਉਸ ਦੇ ਕੋਲ ਭੇਜੇ ਅਤੇ ਉਹ ਸੁਲੇਮਾਨ ਦੇ ਨੌਕਰਾਂ ਦੇ ਨਾਲ ਓਫ਼ੀਰ ਵਿੱਚ ਆਏ ਅਤੇ ਉੱਥੋਂ ਛੇ ਸੌ ਪਝੱਤਰ ਮਣ ਸੋਨਾ ਲੈ ਕੇ ਸੁਲੇਮਾਨ ਪਾਤਸ਼ਾਹ ਦੇ ਕੋਲ ਲਿਆਏ ।

9
ਸ਼ਬਾ ਦੀ ਰਾਣੀ ਦਾ ਆਉਣਾ
(1 ਰਾਜਾ 10:1-13)

1ਜਦ ਸ਼ਬਾ ਦੀ ਰਾਣੀ ਨੇ ਸੁਲੇਮਾਨ ਦੀ ਧੁੰਮ ਸੁਣੀ ਤਾਂ ਉਹ ਬੁਝਾਰਤਾਂ ਵਿੱਚ ਪਰਖਣ ਲਈ ਵੱਡੇ ਭਾਰੇ ਕਾਫ਼ਿਲੇ ਅਤੇ ਊਠਾਂ ਦੇ ਨਾਲ ਜਿਨ੍ਹਾਂ ਉੱਤੇ ਮਸਾਲਾ ਅਤੇ ਢੇਰ ਸਾਰਾ ਸੋਨਾ ਅਤੇ ਬਹੁਮੁੱਲੇ ਪੱਥਰ ਸਨ ਯਰੂਸ਼ਲਮ ਵਿੱਚ ਆਈ ਅਤੇ ਸੁਲੇਮਾਨ ਦੇ ਕੋਲ ਆਣ ਕੇ ਜੋ ਕੁਝ ਉਹ ਦੇ ਦਿਲ ਵਿੱਚ ਸੀ ਉਸ ਨਾਲ ਗੱਲ ਕੀਤੀ2ਸੁਲੇਮਾਨ ਨੇ ਉਹ ਦੇ ਸਾਰੇ ਸਵਾਲਾਂ ਦਾ ਉੱਤਰ ਉਹ ਨੂੰ ਦਿੱਤਾ ਅਤੇ ਸੁਲੇਮਾਨ ਕੋਲੋਂ ਕੋਈ ਗੱਲ ਗੁੱਝੀ ਨਾ ਸੀ ਜੋ ਉਹ ਉਸ ਨੂੰ ਨਾ ਦੱਸ ਸਕਿਆ

3ਜਦ ਸ਼ਬਾ ਦੀ ਰਾਣੀ ਨੇ ਸੁਲੇਮਾਨ ਦੀ ਬੁੱਧੀ ਨੂੰ ਅਤੇ ਉਸ ਭਵਨ ਨੂੰ ਜੋ ਉਹ ਨੇ ਬਣਾਇਆ ਸੀ ਵੇਖਿਆ4ਅਤੇ ਉਸ ਦੇ ਲੰਗਰ ਦੇ ਖਾਣੇ, ਉਸ ਦੇ ਟਹਿਲੂਆਂ ਦੀ ਸੇਵਾ, ਉਸ ਦੇ ਨੌਕਰਾਂ ਦੀ ਆਗਿਆਕਾਰੀ, ਅਤੇ ਉਨ੍ਹਾਂ ਦੇ ਪਹਿਰਾਵੇ, ਉਸ ਨੂੰ ਪਿਲਾਉਣ ਵਾਲੇ ਅਤੇ ਉਨ੍ਹਾਂ ਦੇ ਪਹਿਰਾਵੇ ਅਤੇ ਉਸ ਦੀਆਂ ਹੋਮ ਦੀਆਂ ਬਲੀਆਂ ਜਿਹੜੀਆਂ ਉਹ ਯਹੋਵਾਹ ਦੇ ਭਵਨ ਵਿੱਚ ਚੜ੍ਹਾਉਂਦਾ ਸੀ ਵੇਖਿਆ, ਤਾਂ ਉਹ ਦੇ ਹੋਸ਼ ਉੱਡ ਗਏ
5ਉਹ ਨੇ ਪਾਤਸ਼ਾਹ ਨੂੰ ਆਖਿਆ ਕਿ ਉਹ ਸੱਚੀ ਖ਼ਬਰ ਸੀ ਜੋ ਮੈਂ ਤੇਰੇ ਕੰਮਾਂ ਅਤੇ ਤੇਰੀ ਬੁੱਧੀ ਦੇ ਵਿਖੇ ਆਪਣੇ ਦੇਸ ਵਿੱਚ ਸੁਣੀ ਸੀ6ਤਾਂ ਵੀ ਮੈਂ ਜਦ ਤੱਕ ਆ ਕੇ ਆਪਣੀਆਂ ਅੱਖਾਂ ਨਾਲ ਨਾ ਵੇਖਿਆ ਉਨ੍ਹਾਂ ਦੀਆਂ ਗੱਲਾਂ ਉੱਤੇ ਪਰਤੀਤ ਨਾ ਕੀਤੀ ਅਤੇ ਵੇਖ, ਜਿੰਨੀ ਤੇਰੀ ਬੁੱਧੀ ਹੈ ਉਸ ਦਾ ਅੱਧਾ ਵੀ ਮੈਨੂੰ ਨਹੀਂ ਦੱਸਿਆ ਗਿਆ । ਤੂੰ ਉਸ ਧੁੰਮ ਤੋਂ ਵੱਧ ਹੈ ਜੋ ਮੈਂ ਸੁਣੀ ਸੀ
7ਧੰਨ ਹਨ ਤੇਰੇ ਮਨੁੱਖ ਅਤੇ ਧੰਨ ਹਨ ਤੇਰੇ ਇਹ ਨੌਕਰ ਜੋ ਸਦਾ ਤੇਰੇ ਸਨਮੁਖ ਖੜੇ ਰਹਿੰਦੇ ਹਨ ਅਤੇ ਤੇਰੀ ਬੁੱਧੀ ਨੂੰ ਸੁਣਦੇ ਹਨ !8ਯਹੋਵਾਹ ਤੇਰਾ ਪਰਮੇਸ਼ੁਰ ਮੁਬਾਰਕ ਹੋਵੇ ਜੋ ਤੇਰੇ ਉੱਤੇ ਦਿਆਲੂ ਹੈ ਕਿ ਤੈਨੂੰ ਆਪਣੀ ਰਾਜ ਗੱਦੀ ਉੱਤੇ ਬਿਠਾਇਆ ਹੈ ਤਾਂ ਜੋ ਤੂੰ ਯਹੋਵਾਹ ਆਪਣੇ ਪਰਮੇਸ਼ੁਰ ਵੱਲੋਂ ਪਾਤਸ਼ਾਹ ਹੋਵੇਂ ਕਿਉਂ ਜੋ ਤੇਰੇ ਪਰਮੇਸ਼ੁਰ ਨੂੰ ਇਸਰਾਏਲ ਨਾਲ ਪਿਆਰ ਸੀ ਕਿ ਉਨ੍ਹਾਂ ਨੂੰ ਸਦਾ ਲਈ ਕਾਇਮ ਰੱਖੇ ਇਸੇ ਲਈ ਉਸ ਨੇ ਤੈਨੂੰ ਉਨ੍ਹਾਂ ਦਾ ਪਾਤਸ਼ਾਹ ਬਣਾਇਆ ਤਾਂ ਜੋ ਤੂੰ ਧਰਮ ਅਤੇ ਨਿਆਂ ਕਰੇਂ
9ਉਹ ਨੇ ਇੱਕ ਸੌ ਵੀਹ ਬੋਰੇ ਸੋਨਾ ਅਤੇ ਢੇਰ ਸਾਰਾ ਮਸਾਲਾ ਅਤੇ ਬਹੁਮੁੱਲੇ ਪੱਥਰ ਪਾਤਸ਼ਾਹ ਨੂੰ ਦਿੱਤੇ ਅਤੇ ਜੋ ਮਸਾਲਾ ਸ਼ਬਾ ਦੀ ਰਾਣੀ ਨੇ ਸੁਲੇਮਾਨ ਪਾਤਸ਼ਾਹ ਨੂੰ ਦਿੱਤਾ ਉਹੋ ਜਿਹਾ ਫੇਰ ਕਦੀ ਨਾ ਮਿਲਿਆ
10ਅਤੇ ਹੂਰਾਮ ਦੇ ਨੌਕਰ ਅਤੇ ਸੁਲੇਮਾਨ ਦੇ ਨੌਕਰ ਜੋ ਓਫ਼ੀਰ ਤੋਂ ਸੋਨਾ ਲਿਆਉਂਦੇ ਸਨ ਉਹ ਚੰਦਨ ਦੀ ਲੱਕੜੀ ਅਤੇ ਬਹੁਮੁੱਲੇ ਪੱਥਰ ਵੀ ਲਿਆਉਂਦੇ ਸਨ11ਤਾਂ ਪਾਤਸ਼ਾਹ ਨੇ ਚੰਦਨ ਦੀ ਲੱਕੜੀ ਤੋਂ ਯਹੋਵਾਹ ਦੇ ਭਵਨ ਲਈ ਅਤੇ ਸ਼ਾਹੀ ਮਹਿਲ ਲਈ ਪੌੜੀਆਂ ਬਣਾਈਆਂ ਅਤੇ ਰਾਗੀਆਂ ਲਈ ਬਰਬਤਾਂ ਤੇ ਰਬਾਬ ਬਣਾਏ ਅਤੇ ਇਹੋ ਜਿਹੜੀਆਂ ਚੀਜ਼ਾਂ ਪਹਿਲਾਂ ਕਦੀ ਵੀ ਯਹੂਦਾਹ ਦੇ ਦੇਸ ਵਿੱਚ ਨਹੀਂ ਵੇਖੀਆਂ ਗਈਆਂ ਸਨ12ਅਤੇ ਸੁਲੇਮਾਨ ਪਾਤਸ਼ਾਹ ਨੇ ਸ਼ਬਾ ਦੀ ਰਾਣੀ ਨੂੰ ਜੋ ਕੁਝ ਉਹ ਨੇ ਚਾਹਿਆ ਅਤੇ ਮੰਗਿਆ ਉਸ ਤੋਂ ਵੱਧ ਜੋ ਉਹ ਪਾਤਸ਼ਾਹ ਲਈ ਲਿਆਈ ਸੀ ਦਿੱਤਾ ਅਤੇ ਉਹ ਮੁੜ ਆਪਣੇ ਨੌਕਰਾਂ ਸਣੇ ਆਪਣੇ ਦੇਸ ਨੂੰ ਚਲੀ ਗਈ ।
ਰਾਜਾ ਸੁਲੇਮਾਨ ਦੀ ਭੜਕ

13ਜਿੰਨਾ ਸੋਨਾ ਸੁਲੇਮਾਨ ਦੇ ਕੋਲ ਇੱਕ ਸਾਲ ਵਿੱਚ ਆਉਂਦਾ ਸੀ ਉਸ ਦਾ ਭਾਰ ਇੱਕ ਹਜ਼ਾਰ ਮਣ ਦੇ ਲੱਗਭਗ ਸੀ14ਇਹ ਉਸ ਤੋਂ ਅੱਡ ਸੀ ਜੋ ਵਪਾਰੀ ਤੇ ਸੁਦਾਗਰ ਲਿਆਉਂਦੇ ਸਨ ਨਾਲੇ ਅਰਬ ਦੇ ਸਾਰੇ ਰਾਜੇ ਅਤੇ ਦੇਸ ਦੇ ਹਾਕਮ ਸੁਲੇਮਾਨ ਦੇ ਕੋਲ ਸੋਨਾ ਅਤੇ ਚਾਂਦੀ ਲਿਆਉਂਦੇ ਸਨ
15ਸੁਲੇਮਾਨ ਪਾਤਸ਼ਾਹ ਨੇ ਕੁੱਟੇ ਹੋਏ ਸੋਨੇ ਦੀਆਂ ਦੋ ਸੌ ਵੱਡੀਆਂ ਢਾਲਾਂ ਬਣਵਾਈਆਂ ਅਤੇ ਸਾਢੇ ਸੱਤ ਸੇਰ ਸੋਨਾ ਇੱਕ-ਇੱਕ ਢਾਲ਼ ਨੂੰ ਲੱਗਾ ਹੋਇਆ ਸੀ16ਅਤੇ ਉਸ ਨੇ ਕੁੱਟੇ ਹੋਏ ਸੋਨੇ ਦੀਆਂ ਤਿੰਨ ਸੌ ਢਾਲਾਂ ਹੋਰ ਬਣਾਈਆਂ ਇੱਕ-ਇੱਕ ਢਾਲ਼ ਨੂੰ ਪੌਣੇ ਚਾਰ ਸੇਰ ਸੋਨਾ ਲੱਗਾ ਹੋਇਆ ਸੀ ਅਤੇ ਪਾਤਸ਼ਾਹ ਨੇ ਉਨ੍ਹਾਂ ਨੂੰ ਲਬਾਨੋਨੀ ਬਣ ਦੇ ਮਹਿਲ ਵਿੱਚ ਰੱਖਿਆ
17ਇਸ ਤੋਂ ਬਿਨ੍ਹਾਂ ਪਾਤਸ਼ਾਹ ਨੇ ਇੱਕ ਹਾਥੀ ਦੰਦ ਦਾ ਵੱਡਾ ਸਿੰਘਾਸਣ ਬਣਵਾਇਆ ਅਤੇ ਉਸ ਉੱਤੇ ਕੁੰਦਨ ਸੋਨਾ ਮੜਵਾਇਆ18ਅਤੇ ਉਸ ਸਿੰਘਾਸਣ ਲਈ ਛੇ ਪੌਡਿਆਂ ਦੀ ਪੌੜੀ ਅਤੇ ਸੋਨੇ ਦਾ ਇੱਕ ਪਾਏਦਾਨ ਸੀ ਇਹ ਸਾਰੇ ਸਿੰਘਾਸਣ ਨਾਲ ਜੁੜੇ ਹੋਏ ਸਨ ਅਤੇ ਬੈਠਣ ਦੀ ਥਾਂ ਦੇ ਦੋਹੀਂ ਪਾਸੀਂ ਢਾਸਣੇ ਸਨ ਅਤੇ ਢਾਸਣਿਆਂ ਦੇ ਕੋਲ ਦੋ ਸ਼ੇਰ ਬਬਰ ਖੜੇ ਸਨ
19ਅਤੇ ਉਨ੍ਹਾਂ ਛੇਆਂ ਪੌਡਿਆਂ ਉੱਤੇ ਇਧਰ ਓਧਰ ਬਾਰਾਂ ਸ਼ੇਰ ਖੜੇ ਸਨ । ਕਿਸੇ ਪਾਤਸ਼ਾਹੀ ਵਿੱਚ ਕਦੇ ਇਹੋ ਜਿਹਾ ਨਹੀਂ ਬਣਿਆ ਸੀ20ਅਤੇ ਸੁਲੇਮਾਨ ਪਾਤਸ਼ਾਹ ਦੇ ਸਾਰੇ ਪੀਣ ਦੇ ਭਾਂਡੇ ਸੋਨੇ ਦੇ ਸਨ ਅਤੇ ਲਬਾਨੋਨੀ ਬਣ ਦੇ ਮਹਿਲ ਦੇ ਸਾਰੇ ਭਾਂਡੇ ਵੀ ਖਾਲਸ ਸੋਨੇ ਦੇ ਸਨ । ਸੁਲੇਮਾਨ ਦੇ ਸਮੇਂ ਵਿੱਚ ਚਾਂਦੀ ਦੀ ਕੁਝ ਕਦਰ ਨਹੀਂ ਸੀ21ਕਿਉਂ ਜੋ ਪਾਤਸ਼ਾਹ ਦੇ ਕੋਲ ਜਹਾਜ਼ ਸਨ ਜੋ ਹੂਰਾਮ ਦੇ ਨੌਕਰਾਂ ਦੇ ਨਾਲ ਤਰਸ਼ੀਸ਼ ਨੂੰ ਜਾਂਦੇ ਸਨ । ਤਰਸ਼ੀਸ਼ ਦੇ ਇਹ ਜਹਾਜ਼ ਤਿੰਨੀਂ ਵਰਹੀਂ ਇੱਕ ਵਾਰ ਸੋਨਾ, ਚਾਂਦੀ, ਹਾਥੀ ਦੰਦ, ਬਾਂਦਰ ਅਤੇ ਮੋਰ ਲੱਦ ਕੇ ਲਿਆਉਂਦੇ ਹੁੰਦੇ ਸਨ
22ਸੋ ਸੁਲੇਮਾਨ ਪਾਤਸ਼ਾਹ ਧਨ ਅਤੇ ਬੁੱਧੀ ਵਿੱਚ ਦੁਨੀਆ ਦੇ ਸਭ ਪਾਤਸ਼ਾਹਾਂ ਨਾਲੋਂ ਵੱਧ ਗਿਆ23ਅਤੇ ਧਰਤੀ ਉੱਤੇ ਦੇ ਸਾਰੇ ਪਾਤਸ਼ਾਹ ਸੁਲੇਮਾਨ ਦੇ ਦਰਸ਼ਣ ਦੇ ਚਾਹਵੰਦ ਸਨ ਤਾਂ ਜੋ ਉਹ ਉਸ ਦੀ ਬੁੱਧੀ ਨੂੰ ਜਿਹੜੀ ਪਰਮੇਸ਼ੁਰ ਨੇ ਉਹ ਦੇ ਮਨ ਵਿੱਚ ਪਾਈ ਸੀ ਸੁਣਨ24ਅਤੇ ਉਹ ਆਪੋ ਆਪਣੇ ਨਜ਼ਰਾਨੇ ਅਰਥਾਤ ਚਾਂਦੀ ਦੇ ਭਾਂਡੇ, ਸੋਨੇ ਦੇ ਭਾਂਡੇ, ਸ਼ਸ਼ਤ੍ਰ, ਬਸਤ੍ਰ, ਮਸਾਲੇ, ਘੋੜੇ, ਅਤੇ ਖੱਚਰਾਂ ਨੂੰ ਸਾਲ ਦੇ ਸਾਲ ਲਿਆਉਂਦੇ ਹੁੰਦੇ ਸਨ
25ਅਤੇ ਸੁਲੇਮਾਨ ਦੇ ਕੋਲ ਘੋੜਿਆਂ ਅਤੇ ਰਥਾਂ ਲਈ ਚਾਰ ਹਜ਼ਾਰ ਸਥਾਨ ਅਤੇ ਬਾਰਾਂ ਹਜ਼ਾਰ ਸਵਾਰ ਸਨ ਜਿਨ੍ਹਾਂ ਨੂੰ ਉਸ ਨੇ ਰਥਾਂ ਦੇ ਸ਼ਹਿਰਾਂ ਅਤੇ ਯਰੂਸ਼ਲਮ ਵਿੱਚ ਪਾਤਸ਼ਾਹ ਦੇ ਕੋਲ ਰੱਖਿਆ26ਅਤੇ ਉਹ ਦਰਿਆ ਤੋਂ ਫ਼ਲਿਸਤੀਆਂ ਦੇ ਦੇਸ ਸਗੋਂ ਮਿਸਰ ਦੀ ਹੱਦ ਤੱਕ ਸਾਰੇ ਪਾਤਸ਼ਾਹਾਂ ਉੱਤੇ ਰਾਜ ਕਰਦਾ ਸੀ
27ਅਤੇ ਪਾਤਸ਼ਾਹ ਨੇ ਯਰੂਸ਼ਲਮ ਵਿੱਚ ਚਾਂਦੀ ਨੂੰ ਪੱਥਰ ਵਾਂਗੂੰ ਅਤੇ ਦਿਆਰ ਨੂੰ ਗੁੱਲਰ ਦੇ ਉਨ੍ਹਾਂ ਰੁੱਖਾਂ ਦੇ ਬਰਾਬਰ ਕਰ ਦਿੱਤਾ ਜੋ ਬੇਟ ਵਿੱਚ ਬਹੁਤ ਹੁੰਦੇ ਹਨ28ਅਤੇ ਉਹ ਮਿਸਰ ਤੋਂ ਅਤੇ ਸਾਰੇ ਦੇਸਾਂ ਤੋਂ ਸੁਲੇਮਾਨ ਲਈ ਘੋੜੇ ਲਿਆਇਆ ਕਰਦੇ ਸਨ ।
ਰਾਜਾ ਸੁਲੇਮਾਨ ਦੀ ਮੌਤ
(1 ਰਾਜਾ 11:41-43)

29ਅਤੇ ਸੁਲੇਮਾਨ ਦੇ ਬਾਕੀ ਕੰਮ ਜੋ ਮੁੱਢ ਤੋਂ ਅੰਤ ਤੱਕ ਕੀਤੇ ਉਹ ਨਾਥਾਨ ਨਬੀ ਦੀਆਂ ਗੱਲਾਂ ਵਿੱਚ ਅਤੇ ਸ਼ੀਲੋਨੀ ਅਹੀਯਾਹ ਦੇ ਅਗੰਮ ਵਾਕਾਂ ਵਿੱਚ ਅਤੇ ਯੱਦੇ ਗੈਬ ਬੀਨ ਦੀਆਂ ਦਰਿਸ਼ਟਾਂ ਵਿੱਚ ਜੋ ਉਸ ਨੇ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਵਿੱਖੇ ਵੇਖੀਆਂ ਸਨ ਲਿਖੇ ਹੋਏ ਨਹੀਂ ਹਨ ?30ਸੁਲੇਮਾਨ ਨੇ ਯਰੂਸ਼ਲਮ ਵਿੱਚ ਸਾਰੇ ਇਸਰਾਏਲ ਉੱਤੇ ਚਾਲ੍ਹੀ ਸਾਲ ਰਾਜ ਕੀਤਾ31ਤਾਂ ਸੁਲੇਮਾਨ ਆਪਣੇ ਪਿਉ-ਦਾਦਿਆਂ ਦੇ ਨਾਲ ਸੌਂ ਗਿਆ ਅਤੇ ਆਪਣੇ ਪਿਤਾ ਦਾਊਦ ਦੇ ਸ਼ਹਿਰ ਵਿੱਚ ਦੱਬਿਆ ਗਿਆ ਅਤੇ ਉਸ ਦਾ ਪੁੱਤਰ ਰਹਬੁਆਮ ਉਸ ਦੇ ਥਾਂ ਰਾਜ ਕਰਨ ਲੱਗਾ ।

10
ਇਸਰਾਏਲ ਦੇ ਰਾਜ ਦਾ ਦੋ ਭਾਗਾਂ ਦੇ ਵਿੱਚ ਵੰਡਿਆ ਜਾਣਾ
(1 ਰਾਜਾ 12:1-20)

1ਤਾਂ ਰਹਬੁਆਮ ਸ਼ਕਮ ਨੂੰ ਗਿਆ ਇਸ ਲਈ ਕਿ ਸਾਰਾ ਇਸਰਾਏਲ ਉਸ ਨੂੰ ਪਾਤਸ਼ਾਹ ਬਣਾਉਣ ਲਈ ਸ਼ਕਮ ਵਿੱਚ ਆਇਆ ਹੋਇਆ ਸੀ ।2ਤਾਂ ਐਉਂ ਹੋਇਆ ਕਿ ਜਦ ਨਬਾਟ ਦੇ ਪੁੱਤਰ ਯਾਰਾਬੁਆਮ ਨੇ ਇਹ ਸੁਣਿਆ ਤਾਂ ਉਹ ਮਿਸਰ ਵਿੱਚ ਸੀ ਕਿਉਂ ਜੋ ਉਹ ਸੁਲੇਮਾਨ ਪਾਤਸ਼ਾਹ ਦੇ ਅੱਗੋਂ ਭੱਜ ਗਿਆ ਸੀ ਤਾਂ ਯਾਰਾਬੁਆਮ ਮਿਸਰ ਤੋਂ ਮੁੜ ਆਇਆ

3ਅਤੇ ਉਨ੍ਹਾਂ ਨੇ ਉਸ ਨੂੰ ਸੱਦਾ ਭੇਜਿਆ ਸੋ ਯਾਰਾਬੁਆਮ ਅਤੇ ਸਾਰਾ ਇਸਰਾਏਲ ਆਏ ਅਤੇ ਰਹਬੁਆਮ ਨਾਲ ਗੱਲ ਕੀਤੀ4ਕਿ ਤੁਹਾਡੇ ਪਿਤਾ ਨੇ ਸਾਡਾ ਜੂਆ ਔਖਾ ਕਰ ਰੱਖਿਆ ਸੀ ਸੋ ਹੁਣ ਤੁਸੀਂ ਆਪਣੇ ਪਿਤਾ ਦੀ ਉਸ ਔਖੀ ਟਹਿਲ ਅਤੇ ਉਸ ਭਾਰੀ ਜੂਏ ਨੂੰ ਜੋ ਉਸ ਸਾਡੇ ਉੱਤੇ ਪਾ ਰੱਖਿਆ ਸੀ ਕੁਝ ਹੌਲਾ ਕਰ ਦਿਓ ਤਾਂ ਅਸੀਂ ਤੁਹਾਡੀ ਸੇਵਾ ਕਰਾਂਗੇ5ਤਾਂ ਉਸ ਨੇ ਉਨ੍ਹਾਂ ਨੂੰ ਆਖਿਆ, ਤਿੰਨਾਂ ਦਿਨਾਂ ਮਗਰੋਂ ਫੇਰ ਮੇਰੇ ਕੋਲ ਆਉਣਾ ਸੋ ਉਹ ਲੋਕ ਚਲੇ ਗਏ
6ਤਦ ਰਹਬੁਆਮ ਪਾਤਸ਼ਾਹ ਨੇ ਉਨ੍ਹਾਂ ਬਜ਼ੁਰਗਾਂ ਨਾਲ ਜੋ ਉਸ ਦੇ ਪਿਤਾ ਸੁਲੇਮਾਨ ਦੇ ਦਰਬਾਰ ਵਿੱਚ ਉਹ ਦੇ ਜੀਉਂਦਿਆਂ ਖੜ੍ਹੇ ਰਹਿੰਦੇ ਸਨ ਸਲਾਹ ਕੀਤੀ ਅਤੇ ਆਖਿਆ, ਤੁਹਾਡੀ ਕੀ ਸਲਾਹ ਹੈ ? ਮੈਂ ਇਨ੍ਹਾਂ ਲੋਕਾਂ ਨੂੰ ਕੀ ਉੱਤਰ ਦਿਆਂ ?7ਉਨ੍ਹਾਂ ਨੇ ਉਸ ਨੂੰ ਆਖਿਆ, ਜੇ ਤੁਸੀਂ ਇਨ੍ਹਾਂ ਲੋਕਾਂ ਉੱਤੇ ਮਿਹਰਬਾਨ ਹੋਵੋ ਅਤੇ ਇਨ੍ਹਾਂ ਨੂੰ ਰਾਜ਼ੀ ਕਰੋ ਅਤੇ ਇਨ੍ਹਾਂ ਨੂੰ ਮਿੱਠੀਆਂ-ਮਿੱਠੀਆਂ ਗੱਲਾਂ ਆਖੋ ਤਾਂ ਉਹ ਸਦਾ ਤੁਹਾਡੀ ਸੇਵਾ ਕਰਨਗੇ
8ਪਰ ਉਸ ਨੇ ਉਨ੍ਹਾਂ ਬਜ਼ੁਰਗਾਂ ਦੀ ਸਲਾਹ ਨੂੰ ਜੋ ਉਨ੍ਹਾਂ ਨੇ ਉਸ ਨੂੰ ਦਿੱਤੀ ਸੀ ਛੱਡ ਕੇ ਉਨ੍ਹਾਂ ਜੁਆਨਾਂ ਦੇ ਨਾਲ ਜਿਹੜੇ ਉਸ ਦੇ ਲੰਗੋਟੀਏ ਯਾਰ ਸਨ ਅਤੇ ਉਹ ਦੇ ਕੋਲ ਹਾਜ਼ਰ ਰਹਿੰਦੇ ਸਨ, ਸਲਾਹ ਕੀਤੀ9ਅਤੇ ਉਹਨਾਂ ਨੂੰ ਆਖਿਆ, ਤੁਸੀਂ ਮੈਨੂੰ ਕੀ ਸਲਾਹ ਦਿੰਦੇ ਹੋ ਕਿ ਅਸੀਂ ਇਨ੍ਹਾਂ ਲੋਕਾਂ ਨੂੰ ਕੀ ਉੱਤਰ ਦੇਈਏ ਜਿਨ੍ਹਾਂ ਨੇ ਮੇਰੇ ਨਾਲ ਇਹ ਗੱਲ ਕੀਤੀ ਹੈ ਕਿ ਉਸ ਜੂਏ ਨੂੰ ਜੋ ਤੁਹਾਡੇ ਪਿਤਾ ਨੇ ਸਾਡੇ ਉੱਤੇ ਰੱਖਿਆ ਹੈ ਕੁਝ ਹੌਲਾ ਕਰੋ ?
10ਤਾਂ ਉਹਨਾਂ ਜੁਆਨਾਂ ਨੇ ਜੋ ਉਸ ਦੇ ਲੰਗੋਟੀਏ ਯਾਰ ਸਨ ਉਸ ਨੂੰ ਆਖਿਆ ਕਿ ਤੂੰ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਨੇ ਤੈਨੂੰ ਆਖਿਆ ਕਿ ਤੇਰੇ ਪਿਤਾ ਨੇ ਸਾਡੇ ਜੂਏ ਨੂੰ ਭਾਰੀ ਕੀਤਾ ਪਰ ਤੁਸੀਂ ਉਸ ਨੂੰ ਸਾਡੇ ਲਈ ਕੁਝ ਹੌਲਾ ਕਰੋ ਐਉਂ ਜਵਾਬ ਦੇਣਾ ਅਤੇ ਉਨ੍ਹਾਂ ਨੂੰ ਆਖਣਾ ਕਿ ਮੇਰੀ ਚੀਚੀ ਮੇਰੇ ਪਿਤਾ ਦੇ ਲੱਕ ਨਾਲੋਂ ਵੀ ਮੋਟੀ ਹੈ !11ਮੇਰੇ ਪਿਤਾ ਨੇ ਤਾਂ ਭਾਰੀ ਜੂਆ ਤੁਹਾਡੇ ਉੱਤੇ ਰੱਖਿਆ ਸੀ ਪਰ ਮੈਂ ਉਸ ਜੂਏ ਨੂੰ ਹੋਰ ਵੀ ਭਾਰੀ ਕਰਾਂਗਾ ! ਮੇਰੇ ਪਿਤਾ ਨੇ ਤੁਹਾਨੂੰ ਕੋਟਲਿਆਂ ਨਾਲ ਫੰਡਿਆ ਸੀ ਪਰ ਮੈਂ ਤੁਹਾਨੂੰ ਬਿੱਛੂ ਕੋਟਲਿਆਂ ਨਾਲ ਫੰਡਾਂਗਾ !
12ਤਾਂ ਜਿਵੇਂ ਪਾਤਸ਼ਾਹ ਨੇ ਆਖਿਆ ਸੀ ਕਿ ਤੀਜੇ ਦਿਨ ਮੇਰੇ ਕੋਲ ਫੇਰ ਆਉਣਾ ਸੋ ਤੀਜੇ ਦਿਨ ਯਾਰਾਬੁਆਮ ਤੇ ਹੋਰ ਸਾਰੇ ਲੋਕ ਰਹਬੁਆਮ ਦੇ ਕੋਲ ਆਏ13ਤਦ ਪਾਤਸ਼ਾਹ ਨੇ ਉਨ੍ਹਾਂ ਨੂੰ ਕੌੜਾ ਜਿਹਾ ਉੱਤਰ ਦਿੱਤਾ ਅਤੇ ਰਹਬੁਆਮ ਪਾਤਸ਼ਾਹ ਬਜ਼ੁਰਗਾਂ ਦੀ ਸਲਾਹ ਨੂੰ ਛੱਡ ਕੇ14ਲੰਗੋਟੀਏ ਯਾਰਾਂ ਦੀ ਸਲਾਹ ਦੇ ਅਨੁਸਾਰ ਉਨ੍ਹਾਂ ਨੂੰ ਬੋਲਿਆ ਕਿ ਮੇਰੇ ਪਿਤਾ ਨੇ ਤੁਹਾਡਾ ਜੂਆ ਭਾਰੀ ਕੀਤਾ ਪਰ ਮੈਂ ਉਸ ਨੂੰ ਹੋਰ ਵੀ ਭਾਰੀ ਕਰਾਂਗਾ । ਮੇਰੇ ਪਿਤਾ ਨੇ ਤੁਹਾਨੂੰ ਕੋਟਲਿਆਂ ਨਾਲ ਫੰਡਿਆ ਪਰ ਮੈਂ ਤੁਹਾਨੂੰ ਬਿੱਛੂਆ ਵਾਲੇ ਕੋਟਲਿਆਂ ਨਾਲ ਫੰਡਾਂਗਾ
15ਸੋ ਪਾਤਸ਼ਾਹ ਨੇ ਲੋਕਾਂ ਦੀ ਨਾ ਸੁਣੀ ਕਿਉਂ ਜੋ ਇਹ ਪਰਮੇਸ਼ੁਰ ਵੱਲੋਂ ਹੀ ਸੀ ਤਾਂ ਜੋ ਯਹੋਵਾਹ ਉਸ ਗੱਲ ਨੂੰ ਜੋ ਉਸ ਨੇ ਸ਼ੀਲੋਨੀ ਅਹੀਯਾਹ ਦੇ ਰਾਹੀਂ ਨਬਾਟ ਦੇ ਪੁੱਤਰ ਯਾਰਾਬੁਆਮ ਨੂੰ ਆਖੀ ਸੀ ਪੂਰਾ ਕਰੇ
16ਜਦ ਸਾਰੇ ਇਸਰਾਏਲ ਨੇ ਵੇਖਿਆ ਕਿ ਪਾਤਸ਼ਾਹ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ ਤਾਂ ਲੋਕਾਂ ਨੇ ਪਾਤਸ਼ਾਹ ਨੂੰ ਉੱਤਰ ਦਿੱਤਾ ਕਿ ਦਾਊਦ ਦੇ ਨਾਲ ਸਾਡਾ ਕੀ ਸ਼ਰੀਕਾ ਅਤੇ ਯੱਸੀ ਦੇ ਪੁੱਤਰ ਨਾਲ ਸਾਡੀ ਕੋਈ ਵੰਡ ਵਿਹਾਰ ਨਹੀਂ ਹੈ । ਹੇ ਇਸਰਾਏਲ, ਆਪੋ ਆਪਣੇ ਤੰਬੂਆਂ ਨੂੰ ਚੱਲੇ ਜਾਓ ! ਹੁਣ ਹੇ ਦਾਊਦ, ਆਪਣੇ ਹੀ ਘਰਾਣੇ ਨੂੰ ਸੰਭਾਲ ! ਸੋ ਸਾਰਾ ਇਸਰਾਏਲ ਆਪੋ ਆਪਣੇ ਤੰਬੂਆਂ ਨੂੰ ਚੱਲਾ ਗਿਆ17ਪਰ ਉਨ੍ਹਾਂ ਇਸਰਾਏਲੀਆਂ ਉੱਤੇ ਜੋ ਯਹੂਦਾਹ ਦੇ ਸ਼ਹਿਰਾਂ ਵਿੱਚ ਵੱਸਦੇ ਸਨ ਰਹਬੁਆਮ ਰਾਜ ਕਰਦਾ ਰਿਹਾ18ਤਦ ਰਹਬੁਆਮ ਪਾਤਸ਼ਾਹ ਨੇ ਹਦੋਰਾਮ ਨੂੰ ਜੋ ਬੇਗਾਰੀਆਂ ਉੱਤੇ ਸੀ ਭੇਜਿਆ ਪਰ ਇਸਰਾਏਲੀਆਂ ਨੇ ਉਸ ਨੂੰ ਪੱਥਰਾਂ ਨਾਲ ਪਥਰਾਉ ਕੀਤਾ ਅਤੇ ਉਹ ਮਰ ਗਿਆ । ਤਦ ਰਹਬੁਆਮ ਨੇ ਯਰੂਸ਼ਲਮ ਵੱਲ ਭੱਜ ਜਾਣ ਲਈ ਛੇਤੀ ਕੀਤੀ ਅਤੇ ਆਪਣੇ ਰਥ ਉੱਤੇ ਚੜ੍ਹ ਗਿਆ19ਸੋ ਇਸਰਾਏਲ ਅੱਜ ਦੇ ਦਿਨ ਤੱਕ ਦਾਊਦ ਦੇ ਘਰਾਣੇ ਤੋਂ ਆਕੀ ਹੈ ।

11
ਸ਼ਮਆਯਾਹ ਦੀ ਭਵਿੱਖਬਾਣੀ
(1 ਰਾਜਾ 12:21-24)

1ਜਦ ਰਹਬੁਆਮ ਯਰੂਸ਼ਲਮ ਵਿੱਚ ਆ ਗਿਆ ਤਦ ਉਸ ਨੇ ਇਸਰਾਏਲ ਨਾਲ ਲੜਨ ਲਈ ਯਹੂਦਾਹ ਅਤੇ ਬਿਨਯਾਮੀਨ ਦੇ ਘਰਾਣਿਆਂ ਵਿੱਚੋਂ ਇੱਕ ਲੱਖ ਅੱਸੀ ਹਜ਼ਾਰ ਯੁਧ ਦੇ ਚੁਣਵੇਂ ਸੂਰਮੇ ਇੱਕਠੇ ਕੀਤੇ ਤਾਂ ਜੋ ਉਹ ਫੇਰ ਰਾਜ ਨੂੰ ਰਹਬੁਆਮ ਦੇ ਲਈ ਮੋੜ ਲੈਣ

2ਪਰ ਯਹੋਵਾਹ ਦਾ ਬਚਨ ਪਰਮੇਸ਼ੁਰ ਦੇ ਭਗਤ ਸ਼ਮਆਯਾਹ ਨੂੰ ਆਇਆ3ਕਿ ਯਹੂਦਾਹ ਦੇ ਪਾਤਸ਼ਾਹ ਸੁਲੇਮਾਨ ਦੇ ਪੁੱਤਰ ਰਹਬੁਆਮ ਨੂੰ ਅਤੇ ਸਾਰੇ ਇਸਰਾਏਲ ਨੂੰ ਜੋ ਯਹੂਦਾਹ ਅਤੇ ਬਿਨਯਾਮੀਨ ਵਿੱਚ ਹਨ ਆਖ ਕਿ4ਯਹੋਵਾਹ ਐਉਂ ਫਰਮਾਉਂਦਾ ਹੈ ਕਿ ਤੁਸੀਂ ਚੜਾਈ ਨਾ ਕਰਨਾ, ਨਾ ਆਪਣੇ ਭਰਾਵਾਂ ਦੇ ਨਾਲ ਲੜਨਾ । ਤੁਸੀਂ ਆਪੋ ਆਪਣੇ ਘਰਾਂ ਨੂੰ ਮੁੜ ਜਾਓ ਕਿਉਂ ਜੋ ਇਹ ਗੱਲ ਮੇਰੀ ਵੱਲੋਂ ਹੈ ਤਾਂ ਉਨ੍ਹਾਂ ਨੇ ਯਹੋਵਾਹ ਦੀਆਂ ਗੱਲਾਂ ਮੰਨ ਲਈਆਂ ਅਤੇ ਯਾਰਾਬੁਆਮ ਉੱਤੇ ਚੜ੍ਹਾਈ ਕੀਤੇ ਬਿਨ੍ਹਾਂ ਮੁੜ ਗਏ ।
ਰਹਬੁਆਮ ਨਗਰਾਂ ਨੂੰ ਦ੍ਰਿੜ ਕਰਦਾ ਹੈ

5ਅਤੇ ਰਹਬੁਆਮ ਯਰੂਸ਼ਲਮ ਵਿੱਚ ਰਹਿਣ ਲੱਗ ਪਿਆ ਅਤੇ ਉਸ ਨੇ ਯਹੂਦਾਹ ਵਿੱਚ ਰੱਖਿਆ ਲਈ ਸ਼ਹਿਰ ਬਣਾਏ6ਸੋ ਉਸ ਨੇ ਬੈਤਲਹਮ, ਏਟਾਮ, ਤਕੋਆ7ਬੈਤ ਸੂਰ, ਸੋਕੋ, ਅਦੁੱਲਾਮ,8ਗਥ, ਮਾਰੇਸ਼ਾਹ, ਜ਼ੀਫ਼,9ਅਦੋਰਇਮ, ਲਿਕਸ਼, ਅਜ਼ੇਕਾਹ,10ਸਾਰਆਹ, ਅੱਯਾਲੋਨ ਅਤੇ ਹਬਰੋਨ ਨੂੰ ਜੋ ਯਹੂਦਾਹ ਅਤੇ ਬਿਨਯਾਮੀਨ ਵਿੱਚ ਹਨ ਗੜ੍ਹਾਂ ਵਾਲੇ ਸ਼ਹਿਰ ਬਣਾਏ
11ਅਤੇ ਉਸ ਨੇ ਗੜ੍ਹਾਂ ਨੂੰ ਪੱਕਾ ਕੀਤਾ ਅਤੇ ਉਨ੍ਹਾਂ ਵਿੱਚ ਹਾਕਮਾਂ ਨੂੰ ਮੁੱਕਰਰ ਕੀਤਾ ਅਤੇ ਰਸਦ ਅਤੇ ਤੇਲ ਅਤੇ ਮੈ ਦੇ ਭੰਡਾਰ ਰੱਖੇ12ਅਤੇ ਇੱਕ-ਇੱਕ ਸ਼ਹਿਰ ਵਿੱਚ ਢਾਲਾਂ ਅਤੇ ਭਾਲੇ ਰਖਵਾ ਕੇ ਉਨ੍ਹਾਂ ਨੂੰ ਬਹੁਤ ਹੀ ਪੱਕਾ ਕਰ ਦਿੱਤਾ ਅਤੇ ਯਹੂਦਾਹ ਅਤੇ ਬਿਨਯਾਮੀਨ ਉਸ ਲਈ ਰਹਿ ਗਏ ।
ਜਾਜਕਾਂ ਅਤੇ ਲੇਵੀਆਂ ਦਾ ਯਹੂਦਾਹ ਨੂੰ ਆਉਣਾ

13ਤਾਂ ਜਾਜਕ ਅਤੇ ਲੇਵੀ ਜੋ ਸਾਰੇ ਇਸਰਾਏਲ ਵਿੱਚ ਸਨ ਆਪੋ-ਆਪਣੀ ਸਰਹਦ ਤੋਂ ਉੱਠ ਕੇ ਉਸ ਦੇ ਕੋਲ ਆ ਗਏ14ਕਿਉਂ ਜੋ ਲੇਵੀ ਆਪਣੀ ਸ਼ਾਮਲਾਤ ਅਤੇ ਮਲਕੀਅਤਾਂ ਨੂੰ ਛੱਡ ਕੇ ਯਹੂਦਾਹ ਅਤੇ ਯਰੂਸ਼ਲਮ ਵਿੱਚ ਆਏ, ਇਸ ਲਈ ਜੋ ਯਾਰਾਬੁਆਮ ਅਤੇ ਉਸ ਦੇ ਪੁੱਤਰਾਂ ਨੇ ਉਨ੍ਹਾਂ ਨੂੰ ਕੱਢ ਦਿੱਤਾ ਸੀ ਤਾਂ ਜੋ ਉਹ ਯਹੋਵਾਹ ਦੇ ਸਨਮੁਖ ਜਾਜਕਾਈ ਦੀ ਸੇਵਾ ਨਾ ਕਰ ਸਕਣ15ਅਤੇ ਉਸ ਆਪਣੀ ਵੱਲੋਂ ਉੱਚੇ ਸਥਾਨਾ ਅਤੇ ਬੱਕਰਿਆਂ ਅਤੇ ਆਪਣੇ ਬਣਾਏ ਹੋਏ ਵੱਛਿਆਂ ਲਈ ਜਾਜਕ ਮੁੱਕਰਰ ਕੀਤੇ
16ਅਤੇ ਉਨ੍ਹਾਂ ਦੇ ਪਿੱਛੇ ਇਸਰਾਏਲ ਦੇ ਸਾਰੇ ਘਰਾਣਿਆਂ ਵਿੱਚੋਂ ਅਜਿਹੇ ਲੋਕੀ ਜਿਨ੍ਹਾਂ ਨੇ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਦੀ ਖੋਜ ਵਿੱਚ ਆਪਣਾ ਦਿਲ ਲਾਇਆ ਸੀ ਯਰੂਸ਼ਲਮ ਵਿੱਚ ਆਏ ਕਿ ਯਹੋਵਾਹ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਦੇ ਅੱਗੇ ਭੇਟ ਚੜਾਉਣ17ਸੋ ਉਨ੍ਹਾਂ ਨੇ ਯਹੂਦਾਹ ਦੇ ਰਾਜੇ ਨੂੰ ਪੱਕਾ ਬਣਾ ਦਿੱਤਾ ਅਤੇ ਤਿੰਨ ਸਾਲਾਂ ਤੱਕ ਸੁਲੇਮਾਨ ਦੇ ਪੁੱਤਰ ਰਹਬੁਆਮ ਨੂੰ ਬਲਵਾਨ ਬਣਾ ਰੱਖਿਆ ਕਿਉਂ ਜੋ ਉਹ ਤਿੰਨ ਸਾਲ ਦਾਊਦ ਅਤੇ ਸੁਲੇਮਾਨ ਦੇ ਰਾਹ ਉੱਤੇ ਤੁਰਦੇ ਰਹੇ ।
ਰਹਬੁਆਮ ਦਾ ਪਰਿਵਾਰ

18ਅਤੇ ਰਹਬੁਆਮ ਨੇ ਦਾਊਦ ਦੇ ਪੁੱਤਰ ਯਰੀਮੋਥ ਦੀ ਅਤੇ ਯੱਸੀ ਦੇ ਪੁੱਤਰ ਅਲੀਆਬ ਦੀ ਧੀ ਅਬੀਹਇਲ ਦੀ ਧੀ ਮਹਲਥ ਨੂੰ ਵਿਆਹ ਲਿਆ19ਉਹ ਦੇ ਉਸ ਵਿੱਚੋਂ ਪੁੱਤਰ ਜੰਮੇ ਅਰਥਾਤ ਯਉ, ਸ਼ਮਰਯਾਹ ਅਤੇ ਜਾਹਮ
20ਉਸ ਦੇ ਮਗਰੋਂ ਉਹ ਨੇ ਅਬਸ਼ਾਲੋਮ ਦੀ ਧੀ ਮਆਕਾਹ ਨੂੰ ਵਿਆਹ ਲਿਆ ਜਿਸ ਵਿੱਚੋ ਉਹ ਦੇ ਅਬੀਯਾਹ, ਅੱਤਈ, ਜ਼ੀਜਾ ਅਤੇ ਸ਼ਲੋਮੀਥ ਜੰਮੇ21ਅਤੇ ਰਹਬੁਆਮ ਅਬਸ਼ਾਲੋਮ ਦੀ ਧੀ ਮਆਕਾਹ ਨੂੰ ਆਪਣੀਆਂ ਸਾਰੀਆਂ ਰਾਣੀਆਂ ਅਤੇ ਸੁਰੀਤਾਂ ਨਾਲੋਂ ਜਿਆਦਾ ਪਿਆਰ ਕਰਦਾ ਸੀ ਕਿਉਂ ਜੋ ਉਸ ਦੀਆਂ ਅਠਾਰਾਂ ਰਾਣੀਆਂ ਅਤੇ ਸੱਠ ਸੁਰੀਤਾਂ ਸਨ ਅਤੇ ਉਨ੍ਹਾਂ ਵਿੱਚੋਂ ਉਸ ਦੇ ਅਠਾਈ ਪੁੱਤਰ ਅਤੇ ਸੱਠ ਧੀਆਂ ਜੰਮੀਆਂ
22ਅਤੇ ਰਹਬੁਆਮ ਨੇ ਮਅਕਾਹ ਦੇ ਪੁੱਤਰ ਅਬੀਯਾਹ ਨੂੰ ਮੁੱਖੀਆ ਮੁੱਕਰਰ ਕੀਤਾ ਤਾਂ ਜੋ ਆਪਣੇ ਭਰਾਵਾਂ ਵਿੱਚ ਹਾਕਮ ਬਣੇ ਕਿਉਂ ਜੋ ਉਸ ਦਾ ਇਰਾਦਾ ਉਸ ਨੂੰ ਪਾਤਸ਼ਾਹ ਬਣਾਉਣ ਦਾ ਸੀ23ਅਤੇ ਉਸ ਨੇ ਸਿਆਣਪ ਕੀਤੀ ਅਤੇ ਆਪਣੇ ਪੁੱਤਰਾਂ ਨੂੰ ਯਹੂਦਾਹ ਅਤੇ ਬਿਨਯਾਮੀਨ ਦੇ ਸਾਰੇ ਗੜ੍ਹ ਵਾਲੇ ਸ਼ਹਿਰਾਂ ਵਿੱਚ ਵੱਖੋ-ਵੱਖ ਕਰ ਦਿੱਤਾ ਅਤੇ ਉਨ੍ਹਾਂ ਨੂੰ ਬਹੁਤ ਰਸਦ ਦਿੱਤੀ ਅਤੇ ਉਨ੍ਹਾਂ ਲਈ ਬਹੁਤ ਸਾਰੀਆਂ ਵਹੁਟੀਆਂ ਮੰਗੀਆਂ ।

12
ਯਹੂਦਾਹ ਉੱਤੇ ਮਿਸਰ ਦਾ ਹਮਲਾ
( 1 ਰਾਜਾ 14:25-28)

1ਤਾਂ ਐਉਂ ਹੋਇਆ ਕਿ ਜਦ ਰਹਬੁਆਮ ਦਾ ਰਾਜ ਪੱਕਾ ਹੋ ਗਿਆ ਅਤੇ ਉਹ ਸ਼ਕਤੀ ਵਾਲਾ ਬਣ ਗਿਆ ਤਦ ਉਸ ਨੇ ਅਤੇ ਉਸ ਦੇ ਨਾਲ ਸਾਰੇ ਇਸਰਾਏਲ ਨੇ ਯਹੋਵਾਹ ਦੀ ਬਿਵਸਥਾ ਨੂੰ ਛੱਡ ਦਿੱਤਾ

2ਫੇਰ ਰਹਬੁਆਮ ਪਾਤਸ਼ਾਹ ਦੇ ਪੰਜਵੇਂ ਸਾਲ ਵਿੱਚ ਐਉਂ ਹੋਇਆ ਕਿ ਮਿਸਰ ਦਾ ਰਾਜਾ ਸ਼ੀਸ਼ਕ ਯਰੂਸ਼ਲਮ ਉੱਤੇ ਚੜ੍ਹ ਆਇਆ ਇਸ ਲਈ ਜੇ ਉਨ੍ਹਾਂ ਨੇ ਯਹੋਵਾਹ ਦੇ ਵਿਰੁੱਧ ਬੇਈਮਾਨੀ ਕੀਤੀ ਸੀ3ਅਤੇ ਉਸ ਦੇ ਨਾਲ ਬਾਰਾਂ ਸੌ ਰਥ ਅਤੇ ਸੱਠ ਹਜ਼ਾਰ ਸਵਾਰ ਸਨ ਅਤੇ ਲੂਬੀ ਅਤੇ ਸੂਕੀ ਅਤੇ ਕੂਸ਼ੀ ਲੋਕ ਜੋ ਉਸ ਦੇ ਨਾਲ ਮਿਸਰ ਤੋਂ ਆਏ ਸਨ ਅਣਗਿਣਤ ਸਨ4ਉਸ ਨੇ ਗੜ੍ਹਾਂ ਵਾਲੇ ਸ਼ਹਿਰ ਲੈ ਲਏ ਜੋ ਯਹੂਦਾਹ ਦੇ ਸਨ ਅਤੇ ਉਹ ਯਰੂਸ਼ਲਮ ਤੱਕ ਆ ਗਿਆ ।
5ਤਦ ਸ਼ਮਆਯਾਹ ਨਬੀ ਰਹਬੁਆਮ ਦੇ ਅਤੇ ਯਹੂਦਾਹ ਦੇ ਸਰਦਾਰਾਂ ਦੇ ਕੋਲ ਜਿਹੜੇ ਸ਼ੀਸ਼ਕ ਦੇ ਅੱਗੋਂ ਯਰੂਸ਼ਲਮ ਵਿੱਚ ਇਕੱਠੇ ਹੋ ਗਏ ਸਨ ਐਉਂ ਫਰਮਾਉਂਦਾ ਹੈ, ਤੁਸੀਂ ਮੈਨੂੰ ਛੱਡ ਦਿੱਤਾ, ਇਸ ਲਈ ਮੈਂ ਵੀ ਤਹਾਨੂੰ ਸ਼ੀਸ਼ਕ ਦੇ ਹੱਥ ਵਿੱਚ ਛੱਡ ਦਿੱਤਾ6ਤਦ ਇਸਰਾਏਲ ਦੇ ਸਰਦਾਰਾਂ ਅਤੇ ਪਾਤਸ਼ਾਹ ਨੇ ਆਪਣੇ ਆਪ ਨੂੰ ਅਧੀਨ ਬਣਾਇਆ ਅਤੇ ਆਖਿਆ, ਯਹੋਵਾਹ ਹੀ ਧਰਮੀ ਹੈ
7ਜਦ ਯਹੋਵਾਹ ਨੇ ਵੇਖਿਆ ਕਿ ਉਨ੍ਹਾਂ ਨੇ ਆਪਣੇ ਆਪ ਨੂੰ ਅਧੀਨ ਬਣਾਇਆ ਤਦ ਯਹੋਵਾਹ ਦਾ ਬਚਨ ਸ਼ਮਆਯਾਹ ਨੂੰ ਆਇਆ ਕਿ ਉਨ੍ਹਾਂ ਨੇ ਆਪਣੇ ਆਪ ਨੂੰ ਅਧੀਨ ਬਣਾਇਆ ਹੈ ਸੋ ਮੈਂ ਉਨ੍ਹਾਂ ਨੂੰ ਨਾਸ ਨਹੀਂ ਕਰਾਂਗਾ ਪਰ ਉਨ੍ਹਾਂ ਨੂੰ ਕੁਝ ਰਿਹਾਈ ਦੇਵਾਂਗਾ ਅਤੇ ਮੇਰਾ ਕਹਿਰ ਸ਼ੀਸ਼ਕ ਦੇ ਹੱਥੋਂ ਯਰੂਸ਼ਲਮ ਉੱਤੇ ਨਹੀਂ ਪਵੇਗਾ8ਤਾਂ ਵੀ ਉਹ ਉਸ ਦੇ ਸੇਵਕ ਹੋਣਗੇ ਤਾਂ ਜੋ ਉਹ ਮੇਰੀ ਸੇਵਾ ਅਤੇ ਦੇਸ ਦੇਸ ਦੇ ਰਾਜਿਆਂ ਦੀ ਸੇਵਾ ਨੂੰ ਜਾਣ ਲੈਣ
9ਸੋ ਮਿਸਰ ਦਾ ਰਾਜਾ ਸ਼ੀਸ਼ਕ ਯਰੂਸ਼ਲਮ ਉੱਤੇ ਚੜ੍ਹ ਆਇਆ ਅਤੇ ਯਹੋਵਾਹ ਦੇ ਭਵਨ ਦੇ ਖਜ਼ਾਨੇ ਨੂੰ ਅਤੇ ਪਾਤਸ਼ਾਹੀ ਮਹਿਲ ਦੇ ਖਜ਼ਾਨੇ ਨੂੰ ਲੈ ਗਿਆ ਸਗੋਂ ਉਹ ਸਭ ਕੁਝ ਲੈ ਗਿਆ ਅਤੇ ਸੋਨੇ ਦੀਆਂ ਉਹ ਢਾਲਾਂ ਵੀ ਜੋ ਸੁਲੇਮਾਨ ਨੇ ਬਣਵਾਈਆਂ ਸਨ ਲੈ ਗਿਆ10ਤਾਂ ਰਹਬੁਆਮ ਪਾਤਸ਼ਾਹ ਨੇ ਉਨ੍ਹਾਂ ਦੇ ਬਦਲੇ ਪਿੱਤਲ ਦੀਆਂ ਢਾਲਾਂ ਬਣਵਾਈਆਂ ਅਤੇ ਉਨ੍ਹਾਂ ਨੂੰ ਉਹਨਾਂ ਸ਼ਾਹੀ ਨਿਗਾਹਬਾਨਾਂ ਦੇ ਸਰਦਾਰਾਂ ਦੇ ਜਿਹੜੇ ਸ਼ਾਹੀ ਮਹਿਲ ਦੇ ਦਰਵਾਜ਼ੇ ਦੀ ਰਾਖੀ ਕਰਦੇ ਸਨ ਹੱਥ ਵਿੱਚ ਸੌਂਪ ਦਿੱਤਾ ।
11ਜਦ ਪਾਤਸ਼ਾਹ ਯਹੋਵਾਹ ਦੇ ਭਵਨ ਵਿੱਚ ਜਾਂਦਾ ਸੀ ਤਾਂ ਉਹ ਨਿਗਾਹਬਾਨ ਆਉਂਦੇ ਅਤੇ ਉਹਨਾਂ ਨੂੰ ਚੁੱਕ ਕੇ ਨਿਗਾਹਬਾਨਾਂ ਦੀ ਕੋਠੜੀ ਵਿੱਚ ਫੇਰ ਰੱਖ ਦਿੰਦੇ ਸਨ12ਜਦ ਉਸ ਨੇ ਆਪਣੇ ਆਪ ਨੂੰ ਅਧੀਨ ਬਣਾਇਆ ਤਾਂ ਯਹੋਵਾਹ ਦਾ ਕਹਿਰ ਉਸ ਤੋਂ ਟਲ ਗਿਆ ਅਤੇ ਉਹ ਨੇ ਉਸ ਨੂੰ ਪੂਰੀ ਤਰ੍ਹਾਂ ਨਾਸ ਨਾ ਕੀਤਾ ਨਾਲੇ ਯਹੂਦਾਹ ਵਿੱਚ ਚੰਗੀਆਂ ਗੱਲਾਂ ਵੀ ਸਨ ।
ਰਹਬੁਆਮ ਦੇ ਰਾਜ ਦਾ ਸੰਖੇਪ ਵਿੱਚ ਵਰਣਨ ਅਤੇ ਉਸ ਦੀ ਮੌਤ

13ਸੋ ਰਹਬੁਆਮ ਪਾਤਸ਼ਾਹ ਨੇ ਤਕੜਾ ਹੋ ਕੇ ਯਰੂਸ਼ਲਮ ਵਿੱਚ ਰਾਜ ਕੀਤਾ । ਰਹਬੁਆਮ ਜਿਸ ਵੇਲੇ ਰਾਜ ਕਰਨ ਲੱਗਾ ਤਾਂ ਇੱਕਤਾਲੀ ਸਾਲਾਂ ਦਾ ਸੀ ਅਤੇ ਉਸ ਨੇ ਯਰੂਸ਼ਲਮ ਵਿੱਚ ਅਰਥਾਤ ਉਸ ਸ਼ਹਿਰ ਵਿੱਚ ਜਿਹੜਾ ਯਹੋਵਾਹ ਨੇ ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ ਚੁਣ ਲਿਆ ਸੀ ਕਿ ਆਪਣਾ ਨਾਮ ਉੱਥੇ ਰੱਖੇ ਸਤਾਰਾਂ ਸਾਲ ਰਾਜ ਕੀਤਾ ਅਤੇ ਉਸ ਦੀ ਮਾਤਾ ਦਾ ਨਾਮ ਨਅਮਾਹ ਅੰਮੋਨਣ ਸੀ14ਉਸ ਨੇ ਬੁਰਿਆਈ ਕੀਤੀ ਕਿਉਂ ਜੋ ਉਸ ਨੇ ਯਹੋਵਾਹ ਦੀ ਖੋਜ ਵਿੱਚ ਆਪਣਾ ਮਨ ਨਾ ਲਾਇਆ15ਅਤੇ ਰਹਬੁਆਮ ਦੇ ਕੰਮ ਮੁੱਢ ਤੋਂ ਅੰਤ ਤੱਕ ਕਿ ਉਹ ਸ਼ਮਅਯਾਹ ਨਬੀ ਅਤੇ ਇੱਦੋ ਗੈਬਦਾਨ ਦੇ ਇਤਿਹਾਸ ਵਿੱਚ ਕੁਲ ਪੱਤ੍ਰੀ ਦੇ ਅਨੁਸਾਰ ਲਿਖੇ ਨਹੀਂ ? ਅਤੇ ਰਹਬੁਆਮ ਅਤੇ ਯਾਰਾਬੁਆਮ ਦੇ ਵਿੱਚ ਸਦਾ ਲੜਾਈ ਹੁੰਦੀ ਰਹੀ16ਤਾਂ ਰਹਬੁਆਮ ਆਪਣੇ ਪਿਉ-ਦਾਦਿਆਂ ਦੇ ਨਾਲ ਸੌਂ ਗਿਆ ਅਤੇ ਦਾਊਦ ਦੇ ਸ਼ਹਿਰ ਵਿੱਚ ਦੱਬਿਆ ਗਿਆ ਅਤੇ ਉਸ ਦਾ ਪੁੱਤਰ ਅਬੀਯਾਹ ਉਸ ਦੇ ਥਾਂ ਰਾਜ ਕਰਨ ਲੱਗਾ ।

13
ਯਾਰਾਬੁਆਮ ਦੇ ਨਾਲ ਅਬੀਯਾਹ ਦਾ ਯੁੱਧ
(1 ਰਾਜਾ 15:1-8)

1ਯਾਰਾਬੁਆਮ ਪਾਤਸ਼ਾਹ ਦੇ ਅਠਾਰਵੇਂ ਸਾਲ ਤੋਂ ਅਬੀਯਾਹ ਯਹੂਦਾਹ ਉੱਤੇ ਰਾਜ ਕਰਨ ਲੱਗਾ2ਉਸ ਨੇ ਯਰੂਸ਼ਲਮ ਵਿੱਚ ਤਿੰਨ ਸਾਲ ਰਾਜ ਕੀਤਾ । ਉਸ ਦੀ ਮਾਤਾ ਦਾ ਨਾਮ ਮੀਕਾਯਾਹ ਸੀ ਜੋ ਉਰੀਏਲ ਗਬਈ ਦੀ ਧੀ ਸੀ ਅਤੇ ਅਬੀਯਾਹ ਦੇ ਵਿੱਚ ਅਤੇ ਯਾਰਾਬੁਆਮ ਦੇ ਵਿੱਚ ਲੜਾਈ ਹੋਈ3ਅਤੇ ਅਬੀਯਾਹ ਜੰਗੀ ਸੂਰਮਿਆਂ ਦੀ ਫ਼ੌਜ ਜੋ ਚਾਰ ਲੱਖ ਚੁਣੇ ਹੋਏ ਮਨੁੱਖ ਸਨ ਲੈ ਕੇ ਲੜਾਈ ਵਿੱਚ ਗਿਆ ਅਤੇ ਯਾਰਾਬੁਆਮ ਉਹ ਦੇ ਟਾਕਰੇ ਵਿੱਚ ਪਾਲਾਂ ਬੰਨ੍ਹ ਕੇ ਅੱਠ ਲੱਖ ਚੁਣੇ ਹੋਏ ਸੂਰਮਿਆਂ ਦੀ ਫ਼ੌਜ ਨਾਲ ਲੜਾਈ ਲਈ ਆਇਆ

4ਅਬੀਯਾਹ ਸਮਾਰੀਮ ਦੇ ਪਰਬਤ ਉੱਤੇ ਜੋ ਅਫਰਾਈਮ ਦੇ ਪਹਾੜ ਵਿੱਚ ਹੈ ਖੜ੍ਹਾ ਹੋਇਆ ਅਤੇ ਆਖਣ ਲੱਗਾ ਕਿ ਹੇ ਯਾਰਾਬੁਆਮ ਅਤੇ ਸਾਰੇ ਇਸਰਾਏਲ, ਮੇਰੀ ਸੁਣੋ !5ਕੀ ਤਹਾਨੂੰ ਪਤਾ ਨਹੀਂ ਕਿ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਨੇ ਇਸਰਾਏਲ ਉੱਤੇ ਰਾਜ ਦਾਊਦ ਨੂੰ ਅਤੇ ਉਸ ਦੇ ਪੁੱਤਰਾਂ ਨੂੰ ਹੀ ਲੂਣ ਦੇ ਨੇਮ ਨਾਲ ਸਦਾ ਲਈ ਦੇ ਦਿੱਤਾ ਹੈ ?
6ਤਾਂ ਵੀ ਨਬਾਟ ਦਾ ਪੁੱਤਰ ਯਾਰਾਬੁਆਮ ਜੋ ਦਾਊਦ ਦੇ ਪੁੱਤਰ ਸੁਲੇਮਾਨ ਦਾ ਸੇਵਾਦਾਰ ਸੀ ਉੱਠ ਕੇ ਆਪਣੇ ਮਾਲਕ ਤੋਂ ਆਕੀ ਹੋ ਗਿਆ7ਅਤੇ ਉਸ ਦੇ ਕੋਲ ਲਫੰਗੇ ਤੇ ਸ਼ੈਤਾਨ ਵੰਸੀ ਇਕੱਠੇ ਹੋ ਗਏ ਜਿਨ੍ਹਾਂ ਨੇ ਸੁਲੇਮਾਨ ਦੇ ਪੁੱਤਰ ਰਹਬੁਆਮ ਦੇ ਵਿਰੁੱਧ ਜ਼ੋਰ ਫੜ ਲਿਆ ਜਦ ਕਿ ਰਹਬੁਆਮ ਨਰਮ ਦਿਲ ਅਤੇ ਮੁੰਡਾ ਹੀ ਸੀ ਅਤੇ ਉਨ੍ਹਾਂ ਦੇ ਟਾਕਰੇ ਲਈ ਆਪਣੇ ਆਪ ਵਿੱਚ ਤਕੜਾ ਨਹੀਂ ਸੀ
8ਹੁਣ ਤੁਹਾਡਾ ਖਿਆਲ ਹੈ ਕਿ ਤੁਸੀਂ ਯਹੋਵਾਹ ਦੀ ਪਾਤਸ਼ਾਹੀ ਦਾ ਜੋ ਦਾਊਦ ਦੀ ਅੰਸ ਦੇ ਹੱਥ ਵਿੱਚ ਹੈ ਆਪਣੇ ਜ਼ੋਰ ਨਾਲ ਟਾਕਰਾ ਕਰੋ ਅਤੇ ਤੁਸੀਂ ਬਹੁਤ ਵੱਡਾ ਦਲ ਹੋ ਅਤੇ ਤੁਹਾਡੇ ਨਾਲ ਉਹ ਸੁਨਹਿਲੇ ਵੱਛੇ ਹਨ ਜਿਨ੍ਹਾਂ ਨੂੰ ਯਾਰਾਬੁਆਮ ਨੇ ਦੇਵਤਿਆਂ ਲਈ ਬਣਾਇਆ ਸੀ !9ਕਿ ਤੁਸੀਂ ਹਾਰੂਨ ਦੇ ਪੁੱਤਰਾਂ ਅਤੇ ਲੇਵੀਆਂ ਨੂੰ ਜੋ ਯਹੋਵਾਹ ਦੇ ਦੂਜੇ ਜਾਜਕ ਸਨ ਨਹੀਂ ਕੱਢ ਦਿੱਤਾ ਅਤੇ ਦੂਜੇ ਦੇਸਾਂ ਦੀਆਂ ਕੌਮਾਂ ਨੇ ਢੰਗ ਉੱਤੇ ਆਪਣੇ ਜਾਜਕ ਮੁਕੱਰਰ ਨਹੀਂ ਕੀਤੇ ਐਉਂ ਭਾਈ ਜਿਹੜਾ ਕੋਈ ਇੱਕ ਵੱਛਾ ਤੇ ਸੱਤ ਮੇਢੇ ਲੈ ਕੇ ਆਪਣੇ ਆਪ ਨੂੰ ਥਾਪਣ ਆਵੇ ਹ ਉਨ੍ਹਾਂ ਦਾ ਜੋ ਦੇਵਤੇ ਵੀ ਨਹੀਂ ਹਨ ਜਾਜਕ ਬਣ ਸਕੋਂ ?
10ਪਰੰਤੂ ਸਾਡਾ ਇਹ ਹਾਲ ਹੈ ਕਿ ਯਹੋਵਾਹ ਸਾਡਾ ਪਰਮੇਸ਼ੁਰ ਹੈ ਅਤੇ ਅਸੀਂ ਉਸ ਨੂੰ ਨਹੀਂ ਛੱਡਿਆ ਅਤੇ ਸਾਡੇ ਕੋਲ ਹਾਰੂਨ ਦੇ ਪੁੱਤਰ ਜਾਜਕ ਹਨ ਜਿਹੜੇ ਯਹੋਵਾਹ ਦੀ ਸੇਵਾ ਕਰਦੇ ਹਨ ਅਤੇ ਲੇਵੀ ਆਪੋ ਆਪਣੇ ਕੰਮ ਵਿੱਚ ਲੱਗੇ ਰਹਿੰਦੇ ਹਨ11ਐਉਂ ਹਰ ਰੋਜ਼ ਸਵੇਰੇ ਤੇ ਸ਼ਾਮਾਂ ਨੂੰ ਯਹੋਵਾਹ ਦੇ ਅੱਗੇ ਹੋਮ ਬਲੀਆਂ ਚੜਾਉਂਦੇ ਅਤੇ ਸੁਗੰਧੀ ਧੂਪ ਧੁਖਾਉਂਦੇ ਹਨ ਅਤੇ ਪਵਿੱਤਰ ਮੇਜ਼ ਉੱਤੇ ਚੜਾਵੇ ਦੀਆਂ ਰੋਟੀਆਂ ਰੱਖਦੇ ਹਨ ਅਤੇ ਸੁਨਹਿਲੇ ਸ਼ਮਾਦਾਨ ਅਤੇ ਉਸ ਦੇ ਚਰਾਗਾਂ ਨੂੰ ਹਰ ਸ਼ਾਮ ਨੂੰ ਬਾਲਦੇ ਹਨ ਕਿਉਂ ਜੋ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮ ਨੂੰ ਮੰਨਦੇ ਹਾਂ ਪਰ ਤੁਸੀਂ ਤਾਂ ਉਹ ਨੂੰ ਛੱਡ ਦਿੱਤਾ ਹੈ
12ਅਤੇ ਵੇਖੋ, ਸਾਡੀ ਅਗਵਾਈ ਲਈ ਸਾਡੇ ਨਾਲ ਪਰਮੇਸ਼ੁਰ ਹੈ ਅਤੇ ਉਸ ਦੇ ਜਾਜਕ ਤੁਹਾਡੇ ਵਿਰੁੱਧ ਸਾਹ ਨੂੰ ਖਿੱਚ ਕੇ ਜ਼ੋਰ ਨਾਲ ਨਰਸਿੰਗੇ ਫੂਕਣ ਲਈ ਤਿਆਰ ਹਨ । ਹੇ ਇਸਰਾਇਲੀਓ, ਤੁਸੀਂ ਆਪਣੇ ਯਹੋਵਾਹ ਦੇ ਵਿਰੁੱਧ ਜਿਹੜਾ ਤੁਹਾਡੇ ਪਿਉ-ਦਾਦਿਆਂ ਦਾ ਪਰਮੇਸ਼ੁਰ ਹੈ ਨਾ ਲੜੋ, ਕਿਉਂ ਜੋ ਤੁਸੀਂ ਸਫ਼ਲ ਨਹੀਂ ਹੋਵੋਗੇ !
13ਪਰ ਯਾਰਾਬੁਆਮ ਨੇ ਉਹਨਾਂ ਦੇ ਪਿੱਛੇ ਘਾਤ ਵਿੱਚ ਫੌਜ ਬਿਠਾ ਦਿੱਤੀ ਸੋ ਉਹ ਯਹੂਦਾਹ ਦੇ ਸਾਹਮਣੇ ਰਹੇ ਅਤੇ ਘਾਤੀ ਉਹਨਾਂ ਦੇ ਪਿੱਛੇ ਸਨ ।14ਜਦ ਯਹੂਦਾਹ ਨੇ ਵੇਖਿਆ ਤਾਂ ਕੀ ਵੇਖਿਆ ਕਿ ਲੜਾਈ ਉਹਨਾਂ ਦੇ ਅੱਗੇ ਪਿੱਛੇ ਦੋਹੀਂ ਪਾਸੀਂ ਹੈ ! ਤਦ ਉਹਨਾਂ ਨੇ ਯਹੋਵਾਹ ਅੱਗੇ ਦੁਹਾਈ ਦਿੱਤੀ ਅਤੇ ਜਾਜਕਾਂ ਨੇ ਨਰਸਿੰਗੇ ਫੂਕੇ15ਅਤੇ ਯਹੂਦਾਹ ਦੇ ਲੋਕਾਂ ਨੇ ਲਲਕਾਰਿਆ ਅਤੇ ਜਦ ਉਹਨਾਂ ਨੇ ਲਲਕਾਰਿਆ ਤਦ ਐਉਂ ਹੋਇਆ ਕਿ ਪਰਮੇਸ਼ੁਰ ਨੇ ਯਾਰਾਬੁਆਮ ਨੂੰ ਅਤੇ ਸਾਰੇ ਇਸਰਾਏਲ ਨੂੰ ਅਬੀਯਾਹ ਅਤੇ ਯਹੂਦਾਹ ਦੇ ਸਾਹਮਣੇ ਮਾਰ ਦਿੱਤਾ
16ਅਤੇ ਇਸਰਾਏਲੀ ਯਹੂਦਾਹ ਦੇ ਅੱਗੋਂ ਭੱਜ ਗਏ ਅਤੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਉਹਨਾਂ ਦੇ ਹੱਥ ਵਿੱਚ ਦੇ ਦਿੱਤਾ17ਤਾਂ ਅਬੀਯਾਹ ਅਤੇ ਉਸ ਦੇ ਲੋਕਾਂ ਨੂੰ ਉਨ੍ਹਾਂ ਨੇ ਵੱਡੀ ਮਾਰ ਨਾਲ ਮਾਰਿਆ ਸੋ ਇਸਰਾਏਲ ਦੇ ਪੰਜ ਲੱਖ ਚੁਣੇ ਹੋਏ ਮਨੁੱਖ ਮਰ ਗਏ ।18ਐਉਂ ਇਸਰਾਏਲੀ ਉਸ ਵੇਲੇ ਅਧੀਨ ਹੋਏ ਅਤੇ ਯਹੂਦੀ ਉਨ੍ਹਾਂ ਤੋਂ ਜਿੱਤ ਗਏ ਇਸ ਲਈ ਜੋ ਉਹਨਾਂ ਨੇ ਯਹੋਵਾਹ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਉੱਤੇ ਭਰੋਸਾ ਕੀਤਾ19ਅਤੇ ਅਬੀਯਾਹ ਨੇ ਯਾਰਾਬੁਆਮ ਦਾ ਪਿੱਛਾ ਕੀਤਾ ਅਤੇ ਇਨ੍ਹਾਂ ਸ਼ਹਿਰਾਂ ਨੂੰ ਉਸ ਪਾਸੋਂ ਖੋਹ ਲਿਆ ਅਰਥਾਤ ਬੈਤਏਲ ਅਤੇ ਉਸ ਦੇ ਪਿੰਡ, ਯਸ਼ਾਨਾਹ ਅਤੇ ਉਸ ਦੇ ਪਿੰਡ, ਅਫਰੋਨ ਅਤੇ ਉਸ ਦੇ ਪਿੰਡ20ਅਬੀਯਾਹ ਦੇ ਦਿਨਾਂ ਵਿੱਚ ਯਾਰਾਬੁਆਮ ਨੇ ਫੇਰ ਜ਼ੋਰ ਨਾ ਫੜਿਆ ਅਤੇ ਯਹੋਵਾਹ ਨੇ ਉਸ ਨੂੰ ਮਾਰਿਆ ਸੋ ਉਹ ਮਰ ਗਿਆ21ਪਰੰਤੂ ਅਬੀਯਾਹ ਤਕੜਾ ਹੋ ਗਿਆ ਅਤੇ ਉਸ ਨੇ ਚੌਦਾਂ ਇਸਤਰੀਆਂ ਕੀਤੀਆਂ ਅਤੇ ਉਨ੍ਹਾਂ ਵਿੱਚੋਂ ਬਾਈ ਪੁੱਤਰ ਅਤੇ ਸੋਲ਼ਾਂ ਧੀਆਂ ਜੰਮੀਆਂ22ਅਤੇ ਅਬੀਯਾਹ ਦੇ ਬਾਕੀ ਕੰਮ ਅਤੇ ਉਸ ਦਾ ਚਾਲ-ਚਲਣ ਅਤੇ ਉਸ ਦੀਆਂ ਕਹਾਉਤਾਂ ਇੱਦੋ ਨਬੀ ਦੀ ਕਥਾ ਵਿੱਚ ਲਿਖੀਆਂ ਹਨ ।

14
ਯਹੂਦਾਹ ਦੇ ਵਿੱਚ ਆਸਾ ਦਾ ਰਾਜ

1ਤਾਂ ਅਬੀਯਾਹ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ ਅਤੇ ਉਨ੍ਹਾਂ ਨੇ ਉਸ ਨੂੰ ਦਾਊਦ ਦੇ ਸ਼ਹਿਰ ਵਿੱਚ ਦੱਬ ਦਿੱਤਾ ਅਤੇ ਉਸ ਦਾ ਪੁੱਤਰ ਆਸਾ ਉਸ ਦੇ ਥਾਂ ਰਾਜ ਕਰਨ ਲੱਗਾ ਅਤੇ ਉਹ ਦੇ ਦਿਨਾਂ ਵਿੱਚ ਦਸ ਵਰ੍ਹੇ ਤੱਕ ਦੇਸ ਵਿੱਚ ਅਮਨ ਰਿਹਾ ।2ਆਸਾ ਨੇ ਉਹ ਹੀ ਕੀਤਾ ਜੋ ਯਹੋਵਾਹ ਉਹ ਦੇ ਪਰਮੇਸ਼ੁਰ ਦੀ ਨਿਗਾਹ ਵਿੱਚ ਭਲਾ ਸੀ3ਕਿਉਂ ਜੋ ਉਹ ਨੇ ਓਪਰੇ ਦੇਵਤਿਆਂ ਦੀਆਂ ਜਗਵੇਦੀਆਂ ਨੂੰ ਅਤੇ ਉੱਚੇ ਸਥਾਨਾ ਨੂੰ ਢਾਹ ਦਿੱਤਾ ਅਤੇ ਥੰਮਾਂ ਨੂੰ ਭੰਨ ਛੱਡਿਆ ਅਤੇ ਟੁੰਡਾਂ ਨੂੰ ਵੱਢ ਸੁੱਟਿਆ4ਅਤੇ ਯਹੂਦਾਹ ਨੂੰ ਹੁਕਮ ਦਿੱਤਾ ਕਿ ਯਹੋਵਾਹ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਦੀ ਭਾਲਣਾ ਕਰਨ ਅਤੇ ਬਿਵਸਥਾ ਅਤੇ ਹੁਕਮਨਾਮੇ ਨੂੰ ਮੰਨਣ

5ਉਹ ਨੇ ਯਹੂਦਾਹ ਦੇ ਸਾਰੇ ਸ਼ਹਿਰਾਂ ਵਿੱਚੋਂ ਉੱਚੇ ਸਥਾਨਾਂ ਅਤੇ ਸੂਰਜ ਦੀਆਂ ਮੂਰਤੀਆਂ ਨੂੰ ਦੂਰ ਕਰ ਛੱਡਿਆ ਅਤੇ ਉਹ ਦੇ ਸਾਹਮਣੇ ਰਾਜ ਵਿੱਚ ਚੈਨ ਰਿਹਾ ।6ਉਹ ਨੇ ਯਹੂਦਾਹ ਦੇ ਵਿੱਚ ਗੜਾਂ ਵਾਲੇ ਸ਼ਹਿਰ ਬਣਵਾਏ ਕਿਉਂ ਜੋ ਦੇਸ ਵਿੱਚ ਚੈਨ ਸੀ ਅਤੇ ਉਨ੍ਹਾਂ ਸਾਲਾਂ ਵਿੱਚ ਉਹ ਨੂੰ ਲੜਾਈ ਨਾ ਲੜਨੀ ਪਈ ਕਿਉਂ ਜੋ ਯਹੋਵਾਹ ਨੇ ਉਹ ਨੂੰ ਅਰਾਮ ਬਖ਼ਸ਼ਿਆ ਸੀ
7ਇਸ ਲਈ ਉਹ ਨੇ ਯਹੂਦਾਹ ਨੂੰ ਆਖਿਆ ਕਿ ਅਸੀਂ ਇਹ ਸ਼ਹਿਰ ਬਣਾਈਏ ਅਤੇ ਉਨ੍ਹਾਂ ਦੇ ਦੁਆਲੇ ਕੰਧਾਂ ਅਤੇ ਬੁਰਜ ਬਣਾਈਏ ਅਤੇ ਫਾਟਕ ਦੇ ਅਰਲ ਲਾਈਏ ਜਦ ਤੱਕ ਇਹ ਦੇਸ ਸਾਡੇ ਕਬਜ਼ੇ ਵਿੱਚ ਹੈ ਕਿਉਂ ਜੋ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਭਾਲਿਆ । ਅਸੀਂ ਉਹ ਨੂੰ ਭਾਲਿਆ ਅਤੇ ਉਸ ਨੇ ਸਾਨੂੰ ਚੁਫ਼ੇਰਿਓਂ ਅਰਾਮ ਬਖਸ਼ਿਆ ਹੈ । ਸੋ ਉਹਨਾਂ ਨੇ ਉਨ੍ਹਾਂ ਨੂੰ ਬਣਾਇਆ ਅਤੇ ਸਫ਼ਲ ਹੋਏ ।8ਆਸਾ ਦੇ ਕੋਲ ਯਹੂਦਾਹ ਦੀ ਤਿੰਨ ਲੱਖ ਫ਼ੌਜ ਸੀ ਜਿਹੜੇ ਢਾਲ਼ ਅਤੇ ਬਰਛੀ ਚੁੱਕਦੇ ਸਨ ਅਤੇ ਬਿਨਯਾਮੀਨ ਦੇ ਦੋ ਲੱਖ ਅੱਸੀ ਹਜ਼ਾਰ ਸਨ ਜੋ ਢਾਲ਼ ਚੁੱਕਦੇ ਅਤੇ ਤੀਰ ਚਲਾਉਂਦੇ ਸਨ ਅਤੇ ਇਹ ਸਾਰੇ ਸੂਰਬੀਰ ਜੋਧੇ ਸਨ ।
9ਜ਼ਰਹ ਕੂਸ਼ੀ ਦਸ ਲੱਖ ਦੀ ਫ਼ੌਜ ਅਤੇ ਤਿੰਨ ਸੌ ਰਥ ਲੈ ਕੇ ਉਹਨਾਂ ਦੇ ਵਿਰੁੱਧ ਨਿੱਕਲਿਆ ਅਤੇ ਮਾਰੇਸ਼ਾਹ ਵਿੱਚ ਆਇਆ10ਅਤੇ ਆਸਾ ਉਸ ਦੇ ਟਾਕਰੇ ਲਈ ਵਧਿਆ ਅਤੇ ਉਨ੍ਹਾਂ ਨੇ ਮਾਰੇਸ਼ਾਹ ਵਿੱਚ ਸਫਾਥਾਹ ਦੀ ਵਾਦੀ ਵਿੱਚ ਲੜਾਈ ਲਈ ਪਾਲਾਂ ਬੰਨੀਆਂ11ਆਸਾ ਨੇ ਯਹੋਵਾਹ ਆਪਣੇ ਪਰਮੇਸ਼ੁਰ ਅੱਗੇ ਬੇਨਤੀ ਕੀਤੀ ਕਿ ਹੇ ਯਹੋਵਾਹ, ਜ਼ੋਰਾਵਰ ਅਤੇ ਕਮਜ਼ੋਰ ਵਿੱਚ ਸਹਾਇਤਾ ਕਰਨ ਨੂੰ ਤੇਰੇ ਬਿਨ੍ਹਾਂ ਹੋਰ ਕੋਈ ਹੈ ਨਹੀਂ । ਹੇ ਯਹੋਵਾਹ ਸਾਡੇ ਪਰਮੇਸ਼ੁਰ, ਤੂੰ ਸਾਡੀ ਸਹਾਇਤਾ ਕਰ ਕਿਉਂ ਜੋ ਅਸੀਂ ਤੇਰੇ ਉੱਤੇ ਭਰੋਸਾ ਰੱਖਦੇ ਹਾਂ ਅਤੇ ਤੇਰੇ ਨਾਮ ਉੱਤੇ ਇਸ ਦਲ ਦੇ ਵਿਰੁੱਧ ਅਸੀਂ ਆਏ ਹਾਂ । ਤੂੰ, ਹੇ ਯਹੋਵਾਹ, ਸਾਡਾ ਪਰਮੇਸ਼ੁਰ ਹੈਂ । ਮਨੁੱਖ ਤੇਰੇ ਟਾਕਰੇ ਵਿੱਚ ਨਾ ਜਿੱਤੇ !
12ਫੇਰ ਯਹੋਵਾਹ ਨੇ ਆਸਾ ਅਤੇ ਯਹੂਦਾਹ ਦੇ ਸਾਹਮਣੇ ਕੂਸ਼ੀਆਂ ਨੂੰ ਮਾਰਿਆ ਤਾਂ ਕੂਸ਼ੀ ਭੱਜ ਗਏ ।13ਆਸਾ ਅਤੇ ਉਹ ਦੇ ਲੋਕਾਂ ਨੇ ਗਰਾਰ ਤੱਕ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਕੂਸ਼ੀਆਂ ਵਿੱਚੋਂ ਐਨੇ ਡਿੱਗ ਗਏ ਕਿ ਉਹ ਫੇਰ ਸੰਭਲ ਨਾ ਸਕੇ ਕਿਉਂ ਜੋ ਉਹ ਯਹੋਵਾਹ ਅਤੇ ਉਸ ਦੇ ਦਲ ਦੇ ਹੱਥੋਂ ਮਾਰੇ ਗਏ ਅਤੇ ਯਹੂਦਾਹ ਬਹੁਤ ਸਾਰਾ ਲੁੱਟ ਦਾ ਮਾਲ ਚੁੱਕ ਲਿਆਇਆ14ਅਤੇ ਉਹਨਾਂ ਨੇ ਗਰਾਰ ਦੇ ਆਸ-ਪਾਸ ਦੇ ਸਾਰੇ ਸ਼ਹਿਰਾਂ ਨੂੰ ਮਾਰਿਆ ਕਿਉਂ ਜੋ ਯਹੋਵਾਹ ਦਾ ਭੈ ਉਨ੍ਹਾਂ ਉੱਤੇ ਪੈ ਗਿਆ ਸੀ ਸੋ ਉਹਨਾਂ ਨੇ ਸਾਰੇ ਸ਼ਹਿਰਾਂ ਨੂੰ ਲੁੱਟਿਆ ਕਿਉਂ ਜੋ ਉਨ੍ਹਾਂ ਵਿੱਚ ਲੁੱਟਣ ਲਈ ਮਾਲ ਬਹੁਤ ਸੀ15ਅਤੇ ਉਹਨਾਂ ਨੇ ਪਸ਼ੂਆਂ ਦੇ ਮਾਲਕਾਂ ਦੇ ਤੰਬੂਆਂ ਨੂੰ ਢਾਹਿਆ ਅਤੇ ਢੇਰ ਸਾਰੀਆਂ ਭੇਡਾਂ ਅਤੇ ਊਠ ਲੈ ਕੇ ਯਰੂਸ਼ਲਮ ਨੂੰ ਮੁੜ ਪਏ ।

15
ਰਾਜਾ ਆਸਾ ਦੁਆਰਾ ਸੁਧਾਰ

1ਤਾਂ ਪਰਮੇਸ਼ੁਰ ਦਾ ਆਤਮਾ ਓਦੇਦ ਦੇ ਪੁੱਤਰ ਅਜ਼ਰਯਾਹ ਉੱਤੇ ਉਤਰਿਆ2ਉਹ ਆਸਾ ਨੂੰ ਮਿਲਣ ਲਈ ਗਿਆ ਅਤੇ ਉਹ ਨੂੰ ਆਖਿਆ, ਹੇ ਆਸਾ ਅਤੇ ਸਾਰੇ ਯਹੂਦਾਹ ਅਤੇ ਬਿਨਯਾਮੀਨ, ਮੇਰੀ ਸੁਣੋ । ਯਹੋਵਾਹ ਤੁਹਾਡੇ ਨਾਲ ਹੈ ਜਦ ਤੱਕ ਤੁਸੀਂ ਉਸ ਨੇ ਨਾਲ ਹੋ । ਜੇ ਤੁਸੀਂ ਉਸ ਦੇ ਚਾਹਵੰਦ ਹੋ ਤਾਂ ਉਹ ਤੁਹਾਨੂੰ ਮਿਲੇਗਾ ਪਰ ਜੇ ਤੁਸੀਂ ਉਸ ਨੂੰ ਛੱਡ ਦਿਓ ਤਾਂ ਉਹ ਤੁਹਾਨੂੰ ਛੱਡ ਦੇਵੇਗਾ

3ਹੁਣ ਬਹੁਤ ਸਮੇਂ ਤੋਂ ਇਸਰਾਏਲ ਬਿਨ੍ਹਾਂ ਸੱਚੇ ਪਰਮੇਸ਼ੁਰ ਅਤੇ ਬਿਨ੍ਹਾਂ ਸਿਖਾਉਣ ਵਾਲੇ ਜਾਜਕ ਅਤੇ ਬਿਨ੍ਹਾਂ ਬਿਵਸਥਾ ਦੇ ਰਹੇ ਹਨ4ਪਰ ਜਦ ਉਹ ਆਪਣੇ ਦੁੱਖ ਵਿੱਚ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਵੱਲ ਮੁੜ ਕੇ ਉਸ ਦੇ ਚਾਹਵੰਦ ਹੋਏ ਤਾਂ ਉਹ ਉਹਨਾਂ ਨੂੰ ਲੱਭ ਪਿਆ5ਅਤੇ ਉਨ੍ਹਾਂ ਦਿਨਾਂ ਵਿੱਚ ਬਾਹਰ ਜਾਣ ਵਾਲੇ ਨੂੰ ਅਤੇ ਦੇਸ ਵਿੱਚ ਆਉਣ ਵਾਲੇ ਨੂੰ ਕੁਝ ਸੁੱਖ ਨਹੀਂ ਸੀ ਸਗੋਂ ਦੇਸਾਂ ਦੇ ਸਾਰੇ ਵਾਸੀਆਂ ਉੱਤੇ ਬੜੀਆਂ ਔਕੜਾਂ ਸਨ
6ਜਾਤੀ ਜਾਤੀ ਦੇ ਟਾਕਰੇ ਵਿੱਚ ਅਤੇ ਸ਼ਹਿਰ ਸ਼ਹਿਰ ਦੇ ਟਾਕਰੇ ਵਿੱਚ ਮਲੀਆਮੇਟ ਹੋ ਗਏ ਕਿਉਂ ਜੋ ਪਰਮੇਸ਼ੁਰ ਨੇ ਉਨ੍ਹਾਂ ਨੂੰ ਹਰ ਪਰਕਾਰ ਦੇ ਦੁੱਖ ਨਾਲ ਤੰਗ ਕਰ ਛੱਡਿਆ ਸੀ7ਪਰ ਤੁਸੀਂ ਤਕੜੇ ਹੋਵੋ ਅਤੇ ਤੁਹਾਡੇ ਹੱਥ ਢਿੱਲੇ ਨਾ ਹੋਣ ਕਿਉਂ ਜੋ ਤੁਹਾਡੇ ਕੰਮ ਦਾ ਬਦਲਾ ਮਿਲੇਗਾ !
8ਜਦ ਆਸਾ ਨੇ ਇਨ੍ਹਾਂ ਗੱਲਾਂ ਅਤੇ ਓਦੇਦ ਨਬੀ ਦੇ ਅਗੰਮ ਵਾਕਾਂ ਦੀ ਖ਼ਬਰ ਸੁਣੀ ਤਾਂ ਉਸ ਨੇ ਹੌਂਸਲਾ ਕਰ ਕੇ ਯਹੂਦਾਹ ਅਤੇ ਬਿਨਯਾਮੀਨ ਦੇ ਸਾਰੇ ਦੇਸ ਵਿੱਚੋਂ ਅਤੇ ਉਨ੍ਹਾਂ ਸ਼ਹਿਰਾਂ ਵਿੱਚੋਂ ਜਿਹੜੇ ਉਸ ਨੇ ਅਫ਼ਰਾਈਮ ਦੇ ਪਹਾੜੀ ਭਾਗ ਵਿੱਚੋਂ ਲੈ ਲਏ ਸਨ ਘਿਣਾਉਣੀਆਂ ਚੀਜ਼ਾਂ ਨੂੰ ਕੱਢ ਦਿੱਤਾ ਅਤੇ ਯਹੋਵਾਹ ਦੀ ਜਗਵੇਦੀ ਨੂੰ ਜੋ ਯਹੋਵਾਹ ਦੀ ਡਿਉੜੀ ਦੇ ਸਾਹਮਣੇ ਸੀ ਫੇਰ ਬਣਵਾਇਆ9ਉਸ ਨੇ ਯਹੂਦਾਹ ਅਤੇ ਬਿਨਯਾਮੀਨ ਦੇ ਸਾਰੇ ਲੋਕਾਂ ਨੂੰ ਅਤੇ ਉਨ੍ਹਾਂ ਪਰਦੇਸੀਆਂ ਨੂੰ ਜੋ ਅਫ਼ਰਾਈਮ ਅਤੇ ਮਨੱਸ਼ਹ ਅਤੇ ਸ਼ਿਮਓਨ ਦੇ ਵਿੱਚ ਸਨ ਇਕੱਠਾ ਕੀਤਾ ਕਿਉਂ ਜੋ ਜਦ ਉਨ੍ਹਾਂ ਨੇ ਵੇਖਿਆ ਕਿ ਯਹੋਵਾਹ ਉਹ ਦਾ ਪਰਮੇਸ਼ੁਰ ਉਹ ਦੇ ਨਾਲ ਹੈ ਤਾਂ ਉਹ ਇਸਰਾਏਲ ਵਿੱਚੋਂ ਬਹੁਤ ਗਿਣਤੀ ਵਿੱਚ ਉਹ ਦੇ ਕੋਲ ਆਏ
10ਉਹ ਆਸਾ ਦੀ ਪਾਤਸ਼ਾਹੀ ਦੇ ਪੰਦਰਵੇਂ ਸਾਲ ਦੇ ਤੀਜੇ ਮਹੀਨੇ ਯਰੂਸ਼ਲਮ ਵਿੱਚ ਇਕੱਠੇ ਹੋਏ11ਅਤੇ ਉਹਨਾਂ ਨੇ ਉਸ ਵੇਲੇ ਉਸ ਲੁੱਟ ਵਿੱਚੋਂ ਜਿਹੜੀ ਉਹ ਲਿਆਏ ਸਨ ਯਹੋਵਾਹ ਦੇ ਹਜ਼ੂਰ ਸੱਤ ਸੌ ਬਲ਼ਦਾਂ ਅਤੇ ਸੱਤ ਹਜ਼ਾਰ ਭੇਡਾਂ ਦੀ ਬਲੀ ਚੜ੍ਹਾਈ
12ਅਤੇ ਉਹ ਇੱਕ ਨੇਮ ਵਿੱਚ ਸ਼ਾਮਲ ਹੋ ਗਏ ਕਿ ਆਪਣੇ ਸਾਰੇ ਦਿਲ ਅਤੇ ਆਪਣੀ ਸਾਰੀ ਜਾਨ ਨਾਲ ਯਹੋਵਾਹ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਨੂੰ ਭਾਲਣ13ਅਤੇ ਜੋ ਕੋਈ, ਕੀ ਛੋਟਾ ਕੀ ਵੱਡਾ, ਕੀ ਮਨੁੱਖ ਕੀ ਔਰਤ, ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦਾ ਸ਼ਰਧਾਲੂ ਨਾ ਹੋਵੇ ਉਸ ਨੂੰ ਮਾਰ ਦਿੱਤਾ ਜਾਵੇ
14ਅਤੇ ਉਹਨਾਂ ਨੇ ਯਹੋਵਾਹ ਦੇ ਸਾਹਮਣੇ ਉੱਚੀ ਆਵਾਜ਼ ਨਾਲ ਲਲਕਾਰ ਕੇ ਤੁਰ੍ਹੀਆਂ ਅਤੇ ਨਰਸਿੰਗਿਆਂ ਦੇ ਨਾਲ ਸਹੁੰ ਖਾਧੀ ।15ਸਾਰਾ ਯਹੂਦਾਹ ਉਸ ਸਹੁੰ ਤੋਂ ਬਾਗ ਬਾਗ ਹੋ ਗਿਆ ਕਿਉਂ ਜੋ ਉਹਨਾਂ ਨੇ ਆਪਣੇ ਸਾਰੇ ਦਿਲ ਦੇ ਨਾਲ ਸਹੁੰ ਖਾਧੀ ਸੀ ਅਤੇ ਆਪਣੀ ਪੂਰੀ ਇੱਛਾ ਨਾਲ ਯਹੋਵਾਹ ਦੇ ਸ਼ਰਧਾਲੂ ਹੋਏ ਸਨ ਅਤੇ ਉਹ ਉਹਨਾਂ ਨੂੰ ਮਿਲ ਗਿਆ ਅਤੇ ਯਹੋਵਾਹ ਨੇ ਉਹਨਾਂ ਨੂੰ ਚੁਫੇਰਿਓਂ ਅਰਾਮ ਦਿੱਤਾ
16ਅਤੇ ਆਸਾ ਪਾਤਸ਼ਾਹ ਨੇ ਆਪਣੀ ਦਾਦੀ ਮਅਕਾਹ ਨੂੰ ਵੀ ਦਾਦੀ ਰਾਣੀ ਦੀ ਪਦਵੀ ਤੋਂ ਹਟਾ ਦਿੱਤਾ ਕਿਉਂ ਜੋ ਉਸ ਨੇ ਅਸ਼ੇਰਾਹ ਦੇਵੀ ਦੀ ਇੱਕ ਘਿਣਾਉਣੀ ਮੂਰਤ ਬਣਾਈ ਸੀ ਜਿਹੜੀ ਘਿਣਾਉਣੀ ਮੂਰਤ ਨੂੰ ਆਸਾ ਨੇ ਵੱਢ ਕੇ ਚੂਰ-ਚੂਰ ਕਰ ਦਿੱਤਾ ਅਤੇ ਕਿਦਰੋਨ ਦੀ ਵਾਦੀ ਵਿੱਚ ਸਾੜ ਦਿੱਤਾ17ਪਰ ਇਸਰਾਏਲ ਵਿੱਚੋਂ ਉੱਚੇ ਥਾਂ ਢਾਹੇ ਨਾ ਗਏ, ਤਾਂ ਵੀ ਆਸਾ ਦਾ ਮਨ ਸਾਰੀ ਉਮਰ ਪੂਰੀ ਤਰ੍ਹਾਂ ਦੇ ਨਾਲ ਪਰਮੇਸ਼ੁਰ ਨੂੰ ਸਮਰਪਿਤ ਰਿਹਾ ।18ਉਹ ਪਰਮੇਸ਼ੁਰ ਦੇ ਭਵਨ ਵਿੱਚ ਉਨ੍ਹਾਂ ਚੀਜ਼ਾਂ ਨੂੰ ਜੋ ਉਸ ਦੇ ਪਿਤਾ ਨੇ ਪਵਿੱਤਰ ਠਹਿਰਾਈਆਂ ਸਨ ਨਾਲੇ ਉਨ੍ਹਾਂ ਨੂੰ ਜੋ ਉਸ ਨੇ ਆਪ ਪਵਿੱਤਰ ਠਹਿਰਾਈਆਂ ਸਨ ਅੰਦਰ ਲਿਆਇਆ ਅਰਥਾਤ ਚਾਂਦੀ, ਸੋਨਾ ਅਤੇ ਭਾਂਡੇ19ਅਤੇ ਆਸਾ ਦੇ ਰਾਜ ਦੇ ਪੈਂਤੀਵੇਂ ਸਾਲ ਤੱਕ ਕੋਈ ਲੜਾਈ ਨਾ ਹੋਈ ।

16
ਇਸਰਾਏਲ ਦੇ ਕਾਰਨ ਸੰਕਟ ਆਉਣਾ
(1 ਰਾਜਾ 15:17-22)

1ਆਸਾ ਦੇ ਰਾਜ ਦੇ ਛੱਤੀਵੇਂ ਸਾਲ ਇਸਰਾਏਲ ਦੇ ਪਾਤਸ਼ਾਹ ਬਆਸ਼ਾ ਨੇ ਯਹੂਦਾਹ ਉੱਤੇ ਚੜ੍ਹਾਈ ਕੀਤੀ ਅਤੇ ਰਾਮਾਹ ਨੂੰ ਬਣਾਇਆ ਤਾਂ ਜੋ ਯਹੂਦਾਹ ਦੇ ਪਾਤਸ਼ਾਹ ਆਸਾ ਕੋਲ ਨਾ ਕੋਈ ਜਾਵੇ ਅਤੇ ਨਾ ਕੋਈ ਆਵੇ

2ਤਾਂ ਆਸਾ ਨੇ ਯਹੋਵਾਹ ਦੇ ਭਵਨ ਅਤੇ ਸ਼ਾਹੀ ਮਹਿਲ ਦੇ ਖਜ਼ਾਨਿਆਂ ਵਿੱਚੋਂ ਚਾਂਦੀ ਅਤੇ ਸੋਨਾ ਕੱਢ ਕੇ ਅਰਾਮ ਦੇ ਪਾਤਸ਼ਾਹ ਬਨ-ਹਦਦ ਕੋਲ ਜੋ ਦੰਮਿਸਕ ਵਿੱਚ ਵੱਸਦਾ ਸੀ ਐਉਂ ਆਖ ਕੇ ਭੇਜ ਦਿੱਤਾ ਕਿ3ਉਹ ਨੇਮ ਜੋ ਮੇਰੇ ਤੇਰੇ ਵਿੱਚ ਹੈ ਅਤੇ ਮੇਰੇ ਪਿਤਾ ਅਤੇ ਤੇਰੇ ਪਿਤਾ ਦੇ ਵਿੱਚ ਸੀ, ਵੇਖ, ਮੈਂ ਤੇਰੇ ਕੋਲ ਚਾਂਦੀ ਤੇ ਸੋਨਾ ਭੇਜਦਾ ਹਾਂ ਕਿ ਤੂੰ ਜਾ ਕੇ ਇਸਰਾਏਲ ਦੇ ਪਾਤਸ਼ਾਹ ਬਆਸ਼ਾ ਨਾਲੋਂ ਆਪਣਾ ਨੇਮ ਤੋੜ ਲਵੇਂ ਤਾਂ ਜੋ ਉਹ ਮੇਰੇ ਕੋਲੋਂ ਮੁੜ ਆਵੇ
4ਤਾਂ ਬਨ-ਹਦਦ ਨੇ ਆਸਾ ਪਾਤਸ਼ਾਹ ਦੀ ਗੱਲ ਮੰਨੀ ਅਤੇ ਆਪਣੀਆਂ ਫ਼ੌਜਾਂ ਦੇ ਸਰਦਾਰਾਂ ਨੂੰ ਇਸਰਾਏਲ ਦੇ ਸ਼ਹਿਰਾਂ ਦੇ ਵਿਰੁੱਧ ਭੇਜਿਆ ਸੋ ਉਨ੍ਹਾਂ ਨੇ ਈਯੋਨ ਅਤੇ ਦਾਨ ਅਤੇ ਅਬੇਲ ਮਾਇਮ ਅਤੇ ਨਫ਼ਤਾਲੀ ਦੇ ਸ਼ਹਿਰਾਂ ਦੇ ਸਾਰੇ ਭੰਡਾਰਾਂ ਨੂੰ ਤਬਾਹ ਕਰ ਦਿੱਤਾ5ਜਦ ਬਆਸ਼ਾ ਨੇ ਇਹ ਸੁਣਿਆ ਤਾਂ ਰਾਮਾਹ ਦਾ ਬਣਾਉਣਾ ਛੱਡ ਕੇ ਆਪਣਾ ਕੰਮ ਬੰਦ ਕਰ ਦਿੱਤਾ6ਤਦ ਆਸਾ ਪਾਤਸ਼ਾਹ ਨੇ ਸਾਰੇ ਯਹੂਦਾਹ ਨੂੰ ਆਪਣੇ ਨਾਲ ਲਿਆ ਅਤੇ ਉਹ ਰਾਮਾਹ ਦੇ ਪੱਥਰਾਂ ਅਤੇ ਲੱਕੜੀਆਂ ਨੂੰ ਜਿਨ੍ਹਾਂ ਨਾਲ ਬਆਸ਼ਾ ਬਣਾ ਰਿਹਾ ਸੀ ਚੁੱਕ ਕੇ ਲੈ ਗਏ ਅਤੇ ਉਸ ਉਨ੍ਹਾਂ ਨਾਲ ਗਬਾ ਅਤੇ ਮਿਸਫਾਹ ਨੂੰ ਬਣਾਇਆ ।
ਹਨਾਨੀ ਨਬੀ

7ਉਸ ਵੇਲੇ ਹਨਾਨੀ ਗੈਬ ਦਾਨ ਯਹੂਦਾਹ ਦੇ ਪਾਤਸ਼ਾਹ ਆਸਾ ਦੇ ਕੋਲ ਆ ਕੇ ਆਖਣ ਲੱਗਾ, ਤੂੰ ਅਰਾਮ ਦੇ ਪਾਤਸ਼ਾਹ ਉੱਤੇ ਭਰੋਸਾ ਕੀਤਾ ਹੈ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਉੱਤੇ ਭਰੋਸਾ ਨਹੀਂ ਰੱਖਿਆ, ਇਸੇ ਕਾਰਨ ਅਰਾਮ ਦੇ ਪਾਤਸ਼ਾਹ ਦੀ ਸੈਨਾ ਤੇਰੇ ਹੱਥੋਂ ਬਚ ਕੇ ਚੱਲੀ ਗਈ ਹੈ8ਕੀ ਕੂਸ਼ੀਆਂ ਅਤੇ ਲੂਬੀਆਂ ਦੀ ਸੈਨਾ ਵੱਡੀ ਭਾਰੀ ਨਹੀਂ ਸੀ ਜਿਨ੍ਹਾਂ ਦੇ ਨਾਲ ਰਥ ਅਤੇ ਸਵਾਰ ਬਹੁਤ ਗਿਣਤੀ ਵਿੱਚ ਸਨ ? ਤਾਂ ਵੀ ਤੂੰ ਯਹੋਵਾਹ ਉੱਤੇ ਭਰੋਸਾ ਰੱਖਿਆ ਇਸ ਲਈ ਉਸ ਨੇ ਉਨ੍ਹਾਂ ਨੂੰ ਤੇਰੇ ਹੱਥ ਵਿੱਚ ਕਰ ਦਿੱਤਾ
9ਯਹੋਵਾਹ ਦੀਆਂ ਅੱਖਾਂ ਤਾਂ ਸਾਰੀ ਧਰਤੀ ਉੱਤੇ ਫਿਰਦੀਆਂ ਹਨ ਤਾਂ ਜੋ ਉਹ ਉਨ੍ਹਾਂ ਦੀ ਸਹਾਇਤਾ ਲਈ ਜਿਨ੍ਹਾਂ ਦਾ ਦਿਲ ਉਸ ਉੱਤੇ ਪੂਰਨ ਵਿਸ਼ਵਾਸ ਰੱਖਦਾ ਹੈ ਆਪਣੇ ਆਪ ਨੂੰ ਸਮਰੱਥ ਵਿਖਾਵੇ । ਇਸ ਗੱਲ ਵਿੱਚ ਤੂੰ ਮੂਰਖਤਾਈ ਕੀਤੀ ਇਸ ਲਈ ਹੁਣ ਤੇਰੇ ਲਈ ਲੜਾਈ ਹੀ ਲੜਾਈ ਹੈ !10ਤਦ ਆਸਾ ਨੇ ਉਸ ਗੈਬਦਾਨ ਤੋਂ ਨਾਰਾਜ਼ ਹੋ ਕੇ ਉਸ ਨੂੰ ਕੈਦਖ਼ਾਨੇ ਵਿੱਚ ਪਾ ਦਿੱਤਾ ਕਿਉਂ ਜੋ ਉਹ ਉਸ ਦੀ ਗੱਲ ਦੇ ਕਾਰਨ ਬਹੁਤ ਹਰਖ ਵਿੱਚ ਆ ਗਿਆ ਅਤੇ ਆਸਾ ਨੇ ਉਸ ਸਮੇਂ ਲੋਕਾਂ ਵਿੱਚੋਂ ਕਈਆਂ ਹੋਰਨਾਂ ਉੱਤੇ ਵੀ ਜ਼ੁਲਮ ਕੀਤਾ ।
ਆਸਾ ਦੇ ਰਾਜ ਦਾ ਅੰਤ
(1 ਰਾਜਾ 15:23, 24)

11ਅਤੇ ਵੇਖੋ, ਆਸਾ ਦੇ ਕੰਮ ਮੁੱਢ ਤੋਂ ਅੰਤ ਤੱਕ ਯਹੂਦਾਹ ਅਤੇ ਇਸਰਾਏਲ ਦੇ ਪਾਤਸ਼ਾਹਾਂ ਦੀ ਪੋਥੀ ਵਿੱਚ ਲਿਖੇ ਹਨ12ਅਤੇ ਆਸਾ ਦੀ ਪਾਤਸ਼ਾਹੀ ਦੇ ਉਨਤਾਲੀਵੇਂ ਸਾਲ ਉਸ ਦੇ ਪੈਰ ਵਿੱਚ ਇੱਕ ਰੋਗ ਲੱਗਾ ਅਤੇ ਉਹ ਰੋਗ ਬਹੁਤ ਵੱਧ ਗਿਆ ਤਾਂ ਵੀ ਉਹ ਆਪਣੀ ਬਿਮਾਰੀ ਵਿੱਚ ਯਹੋਵਾਹ ਦਾ ਚਾਹਵੰਦ ਨਾ ਹੋਇਆ ਸਗੋਂ ਵੈਦਾਂ ਦੇ ਮਗਰ ਲੱਗਾ
13ਤਾਂ ਆਸਾ ਆਪਣੇ ਪਿਤ੍ਰਾਂ ਦੇ ਨਾਲ ਸੌ ਗਿਆ । ਉਹ ਇਕਤਾਲੀ ਸਾਲ ਰਾਜ ਕਰ ਕੇ ਮੋਇਆ14ਉਨ੍ਹਾਂ ਨੇ ਉਹ ਨੂੰ ਉਸ ਕਬਰ ਵਿੱਚ ਜਿਹੜੀ ਉਹ ਨੇ ਆਪਣੇ ਲਈ ਦਾਊਦ ਦੇ ਸ਼ਹਿਰ ਵਿੱਚ ਪੁਟਵਾਈ ਸੀ ਦੱਬਿਆ ਅਤੇ ਉਹ ਨੂੰ ਉਸ ਖੱਫਣ ਵਿੱਚ ਲਪੇਟ ਦਿੱਤਾ ਜਿਹੜਾ ਸੁਗੰਧਾਂ ਅਤੇ ਕਈ ਪਰਕਾਰ ਦੇ ਮਸਾਲਿਆਂ ਨਾਲ ਭਰਿਆ ਹੋਇਆ ਸੀ ਜਿਨ੍ਹਾਂ ਨੂੰ ਸੁਗੰਧਾਂ ਬਣਾਉਣ ਵਾਲਿਆਂ ਦੀ ਕਾਰੀਗਰੀ ਅਨੁਸਾਰ ਤਿਆਰ ਕੀਤਾ ਗਿਆ ਸੀ ਅਤੇ ਉਨ੍ਹਾਂ ਨੇ ਉਹ ਦੇ ਲਈ ਇੱਕ ਵੱਡੀ ਅੱਗ ਬਾਲੀ ।

17
ਯਹੂਦਾਹ ਦੇ ਵਿੱਚ ਯਹੋਸ਼ਾਫ਼ਾਟ ਦਾ ਰਾਜ

1ਉਸ ਦਾ ਪੁੱਤਰ ਯਹੋਸ਼ਾਫ਼ਾਟ ਉਸ ਦੇ ਥਾਂ ਰਾਜ ਕਰਨ ਲੱਗਾ ਅਤੇ ਉਸ ਨੇ ਇਸਰਾਏਲ ਦੇ ਟਾਕਰੇ ਲਈ ਆਪਣੇ ਆਪ ਨੂੰ ਸ਼ਕਤੀਮਾਨ ਬਣਾਇਆ2ਉਸ ਨੇ ਯਹੂਦਾਹ ਦੇ ਸਾਰੇ ਗੜਾਂ ਵਾਲੇ ਸ਼ਹਿਰਾਂ ਵਿੱਚ ਫ਼ੌਜਾਂ ਰੱਖੀਆਂ ਅਤੇ ਯਹੂਦਾਹ ਦੇ ਦੇਸ ਵਿੱਚ ਅਤੇ ਅਫ਼ਰਾਈਮ ਦੇ ਉਨ੍ਹਾਂ ਸ਼ਹਿਰਾਂ ਵਿੱਚ ਜਿਹੜੇ ਉਸ ਦੇ ਪਿਤਾ ਆਸਾ ਨੇ ਲਏ ਸਨ ਚੌਂਕੀਆਂ ਬਿਠਾ ਦਿੱਤੀਆਂ

3ਅਤੇ ਯਹੋਵਾਹ ਯਹੋਸ਼ਾਫ਼ਾਟ ਦੇ ਨਾਲ ਸੀ ਕਿਉਂ ਜੋ ਉਸ ਦੀ ਚਾਲ ਆਪਣੇ ਪਿਤਾ ਦਾਊਦ ਦੇ ਪਹਿਲੇ ਰਾਹਾਂ ਅਨੁਸਾਰ ਸੀ ਅਤੇ ਉਹ ਬਆਲਾਂ ਦਾ ਤਾਲਿਬ ਨਾ ਬਣਿਆ4ਸਗੋਂ ਆਪਣੇ ਪਿਤਾ ਦੇ ਪਰਮੇਸ਼ੁਰ ਦਾ ਸ਼ਰਧਾਲੂ ਬਣਿਆ ਅਤੇ ਉਸ ਦੇ ਹੁਕਮਾਂ ਉੱਤੇ ਚੱਲਦਾ ਰਿਹਾ ਅਤੇ ਇਸਰਾਏਲ ਜਿਹੇ ਕੰਮ ਨਾ ਕੀਤੇ
5ਇਸ ਲਈ ਯਹੋਵਾਹ ਨੇ ਉਸ ਦੇ ਹੱਥਾਂ ਵਿੱਚ ਰਾਜ ਨੂੰ ਪੱਕਾ ਕਰ ਦਿੱਤਾ ਅਤੇ ਸਾਰਾ ਯਹੂਦਾਹ ਯਹੋਸ਼ਾਫ਼ਾਟ ਦੇ ਕੋਲ ਚੜਾਵੇ ਲੈ ਕੇ ਆਏ ਅਤੇ ਉਸ ਦੀ ਦੌਲਤ ਤੇ ਇੱਜ਼ਤ ਵਿੱਚ ਬਹੁਤ ਵਾਧਾ ਹੋਇਆ6ਉਸ ਦਾ ਦਿਲ ਯਹੋਵਾਹ ਦਿਆਂ ਰਾਹਾਂ ਵਿੱਚ ਮਗਨ ਸੀ । ਉਸ ਨੇ ਉੱਚੇ ਸਥਾਨਾਂ ਅਤੇ ਟੁੰਡਾਂ ਨੂੰ ਯਹੂਦਾਹ ਵਿੱਚੋਂ ਦੂਰ ਕਰ ਦਿੱਤਾ
7ਆਪਣੇ ਰਾਜ ਦੇ ਤੀਜੇ ਸਾਲ ਉਸ ਨੇ ਆਪਣੇ ਸਰਦਾਰਾਂ ਨੂੰ ਅਰਥਾਤ ਬਨਹਯਿਲ, ਓਬਦਯਾਹ, ਜ਼ਕਰਯਾਹ, ਨਥਾਨਏਲ ਅਤੇ ਮੀਕਾਯਾਹ ਨੂੰ ਯਹੂਦਾਹ ਦੇ ਸ਼ਹਿਰਾਂ ਵਿੱਚ ਸਿੱਖਿਆ ਦੇਣ ਲਈ ਭੇਜਿਆ8ਅਤੇ ਉਨ੍ਹਾਂ ਦੇ ਨਾਲ ਇਹ ਲੇਵੀ ਸਨ, ਸ਼ਮਆਯਾਹ, ਨਥਨਯਾਹ, ਜ਼ਬਦਯਾਹ, ਅਸਾਹੇਲ, ਸ਼ਮੀਰਮੋਥ, ਯਹੋਨਾਥਾਨ, ਅਦੋਨੀਯਾਹ, ਟੋਬੀਯਾਹ, ਅਤੇ ਟੋਬ ਅਦੋਨੀਯਾਹ ਲੇਵੀਆਂ ਵਿੱਚੋਂ ਅਤੇ ਇਨ੍ਹਾਂ ਦੇ ਨਾਲ ਅਲੀਸ਼ਾਮਾ ਅਤੇ ਯਹੋਰਾਮ ਜਾਜਕ ਸਨ9ਸੋ ਉਨ੍ਹਾਂ ਨੇ ਯਹੋਵਾਹ ਦੀ ਬਿਵਸਥਾ ਦੀ ਪੋਥੀ ਨਾਲ ਰੱਖ ਕੇ ਯਹੂਦਾਹ ਨੂੰ ਗਿਆਨ ਸਿਖਾਇਆ ਅਤੇ ਉਹ ਯਹੂਦਾਹ ਦੇ ਸਾਰੇ ਸ਼ਹਿਰਾਂ ਵਿੱਚ ਗਏ ਅਤੇ ਲੋਕਾਂ ਨੂੰ ਸਿੱਖਿਆ ਦਿੱਤੀ ।
10ਤਾਂ ਯਹੋਵਾਹ ਦਾ ਭੈ ਯਹੂਦਾਹ ਦੇ ਆਲੇ-ਦੁਆਲੇ ਦੇ ਦੇਸਾਂ ਵਿੱਚ ਸਾਰੇ ਰਾਜਾਂ ਉੱਤੇ ਛਾ ਗਿਆ ਐਥੋਂ ਤੱਕ ਕਿ ਉਨ੍ਹਾਂ ਨੇ ਯਹੋਸ਼ਾਫ਼ਾਟ ਦੇ ਨਾਲ ਕਦੇ ਵੀ ਲੜਾਈ ਨਾ ਕੀਤੀ11ਅਤੇ ਕਈ ਫਲਿਸਤੀ ਯਹੋਸ਼ਾਫ਼ਾਟ ਦੇ ਕੋਲ ਨਜ਼ਰਾਨੇ ਅਤੇ ਭੇਟ ਵਿੱਚ ਚਾਂਦੀ ਲੈ ਆਏ ਅਤੇ ਅਰਬ ਦੇ ਲੋਕ ਵੀ ਉਸ ਦੇ ਕੋਲ ਉਸ ਦੇ ਕੋਲ ਇੱਜੜ ਲਿਆਏ ਅਰਥਾਤ ਸੱਤ ਹਜ਼ਾਰ ਸੱਤ ਸੌ ਮੇਢੇ ਅਤੇ ਸੱਤ ਹਜ਼ਾਰ ਸੱਤ ਸੌ ਬੱਕਰੇ
12ਅਤੇ ਯਹੋਸ਼ਾਫ਼ਾਟ ਨੇ ਬੜੀ ਉੱਨਤੀ ਕੀਤੀ ਅਤੇ ਉਸ ਯਹੂਦਾਹ ਵਿੱਚ ਗੜ ਅਤੇ ਭੰਡਾਰਾਂ ਵਾਲੇ ਸ਼ਹਿਰ ਬਣਾਏ13ਯਹੂਦਾਹ ਦੇ ਸ਼ਹਿਰਾਂ ਵਿੱਚ ਉਸ ਦੇ ਬਹੁਤ ਸਾਰੇ ਕੰਮ ਕਾਜ ਸਨ ਅਤੇ ਯਰੂਸ਼ਲਮ ਵਿੱਚ ਉਸ ਦੇ ਸੂਰਮੇ ਜੋਧੇ ਰਹਿੰਦੇ ਸਨ
14ਅਤੇ ਉਨ੍ਹਾਂ ਦੀ ਗਿਣਤੀ ਉਨ੍ਹਾਂ ਦੇ ਪਿਉ-ਦਾਦਿਆਂ ਦੇ ਘਰਾਣਿਆਂ ਅਨੁਸਾਰ ਇਹ ਸੀ, ਯਹੂਦਾਹ ਵਿੱਚੋਂ ਹਜ਼ਾਰਾਂ ਦੇ ਸਰਦਾਰ ਇਹ ਸਨ, ਸਰਦਾਰ ਅਦਨਾਹ ਅਤੇ ਉਹ ਦੇ ਨਾਲ ਤਿੰਨ ਲੱਖ ਵੱਡੇ ਸੂਰ ਬੀਰ ਸਨ15ਉਸ ਤੋਂ ਦੂਜੇ ਦਰਜੇ ਉੱਤੇ ਸਰਦਾਰ ਯਹੋਹਾਨਾਨ, ਉਸ ਦੇ ਨਾਲ ਦੋ ਲੱਖ ਅੱਸੀ ਹਜ਼ਾਰ16ਉਸ ਤੋਂ ਹੇਠਾਂ ਜ਼ਿਕਰੀ ਦਾ ਪੁੱਤਰ ਅਮਸਯਾਹ ਸੀ ਜਿਸ ਆਪਣੇ ਆਪ ਨੂੰ ਖੁਸ਼ੀ ਦੇ ਨਾਲ ਯਹੋਵਾਹ ਦੇ ਲਈ ਪੇਸ਼ ਕੀਤਾ ਸੀ ਅਤੇ ਉਹ ਦੇ ਨਾਲ ਦੋ ਲੱਖ ਵੱਡੇ ਸੂਰਮੇ ਸਨ17ਅਤੇ ਬਿਨਯਾਮੀਨ ਵਿੱਚੋਂ ਅਲਯਾਦਾ ਇੱਕ ਵੱਡਾ ਸੂਰਮਾ ਸੀ ਅਤੇ ਉਹ ਦੇ ਨਾਲ ਧਣੁਖ ਅਤੇ ਢਾਲ਼ ਨਾਲ ਦੋ ਲੱਖ ਜੁਆਨ ਸਨ18ਅਤੇ ਉਸ ਦੇ ਹੇਠਾਂ ਯਹੋਜ਼ਾਬਾਦ ਸੀ ਅਤੇ ਉਸ ਦੇ ਨਾਲ ਇੱਕ ਲੱਖ ਅੱਸੀ ਹਜ਼ਾਰ ਜੁਆਨ ਸਨ ਜੋ ਜੰਗ ਲਈ ਤਿਆਰ ਰਹਿੰਦੇ ਸਨ19ਇਹ ਪਾਤਸ਼ਾਹ ਦੇ ਸੇਵਾਦਾਰ ਸਨ ਅਤੇ ਇਹ ਉਨ੍ਹਾਂ ਤੋਂ ਵੱਖਰੇ ਸਨ ਜਿਨ੍ਹਾਂ ਨੂੰ ਪਾਤਸ਼ਾਹ ਨੇ ਸਾਰੇ ਯਹੂਦਾਹ ਦੇ ਗੜ ਵਾਲੇ ਸ਼ਹਿਰਾਂ ਵਿੱਚ ਰੱਖਿਆ ਹੋਇਆ ਸੀ ।

18
ਮੀਕਾਯਾਹ ਨਬੀ ਦੁਆਰਾ ਅਹਾਬ ਨੂੰ ਚੇਤਾਵਨੀ
(1 ਰਾਜਾ 22:1-28)

1ਯਹੋਸ਼ਾਫ਼ਾਟ ਦਾ ਧਨ ਅਤੇ ਇੱਜ਼ਤ ਬਹੁਤ ਸੀ ਅਤੇ ਉਸ ਨੇ ਅਹਾਬ ਦੇ ਨਾਲ ਰਿਸ਼ਤਾ ਜੋੜਿਆ2ਅਤੇ ਕੁਝ ਸਾਲਾਂ ਤੋਂ ਮਗਰੋਂ ਉਹ ਅਹਾਬ ਦੇ ਕੋਲ ਸਾਮਰਿਯਾ ਨੂੰ ਗਿਆ ਅਤੇ ਅਹਾਬ ਨੇ ਉਸ ਦੇ ਤੇ ਉਸ ਦੇ ਸਾਥੀਆਂ ਲਈ ਭੇਡਾਂ ਬੱਕਰੇ ਤੇ ਬਹੁਤ ਸਾਰੇ ਢਗੇ ਕੱਟੇ ਅਤੇ ਉਹ ਨੂੰ ਆਪਣੇ ਨਾਲ ਰਾਮੋਥ ਗਿਲਆਦ ਉੱਤੇ ਚੜ੍ਹਾਈ ਕਰਨ ਲਈ ਪ੍ਰੇਰਿਆ3ਤਾਂ ਇਸਰਾਏਲ ਦੇ ਪਾਤਸ਼ਾਹ ਅਹਾਬ ਨੇ ਯਹੂਦਾਹ ਦੇ ਪਾਤਸ਼ਾਹ ਯਹੋਸ਼ਾਫ਼ਾਟ ਨੂੰ ਆਖਿਆ, ਕੀ ਤੂੰ ਮੇਰੇ ਨਾਲ ਰਾਮੋਥ ਗਿਲਆਦ ਨੂੰ ਚੱਲੇਂਗਾ ? ਉਸ ਨੇ ਉਹ ਨੂੰ ਆਖਿਆ, ਜੇਹਾ ਤੂੰ ਤੇਹਾ ਮੈਂ, ਜੇਹੇ ਤੇਰੇ ਲੋਕ ਤੇਹੇ ਮੇਰੇ ਲੋਕ । ਅਸੀਂ ਲੜਾਈ ਵਿੱਚ ਤੇਰੇ ਨਾਲ ਹੋਵਾਂਗੇ

4ਉਪਰੰਤ ਯਹੋਸ਼ਾਫ਼ਾਟ ਨੇ ਇਸਰਾਏਲ ਦੇ ਪਾਤਸ਼ਾਹ ਨੂੰ ਆਖਿਆ, ਪਹਿਲਾਂ ਜ਼ਰਾ ਯਹੋਵਾਹ ਤੋਂ ਬਚਨ ਦੀ ਤਾਂ ਪੁੱਛ ਕਰੀਂ5ਤਾਂ ਇਸਰਾਏਲ ਦੇ ਪਾਤਸ਼ਾਹ ਨੇ ਨਬੀਆਂ ਨੂੰ ਜੋ ਲਗਭਗ ਚਾਰ ਸੌ ਮਨੁੱਖ ਸਨ ਇਕੱਠਾ ਕੀਤਾ ਅਤੇ ਉਨ੍ਹਾਂ ਨੂੰ ਆਖਿਆ, ਕੀ ਅਸੀਂ ਰਾਮੋਥ ਗਿਲਆਦ ਦੇ ਵਿਰੁੱਧ ਲੜਾਈ ਲਈ ਚੜ੍ਹਾਈ ਕਰੀਏ ਜਾਂ ਜਾਣ ਦੇਈਏ ? ਉਨ੍ਹਾਂ ਨੇ ਆਖਿਆ, ਚੜ੍ਹ ਜਾਓ ਕਿਉਂ ਜੋ ਪਰਮੇਸ਼ੁਰ ਉਹ ਨੂੰ ਪਾਤਸ਼ਾਹ ਦੇ ਹੱਥ ਵਿੱਚ ਦੇ ਦੇਵੇਗਾ
6ਤਾਂ ਯਹੋਸ਼ਾਫ਼ਾਟ ਨੇ ਆਖਿਆ, ਇਨ੍ਹਾਂ ਤੋਂ ਬਿਨ੍ਹਾਂ ਯਹੋਵਾਹ ਦਾ ਕੋਈ ਹੋਰ ਨਬੀ ਵੀ ਹੈ ਤਾਂ ਜੋ ਅਸੀਂ ਉਹ ਦੇ ਕੋਲੋਂ ਵੀ ਪੁੱਛੀਏ ?7ਤਾਂ ਇਸਰਾਏਲ ਦੇ ਪਾਤਸ਼ਾਹ ਨੇ ਯਹੋਸ਼ਾਫ਼ਾਟ ਨੂੰ ਆਖਿਆ, ਅਜੇ ਇੱਕ ਮਨੁੱਖ ਹੈ ਜਿਸ ਦੇ ਰਾਹੀਂ ਅਸੀਂ ਯਹੋਵਾਹ ਤੋਂ ਪੁੱਛੀਏ ਪਰ ਮੈਨੂੰ ਉਸ ਤੋਂ ਕਿੜ ਹੈ ਕਿਉਂ ਜੋ ਉਹ ਮੇਰੇ ਵਿਖੇ ਭਲਿਆਈ ਦਾ ਨਹੀਂ ਸਗੋਂ ਬੁਰਿਆਈ ਦਾ ਅਗੰਮ ਵਾਚਦਾ ਹੈ । ਉਹ ਯਿਮਲਾਹ ਦਾ ਪੁੱਤਰ ਮੀਕਾਯਾਹ ਹੈ । ਯਹੋਸ਼ਾਫ਼ਾਟ ਨੇ ਆਖਿਆ, ਪਾਤਸ਼ਾਹ ਐਉਂ ਨਾ ਆਖੇ8ਤਦ ਇਸਰਾਏਲ ਦੇ ਪਾਤਸ਼ਾਹ ਨੇ ਇੱਕ ਖੁਸਰੇ ਨੂੰ ਬੁਲਾ ਕੇ ਆਖਿਆ, ਯਿਮਲਾਹ ਦੇ ਪੁੱਤਰ ਮੀਕਾਯਾਹ ਨੂੰ ਛੇਤੀ ਲੈ ਆ
9ਇਸਰਾਏਲ ਦਾ ਪਾਤਸ਼ਾਹ ਅਤੇ ਯਹੂਦਾਹ ਦਾ ਪਾਤਸ਼ਾਹ ਯਹੋਸ਼ਾਫ਼ਾਟ ਆਪੋ ਆਪਣੀਆਂ ਰਾਜ ਗੱਦੀਆਂ ਉੱਤੇ ਪਾਤਸ਼ਾਹੀ ਬਸਤਰ ਪਹਿਨੇ ਹੋਏ ਇੱਕ ਪਿੜ ਵਿੱਚ ਜੋ ਸਾਮਰਿਯਾ ਦੇ ਫਾਟਕ ਅੱਗੇ ਸੀ ਬੈਠੇ ਹੋਏ ਸਨ ਅਤੇ ਸਾਰੇ ਨਬੀ ਉਨ੍ਹਾਂ ਦੇ ਅੱਗੇ ਅਗੰਮ ਵਾਚ ਰਹੇ ਸਨ10ਕਨਾਨਾਹ ਦੇ ਪੁੱਤਰ ਸਿਦਕੀਯਾਹ ਨੇ ਆਪਣੇ ਲਈ ਲੋਹੇ ਦੇ ਸਿੰਗ ਬਣਾਏ ਅਤੇ ਆਖਿਆ, ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਇਨ੍ਹਾਂ ਨਾਲ ਤੁਸੀਂ ਅਰਾਮੀਆਂ ਨੂੰ ਜਦ ਤੱਕ ਉਹ ਮੁੱਕ ਨਾ ਜਾਣ, ਧੱਸੀ ਜਾਓਗੇ !11ਅਤੇ ਸਾਰੇ ਨਬੀ ਐਉਂ ਅਗੰਮ ਵਾਚ ਰਹੇ ਸਨ ਕਿ ਰਾਮੋਥ ਗਿਲਆਦ ਉੱਤੇ ਚੜ੍ਹ ਜਾਓ ਅਤੇ ਫਤਹ ਪਾਓ ਕਿਉਂ ਜੋ ਯਹੋਵਾਹ ਉਹ ਨੂੰ ਪਾਤਸ਼ਾਹ ਦੇ ਹੱਥ ਵਿੱਚ ਕਰ ਦੇਵੇਗਾ ।
12ਉਹ ਹਲਕਾਰਾ ਜੋ ਮੀਕਾਯਾਹ ਨੂੰ ਸੱਦਣ ਗਿਆ ਸੀ ਉਹ ਨੂੰ ਬੋਲਿਆ, ਜ਼ਰਾ ਵੇਖੀਂ ਨਾ ਕਿ ਨਬੀ ਇੱਕ ਮੂੰਹ ਹੋ ਕੇ ਪਾਤਸ਼ਾਹ ਲਈ ਭਲਿਆਈ ਦੀਆਂ ਗੱਲਾਂ ਦੱਸਦੇ ਹਨ । ਤੇਰੀ ਗੱਲ ਵੀ ਉਨ੍ਹਾਂ ਦੀਆਂ ਗੱਲਾਂ ਵਰਗੀ ਹੋਵੇ ਅਤੇ ਤੂੰ ਭਲਿਆਈ ਬੋਲੀਂ ।13ਅੱਗੋਂ ਮੀਕਾਯਾਹ ਨੇ ਆਖਿਆ, ਜਿਉਂਦੇ ਯਹੋਵਾਹ ਦੀ ਸਹੁੰ ਜੋ ਕੁਝ ਮੇਰਾ ਪਰਮੇਸ਼ੁਰ ਫ਼ਰਮਾਏਗਾ ਮੈਂ ਉਹੋ ਹੀ ਬੋਲਾਂਗਾ14ਸੋ ਉਹ ਪਾਤਸ਼ਾਹ ਕੋਲ ਆਇਆ, ਤਾਂ ਪਾਤਸ਼ਾਹ ਨੇ ਉਸ ਨੂੰ ਆਖਿਆ, ਹੇ ਮੀਕਾਯਾਹ, ਭਲਾ, ਅਸੀਂ ਰਾਮੋਥ ਗਿਲਆਦ ਉੱਤੇ ਚੜ੍ਹਾਈ ਕਰਨ ਜਾਈਏ ਜਾਂ ਮੈਂ ਰੁਕਿਆ ਰਹਾਂ ? ਤਾਂ ਉਸ ਨੇ ਆਖਿਆ, ਚੜ੍ਹ ਜਾਓ ਅਤੇ ਜਿੱਤ ਪਾਓ ਅਤੇ ਉਹ ਤੁਹਾਡੇ ਹੱਥ ਵਿੱਚ ਦਿੱਤੇ ਜਾਣਗੇ
15ਤਾਂ ਪਾਤਸ਼ਾਹ ਨੇ ਉਹ ਨੂੰ ਆਖਿਆ, ਮੈਂ ਤੈਨੂੰ ਕਿੰਨੀ ਵਾਰ ਸਹੁੰ ਚੁਕਾਵਾਂ ਕਿ ਤੂੰ ਮੈਨੂੰ ਯਹੋਵਾਹ ਦੇ ਨਾਮ ਉੱਤੇ ਸਚਿਆਈ ਤੋਂ ਬਿਨ੍ਹਾਂ ਕੁਝ ਹੋਰ ਨਾ ਦੱਸੀਂ ?16ਤਦ ਉਸ ਆਖਿਆ, ਮੈਂ ਸਾਰੇ ਇਸਰਾਏਲ ਨੂੰ ਉਨ੍ਹਾਂ ਭੇਡਾਂ ਵਾਂਗੂੰ ਜਿਨ੍ਹਾਂ ਦਾ ਅਯਾਲੀ ਨਹੀਂ ਪਹਾੜਾਂ ਉੱਤੇ ਖਿੰਡ ਜਾਣਾ ਦੇਖਿਆ ਅਤੇ ਯਹੋਵਾਹ ਨੇ ਫ਼ਰਮਾਇਆ ਕਿ ਇਨ੍ਹਾਂ ਦਾ ਮਾਲਕ ਨਹੀਂ, ਉਨ੍ਹਾਂ ਦਾ ਹਰ ਮਨੁੱਖ ਆਪਣੇ ਘਰ ਨੂੰ ਸੁਲਾਹ ਵਿੱਚ ਜਾਵੇ
17ਉਪਰੰਤ ਇਸਰਾਏਲ ਦੇ ਪਾਤਸ਼ਾਹ ਨੇ ਯਹੋਸ਼ਾਫ਼ਾਟ ਨੂੰ ਆਖਿਆ, ਭਲਾ, ਮੈਂ ਤੈਨੂੰ ਨਹੀਂ ਆਖਿਆ ਸੀ ਕਿ ਉਹ ਮੇਰੀ ਭਲਿਆਈ ਨਹੀਂ ਸਗੋਂ ਬੁਰਿਆਈ ਵਾਚੇਗਾ ?18ਉਸ ਨੇ ਫੇਰ ਆਖਿਆ, ਇਸ ਲਈ ਤੁਸੀਂ ਯਹੋਵਾਹ ਦਾ ਬਚਨ ਸੁਣੋ ! ਮੈਂ ਯਹੋਵਾਹ ਨੂੰ ਆਪਣੇ ਸਿੰਘਾਸਣ ਉੱਤੇ ਬੈਠਿਆਂ ਦੇਖਿਆ ਅਤੇ ਸਵਰਗ ਦੀ ਸਾਰੀ ਸੈਨਾ ਉਹ ਦੇ ਸੱਜੇ ਅਤੇ ਖੱਬੇ ਖੜ੍ਹੀ ਸੀ
19ਤਾਂ ਯਹੋਵਾਹ ਨੇ ਆਖਿਆ, ਕੌਣ ਅਹਾਬ ਨੂੰ ਭਰਮਾਏਗਾ ਜੋ ਉਹ ਚੜ੍ਹ ਕੇ ਰਾਮੋਥ ਗਿਲਆਦ ਕੋਲ ਡਿੱਗ ਮਰੇ ? ਤਾਂ ਇੱਕ ਇਸ ਤਰ੍ਹਾਂ ਬੋਲਿਆ ਅਤੇ ਇੱਕ ਉਸ ਤਰ੍ਹਾਂ ਬੋਲਿਆ
20ਤਦ ਇੱਕ ਆਤਮਾ ਨਿੱਕਲ ਕੇ ਯਹੋਵਾਹ ਦੇ ਅੱਗੇ ਜਾ ਖੜ੍ਹਾ ਹੋਇਆ ਅਤੇ ਆਖਿਆ, ਮੈਂ ਉਸ ਨੂੰ ਭਰਮਾਵਾਂਗਾ । ਤਾਂ ਯਹੋਵਾਹ ਨੇ ਪੁੱਛਿਆ, ਕਿਸ ਤਰ੍ਹਾਂ ?21ਉਸ ਆਖਿਆ, ਮੈਂ ਜਾ ਕੇ ਇੱਕ ਝੂਠਾ ਆਤਮਾ ਉਸ ਦੇ ਸਾਰੇ ਨਬੀਆਂ ਦੇ ਮੂੰਹਾਂ ਵਿੱਚ ਬਣਾਂਗਾ । ਤਾਂ ਉਹ ਨੇ ਆਖਿਆ, ਤੂੰ ਉਸ ਨੂੰ ਭਰਮਾ ਲਏਂਗਾ ਅਤੇ ਜਿੱਤੇਂਗਾ । ਜਾ ਅਤੇ ਇਸ ਤਰ੍ਹਾਂ ਕਰ ।
22ਹੁਣ ਵੇਖੋ, ਯਹੋਵਾਹ ਨੇ ਤੁਹਾਡੇ ਇਨਾਂ ਨਬੀਆਂ ਦੇ ਮੂੰਹਾਂ ਵਿੱਚ ਇੱਕ ਝੂਠਾ ਆਤਮਾ ਪਾ ਦਿੱਤਾ ਹੈ ਪਰ ਯਹੋਵਾਹ ਤੁਹਾਡੇ ਲਈ ਬੁਰਿਆਈ ਬੋਲਿਆ ਹੈ !
23ਤਾਂ ਕਨਾਨਾਹ ਦੇ ਪੁੱਤਰ ਸਿਦਕੀਯਾਹ ਨੇ ਨੇੜੇ ਆਣ ਕੇ ਮੀਕਾਯਾਹ ਦੀ ਗੱਲ੍ਹ ਉੱਤੇ ਮਾਰਿਆ ਅਤੇ ਆਖਿਆ, ਯਹੋਵਾਹ ਦਾ ਆਤਮਾ ਕਿਸ ਰਾਹ ਥਾਣੀ ਮੇਰੇ ਕੋਲੋਂ ਦੀ ਲੰਘਿਆ ਜੋ ਤੈਨੂੰ ਬੋਲੇ ?24ਪਰ ਮੀਕਾਯਾਹ ਨੇ ਆਖਿਆ, ਵੇਖ, ਤੂੰ ਉਸ ਦਿਨ ਜਦ ਤੂੰ ਅੰਦਰਲੀ ਕੋਠੜੀ ਵਿੱਚ ਲੁੱਕਣ ਨੂੰ ਵੜੇਂਗਾ ਤਦ ਤੂੰ ਵੇਖੇਂਗਾ !
25ਤਦ ਇਸਰਾਏਲ ਦੇ ਪਾਤਸ਼ਾਹ ਨੇ ਆਖਿਆ, ਮੀਕਾਯਾਹ ਨੂੰ ਫੜ੍ਹ ਕੇ ਸ਼ਹਿਰ ਦੇ ਸਰਦਾਰ ਆਮੋਨ ਕੋਲ ਤੇ ਪਾਤਸ਼ਾਹ ਦੇ ਪੁੱਤਰ ਯੋਆਸ਼ ਕੋਲ ਮੋੜ ਲੈ ਜਾ26ਅਤੇ ਆਖ ਕਿ ਪਾਤਸ਼ਾਹ ਐਉਂ ਫਰਮਾਉਂਦਾ ਹੈ ਕਿ ਮੇਰੇ ਸੁੱਖ-ਸਾਂਦ ਨਾਲ ਆਉਣ ਤੋੜੀ ਇਸ ਨੂੰ ਕੈਦ ਵਿੱਚ ਰੱਖੋ ਅਤੇ ਉਹ ਨੂੰ ਤੰਗੀ ਦੀ ਰੋਟੀ ਅਤੇ ਤੰਗੀ ਦਾ ਪਾਣੀ ਦਿਓ !27ਪਰ ਮੀਕਾਯਾਹ ਨੇ ਆਖਿਆ, ਜੇਕਰ ਤੁਸੀਂ ਕਦੀ ਸੁੱਖ-ਸਾਂਦ ਨਾਲ ਮੁੜ ਆਓ ਤਾਂ ਯਹੋਵਾਹ ਮੇਰੇ ਰਾਹੀਂ ਨਹੀਂ ਬੋਲਿਆ, ਨਾਲੇ ਉਹ ਨੇ ਆਖਿਆ, ਹੇ ਲੋਕੋ, ਤੁਸੀਂ ਸਭ ਦੇ ਸਭ ਸੁਣ ਲਓ ! ।
ਅਹਾਬ ਦੀ ਮੌਤ
( 1 ਰਾਜਾ 22:29-35)

28ਤਾਂ ਇਸਰਾਏਲ ਦਾ ਪਾਤਸ਼ਾਹ ਅਤੇ ਯਹੂਦਾਹ ਦਾ ਪਾਤਸ਼ਾਹ ਯਹੋਸ਼ਾਫ਼ਾਟ ਰਾਮੋਥ ਗਿਲਆਦ ਨੂੰ ਚੜ੍ਹੇ29ਅਤੇ ਇਸਰਾਏਲ ਦੇ ਪਾਤਸ਼ਾਹ ਨੇ ਯਹੋਸ਼ਾਫ਼ਾਟ ਨੂੰ ਆਖਿਆ, ਮੈਂ ਆਪਣਾ ਭੇਸ ਵਟਾਕੇ ਲੜਾਈ ਵਿੱਚ ਜਾਂਵਾਂਗਾ ਪਰ ਤੂੰ ਆਪਣੇ ਬਸਤਰ ਪਾਈ ਰੱਖ । ਸੋ ਇਸਰਾਏਲ ਦਾ ਪਾਤਸ਼ਾਹ ਭੇਸ ਵਟਾਕੇ ਲੜਾਈ ਵਿੱਚ ਗਿਆ30ਪਰ ਅਰਾਮ ਦੇ ਰਾਜਾ ਨੇ ਰਥਾਂ ਦੇ ਸਰਦਾਰਾਂ ਨੂੰ ਜੋ ਉਹ ਦੇ ਨਾਲ ਸਨ ਹੁਕਮ ਦਿੱਤਾ ਕਿ ਇਸਰਾਏਲ ਦੇ ਪਾਤਸ਼ਾਹ ਤੋਂ ਛੁੱਟ ਹੋਰ ਕਿਸੇ ਛੋਟੇ ਵੱਡੇ ਨਾਲ ਨਾ ਲੜਿਓ
31ਜਦ ਰਥਾਂ ਦੇ ਸਰਦਾਰਾਂ ਨੇ ਯਹੋਸ਼ਾਫ਼ਾਟ ਨੂੰ ਦੇਖਿਆ ਤਾਂ ਉਨ੍ਹਾਂ ਨੇ ਆਖਿਆ, ਇਸਰਾਏਲ ਦਾ ਪਾਤਸ਼ਾਹ ਜ਼ਰੂਰ ਇਹੋ ਹੀ ਹੋਵੇਗਾ ਅਤੇ ਉਹ ਉਸ ਦੇ ਨਾਲ ਲੜਨ ਨੂੰ ਮੁੜੇ ਪਰ ਯਹੋਸ਼ਾਫ਼ਾਟ ਚਿੱਲਾਇਆ ਅਤੇ ਯਹੋਵਾਹ ਨੇ ਉਹ ਦੀ ਮਦਦ ਕੀਤੀ ਅਤੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਉਸ ਤੋਂ ਹਟਾਇਆ32ਤਾਂ ਐਉਂ ਹੋਇਆ ਕਿ ਜਦ ਰਥਾਂ ਦੇ ਸਰਦਾਰਾਂ ਨੇ ਵੇਖਿਆ ਕਿ ਇਹ ਇਸਰਾਏਲ ਦਾ ਪਾਤਸ਼ਾਹ ਨਹੀਂ ਹੈ ਤਾਂ ਉਹ ਉਸ ਦਾ ਪਿੱਛਾ ਕਰਨ ਤੋਂ ਹਟ ਗਏ
33ਅਤੇ ਕਿਸੇ ਮਨੁੱਖ ਨੇ ਅਟਕਲ ਪੱਚੂ ਆਪਣਾ ਧਣੁਖ ਖਿੱਚ ਕੇ ਇਸਰਾਏਲ ਦੇ ਪਾਤਸ਼ਾਹ ਨੂੰ ਸੰਜੋ ਦੇ ਜੋੜ ਵਿੱਚ ਤੀਰ ਮਾਰਿਆ ਤਾਂ ਉਸ ਆਪਣੇ ਸਾਰਥੀ ਨੂੰ ਆਖਿਆ, ਮੋੜ ਲੈ ਅਤੇ ਮੈਨੂੰ ਦਲ ਵਿੱਚੋਂ ਕੱਢ ਲੈ ਚੱਲ ਕਿਉਂ ਜੋ ਮੈਂ ਫੱਟੜ ਹੋ ਗਿਆ ਹਾਂ34ਅਤੇ ਲੜਾਈ ਉਸ ਦਿਨ ਵੱਧ ਗਈ ਪਰ ਤਾਂ ਵੀ ਇਸਰਾਏਲ ਦਾ ਪਾਤਸ਼ਾਹ ਅਰਾਮੀਆਂ ਦੇ ਸਾਹਮਣੇ ਰਥ ਉੱਤੇ ਥੰਮਿਆ ਰਿਹਾ ਅਤੇ ਸੂਰਜ ਦੇ ਡੁੱਬਣ ਦੇ ਸਮੇਂ ਉਹ ਮਰ ਗਿਆ ।

19
ਯਹੋਸ਼ਾਫ਼ਾਟ ਨੂੰ ਨਬੀ ਦੀ ਫਟਕਾਰ

1ਯਹੂਦਾਹ ਦਾ ਪਾਤਸ਼ਾਹ ਯਹੋਸ਼ਾਫ਼ਾਟ ਯਰੂਸ਼ਲਮ ਨੂੰ ਆਪਣੇ ਮਹਿਲ ਵਿੱਚ ਸਲਾਮਤੀ ਨਾਲ ਮੁੜਿਆ ।2ਤਦ ਹਨਾਨੀ ਗੈਬਦਾਨ ਦਾ ਪੁੱਤਰ ਯੇਹੂ ਉਸ ਦੇ ਮਿਲਣ ਲਈ ਨਿੱਕਲਿਆ ਅਤੇ ਯਹੋਸ਼ਾਫ਼ਾਟ ਪਾਤਸ਼ਾਹ ਨੂੰ ਆਖਿਆ, ਕੀ ਤੂੰ ਦੁਸ਼ਟਾਂ ਦੀ ਸਹਾਇਤਾ ਅਤੇ ਯਹੋਵਾਹ ਤੋਂ ਘਿਣ ਕਰਨ ਵਾਲਿਆਂ ਦੇ ਨਾਲ ਪਿਆਰ ਕਰੇ ? ਇਸ ਗੱਲ ਦੇ ਕਾਰਨ ਯਹੋਵਾਹ ਤੇਰੇ ਉੱਤੇ ਕਹਿਰਵਾਨ ਹੈ3ਤਾਂ ਵੀ ਤੇਰੇ ਵਿੱਚ ਗੁਣ ਹਨ ਕਿਉਂ ਜੋ ਤੂੰ ਟੁੰਡਾਂ ਨੂੰ ਦੇਸ ਵਿੱਚੋਂ ਦਫ਼ਾ ਕੀਤਾ ਅਤੇ ਪਰਮੇਸ਼ੁਰ ਦੀ ਖੋਜ ਵਿੱਚ ਆਪਣਾ ਦਿਲ ਲਾਇਆ ਹੈ ।

ਯਹੋਸ਼ਾਫ਼ਾਟ ਦੁਆਰਾ ਸੁਧਾਰ

4ਯਹੋਸ਼ਾਫ਼ਾਟ ਯਰੂਸ਼ਲਮ ਵਿੱਚ ਰਹਿੰਦਾ ਸੀ ਅਤੇ ਉਸ ਨੇ ਫੇਰ ਬਏਰਸਬਾ ਤੋਂ ਅਫਰਾਈਮ ਦੇ ਪਹਾੜਾਂ ਤੱਕ ਲੋਕਾਂ ਦੇ ਵਿਚਕਾਰ ਫਿਰ ਕੇ ਉਨ੍ਹਾਂ ਨੂੰ ਉਨ੍ਹਾਂ ਦੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਵੱਲ ਮੋੜਿਆ5ਅਤੇ ਉਸ ਨੇ ਯਹੂਦਾਹ ਦੇ ਸਾਰੇ ਗੜਾਂ ਵਾਲੇ ਸ਼ਹਿਰਾਂ ਵਿੱਚ ਨਿਆਈਂ ਸ਼ਹਿਰ ਸ਼ਹਿਰ ਮੁਕੱਰਰ ਕੀਤੇ
6ਅਤੇ ਨਿਆਈਆਂ ਨੂੰ ਆਖਿਆ ਕਿ ਜੋ ਕੁਝ ਕਰੋ ਸਮਝ ਨਾਲ ਕਰੋ ਕਿਉਂ ਜੋ ਤੁਸੀਂ ਆਦਮੀਆਂ ਵੱਲੋਂ ਨਹੀਂ ਸਗੋਂ ਯਹੋਵਾਹ ਵੱਲੋਂ ਨਿਆਂ ਕਰਦੇ ਹੋ ਅਤੇ ਉਹ ਨਿਆਂ ਦੀ ਗੱਲ ਵਿੱਚ ਤੁਹਾਡੇ ਨਾਲ ਹੈ7ਹੁਣ ਯਹੋਵਾਹ ਦਾ ਭੈ ਤੁਹਾਡੇ ਮਨ ਵਿੱਚ ਰਹੇ ਸੋ ਸੰਭਲ ਕੇ ਕੰਮ ਕਰਨਾ ਕਿਉਂ ਜੋ ਸਾਡੇ ਪਰਮੇਸ਼ੁਰ ਯਹੋਵਾਹ ਵਿੱਚ ਬੇ ਨਿਆਈਂ ਨਹੀਂ ਅਤੇ ਨਾ ਕਿਸੇ ਦੀ ਪੱਖਵਾਦੀ ਅਤੇ ਨਾ ਹੀ ਵੱਢੀ ਚੱਲਦੀ ਹੈ
8ਅਤੇ ਯਰੂਸ਼ਲਮ ਵਿੱਚ ਵੀ ਯਹੋਸ਼ਾਫ਼ਾਟ ਨੇ ਲੇਵੀਆਂ ਅਤੇ ਜਾਜਕਾਂ ਅਤੇ ਇਸਰਾਏਲ ਦੇ ਪੁਰਖਿਆਂ ਦੇ ਘਰਾਣਿਆਂ ਦੇ ਮੁਖੀਆਂ ਵਿੱਚੋਂ ਲੋਕਾਂ ਨੂੰ ਯਹੋਵਾਹ ਦੇ ਨਿਆਵਾਂ ਅਤੇ ਝਗੜਿਆਂ ਲਈ ਮੁਕੱਰਰ ਕੀਤਾ, ਤਾਂ ਉਹ ਯਰੂਸ਼ਲਮ ਨੂੰ ਮੁੜੇ9ਅਤੇ ਉਸ ਨੇ ਉਨ੍ਹਾਂ ਨੂੰ ਤਗੀਦ ਕੀਤੀ ਅਤੇ ਆਖਿਆ, ਕਿ ਤੁਸੀਂ ਯਹੋਵਾਹ ਦੇ ਭੈ ਦਿਆਨਤਦਾਰੀ ਅਤੇ ਪੂਰੇ ਦਿਲ ਨਾਲ ਅਜਿਹਾ ਕਰਨਾ ।
10ਜਦ ਕਦੀ ਤੁਹਾਡੇ ਭਰਾਵਾਂ ਵੱਲੋਂ ਜਿਹੜੇ ਉਨ੍ਹਾਂ ਦੇ ਸ਼ਹਿਰਾਂ ਵਿੱਚ ਰਹਿੰਦੇ ਹਨ ਕੋਈ ਝਗੜਾ ਤੁਹਾਡੇ ਸਾਹਮਣੇ ਆਵੇ ਜੋ ਆਪਸ ਦੇ ਖੂਨ ਜਾਂ ਬਿਵਸਥਾ ਅਤੇ ਹੁਕਮਨਾਮੇ ਜਾਂ ਬਿਧੀਆਂ ਜਾਂ ਨਿਆਵਾਂ ਨਾਲ ਵਾਸਤਾ ਰੱਖਦਾ ਹੋਵੇ ਤਾਂ ਤੁਸੀਂ ਉਨ੍ਹਾਂ ਨੂੰ ਸਮਝਾਉਣਾ ਕਿ ਉਹ ਯਹੋਵਾਹ ਦੇ ਵਿਰੁੱਧ ਪਾਪ ਨਾ ਕਰਨ ਜਿਸ ਨਾਲ ਤੁਹਾਡੇ ਉੱਤੇ ਅਤੇ ਤੁਹਾਡੇ ਭਰਾਵਾਂ ਉੱਤੇ ਕਹਿਰ ਉਤਰੇ । ਇਹ ਕਰੋ ਤਾਂ ਤੁਸੀਂ ਦੋਸ਼ੀ ਨਹੀਂ ਹੋਵੋਗੇ
11ਅਤੇ ਵੇਖੋ, ਯਹੋਵਾਹ ਦੇ ਸਾਰੇ ਕੰਮਾਂ ਵਿੱਚ ਅਮਰਯਾਹ ਪ੍ਰਧਾਨ ਜਾਜਕ ਤੁਹਾਡਾ ਮੁਖੀਆ ਹੈ ਅਤੇ ਪਾਤਸ਼ਾਹ ਦੇ ਸਾਰੇ ਕੰਮਾਂ ਵਿੱਚ ਇਸ਼ਮਾਏਲ ਦਾ ਪੁੱਤਰ ਜ਼ਬਦਯਾਹ ਹੈ ਜੋ ਯਹੂਦਾਹ ਦੇ ਘਰਾਣੇ ਦਾ ਹਾਕਮ ਹੈ ਅਤੇ ਲੇਵੀ ਵੀ ਤੁਹਾਡੇ ਅੱਗੇ ਹੁੱਦੇਦਾਰ ਹੋਣਗੇ । ਤਕੜੇ ਹੋ ਕੇ ਕੰਮ ਕਰੋ ਅਤੇ ਯਹੋਵਾਹ ਭਲੇ ਪੁਰਸ਼ਾਂ ਦੇ ਨਾਲ ਹੋਵੇ ।

20
ਅਦੋਮ ਦੇ ਨਾਲ ਯੁੱਧ

1ਇਸ ਤੋਂ ਬਾਅਦ ਇਹ ਹੋਇਆ ਕਿ ਮੋਆਬੀ ਅਤੇ ਅੰਮੋਨੀ ਅਤੇ ਉਨ੍ਹਾਂ ਨਾਲ ਕਈ ਹੋਰ ਅੰਮੋਨੀਆਂ ਤੋਂ ਛੁੱਟ ਯਹੋਸ਼ਾਫ਼ਾਟ ਦੇ ਨਾਲ ਲੜਨ ਲਈ ਆਏ2ਤਾਂ ਕਈਆਂ ਨੇ ਆ ਕੇ ਯਹੋਸ਼ਾਫ਼ਾਟ ਨੂੰ ਖ਼ਬਰ ਦਿੱਤੀ ਕਿ ਸਮੁੰਦਰ ਦੇ ਪਾਰ ਅਰਾਮ ਵੱਲੋਂ ਇੱਕ ਵੱਡਾ ਭਾਰੀ ਦਲ ਤੇਰੇ ਟਾਕਰੇ ਲਈ ਆ ਰਿਹਾ ਹੈ ਅਤੇ ਵੇਖ, ਉਹ ਹਸਸੋਨ ਤਾਮਾਰ ਵਿੱਚ ਹਨ ਜੋ ਏਨ ਗਦੀ ਹੈ

3ਤਾਂ ਯਹੋਸ਼ਾਫ਼ਾਟ ਨੇ ਭੈ ਖਾ ਕੇ ਯਹੋਵਾਹ ਅੱਗੇ ਬੇਨਤੀ ਕੀਤੀ ਤੇ ਵਰਤ ਲਈ ਸਾਰੇ ਯਹੂਦਾਹ ਵਿੱਚ ਡੌਂਡੀ ਪਿਟਵਾਈ4ਅਤੇ ਯਹੂਦਾਹ ਯਹੋਵਾਹ ਦੇ ਪਾਸੋਂ ਸਹਾਇਤਾ ਮੰਗਣ ਲਈ ਇਕੱਠੇ ਹੋਏ ਨਾਲੇ ਯਹੂਦਾਹ ਦੇ ਸਾਰੇ ਸ਼ਹਿਰਾਂ ਤੋਂ ਯਹੋਵਾਹ ਦੀ ਸਹਾਇਤਾ ਲਈ ਆਏ
5ਅਤੇ ਯਹੋਸ਼ਾਫ਼ਾਟ ਯਹੂਦਾਹ ਅਤੇ ਯਰੂਸ਼ਲਮ ਦੀ ਸਭਾ ਦੇ ਵਿੱਚ ਨਵੇਂ ਵੇਹੜੇ ਦੇ ਅੱਗੇ ਯਹੋਵਾਹ ਦੇ ਭਵਨ ਵਿੱਚ ਖੜ੍ਹਾ ਸੀ6ਉਸ ਆਖਿਆ, ਹੇ ਯਹੋਵਾਹ ਸਾਡੇ ਪਿਉ-ਦਾਦਿਆਂ ਦੇ ਪਰਮੇਸ਼ੁਰ, ਕੀ ਤੂੰ ਅਕਾਸ਼ ਦੇ ਉੱਤੇ ਪਰਮੇਸ਼ੁਰ ਨਹੀਂ ? ਅਤੇ ਕੀ ਤੂੰ ਹੀ ਸਾਰੀਆਂ ਕੌਮਾਂ ਦੇ ਰਾਜਾਂ ਉੱਤੇ ਰਾਜ ਨਹੀਂ ਕਰਦਾ ? ਤੇਰੇ ਹੱਥ ਵਿੱਚ ਐਨੀ ਸ਼ਕਤੀ ਹੈ ਕਿ ਕੋਈ ਤੇਰਾ ਟਾਕਰਾ ਕਰ ਨਹੀਂ ਸਕਦਾ7ਹੇ ਸਾਡੇ ਪਰਮੇਸ਼ੁਰ, ਕੀ ਤੂੰ ਹੀ ਇਸ ਧਰਤੀ ਦੇ ਵਸਨੀਕਾਂ ਨੂੰ ਆਪਣੀ ਪਰਜਾ ਇਸਰਾਏਲ ਦੇ ਅੱਗੋਂ ਕੱਢ ਕੇ ਆਪਣੇ ਮਿੱਤਰ ਅਬਰਾਹਾਮ ਦੀ ਅੰਸ ਨੂੰ ਸਦਾ ਲਈ ਨਹੀਂ ਦੇ ਦਿੱਤਾ ?
8ਸੋ ਉਹ ਇਸ ਵਿੱਚ ਵੱਸਦੇ ਹਨ ਅਤੇ ਉਨ੍ਹਾਂ ਨੇ ਤੇਰੇ ਨਾਮ ਲਈ ਇੱਕ ਪਵਿੱਤਰ ਸਥਾਨ ਐਉਂ ਆਖ ਕੇ ਬਣਾਇਆ ਹੈ9ਕਿ ਜਦ ਕੋਈ ਬਦੀ ਸਾਡੇ ਉੱਤੇ ਆ ਪਵੇ ਜਿਵੇਂ ਤਲਵਾਰ ਜਾਂ ਨਿਆਂ ਜਾਂ ਬਵਾ ਜਾਂ ਕਾਲ ਅਤੇ ਜੇ ਅਸੀਂ ਇਸ ਭਵਨ ਦੇ ਅੱਗੇ ਤੇਰੇ ਹਜ਼ੂਰ ਖੜੇ ਹੋਈਏ ਕਿਉਂ ਜੋ ਤੇਰਾ ਨਾਮ ਇਸ ਭਵਨ ਵਿੱਚ ਹੈ ਅਤੇ ਆਪਣੀ ਔਕੜ ਦੇ ਸਮੇਂ ਤੇਰੇ ਅੱਗੇ ਬੇਨਤੀ ਕਰੀਏ ਤਾਂ ਤੂੰ ਸੁਣ ਲਵੇਂ ਅਤੇ ਬਚਾ ਦੇਵੇਂ
10ਹੁਣ ਤੂੰ ਵੇਖ ਕਿ ਅੰਮੋਨੀ ਅਤੇ ਮੋਆਬੀ ਅਤੇ ਸੇਅੀਰ ਪਹਾੜ ਦੇ ਲੋਕ ਜਿਨ੍ਹਾਂ ਤੋਂ ਤੂੰ ਇਸਰਾਏਲ ਨੂੰ ਜਦ ਉਹ ਮਿਸਰ ਤੋਂ ਨਿੱਕਲ ਕੇ ਆ ਰਹੇ ਸਨ ਹੱਲਾ ਨਾ ਕਰਨ ਦਿੱਤਾ ਸਗੋਂ ਉਹ ਉਨ੍ਹਾਂ ਵੱਲੋਂ ਮੁੜ ਗਏ ਅਤੇ ਉਨ੍ਹਾਂ ਦਾ ਨਾਸ ਨਾ ਕੀਤਾ11ਵੇਖ, ਉਹ ਸਾਨੂੰ ਕਿਹੋ ਜਿਹਾ ਬਦਲਾ ਦਿੰਦੇ ਹਨ ਕਿ ਸਾਨੂੰ ਉਸ ਦੇਸ ਵਿੱਚੋਂ ਜਿਹੜਾ ਤੂੰ ਸਾਨੂੰ ਮਿਲਖ ਵਿੱਚ ਦਿੱਤਾ ਸੀ ਕੱਢਣ ਲਈ ਆ ਰਹੇ ਹਨ !
12ਹੇ ਸਾਡੇ ਪਰਮੇਸ਼ੁਰ, ਕੀ ਤੂੰ ਇਨ੍ਹਾਂ ਦਾ ਨਿਆਂ ਨਹੀਂ ਕਰੇਂਗਾ ? ਕਿਉਂ ਜੋ ਉਸ ਵੱਡੇ ਦਲ ਦੇ ਅੱਗੇ ਜੋ ਸਾਡੇ ਵਿਰੁੱਧ ਆ ਰਿਹਾ ਹੈ ਸਾਡੀ ਕੁਝ ਤਾਕਤ ਨਹੀਂ ਅਤੇ ਨਾ ਅਸੀਂ ਇਹ ਜਾਣਦੇ ਹਾਂ ਕਿ ਕੀ ਕਰੀਏ ਪਰ ਸਾਡੀਆਂ ਅੱਖਾਂ ਤੇਰੇ ਵੱਲ ਲੱਗ ਰਹੀਆਂ ਹਨ13ਤਾਂ ਸਾਰੇ ਯਹੂਦੀ ਯਹੋਵਾਹ ਦੇ ਅੱਗੇ ਬੱਚਿਆਂ, ਔਰਤਾਂ ਅਤੇ ਪੁੱਤਰਾਂ ਦੇ ਸਮੇਤ ਖੜ੍ਹੇ ਰਹੇ ।
14ਤਦ ਸਭਾ ਵਿੱਚੋਂ ਯਹਜ਼ੀਏਲ ਲੇਵੀ ਉੱਤੇ ਜੋ ਆਸਫ ਦੀ ਵੰਸ ਵਿੱਚੋਂ ਸੀ ਅਤੇ ਜ਼ਕਰਯਾਹ ਦਾ ਪੁੱਤਰ ਤੇ ਬਨਾਯਾਹ ਦਾ ਪੋਤਾ ਤੇ ਯੀਏਲ ਦਾ ਪੜੋਤਾ ਤੇ ਮਤਨਯਾਹ ਦਾ ਪੜਪੋਤਾ ਸੀ ਯਹੋਵਾਹ ਦਾ ਆਤਮਾ ਉਤਰਿਆ15ਅਤੇ ਉਸ ਆਖਿਆ, ਹੇ ਯਹੂਦਾਹ ਤੇ ਯਰੂਸ਼ਲਮ ਦੇ ਵਸਨੀਕੋ ਅਤੇ ਹੇ ਪਾਤਸ਼ਾਹ ਯਹੋਸ਼ਾਫ਼ਾਟ, ਤੁਸੀਂ ਸਾਰੇ ਸੁਣੋ ! ਯਹੋਵਾਹ ਤੁਹਾਨੂੰ ਐਉਂ ਆਖਦਾ ਹੈ ਕਿ ਤੁਸੀਂ ਇਸ ਵੱਡੇ ਦਲ ਦੇ ਕਾਰਨ ਨਾ ਡਰੋ, ਨਾ ਘਾਬਰੋ ! ਕਿਉਂ ਜੋ ਇਹ ਲੜਾਈ ਤੁਹਾਡੀ ਨਹੀਂ ਸਗੋਂ ਪਰਮੇਸ਼ੁਰ ਦੀ ਹੈ
16ਤੁਸੀਂ ਕੱਲ ਉਨ੍ਹਾਂ ਦਾ ਟਾਕਰਾ ਕਰਨ ਲਈ ਹੇਠਾਂ ਜਾਣਾ । ਵੇਖੋ, ਉਹ ਸੀਸ ਦੀ ਚੜ੍ਹਾਈ ਵੱਲੋਂ ਆ ਰਹੇ ਹਨ ਅਤੇ ਤੁਸੀਂ ਉਨ੍ਹਾਂ ਨੂੰ ਯਰੂਏਲ ਦੀ ਉਜਾੜ ਦੇ ਸਾਹਮਣੇ ਵਾਦੀ ਦੇ ਸਿਰੇ ਉੱਤੇ ਪਾਓਗੇ17ਤੁਹਾਨੂੰ ਇਸ ਥਾਂ ਲੜਨਾ ਨਹੀਂ ਪਵੇਂਗਾ, ਹੇ ਯਹੂਦਾਹ ਅਤੇ ਯਰੂਸ਼ਲਮ, ਤੁਸੀਂ ਪਾਲ ਬੰਨ ਕੇ ਚੁੱਪ-ਚਾਪ ਖੜ੍ਹੇ ਰਹਿਣਾ ਅਤੇ ਯਹੋਵਾਹ ਦਾ ਬਚਾਓ ਜਿਹੜਾ ਤੁਹਾਡੇ ਲਈ ਹੈ ਵੇਖਣਾ ! ਨਾ ਡਰੋ, ਨਾ ਘਾਬਰੋ । ਕੱਲ ਉਨ੍ਹਾਂ ਦੇ ਟਾਕਰੇ ਲਈ ਚੱਲਣਾ ਕਿਉਂ ਜੋ ਯਹੋਵਾਹ ਤੁਹਾਡੇ ਅੰਗ-ਸੰਗ ਹੈ
18ਤਾਂ ਯਹੋਸ਼ਾਫ਼ਾਟ ਸਿਰ ਨਿਵਾ ਕੇ ਧਰਤੀ ਉੱਤੇ ਝੁਕਿਆ ਅਤੇ ਸਾਰੇ ਯਹੂਦਾਹ ਅਤੇ ਯਰੂਸ਼ਲਮ ਦੇ ਵਸਨੀਕਾਂ ਨੇ ਯਹੋਵਾਹ ਦੇ ਅੱਗੇ ਡਿੱਗ ਕੇ ਉਹ ਨੂੰ ਮੱਥਾ ਟੇਕਿਆ19ਅਤੇ ਕਹਾਥੀਆਂ ਤੇ ਕੋਰਾਹੀਆਂ ਦੇ ਲੇਵੀ ਖੜੇ ਹੋ ਕੇ ਵੱਡੀ ਉੱਚੀ ਅਵਾਜ਼ ਨਾਲ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੀ ਉਸਤੱਤ ਕਰਨ ਲੱਗੇ
20ਅਤੇ ਉਹ ਸਵੇਰੇ ਹੀ ਉੱਠ ਕੇ ਤਕੋਅ ਦੀ ਉਜਾੜ ਵਿੱਚ ਚੱਲੇ ਗਏ ਅਤੇ ਉਨ੍ਹਾਂ ਦੇ ਜਾਣ ਲੱਗਿਆ ਯਹੋਸ਼ਾਫ਼ਾਟ ਨੇ ਖੜ੍ਹੇ ਹੋ ਕੇ ਆਖਿਆ, ਹੇ ਯਹੂਦਾਹ ਤੇ ਯਰੂਸ਼ਲਮ ਦੇ ਵਸਨੀਕੋ ਸੁਣੋ ! ਆਪਣੇ ਪਰਮੇਸ਼ੁਰ ਯਹੋਵਾਹ ਦੇ ਉੱਤੇ ਭਰੋਸਾ ਰੱਖੋ ਤਾਂ ਤੁਸੀਂ ਕਾਇਮ ਰਹੋਗੇ । ਉਸ ਦੇ ਨਬੀਆਂ ਉੱਤੇ ਵਿਸ਼ਵਾਸ ਕਰੋ ਤਾਂ ਤੁਸੀਂ ਸਫ਼ਲ ਹੋਵੋਗੇ21ਜਦ ਉਸ ਨੇ ਆਪਣੀ ਪਰਜਾ ਨਾਲ ਸਲਾਹ ਕਰ ਲਈ ਤਾਂ ਉਨ੍ਹਾਂ ਯਹੋਵਾਹ ਲਈ ਗਵੱਯਾਂ ਨੂੰ ਮੁਕੱਰਰ ਕੀਤਾ ਜਿਹੜੇ ਸੈਨਾ ਦੇ ਅੱਗੇ-ਅੱਗੇ ਚੱਲ ਕੇ ਪਵਿੱਤਰ ਬਸਤਰਾਂ ਵਿੱਚ ਉਸਤੱਤ ਕਰਨ ਅਤੇ ਆਖਣ, ਯਹੋਵਾਹ ਦਾ ਧੰਨਵਾਦ ਕਰੋ, ਉਹ ਦੀ ਦਯਾ ਜੋ ਸਦਾ ਦੀ ਹੈ
22ਜਦ ਉਹ ਗਾਉਣ ਅਤੇ ਉਸਤੱਤ ਕਰਨ ਲੱਗੇ ਤਾਂ ਯਹੋਵਾਹ ਨੇ ਅੰਮੋਨੀਆਂ ਅਤੇ ਮੋਆਬੀਆਂ ਅਤੇ ਸਈਰ ਪਰਬਤ ਦੇ ਵਸਨੀਕਾਂ ਉੱਤੇ ਜਿਹੜੇ ਯਹੂਦਾਹ ਉੱਤੇ ਚੜ੍ਹੇ ਆਉਂਦੇ ਸਨ ਛਹਿ ਵਾਲਿਆਂ ਨੂੰ ਬਿਠਾ ਦਿੱਤਾ ਸੋ ਉਹ ਮਾਰੇ ਗਏ ।23ਕਿਉਂ ਜੋ ਅੰਮੋਨੀ ਅਤੇ ਮੋਆਬੀ ਸਈਰ ਦੇ ਵਸਨੀਕਾਂ ਦੇ ਵਿਰੋਧ ਵਿੱਚ ਖੜ੍ਹੇ ਹੋ ਗਏ, ਤਾਂ ਜੋ ਉਨ੍ਹਾਂ ਨੂੰ ਕਤਲ ਕਰ ਕੇ ਮੇਟ ਦੇਣ ਅਤੇ ਜਦ ਉਹ ਸਈਰ ਦੇ ਵਸਨੀਕਾਂ ਨੂੰ ਮੁਕਾ ਚੁੱਕੇ ਤਾਂ ਉਹ ਆਪਸ ਵਿੱਚ ਇੱਕ ਦੂਜੇ ਨੂੰ ਵੱਢਣ ਲੱਗ ਪਏ
24ਅਤੇ ਜਦ ਯਹੂਦਾਹ ਨੇ ਉਜਾੜ ਦੇ ਬੁਰਜ ਉੱਤੇ ਪੁੱਜ ਕੇ ਉਸ ਵੱਡੇ ਦਲ ਨੂੰ ਦੇਖਿਆ ਤਾਂ ਵੇਖੋ, ਉਨ੍ਹਾਂ ਦੀਆਂ ਲੋਥਾਂ ਧਰਤੀ ਉੱਤੇ ਪਈਆਂ ਸਨ ਅਤੇ ਕੋਈ ਨਾ ਬਚਿਆ !
25ਜਦ ਯਹੋਸ਼ਾਫ਼ਾਟ ਅਤੇ ਉਸ ਦੇ ਲੋਕ ਉਨ੍ਹਾਂ ਦਾ ਮਾਲ ਲੁੱਟਣ ਲਈ ਆਏ ਤਾਂ ਉਨ੍ਹਾਂ ਨੂੰ ਲੋਥਾਂ ਉੱਤੋਂ ਏਨਾ ਮਾਲ ਧਨ ਅਤੇ ਬਹੁਮੁੱਲੀਆਂ ਵਸਤਾਂ ਮਿਲੀਆਂ ਕਿ ਉਨ੍ਹਾਂ ਤੋਂ ਚੁੱਕ ਕੇ ਲਿਜਾਈਆਂ ਨਾ ਜਾ ਸਕੀਆਂ ਅਤੇ ਲੁੱਟ ਦਾ ਮਾਲ ਏਨਾ ਸੀ ਕਿ ਉਹ ਤਿੰਨ ਦਿਨ ਉਸ ਨੂੰ ਲੁੱਟਦੇ ਰਹੇ26ਅਤੇ ਚੌਥੇ ਦਿਨ ਉਹ ਬਰਾਕਾਹ ਦੀ ਵਾਦੀ ਵਿੱਚ ਇਕੱਠੇ ਹੋਏ ਕਿਉਂ ਜੋ ਉਨ੍ਹਾਂ ਨੇ ਉਸ ਥਾਂ ਯਹੋਵਾਹ ਨੂੰ ਮੁਬਾਰਕ ਆਖਿਆ, ਇਸ ਲਈ ਉਸ ਸਥਾਨ ਦਾ ਨਾਮ ਅੱਜ ਤੱਕ ਬਰਾਕਾਹ ਦੀ ਵਾਦੀ ਹੈ
27ਤਦ ਉਹ ਮੁੜੇ, ਯਹੂਦਾਹ ਅਤੇ ਯਰੂਸ਼ਲਮ ਦਾ ਹਰ ਇੱਕ ਪੁਰਸ਼ ਅਤੇ ਸਾਰਿਆਂ ਦੇ ਅੱਗੇ ਯਹੋਸ਼ਾਫ਼ਾਟ ਸੀ ਤਾਂ ਜੋ ਉਹ ਖੁਸ਼ੀ-ਖੁਸ਼ੀ ਯਰੂਸ਼ਲਮ ਨੂੰ ਮੁੜ ਜਾਣ ਕਿਉਂ ਜੋ ਯਹੋਵਾਹ ਨੇ ਉਨ੍ਹਾਂ ਨੂੰ ਵੈਰੀਆਂ ਉੱਤੇ ਖੁਸ਼ੀ ਬਖ਼ਸ਼ੀ ਸੀ28ਸੋ ਉਹ ਸਿਤਾਰਾਂ, ਬਰਬਤਾਂ ਅਤੇ ਤੁਰ੍ਹੀਆਂ ਲੈ ਕੇ ਯਰੂਸ਼ਲਮ ਵਿੱਚ ਯਹੋਵਾਹ ਦੇ ਭਵਨ ਵਿੱਚ ਆਏ
29ਤਾਂ ਪਰਮੇਸ਼ੁਰ ਦਾ ਭੈ ਉਨ੍ਹਾਂ ਦੇਸਾਂ ਦਿਆਂ ਸਾਰਿਆਂ ਰਾਜਾਂ ਉੱਤੇ ਪੈ ਗਿਆ ਜਦ ਉਨ੍ਹਾਂ ਨੇ ਸੁਣਿਆ ਕਿ ਇਸਰਾਏਲ ਦੇ ਵੈਰੀਆਂ ਨਾਲ ਯਹੋਵਾਹ ਨੇ ਲੜਾਈ ਕੀਤੀ ਹੈ30ਸੋ ਯਹੋਸ਼ਾਫ਼ਾਟ ਦੇ ਰਾਜ ਵਿੱਚ ਅਮਨ ਚੈਨ ਰਿਹਾ ਅਤੇ ਉਸ ਦੇ ਪਰਮੇਸ਼ੁਰ ਨੇ ਉਹ ਨੂੰ ਆਲੇ ਦੁਆਲਿਓਂ ਅਰਾਮ ਬਖ਼ਸ਼ਿਆਂ ।
ਯਹੋਸ਼ਾਫ਼ਾਟ ਦੇ ਰਾਜ ਦਾ ਅੰਤ ਅਤੇ ਉਸ ਦੀ ਮੌਤ
(1 ਰਾਜਾ 22:41-50)

31ਯਹੋਸ਼ਾਫ਼ਾਟ ਯਹੂਦਾਹ ਉੱਤੇ ਰਾਜ ਕਰਦਾ ਰਿਹਾ । ਜਦ ਉਹ ਰਾਜ ਕਰਨ ਲੱਗਾ ਤਾਂ ਪੈਂਤੀਆਂ ਸਾਲਾਂ ਦਾ ਸੀ ਅਤੇ ਉਸ ਯਰੂਸ਼ਲਮ ਵਿੱਚ ਪੰਝੀ ਸਾਲ ਰਾਜ ਕੀਤਾ ਅਤੇ ਉਹ ਦੀ ਮਾਤਾ ਦਾ ਨਾਮ ਅਜ਼ੂਬਾਹ ਸੀ ਜੋ ਸ਼ਿਲਰੀ ਦੀ ਧੀ ਸੀ32ਉਹ ਆਪਣੇ ਪਿਤਾ ਆਸਾ ਦੇ ਰਾਹ ਵਿੱਚ ਚੱਲਦਾ ਰਿਹਾ ਅਤੇ ਉਸ ਤੋਂ ਨਾ ਮੁੜਿਆ ਪਰ ਉਹੋ ਕਰਦਾ ਰਿਹਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ33ਤਾਂ ਵੀ ਉੱਚੇ ਸਥਾਨ ਹਟਾਏ ਨਾ ਗਏ ਕਿਉਂ ਜੋ ਅਜੇ ਲੋਕਾਂ ਨੇ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਨਾਲ ਦਿਲ ਨਹੀਂ ਲਾਇਆ ਸੀ
34ਅਤੇ ਯਹੋਸ਼ਾਫ਼ਾਟ ਦੇ ਬਾਕੀ ਕੰਮ ਆਦ ਤੋਂ ਅੰਤ ਤੱਕ ਹਨਾਨੀ ਦੇ ਪੁੱਤਰ ਯੇਹੂ ਦੇ ਇਤਿਹਾਸ ਵਿੱਚ ਲਿਖੇ ਹਨ ਜੋ ਇਸਰਾਏਲ ਦੇ ਪਾਤਸ਼ਾਹਾਂ ਦੀ ਪੋਥੀ ਵਿੱਚ ਦਰਜ ਹਨ
35ਇਸ ਦੇ ਮਗਰੋਂ ਯਹੂਦਾਹ ਦੇ ਪਾਤਸ਼ਾਹ ਯਹੋਸ਼ਾਫ਼ਾਟ ਨੇ ਇਸਰਾਏਲ ਦੇ ਪਾਤਸ਼ਾਹ ਅਹਜ਼ਯਾਹ ਨਾਲ ਮੇਲ ਕੀਤਾ ਜੋ ਬਹੁਤ ਬੁਰਿਆਈ ਕਰਦਾ ਸੀ36ਅਤੇ ਇਸ ਲਈ ਉਸ ਨਾਲ ਮੇਲ ਕੀਤਾ ਕਿ ਤਰਸ਼ੀਸ਼ ਨੂੰ ਜਾਣ ਲਈ ਜਹਾਜ਼ ਬਣਾਵੇ ਅਤੇ ਉਨ੍ਹਾਂ ਨੇ ਅਸਯੋਨ-ਗਬਰ ਵਿੱਚ ਜਹਾਜ਼ ਬਣਾਏ37ਤਦ ਦੋਦਾਵਾਹ ਦੇ ਪੁੱਤਰ ਅਲੀਅਜ਼ਰ ਨੇ ਜੋ ਮਾਰੇਸ਼ਾਹ ਦਾ ਸੀ ਯਹੋਸ਼ਾਫ਼ਾਟ ਦੇ ਵਿਰੁੱਧ ਅਗੰਮ ਵਾਚਿਆ ਕਿ ਇਸ ਲਈ ਕਿ ਤੂੰ ਅਹਜ਼ਯਾਹ ਦੇ ਨਾਲ ਮੇਲ ਕੀਤਾ ਯਹੋਵਾਹ ਨੇ ਤੇਰੇ ਬਣਾਏ ਨੂੰ ਤੋੜ ਦਿੱਤਾ ਹੈ ਸੋ ਉਹ ਜਹਾਜ਼ ਅਜਿਹੇ ਟੁੱਟੇ ਕਿ ਤਰਸ਼ੀਸ਼ ਨੂੰ ਨਾ ਜਾ ਸਕੇ ।

21

1ਯਹੋਸ਼ਾਫ਼ਾਟ ਆਪਣੇ ਪਿਉ-ਦਾਦਿਆਂ ਦੇ ਨਾਲ ਸੌ ਗਿਆ ਅਤੇ ਦਾਊਦ ਦੇ ਸ਼ਹਿਰ ਵਿੱਚ ਆਪਣੇ ਪਿਉ-ਦਾਦਿਆਂ ਨਾਲ ਦੱਬਿਆ ਗਿਆ ਤੇ ਉਸ ਦਾ ਪੁੱਤਰ ਯਹੋਰਾਮ ਉਸ ਦੇ ਥਾਂ ਰਾਜ ਕਰਨ ਲੱਗਾ ।

ਯਹੂਦਾਹ ਵਿੱਚ ਯਹੋਰਾਮ ਦਾ ਰਾਜ
(2 ਰਾਜਾ 8:17-24)

2ਅਤੇ ਉਸ ਦੇ ਭਰਾ ਜੋ ਯਹੋਸ਼ਾਫ਼ਾਟ ਦੇ ਪੁੱਤਰ ਸਨ ਉਹ ਇਹ ਸਨ, ਅਜ਼ਰਯਾਹ, ਯਹੀਏਲ, ਜ਼ਕਰਯਾਹ, ਅਜ਼ਰਯਾਹ, ਮੀਕਾਏਲ ਅਤੇ ਸਫਟਯਾਹ, ਇਹ ਸਾਰੇ ਇਸਰਾਏਲ ਦੇ ਪਾਤਸ਼ਾਹ ਯਹੋਸ਼ਾਫ਼ਾਟ ਦੇ ਪੁੱਤਰ ਸਨ3ਅਤੇ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਚਾਂਦੀ ਸੋਨਾ ਅਤੇ ਬਹੁ ਮੁੱਲੀਆਂ ਚੀਜ਼ਾਂ ਦੇ ਵੱਡੇ ਇਨਾਮ ਅਤੇ ਯਹੂਦਾਹ ਵਿੱਚ ਗੜਾਂ ਵਾਲੇ ਸ਼ਹਿਰ ਸਣੇ ਦਿੱਤੇ ਪਰ ਰਾਜ ਯਹੋਰਾਮ ਨੂੰ ਦਿੱਤਾ ਕਿਉਂ ਜੋ ਉਹ ਜੇਠਾ ਪੁੱਤਰ ਸੀ
4ਜਦ ਯਹੋਰਾਮ ਆਪਣੇ ਪਿਤਾ ਦੇ ਰਾਜ ਉੱਤੇ ਪੱਕਾ ਹੋ ਗਿਆ ਅਤੇ ਆਪਣੇ ਆਪ ਨੂੰ ਤਕੜਾ ਕਰ ਲਿਆ ਤਾਂ ਉਹ ਨੇ ਆਪਣੇ ਸਾਰੇ ਭਰਾਵਾਂ ਨੂੰ ਅਤੇ ਇਸਰਾਏਲ ਦੇ ਸਰਦਾਰਾਂ ਵਿੱਚੋਂ ਕਈਆਂ ਨੂੰ ਤਲਵਾਰ ਨਾਲ ਵੱਢ ਸੁੱਟਿਆ5ਯਹੋਰਾਮ ਜਦੋਂ ਰਾਜ ਕਰਨ ਲੱਗਾ ਤਾਂ ਬੱਤੀਆਂ ਸਾਲਾਂ ਦਾ ਸੀ ਅਤੇ ਉਹ ਨੇ ਅੱਠ ਸਾਲ ਯਰੂਸ਼ਲਮ ਵਿੱਚ ਰਾਜ ਕੀਤਾ
6ਅਤੇ ਉਹ ਅਹਾਬ ਦੇ ਘਰਾਣੇ ਵਾਂਗ ਇਸਰਾਏਲ ਦੇ ਪਾਤਸ਼ਾਹਾਂ ਦੇ ਰਾਹ ਉੱਤੇ ਤੁਰਿਆ ਕਿਉਂ ਜੋ ਅਹਾਬ ਦੀ ਧੀ ਉਹ ਦੀ ਰਾਣੀ ਸੀ ਅਤੇ ਉਹ ਨੇ ਉਹ ਹੀ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਬੁਰਾ ਸੀ7ਫੇਰ ਵੀ ਯਹੋਵਾਹ ਨੇ ਦਾਊਦ ਦੇ ਘਰਾਣੇ ਨੂੰ ਮੇਟਣਾ ਨਾ ਚਾਹਿਆ ਉਸ ਨੇਮ ਦੇ ਕਾਰਨ ਜੋ ਉਸ ਦਾਊਦ ਨਾਲ ਬੰਨਿਆ ਸੀ ਅਤੇ ਕਿਉਂਕਿ ਉਸ ਨੇ ਉਹ ਨੂੰ ਅਤੇ ਉਹ ਦੀ ਵੰਸ ਨੂੰ ਸਦਾ ਲਈ ਇੱਕ ਚਰਾਗ ਦੇਣ ਦਾ ਵਾਇਦਾ ਕੀਤਾ ਸੀ
8ਉਹ ਦੇ ਦਿਨਾਂ ਵਿੱਚ ਅਦੋਮੀ ਯਹੂਦਾਹ ਦੇ ਰਾਜ ਤੋਂ ਆਕੀ ਹੋ ਗਏ ਅਤੇ ਆਪਣੇ ਉੱਤੇ ਇੱਕ ਹੋਰ ਰਾਜਾ ਬਣਾ ਲਿਆ9ਤਾਂ ਯਹੋਰਾਮ ਆਪਣੇ ਸਰਦਾਰਾਂ ਅਤੇ ਸਾਰੇ ਰਥਾਂ ਨੂੰ ਨਾਲ ਲੈ ਕੇ ਬਾਹਰ ਨਿੱਕਲਿਆ ਅਤੇ ਰਾਤ ਨੂੰ ਉੱਠ ਕੇ ਅਦੋਮੀਆਂ ਨੂੰ ਜਿਨ੍ਹਾਂ ਨੇ ਉਹ ਨੂੰ ਅਤੇ ਉਹ ਦੇ ਰਥਾਂ ਦੇ ਸਰਦਾਰਾਂ ਨੂੰ ਘੇਰ ਲਿਆ ਸੀ ਮਾਰਿਆ10ਸੋ ਅਦੋਮ ਅੱਜ ਤੱਕ ਯਹੂਦਾਹ ਤੋਂ ਆਕੀ ਹੈ ਅਤੇ ਉਸੇ ਸਮੇਂ ਲਿਬਨਾਹ ਵੀ ਉਨ੍ਹਾਂ ਦੇ ਹੱਥੋਂ ਨਿੱਕਲ ਗਿਆ ਕਿਉਂ ਜੋ ਉਹ ਨੇ ਯਹੋਵਾਹ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਨੂੰ ਛੱਡ ਦਿੱਤਾ ਸੀ ।
11ਇਸ ਤੋਂ ਬਿਨ੍ਹਾਂ ਉਹ ਨੇ ਯਹੂਦਾਹ ਦੇ ਪਰਬਤਾਂ ਉੱਤੇ ਉੱਚੇ ਸਥਾਨ ਬਣਾਏ ਅਤੇ ਯਰੂਸ਼ਲਮ ਦੇ ਵਾਸੀਆਂ ਨੂੰ ਵਿਭਚਾਰੀ ਬਣਾਇਆ ਅਤੇ ਯਹੂਦਾਹ ਨੂੰ ਭੁਲੇਖੇ ਵਿੱਚ ਪਾ ਦਿੱਤਾ
12ਤਾਂ ਏਲੀਯਾਹ ਨਬੀ ਵੱਲੋਂ ਉਹ ਨੂੰ ਇੱਕ ਪੱਤ੍ਰ ਆਇਆ ਕਿ ਯਹੋਵਾਹ ਤੇਰੇ ਪਿਉ-ਦਾਦਿਆਂ ਦਾ ਪਰਮੇਸ਼ੁਰ ਐਉਂ ਫ਼ਰਮਾਉਂਦਾ ਹੈ, ਇਸ ਲਈ ਜੋ ਤੂੰ ਨਾ ਤਾਂ ਆਪਣੇ ਪਿਤਾ ਯਹੋਸ਼ਾਫ਼ਾਟ ਦੇ ਰਾਹ ਉੱਤੇ ਅਤੇ ਨਾ ਯਹੂਦਾਹ ਦੇ ਪਾਤਸ਼ਾਹ ਆਸਾ ਦੇ ਰਾਹ ਉੱਤੇ ਤੁਰਿਆ ਹੈਂ13ਸਗੋਂ ਇਸਰਾਏਲ ਦੇ ਪਾਤਸ਼ਾਹਾਂ ਦੇ ਰਾਹ ਉੱਤੇ ਤੁਰਿਆ ਅਤੇ ਯਹੂਦਾਹ ਅਤੇ ਯਰੂਸ਼ਲਮ ਦੇ ਵਾਸੀਆਂ ਨੂੰ ਵਿਭਚਾਰੀ ਬਣਾਇਆ ਜਿਦਾਂ ਅਹਾਬ ਦੇ ਘਰਾਣੇ ਨੇ ਕੀਤਾ ਸੀ ਅਤੇ ਆਪਣੇ ਪਿਤਾ ਦੀ ਅੰਸ ਵਿੱਚੋਂ ਆਪਣੇ ਭਰਾਵਾਂ ਨੂੰ ਜਿਹੜੇ ਤੇਰੇ ਨਾਲੋਂ ਚੰਗੇ ਸਨ ਕਤਲ ਵੀ ਕੀਤਾ14ਸੋ ਵੇਖ, ਯਹੋਵਾਹ ਤੇਰੇ ਲੋਕਾਂ ਨੂੰ ਅਤੇ ਤੇਰੇ ਪੁੱਤਰਾਂ ਤੇ ਤੇਰੀਆਂ ਰਾਣੀਆਂ ਨੂੰ ਅਤੇ ਤੇਰੀ ਸਾਰੀ ਮਿਲਖ ਨੂੰ ਵੱਡੀ ਬਵਾ ਨਾਲ ਮਾਰੇਗਾ15ਅਤੇ ਤੂੰ ਆਂਦਰਾਂ ਦੀ ਬਿਮਾਰੀ ਨਾਲ ਸਖ਼ਤ ਬਿਮਾਰ ਹੋ ਜਾਵੇਂਗਾ ਏਥੋਂ ਤੱਕ ਕਿ ਤੇਰੀਆਂ ਆਂਦਰਾਂ ਉਸ ਬਿਮਾਰੀ ਦੇ ਕਾਰਨ ਨਿਤ ਪਰਤੀ ਨਿੱਕਲਦੀਆਂ ਜਾਣਗੀਆਂ !
16ਅਤੇ ਯਹੋਵਾਹ ਨੇ ਯਹੋਰਾਮ ਦੇ ਵਿਰੁੱਧ ਫ਼ਲਿਸਤੀਆਂ ਅਤੇ ਉਨ੍ਹਾਂ ਅਰਬੀਆਂ ਦੇ ਜੋ ਕੂਸ਼ੀਆਂ ਦੀ ਵੱਲ ਰਹਿੰਦੇ ਸਨ ਰੂਹ ਨੂੰ ਪਰੇਰਿਆ ਹੈ17ਸੋ ਉਹ ਯਹੂਦਾਹ ਦੇ ਉੱਤੇ ਚੜ੍ਹ ਕੇ ਉਸ ਵਿੱਚ ਆ ਵੜੇ ਅਤੇ ਸਾਰੇ ਮਾਲ ਨੂੰ ਜੋ ਪਾਤਸ਼ਾਹ ਦੇ ਮਹਿਲ ਵਿੱਚ ਮਿਲਿਆ ਅਤੇ ਉਸ ਦੇ ਪੁੱਤਰਾਂ ਅਤੇ ਉਸ ਦੀਆਂ ਰਾਣੀਆਂ ਨੂੰ ਵੀ ਲੈ ਗਿਆ, ਇਥੋਂ ਤੱਕ ਕਿ ਯਹੋਆਹਾਜ਼ ਦੇ ਬਿਨ੍ਹਾਂ ਜੋ ਉਸ ਦਾ ਸਾਰਿਆਂ ਤੋਂ ਛੋਟਾ ਪੁੱਤਰ ਸੀ ਕੋਈ ਪੁੱਤਰ ਬਾਕੀ ਨਾ ਰਿਹਾ
18ਅਤੇ ਇਸ ਸਾਰੇ ਦੇ ਮਗਰੋਂ ਯਹੋਵਾਹ ਨੇ ਆਂਦਰਾਂ ਦੀ ਇੱਕ ਅਜਿਹੀ ਬਿਮਾਰੀ ਉਸ ਉੱਤੇ ਆਉਣ ਦਿੱਤੀ ਜਿਸ ਦਾ ਕੋਈ ਦਾਰੂ ਨਹੀਂ ਸੀ19ਅਤੇ ਕੁਝ ਸਮੇਂ ਦੇ ਮਗਰੋਂ ਦੋ ਸਾਲਾਂ ਦੇ ਅੰਤ ਵਿੱਚ ਐਉਂ ਹੋਇਆ ਕਿ ਉਸ ਦੇ ਦੁੱਖ ਦੇ ਕਾਰਨ ਉਸ ਦੀਆਂ ਆਂਦਰਾਂ ਨਿੱਕਲ ਪਈਆਂ ਅਤੇ ਉਹ ਭੈੜੀਆਂ ਬਿਮਾਰੀਆਂ ਨਾਲ ਮੋਇਆ ਅਤੇ ਉਸ ਦੇ ਲੋਕਾਂ ਨੇ ਉਸ ਦੇ ਲਈ ਅੱਗ ਨਾ ਬਾਲੀ ਜਿਦਾਂ ਉਸ ਦੇ ਪਿਉ-ਦਾਦਿਆਂ ਲਈ ਬਾਲਦੇ ਸਨ20ਉਹ ਬੱਤੀਆਂ ਸਾਲਾਂ ਦਾ ਸੀ ਜਦ ਉਹ ਰਾਜ ਕਰਨ ਲੱਗਾ ਅਤੇ ਉਸ ਨੇ ਅੱਠ ਸਾਲ ਯਰੂਸ਼ਲਮ ਵਿੱਚ ਰਾਜ ਕੀਤਾ ਅਤੇ ਉਹ ਬਿਨ੍ਹਾਂ ਮਾਤਮ ਕੂਚ ਕਰ ਗਿਆ ਅਤੇ ਉਨ੍ਹਾਂ ਨੇ ਉਸ ਨੂੰ ਦਾਊਦ ਦੇ ਸ਼ਹਿਰ ਵਿੱਚ ਦੱਬਿਆ ਪਰ ਸ਼ਾਹੀ ਕਬਰਾਂ ਵਿੱਚ ਨਾ ਦੱਬਿਆ ।

22
ਯਹੂਦਾਹ ਵਿੱਚ ਅਹਜ਼ਯਾਹ ਦਾ ਰਾਜ
(2 ਰਾਜਾ 8:25-29, 9:21-28)

1ਯਰੂਸ਼ਲਮ ਦੇ ਵਾਸੀਆਂ ਨੇ ਉਸ ਦੇ ਸਭ ਤੋਂ ਛੋਟੇ ਪੁੱਤਰ ਅਹਜ਼ਯਾਹ ਨੂੰ ਉਸ ਦੇ ਥਾਂ ਪਾਤਸ਼ਾਹ ਬਣਾਇਆ ਕਿਉਂ ਜੋ ਲੋਕਾਂ ਦੇ ਉਸ ਜੱਥੇ ਨੇ ਜੋ ਅਰਬੀਆਂ ਦੇ ਨਾਲ ਛਾਉਣੀ ਵਿੱਚ ਆਇਆ ਸੀ ਸਾਰੇ ਵੱਡੇ ਪੁੱਤਰਾਂ ਨੂੰ ਕਤਲ ਕਰ ਦਿੱਤਾ ਸੀ ਸੋ ਯਹੂਦਾਹ ਦੇ ਪਾਤਸ਼ਾਹ ਯਹੋਰਾਮ ਦਾ ਪੁੱਤਰ ਅਹਜ਼ਯਾਹ ਰਾਜ ਕਰਨ ਲੱਗਾ2ਅਹਜ਼ਆਹ ਬਿਆਲੀਆਂ ਸਾਲਾਂ ਦਾ ਸੀ ਜਦ ਉਹ ਰਾਜ ਕਰਨ ਲੱਗਾ ਅਤੇ ਉਹ ਨੇ ਯਰੂਸ਼ਲਮ ਵਿੱਚ ਇੱਕ ਵਰਹਾ ਰਾਜ ਕੀਤਾ । ਉਹ ਦੀ ਮਾਤਾ ਦਾ ਨਾਮ ਅਥਲਯਾਹ ਸੀ ਜੋ ਆਮਰੀ ਦੀ ਧੀ ਸੀ3ਉਹ ਵੀ ਅਹਾਬ ਦੇ ਘਰਾਣੇ ਦੇ ਰਾਹਾਂ ਉੱਤੇ ਤੁਰਿਆ ਕਿਉਂ ਜੋ ਉਹ ਦੀ ਮਾਤਾ ਉਹ ਨੂੰ ਬੁਰਿਆਈ ਦੀ ਸਲਾਹ ਦਿੰਦੀ ਸੀ

4ਅਤੇ ਉਹ ਨੇ ਯਹੋਵਾਹ ਦੀ ਨਿਗਾਹ ਵਿੱਚ ਬਦੀ ਕੀਤੀ ਜਿਦਾਂ ਅਹਾਬ ਦੇ ਘਰਾਣੇ ਨੇ ਕੀਤੀ ਸੀ ਕਿਉਂ ਜੋ ਉਹ ਦੇ ਪਿਤਾ ਦੇ ਮਰਨ ਦੇ ਮਗਰੋਂ ਉਹ ਦੇ ਉਹੀ ਸਲਾਹਕਾਰ ਸਨ ਜਿਸ ਤੋਂ ਉਹ ਦੀ ਤਬਾਹੀ ਹੋਈ5ਅਤੇ ਉਹ ਉਨ੍ਹਾਂ ਦੀ ਸਲਾਹ ਉੱਤੇ ਚੱਲਿਆ ਅਤੇ ਇਸਰਾਏਲ ਦੇ ਪਾਤਸ਼ਾਹ ਅਹਾਬ ਦੇ ਪੁੱਤਰ ਯਹੋਰਾਮ ਸਣੇ ਅਰਾਮ ਦੇ ਪਾਤਸ਼ਾਹ ਹਜ਼ਾਏਲ ਨਾਲ ਰਾਮੋਥ ਗਿਲਆਦ ਵਿੱਚ ਲੜਨ ਲਈ ਗਿਆ ਅਤੇ ਅਰਾਮੀਆਂ ਨੇ ਯੋਰਾਮ ਨੂੰ ਫੱਟੜ ਕੀਤਾ
6ਅਤੇ ਉਹ ਉਨ੍ਹਾਂ ਫੱਟਾਂ ਦਾ ਇਲਾਜ ਕਰਾਉਣ ਲਈ ਯਿਜ਼ਰਾਏਲ ਵੱਲ ਮੁੜਿਆ ਜਿਹੜੇ ਉਹ ਨੂੰ ਰਾਮਾਹ ਵਿੱਚ ਅਰਾਮ ਦੇ ਪਾਤਸ਼ਾਹ ਹਜ਼ਾਏਲ ਨਾਲ ਲੜਨ ਦੇ ਸਮੇਂ ਉਨ੍ਹਾਂ ਲੋਕਾਂ ਦੇ ਹੱਥੋਂ ਲੱਗੇ ਸਨ ਅਤੇ ਯਹੂਦਾਹ ਦੇ ਪਾਤਸ਼ਾਹ ਯਹੋਰਾਮ ਦਾ ਪੁੱਤਰ ਅਜ਼ਰਯਾਹ ਅਹਾਬ ਦੇ ਪੁੱਤਰ ਯਹੋਰਾਮ ਨੂੰ ਯਿਜ਼ਰਏਲ ਵਿੱਚ ਤੱਕਣ ਲਈ ਗਿਆ ਕਿਉਂ ਜੋ ਉਹ ਬਿਮਾਰ ਸੀ ।
7ਅਹਜ਼ਯਾਹ ਦਾ ਨਾਸ ਪਰਮੇਸ਼ੁਰ ਵੱਲੋਂ ਇਸ ਤਰ੍ਹਾਂ ਹੋਇਆ ਕਿ ਉਹ ਯੋਰਾਮ ਦੇ ਕੋਲ ਗਿਆ, ਕਿਉਂ ਜੋ ਜਦ ਉਹ ਪਹੁੰਚਿਆ ਤਾਂ ਨਿਮਸ਼ੀ ਦੇ ਪੁੱਤਰ ਯੇਹੂ ਦੇ ਨਾਲ ਲੜਨ ਲਈ, ਯਹੋਰਾਮ ਦੇ ਨਾਲ ਗਿਆ, ਜਿਸ ਨੂੰ ਯਹੋਵਾਹ ਨੇ ਅਹਾਬ ਦੇ ਘਰਾਣੇ ਨੂੰ ਮਿਟਾਉਣ ਲਈ ਠਹਿਰਾਇਆ ਸੀ ।8ਜਦ ਯੇਹੂ ਅਹਾਬ ਦੇ ਘਰਾਣੇ ਦਾ ਨਿਆਂ ਕਰ ਰਿਹਾ ਸੀ ਤਾਂ ਉਸ ਨੇ ਯਹੂਦਾਹ ਦੇ ਸਰਦਾਰਾਂ ਅਤੇ ਅਹਜ਼ਯਾਹ ਦੇ ਭਰਾਵਾਂ ਦੇ ਪੁੱਤਰਾਂ ਨੂੰ ਅਹਜ਼ਯਾਹ ਦੀ ਸੇਵਾ ਕਰਦਿਆਂ ਵੇਖਿਆ ਤਾਂ ਉਨ੍ਹਾਂ ਨੂੰ ਕਤਲ ਕਰ ਸੁੱਟਿਆ
9ਅਤੇ ਉਹ ਨੇ ਅਹਜ਼ਯਾਹ ਨੂੰ ਲੱਭਿਆ ਜਿਹੜਾ ਸਾਮਰਿਯਾ ਵਿੱਚ ਲੁੱਕਿਆ ਹੋਇਆ ਸੀ ਸੋ ਉਹ ਉਸ ਨੂੰ ਫੜ੍ਹ ਕੇ ਯੇਹੂ ਕੋਲ ਲਿਆਏ ਅਤੇ ਉਸ ਨੂੰ ਕਤਲ ਕੀਤਾ ਅਤੇ ਉਨ੍ਹਾਂ ਨੇ ਉਸ ਨੂੰ ਦੱਬਿਆ ਕਿਉਂ ਜੋ ਉਹ ਆਖਣ ਲੱਗੇ ਕਿ ਇਹ ਯਹੋਸ਼ਾਫ਼ਾਟ ਦਾ ਪੁੱਤਰ ਹੈ ਜੋ ਆਪਣੇ ਸਾਰੇ ਦਿਲ ਨਾਲ ਯਹੋਵਾਹ ਦਾ ਚਾਹਵੰਦ ਰਿਹਾ ਸੋ ਅਹਜ਼ਯਾਹ ਦੇ ਘਰਾਣੇ ਵਿੱਚ ਰਾਜ ਨੂੰ ਸੰਭਾਲਣ ਦੀ ਸ਼ਕਤੀ ਨਾ ਰਹੀ ।
ਯਹੂਦਾਹ ਵਿੱਚ ਰਾਣੀ ਅਥਲਯਾਹ ਦਾ ਰਾਜ
(2 ਰਾਜਾ 11:1-3)

10ਜਦ ਅਹਜ਼ਯਾਹ ਦੀ ਮਾਤਾ ਅਥਲਯਾਹ ਨੇ ਵੇਖਿਆ ਕਿ ਉਹ ਦਾ ਪੁੱਤਰ ਮਰ ਗਿਆ ਤਾਂ ਉਸ ਨੇ ਉੱਠ ਕੇ ਯਹੂਦਾਹ ਦੇ ਘਰਾਣੇ ਦੀ ਸਾਰੇ ਰਾਜ-ਵੰਸ਼ ਦਾ ਨਾਸ ਕਰ ਦਿੱਤਾ11ਪਰ ਪਾਤਸ਼ਾਹ ਦੀ ਧੀ ਯਹੋਸ਼ਬਥ ਅਹਜ਼ਯਾਹ ਦੇ ਪੁੱਤਰ ਯੋਆਸ਼ ਨੂੰ ਪਾਤਸ਼ਾਹ ਦੇ ਪੁੱਤਰਾਂ ਵਿੱਚੋਂ ਜੋ ਮਾਰੇ ਜਾ ਰਹੇ ਸਨ ਚੋਰੀ ਲੈ ਗਈ ਅਤੇ ਉਹ ਨੂੰ ਅਤੇ ਉਹ ਦੀ ਦਾਈ ਨੂੰ ਸੌਂਣ ਵਾਲੀ ਕੋਠੜੀ ਵਿੱਚ ਰੱਖਿਆ ਸੋ ਯਹੋਰਾਮ ਪਾਤਸ਼ਾਹ ਦੀ ਧੀ ਯਹੋਯਾਦਾ ਜਾਜਕ ਦੀ ਇਸਤਰੀ ਯਹੋਸ਼ਬਥ ਨੇ ਜੋ ਅਹਜ਼ਯਾਹ ਦੀ ਭੈਣ ਸੀ ਉਸ ਨੂੰ ਅਥਲਯਾਹ ਤੋਂ ਅਜਿਹਾ ਲੁਕਾਇਆ ਕਿ ਉਹ ਉਸ ਨੂੰ ਕਤਲ ਨਾ ਕਰ ਸਕੀ12ਅਤੇ ਉਹ ਉਨ੍ਹਾਂ ਦੇ ਕੋਲ ਪਰਮੇਸ਼ੁਰ ਦੇ ਭਵਨ ਵਿੱਚ ਛੇ ਸਾਲ ਲੁੱਕਿਆ ਰਿਹਾ ਅਤੇ ਅਥਲਯਾਹ ਦੇਸ ਉੱਤੇ ਰਾਜ ਕਰਦੀ ਸੀ ।

23
ਅਥਲਯਾਹ ਦੇ ਵਿਰੋਧ ਵਿੱਚ ਵਿਦਰੋਹ
(2 ਰਾਜਾ 11:4-16)

1ਸੱਤਵੇਂ ਸਾਲ ਯਹੋਯਾਦਾ ਨੇ ਆਪਣੇ ਆਪ ਨੂੰ ਤਕੜਾ ਕੀਤਾ ਅਤੇ ਸੈਂਕੜਿਆਂ ਦੇ ਸਰਦਾਰਾਂ ਨੂੰ ਅਰਥਾਤ ਯਹੋਰਾਮ ਦੇ ਪੁੱਤਰ ਅਜ਼ਰਯਾਹ ਤੇ ਯਹੋਹਾਨਾਨ ਦੇ ਪੁੱਤਰ ਇਸ਼ਮਾਏਲ ਤੇ ਓਬੇਦ ਦੇ ਪੁੱਤਰ ਅਜ਼ਰਯਾਹ ਤੇ ਅਦਾਯਾਹ ਦੇ ਪੁੱਤਰ ਮਅਸੇਯਾਹ ਤੇ ਜ਼ਿਕਰੀ ਦੇ ਪੁੱਤਰ ਅਲੀਸ਼ਾਫਾਟ ਨੂੰ ਆਪਣੇ ਨਾਲ ਇੱਕ ਨੇਮ ਵਿੱਚ ਮਿਲਾਇਆ2ਉਹ ਯਹੂਦਾਹ ਵਿੱਚ ਘੁੰਮੇ ਅਤੇ ਯਹੂਦਾਹ ਦੇ ਸਾਰਿਆਂ ਸ਼ਹਿਰਾਂ ਵਿੱਚੋਂ ਲੇਵੀਆਂ ਨੂੰ ਤੇ ਇਸਰਾਏਲ ਦੇ ਘਰਾਣਿਆਂ ਦੇ ਮੁਖੀਆਂ ਨੂੰ ਇਕੱਠਾ ਕੀਤਾ ਅਤੇ ਉਹ ਯਰੂਸ਼ਲਮ ਵਿੱਚ ਆਏ3ਅਤੇ ਸਾਰੀ ਸਭਾ ਨੇ ਪਰਮੇਸ਼ੁਰ ਦੇ ਭਵਨ ਵਿੱਚ ਪਾਤਸ਼ਾਹ ਨਾਲ ਨੇਮ ਬੰਨਿਆ ਅਤੇ ਉਸ ਨੇ ਉਨ੍ਹਾਂ ਨੂੰ ਆਖਿਆ, ਵੇਖੋ, ਇਹ ਰਾਜਕੁਮਾਰ ਜਿਵੇਂ ਯਹੋਵਾਹ ਨੇ ਦਾਊਦ ਦੀ ਵੰਸ ਦੇ ਵਿਖੇ ਆਖਿਆ ਹੈ ਰਾਜ ਕਰੇਗਾ

4ਤੁਸੀਂ ਇਹ ਕੰਮ ਕਰਨਾ । ਜਾਜਕਾਂ ਤੇ ਲੇਵੀਆਂ ਵਿੱਚੋਂ ਇੱਕ ਤਿਹਾਈ ਸਬਤ ਨੂੰ ਆ ਕੇ ਫਾਟਕਾਂ ਦੇ ਦਰਬਾਨ ਹੋਣ5ਅਤੇ ਇੱਕ ਤਿਹਾਈ ਸ਼ਾਹੀ ਮਹਿਲ ਉੱਤੇ ਹੋਵੇ ਤੇ ਇੱਕ ਤਿਹਾਈ ਬੁਨਿਆਦ ਦੇ ਫਾਟਕ ਉੱਤੇ ਅਤੇ ਸਾਰੇ ਲੋਕ ਯਹੋਵਾਹ ਦੇ ਭਵਨ ਦੇ ਵੇਹੜਿਆਂ ਵਿੱਚ ਹੋਣ
6ਪਰ ਯਹੋਵਾਹ ਦੇ ਭਵਨ ਵਿੱਚ ਬਿਨ੍ਹਾਂ ਜਾਜਕਾਂ ਦੇ ਅਤੇ ਉਨ੍ਹਾਂ ਦੇ ਜੋ ਲੇਵੀਆਂ ਵਿੱਚੋਂ ਸੇਵਾ ਕਰਦੇ ਹਨ ਹੋਰ ਕੋਈ ਨਾ ਆਵੇ ਕਿਉਂ ਜੋ ਉਹ ਪਵਿੱਤਰ ਹਨ ਪਰ ਸਾਰੇ ਲੋਕ ਯਹੋਵਾਹ ਲਈ ਜ਼ੁਮੇਵਾਰੀ ਨਾਲ ਰਾਖੀ ਕਰਨ7ਅਤੇ ਲੇਵੀ ਆਪਣੇ ਹਥਿਆਰ ਹੱਥ ਵਿੱਚ ਲੈ ਕੇ ਪਾਤਸ਼ਾਹ ਨੂੰ ਚੁਫ਼ੇਰਿਓਂ ਘੇਰੀ ਰੱਖਣ ਅਤੇ ਜੋ ਕੋਈ ਭਵਨ ਦੇ ਅੰਦਰ ਆਵੇ ਉਹ ਮਾਰਿਆ ਜਾਵੇ ਸੋ ਤੁਸੀਂ ਪਾਤਸ਼ਾਹ ਦੇ ਅੰਦਰ-ਬਾਹਰ ਆਉਂਦਿਆਂ ਜਾਂਦਿਆਂ ਉਹ ਦੇ ਨਾਲ-ਨਾਲ ਰਹਿਓ
8ਸੋ ਲੇਵੀਆਂ ਤੇ ਸਾਰੇ ਯਹੂਦੀਆਂ ਨੇ ਸਭ ਕੁਝ ਓਵੇਂ ਕੀਤਾ ਜਿਵੇਂ ਯਹੋਯਾਦਾ ਜਾਜਕ ਨੇ ਹੁਕਮ ਦਿੱਤਾ ਸੀ । ਉਨ੍ਹਾਂ ਨੇ ਆਪਣੇ-ਆਪਣੇ ਆਦਮੀਆਂ ਨੂੰ ਜਿਹੜੇ ਸਬਤ ਨੂੰ ਅੰਦਰ ਆਉਣ ਵਾਲੇ ਸਨ ਉਨ੍ਹਾਂ ਦੇ ਨਾਲ ਜਿਹੜੇ ਸਬਤ ਨੂੰ ਬਾਹਰ ਜਾਣ ਵਾਲੇ ਸਨ ਲਿਆ ਕਿਉਂ ਜੋ ਯਹੋਯਾਦਾ ਜਾਜਕ ਨੇ ਵਾਰੀ ਵਾਲਿਆਂ ਨੂੰ ਵਿਦਿਆ ਨਹੀਂ ਕੀਤਾ ਸੀ9ਅਤੇ ਯਹੋਯਾਦਾ ਜਾਜਕ ਨੇ ਦਾਊਦ ਪਾਤਸ਼ਾਹ ਦੀਆਂ ਬਰਛੀਆਂ ਤੇ ਫਰੀਆਂ ਤੇ ਢਾਲਾਂ ਜੋ ਪਰਮੇਸ਼ੁਰ ਦੇ ਭਵਨ ਵਿੱਚ ਸਨ ਸੈਂਕੜਿਆਂ ਦੇ ਸਰਦਾਰਾਂ ਨੂੰ ਦਿੱਤੀਆਂ,
10ਤਾਂ ਉਸ ਨੇ ਸਾਰੇ ਲੋਕਾਂ ਨੂੰ ਜੋ ਆਪਣਾ ਆਪਣਾ ਸ਼ਸਤਰ ਹੱਥ ਵਿੱਚ ਫੜੇ ਸਨ ਭਵਨ ਦੇ ਸੱਜੇ ਖੂੰਜਿਓ ਲੈ ਕੇ ਭਵਨ ਦੇ ਖੱਬੇ ਖੂੰਜੇ ਤੱਕ ਜਗਵੇਦੀ ਤੇ ਭਵਨ ਦੇ ਲਾਂਭੇ-ਲਾਂਭੇ ਪਾਤਸ਼ਾਹ ਦੇ ਦੁਆਲੇ ਖੜ੍ਹਾ ਕਰ ਦਿੱਤਾ11ਤਦ ਉਨ੍ਹਾਂ ਨੇ ਪਾਤਸ਼ਾਹ ਦੇ ਪੁੱਤਰ ਨੂੰ ਬਾਹਰ ਲਿਆ ਕੇ ਉਹ ਦੇ ਉੱਤੇ ਮੁਕਟ ਰੱਖਿਆ ਅਤੇ ਸਾਖੀ ਨਾਮਾ ਵੀ ਦਿੱਤਾ ਸੋ ਉਨ੍ਹਾਂ ਨੇ ਉਹ ਨੂੰ ਪਾਤਸ਼ਾਹ ਬਣਾਇਆ ਅਤੇ ਯਹੋਯਾਦਾ ਅਤੇ ਉਹ ਦੇ ਪੁੱਤਰਾਂ ਨੇ ਉਹ ਨੂੰ ਮਸਹ ਕੀਤਾ ਅਤੇ ਉਨ੍ਹਾਂ ਨੇ ਆਖਿਆ, ਪਾਤਸ਼ਾਹ ਜਿਉਂਦਾ ਰਹੇ !
12ਜਦ ਅਥਲਯਾਹ ਨੇ ਲੋਕਾਂ ਦਾ ਰੌਲ਼ਾ ਸੁਣਿਆ ਜੋ ਦੌੜ-ਦੌੜ ਕੇ ਪਾਤਸ਼ਾਹ ਦੀ ਉਪਮਾ ਕਰ ਰਹੇ ਸਨ ਤਾਂ ਉਹ ਯਹੋਵਾਹ ਦੇ ਭਵਨ ਵਿੱਚ ਲੋਕਾਂ ਦੇ ਕੋਲ ਆਈ ।13ਜਦ ਨਿਗਾਹ ਕੀਤੀ ਤਾਂ ਵੇਖੋ, ਪਾਤਸ਼ਾਹ ਆਪਣੇ ਥੰਮ੍ਹ ਦੇ ਕੋਲ ਫਾਟਕ ਵੱਲ ਖੜ੍ਹਾ ਸੀ ਅਤੇ ਸਰਦਾਰ ਤੇ ਤੁਰ੍ਹੀ ਵਜਾਉਣ ਵਾਲੇ ਪਾਤਸ਼ਾਹ ਦੇ ਕੋਲ ਸਨ ਅਤੇ ਦੇਸ ਦੇ ਸਾਰੇ ਲੋਕ ਖੁਸ਼ੀਆਂ ਮਨਾਉਂਦੇ ਅਤੇ ਤੁਰ੍ਹੀਆਂ ਵਜਾਉਂਦੇ ਸਨ ਅਤੇ ਗਾਉਣ ਵਾਲੇ ਵਾਜਿਆਂ ਨਾਲ ਉਪਮਾ ਕਰਨ ਵਿੱਚ ਅਗਵਾਈ ਕਰਦੇ ਸਨ ਸੋ ਅਥਲਯਾਹ ਨੇ ਆਪਣੇ ਲੀੜੇ ਪਾੜੇ ਅਤੇ ਉੱਚੀ ਦਿੱਤੀ ਬੋਲੀ, ਗਦਰ ਵੇ ਗਦਰ !
14ਤਦ ਯਹੋਯਾਦਾ ਜਾਜਕ ਨੇ ਸੌ-ਸੌ ਦੇ ਸਰਦਾਰਾਂ ਨੂੰ ਜੋ ਫ਼ੌਜ ਦੇ ਹਾਕਮ ਸਨ ਆਗਿਆ ਦਿੱਤੀ ਕਿ ਉਹ ਨੂੰ ਪਾਲਾਂ ਦੇ ਵਿੱਚਕਾਰੋਂ ਲੈ ਜਾਓ ਤੇ ਜੋ ਕੋਈ ਉਹ ਦੇ ਪਿੱਛੇ ਆਵੇ ਉਹ ਤਲਵਾਰ ਨਾਲ ਵੱਢਿਆ ਜਾਵੇ ਕਿਉਂ ਜੋ ਜਾਜਕ ਨੇ ਆਖਿਆ, ਉਹ ਨੂੰ ਯਹੋਵਾਹ ਦੇ ਭਵਨ ਵਿੱਚ ਨਾ ਮਾਰੋ15ਸੋ ਉਨ੍ਹਾਂ ਨੇ ਉਹ ਦੇ ਉੱਤੇ ਹੱਥ ਪਾਏ ਅਤੇ ਜਦ ਉਹ ਪਾਤਸ਼ਾਹ ਦੇ ਮਹਿਲ ਦੇ ਘੋੜਿਆਂ ਦੇ ਫਾਟਕ ਕੋਲ ਆਈ ਤਾਂ ਉਨ੍ਹਾਂ ਨੇ ਉਹ ਨੂੰ ਉੱਥੇ ਮਾਰ ਦਿੱਤਾ ।
ਯਹੋਯਾਦਾ ਦੁਆਰਾ ਸੁਧਾਰ
(2 ਰਾਜਾ 11:17-20)

16ਫੇਰ ਯਹੋਯਾਦਾ ਨੇ ਆਪਣੇ ਅਤੇ ਸਾਰੇ ਲੋਕਾਂ ਅਤੇ ਪਾਤਸ਼ਾਹ ਦੇ ਵਿਚਕਾਰ ਨੇਮ ਬੰਨਿਆ ਕਿ ਉਹ ਯਹੋਵਾਹ ਦੀ ਪਰਜਾ ਹੋਣ17ਅਤੇ ਸਾਰੇ ਲੋਕ ਬਆਲ ਦੇ ਮੰਦਰ ਵਿੱਚ ਵੜ ਗਏ ਅਤੇ ਉਸ ਨੂੰ ਢਾਹ ਦਿੱਤਾ ਅਤੇ ਉਹ ਦੀਆਂ ਜਗਵੇਦੀਆਂ ਤੇ ਮੂਰਤਾਂ ਨੂੰ ਉੱਕਾ ਹੀ ਚਕਨਾ-ਚੂਰ ਕਰ ਛੱਡਿਆ ਅਤੇ ਬਆਲ ਦੇ ਪੁਜਾਰੀ ਮੱਤਾਨ ਨੂੰ ਉਨ੍ਹਾਂ ਨੇ ਜਗਵੇਦੀਆਂ ਦੇ ਅੱਗੇ ਮਾਰ ਛੱਡਿਆ
18ਅਤੇ ਯਹੋਯਾਦਾ ਨੇ ਯਹੋਵਾਹ ਦੇ ਭਵਨ ਦੇ ਹਾਕਮਾਂ ਨੂੰ ਜਾਜਕਾਂ ਤੇ ਲੇਵੀਆਂ ਦੇ ਹੱਥ ਹੇਠ ਜਿਨ੍ਹਾਂ ਨੂੰ ਦਾਊਦ ਨੇ ਯਹੋਵਾਹ ਦੇ ਭਵਨ ਉੱਤੇ ਵੰਡ ਦਿੱਤਾ ਸੀ ਥਾਪਿਆ ਕਿ ਉਹ ਯਹੋਵਾਹ ਦੀਆਂ ਹੋਮ ਬਲੀਆਂ ਅਨੰਦਤਾਈ ਤੇ ਗਾਉਣੇ ਦੇ ਨਾਲ ਦਾਊਦ ਦੇ ਹੁਕਮ ਅਨੁਸਾਰ ਚੜ੍ਹਾਉਣ ਜਿਵੇਂ ਮੂਸਾ ਦੀ ਬਿਵਸਥਾ ਵਿੱਚ ਲਿਖਿਆ ਹੋਇਆ ਹੈ19ਅਤੇ ਉਸ ਨੇ ਯਹੋਵਾਹ ਦੇ ਭਵਨ ਦੇ ਫਾਟਕਾਂ ਉੱਤੇ ਦਰਬਾਨ ਰੱਖੇ ਤਾਂ ਜੋ ਕੋਈ ਜਣਾ ਜੋ ਕਿਸੇ ਗੱਲ ਵਿੱਚ ਅਸ਼ੁੱਧ ਹੋਵੇ ਨਾ ਵੜੇ
20ਅਤੇ ਉਸ ਨੇ ਸੌ-ਸੌ ਦੇ ਸਰਦਾਰਾਂ ਅਤੇ ਸ਼ਰੀਫਾਂ ਅਤੇ ਲੋਕਾਂ ਦੇ ਹਾਕਮਾਂ ਅਤੇ ਦੇਸ ਦੇ ਸਾਰੇ ਲੋਕਾਂ ਨੂੰ ਲਿਆ ਅਤੇ ਪਾਤਸ਼ਾਹ ਨੂੰ ਯਹੋਵਾਹ ਦੇ ਭਵਨ ਤੋਂ ਉਤਾਰ ਲਿਆਏ ਅਤੇ ਉਹ ਉੱਚੇ ਫਾਟਕ ਦੇ ਰਾਹ ਪਾਤਸ਼ਾਹ ਦੇ ਮਹਿਲ ਵਿੱਚ ਆਏ ਅਤੇ ਉਨ੍ਹਾਂ ਨੇ ਪਾਤਸ਼ਾਹ ਨੂੰ ਰਾਜ ਗੱਦੀ ਉੱਤੇ ਬਿਰਾਜਮਾਨ ਕੀਤਾ21ਅਤੇ ਦੇਸ ਦੇ ਸਾਰੇ ਲੋਕਾਂ ਨੇ ਖੁਸ਼ੀ ਮਨਾਈ ਅਤੇ ਸ਼ਹਿਰ ਵਿੱਚ ਅਮਨ ਸੀ । ਸੋ ਉਨ੍ਹਾਂ ਨੇ ਅਥਲਯਾਹ ਨੂੰ ਤਲਵਾਰ ਨਾਲ ਵੱਢ ਸੁੱਟਿਆ ।

24
ਯਹੂਦਾਹ ਦੇ ਵਿੱਚ ਯੋਆਸ਼ ਦਾ ਰਾਜ
(2 ਰਾਜਾ 12:1-16)

1ਯੋਆਸ਼ ਸੱਤਾਂ ਸਾਲਾਂ ਦਾ ਸੀ ਜਦ ਉਹ ਰਾਜ ਕਰਨ ਲੱਗਾ । ਉਸ ਨੇ ਚਾਲ੍ਹੀ ਸਾਲ ਯਰੂਸ਼ਲਮ ਵਿੱਚ ਰਾਜ ਕੀਤਾ ਅਤੇ ਉਸ ਦੀ ਮਾਤਾ ਦਾ ਨਾਮ ਸੀਬਯਾਹ ਸੀ ਜੋ ਬਏਰਸ਼ਬਾ ਦੀ ਸੀ2ਅਤੇ ਯੋਆਸ਼ ਯਹੋਯਾਦਾ ਜਾਜਕ ਦੇ ਜੀਵਨ ਵਿੱਚ ਉਹੀ ਕਰਦਾ ਰਿਹਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ3ਯਹੋਯਾਦਾ ਨੇ ਉਸ ਨੂੰ ਦੋ ਇਸਤਰੀਆਂ ਵਿਆਹ ਦਿੱਤੀਆਂ ਅਤੇ ਉਨ੍ਹਾਂ ਦੇ ਪੁੱਤਰ ਤੇ ਧੀਆਂ ਜੰਮੀਆਂ

4ਇਸ ਦੇ ਮਗਰੋਂ ਐਉਂ ਹੋਇਆ ਕਿ ਯੋਆਸ਼ ਨੇ ਯਹੋਵਾਹ ਦੇ ਭਵਨ ਦੀ ਮੁਰੰਮਤ ਕਰਨ ਦੀ ਇੱਛਾ ਕੀਤੀ5ਸੋ ਉਸ ਨੇ ਜਾਜਕਾਂ ਅਤੇ ਲੇਵੀਆਂ ਨੂੰ ਇਕੱਠਾ ਕੀਤਾ ਅਤੇ ਉਨ੍ਹਾਂ ਨੂੰ ਆਖਿਆ ਕਿ ਯਹੂਦਾਹ ਦੇ ਸ਼ਹਿਰਾਂ ਵਿੱਚ ਜਾ ਜਾ ਕੇ ਸਾਰੇ ਇਸਰਾਏਲ ਪਾਸੋਂ ਹਰ ਸਾਲ ਆਪਣੇ ਪਰਮੇਸ਼ੁਰ ਦੇ ਭਵਨ ਦੀ ਮੁਰੰਮਤ ਲਈ ਚਾਂਦੀ ਇਕੱਠੀ ਕਰਿਆ ਕਰੋ ਅਤੇ ਇਸ ਕੰਮ ਵਿੱਚ ਤੁਸੀਂ ਛੇਤੀ ਕਰਨੀ ਤਾਂ ਵੀ ਲੇਵੀਆਂ ਨੇ ਕੁਝ ਛੇਤੀ ਨਾ ਕੀਤੀ
6ਤਦ ਪਾਤਸ਼ਾਹ ਨੇ ਯਹੋਯਾਦਾ ਪ੍ਰਧਾਨ ਨੂੰ ਬੁਲਾ ਕੇ ਉਸ ਨੂੰ ਆਖਿਆ, ਕਿ ਤੂੰ ਲੇਵੀਆਂ ਕੋਲੋਂ ਕਿਉਂ ਮੰਗ ਨਹੀਂ ਕੀਤੀ ਕਿ ਉਹ ਸਾਖੀ ਦੇ ਤੰਬੂ ਲਈ ਯਹੂਦਾਹ ਅਤੇ ਯਰੂਸ਼ਲਮ ਤੋਂ ਇਸਰਾਏਲ ਦੀ ਸਭਾ ਉੱਤੇ ਯਹੋਵਾਹ ਦੇ ਦਾਸ ਮੂਸਾ ਦਾ ਮਸੂਲ ਲਿਆਇਆ ਕਰਨ ?7ਕਿਉਂ ਜੋ ਉਸ ਦੁਸ਼ਟ ਔਰਤ ਅਥਲਯਾਹ ਦੇ ਪੁੱਤਰਾਂ ਨੇ ਪਰਮੇਸ਼ੁਰ ਦੇ ਭਵਨ ਵਿੱਚ ਮੋਘ ਕਰ ਦਿੱਤੇ ਸਨ ਅਤੇ ਯਹੋਵਾਹ ਦੇ ਭਵਨ ਦੀਆਂ ਸਾਰੀਆਂ ਨਜ਼ਰ ਕੀਤੀਆਂ ਹੋਈਆਂ ਚੀਜ਼ਾਂ ਵੀ ਉਨ੍ਹਾਂ ਨੇ ਬਆਲਾਂ ਲਈ ਦੇ ਦਿੱਤੀਆਂ ਸਨ
8ਸੋ ਪਾਤਸ਼ਾਹ ਨੇ ਹੁਕਮ ਦਿੱਤਾ ਅਤੇ ਉਨ੍ਹਾਂ ਨੇ ਇੱਕ ਸੰਦੂਕ ਬਣਾ ਕੇ ਉਹ ਨੂੰ ਯਹੋਵਾਹ ਦੇ ਭਵਨ ਦੇ ਦਰਵਾਜ਼ੇ ਉੱਤੇ ਬਾਹਰ ਰੱਖ ਦਿੱਤਾ9ਅਤੇ ਯਹੂਦਾਹ ਅਤੇ ਯਰੂਸ਼ਲਮ ਵਿੱਚ ਡੌਂਡੀ ਪਿਟਾਈ ਕਿ ਲੋਕੀ ਉਹ ਮਸੂਲ ਜਿਹੜਾ ਪਰਮੇਸ਼ੁਰ ਦੇ ਦਾਸ ਮੂਸਾ ਨੇ ਉਜਾੜ ਵਿੱਚ ਇਸਰਾਏਲ ਉੱਤੇ ਲਗਾਇਆ ਸੀ ਯਹੋਵਾਹ ਦੇ ਲਈ ਲਿਆਉਣ10ਤਾਂ ਸਾਰੇ ਸਰਦਾਰ ਅਤੇ ਸਾਰੇ ਲੋਕੀ ਖੁਸ਼ ਹੋਏ ਅਤੇ ਲਿਆ ਕੇ ਉਸ ਸੰਦੂਕ ਵਿੱਚ ਪਾਉਂਦੇ ਰਹੇ ਜਦ ਤੱਕ ਇਹ ਕੰਮ ਪੂਰਾ ਨਾ ਕਰ ਲਿਆ
11ਜਦ ਸੰਦੂਕ ਲੇਵੀਆਂ ਦੇ ਹੱਥੀਂ ਪਾਤਸ਼ਾਹ ਦੇ ਕਰਿੰਦਿਆਂ ਦੇ ਕੋਲ ਪੁੱਜਿਆ ਅਤੇ ਉਨ੍ਹਾਂ ਨੇ ਵੇਖਿਆ ਕਿ ਇਸ ਵਿੱਚ ਬਹੁਤ ਰਕਮ ਹੈ ਤਾਂ ਪਾਤਸ਼ਾਹ ਦੇ ਲਿਖਾਰੀ ਅਤੇ ਪ੍ਰਧਾਨ ਜਾਜਕ ਦੇ ਅਫ਼ਸਰ ਨੇ ਆ ਕੇ ਸੰਦੂਕ ਨੂੰ ਖਾਲੀ ਕੀਤਾ ਅਤੇ ਉਹ ਨੂੰ ਫੇਰ ਉਸ ਦੇ ਥਾਂ ਤੇ ਰਖਵਾ ਦਿੱਤਾ ਅਤੇ ਹਰ ਰੋਜ਼ ਇਸੇ ਤਰ੍ਹਾਂ ਕਰ ਕੇ ਉਨ੍ਹਾਂ ਨੇ ਬਹੁਤ ਸਾਰੀ ਰਕਮ ਇਕੱਠੀ ਕਰ ਲਈ12ਫੇਰ ਪਾਤਸ਼ਾਹ ਅਤੇ ਯਹੋਯਾਦਾ ਨੇ ਉਹ ਉਨ੍ਹਾਂ ਨੂੰ ਦੇ ਦਿੱਤੀ ਜਿਹੜੇ ਯਹੋਵਾਹ ਦੇ ਭਵਨ ਦੀ ਉਪਾਸਨਾ ਦੇ ਕੰਮ ਉੱਤੇ ਮੁਕੱਰਰ ਸਨ ਅਤੇ ਉਨ੍ਹਾਂ ਨੇ ਰਾਜਾਂ ਅਤੇ ਤਰਖਾਣਾਂ ਨੂੰ ਯਹੋਵਾਹ ਦੇ ਭਵਨ ਨੂੰ ਠੀਕ ਕਰਨ ਲਈ ਅਤੇ ਲੋਹਾਰਾਂ ਅਤੇ ਠਠੇਰਿਆਂ ਨੂੰ ਵੀ ਯਹੋਵਾਹ ਦੇ ਭਵਨ ਦੀ ਮੁਰੰਮਤ ਲਈ ਮਜ਼ਦੂਰੀ ਉੱਤੇ ਰੱਖਿਆ
13ਸੋ ਕਾਰੀਗਰ ਲੱਗ ਗਏ ਅਤੇ ਕੰਮ ਉਨ੍ਹਾਂ ਦੇ ਹੱਥੀਂ ਪੂਰਾ ਹੁੰਦਾ ਗਿਆ ਅਤੇ ਉਨ੍ਹਾਂ ਨੇ ਪਰਮੇਸ਼ੁਰ ਦੇ ਭਵਨ ਨੂੰ ਉਸ ਦੀ ਪਹਿਲੀ ਹਾਲਤ ਉੱਤੇ ਕਰ ਕੇ ਉਹ ਨੂੰ ਪੱਕਾ ਕਰ ਦਿੱਤਾ14ਜਦ ਉਹ ਨੂੰ ਮੁਕਾ ਚੁੱਕੇ ਤਾਂ ਬਾਕੀ ਦੀ ਚਾਂਦੀ ਪਾਤਸ਼ਾਹ ਅਤੇ ਯਹੋਯਾਦਾ ਦੇ ਕੋਲ ਲੈ ਆਏ ਜਿਸ ਦੇ ਨਾਲ ਯਹੋਵਾਹ ਦੇ ਭਵਨ ਲਈ ਭਾਂਡੇ ਅਰਥਾਤ ਸੇਵਾ ਅਤੇ ਬਲੀ ਚੜ੍ਹਾਉਣ ਦੇ ਭਾਂਡੇ ਅਤੇ ਕੌਲੀਆਂ ਅਤੇ ਸੋਨੇ ਅਤੇ ਚਾਂਦੀ ਦੇ ਭਾਂਡੇ ਬਣੇ ਅਤੇ ਉਹ ਯਹੋਯਾਦਾ ਦੇ ਸਾਰੇ ਦਿਨਾਂ ਤੱਕ ਲਗਾਤਾਰ ਯਹੋਵਾਹ ਦੇ ਭਵਨ ਵਿੱਚ ਹੋਮ ਦੀਆਂ ਬਲੀਆਂ ਚੜ੍ਹਾਉਂਦੇ ਰਹੇ ।
ਯਹੋਯਾਦਾ ਦੀ ਮੌਤ ਅਤੇ ਯੋਆਸ਼ ਦਾ ਪਤਨ

15ਯਹੋਯਾਦਾ ਬੁੱਢਾ ਤੇ ਸਮਾ ਪੂਰ ਹੋ ਕੇ ਚਲਾਣਾ ਕਰ ਗਿਆ ਅਤੇ ਜਿਸ ਵੇਲੇ ਉਹ ਦੀ ਮੌਤ ਹੋਈ ਤਾਂ ਉਹ ਇੱਕ ਸੌ ਤੀਹਾਂ ਸਾਲਾਂ ਦਾ ਸੀ16ਉਨ੍ਹਾਂ ਨੇ ਉਹ ਨੂੰ ਦਾਊਦ ਦੇ ਸ਼ਹਿਰ ਵਿੱਚ ਪਾਤਸ਼ਾਹਾਂ ਦੇ ਵਿੱਚਕਾਰ ਦੱਬਿਆ ਕਿਉਂ ਜੋ ਉਹ ਨੇ ਇਸਰਾਏਲ ਵਿੱਚ ਅਤੇ ਪਰਮੇਸ਼ੁਰ ਅਤੇ ਉਹ ਦੇ ਭਵਨ ਲਈ ਨੇਕੀ ਕੀਤੀ ਸੀ
17ਯਹੋਯਾਦਾ ਦੇ ਮਰਨ ਦੇ ਮਗਰੋਂ ਯਹੂਦਾਹ ਦੇ ਸਰਦਾਰਾਂ ਨੇ ਪਾਤਸ਼ਾਹ ਨੂੰ ਮੱਥਾ ਟੇਕਿਆ ਤਾਂ ਪਾਤਸ਼ਾਹ ਨੇ ਉਨ੍ਹਾਂ ਦੀ ਸੁਣੀ18ਤਾਂ ਉਨ੍ਹਾਂ ਨੇ ਯਹੋਵਾਹ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਦੇ ਭਵਨ ਨੂੰ ਛੱਡ ਦਿੱਤਾ ਅਤੇ ਟੁੰਡਾਂ ਅਤੇ ਬੁੱਤਾਂ ਦੀ ਪੂਜਾ ਕਰਨ ਲੱਗ ਪਏ ਤਾਂ ਉਨ੍ਹਾਂ ਦੀ ਇਸ ਭੁੱਲ ਦੇ ਕਾਰਨ ਯਹੂਦਾਹ ਅਤੇ ਯਰੂਸ਼ਲਮ ਉੱਤੇ ਕਹਿਰ ਆ ਪਿਆ19ਤਾਂ ਵੀ ਯਹੋਵਾਹ ਨੇ ਉਹਨਾਂ ਦੇ ਕੋਲ ਨਬੀਆਂ ਨੂੰ ਭੇਜਿਆ ਤਾਂ ਜੋ ਉਹ ਉਹਨਾਂ ਨੂੰ ਉਸ ਵੱਲ ਮੋੜ ਲਿਆਉਣ ਅਤੇ ਉਹ ਉਨ੍ਹਾਂ ਨੂੰ ਚੇਤਾਵਨੀ ਦਿੰਦੇ ਰਹੇ ਪਰ ਉਹਨਾਂ ਨੇ ਕੰਨ ਨਾ ਲਾਇਆ
20ਤਦ ਪਰਮੇਸ਼ੁਰ ਦਾ ਆਤਮਾ ਯਹੋਯਾਦਾ ਜਾਜਕ ਦੇ ਪੁੱਤਰ ਜ਼ਕਰਯਾਹ ਉੱਤੇ ਉੱਤਰਿਆ । ਉਹ ਲੋਕਾਂ ਤੋਂ ਉੱਚੇ ਥਾਂ ਉੱਤੇ ਖੜ੍ਹੇ ਕੇ ਆਖਣ ਲੱਗਾ ਕਿ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਕਿ ਤੁਸੀਂ ਕਿਉਂ ਯਹੋਵਾਹ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋ ਇਸ ਤਰ੍ਹਾਂ ਤੁਸੀਂ ਸਫ਼ਲ ਨਹੀਂ ਹੋ ਸਕਦੇ ? ਕਿਉਂ ਜੋ ਤੁਸੀਂ ਯਹੋਵਾਹ ਨੂੰ ਛੱਡ ਦਿੱਤਾ ਹੈ, ਉਸ ਨੇ ਵੀ ਤੁਹਾਨੂੰ ਛੱਡ ਦਿੱਤਾ ਹੈ21ਤਦ ਉਨ੍ਹਾਂ ਨੇ ਉਸ ਦੇ ਵਿਰੁੱਧ ਮਤਾ ਪਕਾਇਆ ਪਾਤਸ਼ਾਹ ਦੇ ਹੁਕਮ ਨਾਲ ਉਹ ਨੂੰ ਯਹੋਵਾਹ ਦੇ ਭਵਨ ਵਿੱਚ ਮਾਰ ਸੁੱਟਿਆ22ਅਤੇ ਯੋਆਸ਼ ਪਾਤਸ਼ਾਹ ਨੇ ਉਸ ਦੇ ਪਿਤਾ ਯਹੋਯਾਦਾ ਦੇ ਪਰਉਪਕਾਰ ਨੂੰ ਜੋ ਉਸ ਨੇ ਉਸ ਉੱਤੇ ਕੀਤਾ ਸੀ ਯਾਦ ਨਾ ਰੱਖਿਆ ਸਗੋਂ ਉਸ ਦੇ ਪੁੱਤਰ ਨੂੰ ਮਾਰ ਦਿੱਤਾ । ਉਸ ਨੇ ਮਰਨ ਦੇ ਵੇਲੇ ਆਖਿਆ, ਯਹੋਵਾਹ ਇਸ ਨੂੰ ਵੇਖੇ ਅਤੇ ਬਦਲਾ ਲਵੇ ! ।
ਯੋਆਸ਼ ਦੇ ਰਾਜ ਦਾ ਅੰਤ ਅਤੇ ਉਸ ਦੀ ਮੌਤ

23ਇਸ ਤਰ੍ਹਾਂ ਹੋਇਆ ਕਿ ਉਸ ਸਾਲ ਦੇ ਅੰਤ ਵਿੱਚ ਅਰਾਮੀਆਂ ਦੀ ਫ਼ੌਜ ਨੇ ਉਸ ਉੱਤੇ ਚੜਾਈ ਕਰ ਦਿੱਤੀ ਅਤੇ ਯਹੂਦਾਹ ਅਤੇ ਯਰੂਸ਼ਲਮ ਵਿੱਚ ਆ ਕੇ ਉੱਮਤ ਦੇ ਸਾਰੇ ਸਰਦਾਰਾਂ ਨੂੰ ਲੋਕਾਂ ਵਿੱਚੋਂ ਮਾਰ ਦਿੱਤਾ ਅਤੇ ਉਨ੍ਹਾਂ ਦਾ ਸਾਰਾ ਮਾਲ ਲੁੱਟ ਕੇ ਦਮਿਸ਼ਕ ਦੇ ਰਾਜਾ ਦੇ ਕੋਲ ਭੇਜ ਦਿੱਤਾ24ਕਿਉਂ ਜੋ ਅਰਾਮ ਦੀ ਫ਼ੌਜ ਵਿੱਚੋਂ ਇੱਕ ਛੋਟਾ ਜੱਥਾ ਹੀ ਆਇਆ ਸੀ ਤਾਂ ਵੀ ਯਹੋਵਾਹ ਨੇ ਇਹ ਵੱਡੀ ਫ਼ੌਜ ਉਨ੍ਹਾਂ ਦੇ ਪਾਸੋਂ ਹਰਾ ਦਿੱਤੀ ਇਸ ਲਈ ਕਿ ਉਨ੍ਹਾਂ ਨੇ ਯਹੋਵਾਹ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਨੂੰ ਛੱਡ ਦਿੱਤਾ ਸੀ ਸੋ ਉਨ੍ਹਾਂ ਨੇ ਯੋਆਸ਼ ਨੂੰ ਉਹ ਦੀ ਕੀਤੀ ਦਾ ਬਦਲਾ ਦਿੱਤਾ
25ਅਤੇ ਜਦ ਉਹ ਉਸ ਦੇ ਕੋਲੋਂ ਮੁੜ ਗਏ ਕਿਉਂ ਜੋ ਉਨ੍ਹਾਂ ਨੇ ਉਸ ਨੂੰ ਵੱਡੀਆਂ ਬਿਮਾਰੀਆਂ ਵਿੱਚ ਰੋਗੀ ਛੱਡਿਆ ਤਾਂ ਉਸ ਦੇ ਨੌਕਰਾਂ ਨੇ ਯਹੋਯਾਦਾ ਜਾਜਕ ਦੇ ਪੁੱਤਰਾਂ ਦੇ ਖੂਨ ਦੇ ਕਾਰਨ ਉਹ ਦੇ ਵਿਰੁੱਧ ਮਤਾ ਪਕਾਇਆ ਅਤੇ ਉਸ ਨੂੰ ਉਸ ਦੇ ਬਿਸਤਰੇ ਉੱਤੇ ਕਤਲ ਕੀਤਾ ਤਾਂ ਉਹ ਮਰ ਗਿਆ ਅਤੇ ਉਨ੍ਹਾਂ ਨੇ ਉਸ ਨੂੰ ਦਾਊਦ ਦੇ ਸ਼ਹਿਰ ਵਿੱਚ ਤਾਂ ਦੱਬਿਆ ਪਰ ਪਾਤਸ਼ਾਹਾਂ ਦੀਆਂ ਕਬਰਾਂ ਵਿੱਚ ਨਾ ਦੱਬਿਆ26ਅਤੇ ਉਹ ਦੇ ਵਿਰੁੱਧ ਮਤਾ ਪਕਾਉਣ ਵਾਲੇ ਇਹ ਹਨ, ਅੰਮੋਨਣ ਸ਼ਿਮਆਥ ਦਾ ਪੁੱਤਰ ਜ਼ਾਬਾਦ, ਮੋਆਬਣ ਸ਼ਿਮਰੀਥ ਦਾ ਪੁੱਤਰ ਯਹੋਜ਼ਾਬਾਦ
27ਹੁਣ ਰਹੇ ਉਹ ਦੇ ਪੁੱਤਰ ਅਤੇ ਉਹ ਵੱਡੇ ਭਾਰ ਜਿਹੜੇ ਉਸ ਉੱਤੇ ਰੱਖੇ ਗਏ ਅਤੇ ਪਰਮੇਸ਼ੁਰ ਦੇ ਭਵਨ ਦਾ ਦੂਜੀ ਵਾਰ ਬਣਾਉਣਾ, ਸੋ ਵੇਖੋ, ਇਹ ਸਭ ਕੁਝ ਪਾਤਸ਼ਾਹਾਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਹੈ ਅਤੇ ਉਸ ਦਾ ਪੁੱਤਰ ਅਮਸਯਾਹ ਉਸ ਦੇ ਥਾਂ ਰਾਜ ਕਰਨ ਲੱਗਾ ।

25
ਯਹੂਦਾਹ ਦੇ ਵਿੱਚ ਅਮਸਯਾਹ ਦਾ ਰਾਜ
(2 ਰਾਜਾ 14:2-6)

1ਅਮਸਯਾਹ ਪੰਝੀਆਂ ਸਾਲਾਂ ਦਾ ਸੀ ਜਦੋਂ ਉਹ ਰਾਜ ਕਰਨ ਲੱਗਾ ਅਤੇ ਉਹ ਨੇ ਉਨੱਤੀ ਸਾਲ ਯਰੂਸ਼ਲਮ ਵਿੱਚ ਰਾਜ ਕੀਤਾ । ਉਹ ਦੀ ਮਾਤਾ ਦਾ ਨਾਮ ਯਹੋਅੱਦਾਨ ਸੀ ਜੋ ਯਰੂਸ਼ਲਮ ਦੀ ਸੀ2ਅਤੇ ਉਸ ਨੇ ਉਹੀ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਚੰਗਾ ਸੀ ਪਰ ਪੂਰੇ ਦਿਲ ਨਾਲ ਨਹੀਂ ।

3ਜਦੋਂ ਉਹ ਦਾ ਰਾਜ ਪੱਕਾ ਹੋ ਗਿਆ ਤਾਂ ਉਹ ਨੇ ਆਪਣੇ ਉਨ੍ਹਾਂ ਟਹਿਲੂਆਂ ਨੂੰ ਜਿਨ੍ਹਾਂ ਨੇ ਉਹ ਦੇ ਪਿਤਾ ਪਾਤਸ਼ਾਹ ਨੂੰ ਮਾਰਿਆ ਸੀ ਮਾਰ ਛੱਡਿਆ,4ਪਰ ਉਨ੍ਹਾਂ ਦੇ ਪੁੱਤਰਾਂ ਨੂੰ ਉਹ ਨੇ ਨਾ ਮਾਰਿਆ ਕਿਉਂ ਜੋ ਮੂਸਾ ਦੀ ਬਿਵਸਥਾ ਦੀ ਪੋਥੀ ਵਿੱਚ ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਹੈ ਐਉਂ ਲਿਖਿਆ ਹੈ ਕਿ ਪੁੱਤਰਾਂ ਦੇ ਬਦਲੇ ਪਿਉ ਨਾ ਮਾਰੇ ਜਾਣ, ਨਾ ਪੇਵਾਂ ਦੇ ਬਦਲੇ ਪੁੱਤਰ ਮਾਰੇ ਜਾਣ ਪਰ ਹਰ ਆਦਮੀ ਆਪਣੇ ਹੀ ਪਾਪ ਦੇ ਕਾਰਨ ਮਾਰਿਆ ਜਾਵੇ ।
ਅਦੋਮ ਦੇ ਵਿਰੁੱਧ ਯੁੱਧ
(1 ਰਾਜਾ 14:7)

5ਇਸ ਤੋਂ ਬਿਨ੍ਹਾਂ ਅਮਸਯਾਹ ਨੇ ਯਹੂਦਾਹ ਨੂੰ ਇਕੱਠਾ ਕੀਤਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਸਾਰੇ ਯਹੂਦਾਹ ਤੇ ਬਿਨਯਾਮੀਨ ਵਿੱਚ ਹਜ਼ਾਰ ਹਜ਼ਾਰ ਤੇ ਸੌ-ਸੌ ਦੇ ਸਰਦਾਰਾਂ ਦੇ ਹੇਠਾਂ ਰੱਖਿਆ ਅਤੇ ਉਨ੍ਹਾਂ ਵਿੱਚੋਂ ਜਿਨ੍ਹਾਂ ਦੀ ਉਮਰ ਵੀਹ ਸਾਲਾਂ ਜਾਂ ਇਸ ਤੋਂ ਉੱਪਰ ਸੀ ਉਨ੍ਹਾਂ ਨੂੰ ਗਿਣਿਆ ਅਤੇ ਉਨ੍ਹਾਂ ਵਿੱਚ ਤਿੰਨ ਲੱਖ ਚੋਣਵੇਂ ਜੁਆਨ ਵੇਖੇ ਜਿਹੜੇ ਜੰਗ ਵਿੱਚ ਜਾਣ ਜੋਗ ਸਨ ਅਤੇ ਬਰਛੀ ਤੇ ਢਾਲ਼ ਵਰਤ ਸਕਦੇ ਸਨ6ਅਤੇ ਉਹ ਨੇ ਸੌ ਕਿਨਤਾਰ ਚਾਂਦੀ ਦੇ ਕੇ ਇਸਰਾਏਲੀਆਂ ਵਿੱਚੋਂ ਇੱਕ ਲੱਖ ਸੂਰਬੀਰ ਨੌਕਰ ਰੱਖੇ
7ਪਰ ਇੱਕ ਪਰਮੇਸ਼ੁਰ ਦੇ ਜਨ ਨੇ ਉਹ ਦੇ ਕੋਲ ਆਣ ਕੇ ਆਖਿਆ ਕਿ ਹੇ ਪਾਤਸ਼ਾਹ, ਤੁਹਾਡੇ ਨਾਲ ਇਸਰਾਏਲੀਆਂ ਦੀ ਸੈਨਾ ਨਾ ਜਾਵੇ ਕਿਉਂ ਜੋ ਯਹੋਵਾਹ ਇਸਰਾਏਲੀਆਂ ਦੀ ਸਾਰੀ ਇਫਰਾਈਮ ਵੰਸ ਦੇ ਨਾਲ ਨਹੀਂ ਹੈ8ਪਰ ਜੇ ਤੁਸੀਂ ਜਾਣਾ ਹੀ ਚਾਹੁੰਦੇ ਹੋ ਤਾਂ ਜਾਓ ਤੇ ਲੜਾਈ ਲਈ ਤਕੜੇ ਹੋਵੋ । ਯਹੋਵਾਹ ਤੁਹਾਨੂੰ ਵੈਰਿਆਂ ਦੇ ਅੱਗੇ ਢਾਵੇਗਾ ਕਿਉਂ ਜੋ ਪਰਮੇਸ਼ੁਰ ਵਿੱਚ ਉਠਾਉਣ ਤੇ ਢਾਉਣ ਦੀ ਸ਼ਕਤੀ ਹੈ
9ਅਮਸਯਾਹ ਨੇ ਪਰਮੇਸ਼ੁਰ ਦੇ ਜਨ ਨੂੰ ਆਖਿਆ, ਪਰ ਸੌ ਕਿਨਤਾਰਾਂ ਲਈ ਜੋ ਮੈਂ ਇਸਰਾਏਲ ਦੀ ਸੈਨਾ ਨੂੰ ਦਿੱਤੇ ਅਸੀਂ ਕੀ ਕਰੀਏ ? ਉਸ ਪਰਮੇਸ਼ੁਰ ਦੇ ਜਨ ਨੇ ਕਿਹਾ ਕਿ ਯਹੋਵਾਹ ਤੁਹਾਨੂੰ ਉਸ ਨਾਲੋਂ ਬਹੁਤਾ ਦੇ ਸਕਦਾ ਹੈ10ਤਦ ਅਮਸਯਾਹ ਨੇ ਉਸ ਸੈਨਾ ਨੂੰ ਜੋ ਇਫਰਾਈਮ ਵਿੱਚੋਂ ਉਹ ਦੇ ਕੋਲ ਆਈ ਸੀ ਅੱਡ ਕੀਤਾ ਤਾਂ ਜੋ ਉਹ ਫੇਰ ਆਪਣੇ ਘਰਾਂ ਨੂੰ ਜਾਣ । ਇਸ ਕਰਕੇ ਉਨ੍ਹਾਂ ਦਾ ਹਰਖ ਯਹੂਦਾਹ ਉੱਤੇ ਬਹੁਤ ਵਧਿਆ ਅਤੇ ਉਹ ਵੱਡੇ ਗੁੱਸੇ ਵਿੱਚ ਆਪਣੇ ਘਰਾਂ ਨੂੰ ਮੁੜੇ
11ਅਤੇ ਅਮਸਯਾਹ ਨੇ ਹੌਂਸਲਾ ਕੀਤਾ ਅਤੇ ਆਪਣੇ ਆਦਮੀਆਂ ਨੂੰ ਲੈ ਕੇ ਸ਼ੋਰ ਦੀ ਵਾਦੀ ਵੱਲ ਗਿਆ ਤੇ ਸੇਈਰ ਵੰਸ ਵਿੱਚੋਂ ਦਸ ਹਜ਼ਾਰ ਨੂੰ ਮਾਰ ਦਿੱਤਾ12ਅਤੇ ਹੋਰ ਦਸ ਹਜ਼ਾਰ ਨੂੰ ਯਹੂਦੀ ਜਿਉਂਦਾ ਫੜ੍ਹ ਕੇ ਲੈ ਗਏ ਅਤੇ ਉਨ੍ਹਾਂ ਨੂੰ ਇੱਕ ਚਟਾਨ ਦੀ ਚੋਟੀ ਤੇ ਚੜ੍ਹਾਇਆ ਅਤੇ ਉਸ ਚਟਾਨ ਦੀ ਚੋਟੀ ਉੱਤੋਂ ਉਨ੍ਹਾਂ ਨੂੰ ਥੱਲੇ ਐਉਂ ਸੁੱਟ ਦਿੱਤਾ ਕਿ ਸਾਰਿਆਂ ਦੇ ਟੋਟੇ-ਟੋਟੇ ਹੋ ਗਏ
13ਪਰ ਉਸ ਸੈਨਾ ਦੇ ਜੁਆਨ ਜਿਨ੍ਹਾਂ ਨੂੰ ਅਮਸਯਾਹ ਨੇ ਮੋੜ ਭੇਜਿਆ ਸੀ ਕਿ ਉਹ ਦੇ ਨਾਲ ਲੜਾਈ ਵਿੱਚ ਨਾ ਜਾਣ ਸਾਮਰਿਯਾ ਤੋਂ ਬੈਤ ਹੋਰੋਨ ਤੱਕ ਯਹੂਦਾਹ ਦੇ ਸ਼ਹਿਰਾਂ ਤੇ ਟੁੱਟ ਪਏ ਅਤੇ ਉਨ੍ਹਾਂ ਵਿੱਚੋਂ ਤਿੰਨ ਹਜ਼ਾਰ ਨੂੰ ਮਾਰ ਸੁੱਟਿਆ ਅਤੇ ਬਹੁਤ ਸਾਰਾ ਮਾਲ ਲੁੱਟ ਲੈ ਗਏ ।
14ਜਦੋਂ ਅਮਸਯਾਹ ਅਦੋਮੀਆਂ ਨੂੰ ਮਾਰ ਕੇ ਮੁੜਿਆ ਤਾਂ ਸੇਈਰੀਆਂ ਦੇ ਦੇਵਤਿਆਂ ਨੂੰ ਲੈਂਦਾ ਆਇਆ ਅਤੇ ਉਨ੍ਹਾਂ ਨੂੰ ਖੜ੍ਹਾ ਕੀਤਾ ਕਿ ਉਹ ਉਸ ਦੇ ਦੇਵਤੇ ਹੋਣ ਅਤੇ ਉਸ ਨੇ ਉਨ੍ਹਾਂ ਦੇ ਅੱਗੇ ਮੱਥਾ ਟੇਕਿਆ ਅਤੇ ਉਨ੍ਹਾਂ ਦੇ ਅੱਗੇ ਧੂਪ ਧੁਖਾਈ15ਇਸ ਲਈ ਯਹੋਵਾਹ ਦਾ ਕ੍ਰੋਧ ਅਮਸਯਾਹ ਤੇ ਭੜਕਿਆ ਅਤੇ ਉਸ ਨੇ ਇੱਕ ਨਬੀ ਨੂੰ ਉਹ ਦੇ ਕੋਲ ਭੇਜਿਆ ਜਿਸ ਨੇ ਉਹ ਨੂੰ ਆਖਿਆ ਕਿ ਤੁਸੀਂ ਉਨ੍ਹਾਂ ਲੋਕਾਂ ਦੇ ਉਨ੍ਹਾਂ ਦੇਵਤਿਆਂ ਦੇ ਕੋਲੋਂ ਸਲਾਹ ਕਿਉਂ ਲੈਂਦੇ ਹੋ, ਜਿਨ੍ਹਾਂ ਨੇ ਆਪਣੇ ਹੀ ਲੋਕਾਂ ਨੂੰ ਤੁਹਾਡੇ ਹੱਥੋਂ ਨਾ ਛੁਡਾਇਆ ?
16ਉਹ ਉਸ ਦੇ ਨਾਲ ਗੱਲਾਂ ਕਰਦਾ ਸੀ ਕਿ ਪਾਤਸ਼ਾਹ ਨੇ ਉਸ ਨੂੰ ਕਿਹਾ, ਕੀ ਅਸੀਂ ਤੈਨੂੰ ਪਾਤਸ਼ਾਹ ਦਾ ਮੰਤਰੀ ਬਣਾਇਆ ਹੈ ? ਚੁੱਪ ਰਹੁ ਤੂੰ ਕਿਉਂ ਮਾਰ ਖਾਵੇਂ ? ਤਦ ਉਹ ਨਬੀ ਇਹ ਆਖ ਕੇ ਚੁੱਪ ਹੋ ਗਿਆ ਕਿ ਮੈਂ ਜਾਣਦਾ ਹਾਂ ਕਿ ਪਰਮੇਸ਼ੁਰ ਨੇ ਤੁਹਾਨੂੰ ਨਾਸ ਕਰਨਾ ਠਾਣਿਆ ਹੈ ਇਸ ਲਈ ਕਿ ਤੁਸੀਂ ਇਉਂ ਕੀਤਾ ਹੈ ਅਤੇ ਮੇਰੀ ਸਲਾਹ ਨਹੀਂ ਮੰਨੀ ।
ਇਸਰਾਏਲ ਦੇ ਵਿਰੁੱਧ ਚੇਤਾਵਨੀ
(2 ਰਾਜਾ 14:8-20)

17ਤਦ ਯਹੂਦਾਹ ਦੇ ਪਾਤਸ਼ਾਹ ਅਮਸਯਾਹ ਨੇ ਸਲਾਹ ਕਰ ਕੇ ਇਸਰਾਏਲ ਦੇ ਪਾਤਸ਼ਾਹ ਯਹੋਆਸ਼ ਨੂੰ ਜੋ ਯੇਹੂ ਦਾ ਪੋਤਾ ਅਤੇ ਯਹੋਆਹਾਜ਼ ਦਾ ਪੁੱਤਰ ਸੀ ਸੁਨੇਹਾ ਭੇਜਿਆ ਕਿ ਆ, ਅਸੀਂ ਇੱਕ ਦੂਜੇ ਨੂੰ ਆਹਮੋ-ਸਾਹਮਣੇ ਵੇਖੀਏ
18ਤਾਂ ਇਸਰਾਏਲ ਦੇ ਪਾਤਸ਼ਾਹ ਯਹੋਆਸ਼ ਨੇ ਯਹੂਦਾਹ ਦੇ ਪਾਤਸ਼ਾਹ ਅਮਸਯਾਹ ਨੂੰ ਇਹ ਸੁਨੇਹਾ ਭੇਜਿਆ ਕਿ ਲਬਾਨੋਨ ਦੇ ਕੰਡਿਆਲੇ ਨੇ ਲਬਾਨੋਨ ਦੇ ਦਿਆਰ ਨੂੰ ਸੁਨੇਹਾ ਭੇਜਿਆ ਕਿ ਆਪਣੀ ਧੀ ਨੂੰ ਮੇਰੇ ਪੁੱਤਰ ਨਾਲ ਵਿਆਹ ਦੇ ਅਤੇ ਇੱਕ ਜੰਗਲੀ ਜਨੌਰ ਜੋ ਲਬਾਨੋਨ ਵਿੱਚ ਸੀ ਕੋਲੋਂ ਦੀ ਲੰਘਿਆ ਅਤੇ ਕੰਡਿਆਲੇ ਨੂੰ ਮਿੱਧ ਛੱਡਿਆ19ਤੂੰ ਕਹਿੰਦਾ ਹੈਂ, ਵੇਖ ਮੈਂ ਅਦੋਮ ਨੂੰ ਮਾਰਿਆ ਹੈ ਅਤੇ ਤੇਰੇ ਮਨ ਦਾ ਘੁਮੰਡ ਤੈਨੂੰ ਚੁੱਕਦਾ ਹੈ । ਘਰੇ ਰਹੁ । ਭਲਾ, ਤੂੰ ਕਿਉਂ ਬਿਪਤਾ ਨੂੰ ਛੇੜੇਂ ਤੇ ਡਿੱਗੇਂ ਅਤੇ ਤੇਰੇ ਨਾਲ ਹੀ ਯਹੂਦਾਹ ਵੀ ? ।
20ਪਰ ਅਮਸਯਾਹ ਨੇ ਧਿਆਨ ਨਾ ਕੀਤਾ ਕਿਉਂ ਜੋ ਇਹ ਪਰਮੇਸ਼ੁਰ ਵੱਲੋਂ ਆਇਆ ਕਿ ਉਹ ਉਨ੍ਹਾਂ ਨੂੰ ਵੈਰੀਆਂ ਦੇ ਹੱਥ ਵਿੱਚ ਇਸ ਕਾਰਨ ਦੇਵੇ ਕਿ ਉਹ ਅਦੋਮ ਦਿਆਂ ਦੇਵਤਿਆਂ ਕੋਲੋਂ ਪੁੱਛ-ਗਿੱਛ ਕਰਦੇ ਸਨ21ਤਦ ਇਸਰਾਏਲ ਦੇ ਪਾਤਸ਼ਾਹ ਯਹੋਆਸ਼ ਨੇ ਚੜ੍ਹਾਈ ਕੀਤੀ ਅਤੇ ਉਹ ਅਤੇ ਯਹੂਦਾਹ ਦਾ ਪਾਤਸ਼ਾਹ ਅਮਸਯਾਹ ਬੈਤ-ਸ਼ਮਸ਼ ਵਿੱਚ ਜੋ ਯਹੂਦਾਹ ਦਾ ਹੈ ਆਹਮੋ-ਸਾਹਮਣੇ ਹੋਏ22ਤਦ ਯਹੂਦਾਹ ਨੇ ਇਸਰਾਏਲ ਦੇ ਅੱਗੇ ਹਾਰ ਖਾਧੀ ਅਤੇ ਹਰੇਕ ਆਪਣੇ ਤੰਬੂ ਨੂੰ ਭੱਜਾ
23ਇਸਰਾਏਲ ਦੇ ਪਾਤਸ਼ਾਹ ਯਹੋਆਸ਼ ਨੇ ਯਹੂਦਾਹ ਦੇ ਪਾਤਸ਼ਾਹ ਅਮਸਯਾਹ ਨੂੰ ਜੋ ਅਹਜ਼ਯਾਹ ਦਾ ਪੋਤਾ ਅਤੇ ਯਹੋਆਸ਼ ਦਾ ਪੁੱਤਰ ਸੀ ਬੈਤ-ਸ਼ਮਸ਼ ਵਿੱਚ ਫੜ੍ਹ ਲਿਆ ਅਤੇ ਯਰੂਸ਼ਲਮ ਵਿੱਚ ਵੜਿਆ ਅਤੇ ਯਰੂਸ਼ਲਮ ਦੀ ਸਫੀਲ ਇਫ਼ਰਾਈਮ ਦੇ ਫਾਟਕ ਤੋਂ ਲੈ ਕੇ ਖੂੰਜੇ ਵਾਲੇ ਫਾਟਕ ਤੱਕ ਚਾਰ ਸੌ ਹੱਥ ਢਾਹ ਦਿੱਤੀ24ਅਤੇ ਉਸ ਨੇ ਸਾਰਾ ਸੋਨਾ ਅਤੇ ਚਾਂਦੀ ਅਤੇ ਸਾਰੇ ਭਾਂਡੇ ਜੋ ਪਰਮੇਸ਼ੁਰ ਦੇ ਭਵਨ ਵਿੱਚ ਓਬੇਦ ਅਦੋਮ ਦੇ ਕੋਲੋਂ ਮਿਲੇ ਅਤੇ ਪਾਤਸ਼ਾਹ ਦੇ ਮਹਿਲ ਦੇ ਖਜ਼ਾਨੇ ਅਤੇ ਬੰਧਕ ਪੁਰਸ਼ਾਂ ਨੂੰ ਨਾਲ ਲੈ ਕੇ ਸਾਮਰਿਯਾ ਨੂੰ ਮੁੜਿਆ ।
25ਯਹੂਦਾਹ ਦਾ ਪਾਤਸ਼ਾਹ ਯੋਆਸ਼ ਦਾ ਪੁੱਤਰ ਅਮਸਯਾਹ ਇਸਰਾਏਲ ਦੇ ਪਾਤਸ਼ਾਹ ਯਹੋਆਹਾਜ਼ ਦੇ ਪੁੱਤਰ ਯੋਆਸ਼ ਦੇ ਮਰਨ ਦੇ ਪਿੱਛੋਂ ਪੰਦਰਾਂ ਸਾਲ ਜਿਉਂਦਾ ਰਿਹਾ26ਅਤੇ ਅਮਸਯਾਹ ਦੇ ਬਾਕੀ ਕੰਮ ਜੋ ਉਸ ਨੇ ਆਦ ਤੋਂ ਅੰਤ ਤੱਕ ਕੀਤੇ ਕੀ ਉਹ ਯਹੂਦਾਹ ਤੇ ਇਸਰਾਏਲ ਦੇ ਪਾਤਸ਼ਾਹਾਂ ਦੀ ਪੋਥੀ ਵਿੱਚ ਲਿਖੇ ਨਹੀਂ ਹਨ ?
27ਜਦ ਤੋਂ ਅਮਸਯਾਹ ਯਹੋਵਾਹ ਦੇ ਪਿੱਛੇ ਚੱਲਣ ਤੋਂ ਫਿਰਿਆ ਤਦੋਂ ਹੀ ਯਰੂਸ਼ਲਮ ਦੇ ਲੋਕਾਂ ਨੇ ਉਸ ਦੇ ਵਿਰੁੱਧ ਮਤਾ ਪਕਾਇਆ ਸੋ ਉਹ ਲਾਕੀਸ਼ ਨੂੰ ਭੱਜ ਗਿਆ ਪਰ ਉਨ੍ਹਾਂ ਨੇ ਲਾਕੀਸ਼ ਵਿੱਚ ਉਹ ਦੇ ਪਿੱਛੇ ਆਦਮੀ ਭੇਜ ਕੇ ਉਹ ਨੂੰ ਉੱਥੇ ਕਤਲ ਕੀਤਾ28ਅਤੇ ਉਹ ਉਹ ਨੂੰ ਘੋੜਿਆਂ ਉੱਤੇ ਲੈ ਆਏ ਅਤੇ ਯਹੂਦਾਹ ਦੇ ਸ਼ਹਿਰ ਵਿੱਚ ਉਹ ਦੇ ਪਿਉ-ਦਾਦਿਆਂ ਦੇ ਨਾਲ ਉਹ ਨੂੰ ਦੱਬਿਆ ।

26
ਯਹੂਦਾਹ ਦੇ ਵਿੱਚ ਉਜ਼ੀਯਾਹ ਦਾ ਰਾਜ
(2 ਰਾਜਾ 14:21, 22; 15:1-7)

1ਤਦ ਯਹੂਦਾਹ ਦੇ ਸਾਰੇ ਲੋਕਾਂ ਨੇ ਉਜ਼ੀਯਾਹ ਨੂੰ ਜੋ ਸੋਲ਼ਾਂ ਸਾਲਾਂ ਦਾ ਸੀ ਉਹ ਦੇ ਪਿਤਾ ਅਹਜ਼ਯਾਹ ਦੇ ਥਾਂ ਪਾਤਸ਼ਾਹ ਬਣਾਇਆ2ਉਸ ਨੇ ਪਾਤਸ਼ਾਹ ਦੇ ਆਪਣੇ ਪਿਉ-ਦਾਦਿਆਂ ਦੇ ਨਾਲ ਸੌ ਜਾਣ ਦੇ ਮਗਰੋਂ ਏਲੋਥ ਨੂੰ ਬਣਾਇਆ ਤੇ ਉਹ ਨੂੰ ਯਹੂਦਾਹ ਵਿੱਚ ਫੇਰ ਮਿਲਾ ਦਿੱਤਾ3ਉਜ਼ੀਯਾਹ ਸੋਲ਼ਾਂ ਸਾਲਾਂ ਦਾ ਸੀ ਜਦੋਂ ਉਹ ਰਾਜ ਕਰਨ ਲੱਗਾ ਅਤੇ ਉਹ ਨੇ ਯਰੂਸ਼ਲਮ ਵਿੱਚ ਬਵੰਜਾ ਸਾਲ ਰਾਜ ਕੀਤਾ । ਉਹ ਦੀ ਮਾਤਾ ਦਾ ਨਾਮ ਯਕਾਲਯਾਹ ਸੀ ਜੋ ਯਰੂਸ਼ਲਮ ਦੀ ਸੀ

4ਉਸ ਨੇ ਉਹ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ ਜਿਵੇਂ ਹੀ ਉਸ ਦੇ ਪਿਤਾ ਅਮਸਯਾਹ ਨੇ ਕੀਤਾ ਸੀ5ਉਹ ਜ਼ਕਰਯਾਹ ਦੇ ਦਿਨਾਂ ਵਿੱਚ ਜੋ ਪਰਮੇਸ਼ੁਰ ਦੀ ਨਿਗਾਹ ਵਿੱਚ ਗਿਆਨਵੰਦ ਸੀ ਪਰਮੇਸ਼ੁਰ ਦਾ ਤਾਲਿਬ ਸੀ ਅਤੇ ਜਦੋਂ ਤੱਕ ਉਹ ਯਹੋਵਾਹ ਦਾ ਤਾਲਿਬ ਰਿਹਾ ਪਰਮੇਸ਼ੁਰ ਨੇ ਉਹ ਨੂੰ ਸਫ਼ਲ ਕੀਤਾ ।
6ਉਹ ਨਿੱਕਲ ਕੇ ਫਲਿਸਤੀਆਂ ਨਾਲ ਲੜਿਆ ਅਤੇ ਉਹ ਨੇ ਗਥ ਦੀ ਕੰਧ ਤੇ ਯਬਨਹ ਦੀ ਕੰਧ ਤੇ ਅਸ਼ਦੋਦ ਦੀ ਕੰਧ ਨੂੰ ਢਾਹ ਦਿੱਤਾ ਅਤੇ ਅਸ਼ਦੋਦ ਦੇ ਦੇਸ ਵਿੱਚ ਅਤੇ ਫਲਿਸਤੀਆਂ ਦੇ ਵਿੱਚ ਸ਼ਹਿਰ ਬਣਾਏ7ਅਤੇ ਪਰਮੇਸ਼ੁਰ ਨੇ ਫਲਿਸਤੀਆਂ ਤੇ ਉਨ੍ਹਾਂ ਅਰਬੀਆਂ ਦੇ ਜੋ ਗੂਰ ਬਆਲ ਵਿੱਚ ਵੱਸਦੇ ਸਨ ਤੇ ਮਊਨੀਮ ਦੇ ਵਿਰੁੱਧ ਉਸ ਦੀ ਸਹਾਇਤਾ ਕੀਤੀ8ਅਤੇ ਅੰਮੋਨੀਆਂ ਨੇ ਉਜ਼ੀਯਾਹ ਨੂੰ ਨਜ਼ਰਾਨੇ ਦਿੱਤੇ ਅਤੇ ਉਹ ਦਾ ਨਾਮ ਮਿਸਰ ਦੇ ਲਾਂਘੇ ਤੱਕ ਪੁੱਜ ਗਿਆ ਕਿਉਂ ਜੋ ਉਹ ਬਹੁਤ ਹੀ ਤਕੜਾ ਹੋ ਗਿਆ ਸੀ
9ਅਤੇ ਉਜ਼ੀਯਾਹ ਨੇ ਯਰੂਸ਼ਲਮ ਵਿੱਚ ਕੋਨੇ ਦੇ ਫਾਟਕ ਅਤੇ ਵਾਦੀ ਦੇ ਫਾਟਕ ਅਤੇ ਦੀਵਾਰ ਦੇ ਮੋੜ ਉੱਤੇ ਬੁਰਜ ਬਣਾਏ ਅਤੇ ਉਨ੍ਹਾਂ ਨੂੰ ਪੱਕਾ ਕੀਤਾ10ਅਤੇ ਉਹ ਨੇ ਉਜਾੜ ਵਿੱਚ ਬੁਰਜ ਬਣਾਏ ਅਤੇ ਬਹੁਤ ਸਾਰੇ ਤਲਾਬ ਪੁਟਵਾਏ ਕਿਉਂ ਜੋ ਬੇਟ ਵਿੱਚ ਤੇ ਮਦਾਨ ਵਿੱਚ ਉਸ ਦੇ ਬਹੁਤ ਸਾਰੇ ਡੰਗਰ ਸਨ ਅਤੇ ਪਹਾੜਾਂ ਵਿੱਚ ਅਤੇ ਉਪਜਾਊ ਖੇਤਾਂ ਵਿੱਚ ਉਹ ਦੇ ਹਾਲੀ ਅਤੇ ਮਾਲੀ ਸਨ ਕਿਉਂ ਜੋ ਖੇਤੀ ਵਾੜੀ ਉਹ ਨੂੰ ਬਹੁਤ ਪਸੰਦ ਸੀ ।
11ਨਾਲੇ ਉਜ਼ੀਯਾਹ ਦੇ ਕੋਲ ਜੋਧਿਆਂ ਦੀ ਇੱਕ ਫੌਜ ਸੀ ਜੋ ਯੁੱਧ ਲਈ ਯਈਏਲ ਲਿਖਾਰੀ ਅਤੇ ਮਅਸੇਯਾਹ ਚੌਧਰੀ ਦੇ ਲੇਖੇ ਦੀ ਗਿਣਤੀ ਅਨੁਸਾਰ ਹਨਨਯਾਹ ਦੀ ਅਗਵਾਈ ਵਿੱਚ ਜੋ ਪਾਤਸ਼ਾਹ ਦੇ ਸਰਦਾਰਾਂ ਵਿੱਚੋਂ ਸੀ ਜਥੇਬੰਦ ਹੋ ਕੇ ਨਿੱਕਲਦੀ ਸੀ12ਸੂਰਬੀਰਾਂ ਦੇ ਪਿਤ੍ਰਾਂ ਦੇ ਘਰਾਣਿਆਂ ਦੇ ਮੁਖੀਆਂ ਦੀ ਸਾਰੀ ਗਿਣਤੀ ਦੋ ਹਜ਼ਾਰ ਛੇ ਸੌ ਸੀ13ਅਤੇ ਉਨ੍ਹਾਂ ਦੀ ਤਾਬਿਆਦਾਰੀ ਵਿੱਚ ਜੋਧਿਆਂ ਦੀ ਸੈਨਾ ਸੀ ਤਿੰਨ ਲੱਖ ਸਾਢੇ ਸੱਤ ਹਜ਼ਾਰ ਬਲਵੰਤ ਸੂਰਮੇ ਜਿਹੜੇ ਵੈਰੀਆਂ ਦੇ ਵਿਰੁੱਧ ਪਾਤਸ਼ਾਹ ਦੀ ਸਹਾਇਤਾ ਕਰਦੇ ਸਨ
14ਅਤੇ ਉਜ਼ੀਯਾਹ ਨੇ ਉਨ੍ਹਾਂ ਦੀ ਸਾਰੀ ਸੈਨਾ ਲਈ ਢਾਲਾਂ, ਬਰਛੇ, ਟੋਪ ਸੰਜੋਆਂ ਤੇ ਧਣੁਖ ਤੇ ਗੋਪੀਏ ਤਿਆਰ ਕੀਤੇ15ਅਤੇ ਉਸ ਨੇ ਯਰੂਸ਼ਲਮ ਵਿੱਚ ਕਸਬੀ ਲੋਕਾਂ ਦੀਆਂ ਬਣਾਈਆਂ ਹੋਈਆਂ ਕਲਾਂ ਲਗਵਾਈਆਂ ਤਾਂ ਜੋ ਉਹ ਤੀਰ ਚਲਾਉਣ ਅਤੇ ਵੱਡੇ-ਵੱਡੇ ਪੱਥਰ ਵਗਾਹੁਣ ਲਈ ਬੁਰਜਾਂ ਤੇ ਕੰਧਾਂ ਉੱਪਰ ਲਗਾਈਆਂ ਜਾਣ । ਸੋ ਉਹ ਦਾ ਨਾਮ ਦੂਰ ਤੱਕ ਵੱਜਣ ਲੱਗਾ ਕਿਉਂ ਜੋ ਉਹ ਦੀ ਸਹਾਇਤਾ ਅਜਿਹੇ ਨਿਰਾਲੇ ਢੰਗ ਨਾਲ ਹੋਈ ਜੋ ਉਹ ਤਕੜਾ ਹੋ ਗਿਆ ।
ਉਜ਼ੀਯਾਹ ਦਾ ਘਮੰਡ ਅਤੇ ਉਸ ਦੀ ਸਜ਼ਾ

16ਪਰ ਜਦ ਉਹ ਤਕੜਾ ਹੋ ਗਿਆ ਤਾਂ ਉਹ ਦਾ ਦਿਲ ਐਨਾ ਹੰਕਾਰਿਆ ਗਿਆ ਕਿ ਉਹ ਵਿਗੜ ਗਿਆ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਤੋਂ ਬੇਮੁੱਖ ਹੋ ਗਿਆ ਅਤੇ ਯਹੋਵਾਹ ਦੀ ਹੈਕਲ ਵਿੱਚ ਜਾ ਕੇ ਧੂਪ ਦੀ ਜਗਵੇਦੀ ਉੱਤੇ ਧੂਪ ਧੁਖਾਉਣ ਲੱਗਾ17ਤਦ ਅਜ਼ਰਯਾਹ ਜਾਜਕ ਉਹ ਦੇ ਮਗਰ ਗਿਆ ਅਤੇ ਉਹ ਦੇ ਨਾਲ ਯਹੋਵਾਹ ਦੇ ਅੱਸੀ ਜਾਜਕ ਸਨ ਜੋ ਬਲਵੰਤ ਮਨੁੱਖ ਸਨ18ਅਤੇ ਉਨ੍ਹਾਂ ਨੇ ਉਜ਼ੀਯਾਹ ਪਾਤਸ਼ਾਹ ਦਾ ਟਾਕਰਾ ਕੀਤਾ ਅਤੇ ਉਹ ਨੂੰ ਆਖਣ ਲੱਗੇ, ਹੇ ਉਜ਼ੀਯਾਹ ! ਯਹੋਵਾਹ ਦੇ ਲਈ ਧੂਪ ਧੁਖਾਉਣਾ ਤੇਰਾ ਕੰਮ ਨਹੀਂ ਸਗੋਂ ਜਾਜਕਾਂ ਅਰਥਾਤ ਹਾਰੂਨ ਦੇ ਪੁੱਤਰਾਂ ਦਾ ਕੰਮ ਹੈ ਜਿਹੜੇ ਧੂਪ ਧੁਖਾਉਣ ਲਈ ਪਵਿੱਤਰ ਕੀਤੇ ਗਏ ਹਨ । ਪਵਿੱਤਰ ਭਵਨ ਤੋਂ ਬਾਹਰ ਜਾ, ਕਿਉਂ ਜੋ ਤੂੰ ਬੇਈਮਾਨੀ ਕੀਤੀ ਹੈ ਅਤੇ ਯਹੋਵਾਹ ਪਰਮੇਸ਼ੁਰ ਵੱਲੋਂ ਇਹ ਤੇਰੀ ਵਡਿਆਈ ਦਾ ਕਾਰਨ ਨਹੀਂ ਹੋਵੇਗਾ
19ਤਦ ਉਜ਼ੀਯਾਹ ਗੁੱਸੇ ਹੋਇਆ ਅਤੇ ਉਹ ਦੇ ਹੱਥ ਵਿੱਚ ਧੂਪ ਧੁਖਾਉਣ ਲਈ ਧੂਪਦਾਨ ਸੀ ਅਤੇ ਜਦੋਂ ਉਹ ਜਾਜਕਾਂ ਤੇ ਹਰਖ ਕਰ ਰਿਹਾ ਸੀ ਤਾਂ ਜਾਜਕਾਂ ਦੇ ਅੱਗੇ ਯਹੋਵਾਹ ਦੇ ਭਵਨ ਵਿੱਚ ਧੂਪ ਦੀ ਜਗਵੇਦੀ ਦੇ ਕੋਲ ਉਸ ਦੇ ਮੱਥੇ ਤੇ ਕੋੜ੍ਹ ਫੁੱਟ ਨਿੱਕਲਿਆ20ਅਤੇ ਅਜ਼ਰਯਾਹ ਪ੍ਰਧਾਨ ਜਾਜਕ ਅਤੇ ਸਾਰੇ ਜਾਜਕਾਂ ਨੇ ਉਹ ਨੂੰ ਤੱਕਿਆ ਅਤੇ ਵੇਖੋ, ਉਹ ਦੇ ਮੱਥੇ ਉੱਤੇ ਕੋੜ੍ਹ ਨਿੱਕਲਿਆ ਹੋਇਆ ਸੀ ਸੋ ਉਹ ਨੂੰ ਛੇਤੀ ਉੱਥੋਂ ਕੱਢਿਆ ਸਗੋਂ ਉਹ ਨੇ ਆਪ ਹੀ ਬਾਹਰ ਜਾਣ ਵਿੱਚ ਛੇਤੀ ਕੀਤੀ ਕਿਉਂ ਜੋ ਯਹੋਵਾਹ ਦੀ ਮਾਰ ਉਹ ਨੂੰ ਪੈ ਰਹੀ ਸੀ
21ਸੋ ਉਜ਼ੀਯਾਹ ਪਾਤਸ਼ਾਹ ਆਪਣੇ ਮਰਨ ਤੱਕ ਕੋੜ੍ਹੀ ਰਿਹਾ ਅਤੇ ਕੋੜ੍ਹੀ ਹੋਣ ਦੇ ਕਾਰਨ ਇੱਕ ਅੱਡ ਘਰ ਵਿੱਚ ਰਹਿੰਦਾ ਸੀ ਕਿਉਂ ਜੋ ਉਹ ਯਹੋਵਾਹ ਦੇ ਭਵਨ ਵਿੱਚੋਂ ਛੇਕਿਆ ਗਿਆ ਸੀ ਅਤੇ ਉਹ ਦਾ ਪੁੱਤਰ ਯੋਥਾਮ ਪਾਤਸ਼ਾਹ ਦੇ ਮਹਿਲ ਉੱਤੇ ਸੀ ਅਤੇ ਦੇਸ ਦੇ ਲੋਕਾਂ ਦਾ ਨਿਆਂ ਕਰਦਾ ਸੀ
22ਅਤੇ ਉਜ਼ੀਯਾਹ ਦੇ ਬਾਕੀ ਕੰਮ ਆਦ ਤੋਂ ਅੰਤ ਤੱਕ ਆਮੋਸ ਦੇ ਪੁੱਤਰ ਯਸ਼ਾਯਾਹ ਨਬੀ ਨੇ ਲਿਖੇ23ਸੋ ਉਜ਼ੀਯਾਹ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ ਅਤੇ ਉਨ੍ਹਾਂ ਨੇ ਉਹ ਨੂੰ ਉਹ ਦੇ ਪਿਉ-ਦਾਦਿਆਂ ਨਾਲ ਪਾਤਸ਼ਾਹਾਂ ਦੇ ਕਬਰਿਸਤਾਨ ਦੇ ਖੇਤ ਵਿੱਚ ਦੱਬਿਆ ਕਿਉਂ ਜੋ ਉਨ੍ਹਾਂ ਨੇ ਆਖਿਆ ਕਿ ਉਹ ਕੋੜ੍ਹੀ ਹੈ ਅਤੇ ਯੋਥਾਮ ਉਹ ਦਾ ਪੁੱਤਰ ਉਹ ਦੇ ਥਾਂ ਰਾਜ ਕਰਨ ਲੱਗਾ ।

27
ਯਹੂਦਾਹ ਵਿੱਚ ਯੋਥਾਮ ਦਾ ਰਾਜ
(2 ਰਾਜਾ 15:32-38)

1ਯੋਥਾਮ ਪੰਝੀਆਂ ਸਾਲਾਂ ਦਾ ਸੀ ਜਦੋਂ ਉਹ ਰਾਜ ਕਰਨ ਲੱਗਾ ਅਤੇ ਉਹ ਨੇ ਸੋਲ਼ਾਂ ਸਾਲ ਯਰੂਸ਼ਲਮ ਵਿੱਚ ਰਾਜ ਕੀਤਾ । ਉਹ ਦੀ ਮਾਤਾ ਦਾ ਨਾਮ ਯਰੂਸ਼ਾਹ ਸੀ ਜੋ ਸਾਦੋਕ ਦੀ ਧੀ ਸੀ2ਉਹ ਸੱਭੋ ਕੁਝ ਜੋ ਉਹ ਦੇ ਪਿਉ ਉਜ਼ੀਯਾਹ ਨੇ ਕੀਤਾ ਸੀ ਉਵੇਂ ਹੀ ਉਹ ਨੇ ਵੀ ਉਹੋ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ ਪਰ ਉਹ ਯਹੋਵਾਹ ਦੀ ਹੈਕਲ ਵਿੱਚ ਨਾ ਵੜਿਆ ਅਤੇ ਅਜੇ ਤੱਕ ਲੋਕੀ ਵਿਗੜੀ ਚਾਲ ਚੱਲਦੇ ਸਨ

3ਉਸ ਨੇ ਯਹੋਵਾਹ ਦੇ ਭਵਨ ਦਾ ਉੱਪਰਲਾ ਦਰ ਬਣਾਇਆ ਅਤੇ ਓਫਲ ਦੀ ਕੰਧ ਉੱਤੇ ਉਸ ਨੇ ਬਹੁਤ ਕੁਝ ਬਣਾਇਆ4ਉਸ ਨੇ ਯਹੂਦਾਹ ਦੇ ਪਹਾੜ ਵਿੱਚ ਸ਼ਹਿਰ ਬਣਾਏ ਅਤੇ ਜੰਗਲਾਂ ਵਿੱਚ ਕੋਟ ਤੇ ਬੁਰਜ ਬਣਵਾਏ
5ਉਹ ਅੰਮੋਨੀਆਂ ਦੇ ਰਾਜਾ ਨਾਲ ਵੀ ਲੜਿਆ ਅਤੇ ਉਨ੍ਹਾਂ ਨੂੰ ਜਿੱਤਿਆ ਅਤੇ ਉਸੇ ਸਾਲ ਅੰਮੋਨੀਆਂ ਨੇ ਇੱਕ ਸੌ ਕਿਨਤਾਰ ਚਾਂਦੀ ਅਤੇ ਪੰਝੱਤਰ ਹਜ਼ਾਰ ਮਣ ਕਣਕ ਅਤੇ ਪੰਝੱਤਰ ਹਜ਼ਾਰ ਮਣ ਜੌਂ ਉਹ ਨੂੰ ਦਿੱਤੇ ਅਤੇ ਉੱਨਾ ਹੀ ਅੰਮੋਨੀਆਂ ਨੇ ਦੂਜੇ ਅਤੇ ਤੀਜੇ ਸਾਲ ਵੀ ਉਹ ਨੂੰ ਦਿੱਤਾ
6ਸੋ ਯੋਥਾਮ ਬਲਵਾਨ ਹੋ ਗਿਆ ਕਿਉਂ ਜੋ ਉਹ ਨੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਆਪਣੇ ਰਾਹ ਠੀਕ ਕੀਤੇ ਸਨ7ਅਤੇ ਯੋਥਾਮ ਦੇ ਬਾਕੀ ਕੰਮ ਅਤੇ ਉਹ ਦੀਆਂ ਸਾਰੀਆਂ ਲੜਾਈਆਂ ਅਤੇ ਉਹ ਦੇ ਵਰਤਾਓ ਵੇਖੋ, ਉਹ ਇਸਰਾਏਲ ਅਤੇ ਯਹੂਦਾਹ ਦੇ ਪਾਤਸ਼ਾਹਾਂ ਦੀ ਪੋਥੀ ਵਿੱਚ ਲਿਖੇ ਹਨ
8ਉਹ ਪੱਚੀਆਂ ਸਾਲਾਂ ਦਾ ਸੀ ਜਦੋਂ ਰਾਜ ਕਰਨ ਲੱਗਾ ਅਤੇ ਉਹ ਨੇ ਸੋਲ਼ਾਂ ਸਾਲ ਯਰੂਸ਼ਲਮ ਵਿੱਚ ਰਾਜ ਕੀਤਾ9ਅਤੇ ਯੋਥਾਮ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ ਅਤੇ ਉਨ੍ਹਾਂ ਨੇ ਉਹ ਨੂੰ ਦਾਊਦ ਦੇ ਸ਼ਹਿਰ ਵਿੱਚ ਦੱਬਿਆ ਅਤੇ ਉਹ ਦਾ ਪੁੱਤਰ ਆਹਾਜ਼ ਉਹ ਦੇ ਥਾਂ ਰਾਜ ਕਰਨ ਲੱਗਾ ।

28
ਯਹੂਦਾਹ ਦੇ ਵਿੱਚ ਆਹਾਜ਼ ਦਾ ਰਾਜ
(2 ਰਾਜਾ 16:1-4)

1ਆਹਾਜ਼ ਵੀਹਾਂ ਸਾਲਾਂ ਦਾ ਸੀ ਜਦ ਉਹ ਰਾਜ ਕਰਨ ਲੱਗਾ । ਉਸ ਨੇ ਸੋਲ਼ਾਂ ਸਾਲ ਯਰੂਸ਼ਲਮ ਵਿੱਚ ਰਾਜ ਕੀਤਾ ਪਰ ਉਸ ਨੇ ਉਹ ਨਾ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ ਜਿਦਾਂ ਉਸ ਦੇ ਪਿਤਾ ਦਾਊਦ ਨੇ ਕੀਤਾ ਸੀ2ਸਗੋਂ ਉਹ ਇਸਰਾਏਲ ਦੇ ਪਾਤਸ਼ਾਹਾਂ ਦੇ ਰਾਹਾਂ ਉੱਤੇ ਤੁਰਿਆ ਅਤੇ ਬਆਲੀਮ ਦੀਆਂ ਢਾਲੀਆਂ ਹੋਈਆਂ ਮੂਰਤੀਆਂ ਵੀ ਬਣਵਾਈਆਂ

3ਇਸ ਤੋਂ ਬਿਨ੍ਹਾਂ ਉਸ ਨੇ ਹੀਨੋਮ ਦੇ ਪੁੱਤਰ ਦੀ ਵਾਦੀ ਵਿੱਚ ਧੂਪ ਧੁਖਾਈ ਅਤੇ ਉਨ੍ਹਾਂ ਕੌਮਾਂ ਦੇ ਘਿਣਾਉਣੇ ਰਵਾਜਾਂ ਅਨੁਸਾਰ ਜਿਨ੍ਹਾਂ ਨੂੰ ਯਹੋਵਾਹ ਨੇ ਇਸਰਾਏਲੀਆਂ ਦੇ ਅੱਗੋਂ ਕੱਢ ਦਿੱਤਾ ਸੀ ਆਪਣੇ ਹੀ ਪੁੱਤਰਾਂ ਨੂੰ ਅੱਗ ਵਿੱਚ ਜਲਾਇਆ4ਉਹ ਉੱਚਿਆਂ ਥਾਵਾਂ ਅਤੇ ਟਿੱਲਿਆਂ ਉੱਤੇ ਅਤੇ ਹਰ ਹਰੇ ਰੁੱਖ ਦੇ ਹੇਠਾਂ ਬਲੀਆਂ ਚੜ੍ਹਾਉਂਦਾ ਅਤੇ ਧੂਪ ਧੁਖਾਉਂਦਾ ਰਿਹਾ ।
ਅਰਾਮ ਅਤੇ ਇਸਰਾਏਲ ਦੇ ਵਿਰੁੱਧ ਚੇਤਾਵਨੀ
(2 ਰਾਜਾ 16:5)

5ਇਸੇ ਲਈ ਯਹੋਵਾਹ ਉਸ ਦੇ ਪਰਮੇਸ਼ੁਰ ਨੇ ਉਸ ਨੂੰ ਅਰਾਮ ਦੇ ਪਾਤਸ਼ਾਹ ਦੇ ਹੱਥ ਵਿੱਚ ਦੇ ਦਿੱਤਾ ਸੋ ਉਨ੍ਹਾਂ ਨੇ ਉਸ ਨੂੰ ਮਾਰਿਆ ਅਤੇ ਉਸ ਦੇ ਲੋਕਾਂ ਵਿੱਚੋਂ ਗ਼ੁਲਾਮਾਂ ਦੇ ਜੱਥਿਆਂ ਦੇ ਜੱਥੇ ਲੈ ਗਏ ਅਤੇ ਉਨ੍ਹਾਂ ਨੂੰ ਦੰਮਿਸਕ ਵਿੱਚ ਲੈ ਆਏ ਅਤੇ ਇਸਰਾਏਲ ਦੇ ਪਾਤਸ਼ਾਹ ਦੇ ਹੱਥ ਵਿੱਚ ਦੇ ਦਿੱਤਾ ਜਿਸ ਨੇ ਉਸ ਨੂੰ ਮਾਰਿਆ ਅਤੇ ਵੱਡਾ ਕਤਲੇਆਮ ਕੀਤਾ6ਅਤੇ ਰਮਲਯਾਹ ਦੇ ਪੁੱਤਰ ਫਕਹ ਨੇ ਇੱਕੋ ਹੀ ਦਿਨ ਵਿੱਚ ਯਹੂਦਾਹ ਵਿੱਚੋਂ ਇੱਕ ਲੱਖ ਵੀਹ ਹਜ਼ਾਰ ਨੂੰ ਜੋ ਸਾਰੇ ਸੂਰਮੇ ਸਨ ਕਤਲ ਕਰ ਦਿੱਤਾ ਕਿਉਂ ਜੋ ਉਨ੍ਹਾਂ ਨੇ ਯਹੋਵਾਹ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਨੂੰ ਛੱਡ ਦਿੱਤਾ ਸੀ
7ਅਤੇ ਜ਼ਿਕਰੀ ਨੇ ਜੋ ਅਫਰਾਈਮ ਦਾ ਇੱਕ ਸੂਰਮਾ ਸੀ ਮਆਸੀਯਾਹ ਰਾਜ ਕੁਮਾਰ ਨੂੰ ਅਤੇ ਮਹਿਲ ਦੇ ਹਾਕਮ ਅਜ਼ਰੀਕਾਮ ਨੂੰ ਅਤੇ ਪਾਤਸ਼ਾਹ ਦੇ ਵਜ਼ੀਰ ਅਲਕਾਨਾਹ ਨੂੰ ਮਾਰ ਸੁੱਟਿਆ ।
ਨਬੀ ਓਦੇਦ

8ਅਤੇ ਇਸਰਾਏਲੀ ਆਪਣੇ ਭਰਾਵਾਂ ਵਿੱਚੋਂ ਦੋ ਲੱਖ ਔਰਤਾਂ ਅਤੇ ਪੁੱਤਰਾਂ ਧੀਆਂ ਨੂੰ ਗ਼ੁਲਾਮ ਕਰ ਕੇ ਲੈ ਗਏ ਅਤੇ ਉਨ੍ਹਾਂ ਦਾ ਬਹੁਤ ਸਾਰਾ ਮਾਲ ਲੁੱਟ ਲਿਆ ਅਤੇ ਲੁੱਟ ਨੂੰ ਸਾਮਰਿਯਾ ਵਿੱਚ ਲੈ ਆਏ
9ਉੱਥੇ ਯਹੋਵਾਹ ਦਾ ਇੱਕ ਨਬੀ ਸੀ ਜਿਸ ਦਾ ਨਾਮ ਓਦੇਦ ਸੀ । ਉਹ ਉਸ ਸੈਨਾ ਦੇ ਸਵਾਗਤ ਲਈ ਗਿਆ ਜੋ ਸਾਮਰਿਯਾ ਨੂੰ ਆ ਰਹੀ ਸੀ ਅਤੇ ਉਨ੍ਹਾਂ ਨੂੰ ਆਖਣ ਲੱਗਾ, ਵੇਖੋ, ਇਸ ਲਈ ਕਿ ਯਹੋਵਾਹ ਤੁਹਾਡੇ ਪਿਉ-ਦਾਦਿਆਂ ਦਾ ਪਰਮੇਸ਼ੁਰ ਯਹੂਦਾਹ ਤੋਂ ਨਰਾਜ਼ ਸੀ ਉਸ ਨੇ ਉਨ੍ਹਾਂ ਨੂੰ ਤੁਹਾਡੇ ਹੱਥ ਵਿੱਚ ਦੇ ਦਿੱਤਾ ਅਤੇ ਤੁਸੀਂ ਉਨ੍ਹਾਂ ਨੂੰ ਅਜਿਹੇ ਗੁੱਸੇ ਵਿੱਚ ਕਤਲ ਕੀਤਾ ਹੈ ਜੋ ਅਕਾਸ਼ ਤੱਕ ਪੁੱਜਿਆ !10ਹੁਣ ਯਹੂਦਾਹ ਅਤੇ ਯਰੂਸ਼ਲਮ ਦੀ ਵੰਸ ਨੂੰ ਕੀ ਤੁਸੀਂ ਆਪਣੇ ਗੋਲੇ ਅਤੇ ਗੋਲੀਆਂ ਬਣਾ ਕੇ ਉਨ੍ਹਾਂ ਨੂੰ ਦਬਾਈ ਰੱਖੋਗੇ ? ਪਰ ਕੀ ਤੁਹਾਡੇ ਹੀ ਪਾਪ ਜਿਹੜੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਵਿਰੁੱਧ ਕੀਤੇ ਹਨ ਤੁਹਾਡੇ ਸਿਰ ਨਹੀਂ ?11ਹੁਣ ਤੁਸੀਂ ਮੇਰੀ ਗੱਲ ਸੁਣੋ ਅਤੇ ਉਨ੍ਹਾਂ ਬੰਧੂਆਂ ਨੂੰ ਜਿਨ੍ਹਾਂ ਨੂੰ ਤੁਸੀਂ ਆਪਣੇ ਭਰਾਵਾਂ ਵਿੱਚੋਂ ਫੜ ਲਿਆ ਹੈ ਅਜ਼ਾਦ ਕਰ ਕੇ ਮੋੜ ਦਿਓ ਕਿਉਂ ਜੋ ਯਹੋਵਾਹ ਦਾ ਵੱਡਾ ਕ੍ਰੋਧ ਤੁਹਾਡੇ ਉੱਤੇ ਹੈ
12ਤਦ ਅਫਰਈਮੀਆਂ ਦੇ ਮੁਖੀਆਂ ਵਿੱਚੋਂ ਯਹੋਹਾਨਾਨ ਦਾ ਪੁੱਤਰ ਅਜ਼ਰਯਾਹ ਮਸ਼ੀਲੇਮੋਥ ਦਾ ਪੁੱਤਰ ਬਰਕਯਾਹ ਅਤੇ ਸ਼ਲੂਮ ਦਾ ਪੁੱਤਰ ਯਾਹਜ਼ਕੀਯਾਹ ਅਤੇ ਹਦਲੀ ਦਾ ਪੁੱਤਰ ਅਮਾਸਾ ਉਨ੍ਹਾਂ ਦੇ ਸਾਹਮਣੇ ਜਿਹੜੇ ਯੁੱਧ ਤੋਂ ਆ ਰਹੇ ਸਨ, ਖੜ੍ਹੇ ਹੋ ਗਏ13ਅਤੇ ਉਨ੍ਹਾਂ ਨੂੰ ਆਖਿਆ ਕਿ ਤੁਸੀਂ ਬੰਧੂਆਂ ਨੂੰ ਇੱਥੇ ਨਹੀਂ ਲਿਆ ਸਕੋਗੇ ਇਸ ਲਈ ਕਿ ਤੁਸੀਂ ਜੋ ਕੀਤਾ ਹੈ ਉਸ ਕਰਕੇ ਅਸੀਂ ਯਹੋਵਾਹ ਦੇ ਪਾਪੀ ਬਣਾਂਗੇ ਅਤੇ ਸਾਡੀਆਂ ਭੁੱਲਾਂ ਅਤੇ ਪਾਪ ਵੱਧ ਜਾਣਗੇ ਕਿਉਂ ਜੋ ਸਾਡੀ ਭੁੱਲ ਵੱਡੀ ਹੈ ਅਤੇ ਇਸਰਾਏਲ ਉੱਤੇ ਵੱਡਾ ਕਹਿਰ ਹੈ
14ਸੋ ਉਨ੍ਹਾਂ ਸ਼ਸਤ੍ਰ ਧਾਰੀ ਲੋਕਾਂ ਨੇ ਬੰਧੂਆਂ ਅਤੇ ਲੁੱਟ ਦੇ ਮਾਲ ਨੂੰ ਸਰਦਾਰਾਂ ਅਤੇ ਸਾਰੀ ਸਭਾ ਦੇ ਸਾਹਮਣੇ ਛੱਡ ਦਿੱਤਾ15ਅਤੇ ਉਹ ਮਨੁੱਖ ਜਿਨ੍ਹਾਂ ਦੇ ਨਾਮ ਲਏ ਗਏ ਹਨ ਉੱਠੇ ਅਤੇ ਬੰਧੂਆਂ ਨੂੰ ਸੰਭਾਲਿਆ ਅਤੇ ਲੁੱਟ ਦੇ ਮਾਲ ਵਿੱਚੋਂ ਉਨ੍ਹਾਂ ਸਾਰਿਆਂ ਨੂੰ ਜੋ ਉਨ੍ਹਾਂ ਵਿੱਚੋਂ ਨੰਗੇ ਸਨ ਕੱਪੜੇ ਪਵਾਏ ਅਤੇ ਉਨ੍ਹਾਂ ਦੇ ਪੈਰੀਂ ਜੁੱਤੀਆਂ ਪਵਾਈਆਂ ਅਤੇ ਉਨ੍ਹਾਂ ਨੂੰ ਖਾਣ-ਪੀਣ ਲਈ ਦਿੱਤਾ ਅਤੇ ਉਨ੍ਹਾਂ ਉੱਤੇ ਤੇਲ ਮਲਿਆ ਅਤੇ ਉਨ੍ਹਾਂ ਵਿੱਚੋਂ ਜਿਹੜੇ ਲਿੱਸੇ ਸਨ ਉਨ੍ਹਾਂ ਨੂੰ ਖੋਤਿਆਂ ਦੇ ਉੱਤੇ ਚੜ੍ਹਾ ਕੇ ਖਜ਼ੂਰਾਂ ਦੇ ਰੁੱਖਾਂ ਦੇ ਸ਼ਹਿਰ ਯਰੀਹੋ ਵਿੱਚ ਉਨ੍ਹਾਂ ਦੇ ਭਰਾਵਾਂ ਦੇ ਕੋਲ ਪੁਚਾ ਦਿੱਤਾ ਤਾਂ ਉਹ ਸਾਮਰਿਯਾ ਨੂੰ ਮੁੜ ਪਏ ।
ਆਹਾਜ਼ ਦਾ ਅੱਸ਼ੂਰ ਤੋਂ ਸਹਾਇਤਾ ਮੰਗਣਾ
(2 ਰਾਜਾ 16:7-9)

16ਓਸ ਵੇਲੇ ਆਹਾਜ਼ ਪਾਤਸ਼ਾਹ ਨੇ ਅੱਸ਼ੂਰ ਦੇ ਰਾਜਿਆਂ ਨੂੰ ਸੰਦੇਸ਼ ਭੇਜਿਆ ਕਿ ਉਸ ਦੀ ਸਹਾਇਤਾ ਕਰਨ17ਇਸ ਲਈ ਕਿ ਅਦੋਮੀਆਂ ਨੇ ਫੇਰ ਹੱਲਾ ਕਰ ਕੇ ਯਹੂਦਾਹ ਨੂੰ ਮਾਰ ਲਿਆ ਅਤੇ ਬੰਧੂਆਂ ਨੂੰ ਲੈ ਗਏ18ਅਤੇ ਫਲਿਸਤੀਆਂ ਨੇ ਵੀ ਬੇਟ ਦੀ ਧਰਤੀ ਦੇ ਅਤੇ ਯਹੂਦਾਹ ਦੇ ਦੱਖਣ ਦੇ ਸ਼ਹਿਰਾਂ ਉੱਤੇ ਹੱਲਾ ਕਰ ਕੇ ਬੈਤ-ਸ਼ਮਸ਼ ਅਤੇ ਅਯਾਲੋਨ ਅਤੇ ਗਦੇਰੋਥ ਅਤੇ ਸੋਕੋ ਅਤੇ ਉਹ ਦੇ ਪਿੰਡਾਂ ਨੂੰ ਅਤੇ ਤਿਮਨਾਹ ਅਤੇ ਉਹ ਦੇ ਪਿੰਡਾਂ ਨੂੰ ਅਤੇ ਗਿਮਜ਼ੋ ਅਤੇ ਉਹ ਦੇ ਪਿੰਡਾਂ ਨੂੰ ਵੀ ਲੈ ਲਿਆ ਸੀ ਅਤੇ ਉਨ੍ਹਾਂ ਵਿੱਚ ਵੱਸ ਗਏ ਸਨ
19ਕਿਉਂ ਜੋ ਯਹੋਵਾਹ ਨੇ ਇਸਰਾਏਲ ਦੇ ਪਾਤਸ਼ਾਹ ਆਹਾਜ਼ ਦੇ ਕਾਰਨ ਯਹੂਦਾਹ ਨੂੰ ਅਧੀਨ ਕੀਤਾ ਇਸ ਲਈ ਕਿ ਉਸ ਨੇ ਯਹੂਦਾਹ ਵਿੱਚ ਅਵਾਰਾ ਚਾਲ ਚੱਲ ਕੇ ਯਹੋਵਾਹ ਦੀ ਵੱਡੀ ਬੇਈਮਾਨੀ ਕੀਤੀ ਸੀ20ਅਤੇ ਅੱਸ਼ੂਰ ਦਾ ਪਾਤਸ਼ਾਹ ਤਿਗਲਥ ਪਿਲਨਾਸਰ ਉਹ ਦੇ ਕੋਲ ਆਇਆ ਪਰ ਉਸ ਨੇ ਉਹ ਨੂੰ ਤੰਗ ਕੀਤਾ ਅਤੇ ਉਹ ਦੀ ਸਹਾਇਤਾ ਨਾ ਕੀਤੀ21ਭਾਵੇਂ ਆਹਾਜ਼ ਨੇ ਯਹੋਵਾਹ ਦੇ ਭਵਨ ਅਤੇ ਪਾਤਸ਼ਾਹ ਅਤੇ ਸਰਦਾਰਾਂ ਦੇ ਮਹਿਲਾਂ ਵਿੱਚੋਂ ਮਾਲ ਲੈ ਕੇ ਅੱਸ਼ੂਰ ਦੇ ਰਾਜਾ ਨੂੰ ਦਿੱਤਾ ਪਰ ਤਾਂ ਵੀ ਉਸ ਦੀ ਕੁਝ ਸਹਾਇਤਾ ਨਾ ਹੋਈ ।
ਆਹਾਜ਼ ਦੇ ਪਾਪ ਅਤੇ ਉਸ ਦੀ ਮੌਤ

22ਆਪਣੀ ਤੰਗੀ ਦੇ ਵੇਲੇ ਵੀ ਇਸੇ ਆਹਾਜ਼ ਪਾਤਸ਼ਾਹ ਨੇ ਯਹੋਵਾਹ ਨਾਲ ਹੋਰ ਵੀ ਬੇਈਮਾਨੀ ਕੀਤੀ23ਉਸ ਨੇ ਦੰਮਿਸ਼ਕ ਦੇ ਦੇਵਤਿਆਂ ਲਈ ਜਿਨ੍ਹਾਂ ਨੇ ਉਹ ਨੂੰ ਮਾਰਿਆ ਸੀ ਬਲੀਆਂ ਚੜ੍ਹਾਈਆਂ ਅਤੇ ਆਖਿਆ ਕਿ ਅਰਾਮ ਦੇ ਪਾਤਸ਼ਾਹਾਂ ਦੇ ਦੇਵਤਿਆਂ ਨੇ ਉਨ੍ਹਾਂ ਦੀ ਸਹਾਇਤਾ ਕੀਤੀ ਸੀ ਸੋ ਮੈਂ ਵੀ ਉਨ੍ਹਾਂ ਲਈ ਬਲੀਦਾਨ ਕਰਾਂਗਾ ਤਾਂ ਜੋ ਉਹ ਮੇਰੀ ਸਹਾਇਤਾ ਕਰਨ ਪਰ ਉਹ ਉਹ ਦੀ ਅਤੇ ਸਾਰੇ ਇਸਰਾਏਲ ਦੀ ਤਬਾਹੀ ਦਾ ਕਾਰਨ ਬਣੇ
24ਤਾਂ ਆਹਾਜ਼ ਨੇ ਪਰਮੇਸ਼ੁਰ ਦੇ ਭਵਨ ਦੇ ਭਾਂਡਿਆਂ ਨੂੰ ਇਕੱਠਾ ਕੀਤਾ ਅਤੇ ਪਰਮੇਸ਼ੁਰ ਦੇ ਭਵਨ ਦੇ ਭਾਂਡਿਆਂ ਨੂੰ ਟੋਟੇ-ਟੋਟੇ ਕੀਤਾ ਅਤੇ ਯਹੋਵਾਹ ਦੇ ਭਵਨ ਦੇ ਬੂਹਿਆਂ ਨੂੰ ਬੰਦ ਕਰ ਦਿੱਤਾ ਅਤੇ ਆਪਣੇ ਲਈ ਯਰੂਸ਼ਲਮ ਦੇ ਹਰ ਖੂੰਜੇ ਵਿੱਚ ਜਗਵੇਦੀਆਂ ਬਣਵਾਈਆਂ25ਅਤੇ ਯਹੂਦਾਹ ਦੇ ਇੱਕ-ਇੱਕ ਸ਼ਹਿਰ ਵਿੱਚ ਦੂਜੇ ਦੇਵਤਿਆਂ ਲਈ ਧੂਪ ਧੁਖਾਉਣ ਦੇ ਲਈ ਉੱਚੇ ਸਥਾਨ ਬਣਾਏ ਅਤੇ ਯਹੋਵਾਹ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਨੂੰ ਹਰਖ ਦਿਲਾਇਆ
26ਉਹ ਦੇ ਬਾਕੀ ਕੰਮ ਅਤੇ ਉਹ ਦੇ ਸਾਰੇ ਮਾਰਗ ਮੁੱਢ ਤੋਂ ਅੰਤ ਤੱਕ, ਵੇਖੋ, ਉਹ ਇਸਰਾਏਲ ਦੇ ਪਾਤਸ਼ਾਹਾਂ ਦੀ ਪੋਥੀ ਵਿੱਚ ਲਿਖੇ ਹੋਏ ਹਨ27ਆਹਾਜ਼ ਆਪਣੇ ਪਿਉ-ਦਾਦਿਆਂ ਦੇ ਨਾਲ ਸੌਂ ਗਿਆ ਅਤੇ ਉਨ੍ਹਾਂ ਨੇ ਉਹ ਨੂੰ ਯਰੂਸ਼ਲਮ ਸ਼ਹਿਰ ਵਿੱਚ ਦੱਬ ਦਿੱਤਾ ਕਿਉਂ ਜੋ ਉਹ ਉਹ ਨੂੰ ਇਸਰਾਏਲ ਦੇ ਪਾਤਸ਼ਾਹਾਂ ਦੀਆਂ ਕਬਰਾਂ ਵਿੱਚ ਨਾ ਲਿਆਏ । ਉਹ ਦਾ ਪੁੱਤਰ ਹਿਜ਼ਕੀਯਾਹ ਉਹ ਦੇ ਥਾਂ ਰਾਜ ਕਰਨ ਲੱਗਾ ।

29
ਯਹੂਦਾਹ ਦੇ ਵਿੱਚ ਹਿਜ਼ਕੀਯਾਹ ਦਾ ਰਾਜ
(2 ਰਾਜਾ 18:1-3)

1ਹਿਜ਼ਕੀਯਾਹ ਪੰਝੀਆਂ ਸਾਲਾਂ ਦਾ ਸੀ ਜਦ ਉਹ ਰਾਜ ਕਰਨ ਲੱਗਾ ਅਤੇ ਉਸ ਉਨੱਤੀ ਸਾਲ ਯਰੂਸ਼ਲਮ ਵਿੱਚ ਰਾਜ ਕੀਤਾ । ਉਹ ਦੀ ਮਾਤਾ ਦਾ ਨਾਮ ਅਬੀਯਾਹ ਸੀ ਜੋ ਜ਼ਕਰਯਾਹ ਦੀ ਧੀ ਸੀ2ਅਤੇ ਸਭ ਕੁੱਝ ਜੋ ਉਸ ਦੇ ਪਿਉ ਦਾਊਦ ਨੇ ਕੀਤਾ ਸੀ ਉਸ ਨੇ ਉਸੇ ਤਰ੍ਹਾਂ ਉਹੋ ਕੰਮ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ ।

ਹੈਕਲ ਦਾ ਸ਼ੁੱਧੀਕਰਣ

3ਉਸ ਨੇ ਆਪਣੇ ਰਾਜ ਦੇ ਪਹਿਲੇ ਸਾਲ ਦੇ ਪਹਿਲੇ ਮਹੀਨੇ ਯਹੋਵਾਹ ਦੇ ਭਵਨ ਦੇ ਦਰਵਾਜ਼ਿਆਂ ਨੂੰ ਖੋਲਿਆ ਅਤੇ ਉਨ੍ਹਾਂ ਦੀ ਮੁਰੰਮਤ ਕੀਤੀ4ਉਹ ਜਾਜਕਾਂ ਅਤੇ ਲੇਵੀਆਂ ਨੂੰ ਲੈ ਆਇਆ ਅਤੇ ਉਨ੍ਹਾਂ ਨੂੰ ਪੂਰਬ ਵੱਲ ਮੈਦਾਨ ਵਿੱਚ ਇਕੱਠਿਆਂ ਕੀਤਾ5ਅਤੇ ਉਨ੍ਹਾਂ ਨੂੰ ਆਖਿਆ, ਹੇ ਲੇਵੀਓ, ਮੇਰੀ ਸੁਣੋ ! ਹੁਣ ਤੁਸੀਂ ਆਪਣੇ ਆਪ ਨੂੰ ਪਵਿੱਤਰ ਕਰੋ ਅਤੇ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਦੇ ਇਸ ਭਵਨ ਨੂੰ ਵੀ ਪਵਿੱਤਰ ਕਰੋ ਅਤੇ ਇਸ ਪਵਿੱਤਰ ਸਥਾਨ ਵਿੱਚੋਂ ਮੈਲ਼ ਨੂੰ ਕੱਢ ਕੇ ਬਾਹਰ ਲੈ ਜਾਓ
6ਕਿਉਂ ਜੋ ਸਾਡੇ ਪਿਉ-ਦਾਦਿਆਂ ਨੇ ਬੇਈਮਾਨੀ ਕੀਤੀ ਅਤੇ ਜੋ ਯਹੋਵਾਹ ਸਾਡੇ ਪਰਮੇਸ਼ੁਰ ਦੀ ਨਿਗਾਹ ਵਿੱਚ ਬੁਰਾ ਹੈ ਸੋ ਹੀ ਕੀਤਾ ਅਤੇ ਪਰਮੇਸ਼ੁਰ ਨੂੰ ਵਿਸਾਰ ਦਿੱਤਾ ਅਤੇ ਯਹੋਵਾਹ ਦੇ ਡੇਹਰੇ ਵੱਲੋਂ ਆਪਣਾ ਮੂੰਹ ਮੋੜ ਲਿਆ ਸੀ ਅਤੇ ਉਹ ਦੀ ਵੱਲ ਆਪਣੀ ਪਿੱਠ ਕਰ ਦਿੱਤੀ7ਉਨ੍ਹਾਂ ਨੇ ਡਿਉੜੀ ਦੇ ਦਰਵਾਜ਼ੇ ਬੰਦ ਕਰ ਦਿੱਤੇ ਅਤੇ ਦੀਵੇ ਬੁਝਾ ਦਿੱਤੇ ਉਨ੍ਹਾਂ ਨੇ ਧੂਪ ਨਹੀਂ ਧੁਖਾਈ ਅਤੇ ਉਨ੍ਹਾਂ ਨੇ ਇਸਰਾਏਲ ਦੇ ਪਰਮੇਸ਼ੁਰ ਦੇ ਪਵਿੱਤਰ ਸਥਾਨ ਵਿੱਚ ਹੋਮ ਦੀ ਬਲੀ ਨਹੀਂ ਚੜ੍ਹਾਈ
8ਇਸ ਲਈ ਯਹੋਵਾਹ ਦਾ ਕਹਿਰ ਯਹੂਦਾਹ ਅਤੇ ਯਰੂਸ਼ਲਮ ਉੱਤੇ ਆ ਪਿਆ ਹੈ, ਅਤੇ ਉਸ ਨੇ ਉਨ੍ਹਾਂ ਨੂੰ ਛੱਡ ਦਿੱਤਾ ਹੈ ਅਤੇ ਉਨ੍ਹਾਂ ਨੂੰ ਹੌਲ ਅਤੇ ਹੈਰਾਨੀ ਅਤੇ ਧਿਤਕਾਰ ਵਿੱਚ ਪਾ ਦਿੱਤਾ ਜਿਵੇਂ ਤੁਸੀਂ ਆਪਣੀਆਂ ਅੱਖਾਂ ਨਾਲ ਵੇਖਦੇ ਹੋ9ਵੇਖੋ, ਇਸੇ ਕਰਕੇ ਸਾਡੇ ਪਿਉ-ਦਾਦੇ ਤਲਵਾਰ ਨਾਲ ਮਾਰੇ ਗਏ ਅਤੇ ਸਾਡੇ ਮੁੰਡੇ ਕੁੜੀਆਂ ਅਤੇ ਸਾਡੀਆਂ ਔਰਤਾਂ ਗ਼ੁਲਾਮੀ ਵਿੱਚ ਹਨ
10ਹੁਣ ਮੇਰੇ ਦਿਲ ਵਿੱਚ ਹੈ ਕਿ ਮੈਂ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨਾਲ ਨੇਮ ਬੰਨ੍ਹਾ ਤਾਂ ਜੋ ਉਸ ਦਾ ਘੋਰ ਕਹਿਰ ਸਾਡੇ ਉੱਤੋਂ ਟਲ ਜਾਵੇ11ਹੇ ਮੇਰੇ ਪੁੱਤਰੋ, ਤੁਸੀਂ ਹੁਣ ਢਿੱਲੇ ਨਾ ਪੈਣਾ ਕਿਉਂ ਜੋ ਯਹੋਵਾਹ ਨੇ ਤੁਹਾਨੂੰ ਚੁਣ ਲਿਆ ਹੈ ਕਿ ਉਹ ਦੇ ਸਨਮੁਖ ਖੜ੍ਹੇ ਹੋਵੋ ਅਤੇ ਉਹ ਦੀ ਸੇਵਾ ਕਰੋ ਅਤੇ ਉਹ ਦੇ ਸੇਵਾਦਾਰ ਬਣੋ ਅਤੇ ਧੂਪ ਧੁਖਾਓ ।
12ਤਦ ਇਹ ਲੇਵੀ ਉੱਠੇ ਅਰਥਾਤ ਕਹਾਥੀਆਂ ਵਿੱਚੋਂ ਅਮਾਸਈ ਦਾ ਪੁੱਤਰ ਮਹਥ ਅਤੇ ਅਜ਼ਰਯਾਹ ਦਾ ਪੁੱਤਰ ਯੋਏਲ ਅਤੇ ਮਰਾਰੀਆਂ ਵਿੱਚੋਂ ਅਬਦੀ ਦਾ ਪੁੱਤਰ ਕੀਸ਼ ਅਤੇ ਯਹਲਲਏਲ ਦਾ ਪੁੱਤਰ ਅਜ਼ਰਯਾਹ ਅਤੇ ਗੇਰਸ਼ੋਨੀਆਂ ਵਿੱਚੋਂ ਜ਼ਿਮਾ ਦਾ ਪੁੱਤਰ ਯੋਆਹ ਅਤੇ ਯੋਆਹ ਦਾ ਪੁੱਤਰ ਏਦਨ13ਅਤੇ ਅਲੀਸਾਫਾਨੀਆਂ ਵਿੱਚੋਂ ਸ਼ਿਮਰੀ, ਯਿਏਲ ਅਤੇ ਆਸਾਫੀਆਂ ਵਿੱਚੋਂ ਜ਼ਕਰਯਾਹ ਅਤੇ ਮਤਨਯਾਹ14ਅਤੇ ਹੇਮਾਨੀਆਂ ਵਿੱਚੋਂ ਯਹੀਏਲ ਅਤੇ ਸ਼ਮੀ ਅਤੇ ਯਦੂਥੂਨੀਆਂ ਵਿੱਚੋਂ ਸ਼ਮਅਯਾਹ ਅਤੇ ਅਜ਼ੀਏਲ
15ਉਨ੍ਹਾਂ ਨੇ ਆਪਣੇ ਭਰਾਵਾਂ ਨੂੰ ਇਕੱਠਾ ਕਰ ਕੇ ਆਪਣੇ ਆਪ ਨੂੰ ਪਵਿੱਤਰ ਕੀਤਾ ਅਤੇ ਪਾਤਸ਼ਾਹ ਦੇ ਹੁਕਮ ਨਾਲ ਜਿਹੜਾ ਯਹੋਵਾਹ ਦੇ ਵਾਕ ਅਨੁਸਾਰ ਸੀ ਯਹੋਵਾਹ ਦੇ ਭਵਨ ਨੂੰ ਸਾਫ਼ ਕਰਨ ਲਈ ਅੰਦਰ ਗਏ16ਅਤੇ ਜਾਜਕ ਯਹੋਵਾਹ ਦੇ ਭਵਨ ਨੂੰ ਸਾਫ਼ ਕਰਨ ਲਈ ਯਹੋਵਾਹ ਦੇ ਭਵਨ ਦੇ ਅੰਦਰਲੇ ਥਾਂ ਵਿੱਚ ਗਏ ਅਤੇ ਉਹ ਸਾਰੀ ਮੈਲ਼ ਕੁਚੈਲ ਜੋ ਉਨ੍ਹਾਂ ਨੂੰ ਯਹੋਵਾਹ ਦੀ ਹੈਕਲ ਵਿੱਚੋਂ ਲੱਭੀ ਬਾਹਰ ਯਹੋਵਾਹ ਦੇ ਭਵਨ ਦੇ ਵੇਹੜੇ ਵਿੱਚ ਲੈ ਆਏ ਤਾਂ ਲੇਵੀਆਂ ਨੇ ਉਹ ਨੂੰ ਲੈ ਲਿਆ ਅਤੇ ਕਿਦਰੋਨ ਦੇ ਨਾਲੇ ਵਿੱਚ ਬਾਹਰ ਸੁੱਟ ਦਿੱਤਾ17ਪਹਿਲੇ ਮਹੀਨੇ ਦੀ ਪਹਿਲੀ ਤਰੀਖ ਨੂੰ ਉਨ੍ਹਾਂ ਨੇ ਪਵਿੱਤਰ ਕਰਨ ਦਾ ਕੰਮ ਸ਼ੁਰੂ ਕੀਤਾ ਅਤੇ ਉਹ ਉਸ ਮਹੀਨੇ ਦੇ ਅੱਠਵੇਂ ਦਿਨ ਯਹੋਵਾਹ ਦੀ ਡਿਉੜੀ ਤੱਕ ਪਹੁੰਚੇ । ਉਨ੍ਹਾਂ ਨੇ ਅੱਠਾਂ ਦਿਨਾਂ ਵਿੱਚ ਯਹੋਵਾਹ ਦੇ ਭਵਨ ਨੂੰ ਪਵਿੱਤਰ ਕਰ ਲਿਆ ਸੋ ਪਹਿਲੇ ਮਹੀਨੇ ਦੀ ਸੋਲਾਂ ਤਰੀਖ ਨੂੰ ਉਹ ਕੰਮ ਪੂਰਾ ਹੋ ਗਿਆ
18ਤਦ ਉਨ੍ਹਾਂ ਨੇ ਹਿਜ਼ਕੀਯਾਹ ਪਾਤਸ਼ਾਹ ਦੇ ਸਾਹਮਣੇ ਜਾ ਕੇ ਆਖਿਆ ਕਿ ਅਸੀਂ ਯਹੋਵਾਹ ਦੇ ਸਾਰੇ ਭਵਨ ਨੂੰ ਅਤੇ ਹੋਮ ਬਲੀ ਦੀ ਜਗਵੇਦੀ ਨੂੰ ਅਤੇ ਉਸ ਦੇ ਸਾਰੇ ਭਾਂਡਿਆਂ ਨੂੰ, ਉਸ ਦੀ ਚੜ੍ਹਤ ਦੀ ਰੋਟੀ ਦੀ ਮੇਜ਼ ਨੂੰ ਅਤੇ ਉਸ ਦੇ ਸਾਰੇ ਭਾਂਡਿਆਂ ਨੂੰ ਸਾਫ਼ ਕਰ ਦਿੱਤਾ ਹੈ19ਅਤੇ ਉਨ੍ਹਾਂ ਸਾਰਿਆਂ ਭਾਂਡਿਆਂ ਨੂੰ ਜਿਨ੍ਹਾਂ ਨੂੰ ਆਹਾਜ਼ ਪਾਤਸ਼ਾਹ ਨੇ ਆਪਣੇ ਰਾਜ ਵਿੱਚ ਬੇਈਮਾਨੀ ਦੇ ਕਾਰਨ ਰੱਦ ਕਰ ਛੱਡਿਆ ਸੀ ਅਸੀਂ ਪਵਿੱਤਰ ਕਰ ਦਿੱਤਾ ਅਤੇ ਵੇਖੋ, ਉਹ ਯਹੋਵਾਹ ਦੀ ਜਗਵੇਦੀ ਦੇ ਸਾਹਮਣੇ ਹਨ ।
ਹੈਕਲ ਦਾ ਦੁਬਾਰਾ ਅਰਪਣ

20ਤਾਂ ਹਿਜ਼ਕੀਯਾਹ ਪਾਤਸ਼ਾਹ ਸਵੇਰੇ ਉੱਠਿਆ ਅਤੇ ਆਪਣੇ ਸ਼ਹਿਰ ਦੇ ਸਰਦਾਰਾਂ ਨੂੰ ਲੈ ਕੇ ਯਹੋਵਾਹ ਦੇ ਭਵਨ ਨੂੰ ਚੜ੍ਹ ਗਿਆ21ਤਾਂ ਉਹ ਸੱਤ ਬਲ਼ਦ, ਸੱਤ ਛੱਤ੍ਰੇ, ਸੱਤ ਭੇਡਾਂ ਅਤੇ ਸੱਤ ਬੱਕਰੇ ਰਾਜ ਦੇ ਲਈ, ਪਵਿੱਤਰ ਸਥਾਨ ਦੇ ਲਈ ਅਤੇ ਯਹੂਦਾਹ ਦੇ ਲਈ ਪਾਪ ਦੀ ਬਲੀ ਨੂੰ ਲੈ ਆਏ ਅਤੇ ਉਹ ਨੇ ਹਾਰੂਨ ਦੀ ਵੰਸ ਦੇ ਜਾਜਕਾਂ ਨੂੰ ਆਖਿਆ ਕਿ ਉਨ੍ਹਾਂ ਨੂੰ ਯਹੋਵਾਹ ਦੀ ਜਗਵੇਦੀ ਉੱਤੇ ਬਲੀ ਲਈ ਚੜ੍ਹਾਓ
22ਸੋ ਉਨ੍ਹਾਂ ਨੇ ਬਲ਼ਦਾਂ ਨੂੰ ਕੱਟ ਦਿੱਤਾ ਅਤੇ ਜਾਜਕਾਂ ਨੇ ਲਹੂ ਨੂੰ ਲੈ ਕੇ ਜਗਵੇਦੀ ਉੱਤੇ ਛਿੜਕਿਆ ਅਤੇ ਛਤ੍ਰਿਆਂ ਨੂੰ ਵੀ ਕੱਟਿਆ ਅਤੇ ਲਹੂ ਲੈ ਕੇ ਜਗਵੇਦੀ ਉੱਤੇ ਛਿੜਕਿਆ ਅਤੇ ਉਨ੍ਹਾਂ ਨੇ ਭੇਡਾਂ ਲੈ ਕੇ ਕੱਟੀਆਂ ਅਤੇ ਉਹਨਾਂ ਦੇ ਲਹੂ ਨੂੰ ਜਗਵੇਦੀ ਉੱਤੇ ਛਿੜਕਿਆ23ਤਾਂ ਉਹ ਬੱਕਰਿਆਂ ਨੂੰ ਪਾਤਸ਼ਾਹ ਅਤੇ ਸਭਾ ਦੇ ਨੇੜੇ ਪਾਪ ਦੀ ਬਲੀ ਲਈ ਲਿਆਏ ਅਤੇ ਉਨ੍ਹਾਂ ਨੇ ਆਪਣੇ ਹੱਥ ਉਹਨਾਂ ਦੇ ਉੱਤੇ ਰੱਖੇ24ਜਾਜਕਾਂ ਨੇ ਉਹਨਾਂ ਨੂੰ ਕੱਟਿਆ ਅਤੇ ਉਹਨਾਂ ਦੇ ਲਹੂ ਨੂੰ ਪਾਪ ਦੀ ਬਲੀ ਲਈ ਜਗਵੇਦੀ ਉੱਤੇ ਛਿੜਕਿਆ ਕਿ ਸਾਰੇ ਇਸਰਾਏਲ ਦਾ ਪਰਾਸਚਿੱਤ ਕੀਤਾ ਜਾਵੇ ਕਿਉਂ ਜੋ ਪਾਤਸ਼ਾਹ ਨੇ ਹੁਕਮ ਦਿੱਤਾ ਸੀ ਕਿ ਭੇਟ ਅਤੇ ਪਾਪ ਦੀ ਬਲੀ ਸਾਰੇ ਇਸਰਾਏਲ ਵੱਲੋਂ ਚੜ੍ਹਾਈ ਜਾਵੇ
25ਅਤੇ ਉਸ ਨੇ ਯਹੋਵਾਹ ਦੇ ਭਵਨ ਵਿੱਚ ਲੇਵੀਆਂ ਨੂੰ ਛੈਣਿਆਂ, ਸਿਤਾਰਾਂ ਅਤੇ ਬਰਬਤਾਂ ਨਾਲ ਖੜ੍ਹੇ ਕੀਤਾ ਜਿਵੇਂ ਦਾਊਦ ਅਤੇ ਪਾਤਸ਼ਾਹ ਦੇ ਗੈਬਦਾਨ ਗਾਦ ਅਤੇ ਨਾਥਾਨ ਨਬੀ ਦੇ ਹੁਕਮ ਅਨੁਸਾਰ ਸੀ ਕਿਉਂ ਜੋ ਯਹੋਵਾਹ ਵੱਲੋਂ ਇਹ ਹੁਕਮ ਨਬੀਆਂ ਦੇ ਰਾਹੀਂ ਆਇਆ ਸੀ26ਤਾਂ ਲੇਵੀ ਦਾਊਦ ਦੇ ਵਾਜਿਆਂ ਨੂੰ ਲੈ ਕੇ ਖੜ੍ਹੇ ਸਨ ਅਤੇ ਜਾਜਕ ਨਰਸਿੰਗੇ ਫੂਕਦੇ ਸਨ
27ਅਤੇ ਹਿਜ਼ਕੀਯਾਹ ਨੇ ਜਗਵੇਦੀ ਉੱਤੇ ਹੋਮ ਦੀਆਂ ਬਲੀਆਂ ਦੇ ਚੜ੍ਹਾਉਣ ਦਾ ਹੁਕਮ ਦਿੱਤਾ ਅਤੇ ਜਦ ਹੋਮ ਦੀਆਂ ਬਲੀਆਂ ਦਾ ਅਰੰਭ ਹੋਇਆ ਤਾਂ ਯਹੋਵਾਹ ਦਾ ਗੀਤ ਨਰਸਿੰਗਿਆਂ ਅਤੇ ਇਸਰਾਏਲ ਦੇ ਪਾਤਸ਼ਾਹ ਦਾਊਦ ਦੇ ਵਾਜਿਆਂ ਨਾਲ ਸ਼ੁਰੂ ਹੋਇਆ28ਅਤੇ ਸਾਰੀ ਸਭਾ ਨੇ ਮੱਥਾ ਟੇਕਿਆ, ਤਾਂ ਗਾਉਣ ਵਾਲੇ ਗਾਉਣ ਲੱਗੇ ਅਤੇ ਨਰਸਿੰਗਿਆਂ ਵਾਲੇ ਨਰਸਿੰਗੇ ਫੂਕਣ ਲੱਗੇ । ਜਦ ਤੱਕ ਹੋਮ ਦੀ ਬਲੀ ਦਾ ਜਲਣਾ ਪੂਰਾ ਨਾ ਹੋਇਆ ਇਹ ਸਭ ਕੁਝ ਹੁੰਦਾ ਰਿਹਾ
29ਜਦ ਉਹ ਹੋਮ ਦੀ ਬਲੀ ਚੜ੍ਹਾ ਚੁੱਕੇ ਤਾਂ ਪਾਤਸ਼ਾਹ ਅਤੇ ਉਹ ਦੇ ਨਾਲ ਦੇ ਸਾਰਿਆਂ ਨੇ ਨਿਉਂ ਕੇ ਮੱਥਾ ਟੇਕਿਆ30ਤਾਂ ਹਿਜ਼ਕੀਯਾਹ ਪਾਤਸ਼ਾਹ ਨੇ ਅਤੇ ਸਰਦਾਰਾਂ ਨੇ ਲੇਵੀਆਂ ਨੂੰ ਆਖਿਆ ਕਿ ਦਾਊਦ ਅਤੇ ਆਸਾਫ ਗੈਬਦਾਨ ਦੇ ਵਾਕਾਂ ਵਿੱਚ ਯਹੋਵਾਹ ਦੀ ਉਸਤੱਤ ਗਾਓ ਤਾਂ ਉਨ੍ਹਾਂ ਨੇ ਖੁਸ਼ੀ ਨਾਲ ਉਹ ਦੀ ਉਸਤੱਤ ਕੀਤੀ ਅਤੇ ਉਨ੍ਹਾਂ ਨੇ ਸੀਸ ਨਿਵਾ ਕੇ ਮੱਥਾ ਟੇਕਿਆ
31ਹਿਜ਼ਕੀਯਾਹ ਆਖਣ ਲੱਗਾ, ਹੁਣ ਤੁਸੀਂ ਆਪਣੇ ਆਪ ਨੂੰ ਪਵਿੱਤਰ ਕਰ ਲਿਆ ਹੈ ਸੋ ਤੁਸੀਂ ਨੇੜੇ ਆਓ ਅਤੇ ਯਹੋਵਾਹ ਦੇ ਭਵਨ ਵਿੱਚ ਬਲੀਦਾਨ ਅਤੇ ਧੰਨਵਾਦ ਦੇ ਚੜ੍ਹਾਵੇ ਲਿਆਓ । ਤਦ ਸਭਾ ਨੇ ਬਲੀਦਾਨ ਅਤੇ ਧੰਨਵਾਦ ਦੀਆਂ ਭੇਟਾਂ ਲਿਆਂਦੀਆਂ ਅਤੇ ਹਰ ਇੱਕ ਜਿਹ ਦੇ ਮਨ ਨੇ ਉਹ ਨੂੰ ਪ੍ਰੇਰਿਆ ਹੋਮ ਦੀਆਂ ਬਲੀਆਂ ਲਿਆਇਆ
32ਅਤੇ ਹੋਮ ਬਲੀਆਂ ਜੋ ਸਭਾ ਲਿਆਈ ਉਹਨਾਂ ਦੀ ਗਿਣਤੀ ਇਹ ਸੀ, ਸੱਤਰ ਬਲ਼ਦ, ਇੱਕ ਸੌ ਛੱਤ੍ਰੇ ਅਤੇ ਦੋ ਸੌ ਭੇਡਾਂ, ਇਹ ਸਾਰੇ ਯਹੋਵਾਹ ਦੀ ਹੋਮ ਬਲੀ ਲਈ ਸਨ33ਅਤੇ ਪਵਿੱਤਰ ਕੀਤੇ ਹੋਏ ਇਹ ਸਨ ਅਰਥਾਤ ਛੇ ਸੌ ਬਲ਼ਦ ਅਤੇ ਤਿੰਨ ਹਜ਼ਾਰ ਭੇਡਾਂ ਬੱਕਰੀਆਂ
34ਪਰ ਜਾਜਕ ਥੋੜੇ ਜੇਹੇ ਸਨ ਕਿ ਉਹ ਸਾਰੀਆਂ ਬਲੀਆਂ ਦੀ ਖੱਲ ਨਾ ਲਾਹ ਸਕੇ, ਇਸ ਲਈ ਉਨ੍ਹਾਂ ਦੇ ਲੇਵੀ ਭਰਾਵਾਂ ਨੇ ਉਨ੍ਹਾਂ ਦੇ ਨਾਲ ਮਦਦ ਕਰਾਈ ਜਦ ਤੱਕ ਉਹ ਕੰਮ ਨਾ ਮੁੱਕਾ ਅਤੇ ਜਦ ਤੱਕ ਦੂਜੇ ਜਾਜਕਾਂ ਨੇ ਆਪਣੇ ਆਪ ਨੂੰ ਪਵਿੱਤਰ ਨਾ ਕਰ ਲਿਆ ਕਿਉਂ ਜੋ ਲੇਵੀ ਆਪਣੇ ਆਪ ਨੂੰ ਪਵਿੱਤਰ ਕਰਨ ਵਿੱਚ ਜਾਜਕਾਂ ਨਾਲੋਂ ਸਿੱਧੇ ਦਿਲ ਦੇ ਸਨ
35ਨਾਲੇ ਹੋਮ ਬਲੀਆਂ ਬਹੁਤ ਸਾਰੀਆਂ ਸਨ, ਸੁੱਖ-ਸਾਂਦ ਦਿਆਂ ਚੜ੍ਹਾਂਵਿਆਂ ਦੀ ਚਰਬੀ ਅਤੇ ਹੋਮ ਬਲੀਆਂ ਦੇ ਪੀਣ ਦੀਆਂ ਭੇਟਾਂ ਸਣੇ, ਸੋ ਪਰਬੰਧ ਯਹੋਵਾਹ ਦੇ ਭਵਨ ਲਈ ਠੀਕ ਠੀਕ ਹੋਇਆ36ਤਾਂ ਹਿਜ਼ਕੀਯਾਹ ਅਤੇ ਸਾਰੇ ਲੋਕ ਉਸ ਉੱਤੇ ਜੋ ਪਰਮੇਸ਼ੁਰ ਨੇ ਲੋਕਾਂ ਲਈ ਤਿਆਰ ਕੀਤਾ ਸੀ ਬਾਗ ਬਾਗ ਹੋਏ ਕਿਉਂ ਜੋ ਇਹ ਗੱਲ ਅਚਾਨਕ ਹੋ ਗਈ ਸੀ ।

30
ਪਸਾਹ ਦਾ ਤਿਉਹਾਰ ਮਨਾਉਣ ਦੀ ਤਿਆਰੀ

1ਹਿਜ਼ਕੀਯਾਹ ਨੇ ਸਾਰੇ ਇਸਰਾਏਲ ਅਤੇ ਯਹੂਦਾਹ ਨੂੰ ਸੰਦੇਸ਼ ਭੇਜਿਆ, ਨਾਲੇ ਅਫਰਾਈਮ ਅਤੇ ਮਨੱਸ਼ਹ ਵੱਲ ਵੀ ਪੱਤ੍ਰ ਲਿੱਖ ਭੇਜੇ ਕਿ ਯਹੋਵਾਹ ਦੇ ਭਵਨ ਲਈ ਯਰੂਸ਼ਲਮ ਵਿੱਚ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੀ ਪਸਾਹ ਕਰਨ ਨੂੰ ਆਉਣਾ2ਕਿਉਂ ਜੋ ਪਾਤਸ਼ਾਹ ਅਤੇ ਸਰਦਾਰਾਂ ਅਤੇ ਯਰੂਸ਼ਲਮ ਦੀ ਸਾਰੀ ਸਭਾ ਨੇ ਦੂਜੇ ਮਹੀਨੇ ਵਿੱਚ ਪਸਾਹ ਮਨਾਉਣ ਦੀ ਸਲਾਹ ਕਰ ਲਈ ਸੀ3ਉਹ ਉਸ ਵੇਲੇ ਉਹ ਨੂੰ ਨਾ ਮਨਾ ਸਕੇ ਇਸ ਲਈ ਕਿ ਜਾਜਕਾਂ ਨੇ ਕਾਫੀ ਗਿਣਤੀ ਵਿੱਚ ਆਪਣੇ ਆਪ ਨੂੰ ਪਵਿੱਤਰ ਨਹੀਂ ਕੀਤਾ ਸੀ ਅਤੇ ਲੋਕੀ ਵੀ ਯਰੂਸ਼ਲਮ ਵਿੱਚ ਇਕੱਠੇ ਨਹੀਂ ਹੋਏ ਸਨ

4ਇਹ ਗੱਲ ਪਾਤਸ਼ਾਹ ਦੀ ਨਿਗਾਹ ਵਿੱਚ ਅਤੇ ਸਾਰੀ ਸਭਾ ਦੀ ਨਿਗਾਹ ਵਿੱਚ ਠੀਕ ਸੀ5ਸੋ ਉਨ੍ਹਾਂ ਨੇ ਇੱਕ ਹੁਕਮ ਜਾਰੀ ਕੀਤਾ ਕਿ ਬਏਰ ਸ਼ਬਾ ਤੋਂ ਦਾਨ ਤੱਕ ਸਾਰੇ ਇਸਰਾਏਲ ਵਿੱਚ ਡੌਂਡੀ ਪਿਟਵਾਈ ਜਾਵੇ ਕਿ ਯਰੂਸ਼ਲਮ ਵਿੱਚ ਆ ਕੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਲਈ ਪਸਾਹ ਮਨਾਈ ਜਾਵੇ ਕਿਉਂ ਜੋ ਉਨ੍ਹਾਂ ਨੇ ਬਹੁਤਿਆਂ ਦਿਨਾਂ ਤੋਂ ਜਿਵੇਂ ਲਿਖਿਆ ਹੈ ਉਸ ਨੂੰ ਨਹੀਂ ਮਨਾਇਆ ਸੀ
6ਸੋ ਹਲਕਾਰੇ ਪਾਤਸ਼ਾਹ ਅਤੇ ਉਸ ਦੇ ਸਰਦਾਰਾਂ ਦੇ ਹੱਥਾਂ ਦੇ ਪਰਵਾਨੇ ਲੈ ਕੇ ਸਾਰੇ ਇਸਰਾਏਲ ਅਤੇ ਯਹੂਦਾਹ ਵਿੱਚ ਗਏ ਅਤੇ ਪਾਤਸ਼ਾਹ ਦੇ ਹੁਕਮ ਅਨੁਸਾਰ ਇਹ ਆਖਿਆ ਕਿ ਹੇ ਇਸਰਾਏਲੀਓ, ਤੁਸੀਂ ਯਹੋਵਾਹ ਵੱਲ ਮੁੜੋ ਜਿਹੜਾ ਅਬਰਾਹਾਮ ਅਤੇ ਇਸਹਾਕ ਅਤੇ ਇਸਰਾਏਲ ਦਾ ਪਰਮੇਸ਼ੁਰ ਹੈ ਤਾਂ ਉਹ ਤੁਹਾਡੇ ਬਕੀਏ ਵੱਲ ਜਿਹੜਾ ਅੱਸ਼ੂਰ ਦੇ ਪਾਤਸ਼ਾਹਾਂ ਦੇ ਹੱਥੋਂ ਬਚ ਗਿਆ ਹੈ ਫੇਰ ਮੁੜੇ
7ਅਤੇ ਤੁਸੀਂ ਆਪਣੇ ਪਿਉ-ਦਾਦਿਆਂ ਅਤੇ ਭਰਾਵਾਂ ਵਰਗੇ ਨਾ ਬਣੋ ਜਿਨ੍ਹਾਂ ਨੇ ਯਹੋਵਾਹ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਨਾਲ ਬੇਈਮਾਨੀ ਕੀਤੀ ਅਤੇ ਉਸ ਨੇ ਉਨ੍ਹਾਂ ਨੂੰ ਭੈਜਲ ਵਿੱਚ ਪਾ ਦਿੱਤਾ ਜਿਵੇਂ ਤੁਸੀਂ ਵੇਖਦੇ ਹੋ8ਹੁਣ ਤੁਸੀਂ ਆਪਣੇ ਪਿਉ-ਦਾਦਿਆਂ ਵਾਂਙੁ ਹੱਠੀਏ ਨਾ ਬਣੋ ਸਗੋਂ ਯਹੋਵਾਹ ਦੇ ਅਧੀਨ ਹੋ ਜਾਓ ਅਤੇ ਉਸ ਦੇ ਪਵਿੱਤਰ ਸਥਾਨ ਵਿੱਚ ਆਓ ਜਿਸ ਨੂੰ ਉਸ ਨੇ ਸਦਾ ਲਈ ਪਵਿੱਤਰ ਕੀਤਾ ਹੈ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੀ ਭਗਤੀ ਕਰੋ ਤਾਂ ਜੋ ਉਸ ਦਾ ਭਾਰੀ ਕਹਿਰ ਤੁਹਾਡੇ ਉੱਤੋਂ ਟਲ ਜਾਵੇ9ਜੇ ਤੁਸੀਂ ਯਹੋਵਾਹ ਵੱਲ ਫੇਰ ਮੁੜੋ ਤਾਂ ਤੁਹਾਡੇ ਭਰਾ ਅਤੇ ਤੁਹਾਡੇ ਪੁੱਤਰ ਆਪਣੇ ਗ਼ੁਲਾਮ ਕਰਨ ਵਾਲਿਆਂ ਦੇ ਅੱਗੇ ਤਰਸ ਜੋਗ ਬਣਨਗੇ ਅਤੇ ਇਸ ਦੇਸ ਵਿੱਚ ਫੇਰ ਮੁੜ ਆਉਣਗੇ ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਦਿਆਲੂ ਤੇ ਕਿਰਪਾਲੂ ਹੈ, ਉਹ ਆਪਣਾ ਮੂੰਹ ਤੁਹਾਡੇ ਤੋਂ ਨਹੀਂ ਫੇਰੇਗਾ ਜੇ ਤੁਸੀਂ ਉਹ ਦੀ ਵੱਲ ਮੁੜੋ
10ਸੋ ਹਲਕਾਰੇ ਅਫਰਈਮ ਅਤੇ ਮਨੱਸ਼ਹ ਦੇ ਦੇਸ ਵਿੱਚ ਸ਼ਹਿਰੋਂ ਸ਼ਹਿਰ ਘੁੰਮਦੇ ਹੋਏ ਜ਼ਬੂਲੁਨ ਤੱਕ ਪਹੁੰਚੇ ਪਰ ਉਹ ਉਨ੍ਹਾਂ ਨੂੰ ਤੁੱਛ ਜਾਣ ਕੇ ਹੱਸਦੇ ਅਤੇ ਉਨ੍ਹਾਂ ਨੂੰ ਠੱਠੇ ਮਾਰਦੇ ਸਨ11ਤਾਂ ਵੀ ਆਸ਼ੇਰ ਅਤੇ ਮਨੱਸ਼ਹ ਅਤੇ ਜ਼ਬੂਲੁਨ ਵਿੱਚੋਂ ਕਈ ਮਨੁੱਖ ਅਧੀਨ ਹੋ ਕੇ ਯਰੂਸ਼ਲਮ ਵਿੱਚ ਆਉਣ ਲੱਗ ਪਏ12ਨਾਲੇ ਯਹੂਦਾਹ ਉੱਤੇ ਪਰਮੇਸ਼ੁਰ ਦਾ ਹੱਥ ਸੀ ਕਿ ਉਨ੍ਹਾਂ ਨੂੰ ਇੱਕ ਦਿਲ ਕਰ ਦੇਵੇ ਤਾਂ ਜੋ ਉਹ ਪਾਤਸ਼ਾਹ ਅਤੇ ਸਰਦਾਰਾਂ ਦਾ ਹੁਕਮ ਜੋ ਯਹੋਵਾਹ ਦੇ ਵਾਕ ਅਨੁਸਾਰ ਸੀ ਮੰਨ ਲੈਣ ।
ਪਸਾਹ ਦਾ ਤਿਉਹਾਰ ਮਨਾਇਆ ਜਾਣਾ

13ਸੋ ਬਹੁਤ ਸਾਰੇ ਲੋਕ ਯਰੂਸ਼ਲਮ ਵਿੱਚ ਇਕੱਠੇ ਹੋਏ ਤਾਂ ਜੋ ਦੂਜੇ ਮਹੀਨੇ ਵਿੱਚ ਪਤੀਰੀ ਰੋਟੀ ਦਾ ਪਰਬ ਮਨਾਉਣ, ਇਸ ਤਰ੍ਹਾਂ ਬਹੁਤ ਹੀ ਵੱਡੀ ਸਭਾ ਇਕੱਠੀ ਹੋ ਗਈ14ਤਾਂ ਉਹ ਉੱਠੇ ਅਤੇ ਉਨ੍ਹਾਂ ਨੇ ਜਗਵੇਦੀਆਂ ਨੂੰ ਜੋ ਯਰੂਸ਼ਲਮ ਵਿੱਚ ਸਨ ਅਤੇ ਧੂਪ ਦੀਆਂ ਸਾਰੀਆਂ ਜਗਵੇਦੀਆਂ ਨੂੰ ਦੂਰਦਫ਼ਾ ਕੀਤਾ ਅਤੇ ਉਨ੍ਹਾਂ ਨੂੰ ਕਿਦਰੋਨ ਦੇ ਨਾਲੇ ਵਿੱਚ ਸੁੱਟ ਦਿੱਤਾ15ਫੇਰ ਦੂਜੇ ਮਹੀਨੇ ਦੀ ਚੌਦਵੀਂ ਤਰੀਖ ਨੂੰ ਉਨ੍ਹਾਂ ਨੇ ਪਸਾਹ ਨੂੰ ਕੱਟਿਆ ਤਾਂ ਜਾਜਕਾਂ ਅਤੇ ਲੇਵੀਆਂ ਨੇ ਸ਼ਰਮਿੰਦਿਆਂ ਹੋ ਕੇ ਆਪਣੇ ਆਪ ਨੂੰ ਪਵਿੱਤਰ ਕੀਤਾ ਅਤੇ ਯਹੋਵਾਹ ਦੇ ਭਵਨ ਵਿੱਚ ਹੋਮ ਬਲੀਆਂ ਲਿਆਏ
16ਉਹ ਆਪਣੇ ਦਸਤੂਰ ਅਨੁਸਾਰ ਪਰਮੇਸ਼ੁਰ ਦੇ ਜਨ ਮੂਸਾ ਦੀ ਬਿਵਸਥਾ ਅਨੁਸਾਰ ਆਪਣੇ-ਆਪਣੇ ਥਾਂ ਖੜ੍ਹੇ ਹੋ ਗਏ ਅਤੇ ਜਾਜਕਾਂ ਨੇ ਲੇਵੀਆਂ ਦੇ ਹੱਥੋਂ ਲਹੂ ਲੈ ਕੇ ਛਿੜਕਿਆ17ਕਿਉਂ ਜੋ ਸਭਾ ਵਿੱਚ ਬਥੇਰੇ ਅਜਿਹੇ ਸਨ ਜਿਨ੍ਹਾਂ ਨੇ ਆਪਣੇ ਆਪ ਨੂੰ ਪਵਿੱਤਰ ਨਹੀਂ ਕੀਤਾ ਸੀ ਇਸ ਲਈ ਇਹ ਕੰਮ ਲੇਵੀਆਂ ਦੇ ਜੁੰਮੇ ਹੋਇਆ ਕਿ ਉਹ ਸਾਰੇ ਅਸ਼ੁੱਧਾਂ ਲਈ ਪਸਾਹ ਦੀਆਂ ਬਲੀਆਂ ਕੱਟਣ ਤਾਂ ਜੋ ਉਹ ਯਹੋਵਾਹ ਲਈ ਪਵਿੱਤਰ ਹੋਣ
18ਕਿਉਂ ਜੋ ਅਫਰਈਮ ਅਤੇ ਮਨੱਸ਼ਹ ਅਤੇ ਯਿਸਾਕਾਰ ਅਤੇ ਜ਼ਬੂਲੁਨ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਆਪਣੇ ਆਪ ਨੂੰ ਸਾਫ਼ ਨਹੀਂ ਕੀਤਾ ਸੀ ਤਾਂ ਵੀ ਉਨ੍ਹਾਂ ਨੇ ਪਸਾਹ ਨੂੰ ਲਿਖਤ ਦੇ ਅਨੁਸਾਰ ਨਾ ਖਾਧਾ ਕਿਉਂ ਜੋ ਹਿਜ਼ਕੀਯਾਹ ਨੇ ਉਨ੍ਹਾਂ ਲਈ ਇਹ ਪ੍ਰਾਰਥਨਾ ਕੀਤੀ ਸੀ19ਕਿ ਯਹੋਵਾਹ ਜੋ ਨੇਕ ਹੈ ਹਰ ਇੱਕ ਨੂੰ ਮਾਫ਼ ਕਰੇ ਜਿਸ ਨੇ ਪਰਮੇਸ਼ੁਰ ਦੀ ਭਾਲ ਲਈ ਆਪਣਾ ਦਿਲ ਲਾਇਆ ਹੈ ਅਰਥਾਤ ਯਹੋਵਾਹ ਉਸ ਦੇ ਪਿਉ-ਦਾਦਿਆਂ ਦਾ ਪਰਮੇਸ਼ੁਰ, ਭਾਵੇਂ ਹੀ ਉਹ ਪਵਿੱਤਰ ਸਥਾਨ ਦੀ ਪਵਿੱਤਰਤਾਈ ਅਨੁਸਾਰ ਸਾਫ਼ ਨਾ ਹੋਇਆ ਹੋਵੇ20ਯਹੋਵਾਹ ਨੇ ਹਿਜ਼ਕੀਯਾਹ ਦੀ ਸੁਣ ਲਈ ਅਤੇ ਲੋਕਾਂ ਨੂੰ ਚੰਗਾ ਕੀਤਾ
21ਅਤੇ ਜਿਹੜੇ ਇਸਰਾਏਲੀ ਯਰੂਸ਼ਲਮ ਵਿੱਚ ਮੌਜੂਦ ਸਨ ਉਨ੍ਹਾਂ ਨੇ ਵੱਡੀ ਖੁਸ਼ੀ ਨਾਲ ਸੱਤ ਦਿਨ ਪਤੀਰੀ ਰੋਟੀ ਦਾ ਪਰਬ ਮਨਾਇਆ ਅਤੇ ਲੇਵੀ ਅਤੇ ਜਾਜਕ ਉੱਚੀ ਸੁਰ ਦੇ ਵਾਜਿਆਂ ਨਾਲ ਯਹੋਵਾਹ ਦੇ ਦਰਬਾਰ ਵਿੱਚ ਗਾ-ਗਾ ਕੇ ਨਿੱਤ-ਨਿੱਤ ਯਹੋਵਾਹ ਦੀ ਉਸਤਤ ਕਰਦੇ ਰਹੇ22ਤਾਂ ਹਿਜ਼ਕੀਯਾਹ ਨੇ ਉਨ੍ਹਾਂ ਲੇਵੀਆਂ ਨਾਲ ਤਸੱਲੀ ਦੀਆਂ ਗੱਲਾਂ ਕੀਤੀਆਂ ਜੋ ਦਿਲੋਂ ਯਹੋਵਾਹ ਦੇ ਜਾਣਨ ਵਾਲੇ ਸਨ ਸੋ ਉਹ ਪਰਬ ਦੇ ਸੱਤਾਂ ਦਿਨਾਂ ਤੱਕ ਖਾਂਦੇ ਅਤੇ ਸੁੱਖ-ਸਾਂਦ ਦੀਆਂ ਬਲੀਆਂ ਚੜ੍ਹਾਉਂਦੇ ਅਤੇ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਲਈ ਧੰਨਵਾਦ ਕਰਦੇ ਰਹੇ ।
ਪਸਾਹ ਦਾ ਤਿਉਹਾਰ ਦੂਸਰੀ ਵਾਰ ਮਨਾਇਆ ਜਾਣਾ

23ਫੇਰ ਸਾਰੀ ਸਭਾ ਨੇ ਸਲਾਹ ਕੀਤੀ ਕਿ ਸੱਤ ਦਿਨ ਹੋਰ ਪਰਬ ਮਨਾਈਏ ਤਾਂ ਉਨ੍ਹਾਂ ਨੇ ਖੁਸ਼ੀ ਨਾਲ ਸੱਤ ਦਿਨ ਹੋਰ ਪਰਬ ਮਨਾਇਆ24ਕਿਉਂ ਜੋ ਯਹੂਦਾਹ ਦੇ ਪਾਤਸ਼ਾਹ ਹਿਜ਼ਕੀਯਾਹ ਨੇ ਸਭਾ ਨੂੰ ਇੱਕ ਹਜ਼ਾਰ ਵਹਿੜੇ ਅਤੇ ਸੱਤ ਹਜ਼ਾਰ ਭੇਡਾਂ ਦਿੱਤੀਆਂ ਅਤੇ ਸਰਦਾਰਾਂ ਨੇ ਵੀ ਸਭਾ ਨੂੰ ਇੱਕ ਹਜ਼ਾਰ ਵਹਿੜੇ ਅਤੇ ਦੱਸ ਹਜ਼ਾਰ ਭੇਡਾਂ ਦਿੱਤੀਆਂ ਅਤੇ ਬਹੁਤ ਸਾਰੇ ਜਾਜਕਾਂ ਨੇ ਆਪਣੇ ਆਪ ਨੂੰ ਪਵਿੱਤਰ ਕੀਤਾ
25ਅਤੇ ਯਹੂਦਾਹ ਦੀ ਸਾਰੀ ਸਭਾ ਨੇ ਜਾਜਕਾਂ ਅਤੇ ਲੇਵੀਆਂ ਸਣੇ ਅਤੇ ਉਸ ਸਾਰੀ ਸਭਾ ਨੇ ਜੋ ਇਸਰਾਏਲ ਵਿੱਚੋਂ ਆਈ ਸੀ ਅਤੇ ਉਨ੍ਹਾਂ ਪਰਦੇਸੀਆਂ ਨੇ ਜੋ ਇਸਰਾਏਲ ਦੇ ਦੇਸ ਵਿੱਚੋਂ ਆਏ ਸਨ ਅਤੇ ਜਿਹੜੇ ਯਹੂਦਾਹ ਵਿੱਚ ਰਹਿੰਦੇ ਸਨ ਖੁਸ਼ੀ ਮਨਾਈ26ਸੋ ਯਰੂਸ਼ਲਮ ਵਿੱਚ ਵੱਡੀ ਖੁਸ਼ੀ ਹੋਈ ਕਿਉਂ ਜੋ ਇਸਰਾਏਲ ਦੇ ਪਾਤਸ਼ਾਹ ਦਾਊਦ ਦੇ ਪੁੱਤਰ ਸੁਲੇਮਾਨ ਦੇ ਦਿਨਾਂ ਤੋਂ ਯਰੂਸ਼ਲਮ ਵਿੱਚ ਅਜਿਹਾ ਨਹੀਂ ਹੋਇਆ ਸੀ27ਤਾਂ ਜਾਜਕਾਂ ਅਤੇ ਲੇਵੀਆਂ ਨੇ ਉੱਠ ਕੇ ਲੋਕਾਂ ਨੂੰ ਅਸੀਸਾਂ ਦਿੱਤੀਆਂ ਅਤੇ ਉਨ੍ਹਾਂ ਦੀ ਅਵਾਜ਼ ਸੁਣੀ ਗਈ ਅਤੇ ਉਨ੍ਹਾਂ ਦੀ ਪ੍ਰਾਰਥਨਾ ਉਸ ਦੇ ਪਵਿੱਤਰ ਧਾਮ ਅਰਥਾਤ ਅਕਾਸ਼ ਤੱਕ ਪਹੁੰਚੀ ।

31
ਹਿਜ਼ਕੀਯਾਹ ਦਾ ਅਰਾਧਨਾ ਦੇ ਸੰਬੰਧੀ ਸੁਧਾਰ

1ਜਦ ਇਹ ਸਭ ਕੁੱਝ ਹੋ ਚੁੱਕਿਆ ਤਾਂ ਸਾਰੇ ਇਸਰਾਏਲੀ ਜੋ ਹਾਜ਼ਰ ਸਨ ਯਹੂਦਾਹ ਦੇ ਸ਼ਹਿਰਾਂ ਵਿੱਚ ਗਏ ਅਤੇ ਸਾਰੇ ਯਹੂਦਾਹ ਅਤੇ ਬਿਨਯਾਮੀਨ ਦੇ ਸਗੋਂ ਅਫਰਈਮ ਅਤੇ ਮਨੱਸ਼ਹ ਦੇ ਵੀ ਥੰਮਾਂ ਨੂੰ ਟੋਟੇ-ਟੋਟੇ ਕੀਤਾ ਅਤੇ ਟੁੰਡਾਂ ਨੂੰ ਵੱਢ ਸੁੱਟਿਆ ਅਤੇ ਉੱਚੇ ਸਥਾਨਾ ਅਤੇ ਜਗਵੇਦੀਆਂ ਨੂੰ ਢਾਹ ਦਿੱਤਾ ਇੱਥੋਂ ਤੱਕ ਕਿ ਉਨ੍ਹਾਂ ਸਾਰਿਆਂ ਨੂੰ ਖਤਮ ਕਰ ਦਿੱਤਾ ਤਾਂ ਸਾਰੇ ਇਸਰਾਏਲੀ ਆਪੋ ਆਪਣੇ ਸ਼ਹਿਰਾਂ ਵਿੱਚ ਆਪਣਿਆਂ ਵਾਸਾਂ ਨੂੰ ਮੁੜ ਗਏ

2ਤਾਂ ਹਿਜ਼ਕੀਯਾਹ ਨੇ ਜਾਜਕਾਂ ਅਤੇ ਲੇਵੀਆਂ ਨੂੰ ਉਨ੍ਹਾਂ ਦੀਆਂ ਵਾਰੀਆਂ ਅਨੁਸਾਰ ਖੜ੍ਹਾ ਕੀਤਾ, ਹਰ ਇੱਕ ਨੂੰ ਉਸ ਦੀ ਸੇਵਾ ਅਨੁਸਾਰ ਅਰਥਾਤ ਜਾਜਕਾਂ ਅਤੇ ਲੇਵੀਆਂ ਨੂੰ ਭੇਟਾਂ ਲਈ ਸੁੱਖ-ਸਾਂਦ ਦੀਆਂ ਭੇਟਾਂ ਲਈ ਸੇਵਾ ਅਤੇ ਧੰਨਵਾਦ ਅਤੇ ਉਸਤੱਤ ਲਈ ਯਹੋਵਾਹ ਦੇ ਡੇਰੇ ਦੇ ਫਾਟਕਾਂ ਉੱਤੇ ਮੁਕੱਰਰ ਕੀਤਾ3ਉਸ ਨੇ ਆਪਣੇ ਮਾਲ ਵਿੱਚੋਂ ਪਾਤਸ਼ਾਹੀ ਹਿੱਸਾ ਹੋਮ ਬਲੀਆਂ ਲਈ ਅਤੇ ਸਵੇਰ ਅਤੇ ਸ਼ਾਮਾਂ ਦੀਆਂ ਹੋਮ ਬਲੀਆਂ ਅਤੇ ਸਬਤਾਂ ਅਤੇ ਅਮੱਸਿਆ ਅਤੇ ਠਹਿਰਾਏ ਹੋਏ ਪਰਬਾਂ ਦੀਆਂ ਹੋਮ ਬਲੀਆਂ ਲਈ ਮੁਕੱਰਰ ਕੀਤਾ ਜਿਵੇਂ ਯਹੋਵਾਹ ਬਿਵਸਥਾ ਵਿੱਚ ਲਿਖਿਆ ਹੈ
4ਅਤੇ ਉਸ ਨੇ ਉਨ੍ਹਾਂ ਲੋਕਾਂ ਨੂੰ ਜੋ ਯਰੂਸ਼ਲਮ ਵਿੱਚ ਰਹਿੰਦੇ ਸਨ ਹੁਕਮ ਦਿੱਤਾ ਕਿ ਜਾਜਕਾਂ ਅਤੇ ਲੇਵੀਆਂ ਦਾ ਹਿੱਸਾ ਦੇਣ ਤਾਂ ਜੋ ਉਹ ਯਹੋਵਾਹ ਦੀ ਬਿਵਸਥਾ ਵਿੱਚ ਤਕੜੇ ਰਹਿਣ5ਜਦ ਇਹ ਗੱਲ ਖਿੱਲਰ ਗਈ ਤਾਂ ਇਸਰਾਏਲੀਆਂ ਨੇ ਪਹਿਲਾ ਅੰਨ, ਨਵੀਂ ਮੈ, ਤਾਜ਼ਾ ਤੇਲ, ਸ਼ਹਿਦ ਅਤੇ ਖੇਤ ਦੀ ਪਹਿਲੀ ਪੈਦਾਵਾਰ ਬਹੁਤ ਸਾਰੀ ਦਿੱਤੀ ਅਤੇ ਪੂਰਾ ਦਸਵੰਧ ਵੀ ਬਹੁਤ ਸਾਰਾ ਲਿਆਉਣ ਲੱਗੇ
6ਤਾਂ ਇਸਰਾਏਲੀ ਅਤੇ ਯਹੂਦਾਹ ਜੋ ਯਹੂਦਾਹ ਦੇ ਸ਼ਹਿਰਾਂ ਵਿੱਚ ਵੱਸਦੇ ਸਨ ਉਹ ਵੀ ਬਲ਼ਦਾਂ ਅਤੇ ਭੇਡਾਂ ਬੱਕਰੀਆਂ ਦਾ ਦਸਵੰਧ ਅਤੇ ਉਨ੍ਹਾਂ ਪਵਿੱਤਰ ਚੀਜ਼ਾਂ ਦਾ ਦਸਵੰਧ ਜੋ ਯਹੋਵਾਹ ਉਨ੍ਹਾਂ ਦੇ ਪਰਮੇਸ਼ੁਰ ਲਈ ਪਵਿੱਤਰ ਕੀਤੀਆਂ ਗਈਆਂ ਸਨ ਲਿਆਏ ਅਤੇ ਉਨ੍ਹਾਂ ਦੇ ਢੇਰ ਲਾ ਦਿੱਤਾ7ਉਨ੍ਹਾਂ ਨੇ ਤੀਜੇ ਮਹੀਨੇ ਵਿੱਚ ਢੇਰ ਲਾਉਣੇ ਸ਼ੁਰੂ ਕੀਤੇ ਅਤੇ ਸੱਤਵੇਂ ਮਹੀਨੇ ਵਿੱਚ ਪੂਰੇ ਕਰ ਲਏ8ਜਦ ਹਿਜ਼ਕੀਯਾਹ ਅਤੇ ਉਸ ਦੇ ਸਰਦਾਰਾਂ ਨੇ ਆਣ ਕੇ ਇਨ੍ਹਾਂ ਢੇਰਾਂ ਨੂੰ ਵੇਖਿਆ ਤਾਂ ਯਹੋਵਾਹ ਅਤੇ ਉਸ ਦੀ ਪਰਜਾ ਇਸਰਾਏਲ ਨੂੰ ਮੁਬਾਰਕ ਆਖਿਆ ।
9ਤਾਂ ਹਿਜ਼ਕੀਯਾਹ ਨੇ ਜਾਜਕਾਂ ਅਤੇ ਲੇਵੀਆਂ ਕੋਲੋਂ ਉਨ੍ਹਾਂ ਢੇਰਾਂ ਦੇ ਵਿਖੇ ਪੁੱਛਿਆ10ਤਾਂ ਅਜ਼ਰਯਾਹ ਪ੍ਰਧਾਨ ਜਾਜਕ ਨੇ ਜੋ ਸਾਦੋਕ ਦੇ ਘਰਾਣੇ ਦਾ ਸੀ ਉਸ ਨੂੰ ਆਖਿਆ ਕਿ ਜਦ ਤੋਂ ਯਹੋਵਾਹ ਦੇ ਭਵਨ ਵਿੱਚ ਚੁੱਕਣ ਦੀਆਂ ਭੇਟਾਂ ਲਿਆਓਣੀਆਂ ਸ਼ੁਰੂ ਕੀਤੀਆਂ ਹਨ ਤਦ ਤੋਂ ਅਸੀਂ ਕਾਫੀ ਖਾਂਦੇ ਰਹੇ ਹਾਂ ਅਤੇ ਢੇਰ ਸਾਰਾ ਬਚ ਵੀ ਰਿਹਾ ਹੈ ਕਿਉਂ ਜੋ ਯਹੋਵਾਹ ਨੇ ਆਪਣੀ ਪਰਜਾ ਨੂੰ ਬਰਕਤ ਬਖ਼ਸ਼ੀ ਹੈ ਅਤੇ ਉਹੀ ਬਚਿਆ ਹੋਇਆ ਇਹ ਵੱਡਾ ਢੇਰ ਹੈ11ਤਾਂ ਹਿਜ਼ਕੀਯਾਹ ਨੇ ਹੁਕਮ ਦਿੱਤਾ ਕਿ ਯਹੋਵਾਹ ਦੇ ਭਵਨ ਵਿੱਚ ਕੋਠੜੀਆਂ ਬਣਾਈਆਂ ਜਾਣ ਤਾਂ ਉਨ੍ਹਾਂ ਨੇ ਕੋਠੜੀਆਂ ਬਣਾਈਆਂ12ਉਹ ਚੁੱਕਣ ਦੀਆਂ ਭੇਟਾਂ ਅਤੇ ਦਸਵੰਧ ਅਤੇ ਪਵਿੱਤਰ ਕੀਤੀਆਂ ਹੋਈਆਂ ਚੀਜ਼ਾਂ ਦਿਆਨਤਦਾਰੀ ਨਾਲ ਲਿਆਉਂਦੇ ਰਹੇ ਅਤੇ ਉਨ੍ਹਾਂ ਉੱਤੇ ਕਾਨਨਯਾਹ ਲੇਵੀ ਹਾਕਮ ਸੀ ਅਤੇ ਉਸ ਦਾ ਭਰਾ ਸ਼ਮਈ ਉਸ ਤੋਂ ਦੂਜੇ ਦਰਜੇ ਉੱਤੇ ਸੀ ਅਤੇ13ਯਹੀਏਲ ਅਤੇ ਅਜ਼ਜ਼ਯਾਹ ਅਤੇ ਨਹਥ ਅਤੇ ਅਸਾਹੇਲ ਅਤੇ ਯਰੀਮੋਥ ਅਤੇ ਯੋਜ਼ਾਬਾਦ ਅਤੇ ਏਲੀਏਲ ਅਤੇ ਯਿਸਮਕਯਾਹ ਅਤੇ ਮਹਥ ਅਤੇ ਬਨਾਯਾਹ ਹਿਜ਼ਕੀਯਾਹ ਪਾਤਸ਼ਾਹ ਅਤੇ ਪਰਮੇਸ਼ੁਰ ਦੇ ਭਵਨ ਦੇ ਹਾਕਮ ਅਜ਼ਰਯਾਹ ਦੇ ਹੁਕਮ ਨਾਲ ਕਾਨਨਯਾਹ ਅਤੇ ਉਸ ਦੇ ਭਰਾ ਸ਼ਮਈ ਦੇ ਅਧੀਨ ਕਰਮਚਾਰੀ ਸਨ
14ਅਤੇ ਯਿਮਨਾਹ ਦਾ ਪੁੱਤਰ ਕੋਰੇ ਲੇਵੀ ਪਰਮੇਸ਼ੁਰ ਦੇ ਭਵਨ ਦੇ ਪੂਰਬੀ ਫਾਟਕ ਉੱਤੇ ਦਰਬਾਨ ਸੀ ਉਹ ਪਰਮੇਸ਼ੁਰ ਦੀਆਂ ਖੁਸ਼ੀ ਦੀਆਂ ਭੇਟਾਂ ਉੱਤੇ ਮੁਕੱਰਰ ਸੀ ਤਾਂ ਜੋ ਉਹ ਯਹੋਵਾਹ ਦੀਆਂ ਚੁੱਕਣ ਦੀਆਂ ਭੇਟਾਂ ਅਤੇ ਅੱਤ ਪਵਿੱਤਰ ਚੀਜ਼ਾਂ ਵੰਡਣ ਲਈ ਹੋਵੇ15ਅਤੇ ਉਹ ਦੇ ਅਧੀਨ ਅਦਨ ਅਤੇ ਮਿਨਯਾਮੀਨ ਅਤੇ ਯੇਸ਼ੂਆ ਅਤੇ ਸ਼ਮਅਯਾਹ ਅਤੇ ਅਮਰਯਾਹ ਅਤੇ ਸ਼ਕਨਯਾਹ ਜਾਜਕਾਂ ਦੇ ਸ਼ਹਿਰਾਂ ਵਿੱਚ ਇਸ ਪਦਵੀ ਉੱਤੇ ਲਗੇ ਹੋਏ ਸਨ ਕਿ ਆਪਣੇ ਭਰਾਵਾਂ ਨੂੰ ਕੀ ਵੱਡਾ ਤੇ ਕੀ ਛੋਟਾ ਉਨ੍ਹਾਂ ਦੀ ਵਾਰੀ ਅਨੁਸਾਰ ਇਮਾਨਦਾਰੀ ਨਾਲ ਹਿੱਸਾ ਦਿਆ ਕਰਨ
16ਅਤੇ ਇਨ੍ਹਾਂ ਤੋਂ ਬਿਨ੍ਹਾਂ ਉਨ੍ਹਾਂ ਨੂੰ ਵੀ ਦੇਣ ਜਿਹੜੇ ਤਿੰਨਾਂ ਸਾਲਾਂ ਦੇ ਜਾਂ ਉੱਪਰ ਦੇ ਜੋ ਮਨੁੱਖਾਂ ਦੀ ਗਿਣਤੀ ਵਿੱਚ ਗਿਣੇ ਗਏ ਅਰਥਾਤ ਉਨ੍ਹਾਂ ਨੂੰ ਜੋ ਆਪੋ-ਆਪਣੀ ਵਾਰੀ ਤੇ ਆਪਣੀ ਜੁੰਮੇਵਾਰੀ ਦੀ ਸੇਵਾ ਨੂੰ ਹਰ ਰੋਜ਼ ਦੇ ਫਰਜ਼ ਅਨੁਸਾਰ ਪੂਰਾ ਕਰਨ ਲਈ ਯਹੋਵਾਹ ਦੇ ਭਵਨ ਵਿੱਚ ਜਾਂਦੇ ਸਨ
17ਅਤੇ ਉਨ੍ਹਾਂ ਨੂੰ ਵੀ ਜੋ ਆਪਣੇ ਪਿਉ-ਦਾਦਿਆਂ ਦੀ ਕੁਲਪੱਤ੍ਰੀ ਅਨੁਸਾਰ ਜਾਜਕਾਂ ਵਿੱਚ ਗਿਣੇ ਗਏ ਅਤੇ ਉਨ੍ਹਾਂ ਲੇਵੀਆਂ ਨੂੰ ਵੀ ਜੋ ਵੀਹਾਂ ਸਾਲਾਂ ਦੇ ਜਾਂ ਉੱਪਰ ਦੇ ਸਨ ਅਤੇ ਆਪਣੀ ਵਾਰੀ ਉੱਤੇ ਸੇਵਾ ਕਰਦੇ ਸਨ18ਅਤੇ ਉਨ੍ਹਾਂ ਨੂੰ ਜੋ ਸਾਰੀ ਸਭਾ ਵਿੱਚੋਂ ਆਪਣੇ ਬਾਲਾਂ ਔਰਤਾਂ ਅਤੇ ਪੁੱਤਰਾਂ ਧੀਆਂ ਦੀ ਕੁਲਪੱਤ੍ਰੀ ਅਨੁਸਾਰ ਗਿਣੇ ਗਏ ਕਿਉਂ ਜੋ ਉਹ ਆਪਣੇ ਮੁਕੱਰਰ ਕੰਮ ਉੱਤੇ ਆਪਣੇ ਆਪ ਨੂੰ ਪਵਿੱਤਰਤਾ ਦੇ ਲਈ ਪਵਿੱਤਰ ਕਰਦੇ ਸਨ19ਅਤੇ ਹਾਰੂਨ ਜਾਜਕ ਦੀ ਵੰਸ ਲਈ ਵੀ ਜੋ ਹਰ ਸ਼ਹਿਰ ਵਿੱਚ ਅਤੇ ਸ਼ਹਿਰ ਦੇ ਦੁਆਲੇ ਦੇ ਖੇਤਾਂ ਵਿੱਚ ਸਨ ਕਈਆਂ ਮਰਦਾਂ ਦੇ ਨਾਮ ਦੱਸ ਦਿੱਤੇ ਗਏ ਸਨ ਮੁਕੱਰਰ ਕੀਤਾ ਕਿ ਜਾਜਕਾਂ ਦੇ ਸਾਰੇ ਮਰਦਾਂ ਅਤੇ ਉਨ੍ਹਾਂ ਸਾਰਿਆਂ ਨੂੰ ਜੋ ਲੇਵੀਆਂ ਦੀ ਕੁਲਪੱਤ੍ਰੀ ਅਨੁਸਾਰ ਗਿਣੇ ਗਏ ਸਨ ਹਿੱਸੇ ਦੇਣ
20ਸੋ ਹਿਜ਼ਕੀਯਾਹ ਨੇ ਸਾਰੇ ਯਹੂਦਾਹ ਵਿੱਚ ਇਸੇ ਤਰ੍ਹਾਂ ਕੀਤਾ ਅਤੇ ਜੋ ਕੁੱਝ ਯਹੋਵਾਹ ਉਸ ਦੇ ਪਰਮੇਸ਼ੁਰ ਦੀ ਨਿਗਾਹ ਵਿੱਚ ਚੰਗਾ ਅਤੇ ਠੀਕ ਅਤੇ ਸੱਚ ਸੀ ਉਹੀ ਕੀਤਾ21ਅਤੇ ਸਾਰੇ ਕੰਮ ਜਿਹੜੇ ਉਸ ਨੇ ਪਰਮੇਸ਼ੁਰ ਦੇ ਭਵਨ ਲਈ ਸ਼ੁਰੂ ਕੀਤੇ ਅਰਥਾਤ ਸੇਵਾ, ਬਿਵਸਥਾ ਅਤੇ ਹੁਕਮ ਅਤੇ ਪਰਮੇਸ਼ੁਰ ਦੀ ਭਾਲ ਉਸ ਨੇ ਆਪਣੇ ਸਾਰੇ ਦਿਲ ਨਾਲ ਕੀਤੇ ਅਤੇ ਸਫ਼ਲ ਹੋਇਆ ।

32
ਯਹੂਦਾਹ ਉੱਤੇ ਅੱਸ਼ੂਰ ਦੇ ਰਾਜਾ ਦਾ ਹਮਲਾ
(2 ਰਾਜਾ 18:13-37, 19:14-19, 35-37, ਯਸਾਯਾਹ 36:1-22, 37:8-38)

1ਇਨ੍ਹਾਂ ਗੱਲਾਂ ਅਤੇ ਇਸ ਸ਼ਰਧਾ ਭਾਵ ਦੇ ਮਗਰੋਂ ਅੱਸ਼ੂਰ ਦਾ ਪਾਤਸ਼ਾਹ ਸਨਹੇਰੀਬ ਚੜ੍ਹ ਆਇਆ ਅਤੇ ਯਹੂਦਾਹ ਵਿੱਚ ਆ ਕੇ ਸਫੀਲਾਂ ਵਾਲੇ ਸ਼ਹਿਰਾਂ ਦੇ ਸਾਹਮਣੇ ਡੇਰੇ ਲਾ ਦਿੱਤੇ ਅਤੇ ਉਨ੍ਹਾਂ ਨੂੰ ਆਪਣੇ ਕਬਜ਼ੇ ਵਿੱਚ ਲਿਆਉਣ ਦਾ ਜਤਨ ਕੀਤਾ

2ਤਾਂ ਜਦ ਹਿਜ਼ਕੀਯਾਹ ਨੇ ਵੇਖਿਆ ਕਿ ਸਨਹੇਰੀਬ ਆਇਆ ਹੈ ਅਤੇ ਲੜਾਈ ਲਈ ਯਰੂਸ਼ਲਮ ਵੱਲ ਉਹ ਦਾ ਮੂੰਹ ਹੈ3ਤਾਂ ਉਸ ਨੇ ਆਪਣਿਆਂ ਸਰਦਾਰਾਂ ਅਤੇ ਸੂਰਬੀਰਾਂ ਦੇ ਨਾਲ ਸਲਾਹ ਕੀਤੀ ਕਿ ਉਨ੍ਹਾਂ ਪਾਣੀ ਦੇ ਸੋਮਿਆਂ ਨੂੰ ਜੋ ਸ਼ਹਿਰੋਂ ਬਾਹਰ ਸਨ ਬੰਦ ਕਰ ਦੇਵੇ ਤਾਂ ਉਨ੍ਹਾਂ ਨੇ ਉਸ ਦੀ ਹਾਮੀ ਭਰੀ4ਅਤੇ ਬਹੁਤ ਸਾਰੇ ਲੋਕ ਇਕੱਠੇ ਹੋਏ ਅਤੇ ਉਹਨਾਂ ਨੇ ਸਾਰੇ ਸੋਮਿਆਂ ਨੂੰ ਅਤੇ ਉਸ ਨਦੀ ਨੂੰ ਜੋ ਉਸ ਧਰਤੀ ਦੇ ਵਿੱਚੋਂ ਦੀ ਵਗਦੀ ਸੀ ਬੰਦ ਕਰ ਦਿੱਤਾ ਅਤੇ ਆਖਿਆ ਕਿ ਅੱਸ਼ੂਰ ਦੇ ਪਾਤਸ਼ਾਹ ਆ ਕੇ ਬਹੁਤਾ ਪਾਣੀ ਕਿਉਂ ਲੈਣ ?
5ਤਾਂ ਉਸ ਨੇ ਹਿੰਮਤ ਕੀਤੀ ਅਤੇ ਸਾਰੀ ਕੰਧ ਨੂੰ ਜਿਹੜੀ ਟੁੱਟੀ ਹੋਈ ਸੀ ਬਣਾਇਆ ਅਤੇ ਬੁਰਜਾਂ ਨੂੰ ਉੱਚਾ ਕੀਤਾ ਅਤੇ ਉਸ ਦੇ ਬਾਹਰਲੀ ਵੱਲ ਇੱਕ ਹੋਰ ਕੰਧ ਬਣਾਈ ਅਤੇ ਦਾਊਦ ਦੇ ਸ਼ਹਿਰ ਮਿੱਲੋ ਨੂੰ ਪੱਕਿਆਂ ਕੀਤਾ ਅਤੇ ਬਹੁਤ ਸਾਰੇ ਸ਼ਸ਼ਤਰ ਅਤੇ ਢਾਲਾਂ ਬਣਾਈਆਂ
6ਉਸ ਨੇ ਲੋਕਾਂ ਉੱਤੇ ਫੌਜੀ ਸਰਦਾਰ ਮੁਕੱਰਰ ਕੀਤੇ ਅਤੇ ਸ਼ਹਿਰ ਦੇ ਫਾਟਕ ਦੇ ਮੈਦਾਨ ਵਿੱਚ ਉਨ੍ਹਾਂ ਨੂੰ ਇਕੱਠਾ ਕੀਤਾ ਅਤੇ ਉਨ੍ਹਾਂ ਦੇ ਨਾਲ ਤਸੱਲੀ ਦੀਆਂ ਗੱਲਾਂ ਕੀਤੀਆਂ ਅਤੇ ਆਖਿਆ,7ਤਕੜੇ ਹੋਵੋ ਅਤੇ ਬਹਾਦਰੀ ਕਰੋ ! ਅੱਸ਼ੂਰ ਦੇ ਪਾਤਸ਼ਾਹ ਅਤੇ ਇਸ ਸਾਰੇ ਮਹੈਣ ਤੋਂ ਜੋ ਉਸ ਦੇ ਨਾਲ ਹੈ ਨਾ ਡਰੋ ਅਤੇ ਨਾ ਘਾਬਰੋ ਕਿਉਂ ਜੋ ਸਾਡੇ ਨਾਲ ਹੈ, ਉਨ੍ਹਾਂ ਨਾਲੋਂ ਵੱਡਾ ਹੈ8ਉਹ ਦੇ ਨਾਲ ਮਨੁੱਖ ਦਾ ਹੱਥ ਹੈ ਪਰ ਸਾਡੇ ਨਾਲ ਯਹੋਵਾਹ ਸਾਡਾ ਪਰਮੇਸ਼ੁਰ ਹੈ ਜੋ ਸਾਡੀ ਸਹਾਇਤਾ ਕਰਦਾ ਅਤੇ ਸਾਡੀਆਂ ਲੜਾਈਆਂ ਲੜਦਾ ਹੈ ਤਾਂ ਲੋਕਾਂ ਨੇ ਯਹੂਦਾਹ ਦੇ ਪਾਤਸ਼ਾਹ ਹਿਜਕੀਯਾਹ ਦੀਆਂ ਗੱਲਾਂ ਉੱਤੇ ਭਰੋਸਾ ਕੀਤਾ
9ਉਸ ਦੇ ਮਗਰੋਂ ਅੱਸ਼ੂਰ ਦੇ ਪਾਤਸ਼ਾਹ ਸਨਹੇਰੀਬ ਨੇ ਜੋ ਆਪਣੇ ਸਾਰੇ ਮਹੈਣ ਸਣੇ ਲਕੀਸ਼ ਦੇ ਸਾਹਮਣੇ ਡੇਰੇ ਲਾਈ ਬੈਠਾ ਸੀ ਆਪਣੇ ਨੌਕਰ ਯਰੂਸ਼ਲਮ ਵੱਲ ਯਹੂਦਾਹ ਦੇ ਪਾਤਸ਼ਾਹ ਹਿਜਕੀਯਾਹ ਦੇ ਕੋਲ ਅਤੇ ਸਾਰੇ ਯਹੂਦਾਹ ਦੇ ਕੋਲ ਜੋ ਯਰੂਸ਼ਲਮ ਵਿੱਚ ਸਨ ਇਹ ਆਖਣ ਲਈ ਭੇਜੇ10ਕਿ ਸਨਹੇਰੀਬ ਅੱਸ਼ੂਰ ਦਾ ਪਾਤਸ਼ਾਹ ਇਹ ਫਰਮਾਉਂਦਾ ਹੈ, ਤੁਹਾਡਾ ਕਿਸ ਉੱਤੇ ਭਰੋਸਾ ਹੈ ਤੁਸੀਂ ਜੋ ਯਰੂਸ਼ਲਮ ਵਿੱਚ ਬੱਝੇ ਬੈਠੇ ਹੋ ?
11ਕੀ ਹਿਜਕੀਯਾਹ ਤੁਹਾਨੂੰ ਕਾਲ ਅਤੇ ਤੇਹ ਦੀ ਮੌਤ ਦੇ ਹਵਾਲੇ ਕਰਨ ਨੂੰ ਨਹੀਂ ਭਰਮਾ ਰਿਹਾ ਕਿ ਯਹੋਵਾਹ ਸਾਡਾ ਪਰਮੇਸ਼ੁਰ ਸਾਨੂੰ ਅੱਸ਼ੂਰ ਦੇ ਪਾਤਸ਼ਾਹ ਦੇ ਹੱਥੋਂ ਬਚਾ ਲਵੇਗਾ ?12ਕੀ ਇਸੇ ਹਿਜਕੀਯਾਹ ਨੇ ਉਸ ਦੇ ਉੱਚੇ ਸਥਾਨਾ ਅਤੇ ਉਸ ਦੀਆਂ ਜਗਵੇਦੀਆਂ ਨੂੰ ਜਦ ਉਸ ਨੇ ਯਹੂਦਾਹ ਤੇ ਯਰੂਸ਼ਲਮ ਨੂੰ ਆਖਿਆ ਸੀ ਨਹੀਂ ਢਾਇਆ, ਇਹ ਆਖਦੇ ਹੋਏ ਕਿ ਤੁਸੀਂ ਇੱਕੋ ਹੀ ਜਗਵੇਦੀ ਦੇ ਅੱਗੇ ਮੱਥਾ ਟੇਕੋ ਅਤੇ ਉਹ ਦੇ ਉੱਤੇ ਹੀ ਧੂਪ ਧਖਾਓ ?
13ਕੀ ਤੁਸੀਂ ਨਹੀਂ ਜਾਣਦੇ ਜੋ ਮੈਂ ਅਤੇ ਮੇਰੇ ਪਿਉ-ਦਾਦਿਆਂ ਨੇ ਸਾਰਿਆਂ ਲੋਕਾਂ ਅਤੇ ਦੇਸਾਂ ਲਈ ਕੀ ਕੀਤਾ ? ਕੀ ਉਨ੍ਹਾਂ ਦੇਸਾਂ ਦੀਆਂ ਕੌਮਾਂ ਦੇ ਦੇਵਤੇ ਮੇਰੇ ਹੱਥੋਂ ਉਨ੍ਹਾਂ ਦੇ ਦੇਸਾਂ ਨੂੰ ਛੁਡਾ ਸਕੇ ?14ਉਨ੍ਹਾਂ ਕੌਮਾਂ ਦੇ ਸਾਰੇ ਦੇਵਤਿਆਂ ਵਿੱਚੋਂ ਕਿਹੜਾ ਸੀ ਜਿਸ ਨੂੰ ਮੇਰੇ ਪਿਉ-ਦਾਦਿਆਂ ਨੇ ਉੱਕਾ ਹੀ ਨਾਸ ਨਹੀਂ ਕੀਤਾ ਜਿਹੜਾ ਮੇਰੇ ਹੱਥੋਂ ਆਪਣਿਆਂ ਲੋਕਾਂ ਨੂੰ ਬਚਾ ਸਕਿਆ ਕਿ ਤੁਹਾਡਾ ਪਰਮੇਸ਼ੁਰ ਵੀ ਮੇਰੇ ਹੱਥੋਂ ਤੁਹਾਨੂੰ ਛੁਡਾ ਲਵੇ ?15ਹੁਣ ਹਿਜਕੀਯਾਹ ਤੁਹਾਨੂੰ ਧੋਖਾ ਨਾ ਦੇਵੇ ਅਤੇ ਨਾ ਹੀ ਤੁਹਾਨੂੰ ਇਸ ਗੱਲ ਵਿੱਚ ਭੁਲਾਵੇ ! ਉਹ ਦੇ ਉੱਤੇ ਭਰੋਸਾ ਨਾ ਰੱਖੋ ਕਿਉਂ ਜੋ ਕਿਸੇ ਕੌਮ ਦਾ ਜਾਂ ਪਾਤਸ਼ਾਹੀ ਦਾ ਕੋਈ ਦੇਵਤਾ ਅਜਿਹਾ ਨਹੀਂ ਜੋ ਮੇਰੇ ਹੱਥੋਂ ਜਾਂ ਮੇਰੇ ਪਿਉ-ਦਾਦਿਆਂ ਦੇ ਹੱਥੋਂ ਆਪਣੇ ਲੋਕਾਂ ਨੂੰ ਛੁਡਾ ਸਕਿਆ ਹੋਵੇ । ਫੇਰ ਤੁਹਾਡਾ ਪਰਮੇਸ਼ੁਰ ਕਿਵੇਂ ਤੁਹਾਨੂੰ ਮੇਰੇ ਹੱਥੋਂ ਛੁਡਾ ਲਵੇਗਾ ?
16ਅਤੇ ਉਹ ਦੇ ਨੌਕਰਾਂ ਨੇ ਯਹੋਵਾਹ ਪਰਮੇਸ਼ੁਰ ਦੇ ਵਿਰੁੱਧ ਅਤੇ ਉਹ ਦੇ ਸੇਵਕ ਹਿਜਕੀਯਾਹ ਦੇ ਵਿਰੁੱਧ ਹੋਰ ਬਹੁਤ ਸਾਰੀਆਂ ਗੱਲਾਂ ਆਖੀਆਂ17ਅਤੇ ਉਸ ਨੇ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦੀ ਨਿਰਾਦਰੀ ਕਰਨ ਅਤੇ ਉਸ ਦੇ ਵਿਖੇ ਝੂਠ ਬੋਲਣ ਦੇ ਲਈ ਇਸ ਭਾਵ ਦੀਆਂ ਚਿੱਠੀਆਂ ਵੀ ਲਿਖੀਆਂ ਕਿ ਜਿਵੇਂ ਹੋਰਨਾਂ ਦੇਸਾਂ ਦੀਆਂ ਕੌਮਾਂ ਦੇ ਦੇਵਤਿਆਂ ਨੇ ਆਪਣੇ ਲੋਕਾਂ ਨੂੰ ਮੇਰੇ ਹੱਥੋਂ ਨਹੀਂ ਬਚਾਇਆ ਹੈ ਓਵੇਂ ਹੀ ਹਿਜਕੀਯਾਹ ਦਾ ਪਰਮੇਸ਼ੁਰ ਵੀ ਆਪਣੇ ਲੋਕਾਂ ਨੂੰ ਮੇਰੇ ਹੱਥੋਂ ਨਹੀਂ ਬਚਾ ਸਕੇਗਾ
18ਅਤੇ ਉਨ੍ਹਾਂ ਨੇ ਉੱਚੀ ਆਵਾਜ਼ ਦੇ ਨਾਲ ਬੋਲ ਕੇ ਯਹੂਦੀਆਂ ਦੀ ਬੋਲੀ ਵਿੱਚ ਯਰੂਸ਼ਲਮ ਦੇ ਲੋਕਾਂ ਨੂੰ ਜਿਹੜੇ ਕੰਧ ਉੱਤੇ ਸਨ ਇਹ ਗੱਲਾਂ ਆਖ ਕੇ ਸੁਣਾਈਆਂ ਤਾਂ ਜੋ ਉਨ੍ਹਾਂ ਨੂੰ ਡਰਾਉਣ ਤੇ ਫਿਕਰ ਵਿੱਚ ਪਾ ਦੇਣ ਅਤੇ ਸ਼ਹਿਰ ਨੂੰ ਲੈ ਲੈਣ19ਉਨ੍ਹਾਂ ਨੇ ਯਰੂਸ਼ਲਮ ਦੇ ਪਰਮੇਸ਼ੁਰ ਦਾ ਵਰਣਨ ਧਰਤੀ ਦੀਆਂ ਕੌਮਾਂ ਦੇ ਦੇਵਤਿਆਂ ਵਾਂਗਰ ਕੀਤਾ ਜਿਹੜੇ ਆਦਮੀਆਂ ਦੇ ਹੱਥਾਂ ਦੀ ਬਣਤ ਹਨ ।
20ਤਾਂ ਹਿਜਕੀਯਾਹ ਪਾਤਸ਼ਾਹ ਅਤੇ ਆਮੋਸ ਦੇ ਪੁੱਤਰ ਯਸਾਯਾਹ ਨਬੀ ਨੇ ਪ੍ਰਾਰਥਨਾ ਕੀਤੀ ਅਤੇ ਆਕਾਸ਼ ਵੱਲ ਦੁਹਾਈ ਦਿੱਤੀ21ਤਾਂ ਯਹੋਵਾਹ ਨੇ ਇੱਕ ਦੂਤ ਨੂੰ ਭੇਜਿਆ ਜਿਸ ਨੇ ਅੱਸ਼ੂਰ ਦੇ ਪਾਤਸ਼ਾਹ ਦੇ ਲਸ਼ਕਰਾਂ ਵਿੱਚੋਂ ਸਾਰੇ ਸੂਰਬੀਰਾਂ ਨੂੰ ਅਤੇ ਅਫ਼ਸਰਾਂ ਨੂੰ ਅਤੇ ਸਰਦਾਰਾਂ ਨੂੰ ਮਾਰ ਸੁੱਟਿਆ । ਸੋ ਉਹ ਸ਼ਰਮਿੰਦਾ ਹੋ ਕੇ ਆਪਣੇ ਦੇਸ ਨੂੰ ਮੁੜ ਗਿਆ ਅਤੇ ਜਦ ਉਹ ਆਪਣੇ ਦੇਵਤੇ ਦੇ ਮੰਦਰ ਵਿੱਚ ਗਿਆ ਤਾਂ ਉਹ ਦੀ ਅੰਸ ਵਿੱਚੋਂ ਹੀ ਕਿਸੇ ਉਹ ਨੂੰ ਉੱਥੇ ਹੀ ਤਲਵਾਰ ਨਾਲ ਵੱਢ ਸੁੱਟਿਆ
22ਐਉਂ ਯਹੋਵਾਹ ਨੇ ਹਿਜਕੀਯਾਹ ਨੂੰ ਅਤੇ ਯਰੂਸ਼ਲਮ ਦੇ ਵਾਸੀਆਂ ਨੂੰ ਅੱਸ਼ੂਰ ਦੇ ਪਾਤਸ਼ਾਹ ਸਨਹੇਰੀਬ ਦੇ ਹੱਥੋਂ ਬਚਾ ਲਿਆ ਅਤੇ ਹਰ ਪਾਸਿਓਂ ਉਨ੍ਹਾਂ ਦੀ ਅਗਵਾਈ ਕੀਤੀ23ਅਤੇ ਬਹੁਤ ਲੋਕ ਯਹੋਵਾਹ ਲਈ ਯਰੂਸ਼ਲਮ ਵਿੱਚ ਚੜ੍ਹਾਵੇ ਲਿਆਏ ਅਤੇ ਯਹੂਦਾਹ ਦੇ ਪਾਤਸ਼ਾਹ ਹਿਜਕੀਯਾਹ ਦੇ ਲਈ ਬਹੁਮੁੱਲੀਆਂ ਵਸਤੂਆਂ ਲਿਆਏ ਸੋ ਉਹ ਉਸ ਸਮੇਂ ਤੋਂ ਸਾਰੀਆਂ ਕੌਮਾਂ ਦੀ ਨਿਗਾਹ ਵਿੱਚ ਉੱਚਾ ਹੋ ਗਿਆ ।
ਹਿਜਕੀਯਾਹ ਦੀ ਬਿਮਾਰੀ ਅਤੇ ਘਮੰਡ
(2 ਰਾਜਾ 20:1-3, 12-19, ਯਸਾਯਾਹ 38:1-3, 39:1-8)

24ਉਨ੍ਹਾਂ ਦਿਨਾਂ ਵਿੱਚ ਹਿਜਕੀਯਾਹ ਅਜਿਹਾ ਬਿਮਾਰ ਹੋਇਆ ਜੋ ਮਰਨ ਦੇ ਨੇੜੇ ਜਾ ਪੁੱਜਾ ਅਤੇ ਉਹ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਤਦ ਉਸ ਨੇ ਉਹ ਨੂੰ ਆਖਿਆ ਅਤੇ ਉਹ ਨੂੰ ਇੱਕ ਨਿਸ਼ਾਨ ਦਿੱਤਾ25ਪਰ ਹਿਜਕੀਯਾਹ ਨੇ ਉਸ ਤਰਸ ਦੇ ਅਨੁਸਾਰ ਜੋ ਉਸ ਉੱਤੇ ਕੀਤਾ ਗਿਆ ਸੀ ਕੰਮ ਨਾ ਕੀਤਾ ਕਿਉਂ ਜੋ ਉਹ ਦੇ ਮਨ ਵਿੱਚ ਹੰਕਾਰ ਸਮਾ ਗਿਆ ਸੀ ਇਸ ਲਈ ਉਹ ਦੇ ਉੱਤੇ ਅਤੇ ਯਹੂਦਾਹ ਅਤੇ ਯਰੂਸ਼ਲਮ ਉੱਤੇ ਕਹਿਰ ਭੜਕਿਆ26ਜਦ ਹਿਜਕੀਯਾਹ ਤੇ ਯਰੂਸ਼ਲਮ ਦੇ ਵਾਸੀਆਂ ਨੇ ਆਪਣੇ ਮਨ ਵਿੱਚ ਹੰਕਾਰ ਦੇ ਥਾਂ ਅਧੀਨਗੀ ਫੜੀ ਤਾਂ ਹਿਜਕੀਯਾਹ ਦੇ ਦਿਨਾਂ ਵਿੱਚ ਉਨ੍ਹਾਂ ਉੱਤੇ ਕਹਿਰ ਨਾ ਪਿਆ ।
ਹਿਜਕੀਯਾਹ ਦੀ ਧਨ ਦੌਲਤ ਅਤੇ ਭੜਕ

27ਹਿਜਕੀਯਾਹ ਦੀ ਦੌਲਤ ਅਤੇ ਮਾਣ ਬਹੁਤ ਵੱਧ ਗਿਆ ਅਤੇ ਉਸ ਨੇ ਚਾਂਦੀ-ਸੋਨੇ ਅਤੇ ਬਹੁਮੁੱਲੇ ਪੱਥਰਾਂ ਅਤੇ ਮਸਾਲੇ, ਢਾਲਾਂ ਅਤੇ ਹਰ ਪ੍ਰਕਾਰ ਦੀਆਂ ਕੀਮਤੀ ਚੀਜ਼ਾਂ ਦੇ ਲਈ ਖਜ਼ਾਨੇ28ਅਤੇ ਅਨਾਜ਼ ਅਤੇ ਮੈ ਅਤੇ ਤੇਲ ਦੇ ਵਾਧੇ ਲਈ ਕੋਠੜੀਆਂ ਅਤੇ ਹਰ ਪ੍ਰਕਾਰ ਦੇ ਪਸ਼ੂਆਂ ਲਈ ਥਾਂ ਅਤੇ ਭੇਡ ਬੱਕਰੀਆਂ ਲਈ ਵਾੜੇ ਬਣਾਏ29ਉਸ ਨੇ ਆਪਣੇ ਲਈ ਸ਼ਹਿਰ ਬਣਾਏ ਅਤੇ ਚੌਣੇ ਅਤੇ ਇੱਜੜ ਅਤੇ ਗਾਂਈਆਂ ਬਲ਼ਦ ਉਸ ਦੇ ਕੋਲ ਬਹੁਤ ਸਨ ਕਿਉਂਕਿ ਪਰਮੇਸ਼ੁਰ ਨੇ ਉਹ ਦੇ ਮਾਲ ਵਿੱਚ ਬਹੁਤ ਵਾਧਾ ਕੀਤਾ ਸੀ
30ਇਸੇ ਹਿਜਕੀਯਾਹ ਨੇ ਗੀਹੋਨਾ ਦੇ ਪਾਣੀ ਦੇ ਉੱਪਰਲੇ ਸੋਤੇ ਨੂੰ ਬੰਦ ਕਰ ਦਿੱਤਾ ਸੀ ਅਤੇ ਉਹ ਨੂੰ ਦਾਊਦ ਦੇ ਸ਼ਹਿਰ ਦੇ ਲਹਿੰਦੇ ਪਾਸੇ ਵੱਲ ਸਿੱਧਾ ਪੁਚਾ ਦਿੱਤਾ ਅਤੇ ਹਿਜਕੀਯਾਹ ਆਪਣੇ ਸਾਰੇ ਕੰਮ ਵਿੱਚ ਸਫ਼ਲ ਹੋਇਆ31ਤਾਂ ਵੀ ਬਾਬਲ ਦੇ ਸਰਦਾਰਾਂ ਦੇ ਏਲਚੀਆਂ ਦੀ ਗੱਲ ਵਿੱਚ ਜਿਹੜੇ ਉਹ ਦੇ ਕੋਲ ਭੇਜੇ ਗਏ ਕਿ ਉਹ ਉਸ ਕਰਾਮਾਤ ਦਾ ਹਾਲ ਜਿਹੜੀ ਉਸ ਦੇਸ ਵਿੱਚ ਵਿਖਾਈ ਗਈ ਸੀ ਪਤਾ ਕਰਨ ਪਰਮੇਸ਼ੁਰ ਨੇ ਉਹ ਨੂੰ ਪਰਤਾਉਣ ਲਈ ਛੱਡ ਦਿੱਤਾ ਤਾਂ ਜੋ ਪਤਾ ਕਰੇ ਕਿ ਉਹ ਦੇ ਮਨ ਵਿੱਚ ਕੀ ਹੈ ।
ਹਿਜਕੀਯਾਹ ਦੇ ਰਾਜ ਦਾ ਅੰਤ ਅਤੇ ਉਸ ਦੀ ਮੌਤ
(2 ਰਾਜਾ 20:20, 21)

32ਹੁਣ ਹਿਜਕੀਯਾਹ ਦੇ ਬਾਕੀ ਕੰਮ ਅਤੇ ਉਸ ਦੀਆਂ ਮਿਹਰਬਾਨੀਆਂ ਅਮੋਸ ਦੇ ਪੁੱਤਰ ਯਸਾਯਾਹ ਨਬੀ ਦੇ ਦਰਸ਼ਣ ਵਿੱਚ ਅਤੇ ਯਹੂਦਾਹ ਅਤੇ ਇਸਰਾਏਲ ਦੇ ਪਾਤਸ਼ਾਹਾਂ ਦੀ ਪੋਥੀ ਵਿੱਚ ਲਿਖੇ ਹਨ33ਅਤੇ ਹਿਜਕੀਯਾਹ ਆਪਣੇ ਪਿਉ-ਦਾਦਿਆਂ ਦੇ ਨਾਲ ਸੌਂ ਗਿਆ ਅਤੇ ਉਨ੍ਹਾਂ ਨੇ ਉਸ ਨੂੰ ਦਾਊਦ ਦੀ ਵੰਸ ਦੀਆਂ ਕਬਰਾਂ ਵਿੱਚ ਉੱਚੇ ਥਾਂ ਉੱਤੇ ਦੱਬਿਆ ਅਤੇ ਸਾਰੇ ਯਹੂਦਾਹ ਅਤੇ ਯਰੂਸ਼ਲਮ ਦੇ ਸਾਰੇ ਵਾਸੀਆਂ ਨੇ ਉਹ ਦੀ ਮੌਤ ਉੱਤੇ ਉਸ ਦਾ ਸਤਿਕਾਰ ਕੀਤਾ ਅਤੇ ਉਹ ਦਾ ਪੁੱਤਰ ਮਨੱਸ਼ਹ ਉਹ ਦੇ ਥਾਂ ਰਾਜ ਕਰਨ ਲੱਗਾ ।

33
ਯਹੂਦਾਹ ਦੇ ਵਿੱਚ ਮਨੱਸ਼ਹ ਦਾ ਰਾਜ
(2 ਰਾਜਾ 21:1-9)

1ਮਨੱਸ਼ਹ ਬਾਰਾਂ ਸਾਲਾਂ ਦਾ ਸੀ ਜਦ ਉਹ ਰਾਜ ਕਰਨ ਲੱਗਾ । ਉਸ ਨੇ ਯਰੂਸ਼ਲਮ ਵਿੱਚ ਪਚਵੰਜਾ ਸਾਲ ਰਾਜ ਕੀਤਾ2ਅਤੇ ਉਸ ਨੇ ਉਨ੍ਹਾਂ ਕੌਮਾਂ ਦੇ ਘਿਣਾਉਣੇ ਕੰਮਾਂ ਵਾਂਗੂੰ ਜਿਨ੍ਹਾਂ ਨੂੰ ਯਹੋਵਾਹ ਨੇ ਇਸਰਾਏਲੀਆਂ ਦੇ ਅੱਗਿਓਂ ਕੱਢ ਦਿੱਤਾ ਸੀ ਯਹੋਵਾਹ ਦੀ ਨਿਗਾਹ ਵਿੱਚ ਬਦੀ ਕੀਤੀ3ਕਿਉਂ ਜੋ ਉਸ ਨੇ ਉਨ੍ਹਾਂ ਉੱਚਿਆਂ ਥਾਵਾਂ ਨੂੰ ਜਿਨ੍ਹਾਂ ਨੂੰ ਉਸ ਦੇ ਪਿਤਾ ਹਿਜ਼ਕੀਯਾਹ ਨੇ ਢਾਹਿਆ ਸੀ ਫੇਰ ਬਣਾਇਆ ਅਤੇ ਬਆਲਾਂ ਦੇ ਲਈ ਜਗਵੇਦੀਆਂ ਬਣਾਈਆਂ ਅਤੇ ਟੁੰਡ ਦੇਵੀਆਂ ਬਣਾਈਆਂ ਅਤੇ ਸਾਰੇ ਸਵਰਗੀ ਲਸ਼ਕਰ ਨੂੰ ਮੱਥਾ ਟੇਕਿਆ ਅਤੇ ਉਨ੍ਹਾਂ ਦੀ ਪੂਜਾ ਕੀਤੀ

4ਅਤੇ ਉਸ ਨੇ ਯਹੋਵਾਹ ਦੇ ਭਵਨ ਵਿੱਚ ਜਿਸ ਦੇ ਵਿਖੇ ਯਹੋਵਾਹ ਦਾ ਫ਼ਰਮਾਨ ਸੀ ਕਿ ਮੇਰਾ ਨਾਮ ਯਰੂਸ਼ਲਮ ਵਿੱਚ ਸਦਾ ਤੱਕ ਰਹੇਗਾ ਜਗਵੇਦੀਆਂ ਬਣਾਈਆਂ5ਅਤੇ ਉਸ ਨੇ ਯਹੋਵਾਹ ਦੇ ਭਵਨ ਦੇ ਦੋਹਾਂ ਵਿਹੜਿਆਂ ਵਿੱਚ ਸਾਰੇ ਸਵਰਗੀ ਲਸ਼ਕਰ ਲਈ ਜਗਵੇਦੀਆਂ ਬਣਾਈਆਂ6ਅਤੇ ਉਸ ਨੇ ਬਨ ਹਿੰਨੋਮ ਦੀ ਵਾਦੀ ਵਿੱਚ ਆਪਣੇ ਪੁੱਤਰਾਂ ਨੂੰ ਅੱਗ ਵਿੱਚੋਂ ਦੀ ਲੰਘਾਇਆ ਅਤੇ ਫਾਲ ਪਾਉਂਦਾ ਅਤੇ ਟੂਣੇ ਟੋਟਕੇ ਅਤੇ ਜਾਦੂ ਕਰਦਾ, ਅਤੇ ਮਿੱਤਰ ਭੂਤ ਅਤੇ ਦੇਓਯਾਰਾਂ ਨਾਲ ਮੇਲ ਜੋਲ ਰੱਖਦਾ ਸੀ । ਉਹ ਅਜਿਹਾ ਕੰਮ ਕਰਨ ਵਿੱਚ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜਾ ਸੀ ਬਹੁਤ ਵੱਧ ਗਿਆ ਅਤੇ ਉਹ ਦੇ ਕ੍ਰੋਧ ਨੂੰ ਭੜਕਾਇਆ
7ਅਤੇ ਉਸ ਨੇ ਇੱਕ ਬੁੱਤ ਦੀ ਉੱਕਰੀ ਹੋਈ ਮੂਰਤ ਬਣਾ ਕੇ ਪਰਮੇਸ਼ੁਰ ਦੇ ਭਵਨ ਵਿੱਚ ਰੱਖੀ ਜਿਸ ਦੇ ਵਿਖੇ ਪਰਮੇਸ਼ੁਰ ਨੇ ਦਾਊਦ ਅਤੇ ਉਸ ਦੇ ਪੁੱਤਰ ਸੁਲੇਮਾਨ ਨੂੰ ਹੁਕਮ ਦਿੱਤਾ ਸੀ ਕਿ ਮੈਂ ਇਸ ਭਵਨ ਵਿੱਚ ਅਤੇ ਯਰੂਸ਼ਲਮ ਵਿੱਚ ਜਿਸ ਨੂੰ ਮੈਂ ਇਸਰਾਏਲ ਦਿਆਂ ਸਾਰਿਆਂ ਗੋਤਾਂ ਵਿੱਚੋਂ ਚੁਣ ਲਿਆ ਹੈ ਆਪਣਾ ਨਾਮ ਸਦਾ ਤੱਕ ਰੱਖਾਂਗਾ8ਅਤੇ ਮੈਂ ਇਸਰਾਏਲ ਦੇ ਪੈਰ ਉਸ ਭੂਮੀ ਉੱਤੋਂ ਜਿਹ ਦੇ ਵਿੱਚ ਮੈਂ ਉਨ੍ਹਾਂ ਦੇ ਪਿਉ-ਦਾਦਿਆਂ ਨੂੰ ਘੱਲਿਆਰਿਆ ਹੈ ਫੇਰ ਕਦੇ ਨਹੀਂ ਹਟਾਵਾਂਗਾ ਪਰ ਜੇ ਉਹ ਉਨ੍ਹਾਂ ਸਾਰੀਆਂ ਗੱਲਾਂ ਦੇ ਪੂਰਾ ਕਰਨ ਦੀ ਜਿਨ੍ਹਾਂ ਦਾ ਮੈਂ ਉਨ੍ਹਾਂ ਨੂੰ ਹੁਕਮ ਦਿੱਤਾ ਪਾਲਨਾ ਕਰਨ ਅਰਥਾਤ ਸਾਰੀ ਬਿਵਸਥਾ, ਬਿਧੀਆਂ ਅਤੇ ਨਿਆਵਾਂ ਦੀ ਜੋ ਮੂਸਾ ਦੇ ਰਾਹੀਂ ਆਏ ਸਨ9ਮੱਨਸ਼ਹ ਨੇ ਯਹੂਦਾਹ ਅਤੇ ਯਰੂਸ਼ਲਮ ਦੇ ਵਾਸੀਆਂ ਨੂੰ ਕੁਰਾਹੇ ਪਾਇਆ ਕਿ ਉਨ੍ਹਾਂ ਨੇ ਉਹਨਾਂ ਕੌਮਾਂ ਨਾਲੋਂ ਵੀ ਵੱਧ ਬੁਰਿਆਈ ਕੀਤੀ ਜਿਨ੍ਹਾਂ ਨੂੰ ਯਹੋਵਾਹ ਨੇ ਇਸਰਾਏਲੀਆਂ ਦੇ ਅੱਗੋਂ ਬਰਬਾਦ ਕਰਵਾਇਆ ਸੀ ।
ਮੱਨਸ਼ਹ ਦੁਆਰਾ ਤੋਬਾ ਕਰਨਾ

10ਤਾਂ ਯਹੋਵਾਹ ਨੇ ਮੱਨਸ਼ਹ ਅਤੇ ਉਸ ਦੇ ਲੋਕਾਂ ਨਾਲ ਗੱਲਾਂ ਕੀਤੀਆਂ ਪਰ ਉਨ੍ਹਾਂ ਨੇ ਧਿਆਨ ਨਾ ਕੀਤਾ11ਇਸ ਲਈ ਯਹੋਵਾਹ ਅੱਸ਼ੂਰ ਦੇ ਪਾਤਸ਼ਾਹ ਦੇ ਸੈਨਾ ਪਤੀਆਂ ਨੂੰ ਉਨ੍ਹਾਂ ਉੱਤੇ ਚੜ੍ਹਾ ਲਿਆਇਆ ਜਿਹੜੇ ਮਨੱਸ਼ਹ ਨੂੰ ਬੰਨ੍ਹ ਕੇ ਹੱਥ ਕੜੀਆਂ ਅਤੇ ਬੇੜੀਆਂ ਨਾਲ ਬਾਬਲ ਨੂੰ ਲੈ ਗਏ
12ਜਦ ਉਹ ਔਕੜ ਵਿੱਚ ਪਿਆ ਤਾਂ ਉਹ ਨੇ ਯਹੋਵਾਹ ਆਪਣੇ ਪਰਮੇਸ਼ੁਰ ਦੀ ਮਿੰਨਤ ਕੀਤੀ ਅਤੇ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਦੇ ਸਨਮੁਖ ਆਪਣੇ ਆਪ ਨੂੰ ਬਹੁਤ ਅਧੀਨ ਕੀਤਾ13ਉਹ ਨੇ ਉਸ ਅੱਗੇ ਪ੍ਰਾਰਥਨਾ ਕੀਤੀ ਤਾਂ ਉਸ ਨੇ ਉਹ ਦੇ ਤਰਲਿਆਂ ਨੂੰ ਸੁਣ ਲਿਆ । ਉਹ ਨੂੰ ਉਹ ਦੇ ਰਾਜ ਵਿੱਚ ਯਰੂਸ਼ਲਮ ਨੂੰ ਮੋੜ ਲਿਆਇਆ ਤਾਂ ਮਨੱਸ਼ਹ ਨੇ ਜਾਣਿਆ ਕਿ ਯਹੋਵਾਹ ਹੀ ਪਰਮੇਸ਼ੁਰ ਹੈ
14ਇਸ ਦੇ ਮਗਰੋਂ ਉਹ ਨੇ ਦਾਊਦ ਦੇ ਸ਼ਹਿਰ ਲਈ ਗੀਹੋਨ ਦੇ ਪੱਛਮ ਵੱਲ ਵਾਦੀ ਵਿੱਚ ਮੱਛਲੀ ਫਾਟਕ ਦੇ ਲਾਂਘੇ ਤੱਕ ਬਾਹਰ ਵੱਲ ਇੱਕ ਕੰਧ ਬਣਾਈ ਅਤੇ ਓਫਲ ਨੂੰ ਘੇਰ ਕੇ ਬਹੁਤ ਉੱਚਾ ਕਰ ਦਿੱਤਾ ਅਤੇ ਯਹੂਦਾਹ ਦੇ ਸਾਰੇ ਗੜ੍ਹ ਵਾਲੇ ਸ਼ਹਿਰਾਂ ਵਿੱਚ ਫੌਜੀ ਸਰਦਾਰ ਮੁਕੱਰਰ ਕੀਤੇ15ਅਤੇ ਉਹ ਨੇ ਓਪਰੇ ਦੇਵਤੇ ਅਤੇ ਉਸ ਬੁੱਤ ਨੂੰ ਜਿਹੜਾ ਯਹੋਵਾਹ ਦੇ ਭਵਨ ਵਿੱਚ ਸੀ ਅਤੇ ਸਾਰੀਆਂ ਜਗਵੇਦੀਆਂ ਨੂੰ ਜਿਹੜੀਆਂ ਉਸ ਯਹੋਵਾਹ ਦੇ ਭਵਨ ਦੇ ਪਹਾੜ ਉੱਤੇ ਯਰੂਸ਼ਲਮ ਵਿੱਚ ਬਣਾਈਆਂ ਸਨ ਕੱਢ ਕੇ ਸ਼ਹਿਰੋਂ ਬਾਹਰ ਸੁੱਟ ਦਿੱਤਾ
16ਉਸ ਨੇ ਯਹੋਵਾਹ ਦੀ ਜਗਵੇਦੀ ਦੀ ਮੁਰੰਮਤ ਕਰਾਈ ਅਤੇ ਉਸ ਉੱਤੇ ਸੁੱਖ-ਸਾਂਦ ਦੀਆਂ ਬਲੀਆਂ ਅਤੇ ਧੰਨਵਾਦ ਦੇ ਚੜ੍ਹਾਵੇ ਚੜ੍ਹਾਏ ਅਤੇ ਯਹੂਦਾਹ ਨੂੰ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੀ ਉਪਾਸਨਾ ਦਾ ਹੁਕਮ ਦਿੱਤਾ17ਤਾਂ ਵੀ ਅਜੇ ਤੱਕ ਲੋਕ ਉੱਚਿਆਂ ਸਥਾਨਾ ਉੱਤੇ ਬਲੀਆਂ ਚੜ੍ਹਾਉਂਦੇ ਰਹੇ ਪਰ ਕੇਵਲ ਯਹੋਵਾਹ ਆਪਣੇ ਪਰਮੇਸ਼ੁਰ ਦੇ ਲਈ
18ਮਨੱਸ਼ਹ ਦੀਆਂ ਬਾਕੀ ਗੱਲਾਂ ਅਤੇ ਆਪਣੇ ਪਰਮੇਸ਼ੁਰ ਅੱਗੇ ਉਹ ਦੀ ਪ੍ਰਾਰਥਨਾ ਅਤੇ ਉਨ੍ਹਾਂ ਗੈਬਦਾਨਾਂ ਦੀਆਂ ਗੱਲਾਂ ਜਿਨ੍ਹਾਂ ਨੇ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਦੇ ਨਾਮ ਨਾਲ ਉਸ ਨਾਲ ਗੱਲਾਂ ਕੀਤੀਆਂ ਸਨ ਵੇਖੋ, ਉਹ ਸਭ ਇਸਰਾਏਲ ਦੇ ਪਾਤਸ਼ਾਹਾਂ ਦੀਆਂ ਗੱਲਾਂ ਨਾਲ ਲਿਖੇ ਹਨ ।
ਮੱਨਸ਼ਹ ਦੇ ਰਾਜ ਦਾ ਅੰਤ ਅਤੇ ਉਸ ਦੀ ਮੌਤ
(2 ਰਾਜਾ 21:17, 18)

19ਉਹ ਦੀ ਪ੍ਰਾਰਥਨਾ ਅਤੇ ਉਸ ਦੇ ਲਈ ਤਰਲੇ ਅਤੇ ਉਹ ਦੇ ਸਾਰੇ ਪਾਪ ਅਤੇ ਉਹ ਦੀ ਬੇਈਮਾਨੀ ਅਤੇ ਉਹ ਥਾਂ ਜਿੱਥੇ ਉਹ ਨੇ ਉੱਚੇ ਸਥਾਨ ਬਣਾਏ ਅਤੇ ਟੁੰਡਾਂ ਅਤੇ ਘੜੀਆਂ ਹੋਈਆਂ ਮੂਰਤਾਂ ਨੂੰ ਉਹ ਦੀ ਅਧੀਨਤਾ ਤੋਂ ਪਹਿਲਾ ਖੜ੍ਹਾ ਕੀਤਾ, ਇਹ ਹੋਜ਼ਾਈ ਦੀਆਂ ਗੱਲਾਂ ਵਿੱਚ ਲਿਖੀਆਂ ਹਨ20ਤਾਂ ਮਨੱਸ਼ਹ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ ਅਤੇ ਉਨ੍ਹਾਂ ਨੇ ਉਹ ਨੂੰ ਉਹ ਦੇ ਆਪਣੇ ਘਰ ਵਿੱਚ ਦੱਬ ਦਿੱਤਾ, ਫੇਰ ਉਹ ਦਾ ਪੁੱਤਰ ਆਮੋਨ ਉਹ ਦੇ ਥਾਂ ਰਾਜ ਕਰਨ ਲੱਗਾ ।
ਯਹੂਦਾਹ ਦੇ ਵਿੱਚ ਆਮੋਨ ਦਾ ਰਾਜ
(2 ਰਾਜਾ 21:19-26)

21ਆਮੋਨ ਬਾਈਆਂ ਸਾਲਾਂ ਦਾ ਸੀ ਜਦ ਉਹ ਰਾਜ ਕਰਨ ਲੱਗਾ ਅਤੇ ਉਹ ਨੇ ਦੋ ਸਾਲ ਯਰੂਸ਼ਲਮ ਵਿੱਚ ਰਾਜ ਕੀਤਾ22ਉਹ ਨੇ ਉਹ ਕੰਮ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜਾ ਸੀ ਜਿਵੇਂ ਉਹ ਦੇ ਪਿਤਾ ਮਨੱਸ਼ਹ ਨੇ ਵੀ ਕੀਤਾ ਸੀ ਅਤੇ ਉਨ੍ਹਾਂ ਸਾਰੀਆਂ ਘੜੀਆਂ ਹੋਈਆਂ ਮੂਰਤਾਂ ਲਈ ਜਿਹੜੀਆਂ ਉਸ ਦੇ ਪਿਤਾ ਮੱਨਸ਼ਹ ਨੇ ਬਣਾਈਆਂ ਸਨ ਅਮੋਨ ਨੇ ਬਲੀਆਂ ਚੜ੍ਹਾਈਆਂ ਅਤੇ ਉਨ੍ਹਾਂ ਦੀ ਪੂਜਾ ਕੀਤੀ23ਉਹ ਯਹੋਵਾਹ ਦੇ ਅੱਗੇ ਅਧੀਨ ਨਾ ਹੋਇਆ ਜਿਵੇਂ ਉਸ ਦਾ ਪਿਤਾ ਮਨੱਸ਼ਹ ਅਧੀਨ ਹੋਇਆ ਸੀ ਸਗੋਂ ਇਹੀ ਆਮੋਨ ਵੱਧ ਅਪਰਾਧ ਕਰਦਾ ਗਿਆ
24ਸੋ ਉਹ ਦੇ ਟਹਿਲੂਆਂ ਨੇ ਉਹ ਦੇ ਵਿਰੁੱਧ ਮਤਾ ਪਕਾਇਆ ਅਤੇ ਉਹ ਨੂੰ ਉਹ ਦੇ ਮਹਿਲ ਦੇ ਵਿੱਚ ਹੀ ਮਾਰ ਸੁੱਟਿਆ25ਪਰ ਉਸ ਦੇਸ ਦਿਆਂ ਲੋਕਾਂ ਨੇ ਉਹਨਾਂ ਸਾਰਿਆਂ ਨੂੰ ਮਾਰ ਸੁੱਟਿਆ ਜਿਨ੍ਹਾਂ ਨੇ ਆਮੋਨ ਪਾਤਸ਼ਾਹ ਦੇ ਵਿਰੁੱਧ ਮਤਾ ਪਕਾਇਆ ਸੀ ਅਤੇ ਦੇਸ ਦਿਆਂ ਲੋਕਾਂ ਨੇ ਉਹ ਦੇ ਪੁੱਤਰ ਯੋਸੀਯਾਹ ਨੂੰ ਉਹ ਦੇ ਥਾਂ ਪਾਤਸ਼ਾਹ ਬਣਾਇਆ ।

34
ਯਹੂਦਾਹ ਦੇ ਵਿੱਚ ਯੋਸੀਯਾਹ ਦਾ ਰਾਜ
(2 ਰਾਜਾ 22:1, 2)

1ਯੋਸੀਯਾਹ ਅੱਠਾਂ ਸਾਲਾਂ ਦਾ ਸੀ ਜਦ ਉਹ ਰਾਜ ਕਰਨ ਲੱਗਾ ਅਤੇ ਉਸ ਨੇ ਇਕੱਤੀ ਸਾਲ ਯਰੂਸ਼ਲਮ ਵਿੱਚ ਰਾਜ ਕੀਤਾ2ਉਸ ਨੇ ਉਹੋ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ ਅਤੇ ਆਪਣੇ ਪਿਤਾ ਦਾਊਦ ਦੇ ਮਾਰਗਾਂ ਉੱਤੇ ਚੱਲਦਾ ਰਿਹਾ ਅਤੇ ਸੱਜੇ ਖੱਬੇ ਨਾ ਮੁੜਿਆ ।

ਯੋਸੀਯਾਹ ਦੁਆਰਾ ਸੁਧਾਰ

3ਕਿਉਂ ਜੋ ਆਪਣੇ ਰਾਜ ਦੇ ਅੱਠਵੇਂ ਸਾਲ ਜਦ ਉਹ ਮੁੰਡਾ ਹੀ ਸੀ ਉਹ ਆਪਣੇ ਪਿਤਾ ਦਾਊਦ ਦੇ ਪਰਮੇਸ਼ੁਰ ਦਾ ਤਾਲਿਬ ਹੋਇਆ ਅਤੇ ਬਾਰਵੇਂ ਸਾਲ ਵਿੱਚ ਯਹੂਦਾਹ ਅਤੇ ਯਰੂਸ਼ਲਮ ਨੂੰ ਉੱਚੇ ਸਥਾਨਾਂ ਅਤੇ ਟੁੰਡਾਂ ਦੇ ਦੇਵਤਿਆਂ ਤੋਂ ਅਤੇ ਘੜੀਆਂ ਹੋਈਆਂ ਅਤੇ ਢਾਲੀਆਂ ਹੋਈਆਂ ਮੂਰਤਾਂ ਤੋਂ ਸਾਫ਼ ਕਰਨ ਲੱਗਾ
4ਅਤੇ ਉਨ੍ਹਾਂ ਨੇ ਉਸ ਦੇ ਸਾਹਮਣੇ ਬਆਲਾਂ ਦੀਆਂ ਜਗਵੇਦੀਆਂ ਨੂੰ ਢਾਹ ਦਿੱਤਾ ਅਤੇ ਸੂਰਜ ਦੀਆਂ ਮੂਰਤਾਂ ਨੂੰ ਜਿਹੜੀਆਂ ਉਨ੍ਹਾਂ ਦੇ ਉੱਪਰ ਸਨ ਉਸ ਨੇ ਵੱਢ ਸੁੱਟੀਆਂ ਅਤੇ ਟੁੰਡ ਦੇਵਤਿਆਂ ਨੂੰ ਅਤੇ ਘੜੀਆਂ ਹੋਈਆਂ ਤੇ ਢਾਲੀਆਂ ਹੋਈਆਂ ਮੂਰਤੀਆਂ ਨੂੰ ਉਸ ਨੇ ਟੁੱਕੜੇ-ਟੁੱਕੜੇ ਕਰ ਸੁੱਟਿਆ ਅਤੇ ਉਨ੍ਹਾਂ ਨੂੰ ਪੀਹ ਕੇ ਉਸ ਨੂੰ ਉਨ੍ਹਾਂ ਦੀਆਂ ਕਬਰਾਂ ਉੱਤੇ ਖਿਲਾਰਿਆ ਜਿਨ੍ਹਾਂ ਨੇ ਉਨ੍ਹਾਂ ਲਈ ਬਲੀਆਂ ਚੜ੍ਹਾਈਆਂ ਸਨ5ਅਤੇ ਜਾਜਕਾਂ ਦੀਆਂ ਹੱਡੀਆਂ ਉਨ੍ਹਾਂ ਦੀਆਂ ਜਗਵੇਦੀਆਂ ਉੱਤੇ ਸਾੜੀਆਂ, ਇਸ ਤਰ੍ਹਾਂ ਉਸ ਨੇ ਯਹੂਦਾਹ ਅਤੇ ਯਰੂਸ਼ਲਮ ਨੂੰ ਸ਼ੁੱਧ ਕੀਤਾ
6ਉਸ ਨੇ ਮਨੱਸ਼ਹ, ਅਫਰਾਈਮ ਅਤੇ ਸ਼ਿਮਓਨ ਦੇ ਸ਼ਹਿਰਾਂ ਵਿੱਚ ਸਗੋਂ ਨਫਤਾਲੀ ਤੇ ਉਨ੍ਹਾਂ ਦੇ ਦੁਆਲੇ ਦਿਆਂ ਥੇਹਾਂ ਵਿੱਚ ਵੀ ਇਵੇਂ ਹੀ ਕੀਤਾ7ਉਸ ਨੇ ਇਸਰਾਏਲ ਦੇ ਸਾਰੇ ਦੇਸ ਵਿੱਚ ਜਗਵੇਦੀਆਂ ਨੂੰ ਢਾਹ ਦਿੱਤਾ ਅਤੇ ਟੁੰਡ ਦੇਵਤਿਆਂ ਨੂੰ ਅਤੇ ਘੜੀਆਂ ਹੋਈਆਂ ਮੂਰਤਾਂ ਨੂੰ ਭੰਨ ਤੋੜ ਕੇ ਪੀਪਾ ਕਰ ਸੁੱਟਿਆ ਅਤੇ ਸੂਰਜ ਦੀਆਂ ਸਾਰੀਆਂ ਮੂਰਤਾਂ ਨੂੰ ਵੱਢ ਸੁੱਟਿਆ ਤਾਂ ਉਹ ਯਰੂਸ਼ਲਮ ਨੂੰ ਮੁੜਿਆ ।
ਬਿਵਸਥਾ ਦੀ ਪੁਸਤਕ ਦਾ ਮਿਲਣਾ
(2 ਰਾਜਾ 22:3-20)

8ਆਪਣੇ ਰਾਜ ਦੇ ਅਠਾਰਵੇਂ ਸਾਲ ਜਦ ਉਹ ਦੇਸ ਅਤੇ ਭਵਨ ਨੂੰ ਸਾਫ਼ ਕਰ ਚੁੱਕਿਆ ਤਾਂ ਉਸ ਨੇ ਅਸਲਯਾਹ ਦੇ ਪੁੱਤਰ ਸ਼ਾਫਾਨ ਨੂੰ ਸ਼ਹਿਰ ਦੇ ਸਰਦਾਰ ਮਅਸੇਯਾਹ ਅਤੇ ਯੋਆਹਾਜ ਦੇ ਪੁੱਤਰ ਯੋਆਹ ਇਤਿਹਾਸ ਦੇ ਲਿਖਾਰੀ ਨੂੰ ਭੇਜਿਆ ਕਿ ਯਹੋਵਾਹ ਆਪਣੇ ਪਰਮੇਸ਼ੁਰ ਦੇ ਭਵਨ ਦੀ ਮੁਰੰਮਤ ਕਰਾਉਣ9ਤਾਂ ਉਹ ਹਿਲਕੀਯਾਹ ਪ੍ਰਧਾਨ ਜਾਜਕ ਦੇ ਕੋਲ ਆਏ ਅਤੇ ਉਹ ਚਾਂਦੀ ਜਿਹੜੀ ਪਰਮੇਸ਼ੁਰ ਦੇ ਭਵਨ ਵਿੱਚ ਲਿਆਂਦੀ ਗਈ ਸੀ ਜੋ ਦਰਬਾਨ ਲੇਵੀਆਂ ਨੇ ਮਨੱਸ਼ਹ ਅਤੇ ਅਫਰਾਈਮ ਦੇ ਹੱਥੋਂ ਅਤੇ ਇਸਰਾਏਲ ਦੇ ਸਾਰੇ ਬਕੀਏ ਕੋਲੋਂ ਅਤੇ ਸਾਰੇ ਯਹੂਦਾਹ ਅਤੇ ਬਿਨਯਾਮੀਨ ਅਤੇ ਯਰੂਸ਼ਲਮ ਦੇ ਵਾਸੀਆਂ ਕੋਲੋਂ ਇਕੱਠੀ ਕੀਤੀ ਸੀ ਉਸ ਨੂੰ ਦੇ ਦਿੱਤੀ
10ਅਤੇ ਉਨ੍ਹਾਂ ਨੇ ਉਸ ਨੂੰ ਉਨ੍ਹਾਂ ਕਰਿੰਦਿਆਂ ਦੇ ਹੱਥ ਵਿੱਚ ਦਿੱਤੀ ਜਿਹੜੇ ਯਹੋਵਾਹ ਦੇ ਭਵਨ ਦੀ ਦੇਖਭਾਲ ਕਰਦੇ ਸਨ ਤਾਂ ਉਨ੍ਹਾਂ ਕਰਿੰਦਿਆਂ ਨੇ ਜੋ ਪਰਮੇਸ਼ੁਰ ਦੇ ਭਵਨ ਵਿੱਚ ਕੰਮ ਕਰਦੇ ਸਨ ਉਸ ਨੂੰ ਉਸ ਭਵਨ ਦੀ ਮੁਰੰਮਤ ਅਤੇ ਪੱਕਾ ਕਰਨ ਉੱਤੇ ਲਾਇਆ11ਅਰਥਾਤ ਉਸ ਨੂੰ ਤਰਖਾਣਾਂ ਅਤੇ ਰਾਜਾਂ ਨੂੰ ਦਿੱਤਾ ਤਾਂ ਜੋ ਘੜੇ ਹੋਏ ਪੱਥਰ ਅਤੇ ਜੋੜੀਆਂ ਲਈ ਲੱਕੜੀ ਮੁੱਲ ਲੈਣ ਅਤੇ ਉਨ੍ਹਾਂ ਘਰਾਂ ਲਈ ਵੀ ਜਿਨ੍ਹਾਂ ਨੂੰ ਯਹੂਦਾਹ ਦੇ ਪਾਤਸ਼ਾਹਾਂ ਨੇ ਉਜਾੜ ਦਿੱਤਾ ਸੀ ਸ਼ਤੀਰ ਬਣਾਉਣ
12ਅਤੇ ਉਹ ਮਨੁੱਖ ਇਮਾਨਦਾਰੀ ਨਾਲ ਕੰਮ ਕਰਦੇ ਸਨ ਅਤੇ ਯਹਤ ਅਤੇ ਓਬਦਯਾਹ ਲੇਵੀ ਮਰਾਰੀ ਦੀ ਵੰਸ ਵਿੱਚੋਂ ਉਨ੍ਹਾਂ ਦੀ ਦੇਖਭਾਲ ਕਰਦੇ ਸਨ ਅਤੇ ਕਹਾਥੀਆਂ ਦੀ ਵੰਸ ਵਿੱਚੋਂ ਜ਼ਕਰਯਾਹ ਅਤੇ ਮਸ਼ੂਲਾਮ ਉਨ੍ਹਾਂ ਤੋਂ ਕੰਮ ਕਰਾਉਂਦੇ ਸਨ ਅਤੇ ਉਹ ਸਾਰੇ ਲੇਵੀ ਵਾਜਿਆਂ ਦੇ ਵਜਾਉਣ ਵਿੱਚ ਵੱਡੇ ਗੁਣੀਏ ਸਨ13ਅਤੇ ਉਹ ਭਾਰ ਚੁੱਕਣ ਵਾਲਿਆਂ ਦੇ ਉੱਤੇ ਸਨ ਅਤੇ ਹਰ ਪ੍ਰਕਾਰ ਦਾ ਕੰਮ ਕਰਨ ਵਾਲਿਆਂ ਪਾਸੋਂ ਕੰਮ ਕਰਾਉਂਦੇ ਸਨ ਅਤੇ ਲੇਵੀਆਂ ਵਿੱਚੋਂ ਲਿਖਾਰੀ ਅਤੇ ਅਫ਼ਸਰ ਅਤੇ ਦਰਬਾਨ ਸਨ
14ਜਦ ਉਹ ਉਸ ਚਾਂਦੀ ਨੂੰ ਜਿਹੜੀ ਯਹੋਵਾਹ ਦੇ ਭਵਨ ਵਿੱਚ ਲਿਆਂਦੀ ਗਈ ਸੀ ਬਾਹਰ ਕੱਢ ਰਹੇ ਸਨ ਤਾਂ ਹਿਲਕੀਯਾਹ ਜਾਜਕ ਨੂੰ ਯਹੋਵਾਹ ਦੀ ਬਿਵਸਥਾ ਦੀ ਪੋਥੀ ਜਿਹੜੀ ਮੂਸਾ ਦੇ ਰਾਹੀਂ ਦਿੱਤੀ ਗਈ ਸੀ ਲੱਭੀ15ਤਾਂ ਹਿਲਕੀਯਾਹ ਨੇ ਸ਼ਾਫਾਨ ਲਿਖਾਰੀ ਨੂੰ ਆਖਿਆ ਕਿ ਮੈਨੂੰ ਬਿਵਸਥਾ ਦੀ ਪੋਥੀ ਯਹੋਵਾਹ ਦੇ ਭਵਨ ਵਿੱਚੋਂ ਲੱਭੀ ਹੈ ਅਤੇ ਹਿਲਕੀਯਾਹ ਨੇ ਉਹ ਪੋਥੀ ਸ਼ਾਫਾਨ ਨੂੰ ਦੇ ਦਿੱਤੀ16ਅਤੇ ਸ਼ਾਫਾਨ ਉਸ ਪੋਥੀ ਨੂੰ ਪਾਤਸ਼ਾਹ ਦੇ ਕੋਲ ਲੈ ਗਿਆ ਫੇਰ ਉਸ ਨੇ ਪਾਤਸ਼ਾਹ ਨੂੰ ਇਹ ਸੁਨੇਹਾ ਦਿੱਤਾ ਕਿ ਸਾਰਾ ਕੰਮ ਜੋ ਤੁਸੀਂ ਆਪਣੇ ਟਹਿਲੂਆਂ ਦੇ ਜਿੰਮੇ ਕੀਤਾ ਸੀ ਉਹ ਕਰਦੇ ਹਨ
17ਅਤੇ ਉਹ ਚਾਂਦੀ ਜਿਹੜੀ ਯਹੋਵਾਹ ਦੇ ਭਵਨ ਵਿੱਚੋਂ ਮਿਲੀ ਲੈ ਕੇ ਦੇਖਭਾਲ ਕਰਨ ਵਾਲਿਆਂ ਅਤੇ ਕੰਮ ਕਰਨ ਵਾਲਿਆਂ ਨੂੰ ਦੇ ਦਿੱਤੀ18ਤਾਂ ਸ਼ਾਫਾਨ ਲਿਖਾਰੀ ਨੇ ਪਾਤਸ਼ਾਹ ਨੂੰ ਦੱਸਿਆ ਕਿ ਹਿਲਕੀਯਾਹ ਜਾਜਕ ਨੇ ਮੈਨੂੰ ਇੱਕ ਪੋਥੀ ਫੜ੍ਹਾਈ ਹੈ ਅਤੇ ਸ਼ਾਫਾਨ ਨੇ ਉਹ ਨੂੰ ਪਾਤਸ਼ਾਹ ਦੇ ਸਾਹਮਣੇ ਪੜ੍ਹਿਆ19ਫੇਰ ਅਜਿਹਾ ਹੋਇਆ ਕਿ ਜਦ ਪਾਤਸ਼ਾਹ ਨੇ ਬਿਵਸਥਾ ਦੀਆਂ ਗੱਲਾਂ ਸੁਣੀਆਂ ਤਾਂ ਉਹ ਨੇ ਆਪਣੇ ਲੀੜੇ ਪਾੜੇ
20ਤਾਂ ਪਾਤਸ਼ਾਹ ਹਿਲਕੀਯਾਹ ਨੂੰ ਸ਼ਾਫਾਨ ਦੇ ਪੁੱਤਰ ਅਹੀਕਾਮ ਨੂੰ ਅਤੇ ਮੀਕਾਹ ਦੇ ਪੁੱਤਰ ਅਬਦੋਨ ਨੂੰ ਅਤੇ ਸ਼ਾਫਾਨ ਲਿਖਾਰੀ ਨੂੰ ਅਤੇ ਪਾਤਸ਼ਾਹ ਦੇ ਟਹਿਲੂਏ ਅਸਾਯਾਹ ਨੂੰ ਹੁਕਮ ਦਿੱਤਾ ਕਿ21ਤੁਸੀਂ ਜਾਓ ਅਤੇ ਮੇਰੀ ਵੱਲੋਂ ਅਤੇ ਉਨ੍ਹਾਂ ਵੱਲੋਂ ਜਿਹੜੇ ਇਸਰਾਏਲ ਅਤੇ ਯਹੂਦਾਹ ਵਿੱਚ ਬਾਕੀ ਹਨ ਇਸ ਪੋਥੀ ਦੀਆਂ ਗੱਲਾਂ ਦੇ ਵਿਖੇ ਜੋ ਲੱਭੀ ਹੈ ਯਹੋਵਾਹ ਤੋਂ ਪੁੱਛ-ਗਿੱਛ ਕਰੋ ਕਿਉਂ ਜੋ ਯਹੋਵਾਹ ਦਾ ਵੱਡਾ ਕ੍ਰੋਧ ਸਾਡੇ ਉੱਤੇ ਡੋਹਲਿਆ ਗਿਆ ਹੈ ਇਸ ਲਈ ਕਿ ਸਾਡੇ ਪਿਉ-ਦਾਦਿਆਂ ਨੇ ਯਹੋਵਾਹ ਦੇ ਬਚਨਾਂ ਦੀ ਪਾਲਨਾ ਨਹੀਂ ਕੀਤੀ ਕਿ ਸਭ ਕੁਝ ਜੋ ਇਸ ਪੋਥੀ ਵਿੱਚ ਲਿਖਿਆ ਹੈ ਉਸ ਦੇ ਅਨੁਸਾਰ ਕਰਨ
22ਤਾਂ ਹਿਲਕੀਯਾਹ ਅਤੇ ਉਹ ਜਿਨ੍ਹਾਂ ਨੂੰ ਪਾਤਸ਼ਾਹ ਨੇ ਮੁਕੱਰਰ ਕੀਤਾ ਸੀ ਹੁਲਦਾਹ ਨਬੀਆ ਦੇ ਕੋਲ ਗਏ ਜਿਹੜੀ ਤੋਸ਼ੇ ਖਾਨੇ ਦੇ ਰੱਖਵਾਲੇ ਤਾਕਹਥ ਦੇ ਪੁੱਤਰ ਅਤੇ ਹਸਰਾਹ ਦੇ ਪੋਤੇ ਸ਼ੱਲੁਮ ਦੀ ਪਤਨੀ ਸੀ (ਉਹ ਯਰੂਸ਼ਲਮ ਵਿੱਚ ਦੂਜੇ ਮਹੱਲੇ ਵਿੱਚ ਰਹਿੰਦੀ ਸੀ ) ਸੋ ਉਨ੍ਹਾਂ ਨੇ ਉਸ ਦੇ ਨਾਲ ਉਹ ਦੇ ਵਿਖੇ ਗੱਲਾਂ ਕੀਤੀਆਂ
23ਉਹ ਨੇ ਉਨ੍ਹਾਂ ਨੂੰ ਆਖਿਆ, ਇਸਰਾਏਲ ਦਾ ਪਰਮੇਸ਼ੁਰ ਯਹੋਵਾਹ ਐਉਂ ਫਰਮਾਉਂਦਾ ਹੈ ਕਿ ਤੁਸੀਂ ਉਸ ਮਨੁੱਖ ਨੂੰ ਜਿਸ ਨੇ ਤੁਹਾਨੂੰ ਮੇਰੇ ਕੋਲ ਭੇਜਿਆ ਹੈ ਇਉਂ ਆਖੋ,24ਯਹੋਵਾਹ ਐਉਂ ਫਰਮਾਉਂਦਾ ਹੈ, - ਵੇਖੋ, ਮੈਂ ਇਸ ਥਾਂ ਅਤੇ ਇਸ ਦੇ ਵਾਸੀਆਂ ਦੇ ਉੱਤੇ ਬੁਰਿਆਈ ਲਿਆਉਣ ਵਾਲਾ ਹਾਂ ਅਰਥਾਤ ਸਾਰੇ ਸਰਾਪ ਜਿਹੜੇ ਇਸ ਪੋਥੀ ਵਿੱਚ ਲਿਖੇ ਹਨ ਜਿਹੜੀ ਉਨ੍ਹਾਂ ਨੇ ਯਹੂਦਾਹ ਦੇ ਪਾਤਸ਼ਾਹ ਦੇ ਸਾਹਮਣੇ ਪੜੀ ਹੈ25ਕਿਉਂ ਜੋ ਉਨ੍ਹਾਂ ਨੇ ਮੈਨੂੰ ਛੱਡ ਦਿੱਤਾ ਅਤੇ ਪਰਾਏ ਦੇਵਤਿਆਂ ਦੇ ਅੱਗੇ ਧੂਪ ਧੁਖਾਈ ਤਾਂ ਜੋ ਉਹ ਆਪਣੇ ਹੱਥਾਂ ਦੀ ਸਾਰੀ ਕਾਰੀਗਰੀ ਨਾਲ ਮੈਨੂੰ ਕ੍ਰੋਧ ਵਿੱਚ ਲਿਆਉਣ ਇਸ ਲਈ ਮੇਰਾ ਕ੍ਰੋਧ ਇਸ ਥਾਂ ਉੱਤੇ ਪਿਆ ਹੈ ਅਤੇ ਉਹ ਬੁਝੇਗਾ ਨਹੀਂ
26ਪਰ ਯਹੂਦਾਹ ਦੇ ਪਾਤਸ਼ਾਹ ਨੂੰ ਜਿਸ ਤੁਹਾਨੂੰ ਯਹੋਵਾਹ ਕੋਲੋਂ ਪੁੱਛ-ਗਿੱਛ ਕਰਨ ਲਈ ਭੇਜਿਆ ਹੈ ਇਉਂ ਕਹੋ ਕਿ ਇਸਰਾਏਲ ਦਾ ਪਰਮੇਸ਼ੁਰ ਐਉਂ ਫਰਮਾਉਂਦਾ ਹੈ ਕਿ ਉਨ੍ਹਾਂ ਗੱਲਾਂ ਦੇ ਵਿਖੇ ਜਿਹੜੀਆਂ ਤੂੰ ਸੁਣੀਆਂ ਹਨ27ਇਸ ਲਈ ਕਿ ਤੇਰਾ ਮਨ ਨਰਮ ਹੋਇਆ ਅਤੇ ਤੂੰ ਪਰਮੇਸ਼ੁਰ ਦੇ ਅੱਗੇ ਅਧੀਨ ਹੋਇਆ ਹੈਂ ਜਦ ਤੋਂ ਤੂੰ ਉਸ ਦੀਆਂ ਗੱਲਾਂ ਇਸ ਸਥਾਨ ਦੇ ਵਿਰੁੱਧ ਅਤੇ ਇਸ ਦੇ ਵਾਸੀਆਂ ਦੇ ਵਿਰੁੱਧ ਸੁਣੀਆਂ ਹਨ ਅਤੇ ਮੇਰੇ ਅੱਗੇ ਆਪਣੇ ਆਪ ਨੂੰ ਅਧੀਨ ਬਣਾਇਆ ਹੈ ਅਤੇ ਆਪਣੇ ਲੀੜੇ ਪਾੜ ਕੇ ਮੇਰੇ ਅੱਗੇ ਰੋਇਆ ਸੋ ਮੈਂ ਵੀ ਤੇਰੀ ਸੁਣ ਲਈ ਹੈ, ਯਹੋਵਾਹ ਦਾ ਵਾਕ ਹੈ28ਵੇਖ, ਮੈਂ ਤੈਨੂੰ ਤੇਰੇ ਪਿਉ-ਦਾਦਿਆਂ ਨਾਲ ਮਿਲਾਵਾਂਗਾ ਅਤੇ ਤੂੰ ਆਪਣੀ ਕਬਰ ਵਿੱਚ ਸ਼ਾਂਤੀ ਨਾਲ ਰੱਖਿਆ ਜਾਵੇਂਗਾ ਅਤੇ ਸਾਰੀ ਬੁਰਿਆਈ ਨੂੰ ਜੋ ਮੈਂ ਇਸ ਥਾਂ ਅਤੇ ਇਸ ਦੇ ਵਾਸੀਆਂ ਦੇ ਉੱਤੇ ਲਿਆਉਣ ਵਾਲਾ ਹਾਂ ਤੇਰੀਆਂ ਅੱਖਾਂ ਨਹੀਂ ਵੇਖਣਗੀਆਂ । ਉਹ ਫੇਰ ਪਾਤਸ਼ਾਹ ਕੋਲ ਇਹ ਸੁਨੇਹਾ ਲਿਆਏ ।
ਯੋਸੀਯਾਹ ਦੁਆਰਾ ਆਗਿਆ ਪਾਲਣਾ ਕਰਨ ਦੀ ਸਹੁੰ ਲੈਣ
(2 ਰਾਜਾ 23:1-20)

29ਤਾਂ ਪਾਤਸ਼ਾਹ ਨੇ ਯਹੂਦਾਹ ਅਤੇ ਯਰੂਸ਼ਲਮ ਦੇ ਸਾਰੇ ਬਜ਼ੁਰਗਾਂ ਨੂੰ ਬੁਲਾ ਕੇ ਇਕੱਠਾ ਕੀਤਾ30ਫਿਰ ਪਾਤਸ਼ਾਹ ਅਤੇ ਯਹੂਦਾਹ ਦੇ ਸਾਰੇ ਮਨੁੱਖ ਅਤੇ ਯਰੂਸ਼ਲਮ ਦੇ ਵਾਸੀ, ਜਾਜਕ ਅਤੇ ਲੇਵੀ, ਸਾਰੇ ਛੋਟੇ ਵੱਡੇ ਲੋਕ, ਯਹੋਵਾਹ ਦੇ ਭਵਨ ਨੂੰ ਉਤਾਂਹ ਗਏ ਤਾਂ ਉਹ ਨੇ ਨੇਮ ਦੀ ਪੋਥੀ ਜਿਹੜੀ ਯਹੋਵਾਹ ਦੇ ਭਵਨ ਵਿੱਚੋਂ ਲੱਭੀ ਸੀ ਉਸ ਦੀਆਂ ਸਾਰੀਆਂ ਗੱਲਾਂ ਪੜ੍ਹ ਕੇ ਲੋਕਾਂ ਦੇ ਕੰਨੀ ਪਾਈਆਂ
31ਤਾਂ ਪਾਤਸ਼ਾਹ ਆਪਣੇ ਥਾਂ ਉੱਤੇ ਜਾ ਖੜ੍ਹਾ ਹੋਇਆ ਅਤੇ ਯਹੋਵਾਹ ਦੇ ਅੱਗੇ ਨੇਮ ਬੰਨਿਆ ਕਿ ਅਸੀਂ ਯਹੋਵਾਹ ਦੇ ਪਿੱਛੇ ਤੁਰਾਂਗੇ ਅਤੇ ਉਸ ਦੇ ਹੁਕਮਨਾਮੇ, ਉਸ ਦੀਆਂ ਸਾਖੀਆਂ ਅਤੇ ਉਸ ਦੀਆਂ ਬਿਧੀਆਂ ਦੀ ਆਪਣੇ ਸਾਰੇ ਦਿਲ ਆਪਣੀ ਸਾਰੀ ਜਾਨ ਨਾਲ ਪਾਲਣਾ ਕਰਾਂਗੇ ਅਤੇ ਉਸ ਦੇ ਨੇਮ ਦੀਆਂ ਗੱਲਾਂ ਨੂੰ ਜੋ ਉਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ ਪੂਰਾ ਕਰਾਂਗੇ32ਅਤੇ ਉਸ ਨੇ ਉਨ੍ਹਾਂ ਸਾਰਿਆਂ ਨੂੰ ਜਿਹੜੇ ਯਰੂਸ਼ਲਮ ਅਤੇ ਬਿਨਯਾਮੀਨ ਵਿੱਚ ਲੱਭੇ ਸਨ ਇਸ ਨੇਮ ਉੱਤੇ ਖੜ੍ਹਾ ਕੀਤਾ ਅਤੇ ਯਰੂਸ਼ਲਮ ਦੇ ਵਾਸੀਆਂ ਨੇ ਪਰਮੇਸ਼ੁਰ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਦੇ ਨੇਮ ਅਨੁਸਾਰ ਕੰਮ ਕੀਤਾ
33ਤਾਂ ਯੋਸੀਯਾਹ ਨੇ ਇਸਰਾਏਲੀਆਂ ਦੀ ਸਾਰੀ ਧਰਤੀ ਵਿੱਚੋਂ ਘਿਣਾਉਣੀਆਂ ਚੀਜ਼ਾਂ ਨੂੰ ਦੂਰ ਕੀਤਾ ਅਤੇ ਇਸਰਾਏਲੀ ਜਿਹੜੇ ਹਾਜ਼ਰ ਸਨ ਉਨ੍ਹਾਂ ਤੋਂ ਯਹੋਵਾਹ ਉਨ੍ਹਾਂ ਦੇ ਪਰਮੇਸ਼ੁਰ ਦੀ ਉਪਾਸਨਾ ਕਰਾਈ ਅਤੇ ਉਹ ਉਸ ਦੀ ਸਾਰੀ ਉਮਰ ਤੱਕ ਯਹੋਵਾਹ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਦੇ ਮਗਰ ਚੱਲਣ ਤੋਂ ਨਾ ਹਟੇ ।

35
ਪਸਾਹ ਦਾ ਤਿਉਹਾਰ ਮਨਾਉਣਾ
(2 ਰਾਜਾ 23:21-23)

1ਯੋਸੀਯਾਹ ਨੇ ਯਰੂਸ਼ਲਮ ਵਿੱਚ ਯਹੋਵਾਹ ਲਈ ਪਸਾਹ ਕੀਤੀ ਅਤੇ ਉਨ੍ਹਾਂ ਨੇ ਪਹਿਲੇ ਮਹੀਨੇ ਦੀ ਚੌਧਵੀਂ ਤਰੀਖ਼ ਨੂੰ ਪਸਾਹ ਕੱਟਿਆ ।2ਉਸ ਨੇ ਜਾਜਕਾਂ ਨੂੰ ਉਨ੍ਹਾਂ ਦੀ ਜੁੰਮੇਵਾਰੀ ਉੱਤੇ ਖੜ੍ਹਾ ਕੀਤਾ ਅਤੇ ਉਨ੍ਹਾਂ ਨੂੰ ਯਹੋਵਾਹ ਦੇ ਭਵਨ ਦੀ ਸੇਵਾ ਲਈ ਤਕੜਾ ਕੀਤਾ

3ਅਤੇ ਉਸ ਨੇ ਲੇਵੀਆਂ ਨੂੰ ਜਿਹੜੇ ਯਹੋਵਾਹ ਲਈ ਪਵਿੱਤਰ ਹੋ ਕੇ ਸਾਰੇ ਇਸਰਾਏਲ ਨੂੰ ਸਿੱਖਿਆ ਦਿੰਦੇ ਸਨ ਕਿ ਪਵਿੱਤਰ ਸੰਦੂਕ ਨੂੰ ਉਸ ਭਵਨ ਵਿੱਚ ਜਿਸ ਨੂੰ ਦਾਊਦ ਦੇ ਪੁੱਤਰ ਸੁਲੇਮਾਨ ਇਸਰਾਏਲ ਦੇ ਪਾਤਸ਼ਾਹ ਨੇ ਬਣਾਇਆ ਹੈ ਰੱਖੋ ਤਾਂ ਅੱਗੇ ਨੂੰ ਤੁਹਾਡਿਆਂ ਮੋਢਿਆਂ ਉੱਤੇ ਕੋਈ ਭਾਰ ਨਹੀਂ ਹੋਵੇਗਾ । ਸੋ ਹੁਣ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਅਤੇ ਉਸ ਦੀ ਪਰਜਾ ਇਸਰਾਏਲ ਦੀ ਸੇਵਾ ਕਰੋ ।4ਆਪਣੇ ਪਿਉ-ਦਾਦਿਆਂ ਦੇ ਘਰਾਣਿਆਂ ਅਤੇ ਆਪਣੀਆਂ ਵਾਰੀਆਂ ਅਨੁਸਾਰ ਜਿਵੇਂ ਇਸਰਾਏਲ ਦੇ ਪਾਤਸ਼ਾਹ ਦਾਊਦ ਨੂੰ ਲਿਖਿਆ ਹੈ ਅਤੇ ਉਸ ਦੇ ਪੁੱਤਰ ਸੁਲੇਮਾਨ ਨੇ ਲਿਖਿਆ ਹੈ ਆਪਣੇ ਆਪ ਨੂੰ ਤਿਆਰ ਕਰ ਲਵੋ
5ਅਤੇ ਤੁਸੀਂ ਪਵਿੱਤਰ ਸਥਾਨ ਵਿੱਚ ਪਿਤਰਾਂ ਦੇ ਘਰਾਣਿਆਂ ਦੀ ਵੰਡ ਅਨੁਸਾਰ ਅਤੇ ਆਪਣੇ ਭਰਾਵਾਂ ਆਮ ਲੋਕਾਂ ਦੇ ਅਨੁਸਾਰ ਖੜ੍ਹੇ ਹੋਵੋ ਅਤੇ ਲੇਵੀਆਂ ਦੇ ਪਿਤਰਾਂ ਦੇ ਘਰਾਣੇ ਦਾ ਹਿੱਸਾ ਹਰੇਕ ਲਈ ਹੋਵੇ6ਅਤੇ ਪਸਾਹ ਨੂੰ ਕੱਟੋ ਅਤੇ ਆਪਣੇ ਆਪ ਨੂੰ ਪਵਿੱਤਰ ਕਰੋ ਅਤੇ ਯਹੋਵਾਹ ਦੇ ਵਾਕ ਅਨੁਸਾਰ ਜੋ ਮੂਸਾ ਦੇ ਰਾਹੀਂ ਆਇਆ ਸੀ ਆਪਣੇ ਭਰਾਵਾਂ ਨੂੰ ਪੂਰਾ ਕਰਨ ਲਈ ਤਿਆਰ ਕਰੋ ।
7ਯੋਸੀਯਾਹ ਨੇ ਆਮ ਲੋਕਾਂ ਲਈ ਜਿੰਨੇ ਉੱਥੇ ਸਨ ਇੱਜੜ ਵਿੱਚੋਂ ਛੱਤ੍ਰੇ ਲੇਲੇ ਪਸਾਹ ਲਈ ਦਿੱਤੇ ਜਿਹੜੇ ਗਿਣਤੀ ਵਿੱਚ ਤੀਹ ਹਜ਼ਾਰ ਸਨ ਅਤੇ ਤਿੰਨ ਹਜ਼ਾਰ ਵਹਿੜੇ । ਇਹ ਸਾਰੇ ਸ਼ਾਹੀ ਮਾਲ ਵਿੱਚੋਂ ਸਨ ।8ਉਸ ਦੇ ਸਰਦਾਰਾਂ ਨੇ ਖੁਸ਼ੀ ਦੇ ਚੜ੍ਹਾਵੇ ਲੋਕਾਂ ਲਈ ਅਤੇ ਜਾਜਕਾਂ ਅਤੇ ਲੇਵੀਆਂ ਲਈ ਦਿੱਤੇ ਅਤੇ ਹਿਲਕੀਯਾਹ ਅਤੇ ਜ਼ਕਰਯਾਹ ਅਤੇ ਯਹੀਏਲ ਨੇ ਜਿਹੜੇ ਪਰਮੇਸ਼ੁਰ ਦੇ ਭਵਨ ਦੇ ਹਾਕਮ ਸਨ ਜਾਜਕਾਂ ਨੂੰ ਪਸਾਹ ਲਈ ਦੋ ਹਜ਼ਾਰ ਛੇ ਸੌ ਭੇਡਾਂ ਬੱਕਰੀਆਂ ਅਤੇ ਤਿੰਨ ਸੌ ਵਹਿੜੇ ਦਿੱਤੇ9ਅਤੇ ਕਾਨਨਯਾਹ, ਸ਼ਮਆਯਾਹ ਅਤੇ ਨਥਨਏਲ, ਉਸ ਦੇ ਭਰਾ ਅਤੇ ਹਸ਼ਬਯਾਹ ਅਤੇ ਯਹੀਏਲ ਅਤੇ ਯੋਜ਼ਾਬਾਦ ਲੇਵੀਆਂ ਦੇ ਸਰਦਾਰਾਂ ਨੇ ਪਸਾਹ ਲਈ ਲੇਵੀਆਂ ਨੂੰ ਪੰਜ ਹਜ਼ਾਰ ਭੇਡਾਂ ਬੱਕਰੀਆਂ ਅਤੇ ਪੰਜ ਸੌ ਵਹਿੜੇ ਦਿੱਤੇ ।
10ਸੋ ਉਪਾਸਨਾ ਦਾ ਕੰਮ ਪੂਰਾ ਹੋਇਆ, ਤਾਂ ਜਾਜਕ ਆਪਣੇ ਥਾਂ ਅਤੇ ਲੇਵੀ ਆਪਣੀ ਆਪਣੀ ਵਾਰੀ ਉੱਤੇ ਪਾਤਸ਼ਾਹ ਦੇ ਹੁਕਮ ਅਨੁਸਾਰ ਖੜ੍ਹੇ ਹੋ ਗਏ ।11ਉਨ੍ਹਾਂ ਨੇ ਪਸਾਹ ਨੂੰ ਕੱਟਿਆ ਅਤੇ ਜਾਜਕਾਂ ਨੇ ਉਨ੍ਹਾਂ ਦੇ ਹੱਥੋਂ ਲਹੂ ਲੈ ਕੇ ਛਿੜਕਿਆ ਅਤੇ ਲੇਵੀਆਂ ਨੇ ਖੱਲਾਂ ਲਾਹੀਆਂ12ਤਾਂ ਉਹ ਹੋਮ ਬਲੀਆਂ ਨੂੰ ਲੈ ਗਏ ਅਤੇ ਆਮ ਲੋਕਾਂ ਦੇ ਪਿਉ-ਦਾਦਿਆਂ ਦੇ ਘਰਾਣਿਆਂ ਦੀ ਵੰਡ ਅਨੁਸਾਰ ਯਹੋਵਾਹ ਦੇ ਹਜ਼ੂਰ ਭੇਟ ਚੜ੍ਹਾਉਣ ਲਈ ਉਨ੍ਹਾਂ ਨੂੰ ਦਿੱਤਾ ਜਿਵੇਂ ਮੂਸਾ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ ਅਤੇ ਏਵੇਂ ਹੀ ਉਨ੍ਹਾਂ ਨੇ ਵਹਿੜਿਆਂ ਨਾਲ ਕੀਤਾ ।
13ਉਨ੍ਹਾਂ ਨੇ ਪਸਾਹ ਨੂੰ ਬਿਧੀ ਦੇ ਅਨੁਸਾਰ ਅੱਗ ਉੱਤੇ ਭੁੰਨਿਆ ਅਤੇ ਪਵਿੱਤਰ ਭੇਟਾਂ ਉਨ੍ਹਾਂ ਨੇ ਦੇਗਾਂ, ਤਉੜੀਆਂ ਅਤੇ ਕੜਾਹੀਆਂ ਵਿੱਚ ਪਕਾਈਆਂ ਅਤੇ ਉਨ੍ਹਾਂ ਨੂੰ ਆਮ ਲੋਕਾਂ ਤੱਕ ਛੇਤੀ ਨਾਲ ਪੁਚਾ ਦਿੱਤਾ ।14ਇਸ ਦੇ ਮਗਰੋਂ ਉਨ੍ਹਾਂ ਨੇ ਆਪਣੇ ਲਈ ਅਤੇ ਜਾਜਕਾਂ ਲਈ ਤਿਆਰ ਕੀਤਾ ਕਿਉਂ ਜੋ ਹਾਰੂਨ ਦੀ ਵੰਸ ਦੇ ਜਾਜਕ ਹੋਮ ਬਲੀਆਂ ਅਤੇ ਚਰਬੀ ਚੜ੍ਹਾਉਣ ਲਈ ਰਾਤ ਤੱਕ ਲੱਗੇ ਰਹੇ ਸੋ ਲੇਵੀਆਂ ਨੇ ਆਪਣੇ ਲਈ ਅਤੇ ਹਾਰੂਨ ਦੀ ਵੰਸ ਦੇ ਜਾਜਕਾਂ ਲਈ ਤਿਆਰ ਕੀਤਾ,
15ਅਤੇ ਆਸਾਫ ਦੀ ਵੰਸ ਦੇ ਗਵੱਯੇ ਦਾਊਦ ਅਤੇ ਆਸਾਫ ਅਤੇ ਹੇਮਾਨ ਅਤੇ ਪਾਤਸ਼ਾਹ ਦੇ ਗੈਬਦਾਨ ਯਦੂਥੁਨ ਦੇ ਹੁਕਮ ਅਨੁਸਾਰ ਆਪਣੀ ਆਪਣੀ ਥਾਂ ਉੱਤੇ ਖੜ੍ਹੇ ਸਨ ਅਤੇ ਹਰ ਫਾਟਕ ਉੱਤੇ ਦਰਬਾਨ ਸਨ ਅਤੇ ਉਨ੍ਹਾਂ ਨੂੰ ਆਪਣੀ ਟਹਿਲ ਸੇਵਾ ਤੋਂ ਅੱਡ ਹੋਣਾ ਨਾ ਪਿਆ ਕਿਉਂ ਜੋ ਉਨ੍ਹਾਂ ਦੇ ਭਰਾਵਾਂ ਲੇਵੀਆਂ ਨੇ ਉਨ੍ਹਾਂ ਲਈ ਤਿਆਰ ਕੀਤਾ ।
16ਸੋ ਉਸ ਦਿਨ ਯੋਸੀਯਾਹ ਪਾਤਸ਼ਾਹ ਦੇ ਹੁਕਮ ਅਨੁਸਾਰ ਪਸਾਹ ਕਰਨ ਲਈ ਅਤੇ ਯਹੋਵਾਹ ਦੀ ਜਗਵੇਦੀ ਉੱਤੇ ਹੋਮ ਬਲੀ ਚੜ੍ਹਾਉਣ ਲਈ ਯਹੋਵਾਹ ਦੀ ਉਪਾਸਨਾ ਦਾ ਸਾਰਾ ਕੰਮ ਪੂਰਾ ਕੀਤਾ ਗਿਆ ।17ਇਸਰਾਏਲੀਆਂ ਨੇ ਜਿਹੜੇ ਹਾਜ਼ਰ ਸਨ ਉਸ ਵੇਲੇ ਪਸਾਹ ਨੂੰ ਅਤੇ ਪਤੀਰੀ ਰੋਟੀ ਦੇ ਪਰਬ ਨੂੰ ਸੱਤਾਂ ਦਿਨਾਂ ਤੱਕ ਮਨਾਇਆ ।
18ਇਹੋ ਜੇਹੀ ਪਸਾਹ ਇਸਰਾਏਲ ਵਿੱਚ ਸਮੂਏਲ ਨਬੀ ਦੇ ਦਿਨਾਂ ਤੋਂ ਨਹੀਂ ਮਨਾਈ ਗਈ ਅਤੇ ਇਸਰਾਏਲ ਦੇ ਕਿਸੇ ਪਾਤਸ਼ਾਹ ਨੇ ਇਹੋ ਜੇਹੀ ਪਸਾਹ ਨਹੀਂ ਮਨਾਈ ਜਿਹੜੀ ਯੋਸੀਯਾਹ ਅਤੇ ਜਾਜਕਾਂ ਅਤੇ ਲੇਵੀਆਂ ਅਤੇ ਸਾਰੇ ਯਹੂਦਾਹ ਅਤੇ ਇਸਰਾਏਲ ਜਿਹੜੇ ਹਾਜ਼ਰ ਸਨ ਅਤੇ ਯਰੂਸ਼ਲਮ ਦੇ ਵਾਸੀਆਂ ਨੇ ਮਨਾਈ ।19ਇਹ ਪਸਾਹ ਯੋਸੀਯਾਹ ਦੇ ਰਾਜ ਦੇ ਅਠਾਰਵੇਂ ਸਾਲ ਮਨਾਈ ਗਈ ।
ਯੋਸੀਯਾਹ ਦੇ ਰਾਜ ਦਾ ਅੰਤ ਅਤੇ ਉਸ ਦੀ ਮੌਤ
(2 ਰਾਜਾ 23:28-30)

20ਇਸ ਸਾਰੇ ਦੇ ਮਗਰੋਂ ਜਦ ਯੋਸੀਯਾਹ ਭਵਨ ਨੂੰ ਪੂਰਾ ਕਰ ਚੁੱਕਿਆ ਤਾਂ ਮਿਸਰ ਦੇ ਰਾਜੇ ਨਕੋ ਨੇ ਕਰਕਮੀਸ਼ ਦੇ ਵਿਰੁੱਧ ਜੋ ਫਰਾਤ ਉੱਤੇ ਹੈ ਲੜਨ ਲਈ ਚੜ੍ਹਾਈ ਕੀਤੀ ਤਾਂ ਯੋਸੀਯਾਹ ਉਸ ਦੇ ਟਾਕਰੇ ਲਈ ਬਾਹਰ ਨਿੱਕਲਿਆ ।21ਪਰ ਉਸ ਨੇ ਉਹ ਦੇ ਕੋਲ ਦੂਤਾਂ ਦੇ ਰਾਹੀਂ ਸੰਦੇਸ਼ ਭੇਜਿਆ ਕਿ ਹੇ ਯਹੂਦਾਹ ਦੇ ਪਾਤਸ਼ਾਹ, ਤੇਰੇ ਨਾਲ ਮੇਰਾ ਕੀ ਕੰਮ ? ਮੈਂ ਅੱਜ ਦੇ ਦਿਨ ਤੇਰੇ ਉੱਤੇ ਨਹੀਂ, ਸਗੋਂ ਇੱਕ ਹੋਰ ਘਰਾਣੇ ਉੱਤੇ ਚੜ੍ਹਾਈ ਕਰ ਰਿਹਾ ਹਾਂ ਅਤੇ ਪਰਮੇਸ਼ੁਰ ਨੇ ਮੈਨੂੰ ਛੇਤੀ ਕਰਨ ਦਾ ਹੁਕਮ ਦਿੱਤਾ ਹੈ, ਸੋ ਤੂੰ ਪਰਮੇਸ਼ੁਰ ਦੇ ਵਿਰੁੱਧ ਜਿਹੜਾ ਮੇਰੇ ਅੰਗ-ਸੰਗ ਹੈ ਟਾਕਰਾ ਨਾ ਕਰ ਮਤੇ ਉਹ ਤੈਨੂੰ ਮਾਰ ਸੁੱਟੇ
22ਪਰ ਤਾਂ ਵੀ ਯੋਸੀਯਾਹ ਨੇ ਉਸ ਵੱਲੋਂ ਮੂੰਹ ਨਾ ਮੋੜਿਆ ਸਗੋਂ ਉਹ ਦੇ ਨਾਲ ਲੜਨ ਲਈ ਆਪਣਾ ਭੇਸ ਬਦਲਿਆ ਅਤੇ ਨਕੋ ਦੀ ਗੱਲ ਜਿਹੜੀ ਪਰਮੇਸ਼ੁਰ ਦੇ ਮੂਹੋਂ ਨਿੱਕਲੀ ਸੀ ਨਾ ਸੁਣੀ ਸਗੋਂ ਲੜਾਈ ਲਈ ਮਗਿੱਦੋ ਦੀ ਵਾਦੀ ਵਿੱਚ ਗਿਆ
23ਤਾਂ ਤੀਰ ਅੰਦਾਜ਼ਾਂ ਨੇ ਯੋਸੀਯਾਹ ਪਾਤਸ਼ਾਹ ਨੂੰ ਤੀਰ ਮਾਰਿਆ ਤਾਂ ਪਾਤਸ਼ਾਹ ਨੇ ਆਪਣੇ ਨੌਕਰਾਂ ਨੂੰ ਆਖਿਆ ਕਿ ਮੈਨੂੰ ਕੱਢ ਲੈ ਚੱਲੋ ਕਿਉਂ ਜੋ ਮੈਂ ਵੱਡਾ ਫੱਟੜ ਹੋ ਗਿਆ ਹਾਂ24ਸੋ ਉਸ ਦੇ ਨੌਕਰਾਂ ਨੇ ਉਸ ਨੂੰ ਰਥ ਤੋਂ ਲਾਹ ਕੇ ਉਸ ਦੇ ਦੂਜੇ ਰਥ ਵਿੱਚ ਚੜ੍ਹਾਇਆ ਅਤੇ ਉਹ ਨੂੰ ਯਰੂਸ਼ਲਮ ਨੂੰ ਲੈ ਗਏ ਜਿੱਥੇ ਉਹ ਮਰ ਗਿਆ ਅਤੇ ਆਪਣੇ ਪਿਉ-ਦਾਦਿਆਂ ਦੀਆਂ ਕਬਰਾਂ ਵਿੱਚ ਦੱਬਿਆ ਗਿਆ । ਤਾਂ ਸਾਰੇ ਯਹੂਦਾਹ ਅਤੇ ਯਰੂਸ਼ਲਮ ਨੇ ਯੋਸੀਯਾਹ ਲਈ ਦੇ ਸੋਗ ਕੀਤਾ ।
25ਯਿਰਮਿਯਾਹ ਨੇ ਯੋਸੀਯਾਹ ਉੱਤੇ ਵੈਣ ਪਾਏ ਅਤੇ ਰਾਗੀ ਅਤੇ ਰਾਗਣਾਂ ਸਾਰੇ ਆਪਣੇ ਸੋਗ ਦੇ ਗਾਉਣ ਵਿੱਚ ਅੱਜ ਦੇ ਦਿਨ ਤੱਕ ਯੋਸੀਯਾਹ ਦਾ ਨਾਮ ਲੈਂਦੇ ਹਨ ਅਤੇ ਉਨ੍ਹਾਂ ਨੇ ਇਸਰਾਏਲ ਵਿੱਚ ਇਸ ਨੂੰ ਇੱਕ ਦਸਤੂਰ ਬਣਾ ਲਿਆ ਹੈ ਅਤੇ ਵੇਖੋ, ਉਹ ਸਿਆਪਿਆਂ ਦੀ ਪੋਥੀ ਵਿੱਚ ਲਿਖੀਆਂ ਹਨ26ਅਤੇ ਯੋਸੀਯਾਹ ਦੇ ਬਾਕੀ ਕੰਮ ਅਤੇ ਉਸ ਦੀ ਦਯਾ ਉਸ ਦੇ ਅਨੁਸਾਰ ਜੋ ਯਹੋਵਾਹ ਦੀ ਬਿਵਸਥਾ ਵਿੱਚ ਲਿਖਿਆ ਹੈ27ਅਤੇ ਉਸ ਦੀਆਂ ਗੱਲਾਂ ਆਦ ਤੋਂ ਅੰਤ ਤੱਕ, ਵੇਖੋ, ਉਹ ਇਸਰਾਏਲ ਅਤੇ ਯਹੂਦਾਹ ਦੇ ਪਾਤਸ਼ਾਹਾਂ ਦੀ ਪੋਥੀ ਉੱਤੇ ਲਿਖੀਆਂ ਹਨ ॥

36
ਯਹੂਦਾਹ ਦੇ ਵਿੱਚ ਯਹੋਆਹਾਜ ਦਾ ਰਾਜ
(2 ਰਾਜਾ 23:30-35)

1ਤਦ ਦੇਸ ਦੇ ਲੋਕਾਂ ਨੇ ਯੋਸੀਯਾਹ ਦੇ ਪੁੱਤਰ ਯਹੋਆਹਾਜ ਨੂੰ ਲੈ ਕੇ ਉਸ ਦੇ ਪਿਤਾ ਦੇ ਥਾਂ ਯਰੂਸ਼ਲਮ ਵਿੱਚ ਰਾਜਾ ਬਣਾਇਆ2ਅਤੇ ਯਹੋਆਹਾਜ ਤੇਈਆਂ ਸਾਲਾਂ ਦਾ ਸੀ ਜਦ ਉਹ ਰਾਜ ਕਰਨ ਲੱਗਾ ਅਤੇ ਉਸ ਨੇ ਤਿੰਨ ਮਹੀਨੇ ਯਰੂਸ਼ਲਮ ਵਿੱਚ ਰਾਜ ਕੀਤਾ

3ਅਤੇ ਮਿਸਰ ਦੇ ਰਾਜੇ ਨੇ ਉਹ ਨੂੰ ਯਰੂਸ਼ਲਮ ਵਿੱਚੋਂ ਹਟਾ ਦਿੱਤਾ ਅਤੇ ਦੇਸ ਉੱਤੇ ਇੱਕ ਸੌ ਕਿਨਤਾਰ ਚਾਂਦੀ ਅਤੇ ਇੱਕ ਕਿਨਤਾਰ ਸੋਨਾ ਦੰਡ ਲਾਇਆ4ਮਿਸਰ ਦੇ ਰਾਜੇ ਨੇ ਉਹ ਦੇ ਭਰਾ ਅਲਯਾਕੀਮ ਨੂੰ ਯਹੂਦਾਹ ਅਤੇ ਯਰੂਸ਼ਲਮ ਦਾ ਪਾਤਸ਼ਾਹ ਬਣਾਇਆ ਅਤੇ ਉਹ ਦਾ ਨਾਮ ਬਦਲ ਕੇ ਯਹੋਯਾਕੀਮ ਰੱਖਿਆ ਅਤੇ ਨਕੋ ਉਹ ਦੇ ਭਰਾ ਯਹੋਆਹਾਜ ਨੂੰ ਫੜ੍ਹ ਕੇ ਮਿਸਰ ਵਿੱਚ ਲੈ ਗਿਆ ।
ਯਹੂਦਾਹ ਦੇ ਵਿੱਚ ਯਹੋਯਾਕੀਮ ਦਾ ਰਾਜ
(2 ਰਾਜਾ 23:36-24:7)

5ਯਹੋਯਾਕੀਮ ਪੰਝੀਆਂ ਸਾਲਾਂ ਦਾ ਸੀ ਜਦ ਉਹ ਰਾਜ ਕਰਨ ਲੱਗਾ ਅਤੇ ਉਸ ਨੇ ਗਿਆਰਾਂ ਸਾਲ ਯਰੂਸ਼ਲਮ ਵਿੱਚ ਰਾਜ ਕੀਤਾ । ਉਸ ਨੇ ਉਹ ਕੰਮ ਕੀਤਾ ਜੋ ਯਹੋਵਾਹ ਉਸ ਦੇ ਪਰਮੇਸ਼ੁਰ ਦੀ ਨਿਗਾਹ ਵਿੱਚ ਬੁਰਾ ਸੀ6ਤਾਂ ਉਸ ਉੱਤੇ ਬਾਬਲ ਦਾ ਪਾਤਸ਼ਾਹ ਨਬੂਕਦਨੱਸਰ ਚੜ੍ਹ ਆਇਆ ਅਤੇ ਉਹ ਨੂੰ ਬੇੜੀਆਂ ਲਾ ਕੇ ਬਾਬਲ ਨੂੰ ਲਈ ਗਿਆ7ਅਤੇ ਨਬੂਕਦਨੱਸਰ ਯਹੋਵਾਹ ਦੇ ਭਵਨ ਦੇ ਭਾਂਡਿਆਂ ਵਿੱਚੋਂ ਕੁਝ ਭਾਂਡੇ ਵੀ ਲੈ ਗਿਆ ਅਤੇ ਉਨ੍ਹਾਂ ਨੂੰ ਆਪਣੇ ਮਹਿਲ ਵਿੱਚ ਬਾਬਲ ਵਿੱਚ ਜਾ ਦਿੱਤਾ
8ਅਤੇ ਯਹੋਯਾਕੀਮ ਦੀਆਂ ਬਾਕੀ ਗੱਲਾਂ ਅਤੇ ਉਸ ਦੇ ਘਿਣਾਉਣੇ ਕੰਮ ਜੋ ਉਸ ਕੀਤੇ ਅਤੇ ਜੋ ਕੁਝ ਉਸ ਦੇ ਵਿਰੁੱਧ ਪਾਇਆ ਗਿਆ, ਵੇਖੋ ਉਹ ਇਸਰਾਏਲ ਅਤੇ ਯਹੂਦਾਹ ਦੇ ਪਾਤਸ਼ਾਹਾਂ ਦੀ ਪੋਥੀ ਵਿੱਚ ਲਿਖੇ ਹਨ । ਤਾਂ ਉਸ ਦਾ ਪੁੱਤਰ ਯਹੋਯਾਕੀਨ ਉਸ ਦੇ ਥਾਂ ਪਾਤਸ਼ਾਹ ਬਣਿਆ ।
ਯਹੂਦਾਹ ਦੇ ਵਿੱਚ ਯਹੋਯਾਕੀਨ ਦਾ ਰਾਜ
(2 ਰਾਜਾ 24:8-17)

9ਯਹੋਯਾਕੀਨ ਅੱਠਾਂ ਸਾਲਾਂ ਦਾ ਸੀ ਜਦ ਉਹ ਰਾਜ ਕਰਨ ਲੱਗਾ ਅਤੇ ਉਸ ਨੇ ਤਿੰਨ ਮਹੀਨੇ ਅਤੇ ਦਸ ਦਿਨ ਯਰੂਸ਼ਲਮ ਵਿੱਚ ਰਾਜ ਕੀਤਾ ਅਤੇ ਉਸ ਨੇ ਯਹੋਵਾਹ ਦੀ ਨਿਗਾਹ ਵਿੱਚ ਬੁਰਿਆਈ ਕੀਤੀ10ਅਤੇ ਉਸ ਸਾਲ ਦੇ ਅੰਤ ਵਿੱਚ ਨਬੂਕਦਨੱਸਰ ਪਾਤਸ਼ਾਹ ਨੇ ਉਸ ਨੂੰ ਯਹੋਵਾਹ ਦੇ ਭਵਨ ਦੇ ਬਹੁਮੁੱਲੇ ਭਾਂਡਿਆਂ ਸਣੇ ਬਾਬਲ ਵਿੱਚ ਬੁਲਾ ਲਿਆ ਅਤੇ ਉਸ ਦੇ ਭਰਾ ਸਿਦਕੀਯਾਹ ਨੂੰ ਯਹੂਦਾਹ ਅਤੇ ਯਰੂਸ਼ਲਮ ਉੱਤੇ ਪਾਤਸ਼ਾਹ ਬਣਾ ਦਿੱਤਾ ।
ਯਹੂਦਾਹ ਦੇ ਵਿੱਚ ਸਿਦਕੀਯਾਹ ਦਾ ਰਾਜ
(2 ਰਾਜਾ 24:18-20, ਯਿਰਮਿਯਾਹ 52:1-3)

11ਸਿਦਕੀਯਾਹ ਇੱਕੀਆਂ ਸਾਲਾਂ ਦਾ ਸੀ ਜਦ ਉਹ ਰਾਜ ਕਰਨ ਲੱਗਾ ਅਤੇ ਉਸ ਨੇ ਗਿਆਰਾਂ ਸਾਲ ਯਰੂਸ਼ਲਮ ਵਿੱਚ ਰਾਜ ਕੀਤਾ12ਉਸ ਨੇ ਯਹੋਵਾਹ ਆਪਣੇ ਪਰਮੇਸ਼ੁਰ ਦੀ ਨਿਗਾਹ ਵਿੱਚ ਬੁਰਿਆਈ ਕੀਤੀ ਅਤੇ ਉਸ ਨੇ ਯਿਰਮਿਯਾਹ ਨਬੀ ਦੇ ਸਾਹਮਣੇ ਜਿਸ ਨੇ ਉਹ ਨੂੰ ਯਹੋਵਾਹ ਦੇ ਮੂੰਹ ਦੀਆਂ ਗੱਲਾਂ ਆਖੀਆਂ ਸਨ ਅਧੀਨਗੀ ਨਾ ਕੀਤੀ
13ਸਗੋਂ ਉਹ ਨਬੂਕਦਨੱਸਰ ਪਾਤਸ਼ਾਹ ਦੇ ਵਿਰੁੱਧ ਆਕੀ ਹੋ ਗਿਆ ਜਿਸ ਨੇ ਉਸ ਨੂੰ ਪਰਮੇਸ਼ੁਰ ਦੀ ਸਹੁੰ ਦਿੱਤੀ ਪਰ ਉਹ ਆਕੜ ਬਾਜ ਹੋ ਗਿਆ ਅਤੇ ਆਪਣਾ ਮਨ ਕਠੋਰ ਕਰ ਲਿਆ ਏਥੋਂ ਤੱਕ ਕਿ ਉਹ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਵੱਲ ਨਾ ਮੁੜਿਆ ।
ਯਰੂਸ਼ਲਮ ਦਾ ਪਤਨ
(2 ਰਾਜਾ 25:1-21, ਯਿਰਮਿਯਾਹ 52:3-11)

14ਨਾਲੇ ਇਸ ਤੋਂ ਬਿਨ੍ਹਾਂ ਜਾਜਕਾਂ ਦੇ ਸਾਰੇ ਸਰਦਾਰਾਂ ਅਤੇ ਲੋਕਾਂ ਨੇ ਭਾਂਤ-ਭਾਂਤ ਦੀਆਂ ਬੇਈਮਾਨੀਆਂ ਅਤੇ ਦੂਜੀਆਂ ਕੌਮਾਂ ਦੇ ਘਿਣਾਉਣੇ ਕੰਮਾਂ ਵਾਂਗੂ ਕੰਮ ਕੀਤੇ ਅਤੇ ਉਨ੍ਹਾਂ ਨੇ ਯਹੋਵਾਹ ਦੇ ਭਵਨ ਨੂੰ ਭਰਿਸ਼ਟ ਕੀਤਾ ਜਿਸ ਨੂੰ ਉਸਨੇ ਯਰੂਸ਼ਲਮ ਵਿੱਚ ਪਵਿੱਤਰ ਕੀਤਾ ਸੀ
15ਅਤੇ ਯਹੋਵਾਹ ਉਨ੍ਹਾਂ ਦੇ ਪਿਉ-ਦਾਦਿਆਂ ਦੇ ਪਰਮੇਸ਼ੁਰ ਨੇ ਆਪਣੇ ਦੂਤਾਂ ਦੇ ਰਾਹੀਂ ਉਹਨਾਂ ਨੂੰ ਜਤਨ ਨਾਲ ਭੇਜ ਕੇ ਉਨ੍ਹਾਂ ਦੇ ਕੋਲ ਸੁਨੇਹਾ ਭੇਜਿਆ ਕਿਉਂ ਜੋ ਉਸ ਨੂੰ ਆਪਣੇ ਲੋਕਾਂ ਅਤੇ ਧਾਮ ਉੱਤੇ ਤਰਸ ਆਉਂਦਾ ਸੀ16ਪਰ ਉਨ੍ਹਾਂ ਨੇ ਪਰਮੇਸ਼ੁਰ ਦੇ ਦੂਤਾਂ ਨੂੰ ਠੱਠੇ ਕੀਤੇ ਅਤੇ ਉਨ੍ਹਾਂ ਦੀਆਂ ਗੱਲਾਂ ਦੀ ਨਿੰਦਿਆ ਕੀਤੀ ਅਤੇ ਉਹ ਦੇ ਨਬੀਆਂ ਦਾ ਮਖੌਲ ਉਡਾਇਆ, ਐਥੋਂ ਤੱਕ ਕਿ ਯਹੋਵਾਹ ਦਾ ਗੁੱਸਾ ਆਪਣੇ ਲੋਕਾਂ ਉੱਤੇ ਅਜਿਹਾ ਭੜਕਿਆ ਕਿ ਕੋਈ ਚਾਰਾ ਨਾ ਰਿਹਾ
17ਤਦ ਉਹ ਕਸਦੀਆਂ ਦੇ ਪਾਤਸ਼ਾਹ ਨੂੰ ਉਨ੍ਹਾਂ ਉੱਤੇ ਚੜ੍ਹਾ ਲਿਆਇਆ ਜਿਸ ਨੇ ਉਨ੍ਹਾਂ ਦੇ ਜੁਆਨਾਂ ਨੂੰ ਪਵਿੱਤਰ ਸਥਾਨ ਵਿੱਚ ਤਲਵਾਰ ਨਾਲ ਵੱਢ ਸੁੱਟਿਆ, ਅਤੇ ਉਹ ਨੇ ਨਾ ਜੁਆਨ ਨਾ ਕੁਆਰੀ, ਨਾ ਬੁੱਢਾ ਨਾ ਵੱਡੀ ਉਮਰ ਵਾਲੇ ਉੱਤੇ ਤਰਸ ਖਾਧਾ, ਉਹ ਨੇ ਸਾਰਿਆਂ ਨੂੰ ਉਹ ਦੇ ਹੱਥ ਵਿੱਚ ਦੇ ਦਿੱਤਾ
18ਅਤੇ ਪਰਮੇਸ਼ੁਰ ਦੇ ਭਵਨ ਦੇ ਸਾਰੇ ਭਾਂਡੇ ਕੀ ਵੱਡਾ ਕੀ ਛੋਟਾ ਅਤੇ ਯਹੋਵਾਹ ਦੇ ਭਵਨ ਦੇ ਖਜ਼ਾਨੇ ਅਤੇ ਪਾਤਸ਼ਾਹ ਅਤੇ ਉਹ ਦੇ ਸਰਦਾਰਾਂ ਦੇ ਖਜ਼ਾਨੇ ਉਹ ਸਾਰੇ ਬਾਬਲ ਨੂੰ ਲੈ ਗਿਆ19ਅਤੇ ਉਹ ਨੇ ਪਰਮੇਸ਼ੁਰ ਦੇ ਭਵਨ ਨੂੰ ਸਾੜ ਦਿੱਤਾ ਅਤੇ ਯਰੂਸ਼ਲਮ ਦੀ ਕੰਧ ਨੂੰ ਢਾਹ ਸੁੱਟਿਆ ਅਤੇ ਉਹ ਦੇ ਸਾਰੇ ਮਹਿਲ ਅੱਗ ਨਾਲ ਸਾੜ ਦਿੱਤੇ, ਅਤੇ ਉਹ ਦੇ ਸਾਰੇ ਬਹੁਮੁੱਲੇ ਭਾਂਡਿਆਂ ਨੂੰ ਬਰਬਾਦ ਕੀਤਾ
20ਅਤੇ ਜਿਹੜੇ ਤਲਵਾਰ ਤੋਂ ਬਚੇ ਉਨ੍ਹਾਂ ਨੂੰ ਗ਼ੁਲਾਮ ਕਰ ਕੇ ਬਾਬਲ ਨੂੰ ਲਈ ਗਿਆ ਅਤੇ ਉੱਥੇ ਉਹ ਉਸ ਦੇ ਅਤੇ ਉਸ ਦੇ ਪੁੱਤਰਾਂ ਦੇ ਟਹਿਲੂਏ ਹੋ ਕੇ ਰਹੇ ਜਦੋਂ ਤੱਕ ਕਿ ਫਾਰਸ ਦੇ ਪਾਤਸ਼ਾਹ ਦਾ ਰਾਜ ਨਾ ਬਣਿਆ21ਤਾਂ ਜੋ ਯਹੋਵਾਹ ਦਾ ਬਚਨ ਜਿਹੜਾ ਯਿਰਮਿਯਾਹ ਦੇ ਮੂੰਹੋਂ ਨਿੱਕਲਿਆ ਸੀ ਪੂਰਾ ਹੋਵੇ, ਜਿੰਨਾ ਚਿਰ ਕਿ ਦੇਸ ਆਪਣੇ ਸਬਤਾਂ ਦਾ ਆਰਾਮ ਨਾ ਭੋਗੇ । ਵਿਰਾਨੀ ਦੇ ਸਾਰੇ ਦਿਨ ਉਹ ਸਬਤ ਮਨਾਉਂਦੇ ਰਹੇ ਜਦ ਤੱਕ ਸੱਤਰ ਸਾਲ ਪੂਰੇ ਨਾ ਹੋਏ ।
ਰਾਜਾ ਕੋਰਸ ਦੇ ਰਾਜ ਕਾਲ ਵਿੱਚ ਯਹੂਦੀਆਂ ਦੀ ਵਾਪਸੀ
(ਅਜ਼ਰਾ 1:1-4)

22ਅਤੇ ਫਾਰਸ ਦੇ ਪਾਤਸ਼ਾਹ ਕੋਰਸ ਦੇ ਪਹਿਲੇ ਸਾਲ ਯਹੋਵਾਹ ਦਾ ਬਚਨ ਜੋ ਯਿਰਮਿਯਾਹ ਦੇ ਮੂੰਹੋਂ ਨਿੱਕਲਿਆ ਸੀ ਪੂਰਾ ਹੋਵੇ ਯਹੋਵਾਹ ਨੇ ਫਾਰਸ ਦੇ ਪਾਤਸ਼ਾਹ ਕੋਰਸ ਨੂੰ ਪਰੇਰਿਆ ਸੋ ਉਹ ਨੇ ਆਪਣੇ ਸਾਰੇ ਰਾਜ ਵਿੱਚ ਡੌਂਡੀ ਪਿਟਵਾਈ ਅਤੇ ਇਸ ਵਿਸ਼ੇ ਦਾ ਹੁਕਮ ਵੀ ਲਿਖਿਆ23ਫਾਰਸ ਦਾ ਪਾਤਸ਼ਾਹ ਕੋਰਸ ਐਉਂ ਫਰਮਾਉਂਦਾ ਹੈ ਕਿ ਆਕਾਸ਼ ਦੇ ਪਰਮੇਸ਼ੁਰ ਯਹੋਵਾਹ ਨੇ ਧਰਤੀ ਦੇ ਸਾਰੇ ਰਾਜ ਮੈਨੂੰ ਦੇ ਦਿੱਤੇ ਹਨ ਅਤੇ ਉਸ ਨੇ ਮੈਨੂੰ ਤਾਕੀਦ ਕੀਤੀ ਹੈ ਕਿ ਮੈਂ ਯਰੂਸ਼ਲਮ ਵਿੱਚ ਜਿਹੜਾ ਯਹੂਦਾਹ ਵਿੱਚ ਹੈ ਉਹ ਦੇ ਲਈ ਇੱਕ ਭਵਨ ਬਣਾਵਾਂ । ਹੁਣ ਉਹ ਦੇ ਸਾਰੇ ਲੋਕਾਂ ਵਿੱਚੋਂ ਜੋ ਕੋਈ ਤੁਹਾਡੇ ਵਿੱਚ ਹੈ ਉਹ ਤੁਰ ਪਵੇ ਅਤੇ ਯਹੋਵਾਹ ਉਸ ਦਾ ਪਰਮੇਸ਼ੁਰ ਉਸ ਦੇ ਅੰਗ-ਸੰਗ ਹੋਵੇ ।

ਅਜ਼ਰਾ

1
ਰਾਜੇ ਕੋਰਸ਼ ਦੀ ਘੋਸ਼ਣਾ: ਯਹੂਦੀਆਂ ਦੀ ਵਾਪਸੀ

1ਫ਼ਾਰਸ ਦੇ ਰਾਜਾ ਕੋਰਸ਼ ਦੇ ਰਾਜ ਦੇ ਪਹਿਲੇ ਸਾਲ ਵਿੱਚ ਯਹੋਵਾਹ ਨੇ ਫ਼ਾਰਸ ਦੇ ਰਾਜਾ ਕੋਰਸ਼ ਦਾ ਮਨ ਉਭਾਰਿਆ, ਤਾਂ ਜੋ ਯਿਰਮਿਯਾਹ ਦੇ ਮੂੰਹੋਂ ਬੋਲਿਆ ਗਿਆ ਯਹੋਵਾਹ ਦਾ ਬਚਨ ਪੂਰਾ ਹੋਵੇ ਅਤੇ ਉਸ ਨੇ ਆਪਣੇ ਸਾਰੇ ਰਾਜ ਵਿੱਚ ਇਹ ਮੁਨਾਦੀ ਕਰਵਾਈ ਅਤੇ ਲਿਖਤ ਰੂਪ ਵਿੱਚ ਵੀ ਦੇ ਦਿੱਤਾ:

2"ਫ਼ਾਰਸ ਦਾ ਰਾਜਾ ਕੋਰਸ਼ ਇਹ ਫਰਮਾਉਂਦਾ ਹੈ, ਅਕਾਸ਼ ਦੇ ਪਰਮੇਸ਼ੁਰ ਯਹੋਵਾਹ ਨੇ ਧਰਤੀ ਦੇ ਸਾਰੇ ਰਾਜ ਮੈਨੂੰ ਦੇ ਦਿੱਤੇ ਹਨ ਅਤੇ ਉਸ ਨੇ ਆਪ ਮੈਨੂੰ ਹਿਦਾਇਤ ਦਿੱਤੀ ਹੈ ਕਿ ਯਹੂਦਾਹ ਦੇ ਯਰੂਸ਼ਲਮ ਵਿੱਚ ਉਸ ਦੇ ਲਈ ਇੱਕ ਭਵਨ ਬਣਾਵਾਂ ।
3ਉਸ ਦੀ ਸਾਰੀ ਪਰਜਾ ਅਰਥਾਤ ਤੁਹਾਡੇ ਵਿੱਚੋਂ ਕੌਣ ਤਿਆਰ ਹੈ ? ਉਸ ਦਾ ਪਰਮੇਸ਼ੁਰ ਉਸ ਦੇ ਅੰਗ-ਸੰਗ ਹੋਵੇ ! ਉਹ ਯਹੂਦਾਹ ਦੇ ਯਰੂਸ਼ਲਮ ਨੂੰ ਜਾਵੇ ਅਤੇ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਦੇ ਭਵਨ ਨੂੰ, ਜੋ ਯਰੂਸ਼ਲਮ ਵਿੱਚ ਹੈ ਬਣਾਵੇ । (ਉਹੋ ਪਰਮੇਸ਼ੁਰ ਹੈ)4ਅਤੇ ਜੋ ਕੋਈ ਕਿਸੇ ਸਥਾਨ ਵਿੱਚ ਰਹਿ ਗਿਆ ਹੋਵੇ, ਜਿੱਥੇ ਉਸ ਦੀ ਵੱਸੋਂ ਹੋਵੇ ਤਾਂ ਉਸ ਥਾਂ ਦੇ ਲੋਕ ਚਾਂਦੀ, ਸੋਨਾ, ਧਨ ਤੇ ਪਸ਼ੂ ਦੇ ਕੇ ਉਸ ਦੀ ਸਹਾਇਤਾ ਕਰਨ ਨਾਲ ਹੀ ਉਹ ਪਰਮੇਸ਼ੁਰ ਦੇ ਭਵਨ ਲਈ ਜੋ ਯਰੂਸ਼ਲਮ ਵਿੱਚ ਹੈ, ਆਪਣੀ ਖੁਸ਼ੀ ਦੀਆਂ ਭੇਟਾਂ ਵੀ ਨਾਲ ਦੇਣ ।"

5ਤਦ ਯਹੂਦਾਹ ਅਤੇ ਬਿਨਯਾਮੀਨ ਦੇ ਬਜ਼ੁਰਗਾਂ ਦੇ ਘਰਾਣਿਆਂ ਦੇ ਆਗੂ ਅਤੇ ਜਾਜਕ ਅਤੇ ਲੇਵੀ ਅਤੇ ਉਹ ਸਭ ਜਿਨ੍ਹਾਂ ਦੇ ਮਨਾਂ ਨੂੰ ਪਰਮੇਸ਼ੁਰ ਨੇ ਉਭਾਰਿਆ ਸੀ ਉੱਠੇ ਕਿ ਜਾ ਕੇ ਯਰੂਸ਼ਲਮ ਵਿੱਚ ਯਹੋਵਾਹ ਦੇ ਭਵਨ ਨੂੰ ਬਣਾਉਣ6ਅਤੇ ਉਨ੍ਹਾਂ ਸਾਰਿਆਂ ਨੇ ਜੋ ਉਨ੍ਹਾਂ ਦੇ ਆਲੇ-ਦੁਆਲੇ ਰਹਿੰਦੇ ਸਨ, ਖੁਸ਼ੀ ਨਾਲ ਦਿੱਤੀਆਂ ਹੋਈਆਂ ਭੇਟਾਂ ਤੋਂ ਬਿਨ੍ਹਾਂ, ਚਾਂਦੀ ਅਤੇ ਸੋਨੇ ਦੇ ਭਾਂਡੇ ਅਤੇ ਧਨ ਅਤੇ ਪਸ਼ੂ ਅਤੇ ਕੀਮਤੀ ਵਸਤੂਆਂ ਦੇ ਕੇ ਉਨ੍ਹਾਂ ਦੇ ਹੱਥ ਤਕੜੇ ਕੀਤੇ ।

7ਕੋਰਸ਼ ਰਾਜਾ ਨੇ ਵੀ ਯਹੋਵਾਹ ਦੇ ਭਵਨ ਦੇ ਉਨ੍ਹਾਂ ਭਾਂਡਿਆ ਨੂੰ ਕਢਵਾਇਆ, ਜਿਨ੍ਹਾਂ ਨੂੰ ਨਬੂਕਦਨੱਸਰ ਯਰੂਸ਼ਲਮ ਤੋਂ ਲੈ ਆਇਆ ਸੀ ਅਤੇ ਆਪਣੇ ਦੇਵਤਿਆਂ ਦੇ ਮੰਦਰ ਵਿੱਚ ਰੱਖਿਆ ਹੋਇਆ ਸੀ ।8ਇਹਨਾਂ ਭਾਂਡਿਆਂ ਨੂੰ, ਫ਼ਾਰਸ ਦੇ ਰਾਜਾ ਕੋਰਸ਼ ਨੇ ਮਿਥਰਦਾਥ ਖ਼ਜ਼ਾਨਚੀ ਦੇ ਦੁਆਰਾ ਕਢਵਾਇਆ ਅਤੇ ਗਿਣ ਕੇ ਯਹੂਦਾਹ ਦੇ ਰਾਜਕੁਮਾਰ ਸ਼ੇਸ਼ਬੱਸਰ ਨੂੰ ਦੇ ਦਿੱਤਾ
9ਅਤੇ ਉਨ੍ਹਾਂ ਦੀ ਗਿਣਤੀ ਇਹ ਸੀ - ਸੋਨੇ ਦੇ ਤੀਹ ਥਾਲ, ਚਾਂਦੀ ਦੇ ਇੱਕ ਹਜ਼ਾਰ ਥਾਲ ਅਤੇ ਉਨੱਤੀ ਛੁਰੀਆਂ,10ਸੋਨੇ ਦੇ ਤੀਹ ਕਟੋਰਾਦਾਨ, ਚਾਂਦੀ ਦੇ ਇੱਕੋ ਜਿਹੇ ਚਾਰ ਸੌ ਦਸ ਕੌਲੇ ਅਤੇ ਦੂਜੇ ਭਾਂਡੇ ਇੱਕ ਹਜ਼ਾਰ ।

11ਕੁੱਲ ਮਿਲਾ ਕੇ, ਸੋਨੇ ਅਤੇ ਚਾਂਦੀ ਦੇ ਸਾਰੇ ਭਾਂਡੇ, ਪੰਜ ਹਜ਼ਾਰ ਚਾਰ ਸੌ ਸਨ । ਸ਼ੇਸ਼ਬੱਸਰ ਇਨ੍ਹਾਂ ਸਾਰਿਆਂ ਭਾਂਡਿਆਂ ਨੂੰ ਬਾਬਲ ਤੋਂ ਯਰੂਸ਼ਲਮ ਨੂੰ ਮੁੜਨ ਵਾਲੇ ਗ਼ੁਲਾਮਾਂ ਨਾਲ ਲੈ ਆਇਆ ।

2
ਵਾਪਸ ਆਏ ਹੋਏ ਯਹੂਦੀਆਂ ਦੀ ਸੂਚੀ
(ਨਹਮਯਾਹ 7:4-73)

1ਜਿਨ੍ਹਾਂ ਲੋਕਾਂ ਨੂੰ ਬਾਬਲ ਦਾ ਰਾਜਾ ਨਬੂਕਦਨੱਸਰ ਗ਼ੁਲਾਮ ਬਣਾ ਕੇ ਲੈ ਗਿਆ ਸੀ, ਉਨ੍ਹਾਂ ਵਿੱਚੋਂ ਯਰੂਸ਼ਲਮ ਅਤੇ ਯਹੂਦਾਹ ਦੇ ਸੂਬਿਆਂ ਦੇ ਜਿਹੜੇ ਲੋਕ ਗ਼ੁਲਾਮੀ ਤੋਂ ਛੁੱਟ ਕੇ ਆਪਣੇ-ਆਪਣੇ ਨਗਰਾਂ ਨੂੰ ਮੁੜ ਆਏ ਸਨ, ਉਹ ਇਹ ਹਨ -2ਇਹ ਜ਼ਰੂੱਬਾਬਲ, ਯੇਸ਼ੂਆ, ਨਹਮਯਾਹ, ਸਰਾਯਾਹ, ਰਏਲਾਯਾਹ, ਮਾਰਦਕਈ, ਬਿਲਸ਼ਾਨ, ਮਿਸਪਾਰ, ਬਿਗਵਈ, ਰਹੂਮ ਅਤੇ ਬਅਨਾਹ ਨਾਲ ਆਏ । ਇਸਰਾਏਲੀ ਪਰਜਾ ਦੇ ਮਨੁੱਖਾਂ ਦੀ ਗਿਣਤੀ ਇਹ ਹੈ –

3ਫਰੋਸ਼ ਦੀ ਸੰਤਾਨ, ਦੋ ਹਜ਼ਾਰ ਇੱਕ ਸੌ ਬਹੱਤਰ4ਸਫ਼ਟਯਾਹ ਦੀ ਸੰਤਾਨ, ਤਿੰਨ ਸੌ ਬਹੱਤਰ5ਆਰਹ ਦੀ ਸੰਤਾਨ, ਸੱਤ ਸੌ ਪੰਜਹੱਤਰ6ਫਹਥ-ਮੋਆਬ ਦੀ ਸੰਤਾਨ, ਯੇਸ਼ੂਆ ਯੋਆਬ ਦੇ ਪੁੱਤਰਾਂ ਵਿੱਚੋਂ, ਦੋ ਹਜ਼ਾਰ ਅੱਠ ਸੌ ਬਾਰਾਂ
7ਏਲਾਮ ਦੀ ਸੰਤਾਨ, ਇੱਕ ਹਜ਼ਾਰ ਦੋ ਸੌ ਚੁਰੰਜਾ8ਜ਼ੱਤੂ ਦੀ ਸੰਤਾਨ, ਨੌ ਸੌ ਪੈਂਤਾਲੀ9ਜ਼ੱਕਈ ਦੀ ਸੰਤਾਨ, ਸੱਤ ਸੌ ਸੱਠ10ਬਾਨੀ ਦੀ ਸੰਤਾਨ, ਛੇ ਸੌ ਬਤਾਲੀ
11ਬੇਬਾਈ ਦੀ ਸੰਤਾਨ, ਛੇ ਸੌ ਤੇਈ12ਅਜ਼ਗਾਦ ਦੀ ਸੰਤਾਨ, ਇੱਕ ਹਜ਼ਾਰ ਦੋ ਸੌ ਬਾਈ13ਅਦੋਨੀਕਾਮ ਦੀ ਸੰਤਾਨ, ਛੇ ਸੌ ਛਿਆਹਟ14ਬਿਗਵਾਈ ਦੀ ਸੰਤਾਨ, ਦੋ ਹਜ਼ਾਰ ਛਿਪੰਜਾ,
15ਆਦੀਨ ਦੀ ਸੰਤਾਨ, ਚਾਰ ਸੌ ਚੁਰੰਜਾ16ਆਟੇਰ ਦੀ ਸੰਤਾਨ, ਹਿਜ਼ਕੀਯਾਹ ਲਈ ਅਠਾਨਵੇਂ17ਬੇਸਾਈ ਦੀ ਸੰਤਾਨ, ਤਿੰਨ ਸੌ ਤੇਈ18ਯੋਰਾਹ ਦੀ ਸੰਤਾਨ, ਇੱਕ ਸੌ ਬਾਰਾਂ
19ਹਾਸੁਮ ਦੀ ਸੰਤਾਨ, ਦੋ ਸੌ ਤੇਈ20ਗਿੱਬਾਰ ਦੀ ਸੰਤਾਨ, ਪਚਾਨਵੇਂ21ਬੈਤਹਲਮ ਦੀ ਸੰਤਾਨ, ਇੱਕ ਸੌ ਤੇਈ22ਨਟੋਫਾਹ ਦੇ ਮਨੁੱਖ, ਛਿਪੰਜਾ,
23ਅਨਾਥੋਥ ਦੇ ਮਨੁੱਖ, ਇੱਕ ਸੌ ਅਠਾਈ24ਅਜਮਾਵਥ ਦੀ ਸੰਤਾਨ, ਬਤਾਲੀ25ਕਿਰਯਥ-ਆਰੀਮ, ਕਫੀਰਾਹ ਅਤੇ ਬਏਰੋਥ ਦੀ ਸੰਤਾਨ, ਸੱਤ ਸੌ ਤਰਤਾਲੀ26ਰਾਮਾਹ ਅਤੇ ਗਾਬਾ ਦੀ ਸੰਤਾਨ, ਛੇ ਸੌ ਇੱਕੀ
27ਮਿਕਮਾਸ ਦੇ ਮਨੁੱਖ, ਇੱਕ ਸੌ ਬਾਈ28ਬੈਥੇਲ ਅਤੇ ਆਈ ਦੇ ਮਨੁੱਖ, ਦੋ ਸੌ ਤੇਈ29ਨਬੋ ਦੀ ਸੰਤਾਨ, ਬਵੰਜਾ30ਮਗਬੀਸ਼ ਦੀ ਸੰਤਾਨ, ਇੱਕ ਸੌ ਛਿਪੰਜਾ
31ਦੂਜੇ ਏਲਾਮ ਦੀ ਸੰਤਾਨ, ਇੱਕ ਹਜ਼ਾਰ ਦੋ ਸੌ ਚੁਰੰਜਾ,32ਹਾਰੀਮ ਦੀ ਸੰਤਾਨ, ਤਿੰਨ ਸੌ ਵੀਹ33ਲੋਦ, ਹਦੀਦ ਅਤੇ ਓਨੋ ਦੀ ਸੰਤਾਨ, ਸੱਤ ਸੌ ਪੱਚੀ
34ਯਰੇਹੋ ਦੀ ਸੰਤਾਨ, ਤਿੰਨ ਸੌ ਪੈਂਤਾਲੀ35ਸਨਾਆਹ ਦੀ ਸੰਤਾਨ, ਤਿੰਨ ਹਜ਼ਾਰ ਛੇ ਸੌ ਤੀਹ ।

36ਜਾਜਕ - ਯਦਅਯਾਹ ਦੀ ਸੰਤਾਨ, ਜੋ ਯੇਸ਼ੂਆ ਦੇ ਘਰਾਣੇ ਦੇ ਸਨ, ਨੌ ਸੌ ਤਿਹੱਤਰ37ਇੰਮੇਰ ਦੀ ਸੰਤਾਨ, ਇੱਕ ਹਜ਼ਾਰ ਬਵੰਜਾ38ਪਸ਼ਹੂਰ ਦੀ ਸੰਤਾਨ, ਇੱਕ ਹਜ਼ਾਰ ਦੋ ਸੌ ਸੈਂਤਾਲੀ39ਗਰੀਮ ਦੀ ਸੰਤਾਨ ਇੱਕ ਹਜ਼ਾਰ ਸਤਾਰਾਂ ।

40ਲੇਵੀ - ਯੇਸ਼ੂਆ ਅਤੇ ਕਦਮੀਏਲ ਦੀ ਸੰਤਾਨ ਜੋ ਹੋਦਵਯਾਹ ਦੀ ਸੰਤਾਨ ਦੇ ਸਨ, ਚੁਹੱਤਰ ।

41ਗਾਇਕ - ਆਸਾਫ ਦੀ ਸੰਤਾਨ, ਇੱਕ ਸੌ ਅੱਠਾਈ42ਦਰਬਾਨਾਂ ਦੀ ਸੰਤਾਨ, - ਸ਼ੱਲੂਮ ਦੀ ਸੰਤਾਨ, ਅਟੇਰ ਦੀ ਸੰਤਾਨ, ਟਲਮੋਨ ਦੀ ਸੰਤਾਨ, ਅਕੂਬ ਦੀ ਸੰਤਾਨ, ਹਟੀਟਾ ਦੀ ਸੰਤਾਨ, ਸੋਬਈ ਦੀ ਸੰਤਾਨ, ਸਾਰੇ ਇੱਕ ਸੌ ਉਨਤਾਲੀ ।

43ਨਥੀਨੀਮ - ਸੀਹਾ ਦੀ ਸੰਤਾਨ, ਹਸੂਫ਼ਾ ਦੀ ਸੰਤਾਨ, ਟੱਬਓਥ ਦੀ ਸੰਤਾਨ,44ਕੇਰੋਸ ਦੀ ਸੰਤਾਨ, ਸੀਅਹਾ ਦੀ ਸੰਤਾਨ, ਪਾਦੋਨ ਦੀ ਸੰਤਾਨ,45ਲਬਾਨਾਹ ਦੀ ਸੰਤਾਨ, ਹਗਾਬਾਹ ਦੀ ਸੰਤਾਨ, ਅੱਕੂਬ ਦੀ ਸੰਤਾਨ,46ਹਾਗਾਬ ਦੀ ਸੰਤਾਨ, ਸ਼ਮਲਈ ਦੀ ਸੰਤਾਨ, ਹਾਨਾਨ ਦੀ ਸੰਤਾਨ,
47ਗਿੱਦੇਲ ਦੀ ਸੰਤਾਨ, ਗਹਰ ਦੀ ਸੰਤਾਨ, ਰਆਯਾਹ ਦੀ ਸੰਤਾਨ,48ਰਸੀਨ ਦੀ ਸੰਤਾਨ, ਨਕੋਦਾ ਦੀ ਸੰਤਾਨ, ਗਜ਼ਾਮ ਦੀ ਸੰਤਾਨ,49ਉੱਜ਼ਾ ਦੀ ਸੰਤਾਨ, ਪਾਸੇਅਹ ਦੀ ਸੰਤਾਨ, ਬੇਸਾਈ ਦੀ ਸੰਤਾਨ,50ਅਸਨਾਹ ਦੀ ਸੰਤਾਨ, ਮਊਨੀਮ ਦੀ ਸੰਤਾਨ, ਨਫੁਸੀਮ ਦੀ ਸੰਤਾਨ,
51ਬਕਬੂਕ ਦੀ ਸੰਤਾਨ, ਹਕੂਫਾ ਦੀ ਸੰਤਾਨ, ਹਰਹੂਰ ਦੀ ਸੰਤਾਨ,52ਬਸਲੂਥ ਦੀ ਸੰਤਾਨ, ਮਹੀਦਾ ਦੀ ਸੰਤਾਨ, ਹਰਸ਼ਾ ਦੀ ਸੰਤਾਨ,53ਬਰਕੋਸ ਦੀ ਸੰਤਾਨ, ਸੀਸਰਾ ਦੀ ਸੰਤਾਨ, ਥਾਮਹ ਦੀ ਸੰਤਾਨ,54ਨਸੀਹ ਦੀ ਸੰਤਾਨ, ਹਟੀਫਾ ਦੀ ਸੰਤਾਨ ।

55ਸੁਲੇਮਾਨ ਦੇ ਸੇਵਕਾਂ ਦੀ ਸੰਤਾਨ, - ਸੋਟਈ ਦੀ ਸੰਤਾਨ, ਸੋਫਰਥ ਦੀ ਸੰਤਾਨ, ਪਰੂਦਾ ਦੀ ਸੰਤਾਨ,56ਯਅਲਾਹ ਦੀ ਸੰਤਾਨ, ਦਰਕੋਨ ਦੀ ਸੰਤਾਨ, ਗਿੱਦੇਲ ਦੀ ਸੰਤਾਨ,57ਸ਼ਫਟਯਾਹ ਦੀ ਸੰਤਾਨ, ਹੱਟੀਲ ਦੀ ਸੰਤਾਨ, ਪੋਕਰਥ-ਹੱਸਬਾਇਮ ਦੀ ਸੰਤਾਨ, ਆਮੀ ਦੀ ਸੰਤਾਨ,58ਸਾਰੇ ਨਥੀਨੀਮ ਅਤੇ ਸੁਲੇਮਾਨ ਦੇ ਸੇਵਕਾਂ ਦੀ ਸੰਤਾਨ ਤਿੰਨ ਸੌ ਬਾਨਵੇਂ ਸੀ ।

59ਅਤੇ ਇਹ ਉਹ ਸਨ ਜਿਹੜੇ ਤੇਲ-ਮੇਲਹ, ਤੇਲ-ਹਰਸਾ, ਕਰੂਬ, ਅੱਦਾਨ, ਇੰਮੇਰ ਤੋਂ ਆਏ ਪਰ ਉਹ ਆਪਣੇ ਬਜ਼ੁਰਗਾਂ ਦੇ ਘਰਾਣੇ ਅਤੇ ਆਪਣੀ ਵੰਸ਼ਾਵਲੀ ਨੂੰ ਨਾ ਦੱਸ ਸਕੇ ਕਿ ਉਹ ਇਸਰਾਏਲ ਦੇ ਸਨ ਕਿ ਨਹੀਂ,60ਦਲਾਯਾਹ ਦੀ ਸੰਤਾਨ, ਟੋਬੀਯਾਹ ਦੀ ਸੰਤਾਨ, ਨਕੋਦਾ ਦੀ ਸੰਤਾਨ, ਛੇ ਸੌ ਬਵੰਜਾ
61ਅਤੇ ਜਾਜਕਾਂ ਦੀ ਸੰਤਾਨ ਤੋਂ - ਹਬੱਯਾਹ ਦੀ ਸੰਤਾਨ, ਹਕੋਸ ਦੀ ਸੰਤਾਨ, ਬਰਜ਼ਿੱਲਈ ਦੀ ਸੰਤਾਨ ਜਿਸ ਨੇ ਗਿਲਆਦੀ ਬਰਜ਼ਿੱਲਈ ਦੀਆਂ ਧੀਆਂ ਵਿੱਚੋਂ ਇੱਕ ਕੁੜੀ ਵਿਆਹ ਲਈ ਅਤੇ ਉਸੇ ਦੇ ਨਾਮ ਉੱਤੇ ਸੱਦਿਆ ਗਿਆ ।62ਇਹਨਾਂ ਨੇ ਆਪਣੀਆਂ ਲਿਖਤਾਂ ਨੂੰ ਹੋਰਨਾਂ ਦੀਆਂ ਵੰਸ਼ਾਵਲੀਆਂ ਦੀਆਂ ਲਿਖਤਾਂ ਵਿੱਚ ਲੱਭਿਆ ਪਰ ਜਦ ਉਹ ਨਾ ਮਿਲੀਆਂ ਤਦ ਉਹਨਾਂ ਨੂੰ ਅਸ਼ੁੱਧ ਠਹਿਰਾਇਆ ਗਿਆ ਅਤੇ ਉਹ ਜਾਜਕਾਈ ਵਿੱਚੋਂ ਕੱਢੇ ਗਏ ।63ਅਤੇ ਪ੍ਰਧਾਨ ਨੇ ਉਨ੍ਹਾਂ ਨੂੰ ਕਿਹਾ ਕਿ ਜਦ ਤੱਕ ਕੋਈ ਜਾਜਕ ਊਰੀਮ ਤੇ ਥੁੰਮੀਮ ਨਾਲ ਖੜਾ ਨਾ ਹੋ ਜਾਵੇ, ਤਦ ਤੱਕ ਕਿਸੇ ਨੂੰ ਅੱਤ ਪਵਿੱਤਰ ਵਸਤੂਆਂ ਵਿੱਚੋਂ ਕੁਝ ਖਾਣਾ ਨਾ ਦਿੱਤਾ ਜਾਵੇ ।
64ਸਾਰੀ ਦੀ ਸਾਰੀ ਸਭਾ ਬੈਤਾਲੀ ਹਜ਼ਾਰ ਤਿੰਨ ਸੌ ਸੱਠ ਸੀ ।65ਇਹ ਉਨ੍ਹਾਂ ਦੇ ਦਾਸ ਅਤੇ ਦਾਸੀਆਂ ਤੋਂ ਬਿਨ੍ਹਾਂ ਸੀ, ਜਿਨ੍ਹਾਂ ਦੀ ਗਿਣਤੀ ਸੱਤ ਹਜ਼ਾਰ ਤਿੰਨ ਸੌ ਸੈਂਤੀ ਸੀ ਅਤੇ ਉਨ੍ਹਾਂ ਵਿੱਚ ਦੋ ਸੌ ਰਾਗੀ ਅਤੇ ਰਾਗਣਾਂ ਸਨ ।
66ਉਨ੍ਹਾਂ ਦੇ ਘੋੜੇ ਸੱਤ ਸੌ ਛੱਤੀ, ਖੱਚਰ ਦੋ ਸੌ ਪੈਂਤਾਲੀ,67ਊਠ ਚਾਰ ਸੌ ਪੈਂਤੀ ਅਤੇ ਖੋਤੇ ਛੇ ਹਜ਼ਾਰ ਸੱਤ ਸੌ ਵੀਹ ਸਨ ।

68ਜਦ ਬਜ਼ੁਰਗਾਂ ਦੇ ਘਰਾਣਿਆਂ ਦੇ ਆਗੂ ਯਰੂਸ਼ਲਮ ਵਿੱਚ ਯਹੋਵਾਹ ਦੇ ਭਵਨ ਵਿੱਚ ਆਏ, ਤਦ ਕਈਆਂ ਨੇ ਯਹੋਵਾਹ ਦੇ ਭਵਨ ਲਈ ਖੁਸ਼ੀ ਨਾਲ ਦਾਨ ਦਿੱਤੇ ਤਾਂ ਜੋ ਉਹ ਭਵਨ ਆਪਣੇ ਸਥਾਨ ਉੱਤੇ ਖੜਾ ਕੀਤਾ ਜਾਵੇ ।69ਉਨ੍ਹਾਂ ਨੇ ਆਪਣੇ ਵਿੱਤ ਅਨੁਸਾਰ, ਉਸ ਕੰਮ ਦੇ ਲਈ ਖ਼ਜ਼ਾਨੇ ਵਿੱਚ ਇੱਕਾਹਠ ਹਜ਼ਾਰ ਸੋਨੇ ਦੇ ਦਾਰਕ ਅਤੇ ਪੰਜ ਹਜ਼ਾਰ ਮਨਹ ਚਾਂਦੀ ਅਤੇ ਜਾਜਕਾਂ ਦੇ ਲਈ ਇੱਕ ਸੌ ਜੋੜੇ ਬਸਤਰ ਦਿੱਤੇ ।
70ਤਦ ਜਾਜਕ ਅਤੇ ਲੇਵੀ ਅਤੇ ਪਰਜਾ ਵਿੱਚੋਂ ਕੁਝ, ਅਤੇ ਗਾਇਕ ਅਤੇ ਦਰਬਾਨ ਅਤੇ ਨਥੀਨੀਮ ਆਪਣੇ ਸ਼ਹਿਰਾਂ ਵਿੱਚ ਅਤੇ ਸਾਰੇ ਇਸਰਾਏਲੀ ਆਪੋ ਆਪਣੇ ਸ਼ਹਿਰਾਂ ਵਿੱਚ ਵੱਸ ਗਏ ।

3
ਜਗਵੇਦੀ ਦਾ ਪੁਨਰ ਨਿਰਮਾਣ

1ਜਦੋਂ ਸੱਤਵਾਂ ਮਹੀਨਾ ਆਇਆ ਅਤੇ ਇਸਰਾਏਲੀ ਆਪੋ ਆਪਣੇ ਨਗਰਾਂ ਵਿੱਚ ਵੱਸ ਗਏ ਸਨ ਤਾਂ ਲੋਕ ਇੱਕ ਮਨ ਹੋ ਕੇ ਯਰੂਸ਼ਲਮ ਵਿੱਚ ਇਕੱਠੇ ਹੋਏ ।2ਤਦ ਯੇਸ਼ੂਆ, ਯੋਸਾਦਾਕ ਦਾ ਪੁੱਤਰ ਆਪਣੇ ਜਾਜਕ ਭਰਾਵਾਂ ਦੇ ਨਾਲ ਅਤੇ ਸ਼ਅਲਤੀਏਲ ਦਾ ਪੁੱਤਰ ਜ਼ਰੂੱਬਾਬਲ ਅਤੇ ਉਸ ਦੇ ਭਰਾ ਉੱਠ ਖਲੋਤੇ ਅਤੇ ਇਸਰਾਏਲ ਦੇ ਪਰਮੇਸ਼ੁਰ ਦੀ ਜਗਵੇਦੀ ਨੂੰ ਬਣਾਇਆ ਤਾਂ ਜੋ ਉਸ ਦੇ ਉੱਤੇ ਹੋਮ ਬਲੀਆਂ ਚੜ੍ਹਾਉਣ ਜਿਸ ਤਰ੍ਹਾਂ ਪਰਮੇਸ਼ੁਰ ਦੇ ਦਾਸ ਮੂਸਾ ਦੀ ਬਿਵਸਥਾ ਵਿੱਚ ਲਿਖਿਆ ਸੀ ।

3ਤਦ ਉਨ੍ਹਾਂ ਨੇ ਜਗਵੇਦੀ ਨੂੰ ਉਸ ਦੇ ਸਥਾਨ ਉੱਤੇ ਬਣਾਇਆ ਕਿਉਂ ਜੋ ਉਨ੍ਹਾਂ ਨੂੰ ਆਪਣੇ ਆਲੇ-ਦੁਆਲੇ ਦੇ ਦੇਸ਼ਾਂ ਦੇ ਲੋਕਾਂ ਦਾ ਡਰ ਸੀ ਅਤੇ ਉਹ ਉਸ ਦੇ ਉੱਤੇ ਯਹੋਵਾਹ ਲਈ ਹੋਮ ਬਲੀਆਂ ਅਰਥਾਤ ਸਵੇਰ ਅਤੇ ਸ਼ਾਮ ਦੀਆਂ ਹੋਮ ਬਲੀਆਂ ਚੜ੍ਹਾਉਣ ਲੱਗੇ ।4ਅਤੇ ਉਨ੍ਹਾਂ ਨੇ ਬਿਵਸਥਾ ਵਿੱਚ ਲਿਖੇ ਅਨੁਸਾਰ ਡੇਰਿਆਂ ਦਾ ਪਰਬ ਮਨਾਇਆ ਅਤੇ ਹਰ ਰੋਜ਼ ਦੀਆਂ ਹੋਮ ਬਲੀਆਂ, ਇੱਕ-ਇੱਕ ਦਿਨ ਦੀ ਗਿਣਤੀ ਅਤੇ ਹੁਕਮਨਾਮੇ ਦੇ ਅਨੁਸਾਰ ਚੜ੍ਹਾਈਆਂ ।5ਇਸ ਤੋਂ ਬਾਦ ਸਦਾ ਦੀ ਹੋਮ ਬਲੀ ਅਤੇ ਮੱਸਿਆ ਅਤੇ ਯਹੋਵਾਹ ਦੇ ਸਾਰੇ ਠਹਿਰਾਏ ਹੋਏ ਤਿਉਹਾਰਾਂ ਅਤੇ ਪਵਿੱਤਰ ਕੀਤੀਆਂ ਵਸਤੂਆਂ ਦੀਆਂ ਭੇਟਾਂ ਚੜ੍ਹਾਈਆਂ ਅਤੇ ਹਰ ਪੁਰਸ਼ ਦੀ ਖੁਸ਼ੀ ਦੀ ਭੇਟ ਜੋ ਉਹ ਆਪਣੀ ਖੁਸ਼ੀ ਨਾਲ ਯਹੋਵਾਹ ਨੂੰ ਚੜ੍ਹਾਉਂਦਾ ਸੀ ।
6ਸੱਤਵੇਂ ਮਹੀਨੇ ਦੇ ਪਹਿਲੇ ਦਿਨ ਤੋਂ, ਉਹ ਯਹੋਵਾਹ ਨੂੰ ਹੋਮ ਬਲੀਆਂ ਚੜ੍ਹਾਉਣ ਲੱਗੇ ਪਰ ਯਹੋਵਾਹ ਦੇ ਭਵਨ ਦੀ ਨੀਂਹ ਹੁਣ ਤੱਕ ਨਹੀਂ ਰੱਖੀ ਗਈ ਸੀ ।7ਅਤੇ ਉਨ੍ਹਾਂ ਨੇ ਰਾਜ ਮਿਸਤਰੀਆਂ ਅਤੇ ਤਰਖਾਣਾਂ ਨੂੰ ਰੁਪਿਆ ਦਿੱਤਾ ਅਤੇ ਸੀਦੋਨੀਆਂ ਤੇ ਸੂਰੀਆਂ ਨੂੰ ਖਾਣ-ਪੀਣ ਦੀਆਂ ਵਸਤੂਆਂ ਅਤੇ ਤੇਲ ਦਿੱਤਾ, ਤਾਂ ਜੋ ਉਹ ਫ਼ਾਰਸ ਦੇ ਰਾਜਾ ਕੋਰਸ਼ ਦੇ ਦਿੱਤੇ ਹੋਏ ਪੱਤਰ ਅਨੁਸਾਰ ਲਬਾਨੋਨ ਤੋਂ ਦਿਆਰ ਦੀ ਲੱਕੜੀ, ਸਮੁੰਦਰ ਦੇ ਰਾਹ ਤੋਂ ਯਾਫਾ ਨੂੰ ਲਿਆਉਣ ।
ਭਵਨ ਦੇ ਪੁਨਰ ਨਿਰਮਾਣ ਦਾ ਕੰਮ ਸ਼ੁਰੂ

8ਤਦ ਉਹਨਾਂ ਦੇ ਪਰਮੇਸ਼ੁਰ ਦੇ ਭਵਨ ਵਿੱਚ ਜੋ ਯਰੂਸ਼ਲਮ ਵਿੱਚ ਹੈ, ਪਹੁੰਚਣ ਤੋਂ ਬਾਅਦ, ਦੂਜੇ ਸਾਲ ਦੇ ਦੂਜੇ ਮਹੀਨੇ ਵਿੱਚ ਸ਼ਅਲਤੀਏਲ ਦੇ ਪੁੱਤਰ ਜ਼ਰੂੱਬਾਬਲ ਅਤੇ ਯੋਸਾਦਾਕ ਦੇ ਪੁੱਤਰ ਯੇਸ਼ੂਆ ਨੇ ਅਤੇ ਉਨ੍ਹਾਂ ਦੇ ਬਾਕੀ ਜਾਜਕ ਭਰਾਵਾਂ ਨੇ ਅਤੇ ਲੇਵੀਆਂ ਅਤੇ ਹੋਰ ਸਾਰੇ ਜੋ ਗ਼ੁਲਾਮੀ ਤੋਂ ਮੁੜ ਕੇ ਯਰੂਸ਼ਲਮ ਆਏ ਸਨ, ਕੰਮ ਸ਼ੁਰੂ ਕੀਤਾ ਅਤੇ ਲੇਵੀਆਂ ਨੂੰ ਜੋ ਵੀਹ ਸਾਲ ਦੇ ਜਾਂ ਉਸ ਤੋਂ ਉੱਪਰ ਦੇ ਸਨ ਪਰਮੇਸ਼ੁਰ ਦੇ ਭਵਨ ਦੇ ਕੰਮ ਦੀ ਦੇਖਭਾਲ ਕਰਨ ਲਈ ਨਿਯੁਕਤ ਕੀਤਾ ।9ਤਦ ਯੇਸ਼ੂਆ ਅਤੇ ਉਸ ਦੇ ਪੁੱਤਰ ਤੇ ਭਰਾ ਅਤੇ ਕਦਮੀਏਲ ਅਤੇ ਉਸ ਦੇ ਪੁੱਤਰ, ਜਿਹੜੇ ਯਹੂਦਾਹ ਦੇ ਵੰਸ਼ ਤੋਂ ਸਨ, ਅਤੇ ਹੇਨਾਦਾਦ ਦੇ ਪੁੱਤਰ ਤੇ ਭਰਾ ਵੀ ਜਿਹੜੇ ਲੇਵੀ ਸਨ, ਮਿਲ ਕੇ ਉੱਠੇ ਤਾਂ ਜੋ ਪਰਮੇਸ਼ੁਰ ਦੇ ਭਵਨ ਵਿੱਚ ਕਾਰੀਗਰਾਂ ਦੀ ਦੇਖਭਾਲ ਕਰਨ ।
10ਜਦੋਂ ਰਾਜ ਮਿਸਤਰੀਆਂ ਨੇ ਯਹੋਵਾਹ ਦੇ ਭਵਨ ਦੀ ਨੀਂਹ ਰੱਖੀ, ਤਾਂ ਜਾਜਕ ਆਪਣੇ ਬਸਤਰ ਪਾ ਕੇ ਅਤੇ ਤੁਰ੍ਹੀਆਂ ਲੈ ਕੇ ਅਤੇ ਆਸਾਫ਼ ਦੇ ਵੰਸ਼ ਦੇ ਲੇਵੀ ਛੈਣੇ ਲੈ ਕੇ ਖੜੇ ਹੋਏ ਤਾਂ ਜੋ ਇਸਰਾਏਲ ਦੇ ਰਾਜਾ ਦਾਊਦ ਦੇ ਹੁਕਮ ਅਨੁਸਾਰ ਯਹੋਵਾਹ ਦੀ ਉਤਸਤ ਕਰਨ ।11ਅਤੇ ਉਹ ਯਹੋਵਾਹ ਦੀ ਉਤਸਤ ਅਤੇ ਧੰਨਵਾਦ ਇਹ ਕਹਿ ਕੇ ਕਰਨ ਲੱਗੇ, "ਉਹ ਭਲਾ ਹੈ, ਅਤੇ ਉਸ ਦੀ ਦਯਾ ਇਸਰਾਏਲ ਉੱਤੇ ਸਦੀਪਕ ਕਾਲ ਦੀ ਹੈ !" ਯਹੋਵਾਹ ਦੀ ਉਤਸਤ ਕਰਦੇ ਹੋਏ ਸਾਰੇ ਲੋਕ ਉੱਚੀ ਅਵਾਜ਼ ਵਿੱਚ ਲਲਕਾਰੇ, ਇਸ ਲਈ ਜੋ ਯਹੋਵਾਹ ਦੇ ਭਵਨ ਦੀ ਨੀਂਹ ਰੱਖੀ ਗਈ ਸੀ ।
12ਪਰੰਤੂ ਜਾਜਕਾਂ ਅਤੇ ਲੇਵੀਆਂ ਅਤੇ ਬਜ਼ੁਰਗਾਂ ਦੇ ਘਰਾਣਿਆਂ ਦੇ ਆਗੂਆਂ ਵਿੱਚੋਂ ਬਹੁਤ ਸਾਰੇ ਬਜ਼ੁਰਗ ਲੋਕ, ਜਿਨ੍ਹਾਂ ਨੇ ਪਹਿਲੇ ਭਵਨ ਨੂੰ ਵੇਖਿਆ ਸੀ, ਜਿਸ ਵੇਲੇ ਇਸ ਭਵਨ ਦੀ ਨੀਂਹ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਰੱਖੀ ਗਈ ਤਾਂ ਉਹ ਉੱਚੀ-ਉੱਚੀ ਰੋਣ ਲੱਗ ਪਏ, ਅਤੇ ਬਹੁਤੇ ਅਨੰਦ ਹੋ ਕੇ ਉੱਚੇ ਸ਼ਬਦ ਨਾਲ ਲਲਕਾਰੇ ।13ਇਸ ਲਈ ਲੋਕ, ਅਨੰਦ ਦੀ ਲਲਕਾਰ, ਅਤੇ ਪਰਜਾ ਦੇ ਰੋਣ ਦੀ ਅਵਾਜ਼ ਵਿੱਚ ਫ਼ਰਕ ਨਾ ਕਰ ਸਕੇ, ਕਿਉਂ ਜੋ ਲੋਕ ਉੱਚੀ-ਉੱਚੀ ਲਲਕਾਰਦੇ ਸਨ ਅਤੇ ਰੌਲਾ ਦੂਰ ਤੱਕ ਸੁਣਾਈ ਦਿੰਦਾ ਸੀ !

4
ਭਵਨ ਦੇ ਪੁਨਰ ਨਿਰਮਾਣ ਦਾ ਵਿਰੋਧ

1ਜਦੋਂ ਯਹੂਦਾਹ ਅਤੇ ਬਿਨਯਾਮੀਨ ਦੇ ਵਿਰੋਧੀਆਂ ਨੇ ਇਹ ਸੁਣਿਆ ਕਿ ਗ਼ੁਲਾਮੀ ਤੋਂ ਛੁੱਟ ਕੇ ਆਏ ਹੋਏ ਲੋਕ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਦੇ ਲਈ ਭਵਨ ਬਣਾ ਰਹੇ ਹਨ,2ਤਾਂ ਜ਼ਰੂੱਬਾਬਲ ਅਤੇ ਬਜ਼ੁਰਗਾਂ ਦੇ ਘਰਾਣਿਆਂ ਦੇ ਆਗੂਆਂ ਦੇ ਕੋਲ ਆ ਕੇ ਉਨ੍ਹਾਂ ਨੂੰ ਕਹਿਣ ਲੱਗੇ, "ਸਾਨੂੰ ਵੀ ਆਪਣੇ ਨਾਲ ਬਣਾਉਣ ਦਿਉ ਕਿਉਂਕਿ ਤੁਹਾਡੀ ਤਰ੍ਹਾਂ ਅਸੀਂ ਵੀ ਤੁਹਾਡੇ ਪਰਮੇਸ਼ੁਰ ਦੀ ਖੋਜ ਵਿੱਚ ਹਾਂ ਅਤੇ ਅਸੀਂ ਅੱਸੂਰ ਦੇ ਰਾਜਾ ਏਸਰ-ਹੱਦਨ ਦੇ ਦਿਨਾਂ ਤੋਂ ਜੋ ਸਾਨੂੰ ਇੱਥੇ ਲਿਆਇਆ, ਉਸੇ ਲਈ ਬਲੀ ਚੜ੍ਹਾਉਂਦੇ ਰਹੇ ਹਾਂ ।"

3ਪਰੰਤੂ ਜ਼ਰੂੱਬਾਬਲ ਅਤੇ ਯੇਸ਼ੂਆ ਅਤੇ ਇਸਰਾਏਲ ਦੇ ਬਜ਼ੁਰਗਾਂ ਦੇ ਘਰਾਣਿਆਂ ਦੇ ਬਾਕੀ ਆਗੂਆਂ ਨੇ ਉਨ੍ਹਾਂ ਨੂੰ ਕਿਹਾ, "ਸਾਡੇ ਪਰਮੇਸ਼ੁਰ ਦੇ ਲਈ ਭਵਨ ਬਣਾਉਣ ਵਿੱਚ, ਤੁਹਾਡਾ ਸਾਡੇ ਨਾਲ ਕੋਈ ਕੰਮ ਨਹੀਂ; ਅਸੀਂ ਆਪ ਹੀ ਮਿਲ ਕੇ, ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਦੇ ਲਈ ਉਸ ਨੂੰ ਬਣਾਵਾਂਗੇ ਜਿਵੇਂ ਫਾਰਸ ਦੇ ਰਾਜਾ ਕੋਰਸ਼ ਨੇ ਸਾਨੂੰ ਆਗਿਆ ਦਿੱਤੀ ਹੈ ।"
4ਤਦ ਉਸ ਦੇਸ਼ ਦੇ ਲੋਕ ਯਹੂਦਾਹ ਦੀ ਪਰਜਾ ਦੇ ਹੱਥ ਢਿੱਲੇ ਕਰਨ ਲੱਗੇ ਅਤੇ ਉਨ੍ਹਾਂ ਨੂੰ ਡਰਾ ਕੇ ਭਵਨ ਬਣਾਉਣ ਦੇ ਕੰਮ ਵਿੱਚ ਰੁਕਾਵਟ ਪਾਉਣ ਲੱਗੇ ।5ਅਤੇ ਫ਼ਾਰਸ ਦੇ ਰਾਜਾ ਕੋਰਸ਼ ਦੇ ਦਿਨਾਂ ਤੋਂ ਲੈ ਕੇ, ਫਾਰਸ ਦੇ ਰਾਜਾ ਦਾਰਾ ਦੇ ਰਾਜ ਤੱਕ, ਉਨ੍ਹਾਂ ਦੀ ਯੋਜਨਾ ਨੂੰ ਨਸ਼ਟ ਕਰਨ ਲਈ ਉਨ੍ਹਾਂ ਦੇ ਵਿਰੁੱਧ ਸਲਾਹਕਾਰਾਂ ਨੂੰ ਰਿਸ਼ਵਤ ਦਿੰਦੇ ਰਹੇ ।
ਯਰੂਸ਼ਲਮ ਦੇ ਪੁਨਰ ਨਿਰਮਾਣ ਦਾ ਵਿਰੋਧ

6ਅਤੇ ਅਹਸਵੇਰੋਸ਼ ਦੇ ਰਾਜ ਦੇ ਅਰੰਭ ਵਿੱਚ ਹੀ ਉਨ੍ਹਾਂ ਨੇ ਯਹੂਦਾਹ ਅਤੇ ਯਰੂਸ਼ਲਮ ਦੇ ਵਾਸੀਆਂ ਦੇ ਵਿਰੁੱਧ ਦੋਸ਼ ਪੱਤਰ ਲਿਖ ਕੇ ਉਸ ਨੂੰ ਭੇਜੇ ।

7ਅਰਤਹਸ਼ਸ਼ਤਾ ਦੇ ਦਿਨਾਂ ਵਿੱਚ ਬਿਸ਼ਲਾਮ, ਮਿਥਰਦਾਥ, ਟਾਬਏਲ ਅਤੇ ਉਸ ਦੇ ਬਾਕੀ ਸਾਥੀਆਂ ਨੇ ਫ਼ਾਰਸ ਦੇ ਰਾਜਾ ਅਰਤਹਸ਼ਸ਼ਤਾ ਨੂੰ ਚਿੱਠੀ ਲਿਖੀ ਅਤੇ ਇਹ ਚਿੱਠੀ ਅਰਾਮੀ ਅੱਖਰਾਂ ਤੇ ਅਰਾਮੀ ਭਾਸ਼ਾ ਵਿੱਚ ਲਿਖੀ ਗਈ ।8ਰਹੂਮ ਰਾਜ ਮੰਤਰੀ ਅਤੇ ਸ਼ਿਮਸ਼ਈ ਲਿਖਾਰੀ ਨੇ ਅਰਤਹਸ਼ਸ਼ਤਾ ਰਾਜਾ ਨੂੰ ਯਰੂਸ਼ਲਮ ਦੇ ਵਿਰੁੱਧ ਇਸ ਤਰ੍ਹਾਂ ਇੱਕ ਚਿੱਠੀ ਲਿੱਖੀ,-
9ਤਦ ਰਹੂਮ ਰਾਜ ਮੰਤਰੀ ਅਤੇ ਸ਼ਿਮਸ਼ਈ ਲਿਖਾਰੀ ਤੇ ਉਨ੍ਹਾਂ ਦੇ ਬਾਕੀ ਸਾਥੀਆਂ ਨੇ ਅਰਥਾਤ ਦੀਨਾਈ ਤੇ ਅਫ਼ਰਸਥਕਾਯੀ ਤੇ ਟਰਪਲਾਈ, ਅਫਾਰਸਾਈ, ਅਰਕਵਾਈ, ਬਬਲਾਈ, ਸ਼ੁਸ਼ਨਕਾਈ, ਦਹਾਵੀ, ਏਲਮਾਈ,10ਅਤੇ ਉਨ੍ਹਾਂ ਕੌਮਾਂ ਨੇ, ਜਿਨ੍ਹਾਂ ਨੂੰ ਮਹਾਨ ਅਤੇ ਆਦਰਯੋਗ ਆਸਨੱਪਰ ਨੇ ਪਾਰ ਲਿਆ ਕੇ ਸਾਮਰਿਯਾ ਨਗਰ ਤੇ ਫ਼ਰਾਤ ਨਦੀ ਦੂਜੇ ਪਾਸੇ ਦੇ ਬਾਕੀ ਦੇਸ਼ ਵਿੱਚ ਵਸਾਇਆ ਸੀ, ਇੱਕ ਚਿੱਠੀ ਲਿਖੀ ।

11ਉਸ ਚਿੱਠੀ ਦੀ ਨਕਲ ਜੋ ਉਨ੍ਹਾਂ ਨੇ ਅਰਤਹਸ਼ਸ਼ਤਾ ਰਾਜਾ ਦੇ ਕੋਲ ਭੇਜੀ ਇਹ ਹੈ - "ਰਾਜਾ ਅਰਤਹਸ਼ਸ਼ਤਾ ਦੀ ਸੇਵਾ ਵਿੱਚ: ਤੁਹਾਡੇ ਦਾਸ, ਉਹ ਲੋਕ ਜੋ ਦਰਿਆ ਪਾਰ ਰਹਿੰਦੇ ਹਨ - ਨਮਸਕਾਰ ।12ਰਾਜਾ ਨੂੰ ਖ਼ਬਰ ਹੋਵੇ ਕਿ ਜੋ ਯਹੂਦੀ ਤੁਹਾਡੇ ਕੋਲੋਂ ਸਾਡੇ ਵੱਲ ਯਰੂਸ਼ਲਮ ਵਿੱਚ ਆਏ ਹਨ, ਉਹ ਉਸ ਵਿਦਰੋਹੀ ਅਤੇ ਦੁਸ਼ਟ ਸ਼ਹਿਰ ਦੀ ਉਸਾਰੀ ਕਰ ਰਹੇ ਹਨ, ਸਗੋਂ ਕੰਧਾਂ ਨੂੰ ਬਣਾ ਲਿਆ ਹੈ ਅਤੇ ਨੀਹਾਂ ਨੂੰ ਸੁਧਾਰ ਚੁੱਕੇ ਹਨ ।
13ਹੁਣ ਰਾਜਾ ਨੂੰ ਖ਼ਬਰ ਹੋਵੇ ਕਿ ਜੇ ਇਹ ਸ਼ਹਿਰ ਬਣ ਜਾਵੇ ਤੇ ਕੰਧਾਂ ਪੂਰੀਆਂ ਹੋ ਜਾਣ ਤਾਂ ਉਹ ਲਗਾਨ, ਚੁੰਗੀ ਤੇ ਨਜ਼ਰਾਨਾ ਨਹੀਂ ਦੇਣਗੇ ਅਤੇ ਅੰਤ ਵਿੱਚ ਸ਼ਾਹੀ ਆਮਦਨ ਵਿੱਚ ਘਾਟਾ ਪੈ ਜਾਵੇਗਾ ।
14ਅਸੀਂ ਤਾਂ ਰਾਜਾ ਦਾ ਲੂਣ ਖਾਂਦੇ ਹਾਂ, ਇਸ ਲਈ ਇਹ ਠੀਕ ਨਹੀਂ ਕਿ ਸਾਡੇ ਸਾਹਮਣੇ ਰਾਜਾ ਦਾ ਅਪਮਾਨ ਹੋਵੇ, ਇਸ ਕਾਰਨ ਅਸੀਂ ਇਹ ਚਿੱਠੀ ਲਿਖ ਕੇ ਰਾਜਾ ਨੂੰ ਸੂਚਨਾ ਦਿੱਤੀ ਹੈ ।15ਤੁਹਾਡੇ ਪੁਰਖਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਖੋਜ ਕੀਤੀ ਜਾਵੇ, ਤਾਂ ਉਸ ਇਤਿਹਾਸ ਦੀ ਪੋਥੀ ਵਿੱਚੋਂ ਮਹਾਰਾਜ ਨੂੰ ਪੱਕਾ ਪਤਾ ਲੱਗ ਜਾਵੇਗਾ ਕਿ ਇਹ ਇੱਕ ਵਿਦਰੋਹੀ ਸ਼ਹਿਰ ਹੈ ਜੋ ਰਾਜਿਆਂ ਤੇ ਸੂਬਿਆਂ ਦੀ ਹਾਨੀ ਕਰਦਾ ਰਿਹਾ ਹੈ ਅਤੇ ਪ੍ਰਾਚੀਨ ਕਾਲ ਤੋਂ ਉਸ ਵਿੱਚ ਦੰਗੇ ਹੁੰਦੇ ਰਹੇ ਹਨ । ਇਸੇ ਕਾਰਨ ਹੀ ਇਹ ਸ਼ਹਿਰ ਉਜਾੜ ਦਿੱਤਾ ਗਿਆ ਸੀ ।16ਅਸੀਂ ਰਾਜਾ ਨੂੰ ਚਿਤਾਉਣੀ ਦਿੰਦੇ ਹਾਂ ਕਿ ਜੇ ਇਹ ਸ਼ਹਿਰ ਬਣ ਜਾਵੇ ਤੇ ਇਸ ਦੀਆਂ ਕੰਧਾਂ ਉਸਾਰੀਆਂ ਜਾਣ ਤਾਂ ਇਸ ਕਾਰਨ ਦਰਿਆ ਦੇ ਪਾਰ ਤੁਹਾਡਾ ਕੋਈ ਹਿੱਸਾ ਨਹੀਂ ਰਹੇਗਾ ।"

17ਤਦ ਰਾਜਾ ਨੇ ਰਹੂਮ ਰਾਜਮੰਤਰੀ ਤੇ ਸ਼ਿਮਸ਼ਈ ਲਿਖਾਰੀ ਤੇ ਉਨ੍ਹਾਂ ਦੇ ਬਾਕੀ ਸਾਥੀਆਂ ਨੂੰ ਜੋ ਸਾਮਰਿਯਾ ਤੇ ਦਰਿਆ ਪਾਰ ਦੇ ਬਾਕੀ ਦੇਸ਼ ਵਿੱਚ ਰਹਿੰਦੇ ਸਨ, ਇਹ ਉੱਤਰ ਭੇਜਿਆ - "ਸਲਾਮ !18ਜੋ ਚਿੱਠੀ ਤੁਸੀਂ ਸਾਨੂੰ ਭੇਜੀ, ਉਹ ਮੇਰੇ ਸਾਹਮਣੇ ਸਾਫ਼-ਸਾਫ਼ ਪੜ੍ਹ ਕੇ ਸੁਣਾਈ ਗਈ ।19ਅਤੇ ਮੇਰੀ ਆਗਿਆ ਨਾਲ ਪੜਤਾਲ ਕੀਤੇ ਜਾਣ ਤੇ ਇਹ ਪਤਾ ਲੱਗਾ ਕਿ ਇਸ ਸ਼ਹਿਰ ਨੇ ਪ੍ਰਾਚੀਨ ਕਾਲ ਤੋਂ ਰਾਜਿਆਂ ਦੇ ਵਿਰੁੱਧ ਸਿਰ ਚੁੱਕਿਆ ਹੈ ਅਤੇ ਉਸ ਦੇ ਵਿੱਚ ਦੰਗਾ-ਫ਼ਸਾਦ ਹੁੰਦਾ ਰਿਹਾ ਹੈ ।
20ਯਰੂਸ਼ਲਮ ਵਿੱਚ ਬਲਵੰਤ ਰਾਜੇ ਵੀ ਹੋਏ ਹਨ ਜਿਨ੍ਹਾਂ ਨੇ ਦਰਿਆ ਦੇ ਪਾਰ ਦੇ ਸਾਰੇ ਦੇਸ਼ਾਂ ਉੱਤੇ ਰਾਜ ਕੀਤਾ ਹੈ ਅਤੇ ਲਗਾਨ, ਚੁੰਗੀ ਤੇ ਨਜ਼ਰਾਨਾ ਉਨ੍ਹਾਂ ਨੂੰ ਦਿੱਤਾ ਜਾਂਦਾ ਸੀ ।21ਹੁਣ ਤੁਸੀਂ ਹੁਕਮ ਦਿਉ ਕਿ ਇਹ ਲੋਕ ਕੰਮ ਬੰਦ ਕਰਨ ਅਤੇ ਜਦ ਤੱਕ ਮੇਰੇ ਵੱਲੋਂ ਆਗਿਆ ਨਾ ਮਿਲੇ, ਇਹ ਸ਼ਹਿਰ ਨਾ ਬਣਾਇਆ ਜਾਵੇ ।22ਚੌਕਸ ਹੋਵੋ ਅਤੇ ਇਸ ਗੱਲ ਵਿੱਚ ਢਿੱਲ ਨਾ ਕਰੋ; ਰਾਜਿਆਂ ਦੀ ਹਾਨੀ ਕਰਨ ਲਈ ਇਹ ਬੁਰਿਆਈ ਕਿਉਂ ਵੱਧੇ ? "

23ਜਦ ਅਰਤਹਸ਼ਸ਼ਤਾ ਰਾਜਾ ਦੀ ਚਿੱਠੀ ਦੀ ਨਕਲ ਰਹੂਮ ਅਤੇ ਸ਼ਿਮਸ਼ਈ ਲਿਖਾਰੀ ਅਤੇ ਉਨ੍ਹਾਂ ਦੇ ਸਾਥੀਆਂ ਦੇ ਸਾਹਮਣੇ ਪੜ੍ਹੀ ਗਈ ਤਦ ਉਹ ਛੇਤੀ ਨਾਲ ਯਹੂਦੀਆਂ ਦੇ ਕੋਲ ਯਰੂਸ਼ਲਮ ਨੂੰ ਗਏ ਅਤੇ ਬਲਪੂਰਵਕ ਜਬਰਨ ਉਨ੍ਹਾਂ ਨੂੰ ਰੋਕ ਦਿੱਤਾ ।24ਤਦ ਪਰਮੇਸ਼ੁਰ ਦੇ ਭਵਨ ਦਾ ਕੰਮ, ਜੋ ਯਰੂਸ਼ਲਮ ਵਿੱਚ ਸੀ ਰੁੱਕ ਗਿਆ, ਅਤੇ ਫ਼ਾਰਸ ਦੇ ਰਾਜਾ ਦਾਰਾ ਦੇ ਰਾਜ ਦੇ ਦੂਜੇ ਸਾਲ ਤੱਕ ਰੁੱਕਿਆ ਰਿਹਾ ।

5
ਭਵਨ ਨਿਰਮਾਣ ਦਾ ਕੰਮ ਦੁਬਾਰਾ ਸ਼ੁਰੂ

1ਤਦ ਹੱਗਈ ਨਬੀ ਅਤੇ ਇੱਦੋ ਦਾ ਪੁੱਤਰ ਜ਼ਕਰਯਾਹ ਉਨ੍ਹਾਂ ਯਹੂਦੀਆਂ ਦੇ ਅੱਗੇ ਜੋ ਯਹੂਦਾਹ ਅਤੇ ਯਰੂਸ਼ਲਮ ਵਿੱਚ ਸਨ, ਇਸਰਾਏਲ ਦੇ ਪਰਮੇਸ਼ੁਰ ਦੇ ਨਾਮ ਤੇ ਭਵਿੱਖਬਾਣੀ ਕਰਨ ਲੱਗੇ ।2ਤਦ ਸ਼ਅਲਤੀਏਲ ਦਾ ਪੁੱਤਰ ਜ਼ਰੂੱਬਾਬਲ ਅਤੇ ਯੋਸਾਦਾਕ ਦਾ ਪੁੱਤਰ ਯੇਸ਼ੂਆ ਉੱਠੇ ਅਤੇ ਪਰਮੇਸ਼ੁਰ ਦੇ ਭਵਨ ਨੂੰ ਜੋ ਯਰੂਸ਼ਲਮ ਵਿੱਚ ਸੀ ਬਣਾਉਣ ਲੱਗੇ, ਅਤੇ ਪਰਮੇਸ਼ੁਰ ਦੇ ਉਹ ਨਬੀ ਉਨ੍ਹਾਂ ਦੇ ਨਾਲ ਹੋ ਕੇ, ਉਨ੍ਹਾਂ ਦੀ ਸਹਾਇਤਾ ਕਰਦੇ ਸਨ ।

3ਉਸ ਸਮੇਂ ਦਰਿਆ ਪਾਰ ਦਾ ਹਾਕਮ ਤਤਨਈ ਤੇ ਸਥਰ-ਬੋਜ਼ਨਈ ਅਤੇ ਉਨ੍ਹਾਂ ਦੇ ਸਾਥੀ ਯਹੂਦੀਆਂ ਦੇ ਕੋਲ ਆ ਕੇ ਪੁੱਛਣ ਲੱਗੇ, "ਕਿਸ ਦੀ ਆਗਿਆ ਨਾਲ ਤੁਸੀਂ ਇਸ ਭਵਨ ਨੂੰ ਬਣਾਉਂਦੇ ਅਤੇ ਇਸ ਦੀਆਂ ਕੰਧਾਂ ਨੂੰ ਖੜ੍ਹਾ ਕਰ ਰਹੇ ਹੋ ? "4ਉਨ੍ਹਾਂ ਨੇ ਇਹ ਵੀ ਪੁੱਛਿਆ ਕਿ "ਜਿਹੜੇ ਲੋਕ ਇਸ ਭਵਨ ਨੂੰ ਬਣਾ ਰਹੇ ਹਨ ਉਹਨਾਂ ਦੇ ਕੀ ਨਾਮ ਹਨ ? "5ਪਰ ਪਰਮੇਸ਼ੁਰ ਦੀ ਨਿਗਾਹ ਯਹੂਦੀ ਬਜ਼ੁਰਗਾਂ ਉੱਤੇ ਸੀ, ਇਸ ਲਈ ਜਦੋਂ ਤੱਕ ਇਹ ਗੱਲ ਦਾਰਾ ਤੱਕ ਨਾ ਪਹੁੰਚੀ ਅਤੇ ਇਸ ਦੇ ਬਾਰੇ ਚਿੱਠੀ ਦੇ ਰਾਹੀਂ ਉੱਤਰ ਨਾ ਮਿਲਿਆ, ਤਦ ਤੱਕ ਉਨ੍ਹਾਂ ਨੇ ਉਹਨਾਂ ਨੂੰ ਨਾ ਰੋਕਿਆ ।

6ਉਸ ਚਿੱਠੀ ਦੀ ਨਕਲ ਜੋ ਦਰਿਆ ਪਾਰ ਦੇ ਹਾਕਮ ਤਤਨਈ ਤੇ ਸਥਰ-ਬੋਜ਼ਨਈ ਤੇ ਉਨ੍ਹਾਂ ਦੇ ਅਫਰਸਕਾਈ ਸਾਥੀਆਂ ਨੇ ਜੋ ਦਰਿਆ ਪਾਰ ਦੇ ਸਨ ਦਾਰਾ ਰਾਜਾ ਨੂੰ ਭੇਜੀ ਸੀ, ਇਹ ਹੈ -7ਜੋ ਚਿੱਠੀ ਉਨ੍ਹਾਂ ਨੇ ਭੇਜੀ ਸੀ ਉਸ ਵਿੱਚ ਇਹ ਲਿਖਿਆ ਗਿਆ ਸੀ - "ਦਾਰਾ ਰਾਜਾ ਦੀ ਹਰ ਤਰ੍ਹਾਂ ਨਾਲ ਸਲਾਮਤੀ ਹੋਵੇ !
8ਮਹਾਰਾਜ ਨੂੰ ਖ਼ਬਰ ਹੋਵੇ ਕਿ ਅਸੀਂ ਯਹੂਦਾਹ ਦੇ ਸੂਬੇ ਵਿੱਚ ਮਹਾਨ ਪਰਮੇਸ਼ੁਰ ਦੇ ਭਵਨ ਵਿੱਚ ਗਏ । ਉਹ ਵੱਡੇ-ਵੱਡੇ ਪੱਥਰਾਂ ਨਾਲ ਬਣ ਰਿਹਾ ਹੈ ਅਤੇ ਕੰਧਾਂ ਵਿੱਚ ਕੜੀਆਂ ਜੋੜੀਆਂ ਜਾ ਰਹੀਆਂ ਹਨ ਅਤੇ ਇਹ ਕੰਮ ਉਨ੍ਹਾਂ ਲੋਕਾਂ ਦੁਆਰਾ ਬਹੁਤ ਤੇਜ਼ੀ ਨਾਲ ਹੋ ਰਿਹਾ ਹੈ ਅਤੇ ਸਫ਼ਲ ਵੀ ਹੋ ਰਿਹਾ ਹੈ ।9ਇਸ ਲਈ ਅਸੀਂ ਉਨ੍ਹਾਂ ਦੇ ਬਜ਼ੁਰਗਾਂ ਨੂੰ ਪੁੱਛਿਆ ਕਿ ਤੁਸੀਂ ਕਿਸ ਦੀ ਆਗਿਆ ਨਾਲ ਇਸ ਭਵਨ ਨੂੰ ਬਣਾਉਂਦੇ ਅਤੇ ਇਸ ਦੀ ਕੰਧ ਨੂੰ ਪੂਰਾ ਕਰਦੇ ਹੋ ?10ਅਤੇ ਅਸੀਂ ਉਨ੍ਹਾਂ ਦੇ ਨਾਮ ਵੀ ਪੁੱਛੇ ਤਾਂ ਜੋ ਅਸੀਂ ਉਨ੍ਹਾਂ ਮਨੁੱਖਾਂ ਦੇ ਨਾਮ ਲਿਖ ਕੇ ਤੁਹਾਨੂੰ ਖ਼ਬਰ ਦੇਈਏ ਕਿ ਉਹਨਾਂ ਦੇ ਆਗੂ ਕੌਣ ਹਨ ।

11ਉਹਨਾਂ ਨੇ ਸਾਨੂੰ ਇਹ ਉੱਤਰ ਦਿੱਤਾ ਕਿ ਅਸੀਂ ਅਕਾਸ਼ ਅਤੇ ਧਰਤੀ ਦੇ ਪਰਮੇਸ਼ੁਰ ਦੇ ਦਾਸ ਹਾਂ, ਅਤੇ ਉਸੇ ਭਵਨ ਨੂੰ ਬਣਾਉਂਦੇ ਹਾਂ, ਜਿਸ ਨੂੰ ਬਹੁਤ ਸਾਲ ਪਹਿਲਾਂ ਇਸਰਾਏਲ ਦੇ ਇੱਕ ਵੱਡੇ ਰਾਜਾ ਨੇ ਬਣਾਇਆ ਤੇ ਪੂਰਾ ਕੀਤਾ ਸੀ ।
12ਪਰ ਜਦ ਸਾਡੇ ਪੁਰਖਿਆਂ ਨੇ ਅਕਾਸ਼ ਦੇ ਪਰਮੇਸ਼ੁਰ ਦੇ ਕ੍ਰੋਧ ਨੂੰ ਭੜਕਾਇਆ ਤਾਂ ਉਸ ਨੇ ਉਹਨਾਂ ਨੂੰ ਬਾਬਲ ਦੇ ਕਦਸੀ ਰਾਜਾ ਨਬੂਕਦਨੱਸਰ ਦੇ ਹੱਥ ਵਿੱਚ ਦੇ ਦਿੱਤਾ, ਜਿਸ ਨੇ ਇਸ ਭਵਨ ਨੂੰ ਉਜਾੜ ਦਿੱਤਾ ਅਤੇ ਲੋਕਾਂ ਨੂੰ ਬੰਦੀ ਬਣਾ ਕੇ ਬਾਬਲ ਨੂੰ ਲੈ ਗਿਆ ।13ਪਰ ਬਾਬਲ ਦੇ ਰਾਜਾ ਕੋਰਸ਼ ਦੇ ਪਹਿਲੇ ਸਾਲ ਵਿੱਚ ਉਸੇ ਕੋਰਸ਼ ਰਾਜਾ ਨੇ ਆਗਿਆ ਦਿੱਤੀ ਕਿ ਪਰਮੇਸ਼ੁਰ ਦਾ ਇਹ ਭਵਨ ਬਣਾਇਆ ਜਾਵੇ ।
14ਪਰਮੇਸ਼ੁਰ ਦੇ ਭਵਨ ਦੇ ਸੋਨੇ ਤੇ ਚਾਂਦੀ ਦੇ ਭਾਂਡਿਆ ਨੂੰ ਵੀ ਜਿਨ੍ਹਾਂ ਨੂੰ ਨਬੂਕਦੱਨਸਰ ਯਰੂਸ਼ਲਮ ਦੇ ਮੰਦਰ ਵਿੱਚੋਂ ਕੱਢ ਕੇ ਬਾਬਲ ਦੇ ਮੰਦਰ ਵਿੱਚ ਲੈ ਗਿਆ ਸੀ, ਕੋਰਸ਼ ਰਾਜਾ ਨੇ ਬਾਬਲ ਦੇ ਮੰਦਰ ਵਿੱਚੋਂ ਕਢਵਾਇਆ ਅਤੇ ਉਨ੍ਹਾਂ ਨੂੰ ਸ਼ੇਸ਼ਬੱਸਰ ਨਾਮਕ ਇੱਕ ਪੁਰਖ ਨੂੰ ਜਿਸ ਨੂੰ ਉਸ ਨੇ ਹਾਕਮ ਬਣਾਇਆ ਸੀ, ਸੌਂਪ ਦਿੱਤਾ ।15ਅਤੇ ਉਸ ਨੇ ਕਿਹਾ, "ਇਨ੍ਹਾਂ ਭਾਂਡਿਆ ਨੂੰ ਲੈ ਕੇ ਜਾ ਅਤੇ ਇਨ੍ਹਾਂ ਨੂੰ ਯਰੂਸ਼ਲਮ ਦੇ ਮੰਦਰ ਵਿੱਚ ਰੱਖ ਅਤੇ ਪਰਮੇਸ਼ੁਰ ਦਾ ਭਵਨ ਉਸ ਦੇ ਸਥਾਨ ਤੇ ਬਣਾਇਆ ਜਾਵੇ ।"
16ਤਦ ਉਸੇ ਸ਼ੇਸ਼ਬੱਸਰ ਨੇ ਆ ਕੇ ਪਰਮੇਸ਼ੁਰ ਦੇ ਭਵਨ ਦੀ ਜੋ ਯਰੂਸ਼ਲਮ ਵਿੱਚ ਹੈ ਨੀਂਹ ਰੱਖੀ, ਅਤੇ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇਹ ਬਣ ਰਿਹਾ ਹੈ ਪਰ ਅਜੇ ਪੂਰਾ ਨਹੀਂ ਹੋਇਆ ।
17ਇਸ ਲਈ ਜੇ ਮਹਾਰਾਜ ਨੂੰ ਠੀਕ ਲੱਗੇ ਤਾਂ ਮਹਾਰਾਜ ਦੇ ਰਾਜ ਭੰਡਾਰ ਵਿੱਚ, ਜੋ ਬਾਬਲ ਵਿੱਚ ਹੈ ਇਸ ਗੱਲ ਦੀ ਖੋਜ ਕੀਤੀ ਜਾਵੇ ਕਿ ਕੋਰਸ਼ ਰਾਜਾ ਨੇ ਸੱਚ-ਮੁੱਚ ਇਸ ਭਵਨ ਨੂੰ ਯਰੂਸ਼ਲਮ ਵਿੱਚ ਬਣਾਉਣ ਦੀ ਆਗਿਆ ਦਿੱਤੀ ਸੀ ਜਾਂ ਨਹੀਂ । ਤਦ ਮਹਾਰਾਜ ਇਸ ਗੱਲ ਵਿੱਚ ਆਪਣੀ ਇੱਛਾ ਸਾਡੇ ਉੱਤੇ ਪ੍ਰਗਟ ਕਰਨ ।"

6
ਰਾਜੇ ਕੋਰਸ਼ ਦੇ ਹੁਕਮਨਾਮੇ ਦੀ ਖੋਜ

1ਤਦ ਰਾਜਾ ਦਾਰਾ ਦੀ ਆਗਿਆ ਨਾਲ ਬਾਬਲ ਦੇ ਕਿਤਾਬ ਘਰ ਵਿੱਚ ਜਿੱਥੇ ਖਜ਼ਾਨਾ ਵੀ ਰੱਖਿਆ ਜਾਂਦਾ ਸੀ, ਪੜਤਾਲ ਕੀਤੀ ਗਈ ।2ਮਾਦਈ ਨਾਮਕ ਸੂਬੇ ਦੇ ਅਹਮਥਾ ਨਗਰ ਦੇ ਮਹਿਲ ਵਿੱਚ ਇੱਕ ਪੁਸਤਕ ਮਿਲੀ, ਜਿਸ ਵਿੱਚ ਇਹ ਆਗਿਆ ਲਿਖੀ ਹੋਈ ਸੀ:

3"ਰਾਜਾ ਕੋਰਸ਼ ਦੇ ਪਹਿਲੇ ਸਾਲ ਵਿੱਚ ਉਸੇ ਕੋਰਸ਼ ਰਾਜਾ ਨੇ ਪਰਮੇਸ਼ੁਰ ਦੇ ਭਵਨ ਦੇ ਵਿਖੇ ਜੋ ਯਰੂਸ਼ਲਮ ਵਿੱਚ ਹੈ ਇਹ ਆਗਿਆ ਦਿੱਤੀ, ਕਿ ਉਹ ਭਵਨ ਜਿੱਥੇ ਬਲੀਦਾਨ ਕੀਤੇ ਜਾਂਦੇ ਸਨ, ਬਣਾਇਆ ਜਾਵੇ ਅਤੇ ਉਸ ਦੀਆਂ ਨੀਹਾਂ ਮਜ਼ਬੂਤੀ ਨਾਲ ਪਾਈਆਂ ਜਾਣ । ਉਸ ਦੀ ਉਚਾਈ ਸੱਠ ਹੱਥ ਅਤੇ ਚੌੜਾਈ ਸੱਠ ਹੱਥ ਹੋਵੇ ।4ਉਸ ਵਿੱਚ ਤਿੰਨ ਰਦੇ ਭਾਰੇ ਪੱਥਰਾਂ ਦੇ ਅਤੇ ਇੱਕ ਰਦਾ ਨਵੀਂ ਲੱਕੜ ਦਾ ਹੋਵੇ; ਅਤੇ ਇਸ ਦਾ ਖ਼ਰਚ ਸ਼ਾਹੀ ਮਹਿਲ ਵਿੱਚੋਂ ਦਿੱਤਾ ਜਾਵੇ ।5ਅਤੇ ਪਰਮੇਸ਼ੁਰ ਦੇ ਭਵਨ ਦੇ ਸੋਨੇ ਤੇ ਚਾਂਦੀ ਦੇ ਭਾਂਡੇ ਵੀ ਜਿਨ੍ਹਾਂ ਨੂੰ ਨਬੂਕਦਨੱਸਰ ਉਸ ਮੰਦਰ ਤੋਂ ਜੋ ਯਰੂਸ਼ਲਮ ਵਿੱਚ ਹੈ ਕੱਢ ਕੇ ਬਾਬਲ ਨੂੰ ਲਿਆਇਆ ਸੀ, ਮੋੜ ਦਿੱਤੇ ਜਾਣ ਅਤੇ ਯਰੂਸ਼ਲਮ ਦੇ ਮੰਦਰ ਵਿੱਚ ਆਪਣੇ-ਆਪਣੇ ਸਥਾਨ ਤੇ ਪਹੁੰਚਾਏ ਜਾਣ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਭਵਨ ਵਿੱਚ ਰੱਖ ਦਿੱਤਾ ਜਾਵੇ ।"
ਰਾਜੇ ਦਾਰਾ ਦਾ ਹੁਕਮ

6"ਇਸ ਲਈ ਹੇ ਦਰਿਆ ਪਾਰ ਦੇ ਹਾਕਮ ਤਤਨਈ ! ਹੇ ਸ਼ਥਰ-ਬੋਜ਼ਨਈ ! ਤੁਸੀਂ ਆਪਣੇ ਅਫਰਸਕਾਈ ਸਾਥੀਆਂ ਨਾਲ ਜੋ ਦਰਿਆ ਦੇ ਪਾਰ ਹਨ, ਉੱਥੋਂ ਦੂਰ ਰਹੋ ।7ਪਰਮੇਸ਼ੁਰ ਦੇ ਭਵਨ ਦੇ ਕੰਮ ਵਿੱਚ ਰੁਕਾਵਟ ਨਾ ਪਾਉ । ਯਹੂਦੀਆਂ ਦੇ ਹਾਕਮ ਅਤੇ ਯਹੂਦੀਆਂ ਦੇ ਬਜ਼ੁਰਗਾਂ ਨੂੰ ਪਰਮੇਸ਼ੁਰ ਦਾ ਭਵਨ ਉਸੇ ਦੇ ਥਾਂ ਤੇ ਬਣਾਉਣ ਦਿਓ ।
8ਸਗੋਂ ਮੈਂ ਇਹ ਆਗਿਆ ਦਿੰਦਾ ਹਾਂ ਕਿ ਤੁਹਾਨੂੰ ਯਹੂਦੀਆਂ ਦੇ ਬਜ਼ੁਰਗਾਂ ਨਾਲ ਅਜਿਹਾ ਕਰਨਾ ਹੈ ਕਿ ਜਦ ਪਰਮੇਸ਼ੁਰ ਦਾ ਉਹ ਭਵਨ ਬਣਾਇਆ ਜਾਵੇ ਤਾਂ ਰਾਜਾ ਦੇ ਖ਼ਜ਼ਾਨੇ ਵਿੱਚੋਂ, ਅਰਥਾਤ ਦਰਿਆ ਪਾਰ ਦੇ ਲਗਾਨ ਵਿੱਚੋਂ ਇਹਨਾਂ ਮਨੁੱਖਾਂ ਨੂੰ ਫੁਰਤੀ ਨਾਲ ਖ਼ਰਚ ਦਿੱਤਾ ਜਾਵੇ, ਤਾਂ ਜੋ ਉਨ੍ਹਾਂ ਦੇ ਕੰਮ ਵਿੱਚ ਕੋਈ ਰੁਕਾਵਟ ਨਾ ਪਵੇ ।9ਅਤੇ ਸੁਰਗੀ ਪਰਮੇਸ਼ੁਰ ਦੀਆਂ ਹੋਮ ਬਲੀਆਂ ਦੇ ਲਈ ਜਿਹੜੀ ਵੀ ਵਸਤੂ ਦੀ ਉਨ੍ਹਾਂ ਨੂੰ ਲੋੜ ਹੋਵੇ ਅਰਥਾਤ ਵਹਿੜੇ, ਭੇਡ, ਲੇਲੇ ਅਤੇ ਜਿੰਨ੍ਹੀ ਵੀ ਕਣਕ, ਲੂਣ, ਦਾਖਰਸ ਅਤੇ ਤੇਲ, ਉਹ ਜਾਜਕ ਜੋ ਯਰੂਸ਼ਲਮ ਵਿੱਚ ਹਨ ਮੰਗਣ, ਉਹ ਰੋਜ਼ ਦੇ ਰੋਜ਼ ਉਨ੍ਹਾਂ ਨੂੰ ਜ਼ਰੂਰ ਦਿੱਤਾ ਜਾਵੇ ।10ਤਾਂ ਜੋ ਉਹ ਸੁਰਗ ਦੇ ਪਰਮੇਸ਼ੁਰ ਦੇ ਸਾਹਮਣੇ ਸੁਗੰਧਾਂ ਵਾਲੀਆਂ ਭੇਟਾਂ ਚੜ੍ਹਾਉਣ ਅਤੇ ਰਾਜਾ ਅਤੇ ਰਾਜਕੁਮਾਰਾਂ ਦੇ ਲੰਮੇ ਜੀਵਨ ਲਈ ਪ੍ਰਾਰਥਨਾ ਕਰਨ ।
11ਮੈਂ ਇਹ ਆਗਿਆ ਵੀ ਦਿੱਤੀ ਹੈ ਕਿ ਜੋ ਕੋਈ ਇਸ ਆਗਿਆ ਨੂੰ ਬਦਲੇ, ਉਸ ਦੇ ਘਰ ਵਿੱਚੋਂ ਹੀ ਇੱਕ ਸ਼ਤੀਰੀ ਕੱਢ ਕੇ ਖੜ੍ਹੀ ਕੀਤੀ ਜਾਵੇ ਅਤੇ ਉਸ ਉੱਤੇ ਉਸ ਨੂੰ ਸੂਲੀ ਚੜ੍ਹਾਇਆ ਜਾਵੇ ਅਤੇ ਇਸ ਅਪਰਾਧ ਦੇ ਕਾਰਨ ਉਸ ਦੇ ਘਰ ਨੂੰ ਰੂੜੀ ਦਾ ਢੇਰ ਬਣਾ ਦਿੱਤਾ ਜਾਵੇ ।12ਅਤੇ ਉਹ ਪਰਮੇਸ਼ੁਰ ਜਿਸ ਨੇ ਆਪਣਾ ਨਾਮ ਉੱਥੇ ਰੱਖਿਆ ਹੈ, ਉਨ੍ਹਾਂ ਸਾਰੇ ਰਾਜਿਆਂ ਅਤੇ ਪਰਜਾ ਨੂੰ ਨਾਸ਼ ਕਰੇ, ਜਿਹੜੇ ਇਸ ਆਗਿਆ ਨੂੰ ਬਦਲਣ ਅਤੇ ਪਰਮੇਸ਼ੁਰ ਦੇ ਭਵਨ ਨੂੰ ਜੋ ਯਰੂਸ਼ਲਮ ਵਿੱਚ ਹੈ, ਬਰਬਾਦ ਕਰਨ ਲਈ ਆਪਣਾ ਹੱਥ ਵਧਾਉਣ । ਮੈਂ ਦਾਰਾ ਨੇ ਇਹ ਆਗਿਆ ਦਿੱਤੀ ਹੈ, ਛੇਤੀ ਨਾਲ ਅਜਿਹਾ ਹੀ ਕੀਤਾ ਜਾਵੇ ।"
ਭਵਨ ਦਾ ਨਿਰਮਾਣ ਪੂਰਾ ਹੋਣਾ

13ਤਦ ਦਰਿਆ ਪਾਰ ਦੇ ਹਾਕਮ ਤਤਨਈ ਤੇ ਸ਼ਥਰ-ਬੋਜ਼ਨਈ ਅਤੇ ਉਨ੍ਹਾਂ ਦੇ ਸਾਥੀਆਂ ਨੇ ਦਾਰਾ ਰਾਜਾ ਦੀ ਭੇਜੀ ਹੋਈ ਆਗਿਆ ਅਨੁਸਾਰ ਫੁਰਤੀ ਨਾਲ ਕੰਮ ਕੀਤਾ ।14ਤਦ ਯਹੂਦੀਆਂ ਦੇ ਬਜ਼ੁਰਗ, ਹਗੱਈ ਨਬੀ ਤੇ ਇੱਦੋ ਦੇ ਪੁੱਤਰ ਜ਼ਕਰਯਾਹ ਦੀ ਭਵਿੱਖਬਾਣੀ ਦੇ ਕਾਰਨ ਮੰਦਰ ਦੀ ਉਸਾਰੀ ਕਰਦੇ ਅਤੇ ਸਫ਼ਲ ਹੁੰਦੇ ਰਹੇ । ਉਨ੍ਹਾਂ ਨੇ ਇਸਰਾਏਲ ਦੇ ਪਰਮੇਸ਼ੁਰ ਦੀ ਆਗਿਆ ਦੇ ਅਨੁਸਾਰ ਅਤੇ ਫ਼ਾਰਸ ਦੇ ਰਾਜਾ ਕੋਰਸ਼, ਦਾਰਾ ਅਤੇ ਅਰਤਹਸ਼ਸ਼ਤਾ ਦੀ ਆਗਿਆ ਅਨੁਸਾਰ ਉਸ ਨੂੰ ਬਣਾ ਕੇ ਪੂਰਾ ਕਰ ਦਿੱਤਾ ।15ਉਹ ਭਵਨ ਰਾਜਾ ਦਾਰਾ ਦੇ ਰਾਜ ਦੇ ਛੇਂਵੇ ਸਾਲ ਵਿੱਚ ਅਦਾਰ ਦੇ ਮਹੀਨੇ ਦੇ ਤੀਜੇ ਦਿਨ ਪੂਰਾ ਹੋ ਗਿਆ ।
16ਤਦ ਇਸਰਾਏਲੀਆਂ ਅਰਥਾਤ ਜਾਜਕ, ਲੇਵੀ ਅਤੇ ਬਾਕੀ ਸਾਰੇ ਲੋਕਾਂ ਨੇ ਜੋ ਗ਼ੁਲਾਮੀ ਤੋਂ ਆਏ ਸਨ, ਅਨੰਦ ਨਾਲ ਪਰਮੇਸ਼ੁਰ ਦੇ ਇਸ ਭਵਨ ਦੇ ਸਮਰਪਣ ਨੂੰ ਤਿਉਹਾਰ ਦੇ ਰੂਪ ਵਿੱਚ ਮਨਾਇਆ ।17ਅਤੇ ਉਨ੍ਹਾਂ ਨੇ ਪਰਮੇਸ਼ੁਰ ਦੇ ਇਸ ਭਵਨ ਦੇ ਸਮਰਪਣ ਸਮੇਂ ਸੌ ਵਹਿੜੇ, ਦੋ ਸੌ ਭੇਡੂ, ਚਾਰ ਸੌ ਲੇਲੇ ਅਤੇ ਸਾਰੇ ਇਸਰਾਏਲ ਦੇ ਪਾਪ ਦੀ ਬਲੀ ਲਈ ਬਾਰਾਂ ਬੱਕਰੇ, ਇਸਰਾਏਲ ਦੇ ਗੋਤਾਂ ਅਨੁਸਾਰ ਚੜ੍ਹਾਏ ।18ਅਤੇ ਜਿਵੇਂ ਮੂਸਾ ਦੀ ਪੋਥੀ ਵਿੱਚ ਲਿਖਿਆ ਹੈ; ਉਹਨਾਂ ਨੇ ਜਾਜਕਾਂ ਨੂੰ ਉਨ੍ਹਾਂ ਦੀ ਵਾਰੀ ਅਨੁਸਾਰ ਅਤੇ ਲੇਵੀਆਂ ਨੂੰ ਉਨ੍ਹਾਂ ਦੇ ਦਲ ਅਨੁਸਾਰ, ਯਰੂਸ਼ਲਮ ਵਿੱਚ ਪਰਮੇਸ਼ੁਰ ਦੀ ਉਪਾਸਨਾ ਲਈ ਨਿਯੁਕਤ ਕੀਤਾ ।
ਪਸਹ ਦਾ ਪਰਬ

19ਫਿਰ ਪਹਿਲੇ ਮਹੀਨੇ ਦੇ ਚੌਧਵੇਂ ਦਿਨ ਗ਼ੁਲਾਮੀ ਤੋਂ ਮੁੜ ਕੇ ਆਏ ਹੋਏ ਲੋਕਾਂ ਨੇ ਪਸਹ ਮਨਾਇਆ,20ਕਿਉਂ ਜੋ ਜਾਜਕਾਂ ਅਤੇ ਲੇਵੀਆਂ ਨੇ ਇੱਕ ਮਨ ਹੋ ਕੇ ਆਪਣੇ ਆਪ ਨੂੰ ਪਵਿੱਤਰ ਕੀਤਾ, ਇਸ ਲਈ ਉਹ ਸਾਰੇ ਪਵਿੱਤਰ ਸਨ । ਉਨ੍ਹਾਂ ਨੇ ਗ਼ੁਲਾਮੀ ਤੋਂ ਮੁੜੇ ਹੋਏ ਸਾਰੇ ਲੋਕਾਂ ਅਤੇ ਆਪਣੇ ਜਾਜਕ ਭਰਾਵਾਂ ਦੇ ਲਈ ਅਤੇ ਆਪਣੇ ਲਈ ਪਸਹ ਦੇ ਪਸ਼ੂ ਬਲੀ ਚੜ੍ਹਾਏ ।
21ਤਦ ਉਨ੍ਹਾਂ ਇਸਰਾਏਲੀਆਂ ਨੇ ਜੋ ਗ਼ੁਲਾਮੀ ਤੋਂ ਮੁੜ ਆਏ ਸਨ, ਅਤੇ ਉਸ ਦੇਸ਼ ਦੀਆਂ ਪਰਾਈਆਂ ਕੌਮਾਂ ਦੀਆਂ ਘਿਣਾਉਣੀਆਂ ਰੀਤਾਂ ਤੋਂ ਅਲੱਗ ਹੋ ਗਏ ਸਨ, ਤਾਂ ਜੋ ਪਰਮੇਸ਼ੁਰ ਦੀ ਭਾਲ ਕਰਨ, ਪਸਹ ਖਾਧਾ ।22ਉਨ੍ਹਾਂ ਨੇ ਅਨੰਦ ਨਾਲ ਸੱਤ ਦਿਨਾਂ ਤੱਕ ਪਤੀਰੀ ਰੋਟੀ ਦਾ ਪਰਬ ਮਨਾਇਆ ਕਿਉਂ ਜੋ ਯਹੋਵਾਹ ਨੇ ਉਹਨਾਂ ਨੂੰ ਅਨੰਦ ਕੀਤਾ ਸੀ ਅਤੇ ਅੱਸੂਰ ਦੇ ਰਾਜਾ ਦਾ ਮਨ ਉਹਨਾਂ ਵੱਲ ਅਜਿਹਾ ਫੇਰਿਆ ਸੀ ਕਿ ਉਹ ਪਰਮੇਸ਼ੁਰ, ਇਸਰਾਏਲ ਦੇ ਪਰਮੇਸ਼ੁਰ ਦਾ ਭਵਨ ਬਣਾਉਣ ਵਿੱਚ ਉਹਨਾਂ ਦੀ ਸਹਾਇਤਾ ਕਰੇ ।

7
ਅਜ਼ਰਾ ਦਾ ਯਰੂਸ਼ਲਮ ਪਹੁੰਚਣਾ

1ਇਨ੍ਹਾਂ ਗੱਲਾਂ ਦੇ ਬਾਅਦ ਫ਼ਾਰਸ ਦੇ ਰਾਜਾ ਅਰਤਹਸ਼ਸ਼ਤਾ ਦੇ ਰਾਜ ਵਿੱਚ ਅਜ਼ਰਾ ਸਰਾਯਾਹ ਦਾ ਪੁੱਤਰ, ਉਹ ਅਜ਼ਰਯਾਹ ਦਾ ਪੁੱਤਰ, ਉਹ ਹਿਲਕੀਯਾਹ ਦਾ ਪੁੱਤਰ,2ਉਹ ਸ਼ੱਲੂਮ ਦਾ ਪੁੱਤਰ, ਉਹ ਸਾਦੋਕ ਦਾ ਪੁੱਤਰ, ਉਹ ਅਹੀਟੂਬ ਦਾ ਪੁੱਤਰ,3ਉਹ ਅਰਮਯਾਹ ਦਾ ਪੁੱਤਰ, ਉਹ ਅਜ਼ਰਯਾਹ ਦਾ ਪੁੱਤਰ, ਉਹ ਮਰਾਯੋਥ ਦਾ ਪੁੱਤਰ,4ਉਹ ਜ਼ਰਹਯਾਹ ਦਾ ਪੁੱਤਰ, ਉਹ ਉੱਜ਼ੀ ਦਾ ਪੁੱਤਰ, ਉਹ ਬੁੱਕੀ ਦਾ ਪੁੱਤਰ,5ਉਹ ਅਬੀਸ਼ੂਆ ਦਾ ਪੁੱਤਰ, ਉਹ ਫੀਨਹਾਸ ਦਾ ਪੁੱਤਰ, ਉਹ ਅਲਆਜ਼ਾਰ ਦਾ ਪੁੱਤਰ, ਉਹ ਹਾਰੂਨ ਪ੍ਰਧਾਨ ਜਾਜਕ ਦਾ ਪੁੱਤਰ ।

6ਇਹ ਅਜ਼ਰਾ ਬਾਬਲ ਤੋਂ ਗਿਆ ਅਤੇ ਉਹ ਮੂਸਾ ਦੀ ਬਿਵਸਥਾ ਵਿੱਚ ਜੋ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਨੇ ਦਿੱਤੀ ਸੀ, ਬਹੁਤ ਨਿਪੁੰਨ ਸ਼ਾਸਤਰੀ ਸੀ ਅਤੇ ਯਹੋਵਾਹ, ਉਸ ਦੇ ਪਰਮੇਸ਼ੁਰ ਦਾ ਹੱਥ ਉਸ ਦੇ ਉੱਤੇ ਸੀ, ਇਸ ਲਈ ਰਾਜਾ ਨੇ ਉਸ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰ ਦਿੱਤੀਆਂ ।7ਅਤੇ ਇਸਰਾਏਲੀਆਂ, ਜਾਜਕਾਂ, ਲੇਵੀਆਂ, ਗਾਇਕਾਂ, ਦਰਬਾਨਾਂ ਤੇ ਨਥੀਨੀਮੀਆਂ ਵਿੱਚੋਂ ਕੁਝ ਲੋਕ ਅਰਤਹਸ਼ਸ਼ਤਾ ਰਾਜਾ ਦੇ ਸੱਤਵੇਂ ਸਾਲ ਵਿੱਚ ਯਰੂਸ਼ਲਮ ਨੂੰ ਆਏ
8ਅਤੇ ਅਜ਼ਰਾ, ਰਾਜਾ ਦੇ ਸੱਤਵੇਂ ਸਾਲ ਦੇ ਪੰਜਵੇ ਮਹੀਨੇ ਯਰੂਸ਼ਲਮ ਵਿੱਚ ਪਹੁੰਚਿਆ ।9ਪਹਿਲੇ ਮਹੀਨੇ ਦੇ ਪਹਿਲੇ ਦਿਨ, ਉਹ ਬਾਬਲ ਤੋਂ ਚੱਲਿਆ ਅਤੇ ਪੰਜਵੇ ਮਹੀਨੇ ਦੇ ਪਹਿਲੇ ਦਿਨ ਉਹ ਯਰੂਸ਼ਲਮ ਵਿੱਚ ਪਹੁੰਚ ਗਿਆ ਇਸ ਲਈ ਕਿ ਉਸ ਦੇ ਪਰਮੇਸ਼ੁਰ ਦੀ ਭਲਿਆਈ ਦਾ ਹੱਥ ਉਸ ਦੇ ਉੱਤੇ ਸੀ10ਕਿਉਂ ਜੋ ਅਜ਼ਰਾ ਨੇ ਯਹੋਵਾਹ ਦੀ ਬਿਵਸਥਾ ਦੀ ਖੋਜ ਕਰਨ ਅਤੇ ਉਸ ਦੇ ਉੱਤੇ ਚੱਲਣ ਅਤੇ ਇਸਰਾਏਲ ਨੂੰ ਬਿਧੀਆਂ ਤੇ ਨਿਯਮਾਂ ਦੀ ਸਿੱਖਿਆ ਦੇਣ ਉੱਤੇ ਮਨ ਲਗਾਇਆ ਸੀ ।
ਰਾਜੇ ਅਰਤਹਸ਼ਸ਼ਤਾ ਦੀ ਚਿੱਠੀ

11ਜੋ ਚਿੱਠੀ ਅਰਤਹਸ਼ਸ਼ਤਾ ਰਾਜਾ ਨੇ ਅਜ਼ਰਾ ਜਾਜਕ ਤੇ ਸ਼ਾਸਤਰੀ ਨੂੰ ਦਿੱਤੀ, ਜੋ ਯਹੋਵਾਹ ਦੀਆਂ ਆਗਿਆਂ ਦੇ ਬਚਨਾਂ ਦਾ ਅਤੇ ਇਸਰਾਏਲ ਦੇ ਲਈ ਬਿਧੀਆਂ ਦਾ ਸ਼ਾਸਤਰੀ ਸੀ - ਉਹ ਦੀ ਨਕਲ ਇਹ ਹੈ:12"ਅਰਤਹਸ਼ਸ਼ਤਾ, ਰਾਜਿਆਂ ਦੇ ਰਾਜਾ ਵੱਲੋਂ, ਅਜ਼ਰਾ ਜਾਜਕ ਨੂੰ ਜੋ ਸੁਰਗੀ ਪਰਮੇਸ਼ੁਰ ਦੀ ਬਿਵਸਥਾ ਦਾ ਨਿਪੁੰਨ ਸ਼ਾਸਤਰੀ ਹੈ -13ਮੈਂ ਇਹ ਆਗਿਆ ਦਿੰਦਾ ਹਾਂ ਕਿ ਇਸਰਾਏਲ ਦੇ ਜੋ ਲੋਕ ਅਤੇ ਉਨ੍ਹਾਂ ਦੇ ਜਾਜਕ ਅਤੇ ਲੇਵੀ ਜੋ ਮੇਰੇ ਰਾਜ ਵਿੱਚ ਹਨ, ਉਨ੍ਹਾਂ ਵਿਚੋਂ ਜਿੰਨੇ ਆਪਣੀ ਇੱਛਾ ਨਾਲ ਯਰੂਸ਼ਲਮ ਨੂੰ ਜਾਣਾ ਚਾਹੁੰਦੇ ਹਨ, ਉਹ ਤੇਰੇ ਨਾਲ ਜਾਣ ।
14ਤੂੰ ਰਾਜਾ ਅਤੇ ਉਸ ਦੇ ਸੱਤ ਮੰਤਰੀਆਂ ਵੱਲੋਂ ਇਸ ਲਈ ਭੇਜਿਆ ਜਾਂਦਾ ਹੈ ਕਿ ਤੂੰ ਆਪਣੇ ਪਰਮੇਸ਼ੁਰ ਦੀ ਬਿਵਸਥਾ ਅਨੁਸਾਰ, ਜੋ ਤੇਰੇ ਹੱਥ ਵਿੱਚ ਹੈ, ਯਹੂਦਾਹ ਤੇ ਯਰੂਸ਼ਲਮ ਦੇ ਬਾਰੇ ਪੁੱਛ-ਗਿੱਛ ਕਰੇਂ ।15ਅਤੇ ਉਹ ਚਾਂਦੀ ਅਤੇ ਸੋਨਾ ਜੋ ਰਾਜਾ ਅਤੇ ਉਸ ਦੇ ਮੰਤਰੀਆਂ ਨੇ ਆਪਣੀ ਖੁਸ਼ੀ ਨਾਲ ਇਸਰਾਏਲ ਦੇ ਪਰਮੇਸ਼ੁਰ ਨੂੰ, ਜਿਸ ਦਾ ਭਵਨ ਯਰੂਸ਼ਲਮ ਵਿੱਚ ਹੈ ਭੇਟ ਕੀਤਾ ਹੈ, ਲੈ ਜਾਵੇਂ ।16ਨਾਲੇ ਜਿੰਨਾ ਚਾਂਦੀ ਤੇ ਸੋਨਾ ਬਾਬਲ ਦੇ ਸਾਰੇ ਸੂਬੇ ਵਿੱਚੋਂ ਤੈਨੂੰ ਮਿਲੇਗਾ, ਅਤੇ ਖੁਸ਼ੀ ਦੀ ਭੇਟ ਜੋ ਲੋਕ ਤੇ ਜਾਜਕ ਆਪਣੇ ਪਰਮੇਸ਼ੁਰ ਦੇ ਭਵਨ ਲਈ ਜੋ ਯਰੂਸ਼ਲਮ ਵਿੱਚ ਹੈ, ਮਨ ਤੋਂ ਦੇਣ ਉਸ ਨੂੰ ਲੈ ਜਾਵੇਂ ।
17ਅਤੇ ਉਸ ਪੈਸੇ ਨਾਲ ਤੂੰ ਫੁਰਤੀ ਕਰਕੇ ਵਹਿੜੇ ਤੇ ਭੇਡੂ ਤੇ ਲੇਲੇ ਅਤੇ ਉਨ੍ਹਾਂ ਦੀਆਂ ਮੈਦੇ ਦੀਆਂ ਭੇਟਾਂ ਤੇ ਪੀਣ ਦੀਆਂ ਭੇਟਾਂ ਮੁੱਲ ਲਈਂ ਤੇ ਉਨ੍ਹਾਂ ਨੂੰ ਆਪਣੇ ਪਰਮੇਸ਼ੁਰ ਦੀ ਜਗਵੇਦੀ ਉੱਤੇ ਜੋ ਯਰੂਸ਼ਲਮ ਦੇ ਭਵਨ ਵਿੱਚ ਹੈ ਚੜ੍ਹਾਈਂ18ਅਤੇ ਬਚੇ ਹੋਏ ਚਾਂਦੀ ਤੇ ਸੋਨੇ ਨਾਲ, ਜੋ ਕੁਝ ਤੈਨੂੰ ਅਤੇ ਤੇਰੇ ਭਰਾਵਾਂ ਨੂੰ ਚੰਗਾ ਲੱਗੇ ਆਪਣੇ ਪਰਮੇਸ਼ੁਰ ਦੀ ਇੱਛਾ ਅਨੁਸਾਰ ਕਰਿਓ ।
19ਪਰਮੇਸ਼ੁਰ ਦੇ ਭਵਨ ਦੀ ਉਪਾਸਨਾ ਦੇ ਲਈ ਜਿਹੜੇ ਭਾਂਡੇ ਤੈਨੂੰ ਸੌਂਪੇ ਜਾਂਦੇ ਹਨ, ਉਨ੍ਹਾਂ ਨੂੰ ਪਰਮੇਸ਼ੁਰ ਦੇ ਸਨਮੁਖ ਦੇ ਦੇਵੀਂ ।20ਅਤੇ ਹੋਰ ਜੋ ਕੁਝ ਵੀ ਤੇਰੇ ਪਰਮੇਸ਼ੁਰ ਦੇ ਭਵਨ ਦੇ ਲਈ ਜ਼ਰੂਰੀ ਹੋਵੇ, ਜੋ ਤੈਨੂੰ ਦੇਣਾ ਪਵੇ, ਉਹ ਸ਼ਾਹੀ ਖਜ਼ਾਨੇ ਵਿੱਚੋਂ ਦੇ ਦੇਵੀਂ ।

21ਮੈਂ ਰਾਜਾ ਅਰਤਹਸ਼ਸ਼ਤਾ, ਆਪ ਦਰਿਆ ਪਾਰ ਦੇ ਸਾਰੇ ਖ਼ਜ਼ਾਨਚੀਆਂ ਨੂੰ ਆਗਿਆ ਦਿੰਦਾ ਹਾਂ, ਕਿ ਜੋ ਕੁਝ ਅਜ਼ਰਾ ਜਾਜਕ ਸੁਰਗੀ ਪਰਮੇਸ਼ੁਰ ਦੀ ਬਿਵਸਥਾ ਦਾ ਸ਼ਾਸਤਰੀ ਤੁਹਾਡੇ ਤੋਂ ਚਾਹੇ, ਉਹ ਤੁਰੰਤ ਪੂਰਾ ਕੀਤਾ ਜਾਵੇ ।22ਚਾਂਦੀ ਡੇਢ ਸੌ ਮਣ ਤੱਕ, ਕਣਕ ਸਾਢੇ ਸੱਤ ਸੌ ਮਣ ਤੱਕ, ਦਾਖ਼ਰਸ ਅਤੇ ਤੇਲ ਪੰਝੱਤਰ ਮਣ ਤੱਕ ਅਤੇ ਲੂਣ ਜਿੰਨ੍ਹੀਂ ਲੋੜ ਹੋਵੇ, ਦਿੱਤਾ ਜਾਵੇ ।23ਜੋ ਕੁਝ ਵੀ ਸੁਰਗੀ ਪਰਮੇਸ਼ੁਰ ਨੇ ਆਗਿਆ ਦਿੱਤੀ ਹੈ, ਠੀਕ ਉਸੇ ਤਰ੍ਹਾਂ ਹੀ ਸੁਰਗੀ ਪਰਮੇਸ਼ੁਰ ਦੇ ਭਵਨ ਦੇ ਲਈ ਕੀਤਾ ਜਾਵੇ, ਤਾਂ ਜੋ ਰਾਜਾ ਤੇ ਰਾਜਕੁਮਾਰਾਂ ਦੇ ਰਾਜ ਦੇ ਵਿਰੁੱਧ ਪਰਮੇਸ਼ੁਰ ਦਾ ਕ੍ਰੋਧ ਨਾ ਭੜਕੇ !
24ਅਤੇ ਅਸੀਂ ਤੁਹਾਨੂੰ ਚਿਤਾਉਣੀ ਦਿੰਦੇ ਹਾਂ ਕਿ ਜਾਜਕਾਂ ਤੇ ਲੇਵੀਆਂ ਤੇ ਗਾਇਕਾਂ ਤੇ ਦਰਬਾਨਾਂ ਤੇ ਨਥੀਨੀਮਾਂ ਅਤੇ ਪਰਮੇਸ਼ੁਰ ਦੇ ਭਵਨ ਦੇ ਸੇਵਕਾਂ ਵਿੱਚੋਂ ਕਿਸੇ ਤੋਂ ਵੀ ਲਗਾਨ, ਚੁੰਗੀ ਅਤੇ ਨਜ਼ਰਾਨਾ ਲੈਣ ਦੀ ਆਗਿਆ ਨਹੀਂ ਹੈ ।
25ਅਤੇ ਹੇ ਅਜ਼ਰਾ, ਤੂੰ ਆਪਣੇ ਪਰਮੇਸ਼ੁਰ ਦੇ ਉਸ ਗਿਆਨ ਅਨੁਸਾਰ ਜੋ ਤੇਰੇ ਵਿੱਚ ਹੈ, ਹਾਕਮਾਂ ਅਤੇ ਨਿਆਈਆਂ ਨੂੰ ਨਿਯੁਕਤ ਕਰੀਂ ਤਾਂ ਜੋ ਦਰਿਆ ਪਾਰ ਦੇ ਸਾਰੇ ਲੋਕਾਂ ਦਾ ਜਿਹੜੇ ਤੇਰੇ ਪਰਮੇਸ਼ੁਰ ਦੀ ਬਿਵਸਥਾ ਨੂੰ ਜਾਣਦੇ ਹੋਣ, ਨਿਆਂ ਕਰਨ ਅਤੇ ਜਿਹੜੇ ਨਾ ਜਾਣਦੇ ਹੋਣ ਉਹਨਾਂ ਨੂੰ ਤੁਸੀਂ ਸਿਖਾਉ ।26ਅਤੇ ਜੋ ਕੋਈ ਤੇਰੇ ਪਰਮੇਸ਼ੁਰ ਦੀ ਬਿਵਸਥਾ ਅਤੇ ਰਾਜਾ ਦੇ ਨਿਯਮ ਨਾ ਮੰਨੇ, ਉਸ ਨੂੰ ਤੁਰੰਤ ਸਜ਼ਾ ਦਿੱਤੀ ਜਾਵੇ, ਭਾਵੇਂ ਮੌਤ ਜਾਂ ਦੇਸ਼ ਨਿਕਾਲਾ ਜਾਂ ਮਾਲ ਦੀ ਜ਼ਬਤੀ ਜਾਂ ਕੈਦ ਦੀ ਸਜ਼ਾ ।"
ਅਜ਼ਰਾ ਦੁਆਰਾ ਪਰਮੇਸ਼ੁਰ ਦੀ ਉਸਤਤ

27ਧੰਨ ਹੈ ਯਹੋਵਾਹ ! ਸਾਡੇ ਪਿਉ-ਦਾਦਿਆਂ ਦਾ ਪਰਮੇਸ਼ੁਰ, ਜਿਸ ਨੇ ਇਹੋ ਜਿਹੀ ਗੱਲ ਰਾਜਾ ਦੇ ਮਨ ਵਿੱਚ ਪਾਈ ਕਿ ਉਹ ਯਹੋਵਾਹ ਦੇ ਭਵਨ ਨੂੰ ਜੋ ਯਰੂਸ਼ਲਮ ਵਿੱਚ ਹੈ ਸਵਾਰੇ ।28ਅਤੇ ਰਾਜਾ ਤੇ ਉਸ ਦੇ ਮੰਤਰੀਆਂ ਦੇ ਸਨਮੁਖ ਅਤੇ ਰਾਜਾ ਦੇ ਸਾਰੇ ਬਲਵੰਤ ਹਾਕਮਾਂ ਦੇ ਅੱਗੇ, ਮੇਰੇ ਉੱਤੇ ਕਿਰਪਾ ਦੀ ਨਜ਼ਰ ਕੀਤੀ ਹੈ । ਇਸ ਲਈ ਮੈਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੱਥੋਂ, ਜੋ ਮੇਰੇ ਉੱਤੇ ਸੀ ਬਲ ਪਾਇਆ ਅਤੇ ਮੈਂ ਇਸਰਾਏਲ ਵਿੱਚੋਂ ਆਗੂਆਂ ਨੂੰ ਇਕੱਠਾ ਕੀਤਾ ਤਾਂ ਜੋ ਉਹ ਮੇਰੇ ਨਾਲ ਅੱਗੇ ਚੱਲਣ ।

8
ਅਜ਼ਰਾ ਦੇ ਨਾਲ ਵਾਪਸ ਆਏ ਹੋਏ

1ਅਰਹਸ਼ਸ਼ਤਾ ਰਾਜਾ ਦੇ ਰਾਜ ਵਿੱਚ ਜੋ ਲੋਕ ਮੇਰੇ ਨਾਲ ਬਾਬਲ ਤੋਂ ਯਰੂਸ਼ਲਮ ਨੂੰ ਆਏ, ਉਨ੍ਹਾਂ ਦੇ ਪਿਉ-ਦਾਦਿਆਂ ਦੇ ਘਰਾਣਿਆਂ ਦੇ ਆਗੂ ਅਤੇ ਉਨ੍ਹਾਂ ਦੀ ਵੰਸ਼ਾਵਲੀ ਇਹ ਹੈ:2ਫੀਨਹਾਸ ਦੇ ਪੁੱਤਰਾਂ ਵਿੱਚੋਂ, ਗੇਰਸ਼ੋਮ ਅਤੇ ਈਥਾਮਾਰ ਦੇ ਪੁੱਤਰਾਂ ਵਿੱਚੋਂ, ਦਾਨੀਏਲ ਅਤੇ ਦਾਊਦ ਦੇ ਪੁੱਤਰਾਂ ਵਿੱਚੋਂ, ਹੱਟੂਸ਼,3ਸ਼ਕਨਯਾਹ ਦੇ ਪੁੱਤਰਾਂ ਵਿੱਚੋਂ, ਫਰੋਸ਼ ਦੇ ਪੁੱਤਰਾਂ ਵਿੱਚੋਂ, ਜ਼ਕਰਯਾਹ ਅਤੇ ਉਸ ਦੇ ਨਾਲ ਦੇ ਇੱਕ ਸੌ ਪੰਜਾਹ ਪੁਰਸ਼ ਵੰਸ਼ਾਵਲੀ ਦੇ ਅਨੁਸਾਰ ਗਿਣੇ ਗਏ ।

4ਪਹਥ-ਮੋਆਬ ਦੇ ਪੁੱਤਰਾਂ ਵਿੱਚੋਂ, ਜ਼ਕਰਯਾਹ ਦਾ ਪੁੱਤਰ ਅਲਯਹੋਏਨਈ ਅਤੇ ਉਸ ਦੇ ਨਾਲ ਦੋ ਸੌ ਪੁਰਖ ।5ਸ਼ਕਨਯਾਹ ਦੇ ਪੁੱਤਰਾਂ ਵਿੱਚੋਂ, ਯਹਜ਼ੀਏਲ ਦਾ ਪੁੱਤਰ ਅਤੇ ਉਸ ਦੇ ਨਾਲ ਤਿੰਨ ਸੌ ਪੁਰਖ ।6ਆਦੀਨ ਦੇ ਪੁੱਤਰਾਂ ਵਿੱਚੋਂ, ਯੋਨਾਥਾਨ ਦਾ ਪੁੱਤਰ ਅਬਦ ਅਤੇ ਉਸ ਦੇ ਨਾਲ ਪੰਜਾਹ ਪੁਰਖ ।7ਏਲਾਮ ਦੇ ਪੁੱਤਰਾਂ ਵਿੱਚੋਂ, ਅਥਲਯਾਹ ਦਾ ਪੁੱਤਰ ਯਸ਼ਆਯਾਹ ਅਤੇ ਉਸ ਦੇ ਨਾਲ ਸੱਤਰ ਪੁਰਖ ।
8ਸ਼ਫਟਯਾਹ ਦੇ ਪੁੱਤਰਾਂ ਵਿੱਚੋਂ ਮੀਕਾਏਲ ਦਾ ਪੁੱਤਰ ਜ਼ਬਦਯਾਹ ਅਤੇ ਉਸ ਦੇ ਨਾਲ ਅੱਸੀ ਪੁਰਖ ।9ਯੋਆਬ ਦੇ ਪੁੱਤਰਾਂ ਵਿੱਚੋਂ ਯਹੀਏਲ ਦਾ ਪੁੱਤਰ ਓਬਦਯਾਹ ਅਤੇ ਉਸ ਦੇ ਨਾਲ ਦੋ ਸੌ ਅਠਾਰਾਂ ਪੁਰਖ ।10ਸ਼ਲੋਮੀਥ ਦੇ ਪੁੱਤਰਾਂ ਵਿੱਚੋਂ, ਯਸਿਫਯਾਹ ਦਾ ਪੁੱਤਰ ਅਤੇ ਉਸ ਦੇ ਨਾਲ ਇੱਕ ਸੌ ਸੱਠ ਪੁਰਖ ।11ਬੇਬਾਈ ਦੇ ਪੁੱਤਰਾਂ ਵਿੱਚੋਂ, ਬੇਬਾਈ ਦਾ ਪੁੱਤਰ ਜ਼ਕਰਯਾਹ ਅਤੇ ਉਸ ਦੇ ਨਾਲ ਅਠਾਈ ਪੁਰਖ ।
12ਅਜ਼ਗਾਦ ਦੇ ਪੁੱਤਰਾਂ ਵਿੱਚੋਂ ਹੱਕਾਟਾਨ ਦਾ ਪੁੱਤਰ ਯੋਹਾਨਾਨ ਅਤੇ ਉਸ ਦੇ ਨਾਲ ਇੱਕ ਸੌ ਦਸ ਪੁਰਖ ।13ਅਦੋਨੀਕਾਮ ਦੇ ਪੁੱਤਰਾਂ ਵਿੱਚੋਂ ਜਿਹੜੇ ਆਖਰੀ ਸਨ ਉਨ੍ਹਾਂ ਦੇ ਨਾਮ ਇਹ ਹਨ - ਅਲੀਫਲਟ ਤੇ ਯਈਏਲ ਤੇ ਸ਼ਮਅਯਾਹ ਅਤੇ ਉਨ੍ਹਾਂ ਦੇ ਨਾਲ ਸੱਠ ਪੁਰਖ ।14ਬਿਗਵਈ ਦੇ ਪੁੱਤਰਾਂ ਵਿੱਚੋਂ ਊਥਈ ਤੇ ਜ਼ੱਬੂਦ ਅਤੇ ਉਨ੍ਹਾਂ ਦੇ ਨਾਲ ਸੱਤਰ ਪੁਰਖ ।
ਭਵਨ ਵਿੱਚ ਸੇਵਾ ਕਾਰਜ ਲਈ ਲੇਵੀ

15ਮੈਂ ਇਹਨਾਂ ਨੂੰ ਉਸ ਨਦੀ ਦੇ ਕੋਲ ਜੋ ਅਹਵਾ ਦੀ ਵੱਲ ਵੱਗਦੀ ਹੈ ਇਕੱਠਾ ਕੀਤਾ, ਅਤੇ ਉੱਥੇ ਅਸੀਂ ਤਿੰਨ ਦਿਨ ਡੇਰੇ ਲਾ ਕੇ ਰਹੇ, ਅਤੇ ਉੱਥੇ ਮੈਂ ਲੋਕਾਂ ਅਤੇ ਜਾਜਕਾਂ ਵਿੱਚ ਵੇਖਿਆ ਪਰ ਮੈਨੂੰ ਲੇਵੀਆਂ ਵਿੱਚੋਂ ਕੋਈ ਨਾ ਮਿਲਿਆ ।16ਤਦ ਮੈਂ ਅਲੀਅਜ਼ਰ, ਅਰੀਏਲ, ਸ਼ਮਅਯਾਹ, ਅਲਨਾਥਾਨ, ਯਾਰੀਬ, ਅਲਨਾਥਾਨ, ਨਾਥਾਨ, ਜ਼ਕਰਯਾਹ, ਮਸੁੱਲਾਮ ਨੂੰ ਜੋ ਆਗੂ ਸਨ ਅਤੇ ਯੋਯਾਰੀਬ ਤੇ ਅਲਨਾਥਨ ਨੂੰ ਜੋ ਬੁੱਧਵਾਨ ਪੁਰਖ ਸਨ ਸੱਦਾ ਭੇਜਿਆ ।
17ਅਤੇ ਮੈਂ ਉਨ੍ਹਾਂ ਨੂੰ ਇੱਦੋ ਕੋਲ ਜੋ ਕਾਸਿਫ਼ਯਾ ਨਾਮਕ ਸਥਾਨ ਦਾ ਪ੍ਰਧਾਨ ਸੀ, ਭੇਜ ਦਿੱਤਾ ਅਤੇ ਜੋ ਕੁਝ ਉਹਨਾਂ ਨੇ ਇੱਦੋ ਅਤੇ ਉਸ ਦੇ ਭਰਾ ਨਥੀਨੀਮੀਆਂ ਨੂੰ ਕਾਸਿਫਯਾ ਨਾਮਕ ਸਥਾਨ ਵਿੱਚ ਕਹਿਣਾ ਸੀ, ਸਮਝਾ ਦਿੱਤਾ ਤਾਂ ਜੋ ਉਹ ਸਾਡੇ ਪਰਮੇਸ਼ੁਰ ਦੇ ਭਵਨ ਦੇ ਲਈ ਸੇਵਾਦਾਰਾਂ ਨੂੰ ਸਾਡੇ ਕੋਲ ਲੈ ਆਉਣ ।
18ਸਾਡੇ ਪਰਮੇਸ਼ੁਰ ਦੀ ਭਲਿਆਈ ਦਾ ਹੱਥ ਸਾਡੇ ਉੱਤੇ ਸੀ, ਇਸ ਲਈ ਉਹ ਇੱਕ ਬੁੱਧਵਾਨ ਮਨੁੱਖ ਸ਼ੇਰੇਬਯਾਹ ਨੂੰ ਸਾਡੇ ਕੋਲ ਲੈ ਆਏ ਜੋ ਮਹਲੀ ਦੇ ਵੰਸ਼ ਵਿੱਚੋਂ, ਲੇਵੀ ਦਾ ਪੁੱਤਰ ਅਤੇ ਇਸਰਾਏਲ ਦਾ ਪੋਤਾ ਸੀ, ਨਾਲੇ ਸ਼ੇਰੇਬਯਾਹ ਦੇ ਪੁੱਤਰਾਂ ਅਤੇ ਭਰਾਵਾਂ ਨੂੰ ਵੀ ਲਿਆਏ, ਕੁੱਲ ਅਠਾਰਾਂ ਪੁਰਖਾਂ ਨੂੰ,19ਅਤੇ ਹਸ਼ਬਯਾਹ ਨੂੰ ਤੇ ਉਸ ਦੇ ਨਾਲ ਮਰਾਰੀਆਂ ਵਿੱਚੋਂ ਯਸਾਯਾਹ ਨੂੰ ਅਤੇ ਉਸ ਦੇ ਭਰਾਵਾਂ ਅਤੇ ਉਨ੍ਹਾਂ ਦੇ ਪੁੱਤਰਾਂ ਨਾਲ ਕੁੱਲ ਵੀਹ ਪੁਰਖਾਂ ਨੂੰ20ਅਤੇ ਨਥੀਨੀਮੀਆਂ ਵਿੱਚੋਂ, ਜਿਨ੍ਹਾਂ ਨੂੰ ਦਾਊਦ ਅਤੇ ਹਾਕਮਾਂ ਨੇ ਲੇਵੀਆਂ ਦੀ ਸੇਵਾ ਕਰਨ ਲਈ ਨਿਯੁਕਤ ਕੀਤਾ ਸੀ, ਦੋ ਸੌ ਵੀਹ ਨਥੀਨੀਮੀਆਂ ਨੂੰ ਲੈ ਆਏ । ਉਨ੍ਹਾਂ ਸਾਰਿਆਂ ਦੇ ਨਾਮ ਲਿਖੇ ਗਏ ਸਨ ।
ਵਰਤ ਅਤੇ ਪ੍ਰਾਰਥਨਾ ਵਿੱਚ ਅਜ਼ਰਾ ਦੁਆਰਾ ਅਗਵਾਈ ਕਰਨਾ

21ਤਦ ਮੈਂ ਉੱਥੇ ਅਰਥਾਤ ਅਹਵਾ ਨਦੀ ਦੇ ਕੰਢੇ ਤੇ ਵਰਤ ਰੱਖਣ ਦੀ ਘੋਸ਼ਣਾ ਕੀਤੀ ਤਾਂ ਜੋ ਅਸੀਂ ਆਪਣੇ ਪਰਮੇਸ਼ੁਰ ਦੇ ਸਨਮੁਖ ਹਲੀਮ ਹੋ ਕੇ ਆਪਣੇ ਲਈ, ਆਪਣੇ ਬੱਚਿਆਂ ਲਈ ਅਤੇ ਆਪਣੇ ਸਾਰੇ ਮਾਲ-ਧਨ ਦੇ ਲਈ ਉਸ ਤੋਂ ਸੁਰੱਖਿਅਤ ਸਫ਼ਰ ਮੰਗੀਏ ।22ਕਿਉਂ ਜੋ ਮੈਂ ਸ਼ਰਮ ਦੇ ਮਾਰੇ ਰਾਜਾ ਤੋਂ ਸਿਪਾਹੀਆਂ ਦੇ ਜੱਥੇ ਤੇ ਘੋੜ ਸਵਾਰ ਨਾ ਮੰਗੇ ਕਿ ਰਾਹ ਵਿੱਚ ਵੈਰੀਆਂ ਦੇ ਵਿਰੁੱਧ ਸਾਡੀ ਸਹਾਇਤਾ ਕਰਨ, ਕਿਉਂ ਜੋ ਅਸੀਂ ਰਾਜਾ ਨੂੰ ਕਿਹਾ ਸੀ, "ਸਾਡੇ ਪਰਮੇਸ਼ੁਰ ਦਾ ਹੱਥ ਭਲਿਆਈ ਦੇ ਲਈ ਉਨ੍ਹਾਂ ਸਾਰਿਆਂ ਦੇ ਨਾਲ ਹੈ, ਜੋ ਉਸ ਦੀ ਭਾਲ ਕਰਦੇ ਹਨ, ਪਰ ਉਸ ਦਾ ਬਲ ਤੇ ਕ੍ਰੋਧ ਉਨ੍ਹਾਂ ਸਾਰਿਆਂ ਦੇ ਵਿਰੁੱਧ ਹੈ, ਜੋ ਉਸ ਨੂੰ ਤਿਆਗ ਦਿੰਦੇ ਹਨ ।"23ਅਸੀਂ ਵਰਤ ਰੱਖ ਕੇ ਪਰਮੇਸ਼ੁਰ ਦੇ ਅੱਗੇ ਇਸ ਗੱਲ ਲਈ ਬੇਨਤੀ ਕੀਤੀ ਅਤੇ ਉਸ ਨੇ ਸਾਡੀ ਸੁਣੀ ।
ਭਵਨ ਦੇ ਲਈ ਭੇਟ

24ਤਦ ਮੈਂ ਸਰਦਾਰ ਜਾਜਕਾਂ ਵਿੱਚੋਂ ਬਾਰਾਂ ਨੂੰ ਅਰਥਾਤ ਸ਼ੇਰਬਯਾਹ, ਹਸ਼ਬਯਾਹ ਨੂੰ ਅਤੇ ਉਹਨਾਂ ਦੇ ਭਰਾਵਾਂ ਵਿੱਚੋਂ ਦਸ ਨੂੰ ਵੱਖਰਾ ਕੀਤਾ25ਅਤੇ ਉਨ੍ਹਾਂ ਨੂੰ ਉਹ ਚਾਂਦੀ, ਸੋਨਾ ਤੇ ਭਾਂਡੇ ਜੋ ਪਰਮੇਸ਼ੁਰ ਦੇ ਭਵਨ ਲਈ ਰਾਜਾ, ਅਤੇ ਉਸ ਦੇ ਮੰਤਰੀਆਂ, ਹਾਕਮਾਂ ਅਤੇ ਸਾਰੇ ਇਸਰਾਏਲ ਨੇ ਜੋ ਉੱਥੇ ਹਾਜ਼ਰ ਸਨ ਭੇਟ ਕੀਤੇ ਸਨ, ਮੈਂ ਤੋਲ ਕੇ ਉਨ੍ਹਾਂ ਨੂੰ ਦੇ ਦਿੱਤੇ ।
26ਮੈਂ ਉਨ੍ਹਾਂ ਦੇ ਹੱਥ ਵਿੱਚ ਨੌ ਸੌ ਪੰਝੱਤਰ ਮਣ ਚਾਂਦੀ, ਡੇਢ ਸੌ ਮਣ ਚਾਂਦੀ ਦੇ ਭਾਂਡੇ ਅਤੇ ਡੇਢ ਸੌ ਮਣ ਸੋਨਾ,27ਨਾਲੇ ਸੋਨੇ ਦੇ ਵੀਹ ਕਟੋਰਾਦਾਨ, ਜੋ ਹਜ਼ਾਰ ਦਾਰਕਾਂ ਦੇ ਸਨ ਅਤੇ ਚਮਕਦੇ ਖ਼ਾਲਸ ਪਿੱਤਲ ਦੇ ਦੋ ਭਾਂਡੇ ਜੋ ਸੋਨੇ ਵਰਗੇ ਬਹੁਮੁੱਲੇ ਸਨ, ਤੋਲ ਕੇ ਦਿੱਤੇ ।
28ਅਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਯਹੋਵਾਹ ਲਈ ਪਵਿੱਤਰ ਹੋਵੋ ਜਿਸ ਤਰ੍ਹਾਂ ਇਹ ਭਾਂਡੇ ਵੀ ਪਵਿੱਤਰ ਹਨ ਅਤੇ ਇਹ ਚਾਂਦੀ ਤੇ ਸੋਨਾ ਤੁਹਾਡੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਦੇ ਲਈ ਖੁਸ਼ੀ ਦੀ ਭੇਟ ਹੈ ।29ਚੌਕਸ ਰਹੋ ! ਜਦ ਤੱਕ ਤੁਸੀਂ ਯਰੂਸ਼ਲਮ ਵਿੱਚ ਪ੍ਰਧਾਨ ਜਾਜਕਾਂ ਤੇ ਲੇਵੀਆਂ ਅਤੇ ਇਸਰਾਏਲ ਦੇ ਬਜ਼ੁਰਗਾਂ ਦੇ ਘਰਾਣਿਆਂ ਦੇ ਆਗੂਆਂ ਦੇ ਸਾਹਮਣੇ, ਯਹੋਵਾਹ ਦੇ ਭਵਨ ਦੀਆਂ ਕੋਠੜੀਆਂ ਵਿੱਚ ਉਨ੍ਹਾਂ ਨੂੰ ਤੋਲ ਕੇ ਨਾ ਦਿਓ, ਤਦ ਤੱਕ ਇਨ੍ਹਾਂ ਦੀ ਰਾਖੀ ਕਰੋ ।30ਤਦ ਜਾਜਕਾਂ ਤੇ ਲੇਵੀਆਂ ਨੇ ਸੋਨੇ, ਚਾਂਦੀ ਅਤੇ ਭਾਂਡਿਆਂ ਨੂੰ ਤੋਲ ਕੇ ਲੈ ਲਿਆ ਤਾਂ ਜੋ ਉਨ੍ਹਾਂ ਨੂੰ ਯਰੂਸ਼ਲਮ ਵਿੱਚ ਸਾਡੇ ਪਰਮੇਸ਼ੁਰ ਦੇ ਭਵਨ ਵਿੱਚ ਪਹੁੰਚਾ ਦੇਣ ।
ਯਰੂਸ਼ਲਮ ਦੇ ਵੱਲ ਸਫ਼ਰ

31ਫਿਰ ਅਸੀਂ ਪਹਿਲੇ ਮਹੀਨੇ ਦੇ ਬਾਹਰਵੇਂ ਦਿਨ ਯਰੂਸ਼ਲਮ ਨੂੰ ਜਾਣ ਲਈ ਅਹਵਾ ਦੀ ਨਦੀ ਤੋਂ ਕੂਚ ਕੀਤਾ, ਅਤੇ ਸਾਡੇ ਪਰਮੇਸ਼ੁਰ ਦਾ ਹੱਥ ਸਾਡੇ ਉੱਤੇ ਸੀ, ਅਤੇ ਉਸ ਨੇ ਸਾਨੂੰ ਵੈਰੀਆਂ ਅਤੇ ਰਾਹ ਵਿੱਚ ਘਾਤ ਲਾਉਣ ਵਾਲਿਆਂ ਦੇ ਹੱਥਾਂ ਤੋਂ ਬਚਾਇਆ ।32ਇਸ ਲਈ ਅਸੀਂ ਯਰੂਸ਼ਲਮ ਦੇ ਵਿੱਚ ਪਹੁੰਚ ਕੇ ਤਿੰਨ ਦਿਨ ਤੱਕ ਉੱਥੇ ਰਹੇ
33ਅਤੇ ਚੌਥੇ ਦਿਨ ਉਹ ਚਾਂਦੀ, ਸੋਨਾ ਅਤੇ ਭਾਂਡੇ ਸਾਡੇ ਪਰਮੇਸ਼ੁਰ ਦੇ ਭਵਨ ਵਿੱਚ ਊਰੀਯਾਹ ਦੇ ਪੁੱਤਰ ਮਰੇਮੋਥ ਦੇ ਹੱਥ ਵਿੱਚ ਤੋਲ ਕੇ ਦੇ ਦਿੱਤੇ ਗਏ । ਉਸ ਦੇ ਨਾਲ ਫੀਨਹਾਸ ਦਾ ਪੁੱਤਰ ਅਲਆਜ਼ਾਰ ਸੀ ਅਤੇ ਉਹਨਾਂ ਦੇ ਨਾਲ ਇਹ ਲੇਵੀ ਸਨ - ਯਸ਼ੂਆ ਦਾ ਪੁੱਤਰ ਯੋਜ਼ਾਬਾਦ ਅਤੇ ਬਿੰਨੂਈ ਦਾ ਪੁੱਤਰ ਨੋਅਦਯਾਹ ।34ਉਹਨਾਂ ਸਾਰੀਆਂ ਵਸਤੂਆਂ ਨੂੰ ਗਿਣ ਕੇ ਅਤੇ ਤੋਲ ਕੇ, ਉਨ੍ਹਾਂ ਦਾ ਪੂਰਾ ਤੋਲ ਉਸੇ ਸਮੇਂ ਲਿਖ ਲਿਆ ਗਿਆ ।
35ਗ਼ੁਲਾਮੀ ਤੋਂ ਮੁੜੇ ਹੋਏ ਲੋਕਾਂ ਨੇ ਇਸਰਾਏਲ ਦੇ ਪਰਮੇਸ਼ੁਰ ਦੇ ਲਈ ਹੋਮ ਬਲੀਆਂ ਚੜ੍ਹਾਈਆਂ । ਸਾਰੇ ਇਸਰਾਏਲ ਦੇ ਲਈ ਬਾਰਾਂ ਵਹਿੜੇ, ਛਿਆਨਵੇਂ ਭੇਡੂ, ਸਤੱਤਰ ਲੇਲੇ ਅਤੇ ਪਾਪ ਬਲੀ ਦੇ ਲਈ ਬਾਰਾਂ ਬੱਕਰੇ, ਇਹ ਸਭ ਪਰਮੇਸ਼ੁਰ ਦੇ ਲਈ ਹੋਮ ਬਲੀ ਸਨ ।36ਤਦ ਉਹਨਾਂ ਨੇ ਰਾਜਾ ਦੀ ਆਗਿਆ ਨੂੰ ਦਰਿਆ ਪਾਰ ਦੇ ਅਧਿਕਾਰੀਆਂ ਅਤੇ ਹਾਕਮਾਂ ਨੂੰ ਦਿੱਤਾ ਅਤੇ ਉਨ੍ਹਾਂ ਨੇ ਇਸਰਾਏਲੀ ਲੋਕਾਂ ਦੀ ਪਰਮੇਸ਼ੁਰ ਦੇ ਭਵਨ ਦੇ ਕੰਮ ਵਿੱਚ ਸਹਾਇਤਾ ਕੀਤੀ ।

9
ਅਸ਼ੁੱਧ ਵਿਆਹ ਸੰਬੰਧ

1ਜਦ ਇਹ ਸਭ ਕੁਝ ਹੋ ਚੁੱਕਿਆ ਤਾਂ ਆਗੂਆਂ ਨੇ ਮੇਰੇ ਕੋਲ ਆ ਕੇ ਕਿਹਾ, "ਇਸਰਾਏਲ ਦੀ ਪਰਜਾ, ਜਾਜਕ ਤੇ ਲੇਵੀ ਇਸ ਦੇਸ਼ ਦੀਆਂ ਕੌਮਾਂ ਤੋਂ ਵੱਖਰੇ ਨਹੀਂ ਰਹੇ, ਪਰ ਕਨਾਨੀਆਂ, ਹਿੱਤੀਆਂ, ਫਰਿੱਜੀਆਂ, ਯਬੂਸੀਆਂ, ਅੰਮੋਨੀਆਂ, ਮੋਆਬੀਆਂ, ਮਿਸਰੀਆਂ ਅਤੇ ਅਮੋਰੀਆਂ ਦੇ ਘਿਣਾਉਣੇ ਕੰਮਾਂ ਦੇ ਅਨੁਸਾਰ ਕੰਮ ਕਰਦੇ ਹਨ ।2ਕਿਉਂ ਜੋ ਉਹਨਾਂ ਨੇ ਉਨ੍ਹਾਂ ਦੀਆਂ ਧੀਆਂ, ਆਪਣੇ ਲਈ ਤੇ ਆਪਣੇ ਪੁੱਤਰਾਂ ਲਈ ਵਿਆਹ ਲਈਆਂ ਹਨ ਅਤੇ ਪਵਿੱਤਰ ਪਰਜਾ ਇਸ ਦੇਸ਼ ਦੀਆਂ ਕੌਮਾਂ ਵਿੱਚ ਰਲ ਮਿਲ ਗਈ ਹੈ, ਅਤੇ ਇਸ ਧੋਖੇ ਵਿੱਚ ਆਗੂ ਅਤੇ ਹਾਕਮ ਸਭ ਤੋਂ ਅੱਗੇ ਹਨ ।"

3ਜਦ ਮੈਂ ਇਹ ਗੱਲ ਸੁਣੀ ਤਾਂ ਆਪਣੇ ਬਸਤਰ ਅਤੇ ਆਪਣੀ ਚਾਦਰ ਪਾੜ ਦਿੱਤੀ ਅਤੇ ਆਪਣੇ ਸਿਰ ਤੇ ਦਾੜ੍ਹੀ ਦੇ ਵਾਲ ਪੁੱਟੇ ਅਤੇ ਸੁੰਨ ਹੋ ਕੇ ਬੈਠ ਗਿਆ ।4ਤਦ ਉਹ ਸਾਰੇ ਜਿਹੜੇ ਇਸਰਾਏਲ ਦੇ ਪਰਮੇਸ਼ੁਰ ਦੀਆਂ ਗੱਲਾਂ ਤੋਂ ਕੰਬਦੇ ਸਨ, ਉਨ੍ਹਾਂ ਲੋਕਾਂ ਦੇ ਧੋਖੇ ਦੇ ਕਾਰਨ ਜੋ ਗ਼ੁਲਾਮੀ ਤੋਂ ਮੁੜ ਆਏ ਸਨ, ਮੇਰੇ ਕੋਲ ਇੱਕਠੇ ਹੋ ਗਏ ਅਤੇ ਮੈਂ ਸ਼ਾਮ ਦੀ ਬਲੀ ਚੜ੍ਹਾਉਣ ਤੱਕ ਸੁੰਨ ਹੋ ਕੇ ਬੈਠਿਆ ਰਿਹਾ ।
5ਸ਼ਾਮ ਦੀ ਬਲੀ ਚੜ੍ਹਾਉਣ ਦੇ ਸਮੇਂ, ਮੈਂ ਵਰਤ ਤੋਂ ਉੱਠਿਆ ਅਤੇ ਆਪਣੇ ਬਸਤਰ ਅਤੇ ਆਪਣੀ ਚਾਦਰ ਪਾੜ ਕੇ, ਆਪਣੇ ਗੋਡਿਆਂ ਉੱਤੇ ਝੁੱਕਿਆ ਅਤੇ ਆਪਣੇ ਪਰਮੇਸ਼ੁਰ ਯਹੋਵਾਹ ਦੇ ਅੱਗੇ ਆਪਣੇ ਹੱਥ ਫੈਲਾਏ ।

6ਤਦ ਮੈਂ ਇਹ ਪ੍ਰਾਰਥਨਾ ਕੀਤੀ, "ਹੇ ਮੇਰੇ ਪਰਮੇਸ਼ੁਰ ! ਮੈਂ ਆਪਣਾ ਮੂੰਹ ਤੇਰੀ ਵੱਲ ਚੁੱਕਣ ਤੋਂ ਸ਼ਰਮਿੰਦਾ ਹਾਂ ਅਤੇ ਹੇ ਮੇਰੇ ਪਰਮੇਸ਼ੁਰ ! ਮੈਂ ਬੇਇੱਜ਼ਤ ਹੋ ਗਿਆ ਹਾਂ, ਕਿਉਂ ਜੋ ਸਾਡੇ ਅਪਰਾਧ ਸਾਡੇ ਸਿਰ ਤੋਂ ਵੀ ਉੱਪਰ ਤੱਕ ਵੱਧ ਗਏ ਹਨ ਅਤੇ ਸਾਡੀ ਬੁਰਿਆਈ ਅਕਾਸ਼ ਤੱਕ ਪਹੁੰਚ ਗਈ ਹੈ ।
7ਆਪਣੇ ਪਿਉ-ਦਾਦਿਆਂ ਦੇ ਦਿਨਾਂ ਤੋਂ, ਅੱਜ ਦੇ ਦਿਨ ਤੱਕ ਅਸੀਂ ਵੱਡੀ ਬੁਰਿਆਈ ਕਰਦੇ ਰਹੇ ਹਾਂ ਅਤੇ ਆਪਣੇ ਅਪਰਾਧਾਂ ਦੇ ਕਾਰਨ ਅਸੀਂ ਅਤੇ ਸਾਡੇ ਰਾਜੇ, ਤੇ ਸਾਡੇ ਜਾਜਕ ਇਨ੍ਹਾਂ ਦੇਸ਼ਾਂ ਦੇ ਰਾਜਿਆਂ ਦੇ ਹੱਥ ਵਿੱਚ, ਤਲਵਾਰ ਲਈ, ਗ਼ੁਲਾਮੀ ਲਈ, ਲੁੱਟੇ ਜਾਣ ਲਈ, ਅਤੇ ਬੇਇੱਜ਼ਤ ਹੋਣ ਲਈ ਉਨ੍ਹਾਂ ਦੇ ਹਵਾਲੇ ਕੀਤੇ ਜਾਂਦੇ ਰਹੇ ਹਾਂ, ਜਿਵੇਂ ਕਿ ਅੱਜ ਦੇ ਦਿਨ ਹੈ ।
8ਪਰ ਹੁਣ ਕੁਝ ਦਿਨਾਂ ਤੋਂ ਯਹੋਵਾਹ ਸਾਡੇ ਪਰਮੇਸ਼ੁਰ ਦੀ ਦਯਾ ਸਾਡੇ ਉੱਤੇ ਹੋਈ ਹੈ ਅਤੇ ਉਸ ਨੇ ਸਾਡੇ ਵਿੱਚੋਂ ਕੁਝ ਨੂੰ ਬਚਾ ਲਿਆ ਹੈ ਅਤੇ ਸਾਨੂੰ ਆਪਣੇ ਪਵਿੱਤਰ ਸਥਾਨ ਵਿੱਚ ਇੱਕ ਮਜ਼ਬੂਤ ਕਿੱਲ ਬਣਾਇਆ ਹੈ ਤਾਂ ਜੋ ਸਾਡਾ ਪਰਮੇਸ਼ੁਰ ਸਾਡੀਆਂ ਅੱਖਾਂ ਨੂੰ ਰੋਸ਼ਨੀ ਦੇਵੇ ਅਤੇ ਗ਼ੁਲਾਮੀ ਵਿੱਚ ਸਾਨੂੰ ਥੋੜ੍ਹੀ ਜਿਹੀ ਤਸੱਲੀ ਬਖ਼ਸ਼ੇ ।9ਕਿਉਂ ਜੋ ਅਸੀਂ ਤਾਂ ਗ਼ੁਲਾਮ ਹਾਂ, ਪਰ ਸਾਡੇ ਪਰਮੇਸ਼ੁਰ ਨੇ ਸਾਨੂੰ ਸਾਡੀ ਗ਼ੁਲਾਮੀ ਵਿੱਚ ਨਹੀਂ ਛੱਡਿਆ ਸਗੋਂ ਫਾਰਸ ਦੇ ਰਾਜਿਆਂ ਦੇ ਸਾਹਮਣੇ, ਸਾਡੇ ਉੱਤੇ ਆਪਣੀ ਦਯਾ ਨੂੰ ਵਧਾਇਆ ਤਾਂ ਜੋ ਸਾਨੂੰ ਤਸੱਲੀ ਦੀ ਜਿੰਦਗੀ ਬਖ਼ਸ਼ੇ ਕਿ ਅਸੀਂ ਆਪਣੇ ਪਰਮੇਸ਼ੁਰ ਦੇ ਭਵਨ ਨੂੰ ਉਸਾਰੀਏ ਅਤੇ ਉਸ ਦੇ ਖੰਡਰਾਂ ਦੀ ਮੁਰੰਮਤ ਕਰੀਏ ਕਿ ਉਹ ਸਾਨੂੰ ਯਹੂਦਾਹ ਤੇ ਯਰੂਸ਼ਲਮ ਵਿੱਚ ਆਸਰਾ ਦੇਵੇ ।

10ਹੁਣ ਹੇ ਸਾਡੇ ਪਰਮੇਸ਼ੁਰ ! ਇਸ ਤੋਂ ਬਾਅਦ ਅਸੀਂ ਤੈਨੂੰ ਕੀ ਕਹੀਏ ? ਕਿਉਂ ਜੋ ਅਸੀਂ ਤੇਰੇ ਉਨ੍ਹਾਂ ਹੁਕਮਾਂ ਨੂੰ ਭੁਲਾ ਦਿੱਤਾ ਹੈ,11ਜਿਨ੍ਹਾਂ ਨੂੰ ਤੂੰ ਇਹ ਕਹਿ ਕੇ, ਆਪਣੇ ਦਾਸ ਨਬੀਆਂ ਦੇ ਰਾਹੀਂ ਹੁਕਮ ਦਿੱਤਾ ਸੀ ਕਿ ਉਹ ਧਰਤੀ ਜਿਸ ਨੂੰ ਤੁਸੀਂ ਕਬਜ਼ੇ ਵਿੱਚ ਲੈਣ ਲਈ ਜਾਂਦੇ ਹੋ, ਉਸ ਦੇਸ਼ ਦੀਆਂ ਕੌਮਾਂ ਦੇ ਘਿਣਾਉਣੇ ਕੰਮਾਂ ਦੇ ਕਾਰਨ ਅਪਵਿੱਤਰ ਧਰਤੀ ਹੈ, ਜਿਸ ਨੂੰ ਉਨ੍ਹਾਂ ਨੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਭਰਿਸ਼ਟ ਕਰ ਛੱਡਿਆ ਹੈ ।12ਹੁਣ ਤੁਸੀਂ ਆਪਣੀਆਂ ਧੀਆਂ ਉਨ੍ਹਾਂ ਦੇ ਪੁੱਤਰਾਂ ਨੂੰ ਨਾ ਵਿਆਹੁਣਾ ਅਤੇ ਨਾ ਉਨ੍ਹਾਂ ਦੀਆਂ ਧੀਆਂ ਨਾਲ ਆਪਣੇ ਪੁੱਤਰਾਂ ਦਾ ਵਿਆਹ ਕਰਨਾ ਅਤੇ ਨਾ ਹੀ ਉਨ੍ਹਾਂ ਦੀ ਸਲਾਮਤੀ ਤੇ ਵਾਧਾ ਚਾਹੁਣਾ ਤਾਂ ਜੋ ਤੁਸੀਂ ਤਕੜੇ ਰਹੋ ਅਤੇ ਉਸ ਧਰਤੀ ਦੇ ਪਦਾਰਥ ਖਾਉ ਅਤੇ ਉਸ ਨੂੰ ਆਪਣੇ ਵੰਸ਼ ਲਈ ਸਦੀਪਕ ਕਾਲ ਦੀ ਮਿਲਖ ਹੋਣ ਲਈ ਛੱਡ ਜਾਉ ।
13ਇਨ੍ਹਾਂ ਸਾਰੀਆਂ ਮੁਸੀਬਤਾਂ ਦੇ ਬਾਅਦ, ਜਿਹੜੀਆਂ ਸਾਡੇ ਬੁਰੇ ਕੰਮਾਂ ਅਤੇ ਸਾਡੇ ਵੱਡੇ ਦੋਸ਼ਾਂ ਦੇ ਕਾਰਨ ਸਾਡੇ ਉੱਤੇ ਆਈਆਂ, ਹੇ ਸਾਡੇ ਪਰਮੇਸ਼ੁਰ ! ਤੂੰ ਸਾਨੂੰ ਸਾਡੇ ਪਾਪਾਂ ਦੇ ਜੋਗ ਬਹੁਤ ਘੱਟ ਸਜ਼ਾ ਦਿੱਤੀ ਅਤੇ ਸਾਨੂੰ ਛੁਟਕਾਰਾ ਦਿੱਤਾ ਹੈ ।14ਕੀ ਅਸੀਂ ਫੇਰ ਤੇਰੇ ਹੁਕਮਾਂ ਨੂੰ ਤੋੜੀਏ ਅਤੇ ਇਨ੍ਹਾਂ ਘਿਣਾਉਣੇ ਕੰਮ ਕਰਨ ਵਾਲੀਆਂ ਕੌਮਾਂ ਨਾਲ ਸੰਬੰਧ ਜੋੜੀਏ ? ਕੀ ਤੇਰਾ ਕ੍ਰੋਧ ਇੱਥੋਂ ਤੱਕ ਸਾਡੇ ਉੱਤੇ ਨਾ ਭੜਕੇਗਾ ਜੋ ਸਾਡਾ ਕੁਝ ਵੀ ਨਾ ਰਹੇ, ਨਾ ਕੋਈ ਬਚੇ ਅਤੇ ਨਾ ਛੁਟਕਾਰਾ ਹੋਵੇ ?
15ਹੇ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ! ਤੂੰ ਧਰਮੀ ਹੈਂ ਤਾਂ ਹੀ ਅਸੀਂ ਅੱਜ ਦੇ ਦਿਨ ਤੱਕ ਬਚੇ ਹੋਏ ਹਾਂ । ਵੇਖ ਅਸੀਂ ਆਪਣੇ ਅਪਰਾਧਾਂ ਦੇ ਵਿੱਚ ਤੇਰੇ ਸਾਹਮਣੇ ਹਾਂ, ਕਿਉਂਕਿ ਕੌਣ ਹੈ ਜੋ ਇਨ੍ਹਾਂ ਦੇ ਕਾਰਨ ਤੇਰੇ ਸਾਹਮਣੇ ਖੜਾ ਰਹਿ ਸਕੇ ? "

10
ਗੈਰ-ਕੌਮੀ ਇਸਤਰੀਆਂ ਨੂੰ ਦੂਰ ਕਰਨਾ

1ਜਦ ਅਜ਼ਰਾ ਨੇ ਪਰਮੇਸ਼ੁਰ ਦੇ ਭਵਨ ਦੇ ਅੱਗੇ ਡਿੱਗ ਕੇ ਪ੍ਰਾਰਥਨਾ ਕੀਤੀ ਅਤੇ ਰੋ-ਰੋ ਕੇ ਪਾਪਾਂ ਦਾ ਇਕਰਾਰ ਕੀਤਾ ਤਾਂ ਇਸਰਾਏਲ ਵਿੱਚੋਂ ਪੁਰਖਾਂ, ਇਸਤਰੀਆਂ ਅਤੇ ਬੱਚਿਆਂ ਦੀ ਇੱਕ ਬਹੁਤ ਵੱਡੀ ਸਭਾ ਉਸ ਦੇ ਕੋਲ ਇਕੱਠੀ ਹੋ ਗਈ ਅਤੇ ਲੋਕ ਫੁੱਟ-ਫੁੱਟ ਕੇ ਰੋਂਦੇ ਸਨ ।2ਤਦ ਏਲਾਮ ਦੇ ਪੁੱਤਰਾਂ ਵਿੱਚੋਂ, ਯਹੀਏਲ ਦੇ ਪੁੱਤਰ ਸ਼ਕਨਯਾਹ ਨੇ ਅਜ਼ਰਾ ਨੂੰ ਕਿਹਾ, "ਅਸੀਂ ਇਸ ਦੇਸ਼ ਦਿਆਂ ਲੋਕਾਂ ਵਿੱਚੋਂ ਗੈਰ-ਕੌਮੀ ਇਸਤਰੀਆਂ ਨਾਲ ਵਿਆਹ ਕਰਕੇ ਆਪਣੇ ਪਰਮੇਸ਼ੁਰ ਨਾਲ ਧੋਖਾ ਤਾਂ ਕੀਤਾ ਹੈ, ਪਰ ਇਸ ਸਥਿਤੀ ਵਿੱਚ ਵੀ ਇਸਰਾਏਲ ਦੇ ਲਈ ਇੱਕ ਉਮੀਦ ਹੈ ।

3ਹੁਣ ਅਸੀਂ ਆਪਣੇ ਪਰਮੇਸ਼ੁਰ ਨਾਲ ਇੱਕ ਨੇਮ ਬੰਨ੍ਹੀਏ ਅਤੇ ਇਨ੍ਹਾਂ ਸਾਰੀਆਂ ਇਸਤਰੀਆਂ ਅਤੇ ਇਨ੍ਹਾਂ ਦੇ ਬੱਚਿਆਂ ਨੂੰ, ਪਰਮੇਸ਼ੁਰ ਦੀ ਆਗਿਆ ਅਤੇ ਉਨ੍ਹਾਂ ਦੀ ਸਲਾਹ ਨਾਲ ਜਿਹੜੇ ਸਾਡੇ ਪਰਮੇਸ਼ੁਰ ਦੇ ਹੁਕਮ ਤੋਂ ਕੰਬਦੇ ਹਨ, ਆਪਣੇ ਵਿੱਚੋਂ ਕੱਢ ਦੇਈਏ ਅਤੇ ਇਹ ਕੰਮ ਬਿਵਸਥਾ ਦੇ ਅਨੁਸਾਰ ਕੀਤਾ ਜਾਵੇ ।4ਉੱਠ, ਕਿਉਂ ਜੋ ਹੁਣ ਇਹ ਗੱਲ ਤੇਰੇ ਹੱਥ ਵਿੱਚ ਹੈ ਅਤੇ ਅਸੀਂ ਤੇਰੇ ਨਾਲ ਹਾਂ, ਇਸ ਲਈ ਤਕੜਾ ਹੋ ਕੇ ਇਹ ਕੰਮ ਕਰ !"
5ਤਦ ਅਜ਼ਰਾ ਉੱਠਿਆ ਅਤੇ ਜਾਜਕਾਂ, ਲੇਵੀਆਂ ਅਤੇ ਸਾਰੇ ਇਸਰਾਏਲੀਆਂ ਨੂੰ ਸੌਂਹ ਦਿੱਤੀ ਕਿ ਅਸੀਂ ਇਸੇ ਬਚਨ ਦੇ ਅਨੁਸਾਰ ਇਹ ਕੰਮ ਕਰਾਂਗੇ ਅਤੇ ਉਨ੍ਹਾਂ ਨੇ ਉਸੇ ਤਰ੍ਹਾਂ ਸੌਂਹ ਖਾਧੀ ।

6ਤਾਂ ਅਜ਼ਰਾ ਪਰਮੇਸ਼ੁਰ ਦੇ ਭਵਨ ਦੇ ਅੱਗਿਓਂ ਉੱਠਿਆ ਅਤੇ ਅਲਯਾਸੀਬ ਦੇ ਪੁੱਤਰ ਯੋਹਾਨਾਨ ਦੀ ਕੋਠੜੀ ਵਿੱਚ ਗਿਆ, ਅਤੇ ਉੱਥੇ ਜਾ ਕੇ ਨਾ ਰੋਟੀ ਖਾਧੀ ਤੇ ਨਾ ਪਾਣੀ ਪੀਤਾ, ਕਿਉਂ ਜੋ ਉਹ ਗ਼ੁਲਾਮੀ ਤੋਂ ਮੁੜ ਕੇ ਆਏ ਹੋਏ ਲੋਕਾਂ ਦੇ ਧੋਖੇ ਦੇ ਕਾਰਨ ਰੋਂਦਾ ਰਿਹਾ ।
7ਤਾਂ ਉਨ੍ਹਾਂ ਨੇ ਯਹੂਦਾਹ ਤੇ ਯਰੂਸ਼ਲਮ ਵਿੱਚ ਗ਼ੁਲਾਮੀ ਤੋਂ ਮੁੜ ਕੇ ਆਏ ਹੋਏ ਸਾਰੇ ਲੋਕਾਂ ਲਈ ਮੁਨਾਦੀ ਕਰਵਾਈ ਕਿ ਉਹ ਯਰੂਸ਼ਲਮ ਵਿੱਚ ਇਕੱਠੇ ਹੋ ਜਾਣ ।8ਅਤੇ ਜੋ ਕੋਈ ਹਾਕਮਾਂ ਅਤੇ ਬੁਜ਼ਰਗਾਂ ਦੀ ਸਲਾਹ ਅਨੁਸਾਰ ਤਿੰਨ ਦਿਨਾਂ ਵਿੱਚ ਨਾ ਆਵੇ, ਉਸ ਦਾ ਸਾਰਾ ਮਾਲ-ਧਨ ਨਾਸ਼ ਕੀਤਾ ਜਾਵੇਗਾ ਅਤੇ ਉਸ ਨੂੰ ਗ਼ੁਲਾਮੀ ਤੋਂ ਮੁੜੇ ਹੋਇਆਂ ਦੀ ਸਭਾ ਵਿੱਚੋਂ ਛੇਕਿਆ ਜਾਵੇਗਾ ।

9ਤਾਂ ਯਹੂਦਾਹ ਅਤੇ ਬਿਨਯਾਮੀਨ ਦੇ ਸਾਰੇ ਮਨੁੱਖ ਤਿੰਨ ਦਿਨਾਂ ਦੇ ਵਿੱਚ ਯਰੂਸ਼ਲਮ ਵਿੱਚ ਇੱਕਠੇ ਹੋਏ । ਇਹ ਨੌਵੇਂ ਮਹੀਨੇ ਦੀ ਵੀਹ ਤਰੀਖ ਸੀ ਅਤੇ ਸਾਰੀ ਪਰਜਾ ਪਰਮੇਸ਼ੁਰ ਦੇ ਭਵਨ ਦੇ ਵਿਹੜੇ ਵਿੱਚ ਬੈਠੀ ਹੋਈ, ਇਸ ਗੱਲ ਦੇ ਕਾਰਨ ਅਤੇ ਤੇਜ਼ ਮੀਂਹ ਦੇ ਕਾਰਨ ਕੰਬਦੀ ਸੀ ।

10ਤਦ ਅਜ਼ਰਾ ਜਾਜਕ ਉੱਠਿਆ ਅਤੇ ਉਨ੍ਹਾਂ ਨੂੰ ਕਿਹਾ, "ਤੁਸੀਂ ਧੋਖਾ ਕੀਤਾ ਹੈ, ਅਤੇ ਗੈਰ-ਕੌਮੀ ਇਸਤਰੀਆਂ ਨਾਲ ਵਿਆਹ ਕਰਕੇ ਇਸਰਾਏਲ ਦੇ ਦੋਸ਼ ਨੂੰ ਵਧਾਇਆ ਹੈ ।
11ਹੁਣ ਤੁਸੀਂ ਯਹੋਵਾਹ, ਆਪਣੇ ਪੁਰਖਿਆਂ ਦੇ ਪਰਮੇਸ਼ੁਰ ਅੱਗੇ, ਆਪਣੇ ਪਾਪਾਂ ਦਾ ਇਕਰਾਰ ਕਰੋ ਅਤੇ ਉਸ ਦੀ ਇੱਛਾ ਪੂਰੀ ਕਰੋ ਅਤੇ ਇਸ ਦੇਸ਼ ਦੇ ਲੋਕਾਂ ਤੋਂ ਅਤੇ ਗੈਰ-ਕੌਮੀ ਇਸਤਰੀਆਂ ਤੋਂ ਅਲੱਗ ਹੋ ਜਾਓ ।"
12ਤਾਂ ਸਾਰੀ ਸਭਾ ਨੇ ਉੱਤਰ ਦਿੱਤਾ ਅਤੇ ਉੱਚੀ ਅਵਾਜ਼ ਨਾਲ ਕਿਹਾ, "ਇਸੇ ਤਰ੍ਹਾਂ ਹੀ ਹੋਵੇਗਾ ! ਜਿਵੇਂ ਤੁਸੀਂ ਕਿਹਾ ਹੈ ਅਸੀਂ ਉਸੇ ਤਰ੍ਹਾਂ ਹੀ ਕਰਾਂਗੇ !"13ਪਰ ਲੋਕ ਬਹੁਤ ਸਾਰੇ ਹਨ ਅਤੇ ਇਹ ਮੀਂਹ ਦਾ ਮੌਸਮ ਹੈ, ਇਸ ਕਾਰਨ ਅਸੀਂ ਬਾਹਰ ਨਹੀਂ ਖਲੋ ਸਕਦੇ ! ਨਾਲੇ ਇਹ ਇੱਕ ਜਾਂ ਦੋ ਦਿਨ ਦਾ ਕੰਮ ਨਹੀਂ ਹੈ, ਕਿਉਂ ਜੋ ਅਸੀਂ ਇਸ ਗੱਲ ਵਿੱਚ ਵੱਡਾ ਅਪਰਾਧ ਕੀਤਾ ਹੈ !
14ਹੁਣ ਸਾਰੀ ਸਭਾ ਦੇ ਵੱਲੋਂ ਸਾਡੇ ਹਾਕਮ ਕੰਮ ਕਰਨ ਅਤੇ ਸਾਡੇ ਸ਼ਹਿਰਾਂ ਵਿੱਚੋਂ ਉਹ ਸਾਰੇ, ਜਿਨ੍ਹਾਂ ਨੇ ਗੈਰ-ਕੌਮੀ ਇਸਤਰੀਆਂ ਨਾਲ ਵਿਆਹ ਕੀਤਾ ਹੈ ਠਹਿਰਾਏ ਹੋਏ ਸਮੇਂ ਉੱਤੇ ਆਉਣ, ਅਤੇ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਸ਼ਹਿਰ ਦੇ ਬਜ਼ੁਰਗ ਅਤੇ ਨਿਆਈ ਵੀ ਆਉਣ, ਜਦ ਤੱਕ ਕਿ ਸਾਡੇ ਪਰਮੇਸ਼ੁਰ ਦਾ ਕ੍ਰੋਧ ਜੋ ਇਸ ਗੱਲ ਦੇ ਕਾਰਨ ਹੈ, ਸਾਡੇ ਤੋਂ ਮੁੜ ਨਾ ਜਾਵੇ ।"15ਸਿਰਫ਼ ਅਸਾਹੇਲ ਦਾ ਪੁੱਤਰ ਯੋਨਾਥਾਨ ਅਤੇ ਤਿਕਵਾਹ ਦਾ ਪੁੱਤਰ ਯਹਜ਼ਯਾਹ ਇਸ ਗੱਲ ਦੇ ਵਿਰੁੱਧ ਉੱਠੇ, ਅਤੇ ਮਸ਼ੁੱਲਾਮ ਤੇ ਸ਼ਬਤਈ ਲੇਵੀਆਂ ਨੇ ਉਨ੍ਹਾਂ ਦੀ ਸਹਾਇਤਾ ਕੀਤੀ

16ਪਰ ਗ਼ੁਲਾਮੀ ਤੋਂ ਮੁੜੇ ਹੋਏ ਲੋਕਾਂ ਨੇ ਉਸੇ ਤਰ੍ਹਾਂ ਹੀ ਕੀਤਾ । ਤਦ ਅਜ਼ਰਾ ਜਾਜਕ ਅਤੇ ਬਜ਼ੁਰਗਾਂ ਦੇ ਘਰਾਣਿਆਂ ਦੇ ਕਈ ਆਗੂ, ਆਪੋ ਆਪਣੇ ਬਜ਼ੁਰਗਾਂ ਦੇ ਘਰਾਣਿਆਂ ਅਨੁਸਾਰ ਆਪਣੇ ਨਾਮ ਲਿਖਾ ਕੇ ਅਲੱਗ ਹੋਏ ਅਤੇ ਇਸ ਗੱਲ ਦੀ ਜਾਂਚ-ਪੜਤਾਲ ਕਰਨ ਲਈ ਦਸਵੇਂ ਮਹੀਨੇ ਦੀ ਪਹਿਲੀ ਤਰੀਖ ਨੂੰ ਬੈਠ ਗਏ ।17ਅਤੇ ਪਹਿਲੇ ਮਹੀਨੇ ਦੀ ਪਹਿਲੀ ਤਰੀਖ ਤੱਕ ਉਨ੍ਹਾਂ ਨੇ ਉਹਨਾਂ ਸਾਰਿਆਂ ਮਨੁੱਖਾਂ ਦੀ ਜਾਂਚ-ਪੜਤਾਲ ਕੱਢ ਲਈ ਜਿਨ੍ਹਾਂ ਨੇ ਗੈਰ-ਕੌਮੀ ਇਸਤਰੀਆਂ ਨਾਲ ਵਿਆਹ ਕਰ ਲਿਆ ਸੀ ।
ਗੈਰ-ਕੌਮੀ ਇਸਤਰੀਆਂ ਨਾਲ ਵਿਆਹ ਕਰਨ ਵਾਲਿਆਂ ਦੇ ਨਾਮ

18ਅਤੇ ਜਾਜਕਾਂ ਦੇ ਪੁੱਤਰਾਂ ਵਿੱਚੋਂ ਜਿਨ੍ਹਾਂ ਨੇ ਗੈਰ-ਕੌਮੀ ਇਸਤਰੀਆਂ ਨਾਲ ਵਿਆਹ ਕੀਤਾ ਸੀ, ਉਹ ਇਹ ਸਨ: ਯੋਸਾਦਾਕ ਦੇ ਪੁੱਤਰ ਯੇਸ਼ੂਆ ਦੇ ਪੁੱਤਰਾਂ ਵਿੱਚੋਂ ਅਤੇ ਉਸ ਦੇ ਭਰਾ ਮਅਸੇਯਾਹ ਤੇ ਅਲੀਅਜ਼ਰ ਤੇ ਯਰੀਬ ਤੇ ਗਦਲਯਾਹ ।19ਉਨ੍ਹਾਂ ਨੇ ਆਪਣੀਆਂ ਪਤਨੀਆਂ ਨੂੰ ਕੱਢ ਦੇਣ ਦਾ ਬਚਨ ਦਿੱਤਾ, ਅਤੇ ਦੋਸ਼ੀ ਹੋਣ ਦੇ ਕਾਰਨ ਇੱਜੜ ਵਿੱਚੋਂ ਆਪਣੇ-ਆਪਣੇ ਲਈ ਇੱਕ-ਇੱਕ ਭੇਡੂ ਦੋਸ਼ ਦੀ ਬਲੀ ਲਈ ਚੜ੍ਹਾਇਆ ।
20ਅਤੇ ਇੰਮੇਰ ਦੇ ਪੁੱਤਰਾਂ ਵਿੱਚੋਂ - ਹਨਾਨੀ ਤੇ ਜ਼ਬਦਯਾਹ ।21ਅਤੇ ਹਾਰੀਮ ਦੇ ਪੁੱਤਰਾਂ ਵਿੱਚੋਂ - ਮਅਸ਼ੇਯਾਹ ਤੇ ਏਲੀਯਾਹ ਤੇ ਸ਼ਮਅਯਾਹ ਤੇ ਯਹੀਏਲ ਤੇ ਉੱਜ਼ੀਯਾਹ22ਅਤੇ ਪਸ਼ਹੂਰ ਦੇ ਪੁੱਤਰਾਂ ਵਿੱਚੋਂ ਅਲਯੋਏਨਈ, ਮਅਸ਼ੇਯਾਹ, ਇਸਮਾਏਲ, ਨਥਨਏਲ, ਯੋਜ਼ਾਬਾਦ ਤੇ ਅਲਆਸਾਹ

23ਅਤੇ ਲੇਵੀਆਂ ਵਿੱਚੋਂ - ਯੋਜ਼ਾਬਾਦ ਤੇ ਸ਼ਿਮਈ ਤੇ ਕੇਲਾਯਾਹ ਜੋ ਕਲੀਟਾ ਵੀ ਹੈ, ਪਥਹਯਾਹ, ਯੂਦਯਾਹ ਤੇ ਅਲੀਅਜ਼ਰ ।24ਅਤੇ ਗਾਇਕਾਂ ਵਿੱਚੋਂ - ਅਲਯਾਸ਼ੀਬ ਅਤੇ ਦਰਬਾਨਾਂ ਵਿੱਚੋਂ - ਸ਼ੱਲੁਮ ਤੇ ਟਲਮ ਤੇ ਊਰੀ ।

25ਅਤੇ ਇਸਰਾਏਲ ਵਿੱਚੋਂ - ਪਰੋਸ਼ ਦੇ ਪੁੱਤਰਾਂ ਵਿੱਚੋਂ - ਰਮਯਾਹ, ਯਿਜ਼ਯਾਹ, ਮਲਕੀਯਾਹ, ਮੀਯਾਮੀਨ, ਅਲਆਜ਼ਾਰ, ਮਲਕੀਯਾਹ ਤੇ ਬਨਾਯਾਹ
26ਅਤੇ ਏਲਾਮ ਦੇ ਪੁੱਤਰਾਂ ਵਿੱਚੋਂ - ਮੱਤਨਯਾਹ, ਜ਼ਕਰਯਾਹ, ਯਹੀਏਲ, ਅਬਦੀ, ਯਰੇਮੋਥ ਤੇ ਏਲੀਯਾਹ27ਅਤੇ ਜ਼ੱਤੂ ਦੇ ਪੁੱਤਰਾਂ ਵਿੱਚੋਂ - ਅਲਯੋਏਨਈ, ਅਲਯਾਸੀਬ, ਮੱਤਨਯਾਹ, ਯਰੇਮੋਥ, ਜ਼ਾਬਾਦ ਤੇ ਅਜ਼ੀਜ਼ਾ28ਅਤੇ ਬੋਬਈ ਦੇ ਪੁੱਤਰਾਂ ਵਿੱਚੋਂ - ਯਹੋਹਾਨਾਨ, ਹਨਨਯਾਹ, ਜ਼ੱਬਈ, ਅਥਲਈ29ਅਤੇ ਬਾਨੀ ਦੇ ਪੁੱਤਰਾਂ ਵਿੱਚੋਂ - ਮਸ਼ੁੱਲਾਮ, ਮੱਲੂਕ, ਅਦਾਯਾਹ, ਯਾਸ਼ੂਬ, ਸ਼ਆਲ ਤੇ ਰਾਮੋਥ
30ਅਤੇ ਪਹਥ-ਮੋਆਬ ਦੇ ਪੁੱਤਰਾਂ ਵਿੱਚੋਂ - ਅਦਨਾ ਤੇ ਕਲਾਲ, ਬਨਾਯਾਹ ਮਅਸੇਆਹ, ਮੱਤਨਯਾਹ, ਬਸਲੇਲ, ਬਿੰਨੂਈ ਤੇ ਮਨੱਸ਼ਹ31ਹਰੀਮ ਦੇ ਪੁੱਤਰਾਂ ਵਿੱਚੋਂ - ਅਲੀਅਜ਼ਰ, ਯਿੱਸ਼ੀਯਾਹ, ਮਲਕੀਯਾਹ, ਸ਼ਮਅਯਾਹ, ਸ਼ਿਮਓਨ32ਬਿਨਯਾਮੀਨ, ਮੱਲੂਕ ਸ਼ਮਰਯਾਹ
33ਹਾਸ਼ੁਮ ਦੇ ਪੁੱਤਰਾਂ ਵਿੱਚੋਂ - ਮਤਨਈ, ਮਤੱਤਾਹ, ਜ਼ਾਬਾਦ, ਅਲੀਫਲਟ, ਯਰੇਮਈ, ਮਨੱਸ਼ਹ ਸ਼ਿਮਈ,34ਬਾਨੀ ਦੇ ਪੁੱਤਰਾਂ ਵਿੱਚੋਂ - ਮਅਦਈ, ਅਮਰਾਮ ਤੇ ਊਏਲ,35ਬਨਾਯਾਹ, ਬੇਦਯਾਹ, ਕਲੂਹੀ,36ਵਨਯਾਹ, ਮਰੇਮੋਥ, ਅਲਯਾਸ਼ੀਬ,
37ਮੱਤਨਯਾਹ, ਮੱਤਨਈ, ਤੇ ਯਅਸਾਈ,38ਅਤੇ ਬਾਨੀ ਤੇ ਬਿੰਨੂਈ, ਸ਼ਿਮਈ,39ਅਤੇ ਸ਼ਲਮਯਾਹ, ਨਾਥਾਨ ਤੇ ਅਦਾਯਾਹ40ਮਕਦਨਬਈ, ਸ਼ਾਸ਼ਈ, ਸ਼ਾਰਈ,
41ਅਜ਼ਰੇਲ ਤੇ ਸ਼ਲਮਯਾਹ, ਸ਼ਮਰਯਾਹ,42ਸ਼ੱਲੂਮ, ਅਮਰਯਾਹ, ਯੂਸੁਫ਼43ਨਬੋ ਦੇ ਪੁੱਤਰਾਂ ਵਿੱਚੋਂ - ਯਈਏਲ, ਮੱਤਿਥਯਾਹ, ਜ਼ਾਬਾਦ, ਜ਼ਬੀਨਾ, ਯੱਦਈ, ਯੋਏਲ ਤੇ ਬਨਾਯਾਹ44ਇਹਨਾਂ ਸਾਰਿਆਂ ਨੇ ਗੈਰ-ਕੌਮੀ ਇਸਤਰੀਆਂ ਵਿਆਹ ਲਈਆਂ ਸਨ ਅਤੇ ਉਨ੍ਹਾਂ ਵਿੱਚੋਂ ਕਈ ਇਸਤਰੀਆਂ ਦੇ ਬੱਚੇ ਵੀ ਸਨ ।

ਨਹਮਯਾਹ

1
ਯਰੂਸ਼ਲਮ ਦੇ ਲਈ ਨਹਮਯਾਹ ਦੀ ਚਿੰਤਾ

1ਹਕਲਯਾਹ ਦੇ ਪੁੱਤਰ ਨਹਮਯਾਹ ਦੇ ਬਚਨ । ਇਸ ਤਰ੍ਹਾਂ ਹੋਇਆ ਕਿ ਵੀਹਵੇਂ ਸਾਲ ਦੇ ਕਿਸਲੇਵ ਮਹੀਨੇ ਵਿੱਚ, ਜਦ ਮੈਂ ਸ਼ੂਸ਼ਨ ਦੇ ਮਹਿਲ ਵਿੱਚ ਰਹਿੰਦਾ ਸੀ,2ਤਦ ਮੇਰੇ ਭਰਾਵਾਂ ਵਿੱਚੋਂ ਹਨਾਨੀ ਅਤੇ ਯਹੂਦਾਹ ਤੋਂ ਆਏ ਹੋਏ ਕਈ ਮਨੁੱਖ ਮੇਰੇ ਕੋਲ ਆਏ, ਤਾਂ ਮੈਂ ਉਹਨਾਂ ਤੋਂ ਉਨ੍ਹਾਂ ਬਚੇ ਹੋਏ ਯਹੂਦੀਆਂ ਦੇ ਬਾਰੇ ਜੋ ਗ਼ੁਲਾਮੀ ਤੋਂ ਛੁੱਟ ਗਏ ਸਨ, ਅਤੇ ਯਰੂਸ਼ਲਮ ਦੇ ਬਾਰੇ ਪੁੱਛਿਆ ।

3ਤਦ ਉਹਨਾਂ ਨੇ ਮੈਨੂੰ ਕਿਹਾ, "ਉਹ ਬਚੇ ਹੋਏ ਲੋਕ ਜਿਹੜੇ ਗ਼ੁਲਾਮੀ ਤੋਂ ਛੁੱਟ ਕੇ ਉਸ ਸੂਬੇ ਵਿੱਚ ਰਹਿੰਦੇ ਹਨ, ਉਹ ਬਹੁਤ ਦੁਰਦਸ਼ਾ ਵਿੱਚ ਹਨ ਅਤੇ ਉਹਨਾਂ ਦਾ ਨਿਰਾਦਰ ਹੁੰਦਾ ਹੈ, ਕਿਉਂਕਿ ਯਰੂਸ਼ਲਮ ਦੀ ਕੰਧਾਂ ਟੁੱਟੀਆਂ ਪਈਆਂ ਹਨ ਅਤੇ ਉਸ ਦੇ ਫਾਟਕ ਅੱਗ ਨਾਲ ਜਲੇ ਹੋਏ ਹਨ ।"
4ਇਹ ਗੱਲਾਂ ਸੁਣਦੇ ਹੀ ਮੈਂ ਬੈਠ ਕੇ ਰੋਣ ਲੱਗ ਪਿਆ ਅਤੇ ਮੈਂ ਕਈ ਦਿਨਾਂ ਤੱਕ ਵਿਰਲਾਪ ਕਰਦਾ ਰਿਹਾ ਅਤੇ ਸਵਰਗ ਦੇ ਪਰਮੇਸ਼ੁਰ ਦੇ ਸਨਮੁਖ ਵਰਤ ਰੱਖਿਆ ਅਤੇ ਇਹ ਆਖ ਕੇ ਪ੍ਰਾਰਥਨਾ ਕੀਤੀ,5"ਹੇ ਸਵਰਗ ਦੇ ਪਰਮੇਸ਼ੁਰ ਯਹੋਵਾਹ, ਹੇ ਮਹਾਨ ਅਤੇ ਭੈ ਯੋਗ ਪਰਮੇਸ਼ੁਰ ! ਤੂੰ ਜੋ ਆਪਣੇ ਪ੍ਰੇਮੀਆਂ ਅਤੇ ਆਪਣੇ ਹੁਕਮ ਮੰਨਣ ਵਾਲਿਆਂ ਨਾਲ ਆਪਣੇ ਨੇਮ ਦੀ ਪਾਲਨਾ ਕਰਦਾ ਹੈਂ ਅਤੇ ਉਨ੍ਹਾਂ ਉੱਤੇ ਦਯਾ ਕਰਦਾ ਹੈਂ,
6ਤੇਰੇ ਕੰਨ ਲੱਗੇ ਰਹਿਣ ਅਤੇ ਤੇਰੀਆਂ ਅੱਖਾਂ ਖੁਲ੍ਹੀਆਂ ਰਹਿਣ ਅਤੇ ਇਸ ਸਮੇਂ ਜੋ ਪ੍ਰਾਰਥਨਾ ਮੈਂ ਤੇਰਾ ਦਾਸ ਤੇਰੇ ਦਾਸਾਂ ਇਸਰੇਲੀਆਂ ਦੇ ਲਈ ਦਿਨ ਰਾਤ ਕਰਦਾ ਰਹਿੰਦਾ ਹਾਂ, ਉਸ ਨੂੰ ਤੂੰ ਸੁਣ ਲੈ । ਮੈਂ ਇਸਰੇਲੀਆਂ ਦੇ ਪਾਪਾਂ ਨੂੰ ਜਿਹੜੇ ਅਸੀਂ ਤੇਰੇ ਵਿਰੁੱਧ ਕੀਤੇ ਹਨ ਮੰਨ ਲੈਂਦਾ ਹਾਂ । ਹਾਂ, ਮੈਂ ਅਤੇ ਮੇਰੇ ਪਿਉ-ਦਾਦਿਆਂ ਦੇ ਘਰਾਣੇ ਨੇ ਤੇਰੇ ਵਿਰੁੱਧ ਪਾਪ ਕੀਤਾ ਹੈ ।7ਅਸੀਂ ਤੇਰੇ ਵਿਰੁੱਧ ਬਹੁਤ ਬੁਰਿਆਈ ਕੀਤੀ ਹੈ, ਅਤੇ ਅਸੀਂ ਉਨ੍ਹਾਂ ਹੁਕਮਾਂ, ਬਿਧੀਆਂ ਅਤੇ ਨਿਯਮਾਂ ਨੂੰ ਜਿਹੜੇ ਤੂੰ ਆਪਣੇ ਦਾਸ ਮੂਸਾ ਨੂੰ ਦਿੱਤੇ ਸਨ, ਨਹੀਂ ਮੰਨਿਆ ।
8ਉਸ ਬਚਨ ਨੂੰ ਯਾਦ ਕਰ, ਜਿਸ ਦਾ ਤੂੰ ਆਪਣੇ ਦਾਸ ਮੂਸਾ ਨੂੰ ਹੁਕਮ ਦਿੱਤਾ ਸੀ, 'ਜੇ ਤੁਸੀਂ ਧੋਖਾ ਕਰੋਗੇ ਤਾਂ ਮੈਂ ਤੁਹਾਨੂੰ ਦੇਸ਼-ਦੇਸ਼ ਦੇ ਲੋਕਾਂ ਵਿੱਚ ਖਿਲਾਰ ਦਿਆਂਗਾ,9ਪਰ ਜੇ ਤੁਸੀਂ ਮੇਰੀ ਵੱਲ ਮੁੜੋ ਅਤੇ ਮੇਰੇ ਹੁਕਮਾਂ ਨੂੰ ਮੰਨੋ ਅਤੇ ਉਨ੍ਹਾਂ ਦੀ ਪਾਲਨਾ ਕਰੋ, ਤੁਹਾਡੇ ਵਿੱਚੋਂ ਕੱਢੇ ਹੋਏ ਲੋਕ ਆਕਾਸ਼ ਦੇ ਆਖਰੀ ਸਿਰੇ ਤੇ ਹੋਣ, ਤਾਂ ਵੀ ਮੈਂ ਉੱਥੋਂ ਉਹਨਾਂ ਨੂੰ ਇੱਕਠੇ ਕਰ ਕੇ ਉਸ ਸਥਾਨ ਵਿੱਚ ਲਿਆਵਾਂਗਾ, ਜਿਹੜਾ ਮੈਂ ਆਪਣਾ ਨਾਮ ਵਸਾਉਣ ਲਈ ਚੁਣ ਲਿਆ ਹੈ ।'
10ਹੁਣ ਉਹ ਤੇਰੇ ਦਾਸ ਅਤੇ ਤੇਰੀ ਪਰਜਾ ਹਨ, ਜਿਨ੍ਹਾਂ ਨੂੰ ਤੂੰ ਵੱਡੇ ਬਲ ਅਤੇ ਤੱਕੜੇ ਹੱਥ ਨਾਲ ਛੁਟਕਾਰਾ ਦਿੱਤਾ ਹੈ ।11ਹੇ ਪਰਮੇਸ਼ੁਰ ਮੇਰੀ ਬੇਨਤੀ ਹੈ ਕਿ ਤੂੰ ਆਪਣੇ ਦਾਸ ਦੀ ਪ੍ਰਾਰਥਨਾ ਵੱਲ ਕੰਨ ਲਾ ਅਤੇ ਆਪਣੇ ਉਨ੍ਹਾਂ ਦਾਸਾਂ ਦੀ ਪ੍ਰਾਰਥਨਾ ਵੱਲ ਵੀ ਜਿਹੜੇ ਤੇਰੇ ਨਾਮ ਤੋਂ ਡਰਨ ਦੇ ਚਾਹਵੰਦ ਹਨ, ਅਤੇ ਅੱਜ ਤੂੰ ਆਪਣੇ ਦਾਸ ਨੂੰ ਸਫ਼ਲ ਕਰ ਅਤੇ ਉਸ ਮਨੁੱਖ ਦੇ ਅੱਗੇ ਮੈਨੂੰ ਦਯਾ ਦਾ ਭਾਗੀ ਬਣਾ ।" ਮੈਂ ਤਾਂ ਰਾਜਾ ਦਾ ਸਾਕੀ ਸੀ ।

2
ਨਹਮਯਾਹ ਦਾ ਯਰੂਸ਼ਲਮ ਵੱਲ ਪ੍ਰਸਥਾਨ

1ਫਿਰ ਇਸ ਤਰ੍ਹਾਂ ਹੋਇਆ ਕਿ ਰਾਜਾ ਅਰਤਹਸ਼ਸ਼ਤਾ ਦੇ ਵੀਹਵੇਂ ਸਾਲ ਦੇ ਨੀਸਾਨ ਮਹੀਨੇ ਵਿੱਚ ਜਦ ਮਧ ਉਸ ਦੇ ਸਾਹਮਣੇ ਲਿਆਂਦੀ ਗਈ, ਤਦ ਮੈਂ ਮਧ ਚੁੱਕ ਕੇ ਰਾਜਾ ਨੂੰ ਦਿੱਤੀ ਪਰ ਇਸ ਤੋਂ ਪਹਿਲਾਂ ਮੈਂ ਉਸ ਦੇ ਸਾਹਮਣੇ ਕਦੇ ਉਦਾਸ ਨਹੀਂ ਹੋਇਆ ਸੀ ।2ਤਦ ਰਾਜਾ ਨੇ ਮੈਨੂੰ ਪੁੱਛਿਆ, "ਤੂੰ ਬਿਮਾਰ ਤਾਂ ਨਹੀਂ ਲੱਗਦਾ, ਫਿਰ ਤੇਰਾ ਮੂੰਹ ਕਿਉਂ ਉਤਰਿਆ ਹੈ ? ਇਹ ਤੇਰੇ ਦਿਲ ਦੀ ਉਦਾਸੀ ਬਿਨ੍ਹਾਂ ਹੋਰ ਕੁਝ ਨਹੀਂ ।" ਤਦ ਮੈਂ ਬਹੁਤ ਹੀ ਡਰ ਗਿਆ ।

3ਮੈਂ ਰਾਜਾ ਨੂੰ ਕਿਹਾ, "ਰਾਜਾ ਜੁੱਗੋ-ਜੁੱਗ ਜੀਉਂਦਾ ਰਹੇ ! ਮੇਰਾ ਮੂੰਹ ਕਿਉਂ ਉਦਾਸ ਨਾ ਹੋਵੇ ਜਦ ਕਿ ਉਹ ਸ਼ਹਿਰ ਜਿੱਥੇ ਮੇਰੇ ਪੁਰਖਿਆਂ ਦੀਆਂ ਕਬਰਾਂ ਹਨ, ਉਜਾੜ ਹੋਇਆ ਪਿਆ ਹੈ ਅਤੇ ਉਸ ਦੇ ਫਾਟਕ ਅੱਗ ਨਾਲ ਜਲੇ ਹੋਏ ਹਨ ? "
4ਰਾਜਾ ਨੇ ਮੈਨੂੰ ਪੁੱਛਿਆ, ਤੂੰ ਕੀ ਚਾਹੁੰਦਾ ਹੈਂ ? " ਤਦ ਮੈਂ ਸਵਰਗ ਦੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ5ਅਤੇ ਰਾਜਾ ਨੂੰ ਕਿਹਾ, "ਜੇਕਰ ਰਾਜਾ ਨੂੰ ਚੰਗਾ ਲੱਗੇ ਅਤੇ ਜੇਕਰ ਤੁਸੀਂ ਆਪਣੇ ਦਾਸ ਤੋਂ ਪ੍ਰਸੰਨ ਹੋ, ਤਾਂ ਤੁਸੀਂ ਮੈਨੂੰ ਯਹੂਦਾਹ ਨੂੰ ਮੇਰੇ ਪੁਰਖਿਆਂ ਦੀਆਂ ਕਬਰਾਂ ਦੇ ਸ਼ਹਿਰ ਨੂੰ ਭੇਜ ਦਿਉ ਤਾਂ ਜੋ ਮੈਂ ਉਨ੍ਹਾਂ ਨੂੰ ਬਣਾਵਾਂ ।"6ਤਦ ਰਾਜਾ ਨੇ ਜਿਸ ਦੇ ਕੋਲ ਰਾਣੀ ਵੀ ਬੈਠੀ ਸੀ, ਮੈਨੂੰ ਪੁੱਛਿਆ, "ਤੇਰਾ ਸਫ਼ਰ ਕਿੰਨ੍ਹੇ ਦਿਨ ਦਾ ਹੋਵੇਗਾ ਅਤੇ ਤੂੰ ਕਦੋਂ ਵਾਪਿਸ ਮੁੜੇਂਗਾ ? " ਤਦ ਮੈਨੂੰ ਭੇਜਣਾ ਰਾਜਾ ਨੂੰ ਚੰਗਾ ਲੱਗਿਆ ਅਤੇ ਮੈਂ ਵੀ ਉਸ ਦੇ ਨਾਲ ਇੱਕ ਸਮਾਂ ਨਿਯੁਕਤ ਕਰ ਲਿਆ ।
7ਫਿਰ ਮੈਂ ਰਾਜਾ ਨੂੰ ਕਿਹਾ, "ਜੇਕਰ ਰਾਜਾ ਨੂੰ ਚੰਗਾ ਲੱਗੇ ਤਾਂ ਮੈਨੂੰ ਦਰਿਆ ਪਾਰ ਦੇ ਸੂਬਿਆਂ ਦੇ ਹਾਕਮਾਂ ਲਈ ਹੁਕਮਨਾਮੇ ਦਿੱਤੇ ਜਾਣ ਤਾਂ ਜੋ ਉਹ ਮੈਨੂੰ ਆਪਣੇ ਸ਼ਹਿਰਾਂ ਵਿੱਚੋਂ ਲੰਘਣ ਦੇਣ ਜਦੋਂ ਤੱਕ ਮੈਂ ਯਹੂਦਾਹ ਵਿੱਚ ਨਾ ਪਹੁੰਚ ਜਾਂਵਾਂ ।8ਇੱਕ ਹੁਕਮਨਾਮਾ ਆਸਾਫ਼ ਲਈ ਵੀ ਦਿੱਤਾ ਜਾਵੇ ਜੋ ਸ਼ਾਹੀ ਜੰਗਲ ਦਾ ਰਾਖਾ ਹੈ ਤਾਂ ਜੋ ਉਹ ਮੈਨੂੰ ਸ਼ਾਹੀ ਮਹਿਲ ਅਤੇ ਭਵਨ ਦੇ ਫਾਟਕਾਂ ਲਈ ਅਤੇ ਸ਼ਹਿਰ ਦੀ ਦੀਵਾਰ ਲਈ ਅਤੇ ਉਸ ਘਰ ਲਈ ਜਿਸ ਵਿੱਚ ਮੈਂ ਜਾ ਕੇ ਰਹਾਂਗਾ, ਸ਼ਤੀਰਾਂ ਲਈ ਮੈਨੂੰ ਲੱਕੜ ਦੇਵੇ ।" ਕਿਉਂਕਿ ਮੇਰੇ ਪਰਮੇਸ਼ੁਰ ਦਾ ਦਿਆਲੂ ਹੱਥ ਮੇਰੇ ਉੱਤੇ ਸੀ, ਇਸ ਲਈ ਰਾਜਾ ਨੇ ਮੇਰੀ ਬੇਨਤੀ ਸਵੀਕਾਰ ਕਰ ਲਈ ।
9ਤਦ ਮੈਂ ਦਰਿਆ ਪਾਰ ਦੇ ਹਾਕਮਾਂ ਕੋਲ ਗਿਆ ਅਤੇ ਸ਼ਾਹੀ ਹੁਕਮਨਾਮੇ ਉਨ੍ਹਾਂ ਨੂੰ ਦਿੱਤੇ । ਰਾਜਾ ਨੇ ਮੇਰੇ ਨਾਲ ਫ਼ੌਜੀ ਸਰਦਾਰ ਅਤੇ ਸਵਾਰ ਵੀ ਭੇਜੇ ਸਨ ।

10ਜਦ ਸਨਬਲਟ ਹੋਰੋਨੀ ਅਤੇ ਟੋਬੀਯਾਹ ਅੰਮੋਨੀ ਨੇ ਜੋ ਕਰਮਚਾਰੀ ਸਨ, ਇਹ ਸੁਣਿਆ ਕਿ ਇੱਕ ਮਨੁੱਖ ਆਇਆ ਹੈ ਜੋ ਇਸਰਾਏਲੀਆਂ ਦੀ ਭਲਿਆਈ ਚਾਹੁੰਦਾ ਹੈ, ਤਾਂ ਉਨ੍ਹਾਂ ਨੇ ਬਹੁਤ ਬੁਰਾ ਮੰਨਿਆ ।
11ਜਦ ਮੈਂ ਯਰੂਸ਼ਲਮ ਪਹੁੰਚ ਗਿਆ, ਤਾਂ ਤਿੰਨ ਦਿਨ ਉੱਥੇ ਰਿਹਾ ।12ਤਦ ਮੈਂ ਆਪਣੇ ਨਾਲ ਦੇ ਕੁਝ ਹੋਰ ਮਨੁੱਖਾਂ ਨੂੰ ਲੈ ਕੇ ਰਾਤ ਨੂੰ ਉੱਠਿਆ, ਅਤੇ ਜਿਹੜਾ ਕੰਮ ਮੇਰੇ ਪਰਮੇਸ਼ੁਰ ਨੇ ਮੇਰੇ ਦਿਲ ਵਿੱਚ ਯਰੂਸ਼ਲਮ ਲਈ ਕਰਨ ਨੂੰ ਪਾਇਆ ਸੀ, ਉਹ ਮੈਂ ਕਿਸੇ ਨੂੰ ਨਾ ਦੱਸਿਆ । ਮੇਰੀ ਸਵਾਰੀ ਦੇ ਪਸ਼ੂ ਤੋਂ ਬਿਨ੍ਹਾਂ ਹੋਰ ਕੋਈ ਪਸ਼ੂ ਮੇਰੇ ਨਾਲ ਨਹੀਂ ਸੀ ।
13ਅਤੇ ਮੈਂ ਰਾਤ ਨੂੰ ਵਾਦੀ ਦੇ ਫਾਟਕ ਤੋਂ ਨਿੱਕਲ ਕੇ ਨਾਗ ਦੇ ਸੋਤੇ ਦੇ ਸਾਹਮਣੇ ਅਤੇ ਕੂੜੇ ਦੇ ਫਾਟਕ ਕੋਲ ਗਿਆ ਅਤੇ ਯਰੂਸ਼ਲਮ ਦੀਆਂ ਟੁੱਟੀਆਂ ਹੋਈਆਂ ਕੰਧਾਂ ਨੂੰ ਅਤੇ ਅੱਗ ਦੇ ਜਲੇ ਹੋਏ ਫਾਟਕਾਂ ਨੂੰ ਵੇਖਿਆ ।14ਫੇਰ ਮੈਂ ਅੱਗੇ ਲੰਘ ਕੇ ਚਸ਼ਮਾ ਫਾਟਕ ਅਤੇ ਰਾਜਾ ਦੇ ਤਲਾਬ ਕੋਲ ਗਿਆ, ਪਰ ਉੱਥੇ ਮੇਰੀ ਸਵਾਰੀ ਦੇ ਪਸ਼ੂ ਲਈ ਅੱਗੇ ਲੰਘਣ ਲਈ ਕੋਈ ਸਥਾਨ ਨਹੀਂ ਸੀ ।
15ਫੇਰ ਮੈਂ ਰਾਤ ਨੂੰ ਹੀ ਨਾਲੇ ਵੱਲ ਚੜ੍ਹ ਗਿਆ ਅਤੇ ਕੰਧ ਨੂੰ ਵੇਖਦਾ ਹੋਇਆ ਘੁੰਮ ਕੇ ਵਾਦੀ ਦੇ ਫਾਟਕ ਰਾਹੀਂ ਵਾਪਿਸ ਮੁੜ ਆਇਆ ।16ਹਾਕਮਾਂ ਨੂੰ ਪਤਾ ਨਾ ਲੱਗਿਆ ਕਿ ਮੈਂ ਕਿੱਥੇ ਗਿਆ ਸੀ ਅਤੇ ਕੀ ਕੀਤਾ, ਸਗੋਂ ਮੈਂ ਉਸ ਸਮੇਂ ਤੱਕ ਨਾ ਤਾਂ ਯਹੂਦੀਆਂ ਨੂੰ ਅਤੇ ਨਾ ਜਾਜਕਾਂ ਨੂੰ, ਨਾ ਸਾਮੰਤਾਂ ਨੂੰ, ਨਾ ਹਾਕਮਾਂ ਨੂੰ ਅਤੇ ਨਾ ਹੀ ਹੋਰ ਕੰਮ ਕਰਨ ਵਾਲਿਆਂ ਨੂੰ ਕੁਝ ਦੱਸਿਆ ਸੀ
17ਤਦ ਮੈਂ ਉਨ੍ਹਾਂ ਨੂੰ ਕਿਹਾ, "ਤੁਸੀਂ ਆਪ ਵੇਖਦੇ ਹੋ ਕਿ ਅਸੀਂ ਕਿੰਨੀ ਦੁਰਦਸ਼ਾ ਵਿੱਚ ਪਏ ਹਾਂ ਕਿ ਯਰੂਸ਼ਲਮ ਉੱਜੜ ਗਿਆ ਹੈ ਅਤੇ ਉਸ ਦੇ ਫਾਟਕ ਅੱਗ ਨਾਲ ਜਲੇ ਹੋਏ ਹਨ । ਆਉ, ਅਸੀਂ ਯਰੂਸ਼ਲਮ ਦੀ ਸ਼ਹਿਰਪਨਾਹ ਨੂੰ ਬਣਾਈਏ ਤਾਂ ਜੋ ਭਵਿੱਖ ਵਿੱਚ ਸਾਡੀ ਨਿੰਦਿਆ ਨਾ ਹੋਵੇ ।"18ਤਦ ਮੈਂ ਉਨ੍ਹਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਮੇਰੇ ਪਰਮੇਸ਼ੁਰ ਦਾ ਹੱਥ ਮੇਰੇ ਉੱਤੇ ਭਲਿਆਈ ਲਈ ਸੀ ਅਤੇ ਰਾਜਾ ਨੇ ਮੈਨੂੰ ਕੀ-ਕੀ ਗੱਲਾਂ ਆਖੀਆਂ ਸਨ । ਤਦ ਉਨ੍ਹਾਂ ਨੇ ਕਿਹਾ, "ਆਉ, ਅਸੀਂ ਉੱਠੀਏ ਅਤੇ ਬਣਾਈਏ ।" ਤਾਂ ਉਨ੍ਹਾਂ ਨੇ ਇਸ ਭਲੇ ਕੰਮ ਲਈ ਆਪਣਿਆਂ ਹੱਥਾਂ ਨੂੰ ਤਕੜਾ ਕੀਤਾ ।

19ਜਦ ਸਨਬਲਟ ਹੋਰੋਨੀ, ਟੋਬੀਯਾਹ ਅੰਮੋਨੀ ਜੋ ਕਰਮਚਾਰੀ ਸਨ ਅਤੇ ਅਰਬੀ ਗਸ਼ਮ ਨੇ ਇਹ ਸੁਣਿਆ ਤਾਂ ਉਨ੍ਹਾਂ ਨੇ ਸਾਡਾ ਮਖੌਲ ਉਡਾਇਆ ਅਤੇ ਸਾਡੀ ਨਿੰਦਿਆ ਕਰਕੇ ਕਹਿਣ ਲੱਗੇ, "ਇਹ ਕੀ ਕੰਮ ਹੈ ਜੋ ਤੁਸੀਂ ਕਰ ਰਹੇ ਹੋ ? ਕੀ ਤੁਸੀਂ ਰਾਜਾ ਦੇ ਵਿਰੁੱਧ ਹੋ ਜਾਉਗੇ ? "20ਤਦ ਮੈਂ ਉਨ੍ਹਾਂ ਨੂੰ ਉੱਤਰ ਦੇ ਕੇ ਕਿਹਾ, "ਸਵਰਗ ਦਾ ਪਰਮੇਸ਼ੁਰ ਸਾਡਾ ਕੰਮ ਸਫ਼ਲ ਕਰੇਗਾ, ਇਸ ਲਈ ਅਸੀਂ ਉਸ ਦੇ ਦਾਸ ਉੱਠਾਂਗੇ ਅਤੇ ਬਣਾਵਾਂਗੇ ਪਰ ਯਰੂਸ਼ਲਮ ਵਿੱਚ ਨਾ ਤਾਂ ਤੁਹਾਡਾ ਕੋਈ ਹਿੱਸਾ, ਨਾ ਹੱਕ ਅਤੇ ਨਾ ਹੀ ਸਮਾਰਕ ਹੈ !"

3
ਯਰੂਸ਼ਲਮ ਦੀ ਸ਼ਹਿਰਪਨਾਹ ਦਾ ਪੁਨਰ ਨਿਰਮਾਣ

1ਤਦ ਅਲਯਾਸ਼ੀਬ ਪ੍ਰਧਾਨ ਜਾਜਕ ਅਤੇ ਉਹ ਦੇ ਜਾਜਕ ਭਰਾ ਉੱਠੇ ਅਤੇ ਉਨ੍ਹਾਂ ਨੇ ਭੇਡ ਫਾਟਕ ਨੂੰ ਬਣਾਇਆ । ਉਨ੍ਹਾਂ ਨੇ ਉਸ ਦਾ ਸਮਰਪਣ ਕੀਤਾ ਅਤੇ ਉਸ ਦੇ ਦਰਵਾਜ਼ੇ ਵੀ ਲਗਾਏ, ਇਸ ਦੇ ਨਾਲ ਉਨ੍ਹਾਂ ਨੇ ਹੰਮੇਆਹ ਦੇ ਬੁਰਜ ਤੋਂ ਹਨਨੇਲ ਦੇ ਬੁਰਜ ਤੱਕ ਸ਼ਹਿਰਪਨਾਹ ਦਾ ਸਮਰਪਣ ਕੀਤਾ ।2ਉਸ ਤੋਂ ਅੱਗੇ ਯਰੀਹੋ ਦੇ ਮਨੁੱਖਾਂ ਨੇ ਬਣਾਇਆ ਅਤੇ ਉਸ ਤੋਂ ਅੱਗੇ ਇਮਰੀ ਦੇ ਪੁੱਤਰ ਜ਼ੱਕੂਰ ਨੇ ਬਣਾਇਆ ।

3ਫੇਰ ਮੱਛੀ ਫਾਟਕ ਨੂੰ ਹੱਸਨਾਆਹ ਦੇ ਪੁੱਤਰਾਂ ਨੇ ਬਣਾਇਆ । ਉਨ੍ਹਾਂ ਨੇ ਉਸ ਦੀਆਂ ਕੜ੍ਹੀਆਂ ਲਗਾਈਆਂ, ਅਤੇ ਉਸ ਦੇ ਦਰਵਾਜ਼ੇ ਅਤੇ ਚਿਟਕਨੀਆਂ ਅਤੇ ਅਰਲ ਲਗਾਏ ।4ਉਨ੍ਹਾਂ ਤੋਂ ਅੱਗੇ ਹਕੋਸ ਦੇ ਪੋਤਰੇ ਅਤੇ ਊਰੀਯਾਹ ਦੇ ਪੁੱਤਰ ਮਰੇਮੋਥ ਨੇ ਮੁਰਮੰਤ ਕੀਤੀ । ਫਿਰ ਉਨ੍ਹਾਂ ਤੋਂ ਅੱਗੇ ਮਸ਼ੇਜ਼ਬੇਲ ਦੇ ਪੋਤਰੇ ਬਰਕਯਾਹ ਦੇ ਪੁੱਤਰ ਮਸ਼ੁੱਲਾਮ ਨੇ ਮੁਰੰਮਤ ਕੀਤੀ, ਇਸ ਤੋਂ ਅੱਗੇ ਬਆਨਾ ਦੇ ਪੁੱਤਰ ਸਾਦੋਕ ਨੇ ਮੁਰਮੰਤ ਕੀਤੀ ।5ਇਸ ਤੋਂ ਅੱਗੇ ਤਕੋਈਆਂ ਨੇ ਮੁਰਮੰਤ ਕੀਤੀ, ਪਰ ਉਨ੍ਹਾਂ ਦੇ ਸਾਮੰਤਾਂ ਨੇ ਆਪਣੇ ਸੁਆਮੀਆਂ ਦੀ ਸੇਵਾ ਲਈ ਆਪਣੇ ਸਿਰ ਨਾ ਝੁਕਾਏ ।

6ਫਿਰ ਪੁਰਾਣੇ ਫਾਟਕ ਦੀ ਮੁਰੰਮਤ ਪਾਸੇਆਹ ਦੇ ਪੁੱਤਰ ਯੋਯਾਦਾ ਨੇ ਅਤੇ ਬਸੋਦਯਾਹ ਦੇ ਪੁੱਤਰ ਮਸ਼ੁੱਲਾਮ ਨੇ ਕੀਤੀ । ਉਨ੍ਹਾਂ ਨੇ ਉਸ ਦੀਆਂ ਕੜ੍ਹੀਆਂ ਲਗਾਈਆਂ ਅਤੇ ਉਸ ਦੇ ਦਰਵਾਜ਼ੇ, ਚਿਟਕਨੀਆਂ ਅਤੇ ਅਰਲ ਲਗਾਏ ।7ਉਨ੍ਹਾਂ ਤੋਂ ਅੱਗੇ ਮਲਟਯਾਹ ਗਿਬਓਨੀ ਅਤੇ ਯਾਦੋਨ ਮੇਰੋਨੋਥੀ ਨੇ ਅਤੇ ਗਿਬਓਨ ਅਤੇ ਮਿਸਪਾਹ ਦੇ ਮਨੁੱਖਾਂ ਨੇ ਜੋ ਦਰਿਆ ਪਾਰ ਦੇ ਸੂਬੇ ਦੇ ਹਾਕਮ ਦੇ ਰਾਜ ਵਿੱਚੋਂ ਸਨ, ਮੁਰਮੰਤ ਕੀਤੀ ।
8ਉਨ੍ਹਾਂ ਤੋਂ ਅੱਗੇ ਹਰਹਯਾਹ ਦੇ ਪੁੱਤਰ ਉੱਜ਼ੀਏਲ ਅਤੇ ਹੋਰ ਸੁਨਿਆਰਾਂ ਨੇ ਮੁਰਮੰਤ ਕੀਤੀ, ਉਨ੍ਹਾਂ ਤੋਂ ਅੱਗੇ ਅਤਾਰਾਂ (ਅੱਤਰ ਬਣਾਉਣ ਵਾਲੇ) ਦੇ ਪੁੱਤਰਾਂ ਵਿੱਚੋਂ ਹਨਨਯਾਹ ਨੇ ਮੁਰਮੰਤ ਕੀਤੀ, ਅਤੇ ਉਨ੍ਹਾਂ ਨੇ ਚੌੜੀ ਕੰਧ ਤੱਕ ਯਰੂਸ਼ਲਮ ਨੂੰ ਬਣਾ ਦਿੱਤਾ ।9ਉਨ੍ਹਾਂ ਤੋਂ ਅੱਗੇ ਹੂਰ ਦੇ ਪੁੱਤਰ ਰਫਾਯਾਹ ਨੇ ਜੋ ਯਰੂਸ਼ਲਮ ਦੇ ਅੱਧੇ ਜ਼ਿਲ੍ਹੇ ਦਾ ਹਾਕਮ ਸੀ, ਮੁਰਮੰਤ ਕੀਤੀ ।10ਇਸ ਤੋਂ ਅੱਗੇ ਹਰੂਮਫ਼ ਦੇ ਪੁੱਤਰ ਯਦਾਯਾਹ ਨੇ ਆਪਣੇ ਹੀ ਘਰ ਦੇ ਅੱਗੇ ਮੁਰਮੰਤ ਕੀਤੀ ਅਤੇ ਉਸ ਤੋਂ ਅੱਗੇ ਹਸ਼ਬਨਯਾਹ ਦੇ ਪੁੱਤਰ ਹਟੂੱਸ਼ ਨੇ ਮੁਰਮੰਤ ਕੀਤੀ ।
11ਹਰੀਮ ਦੇ ਪੁੱਤਰ ਮਲਕੀਯਾਹ ਅਤੇ ਪਹਥ-ਮੋਆਬ ਦੇ ਪੁੱਤਰ ਹਸ਼ੂਬ ਨੇ ਦੂਜੇ ਹਿੱਸੇ ਦੀ ਅਤੇ ਤੰਦੂਰਾਂ ਦੇ ਬੁਰਜ਼ ਦੀ ਮੁਰਮੰਤ ਕੀਤੀ ।12ਇਸ ਤੋਂ ਅੱਗੇ ਹੱਲੋਹੇਸ਼ ਦੇ ਪੁੱਤਰ ਸ਼ੱਲੂਮ ਨੇ ਜੋ ਯਰੂਸ਼ਲਮ ਦੇ ਅੱਧੇ ਜ਼ਿਲ੍ਹੇ ਦਾ ਹਾਕਮ ਸੀ, ਉਸ ਨੇ ਅਤੇ ਉਸ ਦੀਆਂ ਧੀਆਂ ਨੇ ਮੁਰਮੰਤ ਕੀਤੀ ।

13ਵਾਦੀ ਦੇ ਫਾਟਕ ਦੀ ਮੁਰਮੰਤ ਹਨੂਨ ਅਤੇ ਜ਼ਾਨੋਆਹ ਦੇ ਵਾਸੀਆਂ ਨੇ ਕੀਤੀ ਅਤੇ ਉਨ੍ਹਾਂ ਨੇ ਉਸ ਨੂੰ ਬਣਾਇਆ ਅਤੇ ਉਸ ਦੇ ਦਰਵਾਜ਼ੇ, ਚਿਟਕਨੀਆਂ ਅਤੇ ਅਰਲ ਲਗਾਏ ਅਤੇ ਕੂੜਾ-ਫਾਟਕ ਤੱਕ ਇੱਕ ਹਜ਼ਾਰ ਹੱਥ ਲੰਬੀ ਕੰਧ ਬਣਾਈ ।

14ਕੂੜਾ-ਫਾਟਕ ਦੀ ਮੁਰੰਮਤ ਰਕਾਬ ਦੇ ਪੁੱਤਰ ਮਲਕੀਯਾਹ ਨੇ ਕੀਤੀ ਜੋ ਬੈਤ-ਹੱਕਾਰਮ ਦੇ ਜ਼ਿਲ੍ਹੇ ਦਾ ਹਾਕਮ ਸੀ, ਉਸ ਨੇ ਉਹ ਨੂੰ ਬਣਾਇਆ ਅਤੇ ਉਹ ਦੇ ਦਰਵਾਜ਼ੇ, ਚਿਟਕਨੀਆਂ ਅਤੇ ਅਰਲ ਲਗਾਏ ।

15ਚਸ਼ਮੇ ਫਾਟਕ ਨੂੰ ਕਾਲ ਹੋਜ਼ਾ ਦੇ ਪੁੱਤਰ ਸ਼ੱਲੂਨ ਨੇ ਜੋ ਮਿਸਪਾਹ ਦੇ ਜ਼ਿਲ੍ਹੇ ਦਾ ਹਾਕਮ ਸੀ, ਮੁਰਮੰਤ ਕੀਤਾ । ਉਸ ਨੇ ਉਹ ਨੂੰ ਬਣਾਇਆ, ਛੱਤਿਆ ਅਤੇ ਉਹ ਦੇ ਦਰਵਾਜ਼ੇ, ਚਿਟਕਨੀਆਂ ਅਤੇ ਅਰਲ ਲਗਾਏ ਅਤੇ ਉਸ ਨੇ ਹੀ ਸ਼ਾਹੀ ਬਾਗ ਦੇ ਕੋਲ ਸ਼ੱਲਹ ਦੇ ਤਲਾਬ ਦੀ ਕੰਧ ਨੂੰ ਉਨ੍ਹਾਂ ਪੌੜੀਆਂ ਤੱਕ ਜਿਹੜੀਆਂ ਦਾਊਦ ਦੇ ਸ਼ਹਿਰ ਵਿੱਚੋਂ ਹੇਠਾਂ ਨੂੰ ਆਉਂਦੀਆਂ ਸਨ, ਬਣਾਇਆ ।
16ਇਸ ਤੋਂ ਅੱਗੇ ਅਜ਼ਬੂਕ ਦੇ ਪੁੱਤਰ ਨਹਮਯਾਹ ਨੇ ਜਿਹੜਾ ਬੈਤਸੂਰ ਦੇ ਅੱਧੇ ਜ਼ਿਲ੍ਹੇ ਦਾ ਹਾਕਮ ਸੀ, ਦਾਊਦ ਦੇ ਕਬਰਿਸਤਾਨ ਦੇ ਸਾਹਮਣੇ ਅਤੇ ਬਣਾਏ ਹੋਏ ਤਲਾਬ ਅਤੇ ਸੂਰਬੀਰਾਂ ਦੇ ਘਰ ਤੱਕ ਮੁਰੰਮਤ ਕੀਤੀ ।
ਲੇਵੀ ਜਿਨ੍ਹਾਂ ਨੇ ਸ਼ਹਿਰਪਨਾਹ ਦੀ ਮਰੰਮਤ ਕੀਤੀ

17ਇਸ ਤੋਂ ਅੱਗੇ ਬਾਨੀ ਦੇ ਪੁੱਤਰ ਰਹੂਮ ਨੇ ਲੇਵੀਆਂ ਦੇ ਨਾਲ ਮੁਰੰਮਤ ਕੀਤੀ । ਉਨ੍ਹਾਂ ਤੋਂ ਅੱਗੇ ਹਸ਼ਬਯਾਹ ਨੇ ਜੋ ਕਈਲਾਹ ਦੇ ਅੱਧੇ ਜ਼ਿਲ੍ਹੇ ਦਾ ਹਾਕਮ ਸੀ, ਉਸ ਨੇ ਆਪਣੇ ਇਲਾਕੇ ਦੀ ਮੁਰੰਮਤ ਕੀਤੀ ।
18ਉਸ ਤੋਂ ਬਾਅਦ ਉਹ ਦੇ ਭਰਾਵਾਂ ਵਿੱਚੋਂ ਹੇਨਾਦਾਦ ਦੇ ਪੁੱਤਰ ਬੱਵਈ ਨੇ ਜਿਹੜਾ ਕਈਲਾਹ ਦੇ ਅੱਧੇ ਜ਼ਿਲ੍ਹੇ ਦਾ ਸਰਦਾਰ ਸੀ, ਮੁਰਮੰਤ ਕੀਤੀ ।19ਉਸ ਤੋਂ ਅੱਗੇ ਯੇਸ਼ੂਆ ਦੇ ਪੁੱਤਰ ਏਜ਼ਰ ਨੇ ਜਿਹੜਾ ਮਿਸਪਾਹ ਦਾ ਹਾਕਮ ਸੀ, ਉਸ ਨੇ ਦੂਜੇ ਹਿੱਸੇ ਦੀ ਜੋ ਹਥਿਆਰ-ਘਰ ਦੀ ਚੜ੍ਹਾਈ ਤੋਂ ਸ਼ਹਿਰਪਨਾਹ ਦੇ ਸਾਹਮਣੇ ਦੇ ਮੋੜ ਤੱਕ ਹੈ, ਮੁਰੰਮਤ ਕੀਤੀ ।
20ਉਸ ਤੋਂ ਅੱਗੇ ਦੂਜੇ ਹਿੱਸੇ ਦੀ ਮੁਰਮੰਤ ਜੋ ਉਸੇ ਮੋੜ ਤੋਂ ਲੈ ਕੇ ਅਲਯਾਸ਼ੀਬ ਪ੍ਰਧਾਨ ਜਾਜਕ ਦੇ ਘਰ ਦੇ ਦਰਵਾਜ਼ੇ ਤੱਕ ਸੀ, ਜ਼ੱਬਈ ਦੇ ਪੁੱਤਰ ਬਾਰੂਕ ਨੇ ਦਿਲ ਲਾ ਕੇ ਕੀਤੀ ।21ਇਸ ਤੋਂ ਅੱਗੇ ਇੱਕ ਹੋਰ ਹਿੱਸੇ ਦੀ ਮੁਰੰਮਤ ਅਰਥਾਤ ਅਲਯਾਸ਼ੀਬ ਦੇ ਘਰ ਦੇ ਦਰਵਾਜ਼ੇ ਤੋਂ ਲੈ ਕੇ ਉਸੇ ਦੇ ਘਰ ਦੇ ਆਖਿਰ ਤੱਕ, ਹੱਕੋਜ਼ ਦੇ ਪੋਤਰੇ ਊਰੀਯਾਹ ਦੇ ਪੁੱਤਰ ਮਰੇਮੋਥ ਨੇ ਕੀਤੀ ।
ਜਾਜਕ ਜਿਨ੍ਹਾਂ ਨੇ ਸ਼ਹਿਰਪਨਾਹ ਦੀ ਮਰੰਮਤ ਕੀਤੀ

22ਇਸ ਤੋਂ ਬਾਅਦ ਉਨ੍ਹਾਂ ਜਾਜਕਾਂ ਨੇ ਮੁਰੰਮਤ ਕੀਤੀ ਜਿਹੜੇ ਮੈਦਾਨੀ ਇਲਾਕਿਆਂ ਦੇ ਮਨੁੱਖ ਸਨ ।23ਉਨ੍ਹਾਂ ਤੋਂ ਅੱਗੇ ਬਿਨਯਾਮੀਨ ਅਤੇ ਹਸ਼ੂਬ ਨੇ ਆਪਣੇ ਘਰ ਦੇ ਸਾਹਮਣੇ ਮੁਰੰਮਤ ਕੀਤੀ ਅਤੇ ਉਨ੍ਹਾਂ ਤੋਂ ਅੱਗੇ ਅਨਨਯਾਹ ਦੇ ਪੋਤਰੇ ਮਆਸ਼ੇਯਾਹ ਦੇ ਪੁੱਤਰ ਅਜ਼ਰਯਾਹ ਨੇ ਆਪਣੇ ਘਰ ਦੇ ਆਲੇ-ਦੁਆਲੇ ਮੁਰੰਮਤ ਕੀਤੀ ।24ਉਸ ਤੋਂ ਅੱਗੇ ਹੇਨਾਦਾਦ ਦੇ ਪੁੱਤਰ ਬਿੰਨੂਈ ਨੇ ਅਜ਼ਰਯਾਹ ਦੇ ਘਰ ਤੋਂ ਲੈ ਕੇ ਸ਼ਹਿਰਪਨਾਹ ਦੇ ਮੋੜ ਤੱਕ ਸਗੋਂ ਉਸ ਦੀ ਨੁੱਕਰ ਤੱਕ ਦੂਜੇ ਹਿੱਸੇ ਦੀ ਮੁਰੰਮਤ ਕੀਤੀ ।
25ਫਿਰ ਊਜ਼ਈ ਦੇ ਪੁੱਤਰ ਪਲਾਲ ਨੇ ਉਸੇ ਮੋੜ ਤੋਂ ਲੈ ਕੇ ਉਸ ਬੁਰਜ ਦੇ ਸਾਹਮਣੇ ਤੱਕ ਜੋ ਰਾਜਾ ਦੇ ਉੱਪਰਲੇ ਮਹਿਲ ਦੇ ਸਾਹਮਣਿਓਂ ਨਿੱਕਲਦਾ ਸੀ, ਜਿਹੜਾ ਕੈਦਖਾਨੇ ਦੇ ਵਿਹੜੇ ਦੇ ਨਾਲ ਸੀ, ਮੁਰਮੰਤ ਕੀਤੀ । ਉਸ ਤੋਂ ਬਾਅਦ ਪਰੋਸ਼ ਦੇ ਪੁੱਤਰ ਪਦਾਯਾਹ ਨੇ26ਅਤੇ ਨਥੀਨੀਮ (ਭਵਨ ਦੇ ਸੇਵਕ) ਜੋ ਓਫਲ ਵਿੱਚ ਵੱਸਦੇ ਸਨ, ਉਨ੍ਹਾਂ ਨੇ ਜਲ-ਫਾਟਕ ਦੇ ਸਾਹਮਣੇ ਤੱਕ ਅਤੇ ਪੂਰਬ ਵੱਲ ਬਾਹਰ ਨਿੱਕਲੇ ਹੋਏ ਬੁਰਜ ਤੱਕ ਮੁਰੰਮਤ ਕੀਤੀ ।27ਉਨ੍ਹਾਂ ਤੋਂ ਅੱਗੇ ਤਕੋਈਆਂ ਨੇ ਦੂਜੇ ਹਿੱਸੇ ਦੀ ਮੁਰੰਮਤ ਕੀਤੀ, ਜਿਹੜਾ ਬਾਹਰ ਨਿੱਕਲੇ ਹੋਏ ਉਸ ਵੱਡੇ ਬੁਰਜ ਦੇ ਸਾਹਮਣੇ ਤੋਂ ਓਫਲ ਦੀ ਕੰਧ ਤੱਕ ਸੀ ।
ਸ਼ਹਿਰਪਨਾਹ ਦੀ ਮਰੰਮਤ ਕਰਨ ਵਾਲੇ ਹੋਰ ਲੋਕ

28ਫਿਰ ਘੋੜਾ-ਫਾਟਕ ਦੇ ਉੱਤੇ ਜਾਜਕਾਂ ਨੇ ਆਪਣੇ-ਆਪਣੇ ਘਰ ਦੇ ਅੱਗੇ ਮੁਰੰਮਤ ਕੀਤੀ ।29ਉਨ੍ਹਾਂ ਤੋਂ ਬਾਅਦ ਇੰਮੇਰ ਦੇ ਪੁੱਤਰ ਸਾਦੋਕ ਨੇ ਆਪਣੇ ਘਰ ਦੇ ਅੱਗੇ ਮੁਰੰਮਤ ਕੀਤੀ, ਅਤੇ ਉਸ ਤੋਂ ਅੱਗੇ ਪੂਰਬੀ ਫਾਟਕ ਦੇ ਰਾਖੇ ਸਕਨਯਾਹ ਦੇ ਪੁੱਤਰ ਸਮਆਯਾਹ ਨੇ ਮੁਰੰਮਤ ਕੀਤੀ ।30ਇਸ ਤੋਂ ਅੱਗੇ ਸਲਮਯਾਹ ਦੇ ਪੁੱਤਰ ਹਨਨਯਾਹ ਅਤੇ ਹਾਨੂਨ ਨੇ ਜਿਹੜਾ ਸਾਲਾਫ਼ ਦਾ ਛੇਵਾਂ ਪੁੱਤਰ ਸੀ, ਦੂਜੇ ਹਿੱਸੇ ਦੀ ਮੁਰੰਮਤ ਕੀਤੀ । ਉਨ੍ਹਾਂ ਤੋਂ ਅੱਗੇ ਬਰਕਯਾਹ ਦੇ ਪੁੱਤਰ ਮਸ਼ੁੱਲਾਮ ਨੇ ਆਪਣੀ ਕੋਠੜੀ ਦੇ ਅੱਗੇ ਮੁਰੰਮਤ ਕੀਤੀ ।
31ਇਸ ਤੋਂ ਬਾਅਦ ਸੁਨਿਆਰੇ ਦੇ ਪੁੱਤਰ ਮਲਕੀਯਾਹ ਨੇ ਨਥੀਨੀਮ ਅਤੇ ਵਪਾਰੀਆਂ ਦੇ ਘਰ ਤੱਕ ਮਿਫ਼ਕਾਦ ਦੇ ਫਾਟਕ ਦੇ ਸਾਹਮਣੇ ਅਤੇ ਉੱਪਰ ਦੀ ਕੋਠੜੀ ਦੀ ਨੁੱਕਰ ਤੱਕ ਮੁਰੰਮਤ ਕੀਤੀ,32ਅਤੇ ਉੱਪਰ ਦੀ ਕੋਠੜੀ ਦੀ ਨੁੱਕਰ ਤੋਂ ਲੈ ਕੇ ਭੇਡ-ਫਾਟਕ ਤੱਕ ਸੁਨਿਆਰਿਆਂ ਅਤੇ ਵਪਾਰੀਆਂ ਨੇ ਮੁਰੰਮਤ ਕੀਤੀ ।

4
ਨਹਮਯਾਹ ਦੁਆਰਾ ਵਿਰੋਧੀਆਂ ਦਾ ਸਾਹਮਣਾ ਕਰਨਾ

1ਜਦ ਸਨਬੱਲਟ ਨੇ ਸੁਣਿਆ ਕਿ ਅਸੀਂ ਸ਼ਹਿਰਪਨਾਹ ਨੂੰ ਬਣਾ ਰਹੇ ਹਾਂ ਤਾਂ ਉਸ ਨੂੰ ਗੁੱਸਾ ਚੜ੍ਹਿਆ ਅਤੇ ਉਹ ਬਹੁਤ ਨਰਾਜ਼ ਹੋਇਆ ਅਤੇ ਯਹੂਦੀਆਂ ਦਾ ਮਖੌਲ ਉਡਾਉਣ ਲੱਗਾ ।2ਉਸ ਨੇ ਆਪਣੇ ਭਰਾਵਾਂ ਅਤੇ ਸਾਮਰਿਯਾ ਦੀ ਫ਼ੌਜ ਦੇ ਸਾਹਮਣੇ ਕਿਹਾ, "ਇਹ ਨਿਰਬਲ ਯਹੂਦੀ ਕੀ ਕਰ ਰਹੇ ਹਨ ? ਕੀ ਉਹ ਆਪਣੀਆਂ ਕੰਧਾਂ ਨੂੰ ਮਜ਼ਬੂਤ ਕਰਨਗੇ ? ਕੀ ਉਹ ਬਲੀਆਂ ਚੜ੍ਹਾਉਣਗੇ ? ਕੀ ਉਹ ਇੱਕ ਹੀ ਦਿਨ ਵਿੱਚ ਸਭ ਕੁਝ ਬਣਾ ਲੈਣਗੇ ? ਕੀ ਉਹ ਪੱਥਰਾਂ ਨੂੰ ਕੂੜੇ ਦੇ ਸੜੇ ਹੋਏ ਢੇਰਾਂ ਵਿੱਚੋਂ ਚੁਗ ਕੇ ਫਿਰ ਨਵਾਂ ਬਣਾ ਲੈਣਗੇ ? "3ਤਦ ਟੋਬੀਯਾਹ ਅੰਮੋਨੀ ਨੇ ਜਿਹੜਾ ਉਸ ਦੇ ਨਾਲ ਸੀ, ਕਹਿਣ ਲੱਗਾ, "ਜੋ ਕੁਝ ਇਹ ਬਣਾ ਰਹੇ ਹਨ ਜੇ ਇੱਕ ਲੂੰਬੜੀ ਵੀ ਇਹ ਦੇ ਉੱਤੇ ਚੜ੍ਹ ਜਾਵੇ ਤਾਂ ਪੱਥਰਾਂ ਦੀ ਇਸ ਕੰਧ ਨੂੰ ਢਾਹ ਦੇਵੇਗੀ !"

4"ਹੇ ਸਾਡੇ ਪਰਮੇਸ਼ੁਰ, ਸਾਡੀ ਸੁਣ ਕਿਉਂ ਜੋ ਸਾਡਾ ਨਿਰਾਦਰ ਹੁੰਦਾ ਹੈ । ਉਨ੍ਹਾਂ ਦੀ ਇਸ ਨਿੰਦਿਆ ਨੂੰ ਮੁੜ ਉਨ੍ਹਾਂ ਦੇ ਸਿਰ ਉੱਤੇ ਮੋੜ ਦੇ, ਅਤੇ ਗ਼ੁਲਾਮੀ ਦੇ ਦੇਸ਼ ਵਿੱਚ ਉਨ੍ਹਾਂ ਨੂੰ ਲੁੱਟ ਦਾ ਮਾਲ ਬਣਾ ਦੇ ।5ਉਨ੍ਹਾਂ ਦੀ ਬੁਰਿਆਈ ਨੂੰ ਨਾ ਢੱਕ ਅਤੇ ਉਨ੍ਹਾਂ ਦੇ ਪਾਪ ਤੇਰੇ ਸਾਹਮਣਿਓਂ ਨਾ ਮਿਟਣ, ਕਿਉਂ ਜੋ ਉਨ੍ਹਾਂ ਨੇ ਤੇਰੇ ਕ੍ਰੋਧ ਨੂੰ ਕਾਰੀਰਗਾਂ ਦੇ ਅੱਗੇ ਭੜਕਾਇਆ ਹੈ ।"

6ਸੋ ਅਸੀਂ ਸ਼ਹਿਰਪਨਾਹ ਨੂੰ ਬਣਾਉਂਦੇ ਗਏ ਅਤੇ ਸਾਰੀ ਸ਼ਹਿਰਪਨਾਹ ਅੱਧੀ ਉਚਾਈ ਤੱਕ ਜੁੜ ਗਈ ਕਿਉਂ ਜੋ ਲੋਕ ਪੂਰੇ ਦਿਲ ਨਾਲ ਕੰਮ ਕਰ ਰਹੇ ਸਨ ।

7ਫਿਰ ਅਜਿਹਾ ਹੋਇਆ ਕਿ ਸਨਬੱਲਟ, ਟੋਬੀਯਾਹ, ਅਰਬੀਆਂ, ਅੰਮੋਨੀਆਂ, ਅਤੇ ਅਸ਼ਦੋਦੀਆਂ ਨੇ ਸੁਣਿਆ ਕਿ ਯਰੂਸ਼ਲਮ ਦੀ ਸ਼ਹਿਰਪਨਾਹ ਦੀ ਮੁਰੰਮਤ ਹੁੰਦੀ ਜਾਂਦੀ ਹੈ ਅਤੇ ਉਸ ਦੀਆਂ ਦਰਾਰਾਂ ਭਰਦੀਆਂ ਜਾਂਦੀਆਂ ਹਨ ਤਾਂ ਉਹ ਬਹੁਤ ਹੀ ਗੁੱਸੇ ਹੋ ਗਏ ।8ਤਦ ਉਨ੍ਹਾਂ ਸਾਰਿਆਂ ਨੇ ਇੱਕ ਮਨ ਹੋ ਕੇ ਯੋਜਨਾ ਬਣਾਈ ਕਿ ਆਓ, ਯਰੂਸ਼ਲਮ ਨਾਲ ਲੜੀਏ ਅਤੇ ਉਸ ਵਿੱਚ ਗੜ੍ਹਬੜ ਪਾ ਦੇਈਏ ।9ਪਰ ਅਸੀਂ ਆਪਣੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ ਅਤੇ ਉਨ੍ਹਾਂ ਦੇ ਡਰ ਕਾਰਨ ਉਨ੍ਹਾਂ ਦੇ ਵਿਰੁੱਧ ਦਿਨ ਰਾਤ ਪਹਿਰਾ ਖੜ੍ਹਾ ਕੀਤਾ ।
10ਤਦ ਯਹੂਦਾਹ ਦੇ ਲੋਕਾਂ ਨੇ ਕਿਹਾ, "ਭਾਰ ਚੁੱਕਣ ਵਾਲਿਆਂ ਦਾ ਬਲ ਘੱਟਦਾ ਜਾਂਦਾ ਹੈ ਅਤੇ ਮਲਬਾ ਬਹੁਤ ਪਿਆ ਹੋਇਆ ਹੈ, ਇਸ ਲਈ ਅਸੀਂ ਸ਼ਹਿਰਪਨਾਹ ਨੂੰ ਨਹੀਂ ਬਣਾ ਸਕਦੇ ।"11ਅਤੇ ਸਾਡੇ ਵਿਰੋਧੀ ਕਹਿਣ ਲੱਗੇ, "ਜਦ ਤੱਕ ਅਸੀਂ ਉਨ੍ਹਾਂ ਦੇ ਵਿੱਚ ਜਾ ਕੇ ਉਨ੍ਹਾਂ ਨੂੰ ਮਾਰ ਨਾ ਦੇਈਏ ਅਤੇ ਉਨ੍ਹਾਂ ਦੇ ਕੰਮ ਨੂੰ ਬੰਦ ਨਾ ਕਰ ਦੇਈਏ, ਤਦ ਤੱਕ ਨਾ ਉਹ ਕੁਝ ਜਾਨਣਗੇ ਅਤੇ ਨਾ ਹੀ ਵੇਖਣਗੇ ।"
12ਫਿਰ ਅਜਿਹਾ ਹੋਇਆ ਕਿ ਜੋ ਯਹੂਦੀ ਜਿਹੜੇ ਉਨ੍ਹਾਂ ਦੇ ਨੇੜੇ-ਤੇੜੇ ਵੱਸਦੇ ਸਨ, ਉਨ੍ਹਾਂ ਨੇ ਆ ਕੇ ਸਾਨੂੰ ਦਸ ਵਾਰੀ ਦੱਸਿਆ, ਉਹ ਸਾਰੀਆਂ ਥਾਵਾਂ ਵਿੱਚੋਂ ਸਾਡੇ ਉੱਤੇ ਹਮਲਾ ਕਰਨਗੇ ।13ਇਸ ਕਰਕੇ ਮੈਂ ਲੋਕਾਂ ਨੂੰ ਉਨ੍ਹਾਂ ਦੇ ਘਰਾਣਿਆਂ ਦੇ ਅਨੁਸਾਰ ਤਲਵਾਰਾਂ, ਬਰਛੀਆਂ ਅਤੇ ਤੀਰ-ਕਮਾਨਾਂ ਨਾਲ ਸ਼ਹਿਰਪਨਾਹ ਦੇ ਪਿੱਛੇ ਸਭ ਤੋਂ ਨੀਵੇਂ ਸਥਾਨਾਂ ਵਿੱਚ ਖੁੱਲ੍ਹੇ ਸਥਾਨਾਂ ਤੇ ਖੜ੍ਹਾ ਕੀਤਾ ।14ਤਦ ਮੈਂ ਸਭ ਕੁਝ ਵੇਖ ਕੇ ਉੱਠਿਆ ਅਤੇ ਸਾਮੰਤਾਂ ਅਤੇ ਹਾਕਮਾਂ ਅਤੇ ਬਾਕੀ ਸਾਰੇ ਲੋਕਾਂ ਨੂੰ ਕਿਹਾ, "ਉਨ੍ਹਾਂ ਤੋਂ ਨਾ ਡਰੋ, ਪ੍ਰਭੂ ਨੂੰ ਜੋ ਮਹਾਨ ਅਤੇ ਭੈ ਯੋਗ ਹੈ, ਯਾਦ ਰੱਖੋ ਅਤੇ ਆਪਣੇ ਭਰਾਵਾਂ, ਆਪਣੇ ਪੁੱਤਰਾਂ, ਆਪਣੀਆਂ ਧੀਆਂ, ਆਪਣੀਆਂ ਪਤਨੀਆਂ ਅਤੇ ਆਪਣੇ ਘਰਾਂ ਲਈ ਲੜੋ !"

15ਫਿਰ ਅਜਿਹਾ ਹੋਇਆ ਕਿ ਜਦ ਸਾਡੇ ਵੈਰੀਆਂ ਨੇ ਸੁਣਿਆ ਕਿ ਇਸ ਗੱਲ ਦਾ ਸਾਨੂੰ ਪਤਾ ਲੱਗ ਗਿਆ ਹੈ ਅਤੇ ਪਰਮੇਸ਼ੁਰ ਨੇ ਉਨ੍ਹਾਂ ਦੀ ਯੋਜਨਾ ਨੂੰ ਅਸਫ਼ਲ ਕਰ ਦਿੱਤਾ ਹੈ ਤਾਂ ਅਸੀਂ ਸਾਰੇ ਸ਼ਹਿਰਪਨਾਹ ਵੱਲ ਮੁੜ ਆਏ ਅਤੇ ਹਰ ਇੱਕ ਮਨੁੱਖ ਆਪਣੇ-ਆਪਣੇ ਕੰਮ ਨੂੰ ਗਿਆ ।16ਫਿਰ ਉਸ ਦਿਨ ਤੋਂ ਮੇਰੇ ਅੱਧੇ ਜੁਆਨ ਤਾਂ ਕੰਮ ਵਿੱਚ ਲੱਗੇ ਰਹਿੰਦੇ ਸਨ ਅਤੇ ਬਾਕੀ ਅੱਧੇ ਬਰਛੀਆਂ, ਢਾਲਾਂ ਤੇ ਕਮਾਨਾਂ ਲੈ ਕੇ ਅਤੇ ਸ਼ਸਤਰ ਪਾ ਕੇ ਰਹਿੰਦੇ ਸਨ ਅਤੇ ਹਾਕਮ ਯਹੂਦਾਹ ਦੇ ਸਾਰੇ ਘਰਾਣੇ ਦੇ ਪਿੱਛੇ ਰਹਿੰਦੇ ਸਨ ।
17ਉਹ ਜਿਹੜੇ ਸ਼ਹਿਰਪਨਾਹ ਬਣਾਉਂਦੇ ਸਨ ਅਤੇ ਉਹ ਜਿਹੜੇ ਭਾਰ ਚੁੱਕਦੇ ਸਨ, ਇੱਕ ਹੱਥ ਨਾਲ ਕੰਮ ਕਰਦੇ ਸਨ ਅਤੇ ਦੂਜੇ ਹੱਥ ਨਾਲ ਹਥਿਆਰ ਫੜ੍ਹੀ ਰੱਖਦੇ ਸਨ,18ਅਤੇ ਰਾਜ ਮਿਸਤਰੀ ਆਪਣੇ-ਆਪਣੇ ਕਮਰ-ਕੱਸਿਆਂ ਵਿੱਚ ਆਪਣੀਆਂ ਤਲਵਾਰਾਂ ਬੰਨ੍ਹ ਕੇ ਕੰਮ ਕਰਦੇ ਸਨ ਪਰ ਨਰਸਿੰਗੇ ਦਾ ਫੂਕਣ ਵਾਲਾ ਮੇਰੇ ਕੋਲ ਰਹਿੰਦਾ ਸੀ ।
19ਇਸ ਲਈ ਮੈਂ ਸਾਮੰਤਾਂ, ਹਾਕਮਾਂ ਅਤੇ ਬਾਕੀ ਦੇ ਸਾਰੇ ਲੋਕਾਂ ਨੂੰ ਕਿਹਾ, "ਕੰਮ ਬਹੁਤ ਹੈ ਅਤੇ ਫੈਲਿਆ ਹੋਇਆ ਹੈ ਅਤੇ ਅਸੀਂ ਸਾਰੇ ਸ਼ਹਿਰਪਨਾਹ ਉੱਤੇ ਖਿੱਲਰੇ ਹੋਏ ਹਾਂ ਅਤੇ ਇੱਕ ਦੂਜੇ ਤੋਂ ਦੂਰ ਹਾਂ,20ਇਸ ਲਈ ਜਿੱਧਰੋਂ ਵੀ ਤੁਸੀਂ ਨਰਸਿੰਗੇ ਦੀ ਅਵਾਜ਼ ਸੁਣੋ ਉੱਥੇ ਹੀ ਸਾਡੇ ਕੋਲ ਇੱਕਠੇ ਹੋ ਜਾਇਓ । ਸਾਡਾ ਪਰਮੇਸ਼ੁਰ ਸਾਡੇ ਲਈ ਲੜੇਗਾ ।"
21ਇਸ ਤਰ੍ਹਾਂ ਅਸੀਂ ਕੰਮ ਕਰਦੇ ਰਹੇ, ਅਤੇ ਉਨ੍ਹਾਂ ਵਿੱਚੋਂ ਅੱਧੇ ਸੂਰਜ ਚੜ੍ਹਨ ਤੋਂ ਲੈ ਕੇ ਤਾਰਿਆਂ ਦੇ ਵਿਖਾਈ ਦੇਣ ਤੱਕ ਬਰਛੀਆਂ ਫੜ੍ਹੀ ਰੱਖਦੇ ਸਨ ।22ਫਿਰ ਉਸ ਸਮੇਂ ਮੈਂ ਲੋਕਾਂ ਨੂੰ ਇਹ ਵੀ ਕਿਹਾ, "ਹਰ ਇੱਕ ਮਨੁੱਖ ਆਪਣੇ ਸੇਵਕ ਸਮੇਤ ਯਰੂਸ਼ਲਮ ਵਿੱਚ ਰਾਤ ਕੱਟਿਆ ਕਰੇ ਤਾਂ ਜੋ ਉਹ ਰਾਤ ਨੂੰ ਸਾਡੇ ਲਈ ਪਹਿਰਾ ਦੇਣ ਅਤੇ ਦਿਨ ਨੂੰ ਕੰਮ ਕਰਨ ।"23ਇਸ ਤਰ੍ਹਾਂ ਨਾ ਤਾਂ ਮੈਂ ਆਪਣੇ ਕੱਪੜੇ ਲਾਹੁੰਦਾ ਸੀ, ਨਾ ਮੇਰੇ ਭਰਾ, ਨਾ ਮੇਰੇ ਜੁਆਨ ਅਤੇ ਨਾ ਉਹ ਲੋਕ ਜਿਹੜੇ ਰਾਖੀ ਕਰਨ ਲਈ ਮੇਰੇ ਨਾਲ ਸਨ, ਆਪਣੇ ਕੱਪੜੇ ਲਾਹੁੰਦੇ ਸਨ, ਇੱਥੋਂ ਤੱਕ ਕਿ ਹਰ ਇੱਕ ਮਨੁੱਖ ਪਾਣੀ ਲੈਣ ਲਈ ਵੀ ਆਪਣੇ ਹਥਿਆਰ ਨਾਲ ਰੱਖਦਾ ਸੀ ।

5
ਗਰੀਬਾਂ ਦਾ ਸ਼ੋਸ਼ਣ

1ਤਦ ਲੋਕਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਦੇ ਵੱਲੋਂ ਉਨ੍ਹਾਂ ਦੇ ਯਹੂਦੀ ਭਰਾਵਾਂ ਦੇ ਵਿਰੁੱਧ ਇੱਕ ਵੱਡੀ ਦੁਹਾਈ ਮੱਚ ਗਈ ।2ਕੁਝ ਤਾਂ ਕਹਿੰਦੇ ਸਨ, "ਅਸੀਂ ਆਪਣੇ ਪੁੱਤਰ ਅਤੇ ਧੀਆਂ ਸਮੇਤ ਬਹੁਤ ਸਾਰੇ ਹਾਂ । ਸਾਨੂੰ ਅੰਨ ਦਿੱਤਾ ਜਾਵੇ, ਜੋ ਅਸੀਂ ਖਾ ਕੇ ਜੀਉਂਦੇ ਰਹੀਏ ।"3ਅਤੇ ਕੁਝ ਹੋਰ ਸਨ ਜਿਹੜੇ ਕਹਿੰਦੇ ਸਨ, "ਅਸੀਂ ਆਪਣੇ ਖੇਤ, ਆਪਣੇ ਅੰਗੂਰੀ ਬਾਗ ਅਤੇ ਆਪਣੇ ਘਰ ਗਿਰਵੀ ਰੱਖ ਦਿੱਤੇ ਹਨ ਤਾਂ ਜੋ ਅਸੀਂ ਕਾਲ ਦੇ ਸਮੇਂ ਅੰਨ ਲੈ ਸਕੀਏ ।"

4ਪਰ ਕੁਝ ਹੋਰ ਕਹਿੰਦੇ ਸਨ, "ਅਸੀਂ ਆਪਣੇ ਖੇਤਾਂ ਅਤੇ ਆਪਣੇ ਅੰਗੂਰੀ ਬਾਗਾਂ ਨੂੰ ਗਿਰਵੀ ਰੱਖ ਕੇ ਰਾਜਾ ਦਾ ਲਗਾਨ ਚੁਕਾਉਣ ਲਈ ਚਾਂਦੀ ਉਧਾਰ ਲਈ ਹੈ ।5ਹੁਣ ਸਾਡਾ ਸਰੀਰ, ਸਾਡੇ ਭਰਾਵਾਂ ਦੇ ਸਰੀਰ ਵਰਗਾ ਅਤੇ ਸਾਡੇ ਬੱਚੇ ਉਨ੍ਹਾਂ ਦੇ ਬੱਚਿਆਂ ਵਰਗੇ ਹਨ, ਤਾਂ ਵੀ ਅਸੀਂ ਆਪਣੇ ਪੁੱਤਰਾਂ ਅਤੇ ਆਪਣੀਆਂ ਧੀਆਂ ਨੂੰ ਗ਼ੁਲਾਮੀ ਵਿੱਚ ਦਿੰਦੇ ਹਾਂ ਸਗੋਂ ਸਾਡੀਆਂ ਧੀਆਂ ਵਿੱਚੋਂ ਕੁਝ ਦਾਸੀਆਂ ਵੀ ਬਣ ਚੁੱਕੀਆਂ ਹਨ ਅਤੇ ਸਾਡਾ ਕੁਝ ਵੱਸ ਨਹੀਂ ਚਲਦਾ ਕਿਉਂ ਜੋ ਸਾਡੇ ਖੇਤ ਅਤੇ ਅੰਗੂਰੀ ਬਾਗ ਦੂਜਿਆਂ ਦੇ ਹੱਥ ਵਿੱਚ ਹਨ ।"

6ਜਦੋਂ ਮੈਂ ਉਨ੍ਹਾਂ ਦੀ ਦੁਹਾਈ ਨੂੰ ਅਤੇ ਇਨ੍ਹਾਂ ਗੱਲਾਂ ਨੂੰ ਸੁਣਿਆ ਤਾਂ ਮੈਨੂੰ ਬਹੁਤ ਗੁੱਸਾ ਚੜ੍ਹਿਆ7ਅਤੇ ਮੈਂ ਆਪਣੇ ਮਨ ਵਿੱਚ ਵਿਚਾਰ ਕੀਤਾ ਅਤੇ ਸਾਮੰਤਾਂ ਅਤੇ ਹਾਕਮਾਂ ਨੂੰ ਝਿੜਕਿਆ ਅਤੇ ਉਨ੍ਹਾਂ ਨੂੰ ਕਿਹਾ, "ਤੁਹਾਡੇ ਵਿੱਚੋਂ ਹਰ ਇੱਕ ਮਨੁੱਖ ਆਪਣੇ ਭਰਾ ਤੋਂ ਬਿਆਜ ਲੈਂਦਾ ਹੈ ।" ਤਦ ਮੈਂ ਉਨ੍ਹਾਂ ਦੇ ਵਿਰੁੱਧ ਇੱਕ ਵੱਡੀ ਸਭਾ ਇਕੱਠੀ ਕੀਤੀ8ਅਤੇ ਉਨ੍ਹਾਂ ਨੂੰ ਕਿਹਾ, "ਅਸੀਂ ਆਪਣੀ ਸਮਰੱਥਾ ਦੇ ਅਨੁਸਾਰ ਆਪਣੇ ਯਹੂਦੀ ਭਰਾਵਾਂ ਨੂੰ ਜਿਹੜੇ ਗੈਰ ਕੌਮਾਂ ਦੇ ਹੱਥ ਵੇਚੇ ਗਏ ਸਨ ਛੁਡਾਇਆ ਹੈ, ਹੁਣ ਕੀ ਤੁਸੀਂ ਆਪਣੇ ਭਰਾਵਾਂ ਨੂੰ ਵੇਚੋਗੇ ? ਕੀ ਉਹ ਫਿਰ ਸਾਡੇ ਹੱਥਾਂ ਤੋਂ ਵੇਚੇ ਜਾਣਗੇ ? " ਤਦ ਉਹ ਚੁੱਪ ਹੋ ਗਏ ਅਤੇ ਕੁਝ ਨਾ ਬੋਲੇ
9ਮੈਂ ਫਿਰ ਕਿਹਾ, "ਇਹ ਕੰਮ ਜੋ ਤੁਸੀਂ ਕਰਦੇ ਹੋ ਉਹ ਚੰਗਾ ਨਹੀਂ ਹੈ, ਕੀ ਤੁਹਾਨੂੰ ਇਸ ਕਾਰਨ ਆਪਣੇ ਪਰਮੇਸ਼ੁਰ ਦੇ ਭੈ ਵਿੱਚ ਨਹੀਂ ਚੱਲਣਾ ਚਾਹੀਦਾ ਤਾਂ ਜੋ ਸਾਡੇ ਗੈਰ-ਕੌਮੀ ਦੁਸ਼ਮਣ ਸਾਡਾ ਨਿਰਾਦਰ ਨਾ ਕਰਨ ?10ਮੈਂ ਅਤੇ ਮੇਰੇ ਭਰਾ ਅਤੇ ਮੇਰੇ ਜੁਆਨ ਵੀ ਉਨ੍ਹਾਂ ਨੂੰ ਰੁਪਿਆ ਅਤੇ ਅੰਨ ਉਧਾਰ ਦਿੰਦੇ ਹਾਂ । ਪਰ ਬਿਆਜ ਲੈਣਾ ਬੰਦ ਕੀਤਾ ਜਾਵੇ !11ਕਿਰਪਾ ਕਰ ਕੇ ਅੱਜ ਹੀ ਉਨ੍ਹਾਂ ਦੇ ਖੇਤ, ਅੰਗੂਰੀ ਬਾਗ, ਜ਼ੈਤੂਨ ਦੇ ਬਾਗ ਅਤੇ ਨਾਲ ਹੀ ਉਨ੍ਹਾਂ ਦੇ ਘਰ ਉਨ੍ਹਾਂ ਨੂੰ ਮੋੜ ਦਿਉ, ਅਤੇ ਜੋ ਰੁਪਿਆ, ਅੰਨ, ਨਵੀਂ ਮਧ ਅਤੇ ਤੇਲ ਜੋ ਤੁਸੀਂ ਜ਼ਬਰਦਸਤੀ ਉਨ੍ਹਾਂ ਤੋਂ ਲਿਆ ਹੈ, ਉਸ ਦਾ ਸੌਵਾਂ ਹਿੱਸਾ ਉਨ੍ਹਾਂ ਨੂੰ ਮੋੜ ਦਿਉ ।"
12ਤਦ ਉਨ੍ਹਾਂ ਨੇ ਕਿਹਾ, "ਅਸੀਂ ਮੋੜ ਦਿਆਂਗੇ ਅਤੇ ਉਨ੍ਹਾਂ ਤੋਂ ਕੁਝ ਵੀ ਨਹੀਂ ਲਵਾਂਗੇ, ਜਿਵੇਂ ਤੁਸੀਂ ਕਿਹਾ ਹੈ, ਅਸੀਂ ਉਸੇ ਤਰ੍ਹਾਂ ਹੀ ਕਰਾਂਗੇ ।" ਤਦ ਮੈਂ ਜਾਜਕਾਂ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਸਹੁੰ ਖੁਆਈ ਕਿ ਉਹ ਇਸੇ ਵਾਇਦੇ ਦੇ ਅਨੁਸਾਰ ਕਰਨ ।13ਫਿਰ ਮੈਂ ਆਪਣਾ ਪੱਲਾ ਝਾੜਿਆ ਅਤੇ ਕਿਹਾ, "ਹਰ ਮਨੁੱਖ ਜਿਹੜਾ ਇਸ ਵਾਇਦੇ ਅਨੁਸਾਰ ਨਾ ਕਰੇ, ਉਸ ਨੂੰ ਪਰਮੇਸ਼ੁਰ ਇਸੇ ਤਰ੍ਹਾਂ ਹੀ ਉਸ ਦੇ ਘਰ ਤੋਂ ਅਤੇ ਉਸ ਦੀ ਕਮਾਈ ਤੋਂ ਝਾੜ ਦੇਵੇ, ਉਹ ਇਸੇ ਤਰ੍ਹਾਂ ਹੀ ਝਾੜਿਆ ਜਾਵੇ ਅਤੇ ਸੱਖਣਾ ਕੀਤਾ ਜਾਵੇ !" ਤਦ ਸਾਰੀ ਸਭਾ ਨੇ ਕਿਹਾ, "ਆਮੀਨ !" ਅਤੇ ਯਹੋਵਾਹ ਦੀ ਉਸਤਤ ਕੀਤੀ । ਤਦ ਲੋਕਾਂ ਨੇ ਇਸ ਵਾਇਦੇ ਦੇ ਅਨੁਸਾਰ ਕੰਮ ਕੀਤਾ ।
ਨਹਮਯਾਹ ਦੀ ਨਿਰਸਵਾਰਥ ਸੇਵਾ

14ਫਿਰ ਜਦ ਤੋਂ ਮੈਂ ਯਹੂਦਾਹ ਦੇ ਦੇਸ਼ ਉੱਤੇ ਹਾਕਮ ਬਣਾਇਆ ਗਿਆ ਅਰਥਾਤ ਅਰਤਹਸ਼ਸ਼ਤਾ ਦੇ ਰਾਜ ਦੇ ਵੀਹਵੇਂ ਸਾਲ ਤੋਂ ਲੈ ਕੇ ਬੱਤੀਵੇਂ ਸਾਲ ਤੱਕ, ਇਨ੍ਹਾਂ ਬਾਰਾਂ ਸਾਲਾਂ ਵਿੱਚ ਮੈਂ ਅਤੇ ਮੇਰੇ ਭਰਾਵਾਂ ਨੇ ਹਾਕਮ ਦੇ ਹੱਕ ਦੀ ਰੋਟੀ ਨਾ ਖਾਧੀ,15ਪਰ ਜਿਹੜੇ ਹਾਕਮ ਮੇਰੇ ਤੋਂ ਪਹਿਲਾਂ ਸਨ, ਉਹ ਲੋਕਾਂ ਉੱਤੇ ਬੋਝ ਪਾਉਂਦੇ ਸਨ, ਅਤੇ ਉਹ ਉਨ੍ਹਾਂ ਤੋਂ ਰੋਟੀ ਅਤੇ ਮਧ, ਨਾਲੇ ਚਾਲੀ ਸ਼ਕੇਲ ਚਾਂਦੀ ਵੀ ਲੈਂਦੇ ਸਨ ਸਗੋਂ ਉਨ੍ਹਾਂ ਦੇ ਜੁਆਨ ਵੀ ਲੋਕਾਂ ਉੱਤੇ ਹਕੂਮਤ ਕਰਦੇ ਸਨ, ਪਰ ਮੈਂ ਅਜਿਹਾ ਨਹੀਂ ਕੀਤਾ ਕਿਉਂ ਜੋ ਮੈਂ ਪਰਮੇਸ਼ੁਰ ਦਾ ਭੈ ਮੰਨਦਾ ਸੀ ।
16ਨਾਲੇ ਮੈਂ ਸ਼ਹਿਰ ਪਨਾਹ ਦੇ ਕੰਮ ਵਿੱਚ ਤਕੜਾਈ ਨਾਲ ਲੱਗਿਆ ਰਿਹਾ, ਅਤੇ ਅਸੀਂ ਕੋਈ ਖੇਤ ਮੁੱਲ ਨਾ ਲਿਆ ਅਤੇ ਮੇਰੇ ਸਾਰੇ ਜੁਆਨ ਕੰਮ ਕਰਨ ਲਈ ਉੱਥੇ ਇੱਕਠੇ ਰਹਿੰਦੇ ਸਨ ।17ਮੇਰੀ ਮੇਜ਼ ਤੋਂ ਖਾਣ ਵਾਲੇ ਇੱਕ ਸੌ ਪੰਜਾਹ ਯਹੂਦੀ ਅਤੇ ਹਾਕਮ ਸਨ, ਅਤੇ ਉਹ ਵੀ ਜਿਹੜੇ ਆਲੇ-ਦੁਆਲੇ ਦੀਆਂ ਕੌਮਾਂ ਵਿੱਚੋਂ ਸਾਡੇ ਕੋਲ ਆਏ ਸਨ ।
18ਜਿਹੜਾ ਭੋਜਨ ਇੱਕ ਦਿਨ ਲਈ ਤਿਆਰ ਕੀਤਾ ਜਾਂਦਾ ਸੀ ਉਹ ਇਹ ਸੀ, - ਇੱਕ ਬਲਦ, ਛੇ ਪਲੀਆਂ ਹੋਇਆਂ ਭੇਡਾਂ ਜਾਂ ਬੱਕਰੀਆਂ ਅਤੇ ਕੁਝ ਮੁਰਗੀਆਂ ਮੇਰੇ ਲਈ ਤਿਆਰ ਹੁੰਦੀਆ ਸਨ ਅਤੇ ਦਸ ਦਿਨਾਂ ਵਿੱਚ ਇੱਕ ਵਾਰੀ ਹਰ ਕਿਸਮ ਦੀ ਮਧ ਭਰਪੂਰ ਮਾਤਰਾ ਵਿੱਚ ਦਿੱਤੀ ਜਾਂਦੀ ਸੀ । ਇਨ੍ਹਾਂ ਸਾਰੀਆਂ ਗੱਲਾਂ ਦੇ ਹੁੰਦਿਆਂ ਵੀ ਮੈਂ ਹਾਕਮ ਦੇ ਹੱਕ ਦੀ ਰੋਟੀ ਨਾ ਮੰਗੀ ਕਿਉਂਕਿ ਲੋਕਾਂ ਉੱਤੇ ਇਸ ਕੰਮ ਦਾ ਵੱਡਾ ਭਾਰ ਸੀ ।19ਹੇ ਮੇਰੇ ਪਰਮੇਸ਼ੁਰ, ਉਸ ਸਾਰੀ ਭਲਿਆਈ ਲਈ ਜਿਹੜੀ ਮੈਂ ਇਨ੍ਹਾਂ ਲੋਕਾਂ ਨਾਲ ਕੀਤੀ ਹੈ, ਮੈਨੂੰ ਯਾਦ ਰੱਖੀਂ ।

6
ਨਹਮਯਾਹ ਦੇ ਵਿਰੁੱਧ ਸਾਜ਼ਿਸ਼

1ਫਿਰ ਜਦ ਸਨਬੱਲਟ ਅਤੇ ਟੋਬੀਯਾਹ ਅਤੇ ਗਸ਼ਮ ਅਰਬੀ ਅਤੇ ਸਾਡੇ ਬਾਕੀ ਵੈਰੀਆਂ ਨੂੰ ਇਹ ਖ਼ਬਰ ਹੋਈ ਕਿ ਮੈਂ ਸ਼ਹਿਰਪਨਾਹ ਬਣਾ ਲਈ ਹੈ ਅਤੇ ਕੋਈ ਦਰਾਰ ਬਾਕੀ ਨਹੀਂ ਰਹੀ ਭਾਵੇਂ ਮੈਂ ਅਜੇ ਤੱਕ ਫਾਟਕਾਂ ਦੇ ਦਰਵਾਜ਼ੇ ਨਹੀਂ ਲਾਏ ਸਨ ।2ਤਦ ਸਨਬੱਲਟ ਅਤੇ ਗਸ਼ਮ ਨੇ ਮੈਨੂੰ ਸੰਦੇਸ਼ ਭੇਜਿਆ, "ਆ, ਅਸੀਂ ਓਨੋ ਦੀ ਮੈਦਾਨ ਦੇ ਕਿਸੇ ਪਿੰਡ ਵਿੱਚ ਇੱਕ ਦੂਜੇ ਨੂੰ ਮਿਲੀਏ ।" ਪਰ ਉਹ ਮੇਰੀ ਹਾਨੀ ਕਰਨਾ ਚਾਹੁੰਦੇ ਸਨ ।

3ਇਸ ਲਈ ਮੈਂ ਉਨ੍ਹਾਂ ਨੂੰ ਸੰਦੇਸ਼-ਵਾਹਕਾਂ ਦੇ ਰਾਹੀਂ ਇਹ ਉੱਤਰ ਦਿੱਤਾ, "ਮੈਂ ਤਾਂ ਇੱਕ ਵੱਡਾ ਕੰਮ ਕਰ ਰਿਹਾ ਹਾਂ ਅਤੇ ਹੇਠਾਂ ਨਹੀਂ ਆ ਸਕਦਾ, ਮੇਰੇ ਤੁਹਾਡੇ ਕੋਲ ਹੇਠਾਂ ਆਉਣ ਦੇ ਕਾਰਨ ਇਹ ਕੰਮ ਕਿਉਂ ਰੋਕਿਆ ਜਾਵੇ ? "4ਉਨ੍ਹਾਂ ਨੇ ਚਾਰ ਵਾਰੀ ਇਹੋ ਸੰਦੇਸ਼ ਮੇਰੇ ਕੋਲ ਭੇਜਿਆ, ਅਤੇ ਹਰ ਵਾਰੀ ਮੈਂ ਉਨ੍ਹਾਂ ਨੂੰ ਇਸੇ ਤਰ੍ਹਾਂ ਹੀ ਉੱਤਰ ਦਿੱਤਾ ।
5ਫਿਰ ਪੰਜਵੀਂ ਵਾਰੀ ਸਨਬੱਲਟ ਨੇ ਆਪਣੇ ਸੇਵਕ ਦੇ ਹੱਥ ਖੁੱਲ੍ਹੀ ਚਿੱਠੀ ਦੇ ਕੇ ਉਸ ਨੂੰ ਮੇਰੇ ਕੋਲ ਭੇਜਿਆ,6ਜਿਸ ਵਿੱਚ ਇਹ ਲਿਖਿਆ ਹੋਇਆ ਸੀ, "ਕੌਮਾਂ ਵਿੱਚ ਇਹ ਗੱਲ ਸੁਣੀ ਗਈ ਹੈ, ਅਤੇ ਗਸ਼ਮੂ ਵੀ ਇਹੋ ਕਹਿੰਦਾ ਹੈ ਕਿ ਤੂੰ ਅਤੇ ਯਹੂਦੀ ਵਿਦਰੋਹੀ ਹੋਣ ਦੀ ਯੋਜਨਾ ਬਣਾਉਂਦੇ ਹੋ ਅਤੇ ਇਸੇ ਕਾਰਨ ਹੀ ਤੂੰ ਉਸ ਸ਼ਹਿਰਪਨਾਹ ਨੂੰ ਬਣਵਾਉਂਦਾ ਹੈਂ ਅਤੇ ਇਨ੍ਹਾਂ ਗੱਲਾਂ ਦੇ ਅਨੁਸਾਰ ਤੂੰ ਉਨ੍ਹਾਂ ਦਾ ਰਾਜਾ ਬਣਨਾ ਚਾਹੁੰਦਾ ਹੈ ।
7ਤੂੰ ਨਬੀਆਂ ਨੂੰ ਵੀ ਖੜ੍ਹਾ ਕੀਤਾ ਹੈ ਤਾਂ ਜੋ ਯਰੂਸ਼ਲਮ ਵਿੱਚ ਤੇਰੇ ਲਈ ਪ੍ਰਚਾਰ ਕਰਨ ਕਿ 'ਯਹੂਦਾਹ ਵਿੱਚ ਇੱਕ ਰਾਜਾ ਹੈ ।' ਹੁਣ ਇਨ੍ਹਾਂ ਗੱਲਾਂ ਦੀ ਖ਼ਬਰ ਰਾਜਾ ਨੂੰ ਦਿੱਤੀ ਜਾਵੇਗੀ । ਇਸ ਲਈ ਹੁਣ ਆ, ਅਸੀਂ ਆਪਸ ਵਿੱਚ ਸਲਾਹ ਕਰੀਏ ।"
8ਤਦ ਮੈਂ ਉਸ ਨੂੰ ਇਹ ਉੱਤਰ ਭੇਜਿਆ, "ਜਿਵੇਂ ਤੂੰ ਕਿਹਾ ਹੈ, ਉਹੋ ਜਿਹੀ ਤਾਂ ਕੋਈ ਵੀ ਗੱਲ ਨਹੀਂ ਹੈ ਕਿਉਂਕਿ ਇਸ ਸਭ ਤੇਰੀਆਂ ਹੀ ਮਨ-ਘੜਤ ਗੱਲਾਂ ਹਨ !"9ਉਹ ਸਾਰੇ ਇਹ ਸੋਚ ਕੇ ਸਾਨੂੰ ਡਰਾਉਣਾ ਚਾਹੁੰਦੇ ਸਨ ਕਿ ਕੰਮ ਤੋਂ ਉਨ੍ਹਾਂ ਦੇ ਹੱਥ ਢਿੱਲੇ ਪੈ ਜਾਣ ਤਾਂ ਜੋ ਉਹ ਪੂਰਾ ਨਾ ਹੋਵੇ । ਹੁਣ ਹੇ ਪਰਮੇਸ਼ੁਰ ! ਮੇਰੇ ਹੱਥਾਂ ਨੂੰ ਤਕੜੇ ਕਰ !

10ਫਿਰ ਮੈਂ ਮੁਹੇਯਟਬੇਲ ਦੇ ਪੋਤਰੇ ਦਲਾਯਾਹ ਦੇ ਪੁੱਤਰ ਸਮਆਯਾਹ ਦੇ ਘਰ ਵਿੱਚ ਗਿਆ । ਉਹ ਤਾਂ ਘਰ ਵਿੱਚ ਬੰਦ ਸੀ, ਉਸ ਨੇ ਕਿਹਾ, "ਆ, ਅਸੀਂ ਪਰਮੇਸ਼ੁਰ ਦੇ ਭਵਨ ਵਿੱਚ ਮੰਦਰ ਦੇ ਅੰਦਰ ਮਿਲੀਏ ਅਤੇ ਮੰਦਰ ਦੇ ਦਰਵਾਜਿਆਂ ਨੂੰ ਬੰਦ ਕਰ ਲਈਏ ਕਿਉਂਕਿ ਉਹ ਤੈਨੂੰ ਮਾਰਨ ਲਈ ਆਉਣਗੇ, ਹਾਂ ਉਹ ਰਾਤ ਨੂੰ ਤੈਨੂੰ ਮਾਰਨ ਲਈ ਆਉਣਗੇ ।"11ਪਰ ਮੈਂ ਕਿਹਾ, "ਕੀ ਮੇਰੇ ਵਰਗਾ ਮਨੁੱਖ ਭੱਜੇ ? ਅਤੇ ਕੀ ਮੇਰੇ ਵਰਗਾ ਮਨੁੱਖ ਮੰਦਰ ਵਿੱਚ ਜਾ ਕੇ ਆਪਣੀ ਜਾਨ ਬਚਾਵੇ ? ਮੈਂ ਅੰਦਰ ਨਹੀਂ ਜਾਂਵਾਂਗਾ ।"
12ਫਿਰ ਮੈਂ ਜਾਣ ਲਿਆ ਕਿ ਪਰਮੇਸ਼ੁਰ ਨੇ ਉਸ ਨੂੰ ਨਹੀਂ ਭੇਜਿਆ ਸੀ ਪਰ ਉਸ ਨੇ ਮੇਰੇ ਵਿਰੁੱਧ ਭਵਿੱਖਬਾਣੀ ਇਸ ਲਈ ਕੀਤੀ ਕਿਉਂ ਜੋ ਟੋਬੀਯਾਹ ਅਤੇ ਸਨਬੱਲਟ ਨੇ ਉਸ ਨੂੰ ਭਾੜੇ ਤੇ ਰੱਖਿਆ ਸੀ ।13ਉਨ੍ਹਾਂ ਨੇ ਉਸ ਨੂੰ ਇਸ ਲਈ ਭਾੜੇ ਤੇ ਰੱਖਿਆ ਕਿ ਮੈਂ ਡਰ ਜਾਂਵਾਂ ਅਤੇ ਅਜਿਹਾ ਕੰਮ ਕਰਕੇ ਪਾਪੀ ਬਣਾਂ, ਜਿਸ ਨਾਲ ਉਹ ਮੇਰੀ ਬਦਨਾਮੀ ਕਰਨ ਅਤੇ ਇਹ ਮੇਰੀ ਨਿੰਦਿਆ ਦਾ ਕਾਰਨ ਹੋਵੇ ।

14"ਹੇ ਮੇਰੇ ਪਰਮੇਸ਼ੁਰ, ਟੋਬੀਯਾਹ ਅਤੇ ਸਨਬੱਲਟ ਨੂੰ ਉਨ੍ਹਾਂ ਦੇ ਇਨ੍ਹਾਂ ਕੰਮਾਂ ਅਨੁਸਾਰ ਅਤੇ ਨੋਆਦਯਾਹ ਨਬੀਆ ਅਤੇ ਬਾਕੀ ਸਾਰੇ ਨਬੀਆਂ ਨੂੰ ਜਿਹੜੇ ਮੈਨੂੰ ਡਰਾਉਣਾ ਚਾਹੁੰਦੇ ਸਨ, ਯਾਦ ਰੱਖ ।"
ਨਿਰਮਾਣ ਕਾਰਜ ਦਾ ਪੂਰਾ ਹੋਣਾ

15ਇਸ ਤਰ੍ਹਾਂ ਅਲੂਲ ਮਹੀਨੇ ਦੀ ਪੱਚੀ ਤਾਰੀਖ ਨੂੰ ਅਰਥਾਤ ਬਵੰਜਾ ਦਿਨਾਂ ਵਿੱਚ ਸ਼ਹਿਰਪਨਾਹ ਬਣ ਕੇ ਪੂਰੀ ਹੋ ਗਈ ।16ਫਿਰ ਅਜਿਹਾ ਹੋਇਆ ਕਿ ਜਦ ਸਾਡੇ ਸਾਰੇ ਵੈਰੀਆਂ ਨੇ ਇਹ ਸੁਣਿਆ ਤਦ ਸਾਡੇ ਚੁਫ਼ੇਰੇ ਰਹਿਣ ਵਾਲੀਆਂ ਸਾਰੀਆਂ ਕੌਮਾਂ ਦੇ ਲੋਕ ਡਰ ਗਏ ਅਤੇ ਉਹ ਬਹੁਤ ਹੀ ਸ਼ਰਮਿੰਦੇ ਹੋਏ ਕਿਉਂਕਿ ਉਨ੍ਹਾਂ ਨੇ ਜਾਣ ਲਿਆ ਸੀ ਕਿ ਇਹ ਕੰਮ ਸਾਡੇ ਪਰਮੇਸ਼ੁਰ ਵੱਲੋਂ ਹੋਇਆ ਹੈ ।
17ਨਾਲੇ ਉਨ੍ਹਾਂ ਦਿਨਾਂ ਵਿੱਚ ਯਹੂਦੀ ਸਾਮੰਤਾਂ ਦੀਆਂ ਬਹੁਤ ਸਾਰੀਆਂ ਚਿੱਠੀਆਂ ਟੋਬੀਯਾਹ ਕੋਲ ਗਈਆਂ ਅਤੇ ਟੋਬੀਯਾਹ ਦੀਆਂ ਚਿੱਠੀਆਂ ਉਨ੍ਹਾਂ ਕੋਲ ਆਈਆਂ ।18ਕਿਉਂ ਜੋ ਉਹ ਆਰਹ ਦੇ ਪੁੱਤਰ ਸ਼ਕਨਯਾਹ ਦਾ ਜੁਵਾਈ ਸੀ, ਅਤੇ ਉਸ ਦੇ ਪੁੱਤਰ ਯਹੋਹਾਨਾਨ ਨੇ ਬਰਕਯਾਹ ਦੇ ਪੁੱਤਰ ਮਸ਼ੁੱਲਾਮ ਦੀ ਧੀ ਨਾਲ ਵਿਆਹ ਕਰ ਲਿਆ ਸੀ, ਇਸ ਲਈ ਬਹੁਤ ਸਾਰੇ ਯਹੂਦੀਆਂ ਨੇ ਉਸ ਦੇ ਪੱਖ ਵਿੱਚ ਹੋਣ ਦੀ ਸਹੁੰ ਖਾਧੀ ਸੀ ।19ਉਹ ਉਸ ਦੀਆਂ ਨੇਕੀਆਂ ਮੈਨੂੰ ਦੱਸਦੇ ਰਹਿੰਦੇ ਸਨ ਅਤੇ ਮੇਰੀਆਂ ਗੱਲਾਂ ਉਹ ਨੂੰ ਜਾ ਕੇ ਦੱਸਦੇ ਸਨ ਅਤੇ ਟੋਬੀਯਾਹ ਮੈਨੂੰ ਡਰਾਉਣ ਲਈ ਚਿੱਠੀਆਂ ਭੇਜਦਾ ਹੁੰਦਾ ਸੀ ।

7

1ਫਿਰ ਅਜਿਹਾ ਹੋਇਆ ਜਦ ਸ਼ਹਿਰਪਨਾਹ ਬਣ ਗਈ ਅਤੇ ਮੈਂ ਉਸ ਦੇ ਦਰਵਾਜ਼ੇ ਲਗਾ ਦਿੱਤੇ ਅਤੇ ਦਰਬਾਨ ਅਤੇ ਗਾਇਕ ਅਤੇ ਲੇਵੀ ਠਹਿਰਾ ਦਿੱਤੇ ਗਏ,2ਤਦ ਮੈਂ ਆਪਣੇ ਭਰਾ ਹਨਾਨੀ ਨੂੰ ਅਤੇ ਸ਼ਾਹੀ ਮਹਿਲ ਦੇ ਹਾਕਮ ਹਨਨਯਾਹ ਨੂੰ ਯਰੂਸ਼ਲਮ ਉੱਤੇ ਹਾਕਮ ਠਹਿਰਾਇਆ ਕਿਉਂਕਿ ਉਹ ਵਿਸ਼ਵਾਸਯੋਗ ਅਤੇ ਬਹੁਤਿਆਂ ਤੋਂ ਵੱਧ ਪਰਮੇਸ਼ੁਰ ਤੋਂ ਡਰਨ ਵਾਲਾ ਮਨੁੱਖ ਸੀ ।

3ਮੈਂ ਉਨ੍ਹਾਂ ਨੂੰ ਕਿਹਾ, "ਜਦ ਤੱਕ ਧੁੱਪ ਤੇਜ਼ ਨਾ ਹੋ ਜਾਵੇ ਤਦ ਤੱਕ ਯਰੂਸ਼ਲਮ ਦੇ ਫਾਟਕ ਨਾ ਖੋਲ੍ਹੇ ਜਾਣ ਅਤੇ ਜਦ ਪਹਿਰੇਦਾਰ ਪਹਿਰਾ ਦਿੰਦੇ ਹੋਣ, ਤਦ ਹੀ ਫਾਟਕ ਬੰਦ ਕੀਤੇ ਜਾਣ ਅਤੇ ਬੇੜ੍ਹੀਆਂ ਲਾਈਆਂ ਜਾਣ । ਫਿਰ ਯਰੂਸ਼ਲਮ ਦੇ ਵਾਸੀਆਂ ਵਿੱਚੋਂ ਤੂੰ ਪਹਿਰੇਦਾਰ ਠਹਿਰਾ ਜਿਹੜੇ ਆਪੋ ਆਪਣੇ ਪਹਿਰੇ ਵਿੱਚ ਆਪਣੇ-ਆਪਣੇ ਘਰਾਂ ਦੇ ਅੱਗੇ ਪਹਿਰਾ ਦੇਣ ।"4ਸ਼ਹਿਰ ਤਾਂ ਚੌੜਾ ਅਤੇ ਵੱਡਾ ਸੀ ਪਰ ਲੋਕ ਥੋੜੇ ਸਨ ਅਤੇ ਘਰ ਬਣੇ ਹੋਏ ਨਹੀਂ ਸਨ ।
ਮੁੜਨ ਵਾਲਿਆਂ ਦੀ ਵੰਸ਼ਾਵਲੀ
(ਅਜ਼ਰਾ 2:1-70)

5ਤਦ ਮੇਰੇ ਪਰਮੇਸ਼ੁਰ ਨੇ ਮੇਰੇ ਮਨ ਵਿੱਚ ਇਹ ਪਾਇਆ ਕਿ ਮੈਂ ਸਾਮੰਤਾਂ, ਹਾਕਮਾਂ ਅਤੇ ਲੋਕਾਂ ਨੂੰ ਇਸ ਲਈ ਇੱਕਠੇ ਕਰਾਂ ਤਾਂ ਜੋ ਉਹ ਆਪੋ-ਆਪਣੀ ਵੰਸ਼ਾਵਲੀ ਦੇ ਅਨੁਸਾਰ ਗਿਣੇ ਜਾਣ ਅਤੇ ਮੈਨੂੰ ਉਨ੍ਹਾਂ ਲੋਕਾਂ ਦੀ ਕੁੱਲ-ਪੱਤਰੀ ਲੱਭੀ ਜਿਹੜੇ ਪਹਿਲਾਂ ਯਰੂਸ਼ਲਮ ਨੂੰ ਆਏ ਸਨ ਅਤੇ ਮੈਨੂੰ ਉਸ ਦੇ ਵਿੱਚ ਇਹ ਲਿਖਿਆ ਹੋਇਆ ਲੱਭਿਆ, -
6ਜਿਨ੍ਹਾਂ ਲੋਕਾਂ ਨੂੰ ਬਾਬਲ ਦਾ ਰਾਜਾ ਨਬੂਕਦਨੱਸਰ ਗੁਲਾਮ ਬਣਾ ਕੇ ਲੈ ਗਿਆ ਸੀ, ਉਨ੍ਹਾਂ ਵਿੱਚੋਂ ਯਰੂਸ਼ਲਮ ਅਤੇ ਯਹੂਦਾਹ ਦੇ ਸੂਬਿਆਂ ਦੇ ਜਿਹੜੇ ਲੋਕ ਗ਼ੁਲਾਮੀ ਤੋਂ ਛੁੱਟ ਦੇ ਆਪੋ ਆਪਣੇ ਨਗਰਾਂ ਨੂੰ ਮੁੜ ਆਏ ਸਨ, ਉਹ ਇਹ ਹਨ -7ਜਿਹੜੇ ਜ਼ਰੂੱਬਾਬਲ, ਯੇਸ਼ੂਆ, ਨਹਮਯਾਹ, ਅਜ਼ਰਯਾਹ, ਰਅਮਯਾਹ, ਨਹਮਾਨੀ, ਮਾਰਦਕਈ, ਬਿਲਸ਼ਾਨ, ਮਿਸਪਰਥ, ਬਿਗਵਈ, ਨਹੂਮ ਅਤੇ ਬਅਨਾਹ ਨਾਲ ਆਏ । ਇਸਰਾਏਲੀ ਪਰਜਾ ਦੇ ਮਨੁੱਖਾਂ ਦੀ ਗਿਣਤੀ ਇਹ ਹੈ -
8ਪਰੋਸ਼ੀ ਦੀ ਸੰਤਾਨ ਦੋ ਹਜ਼ਾਰ ਇੱਕ ਸੌ ਬਹੱਤਰ,9ਸ਼ਫਟਯਾਹ ਦੀ ਸੰਤਾਨ ਤਿੰਨ ਸੌ ਬਹੱਤਰ,10ਆਰਹ ਦੀ ਸੰਤਾਨ ਛੇ ਸੌ ਬਵੰਜਾ,
11ਪਹਥ-ਮੋਆਬ ਜਿਹੜੇ ਯੇਸ਼ੂਆ ਅਤੇ ਯੋਆਬ ਦੇ ਵੰਸ਼ ਵਿੱਚੋਂ ਸਨ ਦੋ ਹਜ਼ਾਰ ਅੱਠ ਸੌ ਅਠਾਰਾਂ,12ਏਲਾਮ ਦੀ ਸੰਤਾਨ ਇੱਕ ਹਜ਼ਾਰ ਦੋ ਸੌ ਚੁਰੰਜਾ,13ਜ਼ੱਤੂ ਦੀ ਸੰਤਾਨ ਅੱਠ ਸੌ ਪੰਤਾਲੀ,14ਜ਼ੱਕਾਈ ਦੀ ਸੰਤਾਨ ਸੱਤ ਸੌ ਸੱਠ.
15ਬਿੰਨੂਈ ਦੀ ਸੰਤਾਨ ਛੇ ਸੌ ਅਠਤਾਲੀ,16ਬੇਬਈ ਦੀ ਸੰਤਾਨ ਛੇ ਸੌ ਅਠਾਈ,17ਅਜ਼ਗਾਦ ਦੀ ਸੰਤਾਨ ਦੋ ਹਜ਼ਾਰ ਤਿੰਨ ਸੌ ਬਾਈ,18ਅਦੋਨੀਕਾਮ ਦੀ ਸੰਤਾਨ ਛੇ ਸੌ ਸਤਾਹਠ,
19ਬਿਗਵਾਈ ਦੀ ਸੰਤਾਨ ਦੋ ਹਜ਼ਾਰ ਸਤਾਹਠ,20ਆਦੀਨ ਦੀ ਸੰਤਾਨ ਛੇ ਸੌ ਪਚਵੰਜਾ,21ਹਿਜ਼ਕੀਯਾਹ ਦੇ ਸੰਤਾਨ ਅਟੇਰ ਦੇ ਵੰਸ਼ ਵਿੱਚੋਂ ਅਠਾਨਵੇਂ,22ਹਾਸੂਮ ਦੀ ਸੰਤਾਨ ਤਿੰਨ ਸੌ ਅਠਾਈ,
23ਬੇਸਾਈ ਦੀ ਸੰਤਾਨ ਤਿੰਨ ਸੌ ਚੌਵੀ,24ਹਾਰੀਫ ਦੀ ਸੰਤਾਨ ਇੱਕ ਸੌ ਬਾਰਾਂ,25ਗਿਬਓਨ ਦੀ ਸੰਤਾਨ ਪਚਾਨਵੇਂ,26ਬੈਤਹਲਮ ਅਤੇ ਨਟੋਫਾਹ ਦੇ ਮਨੁੱਖ ਇੱਕ ਸੌ ਅਠਾਸੀ,
27ਅਨਾਥੋਥ ਦੇ ਮਨੁੱਖ ਇੱਕ ਸੌ ਅਠਾਈ,28ਬੈਤਅਜ਼ਮਾਵਥ ਦੇ ਮਨੁੱਖ ਬਤਾਲੀ,29ਕਿਰਯਥ-ਯਆਰੀਮ ਅਤੇ ਕਫੀਰਾਹ ਅਤੇ ਬੇਰੋਯ ਦੇ ਮਨੁੱਖ ਸੱਤ ਸੌ ਤਰਤਾਲੀ,30ਰਾਮਾਹ ਅਤੇ ਗਬਾ ਦੇ ਮਨੁੱਖ ਛੇ ਸੌ ਇੱਕੀ,
31ਮਿਕਮਾਸ ਦੇ ਮਨੁੱਖ ਇੱਕ ਸੌ ਬਾਈ,32ਬੈਤ-ਏਲ ਅਤੇ ਅਈ ਦੇ ਮਨੁੱਖ ਇੱਕ ਸੌ ਤੇਈ,33ਦੂਸਰੇ ਨਬੋ ਦੇ ਮਨੁੱਖ ਬਵੰਜਾ,34ਦੂਸਰੇ ਏਲਾਮ ਦੀ ਸੰਤਾਨ ਇੱਕ ਹਜ਼ਾਰ ਦੋ ਸੌ ਚੁਰੰਜਾ,
35ਹਾਰੀਮ ਦੀ ਸੰਤਾਨ ਤਿੰਨ ਸੌ ਵੀਹ,36ਯਰੀਹੋ ਦੇ ਲੋਕ ਤਿੰਨ ਸੌ ਪੰਤਾਲੀ,37ਲੋਦ ਅਤੇ ਹਾਦੀਦ ਅਤੇ ਓਨੋ ਦੇ ਲੋਕ ਸੱਤ ਸੌ ਇੱਕੀ,38ਸਨਾਹ ਦੇ ਲੋਕ ਤਿੰਨ ਹਜ਼ਾਰ ਨੌ ਸੌ ਤੀਹ ।

39ਜਾਜਕ ਅਰਥਾਤ ਯੇਸ਼ੂਆ ਦੇ ਘਰਾਣੇ ਵਿੱਚੋਂ ਯਦਅਯਾਹ ਦੀ ਸੰਤਾਨ ਨੌ ਸੌ ਤਿਹੱਤਰ,40ਈਮੇਰ ਦੀ ਸੰਤਾਨ ਇੱਕ ਹਜ਼ਾਰ ਬਵੰਜਾ,41ਪਸ਼ਹੂਰ ਦੀ ਸੰਤਾਨ ਇੱਕ ਹਜ਼ਾਰ ਦੋ ਸੌ ਸੰਤਾਲੀ,42ਹਾਰੀਮ ਦੀ ਸੰਤਾਨ ਇੱਕ ਹਜ਼ਾਰ ਸਤਾਰਾਂ ।

43ਲੇਵੀ ਇਹ ਸਨ: ਹੋਦਵਾਹ ਦੇ ਵੰਸ਼ ਵਿੱਚੋਂ ਕਦਮੀਏਲ ਦੀ ਸੰਤਾਨ ਯੇਸ਼ੂਆ ਦੀ ਸੰਤਾਨ ਚੁਹੱਤਰ ।44ਗਾਇਕ ਇਹ ਸਨ: ਅਸਾਫ ਦੀ ਸੰਤਾਨ ਇੱਕ ਸੌ ਅੱਠਤਾਲੀ,45ਦਰਬਾਨ ਇਹ ਸਨ: ਸੱਲੁਮ ਦੀ ਸੰਤਾਨ, ਆਟੇਰ ਦੀ ਸੰਤਾਨ, ਟਲਮੋਨ ਦੀ ਸੰਤਾਨ, ਅੱਕੂਬ ਦੀ ਸੰਤਾਨ, ਹਟੀਟਾ ਦੀ ਸੰਤਾਨ ਅਤੇ ਸ਼ੋਬਾਈ ਦੀ ਸੰਤਾਨ ਇੱਕ ਸੌ ਅਠੱਤੀ ।

46ਨਥੀਨੀਮ ਅਰਥਾਤ ਸੀਹਾ ਦੀ ਸੰਤਾਨ, ਹਸੁਫਾ ਦੀ ਸੰਤਾਨ, ਟੱਬਾਓਥ ਦੀ ਸੰਤਾਨ,47ਕੇਰੋਸ ਦੀ ਸੰਤਾਨ, ਸੀਆ ਦੀ ਸੰਤਾਨ, ਪਾਦੋਨ ਦੀ ਸੰਤਾਨ,48ਲਬਾਨਾਹ ਦੀ ਸੰਤਾਨ, ਹਗਾਬਾ ਦੀ ਸੰਤਾਨ, ਸਲਮਾਈ ਦੀ ਸੰਤਾਨ,49ਹਨਾਨ ਦੀ ਸੰਤਾਨ, ਗੀੱਦੇਲ ਦੀ ਸੰਤਾਨ, ਗਾਹਰ ਦੀ ਸੰਤਾਨ,
50ਰਅਯਾਹ ਦੀ ਸੰਤਾਨ, ਰਸੀਨ ਦੀ ਸੰਤਾਨ, ਨਕੋਦਾ ਦੀ ਸੰਤਾਨ,51ਗੱਜ਼ਾਮ ਦੀ ਸੰਤਾਨ, ਉੱਜ਼ਾ ਦੀ ਸੰਤਾਨ, ਪਾਸੇਹ ਦੀ ਸੰਤਾਨ,52ਬੇਸਈ ਦੀ ਸੰਤਾਨ, ਮਊਨੀਮ ਦੀ ਸੰਤਾਨ, ਨਫੀਸ਼ਸੀਮ ਦੀ ਸੰਤਾਨ,
53ਬਕਬੂਕ ਦੀ ਸੰਤਾਨ, ਹਕੂਫਾ ਦੀ ਸੰਤਾਨ, ਹਰਹੂਰ ਦੀ ਸੰਤਾਨ,54ਬਸਲੀਬ ਦੀ ਸੰਤਾਨ, ਮਹੀਦਾ ਦੀ ਸੰਤਾਨ, ਹਰਸ਼ਾ ਦੀ ਸੰਤਾਨ,55ਬਰਕੋਸ ਦੀ ਸੰਤਾਨ, ਸੀਸਰਾ ਦੀ ਸੰਤਾਨ, ਥਾਮਹ ਦੀ ਸੰਤਾਨ,56ਨਸੀਅਹ ਦੀ ਸੰਤਾਨ, ਹਟੀਫਾ ਦੀ ਸੰਤਾਨ ।

57ਸੁਲੇਮਾਨ ਦੇ ਸੇਵਕਾਂ ਦੀ ਸੰਤਾਨ: ਸੋਟਈ ਦੀ ਸੰਤਾਨ, ਸੋਫਰਥ ਦੀ ਸੰਤਾਨ, ਪਰੀਦਾ ਦੀ ਸੰਤਾਨ,58ਯਅਲਾਹ ਦੀ ਸੰਤਾਨ, ਦਰਕੋਨ ਦੀ ਸੰਤਾਨ, ਗਿੱਦੇਲ ਦੀ ਸੰਤਾਨ,59ਸ਼ਫਟਯਾਹ ਦੀ ਸੰਤਾਨ, ਹੱਟੀਲ ਦੀ ਸੰਤਾਨ, ਸਬਾਈਮ ਦੇ ਫੋਕਰਥ ਦੀ ਸੰਤਾਨ ਅਤੇ ਆਮੋਨ ਦੀ ਸੰਤਾਨ ।

60ਸਾਰੇ ਨਥੀਨੀਮ (ਭਵਨ ਦੇ ਸੇਵਕ) ਅਤੇ ਸੁਲੇਮਾਨ ਦੇ ਸੇਵਕਾਂ ਦੀ ਸੰਤਾਨ ਤਿੰਨ ਸੌ ਬਾਨਵੇਂ ਸੀ ।

61ਅਤੇ ਇਹ ਉਹ ਸਨ ਜਿਹੜੇ ਤੇਲ-ਮੇਲਹ, ਤੇਲ-ਹਰਸਾ, ਕਰੂਬ, ਅਦੋਨ, ਇੰਮੇਰ ਤੋਂ ਆਏ ਸਨ ਪਰ ਉਹ ਆਪਣੇ ਬਜ਼ੁਰਗਾਂ ਦੇ ਘਰਾਣੇ ਅਤੇ ਆਪਣੀ ਵੰਸ਼ਾਵਲੀ ਨੂੰ ਨਾ ਦੱਸ ਸਕੇ ਕਿ ਉਹ ਇਸਰਾਏਲ ਦੇ ਸਨ ਕਿ ਨਹੀਂ:62ਦਲਯਾਹ ਦੀ ਸੰਤਾਨ, ਟੋਬੀਯਾਹ ਦੀ ਸੰਤਾਨ ਅਤੇ ਨਕੋਦਾ ਦੀ ਸੰਤਾਨ ਛੇ ਸੌ ਬਤਾਲੀ,63ਅਤੇ ਜਾਜਕਾਂ ਦੀ ਸੰਤਾਨ ਤੋਂ - ਹਾਬਾਯਾਹ ਦੀ ਸੰਤਾਨ, ਕੋਸ ਦੀ ਸੰਤਾਨ, ਬਰਜ਼ਿੱਲਈ ਦੀ ਸੰਤਾਨ ਜਿਸ ਨੇ ਗਿਲਆਦੀ ਬਰਜ਼ਿੱਲਈ ਦੀਆਂ ਧੀਆਂ ਵਿੱਚੋਂ ਇੱਕ ਕੁੜੀ ਵਿਆਹ ਲਈ ਅਤੇ ਉਸੇ ਦੇ ਨਾਮ ਉੱਤੇ ਸੱਦੇ ਗਏ ।
64ਇਹਨਾਂ ਨੇ ਆਪਣੀਆਂ ਲਿਖਤਾਂ ਨੂੰ ਹੋਰਨਾਂ ਦੀਆਂ ਵੰਸ਼ਾਵਲੀਆਂ ਦੀਆਂ ਲਿਖਤਾਂ ਵਿੱਚ ਲੱਭਿਆ ਪਰ ਜਦ ਉਹ ਨਾ ਮਿਲੀਆਂ ਤਦ ਉਹਨਾਂ ਨੂੰ ਅਸ਼ੁੱਧ ਠਹਿਰਾਇਆ ਗਿਆ ਅਤੇ ਉਹ ਜਾਜਕਾਈ ਵਿੱਚੋਂ ਕੱਢੇ ਗਏ ।65ਤਦ ਪ੍ਰਧਾਨ ਨੇ ਉਨ੍ਹਾਂ ਨੂੰ ਕਿਹਾ ਕਿ ਜਦ ਤੱਕ ਕੋਈ ਜਾਜਕ ਊਰੀਮ ਤੇ ਥੁੰਮੀਮ ਨਾਲ ਖੜਾ ਨਾ ਹੋ ਜਾਵੇ, ਤਦ ਤੱਕ ਕਿਸੇ ਨੂੰ ਅੱਤ ਪਵਿੱਤਰ ਵਸਤੂਆਂ ਵਿੱਚੋਂ ਕੁਝ ਖਾਣਾ ਨਾ ਦਿੱਤਾ ਜਾਵੇ ।
66ਸਾਰੀ ਸਭਾ ਮਿਲ ਕੇ ਬਤਾਲੀ ਹਜ਼ਾਰ ਤਿੰਨ ਸੌ ਸੱਠ ਸੀ ।67ਇਹ ਉਨ੍ਹਾਂ ਦੇ ਦਾਸ ਅਤੇ ਦਾਸੀਆਂ ਤੋਂ ਬਿਨ੍ਹਾਂ ਸੀ, ਜਿਨ੍ਹਾਂ ਦੀ ਗਿਣਤੀ ਸੱਤ ਹਜ਼ਾਰ ਤਿੰਨ ਸੌ ਸੈਂਤੀ ਸੀ ਅਤੇ ਉਨ੍ਹਾਂ ਵਿੱਚ ਦੋ ਸੌ ਗਾਇਕ ਅਤੇ ਗਾਈਕਾ ਸਨ ।
68ਉਨ੍ਹਾਂ ਦੇ ਘੋੜੇ ਸੱਤ ਸੌ ਛੱਤੀ, ਖੱਚਰ ਦੋ ਸੌ ਪੰਤਾਲੀ,69ਊਠ ਚਾਰ ਸੌ ਪੈਂਤੀ ਅਤੇ ਗਧੇ ਛੇ ਹਜ਼ਾਰ ਸੱਤ ਸੌ ਵੀਹ ਸਨ ।

70ਉਨ੍ਹਾਂ ਦੇ ਪੁਰਖਿਆਂ ਦੇ ਘਰਾਣਿਆਂ ਦੇ ਮੁਖੀਆਂ ਵਿੱਚੋਂ ਕਈਆਂ ਨੇ ਕੰਮ ਲਈ ਦਾਨ ਦਿੱਤਾ । ਹਾਕਮ ਨੇ ਇੱਕ ਹਜ਼ਾਰ ਦਰਮ ਸੋਨਾ, ਪੰਜਾਹ ਕਟੋਰੇ ਅਤੇ ਜਾਜਕਾਂ ਲਈ ਪੰਜ ਸੌ ਤੀਹ ਪੁਸ਼ਾਕਾਂ ਖਜ਼ਾਨੇ ਵਿੱਚ ਦਿੱਤੀਆਂ ।71ਪੁਰਖਿਆਂ ਦੇ ਘਰਾਣਿਆਂ ਦੇ ਮੁਖੀਆਂ ਵਿੱਚੋਂ ਕਈਆਂ ਨੇ ਕੰਮ ਲਈ ਵੀਹ ਹਜ਼ਾਰ ਦਰਮ ਸੋਨਾ ਅਤੇ ਦੋ ਹਜ਼ਾਰ ਦੋ ਸੌ ਮਾਨੇਹ ਚਾਂਦੀ ਖਜ਼ਾਨੇ ਵਿੱਚ ਦਿੱਤੀ,72ਅਤੇ ਬਾਕੀ ਲੋਕਾਂ ਨੇ ਜੋ ਦਿੱਤਾ, ਉਹ ਵੀਹ ਹਜ਼ਾਰ ਦਰਮ ਸੋਨਾ, ਦੋ ਹਜ਼ਾਰ ਮਾਨੇਹ ਚਾਂਦੀ ਅਤੇ ਜਾਜਕਾਂ ਲਈ ਸਤਾਹਟ ਪੁਸ਼ਾਕਾਂ ਸਨ ।
73ਇਸ ਤਰ੍ਹਾਂ ਜਾਜਕ ਅਤੇ ਲੇਵੀ ਅਤੇ ਅਤੇ ਦਰਬਾਨ ਅਤੇ ਗਾਇਕ, ਪਰਜਾ ਦੇ ਕੁਝ ਲੋਕ ਅਤੇ ਨਥੀਨੀਮ ਅਤੇ ਸਾਰੇ ਇਸਰਾਏਲੀ ਆਪੋ ਆਪਣੇ ਸ਼ਹਿਰਾਂ ਵਿੱਚ ਵੱਸ ਗਏ ।

8
ਯਹੂਦੀਆਂ ਨੂੰ ਬਿਵਸਥਾ ਦਾ ਸੁਣਾਇਆ ਜਾਣਾ

1ਫਿਰ ਸਾਰੀ ਪਰਜਾ ਇੱਕ ਮਨ ਹੋ ਕੇ ਜਲ-ਫਾਟਕ ਦੇ ਸਾਹਮਣੇ ਚੌਂਕ ਵਿੱਚ ਇੱਕਠੀ ਹੋਈ ਅਤੇ ਉਨ੍ਹਾਂ ਨੇ ਅਜ਼ਰਾ ਸ਼ਾਸਤਰੀ ਨੂੰ ਕਿਹਾ ਕਿ ਮੂਸਾ ਦੀ ਬਿਵਸਥਾ ਦੀ ਪੁਸਤਕ ਨੂੰ ਲੈ ਆ, ਜਿਸ ਦਾ ਯਹੋਵਾਹ ਨੇ ਇਸਰਾਏਲ ਨੂੰ ਹੁਕਮ ਦਿੱਤਾ ਹੈ ।2ਤਦ ਅਜ਼ਰਾ ਜਾਜਕ ਸੱਤਵੇਂ ਮਹੀਨੇ ਦੀ ਪਹਿਲੀ ਤਾਰੀਖ ਨੂੰ ਸਾਰੀ ਸਭਾ ਦੇ ਸਾਹਮਣੇ ਭਾਵੇਂ ਪੁਰਖ ਭਾਵੇਂ ਇਸਤਰੀਆਂ ਸਗੋਂ ਉਨ੍ਹਾਂ ਸਾਰਿਆਂ ਦੇ ਅੱਗੇ ਜਿਹੜੇ ਸੁਣ ਕੇ ਸਮਝ ਸਕਦੇ ਸਨ, ਬਿਵਸਥਾ ਨੂੰ ਲੈ ਆਇਆ,3ਅਤੇ ਜਲ ਫਾਟਕ ਦੇ ਅੱਗੇ ਚੌਂਕ ਵਿੱਚ ਪੌਹ ਫੁੱਟਣ ਤੋਂ ਲੈ ਕੇ ਦੁਪਹਿਰ ਤੱਕ ਪੁਰਖਾਂ, ਇਸਤਰੀਆਂ ਅਤੇ ਜੋ ਸਮਝ ਸਕਦੇ ਸਨ, ਉਨ੍ਹਾਂ ਦੇ ਅੱਗੇ ਪੜ੍ਹਦਾ ਰਿਹਾ ਅਤੇ ਸਾਰੀ ਪਰਜਾ ਦੇ ਕੰਨ ਬਿਵਸਥਾ ਦੀ ਪੁਸਤਕ ਵੱਲ ਲੱਗੇ ਰਹੇ ।

4ਤਦ ਅਜ਼ਰਾ ਸ਼ਾਸਤਰੀ ਲੱਕੜੀ ਦੇ ਇੱਕ ਤਖ਼ਤ-ਪੋਸ਼ ਉੱਤੇ ਖੜਾ ਹੋ ਗਿਆ, ਜਿਹੜਾ ਇਸੇ ਕੰਮ ਲਈ ਬਣਾਇਆ ਗਿਆ ਸੀ ਅਤੇ ਉਹ ਦੇ ਕੋਲ ਮੱਤੀਥਯਾਹ, ਸ਼ਮਆ, ਅਨਾਯਾਹ, ਊਰੀਯਾਹ, ਹਿਲਕੀਯਾਹ ਅਤੇ ਮਆਸੇਯਾਹ ਉਸ ਦੇ ਸੱਜੇ ਪਾਸੇ ਖੜ੍ਹੇ ਸਨ ਅਤੇ ਉਸ ਦੇ ਖੱਬੇ ਪਾਸੇ ਪਦਾਯਾਹ, ਮੀਸ਼ਾਏਲ, ਮਲਕੀਯਾਹ, ਹਾਸ਼ੁਮ, ਹਸ਼ਬੱਦਾਨਾਹ, ਜ਼ਕਰਯਾਹ ਅਤੇ ਮਸ਼ੁੱਲਾਮ ਖੜ੍ਹੇ ਸਨ ।5ਤਦ ਅਜ਼ਰਾ ਨੇ ਜੋ ਸਭ ਤੋਂ ਉੱਚੇ ਸਥਾਨ ਤੇ ਖੜ੍ਹਾ ਸੀ, ਸਾਰੀ ਪਰਜਾ ਦੇ ਵੇਖਦਿਆਂ ਪੁਸਤਕ ਨੂੰ ਖੋਲ੍ਹਿਆ, ਅਤੇ ਉਸ ਦੇ ਖੋਲ੍ਹਦਿਆਂ ਸਾਰ ਹੀ ਸਾਰੀ ਪਰਜਾ ਉੱਠ ਕੇ ਖੜੀ ਹੋ ਗਈ ।
6ਤਦ ਅਜ਼ਰਾ ਨੇ ਯਹੋਵਾਹ ਨੂੰ ਜਿਹੜਾ ਮਹਾਨ ਪਰਮੇਸ਼ੁਰ ਹੈ ਮੁਬਾਰਕ ਕਿਹਾ, ਤਾਂ ਸਾਰੀ ਪਰਜਾ ਨੇ ਹੱਥ ਚੁੱਕ ਕੇ ''ਆਮੀਨ ਆਮੀਨ" ਕਿਹਾ ਅਤੇ ਯਹੋਵਾਹ ਦੇ ਅੱਗੇ ਧਰਤੀ ਤੱਕ ਸਿਰ ਝੁਕਾ ਕੇ ਮੱਥਾ ਟੇਕਿਆ ।7ਤਦ ਯੇਸ਼ੂਆ, ਬਾਨੀ, ਸੇਰੇਬਯਾਹ, ਯਾਮੀਨ, ਅੱਕੂਬ, ਸ਼ਬਥਈ, ਹੋਦੀਯਾਹ, ਮਅਸੇਯਾਹ, ਕਲੀਟਾ, ਅਜ਼ਰਯਾਹ, ਯੋਜ਼ਾਬਾਦ, ਹਨਾਨ, ਪਲਾਯਾਹ ਅਤੇ ਲੇਵੀਆਂ ਨੇ ਪਰਜਾ ਨੂੰ ਬਿਵਸਥਾ ਸਮਝਾਈ ਅਤੇ ਪਰਜਾ ਆਪਣੇ ਸਥਾਨ ਤੇ ਖੜ੍ਹੀ ਰਹੀ ।8ਉਨ੍ਹਾਂ ਨੇ ਪਰਮੇਸ਼ੁਰ ਦੀ ਬਿਵਸਥਾ ਦੀ ਪੁਸਤਕ ਨੂੰ ਬੜੀ ਸਫ਼ਾਈ ਨਾਲ ਪੜ੍ਹਿਆ ਅਤੇ ਉਸ ਦੇ ਅਰਥ ਸਮਝਾਏ ਅਤੇ ਲੋਕਾਂ ਨੇ ਪਾਠ ਨੂੰ ਸਮਝ ਲਿਆ ।

9ਤਦ ਨਹਮਯਾਹ ਨੇ ਜੋ ਹਾਕਮ ਸੀ ਅਤੇ ਅਜ਼ਰਾ ਜੋ ਜਾਜਕ ਅਤੇ ਸ਼ਾਸਤਰੀ ਸੀ ਅਤੇ ਲੇਵੀ ਜੋ ਲੋਕਾਂ ਨੂੰ ਸਿਖਾ ਰਹੇ ਹਨ, ਉਨ੍ਹਾਂ ਨੇ ਸਾਰੀ ਪਰਜਾ ਨੂੰ ਕਿਹਾ, "ਅੱਜ ਦਾ ਦਿਨ ਤੁਹਾਡੇ ਪਰਮੇਸ਼ੁਰ ਯਹੋਵਾਹ ਲਈ ਪਵਿੱਤਰ ਹੈ; ਇਸ ਲਈ ਨਾ ਸੋਗ ਕਰੋ ਅਤੇ ਨਾ ਰੋਵੋ ।" ਕਿਉਂ ਜੋ ਸਾਰੀ ਪਰਜਾ ਬਿਵਸਥਾ ਦੇ ਬਚਨ ਸੁਣ ਕੇ ਰੋਂਦੀ ਸੀ ।10ਫਿਰ ਉਸ ਨੇ ਉਨ੍ਹਾਂ ਨੂੰ ਕਿਹਾ, "ਜਾਓ, ਚਿਕਨਾ ਭੋਜਨ ਖਾਓ ਅਤੇ ਮਿੱਠਾ ਰਸ ਪੀਓ, ਅਤੇ ਜਿਨ੍ਹਾਂ ਦੇ ਲਈ ਕੁਝ ਤਿਆਰ ਨਹੀਂ ਹੋਇਆ ਉਨ੍ਹਾਂ ਲਈ ਵੀ ਭੋਜਨ ਵਸਤੂਆਂ ਭੇਜੋ, ਕਿਉਂ ਜੋ ਅੱਜ ਦਾ ਦਿਨ ਸਾਡੇ ਪ੍ਰਭੂ ਲਈ ਪਵਿੱਤਰ ਹੈ ਅਤੇ ਤੁਸੀਂ ਉਦਾਸ ਨਾ ਰਹੋ ਕਿਉਂਕਿ ਯਹੋਵਾਹ ਦਾ ਅਨੰਦ ਤੁਹਾਡਾ ਬਲ ਹੈ ।"
11ਤਦ ਲੇਵੀਆਂ ਨੇ ਸਾਰੀ ਪਰਜਾ ਨੂੰ ਇਹ ਕਹਿ ਕੇ ਸ਼ਾਂਤ ਕੀਤਾ, "ਚੁੱਪ ਰਹੋ ਕਿਉਂ ਜੋ ਅੱਜ ਦਾ ਦਿਨ ਪਵਿੱਤਰ ਹੈ, ਅਤੇ ਉਦਾਸ ਨਾ ਹੋਵੋ ।"12ਤਦ ਸਾਰੀ ਪਰਜਾ ਖਾਣ-ਪੀਣ ਅਤੇ ਇੱਕ ਦੂਜੇ ਨੂੰ ਭੋਜਨ ਵਸਤੂਆਂ ਭੇਜਣ ਅਤੇ ਵੱਡਾ ਅਨੰਦ ਕਰਨ ਲਈ ਚਲੀ ਗਈ, ਕਿਉਂਕਿ ਜੋ ਬਚਨ ਉਨ੍ਹਾਂ ਨੂੰ ਸਮਝਾਏ ਗਏ ਸਨ, ਉਨ੍ਹਾਂ ਨੇ ਉਹ ਸਮਝ ਲਏ ਸਨ ।
ਡੇਰਿਆਂ ਦਾ ਪਰਬ

13ਦੂਜੇ ਦਿਨ ਵੀ ਸਾਰੀ ਪਰਜਾ ਦੇ ਪੁਰਖਿਆਂ ਦੇ ਘਰਾਣਿਆਂ ਦੇ ਮੁਖੀਏ ਅਤੇ ਜਾਜਕ ਅਤੇ ਲੇਵੀ ਅਜ਼ਰਾ ਸ਼ਾਸਤਰੀ ਕੋਲ ਇੱਕਠੇ ਹੋਏ ਤਾਂ ਜੋ ਬਿਵਸਥਾ ਦੀਆਂ ਗੱਲਾਂ ਵੱਲ ਧਿਆਨ ਦੇਣ ।14ਉਨ੍ਹਾਂ ਨੂੰ ਬਿਵਸਥਾ ਵਿੱਚ ਇਹ ਲਿਖਿਆ ਹੋਇਆ ਮਿਲਿਆ ਕਿ ਯਹੋਵਾਹ ਨੇ ਮੂਸਾ ਦੇ ਰਾਹੀਂ ਇਹ ਹੁਕਮ ਦਿੱਤਾ ਸੀ ਕਿ ਇਸਰਾਏਲੀ ਸੱਤਵੇਂ ਮਹੀਨੇ ਦੇ ਪਰਬ ਲਈ ਡੇਰਿਆਂ ਵਿੱਚ ਰਿਹਾ ਕਰਨ15ਅਤੇ ਆਪਣੇ ਸਾਰੇ ਸ਼ਹਿਰਾਂ ਅਤੇ ਯਰੂਸ਼ਲਮ ਵਿੱਚ ਇਹ ਸੁਣਾਇਆ ਜਾਵੇ ਅਤੇ ਇਹ ਮੁਨਾਦੀ ਕਰਵਾਈ ਜਾਵੇ ਕਿ ਪਹਾੜ ਉੱਤੇ ਜਾ ਕੇ ਜ਼ੈਤੂਨ ਦੀਆਂ ਟਹਿਣੀਆਂ, ਤੇਲ ਬਿਰਛ ਦੀਆਂ ਟਾਹਣੀਆਂ, ਮਹਿੰਦੀ ਦੀਆਂ ਟਹਿਣੀਆਂ, ਖਜੂਰ ਦੀਆਂ ਟਹਿਣੀਆਂ ਅਤੇ ਸੰਘਣੇ ਬਿਰਛਾਂ ਦੀਆਂ ਟਹਿਣੀਆਂ ਡੇਰੇ ਬਣਾਉਣ ਲਈ ਲਿਆਉਣ, ਜਿਵੇਂ ਕਿ ਲਿਖਿਆ ਹੈ ।
16ਤਦ ਲੋਕ ਬਾਹਰ ਗਏ ਅਤੇ ਟਹਿਣੀਆਂ ਨੂੰ ਲਿਆਏ ਅਤੇ ਆਪਣੇ-ਆਪਣੇ ਘਰ ਦੀ ਛੱਤ ਉੱਤੇ, ਆਪਣੇ ਵਿਹੜਿਆਂ ਵਿੱਚ ਅਤੇ ਪਰਮੇਸ਼ੁਰ ਦੇ ਭਵਨ ਦੇ ਵਿਹੜੇ ਵਿੱਚ ਅਤੇ ਜਲ-ਫਾਟਕ ਦੇ ਚੌਂਕ ਵਿੱਚ ਅਤੇ ਅਫ਼ਰਾਈਮੀ ਫਾਟਕ ਦੇ ਚੌਂਕ ਵਿੱਚ ਆਪਣੇ ਲਈ ਡੇਰੇ ਬਣਾਏ ।17ਸਾਰੀ ਸਭਾ ਨੇ ਜਿਹੜੀ ਗ਼ੁਲਾਮੀ ਵਿੱਚੋਂ ਮੁੜ ਆਈ ਸੀ, ਡੇਰੇ ਬਣਾਏ ਅਤੇ ਉਨ੍ਹਾਂ ਵਿੱਚ ਰਹੇ ਕਿਉਂ ਜੋ ਨੂਨ ਦੇ ਪੁੱਤਰ ਯੇਸ਼ੂਆ ਦੇ ਦਿਨਾਂ ਤੋਂ ਲੈ ਕੇ ਉਸ ਦਿਨ ਤੱਕ ਇਸਰੇਲੀਆਂ ਨੇ ਅਜਿਹਾ ਨਹੀਂ ਕੀਤਾ ਸੀ । ਉਸ ਸਮੇਂ ਬਹੁਤ ਵੱਡਾ ਅਨੰਦ ਹੋਇਆ ।
18ਫਿਰ ਪਹਿਲੇ ਦਿਨ ਤੋਂ ਲੈ ਕੇ ਆਖਰੀ ਦਿਨ ਤੱਕ ਅਜ਼ਰਾ ਨੇ ਪਰਮੇਸ਼ੁਰ ਦੀ ਬਿਵਸਥਾ ਦੀ ਪੁਸਤਕ ਵਿੱਚੋਂ ਹਰ ਰੋਜ਼ ਪੜ੍ਹਿਆ ਅਤੇ ਉਨ੍ਹਾਂ ਨੇ ਸੱਤ ਦਿਨਾਂ ਤੱਕ ਪਰਬ ਮਨਾਇਆ ਅਤੇ ਅੱਠਵੇਂ ਦਿਨ ਨਿਯਮ ਦੇ ਅਨੁਸਾਰ ਮਹਾਸਭਾ ਹੋਈ ।

9
ਪਾਪ ਦਾ ਇਕਰਾਰ ਕਰਨਾ

1ਫਿਰ ਉਸੇ ਮਹੀਨੇ ਦੀ ਚੌਵੀ ਤਾਰੀਖ਼ ਨੂੰ ਇਸਰਾਏਲੀ ਵਰਤ ਰੱਖ ਕੇ, ਤੱਪੜ ਪਾ ਕੇ ਅਤੇ ਆਪਣੇ ਸਿਰਾਂ ਉੱਤੇ ਸੁਆਹ ਪਾ ਕੇ ਇੱਕਠੇ ਹੋ ਗਏ ।2ਤਦ ਇਸਰਾਏਲ ਦੇ ਵੰਸ਼ ਦੇ ਲੋਕਾਂ ਨੇ ਸਾਰੀਆਂ ਪਰਾਈਆਂ ਕੌਮਾਂ ਦੇ ਲੋਕਾਂ ਵਿੱਚੋਂ ਆਪਣੇ ਆਪ ਨੂੰ ਅਲੱਗ ਕੀਤਾ ਅਤੇ ਖੜ੍ਹੇ ਹੋ ਕੇ ਆਪਣਿਆਂ ਪਾਪਾਂ ਦਾ ਅਤੇ ਆਪਣੇ ਪਿਉ-ਦਾਦਿਆਂ ਦੇ ਅਪਰਾਧਾਂ ਦਾ ਇਕਰਾਰ ਕੀਤਾ ।

3ਤਦ ਉਹ ਆਪਣੇ-ਆਪਣੇ ਸਥਾਨ ਤੇ ਖੜ੍ਹੇ ਹੋ ਕੇ ਦਿਨ ਦੇ ਇੱਕ ਪਹਿਰ ਤੱਕ ਆਪਣੇ ਪਰਮੇਸ਼ੁਰ ਯਹੋਵਾਹ ਦੀ ਬਿਵਸਥਾ ਦੀ ਪੁਸਤਕ ਨੂੰ ਪੜ੍ਹਦੇ ਰਹੇ ਅਤੇ ਦੂਸਰੇ ਪਹਿਰ ਆਪਣੇ ਪਾਪਾਂ ਦਾ ਇਕਰਾਰ ਕਰਦੇ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੀ ਉਪਾਸਨਾ ਕਰਦੇ ਰਹੇ ।

4ਤਦ ਲੇਵੀਆਂ ਵਿੱਚੋਂ ਯੇਸ਼ੂਆ, ਬਾਨਈ, ਕਦਮੀਏਲ, ਸ਼ਬਨਯਾਹ, ਬੁੰਨੀ, ਸ਼ੇਰੇਬਯਾਹ, ਬਾਨੀ ਅਤੇ ਕਨਾਨੀ ਨੇ ਪੌੜੀਆਂ ਉੱਤੇ ਖੜ੍ਹੇ ਹੋ ਕੇ ਉੱਚੀ ਅਵਾਜ਼ ਨਾਲ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਦੁਹਾਈ ਦਿੱਤੀ ।
5ਫਿਰ ਯੇਸ਼ੂਆ, ਕਦਮੀਏਲ, ਬਾਨੀ, ਹਸ਼ਬਨਯਾਹ, ਸ਼ੇਰੇਬਯਾਹ, ਹੋਦੀਯਾਹ, ਸ਼ਬਨਯਾਹ ਅਤੇ ਪਥਯਾਹ ਲੇਵੀਆਂ ਨੇ ਕਿਹਾ, "ਖੜ੍ਹੇ ਹੋਵੋ, ਆਪਣੇ ਪਰਮੇਸ਼ੁਰ ਯਹੋਵਾਹ ਨੂੰ ਜੁੱਗੋ-ਜੁੱਗ ਮੁਬਾਰਕ ਆਖੋ । ਤੇਰਾ ਪ੍ਰਤਾਪੀ ਨਾਮ ਮੁਬਾਰਕ ਹੋਵੇ ਜੋ ਸਾਰੀਆਂ ਬਰਕਤਾਂ ਅਤੇ ਉਸਤਤਾਂ ਤੋਂ ਉੱਚਾ ਹੈ !"
ਪਾਪ ਇਕਰਾਰ ਦੀ ਪ੍ਰਾਰਥਨਾ

6"ਤੂੰ, ਹਾਂ ਤੂੰ ਹੀ ਕੇਵਲ ਇੱਕ ਯਹੋਵਾਹ ਹੈਂ, ਤੂੰ ਸਵਰਗ ਸਗੋਂ ਸਭ ਤੋਂ ਉੱਚੇ ਸਵਰਗ ਅਤੇ ਉਨ੍ਹਾਂ ਦੀ ਸਾਰੀ ਸੈਨਾਂ, ਧਰਤੀ ਅਤੇ ਉਸ ਦੀਆਂ ਸਾਰੀਆਂ ਚੀਜ਼ਾਂ, ਅਤੇ ਸਮੁੰਦਰ ਅਤੇ ਜੋ ਕੁਝ ਉਨ੍ਹਾਂ ਦੇ ਵਿੱਚ ਹੈ, ਸਭ ਕੁਝ ਤੂੰ ਹੀ ਬਣਾਇਆ ਹੈ, ਤੂੰ ਹੀ ਸਾਰਿਆਂ ਦਾ ਜੀਵਨ ਦਾਤਾ ਹੈਂ ਅਤੇ ਸਵਰਗ ਦੀ ਸਾਰੀ ਸੈਨਾ ਤੈਨੂੰ ਹੀ ਮੱਥਾ ਟੇਕਦੀ ਹੈ
7ਤੂੰ ਉਹ ਯਹੋਵਾਹ ਪਰਮੇਸ਼ੁਰ ਹੈਂ, ਜਿਸ ਨੇ ਅਬਰਾਮ ਨੂੰ ਚੁਣ ਕੇ ਕਸਦੀਆਂ ਦੇ ਊਰ ਨਗਰ ਵਿੱਚੋਂ ਕੱਢ ਲਿਆ ਅਤੇ ਤੂੰ ਉਸ ਦਾ ਨਾਮ ਅਬਰਾਹਾਮ ਰੱਖਿਆ,8ਤੂੰ ਉਸ ਦਾ ਮਨ ਆਪਣੇ ਸਨਮੁਖ ਵਿਸ਼ਵਾਸਯੋਗ ਪਾਇਆ ਅਤੇ ਉਸ ਦੇ ਨਾਲ ਨੇਮ ਬੰਨ੍ਹਿਆ ਕਿ ਮੈਂ ਤੇਰੇ ਵੰਸ਼ ਨੂੰ ਕਨਾਨੀਆਂ, ਹਿੱਤੀਆਂ, ਅਮੋਰੀਆਂ, ਫਰਿੱਜ਼ੀਆਂ, ਯਬੂਸੀਆਂ ਅਤੇ ਗਿਰਗਸ਼ੀਆਂ ਦਾ ਦੇਸ਼ ਦਿਆਂਗਾ, ਅਤੇ ਤੂੰ ਆਪਣਾ ਬਚਨ ਪੂਰਾ ਕੀਤਾ ਹੈ ਕਿਉਂ ਜੋ ਤੂੰ ਧਰਮੀ ਹੈਂ ।

9ਤੂੰ ਸਾਡੇ ਪਿਉ-ਦਾਦਿਆਂ ਦੀ ਬਿਪਤਾ ਨੂੰ ਮਿਸਰ ਵਿੱਚ ਵੇਖਿਆ ਅਤੇ ਤੂੰ ਲਾਲ ਸਮੁੰਦਰ ਉੱਤੇ ਉਨ੍ਹਾਂ ਦੀ ਦੁਹਾਈ ਨੂੰ ਸੁਣਿਆ ।10ਤੂੰ ਫ਼ਿਰਊਨ ਅਤੇ ਉਸ ਦੇ ਸਾਰੇ ਕਰਮਚਾਰੀਆਂ ਅਤੇ ਉਸ ਦੇ ਦੇਸ਼ ਦੇ ਸਾਰੇ ਲੋਕਾਂ ਨੂੰ ਸਜ਼ਾ ਦੇਣ ਲਈ ਨਿਸ਼ਾਨ ਅਤੇ ਅਚਰਜ ਕੰਮ ਵਿਖਾਏ ਕਿਉਂਕਿ ਤੂੰ ਜਾਣਦਾ ਸੀ ਕਿ ਮਿਸਰੀ ਉਨ੍ਹਾਂ ਦੇ ਵਿਰੁੱਧ ਹੰਕਾਰ ਨਾਲ ਵਰਤਾਉ ਕਰਦੇ ਸਨ, ਇਸ ਲਈ ਤੂੰ ਆਪਣੇ ਲਈ ਇੱਕ ਅਜਿਹਾ ਵੱਡਾ ਨਾਮ ਬਣਾਇਆ, ਜਿਵੇਂ ਅੱਜ ਦੇ ਦਿਨ ਹੈ ।
11ਤੂੰ ਉਨ੍ਹਾਂ ਦੇ ਅੱਗੇ ਸਮੁੰਦਰ ਨੂੰ ਦੋ ਭਾਗ ਕਰ ਦਿੱਤਾ ਅਤੇ ਉਹ ਸਮੁੰਦਰ ਦੇ ਵਿੱਚੋਂ ਦੀ ਸੁੱਕੀ ਧਰਤੀ ਉੱਤੋਂ ਪਾਰ ਲੰਘ ਗਏ, ਅਤੇ ਜੋ ਉਨ੍ਹਾਂ ਦਾ ਪਿੱਛਾ ਕਰਦੇ ਸਨ, ਉਨ੍ਹਾਂ ਨੂੰ ਤੂੰ ਡੂੰਘਿਆਈ ਵਿੱਚ ਇਸ ਤਰ੍ਹਾਂ ਸੁੱਟਿਆ ਜਿਵੇਂ ਪੱਥਰ ਡੂੰਘੇ ਪਾਣੀਆਂ ਵਿੱਚ ਸੁੱਟਿਆ ਜਾਵੇ ।
12ਫਿਰ ਤੂੰ ਦਿਨ ਨੂੰ ਬੱਦਲ ਦੇ ਥੰਮ੍ਹ ਵਿੱਚ ਅਤੇ ਰਾਤ ਨੂੰ ਅੱਗ ਦੇ ਥੰਮ੍ਹ ਵਿੱਚ ਹੋ ਕੇ ਉਨ੍ਹਾਂ ਦੀ ਅਗਵਾਈ ਕੀਤੀ ਕਿ ਜਿਸ ਰਾਹ ਵਿੱਚ ਉਨ੍ਹਾਂ ਨੂੰ ਚੱਲਣਾ ਸੀ, ਉਸ ਵਿੱਚ ਉਨ੍ਹਾਂ ਲਈ ਚਾਨਣ ਹੋਵੇ ।13ਫਿਰ ਤੂੰ ਸੀਨਈ ਪਹਾੜ ਉੱਤੇ ਉਤਰਿਆ ਅਤੇ ਅਕਾਸ਼ ਵਿੱਚੋਂ ਉਨ੍ਹਾਂ ਨਾਲ ਗੱਲਾਂ ਕੀਤੀਆਂ ਅਤੇ ਆਪਣੇ ਸਿੱਧੇ ਨਿਯਮ, ਸੱਚੀ ਬਿਵਸਥਾ, ਚੰਗੀਆਂ ਬਿਧੀਆਂ ਅਤੇ ਹੁਕਮ ਉਨ੍ਹਾਂ ਨੂੰ ਦਿੱਤੇ ।
14ਤੂੰ ਉਨ੍ਹਾਂ ਨੂੰ ਆਪਣੇ ਪਵਿੱਤਰ ਸਬਤ ਤੋਂ ਜਾਣੂ ਕਰਾਇਆ ਅਤੇ ਆਪਣੇ ਦਾਸ ਮੂਸਾ ਦੇ ਰਾਹੀਂ ਹੁਕਮ, ਬਿਧੀਆਂ ਅਤੇ ਬਿਵਸਥਾ ਉਨ੍ਹਾਂ ਨੂੰ ਦਿੱਤੀ ।15ਉਨ੍ਹਾਂ ਦੀ ਭੁੱਖ ਮਿਟਾਉਣ ਲਈ ਤੂੰ ਸਵਰਗ ਤੋਂ ਰੋਟੀ ਦਿੱਤੀ ਅਤੇ ਉਨ੍ਹਾਂ ਦੀ ਪਿਆਸ ਬੁਝਾਉਣ ਲਈ ਚੱਟਾਨ ਵਿੱਚੋਂ ਪਾਣੀ ਕੱਢਿਆ, ਅਤੇ ਉਨ੍ਹਾਂ ਨੂੰ ਕਿਹਾ ਕਿ ਜੋ ਦੇਸ਼ ਮੈਂ ਤੁਹਾਨੂੰ ਦੇਣ ਦੀ ਸਹੁੰ ਖਾਧੀ ਹੈ, ਉਸ ਉੱਤੇ ਕਬਜ਼ਾ ਕਰਨ ਲਈ ਜਾਓ ।

16ਪਰ ਉਨ੍ਹਾਂ ਨੇ ਅਤੇ ਸਾਡੇ ਪਿਉ-ਦਾਦਿਆਂ ਨੇ ਹੰਕਾਰ ਕੀਤਾ ਅਤੇ ਢੀਠ ਬਣ ਗਏ ਅਤੇ ਤੇਰੇ ਹੁਕਮਾਂ ਨੂੰ ਨਾ ਮੰਨਿਆ,17ਉਨ੍ਹਾਂ ਨੇ ਸੁਣਨ ਤੋਂ ਇਨਕਾਰ ਕੀਤਾ ਅਤੇ ਜੋ ਅਚਰਜ ਕੰਮ ਤੂੰ ਉਨ੍ਹਾਂ ਵਿੱਚ ਕੀਤੇ ਸਨ, ਉਨ੍ਹਾਂ ਨੂੰ ਯਾਦ ਨਾ ਰੱਖਿਆ ਪਰ ਢੀਠ ਬਣ ਗਏ ਅਤੇ ਵਿਦਰੋਹੀ ਹੋ ਕੇ ਆਪਣੇ ਲਈ ਇੱਕ ਆਗੂ ਠਹਿਰਾ ਲਿਆ ਤਾਂ ਜੋ ਫਿਰ ਗ਼ੁਲਾਮੀ ਵਿੱਚ ਮੁੜਨ ਪਰ ਤੂੰ ਇੱਕ ਮਾਫ਼ ਕਰਨ ਵਾਲਾ, ਦਿਆਲੂ, ਕਿਰਪਾਲੂ, ਕ੍ਰੋਧ ਵਿੱਚ ਧੀਰਜਵਾਨ ਅਤੇ ਨੇਕੀ ਨਾਲ ਭਰਪੂਰ ਪਰਮੇਸ਼ੁਰ ਹੈਂ, ਇਸ ਲਈ ਤੂੰ ਉਨ੍ਹਾਂ ਨੂੰ ਨਹੀਂ ਤਿਆਗਿਆ,
18ਜਦ ਕਿ ਉਨ੍ਹਾਂ ਨੇ ਆਪਣੇ ਲਈ ਇੱਕ ਢਾਲਿਆ ਹੋਇਆ ਵੱਛਾ ਬਣਾਇਆ ਅਤੇ ਕਿਹਾ, 'ਇਹ ਤੁਹਾਡਾ ਪਰਮੇਸ਼ੁਰ ਹੈ, ਜਿਹੜਾ ਤੁਹਾਨੂੰ ਮਿਸਰ ਵਿੱਚੋਂ ਬਾਹਰ ਕੱਢ ਲਿਆਇਆ ਹੈ !' ਅਤੇ ਉਨ੍ਹਾਂ ਨੇ ਤੇਰੀ ਨਿਰਾਦਰੀ ਦੇ ਵੱਡੇ-ਵੱਡੇ ਕੰਮ ਕੀਤੇ ।19ਤਦ ਵੀ ਤੂੰ ਆਪਣੀ ਵੱਡੀ ਦਿਆਲਤਾ ਦੇ ਕਾਰਨ ਉਨ੍ਹਾਂ ਨੂੰ ਜੰਗਲ ਵਿੱਚ ਨਹੀਂ ਤਿਆਗਿਆ, ਦਿਨ ਨੂੰ ਰਾਹ ਵਿੱਚ ਉਨ੍ਹਾਂ ਦੀ ਅਗਵਾਈ ਕਰਨ ਲਈ ਬੱਦਲ ਦਾ ਥੰਮ੍ਹ, ਅਤੇ ਰਾਤ ਨੂੰ ਉਨ੍ਹਾਂ ਦੇ ਰਾਹ ਵਿੱਚ ਚਾਨਣ ਦੇਣ ਲਈ ਅੱਗ ਦਾ ਥੰਮ੍ਹ, ਉਨ੍ਹਾਂ ਤੋਂ ਅਲੱਗ ਨਾ ਹੋਇਆ ।
20ਸਗੋਂ, ਤੂੰ ਸਿੱਖਿਆ ਦੇਣ ਲਈ ਆਪਣਾ ਨੇਕ ਆਤਮਾ ਉਨ੍ਹਾਂ ਨੂੰ ਦਿੱਤਾ ਅਤੇ ਆਪਣਾ ਮੰਨਾ ਉਨ੍ਹਾਂ ਦੇ ਮੂੰਹ ਤੋਂ ਨਾ ਰੋਕਿਆ ਅਤੇ ਉਨ੍ਹਾਂ ਦੀ ਪਿਆਸ ਬੁਝਾਉਣ ਲਈ ਜਲ ਦਿੰਦਾ ਰਿਹਾ ।21ਚਾਲੀ ਸਾਲ ਤੱਕ ਤੂੰ ਜੰਗਲ ਵਿੱਚ ਉਨ੍ਹਾਂ ਦੀ ਪਾਲਣਾ ਕੀਤੀ ਕਿ ਉਨ੍ਹਾਂ ਨੂੰ ਕਿਸੇ ਚੀਜ਼ ਦੀ ਥੁੜ ਨਾ ਰਹੀ, ਨਾ ਤਾਂ ਉਨ੍ਹਾਂ ਦੇ ਕੱਪੜੇ ਪੁਰਾਣੇ ਹੋਏ ਅਤੇ ਨਾ ਹੀ ਉਨ੍ਹਾਂ ਦੇ ਪੈਰ ਸੁੱਜੇ ।
22ਫਿਰ ਤੂੰ ਬਹੁਤ ਸਾਰੇ ਦੇਸ਼ ਅਤੇ ਜਾਤੀਆਂ ਦੇ ਲੋਕਾਂ ਨੂੰ ਉਨ੍ਹਾਂ ਦੇ ਅਧੀਨ ਕਰ ਦਿੱਤਾ ਜਿਨ੍ਹਾਂ ਨੂੰ ਤੂੰ ਉਨ੍ਹਾਂ ਦੇ ਹਿੱਸਿਆਂ ਵਿੱਚ ਵੰਡ ਦਿੱਤਾ, ਅਤੇ ਉਨ੍ਹਾਂ ਨੇ ਹਸ਼ਬੋਨ ਦੇ ਰਾਜਾ ਸੀਹੋਨ ਅਤੇ ਬਾਸ਼ਾਨ ਦੇ ਰਾਜਾ ਓਗ ਦੇ ਦੇਸ਼ ਉੱਤੇ ਕਬਜ਼ਾ ਕਰ ਲਿਆ ।
23ਤੂੰ ਉਨ੍ਹਾਂ ਦੇ ਵੰਸ਼ ਨੂੰ ਅਕਾਸ਼ ਦੇ ਤਾਰਿਆਂ ਵਾਂਗੂੰ ਵਧਾਇਆ ਅਤੇ ਉਨ੍ਹਾਂ ਨੂੰ ਉਸ ਦੇਸ਼ ਵਿੱਚ ਪਹੁੰਚਾ ਦਿੱਤਾ ਜਿਸ ਦੇ ਲਈ ਤੂੰ ਉਨ੍ਹਾਂ ਦੇ ਪਿਉ-ਦਾਦਿਆਂ ਨੂੰ ਕਿਹਾ ਸੀ ਕਿ ਉਹ ਉੱਥੇ ਜਾ ਕੇ ਉਸ ਦੇ ਅਧਿਕਾਰੀ ਬਣ ਜਾਣਗੇ ।24ਇਸ ਤਰ੍ਹਾਂ ਉਨ੍ਹਾਂ ਦਾ ਵੰਸ਼ ਆ ਕੇ ਉਸ ਦੇਸ਼ ਦਾ ਅਧਿਕਾਰੀ ਬਣ ਗਿਆ ਅਤੇ ਤੂੰ ਉਨ੍ਹਾਂ ਦੇ ਅੱਗੇ ਉਸ ਦੇਸ਼ ਦੇ ਵਾਸੀਆਂ ਅਰਥਾਤ ਕਨਾਨੀਆਂ ਨੂੰ ਦਬਾਇਆ ਅਤੇ ਉਨ੍ਹਾਂ ਦੇ ਰਾਜਿਆਂ ਅਤੇ ਉਸ ਦੇਸ਼ ਦੀਆਂ ਕੌਮਾਂ ਨੂੰ ਉਨ੍ਹਾਂ ਦੇ ਹੱਥ ਵਿੱਚ ਦੇ ਦਿੱਤਾ ਕਿ ਉਹ ਜੋ ਚਾਹੁਣ ਉਨ੍ਹਾਂ ਨਾਲ ਕਰਨ ।
25ਉਨ੍ਹਾਂ ਨੇ ਗੜ੍ਹਾਂ ਵਾਲੇ ਸ਼ਹਿਰਾਂ ਅਤੇ ਉਪਜਾਊ ਭੂਮੀ ਨੂੰ ਲੈ ਲਿਆ ਅਤੇ ਸਭ ਪ੍ਰਕਾਰ ਦੀਆਂ ਚੰਗੀਆਂ ਵਸਤੂਆਂ ਨਾਲ ਭਰੇ ਹੋਏ ਘਰਾਂ ਦੇ ਅਤੇ ਪੁੱਟੇ ਹੋਏ ਖੂਹਾਂ ਦੇ ਅਤੇ ਅੰਗੂਰੀ ਬਾਗਾਂ ਦੇ ਅਤੇ ਜ਼ੈਤੂਨ ਦੇ ਬਾਗਾਂ ਅਤੇ ਫਲਾਂ ਨਾਲ ਭਰੇ ਹੋਏ ਰੁੱਖਾਂ ਦੇ ਅਧਿਕਾਰੀ ਹੋ ਗਏ । ਉਹ ਖਾ-ਖਾ ਕੇ ਰੱਜ ਗਏ ਅਤੇ ਤਕੜੇ ਹੋ ਗਏ ਅਤੇ ਤੇਰੀ ਵੱਡੀ ਭਲਿਆਈ ਦੇ ਕਾਰਨ ਅਨੰਦ ਮਾਣਦੇ ਰਹੇ ।

26ਪਰ ਉਹ ਤੇਰੇ ਤੋਂ ਬੇਮੁਖ ਹੋ ਕੇ ਵਿਦਰੋਹੀ ਹੋ ਗਏ ਅਤੇ ਤੇਰੀ ਬਿਵਸਥਾ ਨੂੰ ਤਿਆਗ ਦਿੱਤਾ ਅਤੇ ਤੇਰੇ ਨਬੀਆਂ ਨੂੰ ਜੋ ਉਨ੍ਹਾਂ ਨੂੰ ਤੇਰੇ ਵੱਲ ਮੁੜਨ ਲਈ ਚਿਤਾਉਣੀ ਦਿੰਦੇ ਸਨ, ਤਲਵਾਰ ਨਾਲ ਵੱਢ ਸੁੱਟਿਆ ਅਤੇ ਉਨ੍ਹਾਂ ਨੇ ਤੇਰੀ ਨਿਰਾਦਰੀ ਦੇ ਵੱਡੇ-ਵੱਡੇ ਕੰਮ ਕੀਤੇ ।27ਇਸ ਲਈ ਤੂੰ ਉਨ੍ਹਾਂ ਨੂੰ ਉਨ੍ਹਾਂ ਦੇ ਵਿਰੋਧੀਆਂ ਦੇ ਹੱਥ ਦੇ ਵਿੱਚ ਦੇ ਦਿੱਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਸਤਾਇਆ, ਫਿਰ ਵੀ ਜਦ ਉਨ੍ਹਾਂ ਨੇ ਦੁੱਖ ਵਿੱਚ ਤੇਰੇ ਅੱਗੇ ਦੁਹਾਈ ਦਿੱਤੀ ਤਾਂ ਤੂੰ ਸਵਰਗ ਵਿੱਚੋਂ ਉਨ੍ਹਾਂ ਦੀ ਸੁਣੀ ਅਤੇ ਆਪਣੀ ਵੱਡੀ ਦਿਆਲਤਾ ਦੇ ਕਾਰਨ ਉਨ੍ਹਾਂ ਨੂੰ ਛੁਡਾਉਣ ਵਾਲੇ ਦਿੱਤੇ, ਜਿਨ੍ਹਾਂ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਵੈਰੀਆਂ ਦੇ ਹੱਥੋਂ ਛੁਡਾਇਆ,
28ਪਰ ਜਦ ਉਨ੍ਹਾਂ ਨੂੰ ਅਰਾਮ ਮਿਲਿਆ, ਤਦ ਉਨ੍ਹਾਂ ਨੇ ਫਿਰ ਤੇਰੇ ਅੱਗੇ ਬੁਰਿਆਈ ਕੀਤੀ, ਇਸ ਲਈ ਤੂੰ ਉਨ੍ਹਾਂ ਨੂੰ ਉਨ੍ਹਾਂ ਦੇ ਵੈਰੀਆਂ ਦੇ ਹੱਥ ਵਿੱਚ ਦੇ ਦਿੱਤਾ, ਜੋ ਉਨ੍ਹਾਂ ਦੇ ਉੱਤੇ ਰਾਜ ਕਰਦੇ ਸਨ ਪਰ ਜਦ ਵੀ ਉਹ ਮੁੜ ਕੇ ਤੇਰੀ ਦੁਹਾਈ ਦਿੰਦੇ ਸਨ, ਤਾਂ ਤੂੰ ਸਵਰਗ ਵਿੱਚੋਂ ਉਨ੍ਹਾਂ ਦੀ ਸੁਣਦਾ ਅਤੇ ਆਪਣੀ ਵੱਡੀ ਦਿਆਲਤਾ ਦੇ ਕਾਰਨ ਬਹੁਤ ਵਾਰ ਉਨ੍ਹਾਂ ਨੂੰ ਛੁਡਾਇਆ,29ਅਤੇ ਤੂੰ ਉਨ੍ਹਾਂ ਨੂੰ ਚਿਤਾਉਣੀ ਦਿੰਦਾ ਸੀ ਤਾਂ ਜੋ ਤੂੰ ਉਨ੍ਹਾਂ ਨੂੰ ਆਪਣੀ ਬਿਵਸਥਾ ਵੱਲ ਮੋੜ ਲਿਆਵੇ ਪਰ ਉਨ੍ਹਾਂ ਨੇ ਹੰਕਾਰ ਕੀਤਾ ਅਤੇ ਤੇਰੇ ਹੁਕਮਾਂ ਨੂੰ ਨਾ ਮੰਨਿਆ ਅਤੇ ਤੇਰੇ ਨਿਯਮਾਂ ਦੇ ਵਿਰੁੱਧ ਪਾਪ ਕੀਤਾ, ਜਿਨ੍ਹਾਂ ਨੂੰ ਜੇ ਕੋਈ ਮਨੁੱਖ ਪੂਰਾ ਕਰੇ ਤਾਂ ਉਨ੍ਹਾਂ ਦੇ ਕਾਰਨ ਜੀਉਂਦਾ ਰਹੇ, ਅਤੇ ਹਠੀਲੇ ਬਣ ਕੇ ਆਪਣੀ ਪਿੱਠ ਤੇਰੇ ਵੱਲ ਮੋੜ ਲਈ ਅਤੇ ਢੀਠ ਹੋ ਗਏ ਅਤੇ ਉਨ੍ਹਾਂ ਨੇ ਨਾ ਸੁਣਿਆ ।
30ਫਿਰ ਵੀ ਤੂੰ ਬਹੁਤ ਸਾਲਾਂ ਤੱਕ ਉਨ੍ਹਾਂ ਨੂੰ ਸਹਿੰਦਾ ਰਿਹਾ ਅਤੇ ਆਪਣੇ ਆਤਮਾ ਨਾਲ ਨਬੀਆਂ ਦੇ ਰਾਹੀਂ ਉਨ੍ਹਾਂ ਨੂੰ ਚਿਤਾਉਣੀ ਦਿੱਤੀ ਪਰ ਉਨ੍ਹਾਂ ਨੇ ਕੰਨ ਨਾ ਲਾਇਆ, ਇਸ ਲਈ ਤੂੰ ਉਨ੍ਹਾਂ ਨੂੰ ਦੇਸ਼-ਦੇਸ਼ ਦੇ ਲੋਕਾਂ ਦੇ ਹੱਥ ਵਿੱਚ ਦੇ ਦਿੱਤਾ ।31ਤਦ ਵੀ ਤੂੰ ਆਪਣੀ ਵੱਡੀ ਦਿਆਲਤਾ ਦੇ ਕਾਰਨ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਸ਼ ਹੋਣ ਲਈ ਨਹੀਂ ਛੱਡਿਆ, ਕਿਉਂ ਜੋ ਤੂੰ ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਹੈਂ ।

32ਹੁਣ ਹੇ ਸਾਡੇ ਪਰਮੇਸ਼ੁਰ ! ਤੂੰ ਜੋ ਵੱਡਾ ਅਤੇ ਬਲਵੰਤ ਅਤੇ ਭੈ ਯੋਗ ਪਰਮੇਸ਼ੁਰ ਹੈ ਅਤੇ ਆਪਣੇ ਨੇਮ ਦੀ ਪਾਲਣਾ ਕਰਦਾ ਅਤੇ ਦਯਾ ਕਰਦਾ ਹੈਂ, ਇਹ ਸਾਰਾ ਕਸ਼ਟ ਜਿਹੜਾ ਅੱਸ਼ੂਰ ਦੇ ਰਾਜਿਆਂ ਦੇ ਦਿਨਾਂ ਤੋਂ ਲੈ ਕੇ ਅੱਜ ਦੇ ਦਿਨ ਤੱਕ ਸਾਡੇ ਉੱਤੇ ਅਤੇ ਸਾਡੇ ਰਾਜਿਆਂ, ਸਾਡੇ ਹਾਕਮਾਂ, ਸਾਡੇ ਜਾਜਕਾਂ, ਸਾਡੇ ਨਬੀਆਂ, ਸਾਡੇ ਪਿਉ-ਦਾਦਿਆਂ ਅਤੇ ਤੇਰੀ ਸਾਰੀ ਪਰਜਾ ਉੱਤੇ ਬੀਤਿਆ ਹੈ, ਉਹ ਤੇਰੇ ਸਨਮੁਖ ਮਾਮੂਲੀ ਨਾ ਜਾਣਿਆ ਜਾਵੇ,33ਤਾਂ ਵੀ ਜੋ ਕੁਝ ਸਾਡੇ ਉੱਤੇ ਬੀਤਿਆ ਹੈ ਉਸ ਵਿੱਚ ਤੂੰ ਧਰਮੀ ਹੈਂ, ਕਿਉਂ ਜੋ ਤੂੰ ਸਾਡੇ ਨਾਲ ਸਚਿਆਈ ਨਾਲ ਵਰਤਿਆ ਹੈ ਪਰ ਅਸੀਂ ਦੁਸ਼ਟਤਾ ਕੀਤੀ ।34ਸਾਡੇ ਰਾਜਿਆਂ ਨੇ, ਹਾਕਮਾਂ ਨੇ, ਜਾਜਕਾਂ ਨੇ ਅਤੇ ਸਾਡੇ ਪਿਉ-ਦਾਦਿਆਂ ਨੇ ਨਾ ਤਾਂ ਤੇਰੀ ਬਿਵਸਥਾ ਦੇ ਅਨੁਸਾਰ ਕੰਮ ਕੀਤਾ, ਨਾ ਤੇਰੇ ਹੁਕਮਾਂ ਨੂੰ ਮੰਨਿਆ ਅਤੇ ਨਾ ਹੀ ਤੇਰੀਆਂ ਚਿਤਾਉਣੀਆਂ ਵੱਲ ਜਿਹੜੀ ਤੂੰ ਉਨ੍ਹਾਂ ਦੇ ਵਿਰੁੱਧ ਦਿੱਤੀਆਂ, ਧਿਆਨ ਦਿੱਤਾ ।
35ਉਨ੍ਹਾਂ ਨੇ ਆਪਣੇ ਰਾਜ ਵਿੱਚ, ਅਤੇ ਤੇਰੀਆਂ ਬਹੁਤੀਆਂ ਭਲਿਆਈਆਂ ਵਿੱਚ ਜਿਹੜੀਆਂ ਤੂੰ ਉਨ੍ਹਾਂ ਉੱਤੇ ਕੀਤੀਆਂ, ਅਤੇ ਇਸ ਵੱਡੇ ਅਤੇ ਉਪਜਾਊ ਦੇਸ਼ ਜਿਹੜਾ ਤੂੰ ਉਨ੍ਹਾਂ ਨੂੰ ਦਿੱਤਾ, ਤੇਰੀ ਸੇਵਾ ਨਾ ਕੀਤੀ ਅਤੇ ਨਾ ਹੀ ਆਪਣੀਆਂ ਬੁਰਿਆਈਆਂ ਤੋਂ ਮੁੜੇ ।

36ਵੇਖ, ਅਸੀਂ ਅੱਜ ਦੇ ਦਿਨ ਗੁਲਾਮ ਹਾਂ, ਇਹ ਦੇਸ਼ ਜਿਹੜਾ ਤੂੰ ਸਾਡੇ ਪਿਉ-ਦਾਦਿਆਂ ਨੂੰ ਦਿੱਤਾ ਸੀ ਕਿ ਉਹ ਇਸ ਦਾ ਫਲ ਅਤੇ ਚੰਗੀਆਂ ਵਸਤੂਆਂ ਖਾਣ, ਅਸੀਂ ਇਸੇ ਵਿੱਚ ਗੁਲਾਮ ਹਾਂ !37ਇਸ ਧਰਤੀ ਦੀ ਬਹੁਤੀ ਪੈਦਾਵਾਰ ਉਨ੍ਹਾਂ ਰਾਜਿਆਂ ਨੂੰ ਮਿਲਦੀ ਹੈ ਜਿਨ੍ਹਾਂ ਨੂੰ ਤੂੰ ਸਾਡੇ ਉੱਤੇ ਸਾਡੇ ਪਾਪਾਂ ਦੇ ਕਾਰਨ ਠਹਿਰਾਇਆ ਹੈ, ਅਤੇ ਉਹ ਸਾਡੇ ਸਰੀਰਾਂ ਉੱਤੇ ਅਤੇ ਸਾਡੇ ਪਸ਼ੂਆਂ ਉੱਤੇ ਆਪਣੀ ਇੱਛਾ ਅਨੁਸਾਰ ਹਕੂਮਤ ਕਰਦੇ ਹਨ, ਇਸ ਕਾਰਨ ਅਸੀਂ ਵੱਡੇ ਦੁੱਖ ਵਿੱਚ ਹਾਂ ।"
ਨੇਮ ਦਾ ਬੰਨ੍ਹਿਆ ਜਾਣਾ

38ਇਸ ਸਭ ਦੇ ਕਾਰਨ ਅਸੀਂ ਇੱਕ ਸੱਚਾ ਇਕਰਾਰ ਕਰਦੇ ਹਾਂ ਅਤੇ ਲਿਖ ਕੇ ਵੀ ਦਿੰਦੇ ਹਾਂ ਅਤੇ ਹਾਕਮ, ਸਾਡੇ ਲੇਵੀ ਅਤੇ ਸਾਡੇ ਜਾਜਕ ਉਸ ਦੇ ਉੱਤੇ ਮੋਹਰ ਲਾਉਂਦੇ ਹਨ ।

10

1ਜਿਨ੍ਹਾਂ ਨੇ ਇਹ ਦੇ ਉੱਤੇ ਮੋਹਰ ਲਾਈ ਉਹ ਇਹ ਸਨ, - ਹਕਲਯਾਹ ਦਾ ਪੁੱਤਰ ਨਹਮਯਾਹ ਜੋ ਹਾਕਮ ਸੀ ਅਤੇ ਸਿਦਕੀਯਾਹ,2ਸਰਾਯਾਹ, ਅਜ਼ਰਯਾਹ, ਯਿਰਮਿਯਾਹ3ਪਸ਼ਹੂਰ, ਅਮਰਯਾਹ, ਮਲਕੀਯਾਹ

4ਹੱਟੂਸ਼, ਸਬਨਯਾਹ ਅਤੇ ਮੱਲੂਕ,5ਹਾਰਿਮ, ਮਰੇਂਮੋਥ, ਓਬਦਯਾਹ,6ਦਾਨੀਏਲ, ਗਿਨਥੋਨ, ਬਾਰੂਕ,7ਮਸ਼ੁੱਲਾਮ, ਅਬੀਯਾਹ, ਮੀਯਾਮੀਨ,8ਮਅਜ਼ਯਾਹ, ਬਿਲਗਈ ਅਤੇ ਸਮਆਯਾਹ, ਇਹ ਜਾਜਕ ਸਨ ।
9ਲੇਵੀ ਇਹ ਸਨ: ਅਜ਼ਨਯਾਹ ਦਾ ਪੁੱਤਰ ਯੇਸ਼ੂਆ ਅਤੇ ਹੇਨਾਦਾਦ ਦੇ ਪੁੱਤਰਾਂ ਵਿੱਚੋਂ ਬਿੰਨੂਈ, ਕਦਮੀਏਲ,10ਅਤੇ ਉਨ੍ਹਾਂ ਦੇ ਭਰਾ ਸ਼ਬਨਯਾਹ, ਹੋਦੀਯਾਹ, ਕਲੀਟਾ, ਪਲਾਯਾਹ, ਹਨਾਨ,11ਮੀਕਾ, ਰਹੋਬ, ਹਸ਼ਬਯਾਹ,12ਜ਼ੱਕੂਰ, ਸ਼ੇਰੇਬਯਾਹ, ਸ਼ਬਨਯਾਹ,13ਹੋਦੀਯਾਹ, ਬਾਨੀ ਅਤੇ ਬਨੀਨੂ ।14ਪਰਜਾ ਦੇ ਪ੍ਰਧਾਨ ਇਹ ਸਨ: ਪਰਓਸ਼, ਪਹਥਮੋਆਬ, ਏਲਾਮ, ਜ਼ੱਤੂ, ਬਾਨੀ,
15ਬੁੰਨੀ, ਅਜ਼ਗਾਦ, ਬੇਬਾਈ,16ਅਦੋਨੀਯਾਹ, ਬਿਗਵਈ, ਆਦੀਨ,17ਅਾਟੇਰ, ਹਿਜ਼ਕੀਯਾਹ, ਅੱਜ਼ੂਰ,18ਹੋਦੀਯਾਹ, ਹਾਸ਼ੁਮ, ਬੇਸਾਈ,19ਹਾਰੀਫ, ਅਨਾਥੋਥ, ਨੇਬਾਈ,20ਮਗਪੀਆਸ਼, ਮਸ਼ੁੱਲਾਮ, ਹੇਜ਼ੀਰ,21ਮਸ਼ੇਜ਼ਬੇਲ, ਸਾਦੋਕ, ਯੱਦੂਆ,
22ਪਲਟਯਾਹ, ਹਾਨਾਨ, ਅਨਾਯਾਹ,23ਹੋਸ਼ੇਆ, ਹਨਨਯਾਹ, ਹੱਸ਼ੂਬ,24ਹੱਲੋਹੇਸ਼, ਪਿਲਹਾ, ਸ਼ੋਬੇਕ,25ਰਹੂਮ, ਹਸ਼ਬਨਾਹ, ਮਅਸੇਯਾਹ,26ਅਹੀਯਾਹ, ਹਾਨਾਨ, ਆਨਾਨ,27ਮੱਲੂਕ, ਹਾਰੀਮ ਅਤੇ ਬਆਨਾਹ ।
ਇਸਰਾਏਲੀਆਂ ਦੁਆਰਾ ਸਹੁੰ ਚੁੱਕਣਾ

28ਬਾਕੀ ਲੋਕ ਅਰਥਾਤ ਜਾਜਕ, ਲੇਵੀ, ਦਰਬਾਨ, ਗਾਇਕ ਅਤੇ ਨਥੀਨੀਮ (ਭਵਨ ਦੇ ਸੇਵਕ) ਅਤੇ ਸਾਰੇ ਜਿਹੜੇ ਦੇਸ਼ਾਂ ਦੀਆਂ ਕੌਮਾਂ ਵਿੱਚੋਂ ਪਰਮੇਸ਼ੁਰ ਦੀ ਬਿਵਸਥਾ ਮੰਨਣ ਲਈ ਅਲੱਗ ਹੋ ਗਏ ਸਨ, ਉਨ੍ਹਾਂ ਸਾਰਿਆਂ ਨੇ ਆਪਣੀਆਂ ਪਤਨੀਆਂ ਅਤੇ ਉਨ੍ਹਾਂ ਪੁੱਤਰਾਂ ਅਤੇ ਧੀਆਂ ਸਮੇਤ ਜੋ ਸਿਆਣੇ ਅਤੇ ਸਮਝਦਾਰ ਸਨ,29ਆਪਣੇ ਸਾਮੰਤ ਭਰਾਵਾਂ ਨਾਲ ਮਿਲ ਕੇ ਇਸ ਸਹੁੰ ਅਤੇ ਇਸ ਸਰਾਪ ਨਾਲ ਆਪਣੇ ਆਪ ਨੂੰ ਬੰਨ੍ਹਿਆ ਕਿ ਅਸੀਂ ਪਰਮੇਸ਼ੁਰ ਦੀ ਬਿਵਸਥਾ ਦੇ ਅਨੁਸਾਰ ਚੱਲਾਂਗੇ, ਜਿਹੜੀ ਪਰਮੇਸ਼ੁਰ ਦੇ ਦਾਸ ਮੂਸਾ ਦੇ ਰਾਹੀਂ ਦਿੱਤੀ ਗਈ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਾਰੇ ਹੁਕਮਾਂ, ਨਿਯਮਾਂ ਅਤੇ ਬਿਧੀਆਂ ਨੂੰ ਪੂਰਾ ਕਰ ਕੇ ਪਾਲਣਾ ਕਰਾਂਗੇ ।
30ਅਸੀਂ ਆਪਣੀਆਂ ਧੀਆਂ ਦਾ ਵਿਆਹ ਇਸ ਦੇਸ਼ ਦੇ ਲੋਕਾਂ ਨਾਲ ਨਹੀਂ ਕਰਾਂਗੇ ਅਤੇ ਨਾ ਹੀ ਉਨ੍ਹਾਂ ਦੀਆਂ ਧੀਆਂ ਆਪਣੇ ਪੁੱਤਰਾਂ ਲਈ ਵਿਆਹ ਲਵਾਂਗੇ,31ਜੇਕਰ ਇਸ ਦੇਸ਼ ਦੇ ਲੋਕ ਸਬਤ ਦੇ ਦਿਨ ਵੇਚਣ ਲਈ ਕੋਈ ਮਾਲ ਜਾਂ ਖਾਣ ਦੀਆਂ ਵਸਤਾਂ ਅੰਦਰ ਲਿਆਉਣ ਤਾਂ ਅਸੀਂ ਸਬਤ ਦੇ ਦਿਨ ਜਾਂ ਪਵਿੱਤਰ ਦਿਨ ਵਿੱਚ ਉਨ੍ਹਾਂ ਤੋਂ ਕੁਝ ਨਹੀਂ ਲਵਾਂਗੇ, ਹਰੇਕ ਸੱਤਵੇਂ ਸਾਲ ਭੂਮੀ ਖ਼ਾਲੀ ਛੱਡ ਦਿਆਂਗੇ ਅਤੇ ਆਪਣੇ ਕਰਜੇ ਦੀ ਉਗਰਾਹੀ ਵੀ ਛੱਡ ਦਿਆਂਗੇ ।

32ਫਿਰ ਅਸੀਂ ਆਪਣੇ ਉੱਤੇ ਇਹ ਨਿਯਮ ਠਹਿਰਾਇਆ ਹੈ ਕਿ ਅਸੀਂ ਆਪਣੇ ਪਰਮੇਸ਼ੁਰ ਦੇ ਭਵਨ ਦੀ ਉਪਾਸਨਾ ਲਈ ਹਰ ਸਾਲ ਸ਼ਕੇਲ ਦਾ ਤੀਜਾ ਹਿੱਸਾ ਦਿਆ ਕਰਾਂਗੇ,33ਅਰਥਾਤ ਚੜ੍ਹਾਵੇ ਦੀ ਰੋਟੀ, ਅਤੇ ਰੋਜ ਮੈਦੇ ਦੀਆਂ ਭੇਟਾਂ ਅਤੇ ਸਦਾ ਲਈ ਹੋਮ ਦੀਆਂ ਬਲੀਆਂ, ਸਬਤਾਂ, ਅਮੱਸਿਆ, ਠਹਿਰਾਏ ਹੋਏ ਪਰਬਾਂ ਦੀਆਂ ਬਲੀਆਂ ਅਤੇ ਹੋਰ ਪਵਿੱਤਰ ਭੇਟਾਂ ਅਤੇ ਪਾਪ ਬਲੀਆਂ ਲਈ, ਜਿਹੜੀਆਂ ਇਸਰਾਏਲ ਦੇ ਪਰਾਸਚਿਤ ਲਈ ਹਨ ਅਤੇ ਪਰਮੇਸ਼ੁਰ ਦੇ ਭਵਨ ਦੇ ਸਾਰੇ ਕੰਮ ਲਈ ਵੀ ਹਨ ।
34ਫਿਰ ਅਸੀਂ ਜਾਜਕਾਂ, ਲੇਵੀਆਂ ਅਤੇ ਲੋਕਾਂ ਨੇ ਇਸ ਗੱਲ ਲਈ ਪਰਚੀਆਂ ਪਾਈਆਂ ਕਿ ਅਸੀਂ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਹਰ ਸਾਲ ਠਹਿਰਾਏ ਹੋਏ ਸਮੇਂ ਤੇ ਲੱਕੜੀ ਦੀ ਭੇਟ ਬਿਵਸਥਾ ਵਿੱਚ ਲਿਖੇ ਹੋਏ ਅਨੁਸਾਰ ਯਹੋਵਾਹ ਸਾਡੇ ਪਰਮੇਸ਼ੁਰ ਦੀ ਜਗਵੇਦੀ ਉੱਤੇ ਜਲਾਉਣ ਲਈ, ਆਪਣੇ ਪਰਮੇਸ਼ੁਰ ਦੇ ਭਵਨ ਵਿੱਚ ਲਿਆਇਆ ਕਰਾਂਗੇ ।35ਅਸੀਂ ਆਪਣੀ ਭੂਮੀ ਦਾ ਪਹਿਲਾ ਫਲ ਅਤੇ ਸਾਰੇ ਰੁੱਖਾਂ ਦੇ ਪਹਿਲੇ ਫਲ ਹਰ ਸਾਲ ਯਹੋਵਾਹ ਦੇ ਭਵਨ ਵਿੱਚ ਲੈ ਆਵਾਂਗੇ,36ਅਤੇ ਜਿਵੇਂ ਬਿਵਸਥਾ ਵਿੱਚ ਲਿਖਿਆ ਹੈ ਅਸੀਂ ਆਪਣੇ ਪਲੌਠੇ ਪੁੱਤਰਾਂ, ਅਤੇ ਪਸ਼ੂਆਂ ਦੇ ਪਲੌਠੇ ਅਤੇ ਆਪਣੇ ਚੌਣੇ ਅਤੇ ਇੱਜੜ ਦੇ ਪਲੌਠੇ ਪਰਮੇਸ਼ੁਰ ਦੇ ਭਵਨ ਵਿੱਚ ਉਨ੍ਹਾਂ ਜਾਜਕਾਂ ਕੋਲ ਲਿਆਇਆ ਕਰਾਂਗੇ ਜਿਹੜੇ ਸਾਡੇ ਪਰਮੇਸ਼ੁਰ ਦੇ ਭਵਨ ਵਿੱਚ ਟਹਿਲ ਸੇਵਾ ਕਰਦੇ ਹਨ ।
37ਅਸੀਂ ਆਪਣਾ ਪਹਿਲਾ ਗੁੰਨ੍ਹਿਆ ਹੋਇਆ ਆਟਾ ਅਤੇ ਚੁੱਕਣ ਦੀਆਂ ਭੇਟਾਂ ਅਤੇ ਹਰ ਪ੍ਰਕਾਰ ਦੇ ਰੁੱਖਾਂ ਦਾ ਫਲ ਅਤੇ ਨਵੀਂ ਮਧ ਅਤੇ ਤੇਲ ਆਪਣੇ ਪਰਮੇਸ਼ੁਰ ਦੇ ਭਵਨ ਦੀਆਂ ਕੋਠੜੀਆਂ ਵਿੱਚ ਜਾਜਕਾਂ ਦੇ ਲਈ ਅਤੇ ਆਪਣੀ ਭੂਮੀ ਦੀ ਉਪਜ ਦਾ ਦਸਵੰਧ ਲੇਵੀਆਂ ਦੇ ਲਈ ਲਿਆਇਆ ਕਰਾਂਗੇ ਕਿਉਂਕਿ ਲੇਵੀ ਸਾਡੀ ਖੇਤੀ ਦੇ ਸਾਰੇ ਸ਼ਹਿਰਾਂ ਵਿੱਚੋਂ ਦਸਵੰਧ ਲੈਂਦੇ ਹਨ ।38ਜਦ ਵੀ ਲੇਵੀ ਦਸਵੰਧ ਲੈਣ ਤਾਂ ਹਾਰੂਨ ਦੇ ਵੰਸ਼ ਦਾ ਕੋਈ ਜਾਜਕ ਲੇਵੀਆਂ ਦੇ ਨਾਲ ਹੋਵੇ ਅਤੇ ਲੇਵੀ ਦਸਵੰਧ ਦਾ ਦਸਵੰਧ ਸਾਡੇ ਪਰਮੇਸ਼ੁਰ ਦੇ ਭਵਨ ਵਿੱਚ ਭੰਡਾਰ ਦੀਆਂ ਕੋਠੜੀਆਂ ਵਿੱਚ ਪਹੁੰਚਾਇਆ ਕਰਨ,
39ਕਿਉਂਕਿ ਹਰੇਕ ਇਸਰਾਏਲੀ ਅਤੇ ਲੇਵੀ ਅੰਨ, ਨਵੀਂ ਮਧ, ਅਤੇ ਤੇਲ ਦੀ ਚੁੱਕਣ ਦੀਆਂ ਭੇਟਾਂ ਉਨ੍ਹਾਂ ਕੋਠੜੀਆਂ ਵਿੱਚ ਪਹੁੰਚਾਉਣ ਜਿੱਥੇ ਪਵਿੱਤਰ ਭਾਂਡੇ ਅਤੇ ਜਾਜਕ ਜਿਹੜੇ ਟਹਿਲ ਸੇਵਾ ਕਰਦੇ ਸਨ ਅਤੇ ਦਰਬਾਨ ਅਤੇ ਰਾਗੀ ਰਹਿੰਦੇ ਸਨ । "ਅਸੀਂ ਆਪਣੇ ਪਰਮੇਸ਼ੁਰ ਦੇ ਭਵਨ ਨੂੰ ਨਹੀਂ ਤਿਆਗਾਂਗੇ ।"

11
ਯਰੂਸ਼ਲਮ ਦੇ ਵਾਸੀ

1ਪਰਜਾ ਦੇ ਹਾਕਮ ਤਾਂ ਯਰੂਸ਼ਲਮ ਵਿੱਚ ਰਹਿੰਦੇ ਸਨ ਅਤੇ ਬਾਕੀ ਲੋਕਾਂ ਨੇ ਇਹ ਠਹਿਰਾਉਣ ਲਈ ਪਰਚੀਆਂ ਪਾਈਆਂ ਕਿ ਦਸ ਵਿੱਚੋਂ ਇੱਕ ਮਨੁੱਖ ਪਵਿੱਤਰ ਸ਼ਹਿਰ ਯਰੂਸ਼ਲਮ ਵਿੱਚ ਵੱਸ ਜਾਵੇ ਅਤੇ ਬਾਕੀ ਨੌ ਹੋਰ ਸ਼ਹਿਰਾਂ ਵਿੱਚ ਵੱਸ ਜਾਣ ।2ਪਰਜਾ ਨੇ ਉਨ੍ਹਾਂ ਸਾਰੇ ਮਨੁੱਖਾਂ ਨੂੰ ਅਸੀਸ ਦਿੱਤੀ, ਜਿਨ੍ਹਾਂ ਨੇ ਖੁਸ਼ੀ ਨਾਲ ਯਰੂਸ਼ਲਮ ਵਿੱਚ ਵੱਸਣ ਲਈ ਆਪਣੇ ਆਪ ਨੂੰ ਪੇਸ਼ ਕੀਤਾ ।

3ਇਹ ਉਸ ਸੂਬੇ ਦੇ ਆਗੂ ਹਨ ਜਿਹੜੇ ਯਰੂਸ਼ਲਮ ਵਿੱਚ ਵੱਸ ਗਏ ਪਰ ਯਹੂਦਾਹ ਦੇ ਸ਼ਹਿਰਾਂ ਵਿੱਚ ਹਰ ਮਨੁੱਖ ਆਪਣੀ ਨਿੱਜ ਭੂਮੀ ਵਿੱਚ ਵੱਸਦਾ ਸੀ ਅਰਥਾਤ ਇਸਰਾਏਲੀ, ਜਾਜਕ, ਲੇਵੀ, ਨਥੀਨੀਮ (ਭਵਨ ਦੇ ਸੇਵਕ) ਅਤੇ ਸੁਲੇਮਾਨ ਦੀ ਸੇਵਕਾਂ ਦੀ ਸੰਤਾਨ4ਯਰੂਸ਼ਲਮ ਵਿੱਚ ਯਹੂਦਾਹ ਅਤੇ ਬਿਨਯਾਮੀਨੀਆਂ ਵਿੱਚੋਂ ਕੁਝ ਲੋਕ ਰਹਿੰਦੇ ਸਨ । ਯਹੂਦਾਹ ਦੇ ਵੰਸ਼ ਵਿੱਚੋਂ ਅਥਾਯਾਹ ਜੋ ਉੱਜ਼ੀਯਾਹ ਦਾ ਪੁੱਤਰ, ਉਹ ਜ਼ਕਰਯਾਹ ਦਾ ਪੁੱਤਰ, ਉਹ ਅਮਰਯਾਹ ਦਾ ਪੁੱਤਰ, ਉਹ ਸ਼ਫਟਯਾਹ ਦਾ ਪੁੱਤਰ, ਉਹ ਮਹਲਲੇਲ ਦਾ ਪੁੱਤਰ ਜੋ ਪਾਰਸ ਦੇ ਵੰਸ਼ ਵਿੱਚੋਂ ਸੀ,
5ਅਤੇ ਮਅਸੇਯਾਹ ਜੋ ਬਾਰੂਕ ਦਾ ਪੁੱਤਰ, ਉਹ ਕਾਲਹੋਜ਼ਹ ਦਾ ਪੁੱਤਰ, ਉਹ ਹਜ਼ਾਯਾਹ ਦਾ ਪੁੱਤਰ, ਉਹ ਅਦਾਯਾਹ ਦਾ ਪੁੱਤਰ, ਉਹ ਯੋਯਾਰੀਬ ਦਾ ਪੁੱਤਰ, ਉਹ ਜ਼ਕਰਯਾਹ ਦਾ ਪੁੱਤਰ ਅਤੇ ਉਹ ਸ਼ਿਲੋਨੀ ਦਾ ਪੁੱਤਰ ਸੀ ।6ਪਾਰਸ ਦੀ ਵੰਸ਼ ਦੇ ਜੋ ਯਰੂਸ਼ਲਮ ਵਿੱਚ ਵੱਸ ਗਏ ਕੁੱਲ ਚਾਰ ਸੋ ਅਠਾਹਟ ਸੂਰਬੀਰ ਸਨ ।

7ਬਿਨਯਾਮੀਨੀਆਂ ਵਿੱਚੋਂ ਸੱਲੂ ਜੋ ਮਸ਼ੁੱਲਾਮ ਦਾ ਪੁੱਤਰ, ਉਹ ਯੋਏਦ ਦਾ ਪੁੱਤਰ, ਉਹ ਪਦਾਯਾਹ ਦਾ ਪੁੱਤਰ, ਉਹ ਕੋਲਾਯਾਹ ਦਾ ਪੁੱਤਰ, ਉਹ ਮਅਸੇਯਾਰ ਦਾ ਪੁੱਤਰ, ਉਹ ਈਥੀਏਲ ਦਾ ਪੁੱਤਰ, ਉਹ ਯਸ਼ਾਯਾਹ ਦਾ ਪੁੱਤਰ ਸੀ ।8ਉਸ ਦੇ ਬਾਅਦ ਗੱਬੀ ਅਤੇ ਸੱਲਾਈ ਜਿਨ੍ਹਾਂ ਦੇ ਨਾਲ ਨੌ ਸੌ ਅਠਾਈ ਪੁਰਖ ਸਨ ।9ਇਨ੍ਹਾਂ ਦਾ ਪ੍ਰਧਾਨ ਜ਼ਿਕਰੀ ਦਾ ਪੁੱਤਰ ਯੋਏਲ ਸੀ ਅਤੇ ਹਸਨੂਆਹ ਦਾ ਪੁੱਤਰ ਯਹੂਦਾਹ ਉਨ੍ਹਾਂ ਸ਼ਹਿਰਾਂ ਉੱਤੇ ਦੂਜੇ ਦਰਜੇ ਦਾ ਪ੍ਰਧਾਨ ਸੀ ।

10ਜਾਜਕਾਂ ਵਿੱਚੋਂ ਯੋਯਾਰੀਬ ਦਾ ਪੁੱਤਰ ਯਦਾਯਾਹ ਅਤੇ ਯਾਕੀਨ,11ਅਤੇ ਸਰਾਯਾਹ ਜੋ ਹਿਲਕੀਯਾਹ ਦਾ ਪੁੱਤਰ, ਉਹ ਮਸ਼ੁੱਲਾਮ ਦਾ ਪੁੱਤਰ, ਉਹ ਸਦੋਕ ਦਾ ਪੁੱਤਰ, ਉਹ ਮਰਾਯੋਥ ਦਾ ਪੁੱਤਰ, ਉਹ ਅਹੀਟੂਬ ਦਾ ਪੁੱਤਰ ਜੋ ਪਰਮੇਸ਼ੁਰ ਦੇ ਭਵਨ ਦਾ ਪ੍ਰਧਾਨ ਸੀ,12ਅਤੇ ਉਨ੍ਹਾਂ ਦੇ ਭਰਾ ਜਿਹੜੇ ਭਵਨ ਦਾ ਕੰਮ ਕਰਦੇ ਸਨ, ਅੱਠ ਸੌ ਬਾਈ ਸਨ ਅਤੇ ਅਦਾਯਾਹ ਜੋ ਯਰੋਹਾਮ ਦਾ ਪੁੱਤਰ, ਉਹ ਪਲਲਯਾਹ ਦਾ ਪੁੱਤਰ, ਉਹ ਅਮਸੀ ਦਾ ਪੁੱਤਰ, ਉਹ ਜ਼ਕਰਯਾਹ ਦਾ ਪੁੱਤਰ, ਉਹ ਪਸ਼ਹੂਰ ਦਾ ਪੁੱਤਰ ਅਤੇ ਉਹ ਮਲਕੀਯਾਹ ਦਾ ਪੁੱਤਰ ਸੀ
13ਉਸ ਦੇ ਭਰਾ ਜੋ ਪੁਰਖਿਆਂ ਦੇ ਘਰਾਣਿਆਂ ਦੇ ਮੁਖੀਏ ਸਨ, ਦੋ ਸੌ ਬਤਾਲੀ ਪੁਰਖ ਸਨ, ਅਤੇ ਅਮਸ਼ਸਈ ਜੋ ਅਜ਼ਰਏਲ ਦਾ ਪੁੱਤਰ, ਉਹ ਅਹਜ਼ਈ ਦਾ ਪੁੱਤਰ, ਉਹ ਮਸ਼ਿੱਲੇਮੋਥ ਦਾ ਪੁੱਤਰ ਅਤੇ ਉਹ ਇੰਮੇਰ ਦਾ ਪੁੱਤਰ ਸੀ14ਇਨ੍ਹਾਂ ਦੇ ਇੱਕ ਸੌ ਅਠਾਈ ਸੂਰਬੀਰ ਭਰਾ ਸਨ ਅਤੇ ਹੱਗਦੋਲੀਮ ਦਾ ਪੁੱਤਰ ਜ਼ਬਦੀਏਲ ਇਨ੍ਹਾਂ ਦਾ ਪ੍ਰਧਾਨ ਸੀ ।

15ਲੇਵੀਆਂ ਵਿੱਚੋਂ ਸ਼ਮਾਯਾਹ ਜੋ ਹੱਸ਼ੂਬ ਦਾ ਪੁੱਤਰ, ਉਹ ਅਜ਼ਰੀਕਾਮ ਦਾ ਪੁੱਤਰ, ਉਹ ਹਸ਼ਬਯਾਹ ਦਾ ਪੁੱਤਰ, ਉਹ ਬੂੰਨੀ ਦਾ ਪੁੱਤਰ ਸੀ ।16ਸ਼ਬਥਈ ਅਤੇ ਯੋਜ਼ਾਬਾਦ ਜੋ ਲੇਵੀਆਂ ਦੇ ਆਗੂ ਸਨ ਪਰਮੇਸ਼ੁਰ ਦੇ ਭਵਨ ਦੇ ਬਾਹਰੀ ਕੰਮ ਉੱਤੇ ਨਿਯੁਕਤ ਸਨ ।
17ਮਤਨਯਾਹ ਜੋ ਮੀਕਾ ਦਾ ਪੁੱਤਰ, ਉਹ ਜ਼ਬਦੀ ਦਾ ਪੁੱਤਰ, ਉਹ ਆਸਾਫ ਦਾ ਪੁੱਤਰ ਸੀ ਜਿਹੜਾ ਪ੍ਰਾਰਥਨਾ ਅਤੇ ਧੰਨਵਾਦ ਕਰਨ ਵਾਲਿਆਂ ਦਾ ਪ੍ਰਧਾਨ ਸੀ ਅਤੇ ਬਕਬੁਕਯਾਹ ਆਪਣੇ ਭਰਾਵਾਂ ਵਿਚੋਂ ਦੂਜੇ ਦਰਜੇ ਤੇ ਸੀ ਅਤੇ ਅਬਦਾ ਜੋ ਸ਼ਮੂਆ ਦਾ ਪੁੱਤਰ, ਉਹ ਗਾਲਾਲ ਦਾ ਪੁੱਤਰ, ਉਹ ਯਦੂਥੂਨ ਦਾ ਪੁੱਤਰ ਸੀ ।18ਸਾਰੇ ਲੇਵੀ ਜੋ ਪਵਿੱਤਰ ਸ਼ਹਿਰ ਵਿੱਚ ਰਹਿੰਦੇ ਸਨ, ਕੁੱਲ ਦੋ ਸੌ ਚੁਰਾਸੀ ਸਨ ।

19ਦਰਬਾਨ ਅੱਕੂਬ ਅਤੇ ਟਲਮੋਨ ਅਤੇ ਉਨ੍ਹਾਂ ਦੇ ਭਰਾ ਜਿਹੜੇ ਫਾਟਕਾਂ ਦੇ ਰਾਖੇ ਸਨ, ਇੱਕ ਸੌ ਬਹੱਤਰ ਸਨ ।20ਬਾਕੀ ਇਸਰਾਏਲੀ ਜਾਜਕ ਅਤੇ ਲੇਵੀ ਯਹੂਦਾਹ ਦੇ ਸਾਰੇ ਸ਼ਹਿਰਾਂ ਵਿੱਚ ਆਪੋ ਆਪਣੇ ਹਿੱਸੇ ਵਿੱਚ ਰਹਿੰਦੇ ਸਨ ।21ਪਰ ਨਥੀਨੀਮ ਓਫ਼ਲ ਵਿੱਚ ਰਹਿੰਦੇ ਸਨ, ਅਤੇ ਸੀਹਾ ਤੇ ਗਿਸ਼ਪਾ ਉਨ੍ਹਾਂ ਦੇ ਉੱਤੇ ਠਹਿਰਾਏ ਗਏ ਸਨ ।

22ਜੋ ਲੇਵੀ ਯਰੂਸ਼ਲਮ ਵਿੱਚ ਰਹਿ ਕੇ ਪਰਮੇਸ਼ੁਰ ਦੇ ਭਵਨ ਦੇ ਕੰਮ ਕਰਦੇ ਸਨ, ਉਨ੍ਹਾਂ ਦਾ ਪ੍ਰਧਾਨ ਉੱਜ਼ੀ ਸੀ ਜੋ ਆਸਾਫ ਦੇ ਵੰਸ਼ ਦੇ ਗਾਇਕਾਂ ਵਿੱਚੋਂ ਸੀ, ਉਹ ਬਾਨੀ ਦਾ ਪੁੱਤਰ, ਉਹ ਹਸ਼ਬਯਾਹ ਦਾ ਪੁੱਤਰ, ਉਹ ਮੱਤਨਯਾਹ ਦਾ ਪੁੱਤਰ, ਉਹ ਮੀਕਾ ਦਾ ਪੁੱਤਰ ਸੀ ।23ਕਿਉਂਕਿ ਉਨ੍ਹਾਂ ਲਈ ਰਾਜਾ ਦਾ ਹੁਕਮ ਸੀ ਅਤੇ ਗਾਇਕਾਂ ਲਈ ਹਰ ਰੋਜ਼ ਦੀਆਂ ਜ਼ਰੂਰਤਾਂ ਦੇ ਅਨੁਸਾਰ ਪ੍ਰਬੰਧ ਸੀ ।24ਪਥਹਯਾਹ ਜੋ ਮਸ਼ੇਜ਼ਬਏਲ ਦਾ ਪੁੱਤਰ ਜਿਹੜਾ ਯਹੂਦਾਹ ਦੇ ਪੁੱਤਰ ਜ਼ਰਹ ਦੇ ਵੰਸ਼ ਵਿੱਚੋਂ ਸੀ, ਉਹ ਪਰਜਾ ਦੇ ਸਾਰੇ ਕੰਮ ਲਈ ਰਾਜਾ ਦੇ ਹੱਥ ਵਰਗਾ ਸੀ ।
ਹੋਰ ਨਗਰਾਂ ਦੇ ਵਾਸੀ

25ਹੁਣ ਬਾਕੀ ਪਿੰਡਾਂ ਅਤੇ ਉਨ੍ਹਾਂ ਦੇ ਖੇਤਾਂ ਵਿੱਚ, ਯਹੂਦਾਹ ਦੇ ਵੰਸ਼ ਵਿੱਚੋਂ ਕੁਝ ਕਿਰਯਥ-ਅਰਬਾ ਅਤੇ ਉਸ ਦੀਆਂ ਬਸਤੀਆਂ ਵਿੱਚ, ਕੁਝ ਦੀਬੋਨ ਅਤੇ ਉਸ ਦੀਆਂ ਬਸਤੀਆਂ ਵਿੱਚ ਅਤੇ ਕੁਝ ਯਕਬਸਏਲ ਅਤੇ ਉਸ ਦੇ ਪਿੰਡਾਂ ਵਿੱਚ ਵੱਸ ਗਏ,26ਅਤੇ ਫਿਰ ਯੇਸ਼ੂਆ, ਮੋਲਾਦਾਹ ਅਤੇ ਬੈਤ-ਪਾਲਟ ਵਿੱਚ,27ਹਸਰਸ਼ੂਆਲ ਅਤੇ ਬਏਰ-ਸ਼ਬਾ ਅਤੇ ਉਸ ਦੀਆਂ ਬਸਤੀਆਂ ਵਿੱਚ,
28ਅਤੇ ਸਿਕਲਾਗ, ਤੇ ਮਕੋਨਾਹ ਅਤੇ ਉਸ ਦੀਆਂ ਬਸਤੀਆਂ ਵਿੱਚ,29ਏਨ-ਰਿੰਮੋਮ, ਸਾਰਆਹ, ਯਰਮੂਥ,30ਜ਼ਾਨੋਅਹ, ਅੱਦੁਲਾਮ ਅਤੇ ਉਨ੍ਹਾਂ ਦੇ ਪਿੰਡਾਂ ਵਿੱਚ ਅਤੇ ਲਾਕੀਸ਼ ਅਤੇ ਉਸ ਦੇ ਖੇਤਾਂ ਵਿੱਚ, ਅਜ਼ੇਕਾਹ ਅਤੇ ਉਸ ਦੀਆਂ ਬਸਤੀਆਂ ਵਿੱਚ, ਉਹ ਬਏਰ-ਸ਼ਬਾ ਤੋਂ ਲੈ ਕੇ ਹਿੰਨੋਮ ਦੀ ਵਾਦੀ ਤੱਕ ਡੇਰਿਆਂ ਵਿੱਚ ਰਹਿੰਦੇ ਸਨ ।31ਬਿਨਯਾਮੀਨ ਦਾ ਵੰਸ਼ ਗਬਾ ਤੋਂ ਲੈ ਕੇ ਅਤੇ ਮਿਕਮਸ਼, ਅੱਯਾਹ, ਬੈਤ-ਏਲ ਅਤੇ ਉਸ ਦੀਆਂ ਬਸਤੀਆਂ ਵਿੱਚ32ਅਤੇ ਅਨਾਥੋਥ, ਨੋਬ, ਅਨਨਯਾਹ,33ਹਾਸੋਰ, ਰਾਮਾਹ, ਗਿੱਤਾਯਿਮ,34ਹਦੀਦ, ਸਬੋਈਮ, ਨਬੱਲਾਟ,35ਲੋਦ, ਓਨੋ ਅਤੇ ਕਾਰੀਗਰਾਂ ਦੀ ਘਾਟੀ ਤੱਕ ਰਹਿੰਦੇ ਸਨ ।36ਯਹੂਦਾਹ ਦੇ ਕੁਝ ਲੇਵੀਆਂ ਦੇ ਦਲ ਬਿਨਯਾਮੀਨ ਦੇ ਸੂਬਿਆਂ ਵਿੱਚ ਵੱਸ ਗਏ ।

12
ਜਾਜਕਾਂ ਅਤੇ ਲੇਵੀਆਂ ਦੀ ਸੂਚੀ

1ਉਹ ਜਾਜਕ ਅਤੇ ਲੇਵੀ ਜਿਹੜੇ ਸ਼ਅਲਤੀਏਲ ਦੇ ਪੁੱਤਰ ਜ਼ਰੁੱਬਾਬਲ ਅਤੇ ਯੇਸ਼ੂਆ ਦੇ ਨਾਲ ਮੁੜ ਆਏ, ਉਹ ਇਹ ਸਨ: ਸ਼ਰਾਯਾਹ, ਯਿਰਮਿਯਾਹ, ਅਜ਼ਰਾ,2ਅਮਰਯਾਹ, ਮੱਲੂਕ, ਹੱਟੂਸ਼,3ਸ਼ਕਨਯਾਹ, ਰਹੁਮ, ਮਰੇਮੋਥ,

4ਇੱਦੋ, ਗਿਨਥੋਈ, ਅਬੀਯਾਹ,5ਮਿੱਯਾਮੀਨ, ਮਆਦਯਾਹ ਬਿਲਗਾਹ,6ਸ਼ਮਅਯਾਹ, ਯੋਯਾਰੀਬ, ਯਦਆਯਾਹ,7ਸੱਲੂ, ਆਮੋਕ, ਹਿਲਕੀਯਾਹ ਅਤੇ ਯਦਆਯਾਹ, ਯੇਸ਼ੂਆ ਦੇ ਦਿਨਾਂ ਵਿੱਚ ਜਾਜਕਾਂ ਅਤੇ ਉਨ੍ਹਾਂ ਦੇ ਭਰਾਵਾਂ ਦੇ ਆਗੂ ਇਹੋ ਸਨ ।

8ਲੇਵੀ ਇਹ ਸਨ: ਯੇਸ਼ੂਆ, ਬਿੰਨੂਈ, ਕਦਮੀਏਲ, ਸ਼ੇਰੇਬਯਾਹ, ਯਹੂਦਾਹ ਅਤੇ ਮੱਤਨਯਾਹ ਜਿਹੜਾ ਆਪਣੇ ਭਰਾਵਾਂ ਸਮੇਤ ਧੰਨਵਾਦ ਦੇ ਗੀਤਾਂ ਦਾ ਮੁਖੀਆ ਸੀ ।9ਬਕਬੁਕਯਾਹ, ਉੱਨੀ ਅਤੇ ਉਨ੍ਹਾਂ ਦੇ ਭਰਾ ਉਨ੍ਹਾਂ ਦੇ ਸਾਹਮਣੇ ਸੇਵਾ ਕਰਦੇ ਸਨ ।
ਯੇਸ਼ੂਆ ਦੀ ਵੰਸ਼ਾਵਲੀ

10ਯੇਸ਼ੂਆ ਤੋਂ ਯੋਯਾਕੀਮ ਜੰਮਿਆ, ਯੋਯਾਕੀਮ ਤੋਂ ਅਲਯਾਸ਼ੀਬ ਜੰਮਿਆ, ਅਲਯਾਸ਼ੀਬ ਤੋਂ ਯੋਯਾਦਾ ਜੰਮਿਆ,11ਯੋਯਾਦਾ ਤੋਂ ਯੋਨਾਥਾਨ ਜੰਮਿਆ ਅਤੇ ਯੋਨਾਥਾਨ ਤੋਂ ਯੱਦੂਆ ਜੰਮਿਆ ।
ਜਾਜਕ ਘਰਾਣਿਆਂ ਦੇ ਮੁਖੀਏ

12ਯੋਯਾਕੀਮ ਦੇ ਦਿਨਾਂ ਵਿੱਚ ਇਹ ਜਾਜਕ ਆਪੋ ਆਪਣੇ ਪੁਰਖਿਆਂ ਦੇ ਘਰਾਣਿਆਂ ਦੇ ਮੁਖੀਏ ਸਨ, ਸਰਾਯਾਹ ਤੋਂ ਮਿਰਯਾਹ ਅਤੇ ਯਿਰਮਿਯਾਹ ਤੋਂ ਹਨਨਯਾਹ,13ਅਜ਼ਰਾ ਤੋਂ ਮਸ਼ੁੱਲਾਮ ਅਤੇ ਅਮਰਯਾਹ ਤੋਂ ਯਹੋਹਾਨਾਨ,14ਮਲੂਕੀ ਤੋਂ ਯੋਨਾਥਾਨ ਅਤੇ ਸ਼ਬਨਯਾਹ ਤੋਂ ਯੂਸੁਫ਼,
15ਹਰੀਮ ਤੋਂ ਅਦਨਾ ਅਤੇ ਮਰਾਯੋਥ ਤੋਂ ਹਲਕਈ,16ਇੱਦੋ ਤੋਂ ਜ਼ਕਰਯਾਹ ਅਤੇ ਗਿਨਥੋਨ ਤੋਂ ਮਸ਼ੁੱਲਾਮ,17ਅਬੀਯਾਹ ਤੋਂ ਜ਼ਿਕਰੀ ਅਤੇ ਮਿਨਯਾਮੀਨ ਤੋਂ ਅਤੇ ਮੋਅਦਯਾਹ ਤੋਂ ਪਿਲਟਾਈ,18ਬਿਲਗਾਹ ਤੋਂ ਸ਼ੰਮੂਆ ਅਤੇ ਸ਼ਮਆਯਾਹ ਤੋਂ ਯਹੋਨਾਥਾਨ,19ਯੋਯਾਰੀਬ ਤੋਂ ਮਤਨਈ ਅਤੇ ਯਦਆਯਾਹ ਤੋਂ ਉੱਜ਼ੀ,20ਸੱਲਈ ਤੋਂ ਕੱਲਈ ਅਤੇ ਆਮੋਕ ਤੋਂ ਏਬਰ,21ਹਿਲਕੀਯਾਹ ਤੋਂ ਹਸ਼ਬਯਾਹ ਅਤੇ ਯਦਆਯਾਹ ਤੋਂ ਨਥਨਏਲ ।
ਜਾਜਕ ਅਤੇ ਲੇਵੀ ਘਰਾਣਿਆਂ ਦੀ ਸੂਚੀ

22ਅਲਯਾਸ਼ੀਬ, ਯੋਯਾਦਆ, ਯੋਹਾਨਾਨ ਅਤੇ ਯੱਦੂਆ ਦੇ ਦਿਨਾਂ ਵਿੱਚ ਲੇਵੀ ਘਰਾਣਿਆਂ ਦੇ ਆਗੂਆਂ ਦੇ ਨਾਮ ਅਤੇ ਜਾਜਕਾਂ ਦੇ ਨਾਮ ਵੀ ਦਾਰਾ ਫਾਰਸੀ ਦੇ ਰਾਜ ਵਿੱਚ ਲਿਖੇ ਜਾਂਦੇ ਸਨ ।23ਲੇਵੀਆਂ ਦੇ ਪੁਰਖਿਆਂ ਦੇ ਘਰਾਣਿਆਂ ਦੇ ਆਗੂਆਂ ਦੇ ਨਾਮ ਅਲਯਾਸ਼ੀਬ ਦੇ ਪੁੱਤਰ ਯੋਹਾਨਾਨ ਦੇ ਦਿਨਾਂ ਤੱਕ ਇਤਿਹਾਸ ਦੀ ਪੁਸਤਕ ਵਿੱਚ ਲਿਖੇ ਜਾਂਦੇ ਸਨ ।
ਭਵਨ ਵਿੱਚ ਸੇਵਾ-ਕਾਰਜਾਂ ਨੂੰ ਵੰਡਣਾ

24ਲੇਵੀਆਂ ਦੇ ਆਗੂ ਇਹ ਸਨ: ਹਸ਼ਬਯਾਹ, ਸ਼ੇਰੇਬਯਾਹ ਅਤੇ ਕਦਮੀਏਲ ਦਾ ਪੁੱਤਰ ਯੇਸ਼ੂਆ ਅਤੇ ਉਨ੍ਹਾਂ ਦੇ ਭਰਾ ਪਰਮੇਸ਼ੁਰ ਦੇ ਦਾਸ ਦਾਊਦ ਦੇ ਹੁਕਮ ਅਨੁਸਾਰ ਆਹਮੋ-ਸਾਹਮਣੇ ਉਸਤਤ ਅਤੇ ਧੰਨਵਾਦ ਕਰਨ ਲਈ ਨਿਯੁਕਤ ਸਨ ।25ਮੱਤਨਯਾਹ, ਬਕਬੁਕਯਾਹ, ਓਬਦਯਾਹ, ਮਸ਼ੁੱਲਾਮ, ਟਲਮੋਨ ਅਤੇ ਅਕੂੱਬ ਦਰਬਾਨ ਸਨ ਅਤੇ ਫਾਟਕਾਂ ਦੇ ਕੋਲ ਭੰਡਾਰ-ਘਰਾਂ ਉੱਤੇ ਪਹਿਰਾ ਦਿੰਦੇ ਸਨ ।26ਯੋਸਾਦਾਕ ਦੇ ਪੋਤਰੇ ਯੇਸ਼ੂਆ ਦੇ ਪੁੱਤਰ ਯੋਯਾਕੀਮ ਦੇ ਦਿਨਾਂ ਵਿੱਚ ਅਤੇ ਨਹਮਯਾਹ ਹਾਕਮ ਅਤੇ ਅਜ਼ਰਾ ਜਾਜਕ ਅਤੇ ਸ਼ਾਸਤਰੀ ਦੇ ਦਿਨਾਂ ਵਿੱਚ ਇਹ ਹੀ ਸਨ ।
ਯਰੂਸ਼ਲਮ ਦੀ ਸ਼ਹਿਰਪਨਾਹ ਦਾ ਸਮਰਪਣ

27ਯਰੂਸ਼ਲਮ ਦੀ ਸ਼ਹਿਰਪਨਾਹ ਦੇ ਸਮਰਪਣ ਦੇ ਸਮੇਂ ਲੇਵੀਆਂ ਨੂੰ ਸਾਰੇ ਸਥਾਨਾਂ ਵਿੱਚ ਭਾਲਿਆ ਗਿਆ ਅਤੇ ਉਨ੍ਹਾਂ ਨੂੰ ਯਰੂਸ਼ਲਮ ਵਿੱਚ ਲਿਆਇਆ ਗਿਆ ਤਾਂ ਜੋ ਉਹ ਅਨੰਦ ਅਤੇ ਧੰਨਵਾਦ ਕਰਕੇ ਅਤੇ ਛੈਣੇ, ਸਤਾਰ ਅਤੇ ਬਰਬਤਾਂ ਵਜਾ ਕੇ ਅਤੇ ਗਾ ਕੇ ਉਸਦਾ ਸਮਰਪਣ ਕਰਨ ।28ਗਾਇਕਾਂ ਦੇ ਵੰਸ਼ ਨੂੰ ਯਰੂਸ਼ਲਮ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚੋਂ ਅਤੇ ਨਟੋਫਾਥੀਆਂ ਦੇ ਪਿੰਡਾਂ ਵਿੱਚੋਂ
29ਅਤੇ ਬੈਤ-ਗਿਲਗਾਲ ਤੋਂ ਅਤੇ ਗਬਾ ਅਤੇ ਅਜ਼ਮਾਵਥ ਦੇ ਖੇਤਾਂ ਤੋਂ ਇਕੱਠਾ ਕੀਤਾ ਗਿਆ, ਕਿਉਂਕਿ ਗਾਇਕਾਂ ਨੇ ਯਰੂਸ਼ਲਮ ਦੇ ਆਲੇ-ਦੁਆਲੇ ਆਪਣੇ ਲਈ ਪਿੰਡ ਬਣਾ ਲਏ ਸਨ ।30ਜਾਜਕਾਂ ਅਤੇ ਲੇਵੀਆਂ ਨੇ ਆਪਣੇ ਆਪ ਨੂੰ ਸ਼ੁੱਧ ਕਰ ਲਿਆ ਤਦ ਉਨ੍ਹਾਂ ਨੇ ਪਰਜਾ ਨੂੰ ਅਤੇ ਫਾਟਕਾਂ ਨੂੰ ਅਤੇ ਸ਼ਹਿਰਪਨਾਹ ਨੂੰ ਸ਼ੁੱਧ ਕੀਤਾ ।

31ਫਿਰ ਮੈਂ ਯਹੂਦਾਹ ਦੇ ਹਾਕਮਾਂ ਨੂੰ ਸ਼ਹਿਰਪਨਾਹ ਉੱਤੇ ਲਿਆਇਆ ਅਤੇ ਮੈਂ ਦੋ ਵੱਡੀਆਂ ਟੋਲੀਆਂ ਠਹਿਰਾਈਆਂ ਤਾਂ ਜੋ ਉਹ ਧੰਨਵਾਦ ਕਰਨ ਅਤੇ ਉਨ੍ਹਾਂ ਵਿੱਚੋਂ ਇੱਕ ਟੋਲੀ ਸੱਜੇ ਹੱਥ ਕੂੜਾ-ਫਾਟਕ ਵੱਲ ਗਈ
32ਅਤੇ ਉਨ੍ਹਾਂ ਦੇ ਪਿੱਛੇ-ਪਿੱਛੇ ਹੋਸ਼ਅਯਾਹ ਅਤੇ ਯਹੂਦਾਹ ਦੇ ਅੱਧੇ ਹਾਕਮ,33ਅਤੇ ਅਜ਼ਰਯਾਹ, ਅਜ਼ਰਾ, ਮਸ਼ੁੱਲਾਮ,34ਯਹੂਦਾਹ, ਬਿਨਯਾਮੀਨ, ਸ਼ਮਅਯਾਹ ਤੇ ਯਿਰਮਿਯਾਹ ਗਏ35ਅਤੇ ਜਾਜਕਾਂ ਦੇ ਪੁੱਤਰਾਂ ਨੇ ਨਰਸਿੰਗੇ ਲਏ ਹੋਏ ਸਨ ਅਤੇ ਜ਼ਕਰਯਾਹ ਯੋਨਾਥਾਨ ਦਾ ਪੁੱਤਰ, ਉਹ ਸ਼ਅਅਯਾਹ ਦਾ ਪੁੱਤਰ, ਉਹ ਮੱਤਨਯਾਹ ਦਾ ਪੁੱਤਰ, ਉਹ ਮੀਕਾਯਾਹ ਦਾ ਪੁੱਤਰ, ਉਹ ਜ਼ਕੂਰ ਦਾ ਪੁੱਤਰ, ਉਹ ਆਸਾਫ ਦਾ ਪੁੱਤਰ
36ਅਤੇ ਉਸ ਦੇ ਭਰਾ ਸ਼ਮਅਯਾਹ, ਅਜ਼ਰਏਲ, ਮਿਲਲਈ, ਗਿਲਲਈ, ਮਾਈ, ਨਥਨਏਲ, ਯਹੂਦਾਹ ਅਤੇ ਹਨਾਨੀ, ਪਰਮੇਸ਼ੁਰ ਦੇ ਦਾਸ ਦਾਊਦ ਦੇ ਵਾਜਿਆਂ ਨਾਲ ਸਨ ਅਤੇ ਅਜ਼ਰਾ ਸ਼ਾਸਤਰੀ ਉਨ੍ਹਾਂ ਦੇ ਅੱਗੇ-ਅੱਗੇ ਚੱਲ ਰਿਹਾ ਸੀ ।37ਇਹ ਚਸ਼ਮਾ-ਫਾਟਕ ਤੋਂ ਹੋ ਕੇ ਇਹ ਸਿੱਧੇ ਦਾਊਦ ਦੇ ਸ਼ਹਿਰ ਦੀਆਂ ਪੌੜੀਆਂ ਉੱਤੇ ਚੜ੍ਹ ਕੇ ਜਿੱਥੋਂ ਸ਼ਹਿਰਪਨਾਹ ਉੱਪਰ ਵੱਲ ਜਾਂਦੀ ਸੀ, ਦਾਊਦ ਦੇ ਮਹਿਲ ਦੇ ਉੱਪਰੋਂ ਹੋ ਕੇ ਪੂਰਬ ਵੱਲ ਜਲ-ਫਾਟਕ ਨੂੰ ਗਏ ।

38ਉਨ੍ਹਾਂ ਦੀ ਦੂਸਰੀ ਟੋਲੀ ਜਿਹੜੀ ਧੰਨਵਾਦ ਕਰਦੀ ਸੀ, ਦੂਜੇ ਪਾਸੇ ਵੱਲ ਗਈ ਅਤੇ ਉਨ੍ਹਾਂ ਦੇ ਪਿੱਛੇ-ਪਿੱਛੇ ਮੈਂ ਅਤੇ ਅੱਧੀ ਪਰਜਾ ਸ਼ਹਿਰਪਨਾਹ ਦੇ ਉੱਪਰੋਂ ਤੰਦੂਰਾਂ ਦੇ ਬੁਰਜ ਦੇ ਕੋਲ ਚੌੜੀ ਕੰਧ ਤੱਕ ਗਏ39ਅਤੇ ਅਫਰਾਈਮੀ ਫਾਟਕ, ਅਤੇ ਪੁਰਾਣੇ ਫਾਟਕ, ਅਤੇ ਮੱਛੀ ਫਾਟਕ, ਅਤੇ ਹਨਨੇਲ ਦੇ ਬੁਰਜ ਅਤੇ ਹੰਮੇਆਹ ਦੇ ਬੁਰਜ ਤੋਂ ਹੁੰਦੇ ਹੋਏ ਭੇਡ-ਫਾਟਕ ਤੱਕ ਗਏ ਅਤੇ ਕੈਦਖ਼ਾਨੇ ਦੇ ਫਾਟਕ ਕੋਲ ਖੜ੍ਹੇ ਹੋ ਗਏ ।
40ਤਦ ਧੰਨਵਾਦ ਕਰਨ ਵਾਲਿਆਂ ਦੀਆਂ ਦੋਵੇਂ ਟੋਲੀਆਂ ਅਤੇ ਮੈਂ ਅਤੇ ਮੇਰੇ ਨਾਲ ਅੱਧੇ ਹਾਕਮ ਪਰਮੇਸ਼ੁਰ ਦੇ ਭਵਨ ਵਿੱਚ ਖੜ੍ਹੇ ਹੋ ਗਏ,41ਅਤੇ ਜਾਜਕ - ਅਲਯਾਕੀਮ, ਮਅਸੇਯਾਹ, ਮਿਨਯਾਮੀਨ, ਮੀਕਾਯਾਹ, ਅਲਯੋਏਨੀ, ਜ਼ਕਰਯਾਹ ਅਤੇ ਹਨਨਯਾਹ ਨਰਸਿੰਗਿਆਂ ਦੇ ਨਾਲ ਖੜ੍ਹੇ ਸਨ42ਅਤੇ ਮਅਸੇਯਾਹ, ਸ਼ਮਅਯਾਹ, ਅਲਆਜ਼ਰ, ਉੱਜ਼ੀ, ਯਹੋਨਾਨ, ਮਲਕੀਯਾਹ, ਏਲਾਮ ਅਤੇ ਆਜ਼ਰ ਅਤੇ ਗਾਇਕ ਯਜ਼ਰਯਾਹ ਜਿਹੜਾ ਉਨ੍ਹਾਂ ਦਾ ਆਗੂ ਸੀ, ਉਹ ਉੱਚੀ ਅਵਾਜ਼ ਨਾਲ ਗਾਉਂਦੇ ਸਨ ।
43ਉਸ ਦਿਨ ਲੋਕਾਂ ਨੇ ਵੱਡੀਆਂ ਬਲੀਆਂ ਚੜ੍ਹਾਈਆਂ ਅਤੇ ਵੱਡਾ ਅਨੰਦ ਮਨਾਇਆ ਕਿਉਂਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਬਹੁਤ ਹੀ ਅਨੰਦ ਦਿੱਤਾ ਸੀ, ਇਸਤਰੀਆਂ ਅਤੇ ਬੱਚਿਆਂ ਨੇ ਵੀ ਅਨੰਦ ਮਨਾਇਆ । ਯਰੂਸ਼ਲਮ ਦੇ ਇਸ ਅਨੰਦ ਦੀ ਅਵਾਜ਼ ਦੂਰ ਤੱਕ ਸੁਣੀ ਗਈ ।
ਉਪਾਸਨਾ ਆਦਿ ਦਾ ਪ੍ਰਬੰਧ

44ਉਸ ਦਿਨ ਉਨ੍ਹਾਂ ਨੇ ਖਜ਼ਾਨੇ ਦੀਆਂ ਕੋਠੜੀਆਂ ਉੱਤੇ, ਚੁੱਕਣ ਦੀਆਂ ਭੇਟਾਂ, ਪਹਿਲੇ ਫਲਾਂ ਅਤੇ ਦਸਵੰਧਾ ਲਈ ਮਨੁੱਖ ਠਹਿਰਾਏ ਤਾਂ ਜੋ ਸ਼ਹਿਰਾਂ ਦੇ ਖੇਤਾਂ ਅਨੁਸਾਰ ਉਨ੍ਹਾਂ ਚੀਜ਼ਾਂ ਨੂੰ ਇਕੱਠਾ ਕਰਨ ਜੋ ਬਿਵਸਥਾ ਦੇ ਅਨੁਸਾਰ ਜਾਜਕਾਂ ਅਤੇ ਲੇਵੀਆਂ ਦੇ ਹਿੱਸੇ ਦੀਆਂ ਸਨ ਕਿਉਂ ਜੋ ਯਹੂਦੀ ਜਾਜਕਾਂ ਅਤੇ ਲੇਵੀਆਂ ਦੇ ਹਾਜ਼ਰ ਰਹਿਣ ਕਾਰਨ ਖੁਸ਼ ਸਨ ।45ਇਸ ਲਈ ਉਨ੍ਹਾਂ ਨੇ ਆਪਣੇ ਪਰਮੇਸ਼ੁਰ ਦੀ ਸੇਵਾ ਅਤੇ ਸ਼ੁੱਧਤਾਈ ਦੇ ਨੇਮ ਦੀ ਪਾਲਣਾ ਕੀਤੀ, ਅਤੇ ਗਾਇਕ ਅਤੇ ਦਰਬਾਨਾਂ ਨੇ ਵੀ ਦਾਊਦ ਅਤੇ ਉਸ ਦੇ ਪੁੱਤਰ ਸੁਲੇਮਾਨ ਦੇ ਹੁਕਮ ਅਨੁਸਾਰ ਕੀਤਾ ।
46ਕਿਉਂ ਜੋ ਪਹਿਲੇ ਸਮੇਂ ਵਿੱਚ ਅਰਥਾਤ ਦਾਊਦ ਤੇ ਆਸਾਫ ਦੇ ਦਿਨਾਂ ਵਿੱਚ ਉਨ੍ਹਾਂ ਗਾਇਕਾਂ ਦੇ ਆਗੂ ਹੁੰਦੇ ਸਨ, ਜਿਹੜੇ ਪਰਮੇਸ਼ੁਰ ਲਈ ਉਸਤਤ ਅਤੇ ਧੰਨਵਾਦ ਦੇ ਗੀਤ ਗਾਉਂਦੇ ਸਨ ।47ਜ਼ੱਰੁਬਾਬਲ ਅਤੇ ਨਹਮਯਾਹ ਦੇ ਦਿਨਾਂ ਵਿੱਚ ਸਾਰਾ ਇਸਰਾਏਲ, ਗਾਇਕਾਂ ਅਤੇ ਦਰਬਾਨਾਂ ਦਾ ਹਰ ਦਿਨ ਦਾ ਹਿੱਸਾ ਦਿੰਦੇ ਰਹੇ, ਉਹ ਲੇਵੀਆਂ ਲਈ ਵੀ ਚੀਜ਼ਾਂ ਪਵਿੱਤਰ ਕਰਕੇ ਦਿੰਦੇ ਸਨ ਅਤੇ ਲੇਵੀ ਹਾਰੂਨ ਦੇ ਵੰਸ਼ ਲਈ ਚੀਜ਼ਾਂ ਪਵਿੱਤਰ ਕਰਕੇ ਦਿੰਦੇ ਸਨ ।

13
ਗੈਰ ਯਹੂਦੀਆਂ ਤੋਂ ਵੱਖਰਾ ਹੋਣਾ

1ਉਸੇ ਦਿਨ ਮੂਸਾ ਦੀ ਪੁਸਤਕ ਲੋਕਾਂ ਨੂੰ ਪੜ੍ਹ ਕੇ ਸੁਣਾਈ ਗਈ ਅਤੇ ਉਸ ਵਿੱਚ ਇਹ ਲਿਖਿਆ ਹੋਇਆ ਲੱਭਿਆ ਕਿ ਕੋਈ ਅੰਮੋਨੀ ਅਤੇ ਮੋਆਬੀ ਪਰਮੇਸ਼ੁਰ ਦੀ ਸਭਾ ਵਿੱਚ ਕਦੇ ਵੀ ਨਾ ਆਉਣ,2ਕਿਉਂ ਜੋ ਉਹ ਰੋਟੀ ਅਤੇ ਪਾਣੀ ਲੈ ਕੇ ਇਸਰਾਏਲੀਆਂ ਦੇ ਸਵਾਗਤ ਲਈ ਨਾ ਨਿੱਕਲੇ ਸਗੋਂ ਬਿਲਆਮ ਨੂੰ ਉਨ੍ਹਾਂ ਦੇ ਵਿਰੁੱਧ ਭਾੜੇ ਉੱਤੇ ਲਿਆ ਕਿ ਉਹ ਉਨ੍ਹਾਂ ਨੂੰ ਸਰਾਪ ਦੇਵੇ, ਪਰ ਸਾਡੇ ਪਰਮੇਸ਼ੁਰ ਨੇ ਉਸ ਸਰਾਪ ਨੂੰ ਅਸੀਸ ਵਿੱਚ ਬਦਲ ਦਿੱਤਾ ।3ਜਦੋਂ ਉਨ੍ਹਾਂ ਨੇ ਇਸ ਬਿਵਸਥਾ ਨੂੰ ਸੁਣਿਆਂ ਤਾਂ ਉਨ੍ਹਾਂ ਨੇ ਇਸਰਾਏਲ ਵਿੱਚੋਂ ਸਾਰੀ ਮਿਲੀ ਜੁਲੀ ਭੀੜ ਨੂੰ ਵੱਖ-ਵੱਖ ਕਰ ਦਿੱਤਾ ।

ਨਹਮਯਾਹ ਦੇ ਸੁਧਾਰ

4ਇਸ ਤੋਂ ਪਹਿਲਾਂ ਅਲਯਾਸ਼ੀਬ ਜਾਜਕ ਜੋ ਸਾਡੇ ਪਰਮੇਸ਼ੁਰ ਦੇ ਭਵਨ ਦੀਆਂ ਕੋਠੜੀਆਂ ਉੱਤੇ ਨਿਯੁਕਤ ਸੀ ਅਤੇ ਟੋਬੀਯਾਹ ਦਾ ਰਿਸ਼ਤੇਦਾਰ ਸੀ,5ਉਸ ਨੇ ਟੋਬੀਯਾਹ ਦੇ ਲਈ ਇੱਕ ਵੱਡੀ ਕੋਠੜੀ ਬਣਾਈ, ਜਿੱਥੇ ਪਹਿਲਾਂ ਮੈਦੇ ਦੀ ਭੇਟ ਅਤੇ ਲੁਬਾਨ ਅਤੇ ਭਾਂਡੇ ਅਤੇ ਅੰਨ ਅਤੇ ਨਵੀਂ ਮਧ ਅਤੇ ਤੇਲ ਦੇ ਦਸਵੰਧ, ਜੋ ਹੁਕਮ ਅਨੁਸਾਰ ਲੇਵੀਆਂ, ਗਾਇਕਾਂ ਅਤੇ ਦਰਬਾਨਾਂ ਦੇ ਹਿੱਸੇ ਦੀਆਂ ਸਨ, ਰੱਖੇ ਹੋਏ ਸਨ ਅਤੇ ਜਾਜਕਾਂ ਦੀਆਂ ਚੁੱਕਣ ਦੀਆਂ ਭੇਟਾਂ ਵੀ ਰੱਖੀਆਂ ਜਾਂਦੀਆਂ ਸਨ ।
6ਪਰ ਜਦੋਂ ਇਹ ਸਭ ਹੋ ਰਿਹਾ ਸੀ, ਮੈਂ ਯਰੂਸ਼ਲਮ ਵਿੱਚ ਨਹੀਂ ਸੀ ਕਿਉਂਕਿ ਬਾਬਲ ਦੇ ਰਾਜਾ ਅਰਤਹਸ਼ਸ਼ਤਾ ਦੇ ਬਤੀਵੇਂ ਸਾਲ ਵਿੱਚ ਮੈਂ ਰਾਜਾ ਕੋਲ ਚਲਾ ਗਿਆ । ਫਿਰ ਕੁਝ ਦਿਨਾਂ ਬਾਅਦ ਮੈਂ ਰਾਜਾ ਕੋਲੋਂ ਛੁੱਟੀ ਮੰਗੀ,7ਤਦ ਮੈਂ ਯਰੂਸ਼ਲਮ ਨੂੰ ਆਇਆ ਅਤੇ ਉਸ ਬੁਰਿਆਈ ਨੂੰ ਜਾਣਿਆ ਜਿਹੜੀ ਅਲਯਾਸ਼ੀਬ ਨੇ ਟੋਬੀਯਾਹ ਲਈ ਪਰਮੇਸ਼ੁਰ ਦੇ ਭਵਨ ਦੇ ਵੇਹੜਿਆਂ ਵਿੱਚ ਉਸ ਦੇ ਲਈ ਇੱਕ ਕੋਠੜੀ ਬਣਾ ਕੇ ਕੀਤੀ ਸੀ ।
8ਇਹ ਮੈਨੂੰ ਬਹੁਤ ਹੀ ਬੁਰਾ ਲੱਗਿਆ, ਇਸ ਲਈ ਮੈਂ ਟੋਬੀਯਾਹ ਦਾ ਸਾਰਾ ਘਰੇਲੂ ਸਮਾਨ ਉਸ ਕੋਠੜੀ ਵਿੱਚੋਂ ਬਾਹਰ ਸੁਟਵਾ ਦਿੱਤਾ ।9ਤਦ ਮੇਰੇ ਹੁਕਮ ਦੇ ਅਨੁਸਾਰ ਉਹ ਕੋਠੜੀਆਂ ਸ਼ੁੱਧ ਕੀਤੀਆਂ ਗਈਆਂ ਅਤੇ ਮੈਂ ਪਰਮੇਸ਼ੁਰ ਦੇ ਭਵਨ ਦੇ ਭਾਂਡੇ ਅਤੇ ਮੈਦੇ ਦੀ ਭੇਟ ਅਤੇ ਲੁਬਾਨ ਫਿਰ ਉੱਥੇ ਰੱਖਿਆ ।

10ਫਿਰ ਮੈਨੂੰ ਪਤਾ ਲੱਗਾ ਕਿ ਲੇਵਿਆਂ ਦਾ ਹਿੱਸਾ ਉਨ੍ਹਾਂ ਨੂੰ ਨਹੀਂ ਦਿੱਤਾ ਗਿਆ, ਇਸ ਲਈ ਕੰਮ ਕਰਨ ਵਾਲੇ ਲੇਵੀ ਅਤੇ ਗਾਇਕ ਆਪੋ ਆਪਣੇ ਖੇਤਾਂ ਨੂੰ ਭੱਜ ਗਏ ਹਨ ।11ਤਦ ਮੈਂ ਹਾਕਮਾਂ ਨੂੰ ਝਿੜਕ ਕੇ ਕਿਹਾ, "ਪਰਮੇਸ਼ੁਰ ਦਾ ਭਵਨ ਕਿਉਂ ਤਿਆਗਿਆ ਗਿਆ ਹੈ ? " ਤਦ ਮੈਂ ਉਨ੍ਹਾਂ ਨੂੰ ਇੱਕਠੇ ਕਰ ਕੇ ਇੱਕ-ਇੱਕ ਨੂੰ ਉਸ ਦੇ ਸਥਾਨ ਉੱਤੇ ਨਿਯੁਕਤ ਕੀਤਾ ।
12ਤਦ ਸਾਰੇ ਯਹੂਦੀ ਅੰਨ ਅਤੇ ਨਵੀਂ ਮਧ ਅਤੇ ਤੇਲ ਦਾ ਦਸਵੰਧ ਭੰਡਾਰਾਂ ਵਿੱਚ ਲਿਆਉਣ ਲੱਗੇ ।13ਫਿਰ ਮੈਂ ਸ਼ਲਮਯਾਹ ਜਾਜਕ ਅਤੇ ਸਾਦੋਕ ਸ਼ਾਸਤਰੀ ਨੂੰ ਅਤੇ ਲੇਵੀਆਂ ਵਿੱਚੋਂ ਪਦਾਯਾਹ ਨੂੰ ਭੰਡਾਰਾਂ ਦਾ ਪ੍ਰਧਾਨ ਨਿਯੁਕਤ ਕੀਤਾ ਅਤੇ ਇਨ੍ਹਾਂ ਦੇ ਹੇਠ ਹਾਨਾਨ ਨੂੰ ਜੋ ਮੱਤਨਯਾਹ ਦਾ ਪੋਤਾ ਅਤੇ ਜ਼ਕੂਰ ਦਾ ਪੁੱਤਰ ਸੀ, ਨਿਯੁਕਤ ਕੀਤਾ, ਕਿਉਂਕਿ ਉਹ ਈਮਾਨਦਾਰ ਗਿਣੇ ਜਾਂਦੇ ਸਨ ਅਤੇ ਆਪਣੇ ਭਰਾਵਾਂ ਵਿੱਚ ਵੰਡਣਾ ਉਨ੍ਹਾਂ ਦਾ ਕੰਮ ਸੀ ।

14ਹੇ ਮੇਰੇ ਪਰਮੇਸ਼ੁਰ, ਮੇਰਾ ਇਹ ਕੰਮ ਯਾਦ ਰੱਖ ਅਤੇ ਜੋ ਨੇਕ ਕੰਮ ਮੈਂ ਆਪਣੇ ਪਰਮੇਸ਼ੁਰ ਦੇ ਭਵਨ ਲਈ ਅਤੇ ਉਸ ਦੀ ਸੇਵਾ ਲਈ ਕੀਤੇ ਹਨ, ਉਨ੍ਹਾਂ ਨੂੰ ਨਾ ਮਿਟਾ ।

15ਉਨ੍ਹਾਂ ਦਿਨਾਂ ਵਿੱਚ ਮੈਂ ਯਹੂਦਾਹ ਵਿੱਚ ਕਈ ਮਨੁੱਖਾਂ ਨੂੰ ਵੇਖਿਆ ਜਿਹੜੇ ਸਬਤ ਦੇ ਦਿਨ ਅੰਗੂਰਾਂ ਨੂੰ ਹੌਦਾਂ ਵਿੱਚ ਪੀੜਦੇ ਸਨ ਅਤੇ ਪੂਲਿਆਂ ਨੂੰ ਗਧਿਆਂ ਉੱਤੇ ਲੱਦ ਕੇ ਅੰਦਰ ਲਿਆਉਂਦੇ ਸਨ, ਇਸੇ ਤਰ੍ਹਾਂ ਮਧ, ਅੰਗੂਰ, ਹੰਜੀਰ ਅਤੇ ਨਾਨਾ ਪ੍ਰਕਾਰ ਦੇ ਭਾਰ ਸਬਤ ਦੇ ਦਿਨ ਯਰੂਸ਼ਲਮ ਦੇ ਅੰਦਰ ਲਿਆਉਂਦੇ ਸਨ । ਇਸ ਲਈ ਮੈਂ ਉਨ੍ਹਾਂ ਨੂੰ ਸਬਤ ਦੇ ਦਿਨ ਕੋਈ ਵੀ ਭੋਜਨ ਵਸਤੂ ਨਾ ਵੇਚਣ ਦੀ ਚਿਤਾਉਣੀ ਦਿੱਤੀ ।
16ਉੱਥੇ ਸੂਰ ਦੇ ਲੋਕ ਵੀ ਵੱਸਦੇ ਸਨ, ਜਿਹੜੇ ਮੱਛੀ ਅਤੇ ਨਾਨਾ ਪ੍ਰਕਾਰ ਦਾ ਸੌਦਾ, ਸਬਤ ਦੇ ਦਿਨ ਯਹੂਦੀਆਂ ਕੋਲ ਯਰੂਸ਼ਲਮ ਵਿੱਚ ਲਿਆ ਕੇ ਵੇਚਦੇ ਸਨ ।17ਤਦ ਮੈਂ ਯਹੂਦਾਹ ਦੇ ਸਾਮੰਤਾਂ ਨੂੰ ਝਿੜਕ ਕੇ ਕਿਹਾ, "ਇਹ ਕੀ ਬੁਰਿਆਈ ਹੈ ਜੋ ਤੁਸੀਂ ਕਰਦੇ ਹੋ ਕਿ ਤੁਸੀਂ ਸਬਤ ਦੇ ਦਿਨ ਨੂੰ ਅਪਵਿੱਤਰ ਕਰਦੇ ਹੋ ?18ਕੀ ਤੁਹਾਡੇ ਪਿਉ-ਦਾਦਿਆਂ ਨੇ ਇਸੇ ਤਰ੍ਹਾਂ ਨਹੀਂ ਕੀਤਾ ? ਕੀ ਇਸੇ ਕਾਰਨ ਸਾਡੇ ਪਰਮੇਸ਼ੁਰ ਨੇ ਸਾਡੇ ਉੱਤੇ ਅਤੇ ਇਸ ਸ਼ਹਿਰ ਉੱਤੇ ਇਹ ਸਾਰੀ ਬਿਪਤਾ ਨਹੀਂ ਲਿਆਂਦੀ ? ਫੇਰ ਵੀ ਤੁਸੀਂ ਸਬਤ ਦੇ ਦਿਨ ਨੂੰ ਅਪਵਿੱਤਰ ਕਰਕੇ ਇਸਰਾਏਲ ਉੱਤੇ ਪਰਮੇਸ਼ੁਰ ਦੇ ਕ੍ਰੋਧ ਨੂੰ ਹੋਰ ਭੜਕਾਉਂਦੇ ਹੋ !"

19ਇਸ ਲਈ ਸਬਤ ਦੇ ਦਿਨ ਤੋਂ ਪਹਿਲਾ ਜਦ ਹਨੇਰਾ ਹੋਣ ਲੱਗਿਆ ਤਾਂ ਮੈਂ ਹੁਕਮ ਦਿੱਤਾ ਕਿ ਯਰੂਸ਼ਲਮ ਦੇ ਫਾਟਕ ਬੰਦ ਕੀਤੇ ਜਾਣ ਅਤੇ ਉਨ੍ਹਾਂ ਨੂੰ ਇਹ ਹੁਕਮ ਵੀ ਦਿੱਤਾ ਕਿ ਜਦ ਤੱਕ ਸਬਤ ਦਾ ਦਿਨ ਪੂਰਾ ਨਾ ਹੋ ਜਾਵੇ, ਫਾਟਕ ਨਾ ਖੋਲ੍ਹੇ ਜਾਣ ਅਤੇ ਮੈਂ ਆਪਣੇ ਜੁਆਨਾਂ ਵਿੱਚੋਂ ਕੁਝ ਨੂੰ ਫਾਟਕਾਂ ਉੱਤੇ ਖੜ੍ਹਾ ਕੀਤਾ ਤਾਂ ਜੋ ਸਬਤ ਦੇ ਦਿਨ ਕੋਈ ਅੰਦਰ ਨਾ ਆਵੇ ।20ਸੋ ਵਪਾਰੀ ਅਤੇ ਨਾਨਾ ਪ੍ਰਕਾਰ ਦਾ ਸੌਦਾ ਵੇਚਣ ਵਾਲੇ ਯਰੂਸ਼ਲਮ ਦੇ ਬਾਹਰ ਇੱਕ ਦੋ ਵਾਰ ਠਹਿਰੇ ।
21ਤਦ ਮੈਂ ਉਨ੍ਹਾਂ ਨੂੰ ਚਿਤਾਉਣੀ ਦਿੱਤੀ ਅਤੇ ਕਿਹਾ, "ਤੁਸੀਂ ਸ਼ਹਿਰਪਨਾਹ ਦੇ ਨੇੜੇ ਕਿਉਂ ਠਹਿਰਦੇ ਹੋ ? ਜੇ ਤੁਸੀਂ ਫਿਰ ਅਜਿਹਾ ਕਰੋਗੇ ਤਾਂ ਮੈਂ ਤੁਹਾਡੇ ਉੱਤੇ ਹੱਥ ਪਾਵਾਂਗਾ !" ਉਸ ਸਮੇਂ ਤੋਂ ਉਹ ਫਿਰ ਸਬਤ ਦੇ ਦਿਨ ਨਹੀਂ ਆਏ ।22ਮੈਂ ਲੇਵੀਆਂ ਨੂੰ ਹੁਕਮ ਦਿੱਤਾ ਕਿ ਤੁਸੀਂ ਆਪਣੇ ਆਪ ਨੂੰ ਸ਼ੁੱਧ ਕਰੋ ਅਤੇ ਸਬਤ ਦੇ ਦਿਨ ਦੀ ਪਵਿੱਤਰਤਾਈ ਲਈ ਫਾਟਕਾਂ ਦੀ ਰਾਖੀ ਲਈ ਜਾਓ । ਹੇ ਮੇਰੇ ਪਰਮੇਸ਼ੁਰ, ਮੈਨੂੰ ਇਸ ਲਈ ਵੀ ਯਾਦ ਰੱਖ ਅਤੇ ਆਪਣੀ ਵੱਡੀ ਦਯਾ ਦੇ ਅਨੁਸਾਰ ਮੇਰੇ ਉੱਤੇ ਤਰਸ ਖਾ ।

23ਫਿਰ ਉਨ੍ਹਾਂ ਦਿਨਾਂ ਵਿੱਚ ਮੈਂ ਅਜਿਹੇ ਯਹੂਦੀ ਮਨੁੱਖਾਂ ਨੂੰ ਵੇਖਿਆ ਜਿਨ੍ਹਾਂ ਨੇ ਅਸ਼ਦੋਦੀ, ਅੰਮੋਨੀ ਅਤੇ ਮੋਆਬੀ ਇਸਤਰੀਆਂ ਨਾਲ ਵਿਆਹ ਕਰ ਲਿਆ ਸੀ ।24ਉਨ੍ਹਾਂ ਦੇ ਬੱਚੇ ਅੱਧੀ ਅਸ਼ਦੋਦੀ ਬੋਲਦੇ ਸਨ ਜਾਂ ਦੂਜੇ ਲੋਕਾਂ ਦੀ ਭਾਸ਼ਾ ਬੋਲਦੇ ਸਨ, ਪਰ ਉਹ ਯਹੂਦੀ ਭਾਸ਼ਾ ਨਹੀਂ ਬੋਲ ਸਕਦੇ ਸਨ ।
25ਤਦ ਮੈਂ ਉਨ੍ਹਾਂ ਨੂੰ ਝਿੜਕਿਆ ਅਤੇ ਫਿਟਕਾਰਿਆ ਅਤੇ ਉਨ੍ਹਾਂ ਵਿੱਚੋਂ ਕਈਆਂ ਨੂੰ ਮਾਰਿਆ ਅਤੇ ਉਨ੍ਹਾਂ ਦੇ ਵਾਲ ਪੁੱਟਵਾਏ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੀ ਸਹੁੰ ਖੁਆਈ, "ਤੁਸੀਂ ਆਪਣੀਆਂ ਧੀਆਂ ਦਾ ਵਿਆਹ ਉਨ੍ਹਾਂ ਦੇ ਪੁੱਤਰਾਂ ਨਾਲ ਨਹੀਂ ਕਰੋਗੇ ਅਤੇ ਨਾ ਹੀ ਆਪਣਾ ਜਾਂ ਆਪਣੇ ਪੁੱਤਰਾਂ ਦਾ ਵਿਆਹ ਉਨ੍ਹਾਂ ਦੀਆਂ ਧੀਆਂ ਨਾਲ ਕਰੋਗੇ ।26ਕੀ ਇਸਰਾਏਲ ਦੇ ਰਾਜਾ ਸੁਲੇਮਾਨ ਨੇ ਇਨ੍ਹਾਂ ਹੀ ਗੱਲਾਂ ਦੇ ਕਾਰਨ ਪਾਪ ਨਹੀਂ ਕੀਤਾ ? ਭਾਵੇਂ ਬਹੁਤੀਆਂ ਕੌਮਾਂ ਵਿੱਚ ਉਸ ਦੇ ਵਰਗਾ ਕੋਈ ਰਾਜਾ ਨਹੀਂ ਸੀ ਅਤੇ ਉਹ ਆਪਣੇ ਪਰਮੇਸ਼ੁਰ ਦਾ ਪਿਆਰਾ ਸੀ ਅਤੇ ਪਰਮੇਸ਼ੁਰ ਨੇ ਉਸ ਨੂੰ ਸਾਰੇ ਇਸਰਾਏਲ ਉੱਤੇ ਰਾਜਾ ਬਣਾਇਆ ਤਾਂ ਵੀ ਗੈਰ-ਕੌਮੀ ਇਸਤਰੀਆਂ ਨੇ ਉਸ ਕੋਲੋਂ ਪਾਪ ਕਰਵਾਇਆ ।27ਕੀ ਅਸੀਂ ਤੁਹਾਡੀ ਸੁਣ ਕੇ ਐਨੀ ਵੱਡੀ ਬੁਰਿਆਈ ਕਰੀਏ ਕਿ ਗੈਰ-ਕੌਮੀ ਇਸਤਰੀਆਂ ਨਾਲ ਵਿਆਹ ਕਰਕੇ ਆਪਣੇ ਪਰਮੇਸ਼ੁਰ ਦੇ ਵਿਰੁੱਧ ਧੋਖਾ ਕਰੀਏ ? "

28ਅਲਯਾਸ਼ੀਬ ਪ੍ਰਧਾਨ ਜਾਜਕ ਦੇ ਪੁੱਤਰ ਯੋਯਾਦਾਅ ਦਾ ਇੱਕ ਪੁੱਤਰ ਹੋਰੋਨੀ ਸਨਬੱਲਟ ਦਾ ਜਵਾਈ ਸੀ, ਇਸ ਲਈ ਮੈਂ ਉਸ ਨੂੰ ਆਪਣੇ ਕੋਲੋਂ ਭਜਾ ਦਿੱਤਾ ।29ਹੇ ਮੇਰੇ ਪਰਮੇਸ਼ੁਰ, ਉਨ੍ਹਾਂ ਨੂੰ ਯਾਦ ਰੱਖ ਕਿਉਂਕਿ ਉਨ੍ਹਾਂ ਨੇ ਜਾਜਕਾਈ ਨੂੰ ਅਤੇ ਜਾਜਕਾਂ ਅਤੇ ਲੇਵੀਆਂ ਦੇ ਨੇਮ ਨੂੰ ਅਸ਼ੁੱਧ ਕੀਤਾ ਹੈ ।

30ਇਸ ਤਰ੍ਹਾਂ ਮੈਂ ਉਨ੍ਹਾਂ ਨੂੰ ਸਾਰੀਆਂ ਗੈਰ-ਕੌਮਾਂ ਵਿੱਚੋਂ ਸ਼ੁੱਧ ਕੀਤਾ ਅਤੇ ਹਰ ਇੱਕ ਜਾਜਕ ਅਤੇ ਲੇਵੀ ਲਈ ਉਸ ਦੇ ਕੰਮ ਅਨੁਸਾਰ ਜ਼ਿੰਮੇਵਾਰੀਆਂ ਦਿੱਤੀਆਂ ।31ਫਿਰ ਮੈਂ ਲੱਕੜੀ ਦੀਆਂ ਭੇਟਾਂ ਲਿਆਉਣ ਲਈ ਅਤੇ ਪਹਿਲਾ ਫਲ ਦੇਣ ਲਈ ਸਮਾਂ ਠਹਿਰਾ ਦਿੱਤਾ । ਹੇ ਮੇਰੇ ਪਰਮੇਸ਼ੁਰ, ਭਲਿਆਈ ਲਈ ਮੈਨੂੰ ਯਾਦ ਰੱਖ !

ਅਸਤਰ

1
ਰਾਜਾ ਅਹਸ਼ਵੇਰੋਸ਼ ਅਤੇ ਰਾਣੀ ਵਸ਼ਤੀ

1ਅਹਸ਼ਵੇਰੋਸ਼ ਰਾਜਾ ਦੇ ਦਿਨਾਂ ਵਿੱਚ ਇਸ ਤਰ੍ਹਾਂ ਹੋਇਆ ( ਇਹ ਉਹ ਅਹਸ਼ਵੇਰੋਸ਼ ਹੈ, ਜਿਹੜਾ ਹਿੰਦੁਸਤਾਨ ਤੋਂ ਕੂਸ਼ ਦੇਸ਼ ਤੱਕ ਇੱਕ ਸੌ ਸਤਾਈ ਸੂਬਿਆਂ ਉੱਤੇ ਰਾਜ ਕਰਦਾ ਸੀ )2ਕਿ ਉਨ੍ਹਾਂ ਦਿਨਾਂ ਵਿੱਚ ਜਦੋਂ ਅਹਸ਼ਵੇਰੋਸ਼ ਰਾਜਾ ਆਪਣੀ ਰਾਜ ਗੱਦੀ ਉੱਤੇ ਜਿਹੜੀ ਸ਼ੂਸ਼ਨ ਦੇ ਮਹਿਲ ਵਿੱਚ ਸੀ, ਬਿਰਾਜਮਾਨ ਸੀ,

3ਤਦ ਉਸ ਨੇ ਆਪਣੇ ਰਾਜ ਦੇ ਤੀਸਰੇ ਸਾਲ ਵਿੱਚ ਆਪਣਿਆਂ ਸਾਰਿਆਂ ਹਾਕਮਾਂ ਅਤੇ ਅਧਿਕਾਰੀਆਂ ਦੀ ਦਾਵਤ ਕੀਤੀ । ਫ਼ਾਰਸ ਅਤੇ ਮਾਦਾ ਦੇ ਸੈਨਾਪਤੀ ਅਤੇ ਸੂਬਿਆਂ ਦੇ ਪ੍ਰਧਾਨ ਅਤੇ ਹਾਕਮ ਵੀ ਉੱਥੇ ਹਾਜ਼ਰ ਸਨ ।4ਉਹ ਉਨ੍ਹਾਂ ਨੂੰ ਬਹੁਤ ਦਿਨਾਂ ਅਰਥਾਤ ਇੱਕ ਸੌ ਅੱਸੀ ਦਿਨਾਂ ਤੱਕ ਆਪਣੇ ਪਰਤਾਪੀ ਰਾਜ ਦਾ ਧਨ ਅਤੇ ਬਹੁਮੁੱਲੇ ਪਦਾਰਥ ਆਪਣੀ ਮਹਾਨਤਾ ਦਰਸਾਉਣ ਲਈ ਵਿਖਾਉਂਦਾ ਰਿਹਾ ।
5ਜਦ ਇਹ ਦਿਨ ਬੀਤ ਗਏ, ਤਾਂ ਰਾਜੇ ਨੇ ਭਾਵੇਂ ਵੱਡਾ ਭਾਵੇਂ ਛੋਟਾ ਅਰਥਾਤ ਉਨ੍ਹਾਂ ਸਾਰਿਆਂ ਲੋਕਾਂ ਦੀ ਜਿਹੜੇ ਸ਼ੂਸ਼ਨ ਦੇ ਮਹਿਲ ਵਿੱਚ ਇਕੱਠੇ ਹੋਏ ਸਨ, ਸੱਤ ਦਿਨ ਤੱਕ ਸ਼ਾਹੀ ਬਾਗ ਦੇ ਵਿਹੜੇ ਵਿੱਚ ਦਾਵਤ ਕੀਤੀ ।6ਉੱਥੇ ਸਫ਼ੇਦ ਅਤੇ ਨੀਲੇ ਰੰਗ ਦੇ ਮਹੀਨ ਪਰਦੇ ਸਨ, ਜੋ ਮਹੀਨ ਸਫ਼ੇਦ ਅਤੇ ਬੈਂਗਣੀ ਰੰਗ ਦੀਆਂ ਡੋਰੀਆਂ ਨਾਲ ਚਾਂਦੀ ਦੇ ਛੱਲਿਆਂ ਵਿੱਚ, ਸੰਗਮਰਮਰ ਦੇ ਥੰਮ੍ਹਾਂ ਨਾਲ ਬੰਨ੍ਹੇ ਹੋਏ ਸਨ, ਅਤੇ ਉੱਥੇ ਦੀਆਂ ਚੌਂਕੀਆਂ ਸੋਨੇ ਅਤੇ ਚਾਂਦੀ ਦੀਆਂ ਸਨ ਅਤੇ ਲਾਲ ਤੇ ਚਿੱਟੇ ਤੇ ਪੀਲੇ ਤੇ ਕਾਲੇ ਸੰਗਮਰਮਰ ਨਾਲ ਬਣੇ ਹੋਏ ਫ਼ਰਸ਼ ਉੱਤੇ ਰੱਖੀਆਂ ਹੋਈਆਂ ਸਨ ।
7ਉਸ ਦਾਵਤ ਵਿੱਚ ਸ਼ਾਹੀ ਮਧ ਭਿੰਨ-ਭਿੰਨ ਪ੍ਰਕਾਰ ਦੇ ਭਾਂਡਿਆਂ ਵਿੱਚ ਰਾਜਾ ਦੀ ਰੀਤ ਅਨੁਸਾਰ ਵੱਡੀ ਮਾਤਰਾ ਵਿੱਚ ਪੀਣ ਨੂੰ ਦਿੱਤੀ ਗਈ ।8ਦਾਖ਼ਰਸ ਦਾ ਪੀਣਾ ਰੀਤ ਦੇ ਅਨੁਸਾਰ ਹੁੰਦਾ ਸੀ, ਕੋਈ ਕਿਸੇ ਨੂੰ ਜ਼ਬਰਦਸਤੀ ਨਹੀਂ ਪਿਲਾ ਸਕਦਾ ਸੀ, ਕਿਉਂਕਿ ਰਾਜਾ ਨੇ ਆਪਣੇ ਮਹਿਲ ਦੇ ਸਾਰੇ ਭੰਡਾਰੀਆਂ ਨੂੰ ਹੁਕਮ ਦਿੱਤਾ ਸੀ ਕਿ ਹਰੇਕ ਮਹਿਮਾਨ ਨਾਲ ਉਸ ਦੀ ਮਰਜ਼ੀ ਦੇ ਅਨੁਸਾਰ ਹੀ ਵਰਤਾਉ ਕੀਤਾ ਜਾਵੇ ।

9ਰਾਣੀ ਵਸ਼ਤੀ ਨੇ ਵੀ ਰਾਜਾ ਅਹਸ਼ਵੇਰੋਸ਼ ਦੇ ਸ਼ਾਹੀ ਮਹਿਲ ਵਿੱਚ ਇਸਤਰੀਆਂ ਲਈ ਦਾਵਤ ਕੀਤੀ ।10ਸੱਤਵੇਂ ਦਿਨ, ਜਦੋਂ ਰਾਜਾ ਦਾ ਦਿਲ ਮਧ ਨਾਲ ਮਗਨ ਸੀ, ਤਦ ਉਸ ਨੇ ਮਹੂਮਾਨ, ਬਿਜ਼ਥਾ, ਹਰਬੋਨਾ, ਬਿਗਥਾ, ਅਬਗਥਾ, ਜ਼ੇਥਰ ਅਤੇ ਕਰਕਸ ਨਾਮਕ ਸੱਤਾਂ ਖੁਸਰਿਆਂ ਨੂੰ ਜਿਹੜੇ ਅਹਸ਼ਵੇਰੋਸ਼ ਰਾਜਾ ਦੇ ਸਨਮੁਖ ਸੇਵਾ ਕਰਦੇ ਸਨ, ਹੁਕਮ ਦਿੱਤਾ11ਕਿ ਰਾਣੀ ਵਸ਼ਤੀ ਨੂੰ ਸ਼ਾਹੀ ਮੁਕਟ ਪਹਿਨਾ ਕੇ ਰਾਜਾ ਦੇ ਸਨਮੁਖ ਲਿਆਉਣ, ਤਾਂ ਜੋ ਦੇਸ਼-ਦੇਸ਼ ਦੇ ਲੋਕਾਂ ਨੂੰ ਅਤੇ ਹਾਕਮਾਂ ਨੂੰ ਉਸ ਦੀ ਸੁੰਦਰਤਾ ਵਿਖਾਏ ਕਿਉਂ ਜੋ ਉਹ ਵੇਖਣ ਵਿੱਚ ਸੋਹਣੀ ਸੀ ।
12ਪਰ ਰਾਣੀ ਵਸ਼ਤੀ ਨੇ ਰਾਜਾ ਦੇ ਹੁਕਮ ਅਨੁਸਾਰ ਜਿਹੜਾ ਖੁਸਰਿਆਂ ਦੇ ਰਾਹੀਂ ਦਿੱਤਾ ਸੀ, ਆਉਣ ਤੋਂ ਇਨਕਾਰ ਕਰ ਦਿੱਤਾ । ਇਸ ਲਈ ਰਾਜਾ ਬਹੁਤ ਗੁੱਸੇ ਹੋਇਆ ਅਤੇ ਗੁੱਸੇ ਨਾਲ ਭੜਕ ਉੱਠਿਆ ।

13ਤਦ ਰਾਜਾ ਨੇ ਸਾਰੇ ਕਾਨੂੰਨਾਂ ਅਤੇ ਨਿਯਮਾਂ ਨੂੰ ਜਾਣਨ ਵਾਲੇ ਬੁੱਧਵਾਨਾਂ ਨੂੰ ਪੁੱਛਿਆ ਕਿਉਂਕਿ ਉਹ ਸਾਰੇ ਕਾਨੂੰਨ ਬਣਾਉਣ ਅਤੇ ਨਿਆਂ ਕਰਨ ਲਈ ਇਸੇ ਤਰ੍ਹਾਂ ਹੀ ਕਰਦਾ ਸੀ ।14ਰਾਜਾ ਦੇ ਨਜ਼ਦੀਕ ਰਹਿਣ ਵਾਲੇ ਫ਼ਾਰਸ ਅਤੇ ਮਾਦਾ ਦੇ ਸੱਤ ਹਾਕਮ ਸਨ, ਅਰਥਾਤ ਕਰਸ਼ਨਾ, ਸ਼ੇਥਾਰ, ਅਧਮਾਥਾ, ਤਰਸ਼ੀਸ਼, ਮਰਸ, ਮਰਸਨਾ, ਅਤੇ ਮਮੂਕਾਨ, ਇਹਨਾਂ ਨੂੰ ਰਾਜਾ ਕੋਲ ਜਾਣ ਦਾ ਖ਼ਾਸ ਅਧਿਕਾਰ ਪ੍ਰਾਪਤ ਸੀ ਅਤੇ ਇਹ ਰਾਜ ਵਿੱਚ ਉੱਚੀਆਂ-ਉੱਚੀਆਂ ਪਦਵੀਆਂ ਉੱਤੇ ਨਿਯੁਕਤ ਸਨ ।15ਰਾਜੇ ਨੇ ਉਨ੍ਹਾਂ ਨੂੰ ਪੁੱਛਿਆ, "ਅਸੀਂ ਰਾਣੀ ਵਸ਼ਤੀ ਨਾਲ ਕਾਨੂੰਨ ਦੇ ਅਨੁਸਾਰ ਕੀ ਕਰੀਏ ? ਕਿਉਂ ਜੋ ਉਸ ਨੇ ਰਾਜਾ ਅਹਸ਼ਵੇਰੋਸ਼ ਦਾ ਹੁਕਮ ਜਿਹੜਾ ਖੁਸਰਿਆਂ ਦੇ ਰਾਹੀਂ ਦਿੱਤਾ ਗਿਆ ਸੀ, ਨਹੀਂ ਮੰਨਿਆ ? "
16ਤਦ ਮਮੂਕਾਨ ਨੇ ਰਾਜਾ ਅਤੇ ਹਾਕਮਾਂ ਦੇ ਸਨਮੁਖ ਉੱਤਰ ਦਿੱਤਾ, "ਰਾਣੀ ਵਸ਼ਤੀ ਨੇ ਸਿਰਫ਼ ਰਾਜਾ ਦਾ ਹੀ ਨਹੀਂ ਪਰ ਸਾਰੇ ਹਾਕਮਾਂ ਅਤੇ ਸਾਰੀ ਪਰਜਾ ਦਾ ਜਿਹੜੀ ਅਹਸ਼ਵੇਰੋਸ਼ ਰਾਜਾ ਦੇ ਸਾਰੇ ਸੂਬਿਆਂ ਵਿੱਚ ਹੈ, ਅਪਮਾਨ ਕੀਤਾ ਹੈ17ਕਿਉਂਕਿ ਰਾਣੀ ਦੀ ਇਸ ਹਰਕਤ ਦੀ ਚਰਚਾ ਸਾਰੀਆਂ ਇਸਤਰੀਆਂ ਵਿੱਚ ਹੋਵੇਗੀ ਅਤੇ ਜਦ ਉਹ ਸੁਣਨਗੀਆਂ ਕਿ ਰਾਜਾ ਅਹਸ਼ਵੇਰੋਸ਼ ਨੇ ਰਾਣੀ ਵਸ਼ਤੀ ਨੂੰ ਆਪਣੇ ਸਨਮੁਖ ਲਿਆਉਣ ਦਾ ਹੁਕਮ ਦਿੱਤਾ ਪਰ ਉਹ ਨਾ ਆਈ, ਤਾਂ ਉਨ੍ਹਾਂ ਦੀ ਨਿਗਾਹ ਵਿੱਚ ਉਨ੍ਹਾਂ ਦੇ ਪਤੀ ਤੁੱਛ ਜਾਣੇ ਜਾਣਗੇ ।18ਅੱਜ ਦੇ ਦਿਨ ਫ਼ਾਰਸ ਅਤੇ ਮਾਦਾ ਦੇ ਹਾਕਮਾਂ ਦੀਆਂ ਪਤਨੀਆਂ ਜਿਨ੍ਹਾਂ ਨੇ ਰਾਣੀ ਦੀ ਇਹ ਗੱਲ ਸੁਣੀ ਹੈ, ਉਹ ਵੀ ਰਾਜਾ ਅਤੇ ਹਾਕਮਾਂ ਨੂੰ ਅਜਿਹਾ ਹੀ ਆਖਣਗੀਆਂ, ਇਸ ਤਰ੍ਹਾਂ ਨਿਰਾਦਰ ਅਤੇ ਕ੍ਰੋਧ ਦਾ ਕੋਈ ਅੰਤ ਨਾ ਹੋਵੇਗਾ ।
19ਜੇਕਰ ਰਾਜਾ ਨੂੰ ਇਹ ਗੱਲ ਚੰਗੀ ਲੱਗੇ ਤਾਂ ਉਸ ਦੀ ਵੱਲੋਂ ਇੱਕ ਸ਼ਾਹੀ ਹੁਕਮ ਜਾਰੀ ਕੀਤਾ ਜਾਵੇ, ਅਤੇ ਉਹ ਫ਼ਾਰਸੀਆਂ ਅਤੇ ਮਾਦੀਆਂ ਦੇ ਕਾਨੂੰਨਾਂ ਵਿੱਚ ਲਿਖਿਆ ਵੀ ਜਾਵੇ ਤਾਂ ਜੋ ਉਸ ਨੂੰ ਬਦਲਿਆ ਨਾ ਜਾ ਸਕੇ ਕਿ ਹੁਣ ਤੋਂ ਰਾਣੀ ਵਸ਼ਤੀ ਰਾਜਾ ਅਹਸ਼ਵੇਰੋਸ਼ ਦੇ ਸਨਮੁਖ ਕਦੀ ਨਾ ਆਵੇ, ਅਤੇ ਰਾਜਾ ਉਸ ਦੀ ਸ਼ਾਹੀ ਪਦਵੀ ਕਿਸੇ ਹੋਰ ਨੂੰ ਦੇ ਦੇਵੇ ਜਿਹੜੀ ਉਸ ਤੋਂ ਚੰਗੀ ਹੋਵੇ ।20ਜਦ ਰਾਜਾ ਦਾ ਇਹ ਹੁਕਮ ਉਸ ਦੇ ਸਾਰੇ ਰਾਜ ਵਿੱਚ ਜੋ ਕਿ ਬਹੁਤ ਵੱਡਾ ਹੈ, ਜਾਰੀ ਕੀਤਾ ਜਾਵੇਗਾ ਤਦ ਸਾਰੀਆਂ ਇਸਤਰੀਆਂ ਸੁਣਨਗੀਆਂ ਅਤੇ ਆਪਣੇ-ਆਪਣੇ ਪਤੀਆਂ ਦਾ ਭਾਵੇਂ ਛੋਟਾ ਹੋਵੇ ਭਾਵੇਂ ਵੱਡਾ, ਆਦਰ ਕਰਨਗੀਆਂ ।"
21ਇਹ ਗੱਲ ਰਾਜਾ ਨੂੰ ਅਤੇ ਹਾਕਮਾਂ ਨੂੰ ਚੰਗੀ ਲੱਗੀ ਅਤੇ ਰਾਜਾ ਨੇ ਮਮੂਕਾਨ ਦੇ ਆਖੇ ਅਨੁਸਾਰ ਕੀਤਾ ।22ਤਾਂ ਉਸ ਨੇ ਰਾਜਾ ਦੇ ਸਾਰੇ ਸੂਬਿਆਂ ਵਿੱਚ ਹਰ ਸੂਬੇ ਦੀ ਭਾਸ਼ਾ ਅਨੁਸਾਰ ਹੁਕਮਨਾਮੇ ਭੇਜੇ ਤਾਂ ਜੋ ਹਰ ਪੁਰਖ ਆਪਣੇ-ਆਪਣੇ ਘਰ ਉੱਤੇ ਅਧਿਕਾਰ ਰੱਖੇ ਅਤੇ ਆਪਣੀ ਜਾਤੀ ਦੀ ਭਾਸ਼ਾ ਵਿੱਚ ਇਸ ਗੱਲ ਦਾ ਪ੍ਰਚਾਰ ਕਰੇ ।

2
ਅਸਤਰ ਦਾ ਮਹਾਰਾਣੀ ਬਣਨਾ

1ਇਨ੍ਹਾਂ ਗੱਲਾਂ ਦੇ ਬਾਅਦ ਜਦ ਰਾਜਾ ਅਹਸ਼ਵੇਰੋਸ਼ ਦਾ ਗੁੱਸਾ ਠੰਡਾ ਪੈ ਗਿਆ, ਤਾਂ ਉਸ ਨੇ ਰਾਣੀ ਵਸ਼ਤੀ ਨੂੰ ਅਤੇ ਜੋ ਕੁਝ ਉਸ ਨੇ ਕੀਤਾ ਸੀ ਅਤੇ ਜੋ ਕੁਝ ਉਸ ਦੇ ਵਿਰੁੱਧ ਹੁਕਮ ਜਾਰੀ ਕੀਤਾ ਗਿਆ ਸੀ ਯਾਦ ਕੀਤਾ ।2ਪਾਤਸ਼ਾਹ ਦੇ ਸੇਵਕਾਂ ਨੇ ਜਿਹੜੇ ਉਸ ਦੀ ਸੇਵਾ ਕਰਦੇ ਹੁੰਦੇ ਸਨ, ਕਹਿਣ ਲੱਗੇ, "ਰਾਜਾ ਦੇ ਲਈ ਜੁਆਨ ਅਤੇ ਸੋਹਣੀਆਂ ਕੁਆਰੀਆਂ ਲੱਭੀਆਂ ਜਾਣ,

3ਅਤੇ ਰਾਜਾ ਆਪਣੇ ਰਾਜ ਦੇ ਸਾਰੇ ਸੂਬਿਆਂ ਵਿੱਚ ਹਾਕਮਾਂ ਨੂੰ ਨਿਯੁਕਤ ਕਰੇ ਤਾਂ ਜੋ ਉਹ ਸਾਰੀਆਂ ਸੋਹਣੀਆਂ ਜੁਆਨ ਕੁਆਰੀਆਂ ਨੂੰ ਸ਼ੂਸ਼ਨ ਦੇ ਮਹਿਲ ਵਿੱਚ ਰਾਣੀਆਂ ਦੇ ਨਿਵਾਸ ਸਥਾਨ ਵਿੱਚ ਇਕੱਠੀਆਂ ਕਰਨ ਅਤੇ ਰਾਜਾ ਦੇ ਖੁਸਰੇ ਹੇਗਈ ਨੂੰ ਜਿਹੜਾ ਇਸਤਰੀਆਂ ਦਾ ਪ੍ਰਬੰਧਕ ਸੀ ਸੌਂਪ ਦੇਣ, ਅਤੇ ਉਨ੍ਹਾਂ ਨੂੰ ਸੁੰਦਰਤਾ ਵਧਾਉਣ ਦੀਆਂ ਸਾਰੀਆਂ ਵਸਤੂਆਂ ਦਿੱਤੀਆਂ ਜਾਣ ।4ਤਦ ਜਿਹੜੀ ਕੁਆਰੀ ਰਾਜਾ ਦੀ ਨਿਗਾਹ ਵਿੱਚ ਸਭ ਤੋਂ ਚੰਗੀ ਹੋਵੇ, ਉਹ ਰਾਣੀ ਵਸ਼ਤੀ ਦੇ ਸਥਾਨ ਤੇ ਮਹਾਰਾਣੀ ਬਣਾਈ ਜਾਵੇ ।" ਇਹ ਗੱਲ ਰਾਜਾ ਨੂੰ ਚੰਗੀ ਲੱਗੀ ਅਤੇ ਉਸ ਨੇ ਇਸੇ ਤਰ੍ਹਾਂ ਹੀ ਕੀਤਾ ।

5ਸ਼ੂਸ਼ਨ ਦੇ ਮਹਿਲ ਵਿੱਚ ਮਾਰਦਕਈ ਨਾਮ ਦਾ ਇੱਕ ਯਹੂਦੀ ਰਹਿੰਦਾ ਸੀ, ਉਹ ਬਿਨਯਾਮੀਨ ਦੇ ਗੋਤ ਵਿੱਚੋਂ ਯਾਈਰ ਦਾ ਪੁੱਤਰ, ਸ਼ਿਮਈ ਦਾ ਪੋਤਾ ਅਤੇ ਕੀਸ਼ ਦਾ ਪੜਪੋਤਾ ਸੀ ।6ਇਹ ਯਰੂਸ਼ਲਮ ਤੋਂ ਉਨ੍ਹਾਂ ਗ਼ੁਲਾਮਾਂ ਨਾਲ ਗ਼ੁਲਾਮ ਹੋ ਕੇ ਆਇਆ ਸੀ, ਜਿਨ੍ਹਾਂ ਨੂੰ ਬਾਬਲ ਦਾ ਰਾਜਾ ਨਬੂਕਦਨੱਸਰ ਯਹੂਦਾਹ ਦੇ ਰਾਜਾ ਯਕਾਨਯਾਹ ਦੇ ਨਾਲ ਗ਼ੁਲਾਮ ਬਣਾ ਕੇ ਲੈ ਗਿਆ ਸੀ ।
7ਉਸ ਨੇ ਹੱਦਸਾਹ ਨਾਮਕ ਆਪਣੀ ਚਚੇਰੀ ਭੈਣ ਨੂੰ, ਜੋ ਅਸਤਰ ਵੀ ਕਹਾਉਂਦੀ ਸੀ ਪਾਲਿਆ ਪੋਸਿਆ ਕਿਉਂਕਿ ਉਸ ਦੇ ਮਾਤਾ-ਪਿਤਾ ਨਹੀਂ ਸਨ, ਅਤੇ ਉਹ ਕੁੜੀ ਵੇਖਣ ਵਿੱਚ ਬਹੁਤ ਸੋਹਣੀ ਸੀ ਅਤੇ ਜਦ ਉਸ ਦੇ ਮਾਤਾ-ਪਿਤਾ ਮਰ ਗਏ ਤਾਂ ਮਾਰਦਕਈ ਨੇ ਉਸ ਨੂੰ ਆਪਣੀ ਧੀ ਬਣਾ ਕੇ ਪਾਲਿਆ ।
8ਤਾਂ ਇਸ ਤਰ੍ਹਾਂ ਹੋਇਆ ਕਿ ਜਦ ਰਾਜਾ ਦਾ ਹੁਕਮ ਅਤੇ ਨਿਯਮ ਸੁਣਨ ਵਿੱਚ ਆਇਆ ਅਤੇ ਜਦ ਬਹੁਤ ਸਾਰੀਆਂ ਕੁਆਰੀਆਂ ਸ਼ੂਸ਼ਨ ਦੇ ਮਹਿਲ ਵਿੱਚ ਇੱਕਠੀਆਂ ਕੀਤੀਆਂ ਗਈਆਂ ਅਤੇ ਹੇਗਈ ਦੇ ਹਵਾਲੇ ਕੀਤੀਆਂ ਗਈਆਂ ਤਦ ਅਸਤਰ ਵੀ ਸ਼ਾਹੀ ਮਹਿਲ ਵਿੱਚ ਲਿਆਂਦੀ ਗਈ ਅਤੇ ਇਸਤਰੀਆਂ ਦੇ ਪ੍ਰਬੰਧਕ ਹੇਗਈ ਦੇ ਹਵਾਲੇ ਕੀਤੀ ਗਈ ।9ਹੇਗਈ ਨੂੰ ਅਸਤਰ ਚੰਗੀ ਲੱਗੀ, ਅਤੇ ਉਹ ਉਸ ਤੋਂ ਖੁਸ਼ ਹੋਇਆ, ਤਦ ਉਸ ਨੇ ਛੇਤੀ ਨਾਲ ਉਸ ਨੂੰ ਸੁੰਦਰਤਾ ਵਧਾਉਣ ਦੀਆਂ ਸਾਰੀਆਂ ਚੀਜ਼ਾਂ ਦਿੱਤੀਆਂ ਅਤੇ ਰੋਜ਼ ਦਾ ਭੋਜਨ ਅਤੇ ਨਾਲ ਹੀ ਰਾਜਾ ਦੇ ਮਹਿਲ ਵਿੱਚੋਂ ਚੁਣ ਕੇ ਸੱਤ ਸਹੇਲੀਆਂ ਵੀ ਉਸ ਨੂੰ ਦਿੱਤੀਆਂ ਅਤੇ ਉਸ ਨੂੰ ਅਤੇ ਉਸ ਦੀਆਂ ਸਹੇਲੀਆਂ ਨੂੰ ਰਾਣੀਆਂ ਦੇ ਨਿਵਾਸ ਸਥਾਨ ਵਿੱਚ ਸਭ ਤੋਂ ਚੰਗਾ ਸਥਾਨ ਰਹਿਣ ਲਈ ਦਿੱਤਾ ।
10ਅਸਤਰ ਨੇ ਨਾ ਆਪਣੀ ਜਾਤੀ ਅਤੇ ਨਾ ਹੀ ਆਪਣੇ ਘਰਾਣੇ ਦਾ ਕੋਈ ਪਤਾ ਦੱਸਿਆ ਕਿਉਂਕਿ ਮਾਰਦਕਈ ਨੇ ਉਸ ਨੂੰ ਹੁਕਮ ਦਿੱਤਾ ਸੀ ਕਿ ਉਹ ਇਸ ਬਾਰੇ ਕਿਸੇ ਨੂੰ ਨਾ ਦੱਸੇ ।11ਮਾਰਦਕਈ ਹਰ ਰੋਜ਼ ਰਾਣੀਆਂ ਦੇ ਨਿਵਾਸ ਸਥਾਨ ਦੇ ਵਿਹੜੇ ਦੇ ਅੱਗੇ ਟਹਿਲਦਾ ਰਹਿੰਦਾ ਸੀ ਤਾਂ ਜੋ ਅਸਤਰ ਦੀ ਸੁੱਖ-ਸਾਂਦ ਨੂੰ ਜਾਣੇ ਅਤੇ ਪਤਾ ਕਰੇ ਕਿ ਉਸ ਦੇ ਨਾਲ ਕੀ ਬੀਤੇਗਾ ?

12ਇਸ ਤੋਂ ਪਹਿਲਾਂ ਕਿ ਹਰੇਕ ਕੁਆਰੀ ਆਪਣੀ ਵਾਰੀ ਅਨੁਸਾਰ ਅਹਸ਼ਵੇਰੋਸ਼ ਰਾਜਾ ਦੇ ਕੋਲ ਜਾਵੇ, ਉਸ ਨੂੰ ਇਸਤਰੀਆਂ ਦੇ ਲਈ ਬਣਾਏ ਹੋਏ ਨਿਯਮ ਦੇ ਅਨੁਸਾਰ ਬਾਰਾਂ ਮਹੀਨਿਆਂ ਤੱਕ ਸੁੰਦਰਤਾ ਵਧਾਉਣ ਦੀ ਪ੍ਰਕਿਰਿਆ ਨੂੰ ਪੂਰਾ ਕਰਨਾ ਪੈਂਦਾ ਸੀ, ਕਿਉਂ ਜੋ ਐਨਾ ਸਮਾਂ ਉਨ੍ਹਾਂ ਨੂੰ ਸ਼ੁੱਧ ਕਰਨ ਵਿੱਚ ਲੱਗ ਜਾਂਦਾ ਸੀ ਅਰਥਾਤ ਛੇ ਮਹੀਨੇ ਤੱਕ ਮੁਰ ਦਾ ਤੇਲ ਮਲਿਆ ਜਾਂਦਾ ਸੀ, ਅਤੇ ਛੇ ਮਹੀਨੇ ਅਤਰ ਅਤੇ ਇਸਤਰੀਆਂ ਨੂੰ ਸੁੰਦਰ ਬਣਾਉਣ ਲਈ ਹੋਰ ਚੀਜ਼ਾਂ ਮਲੀਆਂ ਜਾਂਦੀਆਂ ਸਨ ।13ਇਸ ਤਰ੍ਹਾਂ ਜਦ ਉਹ ਕੁਆਰੀ ਰਾਜਾ ਦੇ ਕੋਲ ਜਾਂਦੀ ਸੀ, ਤਦ ਜੋ ਵੀ ਚੀਜ਼ ਉਹ ਚਾਹੁੰਦੀ ਸੀ ਕਿ ਰਾਣੀਆਂ ਦੇ ਨਿਵਾਸ ਤੋਂ ਰਾਜਾ ਦੇ ਮਹਿਲ ਨੂੰ ਲੈ ਜਾਵੇ, ਉਹ ਉਸ ਨੂੰ ਦਿੱਤੀ ਜਾਂਦੀ ਸੀ ।
14ਉਹ ਸ਼ਾਮ ਨੂੰ ਜਾਂਦੀ ਸੀ ਅਤੇ ਸਵੇਰ ਨੂੰ ਵਾਪਿਸ ਆ ਕੇ ਰਾਣੀਆਂ ਦੇ ਨਿਵਾਸ ਦੇ ਦੂਸਰੇ ਘਰ ਵਿੱਚ ਚਲੀ ਜਾਂਦੀ ਸੀ ਅਤੇ ਰਾਜਾ ਦੇ ਖੁਸਰੇ ਸ਼ਅਸ਼ਗਜ ਦੇ ਹਵਾਲੇ ਕੀਤੀ ਜਾਂਦੀ ਸੀ, ਜਿਹੜਾ ਰਖੈਲਾਂ ਦਾ ਪ੍ਰਬੰਧਕ ਸੀ, ਅਤੇ ਉਹ ਫੇਰ ਕਦੀ ਰਾਜਾ ਦੇ ਕੋਲ ਨਹੀਂ ਜਾਂਦੀ ਸੀ, ਪਰ ਜੇਕਰ ਰਾਜਾ ਉਸ ਤੋਂ ਪ੍ਰਸੰਨ ਹੁੰਦਾ ਸੀ ਤਾਂ ਉਸ ਨੂੰ ਨਾਮ ਲੈ ਕੇ ਬੁਲਾਇਆ ਜਾਂਦਾ ਸੀ ।

15ਹੁਣ ਜਦ ਅਸਤਰ ਦੀ ਜਿਹੜੀ ਮਾਰਦਕਈ ਦੇ ਚਾਚੇ ਅਬੀਹਯਿਲ ਦੀ ਧੀ ਸੀ, ਜਿਸ ਨੂੰ ਮਾਰਦਕਈ ਨੇ ਆਪਣੀ ਧੀ ਬਣਾ ਲਿਆ ਸੀ, ਰਾਜਾ ਦੇ ਕੋਲ ਜਾਣ ਦੀ ਵਾਰੀ ਆਈ ਤਾਂ ਉਸ ਨੇ ਉਨ੍ਹਾਂ ਚੀਜ਼ਾਂ ਤੋਂ ਵੱਧ ਜੋ ਇਸਤਰੀਆਂ ਦੇ ਪ੍ਰਬੰਧਕ ਰਾਜਾ ਦੇ ਖੁਸਰੇ ਹੇਗਈ ਨੇ ਉਸ ਦੇ ਲਈ ਠਹਿਰਾਇਆ ਸੀ, ਹੋਰ ਕੁਝ ਨਾ ਮੰਗਿਆ । ਜਿੰਨ੍ਹਿਆਂ ਨੇ ਅਸਤਰ ਨੂੰ ਵੇਖਿਆ, ਉਹ ਸਭ ਉਸ ਤੋਂ ਪ੍ਰਸੰਨ ਹੋਏ ।16ਇਸ ਤਰ੍ਹਾਂ ਅਸਤਰ ਅਹਸ਼ਵੇਰੋਸ਼ ਰਾਜਾ ਦੇ ਕੋਲ ਉਸ ਦੇ ਸ਼ਾਹੀ ਮਹਿਲ ਵਿੱਚ, ਉਸ ਦੇ ਰਾਜ ਦੇ ਸੱਤਵੇਂ ਸਾਲ ਦੇ ਟੇਬੇਥ ਨਾਮਕ ਦਸਵੇਂ ਮਹੀਨੇ ਵਿੱਚ ਪਹੁੰਚਾਈ ਗਈ ।
17ਤਦ ਰਾਜੇ ਨੇ ਸਾਰੀਆਂ ਇਸਤਰੀਆਂ ਨਾਲੋਂ ਵੱਧ ਅਸਤਰ ਨੂੰ ਪਿਆਰ ਕੀਤਾ, ਅਤੇ ਉਸ ਨੂੰ ਬਾਕੀ ਸਾਰੀਆਂ ਕੁਆਰੀਆਂ ਨਾਲੋਂ ਜ਼ਿਆਦਾ ਰਾਜਾ ਦਾ ਪੱਖ ਅਤੇ ਕਿਰਪਾ ਪ੍ਰਾਪਤ ਹੋਈ, ਇਸ ਲਈ ਉਸ ਨੇ ਰਾਜ ਮੁਕਟ ਅਸਤਰ ਦੇ ਸਿਰ ਉੱਤੇ ਰੱਖ ਦਿੱਤਾ ਅਤੇ ਉਸ ਨੂੰ ਵਸ਼ਤੀ ਦੇ ਸਥਾਨ ਤੇ ਮਹਾਰਾਣੀ ਬਣਾਇਆ ।18ਤਦ ਰਾਜਾ ਨੇ ਆਪਣੇ ਸਾਰੇ ਹਾਕਮਾਂ ਅਤੇ ਕਰਮਚਾਰੀਆਂ ਲਈ ਇੱਕ ਵੱਡੀ ਦਾਵਤ ਕੀਤੀ ਅਤੇ ਉਸ ਨੂੰ ਅਸਤਰ ਦੀ ਦਾਵਤ ਕਿਹਾ, ਅਤੇ ਸੂਬਿਆਂ ਵਿੱਚ ਛੁੱਟੀ ਦਾ ਐਲਾਨ ਕੀਤਾ, ਅਤੇ ਆਪਣੇ ਸ਼ਾਹੀ ਨਿਯਮ ਦੇ ਅਨੁਸਾਰ ਇਨਾਮ ਵੀ ਵੰਡੇ ।
ਮਾਰਦਕਈ ਦੁਆਰਾ ਰਾਜੇ ਦੀ ਜਾਨ ਦੀ ਰੱਖਿਆ

19ਜਦ ਦੂਸਰੀ ਵਾਰ ਕੁਆਰੀਆਂ ਇੱਕਠੀਆਂ ਕੀਤੀਆਂ ਗਈਆਂ, ਤਾਂ ਮਾਰਦਕਈ ਸ਼ਾਹੀ ਫਾਟਕ ਤੇ ਬੈਠਾ ਸੀ ।20ਅਸਤਰ ਨੇ ਨਾ ਆਪਣੇ ਘਰਾਣੇ ਦਾ, ਅਤੇ ਨਾ ਹੀ ਆਪਣੀ ਜਾਤੀ ਦਾ ਪਤਾ ਦੱਸਿਆ ਕਿਉਂ ਜੋ ਮਾਰਦਕਈ ਨੇ ਉਸ ਨੂੰ ਹੁਕਮ ਦਿੱਤਾ ਹੋਇਆ ਸੀ ਕਿ ਉਹ ਇਸ ਬਾਰੇ ਨਾ ਦੱਸੇ, ਅਤੇ ਅਸਤਰ ਮਾਰਦਕਈ ਦਾ ਹੁਕਮ ਉਸੇ ਤਰ੍ਹਾਂ ਹੀ ਮੰਨਦੀ ਸੀ, ਜਿਵੇਂ ਉਹ ਉਸ ਦੇ ਕੋਲ ਰਹਿੰਦੇ ਹੋਏ ਮੰਨਦੀ ਸੀ ।21ਉਨ੍ਹਾਂ ਦਿਨਾਂ ਵਿੱਚ ਜਦ ਮਾਰਦਕਈ ਸ਼ਾਹੀ ਫਾਟਕ ਉੱਤੇ ਬੈਠਦਾ ਹੁੰਦਾ ਸੀ, ਤਾਂ ਰਾਜਾ ਦੇ ਖੁਸਰਿਆਂ ਵਿੱਚੋਂ ਜਿਹੜੇ ਦਰਬਾਨ ਵੀ ਸਨ, ਬਿਗਥਾਨ ਅਤੇ ਤਰਸ਼ ਨਾਮਕ ਦੋ ਖੁਸਰਿਆਂ ਨੇ ਰਾਜਾ ਦੇ ਵਿਰੁੱਧ ਹੋ ਕੇ ਰਾਜਾ ਅਹਸ਼ਵੇਰੋਸ਼ ਦਾ ਕਤਲ ਕਰਨ ਦੀ ਯੋਜਨਾ ਬਣਾਈ ।
22ਇਹ ਗੱਲ ਮਾਰਦਕਈ ਨੂੰ ਪਤਾ ਲੱਗ ਗਈ ਤਾਂ ਉਸ ਨੇ ਰਾਣੀ ਅਸਤਰ ਨੂੰ ਇਸ ਦੀ ਖ਼ਬਰ ਦਿੱਤੀ, ਅਤੇ ਅਸਤਰ ਨੇ ਮਾਰਦਕਈ ਦਾ ਨਾਮ ਲੈ ਕੇ ਰਾਜਾ ਨੂੰ ਦੱਸਿਆ ।23ਜਦ ਇਸ ਗੱਲ ਦੀ ਜਾਂਚ-ਪੜਤਾਲ ਕੀਤੀ ਗਈ ਤਾਂ ਇਹ ਗੱਲ ਸੱਚ ਨਿੱਕਲੀ ਅਤੇ ਉਹ ਦੋਵੇਂ ਰੁੱਖ ਉੱਤੇ ਫਾਂਸੀ ਚੜ੍ਹਾ ਦਿੱਤੇ ਗਏ, ਅਤੇ ਇਹ ਘਟਨਾ ਰਾਜਾ ਦੇ ਸਾਹਮਣੇ ਇਤਿਹਾਸ ਦੀ ਪੁਸਤਕ ਵਿੱਚ ਲਿਖੀ ਗਈ ।

3
ਯਹੂਦੀਆਂ ਦੇ ਵਿਨਾਸ਼ ਲਈ ਹਾਮਾਨ ਦੀ ਸਾਜ਼ਿਸ਼

1ਇਨ੍ਹਾਂ ਗੱਲਾਂ ਤੋਂ ਬਾਅਦ ਰਾਜਾ ਅਹਸ਼ਵੇਰੋਸ਼ ਨੇ ਅਗਾਗੀ ਹਮਦਾਥਾ ਦੇ ਪੁੱਤਰ ਹਾਮਾਨ ਨੂੰ ਉੱਚੀ ਪਦਵੀ ਦੇ ਦਿੱਤੀ ਅਤੇ ਉਸ ਨੂੰ ਆਦਰ ਦਿੰਦੇ ਹੋਏ ਉਸਦਾ ਸਿੰਘਾਸਣ ਉਸ ਦੇ ਨਾਲ ਦੇ ਸਾਰੇ ਹਾਕਮਾਂ ਦੇ ਸਿੰਘਾਸਣਾਂ ਨਾਲੋਂ ਉੱਚਾ ਕਰ ਦਿੱਤਾ ।2ਰਾਜਾ ਦੇ ਸਾਰੇ ਕਰਮਚਾਰੀ ਜਿਹੜੇ ਮਹਿਲ ਦੇ ਫਾਟਕ ਉੱਤੇ ਸਨ, ਹਾਮਾਨ ਦੇ ਅੱਗੇ ਗੋਡੇ ਨਿਵਾ ਕੇ ਉਸ ਨੂੰ ਮੱਥਾ ਟੇਕਦੇ ਸਨ ਕਿਉਂਕਿ ਉਸ ਦੇ ਲਈ ਰਾਜਾ ਦਾ ਇਹੋ ਹੁਕਮ ਸੀ, ਪਰ ਮਾਰਦਕਈ ਨਾ ਤਾਂ ਗੋਡੇ ਨਿਵਾਉਂਦਾ ਸੀ ਅਤੇ ਨਾ ਹੀ ਮੱਥਾ ਟੇਕਦਾ ਸੀ ।

3ਤਦ ਰਾਜਾ ਦੇ ਕਰਮਚਾਰੀਆਂ ਨੇ ਜਿਹੜੇ ਮਹਿਲ ਦੇ ਫਾਟਕ ਉੱਤੇ ਸਨ, ਮਾਰਦਕਈ ਨੂੰ ਪੁੱਛਿਆ, "ਤੂੰ ਰਾਜਾ ਦੇ ਹੁਕਮ ਦੀ ਉਲੰਘਣਾ ਕਿਉਂ ਕਰਦਾ ਹੈਂ ? "4ਫਿਰ ਅਜਿਹਾ ਹੋਇਆ ਕਿ ਜਦ ਉਹ ਹਰ ਰੋਜ਼ ਇਸੇ ਤਰ੍ਹਾਂ ਹੀ ਕਹਿੰਦੇ ਰਹੇ ਅਤੇ ਮਾਰਦਕਈ ਨੇ ਉਨ੍ਹਾਂ ਦੀ ਗੱਲ ਨਾ ਸੁਣੀ ਤਾਂ ਉਨ੍ਹਾਂ ਨੇ ਹਾਮਾਨ ਨੂੰ ਦੱਸ ਦਿੱਤਾ, ਇਹ ਵੇਖਣ ਲਈ ਕਿ ਮਾਰਦਕਈ ਦੀ ਇਹ ਗੱਲ ਚੱਲੇਗੀ ਕਿ ਨਹੀਂ, ਕਿਉਂਕਿ ਉਸ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਹ ਯਹੂਦੀ ਹੈ ।
5ਜਦ ਹਾਮਾਨ ਨੇ ਵੇਖਿਆ ਕਿ ਮਾਰਦਕਈ ਨਾ ਤਾਂ ਗੋਡੇ ਨਿਵਾਉਂਦਾ ਹੈ, ਅਤੇ ਨਾ ਹੀ ਮੈਨੂੰ ਮੱਥਾ ਟੇਕਦਾ ਹੈ ਤਾਂ ਹਾਮਾਨ ਗੁੱਸੇ ਨਾਲ ਭਰ ਗਿਆ ।6ਪਰ ਇਕੱਲੇ ਮਾਰਦਕਈ ਉੱਤੇ ਹੱਥ ਪਾਉਣਾ, ਉਸ ਨੂੰ ਆਪਣੀ ਬੇਇੱਜ਼ਤੀ ਜਾਣ ਪਈ ਕਿਉਂਕਿ ਰਾਜਾ ਦੇ ਕਰਮਚਾਰੀਆਂ ਨੇ ਹਾਮਾਨ ਨੂੰ ਦੱਸ ਦਿੱਤਾ ਸੀ ਕਿ ਮਾਰਦਕਈ ਕਿਸ ਜਾਤੀ ਦਾ ਹੈ, ਇਸ ਲਈ ਹਾਮਾਨ ਨੇ ਰਾਜਾ ਅਹਸ਼ਵੇਰੋਸ਼ ਦੇ ਰਾਜ ਵਿੱਚ ਰਹਿਣ ਵਾਲੇ ਸਾਰੇ ਯਹੂਦੀਆਂ ਨੂੰ ਅਰਥਾਤ ਮਾਰਦਕਈ ਦੇ ਸਾਰੇ ਲੋਕਾਂ ਨੂੰ ਨਾਸ ਕਰਨ ਦੀ ਯੋਜਨਾ ਬਣਾਈ ।

7ਰਾਜਾ ਅਹਸ਼ਵੇਰੋਸ਼ ਦੇ ਰਾਜ ਦੇ ਬਾਰਵੇਂ ਸਾਲ ਦੇ ਨੀਸਾਨ ਨਾਮਕ ਪਹਿਲੇ ਮਹੀਨੇ ਵਿੱਚ ਹਾਮਾਨ ਨੇ ਅਦਾਰ ਨਾਮਕ ਬਾਰਵੇਂ ਮਹੀਨੇ ਤੱਕ ਇੱਕ-ਇੱਕ ਦਿਨ ਅਤੇ ਇੱਕ-ਇੱਕ ਮਹੀਨੇ ਦੇ ਲਈ ਆਪਣੇ ਸਾਹਮਣੇ "ਪੂਰ" ਅਰਥਾਤ ਪਰਚੀਆਂ ਪਵਾਈਆਂ ।
8ਤਾਂ ਹਾਮਾਨ ਨੇ ਰਾਜਾ ਅਹਸ਼ਵੇਰੋਸ਼ ਨੂੰ ਕਿਹਾ, "ਆਪ ਜੀ ਦੇ ਰਾਜ ਦੇ ਸਾਰੇ ਸੂਬਿਆਂ ਵਿੱਚ ਰਹਿਣ ਵਾਲੇ ਲੋਕਾਂ ਦੇ ਵਿਚਕਾਰ ਖਿੱਲਰੀ ਅਤੇ ਫੈਲੀ ਹੋਈ ਇੱਕ ਜਾਤੀ ਹੈ, ਜਿਨ੍ਹਾਂ ਦੀਆਂ ਰੀਤੀਆਂ ਹੋਰ ਸਾਰੀਆਂ ਜਾਤੀਆਂ ਨਾਲੋਂ ਵੱਖਰੀਆਂ ਹਨ, ਅਤੇ ਉਹ ਰਾਜਾ ਦੇ ਕਾਨੂੰਨ ਨੂੰ ਨਹੀਂ ਮੰਨਦੇ, ਇਸ ਲਈ ਉਸ ਜਾਤੀ ਨੂੰ ਰਹਿਣ ਦੇਣਾ ਰਾਜਾ ਲਈ ਲਾਭਦਾਇਕ ਨਹੀਂ ਹੈ ।9ਜੇ ਰਾਜਾ ਨੂੰ ਸਵੀਕਾਰ ਹੋਵੇ ਤਾਂ ਉਨ੍ਹਾਂ ਨੂੰ ਨਾਸ ਕਰਨ ਲਈ ਹੁਕਮ ਲਿਖਿਆ ਜਾਵੇ, ਅਤੇ ਮੈਂ ਰਾਜਾ ਦੇ ਭੰਡਾਰੀਆਂ ਨੂੰ ਸ਼ਾਹੀ ਖਜ਼ਾਨੇ ਵਿੱਚ ਪਾਉਣ ਲਈ ਦਸ ਹਜ਼ਾਰ ਚਾਂਦੀ ਦੇ ਸਿੱਕੇ ਤੋਲ ਕੇ ਦਿਆਂਗਾ ।"
10ਤਾਂ ਰਾਜਾ ਨੇ ਆਪਣੀ ਮੋਹਰ ਦੀ ਅੰਗੂਠੀ ਆਪਣੇ ਹੱਥ ਤੋਂ ਉਤਾਰ ਕੇ ਯਹੂਦੀਆਂ ਦੇ ਵੈਰੀ ਅਗਾਗੀ ਹਮਦਾਥਾ ਦੇ ਪੁੱਤਰ ਹਾਮਾਨ ਨੂੰ ਦੇ ਦਿੱਤੀ ।11ਅਤੇ ਰਾਜਾ ਨੇ ਹਾਮਾਨ ਨੂੰ ਕਿਹਾ, "ਤੇਰੀ ਚਾਂਦੀ ਮੈਂ ਤੈਨੂੰ ਦਿੰਦਾ ਹਾਂ ਅਤੇ ਉਹ ਲੋਕ ਵੀ, ਕਿ ਜੋ ਕੁਝ ਤੇਰੀ ਨਿਗਾਹ ਵਿੱਚ ਚੰਗਾ ਲੱਗੇ ਤੂੰ ਉਨ੍ਹਾਂ ਨਾਲ ਕਰੇਂ ।"

12ਇਸ ਤਰ੍ਹਾਂ ਉਸੇ ਪਹਿਲੇ ਮਹੀਨੇ ਦੀ ਤੇਰ੍ਹਵੀਂ ਤਾਰੀਖ ਨੂੰ ਰਾਜਾ ਦੇ ਲਿਖਾਰੀ ਬੁਲਾਏ ਗਏ, ਅਤੇ ਹਾਮਾਨ ਦੇ ਹੁਕਮ ਅਨੁਸਾਰ ਰਾਜਾ ਦੇ ਸਾਰੇ ਅਧਿਕਾਰੀਆਂ ਅਤੇ ਸਾਰੇ ਸੂਬਿਆਂ ਦੇ ਪ੍ਰਧਾਨਾਂ ਅਤੇ ਜਾਤੀ-ਜਾਤੀ ਦੇ ਲੋਕਾਂ ਦੇ ਹਾਕਮਾਂ ਦੇ ਲਈ ਹਰੇਕ ਸੂਬੇ ਦੀ ਲਿਖਤ ਅਤੇ ਹਰੇਕ ਜਾਤੀ ਦੇ ਲੋਕਾਂ ਦੀ ਭਾਸ਼ਾ ਵਿੱਚ ਰਾਜਾ ਅਹਸ਼ਵੇਰੋਸ਼ ਦੇ ਨਾਮ ਤੇ ਹੁਕਮਨਾਮੇ ਲਿਖੇ ਗਏ ਅਤੇ ਉਨ੍ਹਾਂ ਦੇ ਉੱਤੇ ਰਾਜਾ ਦੀ ਅੰਗੂਠੀ ਦੀ ਮੋਹਰ ਲਗਾਈ ਗਈ ।13ਰਾਜ ਦੇ ਹਰੇਕ ਸੂਬੇ ਵਿੱਚ ਇਹ ਹੁਕਮਨਾਮੇ ਸੰਦੇਸ਼-ਵਾਹਕਾਂ ਦੇ ਰਾਹੀਂ ਇਸ ਉਦੇਸ਼ ਨਾਲ ਭੇਜੇ ਗਏ ਕਿ ਸਾਰੇ ਯਹੂਦੀ ਅਦਾਰ ਨਾਮਕ ਬਾਰਵੇਂ ਮਹੀਨੇ ਦੀ ਤੇਰ੍ਹਵੀਂ ਤਾਰੀਖ ਨੂੰ ਭਾਵੇਂ ਜੁਆਨ, ਭਾਵੇਂ ਬੁੱਢਾ, ਭਾਵੇਂ ਬੱਚਾ, ਭਾਵੇਂ ਇਸਤਰੀ, ਸਾਰੇ ਇੱਕ ਹੀ ਦਿਨ ਵਿੱਚ ਮਾਰ ਦਿੱਤੇ ਜਾਣ, ਨਾਸ ਕੀਤੇ ਜਾਣ ਅਤੇ ਮਿਟਾ ਦਿੱਤੇ ਜਾਣ ਅਤੇ ਉਨ੍ਹਾਂ ਦਾ ਮਾਲ ਧਨ ਲੁੱਟ ਲਿਆ ਜਾਵੇ ।
14ਉਸ ਲਿਖਤੀ ਹੁਕਮਨਾਮੇ ਦੀ ਇੱਕ-ਇੱਕ ਨਕਲ ਸਾਰੇ ਸੂਬਿਆਂ ਵਿੱਚ ਖੁੱਲ੍ਹੀ ਭੇਜੀ ਗਈ ਤਾਂ ਜੋ ਲੋਕ ਉਸ ਦਿਨ ਦੇ ਲਈ ਤਿਆਰ ਰਹਿਣ ।15ਇਹ ਹੁਕਮ ਸ਼ੂਸ਼ਨ ਦੀ ਰਾਜਧਾਨੀ ਵਿੱਚ ਦਿੱਤਾ ਗਿਆ, ਅਤੇ ਰਾਜਾ ਦੇ ਹੁਕਮ ਅਨੁਸਾਰ ਸੰਦੇਸ਼-ਵਾਹਕ ਉਸੇ ਸਮੇਂ ਨਿੱਕਲ ਪਏ । ਰਾਜਾ ਅਤੇ ਹਾਮਾਨ ਤਾਂ ਮਧ ਪੀਣ ਲਈ ਬੈਠ ਗਏ ਪਰ ਸ਼ੂਸ਼ਨ ਦੇ ਸ਼ਹਿਰ ਵਿੱਚ ਹਾਹਾਕਾਰ ਮੱਚ ਗਿਆ ।

4
ਮਾਰਦਕਈ ਦਾ ਅਸਤਰ ਤੋਂ ਸਹਾਇਤਾ ਮੰਗਣਾ

1ਜਦ ਮਾਰਦਕਈ ਨੂੰ ਉਨ੍ਹਾਂ ਸਾਰੀਆਂ ਗੱਲਾਂ ਬਾਰੇ ਪਤਾ ਲੱਗਿਆ, ਜਿਹੜੀਆਂ ਕੀਤੀਆਂ ਗਈਆਂ ਸਨ ਤਾਂ ਮਾਰਦਕਈ ਨੇ ਆਪਣੇ ਕੱਪੜੇ ਫਾੜ ਕੇ, ਅਤੇ ਤੱਪੜ ਪਾ ਕੇ ਆਪਣੇ ਸਿਰ ਉੱਤੇ ਸੁਆਹ ਪਾ ਲਈ ਅਤੇ ਸ਼ਹਿਰ ਦੇ ਵਿਚਕਾਰ ਜਾ ਕੇ ਉੱਚੀ-ਉੱਚੀ ਦੁੱਖ ਭਰੇ ਸ਼ਬਦਾਂ ਨਾਲ ਦੁਹਾਈ ਦੇਣ ਲੱਗਾ ।2ਉਹ ਸ਼ਾਹੀ ਫਾਟਕ ਦੇ ਸਾਹਮਣੇ ਤੱਕ ਹੀ ਆਇਆ ਕਿਉਂਕਿ ਤੱਪੜ ਪਾ ਕੇ ਕੋਈ ਵੀ ਸ਼ਾਹੀ ਫਾਟਕ ਦੇ ਅੰਦਰ ਨਹੀਂ ਜਾ ਸਕਦਾ ਸੀ ।3ਹਰ ਸੂਬੇ ਵਿੱਚ ਜਿੱਥੇ ਕਿਤੇ ਰਾਜਾ ਦਾ ਹੁਕਮ ਅਤੇ ਨਿਯਮ ਗਿਆ, ਉੱਥੇ ਯਹੂਦੀ ਵੱਡਾ ਵਿਰਲਾਪ ਕਰਨ ਲੱਗੇ ਅਤੇ ਵਰਤ ਰੱਖਣ ਅਤੇ ਰੋਣ ਪਿੱਟਣ ਲੱਗੇ ਅਤੇ ਬਹੁਤ ਹਾਹਾਕਾਰ ਮਚ ਗਿਆ, ਅਤੇ ਬਹੁਤੇ ਤੱਪੜ ਪਾ ਕੇ ਸੁਆਹ ਵਿੱਚ ਬੈਠ ਗਏ ।

4ਰਾਣੀ ਅਸਤਰ ਦੀਆਂ ਸਹੇਲੀਆਂ ਅਤੇ ਉਸ ਦੇ ਖੁਸਰਿਆਂ ਨੇ ਜਾ ਕੇ ਉਸ ਨੂੰ ਮਾਰਦਕਈ ਬਾਰੇ ਦੱਸਿਆ । ਤਦ ਰਾਣੀ ਬਹੁਤ ਦੁਖੀ ਹੋਈ ਅਤੇ ਉਸ ਨੇ ਕੱਪੜੇ ਭੇਜ ਕੇ ਮਾਰਦਕਈ ਨੂੰ ਇਹ ਸੁਨੇਹਾ ਭੇਜਿਆ ਕਿ ਤੱਪੜ ਉਤਾਰ ਕੇ ਇਨ੍ਹਾਂ ਕੱਪੜਿਆਂ ਨੂੰ ਪਹਿਨ ਲਵੇ ਪਰ ਉਸ ਨੇ ਕਬੂਲ ਨਾ ਕੀਤਾ ।5ਤਦ ਅਸਤਰ ਨੇ ਰਾਜਾ ਦੇ ਉਨ੍ਹਾਂ ਖੁਸਰਿਆਂ ਵਿੱਚੋਂ ਜਿਨ੍ਹਾਂ ਨੂੰ ਰਾਜਾ ਨੇ ਉਸ ਦੀ ਟਹਿਲ ਸੇਵਾ ਕਰਨ ਲਈ ਠਹਿਰਾਇਆ ਸੀ, ਹਥਾਕ ਨੂੰ ਬੁਲਾਇਆ ਅਤੇ ਉਸ ਨੂੰ ਹੁਕਮ ਦਿੱਤਾ ਕਿ ਮਾਰਦਕਈ ਦੇ ਕੋਲ ਜਾ ਕੇ ਪਤਾ ਕਰੇ ਕਿ ਇਹ ਕੀ ਗੱਲ ਹੈ ਅਤੇ ਇਸ ਦਾ ਕੀ ਕਾਰਨ ਹੈ ?
6ਤਾਂ ਹਥਾਕ ਨਿੱਕਲ ਕੇ ਸ਼ਹਿਰ ਦੇ ਉਸ ਚੌਂਕ ਵਿੱਚ ਜਿਹੜਾ ਸ਼ਾਹੀ ਫਾਟਕ ਦੇ ਅੱਗੇ ਸੀ, ਮਾਰਦਕਈ ਕੋਲ ਗਿਆ ।7ਤਦ ਮਾਰਦਕਈ ਨੇ ਉਹ ਸਭ ਕੁਝ ਜਿਹੜਾ ਉਸ ਦੇ ਨਾਲ ਬੀਤਿਆ ਸੀ ਅਤੇ ਹਾਮਾਨ ਨੇ ਯਹੂਦੀਆਂ ਦਾ ਨਾਸ ਕਰਨ ਦੀ ਆਗਿਆ ਲੈਣ ਲਈ ਸ਼ਾਹੀ ਖਜ਼ਾਨੇ ਵਿੱਚ ਜਿੰਨ੍ਹੀ ਚਾਂਦੀ ਤੋਲ ਕੇ ਦੇਣ ਦਾ ਬਚਨ ਦਿੱਤਾ ਸੀ, ਉਹ ਸਭ ਕੁਝ ਦੱਸ ਦਿੱਤਾ ।8ਫਿਰ ਯਹੂਦੀਆਂ ਨੂੰ ਨਾਸ ਕਰਨ ਦਾ ਜੋ ਹੁਕਮ ਸ਼ੂਸ਼ਨ ਵਿੱਚ ਦਿੱਤਾ ਗਿਆ ਸੀ, ਉਸ ਦੀ ਇੱਕ ਨਕਲ ਵੀ ਉਸਨੇ ਹਥਾਕ ਨੂੰ ਦਿੱਤੀ ਕਿ ਉਹ ਅਸਤਰ ਨੂੰ ਵਿਖਾਵੇ ਅਤੇ ਉਸ ਨੂੰ ਸਭ ਕੁਝ ਦੱਸੇ ਅਤੇ ਅਸਤਰ ਲਈ ਇਹ ਹੁਕਮ ਦਿੱਤਾ ਕਿ ਉਹ ਰਾਜਾ ਦੇ ਕੋਲ ਜਾ ਕੇ ਉਸ ਦੇ ਅੱਗੇ ਆਪਣੀ ਜਾਤੀ ਦੇ ਲੋਕਾਂ ਦੇ ਲਈ ਮਿੰਨਤ ਅਤੇ ਬੇਨਤੀ ਕਰੇ ।
9ਤਦ ਹਥਾਕ ਨੇ ਆ ਕੇ ਅਸਤਰ ਨੂੰ ਮਾਰਦਕਈ ਦੀਆਂ ਸਾਰੀਆਂ ਗੱਲਾਂ ਦੱਸੀਆਂ ।10ਫਿਰ ਅਸਤਰ ਨੇ ਹਥਾਕ ਦੁਆਰਾ ਮਾਰਦਕਈ ਲਈ ਇਹ ਸੁਨੇਹਾ ਭੇਜਿਆ,11"ਰਾਜਾ ਦੇ ਸਾਰੇ ਕਰਮਚਾਰੀ, ਸਗੋਂ ਰਾਜ ਦੇ ਸਾਰੇ ਸੂਬਿਆਂ ਦੇ ਲੋਕ ਜਾਣਦੇ ਹਨ ਕਿ ਭਾਵੇਂ ਪੁਰਸ਼ ਹੋਵੇ, ਭਾਵੇਂ ਇਸਤਰੀ, ਜੋ ਬਿਨ੍ਹਾਂ ਸੱਦੇ ਰਾਜਾ ਦੇ ਅੰਦਰਲੇ ਵਿਹੜੇ ਦੇ ਸਿੰਘਾਸਣ ਦੇ ਕੋਲ ਜਾਵੇ, ਉਸ ਦੇ ਲਈ ਇੱਕੋ ਹੀ ਹੁਕਮ ਹੈ ਕਿ ਉਹ ਜਾਨ ਤੋਂ ਮਾਰਿਆ ਜਾਵੇ, ਸਿਰਫ਼ ਉਹ ਹੀ ਜੀਉਂਦਾ ਬਚਦਾ ਹੈ ਜਿਸ ਦੇ ਲਈ ਰਾਜਾ ਆਪਣਾ ਸੋਨੇ ਦਾ ਆੱਸਾ ਵਧਾਵੇ । ਪਰ ਮੈਂ ਤੀਹ ਦਿਨਾਂ ਤੋਂ ਰਾਜਾ ਦੇ ਕੋਲ ਅੰਦਰ ਨਹੀਂ ਬੁਲਾਈ ਗਈ ।"12ਅਸਤਰ ਦੀਆਂ ਇਹ ਗੱਲਾਂ ਮਾਰਦਕਈ ਨੂੰ ਦੱਸੀਆਂ ਗਈਆਂ ।
13ਤਦ ਮਾਰਦਕਈ ਨੇ ਅਸਤਰ ਨੂੰ ਇਹ ਉੱਤਰ ਭੇਜਿਆ, "ਤੂੰ ਆਪਣੇ ਮਨ ਵਿੱਚ ਇਹ ਵਿਚਾਰ ਨਾ ਕਰ ਕਿ ਮਹਿਲ ਵਿੱਚ ਰਹਿਣ ਦੇ ਕਾਰਨ ਤੂੰ ਹੋਰ ਸਾਰੇ ਯਹੂਦੀਆਂ ਵਿੱਚੋਂ ਬਚ ਜਾਵੇਂਗੀ ।14ਕਿਉਂਕਿ ਜੇ ਤੂੰ ਇਸ ਸਮੇਂ ਚੁੱਪ ਰਹੀ ਤਾਂ ਕਿਸੇ ਨਾ ਕਿਸੇ ਤਰ੍ਹਾਂ ਯਹੂਦੀਆਂ ਦੀ ਰਿਹਾਈ ਅਤੇ ਛੁਟਕਾਰਾ ਹੋ ਜਾਵੇਗਾ, ਪਰ ਤੂੰ ਆਪਣੇ ਪਿਤਾ ਦੇ ਘਰਾਣੇ ਸਮੇਤ ਨਾਸ ਹੋ ਜਾਵੇਂਗੀ । ਕੀ ਪਤਾ ਕਿ ਤੂੰ ਅਜਿਹੇ ਔਖੇ ਸਮੇਂ ਲਈ ਹੀ ਮਹਿਲ ਵਿੱਚ ਪਹੁੰਚੀ ਹੈਂ ? "
15ਤਦ ਅਸਤਰ ਨੇ ਮਾਰਦਕਈ ਨੂੰ ਇਹ ਉੱਤਰ ਭੇਜਿਆ,16"ਤੂੰ ਜਾ ਕੇ ਸ਼ੂਸ਼ਨ ਦੇ ਸਾਰੇ ਯਹੂਦੀਆਂ ਨੂੰ ਇਕੱਠਾ ਕਰ ਅਤੇ ਤੁਸੀਂ ਸਾਰੇ ਮਿਲ ਕੇ ਮੇਰੇ ਲਈ ਵਰਤ ਰੱਖੋ, ਤਿੰਨ ਦਿਨ, ਤਿੰਨ ਰਾਤ ਤੱਕ ਨਾ ਕੁਝ ਖਾਣਾ ਅਤੇ ਨਾ ਪੀਣਾ । ਮੈਂ ਵੀ ਆਪਣੀਆਂ ਸਹੇਲੀਆਂ ਸਮੇਤ ਇਸੇ ਤਰ੍ਹਾਂ ਹੀ ਵਰਤ ਰੱਖਾਂਗੀ ਅਤੇ ਇਸੇ ਤਰ੍ਹਾਂ ਹੀ ਮੈਂ ਨਿਯਮ ਦੇ ਵਿਰੁੱਧ ਰਾਜਾ ਦੇ ਕੋਲ ਅੰਦਰ ਜਾਵਾਂਗੀ । ਅਤੇ ਜੇਕਰ ਮੈਂ ਨਾਸ ਹੋ ਗਈ ਤਾਂ ਹੋ ਗਈ ।"17ਤਾਂ ਮਾਰਦਕਈ ਚਲਾ ਗਿਆ ਅਤੇ ਅਸਤਰ ਦੇ ਹੁਕਮ ਅਨੁਸਾਰ ਸਭ ਕੁਝ ਕੀਤਾ ।

5
ਰਾਜੇ ਅਤੇ ਹਾਮਾਨ ਨੂੰ ਅਸਤਰ ਦਾ ਸੱਦਾ

1ਫਿਰ ਅਜਿਹਾ ਹੋਇਆ ਕਿ ਤੀਸਰੇ ਦਿਨ ਅਸਤਰ ਸ਼ਾਹੀ ਬਸਤਰ ਪਹਿਨ ਕੇ ਮਹਿਲ ਦੇ ਅੰਦਰਲੇ ਵਿਹੜੇ ਵਿੱਚ, ਦਰਬਾਰ ਦੇ ਸਾਹਮਣੇ ਜਾ ਕੇ ਖੜ੍ਹੀ ਹੋ ਗਈ ਅਤੇ ਰਾਜਾ ਮਹਿਲ ਵਿੱਚ ਆਪਣੀ ਰਾਜ ਗੱਦੀ ਉੱਤੇ ਮਹਿਲ ਦੇ ਦਰਵਾਜ਼ੇ ਦੇ ਸਾਹਮਣੇ ਬੈਠਾ ਸੀ ।2ਅਤੇ ਜਦ ਰਾਜਾ ਨੇ ਰਾਣੀ ਅਸਤਰ ਨੂੰ ਅੰਦਰਲੇ ਵਿਹੜੇ ਵਿੱਚ ਖੜ੍ਹੀ ਹੋਈ ਵੇਖਿਆ ਤਾਂ ਉਸ ਤੋਂ ਪ੍ਰਸੰਨ ਹੋ ਕੇ ਸੋਨੇ ਦਾ ਆੱਸਾ ਜਿਹੜਾ ਉਹ ਦੇ ਹੱਥ ਵਿੱਚ ਸੀ, ਅਸਤਰ ਵੱਲ ਵਧਾਇਆ । ਤਦ ਅਸਤਰ ਨੇ ਨਜ਼ਦੀਕ ਜਾ ਕੇ ਆੱਸੇ ਦੀ ਨੋਕ ਨੂੰ ਛੂਹਿਆ ।

3ਫਿਰ ਰਾਜਾ ਨੇ ਉਸ ਨੂੰ ਪੁੱਛਿਆ, "ਹੇ ਰਾਣੀ ਅਸਤਰ ! ਤੈਨੂੰ ਕੀ ਚਾਹੀਦਾ ਹੈ ? ਤੂੰ ਕੀ ਮੰਗਦੀ ਹੈਂ ? ਤੇਰੇ ਆਉਣ ਦਾ ਕੀ ਕਾਰਨ ਹੈ ? ਮੰਗ ਅਤੇ ਅੱਧਾ ਰਾਜ ਤੱਕ ਤੈਨੂੰ ਦੇ ਦਿੱਤਾ ਜਾਵੇਗਾ ।"4ਅਸਤਰ ਨੇ ਕਿਹਾ, "ਜੇਕਰ ਰਾਜਾ ਨੂੰ ਸਵੀਕਾਰ ਹੋਵੇ ਤਾਂ ਅੱਜ ਰਾਜਾ ਅਤੇ ਹਾਮਾਨ ਉਹ ਭੋਜਨ ਕਰਨ ਲਈ ਆਉਣ ਜਿਹੜਾ ਮੈਂ ਰਾਜਾ ਦੇ ਲਈ ਤਿਆਰ ਕੀਤਾ ਹੈ ।"
5ਤਦ ਰਾਜਾ ਨੇ ਹੁਕਮ ਦਿੱਤਾ, "ਹਾਮਾਨ ਨੂੰ ਛੇਤੀ ਨਾਲ ਲੈ ਆਉ ਤਾਂ ਜੋ ਅਸੀਂ ਅਸਤਰ ਦੇ ਕਹਿਣ ਅਨੁਸਾਰ ਕਰੀਏ ।" ਇਸ ਤਰ੍ਹਾਂ ਰਾਜਾ ਅਤੇ ਹਾਮਾਨ ਉਹ ਭੋਜਨ ਕਰਨ ਲਈ ਆਏ ਜਿਹੜਾ ਅਸਤਰ ਨੇ ਤਿਆਰ ਕੀਤਾ ਸੀ ।6ਭੋਜਨ ਦੇ ਸਮੇਂ ਮਧ ਪੀਂਦੇ ਹੋਏ ਰਾਜਾ ਨੇ ਅਸਤਰ ਨੂੰ ਕਿਹਾ, "ਤੇਰੀ ਕੀ ਬੇਨਤੀ ਹੈ ? ਉਹ ਪੂਰੀ ਕੀਤੀ ਜਾਵੇਗੀ ਅਤੇ ਤੂੰ ਕੀ ਮੰਗਦੀ ਹੈ ? ਮੰਗ, ਅਤੇ ਅੱਧਾ ਰਾਜ ਤੱਕ ਤੈਨੂੰ ਦਿੱਤਾ ਜਾਵੇਗਾ !"
7ਅਸਤਰ ਨੇ ਉੱਤਰ ਦੇ ਕੇ ਕਿਹਾ, "ਮੇਰੀ ਬੇਨਤੀ ਅਤੇ ਜੋ ਮੈਂ ਮੰਗਦੀ ਹਾਂ ਉਹ ਇਹ ਹੈ,8ਜੇਕਰ ਰਾਜਾ ਮੇਰੇ ਤੋਂ ਪ੍ਰਸੰਨ ਹੈ ਅਤੇ ਜੇ ਮੇਰੀ ਬੇਨਤੀ ਸੁਣਨਾ ਅਤੇ ਜੋ ਮੈਂ ਮੰਗਾਂ ਉਹ ਮੈਨੂੰ ਦੇਣਾ ਰਾਜਾ ਨੂੰ ਸਵੀਕਾਰ ਹੋਵੇ ਤਾਂ ਰਾਜਾ ਅਤੇ ਹਾਮਾਨ ਕੱਲ ਫਿਰ ਉਸ ਭੋਜ ਲਈ ਆਉਣ ਜਿਹੜਾ ਮੈਂ ਉਨ੍ਹਾਂ ਲਈ ਤਿਆਰ ਕਰਾਂਗੀ, ਅਤੇ ਕੱਲ ਮੈਂ ਰਾਜਾ ਦੇ ਬਚਨ ਅਨੁਸਾਰ ਆਪਣੀ ਬੇਨਤੀ ਦੱਸਾਂਗੀ ।"
ਮਾਰਦਕਈ ਨੂੰ ਮਾਰ ਦੇਣ ਦੀ ਸਾਜ਼ਿਸ਼

9ਉਸ ਦਿਨ ਹਾਮਾਨ ਬਹੁਤ ਹੀ ਅਨੰਦ ਅਤੇ ਮਗਨ ਹੋ ਕੇ ਬਾਹਰ ਨਿੱਕਲਿਆ ਪਰ ਜਦ ਉਸ ਨੇ ਮਾਰਦਕਈ ਨੂੰ ਸ਼ਾਹੀ ਫਾਟਕ ਉੱਤੇ ਵੇਖਿਆ ਕਿ ਨਾ ਤਾਂ ਉਹ ਉੱਠ ਕੇ ਖੜ੍ਹਾ ਹੋਇਆ ਅਤੇ ਨਾ ਹੀ ਹਟਿਆ ਤਾਂ ਹਾਮਾਨ ਮਾਰਦਕਈ ਦੇ ਵਿਰੁੱਧ ਗੁੱਸੇ ਨਾਲ ਭਰ ਗਿਆ ।10ਤਾਂ ਵੀ ਹਾਮਾਨ ਨੇ ਆਪਣੇ ਆਪ ਨੂੰ ਰੋਕਿਆ ਅਤੇ ਜਦੋਂ ਆਪਣੇ ਘਰ ਆਇਆ ਤਾਂ ਉਸ ਨੇ ਆਪਣੇ ਮਿੱਤਰਾਂ ਨੂੰ ਅਤੇ ਆਪਣੀ ਪਤਨੀ ਜਰਸ਼ ਨੂੰ ਬੁਲਵਾਇਆ ।11ਤਾਂ ਹਾਮਾਨ ਨੇ ਉਨ੍ਹਾਂ ਨੂੰ ਆਪਣੀ ਅਮੀਰੀ ਦਾ ਠਾਠ-ਬਾਠ ਅਤੇ ਆਪਣੇ ਪੁੱਤਰਾਂ ਦੇ ਵਾਧੇ ਬਾਰੇ ਅਤੇ ਉਹ ਸਾਰੀਆਂ ਗੱਲਾਂ ਦੱਸੀਆਂ ਕਿ ਕਿਵੇਂ ਪਾਤਸ਼ਾਹ ਨੇ ਉਸ ਨੂੰ ਵੱਡਾ ਬਣਾਇਆ ਅਤੇ ਆਪਣੇ ਸਾਰੇ ਹਾਕਮਾਂ ਅਤੇ ਸ਼ਾਹੀ ਕਰਮਚਾਰੀਆਂ ਤੋਂ ਉੱਚੀ ਪਦਵੀ ਉਸ ਨੂੰ ਦਿੱਤੀ ।
12ਹਾਮਾਨ ਨੇ ਇਹ ਵੀ ਕਿਹਾ, ਰਾਣੀ ਅਸਤਰ ਨੇ ਵੀ ਰਾਜਾ ਦੇ ਨਾਲ ਭੋਜਨ ਕਰਨ ਲਈ ਜਿਹੜਾ ਉਸ ਨੇ ਤਿਆਰ ਕੀਤਾ ਸੀ, ਮੇਰੇ ਬਿਨ੍ਹਾਂ ਕਿਸੇ ਹੋਰ ਨੂੰ ਨਹੀਂ ਬੁਲਾਇਆ, ਅਤੇ ਕੱਲ ਵੀ ਉਸ ਨੇ ਰਾਜਾ ਦੇ ਨਾਲ ਮੈਨੂੰ ਬੁਲਾਇਆ ਹੈ ।13ਪਰ ਇਨ੍ਹਾਂ ਸਾਰੀਆਂ ਗੱਲਾਂ ਤੋਂ ਮੈਨੂੰ ਕੋਈ ਖੁਸ਼ੀ ਨਹੀਂ ਮਿਲਦੀ ਜਦ ਮੈਂ ਉਸ ਯਹੂਦੀ ਮਾਰਦਕਈ ਨੂੰ ਸ਼ਾਹੀ ਫਾਟਕ ਉੱਤੇ ਬੈਠਿਆ ਹੋਇਆ ਵੇਖਦਾ ਹਾਂ ।
14ਤਦ ਉਸ ਦੀ ਪਤਨੀ ਜਰਸ਼ ਅਤੇ ਉਸ ਦੇ ਮਿੱਤਰਾਂ ਨੇ ਉਸ ਨੂੰ ਕਿਹਾ, "ਪੰਜਾਹ ਹੱਥ ਉੱਚਾ ਫਾਂਸੀ ਦਾ ਇੱਕ ਥੰਮ੍ਹ ਬਣਵਾਇਆ ਜਾਵੇ ਅਤੇ ਕੱਲ ਸਵੇਰੇ ਨੂੰ ਰਾਜਾ ਨੂੰ ਆਖੀਂ ਕਿ ਮਾਰਦਕਈ ਨੂੰ ਉਸ ਉੱਤੇ ਚੜ੍ਹਾ ਦਿੱਤਾ ਜਾਵੇ, ਤਦ ਰਾਜਾ ਦੇ ਨਾਲ ਭੋਜਨ ਕਰਨ ਲਈ ਖੁਸ਼ੀ ਨਾਲ ਜਾਵੀਂ ।" ਇਹ ਗੱਲ ਹਾਮਾਨ ਨੂੰ ਚੰਗੀ ਲੱਗੀ ਅਤੇ ਉਸ ਨੇ ਫਾਂਸੀ ਲਾਉਣ ਦਾ ਇੱਕ ਥੰਮ੍ਹ ਬਣਵਾਇਆ ।

6
ਰਾਜੇ ਦੁਆਰਾ ਮਾਰਦਕਈ ਦਾ ਸਨਮਾਨ

1ਉਸ ਰਾਤ ਰਾਜਾ ਨੂੰ ਨੀਂਦ ਨਾ ਆਈ, ਇਸ ਲਈ ਉਸ ਨੇ ਇਤਿਹਾਸ ਦੀ ਪੁਸਤਕ ਲਿਆਉਣ ਦਾ ਹੁਕਮ ਦਿੱਤਾ ਅਤੇ ਉਹ ਰਾਜਾ ਦੇ ਸਾਹਮਣੇ ਪੜ੍ਹ ਕੇ ਸੁਣਾਈ ਗਈ ।2ਉਸ ਦੇ ਵਿੱਚ ਇਹ ਲਿਖਿਆ ਹੋਇਆ ਲੱਭਿਆ ਕਿ ਜਦ ਰਾਜਾ ਅਹਸ਼ਵੇਰੋਸ਼ ਦੇ ਹਾਕਮ ਜੋ ਦਰਬਾਨ ਵੀ ਸਨ, ਉਨ੍ਹਾਂ ਵਿੱਚੋਂ ਬਿਗਥਾਨਾ ਅਤੇ ਤਰਸ਼ ਨਾਮਕ ਦੋ ਖੁਸਰਿਆਂ ਨੇ ਰਾਜਾ ਦਾ ਕਤਲ ਕਰਨ ਦੀ ਯੋਜਨਾ ਬਣਾਈ, ਤਾਂ ਮਾਰਦਕਈ ਨੇ ਇਸ ਗੱਲ ਦੀ ਖ਼ਬਰ ਦਿੱਤੀ ਸੀ ।3ਤਦ ਰਾਜੇ ਨੇ ਪੁੱਛਿਆ, "ਇਸ ਦੇ ਬਦਲੇ ਵਿੱਚ ਮਾਰਦਕਈ ਦਾ ਕੀ ਮਾਨ-ਸਨਮਾਨ ਕੀਤਾ ਗਿਆ ? " ਤਦ ਰਾਜਾ ਦੇ ਸੇਵਕ ਜਿਹੜੇ ਉਸ ਦੀ ਸੇਵਾ ਕਰ ਰਹੇ ਸਨ, ਉਨ੍ਹਾਂ ਨੇ ਉਸ ਨੂੰ ਉੱਤਰ ਦਿੱਤਾ, "ਉਸ ਦੇ ਲਈ ਕੁਝ ਵੀ ਨਹੀਂ ਕੀਤਾ ਗਿਆ ।"

4ਰਾਜੇ ਨੇ ਪੁੱਛਿਆ, "ਵਿਹੜੇ ਵਿੱਚ ਕੌਣ ਹੈ ? " ਉਸੇ ਸਮੇਂ ਹਾਮਾਨ ਰਾਜਾ ਦੇ ਮਹਿਲ ਦੇ ਬਾਹਰੀ ਵਿਹੜੇ ਵਿੱਚ ਆਇਆ ਤਾਂ ਕਿ ਜੋ ਥੰਮ੍ਹ ਉਸ ਨੇ ਮਾਰਦਕਈ ਦੇ ਲਈ ਤਿਆਰ ਕੀਤਾ ਸੀ, ਉਸ ਉੱਤੇ ਮਾਰਦਕਈ ਨੂੰ ਚੜ੍ਹਾਉਣ ਲਈ ਰਾਜਾ ਨੂੰ ਕਹੇ ।5ਤਦ ਰਾਜਾ ਦੇ ਸੇਵਕਾਂ ਨੇ ਉਸ ਨੂੰ ਕਿਹਾ, "ਮਹਾਰਾਜ ! ਵਿਹੜੇ ਵਿੱਚ ਤਾਂ ਹਾਮਾਨ ਖੜ੍ਹਾ ਹੈ ।" ਤਾਂ ਰਾਜੇ ਨੇ ਕਿਹਾ, "ਉਸ ਨੂੰ ਅੰਦਰ ਲੈ ਆਓ !"6ਜਦ ਹਾਮਾਨ ਅੰਦਰ ਆਇਆ ਤਾਂ ਰਾਜਾ ਨੇ ਉਸ ਨੂੰ ਪੁੱਛਿਆ, "ਜਿਸ ਮਨੁੱਖ ਨੂੰ ਰਾਜਾ ਆਦਰ ਦੇਣਾ ਚਾਹੇ ਉਸ ਦੇ ਲਈ ਕੀ ਕਰਨਾ ਚਾਹੀਦਾ ਹੈ ? " ਹਾਮਾਨ ਨੇ ਆਪਣੇ ਮਨ ਵਿੱਚ ਸੋਚਿਆ ਕਿ ਮੇਰੇ ਨਾਲੋਂ ਵੱਧ ਰਾਜਾ ਹੋਰ ਕਿਸਨੂੰ ਆਦਰ ਦੇਣਾ ਚਾਹੁੰਦਾ ਹੋਵੇਗਾ ?
7ਤਦ ਹਾਮਾਨ ਨੇ ਰਾਜੇ ਨੂੰ ਉੱਤਰ ਦਿੱਤਾ, "ਜਿਸ ਮਨੁੱਖ ਨੂੰ ਰਾਜਾ ਆਦਰ ਦੇਣਾ ਚਾਹੁੰਦਾ ਹੋਵੇ,8ਉਸ ਦੇ ਲਈ ਸ਼ਾਹੀ ਬਸਤਰ ਲਿਆਇਆ ਜਾਵੇ ਜੋ ਰਾਜਾ ਪਹਿਨਦਾ ਹੈ, ਅਤੇ ਇੱਕ ਘੋੜਾ ਵੀ, ਜਿਸ ਦੇ ਉੱਤੇ ਰਾਜਾ ਸਵਾਰ ਹੁੰਦਾ ਹੈ ਅਤੇ ਉਹ ਸ਼ਾਹੀ ਤਾਜ ਜਿਹੜਾ ਰਾਜਾ ਦੇ ਸਿਰ ਉੱਤੇ ਰੱਖਿਆ ਜਾਂਦਾ ਹੈ, ਉਹ ਵੀ ਲਿਆਂਦਾ ਜਾਵੇ ।9ਫਿਰ ਉਹ ਬਸਤਰ ਅਤੇ ਉਹ ਘੋੜਾ ਰਾਜਾ ਦੇ ਕਿਸੇ ਵੱਡੇ ਹਾਕਮ ਨੂੰ ਦਿੱਤਾ ਜਾਵੇ ਤਾਂ ਜੋ ਉਸ ਮਨੁੱਖ ਨੂੰ ਜਿਸ ਨੂੰ ਰਾਜਾ ਆਦਰ ਦੇਣਾ ਚਾਹੁੰਦਾ ਹੈ, ਉਹ ਬਸਤਰ ਪਹਿਨਾਇਆ ਜਾਵੇ ਅਤੇ ਉਸ ਨੂੰ ਘੋੜੇ ਉੱਤੇ ਸਵਾਰ ਕਰ ਕੇ ਸ਼ਹਿਰ ਦੇ ਚੌਂਕ ਵਿੱਚ ਫਿਰਾਇਆ ਜਾਵੇ ਅਤੇ ਉਸ ਦੇ ਅੱਗੇ-ਅੱਗੇ ਇਹ ਮਨਾਦੀ ਕਰਵਾਈ ਜਾਵੇ ਕਿ ਜਿਸ ਮਨੁੱਖ ਨੂੰ ਰਾਜਾ ਆਦਰ ਦੇਣਾ ਚਾਹੁੰਦਾ ਹੈ, ਉਸ ਦੇ ਨਾਲ ਅਜਿਹਾ ਹੀ ਕੀਤਾ ਜਾਵੇਗਾ !"

10ਤਦ ਰਾਜਾ ਨੇ ਹਾਮਾਨ ਨੂੰ ਕਿਹਾ, "ਛੇਤੀ ਕਰ ਅਤੇ ਆਪਣੀ ਗੱਲ ਅਨੁਸਾਰ ਉਹ ਬਸਤਰ ਅਤੇ ਘੋੜਾ ਲੈ ਅਤੇ ਉਸ ਯਹੂਦੀ ਮਾਰਦਕਈ ਨਾਲ ਜਿਹੜਾ ਮਹਿਲ ਦੇ ਫਾਟਕ ਉੱਤੇ ਬੈਠਦਾ ਹੈ, ਇਸੇ ਤਰ੍ਹਾਂ ਹੀ ਕਰ । ਜੋ ਕੁਝ ਵੀ ਤੂੰ ਕਿਹਾ ਹੈ ਉਸ ਵਿੱਚੋਂ ਕਿਸੇ ਗੱਲ ਦੀ ਕਮੀ ਨਾ ਰਹਿ ਜਾਵੇ !"11ਤਾਂ ਹਾਮਾਨ ਨੇ ਉਹ ਬਸਤਰ ਅਤੇ ਉਹ ਘੋੜਾ ਲਿਆ ਅਤੇ ਮਾਰਦਕਈ ਨੂੰ ਬਸਤਰ ਪਹਿਨਾਇਆ ਅਤੇ ਘੋੜੇ ਉੱਤੇ ਸਵਾਰ ਕਰ ਕੇ ਸ਼ਹਿਰ ਦੇ ਚੌਂਕ ਵਿੱਚ ਘੁਮਾਇਆ ਅਤੇ ਉਸ ਦੇ ਅੱਗੇ ਇਹ ਮਨਾਦੀ ਕਰਵਾਈ, "ਜਿਸ ਮਨੁੱਖ ਨੂੰ ਰਾਜਾ ਆਦਰ ਦੇਣਾ ਚਾਹੁੰਦਾ ਹੈ ਉਸ ਦੇ ਨਾਲ ਅਜਿਹਾ ਹੀ ਕੀਤਾ ਜਾਵੇਗਾ !"
12ਇਸ ਤੋਂ ਬਾਅਦ ਮਾਰਦਕਈ ਤਾਂ ਸ਼ਾਹੀ ਫਾਟਕ ਉੱਤੇ ਮੁੜ ਆਇਆ ਪਰ ਹਾਮਾਨ ਰੋਂਦਾ ਪਿੱਟਦਾ ਹੋਇਆ ਤੇ ਸਿਰ ਢੱਕ ਕੇ ਛੇਤੀ ਨਾਲ ਆਪਣੇ ਘਰ ਨੂੰ ਚਲਾ ਗਿਆ ।13ਤਦ ਹਾਮਾਨ ਨੇ ਆਪਣੀ ਪਤਨੀ ਜ਼ਰਸ਼ ਅਤੇ ਆਪਣੇ ਸਾਰੇ ਮਿੱਤਰਾਂ ਨੂੰ ਉਹ ਸਭ ਕੁਝ ਦੱਸਿਆ ਜੋ ਉਸ ਦੇ ਨਾਲ ਬੀਤਿਆ ਸੀ । ਤਦ ਉਸ ਦੇ ਬੁੱਧਵਾਨ ਮਿੱਤਰਾਂ ਅਤੇ ਉਸ ਦੀ ਪਤਨੀ ਜਰਸ਼ ਨੇ ਉਸ ਨੂੰ ਕਿਹਾ, "ਜੇਕਰ ਮਾਰਦਕਈ ਜਿਸ ਨੂੰ ਤੂੰ ਨੀਵਾਂ ਵਿਖਾਉਣਾ ਚਾਹੁੰਦਾ ਹੈ, ਯਹੂਦੀਆਂ ਦੇ ਵੰਸ਼ ਵਿੱਚੋਂ ਹੈ, ਤਾਂ ਤੂੰ ਉਸ ਨੂੰ ਜਿੱਤ ਨਹੀਂ ਸਕਦਾ ਪਰ ਤੂੰ ਜ਼ਰੂਰ ਉਸ ਦੇ ਅੱਗੇ ਨੀਵਾਂ ਕੀਤਾ ਜਾਵੇਂਗਾ ।"14ਉਹ ਉਸ ਦੇ ਨਾਲ ਇਹ ਗੱਲਾਂ ਕਰ ਹੀ ਰਹੇ ਸਨ ਕਿ ਰਾਜਾ ਦੇ ਖੁਸਰੇ ਆ ਗਏ ਅਤੇ ਹਾਮਾਨ ਨੂੰ ਉਸ ਭੋਜ ਲਈ ਜਿਹੜਾ ਅਸਤਰ ਨੇ ਤਿਆਰ ਕੀਤਾ ਸੀ, ਛੇਤੀ ਨਾਲ ਲੈ ਗਏ ।

7
ਹਾਮਾਨ ਨੂੰ ਮੌਤ ਦੀ ਸਜ਼ਾ

1ਰਾਜਾ ਅਤੇ ਹਾਮਾਨ ਰਾਣੀ ਅਸਤਰ ਦੇ ਭੋਜ ਲਈ ਆ ਗਏ ।2ਰਾਜੇ ਨੇ ਦੂਜੇ ਦਿਨ ਵੀ ਮਧ ਪੀਂਦੇ ਹੋਏ ਅਸਤਰ ਤੋਂ ਫਿਰ ਪੁੱਛਿਆ, "ਹੇ ਰਾਣੀ ਅਸਤਰ, ਤੇਰੀ ਕੀ ਬੇਨਤੀ ਹੈ ? ਉਹ ਪੂਰੀ ਕੀਤੀ ਜਾਵੇਗੀ । ਤੂੰ ਕੀ ਮੰਗਦੀ ਹੈਂ ? ਮੰਗ, ਅਤੇ ਅੱਧਾ ਰਾਜ ਤੱਕ ਤੈਨੂੰ ਦਿੱਤਾ ਜਾਵੇਗਾ !"

3ਅਸਤਰ ਰਾਣੀ ਨੇ ਉੱਤਰ ਦੇ ਕੇ ਕਿਹਾ, "ਹੇ ਰਾਜਾ ! ਜੇਕਰ ਤੂੰ ਮੇਰੇ ਤੋਂ ਪ੍ਰਸੰਨ ਹੈਂ, ਅਤੇ ਜੇਕਰ ਰਾਜਾ ਨੂੰ ਸਵੀਕਾਰ ਹੋਵੇ ਤਾਂ ਮੇਰੀ ਬੇਨਤੀ ਉੱਤੇ ਮੇਰੀ ਜਾਨ ਬਖਸ਼ੀ ਜਾਵੇ ਅਤੇ ਮੇਰੇ ਮੰਗਣ ਉੱਤੇ ਮੇਰੇ ਲੋਕ ਮੈਨੂੰ ਦਿੱਤੇ ਜਾਣ ।4ਕਿਉਂਕਿ ਮੈਂ ਅਤੇ ਮੇਰੇ ਲੋਕ ਨਾਸ ਹੋਣ ਲਈ ਅਤੇ ਮਾਰੇ ਜਾਣ ਲਈ ਅਤੇ ਮਿਟਾਏ ਜਾਣ ਲਈ ਵੇਚ ਦਿੱਤੇ ਗਏ ਹਾਂ ! ਜੇਕਰ ਅਸੀਂ ਸਿਰਫ਼ ਦਾਸ-ਦਾਸੀਆਂ ਹੋਣ ਲਈ ਵੇਚੇ ਜਾਂਦੇ ਤਾਂ ਮੈਂ ਚੁੱਪ ਰਹਿੰਦੀ ਪਰ ਸਾਡਾ ਵੈਰੀ ਰਾਜਾ ਦੇ ਘਾਟੇ ਨੂੰ ਪੂਰਾ ਨਹੀਂ ਕਰ ਸਕਦਾ !"

5ਤਦ ਰਾਜਾ ਅਹਸ਼ਵੇਰੋਸ਼ ਨੇ ਰਾਣੀ ਅਸਤਰ ਤੋਂ ਪੁੱਛਿਆ, "ਉਹ ਕੌਣ ਹੈ, ਅਤੇ ਕਿੱਥੇ ਹੈ ਜਿਸਨੇ ਆਪਣੇ ਮਨ ਵਿੱਚ ਅਜਿਹਾ ਕਰਨ ਦਾ ਸੋਚਿਆ ? "
6ਅਸਤਰ ਨੇ ਉੱਤਰ ਦਿੱਤਾ, "ਉਹ ਵਿਰੋਧੀ ਅਤੇ ਵੈਰੀ ਇਹੋ ਦੁਸ਼ਟ ਹਾਮਾਨ ਹੈ !" ਤਦ ਹਾਮਾਨ ਰਾਜਾ ਅਤੇ ਰਾਣੀ ਦੇ ਸਾਹਮਣੇ ਡਰ ਗਿਆ ।7ਅਤੇ ਰਾਜਾ ਗੁੱਸੇ ਨਾਲ ਭਰ ਗਿਆ ਅਤੇ ਮਧ ਪੀਣੀ ਛੱਡ ਕੇ ਉੱਠਿਆ ਅਤੇ ਸ਼ਾਹੀ ਬਾਗ ਵਿੱਚ ਚਲਾ ਗਿਆ ਪਰ ਹਾਮਾਨ ਰਾਣੀ ਅਸਤਰ ਕੋਲ ਆਪਣੀ ਜਾਨ ਬਖਸ਼ਾਉਣ ਲਈ ਖੜ੍ਹਾ ਹੋ ਗਿਆ, ਕਿਉਂਕਿ ਉਸ ਨੇ ਵੇਖਿਆ ਕਿ ਰਾਜਾ ਨੇ ਮੇਰੀ ਹਾਨੀ ਕਰਨ ਦਾ ਇਰਾਦਾ ਬਣਾ ਲਿਆ ਹੈ ।
8ਜਦੋਂ ਰਾਜਾ ਸ਼ਾਹੀ ਬਾਗ ਤੋਂ ਮਧ ਪੀਣ ਦੇ ਸਥਾਨ ਨੂੰ ਮੁੜ ਕੇ ਆਇਆ, ਤਾਂ ਕੀ ਵੇਖਿਆ ਕਿ ਹਾਮਾਨ ਉਸ ਚੌਂਕੀ ਉੱਤੇ ਜਿਹ ਦੇ ਉੱਤੇ ਅਸਤਰ ਬੈਠੀ ਹੋਈ ਸੀ, ਝੁਕਿਆ ਹੋਇਆ ਸੀ, ਤਦ ਰਾਜਾ ਨੇ ਕਿਹਾ, "ਕੀ ਇਹ ਘਰ ਵਿੱਚ ਮੇਰੇ ਹੀ ਸਾਹਮਣੇ ਰਾਣੀ ਉੱਤੇ ਜ਼ਬਰਦਸਤੀ ਕਰਨਾ ਚਾਹੁੰਦਾ ਹੈ ? " ਇਹ ਗੱਲ ਰਾਜਾ ਦੇ ਮੂੰਹ ਤੋਂ ਨਿੱਕਲੀ ਹੀ ਸੀ ਕਿ ਸਿਪਾਹੀਆਂ ਨੇ ਹਾਮਾਨ ਦਾ ਮੂੰਹ ਢੱਕ ਦਿੱਤਾ ।
9ਫਿਰ ਰਾਜਾ ਦੇ ਸਾਹਮਣੇ ਖੜ੍ਹੇ ਰਹਿਣ ਵਾਲੇ ਖੁਸਰਿਆਂ ਵਿੱਚੋਂ ਇੱਕ ਖੁਸਰੇ ਹਰਬੋਨਾਹ ਨੇ ਰਾਜਾ ਨੂੰ ਕਿਹਾ, "ਮਹਾਰਾਜ ! ਹਾਮਾਨ ਦੇ ਘਰ ਪੰਜਾਹ ਹੱਥ ਉੱਚਾ ਫਾਂਸੀ ਲਾਉਣ ਦਾ ਇੱਕ ਥੰਮ੍ਹ ਖੜ੍ਹਾ ਕੀਤਾ ਗਿਆ ਹੈ ਜੋ ਉਸ ਨੇ ਮਾਰਦਕਈ ਦੇ ਲਈ ਬਣਵਾਇਆ ਹੈ, ਜਿਸ ਨੇ ਰਾਜਾ ਦਾ ਭਲਾ ਕੀਤਾ ਸੀ ।" ਰਾਜਾ ਨੇ ਕਿਹਾ, "ਇਸ ਨੂੰ ਹੀ ਉਹ ਦੇ ਉੱਤੇ ਚੜ੍ਹਾ ਦਿਉ !"10ਤਦ ਹਾਮਾਨ ਉਸੇ ਥੰਮ੍ਹ ਉੱਤੇ ਜਿਹੜਾ ਉਸ ਨੇ ਮਾਰਦਕਈ ਲਈ ਬਣਵਾਇਆ ਸੀ, ਲਟਕਾ ਦਿੱਤਾ ਗਿਆ । ਤਦ ਰਾਜਾ ਦਾ ਗੁੱਸਾ ਸ਼ਾਂਤ ਹੋਇਆ ।

8
ਯਹੂਦੀਆਂ ਨੂੰ ਆਪਣੀ ਰੱਖਿਆ ਕਰਨ ਦਾ ਅਧਿਕਾਰ ਮਿਲਣਾ

1ਉਸੇ ਦਿਨ ਰਾਜਾ ਅਹਸ਼ਵੇਰੋਸ਼ ਨੇ ਯਹੂਦੀਆਂ ਦੇ ਵਿਰੋਧੀ ਹਾਮਾਨ ਦਾ ਘਰ ਰਾਣੀ ਅਸਤਰ ਨੂੰ ਦੇ ਦਿੱਤਾ । ਮਾਰਦਕਈ ਰਾਜਾ ਦੇ ਸਾਹਮਣੇ ਆਇਆ ਕਿਉਂਕਿ ਅਸਤਰ ਨੇ ਰਾਜਾ ਨੂੰ ਦੱਸ ਦਿੱਤਾ ਸੀ ਕਿ ਉਸ ਦੇ ਨਾਲ ਅਸਤਰ ਦਾ ਕੀ ਰਿਸ਼ਤਾ ਸੀ ।2ਤਦ ਰਾਜਾ ਨੇ ਆਪਣੀ ਮੋਹਰ ਦੀ ਅੰਗੂਠੀ ਜਿਹੜੀ ਉਸ ਨੇ ਹਾਮਾਨ ਤੋਂ ਲੈ ਲਈ ਸੀ, ਉਤਾਰ ਕੇ ਮਾਰਦਕਈ ਨੂੰ ਦੇ ਦਿੱਤੀ ਅਤੇ ਅਸਤਰ ਨੇ ਮਾਰਦਕਈ ਨੂੰ ਹਾਮਾਨ ਦੇ ਘਰ ਉੱਤੇ ਨਿਯੁਕਤ ਕਰ ਦਿੱਤਾ ।

3ਫਿਰ ਅਸਤਰ ਨੇ ਦੂਜੀ ਵਾਰੀ ਰਾਜਾ ਦੇ ਨਾਲ ਗੱਲ ਕੀਤੀ ਅਤੇ ਉਸ ਦੇ ਪੈਰਾਂ ਉੱਤੇ ਡਿੱਗ ਕੇ ਅਤੇ ਰੋ-ਰੋ ਕੇ ਉਸ ਦੇ ਅੱਗੇ ਮਿੰਨਤ ਕੀਤੀ ਕਿ ਉਹ ਹਾਮਾਨ ਅਗਾਗੀ ਦੀ ਬੁਰਿਆਈ ਦੀ ਯੋਜਨਾ ਨੂੰ ਜਿਹੜੀ ਉਸ ਨੇ ਯਹੂਦੀਆਂ ਦੇ ਵਿਰੁੱਧ ਬਣਾਈ ਸੀ, ਰੱਦ ਕਰ ਦੇਵੇ ।4ਫਿਰ ਰਾਜਾ ਨੇ ਅਸਤਰ ਦੇ ਵੱਲ ਸੋਨੇ ਦਾ ਆੱਸਾ ਵਧਾਇਆ ਤਾਂ ਅਸਤਰ ਉੱਠ ਕੇ ਰਾਜਾ ਦੇ ਸਾਹਮਣੇ ਜਾ ਖੜ੍ਹੀ ਹੋ ਗਈ ।
5ਫਿਰ ਉਸ ਨੇ ਕਿਹਾ, "ਜੇਕਰ ਰਾਜਾ ਨੂੰ ਸਵੀਕਾਰ ਹੋਵੇ ਅਤੇ ਜੇਕਰ ਉਹ ਮੇਰੇ ਤੋਂ ਪ੍ਰਸੰਨ ਹੈ ਅਤੇ ਜੇ ਇਹ ਗੱਲ ਰਾਜਾ ਨੂੰ ਵੀ ਠੀਕ ਲੱਗੇ ਅਤੇ ਜੇਕਰ ਮੈਂ ਵੀ ਉਸ ਦੀ ਨਿਗਾਹ ਵਿੱਚ ਚੰਗੀ ਹਾਂ, ਤਾਂ ਉਹ ਹੁਕਮਨਾਮੇ ਜਿਹੜੇ ਅਗਾਗੀ ਹਮਦਾਥਾ ਦੇ ਪੁੱਤਰ ਹਾਮਾਨ ਨੇ ਰਾਜਾ ਦੇ ਸਾਰੇ ਸੂਬਿਆਂ ਵਿੱਚ ਯਹੂਦੀਆਂ ਨੂੰ ਨਾਸ ਕਰਨ ਦੀ ਯੋਜਨਾ ਬਣਾ ਕੇ ਲਿਖਵਾਏ ਸਨ, ਉਨ੍ਹਾਂ ਨੂੰ ਬਦਲਣ ਲਈ ਲਿਖਿਆ ਜਾਵੇ ।6ਕਿਉਂਕਿ ਮੈਂ ਉਸ ਬੁਰਿਆਈ ਨੂੰ ਜਿਹੜੀ ਮੇਰੇ ਲੋਕਾਂ ਉੱਤੇ ਆਉਣ ਵਾਲੀ ਹੈ ਕਿਵੇਂ ਵੇਖ ਸਕਾਂਗੀ ? ਅਤੇ ਕਿਵੇਂ ਮੈਂ ਆਪਣੇ ਘਰਾਣੇ ਦਾ ਨਾਸ ਕੀਤਾ ਜਾਣਾ ਵੇਖਾਂਗੀ ? "
7ਤਦ ਰਾਜਾ ਅਹਸ਼ਵੇਰੋਸ਼ ਨੇ ਰਾਣੀ ਅਸਤਰ ਅਤੇ ਮਾਰਦਕਈ ਨੂੰ ਕਿਹਾ, "ਵੇਖੋ, ਮੈਂ ਹਾਮਾਨ ਦਾ ਘਰ ਅਸਤਰ ਨੂੰ ਦੇ ਦਿੱਤਾ ਹੈ ਅਤੇ ਉਸ ਨੂੰ ਫਾਂਸੀ ਦੇ ਕੇ ਲਟਕਾ ਦਿੱਤਾ ਗਿਆ ਹੈ, ਇਸ ਲਈ ਕਿ ਉਸ ਨੇ ਯਹੂਦੀਆਂ ਉੱਤੇ ਹੱਥ ਚਲਾਇਆ ਸੀ ।8ਹੁਣ ਤੁਸੀਂ ਵੀ ਜਿਵੇਂ ਤੁਹਾਨੂੰ ਠੀਕ ਲੱਗੇ ਰਾਜਾ ਦੇ ਨਾਮ ਤੇ ਯਹੂਦੀਆਂ ਲਈ ਲਿਖੋ, ਅਤੇ ਉਸ ਉੱਤੇ ਰਾਜਾ ਦੀ ਅੰਗੂਠੀ ਦੀ ਮੋਹਰ ਵੀ ਲਾ ਦਿਉ, ਕਿਉਂਕਿ ਜਿਹੜੀ ਲਿਖਤ ਰਾਜਾ ਦੇ ਨਾਮ ਉੱਤੇ ਲਿਖੀ ਜਾਵੇ ਅਤੇ ਉਸ ਦੇ ਉੱਤੇ ਰਾਜਾ ਦੀ ਅੰਗੂਠੀ ਦੀ ਮੋਹਰ ਲੱਗ ਜਾਵੇ ਤਾਂ ਉਸ ਨੂੰ ਕੋਈ ਵੀ ਬਦਲ ਨਹੀਂ ਸਕਦਾ ।"

9ਉਸੇ ਸਮੇਂ ਅਰਥਾਤ ਸੀਵਾਨ ਨਾਮਕ ਤੀਸਰੇ ਮਹੀਨੇ ਦੀ ਤੇਈਵੀਂ ਤਾਰੀਖ ਨੂੰ ਰਾਜਾ ਦੇ ਲਿਖਾਰੀ ਬੁਲਾਏ ਗਏ ਅਤੇ ਮਾਰਦਕਈ ਦੇ ਹੁਕਮ ਅਨੁਸਾਰ ਯਹੂਦੀਆਂ ਦੇ ਲਈ ਅਤੇ ਹਾਕਮਾਂ ਅਤੇ ਪ੍ਰਧਾਨਾਂ ਲਈ ਅਤੇ ਹਿੰਦੁਸਤਾਨ ਤੋਂ ਲੈ ਕੇ ਕੂਸ਼ ਤੱਕ ਇੱਕ ਸੌ ਸਤਾਈ ਸੂਬਿਆਂ ਦੇ ਸਾਰੇ ਹਾਕਮਾਂ ਅਤੇ ਪ੍ਰਧਾਨਾਂ ਲਈ, ਹਰ ਇੱਕ ਸੂਬੇ ਦੀ ਲਿਖਤ ਅਤੇ ਹਰ ਇੱਕ ਜਾਤੀ ਦੇ ਲੋਕਾਂ ਦੀ ਭਾਸ਼ਾ ਵਿੱਚ ਅਤੇ ਯਹੂਦੀਆਂ ਨੂੰ ਉਨ੍ਹਾਂ ਦੀ ਲਿਖਤ ਅਤੇ ਭਾਸ਼ਾ ਵਿੱਚ ਲਿਖਿਆ ਗਿਆ ।
10ਅਤੇ ਮਾਰਦਕਈ ਨੇ ਰਾਜਾ ਅਹਸ਼ਵੇਰੋਸ਼ ਦੇ ਨਾਮ ਉੱਤੇ ਹੁਕਮਨਾਮੇ ਲਿਖਵਾਏ ਅਤੇ ਉਨ੍ਹਾਂ ਉੱਤੇ ਰਾਜਾ ਦੀ ਅੰਗੂਠੀ ਦੀ ਮੋਹਰ ਲਗਾ ਕੇ, ਤੇਜ਼ ਭੱਜਣ ਵਾਲੇ ਸ਼ਾਹੀ ਘੋੜਿਆਂ, ਖੱਚਰਾਂ, ਊਠਾਂ ਅਤੇ ਸਾਨ੍ਹਾਂ ਉੱਤੇ ਸਵਾਰ ਸੰਦੇਸ਼-ਵਾਹਕਾਂ ਦੇ ਹੱਥ ਭੇਜ ਦਿੱਤੇ ।11ਉਨ੍ਹਾਂ ਹੁਕਮਨਾਮਿਆਂ ਵਿੱਚ ਰਾਜਾ ਵੱਲੋਂ ਸਾਰੇ ਯਹੂਦੀਆਂ ਨੂੰ ਜਿਹੜੇ ਸਾਰੇ ਸ਼ਹਿਰਾਂ ਵਿੱਚ ਰਹਿੰਦੇ ਸਨ, ਹੁਕਮ ਦਿੱਤਾ ਗਿਆ ਕਿ ਉਹ ਸਾਰੇ ਇੱਕਠੇ ਹੋ ਜਾਣ ਅਤੇ ਆਪਣੀ ਜਾਣ ਬਚਾਉਣ ਲਈ ਤਿਆਰ ਰਹਿਣ ਅਤੇ ਜਿਸ ਜਾਤੀ ਜਾਂ ਸੂਬੇ ਦੇ ਲੋਕ ਉਨ੍ਹਾਂ ਉੱਤੇ ਜਾਂ ਉਨ੍ਹਾਂ ਦੀਆਂ ਇਸਤਰੀਆਂ ਅਤੇ ਬੱਚਿਆਂ ਉੱਤੇ ਵਾਰ ਕਰਨ, ਯਹੂਦੀ ਉਨ੍ਹਾਂ ਸਾਰਿਆਂ ਨੂੰ ਮਾਰ ਦੇਣ, ਨਾਸ ਕਰਨ, ਮਿਟਾ ਦੇਣ ਅਤੇ ਉਨ੍ਹਾਂ ਦਾ ਮਾਲ ਧਨ ਲੁੱਟ ਲੈਣ ।12ਅਤੇ ਇਹ ਰਾਜਾ ਅਹਸ਼ਵੇਰੋਸ਼ ਦੇ ਸਾਰੇ ਸੂਬਿਆਂ ਵਿੱਚ ਬਾਰਵੇਂ ਮਹੀਨੇ ਅਰਥਾਤ ਅਦਾਰ ਮਹੀਨੇ ਦੀ ਤੇਰ੍ਹਵੀਂ ਤਾਰੀਖ਼ ਨੂੰ ਇੱਕ ਹੀ ਦਿਨ ਵਿੱਚ ਕੀਤਾ ਜਾਵੇ ।
13ਇਸ ਹੁਕਮਨਾਮੇ ਦੀ ਲਿਖਤ ਦੀ ਇੱਕ-ਇੱਕ ਨਕਲ, ਸਾਰਿਆਂ ਸੂਬਿਆਂ ਵਿੱਚ ਸਾਰੀਆਂ ਜਾਤੀਆਂ ਦੇ ਲੋਕਾਂ ਲਈ ਖੁੱਲ੍ਹੀ ਭੇਜੀ ਗਈ ਤਾਂ ਜੋ ਯਹੂਦੀ ਉਸ ਦਿਨ ਆਪਣੇ ਵੈਰੀਆਂ ਤੋਂ ਬਦਲਾ ਲੈਣ ਲਈ ਤਿਆਰ ਰਹਿਣ ।14ਇਸ ਤਰ੍ਹਾਂ ਸੰਦੇਸ਼-ਵਾਹਕ ਤੇਜ਼ ਭੱਜਣ ਵਾਲੇ ਘੋੜਿਆਂ ਉੱਤੇ ਸਵਾਰ ਹੋ ਕੇ, ਰਾਜਾ ਦੇ ਹੁਕਮ ਅਨੁਸਾਰ ਛੇਤੀ ਨਾਲ ਨਿੱਕਲ ਗਏ ਅਤੇ ਇਹ ਹੁਕਮ ਸ਼ੂਸ਼ਨ ਦੇ ਮਹਿਲ ਵਿੱਚ ਵੀ ਦਿੱਤਾ ਗਿਆ ।

15ਤਦ ਮਾਰਦਕਈ ਰਾਜਾ ਦੇ ਹਜ਼ੂਰੋਂ ਨੀਲਾ ਅਤੇ ਸਫ਼ੇਦ ਸ਼ਾਹੀ ਬਸਤਰ ਪਹਿਨ ਕੇ ਅਤੇ ਸਿਰ ਉੱਤੇ ਸੋਨੇ ਦਾ ਇੱਕ ਵੱਡਾ ਮੁਕਟ ਰੱਖ ਕੇ ਅਤੇ ਕਤਾਨੀ ਅਤੇ ਬੈਂਗਣੀ ਚੋਗਾ ਪਾ ਕੇ, ਬਾਹਰ ਨਿੱਕਲਿਆ ਅਤੇ ਸ਼ੂਸ਼ਨ ਸ਼ਹਿਰ ਦੇ ਲੋਕ ਅਨੰਦ ਅਤੇ ਪ੍ਰਸੰਨ ਹੋ ਗਏ ।16ਅਤੇ ਯਹੂਦੀਆਂ ਨੂੰ ਸੁੱਖ ਤੇ ਅਨੰਦ ਮਿਲਿਆ ਅਤੇ ਉਨ੍ਹਾਂ ਦਾ ਬਹੁਤ ਹੀ ਸਨਮਾਨ ਹੋਇਆ ।17ਅਤੇ ਹਰ ਸੂਬੇ ਅਤੇ ਹਰ ਸ਼ਹਿਰ ਵਿੱਚ, ਜਿੱਥੇ ਕਿਤੇ ਵੀ ਰਾਜਾ ਦਾ ਹੁਕਮ ਅਤੇ ਨਿਯਮ ਗਿਆ, ਉੱਥੇ ਯਹੂਦੀਆਂ ਨੂੰ ਅਨੰਦ ਅਤੇ ਸੁੱਖ ਮਿਲਿਆ, ਅਤੇ ਉਨ੍ਹਾਂ ਨੇ ਦਾਵਤਾਂ ਕੀਤੀਆਂ, ਇਹ ਉਨ੍ਹਾਂ ਲਈ ਬਹੁਤ ਹੀ ਖੁਸ਼ੀ ਦਾ ਦਿਨ ਸੀ । ਅਤੇ ਉਨ੍ਹਾਂ ਦੇਸ਼ਾਂ ਦੇ ਬਹੁਤ ਸਾਰੇ ਲੋਕ ਯਹੂਦੀ ਬਣ ਗਏ, ਕਿਉਂਕਿ ਯਹੂਦੀਆਂ ਦਾ ਭੈ ਉਨ੍ਹਾਂ ਉੱਤੇ ਛਾ ਗਿਆ ।

9
ਯਹੂਦੀਆਂ ਦਾ ਆਪਣੇ ਦੁਸ਼ਮਣਾਂ ਉੱਤੇ ਪਰਬਲ ਹੋਣਾ

1ਹੁਣ ਅਦਾਰ ਨਾਮਕ ਬਾਰ੍ਹਵੇਂ ਮਹੀਨੇ ਦੀ ਤੇਰ੍ਹਵੀਂ ਤਾਰੀਖ਼ ਨੂੰ, ਜਦ ਰਾਜਾ ਦੇ ਹੁਕਮ ਅਤੇ ਨਿਯਮ ਉੱਤੇ ਕੰਮ ਕਰਨ ਦਾ ਸਮਾਂ ਨਜ਼ਦੀਕ ਆਇਆ, ਤਾਂ ਯਹੂਦੀਆਂ ਦੇ ਵੈਰੀਆਂ ਨੂੰ ਆਸ ਸੀ ਕਿ ਉਹ ਉਹਨਾਂ ਨੂੰ ਦਬਾ ਲੈਣਗੇ, ਪਰ ਹੋਇਆ ਇਸ ਦੇ ਉਲਟ ਅਤੇ ਯਹੂਦੀਆਂ ਨੇ ਉਨ੍ਹਾਂ ਤੋਂ ਨਫ਼ਰਤ ਕਰਨ ਵਾਲਿਆਂ ਨੂੰ ਦਬਾ ਲਿਆ ।2ਉਸ ਦਿਨ ਰਾਜਾ ਅਹਸ਼ਵੇਰੋਸ਼ ਦੇ ਸਾਰੇ ਸੂਬਿਆਂ ਵਿੱਚ ਯਹੂਦੀ ਆਪੋ-ਆਪਣਿਆਂ ਸ਼ਹਿਰਾਂ ਵਿੱਚ ਇੱਕਠੇ ਹੋਏ, ਤਾਂ ਕਿ ਜੋ ਉਨ੍ਹਾਂ ਦਾ ਨਾਸ ਕਰਨਾ ਚਾਹੁੰਦੇ ਸਨ, ਉਨ੍ਹਾਂ ਉੱਤੇ ਹਮਲਾ ਕਰਨ । ਕੋਈ ਵੀ ਮਨੁੱਖ ਉਨ੍ਹਾਂ ਦਾ ਸਾਹਮਣਾ ਨਾ ਕਰ ਸਕਿਆ ਕਿਉਂਕਿ ਉਨ੍ਹਾਂ ਦਾ ਭੈ ਸਾਰੀਆਂ ਜਾਤੀਆਂ ਉੱਤੇ ਛਾ ਗਿਆ ਸੀ ।

3ਸਗੋਂ ਸੂਬਿਆਂ ਦੇ ਸਾਰੇ ਹਾਕਮਾਂ ਅਤੇ ਅਧਿਕਾਰੀਆਂ ਅਤੇ ਪ੍ਰਧਾਨਾਂ ਅਤੇ ਰਾਜਾ ਦੇ ਕਰਮਚਾਰੀਆਂ ਨੇ ਯਹੂਦੀਆਂ ਦੀ ਸਹਾਇਤਾ ਕੀਤੀ, ਕਿਉਂਕਿ ਮਾਰਦਕਈ ਦਾ ਭੈ ਉਨ੍ਹਾਂ ਉੱਤੇ ਛਾ ਗਿਆ ਸੀ ।4ਮਾਰਦਕਈ ਸ਼ਾਹੀ ਮਹਿਲ ਵਿੱਚ ਬਹੁਤ ਹੀ ਆਦਰਯੋਗ ਸੀ ਅਤੇ ਉਹ ਸਾਰਿਆਂ ਸੂਬਿਆਂ ਵਿੱਚ ਪ੍ਰਸਿੱਧ ਹੋ ਗਿਆ, ਸਗੋਂ ਮਾਰਦਕਈ ਦੀ ਪ੍ਰਸਿੱਧੀ ਵੱਧਦੀ ਹੀ ਗਈ ।5ਇਸ ਤਰ੍ਹਾਂ ਯਹੂਦੀਆਂ ਨੇ ਆਪਣੇ ਸਾਰੇ ਵੈਰੀਆਂ ਨੂੰ ਤਲਵਾਰ ਦੀ ਧਾਰ ਨਾਲ ਮਾਰ ਕੇ ਨਾਸ ਕਰ ਦਿੱਤਾ ਅਤੇ ਮਿਟਾ ਦਿੱਤਾ ਅਤੇ ਆਪਣੇ ਸਾਰੇ ਵੈਰੀਆਂ ਨਾਲ ਆਪਣੀ ਇੱਛਾ ਅਨੁਸਾਰ ਵਰਤਾਉ ਕੀਤਾ ।
6ਸ਼ੂਸ਼ਨ ਦੇ ਮਹਿਲ ਵਿੱਚ ਯਹੂਦੀਆਂ ਨੇ ਪੰਜ ਸੌ ਮਨੁੱਖਾਂ ਨੂੰ ਮਾਰ ਕੇ ਨਾਸ ਕਰ ਦਿੱਤਾ ।7ਉਨ੍ਹਾਂ ਨੇ ਪਰਸ਼ਨਦਾਥਾ, ਦਿਲਫੋਨ, ਅਸਪਾਥਾ,8ਪੋਰਾਥਾ, ਅਦਲਯਾ, ਅਰੀਦਾਥਾ,9ਪਰਮਸ਼ਤਾ, ਅਰੀਸਈ, ਅਰੀਦਈ ਅਤੇ ਵੀਜ਼ਾਥਾ10ਅਰਥਾਤ ਹਮਦਾਥਾ ਦੇ ਪੁੱਤਰ ਹਾਮਾਨ ਦੇ ਦਸੇ ਪੁੱਤਰਾਂ ਨੂੰ, ਜੋ ਯਹੂਦੀਆਂ ਦਾ ਵੈਰੀ ਸੀ, ਕਤਲ ਕੀਤਾ ਪਰ ਉਨ੍ਹਾਂ ਦੇ ਮਾਲ ਧਨ ਨੂੰ ਹੱਥ ਨਾ ਲਾਇਆ ।
11ਉਸੇ ਦਿਨ ਜਿਹੜੇ ਸ਼ੂਸ਼ਨ ਦੇ ਮਹਿਲ ਵਿੱਚ ਮਾਰੇ ਗਏ ਸਨ, ਉਨ੍ਹਾਂ ਦੀ ਗਿਣਤੀ ਰਾਜਾ ਨੂੰ ਦੱਸੀ ਗਈ ।12ਤਦ ਰਾਜਾ ਨੇ ਰਾਣੀ ਅਸਤਰ ਨੂੰ ਕਿਹਾ, "ਸ਼ੂਸ਼ਨ ਦੇ ਮਹਿਲ ਵਿੱਚ ਹੀ ਯਹੂਦੀਆਂ ਨੇ ਪੰਜ ਸੌ ਮਨੁੱਖ ਅਤੇ ਹਾਮਾਨ ਦੇ ਦਸੇ ਪੁੱਤਰਾਂ ਨੂੰ ਵੀ ਮਾਰ ਕੇ ਨਾਸ ਕਰ ਦਿੱਤਾ ਹੈ, ਤਾਂ ਫਿਰ ਰਾਜ ਦੇ ਬਾਕੀ ਸੂਬਿਆਂ ਵਿੱਚ ਉਨ੍ਹਾਂ ਨੇ ਕੀ ਕੁਝ ਨਾ ਕੀਤਾ ਹੋਵੇਗਾ ! ਹੁਣ ਤੇਰੀ ਹੋਰ ਕੀ ਬੇਨਤੀ ਹੈ ? ਉਹ ਵੀ ਪੂਰੀ ਕੀਤੀ ਜਾਵੇਗੀ ।"
13ਤਦ ਅਸਤਰ ਨੇ ਕਿਹਾ, "ਜੇਕਰ ਰਾਜਾ ਨੂੰ ਸਵੀਕਾਰ ਹੋਵੇ ਤਾਂ ਸ਼ੂਸ਼ਨ ਵਿੱਚ ਰਹਿਣ ਵਾਲੇ ਯਹੂਦੀਆਂ ਨੂੰ ਅੱਜ ਦੀ ਤਰ੍ਹਾਂ ਕੱਲ ਵੀ ਕਰਨ ਦਾ ਹੁਕਮ ਦਿੱਤਾ ਜਾਵੇ, ਅਤੇ ਹਾਮਾਨ ਦੇ ਦਸੇ ਪੁੱਤਰ ਫਾਂਸੀ ਦੇ ਕੇ ਲਟਕਾਏ ਜਾਣ !"14ਤਾਂ ਰਾਜਾ ਨੇ ਹੁਕਮ ਦਿੱਤਾ, "ਇਸੇ ਤਰ੍ਹਾਂ ਹੀ ਕੀਤਾ ਜਾਵੇ ।" ਇਹ ਹੁਕਮ ਸ਼ੂਸ਼ਨ ਵਿੱਚ ਦਿੱਤਾ ਗਿਆ ਅਤੇ ਹਾਮਾਨ ਦੇ ਦਸੇ ਪੁੱਤਰ ਫਾਂਸੀ ਦੇ ਕੇ ਲਟਕਾ ਦਿੱਤੇ ਗਏ ।
15ਅਤੇ ਉਨ੍ਹਾਂ ਯਹੂਦੀਆਂ ਨੇ ਜਿਹੜੇ ਸ਼ੂਸ਼ਨ ਵਿੱਚ ਸਨ, ਅਦਾਰ ਮਹੀਨੇ ਦੀ ਚੌਧਵੀਂ ਤਾਰੀਖ਼ ਨੂੰ ਵੀ ਇਕੱਠੇ ਹੋ ਕੇ ਸ਼ੂਸ਼ਨ ਵਿੱਚ ਤਿੰਨ ਸੌ ਮਨੁੱਖਾਂ ਨੂੰ ਮਾਰ ਦਿੱਤਾ, ਪਰ ਉਨ੍ਹਾਂ ਦੇ ਮਾਲ ਧਨ ਨੂੰ ਹੱਥ ਨਾ ਲਾਇਆ ।

16ਅਤੇ ਰਾਜ ਦੇ ਹੋਰ ਸੂਬਿਆਂ ਵਿੱਚ ਵੀ ਯਹੂਦੀ ਇਕੱਠੇ ਹੋਏ ਅਤੇ ਆਪਣੀਆਂ ਜਾਨਾਂ ਬਚਾਉਣ ਲਈ ਖੜ੍ਹੇ ਹੋ ਗਏ, ਅਤੇ ਆਪਣੇ ਵੈਰੀਆਂ ਵਿੱਚੋਂ ਪੰਝੱਤਰ ਹਜ਼ਾਰ ਨੂੰ ਮਾਰ ਕੇ ਆਪਣੇ ਵੈਰੀਆਂ ਤੋਂ ਅਰਾਮ ਪਾਇਆ ਪਰ ਲੁੱਟ ਦੇ ਮਾਲ ਨੂੰ ਹੱਥ ਨਾ ਲਾਇਆ ।

17ਅਜਿਹਾ ਉਨ੍ਹਾਂ ਨੇ ਅਦਾਰ ਮਹੀਨੇ ਦੀ ਤੇਰ੍ਹਵੀਂ ਤਾਰੀਖ਼ ਨੂੰ ਕੀਤਾ, ਅਤੇ ਚੌਧਵੀਂ ਤਾਰੀਖ਼ ਨੂੰ ਉਨ੍ਹਾਂ ਨੇ ਅਰਾਮ ਕੀਤਾ ਅਤੇ ਉਸ ਦਿਨ ਨੂੰ ਦਾਵਤ ਅਤੇ ਅਨੰਦ ਕਰਨ ਦਾ ਦਿਨ ਠਹਿਰਾਇਆ ।18ਪਰ ਉਹ ਯਹੂਦੀ ਜਿਹੜੇ ਸ਼ੂਸ਼ਨ ਵਿੱਚ ਸਨ, ਉਹ ਅਦਾਰ ਮਹੀਨੇ ਦੀ ਤੇਰ੍ਹਵੀਂ ਅਤੇ ਚੌਧਵੀਂ ਤਾਰੀਖ਼ ਨੂੰ ਇੱਕਠੇ ਹੋਏ ਅਤੇ ਉਸੇ ਮਹੀਨੇ ਦੀ ਪੰਦਰਵੀਂ ਤਾਰੀਖ਼ ਨੂੰ ਅਰਾਮ ਕੀਤਾ ਅਤੇ ਉਸ ਦਿਨ ਨੂੰ ਦਾਵਤ ਅਤੇ ਅਨੰਦ ਕਰਨ ਦਾ ਦਿਨ ਠਹਿਰਾਇਆ ।19ਇਸ ਲਈ ਪਿੰਡਾਂ ਦੇ ਯਹੂਦੀ ਜਿਹੜੇ ਬਿਨ੍ਹਾਂ ਸ਼ਹਿਰਪਨਾਹ ਵਾਲੇ ਪਿੰਡਾਂ ਵਿੱਚ ਰਹਿੰਦੇ ਹਨ, ਉਹ ਅਦਾਰ ਮਹੀਨੇ ਦੀ ਚੌਧਵੀਂ ਤਾਰੀਖ਼ ਨੂੰ ਅਨੰਦ ਅਤੇ ਖੁਸ਼ੀ ਅਤੇ ਦਾਵਤ ਅਤੇ ਇੱਕ ਦੂਸਰੇ ਨੂੰ ਸੁਗਾਤਾਂ ਭੇਜਣ ਦਾ ਦਿਨ ਕਰਕੇ ਮੰਨਦੇ ਹਨ ।
ਪੂਰੀਮ ਦੇ ਪਰਬ ਦੀ ਸਥਾਪਨਾ

20ਮਾਰਦਕਈ ਨੇ ਇਨ੍ਹਾਂ ਗੱਲਾਂ ਨੂੰ ਵਿਸਥਾਰ ਨਾਲ ਲਿਖ਼ ਕੇ, ਰਾਜਾ ਅਹਸ਼ਵੇਰੋਸ਼ ਦੇ ਸਾਰੇ ਸੂਬਿਆਂ ਵਿੱਚ, ਭਾਵੇਂ ਨਜ਼ਦੀਕ ਅਤੇ ਭਾਵੇਂ ਦੂਰ ਰਹਿਣ ਵਾਲੇ ਸਾਰੇ ਯਹੂਦੀਆਂ ਨੂੰ ਚਿੱਠੀਆਂ ਭੇਜੀਆਂ,21ਤਾਂ ਜੋ ਇਸ ਗੱਲ ਨੂੰ ਕਾਇਮ ਕਰੇ ਕਿ ਉਹ ਅਦਾਰ ਮਹੀਨੇ ਦੇ ਚੌਧਵੇਂ ਅਤੇ ਪੰਦਰਵੇਂ ਦਿਨ ਨੂੰ ਹਰ ਸਾਲ ਮਨਾਇਆ ਕਰਨ ।22ਕਿਉਂਕਿ ਇਹ ਹੀ ਉਹ ਦਿਨ ਸਨ, ਜਿਨ੍ਹਾਂ ਵਿੱਚ ਯਹੂਦੀਆਂ ਨੂੰ ਆਪਣਿਆਂ ਵੈਰੀਆਂ ਤੋਂ ਅਰਾਮ ਮਿਲਿਆ, ਅਤੇ ਇਸ ਮਹੀਨੇ ਵਿੱਚ ਉਨ੍ਹਾਂ ਦਾ ਗਮ ਅਨੰਦ ਵਿੱਚ ਅਤੇ ਰੋਣਾ-ਪਿੱਟਣਾ ਖੁਸ਼ੀ ਦੇ ਦਿਨ ਵਿੱਚ ਬਦਲ ਗਿਆ । ਇਸ ਲਈ ਉਹ ਇਸ ਦਿਨ ਨੂੰ ਦਾਵਤ, ਅਨੰਦ, ਅਤੇ ਇੱਕ ਦੂਜੇ ਨੂੰ ਸੁਗਾਤਾਂ ਭੇਜਣ ਦਾ ਦਿਨ ਅਤੇ ਗਰੀਬਾਂ ਨੂੰ ਦਾਨ ਦੇਣ ਦਾ ਦਿਨ ਕਰਕੇ ਮਨਾਉਣ ।
23ਅਤੇ ਜਿਵੇਂ ਯਹੂਦੀਆਂ ਨੇ ਇਸ ਦਿਨ ਨੂੰ ਮਨਾਉਣਾ ਸ਼ੁਰੂ ਕੀਤਾ ਸੀ ਅਤੇ ਜਿਵੇਂ ਮਾਰਦਕਈ ਨੇ ਉਨ੍ਹਾਂ ਨੂੰ ਲਿਖਿਆ ਸੀ, ਉਸੇ ਤਰ੍ਹਾਂ ਹੀ ਇਸ ਰੀਤ ਨੂੰ ਮਨਾਉਣਾ ਸਵੀਕਾਰ ਕਰ ਲਿਆ,24ਕਿਉਂਕਿ ਅਗਾਗੀ ਹਮਦਾਥਾ ਦਾ ਪੁੱਤਰ ਹਾਮਾਨ ਜੋ ਸਾਰੇ ਯਹੂਦੀਆਂ ਦਾ ਵੈਰੀ ਸੀ, ਉਸਨੇ ਯਹੂਦੀਆਂ ਦਾ ਨਾਸ ਕਰਨ ਦੀ ਯੋਜਨਾ ਬਣਾਈ ਸੀ ਅਤੇ ਇਸ ਲਈ "ਪੂਰ" ਅਰਥਾਤ ਪਰਚੀਆਂ ਪਾਈਆਂ ਸਨ, ਤਾਂ ਜੋ ਉਨ੍ਹਾਂ ਨੂੰ ਦੁੱਖ ਦੇਵੇ ਅਤੇ ਮਿਟਾ ਦੇਵੇ ।25ਪਰ ਜਦ ਇਹ ਮਾਮਲਾ ਰਾਜਾ ਦੇ ਸਾਹਮਣੇ ਆਇਆ ਤਾਂ ਉਸ ਨੇ ਹੁਕਮਨਾਮੇ ਲਿਖਵਾ ਕੇ ਆਦੇਸ਼ ਜਾਰੀ ਕੀਤਾ ਕਿ ਜੋ ਦੁਸ਼ਟ ਯੋਜਨਾ ਹਾਮਾਨ ਨੇ ਯਹੂਦੀਆਂ ਦੇ ਵਿਰੁੱਧ ਬਣਾਈ ਸੀ, ਉਹ ਉਲਟਾ ਉਸ ਦੇ ਹੀ ਸਿਰ ਉੱਤੇ ਹੀ ਪਵੇ, ਤਦ ਉਹ ਅਤੇ ਉਸ ਦੇ ਪੁੱਤਰ ਫਾਂਸੀ ਦੇ ਕੇ ਲਟਕਾਏ ਗਏ ।

26ਇਸੇ ਕਰਕੇ ਉਨ੍ਹਾਂ ਨੇ "ਪੂਰ" ਸ਼ਬਦ ਤੋਂ ਇਨ੍ਹਾਂ ਦਿਨਾਂ ਦਾ ਨਾਮ ਪੂਰੀਮ ਰੱਖਿਆ । ਇਸ ਚਿੱਠੀ ਦੀਆਂ ਸਾਰੀਆਂ ਗੱਲਾਂ ਦੇ ਕਾਰਨ, ਅਤੇ ਉਸ ਸਭ ਦੇ ਕਾਰਨ ਜੋ ਉਨ੍ਹਾਂ ਨੇ ਵੇਖਿਆ ਸੀ ਅਤੇ ਜੋ ਕੁਝ ਉਨ੍ਹਾਂ ਨਾਲ ਬੀਤਿਆ ਸੀ,27ਯਹੂਦੀਆਂ ਨੇ ਆਪਣੇ ਲਈ, ਆਪਣੇ ਬੱਚਿਆਂ ਲਈ ਅਤੇ ਉਨ੍ਹਾਂ ਸਾਰਿਆਂ ਲਈ ਜਿਹੜੇ ਉਨ੍ਹਾਂ ਦੇ ਨਾਲ ਮਿਲ ਗਏ ਸਨ, ਇਹ ਗੱਲ ਪੱਕੀ ਕਰਕੇ ਸਵੀਕਾਰ ਕਰ ਲਈ ਤਾਂ ਜੋ ਇਹ ਅਟੱਲ ਹੋ ਜਾਵੇ ਕਿ ਉਹ ਇਹਨਾਂ ਦੋਹਾਂ ਦਿਨਾਂ ਨੂੰ ਆਪਣੀ ਲਿਖਤ ਦੇ ਅਨੁਸਾਰ ਠਹਿਰਾਏ ਹੋਏ ਸਮੇਂ ਉੱਤੇ ਹਰ ਸਾਲ ਮਨਾਉਣਗੇ ।28ਅਤੇ ਇਹ ਦਿਨ ਪੀੜ੍ਹੀਓਂ ਪੀੜ੍ਹੀ, ਹਰੇਕ ਘਰਾਣੇ, ਹਰੇਕ ਸੂਬੇ, ਅਤੇ ਹਰੇਕ ਸ਼ਹਿਰ ਵਿੱਚ ਯਾਦ ਰੱਖ ਕੇ ਮਨਾਏ ਜਾਣਗੇ ਅਤੇ ਪੂਰੀਮ ਦੇ ਇਹ ਦਿਨ ਯਹੂਦੀਆਂ ਵਿੱਚੋਂ ਕਦੇ ਵੀ ਨਾ ਮਿੱਟਣਗੇ ਅਤੇ ਨਾ ਹੀ ਉਨ੍ਹਾਂ ਦੀ ਯਾਦ ਉਹਨਾਂ ਦੇ ਵੰਸ਼ ਵਿੱਚੋਂ ਕਦੀ ਜਾਵੇਗੀ ।

29ਤਾਂ ਅਬੀਹਯਿਲ ਦੀ ਧੀ ਰਾਣੀ ਅਸਤਰ ਅਤੇ ਮਾਰਦਕਈ ਯਹੂਦੀ ਨੇ ਪੂਰੀਮ ਦੇ ਵਿਖੇ ਇਹ ਦੂਸਰੀ ਚਿੱਠੀ ਪੂਰੇ ਅਧਿਕਾਰ ਨਾਲ ਲਿਖੀ ।
30ਅਤੇ ਇਸ ਦੀਆਂ ਨਕਲਾਂ ਮਾਰਦਕਈ ਨੇ ਰਾਜਾ ਅਹਸ਼ਵੇਰੋਸ਼ ਦੇ ਰਾਜ ਦੇ ਇੱਕ ਸੌ ਸਤਾਈ ਸੂਬਿਆਂ ਵਿੱਚ ਰਹਿਣ ਵਾਲੇ ਸਾਰੇ ਯਹੂਦੀਆਂ ਨੂੰ ਭੇਜੀਆਂ, ਜਿਨ੍ਹਾਂ ਵਿੱਚ ਸ਼ਾਂਤੀ ਅਤੇ ਸਚਿਆਈ ਦੀਆਂ ਗੱਲਾਂ ਲਿਖੀਆਂ ਸਨ,31ਤਾਂ ਜੋ ਪੂਰੀਮ ਦੇ ਇਹਨਾਂ ਦਿਨਾਂ ਨੂੰ ਉਨ੍ਹਾਂ ਦੇ ਠਹਿਰਾਏ ਹੋਏ ਸਮੇਂ ਤੇ ਅਤੇ ਜਿਵੇਂ ਮਾਰਦਕਈ ਯਹੂਦੀ ਅਤੇ ਰਾਣੀ ਅਸਤਰ ਨੇ ਹੁਕਮ ਦਿੱਤਾ ਸੀ ਅਤੇ ਜਿਵੇਂ ਯਹੂਦੀਆਂ ਨੇ ਆਪਣੇ ਲਈ ਤੇ ਆਪਣੇ ਬੱਚਿਆਂ ਲਈ ਪੱਕਾ ਕਰਕੇ ਇਸ ਨੂੰ ਕਾਇਮ ਕਰ ਲਿਆ ਸੀ, ਉਸੇ ਅਨੁਸਾਰ ਵਰਤ ਰੱਖਣ ਅਤੇ ਵਿਰਲਾਪ ਕੀਤੇ ਜਾਣ ।32ਪੂਰੀਮ ਦੇ ਵਿਖੇ ਇਹ ਨਿਯਮ ਅਸਤਰ ਦੇ ਹੁਕਮ ਅਨੁਸਾਰ ਪੱਕੇ ਕੀਤੇ ਗਏ, ਅਤੇ ਇਹ ਗੱਲਾਂ ਪੁਸਤਕ ਵਿੱਚ ਲਿਖੀਆਂ ਗਈਆਂ ।

10
ਰਾਜੇ ਅਹਸ਼ਵੇਰੋਸ਼ ਅਤੇ ਮਾਰਦਕਈ ਦੀ ਮਹਾਨਤਾ

1ਅਹਸ਼ਵੇਰੋਸ਼ ਰਾਜਾ ਨੇ ਦੇਸ਼ ਅਤੇ ਸਮੁੰਦਰ ਦੇ ਟਾਪੂਆਂ ਉੱਤੇ ਲਗਾਨ ਲਾ ਦਿੱਤਾ2ਉਸ ਦੇ ਬਲ ਅਤੇ ਸ਼ਕਤੀ ਦੇ ਸਾਰੇ ਕੰਮ, ਅਤੇ ਮਾਰਦਕਈ ਦੀ ਮਹਾਨਤਾ ਦਾ ਪੂਰਾ ਵਿਸਥਾਰ ਕਿ ਕਿਸ ਤਰ੍ਹਾਂ ਰਾਜਾ ਉਸ ਨੂੰ ਉੱਚੀ ਪਦਵੀ ਤੱਕ ਲੈ ਆਇਆ, ਕੀ ਉਹ ਮਾਦੀ ਅਤੇ ਫ਼ਾਰਸੀ ਰਾਜਿਆਂ ਦੇ ਇਤਿਹਾਸ ਦੀ ਪੁਸਤਕ ਵਿੱਚ ਨਹੀਂ ਲਿਖੇ ਗਏ ?

3ਯਹੂਦੀ ਮਾਰਦਕਈ ਰਾਜਾ ਅਹਸ਼ਵੇਰੋਸ਼ ਤੋਂ ਦੂਜੇ ਦਰਜੇ ਵਿੱਚ ਸੀ, ਅਤੇ ਯਹੂਦੀਆਂ ਦੀ ਨਜ਼ਰ ਵਿੱਚ ਵੱਡਾ ਸੀ, ਅਤੇ ਉਸ ਦੇ ਯਹੂਦੀ ਭਰਾ ਉਸ ਦਾ ਸਨਮਾਨ ਕਰਦੇ ਸਨ ਕਿਉਂਕਿ ਉਹ ਆਪਣੇ ਲੋਕਾਂ ਦੀ ਭਲਿਆਈ ਕਰਨ ਵਿੱਚ ਲੱਗਿਆ ਰਹਿੰਦਾ ਸੀ ਅਤੇ ਆਪਣੇ ਸਾਰੇ ਲੋਕਾਂ ਨਾਲ ਸ਼ਾਂਤੀ ਦੇ ਬਚਨ ਬੋਲਦਾ ਹੁੰਦਾ ਸੀ ।

ਅੱਯੂਬ

1
ਅੱਯੂਬ ਦਾ ਡਾਢੀ ਪਰੀਖਿਆ ਵਿੱਚ ਪੈਣਾ

1ਊਜ਼ ਦੇ ਦੇਸ ਵਿੱਚ ਅੱਯੂਬ ਨਾਮ ਦਾ ਇੱਕ ਨਿਰਦੋਸ਼ ਤੇ ਖਰਾ ਮਨੁੱਖ ਸੀ, ਜੋ ਪਰਮੇਸ਼ੁਰ ਤੋਂ ਡਰਦਾ ਅਤੇ ਬਦੀ ਤੋਂ ਦੂਰ ਰਹਿੰਦਾ ਸੀ ।2ਉਹ ਦੇ ਸੱਤ ਪੁੱਤਰ ਅਤੇ ਤਿੰਨ ਧੀਆਂ ਸਨ ।3ਉਹ ਦੇ ਕੋਲ ਸੱਤ ਹਜ਼ਾਰ ਭੇਡਾਂ, ਤਿੰਨ ਹਜ਼ਾਰ ਊਠ, ਪੰਜ ਸੌ ਜੋੜੀ ਬਲ਼ਦ ਅਤੇ ਪੰਜ ਸੌ ਗਧੀਆਂ ਅਤੇ ਬਹੁਤ ਸਾਰੇ ਨੌਕਰ-ਚਾਕਰ ਸਨ ਅਤੇ ਉਹ ਪੂਰਬ ਦੇ ਲੋਕਾਂ ਵਿੱਚ ਸਭ ਤੋਂ ਜ਼ਿਆਦਾ ਧਨਵਾਨ ਮਨੁੱਖ ਸੀ ।

4ਉਹ ਦੇ ਪੁੱਤਰ ਵਾਰੋ-ਵਾਰੀ ਆਪਣੇ-ਆਪਣੇ ਘਰਾਂ ਵਿੱਚ ਦਾਵਤ ਕਰਦੇ ਹੁੰਦੇ ਸਨ, ਅਤੇ ਉਹ ਆਪਣੀਆਂ ਤਿੰਨਾਂ ਭੈਣਾਂ ਨੂੰ ਖਾਣ-ਪੀਣ ਲਈ ਆਪਣੇ ਕੋਲ ਸੱਦਾ ਭੇਜਦੇ ਸਨ ।5ਜਦ ਉਨ੍ਹਾਂ ਦੀ ਦਾਵਤ ਦੇ ਦਿਨ ਬੀਤ ਜਾਂਦੇ ਤਦ ਅੱਯੂਬ ਉਨ੍ਹਾਂ ਨੂੰ ਸੱਦ ਲੈਂਦਾ ਅਤੇ ਉਨ੍ਹਾਂ ਨੂੰ ਪਵਿੱਤਰ ਕਰਦਾ ਹੁੰਦਾ ਸੀ ਅਤੇ ਸਵੇਰੇ ਹੀ ਉੱਠ ਕੇ ਉਨ੍ਹਾਂ ਸਾਰਿਆਂ ਦੀ ਗਿਣਤੀ ਅਨੁਸਾਰ ਹੋਮ ਦੀਆਂ ਬਲੀਆਂ ਚੜ੍ਹਾਉਂਦਾ ਸੀ, ਕਿਉਂ ਜੋ ਅੱਯੂਬ ਆਖਦਾ ਸੀ ਕਿਤੇ ਅਜਿਹਾ ਨਾ ਹੋਵੇ ਮੇਰੇ ਪੁੱਤਰਾਂ ਨੇ ਪਾਪ ਕੀਤਾ ਹੋਵੇ ਅਤੇ ਆਪਣੇ ਮਨ ਵਿੱਚ ਪਰਮੇਸ਼ੁਰ ਨੂੰ ਫਿਟਕਾਰਿਆ ਹੋਵੇ । ਅੱਯੂਬ ਹਮੇਸ਼ਾ ਇਸੇ ਤਰ੍ਹਾਂ ਕਰਦਾ ਹੁੰਦਾ ਸੀ ।

6ਇੱਕ ਦਿਨ ਅਜਿਹਾ ਹੋਇਆ ਕਿ ਪਰਮੇਸ਼ੁਰ ਦੇ ਪੁੱਤਰ ਆਏ ਤਾਂ ਜੋ ਯਹੋਵਾਹ ਦੇ ਸਨਮੁਖ ਆਪਣੇ ਆਪ ਨੂੰ ਹਾਜ਼ਰ ਕਰਨ, ਤਦ ਸ਼ੈਤਾਨ ਵੀ ਉਨ੍ਹਾਂ ਦੇ ਵਿੱਚ ਆਇਆ ।7ਤਦ ਯਹੋਵਾਹ ਨੇ ਸ਼ੈਤਾਨ ਨੂੰ ਪੁੱਛਿਆ, "ਤੂੰ ਕਿੱਥੋਂ ਆਇਆ ਹੈਂ ?" ਸ਼ੈਤਾਨ ਨੇ ਯਹੋਵਾਹ ਨੂੰ ਉੱਤਰ ਦੇ ਕੇ ਆਖਿਆ, "ਧਰਤੀ ਵਿੱਚ ਘੁੰਮ ਫਿਰ ਕੇ ਅਤੇ ਉਸ ਵਿੱਚ ਇੱਧਰ-ਉੱਧਰ ਫਿਰਦਾ ਆਇਆ ਹਾਂ ।"8ਤਦ ਯਹੋਵਾਹ ਨੇ ਸ਼ੈਤਾਨ ਨੂੰ ਆਖਿਆ, "ਕੀ ਤੂੰ ਮੇਰੇ ਦਾਸ ਅੱਯੂਬ ਬਾਰੇ ਆਪਣੇ ਮਨ ਵਿੱਚ ਵਿਚਾਰ ਕੀਤਾ ਹੈ, ਕਿਉਂਕਿ ਸਾਰੀ ਧਰਤੀ ਵਿੱਚ ਉਹ ਦੇ ਵਰਗਾ ਕੋਈ ਨਹੀਂ ? ਉਹ ਖਰਾ ਅਤੇ ਨੇਕ ਮਨੁੱਖ ਹੈ ਜੋ ਪਰਮੇਸ਼ੁਰ ਤੋਂ ਡਰਦਾ ਅਤੇ ਬੁਰਿਆਈ ਤੋਂ ਦੂਰ ਰਹਿੰਦਾ ਹੈ ।"
9ਤਦ ਸ਼ੈਤਾਨ ਨੇ ਯਹੋਵਾਹ ਨੂੰ ਉੱਤਰ ਦੇ ਕੇ ਆਖਿਆ, "ਕੀ ਅੱਯੂਬ ਪਰਮੇਸ਼ੁਰ ਤੋਂ ਬਿਨ੍ਹਾਂ ਕਿਸੇ ਲਾਭ ਦੇ ਡਰਦਾ ਹੈ ।10ਕੀ ਤੂੰ ਉਸ ਦੇ ਅਤੇ ਉਸ ਦੇ ਘਰ ਦੇ ਅਤੇ ਜੋ ਕੁਝ ਉਸ ਦੇ ਕੋਲ ਹੈ ਉਸ ਦੇ ਦੁਆਲੇ ਵਾੜ ਨਹੀਂ ਲਗਾਈ ? ਤੂੰ ਉਸ ਦੇ ਹੱਥ ਦੇ ਕੰਮ ਵਿੱਚ ਬਰਕਤ ਦਿੱਤੀ ਹੈ ਸੋ ਉਸ ਦੀ ਧਨ-ਸੰਪਤੀ ਸਾਰੇ ਦੇਸ ਵਿੱਚ ਵੱਧ ਗਈ ਹੈ ।11ਜ਼ਰਾ ਤੂੰ ਆਪਣਾ ਹੱਥ ਤਾਂ ਵਧਾ ਅਤੇ ਜੋ ਕੁਝ ਉਸ ਦਾ ਹੈ ਉਸ ਨੂੰ ਛੂਹ, ਤਾਂ ਉਹ ਤੇਰੇ ਮੂੰਹ ਉੱਤੇ ਤੇਰੀ ਨਿੰਦਿਆ ਕਰੇਗਾ ।"12ਤਦ ਯਹੋਵਾਹ ਨੇ ਸ਼ੈਤਾਨ ਨੂੰ ਆਖਿਆ, "ਵੇਖ, ਉਸ ਦਾ ਸਭ ਕੁਝ ਤੇਰੇ ਹੱਥ ਵਿੱਚ ਹੈ । ਸਿਰਫ਼ ਉਸ ਨੂੰ ਹੱਥ ਨਾ ਲਾਵੀਂ ।" ਤਦ ਸ਼ੈਤਾਨ ਯਹੋਵਾਹ ਦੇ ਹਜ਼ੂਰੋਂ ਚਲਿਆ ਗਿਆ ।
ਅੱਯੂਬ ਦੇ ਬੱਚਿਆਂ ਅਤੇ ਸੰਪਤੀ ਦਾ ਨਾਸ

13ਫਿਰ ਅਜਿਹਾ ਹੋਇਆ ਕਿ ਇੱਕ ਦਿਨ ਉਸ ਦੇ ਪੁੱਤਰ ਅਤੇ ਧੀਆਂ ਆਪਣੇ ਵੱਡੇ ਭਰਾ ਦੇ ਘਰ ਖਾਂਦੇ ਅਤੇ ਮੈਅ ਪੀਂਦੇ ਸਨ ।14ਤਦ ਇੱਕ ਦੂਤ ਅੱਯੂਬ ਕੋਲ ਆਇਆ ਅਤੇ ਆਖਿਆ, "ਬਲ਼ਦ ਹਲੀਂ ਜੁੜੇ ਹੋਏ ਸਨ ਅਤੇ ਗਧੀਆਂ ਉਨ੍ਹਾਂ ਕੋਲ ਚਰ ਰਹੀਆਂ ਸਨ ।15ਸ਼ਭਾ ਨਗਰ ਦੇ ਲੋਕਾਂ ਨੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਨੂੰ ਖੋਹ ਕੇ ਲੈ ਗਏ ਅਤੇ ਜੁਆਨਾਂ ਨੂੰ ਤਲਵਾਰ ਦੀ ਧਾਰ ਨਾਲ ਵੱਢ ਦਿੱਤਾ ! ਮੈਂ ਹੀ ਇਕੱਲਾ ਬਚ ਕੇ ਨਿਕਲਿਆ ਹਾਂ, ਜੋ ਤੈਨੂੰ ਦੱਸਾਂ ।"
16ਉਹ ਅਜੇ ਇਹ ਗੱਲਾਂ ਕਰਦਾ ਹੀ ਸੀ ਕਿ ਇੱਕ ਹੋਰ ਆਇਆ ਅਤੇ ਆਖਿਆ, "ਪਰਮੇਸ਼ੁਰ ਦੀ ਅੱਗ ਅਕਾਸ਼ ਤੋਂ ਉਤਰੀ । ਉਸ ਨਾਲ ਭੇਡਾਂ ਅਤੇ ਜੁਆਨ ਭਸਮ ਹੋ ਗਏ ! ਮੈਂ ਹੀ ਇਕੱਲਾ ਬਚ ਨਿਕਲਿਆ ਹਾਂ ਕਿ ਤੈਨੂੰ ਦੱਸਾਂ ।"17ਉਹ ਅਜੇ ਇਹ ਗੱਲਾਂ ਕਰਦਾ ਹੀ ਸੀ ਕਿ ਇੱਕ ਹੋਰ ਆ ਗਿਆ ਅਤੇ ਆਖਿਆ, "ਕਸਦੀ ਤਿੰਨ ਟੋਲੀਆਂ ਬਣਾ ਕੇ ਊਠਾਂ ਉੱਤੇ ਆ ਪਏ ਅਤੇ ਉਹ ਉਨ੍ਹਾਂ ਨੂੰ ਖੋਹ ਕੇ ਲੈ ਗਏ ਹਨ, ਅਤੇ ਜੁਆਨਾਂ ਨੂੰ ਤਲਵਾਰ ਦੀ ਧਾਰ ਨਾਲ ਵੱਢ ਦਿੱਤਾ ! ਮੈਂ ਹੀ ਇਕੱਲਾ ਬਚ ਗਿਆ ਕਿ ਤੈਨੂੰ ਦੱਸਾਂ ।"
18ਉਹ ਵੀ ਅਜੇ ਇਹ ਗੱਲਾਂ ਕਰ ਹੀ ਰਿਹਾ ਸੀ ਕਿ ਇੱਕ ਹੋਰ ਆ ਗਿਆ ਅਤੇ ਆਖਣ ਲੱਗਾ, "ਤੇਰੇ ਪੁੱਤਰ ਅਤੇ ਧੀਆਂ ਆਪਣੇ ਵੱਡੇ ਭਰਾ ਦੇ ਘਰ ਖਾਂਦੇ ਅਤੇ ਮੈਅ ਪੀਂਦੇ ਸਨ,19ਤਦ ਵੇਖੋ, ਇੱਕ ਵੱਡੀ ਹਵਾ ਜੰਗਲ ਵੱਲੋਂ ਆਈ ਅਤੇ ਘਰ ਦੇ ਚੌਂਹਾਂ ਪਾਸਿਆਂ ਉੱਤੇ ਟੱਕਰ ਮਾਰੀ ਕਿ ਉਹ ਘਰ ਉਨ੍ਹਾਂ ਜੁਆਨਾਂ ਉੱਤੇ ਡਿੱਗ ਪਿਆ ਅਤੇ ਉਹ ਮਰ ਗਏ ! ਮੈਂ ਹੀ ਇਕੱਲਾ ਬਚ ਨਿਕਲਿਆ ਹਾਂ ਕਿ ਤੈਨੂੰ ਦੱਸਾਂ ।"

20ਤਦ ਅੱਯੂਬ ਉੱਠਿਆ, ਉਸ ਨੇ ਆਪਣੇ ਕੱਪੜੇ ਪਾੜੇ, ਆਪਣਾ ਸਿਰ ਮੁਨਾ ਲਿਆ ਅਤੇ ਧਰਤੀ ਉੱਤੇ ਡਿੱਗ ਕੇ ਮੱਥਾ ਟੇਕਿਆ ।21ਅਤੇ ਆਖਿਆ, "ਮੈਂ ਆਪਣੀ ਮਾਂ ਦੇ ਪੇਟ ਤੋਂ ਨੰਗਾ ਆਇਆ ਅਤੇ ਨੰਗਾ ਹੀ ਓਧਰ ਨੂੰ ਮੁੜ ਜਾਂਵਾਂਗਾ, ਯਹੋਵਾਹ ਨੇ ਦਿੱਤਾ ਯਹੋਵਾਹ ਨੇ ਹੀ ਲੈ ਲਿਆ, ਯਹੋਵਾਹ ਦਾ ਨਾਮ ਮੁਬਾਰਕ ਹੋਵੇ ।"

22ਇਹਨਾਂ ਸਾਰੀਆਂ ਗੱਲਾਂ ਵਿੱਚ ਨਾ ਤਾਂ ਅੱਯੂਬ ਨੇ ਪਾਪ ਕੀਤਾ ਅਤੇ ਨਾ ਪਰਮੇਸ਼ੁਰ ਉੱਤੇ ਮੂਰਖਤਾ ਨਾਲ ਦੋਸ਼ ਲਾਇਆ ।

2
ਸ਼ੈਤਾਨ ਦਾ ਅੱਯੂਬ ਦੇ ਸਰੀਰ ਉੱਤੇ ਹਮਲਾ

1ਅਜਿਹਾ ਹੋਇਆ ਕਿ ਇੱਕ ਦਿਨ ਫਿਰ ਪਰਮੇਸ਼ੁਰ ਦੇ ਪੁੱਤਰ ਆਏ ਕਿ ਆਪਣੇ ਆਪ ਨੂੰ ਯਹੋਵਾਹ ਦੇ ਸਨਮੁਖ ਹਾਜ਼ਰ ਕਰਨ, ਤਦ ਸ਼ੈਤਾਨ ਵੀ ਉਨ੍ਹਾਂ ਦੇ ਵਿੱਚ ਆਇਆ ਕਿ ਉਹ ਵੀ ਆਪਣੇ ਆਪ ਨੂੰ ਯਹੋਵਾਹ ਦੇ ਸਨਮੁਖ ਹਾਜ਼ਰ ਕਰੇ ।2ਯਹੋਵਾਹ ਨੇ ਸ਼ੈਤਾਨ ਨੂੰ ਆਖਿਆ, "ਤੂੰ ਕਿੱਥੋਂ ਆਇਆ ਹੈ ?" ਸ਼ੈਤਾਨ ਨੇ ਯਹੋਵਾਹ ਨੂੰ ਉੱਤਰ ਦੇ ਕੇ ਆਖਿਆ, "ਧਰਤੀ ਵਿੱਚ ਘੁੰਮ ਫਿਰ ਕੇ ਅਤੇ ਉਹ ਦੇ ਵਿੱਚ ਇੱਧਰ-ਉੱਧਰ ਘੁੰਮਦਾ ਆਇਆ ਹਾਂ ।"

3ਤਦ ਯਹੋਵਾਹ ਨੇ ਸ਼ੈਤਾਨ ਨੂੰ ਆਖਿਆ, "ਕੀ ਤੂੰ ਮੇਰੇ ਦਾਸ ਅੱਯੂਬ ਬਾਰੇ ਆਪਣੇ ਮਨ ਵਿੱਚ ਵਿਚਾਰ ਕੀਤਾ ਕਿਉਂ ਜੋ ਸਾਰੀ ਧਰਤੀ ਵਿੱਚ ਉਹ ਦੇ ਵਰਗਾ ਕੋਈ ਨਹੀਂ । ਉਹ ਖਰਾ ਅਤੇ ਨੇਕ ਮਨੁੱਖ ਹੈ, ਜੋ ਪਰਮੇਸ਼ੁਰ ਤੋਂ ਡਰਦਾ ਅਤੇ ਬੁਰਿਆਈ ਤੋਂ ਦੂਰ ਰਹਿੰਦਾ ਹੈ ਭਾਵੇਂ ਤੂੰ ਮੈਨੂੰ ਉਕਸਾਇਆ ਕਿ ਮੈਂ ਬਿਨ੍ਹਾਂ ਕਾਰਨ ਉਸ ਨੂੰ ਨਾਸ ਕਰਾਂ, ਪਰ ਫਿਰ ਵੀ ਅੱਜ ਤੱਕ ਉਹ ਆਪਣੀ ਖਰਿਆਈ ਵਿੱਚ ਬਣਿਆ ਹੋਇਆ ਹੈ ।"
4ਸ਼ੈਤਾਨ ਨੇ ਯਹੋਵਾਹ ਨੂੰ ਉੱਤਰ ਦੇ ਕੇ ਆਖਿਆ, "ਖੱਲ ਦੇ ਬਦਲੇ ਖੱਲ, ਸਗੋਂ ਮਨੁੱਖ ਆਪਣਾ ਸਭ ਕੁਝ ਆਪਣੀ ਜਾਨ ਦੇ ਬਦਲੇ ਦੇ ਦੇਵੇਗਾ ।5ਆਪਣਾ ਹੱਥ ਵਧਾ ਕੇ ਉਸ ਦੀ ਹੱਡੀ ਅਤੇ ਉਸ ਦੇ ਮਾਸ ਨੂੰ ਛੂਹ ਤਾਂ ਉਹ ਤੇਰੇ ਮੂੰਹ ਉੱਤੇ ਤੇਰੀ ਨਿੰਦਿਆ ਕਰੇਗਾ ।"6ਯਹੋਵਾਹ ਨੇ ਸ਼ੈਤਾਨ ਨੂੰ ਆਖਿਆ, "ਵੇਖ, ਉਹ ਤੇਰੇ ਹੱਥ ਵਿੱਚ ਹੈ ਪਰ ਉਸ ਦੇ ਪ੍ਰਾਣਾਂ ਨੂੰ ਬਚਾਈ ਰੱਖੀਂ ।"

7ਤਦ ਸ਼ੈਤਾਨ ਯਹੋਵਾਹ ਦੇ ਅੱਗੋਂ ਚਲਿਆ ਗਿਆ ਅਤੇ ਅੱਯੂਬ ਨੂੰ ਪੈਰ ਦੀ ਤਲੀ ਤੋਂ ਲੈ ਕੇ ਸਿਰ ਦੀ ਖੋਪੜੀ ਤੱਕ ਬੁਰੇ ਫੋੜਿਆਂ ਨਾਲ ਮਾਰਿਆ ।8ਤਦ ਅੱਯੂਬ ਨੇ ਇੱਕ ਠੀਕਰਾ ਲਿਆ ਕਿ ਆਪਣੇ ਆਪ ਨੂੰ ਉਹ ਦੇ ਨਾਲ ਖੁਰਕੇ ਅਤੇ ਸੁਆਹ ਦੇ ਵਿੱਚ ਬੈਠ ਗਿਆ ।
9ਉਸ ਦੀ ਪਤਨੀ ਨੇ ਉਸ ਨੂੰ ਆਖਿਆ, "ਕੀ ਤੂੰ ਅਜੇ ਵੀ ਆਪਣੀ ਖਰਿਆਈ ਵਿੱਚ ਬਣਿਆ ਹੋਇਆ ਹੈ ? ਪਰਮੇਸ਼ੁਰ ਦੀ ਨਿੰਦਿਆ ਕਰ ਅਤੇ ਮਰ ਜਾ !"

10ਪਰ ਉਸ ਨੇ ਉਹ ਨੂੰ ਆਖਿਆ, "ਤੂੰ ਇੱਕ ਮੂਰਖ ਇਸਤਰੀ ਦੀ ਤਰ੍ਹਾਂ ਗੱਲ ਕਰਦੀ ਹੈਂ ! ਕੀ ਅਸੀਂ ਚੰਗਾ-ਚੰਗਾ ਤਾਂ ਪਰਮੇਸ਼ੁਰ ਕੋਲੋਂ ਲਈਏ ਅਤੇ ਬੁਰਾ ਨਾ ਲਈਏ ?" ਇਹਨਾਂ ਸਾਰੀਆਂ ਗੱਲਾਂ ਵਿੱਚ ਅੱਯੂਬ ਨੇ ਆਪਣੇ ਮੂੰਹ ਨਾਲ ਕੋਈ ਪਾਪ ਨਾ ਕੀਤਾ ।
ਅੱਯੂਬ ਦੇ ਮਿੱਤਰਾਂ ਦਾ ਆਉਣਾ

11ਜਦ ਅੱਯੂਬ ਦੇ ਤਿੰਨਾਂ ਮਿੱਤਰਾਂ ਨੇ ਅਰਥਾਤ ਅਲੀਫ਼ਜ਼ ਤੇਮਾਨੀ, ਬਿਲਦਦ ਸ਼ੂਹੀ ਅਤੇ ਸੋਫ਼ਰ ਨਅਮਾਤੀ ਨੇ ਇਹ ਸਾਰੀ ਬਿਪਤਾ ਦੀ ਖ਼ਬਰ ਸੁਣੀ, ਜਿਹੜੀ ਉਹ ਦੇ ਉੱਤੇ ਆ ਪਈ ਸੀ, ਤਦ ਉਹ ਆਪਸ ਵਿੱਚ ਸਲਾਹ ਕਰਕੇ ਆਪੋ ਆਪਣੇ ਥਾਂ ਤੋਂ ਚੱਲੇ ਅਤੇ ਇਕੱਠੇ ਹੋਏ ਕਿ ਉਹ ਦਾ ਦੁੱਖ ਵੰਡਾਉਣ ਅਤੇ ਉਹ ਨੂੰ ਦਿਲਾਸਾ ਦੇਣ ।
12ਜਦ ਉਨ੍ਹਾਂ ਨੇ ਦੂਰ ਤੋਂ ਆਪਣੀਆਂ ਅੱਖਾਂ ਚੁੱਕ ਕੇ ਵੇਖਿਆ ਅਤੇ ਉਸ ਨੂੰ ਨਾ ਪਛਾਣ ਸਕੇ, ਤਦ ਉਹ ਉੱਚੀ-ਉੱਚੀ ਰੋਣ ਲੱਗ ਪਏ ਅਤੇ ਆਪਣੇ-ਆਪਣੇ ਕੱਪੜੇ ਪਾੜ ਲਏ ਅਤੇ ਅਕਾਸ਼ ਵੱਲ ਉਡਾ ਦੇ ਆਪਣੇ ਸਿਰਾਂ ਉੱਤੇ ਸੁਆਹ ਪਾਈ ।13ਉਹ ਸੱਤ ਦਿਨ ਅਤੇ ਸੱਤ ਰਾਤ ਜ਼ਮੀਨ ਉੱਤੇ ਉਸ ਦੇ ਨਾਲ ਬੈਠੇ ਰਹੇ, ਪਰ ਕਿਸੇ ਨੇ ਉਹ ਦੇ ਨਾਲ ਗੱਲ ਨਾ ਕੀਤੀ ਕਿਉਂ ਜੋ ਉਨ੍ਹਾਂ ਨੇ ਵੇਖਿਆ ਕਿ ਉਹ ਦੀ ਪੀੜ ਡਾਢੀ ਸੀ ।

3
ਅੱਯੂਬ ਦਾ ਆਪਣੇ ਪੈਦਾ ਹੋਣ ਦੇ ਦਿਨ ਨੂੰ ਫਿਟਕਾਰਨਾ

1ਇਹ ਦੇ ਬਾਅਦ ਅੱਯੂਬ ਨੇ ਆਪਣਾ ਮੂੰਹ ਖੋਲ੍ਹ ਕੇ ਆਪਣੇ ਜੰਮਣ ਦੇ ਦਿਨ ਨੂੰ ਸਰਾਪ ਦਿੱਤਾ ।2ਅਤੇ ਅੱਯੂਬ ਆਖਣ ਲੱਗਾ,

3"ਨਾਸ ਹੋਵੇ ਉਹ ਦਿਨ ਜਿਸ ਦੇ ਵਿੱਚ ਮੈਂ ਜੰਮਿਆ ਸੀ, ਅਤੇ ਉਹ ਰਾਤ ਜਦੋਂ ਕਿਹਾ ਗਿਆ ਕਿ ਬੱਚਾ ਗਰਭ ਵਿੱਚ ਪਿਆ !
4ਉਹ ਦਿਨ ਹਨੇਰਾ ਹੋ ਜਾਵੇ, ਪਰਮੇਸ਼ੁਰ ਉੱਪਰੋਂ ਉਹ ਦੀ ਸਾਰ ਨਾ ਲਵੇ, ਨਾ ਉਸ ਉੱਤੇ ਚਾਨਣ ਚਮਕੇ !5ਹਨੇਰ ਅਤੇ ਮੌਤ ਦਾ ਸਾਯਾ ਉਹ ਨੂੰ ਅਪਣਾ ਲੈਣ, ਉਹ ਦੇ ਉੱਤੇ ਬੱਦਲ ਛਾਇਆ ਰਹੇ, ਦਿਨ ਦਾ ਹਨੇਰਾ ਉਸ ਨੂੰ ਡਰਾਵੇ !
6ਘੁੱਪ ਹਨੇਰਾ ਉਹ ਨੂੰ ਆ ਫੜ੍ਹੇ, ਉਹ ਸਾਲ ਦੇ ਦਿਨਾਂ ਵਿੱਚ ਅਨੰਦ ਨਾ ਮਨਾਵੇ , ਅਤੇ ਨਾ ਉਹ ਮਹੀਨਿਆਂ ਦੀ ਗਿਣਤੀ ਵਿੱਚ ਆਵੇ !7ਵੇਖੋ, ਉਹ ਰਾਤ ਬਾਂਝ ਰਹਿ ਜਾਵੇ, ਉਸ ਵਿੱਚ ਕੋਈ ਜੈਕਾਰੇ ਦੀ ਗੂੰਜ ਸੁਣਾਈ ਨਾ ਦੇਵੇ !
8ਦਿਨ ਨੂੰ ਫਿਟਕਾਰਣ ਵਾਲੇ ਅਤੇ ਜਿਹੜੇ ਲਿਵਯਾਥਾਨ ਨੂੰ ਛੇੜਨ ਵਿੱਚ ਨਿਪੁੰਨ ਹਨ, ਉਸ ਦਿਨ ਨੂੰ ਫਿਟਕਾਰਣ !9ਉਹ ਦੇ ਸ਼ਾਮ ਦੇ ਤਾਰੇ ਕਾਲੇ ਹੋ ਜਾਣ, ਉਹ ਚਾਨਣ ਨੂੰ ਉਡੀਕੇ ਪਰ ਉਹ ਹੋਵੇ ਨਾ, ਉਹ ਸਵੇਰ ਦੀਆਂ ਕਿਰਨਾਂ ਨੂੰ ਨਾ ਵੇਖੇ,10ਕਿਉਂ ਜੋ ਉਹ ਨੇ ਮੇਰੀ ਮਾਂ ਦੀ ਕੁੱਖ ਨੂੰ ਬੰਦ ਨਾ ਕੀਤਾ, ਅਤੇ ਨਾ ਕਸ਼ਟ ਨੂੰ ਮੇਰੀਆਂ ਅੱਖਾਂ ਤੋਂ ਛੁਪਾਇਆ !

11ਮੈਂ ਕੁੱਖ ਵਿੱਚ ਹੀ ਕਿਉਂ ਨਾ ਮਰ ਗਿਆ, ਪੇਟ ਵਿੱਚੋਂ ਨਿੱਕਲਦਿਆਂ ਹੀ ਮੈਂ ਪ੍ਰਾਣ ਕਿਉਂ ਨਾ ਛੱਡ ਦਿੱਤੇ ?12ਗੋਡਿਆਂ ਨੇ ਮੈਨੂੰ ਕਿਉਂ ਕਬੂਲ ਕੀਤਾ, ਅਤੇ ਦੁੱਧੀਆਂ ਨੂੰ ਮੈਂ ਕਿਉਂ ਚੁੰਘ ਸਕਿਆ ?
13ਨਹੀਂ ਤਾਂ ਹੁਣ ਮੈਂ ਚੈਨ ਨਾਲ ਪਿਆ ਹੁੰਦਾ, ਮੈਂ ਸੁੱਤਾ ਹੁੰਦਾ ਅਤੇ ਮੈਨੂੰ ਅਰਾਮ ਮਿਲਦਾ,14ਮੈਂ ਧਰਤੀ ਦੇ ਉਨ੍ਹਾਂ ਰਾਜਿਆਂ ਅਤੇ ਹਾਕਮਾਂ ਨਾਲ ਹੁੰਦਾ, ਜਿਹੜੇ ਆਪਣੇ ਲਈ ਕਬਰਾਂ ਨੂੰ ਉਸਾਰਦੇ ਹਨ,
15ਜਾਂ ਉਨ੍ਹਾਂ ਰਾਜਕੁਮਾਰਾਂ ਨਾਲ ਹੁੰਦਾ, ਜਿਨ੍ਹਾਂ ਦੇ ਕੋਲ ਸੋਨਾ ਸੀ, ਜਿਨ੍ਹਾਂ ਨੇ ਆਪਣੇ ਘਰਾਂ ਨੂੰ ਚਾਂਦੀ ਨਾਲ ਭਰਿਆ ਸੀ ।16ਜਾਂ ਮੈਂ ਸਮੇਂ ਤੋਂ ਪਹਿਲਾਂ ਜੰਮੇ ਹੋਏ ਬੱਚੇ ਵਾਂਗੂੰ ਹੁੰਦਾ, ਜਾਂ ਅਜਿਹੇ ਬੱਚਿਆਂ ਵਾਂਗੂੰ ਜਿਨ੍ਹਾਂ ਨੇ ਚਾਨਣਾ ਕਦੀ ਵੇਖਿਆ ਹੀ ਨਹੀਂ ।
17ਉੱਥੇ ਦੁਸ਼ਟ ਦੁੱਖ ਦੇਣ ਤੋਂ ਰੁੱਕ ਜਾਂਦੇ ਹਨ, ਉੱਥੇ ਥੱਕੇ-ਮਾਂਦੇ ਅਰਾਮ ਪਾਉਂਦੇ ਹਨ ।18ਬੰਦੀ ਇੱਕਠੇ ਹੋ ਕੇ ਸ਼ਾਂਤੀ ਨਾਲ ਰਹਿੰਦੇ ਹਨ, ਉਹ ਦਰੋਗੇ ਦੀ ਅਵਾਜ਼ ਫੇਰ ਨਹੀਂ ਸੁਣਦੇ ।19ਛੋਟੇ ਅਤੇ ਵੱਡੇ ਸਾਰੇ ਉੱਥੇ ਰਹਿੰਦੇ ਹਨ, ਅਤੇ ਦਾਸ ਆਪਣੇ ਮਾਲਕ ਤੋਂ ਅਜ਼ਾਦ ਹੈ ।

20ਦੁਖਿਆਰਾਂ ਨੂੰ ਚਾਨਣ ਅਤੇ ਉਦਾਸ ਮਨ ਵਾਲਿਆਂ ਨੂੰ ਜੀਵਨ ਕਿਉਂ ਦਿੱਤਾ ਜਾਂਦਾ ਹੈ ?21ਜਿਹੜੇ ਮੌਤ ਨੂੰ ਉਡੀਕਦੇ ਹਨ ਪਰ ਉਹ ਆਉਂਦੀ ਨਹੀਂ, ਜਿਹੜੇ ਦੱਬੇ ਹੋਏ ਖ਼ਜ਼ਾਨਿਆਂ ਤੋਂ ਵੱਧ ਉਹ ਦੀ ਖੋਜ ਕਰਦੇ ਹਨ,22ਜਿਹੜੇ ਵਧੇਰੇ ਅਨੰਦ ਹੁੰਦੇ, ਅਤੇ ਖ਼ੁਸ਼ੀ ਕਰਦੇ ਜਦ ਉਹ ਕਬਰ ਨੂੰ ਪਾ ਲੈਂਦੇ ਹਨ,
23ਉਸ ਪੁਰਖ ਨੂੰ ਵੀ ਚਾਨਣ ਕਿਉਂ ਮਿਲਦਾ ਹੈ ਜਿਸ ਦਾ ਰਾਹ ਲੁਕਿਆ ਹੋਇਆ ਹੈ, ਅਤੇ ਜਿਸ ਦੇ ਚੁਫ਼ੇਰੇ ਪਰਮੇਸ਼ੁਰ ਨੇ ਵਾੜ ਲਾਈ ਹੋਈ ਹੈ ?24ਕਿਉਂਕਿ ਮੇਰੇ ਰੋਟੀ ਖਾਣ ਤੋਂ ਪਹਿਲਾਂ ਮੇਰੇ ਹਾਉਂਕੇ ਨਿੱਕਲਦੇ ਹਨ, ਅਤੇ ਮੇਰਾ ਵਿਰਲਾਪ ਪਾਣੀ ਵਾਂਗੂੰ ਵਗਦਾ ਹੈ ।
25ਜਿਸ ਗੱਲ ਤੋਂ ਮੈਂ ਡਰਦਾ ਹਾਂ, ਉਹ ਮੇਰੇ ਉੱਤੇ ਆ ਪੈਂਦੀ ਹੈ, ਅਤੇ ਜਿਸ ਤੋਂ ਮੈਂ ਭੈ ਖਾਂਦਾ ਹਾਂ ਉਹ ਵੀ ਮੇਰੇ ਉੱਤੇ ਆਉਂਦੀ ਹੈ ।26ਨਾ ਮੈਨੂੰ ਸੁੱਖ ਹੈ, ਨਾ ਚੈਨ, ਨਾ ਅਰਾਮ ਹੈ, ਸਗੋਂ ਬੇਚੈਨੀ ਹੀ ਬੇਚੈਨੀ ਹੈ ।"

4
ਪਹਿਲੀ ਗੱਲਬਾਤ (4:1-14:22)
ਅਲੀਫ਼ਜ਼ ਦਾ ਤਰਕ

1ਤਦ ਅਲੀਫ਼ਜ਼ ਤੇਮਾਨੀ ਨੇ ਉੱਤਰ ਦੇ ਕੇ ਆਖਿਆ,2"ਜੇ ਕੋਈ ਤੇਰੇ ਨਾਲ ਗੱਲ ਕਰਨ ਦੀ ਦਲੇਰੀ ਕਰੇ, ਤਾਂ ਕੀ ਤੂੰ ਬੁਰਾ ਮੰਨੇਗਾ ? ਪਰ ਬੋਲਣ ਤੋਂ ਕੌਣ ਆਪਣੇ ਆਪ ਨੂੰ ਰੋਕ ਸਕਦਾ ਹੈ ?3ਵੇਖ, ਤੂੰ ਬਹੁਤਿਆਂ ਨੂੰ ਸਿਖਾਇਆ, ਅਤੇ ਢਿੱਲੇ ਹੱਥਾਂ ਨੂੰ ਤੂੰ ਤਕੜਾ ਕੀਤਾ ।

4ਤੇਰੀਆਂ ਗੱਲਾਂ ਨੇ ਡਗਮਗਾਉਂਦੇ ਨੂੰ ਥੰਮ੍ਹਿਆ, ਅਤੇ ਤੂੰ ਕੰਬਦੇ ਗੋਡਿਆਂ ਨੂੰ ਮਜ਼ਬੂਤ ਕੀਤਾ,5ਪਰ ਹੁਣ ਬਿਪਤਾ ਤੇਰੇ ਉੱਤੇ ਆ ਪਈ ਅਤੇ ਤੂੰ ਨਿਰਾਸ਼ ਹੋ ਗਿਆ ਹੈਂ, ਉਹ ਨੇ ਤੈਨੂੰ ਛੂਹਿਆ ਅਤੇ ਤੂੰ ਘਬਰਾ ਉੱਠਿਆ ।6ਭਲਾ, ਪਰਮੇਸ਼ੁਰ ਦਾ ਡਰ ਤੇਰਾ ਆਸਰਾ ਨਹੀਂ ਹੈ ? ਅਤੇ ਤੇਰੇ ਰਾਹਾਂ ਦੀ ਖਰਿਆਈ ਤੇਰੀ ਆਸ ਨਹੀਂ ?

7ਇਸ ਉੱਤੇ ਵਿਚਾਰ ਕਰ, ਕੀ ਕੋਈ ਨਿਰਦੋਸ਼ ਕਦੇ ਨਾਸ ਹੋਇਆ ਹੈ, ਜਾਂ ਨੇਕ ਜਨ ਕਦੇ ਮਿਟਾਏ ਗਏ ?8ਮੇਰੇ ਵੇਖਣ ਵਿੱਚ ਤਾਂ ਜੋ ਪਾਪ ਅਤੇ ਦੁੱਖ ਦਾ ਬੀਜ ਬੀਜਦੇ ਹਨ, ਉਹੋ ਉਸ ਨੂੰ ਵੱਢਦੇ ਹਨ ।9ਪਰਮੇਸ਼ੁਰ ਦੇ ਸਾਹ ਨਾਲ ਉਹ ਨਾਸ ਹੋ ਜਾਂਦੇ, ਅਤੇ ਉਹ ਦੇ ਕ੍ਰੋਧ ਦੇ ਬੁੱਲੇ ਨਾਲ ਉਹ ਮੁੱਕ ਜਾਂਦੇ ਹਨ ।
10ਬੱਬਰ ਸ਼ੇਰ ਦਾ ਗੱਜਣਾ ਅਤੇ ਘਾਤਕ ਸ਼ੇਰ ਦੀ ਦਹਾੜਨਾ ਬੰਦ ਹੋ ਜਾਂਦਾ ਹੈ, ਅਤੇ ਜੁਆਨ ਸ਼ੇਰਾਂ ਦੇ ਦੰਦ ਭੰਨੇ ਜਾਂਦੇ ਹਨ ।11ਬੁੱਢਾ ਸ਼ੇਰ ਸ਼ਿਕਾਰ ਦੀ ਥੁੜ ਕਾਰਨ ਨਾਸ ਹੋ ਜਾਂਦਾ ਹੈ, ਅਤੇ ਸ਼ੇਰਨੀ ਦੇ ਬੱਚੇ ਖਿੰਡ-ਪੁੰਡ ਜਾਂਦੇ ਹਨ ।

12ਇੱਕ ਗੱਲ ਚੋਰੀ-ਛੁੱਪੇ ਮੇਰੇ ਕੋਲ ਪਹੁੰਚਾਈ ਗਈ, ਅਤੇ ਉਹ ਦੀ ਭਣਕ ਮੇਰੇ ਕੰਨਾਂ ਵਿੱਚ ਆਈ,13ਰਾਤ ਦੇ ਸੁਫਨਿਆਂ ਦੀਆਂ ਚਿੰਤਾਵਾਂ ਵਿੱਚ, ਜਦ ਭਾਰੀ ਨੀਂਦ ਮਨੁੱਖਾਂ ਉੱਤੇ ਪੈਂਦੀ ਹੈ,
14ਡਰ ਅਤੇ ਕਾਂਬਾ ਮੇਰੇ ਉੱਤੇ ਆ ਪਏ, ਜਿਨ੍ਹਾਂ ਨੇ ਮੇਰੀਆਂ ਸਾਰੀਆਂ ਹੱਡੀਆਂ ਨੂੰ ਹਿਲਾ ਦਿੱਤਾ !15ਇੱਕ ਰੂਹ ਮੇਰੇ ਮੂੰਹ ਅੱਗੋਂ ਦੀ ਲੰਘੀ, ਮੇਰੇ ਸਰੀਰ ਦੀ ਲੂਈਂ ਖੜ੍ਹੀ ਹੋ ਗਈ !
16ਉਹ ਖੜ੍ਹੀ ਹੋ ਗਈ ਪਰ ਮੈਂ ਉਹ ਦੀ ਸ਼ਕਲ ਪਛਾਣ ਨਾ ਸਕਿਆ, ਕੋਈ ਰੂਪ ਮੇਰੀਆਂ ਅੱਖਾਂ ਦੇ ਅੱਗੇ ਸੀ, ਪਹਿਲਾਂ ਖ਼ਾਮੋਸ਼ੀ ਰਹੀ, ਫੇਰ ਮੈਂ ਇੱਕ ਅਵਾਜ਼ ਸੁਣੀ ।17ਕੀ ਨਾਸਵਾਨ ਮਨੁੱਖ ਪਰਮੇਸ਼ੁਰ ਨਾਲੋਂ ਜ਼ਿਆਦਾ ਧਰਮੀ ਹੈ, ਜਾਂ ਕੀ ਇੱਕ ਪੁਰਖ ਆਪਣੇ ਸਿਰਜਣਹਾਰ ਨਾਲੋਂ ਜ਼ਿਆਦਾ ਪਵਿੱਤਰ ਹੈ ?
18ਵੇਖ, ਉਹ ਆਪਣੇ ਸੇਵਕਾਂ ਉੱਤੇ ਭਰੋਸਾ ਨਹੀਂ ਰੱਖਦਾ ਅਤੇ ਆਪਣੇ ਦੂਤਾਂ ਨੂੰ ਦੋਸ਼ੀ ਠਹਿਰਾਉਂਦਾ ਹੈ,19ਤਾਂ ਫਿਰ ਉਹ ਕੀ ਹਨ ਜਿਹੜੇ ਕੱਚੇ ਘਰਾਂ ਵਿੱਚ ਵੱਸਦੇ ਹਨ, ਜਿਨ੍ਹਾਂ ਦੀਆਂ ਨੀਂਹਾਂ ਮਿੱਟੀ ਵਿੱਚ ਹਨ, ਜਿਹੜੇ ਪਤੰਗੇ ਦੀ ਤਰ੍ਹਾਂ ਪੀਹੇ ਜਾਂਦੇ ਹਨ ।
20ਸਵੇਰ ਤੋਂ ਸ਼ਾਮ ਤੱਕ ਉਹ ਟੁੱਕੜੇ-ਟੁੱਕੜੇ ਹੋ ਜਾਂਦੇ ਹਨ, ਕੋਈ ਉਨ੍ਹਾਂ ਦਾ ਵਿਚਾਰ ਵੀ ਨਹੀਂ ਕਰਦਾ ਅਤੇ ਉਹ ਸਦਾ ਲਈ ਨਾਸ ਹੋ ਜਾਂਦੇ ਹਨ ।21ਕੀ ਉਨ੍ਹਾਂ ਦੇ ਤੰਬੂ ਦਾ ਕਿੱਲਾ ਉਨ੍ਹਾਂ ਦੇ ਵਿੱਚ ਪੁੱਟਿਆ ਨਹੀਂ ਜਾਂਦਾ ? ਉਹ ਬੁੱਧ ਤੋਂ ਬਿਨ੍ਹਾਂ ਹੀ ਮਰ ਜਾਂਦੇ ਹਨ ।"

5

1"ਜ਼ਰਾ ਪੁਕਾਰ ਕੇ ਵੇਖ, ਕੀ ਕੋਈ ਹੈ ਜੋ ਤੈਨੂੰ ਉੱਤਰ ਦੇਵੇਗਾ ! ਜਾਂ ਪਵਿੱਤਰਾਂ ਵਿੱਚੋਂ ਤੂੰ ਕਿਸ ਦੇ ਵੱਲ ਮੂੰਹ ਕਰੇਂਗਾ ?2ਕੁੜ੍ਹਨਾ ਤਾਂ ਮੂਰਖ ਨੂੰ ਵੱਢ ਸੁੱਟਦਾ ਹੈ ਅਤੇ ਜਲਣ ਭੋਲਿਆਂ-ਭਾਲਿਆਂ ਨੂੰ ਮਾਰ ਸੁੱਟਦੀ ਹੈ ।3ਮੈਂ ਮੂਰਖ ਨੂੰ ਜੜ੍ਹ ਫੜ੍ਹਦੇ ਵੇਖਿਆ ਹੈ, ਪਰ ਅਚਾਨਕ ਮੈਂ ਉਹ ਦੇ ਨਿਵਾਸ-ਸਥਾਨ ਨੂੰ ਫਿਟਕਾਰਿਆ ।

4ਉਹ ਦੇ ਬੱਚੇ ਬਚਾਉ ਤੋਂ ਦੂਰ ਹਨ, ਅਤੇ ਫਾਟਕ ਵਿੱਚ ਮਿੱਧੇ ਜਾਂਦੇ ਹਨ, ਅਤੇ ਉਹਨਾਂ ਦਾ ਛੁਡਾਉਣ ਵਾਲਾ ਕੋਈ ਨਹੀਂ ਹੁੰਦਾ,5ਉਸ ਦੀ ਫ਼ਸਲ ਭੁੱਖੇ ਲੋਕ ਖਾ ਲੈਂਦੇ ਹਨ, ਸਗੋਂ ਕੰਡਿਆਂ ਵਿਚੋਂ ਵੀ ਕੱਢ ਲੈਂਦੇ ਹਨ, ਅਤੇ ਪਿਆਸਾ ਉਨ੍ਹਾਂ ਦੇ ਮਾਲ-ਧਨ ਨੂੰ ਫਾਹੀ ਲਾਉਂਦਾ ਹੈ,
6ਦੁੱਖ ਤਾਂ ਮਿੱਟੀ ਵਿੱਚੋਂ ਨਹੀਂ ਨਿੱਕਲਦਾ, ਨਾ ਕਸ਼ਟ ਭੂਮੀ ਵਿੱਚੋਂ ਉੱਗਦਾ ਹੈ,7ਜਿਵੇਂ ਚਿੰਗਿਆੜੇ ਉਤਾਹਾਂ ਉੱਡਦੇ ਹਨ, ਤਿਵੇਂ ਹੀ ਮਨੁੱਖ ਕਸ਼ਟ ਭੋਗਣ ਲਈ ਹੀ ਜੰਮਦਾ ਹੈ ।

8ਪਰ ਮੈਂ ਤਾਂ ਪਰਮੇਸ਼ੁਰ ਦਾ ਖੋਜੀ ਰਹਾਂਗਾ, ਅਤੇ ਆਪਣਾ ਮੁਕੱਦਮਾ ਪਰਮੇਸ਼ੁਰ ਨੂੰ ਸੌਂਪ ਦੇਵਾਂਗਾ,9ਜਿਹੜਾ ਵੱਡੇ-ਵੱਡੇ ਅਥਾਹ ਕੰਮ ਅਤੇ ਅਣਗਿਣਤ ਅਚਰਜ ਕਰਦਾ ਹੈ,10ਜਿਹੜਾ ਮੀਂਹ ਧਰਤੀ ਉੱਤੇ ਪਾਉਂਦਾ ਹੈ, ਅਤੇ ਖੇਤਾਂ ਉੱਤੇ ਪਾਣੀ ਵਰਸਾਉਂਦਾ ਹੈ,
11ਇਸ ਤਰ੍ਹਾਂ ਉਹ ਨੀਵਿਆਂ ਨੂੰ ਉੱਚਾ ਕਰਦਾ ਅਤੇ ਮਾਤਮ ਕਰਨ ਵਾਲੇ ਉਚਾਈ ਤੇ ਪਹੁੰਚਾ ਕੇ ਬਚਾਏ ਜਾਂਦੇ ਹਨ ।12ਉਹ ਚਲਾਕਾਂ ਦੀਆਂ ਯੋਜਨਾਵਾਂ ਨੂੰ ਵਿਅਰਥ ਕਰ ਦਿੰਦਾ ਹੈ, ਅਤੇ ਉਹਨਾਂ ਦੇ ਹੱਥ ਸਫ਼ਲ ਨਹੀਂ ਹੁੰਦੇ ।13ਉਹ ਬੁੱਧਵਾਨਾਂ ਨੂੰ ਉਹਨਾਂ ਦੀ ਚਤੁਰਾਈ ਵਿੱਚ ਫਸਾਉਂਦਾ ਹੈ ਅਤੇ ਛਲ ਕਰਨ ਵਾਲਿਆਂ ਦੀ ਸਲਾਹ ਛੇਤੀ ਮਿਟ ਜਾਂਦੀ ਹੈ ।
14ਦਿਨ ਵੇਲੇ ਉਨ੍ਹਾਂ ਉੱਤੇ ਹਨੇਰਾ ਛਾ ਜਾਂਦਾ ਹੈ, ਅਤੇ ਦੁਪਹਿਰ ਨੂੰ ਉਹ ਰਾਤ ਦੀ ਤਰ੍ਹਾਂ ਟੋਹੰਦੇ ਫਿਰਦੇ ਹਨ ।15ਪਰ ਉਹ ਕੰਗਾਲਾਂ ਨੂੰ ਉਨ੍ਹਾਂ ਦੇ ਮੂੰਹ ਦੀ ਤਲਵਾਰ ਤੋਂ ਅਤੇ ਤਕੜੇ ਦੇ ਹੱਥਾਂ ਤੋਂ ਬਚਾਉਂਦਾ ਹੈ ।16ਇਸ ਕਾਰਨ ਗਰੀਬ ਲਈ ਆਸ ਹੁੰਦੀ ਹੈ, ਅਤੇ ਬਦਕਾਰਾਂ ਦਾ ਮੂੰਹ ਬੰਦ ਹੋ ਜਾਂਦਾ ਹੈ ।

17ਵੇਖ, ਧੰਨ ਉਹ ਮਨੁੱਖ ਹੈ ਜਿਸ ਨੂੰ ਪਰਮੇਸ਼ੁਰ ਦਬਕਾਉਂਦਾ ਹੈ, ਇਸ ਲਈ ਸਰਬ ਸ਼ਕਤੀਮਾਨ ਦੀ ਤਾੜ ਨੂੰ ਤੁੱਛ ਨਾ ਜਾਣ ।18ਕਿਉਂਕਿ ਉਹ ਹੀ ਘਾਇਲ ਕਰਦਾ, ਅਤੇ ਫੇਰ ਪੱਟੀ ਬੰਨ੍ਹਦਾ ਹੈ, ਉਹ ਹੀ ਸੱਟ ਮਾਰਦਾ ਹੈ ਅਤੇ ਫੇਰ ਉਹ ਦੇ ਹੱਥ ਚੰਗਾ ਵੀ ਕਰਦੇ ਹਨ ।19ਛੇਆਂ ਬਿਪਤਾਂ ਤੋਂ ਉਹ ਤੈਨੂੰ ਛੁਡਾਵੇਗਾ, ਸਗੋਂ ਸੱਤ ਵਿੱਚੋਂ ਵੀ ਕੋਈ ਬਦੀ ਤੈਨੂੰ ਨਾ ਛੂਹੇਗੀ ।
20ਕਾਲ ਵਿੱਚ ਉਹ ਤੈਨੂੰ ਮੌਤ ਤੋਂ, ਅਤੇ ਲੜਾਈ ਵਿੱਚ ਤਲਵਾਰ ਦੀ ਧਾਰ ਤੋਂ ਤੈਨੂੰ ਛੁਟਕਾਰਾ ਦੇਵੇਗਾ ।21ਤੂੰ ਜੀਭ ਰੂਪੀ ਕੋਰੜੇ ਤੋਂ ਬਚਾਇਆ ਜਾਵੇਂਗਾ ਅਤੇ ਜਦ ਤਬਾਹੀ ਆਵੇਗੀ ਤਦ ਤੂੰ ਉਸ ਤੋਂ ਨਾ ਡਰੇਂਗਾ ।22ਤਬਾਹੀ ਅਤੇ ਕਾਲ ਦੇ ਦਿਨਾਂ ਉੱਤੇ ਤੂੰ ਹੱਸੇਂਗਾ, ਅਤੇ ਜੰਗਲੀ ਜਾਨਵਰਾਂ ਤੋਂ ਤੂੰ ਨਾ ਡਰੇਂਗਾ,
23ਸਗੋਂ ਮੈਦਾਨ ਦੇ ਪੱਥਰ ਵੀ ਤੇਰੇ ਨਾਲ ਨੇਮ ਬੰਨ੍ਹਣਗੇ, ਅਤੇ ਮੈਦਾਨ ਦੇ ਜਾਨਵਰ ਤੇਰੇ ਨਾਲ ਮੇਲ ਰੱਖਣਗੇ ।24ਤਦ ਤੂੰ ਜਾਣੇਂਗਾ ਕਿ ਤੇਰਾ ਤੰਬੂ ਸਲਾਮਤ ਹੈ, ਜਦ ਤੂੰ ਆਪਣਾ ਨਿਵਾਸ-ਸਥਾਨ ਵੇਖੇਂਗਾ, ਤਦ ਕੋਈ ਚੀਜ਼ ਗੁਆਚੀ ਹੋਈ ਨਾ ਹੋਵੇਗੀ ।25ਤੂੰ ਇਹ ਵੀ ਜਾਣੇਂਗਾ ਕਿ ਤੇਰੀ ਅੰਸ ਬਹੁਤ ਹੋਵੇਗੀ, ਸਗੋਂ ਤੇਰੀ ਸੰਤਾਨ ਧਰਤੀ ਦੀ ਘਾਹ ਦੇ ਸਮਾਨ ਹੋਵੇਗੀ ।
26ਤੂੰ ਆਪਣੀ ਪੂਰੀ ਉਮਰ ਭੋਗ ਕੇ ਕਬਰ ਵਿੱਚ ਜਾਵੇਂਗਾ, ਜਿਵੇਂ ਅੰਨ ਦੀਆਂ ਭਰੀਆਂ ਸਮੇਂ ਸਿਰ ਭੰਡਾਰਾਂ ਵਿੱਚ ਰੱਖੀਆਂ ਜਾਂਦੀਆਂ ਹਨ ।

27ਵੇਖ, ਅਸੀਂ ਇਹ ਨੂੰ ਖੋਜਿਆ ਅਤੇ ਇਹ ਇਸੇ ਤਰ੍ਹਾਂ ਹੀ ਹੈ, ਤੂੰ ਇਹ ਨੂੰ ਸੁਣ ਅਤੇ ਆਪਣੇ ਲਾਭ ਦੇ ਲਈ ਧਿਆਨ ਵਿੱਚ ਰੱਖ ।"

6
ਅੱਯੂਬ ਦਾ ਅਲੀਫ਼ਜ਼ ਨੂੰ ਉੱਤਰ

1ਫਿਰ ਅੱਯੂਬ ਨੇ ਉੱਤਰ ਦੇ ਕੇ ਆਖਿਆ,2"ਭਲਾ ਹੁੰਦਾ ਜੋ ਮੇਰੀ ਤਕਲੀਫ਼ ਚੰਗੀ ਤਰ੍ਹਾਂ ਤੋਲੀ ਜਾਂਦੀ ਅਤੇ ਮੇਰੀ ਸਾਰੀ ਬਿਪਤਾ ਤੱਕੜੀ ਵਿੱਚ ਰੱਖੀ ਜਾਂਦੀ !3ਕਿਉਂਕਿ ਉਹ ਸਮੁੰਦਰ ਦੀ ਰੇਤ ਨਾਲੋਂ ਵੀ ਭਾਰੀ ਠਹਿਰਦੀ, ਇਸ ਲਈ ਮੇਰੀਆਂ ਗੱਲਾਂ ਕਾਹਲ ਨਾਲ ਹੋਈਆਂ ਹਨ,

4ਕਿਉਂ ਜੋ ਸਰਬ ਸ਼ਕਤੀਮਾਨ ਦੇ ਤੀਰ ਮੈਨੂੰ ਲੱਗੇ ਹਨ, ਇਹਨਾਂ ਦਾ ਜ਼ਹਿਰ ਮੇਰਾ ਆਤਮਾ ਪੀਂਦਾ ਹੈ, ਪਰਮੇਸ਼ੁਰ ਦੇ ਖੌਫ਼ ਮੇਰੇ ਵਿੱਰੁਧ ਕਤਾਰਾਂ ਬੰਨ੍ਹੀ ਖੜ੍ਹੇ ਹਨ !5ਕੀ, ਜੰਗਲੀ ਗਧਾ ਘਾਹ ਉੱਤੇ ਹੀਂਗਦਾ ਹੈ ? ਕੀ ਬਲਦ ਆਪਣੇ ਪੱਠਿਆਂ ਉੱਤੇ ਅੜਿੰਗਦਾ ਹੈ ?6ਕੀ, ਫਿੱਕੀ ਚੀਜ਼ ਲੂਣ ਤੋਂ ਬਿਨ੍ਹਾਂ ਖਾਈਦੀ ਹੈ ? ਕੀ ਆਂਡੇ ਦੀ ਸਫ਼ੇਦੀ ਵਿੱਚ ਕੋਈ ਸੁਆਦ ਹੈ ?
7ਜਿਹਨਾਂ ਵਸਤਾਂ ਨੂੰ ਮੈਂ ਛੂਹਣਾ ਵੀ ਨਹੀਂ ਚਾਹੁੰਦਾ ਉਹ ਹੀ ਮੇਰੇ ਲਈ ਘਿਣਾਉਣੀ ਰੋਟੀ ਠਹਿਰੀਆਂ ਹਨ ।

8ਕਾਸ਼ ਕਿ ਮੇਰੀਆਂ ਮੰਗਾਂ ਪੂਰੀਆਂ ਹੁੰਦੀਆਂ ਅਤੇ ਜਿਸ ਦੀ ਮੈਂ ਆਸ ਕਰਦਾ ਹਾਂ, ਪਰਮੇਸ਼ੁਰ ਉਹ ਹੀ ਮੈਨੂੰ ਦਿੰਦਾ !9ਕਿ ਪਰਮੇਸ਼ੁਰ ਨੂੰ ਇਹ ਭਾਵੇ ਕਿ ਉਹ ਮੈਨੂੰ ਕੁੱਚਲ ਸੁੱਟੇ, ਆਪਣਾ ਹੱਥ ਚਲਾ ਕੇ ਮੈਨੂੰ ਵੱਢ ਸੁੱਟੇ !
10ਤਦ ਵੀ ਇਹ ਮੇਰੀ ਤਸੱਲੀ ਦਾ ਕਾਰਨ ਹੁੰਦੀ ਅਤੇ ਮੈਂ ਵੱਡੀ ਤੜਫਣ ਵਿੱਚ ਵੀ ਖੁਸ਼ੀ ਨਾਲ ਉੱਛਲ ਪੈਂਦਾ, ਕਿਉਂਕਿ ਮੈਂ ਪਵਿੱਤਰ ਪੁਰਖ ਦੇ ਬਚਨਾਂ ਦਾ ਕਦੀ ਇਨਕਾਰ ਨਹੀਂ ਕੀਤਾ ।

11ਮੇਰੇ ਵਿੱਚ ਕਿਹੜਾ ਬਲ ਜੋ ਮੈਂ ਆਸ ਰੱਖਾਂ, ਜਾਂ ਮੇਰਾ ਅੰਤ ਕੀ ਹੋਵੇਗਾ ਜੋ ਮੈਂ ਸਬਰ ਕਰਾਂ ?
12ਕੀ ਮੇਰਾ ਬਲ ਪੱਥਰਾਂ ਦਾ ਬਲ ਹੈ, ਜਾਂ ਮੇਰਾ ਸਰੀਰ ਪਿੱਤਲ ਦਾ ਹੈ ?13ਕੀ ਆਪਣੀ ਸਹਾਇਤਾ ਕਰਨ ਦੀ ਸਮਰੱਥਾ ਮੇਰੇ ਵਿੱਚ ਹੈ, ਜਦ ਕਿ ਕਾਮਯਾਬੀ ਮੈਥੋਂ ਦੂਰ ਹਟਾਈ ਗਈ ਹੈ ?

14ਜੋ ਮਿੱਤਰ ਉੱਤੇ ਦਯਾ ਨਹੀਂ ਕਰਦਾ ਹੈ, ਉਹ ਸਰਬ ਸ਼ਕਤੀਮਾਨ ਦਾ ਡਰ ਮੰਨਣਾ ਵੀ ਛੱਡ ਦਿੰਦਾ ਹੈ ।15ਮੇਰੇ ਭਰਾ ਨਦੀ ਵਾਂਗੂੰ ਵਿਸ਼ਵਾਸਘਾਤੀ ਹਨ, ਉਨ੍ਹਾਂ ਨਦੀਆਂ ਦੀਆਂ ਧਾਰਾਂ ਵਾਂਗੂੰ ਜਿਹੜੀਆਂ ਦੂਰ ਵਗ ਜਾਂਦੀਆਂ ਹਨ,16ਉਹ ਬਰਫ਼ ਦੇ ਕਾਰਨ ਕਾਲੇ ਹੋ ਜਾਂਦੇ ਹਨ, ਅਤੇ ਹਿਮ ਉਸ ਦੇ ਵਿੱਚ ਛੁੱਪੀ ਰਹਿੰਦੀ ਹੈ !17ਗਰਮੀ ਦੀ ਰੁੱਤ ਵਿੱਚ ਉਹ ਅਲੋਪ ਹੋ ਜਾਂਦੀਆਂ ਹਨ, ਧੁੱਪ ਪੈਂਦਿਆਂ ਹੀ ਉਹ ਆਪਣੇ ਥਾਵਾਂ ਵਿੱਚੋਂ ਗਾਇਬ ਹੋ ਜਾਂਦੀਆਂ ਹਨ,
18ਕਾਫ਼ਲੇ ਆਪਣੇ ਰਾਹਾਂ ਤੋਂ ਮੁੜ ਜਾਂਦੇ ਹਨ, ਉਹ ਸੁੰਨੇ ਥਾਂ ਵਿੱਚ ਜਾ ਕੇ ਨਾਸ ਹੋ ਜਾਂਦੇ ਹਨ ।19ਤੇਮਾ ਦੇ ਵਪਾਰੀ ਪਾਣੀ ਦੀ ਤਲਾਸ਼ ਕਰਦੇ ਹਨ, ਸ਼ੇਬਾ ਦੇ ਮੁਸਾਫ਼ਰ ਆਸ ਨਾਲ ਤੱਕਦੇ ਹਨ ।20ਤੇਮਾ ਦੇ ਕਾਫ਼ਲੇ ਵੇਖਦੇ ਰਹੇ, ਸਬਾ ਦੇ ਜੱਥੇ ਉਨ੍ਹਾਂ ਨੂੰ ਉਡੀਕਦੇ ਰਹੇ,
21ਹੁਣ ਤੁਸੀਂ ਮੇਰੇ ਲਈ ਅਜਿਹੇ ਹੀ ਹੋ, ਤੁਸੀਂ ਮੇਰੀ ਬਿਪਤਾ ਨੂੰ ਵੇਖ ਕੇ ਡਰ ਗਏ ਹੋ,22ਕੀ ਮੈਂ ਆਖਿਆ, ਮੈਨੂੰ ਕੁਝ ਦਿਓ ? ਜਾਂ ਆਪਣੇ ਮਾਲ-ਧਨ ਵਿੱਚੋਂ ਮੈਨੂੰ ਰਿਸ਼ਵਤ ਦਿਓ ?23ਜਾਂ ਵਿਰੋਧੀ ਦੇ ਹੱਥੋਂ ਮੈਨੂੰ ਛੁਡਾਓ, ਜਾਂ ਜ਼ਾਲਮਾਂ ਦੇ ਹੱਥੋਂ ਮੁੱਲ ਦੇ ਕੇ ਮੇਰਾ ਛੁਟਕਾਰਾ ਕਰਾਓ ?

24ਮੈਨੂੰ ਸਿਖਾਓ ਤਾਂ ਮੈਂ ਚੁੱਪ ਹੋ ਜਾਂਵਾਂਗਾ, ਜਿੱਥੇ ਮੇਰੇ ਤੋਂ ਭੁੱਲ ਹੋਈ ਮੈਨੂੰ ਸਮਝਾਓ ।25ਸਚਿਆਈ ਦੀਆਂ ਗੱਲਾਂ ਕਿੰਨੀਆਂ ਅਸਰ ਵਾਲੀਆਂ ਹੁੰਦੀਆਂ ਹਨ, ਪਰ ਤੁਹਾਡਾ ਝਿੜਕਣਾ ਕਿਹੜਾ ਝਿੜਕਣਾ ਹੈ ?
26ਕੀ ਤੁਸੀਂ ਮੇਰੀਆਂ ਗੱਲਾਂ ਨੂੰ ਸੁਧਾਰਨਾ ਚਾਹੁੰਦੇ ਹੋ ? ਪਰ ਨਿਰਾਸ਼ਾ ਦੀਆਂ ਗੱਲਾਂ ਹਵਾ ਹੀ ਹਨ !27ਹਾਂ, ਤੁਸੀਂ ਯਤੀਮਾਂ ਉੱਤੇ ਪਰਚੀਆਂ ਪਾਉਂਦੇ ਹੋ, ਅਤੇ ਆਪਣੇ ਦੋਸਤ ਦਾ ਸੌਦਾ ਕਰਦੇ ਹੋ ।

28ਹੁਣ ਤਾਂ ਕਿਰਪਾ ਕਰਕੇ ਮੇਰੇ ਵੱਲ ਮੂੰਹ ਕਰੋ, ਮੈਂ ਤੁਹਾਡੇ ਸਨਮੁਖ ਝੂਠ ਕਦੇ ਨਾ ਬੋਲਾਂਗਾ !29ਮੁੜੋ, ਕਿ ਬੇਇਨਸਾਫ਼ੀ ਨਾ ਹੋਵੇ, ਅਤੇ ਫੇਰ ਮੁੜੋ, ਮੈਂ ਉਸ ਵਿੱਚ ਧਰਮ ਉੱਤੇ ਹਾਂ ।30ਕੀ ਮੇਰੀ ਜੀਭ ਉੱਤੇ ਬੇਇਨਸਾਫ਼ੀ ਹੈ ? ਕੀ ਮੈਂ ਬੁਰਿਆਈ ਨੂੰ ਨਹੀਂ ਪਛਾਣ ਸਕਦਾ ?

7

1ਕੀ ਮਨੁੱਖ ਨੂੰ ਧਰਤੀ ਉੱਤੇ ਸਖ਼ਤ ਮਿਹਨਤ ਨਹੀਂ ਕਰਨੀ ਪੈਂਦੀ ? ਅਤੇ ਉਹ ਦੇ ਦਿਨ ਮਜ਼ਦੂਰ ਦੇ ਦਿਨਾਂ ਦੀ ਤਰ੍ਹਾਂ ਨਹੀਂ ਹੁੰਦੇ ?2ਜਿਵੇਂ ਕੋਈ ਦਾਸ ਛਾਂ ਨੂੰ ਲੋਚਦਾ ਹੈ, ਅਤੇ ਮਜ਼ਦੂਰ ਆਪਣੀ ਮਜ਼ਦੂਰੀ ਨੂੰ ਉਡੀਕਦਾ ਹੈ,3ਤਿਵੇਂ ਮੈਂ ਅਨਰਥ ਦੇ ਮਹੀਨਿਆਂ ਦਾ ਮਾਲਕ ਬਣਾਇਆ ਗਿਆ ਹਾਂ, ਅਤੇ ਕਲੇਸ਼ ਦੀਆਂ ਰਾਤਾਂ ਮੇਰੇ ਲਈ ਠਹਿਰਾਈਆਂ ਗਈਆਂ ਹਨ ।

4ਜਦ ਮੈਂ ਲੰਮਾ ਪੈਂਦਾ ਹਾਂ ਤਾਂ ਮੈਂ ਸੋਚਦਾ ਹਾਂ, ਮੈਂ ਕਦ ਉੱਠਾਂਗਾ ? ਪਰ ਰਾਤ ਲੰਮੀ ਹੁੰਦੀ ਹੈ, ਅਤੇ ਮੈਂ ਸਵੇਰ ਤੱਕ ਪਾਸੇ ਲੈਂਦਾ-ਲੈਂਦਾ ਥੱਕ ਜਾਂਦਾ ਹਾਂ ।5ਮੇਰਾ ਸਰੀਰ ਕੀੜਿਆਂ ਅਤੇ ਮਿੱਟੀ ਦੇ ਢੇਲਿਆਂ ਨਾਲ ਢੱਕਿਆ ਹੋਇਆ ਹੈ, ਮੇਰੀ ਚਮੜੀ ਆਕੜ ਜਾਂਦੀ, ਫਿਰ ਪੀਕ ਵਗ ਪੈਂਦੀ ਹੈ ।

6ਮੇਰੇ ਦਿਨ ਜੁਲਾਹੇ ਦੀ ਨਾਲ ਤੋਂ ਵੀ ਕਾਹਲੇ ਹਨ, ਅਤੇ ਆਸ ਤੋਂ ਬਿਨ੍ਹਾਂ ਬੀਤਦੇ ਜਾਂਦੇ ਹਨ ।7ਯਾਦ ਰੱਖ ਕਿ ਮੇਰਾ ਜੀਵਨ ਸਾਹ ਹੀ ਹੈ, ਮੇਰੀ ਅੱਖ ਫੇਰ ਭਲਿਆਈ ਨਹੀਂ ਵੇਖੇਗੀ !
8ਜਿਹੜੀ ਅੱਖ ਮੈਨੂੰ ਹੁਣ ਵੇਖਦੀ ਹੈ, ਉਹ ਫੇਰ ਨਹੀਂ ਵੇਖੇਗੀ, ਤੇਰੀਆਂ ਅੱਖਾਂ ਮੇਰੇ ਉੱਤੇ ਹੋਣਗੀਆਂ ਪਰ ਮੈਂ ਨਾ ਹੋਵਾਂਗਾ ।9ਜਿਵੇਂ ਬੱਦਲ ਫੱਟ ਕੇ ਮੁੱਕ ਜਾਂਦਾ ਹੈ, ਤਿਵੇਂ ਉਹ ਜਿਹੜਾ ਪਤਾਲ ਵਿੱਚ ਉੱਤਰਦਾ ਹੈ, ਫਿਰ ਉੱਪਰ ਨਹੀਂ ਆਉਂਦਾ ।10ਉਹ ਆਪਣੇ ਘਰ ਨੂੰ ਫੇਰ ਨਹੀਂ ਮੁੜਦਾ, ਅਤੇ ਉਹ ਦਾ ਥਾਂ ਉਹ ਨੂੰ ਫੇਰ ਨਹੀਂ ਪਛਾਣੇਗਾ ।

11ਇਸ ਲਈ ਮੈਂ ਆਪਣਾ ਮੂੰਹ ਬੰਦ ਨਾ ਕਰਾਂਗਾ, ਮੈਂ ਆਪਣੇ ਆਤਮਿਕ ਦੁੱਖ ਵਿੱਚ ਬੋਲਦਾ ਜਾਂਵਾਂਗਾ, ਮੈਂ ਆਪਣੀ ਜਾਨ ਦੀ ਕੁੜੱਤਣ ਵਿੱਚ ਸ਼ਿਕਾਇਤ ਕਰਦਾ ਰਹਾਂਗਾ ।12ਕੀ ਮੈਂ ਸਮੁੰਦਰ ਹਾਂ, ਜਾਂ ਜਲ ਜੰਤੂ, ਜੋ ਤੂੰ ਮੇਰੇ ਉੱਤੇ ਪਹਿਰਾ ਬਿਠਾਉਂਦਾ ਹੈਂ ?
13ਜਦ ਮੈਂ ਸੋਚਦਾ ਹਾਂ ਕਿ ਮੇਰੀ ਮੰਜੀ ਉੱਤੇ ਮੈਨੂੰ ਸ਼ਾਂਤੀ ਮਿਲੇਗੀ ਅਤੇ ਮੇਰੇ ਬਿਛੌਣੇ ਉੱਤੇ ਮੇਰਾ ਦੁੱਖ ਹਲਕਾ ਹੋਵੇਗਾ,14ਤਦ ਤੂੰ ਮੈਨੂੰ ਸੁਫ਼ਨਿਆਂ ਨਾਲ ਘਬਰਾ ਦਿੰਦਾ ਹੈਂ, ਅਤੇ ਮੈਨੂੰ ਦਰਸ਼ਣਾਂ ਨਾਲ ਡਰਾ ਦਿੰਦਾ ਹੈਂ ।15ਇਸ ਲਈ ਮੇਰੀ ਜਾਨ ਫਾਂਸੀ ਨੂੰ ਅਤੇ ਮੇਰੀਆਂ ਹੱਡੀਆਂ ਮੌਤ ਨੂੰ ਜੀਵਨ ਤੋਂ ਵੱਧ ਚੁਣਦੀਆਂ ਹਨ !
16ਮੈਂ ਤੁੱਛ ਹਾਂ, ਮੈਂ ਸਦਾ ਤੱਕ ਜੀਉਂਦਾ ਨਾ ਰਹਾਂਗਾ, ਮੈਨੂੰ ਛੱਡ ਦੇ ਕਿਉਂ ਜੋ ਮੇਰੇ ਦਿਨ ਸਾਹ ਦੀ ਤਰ੍ਹਾਂ ਹੀ ਹਨ !

17ਮਨੁੱਖ ਕੀ ਹੈ ਜੋ ਤੂੰ ਉਸ ਨੂੰ ਵਡਿਆਵੇਂ, ਅਤੇ ਆਪਣਾ ਦਿਲ ਉਸ ਉੱਤੇ ਲਾਵੇਂ ?18ਅਤੇ ਹਰ ਸਵੇਰ ਉਸ ਦੀ ਖ਼ਬਰ ਲਵੇਂ, ਅਤੇ ਪਲ-ਪਲ ਤੇ ਉਸ ਨੂੰ ਜਾਂਚੇਂ ?
19ਤੂੰ ਕਦ ਤੱਕ ਮੇਰੀ ਵੱਲ ਵੇਖਣੋਂ ਨਾ ਹਟੇਂਗਾ ਅਤੇ ਮੈਨੂੰ ਨਾ ਛੱਡੇਂਗਾ ਜੋ ਮੈਂ ਆਪਣੀ ਥੁੱਕ ਨਿਗਲ ਲਵਾਂ ?20ਹੇ ਮਨੁੱਖਾਂ ਦੇ ਰਾਖੇ, ਜੇ ਮੈਂ ਪਾਪ ਕੀਤਾ ਤਾਂ ਮੈਂ ਤੇਰਾ ਕੀ ਵਿਗਾੜਿਆ ਹੈ ? ਤੂੰ ਕਿਉਂ ਮੈਨੂੰ ਆਪਣਾ ਨਿਸ਼ਾਨਾ ਬਣਾਇਆ ਹੈ ਕਿ ਮੈਂ ਆਪਣੇ ਆਪ ਲਈ ਬੋਝ ਹੋ ਗਿਆ ਹਾਂ ?
21ਅਤੇ ਤੂੰ ਮੇਰਾ ਅਪਰਾਧ ਕਿਉਂ ਮਾਫ਼ ਨਹੀਂ ਕਰਦਾ, ਅਤੇ ਮੇਰੀ ਬਦੀ ਦੂਰ ਨਹੀਂ ਕਰਦਾ ? ਮੈਂ ਤਾਂ ਹੁਣ ਮਿੱਟੀ ਵਿੱਚ ਮਿਲ ਜਾਂਵਾਂਗਾ, ਤਦ ਤੂੰ ਮੈਨੂੰ ਢੂੰਡੇਂਗਾ, ਪਰ ਮੈਂ ਹੋਵਾਂਗਾ ਨਹੀਂ !"

8
ਬਿਲਦਦ ਦਾ ਤਰਕ

1ਤਦ ਬਿਲਦਦ ਸ਼ੂਹੀ ਨੇ ਆਖਿਆ,2"ਤੂੰ ਕਦੋਂ ਤੱਕ ਇਨ੍ਹਾਂ ਗੱਲਾਂ ਨੂੰ ਕਰਦਾ ਰਹੇਂਗਾ ਅਤੇ ਤੇਰੇ ਮੂੰਹ ਦੀਆਂ ਗੱਲਾਂ ਇੱਕ ਤੂਫ਼ਾਨੀ ਹਵਾ ਵਰਗੀਆਂ ਹੋਣਗੀਆਂ ?3ਕੀ ਪਰਮੇਸ਼ੁਰ ਨਿਆਂ ਨੂੰ ਵਿਗਾੜਦਾ ਹੈ, ਜਾਂ ਸਰਬ ਸ਼ਕਤੀਮਾਨ ਧਰਮ ਨੂੰ ਵਿਗਾੜਦਾ ਹੈ ?

4ਜੇ ਤੇਰੇ ਪੁੱਤਰਾਂ ਨੇ ਉਹ ਦਾ ਪਾਪ ਕੀਤਾ, ਤਦ ਉਹ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਅਪਰਾਧ ਦੇ ਵੱਸ ਵਿੱਚ ਕਰ ਦਿੱਤਾ ।5ਜੇ ਤੂੰ ਪਰਮੇਸ਼ੁਰ ਨੂੰ ਵੱਡੇ ਯਤਨ ਨਾਲ ਭਾਲਦਾ, ਅਤੇ ਸਰਬ ਸ਼ਕਤੀਮਾਨ ਅੱਗੇ ਬੇਨਤੀ ਕਰਦਾ,
6ਜੇ ਤੂੰ ਪਵਿੱਤਰ ਅਤੇ ਨੇਕ ਹੁੰਦਾ, ਤਦ ਹੁਣ ਉਹ ਤੇਰੇ ਲਈ ਜਾਗ ਉੱਠਦਾ, ਤੇਰੇ ਧਰਮ ਦੇ ਡੇਰੇ ਨੂੰ ਬਚਾਈ ਰੱਖਦਾ ।7ਭਾਵੇਂ ਤੇਰਾ ਹਿੱਸਾ ਥੋੜ੍ਹਾ ਹੀ ਰਿਹਾ ਹੋਵੇ, ਪਰ ਅੰਤ ਵਿੱਚ ਉਹ ਤੈਨੂੰ ਬਹੁਤ ਵਧਾਉਂਦਾ ।

8ਤੂੰ ਪਹਿਲੀ ਪੀੜ੍ਹੀ ਦੇ ਲੋਕਾਂ ਨੂੰ ਪੁੱਛ, ਅਤੇ ਉਨ੍ਹਾਂ ਦੇ ਪਿਉ-ਦਾਦਿਆਂ ਦੀਆਂ ਖੋਜਾਂ ਉੱਤੇ ਧਿਆਨ ਦੇ,9ਆਪਾਂ ਤਾਂ ਕੱਲ ਦੇ ਹਾਂ, ਅਤੇ ਕੁਝ ਨਹੀਂ ਜਾਣਦੇ ਕਿਉਂ ਜੋ ਸਾਡੇ ਦਿਨ ਧਰਤੀ ਉੱਤੇ ਪਰਛਾਵੇਂ ਵਰਗੇ ਹੀ ਹਨ ।10ਕੀ ਉਹ ਤੈਨੂੰ ਨਾ ਸਿਖਾਉਣਗੇ ਅਤੇ ਤੈਨੂੰ ਨਾ ਦੱਸਣਗੇ, ਅਤੇ ਆਪਣੇ ਦਿਲੋਂ ਗੱਲਾਂ ਬਾਹਰ ਨਾ ਲਿਆਉਣਗੇ ?
11ਕੀ, ਬਿਨ੍ਹਾਂ ਚਿੱਕੜ ਤੋਂ ਕਾਨਾ ਉੱਗੇਗਾ ? ਕੀ, ਬਿਨ੍ਹਾਂ ਪਾਣੀ ਤੋਂ ਸਰਕੰਡਾ ਵਧੇਗਾ ?12ਭਾਵੇਂ ਉਹ ਹਰਾ ਹੋਵੇ, ਅਤੇ ਵੱਢਿਆ ਵੀ ਨਾ ਗਿਆ ਹੋਵੇ, ਤਾਂ ਵੀ ਉਹ ਦੂਜੇ ਘਾਹ ਨਾਲੋਂ ਛੇਤੀ ਸੁੱਕ ਜਾਂਦਾ ਹੈ ।
13ਇਸੇ ਤਰ੍ਹਾਂ ਹੀ ਪਰਮੇਸ਼ੁਰ ਦੇ ਸਾਰੇ ਭੁੱਲਣ ਵਾਲਿਆਂ ਦੇ ਰਾਹ ਹਨ, ਅਤੇ ਅਧਰਮੀ ਦੀ ਆਸ ਟੁੱਟ ਜਾਂਦੀ ਹੈ ।14ਉਸ ਦੀ ਆਸ ਦਾ ਮੁੱਢ ਟੁੱਟ ਜਾਂਦਾ ਹੈ, ਅਤੇ ਜਿਸ ਉੱਤੇ ਉਹ ਭਰੋਸਾ ਕਰਦਾ ਹੈ ਉਹ ਮੱਕੜੀ ਦਾ ਜਾਲਾ ਠਹਿਰਦਾ ਹੈ ।15ਭਾਵੇਂ ਉਹ ਆਪਣੇ ਘਰ ਉੱਤੇ ਭਰੋਸਾ ਰੱਖੇ, ਪਰ ਉਹ ਖੜ੍ਹਾ ਨਹੀਂ ਰਹੇਗਾ, ਉਹ ਉਸ ਨੂੰ ਤਕੜਾਈ ਨਾਲ ਫੜ੍ਹ ਲਵੇਗਾ, ਪਰ ਉਹ ਕਾਇਮ ਨਹੀਂ ਰਹੇਗਾ ।
16ਉਹ ਧੁੱਪ ਵਿੱਚ ਹਰਾ-ਭਰਾ ਹੋ ਜਾਂਦਾ ਹੈ, ਅਤੇ ਉਸ ਦੀਆਂ ਡਾਲੀਆਂ ਉਹ ਦੇ ਬਾਗ਼ ਉੱਤੇ ਫੈਲ ਜਾਂਦੀਆਂ ਹਨ ।17ਉਹ ਦੀਆਂ ਜੜ੍ਹਾਂ ਪੱਥਰਾਂ ਦੇ ਢੇਰ ਵਿੱਚ ਲਿਪਟੀਆਂ ਹੋਈਆਂ ਹਨ, ਉਹ ਪੱਥਰ ਦੇ ਘਰ ਨੂੰ ਲੱਭ ਲੈਂਦਾ ਹੈ ।18ਜੇ ਉਹ ਆਪਣੇ ਸਥਾਨ ਤੋਂ ਨਾਸ ਕੀਤਾ ਜਾਵੇ, ਤਾਂ ਉਹ ਇਹ ਆਖ ਕੇ ਉਸ ਦਾ ਇਨਕਾਰ ਕਰੇਗਾ ਕਿ ਮੈਂ ਇਸ ਨੂੰ ਵੇਖਿਆ ਹੀ ਨਹੀਂ ।
19ਵੇਖ, ਉਸ ਦੀ ਖੁਸ਼ੀ ਰਾਤ ਭਰ ਲਈ ਹੁੰਦੀ ਹੈ ! ਫਿਰ ਦੂਜੇ ਉਸੇ ਮਿੱਟੀ ਵਿੱਚੋਂ ਨਿੱਕਲਣਗੇ ।

20ਵੇਖ, ਪਰਮੇਸ਼ੁਰ ਖਰੇ ਆਦਮੀ ਨੂੰ ਨਾ ਤਿਆਗੇਗਾ, ਅਤੇ ਨਾ ਬੁਰਿਆਰਾਂ ਦੇ ਹੱਥ ਨੂੰ ਥੰਮੇਗਾ ।
21ਉਹ ਤੇਰੇ ਮੂੰਹ ਨੂੰ ਹਾਸੇ ਨਾਲ ਅਤੇ ਤੇਰੇ ਬੁੱਲ੍ਹਾਂ ਨੂੰ ਜੈਕਾਰਿਆਂ ਨਾਲ ਭਰੇਗਾ ।22ਤੇਰੇ ਵੈਰੀ ਸ਼ਰਮ ਦਾ ਲਿਬਾਸ ਪਹਿਨਣਗੇ, ਅਤੇ ਦੁਸ਼ਟਾਂ ਦਾ ਤੰਬੂ ਹੋਵੇਗਾ ਹੀ ਨਹੀਂ !"

9
ਅੱਯੂਬ ਦਾ ਬਿਲਦਦ ਨੂੰ ਉੱਤਰ

1ਅੱਯੂਬ ਨੇ ਉੱਤਰ ਦੇ ਕੇ ਆਖਿਆ,2"ਮੈਂ ਸੱਚ-ਮੁੱਚ ਜਾਣਦਾ ਹਾਂ ਕਿ ਇਹ ਇਸ ਤਰ੍ਹਾਂ ਹੀ ਹੈ, ਪਰ ਮਨੁੱਖ ਪਰਮੇਸ਼ੁਰ ਅੱਗੇ ਕਿਵੇਂ ਧਰਮੀ ਠਹਿਰ ਸਕਦਾ ਹੈ ?3ਜੇ ਉਹ ਉਸ ਦੇ ਨਾਲ ਵਿਵਾਦ ਵੀ ਕਰਨਾ ਚਾਹੇ, ਤਾਂ ਵੀ ਉਹ ਹਜ਼ਾਰ ਵਿੱਚੋਂ ਇੱਕ ਗੱਲ ਦਾ ਵੀ ਜਵਾਬ ਨਹੀਂ ਦੇ ਸਕੇਗਾ ।

4ਉਹ ਬੁੱਧੀਮਾਨ ਅਤੇ ਅੱਤ ਬਲਵੰਤ ਹੈ, ਕਿਸ ਨੇ ਉਹ ਦਾ ਸਾਹਮਣਾ ਕੀਤਾ ਅਤੇ ਪਰਬਲ ਹੋਇਆ ?5ਉਹ ਜੋ ਅਚਾਨਕ ਪਹਾੜਾਂ ਨੂੰ ਹਟਾ ਦਿੰਦਾ ਹੈ ਅਤੇ ਉਨ੍ਹਾਂ ਨੂੰ ਪਤਾ ਵੀ ਨਹੀਂ ਲਗਦਾ, ਉਹ ਆਪਣੇ ਕ੍ਰੋਧ ਵਿੱਚ ਉਨ੍ਹਾਂ ਨੂੰ ਉਲਟ ਦਿੰਦਾ ਹੈ,6ਜੋ ਧਰਤੀ ਨੂੰ ਉਹ ਦੇ ਸਥਾਨ ਤੋਂ ਹਿਲਾ ਦਿੰਦਾ ਹੈ, ਅਤੇ ਉਹ ਦੇ ਥੰਮ੍ਹ ਕੰਬ ਉੱਠਦੇ ਹਨ ।
7ਜੋ ਸੂਰਜ ਨੂੰ ਹੁਕਮ ਕਰਦਾ ਅਤੇ ਉਹ ਚੜ੍ਹਦਾ ਨਹੀਂ, ਅਤੇ ਤਾਰਿਆਂ ਉੱਤੇ ਮੋਹਰ ਲਾਉਂਦਾ ਹੈ ।8ਜੋ ਇਕੱਲਾ ਹੀ ਅਕਾਸ਼ਾਂ ਨੂੰ ਤਾਣ ਦਿੰਦਾ ਹੈ, ਅਤੇ ਸਮੁੰਦਰ ਦੀਆਂ ਠਾਠਾਂ ਮਾਰਦੀਆਂ ਲਹਿਰਾਂ ਉੱਤੇ ਚੱਲਦਾ ਹੈ ।9ਜੋ ਸਪਤ੍ਰਿਖ, ਜੱਬਾਰ, ਖਿੱਤਿਆਂ ਅਤੇ ਦੱਖਣ ਦੇ ਅਕਾਸ਼ ਮੰਡਲਾਂ ਦਾ ਸਿਰਜਣਹਾਰ ਹੈ ।
10ਜੋ ਅਜਿਹੇ ਵੱਡੇ-ਵੱਡੇ ਕੰਮ ਕਰਦਾ ਹੈ, ਜਿਹੜੇ ਅਥਾਹ, ਅਚਰਜ ਅਤੇ ਅਣਗਿਣਤ ਹਨ ।11ਵੇਖੋ, ਉਹ ਮੇਰੇ ਕੋਲੋਂ ਦੀ ਲੰਘ ਜਾਂਦਾ ਹੈ ਪਰ ਮੈਂ ਉਹ ਨੂੰ ਵੇਖ ਨਹੀਂ ਸਕਦਾ, ਉਹ ਅੱਗੇ ਵੱਧ ਜਾਂਦਾ ਹੈ, ਪਰ ਮੈਂ ਉਹ ਨੂੰ ਪਛਾਣਦਾ ਨਹੀਂ ।12ਵੇਖੋ, ਜਦ ਉਹ ਖੋਹਣ ਲੱਗੇ ਤਾਂ ਕੌਣ ਉਹ ਨੂੰ ਰੋਕੇਗਾ ? ਕੌਣ ਉਹ ਨੂੰ ਆਖੇਗਾ, ਤੂੰ ਕੀ ਕਰਦਾ ਹੈਂ ?
13ਪਰਮੇਸ਼ੁਰ ਆਪਣਾ ਕ੍ਰੋਧ ਨਹੀਂ ਰੋਕੇਗਾ, ਰਹਬ ਦੇ ਸਹਾਇਕ ਉਹ ਦੇ ਪੈਰਾਂ ਹੇਠ ਝੁੱਕ ਜਾਂਦੇ ਹਨ ।

14ਫੇਰ ਮੈਂ ਕਿਵੇਂ ਉਹ ਨੂੰ ਜਵਾਬ ਦੇ ਸਕਦਾ ਹਾਂ, ਜਾਂ ਉਹ ਦੇ ਲਈ ਆਪਣੀਆਂ ਦਲੀਲਾਂ ਚੁਣ ਸਕਦਾ ਹਾਂ ?15ਭਾਵੇਂ ਮੈਂ ਨਿਰਦੋਸ਼ ਵੀ ਹੁੰਦਾ ਤਾਂ ਵੀ ਉਸ ਨੂੰ ਜਵਾਬ ਨਹੀਂ ਦੇ ਸਕਦਾ, ਮੈਂ ਸਿਰਫ਼ ਆਪਣੇ ਨਿਆਂਈ ਦੇ ਅੱਗੇ ਦੁਹਾਈ ਦੇ ਸਕਦਾ ਹਾਂ ।
16ਜੇ ਮੈਂ ਪੁਕਾਰਦਾ ਅਤੇ ਉਹ ਉੱਤਰ ਵੀ ਦਿੰਦਾ, ਤਾਂ ਵੀ ਮੈਂ ਨਿਹਚਾ ਨਾ ਕਰਦਾ ਕਿ ਉਸ ਨੇ ਮੇਰੀ ਅਵਾਜ਼ ਉੱਤੇ ਕੰਨ ਲਾਇਆ ਹੈ,17ਕਿਉਂ ਜੋ ਉਹ ਮੈਨੂੰ ਤੂਫ਼ਾਨ ਨਾਲੋਂ ਤੋੜ ਸੁੱਟਦਾ, ਅਤੇ ਬਿਨ੍ਹਾਂ ਕਾਰਨ ਮੇਰੇ ਫੱਟਾਂ ਨੂੰ ਵਧਾਉਂਦਾ ਹੈ !18ਉਹ ਮੈਨੂੰ ਸਾਹ ਲੈਣ ਨਹੀਂ ਦਿੰਦਾ, ਉਹ ਤਾਂ ਮੈਨੂੰ ਕੁੜੱਤਣ ਨਾਲ ਭਰ ਦਿੰਦਾ ਹੈ !
19ਜੇ ਬਲ ਦੀ ਗੱਲ ਕਰੀਏ, ਤਾਂ ਉਹ ਸ਼ਕਤੀਮਾਨ ਹੈ, ਅਤੇ ਜੇ ਨਿਆਂ ਨੂੰ ਲਈਏ ਤਾਂ ਕੌਣ ਉਸ ਨੂੰ ਚੁਣੌਤੀ ਦੇ ਸਕਦਾ ਹੈ ?20ਜੇ ਮੈਂ ਨਿਰਦੋਸ਼ ਵੀ ਹੋਵਾਂ ਤਾਂ ਵੀ ਮੇਰਾ ਮੂੰਹ ਮੈਨੂੰ ਦੋਸ਼ੀ ਠਹਿਰਾਵੇਗਾ, ਜੇ ਮੈਂ ਖਰਾ ਹੋਵਾਂ ਤਾਂ ਵੀ ਉਹ ਮੈਨੂੰ ਟੇਢਾ ਸਾਬਿਤ ਕਰੇਗਾ ।

21ਮੈਂ ਖਰਾ ਤਾਂ ਹਾਂ, ਪਰ ਮੈਂ ਆਪਣੇ ਆਪ ਦੀ ਪਰਵਾਹ ਨਹੀਂ ਕਰਦਾ, ਮੈਂ ਆਪਣੇ ਜੀਵਨ ਨੂੰ ਤੁੱਛ ਜਾਣਦਾ ਹਾਂ ।22ਇਹ ਇੱਕੋ ਹੀ ਗੱਲ ਹੈ, ਇਸ ਲਈ ਮੈਂ ਆਖਦਾ ਹਾਂ, ਖਰੇ ਅਤੇ ਖੋਟੇ ਦੋਵਾਂ ਨੂੰ ਉਹ ਮੁਕਾ ਦਿੰਦਾ ਹੈ !23ਜਦ ਲੋਕ ਬਿਪਤਾ ਦੇ ਕਰਨ ਅਚਾਨਕ ਮਰਣ ਲੱਗਦੇ ਹਨ, ਤਾਂ ਉਹ ਨਿਰਦੋਸ਼ਾਂ ਦੀ ਉਦਾਸੀ ਉੱਤੇ ਠੱਠਾ ਮਾਰਦਾ ਹੈ ।24ਜਦ ਦੇਸ ਦੁਸ਼ਟਾਂ ਦੇ ਹੱਥ ਵਿੱਚ ਦਿੱਤਾ ਜਾਂਦਾ ਹੈ ਤਾਂ ਉਹ ਨਿਆਂਈਆਂ ਦੀਆਂ ਅੱਖਾਂ ਨੂੰ ਢੱਕ ਦਿੰਦਾ ਹੈ, ਜੇ ਇਹ ਕਰਨ ਵਾਲਾ ਉਹ ਨਹੀਂ, ਤਾਂ ਹੋਰ ਕੌਣ ਹੈ ?

25ਮੇਰੇ ਦਿਨ ਸੰਦੇਸ਼ਵਾਹਕਾਂ ਤੋਂ ਵੀ ਤੇਜ਼ ਹਨ, ਉਹ ਉੱਡਦੇ ਜਾਂਦੇ ਹਨ, ਉਹ ਭਲਿਆਈ ਨਹੀਂ ਵੇਖਦੇ ।26ਉਹ ਕਾਗਜ਼ਾਂ ਦੀ ਬੇੜੀ ਵਾਂਗੂੰ ਚਲੇ ਜਾਂਦੇ ਹਨ, ਜਾਂ ਜਿਵੇਂ ਬਾਜ਼ ਸ਼ਿਕਾਰ ਉੱਤੇ ਝਪੱਟਾ ਮਾਰਦਾ ਹੈ ।
27ਜੇ ਮੈਂ ਆਖਾਂ ਕਿ ਮੈਂ ਆਪਣੀ ਸ਼ਿਕਾਇਤ ਭੁੱਲ ਜਾਂਵਾਂਗਾ, ਮੈਂ ਆਪਣੀ ਉਦਾਸੀ ਛੱਡ ਦਿਆਂਗਾ ਅਤੇ ਆਪਣੇ ਆਪ ਨੂੰ ਖੁਸ਼ ਵਿਖਾਵਾਂਗਾ ।28ਤਾਂ ਵੀ ਮੈਂ ਆਪਣੇ ਸਾਰੇ ਦੁੱਖਾਂ ਤੋਂ ਡਰਦਾ ਹਾਂ, ਮੈਂ ਜਾਣਦਾ ਹਾਂ ਕਿ ਤੂੰ ਮੈਨੂੰ ਨਿਰਦੋਸ਼ ਨਾ ਠਹਿਰਾਵੇਂਗਾ ।29ਮੈਂ ਤਾਂ ਦੋਸ਼ੀ ਠਹਿਰਾਂਗਾ, ਫੇਰ ਮੈਂ ਕਿਉਂ ਵਿਅਰਥ ਕਸ਼ਟ ਝੱਲਾਂ ?
30ਜੇ ਮੈਂ ਆਪਣੇ ਆਪ ਨੂੰ ਬਰਫ਼ ਦੇ ਪਾਣੀ ਨਾਲ ਧੋਵਾਂ, ਅਤੇ ਆਪਣੇ ਹੱਥਾਂ ਨੂੰ ਖਾਰੇ ਪਾਣੀ ਨਾਲ ਸਾਫ਼ ਕਰਾਂ,31ਤਦ ਵੀ ਤੂੰ ਮੈਨੂੰ ਟੋਏ ਵਿੱਚ ਡੋਬ ਦੇਵੇਂਗਾ, ਅਤੇ ਮੇਰੇ ਕੱਪੜੇ ਵੀ ਮੈਥੋਂ ਘਿਣ ਕਰਨਗੇ ।

32ਉਹ ਮੇਰੇ ਵਾਂਗੂੰ ਮਨੁੱਖ ਨਹੀਂ ਹੈ ਕਿ ਮੈਂ ਉਹ ਨੂੰ ਉੱਤਰ ਦੇਵਾਂ, ਅਤੇ ਅਸੀਂ ਇੱਕ ਦੂਜੇ ਨਾਲ ਮੁਕੱਦਮਾ ਲੜੀਏ ।33ਕਾਸ਼ ਸਾਡੇ ਦੋਹਾਂ ਵਿੱਚ ਕੋਈ ਵਿਚੋਲਾ ਹੁੰਦਾ ਜੋ ਸਾਡੇ ਦੋਹਾਂ ਉੱਤੇ ਹੱਥ ਰੱਖਦਾ,
34ਜੋ ਉਸ ਦੀ ਸੋਟੀ ਮੇਰੇ ਉੱਤੋਂ ਹਟਾ ਦਿੰਦਾ, ਤਾਂ ਜੋ ਉਹ ਦੇ ਹੌਲ ਮੈਨੂੰ ਨਾ ਡਰਾਉਂਦੇ ।35ਤਦ ਮੈਂ ਉਸ ਤੋਂ ਨਿਰਭੈ ਹੋ ਕੇ ਬੋਲ ਸਕਦਾ, ਕਿਉਂ ਜੋ ਮੈਂ ਆਪਣੇ ਆਪ ਵਿੱਚ ਅਜਿਹਾ ਨਹੀਂ ਹਾਂ ।

10

1ਮੇਰੀ ਜਾਨ ਜੀਉਣ ਤੋਂ ਥੱਕੀ ਹੋਈ ਹੈ, ਮੈਂ ਆਪਣੀ ਸ਼ਿਕਾਇਤ ਨੂੰ ਖੋਲ੍ਹ ਕੇ ਦੱਸਾਂਗਾ, ਮੈਂ ਆਪਣੀ ਜਾਨ ਦੀ ਕੁੜੱਤਣ ਦੇ ਕਾਰਨ ਬੋਲਾਂਗਾ !2ਮੈਂ ਪਰਮੇਸ਼ੁਰ ਨੂੰ ਆਖਾਂਗਾ, ਮੈਨੂੰ ਦੋਸ਼ੀ ਨਾ ਠਹਿਰਾ ! ਤੂੰ ਮੈਨੂੰ ਦਸ ਕਿ ਤੂੰ ਕਿਉਂ ਮੇਰੇ ਨਾਲ ਮੁਕੱਦਮਾ ਲੜਦਾ ਹੈਂ ?3ਕੀ ਤੈਨੂੰ ਇਹ ਚੰਗਾ ਲਗਦਾ ਹੈ ਕਿ ਤੂੰ ਧੱਕੇਸ਼ਾਹੀ ਕਰੇਂ ਅਤੇ ਆਪਣੇ ਹੱਥਾਂ ਦੇ ਕੰਮ ਨੂੰ ਤੁੱਛ ਜਾਣੇ, ਜਦ ਕਿ ਤੂੰ ਦੁਸ਼ਟਾਂ ਦੀ ਸਲਾਹ ਉੱਤੇ ਹੱਸਦਾ ਹੈਂ ?

4ਭਲਾ, ਤੇਰੀਆਂ ਅੱਖਾਂ ਦੇਹ ਧਾਰੀਆਂ ਵਰਗੀਆਂ ਹਨ, ਕੀ ਤੂੰ ਉਸ ਤਰ੍ਹਾਂ ਵੇਖਦਾ ਹੈ ਜਿਵੇਂ ਮਨੁੱਖ ਵੇਖਦਾ ਹੈ ?5ਕੀ ਤੇਰੇ ਦਿਨ ਮਨੁੱਖਾਂ ਦੇ ਦਿਨਾਂ ਵਰਗੇ ਜਾਂ ਤੇਰੇ ਸਾਲ ਬਲਵੰਤ ਪੁਰਖ ਦੇ ਸਮੇਂ ਵਰਗੇ ਹਨ,6ਕਿ ਤੂੰ ਮੇਰੀ ਬਦੀ ਨੂੰ ਭਾਲਦਾ ਹੈਂ ਅਤੇ ਮੇਰੇ ਪਾਪ ਦੀ ਪੜਤਾਲ ਕਰਦਾ ਹੈਂ ?7ਭਾਵੇਂ ਤੂੰ ਜਾਣਦਾ ਹੈ ਕਿ ਮੈਂ ਦੋਸ਼ੀ ਨਹੀਂ, ਅਤੇ ਤੇਰੇ ਹੱਥਾਂ ਤੋਂ ਮੈਨੂੰ ਕੋਈ ਛੁਡਾਉਣ ਵਾਲਾ ਨਹੀਂ ।

8ਤੇਰੇ ਹੱਥਾਂ ਨੇ ਮੈਨੂੰ ਸਿਰਜਿਆ ਅਤੇ ਬਣਾਇਆ ਹੈ, ਕੀ ਹੁਣ ਤੂੰ ਹੀ ਚਾਰੇ ਪਾਸਿਆਂ ਤੋਂ ਮੈਨੂੰ ਨਾਸ ਕਰੇਂਗਾ !9ਯਾਦ ਕਰ ਕਿ ਤੂੰ ਮੈਨੂੰ ਗੁੰਨ੍ਹੀ ਹੋਈ ਮਿੱਟੀ ਵਾਂਗੂੰ ਬਣਾਇਆ, ਕੀ ਹੁਣ ਤੂੰ ਮੈਨੂੰ ਫੇਰ ਮਿੱਟੀ ਵਿੱਚ ਮੋੜ ਦੇਵੇਂਗਾ ?
10ਕੀ ਤੂੰ ਮੈਨੂੰ ਦੁੱਧ ਵਾਂਗੂੰ ਨਹੀਂ ਡੋਲ੍ਹਿਆ ਅਤੇ ਦਹੀਂ ਵਾਂਗੂੰ ਨਹੀਂ ਜਮਾਇਆ ?11ਤੂੰ ਖਲ ਅਤੇ ਮਾਸ ਮੇਰੇ ਉੱਤੇ ਚੜ੍ਹਾਇਆ ਅਤੇ ਹੱਡੀਆਂ ਤੇ ਨੱਸਾਂ ਨਾਲ ਮੈਨੂੰ ਜੋੜਿਆ ।
12ਤੂੰ ਮੈਨੂੰ ਜੀਵਨ ਬਖ਼ਸ਼ਿਆ ਅਤੇ ਮੇਰੇ ਉੱਤੇ ਦਯਾ ਕੀਤੀ, ਅਤੇ ਤੇਰੀ ਨਿਗਾਹਬਾਨੀ ਵਿੱਚ ਮੇਰੇ ਆਤਮਾ ਦੀ ਪਾਲਣਾ ਹੋਈ ।

13ਤੂੰ ਇਸ ਨੂੰ ਆਪਣੇ ਦਿਲ ਵਿੱਚ ਲੁਕਾ ਕੇ ਰੱਖਿਆ, ਪਰ ਮੈਂ ਜਾਣ ਗਿਆ ਕਿ ਤੂੰ ਅਜਿਹਾ ਹੀ ਕਰਨਾ ਠਾਣਿਆ ਸੀ ।14ਜੇ ਮੈਂ ਪਾਪ ਕਰਾਂ ਤਾਂ ਤੂੰ ਮੇਰਾ ਲੇਖਾ ਲਵੇਂਗਾ, ਅਤੇ ਤੂੰ ਮੇਰੀ ਬਦੀ ਤੋਂ ਮੈਨੂੰ ਬਰੀ ਨਾ ਕਰੇਂਗਾ ।
15ਜੇ ਮੈਂ ਦੋਸ਼ੀ ਹੋਵਾਂ, ਤਾਂ ਮੇਰੇ ਉੱਤੇ ਹਾਇ ! ਅਤੇ ਜੇਕਰ ਮੈਂ ਧਰਮੀ ਹੋਵਾਂ ਤਾਂ ਵੀ ਆਪਣਾ ਸਿਰ ਨਾ ਚੁੱਕ ਸਕਾਂਗਾ, ਕਿਉਂ ਜੋ ਮੈਂ ਅਪਮਾਨ ਤੋਂ ਭਰਿਆ ਹੋਇਆ ਹਾਂ ਅਤੇ ਆਪਣੇ ਦੁੱਖ ਵਿੱਚ ਡੁੱਬਿਆ ਹੋਇਆ ਹਾਂ ।16ਜੇਕਰ ਮੈਂ ਆਪਣਾ ਸਿਰ ਚੁੱਕਾਂ ਵੀ, ਤਾਂ ਤੂੰ ਸ਼ੇਰ ਵਾਂਗੂੰ ਮੇਰਾ ਸ਼ਿਕਾਰ ਕਰਦਾ ਹੈਂ ਅਤੇ ਮੇਰੇ ਵਿਰੁੱਧ ਆਪਣੀ ਅਦਭੁਤ ਸਮਰੱਥਾ ਪਰਗਟ ਕਰਦਾ ਹੈਂ !
17ਤੂੰ ਆਪਣੇ ਨਵੇਂ-ਨਵੇਂ ਗਵਾਹ ਮੇਰੇ ਵਿਰੁੱਧ ਲਿਆਉਂਦਾ ਹੈਂ, ਅਤੇ ਆਪਣਾ ਕਹਿਰ ਮੇਰੇ ਉੱਤੇ ਵਧਾਉਂਦਾ ਹੈਂ, ਅਤੇ ਸੈਨਾਂ ਦੇ ਉੱਤੇ ਸੈਨਾਂ ਮੇਰੇ ਵਿਰੁੱਧ ਚੜ੍ਹਾਈ ਕਰਦੀਆਂ ਹਨ !

18ਤੂੰ ਮੈਨੂੰ ਕੁੱਖ ਤੋਂ ਬਾਹਰ ਕਿਉਂ ਲਿਆਂਦਾ ? ਮੈਂ ਉੱਥੇ ਹੀ ਪ੍ਰਾਣ ਛੱਡ ਦਿੰਦਾ ਅਤੇ ਕੋਈ ਅੱਖ ਮੈਨੂੰ ਨਾ ਵੇਖਦੀ ।19ਮੈਂ ਅਜਿਹਾ ਹੁੰਦਾ ਜਿਵੇਂ ਮੈਂ ਹੋਇਆ ਹੀ ਨਹੀਂ, ਮੈਂ ਪੇਟ ਤੋਂ ਹੀ ਕਬਰ ਨੂੰ ਲੈ ਜਾਇਆ ਜਾਂਦਾ !
20ਕੀ ਮੇਰੇ ਦਿਨ ਥੋੜ੍ਹੇ ਬਾਕੀ ਨਹੀਂ ? ਹੁਣ ਤਾਂ ਮੇਰੇ ਕੋਲੋਂ ਮੁੜ ਜਾ ਅਤੇ ਮੈਨੂੰ ਛੱਡ ਦੇ ਤਾਂ ਜੋ ਮੈਂ ਥੋੜ੍ਹੀ ਜਿਹੀ ਸ਼ਾਂਤੀ ਪਾਵਾਂ,21ਇਸ ਤੋਂ ਪਹਿਲਾਂ ਕਿ ਮੈਂ ਉੱਥੇ ਜਾਂਵਾਂ ਜਿੱਥੋਂ ਫੇਰ ਨਾ ਮੁੜਾਂਗਾ, ਅਰਥਾਤ ਹਨੇਰੇ ਅਤੇ ਮੌਤ ਦੇ ਸਾਯੇ ਦੇ ਦੇਸ ਨੂੰ,22ਉਸ ਦੇਸ ਨੂੰ ਜਿੱਥੇ ਅੱਧੀ ਰਾਤ ਜਿਹਾ ਹਨੇਰਾ ਹੈ, ਜਿਥੇ ਮੌਤ ਦਾ ਸਾਯਾ ਹੈ ਅਤੇ ਕੋਈ ਤਰਤੀਬ ਨਹੀਂ, ਅਤੇ ਜਿੱਥੇ ਰੋਸ਼ਨੀ ਵੀ ਅੱਧੀ ਰਾਤ ਦੇ ਹਨੇਰੇ ਵਾਂਗੂੰ ਹੈ !"

11
ਸੋਫ਼ਰ ਦਾ ਤਰਕ

1ਤਦ ਸੋਫ਼ਰ ਨਅਮਾਥੀ ਨੇ ਉੱਤਰ ਦੇ ਕੇ ਆਖਿਆ, "ਕੀ ਇਨ੍ਹਾਂ ਸਾਰੀਆਂ ਗੱਲਾਂ ਦਾ ਵਧੀਕ ਉੱਤਰ ਨਾ ਦਿੱਤਾ ਜਾਵੇ ?2ਕੀ ਬਕਵਾਸੀ ਮਨੁੱਖ ਧਰਮੀ ਠਹਿਰਾਇਆ ਜਾਵੇ ?3ਕੀ ਤੇਰੀਆਂ ਗੱਪਾਂ ਮਨੁੱਖਾਂ ਨੂੰ ਚੁੱਪ ਕਰਾ ਸਕਦੀਆਂ ਹਨ ? ਜਦ ਤੂੰ ਮਖੌਲ ਕਰੇ ਤਾਂ ਕੀ ਕੋਈ ਤੈਨੂੰ ਸ਼ਰਮਿੰਦਾ ਨਾ ਕਰੇ ?

4ਤੂੰ ਤਾਂ ਕਹਿੰਦਾ ਹੈਂ, ਮੇਰੀ ਸਿੱਖਿਆ ਪਵਿੱਤਰ ਹੈ, ਅਤੇ ਮੈਂ ਤੇਰੀਆਂ ਅੱਖਾਂ ਵਿੱਚ ਸ਼ੁੱਧ ਹਾਂ ।5ਕਾਸ਼ ਕਿ ਪਰਮੇਸ਼ੁਰ ਆਪ ਬੋਲੇ, ਅਤੇ ਤੇਰੇ ਵਿਰੁੱਧ ਆਪਣਾ ਮੂੰਹ ਖੋਲ੍ਹੇ,6ਅਤੇ ਬੁੱਧ ਦੇ ਭੇਤ ਤੈਨੂੰ ਦੱਸੇ ! ਉਹ ਤਾਂ ਸਮਝ ਵਿੱਚ ਬਹੁ-ਗੁਣਾ ਹੈ, ਤੂੰ ਜਾਣ ਲੈ ਕਿ ਪਰਮੇਸ਼ੁਰ ਤੇਰੇ ਲਈ ਤੇਰੇ ਦੋਸ਼ ਨੂੰ ਭੁਲਾ ਦਿੰਦਾ ਹੈ ।

7ਕੀ ਤੂੰ ਖੋਜ ਕਰਕੇ ਪਰਮੇਸ਼ੁਰ ਦਾ ਭੇਤ ਲੱਭ ਸਕਦਾ ਹੈਂ, ਜਾਂ ਸਰਬ ਸ਼ਕਤੀਮਾਨ ਨੂੰ ਸੰਪੂਰਨਤਾਈ ਤੱਕ ਪਾ ਸਕਦਾ ਹੈਂ ?8ਉਹ ਅਕਾਸ਼ ਤੋਂ ਉੱਚਾ ਹੈ, ਉਹ ਪਤਾਲ ਨਾਲੋਂ ਵੀ ਡੂੰਘਾ ਹੈ, ਤੂੰ ਕੀ ਕਰ ਸਕਦਾ ਹੈਂ ?9ਉਸ ਦਾ ਨਾਪ ਧਰਤੀ ਤੋਂ ਵੀ ਤੋਂ ਲੰਮਾ, ਅਤੇ ਸਮੁੰਦਰ ਨਾਲੋਂ ਵੀ ਚੌੜਾ ਹੈ ।

10ਜੇਕਰ ਪਰਮੇਸ਼ੁਰ ਵਿੱਚੋਂ ਦੀ ਲੰਘ ਕੇ ਗ਼ੁਲਾਮ ਬਣਾ ਲਵੇ, ਅਤੇ ਸਭਾ ਬੁਲਾਵੇ, ਤਾਂ ਕੌਣ ਉਸ ਨੂੰ ਰੋਕ ਸਕਦਾ ਹੈ ?11ਉਹ ਤਾਂ ਨਿਕੰਮੇ ਮਨੁੱਖਾਂ ਦੇ ਭੇਦ ਨੂੰ ਜਾਣਦਾ ਹੈ, ਅਤੇ ਕੀ ਉਹ ਬਦੀ ਨੂੰ ਵੇਖ ਕੇ ਉਸ ਉੱਤੇ ਧਿਆਨ ਨਾ ਦੇਵੇਗਾ ।12ਪਰ ਮੂਰਖ ਤਾਂ ਬੁੱਧਵਾਨ ਹੋਵੇਗਾ, ਜਦ ਜੰਗਲੀ ਗਧੇ ਦਾ ਬੱਚਾ ਮਨੁੱਖ ਹੋ ਕੇ ਜੰਮੇ ।

13ਜੇ ਤੂੰ ਆਪਣੇ ਦਿਲ ਨੂੰ ਸੁਧਾਰੇਂ, ਅਤੇ ਪਰਮੇਸ਼ੁਰ ਦੇ ਅੱਗੇ ਆਪਣੇ ਹੱਥ ਅੱਡੇਂ,14ਜੇ ਤੇਰੇ ਹੱਥ ਵਿੱਚ ਜੋ ਬਦੀ ਹੋਵੇ, ਉਸ ਨੂੰ ਦੂਰ ਕਰੇਂ, ਅਤੇ ਬੁਰਿਆਈ ਤੇਰੇ ਤੰਬੂ ਵਿੱਚ ਨਾ ਵੱਸੇ,
15ਤਦ ਤੂੰ ਜ਼ਰੂਰ ਆਪਣਾ ਮੂੰਹ ਬੇਦਾਗ਼ ਚੁੱਕੇਂਗਾ, ਅਤੇ ਸਥਿਰ ਹੋ ਕੇ ਕਦੇ ਨਾ ਡਰੇਂਗਾ ।16ਤੂੰ ਤਾਂ ਆਪਣਾ ਕਸ਼ਟ ਭੁੱਲ ਜਾਵੇਂਗਾ, ਅਤੇ ਉਸ ਨੂੰ ਲੰਘ ਗਏ ਪਾਣੀ ਵਾਂਗੂੰ ਯਾਦ ਕਰੇਂਗਾ,17ਅਤੇ ਤੇਰਾ ਜੀਵਨ ਦੁਪਹਿਰ ਤੋਂ ਵੀ ਤੇਜਵਾਨ ਹੋਵੇਗਾ, ਹਨੇਰਾ ਸਵੇਰ ਦੇ ਚਾਨਣ ਵਾਂਗੂੰ ਹੋਵੇਗਾ ।
18ਤੂੰ ਸੁਰੱਖਿਅਤ ਹੋਵੇਗਾ ਕਿਉਂਕਿ ਤੈਨੂੰ ਆਸ ਹੋਵੇਗੀ ਅਤੇ ਤੂੰ ਆਪਣੇ ਚੁਫ਼ੇਰੇ ਵੇਖ ਕੇ ਚੈਨ ਨਾਲ ਲੇਟੇਂਗਾ ।19ਜਦ ਤੂੰ ਲੰਮਾ ਪਵੇਂਗਾ ਤਾਂ ਕੋਈ ਤੈਨੂੰ ਨਹੀਂ ਡਰਾਵੇਗਾ, ਅਤੇ ਬਹੁਤੇ ਤੇਰੇ ਮੂੰਹ ਵੱਲ ਤੱਕਣਗੇ ।
20ਪਰ ਦੁਸ਼ਟਾਂ ਦੀਆਂ ਅੱਖਾਂ ਧੁੰਦਲੀਆਂ ਪੈ ਜਾਣਗੀਆਂ, ਅਤੇ ਉਨ੍ਹਾਂ ਦੇ ਬਚਾਓ ਦਾ ਕੋਈ ਸਥਾਨ ਨਾ ਬਚੇਗਾ, ਅਤੇ ਪ੍ਰਾਣ ਤਿਆਗਣਾ ਹੀ ਉਨ੍ਹਾਂ ਦੀ ਆਸ ਹੋਵੇਗਾ !"

12
ਅੱਯੂਬ ਦਾ ਸੋਫ਼ਰ ਨੂੰ ਉੱਤਰ

1ਤਦ ਅੱਯੂਬ ਨੇ ਉੱਤਰ ਦੇ ਕੇ ਆਖਿਆ,2"ਬੇਸ਼ੱਕ ਤੁਸੀਂ ਹੀ ਉਹ ਲੋਕ ਹੋ, ਕਿ ਜਦ ਤੁਸੀਂ ਮਰੋਗੇ ਤਾਂ ਤੁਹਾਡੇ ਨਾਲ ਬੁੱਧੀ ਮਰ ਜਾਵੇਗੀ !3ਤੁਹਾਡੇ ਵਾਂਗੂੰ ਮੈਨੂੰ ਵੀ ਸਮਝ ਹੈ, ਮੈਂ ਤੁਹਾਡੇ ਨਾਲੋਂ ਕੁਝ ਘੱਟ ਨਹੀਂ ਹਾਂ, ਅਤੇ ਕੌਣ ਹੈ ਜੋ ਅਜਿਹੀਆਂ ਗੱਲਾਂ ਨਹੀਂ ਜਾਣਦਾ ?

4ਮੈਂ ਆਪਣੇ ਮਿੱਤਰਾਂ ਲਈ ਹਾਸੀ ਦਾ ਕਾਰਨ ਹਾਂ, ਮੈਂ ਜਿਹੜਾ ਪਰਮੇਸ਼ੁਰ ਨੂੰ ਪੁਕਾਰਦਾ ਸੀ ਅਤੇ ਉਹ ਉੱਤਰ ਦਿੰਦਾ ਸੀ, ਮੈਂ ਜੋ ਧਰਮੀ ਅਤੇ ਖਰਾ ਮਨੁੱਖ ਸੀ, ਹੁਣ ਹਾਸੀ ਦਾ ਕਾਰਨ ਬਣ ਗਿਆ ਹਾਂ ।5ਦੁਖੀ ਲੋਕ ਤਾਂ ਸੁਖੀ ਲੋਕਾਂ ਦੀ ਨਜ਼ਰ ਵਿੱਚ ਤੁੱਛ ਹਨ, ਜਿਹਨਾਂ ਦੇ ਪੈਰ ਤਿਲਕਦੇ ਹਨ ਉਹਨਾਂ ਦਾ ਅਪਮਾਨ ਹੁੰਦਾ ਹੈ ।6ਲੁਟੇਰਿਆਂ ਦੇ ਤੰਬੂ ਸੁੱਖ-ਸਾਂਦ ਨਾਲ ਰਹਿੰਦੇ ਹਨ, ਅਤੇ ਪਰਮੇਸ਼ੁਰ ਦਾ ਕ੍ਰੋਧ ਭੜਕਾਉਣ ਵਾਲੇ ਸਲਾਮਤ ਰਹਿੰਦੇ ਹਨ, ਅਰਥਾਤ ਉਹਨਾਂ ਦਾ ਪਰਮੇਸ਼ੁਰ ਉਹਨਾਂ ਦੇ ਹੱਥ ਵਿੱਚ ਰਹਿੰਦਾ ਹੈ ।

7ਪਰੰਤੂ ਪਸ਼ੂਆਂ ਤੋਂ ਪੁੱਛ ਅਤੇ ਉਹ ਤੈਨੂੰ ਸਿਖਾਉਣਗੇ, ਅਤੇ ਅਕਾਸ਼ ਦੇ ਪੰਛੀਆਂ ਤੋਂ, ਉਹ ਤੈਨੂੰ ਦੱਸਣਗੇ,8ਜਾਂ ਧਰਤੀ ਉੱਤੇ ਧਿਆਨ ਦੇ, ਉਹ ਤੈਨੂੰ ਸਿਖਾਵੇਗੀ, ਅਤੇ ਸਮੁੰਦਰ ਦੀਆਂ ਮੱਛੀਆਂ ਤੇਰੇ ਲਈ ਵਰਣਨ ਕਰਨਗੀਆਂ !
9ਇਨ੍ਹਾਂ ਸਾਰਿਆਂ ਵਿੱਚੋਂ ਕੌਣ ਨਹੀਂ ਜਾਣਦਾ, ਕਿ ਯਹੋਵਾਹ ਦੇ ਹੱਥ ਨੇ ਇਹ ਕੀਤਾ ਹੈ ?10ਜਿਸ ਦੇ ਹੱਥ ਵਿੱਚ ਹਰੇਕ ਜੀਉਂਦੇ ਦੇ ਪ੍ਰਾਣ ਹਨ, ਅਤੇ ਹਰੇਕ ਮਨੁੱਖ ਦਾ ਆਤਮਾ ਵੀ ।
11ਭਲਾ, ਕੰਨ ਗੱਲਾਂ ਨੂੰ ਪਰਖ ਨਹੀਂ ਸਕਦਾ, ਜਿਵੇਂ ਤਾਲੂ ਆਪਣੇ ਖਾਣੇ ਦਾ ਸੁਆਦ ਚੱਖ ਲੈਂਦਾ ਹੈ ?12ਬਜ਼ੁਰਗਾਂ ਵਿੱਚ ਬੁੱਧੀ ਹੁੰਦੀ ਹੈ, ਅਤੇ ਲੰਮੀ ਉਮਰ ਵਾਲਿਆਂ ਵਿੱਚ ਸਮਝ ਹੈ ।

13ਪਰਮੇਸ਼ੁਰ ਦੇ ਨਾਲ ਬੁੱਧ ਅਤੇ ਸਮਰੱਥ ਹੈ, ਉਹ ਦੇ ਕੋਲ ਸਲਾਹ ਅਤੇ ਸਮਝ ਹੈ ।14ਵੇਖੋ, ਜੋ ਉਹ ਢਾਹ ਸੁੱਟਦਾ, ਉਸ ਨੂੰ ਬਣਾਇਆ ਨਹੀਂ ਜਾ ਸਕਦਾ, ਜਿਸ ਮਨੁੱਖ ਉੱਤੇ ਉਹ ਬੰਧਨ ਪਾਉਂਦਾ ਹੈ, ਉਹ ਖੁੱਲ੍ਹ ਨਹੀਂ ਸਕਦਾ ।15ਵੇਖੋ, ਜਦ ਉਹ ਮੀਂਹ ਨੂੰ ਰੋਕ ਲੈਂਦਾ ਹੈ ਤਾਂ ਸੋਕਾ ਪੈ ਜਾਂਦਾ ਹੈ, ਫੇਰ ਉਹ ਉਨ੍ਹਾਂ ਨੂੰ ਘੱਲਦਾ ਹੈ ਤੇ ਉਹ ਧਰਤੀ ਉਲੱਦ ਦਿੰਦੇ ਹਨ ।
16ਉਹ ਦੇ ਨਾਲ ਸ਼ਕਤੀ ਅਤੇ ਸਮਝ ਹੈ, ਧੋਖਾ ਦੇਣ ਵਾਲਾ ਅਤੇ ਧੋਖਾ ਖਾਣ ਵਾਲਾ ਉਹ ਦੇ ਹਨ ।17ਜੋ ਦਰਬਾਰੀਆਂ ਨੂੰ ਨੰਗੇ ਪੈਰੀ ਤੁਰਾਉਂਦਾ ਹੈ, ਅਤੇ ਨਿਆਂਈਆਂ ਨੂੰ ਮੂਰਖ ਬਣਾ ਦਿੰਦਾ ਹੈ ।18ਉਹ ਰਾਜਿਆਂ ਦੇ ਪਾਏ ਹੋਏ ਬੰਧਨਾਂ ਨੂੰ ਖੋਲ੍ਹ ਦਿੰਦਾ ਹੈ, ਅਤੇ ਉਨ੍ਹਾਂ ਦੇ ਲੱਕਾਂ ਨੂੰ ਬੰਧਨਾਂ ਨਾਲ ਬੰਨ੍ਹ ਦਿੰਦਾ ਹੈ ।
19ਉਹ ਜਾਜਕਾਂ ਨੂੰ ਨੰਗੇ ਪੈਰੀ ਗੁਲਾਮੀ ਵਿੱਚ ਲੈ ਜਾਂਦਾ ਹੈ, ਅਤੇ ਤਕੜਿਆਂ ਨੂੰ ਉਲਟਾ ਦਿੰਦਾ ਹੈ ।20ਉਹ ਵਫ਼ਾਦਾਰ ਦੇ ਮੂੰਹ ਬੰਦ ਕਰ ਦਿੰਦਾ, ਅਤੇ ਬੁਜ਼ਰਗਾਂ ਦਾ ਬਿਬੇਕ ਲੈ ਲੈਂਦਾ ਹੈ ।21ਉਹ ਪਤਵੰਤਾਂ ਨੂੰ ਅਪਮਾਨ ਨਾਲ ਭਰ ਦਿੰਦਾ, ਅਤੇ ਜ਼ੋਰਾਵਰਾਂ ਦਾ ਕਮਰ ਕੱਸਾ ਢਿੱਲਾ ਕਰ ਦਿੰਦਾ ਹੈ ।
22ਉਹ ਹਨੇਰੇ ਦੀਆਂ ਡੂੰਘੀਆਂ ਗੱਲਾਂ ਨੂੰ ਪਰਗਟ ਕਰ ਦਿੰਦਾ ਹੈ, ਅਤੇ ਮੌਤ ਦੇ ਸਾਯੇ ਨੂੰ ਚਾਨਣੇ ਵਿੱਚ ਬਾਹਰ ਲੈ ਆਉਂਦਾ ਹੈ ।23ਉਹ ਕੌਮਾਂ ਨੂੰ ਵਧਾਉਂਦਾ ਅਤੇ ਉਨ੍ਹਾਂ ਨੂੰ ਨਾਸ ਕਰਦਾ ਹੈ, ਉਹ ਕੌਮਾਂ ਨੂੰ ਫੈਲਾਉਂਦਾ ਅਤੇ ਉਨ੍ਹਾਂ ਨੂੰ ਮੋੜ ਲੈ ਆਉਂਦਾ ਹੈ,
24ਉਹ ਦੇਸ ਦੇ ਲੋਕਾਂ ਦੇ ਮੁਖੀਆਂ ਦੀ ਸਮਝ ਨੂੰ ਲੈ ਲੈਂਦਾ ਹੈ, ਅਤੇ ਉਨ੍ਹਾਂ ਨੂੰ ਸੁੰਨੇ ਥਾਵਾਂ ਵਿੱਚ ਭਟਕਾਉਂਦਾ ਹੈ, ਜਿੱਥੇ ਕੋਈ ਰਾਹ ਨਹੀਂ ।25ਉਹ ਹਨੇਰੇ ਵਿੱਚ ਬਿਨ੍ਹਾਂ ਚਾਨਣ ਤੋਂ ਟੋਹੰਦੇ ਫਿਰਦੇ ਹਨ, ਉਹ ਉਨ੍ਹਾਂ ਨੂੰ ਸ਼ਰਾਬੀ ਵਾਂਗੂੰ ਭਟਕਾਉਂਦਾ ਹੈ !

13

1ਵੇਖੋ, ਮੇਰੀ ਅੱਖ ਨੇ ਇਹ ਸਭ ਕੁਝ ਵੇਖਿਆ ਹੈ, ਮੇਰੇ ਕੰਨਾਂ ਨੇ ਇਹ ਸੁਣਿਆ ਅਤੇ ਸਮਝਿਆ ਹੈ ।2ਜਿਵੇਂ ਤੁਸੀਂ ਜਾਣਦੇ ਹੋ ਮੈਂ ਵੀ ਜਾਣਦਾ ਹਾਂ, ਮੈਂ ਤੁਹਾਡੇ ਨਾਲੋਂ ਕੁਝ ਘੱਟ ਨਹੀਂ ਹਾਂ ।

3ਪਰ ਮੈਂ ਸਰਬ ਸ਼ਕਤੀਮਾਨ ਨਾਲ ਬੋਲਣਾ, ਅਤੇ ਪਰਮੇਸ਼ੁਰ ਨਾਲ ਵਾਦ-ਵਿਵਾਦ ਕਰਨਾ ਚਾਹੁੰਦਾ ਹਾਂ,4ਪਰ ਤੁਸੀਂ ਝੂਠੀਆਂ ਗੱਲਾਂ ਦੇ ਘੜਣ ਵਾਲੇ ਹੋ, ਤੁਸੀਂ ਸਾਰੇ ਦੇ ਸਾਰੇ ਨਿਕੰਮੇ ਵੈਦ ਹੋ !5ਕਾਸ਼ ਕਿ ਤੁਸੀਂ ਬਿਲਕੁਲ ਚੁੱਪ ਰਹਿੰਦੇ, ਤਾਂ ਇਸ ਨਾਲ ਤੁਸੀਂ ਬੁੱਧਵਾਨ ਠਹਿਰਦੇ !
6ਤੁਸੀਂ ਹੁਣ ਮੇਰੀ ਦਲੀਲ ਸੁਣੋ, ਅਤੇ ਮੇਰੇ ਬੁੱਲ੍ਹਾਂ ਦੇ ਦਾਵਿਆਂ ਉੱਤੇ ਕੰਨ ਲਾਓ ।7ਕੀ ਤੁਸੀਂ ਪਰਮੇਸ਼ੁਰ ਦੇ ਲਈ ਕੁਧਰਮ ਦੀਆਂ ਗੱਲਾਂ ਕਰੋਗੇ, ਅਤੇ ਉਹ ਦੇ ਲਈ ਛਲ ਦੀਆਂ ਗੱਲਾਂ ਬੋਲੋਗੇ ?8ਕੀ ਤੁਸੀਂ ਉਹ ਦਾ ਪੱਖਪਾਤ ਕਰੋਗੇ, ਜਾਂ ਪਰਮੇਸ਼ੁਰ ਲਈ ਮੁਕੱਦਮਾ ਲੜੋਗੇ ?
9ਭਲਾ ਇਹ ਚੰਗਾ ਹੋਵੇਗਾ ਕਿ ਉਹ ਤੁਹਾਨੂੰ ਜਾਂਚੇ, ਜਾਂ ਤੁਸੀਂ ਉਹ ਨੂੰ ਧੋਖਾ ਦਿਓਗੇ ਜਿਵੇਂ ਆਦਮੀ ਨੂੰ ਧੋਖਾ ਦਿੰਦੇ ਹੋ ?10ਜੇ ਤੁਸੀਂ ਲੁਕ ਕੇ ਪੱਖਪਾਤ ਕਰੋਗੇ, ਤਾਂ ਉਹ ਤੁਹਾਨੂੰ ਸਖ਼ਤੀ ਨਾਲ ਝਿੜਕੇਗਾ ।
11ਭਲਾ, ਉਹ ਦੀ ਮਹਾਨਤਾ ਤੁਹਾਨੂੰ ਨਹੀਂ ਡਰਾਉਂਦੀ ਅਤੇ ਉਹ ਦਾ ਭੈ ਤੁਹਾਡੇ ਉੱਤੇ ਨਹੀਂ ਪੈਂਦਾ ?12ਤੁਹਾਡੇ ਮਸਲੇ ਖ਼ਾਕ ਦੀਆਂ ਕਹਾਉਤਾਂ ਹਨ, ਤੁਹਾਡੇ ਗੜ੍ਹ ਮਿੱਟੀ ਦੇ ਗੜ੍ਹ ਹਨ !

13ਮੇਰੇ ਅੱਗੇ ਚੁੱਪ ਰਹੋ ਤਾਂ ਜੋ ਮੈਂ ਗੱਲ ਕਰਾਂ, ਫੇਰ ਜੋ ਹੋਵੇ ਸੋ ਹੋਵੇ !14ਮੈਂ ਕਿਉਂ ਆਪਣਾ ਮਾਸ ਆਪਣੇ ਦੰਦਾਂ ਨਾਲ ਚੱਬਾਂ, ਅਤੇ ਆਪਣੀ ਜਾਨ ਤਲੀ ਉੱਤੇ ਰੱਖਾਂ ?15ਵੇਖੋ, ਉਹ ਮੈਨੂੰ ਵੱਢ ਸੁੱਟੇਗਾ, ਮੈਨੂੰ ਕੋਈ ਆਸ ਨਹੀਂ, ਤਾਂ ਵੀ ਮੈਂ ਆਪਣੇ ਚਾਲ-ਚਲਣ ਲਈ ਉਹ ਦੇ ਨਾਲ ਵਾਦ-ਵਿਵਾਦ ਕਰਾਂਗਾ ।
16ਇਹ ਵੀ ਮੇਰੀ ਮੁਕਤੀ ਦਾ ਕਾਰਨ ਹੋਵੇਗਾ ਕਿ ਕੋਈ ਕੁਧਰਮੀ ਉਹ ਦੇ ਹਜ਼ੂਰ ਜਾ ਨਹੀਂ ਸਕਦਾ ।17ਧਿਆਨ ਲਗਾ ਕੇ ਮੇਰੇ ਬਚਨਾਂ ਨੂੰ ਸੁਣੋ, ਅਤੇ ਮੇਰੀ ਬੇਨਤੀ ਤੁਹਾਡੇ ਕੰਨਾਂ ਵਿੱਚ ਪਵੇ ।
18ਹੁਣ ਵੇਖੋ, ਮੈਂ ਆਪਣੇ ਮੁਕੱਦਮੇ ਦੀ ਤਿਆਰੀ ਪੂਰੀ ਕਰ ਲਈ ਹੈ, ਮੈਂ ਜਾਣਦਾ ਹਾਂ ਕਿ ਮੈਂ ਨਿਰਦੋਸ਼ ਠਹਿਰਾਂਗਾ ।19ਕੌਣ ਮੇਰੇ ਨਾਲ ਬਹਿਸ ਕਰੇਗਾ ? ਜੇਕਰ ਕੋਈ ਅਜਿਹਾ ਹੋਵੇ ਤਾਂ ਮੈਂ ਚੁੱਪ ਰਹਾਂਗਾ ਅਤੇ ਪ੍ਰਾਣ ਤਿਆਗ ਦਿਆਂਗਾ ।

20ਦੋ ਹੀ ਕੰਮ ਮੇਰੇ ਨਾਲ ਨਾ ਕਰ, ਤਦ ਮੈਂ ਤੇਰੇ ਹਜ਼ੂਰੋਂ ਨਾ ਲੁਕਾਂਗਾ ।21ਤੂੰ ਆਪਣਾ ਹੱਥ ਮੇਰੇ ਉੱਤੋਂ ਦੂਰ ਕਰ ਲੈ, ਅਤੇ ਤੇਰਾ ਭੈ ਮੈਨੂੰ ਨਾ ਡਰਾਵੇ ।22ਤਦ ਮੈਨੂੰ ਬੁਲਾਈਂ ਅਤੇ ਮੈਂ ਉੱਤਰ ਦਿਆਂਗਾ, ਜਾਂ ਮੈਂ ਬੋਲਾਂਗਾ ਅਤੇ ਤੂੰ ਜਵਾਬ ਦੇ !
23ਮੇਰੀਆਂ ਬੁਰਾਈਆਂ ਅਤੇ ਪਾਪ ਕਿੰਨੇ ਹਨ ? ਮੇਰਾ ਅਪਰਾਧ ਅਤੇ ਪਾਪ ਮੈਨੂੰ ਦੱਸ !24ਤੂੰ ਆਪਣਾ ਮੂੰਹ ਕਿਉਂ ਲੁਕਾਉਂਦਾ ਹੈਂ, ਅਤੇ ਮੈਨੂੰ ਆਪਣਾ ਵੈਰੀ ਗਿਣਦਾ ਹੈਂ ?25ਕੀ ਤੂੰ ਉੱਡਦੇ ਪੱਤੇ ਨੂੰ ਡਰਾਵੇਂਗਾ ? ਕੀ ਤੂੰ ਸੁੱਕੇ ਘਾਹ ਦਾ ਪਿੱਛਾ ਕਰੇਂਗਾ ?
26ਕਿਉਂ ਜੋ ਤੂੰ ਮੇਰੇ ਵਿਰੁੱਧ ਕੌੜੀਆਂ ਗੱਲਾਂ ਲਿਖਦਾ ਹੈਂ, ਅਤੇ ਮੇਰੀ ਜੁਆਨੀ ਦੀਆਂ ਬਦੀਆਂ ਮੇਰੇ ਪੱਲੇ ਪਾਉਂਦਾ ਹੈਂ ।27ਤੂੰ ਮੇਰੇ ਪੈਰਾਂ ਨੂੰ ਕਾਠ ਵਿੱਚ ਠੋਕਦਾ ਹੈਂ, ਅਤੇ ਮੇਰੇ ਸਾਰੇ ਰਾਹਾਂ ਦੀ ਨਿਗਾਹਬਾਨੀ ਕਰਦਾ ਹੈਂ, ਅਤੇ ਮੇਰੇ ਪੈਰਾਂ ਨੂੰ ਕੀਲ ਦਿੰਦਾ ਹੈਂ !

28ਮੈਂ ਤਾਂ ਸੜੀ ਹੋਈ ਚੀਜ਼ ਵਰਗਾ ਹਾਂ ਜੋ ਹੰਢਾਈ ਹੋਈ ਹੈ, ਜਾਂ ਉਸ ਕੱਪੜੇ ਵਰਗਾ ਜਿਸ ਨੂੰ ਕੀੜੇ ਨੇ ਖਾ ਲਿਆ ਹੋਵੇ !

14

1ਮਨੁੱਖ ਜੋ ਇਸਤਰੀ ਤੋਂ ਜੰਮਦਾ ਹੈ ਉਹ ਥੋੜ੍ਹੇ ਹੀ ਦਿਨਾਂ ਦਾ ਹੈ ਅਤੇ ਦੁੱਖ ਨਾਲ ਭਰਿਆ ਰਹਿੰਦਾ ਹੈ ।2ਉਹ ਫੁੱਲ ਵਾਂਗੂੰ ਖਿੜਦਾ, ਫੇਰ ਤੋੜਿਆ ਜਾਂਦਾ ਹੈ, ਉਹ ਪਰਛਾਵੇ ਵਾਂਗੂੰ ਢਲ ਜਾਂਦਾ ਅਤੇ ਠਹਿਰਦਾ ਨਹੀਂ ।3ਕੀ ਤੂੰ ਅਜਿਹੇ ਉੱਤੇ ਆਪਣੀਆਂ ਅੱਖਾਂ ਲਾਉਂਦਾ ਹੈਂ, ਅਤੇ ਮੈਨੂੰ ਆਪਣੇ ਨਾਲ ਅਦਾਲਤ ਵਿੱਚ ਲਿਆਉਂਦਾ ਹੈਂ ?

4ਕੌਣ ਅਸ਼ੁੱਧ ਵਿੱਚੋਂ ਸ਼ੁੱਧ ਵਸਤੂ ਕੱਢ ਸਕਦਾ ਹੈ ? ਕੋਈ ਨਹੀਂ ।5ਮਨੁੱਖ ਦੇ ਦਿਨ ਠਹਿਰਾਏ ਹੋਏ ਹਨ, ਅਤੇ ਉਹ ਦੇ ਮਹੀਨਿਆਂ ਦੀ ਗਿਣਤੀ ਤੂੰ ਕੀਤੀ ਹੋਈ ਹੈ, ਤੂੰ ਉਹ ਦੀਆਂ ਹੱਦਾਂ ਨੂੰ ਬਣਾਇਆ ਜਿਸ ਨੂੰ ਉਹ ਪਾਰ ਨਹੀਂ ਕਰ ਸਕਦਾ ।6ਉਹ ਦੇ ਵੱਲੋਂ ਆਪਣੀ ਨਿਗਾਹ ਹਟਾ ਲੈ, ਤਾਂ ਜੋ ਉਹ ਅਰਾਮ ਕਰੇ, ਜਦ ਤੱਕ ਉਹ ਮਜ਼ਦੂਰ ਵਾਂਗੂੰ ਆਪਣੇ ਦਿਨ ਪੂਰੇ ਨਾ ਕਰ ਲਵੇ ।

7ਰੁੱਖ ਲਈ ਤਾਂ ਆਸ ਹੈ, ਕਿ ਜੇ ਉਹ ਕੱਟਿਆ ਜਾਵੇ ਤਾਂ ਫੇਰ ਫੁੱਟੇਗਾ, ਅਤੇ ਉਹ ਦੀਆਂ ਕੂੰਬਲਾਂ ਨਾ ਮੁੱਕਣਗੀਆਂ ।8ਭਾਵੇਂ ਉਸ ਦੀ ਜੜ੍ਹ ਧਰਤੀ ਵਿੱਚ ਪੁਰਾਣੀ ਪੈ ਜਾਵੇ, ਅਤੇ ਉਸ ਦਾ ਟੁੰਡ ਮਿੱਟੀ ਵਿੱਚ ਗਲ ਜਾਵੇ9ਤਾਂ ਵੀ ਪਾਣੀ ਦੀ ਖੁਸ਼ਬੂ ਤੋਂ ਉਹ ਦੀਆਂ ਕੂੰਬਲਾਂ ਫੁੱਟ ਨਿੱਕਲਣਗੀਆਂ ਅਤੇ ਬੂਟੇ ਵਾਂਗੂੰ ਉਹ ਦੀਆਂ ਟਹਿਣੀਆਂ ਨਿੱਕਲਣਗੀਆਂ ।
10ਪਰ ਮਨੁੱਖ ਮਰ ਜਾਂਦਾ ਅਤੇ ਦੱਬਿਆ ਜਾਂਦਾ ਹੈ, ਅਤੇ ਜਦ ਮਨੁੱਖ ਪ੍ਰਾਣ ਛੱਡ ਦਿੰਦਾ ਹੈ ਤਾਂ ਉਹ ਕਿੱਥੇ ਹੈ ?11ਜਿਵੇਂ ਪਾਣੀ ਸਮੁੰਦਰ ਵਿੱਚੋਂ ਘੱਟ ਜਾਂਦਾ ਹੈ, ਅਤੇ ਦਰਿਆ ਸੁੱਕ ਕੇ ਮੁੱਕ ਜਾਂਦਾ ਹੈ,12ਤਿਵੇਂ ਮਨੁੱਖ ਲੇਟਦਾ ਅਤੇ ਫਿਰ ਉੱਠਦਾ ਨਹੀਂ, ਜਦੋਂ ਤੱਕ ਅਕਾਸ਼ ਟਲ ਨਾ ਜਾਣ, ਉਹ ਨਾ ਜਾਗਣਗੇ, ਨਾ ਆਪਣੀ ਨੀਂਦ ਤੋਂ ਜਗਾਏ ਜਾਣਗੇ ।

13ਕਾਸ਼ ਕਿ ਤੂੰ ਮੈਨੂੰ ਪਤਾਲ ਵਿੱਚ ਲੁਕਾ ਦੇਵੇਂ, ਅਤੇ ਮੈਨੂੰ ਛੁਪਾ ਰੱਖੇਂ ਜਦ ਤੱਕ ਤੇਰਾ ਕ੍ਰੋਧ ਨਾ ਹਟੇ, ਅਤੇ ਮੇਰੇ ਲਈ ਖਾਸ ਵੇਲਾ ਠਹਿਰਾਵੇਂ ਅਤੇ ਮੈਨੂੰ ਯਾਦ ਕਰੇਂ !14ਜੇਕਰ ਮਨੁੱਖ ਮਰ ਜਾਵੇ ਤਾਂ ਕੀ ਉਹ ਫੇਰ ਜੀਵੇਗਾ ? ਆਪਣੀ ਸਖ਼ਤ ਟਹਿਲ ਦੇ ਸਾਰੇ ਦਿਨਾਂ ਵਿੱਚ ਮੈਂ ਉਡੀਕ ਵਿੱਚ ਰਹਾਂਗਾ, ਜਦੋਂ ਤੱਕ ਮੇਰੀ ਵਾਰੀ ਨਾ ਆਵੇ ।
15ਤੂੰ ਪੁਕਾਰੇਂਗਾ ਅਤੇ ਮੈਂ ਤੈਨੂੰ ਉੱਤਰ ਦਿਆਂਗਾ, ਤੂੰ ਆਪਣੇ ਹੱਥਾਂ ਦੇ ਕੰਮ ਨੂੰ ਚਾਹਵੇਂਗਾ ।16ਪਰ ਹੁਣ ਤੂੰ ਮੇਰੇ ਕਦਮਾਂ ਨੂੰ ਗਿਣਦਾ ਹੈਂ, ਕੀ ਤੂੰ ਮੇਰੇ ਪਾਪ ਉੱਤੇ ਨਜ਼ਰ ਨਹੀਂ ਰੱਖਦਾ ?17ਮੇਰਾ ਅਪਰਾਧ ਮੋਹਰ ਲੱਗੀ ਹੋਈ ਥੈਲੀ ਵਿੱਚ ਬੰਦ ਹੈ, ਅਤੇ ਤੂੰ ਮੇਰੀ ਬਦੀ ਨੂੰ ਸੀਉਂਕੇ ਰੱਖਿਆ ਹੋਇਆ ਹੈ ।

18ਪਰ ਪਹਾੜ ਡਿੱਗਦਾ-ਡਿੱਗਦਾ ਘਸ ਜਾਂਦਾ ਅਤੇ ਚੱਟਾਨ ਆਪਣੇ ਥਾਂ ਤੋਂ ਸਰਕ ਜਾਂਦੀ ਹੈ,19ਪਾਣੀ ਪੱਥਰਾਂ ਨੂੰ ਘਸਾ ਦਿੰਦਾ ਹੈ, ਉਹ ਦਾ ਹੜ੍ਹ ਧਰਤੀ ਦੀ ਮਿੱਟੀ ਨੂੰ ਵਹਾ ਕੇ ਲੈ ਜਾਂਦਾ ਹੈ, ਇਸੇ ਤਰ੍ਹਾਂ ਤੂੰ ਮਨੁੱਖ ਦੀ ਆਸ ਨੂੰ ਮਿਟਾ ਦਿੰਦਾ ਹੈਂ ।
20ਤੂੰ ਹਮੇਸ਼ਾਂ ਉਸ ਉੱਤੇ ਪਰਬਲ ਹੁੰਦਾ ਹੈ, ਅਤੇ ਉਹ ਚੱਲਿਆ ਜਾਂਦਾ ਹੈ, ਤੂੰ ਉਹ ਦਾ ਚਿਹਰਾ ਬਦਲ ਕੇ ਉਹ ਨੂੰ ਕੱਢ ਦਿੰਦਾ ਹੈਂ !21ਉਹ ਦੇ ਪੁੱਤਰ ਸਨਮਾਨ ਪ੍ਰਾਪਤ ਕਰਦੇ ਹਨ, ਪਰ ਉਹ ਜਾਣਦਾ ਨਹੀਂ, ਉਹ ਹਲਕੇ ਪੈ ਜਾਂਦੇ ਹਨ ਪਰ ਉਹ ਉਨ੍ਹਾਂ ਦਾ ਹਾਲ ਨਹੀਂ ਸਮਝਦਾ22ਉਸ ਨੂੰ ਸਿਰਫ਼ ਆਪਣੇ ਸਰੀਰ ਦਾ ਹੀ ਦੁੱਖ ਮਹਿਸੂਸ ਹੁੰਦਾ ਹੈ ਅਤੇ ਆਪਣੇ ਲਈ ਹੀ ਉਸ ਦੀ ਜਾਨ ਅੰਦਰ ਹੀ ਅੰਦਰ ਸੋਗ ਕਰਦੀ ਹੈ ।"

15
ਦੂਸਰੀ ਗੱਲਬਾਤ (15:1-21:34)
ਅਲੀਫ਼ਜ਼ ਦਾ ਦੋਸ਼ ਲਾਉਣਾ

1ਤਦ ਅਲੀਫ਼ਜ਼ ਤੇਮਾਨੀ ਨੇ ਉੱਤਰ ਦੇ ਕੇ ਆਖਿਆ,2"ਭਲਾ, ਬੁੱਧੀਮਾਨ ਹਵਾਈ ਗਿਆਨ ਵਿੱਚ ਉੱਤਰ ਦੇਵੇ, ਅਤੇ ਆਪਣਾ ਪੇਟ ਪੂਰਬ ਦੀ ਹਵਾ ਨਾਲ ਭਰੇ ?3ਕੀ ਉਹ ਵਿਅਰਥ ਗੱਲਾਂ ਨਾਲ ਬਹਿਸ ਕਰੇ, ਜਾਂ ਅਵਿਰਥਾ ਬੋਲੇ ?

4ਪਰ ਤੂੰ ਪਰਮੇਸ਼ੁਰ ਦਾ ਭੈ ਮੰਨਣਾ ਛੱਡ ਦਿੰਦਾ ਹੈ, ਅਤੇ ਪਰਮੇਸ਼ੁਰ ਦੇ ਹਜ਼ੂਰੋਂ ਧਿਆਨ ਹਟਾ ਲੈਂਦਾ ਹੈਂ ।5ਤੇਰਾ ਮੂੰਹ ਤੇਰੀ ਬਦੀ ਨੂੰ ਪ੍ਰਗਟ ਕਰਦਾ ਹੈ, ਅਤੇ ਤੂੰ ਛਲੀਆਂ ਦੀ ਜ਼ਬਾਨ ਬੋਲਦਾ ਹੈਂ ।6ਤੇਰਾ ਹੀ ਮੂੰਹ ਤੈਨੂੰ ਦੋਸ਼ੀ ਠਹਿਰਾਉਂਦਾ ਹੈ, ਨਾ ਕਿ ਮੈਂ, ਅਤੇ ਤੇਰੇ ਬੁੱਲ੍ਹ ਤੇਰੇ ਵਿਰੁੱਧ ਗਵਾਹੀ ਦਿੰਦੇ ਹਨ ।

7ਕੀ ਪਹਿਲਾ ਮਨੁੱਖ ਤੂੰ ਹੀ ਜੰਮਿਆ ਹੈਂ ਜਾਂ ਪਹਾੜਾਂ ਤੋਂ ਪਹਿਲਾਂ ਤੂੰ ਪੈਦਾ ਹੋਇਆ ?8ਕੀ ਤੂੰ ਪਰਮੇਸ਼ੁਰ ਦੀ ਗੁਪਤ ਯੋਜਨਾ ਨੂੰ ਸੁਣਦਾ ਹੈਂ, ਜਾਂ ਬੁੱਧ ਦਾ ਠੇਕਾ ਤੂੰ ਹੀ ਲੈ ਰੱਖਿਆ ਹੈ ?9ਤੂੰ ਅਜਿਹਾ ਕੀ ਜਾਣਦਾ ਹੈ ਜੋ ਅਸੀਂ ਨਹੀਂ ਜਾਣਦੇ ? ਤੇਰੇ ਕੋਲ ਅਜਿਹੀ ਕਿਹੜੀ ਸਮਝ ਹੈ ਜੋ ਸਾਡੇ ਕੋਲ ਨਹੀਂ ਹੈ ?
10ਸਾਡੇ ਵਿੱਚ ਧੌਲਿਆਂ ਵਾਲੇ ਸਗੋਂ ਬਜ਼ੁਰਗ ਵੀ ਹਨ, ਜਿਹੜੇ ਤੇਰੇ ਪਿਤਾ ਨਾਲੋਂ ਵੀ ਵੱਡੀ ਉਮਰ ਦੇ ਹਨ ।11ਕੀ ਪਰਮੇਸ਼ੁਰ ਦੀਆਂ ਤਸੱਲੀਆਂ, ਅਤੇ ਤੇਰੇ ਨਾਲ ਕੀਤੇ ਨਰਮੀ ਦੇ ਬਚਨ ਤੇਰੇ ਲਈ ਹਲਕੇ ਹਨ ?
12ਤੇਰਾ ਮਨ ਤੈਨੂੰ ਕਿਉਂ ਖਿੱਚੀ ਜਾਂਦਾ ਹੈ । ਤੂੰ ਅੱਖਾਂ ਨਾਲ ਇਸ਼ਾਰੇ ਕਿਉਂ ਕਰਦਾ ਹੈਂ ?13ਕੀ ਤੂੰ ਆਪਣਾ ਆਤਮਾ ਪਰਮੇਸ਼ੁਰ ਦੇ ਵਿਰੁੱਧ ਕਰਦਾ ਹੈਂ, ਅਤੇ ਆਪਣੇ ਮੂੰਹ ਤੋਂ ਵਿਅਰਥ ਗੱਲਾਂ ਬਕਦਾ ਹੈਂ ?

14ਮਨੁੱਖ ਕੀ ਹੈ ਜੋ ਉਹ ਨਿਰਦੋਸ਼ ਠਹਿਰੇ, ਅਤੇ ਇਸਤਰੀ ਤੋਂ ਜੰਮਿਆ ਹੋਇਆ ਕੀ ਹੈ ਜੋ ਉਹ ਧਰਮੀ ਠਹਿਰੇ ?
15ਵੇਖੋ, ਉਹ ਆਪਣੇ ਪਵਿੱਤਰ ਜਨਾਂ ਉੱਤੇ ਵਿਸ਼ਵਾਸ ਨਹੀਂ ਰੱਖਦਾ, ਅਤੇ ਅਕਾਸ਼ ਵੀ ਉਹ ਦੀਆਂ ਅੱਖਾਂ ਵਿੱਚ ਸ਼ੁੱਧ ਨਹੀਂ,16ਭਲਾ, ਫੇਰ ਮਨੁੱਖ ਕੀ ਜੋ ਘਿਣਾਉਣਾ ਅਤੇ ਭ੍ਰਿਸ਼ਟ ਹੈ, ਜੋ ਬੁਰਿਆਈ ਨੂੰ ਪਾਣੀ ਵਾਂਗੂੰ ਪੀਂਦਾ ਹੈ ?

17ਮੈਂ ਤੈਨੂੰ ਸਮਝਾ ਦਿਆਂਗਾ ਸੋ ਮੇਰੀ ਸੁਣ, ਅਤੇ ਜਿਸ ਨੂੰ ਮੈਂ ਵੇਖਿਆ ਉਹ ਦਾ ਵਰਨਣ ਮੈਂ ਕਰਦਾ ਹਾਂ,18ਆਪਣੇ ਪਿਉ-ਦਾਦਿਆਂ ਤੋਂ ਸੁਣ ਕੇ, ਜੋ ਕੁਝ ਬੁੱਧੀਮਾਨਾਂ ਨੇ ਦੱਸਿਆ ਅਤੇ ਨਾ ਛੁਪਾਇਆ,
19ਉਹਨਾਂ ਇੱਕਲਿਆਂ ਨੂੰ ਹੀ ਦੇਸ ਦਿੱਤਾ ਗਿਆ, ਅਤੇ ਕੋਈ ਪਰਦੇਸੀ ਉਨ੍ਹਾਂ ਦੇ ਵਿੱਚੋਂ ਦੀ ਨਾ ਲੰਘਿਆ,20ਦੁਸ਼ਟ ਜੀਵਨ ਭਰ ਤੜਫ਼ਦਾ ਹੈ, ਅਤੇ ਜ਼ਾਲਿਮ ਦੇ ਲਈ ਸਾਲ ਗਿਣ ਕੇ ਰੱਖੇ ਹੋਏ ਹਨ ।21ਭੈ ਦੀ ਅਵਾਜ਼ ਉਹ ਦੇ ਕੰਨਾਂ ਵਿੱਚ ਗੂੰਜਦੀ ਰਹਿੰਦੀ ਹੈ, ਸ਼ਾਂਤੀ ਦੇ ਸਮੇਂ ਵੀ ਲੁਟੇਰਾ ਉਹਨਾਂ ਉੱਤੇ ਆ ਪੈਂਦਾ ਹੈ,
22ਉਹ ਨੂੰ ਵਿਸ਼ਵਾਸ ਨਹੀਂ ਕਿ ਉਹ ਹਨੇਰੇ ਵਿੱਚੋਂ ਮੁੜ ਆਵੇਗਾ, ਅਤੇ ਤਲਵਾਰ ਉਹ ਨੂੰ ਉਡੀਕਦੀ ਹੈ ।23ਉਹ ਰੋਟੀ ਲਈ ਮਾਰਿਆ-ਮਾਰਿਆ ਫਿਰਦਾ ਹੈ ਕਿ ਉਹ ਉਸ ਨੂੰ ਕਿੱਥੇ ਮਿਲੇਗੀ ? ਉਹ ਜਾਣਦਾ ਹੈ ਕਿ ਹਨੇਰੇ ਦਾ ਦਿਨ ਨੇੜੇ ਹੀ ਤਿਆਰ ਹੈ ।24ਪੀੜ ਅਤੇ ਦੁੱਖ ਉਹ ਨੂੰ ਡਰਾਉਂਦੇ ਹਨ, ਉਸ ਰਾਜੇ ਵਾਂਗੂੰ ਜੋ ਯੁੱਧ ਲਈ ਤਿਆਰ ਹੈ, ਉਹ ਉਸ ਉੱਤੇ ਪਰਬਲ ਹੁੰਦੇ ਹਨ,
25ਕਿਉਂ ਜੋ ਉਸ ਨੇ ਆਪਣਾ ਹੱਥ ਪਰਮੇਸ਼ੁਰ ਦੇ ਵਿਰੁੱਧ ਚੁੱਕਿਆ ਹੈ, ਅਤੇ ਸਰਬ ਸ਼ਕਤੀਮਾਨ ਦੇ ਵਿਰੁੱਧ ਸਿਰ ਚੁੱਕਦਾ ਹੈ,26ਉਹ ਟੇਢੀ ਧੌਣ ਨਾਲ ਆਪਣੀ ਮੋਟੀਆਂ-ਮੋਟੀਆਂ ਨੋਕਦਾਰ ਢਾਲਾਂ ਵਿਖਾਉਂਦਾ ਹੋਇਆ ਘਮੰਡ ਨਾਲ ਉਸ ਉੱਤੇ ਦੌੜਦਾ ਹੈ ।

27ਉਸ ਨੇ ਆਪਣਾ ਚਿਹਰਾ ਚਰਬੀ ਨਾਲ ਢੱਕ ਲਿਆ ਹੈ, ਅਤੇ ਆਪਣੇ ਪੱਟਾਂ ਉੱਤੇ ਚਰਬੀ ਦੀਆਂ ਤੈਹਾਂ ਜਮਾਈਆਂ ਹਨ,28ਉਹ ਉੱਜੜੇ ਹੋਏ ਨਗਰਾਂ ਵਿੱਚ ਵੱਸ ਗਿਆ ਹੈ, ਉਹਨਾਂ ਘਰਾਂ ਵਿੱਚ ਜਿੱਥੇ ਕੋਈ ਨਹੀਂ ਵੱਸਦਾ, ਜਿਹੜੇ ਖੰਡਰ ਹੋਣ ਲਈ ਛੱਡ ਦਿੱਤੇ ਗਏ ਹਨ ।
29ਉਹ ਧਨੀ ਨਾ ਹੋਵੇਗਾ ਨਾ ਉਹ ਦਾ ਮਾਲ ਬਣਿਆ ਰਹੇਗਾ, ਨਾ ਉਸ ਦੀ ਉਪਜ ਧਰਤੀ ਵੱਲ ਝੁਕੇਗੀ ।30ਉਹ ਹਨੇਰੇ ਤੋਂ ਨਾ ਨਿਕਲੇਗਾ, ਲਾਟਾਂ ਉਸ ਦੀਆਂ ਟਹਿਣੀਆਂ ਨੂੰ ਸੁਕਾ ਦੇਣਗੀਆਂ, ਅਤੇ ਪਰਮੇਸ਼ੁਰ ਦੇ ਮੂੰਹ ਦੇ ਸਾਹ ਨਾਲ ਉਹ ਜਾਂਦਾ ਰਹੇਗਾ ।
31ਉਹ ਵਿਅਰਥ ਗੱਲਾਂ ਉੱਤੇ ਭਰੋਸਾ ਕਰਕੇ ਆਪਣੇ ਆਪ ਨੂੰ ਧੋਖਾ ਨਾ ਦੇਵੇ ਕਿਉਂ ਜੋ ਉਸ ਦਾ ਬਦਲਾ ਵਿਅਰਥ ਹੀ ਹੋਵੇਗਾ ।32ਉਹ ਆਪਣੇ ਦਿਨ ਤੋਂ ਪਹਿਲਾਂ ਹੀ ਪੂਰਾ ਹੋ ਜਾਵੇਗਾ, ਅਤੇ ਉਹ ਦੀ ਟਹਿਣੀ ਹਰੀ ਨਾ ਰਹੇਗੀ ।33ਦਾਖ ਦੀ ਕੱਚੀ ਵੇਲ ਵਾਂਗੂੰ ਉਸ ਦੇ ਫਲ ਝੜ ਜਾਣਗੇ ਅਤੇ ਜ਼ੈਤੂਨ ਦੇ ਫੁੱਲ ਵਾਂਗੂੰ ਉਸ ਦੇ ਫੁੱਲ ਡਿੱਗ ਪੈਣਗੇ ।
34ਅਧਰਮੀਆਂ ਦੀ ਮੰਡਲੀ ਬਾਂਝ ਹੁੰਦੀ ਹੈ, ਅਤੇ ਅੱਗ ਰਿਸ਼ਵਤ ਲੈਣ ਵਾਲਿਆਂ ਦੇ ਡੇਰਿਆਂ ਨੂੰ ਭਸਮ ਕਰ ਦਿੰਦੀ ਹੈ ।35ਉਨ੍ਹਾਂ ਦੇ ਗਰਭ ਵਿੱਚ ਮੁਸੀਬਤ ਪੈਂਦੀ ਹੈ ਅਤੇ ਉਹ ਬਦੀ ਨੂੰ ਜਨਮ ਦਿੰਦੇ ਹਨ, ਉਨ੍ਹਾਂ ਦੇ ਪੇਟ ਵਿੱਚ ਛਲ ਤਿਆਰ ਹੋ ਜਾਂਦਾ ਹੈ ।"

16
ਅਯੂੱਬ ਦਾ ਅਲੀਫ਼ਜ਼ ਨੂੰ ਉੱਤਰ

1ਤਦ ਅਯੂੱਬ ਨੇ ਉੱਤਰ ਦੇ ਕੇ ਆਖਿਆ,2"ਮੈਂ ਅਜਿਹੀਆਂ ਬਹੁਤ ਸਾਰੀਆਂ ਗੱਲਾਂ ਸੁਣੀਆਂ ਹਨ, ਤੁਸੀਂ ਸਾਰੇ ਦੇ ਸਾਰੇ ਦੁੱਖਦਾਇਕ ਤਸੱਲੀ ਦੇਣ ਵਾਲੇ ਹੋ !3ਕੀ ਹਵਾਈ ਗੱਲਾਂ ਕਦੇ ਮੁੱਕਣਗੀਆਂ, ਜਾਂ ਤੈਨੂੰ ਕੀ ਖਿਝ ਹੈ ਜੋ ਤੂੰ ਬਹਿਸ ਕਰਦਾ ਹੈਂ ?

4ਮੈਂ ਵੀ ਤੁਹਾਡੇ ਵਾਂਗੂੰ ਬੋਲ ਸਕਦਾ, ਜੇ ਤੁਹਾਡੀ ਹਾਲਤ ਮੇਰੀ ਹਾਲਤ ਜਿਹੀ ਹੁੰਦੀ, ਤਾਂ ਮੈਂ ਵੀ ਤੁਹਾਡੇ ਵਿਰੁੱਧ ਗੱਲਾਂ ਘੜ ਸਕਦਾ, ਅਤੇ ਆਪਣਾ ਸਿਰ ਤੁਹਾਡੇ ਉੱਤੇ ਹਿਲਾ ਸਕਦਾ !5ਪਰ ਮੈਂ ਤੁਹਾਨੂੰ ਆਪਣੇ ਬਚਨਾਂ ਨਾਲ ਉਤਸ਼ਾਹਿਤ ਕਰਦਾ, ਅਤੇ ਆਪਣੇ ਬੁੱਲ੍ਹਾਂ ਨਾਲ ਤਸੱਲੀ ਦਿੰਦਾ ।

6ਜੇ ਮੈਂ ਬੋਲਾਂ ਤਾਂ ਵੀ ਮੈਨੂੰ ਤਸੱਲੀ ਨਹੀਂ, ਅਤੇ ਜੇ ਮੈਂ ਚੁੱਪ ਰਹਾਂ, ਤਾਂ ਵੀ ਮੈਨੂੰ ਅਰਾਮ ਨਹੀਂ ਮਿਲਦਾ ।7ਪਰ ਹੁਣ ਉਹ ਨੇ ਮੈਨੂੰ ਥਕਾ ਦਿੱਤਾ ਹੈ, ਤੂੰ ਮੇਰੇ ਸਾਰੇ ਆਰ-ਪਰਿਵਾਰ ਨੂੰ ਬਰਬਾਦ ਕੀਤਾ ਹੈ,8ਤੂੰ ਮੈਨੂੰ ਘੁੱਟ ਕੇ ਫੜ੍ਹ ਲਿਆ ਹੈ, ਇਹ ਮੇਰੇ ਲਈ ਗਵਾਹੀ ਹੈ ! ਮੇਰੀ ਦੁਰਬਲਤਾ ਮੇਰੇ ਵਿਰੁੱਧ ਉੱਠ ਕੇ ਮੇਰੇ ਮੂੰਹ ਤੇ ਸਾਖੀ ਦਿੰਦੀ ਹੈ ।
9ਉਹ ਦੇ ਕ੍ਰੋਧ ਨੇ ਮੈਨੂੰ ਪਾੜਿਆ ਅਤੇ ਸਤਾਇਆ ਹੈ, ਉਹ ਨੇ ਮੇਰੇ ਉੱਤੇ ਆਪਣੇ ਦੰਦ ਪੀਹੇ ਅਤੇ ਮੇਰਾ ਵਿਰੋਧੀ ਮੈਨੂੰ ਅੱਖਾਂ ਵਿਖਾਉਂਦਾ ਹੈ ।10ਉਹਨਾਂ ਨੇ ਮੇਰੇ ਉੱਤੇ ਆਪਣੇ ਮੂੰਹ ਖੋਲ੍ਹੇ ਹਨ, ਨਿੰਦਿਆ ਕਰਕੇ ਉਹਨਾਂ ਨੇ ਮੇਰੇ ਚਪੇੜਾਂ ਮਾਰੀਆਂ, ਉਹ ਮੇਰੇ ਵਿਰੁੱਧ ਰਲ ਕੇ ਇਕੱਠੇ ਹੁੰਦੇ ਹਨ ।
11ਪਰਮੇਸ਼ੁਰ ਨੇ ਮੈਨੂੰ ਕੁਧਰਮੀਆਂ ਦੇ ਵੱਸ ਕਰ ਦਿੱਤਾ, ਅਤੇ ਦੁਸ਼ਟਾਂ ਦੇ ਹੱਥ ਵਿੱਚ ਮੈਨੂੰ ਸੁੱਟ ਦਿੱਤਾ ਹੈ ।12ਮੈਂ ਸੁਖੀ ਸੀ ਪਰ ਉਹ ਨੇ ਮੈਨੂੰ ਚੂਰ-ਚਾਰ ਕਰ ਸੁੱਟਿਆ, ਅਤੇ ਮੈਨੂੰ ਧੌਣ ਤੋਂ ਫੜ੍ਹ ਲਿਆ ਅਤੇ ਪਟਕਾ-ਪਟਕਾ ਕੇ ਮੈਨੂੰ ਭੰਨ ਸੁੱਟਿਆ, ਉਹ ਨੇ ਮੈਨੂੰ ਆਪਣੇ ਨਿਸ਼ਾਨੇ ਲਈ ਖੜ੍ਹਾ ਕੀਤਾ !
13ਉਹ ਦੇ ਤੀਰ-ਅੰਦਾਜ਼ ਮੈਨੂੰ ਆਲੇ ਦੁਆਲਿਓਂ ਘੇਰ ਲੈਂਦੇ ਹਨ, ਉਹ ਮੇਰੇ ਗੁਰਦਿਆਂ ਨੂੰ ਚੀਰਦਾ ਹੈ ਅਤੇ ਦਯਾ ਨਹੀਂ ਕਰਦਾ, ਉਹ ਮੇਰੇ ਪਿੱਤ ਨੂੰ ਧਰਤੀ ਉੱਤੇ ਡੋਲ੍ਹ ਦਿੰਦਾ ਹੈ !14ਉਹ ਤੇੜਾਂ ਤੇ ਤੇੜਾਂ ਪਾ ਕੇ ਮੈਨੂੰ ਤੋੜ ਸੁੱਟਦਾ ਹੈ, ਉਹ ਮੇਰੇ ਉੱਤੇ ਸੂਰਮੇ ਵਾਂਗੂੰ ਹਮਲਾ ਕਰਦਾ ਹੈ !

15ਮੈਂ ਆਪਣੀ ਚਮੜੀ ਉੱਤੇ ਤੱਪੜ ਨੂੰ ਸਿਉਂ ਲਿਆ ਹੈ, ਮੈਂ ਆਪਣਾ ਸਿੰਗ ਨੂੰ ਮਿੱਟੀ ਵਿੱਚ ਰਲਾ ਦਿੱਤਾ ਹੈ ।16ਮੇਰਾ ਮੂੰਹ ਰੋਣ ਨਾਲ ਲਾਲ ਹੋ ਗਿਆ ਹੈ, ਅਤੇ ਮੇਰੀਆਂ ਪਲਕਾਂ ਉੱਤੇ ਮੌਤ ਦਾ ਸਾਯਾ ਹੈ,17ਫੇਰ ਵੀ ਮੇਰੇ ਹੱਥਾਂ ਵਿੱਚ ਕੋਈ ਜ਼ੁਲਮ ਨਹੀਂ, ਅਤੇ ਮੇਰੀ ਪ੍ਰਾਰਥਨਾ ਪਵਿੱਤਰ ਹੈ ।

18ਹੇ ਧਰਤੀ, ਮੇਰੇ ਲਹੂ ਨੂੰ ਨਾ ਲੁਕਾ, ਅਤੇ ਮੇਰੀ ਦੁਹਾਈ ਕਿਤੇ ਨਾ ਰੁਕੇ !19ਪਰ ਹੁਣ ਵੇਖੋ, ਸਵਰਗ ਵਿੱਚ ਮੇਰਾ ਸਾਖੀ ਹੈ, ਅਤੇ ਮੇਰਾ ਗਵਾਹ ਉੱਚਿਆਈਆਂ ਉੱਤੇ ਹੈ ।
20ਮੇਰੇ ਮਿੱਤਰ ਮੇਰਾ ਮਖੌਲ ਉਡਾਉਂਦੇ ਹਨ, ਮੇਰੀਆਂ ਅੱਖਾਂ ਪਰਮੇਸ਼ੁਰ ਦੇ ਅੱਗੇ ਰੋਂਦੀਆਂ ਹਨ,21ਕੀ ਕੋਈ ਮਨੁੱਖ ਦੇ ਲਈ ਪਰਮੇਸ਼ੁਰ ਨਾਲ ਵਾਦ-ਵਿਵਾਦ ਕਰੇ, ਜਿਵੇਂ ਆਦਮ ਵੰਸ਼ ਆਪਣੇ ਮਿੱਤਰ ਲਈ ਕਰਦਾ ਹੈ ।

22ਕਿਉਂ ਜੋ ਥੋੜ੍ਹਿਆਂ ਸਾਲਾਂ ਦੇ ਬੀਤਣ ਤੋਂ ਬਾਅਦ ਮੈਂ ਉਸ ਰਾਹ ਚਲਾ ਜਾਂਵਾਂਗਾ ਜਿੱਥੋਂ ਮੈਂ ਫੇਰ ਕਦੇ ਨਹੀਂ ਮੁੜਾਂਗਾ ।

17
ਅਯੂੱਬ ਦੀ ਪ੍ਰਾਰਥਨਾ

1ਮੇਰਾ ਆਤਮਾ ਟੁੱਟ ਗਿਆ, ਮੇਰੇ ਦਿਨ ਮੁੱਕ ਗਏ, ਕਬਰ ਮੇਰੇ ਲਈ ਤਿਆਰ ਹੈ ।2ਨਿਸੰਗ ਮੇਰੇ ਕੋਲ ਠੱਠਾ ਕਰਨ ਵਾਲੇ ਹਨ, ਅਤੇ ਮੇਰੀ ਨਿਗਾਹ ਉਹਨਾਂ ਦੇ ਲੜਾਈ ਝਗੜੇ ਉੱਤੇ ਟਿਕੀ ਹੋਈ ਹੈ ।

3ਜ਼ਮਾਨਤ ਦੇ, ਤੂੰ ਆਪਣੇ ਅਤੇ ਮੇਰੇ ਵਿੱਚ ਜ਼ਮਾਨਤੀ ਹੋ, ਕੌਣ ਹੈ ਜੋ ਮੇਰੇ ਹੱਥ ਉੱਤੇ ਹੱਥ ਧਰੇ ?
4ਤੂੰ ਤਾਂ ਉਹਨਾਂ ਦਾ ਮਨ ਸਮਝ ਤੋਂ ਓਹਲੇ ਰੱਖਿਆ ਹੈ, ਇਸ ਲਈ ਤੂੰ ਉਹਨਾਂ ਨੂੰ ਪਰਬਲ ਨਾ ਹੋਣ ਦੇਵੇਂਗਾ ।5ਜਿਹੜਾ ਆਪਣੇ ਮਿੱਤਰ ਨੂੰ ਲੁੱਟ ਦੇ ਹਿੱਸੇ ਲਈ ਦੋਸ਼ੀ ਬਣਾਉਂਦਾ ਹੈ, ਉਹ ਦੇ ਬੱਚਿਆਂ ਦੀਆਂ ਅੱਖਾਂ ਅੰਨ੍ਹੀਆਂ ਹੋ ਜਾਣਗੀਆਂ ।

6ਪਰ ਪਰਮੇਸ਼ੁਰ ਨੇ ਮੈਨੂੰ ਲੋਕਾਂ ਲਈ ਮਿਹਣਾ ਬਣਾਇਆ, ਮੈਂ ਉਹ ਹਾਂ ਜਿਸ ਦੇ ਮੂੰਹ ਉੱਤੇ ਲੋਕ ਥੁੱਕਦੇ ਹਨ ।7ਮੇਰੀਆਂ ਅੱਖਾਂ ਸੋਗ ਦੇ ਕਾਰਨ ਧੁੰਦਲੀਆਂ ਹੋ ਗਈਆਂ ਹਨ, ਅਤੇ ਮੇਰੇ ਸਾਰੇ ਅੰਗ ਪਰਛਾਵੇਂ ਵਾਂਗੂੰ ਹੋ ਗਏ ਹਨ ।8ਨੇਕ ਲੋਕ ਇਹ ਵੇਖ ਕੇ ਹੈਰਾਨ ਹੁੰਦੇ ਹਨ, ਅਤੇ ਬੇਦੋਸ਼ੇ ਕੁਧਰਮੀਆਂ ਦੇ ਵਿਰੁੱਧ ਭੜਕ ਉੱਠਦੇ ਹਨ ।
9ਪਰ ਧਰਮੀ ਆਪਣੇ ਰਾਹ ਤੇ ਲੱਗਾ ਰਹੇਗਾ, ਅਤੇ ਸਾਫ਼ ਹੱਥ ਵਾਲਾ ਹੋਰ ਵੀ ਤਕੜਾ ਹੁੰਦਾ ਜਾਵੇਗਾ ।

10ਪਰ ਤੁਸੀਂ ਸਾਰੇ ਹੀ ਯਤਨ ਨਾਲ ਮੁੜ ਕੇ ਆਓ, ਮੈਨੂੰ ਤੁਹਾਡੇ ਵਿੱਚ ਇੱਕ ਵੀ ਬੁੱਧੀਮਾਨ ਨਾ ਲੱਭੇਗਾ ।
11ਮੇਰੇ ਦਿਨ ਤਾਂ ਬੀਤ ਗਏ, ਮੇਰੀਆਂ ਯੋਜਨਾਵਾਂ ਅਤੇ ਮੇਰੇ ਦਿਲ ਦੀਆਂ ਲੋਚਾਂ ਮਿਟ ਗਈਆਂ ।12ਉਹ ਰਾਤ ਨੂੰ ਦਿਨ ਠਹਿਰਾਉਂਦੇ ਅਤੇ ਆਖਦੇ ਹਨ ਕਿ ਚਾਨਣ ਹਨੇਰੇ ਦੇ ਕੋਲ ਹੀ ਹੈ ।
13ਜੇਕਰ ਮੈਂ ਆਸ ਰੱਖਾਂ ਕਿ ਪਤਾਲ ਮੇਰਾ ਘਰ ਹੈਂ, ਜੇਕਰ ਮੈਂ ਹਨੇਰੇ ਵਿੱਚ ਆਪਣਾ ਬਿਸਤਰਾ ਵਿਛਾਵਾਂ,14ਜੇ ਮੈਂ ਸੜਿਹਾਣ ਨੂੰ ਪੁਕਾਰਾਂ ਕਿ ਤੂੰ ਮੇਰਾ ਪਿਤਾ ਹੈਂ, ਅਤੇ ਕੀੜੇ ਨੂੰ ਕਿ ਤੂੰ ਮੇਰੀ ਮਾਂ ਅਤੇ ਮੇਰੀ ਭੈਣ ਹੈਂ,15ਤਦ ਮੇਰੀ ਆਸ ਫੇਰ ਕਿੱਥੇ ਹੈ ? ਕੌਣ ਮੇਰੇ ਲਈ ਆਸ ਵੇਖੇਗਾ ?16ਉਹ ਪਤਾਲ ਦੇ ਫਾਟਕਾਂ ਵਿੱਚ ਉਤਰ ਜਾਵੇਗੀ, ਜਦ ਅਸੀਂ ਇਕੱਠੇ ਖ਼ਾਕ ਵਿੱਚ ਅਰਾਮ ਪਾਵਾਂਗੇ ।"

18
ਬਿਲਦਦ ਦਾ ਕਥਨ

1ਤਦ ਬਿਲਦਦ ਸ਼ੂਹੀ ਨੇ ਉੱਤਰ ਦੇ ਕੇ ਆਖਿਆ,2"ਤੁਸੀਂ ਕਦੋਂ ਤੱਕ ਗੱਲਾਂ ਲਈ ਫੰਦੇ ਲਾਓਗੇ ? ਸਮਝਦਾਰ ਬਣੋ, ਫੇਰ ਆਪਾਂ ਗੱਲ ਕਰਾਂਗੇ ।

3ਅਸੀਂ ਕਿਉਂ ਤੁਹਾਡੀ ਨਿਗਾਹ ਵਿੱਚ ਪਸ਼ੂਆਂ ਜਿਹੇ ਗਿਣੇ ਜਾਂਦੇ ਹਾਂ ਅਤੇ ਭ੍ਰਿਸ਼ਟ ਠਹਿਰੇ ਹਾਂ ?4ਤੂੰ ਜੇ ਆਪਣੇ ਆਪ ਨੂੰ ਆਪਣੇ ਕ੍ਰੋਧ ਵਿੱਚ ਪਾੜਦਾ ਹੈਂ, ਕੀ ਤੇਰੇ ਲਈ ਧਰਤੀ ਤਿਆਗੀ ਜਾਵੇਗੀ, ਜਾਂ ਚੱਟਾਨ ਆਪਣੇ ਥਾਂ ਤੋਂ ਖਿਸਕ ਜਾਵੇਗੀ ?

5ਹਾਂ, ਦੁਸ਼ਟਾਂ ਦਾ ਦੀਵਾ ਬੁੱਝ ਜਾਵੇਗਾ ਅਤੇ ਉਸ ਦੀ ਅੱਗ ਦੀ ਲਾਟ ਨਾ ਚਮਕੇਗੀ,6ਉਹ ਦੇ ਤੰਬੂ ਵਿੱਚ ਚਾਨਣ ਹਨੇਰਾ ਹੋ ਜਾਵੇਗਾ, ਅਤੇ ਉਹ ਦੇ ਉੱਪਰ ਦਾ ਦੀਵਾ ਬੁੱਝ ਜਾਵੇਗਾ ।
7ਉਹ ਦੇ ਬਲਵੰਤ ਕਦਮ ਰੋਕੇ ਜਾਣਗੇ, ਅਤੇ ਉਹ ਆਪਣੀ ਹੀ ਸਲਾਹ ਨਾਲ ਡਿੱਗ ਪਵੇਗਾ ।8ਉਹ ਤਾਂ ਆਪਣੇ ਹੀ ਪੈਰ ਜਾਲ ਵਿੱਚ ਫਸਾਵੇਗਾ, ਅਤੇ ਉਹ ਆਪ ਫੰਦੇ ਉੱਤੇ ਚੱਲਦਾ ਹੈ ।
9ਕੜਿੱਕੀ ਉਹ ਦੀ ਅੱਡੀ ਨੂੰ ਫੜ੍ਹਦੀ, ਅਤੇ ਫਾਹੀ ਉਹ ਨੂੰ ਫਾਹ ਲੈਂਦੀ ਹੈ ।10ਫੰਦਾ ਉਹ ਦੇ ਲਈ ਧਰਤੀ ਵਿੱਚ ਲੁਕਾਇਆ ਜਾਂਦਾ ਹੈ, ਅਤੇ ਉਹ ਦੇ ਰਸਤੇ ਵਿੱਚ ਜਾਲ ।11ਖੌਫ਼ ਆਲੇ ਦੁਆਲਿਓਂ ਉਸ ਨੂੰ ਡਰਾਉਂਦਾ ਹੈ, ਅਤੇ ਉਸ ਦੇ ਪਿੱਛੇ ਪੈ ਕੇ ਉਸ ਨੂੰ ਭਜਾਉਂਦਾ ਹੈ !
12ਆਫ਼ਤ ਉਸ ਉੱਤੇ ਪੈਣ ਲਈ ਉਡੀਕਦੀ ਹੈ, ਅਤੇ ਬਿਪਤਾ ਉਹ ਦੇ ਕੋਲ ਹੀ ਤਿਆਰ ਹੋਵੇਗੀ ।13ਉਹ ਉਸ ਦੇ ਸਰੀਰ ਦੇ ਅੰਗ ਨੂੰ ਖਾ ਜਾਵੇਗੀ, ਮੌਤ ਦਾ ਜੇਠਾ ਉਸ ਦੇ ਅੰਗਾਂ ਨੂੰ ਨਿਗਲ ਲਵੇਗਾ ।
14ਆਪਣੇ ਜਿਸ ਤੰਬੂ ਉੱਤੇ ਉਹ ਭਰੋਸਾ ਰੱਖਦਾ ਸੀ, ਉਹ ਪੁੱਟਿਆ ਜਾਵੇਗਾ, ਅਤੇ ਉਸ ਨੂੰ ਖੌਫ਼ਨਾਕ ਰਾਜੇ ਕੋਲ ਪਹੁੰਚਾਇਆ ਜਾਵੇਗਾ !15ਜਿਹੜਾ ਉਹ ਦਾ ਨਹੀਂ ਉਹ ਉਸ ਦੇ ਤੰਬੂ ਵਿੱਚ ਵੱਸੇਗਾ, ਅਤੇ ਉਹ ਦੇ ਵਸੇਬੇ ਉੱਤੇ ਗੰਧਕ ਸੁੱਟੀ ਜਾਵੇਗੀ ।
16ਹੇਠੋਂ ਉਹ ਦੀਆਂ ਜੜ੍ਹਾਂ ਸੁੱਕ ਜਾਣਗੀਆਂ, ਉੱਪਰੋਂ ਉਹ ਦੀਆਂ ਟਹਿਣੀਆਂ ਕੁਮਲਾ ਜਾਣਗੀਆਂ17ਉਹ ਦੀ ਯਾਦ ਧਰਤੀ ਉੱਤੋਂ ਮਿਟ ਜਾਵੇਗੀ, ਅਤੇ ਉਹ ਦਾ ਨਾਮ ਦੇਸ ਵਿੱਚ ਨਾ ਰਹੇਗਾ ।
18ਉਹ ਉਸ ਨੂੰ ਚਾਨਣ ਤੋਂ ਹਨੇਰੇ ਵਿੱਚ ਹੱਕ ਦੇਣਗੇ, ਅਤੇ ਸੰਸਾਰ ਤੋਂ ਖਦੇੜ ਦੇਣਗੇ ।19ਅਤੇ ਉਹ ਦੇ ਲੋਕਾਂ ਵਿੱਚ ਨਾ ਉਹ ਦਾ ਪੁੱਤਰ, ਨਾ ਪੋਤਾ ਹੋਵੇਗਾ, ਨਾ ਉਹ ਦੇ ਟਿਕਾਣਿਆਂ ਵਿੱਚ ਕੋਈ ਬਾਕੀ ਰਹੇਗਾ ।20ਪੱਛਮ ਦੇ ਲੋਕ ਉਹ ਦੇ ਦਿਨ ਉੱਤੇ ਹੈਰਾਨ ਹੋਣਗੇ ਅਤੇ ਪੂਰਬ ਦੇ ਵਾਸੀ ਸਹਿਮ ਜਾਣਗੇ ।
21ਨਿਸੰਗ ਕੁਧਰਮੀਆਂ ਦੇ ਵਸੇਬੇ ਇਹੋ ਜਿਹੇ ਹੋ ਜਾਂਦੇ ਹਨ, ਜੋ ਪਰਮੇਸ਼ੁਰ ਨੂੰ ਨਹੀਂ ਜਾਣਦਾ ਉਸ ਦਾ ਸਥਾਨ ਅਜਿਹਾ ਹੀ ਹੋ ਜਾਂਦਾ ਹੈ ।"

19
ਅਯੂੱਬ ਦਾ ਉੱਤਰ

1ਤਦ ਅਯੂੱਬ ਨੇ ਉੱਤਰ ਦੇ ਕੇ ਆਖਿਆ,2"ਤੁਸੀਂ ਕਦੋਂ ਤੱਕ ਮੇਰੀ ਜਾਨ ਨੂੰ ਸਤਾਓਗੇ, ਅਤੇ ਮੈਨੂੰ ਗੱਲਾਂ ਨਾਲ ਚੂਰ-ਚੂਰ ਕਰੋਗੇ ?

3ਹੁਣ ਦਸ ਵਾਰ ਤੁਸੀਂ ਮੈਨੂੰ ਲੱਜਿਆਵਾਨ ਕੀਤਾ, ਤੁਸੀਂ ਸ਼ਰਮ ਨਹੀਂ ਕਰਦੇ ਜੋ ਤੁਸੀਂ ਮੇਰੇ ਨਾਲ ਸਖ਼ਤੀ ਕਰਦੇ ਹੋ ?4ਮੰਨ ਲਓ ਕਿ ਮੇਰੇ ਕੋਲੋਂ ਭੁੱਲ ਹੋਈ ਤਾਂ ਵੀ ਮੇਰੀ ਭੁੱਲ ਮੇਰੇ ਉੱਤੇ ਹੀ ਰਹੇਗੀ ।
5ਜੇ ਤੁਸੀਂ ਸੱਚ-ਮੁੱਚ ਮੇਰੇ ਵਿਰੁੱਧ ਆਪਣੇ ਆਪ ਨੂੰ ਵਡਿਆਉਂਦੇ ਹੋ, ਅਤੇ ਮੇਰੀ ਬੇਇੱਜ਼ਤੀ ਕਰਕੇ ਮੇਰੇ ਨਾਲ ਬਹਿਸ ਕਰਦੇ ਹੋ,6ਤਾਂ ਹੁਣ ਜਾਣ ਲਓ ਕਿ ਪਰਮੇਸ਼ੁਰ ਹੀ ਨੇ ਮੈਨੂੰ ਝੁਕਾਇਆ ਹੈ, ਅਤੇ ਮੈਨੂੰ ਆਪਣੇ ਜਾਲ ਵਿੱਚ ਫਸਾਇਆ ਹੈ ।

7ਵੇਖੋ ਮੈਂ "ਜ਼ੁਲਮ, ਜ਼ੁਲਮ !" ਪੁਕਾਰਦਾ ਹਾਂ, ਪਰ ਕੋਈ ਮੈਨੂੰ ਉੱਤਰ ਨਹੀਂ ਦਿੰਦਾ, ਮੈਂ ਸਹਾਇਤਾ ਲਈ ਦੁਹਾਈ ਦਿੰਦਾ ਹਾਂ ਪਰ ਕੋਈ ਨਿਆਂ ਨਹੀਂ ਕਰਦਾ !8ਉਹ ਨੇ ਮੇਰੇ ਰਾਹ ਨੂੰ ਬੰਦ ਕੀਤਾ ਤਾਂ ਜੋ ਮੈਂ ਲੰਘ ਨਾ ਸਕਾਂ, ਅਤੇ ਮੇਰੇ ਰਸਤਿਆਂ ਵਿੱਚ ਹਨੇਰਾ ਕਰ ਦਿੱਤਾ ਹੈ ।9ਉਹ ਨੇ ਮੇਰਾ ਪਰਤਾਪ ਮੇਰੇ ਉੱਤੋਂ ਲਾਹ ਲਿਆ, ਅਤੇ ਮੇਰੇ ਸਿਰ ਦਾ ਮੁਕਟ ਲੈ ਲਿਆ ਹੈ ।
10ਉਹ ਨੇ ਮੈਨੂੰ ਚੌਂਹਾਂ ਪਾਸਿਆਂ ਤੋਂ ਤੋੜ ਸੁੱਟਿਆ, ਜਦੋਂ ਤੱਕ ਮੈਂ ਮੁੱਕ ਨਾ ਗਿਆ, ਅਤੇ ਮੇਰੀ ਆਸ ਨੂੰ ਰੁੱਖ ਵਾਂਗੂੰ ਪੁੱਟ ਸੁੱਟਿਆ ਹੈ ।11ਉਹ ਨੇ ਆਪਣੇ ਕ੍ਰੋਧ ਨੂੰ ਮੇਰੇ ਉੱਤੇ ਭੜਕਾਇਆ ਹੈ, ਅਤੇ ਮੈਨੂੰ ਆਪਣੇ ਵਿਰੋਧੀਆਂ ਵਿੱਚ ਗਿਣ ਲਿਆ ਹੈ !12ਉਹ ਦੇ ਜੱਥੇ ਇਕੱਠੇ ਹੋ ਕੇ ਆਉਂਦੇ, ਅਤੇ ਮੇਰੇ ਵਿਰੁੱਧ ਆਪਣਾ ਰਾਹ ਤਿਆਰ ਕਰਦੇ ਹਨ, ਅਤੇ ਮੇਰੇ ਤੰਬੂ ਦੇ ਆਲੇ-ਦੁਆਲੇ ਡੇਰੇ ਲਾਉਂਦੇ ਹਨ ।

13ਉਹ ਨੇ ਮੇਰੇ ਭਰਾ ਮੈਥੋਂ ਦੂਰ ਕਰ ਦਿੱਤੇ, ਅਤੇ ਮੇਰੇ ਜਾਣ-ਪਛਾਣ ਵਾਲੇ ਮੈਥੋਂ ਬਿਲਕੁਲ ਬੇਗਾਨੇ ਹੋ ਗਏ ।14ਮੇਰੇ ਅੰਗ ਸਾਕ ਕੰਮ ਨਾ ਆਏ, ਅਤੇ ਮੇਰੇ ਜਾਣ-ਪਛਾਣ ਵਾਲੇ ਮੈਨੂੰ ਭੁੱਲ ਗਏ ।
15ਮੇਰੇ ਘਰ ਵਿੱਚ ਰਹਿਣ ਵਾਲੇ ਸਗੋਂ ਮੇਰੀਆਂ ਦਾਸੀਆਂ ਵੀ ਮੈਨੂੰ ਓਪਰਾ ਗਿਣਦੀਆਂ ਹਨ, ਉਹਨਾਂ ਦੀ ਨਿਗਾਹ ਵਿੱਚ ਮੈਂ ਪਰਦੇਸੀ ਹਾਂ ।16ਮੈਂ ਆਪਣੇ ਨੌਕਰ ਨੂੰ ਬੁਲਾਉਂਦਾ ਪਰ ਉਹ ਜਵਾਬ ਨਹੀਂ ਦਿੰਦਾ, ਮੈਨੂੰ ਉਹ ਦੀ ਮਿੰਨਤ ਕਰਨੀ ਪੈਂਦੀ ਹੈ ।
17ਮੇਰਾ ਸਾਹ ਮੇਰੀ ਪਤਨੀ ਲਈ ਘਿਣਾਉਣਾ ਹੈ, ਅਤੇ ਮੇਰੇ ਆਪਣੇ ਭਰਾ ਮੈਥੋਂ ਘਿਣ ਕਰਦੇ ਹਨ ।18ਮੁੰਡੇ ਵੀ ਮੈਨੂੰ ਤੁੱਛ ਜਾਣਦੇ ਹਨ, ਜੇ ਮੈਂ ਉੱਠਾਂ ਤਾਂ ਉਹ ਮੈਨੂੰ ਮਿਹਣੇ ਮਾਰਦੇ ਹਨ !19ਮੇਰੇ ਸਾਰੇ ਗੂੜ੍ਹੇ ਮਿੱਤਰ ਮੈਥੋਂ ਨਫ਼ਰਤ ਕਰਦੇ ਹਨ, ਅਤੇ ਮੇਰੇ ਪਿਆਰੇ ਮੇਰੇ ਵਿਰੁੱਧ ਹੋ ਗਏ ਹਨ ।
20ਮੇਰੀਆਂ ਹੱਡੀਆਂ ਮੇਰੀ ਖੱਲ ਅਤੇ ਮੇਰੇ ਮਾਸ ਵਿੱਚ ਸੁੰਗੜ ਗਈਆਂ ਹਨ, ਅਤੇ ਮੈਂ ਮੌਤ ਤੋਂ ਵਾਲ-ਵਾਲ ਬਚਿਆ ਹਾਂ !

21ਹੇ ਮੇਰੇ ਮਿੱਤਰੋ, ਮੇਰੇ ਉੱਤੇ ਤਰਸ ਖਾਓ, ਤਰਸ ਖਾਓ, ਕਿਉਂ ਜੋ ਪਰਮੇਸੁਰ ਦੇ ਹੱਥ ਨੇ ਮੈਨੂੰ ਮਾਰਿਆ ਹੈ !22ਤੁਸੀਂ ਪਰਮੇਸ਼ੁਰ ਵਾਂਗੂੰ ਕਿਉਂ ਮੇਰੇ ਪਿੱਛੇ ਪਏ ਹੋ ? ਅਤੇ ਮੇਰੇ ਮਾਸ ਨੂੰ ਕਿਉਂ ਨਹੀਂ ਛੱਡਦੇ ?

23ਕਾਸ਼ ਕਿ ਹੁਣ ਮੇਰੀਆਂ ਗੱਲਾਂ ਲਿਖੀਆਂ ਜਾਂਦੀਆਂ ! ਕਾਸ਼ ਕਿ ਉਹ ਪੋਥੀ ਵਿੱਚ ਲਿਖੀਆਂ ਜਾਂਦੀਆਂ,24ਉਹ ਲੋਹੇ ਦੀ ਲਿਖਣ ਨਾਲ ਅਤੇ ਸਿੱਕੇ ਨਾਲ ਸਦਾ ਲਈ ਚੱਟਾਨ ਵਿੱਚ ਉੱਕਰੀਆਂ ਜਾਂਦੀਆਂ !
25ਮੈਂ ਤਾਂ ਜਾਣਦਾ ਹਾਂ ਕਿ ਮੇਰਾ ਛੁਟਕਾਰਾ ਦੇਣ ਵਾਲਾ ਜੀਉਂਦਾ ਹੈ, ਅਤੇ ਅੰਤ ਵਿੱਚ ਉਹ ਧਰਤੀ ਉੱਤੇ ਖੜ੍ਹਾ ਹੋਵੇਗਾ,26ਅਤੇ ਆਪਣੀ ਇਸ ਚਮੜੀ ਦੇ ਨਾਸ ਹੋਣ ਦੇ ਬਾਅਦ ਵੀ ਮੈਂ ਆਪਣੇ ਸਰੀਰ ਵਿੱਚ ਹੋ ਕੇ ਪਰਮੇਸ਼ੁਰ ਦਾ ਦਰਸ਼ਣ ਪਾਵਾਂਗਾ ।27ਮੈਂ ਆਪ ਉਸ ਨੂੰ ਆਪਣੀਆਂ ਅੱਖਾਂ ਨਾਲ ਵੇਖਾਂਗਾ, ਮੈਂ ਆਪ - ਕੋਈ ਹੋਰ ਨਹੀਂ । ਮੇਰਾ ਦਿਲ ਮੇਰੇ ਅੰਦਰ ਕਿਵੇਂ ਇਸ ਗੱਲ ਨੂੰ ਲੋਚਦਾ ਹੈ !

28ਜੇ ਤੁਸੀਂ ਆਖੋ ਕਿ ਕਿਵੇਂ ਅਸੀਂ ਉਹ ਦੇ ਪਿੱਛੇ ਪਈਏ ! ਤਾਂ ਵੀ ਧਰਮ ਦੀ ਗੱਲ ਮੇਰੇ ਵਿੱਚ ਪਾਈ ਜਾਵੇਗੀ,29ਤੁਸੀਂ ਤਲਵਾਰ ਦੀ ਧਾਰ ਤੋਂ ਡਰੋ, ਕਿਉਂ ਕ੍ਰੋਧ ਦਾ ਫਲ ਤਲਵਾਰ ਨਾਲ ਦੰਡ ਦੇ ਯੋਗ ਹੈ, ਤਾਂ ਜੋ ਤੁਸੀਂ ਜਾਣ ਲਓ ਕਿ ਨਿਆਂ ਹੁੰਦਾ ਹੈ ।"

20
ਸੋਫ਼ਰ ਦਾ ਤਰਕ

1ਤਦ ਸੋਫ਼ਰ ਨਅਮਾਤੀ ਨੇ ਉੱਤਰ ਦੇ ਕੇ ਆਖਿਆ,2"ਮੇਰੀਆਂ ਬੈਚੈਨ ਸੋਚਾਂ ਮੈਨੂੰ ਜਵਾਬ ਦੇਣ ਲਈ ਮਜ਼ਬੂਰ ਕਰਦੀਆਂ ਹਨ ।3ਮੈਂ ਉਹ ਝਿੜਕੀ ਸੁਣਦਾ ਜੋ ਮੈਨੂੰ ਸ਼ਰਮਿੰਦਾ ਕਰਦੀ ਹੈ, ਅਤੇ ਮੇਰਾ ਆਤਮਾ ਆਪਣੀ ਸਮਝ ਅਨੁਸਾਰ ਮੈਨੂੰ ਉੱਤਰ ਦਿੰਦਾ ਹੈ ।

4ਕੀ ਤੂੰ ਇਹ ਮੁੱਢ ਤੋਂ ਨਹੀਂ ਜਾਣਦਾ, ਜਦ ਤੋਂ ਆਦਮੀ ਧਰਤੀ ਉੱਤੇ ਰੱਖਿਆ ਗਿਆ,5ਕਿ ਦੁਸ਼ਟਾਂ ਦਾ ਜੈਕਾਰਾ ਥੋੜ੍ਹੇ ਚਿਰ ਲਈ ਹੈ, ਅਤੇ ਕੁਧਰਮੀਆਂ ਦਾ ਅਨੰਦ ਇੱਕ ਪਲ ਦਾ ਹੈ ?
6ਜੇ ਉਹ ਦੀ ਉਚਿਆਈ ਅਕਾਸ਼ ਤੱਕ ਵੀ ਪਹੁੰਚੇ, ਅਤੇ ਉਹ ਦਾ ਸਿਰ ਬੱਦਲਾਂ ਨੂੰ ਜਾ ਲੱਗੇ,7ਤਾਂ ਵੀ ਉਹ ਆਪਣੇ ਬਿਸ਼ਟੇ ਵਾਂਗੂੰ ਸਦਾ ਲਈ ਨਾਸ ਹੋ ਜਾਵੇਗਾ, ਉਹ ਦੇ ਵੇਖਣ ਵਾਲੇ ਆਖਣਗੇ, ਉਹ ਕਿੱਥੇ ਹੈ ?
8ਉਹ ਸੁਫ਼ਨੇ ਵਾਂਗੂੰ ਉੱਡ ਜਾਵੇਗਾ, ਅਤੇ ਨਾ ਲੱਭੇਗਾ ਅਤੇ ਰਾਤ ਨੂੰ ਵੇਖੇ ਦਰਸ਼ਣ ਵਾਂਗੂੰ ਨਾ ਰਹੇਗਾ ।9ਜਿਹੜੀ ਅੱਖ ਨੇ ਉਸ ਨੂੰ ਵੇਖਿਆ ਉਹ ਫੇਰ ਨਹੀਂ ਵੇਖੇਗੀ, ਅਤੇ ਉਸ ਦੇ ਥਾਂ ਤੇ ਉਸ ਦਾ ਕੁਝ ਪਤਾ ਨਾ ਰਹੇਗਾ,
10ਉਹ ਦੇ ਬੱਚੇ ਕੰਗਾਲਾਂ ਤੋਂ ਮਦਦ ਮੰਗਣਗੇ, ਅਤੇ ਉਹ ਦੇ ਹੀ ਹੱਥ ਉਹ ਦਾ ਮਾਲ-ਧਨ ਮੋੜਨਗੇ ।11ਉਹ ਦੀਆਂ ਹੱਡੀਆਂ ਜੁਆਨੀ ਦੇ ਬਲ ਨਾਲ ਭਰੀਆਂ ਹੋਈਆਂ ਤਾਂ ਹਨ, ਪਰ ਉਹ ਉਸ ਦੇ ਨਾਲ ਮਿੱਟੀ ਵਿੱਚ ਰਲ ਜਾਵੇਗਾ ।

12ਭਾਵੇਂ ਬੁਰਿਆਈ ਉਹ ਦੇ ਮੂੰਹ ਵਿੱਚ ਮਿੱਠੀ ਲੱਗੇ, ਅਤੇ ਉਹ ਆਪਣੀ ਜੀਭ ਦੇ ਹੇਠ ਉਹ ਨੂੰ ਲੁਕਾਵੇ,13ਭਾਵੇਂ ਉਹ ਉਸ ਨੂੰ ਬਚਾ ਰੱਖੇ ਅਤੇ ਛੱਡੇ ਨਾ, ਅਤੇ ਆਪਣੇ ਸੰਘ ਵਿੱਚ ਦਬਾ ਕੇ ਰੱਖੇ,14ਤਾਂ ਵੀ ਉਹ ਦੀ ਰੋਟੀ ਉਹ ਦੀਆਂ ਆਂਦਰਾਂ ਵਿੱਚ ਪਲਟ ਜਾਂਦੀ ਹੈ, ਉਹ ਉਸ ਦੇ ਅੰਦਰ ਸੱਪਾਂ ਦਾ ਜ਼ਹਿਰ ਹੋ ਜਾਂਦੀ ਹੈ ।
15ਉਹ ਦੌਲਤ ਨੂੰ ਨਿਗਲ ਤਾਂ ਗਿਆ ਹੈ ਪਰ ਉਹ ਨੂੰ ਫਿਰ ਉਗਲੇਗਾ, ਪਰਮੇਸ਼ੁਰ ਉਹ ਨੂੰ ਉਸ ਦੇ ਢਿੱਡ ਵਿੱਚੋਂ ਕੱਢ ਲਵੇਗਾ ।16ਉਹ ਨਾਗਾਂ ਦਾ ਵਿਸ ਚੂਸੇਗਾ, ਸੱਪ ਦਾ ਡੰਗ ਉਹ ਨੂੰ ਮਾਰ ਸੁੱਟੇਗਾ !
17ਉਹ ਨਦੀਆਂ ਨੂੰ ਨਾ ਵੇਖੇਗਾ ਅਰਥਾਤ ਸ਼ਹਿਦ ਅਤੇ ਦਹੀਂ ਦੀਆਂ ਵਗਦੀਆਂ ਨਦੀਆਂ ਨੂੰ ।18ਉਹ ਆਪਣੀ ਕਸ਼ਟ ਨਾਲ ਕੀਤੀ ਹੋਈ ਕਮਾਈ ਨੂੰ ਮੋੜ ਦੇਵੇਗਾ ਪਰ ਆਪ ਉਸ ਨੂੰ ਨਹੀਂ ਨਿਗਲੇਗਾ, ਉਹ ਆਪਣੇ ਲੈਣ-ਦੇਣ ਦੇ ਲਾਭ ਦੇ ਅਨੁਸਾਰ ਖੁਸ਼ੀ ਨਾ ਮਨਾਏਗਾ,19ਕਿਉਂ ਜੋ ਉਸ ਨੇ ਗਰੀਬਾਂ ਨੂੰ ਦਬਾਇਆ ਅਤੇ ਤਿਆਗ ਦਿੱਤਾ, ਉਸ ਨੇ ਘਰਾਂ ਨੂੰ ਖੋਹ ਲਿਆ ਜਿਹੜੇ ਉਸ ਨੇ ਨਹੀਂ ਉਸਾਰੇ ।

20ਕਿਉਂ ਜੋ ਲਾਲਸਾ ਦੇ ਕਾਰਨ ਉਸ ਨੇ ਆਪਣੇ ਅੰਦਰ ਸ਼ਾਂਤੀ ਨਾ ਜਾਣੀ, ਇਸ ਲਈ ਉਹ ਆਪਣੀਆਂ ਮਨ ਭਾਉਣੀਆਂ ਚੀਜ਼ਾਂ ਨਾ ਬਚਾ ਸਕੇਗਾ ।21ਕੋਈ ਵੀ ਚੀਜ਼ ਉਸ ਦੇ ਨਿਗਲਣ ਤੋਂ ਬਾਕੀ ਨਾ ਬਚੀ, ਇਸ ਕਾਰਨ ਉਹ ਦੀ ਖੁਸ਼ਹਾਲੀ ਬਣੀ ਨਾ ਰਹੇਗੀ ।22ਉਹ ਆਪਣੀ ਭਰਪੂਰੀ ਦੀ ਬਹੁਤਾਇਤ ਵਿੱਚ ਵੀ ਲੋੜਵੰਦ ਰਹੇਗਾ, ਤਦ ਹਰੇਕ ਦੁਖਿਆਰੇ ਦਾ ਹੱਥ ਉਹ ਦੇ ਉੱਤੇ ਆਵੇਗਾ ।
23ਜਦ ਉਹ ਆਪਣਾ ਪੇਟ ਭਰਨ ਨੂੰ ਹੋਵੇ ਤਦ ਪਰਮੇਸ਼ੁਰ ਆਪਣਾ ਕਹਿਰ ਉਸ ਉੱਤੇ ਘੱਲੇਗਾ ਅਤੇ ਉਹ ਦੇ ਰੋਟੀ ਖਾਣ ਦੇ ਵੇਲੇ ਉਹ ਉਸ ਉੱਤੇ ਆ ਪਵੇਗਾ ।24ਉਹ ਲੋਹੇ ਦੇ ਹਥਿਆਰ ਤੋਂ ਭੱਜੇਗਾ ਅਤੇ ਪਿੱਤਲ ਦਾ ਧਣੁਖ ਉਹ ਨੂੰ ਵਿੰਨ੍ਹ ਸੁੱਟੇਗਾ,25ਉਹ ਉਸ ਤੀਰ ਨੂੰ ਬਾਹਰ ਖਿੱਚਦਾ ਅਤੇ ਉਹ ਉਸ ਦੇ ਸਰੀਰ ਵਿੱਚੋਂ ਬਾਹਰ ਆਉਂਦਾ ਹੈ, ਤਦ ਉਹ ਦੀ ਚਮਕਦੀ ਹੋਈ ਨੋਕ ਉਹ ਦੇ ਪਿੱਤੇ ਵਿੱਚੋਂ ਨਿੱਕਲੇਗੀ, ਅਤੇ ਖੌਫ਼ ਉਸ ਦੇ ਉੱਤੇ ਆ ਪਵੇਗਾ ।
26ਉਸ ਦੇ ਖ਼ਜ਼ਾਨਿਆਂ ਉੱਤੇ ਘੁੱਪ ਹਨੇਰਾ ਛਾ ਜਾਵੇਗਾ, ਅਣਸੁਲਗੀ ਅੱਗ ਉਹ ਨੂੰ ਭਸਮ ਕਰੇਗੀ, ਜੋ ਕੁਝ ਉਹ ਦੇ ਤੰਬੂ ਵਿੱਚ ਬਾਕੀ ਹੈ, ਉਸ ਨੂੰ ਵੀ ਭਸਮ ਕਰ ਦੇਵੇਗੀ !27ਅਕਾਸ਼ ਉਹ ਦੀ ਬਦੀ ਨੂੰ ਪਰਗਟ ਕਰੇਗਾ, ਅਤੇ ਧਰਤੀ ਉਹ ਦੇ ਵਿਰੁੱਧ ਖੜ੍ਹੀ ਹੋਵੇਗੀ ।
28ਉਹ ਦੇ ਘਰ ਦਾ ਮਾਲ ਰੁੜ੍ਹ ਜਾਵੇਗਾ, ਪਰਮੇਸ਼ੁਰ ਦੇ ਕ੍ਰੋਧ ਦੇ ਦਿਨ ਵਿੱਚ ਉਹ ਵਗ ਜਾਵੇਗਾ,29ਪਰਮੇਸ਼ੁਰ ਵੱਲੋਂ ਦੁਸ਼ਟ ਮਨੁੱਖ ਦਾ ਇਹੋ ਹੀ ਹਿੱਸਾ ਹੈ, ਇਹ ਪਰਮੇਸ਼ੁਰ ਵੱਲੋਂ ਉਹ ਦੇ ਲਈ ਮੁਕੱਰਰ ਕੀਤੀ ਹੋਈ ਮਿਰਾਸ ਹੈ !"

21
ਅਯੂੱਬ ਦਾ ਸੋਫ਼ਰ ਨੂੰ ਉੱਤਰ

1ਤਦ ਅਯੂੱਬ ਨੇ ਉੱਤਰ ਦੇ ਕੇ ਆਖਿਆ,2"ਗੌਰ ਨਾਲ ਮੇਰੀ ਗੱਲ ਸੁਣੋ, ਅਤੇ ਇਹੋ ਤੁਹਾਡੀ ਤੱਸਲੀ ਹੋਵੇ ।3ਮੈਨੂੰ ਥੋੜ੍ਹਾ ਸਹਿ ਲਓ ਤਾਂ ਜੋ ਮੈਂ ਬੋਲਾਂ, ਅਤੇ ਮੇਰੇ ਬੋਲਣ ਤੋਂ ਬਾਅਦ ਤੁਸੀਂ ਠੱਠਾ ਕਰਿਓ !

4ਕੀ ਮੈਂ ਕਿਸੇ ਮਨੁੱਖ ਨੂੰ ਸ਼ਿਕਾਇਤ ਕਰਦਾ ਹਾਂ ? ਫੇਰ ਮੇਰਾ ਆਤਮਾ ਬੇਚੈਨ ਕਿਉਂ ਨਾ ਹੋਵੇ ?5ਮੇਰੀ ਵੱਲ ਵੇਖੋ ਅਤੇ ਹੈਰਾਨ ਹੋ ਜਾਓ, ਅਤੇ ਆਪਣਾ ਹੱਥ ਆਪਣੇ ਮੂੰਹ ਤੇ ਰੱਖੋ ।6ਜਦ ਮੈਂ ਯਾਦ ਕਰਦਾ ਹਾਂ ਤਾਂ ਮੈਂ ਘਬਰਾ ਜਾਂਦਾ ਹਾਂ, ਅਤੇ ਕੰਬਣੀ ਮੇਰੇ ਸਰੀਰ ਨੂੰ ਫੜ੍ਹ ਲੈਂਦੀ ਹੈ !
7ਦੁਸ਼ਟ ਕਿਉਂ ਜੀਉਂਦੇ ਰਹਿੰਦੇ ਹਨ, ਸਗੋਂ ਬੁੱਢੇ ਵੀ ਹੋ ਜਾਂਦੇ ਅਤੇ ਮਾਲ-ਧਨ ਵਿੱਚ ਵੀ ਬਲਵਾਨ ਹੋ ਜਾਂਦੇ ਹਨ ?8ਉਹਨਾਂ ਦਾ ਵੰਸ਼ ਉਹਨਾਂ ਦੇ ਸਨਮੁਖ, ਅਤੇ ਉਹਨਾਂ ਦੀ ਔਲਾਦ ਉਹਨਾਂ ਦੀਆਂ ਅੱਖਾਂ ਦੇ ਅੱਗੇ ਦ੍ਰਿੜ ਹੋ ਜਾਂਦੀ ਹੈ ।9ਉਹਨਾਂ ਦੇ ਘਰ ਭੈ ਰਹਿਤ ਅਤੇ ਸਲਾਮਤ ਹਨ, ਅਤੇ ਪਰਮੇਸ਼ੁਰ ਦਾ ਡੰਡਾ ਉਹਨਾਂ ਨੂੰ ਨਹੀਂ ਪੈਂਦਾ ।
10ਉਹਨਾਂ ਦਾ ਸਾਨ੍ਹ ਗੱਭਣ ਕਰ ਦਿੰਦਾ ਹੈ ਅਤੇ ਨਾਕਾਮ ਨਹੀਂ ਹੁੰਦਾ, ਉਹਨਾਂ ਦੀਆਂ ਗਾਂਵਾਂ ਸੂੰਦੀਆਂ ਹਨ ਅਤੇ ਉਹਨਾਂ ਦਾ ਗਰਭ ਨਹੀਂ ਡਿੱਗਦਾ ।11ਉਹ ਆਪਣੇ ਨਿਆਣੇ ਇੱਜੜ ਵਾਂਗੂੰ ਬਾਹਰ ਘੱਲਦੇ ਹਨ, ਅਤੇ ਉਹਨਾਂ ਦੇ ਬੱਚੇ ਨੱਚਦੇ ਹਨ ।12ਉਹ ਡੱਫ਼ ਤੇ ਬਰਬਤ ਨਾਲ ਗਾਉਂਦੇ ਹਨ, ਅਤੇ ਬੀਨ ਦੀ ਅਵਾਜ਼ ਨਾਲ ਖੁਸ਼ੀ ਮਨਾਉਂਦੇ ਹਨ ।
13ਉਹ ਆਪਣੇ ਦਿਨ ਸੁੱਖ ਨਾਲ ਕੱਟਦੇ ਹਨ, ਪਰ ਇੱਕ ਪਲ ਵਿੱਚ ਹੀ ਪਤਾਲ ਨੂੰ ਉਤਰ ਜਾਂਦੇ ਹਨ !14ਫੇਰ ਵੀ ਉਹ ਪਰਮੇਸ਼ੁਰ ਨੂੰ ਆਖਦੇ ਹਨ, ਸਾਥੋਂ ਦੂਰ ਹੋ, ਅਸੀਂ ਤੇਰੇ ਰਾਹਾਂ ਨੂੰ ਜਾਣਨਾ ਨਹੀਂ ਚਾਹੁੰਦੇ !15ਸਰਬ ਸ਼ਕਤੀਮਾਨ ਕੌਣ ਹੈ ਜੋ ਅਸੀਂ ਉਹ ਦੀ ਉਪਾਸਨਾ ਕਰੀਏ, ਅਤੇ ਸਾਨੂੰ ਕੀ ਲਾਭ ਜੋ ਅਸੀਂ ਉਹ ਦੇ ਅੱਗੇ ਬੇਨਤੀ ਕਰੀਏ ?
16ਵੇਖੋ, ਕੀ ਉਹਨਾਂ ਦੀ ਖੁਸ਼ਹਾਲੀ ਉਹਨਾਂ ਦੇ ਹੱਥ ਵਿੱਚ ਨਹੀਂ, ਦੁਸ਼ਟਾਂ ਦੀ ਸਲਾਹ ਮੈਥੋਂ ਦੂਰ ਹੀ ਰਹੇ ।

17ਦੁਸ਼ਟਾਂ ਦਾ ਦੀਵਾ ਕਿੰਨੀ ਵਾਰੀ ਬੁੱਝ ਜਾਂਦਾ, ਅਤੇ ਉਹਨਾਂ ਦੀ ਬਿਪਤਾ ਉਹਨਾਂ ਉੱਤੇ ਆ ਪੈਂਦੀ ਹੈ, ਜਦ ਪਰਮੇਸ਼ੁਰ ਕ੍ਰੋਧ ਕਰਕੇ ਉਹਨਾਂ ਦੇ ਹਿੱਸੇ ਵਿੱਚ ਦੁੱਖ ਵੰਡਦਾ ਹੈ ।18ਉਹ ਪੌਣ ਦੀ ਉਡਾਈ ਹੋਈ ਤੂੜੀ ਵਾਂਗੂੰ ਹਨ, ਅਤੇ ਕੱਖ ਵਾਂਗੂੰ ਹਨ, ਜਿਸ ਨੂੰ ਵਾਵਰੋਲਾ ਉਡਾ ਕੇ ਲੈ ਜਾਂਦਾ ਹੈ ।
19ਪਰਮੇਸ਼ੁਰ ਉਹ ਦੀ ਬਦੀ ਨੂੰ ਉਹ ਦੇ ਬੱਚਿਆਂ ਲਈ ਰੱਖ ਛੱਡਦਾ ਹੈ, ਉਹ ਹੀ ਉਸ ਦਾ ਬਦਲਾ ਉਹ ਨੂੰ ਦੇਵੇ ਜੋ ਉਹ ਜਾਣ ਲਵੇ ।20ਉਹ ਦੀਆਂ ਅੱਖਾਂ ਆਪਣੀ ਹੀ ਬਰਬਾਦੀ ਨੂੰ ਵੇਖਣ, ਅਤੇ ਉਹ ਸਰਬ ਸ਼ਕਤੀਮਾਨ ਦੇ ਕ੍ਰੋਧ ਦੇ ਪਿਆਲੇ ਵਿੱਚੋਂ ਪੀਵੇ ।21ਉਹ ਨੂੰ ਆਪਣੇ ਬਾਅਦ ਆਪਣੇ ਘਰਾਣੇ ਲਈ ਕੀ ਖੁਸ਼ੀ ਹੁੰਦੀ ਹੈ, ਜਦੋਂ ਉਸ ਨੂੰ ਦਿੱਤੇ ਹੋਏ ਮਹੀਨਿਆਂ ਦੀ ਗਿਣਤੀ ਮੁੱਕ ਜਾਂਦੀ ਹੈ ?

22ਕੀ ਕੋਈ ਪਰਮੇਸ਼ੁਰ ਨੂੰ ਸਿੱਖਿਆ ਦੇਵੇਗਾ ? ਉਹ ਤਾਂ ਉੱਚਿਆਂ-ਉੱਚਿਆਂ ਦਾ ਨਿਆਂ ਕਰਦਾ ਹੈ ।23ਕੋਈ ਆਪਣੀ ਪੂਰੀ ਸ਼ਕਤੀ ਵਿੱਚ ਮਰ ਜਾਂਦਾ ਹੈ, ਜਦ ਉਸ ਨੂੰ ਚੈਨ ਸੀ ਅਤੇ ਉਸਦਾ ਸੁੱਖ ਸੰਪੂਰਨ ਸੀ ।24ਉਹ ਦੀਆਂ ਦੋਹਨੀਆਂ ਦੁੱਧ ਨਾਲ ਭਰੀਆਂ ਹੋਈਆਂ ਹਨ, ਅਤੇ ਉਹ ਦੀਆਂ ਹੱਡੀਆਂ ਦਾ ਗੁੱਦਾ ਤਰ ਰਹਿੰਦਾ ਹੈ,
25ਅਤੇ ਕੋਈ ਆਪਣੀ ਜਾਨ ਦੀ ਕੁੜੱਤਣ ਵਿੱਚ ਮਰ ਜਾਂਦਾ, ਅਤੇ ਕੋਈ ਸੁੱਖ ਨਹੀਂ ਭੋਗਦਾ ਹੈ ।26ਉਹ ਦੋਵੇਂ ਮਿੱਟੀ ਵਿੱਚ ਰਲ ਜਾਂਦੇ ਹਨ, ਅਤੇ ਕੀੜੇ ਉਹਨਾਂ ਨੂੰ ਢੱਕ ਲੈਂਦੇ ਹਨ ।

27ਵੇਖੋ, ਮੈਂ ਤੁਹਾਡੇ ਖਿਆਲਾਂ ਨੂੰ ਜਾਣਦਾ ਹਾਂ, ਅਤੇ ਉਹਨਾਂ ਜੁਗਤੀਆਂ ਨੂੰ ਵੀ ਜਿਹਨਾਂ ਨਾਲ ਤੁਸੀਂ ਮੇਰੇ ਵਿਰੁੱਧ ਜ਼ੁਲਮ ਕਰਦੇ ਹੋ ।28ਤੁਸੀਂ ਤਾਂ ਕਹਿੰਦੇ ਹੋ ਪਤਵੰਤੇ ਦਾ ਘਰ ਕਿੱਥੇ ਹੈ, ਅਤੇ ਉਹ ਤੰਬੂ ਕਿੱਥੇ ਜਿਸ ਦੇ ਵਿੱਚ ਦੁਸ਼ਟ ਵੱਸਦੇ ਸਨ ?
29ਕੀ ਤੁਸੀਂ ਕਦੀ ਰਾਹ ਚੱਲਣ ਵਾਲਿਆਂ ਕੋਲੋਂ ਨਹੀਂ ਪੁੱਛਿਆ, ਅਤੇ ਉਹਨਾਂ ਦੇ ਨਿਸ਼ਾਨਾਂ ਨੂੰ ਨਹੀਂ ਪਹਿਚਾਣਦੇ ਹੋ,30ਭਈ ਬੁਰਿਆਰ ਤਾਂ ਬਿਪਤਾ ਦੇ ਦਿਨ ਲਈ ਰੱਖਿਆ ਜਾਂਦਾ ਹੈ, ਉਹ ਕਹਿਰ ਦੇ ਦਿਨ ਲਈ ਲਿਆਇਆ ਜਾਂਦਾ ਹੈ ?
31ਕੌਣ ਉਹ ਦੇ ਰਾਹ ਨੂੰ ਉਹ ਦੇ ਸਨਮੁਖ ਦੱਸੇਗਾ, ਅਤੇ ਕੌਣ ਉਹ ਦੇ ਕੀਤੇ ਦਾ ਬਦਲਾ ਉਹ ਨੂੰ ਦੇਵੇਗਾ ?32ਉਹ ਕਬਰ ਵਿੱਚ ਪਹੁੰਚਾਇਆ ਜਾਂਦਾ ਹੈ, ਅਤੇ ਉਹ ਦੀ ਕਬਰ ਉੱਤੇ ਪਹਿਰਾ ਦਿੱਤਾ ਜਾਂਦਾ ਹੈ ।33ਵਾਦੀ ਦੇ ਡਲੇ ਉਹ ਨੂੰ ਚੰਗੇ ਲੱਗਦੇ ਹਨ, ਜਿਵੇਂ ਉਸ ਤੋਂ ਪਹਿਲਾਂ ਅਣਗਿਣਤ ਲੋਕ ਜਾ ਚੁੱਕੇ ਹਨ, ਤਿਵੇਂ ਹੀ ਉਹ ਦੇ ਬਾਅਦ ਦੇ ਸਭ ਮਨੁੱਖ ਵੀ ਚਲੇ ਜਾਣਗੇ ।

34ਫੇਰ ਤੁਸੀਂ ਮੈਨੂੰ ਫੋਕੀਆਂ ਤਸੱਲੀਆਂ ਕਿਉਂ ਦਿੰਦੇ ਹੋ, ਕਿਉਂ ਜੋ ਤੁਹਾਡੇ ਉੱਤਰਾਂ ਵਿੱਚ ਤਾਂ ਬੇਈਮਾਨੀ ਹੀ ਪਾਈ ਜਾਂਦੀ ਹੈ ?"

22
ਤੀਸਰੀ ਗੱਲਬਾਤ (22:1-27:23)
ਅਲੀਫ਼ਜ਼ ਦਾ ਦੋਸ਼ ਲਾਉਣਾ

1ਫੇਰ ਅਲੀਫਜ਼ ਤੇਮਾਨੀ ਨੇ ਉੱਤਰ ਦੇ ਕੇ ਆਖਿਆ,2"ਕੀ ਕੋਈ ਮਨੁੱਖ ਪਰਮੇਸ਼ੁਰ ਲਈ ਲਾਭਦਾਇਕ ਹੋ ਸਕਦਾ ਹੈ ? ਸੱਚ-ਮੁੱਚ ਸਿਆਣਾ ਮਨੁੱਖ ਵੀ ਆਪਣੇ ਹੀ ਜੋਗਾ ਹੈ ।3ਤੇਰੇ ਧਰਮੀ ਹੋਣ ਨਾਲ ਸਰਬ ਸ਼ਕਤੀਮਾਨ ਨੂੰ ਕੀ ਖੁਸ਼ੀ ਹੈ ? ਜਾਂ ਤੇਰੀਆਂ ਖਰੀਆਂ ਚਾਲਾਂ ਨਾਲ ਉਹ ਨੂੰ ਕੀ ਲਾਭ ਹੁੰਦਾ ਹੈ ?

4ਕੀ ਤੇਰੇ ਡਰਨ ਦੇ ਕਾਰਨ ਉਹ ਤੈਨੂੰ ਝਿੜਕਦਾ ਹੈ, ਅਤੇ ਤੇਰੇ ਨਾਲ ਮੁਕੱਦਮਾ ਲੜਦਾ ਹੈ ?5ਕੀ ਤੇਰੀ ਬੁਰਿਆਈ ਵੱਡੀ ਨਹੀਂ, ਅਤੇ ਤੇਰੀਆਂ ਬਦੀਆਂ ਦੀ ਕੋਈ ਹੱਦ ਹੈ ?
6ਕਿਉਂਕਿ ਤੂੰ ਆਪਣੇ ਭਰਾਵਾਂ ਦੀਆਂ ਵਸਤਾਂ ਬੇਵਜ੍ਹਾ ਗਹਿਣੇ ਰੱਖ ਲਈਆਂ ਹਨ, ਅਤੇ ਨੰਗਿਆਂ ਦੇ ਵੀ ਕੱਪੜੇ ਲਾਹ ਲਏ ਹਨ ।7ਤੂੰ ਥੱਕੇ ਨੂੰ ਪਾਣੀ ਨਹੀਂ ਪਿਲਾਇਆ, ਅਤੇ ਭੁੱਖੇ ਨੂੰ ਰੋਟੀ ਦੇਣ ਤੋਂ ਇਨਕਾਰ ਕੀਤਾ ।8ਬਲਵੰਤ ਮਨੁੱਖ ਨੂੰ ਦੇਸ ਮਿਲ ਗਿਆ, ਅਤੇ ਜਿਹੜਾ ਮੰਨਿਆ-ਪ੍ਰਮੰਨਿਆ ਸੀ, ਉਹ ਉਸ ਵਿੱਚ ਵੱਸ ਗਿਆ ।
9ਤੂੰ ਵਿਧਵਾਵਾਂ ਨੂੰ ਖਾਲੀ ਮੋੜ ਦਿੱਤਾ, ਅਤੇ ਯਤੀਮਾਂ ਦੀਆਂ ਬਾਹਾਂ ਭੰਨ ਦਿੱਤੀਆਂ ।10ਇਸ ਲਈ ਫੰਦੇ ਤੇਰੇ ਆਲੇ-ਦੁਆਲੇ ਹਨ, ਅਤੇ ਅਚਾਨਕ ਆਉਣ ਵਾਲੇ ਭੈ ਤੋਂ ਤੂੰ ਘਬਰਾਉਂਦਾ ਹੈ !11ਕੀ ਤੂੰ ਹਨੇਰੇ ਨੂੰ ਨਹੀਂ ਵੇਖਦਾ, ਅਤੇ ਪਾਣੀ ਦੇ ਹੜ੍ਹ ਨੂੰ ਜਿਹੜਾ ਤੈਨੂੰ ਢੱਕ ਲੈਂਦਾ ਹੈ ?

12ਕੀ ਪਰਮੇਸ਼ੁਰ ਸਵਰਗ ਦੀ ਉਚਿਆਈ ਵਿੱਚ ਨਹੀਂ ? ਤਾਰਿਆਂ ਦੀ ਉਚਿਆਈ ਵੇਖ ਕਿ ਉਹ ਕਿੰਨੇ ਉੱਚੇ ਹਨ !13ਅਤੇ ਤੂੰ ਆਖਦਾ ਹੈਂ, ਪਰਮੇਸ਼ੁਰ ਕੀ ਜਾਣਦਾ ਹੈ ? ਕੀ ਉਹ ਘੁੱਪ ਹਨੇਰੇ ਵਿੱਚੋਂ ਨਿਆਂ ਕਰ ਸਕਦਾ ਹੈ ?14ਬੱਦਲਾਂ ਦੀਆਂ ਘਟਾਂ ਉਹ ਦਾ ਪੜਦਾ ਹਨ, ਤਾਂ ਜੋ ਉਹ ਵੇਖ ਨਾ ਸਕੇ, ਅਤੇ ਉਹ ਤਾਂ ਅਕਾਸ਼ ਮੰਡਲ ਉੱਤੇ ਹੀ ਚਲਦਾ ਫਿਰਦਾ ਹੈ ।
15ਕੀ ਤੂੰ ਉਸ ਪੁਰਾਣੇ ਰਾਹ ਨੂੰ ਫੜ੍ਹ ਕੇ ਰੱਖੇਂਗਾ, ਜਿਸ ਵਿੱਚ ਦੁਸ਼ਟ ਮਨੁੱਖ ਚਲਦੇ ਸਨ ?16ਜਿਹੜੇ ਆਪਣੇ ਸਮੇਂ ਤੋਂ ਪਹਿਲਾਂ ਚੁੱਕੇ ਗਏ, ਜਿਹਨਾਂ ਦੀ ਨੀਂਹ ਦਰਿਆ ਨਾਲ ਰੁੜ੍ਹ ਗਈ,17ਜਿਹੜੇ ਪਰਮੇਸ਼ੁਰ ਨੂੰ ਕਹਿੰਦੇ ਸਨ, ਸਾਥੋਂ ਦੂਰ ਹੋ ! ਅਤੇ ਸਰਬ ਸ਼ਕਤੀਮਾਨ ਸਾਡਾ ਕੀ ਕਰ ਸਕਦਾ ਹੈ ?
18ਤਾਂ ਵੀ ਉਸ ਨੇ ਉਹਨਾਂ ਦੇ ਘਰਾਂ ਨੂੰ ਉੱਤਮ ਪਦਾਰਥਾਂ ਨਾਲ ਭਰ ਦਿੱਤਾ, ਪਰ ਦੁਸ਼ਟਾਂ ਦੀ ਸਲਾਹ ਮੈਥੋਂ ਦੂਰ ਹੋਵੇ !19ਧਰਮੀ ਵੇਖ ਕੇ ਖੁਸ਼ ਹੁੰਦੇ, ਅਤੇ ਨਿਰਦੋਸ਼ ਉਹ ਦੀ ਹਾਸੀ ਉਡਾਉਂਦੇ ਹਨ,20ਸੱਚ-ਮੁੱਚ ਸਾਡੇ ਵਿਰੋਧੀ ਮਿੱਟ ਗਏ, ਅਤੇ ਅੱਗ ਨੇ ਉਹਨਾਂ ਦੀ ਰਹਿੰਦ-ਖੁਹੰਦ ਨੂੰ ਭੱਖ ਲਿਆ !

21ਪਰਮੇਸ਼ੁਰ ਦੇ ਨਾਲ ਮਿਲਿਆ ਰਹਿ ਅਤੇ ਸੁਖੀ ਰਹਿ, ਤਾਂ ਤੇਰੀ ਭਲਿਆਈ ਹੋਵੇਗੀ ।22ਹੁਣ ਉਹ ਦੇ ਮੂੰਹ ਦੀ ਸਿੱਖਿਆ ਸੁਣ, ਅਤੇ ਉਹ ਦੇ ਬਚਨਾਂ ਨੂੰ ਆਪਣੇ ਦਿਲ ਵਿੱਚ ਰੱਖ ।
23ਜੇ ਤੂੰ ਸਰਬ ਸ਼ਕਤੀਮਾਨ ਵੱਲ ਮੁੜੇਂ ਅਤੇ ਜੇ ਤੂੰ ਬਦੀ ਆਪਣੇ ਤੰਬੂਆਂ ਵਿੱਚੋਂ ਦੂਰ ਕਰੇਂ, ਤਾਂ ਤੂੰ ਬਣਿਆ ਰਹੇਂਗਾ,24ਜੇ ਤੂੰ ਆਪਣਾ ਸੋਨਾ ਮਿੱਟੀ ਵਿੱਚ, ਸਗੋਂ ਓਫ਼ੀਰ ਦਾ ਸੋਨਾ ਨਦੀਆਂ ਦੇ ਪੱਥਰਾਂ ਵਿੱਚ ਪਾ ਦੇਵੇਂ,25ਤਾਂ ਸਰਬ ਸ਼ਕਤੀਮਾਨ ਆਪ ਤੇਰਾ ਸੋਨਾ, ਅਤੇ ਤੇਰੀ ਅਣਮੁੱਲ ਚਾਂਦੀ ਹੋਵੇਗਾ ।
26ਤਦ ਤੂੰ ਸਰਬ ਸ਼ਕਤੀਮਾਨ ਨਾਲ ਨਿਹਾਲ ਹੋਵੇਂਗਾ, ਅਤੇ ਆਪਣਾ ਮੂੰਹ ਪਰਮੇਸ਼ੁਰ ਵੱਲ ਚੁੱਕੇਂਗਾ ।27ਤੂੰ ਉਹ ਦੇ ਅੱਗੇ ਬੇਨਤੀ ਕਰੇਂਗਾ ਅਤੇ ਉਹ ਤੇਰੀ ਸੁਣੇਗਾ, ਅਤੇ ਤੂੰ ਆਪਣੀਆਂ ਸੁੱਖਣਾ ਪੂਰੀਆਂ ਕਰੇਂਗਾ ।28ਜੋ ਕੁਝ ਤੂੰ ਕਰਨਾ ਚਾਹੇਂ, ਉਹ ਤੇਰੇ ਲਈ ਠਹਿਰਾਈ ਜਾਵੇਗੀ, ਅਤੇ ਚਾਨਣ ਤੇਰਿਆਂ ਰਾਹਾਂ ਉੱਤੇ ਚਮਕੇਗਾ ।
29ਜਦ ਉਹ ਤੈਨੂੰ ਨੀਵਾਂ ਕਰਨ ਤਾਂ ਤੂੰ ਆਖੇਂਗਾ ਕਿ ਇਹ ਤਾਂ ਉੱਚਾ ਹੋਣਾ ਹੈ ! ਕਿਉਂਕਿ ਉਹ ਦੀਨ ਮਨੁੱਖ ਨੂੰ ਬਚਾਵੇਗਾ ।30ਜੋ ਬੇਦੋਸ਼ਾ ਨਹੀਂ ਉਹ ਉਸ ਨੂੰ ਵੀ ਬਚਾਵੇਗਾ, ਹਾਂ, ਆਪਣੇ ਹੱਥਾਂ ਦੀ ਸ਼ੁੱਧਤਾ ਨਾਲ ਤੂੰ ਬਚਾਇਆ ਜਾਵੇਂਗਾ ।"

23
ਅਯੂੱਬ ਦਾ ਅਲੀਫ਼ਜ਼ ਨੂੰ ਉੱਤਰ

1ਤਦ ਅਯੂੱਬ ਨੇ ਉੱਤਰ ਦੇ ਕੇ ਆਖਿਆ,2"ਅਜੇ ਵੀ ਮੇਰੀ ਸ਼ਿਕਾਇਤ ਜਾਰੀ ਹੈ, ਮੇਰੀ ਮਾਰ ਮੇਰੇ ਹੌਕਿਆਂ ਨਾਲੋਂ ਵੀ ਭਾਰੀ ਹੈ ।

3ਕਾਸ਼ ਕਿ ਮੈਂ ਜਾਣਦਾ ਜੋ ਮੈਂ ਉਹ ਨੂੰ ਕਿੱਥੇ ਲੱਭਾਂ, ਤਾਂ ਮੈਂ ਉਹ ਦੇ ਬਿਰਾਜਣ ਦੇ ਸਥਾਨ ਤੱਕ ਜਾਂਦਾ !4ਮੈਂ ਆਪਣਾ ਮੁੱਕਦਮਾ ਉਹ ਦੇ ਸਾਹਮਣੇ ਪੇਸ਼ ਕਰਦਾ, ਅਤੇ ਆਪਣਾ ਮੂੰਹ ਦਲੀਲਾਂ ਨਾਲ ਭਰਦਾ !5ਮੈਂ ਉਹਨਾਂ ਗੱਲਾਂ ਨੂੰ ਜਾਣ ਲੈਂਦਾ ਜਿਹਨਾਂ ਨਾਲ ਉਹ ਮੈਨੂੰ ਉੱਤਰ ਦਿੰਦਾ, ਅਤੇ ਸਮਝ ਲੈਂਦਾ ਕਿ ਉਹ ਮੈਨੂੰ ਕੀ ਆਖਦਾ ।
6ਕੀ ਉਹ ਆਪਣੀ ਸ਼ਕਤੀ ਦੀ ਵਡਿਆਈ ਅਨੁਸਾਰ ਮੇਰੇ ਨਾਲ ਲੜਦਾ ? ਨਹੀਂ, ਸਗੋਂ ਉਹ ਮੇਰੀ ਵੱਲ ਧਿਆਨ ਕਰਦਾ ।7ਉੱਥੇ ਨੇਕ ਜਨ ਉਹ ਦੇ ਨਾਲ ਵਾਦ-ਵਿਵਾਦ ਕਰਦਾ, ਅਤੇ ਮੈਂ ਸਦਾ ਲਈ ਆਪਣੇ ਨਿਆਂਈ ਤੋਂ ਛੁਡਾਇਆ ਜਾਂਦਾ ।

8ਵੇਖੋ, ਮੈਂ ਅੱਗੇ ਜਾਂਦਾ ਹਾਂ ਪਰ ਉਹ ਉੱਥੇ ਨਹੀਂ, ਅਤੇ ਪਿੱਛੇ, ਪਰ ਉਹ ਮੈਨੂੰ ਮਿਲਦਾ ਨਹੀਂ,9ਅਤੇ ਖੱਬੇ ਪਾਸੇ ਵੱਲ ਜਦੋਂ ਉਹ ਕੰਮ ਕਰਦਾ ਹੈ ਤਦ ਉਹ ਮੈਨੂੰ ਵਿਖਾਈ ਨਹੀਂ ਦਿੰਦਾ, ਉਹ ਸੱਜੇ ਪਾਸੇ ਨੂੰ ਮੁੜਦਾ ਹੈ, ਪਰ ਮੈਂ ਉਹ ਨੂੰ ਵੇਖਦਾ ਨਹੀਂ ।
10ਉਹ ਤਾਂ ਮੇਰੇ ਰਾਹਾਂ ਨੂੰ ਜਾਣਦਾ ਹੈ, ਜਦ ਉਹ ਮੈਨੂੰ ਤਾਅ ਲਵੇਂ ਤਦ ਮੈਂ ਸੋਨੇ ਵਾਂਗੂੰ ਨਿੱਕਲਾਂਗਾ ।11ਮੇਰੇ ਪੈਰ ਉਹ ਦੇ ਕਦਮਾਂ ਦੇ ਪਿੱਛੇ-ਪਿੱਛੇ ਚਲੇ, ਮੈਂ ਉਹ ਦੇ ਰਾਹ ਦੀ ਪਾਲਣਾ ਕੀਤੀ ਅਤੇ ਕੁਰਾਹੇ ਨਾ ਪਿਆ ।12ਉਹ ਦੇ ਬੁੱਲ੍ਹਾਂ ਦੇ ਹੁਕਮ ਤੋਂ ਮੈਂ ਨਾ ਹਟਿਆ ਉਹ ਦੇ ਮੂੰਹ ਦਿਆਂ ਵਾਕਾਂ ਦੀ ਮੈਂ ਆਪਣੇ ਜ਼ਰੂਰੀ ਭੋਜਨ ਨਾਲੋਂ ਵਧੇਰੇ ਕਦਰ ਕੀਤੀ ।

13ਉਹ ਤਾਂ ਇੱਕੋ ਗੱਲ ਤੇ ਸਥਿਰ ਰਹਿੰਦਾ ਹੈ ਅਤੇ ਕੌਣ ਉਸ ਨੂੰ ਮੋੜ ਸਕਦਾ ਹੈ, ਅਤੇ ਜੋ ਉਹ ਦਾ ਜੀ ਚਾਹੇ ਸੋ ਉਹ ਕਰਦਾ ਹੈ,14ਕਿਉਂਕਿ ਜੋ ਕੁਝ ਮੇਰੇ ਲਈ ਠਹਿਰਾਇਆ ਗਿਆ ਹੈ ਉਸ ਨੂੰ ਉਹ ਪੂਰਾ ਕਰਦਾ ਹੈ, ਅਤੇ ਉਹ ਦੇ ਦਿਲ ਵਿੱਚ ਅਜਿਹੀਆਂ ਬਹੁਤ ਸਾਰੀਆਂ ਹੋਰ ਯੋਜਨਾਵਾਂ ਹਨ ।
15ਇਸ ਲਈ ਮੈਂ ਉਹ ਦੇ ਸਨਮੁਖ ਭੈ ਖਾਂਦਾ ਹਾਂ, ਜਦ ਮੈਂ ਇਸ ਦੇ ਬਾਰੇ ਸੋਚਦਾ ਹਾਂ ਤਦ ਮੈਂ ਉਸ ਤੋਂ ਡਰ ਜਾਂਦਾ ਹਾਂ ।16ਪਰਮੇਸ਼ੁਰ ਨੇ ਮੇਰੇ ਦਿਲ ਨੂੰ ਕਮਜ਼ੋਰ ਬਣਾ ਦਿੱਤਾ, ਅਤੇ ਸਰਬ ਸ਼ਕਤੀਮਾਨ ਨੇ ਮੈਨੂੰ ਘਬਰਾ ਦਿੱਤਾ ਹੈ ।17ਕਿਉਂ ਜੋ ਹਨੇਰੇ ਨੇ ਮੈਨੂੰ ਘੇਰਿਆ ਹੋਇਆ ਹੈ ਅਤੇ ਘੁੱਪ ਹਨੇਰੇ ਨੇ ਮੇਰੇ ਮੂੰਹ ਨੂੰ ਢੱਕ ਲਿਆ ਹੈ ।

24

1ਸਰਬ ਸ਼ਕਤੀਮਾਨ ਨੇ ਨਿਆਂ ਦੇ ਸਮੇਂ ਕਿਉਂ ਨਹੀਂ ਠਹਿਰਾਏ, ਅਤੇ ਜਿਹੜੇ ਉਸ ਨੂੰ ਜਾਣਦੇ ਹਨ, ਉਹ ਉਸ ਦੇ ਦਿਨਾਂ ਨੂੰ ਕਿਉਂ ਨਹੀਂ ਵੇਖਦੇ ?

2ਲੋਕ ਹੱਦਾਂ ਨੂੰ ਸਰਕਾ ਦਿੰਦੇ ਹਨ, ਉਹ ਇੱਜੜ ਨੂੰ ਖੋਹ ਲੈਂਦੇ ਹਨ ਅਤੇ ਉਹਨਾਂ ਨੂੰ ਚਾਰਦੇ ਹਨ ।3ਉਹ ਯਤੀਮਾਂ ਦਾ ਗਧਾ ਹੱਕ ਲੈ ਜਾਂਦੇ ਹਨ, ਉਹ ਵਿਧਵਾ ਦਾ ਬਲ਼ਦ ਗਹਿਣੇ ਰੱਖ ਲੈਂਦੇ ਹਨ ।4ਉਹ ਕੰਗਾਲਾਂ ਨੂੰ ਰਾਹ ਤੋਂ ਹਟਾਉਂਦੇ ਹਨ, ਅਤੇ ਦੇਸ ਦੇ ਮਸਕੀਨ ਇਕੱਠੇ ਲੁੱਕ ਜਾਂਦੇ ਹਨ ।
5ਵੇਖੋ, ਉਹ ਉਜਾੜ ਦੇ ਜੰਗਲੀ ਗਧਿਆਂ ਵਾਂਗੂੰ ਆਪਣੇ ਕੰਮ ਅਤੇ ਭੋਜਣ ਪਦਾਰਥ ਭਾਲਣ ਲਈ ਨਿੱਕਲਦੇ ਹਨ । ਮੈਦਾਨ ਉਹਨਾਂ ਦੇ ਬੱਚਿਆਂ ਲਈ ਰੋਟੀ ਦਿੰਦਾ ਹੈ ।6ਉਹ ਖੇਤਾਂ ਵਿੱਚ ਚਾਰਾ ਵੱਢਦੇ ਹਨ, ਅਤੇ ਦੁਸ਼ਟ ਦੇ ਅੰਗੂਰੀ ਬਾਗਾਂ ਦੀ ਰਹਿੰਦ-ਖੁਹੰਦ ਚੁਗਦੇ ਹਨ ।7ਉਹ ਬਿਨ੍ਹਾਂ ਕੱਪੜੇ ਦੇ ਨੰਗੇ ਹੀ ਰਾਤ ਕੱਟਦੇ ਹਨ, ਅਤੇ ਉਹਨਾਂ ਕੋਲ ਪਾਲੇ ਵਿੱਚ ਉੱਤੇ ਲੈਣ ਨੂੰ ਕੁਝ ਨਹੀਂ ।
8ਉਹ ਪਹਾੜਾਂ ਦੀ ਵਰਖਾ ਨਾਲ ਭਿੱਜ ਜਾਂਦੇ ਹਨ, ਓਟ ਨਾ ਹੋਣ ਦੇ ਕਾਰਨ ਚੱਟਾਨ ਨਾਲ ਚਿੰਬੜ ਜਾਂਦੇ ਹਨ ।9ਉਹ ਯਤੀਮ ਨੂੰ ਮਾਂ ਦੀ ਛਾਤੀ ਤੋਂ ਖੋਹ ਲੈਂਦੇ ਹਨ, ਅਤੇ ਮਸਕੀਨ ਦਾ ਕੱਪੜਾ ਗਹਿਣੇ ਰੱਖ ਲੈਂਦੇ ਹਨ,10ਸੋ ਉਹ ਬਿਨ੍ਹਾਂ ਬਸਤਰ ਨੰਗੇ ਫਿਰਦੇ ਹਨ, ਅਤੇ ਭੁੱਖ ਦੇ ਮਾਰੇ ਭਰੀਆਂ ਚੁੱਗਦੇ ਹਨ ।
11ਉਹ ਉਹਨਾਂ ਦੀਆਂ ਕੰਧਾਂ ਦੇ ਅੰਦਰ ਤੇਲ ਕੱਢਦੇ ਹਨ, ਉਹ ਉਹਨਾਂ ਦੀਆਂ ਹੌਦਾਂ ਵਿੱਚ ਅੰਗੂਰ ਪੀੜਦੇ ਹਨ, ਪਰ ਆਪ ਪਿਆਸੇ ਰਹਿੰਦੇ ਹਨ ।12ਸ਼ਹਿਰ ਵਿੱਚ ਲੋਕ ਹਾਉਂਕੇ ਭਰਦੇ ਹਨ, ਅਤੇ ਫੱਟੜਾਂ ਦੀ ਜਾਨ ਦੁਹਾਈ ਦਿੰਦੀ ਹੈ, ਪਰ ਪਰਮੇਸ਼ੁਰ ਇਸ ਜ਼ੁਲਮ ਦਾ ਹਿਸਾਬ ਨਹੀਂ ਕਰਦਾ !

13ਇਹ ਉਹ ਹਨ ਜਿਹੜੇ ਚਾਨਣ ਦੇ ਵਿਰੁੱਧ ਹਨ, ਉਹ ਉਸ ਦੇ ਰਾਹਾਂ ਨੂੰ ਨਹੀਂ ਜਾਣਦੇ, ਨਾ ਉਸ ਦੇ ਮਾਰਗਾਂ ਵਿੱਚ ਬਣੇ ਰਹਿੰਦੇ ਹਨ ।14ਖ਼ੂਨੀ ਸਵੇਰੇ ਹੀ ਉੱਠਦਾ ਹੈ, ਉਹ ਮਸਕੀਨ ਤੇ ਕੰਗਾਲ ਨੂੰ ਵੱਢ ਸੁੱਟਦਾ ਹੈ, ਅਤੇ ਰਾਤ ਨੂੰ ਉਹ ਚੋਰ ਬਣ ਜਾਂਦਾ ਹੈ ।
15ਵਿਭਚਾਰੀ ਦੀ ਅੱਖ ਸ਼ਾਮ ਨੂੰ ਉਡੀਕਦੀ ਹੈ, ਉਹ ਕਹਿੰਦਾ ਹੈ, ਕੋਈ ਮੈਨੂੰ ਨਹੀਂ ਵੇਖੇਗਾ ! ਅਤੇ ਆਪਣੇ ਮੂੰਹ ਉੱਤੇ ਪੜਦਾ ਪਾ ਲੈਂਦਾ ਹੈ ।16ਹਨੇਰੇ ਵਿੱਚ ਉਹ ਘਰਾਂ ਵਿੱਚ ਸੰਨ੍ਹ ਮਾਰਦੇ ਹਨ, ਦਿਨੇ ਉਹ ਆਪ ਨੂੰ ਲੁਕਾ ਛੱਡਦੇ ਹਨ, ਉਹ ਚਾਨਣ ਨੂੰ ਨਹੀਂ ਜਾਣਦੇ,17ਕਿਉਂ ਜੋ ਸਵੇਰ ਉਹਨਾਂ ਸਾਰਿਆਂ ਲਈ ਮੌਤ ਦੇ ਸਾਯੇ ਵਰਗੀ ਹੈ, ਉਹ ਤਾਂ ਮੌਤ ਦੇ ਸਾਯੇ ਦੇ ਭੈ ਨਾਲ ਮਿੱਤਰਤਾ ਰੱਖਦੇ ਹਨ ।

18ਉਹ ਪਾਣੀਆਂ ਉੱਤੇ ਛੇਤੀ ਰੁੜ੍ਹ ਜਾਂਦੇ ਹਨ, ਧਰਤੀ ਵਿੱਚ ਉਹਨਾਂ ਦਾ ਵਿਰਸਾ ਸਰਾਪਿਆ ਹੋਇਆ ਹੈ, ਉਹ ਆਪਣੇ ਅੰਗੂਰੀ ਬਾਗ਼ਾਂ ਦੇ ਰਾਹ ਵੱਲ ਨਹੀਂ ਮੁੜਦੇ ।19ਖ਼ੁਸ਼ਕੀ ਅਤੇ ਗਰਮੀ ਬਰਫ਼ਾਨੀ ਪਾਣੀਆਂ ਨੂੰ ਸੁਕਾ ਦਿੰਦੀਆਂ ਹਨ, ਤਿਵੇਂ ਪਤਾਲ ਪਾਪੀਆਂ ਨੂੰ ਵੀ ਸੁਕਾ ਦਿੰਦਾ ਹੈ ।
20ਕੁੱਖ ਉਹ ਨੂੰ ਭੁੱਲ ਜਾਵੇਗੀ, ਕੀੜਾ ਉਹ ਨੂੰ ਸੁਆਦ ਨਾਲ ਖਾ ਜਾਵੇਗਾ, ਉਹ ਫੇਰ ਯਾਦ ਨਾ ਕੀਤਾ ਜਾਵੇਗਾ, ਇਸ ਤਰ੍ਹਾਂ ਬਦੀ ਰੁੱਖ ਵਾਂਗੂੰ ਤੋੜੀ ਜਾਵੇਗੀ ।21ਉਹ ਬਾਂਝ ਨੂੰ ਜਿਹੜੀ ਜਣਦੀ ਨਹੀਂ ਲੁੱਟ ਲੈਂਦਾ ਹੈ, ਅਤੇ ਵਿਧਵਾ ਨਾਲ ਨੇਕੀ ਨਹੀਂ ਕਰਦਾ ।
22ਪਰ ਪਰਮੇਸ਼ੁਰ ਆਪਣੀ ਸ਼ਕਤੀ ਨਾਲ ਤਕੜਿਆਂ ਨੂੰ ਖਿੱਚ ਲੈਂਦਾ ਹੈ, ਭਾਵੇਂ ਉਹ ਸਥਿਰ ਹੋ ਜਾਵੇ ਤਾਂ ਵੀ ਉਸ ਨੂੰ ਜੀਵਨ ਦੀ ਆਸ ਨਹੀਂ ਰਹਿੰਦੀ ।23ਉਹ ਉਹਨਾਂ ਨੂੰ ਸੁੱਖ ਨਾਲ ਰਹਿਣ ਦਿੰਦਾ ਹੈ ਅਤੇ ਉਹ ਸਾਂਭੇ ਜਾਂਦੇ ਹਨ, ਪਰ ਉਸ ਦੀਆਂ ਅੱਖਾਂ ਉਹਨਾਂ ਦੇ ਰਾਹਾਂ ਉੱਤੇ ਹਨ ।
24ਉਹ ਥੋੜ੍ਹੇ ਚਿਰ ਲਈ ਉੱਚੇ ਕੀਤੇ ਜਾਂਦੇ ਹਨ, ਫੇਰ ਉਹ ਹੁੰਦੇ ਹੀ ਨਹੀਂ, ਉਹ ਨਿਵਾਏ ਜਾਂਦੇ ਹਨ, ਉਹ ਦੂਜਿਆਂ ਵਾਂਗੂੰ ਸਮੇਟੇ ਜਾਂਦੇ ਹਨ, ਅਤੇ ਅੰਨ ਦੇ ਸਿੱਟਿਆਂ ਵਾਂਗੂੰ ਵੱਢੇ ਜਾਂਦੇ ਹਨ !

25ਜੇ ਇਹ ਇਸੇ ਤਰ੍ਹਾਂ ਨਹੀਂ ਤਾਂ ਕੌਣ ਮੈਨੂੰ ਝੂਠਾ ਸਾਬਿਤ ਕਰੇਗਾ ਅਤੇ ਮੇਰੀਆਂ ਗੱਲਾਂ ਨੂੰ ਅਕਾਰਥ ਠਹਿਰਾਵੇਗਾ ?"

25
ਬਿਲਦਦ ਦਾ ਕਥਨ

1ਤਦ ਬਿਲਦਦ ਸ਼ੂਹੀ ਨੇ ਉੱਤਰ ਦੇ ਕੇ ਆਖਿਆ,2"ਰਾਜ ਅਤੇ ਭੈ ਉਸ ਦੇ ਅੰਗ-ਸੰਗ ਹਨ, ਉਹ ਆਪਣੇ ਉੱਚਿਆਂ ਸਥਾਨਾਂ ਵਿੱਚ ਸੁੱਖ-ਸਾਂਦ ਕਾਇਮ ਕਰਦਾ ਹੈ ।3ਕੀ ਉਸ ਦੀਆਂ ਫੌਜਾਂ ਦੀ ਗਿਣਤੀ ਹੋ ਸਕਦੀ ਹੈ ਅਤੇ ਕੌਣ ਹੈ ਜਿਸ ਦੇ ਉੱਤੇ ਉਹ ਦਾ ਚਾਨਣ ਨਹੀਂ ਪੈਂਦਾ ?

4ਫੇਰ ਮਨੁੱਖ ਪਰਮੇਸ਼ੁਰ ਦੇ ਅੱਗੇ ਕਿਵੇਂ ਧਰਮੀ ਠਹਿਰ ਸਕਦਾ ਹੈ, ਅਤੇ ਇਸਤਰੀ ਦੁਆਰਾ ਜੰਮਿਆ ਕਿਵੇਂ ਨਿਰਮਲ ਹੋ ਸਕਦਾ ਹੈ ?5ਵੇਖ, ਉਸ ਦੀ ਨਿਗਾਹ ਵਿੱਚ ਚੰਦ ਵਿੱਚ ਵੀ ਚਮਕ ਨਹੀਂ, ਅਤੇ ਤਾਰੇ ਵੀ ਨਿਰਮਲ ਨਹੀਂ ਠਹਿਰਦੇ ।6ਫੇਰ ਮਨੁੱਖ ਕੀ ਹੈ, ਜਿਹੜਾ ਕੀੜਾ ਹੀ ਹੈ, ਆਦਮੀ ਦਾ ਪੁੱਤਰ, ਜਿਹੜਾ ਕਿਰਮ ਹੀ ਹੈ ?"

26
ਅਯੂੱਬ ਦਾ ਉੱਤਰ

1ਫੇਰ ਅਯੂੱਬ ਨੇ ਉੱਤਰ ਦੇ ਕੇ ਆਖਿਆ,2"ਤੂੰ ਨਿਰਬਲ ਦੀ ਸਹਾਇਤਾ ਕਿਵੇਂ ਕੀਤੀ, ਅਤੇ ਬਲਹੀਣ ਬਾਂਹ ਨੂੰ ਕਿਵੇਂ ਬਚਾਇਆ !3ਤੂੰ ਬੁੱਧਹੀਣ ਨੂੰ ਕਿਹੋ ਜਿਹੀ ਸਲਾਹ ਦਿੱਤੀ, ਅਤੇ ਖਰਾ ਗਿਆਨ ਬਹੁਤ ਪਰਗਟ ਕੀਤਾ !4ਤੂੰ ਕਿਸਨੂੰ ਇਹ ਗੱਲਾਂ ਦੱਸੀਆਂ, ਅਤੇ ਕਿਸ ਦੇ ਆਤਮਾ ਨੇ ਤੇਰੇ ਮੂੰਹੋਂ ਗੱਲ ਕੀਤੀ ?

5ਬਹੁਤ ਦਿਨਾਂ ਦੇ ਮਰੇ ਹੋਏ ਲੋਕ ਪਾਣੀਆਂ ਵਿੱਚ ਅਤੇ ਉਸ ਵਿੱਚ ਰਹਿਣ ਵਾਲਿਆਂ ਦੇ ਹੇਠ ਕੰਬਦੇ ਹਨ !6ਪਤਾਲ ਉਹ ਦੇ ਅੱਗੇ ਨੰਗਾ ਹੈ, ਅਤੇ ਨਰਕ ਬੇਪੜਦਾ ਹੈ ।
7ਉਹ ਉੱਤਰ ਦੇਸ ਨੂੰ ਖਾਲੀ ਸਥਾਨ ਉੱਤੇ ਫੈਲਾਉਂਦਾ ਹੈ, ਉਹ ਧਰਤੀ ਨੂੰ ਬਿਨ੍ਹਾਂ ਸਹਾਰੇ ਦੇ ਲਟਕਾਉਂਦਾ ਹੈ !8ਉਹ ਪਾਣੀਆਂ ਨੂੰ ਆਪਣੀਆਂ ਘਟਾਂ ਵਿੱਚ ਬੰਨ੍ਹਦਾ ਹੈ, ਅਤੇ ਬੱਦਲ ਉਹਨਾਂ ਦੇ ਭਾਰ ਨਾਲ ਨਹੀਂ ਫਟਦੇ ।
9ਉਹ ਆਪਣੇ ਸਿੰਘਾਸਣ ਦੇ ਸਾਹਮਣੇ ਬੱਦਲ ਫੈਲਾ ਕੇ ਉਸ ਨੂੰ ਢੱਕ ਕੇ ਰੱਖਦਾ ਹੈ ।10ਉਹ ਨੇ ਪਾਣੀਆਂ ਦੀ ਹੱਦ, ਚਾਨਣ ਅਤੇ ਹਨੇਰੇ ਦੀ ਹੱਦ ਤੱਕ ਠਹਿਰਾ ਰੱਖੀ ਹੈ ।
11ਅਕਾਸ਼ ਦੇ ਥੰਮ੍ਹ ਹਿੱਲਦੇ ਹਨ, ਅਤੇ ਉਸ ਦੀ ਝਿੜਕੀ ਤੋਂ ਹੈਰਾਨ ਹੁੰਦੇ ਹਨ !12ਉਹ ਆਪਣੇ ਬਲ ਤੋਂ ਸਮੁੰਦਰ ਨੂੰ ਉਛਾਲ ਦਿੰਦਾ ਹੈ, ਅਤੇ ਆਪਣੀ ਬੁੱਧ ਨਾਲ ਰਾਹਬ ਨੂੰ ਮਾਰ ਸੁੱਟਦਾ ਹੈ ।
13ਉਹ ਦੇ ਸਾਹ ਨਾਲ ਅਕਾਸ਼-ਮੰਡਲ ਸ਼ੁੱਧ ਹੋ ਜਾਂਦਾ ਹੈ, ਉਹ ਦੇ ਹੱਥ ਨੇ ਉੱਡਣੇ ਸੱਪ ਨੂੰ ਵਿੰਨ੍ਹ ਸੁੱਟਿਆ ਹੈ ।14ਵੇਖੋ, ਇਹ ਸਭ ਉਸ ਦੇ ਕੰਮਾਂ ਦੀ ਝਲਕ ਹੀ ਹੈ, ਅਤੇ ਅਸੀਂ ਉਸ ਦੀ ਕਿੰਨੀ ਹੌਲੀ ਅਵਾਜ਼ ਸੁਣਦੇ ਹਾਂ ! ਫੇਰ ਕੌਣ ਉਸ ਦੀ ਸਮਰੱਥਾ ਦੀ ਗਰਜ ਨੂੰ ਸਮਝ ਸਕਦਾ ਹੈ ?"

27
ਅਯੂੱਬ ਦਾ ਉੱਤਰ

1ਫੇਰ ਅਯੂੱਬ ਨੇ ਆਪਣਾ ਤਰਕ ਦੇ ਕੇ ਆਖਿਆ,2"ਜੀਉਂਦੇ ਪਰਮੇਸ਼ੁਰ ਦੀ ਸਹੁੰ ਜਿਸ ਨੇ ਮੇਰਾ ਨਿਆਂ ਪਲਟਾ ਦਿੱਤਾ, ਨਾਲੇ ਸਰਬ ਸ਼ਕਤੀਮਾਨ ਦੀ ਜਿਸ ਨੇ ਮੇਰੀ ਜਾਨ ਨੂੰ ਕੌੜਾ ਕੀਤਾ !3ਜਿੰਨਾ ਚਿਰ ਮੇਰਾ ਪ੍ਰਾਣ ਮੇਰੇ ਵਿੱਚ ਹੈ, ਅਤੇ ਪਰਮੇਸ਼ੁਰ ਦਾ ਸਾਹ ਮੇਰੀਆਂ ਨਾਸਾਂ ਵਿੱਚ ਹੈ,

4ਮੇਰਾ ਮੂੰਹ ਬਦੀ ਦੀਆਂ ਗੱਲਾਂ ਨਾ ਕਰੇਗਾ, ਮੇਰੀ ਜੀਭ ਝੂਠ ਨਾ ਬੋਲੇਗੀ !5ਇਹ ਮੈਥੋਂ ਦੂਰ ਹੋਵੇ ਕਿ ਮੈਂ ਤੁਹਾਨੂੰ ਧਰਮੀ ਠਹਿਰਾਵਾਂ, ਮੈਂ ਆਪਣੇ ਮਰਨ ਤੱਕ ਆਪਣੀ ਖਰਿਆਈ ਨੂੰ ਨਾ ਛੱਡਾਂਗਾ ।
6ਮੈਂ ਆਪਣਾ ਧਰਮ ਤਕੜਾਈ ਨਾਲ ਫੜ੍ਹਿਆ, ਅਤੇ ਉਹ ਨੂੰ ਨਾ ਜਾਣ ਦਿਆਂਗਾ, ਮੇਰਾ ਦਿਲ ਮੈਨੂੰ ਉਮਰ ਭਰ ਉਲਾਹਮਾ ਨਾ ਦੇਵੇਗਾ ।

7ਮੇਰਾ ਵੈਰੀ ਦੁਸ਼ਟ ਵਾਂਗੂੰ, ਅਤੇ ਮੇਰਾ ਵਿਰੋਧੀ ਬੁਰਿਆਰ ਵਾਂਗੂੰ ਹੋਵੇ ।
8ਭਗਤੀਹੀਣ ਨੂੰ ਕੀ ਆਸ ਹੈ ਜਦ ਉਹ ਕੱਟਿਆ ਜਾਵੇ, ਜਦ ਪਰਮੇਸ਼ੁਰ ਉਹ ਦੀ ਜਾਨ ਲੈ ਲਵੇ ?9ਜਦ ਦੁੱਖ ਉਹ ਦੇ ਉੱਤੇ ਆਵੇ ਤਾਂ ਕੀ ਪਰਮੇਸ਼ੁਰ ਉਹ ਦੀ ਦੁਹਾਈ ਸੁਣੇਗਾ ?10ਕੀ ਉਹ ਸਰਬ ਸ਼ਕਤੀਮਾਨ ਵਿੱਚ ਮਗਨ ਰਹੇਗਾ, ਅਤੇ ਹਰ ਵੇਲੇ ਪਰਮੇਸ਼ੁਰ ਨੂੰ ਪੁਕਾਰੇਗਾ ?

11ਮੈਂ ਤੁਹਾਨੂੰ ਪਰਮੇਸ਼ੁਰ ਦੇ ਹੱਥ ਦੀ ਸ਼ਕਤੀ ਬਾਰੇ ਸਿਖਾਵਾਂਗਾ, ਜੋ ਕੁਝ ਸਰਬ ਸ਼ਕਤੀਮਾਨ ਦੇ ਵਿਖੇ ਹੈ, ਮੈਂ ਨਾ ਲੁਕਾਵਾਂਗਾ ।12ਵੇਖੋ, ਤੁਸੀਂ ਸਾਰਿਆਂ ਨੇ ਇਸ ਨੂੰ ਵੇਖਿਆ ਹੈ ਫਿਰ ਤੁਸੀਂ ਕਿਉਂ ਨਿਕੰਮੀਆਂ ਗੱਲਾਂ ਕਰਦੇ ਹੋ ?

13ਇਹ ਪਰਮੇਸ਼ੁਰ ਵੱਲੋਂ ਦੁਸ਼ਟਾਂ ਦਾ ਹਿੱਸਾ ਹੈ, ਅਤੇ ਜ਼ਾਲਮਾਂ ਦਾ ਵਿਰਸਾ, ਜੋ ਉਹ ਸਰਬ ਸ਼ਕਤੀਮਾਨ ਤੋਂ ਲੈਂਦੇ ਹਨ, ਉਹ ਇਹੋ ਹੀ ਹੈ ।14ਜੇਕਰ ਉਹ ਦੇ ਪੁੱਤਰ ਬਹੁਤੇ ਹੋ ਜਾਣ ਤਾਂ ਵੀ ਤਲਵਾਰ ਉਹਨਾਂ ਦਾ ਹਿੱਸਾ ਹੈ, ਅਤੇ ਉਹ ਦੀ ਅੰਸ ਰੋਟੀ ਨਾਲ ਨਾ ਰੱਜੇਗੀ ।
15ਉਹ ਦੇ ਬਚੇ ਹੋਏ ਲੋਕ ਮਰ ਕੇ ਦੱਬੇ ਜਾਣਗੇ, ਅਤੇ ਉਹ ਦੀਆਂ ਵਿਧਵਾਵਾਂ ਨਾ ਰੋਣਗੀਆਂ ।16ਜੇ ਉਹ ਧੂੜ ਵਾਂਗੂੰ ਚਾਂਦੀ ਦੇ ਢੇਰ ਲਾ ਲਵੇ, ਅਤੇ ਮਿੱਟੀ ਦੇ ਢੇਰਾਂ ਵਾਂਗੂੰ ਬਸਤਰ ਤਿਆਰ ਕਰੇ,17ਉਹ ਤਿਆਰ ਤਾਂ ਕਰਾਵੇਗਾ ਪਰ ਧਰਮੀ ਉਸ ਨੂੰ ਪਾਉਣਗੇ, ਅਤੇ ਉਹ ਦੀ ਚਾਂਦੀ ਬੇਦੋਸ਼ੇ ਆਪਸ ਵਿੱਚ ਵੰਡ ਲੈਣਗੇ ।
18ਉਹ ਆਪਣਾ ਘਰ ਮੱਕੜੀ ਵਾਂਗੂੰ ਬਣਾਉਂਦਾ ਹੈ, ਅਤੇ ਇੱਕ ਝੌਂਪੜੀ ਵਾਂਗੂੰ ਜਿਸ ਨੂੰ ਕੋਈ ਰਾਖਾ ਬਣਾਉਂਦਾ ਹੈ ।19ਉਹ ਧਨੀ ਹੋ ਕੇ ਲੰਮਾ ਪੈਂਦਾ ਹੈ, ਪਰ ਉਹ ਅਜਿਹਾ ਨਹੀਂ ਰਹੇਗਾ, ਉਹ ਆਪਣੀਆਂ ਅੱਖਾਂ ਖੋਲ੍ਹਦਾ ਅਤੇ ਉਹ ਦਾ ਕੁਝ ਰਹਿੰਦਾ ਹੀ ਨਹੀਂ,
20ਭੈ ਹੜ੍ਹ ਵਾਂਗੂੰ ਉਹ ਦੇ ਉੱਤੇ ਆ ਪੈਂਦਾ ਹੈ, ਅਤੇ ਤੂਫ਼ਾਨ ਰਾਤ ਦੇ ਵੇਲੇ ਉਸ ਨੂੰ ਉਡਾ ਕੇ ਲੈ ਜਾਂਦਾ ਹੈ ।21ਪੂਰਬੀ ਹਵਾ ਉਸ ਨੂੰ ਚੁੱਕ ਕੇ ਲੈ ਜਾਂਦੀ ਹੈ ਅਤੇ ਉਹ ਚਲਾ ਜਾਂਦਾ ਹੈ, ਉਹ ਉਸ ਨੂੰ ਉਸ ਦੇ ਥਾਂ ਤੋਂ ਹੂੰਝ ਕੇ ਲੈ ਜਾਂਦੀ ਹੈ ।
22ਕਿਉਂਕਿ ਪਰਮੇਸ਼ੁਰ ਬਿਨ੍ਹਾਂ ਤਰਸ ਖਾਧੇ ਉਸ ਉੱਤੇ ਬਿਪਤਾ ਪਵੇਗਾ, ਉਹ ਉਸ ਦੇ ਹੱਥੋਂ ਸਿਰ ਤੇ ਪੈਰ ਰੱਖ ਕੇ ਨੱਠੇਗਾ ।23ਲੋਕ ਉਸ ਦੇ ਉੱਤੇ ਤਾੜੀਆਂ ਵਜਾਉਣਗੇ, ਅਤੇ ਉਸ ਉੱਤੇ ਫੁੰਕਾਰਨਗੇ ਕਿ ਉਹ ਆਪ ਸਥਾਨ ਤੇ ਨਾ ਰਹਿ ਸਕੇਗਾ ।

28
ਬੁੱਧ ਦੀ ਪ੍ਰਸੰਸਾ

1ਚਾਂਦੀ ਲਈ ਤਾਂ ਖਾਨ ਹੁੰਦੀ ਹੈ, ਅਤੇ ਸੋਨੇ ਲਈ ਸਥਾਨ ਜਿੱਥੇ ਉਸ ਨੂੰ ਤਾਇਆ ਜਾਂਦਾ ਹੈ ।2ਲੋਹਾ ਮਿੱਟੀ ਤੋਂ ਕੱਢਿਆ ਜਾਂਦਾ ਹੈ, ਅਤੇ ਧਾਤ ਨੂੰ ਢਾਲ ਕੇ ਤਾਂਬਾ ਬਣਾਇਆ ਜਾਂਦਾ ਹੈ ।

3ਮਨੁੱਖ ਹਨੇਰੇ ਨੂੰ ਦੂਰ ਕਰ ਕੇ ਸਰਹੱਦ ਤੱਕ ਘੁੱਪ ਹਨੇਰ ਅਤੇ ਮੌਤ ਦੇ ਸਾਯੇ ਵਿੱਚ, ਪੱਥਰਾਂ ਦੀ ਭਾਲ ਕਰਦਾ ਹੈ ।4ਉਹ ਅਬਾਦੀ ਤੋਂ ਦੂਰ ਸੁਰੰਗ ਖੋਦਦੇ ਹਨ, ਜਿੱਥੇ ਮਨੁੱਖਾਂ ਦੇ ਪੈਰ ਵੀ ਨਹੀਂ ਪੈਂਦੇ, ਉਹ ਮਨੁੱਖਾਂ ਤੋਂ ਦੂਰ ਲਟਕਦੇ ਅਤੇ ਝੂਲਦੇ ਹਨ ।
5ਧਰਤੀ ਤੋਂ ਰੋਟੀ ਤਾਂ ਮਿਲਦੀ ਹੈ, ਪਰ ਉਹ ਦਾ ਹੇਠਲਾ ਹਿੱਸਾ ਅੱਗ ਜਿਹਾ ਬਣ ਜਾਂਦਾ ਹੈ ।6ਇਸ ਦੀਆਂ ਚੱਟਾਨਾਂ ਨੀਲਮ ਦਾ ਥਾਂ ਹਨ, ਅਤੇ ਉਸ ਵਿੱਚ ਸੋਨੇ ਦੇ ਜ਼ੱਰੇ ਹਨ ।

7ਸ਼ਿਕਾਰੀ ਪੰਛੀ ਉਸ ਦੇ ਰਾਹ ਨੂੰ ਨਹੀਂ ਜਾਣਦਾ, ਨਾ ਬਾਜ਼ ਦੀ ਅੱਖ ਨੇ ਉਸ ਨੂੰ ਵੇਖਿਆ ਹੈ ।8ਘਾਤਕ ਜਾਨਵਰ ਉਸ ਵਿੱਚ ਨਹੀਂ ਚਲੇ ਹਨ, ਨਾ ਬੱਬਰ ਸ਼ੇਰ ਉਸ ਉੱਤੋਂ ਲੰਘਿਆ ਹੈ ।

9ਮਨੁੱਖ ਆਪਣਾ ਹੱਥ ਚਕਮਕ ਪੱਥਰ ਉੱਤੇ ਲਾਉਂਦਾ ਹੈ, ਉਹ ਪਹਾੜਾਂ ਨੂੰ ਮੁੱਢੋਂ ਉਲੱਦ ਦਿੰਦਾ ਹੈ ।10ਉਹ ਚੱਟਾਨਾਂ ਵਿੱਚ ਨਾਲੇ ਖੋਦਦਾ ਹੈ ਅਤੇ ਉਹ ਦੀ ਅੱਖ ਹਰੇਕ ਬਹੁਮੁੱਲੀ ਵਸਤੂ ਨੂੰ ਵੇਖਦੀ ਹੈ ।11ਉਹ ਨਦੀਆਂ ਨੂੰ ਬੰਨ੍ਹ ਦਿੰਦਾ ਹੈ ਕਿ ਉਹ ਚੋਂਦੀਆਂ ਵੀ ਨਹੀਂ, ਅਤੇ ਛਿਪੀ ਹੋਈ ਚੀਜ਼ ਨੂੰ ਚਾਨਣ ਵਿੱਚ ਲੈ ਆਉਂਦਾ ਹੈ ।

12ਪਰ ਬੁੱਧ ਕਿੱਥੇ ਲੱਭੇ, ਅਤੇ ਸਮਝ ਦਾ ਥਾਂ ਕਿੱਥੇ ਹੈ ?13ਮਨੁੱਖ ਉਹ ਦਾ ਮੁੱਲ ਨਹੀਂ ਜਾਣਦਾ, ਅਤੇ ਉਹ ਜੀਉਂਦਿਆਂ ਦੇ ਦੇਸ ਵਿੱਚ ਨਹੀਂ ਲੱਭਦੀ ਹੈ ।14ਡੂੰਘਿਆਈ ਕਹਿੰਦੀ ਹੈ, "ਉਹ ਮੇਰੇ ਵਿੱਚ ਨਹੀਂ ਹੈ" ਅਤੇ ਸਮੁੰਦਰ ਕਹਿੰਦਾ ਹੈ, "ਉਹ ਮੇਰੇ ਕੋਲ ਨਹੀਂ ਹੈ ।"
15ਉਹ ਕੁੰਦਨ ਸੋਨੇ ਨਾਲ ਮੁੱਲ ਨਹੀਂ ਲਈ ਜਾਂਦੀ, ਨਾ ਉਹ ਦੇ ਮੁੱਲ ਲਈ ਚਾਂਦੀ ਤੋਲੀਦੀ ਹੈ ।16ਓਫ਼ੀਰ ਦੇ ਸੋਨੇ ਤੋਂ ਉਹ ਦੀ ਕੀਮਤ ਭਰ ਨਹੀਂ ਹੁੰਦੀ, ਨਾ ਬਹੁਮੁੱਲੇ ਸੁਲੇਮਾਨੀ ਪੱਥਰ ਤੋਂ, ਨਾ ਨੀਲਮ ਤੋਂ ।17ਸੋਨਾ ਅਤੇ ਕੱਚ ਉਹ ਦੇ ਤੁੱਲ ਨਹੀਂ ਹੋ ਸਕਦੇ ਹਨ, ਨਾ ਉਹ ਕੁੰਦਨ ਸੋਨੇ ਦੇ ਗਹਿਣਿਆਂ ਦੇ ਬਦਲੇ ਮਿਲ ਸਕਦੀ ਹੈ ।
18ਮੂੰਗੇ ਅਤੇ ਬਲੌਰ ਦੀ ਉਸ ਦੇ ਅੱਗੇ ਕੀ ਤੁਲਣਾ ਹੈ ? ਸਗੋਂ ਬੁੱਧ ਦਾ ਮੁੱਲ ਮੋਤੀਆਂ ਨਾਲੋਂ ਵੀ ਵੱਧ ਹੈ ।19ਕੂਸ਼ ਦਾ ਪੁਖਰਾਜ ਉਹ ਦੇ ਤੁੱਲ ਨਹੀਂ, ਨਾ ਖ਼ਾਲਸ ਸੋਨੇ ਵਿੱਚ ਉਹ ਦੀ ਕੀਮਤ ਹੋ ਸਕਦੀ ਹੈ ।

20ਬੁੱਧ ਫੇਰ ਕਿੱਥੋਂ ਆਉਂਦੀ ਹੈ, ਅਤੇ ਸਮਝ ਦਾ ਥਾਂ ਕਿੱਥੇ ਹੈ ?21ਉਹ ਤਾਂ ਹਰੇਕ ਜੀਵ ਦੀਆਂ ਅੱਖਾਂ ਤੋਂ ਲੁਕੀ ਹੋਈ ਹੈ, ਅਤੇ ਅਕਾਸ਼ ਦੇ ਪੰਛੀਆਂ ਤੋਂ ਛਿਪੀ ਹੋਈ ਹੈ ।22ਵਿਨਾਸ਼ ਤੇ ਮੌਤ ਆਖਦੀਆਂ ਹਨ, "ਅਸੀਂ ਸਿਰਫ਼ ਉਹ ਦੀ ਚਰਚਾ ਸੁਣੀ ਹੈ ।"
23ਪਰ ਪਰਮੇਸ਼ੁਰ ਉਸ ਦਾ ਰਾਹ ਸਮਝਦਾ ਹੈ, ਅਤੇ ਉਹ ਉਸ ਦਾ ਥਾਂ ਜਾਣਦਾ ਹੈ,24ਕਿਉਂ ਜੋ ਉਹੋ ਧਰਤੀ ਦੀਆਂ ਹੱਦਾਂ ਤੱਕ ਨਿਗਾਹ ਮਾਰਦਾ ਹੈ, ਅਤੇ ਜੋ ਕੁਝ ਅਕਾਸ਼ ਦੇ ਹੇਠ ਹੈ ਉਹ ਵੇਖਦਾ ਹੈ ।25ਜਦ ਉਹ ਨੇ ਹਵਾ ਲਈ ਵਜ਼ਨ ਠਹਿਰਾਇਆ, ਅਤੇ ਪਾਣੀਆਂ ਨੂੰ ਮਾਪ ਨਾਲ ਮਿਣਿਆ,
26ਜਦ ਉਹ ਨੇ ਮੀਂਹ ਲਈ ਬਿਧੀ ਬਣਾਈ, ਅਤੇ ਗਰਜਦੀ ਬਿਜਲੀ ਲਈ ਰਾਹ ਠਹਿਰਾਇਆ,27ਤਦ ਉਸ ਨੇ ਬੁੱਧ ਨੂੰ ਵੇਖਿਆ ਅਤੇ ਦੱਸਿਆ, ਉਸ ਨੇ ਉਹ ਨੂੰ ਕਾਇਮ ਕੀਤਾ ਸਗੋਂ ਉਹ ਨੂੰ ਖੋਜਿਆ,28ਅਤੇ ਉਸ ਨੇ ਮਨੁੱਖ ਨੂੰ ਆਖਿਆ, "ਵੇਖ, ਪ੍ਰਭੂ ਦਾ ਭੈ, ਉਹੀ ਬੁੱਧ ਹੈ, ਅਤੇ ਬਦੀ ਤੋਂ ਦੂਰ ਰਹਿਣਾ ਹੀ ਸਮਝ ਹੈ !"

29
ਅਯੂੱਬ ਦਾ ਆਖ਼ਰੀ ਕਥਨ

1ਅਯੂੱਬ ਨੇ ਫੇਰ ਆਪਣਾ ਤਰਕ ਦੇ ਕੇ ਆਖਿਆ,2"ਕਾਸ਼ ਕਿ ਮੇਰੇ ਹਾਲਾਤ ਪ੍ਰਾਚੀਨ ਮਹੀਨਿਆਂ ਜਿਹੇ ਹੁੰਦੇ, ਜਿਵੇਂ ਉਨ੍ਹਾਂ ਦਿਨਾਂ ਵਿੱਚ ਜਦ ਪਰਮੇਸ਼ੁਰ ਮੇਰੀ ਪਾਲਣਾ ਕਰਦਾ ਸੀ,3ਜਦ ਉਹ ਦਾ ਦੀਵਾ ਮੇਰੇ ਸਿਰ ਉੱਤੇ ਲੋ ਕਰਦਾ ਸੀ, ਜਦ ਮੈਂ ਉਹ ਦੇ ਚਾਨਣ ਨਾਲ ਹਨੇਰੇ ਵਿੱਚ ਚੱਲਦਾ ਸੀ,

4ਜਿਵੇਂ ਮੈਂ ਆਪਣੀ ਵਾਫ਼ਰੀ ਦੇ ਦਿਨਾਂ ਵਿੱਚ ਹੁੰਦਾ ਸੀ, ਜਦ ਪਰਮੇਸ਼ੁਰ ਦੀ ਮਿੱਤਰਤਾ ਮੇਰੇ ਤੰਬੂ ਉੱਤੇ ਹੀ ਸੀ,5ਜਦ ਸਰਬ ਸ਼ਕਤੀਮਾਨ ਅਜੇ ਮੇਰੇ ਨਾਲ ਹੀ ਸੀ, ਅਤੇ ਮੇਰੇ ਬਾਲ ਬੱਚੇ ਮੇਰੇ ਆਲੇ-ਦੁਆਲੇ ਸਨ,6ਤਦ ਮੇਰੇ ਕਦਮ ਦਹੀਂ ਨਾਲ ਧੋਤੇ ਜਾਂਦੇ, ਅਤੇ ਚੱਟਾਨ ਮੇਰੇ ਲਈ ਤੇਲ ਦੀਆਂ ਧਾਰਾਂ ਵਗਾਉਂਦੀ ਸੀ ।

7ਜਦ ਮੈਂ ਨਗਰ ਦੇ ਫਾਟਕ ਕੋਲ ਜਾਂਦਾ, ਜਦ ਮੈਂ ਚੌਂਕ ਵਿੱਚ ਆਪਣੀ ਚੌਂਕੀ ਤਿਆਰ ਕਰਦਾ ਸੀ,8ਤਦ ਜੁਆਨ ਮੈਨੂੰ ਵੇਖ ਕੇ ਪਿੱਛੇ ਹਟ ਜਾਂਦੇ, ਅਤੇ ਬਜ਼ੁਰਗ ਉੱਠ ਖੜ੍ਹੇ ਹੁੰਦੇ ਸਨ ।
9ਹਾਕਮ ਗੱਲਾਂ ਕਰਨੋਂ ਰੁੱਕ ਜਾਂਦੇ ਸਨ, ਅਤੇ ਆਪਣੇ ਹੱਥ ਮੂੰਹ ਉੱਤੇ ਰੱਖਦੇ ਸਨ ।10ਪ੍ਰਧਾਨਾਂ ਦੀ ਅਵਾਜ਼ ਬੰਦ ਹੋ ਜਾਂਦੀ, ਅਤੇ ਉਹਨਾਂ ਦੀ ਜੀਭ ਤਾਲੂ ਨਾਲ ਲੱਗ ਜਾਂਦੀ ਸੀ ।
11ਜੋ ਕੋਈ ਮੈਨੂੰ ਸੁਣਦਾ ਤਾਂ ਉਹ ਮੈਨੂੰ ਧੰਨ ਆਖਦਾ ਸੀ, ਅਤੇ ਜਦ ਕੋਈ ਮੈਨੂੰ ਵੇਖਦਾ ਤਦ ਮੇਰੇ ਵਿਖੇ ਉਹ ਸਾਖੀ ਦਿੰਦਾ ਸੀ,12ਕਿਉਂ ਜੋ ਮੈਂ ਮਸਕੀਨ ਨੂੰ ਛੁਡਾਉਂਦਾ ਸੀ ਜਦੋਂ ਉਹ ਦੁਹਾਈ ਦਿੰਦਾ, ਅਤੇ ਯਤੀਮ ਨੂੰ ਜਦੋਂ ਉਹ ਦਾ ਕੋਈ ਸਹਾਇਕ ਨਹੀਂ ਸੀ ।13ਨਾਸ ਹੋਣ ਵਾਲੇ ਵੀ ਮੈਨੂੰ ਬਰਕਤ ਦਿੰਦੇ ਸਨ, ਅਤੇ ਵਿਧਵਾ ਦਾ ਦਿਲ ਮੇਰੇ ਕਾਰਨ ਜੈਕਾਰਾ ਗਜਾਉਂਦਾ ਸੀ ।
14ਮੈਂ ਧਰਮ ਨੂੰ ਪਹਿਨ ਲੈਂਦਾ ਅਤੇ ਉਹ ਮੇਰਾ ਲਿਬਾਸ ਹੁੰਦਾ ਸੀ, ਮੇਰਾ ਨਿਆਂ ਚੋਗੇ ਅਤੇ ਪਗੜੀ ਜਿਹਾ ਸੀ,15ਮੈਂ ਅੰਨ੍ਹਿਆਂ ਲਈ ਅੱਖਾਂ ਸੀ, ਅਤੇ ਲੰਗੜਿਆਂ ਲਈ ਪੈਰ ਠਹਿਰਦਾ ਸੀ,16ਮੈਂ ਕੰਗਾਲਾਂ ਲਈ ਪਿਤਾ ਸੀ, ਅਤੇ ਮੈਂ ਨਾਵਾਕਿਫ਼ ਦੇ ਮੁੱਕਦਮੇ ਦੀ ਵੀ ਪੜਤਾਲ ਕਰਦਾ ਸੀ
17ਮੈਂ ਬੁਰਿਆਰ ਦੇ ਵੱਡੇ ਦੰਦ ਭੰਨ ਸੁੱਟਦਾ, ਅਤੇ ਉਹ ਦੇ ਦੰਦਾਂ ਤੋਂ ਸ਼ਿਕਾਰ ਖੋਹ ਲੈਂਦਾ ਸੀ ।

18ਤਦ ਮੈਂ ਸੋਚਦਾ ਸੀ, ਮੇਰੇ ਦਿਨ ਰੇਤ ਦੇ ਕਣਾਂ ਜਿੰਨੇ ਅਣਗਿਣਤ ਹੋਣਗੇ ਅਤੇ ਮੈਂ ਆਪਣੇ ਵਸੇਬੇ ਵਿੱਚ ਮਰਾਂਗਾ ।19ਮੇਰੀਆਂ ਜੜ੍ਹਾਂ ਪਾਣੀ ਤੱਕ ਫੈਲਦੀਆਂ ਹਨ, ਅਤੇ ਤ੍ਰੇਲ ਮੇਰੀਆਂ ਟਹਿਣੀਆਂ ਉੱਤੇ ਰਾਤ ਭਰ ਰਹਿੰਦੀ ਹੈ ।
20ਮੇਰਾ ਪਰਤਾਪ ਬਣਿਆ ਰਹੇਗਾ, ਅਤੇ ਮੇਰਾ ਧਣੁਖ ਮੇਰੇ ਹੱਥ ਵਿੱਚ ਸਦਾ ਨਵਾਂ ਬਣਿਆ ਰਹੇਗਾ ।

21ਲੋਕ ਮੇਰੀ ਸੁਣਦੇ ਅਤੇ ਮੇਰੀ ਉਡੀਕ ਕਰਦੇ ਸਨ, ਅਤੇ ਮੇਰੀ ਸਲਾਹ ਲਈ ਚੁੱਪ ਰਹਿੰਦੇ ਸਨ ।22ਮੇਰੇ ਬੋਲਣ ਦੇ ਮਗਰੋਂ ਉਹ ਫੇਰ ਨਹੀਂ ਬੋਲਦੇ ਸਨ, ਅਤੇ ਮੇਰੀਆਂ ਗੱਲਾਂ ਉਹਨਾਂ ਉੱਤੇ ਮੀਂਹ ਦੀ ਤਰ੍ਹਾਂ ਵਰ੍ਹਦੀਆਂ ਸਨ ।
23ਉਹ ਮੇਰੀ ਉਡੀਕ ਕਰਦੇ ਸਨ ਜਿਵੇਂ ਵਰਖਾ ਦੀ, ਅਤੇ ਆਪਣੇ ਮੂੰਹ ਖੋਲ੍ਹਦੇ ਸਨ ਜਿਵੇਂ ਅਖੀਰਲੇ ਮੀਂਹ ਲਈ24ਜਦ ਉਹ ਬੇਆਸ ਹੁੰਦੇ ਤਾਂ ਮੈਂ ਉਹਨਾਂ ਨੂੰ ਮੁਸਕਰਾ ਕੇ ਪ੍ਰਸੰਨ ਕਰਦਾ ਸੀ ਅਤੇ ਮੇਰੇ ਮੁੱਖ ਦਾ ਚਾਨਣ ਉਹਨਾਂ ਲਈ ਬਹੁਮੁੱਲਾ ਸੀ ।
25ਮੈਂ ਉਹਨਾਂ ਦਾ ਰਾਹ ਚੁਣਦਾ ਸੀ ਅਤੇ ਪਰਮੁੱਖ ਹੋ ਕੇ ਬਹਿੰਦਾ ਸੀ, ਅਤੇ ਅਜਿਹਾ ਵੱਸਦਾ ਜਿਵੇਂ ਫੌਜ ਵਿੱਚ ਰਾਜਾ, ਉਸ ਵਾਂਗੂੰ ਜਿਹੜਾ ਸੋਗੀਆਂ ਨੂੰ ਤਸੱਲੀ ਦਿੰਦਾ ਹੈ ।

30

1ਪਰ ਹੁਣ ਉਹ ਜਿਹੜੇ ਮੈਥੋਂ ਛੋਟੇ ਹਨ ਉਹ ਮੇਰੇ ਉੱਤੇ ਹੱਸਦੇ ਹਨ, ਜਿਹਨਾਂ ਦੇ ਪਿਉ-ਦਾਦਿਆਂ ਨੂੰ ਮੈਂ ਆਪਣੇ ਇੱਜੜ ਦੇ ਕੁੱਤਿਆਂ ਨਾਲ ਵੀ ਕੰਮ ਕਰਨ ਦੇ ਯੋਗ ਨਹੀਂ ਸਮਝਦਾ ਸੀ !2ਭਲਾ, ਉਹਨਾਂ ਦੇ ਹੱਥਾਂ ਦਾ ਬਲ ਮੇਰੇ ਲਈ ਕੀ ਲਾਭ ਦਿੰਦਾ, ਜਿਹਨਾਂ ਦਾ ਪੁਰਸ਼ਾਰਥ ਵੀ ਨਾਸ ਹੋ ਗਿਆ ਹੈ ?3ਥੁੜ ਅਤੇ ਭੁੱਖ ਦੇ ਕਾਰਨ ਉਹ ਲਿੱਸੇ ਪੈ ਗਏ ਹਨ, ਉਹ ਸੁੱਕੀ ਭੂਮੀ ਨੂੰ ਚੱਟਦੇ ਹਨ, ਜਿੱਥੇ ਉਜਾੜ ਤੇ ਬਰਬਾਦੀ ਦੀ ਧੁੰਦ ਹੈ ।

4ਉਹ ਝਾੜੀਆਂ ਉੱਤੋਂ ਨਮਕੀਨ ਸਾਗ ਤੋੜਦੇ ਹਨ, ਅਤੇ ਝਾਊ ਦੀਆਂ ਜੜ੍ਹਾਂ ਉਹਨਾਂ ਦੀ ਰੋਟੀ ਹੈ ।5ਉਹ ਲੋਕਾਂ ਦੇ ਵਿੱਚੋਂ ਧੱਕੇ ਗਏ, ਲੋਕ ਉਹਨਾਂ ਉੱਤੇ ਇਸ ਤਰ੍ਹਾਂ ਚਿੱਲਾਉਂਦੇ ਜਿਵੇਂ ਚੋਰ ਉੱਤੇ !6ਭਿਆਨਕ ਘਾਟੀਆਂ ਵਿੱਚ, ਮਿੱਟੀ ਅਤੇ ਪੱਥਰਾਂ ਦੀਆਂ ਖੁੱਡਾਂ ਵਿੱਚ ਉਹ ਰਹਿੰਦੇ ਹਨ ।
7ਝਾੜੀਆਂ ਦੇ ਵਿੱਚ ਉਹ ਹੀਂਗਦੇ ਹਨ, ਕੰਡਿਆਂ ਦੇ ਹੇਠ ਉਹ ਇਕੱਠੇ ਪਏ ਰਹਿੰਦੇ ਹਨ ।8ਉਹ ਮੂਰਖ ਦੀ ਅੰਸ, ਸਗੋਂ ਬੇਨਾਮਾਂ ਦੀ ਅੰਸ ਹਨ, ਜੋ ਦੇਸ ਤੋਂ ਕੁੱਟ-ਕੁੱਟ ਕੇ ਕੱਢੇ ਗਏ ਹਨ ।

9ਅਤੇ ਹੁਣ ਮੈਂ ਉਹਨਾਂ ਦਾ ਗੀਤ ਹੋਇਆ ਹਾਂ, ਅਤੇ ਉਹ ਮੇਰੇ ਉੱਤੇ ਮਿਹਣੇ ਮਾਰਦੇ ਹਨ !10ਉਹ ਮੈਥੋਂ ਘਿਣ ਖਾਂਦੇ, ਉਹ ਮੈਥੋਂ ਦੂਰ ਰਹਿੰਦੇ, ਅਤੇ ਮੈਨੂੰ ਵੇਖ ਕੇ ਉਹ ਥੁੱਕਣ ਤੋਂ ਪਰਹੇਜ਼ ਨਹੀਂ ਕਰਦੇ,11ਕਿਉਂ ਜੋ ਪਰਮੇਸ਼ੁਰ ਨੇ ਮੈਨੂੰ ਬਲਹੀਣ ਅਤੇ ਤੁੱਛ ਬਣਾਇਆ ਹੈ, ਇਸ ਲਈ ਉਹ ਮੇਰੇ ਅੱਗੇ ਬੇ-ਲਗਾਮ ਹੋ ਗਏ ਹਨ !
12ਮੇਰੇ ਸੱਜੇ ਪਾਸੇ ਬਜ਼ਾਰੂ ਲੋਕ ਉੱਠਦੇ ਹਨ, ਉਹ ਮੇਰੇ ਪੈਰ ਸਰਕਾ ਦਿੰਦੇ ਹਨ, ਅਤੇ ਮੈਨੂੰ ਨਾਸ ਕਰਨ ਵਾਲੇ ਰਾਹਾਂ ਨੂੰ ਬਣਾਉਂਦੇ ਹਨ ।13ਜਿਹਨਾਂ ਦਾ ਕੋਈ ਸਹਾਇਕ ਨਹੀਂ ਉਹ ਮੇਰੇ ਰਾਹਾਂ ਨੂੰ ਵਿਗਾੜਦੇ ਅਤੇ ਮੇਰੀ ਮੁਸੀਬਤ ਨੂੰ ਵਧਾਉਂਦੇ ਹਨ !
14ਉਹ ਜਿਵੇਂ ਚੌੜੇ ਛੇਕ ਵਿੱਚੋਂ ਦੀ ਆਉਂਦੇ ਹਨ, ਉਜਾੜ ਦੇ ਵਿੱਚੋਂ ਉਹ ਮੇਰੇ ਉੱਤੇ ਹਮਲਾ ਕਰਦੇ ਹਨ ।15ਭੈ ਮੇਰੇ ਉੱਤੇ ਮੁੜ ਪੈਂਦੇ, ਮੇਰੀ ਪਤ ਜਿਵੇਂ ਹਵਾ ਨਾਲ ਉਡਾਈ ਜਾਂਦੀ, ਅਤੇ ਮੇਰੀ ਖੁਸ਼ਹਾਲੀ ਬੱਦਲ ਵਾਂਗੂੰ ਜਾਂਦੀ ਰਹੀ ।

16ਹੁਣ ਮੇਰੀ ਜਾਨ ਮੇਰੇ ਅੰਦਰ ਡੁੱਲ੍ਹਦੀ ਹੈ, ਦੁੱਖ ਦੇ ਦਿਨ ਮੈਨੂੰ ਫੜ੍ਹਦੇ ਹਨ ।17ਰਾਤ ਮੇਰੀਆਂ ਹੱਡੀਆਂ ਨੂੰ ਮੇਰੇ ਅੰਦਰ ਚਿੱਥਦੀ ਹੈ, ਅਤੇ ਮੇਰੀ ਚੁੱਭਣ ਵਾਲੀ ਪੀੜ ਦਮ ਨਹੀਂ ਲੈਂਦੀ ।
18ਵੱਡੇ ਜ਼ੋਰ ਨਾਲ ਉਹ ਮੇਰਾ ਰੂਪ ਬਦਲਦੀ ਹੈ, ਮੇਰੇ ਕੁੜਤੇ ਦੇ ਗਲਮੇ ਵਾਂਗੂੰ ਉਹ ਮੈਨੂੰ ਜਕੜਦੀ ਹੈ ।19ਪਰਮੇਸ਼ੁਰ ਨੇ ਮੈਨੂੰ ਚਿੱਕੜ ਵਿੱਚ ਸੁੱਟਿਆ ਹੈ, ਅਤੇ ਮੈਂ ਖ਼ਾਕ ਤੇ ਰਾਖ ਵਰਗਾ ਹੋ ਗਿਆ ਹਾਂ !

20ਮੈਂ ਤੇਰੇ ਵੱਲ ਦੁਹਾਈ ਦਿੰਦਾ ਪਰ ਤੂੰ ਮੈਨੂੰ ਉੱਤਰ ਨਹੀਂ ਦਿੰਦਾ, ਮੈਂ ਖੜ੍ਹਾ ਹੁੰਦਾ ਹਾਂ ਪਰ ਤੂੰ ਸਿਰਫ਼ ਮੇਰੇ ਵੱਲ ਝਾਕਦਾ ਹੈਂ ।21ਤੂੰ ਮੇਰੇ ਨਾਲ ਸਖ਼ਤੀ ਕਰਨ ਲੱਗਾ ਹੈਂ, ਆਪਣੇ ਹੱਥ ਦੇ ਬਲ ਨਾਲ ਤੂੰ ਮੈਨੂੰ ਸਤਾਉਂਦਾ ਹੈਂ !
22ਤੂੰ ਮੈਨੂੰ ਚੁੱਕ ਕੇ ਹਵਾ ਉੱਤੇ ਸਵਾਰ ਕਰਦਾ ਹੈਂ, ਅਤੇ ਮੈਨੂੰ ਤੂਫਾਨਾਂ ਵਿੱਚ ਘੋਲ ਦਿੰਦਾ ਹੈਂ,23ਕਿਉਂ ਜੋ ਮੈਂ ਜਾਣਦਾ ਹਾਂ ਕਿ ਤੂੰ ਮੈਨੂੰ ਮੌਤ ਤੱਕ ਪਹੁੰਚਾਵੇਂਗਾ, ਅਤੇ ਉਸ ਵਾਸ ਤੱਕ ਜਿਹੜਾ ਸਾਰੇ ਜੀਉਂਦਿਆਂ ਲਈ ਠਹਿਰਾਇਆ ਗਿਆ ਹੈ ।

24ਭਲਾ, ਤਬਾਹੀ ਵਿੱਚ ਕੋਈ ਆਪਣਾ ਹੱਥ ਨਾ ਵਧਾਵੇਗਾ, ਅਤੇ ਆਪਣੀ ਬਿਪਤਾ ਵਿੱਚ ਦੁਹਾਈ ਨਾ ਦੇਵੇਗਾ ?25ਕੀ ਮੈਂ ਦੁਖੀਏ ਦੇ ਲਈ ਨਹੀਂ ਰੋਂਦਾ ਸੀ ? ਕੀ ਮੇਰੀ ਜਾਨ ਕੰਗਾਲ ਦੇ ਲਈ ਉਦਾਸ ਨਹੀਂ ਹੁੰਦੀ ਸੀ ?26ਪਰ ਜਦ ਮੈਂ ਭਲਿਆਈ ਨੂੰ ਤੱਕਿਆ ਤਦ ਬੁਰਿਆਈ ਆਈ, ਜਦ ਚਾਨਣ ਨੂੰ ਉਡੀਕਿਆ ਤਦ ਹਨੇਰਾ ਛਾ ਗਿਆ,
27ਮੇਰੀਆਂ ਆਂਦਰਾਂ ਉੱਬਲ ਰਹੀਆਂ ਹਨ ਅਤੇ ਆਰਾਮ ਨਹੀਂ ਪਾਉਂਦੀਆਂ, ਬੁਰੇ ਦਿਨ ਮੇਰੇ ਉੱਤੇ ਆ ਪਾਏ ਹਨ !28ਮੇਰਾ ਸਰੀਰ ਕਾਲਾ ਪੈ ਗਿਆ ਪਰ ਧੁੱਪ ਦੇ ਕਾਰਨ ਨਹੀਂ, ਮੈਂ ਸਭਾ ਵਿੱਚ ਉੱਠ ਕੇ ਸਹਾਇਤਾ ਲਈ ਦੁਹਾਈ ਦਿੰਦਾ ਹਾਂ !29ਮੈਂ ਗਿੱਦੜਾਂ ਦਾ ਭਰਾ, ਅਤੇ ਸ਼ੁਤਰ ਮੁਰਗ਼ ਦਾ ਸਾਥੀ ਹੋ ਗਿਆ ਹਾਂ,
30ਮੇਰੀ ਖੱਲ ਕਾਲੀ ਹੋ ਕੇ ਮੈਥੋਂ ਡਿੱਗਦੀ ਜਾਂਦੀ ਹੈ, ਅਤੇ ਮੇਰੀਆਂ ਹੱਡੀਆਂ ਤਾਪ ਨਾਲ ਜਲਦੀਆਂ ਹਨ !31ਸੋ ਮੇਰੀ ਬਰਬਤ ਰੋਣ ਲਈ ਹੈ, ਅਤੇ ਮੇਰੀ ਬੰਸਰੀ ਮਾਤਮ ਕਰਨ ਵਾਲਿਆਂ ਦੀ ਅਵਾਜ਼ ਲਈ ਹੈ ।

31

1ਮੈਂ ਆਪਣੀਆਂ ਅੱਖਾਂ ਨਾਲ ਨੇਮ ਕੀਤਾ ਹੈ, ਤਦ ਮੈਂ ਕੁਆਰੀ ਉੱਤੇ ਕਿਸ ਤਰ੍ਹਾਂ ਅੱਖ ਮਟਕਾਵਾਂ ?2ਕਿਹੜਾ ਭਾਗ ਉੱਪਰੋਂ ਪਰਮੇਸ਼ੁਰ ਵੱਲੋਂ, ਅਤੇ ਕਿਹੜੀ ਮਿਰਾਸ ਉਚਿਆਈ ਤੋਂ ਸਰਬ ਸ਼ਕਤੀਮਾਨ ਵੱਲੋਂ ਹੁੰਦੀ ਹੈ ?

3ਕੀ ਇਹ ਕੁਧਰਮੀਆਂ ਦੇ ਲਈ ਬਿਪਤਾ ਨਹੀਂ, ਅਤੇ ਕੁਕਰਮੀਆਂ ਦੇ ਲਈ ਨਾਸ ਦਾ ਕਾਰਨ ਨਹੀਂ ?4ਕੀ ਉਹ ਮੇਰਾ ਰਾਹ ਨਹੀਂ ਵੇਖਦਾ, ਅਤੇ ਮੇਰੇ ਸਭ ਕਦਮ ਨਹੀਂ ਗਿਣਦਾ ?

5ਜੇ ਮੈਂ ਵਿਅਰਥ ਨਾਲ ਚੱਲਿਆ ਹੋਵਾਂ, ਅਤੇ ਮੇਰਾ ਪੈਰ ਧੋਖੇ ਵੱਲ ਦੌੜਿਆ ਹੋਵੇ, -6(ਤਾਂ ਉਹ ਮੈਨੂੰ ਧਰਮ ਤੁਲਾ ਉੱਤੇ ਤੋਲੇ, ਅਤੇ ਪਰਮੇਸ਼ੁਰ ਮੇਰੀ ਖਰਿਆਈ ਨੂੰ ਜਾਣੇ)
7ਜੇ ਮੇਰੇ ਕਦਮ ਕੁਰਾਹੇ ਪੈ ਗਏ ਹੋਣ ਅਤੇ ਮੇਰਾ ਦਿਲ ਮੇਰੀਆਂ ਅੱਖਾਂ ਦੇ ਮਗਰ ਚੱਲਿਆ ਹੋਵੇ, ਅਤੇ ਮੇਰੇ ਹੱਥਾਂ ਤੇ ਕੋਈ ਦਾਗ਼ ਲੱਗਾ ਹੋਵੇ,8ਤਦ ਮੈਂ ਬੀਜਾਂ ਪਰ ਦੂਜਾ ਖਾਵੇ, ਅਤੇ ਮੇਰੀ ਪੈਦਾਵਾਰ ਪੁੱਟੀ ਜਾਵੇ !

9ਜੇ ਮੇਰਾ ਦਿਲ ਕਿਸੇ ਔਰਤ ਤੇ ਮੋਹਿਤ ਹੋ ਗਿਆ ਹੋਵੇ, ਅਤੇ ਮੈਂ ਆਪਣੇ ਗੁਆਂਢੀ ਦੇ ਬੂਹੇ ਉੱਤੇ ਘਾਤ ਲਾ ਕੇ ਬੈਠਾ ਹੋਵਾਂ,10ਤਦ ਮੇਰੀ ਪਤਨੀ ਦੂਜੇ ਲਈ ਪੀਹੇ, ਅਤੇ ਪਰਾਏ ਪੁਰਖ ਉਸ ਨੂੰ ਭਰਿਸ਼ਟ ਕਰਨ !
11ਕਿਉਂ ਜੋ ਉਹ ਅੱਤ ਬੁਰਾ ਦੋਸ਼ ਹੁੰਦਾ, ਅਤੇ ਉਹ ਨਿਆਂਈਆਂ ਦੁਆਰਾ ਸਜ਼ਾ ਦੇਣ ਯੋਗ ਬਦੀ ਹੁੰਦੀ !12ਉਹ ਤਾਂ ਇੱਕ ਅੱਗ ਹੈ ਜਿਹੜੀ ਸੜਨ ਤੱਕ ਭਸਮ ਕਰਦੀ ਹੈ, ਸਗੋਂ ਮੇਰੀ ਪੈਦਾਵਾਰ ਨੂੰ ਜੜ੍ਹਾਂ ਤੋਂ ਸਾੜ ਦਿੰਦੀ ਹੈ !

13ਜਦ ਮੇਰੇ ਦਾਸ ਜਾਂ ਦਾਸੀ ਨੇ ਮੇਰੇ ਵਿਰੁੱਧ ਸ਼ਿਕਾਇਤ ਕੀਤੀ ਹੋਵੇ, ਤਾਂ ਜੇਕਰ ਮੈਂ ਉਹਨਾਂ ਦਾ ਹੱਕ ਮਾਰਿਆ ਹੋਵੇ,14ਤਾਂ ਜਦ ਪਰਮੇਸ਼ੁਰ ਉੱਠੇ ਤਦ ਮੈਂ ਕੀ ਕਰਾਂਗਾ, ਅਤੇ ਜਦ ਉਹ ਖ਼ਬਰ ਲਵੇ ਤਦ ਮੈਂ ਕੀ ਉੱਤਰ ਦੇਵਾਂਗਾ ?15ਜਿਸ ਨੇ ਮੈਨੂੰ ਕੁੱਖ ਵਿੱਚ ਬਣਾਇਆ, ਕੀ ਉਹ ਨੇ ਉਸ ਨੂੰ ਵੀ ਨਹੀਂ ਬਣਾਇਆ ? ਅਤੇ ਇੱਕੋ ਹੀ ਨੇ ਸਾਨੂੰ ਗਰਭ ਵਿੱਚ ਨਹੀਂ ਰਚਿਆ ?

16ਜੇ ਮੈਂ ਗ਼ਰੀਬਾਂ ਦੀ ਇੱਛਿਆ ਨੂੰ ਪੂਰਾ ਨਾ ਕੀਤਾ ਹੋਵੇ, ਅਤੇ ਵਿਧਵਾ ਦੀਆਂ ਅੱਖਾਂ ਮੇਰੇ ਕਾਰਨ ਨਿਰਾਸ਼ ਹੋ ਗਈਆਂ ਹੋਣ,17ਜਾਂ ਮੈਂ ਆਪਣੀ ਬੁਰਕੀ ਇਕੱਲਿਆਂ ਹੀ ਖਾਧੀ ਹੋਵੇ, ਅਤੇ ਯਤੀਮ ਨੇ ਉਸ ਤੋਂ ਨਾ ਖਾਧਾ ਹੋਵੇ, -18ਕਿਉਂ ਜੋ ਮੇਰੀ ਜੁਆਨੀ ਤੋਂ ਉਹ ਮੇਰੇ ਨਾਲ ਪਲਿਆ ਜਿਵੇਂ ਪਿਤਾ ਨਾਲ, ਅਤੇ ਮੈਂ ਆਪਣੀ ਮਾਂ ਦੀ ਕੁੱਖ ਤੋਂ ਹੀ ਵਿਧਵਾ ਦੀ ਦੇਖਭਾਲ ਕੀਤੀ ਹੈ ।
19ਜੇ ਮੈਂ ਕਿਸੇ ਨੂੰ ਬਿਨ੍ਹਾਂ ਕੱਪੜੇ ਦੇ ਮਰਦੇ, ਜਾਂ ਕੰਗਾਲ ਨੂੰ ਬਿਨ੍ਹਾਂ ਓੜਣੇ ਦੇ ਵੇਖਿਆ ਹੋਵੇ,20ਜੇਕਰ ਮੈਂ ਆਪਣੀਆਂ ਭੇਡਾਂ ਦੀ ਉੱਨ ਦੇ ਕੱਪੜੇ ਉਨ੍ਹਾਂ ਨੂੰ ਨਾ ਦਿੱਤੇ ਹੋਣ, ਅਤੇ ਉਸ ਦੇ ਦਿਲ ਨੇ ਮੈਨੂੰ ਬਰਕਤ ਨਾ ਦਿੱਤੀ ਹੋਵੇ ਜਦ ਉਹ ਗਰਮ ਹੋਇਆ,21ਜੇ ਮੈਂ ਆਪਣਾ ਹੱਥ ਯਤੀਮ ਉੱਤੇ ਚੁੱਕਿਆ ਹੋਵੇ, ਇਸ ਕਾਰਨ ਕਿ ਮੈਂ ਫਾਟਕ ਵਿੱਚ ਆਪਣੇ ਸਹਾਇਕਾਂ ਨੂੰ ਵੇਖਿਆ,
22ਤਦ ਮੇਰਾ ਮੌਰ ਮੋਢੇ ਤੋਂ ਡਿੱਗ ਜਾਵੇ, ਅਤੇ ਮੇਰੀ ਬਾਂਹ ਜੋੜ ਤੋਂ ਟੁੱਟ ਜਾਵੇ !23ਕਿਉਂ ਜੋ ਪਰਮੇਸ਼ੁਰ ਵੱਲੋਂ ਬਿਪਤਾ ਮੈਨੂੰ ਡਰਾਉਂਦੀ ਸੀ, ਅਤੇ ਉਹ ਦੇ ਪਰਤਾਪ ਦੇ ਕਾਰਨ ਮੈਂ ਕੁਝ ਨਹੀਂ ਕਰ ਸਕਦਾ ਸੀ ।

24ਜੇ ਮੈਂ ਸੋਨੇ ਉੱਤੇ ਆਪਣੀ ਆਸ ਰੱਖੀ ਹੁੰਦੀ, ਜਾਂ ਆਖਿਆ ਹੁੰਦਾ ਕਿ ਕੁੰਦਨ ਸੋਨੇ ਤੇ ਮੇਰਾ ਭਰੋਸਾ ਹੈ, -25ਜੇ ਮੈਂ ਖੁਸ਼ੀ ਮਨਾਈ ਹੁੰਦੀ ਕਿ ਮੇਰਾ ਧਨ ਬਹੁਤ ਹੈ, ਅਤੇ ਮੇਰੇ ਹੱਥ ਨੇ ਬਥੇਰਾ ਕਮਾਇਆ ! -
26ਜੇ ਮੈਂ ਸੂਰਜ ਨੂੰ ਵੇਖਿਆ ਹੁੰਦਾ ਜਦ ਉਹ ਚਮਕਦਾ ਸੀ, ਜਾਂ ਚੰਦ ਨੂੰ ਜਦ ਉਹ ਸ਼ਾਨ ਨਾਲ ਚੱਲਦਾ ਸੀ,27ਅਤੇ ਮੇਰਾ ਦਿਲ ਚੁੱਪਕੇ ਮੋਹਿਤ ਹੋ ਗਿਆ ਹੁੰਦਾ, ਅਤੇ ਉਹਨਾਂ ਨੂੰ ਸਨਮਾਨ ਦੇ ਕੇ ਮੈਂ ਆਪਣੇ ਹੱਥਾਂ ਨੂੰ ਚੁੰਮ ਲਿਆ ਹੁੰਦਾ,28ਤਦ ਇਹ ਨਿਆਂਈਆਂ ਦੁਆਰਾ ਸਜ਼ਾ ਦੇਣ ਜੋਗ ਬਦੀ ਹੁੰਦੀ, ਕਿਉਂਕਿ ਅਜਿਹਾ ਕਰਕੇ ਮੈਂ ਸਵਰਗੀ ਪਰਮੇਸ਼ੁਰ ਦਾ ਇਨਕਾਰ ਕੀਤਾ ਹੁੰਦਾ ।

29ਜੇ ਮੈਂ ਆਪਣੇ ਵੈਰੀ ਦੇ ਨਾਸ ਤੋਂ ਅਨੰਦ ਹੋਇਆ ਹੁੰਦਾ, ਅਤੇ ਜਦ ਮੁਸੀਬਤ ਉਸ ਉੱਤੇ ਪਈ ਤਾਂ ਮੈਂ ਖੁਸ਼ੀ ਮਨਾਈ ਹੁੰਦੀ,30( ਸਗੋਂ ਮੈਂ ਤਾਂ ਆਪਣੇ ਮੂੰਹ ਨੂੰ ਪਾਪ ਕਰਨ ਨਾ ਦਿੱਤਾ ਕਿ ਸਰਾਪ ਦੇ ਕੇ ਉਹ ਦੀ ਜਾਨ ਮੰਗਾਂ )
31ਜੇ ਮੇਰੇ ਤੰਬੂਆਂ ਵਿੱਚ ਰਹਿਣ ਵਾਲਿਆਂ ਨੇ ਨਾ ਆਖਿਆ ਹੋਵੇ, ਭਈ ਕੌਣ ਹੈ ਜਿਹੜਾ ਉਸ ਦੇ ਘਰ ਦੇ ਮਾਸ ਤੋਂ ਨਾ ਰੱਜਿਆ ਹੋਵੇ ?32( ਪਰਦੇਸੀ ਨੂੰ ਸੜਕ ਵਿੱਚ ਰਾਤ ਕੱਟਣੀ ਨਾ ਪਈ, ਪਰ ਮੈਂ ਆਪਣੇ ਦਰਵਾਜ਼ੇ ਨੂੰ ਰਾਹੀ ਲਈ ਖੋਲ੍ਹਦਾ ਸੀ ) -
33ਜੇ ਮੈਂ ਆਦਮ ਵਾਂਗੂੰ ਆਪਣਾ ਅਪਰਾਧ ਲੁਕਾਇਆ ਹੋਵੇ, ਅਤੇ ਆਪਣੀ ਬਦੀ ਆਪਣੇ ਸੀਨੇ ਵਿੱਚ ਲੁਕਾਈ ਹੋਵੇ,34ਇਸ ਕਾਰਨ ਕਿ ਮੈਂ ਵੱਡੀ ਭੀੜ ਤੋਂ ਭੈ ਖਾਂਦਾ ਸੀ, ਨਾਲੇ ਘਰਾਣਿਆਂ ਦੀ ਘਿਣ ਨੇ ਮੈਨੂੰ ਅਜਿਹਾ ਡਰਾਇਆ ਕਿ ਮੈਂ ਚੁੱਪ ਵੱਟ ਲਈ ਅਤੇ ਦਰਵਾਜ਼ੇ ਤੋਂ ਬਾਹਰ ਨਾ ਨਿੱਕਲਿਆ, -

35ਕਾਸ਼ ਕਿ ਕੋਈ ਮੇਰੀ ਸੁਣਦਾ ! ਵੇਖੋ, ਮੈਂ ਆਪਣੀ ਸਫ਼ਾਈ ਪੇਸ਼ ਕੀਤੀ ਹੈ, ਹੁਣ ਸਰਬ ਸ਼ਕਤੀਮਾਨ ਮੈਨੂੰ ਉੱਤਰ ਦੇਵੇ ! ਕਾਸ਼ ਕਿ ਮੇਰੇ ਉੱਤੇ ਦੋਸ਼ ਲਾਉਣ ਵਾਲੇ ਦੇ ਸ਼ਿਕਾਇਤਨਾਮੇ ਦੀ ਲਿਖਤ ਮੇਰੇ ਕੋਲ ਹੁੰਦੀ !36ਨਿਸੰਗ ਮੈਂ ਉਹ ਨੂੰ ਆਪਣੇ ਮੋਢੇ ਉੱਤੇ ਚੁੱਕਦਾ, ਮੈਂ ਉਹ ਨੂੰ ਆਪਣੇ ਸਿਰ ਉੱਤੇ ਪਗੜੀ ਵਾਂਗੂੰ ਬੰਨ੍ਹਦਾ,37ਮੈਂ ਉਹ ਨੂੰ ਆਪਣੇ ਕਦਮਾਂ ਦਾ ਹਿਸਾਬ ਦਿੰਦਾ, ਮੈਂ ਉਹ ਦੇ ਅੱਗੇ ਇਸ ਤਰ੍ਹਾਂ ਪੇਸ਼ ਹੁੰਦਾ ਜਿਵੇਂ ਹਾਕਮ ਦੇ ਅੱਗੇ ।

38ਜੇ ਮੇਰੀ ਜ਼ਮੀਨ ਨੇ ਮੇਰੇ ਵਿਰੁੱਧ ਦੁਹਾਈ ਦਿੱਤੀ ਹੋਵੇ, ਅਤੇ ਉਹ ਦੇ ਸਿਆੜ ਇਕੱਠੇ ਰੋਏ ਹੋਣ,39ਜੇ ਮੈਂ ਆਪਣੀ ਜ਼ਮੀਨ ਦੀ ਉਪਜ ਨੂੰ ਬਿਨ੍ਹਾਂ ਮਜ਼ਦੂਰੀ ਦਿੱਤੇ ਖਾਧਾ ਹੋਵੇ, ਜਾਂ ਉਹ ਦੇ ਮਾਲਕਾਂ ਦੀ ਜਾਨ ਲਈ ਹੋਵੇ,40ਤਦ ਕਣਕ ਦੀ ਥਾਂ ਝਾੜੀਆਂ, ਅਤੇ ਜੌ ਦੀ ਥਾਂ ਜੰਗਲੀ ਘਾਹ ਉੱਗੇ ।" ਅਯੂੱਬ ਦੀਆਂ ਗੱਲਾਂ ਸਮਾਪਤ ਹੋਈਆਂ ।

32
ਅਲੀਹੂ ਦਾ ਤਰਕ (32:1-37:24)

1ਤਦ ਇਹਨਾਂ ਤਿੰਨਾਂ ਮਨੁੱਖਾਂ ਨੇ ਅਯੂੱਬ ਨੂੰ ਉੱਤਰ ਦੇਣਾ ਛੱਡ ਦਿੱਤਾ, ਕਿਉਂ ਜੋ ਉਹ ਆਪਣੀ ਨਿਗਾਹ ਵਿੱਚ ਧਰਮੀ ਸੀ2ਫੇਰ ਬਰਕਏਲ ਬੂਜ਼ੀ ਦਾ ਪੁੱਤਰ ਅਲੀਹੂ ਜੋ ਰਾਮ ਦੇ ਟੱਬਰ ਦਾ ਸੀ, ਉਸ ਦਾ ਕ੍ਰੋਧ ਭੜਕਿਆ । ਉਹ ਦਾ ਕ੍ਰੋਧ ਅਯੂੱਬ ਉੱਤੇ ਇਸ ਲਈ ਭੜਕਿਆ ਕਿਉਂਕਿ ਉਸ ਨੇ ਆਪਣੇ ਆਪ ਨੂੰ ਨਿਰਦੋਸ਼ ਠਹਿਰਾਇਆ ਨਾ ਕਿ ਪਰਮੇਸ਼ੁਰ ਨੂੰ,

3ਅਤੇ ਉਹ ਦਾ ਕ੍ਰੋਧ ਉਹ ਦੇ ਤਿੰਨਾਂ ਮਿੱਤਰਾਂ ਉੱਤੇ ਵੀ ਭੜਕਿਆ ਕਿਉਂ ਜੋ ਉਹ ਅੱਯੂਬ ਨੂੰ ਉੱਤਰ ਨਾ ਦੇ ਸਕੇ, ਤਾਂ ਵੀ ਉਹਨਾਂ ਨੇ ਅਯੂੱਬ ਨੂੰ ਦੋਸ਼ੀ ਠਹਿਰਾਇਆ ।4ਅਲੀਹੂ ਅਯੂੱਬ ਨਾਲ ਗੱਲਾਂ ਕਰਨ ਲਈ ਠਹਿਰਿਆ ਰਿਹਾ ਕਿਉਂ ਜੋ ਉਹ ਉਮਰ ਵਿੱਚ ਉਸ ਤੋਂ ਵੱਡੇ ਸਨ ।5ਜਦ ਅਲੀਹੂ ਨੇ ਵੇਖਿਆ ਕਿ ਇਹਨਾਂ ਤਿੰਨਾਂ ਮਨੁੱਖਾਂ ਵਿੱਚੋਂ ਕੋਈ ਉੱਤਰ ਨਹੀਂ ਦਿੰਦਾ, ਤਾਂ ਉਸ ਦਾ ਕ੍ਰੋਧ ਭੜਕ ਗਿਆ ।

6ਤਦ ਬਰਕਏਲ ਬੂਜ਼ੀ ਦੇ ਪੁੱਤਰ ਅਲੀਹੂ ਨੇ ਉੱਤਰ ਦਿੱਤਾ ਅਤੇ ਆਖਿਆ, "ਮੈਂ ਅਜੇ ਜੁਆਨ ਹਾਂ, ਅਤੇ ਤੁਸੀਂ ਵੱਡੀ ਉਮਰ ਦੇ ਹੋ, ਇਸ ਲਈ ਮੈਂ ਰੁਕਿਆ ਰਿਹਾ ਅਤੇ ਤੁਹਾਨੂੰ ਆਪਣੇ ਵਿਚਾਰ ਦੱਸਣ ਤੋਂ ਡਰਦਾ ਸੀ ।7ਮੈਂ ਸੋਚਦਾ ਸੀ ਕਿ ਜੋ ਉਮਰ ਵਿੱਚ ਵੱਡੇ ਹਨ, ਉਹ ਬੋਲਣ ਅਤੇ ਬਹੁਤ ਸਾਲਾਂ ਦੇ ਹਨ ਉਹ ਬੁੱਧ ਸਿਖਾਉਣ,
8ਪਰੰਤੂ ਮਨੁੱਖ ਵਿੱਚ ਇੱਕ ਆਤਮਾ ਹੈ, ਅਤੇ ਸਰਬ ਸ਼ਕਤੀਮਾਨ ਦਾ ਸਾਹ ਉਹਨਾਂ ਨੂੰ ਸਮਝ ਦਿੰਦਾ ਹੈ ।9ਉਹ ਵੱਡੇ ਹੀ ਨਹੀਂ ਜਿਹੜੇ ਬੁੱਧਵਾਨ ਹਨ, ਅਤੇ ਸਿਰਫ਼ ਬਜ਼ੁਰਗ ਹੀ ਨਿਆਂ ਨੂੰ ਸਮਝਣ ਵਾਲੇ ਨਹੀਂ ਹੁੰਦੇ ।

10ਇਸ ਲਈ ਮੈਂ ਆਖਦਾ ਹਾਂ, ਮੇਰੀ ਸੁਣੋ, ਮੈਂ ਵੀ ਆਪਣੇ ਵਿਚਾਰ ਦੱਸਾਂਗਾ ।
11ਵੇਖੋ, ਮੈਂ ਤੁਹਾਡੀਆਂ ਗੱਲਾਂ ਸੁਣਨ ਲਈ ਠਹਿਰਿਆ ਰਿਹਾ, ਮੈਂ ਤੁਹਾਡੀਆਂ ਦਲੀਲਾਂ ਉੱਤੇ ਕੰਨ ਲਾਇਆ, ਜਦ ਤੁਸੀਂ ਗੱਲਾਂ ਦੀ ਭਾਲ ਕਰਦੇ ਸੀ !12ਮੈਂ ਤੁਹਾਡੀਆਂ ਗੱਲਾਂ ਉੱਤੇ ਧਿਆਨ ਕੀਤਾ, ਵੇਖੋ, ਤੁਹਾਡੇ ਵਿੱਚ ਕੋਈ ਨਹੀਂ ਸੀ ਜਿਹੜਾ ਅਯੂੱਬ ਨੂੰ ਗਲਤ ਸਾਬਿਤ ਕਰ ਸਕਦਾ, ਜਾਂ ਉਹ ਦੀਆਂ ਗੱਲਾਂ ਦਾ ਉੱਤਰ ਦਿੰਦਾ ।
13ਤੁਸੀਂ ਇਹ ਨਾ ਸਮਝੋ ਕਿ ਸਾਨੂੰ ਹੀ ਬੁੱਧ ਮਿਲੀ ਹੈ, ਕਿ ਪਰਮੇਸ਼ੁਰ ਹੀ ਉਸ ਦੇ ਤਰਕ ਨੂੰ ਰੱਦ ਕਰ ਸਕਦਾ ਹੈ ਨਾ ਕਿ ਮਨੁੱਖ,14ਨਾ ਤਾਂ ਉਸ ਮੇਰੇ ਵਿਰੁੱਧ ਗੱਲਾਂ ਕੀਤੀਆਂ, ਅਤੇ ਨਾ ਮੈਂ ਤੁਹਾਡੇ ਵਿਤਰਕਾਂ ਨਾਲ ਉਸ ਨੂੰ ਉੱਤਰ ਦਿਆਂਗਾ ।

15ਉਹ ਘਬਰਾ ਗਏ ਅਤੇ ਹੋਰ ਉੱਤਰ ਨਹੀਂ ਦਿੱਤਾ, ਉਹਨਾਂ ਨੇ ਬੋਲਣਾ ਬੰਦ ਕਰ ਦਿੱਤਾ ।16ਕੀ ਮੈਂ ਠਹਿਰਿਆ ਰਹਾਂ ਜਦ ਕਿ ਉਹ ਬੋਲਦੇ ਨਹੀਂ, ਕਿਉਂ ਜੋ ਉਹ ਖੜ੍ਹੇ ਹਨ ਅਤੇ ਹੋਰ ਉੱਤਰ ਨਹੀਂ ਦਿੰਦੇ ?
17ਮੈਂ ਵੀ ਆਪਣੀ ਵਾਰ ਦਾ ਉੱਤਰ ਦਿਆਂਗਾ, ਮੈਂ ਵੀ ਆਪਣੇ ਵਿਚਾਰ ਦੱਸਾਂਗਾ ।18ਮੈਂ ਤਾਂ ਗੱਲਾਂ ਨਾਲ ਭਰਿਆ ਹੋਇਆ ਹਾਂ, ਅਤੇ ਮੇਰੇ ਅੰਦਰਲਾ ਆਤਮਾ ਮੈਨੂੰ ਮਜ਼ਬੂਰ ਕਰਦਾ ਹੈ ।19ਵੇਖੋ, ਮੇਰਾ ਮਨ ਉਸ ਮੈਅ ਦੀ ਤਰ੍ਹਾਂ ਹੈ, ਜਿਹੜੀ ਖੋਲ੍ਹੀ ਨਹੀਂ ਗਈ, ਨਵੀਆਂ ਮਸ਼ਕਾਂ ਦੀ ਤਰ੍ਹਾਂ ਉਹ ਪਾਟਣ ਵਾਲਾ ਹੈ ।
20ਮੈਂ ਬੋਲਾਂਗਾ ਤਾਂ ਜੋ ਮੈਨੂੰ ਆਰਾਮ ਆਵੇ, ਮੈਂ ਆਪਣਾ ਮੂੰਹ ਖੋਲ੍ਹਾਂਗਾ ਅਤੇ ਉੱਤਰ ਦਿਆਂਗਾ ।21ਮੈਂ ਕਦੀ ਕਿਸੇ ਮਨੁੱਖ ਦੀ ਪੱਖਪਾਤ ਨਹੀਂ ਕਰਾਂਗਾ, ਨਾ ਕਿਸੇ ਮਨੁੱਖ ਦੀ ਚਾਪਲੂਸੀ ਕਰਾਂਗਾ,22ਕਿਉਂ ਜੋ ਮੈਨੂੰ ਕਿਸੇ ਦੀ ਚਾਪਲੂਸੀ ਕਰਨੀ ਆਉਂਦੀ ਹੀ ਨਹੀਂ, ਨਹੀਂ ਤਾਂ ਮੇਰਾ ਸਿਰਜਣਹਾਰ ਮੈਨੂੰ ਛੇਤੀ ਚੁੱਕ ਲਵੇਗਾ ।

33

1ਇਸ ਲਈ ਹੇ ਅਯੂੱਬ, ਹੁਣ ਮੇਰੀਆਂ ਗੱਲਾਂ ਸੁਣ, ਅਤੇ ਮੇਰੇ ਬਚਨਾਂ ਉੱਤੇ ਕੰਨ ਲਾ !2ਵੇਖ, ਮੈਂ ਆਪਣਾ ਮੂੰਹ ਖੋਲ੍ਹਿਆ ਹੈ, ਮੇਰੀ ਜੀਭ ਬੋਲਣ ਲਈ ਤਿਆਰ ਹੈ,3ਮੇਰਾ ਬੋਲਣਾ ਮੇਰੇ ਦਿਲ ਦੀ ਸਿਧਿਆਈ ਨੂੰ ਪਰਗਟ ਕਰੇਗਾ, ਅਤੇ ਮੇਰੇ ਬੁੱਲ੍ਹ ਗਿਆਨ ਨੂੰ ਸਫ਼ਾਈ ਨਾਲ ਬੋਲਣਗੇ ।

4ਪਰਮੇਸ਼ੁਰ ਦੇ ਆਤਮਾ ਨੇ ਮੈਨੂੰ ਸਿਰਜਿਆ, ਸਰਬ ਸ਼ਕਤੀਮਾਨ ਦੇ ਸਾਹ ਨੇ ਮੈਨੂੰ ਜੀਵਨ ਦਿੱਤਾ ।5ਜੇ ਤੂੰ ਉੱਤਰ ਦੇ ਸਕਦਾ ਹੈਂ ਤਾਂ ਦੇ, ਮੇਰੇ ਸਨਮੁਖ ਆਪਣਾ ਤਰਕ ਤਿਆਰ ਕਰਕੇ ਖੜ੍ਹਾ ਹੋ ਜਾ !
6ਵੇਖ, ਮੈਂ ਪਰਮੇਸ਼ੁਰ ਲਈ ਤੇਰੇ ਜਿਹਾ ਹੀ ਹਾਂ, ਮੈਂ ਵੀ ਮਿੱਟੀ ਦੇ ਇੱਕ ਢੇਲੇ ਦਾ ਬਣਿਆ ਹੋਇਆ ਹਾਂ ।7ਵੇਖ, ਮੇਰੇ ਭੈ ਤੋਂ ਤੈਨੂੰ ਘਬਰਾਉਣ ਦੀ ਲੋੜ ਨਹੀਂ, ਮੇਰਾ ਦਾਵਾ ਤੇਰੇ ਉੱਤੇ ਭਾਰੀ ਨਾ ਹੋਵੇਗਾ ।

8ਸੱਚ-ਮੁੱਚ ਤੇਰੀਆਂ ਗੱਲਾਂ ਮੇਰੇ ਕੰਨਾਂ ਵਿੱਚ ਪਈਆਂ ਹਨ, ਤੇਰੇ ਬੋਲਣ ਦੀ ਅਵਾਜ਼ ਮੈਂ ਸੁਣੀ ਹੈ,9ਭਈ ਮੈਂ ਤਾਂ ਸਾਫ਼ ਅਤੇ ਨਿਰਅਪਰਾਧ ਹਾਂ, ਮੈਂ ਪਾਕ ਅਤੇ ਨਿਰਦੋਸ਼ ਹਾਂ ।
10ਪਰ ਵੇਖ, ਪਰਮੇਸ਼ੁਰ ਮੇਰੇ ਵਿਰੁੱਧ ਮੌਕਾ ਲੱਭਦਾ ਹੈ, ਉਹ ਮੈਨੂੰ ਆਪਣਾ ਵੈਰੀ ਗਿਣਦਾ ਹੈ ।11ਉਹ ਮੇਰੇ ਪੈਰਾਂ ਨੂੰ ਕਾਠ ਵਿੱਚ ਠੋਕ ਦਿੰਦਾ ਹੈ, ਉਹ ਮੇਰੇ ਸਾਰੇ ਰਾਹਾਂ ਨੂੰ ਤੱਕਦਾ ਰਹਿੰਦਾ ਹੈ ।

12ਪਰ ਵੇਖ, ਮੈਂ ਤੈਨੂੰ ਉੱਤਰ ਦਿੰਦਾ ਹਾਂ, ਤੂੰ ਇਸ ਵਿੱਚ ਧਰਮੀ ਨਹੀਂ, ਕਿਉਂ ਜੋ ਪਰਮੇਸ਼ੁਰ ਮਨੁੱਖ ਨਾਲੋਂ ਵੱਡਾ ਹੈ ।
13ਤੂੰ ਕਿਉਂ ਉਹ ਦੇ ਵਿਰੁੱਧ ਝਗੜਦਾ ਹੈਂ ਕਿ ਉਹ ਤਾਂ ਆਪਣੀ ਕਿਸੇ ਗੱਲ ਦਾ ਉੱਤਰ ਨਹੀਂ ਦਿੰਦਾ !14ਕਿਉਂ ਜੋ ਪਰਮੇਸ਼ੁਰ ਇੱਕ ਵਾਰ ਬੋਲਦਾ ਹੈ, ਸਗੋਂ ਦੋ ਵਾਰ ਪਰ ਲੋਕ ਉਸ ਉੱਤੇ ਧਿਆਨ ਨਹੀਂ ਲਾਉਂਦੇ ।15ਸੁਫ਼ਨੇ ਵਿੱਚ ਜਾਂ ਰਾਤ ਦੇ ਦਰਸ਼ਣ ਵਿੱਚ, ਜਦ ਭਾਰੀ ਨੀਂਦ ਮਨੁੱਖਾਂ ਉੱਤੇ ਆ ਪੈਂਦੀ ਹੈ, ਅਤੇ ਜਦ ਉਹ ਆਪਣਿਆਂ ਬਿਸਤਰਿਆਂ ਉੱਤੇ ਸੌਂਦੇ ਹਨ,
16ਤਦ ਉਹ ਮਨੁੱਖਾਂ ਦੇ ਕੰਨ ਖੋਲ੍ਹਦਾ ਹੈ, ਅਤੇ ਉਹਨਾਂ ਨੂੰ ਚੇਤਾਵਨੀ ਦੇ ਕੇ ਡਰਾ ਦਿੰਦਾ ਹੈ,17ਤਾਂ ਜੋ ਮਨੁੱਖ ਨੂੰ ਉਸ ਦੇ ਭੈੜੇ ਕੰਮਾਂ ਤੋਂ ਰੋਕੇ, ਅਤੇ ਮਨੁੱਖ ਨੂੰ ਹੰਕਾਰ ਤੋਂ ਦੂਰ ਰੱਖੇ ।18ਉਹ ਉਸ ਦੀ ਜਾਨ ਨੂੰ ਟੋਏ ਤੋਂ ਬਚਾਉਂਦਾ ਹੈ, ਅਤੇ ਉਸ ਦੇ ਜੀਵਨ ਨੂੰ ਤਲਵਾਰ ਨਾਲ ਨਾਸ਼ ਹੋਣ ਤੋਂ ।

19ਜਦ ਕਿਸੇ ਦੀ ਤਾੜਨਾ ਹੋਵੇ ਤਾਂ ਉਹ ਆਪਣੇ ਬਿਸਤਰੇ ਉੱਤੇ ਦਰਦ ਨਾਲ ਦੱਬ ਕੇ ਝੁੱਲਦਾ ਹੈ, ਅਤੇ ਆਪਣੀਆਂ ਹੱਡੀਆਂ ਵਿੱਚ ਰੋਜ਼ ਦੀ ਅਣ-ਬਣ ਨਾਲ ਵੀ ।20ਉਹ ਦਾ ਪ੍ਰਾਣ ਰੋਟੀ ਤੋਂ ਅਤੇ ਉਸ ਦੀ ਜਾਨ ਸੁਆਦਲੇ ਭੋਜਨ ਤੋਂ ਘਿਣ ਕਰਨ ਲਗਦੀ ਹੈ ।
21ਉਸ ਦਾ ਮਾਸ ਅਜਿਹਾ ਸੁੱਕ ਜਾਂਦਾ ਹੈ ਕਿ ਵਿਖਾਈ ਨਹੀਂ ਦਿੰਦਾ, ਉਸ ਦੀਆਂ ਹੱਡੀਆਂ ਜਿਹੜੀਆਂ ਪਹਿਲਾਂ ਵਿਖਾਈ ਨਹੀਂ ਸਨ ਦਿੰਦੀਆਂ ਨਿੱਕਲ ਆਉਂਦੀਆਂ ਹਨ !22ਉਸ ਦੀ ਜਾਨ ਕਬਰ ਦੇ ਨੇੜੇ ਪਹੁੰਚਦੀ ਹੈ ਅਤੇ ਉਸ ਦਾ ਪ੍ਰਾਣ ਮੌਤ ਲਿਆਉਣ ਵਾਲਿਆਂ ਦੇ ਵੱਸ ਹੋ ਜਾਂਦਾ ਹੈ ।
23ਹੁਣ ਜੇ ਉਸ ਦੇ ਕੋਲ ਕੋਈ ਦੂਤ ਹੋਵੇ ਜੋ ਹਜ਼ਾਰਾਂ ਵਿੱਚੋਂ ਇੱਕ ਹੋਵੇ ਜੋ ਉਸ ਨੂੰ ਅਰਥ ਕਰਕੇ ਦੱਸੇ ਕਿ ਮਨੁੱਖ ਦੇ ਲਈ ਕੀ ਠੀਕ ਹੈ ।24ਤਦ ਉਹ ਉਸ ਉੱਤੇ ਦਯਾ ਕਰਦਾ ਹੈ ਤੇ ਆਖਦਾ ਹੈ, ਉਸ ਨੂੰ ਟੋਏ ਵਿੱਚ ਪੈਣ ਤੋਂ ਬਚਾ ਲੈ, ਮੈਨੂੰ ਉਸ ਲਈ ਪ੍ਰਾਸਚਿੱਤ ਮਿਲ ਗਿਆ ਹੈ ।
25ਉਸ ਦਾ ਮਾਸ ਬਾਲਕ ਨਾਲੋਂ ਵੱਧ ਹਰਿਆ-ਭਰਿਆ ਹੋ ਜਾਵੇਗਾ, ਉਸ ਦੀ ਜੁਆਨੀ ਦੇ ਦਿਨ ਵੱਲ ਮੁੜ ਆਉਣਗੇ ।26ਉਹ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰੇਗਾ ਅਤੇ ਉਹ ਉਸ ਨੂੰ ਕਬੂਲ ਕਰੇਗਾ, ਉਹ ਖੁਸ਼ੀ ਨਾਲ ਪਰਮੇਸ਼ੁਰ ਦਾ ਦਰਸ਼ਣ ਕਰੇਗਾ, ਉਹ ਮਨੁੱਖ ਲਈ ਉਸ ਦਾ ਧਰਮ ਫੇਰ ਮੋੜ ਦੇਵੇਗਾ ।
27ਉਹ ਮਨੁੱਖਾਂ ਦੇ ਅੱਗੇ ਗਾਉਣ ਲੱਗਦਾ ਅਤੇ ਆਖਣ ਲੱਗਦਾ ਹੈ, - ਮੈਂ ਪਾਪ ਕੀਤਾ ਅਤੇ ਸਿੱਧੀ ਗੱਲ ਨੂੰ ਉਲੱਦ ਦਿੱਤਾ ਪਰ ਉਸ ਦਾ ਬਦਲਾ ਮੈਥੋਂ ਨਾ ਲਿਆ ਗਿਆ ।28ਉਸ ਨੇ ਮੇਰੀ ਜਾਨ ਨੂੰ ਕਬਰ ਵਿੱਚ ਜਾਣ ਤੋਂ ਬਚਾਇਆ, ਮੇਰਾ ਪ੍ਰਾਣ ਚਾਨਣ ਨੂੰ ਵੇਖੇਗਾ !

29ਵੇਖ, ਇਹ ਸਾਰੇ ਕੰਮ ਪਰਮੇਸ਼ੁਰ ਮਨੁੱਖ ਦੇ ਨਾਲ, ਦੋ ਵਾਰ ਸਗੋਂ ਤਿੰਨ ਵਾਰ ਵੀ ਕਰਦਾ ਹੈ,30ਤਾਂ ਜੋ ਉਸ ਦੀ ਜਾਨ ਨੂੰ ਕਬਰ ਤੋਂ ਬਚਾਵੇ ਅਤੇ ਉਹ ਜੀਉਂਦਿਆਂ ਦੇ ਚਾਨਣ ਨਾਲ ਪਰਕਾਸ਼ਤ ਹੋਵੇ ।

31ਹੇ ਅਯੂੱਬ, ਧਿਆਨ ਲਾ ਕੇ ਮੇਰੀ ਸੁਣ, ਚੁੱਪ ਵੱਟ ਤੇ ਮੈਂ ਬੋਲਾਂਗਾ ।32ਜੇ ਤੂੰ ਕੁੱਝ ਬੋਲਣਾ ਹੈ ਤਾਂ ਮੈਨੂੰ ਉੱਤਰ ਦੇ, ਬੋਲ, ਕਿਉਂ ਜੋ ਮੈਂ ਤੈਨੂੰ ਨਿਰਦੋਸ਼ ਠਹਿਰਾਉਣਾ ਚਾਹੁੰਦਾ ਹਾਂ ।33ਜੇ ਨਹੀਂ ਤਾਂ ਤੂੰ ਮੇਰੀ ਸੁਣ, ਚੁੱਪ ਵੱਟ, ਮੈਂ ਤੈਨੂੰ ਬੁੱਧ ਦੀਆਂ ਗੱਲਾਂ ਸਿਖਾਵਾਂਗਾ ।"

34
ਅਲੀਹੂ ਦਾ ਬਚਨ

1ਤਦ ਅਲੀਹੂ ਨੇ ਹੋਰ ਇਹ ਆਖਿਆ,2"ਹੇ ਬੁੱਧਵਾਨੋ ! ਮੇਰੀਆਂ ਗੱਲਾਂ ਸੁਣੋ, ਹੇ ਗਿਆਨ ਵਾਲਿਓ ! ਮੇਰੇ ਵੱਲ ਕੰਨ ਲਾਓ ।3ਕਿਉਂ ਜੋ ਕੰਨ ਗੱਲਾਂ ਨੂੰ ਪਰਖਦੇ ਹਨ ਜਿਵੇਂ ਜੀਭ ਭੋਜਨ ਦੇ ਸੁਆਦ ਨੂੰ ।

4ਜੋ ਠੀਕ ਹੈ ਅਸੀਂ ਆਪਣੇ ਲਈ ਚੁਣ ਲਈਏ, ਅਤੇ ਜੋ ਚੰਗਾ ਹੈ ਅਸੀਂ ਆਪਸ ਵਿੱਚ ਜਾਣ ਲਈਏ ।

5ਕਿਉਂ ਜੋ ਅਯੂੱਬ ਨੇ ਆਖਿਆ ਹੈ ਕਿ ਮੈਂ ਨਿਰਦੋਸ਼ ਹਾਂ ਅਤੇ ਪਰਮੇਸ਼ੁਰ ਮੇਰਾ ਨਿਆਂ ਕਰਨ ਤੋਂ ਮੁੱਕਰ ਗਿਆ ਹੈ ।6ਭਾਵੇਂ ਮੈਂ ਸੱਚਾ ਹਾਂ ਪਰ ਫੇਰ ਵੀ ਝੂਠਾ ਠਹਿਰਦਾ ਹਾਂ, ਭਾਵੇਂ ਮੈਂ ਨਿਰਅਪਰਾਧ ਹੀ ਹਾਂ, ਫੇਰ ਵੀ ਮੇਰਾ ਫੱਟ ਅਸਾਧ ਹੈ ।
7ਅਯੂੱਬ ਵਰਗਾ ਕਿਹੜਾ ਮਨੁੱਖ ਹੈ, ਜਿਹੜਾ ਠੱਠਿਆਂ ਨੂੰ ਪਾਣੀ ਵਾਂਗੂੰ ਪੀਂਦਾ ਹੈ,8ਅਤੇ ਕੁਕਰਮੀਆਂ ਦੀ ਸੰਗਤ ਵਿੱਚ ਚੱਲਦਾ, ਅਤੇ ਦੁਸ਼ਟ ਮਨੁੱਖਾਂ ਨਾਲ ਫਿਰਦਾ ਹੈ ?9ਕਿਉਂ ਜੋ ਉਸ ਨੇ ਆਖਿਆ ਹੈ ਕਿ ਮਨੁੱਖ ਨੂੰ ਇਸ ਤੋਂ ਕੁਝ ਲਾਭ ਨਹੀਂ ਕਿ ਉਹ ਪਰਮੇਸ਼ੁਰ ਨਾਲ ਮਗਨ ਰਹੇ !

10ਇਸ ਲਈ ਹੇ ਬੁੱਧਵਾਨੋ, ਮੇਰੀ ਸੁਣੋ ! ਇਹ ਪਰਮੇਸ਼ੁਰ ਤੋਂ ਦੂਰ ਹੋਵੇ ਕਿ ਉਹ ਦੁਸ਼ਟਪੁਣਾ ਕਰੇ, ਨਾਲੇ ਸਰਬ ਸ਼ਕਤੀਮਾਨ ਤੋਂ ਕਿ ਉਹ ਬੁਰਿਆਈ ਕਰੇ !11ਕਿਉਂ ਜੋ ਉਹ ਮਨੁੱਖ ਦੇ ਕੰਮਾਂ ਦੇ ਅਨੁਸਾਰ ਉਸ ਨੂੰ ਬਦਲਾ ਦੇਵੇਗਾ, ਅਤੇ ਹਰੇਕ ਮਨੁੱਖ ਨੂੰ ਉਸ ਦੇ ਚਾਲ-ਚੱਲਣ ਅਨੁਸਾਰ ਫਲ ਦੁਆਉਂਦਾ ਹੈ ।12ਇਹ ਸੱਚੀ ਗੱਲ ਹੈ ਕਿ ਨਾ ਤਾਂ ਪਰਮੇਸ਼ੁਰ ਦੁਸ਼ਟਪੁਣਾ ਕਰਦਾ ਅਤੇ ਨਾ ਹੀ ਸਰਬ ਸ਼ਕਤੀਮਾਨ ਪੁੱਠੇ ਨਿਆਂ ਕਰਦਾ ਹੈ ।
13ਕਿਸ ਨੇ ਉਸ ਨੂੰ ਧਰਤੀ ਉੱਤੇ ਇਖ਼ਤਿਆਰ ਦਿੱਤਾ, ਕਿਸ ਨੇ ਸਾਰੇ ਜਗਤ ਉੱਤੇ ਉਸ ਨੂੰ ਠਹਿਰਾਇਆ ?14ਜੇ ਉਹ ਮਨੁੱਖ ਤੋਂ ਆਪਣਾ ਮਨ ਫੇਰ ਲਵੇ, ਜੇ ਉਹ ਉਸ ਦਾ ਆਤਮਾ ਅਤੇ ਉਸ ਦਾ ਸਾਹ ਆਪਣੇ ਕੋਲ ਇਕੱਠਾ ਕਰ ਲਵੇ,15ਤਾਂ ਸਾਰੀ ਮਨੁੱਖ ਜਾਤੀ ਇਕੱਠੀ ਹੀ ਨਾਸ ਹੋ ਜਾਵੇਗੀ, ਅਤੇ ਮਨੁੱਖ ਫਿਰ ਮਿੱਟੀ ਵਿੱਚ ਰਲ ਜਾਵੇਗਾ ।

16ਜੇ ਸਮਝ ਹੈ ਤਾਂ ਇਸ ਨੂੰ ਸੁਣ, ਅਤੇ ਆਪਣਾ ਕੰਨ ਮੇਰੀਆਂ ਗੱਲਾਂ ਵੱਲ ਲਾ !17ਕੀ ਜਿਹੜਾ ਨਿਆਂ ਨਾਲ ਘਿਣ ਕਰਦਾ ਹੈ, ਰਾਜ ਕਰੇਗਾ ? ਕੀ ਤੂੰ ਧਰਮੀ ਅਤੇ ਖਰੇ ਨੂੰ ਦੋਸ਼ੀ ਠਹਿਰਾਵੇਂਗਾ ?
18ਭਲਾ, ਰਾਜੇ ਨੂੰ ਕਦੀ ਆਖੀਦਾ ਹੈ ਕਿ ਤੂੰ ਨਿੰਕਮਾ ਹੈਂ ! ਜਾਂ ਪਤਵੰਤ ਨੂੰ ਕਿ ਤੁਸੀਂ ਦੁਸ਼ਟ ਹੋ ?19ਜਿਹੜਾ ਹਾਕਮਾਂ ਦਾ ਪੱਖਪਾਤ ਨਹੀਂ ਕਰਦਾ, ਨਾ ਧਨੀ ਨੂੰ ਗ਼ਰੀਬ ਨਾਲੋਂ ਵੱਧ ਮੰਨਦਾ ਹੈ, ਕਿਉਂ ਜੋ ਉਹ ਸਾਰੇ ਦੇ ਸਾਰੇ ਉਹ ਦੇ ਹੱਥਾਂ ਦਾ ਕੰਮ ਹਨ !20ਉਹ ਇੱਕ ਦਮ ਅੱਧੀ ਰਾਤ ਨੂੰ ਮਰ ਜਾਂਦੇ, ਪਰਜਾ ਦੇ ਲੋਕ ਹਿਲਾਏ ਜਾਂਦੇ ਤੇ ਲੰਘ ਜਾਂਦੇ ਹਨ, ਅਤੇ ਜ਼ੋਰਾਵਰ ਬਿਨ੍ਹਾਂ ਹੱਥ ਲਾਏ ਚਲੇ ਜਾਂਦੇ ਹਨ ।

21ਕਿਉਂ ਜੋ ਪਰਮੇਸ਼ੁਰ ਦੀਆਂ ਅੱਖਾਂ ਮਨੁੱਖਾਂ ਦੇ ਮਾਰਗਾਂ ਉੱਤੇ ਲੱਗੀਆਂ ਰਹਿੰਦੀਆਂ ਹਨ, ਉਹ ਉਸ ਦੇ ਸਾਰੇ ਕਦਮਾਂ ਨੂੰ ਵੇਖਦਾ ਹੈ ।22ਅਜਿਹਾ ਕੋਈ ਹਨੇਰਾ ਜਾਂ ਘੁੱਪ ਹਨੇਰਾ ਨਹੀਂ, ਜਿੱਥੇ ਕੁਕਰਮੀ ਲੁੱਕ ਜਾਣ,23ਕਿਉਂ ਜੋ ਉਸ ਨੇ ਅਜੇ ਕਿਸੇ ਮਨੁੱਖ ਲਈ ਵੇਲਾ ਨਹੀਂ ਠਹਿਰਾਇਆ, ਕਿ ਪਰਮੇਸ਼ੁਰ ਕੋਲ ਨਿਆਂ ਲਈ ਜਾਵੇ ।
24ਉਹ ਜ਼ੋਰਾਵਰਾਂ ਨੂੰ ਬਿਨ੍ਹਾਂ ਪੁੱਛ-ਗਿੱਛ ਦੇ ਚੂਰ-ਚੂਰ ਕਰ ਦਿੰਦਾ ਹੈ, ਅਤੇ ਉਹਨਾਂ ਦੇ ਥਾਂ ਦੂਜਿਆਂ ਨੂੰ ਖੜ੍ਹਾ ਕਰਦਾ ਹੈ ।25ਕਿਉਂ ਜੋ ਉਹ ਉਹਨਾਂ ਦੇ ਕੰਮਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ, ਉਹ ਉਹਨਾਂ ਨੂੰ ਰਾਤ ਨੂੰ ਉਲੱਦ ਦਿੰਦਾ ਹੈ ਕਿ ਉਹ ਭੰਨੇ ਜਾਂਦੇ ਹਨ ।
26ਉਹ ਉਹਨਾਂ ਨੂੰ ਸਭਨਾਂ ਦੇ ਵੇਖਦਿਆਂ ਦੁਸ਼ਟਾਂ ਵਾਂਗੂੰ ਮਾਰਦਾ ਹੈ,27ਇਸ ਲਈ ਕਿ ਉਹ ਉਹ ਦੇ ਪਿੱਛੇ ਚੱਲਣ ਤੋਂ ਫਿਰ ਗਏ, ਅਤੇ ਉਹਨਾਂ ਨੇ ਉਸ ਦੇ ਕਿਸੇ ਰਾਹ ਦੀ ਪਰਵਾਹ ਨਹੀਂ ਕੀਤੀ,28ਇੱਥੋਂ ਤੱਕ ਕਿ ਉਹਨਾਂ ਦੇ ਕਾਰਨ ਗਰੀਬਾਂ ਦੀ ਦੁਹਾਈ ਉਹ ਦੇ ਕੋਲ ਪਹੁੰਚੀ, ਅਤੇ ਮਸਕੀਨਾਂ ਦੀ ਦੁਹਾਈ ਉਸ ਨੇ ਸੁਣੀ ।
29ਜਦ ਉਹ ਚੁੱਪ ਰਹਿੰਦਾ ਹੈ ਤਾਂ ਕੌਣ ਉਸ ਨੂੰ ਦੋਸ਼ੀ ਠਹਿਰਾ ਸਕਦਾ ਹੈ ਜਦ ਉਹ ਆਪਣਾ ਮੂੰਹ ਫੇਰ ਲਵੇ ਤਾਂ ਕੌਣ ਉਸ ਦਾ ਦਰਸ਼ਣ ਪਵੇਗਾ ? ਭਾਵੇਂ ਕੌਮ ਲਈ ਭਾਵੇਂ ਇੱਕ ਮਨੁੱਖ ਲਈ, ਉਹ ਦੋਹਾਂ ਨਾਲ ਇੱਕੋ ਜਿਹਾ ਵਿਹਾਰ ਕਰਦਾ ਹੈ,30ਤਾਂ ਜੋ ਅਧਰਮੀ ਮਨੁੱਖ ਰਾਜ ਨਾ ਕਰੇ, ਨਾ ਲੋਕਾਂ ਨੂੰ ਆਪਣੇ ਜਾਲ ਵਿੱਚ ਫ਼ਸਾਵੇ ।

31ਭਲਾ, ਕਦੀ ਕਿਸੇ ਨੇ ਪਰਮੇਸ਼ੁਰ ਨੂੰ ਆਖਿਆ, ਮੈਂ ਦੰਡ ਝੱਲ ਲਿਆ ਹੈ, ਮੈਂ ਫੇਰ ਬਦੀ ਨਾ ਕਰਾਂਗਾ ?32ਜੋ ਮੈਂ ਸਮਝ ਨਹੀਂ ਸਕਦਾ ਤੂੰ ਉਹ ਮੈਨੂੰ ਸਿਖਾ, ਜੇ ਮੈਂ ਬੁਰਿਆਈ ਕੀਤੀ ਹੋਵੇ ਤਾਂ ਮੈਂ ਫਿਰ ਨਹੀਂ ਕਰਾਂਗਾ ?33ਕੀ ਪਰਮੇਸ਼ੁਰ ਤੈਨੂੰ ਤੇਰੀ ਇੱਛਿਆ ਅਨੁਸਾਰ ਫਲ ਦੇਵੇ ਜਦ ਕਿ ਤੂੰ ਉਸ ਵੱਲ ਫਿਰਨ ਤੋਂ ਇਨਕਾਰ ਕਰਦਾ ਹੈਂ ? ਕਿਉਂ ਜੋ ਇਸ ਦੀ ਚੋਣ ਤੂੰ ਕਰਨੀ ਹੈ ਨਾ ਕਿ ਮੈਂ, ਸੋ ਜੋ ਤੂੰ ਜਾਣਦਾ ਹੈ ਬੋਲ ਦੇ !

34ਗਿਆਨਵਾਨ ਮੈਨੂੰ ਆਖਣਗੇ, ਸਗੋਂ ਬੁੱਧਵਾਨ ਮਨੁੱਖ ਮੇਰੀ ਸੁਣ ਕੇ ਕਹਿਣਗੇ,35ਅਯੂੱਬ ਬਿਨ੍ਹਾਂ ਸਮਝ ਦੇ ਬੋਲਦਾ ਹੈ, ਅਤੇ ਉਸ ਦਾ ਬੋਲ ਗਿਆਨ ਰਹਿਤ ਹੈ !
36ਕਾਸ਼ ਕਿ ਅਯੂੱਬ ਅੰਤ ਤੱਕ ਪਰਤਾਇਆ ਜਾਂਦਾ, ਕਿਉਂਕਿ ਉਹ ਕੁਕਰਮੀਆਂ ਵਾਂਗੂੰ ਉੱਤਰ ਦਿੰਦਾ ਹੈ !37ਉਹ ਤਾਂ ਆਪਣੇ ਪਾਪ ਉੱਤੇ ਅਪਰਾਧ ਜੋੜਦਾ ਹੈ, ਸਾਡੇ ਵਿਰੁੱਧ ਤਾੜੀ ਮਾਰਦਾ ਹੈ, ਅਤੇ ਪਰਮੇਸ਼ੁਰ ਦੇ ਵਿਰੁੱਧ ਆਪਣੀਆਂ ਗੱਲਾਂ ਵਧਾਈ ਜਾਂਦਾ ਹੈ ।"

35
ਅਲੀਹੂ ਦਾ ਬਚਨ

1ਫੇਰ ਅਲੀਹੂ ਨੇ ਹੋਰ ਇਹ ਆਖਿਆ,2"ਭਲਾ, ਤੂੰ ਇਸ ਨੂੰ ਠੀਕ ਸਮਝਦਾ ਹੈ, ਜੋ ਤੂੰ ਆਖਦਾ ਹੈਂ, ਮੇਰਾ ਧਰਮ ਪਰਮੇਸ਼ੁਰ ਨਾਲੋਂ ਵੱਧ ਹੈ ?3ਕਿਉਂ ਜੋ ਤੂੰ ਕਹਿੰਦਾ ਹੈ ਕਿ ਮੈਨੂੰ ਕੀ ਲਾਭ ਹੈ ? ਮੈਨੂੰ ਪਾਪ ਕਰਨ ਜਾਂ ਨਾ ਕਰਨ ਨਾਲ ਕੀ ਫ਼ਰਕ ਪੈਂਦਾ ਹੈ ?

4ਮੈਂ ਤੈਨੂੰ ਅਤੇ ਤੇਰੇ ਸਾਥੀਆਂ ਨੂੰ ਇਕੱਠੇ ਉੱਤਰ ਦਿੰਦਾ ਹਾਂ ।5ਅਕਾਸ਼ ਵੱਲ ਤੱਕ ਅਤੇ ਵੇਖ, ਅਤੇ ਬੱਦਲਾਂ ਵੱਲ ਧਿਆਨ ਦੇ ਜੋ ਤੇਰੇ ਨਾਲੋਂ ਉੱਚੇ ਹਨ !
6ਜੇ ਤੂੰ ਪਾਪ ਕੀਤਾ ਤਾਂ ਤੂੰ ਪਰਮੇਸ਼ੁਰ ਉੱਤੇ ਕੀ ਅਸਰ ਪਾਉਂਦਾ ਹੈ, ਅਤੇ ਜੇ ਤੇਰੇ ਅਪਰਾਧ ਵੱਧ ਜਾਣ ਤਾਂ ਉਸ ਨੂੰ ਕੀ ਫ਼ਰਕ ਪੈਂਦਾ ਹੈ ?7ਜੇ ਤੂੰ ਧਰਮੀ ਹੈ ਤਾਂ ਤੂੰ ਉਹ ਨੂੰ ਕੀ ਦਿੰਦਾ ਹੈ, ਜਾਂ ਉਹ ਤੇਰੇ ਹੱਥੋਂ ਕੀ ਲੈਂਦਾ ਹੈ ?8ਤੇਰੀ ਬਦੀ ਤੇਰੇ ਜਿਹੇ ਮਨੁੱਖਾਂ ਲਈ ਹੈ, ਅਤੇ ਤੇਰੇ ਧਰਮ ਦਾ ਫਲ ਵੀ ਆਦਮ ਵੰਸ਼ੀਆਂ ਲਈ ।

9ਬਹੁਤ ਜ਼ੁਲਮ ਹੋਣ ਦੇ ਕਾਰਨ ਉਹ ਚਿੱਲਾਉਂਦੇ ਹਨ, ਜ਼ੋਰਾਵਰਾਂ ਦੀ ਭੁਜਾ ਦੇ ਬਲ ਦੇ ਕਾਰਨ ਉਹ ਦੁਹਾਈ ਦਿੰਦੇ ਹਨ ।10ਪਰ ਕੋਈ ਨਹੀਂ ਕਹਿੰਦਾ, ਪਰਮੇਸ਼ੁਰ ਮੇਰਾ ਸਿਰਜਣਹਾਰ ਕਿੱਥੇ ਹੈ, ਜਿਹੜਾ ਰਾਤ ਨੂੰ ਵੀ ਗੀਤ ਬਖ਼ਸ਼ਦਾ ਹੈ ?11ਜਿਹੜਾ ਸਾਨੂੰ ਧਰਤੀ ਦੇ ਪਸ਼ੂਆਂ ਨਾਲੋਂ ਅਤੇ ਅਕਾਸ਼ ਦੇ ਪੰਛੀਆਂ ਨਾਲੋਂ ਵਧੀਕ ਬੁੱਧ ਦਿੰਦਾ ਹੈ ?
12ਉੱਥੇ ਉਹ ਦੁਹਾਈ ਦਿੰਦੇ ਹਨ ਪਰ ਉਹ ਉੱਤਰ ਨਹੀਂ ਦਿੰਦਾ, ਇਹ ਬੁਰਿਆਰ ਦੇ ਹੰਕਾਰ ਦੇ ਕਾਰਨ ਹੁੰਦਾ ਹੈ ।13ਪਰਮੇਸ਼ੁਰ ਸੱਚ-ਮੁੱਚ ਵਿਅਰਥ ਦੁਹਾਈ ਨਹੀਂ ਸੁਣਦਾ, ਅਤੇ ਸਰਬ ਸ਼ਕਤੀਮਾਨ ਉਸ ਉੱਤੇ ਧਿਆਨ ਨਹੀਂ ਕਰਦਾ,14ਖ਼ਾਸ ਕਰਕੇ ਜਦ ਤੂੰ ਕਹਿੰਦਾ ਹੈ ਕਿ ਉਹ ਮੈਨੂੰ ਦਰਸ਼ਣ ਨਹੀਂ ਦਿੰਦਾ, ਇਹ ਮੁਕੱਦਮਾ ਉਹ ਦੇ ਅੱਗੇ ਹੈ ਅਤੇ ਤੂੰ ਉਹ ਦੀ ਉਡੀਕ ਵਿੱਚ ਹੈ !
15ਪਰ ਹੁਣੇ ਤਾਂ ਉਸ ਨੇ ਕ੍ਰੋਧ ਵਿੱਚ ਆ ਕੇ ਦੰਡ ਨਹੀਂ ਦਿੱਤਾ, ਅਤੇ ਹੰਕਾਰ ਉੱਤੇ ਬਹੁਤਾ ਚਿੱਤ ਨਹੀਂ ਲਾਇਆ,16ਇਸੇ ਕਾਰਨ ਅਯੂੱਬ ਆਪਣਾ ਮੂੰਹ ਫੋਕੀਆਂ ਗੱਲਾਂ ਲਈ ਖੋਲ੍ਹਦਾ ਹੈ, ਅਤੇ ਬੁੱਧਹੀਣ ਗੱਲਾਂ ਨੂੰ ਵਧਾਉਂਦਾ ਹੈ ।"

36

1ਅਤੇ ਅਲੀਹੂ ਨੇ ਫੇਰ ਆਖਿਆ,2"ਮੇਰੇ ਲਈ ਜ਼ਰਾ ਠਹਿਰ ਅਤੇ ਮੈਂ ਤੈਨੂੰ ਦੱਸਾਂਗਾ, ਕਿਉਂਕਿ ਪਰਮੇਸ਼ੁਰ ਦੇ ਪੱਖ ਵਿੱਚ ਹੋਰ ਵੀ ਗੱਲਾਂ ਆਖਣੀਆਂ ਹਨ ।3ਮੈਂ ਆਪਣਾ ਗਿਆਨ ਦੂਰੋਂ ਲਿਆਵਾਂਗਾ, ਅਤੇ ਮੈਂ ਆਪਣੇ ਸਿਰਜਣਹਾਰ ਨੂੰ ਧਰਮੀ ਠਹਿਰਾਵਾਂਗਾ,

4ਕਿਉ ਜੋ ਸੱਚ-ਮੁੱਚ ਮੇਰੀਆਂ ਗੱਲਾਂ ਝੂਠੀਆਂ ਨਹੀਂ ਹਨ, ਸੰਪੂਰਨ ਗਿਆਨਵਾਨ ਤੇਰੇ ਨਾਲ ਹੈ ।

5ਵੇਖ, ਪਰਮੇਸ਼ੁਰ ਮਹਾਨ ਹੈ ਅਤੇ ਕਿਸੇ ਨੂੰ ਤੁੱਛ ਨਹੀਂ ਜਾਣਦਾ, ਉਹ ਬਲ ਤੇ ਬੁੱਧ ਵਿੱਚ ਮਹਾਨ ਹੈ ।
6ਉਹ ਦੁਸ਼ਟ ਨੂੰ ਜੀਉਂਦਾ ਨਹੀਂ ਰੱਖਦਾ, ਪਰ ਉਹ ਮਸਕੀਨਾਂ ਨੂੰ ਉਹਨਾਂ ਦਾ ਹੱਕ ਦਿੰਦਾ ਹੈ ।7ਉਹ ਧਰਮੀ ਵੱਲੋਂ ਅੱਖ ਨਹੀਂ ਫੇਰਦਾ, ਪਰ ਰਾਜਿਆਂ ਨਾਲ ਰਾਜ-ਗੱਦੀ ਉੱਤੇ ਉਹਨਾਂ ਨੂੰ ਸਦਾ ਲਈ ਬਿਠਾਉਂਦਾ ਹੈ ਅਤੇ ਉਹ ਉੱਚੇ ਕੀਤੇ ਜਾਂਦੇ ਹਨ ।
8ਅਤੇ ਜੇਕਰ ਉਹ ਬੇੜੀਆਂ ਨਾਲ ਜਕੜੇ ਜਾਣ, ਅਤੇ ਮੁਸੀਬਤ ਦੀਆਂ ਰੱਸੀਆਂ ਨਾਲ ਬੰਨ੍ਹੇ ਜਾਣ,9ਤਾਂ ਵੀ ਉਹ ਉਹਨਾਂ ਨੂੰ ਉਹਨਾਂ ਦੀਆਂ ਕਰਤੂਤਾਂ, ਨਾਲੇ ਉਹਨਾਂ ਦੇ ਅਪਰਾਧ ਪਰਗਟ ਕਰਦਾ ਹੈ ਕਿ ਉਹ ਘਮੰਡੀ ਹਨ ।
10ਉਹ ਸਿੱਖਿਆ ਲਈ ਉਹਨਾਂ ਦੇ ਕੰਨ ਖੋਲ੍ਹਦਾ ਹੈ ਅਤੇ ਫ਼ਰਮਾਉਂਦਾ ਹੈ ਕਿ ਬੁਰਿਆਈ ਤੋਂ ਮੁੜੋ !11ਜੇ ਉਹ ਸੁਣ ਲੈਣ ਅਤੇ ਉਹ ਦੀ ਸੇਵਾ ਕਰਨ, ਤਦ ਉਹ ਆਪਣੇ ਦਿਨ ਭਲਿਆਈ ਵਿੱਚ, ਅਤੇ ਆਪਣੇ ਵਰ੍ਹੇ ਖੁਸ਼ਹਾਲੀ ਵਿੱਚ ਪੂਰੇ ਕਰਨਗੇ ।12ਪਰ ਜੇਕਰ ਉਹ ਨਾ ਸੁਣਨ, ਤਦ ਉਹ ਤਲਵਾਰ ਨਾਲ ਨਾਸ਼ ਹੋਣਗੇ, ਅਤੇ ਗਿਆਨ ਤੋਂ ਬਿਨ੍ਹਾਂ ਮਰਨਗੇ !

13ਪਰ ਉਹ ਦਿਲੋਂ ਭਗਤੀਹੀਣ ਹੋ ਕੇ ਕ੍ਰੋਧ ਵਧਾਉਂਦੇ ਹਨ, ਅਤੇ ਜਦ ਉਹ ਉਹਨਾਂ ਨੂੰ ਬੰਨ੍ਹਦਾ ਹੈ, ਤਾਂ ਵੀ ਉਹ ਦੁਹਾਈ ਨਹੀਂ ਦਿੰਦੇ ।14ਉਹ ਜੁਆਨੀ ਵਿੱਚ ਜਾਨ ਛੱਡ ਦਿੰਦੇ ਹਨ, ਅਤੇ ਪੁਰਖਗਾਮੀਆਂ ਵਿੱਚ ਉਹਨਾਂ ਦਾ ਜੀਵਨ ਮੁੱਕ ਜਾਂਦਾ ਹੈ ।
15ਉਹ ਦੁਖਿਆਰੇ ਨੂੰ ਉਹ ਦੇ ਦੁੱਖਾਂ ਤੋਂ ਛੁਡਾਉਂਦਾ ਹੈ, ਅਤੇ ਉਹ ਉਹਨਾਂ ਨਾਲ ਜ਼ੁਲਮ ਦੇ ਸਮੇਂ ਵੀ ਗੱਲ ਕਰਦਾ ਹੈ ।16ਹਾਂ, ਉਹ ਨੇ ਤੈਨੂੰ ਦੁੱਖ ਦੇ ਮੂੰਹ ਤੋਂ ਕੱਢ ਕੇ ਅਜਿਹੇ ਖੁੱਲ੍ਹੇ ਥਾਂ ਵਿੱਚ ਪਹੁੰਚਾਉਂਦਾ ਹੈ ਜਿੱਥੇ ਕੋਈ ਤੰਗੀ ਨਹੀਂ, ਅਤੇ ਤੇਰੀ ਮੇਜ਼ ਉੱਤੇ ਚਿਕਨਾ ਭੋਜਨ ਪਰੋਸਦਾ ਹੈ ।
17ਪਰ ਹੁਣ ਤੂੰ ਦੁਸ਼ਟਾਂ ਦੇ ਯੋਗ ਸਜ਼ਾ ਨਾਲ ਭਰਿਆ ਹੋਇਆ ਹੈ, ਸਜ਼ਾ ਅਤੇ ਨਿਆਂ ਤੈਨੂੰ ਫੜ੍ਹਦੇ ਹਨ ।18ਖ਼ਬਰਦਾਰ, ਕਿਤੇ ਕਹਿਰ ਤੈਨੂੰ ਠੱਠੇ ਲਈ ਪਰੇਰੇ, ਨਾ ਪਰਾਸਚਿੱਤ ਦਾ ਵਾਧਾ ਤੈਨੂੰ ਕੁਰਾਹੇ ਪਵੇ !
19ਭਲਾ, ਤੇਰੀ ਦੁਹਾਈ ਜਾਂ ਸ਼ਕਤੀ ਦਾ ਸਾਰਾ ਜ਼ੋਰ ਤੈਨੂੰ ਛੁਡਾਵੇਗਾ ਕਿ ਤੂੰ ਦੁੱਖ ਵਿੱਚ ਨਾ ਪਵੇਂ ?20ਉਸ ਰਾਤ ਲਈ ਨਾ ਲੋਚ, ਜਦੋਂ ਲੋਕ ਆਪਣੇ ਸਥਾਨਾਂ ਤੋਂ ਕੱਢੇ ਜਾਂਦੇ ਹਨ ।21ਚੌਕਸ ਰਹਿ, ਬੁਰਿਆਈ ਵੱਲ ਨਾ ਫਿਰ, ਕਿਉਂ ਜੋ ਤੂੰ ਦੁੱਖ ਤੋਂ ਜ਼ਿਆਦਾ ਇਸੇ ਨੂੰ ਚੁਣਿਆ ਹੈ ।

22ਵੇਖ, ਪਰਮੇਸ਼ੁਰ ਆਪਣੇ ਸਮਰੱਥਾ ਨਾਲ ਸ਼ਾਨਦਾਰ ਕੰਮ ਕਰਦਾ ਹੈ, ਉਹ ਦੇ ਤੁੱਲ ਸਿੱਖਿਆ ਦੇਣ ਵਾਲਾ ਕੌਣ ਹੈ ?23ਕਿਸ ਨੇ ਉਹ ਦੇ ਲਈ ਉਹ ਦਾ ਰਸਤਾ ਠਹਿਰਾਇਆ, ਜਾਂ ਕੌਣ ਕਹਿ ਸਕਦਾ ਹੈ ਕਿ ਤੂੰ ਗਲਤੀ ਕੀਤੀ ਹੈ ?24ਉਸ ਦੇ ਕੰਮਾਂ ਦੀ ਵਡਿਆਈ ਕਰਨਾ ਯਾਦ ਰੱਖ, ਜਿਸ ਦੀ ਉਸਤਤ ਦਾ ਗੀਤ ਮਨੁੱਖ ਗਾਉਂਦੇ ਹਨ ।
25ਸਾਰੇ ਮਨੁੱਖਾਂ ਨੇ ਉਹ ਨੂੰ ਵੇਖਿਆ ਹੈ, ਮਨੁੱਖ ਉਹ ਨੂੰ ਦੂਰੋਂ ਤੱਕਦਾ ਹੈ ।26ਵੇਖ, ਪਰਮੇਸ਼ੁਰ ਮਹਾਨ ਹੈ ਅਤੇ ਅਸੀਂ ਉਹ ਨੂੰ ਨਹੀਂ ਜਾਣਦੇ, ਉਹ ਦੇ ਵਰਿਹਾਂ ਦੀ ਗਿਣਤੀ ਸਮਝ ਤੋਂ ਪਰ੍ਹੇ ਹੈ ।

27ਉਹ ਤਾਂ ਪਾਣੀ ਦੀਆਂ ਬੂੰਦਾਂ ਉਤਾਹਾਂ ਖਿੱਚਦਾ ਹੈ, ਜਿਹੜੀਆਂ ਉਹ ਦੀ ਭਾਫ਼ ਤੋਂ ਮੀਂਹ ਬਣ ਕੇ ਵਰ੍ਹਦਿਆਂ ਹਨ,28ਜਿਹਨਾਂ ਨੂੰ ਬੱਦਲ ਡੋਲ੍ਹਦੇ ਹਨ, ਅਤੇ ਉਹ ਮਨੁੱਖਾਂ ਉੱਤੇ ਬਹੁਤਾਇਤ ਨਾਲ ਵਰ੍ਹਦੀਆਂ ਹਨ ।29ਭਲਾ, ਕੋਈ ਘਟਾਂ ਦਾ ਫੈਲਣਾ ਅਤੇ ਉਹ ਦੇ ਮੰਡਪ ਦੀਆਂ ਗਰਜਾਂ ਸਮਝ ਸਕਦਾ ਹੈ ?
30ਵੇਖ, ਉਹ ਉਸ ਉੱਤੇ ਆਪਣਾ ਚਾਨਣ ਫੈਲਾਉਂਦਾ ਹੈ, ਅਤੇ ਸਮੁੰਦਰ ਦੀਆਂ ਜੜ੍ਹਾਂ ਨੂੰ ਵੀ ਢੱਕਦਾ ਹੈ ।31ਉਹ ਤਾਂ ਇਹਨਾਂ ਦੇ ਰਾਹੀਂ ਦੇਸ-ਦੇਸ ਦੇ ਲੋਕਾਂ ਦਾ ਇਨਸਾਫ਼ ਕਰਦਾ ਹੈ, ਅਤੇ ਵਾਫ਼ਰੀ ਨਾਲ ਭੋਜਨ ਦਿੰਦਾ ਹੈ ।
32ਉਹ ਆਪਣਾ ਹੱਥ ਬਿਜਲੀ ਨਾਲ ਭਰਦਾ ਹੈ, ਅਤੇ ਉਹ ਨੂੰ ਹੁਕਮ ਦਿੰਦਾ ਹੈ ਕਿ ਉਹ ਨਿਸ਼ਾਨੇ ਉੱਤੇ ਡਿੱਗੇ ।33ਉਹ ਦੀ ਕੜਕ ਆਉਣ ਵਾਲੇ ਤੂਫ਼ਾਨ ਦੀ ਖ਼ਬਰ ਦਿੰਦੀ ਹੈ, ਪਸ਼ੂ ਵੀ ਉਹ ਦੀ ਚੜ੍ਹਤ ਦੀ ਖ਼ਬਰ ਦਿੰਦੇ ਹਨ ।

37

1ਹਾਂ, ਇਸ ਗੱਲ ਤੇ ਵੀ ਮੇਰਾ ਦਿਲ ਕੰਬਦਾ ਹੈ, ਅਤੇ ਆਪਣੇ ਥਾਂ ਤੋਂ ਉੱਛਲਦਾ ਹੈ ।2ਉਹ ਦੇ ਗੱਜਣ ਦੀ ਅਵਾਜ਼ ਨੂੰ, ਅਤੇ ਉਹ ਗੂੰਜ ਜਿਹੜੀ ਉਹ ਦੇ ਮੂੰਹੋਂ ਨਿੱਕਲਦੀ ਹੈ, ਸੁਣੋ !3ਉਹ ਉਸ ਨੂੰ ਸਾਰੇ ਅਕਾਸ਼ ਦੇ ਹੇਠ ਅਤੇ ਆਪਣੀ ਬਿਜਲੀ ਨੂੰ ਧਰਤੀ ਦੀਆਂ ਹੱਦਾਂ ਤੱਕ ਭੇਜਦਾ ਹੈ ।

4ਉਹ ਦੇ ਪਿੱਛੇ ਇੱਕ ਗੱਜਣ ਦਾ ਸ਼ਬਦ ਹੁੰਦਾ ਹੈ, ਉਹ ਆਪਣੀ ਸ਼ਾਨਦਾਰ ਅਵਾਜ਼ ਨਾਲ ਗੜ੍ਹਕਦਾ ਹੈ, ਅਤੇ ਜਦ ਉਹ ਦਾ ਸ਼ਬਦ ਸੁਣਾਈ ਦਿੰਦਾ ਹੈ ਤਾਂ ਬਿਜਲੀਆਂ ਲਗਾਤਾਰ ਚਮਕਦੀਆਂ ਹਨ !5ਪਰਮੇਸ਼ੁਰ ਅਦਭੁਤ ਤਰੀਕੇ ਨਾਲ ਆਪਣਾ ਸ਼ਬਦ ਸੁਣਾਉਂਦਾ ਹੈ, ਉਹ ਵੱਡੇ-ਵੱਡੇ ਕੰਮ ਕਰਦਾ ਹੈ ਜਿਹੜੇ ਅਸੀਂ ਸਮਝਦੇ ਨਹੀਂ ।6ਉਹ ਤਾਂ ਬਰਫ਼ ਨੂੰ ਆਖਦਾ ਹੈ, "ਧਰਤੀ ਉੱਤੇ ਡਿੱਗ !" ਨਾਲੇ ਮੀਂਹ ਦੀਆਂ ਫੁਹਾਰਾਂ ਨੂੰ, ਅਤੇ ਮੋਹਲੇਧਾਰ ਮੀਂਹ ਦੀਆਂ ਫੁਹਾਰਾਂ ਨੂੰ ਵੀ ਇਹੋ ਹੁਕਮ ਦਿੰਦਾ ਹੈ ।
7ਉਹ ਸਭਨਾਂ ਨੂੰ ਉਹਨਾਂ ਦੇ ਕੰਮਾਂ ਤੋਂ ਰੋਕ ਦਿੰਦਾ ਹੈ ਤਾਂ ਜੋ ਉਸ ਦੇ ਬਣਾਏ ਹੋਏ ਸਾਰੇ ਮਨੁੱਖ ਉਹ ਦੇ ਕੰਮਾਂ ਨੂੰ ਜਾਣਨ ।8ਤਦ ਜੰਗਲੀ ਜਾਨਵਰ ਖੁੰਧਰਾਂ ਵਿੱਚ ਜਾਂਦੇ ਹਨ, ਅਤੇ ਆਪਣੇ ਘੁਰਨਿਆਂ ਵਿੱਚ ਜਾ ਵੱਸਦੇ ਹਨ ।9ਤੂਫ਼ਾਨ ਆਪਣੀ ਕੋਠੜੀ ਤੋਂ ਬਾਹਰ ਆਉਂਦਾ ਹੈ, ਅਤੇ ਖਿਲਾਰਨ ਵਾਲੀਆਂ ਹਵਾਵਾਂ ਨਾਲ ਪਾਲਾ ਆਉਂਦਾ ਹੈ ।
10ਪਰਮੇਸ਼ੁਰ ਦੇ ਸਾਹ ਨਾਲ ਬਰਫ਼ ਪੈਂਦੀ ਹੈ, ਅਤੇ ਚੌੜੇ ਪਾਣੀ ਜੰਮ ਜਾਂਦੇ ਹਨ ।11ਹਾਂ, ਉਹ ਘਟਾਂ ਉੱਤੇ ਨਮੀ ਨੂੰ ਲੱਦਦਾ ਹੈ, ਉਹ ਆਪਣੀ ਬਿਜਲੀ ਦੇ ਬੱਦਲ ਨੂੰ ਦੂਰ ਤੱਕ ਫੈਲਾਉਂਦਾ ਹੈ ।
12ਉਹ ਉਸ ਦੀ ਅਗਵਾਈ ਨਾਲ ਆਲੇ-ਦੁਆਲੇ ਫਿਰਦੇ ਹਨ, ਭਈ ਜੋ ਕੁਝ ਉਹ ਹੁਕਮ ਦੇਵੇ, ਉਹ ਉਸ ਦੀ ਵਸਾਈ ਹੋਈ ਧਰਤੀ ਉੱਤੇ ਪੂਰਾ ਕਰਨ ।13ਭਾਵੇਂ ਤਾੜਨ ਲਈ, ਭਾਵੇਂ ਆਪਣੀ ਧਰਤੀ ਦੀ ਭਲਿਆਈ ਲਈ, ਭਾਵੇਂ ਮਨੁੱਖਾਂ ਉੱਤੇ ਦਯਾ ਕਰਨ ਲਈ ਉਸ ਨੂੰ ਭੇਜਦਾ ਹੈ ।

14ਹੇ ਅਯੂੱਬ, ਇਸ ਗੱਲ ਵੱਲ ਕੰਨ ਲਾ ਅਤੇ ਸੁਣ ਲੈ, ਚੁੱਪ-ਚਾਪ ਖੜ੍ਹਾ ਰਹਿ ਅਤੇ ਪਰਮੇਸ਼ੁਰ ਦੇ ਅਚੰਭਿਆਂ ਨੂੰ ਗੌਰ ਨਾਲ ਸੋਚ !15ਕੀ ਤੂੰ ਜਾਣਦਾ ਹੈਂ ਕਿ ਪਰਮੇਸ਼ੁਰ ਕਿਵੇਂ ਬੱਦਲਾਂ ਉੱਤੇ ਹੁਕਮ ਚਲਾਉਂਦਾ ਹੈ, ਅਤੇ ਆਪਣੇ ਬੱਦਲਾਂ ਦੀ ਬਿਜਲੀ ਚਮਕਾਉਂਦਾ ਹੈ ?
16ਕੀ ਤੂੰ ਬੱਦਲਾਂ ਦਾ ਤੋਲਣਾ ਅਤੇ ਉਹ ਦੇ ਅਚੰਭੇ ਕੰਮ ਜੋ ਗਿਆਨ ਵਿੱਚ ਸੰਪੂਰਨ ਹਨ, ਜਾਣਦਾ ਹੈਂ ?17ਤੂੰ ਜਿਸ ਦੇ ਬਸਤਰ ਗਰਮ ਹਨ, ਜਦ ਕਿ ਦੱਖਣੀ ਹਵਾ ਤੋਂ ਧਰਤੀ ਸੁੰਨ ਹੋ ਜਾਂਦੀ ਹੈ ?
18ਭਲਾ, ਤੂੰ ਉਹ ਦੇ ਨਾਲ ਅਕਾਸ਼ ਮੰਡਲ ਤਾਣ ਸਕਦਾ ਹੈ, ਜਿਹੜਾ ਢਾਲੇ ਹੋਏ ਸ਼ੀਸ਼ੇ ਵਾਂਗੂੰ ਨਿੱਗਰ ਹੈ ?

19ਸਾਨੂੰ ਸਮਝਾ ਭਈ ਅਸੀਂ ਉਹ ਨੂੰ ਕੀ ਆਖੀਏ, ਅਸੀਂ ਆਪਣੀਆਂ ਗੱਲਾਂ ਨੂੰ ਹਨੇਰੇ ਦੇ ਕਾਰਨ ਸੁਧਾਰ ਨਹੀਂ ਸਕਦੇ ।20ਭਲਾ, ਉਹ ਨੂੰ ਦੱਸਿਆ ਜਾਵੇ ਕਿ ਮੈਂ ਬੋਲਣਾ ਚਾਹੁੰਦਾ ਹਾਂ ? ਕੋਈ ਮਨੁੱਖ ਕਦੀ ਚਾਹੇਗਾ ਕਿ ਮੈਂ ਨਿਗਲ ਲਿਆ ਜਾਂਵਾਂ ?
21ਹੁਣੇ ਤਾਂ ਕੋਈ ਸੂਰਜ ਵੱਲ ਵੀ ਨਹੀਂ ਵੇਖ ਸਕਦਾ, ਜਿਹੜਾ ਬੱਦਲਾਂ ਵਿੱਚ ਚਮਕਦਾ ਹੈ, ਜਦ ਹਵਾ ਲੰਘ ਕੇ ਉਹਨਾਂ ਨੂੰ ਸਾਫ਼ ਕਰ ਦਿੰਦੀ ਹੈ ।22ਉੱਤਰ ਵੱਲੋਂ ਸੁਨਿਹਰੀ ਝਲਕ ਆਉਂਦੀ ਹੈ, ਪਰਮੇਸ਼ੁਰ ਭੈ ਯੋਗ ਤੇਜ ਤੋਂ ਸ਼ੋਭਾਮਾਨ ਹੈ !
23ਸਰਬ ਸ਼ਕਤੀਮਾਨ ਨੂੰ ਜੋ ਸ਼ਕਤੀ ਵਿੱਚ ਮਹਾਨ ਹੈ ਅਤੇ ਜਿਸ ਦਾ ਭੇਤ ਅਸੀਂ ਨਹੀਂ ਪਾ ਸਕਦੇ, ਉਹ ਨਿਆਂ ਅਤੇ ਧਰਮ ਦੀ ਬਹੁਤਾਇਤ ਨੂੰ ਨਿਰਬਲ ਨਹੀਂ ਕਰਦਾ !24ਇਸ ਲਈ ਮਨੁੱਖ ਉਸ ਤੋਂ ਡਰਦੇ ਹਨ, ਉਹ ਆਪਣੀ ਨਜ਼ਰ ਵਿੱਚ ਬੁੱਧਵਾਨ ਹਨ, ਉਹਨਾਂ ਦੀ ਉਹ ਪਰਵਾਹ ਨਹੀਂ ਕਰਦਾ ।"

38
ਪਰਮੇਸ਼ੁਰ ਦਾ ਅਯੂੱਬ ਨੂੰ ਉੱਤਰ

1ਤਦ ਯਹੋਵਾਹ ਨੇ ਅਯੂੱਬ ਨੂੰ ਵਾਵਰੋਲੇ ਦੇ ਵਿੱਚੋਂ ਉੱਤਰ ਦਿੱਤਾ ਅਤੇ ਆਖਿਆ,2"ਇਹ ਕੌਣ ਹੈ ਜਿਹੜਾ ਗਿਆਨਹੀਨ ਗੱਲਾਂ ਨਾਲ ਮੇਰੀ ਸਲਾਹ ਨੂੰ ਹਨੇਰੇ ਵਿੱਚ ਰੱਖਦਾ ਹੈ ?3ਪੁਰਖ ਵਾਂਗੂੰ ਆਪਣੀ ਕਮਰ ਕੱਸ ਲੈ ! ਮੈਂ ਤੈਥੋਂ ਸਵਾਲ ਕਰਦਾ ਹਾਂ, ਅਤੇ ਤੂੰ ਮੈਨੂੰ ਉੱਤਰ ਦੇ !

4ਜਦ ਮੈਂ ਧਰਤੀ ਦੀ ਨੀਂਹ ਰੱਖੀ ਤਾਂ ਤੂੰ ਕਿੱਥੇ ਸੀ ? ਜੇ ਤੂੰ ਸਮਝ ਰੱਖਦਾ ਹੈ ਤਾਂ ਜਵਾਬ ਦੇ !5ਕਿਸ ਨੇ ਉਹ ਦਾ ਨਾਪ ਠਹਿਰਾਇਆ, ਤੂੰ ਤਾਂ ਜ਼ਰੂਰ ਹੀ ਜਾਣਦਾ ਹੋਵੇਂਗਾ, ਜਾਂ ਕਿਸ ਨੇ ਉਹ ਦੇ ਉੱਤੇ ਜ਼ਰੀਬ ਖਿੱਚੀ ?
6ਕਿਸ ਦੇ ਉੱਤੇ ਉਹ ਦੀਆਂ ਟੇਕਾਂ ਰੱਖੀਆਂ ਗਈਆਂ, ਜਾਂ ਕਿਸ ਨੇ ਉਹ ਦੇ ਸਿਰੇ ਦਾ ਪੱਥਰ ਧਰਿਆ,7ਜਦ ਸਵੇਰ ਦੇ ਤਾਰੇ ਮਿਲ ਕੇ ਜੈਕਾਰੇ ਗਜਾਉਂਦੇ ਸਨ, ਅਤੇ ਪਰਮੇਸ਼ੁਰ ਦੇ ਸਾਰੇ ਪੁੱਤਰ ਨਾਰੇ ਮਾਰਦੇ ਸਨ ?

8ਜਾਂ ਕਿਸ ਨੇ ਸਮੁੰਦਰ ਨੂੰ ਦਰਵਾਜ਼ਿਆਂ ਦੇ ਪਿੱਛੇ ਬੰਦ ਕੀਤਾ, ਜਦ ਉਹ ਕੁੱਖੋਂ ਫੁੱਟ ਨਿੱਕਲਿਆ ?9ਜਦ ਮੈਂ ਬੱਦਲ ਨੂੰ ਉਹ ਦਾ ਲਿਬਾਸ ਪਹਿਨਾਇਆ, ਅਤੇ ਘੁੱਪ ਹਨੇਰੇ ਵਿੱਚ ਉਸ ਨੂੰ ਲਪੇਟ ਦਿੱਤਾ,
10ਅਤੇ ਉਹ ਦੀਆਂ ਹੱਦਾਂ ਠਹਿਰਾਈਆਂ, ਅਤੇ ਅਰਲ ਤੇ ਕਵਾੜ ਲਾਏ ?11ਅਤੇ ਆਖਿਆ, ਐਥੇ ਤੱਕ ਹੀ ਆਈਂ, ਅੱਗੇ ਨਾ ਵਧੀਂ, ਅਤੇ ਐਥੇ ਹੀ ਤੇਰੀਆਂ ਠਾਠਾਂ ਮਾਰਦੀਆਂ ਲਹਿਰਾਂ ਰੁੱਕ ਜਾਣ !

12ਕੀ ਤੂੰ ਆਪਣਿਆਂ ਦਿਨਾਂ ਵਿੱਚ ਕਦੀ ਸਵੇਰੇ ਉੱਤੇ ਹੁਕਮ ਦਿੱਤਾ ? ਕੀ ਤੂੰ ਸਾਜਰੇ ਨੂੰ ਉਹ ਦਾ ਥਾਂ ਸਿਖਾਇਆ,13ਭਈ ਉਹ ਧਰਤੀ ਦੀਆਂ ਹੱਦਾਂ ਨੂੰ ਫੜ੍ਹ ਲਵੇ, ਅਤੇ ਦੁਸ਼ਟ ਉਹ ਦੇ ਵਿੱਚੋਂ ਝਾੜੇ ਜਾਣ ?
14ਉਹ ਬਦਲ ਜਾਂਦਾ ਹੈ ਜਿਵੇਂ ਚੀਕਣੀ ਮਿੱਟੀ ਮੋਹਰ ਦੇ ਹੇਠੋਂ, ਤਦ ਸਾਰੀਆਂ ਵਸਤਾਂ ਜਾਣੋ ਬਸਤਰ ਪਹਿਨੇ ਵਿਖਾਈ ਦਿੰਦੀਆਂ ਹਨ,15ਅਤੇ ਦੁਸ਼ਟਾਂ ਤੋਂ ਉਹਨਾਂ ਦਾ ਚਾਨਣ ਰੋਕ ਲਿਆ ਜਾਂਦਾ ਹੈ, ਅਤੇ ਉੱਚੀ ਬਾਂਹ ਭੰਨੀ ਜਾਂਦੀ ਹੈ ।

16ਕੀ ਤੂੰ ਸਮੁੰਦਰ ਦੇ ਸੋਤਿਆਂ ਵਿੱਚ ਵੜਿਆ, ਜਾਂ ਡੂੰਘਿਆਈ ਦੇ ਗੁੱਝੇ ਹਿੱਸਿਆਂ ਵਿੱਚ ਚਲਿਆ ਹੈਂ ?17ਕੀ ਮੌਤ ਦੇ ਫਾਟਕ ਤੇਰੇ ਲਈ ਪਰਗਟ ਕੀਤੇ ਗਏ, ਜਾਂ ਘੋਰ ਅੰਧਕਾਰ ਦੇ ਫਾਟਕਾਂ ਨੂੰ ਤੂੰ ਵੇਖਿਆ ਹੈ ?18ਕੀ ਤੂੰ ਧਰਤੀ ਦੇ ਵਿਸਤਾਰ ਨੂੰ ਸਮਝ ਲਿਆ ਹੈ ? ਤੂੰ ਦੱਸ, ਜੇ ਤੂੰ ਇਹ ਸਭ ਕੁਝ ਜਾਣਦਾ ਹੈ !

19ਚਾਨਣ ਦੀ ਵੱਸੋਂ ਦਾ ਰਾਹ ਕਿੱਧਰ ਹੈ, ਅਤੇ ਹਨੇਰੇ ਦਾ ਸਥਾਨ ਕਿੱਥੇ ਹੈ ?20ਕੀ ਤੂੰ ਉਹ ਨੂੰ ਉਹ ਦੇ ਸਥਾਨ ਤੱਕ ਪਹੁੰਚਾ ਸਕਦਾ ਹੈਂ, ਅਤੇ ਉਹ ਦੇ ਘਰ ਦੇ ਰਾਹਾਂ ਨੂੰ ਜਾਣਦਾ ਹੈਂ ।21ਤੂੰ ਜ਼ਰੂਰ ਹੀ ਇਹ ਸਭ ਕੁਝ ਜਾਣਦਾ ਹੋਵੇਂਗਾ, ਕਿਉਂ ਜੋ ਤੂੰ ਉਸ ਵੇਲੇ ਜੰਮਿਆ ਸੀ, ਅਤੇ ਤੇਰੇ ਦਿਨਾਂ ਦੀ ਗਿਣਤੀ ਬਹੁਤੀ ਹੈ !

22ਕੀ ਤੂੰ ਬਰਫ਼ ਦੇ ਖ਼ਜ਼ਾਨਿਆਂ ਕੋਲ ਗਿਆ, ਅਤੇ ਗੜਿਆਂ ਦੇ ਖ਼ਜ਼ਾਨਿਆਂ ਨੂੰ ਵੇਖਿਆ,23ਜਿਹਨਾਂ ਨੂੰ ਮੈਂ ਦੁੱਖ ਦੇ ਵੇਲੇ ਲਈ ਅਤੇ ਲੜਾਈ ਤੇ ਯੁੱਧ ਦੇ ਦਿਨਾਂ ਲਈ ਬਚਾ ਕੇ ਰੱਖਿਆ ਹੈ ?24ਚਾਨਣ ਦੀ ਵੰਡ ਦਾ ਰਾਹ ਕਿਹੜਾ ਹੈ, ਜਾਂ ਪੂਰਬੀ ਹਵਾ ਧਰਤੀ ਉੱਤੇ ਕਿਵੇਂ ਖਿਲਾਰੀ ਜਾਂਦੀ ਹੈ ?
25ਕਿਸ ਨੇ ਹੜ੍ਹਾਂ ਲਈ ਨਾਲੀ ਪੁੱਟੀ, ਜਾਂ ਕੜਕਣ ਵਾਲੀ ਬਿਜਲੀ ਲਈ ਰਾਹ ਬਣਾਇਆ,26ਤਾਂ ਜੋ ਮਨੁੱਖਾਂ ਤੋਂ ਖ਼ਾਲੀ ਧਰਤੀ ਉੱਤੇ ਮੀਂਹ ਵਰ੍ਹਾਵੇ, ਉਜਾੜ ਉੱਤੇ ਜਿੱਥੇ ਕੋਈ ਆਦਮੀ ਨਹੀਂ,27ਭਈ ਉਜੜੇ ਅਤੇ ਸੁੰਨੇ ਦੇਸ ਨੂੰ ਰਜਾਵੇ, ਅਤੇ ਹਰਾ ਘਾਹ ਉਗਾਵੇ ?
28ਕੀ ਮੀਂਹ ਦਾ ਕੋਈ ਪਿਤਾ ਹੈ, ਜਾਂ ਤ੍ਰੇਲ ਦੀਆਂ ਬੂੰਦਾਂ ਕਿਸ ਤੋਂ ਜੰਮੀਆਂ ਹਨ ?29ਕਿਸ ਦੇ ਗਰਭ ਤੋਂ ਬਰਫ਼ ਜੰਮੀ, ਜਾਂ ਅਕਾਸ਼ ਦਾ ਕੱਕਰ ਕਿਸ ਤੋਂ ਜੰਮਿਆ ?30ਪਾਣੀ ਪੱਥਰ ਵਾਂਗੂੰ ਜੰਮ ਜਾਂਦੇ, ਅਤੇ ਡੂੰਘਿਆਈ ਦੀ ਤਹਿ ਉੱਤੇ ਜਮਾਓ ਹੋ ਜਾਂਦਾ ਹੈ ।

31ਕੀ ਤੂੰ ਕੱਚਪਚਿਆਂ ਦੇ ਬੰਧਨਾਂ ਨੂੰ ਬੰਨ੍ਹ ਸਕਦਾ, ਜਾਂ ਸਪਤ੍ਰਿਖ ਦੇ ਰੱਸਿਆਂ ਨੂੰ ਖੋਲ੍ਹ ਸਕਦਾ ਹੈਂ ?32ਕੀ ਤੂੰ ਰੁੱਤਾਂ ਨੂੰ ਸਮੇਂ ਸਿਰ ਬਦਲ ਸਕਦਾ ਹੈਂ, ਜਾਂ ਭਾਲੂ ਦੀ ਉਹ ਦੇ ਬੱਚਿਆਂ ਸਮੇਤ ਅਗਵਾਈ ਕਰ ਸਕਦਾ ਹੈਂ ?33ਕੀ ਤੂੰ ਅਕਾਸ਼ ਦੀਆਂ ਬਿਧੀਆਂ ਨੂੰ ਜਾਣਦਾ ਹੈਂ ? ਕੀ ਤੂੰ ਉਹ ਦਾ ਰਾਜ ਧਰਤੀ ਉੱਤੇ ਕਾਇਮ ਕਰ ਸਕਦਾ ਹੈਂ ?

34ਕੀ ਤੂੰ ਆਪਣੀ ਅਵਾਜ਼ ਨੂੰ ਬੱਦਲ ਤੱਕ ਉੱਚੀ ਕਰ ਸਕਦਾ ਹੈਂ, ਜੋ ਪਾਣੀ ਦੀ ਵਾਫ਼ਰੀ ਤੈਨੂੰ ਕੱਜ ਲਵੇ ?35ਕੀ ਤੂੰ ਬਿਜਲੀਆਂ ਨੂੰ ਘੱਲ ਸਕਦਾ ਹੈਂ ਕਿ ਉਹ ਚਲੀਆਂ ਜਾਣ, ਅਤੇ ਉਹ ਤੈਨੂੰ ਆਖਣ, "ਅਸੀਂ ਹਾਜ਼ਰ ਹਾਂ" ?
36ਅੰਤਹਕਰਨ ਵਿੱਚ ਬੁੱਧੀ ਕਿਸ ਨੇ ਰੱਖੀ, ਜਾਂ ਮਨ ਵਿੱਚ ਕਿਸ ਨੇ ਸਮਝ ਬਖ਼ਸ਼ੀ ?37ਕੌਣ ਬੱਦਲਾਂ ਨੂੰ ਬੁੱਧੀ ਨਾਲ ਗਿਣ ਸਕਦਾ ਹੈ, ਅਤੇ ਅਕਾਸ਼ ਦੀਆਂ ਮਸ਼ਕਾਂ ਨੂੰ ਕੌਣ ਡੋਲ੍ਹ ਸਕਦਾ ਹੈ,38ਜਦ ਧੂੜ ਮਿਲ ਕੇ ਘਾਣੀ ਬਣ ਜਾਂਦੀ ਹੈ, ਅਤੇ ਡਲੇ ਘੁਲ ਜਾਂਦੇ ਹਨ ?

39ਕੀ ਤੂੰ ਬੱਬਰ ਸ਼ੇਰਨੀ ਲਈ ਸ਼ਿਕਾਰ ਮਾਰ ਸਕਦਾ ਹੈਂ, ਅਤੇ ਬੱਬਰ ਸ਼ੇਰ ਦੇ ਬੱਚਿਆਂ ਦੀ ਭੁੱਖ ਨੂੰ ਮਿਟਾ ਸਕਦਾ ਹੈਂ,40ਜਦ ਉਹ ਆਪਣੀਆਂ ਖੁੰਧਰਾਂ ਵਿੱਚ ਦਬਕੇ ਬੈਠੇ ਹਨ, ਅਤੇ ਝਾੜੀਆਂ ਵਿੱਚ ਛਹਿ ਲਾ ਕੇ ਰਹਿੰਦੇ ਹਨ ?
41ਕੌਣ ਪਹਾੜੀ ਕਾਂ ਲਈ ਉਹ ਦਾ ਚੋਗਾ ਤਿਆਰ ਕਰਦਾ ਹੈ, ਜਦ ਉਹ ਦੇ ਬੱਚੇ ਪਰਮੇਸ਼ੁਰ ਅੱਗੇ ਚਿੱਲਾਉਂਦੇ ਹਨ, ਅਤੇ ਚੋਗੇ ਤੋਂ ਬਿਨ੍ਹਾਂ ਉੱਡਦੇ ਫਿਰਦੇ ਹਨ ?

39

1ਕੀ ਤੂੰ ਪਹਾੜੀ ਬੱਕਰੀਆਂ ਦੇ ਸੂਣ ਦਾ ਵੇਲਾ ਜਾਣਦਾ ਹੈਂ ? ਕੀ ਤੂੰ ਹਿਰਨੀਆਂ ਦੀ ਪੀੜ ਨੂੰ ਵੇਖਦਾ ਹੈਂ ?2ਕੀ ਤੂੰ ਉਹ ਮਹੀਨੇ ਜਿਹੜੇ ਉਹ ਪੂਰੇ ਕਰਦੀਆਂ ਹਨ ਗਿਣ ਸਕਦਾ ਹੈਂ, ਅਤੇ ਉਹ ਵੇਲਾ ਜਦ ਉਹ ਸੂੰਦੀਆਂ ਹਨ ਜਾਣਦਾ ਹੈਂ ?

3ਉਹ ਝੁਕ ਜਾਂਦੀਆਂ, ਉਹ ਆਪਣੇ ਬੱਚੇ ਜਣਦੀਆਂ ਹਨ, ਉਹ ਆਪਣੀਆਂ ਪੀੜਾਂ ਤੋਂ ਛੁੱਟ ਜਾਂਦੀਆਂ ਹਨ ।4ਉਹਨਾਂ ਦੇ ਬੱਚੇ ਤਕੜੇ ਹੋ ਜਾਂਦੇ, ਉਹ ਮੈਦਾਨ ਵਿੱਚ ਪਲਦੇ ਹਨ, ਉਹ ਨਿੱਕਲ ਜਾਂਦੇ ਹਨ ਅਤੇ ਮੁੜ ਉਹਨਾਂ ਕੋਲ ਨਹੀਂ ਆਉਂਦੇ ।

5ਕਿਸ ਨੇ ਜੰਗਲੀ ਗਧੇ ਨੂੰ ਖੁੱਲ੍ਹਾ ਛੱਡਿਆ, ਜਾਂ ਕਿਸ ਨੇ ਉਸ ਦੇ ਬੰਧਨ ਖੋਲ੍ਹੇ,6ਉਸ ਦਾ ਨਿਵਾਸ ਮੈਂ ਖੁੱਲ੍ਹੇ ਮੈਦਾਨ ਨੂੰ ਠਹਿਰਾਇਆ, ਅਤੇ ਉਹ ਦਾ ਵਸੇਬਾ ਖ਼ਾਰੀ ਭੂਮੀ ਨੂੰ ?
7ਉਹ ਨਗਰ ਦੇ ਰੌਲੇ ਉੱਤੇ ਹੱਸਦਾ ਹੈ, ਉਹ ਹੱਕਣ ਵਾਲੇ ਦੇ ਸ਼ੋਰ ਨੂੰ ਨਹੀਂ ਸੁਣਦਾ ।8ਉਹ ਆਪਣੇ ਚਰਾਂਦ ਲਈ ਪਹਾੜਾਂ ਤੇ ਲੱਭਦਾ ਫਿਰਦਾ ਹੈ, ਉਹ ਹਰ ਇੱਕ ਹਰੀ ਚੀਜ਼ ਦੀ ਭਾਲ ਕਰਦਾ ਹੈ ।

9ਕੀ ਜੰਗਲੀ ਸਾਨ੍ਹ ਤੇਰੀ ਸੇਵਾ ਕਰੇਗਾ, ਜਾਂ ਤੇਰੀ ਖੁਰਲੀ ਉੱਤੇ ਰਾਤ ਕੱਟੇਗਾ ?10ਕੀ ਤੂੰ ਜੰਗਲੀ ਸਾਨ੍ਹ ਨੂੰ ਰੱਸਿਆਂ ਨਾਲ ਬੰਨ੍ਹ ਕੇ ਆਪਣੇ ਵਾਹੁਣ ਵਿੱਚ ਚਲਾ ਸਕਦਾ ਹੈਂ ? ਜਾਂ ਉਹ ਘਾਟੀਆਂ ਵਿੱਚ ਤੇਰੇ ਪਿੱਛੇ-ਪਿੱਛੇ ਸੁਹਾਗਾ ਫੇਰੇਗਾ ?
11ਕੀ ਤੂੰ ਉਹ ਦੇ ਵੱਡੇ ਬਲ ਦੇ ਕਾਰਨ ਉਹ ਦੇ ਉੱਤੇ ਭਰੋਸਾ ਕਰੇਂਗਾ, ਅਤੇ ਆਪਣਾ ਕੰਮ-ਧੰਦਾ ਉਹ ਦੇ ਉੱਤੇ ਛੱਡੇਂਗਾ ?12ਕੀ ਤੂੰ ਉਸ ਦਾ ਭਰੋਸਾ ਕਰੇਂਗਾ ਕਿ ਉਹ ਤੇਰਾ ਅਨਾਜ ਖਿੱਚ ਕੇ ਘਰ ਲਿਆਵੇ ਅਤੇ ਤੇਰੇ ਪਿੜ ਵਿੱਚ ਇਕੱਠਾ ਕਰੇ ?

13ਸ਼ੁਤਰ ਮੁਰਗੀ ਖੁਸ਼ੀ ਨਾਲ ਆਪਣੇ ਪਰ ਮਾਰਦੀ ਹੈ, ਪਰ ਕੀ ਉਹ ਦੇ ਖੰਭ ਅਤੇ ਪਰ ਦਯਾ ਪਰਗਟ ਕਰਦੇ ਹਨ ?14ਉਹ ਤਾਂ ਆਪਣੇ ਆਂਡੇ ਧਰਤੀ ਦੇ ਹਵਾਲੇ ਕਰ ਦਿੰਦੀ ਹੈ, ਅਤੇ ਮਿੱਟੀ ਉੱਤੇ ਉਹਨਾਂ ਨੂੰ ਗਰਮ ਰੱਖਦੀ ਹੈ,15ਅਤੇ ਭੁੱਲ ਜਾਂਦੀ ਹੈ ਕਿ ਪੈਰਾਂ ਨਾਲ ਉਹ ਤੋੜੇ ਜਾ ਸਕਦੇ ਹਨ, ਅਤੇ ਖੇਤ ਦਾ ਕੋਈ ਜਾਨਵਰ ਉਹਨਾਂ ਨੂੰ ਮਿੱਧ ਸਕਦਾ ਹੈ ।
16ਉਹ ਆਪਣੇ ਬੱਚਿਆਂ ਨਾਲ ਸਖ਼ਤੀ ਕਰਦੀ ਹੈ, ਜਿਵੇਂ ਉਹ ਉਸ ਦੇ ਨਹੀਂ, ਭਾਵੇਂ ਉਸ ਦੀ ਪੀੜਾ ਅਕਾਰਥ ਜਾਵੇ, ਉਹ ਬੇਚਿੰਤ ਹੈ,17ਕਿਉਂ ਜੋ ਪਰਮੇਸ਼ੁਰ ਨੇ ਉਸ ਨੂੰ ਬੁੱਧਹੀਣ ਬਣਾਇਆ, ਅਤੇ ਉਸ ਨੂੰ ਸਮਝ ਨਹੀਂ ਬਖਸ਼ੀ ।18ਜਦ ਉਹ ਨੱਠਣ ਲਈ ਉੱਠਦੀ ਹੈ, ਤਾਂ ਘੋੜੇ ਅਤੇ ਉਸ ਦੇ ਅਸਵਾਰ ਉੱਤੇ ਹੱਸਦੀ ਹੈ !

19ਭਲਾ, ਤੂੰ ਘੋੜੇ ਨੂੰ ਸ਼ਕਤੀ ਦਿੱਤੀ ? ਕੀ ਤੂੰ ਉਹ ਦੀ ਧੌਣ ਉੱਤੇ ਝੂਲਦੀ ਹੋਈ ਅਯਾਲ ਪੁਆਈ ?20ਕੀ ਟਿੱਡੀ ਵਾਂਗੂੰ ਟੱਪਣ ਦਾ ਬਲ ਤੂੰ ਉਸ ਨੂੰ ਦਿੰਦਾ ਹੈਂ ? ਉਹ ਦੇ ਫੁਰਾਟੇ ਦੀ ਸ਼ਾਨ ਭਿਆਣਕ ਹੈ !
21ਉਹ ਵਾਦੀ ਵਿੱਚ ਟਾਪ ਮਾਰਦਾ ਹੈ, ਅਤੇ ਆਪਣੇ ਬਲ ਵਿੱਚ ਖੁਸ਼ ਹੁੰਦਾ ਹੈ, ਉਹ ਸ਼ਸਤਰਾਂ ਦੇ ਟਾਕਰੇ ਲਈ ਨਿੱਕਲਦਾ ਹੈ ।22ਉਹ ਡਰ ਉੱਤੇ ਹੱਸਦਾ ਹੈ ਅਤੇ ਘਬਰਾਉਂਦਾ ਨਹੀਂ, ਅਤੇ ਤਲਵਾਰ ਅੱਗੋਂ ਮੂੰਹ ਨਹੀਂ ਮੋੜਦਾ !23ਉਹ ਦੇ ਉੱਤੇ ਤਰਕਸ਼ ਖੜਕਦਾ ਹੈ, ਅਤੇ ਚਮਕਦਾ ਹੋਇਆ ਬਰਛਾ ਤੇ ਸਾਂਗ ਵੀ ।
24ਉਹ ਜੋਸ਼ ਅਤੇ ਕਹਿਰ ਵਿੱਚ ਧਰਤੀ ਨੂੰ ਖਾਈ ਜਾਂਦਾ ਹੈ, ਜਦ ਤੁਰ੍ਹੀ ਦੀ ਅਵਾਜ਼ ਆਉਂਦੀ ਹੈ ਤਾਂ ਉਹ ਖੜ੍ਹਾ ਨਹੀਂ ਰਹਿੰਦਾ ।25ਜਦ ਤੁਰ੍ਹੀ ਵੱਜਦੀ ਹੈ, ਉਹ ਹਿਣਕਦਾ ਹੈ, ਅਤੇ ਲੜਾਈ ਨੂੰ ਦੂਰੋਂ ਸੁੰਘ ਲੈਂਦਾ ਹੈ, ਅਤੇ ਸੈਨਾਪਤੀ ਦੀ ਗੱਜ ਅਤੇ ਲਲਕਾਰ ਨੂੰ ਵੀ !

26ਕੀ ਬਾਜ ਤੇਰੀ ਸਮਝ ਨਾਲ ਉੱਡਦਾ ਹੈ, ਅਤੇ ਦੱਖਣ ਵੱਲ ਆਪਣੇ ਖੰਭਾਂ ਨੂੰ ਫੈਲਾਉਂਦਾ ਹੈ ?
27ਕੀ ਉਕਾਬ ਤੇਰੇ ਹੁਕਮ ਨਾਲ ਉੱਚਾ ਜਾਂਦਾ ਹੈ ਕਿ ਉਹ ਉਚਿਆਈ ਤੇ ਆਪਣਾ ਆਲ੍ਹਣਾ ਬਣਾਵੇ ?28ਉਹ ਟਿੱਲੇ ਉੱਤੇ ਵੱਸਦਾ ਹੈ, ਟਿੱਲੇ ਦੀ ਟੀਸੀ ਉੱਤੇ ਅਤੇ ਪੱਕੇ ਸਥਾਨ ਵਿੱਚ ਰਹਿੰਦਾ ਹੈ ।
29ਉੱਥੋਂ ਉਹ ਆਪਣਾ ਭੋਜਣ ਲੱਭ ਲੈਂਦਾ ਹੈ, ਉਹ ਦੀਆਂ ਅੱਖਾਂ ਦੂਰੋਂ ਤਾੜ ਲੈਂਦੀਆਂ ਹਨ ।30ਉਹ ਦੇ ਬੱਚੇ ਲਹੂ ਚੂਸਦੇ ਹਨ, ਅਤੇ ਜਿੱਥੇ ਵੱਢੇ ਲੋਕ ਹੁੰਦੇ ਹਨ, ਉੱਥੇ ਉਹ ਵੀ ਹੁੰਦਾ ਹੈ ।"

40

1ਫੇਰ ਯਹੋਵਾਹ ਨੇ ਅਯੂੱਬ ਨੂੰ ਇਹ ਵੀ ਆਖਿਆ,2"ਕੀ ਝਗੜਾਲੂ ਸਰਬ ਸ਼ਕਤੀਮਾਨ ਨਾਲ ਲੜੇ ? ਜਿਹੜਾ ਪਰਮੇਸ਼ੁਰ ਨਾਲ ਬਹਿਸ ਕਰਦਾ ਹੈ, ਉਹ ਉੱਤਰ ਦੇਵੇ !

ਅਯੂੱਬ ਦਾ ਉੱਤਰ

3ਤਦ ਅਯੂੱਬ ਨੇ ਯਹੋਵਾਹ ਨੂੰ ਆਖਿਆ4ਵੇਖ, ਮੈਂ ਨਿਕੰਮਾ ਹਾਂ, ਮੈਂ ਕੀ ਉੱਤਰ ਦੇਵਾਂ ? ਮੈਂ ਆਪਣਾ ਹੱਥ ਮੂੰਹ ਤੇ ਰੱਖਦਾ ਹਾਂ ।5ਇੱਕ ਵਾਰ ਮੈਂ ਬੋਲ ਚੁੱਕਿਆ, ਅਤੇ ਮੈਂ ਉੱਤਰ ਨਹੀਂ ਦਿਆਂਗਾ, ਸਗੋਂ ਦੋ ਵਾਰ ਅਤੇ ਹੁਣ ਮੈਂ ਕੁਝ ਹੋਰ ਨਾ ਆਖਾਂਗਾ !
ਪਰਮੇਸ਼ੁਰ ਦਾ ਅਯੂੱਬ ਨੂੰ ਉੱਤਰ

6ਅੱਗੋਂ ਯਹੋਵਾਹ ਨੇ ਅਯੂੱਬ ਨੂੰ ਵਾਵਰੋਲੇ ਵਿੱਚੋਂ ਉੱਤਰ ਦੇ ਕੇ ਆਖਿਆ,7ਪੁਰਖ ਵਾਂਗੂੰ ਆਪਣੀ ਕਮਰ ਕੱਸ ਲੈ ! ਮੈਂ ਤੈਥੋਂ ਸਵਾਲ ਕਰਾਂਗਾ, ਅਤੇ ਤੂੰ ਮੈਨੂੰ ਉੱਤਰ ਦੇ !

8ਕੀ ਤੂੰ ਮੇਰੇ ਨਿਆਂ ਨੂੰ ਰੱਦ ਕਰੇਂਗਾ ? ਕੀ ਤੂੰ ਮੈਨੂੰ ਦੋਸ਼ੀ ਠਹਿਰਾਵੇਂਗਾ ਤਾਂ ਜੋ ਤੂੰ ਨਿਰਦੋਸ਼ ਠਹਿਰੇਂ ?9ਕੀ ਤੇਰਾ ਬਲ ਪਰਮੇਸ਼ੁਰ ਵਰਗਾ ਹੈ, ਅਤੇ ਤੂੰ ਉਹ ਦੇ ਵਰਗੀ ਅਵਾਜ਼ ਨਾਲ ਗੱਜ ਸਕਦਾ ਹੈਂ ? ।
10ਆਪਣੇ ਆਪ ਨੂੰ ਮਹਿਮਾ ਤੇ ਪਰਤਾਪ ਨਾਲ ਸਜਾ, ਅਤੇ ਆਦਰ ਅਤੇ ਤੇਜ ਨੂੰ ਪਹਿਨ ਲੈ !11ਆਪਣੇ ਕਹਿਰ ਦੇ ਹੜ੍ਹਾਂ ਨੂੰ ਵਗਾ ਦੇ, ਅਤੇ ਹਰੇਕ ਹੰਕਾਰੀ ਨੂੰ ਵੇਖ ਅਤੇ ਅਧੀਨ ਕਰ, -
12ਹਰੇਕ ਹੰਕਾਰੀ ਨੂੰ ਵੇਖ ਅਤੇ ਨੀਵਾਂ ਕਰ, ਅਤੇ ਦੁਸ਼ਟਾਂ ਨੂੰ ਉਹਨਾਂ ਦੇ ਥਾਂ ਵਿੱਚ ਮਿੱਧ ਸੁੱਟ !13ਉਹਨਾਂ ਨੂੰ ਇਕੱਠੇ ਧੂੜ ਵਿੱਚ ਲੁਕਾ ਦੇ, ਓਹਲੇ ਵਿੱਚ ਉਹਨਾਂ ਦੇ ਮੂੰਹ ਬੰਨ੍ਹ ਦੇ,14ਤਦ ਮੈਂ ਵੀ ਮੰਨ ਲਵਾਂਗਾ, ਕਿ ਤੇਰਾ ਸੱਜਾ ਹੱਥ ਤੈਨੂੰ ਬਚਾ ਸਕਦਾ ਹੈ !

15ਜ਼ਰਾ ਦਰਿਆਈ ਘੋੜੇ ਨੂੰ ਵੇਖ, ਜਿਸ ਨੂੰ ਮੈਂ ਤੇਰੇ ਨਾਲ ਬਣਾਇਆ ਹੈ, ਉਹ ਬਲ਼ਦ ਵਾਂਗੂੰ ਘਾਹ ਖਾਂਦਾ ਹੈ ।16ਵੇਖ, ਉਹ ਦਾ ਬਲ ਉਹ ਦੀ ਕਮਰ ਵਿੱਚ ਹੈ, ਅਤੇ ਉਹ ਦਾ ਜ਼ੋਰ ਉਹ ਦੇ ਢਿੱਡ ਦੇ ਪੱਠਿਆਂ ਵਿੱਚ ਹੈ !
17ਉਹ ਆਪਣੀ ਪੂਛ ਦਿਆਰ ਵਾਂਗੂੰ ਹਿਲਾਉਂਦਾ ਹੈ, ਉਹ ਦੇ ਪੱਟਾਂ ਦੀਆਂ ਨਾੜਾਂ ਇੱਕ ਦੂਜੀ ਨਾਲ ਮਿਲੀਆਂ ਹੋਈਆਂ ਹਨ ।18ਉਹ ਦੀਆਂ ਹੱਡੀਆਂ ਪਿੱਤਲ ਦੀਆਂ ਨਾਲੀਆਂ ਹਨ, ਉਹ ਦੇ ਅੰਗ ਲੋਹੇ ਦੇ ਅਰਲਾਂ ਵਾਂਗੂੰ ਹਨ ।
19ਉਹ ਪਰਮੇਸ਼ੁਰ ਦੇ ਕੰਮਾਂ ਦਾ ਅਰੰਭ ਹੈ, ਉਹ ਦਾ ਸਿਰਜਣਹਾਰ ਹੀ ਆਪਣੀ ਤਲਵਾਰ ਉਹ ਦੇ ਨੇੜੇ ਲਿਆ ਸਕਦਾ ਹੈ !20ਪਹਾੜਾਂ ਉੱਤੇ ਉਸ ਦੇ ਲਈ ਚਾਰਾ ਮਿਲਦਾ ਹੈ, ਜਿੱਥੇ ਜੰਗਲ ਦੇ ਸਾਰੇ ਜਾਨਵਰ ਖੇਡਦੇ ਹਨ ।21ਕਮਲ ਦੇ ਫੁੱਲਾਂ ਹੇਠ ਅਤੇ ਕਾਨਿਆਂ ਤੇ ਖੋਭਿਆਂ ਦੀ ਓਟ ਦੇ ਹੇਠ ਉਹ ਲੇਟਦਾ ਹੈ ।
22ਕਮਲ ਦੇ ਬੂਟੇ ਉਹ ਨੂੰ ਆਪਣੀ ਛਾਂ ਵਿੱਚ ਲੁਕਾ ਲੈਂਦੇ ਹਨ, ਨਾਲੇ ਦੀਆਂ ਬੈਂਤਾਂ ਉਹ ਨੂੰ ਘੇਰ ਲੈਂਦੀਆਂ ਹਨ ।23ਵੇਖ, ਜੇ ਦਰਿਆ ਰੋਹ ਵਿਖਾਵੇ, ਤਾਂ ਵੀ ਉਹ ਨਹੀਂ ਕੰਬਦਾ, ਭਾਵੇਂ ਯਰਦਨ ਮੂੰਹ ਤੱਕ ਚੜ੍ਹ ਜਾਵੇ, ਉਹ ਬੇਖੌਫ਼ ਰਹਿੰਦਾ ਹੈ ।24ਉਹ ਦੇ ਵੇਖਦਿਆਂ ਕੌਣ ਉਹ ਨੂੰ ਫੜ੍ਹ ਸਕਦਾ ਹੈ, ਜਾਂ ਫੰਦਾ ਲਾ ਕੇ ਉਹ ਨੂੰ ਨੱਥ ਸਕਦਾ ਹੈ ?

41

1ਕੀ ਤੂੰ ਮਗਰਮੱਛ ਨੂੰ ਕੁੰਡੀ ਨਾਲ ਬਾਹਰ ਖਿੱਚ ਸਕਦਾ ਹੈਂ, ਜਾਂ ਡੋਰੀ ਨਾਲ ਉਹ ਦੀ ਜੀਭ ਨੂੰ ਦਬਾ ਸਕਦਾ ਹੈਂ ?2ਕੀ ਤੂੰ ਉਹ ਦੇ ਨੱਕ ਵਿੱਚ ਰੱਸਾ ਪਾ ਸਕਦਾ ਹੈਂ, ਜਾਂ ਉਹ ਦੇ ਜਬਾੜੇ ਨੂੰ ਮੇਖ ਨਾਲ ਵਿੰਨ੍ਹ ਸਕਦਾ ਹੈਂ ?3ਕੀ ਉਹ ਤੇਰੇ ਅੱਗੇ ਬਹੁਤੀਆਂ ਮਿੰਨਤਾਂ ਕਰੇਗਾ, ਜਾਂ ਉਹ ਤੇਰੇ ਨਾਲ ਮਿੱਠੀਆਂ-ਮਿੱਠੀਆਂ ਗੱਲਾਂ ਕਰੇਗਾ ?

4ਕੀ ਉਹ ਤੇਰੇ ਨਾਲ ਨੇਮ ਬੰਨ੍ਹੇਗਾ, ਤਾਂ ਜੋ ਤੂੰ ਉਹ ਨੂੰ ਸਦਾ ਤੱਕ ਆਪਣਾ ਗੁਲਾਮ ਰੱਖੇਂ ?5ਕੀ ਤੂੰ ਉਹ ਦੇ ਨਾਲ ਉਸ ਤਰ੍ਹਾਂ ਖੇਡੇਂਗਾ ਜਿਵੇਂ ਪੰਛੀ ਨਾਲ, ਜਾਂ ਆਪਣੀਆਂ ਕੁੜੀਆਂ ਦਾ ਜੀ ਬਹਿਲਾਉਣ ਲਈ ਉਹ ਨੂੰ ਬੰਨ੍ਹ ਕੇ ਰੱਖੇਂਗਾ ?6ਕੀ ਮਾਛੀ ਉਹ ਦਾ ਸੌਦਾ ਕਰਨਗੇ, ਕੀ ਉਹ ਵਪਾਰੀਆਂ ਵਿੱਚ ਉਹ ਨੂੰ ਵੰਡਣਗੇ ?
7ਕੀ ਤੂੰ ਉਹ ਦੀ ਖੱਲ ਨੂੰ ਬਰਛਿਆਂ ਨਾਲ ਵਿੰਨ੍ਹ ਸਕਦਾ ਹੈਂ, ਜਾਂ ਉਹ ਦੇ ਸਿਰ ਨੂੰ ਮਾਛੀਆਂ ਦੇ ਤ੍ਰਿਸੂਲਾਂ ਨਾਲ ?8ਜੇਕਰ ਤੂੰ ਆਪਣਾ ਹੱਥ ਉਸ ਦੇ ਉੱਤੇ ਧਰੇਂ ਤਾਂ ਤੂੰ ਉਸ ਲੜਾਈ ਨੂੰ ਹਮੇਸ਼ਾ ਯਾਦ ਰੱਖੇਂਗਾ,- ਤੂੰ ਫੇਰ ਕਦੇ ਅਜਿਹਾ ਨਾ ਕਰੇਂਗਾ !9ਵੇਖ, ਉਸ ਨੂੰ ਫੜ੍ਹਨ ਦੀ ਆਸ ਰੱਖਣੀ ਵਿਅਰਥ ਹੈ, ਉਸ ਨੂੰ ਵੇਖਦਿਆਂ ਹੀ ਜੀਅ ਕੱਚਾ ਪੈ ਜਾਂਦਾ ਹੈ ?
10ਕੋਈ ਐਨੀ ਤੱਤੀ ਤਬੀਅਤ ਦਾ ਨਹੀਂ, ਜੋ ਉਹ ਦੇ ਛੇੜਨ ਦੀ ਹਿੰਮਤ ਕਰੇ, ਫੇਰ ਕੌਣ ਹੈ ਜੋ ਮੇਰੇ ਸਨਮੁੱਖ ਖੜ੍ਹਾ ਰਹਿ ਸਕੇ ?11ਕਿਸ ਨੇ ਪਹਿਲਾਂ ਮੈਨੂੰ ਕੁਝ ਦਿੱਤਾ ਕਿ ਮੈਨੂੰ ਕੁਝ ਮੋੜਨਾ ਪਵੇ ? ਜੋ ਕੁਝ ਅਕਾਸ਼ ਦੇ ਹੇਠ ਹੈ, ਸੋ ਮੇਰਾ ਹੈ ।

12ਮੈਂ ਉਹ ਦੇ ਅੰਗਾਂ ਦੇ ਵਿਖੇ, ਅਤੇ ਉਹ ਦੇ ਮਹਾਂ-ਬਲ ਤੇ ਉਹ ਦੇ ਢਾਂਚੇ ਦੇ ਸੁਹੱਪਣ ਵਿਖੇ ਚੁੱਪ ਨਾ ਰਹਾਂਗਾ ।
13ਕੌਣ ਉਹ ਦੇ ਉੱਪਰ ਦਾ ਲਿਬਾਸ ਉਤਾਰ ਸਕਦਾ ਹੈ ? ਕੌਣ ਉਹ ਦੇ ਦੋਹਾਂ ਜਬਾੜਿਆਂ ਵਿੱਚ ਆਵੇਗਾ ?14ਕੌਣ ਉਹ ਦੇ ਮੂੰਹ ਦੇ ਕਵਾੜਾਂ ਨੂੰ ਖੋਲ੍ਹ ਸਕਦਾ ਹੈ ? ਉਹ ਦੇ ਦੰਦਾਂ ਦਾ ਘੇਰਾ ਭਿਆਣਕ ਹੈ !15ਉਹ ਦੇ ਛਿਲਕੇ ਦੀਆਂ ਧਾਰੀਆਂ ਉਹ ਦਾ ਘਮੰਡ ਹਨ, ਉਹ ਜਾਣੋ ਘੁੱਟ ਕੇ ਮੋਹਰ ਨਾਲ ਜੋੜਿਆਂ ਗਈਆਂ ਹਨ,
16ਉਹ ਇੱਕ ਦੂਜੇ ਦੇ ਐਨੇ ਨੇੜੇ ਹਨ ਕਿ ਹਵਾ ਵੀ ਉਹਨਾਂ ਦੇ ਵਿੱਚੋਂ ਦੀ ਨਹੀਂ ਲੰਘ ਸਕਦੀ ।17ਉਹ ਇੱਕ ਦੂਜੇ ਦੇ ਨਾਲ-ਨਾਲ ਹਨ, ਉਹ ਇਸ ਤਰ੍ਹਾਂ ਜੁੜੀਆਂ ਹੋਈਆਂ ਹਨ ਕਿ ਅਲੱਗ ਨਹੀਂ ਹੋ ਸਕਦੀਆਂ ।18ਉਹ ਦੀਆਂ ਛਿੱਕਾਂ ਤੋਂ ਚਾਨਣ ਚਮਕ ਉੱਠਦਾ ਹੈ, ਉਹ ਦੀਆਂ ਅੱਖਾਂ ਸਵੇਰ ਦੀਆਂ ਪਲਕਾਂ ਜਿਹੀਆਂ ਹਨ !
19ਉਹ ਦੇ ਮੂੰਹੋਂ ਬਲਦੀਆਂ ਹੋਈਆਂ ਮਸ਼ਾਲਾਂ ਨਿੱਕਲਦੀਆਂ ਹਨ, ਅਤੇ ਅੱਗ ਦੀਆਂ ਚਿੰਗਿਆੜੀਆਂ ਉੱਡਦੀਆਂ ਹਨ ।20ਉਹ ਦੀਆਂ ਨਾਸਾਂ ਵਿੱਚੋਂ ਧੂੰਆਂ ਨਿੱਕਲਦਾ ਹੈ, ਜਿਵੇਂ ਉੱਬਲਦੀ ਦੇਗ ਜਾਂ ਧੁਖਦਿਆਂ ਕਾਨਿਆਂ ਤੋਂ !21ਉਹ ਦਾ ਸਾਹ ਕੋਲਿਆਂ ਨੂੰ ਸੁਲਗਾ ਦਿੰਦਾ ਹੈ, ਅਤੇ ਉਹ ਦੇ ਮੂੰਹੋਂ ਅੰਗਾਰੇ ਨਿੱਕਲਦੇ ਹਨ !
22ਉਹ ਦੀ ਧੌਣ ਵਿੱਚ ਬਲ ਬਣਿਆ ਰਹਿੰਦਾ ਹੈ, ਅਤੇ ਭੈ ਉਹ ਦੇ ਅੱਗੇ ਨੱਚਦਾ ਹੈ !23ਉਹ ਦੇ ਮਾਸ ਦੀਆਂ ਤਹਿਆਂ ਸਟੀਆਂ ਹੋਈਆਂ ਹਨ, ਉਹ ਉਸ ਦੇ ਉੱਤੇ ਜੰਮੀਆਂ ਹੋਈਆਂ ਹਨ, ਉਹ ਹਿੱਲ ਨਹੀਂ ਸਕਦੀਆਂ ।24ਉਹ ਦਾ ਦਿਲ ਪੱਥਰ ਵਾਂਗੂੰ ਪੱਕਾ ਹੈ, ਸਗੋਂ ਚੱਕੀ ਦੇ ਹੇਠਲੇ ਪੁੜ ਵਾਂਗੂੰ ਪੱਕਾ ਹੈ ।
25ਜਦ ਉਹ ਉੱਠਦਾ ਹੈ ਤਾਂ ਬਲਵਾਨ ਵੀ ਡਰ ਜਾਂਦੇ ਹਨ, ਉਹ ਘਬਰਾਹਟ ਨਾਲ ਸੁੱਧ-ਬੁੱਧ ਖੋਹ ਦਿੰਦੇ ਹਨ !26ਭਾਵੇਂ ਤਲਵਾਰ ਉਹ ਦੇ ਕੋਲ ਪਹੁੰਚੇ, ਉਸ ਤੋਂ ਕੁਝ ਨਹੀਂ ਬਣਦਾ, ਅਤੇ ਨਾ ਬਰਛੀ ਨਾ ਭਾਲੇ ਨਾ ਤੀਰ ਤੋਂ ।27ਉਹ ਲੋਹੇ ਨੂੰ ਕੱਖ ਵਰਗਾ ਅਤੇ ਪਿੱਤਲ ਨੂੰ ਗਲੀ ਹੋਈ ਲੱਕੜ ਸਮਝਦਾ ਹੈ !
28ਤੀਰ ਉਹ ਨੂੰ ਭਜਾ ਨਹੀਂ ਸਕਦੇ, ਗੁਲੇਲ ਦੇ ਪੱਥਰ ਉਹ ਦੇ ਲਈ ਤਿਣਕੇ ਬਣ ਜਾਂਦੇ ਹਨ ।29ਲਾਠੀਆਂ ਵੀ ਤਿਣਕੇ ਦੇ ਤੁੱਲ ਗਿਣੀਆਂ ਜਾਂਦੀਆਂ ਹਨ, ਸਾਂਗ ਦੇ ਖੜਕਣ ਉੱਤੇ ਉਹ ਹੱਸਦਾ ਹੈ ।30ਉਹ ਦੇ ਹੇਠਲੇ ਹਿੱਸੇ ਤੇਜ਼ ਠੀਕਰਿਆਂ ਵਾਂਗੂੰ ਹਨ, ਉਹ ਜਾਣੋ ਚਿੱਕੜ ਉੱਤੇ ਫਲ੍ਹਾ ਫੇਰਦਾ ਹੈ ।
31ਉਹ ਡੂੰਘੇ ਪਾਣੀਆਂ ਨੂੰ ਦੇਗ ਵਾਂਗੂੰ ਉਛਾਲ ਦਿੰਦਾ ਹੈ, ਉਹ ਸਮੁੰਦਰ ਨੂੰ ਮੱਲ੍ਹਮ ਦੀ ਡੱਬੀ ਵਾਂਗੂੰ ਬਣਾ ਦਿੰਦਾ ਹੈ ।32ਉਹ ਆਪਣੇ ਪਿੱਛੇ ਚਮਕੀਲਾ ਰਾਹ ਛੱਡਦਾ ਹੈ, ਭਈ ਜਾਣੋ ਡੂੰਘਿਆਈ ਉੱਤੇ ਧੌਲੇ ਆਏ ਹੋਏ ਹਨ ।
33ਧਰਤੀ ਉੱਤੇ ਉਹ ਦੇ ਤੁੱਲ ਕੋਈ ਨਹੀਂ, ਉਹ ਬਿਨ੍ਹਾਂ ਖ਼ੌਫ਼ ਦੇ ਸਿਰਜਿਆ ਗਿਆ !34ਉਹ ਹਰੇਕ ਉੱਚੇ ਨੂੰ ਵੇਖਦਾ ਰਹਿੰਦਾ ਹੈ, ਉਹ ਸਾਰੇ ਘਮੰਡੀਆਂ ਉੱਤੇ ਰਾਜਾ ਹੈ ।"

42
ਅਯੂੱਬ ਦਾ ਪਰਮੇਸ਼ੁਰ ਨੂੰ ਉੱਤਰ

1ਫੇਰ ਅਯੂੱਬ ਨੇ ਯਹੋਵਾਹ ਨੂੰ ਉੱਤਰ ਦੇ ਕੇ ਆਖਿਆ,2"ਮੈਂ ਜਾਣਦਾ ਹਾਂ ਕਿ ਤੂੰ ਸਭ ਕੁਝ ਕਰ ਸਕਦਾ ਹੈਂ, ਅਤੇ ਤੇਰਾ ਕੋਈ ਕਾਰਜ ਰੁੱਕ ਨਹੀਂ ਸਕਦਾ ।3ਤੂੰ ਪੁੱਛਿਆ, ਇਹ ਕੌਣ ਹੈ ਜਿਹੜਾ ਅਗਿਆਨਤਾ ਨਾਲ ਮੇਰੀ ਯੋਜਨਾ ਨੂੰ ਢੱਕਦਾ ਹੈ ? ਮੈਂ ਤਾਂ ਉਹ ਹੀ ਬੋਲਿਆ ਜਿਸ ਨੂੰ ਮੈਂ ਨਹੀਂ ਸਮਝਦਾ, ਜੋ ਗੱਲਾਂ ਮੇਰੇ ਲਈ ਅਚਰਜ ਗੱਲਾਂ ਸਨ ਅਤੇ ਜਿਹਨਾਂ ਨੂੰ ਮੈਂ ਨਹੀਂ ਜਾਣਦਾ ਸੀ !

4ਤੂੰ ਆਖਿਆ, ਜ਼ਰਾ ਸੁਣ ਅਤੇ ਮੈਂ ਬੋਲਾਂਗਾ, ਮੈਂ ਤੇਰੇ ਤੋਂ ਸਵਾਲ ਕਰਦਾ ਹਾਂ, ਅਤੇ ਤੂੰ ਮੈਨੂੰ ਉੱਤਰ ਦੇ !5ਮੇਰੇ ਕੰਨਾਂ ਨੇ ਤੇਰੇ ਵਿਖੇ ਗੱਲਾਂ ਸੁਣੀਆਂ ਸਨ, ਪਰ ਹੁਣ ਮੇਰੀਆਂ ਅੱਖਾਂ ਤੈਨੂੰ ਵੇਖਦੀਆਂ ਹਨ ।6ਇਸ ਲਈ ਮੈਂ ਆਪਣੇ ਆਪ ਤੋਂ ਨਫ਼ਰਤ ਕਰਦਾ ਹਾਂ, ਅਤੇ ਮੈਂ ਮਿੱਟੀ ਤੇ ਸੁਆਹ ਵਿੱਚ ਬੈਠ ਕੇ ਪਛਤਾਉਂਦਾ ਹਾਂ ।"
ਅਯੂੱਬ ਦਾ ਡਾਢੀ ਪਰੀਖਿਆ ਤੋਂ ਛੁਟਕਾਰਾ

7ਫੇਰ ਅਜਿਹਾ ਹੋਇਆ ਕਿ ਜਦ ਯਹੋਵਾਹ ਇਹ ਗੱਲਾਂ ਅਯੂੱਬ ਨਾਲ ਕਰ ਚੁੱਕਿਆ, ਤਦ ਯਹੋਵਾਹ ਨੇ ਅਲੀਫ਼ਜ਼ ਤੇਮਾਨੀ ਨੂੰ ਆਖਿਆ, "ਮੇਰਾ ਕ੍ਰੋਧ ਤੇਰੇ ਉੱਤੇ ਅਤੇ ਤੇਰੇ ਦੋਹਾਂ ਮਿੱਤਰਾਂ ਉੱਤੇ ਭੜਕ ਉੱਠਿਆ ਹੈ, ਕਿਉਂ ਜੋ ਤੁਸੀਂ ਮੇਰੇ ਵਿਖੇ ਸੱਚ ਨਹੀਂ ਬੋਲੇ, ਜਿਵੇਂ ਮੇਰਾ ਦਾਸ ਅਯੂੱਬ ਬੋਲਿਆ ।8ਇਸ ਲਈ ਹੁਣ ਆਪਣੇ ਲਈ ਸੱਤ ਬਲ਼ਦ ਅਤੇ ਸੱਤ ਮੇਂਢੇ ਲਓ, ਅਤੇ ਮੇਰੇ ਦਾਸ ਅਯੂੱਬ ਕੋਲ ਜਾਓ ਅਤੇ ਆਪਣੇ ਲਈ ਹੋਮ ਦੀ ਬਲੀ ਚੜ੍ਹਾਓ ਅਤੇ ਮੇਰਾ ਦਾਸ ਅਯੂੱਬ ਤੁਹਾਡੇ ਲਈ ਪ੍ਰਾਰਥਨਾ ਕਰੇਗਾ । ਮੈਂ ਤਾਂ ਉਸੇ ਦੀ ਪ੍ਰਾਰਥਨਾ ਕਬੂਲ ਕਰਾਂਗਾ, ਤਾਂ ਜੋ ਮੈਂ ਤੁਹਾਡੇ ਨਾਲ ਤੁਹਾਡੀ ਮੂਰਖਤਾਈ ਦੇ ਅਨੁਸਾਰ ਵਰਤਾਓ ਨਾ ਕਰਾਂ, ਕਿਉਂ ਜੋ ਤੁਸੀਂ ਮੇਰੇ ਵਿਖੇ ਸੱਚ ਨਹੀਂ ਬੋਲੇ, ਜਿਵੇਂ ਮੇਰਾ ਦਾਸ ਅਯੂੱਬ ਬੋਲਿਆ ।"9ਤਦ ਅਲੀਫ਼ਜ਼ ਤੇਮਾਨੀ, ਬਿਲਦਦ ਸ਼ੂਹੀ ਅਤੇ ਸੋਫ਼ਰ ਨਅਮਾਤੀ ਗਏ ਅਤੇ ਜਿਵੇਂ ਯਹੋਵਾਹ ਨੇ ਆਖਿਆ ਸੀ, ਉਸੇ ਤਰ੍ਹਾਂ ਹੀ ਕੀਤਾ ਅਤੇ ਯਹੋਵਾਹ ਨੇ ਅਯੂੱਬ ਦੀ ਪ੍ਰਾਰਥਨਾ ਨੂੰ ਕਬੂਲ ਕੀਤਾ ।
10ਜਦ ਅਯੂੱਬ ਆਪਣੇ ਮਿੱਤਰਾਂ ਲਈ ਪ੍ਰਾਰਥਨਾ ਕਰ ਚੁੱਕਿਆ, ਤਦ ਯਹੋਵਾਹ ਨੇ ਅਯੂੱਬ ਦੇ ਦੁੱਖਾਂ ਨੂੰ ਦੂਰ ਕਰ ਦਿੱਤਾ ਅਤੇ ਜੋ ਕੁਝ ਅਯੂੱਬ ਦੇ ਕੋਲ ਸੀ, ਉਸ ਦਾ ਦੁੱਗਣਾ ਯਹੋਵਾਹ ਨੇ ਉਸ ਨੂੰ ਦੇ ਦਿੱਤਾ ।11ਤਦ ਉਸ ਦੇ ਸਾਰੇ ਭਰਾ, ਸਾਰੀਆਂ ਭੈਣਾਂ ਅਤੇ ਉਹ ਦੇ ਸਾਰੇ ਜਾਣ-ਪਹਿਚਾਣ ਵਾਲੇ ਉਸ ਦੇ ਕੋਲ ਆਏ ਅਤੇ ਉਹਨਾਂ ਨੇ ਉਸ ਦੇ ਨਾਲ ਉਸ ਦੇ ਘਰ ਵਿੱਚ ਭੋਜਨ ਕੀਤਾ ਅਤੇ ਉਸ ਸਾਰੀ ਬੁਰਿਆਈ ਦੇ ਕਾਰਨ ਜਿਹੜੀ ਯਹੋਵਾਹ ਨੇ ਉਸ ਦੇ ਉੱਤੇ ਆਉਣ ਦਿੱਤੀ ਸੀ, ਅਫ਼ਸੋਸ ਕੀਤਾ ਅਤੇ ਉਸ ਨੂੰ ਤਸੱਲੀ ਦਿੱਤੀ ਅਤੇ ਹਰੇਕ ਨੇ ਉਹ ਨੂੰ ਇੱਕ-ਇੱਕ ਚਾਂਦੀ ਦਾ ਸਿੱਕਾ ਅਤੇ ਇੱਕ-ਇੱਕ ਸੋਨੇ ਦੀ ਅੰਗੂਠੀ ਦਿੱਤੀ ।
12ਯਹੋਵਾਹ ਨੇ ਅਯੂੱਬ ਦੀ ਪਿਛਲੇ ਦਿਨਾਂ ਵਿੱਚ ਉਸ ਦੇ ਪਹਿਲੇ ਦਿਨਾਂ ਨਾਲੋਂ ਵੱਧ ਬਰਕਤ ਦਿੱਤੀ, ਅਤੇ ਉਹ ਦੇ ਕੋਲ ਚੌਦਾਂ ਹਜ਼ਾਰ ਇੱਜੜ, ਛੇ ਹਜ਼ਾਰ ਊਠ, ਇੱਕ ਹਜ਼ਾਰ ਜੋੜੀ ਬਲਦ ਅਤੇ ਇੱਕ ਹਜ਼ਾਰ ਗਧੀਆਂ ਹੋ ਗਈਆਂ ।13ਅਤੇ ਉਹ ਦੇ ਸੱਤ ਪੁੱਤਰ ਅਤੇ ਤਿੰਨ ਧੀਆਂ ਪੈਦਾ ਹੋਈਆਂ ।14ਉਸ ਨੇ ਪਹਿਲੀ ਧੀ ਦਾ ਨਾਮ ਯਮੀਮਾਹ, ਦੂਜੀ ਦਾ ਨਾਮ ਕਸੀਆਹ ਅਤੇ ਤੀਜੀ ਦਾ ਨਾਮ ਕਰਨ-ਹਪੂਕ ਰੱਖਿਆ,
15ਅਤੇ ਸਾਰੇ ਦੇਸ ਵਿੱਚ ਅਜਿਹੀਆਂ ਇਸਤਰੀਆਂ ਨਹੀਂ ਸਨ, ਜੋ ਅਯੂੱਬ ਦੀਆਂ ਧੀਆਂ ਨਾਲੋਂ ਰੂਪਵੰਤ ਹੋਣ, ਅਤੇ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਉਹਨਾਂ ਦੇ ਭਰਾਵਾਂ ਨਾਲ ਹਿੱਸਾ ਦਿੱਤਾ ।16ਇਸ ਤੋਂ ਬਾਅਦ ਅਯੂੱਬ ਇੱਕ ਸੌ ਚਾਲੀ ਸਾਲ ਤੱਕ ਜੀਉਂਦਾ ਰਿਹਾ ਅਤੇ ਉਸ ਨੇ ਆਪਣੇ ਪੁੱਤਰ ਅਤੇ ਆਪਣੇ ਪੋਤਰੇ ਚੌਥੀ ਪੀੜ੍ਹੀ ਤੱਕ ਵੇਖੇ ।17ਤਦ ਅਯੂੱਬ ਬਜ਼ੁਰਗ ਅਤੇ ਪੂਰੀ ਉਮਰ ਦਾ ਹੋ ਕੇ ਮਰ ਗਿਆ ।

ਜ਼ਬੂਰ

1
Book One
Psalms 1 - 41

1ਧੰਨ ਹੈ ਉਹ ਮਨੁੱਖ ਜਿਹੜਾ ਦੁਸ਼ਟਾਂ ਦੀ ਸਮਝ ਉੱਤੇ ਨਹੀਂ ਚੱਲਦਾ, ਨਾ ਪਾਪੀਆਂ ਦੇ ਰਾਹ ਵਿੱਚ ਖੜ੍ਹਾ ਹੁੰਦਾ, ਅਤੇ ਨਾ ਮਖੌਲੀਆਂ ਦੀ ਮੰਡਲੀ ਵਿੱਚ ਬੈਠਦਾ ਹੈ !2ਪਰ ਉਹ ਯਹੋਵਾਹ ਦੀ ਬਿਵਸਥਾ ਵਿੱਚ ਮਗਨ ਰਹਿੰਦਾ; ਅਤੇ ਦਿਨ ਰਾਤ ਉਸ ਦੀ ਬਿਵਸਥਾ ਉੱਤੇ ਧਿਆਨ ਕਰਦਾ ਹੈ ।

3ਉਹ ਤਾਂ ਉਸ ਦਰਖ਼ਤ ਵਰਗਾ ਹੋਵੇਗਾ, ਜਿਹੜਾ ਵਗਦੇ ਪਾਣੀਆਂ ਉੱਤੇ ਲਾਇਆ ਹੋਇਆ ਹੈ, ਜਿਹੜਾ ਰੁੱਤ ਸਿਰ ਆਪਣਾ ਫਲ ਦਿੰਦਾ ਹੈ, ਜਿਸ ਦੇ ਪੱਤੇ ਨਹੀਂ ਕੁਮਲਾਉਂਦੇ, ਅਤੇ ਜੋ ਕੁੱਝ ਉਹ ਕਰੇ ਉਹ ਸਫ਼ਲ ਹੁੰਦਾ ਹੈ ।
4ਦੁਸ਼ਟ ਅਜਿਹੇ ਨਹੀਂ ਹੁੰਦੇ ਪਰ ਉਹ ਘਾਹ-ਫੂਸ ਵਰਗੇ ਹੁੰਦੇ ਹਨ, ਜਿਸ ਨੂੰ ਪੌਣ ਉਡਾ ਲੈ ਜਾਂਦੀ ਹੈ ।5ਇਸ ਲਈ ਦੁਸ਼ਟ ਨਿਆਂ ਵਿੱਚ ਖੜੇ ਨਹੀਂ ਰਹਿ ਸਕਣਗੇ, ਨਾ ਪਾਪੀ ਧਰਮੀਆਂ ਦੀ ਮੰਡਲੀ ਵਿੱਚ,
6ਕਿਉਂ ਜੋ ਯਹੋਵਾਹ ਧਰਮੀਆਂ ਦਾ ਰਾਹ ਜਾਣਦਾ ਹੈ, ਪਰ ਦੁਸ਼ਟਾਂ ਦਾ ਰਾਹ ਨਾਸ ਹੋ ਜਾਵੇਗਾ ।

2
ਪਰਮੇਸ਼ੁਰ ਦਾ ਮਸਹ ਕੀਤਾ ਹੋਇਆ ਰਾਜਾ

1ਕੌਮਾਂ ਕਿਸ ਗੱਲ ਲਈ ਡੰਡ ਪਾਉਂਦੀਆਂ ਹਨ, ਅਤੇ ਦੇਸ-ਦੇਸ ਦੇ ਲੋਕ ਕਿਉਂ ਵਿਅਰਥ ਸੋਚ ਸੋਚਦੇ ਹਨ ?2ਯਹੋਵਾਹ ਅਤੇ ਉਸ ਦੇ ਮਸੀਹ ਦੇ ਵਿਰੁੱਧ ਧਰਤੀ ਦੇ ਰਾਜੇ ਉਠ ਖੜੇ ਹੋਏ, ਅਤੇ ਹਾਕਮ ਆਪਸ ਵਿੱਚ ਮਤਾ ਪਕਾਉਂਦੇ ਹਨ3ਕਿ ਆਓ, ਅਸੀਂ ਉਨ੍ਹਾਂ ਦੇ ਬੰਧਨਾਂ ਨੂੰ ਤੋੜ ਦੇਈਏ, ਅਤੇ ਉਨ੍ਹਾਂ ਦੀਆਂ ਰੱਸੀਆਂ ਆਪਣੇ ਉੱਤੋਂ ਲਾਹ ਸੁੱਟੀਏ ।

4ਜਿਹੜਾ ਸਵਰਗ ਵਿੱਚ ਬੈਠਾ ਹੈ ਉਹ ਹੱਸੇਗਾ, ਪ੍ਰਭੂ ਉਹਨਾਂ ਨੂੰ ਮਖ਼ੌਲਾਂ ਵਿੱਚ ਉਡਾਵੇਗਾ ।5ਤਦ ਉਹ ਓਹਨਾਂ ਨਾਲ ਆਪਣੇ ਕ੍ਰੋਧ ਵਿੱਚ ਬੋਲੇਗਾ, ਅਤੇ ਆਪਣੇ ਕ੍ਰੋਧ ਨਾਲ ਓਹਨਾਂ ਨੂੰ ਘਬਰਾਹਟ ਵਿੱਚ ਪਾ ਦੇਵਾਂਗਾ ।
6ਪਰ ਮੈਂ ਆਪਣੇ ਪਵਿੱਤਰ ਪਰਬਤ ਸੀਯੋਨ ਉੱਤੇ ਆਪਣੇ ਪਾਤਸ਼ਾਹ ਨੂੰ ਬਿਠਾ ਦਿੱਤਾ ਹੈ ।7ਮੈਂ ਬਚਨ ਦਾ ਪ੍ਰਚਾਰ ਕਰਾਂਗਾ, ਯਹੋਵਾਹ ਨੇ ਮੈਨੂੰ ਆਖਿਆ ਹੈ ਕਿ ਤੂੰ ਮੇਰਾ ਪੁੱਤਰ ਹੈਂ, ਮੈਂ ਅੱਜ ਤੈਂਨੂੰ ਜਨਮ ਦਿੱਤਾ ਹੈ ।
8ਮੈਥੋਂ ਮੰਗ ਅਤੇ ਮੈਂ ਕੌਮਾਂ ਨੂੰ ਤੇਰੀ ਮੀਰਾਸ, ਅਤੇ ਧਰਤੀ ਦੇ ਕੰਢੇ ਤੇਰੀ ਮਿਲਖ਼ ਕਰ ਦਿਆਂਗਾ ।9ਤੂੰ ਲੋਹੇ ਦੇ ਡੰਡੇ ਨਾਲ ਓਹਨਾਂ ਨੂੰ ਭੰਨ ਸੁੱਟੇਂਗਾ, ਘੁਮਿਆਰ ਦੇ ਭਾਂਡੇ ਵਾਂਗੂੰ ਤੂੰ ਓਹਨਾਂ ਨੂੰ ਚਕਨਾ-ਚੂਰ ਕਰ ਦੇਵੇਂਗਾ ।
10ਇਸ ਲਈ ਹੁਣ ਹੇ ਰਾਜਿਓ, ਸਿਆਣੇ ਬਣੋ, ਅਤੇ ਹੇ ਧਰਤੀ ਦੇ ਨਿਆਈਂਓ, ਤੁਸੀਂ ਸਮਝ ਜਾਓ ।11ਭੈ ਨਾਲ ਯਹੋਵਾਹ ਦੀ ਸੇਵਾ ਕਰੋ ਅਤੇ ਕੰਬਦੇ-ਕੰਬਦੇ ਖੁਸ਼ੀ ਮਨਾਓ,
12ਪੁੱਤਰ ਨੂੰ ਚੁੰਮੋ ਕਿਤੇ ਅਜਿਹਾ ਨਾ ਹੋਵੇ ਉਹ ਕ੍ਰੋਧ ਵਿੱਚ ਆਵੇ, ਅਤੇ ਤੁਸੀਂ ਰਾਹ ਦੇ ਵਿੱਚ ਹੀ ਨਾਸ਼ ਹੋ ਜਾਓ, ਕਿਉਂ ਜੋ ਉਸ ਦਾ ਕ੍ਰੋਧ ਛੇਤੀ ਭੜਕ ਉਠੇਗਾ । ਧੰਨ ਹਨ ਓਹ ਜਿਹੜੇ ਉਸ ਵਿੱਚ ਪਨਾਹ ਲੈਂਦੇ ਹਨ ।

3
ਸਹਾਇਤਾ ਦੇ ਲਈ ਸਵੇਰ ਦੀ ਪ੍ਰਾਰਥਨਾ
ਦਾਊਦ ਦਾ ਭਜਨ । ਜਦੋਂ ਉਹ ਆਪਣੇ ਪੁੱਤਰ ਅਬਸ਼ਾਲੋਮ ਦੇ ਅੱਗੋਂ ਭੱਜਦਾ ਸੀ

1ਹੇ ਯਹੋਵਾਹ ਮੇਰੇ ਵਿਰੋਧੀ ਕਿੰਨੇ ਹੀ ਵੱਧ ਗਏ ਹਨ, ਮੇਰੇ ਵਿਰੁੱਧ ਬਹੁਤ ਉੱਠ ਖੜੇ ਹੋਏ ਹਨ ।2ਬਹੁਤੇ ਮੇਰੀ ਜਾਨ ਦੇ ਲਈ ਆਖਦੇ ਹਨ, ਕਿ ਪਰਮੇਸ਼ੁਰ ਵੱਲੋਂ ਉਸਦਾ ਬਚਾਓ ਹੈ ਨਹੀਂ । ਸਲਹ ।

3ਪਰ ਹੇ ਯਹੋਵਾਹ ਤੂੰ ਮੇਰੇ ਦੁਆਲੇ ਢਾਲ ਹੈਂ, ਮੇਰੀ ਮਹਿਮਾ ਅਤੇ ਮੇਰੇ ਸਿਰ ਦਾ ਉਠਾਉਣ ਵਾਲਾ ਹੈਂ ।4ਮੈਂ ਆਪਣੀ ਆਵਾਜ਼ ਨਾਲ ਯਹੋਵਾਹ ਨੂੰ ਪੁਕਾਰਦਾ ਹਾਂ, ਉਹ ਆਪਣੇ ਪਵਿੱਤਰ ਪਹਾੜ ਤੋਂ ਮੈਨੂੰ ਉੱਤਰ ਦਿੰਦਾ ਹੈ । ਸਲਹ ।
5ਮੈਂ ਲੰਮਾ ਪੈ ਗਿਆ ਅਤੇ ਸੌਂ ਗਿਆ, ਮੈਂ ਜਾਗ ਉੱਠਿਆ, ਕਿਉਂ ਜੋ ਯਹੋਵਾਹ ਮੈਨੂੰ ਸੰਭਾਲਦਾ ਹੈ ।6ਮੈਂ ਉਹਨਾਂ ਦਸ ਹਜ਼ਾਰਾਂ ਤੋਂ ਨਹੀਂ ਡਰਾਂਗਾ, ਜਿਨ੍ਹਾਂ ਨੇ ਆਲੇ-ਦੁਆਲੇ ਮੇਰੇ ਵਿਰੁੱਧ ਘੇਰਾ ਪਾ ਲਿਆ ਹੈ ।
7ਹੇ ਯਹੋਵਾਹ, ਉੱਠ ! ਮੇਰੇ ਪਰਮੇਸ਼ੁਰ ਮੈਨੂੰ ਬਚਾ, ਤੂੰ ਤਾਂ ਮੇਰੇ ਸਾਰੇ ਵੈਰੀਆਂ ਦੇ ਜਬਾੜਿਆਂ ਉੱਤੇ ਮਾਰਿਆ ਹੈ, ਅਤੇ ਦੁਸ਼ਟਾਂ ਦੇ ਦੰਦ ਭੰਨ ਸੁੱਟੇ ਹਨ ।8ਬਚਾਓ ਯਹੋਵਾਹ ਵੱਲੋਂ ਹੈ, ਤੇਰੀ ਬਰਕਤ ਤੇਰੀ ਪਰਜਾ ਉੱਤੇ ਹੋਵੇ । ਸਲਹ ।

4
ਸਹਾਇਤਾ ਦੇ ਲਈ ਸ਼ਾਮ ਦੀ ਪ੍ਰਾਰਥਨਾ
ਪ੍ਰਧਾਨ ਵਜਾਉਣ ਵਾਲੇ ਦੇ ਲਈ: ਤਾਰ ਵਾਲੇ ਵਾਜਿਆਂ ਨਾਲ । ਦਾਊਦ ਦਾ ਭਜਨ

1ਜਦੋਂ ਮੈਂ ਤੈਂਨੂੰ ਪੁਕਾਰਾਂ, ਤੂੰ ਮੈਨੂੰ ਉੱਤਰ ਦੇ, ਹੇ ਮੇਰੇ ਧਰਮ ਦੇ ਪਰਮੇਸ਼ੁਰ । ਜਦ ਮੈਂ ਮੁਸੀਬਤ ਵਿੱਚ ਸੀ, ਤੂੰ ਮੈਨੂੰ ਖੁੱਲ੍ਹ ਦਿੱਤੀ, ਮੇਰੇ ਉੱਤੇ ਦਯਾ ਕਰ ਕੇ ਮੇਰੀ ਪ੍ਰਾਰਥਨਾ ਸੁਣ ਲੈ ।

2ਹੇ ਮਨੁੱਖ ਦੇ ਪੁੱਤਰੋ, ਤੁਸੀਂ ਕਦੋਂ ਤੱਕ ਮੇਰੀ ਮਹਿਮਾ ਦਾ ਅਨਾਦਰ ਕਰੋਗੇ, ਵਿਅਰਥ ਨਾਲ ਪ੍ਰੀਤ ਲਾਓਗੇ, ਝੂਠ ਨੂੰ ਭਾਲੋਗੇ ? ਸਲਹ ।3ਪਰ ਇਹ ਜਾਣੋ ਕਿ ਯਹੋਵਾਹ ਨੇ ਪਵਿੱਤਰ ਜਨ ਨੂੰ ਆਪਣੇ ਲਈ ਵੱਖਰਾ ਕਰ ਰੱਖਿਆ ਹੈ । ਜਦੋਂ ਮੈਂ ਉਹ ਨੂੰ ਪੁਕਾਰਾਂ ਯਹੋਵਾਹ ਮੇਰੀ ਸੁਣੇਗਾ ।
4ਕੰਬ ਜਾਓ ਅਤੇ ਪਾਪ ਨਾ ਕਰੋ, ਆਪਣਿਆਂ ਬਿਸਤਰਿਆਂ ਉੱਤੇ ਆਪਣੇ ਮਨਾਂ ਵਿੱਚ ਸੋਚੋ ਅਤੇ ਚੁੱਪ ਰਹੋ । ਸਲਹ ।5ਧਰਮ ਦੇ ਬਲੀਦਾਨ ਚੜਾਓ, ਅਤੇ ਯਹੋਵਾਹ ਉੱਤੇ ਆਸ ਰੱਖੋ ।
6ਬਹੁਤੇ ਇਹ ਆਖਦੇ ਹਨ ਕਿ ਸਾਨੂੰ ਕੌਣ ਕੁੱਝ ਭਲਿਆਈ ਵਿਖਾਵੇਗਾ ? ਹੇ ਯਹੋਵਾਹ, ਆਪਣੇ ਮੁੱਖੜੇ ਨੂੰ ਸਾਡੇ ਉੱਤੇ ਚਮਕਾ ।7ਤੂੰ ਮੇਰੇ ਮਨ ਵਿੱਚ ਉਨ੍ਹਾਂ ਦੇ ਨਾਲੋਂ, ਜਦੋਂ ਦਾਣੇ ਅਤੇ ਦਾਖ਼ਰਸ ਬਹੁਤ ਹੋ ਗਏ ਹਨ, ਵਧੇਰੇ ਅਨੰਦ ਪਾ ਦਿੱਤਾ ਹੈ ।8ਮੈਂ ਸ਼ਾਂਤੀ ਨਾਲ ਲੇਟਦਿਆਂ ਹੀ ਸੌਂ ਜਾਂਵਾਂਗਾ, ਕਿਉਂ ਜੋ ਹੇ ਯਹੋਵਾਹ, ਤੂੰ ਹੀ ਮੈਨੂੰ ਸ਼ਾਂਤੀ ਵਿੱਚ ਵਸਾਉਂਦਾ ਹੈਂ ।

5
ਸੁਰੱਖਿਆ ਦੇ ਲਈ ਪ੍ਰਾਰਥਨਾ
ਪ੍ਰਧਾਨ ਵਜਾਉਣ ਵਾਲੇ ਦੇ ਲਈ: ਬੰਸੁਰੀਆਂ ਦੇ ਨਾਲ । ਦਾਊਦ ਦਾ ਭਜਨ

1ਹੇ ਯਹੋਵਾਹ, ਮੇਰੀਆਂ ਗੱਲਾਂ ਵੱਲ ਕੰਨ ਲਾ, ਅਤੇ ਮੇਰੀ ਹੂੰਗਣ ਉੱਤੇ ਧਿਆਨ ਕਰ ।2ਹੇ ਮੇਰੇ ਪਾਤਸ਼ਾਹ, ਹੇ ਮੇਰੇ ਪਰਮੇਸ਼ੁਰ ਮੇਰੀ ਦੁਹਾਈ ਦੀ ਅਵਾਜ਼ ਸੁਣ, ਕਿਉਂ ਜੋ ਮੈਂ ਤੇਰੇ ਅੱਗੇ ਪ੍ਰਾਰਥਨਾ ਕਰਦਾ ਹਾਂ ।3ਹੇ ਯਹੋਵਾਹ, ਤੂੰ ਅੰਮ੍ਰਿਤ ਵੇਲੇ ਮੇਰੀ ਅਵਾਜ਼ ਸੁਣੇਗਾ, ਅੰਮ੍ਰਿਤ ਵੇਲੇ ਮੈਂ ਤੇਰੇ ਲਈ ਤਿਆਰੀ ਕਰ ਕੇ ਤੇਰੀ ਉਡੀਕ ਕਰਾਂਗਾ ।

4ਤੂੰ ਤਾਂ ਅਜਿਹਾ ਪਰਮੇਸ਼ੁਰ ਨਹੀਂ ਜੋ ਦੁਸ਼ਟਤਾਈ ਤੋਂ ਪਰਸੰਨ ਹੋਵੇਂ, ਬਦੀ ਤੇਰੇ ਨਾਲ ਰਹਿ ਨਹੀਂ ਸਕਦੀ ।5ਘਮੰਡੀ ਤੇਰੀਆਂ ਅੱਖਾਂ ਅੱਗੇ ਖੜ੍ਹੇ ਨਹੀਂ ਹੋ ਸਕਦੇ, ਤੂੰ ਸਾਰਿਆਂ ਬਦਕਾਰਾਂ ਨਾਲ ਵੈਰ ਰੱਖਦਾ ਹੈਂ ।6ਤੂੰ ਝੂਠ ਮਾਰਨ ਵਾਲਿਆਂ ਦਾ ਨਾਸ ਕਰਦਾ ਹੈਂ । ਯਹੋਵਾਹ ਖੂਨੀ ਅਤੇ ਛਲੀਏ ਤੋਂ ਘਿਣ ਕਰਦਾ ਹੈ ।
7ਪਰ ਮੈਂ ਤੇਰੀ ਵੱਡੀ ਦਯਾ ਦੇ ਕਾਰਨ ਤੇਰੇ ਭਵਨ ਵਿੱਚ ਆਵਾਂਗਾ, ਮੈਂ ਤੇਰਾ ਭੈ ਮੰਨ ਕੇ ਤੇਰੀ ਪਵਿੱਤਰ ਹੈਕਲ ਵਿੱਚ ਮੱਥਾ ਟੇਕਾਂਗਾ ।8ਹੇ ਯਹੋਵਾਹ, ਮੇਰੇ ਘਾਤੀਆਂ ਦੇ ਕਾਰਨ ਆਪਣੇ ਧਰਮ ਵਿੱਚ ਮੇਰੀ ਅਗਵਾਈ ਕਰ, ਮੇਰੇ ਅੱਗੇ ਆਪਣਾ ਰਾਹ ਸਿੱਧਾ ਕਰ,
9ਕਿਉਂ ਜੋ ਉਹਨਾਂ ਦੇ ਮੂੰਹ ਵਿੱਚ ਕੋਈ ਸਚਿਆਈ ਨਹੀਂ, ਉਹਨਾਂ ਦਾ ਮਨ ਤਬਾਹੀ ਨਾਲ ਭਰਿਆ ਹੈ, ਉਹਨਾਂ ਦਾ ਸੰਘ ਖੁੱਲੀ ਹੋਈ ਕਬਰ ਹੈ, ਉਹ ਆਪਣੀਆਂ ਜੀਭਾਂ ਨਾਲ ਵਲ-ਛਲ ਕਰਦੇ ਹਨ ।10ਹੇ ਪਰਮੇਸ਼ੁਰ, ਤੂੰ ਉਹਨਾਂ ਨੂੰ ਦੋਸ਼ੀ ਠਹਿਰਾ, ਉਹ ਆਪਣੀਆਂ ਯੋਜਨਾਵਾਂ ਦੇ ਕਾਰਨ ਡਿੱਗ ਪੈਣ, ਉਹਨਾਂ ਦੇ ਅਪਰਾਧਾਂ ਦੇ ਬਹੁਤ ਹੋਣ ਕਾਰਨ ਉਹਨਾਂ ਨੂੰ ਕੱਢ ਦੇ, ਕਿਉਂ ਜੋ ਉਹ ਤੇਰੇ ਵਿਰੁੱਧ ਵਿਦਰੋਹ ਕਰਦੇ ਹਨ ।
11ਪਰ ਸਭ ਜੋ ਤੇਰੀ ਸ਼ਰਨ ਆਏ ਹਨ ਅਨੰਦ ਹੋਣ, ਉਹ ਸਦਾ ਜੈ-ਜੈਕਾਰ ਕਰਨ ਕਿ ਤੂੰ ਉਹਨਾਂ ਨੂੰ ਬਚਾਉਂਦਾ ਹੈਂ, ਅਤੇ ਤੇਰੇ ਨਾਮ ਦੇ ਪ੍ਰੇਮੀ ਤੇਰੇ ਤੋਂ ਬਾਗ-ਬਾਗ ਹੋਣ ।12ਹੇ ਯਹੋਵਾਹ, ਤੂੰ ਤਾਂ ਧਰਮੀ ਨੂੰ ਬਰਕਤ ਦੇਵੇਂਗਾ ਅਤੇ ਆਪਣੀ ਕਿਰਪਾ ਦੀ ਢਾਲ ਨਾਲ ਤੂੰ ਉਹ ਨੂੰ ਘੇਰੀਂ ਰੱਖੇਂਗਾ ।

6
ਸੰਕਟ ਦੇ ਸਮੇਂ ਦਯਾ ਲਈ ਪ੍ਰਾਰਥਨਾ
ਪ੍ਰਧਾਨ ਵਜਾਉਣ ਵਾਲੇ ਦੇ ਲਈ: ਤਾਰ ਵਾਲੇ ਵਾਜਿਆਂ ਨਾਲ । ਖਰਜ ਦੇ ਰਾਗ ਵਿੱਚ ਦਾਊਦ ਦਾ ਭਜਨ

1ਹੇ ਯਹੋਵਾਹ, ਤੂੰ ਆਪਣੇ ਕ੍ਰੋਧ ਨਾਲ ਮੈਨੂੰ ਦਬਕਾ ਨਾ ਦੇ, ਨਾ ਆਪਣੇ ਤੇਜ ਕੋਪ ਨਾਲ ਮੈਨੂੰ ਤਾੜ ।2ਹੇ ਯਹੋਵਾਹ, ਮੇਰੇ ਉੱਤੇ ਦਯਾ ਕਰ ਕਿਉਂ ਜੋ ਮੈ ਕੁਮਲਾ ਰਿਹਾ ਹਾਂ, ਹੇ ਯਹੋਵਾਹ, ਮੈਨੂੰ ਚੰਗਾ ਕਰ ਕਿਉਂ ਜੋ ਮੇਰੀਆ ਹੱਡੀਆਂ ਬੇਚੈਨ ਹਨ ।

3ਮੇਰੀ ਜਾਨ ਵੀ ਅੱਤ ਘਬਰਾਈ ਹੋਈ ਹੈ, ਅਤੇ ਤੂੰ ਯਹੋਵਾਹ, ਕਦੋਂ ਤੱਕ ?4ਹੇ ਯਹੋਵਾਹ, ਮੁੜ ਆ, ਮੇਰੀ ਜਾਨ ਨੂੰ ਛੁਡਾ, ਆਪਣੀ ਦਯਾ ਦੇ ਕਾਰਨ ਮੈਨੂੰ ਬਚਾ,5ਕਿਉਂ ਜੋ ਮੌਤ ਤੋਂ ਬਾਅਦ ਤੇਰਾ ਸਿਮਰਨ ਨਹੀਂ, ਪਤਾਲ ਵਿੱਚ ਕੌਣ ਤੇਰਾ ਧੰਨਵਾਦ ਕਰੇਗਾ ?
6ਮੈਂ ਧਾਹਾਂ ਮਾਰਦਾ-ਮਾਰਦਾ ਥੱਕ ਗਿਆ, ਸਾਰੀ ਰਾਤ ਮੈਂ ਆਪਣੇ ਵਿਛਾਉਣੇ ਉੱਤੇ ਹੜ੍ਹ ਵਗਾ ਲੈਂਦਾ ਹਾਂ, ਆਪਣੇ ਹੰਝੂਆਂ ਨਾਲ ਮੈਂ ਆਪਣਾ ਮੰਜਾ ਭਿਉਂਦਾ ਹਾਂ ।7ਮੇਰੀਆਂ ਅੱਖਾਂ ਸੋਗ ਦੇ ਮਾਰੇ ਗਲ਼ ਗਈਆਂ, ਉਹ ਮੇਰੇ ਵਿਰੋਧੀਆਂ ਦੇ ਕਾਰਨ ਚੁੰਨ੍ਹੀਆਂ ਹੋ ਗਈਆਂ ਹਨ ।
8ਹੇ ਤੁਸੀਂ ਸਾਰੇ ਕੁਕਰਮੀਓ, ਮੇਰੇ ਕੋਲੋਂ ਦੂਰ ਹੋ ਜਾਓ, ਕਿਉਂ ਜੋ ਯਹੋਵਾਹ ਨੇ ਮੇਰੇ ਰੋਣ ਦੀ ਅਵਾਜ਼ ਸੁਣ ਲਈ ਹੈ,9ਯਹੋਵਾਹ ਨੇ ਮੇਰੀ ਬੇਨਤੀ ਸੁਣ ਲਈ ਹੈ, ਯਹੋਵਾਹ ਮੇਰੀ ਪ੍ਰਾਰਥਨਾ ਕਬੂਲ ਕਰੇਗਾ ।10ਮੇਰੇ ਸਾਰੇ ਵੈਰੀ ਲੱਜਿਆਵਾਨ ਅਤੇ ਅੱਤ ਵਿਆਕੁਲ ਹੋਣਗੇ, ਉਹ ਮੁੜ ਜਾਣਗੇ ਅਤੇ ਅਚਣਚੇਤ ਲੱਜਿਆਵਾਨ ਹੋ ਜਾਣਗੇ ।

7
ਨਿਆਂ ਲਈ ਪ੍ਰਾਰਥਨਾ
ਦਾਊਦ ਦਾ ਸ਼ੀਗਾਯੋਨ ਨਾਮਕ ਭਜਨ ਜੋ ਉਸ ਨੇ ਬਿਨਯਾਮੀਨ ਕੂਸ਼ ਦੀਆਂ ਗੱਲਾਂ ਦੇ ਕਾਰਨ ਯਹੋਵਾਹ ਦੇ ਸਾਹਮਣੇ ਗਾਇਆ ਸੀ

1ਹੇ ਯਹੋਵਾਹ ਮੇਰੇ ਪਰਮੇਸ਼ੁਰ, ਮੈਂ ਤੇਰੀ ਪਨਾਹ ਲੈਂਦਾ ਹਾਂ । ਤੂੰ ਮੈਨੂੰ ਮੇਰੇ ਸਭ ਪਿੱਛਾ ਕਰਨ ਵਾਲਿਆਂ ਤੋਂ ਬਚਾ ਕੇ ਛੁਡਾ ਲੈ,2ਕਿਤੇ ਅਜਿਹਾ ਨਾ ਹੋਵੇ ਕਿ ਕੋਈ ਬੱਬਰ ਸ਼ੇਰ ਵਾਂਗੂੰ ਮੇਰੀ ਜਿੰਦ ਨੂੰ ਪਾੜ ਖਾਵੇ, ਅਤੇ ਕੋਈ ਛੁਡਾਉਣ ਵਾਲਾ ਨਾ ਹੋਣ ਕਰਕੇ ਉਹ ਮੇਰੇ ਟੋਟੇ-ਟੋਟੇ ਕਰ ਛੱਡੇ ।

3ਹੇ ਯਹੋਵਾਹ ਮੇਰੇ ਪਰਮੇਸ਼ੁਰ, ਜੇ ਮੇਰੇ ਕੋਲੋਂ ਇਹ ਹੋਇਆ ਹੋਵੇ, ਜੇ ਮੇਰੇ ਹੱਥੋਂ ਬਦੀ ਹੋਈ ਹੋਵੇ,4ਜੇ ਮੈਂ ਆਪਣੇ ਸਾਥੀ ਨਾਲ ਬੁਰਿਆਈ ਕੀਤੀ ਹੋਵੇ, ਸਗੋਂ ਮੈਂ ਤਾਂ ਆਪਣੇ ਬੇ ਸਬੱਬੋਂ ਵਿਰੋਧੀ ਨੂੰ ਛੁਡਾਇਆ ਹੈ
5ਤਾਂ ਵੈਰੀ ਮੇਰੀ ਜਾਨ ਦਾ ਪਿੱਛਾ ਕਰ ਕੇ ਉਹ ਨੂੰ ਫੜ ਲਵੇ, ਅਤੇ ਮੇਰੀ ਜਿੰਦ ਨੂੰ ਧਰਤੀ ਉੱਤੇ ਮਿੱਧ ਦੇਵੇ, ਅਤੇ ਮੇਰੀ ਇੱਜ਼ਤ ਨੂੰ ਮਿੱਟੀ ਵਿੱਚ ਮਿਲਾਵੇ । ਸਲਹ ।
6ਹੇ ਯਹੋਵਾਹ, ਆਪਣੇ ਕ੍ਰੋਧ ਨਾਲ ਉੱਠ, ਮੇਰੇ ਵਿਰੋਧੀਆਂ ਦੇ ਗ਼ਜ਼ਬ ਦੇ ਵਿਰੁੱਧ ਉੱਠ, ਅਤੇ ਮੇਰੇ ਲਈ ਜਾਗ । ਤੂੰ ਨਿਆਂ ਦਾ ਹੁਕਮ ਕੀਤਾ ਹੈ ।7ਉੱਮਤਾਂ ਦੀ ਮੰਡਲੀ ਮੇਰੇ ਦੁਆਲੇ ਆਵੇ, ਅਤੇ ਉਨ੍ਹਾਂ ਦੇ ਕਾਰਨ ਤੂੰ ਉਤਾਹਾਂ ਨੂੰ ਮੁੜ ਜਾ ।
8ਯਹੋਵਾਹ ਕੌਮਾਂ ਦਾ ਨਿਆਂ ਕਰੇਗਾ, ਹੇ ਯਹੋਵਾਹ, ਮੇਰੇ ਧਰਮ ਅਤੇ ਮੇਰੀ ਸਿਧਿਆਈ ਦੇ ਅਨੁਸਾਰ ਮੇਰਾ ਨਿਆਂ ਕਰ ।9ਦੁਸ਼ਟਾਂ ਦੀ ਬਦੀ ਮੁੱਕ ਜਾਵੇ ਪਰ ਤੂੰ ਧਰਮੀ ਨੂੰ ਦ੍ਰਿੜ ਕਰ, ਹੇ ਧਰਮੀ ਪਰਮੇਸ਼ੁਰ, ਜੋ ਦਿਲਾਂ ਅਤੇ ਗੁਰਦਿਆਂ ਨੂੰ ਜਾਚਦਾ ਹੈਂ ।
10ਮੇਰੀ ਢਾਲ ਪਰਮੇਸ਼ੁਰ ਦੇ ਕੋਲ ਹੈ, ਜਿਹੜਾ ਸਿੱਧੇ ਮਨ ਵਾਲਿਆਂ ਦਾ ਬਚਾਉਣ ਵਾਲਾ ਹੈ ।11ਪਰਮੇਸ਼ੁਰ ਸੱਚਾ ਨਿਆਈ ਹੈ, ਹਾਂ, ਇੱਕ ਪਰਮੇਸ਼ੁਰ ਜਿਹੜਾ ਰੋਜ਼ ਕ੍ਰੋਧਵਾਨ ਰਹਿੰਦਾ ਹੈ ।
12ਜੇ ਮਨੁੱਖ ਨਾ ਮੁੜੇ, ਤਾਂ ਉਹ ਆਪਣੀ ਤਲਵਾਰ ਤਿੱਖੀ ਕਰੇਗਾ, ਉਸ ਨੇ ਆਪਣਾ ਧੁਣੱਖ ਝੁਕਾ ਕੇ ਤਿਆਰ ਕਰ ਰੱਖਿਆ ਹੈ ।13ਉਹ ਨੇ ਉਸ ਲਈ ਮੌਤ ਦਾ ਸ਼ਸਤਰ ਵੀ ਤਿਆਰ ਕੀਤਾ ਹੈ, ਉਹ ਆਪਣੇ ਤੀਰਾਂ ਨੂੰ ਅਗਨ-ਬਾਣ ਬਣਾਉਂਦਾ ਹੈ ।
14ਵੇਖੋ, ਦੁਸ਼ਟ ਨੂੰ ਬਦੀ ਦੀ ਪੀੜ ਲੱਗੀ ਹੋਈ ਹੈ, ਅਤੇ ਸ਼ਰਾਰਤ ਉਸ ਦੇ ਗਰਭ ਵਿੱਚ ਪਈ ਹੈ ਅਤੇ ਝੂਠ ਉਸ ਤੋਂ ਜੰਮਿਆ ਹੈ ।15ਉਸ ਨੇ ਟੋਇਆ ਕੱਢਿਆ ਅਤੇ ਡੂੰਘਾ ਪੁੱਟਿਆ ਹੈ, ਅਤੇ ਜਿਹੜੀ ਖੱਡ ਉਸ ਨੇ ਪੁੱਟੀ ਸੀ ਉਸੇ ਵਿੱਚ ਉਹ ਆਪ ਡਿੱਗ ਪਿਆ ।16ਉਸ ਦੀ ਸ਼ਰਾਰਤ ਉਸੇ ਦੇ ਸਿਰ ਉੱਤੇ ਮੁੜ ਆਵੇਗੀ, ਅਤੇ ਉਸ ਦਾ ਅਨ੍ਹੇਰ ਉਸੇ ਦੇ ਸਿਰ ਉੱਤੇ ਪਵੇਗਾ ।
17ਮੈਂ ਯਹੋਵਾਹ ਦੇ ਧਰਮ ਦੇ ਅਨੁਸਾਰ ਉਸ ਦਾ ਧੰਨਵਾਦ ਕਰਾਂਗਾ, ਅਤੇ ਮੈਂ ਅੱਤ ਮਹਾਨ ਯਹੋਵਾਹ ਦੇ ਨਾਮ ਦੀ ਉਸਤਤ ਗਾਵਾਂਗਾ ।

8
ਪਰਮੇਸ਼ੁਰ ਦੀ ਮਹਿਮਾ ਅਤੇ ਮਨੁੱਖ ਦਾ ਗੌਰਵ
ਪ੍ਰਧਾਨ ਵਜਾਉਣ ਵਾਲੇ ਦੇ ਲਈ: ਗਿਤੀਜ਼ ਦੇ ਰਾਗ ਉੱਤੇ ਦਾਊਦ ਦਾ ਭਜਨ

1ਹੇ ਯਹੋਵਾਹ, ਸਾਡੇ ਪ੍ਰਭੂ, ਸਾਰੀ ਧਰਤੀ ਉੱਤੇ ਤੇਰਾ ਨਾਮ ਕਿੰਨਾ ਹੀ ਸ਼ਾਨਦਾਰ ਹੈ, ਜਿਸ ਨੇ ਆਪਣੇ ਤੇਜ ਨੂੰ ਅਕਾਸ਼ ਉੱਤੇ ਰੱਖਿਆ ਹੈ ।2ਤੂੰ ਆਪਣਿਆ ਵਿਰੋਧੀਆਂ ਦੇ ਕਾਰਨ ਨਿਆਣਿਆਂ ਅਤੇ ਦੁੱਧ ਚੁੰਘਣ ਵਾਲਿਆਂ ਦੇ ਮੂੰਹ ਤੋਂ ਬਲ ਨੂੰ ਪੱਕਾ ਕੀਤਾ, ਤਾਂ ਜੋ ਵੈਰੀ ਅਤੇ ਬਦਲਾ ਲੈਣ ਵਾਲੇ ਨੂੰ ਚੁੱਪ ਕਰਾ ਦੇਵੇ

3ਜਦ ਮੈਂ ਤੇਰੇ ਅਕਾਸ਼ ਨੂੰ ਵੇਖਦਾ ਹਾਂ, ਜਿਹੜਾ ਤੇਰੀ ਦਸਤਕਾਰੀ ਹੈ, ਨਾਲੇ ਚੰਦ ਅਤੇ ਤਾਰਿਆਂ ਨੂੰ ਜਿਹੜੇ ਤੂੰ ਕਾਇਮ ਕੀਤੇ ਹਨ,4ਤਾਂ ਇਨਸਾਨ ਕੀ ਹੈ, ਜੋ ਤੂੰ ਉਸ ਨੂੰ ਚੇਤੇ ਵਿੱਚ ਲਿਆਵੇ, ਅਤੇ ਆਦਮੀ ਜਾਇਆ ਕੀ, ਜੋ ਤੂੰ ਉਸ ਦੀ ਸੁੱਧ ਲਵੇਂ ?5ਕਿ ਤੂੰ ਉਸ ਨੂੰ ਪਰਮੇਸ਼ੁਰ ਨਾਲੋ ਥੋੜਾ ਜਿਹਾ ਘੱਟ ਕੀਤਾ ਹੈ,ਅਤੇ ਮਹਿਮਾ ਅਤੇ ਆਦਰ ਦਾ ਮੁਕਟ ਉਸ ਦੇ ਸਿਰ ਉੱਤੇ ਰੱਖਿਆ ਹੈ !
6ਤੂੰ ਆਪਣੀ ਦਸਤਕਾਰੀ ਉੱਤੇ ਉਹ ਨੂੰ ਹਕੂਮਤ ਦਿੱਤੀ, ਤੂੰ ਸਭ ਕੁੱਝ ਉਹ ਦੇ ਪੈਰਾਂ ਹੇਠ ਕਰ ਦਿੱਤਾ ਹੈ,7ਸਾਰੇ ਇੱਜੜ ਅਤੇ ਵੱਗ, ਸਗੋਂ ਮੈਦਾਨ ਦੇ ਸਾਰੇ ਜਾਨਵਰ,8ਅਕਾਸ਼ ਦੇ ਪੰਛੀ ਅਤੇ ਸੁਮੰਦਰ ਦੀਆਂ ਮੱਛੀਆਂ, ਅਤੇ ਸਭ ਕੁੱਝ ਜੋ ਸੁਮੰਦਰ ਦੇ ਵਿੱਚ ਫਿਰਦਾ ਹੈ ।
9ਹੇ ਯਹੋਵਾਹ, ਸਾਡੇ ਪ੍ਰਭੂ, ਸਾਰੀ ਧਰਤੀ ਉੱਤੇ ਤੇਰਾ ਨਾਮ ਕਿੰਨਾ ਹੀ ਸ਼ਾਨਦਾਰ ਹੈ !

9
ਪਰਮੇਸ਼ੁਰ ਦੇ ਨਿਆਂ ਲਈ ਧੰਨਵਾਦ ਦਾ ਭਜਨ
ਪ੍ਰਧਾਨ ਵਜਾਉਣ ਵਾਲੇ ਦੇ ਲਈ ਮੁਲਤਬੈਨ ਦੇ ਰਾਗ ਉੱਤੇ ਦਾਊਦ ਦਾ ਭਜਨ

1ਹੇ ਯਹੋਵਾਹ, ਮੈਂ ਆਪਣੇ ਸਾਰੇ ਦਿਲ ਨਾਲ ਤੇਰਾ ਧੰਨਵਾਦ ਕਰਾਂਗਾ, ਮੈਂ ਤੇਰੇ ਸਾਰੇ ਅਚਰਜ ਕੰਮਾਂ ਦਾ ਵਰਣਨ ਕਰਾਂਗਾ ।2ਮੈਂ ਤੈਥੋਂ ਖੁਸ਼ ਅਤੇ ਬਾਗ-ਬਾਗ ਹੋਵਾਂਗਾ, ਹੇ ਅੱਤ ਮਹਾਨ, ਮੈਂ ਤੇਰੇ ਨਾਮ ਦੀ ਉਸਤਤ ਗਾਵਾਂਗਾ ।

3ਜਦ ਮੇਰੇ ਵੈਰੀ ਪਿਛਾਂਹ ਮੁੜਦੇ ਹਨ, ਉਹ ਤੇਰੇ ਸਾਹਮਣਿਓਂ ਠੇਡਾ ਖਾ ਕੇ ਨਾਸ ਹੋ ਜਾਂਦੇ ਹਨ,4ਕਿਉਂ ਜੋ ਤੂੰ ਮੇਰਾ ਨਿਆਂ ਅਤੇ ਮੇਰਾ ਫ਼ੈਸਲਾ ਕੀਤਾ ਹੈ, ਤੂੰ ਸਿੰਘਾਸਣ ਉੱਤੇ ਬੈਠ ਕੇ ਸੱਚਾ ਨਿਆਂ ਕੀਤਾ ਹੈ ।
5ਤੂੰ ਪਰਾਈਆਂ ਕੌਮਾਂ ਨੂੰ ਝਿੜਕਿਆ ਹੈ, ਤੂੰ ਦੁਸ਼ਟਾਂ ਦਾ ਨਾਸ ਕੀਤਾ ਹੈ, ਤੂੰ ਸਦੀਪਕ ਕਾਲ ਲਈ ਉਨ੍ਹਾਂ ਦਾ ਨਾਮ ਮਿਟਾ ਦਿੱਤਾ ।6ਵੈਰੀ ਉਜੜੇ ਥਾਵਾਂ ਵਿੱਚ ਸਦਾ ਲਈ ਮੁੱਕ ਗਏ, ਅਤੇ ਜਿਹੜੇ ਨਗਰ ਤੂੰ ਢਾਹ ਦਿੱਤੇ, ਉਨ੍ਹਾਂ ਦਾ ਚੇਤਾ ਵੀ ਮਿਟ ਗਿਆ ਹੈ ।
7ਪਰੰਤੂ ਯਹੋਵਾਹ ਸਦਾ ਹੀ ਬਿਰਾਜਮਾਨ ਹੈ, ਉਸ ਨੇ ਆਪਣੇ ਸਿੰਘਾਸਣ ਨੂੰ ਨਿਆਂ ਦੇ ਲਈ ਕਾਇਮ ਕਰ ਰੱਖਿਆ ਹੈ8ਅਤੇ ਉਹ ਧਰਮ ਨਾਲ ਜਗਤ ਦਾ ਨਿਆਂ ਕਰੇਗਾ, ਉਹ ਸਚਿਆਈ ਨਾਲ ਉਮਤਾਂ ਦਾ ਫੈਸਲਾ ਕਰੇਗਾ ।
9ਯਹੋਵਾਹ ਸਤਾਏ ਹੋਏ ਦੇ ਲਈ ਇੱਕ ਉੱਚਾ ਗੜ੍ਹ ਹੋਵੇਗਾ, ਹਾਂ, ਬਿਪਤਾ ਦੇ ਸਮੇਂ ਲਈ ਇੱਕ ਉੱਚਾ ਗੜ੍ਹ ਹੋਵੇਗਾ ।10ਤੇਰੇ ਨਾਮ ਦੇ ਜਾਨਣ ਵਾਲੇ ਤੇਰੇ ਉੱਤੇ ਭਰੋਸਾ ਰੱਖਦੇ ਹਨ, ਕਿਉਂ ਜੋ ਹੇ ਯਹੋਵਾਹ, ਤੂੰ ਆਪਣਿਆਂ ਤਾਲਿਬਾਂ ਨੂੰ ਤਿਆਗ ਨਹੀਂ ਦਿੱਤਾ ।
11ਯਹੋਵਾਹ ਦੀ ਉਸਤਤ ਗਾਓ ਜਿਹੜਾ ਸੀਯੋਨ ਵਿੱਚ ਵੱਸਦਾ ਹੈ, ਲੋਕਾਂ ਵਿੱਚ ਉਹ ਦੇ ਕੰਮਾਂ ਦਾ ਪਰਚਾਰ ਕਰੋ ।12ਜਦ ਉਹ ਖੂਨ ਦੀ ਪੁੱਛ-ਗਿੱਛ ਕਰਦਾ ਹੈ ਉਹ ਉਹਨਾਂ ਨੂੰ ਚੇਤੇ ਕਰਦਾ ਹੈ, ਉਹ ਮਸਕੀਨਾਂ ਦੀ ਦੁਹਾਈ ਨਹੀਂ ਭੁੱਲਦਾ ।
13ਹੇ ਯਹੋਵਾਹ, ਮੇਰੇ ਉੱਤੇ ਦਯਾ ਕਰ, ਤੂੰ ਜੋ ਮੈਨੂੰ ਮੌਤ ਦੇ ਫਾਟਕਾਂ ਤੋ ਉੱਠਾ ਲੈਂਦਾ ਹੈ, ਮੇਰੇ ਕਲੇਸ਼ ਉੱਤੇ ਜਿਹੜਾ ਮੇਰੇ ਵੈਰੀਆ ਵੱਲੋ ਹੈ ਨਜ਼ਰ ਕਰ,14ਤਾ ਜੋ ਮੈਂ ਸੀਯੋਨ ਦੀ ਧੀ ਦੇ ਫਾਟਕਾਂ ਵਿੱਚ ਤੇਰੀ ਸਾਰੀ ਉਸਤਤ ਦਾ ਪਰਚਾਰ ਕਰਾ, ਅਤੇ ਮੈਂ ਤੇਰੇ ਬਚਾਓ ਤੋਂ ਖੁਸ਼ ਹੋਵਾਂ ।
15ਜਿਹੜਾ ਟੋਆ ਪਰਾਈਆਂ ਕੌਮਾਂ ਨੇ ਪੁੱਟਿਆ ਸੀ ਉਸ ਵਿੱਚ ਓਹ ਆਪ ਡਿੱਗ ਪਈਆਂ ਹਨ, ਜਿਹੜੀ ਫਾਹੀ ਉਹਨਾਂ ਨੇ ਛਿਪਾਈ ਸੀ ਉਸੇ ਵਿੱਚ ਉਨ੍ਹਾਂ ਦਾ ਆਪਣਾ ਪੈਰ ਫਸ ਗਿਆ ਹੈ ।16ਯਹੋਵਾਹ ਉਜਾਗਰ ਹੋਇਆ ਹੈ, ਉਸੇ ਨੇ ਨਿਆਂ ਕੀਤਾ ਹੈ, ਦੁਸ਼ਟ ਨੂੰ ਉਸੇ ਦੇ ਹੱਥ ਦੇ ਕੰਮ ਵਿੱਚ ਉਸ ਨੇ ਫਸਾ ਦਿੱਤਾ ਹੈ । ਹਿੱਗਯੋਨ ਸਲਹ ।
17ਦੁਸ਼ਟ ਪਾਤਾਲ ਵਿੱਚ ਮੁੜ੍ਹ ਜਾਣਗੇ, ਉਹ ਸਾਰੀਆਂ ਕੌਮਾਂ ਜਿਹੜੀਆਂ ਪਰਮੇਸ਼ੁਰ ਨੂੰ ਵਿਸਾਰ ਦਿੰਦੀਆਂ ਹਨ ।18ਕੰਗਾਲ ਤਾ ਸਦਾ ਵਿਸਰੇ ਨਹੀਂ ਰਹਿਣਗੇ, ਨਾ ਮਸਕੀਨਾਂ ਦੀ ਆਸ਼ਾ ਹਮੇਸ਼ਾ ਲਈ ਨਸ਼ਟ ਹੋਵੇਗੀ ।
19ਉੱਠ, ਹੇ ਯਹੋਵਾਹ, ਇਨਸਾਨ ਨੂੰ ਪਰਬਲ ਨਾ ਹੋਣ ਦੇ ! ਤੇਰੇ ਸਨਮੁੱਖ ਪਰਾਈਆਂ ਕੌਮਾਂ ਦਾ ਨਿਆਂ ਕੀਤਾ ਜਾਵੇ ।20ਹੇ ਯਹੋਵਾਹ, ਓਹਨਾਂ ਨੂੰ ਭੈਜਲ ਪਾ, ਪਰਾਈਆਂ ਕੌਮਾਂ ਆਪਣੇ ਆਪ ਨੂੰ ਨਿਰਾ ਇਨਸਾਨ ਹੀ ਜਾਣਨ । ਸਲਹ ।

10
ਨਿਆਂ ਲਈ ਪ੍ਰਾਰਥਨਾ

1ਹੇ ਯਹੋਵਾਹ, ਤੂੰ ਦੂਰ ਕਿਉਂ ਖੜ੍ਹਾ ਰਹਿੰਦਾ ਹੈ ? ਬਿਪਤਾ ਦੇ ਵੇਲੇ ਤੂੰ ਆਪਣੇ ਆਪ ਨੂੰ ਕਿਉਂ ਲੁਕਾਉਂਦਾ ਹੈ ?2ਦੁਸ਼ਟ ਆਪਣੇ ਹੰਕਾਰ ਵਿੱਚ ਮਸਕੀਨਾਂ ਦੇ ਪਿਛੇ ਪੈ ਜਾਂਦਾ ਹੈ, ਜਿਹੜੀਆਂ ਜੁਗਤਾਂ ਉਨ੍ਹਾਂ ਨੇ ਸੋਚੀਆਂ ਉਨ੍ਹਾਂ ਵਿੱਚ ਉਹ ਆਪ ਫਸ ਜਾਣ !3ਕਿਉਂ ਜੋ ਦੁਸ਼ਟ ਆਪਣੇ ਮਨ ਦੀਆਂ ਕਾਮਨਾਂ ਉੱਤੇ ਫੂੰ-ਫੂੰ ਕਰਦਾ ਹੈ, ਅਤੇ ਲੋਭੀ ਯਹੋਵਾਹ ਨੂੰ ਫਿਟਕਾਰਦਾ ਅਤੇ ਤੁੱਛ ਜਾਣਦਾ ਹੈ ।

4ਦੁਸ਼ਟ ਆਪਣੇ ਮੂੰਹ ਦੇ ਹੰਕਾਰ ਦੇ ਕਾਰਨ ਪਰਮੇਸ਼ੁਰ ਨੂੰ ਨਹੀਂ ਭਾਲੇਗਾ, ਉਸ ਦਾ ਵਿਚਾਰ ਇਹ ਹੈ ਕਿ ਪਰਮੇਸ਼ੁਰ ਹੈ ਹੀ ਨਹੀਂ ।5ਉਸ ਦੀ ਚਾਲ ਹਰ ਵੇਲੇ ਇਸਥਿਰ ਹੁੰਦੀ ਹੈ ਤੇਰੇ ਨਿਆਂ ਉਸ ਦੀ ਸਮਝ ਤੋਂ ਉੱਚੇ ਹਨ, ਉਹ ਆਪਣੇ ਸਾਰੇ ਵਿਰੋਧੀਆ ਉੱਤੇ ਫੁੰਕਾਰੇ ਮਾਰਦਾ ਹੈ ।
6ਉਹ ਆਪਣੇ ਮਨ ਵਿੱਚ ਆਖਦਾ ਹੈ ਕਿ ਮੈਂ ਕਦੇ ਨਾ ਡੋਲਾਂਗਾ ਪੀੜ੍ਹੀਓ-ਪੀੜ੍ਹੀ ਮੈਂ ਦੁੱਖ ਵਿੱਚ ਨਾ ਡੋਲਾਂਗਾ ।7ਉਹ ਦਾ ਮੂੰਹ ਫਿਟਕਾਰ, ਛੱਲ ਅਤੇ ਅਨ੍ਹੇਰ ਨਾਲ ਭਰਿਆ ਹੋਇਆ ਹੈ, ਉਹ ਦੀ ਜੀਭ ਦੇ ਹੇਠ ਸ਼ਰਾਰਤ ਅਤੇ ਬਦੀ ਹੈ ।
8ਉਹ ਪਿੰਡਾਂ ਦੇ ਓਹਲਿਆਂ ਵਿੱਚ ਬੈਠਦਾ ਹੈ, ਉਹ ਗੁਪਤ ਥਾਵਾਂ ਵਿੱਚ ਨਿਰਦੋਸ਼ਾਂ ਦਾ ਘਾਤ ਕਰਦਾ ਹੈ, ਉਹ ਦੀਆਂ ਅੱਖੀਆਂ ਅਨਾਥਾਂ ਦੀ ਤਾਕ ਵਿੱਚ ਲੱਗੀਆ ਹੋਈਆਂ ਹਨ ।9ਜਿਵੇਂ ਬੱਬਰ ਸ਼ੇਰ ਆਪਣੇ ਘੁਰਨੇ ਵਿੱਚ, ਉਸੇ ਤਰ੍ਹਾਂ ਉਹ ਆਪਣੇ ਗੁਪਤ ਥਾਵਾਂ ਵਿੱਚ ਬੈਠਾ ਰਹਿੰਦਾ ਹੈ, ਉਹ ਮਸਕੀਨਾਂ ਨੂੰ ਫੜ੍ਹਨ ਲਈ ਛਹਿ ਵਿੱਚ ਬੈਠਦਾ ਹੈ, ਉਹ ਮਸਕੀਨ ਨੂੰ ਆਪਣੇ ਜਾਲ਼ ਵਿੱਚ ਫੜ੍ਹ ਲੈਂਦਾ ਹੈ ।10ਉਹ ਦਾਬਾ ਮਾਰ ਕੇ ਝੁੱਕ ਜਾਂਦਾ ਹੈ, ਅਨਾਥ ਉਹ ਦੇ ਬਲ ਵਾਲੇ ਹੱਥਾਂ ਨਾਲ ਡਿੱਗ ਪੈਂਦੇ ਹਨ ।
11ਉਸ ਆਪਣੇ ਮਨ ਵਿੱਚ ਆਖਿਆ ਹੈ ਜੋ ਪਰਮੇਸ਼ੁਰ ਭੁੱਲ ਗਿਆ ਹੈ, ਉਸ ਨੇ ਆਪਣਾ ਮੂੰਹ ਛਿਪਾਇਆ ਹੈ, ਉਹ ਕਦੀ ਵੀ ਨਾ ਵੇਖੇਗਾ ।12ਉੱਠ, ਹੇ ਯਹੋਵਾਹ ! ਹੇ ਪਰਮੇਸ਼ੁਰ, ਆਪਣਾ ਹੱਥ ਚੁੱਕ, ਮਸਕੀਨਾਂ ਨੂੰ ਨਾ ਵਿਸਾਰ ।
13ਦੁਸ਼ਟ ਨੇ ਕਿਉਂ ਪਰਮੇਸ਼ੁਰ ਨੂੰ ਤੁੱਛ ਜਾਣਿਆ ਹੈ, ਅਤੇ ਆਪਣੇ ਮਨ ਵਿੱਚ ਆਖਿਆ ਕਿ ਤੂੰ ਪੁੱਛ-ਗਿੱਛ ਨਹੀਂ ਕਰੇਂਗਾ ?14ਤੂੰ ਤਾਂ ਵੇਖਿਆ ਹੈ ਕਿਉਂ ਜੋ ਤੂੰ ਸ਼ਰਾਰਤ ਅਤੇ ਡਾਹ ਉੱਤੇ ਨਿਗਾਹ ਰੱਖਦਾ ਹੈ, ਕਿ ਆਪਣੇ ਹੀ ਹੱਥ ਵਿੱਚ ਲੈ ਲਵੇ, ਅਨਾਥ ਆਪਣੇ ਆਪ ਨੂੰ ਤੇਰੇ ਉੱਤੇ ਛੱਡਦਾ ਹੈ, ਯਤੀਮ ਦਾ ਸਹਾਇਕ ਤੂੰ ਹੀ ਰਿਹਾ ਹੈ ।
15ਦੁਸ਼ਟ ਦੀ ਬਾਂਹ ਭੰਨ ਸੁੱਟ ! ਦੁਸ਼ਟ ਦੀ ਬਦੀ ਨੂੰ ਭਾਲ ਜਦ ਤੱਕ ਕੁੱਝ ਹੋਰ ਨਾ ਲੱਭੇ ।16ਯਹੋਵਾਹ ਜੁੱਗੋ-ਜੁੱਗ ਪਾਤਸ਼ਾਹ ਹੈ । ਪਰਾਈਆਂ ਕੌਮਾਂ ਉਸ ਦੇ ਦੇਸ ਵਿੱਚੋਂ ਨਸ਼ਟ ਹੋ ਗਈਆਂ ।
17ਹੇ ਯਹੋਵਾਹ, ਤੂੰ ਮਸਕੀਨਾਂ ਦੀ ਇੱਛਿਆ ਸੁਣੀ ਹੈ, ਤੂੰ ਉਹਨਾਂ ਦੇ ਮਨਾਂ ਨੂੰ ਦ੍ਰਿੜ ਕਰੇਂਗਾ, ਤੂੰ ਆਪਣਾ ਕੰਨ ਲਾਏਗਾ18ਤਾਂ ਜੋ ਤੂੰ ਯਤੀਮ ਅਤੇ ਸਤਾਏ ਹੋਏ ਦਾ ਨਿਆਂ ਕਰੇਂ, ਜੋ ਇਨਸਾਨ ਜਿਹੜਾ ਮਿੱਟੀ ਦਾ ਹੈ ਫਿਰ ਕਦੀ ਅਨ੍ਹੇਰ ਨਾ ਕਰੇ ।

11
ਪਰਮੇਸ਼ੁਰ ਉੱਤੇ ਭਰੋਸਾ
ਪ੍ਰਧਾਨ ਵਜਾਉਣ ਵਾਲੇ ਦੇ ਲਈ: ਦਾਊਦ ਦਾ ਭਜਨ

1ਮੇਰਾ ਭਰੋਸਾ ਪਰਮੇਸ਼ੁਰ ਉੱਤੇ ਹੈ । ਤੁਸੀਂ ਕਿਵੇਂ ਮੇਰੀ ਜਾਨ ਨੂੰ ਆਖਦੇ ਹੋ, ਕਿ ਚਿੜੀ ਵਾਂਗੂੰ ਆਪਣੇ ਪਹਾੜ ਨੂੰ ਉੱਡ ਜਾ ?2ਵੇਖੋ ਤਾਂ, ਦੁਸ਼ਟ ਧਣੁੱਖ ਨੂੰ ਝੁਕਾਉਂਦੇ ਹਨ,ਉਹ ਆਪਣੇ ਬਾਣ ਚਿੱਲੇ ਉੱਤੇ ਚਾੜ੍ਹਦੇ ਹਨ ਤਾਂ ਜੋ ਸਿੱਧੇ ਮਨ ਵਾਲਿਆਂ ਨੂੰ ਅਨ੍ਹੇਰ ਵਿੱਚ ਮਾਰਨ ।

3ਜੇ ਨੀਹਾਂ ਢਾਹੀਆਂ ਜਾਣ, ਤਾਂ ਧਰਮੀ ਕੀ ਕਰੇ ?4ਯਹੋਵਾਹ ਆਪਣੀ ਪਵਿੱਤਰ ਹੈਕਲ ਵਿੱਚ ਹੈ, ਯਹੋਵਾਹ ਦਾ ਸਿੰਘਾਸਣ ਸਵਰਗ ਵਿੱਚ ਹੈ ਉਹ ਦੀਆਂ ਅੱਖਾਂ ਤੱਕਦੀਆ ਹਨ ਉਹ ਦੀਆਂ ਪਲਕਾਂ ਆਦਮੀ ਦੀ ਸੰਤਾਨ ਨੂੰ ਜਾਚਦੀਆਂ ਹਨ ।
5ਯਹੋਵਾਹ ਧਰਮੀ ਨੂੰ ਜਾਚਦਾ, ਪਰ ਦੁਸ਼ਟ ਅਤੇ ਅਨ੍ਹੇਰੇ ਦੇ ਪ੍ਰੇਮੀ ਤੋਂ ਉਹ ਦਾ ਆਤਮਾ ਘਿਣ ਕਰਦਾ ਹੈ ।6ਉਹ ਦੁਸ਼ਟਾ ਦੇ ਉੱਤੇ ਫਾਹੀਆਂ ਪਾਵੇਗਾ, ਅੱਗ ਅਤੇ ਗੰਧਕ ਅਤੇ ਅਗਨੀ ਲੂ ਉਨ੍ਹਾਂ ਦੇ ਕਟੋਰੇ ਦਾ ਹਿੱਸਾ ਹੋਵੇਗੀ,7ਕਿਉਂ ਜੋ ਯਹੋਵਾਹ ਧਰਮੀ ਹੈ, ਉਹ ਧਰਮ ਨਾਲ ਪ੍ਰੀਤ ਰੱਖਦਾ ਹੈ, ਸਿੱਧੇ ਮਨ ਵਾਲੇ ਉਸ ਦਾ ਦਰਸ਼ਨ ਪਾਉਣਗੇ ।

12
ਸਹਾਇਤਾ ਲਈ ਪ੍ਰਾਰਥਨਾ
ਪ੍ਰਧਾਨ ਵਜਾਉਣ ਵਾਲੇ ਲਈ ਖਰਜ਼ ਦੀ ਰਾਗ ਵਿੱਚ ਦਾਊਦ ਦਾ ਭਜਨ

1ਹੇ ਯਹੋਵਾਹ, ਬਚਾ ਲੈ ਕਿਉਂ ਜੋ ਧਰਮੀ ਜਨ ਮੁੱਕ ਗਏ ਹਨ, ਅਤੇ ਆਦਮੀ ਦੀ ਸੰਤਾਨ ਵਿੱਚੋਂ ਇਮਾਨਦਾਰ ਜਾਂਦੇ ਰਹੇ ਹਨ ।

2ਉਹ ਇੱਕ ਦੂਜੇ ਨਾਲ ਝੂਠ ਬੋਲਦੇ ਹਨ, ਅਤੇ ਚੋਪੜੇ ਬੁੱਲ੍ਹਾਂ ਅਤੇ ਦੋ-ਦਿਲੀ ਨਾਲ ਗੱਲਾਂ ਕਰਦੇ ਹਨ ।3ਯਹੋਵਾਹ ਸਾਰੇ ਚੋਪੜੇ ਬੁੱਲਾਂ ਨੂੰ ਨਾਲੇ ਉਸ ਜੀਭ ਨੂੰ ਜਿਹੜੀ ਵੱਡੇ ਬੋਲ ਬੋਲਦੀ ਹੈ, ਵੱਢ ਸੁੱਟੇਗਾ ।4ਜਿਹਨਾਂ ਨੇ ਆਖਿਆ ਹੈ ਕਿ ਅਸੀਂ ਆਪਣੀਆਂ ਜੀਭਾਂ ਨਾਲ ਜਿੱਤਾਂਗੇ । ਸਾਡੇ ਬੁੱਲ੍ਹ ਸਾਡੇ ਆਪਣੇ ਹੀ ਹਨ, ਕੌਣ ਸਾਡਾ ਮਾਲਕ ਹੈ ?
5ਮਸਕੀਨਾਂ ਦੇ ਅਨ੍ਹੇਰੇ ਅਤੇ ਕੰਗਾਲਾਂ ਦੀ ਠੰਡੀ ਆਹ ਦੇ ਕਾਰਨ, ਹੁਣ ਮੈਂ ਉੱਠਾਂਗਾ, ਯਹੋਵਾਹ ਆਖਦਾ ਹੈ, ਮੈਂ ਉਸ ਨੂੰ ਉਸ ਬਚਾਓ ਵਿੱਚ ਰੱਖਾਂਗਾ ਜਿਹ ਦੇ ਲਈ ਉਹ ਹੌਂਕਦਾ ਹੈ ।
6ਯਹੋਵਾਹ ਦੇ ਬਚਨ ਪਾਕ ਬਚਨ, ਉਸ ਚਾਂਦੀ ਵਰਗੇ ਜਿਹੜੀ ਮਿੱਟੀ ਦੀ ਭੱਠੀ ਵਿੱਚ ਤਾਈ ਹੋਈ ਹੈ, ਅਤੇ ਸੱਤ ਵਾਰੀ ਨਿਰਮਲ ਕੀਤੀ ਹੋਈ ਹੈ ।7ਹੇ ਯਹੋਵਾਹ, ਤੂੰ ਹੀ ਉਨ੍ਹਾਂ ਦੀ ਰੱਖਿਆ ਕਰੇਂਗਾ, ਤੂੰ ਉਨ੍ਹਾਂ ਨੂੰ ਇਸ ਪੀੜੀ ਤੋਂ ਸਦਾ ਤੱਕ ਬਚਾਈ ਰੱਖੇਂਗਾ ।8ਦੁਸ਼ਟ ਚਾਰ ਚੁਫ਼ੇਰੇ ਫੁੱਲੇ ਫਿਰਦੇ ਹਨ, ਜਦ ਆਦਮ ਵੰਸ ਦੀ ਨਖਿੱਧਤਾਈ ਦੀ ਵਡਿਆਈ ਹੁੰਦੀ ਹੈ ।

13
ਸੰਕਟ ਦੇ ਸਮੇਂ ਸਹਾਇਤਾ ਲਈ ਪ੍ਰਾਰਥਨਾ
ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਭਜਨ

1ਹੇ ਯਹੋਵਾਹ, ਤੂੰ ਕਦੋਂ ਤੱਕ ਮੈਨੂੰ ਭੁਲਾ ਛੱਡੇਂਗਾ ? ਕੀ ਸਦਾ ਲਈ ? ਤੂੰ ਕਦੋਂ ਤੱਕ ਆਪਣਾ ਮੂੰਹ ਮੈਥੋਂ ਲੁਕਾਵੇਂਗਾ ?2ਮੈਂ ਕਦੋਂ ਤੱਕ ਆਪਣੇ ਮਨ ਵਿੱਚ ਖਿਚੜੀ ਪਕਾਵਾਂ, ਅਤੇ ਸਾਰਾ ਦਿਨ ਆਪਣੇ ਦਿਲ ਵਿੱਚ ਸੋਗ ਕਰਾਂ ? ਮੇਰਾ ਵੈਰੀ ਕਦੋਂ ਤੱਕ ਮੇਰੇ ਸਿਰ ਹੁੰਦਾ ਰਹੇ ?

3ਹੇ ਯਹੋਵਾਹ, ਮੇਰੇ ਪਰਮੇਸ਼ੁਰ, ਧਿਆਨ ਦੇ ਕੇ ਮੈਨੂੰ ਉੱਤਰ ਦੇ, ਮੇਰੀਆਂ ਅੱਖਾਂ ਨੂੰ ਚਾਨਣਾ ਦੇ ਕਿਤੇ ਅਜਿਹਾ ਨਾ ਹੋਵੇ ਮੌਤ ਦੀ ਨੀਂਦ ਮੈਨੂੰ ਆ ਪਵੇ,4ਅਜਿਹਾ ਨਾ ਹੋਵੇ ਮੇਰਾ ਵੈਰੀ ਆਖੇ, ਮੈਂ ਉਸ ਨੂੰ ਜਿੱਤ ਲਿਆ ਹੈ, ਅਤੇ ਮੇਰੇ ਵਿਰੋਧੀ ਮੇਰੇ ਡੋਲ ਜਾਣ ਕਰਕੇ ਬਾਗ-ਬਾਗ ਹੋਣ ।
5ਪਰ ਮੈਂ ਤੇਰੀ ਦਯਾ ਉੱਤੇ ਭਰੋਸਾ ਰੱਖਿਆ ਹੈ, ਮੇਰਾ ਮਨ ਤੇਰੇ ਬਚਾਓ ਉੱਤੇ ਖੁਸ਼ੀ ਮਨਾਵੇਗਾ ।6ਮੈਂ ਯਹੋਵਾਹ ਲਈ ਗਾਵਾਂਗਾ, ਉਸ ਨੇ ਮੇਰੇ ਉੱਤੇ ਪਰਉਪਕਾਰ ਜੋ ਕੀਤਾ ਹੈ ।

14
ਮਨੁੱਖ ਦੀ ਮੂਰਖਤਾ ਅਤੇ ਦੁਸ਼ਟਤਾ
ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਭਜਨ

1ਮੂਰਖ ਨੇ ਆਪਣੇ ਮਨ ਵਿੱਚ ਆਖਿਆ ਹੈ ਕਿ ਪਰਮੇਸ਼ੁਰ ਹੈ ਹੀ ਨਹੀਂ, ਉਹ ਵਿਗੜ ਗਏ ਹਨ, ਉਹਨਾਂ ਨੇ ਘਿਣਾਉਣੇ ਕੰਮ ਕੀਤੇ ਹਨ, ਭਲਾ ਕਰਨ ਵਾਲਾ ਕੋਈ ਨਹੀਂ ।

2ਯਹੋਵਾਹ ਨੇ ਸਵਰਗ ਤੋਂ ਆਦਮ ਵੰਸ ਉੱਤੇ ਨਿਗਾਹ ਕੀਤੀ, ਤਾਂ ਉਹ ਵੇਖੇ ਕਿ ਕੋਈ ਬੁੱਧਵਾਨ, ਪਰਮੇਸ਼ੁਰ ਦਾ ਭਾਲਣ ਵਾਲਾ ਹੈ ਕਿ ਨਹੀਂ ?3ਉਹ ਸੱਭੇ ਕੁਰਾਹੇ ਪੈ ਗਏ, ਓਹ ਸਭ ਦੇ ਸਭ ਭਰਿਸ਼ਟ ਹੋ ਗਏ ਹਨ । ਕੋਈ ਭਲਾ ਕਰਨ ਵਾਲਾ ਨਹੀਂ, ਇੱਕ ਵੀ ਨਹੀਂ !
4ਕੀ ਇਹ ਸਾਰੇ ਕੁਕਰਮੀ ਸਮਝ ਨਹੀਂ ਰੱਖਦੇ, ਜਿਹੜੇ ਮੇਰੀ ਪਰਜਾ ਨੂੰ ਖਾਂਦੇ ਜਿਵੇਂ ਰੋਟੀ ਖਾਂਦੇ ਹਨ, ਅਤੇ ਯਹੋਵਾਹ ਦਾ ਨਾਮ ਨਹੀਂ ਲੈਂਦੇ ?
5ਉਨ੍ਹਾਂ ਨੇ ਉੱਥੇ ਵੱਡਾ ਭੈ ਖਾਧਾ, ਕਿਉਂ ਜੋ ਪਰਮੇਸ਼ੁਰ ਧਰਮੀਆਂ ਦੀ ਪੀੜ੍ਹੀ ਨਾਲ ਰਹਿੰਦਾ ਹੈ ।6ਤੁਸੀਂ ਮਸਕੀਨ ਦੀ ਜੁਗਤੀ ਨੂੰ ਮਾੜਾ ਕਹਿੰਦੇ ਹੋ, ਪਰ ਯਹੋਵਾਹ ਉਸ ਦੀ ਪਨਾਹ ਹੈ ।
7ਕਾਸ਼ ਕਿ ਇਸਰਾਏਲ ਦਾ ਬਚਾਓ ਸੀਯੋਨ ਤੋਂ ਨਿਕਲੇ ! ਜਦ ਯਹੋਵਾਹ ਆਪਣੀ ਪਰਜਾ ਨੂੰ ਗ਼ੁਲਾਮੀ ਤੋਂ ਮੋੜ ਲਿਆਵੇਗਾ, ਤਦ ਯਾਕੂਬ ਖੁਸ਼ ਅਤੇ ਇਸਰਾਏਲ ਅਨੰਦ ਹੋਵੇਗਾ !

15
ਸਿਯੋਨ ਦੇ ਨਿਵਾਸੀ
ਦਾਊਦ ਦਾ ਭਜਨ

1ਹੇ ਯਹੋਵਾਹ, ਤੇਰੇ ਡੇਹਰੇ ਵਿੱਚ ਕੌਣ ਰਹਿ ਸਕੇਗਾ ? ਤੇਰੇ ਪਵਿੱਤਰ ਪਹਾੜ ਉੱਤੇ ਕੌਣ ਵੱਸੇਗਾ ?2ਉਹੋ ਜਿਹੜਾ ਸਿੱਧੀ ਚਾਲ ਚੱਲਦਾ, ਨੇਕੀ ਕਰਦਾ, ਅਤੇ ਮਨੋਂ ਸੱਚ ਬੋਲਦਾ ਹੈ,

3ਉਹ ਜਿਹੜਾ ਆਪਣੀ ਜੀਭ ਨਾਲ ਚੁਗਲੀ ਨਹੀਂ ਕਰਦਾ, ਨਾ ਆਪਣੇ ਸਾਥੀ ਦਾ ਬੁਰਾ ਕਰਦਾ, ਅਤੇ ਨਾ ਆਪਣੇ ਗੁਆਂਢੀ ਨੂੰ ਉਲਾਹਮਾ ਦਿੰਦਾ ਹੈ ।
4ਜਿਸ ਦੀਆਂ ਅੱਖਾਂ ਵਿੱਚ ਨਿਕੰਮਾ ਮਨੁੱਖ ਤੁੱਛ ਹੈ, ਪਰ ਯਹੋਵਾਹ ਤੋਂ ਭੈ ਮੰਨਣ ਵਾਲਿਆਂ ਦਾ ਆਦਰ ਕਰਦਾ ਹੈ । ਜਿਹੜਾ ਸਹੁੰ ਖਾ ਕੇ ਮੁੱਕਰਦਾ ਨਹੀਂ, ਭਾਵੇਂ ਉਹ ਨੂੰ ਘਾਟਾ ਵੀ ਪਵੇ,5ਉਹ ਜਿਹੜਾ ਵਿਆਜ ਦੇ ਲਈ ਆਪਣਾ ਪੈਸਾ ਨਹੀਂ ਦਿੰਦਾ, ਅਤੇ ਨਾ ਨਿਰਦੋਸ਼ ਦੇ ਵਿਰੁੱਧ ਰਿਸ਼ਵਤ ਲੈਂਦਾ ਹੈ, ਜਿਹੜਾ ਅਜਿਹਾ ਕਰਦਾ ਹੈ ਉਹ ਕਦੀ ਵੀ ਨਹੀਂ ਡੋਲੇਗਾ ।

16
ਯਹੋਵਾਹ ਪਰਮੇਸ਼ੁਰ ਮੇਰਾ ਭਾਗ
ਦਾਊਦ ਦਾ ਮਿੱਕਤਾਮ

1ਹੇ ਪਰਮੇਸ਼ੁਰ, ਮੇਰੀ ਰੱਖਿਆ ਕਰ, ਕਿਉਂ ਜੋ ਮੈਂ ਤੇਰੀ ਹੀ ਸ਼ਰਨ ਆਇਆ ਹਾਂ ।2ਮੈਂ ਯਹੋਵਾਹ ਨੂੰ ਆਖਿਆ ਹੈ ਕਿ ਤੂੰ ਹੀ ਮੇਰਾ ਪ੍ਰਭੂ ਹੈ, ਤੇਰੇ ਤੋਂ ਬਿਨ੍ਹਾਂ ਮੇਰੀ ਕਿਤੇ ਵੀ ਭਲਿਆਈ ਨਹੀਂ ।3ਪਵਿੱਤਰ ਜਨ ਜਿਹੜੇ ਧਰਤੀ ਉੱਤੇ ਹਨ, ਉਹ ਆਦਰਯੋਗ ਹਨ, ਉਨ੍ਹਾਂ ਵਿੱਚ ਮੇਰੀ ਖੁਸ਼ੀ ਪੂਰੀ ਹੁੰਦੀ ਹੈ ।

4ਜਿਹੜੇ ਦੂਜੇ ਦੇਵਤਿਆਂ ਦੇ ਪਿੱਛੇ ਭੱਜਦੇ ਹਨ, ਉਨ੍ਹਾਂ ਦੇ ਦੁੱਖ ਵੱਧ ਜਾਣਗੇ । ਮੈਂ ਉਨ੍ਹਾਂ ਦੀਆਂ ਲਹੂ ਵਾਲੀਆਂ ਭੇਟਾਂ ਨਹੀਂ ਡੋਹਲਾਂਗਾ, ਅਤੇ ਨਾ ਆਪਣੇ ਬੁੱਲਾਂ ਉੱਤੇ ਉਨ੍ਹਾਂ ਦਾ ਨਾਮ ਲਿਆਵਾਂਗਾ ।
5ਯਹੋਵਾਹ ਮੇਰੀ ਵਿਰਾਸਤ ਅਤੇ ਮੇਰੇ ਕਟੋਰੇ ਦਾ ਭਾਗ ਹੈ । ਤੂੰ ਮੇਰੇ ਹਿੱਸੇ ਦਾ ਰਖਵਾਲਾ ਹੈਂ ।6ਮਨਭਾਉਂਦੇ ਥਾਵਾਂ ਵਿੱਚ ਮੇਰੇ ਲਈ ਮਿਣਤੀ ਕੀਤੀ ਗਈ, ਮੈਨੂੰ ਮਨ ਭਾਉਂਦਾ ਹਿੱਸਾ ਮਿਲਿਆ ਹੈ ।
7ਮੈਂ ਯਹੋਵਾਹ ਨੂੰ ਧੰਨ ਆਖਾਂਗਾ ਜਿਸ ਨੇ ਮੈਨੂੰ ਸਲਾਹ ਦਿੱਤੀ ਹੈ, ਰਾਤ ਦੇ ਸਮੇਂ ਮੇਰਾ ਦਿਲ ਸਿਖਾਉਂਦਾ ਹੈ ।8ਮੈਂ ਸਦਾ ਹੀ ਯਹੋਵਾਹ ਨੂੰ ਆਪਣੇ ਅੱਗੇ ਰੱਖਿਆ ਹੈ, ਉਹ ਮੇਰੇ ਸੱਜੇ ਪਾਸੇ ਜੋ ਹੈ ਇਸ ਲਈ ਮੈਂ ਨਾ ਡੋਲਾਂਗਾ ।
9ਇਸ ਕਰਕੇ ਮੇਰਾ ਦਿਲ ਅਨੰਦ ਹੋਇਆ ਅਤੇ ਮੇਰੀ ਰੂਹ ਨਿਹਾਲ ਹੋਈ, ਮੇਰਾ ਸਰੀਰ ਵੀ ਚੈਨ ਵਿੱਚ ਵੱਸੇਗਾ,10ਕਿਉਂ ਜੋ ਤੂੰ ਮੇਰੀ ਜਾਨ ਨੂੰ ਪਤਾਲ ਵਿੱਚ ਨਾ ਛੱਡੇਂਗਾ, ਨਾ ਆਪਣੇ ਪਵਿੱਤਰ ਪੁਰਖ ਨੂੰ ਕਬਰ ਵੇਖਣ ਦੇਵੇਗਾ ।
11ਤੂੰ ਮੈਨੂੰ ਜੀਵਨ ਦਾ ਮਾਰਗ ਵਿਖਾਵੇਂਗਾ, ਤੇਰੇ ਹਜ਼ੂਰ ਅਨੰਦ ਦੀ ਭਰਪੂਰੀ ਹੈ, ਤੇਰੇ ਸੱਜੇ ਹੱਥ ਸਦਾ ਖੁਸ਼ੀਆਂ ਹਨ ।

17
ਅੱਤਿਆਚਾਰੀ ਤੋਂ ਬਚਾਉਣ ਲਈ ਪ੍ਰਾਰਥਨਾ
ਦਾਊਦ ਦੀ ਪ੍ਰਾਰਥਨਾ

1ਹੇ ਯਹੋਵਾਹ, ਸਚਿਆਈ ਨੂੰ ਸੁਣ, ਮੇਰੀ ਪੁਕਾਰ ਉੱਤੇ ਧਿਆਨ ਦੇ, ਮੇਰੀ ਪ੍ਰਾਰਥਨਾ ਉੱਤੇ ਕੰਨ ਲਾ ਜਿਹੜੀ ਨਿਸ਼ਕਪਟ ਬੁੱਲਾਂ ਤੋਂ ਹੈ ।2ਮੇਰਾ ਫ਼ੈਸਲਾ ਤੇਰੇ ਹਜ਼ੂਰ ਤੋਂ ਨਿੱਕਲੇ, ਤੇਰੀਆਂ ਅੱਖੀਆਂ ਸਿੱਧਿਆਈ ਨੂੰ ਵੇਖਣ ।

3ਤੂੰ ਮੇਰੇ ਮਨ ਨੂੰ ਜਾਚਿਆ ਹੈ, ਰਾਤ ਨੂੰ ਤੂੰ ਮੈਨੂੰ ਪਰਖਿਆ ਹੈ, ਤੂੰ ਮੈਨੂੰ ਤਾਇਆ ਹੈ ਪਰ ਕੁੱਝ ਨਾ ਲੱਭਾ, ਮੈਂ ਠਾਣ ਲਿਆ ਕਿ ਮੇਰਾ ਮੂੰਹ ਉਲੰਘਣ ਨਾ ਕਰੇ ।
4ਇਨਸਾਨ ਦੇ ਕਰਮਾਂ ਦੇ ਵਿਖੇ ਤੇਰੇ ਬਚਨਾਂ ਦੇ ਰਾਹੀਂ ਮੈਂ ਆਪਣੇ ਆਪ ਨੂੰ ਜ਼ਾਲਮਾਂ ਦੇ ਮਾਰਗਾਂ ਤੋਂ ਬਚਾ ਰੱਖਿਆ ਹੈ ।5ਮੇਰੇ ਕਦਮਾਂ ਨੇ ਤੇਰੇ ਰਾਹਾਂ ਨੂੰ ਠੀਕ ਫੜਿਆ ਹੈ, ਮੇਰੇ ਪੈਰ ਨਹੀਂ ਤਿਲਕੇ ।
6ਮੈਂ ਤੈਨੂੰ ਪੁਕਾਰਿਆ ਹੈ, ਹੇ ਪਰਮੇਸ਼ੁਰ, ਤੂੰ ਤਾਂ ਮੈਨੂੰ ਉੱਤਰ ਦੇਵੇਂਗਾ, ਮੇਰੀ ਵੱਲ ਆਪਣਾ ਕੰਨ ਝੁਕਾ ਅਤੇ ਮੇਰੀ ਸੁਣ ।7ਆਪਣੀ ਅਚਰਜ ਦਯਾ ਵਿਖਾ, ਤੂੰ ਜੋ ਆਪਣੇ ਸੱਜੇ ਹੱਥ ਨਾਲ ਉਨ੍ਹਾਂ ਨੂੰ ਜਿਹੜੇ ਤੇਰੀ ਪਨਾਹ ਲੈਂਦੇ ਹਨ ਉਨ੍ਹਾਂ ਦੇ ਵਿਰੋਧੀਆਂ ਤੋਂ ਬਚਾਉਂਦਾ ਹੈਂ ।
8ਅੱਖ ਦੀ ਕਾਕੀ ਦੀ ਨਿਆਈਂ ਮੇਰੀ ਰਾਖੀ ਕਰ, ਆਪਣੇ ਖੰਭਾਂ ਦੀ ਛਾਇਆ ਹੇਠ ਮੈਨੂੰ ਲੁਕਾ ਲੈ,9ਉਨ੍ਹਾਂ ਦੁਸ਼ਟਾਂ ਤੋਂ ਜਿਹਨਾਂ ਨੇ ਮੇਰੇ ਨਾਲ ਧੱਕਾ ਕੀਤਾ ਹੈ, ਮੇਰੇ ਜਾਨੀ ਦੁਸ਼ਮਣਾਂ ਤੋਂ ਜਿਹੜੇ ਮੈਨੂੰ ਘੇਰ ਲੈਂਦੇ ਹਨ ।10ਉਹ ਆਪਣੀ ਹੀ ਚਰਬੀ ਵਿੱਚ ਗੁੱਥੇ ਹੋਏ ਹਨ, ਉਹ ਆਪਣੇ ਮੂੰਹ ਤੋਂ ਘਮੰਡ ਨਾਲ ਬੋਲਦੇ ਹਨ ।
11ਹੁਣ ਉਨ੍ਹਾਂ ਨੇ ਪੈਰ-ਪੈਰ ਤੇ ਸਾਨੂੰ ਘੇਰਿਆ ਹੈ, ਉਨ੍ਹਾਂ ਨੇ ਆਪਣੀਆਂ ਅੱਖਾਂ ਲਾ ਰੱਖੀਆਂ ਹਨ ਕਿ ਸਾਨੂੰ ਧਰਤੀ ਉੱਤੇ ਪਟਕਾ ਦੇਣ ।12ਉਹ ਬੱਬਰ ਸ਼ੇਰ ਵਰਗਾ ਹੈ ਜਿਹੜਾ ਪਾੜਨਾ ਚਾਹੁੰਦਾ ਹੈ, ਅਤੇ ਬੱਬਰ ਸ਼ੇਰ ਦੇ ਬੱਚੇ ਵਰਗਾ ਜਿਹੜਾ ਘਾਤ ਵਿੱਚ ਬੈਠਦਾ ਹੈ ।
13ਹੇ ਯਹੋਵਾਹ, ਉੱਠ, ਉਹ ਦਾ ਸਾਹਮਣਾ ਕਰ, ਉਹ ਨੂੰ ਕੱਸ ਕੇ ਬੰਨ ਲੈ, ਆਪਣੀ ਤਲਵਾਰ ਨਾਲ ਮੇਰੀ ਜਾਨ ਨੂੰ ਦੁਸ਼ਟ ਤੋਂ ਬਚਾ ਕੇ ਛੁਡਾ ਲੈ,14ਮਨੁੱਖਾਂ ਤੋਂ ਆਪਣੇ ਹੱਥ ਨਾਲ, ਹੇ ਯਹੋਵਾਹ, ਸੰਸਾਰੀ ਮਨੁੱਖਾਂ ਤੋਂ ਜਿਨ੍ਹਾਂ ਦਾ ਹਿੱਸਾ ਇਸੇ ਜਿਉਣ ਵਿੱਚ ਹੈ, ਅਤੇ ਜਿਨ੍ਹਾ ਦਾ ਢਿੱਡ ਤੂੰ ਆਪਣੇ ਭੰਡਾਰ ਤੋਂ ਭਰ ਦਿੰਦਾ ਹੈਂ । ਉਹ ਬੱਚਿਆ ਨਾਲ ਸੰਤੁਸ਼ਟ ਹੋ ਜਾਂਦੇ ਅਤੇ ਆਪਣੇ ਰਹਿੰਦੇ ਮਾਲ ਨੂੰ ਆਪਣਿਆਂ ਬਾਲ-ਬੱਚਿਆ ਲਈ ਛੱਡ ਜਾਂਦੇ ਹਨ ।
15ਮੈਂ ਧਰਮ ਵਿੱਚ ਤੇਰੇ ਮੂੰਹ ਦਾ ਦਰਸ਼ਣ ਕਰਾਂਗਾ, ਜਦੋਂ ਮੈਂ ਜਾਗਾਂਗਾ ਤਦ ਤੇਰੇ ਰੂਪ ਨਾਲ ਤ੍ਰਿਪਤ ਹੋਵਾਂਗਾ ।

18
ਦਾਊਦ ਦਾ ਮੁਕਤੀਗਾਨ
ਪ੍ਰਧਾਨ ਵਜਾਉਣ ਵਾਲੇ ਦੇ ਲਈ । ਯਹੋਵਾਹ ਦੇ ਦਾਸ ਦਾਊਦ ਦਾ ਗੀਤ, ਜਿਸ ਦੇ ਵਚਨ ਉਸ ਨੇ ਯਹੋਵਾਹ ਦੇ ਲਈ ਉਸ ਸਮੇਂ ਗਾਏ ਜਦੋਂ ਯਹੋਵਾਹ ਨੇ ਉਸ ਨੂੰ ਉਸ ਦੇ ਸਾਰੇ ਵੈਰੀਆਂ ਅਰਥਾਤ ਸ਼ਾਊਲ ਦੇ ਹੱਥੋਂ ਬਚਾਇਆ ਸੀ । ਉਸ ਨੇ ਕਿਹਾ:

1ਹੇ ਯਹੋਵਾਹ, ਮੇਰੇ ਬਲ, ਮੈਂ ਤੇਰੇ ਨਾਲ ਪ੍ਰੀਤ ਰੱਖਦਾ ਹਾਂ ।

2ਯਹੋਵਾਹ ਮੇਰੀ ਚੱਟਾਨ, ਮੇਰਾ ਗੜ੍ਹ ਅਤੇ ਮੇਰਾ ਛੁਡਾਉਣ ਵਾਲਾ ਹੈ, ਮੇਰਾ ਪਰਮੇਸ਼ੁਰ, ਮੇਰੀ ਚੱਟਾਨ, ਜਿਸ ਦੀ ਸ਼ਰਨ ਵਿੱਚ ਮੈਂ ਆਇਆ ਹਾਂ, ਮੇਰੀ ਢਾਲ, ਮੇਰੇ ਬਚਾਓ ਦਾ ਸਿੰਗ ਅਤੇ ਮੇਰਾ ਉੱਚਾ ਗੜ੍ਹ ਹੈ ।3ਮੈਂ ਯਹੋਵਾਹ ਨੂੰ ਜਿਹੜਾ ਉਸਤਤ ਯੋਗ ਹੈ, ਪੁਕਾਰਾਂਗਾ ਅਤੇ ਮੈਂ ਆਪਣੇ ਵੈਰੀਆਂ ਤੋਂ ਬਚ ਜਾਂਵਾਂਗਾ ।
4ਮੌਤ ਦੀਆਂ ਡੋਰੀਆਂ ਨੇ ਮੈਨੂੰ ਘੇਰ ਲਿਆ, ਅਤੇ ਕੁਧਰਮੀ ਦੇ ਹੜ੍ਹਾਂ ਨੇ ਮੈਨੂੰ ਡਰਾਇਆ ।5ਪਤਾਲ ਦੀਆਂ ਡੋਰੀਆਂ ਨੇ ਮੈਨੂੰ ਘੇਰ ਲਿਆ, ਮੌਤ ਦੇ ਫੰਦੇ ਮੇਰੇ ਸਾਹਮਣੇ ਹੋਏ ।
6ਆਪਣੀ ਔਖ ਦੇ ਵੇਲੇ ਮੈਂ ਯਹੋਵਾਹ ਨੂੰ ਪੁਕਾਰਿਆ, ਅਤੇ ਆਪਣੇ ਪਰਮੇਸ਼ੁਰ ਦੀ ਦੁਹਾਈ ਦਿੱਤੀ । ਉਸ ਨੇ ਆਪਣੀ ਹੈਕਲ ਵਿੱਚੋਂ ਮੇਰੀ ਅਵਾਜ਼ ਸੁਣੀ, ਅਤੇ ਮੇਰੀ ਦੁਹਾਈ ਉਸ ਦੇ ਅੱਗੇ, ਸਗੋਂ ਉਸ ਦੇ ਕੰਨਾਂ ਤੱਕ ਪਹੁੰਚੀ ।
7ਤਦ ਧਰਤੀ ਕੰਬ ਗਈ ਅਤੇ ਥਰ-ਥਰਾਈ, ਅਤੇ ਪਹਾੜਾਂ ਦੀਆਂ ਨੀਹਾਂ ਹਿੱਲ ਗਈਆਂ, ਅਤੇ ਧੜਕ ਉੱਠੀਆਂ, ਕਿਉਂ ਜੋ ਉਹ ਕ੍ਰੋਧਵਾਨ ਹੋ ਗਿਆ ਸੀ !8ਉਸ ਦੀਆਂ ਨਾਸਾਂ ਤੋਂ ਧੂੰਆਂ ਉੱਠਿਆ, ਅਤੇ ਉਸ ਦੇ ਮੂੰਹ ਤੋਂ ਅੱਗ ਭਸਮ ਕਰਦੀ ਸੀ, ਅੰਗਿਆਰੇ ਉਸ ਤੋਂ ਦਗ-ਦਗ ਕਰਨ ਲੱਗੇ ।
9ਉਸਨੇ ਅਕਾਸ਼ਾਂ ਨੂੰ ਝੁਕਾਇਆ ਅਤੇ ਉਹ ਹੇਠਾਂ ਉਤਰਿਆ, ਅਤੇ ਉਸ ਦੇ ਪੈਰਾਂ ਹੇਠ ਘੁੱਪ ਹਨੇਰਾ ਸੀ ।10ਤਦ ਉਹ ਕਰੂਬੀ ਉੱਤੇ ਚੜ੍ਹ ਕੇ ਉੱਡਿਆ, ਹਾਂ, ਪੌਣ ਦਿਆਂ ਖੰਭਾਂ ਉੱਤੇ ਉਡਾਰੀ ਮਾਰੀ ।
11ਉਸ ਨੇ ਅਨ੍ਹੇਰੇ ਨੂੰ ਆਪਣਾ ਗੁਪਤ ਸਥਾਨ, ਕਾਲੇ ਜਲਾਂ ਅਤੇ ਅਕਾਸ਼ ਦੀਆਂ ਘਟਾਵਾਂ ਨੂੰ ਆਪਣੇ ਆਲੇ-ਦੁਆਲੇ ਦਾ ਮੰਡਪ ਬਣਾਇਆ ।12ਉਹ ਦੀ ਹਜ਼ੂਰੀ ਦੀ ਝਲਕ ਤੋਂ ਅਤੇ ਉਹ ਦੀਆਂ ਘਟਾਂਵਾਂ ਦੇ ਵਿਚੋਂ ਗੜੇ ਅਤੇ ਅੰਗਿਆਰੇ ਨਿੱਕਲੇ ।
13ਤਦ ਯਹੋਵਾਹ ਅਕਾਸ਼ ਵਿੱਚ ਗਰਜਿਆ, ਅਤੇ ਅੱਤ ਮਹਾਨ ਨੇ ਆਪਣੀ ਅਵਾਜ਼ ਸੁਣਾਈ, ਗੜ੍ਹੇ ਅਤੇ ਅੰਗਿਆਰੇ ।14ਫੇਰ ਉਸ ਨੇ ਆਪਣੇ ਤੀਰ ਚਲਾ ਕੇ ਉਨ੍ਹਾਂ ਨੂੰ ਛਿੰਨ-ਭਿੰਨ ਕੀਤਾ, ਅਤੇ ਬਿਜਲੀਆਂ ਲਿਸ਼ਕਾ ਕੇ ਉਨ੍ਹਾਂ ਨੂੰ ਘਬਰਾ ਦਿੱਤਾ ।
15ਤਾਂ ਤੇਰੇ ਦਬਕੇ ਦੇ ਕਾਰਨ, ਹੇ ਯਹੋਵਾਹ, ਤੇਰੀਆਂ ਨਾਸਾਂ ਦੇ ਸੁਆਸ ਦੇ ਝੋਕੇ ਦੇ ਕਾਰਨ ਪਾਣੀ ਦੀਆਂ ਨਾਲੀਆਂ ਦਿੱਸ ਪਈਆਂ, ਅਤੇ ਜਗਤ ਦੀਆਂ ਨੀਹਾਂ ਖੁੱਲ੍ਹ ਗਈਆਂ ।
16ਉਸ ਨੇ ਉੱਪਰੋਂ ਹੱਥ ਕੱਢ ਕੇ ਮੈਨੂੰ ਲੈ ਲਿਆ ਅਤੇ ਮੈਨੂੰ ਪਾਣੀ ਦੇ ਹੜਾਂ ਵਿਚੋਂ ਕੱਢਿਆ ।17ਮੇਰੇ ਬਲਵੰਤ ਵੈਰੀ ਤੋਂ ਉਸ ਨੇ ਮੈਨੂੰ ਛੁਡਾਇਆ, ਅਤੇ ਓਹਨਾਂ ਤੋਂ ਜਿਹੜੇ ਮੈਥੋਂ ਘਿਣ ਕਰਦੇ ਸਨ, ਕਿਉਂ ਜੋ ਓਹ ਮੇਰੇ ਨਾਲੋਂ ਬਹੁਤ ਤਕੜੇ ਸਨ ।
18ਮੇਰੀ ਬਿਪਤਾ ਦੇ ਦਿਨ ਉਨ੍ਹਾਂ ਨੇ ਮੇਰਾ ਸਾਹਮਣਾ ਕੀਤਾ, ਪਰੰਤੂ ਯਹੋਵਾਹ ਮੇਰਾ ਸਹਾਰਾ ਸੀ ।19ਉਹ ਮੈਨੂੰ ਖੁੱਲ੍ਹੇ ਸਥਾਨ ਵਿੱਚ ਕੱਢ ਲਿਆਇਆ, ਉਹ ਨੇ ਮੈਨੂੰ ਛੁਡਾਇਆ ਕਿਉਂ ਜੋ ਉਹ ਮੈਥੋਂ ਪਰਸੰਨ ਸੀ ।
20ਯਹੋਵਾਹ ਨੇ ਮੇਰੇ ਧਰਮ ਦੇ ਅਨੁਸਾਰ ਮੈਨੂੰ ਬਦਲਾ ਦਿੱਤਾ, ਮੇਰੇ ਹੱਥਾਂ ਦੀ ਸੁੱਚਮਤਾਈ ਦੇ ਅਨੁਸਾਰ ਮੈਨੂੰ ਵੱਟਾ ਦਿੱਤਾ,21ਕਿਉਂ ਜੋ ਮੈਂ ਯਹੋਵਾਹ ਦੇ ਰਾਹਾਂ ਦੀ ਪਾਲਣਾ ਕੀਤੀ, ਅਤੇ ਬਦੀ ਕਰਕੇ ਆਪਣੇ ਪਰਮੇਸ਼ੁਰ ਤੋਂ ਬੇਮੁੱਖ ਨਹੀਂ ਹੋਇਆ ।
22ਉਹ ਦੇ ਸਾਰੇ ਨਿਆਂ ਮੇਰੇ ਸਾਹਮਣੇ ਰਹੇ, ਅਤੇ ਉਹ ਦੀਆਂ ਬਿਧੀਆਂ ਨੂੰ ਮੈਂ ਆਪਣੇ ਕੋਲੋਂ ਦੂਰ ਨਾ ਕੀਤਾ ।23ਮੈਂ ਉਹ ਦੇ ਨਾਲ ਪੂਰਾ ਉਤਰਿਆ, ਅਤੇ ਆਪਣੇ ਆਪ ਨੂੰ ਆਪਣੀ ਬਦੀ ਤੋਂ ਬਚਾਈ ਰੱਖਿਆ ।24ਸੋ ਯਹੋਵਾਹ ਨੇ ਨਿਗਾਹ ਕਰ ਕੇ ਮੇਰੇ ਧਰਮ ਦੇ ਅਨੁਸਾਰ, ਅਤੇ ਮੇਰੇ ਹੱਥਾਂ ਦੀ ਸੁੱਚਮਤਾਈ ਦੇ ਅਨੁਸਾਰ ਮੈਨੂੰ ਵੱਟਾ ਦਿੱਤਾ ।
25ਦਯਾਵਾਨ ਲਈ ਤੂੰ ਆਪਣੇ ਆਪ ਨੂੰ ਦਯਾਵਾਨ ਵਿਖਾਏਂਗਾ, ਪੂਰੇ ਮਨੁੱਖ ਲਈ ਤੂੰ ਆਪਣੇ ਆਪ ਨੂੰ ਪੂਰਾ ਵਿਖਾਏਂਗਾ ।26ਸ਼ੁੱਧ ਲਈ ਤੂੰ ਆਪਣੇ ਆਪ ਨੂੰ ਸ਼ੁੱਧ ਵਿਖਾਏਂਗਾ, ਅਤੇ ਹਾਠੇ ਲਈ ਤੂੰ ਆਪਣੇ ਆਪ ਨੂੰ ਹਾਠਾ ਵਿਖਾਏਂਗਾ ।
27ਤੂੰ ਦੁੱਖੀ ਲੋਕਾਂ ਨੂੰ ਬਚਾਵੇਂਗਾ, ਪਰ ਉੱਚੀਆਂ ਅੱਖਾਂ ਨੂੰ ਨੀਵੀਆਂ ਕਰੇਂਗਾ ।28ਫੇਰ ਤੂੰ ਮੇਰਾ ਦੀਵਾ ਬਾਲਦਾ ਹੈਂ, ਯਹੋਵਾਹ ਮੇਰਾ ਪਰਮੇਸ਼ੁਰ ਮੇਰੇ ਅਨ੍ਹੇਰੇ ਨੂੰ ਚਾਨਣ ਕਰਦਾ ਹੈ ।29ਤਦ ਮੈਂ ਤੇਰੀ ਸਹਾਇਤਾ ਨਾਲ ਇੱਕ ਜੱਥੇ ਦੇ ਵਿਚੋਂ ਦੀ ਭੱਜ ਸਕਦਾ, ਅਤੇ ਆਪਣੇ ਪਰਮੇਸ਼ੁਰ ਦੀ ਸਹਾਇਤਾ ਨਾਲ ਮੈਂ ਕੰਧ ਨੂੰ ਟੱਪ ਸਕਦਾ ਹਾਂ ।
30ਪਰਮੇਸ਼ੁਰ ਦਾ ਰਾਹ ਪੂਰਾ ਹੈ, ਯਹੋਵਾਹ ਦਾ ਬਚਨ ਤਾਇਆ ਹੋਇਆ ਹੈ, ਉਹ ਆਪਣੇ ਸਾਰੇ ਸ਼ਰਨਾਰਥੀਆਂ ਲਈ ਇੱਕ ਢਾਲ ਹੈ ।31ਯਹੋਵਾਹ ਤੋਂ ਬਿਨ੍ਹਾਂ ਹੋਰ ਕੌਣ ਪਰਮੇਸ਼ੁਰ ਹੈ ? ਅਤੇ ਸਾਡੇ ਪਰਮੇਸ਼ੁਰ ਤੋਂ ਛੁੱਟ ਹੋਰ ਕਿਹੜੀ ਚੱਟਾਨ ਹੈ ?32ਉਹ ਪਰਮੇਸ਼ੁਰ ਜੋ ਮੇਰਾ ਲੱਕ ਬਲ ਨਾਲ ਕੱਸਦਾ ਹੈ, ਅਤੇ ਮੇਰਾ ਰਾਹ ਸੰਪੂਰਨ ਕਰਦਾ ਹੈ ।
33ਉਹ ਮੇਰੇ ਪੈਰਾਂ ਨੂੰ ਹਰਨੀਆਂ ਦੇ ਪੈਰਾਂ ਜਿਹੇ ਬਣਾਉਂਦਾ ਹੈ, ਅਤੇ ਮੈਨੂੰ ਮੇਰੀਆਂ ਉੱਚਿਆਂ ਥਾਂਵਾਂ ਉੱਤੇ ਖੜ੍ਹਾ ਕਰਦਾ ਹੈ ।34ਉਹ ਮੇਰੇ ਹੱਥਾਂ ਨੂੰ ਯੁੱਧ ਕਰਨਾ ਇਉਂ ਸਿਖਾਉਂਦਾ ਹੈ ਕਿ ਮੇਰੀਆਂ ਬਾਹਾਂ ਪਿੱਤਲ ਦਾ ਧਣੱਖ ਝੁਕਾ ਦਿੰਦੀਆਂ ਹਨ ।
35ਤੂੰ ਆਪਣੇ ਬਚਾਓ ਦੀ ਢਾਲ ਮੈਨੂੰ ਦਿੱਤੀ ਹੈ, ਅਤੇ ਤੇਰੇ ਸੱਜੇ ਹੱਥ ਨੇ ਮੈਨੂੰ ਸੰਭਾਲਿਆ ਹੈ, ਅਤੇ ਤੇਰੀ ਨਰਮਾਈ ਨੇ ਮੈਨੂੰ ਵਡਿਆਇਆ ਹੈ ।36ਤੂੰ ਮੇਰੇ ਹੇਠ ਮੇਰੇ ਕਦਮਾਂ ਨੂੰ ਵਧਾਇਆ ਹੈ, ਅਤੇ ਮੇਰੇ ਪੈਰ ਨਹੀਂ ਤਿਲਕੇ ।
37ਮੈਂ ਆਪਣਿਆਂ ਵੈਰੀਆਂ ਦਾ ਪਿੱਛਾ ਕਰ ਕੇ ਉਨ੍ਹਾਂ ਨੂੰ ਜਾ ਲਿਆ, ਮੈਂ ਪਿਛਾਹਾਂ ਨਾ ਹਟਿਆ ਜਿੰਨਾ ਚਿਰ ਉਨ੍ਹਾਂ ਦਾ ਨਾਸ ਨਾ ਹੋ ਗਿਆ ।38ਮੈਂ ਉਨ੍ਹਾਂ ਨੂੰ ਅਜਿਹਾ ਫੰਡਿਆ ਕਿ ਉਹ ਫੇਰ ਨਾ ਉੱਠ ਸਕੇ, ਉਹ ਪੈਰਾਂ ਹੇਠ ਡਿੱਗ ਪਏ ਸਨ ।39ਤੂੰ ਯੁੱਧ ਦੇ ਲਈ ਮੇਰੇ ਲੱਕ ਨੂੰ ਬਲ ਨਾਲ ਕੱਸਿਆ ਹੈ, ਤੂੰ ਮੇਰੇ ਵਿਰੋਧੀਆਂ ਨੂੰ ਮੇਰੇ ਹੇਠ ਝੁਕਾ ਦਿੱਤਾ ਹੈ ।
40ਤੂੰ ਮੇਰੇ ਵਿਰੋਧੀਆਂ ਦੀ ਪਿੱਠ ਮੈਨੂੰ ਵਿਖਾਈ, ਅਤੇ ਮੈਂ ਆਪਣੇ ਘਿਣ ਕਰਨ ਵਾਲਿਆਂ ਦਾ ਸੱਤਿਆਨਾਸ ਕੀਤਾ ।41ਉਨ੍ਹਾਂ ਨੇ ਦੁਹਾਈ ਦਿੱਤੀ ਪਰ ਕੋਈ ਬਚਾਉਣ ਵਾਲਾ ਨਹੀਂ ਸੀ, ਸਗੋਂ ਯਹੋਵਾਹ ਅੱਗੇ ਵੀ, ਪਰ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ ।42ਫੇਰ ਮੈਂ ਉਹਨਾਂ ਨੂੰ ਹਵਾ ਨਾਲ ਉੱਡਦੀ ਧੂੜ ਵਾਂਗੂੰ ਪੀਹ ਸੁੱਟਿਆ, ਰਸਤੇ ਦੇ ਚਿੱਕੜ ਵਾਂਗੂੰ ਉਨ੍ਹਾਂ ਨੂੰ ਸੁੱਟ ਦਿੱਤਾ ।
43ਤੂੰ ਮੈਨੂੰ ਲੋਕਾਂ ਦੇ ਝਗੜਿਆਂ ਤੋਂ ਛੁਡਾਇਆ, ਤੂੰ ਮੈਨੂੰ ਕੌਮਾਂ ਦਾ ਮੁਖੀਆ ਥਾਪਿਆ, ਜਿਨ੍ਹਾ ਲੋਕਾਂ ਨੂੰ ਮੈਂ ਨਹੀਂ ਜਾਤਾ ਉਨ੍ਹਾਂ ਨੇ ਮੇਰੀ ਸੇਵਾ ਕੀਤੀ ।44ਸੁਣਦਿਆਂ ਸਾਰ ਉਹ ਅਧੀਨ ਹੋ ਗਏ, ਪਰਦੇਸੀ ਮੇਰੇ ਅੱਗੇ ਹਿਚਕ ਕੇ ਆਏ ।45ਪਰਦੇਸੀ ਕੁਮਲਾ ਗਏ, ਅਤੇ ਆਪਣੇ ਕੋਟਾਂ ਵਿਚੋਂ ਥਰਥਰਾਉਂਦੇ ਹੋਏ ਨਿੱਕਲੇ ।
46ਯਹੋਵਾਹ ਜਿਉਂਦਾ ਹੈ ਸੋ ਮੁਬਾਰਕ ਹੋਵੇ ਮੇਰੀ ਚੱਟਾਨ, ਅਤੇ ਮੇਰੇ ਬਚਾਓ ਦੇ ਪਰਮੇਸ਼ੁਰ ਦੀ ਬਜ਼ੁਰਗੀ ਹੋਵੇ !47ਉਸੇ ਹੀ ਪਰਮੇਸ਼ੁਰ ਨੇ ਮੇਰਾ ਬਦਲਾ ਲਿਆ, ਅਤੇ ਲੋਕਾਂ ਨੂੰ ਮੇਰੇ ਅਧੀਨ ਕਰ ਦਿੱਤਾ,
48ਜਿਸ ਨੇ ਮੈਨੂੰ ਮੇਰੇ ਵੈਰੀਆਂ ਤੋਂ ਛੁਡਾਇਆ, ਹਾਂ, ਤੂੰ ਮੈਨੂੰ ਮੇਰੇ ਵਿਰੋਧੀਆਂ ਵਿੱਚ ਉੱਚਾ ਕੀਤਾ, ਮੈਨੂੰ ਜ਼ਾਲਮਾਂ ਤੋਂ ਬਚਾਇਆ ।49ਇਸ ਲਈ, ਹੇ ਯਹੋਵਾਹ, ਮੈਂ ਕੌਮਾਂ ਵਿੱਚ ਤੇਰਾ ਧੰਨਵਾਦ ਕਰਾਂਗਾ, ਅਤੇ ਤੇਰੇ ਨਾਮ ਦਾ ਜਸ ਗਾਵਾਂਗਾ ।
50ਉਹ ਆਪਣੇ ਪਾਤਸ਼ਾਹ ਨੂੰ ਵੱਡੇ ਬਚਾਓ ਦਿੰਦਾ ਹੈ, ਅਤੇ ਆਪਣੇ ਮਸਹ ਕੀਤੇ ਹੋਏ ਉੱਤੇ ਅਰਥਾਤ ਦਾਊਦ ਅਤੇ ਉਹ ਦੀ ਅੰਸ ਉੱਤੇ ਸਦਾ ਤੱਕ ਦਯਾ ਕਰਦਾ ਹੈ ।

19
ਸ੍ਰਿਸ਼ਟੀ ਵਿੱਚ ਪਰਮੇਸ਼ੁਰ ਦੀ ਮਹਿਮਾ
ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਭਜਨ

1ਅਕਾਸ਼ ਪਰਮੇਸ਼ੁਰ ਦੀ ਮਹਿਮਾ ਦਾ ਵਰਣਨ ਕਰਦੇ ਹਨ, ਅਤੇ ਅੰਬਰ ਉਸ ਦੀ ਦਸਤਕਾਰੀ ਵਿਖਾਲਦਾ ਹੈ ।2ਦਿਨ ਦਿਨ ਨਾਲ ਬੋਲੀ ਬੋਲਦਾ ਹੈ, ਅਤੇ ਰਾਤ ਰਾਤ ਨੂੰ ਗਿਆਨ ਦੱਸਦੀ ਹੈ ।3ਉਨ੍ਹਾਂ ਦੀ ਨਾ ਕੋਈ ਬੋਲੀ ਨਾ ਕੋਈ ਸ਼ਬਦ ਹਨ, ਨਾ ਉਨ੍ਹਾਂ ਦੀ ਅਵਾਜ਼ ਸੁਣੀਦੀ ਹੈ ।

4ਸਾਰੀ ਧਰਤੀ ਵਿੱਚ ਉਨ੍ਹਾਂ ਦੀ ਗੂੰਜ ਪਹੁੰਚਦੀ ਹੈ, ਅਤੇ ਸੰਸਾਰ ਦੀਆਂ ਹੱਦਾਂ ਤੱਕ ਉਨ੍ਹਾਂ ਦੇ ਬੋਲ । ਉਨ੍ਹਾਂ ਵਿੱਚ ਉਸ ਨੇ ਸੂਰਜ ਲਈ ਡੇਰਾ ਬਣਾਇਆ ਹੈ,5ਜਿਹੜਾ ਲਾੜੇ ਵਾਂਗੂੰ ਆਪਣੀ ਕੋਠੜੀ ਵਿਚੋਂ ਨਿੱਕਲਦਾ ਹੈ, ਅਤੇ ਸੂਰਮੇ ਵਾਂਗੂੰ ਆਪਣੇ ਚੱਕਰ ਵਿੱਚ ਦੌੜ ਲਾ ਕੇ ਖੁਸ਼ ਹੁੰਦਾ ਹੈ ।6ਅਕਾਸ਼ਾਂ ਦੇ ਇੱਕ ਸਿਰੇ ਤੋਂ ਉਸ ਦਾ ਚੜ੍ਹਨਾ ਹੈ, ਅਤੇ ਉਸ ਦਾ ਦੌਰ ਉਨ੍ਹਾਂ ਦੇ ਦੂਜੇ ਸਿਰੇ ਤੱਕ ਹੈ, ਅਤੇ ਉਸ ਦੀ ਗਰਮੀ ਤੋਂ ਕੋਈ ਚੀਜ਼ ਲੁਕੀ ਨਹੀਂ ਰਹਿੰਦੀ ।
ਪਰਮੇਸ਼ੁਰ ਦੀ ਬਿਵਸਥਾ

7ਯਹੋਵਾਹ ਦੀ ਬਿਵਸਥਾ ਪੂਰੀ ਖਰੀ ਹੈ, ਉਹ ਜਾਨ ਨੂੰ ਬਹਾਲ ਕਰਦੀ ਹੈ, ਯਹੋਵਾਹ ਦੀ ਸਾਖੀ ਸੱਚੀ ਹੈ, ਉਹ ਭੋਲੇ ਨੂੰ ਬੁੱਧਵਾਨ ਕਰਦੀ ਹੈ ।8ਯਹੋਵਾਹ ਦੇ ਫਰਮਾਨ ਸਿੱਧੇ ਹਨ, ਓਹ ਦਿਲ ਨੂੰ ਅਨੰਦ ਕਰਦੇ ਹਨ, ਯਹੋਵਾਹ ਦਾ ਹੁਕਮ ਨਿਰਮਲ ਹੈ, ਉਹ ਅੱਖੀਆਂ ਨੂੰ ਚਾਨਣ ਦਿੰਦਾ ਹੈ ।
9ਯਹੋਵਾਹ ਦਾ ਭੈ ਸ਼ੁੱਧ ਹੈ, ਉਹ ਸਦਾ ਤੱਕ ਕਾਇਮ ਰਹਿੰਦਾ ਹੈ, ਯਹੋਵਾਹ ਦੇ ਨਿਆਂ ਸੱਚੇ ਹਨ, ਓਹ ਨਿਰੇ ਪੁਰੇ ਧਰਮ ਹਨ ।10ਉਹ ਸੋਨੇ ਨਾਲੋਂ ਸਗੋਂ ਬਹੁਤ ਕੁੰਦਨ ਸੋਨੇ ਨਾਲੋਂ ਮਨਭਾਉਂਦੇ ਹਨ, ਸ਼ਹਿਦ ਅਤੇ ਮਖੀਲ ਦਿਆਂ ਚੋਇਆਂ ਨਾਲੋਂ ਵੀ ਮਿੱਠੇ ਹਨ ।
11ਅਤੇ ਉਨ੍ਹਾਂ ਤੋਂ ਤੇਰਾ ਦਾਸ ਚਿਤਾਇਆ ਜਾਂਦਾ ਹੈ, ਉਨ੍ਹਾਂ ਦੇ ਮੰਨਣ ਵਿੱਚ ਵੱਡਾ ਲਾਭ ਹੈ ।12ਆਪਣੀਆਂ ਭੁੱਲਾਂ ਚੁੱਕਾਂ ਨੂੰ ਕੌਣ ਸਮਝ ਸਕਦਾ ਹੈ ? ਤੂੰ ਮੈਨੂੰ ਗੁੱਝੇ ਪਾਪਾਂ ਤੋਂ ਅਜ਼ਾਦ ਕਰ,
13ਅਤੇ ਆਪਣੇ ਦਾਸ ਨੂੰ ਹੰਕਾਰ ਤੋਂ ਰੋਕ ਰੱਖ, ਉਹ ਮੇਰੇ ਉੱਤੇ ਹਕੂਮਤ ਨਾ ਕਰਨ, ਤਾਂ ਮੈਂ ਪੂਰਾ ਖਰਾ ਉਤਰਾਂਗਾ, ਅਤੇ ਵੱਡੇ ਪਾਪਾਂ ਤੋਂ ਬਰੀ ਠਹਿਰਾਂਗਾ ।14ਹੇ ਯਹੋਵਾਹ, ਮੇਰੀ ਚੱਟਾਨ ਅਤੇ ਮੇਰੇ ਛੁਡਾਉਣ ਵਾਲੇ, ਮੇਰੇ ਮੂੰਹ ਦੀਆਂ ਗੱਲਾਂ ਅਤੇ ਮੇਰੇ ਮਨ ਦਾ ਵਿਚਾਰ, ਤੇਰੇ ਹਜ਼ੂਰ ਮੰਨਣ ਯੋਗ ਹੋਵੇ ।

20
ਜਿੱਤ ਦੇ ਲਈ ਪ੍ਰਾਰਥਨਾ
ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਭਜਨ

1ਬਿਪਤਾ ਦੇ ਦਿਨ ਯਹੋਵਾਹ ਤੈਨੂੰ ਉੱਤਰ ਦੇਵੇ, ਯਾਕੂਬ ਦੇ ਪਰਮੇਸ਼ੁਰ ਦਾ ਨਾਮ ਤੈਨੂੰ ਉੱਚਿਆਂ ਕਰੇ ।2ਉਹ ਪਵਿੱਤਰ ਸਥਾਨ ਤੋਂ ਤੇਰੀ ਸਹਾਇਤਾ ਭੇਜੇ, ਅਤੇ ਸੀਯੋਨ ਤੋਂ ਤੈਨੂੰ ਸੰਭਾਲੇ,

3ਤੇਰੀਆਂ ਸਾਰੀਆਂ ਭੇਟਾਂ ਨੂੰ ਚੇਤੇ ਰੱਖੇ, ਅਤੇ ਤੇਰੀਆਂ ਹੋਮ ਬਲੀਆਂ ਨੂੰ ਕਬੂਲ ਕਰੇ । ਸਲਹ ।4ਉਹ ਤੇਰੇ ਮਨੋਰਥਾਂ ਅਨੁਸਾਰ ਤੈਨੂੰ ਦੇਵੇ, ਅਤੇ ਤੇਰੀ ਸਾਰੀ ਯੋਜਨਾ ਨੂੰ ਪੂਰਾ ਕਰੇ ।
5ਅਸੀਂ ਤੇਰੇ ਬਚਾਓ ਦੇ ਕਾਰਨ ਜੈ ਜੈ ਕਾਰ ਕਰਾਂਗੇ, ਅਤੇ ਆਪਣੇ ਪਰਮੇਸ਼ੁਰ ਦੇ ਨਾਮ ਤੋਂ ਆਪਣੇ ਝੰਡੇ ਖੜੇ ਕਰਾਂਗੇ । ਯਹੋਵਾਹ ਤੇਰੀਆਂ ਸਾਰੀਆਂ ਮੰਗਾਂ ਨੂੰ ਪੂਰਾ ਕਰੇ ।6ਹੁਣ ਮੈਂ ਜਾਣਿਆ ਕਿ ਯਹੋਵਾਹ ਆਪਣੇ ਮਸਹ ਕੀਤੇ ਹੋਏ ਨੂੰ ਬਚਾਉਂਦਾ ਹੈ, ਉਹ ਆਪਣੇ ਪਵਿੱਤਰ ਸਵਰਗ ਤੋਂ ਉਹ ਨੂੰ ਉੱਤਰ ਦੇਵੇਗਾ, ਆਪਣੇ ਸੱਜੇ ਹੱਥ ਦੀ ਬਚਾਉਣ ਵਾਲੀ ਸਮਰੱਥਾ ਨਾਲ ।
7ਕੋਈ ਰਥਾਂ ਨੂੰ ਅਤੇ ਕੋਈ ਘੋੜਿਆਂ ਨੂੰ, ਪਰ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਨਾਮ ਨੂੰ ਯਾਦ ਕਰਾਂਗੇ ।8ਓਹ ਝੁਕੇ ਅਤੇ ਡਿੱਗ ਪਏ ਹਨ, ਪਰ ਅਸੀਂ ਉੱਠੇ ਅਤੇ ਸਿੱਧੇ ਖੜ੍ਹੇ ਹੋ ਗਏ ਹਾਂ ।
9ਹੇ ਯਹੋਵਾਹ, ਬਚਾ ਲੈ ! ਸਾਡੀ ਪੁਕਾਰ ਦੇ ਵੇਲੇ ਪਾਤਸ਼ਾਹ ਸਾਨੂੰ ਉੱਤਰ ਦੇ !

21
ਜਿੱਤ ਪਾਉਣ ਉੱਤੇ ਸਤੂਤੀਗਾਨ
ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਭਜਨ

1ਹੇ ਯਹੋਵਾਹ, ਤੇਰੀ ਸਮਰੱਥਾ ਵਿੱਚ ਪਾਤਸ਼ਾਹ ਅਨੰਦ ਹੋਵੇਗਾ, ਅਤੇ ਤੇਰੇ ਬਚਾਓ ਵਿੱਚ ਬਹੁਤ ਮਗਨ ਹੋਵੇਗਾ !2ਤੂੰ ਉਹ ਦਾ ਮਨੋਰਥ ਪੂਰਾ ਕੀਤਾ ਹੈ, ਅਤੇ ਉਹ ਦੇ ਬੁੱਲਾਂ ਦੀ ਬੇਨਤੀ ਨੂੰ ਤੂੰ ਰੋਕਿਆ ਨਹੀਂ । ਸਲਹ ।

3ਭਲਿਆਈ ਦੀਆਂ ਬਰਕਤਾਂ ਨਾਲ ਤੂੰ ਉਹ ਨੂੰ ਅੱਗਲ ਵਾਂਢੀ ਮਿਲਦਾ ਹੈਂ, ਤੂੰ ਕੁੰਦਨ ਸੋਨੇ ਦਾ ਮੁਕਟ ਉਹ ਦੇ ਸਿਰ ਉੱਤੇ ਰੱਖਿਆ ਹੈ ।4ਉਸ ਨੇ ਤੇਰੇ ਕੋਲੋਂ ਜੀਵਨ ਮੰਗਿਆ ਹੈ ਅਤੇ ਤੂੰ ਉਹ ਨੂੰ ਦੇ ਦਿੱਤਾ, ਸਗੋਂ ਅਨੰਤਕਾਲ ਤੱਕ ਉਮਰ ਦਾ ਵਾਧਾ ਵੀ ।
5ਤੇਰੇ ਬਚਾਓ ਦੇ ਕਾਰਨ ਉਹ ਦਾ ਪਰਤਾਪ ਵੱਡਾ ਹੈ, ਤੇਜ ਅਤੇ ਉਪਮਾ ਤੂੰ ਉਹ ਦੇ ਉੱਤੇ ਰੱਖਦਾ ਹੈਂ ।6ਤੂੰ ਤਾਂ ਉਹ ਨੂੰ ਸਦਾ ਲਈ ਬਰਕਤਾਂ ਦਾ ਕਾਰਨ ਠਹਿਰਾਉਂਦਾ ਹੈਂ, ਤੂੰ ਉਹ ਨੂੰ ਆਪਣੀ ਹਜ਼ੂਰੀ ਦੇ ਅਨੰਦ ਨਾਲ ਮਗਨ ਕਰਦਾ ਹੈਂ,
7ਇਸ ਲਈ ਕਿ ਪਾਤਸ਼ਾਹ ਯਹੋਵਾਹ ਉੱਤੇ ਭਰੋਸਾ ਰੱਖਦਾ ਹੈ, ਅਤੇ ਅੱਤ ਮਹਾਨ ਦੀ ਦਯਾ ਨਾਲ ਉਹ ਕਦੇ ਨਾ ਡਾਲੇਗਾ ।8ਤੇਰਾ ਹੱਥ ਤੇਰੇ ਸਾਰੇ ਵੈਰੀਆਂ ਨੂੰ ਲੱਭ ਕੇ ਕੱਢੇਗਾ, ਤੇਰਾ ਸੱਜਾ ਹੱਥ ਤੇਰੇ ਦੁਸ਼ਮਣਾਂ ਨੂੰ ਲੱਭ ਲਵੇਗਾ ।
9ਤੂੰ ਆਪਣੀ ਹਜ਼ੂਰੀ ਦੇ ਵੇਲੇ, ਉਨ੍ਹਾਂ ਨੂੰ ਅੱਗ ਦੇ ਤੰਦੂਰ ਵਿੱਚ ਪਾਵੇਂਗਾ, ਯਹੋਵਾਹ ਉਨ੍ਹਾਂ ਨੂੰ ਆਪਣੇ ਕ੍ਰੋਧ ਦੇ ਨਾਲ ਨਿਗਲ ਜਾਵੇਗਾ, ਅਤੇ ਅੱਗ ਉਨ੍ਹਾਂ ਨੂੰ ਭਸਮ ਕਰ ਦੇਵੇਗੀ ।10ਤੂੰ ਉਨ੍ਹਾਂ ਦਾ ਫਲ ਧਰਤੀ ਉੱਤੋਂ, ਅਤੇ ਉਨ੍ਹਾਂ ਦਾ ਵੰਸ ਆਦਮੀ ਦੇ ਵੰਸ ਦੇ ਵਿਚੋਂ ਨਾਸ ਕਰੇਂਗਾ,
11ਭਾਵੇਂ ਉਨ੍ਹਾਂ ਨੇ ਤੇਰੇ ਵਿਰੁੱਧ ਬੁਰਿਆਈ ਠਾਣੀ, ਅਤੇ ਯੋਜਨਾ ਬਣਾਈ ਜਿਸ ਨੂੰ ਪੂਰਾ ਨਾ ਕਰ ਸਕੇ,12ਤੂੰ ਉਨ੍ਹਾਂ ਦੀ ਪਿੱਠ ਆਪਣੀ ਵੱਲ ਮੋੜੇਂਗਾ, ਤੂੰ ਉਨ੍ਹਾਂ ਦੇ ਮੂੰਹ ਦੇ ਨਿਸ਼ਾਨੇ ਉੱਤੇ ਬਾਣ ਚਿੱਲੇ ਚੜਾ ਦੇਵੇਂਗਾ ।
13ਹੇ ਯਹੋਵਾਹ, ਤੂੰ ਆਪਣੀ ਸਮਰੱਥਾ ਨਾਲ ਮਹਾਨ ਹੋ, ਅਸੀਂ ਗਾਉਂਦੇ ਹੋਏ ਤੇਰੀ ਸ਼ਕਤੀ ਦਾ ਜਸ ਕਰਾਂਗੇ ।

22
ਮਨੋਵਿਰਤੀ ਦੀ ਪੁਕਾਰ ਅਤੇ ਸਤੂਤੀਗਾਨ
ਪ੍ਰਧਾਨ ਵਜਾਉਣ ਵਾਲੇ ਦੇ ਲਈ ਅਬਲੇਰਸ਼ਰ ਦੇ ਰਾਗ ਵਿੱਚ ਦਾਊਦ ਦਾ ਭਜਨ

1ਹੇ ਮੇਰੇ ਪਰਮੇਸ਼ੁਰ, ਹੇ ਮੇਰੇ ਪਰਮੇਸ਼ੁਰ, ਤੂੰ ਮੈਨੂੰ ਕਿਉਂ ਛੱਡ ਦਿੱਤਾ ਹੈ ? ਅਤੇ ਮੇਰੇ ਬਚਾਉਣ ਤੋਂ ਅਤੇ ਮੇਰੀਆਂ ਭੁੱਬਾਂ ਦੇ ਸ਼ਬਦਾਂ ਤੋਂ ਕਿਉਂ ਦੂਰ ਰਹਿੰਦਾ ਹੈ ?2ਹੇ ਮੇਰੇ ਪਰਮੇਸ਼ੁਰ, ਮੈਂ ਦਿਨ ਵੇਲੇ ਤੈਨੂੰ ਪੁਕਾਰਦਾ ਹਾਂ ਪਰ ਤੂੰ ਉੱਤਰ ਨਹੀਂ ਦਿੰਦਾ, ਅਤੇ ਰਾਤ ਨੂੰ ਵੀ ਪਰ ਮੈਨੂੰ ਚੈਨ ਨਹੀਂ ।

3ਤੂੰ ਤਾਂ ਪਵਿੱਤਰ ਹੈਂ, ਤੂੰ ਜੋ ਇਸਰਾਏਲ ਦੀਆਂ ਉਸਤਤਾਂ ਵਿੱਚ ਵੱਸਦਾ ਹੈਂ ।4ਸਾਡੇ ਪਿਉ-ਦਾਦਿਆਂ ਨੇ ਤੇਰੇ ਉੱਤੇ ਭਰੋਸਾ ਕੀਤਾ, ਉਨ੍ਹਾਂ ਨੇ ਭਰੋਸਾ ਕੀਤਾ ਅਤੇ ਤੂੰ ਉਨ੍ਹਾਂ ਨੂੰ ਛੁਡਾਇਆ ।5ਉਨ੍ਹਾਂ ਨੇ ਤੇਰੀ ਦੁਹਾਈ ਦਿੱਤੀ ਅਤੇ ਛੁਟਕਾਰਾ ਪਾਇਆ, ਉਨ੍ਹਾਂ ਨੇ ਤੇਰੇ ਉੱਤੇ ਭਰੋਸਾ ਰੱਖਿਆ ਅਤੇ ਓਹ ਸ਼ਰਮਿੰਦੇ ਨਾ ਹੋਏ ।
6ਪਰ ਮੈਂ ਕੀੜਾ ਹਾਂ, ਮੈਂ ਮਨੁੱਖ ਨਹੀਂ ਹਾਂ, ਆਦਮੀ ਦੀ ਨਮੋਸ਼ੀ ਅਤੇ ਲੋਕਾਂ ਵਿੱਚ ਤੁੱਛ ਹਾਂ ।7ਜਿੰਨੇ ਮੈਨੂੰ ਵੇਖਦੇ ਹਨ ਓਹ ਮੈਨੂੰ ਮਖੌਲ ਵਿੱਚ ਉਡਾਉਂਦੇ ਹਨ, ਓਹ ਬੁੱਲ ਪਸਾਰਦੇ ਅਤੇ ਸਿਰ ਹਿਲਾਉਂਦੇ ਹਨ,8"ਯਹੋਵਾਹ ਦੇ ਅਧੀਨ ਹੋ ਜਾ, ਉਹ ਹੀ ਉਸ ਨੂੰ ਛੁਡਾਵੇ, ਉਹ ਹੀ ਉਸ ਨੂੰ ਬਚਾਵੇ ਕਿਉਂ ਜੋ ਉਹ ਉਸ ਤੋਂ ਪਰਸੰਨ ਹੈ " ।
9ਪਰ ਤੂੰ ਹੀ ਮੈਨੂੰ ਕੁੱਖੋਂ ਬਾਹਰ ਲਿਆਇਆ, ਅਤੇ ਮੇਰੀ ਮਾਤਾ ਦੀਆਂ ਦੁੱਧੀਆਂ ਉੱਤੇ ਮੈਨੂੰ ਭਰੋਸਾ ਦਿਲਾਇਆ,10ਜੰਮਦਿਆ ਸਾਰ ਮੈਂ ਤੇਰੇ ਹੀ ਉੱਤੇ ਭਰੋਸਾ ਰੱਖਿਆ, ਮਾਤਾ ਦੀ ਕੁੱਖ ਤੋਂ ਹੀ ਤੂੰ ਮੇਰਾ ਪਰਮੇਸ਼ੁਰ ਹੈਂ ।
11ਮੈਥੋਂ ਦੂਰ ਨਾ ਰਹਿ ਕਿਉਂ ਜੋ ਬਿਪਤਾ ਨੇੜੇ ਆ ਗਈ ਹੈ, ਅਤੇ ਕੋਈ ਸਹਾਇਕ ਨਹੀਂ ।12ਬਹੁਤੇ ਸਾਹਨਾਂ ਨੇ ਮੈਨੂੰ ਘੇਰ ਲਿਆ ਹੈ, ਬਾਸ਼ਾਨ ਦੇ ਬਲਵੰਤ ਬਲ਼ਦਾਂ ਨੇ ਮੈਨੂੰ ਘੇਰਾ ਪਾ ਲਿਆ ਹੈ,13ਓਹ ਪਾੜਨ ਅਤੇ ਗੱਜਣ ਵਾਲੇ ਬੱਬਰ ਸ਼ੇਰ ਵਾਂਗੂੰ ਮੇਰੇ ਉੱਤੇ ਮੂੰਹ ਅੱਡਦੇ ਹਨ ।
14ਮੈਂ ਪਾਣੀ ਵਾਂਗੂੰ ਡੋਹਲਿਆ ਗਿਆ ਹਾਂ, ਮੇਰੀਆਂ ਸਾਰੀਆਂ ਹੱਡੀਆਂ ਉੱਖੜ ਗਈਆਂ ਹਨ, ਮੇਰਾ ਦਿਲ ਮੋਮ ਵਰਗਾ ਹੈ, ਉਹ ਮੇਰੇ ਅੰਦਰ ਪਿਘਲ ਗਿਆ ਹੈ ।15ਮੇਰੀ ਸ਼ਕਤੀ ਠੀਕਰੇ ਵਾਂਗੂੰ ਸੁੱਕ ਗਈ, ਅਤੇ ਮੇਰੀ ਜੀਭ ਤਾਲੂ ਨਾਲ ਲੱਗਦੀ ਜਾਂਦੀ ਹੈ, ਅਤੇ ਤੂੰ ਮੈਨੂੰ ਮੌਤ ਦੀ ਧੂੜ ਵਿੱਚ ਰੱਖ ਛੱਡਿਆ ।
16ਕਿਉਂ ਜੋ ਕੁੱਤਿਆਂ ਨੇ ਮੈਨੂੰ ਘੇਰ ਲਿਆ ਹੈ, ਕੁਕਰਮੀਆਂ ਦੀ ਟੋਲੀ ਨੇ ਮੈਨੂੰ ਘੇਰਾ ਪਾ ਲਿਆ ਹੈ, ਉਨ੍ਹਾਂ ਨੇ ਮੇਰੇ ਹੱਥ-ਪੈਰ ਵਿੰਨ੍ਹ ਸੁੱਟੇ ਹਨ ।17ਮੈਂ ਆਪਣੀਆਂ ਸਾਰੀਆਂ ਹੱਡੀਆਂ ਗਿਣ ਸਕਦਾ ਹਾਂ, ਓਹ ਮੈਨੂੰ ਘੂਰ-ਘੂਰ ਕੇ ਵੇਖਦੇ ਹਨ ।
18ਓਹ ਮੇਰੇ ਕੱਪੜੇ ਆਪੋ ਵਿੱਚ ਵੰਡ ਲੈਂਦੇ ਹਨ, ਅਤੇ ਮੇਰੇ ਲਿਬਾਸ ਉੱਤੇ ਪਰਚੀਆਂ ਪਾਉਂਦੇ ਹਨ ।19ਪਰ ਤੂੰ ਯਹੋਵਾਹ ਦੂਰ ਨਾ ਰਹਿ, ਹੇ ਮੇਰੇ ਬਲ, ਮੇਰੀ ਸਹਾਇਤਾ ਲਈ ਛੇਤੀ ਕਰ,
20ਮੇਰੀ ਜਾਨ ਨੂੰ ਤਲਵਾਰ ਤੋਂ, ਅਤੇ ਮੇਰੇ ਜੀਵ ਨੂੰ ਕੁੱਤੇ ਦੇ ਵੱਸ ਤੋਂ ਛੁਡਾ ।21ਬੱਬਰ ਸ਼ੇਰ ਦੇ ਮੂੰਹ ਤੋਂ ਬਚਾ, ਅਤੇ ਜੰਗਲੀ ਸਾਹਨਾਂ ਦੇ ਸਿੰਙਾਂ ਤੋਂ, ਤੂੰ ਮੈਨੂੰ ਉੱਤਰ ਦਿੱਤਾ ਹੈ ।
22ਮੈਂ ਆਪਣਿਆਂ ਭਰਾਵਾਂ ਨੂੰ ਤੇਰਾ ਨਾਮ ਸੁਣਾਵਾਂਗਾ, ਅਤੇ ਸਭਾ ਵਿੱਚ ਤੇਰੀ ਉਸਤਤ ਕਰਾਂਗਾ ।23ਯਹੋਵਾਹ ਤੋਂ ਡਰਨ ਵਾਲਿਓ, ਉਹ ਦੀ ਉਸਤਤ ਕਰੋ, ਯਾਕੂਬ ਦਾ ਸਾਰਾ ਵੰਸ, ਉਹ ਦੀ ਮਹਿਮਾ ਕਰੋ, ਅਤੇ ਇਸਰਾਏਲ ਦਾ ਸਾਰਾ ਵੰਸ, ਉਸ ਤੋਂ ਡਰੋ,
24ਕਿਉਂ ਜੋ ਉਹ ਨੇ ਦੁਖੀਏ ਦੇ ਦੁੱਖ ਨੂੰ ਤੁੱਛ ਨਾ ਜਾਣਿਆ ਨਾ ਉਸ ਤੋਂ ਘਿਣ ਕੀਤੀ, ਅਤੇ ਨਾ ਉਸ ਤੋਂ ਆਪਣਾ ਮੂੰਹ ਛਿਪਾਇਆ, ਅਤੇ ਜਦ ਉਸ ਨੇ ਉਹ ਦੀ ਦੁਹਾਈ ਦਿੱਤੀ ਤਾਂ ਉਹ ਨੇ ਸੁਣਿਆ ।25ਮਹਾਂ ਸਭਾ ਵਿੱਚ ਮੇਰਾ ਉਸਤਤ ਕਰਨਾ ਤੇਰੀ ਵੱਲੋਂ ਹੁੰਦਾ ਹੈ, ਉਸ ਤੋਂ ਡਰਨ ਵਾਲਿਆਂ ਅੱਗੇ ਮੈਂ ਆਪਣੀਆਂ ਸੁੱਖਣਾਂ ਪੂਰੀਆਂ ਕਰਾਂਗਾ ।
26ਨਮਰ ਲੋਕ ਖਾਣਗੇ ਅਤੇ ਤ੍ਰਿਪਤ ਹੋਣਗੇ, ਯਹੋਵਾਹ ਦੇ ਖੋਜੀ ਉਸ ਦੀ ਉਸਤਤ ਕਰਨਗੇ, ਤੁਹਾਡਾ ਮਨ ਸਦਾ ਜਿਉਂਦਾ ਰਹੇ !27ਧਰਤੀ ਦੀਆਂ ਸਾਰੀਆਂ ਕੌਮਾਂ ਚੇਤੇ ਕਰ ਕੇ ਯਹੋਵਾਹ ਵੱਲ ਫਿਰਨਗੀਆਂ, ਅਤੇ ਕੌਮਾਂ ਦੇ ਸਾਰੇ ਘਰਾਣੇ ਤੇਰੇ ਅੱਗੇ ਮੱਥਾ ਟੇਕਣਗੇ,
28ਕਿਉਂ ਜੋ ਰਾਜ ਯਹੋਵਾਹ ਦਾ ਹੈ, ਅਤੇ ਕੌਮਾਂ ਉੱਤੇ ਉਹੋ ਹਾਕਮ ਹੈ ।29ਧਰਤੀ ਦੇ ਸਾਰੇ ਮੇਰੇ ਲੋਕ ਖਾਣਗੇ ਅਤੇ ਉਹ ਨੂੰ ਮੱਥਾ ਟੇਕਣਗੇ, ਓਹ ਸੱਭੇ ਜੋ ਮਰ ਮਿਟਦੇ ਹਨ ਉਹ ਦੇ ਅੱਗੇ ਝੁਕਣਗੇ, ਅਤੇ ਕੋਈ ਆਪਣੀ ਜਾਨ ਜਿਉਂਦੀ ਨਹੀਂ ਰੱਖ ਸਕਦਾ ।
30ਇੱਕ ਵੰਸ ਉਹ ਦੀ ਸੇਵਾ ਕਰੇਗਾ, ਉਹ ਪ੍ਰਭੂ ਦੀ ਪੀੜ੍ਹੀ ਕਰਕੇ ਗਿਣਿਆ ਜਾਵੇਗਾ ।31ਓਹ ਆਉਣਗੇ ਅਤੇ ਉਹ ਦਾ ਧਰਮ ਜਨਮ ਲੈਣ ਵਾਲੀ ਪਰਜਾ ਨੂੰ ਦੱਸਣਗੇ, ਕਿ ਉਹ ਨੇ ਹੀ ਇਹ ਕੀਤਾ ਹੈ ।

23
ਯਹੋਵਾਹ ਮੇਰਾ ਚਰਵਾਹਾ
ਦਾਊਦ ਦਾ ਭਜਨ

1ਯਹੋਵਾਹ ਮੇਰਾ ਅਯਾਲੀ ਹੈ, ਮੈਨੂੰ ਥੁੜ ਨਹੀਂ ਹੋਵੇਗੀ ।2ਉਹ ਮੈਨੂੰ ਹਰੇ ਹਰੇ ਘਾਹ ਦੀਆਂ ਜੂਹਾਂ ਵਿੱਚ ਬਿਠਾਉਦਾ ਹੈ, ਉਹ ਮੈਨੂੰ ਸੁਖਦਾਇਕ ਪਾਣੀਆ ਕੋਲ ਲੈ ਜਾਂਦਾ ਹੈ ।

3ਉਹ ਮੇਰੀ ਜਾਨ ਵਿੱਚ ਜਾਨ ਪਾਉਂਦਾ ਹੈ, ਧਰਮ ਦੇ ਮਾਰਗਾਂ ਵਿੱਚ ਉਹ ਆਪਣੇ ਨਾਮ ਦੇ ਨਮਿਤ ਮੇਰੀ ਅਗਵਾਈ ਕਰਦਾ ਹੈ ।
4ਭਾਵੇ ਮੈਂ ਮੌਤ ਦੀ ਛਾਂ ਦੀ ਵਾਦੀ ਵਿੱਚ ਫਿਰਾਂ, ਮੈਂ ਕਿਸੇ ਬਦੀ ਤੋਂ ਨਹੀਂ ਡਰਾਂਗਾ, ਤੂੰ ਜੋ ਮੇਰੇ ਨਾਲ ਹੈ । ਤੇਰੀ ਸੋਟੀ ਤੇ ਤੇਰੀ ਲਾਠੀ, ਇਹ ਮੈਨੂੰ ਤਸੱਲੀ ਦਿੰਦੀਆਂ ਹਨ ।
5ਤੂੰ ਮੇਰੇ ਵਿਰੋਧੀਆਂ ਦੇ ਸਨਮੁੱਖ ਮੇਰੇ ਅੱਗੇ ਮੇਜ਼ ਵਿਛਾਉਦਾ ਹੈ, ਤੂੰ ਮੇਰੇ ਸਿਰ ਉੱਤੇ ਤੇਲ ਝੱਸਿਆ ਹੈ, ਮੇਰਾ ਕਟੋਰਾ ਭਰਿਆ ਹੋਇਆ ਹੈ ।
6ਸੱਚ-ਮੁੱਚ ਭਲਿਆਈ ਅਤੇ ਦਯਾ ਜਿਉਣ ਭਰ ਮੇਰਾ ਪਿੱਛਾ ਕਰਨਗੀਆਂ, ਅਤੇ ਮੈਂ ਸਦਾ ਯਹੋਵਾਹ ਦੇ ਘਰ ਵਿੱਚ ਵਸਾਂਗਾ !

24
ਮਹਿਮਾਮਈ ਰਾਜਾ
ਦਾਊਦ ਦਾ ਭਜਨ

1ਧਰਤੀ ਅਤੇ ਉਸ ਦੀ ਭਰਪੂਰੀ ਯਹੋਵਾਹ ਦੀ ਹੈ, ਜਗਤ ਅਤੇ ਉਸ ਦੇ ਨਿਵਾਸੀ ।2ਉਸ ਨੇ ਉਸ ਦੀ ਨੀਂਹ ਸਮੁੰਦਰਾਂ ਉੱਤੇ ਰੱਖੀ, ਅਤੇ ਉਸ ਨੂੰ ਵਗਦੇ ਪਾਣੀਆ ਉੱਤੇ ਕਾਇਮ ਕੀਤਾ ।

3ਯਹੋਵਾਹ ਦੇ ਪਹਾੜ ਉੱਤੇ ਕੌਣ ਚੜ੍ਹੇਗਾ, ਅਤੇ ਉਸ ਦੇ ਪਵਿੱਤਰ ਸਥਾਨ ਵਿੱਚ ਕੌਣ ਖੜ੍ਹਾ ਹੋਵੇਗਾ ?4ਉਹ ਜਿਸ ਦੇ ਹੱਥ ਪਾਕ ਅਤੇ ਮਨ ਪਵਿੱਤਰ ਹੈ, ਅਤੇ ਜਿਸ ਨੇ ਆਪਣਾ ਜੀਅ ਬਦੀ ਵੱਲ ਨਹੀਂ ਲਾਇਆ,ਅਤੇ ਛਲਣ ਲਈ ਸਹੁੰ ਨਹੀਂ ਖਾਧੀ ।
5ਉਸ ਨੂੰ ਯਹੋਵਾਹ ਵੱਲੋਂ ਬਰਕਤ ਅਤੇ ਆਪਣੇ ਮੁਕਤੀਦਾਤੇ ਪਰਮੇਸ਼ੁਰ ਕੋਲੋਂ ਧਰਮ ਮਿਲੇਗਾ ।6ਇਹ ਪੀੜ੍ਹੀ ਉਹ ਦੇ ਖੋਜੀਆਂ ਦੀ ਹੈ, ਜਿਹੜੀ ਤੇਰੇ ਦਰਸ਼ਨ ਭਾਲਦੀ ਹੈ, ਹੇ ਯਾਕੂਬ । ਸਲਹ ।
7ਹੇ ਫਾਟਕੋ, ਆਪਣੇ ਸਿਰ ਉੱਚੇ ਕਰੋ, ਹੇ ਆਦਿ ਦਰਵੱਜਿਓ, ਉੱਚੇ ਹੋ ਜਾਓ ! ਤਦ ਜਲਾਲ ਦਾ ਪਾਤਸ਼ਾਹ ਅੰਦਰ ਆਵੇਗਾ ।8ਇਹ ਜਲਾਲ ਦਾ ਪਾਤਸ਼ਾਹ ਕੌਣ ਹੈ ? ਯਹੋਵਾਹ ਸਮਰੱਥੀ ਅਤੇ ਬਲੀ, ਯਹੋਵਾਹ ਯੁੱਧ ਵਿੱਚ ਬਲੀ ਹੈ ।
9ਫਾਟਕੋ, ਆਪਣੇ ਸਿਰ ਉੱਚੇ ਕਰੋ, ਹੇ ਆਦਿ ਦਰਵੱਜਿਓ, ਉੱਚੇ ਹੋ ਜਾਓ ! ਤਦ ਜਲਾਲ ਦਾ ਪਾਤਸ਼ਾਹ ਅੰਦਰ ਆਵੇਗਾ ।10ਇਹ ਜਲਾਲ ਦਾ ਪਾਤਸ਼ਾਹ ਕੌਣ ਹੈ ? ਸੈਨਾਂ ਦਾ ਯਹੋਵਾਹ, ਉਹੋ ਜਲਾਲ ਦਾ ਪਾਤਸ਼ਾਹ ਹੈ । ਸਲਹ ।

25
ਅਗਵਾਈ ਅਤੇ ਰੱਖਿਆ ਲਈ ਪ੍ਰਾਰਥਨਾ
ਦਾਊਦ ਦਾ ਭਜਨ

1ਹੇ ਯਹੋਵਾਹ, ਮੈਂ ਆਪਣਾ ਮਨ ਤੇਰੇ ਵੱਲ ਚੁੱਕਦਾ ਹਾਂ ।2ਹੇ ਮੇਰੇ ਪਰਮੇਸ਼ੁਰ, ਮੈਂ ਤੇਰੇ ਉੱਤੇ ਭਰੋਸਾ ਰੱਖਿਆ ਹੈ ਮੈਨੂੰ ਸ਼ਰਮਿੰਦਾ ਨਾ ਹੋਣ ਦੇ, ਨਾ ਵੈਰੀਆ ਨੂੰ ਮੇਰੇ ਉੱਤੇ ਬਗਲਾਂ ਵਜਾਉਣ ਦੇ ।3ਜਿੰਨ੍ਹੇ ਤੈਂਨੂੰ ਤਕਦੇ ਹਨ ਓਹ ਸ਼ਰਮਿੰਦੇ ਨਾ ਹੋਣਗੇ, ਸ਼ਰਮਿੰਦੇ ਉਹੋ ਹੋਣਗੇ ਜੋ ਮੱਲੋ ਮੱਲੀ ਧੋਖਾ ਦਿੰਦੇ ਹਨ ।

4ਹੇ ਯਹੋਵਾਹ, ਆਪਣੇ ਰਾਹ ਮੈਨੂੰ ਵਿਖਾਲ, ਅਤੇ ਆਪਣੇ ਮਾਰਗ ਮੈਨੂੰ ਸਿਖਲਾ ।5ਆਪਣੀ ਸੱਚਾਈ ਵਿੱਚ ਮੇਰੀ ਅਗਵਾਈ ਕਰ ਮੈਨੂੰ ਸਿਖਲਾ, ਕਿਉਂ ਜੋ ਤੂੰ ਮੇਰਾ ਮੁਕਤੀਦਾਤਾ ਪਰਮੇਸ਼ਰ ਹੈ, ਸਾਰਾ ਦਿਨ ਮੈਂ ਤੈਨੂੰ ਤਕਦਾ ਰਹਿੰਦਾ ਹਾਂ ।
6ਹੇ ਯਹੋਵਾਹ,ਆਪਣੀਆਂ ਦਿਆਲ਼ਗੀਆਂ ਅਤੇ ਦਯਾ ਨੂੰ ਚੇਤੇ ਰੱਖ, ਉਹ ਤਾਂ ਮੁੱਢ ਤੋਂ ਹਨ ।7ਮੇਰੀ ਜਵਾਨੀ ਦੇ ਪਾਪਾਂ ਅਤੇ ਮੇਰੇ ਅਪਰਾਧ ਨੂੰ ਚੇਤੇ ਨਾ ਰੱਖ । ਹੇ ਯਹੋਵਾਹ,ਆਪਣੀ ਦਯਾ ਅਨੁਸਾਰ, ਤੇ ਆਪਣੀ ਭਲਾਈ ਦੇ ਕਾਰਨ ਤੂੰ ਮੈਨੂੰ ਚੇਤੇ ਰੱਖ ।
8ਯਹੋਵਾਹ ਭਲਾ ਅਤੇ ਸੱਚਾ ਹੈ, ਇਸ ਕਰਕੇ ਉਹ ਪਾਪੀਆਂ ਨੂੰ ਆਪਣੇ ਰਾਹ ਸਿਖਲਾਏਗਾ ।9ਉਹ ਮਸਕੀਨਾਂ ਦੀ ਅਗਵਾਈ ਨਿਆਂ ਨਾਲ ਕਰੇਗਾ,ਅਤੇ ਅਧੀਨਾਂ ਨੂੰ ਆਪਣਾ ਰਾਹ ਸਿਖਾਲੇਗਾ ।
10ਯਹੋਵਾਹ ਦੇ ਨੇਮ ਅਤੇ ਸਾਖੀਆਂ ਦੇ ਮੰਨਣ ਵਾਲਿਆਂ ਲਈ, ਉਸ ਦੇ ਸਾਰੇ ਮਾਰਗ ਦਯਾ ਅਤੇ ਸਚਿਆਈ ਦੇ ਹਨ l11ਹੇ ਯਹੋਵਾਹ, ਆਪਣੇ ਨਾਮ ਦੇ ਨਮਿੱਤ ਮੇਰੀ ਬਦੀ ਨੂੰ ਖਿਮਾ ਕਰ ਕਿਉਂ ਜੋ ਉਹ ਵੱਡੀ ਹੈ ।
12ਉਹ ਕਿਹੜਾ ਮਨੁੱਖ ਹੈ ਜਿਹੜਾ ਯਹੋਵਾਹ ਤੋਂ ਡਰਦਾ ਹੈ ? ਉਹ ਉਸ ਦੇ ਲਈ ਚੁਣੇ ਰਾਹ ਵਿੱਚ ਉਸ ਨੂੰ ਸਿਖਾਲੇਗਾ ।13ਉਸ ਦਾ ਜੀਅ ਸੁਖੀ ਵੱਸੇਗਾ, ਅਤੇ ਉਸ ਦਾ ਵੰਸ ਧਰਤੀ ਦਾ ਵਾਰਸ ਹੋਵੇਗਾ ।
14ਯਹੋਵਾਹ ਦਾ ਭੇਤ ਉਸ ਦੇ ਡਰ ਮੰਨਣ ਵਾਲਿਆਂ ਦੇ ਲਈ ਹੈ, ਅਤੇ ਉਹ ਆਪਣਾ ਨੇਮ ਉਨ੍ਹਾਂ ਨੂੰ ਦੱਸੇਗਾ ।15ਮੇਰੀਆਂ ਅੱਖਾਂ ਹਰ ਵੇਲੇ ਯਹੋਵਾਹ ਵੱਲ ਲੱਗੀਆਂ ਹਨ, ਕਿ ਉਹ ਮੇਰੇ ਪੈਰਾਂ ਨੂੰ ਜਾਲ਼ ਵਿਚੋਂ ਕੱਢ ਲਵੇ ।16ਮੇਰੀ ਵੱਲ ਮੂੰਹ ਕਰ ਕੇ ਮੇਰੇ ਉੱਤੇ ਦਯਾ ਕਰ, ਕਿਉਂ ਜੋ ਮੈਂ ਇਕੱਲਾ ਅਤੇ ਦੁੱਖੀ ਹਾਂ ।
17ਮੇਰੇ ਮਨ ਦੇ ਸੰਕਟ ਵਧ ਗਏ ਹਨ, ਮੇਰੀਆਂ ਮੁਸ਼ਕਿਲਾਂ ਤੋਂ ਮੈਨੂੰ ਬਾਹਰ ਕੱਢ ।18ਮੇਰੇ ਦੁੱਖ ਅਤੇ ਮੇਰੇ ਕਸ਼ਟ ਨੂੰ ਵੇਖ, ਅਤੇ ਮੇਰੇ ਸਾਰੇ ਪਾਪਾਂ ਨੂੰ ਚੁੱਕ ਲੈ ।19ਮੇਰੇ ਵੈਰੀਆਂ ਨੂੰ ਵੇਖ ਕਿ ਓਹ ਬਾਹਲੇ ਹਨ, ਅਤੇ ਓਹ ਬਦੋ-ਬਦੀ ਮੇਰੇ ਨਾਲ ਵੈਰ ਰੱਖਦੇ ਹਨ ।
20ਮੇਰੀ ਜਾਨ ਦੀ ਰਖਵਾਲੀ ਕਰ ਅਤੇ ਮੈਨੂੰ ਛੁਡਾ, ਮੈਨੂੰ ਸ਼ਰਮਿੰਦਾ ਨਾ ਹੋਣ ਦੇ ਕਿਉਂ ਜੋ ਮੈਂ ਤੇਰੀ ਸ਼ਰਨ ਆਇਆ ਹਾਂ ।21ਖਰਿਆਈ ਅਤੇ ਸਿਧਿਆਈ ਮੇਰੀ ਰੱਖਿਆ ਕਰਨ, ਕਿਉਂ ਜੋ ਮੈਂ ਤੈਂਨੂੰ ਤੱਕਦਾ ਰਹਿੰਦਾ ਹਾਂ ।
22ਹੇ ਪਰਮੇਸ਼ੁਰ, ਇਸਰਾਏਲ ਨੂੰ ਉਹ ਦੇ ਸਾਰੇ ਸੰਕਟਾਂ ਤੋਂ ਛੁਟਕਾਰਾ ਦੇ !

26
ਇੱਕ ਖਰੇ ਵਿਅਕਤੀ ਦੀ ਪ੍ਰਾਰਥਨਾ
ਦਾਊਦ ਦਾ ਭਜਨ

1ਹੇ ਯਹੋਵਾਹ, ਮੇਰਾ ਨਿਆਂ ਕਰ ਕਿਉਂ ਜੋ ਮੈਂ ਖਰਿਆਈ ਨਾਲ ਹੀ ਚੱਲਿਆ ਹਾਂ, ਮੈਂ ਯਹੋਵਾਹ ਉਤੇ ਭਰੋਸਾ ਰੱਖਿਆ ਹੈ ਇਸ ਲਈ ਮੈਂ ਨਹੀਂ ਤਿਲਕਾਂਗਾ ।2ਹੇ ਯਹੋਵਾਹ, ਮੈਨੂੰ ਪਰਖ ਅਤੇ ਮੈਨੂੰ ਪਰਤਾ, ਮੇਰੇ ਗੁਰਦੇ ਅਤੇ ਮੇਰੇ ਦਿਲ ਨੂੰ ਜਾਚ,3ਕਿਉਂ ਜੋ ਤੇਰੀ ਦਯਾ ਮੇਰੀ ਅੱਖੀਆਂ ਦੇ ਅੱਗੇ ਹੈ, ਅਤੇ ਮੈਂ ਤੇਰੀ ਸਚਿਆਈ ਵਿੱਚ ਚੱਲਿਆ ਹਾਂ ।

4ਮੈਂ ਨਿਕੰਮਿਆਂ ਦੇ ਸੰਗ ਨਹੀਂ ਬੈਠਾ, ਨਾ ਮੈਂ ਕਪਟੀਆਂ ਦੇ ਸੰਗ ਅੰਦਰ ਜਾਂਵਾਂਗਾ ।5ਬੁਰਿਆਂ ਦੀ ਸਭਾ ਨਾਲ ਮੈਂ ਵੈਰ ਰੱਖਿਆ ਹੈ, ਅਤੇ ਦੁਸ਼ਟਾਂ ਦੇ ਸੰਗ ਮੈਂ ਨਹੀਂ ਬੈਠਾਂਗਾ ।
6ਹੇ ਯਹੋਵਾਹ, ਮੈਂ ਆਪਣੇ ਹੱਥਾਂ ਨੂੰ ਨਿਰਮਲਤਾਈ ਵਿੱਚ ਧੋਵਾਂਗਾ, ਸੋ ਮੈਂ ਤੇਰੀ ਜਗਵੇਦੀ ਦੀ ਪਰਦੱਖਣਾ ਕਰਾਂਗਾ,7ਤਾਂ ਜੋ ਮੈਂ ਧੰਨਵਾਦ ਦਾ ਸ਼ਬਦ ਸੁਣਾਵਾਂ, ਅਤੇ ਤੇਰੇ ਸਾਰਿਆਂ ਅਚਰਜ ਕੰਮਾਂ ਦਾ ਬਿਆਨ ਕਰਾਂ ।8ਹੇ ਯਹੋਵਾਹ, ਮੈਂ ਤੇਰੇ ਭਵਨ ਦੇ ਵਸੇਬਿਆਂ ਨਾਲ, ਅਤੇ ਤੇਰੀ ਮਹਿਮਾ ਦੇ ਡੇਰੇ ਨਾਲ ਪ੍ਰੇਮ ਰੱਖਦਾ ਹਾਂ ।
9ਮੇਰੀ ਜਾਨ ਨੂੰ ਪਾਪੀਆਂ ਦੇ ਨਾਲ ਨਾ ਮਿਲਾ, ਨਾ ਮੇਰੀ ਜਿੰਦ ਨੂੰ ਖੂਨੀਆਂ ਦੇ ਨਾਲ ।10ਜਿਨ੍ਹਾ ਦੇ ਹੱਥਾਂ ਵਿੱਚ ਸ਼ਰਾਰਤ ਹੈ, ਅਤੇ ਜਿਨ੍ਹਾ ਦਾ ਸੱਜਾ ਹੱਥ ਰਿਸ਼ਵਤਾਂ ਨਾਲ ਭਰਿਆ ਹੋਇਆ ਹੈ ।
11ਪਰ ਮੈਂ ਖਰਾ ਹੀ ਚੱਲਾਂਗਾ, ਮੈਨੂੰ ਛੁਟਕਾਰਾ ਦੇ ਅਤੇ ਮੇਰੇ ਉੱਤੇ ਦਯਾ ਕਰ ।12ਮੇਰਾ ਪੈਰ ਪੱਧਰੇ ਥਾਂ ਉੱਤੇ ਟਿਕਿਆ ਹੋਇਆ ਹੈ, ਮੈਂ ਸਭਾਵਾਂ ਵਿੱਚ ਯਹੋਵਾਹ ਨੂੰ ਧੰਨ ਆਖਾਂਗਾ ।

27
ਪਰਮੇਸ਼ੁਰ ਮੇਰਾ ਚਾਨਣ ਅਤੇ ਮੇਰੀ ਮੁਕਤੀ
ਦਾਊਦ ਦਾ ਭਜਨ

1ਯਹੋਵਾਹ ਮੇਰਾ ਚਾਨਣ ਅਤੇ ਮੇਰਾ ਬਚਾਓ ਹੈ, ਮੈਂ ਕਿਸ ਤੋਂ ਡਰਾਂ ? ਯਹੋਵਾਹ ਮੇਰੇ ਜੀਉਣ ਦਾ ਗੜ੍ਹ ਹੈ, ਮੈਂ ਕਿਸ ਦਾ ਭੈ ਖਾਵਾਂ ?

2ਜਦ ਬੁਰਿਆਰ ਅਰਥਾਤ ਮੇਰੇ ਵਿਰੋਧੀ ਅਤੇ ਵੈਰੀ ਮੇਰਾ ਮਾਸ ਖਾਣ ਨੂੰ ਨੇੜੇ ਆਏ, ਤਾਂ ਓਹ ਠੇਡਾ ਖਾ ਕੇ ਡਿੱਗ ਪਏ ।3ਭਾਵੇਂ ਇੱਕ ਦਲ ਮੇਰੇ ਵਿਰੁੱਧ ਡੇਰਾ ਲਾ ਲਵੇ, ਤਾਂ ਵੀ ਮੇਰਾ ਦਿਲ ਨਾ ਡਰੇਗਾ । ਭਾਵੇਂ ਮੇਰੇ ਵਿਰੁੱਧ ਜੁੱਧ ਉੱਠੇ, ਇਸ ਵਿੱਚ ਵੀ ਮੈਂ ਆਸਵੰਤ ਹਾਂ ।
4ਮੈਂ ਯਹੋਵਾਹ ਤੋਂ ਇੱਕ ਗੱਲ ਮੰਗੀ ਹੈ ਅਤੇ ਮੈਂ ਉਹੀ ਭਾਲਾਗਾਂ, ਕਿ ਮੈਂ ਜੀਉਣ ਭਰ ਯਹੋਵਾਹ ਦੇ ਘਰ ਵੱਸਾਂ, ਤਾਂ ਜੋ ਮੈਂ ਯਹੋਵਾਹ ਦੀ ਮਨੋਹਰਤਾ ਨੂੰ ਤੱਕਾਂ, ਅਤੇ ਉਹ ਦੀ ਹੈਕਲ ਵਿੱਚ ਧਿਆਨ ਕਰਾਂ ।
5ਬਿਪਤਾ ਦੇ ਦਿਨ ਉਹ ਤਾਂ ਮੈਨੂੰ ਆਪਣੇ ਮੰਡਪ ਵਿੱਚ ਲੁਕਾਵੇਗਾ, ਅਤੇ ਆਪਣੇ ਤੰਬੂ ਦੇ ਪਰਦੇ ਵਿੱਚ ਮੈਨੂੰ ਛਿਪਾਵੇਗਾ, ਉਹ ਮੈਨੂੰ ਚੱਟਾਨ ਤੇ ਉੱਚਾ ਕਰੇਗਾ ।6ਹੁਣ ਮੇਰਾ ਸਿਰ ਮੇਰੇ ਆਲੇ-ਦੁਆਲੇ ਦੇ ਵੈਰੀਆਂ ਦੇ ਉੱਤੇ ਉੱਚਾ ਕੀਤਾ ਜਾਵੇਗਾ, ਅਤੇ ਉਹ ਦੇ ਤੰਬੂ ਵਿੱਚ ਮੈਂ ਜੈ-ਜੈ ਕਾਰ ਦੇ ਚੜਾਵੇ ਚੜਾਵਾਂਗਾ, ਮੈਂ ਗਾਵਾਂਗਾ, ਮੈਂ ਯਹੋਵਾਹ ਦੇ ਜ਼ਬੂਰ ਗਾਵਾਂਗਾ ।
7ਹੇ ਯਹੋਵਾਹ, ਮੇਰੀ ਪੁਕਾਰ ਦੀ ਅਵਾਜ਼ ਸੁਣ, ਮੇਰੇ ਉੱਤੇ ਦਯਾ ਕਰ ਅਤੇ ਮੈਨੂੰ ਉੱਤਰ ਦੇ ।8"ਮੇਰੇ ਦਰਸ਼ਣ ਦੀ ਖੋਜ ਕਰੋ," ਤਾਂ ਮੇਰੇ ਮਨ ਨੇ ਤੈਂਨੂੰ ਆਖਿਆ, ਹੇ ਯਹੋਵਾਹ, ਮੈਂ ਤੇਰੇ ਦਰਸ਼ਣ ਦੀ ਖੋਜ ਕਰਾਂਗਾ ।
9ਆਪਣਾ ਮੁੱਖ ਮੇਰੇ ਤੋਂ ਨਾ ਲੁਕਾ, ਆਪਣੇ ਦਾਸ ਨੂੰ ਕ੍ਰੋਧ ਨਾਲ ਦੂਰ ਨਾ ਕਰ, ਤੂੰ ਮੇਰਾ ਸਹਾਇਕ ਰਿਹਾ ਹੈਂ, ਨਾ ਮੈਨੂੰ ਛੱਡ, ਨਾ ਮੈਨੂੰ ਤਿਆਗ, ਹੇ ਮੇਰੇ ਮੁਕਤੀ ਦੇ ਪਰਮੇਸ਼ੁਰ !10ਜਦ ਮੇਰੇ ਮਾਤਾ-ਪਿਤਾ ਮੈਨੂੰ ਤਿਆਗ ਦੇਣ, ਤਦ ਯਹੋਵਾਹ ਮੈਨੂੰ ਸੰਭਾਲੇਗਾ ।
11ਹੇ ਯਹੋਵਾਹ, ਆਪਣਾ ਰਾਹ ਮੈਨੂੰ ਸਿਖਾਲ, ਅਤੇ ਮੇਰੇ ਘਾਤੀਆਂ ਦੇ ਕਾਰਨ ਸਿੱਧੇ ਰਾਹ ਉੱਤੇ ਮੇਰੀ ਅਗਵਾਈ ਕਰ ।12ਮੇਰੇ ਵਿਰੋਧੀਆਂ ਦੀ ਮਰਜ਼ੀ ਦੇ ਹਵਾਲੇ ਮੈਨੂੰ ਨਾ ਕਰ, ਕਿਉਂ ਜੋ ਝੂਠੇ ਗਵਾਹ ਮੇਰੇ ਵਿਰੁੱਧ ਉੱਠੇ ਹਨ, ਅਤੇ ਉਹ ਜੋ ਜ਼ੁਲਮ ਦੀਆਂ ਫੂਕਾਂ ਮਾਰਦੇ ਹਨ ।
13ਪਰ ਮੈਨੂੰ ਜੀਉਂਦਿਆਂ ਦੀ ਧਰਤੀ ਉੱਤੇ ਯਹੋਵਾਹ ਦੀ ਭਲਿਆਈ ਵੇਖਣ ਦਾ ਵਿਸ਼ਵਾਸ ਸੀ ।14ਯਹੋਵਾਹ ਨੂੰ ਉਡੀਕ, ਤਕੜਾ ਹੋ ਅਤੇ ਤੇਰਾ ਮਨ ਦਲੇਰ ਹੋਵੇ, ਹਾਂ, ਯਹੋਵਾਹ ਨੂੰ ਹੀ ਉਡੀਕ !

28
ਸਹਾਇਤਾ ਦੇ ਲਈ ਪ੍ਰਾਰਥਨਾ
ਦਾਊਦ ਦਾ ਭਜਨ

1ਹੇ ਯਹੋਵਾਹ, ਮੈਂ ਤੈਂਨੂੰ ਪੁਕਾਰਾਂਗਾ, ਹੇ ਮੇਰੀ ਚੱਟਾਨ, ਮੇਰੇ ਨਾਲ ਚੁੱਪ ਨਾ ਰਹਿ, ਅਜਿਹਾ ਨਾ ਹੋਵੇ ਜੋ ਤੂੰ ਮੇਰੇ ਤੋਂ ਚੁੱਪ ਵੱਟ ਲਵੇਂ ਤਾਂ ਮੈਂ ਉਨ੍ਹਾਂ ਵਰਗਾ ਹੋ ਜਾਂਵਾਂ ਜਿਹੜੇ ਕਬਰ ਵਿੱਚ ਉਤਰਦੇ ਹਨ ।2ਮੇਰੀ ਬੇਨਤੀ ਦੀ ਅਵਾਜ਼ ਸੁਣ ਲਈ, ਜਦੋਂ ਮੈਂ ਤੇਰੀ ਦੁਹਾਈ ਦੇਵਾਂ, ਅਤੇ ਆਪਣੇ ਹੱਥ ਤੇਰੇ ਪਵਿੱਤਰ ਸਥਾਨ ਦੀ ਵਿਚਲੀ ਕੋਠੜੀ ਵੱਲ ਉਠਾਵਾਂ ।

3ਬੁਰਿਆਰਾਂ ਅਤੇ ਕੁਕਰਮੀਆਂ ਦੇ ਨਾਲ ਮੈਨੂੰ ਨਾ ਗਿਣ, ਜਿਹੜੇ ਆਪਣੇ ਗੁਆਢੀਆਂ ਨਾਲ ਸ਼ਾਂਤੀ ਦੀਆਂ ਗੱਲਾਂ ਬੋਲਦੇ ਹਨ, ਪਰ ਉਨ੍ਹਾਂ ਦੇ ਮਨ ਵਿੱਚ ਬਦੀ ਹੈ ।4ਉਨ੍ਹਾਂ ਦੇ ਕੰਮਾਂ ਦੇ ਅਨੁਸਾਰ ਸਗੋਂ ਉਨ੍ਹਾਂ ਦੀ ਬਦਕਾਰੀ ਦੇ ਅਨੁਸਾਰ ਉਨ੍ਹਾਂ ਨੂੰ ਬਦਲਾ ਦੇ, ਉਨ੍ਹਾਂ ਦੇ ਹੱਥਾਂ ਦੇ ਕੰਮ ਅਨੁਸਾਰ ਉਨ੍ਹਾਂ ਨੂੰ ਦੇ, ਉਨ੍ਹਾਂ ਦੀ ਕੀਤੀ ਉਨ੍ਹਾਂ ਉੱਤੇ ਪਾ ਦੇ,5ਇਸ ਕਰਕੇ ਕਿ ਓਹ ਯਹੋਵਾਹ ਦੇ ਕੰਮਾਂ ਨੂੰ, ਉਹ ਦੇ ਹੱਥਾਂ ਦੇ ਕਾਰਜਾਂ ਉੱਤੇ ਧਿਆਨ ਨਹੀਂ ਕਰਦੇ, ਉਹ ਉਨ੍ਹਾਂ ਨੂੰ ਢਾਹੇਗਾ ਅਤੇ ਉਨ੍ਹਾਂ ਨੂੰ ਉਸਾਰੇਗਾ ।
6ਯਹੋਵਾਹ ਮੁਬਾਰਕ ਹੋਵੇ, ਕਿਉਂ ਜੋ ਉਸ ਨੇ ਮੇਰੀਆਂ ਬੇਨਤੀਆਂ ਦੀ ਅਵਾਜ਼ ਸੁਣੀ ਹੈ ।7ਯਹੋਵਾਹ ਮੇਰਾ ਬਲ ਅਤੇ ਮੇਰੀ ਢਾਲ ਹੈ, ਮੇਰੇ ਮਨ ਨੇ ਉਸ ਉੱਤੇ ਭਰੋਸਾ ਰੱਖਿਆ, ਅਤੇ ਮੇਰੀ ਸਹਾਇਤਾ ਹੋਈ ਹੈ, ਇਸ ਲਈ ਮੇਰਾ ਮਨ ਮੌਜ ਮਾਣਦਾ ਹੈ, ਅਤੇ ਮੈਂ ਆਪਣੇ ਗੀਤ ਨਾਲ ਉਸ ਦਾ ਧੰਨਵਾਦ ਕਰਾਂਗਾ ।8ਯਹੋਵਾਹ ਉਨ੍ਹਾਂ ਦਾ ਬਲ ਹੈ, ਅਤੇ ਉਹ ਆਪਣੇ ਮਸਹ ਕੀਤੇ ਹੋਏ ਦੇ ਲਈ ਬਚਾਓ ਦਾ ਗੜ੍ਹ ਹੈ ।
9ਆਪਣੀ ਪਰਜਾ ਨੂੰ ਬਚਾ, ਅਤੇ ਆਪਣੇ ਵਿਰਸੇ ਨੂੰ ਬਰਕਤ ਦੇ, ਉਨ੍ਹਾਂ ਦੀ ਪਾਲਣਾ ਕਰ ਅਤੇ ਉਨ੍ਹਾਂ ਨੂੰ ਸਦਾ ਸੰਭਾਲੀ ਰੱਖ ।

29
ਤੂਫ਼ਾਨ ਦੇ ਵਿੱਚ ਪਰਮੇਸ਼ੁਰ ਦੀ ਅਵਾਜ਼
ਦਾਊਦ ਦਾ ਭਜਨ

1ਹੇ ਪਰਮੇਸ਼ੁਰ ਦੇ ਪੁੱਤਰੋ, ਮਹਿਮਾ ਅਤੇ ਸਮਰੱਥਾ ਯਹੋਵਾਹ ਦੀ ਮੰਨੋ ।2ਮਹਿਮਾ ਯਹੋਵਾਹ ਦੇ ਨਾਮ ਦੀ ਮੰਨੋ, ਪਵਿੱਤਰ ਬਸਤਰ ਵਿੱਚ ਯਹੋਵਾਹ ਨੂੰ ਮੱਥਾ ਟੇਕੋ ।

3ਯਹੋਵਾਹ ਦੀ ਅਵਾਜ਼ ਪਾਣੀਆਂ ਉੱਤੇ ਹੈ, ਜਲਾਲ ਦਾ ਪਰਮੇਸ਼ੁਰ ਗਰਜਦਾ ਹੈ, ਯਹੋਵਾਹ ਵੱਡੇ ਪਾਣੀਆਂ ਉੱਤੇ ਹੈ ।4ਯਹੋਵਾਹ ਦੀ ਅਵਾਜ਼ ਜ਼ੋਰ ਵਾਲੀ ਹੈ, ਯਹੋਵਾਹ ਦੀ ਅਵਾਜ਼ ਸ਼ਾਨਦਾਰ ਹੈ ।5ਯਹੋਵਾਹ ਦੀ ਅਵਾਜ਼ ਦਿਆਰਾਂ ਨੂੰ ਤੋੜਦੀ ਹੈ, ਸਗੋਂ ਯਹੋਵਾਹ ਲਬਾਨੋਨ ਦੇ ਦਿਆਰਾਂ ਨੂੰ ਤੋੜ ਸੁੱਟਦਾ ਹੈ !
6ਉਹ ਉਨ੍ਹਾਂ ਨੂੰ ਵੱਛੇ ਵਾਂਗੂੰ, ਲਬਾਨੋਨ ਅਤੇ ਸਿਰਯੋਨ ਨੂੰ ਜੰਗਲੀ ਵੱਛੇ ਵਾਂਗੂੰ ਕੁਦਾਉਂਦਾ ਹੈ ।7ਯਹੋਵਾਹ ਦੀ ਅਵਾਜ਼ ਅੱਗ ਦੀਆਂ ਲਾਟਾਂ ਨੂੰ ਪਾੜਦੀ ਹੈ,8ਯਹੋਵਾਹ ਦੀ ਅਵਾਜ਼ ਉਜਾੜ ਹਿਲਾਉਂਦੀ ਹੈ, ਯਹੋਵਾਹ ਕਾਦੇਸ਼ ਦੀ ਉਜਾੜ ਨੂੰ ਹਿਲਾਉਂਦਾ ਹੈ !
9ਯਹੋਵਾਹ ਦੀ ਅਵਾਜ਼ ਹਰਨੀਆਂ ਨੂੰ ਪੀੜਾਂ ਲਾ ਦਿੰਦੀ ਹੈ, ਅਤੇ ਜੰਗਲਾਂ ਨੂੰ ਝਾੜ ਸੁੱਟਦੀ ਹੈ, ਅਤੇ ਉਹ ਦੀ ਹੈਕਲ ਵਿੱਚ ਹਰ ਇੱਕ ਆਖਦਾ ਹੈ "ਮਹਿਮਾ ! "10ਯਹੋਵਾਹ ਜਲ ਪਰਲੋ ਉੱਤੇ ਬੈਠਾ ਹੈ, ਅਤੇ ਯਹੋਵਾਹ ਸਦਾ ਲਈ ਪਾਤਸ਼ਾਹ ਹੋ ਕੇ ਬੈਠਦਾ ਹੈ ।
11ਯਹੋਵਾਹ ਆਪਣੀ ਪਰਜਾ ਨੂੰ ਬਲ ਦੇਵੇਗਾ, ਯਹੋਵਾਹ ਆਪਣੀ ਪਰਜਾ ਨੂੰ ਸ਼ਾਂਤੀ ਦੀ ਬਰਕਤ ਬਖਸ਼ੇਗਾ ।

30
ਧੰਨਵਾਦ ਦੀ ਪ੍ਰਾਰਥਨਾ
ਭਵਨ ਦੇ ਆਦਰ ਲਈ ਦਾਊਦ ਦਾ ਭਜਨ

1ਹੇ ਯਹੋਵਾਹ, ਮੈਂ ਤੇਰੀ ਵਡਿਆਈ ਕਰਾਂਗਾ, ਕਿਉਂ ਜੋ ਤੂੰ ਮੈਨੂੰ ਉਤਾਹਾਂ ਖਿੱਚਿਆ, ਅਤੇ ਮੇਰੇ ਵੈਰੀਆਂ ਨੂੰ ਮੇਰੇ ਉੱਤੇ ਅਨੰਦ ਹੋਣ ਨਾ ਦਿੱਤਾ ।2ਹੇ ਯਹੋਵਾਹ, ਮੇਰੇ ਪਰਮੇਸ਼ੁਰ, ਮੈਂ ਤੇਰੀ ਦੁਹਾਈ ਦਿੱਤੀ, ਅਤੇ ਤੂੰ ਮੈਨੂੰ ਚੰਗਿਆ ਕੀਤਾ ।3ਹੇ ਯਹੋਵਾਹ, ਤੂੰ ਮੇਰੀ ਜਾਨ ਨੂੰ ਪਤਾਲ ਤੋਂ ਉਠਾ ਲਿਆ ਹੈ, ਤੂੰ ਮੈਨੂੰ ਜੀਉਂਦਿਆ ਰੱਖਿਆ ਹੈ ਕਿ ਮੈਂ ਕਬਰ ਵਿੱਚ ਨਾ ਉਤਰ ਜਾਂਵਾਂ ।

4ਹੇ ਯਹੋਵਾਹ ਦੇ ਸੰਤੋ, ਉਹ ਦੇ ਗੁਣ ਗਾਓ, ਅਤੇ ਉਹ ਦੀ ਪਵਿੱਤਰਤਾਈ ਚੇਤੇ ਰੱਖ ਕੇ ਉਹ ਦਾ ਧੰਨਵਾਦ ਕਰੋ !5ਉਹ ਦਾ ਕ੍ਰੋਧ ਪਲ ਭਰ ਦਾ ਹੈ, ਪਰ ਉਹ ਦੀ ਕਿਰਪਾ ਜੀਉਣ ਭਰ ਦੀ ਹੈ । ਭਾਵੇਂ ਰਾਤ ਨੂੰ ਰੋਣਾ ਪਵੇ, ਪਰ ਸਵੇਰ ਨੂੰ ਜੈ-ਜੈ ਕਾਰ ਹੋਵੇਗੀ ।
6ਮੈਂ ਤਾਂ ਸੁੱਖ ਦੇ ਵੇਲੇ ਆਖਿਆ ਸੀ, ਕਿ ਮੈਂ ਕਦੀ ਨਹੀਂ ਡੋਲਾਂਗਾ ।7ਹੇ ਯਹੋਵਾਹ, ਤੂੰ ਆਪਣੀ ਕਿਰਪਾ ਦੇ ਨਾਲ ਮੇਰੇ ਪਹਾੜ ਨੂੰ ਸਥਿਰ ਰੱਖਿਆ, ਤੂੰ ਆਪਣਾ ਮੁਖ ਲੁਕਾਇਆ, ਮੈਂ ਘਬਰਾਇਆ ।8ਹੇ ਯਹੋਵਾਹ, ਮੈਂ ਤੈਂਨੂੰ ਪੁਕਾਰਿਆ, ਅਤੇ ਪ੍ਰਭੂ ਅੱਗੇ ਮੈਂ ਇਹ ਬੇਨਤੀ ਕੀਤੀ,
9ਕਿ ਮੇਰੇ ਲਹੂ ਦਾ ਕੀ ਲਾਭ ਹੈ ਜਦੋਂ ਮੈਂ ਕਬਰ ਵਿੱਚ ਉਤਰ ਜਾਂਵਾਂ ? ਭਲਾ, ਮਿੱਟੀ ਤੇਰਾ ਧੰਨਵਾਦ ਕਰੇਗੀ ? ਭਲਾ, ਉਹ ਤੇਰੀ ਸਚਿਆਈ ਦੱਸੇਗੀ ?10ਹੇ ਯਹੋਵਾਹ, ਸੁਣ ਅਤੇ ਮੇਰੇ ਉੱਤੇ ਦਯਾ ਕਰ, ਹੇ ਯਹੋਵਾਹ, ਤੂੰ ਮੇਰਾ ਸਹਾਇਕ ਹੋ !
11ਤੂੰ ਮੇਰੇ ਪਿੱਟਣ ਨੂੰ ਨੱਚਣ ਨਾਲ ਬਦਲ ਦਿੱਤਾ, ਤੂੰ ਮੇਰਾ ਤੱਪੜ ਲਾਹ ਕੇ ਅਨੰਦ ਦਾ ਕਮਰ-ਕੱਸਾ ਬੱਧਾ ।12ਜੋ ਮੇਰੀ ਜਾਨ ਤੇਰੀ ਉਸਤਤ ਗਾਵੇ ਅਤੇ ਚੁੱਪ ਨਾ ਰਹੇ, ਹੇ ਯਹੋਵਾਹ ਮੇਰੇ ਪਰਮੇਸ਼ੁਰ, ਮੈਂ ਸਦਾ ਤੇਰਾ ਧੰਨਵਾਦ ਕਰਾਂਗਾ ।

31
ਪਰਮੇਸ਼ੁਰ ਉੱਤੇ ਭਰੋਸੇ ਦੀ ਪ੍ਰਾਰਥਨਾ
ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਭਜਨ

1ਹੇ ਯਹੋਵਾਹ, ਮੈਂ ਤੇਰੀ ਸ਼ਰਨ ਆਇਆ ਹਾਂ, ਮੈਨੂੰ ਕਦੇ ਵੀ ਸ਼ਰਮਿੰਦਾ ਨਾ ਹੋਣ ਦੇ, ਆਪਣੇ ਧਰਮ ਨਾਲ ਮੈਨੂੰ ਛੁਡਾ !2ਆਪਣਾ ਕੰਨ ਮੇਰੀ ਵੱਲ ਝੁਕਾ ਅਤੇ ਮੈਨੂੰ ਛੇਤੀ ਛੁਡਾ ! ਤੂੰ ਮੇਰੇ ਲਈ ਇੱਕ ਮਜਬੂਤ ਚੱਟਾਨ, ਅਤੇ ਮੇਰੇ ਬਚਾਓ ਲਈ ਗੜ੍ਹ ਹੋ ।

3ਤੂੰ ਹੀ ਤਾਂ ਮੇਰੀ ਚੱਟਾਨ ਅਤੇ ਮੇਰਾ ਗੜ੍ਹ ਹੈਂ, ਇਸ ਕਾਰਨ ਤੂੰ ਆਪਣੇ ਨਾਮ ਦੇ ਸਦਕੇ ਮੈਨੂੰ ਲਈ ਚੱਲ, ਅਤੇ ਮੇਰੀ ਅਗਵਾਈ ਕਰ ।4ਤੂੰ ਉਸ ਜਾਲ਼ ਵਿਚੋਂ ਜਿਹੜਾ ਉਨ੍ਹਾਂ ਨੇ ਮੇਰੇ ਲਈ ਲੁਕ ਕੇ ਵਿਛਾਇਆ ਹੈ ਮੈਨੂੰ ਕੱਢ, ਤੂੰ ਜੋ ਮੇਰਾ ਗੜ੍ਹ ਹੈਂ ।
5ਮੈਂ ਆਪਣਾ ਆਤਮਾ ਤੇਰੇ ਹੱਥ ਸੌਂਪਦਾ ਹਾਂ, ਤੂੰ ਮੈਨੂੰ ਛੁਟਕਾਰਾ ਦਿੱਤਾ ਹੈ, ਹੇ ਯਹੋਵਾਹ ਸਚਿਆਈ ਦੇ ਪਰਮੇਸ਼ੁਰ !6ਮੈਂ ਉਨ੍ਹਾਂ ਨਾਲ ਵੈਰ ਰੱਖਦਾ ਹਾਂ ਜਿਹੜੇ ਦੇਵਤਿਆਂ ਨੂੰ ਮੰਨਦੇ ਹਨ, ਪਰ ਮੈਂ ਯਹੋਵਾਹ ਉੱਤੇ ਭਰੋਸਾ ਰੱਖਦਾ ਹਾਂ ।7ਮੈਂ ਤੇਰੀ ਦਯਾ ਵਿੱਚ ਮਗਨ ਅਤੇ ਅਨੰਦ ਹੋਵਾਂਗਾ, ਕਿਉਂ ਜੋ ਤੂੰ ਮੇਰੇ ਦੁੱਖ ਨੂੰ ਵੇਖਿਆ ਹੈ, ਤੂੰ ਮੇਰੀ ਜਾਨ ਦੇ ਕਸ਼ਟਾਂ ਨੂੰ ਜਾਣ ਲਿਆ ਹੈ ।
8ਤੂੰ ਮੈਨੂੰ ਵੈਰੀ ਦੇ ਹੱਥੀਂ ਬੰਦ ਨਹੀਂ ਕਰ ਛੱਡਿਆ ਹੈ, ਤੂੰ ਖੁਲੇ ਥਾਂ ਵਿੱਚ ਮੇਰੇ ਪੈਰ ਸਥਿਰ ਕੀਤੇ ਹਨ ।9ਹੇ ਯਹੋਵਾਹ, ਮੇਰੇ ਉੱਤੇ ਦਯਾ ਕਰ, ਕਿਉਂ ਜੋ ਮੈਂ ਸਮੱਸਿਆ ਵਿੱਚ ਹਾਂ । ਮੇਰੀਆਂ ਅੱਖਾਂ ਗਮੀ ਦੇ ਮਾਰੇ ਗਲ਼ ਗਈਆਂ, ਮੇਰੀ ਜਾਨ ਅਤੇ ਮੇਰਾ ਸਰੀਰ ਵੀ ।
10ਮੇਰਾ ਜੀਵਨ ਸੋਗ ਵਿੱਚ ਅਤੇ ਮੇਰੇ ਸਾਲ ਹੌਕੇ ਭਰਨ ਵਿੱਚ ਲੰਘ ਗਏ ਹਨ, ਮੇਰੀ ਬਦੀ ਦੇ ਕਾਰਨ ਮੇਰਾ ਬਲ ਘੱਟ ਗਿਆ ਹੈ, ਅਤੇ ਮੇਰੀਆਂ ਹੱਡੀਆਂ ਗਲ਼ ਗਈਆਂ ਹਨ ।11ਆਪਣੇ ਸਭ ਵਿਰੋਧੀਆਂ ਦੇ ਕਾਰਨ ਮੈਂ ਉਲਾਹਮਾ ਬਣਿਆ, ਖਾਸ ਕਰਕੇ ਆਪਣੇ ਗੁਆਂਢੀਆਂ ਵਿੱਚ, ਅਤੇ ਆਪਣੇ ਜਾਣ-ਪਛਾਣ ਵਾਲਿਆਂ ਲਈ ਡਰ ਦਾ ਕਾਰਨ, ਜਿਨ੍ਹਾਂ ਮੈਨੂੰ ਬਾਹਰ ਵੇਖਿਆ ਓਹ ਮੈਥੋਂ ਭੱਜ ਗਏ ।
12ਮੈਂ ਮਰੇ ਹੋਏ ਵਾਂਗੂੰ ਮਨੋਂ ਭੁਲਾ ਦਿੱਤਾ ਗਿਆ ਹਾਂ, ਅਤੇ ਟੁੱਟੇ ਹੋਏ ਭਾਂਡੇ ਵਰਗਾ ਹਾਂ ।13ਮੈਂ ਤਾਂ ਬਹੁਤਿਆਂ ਦੀ ਬਦਨਾਮੀ ਸੁਣੀ ਹੈ, ਅਤੇ ਆਲੇ-ਦੁਆਲੇ ਭੈ ਹੀ ਭੈ ਸੀ, ਜਦੋਂ ਉਨ੍ਹਾਂ ਨੇ ਆਪੋ ਵਿੱਚ ਮੇਰੇ ਵਿਰੁੱਧ ਮਤਾ ਪਕਾਇਆ, ਮੇਰੀ ਜਾਨ ਲੈਣ ਦੀ ਯੋਜਨਾ ਕੀਤੀ ।
14ਪਰ ਹੇ ਯਹੋਵਾਹ, ਮੈਂ ਤੇਰੇ ਉੱਤੇ ਭਰੋਸਾ ਰੱਖਿਆ ਹੈ, ਮੈਂ ਆਖਿਆ ਕਿ ਤੂੰ ਹੀ ਮੇਰਾ ਪਰਮੇਸ਼ੁਰ ਹੈਂ ।15ਮੇਰੇ ਸਮੇਂ ਤੇਰੇ ਹੱਥ ਵਿੱਚ ਹਨ, ਤੂੰ ਮੈਨੂੰ ਮੇਰੇ ਵੈਰੀਆਂ ਅਤੇ ਸਤਾਉਣ ਵਾਲਿਆਂ ਦੇ ਹੱਥੋਂ ਛੁਡਾ ।16ਆਪਣੇ ਮੁੱਖ ਨੂੰ ਆਪਣੇ ਦਾਸ ਉੱਤੇ ਚਮਕਾ, ਆਪਣੀ ਦਯਾ ਨਾਲ ਮੈਨੂੰ ਬਚਾ !
17ਹੇ ਯਹੋਵਾਹ, ਮੈਨੂੰ ਸ਼ਰਮਿੰਦਾ ਨਾ ਹੋਣ ਦੇ, ਮੈਂ ਜੋ ਤੈਂਨੂੰ ਪੁਕਾਰਿਆ ਹੈ । ਦੁਸ਼ਟ ਸ਼ਰਮਿੰਦੇ ਹੋਣ, ਓਹ ਚੁੱਪ-ਚਾਪ ਪਤਾਲ ਵਿੱਚ ਪਏ ਰਹਿਣ !18ਉਹ ਝੂਠੇ ਬੁੱਲ ਬੰਦ ਹੋ ਜਾਣ, ਜਿਹੜੇ ਧਰਮੀ ਦੇ ਵਿਰੁੱਧ ਬੇਅਦਬੀ ਦੇ ਨਾਲ, ਹੰਕਾਰ ਅਤੇ ਨਫ਼ਰਤ ਨਾਲ ਬੋਲਦੇ ਹਨ !
19ਕਿੰਨ੍ਹੀ ਵੱਡੀ ਹੈ ਤੇਰੀ ਭਲਿਆਈ ! ਜਿਹੜੀ ਤੂੰ ਆਪਣੇ ਭੈ ਮੰਨਣ ਵਾਲਿਆਂ ਦੇ ਲਈ ਗੁਪਤ ਕਰ ਰੱਖੀ ਹੈ, ਜਿਹੜੀ ਤੂੰ ਆਪਣੇ ਸ਼ਰਨਾਰਥੀਆਂ ਲਈ ਆਦਮ ਵੰਸ ਦੇ ਸਨਮੁੱਖ ਪਰਗਟ ਕੀਤੀ ਹੈ ।20ਤੂੰ ਉਨ੍ਹਾਂ ਨੂੰ ਆਪਣੀ ਹਜ਼ੂਰੀ ਦੀ ਓਟ ਵਿੱਚ ਮਨੁੱਖ ਦੀਆਂ ਜੁਗਤਾਂ ਤੋਂ ਛਿਪਾਵੇਂਗਾ, ਤੂੰ ਉਨ੍ਹਾਂ ਨੂੰ ਜੀਭਾਂ ਦੇ ਝਗੜੇ ਤੋਂ ਆਪਣੇ ਮੰਡਪ ਵਿੱਚ ਲੁਕਾ ਰੱਖੇਂਗਾ ।
21ਯਹੋਵਾਹ ਮੁਬਾਰਕ ਹੋਵੇ, ਕਿਉਂ ਜੋ ਉਸ ਨੇ ਇੱਕ ਘੇਰੇ ਹੋਏ ਸ਼ਹਿਰ ਵਿੱਚ ਮੇਰੇ ਉੱਤੇ ਆਪਣੀ ਅਚਰਜ ਦਯਾ ਕੀਤੀ ਹੈ ।22ਪਰ ਮੈਂ ਆਪਣੀ ਘਬਰਾਹਟ ਵਿੱਚ ਆਖਿਆ ਸੀ ਕਿ ਤੇਰੀਆਂ ਅੱਖੀਆਂ ਦੇ ਅੱਗੋਂ ਮੈਂ ਕੱਟਿਆਂ ਗਿਆ ਹਾਂ, ਤਾਂ ਵੀ ਜਦੋਂ ਮੈਂ ਤੇਰੀ ਦੁਹਾਈ ਦਿੱਤੀ ਤੂੰ ਮੇਰੀਆਂ ਬੇਨਤੀਆਂ ਦੀ ਅਵਾਜ਼ ਸੁਣੀ ।
23ਹੇ ਯਹੋਵਾਹ ਦੇ ਸਾਰੇ ਸੰਤੋ, ਉਹ ਦੇ ਨਾਲ ਪ੍ਰੇਮ ਰੱਖੋ, ਯਹੋਵਾਹ ਸੱਚਿਆਂ ਦਾ ਰਾਖਾ ਹੈ, ਪਰ ਹੰਕਾਰੀਆਂ ਦਾ ਪੂਰੀ ਤਰ੍ਹਾਂ ਬਦਲਾ ਲੈਂਦਾ ਹੈ ।24ਹੇ ਸਾਰੇ ਯਹੋਵਾਹ ਦੀ ਆਸ ਰੱਖਣ ਵਾਲਿਓ, ਤਕੜੇ ਹੋਵੋ ਅਤੇ ਤੁਹਾਡਾ ਮਨ ਦਲੇਰ ਹੋਵੇ !

32
ਮਾਫ਼ੀ ਪਾਉਣ ਦੀ ਬਰਕਤ
ਦਾਊਦ ਦਾ ਭਜਨ । ਮਸ਼ਕੀਲ

1ਧੰਨ ਹੈ ਉਹ ਜਿਸ ਦਾ ਅਪਰਾਧ ਮਾਫ਼ ਹੋ ਗਿਆ, ਜਿਸ ਦਾ ਪਾਪ ਢੱਕਿਆ ਹੋਇਆ ਹੈ ।2ਧੰਨ ਹੈ ਉਹ ਆਦਮੀ ਜਿਸ ਦੀ ਬਦੀ ਯਹੋਵਾਹ ਉਹ ਦੇ ਲੇਖੇ ਨਹੀਂ ਲਾਉਂਦਾ, ਅਤੇ ਜਿਸ ਦੇ ਆਤਮਾ ਵਿੱਚ ਕਪਟ ਨਹੀਂ ।

3ਜਦੋਂ ਮੈਂ ਚੁੱਪ ਰਿਹਾ ਮੇਰੀਆਂ ਹੱਡੀਆਂ ਸਾਰਾ ਦਿਨ ਹੂੰਗਣ ਨਾਲ ਗਲ਼ ਗਈਆਂ,4ਕਿਉਂ ਜੋ ਤੇਰਾ ਹੱਥ ਦਿਨ ਰਾਤ ਮੇਰੇ ਉੱਤੇ ਭਾਰਾ ਸੀ, ਮੇਰੀ ਤਰੀ ਗਰਮੀ ਦੀ ਔੜ ਵਿੱਚ ਬਦਲ ਗਈ । ਸਲਹ ।
5ਮੈਂ ਤੇਰੇ ਅੱਗੇ ਆਪਣੇ ਪਾਪ ਦਾ ਇਕਰਾਰ ਕੀਤਾ, ਅਤੇ ਆਪਣੀ ਬਦੀ ਨਹੀਂ ਲੁਕਾਈ । ਮੈਂ ਆਖਿਆ ਕਿ ਮੈਂ ਆਪਣੇ ਅਪਰਾਧਾਂ ਨੂੰ ਯਹੋਵਾਹ ਦੇ ਅੱਗੇ ਮੰਨ ਲਵਾਂਗਾ, ਤਾਂ ਤੂੰ ਆਪ ਮੇਰੇ ਪਾਪ ਦੀ ਬਦੀ ਨੂੰ ਚੁੱਕ ਲਿਆ । ਸਲਹ ।6ਇਸ ਕਰਕੇ ਹਰ ਇੱਕ ਸੰਤ ਤੇਰੇ ਮਿਲ ਜਾਣ ਦੇ ਵੇਲੇ ਤੇਰੇ ਅੱਗੇ ਪ੍ਰਾਰਥਨਾ ਕਰੇ, ਸੱਚ-ਮੁੱਚ ਜਦ ਵੱਡੇ ਪਾਣੀਆਂ ਦੇ ਹੜ੍ਹ ਆਉਣ, ਤਾਂ ਓਹ ਉਸ ਤੱਕ ਕਦੇ ਨਹੀਂ ਪਹੁੰਚਣਗੇ ।
7ਤੂੰ ਮੇਰੇ ਲੁਕਣ ਦਾ ਥਾਂ ਹੈਂ, ਤੂੰ ਮੈਨੂੰ ਤੰਗੀ ਤੋਂ ਬਚਾ ਰਖੇਂਗਾ, ਤੂੰ ਮੈਨੂੰ ਛੁਟਕਾਰੇ ਦੇ ਗੀਤਾਂ ਨਾਲ ਘੇਰੇਂਗਾ । ਸਲਹ ।8ਮੈਂ ਤੈਂਨੂੰ ਸਮਝ ਦੇਵਾਂਗਾ, ਅਤੇ ਜਿਸ ਰਾਹ ਉੱਤੇ ਤੂੰ ਚੱਲਣਾ ਹੈ ਤੈਂਨੂੰ ਸਿਖਾਵਾਂਗਾ, ਤੇਰੇ ਉੱਤੇ ਨਿਗਾਹ ਰੱਖ ਕੇ ਤੈਂਨੂੰ ਸਲਾਹ ਦਿਆਂਗਾ ।
9ਤੁਸੀਂ ਘੋੜੇ ਅਤੇ ਖੱਚਰ ਵਰਗੇ ਨਾ ਹੋਣਾ ਜਿਹੜੇ ਬੇਸਮਝ ਹਨ, ਲਗਾਮ ਅਤੇ ਵਾਗ ਨਾਲ ਉਨ੍ਹਾਂ ਨੂੰ ਕਾਬੂ ਰੱਖੀਦਾ ਹੈ, ਨਹੀਂ ਤਾਂ ਓਹ ਤੇਰੇ ਨੇੜੇ ਨਾ ਆਉਣਗੇ ।10ਦੁਸ਼ਟ ਉੱਤੇ ਬਹੁਤ ਸਾਰੀਆਂ ਬਿਪਤਾਂ ਆਉਂਦੀਆਂ ਹਨ, ਪਰ ਜਿਹੜਾ ਯਹੋਵਾਹ ਤੇ ਭਰੋਸਾ ਕਰਦਾ ਹੈ ਦਯਾ ਉਸ ਨੂੰ ਘੇਰੀਂ ਰੱਖੇਗੀ ।
11ਹੇ ਧਰਮੀਓ, ਯਹੋਵਾਹ ਵਿੱਚ ਅਨੰਦ ਹੋਵੋ ਅਤੇ ਖੁਸ਼ੀ ਮਨਾਓ, ਹੇ ਸਾਰੇ ਸਿੱਧੇ ਦਿਲ ਵਾਲਿਓ, ਜੈਕਾਰਾ ਗਜਾਓ !

33
ਸਤੂਤੀ ਦਾ ਗੀਤ

1ਹੇ ਧਰਮੀਓ, ਯਹੋਵਾਹ ਦੀ ਜੈ-ਜੈ ਕਾਰ ਕਰੋ, ਖਰਿਆਂ ਨੂੰ ਉਸਤਤ ਕਰਨੀ ਫੱਬਦੀ ਹੈ ।2ਬਰਬਤ ਵਜਾ ਕੇ ਯਹੋਵਾਹ ਦਾ ਧੰਨਵਾਦ ਕਰੋ, ਦਸ ਤਾਰ ਦੀ ਸਿਤਾਰ ਵਜਾ ਕੇ ਉਹ ਦੀ ਉਸਤਤ ਗਾਓ ।3ਉਸ ਦੇ ਲਈ ਇੱਕ ਨਵਾ ਗੀਤ ਗਾਓ, ਉੱਚੀ ਸੁਰ ਉੱਤੇ ਸੁਰ ਤਾਲ ਨਾਲ ਵਜਾਓ ।

4ਯਹੋਵਾਹ ਦਾ ਬਚਨ ਸੱਚ ਹੈ, ਅਤੇ ਉਹ ਦੇ ਸਾਰੇ ਕੰਮ ਵਫ਼ਾਦਾਰੀ ਨਾਲ ਹੁੰਦੇ ਹਨ ।5ਉਹ ਧਰਮ ਅਤੇ ਨਿਆਂ ਨਾਲ ਪ੍ਰੀਤ ਰੱਖਦਾ ਹੈ, ਯਹੋਵਾਹ ਦੀ ਦਯਾ ਨਾਲ ਧਰਤੀ ਭਰਪੂਰ ਹੈ ।6ਯਹੋਵਾਹ ਦੇ ਸ਼ਬਦ ਨਾਲ ਅਕਾਸ਼ ਬਣਾਏ ਗਏ, ਅਤੇ ਉਹਨਾਂ ਦੀ ਸਾਰੀ ਵੱਸੋਂ ਉਹ ਦੇ ਮੂੰਹ ਦੇ ਸਵਾਸ ਨਾਲ
7ਉਹ ਸਮੁੰਦਰ ਦੇ ਪਾਣੀ ਨੂੰ ਢੇਰਾਂ ਵਿੱਚ ਇਕੱਠਿਆਂ ਕਰਦਾ ਹੈ, ਉਹ ਡੂੰਘਿਆ ਪਾਣੀਆਂ ਨੂੰ ਭੰਡਾਰ ਵਿੱਚ ਰੱਖਦਾ ਹੈ ।8ਸਾਰੀ ਧਰਤੀ ਯਹੋਵਾਹ ਤੋਂ ਡਰੇ, ਜਗਤ ਦੇ ਸਾਰੇ ਵਸਨੀਕ ਉਸ ਦਾ ਡਰ ਮੰਨਣ,9ਕਿਉਂ ਜੋ ਉਸ ਨੇ ਆਖਿਆ ਅਤੇ ਉਹ ਹੋ ਗਿਆ, ਉਸ ਨੇ ਹੁਕਮ ਦਿੱਤਾ ਤਾਂ ਉਹ ਬਣ ਗਿਆ ।
10ਯਹੋਵਾਹ ਕੌਮਾਂ ਦੀ ਸਲਾਹ ਨੂੰ ਅਕਾਰਥ ਕਰਦਾ, ਲੋਕਾਂ ਦੀਆਂ ਜੁਗਤਾਂ ਨੂੰ ਵਿਅਰਥ ਕਰ ਦਿੰਦਾ ਹੈ ।11ਯਹੋਵਾਹ ਦੀ ਸਲਾਹ ਸਦਾ ਅਟੱਲ ਰਹਿੰਦੀ ਹੈ, ਅਤੇ ਉਸ ਦੇ ਮਨ ਦੀਆਂ ਸੋਚਾਂ ਪੀੜੀਓ ਪੀੜ੍ਹੀ ।12ਧੰਨ ਉਹ ਕੌਮ ਹੈ ਜਿਸ ਦਾ ਪਰਮੇਸ਼ੁਰ ਯਹੋਵਾਹ ਹੈ, ਉਹ ਪਰਜਾ ਜਿਸ ਨੂੰ ਉਹ ਨੇ ਆਪਣੇ ਵਿਰਸੇ ਲਈ ਚੁਣ ਲਿਆ ਹੈ !
13ਯਹੋਵਾਹ ਸਵਰਗ ਤੋਂ ਨਿਗਾਹ ਮਾਰਦਾ ਹੈ, ਉਹ ਸਾਰੇ ਆਦਮ ਵੰਸੀਆ ਨੂੰ ਵੇਖਦਾ ਹੈ ।14ਉਹ ਆਪਣੇ ਵਸੇਬੇ ਤੋਂ ਧਰਤੀ ਦੇ ਸਾਰੇ ਵਸਨੀਕਾਂ ਨੂੰ ਤੱਕਦਾ ਹੈ ।15ਉਨ੍ਹਾਂ ਸਭਨਾਂ ਦੇ ਦਿਲਾਂ ਨੂੰ ਉਹੋ ਰਚਦਾ ਹੈ, ਉਹੋ ਉਨ੍ਹਾਂ ਦੇ ਸਾਰਿਆਂ ਕੰਮਾਂ ਨੂੰ ਸਮਝਦਾ ਹੈ ।
16ਫੌਜ ਦੇ ਵਾਧੇ ਦੇ ਕਾਰਨ ਕਿਸੇ ਰਾਜੇ ਦਾ ਬਚਾਓ ਨਹੀਂ ਹੁੰਦਾ, ਨਾ ਸੂਰਮਾ ਬਹੁਤੇ ਬਲ ਦੇ ਕਾਰਨ ਛੁੱਟ ਸਕਦਾ ਹੈ ।17ਬਚਾਓ ਦੇ ਲਈ ਘੋੜਾ ਤਾਂ ਬੇਕਾਰ ਹੈ, ਨਾ ਉਹ ਆਪਣੇ ਵੱਡੇ ਬਲ ਨਾਲ ਕਿਸੇ ਨੂੰ ਛੁਡਾ ਸਕਦਾ ਹੈ ।
18ਵੇਖੋ, ਯਹੋਵਾਹ ਦੀ ਨਜ਼ਰ ਆਪਣੇ ਭੈ ਮੰਨਣ ਵਾਲਿਆਂ ਦੇ ਉੱਤੇ ਹੈ, ਉਨ੍ਹਾਂ ਉੱਤੇ ਜਿਹੜੇ ਉਸ ਦੀ ਦਯਾ ਨੂੰ ਉਡੀਕਦੇ ਹਨ,19ਕਿ ਉਨ੍ਹਾਂ ਦੀ ਜਾਨ ਮੌਤ ਤੋਂ ਛੁਡਾਵੇ,ਅਤੇ ਕਾਲ ਵਿੱਚ ਉਹਨਾਂ ਨੂੰ ਜੀਉਂਦਿਆ ਰੱਖੇ ।
20ਸਾਡਾ ਮਨ ਯਹੋਵਾਹ ਦੀ ਉਡੀਕ ਕਰਦਾ ਹੈ, ਉਹੋ ਸਾਡਾ ਸਹਾਇਕ ਅਤੇ ਸਾਡੀ ਢਾਲ ਹੈ ।21ਸਾਡਾ ਮਨ ਤਾਂ ਉਸ ਵਿੱਚ ਆਨੰਦ ਰਹੇਗਾ, ਕਿਉਂ ਜੋ ਅਸੀਂ ਉਹ ਦੇ ਪਵਿੱਤਰ ਨਾਮ ਉੱਤੇ ਭਰੋਸਾ ਰੱਖਿਆ ਹੈ ।
22ਜਿਵੇਂ ਅਸੀਂ ਤੇਰੀ ਉਡੀਕ ਰੱਖੀ ਹੈ, ਤਿਵੇਂ ਹੇ ਯਹੋਵਾਹ, ਤੇਰੀ ਦਯਾ ਸਾਡੇ ਉੱਤੇ ਹੋਵੇ ।

34
ਪਰਮੇਸ਼ੁਰ ਦੀ ਭਲਾਈ ਲਈ ਉਸ ਦੀ ਸਤੂਤੀ
ਦਾਊਦ ਦਾ ਭਜਨ, ਜਦੋਂ ਉਹ ਅਬੀਮਲਕ ਦੇ ਸਾਹਮਣੇ ਪਾਗਲ ਵਾਂਗ ਬਣਿਆ ਅਤੇ ਅਬੀਮਲਕ ਨੇ ਉਸ ਨੂੰ ਕੱਢ ਦਿੱਤਾ ਤੇ ਉਹ ਚਲਾ ਗਿਆ

1ਮੈਂ ਹਰ ਵੇਲੇ ਯਹੋਵਾਹ ਨੂੰ ਮੁਬਾਰਕ ਆਖਾਂਗਾ,ਉਹ ਦੀ ਉਸਤਤ ਸਦਾ ਮੇਰੇ ਮੂੰਹ ਵਿੱਚ ਹੋਵੇਗੀ ।

2ਮੇਰੀ ਜਾਨ ਯਹੋਵਾਹ ਵਿੱਚ ਆਪਣੇ ਆਪ ਨੂੰ ਵਡਿਆਵੇਗੀ , ਦੀਨ ਲੋਕ ਸੁਣ ਕੇ ਆਨੰਦ ਹੋਣਗੇ ।3ਮੇਰੇ ਨਾਲ ਮਿਲ ਕੇ ਯਹੋਵਾਹ ਦੀ ਵਡਿਆਈ ਕਰੋ, ਰਲ ਮਿਲ ਕੇ ਅਸੀਂ ਉਹ ਦੇ ਨਾਮ ਨੂੰ ਮੁਬਾਰਕ ਆਖੀਏ ।
4ਮੈਂ ਯਹੋਵਾਹ ਨੂੰ ਭਾਲਿਆ ਅਤੇ ਉਸ ਨੇ ਮੈਨੂੰ ਉੱਤਰ ਦਿੱਤਾ, ਅਤੇ ਮੇਰੇ ਸਾਰੇ ਡਰ ਤੋਂ ਮੈਨੂੰ ਛੁਡਾਇਆ ।5ਉਨ੍ਹਾਂ ਨੇ ਉਹ ਦੀ ਵੱਲ ਤੱਕਿਆ ਅਤੇ ਉਹਨਾਂ ਦੇ ਚਿਹਰੇ ਉਜਲੇ ਹੋ ਗਏ, ਅਤੇ ਉਨ੍ਹਾਂ ਦੇ ਮੂੰਹ ਕਦੇ ਕਾਲੇ ਨਾ ਹੋਣਗੇ ।6ਇਸ ਮਸਕੀਨ ਨੇ ਪੁਕਾਰਿਆ ਅਤੇ ਯਹੋਵਾਹ ਨੇ ਸੁਣਿਆ, ਅਤੇ ਉਹ ਦੇ ਸਾਰਿਆਂ ਦੁੱਖਾਂ ਤੋਂ ਉਹ ਨੂੰ ਬਚਾਇਆ ।
7ਯਹੋਵਾਹ ਦਾ ਦੂਤ ਉਸ ਤੋਂ ਸਾਰੇ ਡਰਨ ਵਾਲਿਆ ਦੇ ਦੁਆਲੇ ਡੇਰਾ ਲਾਉਂਦਾ ਹੈ,ਅਤੇ ਉਨ੍ਹਾਂ ਨੂੰ ਛੁਟਕਾਰਾ ਦਿੰਦਾ ਹੈ ।8ਚੱਖੋ ਤੇ ਵੇਖੋ ਕਿ ਯਹੋਵਾਹ ਭਲਾ ਹੈ, ਧੰਨ ਹੈ ਉਹ ਪੁਰਸ਼ ਜੋ ਉਸ ਵਿੱਚ ਪਨਾਹ ਲੈਂਦਾ ਹੈ ।9ਹੇ ਯਹੋਵਾਹ ਦੇ ਸੰਤੋ, ਉਸ ਤੋਂ ਡਰੋ, ਕਿਉਂ ਜੋ ਉਹ ਦੇ ਡਰਨ ਵਾਲਿਆਂ ਨੂੰ ਕੋਈ ਘਾਟ ਨਹੀਂ ।
10ਸ਼ੇਰ ਬੱਚਿਆ ਨੂੰ ਘਾਟਾ ਪੈਂਦਾ ਅਤੇ ਭੁੱਖ ਲਗਦੀ ਹੈ, ਪਰ ਯਹੋਵਾਹ ਦੇ ਤਾਲਿਬਾਂ ਨੂੰ ਕਿਸੇ ਚੰਗੀ ਵਸਤ ਦੀ ਘਾਟ ਨਹੀਂ ਹੋਵੇਗੀ ।11ਬੱਚਿਓ, ਆਓ,ਮੇਰੀ ਸੁਣੋ ਅਤੇ ਮੈਂ ਤਹਾਨੂੰ ਯਹੋਵਾਹ ਦਾ ਭੈ ਮੰਨਣਾ ਸਿਖਾਵਾਂਗਾ ।
12ਉਹ ਕਿਹੜਾ ਮਨੁੱਖ ਹੈ ਜਿਹੜਾ ਜੀਵਨ ਨੂੰ ਲੋਚਦਾ ਹੈ, ਅਤੇ ਲੰਮੀ ਉਮਰ ਚਾਹੁੰਦਾ ਹੈ ਤਾਂ ਕਿ ਭਲਿਆਈ ਵੇਖੇ ?13ਆਪਣੀ ਜੀਭ ਨੂੰ ਬੁਰਿਆਈ ਕਰਨ ਤੋਂ, ਅਤੇ ਆਪਣੇ ਬੁੱਲਾਂ ਨੂੰ ਬੁਰੀਆਂ ਗੱਲਾਂ ਬੋਲਣ ਤੋਂ ਰੋਕ ਰੱਖ ।14ਬਦੀ ਤੋਂ ਹਟ ਜਾ ਅਤੇ ਨੇਕੀ ਕਰ, ਮੇਲ-ਮਿਲਾਪ ਨੂੰ ਭਾਲ ਅਤੇ ਉਹ ਦਾ ਪਿੱਛਾ ਕਰ ।
15ਯਹੋਵਾਹ ਦੀਆਂ ਅੱਖੀਆਂ ਧਰਮੀਆ ਉੱਤੇ, ਅਤੇ ਉਹ ਦੇ ਕੰਨ ਉਨ੍ਹਾਂ ਦੀ ਦੁਹਾਈ ਵੱਲ ਲੱਗੇ ਰਹਿੰਦੇ ਹਨ ।16ਯਹੋਵਾਹ ਦਾ ਮੂੰਹ ਕੁਕਰਮੀਆਂ ਦੇ ਵਿਰੁੱਧ ਹੈ, ਜੋ ਤੂੰ ਉਹਨਾਂ ਦੀ ਯਾਦ ਧਰਤੀ ਤੋਂ ਮਿਟਾ ਸੁੱਟੇ ।17ਧਰਮੀ ਦੁਹਾਈ ਦਿੰਦੇ ਹਨ ਅਤੇ ਯਹੋਵਾਹ ਸੁਣਦਾ ਹੈ, ਅਤੇ ਉਹਨਾਂ ਨੂੰ ਸਾਰਿਆਂ ਦੁੱਖਾਂ ਤੋਂ ਛੁਡਾਉਂਦਾ ਹੈ ।
18ਯਹੋਵਾਹ ਟੁੱਟੇ ਦਿੱਲ ਵਾਲਿਆਂ ਦੇ ਨੇੜੇ ਹੈ, ਅਤੇ ਕੁਚਲਿਆਂ ਆਤਮਾਂ ਵਾਲਿਆਂ ਨੂੰ ਬਚਾਉਂਦਾ ਹੈ ।19ਧਰਮੀ ਉੱਤੇ ਬਹੁਤ ਸਾਰੀਆਂ ਮੁਸੀਬਤਾਂ ਪੈਂਦੀਆਂ ਹਨ, ਪਰ ਯਹੋਵਾਹ ਉਹਨਾਂ ਸਭਨਾਂ ਤੋਂ ਉਸ ਨੂੰ ਛੁਡਾਉਂਦਾ ਹੈ ।20ਉਹ ਉਸ ਦੀਆਂ ਸਾਰੀਆਂ ਹੱਡੀਆਂ ਦਾ ਰਾਖਾ ਹੈ, ਉਨ੍ਹਾਂ ਵਿੱਚੋਂ ਇੱਕ ਵੀ ਨਹੀਂ ਤੋੜੀ ਜਾਂਦੀ ।
21ਬੁਰਿਆਈ ਦੁਸ਼ਟਾਂ ਨੂੰ ਮਾਰ ਸੁੱਟੇਗੀ, ਅਤੇ ਧਰਮੀ ਤੋਂ ਘਿਣ ਕਰਨ ਵਾਲੇ ਦੋਸ਼ੀ ਠਹਿਰਨਗੇ ।22ਯਹੋਵਾਹ ਆਪਣੇ ਸੇਵਕਾਂ ਦੀ ਜਾਨ ਨੂੰ ਮੁੱਲ ਦੇ ਕੇ ਛੁਡਾਉਂਦਾ ਹੈ, ਅਤੇ ਉਸ ਦੇ ਸਾਰੇ ਸ਼ਰਨਾਰਥੀਆਂ ਵਿਚੋ ਕੋਈ ਵੀ ਦੋਸ਼ੀ ਨਹੀਂ ਠਹਿਰੇਗਾ ।

35
ਵੈਰੀਆਂ ਤੋਂ ਛੁਟਕਾਰਾ ਪਾਉਣ ਲਈ ਪ੍ਰਾਰਥਨਾ
ਦਾਊਦ ਦਾ ਭਜਨ

1ਹੇ ਯਹੋਵਾਹ, ਜਿਹੜੇ ਮੇਰੇ ਨਾਲ ਮੁਕੱਦਮਾ ਕਰਦੇ ਹਨ, ਉਨ੍ਹਾਂ ਨਾਲ ਤੂੰ ਮੁਕੱਦਮਾ ਕਰ, ਜਿਹੜੇ ਮੇਰੇ ਨਾਲ ਲੜਦੇ ਹਨ ਉਹਨਾਂ ਨਾਲ ਲੜ ।2ਢਾਲ ਅਤੇ ਨੇਜੇ ਨੂੰ ਸਾਂਭ, ਅਤੇ ਮੇਰੀ ਸਹਾਇਤਾ ਲਈ ਉੱਠ !3ਬਰਛਾ ਕੱਢ ਕੇ ਮੇਰਾ ਪਿੱਛਾ ਕਰਨ ਵਾਲਿਆਂ ਦਾ ਰਾਹ ਬੰਦ ਕਰ, ਮੇਰੀ ਜਾਨ ਨੂੰ ਆਖ, ਤੇਰਾ ਬਚਾਓ ਮੈਂ ਹੀ ਹਾਂ ।

4ਜਿਹੜੇ ਮੇਰੀ ਜਾਨ ਦੇ ਵੈਰੀ ਹਨ ਓਹ ਲੱਜਿਆਵਾਨ ਅਤੇ ਖੱਜਲ ਹੋਣ, ਜਿਹੜੇ ਮੇਰੀ ਬੁਰਿਆਈ ਸੋਚਦੇ ਹਨ ਉਹ ਪਿੱਛੇ ਹਟਾਏ ਜਾਣ ਅਤੇ ਉਲਝ ਜਾਣ !5ਉਹ ਪੌਣ ਨਾਲ ਉਡਦੀ ਤੂੜੀ ਵਾਂਗੂੰ ਹੋਣ, ਅਤੇ ਯਹੋਵਾਹ ਦਾ ਦੂਤ ਉਹਨਾਂ ਨੂੰ ਧੱਕਾ ਮਾਰਦਾ ਜਾਏ ।6ਉਨ੍ਹਾਂ ਦਾ ਰਾਹ ਹਨੇਰਾ ਅਤੇ ਤਿਲਕਣਾ ਹੋਵੇ, ਅਤੇ ਯਹੋਵਾਹ ਦਾ ਦੂਤ ਉਹਨਾਂ ਦਾ ਪਿੱਛਾ ਕਰੀ ਜਾਵੇ
7ਕਿਉਂ ਜੋ ਉਨ੍ਹਾਂ ਬਿਨ੍ਹਾਂ ਕਾਰਨ ਮੇਰੇ ਲਈ ਟੋਏ ਵਿੱਚ ਜਾਲ਼ ਛਿਪਾਇਆ ਹੈ, ਉਨ੍ਹਾਂ ਨੇ ਬਿਨ੍ਹਾਂ ਕਿਸੇ ਕਾਰਨ ਮੇਰੀ ਜਾਨ ਲਈ ਟੋਆ ਪੁੱਟਿਆ ਹੈ ।8ਉਹਨਾਂ ਉੱਤੇ ਅਚਾਨਕ ਬਰਬਾਦੀ ਆ ਪਵੇ ! ਅਤੇ ਜਿਹੜਾ ਜਾਲ਼ ਉਸ ਨੇ ਛਿਪਾਇਆ ਉਹੋ ਉਸ ਨੂੰ ਫਸਾ ਲਵੇ, ਉਹ ਆਪ ਉਸ ਵਿੱਚ ਡਿੱਗ ਕੇ ਨਸ਼ਟ ਹੋ ਜਾਵੇ !
9ਤਾਂ ਮੇਰੀ ਜਾਨ ਯਹੋਵਾਹ ਵਿੱਚ ਬਾਗ-ਬਾਗ ਹੋਵੇਗੀ, ਉਹ ਉਸ ਦੇ ਬਚਾਓ ਵਿੱਚ ਮਗਨ ਹੋਵੇਗੀ ।10ਮੇਰੀਆਂ ਸਾਰੀਆਂ ਹੱਡੀਆਂ ਆਖਣਗੀਆਂ, ਹੇ ਯਹੋਵਾਹ, ਤੇਰੇ ਸਮਾਨ ਕੌਣ ਹੈ ? ਤੂੰ ਮਸਕੀਨ ਨੂੰ ਉਸ ਨਾਲੋ ਤਕੜੇ ਤੋਂ ਛੁਡਾਉਂਦਾ ਹੈ, ਹਾਂ, ਮਸਕੀਨ ਤੇ ਕੰਗਾਲ ਨੂੰ ਲੁਟੇਰੇ ਤੋਂ ।
11ਜ਼ਾਲਮ ਗਵਾਹ ਉੱਠ ਖੜੇ ਹੁੰਦੇ ਹਨ, ਉਹ ਮੈਥੋ ਓਹ ਗੱਲਾਂ ਪੁਛਦੇ ਹਨ ਜੋ ਮੈਂ ਨਹੀਂ ਜਾਣਦਾ ।12ਨੇਕੀ ਦੇ ਬਦਲੇ ਉਹ ਮੈਨੂੰ ਬਦੀ ਦਿੰਦੇ ਹਨ, ਮੇਰੀ ਜਾਨ ਬੈਚੇਨ ਹੋ ਜਾਂਦੀ ਹੈ ।
13ਪਰ ਮੈਂ, ਜਦੋਂ ਓਹ ਬਿਮਾਰ ਸਨ, ਮੇਰਾ ਲਿਬਾਸ ਤੱਪੜ ਦਾ ਸੀ, ਮੈਂ ਵਰਤ ਰੱਖ ਕੇ ਆਪਣੀ ਜਾਨ ਨੂੰ ਦੁੱਖ ਦਿੱਤਾ, ਅਤੇ ਮੇਰੀ ਪ੍ਰਾਰਥਨਾ ਦਾ ਫਲ ਮੇਰੀ ਝੋਲੀ ਵਿੱਚ ਆ ਪਿਆ ।14ਮੈਂ ਉਨ੍ਹਾਂ ਨਾਲ ਮਿੱਤਰ ਜਾਂ ਭਰਾ ਵਾਂਗੂੰ ਵਰਤਿਆ, ਜਿਵੇਂ ਕੋਈ ਆਪਣੀ ਮਾਤਾ ਲਈ ਵਿਰਲਾਪ ਕਰੇ ਤਿਵੇਂ ਮੈਂ ਸੋਗ ਨਾਲ ਝੁੱਕ ਗਿਆ ।
15ਪਰ ਉਹ ਮੇਰੇ ਲੰਗੜਾਉਣ ਤੋਂ ਅਨੰਦ ਹੋ ਕੇ ਇਕੱਠੇ ਹੋਏ ਹਾਂ, ਉਹ ਮਾਰ ਕੁੱਟਣ ਵਾਲੇ ਮੇਰੇ ਵਿਰੁੱਧ ਇਕੱਠੇ ਹੋਏ, ਅਤੇ ਮੈਂ ਨਾ ਜਾਣਿਆ । ਓਹ ਮਾਰਦੇ ਰਹੇ ਅਤੇ ਹਟੇ ਨਹੀਂ ।16ਉਨ੍ਹਾਂ ਕਪਟੀਆਂ ਦੀ ਤਰ੍ਹਾਂ ਜਿਹੜੇ ਰੋਟੀ ਲਈ ਮਖੌਲ ਕਰਦੇ ਹਨ, ਉਹਨਾਂ ਨੇ ਮੇਰੇ ਉੱਤੇ ਆਪਣੇ ਦੰਦ ਕਰੀਚੇ ।
17ਹੇ ਪ੍ਰਭੂ, ਤੂੰ ਕਦੋਂ ਤੱਕ ਵੇਖਦਾ ਰਹੇਂਗਾ ? ਮੇਰੀ ਜਾਨ ਨੂੰ ਉਹਨਾਂ ਦੇ ਵਿਗਾੜ ਤੋਂ, ਅਤੇ ਮੇਰੀ ਜਿੰਦਗੀ ਨੂੰ ਬੱਬਰ ਸ਼ੇਰਾਂ ਤੋਂ ਛੁਡਾ !18ਮੈਂ ਮਹਾਸਭਾ ਵਿੱਚ ਤੇਰਾ ਧੰਨਵਾਦ ਕਰਾਂਗਾ, ਬਹੁਤਿਆਂ ਲੋਕਾਂ ਵਿੱਚ ਮੈਂ ਤੇਰੀ ਉਸਤਤ ਕਰਾਂਗਾ ।
19ਜਿਹੜੇ ਬੇਵਜਾ ਮੇਰੇ ਵੈਰੀ ਹਨ ਉਨ੍ਹਾਂ ਨੂੰ ਮੇਰੇ ਉੱਤੇ ਅਨੰਦ ਨਾ ਹੋਣ ਦੇ, ਅਤੇ ਜਿਹੜੇ ਬਿਨ੍ਹਾਂ ਕਾਰਨ ਮੇਰੇ ਦੁਸ਼ਮਣ ਹਨ ਉਨ੍ਹਾਂ ਨੂੰ ਮੇਰੇ ਉੱਤੇ ਅੱਖ ਮਟਕਾਉਣ ਨਾ ਦੇ,20ਕਿਉਂ ਜੋ ਓਹ ਸੁੱਖ-ਸਾਂਦ ਦੀ ਗੱਲ ਨਹੀਂ ਕਰਦੇ, ਸਗੋਂ ਜਿਹੜੇ ਦੇਸ ਵਿੱਚ ਆਰਾਮ ਨਾਲ ਵਸਦੇ ਹਨ, ਉਨ੍ਹਾਂ ਦੇ ਵਿਰੁੱਧ ਉਹ ਛਲ ਦੀਆਂ ਗੱਲਾਂ ਬਣਾਉਂਦੇ ਹਨ ।
21ਉਨ੍ਹਾਂ ਨੇ ਮੇਰੇ ਉੱਤੇ ਆਪਣਾ ਮੂੰਹ ਖੋਲ ਕੇ ਆਖਿਆ, ਵਾਹ, ਵਾਹ ! ਸਾਡੀਆਂ ਅੱਖੀਆਂ ਨੇ ਵੇਖ ਲਿਆ ਹੈ !22ਹੇ ਯਹੋਵਾਹ, ਤੂੰ ਵੇਖ ਲਿਆ ! ਚੁੱਪ ਨਾ ਕਰ, ਹੇ ਪ੍ਰਭੂ, ਮੈਥੋਂ ਦੂਰ ਨਾ ਰਹਿ !23ਹੇ ਮੇਰੇ ਪਰਮੇਸ਼ੁਰ, ਹੇ ਮੇਰੇ ਪ੍ਰਭੂ, ਮੇਰੇ ਨਿਆਂ ਲਈ ਉੱਠ, ਅਤੇ ਮੇਰੇ ਮੁਕਦਮੇ ਲਈ ਜਾਗ ।
24ਹੇ ਯਹੋਵਾਹ ਮੇਰੇ ਪਰਮੇਸ਼ੁਰ,ਆਪਣੇ ਧਰਮ ਦੇ ਅਨੁਸਾਰ ਮੇਰਾ ਨਿਆਂ ਕਰ,ਅਤੇ ਉਨ੍ਹਾਂ ਨੂੰ ਮੇਰੇ ਉੱਤੇ ਅਨੰਦ ਨਾ ਹੋਣ ਦੇ !25ਉਹ ਆਪਣੇ ਮਨ ਵਿੱਚ ਇਹ ਨਾ ਕਹਿਣ, ਭਈ ਵਾਹ, ਅਸੀਂ ਇਹੋ ਚਾਹੁੰਦੇ ਹਾਂ ! ਉਹ ਇਹ ਨਾ ਆਖਣ ਭਈ ਅਸੀਂ ਉਹ ਨੂੰ ਨਿਗਲ ਲਿਆ !26ਜਿਹੜੇ ਮੇਰੇ ਨੁਕਸਾਨ ਦੇ ਕਾਰਨ ਅਨੰਦ ਹੁੰਦੇ ਹਨ, ਓਹ ਇਕੱਠੇ ਸ਼ਰਮਿੰਦੇ ਹੋਣ ਅਤੇ ਉਲਝ ਜਾਣ । ਜਿਹੜੇ ਮੇਰੇ ਵਿਰੁੱਧ ਆਪਣੀ ਵਡਿਆਈ ਕਰਦੇ ਹਨ, ਉਹ ਸ਼ਰਮਿੰਦਗੀ ਅਤੇ ਅਨਾਦਰ ਦਾ ਪਹਿਰਾਵਾ ਪਹਿਨਣ ।
27ਜਿਹੜੇ ਮੇਰੇ ਧਰਮ ਤੋਂ ਪਰਸੰਨ ਹਨ ਓਹ ਜੈ-ਜੈ ਕਾਰ ਅਤੇ ਅਨੰਦ ਕਰਨ, ਉਹ ਸਦਾ ਆਖਦੇ ਜਾਣ ਜੋ ਯਹੋਵਾਹ ਦੀ ਵਡਿਆਈ ਹੋਵੇ, ਜਿਹੜਾ ਆਪਣੇ ਦਾਸ ਦੀ ਸੁੱਖ ਤੋਂ ਪਰਸੰਨ ਹੈ ।28ਤਦ ਮੇਰੀ ਜੀਭ ਤੇਰੇ ਧਰਮ ਦੀ ਚਰਚਾ ਕਰੇਗੀ, ਦਿਨ ਭਰ ਤੇਰੀ ਉਸਤਤ ਹੋਵੇਗੀ ।

36
ਮਨੁੱਖ ਦੀ ਦੁਸ਼ਟਤਾ
ਪ੍ਰਧਾਨ ਵਜਾਉਣ ਵਾਲੇ ਦੇ ਲਈ ਯਹੋਵਾਹ ਦੇ ਦਾਸ ਦਾਊਦ ਦਾ ਭਜਨ

1ਮੇਰੇ ਮਨ ਦੇ ਅੰਦਰ ਦੁਸ਼ਟ ਦੇ ਅਪਰਾਧ ਦਾ ਵਾਕ,- ਉਹ ਦੀਆਂ ਅੱਖਾਂ ਦੇ ਅੱਗੇ ਪਰਮੇਸ਼ੁਰ ਦਾ ਡਰ ਹੈ ਹੀ ਨਹੀਂ,2ਕਿਉਂ ਜੋ ਉਹ ਆਪਣੀਆ ਅੱਖੀਆਂ ਵਿੱਚ ਆਪਣੇ ਆਪ ਨੂੰ ਫੁਸਲਾਉਂਦਾ ਹੈ ਕਿ ਮੇਰੀ ਬਦੀ ਲੱਭੀ ਨਾ ਜਾਵੇਗੀ, ਨਾ ਘਿਣਾਉਣੀ ਸਮਝੀ ਜਾਵੇਗੀ ।

3ਉਹ ਦੇ ਮੂੰਹ ਦੀਆਂ ਗੱਲਾਂ ਬਦੀ ਅਤੇ ਛਲ ਦੀਆਂ ਹਨ, ਉਹ ਨੇ ਬੁੱਧਵਾਨ ਹੋਣ ਨੂੰ ਅਤੇ ਭਲਾ ਕਰਨ ਨੂੰ ਛੱਡਿਆ ਹੋਇਆ ਹੈ ।4ਉਹ ਆਪਣੇ ਮੰਜੇ ਉੱਤੇ ਬਦੀ ਨੂੰ ਸੋਚਦਾ ਰਹਿੰਦਾ ਹੈ, ਉਹ ਭੈੜੇ ਰਾਹ ਉੱਤੇ ਲੱਗ ਤੁਰਦਾ ਹੈ, ਉਹ ਬਦੀ ਤੋਂ ਘਿਣ ਨਹੀਂ ਕਰਦਾ ।
5ਹੇ ਯਹੋਵਾਹ, ਤੇਰੀ ਦਯਾ ਸਵਰਗ ਵਿੱਚ ਹੈ, ਅਤੇ ਤੇਰੀ ਵਫ਼ਾਦਾਰੀ ਬੱਦਲਾਂ ਤੱਕ ਹੈ ।6ਤੇਰਾ ਧਰਮ ਪਰਮੇਸ਼ੁਰ ਦੇ ਪਰਬਤਾਂ ਸਮਾਨ ਹੈ, ਤੇਰੇ ਨਿਆਂ ਵੱਡੀ ਡੁੰਘਿਆਈ ਵਾਲੇ ਹਨ, ਹੇ ਯਹੋਵਾਹ, ਤੂੰ ਆਦਮੀ ਅਤੇ ਡੰਗਰ ਨੂੰ ਬਚਾਉਂਦਾ ਹੈਂ !
7ਹੇ ਪਰਮੇਸ਼ਰ, ਤੇਰੀ ਦਯਾ ਕਿੰਨੀ ਬਹੁਮੁੱਲੀ ਹੈ ! ਅਤੇ ਆਦਮੀ ਦੇ ਪੁੱਤਰ ਤੇਰੇ ਖੰਭਾਂ ਦੀ ਛਾਇਆ ਵਿੱਚ ਪਨਾਹ ਲੈਂਦੇ ਹਨ ।8ਉਹ ਤੇਰੇ ਘਰ ਦੀ ਚਿਕਨਾਈ ਨਾਲ ਰੱਜ ਜਾਣਗੇ, ਅਤੇ ਤੂੰ ਆਪਣੀ ਸੁੱਖ ਦੀ ਨਦੀ ਤੋਂ ਉਹਨਾਂ ਨੂੰ ਪਿਲਾਏਂਗਾ,9ਕਿਉਂ ਜੋ ਜੀਵਨ ਦਾ ਚਸ਼ਮਾ ਤੇਰੇ ਕੋਲ ਹੈ, ਤੇਰੇ ਚਾਨਣ ਵਿੱਚ ਅਸੀਂ ਚਾਨਣ ਵੇਖਾਂਗੇ ।
10ਆਪਣੇ ਮੰਨਣ ਵਾਲਿਆਂ ਦੇ ਲਈ ਆਪਣੀ ਦਯਾ, ਅਤੇ ਸਿੱਧੇ ਮਨ ਵਾਲਿਆਂ ਦੇ ਲਈ ਆਪਣਾ ਧਰਮ ਵਧਾਈ ਜਾ ।11ਘਮੰਡੀ ਦਾ ਪੈਰ ਮੇਰੇ ਉੱਤੇ ਨਾ ਪੈਣ ਦੇ ।12ਉੱਥੇ ਬਦਕਾਰ ਡਿੱਗ ਪਏ ਹਨ, ਓਹ ਹੇਠਾਂ ਧੱਕੇ ਗਏ ਹਨ ਅਤੇ ਫੇਰ ਨਾ ਉਠ ਸਕਣਗੇ ।

37
ਕੁਧਰਮੀਆਂ ਦਾ ਅੰਤ ਅਤੇ ਧਰਮੀਆਂ ਦਾ ਅੰਤ
ਦਾਊਦ ਦਾ ਭਜਨ

1ਬੁਰਿਆਂ ਦੇ ਕਾਰਨ ਨਾ ਕੁੜ੍ਹ, ਕੁਕਰਮੀਆਂ ਵੱਲੋ ਨਾ ਸੜ ।2ਓਹ ਤਾਂ ਘਾਹ ਵਾਂਗੂੰ ਛੇਤੀ ਕੁਮਲਾ ਜਾਣਗੇ, ਅਤੇ ਸਾਗ ਪੱਤ ਵਾਂਗੂੰ ਮੁਰਝਾ ਜਾਣਗੇ ।

3ਯਹੋਵਾਹ ਉੱਤੇ ਭਰੋਸਾ ਰੱਖ ਅਤੇ ਭਲਿਆਈ ਕਰ ਦੇਸ ਵਿੱਚ ਵੱਸ ਅਤੇ ਸਚਿਆਈ ਉੱਤੇ ਪਲ ।4ਤੂੰ ਯਹੋਵਾਹ ਵਿੱਚ ਨਿਹਾਲ ਰਹਿ, ਤਾਂ ਉਹ ਤੇਰੇ ਮਨੋਰਥਾਂ ਨੂੰ ਪੂਰਿਆ ਕਰੇਗਾ ।
5ਆਪਣਾ ਰਾਹ ਯਹੋਵਾਹ ਦੇ ਵੱਸ ਵਿੱਚ ਕਰ, ਅਤੇ ਉਸ ਉੱਤੇ ਭਰੋਸਾ ਰੱਖ ਅਤੇ ਉਹ ਪੂਰਿਆਂ ਕਰੇਗਾ ।6ਉਹ ਤੇਰੇ ਧਰਮ ਨੂੰ ਚਾਨਣ ਵਾਂਗੂੰ ਅਤੇ ਤੇਰੇ ਨਿਆਂ ਨੂੰ ਦੁਪਹਿਰ ਵਾਂਗੂੰ ਪ੍ਰਕਾਸ਼ਮਾਨ ਕਰੇਗਾ ।
7ਯਹੋਵਾਹ ਦੇ ਅੱਗੇ ਚੁੱਪ-ਚਾਪ ਰਹਿ ਅਤੇ ਧੀਰਜ ਨਾਲ ਉਹ ਦੀ ਉਡੀਕ ਰੱਖ, ਉਸ ਮਨੁੱਖ ਦੇ ਕਾਰਨ ਨਾ ਕੁੜ੍ਹ ਜਿਹ ਦਾ ਰਾਹ ਸਫ਼ਲ ਹੁੰਦਾ ਹੈ,ਅਤੇ ਜਿਹੜਾ ਜੁਗਤਾਂ ਨੂੰ ਪੂਰਿਆਂ ਕਰਾਉਂਦਾ ਹੈ ।
8ਕ੍ਰੋਧ ਨੂੰ ਛੱਡ ਅਤੇ ਕੋਪ ਨੂੰ ਤਿਆਗ ਦੇ, ਨਾ ਕੁੜ੍ਹ - ਉਸ ਤੋਂ ਬੁਰਿਆਈ ਹੀ ਨਿੱਕਲਦੀ ਹੈ9ਕੁਕਰਮੀ ਤਾਂ ਕੱਢ ਦਿੱਤੇ ਜਾਣਗੇ, ਪਰ ਜਿਹੜੇ ਯਹੋਵਾਹ ਨੂੰ ਉਡੀਕਦੇ ਹਨ ਉਹ ਧਰਤੀ ਦੇ ਵਾਰਸ ਹੋਣਗੇ ।10ਹੁਣ ਥੋੜਾ ਹੀ ਚਿਰ ਰਹਿੰਦਾ ਹੈ ਕਿ ਦੁਸ਼ਟ ਨਹੀਂ ਹੋਵੇਗਾ, ਤੂੰ ਉਸ ਦੇ ਨਿਵਾਸ ਨੂੰ ਧਿਆਨ ਨਾਲ ਵੇਖੇਂਗਾ, ਪਰ ਉਹ ਕਿਤੇ ਨਾ ਹੋਵੇਗਾ ।
11ਪਰ ਹਲੀਮ ਧਰਤੀ ਦੇ ਵਾਰਸ ਹੋਣਗੇ, ਅਤੇ ਬਹੁਤੇ ਸੁੱਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ ।12ਦੁਸ਼ਟ ਧਰਮੀ ਦੇ ਵਿਰੁੱਧ ਮਤਾ ਪਕਾਉਂਦਾ ਹੈ, ਅਤੇ ਉਹ ਦੇ ਉੱਤੇ ਆਪਣੇ ਦੰਦ ਕਰੀਚਦਾ ਹੈ ।13ਪ੍ਰਭੂ ਉਸ ਦੇ ਉੱਤੇ ਹੱਸੇਗਾ, ਕਿਉਂ ਜੋ ਵੇਖਦਾ ਹੈ ਕਿ ਉਸ ਦਾ ਦਿਨ ਆਉਂਦਾ ਪਿਆ ਹੈ ।
14ਦੁਸ਼ਟਾਂ ਨੇ ਤਲਵਾਰ ਧੂਹੀ ਅਤੇ ਆਪਣਾ ਧਣੁੱਖ ਖਿੱਚਿਆ ਹੈ ਤਾਂ ਜੋ ਮਸਕੀਨ ਤੇ ਕੰਗਾਲ ਨੂੰ ਡੇਗ ਦੇਣ, ਅਤੇ ਸਿੱਧੇ ਚਾਲ-ਚੱਲਣ ਵਾਲਿਆਂ ਨੂੰ ਜਾਨੋਂ ਮਾਰ ਸੁੱਟਣ ।15ਉਨ੍ਹਾਂ ਦੀ ਤਲਵਾਰ ਉਨ੍ਹਾਂ ਹੀ ਦੇ ਦਿਲਾਂ ਵਿੱਚ ਧੱਸੇਗੀ, ਅਤੇ ਉਨ੍ਹਾਂ ਦੇ ਧਣੁੱਖ ਭੰਨੇ ਜਾਣਗੇ ।
16ਧਰਮੀ ਦਾ ਥੋੜਾ ਕਈਆਂ ਦੁਸ਼ਟਾਂ ਦੇ ਬਹੁਤੇ ਨਾਲੋਂ ਵੀ ਚੰਗਾ ਹੈ ।17ਦੁਸ਼ਟਾਂ ਦੀਆਂ ਬਾਹਾਂ ਤਾਂ ਭੰਨੀਆ ਜਾਣਗੀਆਂ, ਪਰ ਧਰਮੀਆਂ ਨੂੰ ਯਹੋਵਾਹ ਸੰਭਾਲਦਾ ਹੈ ।
18ਯਹੋਵਾਹ ਖਰੇ ਲੋਕਾਂ ਦੇ ਦਿਨ ਜਾਣਦਾ ਹੈ, ਅਤੇ ਉਨ੍ਹਾਂ ਦਾ ਅਧਿਕਾਰ ਸਦਾ ਤੱਕ ਰਹੇਗਾ ।19ਉਹ ਬੁਰੇ ਸਮੇਂ ਦੇ ਵਿੱਚ ਸ਼ਰਮਿੰਦੇ ਨਾ ਹੋਣਗੇ, ਅਤੇ ਕਾਲ ਦੇ ਦਿਨਾਂ ਵਿੱਚ ਓਹ ਰੱਜ ਕੇ ਖਾਣਗੇ ।
20ਦੁਸ਼ਟ ਨਾਸ ਹੋ ਜਾਣਗੇ, ਅਤੇ ਯਹੋਵਾਹ ਦੇ ਵੈਰੀ ਮੈਦਾਨ ਦੀ ਘਾਹ ਵਰਗੇ ਹੋਣਗੇ, ਉਹ ਮਿਟ ਜਾਣਗੇ ਸਗੋਂ ਧੂੰਏਂ ਵਾਂਗੂੰ ਮਿਟ ਜਾਣਗੇ ।21ਦੁਸ਼ਟ ਉਧਾਰ ਲੈਂਦਾ ਹੈ ਅਤੇ ਮੋੜਦਾ ਨਹੀਂ, ਪਰ ਧਰਮੀ ਦਯਾ ਕਰਦਾ ਅਤੇ ਦਿੰਦਾ ਹੈ ।
22ਉਹ ਦੇ ਮੁਬਾਰਕ ਲੋਕ ਧਰਤੀ ਦੇ ਵਾਰਸ ਹੋਣਗੇ, ਪਰ ਉਹ ਦੇ ਸਰਾਪੀ ਕੱਢ ਦਿੱਤੇ ਜਾਣਗੇ ।23ਮਨੁੱਖ ਦੀ ਚਾਲ ਯਹੋਵਾਹ ਵੱਲੋਂ ਦ੍ਰਿੜ ਹੁੰਦੀ ਹੈ, ਅਤੇ ਉਸ ਦੇ ਰਾਹ ਤੋਂ ਉਹ ਪਰਸੰਨ ਰਹਿੰਦਾ ਹੈ ।24ਭਾਵੇਂ ਉਹ ਡਿੱਗ ਵੀ ਪਵੇ ਪਰ ਡਿੱਗਿਆ ਨਹੀਂ ਰਹੇਗਾ, ਕਿਉਂ ਜੋ ਯਹੋਵਾਹ ਉਸਦਾ ਹੱਥ ਸੰਭਾਲਦਾ ਹੈ ।
25ਮੈਂ ਜੁਆਨ ਸੀ ਅਤੇ ਹੁਣ ਬੁੱਢਾ ਹੋ ਗਿਆ ਹਾਂ, ਪਰ ਮੈਂ ਨਾ ਧਰਮੀ ਨੂੰ ਤਿਆਗਿਆ ਹੋਇਆ, ਨਾ ਉਹ ਦੀ ਅੰਸ ਨੂੰ ਟੁਕੜੇ ਮੰਗਦਿਆਂ ਵੇਖਿਆ ਹੈ ।26ਉਹ ਸਾਰਾ ਦਿਨ ਦਯਾ ਕਰਦਾ ਅਤੇ ਉਧਾਰ ਦਿੰਦਾ ਹੈ, ਅਤੇ ਉਸ ਦੀ ਅੰਸ ਮੁਬਾਰਕ ਹੈ ।27ਬੁਰਿਆਈ ਤੋਂ ਹਟ, ਭਲਿਆਈ ਕਰ, ਅਤੇ ਸਦਾ ਤੱਕ ਵੱਸ ।
28ਯਹੋਵਾਹ ਤਾਂ ਨਿਆਂ ਨਾਲ ਪ੍ਰੇਮ ਰੱਖਦਾ ਹੈ, ਅਤੇ ਆਪਣੇ ਭਗਤਾਂ ਨੂੰ ਤਿਆਗਦਾ ਨਹੀਂ, ਉਨ੍ਹਾਂ ਦੀ ਸਦਾ ਤੱਕ ਰੱਖਿਆ ਹੁੰਦੀ ਹੈ, ਪਰ ਦੁਸ਼ਟਾਂ ਦੀ ਅੰਸ ਛੇਕੀ ਜਾਵੇਗੀ ।29ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ ।30ਧਰਮੀ ਦਾ ਮੂੰਹ ਬੁੱਧੀ ਬੋਲਦਾ ਹੈ, ਅਤੇ ਉਹ ਦੀ ਰਸਨਾ ਨਿਆਂ ਦੀ ਗੱਲ ਕਰਦੀ ਹੈ ।
31ਉਹ ਦੇ ਪਰਮੇਸ਼ੁਰ ਦੀ ਬਿਵਸਥਾ ਉਹ ਦੇ ਮਨ ਵਿੱਚ ਹੈ, ਉਹ ਦੇ ਪੈਰ ਕਦੀ ਨਾ ਤਿਲਕਣਗੇ ।32ਦੁਸ਼ਟ ਧਰਮੀ ਦੀ ਤਾਕ ਵਿੱਚ ਰਹਿੰਦਾ ਹੈ, ਕਿ ਉਹ ਨੂੰ ਜਾਨੋਂ ਮਾਰੇ ।33ਯਹੋਵਾਹ ਉਹ ਨੂੰ ਉਸ ਦੇ ਵੱਸ ਵਿੱਚ ਨਾ ਛੱਡੇਗਾ ਅਤੇ ਜਦ ਉਹ ਦਾ ਫੈਸਲਾ ਹੋ ਜਾਵੇਗਾ ਤਾਂ ਉਹ ਨੂੰ ਦੋਸ਼ੀ ਨਾ ਠਹਿਰਾਵੇਗਾ ।
34ਯਹੋਵਾਹ ਨੂੰ ਉਡੀਕ ਅਤੇ ਉਹ ਦੇ ਰਾਹ ਦੀ ਪਾਲਣਾ ਕਰ, ਤਾਂ ਉਹ ਤੈਨੂੰ ਉੱਚਾ ਕਰੇਗਾ ਕਿ ਤੂੰ ਧਰਤੀ ਦਾ ਵਾਰਸ ਬਣੇਂ । ਤੂੰ ਦੁਸ਼ਟਾਂ ਦਾ ਛੇਕਿਆ ਜਾਣਾ ਵੇਖੇਂਗਾ ।
35ਮੈਂ ਦੁਸ਼ਟ ਨੂੰ ਵੱਡੀ ਆਕੜ ਵਿੱਚ, ਅਤੇ ਆਪਣੀ ਨਿਜ ਭੂਮੀ ਵਿੱਚ ਹਰੇ ਭਰੇ ਬੂਟੇ ਵਾਂਗੂੰ ਖਿੱਲਰਦਿਆਂ ਡਿੱਠਾ ।36ਪਰ ਉਹ ਲੰਘ ਗਿਆ ਅਤੇ ਵੇਖੋ, ਉਹ ਹੈ ਹੀ ਨਹੀਂ, ਮੈਂ ਵੀ ਉਹ ਨੂੰ ਭਾਲਿਆ ਪਰ ਉਹ ਲੱਭਾ ਹੀ ਨਾ ।
37ਸੰਪੂਰਨ ਮਨੁੱਖ ਵੱਲ ਤੱਕ ਅਤੇ ਸਿੱਧੇ ਪੁਰਖ ਵੱਲ ਵੇਖ, ਕਿ ਸਲਾਮਤੀ ਦੇ ਮਨੁੱਖ ਦੀ ਅੰਸ ਰਹਿੰਦੀ ਹੈ ।38ਪਰ ਅਪਰਾਧੀ ਇਕੱਠੇ ਹੀ ਨਾਸ ਹੋ ਜਾਣਗੇ, ਦੁਸ਼ਟਾਂ ਦੀ ਅੰਸ ਛੇਕੀ ਜਾਵੇਗੀ !
39ਪਰ ਧਰਮੀਆਂ ਦਾ ਬਚਾਓ ਯਹੋਵਾਹ ਵੱਲੋਂ ਹੈ, ਅਤੇ ਦੁੱਖ ਦੇ ਸਮੇਂ ਉਹ ਉਨ੍ਹਾਂ ਦਾ ਗੜ੍ਹ ਹੈ,40ਅਤੇ ਯਹੋਵਾਹ ਉਨ੍ਹਾਂ ਦੀ ਸਹਾਇਤਾ ਕਰਦਾ, ਅਤੇ ਛੁਡਾਉਂਦਾ ਹੈ, ਉਹ ਉਨ੍ਹਾਂ ਨੂੰ ਦੁਸ਼ਟਾਂ ਤੋਂ ਛੁਡਾਉਂਦਾ ਹੈ ਅਤੇ ਬਚਾਉਂਦਾ ਹੈ, ਕਿਉਂ ਜੋ ਉਹ ਉਸ ਦੀ ਸ਼ਰਨ ਆਏ ਹਨ ।

38
ਪੀੜਤ ਮਨੁੱਖ ਦੀ ਪ੍ਰਾਰਥਨਾ
ਯਾਦਗਰੀ ਦੇ ਲਈ ਦਾਊਦ ਦਾ ਭਜਨ

1ਹੇ ਯਹੋਵਾਹ ਆਪਣੇ ਕ੍ਰੋਧ ਵਿੱਚ ਮੈਨੂੰ ਦੱਬਕਾ ਨਾ ਦੇ, ਅਤੇ ਨਾ ਆਪਣੇ ਕਹਿਰ ਨਾਲ ਮੈਨੂੰ ਤਾੜ !2ਤੇਰੇ ਤੀਰ ਮੇਰੇ ਵਿੱਚ ਆ ਖੁੱਬੇ ਹਨ, ਤੇਰਾ ਹੱਥ ਮੈਨੂੰ ਹੇਠਾਂ ਦਬਾਉਂਦਾ ਹੈ ।

3ਤੇਰੇ ਗੁੱਸੇ ਦੇ ਕਾਰਨ ਮੇਰੇ ਸਰੀਰ ਵਿੱਚ ਤੰਦਰੁਸਤੀ ਨਹੀਂ, ਅਤੇ ਨਾ ਮੇਰੇ ਪਾਪ ਦੇ ਕਾਰਨ ਮੇਰੀਆਂ ਹੱਡੀਆਂ ਵਿੱਚ ਸੁੱਖ ਹੈ,4ਕਿਉਂ ਜੋ ਮੇਰੀਆਂ ਬੁਰਿਆਈਆਂ ਮੇਰੇ ਸਿਰ ਦੇ ਉੱਤੋਂ ਦੀ ਲੰਘ ਗਈਆਂ, ਅਤੇ ਭਾਰੀ ਪੰਡ ਵਾਂਗੂੰ ਉਹ ਮੈਥੋਂ ਚੁੱਕੀਆਂ ਨਹੀਂ ਜਾਂਦੀਆਂ ।
5ਮੇਰੇ ਮੂਰਖਪੁਣੇ ਦੇ ਕਾਰਨ ਮੇਰੇ ਜਖ਼ਮ ਤੋਂ, ਸੜਿਆਂਧ ਆਉਂਦੀ ਹੈ ਅਤੇ ਪਾਕ ਵਗਦੀ ਹੈ ।6ਮੈਂ ਦੁੱਖੀ ਅਤੇ ਬਹੁਤਾ ਕੁੱਬਾ ਹੋ ਗਿਆ ਹਾਂ, ਮੈਂ ਸਾਰਾ ਦਿਨ ਵਿਰਲਾਪ ਕਰਦਾ ਫਿਰਦਾ ਹਾਂ,
7ਕਿਉਂ ਜੋ ਮੇਰਾ ਲੱਕ ਗਰਮੀ ਨਾਲ ਭਰਿਆ ਹੋਇਆ ਹੈ, ਅਤੇ ਮੇਰੇ ਸਰੀਰ ਵਿੱਚ ਤੰਦਰੁਸਤੀ ਨਹੀਂ ।8ਮੈਂ ਨਿਤਾਣਾ ਅਤੇ ਬਹੁਤ ਪੀਸਿਆ ਹੋਇਆ ਹਾਂ ਮੈਂ ਆਪਣੇ ਮਨ ਦੀ ਬੇਚੈਨੀ ਦੇ ਕਾਰਨ ਹੂੰਗਦਾ ਹਾਂ ।
9ਹੇ ਪ੍ਰਭੂ, ਮੇਰੀ ਸਾਰੀ ਇੱਛਿਆ ਤੇਰੇ ਸਾਹਮਣੇ ਹੈ, ਅਤੇ ਮੇਰਾ ਕਰਾਹਣਾ ਤੇਰੇ ਕੋਲੋਂ ਛਿਪਿਆ ਹੋਇਆ ਨਹੀਂ ਹੈ ।10ਮੇਰਾ ਦਿਲ ਧੜਕਦਾ ਹੈ, ਮੇਰਾ ਬਲ ਘੱਟ ਗਿਆ, ਮੇਰੀਆਂ ਅੱਖੀਆਂ ਦੀ ਰੋਸ਼ਨੀ ਵੀ ਜਾਂਦੀ ਰਹੀ ।
11ਮੇਰੇ ਪਿਆਰੇ ਅਤੇ ਮੇਰੇ ਮਿੱਤਰ ਮੇਰੀ ਬਿਪਤਾ ਤੋਂ ਵੱਖ ਖੜੇ ਹਨ, ਅਤੇ ਮੇਰੇ ਰਿਸ਼ਤੇਦਾਰ ਦੂਰ ਜਾ ਖੜ੍ਹਦੇ ਹਨ ।12ਮੇਰੀ ਜਾਨ ਦੇ ਵੈਰੀ ਫੰਦੇ ਲਾਉਂਦੇ ਹਨ, ਅਤੇ ਜਿਹੜੇ ਮੇਰਾ ਬੁਰਾ ਚਾਹੁੰਦੇ ਹਨ ਓਹੋ ਵਿਗਾੜ ਦੀਆਂ ਗੱਲਾਂ ਕਰਦੇ ਹਨ, ਅਤੇ ਸਾਰਾ ਦਿਨ ਛਲ ਦੀਆਂ ਜੁਗਤਾਂ ਸੋਚਦੇ ਹਨ ।
13ਪਰ ਮੈਂ ਬੋਲੇ ਵਾਂਗੂੰ ਸੁਣਦਾ ਨਹੀਂ, ਅਤੇ ਮੈਂ ਉਸ ਗੂੰਗੇ ਵਰਗਾ ਹਾਂ ਜਿਹੜਾ ਮੂੰਹੋਂ ਬੋਲਦਾ ਹੀ ਨਹੀਂ ।14ਹਾਂ, ਮੈਂ ਉਸ ਮਨੁੱਖ ਵਰਗਾ ਹਾਂ ਜਿਹੜਾ ਸੁਣਦਾ ਨਹੀਂ, ਜਿਸ ਦੇ ਮੂੰਹ ਵਿੱਚ ਕੋਈ ਰੋਹਬ ਨਹੀਂ ਹਨ ।
15ਹੇ ਯਹੋਵਾਹ, ਮੈਨੂੰ ਤਾਂ ਤੇਰੀ ਹੀ ਉਡੀਕ ਹੈ, ਤੂੰ ਉੱਤਰ ਦੇਵੇਂਗਾ, ਹੇ ਪ੍ਰਭੂ, ਮੇਰੇ ਪਰਮੇਸ਼ੁਰ !16ਮੈਂ ਤਾਂ ਆਖਿਆ ਕਿ ਅਜਿਹਾ ਨਾ ਹੋਵੇ ਓਹ ਮੇਰੇ ਉੱਤੇ ਅਨੰਦ ਕਰਨ, ਅਤੇ ਜਿਸ ਵੇਲੇ ਮੇਰੇ ਪੈਰ ਤਿਲਕਣ ਓਹ ਮੇਰੇ ਵਿਰੁੱਧ ਆਪਣੀਆਂ ਵਡਿਆਈਆਂ ਕਰਨ,
17ਮੈਂ ਠੇਡਾ ਖਾਣ ਲੱਗਾ, ਅਤੇ ਮੇਰਾ ਸੋਗ ਸਦਾ ਮੇਰੇ ਅੱਗੇ ਰਹਿੰਦਾ ਹੈ ।18ਮੈਂ ਆਪਣੀ ਬਦੀ ਨੂੰ ਮੰਨਾਂਗਾ, ਅਤੇ ਆਪਣੇ ਪਾਪ ਦੇ ਕਾਰਨ ਚਿੰਤਾ ਕਰਾਂਗਾ ।
19ਪਰ ਮੇਰੇ ਵੈਰੀ ਤਾਕਤ ਵਾਲੇ ਅਤੇ ਸਮਰੱਥੀ ਹਨ, ਅਤੇ ਜਿਹੜੇ ਬਿਨ੍ਹਾਂ ਕਾਰਨ ਮੇਰੇ ਨਾਲ ਖਾਰ ਕਰਦੇ ਹਨ ਉਹ ਵਧ ਗਏ ਹਨ,20ਨਾਲੇ ਜਿਹੜੇ ਭਲਿਆਈ ਦੇ ਬਦਲੇ ਬੁਰਿਆਈ ਦਿੰਦੇ ਹਨ, ਉਹ ਮੇਰੇ ਵਿਰੋਧੀ ਹਨ ਕਿਉਂ ਜੋ ਮੈਂ ਭਲਿਆਈ ਦੇ ਮਗਰ ਲੱਗਾ ਰਹਿੰਦਾ ਹਾਂ ।
21ਹੇ ਯਹੋਵਾਹ, ਮੈਨੂੰ ਤਿਆਗ ਨਾ ਦੇ, ਹੇ ਮੇਰੇ ਪਰਮੇਸ਼ੁਰ, ਮੇਰੇ ਤੋਂ ਦੂਰ ਨਾ ਹੋ !22ਹੇ ਪ੍ਰਭੂ, ਮੇਰੇ ਮੁਕਤੀਦਾਤੇ, ਮੇਰੇ ਬਚਾਓ ਲਈ ਛੇਤੀ ਕਰ !

39
ਪੀੜਤ ਮਨੁੱਖ ਦੀ ਤੋਬਾ
ਯਦੂਥੂਨ ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਭਜਨ

1ਮੈਂ ਆਖਿਆ ਕਿ ਮੈਂ ਆਪਣੇ ਚਾਲ-ਚਲਣ ਦੀ ਚੌਕਸੀ ਕਰਾਂਗਾ, ਕਿ ਕਿਤੇ ਆਪਣੀ ਜੀਭ ਨਾਲ ਪਾਪ ਨਾ ਕਰਾਂ । ਜਿੰਨਾ ਚਿਰ ਦੁਸ਼ਟ ਮੇਰੇ ਅੱਗੇ ਹੈ, ਮੈਂ ਲਗਾਮ ਆਪਣੇ ਮੂੰਹ ਵਿੱਚ ਰੱਖਾਂਗਾ ।

2ਮੈਂ ਚੁੱਪ ਕੀਤਾ ਗੂੰਗਾ ਹੋ ਗਿਆ, ਅਤੇ ਭਲਿਆਈ ਤੋਂ ਵੀ ਚੁੱਪ ਵੱਟ ਛੱਡੀ, ਅਤੇ ਮੇਰਾ ਦੁੱਖ ਵੱਧ ਪਿਆ ।3ਮੇਰਾ ਮਨ ਮੇਰੇ ਅੰਦਰੋਂ ਤਪ ਗਿਆ, ਮੇਰੇ ਸੋਚਦਿਆਂ-ਸੋਚਦਿਆਂ ਅੱਗ ਭੜਕ ਉੱਠੀ, ਤਾਂ ਮੈਂ ਆਪਣੀ ਜੀਭ ਤੋਂ ਬੋਲ ਉੱਠਿਆ,
4ਹੇ ਯਹੋਵਾਹ, ਮੈਨੂੰ ਅੰਤ ਦੱਸ, ਅਤੇ ਇਹ ਵੀ ਕਿ ਮੇਰੀ ਉਮਰ ਕਿੰਨੀ ਹੈ, ਤਾਂ ਕਿ ਮੈਂ ਜਾਣਾਂ ਕਿ ਮੈਂ ਕਿਨ੍ਹਾਂ ਨਿਤਾਣਾ ਹਾਂ ।5ਵੇਖ, ਤੂੰ ਮੇਰੇ ਦਿਨ ਚੱਪਾ ਭਰ ਠਹਿਰਾਏ ਹਨ, ਅਤੇ ਮੇਰੀ ਉਮਰ ਤੇਰੇ ਅੱਗੇ ਕੁੱਝ ਹੈ ਹੀ ਨਹੀਂ । ਸੱਚ-ਮੁੱਚ ਹਰ ਆਦਮੀ ਭਾਵੇਂ ਸਥਿਰ ਵੀ ਹੋਵੇ, ਤਦ ਵੀ ਸਾਹ ਮਾਤਰ ਹੀ ਹੈ !
6ਸੱਚ-ਮੁੱਚ ਮਨੁੱਖ ਛਾਇਆ ਹੀ ਵਾਂਗੂੰ ਫਿਰਦਾ ਹੈ, ਸੱਚ-ਮੁੱਚ ਉਹ ਵਿਅਰਥ ਰੌਲਾ ਪਾਉਂਦਾ ਹੈ ! ਉਹ ਮਾਇਆ ਜੋੜਦਾ ਹੈ ਪਰ ਨਹੀਂ ਜਾਣਦਾ ਕਿ ਉਹ ਨੂੰ ਕੌਣ ਸਾਂਭੇਗਾ !7ਹੁਣ, ਹੇ ਪ੍ਰਭੂ, ਮੈਂ ਕਾਹਦੀ ਉਡੀਕ ਕਰਾਂ ? ਮੈਨੂੰ ਤੇਰੀ ਹੀ ਆਸ ਹੈ ।
8ਮੇਰਿਆਂ ਸਾਰਿਆਂ ਅਪਰਾਧਾਂ ਤੋਂ ਮੈਨੂੰ ਛੁਡਾ, ਮੂਰਖਾਂ ਦਾ ਉਲਾਂਭਾ ਮੈਨੂੰ ਨਾ ਠਹਿਰਾ !9ਮੈਂ ਗੂੰਗਾ ਬਣ ਗਿਆ, ਮੈਂ ਆਪਣਾ ਮੂੰਹ ਨਾ ਖੋਲਿਆ, ਕਿਉਂ ਜੋ ਤੂੰ ਹੀ ਇਹ ਕੀਤਾ ਹੈ ।
10ਆਪਣੀ ਸੱਟ ਨੂੰ ਮੈਥੋਂ ਹਟਾ ਦੇ, ਤੇਰੇ ਹੱਥ ਦੀ ਮਾਰ ਨਾਲ ਮੈਂ ਭਸਮ ਹੋਇਆ ਹਾਂ ।11ਜਦੋਂ ਤੂੰ ਬਦੀ ਦੇ ਕਾਰਨ ਗੁੱਸੇ ਵਿੱਚ ਮਨੁੱਖ ਨੂੰ ਤਾੜਦਾ ਹੈਂ, ਤਦ ਤੂੰ ਉਹ ਦੇ ਸਹੁੱਪਣ ਨੂੰ ਪਤੰਗੇ ਵਾਂਗੂੰ ਅਲੋਪ ਕਰਦਾ ਹੈ, ਸੱਚ-ਮੁੱਚ ਹਰ ਇਨਸਾਨ ਸੁਆਸ ਹੀ ਹੈ ! ਸਲਹ ।
12ਹੇ ਯਹੋਵਾਹ ਮੇਰੀ ਪ੍ਰਾਰਥਨਾਂ ਸੁਣ ਅਤੇ ਮੇਰੀ ਦੁਹਾਈ ਵੱਲ ਕੰਨ ਲਾ, ਮੇਰਿਆਂ ਹੰਝੂਆਂ ਨੂੰ ਵੇਖ ਕੇ ਚੁੱਪ ਨਾ ਕਰ, ਕਿਉਂ ਜੋ ਮੈਂ ਪਰਦੇਸੀ ਹਾਂ, ਅਤੇ ਆਪਣਿਆਂ ਸਾਰੇ ਪਿਉ-ਦਾਦਿਆਂ ਵਰਗਾ ਮੁਸਾਫਰ ਹਾਂ ।13ਮੇਰੇ ਤੋਂ ਅੱਖ ਫੇਰ ਲੈ ਕਿ ਮੈਂ ਟਹਿਕਾਂ, ਇਸ ਤੋਂ ਪਹਿਲਾਂ ਕਿ ਮੈਂ ਚਲਾ ਜਾਂਵਾਂ ਅਤੇ ਫੇਰ ਨਾ ਹੋਵਾਂ ।

40
ਸਤੂਤੀ ਦਾ ਇੱਕ ਗੀਤ
ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਭਜਨ

1ਮੈਂ ਦਲੇਰੀ ਕਰਕੇ ਯਹੋਵਾਹ ਨੂੰ ਉਡੀਕਿਆ, ਅਤੇ ਉਸ ਨੇ ਮੇਰੀ ਵੱਲ ਝੁੱਕ ਕੇ ਮੇਰੀ ਦੁਹਾਈ ਸੁਣ ਲਈ ।2ਉਸ ਨੇ ਮੈਨੂੰ ਭਿਆਨਕ ਟੋਏ ਵਿਚੋਂ ਸਗੋਂ ਚਿੱਕੜ ਦੀ ਖੁੱਭਣ ਵਿੱਚੋਂ ਕੱਢ ਲਿਆ, ਅਤੇ ਮੇਰੇ ਪੈਰਾਂ ਨੂੰ ਚੱਟਾਨ ਉੱਤੇ ਰੱਖ ਕੇ ਮੇਰੀਆਂ ਚਾਲਾਂ ਨੂੰ ਦ੍ਰਿੜ ਕੀਤਾ ।

3ਉਸ ਨੇ ਇੱਕ ਨਵਾਂ ਗੀਤ ਮੇਰੇ ਮੂੰਹ ਵਿੱਚ ਪਾਇਆ, ਅਰਥਾਤ ਸਾਡੇ ਪਰਮੇਸ਼ੁਰ ਦੀ ਉਸਤਤ ਦਾ । ਬਹੁਤੇ ਵੇਖਣਗੇ ਅਤੇ ਡਰ ਜਾਣਗੇ, ਅਤੇ ਯਹੋਵਾਹ ਉੱਤੇ ਭਰੋਸਾ ਰੱਖਣਗੇ ।4ਧੰਨ ਹੈ ਉਹ ਮਨੁੱਖ ਜਿਹੜਾ ਯਹੋਵਾਹ ਨੂੰ ਆਪਣਾ ਆਸਰਾ ਬਣਾਉਂਦਾ ਹੈ, ਅਤੇ ਹੰਕਾਰੀਆਂ ਅਤੇ ਝੂਠੇ ਕੁਰਾਹੀਆਂ ਵੱਲ ਮੂੰਹ ਹੀ ਨਹੀਂ ਕਰਦਾ ।
5ਹੇ ਯਹੋਵਾਹ, ਮੇਰੇ ਪਰਮੇਸ਼ੁਰ, ਤੇਰੇ ਅਚਰਜ ਕੰਮ ਜਿਹੜੇ ਤੂੰ ਕੀਤੇ ਬਹੁਤ ਸਾਰੇ ਹਨ, ਅਤੇ ਤੇਰੇ ਉਪਰਾਲੇ ਜਿਹੜੇ ਸਾਡੇ ਲਈ ਹਨ, ਤੇਰਾ ਸਾਂਝੀ ਕੋਈ ਨਹੀਂ ਹੈ ! ਜੇ ਮੈਂ ਉਨ੍ਹਾਂ ਨੂੰ ਖੋਲ ਕੇ ਦੱਸਾਂ, ਤਾਂ ਓਹ ਲੇਖਿਓਂ ਬਾਹਰ ਹਨ ।6ਬਲੀਦਾਨ ਅਤੇ ਭੇਟ ਤੋਂ ਤੂੰ ਪਰਸੰਨ ਨਹੀਂ ਹੁੰਦਾ, ਤੂੰ ਮੇਰੇ ਕੰਨ ਖੋਲੇ ਹਨ, ਹੋਮ ਬਲੀ ਅਤੇ ਪਾਪ ਬਲੀ ਤੂੰ ਨਹੀਂ ਮੰਗੀਆਂ ।
7ਤਦ ਮੈਂ ਆਖਿਆ, ਵੇਖ, ਮੈਂ ਆਇਆ ਹਾਂ ! ਪੁਸਤਕ ਦੀ ਪੱਤਰੀ ਵਿੱਚ ਮੇਰੇ ਲਈ ਲਿਖਿਆ ਹੋਇਆ ਹੈ8ਕਿ ਤੇਰੀ ਇੱਛਿਆ ਨੂੰ ਪੂਰਿਆਂ ਕਰਨ ਵਿੱਚ, ਹੇ ਮੇਰੇ ਪਰਮੇਸ਼ੁਰ, ਮੈਂ ਪਰਸੰਨ ਹਾਂ, ਅਤੇ ਤੇਰੀ ਬਿਵਸਥਾ ਮੇਰੇ ਹਿਰਦੇ ਦੇ ਅੰਦਰ ਹੈ ।9ਮੈਂ ਮਹਾਸਭਾ ਵਿੱਚ ਧਰਮ ਦੀ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਹੈ, ਵੇਖ, ਮੈਂ ਆਪਣੇ ਬੁੱਲਾਂ ਨੂੰ ਨਹੀਂ ਰੋਕਾਂਗਾ, ਹੇ ਯਹੋਵਾਹ, ਤੂੰ ਇਹ ਜਾਣਦਾ ਹੈਂ ।
10ਮੈਂ ਤੇਰੇ ਧਰਮ ਨੂੰ ਆਪਣੇ ਮਨ ਵਿੱਚ ਲੋਕਾਂ ਨਹੀਂ ਛੱਡਿਆ, ਮੈਂ ਸਗੋਂ ਤੇਰੀ ਵਫ਼ਾਦਾਰੀ ਅਤੇ ਤੇਰੀ ਮੁਕਤੀ ਦਾ ਚਰਚਾ ਕੀਤਾ, ਮੈਂ ਤੇਰੀ ਦਯਾ ਅਤੇ ਸਚਿਆਈ ਮਹਾਸਭਾ ਤੋਂ ਨਹੀਂ ਛਿਪਾਈ ।11ਹੇ ਯਹੋਵਾਹ, ਤੂੰ ਆਪਣਾ ਰਹਮ ਮੇਰੇ ਤੋਂ ਨਾ ਰੋਕ, ਤੇਰੀ ਦਯਾ ਅਤੇ ਤੇਰਾ ਸੱਚ ਹਰ ਵੇਲੇ ਮੇਰੀ ਰੱਖਿਆ ਕਰਨ,
ਸਹਾਇਤਾ ਦੇ ਲਈ ਪ੍ਰਾਰਥਨਾ
(ਜ਼ਬੂਰ 70)

12ਕਿਉਂ ਜੋ ਅਣਗਿਣਤ ਬੁਰਿਆਈਆਂ ਨੇ ਮੇਰੇ ਦੁਆਲੇ ਘੇਰਾ ਪਾ ਲਿਆ, ਮੇਰੀਆਂ ਬਦੀਆਂ ਨੇ ਮੈਨੂੰ ਆ ਫੜਿਆ ਹੈ, ਅਤੇ ਮੈਂ ਨਿਗਾਹ ਨਹੀਂ ਉਠਾ ਸਕਦਾ । ਓਹ ਤਾਂ ਮੇਰੇ ਸਿਰ ਦੇ ਵਾਲਾਂ ਨਾਲੋਂ ਵੱਧ ਹਨ, ਅਤੇ ਮੇਰਾ ਦਿਲ ਕਮਜ਼ੋਰ ਹੋ ਗਿਆ ।13ਹੇ ਯਹੋਵਾਹ, ਕਿਰਪਾ ਕਰਕੇ ਮੇਰੇ ਛੁਟਕਾਰੇ ਦੇ ਲਈ, ਹੇ ਯਹੋਵਾਹ, ਮੇਰੀ ਸਹਾਇਤਾ ਲਈ ਛੇਤੀ ਕਰ !
14ਜਿਹੜੇ ਮੇਰੀ ਜਾਨ ਨੂੰ ਮਾਰਨ ਲਈ ਭਾਲਦੇ ਹਨ, ਓਹ ਸਾਰੇ ਦੇ ਸਾਰੇ ਲੱਜਿਆਵਾਨ ਹੋਣ ਅਤੇ ਘਾਬਰ ਜਾਣ ! ਜਿਹੜੇ ਮੇਰਾ ਬੁਰਾ ਚਾਹੁੰਦੇ ਹਨ, ਓਹ ਪਿਛਾਂਹ ਹਟਾਏ ਜਾਣ ਅਤੇ ਸ਼ਰਮਿੰਦੇ ਹੋਣ ।15ਜੋ ਮੈਨੂੰ "ਆਹਾ, ਆਹਾ !" ਆਖਦੇ ਹਨ, ਓਹ ਆਪਣੀ ਲਾਜ ਦੇ ਮਾਰੇ ਉੱਜੜ ਜਾਣ !
16ਜਿੰਨੇ ਤੇਰੇ ਖੋਜੀ ਹਨ, ਓਹ ਤੇਰੇ ਵਿੱਚ ਖੁਸ਼ ਤੇ ਅਨੰਦ ਹੋਣ, ਅਤੇ ਜਿਹੜੇ ਤੇਰੀ ਮੁਕਤੀ ਦੇ ਪ੍ਰੇਮੀ ਹਨ, ਓਹ ਸਦਾ ਆਖਣ, "ਯਹੋਵਾਹ ਦੀ ਵਡਿਆਈ ਹੋਵੇ !"17ਮੈਂ ਤਾਂ ਮਸਕੀਨ ਤੇ ਕੰਗਾਲ ਹਾਂ, ਤਾਂ ਵੀ ਯਹੋਵਾਹ ਮੇਰੀ ਚਿੰਤਾ ਕਰਦਾ ਹੈ । ਤੂੰ ਹੀ ਮੇਰਾ ਸਹਾਇਕ ਅਤੇ ਮੇਰਾ ਛੁਡਾਉਣ ਵਾਲਾ ਹੈਂ, ਹੇ ਮੇਰੇ ਪਰਮੇਸ਼ੁਰ, ਢਿੱਲ ਨਾ ਲਾ !

41
ਰੋਗੀ ਵਿਅਕਤੀ ਦੀ ਪ੍ਰਾਰਥਨਾ
ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਭਜਨ

1ਧੰਨ ਹੈ ਉਹ ਜਿਹੜਾ ਗਰੀਬ ਦੀ ਸੁੱਧ ਲੈਂਦਾ ਹੈ, ਯਹੋਵਾਹ ਉਹ ਨੂੰ ਬੁਰਿਆਈ ਦੇ ਵੇਲੇ ਛੁਡਾਵੇਗਾ ।2ਯਹੋਵਾਹ ਉਹ ਦੀ ਪਾਲਣਾ ਕਰੇਗਾ ਅਤੇ ਉਹ ਨੂੰ ਜਿਉਂਦਿਆਂ ਰੱਖੇਗਾ, ਅਤੇ ਉਹ ਧਰਤੀ ਉੱਤੇ ਧੰਨ ਹੋਵੇਗਾ । ਤੂੰ ਉਹ ਨੂੰ ਉਹ ਦੇ ਵੈਰੀਆਂ ਦੀ ਇੱਛਿਆ ਉੱਤੇ ਨਾ ਛੱਡੇਂਗਾ ।3ਯਹੋਵਾਹ ਉਹ ਦੀ ਬਿਮਾਰੀ ਦੇ ਬਿਸਤਰ ਉੱਤੇ ਉਹ ਨੂੰ ਸੰਭਾਲੇਗਾ । ਤੂੰ ਉਹ ਦੀ ਬਿਮਾਰੀ ਦੇ ਵੇਲੇ ਉਹਦਾ ਸਾਰਾ ਬਿਸਤਰਾ ਉਲਟਾ ਕੇ ਵਿਛਾਵੇਂਗਾ ।

4ਮੈ ਆਖਿਆ, ਹੇ ਯਹੋਵਾਹ, ਮੇਰੇ ਉਤੇ ਦਯਾ ਕਰ, ਮੇਰੀ ਜਾਨ ਨੂੰ ਚੰਗਿਆਂ ਕਰ, ਮੈਂ ਤੇਰਾ ਪਾਪ ਜੋ ਕੀਤਾ ਹੈ ।5ਮੇਰੇ ਵੈਰੀ ਮੇਰੇ ਵਿਰੁੱਧ ਬੁਰਾ ਕਹਿੰਦੇ ਹਨ, ਕਿ ਉਹ ਕਦੋਂ ਮਰੇਗਾ ਅਤੇ ਉਹਦਾ ਨਾਮ ਕਦੋਂ ਮਿਟੇਗਾ ?6ਅਤੇ ਜਦ ਕਦੇ ਉਹ ਮੇਰੇ ਵੇਖਣ ਨੂੰ ਆਉਂਦਾ ਹੈ ਉਹ ਐਵੇਂ ਗੱਪਾਂ ਮਾਰਦਾ ਹੈ । ਉਸਦਾ ਮਨ ਉਸ ਦੀ ਬਦੀ ਨਾਲ ਬਦੀ ਜੋੜਦਾ ਹੈ ਅਤੇ ਫੇਰ ਉਹ ਬਾਹਰ ਜਾ ਕੇ ਦੱਸਦਾ ਫਿਰਦਾ ਹੈ ।
7ਮੇਰੇ ਸਭ ਵੈਰ ਰੱਖਨ ਵਾਲੇ ਮਿਲ ਕੇ ਮੇਰੇ ਵਿਰੁੱਧ ਚੁਗਲੀ ਕਰਦੇ ਹਨ,ਮੇਰੇ ਵਿਰੁੱਧ ਉਹ ਮੇਰੇ ਮਰਜ ਦਾ ਉਪਾਓ ਲੱਭਦੇ ਹਨ ।8ਉਹ ਬੋਲਦੇ ਹਨ ਕਿ ਉਸ ਨੂੰ ਕੋਈ ਬੁਰਾ ਰੋਗ ਲੱਗਾ ਹੋਇਆ ਹੈ, ਹੁਣ ਉਹ ਡਿੱਗਿਆ ਜੋ ਹੈ ਸੋ ਮੁੜ ਉੱਠੇਗਾ ਨਹੀਂ ।9ਸਗੋਂ ਮੇਰਾ ਸਾਥੀ ਜਿਸ ਦੇ ਉੱਤੋ ਮੇਰਾ ਭਰੋਸਾ ਸੀ, ਅਤੇ ਜਿਸ ਨੇ ਮੇਰੀ ਰੋਟੀ ਖਾਧੀ,ਉਸ ਨੇ ਵੀ ਮੇਰੇ ਉੱਤੇ ਲੱਤ ਚੁੱਕੀ ਹੈ ।
10ਪਰ ਤੂੰ ਹੇ ਯਹੋਵਾਹ, ਮੇਰੇ ਉੱਤੇ ਦਯਾ ਕਰਕੇ ਮੈਨੂੰ ਖੜ੍ਹਾ ਕਰ, ਕਿ ਮੈਂ ਉਨ੍ਹਾਂ ਕੋਲੋਂ ਬਦਲਾ ਲਵਾਂ ।11ਇਸ ਤੋਂ ਮੈਂ ਜਾਣਦਾ ਹਾਂ ਕਿ ਤੂੰ ਮੈਥੋਂ ਪਰਸੰਨ ਹੈਂ, ਜੋ ਮੇਰਾ ਵੈਰੀ ਮੇਰੇ ਉੱਤੇ ਜੈ ਕਾਰ ਨਹੀਂ ਗਜਾਉਂਦਾ ।12ਪਰ ਮੈਨੂੰ ਮੇਰੀ ਸਿਧਿਆਈ ਵਿੱਚ ਤੂੰ ਸੰਭਾਲਦਾ ਹੈਂ,ਅਤੇ ਸਦਾ ਆਪਣੇ ਸਨਮੁੱਖ ਰੱਖਦਾ ਹੈਂ ।
13ਆਦ ਤੋਂ ਅੰਤ ਤੱਕ ਇਸਰਾਏਲ ਦਾ ਪਰਮੇਸ਼ੁਰ ਯਹੋਵਾਹ ਮੁਬਾਰਕ ਹੋਵੇ, ਆਮੀਨ, ਫਿਰ ਆਮੀਨ ।

42
ਦੂਸਰਾ ਭਾਗ
ਜ਼ਬੂਰ 42 - 72
ਬੇ-ਘਰ ਵਿਅਕਤੀ ਦੀ ਪ੍ਰਾਰਥਨਾ
ਪ੍ਰਧਾਨ ਵਜਾਉਣ ਵਾਲੇ ਦੇ ਲਈ ਕੋਰਹ ਵੰਸੀਆਂ ਦਾ ਮਸ਼ਕੀਲ

1ਜਿਵੇਂ ਹਰਨੀ ਪਾਣੀ ਦੀਆਂ ਨਦੀਆਂ ਦੇ ਲਈ ਤਰਸਦੀ ਹੈ, ਤਿਵੇਂ ਹੀ ਮੇਰਾ ਜੀਅ, ਹੇ ਪਰਮੇਸ਼ੁਰ ਤੇਰੇ ਲਈ ਤਰਸਦਾ ਹੈ ।2ਮੇਰਾ ਜੀਅ ਪਰਮੇਸ਼ੁਰ ਦੇ ਲਈ, ਜਿਉਂਦੇ ਪਰਮੇਸ਼ੁਰ ਦੇ ਲਈ ਤਿਹਾਇਆ ਹੈ, ਮੈਂ ਕਦੋਂ ਜਾਂਵਾਂ ਅਤੇ ਪਰਮੇਸ਼ੁਰ ਦੇ ਸਨਮੁੱਖ ਹਾਜ਼ਰ ਹੋਵਾਂ ?

3ਮੇਰਾ ਭੋਜਨ ਦਿਨੇ ਰਾਤ ਮੇਰੇ ਹੰਝੂ ਹਨ, ਜਦੋਂ ਓਹ ਸਾਰਾ ਦਿਨ ਇਹ ਆਖਦੇ ਹਨ, ਤੇਰਾ ਪਰਮੇਸ਼ੁਰ ਹੈ ਕਿੱਥੇ ?4ਇਹ ਗੱਲਾਂ ਮੈਂ ਚੇਤੇ ਕਰਦਾ ਹਾਂ ਤਾਂ ਮੇਰਾ ਮਨ ਭਰ ਆਉਂਦਾ ਹੈ, ਕਿ ਮੈਂ ਕਿਸ ਤਰਾਂ ਭੀੜ ਦੇ ਨਾਲ ਲੰਘਦਾ ਹੁੰਦਾ ਸੀ, ਅਤੇ ਬਹੁਤ ਸਾਰੀ ਭੀੜ ਨਾਲ ਪਰਮੇਸ਼ੁਰ ਦੇ ਘਰ ਵਿੱਚ, ਜੈ-ਜੈ ਕਾਰ ਤੇ ਧੰਨਵਾਦ ਦੇ ਸ਼ਬਦ ਨਾਲ ਲੈ ਜਾਂਦਾ ਹੁੰਦਾ ਸੀ ।
5ਹੇ ਮੇਰੇ ਮਨ, ਤੂੰ ਕਿਉਂ ਝੁਕਿਆ ਹੋਇਆ ਹੈਂ ? ਅਤੇ ਮੇਰੇ ਵਿੱਚ ਕਿਉਂ ਪਰੇਸ਼ਾਨ ਹੈਂ ? ਪਰਮੇਸ਼ੁਰ ਉੱਤੇ ਆਸ ਰੱਖ ਮੈਂ ਤਾਂ ਉਸ ਦੇ ਦਰਸ਼ਨ ਨਾਲ ਮੁਕਤੀ ਪਾ ਕੇ ਫੇਰ ਉਸ ਦਾ ਧੰਨਵਾਦ ਕਰਾਂਗਾ ।6ਹੇ ਮੇਰੇ ਪਰਮੇਸ਼ੁਰ, ਮੇਰਾ ਜੀਅ ਮੇਰੇ ਅੰਦਰ ਝੁਕਿਆ ਹੋਇਆ ਹੈ, ਇਸ ਕਾਰਨ ਮੈਂ ਯਰਦਨ ਅਤੇ ਹਰਮੋਨ ਦੀ ਧਰਤੀ ਤੋਂ ਅਤੇ ਮਿਸਾਰ ਦੇ ਪਰਬਤ ਤੋਂ ਤੇਰਾ ਸਿਮਰਨ ਕਰਾਂਗਾ ।
7ਤੇਰੇ ਪਾਣੀ ਦੀਆਂ ਧਾਰਾਂ ਦੀ ਆਵਾਜ਼ ਸੁਣ ਕੇ ਡੁੰਘਿਆਈ-ਡੁੰਘਿਆਈ ਨੂੰ ਪੁਕਾਰਦੀ ਹੈ, ਤੇਰੀਆਂ ਸਾਰੀਆਂ ਠਾਠਾਂ ਅਤੇ ਲਹਿਰਾਂ ਮੇਰੇ ਸਿਰ ਦੇ ਉੱਤੋ ਦੀ ਲੰਘ ਗਈਆਂ ।8ਦਿਨ ਨੂੰ ਯਹੋਵਾਹ ਆਪਣੀ ਦਯਾ ਦੀ ਆਗਿਆ ਦੇਵੇਗਾ, ਅਤੇ ਰਾਤ ਨੂੰ ਉਹ ਦਾ ਗੀਤ ਮੇਰੇ ਨਾਲ ਹੋਵੇਗਾ । ਉਹ ਮੇਰੇ ਜੀਵਨ ਦੇ ਪਰਮੇਸ਼ੁਰ ਅੱਗੇ ਇੱਕ ਪ੍ਰਾਰਥਨਾ ਹੋਵੇਗਾ ।
9ਪਰਮੇਸ਼ੁਰ ਨੂੰ ਜੋ ਮੇਰੀ ਚੱਟਾਨ ਹੈ ਮੈ ਆਖਾਂਗਾ, ਤੂੰ ਮੈਨੂੰ ਕਿਉਂ ਭੁੱਲ ਗਿਆ ਹੈਂ ? ਮੈ ਕਿਉਂ ਵੈਰੀ ਦੇ ਅਨ੍ਹੇਰ ਦੇ ਮਾਰੇ ਵਿਰਲਾਪ ਕਰਦਾ ਫਿਰਦਾ ਹਾਂ ?10ਮੇਰੇ ਵਿਰੋਧੀ ਮੈਨੂੰ ਉਲਾਂਭਾ ਦਿੰਦੇ ਹਨ, ਜਾਣੋ, ਇਹ ਮੇਰੀਆਂ ਹੱਡੀਆਂ ਦਾ ਚੂਰ-ਚੂਰ ਹੋਣਾ ਹੈਂ,ਜਦੋਂ ਓਹ ਦਿਨ ਭਰ ਮੈਨੂੰ ਕਹੀ ਜਾਂਦੇ ਹਨ, ਕਿੱਥੇ ਹੈ ਤੇਰਾ ਪਰਮੇਸ਼ੁਰ ?
11ਹੇ ਮੇਰੇ ਜੀਅ,ਤੂੰ ਕਿਉਂ ਝੁਕਿਆ ਹੋਇਆ ਹੈਂ, ਅਤੇ ਮੇਰੇ ਵਿੱਚ ਕਿਉਂ ਪਰੇਸ਼ਾਨ ਹੈਂ ? ਪਰਮੇਸ਼ੁਰ ਉੱਤੇ ਆਸ ਰੱਖ ! ਮੈਂ ਤਾਂ ਉਸ ਦਾ ਫੇਰ ਧੰਨਵਾਦ ਕਰਾਂਗਾ, ਜਿਹੜਾ ਮੇਰੇ ਮੁਖੜੇ ਦਾ ਬਚਾਓ ਅਤੇ ਮੇਰਾ ਪਰਮੇਸ਼ੁਰ ਹੈ ।

43
ਬੇ-ਘਰ ਵਿਅਕਤੀ ਦੀ ਪ੍ਰਾਰਥਨਾ
(ਜ਼ਬੂਰ 42 ਦਾ ਬਾਕੀ ਹਿੱਸਾ)

1ਹੇ ਪਰਮੇਸ਼ੁਰ, ਮੇਰਾ ਨਿਆਂ ਕਰ, ਅਤੇ ਇੱਕ ਨਿਰਦਈ ਕੌਮ ਨਾਲ ਮੇਰਾ ਮੁਕੱਦਮਾ ਲੜ, ਕਪਟੀ ਤੇ ਭੈੜੇ ਮਨੁੱਖ ਤੋਂ ਮੈਨੂੰ ਛੁਡਾ !2ਕਿਉਂ ਜੋ ਮੇਰੀ ਪਨਾਹ ਦਾ ਪਰਮੇਸ਼ੁਰ ਤੂੰ ਹੀ ਹੈਂ, ਤੂੰ ਮੈਨੂੰ ਕਿਉਂ ਤਿਆਗ ਦਿੱਤਾ ਹੈਂ ? ਮੈ ਕਿਉਂ ਵੈਰੀ ਦੇ ਅਨ੍ਹੇਰ ਦੇ ਮਾਰੇ ਵਿਰਲਾਪ ਕਰਦਾ ਫਿਰਦਾ ਹਾਂ ?

3ਆਪਣੇ ਚਾਨਣ ਅਤੇ ਆਪਣੀ ਸਚਿਆਈ ਨੂੰ ਭੇਜ ਕਿ ਓਹ ਮੇਰੀ ਅਗਵਾਈ ਕਰਨ, ਅਤੇ ਓਹ ਮੈਨੂੰ ਤੇਰੇ ਪਵਿੱਤਰ ਪਹਾੜ ਅਤੇ ਤੇਰਿਆਂ ਡੇਰਿਆਂ ਕੋਲ ਪਹੁੰਚਾਉਣ ।4ਤਦ ਮੈਂ ਪਰਮੇਸ਼ੁਰ ਦੀ ਜਗਵੇਦੀ ਕੋਲ ਜਾਂਵਾਂਗਾ, ਉਸ ਪਰਮੇਸ਼ੁਰ ਕੋਲ ਜਿਹੜਾ ਮੇਰੀ ਅੱਤ ਵੱਡੀ ਖੁਸ਼ੀ ਹੈਂ, ਅਤੇ ਬਰਬਤ ਵਜਾ ਕੇ ਤੇਰਾ ਧੰਨਵਾਦ ਕਰਾਂਗਾ, ਹੇ ਪਰਮੇਸ਼ੁਰ ਮੇਰੇ ਪਰਮੇਸ਼ੁਰ !
5ਹੇ ਮੇਰੇ ਜੀਅ, ਤੂੰ ਕਿਉਂ ਝੁਕਿਆ ਹੋਇਆ ਹੈਂ ? ਅਤੇ ਅੰਦਰ ਹੀ ਅੰਦਰ ਕਿਉਂ ਪਰੇਸ਼ਾਨ ਹੈਂ ? ਪਰਮੇਸ਼ੁਰ ਉੱਤੇ ਆਸ ਰੱਖ ! ਮੈਂ ਤਾਂ ਫੇਰ ਉਸ ਦਾ ਧੰਨਵਾਦ ਕਰਾਂਗਾ, ਜਿਹੜਾ ਮੇਰੇ ਮੁਖੜੇ ਦਾ ਬਚਾਓ ਅਤੇ ਮੇਰਾ ਪਰਮੇਸ਼ੁਰ ਹੈਂ ।

44
ਪਿੱਛਲੇ ਸਮੇਂ ਦਾ ਛੁਟਕਾਰਾ ਅਤੇ ਵਰਤਮਾਨ ਸਮੇਂ ਦਾ ਸੰਕਟ
ਪ੍ਰਧਾਨ ਵਜਾਉਣ ਵਾਲੇ ਦੇ ਲਈ ਕੋਰਹ ਵੰਸੀਆਂ ਦਾ ਮਸ਼ਕੀਲ

1ਹੇ ਪਰਮੇਸ਼ੁਰ, ਅਸੀਂ ਆਪਣੇ ਕੰਨੀ ਸੁਣਿਆ, ਸਾਡੇ ਪਿਉ-ਦਾਦਿਆਂ ਨੇ ਸਾਡੇ ਲਈ ਵਰਣਨ ਕੀਤਾ ਹੈ, ਕਿ ਤੂੰ ਉਨ੍ਹਾਂ ਦੇ ਦਿਨਾਂ ਵਿੱਚ ਅਤੇ ਪ੍ਰਾਚੀਨ ਸਮਿਆਂ ਵਿੱਚ ਕੀ ਕੰਮ ਕੀਤਾ ।2ਤੂੰ ਆਪਣੇ ਹੱਥ ਨਾਲ ਪਰਾਈਆਂ ਕੌਮਾਂ ਨੂੰ ਪੁੱਟ ਦਿੱਤਾ, ਪਰ ਉਨ੍ਹਾਂ ਨੂੰ ਲਾਇਆ । ਤੂੰ ਉੱਮਤਾਂ ਨੂੰ ਦੁੱਖ ਦਿੱਤਾ, ਪਰ ਉਨ੍ਹਾਂ ਨੂੰ ਫੈਲਾ ਦਿੱਤਾ ।

3ਉਨ੍ਹਾਂ ਨੇ ਆਪਣੀ ਤਲਵਾਰ ਨਾਲ ਉਸ ਧਰਤੀ ਨੂੰ ਵਿਰਾਸਤ ਵਿੱਚ ਨਹੀਂ ਲਿਆ, ਨਾ ਉਨ੍ਹਾਂ ਦੀ ਬਾਂਹ ਨੇ ਉਨ੍ਹਾਂ ਨੂੰ ਬਚਾਇਆ, ਸਗੋਂ ਤੇਰੇ ਸੱਜੇ ਹੱਥ ਅਤੇ ਤੇਰੀ ਬਾਂਹ ਅਤੇ ਤੇਰੇ ਮੁਖ ਦੇ ਚਾਨਣ ਨੇ ਇਹ ਕੀਤਾ, ਕਿਉਂ ਜੋ ਤੂੰ ਉਨ੍ਹਾਂ ਦਾ ਪੱਖ ਕੀਤਾ ।4ਹੇ ਪਰਮੇਸ਼ੁਰ, ਤੂੰ ਹੀ ਮੇਰਾ ਪਾਤਸ਼ਾਹ ਹੈਂ, ਯਾਕੂਬ ਲਈ ਜਿੱਤਾਂ ਦਾ ਹੁਕਮ ਕਰ !
5ਤੇਰੇ ਰਾਹੀਂ ਅਸੀਂ ਆਪਣੇ ਵਿਰੋਧੀਆਂ ਨੂੰ ਹੇਠਾਂ ਧੱਕਾਂਗੇ, ਤੇਰੇ ਨਾਮ ਤੋਂ ਅਸੀਂ ਆਪਣਿਆਂ ਦੁਸ਼ਮਣਾਂ ਨੂੰ ਮਿੱਧਾਂਗੇ,6ਕਿਉਂ ਜੋ ਮੈਂ ਆਪਣੇ ਧਣੁੱਖ ਉੱਤੇ ਭਰੋਸਾ ਨਾ ਰੱਖਾਂਗਾ, ਨਾ ਮੇਰੀ ਤਲਵਾਰ ਮੈਨੂੰ ਬਚਾਵੇਗੀ,
7ਪਰ ਤੂੰ ਸਾਨੂੰ ਸਾਡਿਆਂ ਵਿਰੋਧੀਆਂ ਤੋਂ ਬਚਾਇਆ ਹੈ, ਤੂੰ ਸਾਡਿਆਂ ਈਰਖਾ ਕਰਨ ਵਾਲੇ ਨੂੰ ਸ਼ਰਮਿੰਦੇ ਕੀਤਾ ਹੈ ।8ਸਾਰੇ ਦਿਨ ਅਸੀਂ ਪਰਮੇਸ਼ੁਰ ਵਿੱਚ ਮਗਨ ਹੁੰਦੇ ਹਾਂ, ਅਤੇ ਅਸੀਂ ਸਦਾ ਤੇਰੇ ਨਾਮ ਦਾ ਧੰਨਵਾਦ ਕਰਾਂਗੇ । ਸਲਹ ।
9ਪਰ ਤੂੰ ਸਾਨੂੰ ਤਿਆਗਿਆ ਅਤੇ ਬੇਪਤ ਕੀਤਾ ਹੈ, ਅਤੇ ਸਾਡੀਆਂ ਸੈਨਾਂ ਨਾਲ ਨਹੀਂ ਚੱਲਦਾ ।10ਤੂੰ ਵਿਰੋਧੀਆਂ ਦੇ ਸਾਹਮਣਿਓਂ ਸਾਨੂੰ ਪਿਛਾਂਹ ਹਟਾਉਂਦਾ ਹੈਂ, ਅਤੇ ਸਾਡੇ ਈਰਖਾ ਕਰਨ ਵਾਲੇ ਆਪਣੇ ਲਈ ਲੁੱਟ ਮਾਰ ਕਰਦੇ ਹਨ ।11ਤੂੰ ਸਾਨੂੰ ਖਾਧੀਆਂ ਜਾਣ ਵਾਲੀਆਂ ਭੇਡਾਂ ਵਾਂਗੂੰ ਬਣਾਉਂਦਾ ਹੈ, ਅਤੇ ਪਰਾਈਆਂ ਕੌਮਾਂ ਵਿੱਚ ਤੂੰ ਸਾਨੂੰ ਖਿੰਡਾ ਦਿੱਤਾ ਹੈ ।
12ਤੂੰ ਆਪਣੀ ਪਰਜਾ ਨੂੰ ਮੁਖਤ ਵੇਚਦਾ ਹੈਂ, ਪਰ ਉਨ੍ਹਾਂ ਦੇ ਮੁੱਲ ਤੋਂ ਤੂੰ ਆਪਣਾ ਧਨ ਨਹੀਂ ਵਧਾਇਆ ਹੈ ।13ਤੂੰ ਸਾਡੇ ਗੁਆਂਢੀਆਂ ਲਈ ਸਾਨੂੰ ਨਿੰਦਿਆ, ਅਤੇ ਆਲੇ-ਦੁਆਲੇ ਰਹਿਣ ਵਾਲਿਆਂ ਲਈ ਸਾਨੂੰ ਠੱਠਾ ਅਤੇ ਹਾਸੀ ਬਣਾਉਂਦਾ ਹੈਂ ।14ਤੂੰ ਕੌਮਾਂ ਵਿੱਚ ਸਾਨੂੰ ਕਹਾਉਤ ਬਣਾਉਂਦਾ ਹੈਂ, ਅਤੇ ਉੱਮਤਾਂ ਵਿੱਚ ਸਿਰ ਹਿਲਾਉਣ ਦਾ ਕਾਰਨ ।
15ਸਾਰੇ ਦਿਨ ਮੇਰੀ ਲਾਜ ਮੇਰੀ ਪਰਤੱਖ਼ ਹੈ, ਅਤੇ ਮੇਰੇ ਮੂੰਹ ਦੀ ਨਮੋਸ਼ੀ ਨੇ ਮੈਨੂੰ ਢੱਕ ਦਿੱਤਾ ਹੈ,16ਤਰਾਣ ਦੇਣ ਵਾਲੇ ਅਤੇ ਕੁਫ਼ਰ ਬਕਣ ਵਾਲੇ ਦੀ ਅਵਾਜ਼ ਦੇ ਕਾਰਨ, ਅਤੇ ਵੈਰੀ ਤੇ ਵੱਟਾ ਲੈਣ ਵਾਲੇ ਦੇ ਕਾਰਨ ।17ਇਹ ਸੱਭੋ ਕੁੱਝ ਸਾਡੇ ਉੱਤੇ ਬੀਤਿਆ ਹੈ, ਪਰ ਅਸੀਂ ਤੈਨੂੰ ਨਹੀਂ ਵਿਸਾਰਿਆ, ਨਾ ਤੇਰੇ ਨੇਮ ਵਿੱਚ ਬੇਈਮਾਨੀ ਕੀਤੀ ਹੈ ।
18ਸਾਡਾ ਮਨ ਪਿਛਾਂਹ ਨਹੀਂ ਹਟਿਆ, ਨਾ ਸਾਡੇ ਪੈਰ ਤੇਰੇ ਮਾਰਗ ਤੋਂ ਮੁੜੇ,19ਭਾਵੇਂ ਤੂੰ ਗਿੱਦੜਾਂ ਦੇ ਥਾਂ ਵਿੱਚ ਸਾਨੂੰ ਕੁਚਲਿਆ ਹੈ, ਅਤੇ ਮੌਤ ਦੀ ਛਾਇਆ ਹੇਠ ਸਾਨੂੰ ਢੱਕ ਦਿੱਤਾ ਹੈ ।20ਜੇ ਅਸੀਂ ਆਪਣੇ ਪਰਮੇਸ਼ੁਰ ਦੇ ਨਾਮ ਨੂੰ ਵਿਸਾਰਿਆ ਹੈ, ਅਥਵਾ ਓਪਰੇ ਦੇਵਤੇ ਵੱਲ ਆਪਣੇ ਹੱਥ ਅੱਡੇ ਹਨ,21ਤਾਂ ਭਲਾ, ਪਰਮੇਸ਼ੁਰ ਇਸ ਗੱਲ ਦਾ ਖੋਜ ਨਾ ਕਰੇਗਾ ? ਉਹ ਤਾਂ ਮਨ ਦੀਆਂ ਗੁਪਤ ਗੱਲਾਂ ਨੂੰ ਜਾਣਦਾ ਹੈ !22ਹਾਂ, ਅਸੀਂ ਤੇਰੇ ਨਾਲ ਦਿਨ ਭਰ ਜਾਨੋਂ ਮਾਰੇ ਜਾਂਦੇ ਹਾਂ, ਅਸੀਂ ਕੋਹੀਆਂ ਜਾਣ ਵਾਲਿਆਂ ਭੇਡਾਂ ਦੇ ਤੁੱਲ ਗਿਣੇ ਜਾਂਦੇ ਹਾਂ ! ।
23ਹੇ ਪ੍ਰਭੂ, ਜਾਗ ! ਤੂੰ ਕਾਹਨੂੰ ਸੁੱਤਾ ਹੈਂ ? ਜਾਗ ਉੱਠ ! ਸਦਾ ਤੱਕ ਸਾਨੂੰ ਤਿਆਗ ਨਾ ਦੇ ।24ਤੂੰ ਆਪਣਾ ਮੂੰਹ ਕਾਹਨੂੰ ਲੁਕਾਉਂਦਾ ਹੈਂ, ਅਤੇ ਸਾਡੇ ਦੁੱਖ ਅਤੇ ਦਬਾਓ ਨੂੰ ਵਿਸਾਰਦਾ ਹੈਂ ?
25ਕਿਉਂ ਜੋ ਸਾਡੀ ਜਾਨ ਖਾਕ ਤੱਕ ਝੁੱਕ ਗਈ ਹੈ, ਸਾਡਾ ਢਿੱਡ ਭੋਂ ਨਾਲ ਲੱਗ ਗਿਆ ਹੈ !26ਉੱਠ, ਸਾਡੀ ਸਹਾਇਤਾ ਕਰ, ਅਤੇ ਆਪਣੀ ਦਯਾ ਦੇ ਨਮਿੱਤ ਸਾਨੂੰ ਛੁਟਕਾਰਾ ਦੇ ! ।

45
ਰਾਜਾ ਦੇ ਲਈ ਵਿਆਹ ਦਾ ਗੀਤ
ਪ੍ਰਧਾਨ ਵਜਾਉਣ ਵਾਲੇ ਦੇ ਲਈ । ਸ਼ੇਸ਼ਨੀਮ ਰਾਗ ਦੇ ਵਿੱਚ ਕੋਰਹ ਵੰਸੀਆਂ ਦਾ ਮਸ਼ਕੀਲ । ਪ੍ਰੇਮ ਦਾ ਗੀਤ

1ਮੇਰਾ ਮਨ ਇੱਕ ਚੰਗੀ ਗੱਲ ਨਾਲ ਉੱਛਲ ਰਿਹਾ ਹੈ, ਜੋ ਕੁੱਝ ਮੈਂ ਪਾਤਸ਼ਾਹ ਦੇ ਵਿਖੇ ਰਚਿਆ ਹੈ, ਉਹ ਮੈਂ ਸੁਣਾਉਂਦਾ ਹਾਂ, ਮੇਰੀ ਜੀਭ ਮਾਹਿਰ ਲਿਖਾਰੀ ਦੀ ਲੇਖਣੀ ਹੈ ।2ਤੂੰ ਆਦਮੀ ਦੇ ਪੁੱਤਰਾਂ ਨਾਲੋਂ ਸੁੰਦਰ ਹੈਂ, ਤੇਰਿਆਂ ਬੁੱਲਾਂ ਵਿੱਚ ਦਯਾ ਭਰੀ ਹੋਈ ਹੈ, ਇਸ ਲਈ ਪਰਮੇਸ਼ੁਰ ਨੇ ਤੈਨੂੰ ਸਦਾ ਲਈ ਬਰਕਤ ਦਿੱਤੀ ਹੈ ।

3ਓਏ ਸੂਰਮਿਆਂ ! ਆਪਣੀ ਤਲਵਾਰ ਲੱਕ ਨਾਲ ਬੰਨ੍ਹ, ਉਹ ਤੇਰਾ ਤੇਜ ਅਤੇ ਤੇਰੀ ਮਹਿਮਾ ਹੈ ।4ਅਤੇ ਆਪਣੀ ਮਹਿਮਾ ਨਾਲ ਸਚਿਆਈ, ਕੋਮਲਤਾਈ ਅਤੇ ਧਰਮ ਦੇ ਨਮਿੱਤ ਸਵਾਰ ਹੋ ਕੇ ਸਫ਼ਲ ਹੋ, ਅਤੇ ਤੇਰਾ ਸੱਜਾ ਹੱਥ ਤੈਨੂੰ ਭਿਆਨਕ ਕਾਰਜ ਸਿਖਲਾਵੇਗਾ !
5ਤੇਰੇ ਤੀਰ ਤਿੱਖੇ ਹਨ, ਕੌਮਾਂ ਤੇਰੇ ਅੱਗੇ ਡਿੱਗਦੀਆਂ ਹਨ, ਉਹ ਪਾਤਸ਼ਾਹ ਦੇ ਵੈਰੀਆਂ ਦੇ ਦਿਲਾਂ ਵਿੱਚ ਹਨ ।6ਤੇਰਾ ਸਿੰਘਾਸਣ ਪਰਮੇਸ਼ੁਰ ਵੱਲੋਂ ਸਦਾ ਤੱਕ ਹੈ, ਤੇਰੇ ਰਾਜ ਦਾ ਆੱਸਾ ਸਿਧਿਆਈ ਦਾ ਆੱਸਾ ਹੈ !7ਤੂੰ ਧਰਮ ਦੇ ਨਾਲ ਪ੍ਰੇਮ, ਬਦੀ ਨਾਲ ਵੈਰ ਰੱਖਿਆ ਹੈ, ਇਸ ਲਈ ਪਰਮੇਸ਼ੁਰ, ਤੇਰੇ ਪਰਮੇਸ਼ੁਰ ਨੇ ਖੁਸ਼ੀ ਦੇ ਤੇਲ ਨਾਲ, ਤੇਰੇ ਸਾਥੀਆਂ ਤੋਂ ਵੱਧ ਤੈਨੂੰ ਮਸਹ ਕੀਤਾ ਹੈ ।
8ਤੇਰੇ ਸਾਰੇ ਬਸਤਰ ਤੋਂ ਮੁਰ, ਅਗਰ ਅਤੇ ਤੇਜ ਪੱਤਰ ਦੀ ਖੁਸ਼ਬੂ ਆਉਂਦੀ ਹੈ, ਹਾਥੀ ਦੰਦ ਦੇ ਮਹਿਲਾਂ ਵਿੱਚੋਂ ਤਾਰ ਵਾਲੇ ਵਾਜਿਆਂ ਨੇ ਤੈਨੂੰ ਅਨੰਦ ਕੀਤਾ ਹੈ ।9ਤੇਰੀਆਂ ਪਤਵੰਤ ਇਸਤਰੀਆਂ ਵਿਚੋਂ ਰਾਜਕੁਮਾਰੀਆਂ ਵੀ ਹਨ, ਰਾਣੀ ਤੇਰੇ ਸੱਜੇ ਹੱਥ ਉੱਤੇ ਓਫੀਰ ਦੇ ਕੁੰਦਨ ਸੋਨੇ ਨਾਲ ਸ਼ਿੰਗਾਰ ਲਾ ਕੇ ਖੜ੍ਹੀ ਹੈ ।
10ਧੀਏ, ਸੁਣ ਅਤੇ ਵੇਖ ਅਤੇ ਆਪਣਾ ਕੰਨ ਲਾ, ਆਪਣੇ ਲੋਕ ਅਤੇ ਆਪਣੇ ਪਿਤਾ ਦੇ ਘਰ ਨੂੰ ਭੁੱਲ ਜਾਵੀਂ !11ਤਦ ਪਾਤਸ਼ਾਹ ਤੇਰੇ ਸੁਹੱਪਣ ਤੋਂ ਮੋਹਿਤ ਹੋਵੇਗਾ, ਕਿਉਂ ਜੋ ਉਹ ਤੇਰਾ ਸੁਆਮੀ ਹੈ ਸੋ ਉਹ ਨੂੰ ਮੱਥਾ ਟੇਕ ।
12ਅਤੇ ਸੂਰ ਦੇਸ ਦੀ ਧੀ ਭੇਟ ਨਾਲ ਹਾਜ਼ਰ ਹੋਵੇਗੀ, ਲੋਕਾਂ ਦੇ ਧਨਵਾਨ ਤੇਰੀ ਕਿਰਪਾ ਦੇ ਲਈ ਬੇਨਤੀ ਕਰਨਗੇ ।13ਰਾਜਕੁਮਾਰੀ ਮਹਿਲ ਵਿੱਚ ਬਹੁਤ ਤੇਜਵੰਤ ਹੈ, ਉਸ ਦਾ ਲਿਬਾਸ ਸੁਨਹਿਰੀ ਕਸੀਦੇ ਦਾ ਹੈ ।
14ਬੂਟੇ ਕੱਢੇ ਹੋਏ ਪਹਿਰਾਵੇ ਪਹਿਨੀ ਉਹ ਪਾਤਸ਼ਾਹ ਕੋਲ ਪਹੁੰਚਾਈ ਜਾਵੇਗੀ, ਉਹ ਦੀਆਂ ਕੁਆਰੀਆਂ ਸਹੇਲੀਆਂ ਉਹ ਦੇ ਪਿੱਛੇ-ਪਿੱਛੇ ਤੇਰੇ ਕੋਲ ਲਿਆਈਆਂ ਜਾਣਗੀਆਂ ।15ਓਹ ਅਨੰਦ ਅਤੇ ਖੁਸ਼ੀ ਨਾਲ ਪਹੁੰਚਾਈਆਂ ਜਾਣਗੀਆਂ, ਓਹ ਪਾਤਸ਼ਾਹ ਦੇ ਮਹਿਲ ਵਿੱਚ ਵੜਨਗੀਆਂ ।
16ਤੇਰ ਪਿੱਤਰਾਂ ਦੇ ਥਾਂ ਤੇਰੇ ਪੁੱਤਰ ਹੋਣਗੇ, ਜਿਨ੍ਹਾਂ ਨੂੰ ਤੂੰ ਸਾਰੀ ਧਰਤੀ ਉੱਤੇ ਸਰਦਾਰ ਬਣਾਵੇਂਗਾ ।17ਮੈਂ ਪੀੜੀਓ ਪੀੜੀ ਤੇਰਾ ਨਾਮ ਸਿਮਰਨ ਕਰਾਵਾਂਗਾ, ਇਸ ਲਈ ਲੋਕ ਸਦਾ ਤੱਕ ਤੇਰਾ ਧੰਨਵਾਦ ਕਰਨਗੇ ।

46
ਪਰਮੇਸ਼ੁਰ ਸਾਡੀ ਪਨਾਹ
ਪ੍ਰਧਾਨ ਵਜਾਉਣ ਵਾਲੇ ਦੇ ਲਈ ਕੋਰਹ ਵੰਸੀਆਂ ਦਾ ਅਲਾਮੋਤ ਦੀ ਰਾਗ ਉੱਤੇ ਇੱਕ ਗੀਤ

1ਪਰਮੇਸ਼ੁਰ ਸਾਡੀ ਪਨਾਹ ਅਤੇ ਸਾਡਾ ਬਲ ਹੈ, ਉਹ ਦੁੱਖਾਂ ਵਿੱਚ ਵੱਡਾ ਸਹਾਇਕ ਹੋਇਆ ਹੈ,2ਇਸ ਕਰਕੇ ਅਸੀਂ ਨਾ ਡਰਾਂਗੇ ਭਾਵੇਂ ਧਰਤੀ ਉਲਟ ਜਾਵੇ, ਅਤੇ ਪਹਾੜ ਸਮੁੰਦਰ ਦੇ ਵਿੱਚ ਹੀ ਸੁੱਟੇ ਜਾਣ,3ਭਾਵੇਂ ਉਹ ਦੇ ਪਾਣੀ ਗਰਜਣ ਅਤੇ ਝੱਗ ਛੱਡਣ, ਅਤੇ ਪਹਾੜ ਉਸ ਦੇ ਵਧਣ ਦੇ ਕਾਰਨ ਥਰ ਥਰਾਉਣ । ਸਲਹ ।

4ਇੱਕ ਨਦੀ ਹੈ ਜਿਸ ਦੀਆਂ ਧਾਰਾਂ ਪਰਮੇਸ਼ੁਰ ਦੇ ਨਗਰ ਨੂੰ, ਅੱਤ ਮਹਾਨ ਦੇ ਡੇਰਿਆਂ ਅਤੇ ਅਤੇ ਪਵਿੱਤਰ ਸਥਾਨ ਨੂੰ ਅਨੰਦਿਤ ਕਰਦੀਆਂ ਹਨ ।5ਪਰਮੇਸ਼ੁਰ ਉਹ ਦੇ ਵਿੱਚ ਹੈ, ਉਹ ਨਾ ਡੋਲੇਗਾ, ਪਰਮੇਸ਼ੁਰ ਅੰਮ੍ਰਿਤ ਵੇਲੇ ਉਹ ਦੀ ਸਹਾਇਤਾ ਕਰੇਗਾ ।
6ਕੌਮਾਂ ਨੇ ਹੁਲੜ ਮਚਾਇਆ, ਰਾਜ ਡੋਲ ਗਏ, ਉਸ ਨੇ ਆਪਣਾ ਸ਼ਬਦ ਸੁਣਾਇਆ ਅਤੇ ਧਰਤੀ ਪੰਘਰ ਗਈ ।7ਸੈਨਾਂ ਦਾ ਯਹੋਵਾਹ ਸਾਡੇ ਅੰਗ-ਸੰਗ ਹੈ, ਯਾਕੂਬ ਦਾ ਪਰਮੇਸ਼ੁਰ ਸਾਡਾ ਉੱਚਾ ਗੜ੍ਹ ਹੈ । ਸਲਹ ।
8ਆਓ, ਯਹੋਵਾਹ ਦੇ ਕੰਮਾਂ ਨੂੰ ਵੇਖੋ, ਜਿਸ ਨੇ ਧਰਤੀ ਉੱਤੇ ਤਬਾਹੀਆਂ ਮਚਾਈਆਂ ਹਨ ।9ਉਹ ਧਰਤੀ ਦੇ ਬੰਨਿਆਂ ਤੱਕ ਲੜਾਈਆਂ ਨੂੰ ਮੁਕਾ ਦਿੰਦਾ ਹੈ, ਉਹ ਧਣੁੱਖ ਨੂੰ ਭੰਨ ਸੁੱਟਦਾ ਹੈ ਅਤੇ ਬਰਛੀ ਦੇ ਟੋਟੇ-ਟੋਟੇ ਕਰ ਦਿੰਦਾ ਹੈ, ਉਹ ਰਥਾਂ ਨੂੰ ਅੱਗ ਨਾਲ ਸਾੜ ਸੁੱਟਦਾ ਹੈ !
10ਥਮ੍ਹ ਜਾਓ ਅਤੇ ਜਾਣ ਲਓ ਕਿ ਮੈਂ ਹੀ ਪਰਮੇਸ਼ੁਰ ਹਾਂ, ਮੈਂ ਕੌਮਾਂ ਵਿੱਚ ਵਡਿਆਇਆ ਜਾਂਵਾਂਗਾ, ਮੈਂ ਧਰਤੀ ਉੱਤੇ ਵਡਿਆਇਆ ਜਾਂਵਾਂਗਾ !11ਸੈਨਾਂ ਦਾ ਯਹੋਵਾਹ ਸਾਡੇ ਅੰਗ-ਸੰਗ ਹੈ, ਯਾਕੂਬ ਦਾ ਪਰਮੇਸ਼ੁਰ ਸਾਡਾ ਉੱਚਾ ਗੜ੍ਹ ਹੈ । ਸਲਹ ।

47
ਸਰਬ ਉੱਚ ਰਾਜਾ
ਪ੍ਰਧਾਨ ਵਜਾਉਣ ਵਾਲੇ ਦੇ ਲਈ ਕੋਰਹ ਵੰਸੀਆਂ ਦਾ ਇੱਕ ਭਜਨ

1ਹੇ ਸਭ ਲੋਕੋ, ਤਾਲੀਆਂ ਵਜਾਓ, ਜੈ-ਜੈ ਕਾਰ ਦੇ ਸ਼ਬਦ ਨਾਲ ਪਰਮੇਸ਼ੁਰ ਲਈ ਲਲਕਾਰੋ,2ਕਿਉਂ ਜੋ ਯਹੋਵਾਹ ਅੱਤ ਮਹਾਨ ਤੇ ਭਿਆਣਕ ਹੈ, ਉਹ ਸਾਰੇ ਜਗਤ ਦਾ ਮਹਾਰਾਜਾ ਹੈ !

3ਉਹ ਲੋਕਾਂ ਨੂੰ ਸਾਡੇ ਹੇਠਾਂ ਦਬਾ ਦਿੰਦਾ, ਅਤੇ ਉੱਮਤਾਂ ਨੂੰ ਸਾਡੇ ਪੈਰਾਂ ਹੇਠ ਕਰ ਦਿੰਦਾ ਹੈ ।4ਉਹ ਸਾਡੇ ਲਈ ਸਾਡੇ ਅਧਿਕਾਰ ਨੂੰ ਚੁਣਦਾ ਹੈ, ਆਪਣੇ ਪਿਆਰੇ ਯਾਕੂਬ ਦੀ ਉੱਤਮਤਾਈ ਨੂੰ । ਸਲਹ ।5ਪਰਮੇਸ਼ੁਰ ਲਲਕਾਰ ਨਾਲ ਉੱਪਰ ਚੜ੍ਹ ਗਿਆ ਹੈ, ਯਹੋਵਾਹ ਨਰਸਿੰਗੇ ਦੀ ਅਵਾਜ਼ ਨਾਲ ।
6ਪਰਮੇਸ਼ੁਰ ਦਾ ਭਜਨ ਗਾਓ, ਅਰਾਧਨਾ ਕਰੋ, ਸਾਡੇ ਪਾਤਸ਼ਾਹ ਦੇ ਗੁਣ ਗਾਓ, ਗੁਣ ਗਾਓ !7ਪਰਮੇਸ਼ੁਰ ਸਾਰੇ ਜਗਤ ਦਾ ਪਾਤਸ਼ਾਹ ਜੋ ਹੈ, ਸੁਰ ਤਾਲ ਨਾਲ ਅਰਾਧਨਾ ਕਰੋ !
8ਪਰਮੇਸ਼ੁਰ ਪਰਾਈਆਂ ਕੌਮਾਂ ਉੱਤੇ ਰਾਜ ਕਰਦਾ ਹੈ, ਪਰਮੇਸ਼ੁਰ ਆਪਣੇ ਪਵਿੱਤਰ ਸਿੰਘਾਸਣ ਉੱਤੇ ਬੈਠਾ ਹੈ ।9ਕੌਮਾਂ ਦੇ ਪਤਵੰਤ ਇਕੱਠੇ ਹੋਏ ਹਨ, ਕਿ ਉਹ ਅਬਰਾਹਾਮ ਦੇ ਪਰਮੇਸ਼ੁਰ ਦੀ ਪਰਜਾ ਹੋਣ । ਧਰਤੀ ਦੀਆਂ ਢਾਲਾਂ ਪਰਮੇਸ਼ੁਰ ਦੀਆਂ ਹਨ, ਉਹ ਅੱਤ ਮਹਾਨ ਹੈ !

48
ਪਰਮੇਸ਼ੁਰ ਦਾ ਨਗਰ ਸਿਯੋਨ
ਗੀਤ । ਭਜਨ । ਕੋਰਹ ਵੰਸੀਆਂ ਦਾ

1ਯਹੋਵਾਹ ਮਹਾਨ ਹੈ ਅਤੇ ਅੱਤ ਉਸਤਤ ਦੇ ਜੋਗ ਹੈ, ਸਾਡੇ ਪਰਮੇਸ਼ੁਰ ਦੇ ਨਗਰ ਵਿੱਚ ਉਹ ਦੇ ਪਹਾੜ ਉੱਤੇ !2ਉੱਚਿਆਈ ਕਰਕੇ ਸੁੰਦਰ, ਸਾਰੀ ਧਰਤੀ ਦੀ ਖੁਸ਼ੀ, ਸੀਯੋਨ ਪਰਬਤ ਹੈ ਜਿਹੜਾ ਉੱਤਰ ਦੀ ਵੱਲ ਮਹਾਰਾਜਾ ਦਾ ਸ਼ਹਿਰ ਹੈ ।3ਪਰਮੇਸ਼ੁਰ ਨੇ ਉਹ ਦੇ ਮਹਿਲਾਂ ਵਿੱਚ ਇੱਕ ਉੱਚਾ ਗੜ੍ਹ ਹੋ ਕੇ ਆਪਣੇ ਆਪ ਨੂੰ ਪਰਗਟ ਕੀਤਾ ।

4ਤਾਂ ਵੇਖੋ, ਰਾਜੇ ਇਕੱਠੇ ਹੋ ਗਏ, ਓਹ ਮਿਲ ਕੇ ਲੰਘ ਗਏ ।5ਉਨ੍ਹਾਂ ਨੇ ਉਹ ਨੂੰ ਡਿੱਠਾ, ਫੇਰ ਦੰਗ ਰਹਿ ਗਏ, ਵਿਆਕੁਲ ਹੋ ਕੇ ਉਹ ਉੱਠ ਭੱਜੇ !6ਉੱਥੇ ਕੰਬਣੀ ਨੇ ਉਨ੍ਹਾਂ ਨੂੰ ਫੜ ਲਿਆ, ਅਤੇ ਜੱਚਾ ਵਾਲੀਆਂ ਪੀੜਾਂ ਉਨ੍ਹਾਂ ਨੂੰ ਲੱਗੀਆਂ ।
7ਤੂੰ ਪੁਰੇ ਦੀ ਹਵਾ ਨਾਲ ਤਰਸ਼ੀਸ਼ ਦੇ ਜਹਾਜਾਂ ਨੂੰ ਭੰਨ ਸੁੱਟਦਾ ਹੈਂ ।8ਜਿਵੇਂ ਅਸੀਂ ਸੁਣਿਆ ਹੈ ਤਿਵੇਂ ਸੈਨਾਂ ਦੇ ਯਹੋਵਾਹ ਦੇ ਸ਼ਹਿਰ ਵਿੱਚ, ਸਾਡੇ ਪਰਮੇਸ਼ੁਰ ਦੇ ਸ਼ਹਿਰ ਵਿੱਚ ਅਸੀਂ ਵੇਖਿਆ ਵੀ ਹੈ । ਪਰਮੇਸ਼ੁਰ ਉਹ ਨੂੰ ਸਦਾ ਤੱਕ ਕਾਇਮ ਰੱਖੇਗਾ । ਸਲਹ ।
9ਹੇ ਪਰਮੇਸ਼ੁਰ, ਅਸੀਂ ਤੇਰੀ ਹੈਕਲ ਦੇ ਵਿੱਚ ਤੇਰੀ ਦਯਾ ਉੱਤੇ ਵਿਚਾਰ ਕੀਤਾ ਹੈ ।10ਹੇ ਪਰਮੇਸ਼ੁਰ, ਜਿਵੇਂ ਤੇਰਾ ਨਾਮ, ਤਿਵੇਂ ਤੇਰੀ ਉਸਤਤ ਧਰਤੀ ਦੇ ਬੰਨਿਆਂ ਤੱਕ ਹੈ, ਤੇਰਾ ਸੱਜਾ ਹੱਥ ਧਰਮ ਨਾਲ ਭਰਿਆ ਹੋਇਆ ਹੈ ।
11ਤੇਰੇ ਨਿਆਵਾਂ ਦੇ ਕਾਰਨ ਸੀਯੋਨ ਪਰਬਤ ਅਨੰਦ ਹੋਵੇ, ਯਹੂਦਾਹ ਦੀਆਂ ਧੀਆਂ ਖੁਸ਼ੀਆਂ ਮਨਾਉਣ !
12ਸੀਯੋਨ ਦੇ ਚੁਫ਼ੇਰੇ ਫਿਰੋ ਅਤੇ ਉਹ ਦੀ ਪਰਦੱਖਣਾ ਕਰੋ, ਉਹ ਦੇ ਬੁਰਜਾਂ ਨੂੰ ਗਿਣੋ ।13ਉਹ ਦੇ ਸ਼ਹਿਰਪਨਾਹ ਨੂੰ ਦਿਲ ਲਾ ਕੇ ਵੇਖੋ, ਉਹ ਦੇ ਮਹਿਲਾਂ ਦੇ ਵਿੱਚ ਦੀ ਲੰਘੋ ਕਿ ਤੁਸੀਂ ਆਉਣ ਵਾਲੀ ਪੀੜ੍ਹੀ ਨੂੰ ਦੱਸ ਸਕੋ ।
14ਇਹੋ ਪਰਮੇਸ਼ੁਰ ਤਾਂ ਜੁੱਗੋ-ਜੁੱਗ ਸਾਡਾ ਪਰਮੇਸ਼ੁਰ ਹੈ, ਮੌਤ ਤੱਕ ਵੀ ਓਹੋ ਸਾਡਾ ਆਗੂ ਰਹੇਗਾ !

49
ਧਨ ਉੱਤੇ ਭਰੋਸਾ ਰੱਖਣ ਦੀ ਮੂਰਖਤਾ
ਪ੍ਰਧਾਨ ਵਜਾਉਣ ਵਾਲੇ ਦੇ ਲਈ ਕੋਰਹ ਵੰਸੀਆਂ ਦਾ ਭਜਨ

1ਹੇ ਸਾਰੇ ਲੋਕੋ, ਇਹ ਸੁਣੋ, ਹੇ ਜਗਤ ਦੇ ਸਾਰੇ ਵਾਸੀਓ ਕੰਨ ਲਾਓ !2ਕੀ ਊਚ, ਕੀ ਨੀਚ, ਧਨੀ ਅਤੇ ਕੰਗਾਲ ਇਕੱਠੇ ।

3ਮੇਰੇ ਮੂੰਹ ਵਿਚੋਂ ਬੁੱਧ ਦੀਆਂ ਗੱਲਾਂ ਨਿੱਕਲਣਗੀਆਂ, ਅਤੇ ਮੇਰੇ ਮਨ ਦਾ ਵਿਚਾਰ ਗਿਆਨ ਦਾ ਹੋਵੇਗਾ ।4ਮੈਂ ਆਪਣੇ ਕੰਨ ਦਰਿਸ਼ਟਾਂਤ ਵੱਲ ਲਾਵਾਂਗਾ, ਮੈਂ ਬਰਬਤ ਨਾਲ ਆਪਣਾ ਭੇਤ ਖੋਲਾਂਗਾ ।5ਬੁਰੇ ਦਿਨਾਂ ਵਿੱਚ ਮੈਂ ਕਿਉਂ ਡਰਾਂ, ਜਦ ਧੋਖੇਬਾਜ਼ਾਂ ਦੀ ਬਦੀ ਮੈਨੂੰ ਘੇਰ ਲੈਂਦੀ ਹੈ ?
6ਜਿਹੜੇ ਆਪਣੀ ਮਾਇਆ ਉੱਤੇ ਭਰੋਸਾ ਰੱਖਦੇ ਹਨ, ਅਤੇ ਆਪਣੇ ਧਨ ਦੀ ਬੁਹਤਾਇਤ ਉੱਤੇ ਫੁੱਲਦੇ ਹਨ,7ਉਨ੍ਹਾਂ ਵਿਚੋਂ ਕੋਈ ਆਪਣੇ ਭਰਾ ਦਾ ਛੁਟਕਾਰਾ ਕਰ ਨਹੀਂ ਸਕਦਾ, ਨਾ ਪਰਮੇਸ਼ੁਰ ਨੂੰ ਉਹ ਦੇ ਬਦਲੇ ਪਰਾਸਚਿਤ ਦੇ ਸਕਦਾ ਹੈ,8ਕਿਉਂ ਜੋ ਉਨ੍ਹਾਂ ਦੀ ਜਾਨ ਦਾ ਛੁਟਕਾਰਾ ਮਹਿੰਗਾ ਹੈ, ਅਤੇ ਉਹ ਸਦਾ ਤੱਕ ਅਸਾਧ ਹੈ,
9ਕਿ ਉਹ ਅਨੰਤ ਕਾਲ ਤੱਕ ਜਿਉਂਦਾ ਰਹੇ, ਅਤੇ ਕਬਰ ਨੂੰ ਨਾ ਵੇਖੇ ।10ਉਹ ਤਾਂ ਵੇਖਦਾ ਹੈ ਕਿ ਬੁੱਧਵਾਨ ਵੀ ਮਰਦੇ, ਅਤੇ ਮੂਰਖ ਅਤੇ ਖਚਰਾ ਦੋਵੇਂ ਨਸ਼ਟ ਹੋ ਜਾਂਦੇ ਹਨ, ਅਤੇ ਆਪਣੀ ਮਾਇਆ ਹੋਰਨਾਂ ਲਈ ਛੱਡ ਜਾਂਦੇ ਹਨ ।
11ਉਨ੍ਹਾਂ ਦੇ ਅੰਦਰ ਇਹ ਭੁਲੇਖਾ ਹੈ ਕਿ ਸਾਡੇ ਘਰ ਸਦਾ ਤੱਕ ਅਤੇ ਸਾਡੇ ਨਿਵਾਸ ਪੀੜ੍ਹੀਓ ਪੀੜ੍ਹੀ ਰਹਿਣਗੇ, ਓਹ ਆਪਣੀਆਂ ਭੂਮੀਆਂ ਉੱਤੇ ਆਪਣੇ ਨਾਮ ਰੱਖਦੇ ਹਨ ।
12ਪਰ ਆਦਮੀ ਆਦਰ ਵਿੱਚ ਨਹੀਂ ਟਿਕੇਗਾ, ਉਹ ਡੰਗਰਾਂ ਵਰਗੇ ਹਨ ਜਿਹੜੇ ਨਸ਼ਟ ਹੋ ਜਾਂਦੇ ਹਨ ।13ਉਨ੍ਹਾਂ ਦੀ ਇਹ ਚਾਲ ਉਨ੍ਹਾਂ ਦੀ ਮੂਰਖਤਾਈ ਹੈ, ਤਾਂ ਵੀ ਜਿਹੜੇ ਉਨ੍ਹਾਂ ਦੇ ਮਗਰ ਆਉਂਦੇ ਹਨ, ਓਹ ਉਨ੍ਹਾਂ ਦੀਆਂ ਗੱਲਾਂ ਨੂੰ ਪਸੰਦ ਕਰਦੇ ਹਨ । ਸਲਹ ।
14ਇੱਜੜ ਵਾਂਗੂੰ ਉਹ ਪਤਾਲ ਵਿੱਚ ਰੱਖੇ ਜਾਂਦੇ ਹਨ, ਮੌਤ ਉਨ੍ਹਾਂ ਦੀ ਅਯਾਲੀ ਹੋਵੇਗੀ, ਅਤੇ ਸਵੇਰ ਨੂੰ ਧਰਮੀ ਉਨ੍ਹਾਂ ਉੱਤੇ ਰਾਜ ਕਰਨਗੇ । ਉਨ੍ਹਾਂ ਦਾ ਰੂਪ ਪਤਾਲ ਵਿੱਚ ਗਲ਼ ਜਾਵੇਗਾ, ਉਹ ਦਾ ਕੋਈ ਟਿਕਾਣਾ ਨਾ ਰਹੇਗਾ ।15ਪਰੰਤੂ ਪਰਮੇਸ਼ੁਰ ਮੇਰੀ ਜਾਨ ਨੂੰ ਪਤਾਲ ਦੇ ਵੱਸ ਤੋਂ ਛੁਟਕਾਰਾ ਦੇਵੇਗਾ, ਕਿਉਂ ਜੋ ਉਹ ਮੈਨੂੰ ਕਬੂਲ ਕਰੇਗਾ । ਸਲਹ ।
16ਤੂੰ ਨਾ ਡਰ ਜਦ ਕੋਈ ਮਨੁੱਖ ਧਨੀ ਹੋ ਜਾਵੇ, ਜਦ ਉਹ ਦੇ ਘਰ ਦਾ ਪਰਤਾਪ ਵਧ ਜਾਵੇ,17ਕਿਉਂ ਜੋ ਉਹ ਮਰਨ ਦੇ ਵੇਲੇ ਕੁੱਝ ਵੀ ਨਾ ਲਈ ਜਾਵੇਗਾ, ਉਹ ਦਾ ਪਰਤਾਪ ਉਹ ਦੇ ਪਿੱਛੇ ਨਾ ਉੱਤਰੇਗਾ,
18ਭਾਵੇਂ ਉਹ ਆਪਣੇ ਜਿਉਂਦੇ ਜੀਅ ਆਪਣੀ ਜਾਨ ਨੂੰ ਮੁਬਾਰਕ ਆਖਦਾ, - ਜਦੋਂ ਤੂੰ ਆਪਣਾ ਭਲਾ ਕਰੇਂ ਤਾਂ ਲੋਕ ਤੈਨੂੰ ਸਲਾਹੁਣਗੇ, -19ਤਦ ਵੀ ਉਹ ਆਪਣੇ ਪਿਉ-ਦਾਦਿਆਂ ਦੀ ਪੀੜ੍ਹੀ ਵਿੱਚ ਜਾ ਰਲੇਗਾ, ਜਿਹੜੇ ਕਦੇ ਵੀ ਚਾਨਣ ਨਾ ਵੇਖਣਗੇ ।20ਜਿਹੜਾ ਆਦਮੀ ਆਦਰ ਵਿੱਚ ਹੈ ਪਰ ਸਮਝ ਨਹੀਂ ਰੱਖਦਾ, ਉਹ ਡੰਗਰਾਂ ਦੇ ਵਰਗਾ ਹੈ ਜਿਹੜੇ ਨਸ਼ਟ ਹੋ ਜਾਂਦੇ ਹਨ !

50
ਧਨ ਉੱਤੇ ਭਰੋਸਾ ਰੱਖਣ ਦੀ ਮੂਰਖਤਾ
ਪ੍ਰਧਾਨ ਵਜਾਉਣ ਵਾਲੇ ਦੇ ਲਈ ਕੋਰਹ ਵੰਸੀਆਂ ਦਾ ਭਜਨ

1ਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਬੋਲਿਆ ਹੈ, ਅਤੇ ਉਸ ਨੇ ਸੂਰਜ ਦੇ ਚੜਦੇ ਤੋਂ ਉਹ ਦੇ ਲਹਿੰਦੇ ਤੱਕ ਧਰਤੀ ਨੂੰ ਸੱਦਿਆ ਹੈ ।2ਸੀਯੋਨ ਵਿੱਚ ਜਿਹੜਾ ਸੁਹੱਪਣ ਦਾ ਪੂਰਾ ਹੈ, ਪਰਮੇਸ਼ੁਰ ਚਮਕਿਆ ।

3ਸਾਡਾ ਪਰਮੇਸ਼ੁਰ ਆਵੇ ਅਤੇ ਚੁੱਪ ਨਾ ਰਹੇ, ਅੱਗ ਉਸ ਦੇ ਅੱਗੇ-ਅੱਗੇ ਭਸਮ ਕਰਦੀ ਹੈ, ਅਤੇ ਉਹ ਦੇ ਆਲੇ-ਦੁਆਲੇ ਅਨ੍ਹੇਰੀ ਜ਼ੋਰ ਨਾਲ ਵਗਦੀ ਹੈ !4ਉਹ ਅਕਾਸ਼ ਨੂੰ ਉਤਾਹਾਂ ਪੁਕਾਰਦਾ ਹੈ, ਅਤੇ ਧਰਤੀ ਨੂੰ ਵੀ, ਕਿ ਉਹ ਆਪਣੀ ਪਰਜਾ ਦਾ ਨਿਆਂ ਕਰੇ ।5ਮੇਰੇ ਸੰਤਾਂ ਨੂੰ ਮੇਰੇ ਕੋਲ ਇਕੱਠਿਆਂ ਕਰੋ, ਜਿਨ੍ਹਾਂ ਮੇਰੇ ਨਾਲ ਬਲੀਦਾਨ ਦੇ ਰਾਹੀਂ ਨੇਮ ਬੰਨ੍ਹਿਆ ਹੈ ।
6ਸਵਰਗ ਉਹ ਦੇ ਧਰਮ ਦਾ ਪਰਚਾਰ ਕਰਦੇ ਹਨ, ਕਿਉਂ ਜੋ ਪਰਮੇਸ਼ੁਰ ਆਪ ਹੀ ਨਿਆਈਂ ਹੈ । ਸਲਹ ।
7ਹੇ ਮੇਰੀ ਪਰਜਾ, ਸੁਣ ਅਤੇ ਮੈਂ ਬੋਲਾਂਗਾ, ਹੇ ਇਸਰਾਏਲ, ਮੈਂ ਤੇਰੇ ਉੱਤੇ ਸਾਖੀ ਦਿਆਂਗਾ । ਪਰਮੇਸ਼ੁਰ, ਤੇਰਾ ਪਰਮੇਸ਼ੁਰ, ਮੈਂ ਹੀ ਹਾਂ !8ਮੈਂ ਤੇਰੇ ਬਲੀਦਾਨਾਂ ਦੇ ਕਾਰਨ ਤੈਨੂੰ ਨਹੀਂ ਝਿੜਕਾਂਗਾ, ਅਤੇ ਤੇਰੀਆਂ ਹੋਮ ਬਲੀਆਂ ਹਰ ਵੇਲੇ ਮੇਰੇ ਸਾਹਮਣੇ ਹਨ ।
9ਮੈਂ ਨਾ ਤੇਰੇ ਘਰ ਤੋਂ ਬਲਦ, ਨਾ ਤੇਰੇ ਵਾੜਿਆਂ ਤੋਂ ਬੱਕਰੇ ਲਵਾਂਗਾ,10ਕਿਉਂ ਜੋ ਜੰਗਲ ਦੇ ਸਾਰੇ ਦਰਿੰਦੇ ਮੇਰੇ ਹਨ, ਨਾਲੇ ਹਜ਼ਾਰਾਂ ਪਹਾੜਾਂ ਦੇ ਡੰਗਰ ।11ਪਹਾੜਾਂ ਦੇ ਸਾਰੇ ਪੰਖੇਰੂਆਂ ਨੂੰ ਮੈਂ ਜਾਣਦਾ ਹਾਂ, ਅਤੇ ਮੈਦਾਨ ਦੇ ਜਾਨਵਰ ਮੇਰੇ ਹਨ ।
12ਮੈਂ ਜੇ ਭੁੱਖਾ ਹੁੰਦਾ ਤਾਂ ਤੈਨੂੰ ਨਾ ਆਖਦਾ, ਕਿਉਂ ਜੋ ਜਗਤ ਅਤੇ ਉਹ ਦੀ ਭਰਪੂਰੀ ਮੇਰੀ ਹੈ ।13ਭਲਾ, ਮੈਂ ਸਾਨ੍ਹਾਂ ਦਾ ਮਾਸ ਖਾਵਾਂ ? ਜਾਂ ਬੱਕਰਿਆਂ ਦੀ ਰੱਤ ਪੀਵਾਂ ?
14ਪਰਮੇਸ਼ੁਰ ਨੂੰ ਧੰਨਵਾਦ ਹੀ ਦਾ ਬਲੀਦਾਨ ਚੜ੍ਹਾ, ਅਤੇ ਅੱਤ ਮਹਾਨ ਦੇ ਅੱਗੇ ਆਪਣੀਆਂ ਸੁੱਖਣਾਂ ਨੂੰ ਪੂਰੀਆਂ ਕਰ,15ਤਾਂ ਦੁੱਖਾਂ ਦੇ ਦਿਨ ਮੈਨੂੰ ਪੁਕਾਰ, ਮੈਂ ਤੈਨੂੰ ਛੁਡਾਵਾਂਗਾ ਅਤੇ ਤੂੰ ਮੇਰੀ ਵਡਿਆਈ ਕਰੇਂਗਾ ।
16ਪਰ ਦੁਸ਼ਟ ਨੂੰ ਪਰਮੇਸ਼ੁਰ ਇਉਂ ਆਖਦਾ ਹੈ, ਤੇਰਾ ਕੀ ਹੱਕ ਹੈ ਜੋ ਮੇਰੀਆਂ ਬਿਧੀਆਂ ਨੂੰ ਸੁਣਾਵੇਂ, ਅਤੇ ਤੂੰ ਕਿਉਂ ਆਪਣੇ ਮੂੰਹ ਵਿੱਚ ਮੇਰਾ ਨੇਮ ਲਿਆ ਹੋਇਆ ਹੈ ?17ਜਦੋਂ ਤੈਨੂੰ ਤਾੜਨਾ ਬੁਰਾ ਲੱਗਦਾ ਹੈ, ਅਤੇ ਤੂੰ ਮੇਰੇ ਬਚਨਾਂ ਨੂੰ ਆਪਣੇ ਪਿੱਛੇ ਸੁੱਟਦਾ ਹੈਂ ?
18ਜਦ ਤੂੰ ਚੋਰ ਨੂੰ ਵੇਖਿਆ ਤਾਂ ਤੂੰ ਉਹ ਦੇ ਨਾਲ ਰਲ ਗਿਆ, ਅਤੇ ਵਿਭਚਾਰੀਆਂ ਦਾ ਸਾਂਝੀ ਹੋਇਆ !19ਤੂੰ ਆਪਣੇ ਮੂੰਹ ਨੂੰ ਬੁਰਿਆਈ ਲਈ ਖੋਲਿਆ ਹੈ, ਅਤੇ ਤੇਰੀ ਰਸਨਾ ਧੋਖਾ ਘੜਦੀ ਹੈ ।20ਤੂੰ ਬਹਿ ਕੇ ਆਪਣੇ ਭਰਾ ਦੇ ਵਿਰੁੱਧ ਬੋਲਦਾ ਹੈਂ, ਆਪਣੇ ਸਕੇ ਭਰਾ ਦੀ ਨਿੰਦਿਆ ਕਰਦਾ ਹੈਂ ।
21ਤੂੰ ਇਹ ਕੰਮ ਕਿਤੇ ਅਤੇ ਮੈਂ ਚੁੱਪ ਵੱਟ ਛੱਡੀ, ਤੂੰ ਸਮਝਿਆ ਪਰਮੇਸ਼ੁਰ ਵੀ ਠੀਕ ਮੇਰੇ ਵਰਗਾ ਹੈ, ਪਰ ਮੈਂ ਤੈਨੂੰ ਝਿੜਕਾਂਗਾ ਅਤੇ ਤੇਰੀਆਂ ਅੱਖੀਆਂ ਦੇ ਸਾਹਮਣੇ ਤੇਰਾ ਦਾਵਾ ਪੇਸ਼ ਕਰਾਂਗਾ ।22ਹੁਣ ਤੁਸੀਂ ਜਿਹੜੇ ਪਰਮੇਸ਼ੁਰ ਨੂੰ ਵਿਸਾਰਦੇ ਹੋ ਇਸ ਗੱਲ ਨੂੰ ਸੋਚੋ, ਕਿਤੇ ਅਜਿਹਾ ਨਾ ਹੋਵੇ ਜੋ ਮੈਂ ਤੁਹਾਨੂੰ ਪਾੜ ਸੁੱਟਾਂ, ਅਤੇ ਤੁਹਾਡਾ ਕੋਈ ਛੁਡਾਉਣ ਵਾਲਾ ਨਾ ਹੋਵੇ ।
23ਜਿਹੜਾ ਧੰਨਵਾਦ ਦਾ ਬਲੀਦਾਨ ਚੜਾਉਂਦਾ ਹੈ, ਉਹ ਮੇਰੀ ਵਡਿਆਈ ਕਰਦਾ ਹੈ, ਅਤੇ ਜਿਹੜਾ ਆਪਣੀ ਚਾਲ ਸੁਧਾਰਦਾ ਹੈ, ਮੈਂ ਉਹ ਨੂੰ ਪਰਮੇਸ਼ੁਰ ਦੀ ਮੁਕਤੀ ਵਿਖਾਵਾਂਗਾ ।

51
ਪਾਪ ਦੀ ਮਾਫ਼ੀ ਲਈ ਪ੍ਰਾਰਥਨਾ
ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਭਜਨ, ਜਦੋਂ ਨਾਥਾਨ ਨਬੀ ਉਸ ਦੇ ਕੋਲ ਇਸ ਲਈ ਆਇਆ ਕਿ ਉਹ ਬਥਸ਼ਬਾ ਦੇ ਕੋਲ ਗਿਆ ਸੀ

1ਹੇ ਪਰਮੇਸ਼ੁਰ, ਆਪਣੀ ਕਿਰਪਾ ਦੇ ਅਨੁਸਾਰ ਮੇਰੇ ਉੱਤੇ ਦਯਾ ਕਰ, ਆਪਣੀਆਂ ਰਹਿਮਤਾਂ ਦੇ ਅਨੁਸਾਰ ਮੇਰੇ ਅਪਰਾਧ ਮਿਟਾ ਦੇ !2ਮੇਰੀ ਬਦੀ ਤੋਂ ਮੈਨੂੰ ਚੰਗੀ ਤਰਾਂ ਧੋ, ਅਤੇ ਮੇਰੇ ਪਾਪ ਤੋਂ ਮੈਨੂੰ ਸ਼ੁੱਧ ਕਰ,

3ਕਿਉਂ ਜੋ ਮੈਂ ਆਪਣੇ ਅਪਰਾਧ ਜਾਣਦਾ ਹਾਂ, ਅਤੇ ਮੇਰਾ ਪਾਪ ਸਦਾ ਮੇਰੇ ਸਾਹਮਣੇ ਹੈ ।4ਮੈਂ ਤੇਰਾ, ਹਾਂ, ਤੇਰਾ ਹੀ ਪਾਪ ਕੀਤਾ, ਅਤੇ ਤੇਰੀ ਨਿਗਾਹ ਵਿੱਚ ਇਹ ਬੁਰਿਆਈ ਕੀਤੀ, ਤਾਂ ਜੋ ਤੂੰ ਆਪਣੇ ਫੈਸਲੇ ਵਿੱਚ ਧਰਮੀ ਠਹਿਰੇਂ, ਅਤੇ ਆਪਣੇ ਨਿਆਂ ਵਿੱਚ ਤੂੰ ਸਾਫ਼ ਨਿੱਕਲੇਂ ।
5ਵੇਖ, ਮੈਂ ਬਦੀ ਵਿੱਚ ਜੰਮਿਆ, ਅਤੇ ਪਾਪ ਵਿੱਚ ਮੇਰੀ ਮਾਤਾ ਨੇ ਮੈਨੂੰ ਕੁੱਖ ਵਿੱਚ ਲਿਆ ।6ਵੇਖ, ਤੂੰ ਅੰਦਰਲੀ ਸਚਿਆਈ ਚਾਹੁੰਦਾ ਹੈਂ, ਅਤੇ ਗੁਪਤ ਮਨ ਵਿੱਚ ਮੈਨੂੰ ਬੁੱਧੀ ਸਿਖਾਵੇਂਗਾ ।
7ਜ਼ੂਫ਼ੇ ਨਾਲ ਮੈਨੂੰ ਪਾਕ ਕਰ ਤਾਂ ਮੈਂ ਸ਼ੁੱਧ ਹੋ ਜਾਂਵਾਂਗਾ, ਮੈਨੂੰ ਧੋ, ਤਾਂ ਮੈਂ ਬਰਫ਼ ਨਾਲੋਂ ਵੀ ਚਿੱਟਾ ਹੋ ਜਾਂਵਾਂਗਾ ।8ਮੈਨੂੰ ਖੁਸ਼ੀ ਅਤੇ ਅਨੰਦ ਸੁਣਾ, ਤਾਂ ਜੋ ਓਹ ਹੱਡੀਆਂ ਜਿਨ੍ਹਾਂ ਨੂੰ ਤੂੰ ਤੋੜ ਦਿੱਤਾ ਅਨੰਦ ਹੋਣ ।9ਮੇਰਿਆਂ ਪਾਪਾਂ ਵੱਲੋਂ ਮੂੰਹ ਫੇਰ ਲੈ, ਅਤੇ ਮੇਰੀਆਂ ਸਾਰੀਆਂ ਬਦੀਆਂ ਨੂੰ ਮਿਟਾ ਦੇ !
10ਹੇ ਪਰਮੇਸ਼ੁਰ, ਮੇਰੇ ਲਈ ਇੱਕ ਪਾਕ ਮਨ ਉਤਪਨ ਕਰ, ਅਤੇ ਮੇਰੇ ਅੰਦਰ ਨਵੇਂ ਸਿਰੇ ਤੋਂ ਸਥਿਰ ਆਤਮਾ ਵੀ ।11ਮੈਨੂੰ ਆਪਣੇ ਹਜੂਰੋਂ ਨਾ ਧੱਕ, ਅਤੇ ਆਪਣਾ ਪਵਿੱਤਰ ਆਤਮਾ ਮੈਥੋਂ ਨਾ ਲੈ !
12ਆਪਣੀ ਮੁਕਤੀ ਦੀ ਖੁਸ਼ੀ ਮੈਨੂੰ ਮੋੜ ਦੇ, ਅਤੇ ਆਪਣੇ ਪਰਮ ਆਤਮਾ ਨਾਲ ਮੈਨੂੰ ਸੰਭਾਲ ।13ਤਦ ਮੈਂ ਅਪਰਾਧੀਆਂ ਨੂੰ ਤੇਰੇ ਰਾਹ ਸਿਖਾਵਾਂਗਾ, ਅਤੇ ਪਾਪੀ ਤੇਰੇ ਵੱਲ ਮੁੜਨਗੇ ।
14ਹੇ ਪਰਮੇਸ਼ੁਰ, ਮੇਰੀ ਮੁਕਤੀ ਦੇ ਪਰਮੇਸ਼ੁਰ, ਮੈਨੂੰ ਖੂਨ ਦੇ ਦੋਸ਼ ਤੋਂ ਛੁਡਾ, ਤਾਂ ਮੇਰੀ ਜੀਭ ਤੇਰੇ ਧਰਮ ਦਾ ਜੈ-ਜੈ ਕਾਰ ਕਰੇਗੀ ।15ਹੇ ਪ੍ਰਭੂ, ਮੇਰੇ ਬੁੱਲਾਂ ਨੂੰ ਖੋਲ ਦੇ, ਤਾਂ ਮੇਰਾ ਮੂੰਹ ਤੇਰੀ ਉਸਤਤ ਸੁਣਾਵੇਗਾ ।16ਤੂੰ ਤਾਂ ਬਲੀਦਾਨ ਨਾਲ ਪਰਸੰਨ ਨਹੀਂ ਹੁੰਦਾ, ਨਹੀਂ ਤਾਂ ਮੈਂ ਉਹ ਦਿੰਦਾ, ਹੋਮ ਬਲੀ ਤੋਂ ਤੂੰ ਖੁਸ਼ ਨਹੀਂ ਹੁੰਦਾ ।
17ਪਰਮੇਸ਼ੁਰ ਦਾ ਬਲੀਦਾਨ ਟੁੱਟਾ ਹੋਇਆ ਆਤਮਾ ਹੈ, ਹੇ ਪਰਮੇਸ਼ੁਰ, ਟੁੱਟੇ ਅਤੇ ਕੁਚਲੇ ਹੋਏ ਮਨ ਨੂੰ ਤੂੰ ਤੁੱਛ ਨਾ ਜਾਣੇਗਾ ।18ਆਪਣੀ ਕਿਰਪਾ ਨਾਲ ਸੀਯੋਨ ਦਾ ਭਲਾ ਕਰ, ਅਤੇ ਯਰੂਸ਼ਲਮ ਦੀਆਂ ਹੱਦਾਂ ਨੂੰ ਬਣਾ ਦੇ ।19ਤਦ ਤੂੰ ਧਰਮ ਦੇ ਬਲੀਦਾਨਾਂ ਵਿੱਚ ਪਰਸੰਨ ਹੋਵੇਂਗਾ, ਅਰਥਾਤ ਹੋਮ ਅਤੇ ਪੂਰੀ ਹੋਮ ਬਲੀ ਵਿੱਚ, ਤਦ ਓਹ ਤੇਰੀ ਜਗਵੇਦੀ ਉੱਤੇ ਬਲਦ ਚੜ੍ਹਾਉਣਗੇ ।

52
ਪਰਮੇਸ਼ੁਰ ਦਾ ਨਿਆਂ ਅਤੇ ਕਿਰਪਾ
ਪ੍ਰਧਾਨ ਵਜਾਉਣ ਵਾਲੇ ਦੇ ਲਈ ਮਸ਼ਕੀਲ ਉੱਤੇ ਦਾਊਦ ਦਾ ਭਜਨ ਜਦੋਂ ਦੋਏਗ ਅਦੋਮੀ ਨੇ ਸ਼ਾਊਲ ਨੂੰ ਦੱਸਿਆ ਕਿ ਦਾਊਦ ਅਭੀਮਲਕ ਦੇ ਘਰ ਗਿਆ ਹੈ

1ਹੇ ਸੂਰਬੀਰ, ਤੂੰ ਬੁਰਿਆਈ ਉੱਤੇ ਕਿਉਂ ਫੁੱਲਦਾ ਹੈਂ ? ਪਰਮੇਸ਼ੁਰ ਦੀ ਦਯਾ ਨਿੱਤ ਰਹਿੰਦੀ ਹੈ ।2ਹੇ ਛਲੀਏ, ਤੇਰੀ ਜੀਭ ਬੁਰਿਆਈ ਦੀਆਂ ਯੋਜਨਾਵਾਂ ਤਿੱਖੇ ਉਸਤਰੇ ਵਾਂਗੂੰ ਕਰਦੀ ਹੈ !

3ਤੂੰ ਬੁਰਿਆਈ ਨੂੰ ਭਲਿਆਈ ਨਾਲੋਂ, ਅਤੇ ਝੂਠ ਬੋਲਣ ਨੂੰ ਸੱਚ ਬੋਲਣ ਨਾਲੋਂ ਵਧੇਰੇ ਪ੍ਰੇਮ ਰੱਖਦਾ ਹੈਂ । ਸਲਹ ।
4ਹੇ ਛਲ ਵਾਲੀ ਜੀਭ, ਤੂੰ ਸਾਰੀਆਂ ਹਲਾਕ ਕਰਨ ਵਾਲਿਆਂ ਗੱਲਾਂ ਨਾਲ ਪ੍ਰੀਤ ਰੱਖਦੀ ਹੈਂ !5ਪਰਮੇਸ਼ੁਰ ਵੀ ਤੈਨੂੰ ਸਦਾ ਲਈ ਕੱਢ ਸੁੱਟੇਗਾ, ਉਹ ਤੈਨੂੰ ਫੜ੍ਹ ਕੇ ਤੇਰੇ ਤੰਬੂ ਵਿਚੋਂ ਉਖੇੜ ਛੱਡੇਗਾ, ਅਤੇ ਜੀਉਣ ਦੀ ਧਰਤੀ ਵਿਚੋਂ ਤੇਰੀ ਜੜ੍ਹ ਪੁੱਟ ਦੇਵੇਗਾ ! ਸਲਹ ।
6ਧਰਮੀ ਵੀ ਵੇਖਣਗੇ ਅਤੇ ਡਰਨਗੇ, ਅਤੇ ਉਸ ਉੱਤੇ ਹੱਸਣਗੇ,7ਵੇਖੋ, ਏਹ ਓਹੋ ਮਨੁੱਖ ਹੈ ਜਿਸ ਨੇ ਪਰਮੇਸ਼ੁਰ ਨੂੰ ਆਪਣਾ ਗੜ੍ਹ ਨਹੀਂ ਮੰਨਿਆ ਸੀ, ਸਗੋਂ ਆਪਣੇ ਧਨ ਦੀ ਬਹੁਤਾਇਤ ਉੱਤੇ ਭਰੋਸਾ ਰੱਖਦਾ ਸੀ, ਅਤੇ ਆਪਣੇ ਲੋਭ ਵਿੱਚ ਪੱਕਾ ਸੀ !
8ਪਰ ਮੈਂ ਤਾਂ ਪਰਮੇਸ਼ੁਰ ਦੇ ਘਰ ਵਿੱਚ ਜੈਤੂਨ ਦੇ ਹਰੇ ਭਰੇ ਰੁੱਖ ਵਰਗਾ ਹਾਂ, ਮੈਂ ਪਰਮੇਸ਼ੁਰ ਦੀ ਦਯਾ ਉੱਤੇ ਸਦਾ ਹੀ ਭਰੋਸਾ ਰੱਖਿਆ ਹੈ ।9ਮੈਂ ਸਦਾ ਤੇਰਾ ਧੰਨਵਾਦ ਕਰਾਂਗਾ, ਕਿਉਂ ਜੋ ਤੂੰ ਇਹ ਕੀਤਾ ਹੈ, ਅਤੇ ਮੈਂ ਤੇਰੇ ਨਾਮ ਦੀ ਉਡੀਕ ਰੱਖਾਂਗਾ, ਕਿਉਂ ਜੋ ਤੇਰੇ ਸੰਤਾਂ ਦੇ ਅੱਗੇ ਉਹ ਭਲਾ ਹੈ ।

53
ਮਨੁੱਖ ਦੀ ਮੂਰਖਤਾ ਅਤੇ ਦੁਸ਼ਟਤਾ
(ਜ਼ਬੂਰ 14)
ਪ੍ਰਧਾਨ ਵਜਾਉਣ ਵਾਲੇ ਦੇ ਲਈ ਮਲਹਲ ਦੇ ਰਾਗ ਉੱਤੇ ਦਾਊਦ ਦਾ ਭਜਨ

1ਮੂਰਖ ਨੇ ਆਪਣੇ ਮਨ ਵਿੱਚ ਆਖਿਆ ਕਿ ਪਰਮੇਸ਼ੁਰ ਹੈ ਹੀ ਨਹੀਂ ! ਓਹ ਵਿਗੜ ਗਏ ਹਨ, ਉਨ੍ਹਾਂ ਨੇ ਘਿਣਾਉਣੇ ਕੰਮ ਕੀਤੇ ਹਨ, ਭਲਾ ਕਰਨ ਵਾਲਾ ਕੋਈ ਨਹੀਂ ।2ਪਰਮੇਸ਼ੁਰ ਨੇ ਸਵਰਗ ਉੱਤੋਂ ਆਦਮ ਵੰਸ ਉੱਤੇ ਦਰਿਸ਼ਟੀ ਕੀਤੀ, ਤਾਂ ਕਿ ਉਹ ਵੇਖੇ ਕੋਈ ਬੁੱਧਵਾਨ ਪਰਮੇਸ਼ੁਰ ਦਾ ਖੋਜੀ ਹੈ ਜਾਂ ਨਹੀਂ ?3ਓਹ ਸੱਭੇ ਕੁਰਾਹੇ ਪੈ ਗਏ ਹਨ, ਓਹ ਸਭ ਦੇ ਸਭ ਫਿਰ ਗਏ ਹਨ, ਕੋਈ ਭਲਾ ਕਰਨ ਵਾਲਾ ਨਹੀਂ, ਇੱਕ ਵੀ ਨਹੀਂ !

4ਭਲਾ, ਇਹ ਕੁਕਰਮੀ ਸਮਝ ਨਹੀਂ ਰੱਖਦੇ, ਜਿਹੜੇ ਮੇਰੀ ਪਰਜਾ ਨੂੰ ਖਾਂਦੇ ਜਿਵੇਂ ਰੋਟੀ ਖਾਂਦੇ ਹਨ, ਅਤੇ ਪਰਮੇਸ਼ੁਰ ਦਾ ਨਾਮ ਨਹੀਂ ਲੈਂਦੇ ?5ਉਨ੍ਹਾਂ ਨੇ ਉੱਥੇ ਵੱਡਾ ਭੈ ਖਾਧਾ ਜਿੱਥੇ ਕੋਈ ਭੈ ਨਹੀਂ ਸੀ, ਕਿਉਂ ਜੋ ਪਰਮੇਸ਼ੁਰ ਨੇ ਉਨ੍ਹਾਂ ਦੀਆਂ ਹੱਡੀਆਂ ਨੂੰ ਖਿੰਡਾ ਦਿੱਤਾ ਹੈ, ਜਿਹੜੇ ਤੇਰੇ ਵਿਰੁੱਧ ਛਾਉਣੀ ਪਾਈ ਬੈਠੇ ਸਨ, ਤੂੰ ਉਨ੍ਹਾਂ ਨੂੰ ਸ਼ਰਮਿੰਦਿਆਂ ਕੀਤਾ ਹੈ, ਕਿਉਂ ਜੋ ਪਰਮੇਸ਼ੁਰ ਨੇ ਉਨ੍ਹਾਂ ਨੂੰ ਤਿਆਗ ਦਿੱਤਾ ਹੈ ।
6ਕਾਸ਼ ਕਿ ਇਸਰਾਏਲ ਦਾ ਬਚਾਓ ਸੀਯੋਨ ਤੋਂ ਨਿੱਕਲੇ ! ਜਦ ਪਰਮੇਸ਼ੁਰ ਆਪਣੀ ਪਰਜਾ ਨੂੰ ਗ਼ੁਲਾਮੀ ਤੋਂ ਮੋੜ ਲਿਆਵੇਗਾ, ਤਦ ਯਾਕੂਬ ਬਾਗ ਬਾਗ ਅਤੇ ਇਸਰਾਏਲ ਅਨੰਦ ਹੋਵੇਗਾ ।

54
ਵੈਰੀਆਂ ਤੋਂ ਰੱਖਿਆ ਲਈ ਪ੍ਰਾਰਥਨਾ
ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਤਾਰ ਵਾਲੇ ਵਾਜਿਆਂ ਨਾਲ ਭਜਨ, ਜਦੋਂ ਜਿਫੀਆਂ ਨੇ ਆ ਕੇ ਸ਼ਾਊਲ ਨੂੰ ਕਿਹਾ, "ਕੀ ਦਾਊਦ ਸਾਡੇ ਵਿੱਚ ਲੁਕਿਆ ਨਹੀਂ ਰਹਿੰਦਾ ? "

1ਹੇ ਪਰਮੇਸ਼ੁਰ, ਆਪਣੇ ਨਾਮ ਤੋਂ ਮੈਨੂੰ ਬਚਾ, ਅਤੇ ਆਪਣੀ ਸਮਰੱਥਾ ਨਾਲ ਮੇਰਾ ਨਿਆਂ ਕਰ !2ਹੇ ਪਰਮੇਸ਼ੁਰ, ਮੇਰੀ ਪ੍ਰਾਰਥਨਾ ਸੁਣ, ਅਤੇ ਮੇਰੇ ਮੂੰਹ ਦੀਆਂ ਗੱਲਾਂ ਉੱਤੇ ਕੰਨ ਲਾ,3ਕਿਉਂ ਜੋ ਓਪਰੇ ਮੇਰੇ ਵਿਰੁੱਧ ਉੱਠੇ ਹਨ, ਅਤੇ ਜ਼ਾਲਮ ਮੇਰੀ ਜਾਨ ਦੇ ਗਾਹਕ ਹੋਏ, ਉਨ੍ਹਾਂ ਨੇ ਪਰਮੇਸ਼ੁਰ ਨੂੰ ਆਪਣੇ ਸਨਮੁੱਖ ਨਹੀਂ ਰੱਖਿਆ । ਸਲਹ ।

4ਵੇਖੋ, ਪਰਮੇਸ਼ੁਰ ਮੇਰਾ ਸਹਾਇਕ ਹੈ, ਪ੍ਰਭੂ ਮੇਰੀ ਜਾਨ ਦੇ ਸੰਭਾਲੂਆਂ ਵਿਚੋਂ ਹੈ ।5ਇਹ ਬੁਰਿਆਈ ਮੇਰੇ ਘਾਤੀਆਂ ਉੱਤੇ ਉਹ ਮੋੜ ਦੇਵੇਗਾ, ਆਪਣੀ ਸਚਿਆਈ ਨਾਲ ਉਨ੍ਹਾਂ ਨੂੰ ਮੁਕਾ ਦੇ !
6ਖੁਸ਼ੀ ਦੀ ਭੇਤ ਮੈਂ ਤੇਰੇ ਲਈ ਚੜਾਵਾਂਗਾ, ਹੇ ਯਹੋਵਾਹ, ਮੈਂ ਤੇਰੇ ਨਾਮ ਦਾ ਧੰਨਵਾਦ ਕਰਾਂਗਾ, ਕਿਉਂ ਜੋ ਉਹ ਭਲਾ ਹੈ ।7ਉਹ ਨੇ ਤਾਂ ਸਾਰੇ ਦੁੱਖ ਤੋਂ ਮੈਨੂੰ ਛੁਡਾਇਆ ਹੈ, ਅਤੇ ਮੇਰੀ ਅੱਖ ਨੇ ਮੇਰੇ ਵੈਰੀਆਂ ਉੱਤੇ ਵੇਖ ਲਿਆ ਹੈ !

55
ਧੋਖੇਬਾਜ਼ ਦੇ ਵਿਨਾਸ ਲਈ ਪ੍ਰਾਰਥਨਾ
ਪ੍ਰਧਾਨ ਵਜਾਉਣ ਵਾਲੇ ਦੇ ਲਈ ਤਾਰ ਵਾਲੇ ਵਾਜਿਆਂ ਨਾਲ ਦਾਊਦ ਦਾ ਮਸ਼ਕੀਲ

1ਹੇ ਪਰਮੇਸ਼ੁਰ, ਮੇਰੀ ਪ੍ਰਾਰਥਨਾ ਉੱਤੇ ਕੰਨ ਲਗਾ, ਮੇਰੀ ਬੇਨਤੀ ਤੋਂ ਆਪਣੇ ਆਪ ਨੂੰ ਨਾ ਲੁਕਾ,2ਮੇਰੀ ਵੱਲ ਧਿਆਨ ਕਰ ਅਤੇ ਮੈਨੂੰ ਉੱਤਰ ਦੇ ! ਮੈਂ ਆਪਣੀ ਪਰੇਸ਼ਾਨੀ ਵਿੱਚ ਬੇਚੈਨ ਰਹਿੰਦਾ ਹਾਂ, ਅਤੇ ਮੈਂ ਹੂੰਗਦਾ ਰਹਿੰਦਾ ਹਾਂ,3ਵੈਰੀ ਦੀ ਅਵਾਜ਼ ਦੇ ਕਾਰਨ, ਅਤੇ ਦੁਸ਼ਟ ਦੇ ਦਬਾਓ ਦੇ ਕਾਰਨ, ਕਿਉਂ ਜੋ ਉਹ ਮੇਰੀਆਂ ਮੁਸੀਬਤਾਂ ਵਧਾਉਂਦੇ ਹਨ, ਅਤੇ ਕ੍ਰੋਧ ਨਾਲ ਮੈਨੂੰ ਸਤਾਉਂਦੇ ਹਨ ।

4ਮੇਰਾ ਦਿਲ ਬਹੁਤ ਦੁੱਖੀ ਹੈ, ਅਤੇ ਮੌਤ ਦਾ ਡਰ ਮੇਰੇ ਉੱਤੇ ਆ ਪਿਆ ਹੈ ।5ਡਰ ਅਤੇ ਥਰਥਰਾਹਟ ਮੇਰੇ ਉੱਤੇ ਆ ਪਏ, ਅਤੇ ਘਬਰਾਹਟ ਨੇ ਮੈਨੂੰ ਦਬਾ ਲਿਆ ਹੈ ।
6ਤਾਂ ਮੈਂ ਆਖਿਆ, ਕਾਸ਼ ਕਿ ਮੈਨੂੰ ਕਬੂਤਰ ਜਿਹੇ ਖੰਭ ਮਿਲਦੇ, ਤਾਂ ਮੈਂ ਉੱਡ ਜਾਂਦਾ ਤੇ ਅਰਾਮ ਪਾਉਂਦਾ !7ਵੇਖੋ, ਮੈਂ ਦੂਰ ਵਾਟ ਉੱਡ ਜਾਂਦਾ, ਅਤੇ ਉਜਾੜ ਵਿੱਚ ਵਸੇਰਾ ਕਰਦਾ ! ਸਲਹ ।
8ਮੈਂ ਅਨ੍ਹੇਰੀ ਅਤੇ ਤੂਫਾਨ ਤੋਂ ਛੇਤੀ ਓਟ ਲੈਂਦਾ ।9ਹੇ ਪ੍ਰਭੂ, ਉਨ੍ਹਾਂ ਨੂੰ ਨਿਗਲ ਲੈ, ਉਨ੍ਹਾਂ ਦੀਆਂ ਜੀਭਾਂ ਵੱਖੋ-ਵੱਖਰੀਆਂ ਕਰ ਦੇ, ਕਿਉਂ ਜੋ ਮੈਂ ਨਗਰ ਵਿੱਚ ਅਨ੍ਹੇਰ ਅਤੇ ਝਗੜਾ ਵੇਖਿਆ ਹੈ !
10ਦਿਨ ਰਾਤ ਓਹ ਉਸ ਦੀਆਂ ਕੰਧਾਂ ਉੱਤੇ ਉਸ ਦੇ ਚਾਰ ਚੁਫ਼ੇਰੇ ਘੁੰਮਦੇ ਹਨ, ਬਦੀ ਅਤੇ ਸ਼ਰਾਰਤ ਉਸ ਦੇ ਅੰਦਰ ਹੈ ।11ਤਬਾਹੀ ਉਸ ਦੇ ਅੰਦਰ ਹੈ, ਧੱਕੇ ਸ਼ਾਹੀ ਅਤੇ ਹੇਰਾਫ਼ੇਰੀ ਉਸ ਦੇ ਬਜ਼ਾਰਾਂ ਤੋਂ ਅਲੱਗ ਨਹੀਂ ਹੁੰਦੀ ।
12ਜਿਹੜਾ ਮੇਰੇ ਉੱਤੇ ਇਲਜ਼ਾਮ ਲਾਉਂਦਾ ਹੈ, ਉਹ ਤਾਂ ਮੇਰਾ ਵੈਰੀ ਨਹੀਂ ਸੀ, ਨਹੀਂ ਤਾਂ ਮੈਂ ਸਹਿ ਲੈਂਦਾ, ਅਤੇ ਜੋ ਮੇਰੇ ਵਿਰੁੱਧ ਫੁੱਲਦਾ ਸੀ, ਉਹ ਮੇਰਾ ਦੁਸ਼ਮਣ ਨਹੀਂ ਸੀ, ਨਹੀਂ ਤਾਂ ਮੈਂ ਉਸ ਤੋਂ ਲੁਕ ਜਾਂਦਾ,13ਪਰ ਤੂੰ ਹੀ ਸੀ ਜੋ ਮੇਰੇ ਬਰਾਬਰ ਦਾ ਮਨੁੱਖ, ਮੇਰੇ ਨਾਲ ਦਾ ਅਤੇ ਮੇਰੀ ਜਾਣ- ਪਹਿਚਾਣ ਦਾ ਸੀ !14ਅਸੀਂ ਆਪਸ ਵਿੱਚ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਹੁੰਦੇ ਸੀ, ਅਤੇ ਸੰਗਤ ਦੇ ਨਾਲ ਪਰਮੇਸ਼ੁਰ ਦੇ ਭਵਨ ਵਿੱਚ ਫਿਰਦੇ ਹੁੰਦੇ ਸੀ ।
15ਮੌਤ ਉਨ੍ਹਾਂ ਉੱਤੇ ਅਚਾਨਕ ਆ ਪਵੇ, ਉਹ ਜਿਉਂਦੇ ਜੀਅ ਪਤਾਲ ਵਿੱਚ ਉਤਰ ਜਾਣ, ਕਿਉਂ ਜੋ ਉਨ੍ਹਾਂ ਦੇ ਨਿਵਾਸ ਸਥਾਨਾਂ ਵਿੱਚ ਸਗੋਂ ਉਨ੍ਹਾਂ ਦੇ ਅੰਦਰ ਬੁਰਿਆਈ ਹੈ !
16ਪਰ ਮੈਂ ਪਰਮੇਸ਼ੁਰ ਨੂੰ ਪੁਕਾਰਾਂਗਾ, ਅਤੇ ਯਹੋਵਾਹ ਮੈਨੂੰ ਬਚਾ ਲਵੇਗਾ ।17ਸ਼ਾਮ, ਸਵੇਰ ਅਤੇ ਦੁਪਹਿਰ ਨੂੰ ਮੈਂ ਸ਼ਕਾਇਤ ਕਰਾਂਗਾ ਅਤੇ ਮੈਂ ਹੂੰਗਾਂਗਾ, ਅਤੇ ਉਹ ਮੇਰੀ ਅਵਾਜ਼ ਸੁਣੇਗਾ ।18ਉਹ ਨੇ ਮੇਰੀ ਜਾਨ ਨੂੰ ਹੱਲੇ ਵਿਚੋਂ ਆਸਾਨੀ ਨਾਲ ਛੁਡਾ ਲਿਆ, ਕਿਉਂ ਜੋ ਮੇਰੇ ਵਿਰੋਧੀ ਬਹੁਤ ਸਨ ।
19ਪਰਮੇਸ਼ੁਰ ਸੁਣੇਗਾ ਅਤੇ ਉਨ੍ਹਾਂ ਨੂੰ ਉੱਤਰ ਦੇਵੇਗਾ, ਉਹ ਆਦ ਤੋਂ ਬਿਰਾਜਮਾਨ ਹੈ । ਸਲਹ । ਏਹ ਓਹ ਹਨ ਜਿਨ੍ਹਾਂ ਲਈ ਅਦਲ-ਬਦਲ ਨਹੀਂ, ਅਤੇ ਜਿਹੜੇ ਪਰਮੇਸ਼ੁਰ ਦਾ ਭੈ ਨਹੀਂ ਮੰਨਦੇ ।
20ਉਹ ਨੇ ਆਪਣੇ ਸਾਥੀਆਂ ਉੱਤੇ ਹੱਥ ਚੁੱਕੇ ਹਨ, ਉਹ ਨੇ ਆਪਣੇ ਨੇਮ ਨੂੰ ਭਰਿਸ਼ਟ ਕੀਤਾ ।21ਉਹ ਦਾ ਮੂੰਹ ਮੱਖਣ ਨਾਲੋਂ ਵੀ ਚਿਕਨਾ ਸੀ, ਪਰ ਉਹ ਦੇ ਦਿਲ ਵਿੱਚ ਲੜਾਈ ਸੀ ! ਉਹ ਦੀਆਂ ਗੱਲਾਂ ਤੇਲ ਨਾਲੋਂ ਵੀ ਕੂਲੀਆਂ ਸਨ, ਪਰ ਓਹ ਸਨ ਨੰਗੀਆਂ ਤਲਵਾਰਾਂ !
22ਆਪਣਾ ਭਾਰ ਯਹੋਵਾਹ ਉੱਤੇ ਸੁੱਟ, ਅਤੇ ਉਹ ਤੈਨੂੰ ਸੰਭਾਲੇਗਾ, ਓਹ ਧਰਮੀ ਨੂੰ ਕਦੇ ਨਾ ਡੋਲਣ ਦੇਵੇਗਾ ।23ਪਰ ਤੂੰ, ਹੇ ਪਰਮੇਸ਼ੁਰ, ਉਨ੍ਹਾਂ ਨੂੰ ਬਰਬਾਦੀ ਦੇ ਟੋਏ ਵਿੱਚ ਡੇਗ ਦੇਵੇਂਗਾ, ਹਤਿਆਰੇ ਅਤੇ ਕਪਟੀ ਮਨੁੱਖ ਆਪਣੀ ਅੱਧੀ ਉਮਰ ਤੱਕ ਵੀ ਨਾ ਪਹੁੰਚਣਗੇ, ਪਰ ਮੈਂ ਤੇਰੇ ਉੱਤੇ ਭਰੋਸਾ ਰੱਖਾਂਗਾ ।

56
ਪਰਮੇਸ਼ੁਰ ਉੱਤੇ ਭਰੋਸੇ ਲਈ ਪ੍ਰਾਰਥਨਾ
ਪ੍ਰਧਾਨ ਵਜਾਉਣ ਵਾਲੇ ਦੇ ਲਈ । ਯੋਂਤੇਲੇਖੋਕੀਮ ਰਾਗ ਵਿੱਚ ਦਾਊਦ ਦਾ ਮਿਕਤਾਮ ਜਦੋਂ ਫ਼ਲਿਸਤੀਆਂ ਨੇ ਉਸ ਨੂੰ ਗਥ ਨਗਰ ਵਿੱਚ ਫੜਿਆ ਸੀ

1ਹੇ ਪਰਮੇਸ਼ੁਰ, ਮੇਰੇ ਉੱਤੇ ਦਯਾ ਕਰ, ਕਿਉਂ ਜੋ ਆਦਮੀ ਮੈਨੂੰ ਮਿੱਧਦੇ ਹਨ, ਓਹ ਸਾਰਾ ਦਿਨ ਲੜਦੇ ਹੋਏ ਮੈਨੂੰ ਦਬਾਈ ਜਾਂਦੇ ਹਨ !2ਮੇਰੇ ਘਾਤੀ ਮੈਨੂੰ ਸਾਰਾ ਦਿਨ ਮਿੱਧਦੇ ਹਨ, ਕਿਉਂ ਜੋ ਉਹ ਬਹੁਤ ਹਨ ਅਤੇ ਵੱਡੇ ਹੰਕਾਰ ਦੇ ਕਾਰਨ ਮੇਰੇ ਨਾਲ ਲੜਦੇ ਹਨ ।

3ਜਿਸ ਵੇਲੇ ਮੈਨੂੰ ਡਰ ਹੋਵੇਗਾ, ਮੈਂ ਤੇਰੇ ਉੱਤੇ ਭਰੋਸਾ ਰੱਖਾਂਗਾ ।4ਪਰਮੇਸ਼ੁਰ ਵਿੱਚ ਮੈਂ ਉਸ ਦੇ ਬਚਨ ਦੀ ਉਸਤਤ ਕਰਾਂਗਾ, ਪਰਮੇਸ਼ੁਰ ਉੱਤੇ ਮੈਂ ਭਰੋਸਾ ਰੱਖਿਆ ਹੈ, ਮੈਂ ਨਾ ਡਰਾਂਗਾ, ਮਨੁੱਖ ਮੇਰਾ ਕੀ ਕਰ ਸਕਦਾ ਹੈ ?
5ਓਹ ਸਾਰਾ ਦਿਨ ਮੇਰੀਆਂ ਗੱਲਾਂ ਨੂੰ ਪਲਟਾਉਂਦੇ ਰਹਿੰਦੇ ਹਨ, ਉਨ੍ਹਾਂ ਦੀਆਂ ਸਾਰੀਆਂ ਸੋਚਾਂ ਮੇਰਾ ਬੁਰਾ ਕਰਨ ਦੀਆਂ ਹਨ ।6ਓਹ ਸਾਰੇ ਇਕੱਠੇ ਹੋ ਕੇ ਲੁਕ ਜਾਂਦੇ ਹਨ, ਓਹ ਮੇਰੇ ਕਦਮਾਂ ਦੀ ਖੋਜ ਕਰਦੇ ਹਨ, ਜਿਵੇਂ ਓਹ ਮੇਰੀ ਜਾਨ ਲਈ ਆਕੜਦੇ ਸਨ ।
7ਭਲਾ, ਓਹ ਬਦਕਾਰੀ ਨਾਲ ਬਚ ਨਿੱਕਲਣਗੇ ? ਹੇ ਪਰਮੇਸ਼ੁਰ, ਕ੍ਰੋਧ ਨਾਲ ਉਨ੍ਹਾਂ ਲੋਕਾਂ ਨੂੰ ਹੇਠਾਂ ਲਾਹ ਦੇ !8ਤੂੰ ਮੇਰੇ ਅਵਾਰਾ ਫਿਰਨ ਦਾ ਲੇਖਾ ਕਰਦਾ ਹੈਂ, ਮੇਰਿਆਂ ਅੰਝੂਆਂ ਨੂੰ ਆਪਣੀ ਕੁੱਪੀ ਵਿੱਚ ਰੱਖ ਛੱਡ, ਭਲਾ, ਉਹ ਤੇਰੀ ਕਿਤਾਬ ਵਿੱਚ ਨਹੀਂ ਹਨ ? ।
9ਜਿਸ ਦਿਨ ਮੈਂ ਪੁਕਾਰਾਂ ਤਦ ਮੇਰੇ ਵੈਰੀ ਪਿਛਾਂਹ ਮੁੜ ਜਾਣਗੇ, ਮੈਂ ਇਹ ਜਾਣਦਾ ਹਾਂ ਕਿ ਪਰਮੇਸ਼ੁਰ ਮੇਰੀ ਵੱਲ ਹੈ ।10ਪਰਮੇਸ਼ੁਰ ਵਿੱਚ ਮੈਂ ਬਚਨ ਦੀ ਉਸਤਤ ਕਰਾਂਗਾ, ਯਹੋਵਾਹ ਵਿੱਚ ਮੈਂ ਬਚਨ ਦੀ ਉਸਤਤ ਕਰਾਂਗਾ ।11ਪਰਮੇਸ਼ੁਰ ਉੱਤੇ ਮੈਂ ਭਰੋਸਾ ਰੱਖਿਆ ਹੈ, ਮੈਂ ਨਾ ਡਰਾਂਗਾ, ਆਦਮੀ ਮੇਰਾ ਕੀ ਕਰ ਸਕਦਾ ਹੈ ?
12ਹੇ ਪਰਮੇਸ਼ੁਰ, ਤੇਰੀਆਂ ਸੁੱਖਣਾ ਮੇਰੇ ਉੱਤੇ ਹਨ, ਮੈਂ ਧੰਨਵਾਦ ਦੀਆਂ ਭੇਟਾਂ ਤੈਨੂੰ ਦਿਆਂਗਾ,13ਕਿਉਂ ਜੋ ਤੂੰ ਮੇਰੀ ਜਾਨ ਮੌਤ ਤੋਂ ਛੁਡਾਈ ਹੈ, - ਭਲਾ, ਤੂੰ ਮੇਰਿਆਂ ਪੈਰਾਂ ਨੂੰ ਠੇਡੇ ਖਾਣ ਤੋਂ ਨਾ ਬਚਾਵੇਂਗਾ, ਕਿ ਮੈਂ ਪਰਮੇਸ਼ੁਰ ਦੇ ਸਨਮੁੱਖ ਜਿਉਂਦਿਆਂ ਦੇ ਚਾਨਣ ਵਿੱਚ ਚੱਲਾਂ ਫਿਰਾਂ ?

57
ਛੁਟਕਾਰੇ ਲਈ ਪ੍ਰਾਰਥਨਾ
ਪ੍ਰਧਾਨ ਵਜਾਉਣ ਵਾਲੇ ਦੇ ਲਈ ਅਲ-ਤਸ਼ਹੇਤ ਰਾਗ ਵਿੱਚ ਦਾਊਦ ਦਾ ਮਿਕਤਾਮ; ਜਦੋਂ ਉਹ ਸ਼ਾਊਲ ਤੋਂ ਭੱਜ ਕੇ ਗੁਫ਼ਾ ਵਿੱਚ ਲੁਕ ਗਿਆ ਸੀ

1ਮੇਰੇ ਉੱਤੇ ਦਯਾ ਕਰ, ਹੇ ਪਰਮੇਸ਼ੁਰ,ਮੇਰੇ ਉੱਤੇ ਦਯਾ ਕਰ ! ਕਿਉਂ ਜੋ ਮੇਰੀ ਜਾਨ ਨੇ ਤੇਰੀ ਸ਼ਰਨ ਲਈ ਹੋਈ ਹੈ,ਅਤੇ ਮੈ ਤੇਰੇ ਖੰਭਾਂ ਦੀ ਛਾਇਆ ਹੇਠ ਸ਼ਰਨ ਲਵਾਂਗਾ,ਜਿਨ੍ਹਾਂ ਚਿਰ ਏਹ ਆਫ਼ਤਾਂ ਨਾ ਲੰਘ ਜਾਣ ।

2ਮੈ ਅੱਤ ਮਹਾਨ ਪਰਮੇਸ਼ੁਰ ਨੂੰ ਪੁਕਾਰਾਂਗਾ,ਉਸ ਪਰਮੇਸ਼ੁਰ ਨੂੰ ਜਿਹੜਾ ਮੇਰੇ ਲਈ ਸਭ ਕੁੱਝ ਪੂਰਿਆਂ ਕਰਦਾ ਹੈ ।3ਉਹ ਸਵਰਗ ਤੋਂ ਭੇਜ ਕੇ ਮੈਨੂੰ ਬਚਾਵੇਗਾ,ਜਦ ਮੇਰਾ ਮਿੱਧਣ ਵਾਲਾ ਮੈਨੂੰ ਦੋਸ਼ ਦਿੰਦਾ ਹੈ । ਸਲਹ । ਪਰਮੇਸ਼ੁਰ ਆਪਣੀ ਦਯਾ ਤੇ ਆਪਣੀ ਸਚਿਆਈ ਘੱਲੇਗਾ ।
4ਮੇਰੀ ਜਾਨ ਬੱਬਰ ਸ਼ੇਰਾਂ ਵਿੱਚ ਹੈ, ਮੈ ਭਾਂਬੜਾਂ ਵਿੱਚ ਅਰਥਾਤ ਆਦਮ ਵੰਸੀਆਂ ਵਿੱਚ ਲੇਟਾਂਗਾ,ਜਿੰਨਾ ਦੇ ਦੰਦ ਬਰਛੀਆਂ ਦੇ ਤੀਰ ਹਨ, ਅਤੇ ਉਨ੍ਹਾਂ ਦੀ ਜੀਭ ਤਿੱਖੀ ਤਲਵਾਰ ਹੈ ।5ਹੇ ਪਰਮੇਸ਼ੁਰ,ਅਕਾਸ਼ਾਂ ਦੇ ਉਤਾਹਾਂ ਤੂੰ ਮਹਾਨ ਹੋ,ਸਾਰੀ ਧਰਤੀ ਦੇ ਉਤਾਹਾਂ ਤੇਰੀ ਮਹਿਮਾ ਹੋਵੇ !
6ਉਨ੍ਹਾਂ ਨੇ ਮੇਰੇ ਕਦਮਾਂ ਦੇ ਲਈ ਜਾਲ਼ ਤਿਆਰ ਕੀਤਾ,ਮੇਰੀ ਜਾਨ ਝੁੱਕ ਗਈ ਹੈ । ਉਨ੍ਹਾਂ ਨੇ ਮੇਰੇ ਅੱਗੇ ਟੋਆ ਪੁੱਟਿਆ ਹੈ, ਉਹ ਆਪ ਉਸ ਵਿੱਚ ਡਿੱਗ ਪਏ ਹਨ । ਸਲਹ ।
7ਮੇਰਾ ਮਨ ਕਾਇਮ ਹੈ, ਹੇ ਪਰਮੇਸ਼ੁਰ, ਮੇਰਾ ਮਨ ਕਾਇਮ ਹੈ, ਮੈ ਗਾਵਾਂਗਾ, ਮੈ ਭਜਨ ਕੀਰਤਨ ਕਰਾਂਗਾ !8ਹੇ ਮੇਰੀ ਮਹਿਮਾ, ਜਾਗ ! ਹੇ ਸਤਾਰ ਤੇ ਬਰਬਤ, ਜਾਗੋ ! ਮੈ ਫਜ਼ਰ ਨੂੰ ਵੀ ਜਗਾ ਦਿਆਂਗਾ !
9ਹੇ ਪ੍ਰਭੂ, ਮੈਂ ਲੋਕਾਂ ਵਿੱਚ ਤੇਰਾ ਧੰਨਵਾਦ ਕਰਾਂਗਾ, ਮੈਂ ਕੋਮਾਂ ਵਿੱਚ ਤੇਰੀ ਅਰਾਧਨਾ ਕਰਾਂਗਾ !10ਤੇਰੀ ਦਯਾ ਤਾਂ ਅਕਾਸ਼ਾਂ ਤੱਕ, ਅਤੇ ਤੇਰੀ ਵਫ਼ਾਦਾਰੀ ਬੱਦਲਾਂ ਤੱਕ ਵੱਡੀ ਹੈ ।11ਹੇ ਪਰਮੇਸ਼ੁਰ,ਅਕਾਸ਼ਾਂ ਦੇ ਉਤਾਹਾਂ ਤੂੰ ਮਹਾਨ ਹੋ,ਸਾਰੀ ਧਰਤੀ ਦੇ ਉਤਾਹਾਂ ਤੇਰੀ ਮਹਿਮਾ ਹੋਵੇ !

58
ਦੁਸ਼ਟ ਨੂੰ ਸਜ਼ਾ ਦੇਣ ਲਈ ਪ੍ਰਾਰਥਨਾ
ਪ੍ਰਧਾਨ ਵਜਾਉਣ ਵਾਲੇ ਦੇ ਲਈ ਅਲ-ਤਸ਼ਹੇਤ ਦੇ ਰਾਗ ਵਿੱਚ ਦਾਊਦ ਦਾ ਭਜਨ

1ਹੇ ਬਲਵਾਨ ਸੁਆਮੀਓ,ਕੀ ਤੁਸੀਂ ਸੱਚ-ਮੁੱਚ ਧਰਮ ਨਾਲ ਬੋਲਦੇ ਹੋ ? ਕੀ ਤੁਸੀਂ ਆਦਮ ਵੰਸੀਆਂ ਦਾ ਸਿੱਧਾ ਨਿਆਂ ਕਰਦੇ ਹੋ ?2ਨਹੀਂ, ਸਗੋਂ ਤੁਸੀਂ ਮਨੋਂ ਬਦੀ ਕਰਦੇ ਹੋ,ਧਰਤੀ ਉੱਤੇ ਤੁਸੀਂ ਆਪਣੇ ਹੱਥਾਂ ਦਾ ਅਨ੍ਹੇਰ ਤੋਲ ਦਿੰਦੇ ਹੋ ?

3ਦੁਸ਼ਟ ਕੁੱਖੋਂ ਹੀ ਓਪਰੇ ਰਹੇ ਹਨ, ਉਹ ਜੰਮਦੇ ਸਾਰ ਹੀ ਝੂਠ ਬੋਲ ਬੋਲ ਕੇ ਭਟਕ ਜਾਂਦੇ ਹਨ ।4ਉਨ੍ਹਾਂ ਦੀ ਵਿੱਸ ਸੱਪ ਦੀ ਵਿੱਸ ਵਰਗੀ ਹੈ, ਓਹ ਉਸ ਬੋਲੇ ਨਾਗ ਦੀ ਨਿਆਈਂ ਹਨ ਜਿਹੜਾ ਆਪਣੇ ਕੰਨ ਮੁੰਦ ਲੈਂਦਾ ਹੈ,5ਜਿਹੜਾ ਸਪੇਰਿਆਂ ਦੀ ਅਵਾਜ਼ ਨਹੀਂ ਸੁਣਦਾ, ਭਾਵੇਂ ਕੇਡੀ ਹੀ ਚਲਾਕੀ ਨਾਲ ਓਹ ਜਾਦੂ ਕਰਨ ।
6ਹੇ ਪਰਮੇਸ਼ੁਰ,ਉਨ੍ਹਾਂ ਦੇ ਦੰਦਾ ਨੂੰ ਉਨ੍ਹਾਂ ਦੇ ਮੂੰਹ ਵਿੱਚ ਭੰਨ ਸੁੱਟ, ਹੇ ਪਰਮੇਸ਼ੁਰ,ਜੁਆਨ ਬੱਬਰ ਸ਼ੇਰਾ ਦੀਆਂ ਦਾੜ੍ਹਾਂ ਨੂੰ ਪੁੱਟ ਸੁੱਟ ।7ਓਹ ਵਗਦੇ ਪਾਣੀ ਵਾਂਗੂੰ ਵਹਿ ਜਾਣ, ਜਦ ਓਹ ਆਪਣੇ ਤੀਰਾਂ ਦਾ ਨਿਸ਼ਾਨਾ ਮਾਰੇ ਤਾਂ ਓਹ, ਮਾਨੋ, ਟੋਟੇ-ਟੋਟੇ ਹੋ ਜਾਣ !8ਓਹ ਘੋਗੇ ਵਾਂਗੂੰ ਹੋਣ ਜੋ ਗਲ਼ ਕੇ ਜਾਂਦਾ ਰਹਿੰਦਾ ਹੈ, ਓਹ ਇਸਤ੍ਰੀ ਦੇ ਗਰਭਪਾਤ ਵਾਂਗੂੰ ਹੋਣ ਜਿਸ ਸੂਰਜ ਨਹੀਂ ਵੇਖਿਆ !
9ਇਸ ਤੋਂ ਅੱਗੇ ਜੋ ਤੁਹਾਡੀਆਂ ਦੇਗਾਂ ਛਾਪਿਆਂ ਨਾਲ ਤੱਤੀਆਂ ਹੋਣ, ਉਹ ਜਲੇ, ਅਣਜਲੇ, ਦੋਹਾਂ ਨੂੰ ਵਾਵਰੋਲੇ ਨਾਲ ਉਡਾ ਦੇਵੇਗਾ ।10ਧਰਮੀ ਇਹ ਬਦਲਾ ਵੇਖ ਕੇ ਅਨੰਦ ਹੋਵੇਗਾ, ਉਹ ਦੁਸ਼ਟਾਂ ਦੇ ਲਹੂ ਵਿੱਚ ਆਪਣੇ ਪੈਰ ਧੋਵੇਗਾ ।11ਤਦ ਆਦਮੀ ਆਖੇਗਾ, ਧਰਮੀ ਦੇ ਲਈ ਫਲ ਤਾਂ ਹੈ ਹੀ, ਸੱਚ-ਮੁੱਚ ਇੱਕ ਪਰਮੇਸ਼ੁਰ ਹੈ ਜਿਹੜਾ ਧਰਤੀ ਉੱਤੇ ਨਿਆਂ ਕਰਦਾ ਹੈ !

59
ਸੁਰੱਖਿਆ ਦੇ ਲਈ ਪ੍ਰਾਰਥਨਾ
ਪ੍ਰਧਾਨ ਵਜਾਉਣ ਵਾਲੇ ਦੇ ਲਈ ਅਲ-ਤਸ਼ਹੇਤ ਦੇ ਰਾਗ ਵਿੱਚ ਦਾਊਦ ਦਾ ਮਿਕਤਾਮ; ਜਦੋਂ ਸ਼ਾਊਲ ਦੇ ਭੇਜੇ ਹੋਏ ਲੋਕਾਂ ਨੇ ਉਸ ਨੂੰ ਮਾਰਨ ਲਈ ਘਰ ਉੱਤੇ ਪਹਿਰਾ ਦਿੱਤਾ

1ਹੇ ਪਰਮੇਸ਼ੁਰ, ਮੇਰੇ ਵੈਰੀਆਂ ਤੋਂ ਮੈਨੂੰ ਛੁਡਾ, ਮੇਰੇ ਵਿਰੋਧੀਆਂ ਤੋਂ ਮੈਨੂੰ ਉੱਚਿਆਈ ਤੇ ਰੱਖ !2ਮੈਨੂੰ ਬਦਕਾਰਾਂ ਤੋਂ ਛੁਡਾ, ਅਤੇ ਖੂਨੀ ਮਨੁੱਖਾਂ ਤੋਂ ਮੈਨੂੰ ਬਚਾ !

3ਵੇਖ ਤਾਂ, ਓਹ ਮੇਰੀ ਜਾਨ ਦੀ ਘਾਤ ਵਿੱਚ ਲੱਗੇ ਹੋਏ ਹਨ, ਬਲਵੰਤ ਮੇਰੇ ਵਿਰੁੱਧ ਇਕੱਠੇ ਹੋਏ ਹਨ । ਹੇ ਯਹੋਵਾਹ, ਨਾ ਮੇਰਾ ਕੁੱਝ ਅਪਰਾਧ ਨਾ ਮੇਰਾ ਕੁੱਝ ਪਾਪ ਹੈ,4ਮੇਰੀ ਬਦੀ ਤੋਂ ਬਿਨਾ ਓਹ ਭੱਜ ਕੇ ਆਪਣੇ ਆਪ ਨੂੰ ਤਿਆਰ ਕਰਦੇ ਹਨ, ਮੇਰੀ ਸਹਾਇਤਾ ਲਈ ਜਾਗ ਅਤੇ ਵੇਖ !
5ਹੇ ਯਹੋਵਾਹ, ਸੈਨਾਂ ਦੇ ਪਰਮੇਸ਼ੁਰ, ਇਸਰਾਏਲ ਦੇ ਪਰਮੇਸ਼ੁਰ, ਤੂੰ ਸਾਰੀਆਂ ਕੌਮਾਂ ਦੀ ਖ਼ਬਰ ਲੈਣ ਨੂੰ ਜਾਗ ਉੱਠ ! ਕਿਸੇ ਖੋਟੇ ਬਦਕਾਰ ਉੱਤੇ ਦਯਾ ਨਾ ਕਰ ! ਸਲਹ ।
6ਓਹ ਸ਼ਾਮ ਵੇਲੇ ਨੂੰ ਮੁੜ ਆਣ ਕੇ ਕੁੱਤੇ ਵਾਂਗੂੰ ਭੌਂਕਦੇ ਹਨ, ਅਤੇ ਨਗਰ ਵਿੱਚ ਘੁੰਮਦੇ ਫਿਰਦੇ ਹਨ ।7ਵੇਖ, ਓਹ ਆਪਣੇ ਮੂੰਹੋਂ ਡਕਾਰਦੇ ਹਨ, ਉਨ੍ਹਾਂ ਦੇ ਬੁੱਲ੍ਹਾਂ ਉੱਤੇ ਤਲਵਾਰਾਂ ਹਨ, ਕਿਉਂ ਜੋ ਓਹ ਆਖਦੇ ਹਨ, ਕੌਣ ਸੁਣਦਾ ਹੈ ?
8ਪਰ ਹੇ ਯਹੋਵਾਹ, ਤੂੰ ਉਨ੍ਹਾਂ ਉੱਤੇ ਹੱਸੇਂਗਾ, ਤੂੰ ਸਾਰੀਆਂ ਕੌਮਾਂ ਨੂੰ ਠੱਠੇ ਵਿੱਚ ਉਡਾਵੇਂਗਾ ! ।9ਹੇ ਮੇਰੇ ਬਲ, ਮੈਂ ਤੇਰੀ ਵੱਲ ਗੌਹ ਕਰਾਂਗਾ, ਪਰਮੇਸ਼ੁਰ ਮੇਰਾ ਉੱਚਾ ਗੜ੍ਹ ਜੋ ਹੈ ।
10ਮੇਰਾ ਦਯਾਵਾਨ ਪਰਮੇਸ਼ੁਰ ਮੈਨੂੰ ਮਿਲੇਗਾ, ਪਰਮੇਸ਼ੁਰ ਮੈਨੂੰ ਮੇਰੇ ਘਾਤੀਆਂ ਉੱਤੇ ਮੇਰੀ ਫਤਹ ਵਿਖਾਵੇਗਾ ।11ਉਨ੍ਹਾਂ ਨੂੰ ਨਾ ਵੱਢ, ਮਤੇ ਮੇਰੀ ਪਰਜਾ ਭੁੱਲ ਜਾਵੇ, ਹੇ ਪ੍ਰਭੂ, ਸਾਡੀ ਢਾਲ, ਆਪਣੀ ਸ਼ਕਤੀ ਨਾਲ, ਉਨ੍ਹਾਂ ਨੂੰ ਭੁਆਂ ਕੇ ਹੇਠਾਂ ਕਰ ਦੇ !
12ਉਨ੍ਹਾਂ ਦੇ ਬੁੱਲ੍ਹਾਂ ਦੀਆਂ ਗੱਲਾਂ ਤੇ ਉਨ੍ਹਾਂ ਦੇ ਮੂੰਹ ਦੇ ਪਾਪ ਦੇ ਕਾਰਨ, ਅਤੇ ਉਸ ਫਿਟਕਾਰ ਤੇ ਉਸ ਝੂਠ ਦੇ ਕਾਰਨ ਜੋ ਓਹ ਬੋਲਦੇ ਹਨ, ਓਹ ਆਪਣੇ ਹੰਕਾਰ ਵਿੱਚ ਫੜੇ ਜਾਣ !13ਕ੍ਰੋਧ ਨਾਲ ਉਨ੍ਹਾਂ ਦਾ ਅੰਤ ਕਰ, ਉਨ੍ਹਾਂ ਦਾ ਅੰਤ ਕਰ ! ਉਨ੍ਹਾਂ ਦਾ ਕੱਖ ਨਾ ਰਹੇ, ਤਾਂ ਲੋਕ ਜਾਣਨ ਕਿ ਪਰਮੇਸ਼ੁਰ ਯਾਕੂਬ ਉੱਤੇ, ਸਗੋਂ ਧਰਤੀ ਦੇ ਅੰਤ ਉੱਤੇ ਰਾਜ ਕਰਦਾ ਹੈ ! ਸਲਹ ।
14ਤਾਂ ਓਹ ਤਰਕਾਲਾਂ ਨੂੰ ਮੁੜ ਆਣ ਕੇ ਕੁੱਤੇ ਵਾਂਗੂੰ ਭੌਂਕਣ, ਅਤੇ ਨਗਰ ਵਿੱਚ ਘੁੰਮਣ ਫਿਰਨ ।15ਓਹ ਟੁੱਕ ਦੇ ਲੱਭਣ ਨੂੰ ਭੌਂਦੇ ਫਿਰਨ, ਅਤੇ ਜੇ ਰੱਜ ਨਾ ਜਾਨ ਤਾਂ ਸਾਰੀ ਰਾਤ ਠਹਿਰਨ !
16ਪਰ ਮੈਂ ਤੇਰੀ ਸਮਰੱਥਾ ਨੂੰ ਗਾਵਾਂਗਾ, ਅਤੇ ਸਵੇਰ ਨੂੰ ਤੇਰੀ ਦਯਾ ਦਾ ਜੈ ਜੈ ਕਾਰ ਕਰਾਂਗਾ । ਤੂੰ ਤਾਂ ਮੇਰਾ ਉੱਚਾ ਗੜ੍ਹ ਅਤੇ ਮੇਰੀ ਬਿਪਤਾ ਦੇ ਦਿਨ ਮੇਰੀ ਪਨਾਹਗਾਹ ਰਿਹਾ ਹੈਂ ।17ਹੇ ਮੇਰੇ ਬਲ, ਮੈਂ ਤੇਰਾ ਭਜਨ ਕੀਰਤਨ ਕਰਾਂਗਾ, ਕਿਉਂ ਜੋ ਪਰਮੇਸ਼ੁਰ ਮੇਰਾ ਉੱਚਾ ਗੜ੍ਹ ਅਤੇ ਮੇਰਾ ਦਿਆਲੂ ਪਰਮੇਸ਼ੁਰ ਹੈ ।

60
ਛੁਟਕਾਰੇ ਦੇ ਲਈ ਪ੍ਰਾਰਥਨਾ
ਪ੍ਰਧਾਨ ਵਜਾਉਣ ਵਾਲੇ ਦੇ ਲਈ । ਸ਼ੂਸ਼ਨੇਦੂਤ ਦੇ ਰਾਗ ਵਿੱਚ ਦਾਊਦ ਦਾ ਮਿਕਤਾਮ । ਜਦੋਂ ਉਹ ਅਰਮਨਹਰੈਮ ਅਤੇ ਅਰਮਸੋਬਾਹ ਦੇ ਨਾਲ ਲੜਦਾ ਸੀ ਅਤੇ ਯੋਆਬ ਨੇ ਵਾਪਸ ਮੁੜ ਕੇ ਲੋਨ ਦੀ ਤਰਾਈ ਵਿੱਚ ਅਦੋਮੀਆਂ ਦੇ ਬਾਰਾਂ ਹਜ਼ਾਰ ਮਨੁੱਖ ਮਾਰ ਦਿੱਤੇ

1ਹੇ ਪਰਮੇਸ਼ੁਰ, ਤੂੰ ਸਾਨੂੰ ਤਿਆਗ ਦਿੱਤਾ, ਤੂੰ ਸਾਨੂੰ ਢਾਹ ਸੁੱਟਿਆ ਹੈ, ਤੂੰ ਕ੍ਰੋਧੀ ਹੋਇਆ, ਸਾਨੂੰ ਫੇਰ ਬਹਾਲ ਕਰ !

2ਤੂੰ ਧਰਤੀ ਨੂੰ ਕੰਬਾ ਦਿੱਤਾ, ਤੂੰ ਉਹ ਨੂੰ ਪਾੜ ਦਿੱਤਾ ਹੈ, ਉਹ ਦੀਆਂ ਤੇੜਾਂ ਨੂੰ ਸੁਧਾਰ ਕਿਉਂ ਜੋ ਇਹ ਡੋਲਦੀ ਹੈ !3ਤੂੰ ਆਪਣੀ ਪਰਜਾ ਨੂੰ ਡਾਢੇ ਕਲੇਸ਼ ਵਿਖਾਏ ਹਨ, ਤੂੰ ਸਾਨੂੰ ਡੋਲਣ ਦੀ ਮਧ ਪਿਆਈ ਹੈ ।
4ਤੂੰ ਆਪਣੇ ਭੈ ਮੰਨਣ ਵਾਲਿਆਂ ਨੂੰ ਇੱਕ ਝੰਡਾ ਦਿੱਤਾ ਹੈ, ਕਿ ਉਹ ਸਚਿਆਈ ਦੇ ਕਾਰਨ ਵਿਖਾਇਆ ਜਾਵੇ । ਸਲਹ ।5ਇਸ ਲਈ ਜੋ ਤੇਰੇ ਪਿਆਰੇ ਛੁਡਾਏ ਜਾਣ, ਤੂੰ ਆਪਣੇ ਸੱਜੇ ਹੱਥ ਨਾਲ ਬਚਾ ਲਈ ਤੇ ਸਾਨੂੰ ਉੱਤਰ ਦੇ ! ।
6ਪਰਮੇਸ਼ੁਰ ਨੇ ਆਪਣੀ ਪਵਿੱਤਰਤਾਈ ਨਾਲ ਬਚਨ ਕੀਤਾ ਹੈ, ਮੈਂ ਖੁਸ਼ੀ ਮਨਾਵਾਂਗਾ, ਮੈਂ ਸ਼ਕਮ ਨੂੰ ਵੰਡ ਦਿਆਂਗਾ ਤੇ ਸੁੱਕੋਥ ਦੀ ਘਾਟੀ ਨੂੰ ਮਿਣਾਂਗਾ ।7ਗਿਲਆਦ ਮੇਰਾ ਹੈ, ਮਨੱਸ਼ਹ ਵੀ ਅਤੇ ਇਫਰਾਈਮ ਮੇਰੇ ਸਿਰ ਦਾ ਟੋਪ ਹੈ, ਯਹੂਦਾਹ ਮੇਰਾ ਰਾਜ ਡੰਡਾ ਹੈ,
8ਮੋਆਬ ਮੇਰੀ ਚਿਲਮਚੀ ਹੈ, ਅਦੋਮ ਉੱਤੇ ਮੈਂ ਆਪਣਾ ਪੌਲਾ ਸੁੱਟਾਂਗਾ, ਹੇ ਫ਼ਲਿਸਤ, ਤੂੰ ਮੇਰਾ ਨਾਰਾ ਮਾਰ !9ਕੌਣ ਮੈਨੂੰ ਉਸ ਫ਼ਸੀਲਦਾਰ ਸ਼ਹਿਰ ਵਿੱਚ ਲਈ ਜਾਵੇਗਾ ? ਕੌਣ ਅਦੋਮ ਤੱਕ ਮੇਰੀ ਅਗਵਾਈ ਕਰੇਗਾ ?
10ਭਲਾ, ਤੂੰ, ਹੇ ਪਰਮੇਸ਼ੁਰ, ਸਾਨੂੰ ਤਿਆਗ ਨਹੀਂ ਦਿੱਤਾ ਹੈ, ਕਿ ਤੂੰ, ਹੇ ਪਰਮੇਸ਼ੁਰ, ਸਾਡੀਆਂ ਸੈਨਾਂ ਦੇ ਸੰਗ ਨਹੀਂ ਚੱਲਦਾ ?11ਵਿਰੋਧੀ ਤੋਂ ਸਾਡੀ ਸਹਾਇਤਾ ਕਰ, ਕਿਉਂ ਜੋ ਆਦਮੀ ਵੱਲੋਂ ਬਚਾਓ ਵਿਅਰਥ ਹੈ ।12ਪਰਮੇਸ਼ੁਰ ਦੇ ਨਾਲ ਅਸੀਂ ਸੂਰਮਗਤੀ ਕਰਾਂਗੇ, ਉਹੀ ਸਾਡੇ ਵਿਰੋਧੀਆਂ ਨੂੰ ਲਤਾੜ ਸੁੱਟੇਗਾ !

61
ਰੱਖਿਆ ਦੇ ਲਈ ਪ੍ਰਾਰਥਨਾ
ਪ੍ਰਧਾਨ ਵਜਾਉਣ ਵਾਲੇ ਦੇ ਲਈ: ਤਾਰ ਵਾਲੇ ਵਾਜਿਆਂ ਨਾਲ ਦਾਊਦ ਦਾ ਭਜਨ

1ਹੇ ਪਰਮੇਸ਼ੁਰ, ਮੇਰੀ ਪੁਕਾਰ ਸੁਣ, ਮੇਰੀ ਪ੍ਰਾਰਥਨਾ ਵੱਲ ਧਿਆਨ ਦੇ !2ਮੈਂ ਆਪਣੇ ਮਨ ਦੇ ਨਢਾਲ ਹੋਣ ਤੇ ਧਰਤੀ ਦੇ ਬੰਨੇ ਤੋਂ ਤੈਨੂੰ ਪੁਕਾਰਾਂਗਾ, ਤੂੰ ਉਸ ਚੱਟਾਨ ਉੱਤੇ ਜੋ ਮੇਰੇ ਲਈ ਉੱਚੀ ਹੈ ਮੈਨੂੰ ਪਹੁੰਚਾ,3ਤੂੰ ਮੇਰੀ ਪਨਾਹ ਜੋ ਹੈਂ, ਤੂੰ ਵੈਰੀ ਦੇ ਸਨਮੁੱਖ ਇੱਕ ਤਕੜਾ ਬੁਰਜ ਹੈਂ ।

4ਮੈਂ ਤੇਰੇ ਤੰਬੂ ਵਿੱਚ ਸਦਾ ਰਹਾਂਗਾ, ਮੈਂ ਤੇਰੇ ਖੰਭਾਂ ਦੇ ਮੁੱਢ ਪਨਾਹ ਲਵਾਂਗਾ । ਸਲਹ ।5ਹੇ ਪਰਮੇਸ਼ੁਰ, ਤੂੰ ਮੇਰੀਆਂ ਸੁੱਖਣਾਂ ਨੂੰ ਸੁਣਿਆ, ਤੂੰ ਆਪਣੇ ਨਾਮ ਦੇ ਭੈ ਮੰਨਣ ਵਾਲਿਆਂ ਦਾ ਅਧਿਕਾਰ ਮੈਨੂੰ ਦਿੱਤਾ ਹੈ ।
6ਤੂੰ ਪਾਤਸ਼ਾਹ ਦੀ ਉਮਰ ਨੂੰ ਵਧਾਵੇਂਗਾ, ਉਹ ਦੇ ਵਰ੍ਹੇ ਪੀੜ੍ਹੀਓ ਪੀੜ੍ਹੀ ਹੋਣਗੇ ।7ਉਹ ਪਰਮੇਸ਼ੁਰ ਦੇ ਸਨਮੁੱਖ ਸਦਾ ਤੱਕ ਵੱਸੇਗਾ, ਦਯਾ ਅਤੇ ਸਚਿਆਈ ਨੂੰ ਥਾਪ ਰੱਖ ਕਿ ਉਹ ਉਸ ਦੀ ਰੱਖਿਆ ਕਰਨ ।
8ਸੋ ਮੈਂ ਤੇਰੇ ਨਾਮ ਦਾ ਗੁਣ ਸਦਾ ਗਾਵਾਂਗਾ, ਕਿ ਮੈਂ ਨਿਤਾ ਨੇਮ ਆਪਣੀਆਂ ਸੁੱਖਣਾਂ ਨੂੰ ਪੂਰੀਆਂ ਕਰਾਂ ।

62
ਪਰਮੇਸ਼ੁਰ ਹੀ ਕੇਵਲ ਸ਼ਰਨ ਸਥਾਨ ਹੈ
ਪ੍ਰਧਾਨ ਵਜਾਉਣ ਵਾਲੇ ਦੇ ਲਈ: ਦਾਊਦ ਦਾ ਭਜਨ । ਯਦੂਥੂਨ ਦੀ ਰਾਗ ਉੱਤੇ

1ਮੇਰੀ ਜਾਨ ਪਰਮੇਸ਼ੁਰ ਦੇ ਹੀ ਅੱਗੇ ਚੁੱਪ-ਚਾਪ ਹੈ, ਮੇਰਾ ਬਚਾਓ ਉਸੇ ਵੱਲੋਂ ਹੈ ।2ਉਹੋ ਮੇਰੀ ਚੱਟਾਨ ਅਤੇ ਮੇਰਾ ਬਚਾਓ ਹੈ, ਉਹ ਮੇਰਾ ਉੱਚਾ ਗੜ੍ਹ ਹੈ, ਮੈਂ ਬਹੁਤਾ ਨਾ ਡੋਲਾਂਗਾ ।

3ਤੁਸੀਂ ਕਦ ਤੋੜੀ ਇੱਕ ਮਨੁੱਖ ਉੱਤੇ ਹੱਲਾ ਕਰਦੇ ਰਹੋਗੇ, ਤਾਂ ਜੋ ਤੁਸੀਂ ਸਭ ਮਿਲ ਕੇ ਉਸ ਨੂੰ ਵੱਢ ਸੁੱਟੋ, ਜੋ ਝੁਕੀ ਹੋਈ ਕੰਧ ਤੇ ਹਿਲਦੀ ਹੋਈ ਵਾੜ ਵਰਗਾ ਹੈ ?4ਓਹ ਮਤਾ ਮਤਾਉਂਦੇ ਹਨ ਨਿਰਾ ਇਸੇ ਲਈ ਕਿ ਉਹ ਨੂੰ ਉਹ ਦੀ ਪਦਵੀ ਤੋਂ ਡੇਗ ਦੇਣ, ਓਹ ਝੂਠ ਨੂੰ ਪਸੰਦ ਕਰਦੇ ਹਨ, ਮੂੰਹੋ ਤਾਂ ਓਹ ਅਸੀਸ ਦਿੰਦੇ ਹਨ ਪਰ ਅੰਦਰੋਂ ਸਰਾਪ ਦਿੰਦੇ ਹਨ । ਸਲਹ ।
5ਹੇ ਮੇਰੀ ਜਾਨ, ਤੂੰ ਪਰਮੇਸ਼ੁਰ ਹੀ ਦੇ ਅੱਗੇ ਚੁੱਪ-ਚਾਪ ਰਹਿ, ਕਿਉਂ ਜੋ ਮੇਰੀ ਤਾਂਘ ਉਸੇ ਵੱਲੋਂ ਹੈ ।6ਉਹੋ ਮੇਰੀ ਚੱਟਾਨ ਅਤੇ ਮੇਰਾ ਬਚਾਓ ਹੈ, ਉਹੋ ਮੇਰਾ ਉੱਚਾ ਗੜ੍ਹ ਹੈ, ਮੈਂ ਨਾ ਡੋਲਾਂਗਾ ।
7ਮੇਰਾ ਬਚਾਓ ਅਤੇ ਮੇਰਾ ਪਰਤਾਪ ਪਰਮੇਸ਼ੁਰ ਉੱਤੇ ਕਾਇਮ ਹੈ, ਮੇਰੇ ਬਲ ਦੀ ਚੱਟਾਨ ਅਤੇ ਮੇਰੀ ਪਨਾਹ ਪਰਮੇਸ਼ੁਰ ਵਿੱਚ ਹੈ ।8ਹੇ ਪਰਜਾ, ਹਰ ਵੇਲੇ ਉਸ ਉੱਤੇ ਭਰੋਸਾ ਰੱਖੋ, ਆਪਣਾ ਮਨ ਉਹ ਦੇ ਅੱਗੇ ਖੋਲ ਦਿਓ, ਪਰਮੇਸ਼ੁਰ ਸਾਡੀ ਪਨਾਹ ਹੈ । ਸਲਹ ।
9ਨੀਚ ਲੋਕ ਸਾਹ ਹੀ ਹਨ, ਅਤੇ ਉੱਚੀ ਪਦਵੀ ਵਾਲੇ ਮਿਥਿਆ ਹਨ, ਤੱਕੜ ਵਿੱਚ ਉਹ ਉਤਾਹਾਂ ਚੜ੍ਹ ਜਾਂਦੇ ਹਨ, ਓਹ ਸਾਹ ਨਾਲੋਂ ਹਲਕੇ ਹਨ ।10ਅਨ੍ਹੇਰ ਉੱਤੇ ਭਰੋਸਾ ਨਾ ਰੱਖੋ, ਨਾ ਲੁੱਟ ਮਾਰ ਕਰ ਕੇ ਫੂੰ-ਫੂੰ ਕਰੋ, ਧਨ ਸੰਪਤ ਜੇ ਵਧ ਜਾਵੇ ਤਾਂ ਉਸ ਉੱਤੇ ਮਨ ਨਾ ਲਾਓ ।
11ਪਰਮੇਸ਼ੁਰ ਇੱਕੋ ਵਾਰ ਬੋਲਿਆ, ਸਗੋਂ ਦੋ ਵਾਰੀ ਮੈਂ ਇਹ ਸੁਣਿਆ, ਕਿ ਸਮਰੱਥਾ ਪਰਮੇਸ਼ੁਰ ਦੀ ਹੈ ।12ਹੇ ਪ੍ਰਭੂ, ਦਯਾ ਵੀ ਤੇਰੀ ਹੀ ਹੈ, ਕਿਉਂ ਜੋ ਤੂੰ ਹਰ ਮਨੁੱਖ ਨੂੰ ਉਹ ਦੀਆਂ ਕੀਤੀਆਂ ਅਨੁਸਾਰ ਫਲ ਦਿੰਦਾ ਹੈਂ ।

63
ਪਿਆਸਾ ਮਨ ਪਰਮੇਸ਼ੁਰ ਵਿੱਚ ਤ੍ਰਿਪਤ
ਦਾਊਦ ਦਾ ਭਜਨ, ਜਦੋਂ ਉਹ ਯਹੂਦਾਹ ਦੇ ਜੰਗਲ ਵਿੱਚ ਸੀ

1ਹੇ ਪਰਮੇਸ਼ੁਰ, ਤੂੰ ਮੇਰਾ ਪਰਮੇਸ਼ੁਰ ਹੈਂ, ਮੈਂ ਦਿਲ ਤੋਂ ਤੈਨੂੰ ਭਾਲਦਾ ਹਾਂ, ਮੇਰੀ ਜਾਨ ਤੇਰੀ ਤਿਹਾਈ ਹੈ, ਮੇਰਾ ਸਰੀਰ ਤੇਰੇ ਲਈ ਤਰਸਦਾ ਹੈ, ਸੁੱਕੀ ਅਤੇ ਬੰਜਰ ਧਰਤੀ ਵਿੱਚ ਜਿੱਥੇ ਪਾਣੀ ਨਹੀਂ ਹੈ ।2ਤਾਂ ਮੈਂ ਪਵਿੱਤਰ ਸਥਾਨ ਵਿੱਚ ਤੇਰਾ ਦਰਸ਼ਣ ਪਾਇਆ, ਕਿ ਮੈਂ ਤੇਰਾ ਬਲ ਅਤੇ ਤੇਰੀ ਮਹਿਮਾ ਵੇਖਾਂ ।

3ਇਸ ਲਈ ਕਿ ਤੇਰੀ ਦਯਾ ਜੀਵਨ ਨਾਲੋਂ ਵੀ ਚੰਗੀ ਹੈ, ਮੇਰੇ ਬੁੱਲ੍ਹ ਤੇਰੀ ਉਸਤਤ ਕਰਨਗੇ ।4ਸੋ ਮੈਂ ਆਪਣੇ ਜੀਵਨ ਵਿੱਚ ਤੈਨੂੰ ਮੁਬਾਰਕ ਆਖਾਂਗਾ, ਮੈਂ ਤੇਰਾ ਨਾਮ ਲੈ ਕੇ ਆਪਣੇ ਹੱਥ ਪਸਾਰਾਂਗਾ ।
5ਜਿਵੇਂ ਚਰਬੀ ਤੇ ਥਿੰਧਿਆਈ ਨਾਲ ਮੇਰਾ ਜੀਅ ਤ੍ਰਿਪਤ ਹੋਵੇਗਾ, ਅਤੇ ਜੈਕਾਰਿਆਂ ਦੇ ਬੁੱਲ੍ਹਾਂ ਨਾਲ ਮੇਰਾ ਮੇਰਾ ਮੂੰਹ ਤੇਰੀ ਉਸਤਤ ਕਰੇਗਾ,6ਜਿਸ ਵੇਲੇ ਮੈਂ ਆਪਣੇ ਵਿਛਾਉਣੇ ਉੱਤੇ ਤੈਨੂੰ ਯਾਦ ਕਰਦਾ ਹਾਂ, ਅਤੇ ਰਾਤ ਦੇ ਪਹਿਰਾਂ ਵਿੱਚ ਤੇਰਾ ਧਿਆਨ ਕਰਦਾ ਹਾਂ ।
7ਤੂੰ ਮੇਰਾ ਸਹਾਇਕ ਹੋਇਆ ਹੈਂ, ਤੇਰੇ ਖੰਭਾਂ ਦੀ ਛਾਂ ਹੇਠ ਮੈਂ ਜੈਕਾਰੇ ਗਜਾਵਾਂਗਾ ।8ਮੇਰਾ ਜੀਅ ਤੇਰੇ ਪਿੱਛੇ-ਪਿੱਛੇ ਲੱਗਿਆ ਹੋਇਆ ਹੈ, ਤੇਰਾ ਸੱਜਾ ਹੱਥ ਮੈਨੂੰ ਸੰਭਾਲਦਾ ਹੈ ।
9ਜਿਹੜੇ ਮੇਰੀ ਜਾਨ ਦੀ ਬਰਬਾਦੀ ਚਾਹੁੰਦੇ ਹਨ, ਓਹ ਧਰਤੀ ਦੇ ਹੇਠਲੇ ਥਾਵਾਂ ਵਿੱਚ ਚੱਲੇ ਜਾਣਗੇ ।10ਓਹ ਤਲਵਾਰ ਦੇ ਹਵਾਲੇ ਕੀਤੇ ਜਾਣਗੇ, ਓਹ ਗਿੱਦੜਾਂ ਦੇ ਹਿੱਸੇ ਆਉਣਗੇ ।
11ਪਰ ਪਾਤਸ਼ਾਹ ਪਰਮੇਸ਼ੁਰ ਵਿੱਚ ਅਨੰਦ ਹੋਵੇਗਾ, ਹਰੇਕ ਜਿਹੜਾ ਉਸ ਦੀ ਸਹੁੰ ਖਾਂਦਾ ਹੈ ਮਾਣ ਕਰੇਗਾ, ਪਰ ਛਲੀਆਂ ਦੇ ਮੂੰਹ ਬੰਦ ਕੀਤੇ ਜਾਣਗੇ ।

64
ਗੁਪਤ ਵੈਰੀਆਂ ਤੋਂ ਰੱਖਿਆ ਲਈ ਪ੍ਰਾਰਥਨਾ
ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਭਜਨ

1ਹੇ ਪਰਮੇਸ਼ੁਰ, ਮੇਰੀ ਫਰਿਆਦ ਦੀ ਅਵਾਜ਼ ਸੁਣ, ਮੇਰੀ ਜਾਨ ਨੂੰ ਵੈਰੀ ਦੇ ਡਰ ਤੋਂ ਛੁਡਾ ।2ਬਦਕਾਰਾਂ ਦੇ ਗੁਪਤ ਮਤੇ ਤੋਂ ਅਤੇ ਕੁਕਰਮੀਆਂ ਦੀ ਹਲਚਲ ਤੋਂ ਮੈਨੂੰ ਲੁਕਾ,

3ਜਿਨ੍ਹਾਂ ਨੇ ਆਪਣੀ ਜੀਭ ਤਲਵਾਰ ਵਾਂਗੂੰ ਤਿੱਖੀ ਕੀਤੀ ਹੈ ਅਤੇ ਆਪਣੇ ਕੌੜੇ ਬਚਨਾਂ ਨੂੰ ਆਪਣੇ ਤੀਰਾਂ ਦਾ ਨਿਸ਼ਾਨਾ ਲਿਆ ਹੈ,4ਕਿ ਗੁਪਤ ਥਾਵਾਂ ਵਿੱਚ ਸੰਪੂਰਨ ਮਨੁੱਖ ਉੱਤੇ ਚਲਾਉਣ, ਓਹ ਅਚਾਨਕ ਚਲਾਉਂਦੇ ਹਨ ਅਤੇ ਡਰਦੇ ਨਹੀਂ ।
5ਓਹ ਆਪਣੇ ਆਪ ਨੂੰ ਬੁਰੀ ਗੱਲ ਲਈ ਤਕੜਿਆਂ ਕਰਦੇ ਹਨ, ਓਹ ਫੰਦੇ ਲੁਕਾਉਣ ਦਾ ਉਪਾਓ ਕਰਦੇ ਹਨ ਅਤੇ ਆਖਦੇ ਹਨ, ਭਲਾ, ਕੌਣ ਉਨ੍ਹਾਂ ਨੂੰ ਵੇਖੇਗਾ ?6ਓਹ ਸ਼ਰਾਰਤਾਂ ਨੂੰ ਭਾਲਦੇ ਹਨ, "ਅਸੀਂ ਇੱਕ ਪੱਕਾ ਖੋਜ ਕੱਢਿਆ ਹੈ !" ਅਤੇ ਹਰੇਕ ਦਾ ਅੰਦਰਲਾ ਦਿਲ ਡੂੰਘਾ ਹੈ ।
7ਪਰ ਪਰਮੇਸ਼ੁਰ ਉਨ੍ਹਾਂ ਉੱਤੇ ਅਚਾਨਕ ਤੀਰ ਚਲਾਵੇਗਾ, ਓਹ ਫੱਟੜ ਹੋ ਜਾਣਗੇ,8ਓਹ ਠੇਡੇ ਖਾਣਗੇ, ਉਨ੍ਹਾਂ ਦੀ ਰਸਨਾ ਉਨ੍ਹਾਂ ਦੇ ਹੀ ਵਿਰੁੱਧ ਹੋਵੇਗੀ, ਸਭ ਵੇਖਣ ਵਾਲੇ ਭੱਜ ਜਾਣਗੇ ।9ਸਾਰੇ ਆਦਮੀ ਡਰਨਗੇ, ਅਤੇ ਪਰਮੇਸ਼ੁਰ ਦਾ ਕੰਮ ਦੱਸਣਗੇ, ਅਤੇ ਉਹ ਦੇ ਕਾਰਜ ਉੱਤੇ ਧਿਆਨ ਕਰਨਗੇ ।
10ਧਰਮੀ ਯਹੋਵਾਹ ਵਿੱਚ ਅਨੰਦ ਹੋਵੇਗਾ, ਅਤੇ ਉਸ ਦੀ ਸ਼ਰਨ ਆਵੇਗਾ, ਅਤੇ ਸਾਰੇ ਸਿੱਧੇ ਮਨ ਵਾਲੇ ਵਡਿਆਈ ਕਰਨਗੇ ।

65
ਪਰਮੇਸ਼ੁਰ ਦੀ ਉਸਤਤ ਅਤੇ ਧੰਨਵਾਦ
ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਭਜਨ, ਗੀਤ

1ਹੇ ਪਰਮੇਸ਼ੁਰ, ਸੀਯੋਨ ਵਿੱਚ ਤੇਰੇ ਲਈ ਸਬਰ ਹੀ ਉਸਤਤ ਹੈ, ਅਤੇ ਤੇਰੇ ਲਈ ਸੁੱਖਣਾ ਪੂਰੀ ਕੀਤੀ ਜਾਵੇਗੀ ।2ਹੇ ਪ੍ਰਾਰਥਨਾ ਦੇ ਸੁਣਨ ਵਾਲੇ, ਸਾਰੇ ਬਸ਼ਰ ਤੇਰੇ ਕੋਲ ਆਉਣਗੇ ।3ਬੁਰੀਆਂ ਗੱਲਾਂ ਮੇਰੇ ਉੱਤੇ ਪਰਬਲ ਹੁੰਦੀਆਂ ਹਨ, ਤੂੰ ਸਾਡੇ ਅਪਰਾਧਾਂ ਨੂੰ ਕੱਜ ਲਵੇਂਗਾ ।

4ਧੰਨ ਹੈ ਉਹ ਜਿਹ ਨੂੰ ਤੂੰ ਚੁਣਦਾ ਤੇ ਆਪਣੇ ਨੇੜੇ ਲਿਆਉਂਦਾ ਹੈਂ, ਕਿ ਉਹ ਤੇਰੇ ਦਰਬਾਰ ਵਿੱਚ ਰਹੇ, — ਅਸੀਂ ਤੇਰੇ ਭਵਨ ਅਰਥਾਤ ਤੇਰੀ ਪਵਿੱਤਰ ਹੈਕਲ ਦੀ ਭਲਿਆਈ ਨਾਲ ਤ੍ਰਿਪਤ ਹੋਵਾਂਗੇ ।
5ਹੇ ਪਰਮੇਸ਼ੁਰ ਸਾਡੇ ਮੁਕਤੀਦਾਤੇ, ਤੂੰ ਧਰਤੀ ਦੀਆਂ ਚਹੁੰ ਕੂਟਾਂ ਨਾਲੋਂ ਦੂਰ ਦੇ ਸਮੁੰਦਰ ਵਾਲਿਆਂ ਦੀ ਆਸ਼ਾ ਹੈਂ, ਤੂੰ ਧਰਮ ਨਾਲ ਭਿਆਣਕ ਕੰਮਾਂ ਦੇ ਦੁਆਰਾ ਸਾਨੂੰ ਉੱਤਰ ਦੇਵੇਂਗਾ !
6ਤੂੰ ਆਪਣੀ ਸ਼ਕਤੀ ਨਾਲ ਪਹਾੜਾਂ ਨੂੰ ਦ੍ਰਿੜ ਕਰਦਾ ਹੈਂ, ਤੇਰਾ ਲੱਕ ਬਲ ਨਾਲ ਬੰਨਿਆ ਹੋਇਆ ਹੈ ।7ਤੂੰ ਸਮੁੰਦਰਾਂ ਦੇ ਰੌਲੇ ਨੂੰ ਅਤੇ ਉਨ੍ਹਾਂ ਦੀਆਂ ਠਾਠਾਂ ਦੇ ਰੌਲੇ ਨੂੰ ਅਤੇ ਲੋਕਾਂ ਦੀ ਹਲਚਲ ਨੂੰ ਥਮ੍ਹਾ ਦਿੰਦਾ ਹੈਂ,
8ਨਾਲੇ ਓੜਕ ਦੀਆਂ ਹੱਦਾਂ ਦੇ ਵਾਸੀ ਤੇਰੇ ਨਿਸ਼ਾਨਾਂ ਤੋਂ ਡਰ ਜਾਂਦੇ ਹਨ, ਤੂੰ ਸਵੇਰ ਤੇ ਸੰਝ ਦੇ ਆਉਣ ਤੋਂ ਜੈਕਾਰਾ ਗਜਾਉਂਦਾ ਹੈਂ ।9ਤੂੰ ਧਰਤੀ ਦੀ ਸੁੱਧ ਲੈਂਦਾ ਅਤੇ ਉਹ ਨੂੰ ਰੇਲ ਪੇਲ ਕਰਦਾ ਹੈਂ, ਤੂੰ ਉਹ ਨੂੰ ਦੱਬ ਕੇ ਹਰਿਆ ਭਰਿਆ ਕਰਦਾ ਹੈਂ, ਪਰਮੇਸ਼ੁਰ ਦੀ ਨਦੀ ਪਾਣੀ ਨਾਲ ਭਰੀ ਹੋਈ ਹੈ, ਇਸੇ ਤਰਾਂ ਧਰਤੀ ਨੂੰ ਤਿਆਰ ਕਰ ਕੇ ਉਨ੍ਹਾਂ ਲਈ ਅੰਨ ਤਿਆਰ ਕਰਦਾ ਹੈਂ ।
10ਤੂੰ ਉਹ ਦੇ ਸਿਆੜਾਂ ਦੀ ਡੰਝ ਲਾਹ ਦਿੰਦਾ ਹੈਂ, ਤੂੰ ਉਹ ਦੀਆਂ ਵੱਟਾਂ ਨੂੰ ਪੱਧਰੀਆਂ ਕਰਦਾ ਹੈਂ, ਤੂੰ ਉਹ ਨੂੰ ਮੀਂਹ ਨਾਲ ਨਰਮ ਕਰਦਾ ਹੈਂ, ਤੂੰ ਉਹ ਦੇ ਪੁੰਗਰਨ ਵਿੱਚ ਬਰਕਤ ਦਿੰਦਾ ਹੈਂ ।11ਤੂੰ ਆਪਣੀ ਨੇਕੀ ਦਾ ਮੁਕਟ ਸਾਲ ਦੇ ਉੱਤੇ ਧਰਦਾ ਹੈਂ, ਅਤੇ ਤੇਰੀਆਂ ਲੀਹਾਂ ਤੋਂ ਚਿਕਨਾਈ ਚੋਂਦੀ ਹੈ ।12ਉਜਾੜ ਦੀਆਂ ਜੂਹਾਂ ਉੱਤੇ ਉਹ ਚੋਂਦੀ ਹੈ, ਅਤੇ ਪਹਾੜੀਆਂ ਦੇ ਲੱਕ ਖੁਸ਼ੀ ਨਾਲ ਬੱਧੇ ਹੋਏ ਹਨ ।
13ਜੂਹਾਂ ਇੱਜੜ ਨਾਲ ਕੱਜੀਆਂ ਗਈਆਂ, ਦੂਣਾ ਅੰਨ ਨਾਲ ਢੱਕੀਆਂ ਗਈਆਂ, ਓਹ ਖੁਸ਼ੀ ਦੇ ਲਲਕਾਰੇ ਮਾਰਦੀਆਂ ਹਨ ਅਤੇ ਗਾਉਂਦੀਆਂ ਹਨ ।

66
ਧੰਨਵਾਦ ਅਤੇ ਉਸਤਤ ਦਾ ਗੀਤ
ਪ੍ਰਧਾਨ ਵਜਾਉਣ ਵਾਲੇ ਦੇ ਲਈ ਭਜਨ, ਗੀਤ

1ਹੇ ਧਰਤੀ ਦੇ ਸਾਰੇ ਲੋਕੋ, ਪਰਮੇਸ਼ੁਰ ਦੇ ਲਈ ਲਲਕਾਰੋ,2ਉਹ ਦੇ ਨਾਮ ਦੀ ਮਹਿਮਾ ਦੇ ਭਜਨ ਕੀਰਤਨ ਕਰੋ, ਉਹ ਦੀ ਮਹਿਮਾ ਦੀ ਉਸਤਤ ਕਰੋ !

3ਪਰਮੇਸ਼ੁਰ ਨੂੰ ਆਖੋ, ਵਾਹ, ਤੇਰੇ ਕੰਮ ਕੇਡੇ ਡਰਾਉਣੇ ਹਨ ! ਤੇਰੀ ਮਹਾ ਸਮਰੱਥਾ ਦੇ ਕਾਰਨ ਤੇਰੇ ਵੈਰੀ ਤੇਰੇ ਅੱਗੇ ਹਿਚਕ ਕੇ ਆਉਣਗੇ !4ਸਾਰੀ ਧਰਤੀ ਦੇ ਲੋਕ ਤੈਨੂੰ ਮੱਥਾ ਟੇਕਣਗੇ ਤੇ ਤੈਨੂੰ ਗਾਉਣਗੇ, ਓਹ ਤੇਰੇ ਨਾਮ ਦੇ ਭਜਨ ਗਾਉਣਗੇ । ਸਲਹ ।
5ਆਓ, ਪਰਮੇਸ਼ੁਰ ਦੇ ਕੰਮਾਂ ਨੂੰ ਵੇਖੋ, ਆਦਮ ਵੰਸੀਆਂ ਦੀ ਵੱਲ ਉਹ ਦੀ ਕਰਨੀ ਭਿਆਣਕ ਹੈ ।6ਉਹ ਨੇ ਸਮੁੰਦਰ ਨੂੰ ਥਲ ਬਣਾ ਦਿੱਤਾ, ਓਹ ਦਰਿਆ ਵਿਚੋਂ ਸੁੱਕੀਂ ਪੈਰੀਂ ਲੰਘ ਗਏ, ਉੱਥੇ ਅਸੀਂ ਉਹ ਦੇ ਵਿੱਚ ਨਿਹਾਲ ਹੋਏ ।7ਉਹ ਆਪਣੀ ਸਮਰੱਥਾ ਨਾਲ ਸਦਾ ਤੱਕ ਰਾਜ ਕਰਦਾ ਹੈ, ਉਹ ਦੀਆਂ ਅੱਖਾਂ ਕੌਮਾਂ ਵੱਲ ਲੱਗੀਆਂ ਰਹਿੰਦੀਆਂ ਹਨ, ਆਕੀ ਲੋਕ ਸਿਰ ਨਾ ਚੁੱਕਣਗੇ ! । ਸਲਹ ।
8ਹੇ ਲੋਕੋ, ਸਾਡੇ ਪਰਮੇਸ਼ੁਰ ਨੂੰ ਮੁਬਾਰਕ ਆਖੋ, ਉਹ ਦੇ ਜਸ ਦੇ ਸ਼ਬਦ ਸੁਣਾਓ,9ਜਿਸ ਨੇ ਸਾਡੀ ਜਾਨ ਨੂੰ ਜਿਉਂਦਿਆਂ ਰੱਖਿਆ ਹੈ, ਅਤੇ ਸਾਡੇ ਪੈਰਾਂ ਨੂੰ ਡੋਲਣ ਨਹੀਂ ਦਿੱਤਾ ।
10ਹੇ ਪਰਮੇਸ਼ੁਰ, ਤੂੰ ਤਾਂ ਸਾਨੂੰ ਪਰਖਿਆ ਹੈ, ਤੂੰ ਚਾਂਦੀ ਦੇ ਤਾਉਣ ਵਾਂਗੂੰ ਸਾਨੂੰ ਤਾਇਆ ਹੈ ।11ਤੂੰ ਸਾਨੂੰ ਜਾਲ਼ ਵਿੱਚ ਲਿਆਇਆ, ਤੂੰ ਸਾਡੇ ਲੱਕਾਂ ਉੱਤੇ ਡਾਢਾ ਭਾਰ ਪਾ ਦਿੱਤਾ ਹੈ !12ਤੂੰ ਮਨੁੱਖਾਂ ਨੂੰ ਸਾਡੇ ਸਿਰਾਂ ਉੱਤੇ ਚੜ੍ਹਾ ਦਿੱਤਾ ਹੈ, ਅਸੀਂ ਅੱਗ ਅਤੇ ਪਾਣੀ ਦੇ ਵਿਚੋਂ ਦੀ ਲੰਘੇ, ਪਰ ਤੂੰ ਸਾਨੂੰ ਭਰਿਆ ਥਾਵਾਂ ਵਿੱਚ ਪਹੁੰਚਾ ਦਿੱਤਾ ।
13ਮੈਂ ਤੇਰੇ ਭਵਨ ਵਿੱਚ ਹੋਮ ਦੀਆਂ ਬਲੀਆਂ ਨਾਲ ਆਵਾਂਗਾ, ਮੈਂ ਆਪਣੀਆਂ ਸੁੱਖਣਾਂ ਤੇਰੇ ਅੱਗੇ ਪੂਰੀਆਂ ਕਰਾਂਗਾ,14ਜਿਹੜੀਆਂ ਮੇਰੇ ਬੁੱਲ੍ਹਾਂ ਤੋਂ ਨਿੱਕਲੀਆਂ, ਅਤੇ ਸੰਕਟ ਦੇ ਵੇਲੇ ਮੈਂ ਆਪਣੇ ਮੂੰਹੋਂ ਮੰਨੀਆ ।15ਮੈਂ ਤੈਨੂੰ ਹੋਮ ਦੀਆਂ ਬਲੀਆਂ ਲਈ ਮੋਟੇ-ਮੋਟੇ ਪਸੂਆਂ ਨੂੰ ਛੱਤਰਿਆਂ ਦੀ ਧੂਪ ਨਾਲ ਚੜਾਵਾਂਗਾ । ਸਲਹ ।
16ਪਰਮੇਸ਼ੁਰ ਦਾ ਭੈ ਰੱਖਣ ਵਾਲਿਓ, ਆਓ, ਸੁਣੋ, ਅਤੇ ਮੈਂ ਤੁਹਾਨੂੰ ਦੱਸਾਂਗਾ ਕਿ ਉਹ ਨੇ ਮੇਰੀ ਜਾਨ ਲਈ ਕੀ ਕੁੱਝ ਕੀਤਾ ਹੈ ।17ਮੈਂ ਮੂੰਹੋਂ ਉਹ ਨੂੰ ਪੁਕਾਰਿਆ, ਅਤੇ ਆਪਣੀ ਰਸਨਾ ਤੋਂ ਉਹ ਨੂੰ ਸਲਾਹਿਆ ।18ਜੇ ਮੈਂ ਆਪਣੇ ਮਨ ਵਿੱਚ ਬਦੀ ਰੱਖਦਾ, ਤਾਂ ਪ੍ਰਭੂ ਮੇਰੀ ਨਾ ਸੁਣਦਾ ।
19ਪਰ ਪਰਮੇਸ਼ੁਰ ਨੇ ਸੱਚ-ਮੁੱਚ ਸੁਣਿਆ ਹੈ, ਉਹ ਨੇ ਮੇਰੀ ਪ੍ਰਾਰਥਨਾ ਦੀ ਅਵਾਜ਼ ਵੱਲ ਕੰਨ ਲਾਇਆ ਹੈ ।20ਮੁਬਾਰਕ ਹੈ ਪਰਮੇਸ਼ੁਰ ਜਿਸ ਨੇ ਮੇਰੀ ਪ੍ਰਾਰਥਨਾ ਨੂੰ ਰੱਦ ਨਾ ਕੀਤਾ, ਨਾ ਆਪਣੀ ਦਯਾ ਨੂੰ ਮੈਥੋਂ ਰੋਕਿਆ ।

67
ਧੰਨਵਾਦ ਦਾ ਗੀਤ
ਪ੍ਰਧਾਨ ਵਜਾਉਣ ਵਾਲੇ ਦੇ ਲਈ ਤਾਰ ਵਾਲੇ ਵਾਜਿਆਂ ਨਾਲ ਭਜਨ, ਗੀਤ

1ਪਰਮੇਸ਼ੁਰ ਸਾਡੇ ਉੱਤੇ ਦਯਾ ਕਰੇ ਅਤੇ ਸਾਨੂੰ ਬਰਕਤ ਦੇਵੇ, ਅਤੇ ਆਪਣਾ ਮੁਖੜਾ ਸਾਡੇ ਉੱਤੇ ਚਮਕਾਵੇ । ਸਲਹ ।2ਤਾਂ ਜੋ ਤੇਰਾ ਰਾਹ ਧਰਤੀ ਉੱਤੇ, ਤੇਰੀ ਮੁਕਤੀ ਸਾਰੀਆਂ ਕੌਮਾਂ ਵਿੱਚ ਜਾਣੀ ਜਾਵੇ ।

3ਹੇ ਪਰਮੇਸ਼ੁਰ, ਲੋਕ ਤੈਨੂੰ ਸਲਾਹੁਣ, ਸਾਰੇ ਲੋਕ ਤੈਨੂੰ ਸਲਾਹੁਣ !4ਉੱਮਤਾਂ ਅਨੰਦ ਹੋਣ ਅਤੇ ਲਲਕਾਰਨ, ਕਿਉਂ ਜੋ ਤੂੰ ਲੋਕਾਂ ਦਾ ਧਰਮ ਨਾਲ ਨਿਆਂ ਕਰੇਂਗਾ, ਅਤੇ ਧਰਤੀ ਉੱਤੇ ਉੱਮਤਾਂ ਦੀ ਅਗਵਾਈ ਕਰੇਂਗਾ । ਸਲਹ ।
5ਹੇ ਪਰਮੇਸ਼ੁਰ, ਲੋਕ ਤੈਨੂੰ ਸਲਾਹੁਣ, ਸਾਰੇ ਲੋਕ ਤੈਨੂੰ ਸਲਾਹੁਣ !6ਭੋਂ ਨੇ ਆਪਣਾ ਹਾਸਿਲ ਦਿੱਤਾ ਹੈ, ਪਰਮੇਸ਼ੁਰ, ਹਾਂ, ਸਾਡਾ ਪਰਮੇਸ਼ੁਰ ਸਾਨੂੰ ਬਰਕਤ ਦੇਵੇਗਾ ।
7ਪਰਮੇਸ਼ੁਰ ਸਾਨੂੰ ਬਰਕਤ ਦੇਵੇਗਾ, ਅਤੇ ਧਰਤੀ ਦੀਆਂ ਚਾਰੇ ਕੂੰਟਾਂ ਉਸ ਦਾ ਭੈ ਮੰਨਣਗੀਆਂ ! ।

68
ਇਸਰਾਏਲ ਦਾ ਜਿੱਤ ਦਾ ਗੀਤ
ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਭਜਨ

1ਪਰਮੇਸ਼ੁਰ ਉੱਠੇ, ਉਹ ਦੇ ਵੈਰੀ ਛਿੰਨ ਭਿੰਨ ਹੋ ਜਾਣ, ਅਤੇ ਜਿਹੜੇ ਉਸ ਨਾਲ ਖਹਿ ਰੱਖਦੇ ਹਨ ਓਹ ਉਸ ਦੇ ਅੱਗੋਂ ਨੱਸ ਜਾਣ !2ਜਿਵੇਂ ਧੂੰਆਂ ਉੱਡ ਜਾਂਦਾ ਹੈ ਤਿਵੇਂ ਤੂੰ ਓਹਨਾਂ ਨੂੰ ਉਡਾ ਦੇ, ਅਤੇ ਜਿਵੇਂ ਅੱਗ ਦੇ ਸਾਹਮਣੇ ਮੋਮ ਪੰਘਰ ਜਾਂਦੀ ਹੈ, ਤਿਵੇਂ ਦੁਸ਼ਟ ਪਰਮੇਸ਼ੁਰ ਦੇ ਸਾਹਮਣਿਓਂ ਨਾਸ ਹੋ ਜਾਣ !3ਪਰ ਧਰਮੀ ਅਨੰਦ ਹੋਣ, ਓਹ ਪਰਮੇਸ਼ੁਰ ਦੇ ਅੱਗੇ ਬਾਗ ਬਾਗ ਹੋਣ, ਓਹ ਅਨੰਦਤਾਈ ਨਾਲ ਖੁਸ਼ੀ ਮਨਾਉਣ !

4ਪਰਮੇਸ਼ੁਰ ਲਈ ਗਾਓ, ਉਹ ਦੇ ਨਾਮ ਦੇ ਭਜਨ ਗਾਓ, ਥਲਾਂ ਵਿੱਚ ਸਵਾਰ ਲਈ ਇੱਕ ਸ਼ਾਹੀ ਸੜਕ ਬਣਾਓ, ਉਹ ਦਾ ਨਾਮ ਯਾਹ ਹੈ, ਉਹ ਦੇ ਅੱਗੇ ਬਾਗ ਬਾਗ ਹੋ ਜਾਓ !5ਯਤੀਮਾਂ ਦਾ ਪਿਤਾ ਅਤੇ ਵਿਧਵਾ ਦਾ ਨਿਆਂ ਕਰਨ ਵਾਲਾ ਪਰਮੇਸ਼ੁਰ ਆਪਣੇ ਪਵਿੱਤਰ ਨਿਵਾਸ ਵਿੱਚ ਹੈ ।6ਪਰਮੇਸ਼ੁਰ ਇਕੱਲੇ ਨੂੰ ਘਰਾਣੇ ਵਿੱਚ ਵਸਾਉਂਦਾ ਹੈ, ਉਹ ਗ਼ੁਲਾਮਾਂ ਨੂੰ ਭਾਗਵਾਨੀ ਵਿੱਚ ਨਿਕਾਲਦਾ ਹੈ, ਪਰ ਆਕੀ ਸੁੱਕੀ ਸੜੀ ਧਰਤੀ ਵਿੱਚ ਹੀ ਵੱਸਦੇ ਹਨ ।
7ਹੇ ਪਰਮੇਸ਼ੁਰ, ਜਦ ਤੂੰ ਆਪਣੇ ਲੋਕਾਂ ਦੇ ਅੱਗੇ-ਅੱਗੇ ਤੁਰਿਆ, ਜਦ ਤੂੰ ਥਲ ਦੇ ਵਿਚੋਂ ਦੀ ਲੰਘ ਗਿਆ, । ਸਲਹ ।8ਤਦ ਧਰਤੀ ਕੰਬ ਉੱਠੀ, ਅਕਾਸ਼ ਵੀ ਪਰਮੇਸ਼ੁਰ ਦੇ ਅੱਗੇ ਚੋ ਪਏ, ਉੱਥੇ ਸੀਨਈ ਵੀ ਪਰਮੇਸ਼ੁਰ, ਇਸਰਾਏਲ ਦੇ ਪਰਮੇਸ਼ੁਰ ਦੇ ਅੱਗੇ ਕੰਬ ਉੱਠੀ ।
9ਹੇ ਪਰਮੇਸ਼ੁਰ, ਤੂੰ ਡਾਢੀ ਵਰਖਾ ਵਰ੍ਹਾਈ, ਅਤੇ ਆਪਣੇ ਮਿਰਾਸ ਨੂੰ ਜਾਂ ਉਹ ਥੱਕੀ ਹੋਈ ਸੀ ਕਾਇਮ ਕੀਤਾ ।10ਤੇਰੀ ਪਰਜਾ ਉਸ ਵਿੱਚ ਵੱਸੀ, ਤੂੰ, ਹੇ ਪਰਮੇਸ਼ੁਰ, ਆਪਣੀ ਭਲਿਆਈ ਨਾਲ ਮਸਕੀਨਾਂ ਦੀ ਸੇਵਾ ਕੀਤੀ ।
11ਪ੍ਰਭੂ ਹੁਕਮ ਦਿੰਦਾ ਹੈ, ਖ਼ਬਰ ਦੇਣ ਵਾਲਿਆਂ ਦਾ ਵੱਡਾ ਦਲ ਹੈ, —12"ਸੈਨਾਂ ਦੇ ਰਾਜੇ ਨੱਠ ਜਾਂਦੇ, ਓਹ ਨੱਠ ਜਾਂਦੇ ਹਨ !" ਅਤੇ ਘਰ ਵਾਲੀ ਲੁੱਟ ਦਾ ਮਾਲ ਵੰਡਦੀ ਹੈ ।13ਭਾਵੇਂ ਤੁਸੀਂ ਭੇਡਾਂ ਦੇ ਵਾੜਿਆਂ ਵਿੱਚ ਲੰਮੇ ਪਏ ਰਹੋ, ਤਾਂ ਵੀ ਖੁਮਰੀ ਦੇ ਕੁੰਦੇ ਚਾਂਦੀ ਨਾਲ ਅਤੇ ਉਹ ਦੇ ਪਰ ਪੀਲੇ ਸੋਨੇ ਨਾਲ ਮੜ੍ਹੇ ਜਾਂਦੇ ਹਨ ।
14ਜਦ ਸਰਬ ਸ਼ਕਤੀਮਾਨ ਨੇ ਉਸ ਥਾਂ ਵਿੱਚ ਰਾਜਿਆਂ ਨੂੰ ਖਿੰਡਾ ਦਿੱਤਾ, ਤਾਂ ਜਾਣੋ, ਸਲਮੋਨ ਉੱਤੇ ਬਰਫ਼ ਪੈ ਗਈ !15ਬਾਸ਼ਾਨ ਦਾ ਪਹਾੜ ਪਰਮੇਸ਼ੁਰ ਦਾ ਪਹਾੜ ਹੈ, ਬਾਸ਼ਾਨ ਦਾ ਪਹਾੜ ਚੋਟੀਆਂ ਦਾ ਪਹਾੜ ਹੈ ।16ਹੇ ਚੋਟੀਆਂ ਦੇ ਪਹਾੜੋ, ਤੁਸੀਂ ਉਸ ਪਹਾੜ ਵੱਲ ਜਿਸ ਨੂੰ ਪਰਮੇਸ਼ੁਰ ਨੇ ਵੱਸਣ ਲਈ ਪਸੰਦ ਕੀਤਾ ਹੈ ਕਿਉਂ ਈਰਖਾ ਨਾਲ ਤੱਕਦੇ ਹੋ ? ਯਹੋਵਾਹ ਸਦਾ ਤੱਕ ਉਸ ਵਿੱਚ ਵੱਸੇਗਾ ।
17ਪਰਮੇਸ਼ੁਰ ਦੇ ਰਥ ਵੀਹ ਹਜ਼ਾਰ ਸਗੋਂ ਹਜ਼ਾਰਾਂ ਹਜ਼ਾਰ ਹਨ, ਪ੍ਰਭੂ ਉਨ੍ਹਾਂ ਦੇ ਵਿੱਚ ਹੈ ਜਿਵੇਂ ਉਹ ਪਵਿੱਤਰ ਸੀਨਾਈ ਵਿੱਚ ਹੈ ।18ਤੂੰ ਉਤਾਹਾਂ ਨੂੰ ਚੜ੍ਹਿਆ, ਤੂੰ ਬੰਧੂਆਂ ਨੂੰ ਬੰਨ ਲਿਆ, ਤੂੰ ਆਦਮੀਆਂ ਵਿੱਚ ਸਗੋਂ ਆਕੀਆਂ ਵਿੱਚ ਵੀ ਦਾਨ ਲਏ, ਕਿ ਯਾਹ ਪਰਮੇਸ਼ੁਰ ਉੱਥੇ ਵੱਸੇ ।
19ਪ੍ਰਭੂ ਮੁਬਾਰਕ ਹੋਵੇ ਜਿਹੜਾ ਰੋਜ ਦਿਹਾੜੇ ਸਾਡਾ ਭਾਰ ਚੁੱਕ ਲੈਂਦਾ ਹੈ, ਉਹੋ ਸਾਡਾ ਮੁਕਤੀਦਾਤਾ ਪਰਮੇਸ਼ੁਰ ਹੈ ! । ਸਲਹ ।20ਪਰਮੇਸ਼ੁਰ ਸਾਡੇ ਲਈ ਬਚਾਵਾਂ ਦਾ ਪਰਮੇਸ਼ੁਰ ਹੈ, ਪ੍ਰਭੂ ਯਹੋਵਾਹ ਵੱਲੋਂ ਹੀ ਮੌਤ ਤੋਂ ਰਿਹਾਈ ਹੈ ।21ਪਰਮੇਸ਼ੁਰ ਜ਼ਰੂਰ ਆਪਣੇ ਵੈਰੀਆਂ ਦੇ ਸਿਰ ਨੂੰ, ਨਾਲੇ ਖੁਲ੍ਹੇ ਦੋਸ਼ੀ ਦੇ ਵਾਲਾਂ ਵਾਲੀ ਖੋਪਰੀ ਨੂੰ ਭੰਨ ਸੁੱਟੇਗਾ !
22ਪ੍ਰਭੂ ਨੇ ਫਰਮਾਇਆ ਕਿ ਮੈਂ ਉਨ੍ਹਾਂ ਨੂੰ ਬਾਸ਼ਾਨ ਤੋਂ ਮੋੜ ਲਿਆਵਾਂਗਾ, ਮੈਂ ਸਮੁੰਦਰ ਦੀਆਂ ਡੂੰਘਿਆਈਆਂ ਤੋਂ ਮੋੜ ਲਿਆਵਾਂਗਾ,23ਤਾਂ ਜੋ ਤੂੰ ਆਪਣੇ ਪੈਰ ਨੂੰ ਲਹੂ ਵਿੱਚ ਡੋਬੇਂ, ਅਤੇ ਤੇਰੇ ਕੁੱਤਿਆਂ ਦੀ ਜੀਭ ਦਾ ਲੁਕਮਾ ਵੈਰੀਆਂ ਵਿਚੋਂ ਹੋਵੇ !
24ਹੇ ਪਰਮੇਸ਼ੁਰ, ਉਨ੍ਹਾਂ ਨੇ ਤੇਰੇ ਜਲੂਸ ਨੂੰ ਵੇਖਿਆ, ਪਵਿੱਤਰ ਸਥਾਨ ਵਿੱਚ ਮੇਰੇ ਪਰਮੇਸ਼ੁਰ, ਮੇਰੇ ਪਾਤਸ਼ਾਹ ਦੇ ਜਲੂਸ ਨੂੰ ।25ਗਵਈਏ ਅੱਗੇ-ਅੱਗੇ ਅਤੇ ਵਜੰਤਰੀ ਪਿੱਛੇ-ਪਿੱਛੇ ਚੱਲਦੇ, ਜੁਆਨ ਤੀਵੀਆਂ ਵਿਚਕਾਰ ਡੱਫਾਂ ਵਜਾਉਂਦੀਆਂ ਜਾਂਦੀਆਂ ਸਨ ।
26ਤੁਸੀਂ ਜਿਹੜੇ ਇਸਰਾਏਲ ਦੇ ਸੋਤੇ ਤੋਂ ਹੋ, ਸੰਗਤਾਂ ਵਿੱਚ ਪ੍ਰਭੂ ਪਰਮੇਸ਼ੁਰ ਨੂੰ ਧੰਨ ਆਖੋ !27ਉੱਥੇ ਛੋਟਾ ਬਿਨਯਾਮੀਨ ਉਨ੍ਹਾਂ ਦਾ ਹਾਕਮ ਹੈ, ਯਹੂਦਾਹ ਦੇ ਸਰਦਾਰ ਆਪਣੀਆਂ ਟੋਲੀਆਂ ਸਣੇ, ਜਬੂਲਨ ਦੇ ਸਰਦਾਰ ਅਤੇ ਨਫਤਾਲੀ ਦੇ ਸਰਦਾਰ ਵੀ ।
28ਤੇਰੇ ਪਰਮੇਸ਼ੁਰ ਨੇ ਤੇਰੇ ਬਲ ਦੀ ਆਗਿਆ ਕੀਤੀ ਹੈ, ਹੇ ਪਰਮੇਸ਼ੁਰ, ਜੋ ਕੁੱਝ ਤੂੰ ਸਾਡੇ ਲਈ ਕੀਤਾ ਹੈ ਉਹ ਨੂੰ ਦ੍ਰਿੜ੍ਹ ਕਰ !29ਤੇਰੀ ਹੈਕਲ ਦੇ ਕਾਰਨ ਜੋ ਯਰੂਸ਼ਲਮ ਵਿੱਚ ਹੈ ਰਾਜੇ ਤੇਰੇ ਲਈ ਭੇਟ ਲਿਆਉਣਗੇ ।
30ਕਾਨਿਆ ਦੇ ਦਰਿੰਦੇ ਨੂੰ ਝਿੜਕ ਦੇ, ਨਾਲੇ ਸਾਨ੍ਹਾਂ ਦੇ ਵੱਗ ਨੂੰ ਲੋਕਾਂ ਦੇ ਵੱਛਿਆਂ ਸਣੇ, ਜਿਹੜੇ ਚਾਂਦੀ ਦੇ ਟੁਕੜੇ ਮਿੱਧਦੇ ਹਨ ! ਜਿਹੜੇ ਲੋਕ ਲੜਾਈ ਪਸੰਦ ਕਰਦੇ ਹਨ, ਉਹ ਨੇ ਉਨ੍ਹਾਂ ਨੂੰ ਖਿੰਡਾ ਦਿੱਤਾ ।31ਮਿਸਰ ਤੋਂ ਰਈਸ ਆਉਣਗੇ, ਕੂਸ਼ ਸ਼ਿਤਾਬੀ ਆਪਣੇ ਹੱਥ ਪਰਮੇਸ਼ੁਰ ਵੱਲ ਪਸਾਰੇਗਾ ।
32ਹੇ ਧਰਤੀ ਦੀਓ ਰਾਜ ਧਾਨੀਓ, ਪਰਮੇਸ਼ੁਰ ਲਈ ਗਾਓ, ਪ੍ਰਭੂ ਲਈ ਭਜਨ ਕੀਰਤਨ ਕਰੋ । ਸਲਹ ।33ਜਿਹੜਾ ਮੁੱਢੋਂ ਅਕਾਸ਼ਾਂ ਦੇ ਅਕਾਸ਼ ਉੱਤੇ ਸਵਾਰ ਹੈ, ਵੇਖੋ, ਉਹ ਆਪਣੀ ਅਵਾਜ਼, ਇੱਕ ਜ਼ੋਰ ਵਾਲੀ ਅਵਾਜ਼ ਸੁਣਾਉਂਦਾ ਹੈ ।
34ਤੁਸੀਂ ਪਰਮੇਸ਼ੁਰ ਦੀ ਸਮਰੱਥਾ ਨੂੰ ਮੰਨੋ, ਉਹ ਦਾ ਪਰਤਾਪ ਇਸਰਾਏਲ ਉੱਤੇ ਹੈ, ਅਤੇ ਉਹ ਦੀ ਸਮਰੱਥਾ ਅਕਾਸ਼ ਮੰਡਲ ਵਿੱਚ ਹੈ ।35ਹੇ ਪਰਮੇਸ਼ੁਰ, ਤੂੰ ਆਪਣਿਆਂ ਪਵਿੱਤਰ ਥਾਵਾਂ ਵਿੱਚ ਭਿਆਣਕ ਹੈਂ, ਇਸਰਾਏਲ ਦਾ ਪਰਮੇਸ਼ੁਰ ਉਹੋ ਪਰਮੇਸ਼ੁਰ ਹੈ ਜਿਹੜਾ ਆਪਣੀ ਪਰਜਾ ਨੂੰ ਸਮਰੱਥਾ ਅਤੇ ਸ਼ਕਤੀ ਦਿੰਦਾ ਹੈ । ਪਰਮੇਸ਼ੁਰ ਮੁਬਾਰਕ ਹੋਵੇ ! ।

69
ਸੰਕਟ ਵਿੱਚ ਸਹਾਇਤਾ ਲਈ ਪੁਕਾਰ
ਪ੍ਰਧਾਨ ਵਜਾਉਣ ਵਾਲੇ ਦੇ ਲਈ ਸ਼ੇਸ਼ਤ੍ਰੀਮ ਰਾਗ ਵਿੱਚ ਦਾਊਦ ਦਾ ਗੀਤ

1ਹੇ ਪਰਮੇਸ਼ੁਰ ਮੈਨੂੰ ਬਚਾ ਲੈ, ਪਾਣੀ ਮੇਰੀ ਜਾਨ ਤੱਕ ਜੋ ਆਏ ਹਨ !2ਮੈਂ ਡਾਢੇ ਚਿੱਕੜ ਵਿੱਚ ਧਸ ਚੱਲਿਆ ਹਾਂ, ਜਿੱਥੇ ਖਲੋਤਾ ਨਹੀਂ ਜਾਂਦਾ, ਮੈਂ ਡੂੰਘੇ ਪਾਣੀ ਵਿੱਚ ਪੈ ਗਿਆ, ਜਿੱਥੇ ਹੜ੍ਹ ਮੇਰੇ ਉੱਤੋਂ ਦੀ ਲੰਘਦਾ ਜਾਂਦਾ ਹੈ ।

3ਮੈਂ ਪੁਕਾਰਦਾ ਪੁਕਾਰਦਾ ਥੱਕ ਗਿਆ, ਮੇਰਾ ਸੰਘ ਬਹਿ ਗਿਆ, ਆਪਣੇ ਪਰਮੇਸ਼ੁਰ ਨੂੰ ਉਡੀਕਦਿਆਂ ਉਡੀਕਦਿਆਂ ਮੇਰੀਆਂ ਅੱਖੀਆਂ ਰਹਿ ਗਈਆਂ !4ਜਿਹੜੇ ਧਿਗਾਣੇ ਮੇਰੇ ਨਾਲ ਵੈਰ ਰੱਖਦੇ ਹਨ, ਓਹ ਮੇਰੇ ਸਿਰ ਦੇ ਵਾਲਾਂ ਨਾਲੋਂ ਵੀ ਬਹੁਤ ਹਨ, ਮੇਰੇ ਵਾਢੂ ਜਿਹੜੇ ਨਹੱਕ ਮੇਰੇ ਨਾਲ ਵੈਰ ਰੱਖਦੇ ਹਨ ਬਲਵੰਤ ਹਨ, ਜੋ ਮੈਂ ਨਹੀਂ ਲੁੱਟਿਆ, ਓਹ ਮੈਨੂੰ ਮੋੜਨਾ ਪਿਆ ।
5ਹੇ ਪਰਮੇਸ਼ੁਰ, ਤੂੰ ਮੇਰੀ ਮੂਰਖਤਾਈ ਨੂੰ ਜਾਣਦਾ ਹੈਂ, ਅਤੇ ਮੇਰੇ ਉਪੱਦਰ ਤੈਥੋਂ ਲੁੱਕੇ ਹੋਏ ਨਹੀਂ ।6ਹੇ ਪ੍ਰਭੂ, ਸੈਨਾਂ ਦੇ ਯਹੋਵਾਹ, ਜਿਹੜੇ ਤੈਨੂੰ ਉਡੀਕਦੇ ਹਨ, ਓਹ ਮੇਰੇ ਕਾਰਨ ਲੱਜਿਆਵਾਨ ਨਾ ਹੋਣ ! ਹੇ ਇਸਰਾਏਲ ਦੇ ਪਰਮੇਸ਼ੁਰ ਜਿਹੜੇ ਤੈਨੂੰ ਭਾਲਦੇ ਹਨ, ਉਨ੍ਹਾਂ ਦੇ ਮੇਰੇ ਕਾਰਨ ਮੂੰਹ ਕਾਲੇ ਨਾ ਹੋਣ ! ।
7ਮੈਂ ਤੇਰੇ ਹੀ ਕਾਰਨ ਨਿੰਦਾ ਸਹੀ, ਲਾਜ ਨੇ ਮੇਰੇ ਮੂੰਹ ਨੂੰ ਢੱਕ ਲਿਆ ਹੈ ।8ਮੈਂ ਆਪਣੇ ਭਰਾਵਾਂ ਵਿੱਚ ਬਗਾਨਾ, ਅਤੇ ਮਾਂ ਜਾਇਆਂ ਵਿੱਚ ਗੈਰ ਹੋਇਆ ਹਾਂ,9ਕਿਉਂ ਜੋ ਤੇਰੇ ਘਰ ਦੀ ਗੈਰਤ ਮੈਨੂੰ ਖਾ ਗਈ ਹੈ, ਅਤੇ ਤੇਰੇ ਨਿੰਦਕਾਂ ਦੀਆਂ ਨਿੰਦਿਆਂ ਮੇਰੇ ਉੱਤੇ ਆ ਪਈਆਂ ।
10ਜਦ ਮੈਂ ਰੋ-ਰੋ ਕੇ ਅਤੇ ਵਰਤ ਰੱਖ ਕੇ ਆਪਣੀ ਜਾਨ ਨੂੰ ਖਪਾਇਆ, ਤਾਂ ਇਹ ਵੀ ਮੇਰੇ ਲਈ ਨਿੰਦਿਆ ਦਾ ਕਾਰਨ ਹੋਇਆ !11ਜਦ ਮੈਂ ਤੱਪੜ ਆਪਣਾ ਬਿਸਤਰ ਬਣਾਇਆ, ਤਾਂ ਮੈਂ ਉਨ੍ਹਾਂ ਦੀ ਕਹਾਉਤ ਬਣਿਆ ।12ਫਾਟਕ ਵਿੱਚ ਬਹਿਣ ਵਾਲੇ ਮੇਰੀ ਚਰਚਾ ਕਰਦੇ ਹਨ, ਅਤੇ ਸ਼ਰਾਬੀ ਮੇਰੇ ਉੱਤੇ ਸਿੱਠਾਂ ਜੋੜਦੇ ਹਨ ।
13ਪਰ ਹੇ ਯਹੋਵਾਹ, ਮੇਰੀ ਪ੍ਰਾਰਥਨਾ ਠੀਕ ਵੇਲੇ ਸਿਰ ਤੇਰੇ ਹੀ ਅੱਗੇ ਹੈ, ਹੇ ਪਰਮੇਸ਼ੁਰ, ਆਪਣੀ ਡਾਢੀ ਦਯਾ ਨਾਲ, ਅਤੇ ਆਪਣੇ ਸੱਚੇ ਬਚਾਓ ਨਾਲ ਮੈਨੂੰ ਉੱਤਰ ਦੇ ।14ਮੈਨੂੰ ਚਿੱਕੜ ਵਿਚੋਂ ਕੱਢ ਲੈ ਕਿ ਮੈਂ ਖੁੱਭ ਨਾ ਜਾਂਵਾਂ, ਮੈਂ ਆਪਣੇ ਵੈਰੀਆਂ ਤੋਂ ਅਤੇ ਡੂੰਘੇ ਪਾਣੀਆਂ ਤੋਂ ਛੁਡਾਇਆ ਜਾਂਵਾਂ !15ਪਾਣੀ ਦੀ ਛੱਲ ਮੇਰੇ ਉੱਤੇ ਨਾ ਆ ਜਾਵੇ, ਨਾ ਡੂੰਘ ਮੈਨੂੰ ਨਿਗਲੇ, ਨਾ ਗੋਰ ਮੇਰੇ ਉੱਤੇ ਮੂੰਹ ਮੀਟ ਲਵੇ !
16ਹੇ ਯਹੋਵਾਹ, ਮੈਨੂੰ ਉੱਤਰ ਦੇ ਕਿਉਂ ਜੋ ਤੇਰੀ ਦਯਾ ਭਲੀ ਹੈ, ਆਪਣੀਆਂ ਬੇਓੜਕ ਰਹਮਤਾਂ ਦੇ ਅਨੁਸਾਰ ਮੇਰੀ ਵੱਲ ਮੂੰਹ ਕਰ,17ਅਤੇ ਆਪਣੇ ਦਾਸ ਤੋਂ ਆਪਣਾ ਮੂੰਹ ਨਾ ਲੁਕਾ, ਕਿਉਂ ਜੋ ਮੈਂ ਡਾਢਾ ਔਖਾ ਹਾਂ ! ਛੇਤੀ ਮੈਨੂੰ ਉੱਤਰ ਦੇ ।
18ਮੇਰੀ ਜਾਨ ਦੇ ਨੇੜੇ ਆ ਅਤੇ ਉਹ ਨੂੰ ਛੁਡਾ, ਅਤੇ ਮੇਰੀਆਂ ਵੈਰੀਆਂ ਦੇ ਕਾਰਨ ਮੈਨੂੰ ਛੁਟਕਾਰਾ ਦੇ !19ਮੇਰੀ ਨਿੰਦਿਆ, ਮੇਰੀ ਲਾਜ ਅਤੇ ਮੇਰੀ ਬੇਪਤੀ ਨੂੰ ਤੂੰ ਜਾਣਦਾ ਹੈਂ, ਮੇਰੇ ਸਭ ਵਿਰੋਧੀ ਤੇਰੇ ਅੱਗੇ ਹਨ ।
20ਨਿੰਦਿਆ ਦੇ ਨਾਲ ਮੇਰਾ ਦਿਲ ਟੁੱਟ ਗਿਆ ਹੈ ਅਤੇ ਮੈਂ ਮਾਂਦਾ ਹੋ ਗਿਆ, ਮੈਂ ਦਿਲਾਸਾ ਦੇਣ ਵਾਲੇ ਉਡੀਕਦਾ ਰਿਹਾ ਪਰ ਕੋਈ ਹੈ ਨਹੀਂ ਸੀ, ਅਤੇ ਧੀਰਜ ਦੇਣ ਵਾਲੇ, ਪਰ ਓਹ ਵੀ ਮੈਨੂੰ ਨਾ ਮਿਲੇ ।21ਉਨ੍ਹਾਂ ਨੇ ਖਾਣ ਲਈ ਮੈਨੂੰ ਪਿੱਤ ਦਿੱਤਾ, ਅਤੇ ਤੇਹ ਦੇ ਵੇਲੇ ਮੈਨੂੰ ਸਿਰਕਾ ਪਿਆਇਆ ।
22ਉਨ੍ਹਾਂ ਦੀ ਮੇਜ਼ ਉਨ੍ਹਾਂ ਦੇ ਅੱਗੇ ਫਾਹੀ ਬਣ ਜਾਵੇ, ਅਤੇ ਜਦ ਓਹ ਸੁੱਖ-ਸਾਂਦ ਹਨ ਉਹ ਫੰਦਾ ਬਣ ਜਾਵੇ !23ਉਨ੍ਹਾਂ ਦੀਆਂ ਅੱਖੀਆਂ ਉੱਤੇ ਅਨ੍ਹੇਰ ਛਾ ਜਾਵੇ ਜੋ ਓਹ ਨਾ ਵੇਖਣ, ਅਤੇ ਉਨ੍ਹਾਂ ਦੇ ਲੱਕ ਸਦਾ ਕੰਬਦੇ ਰਹਿਣ !
24ਆਪਣਾ ਰੋਹ ਉਨ੍ਹਾਂ ਉੱਤੇ ਢਾਲ ਦੇ, ਅਤੇ ਤੇਰੇ ਕ੍ਰੋਧ ਦੀ ਤੇਜ਼ੀ ਉਨ੍ਹਾਂ ਨੂੰ ਫੜ ਲਵੇ !25ਉਨ੍ਹਾਂ ਦਾ ਡੇਰਾ ਉੱਜੜ ਜਾਵੇ, ਉਨ੍ਹਾਂ ਦੇ ਤੰਬੂਆਂ ਵਿੱਚ ਕੋਈ ਨਾ ਵੱਸੇ,
26ਕਿਉਂ ਜੋ ਓਹ ਤੇਰੇ ਮਾਰੇ ਹੋਏ ਦਾ ਪਿੱਛਾ ਕਰਦੇ ਹਨ, ਅਤੇ ਤੇਰੇ ਘਾਇਲ ਕਿਤੇ ਹੋਇਆਂ ਦੇ ਦੁੱਖ ਦੀ ਚਰਚਾ ਕਰਦੇ ਹਨ !27ਤੂੰ ਉਨ੍ਹਾਂ ਦੀ ਬਦੀ ਉੱਤੇ ਬਦੀ ਵਧਾ, ਅਤੇ ਆਪਣੇ ਧਰਮ ਵਿੱਚ ਉਨ੍ਹਾਂ ਨੂੰ ਆਉਣ ਨਾ ਦੇ !
28ਓਹ ਜੀਵਨ ਦੀ ਪੋਥੀ ਵਿਚੋਂ ਮੇਟ ਦਿੱਤੇ ਜਾਣ, ਅਤੇ ਧਰਮੀਆਂ ਨਾਲ ਲਿਖੇ ਨਾ ਜਾਣ ! ।29ਪਰ ਮੈਂ ਅਧੀਨ ਅਤੇ ਦੁਖੀ ਹਾਂ, ਹੇ ਪਰਮੇਸ਼ੁਰ, ਤੇਰਾ ਬਚਾਓ ਮੈਨੂੰ ਉੱਚਾ ਕਰ ਕੇ ਖਲ੍ਹਿਆਰੇ ।
30ਮੈਂ ਗੀਤ ਨਾਲ ਪਰਮੇਸ਼ੁਰ ਦੇ ਨਾਮ ਦੀ ਉਸਤਤ ਕਰਾਂਗਾ, ਅਤੇ ਧੰਨਵਾਦ ਨਾਲ ਉਹ ਦੀ ਵਡਿਆਈ ਕਰਾਂਗਾ,31ਅਤੇ ਇਹ ਯਹੋਵਾਹ ਨੂੰ ਬਲਦ ਨਾਲੋਂ, ਸਗੋਂ ਸਿੰਙ ਵਾਲੇ ਅਤੇ ਖੁਰ ਦਾਰ ਵੱਛੇ ਨਾਲੋਂ ਬਹੁਤਾ ਭਾਵੇਗਾ ।
32ਅਧੀਨ ਇਹ ਵੇਖ ਕੇ ਅਨੰਦ ਹੁੰਦੇ ਹਨ, ਪਰਮੇਸ਼ੁਰ ਦੇ ਤਾਲਿਬੋ, ਤੁਹਾਡਾ ਮਨ ਜਿਉਂਦਾ ਰਹੇ !33ਯਹੋਵਾਹ ਤਾਂ ਕੰਗਾਲਾਂ ਦੀ ਸੁਣਦਾ ਹੈ ਅਤੇ ਆਪਣੇ ਗ਼ੁਲਾਮਾਂ ਨੂੰ ਤੁੱਛ ਨਹੀਂ ਜਾਣਦਾ ।
34ਅਕਾਸ਼ ਅਤੇ ਧਰਤੀ ਉਸ ਦੀ ਉਸਤਤ ਕਰਨ, ਸਮੁੰਦਰ ਵੀ ਅਤੇ ਜੋ ਕੁੱਝ ਉਸ ਦੇ ਵਿੱਚ ਚੱਲਦਾ ਫਿਰਦਾ ਹੈ !35ਪਰਮੇਸ਼ੁਰ ਸੀਯੋਨ ਨੂੰ ਬਚਾਵੇਗਾ ਅਤੇ ਯਹੂਦਾਹ ਦੇ ਸ਼ਹਿਰ ਬਣਾਵੇਗਾ, ਅਤੇ ਓਹ ਉੱਥੇ ਵੱਸਣਗੇ ਤੇ ਉਸ ਨੂੰ ਆਪਣੇ ਕਬਜ਼ੇ ਵਿੱਚ ਰੱਖਣਗੇ,36ਅਤੇ ਉਹ ਦੇ ਦਾਸਾਂ ਦੀ ਅੰਸ ਉਸ ਦੀ ਵਾਰਸ ਹੋਵੇਗੀ, ਅਤੇ ਉਹ ਦੇ ਨਾਮ ਦੇ ਪ੍ਰੇਮੀ ਉਸ ਵਿੱਚ ਵੱਸਣਗੇ ।

70
ਸਹਾਇਤਾ ਦੇ ਲਈ ਪ੍ਰਾਰਥਨਾ
ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਭਜਨ, ਯਾਦ ਕਰਾਉਣ ਲਈ

1ਹੇ ਪਰਮੇਸ਼ੁਰ, ਮੇਰੇ ਛੁਟਕਾਰੇ ਦੇ ਲਈ, ਹੇ ਯਹੋਵਾਹ, ਮੇਰੀ ਸਹਾਇਤਾ ਦੇ ਲਈ ਛੇਤੀ ਕਰ !2ਜਿਹੜੇ ਮੇਰੀ ਜਾਨ ਦੇ ਗਾਹਕ ਹਨ, ਓਹ ਲੱਜਿਆਵਾਨ ਹੋਣ ਅਤੇ ਘਾਬਰ ਜਾਣ, ਜਿਹੜੇ ਮੇਰਾ ਬੁਰਾ ਚਾਹੁੰਦੇ ਹਨ, ਓਹ ਪਿਛਾਂਹ ਹਟਾਏ ਜਾਣ ਤੇ ਸ਼ਰਮਿੰਦੇ ਹੋਣ !3ਜਿਹੜੇ "ਆਹਾ, ਆਹਾ !" ਕਹਿੰਦੇ ਹਨ, ਓਹ ਆਪਣੀ ਲਾਜ ਦੇ ਮਾਰੇ ਪਿਛਾਂਹ ਹਟ ਜਾਣ !

4ਜਿੰਨੇ ਤੇਰੇ ਤਾਲਿਬ ਹਨ ਓਹ ਤੇਰੇ ਵਿੱਚ ਖੁਸ਼ ਤੇ ਅਨੰਦ ਹੋਣ, ਅਤੇ ਜਿਹੜੇ ਤੇਰੀ ਮੁਕਤੀ ਦੇ ਪ੍ਰੇਮੀ ਹਨ, ਓਹ ਸਦਾ ਆਖਦੇ ਰਹਿਣ ਕਿ ਪਰਮੇਸ਼ੁਰ ਦੀ ਵਡਿਆਈ ਹੋਵੇ !5ਮੈਂ ਤਾਂ ਮਸਕੀਨ ਅਤੇ ਕੰਗਾਲ ਹਾਂ, ਹੇ ਪਰਮੇਸ਼ੁਰ, ਮੇਰੇ ਲਈ ਛੇਤੀ ਕਰ, ਤੂੰ ਹੀ ਮੇਰਾ ਸਹਾਇਕ ਅਤੇ ਮੇਰਾ ਛੁਡਾਉਣ ਵਾਲਾ ਹੈਂ, ਹੇ ਯਹੋਵਾਹ, ਢਿੱਲ ਨਾ ਲਾ ! ।

71
ਇੱਕ ਬਜ਼ੁਰਗ ਦੀ ਪ੍ਰਾਰਥਨਾ

1ਹੇ ਯਹੋਵਾਹ, ਮੈਂ ਤੇਰੀ ਸ਼ਰਨ ਆਇਆ ਹਾਂ, ਮੈਨੂੰ ਕਦੇ ਲੱਜਿਆਵਾਨ ਨਾ ਹੋਣ ਦੇ !2ਆਪਣੇ ਧਰਮ ਨਾਲ ਮੇਰਾ ਛੁਟਕਾਰਾ ਕਰ ਕੇ ਮੈਨੂੰ ਛੁਡਾ, ਮੇਰੀ ਵੱਲ ਕੰਨ ਲਾ ਕੇ ਮੈਨੂੰ ਬਚਾ !3ਤੂੰ ਮੇਰੇ ਨਿਵਾਸ ਦੀ ਚੱਟਾਨ ਬਣ ਜਿੱਥੇ ਮੈਂ ਹਰ ਰੋਜ ਜਾਇਆ ਕਰਾਂ, ਤੂੰ ਮੇਰੇ ਬਚਾਓ ਦੀ ਆਗਿਆ ਦਿੱਤੀ ਹੈ, ਕਿਉਂ ਜੋ ਤੂੰ ਹੀ ਮੇਰੀ ਚੱਟਾਨ ਅਤੇ ਮੇਰਾ ਗੜ੍ਹ ਹੈਂ ।

4ਹੇ ਮੇਰੇ ਪਰਮੇਸ਼ੁਰ, ਮੈਨੂੰ ਦੁਸ਼ਟ ਦੇ ਹੱਥੋਂ ਅਤੇ ਕੁਧਰਮੀ ਤੇ ਜ਼ਾਲਿਮ ਦੇ ਪੰਜਿਓਂ ਛੁਡਾ !5ਹੇ ਪ੍ਰਭੂ ਯਹੋਵਾਹ, ਤੂੰ ਹੀ ਮੇਰੀ ਆਸ ਹੈਂ, ਅਤੇ ਮੇਰੀ ਜਵਾਨੀ ਤੋਂ ਮੇਰਾ ਭਰੋਸਾ ਤੇਰੇ ਉੱਤੇ ਹੈ ।
6ਮੈਂ ਜਨਮ ਤੋਂ ਹੀ ਤੇਰੇ ਦੁਆਰਾ ਸੰਭਾਲਿਆ ਗਿਆ ਹਾਂ, ਮੇਰੀ ਮਾਤਾ ਦੀ ਕੁੱਖ ਤੋਂ ਤੂੰ ਹੀ ਮੈਨੂੰ ਕੱਢਿਆ, ਮੈਂ ਸਦਾ ਤੇਰੀ ਉਸਤਤ ਕਰਾਂਗਾ ।7ਮੈਂ ਬਹੁਤਿਆਂ ਦੇ ਲਈ ਇੱਕ ਅਚੰਭਾ ਜਿਹਾ ਬਣਿਆ, ਪਰ ਤੂੰ ਮੇਰੀ ਪੱਕੀ ਪਨਾਹ ਹੈਂ ।
8ਮੇਰਾ ਮੂੰਹ ਤੇਰੀ ਉਸਤਤ ਅਤੇ ਤੇਰੀ ਪ੍ਰਸ਼ੰਸਾ ਨਾਲ ਸਾਰਾ ਦਿਨ ਭਰਿਆ ਰਹੇਗਾ ।9ਬੁਢੇਪੇ ਦੇ ਸਮੇਂ ਮੈਨੂੰ ਤਿਆਗ ਨਾ ਦੇ, ਜਦ ਮੇਰਾ ਬਲ ਘਟੇ ਤਾਂ ਮੈਨੂੰ ਨਾ ਛੱਡ !
10ਮੇਰੇ ਵੈਰੀ ਤਾਂ ਮੇਰੇ ਵਿਖੇ ਆਖਦੇ ਹਨ, ਅਤੇ ਮੇਰੀ ਜਾਨ ਦੇ ਵੈਰੀ ਆਪਸ ਵਿੱਚ ਮਤਾ ਪਕਾਉਂਦੇ ਹਨ ।11ਓਹ ਕਹਿੰਦੇ ਹਨ ਕਿ ਪਰਮੇਸ਼ੁਰ ਨੇ ਉਹ ਨੂੰ ਤਿਆਗ ਦਿੱਤਾ ਹੈ, ਉਹ ਦਾ ਪਿੱਛਾ ਕਰ ਕੇ ਉਹ ਨੂੰ ਫੜ ਲਵੋ, ਕਿਉਂ ਜੋ ਉਸਦਾ ਛੁਡਾਉਣ ਵਾਲਾ ਕੋਈ ਨਹੀਂ ਹੈ ।
12ਹੇ ਪਰਮੇਸ਼ੁਰ, ਮੈਥੋਂ ਦੂਰ ਨਾ ਰਹਿ, ਹੇ ਮੇਰੇ ਪਰਮੇਸ਼ੁਰ, ਮੇਰੀ ਸਹਾਇਤਾ ਛੇਤੀ ਕਰ !13ਜੋ ਮੇਰੀ ਜਾਨ ਦੇ ਵਿਰੋਧੀ ਹਨ ਓਹ ਸ਼ਰਮਿੰਦੇ ਅਤੇ ਨਾਸ ਹੋ ਜਾਣ, ਜੋ ਮੇਰਾ ਬੁਰਾ ਚਾਹੁੰਦੇ ਹਨ ਓਹ ਉਲਾਹਮੇ ਅਤੇ ਨਿਰਾਦਰੀ ਵਿੱਚ ਭਰ ਜਾਣ !
14ਪਰ ਮੈਂ ਸਦਾ ਤੇਰੇ ਉੱਤੇ ਆਸ ਰੱਖਾਂਗਾ ਅਤੇ ਤੇਰੀ ਉਸਤਤ ਤੇ ਉਸਤਤ ਕਰਦਾ ਹੀ ਜਾਂਵਾਂਗਾ ।15ਮੇਰਾ ਮੂੰਹ ਜੀਵਨ ਭਰ ਤੇਰੇ ਧਰਮ ਅਤੇ ਤੇਰੀ ਮੁਕਤੀ ਦਾ ਵਰਣਨ ਕਰੇਗਾ, ਜਿਨ੍ਹਾਂ ਦਾ ਲੇਖਾ ਵੀ ਮੈਂ ਨਹੀਂ ਜਾਣ ਸਕਦਾ ।16ਮੈਂ ਪ੍ਰਭੂ ਯਹੋਵਾਹ ਦੇ ਬਲ ਵਿੱਚ ਚੱਲਾਂਗਾ, ਮੈਂ ਕੇਵਲ ਤੇਰੇ ਹੀ ਧਰਮ ਦਾ ਜ਼ਿਕਰ ਕਰਾਂਗਾ ।
17ਹੇ ਪਰਮੇਸ਼ੁਰ, ਤੂੰ ਮੈਨੂੰ ਜਵਾਨੀ ਤੋਂ ਸਿਖਾਇਆ ਹੈ, ਅਤੇ ਹੁਣ ਤੱਕ ਮੈਂ ਤੇਰੇ ਅਨੋਖੇ ਕੰਮਾਂ ਨੂੰ ਦੱਸਦਾ ਰਿਹਾ ।18ਸੋ ਬੁਢੇਪੇ ਤੇ ਧੌਲਿਆਂ ਤੱਕ ਵੀ, ਹੇ ਪਰਮੇਸ਼ੁਰ, ਮੈਨੂੰ ਨਾ ਤਿਆਗ, ਜਦ ਤੱਕ ਮੈਂ ਆਉਣ ਵਾਲੀ ਪੀੜ੍ਹੀ ਨੂੰ ਤੇਰਾ ਬਲ, ਅਤੇ ਸਾਰੇ ਆਉਣ ਵਾਲਿਆਂ ਨੂੰ ਤੇਰੀ ਸਮਰੱਥਾ ਨਾ ਦੱਸਾਂ ।
19ਅਤੇ ਤੇਰਾ ਧਰਮ, ਹੇ ਪਰਮੇਸ਼ੁਰ, ਅੱਤ ਉੱਚਾ ਹੈ, ਤੂੰ ਵੱਡੇ-ਵੱਡੇ ਕੰਮ ਕੀਤੇ ਹਨ ! ਹੇ ਪਰਮੇਸ਼ੁਰ, ਤੇਰੇ ਤੁੱਲ ਕੌਣ ਹੈ ?20ਤੂੰ ਜਿਸ ਨੇ ਮੈਨੂੰ ਬਹੁਤ ਅਤੇ ਬੁਰੀਆਂ ਬਿਪਤਾਂ ਵਿਖਾਈਆਂ ਹਨ, ਮੁੜ ਕੇ ਮੈਨੂੰ ਜਿਵਾਏਂਗਾ, ਅਤੇ ਧਰਤੀ ਦੀਆਂ ਡੂੰਘਿਆਈਆਂ ਵਿੱਚੋਂ ਫੇਰ ਮੈਨੂੰ ਉਠਾਵੇਂਗਾ ।
21ਤੂੰ ਮੇਰੇ ਆਦਰ ਨੂੰ ਵਧਾ, ਅਤੇ ਮੁੜ ਕੇ ਮੈਨੂੰ ਦਿਲਾਸਾ ਦੇ ।22ਹੇ ਮੇਰੇ ਪਰਮੇਸ਼ੁਰ, ਮੈਂ ਵੀ ਤੇਰੀ ਸਚਿਆਈ ਦੇ ਕਾਰਨ, ਸਤਾਰ ਵਜਾ ਕੇ ਤੇਰਾ ਧੰਨਵਾਦ ਕਰਾਂਗਾ, ਇਸਰਾਏਲ ਦੇ ਪਵਿੱਤਰ ਪੁਰਖ, ਮੈਂ ਬਰਬਤ ਵਜਾ ਕੇ ਤੇਰਾ ਜਸ ਗਾਵਾਂਗਾ ।
23ਮੇਰੇ ਬੁੱਲ੍ਹ ਜੈਕਾਰਾ ਗਜਾਉਣਗੇ ਜਦ ਮੈਂ ਤੇਰਾ ਜਸ ਗਾਵਾਂਗਾ, ਅਤੇ ਮੇਰੀ ਜਾਨ ਵੀ ਜਿਸ ਨੂੰ ਤੂੰ ਛੁਟਕਾਰਾ ਦਿੱਤਾ ਹੈ ।24ਮੇਰੀ ਜੀਭ ਵੀ ਸਾਰਾ ਦਿਨ ਤੇਰੇ ਧਰਮ ਦੀ ਚਰਚਾ ਕਰੇਗੀ, ਕਿਉਂਕਿ ਜਿਹੜੇ ਮੇਰਾ ਬੁਰਾ ਚਾਹੁੰਦੇ ਹਨ, ਓਹ ਲੱਜਿਆਵਾਨ ਅਤੇ ਸ਼ਰਮਿੰਦੇ ਹਨ ।

72
ਧਰਮੀ ਰਾਜੇ ਦਾ ਰਾਜ
ਸੁਲੇਮਾਨ ਦਾ ਗੀਤ

1ਹੇ ਪਰਮੇਸ਼ੁਰ ਪਾਤਸ਼ਾਹ ਤੂੰ ਆਪਣਾ ਨਿਆਂ, ਅਤੇ ਪਾਤਸ਼ਾਹ ਦੇ ਪੁੱਤਰ ਨੂੰ ਆਪਣਾ ਧਰਮ ਸਿਖਾ ।2ਉਹ ਧਰਮ ਨਾਲ ਤੇਰੀ ਪਰਜਾ ਦਾ ਅਤੇ ਇਨਸਾਫ਼ ਨਾਲ ਤੇਰੇ ਮਸਕੀਨਾਂ ਦਾ ਨਿਆਂ ਕਰੇਗਾ ।3ਪਹਾੜ ਤੇ ਪਹਾੜੀਆਂ ਪਰਜਾ ਲਈ ਧਰਮ ਦੇ ਕਾਰਨ ਖੁਸ਼ਹਾਲੀ ਲਿਆਉਣਗੇ ।

4ਉਹ ਪਰਜਾ ਦੇ ਮਸਕੀਨਾਂ ਦਾ ਨਿਆਂ ਕਰੇਗਾ, ਉਹ ਕੰਗਾਲਾਂ ਦੇ ਬੱਚਿਆਂ ਨੂੰ ਬਚਾਵੇਗਾ, ਅਤੇ ਜ਼ਾਲਮ ਨੂੰ ਕੁਚਲੇਂਗਾ ।5ਜਿੰਨਾ ਚਿਰ ਸੂਰਜ ਤੇ ਚੰਦਰਮਾ ਬਣੇ ਰਹਿਣਗੇ, ਲੋਕ ਪੀੜ੍ਹੀਓ ਪੀੜ੍ਹੀ ਤੇਰਾ ਭੈ ਮੰਨਦੇ ਰਹਿਣਗੇ ।
6ਉਹ ਦਾ ਉਤਰਨਾ ਵਰਖਾ ਦੀ ਤਰ੍ਹਾਂ ਹੋਵੇਗਾ ਜਿਹੜੀ ਵੱਢ ਹੋਏ ਘਾਹ ਉੱਤੇ ਪਵੇ, ਅਤੇ ਝੜੀਆਂ ਦੀ ਤਰ੍ਹਾਂ ਜੋ ਧਰਤੀ ਨੂੰ ਸਿੰਜਦੀਆਂ ਹਨ ।7ਉਹ ਦੇ ਦਿਨਾਂ ਵਿੱਚ ਧਰਮੀ ਲਹਿ ਲਹਾਉਣਗੇ, ਅਤੇ ਜਿੰਨਾ ਚਿਰ ਚੰਦਰਮਾ ਜਾਂਦਾ ਨਾ ਰਹੇ ਸ਼ਾਂਤੀ ਭਰਪੂਰੀ ਨਾਲ ਵਾਸ ਕਰੇਗੀ ।
8ਉਹ ਸਮੁੰਦਰ ਤੋਂ ਲੈ ਕੇ ਸਮੁੰਦਰ ਤੱਕ ਅਤੇ ਧਰਤੀ ਤੋਂ ਲੈ ਕੇ ਦਰਿਆ ਦੇ ਬੰਨੇ ਤੱਕ ਰਾਜ ਕਰੇਗਾ ।9ਜੰਗਲ ਦੇ ਰਹਿਣ ਵਾਲੇ ਉਹ ਦੇ ਅੱਗੇ ਗੋਡੇ ਨਿਵਾਉਣਗੇ, ਅਤੇ ਉਹ ਦੇ ਵੈਰੀ ਖਾਕ ਚੱਟਣਗੇ !10ਤਰਸ਼ੀਸ਼ ਅਤੇ ਟਾਪੂਆਂ ਦੇ ਰਾਜੇ ਭੇਟ ਲਿਆਉਣਗੇ, ਸ਼ਬਾ ਤੇ ਸਬਾ ਦੇ ਰਾਜੇ ਨਜ਼ਰਾਨੇ ਪਹੁੰਚਾਉਣਗੇ,
11ਸਗੋਂ ਸਾਰੇ ਰਾਜੇ ਉਹ ਦੇ ਅੱਗੇ ਮੱਥਾ ਟੇਕਣਗੇ, ਸਾਰੀਆਂ ਕੌਮਾਂ ਉਸ ਦੀ ਸੇਵਾ ਕਰਨਗੀਆਂ ।12ਉਹ ਦੁਹਾਈ ਦੇਣ ਵਾਲੇ ਕੰਗਾਲ ਨੂੰ ਅਤੇ ਮਸਕੀਨ ਅਤੇ ਅਨਾਥ ਨੂੰ ਬਚਾਵੇਗਾ ।
13ਉਹ ਗਰੀਬ ਅਤੇ ਕੰਗਾਲ ਉੱਤੇ ਤਰਸ ਖਾਵੇਗਾ, ਅਤੇ ਕੰਗਾਲ ਦੀਆਂ ਜਾਨਾਂ ਨੂੰ ਬਚਾਵੇਗਾ ।14ਉਹ ਉਨ੍ਹਾਂ ਦੀ ਜਾਨ ਨੂੰ ਛਲ ਤੇ ਅਨ੍ਹੇਰ ਤੋਂ ਛੁਟਕਾਰਾ ਦੇਵੇਗਾ, ਅਤੇ ਉਨ੍ਹਾਂ ਦਾ ਲਹੂ ਉਹ ਦੀ ਨਿਗਾਹ ਵਿੱਚ ਬਹੁਮੁੱਲਾ ਹੋਵੇਗਾ,
15ਅਤੇ ਉਹ ਜਿਉਂਦਾ ਰਹੇਗਾ ਅਤੇ ਸ਼ਬਾ ਦੇ ਸੋਨੇ ਵਿਚੋਂ ਉਹ ਨੂੰ ਦਿੱਤਾ ਜਾਵੇਗਾ, ਅਤੇ ਓਹ ਉਹ ਦੇ ਲਈ ਨਿੱਤ ਪ੍ਰਾਰਥਨਾ ਕਰਨਗੇ, ਸਾਰਾ ਦਿਨ ਉਹ ਨੂੰ ਮੁਬਾਰਕ ਆਖਣਗੇ ।16ਧਰਤੀ ਵਿੱਚ ਪਹਾੜਾਂ ਦੀ ਟੀਸੀ ਉੱਤੇ ਬਹੁਤਾ ਅੰਨ ਹੋਵੇ, ਉਹ ਦਾ ਫਲ ਲਬਾਨੋਨ ਵਾਂਗੂੰ ਝੂਮੇ, ਅਤੇ ਸ਼ਹਿਰ ਦੇ ਲੋਕ ਧਰਤੀ ਦੀ ਹਰਿਆਉਲ ਵਾਂਗੂੰ ਲਹਿ ਲਹਾਉਣ !
17ਉਹ ਦਾ ਨਾਮ ਸਦਾ ਰਹੇ, ਜਿੰਨਾ ਚਿਰ ਸੂਰਜ ਰਹੇ ਉਹ ਦਾ ਨਾਮ ਵਧੇ, ਅਤੇ ਲੋਕ ਉਸ ਵਿੱਚ ਬਰਕਤ ਪਾਉਣ, ਸਾਰੀਆਂ ਕੌਮਾਂ ਉਹ ਨੂੰ ਧੰਨ ਆਖਣ ! ।
18ਮੁਬਾਰਕ ਹੋਵੇ ਯਹੋਵਾਹ ਪਰਮੇਸ਼ੁਰ, ਇਸਰਾਏਲ ਦਾ ਪਰਮੇਸ਼ੁਰ, ਉਹ ਇਕੱਲਾ ਹੀ ਅਚਰਜ ਕੰਮ ਕਰਦਾ ਹੈ,19ਅਤੇ ਉਹ ਦਾ ਤੇਜਵਾਨ ਨਾਮ ਸਦਾ ਤੱਕ ਮੁਬਾਰਕ ਹੋਵੇ, ਅਤੇ ਸਾਰੀ ਧਰਤੀ ਉਹ ਦੇ ਤੇਜ ਨਾਲ ਭਰਪੂਰ ਹੋਵੇ ! ਆਮੀਨ ਤੇ ਆਮੀਨ ! । ਯੱਸੀ ਦੇ ਪੁੱਤਰ ਦਾਊਦ ਦੀਆਂ ਪ੍ਰਾਰਥਨਾਂ ਸਮਾਪਤ ਹੋਈਆਂ ।20(ਇਸ ਨਾਲ ਯੱਸੀ ਦੇ ਪੁੱਤਰ ਦਾਊਦ ਦੀਆਂ ਪ੍ਰਾਰਥਨਾ ਖ਼ਤਮ ਹੁੰਦੀਆਂ ਹਨ ।)

73
ਤੀਸਰਾ ਭਾਗ
ਜ਼ਬੂਰ 73 - 89
ਪਰਮੇਸ਼ੁਰ ਦਾ ਨਿਆਂ
ਆਸਾਫ਼ ਦਾ ਭਜਨ

1ਸੱਚ-ਮੁੱਚ ਇਸਰਾਏਲ ਲਈ ਅਰਥਾਤ ਖਾਲ਼ਸ ਦਿਲ ਵਾਲਿਆਂ ਦੇ ਲਈ ਪਰਮੇਸ਼ੁਰ ਭਲਾ ਹੈ ।2ਪਰ ਮੈਂ ਹੋ ਹਾਂ, ਮੇਰੇ ਪੈਰ ਫਿਸਲਣ, ਅਤੇ ਮੇਰੇ ਕਦਮ ਤਿਲਕਣ ਲੱਗੇ ਸਨ ।3ਜਦ ਮੈਂ ਦੁਸ਼ਟਾਂ ਦਾ ਸੁਲੱਖਪੁਣਾ ਡਿੱਠਾ, ਤਾਂ ਮੈਂ ਉਨ੍ਹਾਂ ਹੰਕਾਰੀਆਂ ਦੇ ਉੱਤੇ ਖੁਣਸ ਕੀਤੀ ਸੀ ।

4ਉਨ੍ਹਾਂ ਦੀ ਮੌਤ ਵਿੱਚ ਤਾਂ ਪੀੜ ਨਹੀ ਹੁੰਦੀ, ਸਗੋਂ ਉਨ੍ਹਾਂ ਦਾ ਸਰੀਰ ਮੋਟਾ ਹੈ ।5ਓਹ ਹੋਰਨਾਂ ਮਨੁੱਖਾਂ ਵਾਂਗੂੰ ਔਖੇ ਨਹੀਂ ਹੁੰਦੇ, ਨਾ ਹੋਰਨਾਂ ਆਦਮੀਆਂ ਵਾਂਗੂੰ ਉਨ੍ਹਾਂ ਉੱਤੇ ਬਿਪਤਾ ਪੈਂਦੀ ਹੈ ।
6ਇਸ ਲਈ ਘਮੰਡ ਉਨ੍ਹਾਂ ਦੇ ਗਲੇ ਦੀ ਜੰਜੀਰ ਹੈ, ਅਤੇ ਅਨ੍ਹੇਰ ਦਾ ਲੀੜਾ ਉਨ੍ਹਾਂ ਨੂੰ ਕੱਜਦਾ ਹੈ ।7ਉਨ੍ਹਾਂ ਦੀਆਂ ਅੱਖੀਆਂ ਚਿਕਨਾਈ ਨਾਲ ਫੁੱਲੀਆਂ ਹੋਈਆਂ ਹਨ, ਉਨ੍ਹਾਂ ਦੇ ਮਨ ਦੇ ਵਿਚਾਰ ਛਲਕਦੇ ਹਨ ।
8ਓਹ ਠੱਠਾ ਮਾਰਦੇ ਅਤੇ ਬਦੀ ਨਾਲ ਅਨ੍ਹੇਰ ਦੀਆਂ ਗੱਲਾਂ ਕਰਦੇ ਹਨ, ਓਹ ਹੰਕਾਰ ਨਾਲ ਬੋਲਦੇ ਹਨ ।9ਉਨ੍ਹਾਂ ਨੇ ਆਪਣਾ ਮੂੰਹ ਅਕਾਸ਼ ਵਿੱਚ ਧਰਿਆ, ਪਰ ਉਨ੍ਹਾਂ ਦੀ ਜੀਭ ਧਰਤੀ ਉੱਤੇ ਫਿਰਦੀ ਹੈ ।
10ਇਸ ਲਈ ਉਹ ਲੋਕ ਏਧਰ ਮੁੜਨਗੇ ਅਤੇ ਭਰੇ ਹੋਏ ਛੰਨ ਦਾ ਪਾਣੀ ਉਨ੍ਹਾਂ ਤੋਂ ਡੱਫਿਆ ਜਾਂਦਾ ਹੈ,11ਅਤੇ ਓਹ ਆਖਦੇ ਹਨ, ਪਰਮੇਸ਼ੁਰ ਕਿਸ ਤਰਾਂ ਜਾਣਦਾ ਹੈ ? ਭਲਾ, ਅੱਤ ਮਹਾਨ ਨੂੰ ਕੁੱਝ ਪਤਾ ਹੈ ?12ਵੇਖੋ, ਦੁਸ਼ਟ ਏਹ ਹਨ, ਅਤੇ ਓਹ ਸਦਾ ਸੁੱਖ ਵਿੱਚ ਰਹਿ ਕੇ ਧੰਨ ਜੋੜਦੇ ਹਨ ! ।
13ਸੱਚ-ਮੁੱਚ ਮੈਂ ਅਵਿਰਥਾ ਆਪਣੇ ਦਿਲ ਨੂੰ ਸ਼ੁੱਧ ਕੀਤਾ ਹੈ, ਅਤੇ ਨਿਰਮਲਤਾਈ ਵਿੱਚ ਆਪਣੇ ਹੱਥ ਧੋਤੇ ਹਨ,14ਕਿਉਂ ਜੋ ਸਾਰਾ ਦਿਨ ਮੈਂ ਮਾਰ ਖਾਂਦਾ ਰਿਹਾ, ਅਤੇ ਹਰ ਸਵੇਰ ਨੂੰ ਮੇਰੀ ਤਾੜਨਾ ਹੋਈ ।15ਜੇ ਮੈਂ ਆਖਦਾ ਕਿ ਮੈਂ ਇਸੇ ਤਰਾਂ ਦੱਸਾਂਗਾ, ਤਾਂ ਵੇਖੋ, ਮੈਂ ਤੇਰੇ ਬੱਚਿਆਂ ਦੀ ਪੀੜ੍ਹੀ ਨੂੰ ਧੋਖਾ ਦਿੰਦਾ ।
16ਜਾਂ ਮੈਂ ਇਸ ਨੂੰ ਸਮਝਣ ਲਈ ਸੋਚ ਕੀਤੀ, ਤਾਂ ਉਹ ਮੇਰੀ ਨਿਗਾਹ ਵਿੱਚ ਬਹੁਤ ਔਖਾ ਮਲੂਮ ਹੋਇਆ,17ਜਦ ਤੱਕ ਮੈਂ ਪਰਮੇਸ਼ੁਰ ਦੇ ਪਵਿੱਤਰ ਸਥਾਨ ਵਿੱਚ ਨਾ ਗਿਆ, - ਤਦ ਮੈਂ ਉਨ੍ਹਾਂ ਦਾ ਅੰਤ ਸਮਝਿਆ !
18ਸੱਚ-ਮੁੱਚ ਤੂੰ ਉਨ੍ਹਾਂ ਨੂੰ ਤਿਲਕਣਿਆਂ ਥਾਵਾਂ ਵਿੱਚ ਰੱਖਦਾ ਹੈਂ, ਅਤੇ ਉਨ੍ਹਾਂ ਨੂੰ ਬਰਬਾਦੀ ਵਿੱਚ ਸੁੱਟ ਦਿੰਦਾ ਹੈਂ !19ਓਹ ਛਿੰਨ ਮਾਤ੍ਰ ਵਿੱਚ ਕਿਹੋ ਜਿਹੇ ਉੱਜੜ ਗਏ ! ਓਹ ਮੁੱਕ ਗਏ, ਓਹ ਭੈਜਲ ਨਾਲ ਮਿਟ ਗਏ ਹਨ !20ਹੇ ਪ੍ਰਭੂ, ਸੁਫ਼ਨੇ ਤੋਂ ਜਾਗਣ ਵਾਂਗੂੰ ਜਾਂ ਤੂੰ ਉਠੇਂਗਾ ਤਾਂ ਉਨ੍ਹਾਂ ਦੀ ਸ਼ਕਲ ਤੁੱਛ ਜਾਣੇਂਗਾ ।
21ਮੇਰਾ ਮਨ ਤਾਂ ਕੌੜਾ ਹੋਇਆ, ਅਤੇ ਮੇਰਾ ਦਿਲ ਛੇਦਿਆ ਗਿਆ,22ਮੈਂ ਐਡਾ ਜਾਹਲ ਤੇ ਅਣਜਾਣ ਸੀ, ਕਿ ਤੇਰੇ ਅੱਗੇ ਪਸੂ ਜਿਹਾ ਬਣਿਆ ।
23ਫੇਰ ਮੈਂ ਸਦਾ ਤੇਰੇ ਸੰਗ ਹਾਂ, ਤੂੰ ਮੇਰੇ ਸੱਜੇ ਹੱਥ ਨੂੰ ਫੜਿਆ ਹੈ ।24ਤੂੰ ਆਪਣੇ ਗੁਰਮਤੇ ਨਾਲ ਮੇਰੀ ਅਗਵਾਈ ਕਰੇਂਗਾ, ਅਤੇ ਉਹ ਦੇ ਮਗਰੋਂ ਮੈਨੂੰ ਤੇਜ ਵਿੱਚ ਰਖੇਂਗਾ ।
25ਸਵਰਗ ਵਿੱਚ ਮੇਰਾ ਹੋਰ ਕੌਣ ਹੈ ? ਅਤੇ ਧਰਤੀ ਉੱਤੇ ਤੈਥੋਂ ਬਿਨਾ ਮੈਂ ਕਿਸੇ ਹੋਰ ਨੂੰ ਲੋਚਦਾ ਨਹੀਂ ।26ਮੇਰਾ ਤਨ ਤੇ ਮੇਰਾ ਮਨ ਢਲ ਜਾਂਦੇ ਹਨ, ਪਰ ਪਰਮੇਸ਼ੁਰ ਸਦਾ ਲਈ ਮੇਰੇ ਮਨ ਦੀ ਚੱਟਾਨ ਅਤੇ ਮੇਰਾ ਭਾਗ ਹੈ ।
27ਤਾਂ ਵੇਖੋ, ਜੋ ਤੈਥੋਂ ਦੂਰ ਹਨ ਓਹ ਨਸ਼ਟ ਹੋਣਗੇ, ਤੂੰ ਆਪਣੇ ਅੱਗਿਓਂ ਸਾਰੇ ਜ਼ਨਾਹਕਾਰ ਗਰਕ ਕਰ ਦਿੱਤੇ !28ਪਰ ਪਰਮੇਸ਼ੁਰ ਦੇ ਨੇੜੇ ਰਹਿਣਾ ਮੇਰੇ ਲਈ ਚੰਗਾ ਹੈ, ਮੈਂ ਪ੍ਰਭੂ ਯਹੋਵਾਹ ਨੂੰ ਆਪਣੀ ਪਨਾਹ ਬਣਾਇਆ ਹੈ, ਤਾਂ ਜੋ ਮੈਂ ਤੇਰੇ ਸਾਰੇ ਕਾਰਜਾਂ ਦਾ ਵਰਣਨ ਕਰਾਂ ।

74
ਦੇਸ ਦੇ ਬਚਾਓ ਲਈ ਪ੍ਰਾਰਥਨਾ
ਆਸਾਫ਼ ਦਾ ਮਸ਼ਕੀਲ

1ਹੇ ਪਰਮੇਸ਼ੁਰ, ਤੂੰ ਸਾਨੂੰ ਸਦਾ ਲਈ ਕਿਉਂ ਤਿਆਗ ਦਿੱਤਾ ? ਤੇਰੀ ਜੂਹ ਦੀਆਂ ਭੇਡਾਂ ਉੱਤੇ ਤੇਰੇ ਕ੍ਰੋਧ ਦਾ ਧੂੰਆ ਕਿਉਂ ਉੱਠਦਾ ਹੈ ?2ਆਪਣੀ ਪਰਜਾ ਨੂੰ ਜਿਸ ਨੂੰ ਤੂੰ ਮੁੱਢ ਤੋਂ ਮੁੱਲ ਲਿਆ ਹੈ, ਅਤੇ ਆਪਣੇ ਅਧਿਕਾਰ ਦੇ ਗੋਤ ਹੋਣ ਲਈ ਛੁਡਾਇਆ ਹੈ ਚੇਤੇ ਕਰ, ਨਾਲੇ ਇਸ ਸੀਯੋਨ ਪਰਬਤ ਨੂੰ ਜਿੱਥੇ ਤੂੰ ਰਿਹਾਂ ਹੈ ।

3ਸਦਾ ਦੇ ਉਜੜੇ ਥਾਵਾਂ ਵੱਲ ਕਦਮ ਉਠਾ, ਅਰਥਾਤ ਉਸ ਸਾਰੀ ਖਰਾਬੀ ਵੱਲ ਵੀ, ਜਿਹੜੀ ਪਵਿੱਤਰ ਥਾਂ ਵਿੱਚ ਵੈਰੀ ਨੇ ਕੀਤੀ ਹੈ ।4ਤੇਰੇ ਵਿਰੋਧੀ ਤੇਰੀ ਪਰਜਾ ਵਿੱਚ ਗੱਜਦੇ ਰਹੇ, ਉਨ੍ਹਾਂ ਨੇ ਨਿਸ਼ਾਨ ਲਈ ਆਪਣੇ ਝੰਡੇ ਖੜੇ ਕੀਤੇ ਹਨ ।5ਓਹ ਅਜਿਹੇ ਦਿੱਸਦੇ ਪਏ ਹਨ ਕਿ ਜਿਵੇਂ ਦਰਖਤਾਂ ਉੱਤੇ ਮਨੁੱਖ ਕੁਹਾੜੇ ਚਲਾ ਰਹੇ ਹਨ !6ਹੁਣ ਉਹ ਦੀਆਂ ਉੱਕਰੀਆਂ ਹੋਇਆ ਵਸਤਾਂ ਨੂੰ ਕੁਹਾੜੀਆਂ ਅਤੇ ਹਥੌੜਿਆਂ ਨਾਲ ਭੰਨ ਸੁੱਟਦੇ ਹਨ !
7ਉਨ੍ਹਾਂ ਨੇ ਤੇਰੇ ਪਵਿੱਤਰ ਸਥਾਨਾਂ ਨੂੰ ਅੱਗ ਲਾਈ ਹੈ, ਉਨ੍ਹਾਂ ਨੇ ਤੇਰੇ ਨਾਮ ਦੇ ਡੇਰੇ ਨੂੰ ਭੋਂ ਤੱਕ ਢਾਹ ਕੇ ਭਰਿਸ਼ਟ ਕੀਤਾ ਹੈ ।8ਉਨ੍ਹਾਂ ਨੇ ਆਪਣੇ ਮਨ ਵਿੱਚ ਆਖਿਆ ਹੈ, ਆਓ, ਅਸੀਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਹੀ ਦਬਾ ਦੇਈਏ ! ਉਨ੍ਹਾਂ ਨੇ ਦੇਸ ਵਿੱਚ ਪਰਮੇਸ਼ੁਰ ਦੇ ਸਾਰੇ ਸਭਾ ਘਰਾਂ ਨੂੰ ਫੂਕ ਸੁੱਟਿਆ ਹੈ ।
9ਅਸੀਂ ਹੁਣ ਕੋਈ ਨਿਸ਼ਾਨ ਨਹੀਂ ਵੇਖਦੇ, ਹੁਣ ਕੋਈ ਨਬੀ ਨਹੀਂ ਰਿਹਾ, ਨਾ ਕੋਈ ਸਾਡੇ ਵਿੱਚ ਜਾਣਦਾ ਹੈ ਕਿ ਅਜਿਹਾ ਕਦੋਂ ਤੱਕ ਰਹੇਗਾ ।10ਕਦੋਂ ਤੱਕ, ਹੇ ਪਰਮੇਸ਼ੁਰ, ਵਿਰੋਧੀ ਨਿੰਦਿਆ ਕਰੇਗਾ ? ਭਲਾ, ਵੈਰੀ ਸਦਾ ਤੱਕ ਤੇਰੇ ਨਾਮ ਉੱਤੇ ਕੁਫ਼ਰ ਬਕੇਗਾ ?11ਤੂੰ ਆਪਣਾ ਹੱਥ, ਆਪਣਾ ਸੱਜਾ ਹੱਥ ਕਿਉਂ ਰੋਕ ਰੱਖਦਾ ਹੈਂ ? ਉਹ ਨੂੰ ਆਪਣੀ ਬਗਲ ਵਿਚੋਂ ਕੱਢ ਕੇ ਉਨ੍ਹਾਂ ਦਾ ਅੰਤ ਕਰ !
12ਪਰ ਪਰਮੇਸ਼ੁਰ ਪ੍ਰਾਚੀਨ ਕਾਲ ਤੋਂ ਮੇਰਾ ਪਾਤਸ਼ਾਹ ਹੈ, ਉਹ ਧਰਤੀ ਉੱਤੇ ਛੁਟਕਾਰੇ ਦੇ ਕੰਮ ਕਰਦਾ ਆਇਆ ਹੈ ।13ਤੂੰ ਆਪਣੀ ਸਮਰੱਥਾ ਨਾਲ ਸਮੁੰਦਰ ਨੂੰ ਪਾੜਿਆ ਹੈ, ਪਾਣੀ ਵਿੱਚ ਜਲ ਜੰਤੂਆਂ ਦੇ ਸਿਰ ਤੂੰ ਭੰਨ ਸੁੱਟੇ ।
14ਤੂੰ ਲਿਵਯਾਥਾਨ ਦਿਆਂ ਸਿਰਾਂ ਨੂੰ ਫ਼ਿਹ ਸੁੱਟਿਆ, ਤੂੰ ਉਹ ਰੋਹੀ ਦੇ ਵਾਸੀਆਂ ਨੂੰ ਖੁਆਇਆ ।15ਤੂੰ ਸੋਤਾ ਅਤੇ ਨਦੀ ਖੋਲ੍ਹੀ, ਤੂੰ ਬਾਰਾਂ ਮਾਸੀ ਦਰਿਆਵਾਂ ਨੂੰ ਸੁਕਾ ਦਿੱਤਾ ।
16ਦਿਨ ਤੇਰਾ ਅਤੇ ਰਾਤ ਵੀ ਤੇਰੀ ਹੈ, ਤੂੰ ਉਜਾਲੇ ਅਤੇ ਸੂਰਜ ਨੂੰ ਕਾਇਮ ਰੱਖਿਆ ਹੈ ।17ਤੂੰ ਧਰਤੀ ਦੀਆਂ ਸਾਰੀਆਂ ਹੱਦਾਂ ਨੂੰ ਠਹਿਰਾਇਆ ਹੈ, ਉਨ੍ਹਾਂਲ ਅਤੇ ਸਿਆਲ ਨੂੰ ਤੂੰ ਹੀ ਬਣਾਇਆ ਹੈ ।
18ਹੇ ਯਹੋਵਾਹ, ਤੂੰ ਇਹ ਨੂੰ ਚੇਤੇ ਰੱਖ ਕਿ ਵੈਰੀ ਨੇ ਨਿੰਦਿਆ ਕੀਤੀ, ਅਤੇ ਮੂਰਖ ਲੋਕਾਂ ਨੇ ਤੇਰੇ ਨਾਮ ਉੱਤੇ ਕੁਫ਼ਰ ਬਕਿਆ ਹੈ !19ਆਪਣੀ ਖੁਮਰੀ ਦੇ ਪ੍ਰਾਣਾਂ ਨੂੰ ਜੰਗਲੀ ਚੌਪਾਏ ਦੇ ਵੱਸ ਵਿੱਚ ਨਾ ਕਰ, ਆਪਣੇ ਮਸਕੀਨਾਂ ਦੀ ਜਾਨ ਨੂੰ ਸਦਾ ਤੱਕ ਨਾ ਵਿਸਾਰ !
20ਆਪਣੇ ਨੇਮ ਵੱਲ ਧਿਆਨ ਰੱਖ, ਕਿਉਂ ਜੋ ਧਰਤੀ ਦੇ ਅਨ੍ਹੇਰੇ ਥਾਂ ਅਨ੍ਹੇਰ ਦਿਆਂ ਨਿਵਾਸਾਂ ਨਾਲ ਭਰੇ ਪਏ ਹਨ !21ਸਤਾਏ ਹੋਏ ਨੂੰ ਲੱਜਿਆਵਾਨ ਹੋ ਕੇ ਮੁੜਨਾ ਨਾ ਪਵੇ, ਮਸਕੀਨ ਅਤੇ ਕੰਗਾਲ ਤੇਰੇ ਨਾਮ ਦੀ ਉਸਤਤ ਕਰਨ ।
22ਹੇ ਪਰਮੇਸ਼ੁਰ, ਉੱਠ, ਆਪਣਾ ਮੁਦੱਪਾ ਆਪ ਹੀ ਲੜ, ਚੇਤੇ ਰੱਖ ਕਿ ਮੂਰਖ ਸਾਰਾ ਦਿਨ ਕਿਵੇਂ ਤੇਰੀ ਨਿੰਦਿਆ ਕਰਦਾ ਹੈ !23ਆਪਣੇ ਵਿਰੋਧੀਆਂ ਦੀ ਅਵਾਜ਼ ਨੂੰ ਨਾ ਵਿਸਾਰ, ਤੇਰੇ ਮੁਖਾਲਿਫਾਂ ਦਾ ਰੌਲਾ ਨਿੱਤ ਉੱਠਦਾ ਰਹਿੰਦਾ ਹੈ ।

75
ਪਰਮੇਸ਼ੁਰ ਦਾ ਨਿਆਂ
ਪ੍ਰਧਾਨ ਵਜਾਉਣ ਵਾਲੇ ਦੇ ਲਈ: ਅਲਤਸ਼ਹੇਤ ਦੇ ਰਾਗ ਵਿੱਚ ਆਸਾਫ਼ ਦਾ ਭਜਨ । ਗੀਤ ।

1ਅਸੀਂ ਤੇਰਾ ਧੰਨਵਾਦ ਕਰਦੇ ਹਾਂ, ਹੇ ਪਰਮੇਸ਼ੁਰ, ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂ ਜੋ ਤੇਰਾ ਨਾਮ ਨੇੜੇ ਹੈ, ਲੋਕ ਤੇਰੇ ਅਚਰਜ ਕਾਰਜਾਂ ਦਾ ਵਰਣਨ ਕਰਦੇ ਹਨ ।2ਜਦ ਮੈਂ ਠਹਿਰਾਏ ਹੋਏ ਵੇਲੇ ਨੂੰ ਪਹੁੰਚਾਂਗਾ, ਤਾਂ ਮੈਂ ਠੀਕ ਨਿਆਂ ਕਰਾਂਗਾ ।3ਧਰਤੀ ਅਤੇ ਉਸ ਦੇ ਸਾਰੇ ਵਾਸੀ ਖਪ ਗਏ ਹਨ, ਮੈਂ ਹੀ ਉਹ ਦੇ ਥੰਮ੍ਹਾਂ ਨੂੰ ਸਮ੍ਹਾਲ ਰੱਖਿਆ ਹੈ । ਸਲਹ ।

4ਮੈਂ ਹੰਕਾਰੀਆਂ ਨੂੰ ਆਖਿਆ, ਹੰਕਾਰ ਨਾ ਕਰੋ ! ਅਤੇ ਦੁਸ਼ਟਾਂ ਨੂੰ ਕਿ ਸਿੰਙ ਨਾ ਉਠਾਓ !5ਆਪਣਾ ਸਿੰਙ ਉਤਾਹਾਂ ਨਾ ਉਠਾਓ, ਨਾ ਢੀਠਪੁਣੇ ਦੀਆਂ ਗੱਲਾਂ ਕਰੋ !6ਉੱਚਾ ਹੋਣਾ ਨਾ ਤਾਂ ਚੜ੍ਹਦਿਓਂ ਨਾ ਲਹਿੰਦਿਓਂ, ਅਤੇ ਨਾ ਉਜਾੜੋਂ ਆਉਂਦਾ ਹੈ ।
7ਪਰ ਪਰਮੇਸ਼ੁਰ ਹੀ ਨਿਆਈਂ ਹੈ, ਉਹ ਇੱਕ ਨੂੰ ਨੀਵਾਂ ਅਤੇ ਦੂਜੇ ਨੂੰ ਉੱਚਾ ਕਰ ਦਿੰਦਾ ਹੈ ।8ਯਹੋਵਾਹ ਦੇ ਹੱਥ ਵਿੱਚ ਇੱਕ ਕਟੋਰਾ ਹੈ, ਅਤੇ ਮਧ ਝੱਗ ਛੱਡਦੀ ਹੈ, ਉਹ ਮਿਲਾਉਟ ਨਾਲ ਭਰੀ ਹੋਈ ਹੈ ਅਤੇ ਉਹ ਉਸ ਵਿਚੋਂ ਉਲੱਦ ਦਿੰਦਾ ਹੈ, ਸੱਚ-ਮੁੱਚ ਧਰਤੀ ਦੇ ਸਾਰੇ ਦੁਸ਼ਟ ਉਹ ਦੇ ਫੋਗ ਨੂੰ ਨਚੋੜ ਕੇ ਪੀਣਗੇ !
9ਪਰ ਮੈਂ ਸਦਾ ਤੱਕ ਦੱਸਦਾ ਰਹਾਂਗਾ, ਮੈਂ ਯਾਕੂਬ ਅਤੇ ਪਰਮੇਸ਼ੁਰ ਲਈ ਭਜਨ ਗਾਵਾਂਗਾ ।10ਮੈਂ ਦੁਸ਼ਟਾਂ ਦੇ ਸਾਰੇ ਸਿੰਙ ਵੱਢ ਸੁੱਟਾਂਗਾ, ਪਰ ਧਰਮੀ ਦੇ ਸਿੰਙ ਉੱਚੇ ਕੀਤੇ ਜਾਣਗੇ ।

76
ਜੈਵੰਤ ਪਰਮੇਸ਼ੁਰ
ਪ੍ਰਧਾਨ ਵਜਾਉਣ ਵਾਲੇ ਦੇ ਲਈ: ਤਾਰ ਵਾਲੇ ਵਾਜਿਆਂ ਨਾਲ ਆਸਾਫ਼ ਦਾ ਭਜਨ, ਗੀਤ ।

1ਯਹੂਦਾਹ ਵਿੱਚ ਪਰਮੇਸ਼ੁਰ ਜਾਣਿਆ ਜਾਂਦਾ ਹੈ, ਇਸਰਾਏਲ ਵਿੱਚ ਉਹ ਦਾ ਨਾਮ ਵੱਡਾ ਹੈ ।2ਸ਼ਾਲੇਮ ਵਿੱਚ ਉਹ ਦਾ ਮੰਡਪ ਹੈ, ਅਤੇ ਸੀਯੋਨ ਵਿੱਚ ਉਹ ਦਾ ਭਵਨ ।3ਉੱਥੇ ਉਸ ਨੇ ਧਣੁੱਖ ਦੀਆਂ ਲਸ਼ਕਾਂ ਨੂੰ ਭੰਨ ਦਿੱਤਾ, ਨਾਲੇ ਢਾਲ, ਤੇਗ ਤੇ ਲੜਾਈ ਦੇ ਸੰਦਾਂ ਨੂੰ । ਸਲਹ ।

4ਤੂੰ ਸ਼ਿਕਾਰ ਦੇ ਪਹਾੜਾ ਨਾਲੋਂ, ਤੇਜਵਾਨ ਅਤੇ ਉੱਤਮ ਹੈਂ ।5ਦਿਲ ਚਲੇ ਲੁੱਟੇ ਗਏ, ਓਹ ਆਪਣੀ ਨੀਂਦ ਵਿੱਚ ਪੈ ਗਏ ਹਨ, ਅਤੇ ਸੂਰਬੀਰਾਂ ਵਿਚੋਂ ਕਿਸੇ ਦਾ ਹੱਥ ਨਾ ਚੱਲਿਆ ।
6ਹੇ ਯਾਕੂਬ ਦੇ ਪਰਮੇਸ਼ੁਰ, ਤੇਰੇ ਦਬਕੇ ਨਾਲ, ਕੀ ਰਥ ਕੀ ਘੋੜਾ, ਸੱਭੇ ਘੂਕ ਨੀਂਦ ਵਿੱਚ ਪੈ ਗਏ ਹਨ ! ।7ਤੈਥੋਂ, ਹਾਂ, ਤੈਥੋਂ ਡਰਨਾ ਚਾਹੀਦਾ ਹੈ, ਅਤੇ ਜਾਂ ਤੂੰ ਕ੍ਰੋਧ ਕਰੇਂ ਤਾਂ ਤੇਰੇ ਅੱਗੇ ਕੌਣ ਖਲੋ ਸਕੇ ?
8ਸਵਰਗੋਂ ਤੂੰ ਫੈਸਲਾ ਸੁਣਾ ਦਿੱਤਾ, ਧਰਤੀ ਡਰ ਗਈ ਅਤੇ ਠਰ ਗਈ,9ਜਦ ਪਰਮੇਸ਼ੁਰ ਨਿਆਂ ਲਈ ਉੱਠਿਆ, ਕਿ ਧਰਤੀ ਦੇ ਸਾਰੇ ਮਸਕੀਨਾਂ ਨੂੰ ਬਚਾਵੇ । ਸਲਹ ।
10ਸੱਚ-ਮੁੱਚ ਆਦਮੀ ਦਾ ਗੁੱਸਾ ਤੇਰੀ ਸਲਾਹਤ ਕਰਾਵੇਗਾ, ਅਤੇ ਗੁੱਸੇ ਦੇ ਬਕੀਏ ਨਾਲ ਤੂੰ ਕਮਰ ਕੱਸੇਂਗਾ ।
11ਯਹੋਵਾਹ ਆਪਣੇ ਪਰਮੇਸ਼ੁਰ ਦੀਆਂ ਸੁੱਖਣਾਂ ਸੁੱਖੋ ਅਤੇ ਪੂਰੀਆਂ ਵੀ ਕਰੋ, ਜਿਹੜੇ ਉਸ ਦੇ ਆਲੇ-ਦੁਆਲੇ ਹਨ, ਓਹ ਸੱਭੇ ਉਸ ਦੇ ਲਈ ਜਿਸ ਤੋਂ ਡਰਨਾ ਚਾਹੀਦਾ ਹੈ ਭੇਟਾਂ ਲਿਆਉਣ ।12ਉਹ ਪਰਧਾਨਾਂ ਦੀ ਦਿਲੇਰੀ ਨੂੰ ਮਿਟਾ ਦੇਵੇਗਾ, ਉਹ ਧਰਤੀ ਦੇ ਰਾਜਿਆਂ ਦੇ ਲਈ ਭਿਆਣਕ ਹੈ ।

77
ਸੰਕਟ ਦੇ ਸਮੇਂ ਦਿਲਾਸਾ
ਪ੍ਰਧਾਨ ਵਜਾਉਣ ਵਾਲੇ ਦੇ ਲਈ: ਯਦੂਤੂਨ ਦੀ ਰਾਗ ਵਿੱਚ ਆਸਾਫ਼ ਦਾ ਭਜਨ ।

1ਮੈਂ ਪਰਮੇਸ਼ੁਰ ਅੱਗੇ ਆਪਣੀ ਅਵਾਜ਼ ਨਾਲ ਦੁਹਾਈ ਦਿਆਂਗਾ, ਹਾਂ, ਆਪਣੀ ਅਵਾਜ਼ ਨਾਲ ਪਰਮੇਸ਼ੁਰ ਅੱਗੇ, ਅਤੇ ਉਹ ਮੇਰੀ ਵੱਲ ਕੰਨ ਧਰੇਗਾ ।

2ਮੈਂ ਆਪਣੀ ਬਿਪਤਾ ਦੇ ਦਿਨ ਪ੍ਰਭੂ ਨੂੰ ਢੂੰਡਿਆ, ਮੇਰਾ ਹੱਥ ਰਾਤ ਨੂੰ ਪਸਾਰਿਆ ਰਿਹਾ ਅਤੇ ਢਿੱਲਾ ਨਾ ਹੋਇਆ, ਮੇਰੇ ਜੀਅ ਨੇ ਸ਼ਾਂਤੀ ਲੈਣ ਤੋਂ ਨਾਂਹ ਕੀਤੀ ।3ਮੈਂ ਪਰਮੇਸ਼ੁਰ ਨੂੰ ਚੇਤੇ ਕਰਦਾ ਹਾਂ ਅਤੇ ਮੈਂ ਵਿਆਕੁਲ ਹੋ ਜਾਂਦਾ ਹਾਂ, ਮੈਂ ਧਿਆਨ ਦਿੰਦਾ ਹਾਂ ਅਤੇ ਮੇਰਾ ਆਤਮਾ ਹੁੱਸ ਜਾਂਦਾ ਹੈ । ਸਲਹ ।
4ਤੂੰ ਮੇਰੀਆਂ ਅੱਖਾਂ ਦੀਆਂ ਪਲਕਾਂ ਨੂੰ ਖੁਲ੍ਹਿਆਂ ਰੱਖਿਆ ਹੈ, ਮੈਂ ਘਬਰਾ ਜਾਂਦਾ ਅਤੇ ਬੋਲ ਨਾ ਸਕਦਾ ।5ਮੈਂ ਪਿੱਛਲੇ ਦਿਨਾਂ ਉੱਤੇ ਅਤੇ ਆਪਣੇ ਵਰ੍ਹਿਆਂ ਦੇ ਸਮਿਆਂ ਉੱਤੇ ਸੋਚਿਆ ।
6ਮੈਂ ਰਾਤ ਨੂੰ ਆਪਣੇ ਗੀਤ ਦਾ ਸਿਮਰਨ ਕਰਦਾ ਹਾਂ, ਆਪਣੇ ਮਨ ਵਿੱਚ ਧਿਆਨ ਕਰਦਾ ਹਾਂ, ਅਤੇ ਮੇਰਾ ਆਤਮਾ ਖੋਜ ਕਰਦਾ ਹੈ, —7ਕਿ ਪ੍ਰਭੂ ਸਦਾ ਹੀ ਤਿਆਗ ਦੇਵੇਗਾ, ਅਤੇ ਫੇਰ ਕਦੇ ਪਰਸੰਨ ਨਾ ਹੋਵੇਗਾ ?
8ਕੀ ਉਸ ਦੀ ਦਯਾ ਸਦਾ ਲਈ ਰੁੱਕ ਗਈ ਹੈ ? ਕੀ ਉਸ ਦਾ ਬਚਨ ਪੀੜ੍ਹੀਓ ਪੀੜ੍ਹੀ ਹਟ ਗਿਆ ?9ਕੀ ਪਰਮੇਸ਼ੁਰ ਕਿਰਪਾ ਕਰਨੀ ਭੁੱਲ ਗਿਆ ? ਕੀ ਉਸ ਨੇ ਕ੍ਰੋਧ ਨਾਲ ਆਪਣੀਆਂ ਰਹਮਤਾਂ ਨੂੰ ਰੋਕ ਲਿਆ ਹੈ ? । ਸਲਹ ।
10ਤਾਂ ਮੈਂ ਆਖਿਆ, ਏਹ ਮੇਰੀ ਕਮਜ਼ੋਰੀ ਹੈ, — ਅੱਤ ਮਹਾਨ ਦਾ ਸੱਜਾ ਹੱਥ ਬਦਲ ਗਿਆ ਹੈ !
11ਮੈਂ ਯਹੋਵਾਹ ਦੇ ਕੰਮਾਂ ਦਾ ਜ਼ਿਕਰ ਕਰਾਂਗਾ, ਕਿਉਂ ਜੋ ਮੈਂ ਤੇਰੇ ਪੁਰਾਣਿਆਂ ਸਮਿਆਂ ਦੇ ਅਚਰਜਾਂ ਨੂੰ ਚੇਤੇ ਕਰਾਂਗਾ ।12ਮੈਂ ਤੇਰੇ ਸਾਰੇ ਕੰਮਾਂ ਉੱਤੇ ਵਿਚਾਰ ਕਰਾਂਗਾ, ਅਤੇ ਮੈਂ ਤੇਰੇ ਕਾਰਜਾਂ ਉੱਤੇ ਧਿਆਨ ਕਰਾਂਗਾ ।
13ਹੇ ਪਰਮੇਸ਼ੁਰ ਤੇਰਾ ਮਾਰਗ ਪਵਿੱਤਰਤਾਈ ਵਿੱਚ ਹੈ, ਪਰਮੇਸ਼ੁਰ ਵਰਗਾ ਵੱਡਾ ਦਿਓਤਾ ਕਿਹੜਾ ਹੈ ?14ਤੂੰ ਉਹ ਪਰਮੇਸ਼ੁਰ ਹੈਂ ਜੋ ਅਚਰਜ ਕੰਮ ਕਰਦਾ ਹੈਂ, ਤੂੰ ਲੋਕਾਂ ਦੇ ਵਿੱਚ ਆਪਣੀ ਸ਼ਕਤੀ ਪਰਗਟ ਕੀਤੀ ।15ਤੂੰ ਆਪਣੀ ਬਾਂਹ ਨਾਲ ਆਪਣੀ ਪਰਜਾ ਨੂੰ ਯਾਕੂਬ ਤੇ ਯੂਸਫ਼ ਦੀ ਅੰਸ ਨੂੰ ਛੁਡਾਇਆ ਹੈ । ਸਲਹ ।
16ਪਾਣੀਆਂ ਨੇ ਤੈਨੂੰ ਡਿੱਠਾ, ਹੇ ਪਰਮੇਸ਼ੁਰ, ਪਾਣੀਆਂ ਨੇ ਤੈਨੂੰ ਡਿੱਠਾ, ਓਹ ਉੱਛਲ ਪਏ ਤੇ ਡੂੰਘਿਆਈਆਂ ਕੰਬ ਉੱਠੀਆਂ ।17ਘਟਾਂ ਨੇ ਮੋਹਲੇਧਾਰ ਮੀਂਹ ਵਰ੍ਹਾਇਆ, ਗਗਣ ਨੇ ਖੜਕਾ ਦਿੱਤਾ, ਤੇਰੇ ਤੀਰ ਲਾਂਭੇ ਛਾਂਭੇ ਚੱਲੇ ।
18ਤੇਰੇ ਗੱਜਣ ਦਾ ਖੜਕ ਵਾਵਰੋਲੇ ਵਿੱਚ ਹੋਇਆ, ਲਸ਼ਕਾਂ ਨੇ ਸਰਿਸ਼ਟੀ ਨੂੰ ਚਾਨਣ ਦਿੱਤਾ, ਧਰਤੀ ਕੰਬੀ ਅਤੇ ਹਿੱਲ ਗਈ ।19ਸਮੁੰਦਰ ਦੇ ਵਿੱਚ ਤੇਰਾ ਰਾਹ ਸੀ, ਤੇਰੇ ਪਹੇ ਵੱਡੇ ਪਾਣੀਆਂ ਦੇ ਵਿੱਚ ਸਨ, ਤੇਰੇ ਖੁਰੇ ਜਾਣੇ ਨਾ ਗਏ ।20ਤੂੰ ਆਪਣੀ ਪਰਜਾ ਦੀ ਮੂਸਾ ਅਤੇ ਹਾਰੂਨ ਦੇ ਹੱਥੀਂ, ਇੱਜੜ ਦੀ ਨਿਆਈਂ ਅਗਵਾਈ ਕੀਤੀ ।

78
ਪਰਮੇਸ਼ੁਰ ਅਤੇ ਉਸ ਦੇ ਲੋਕ
ਆਸਾਫ਼ ਦਾ ਮਸ਼ਕੀਲ

1ਹੇ ਮੇਰੀ ਪਰਜਾ, ਮੇਰੀ ਬਿਵਸਥਾ ਉੱਤੇ ਆਪਣਾ ਕੰਨ ਧਰੋ, ਆਪਣੇ ਕੰਨ ਮੇਰੇ ਮੁਖ-ਵਾਕਾਂ ਉੱਤੇ ਲਾਓ ।2ਮੈਂ ਆਪਣਾ ਮੂੰਹ ਦ੍ਰਿਸ਼ਟਾਂਤਾਂ ਵਿੱਚ ਖੋਲਾਂਗਾ, ਮੈਂ ਪੁਰਾਣਿਆਂ ਸਮਿਆਂ ਦੀਆਂ ਬੁਝਾਰਤਾਂ ਉਚਾਰਾਂਗਾ,

3ਜਿਹੜੀਆਂ ਅਸੀਂ ਸੁਣੀਆਂ ਤੇ ਜਾਤੀਆਂ, ਅਤੇ ਸਾਡੇ ਪਿਉ-ਦਾਦਿਆਂ ਨੇ ਸਾਨੂੰ ਦੱਸੀਆਂ ।4ਅਸੀਂ ਓਹਨਾਂ ਨੂੰ ਉਨ੍ਹਾਂ ਦੀ ਅੰਸ ਤੋਂ ਲੁਕਾਵਾਂਗੇ, ਸਗੋਂ ਆਉਣ ਵਾਲੀ ਪੀੜ੍ਹੀ ਨੂੰ ਯਹੋਵਾਹ ਦੀ ਉਸਤਤ, ਉਸ ਦੀ ਸ਼ਕਤੀ ਅਤੇ ਅਚਰਜ ਕੰਮ ਜੋ ਉਸ ਨੇ ਕੀਤੇ ਦੱਸਾਂਗੇ ।
5ਉਸ ਨੇ ਤਾਂ ਯਾਕੂਬ ਵਿੱਚ ਇੱਕ ਸਾਖੀ ਕਾਇਮ ਕੀਤੀ, ਅਤੇ ਇਸਰਾਏਲ ਵਿੱਚ ਇੱਕ ਬਿਵਸਥਾ ਠਹਿਰਾਈ, ਜਿਹ ਦਾ ਹੁਕਮ ਉਸ ਨੇ ਸਾਡੇ ਪਿਉ-ਦਾਦਿਆਂ ਨੂੰ ਦਿੱਤਾ, ਕਿ ਓਹ ਆਪਣੀ ਅੰਸ ਨੂੰ ਸਿਖਾਉਣ,6ਤਾਂ ਜੋ ਆਉਣ ਵਾਲੀ ਪੀੜ੍ਹੀ ਅਰਥਾਤ ਓਹ ਬੱਚੇ, ਜਿਹੜੇ ਜੰਮਣਗੇ ਉਨ੍ਹਾਂ ਨੂੰ ਜਾਣ ਲੈਣ, ਕਿ ਓਹ ਵੀ ਉੱਠ ਕੇ ਆਪਣੀ ਅੰਸ ਨੂੰ ਦੱਸਣ,
7ਕਿ ਓਹ ਪਰਮੇਸ਼ੁਰ ਵਿੱਚ ਆਪਣੀ ਆਸ਼ਾ ਰੱਖਣ, ਅਤੇ ਪਰਮੇਸ਼ੁਰ ਦੇ ਕੰਮਾਂ ਨੂੰ ਨਾ ਭੁੱਲਣ, ਪਰ ਉਸ ਦੇ ਹੁਕਮਾਂ ਦੀ ਰਾਖੀ ਕਰਨ,8ਅਤੇ ਓਹ ਆਪਣੇ ਪਿਉ-ਦਾਦਿਆਂ ਵਾਂਗੂੰ ਨਾ ਹੋਣ, ਇੱਕ ਕੱਬੀ ਪੀੜ੍ਹੀ ਜਿਸ ਆਪਣਾ ਮਨ ਕਾਇਮ ਨਾ ਰੱਖਿਆ, ਅਤੇ ਜਿਹ ਦਾ ਆਤਮਾ ਪਰਮੇਸ਼ੁਰ ਵਿੱਚ ਦ੍ਰਿੜ ਨਾ ਰਿਹਾ ।
9ਇਫਰਾਈਮ ਦੀ ਅੰਸ ਸ਼ਾਸ਼ਤਰ ਧਾਰੀ ਹੋ ਕੇ ਤੇ ਧਣੁੱਖ ਲੈ ਕੇ ਲੜਾਈ ਦੇ ਦਿਨ ਪਿੱਛੇ ਮੁੜ ਆਈ ।10ਉਨ੍ਹਾਂ ਨੇ ਪਰਮੇਸ਼ੁਰ ਦੇ ਨੇਮ ਦੀ ਪਾਲਣਾ ਨਾ ਕੀਤੀ, ਅਤੇ ਉਸ ਦੀ ਬਿਵਸਥਾ ਵਿੱਚ ਚੱਲਣ ਤੋਂ ਨਾਂਹ ਕੀਤੀ ।11ਓਹ ਉਸ ਦੇ ਕੰਮਾਂ ਅਤੇ ਅਚਰਜ ਕਰਤੱਬਾਂ ਨੂੰ, ਜਿਹੜੇ ਉਸ ਨੇ ਉਨ੍ਹਾਂ ਨੂੰ ਵਿਖਾਏ ਭੁਲਾ ਬੈਠੇ ।
12ਉਨ੍ਹਾਂ ਦੇ ਪਿਉ-ਦਾਦਿਆਂ ਦੇ ਅੱਗੇ ਮਿਸਰ ਦੇਸ ਵਿੱਚ, ਸੋਅਨ ਦੀ ਰੜ੍ਹ ਵਿੱਚ ਉਸ ਨੇ ਇੱਕ ਅਚਰਜ ਕੰਮ ਕੀਤਾ ।13ਉਸ ਨੇ ਸਮੁੰਦਰ ਨੂੰ ਚੀਰ ਕੇ ਉਨ੍ਹਾਂ ਨੂੰ ਪਾਰ ਲੰਘਾਇਆ, ਅਤੇ ਪਾਣੀ ਨੂੰ ਢੇਰ ਵਾਂਗੂੰ ਖੜ੍ਹਾ ਕਰ ਦਿੱਤਾ ।14ਉਸ ਨੇ ਦਿਨ ਨੂੰ ਬੱਦਲ ਨਾਲ, ਅਤੇ ਸਾਰੀ ਰਾਤ ਅੱਗ ਦੀ ਲੋ ਨਾਲ ਉਨ੍ਹਾਂ ਦੀ ਅਗਵਾਈ ਕੀਤੀ ।
15ਉਸ ਨੇ ਉਜਾੜ ਵਿੱਚ ਚੱਟਾਨ ਪਾੜ ਕੇ, ਉਨ੍ਹਾਂ ਨੂੰ ਜਾਣੀਦਾ ਡੂੰਘਿਆਈਆਂ ਵਿਚੋਂ ਬਹੁਤ ਪਾਣੀ ਪਿਲਾਇਆ,16ਉਸ ਨੇ ਢਿੱਗ ਵਿਚੋਂ ਧਾਰਾਂ ਕੱਢੀਆਂ, ਅਤੇ ਆਪਣੀ ਦਰਿਆਵਾਂ ਵਾਂਗੂੰ ਵਗਾਇਆ ।
17ਤਾਂ ਉਨ੍ਹਾਂ ਨੇ ਉਹ ਦਾ ਹੋਰ ਵੀ ਪਾਪ ਕੀਤਾ, ਅਤੇ ਥਲ ਵਿੱਚ ਅੱਤ ਮਹਾਨ ਤੋਂ ਆਕੀ ਹੀ ਰਹੇ ।18ਉਨ੍ਹਾਂ ਨੇ ਆਪਣੇ ਖੁੱਦਿਆ ਲਈ ਭੋਜਨ ਮੰਗ ਕੇ ਆਪਣੇ ਮਨ ਵਿੱਚ ਪਰਮੇਸ਼ੁਰ ਦਾ ਪਰਤਾਵਾ ਕੀਤਾ ।
19ਓਹ ਪਰਮੇਸ਼ੁਰ ਦੇ ਵਿਰੁੱਧ ਬੋਲੇ, ਉਨ੍ਹਾਂ ਨੇ ਆਖਿਆ, ਕੀ ਪਰਮੇਸ਼ੁਰ ਉਜਾੜ ਵਿੱਚ ਵੀ ਲੰਗਰ ਦਾ ਅਡੰਬਰ ਰਚ ਸਕੇਗਾ ?20ਵੇਖੋ, ਉਸ ਨੇ ਚੱਟਾਨ ਨੂੰ ਮਾਰਿਆ, ਪਾਣੀ ਫੁੱਟ ਨਿੱਕਲਿਆ, ਅਤੇ ਧਾਰਾਂ ਵਗ ਪਈਆਂ, — ਕੀ ਉਹ ਰੋਟੀ ਵੀ ਦੇ ਸਕੇਗਾ ? ਨਾਲੇ ਆਪਣੀ ਪਰਜਾ ਨੂੰ ਮਹਾਂ ਪਰਸ਼ਾਦ ਵੀ ਪਹੁੰਚਾਵੇਗਾ ?
21ਇਸ ਲਈ ਜਦ ਯਹੋਵਾਹ ਨੇ ਸੁਣਿਆ ਤਾਂ ਅੱਤ ਕ੍ਰੋਧਵਾਨ ਹੋਇਆ, ਅਤੇ ਯਾਕੂਬ ਵਿੱਚ ਅੱਗ ਭੜਕੀ, ਨਾਲੇ ਇਸਰਾਏਲ ਉੱਤੇ ਵੀ ਕੋਪ ਹੋਇਆ,22ਕਿਉਂਕਿ ਉਨ੍ਹਾਂ ਨੇ ਪਰਮੇਸ਼ੁਰ ਉੱਤੇ ਪਰਤੀਤ ਨਾ ਕੀਤੀ, ਅਤੇ ਉਸ ਦੇ ਬਚਾਓ ਉੱਤੇ ਭਰੋਸਾ ਨਾ ਰੱਖਿਆ ।
23ਤਾਂ ਵੀ ਉਸ ਨੇ ਉੱਪਰ ਗਗਣ ਨੂੰ ਹੁਕਮ ਦਿੱਤਾ, ਅਤੇ ਅਕਾਸ਼ ਦੇ ਦਰਵਾਜ਼ੇ ਖੋਲ੍ਹ ਦਿੱਤੇ,24ਅਤੇ ਉਨ੍ਹਾਂ ਦੇ ਖਾਣ ਲਈ ਮੰਨ ਵਰ੍ਹਾਇਆ, ਅਤੇ ਉਨ੍ਹਾਂ ਨੂੰ ਸਵਰਗੀ ਅੰਨ ਦਿੱਤਾ ।25ਬਲਵੰਤਾਂ ਦੀ ਰੋਟੀ ਇਨਸਾਨ ਨੇ ਖਾਧੀ, ਉਸ ਨੇ ਰੱਜਵੀਂ ਰੋਟੀ ਭੇਜੀ ।
26ਉਸ ਨੇ ਅਕਾਸ਼ ਵਿੱਚ ਪੁਰੇ ਦੀ ਹਵਾ ਵਗਾਈ, ਅਤੇ ਆਪਣੀ ਸਮਰੱਥਾ ਨਾਲ ਦੱਖਣੀ ਹਵਾ ਚਲਾਈ,27ਅਤੇ ਉਨ੍ਹਾਂ ਉੱਤੇ ਧੂੜ ਵਾਂਗੂੰ ਮਹਾਂ ਪਰਸ਼ਾਦ, ਅਤੇ ਸਮੁੰਦਰ ਦੀ ਰੇਟ ਵਾਂਗੂੰ ਪੰਖੇਰੂ ਵਰ੍ਹਾਏ,28ਅਤੇ ਉਨ੍ਹਾਂ ਦੇ ਡੇਰੇ ਵਿੱਚ ਅਤੇ ਉਨ੍ਹਾਂ ਦੇ ਵਸੇਬਿਆਂ ਦੇ ਆਲੇ-ਦੁਆਲੇ ਗਿਰਾਏ ।
29ਸੋ ਉਨ੍ਹਾਂ ਨੇ ਬਹੁਤ ਰੱਜ ਕੇ ਖਾਧਾ, ਅਤੇ ਉਸ ਨੇ ਉਨ੍ਹਾਂ ਦੀ ਇੱਛਿਆ ਨੂੰ ਪੂਰਾ ਕੀਤਾ ।30ਓਹ ਆਪਣੀ ਹਿਰਸ ਤੋਂ ਹਟੇ, ਉਨ੍ਹਾਂ ਦਾ ਖਾਣਾ ਅਜੇ ਉਨ੍ਹਾਂ ਦੇ ਮੂੰਹ ਵਿੱਚ ਹੀ ਸੀ,
31ਕਿ ਪਰਮੇਸ਼ੁਰ ਦਾ ਕ੍ਰੋਧ ਉਨ੍ਹਾਂ ਉੱਤੇ ਭੜਕਿਆ, ਅਤੇ ਉਸ ਨੇ ਉਨ੍ਹਾਂ ਦੇ ਢਾਡੇ ਮੋਟਿਆਂ ਨੂੰ ਵੱਢ ਸੁੱਟਿਆ, ਅਤੇ ਇਸਰਾਏਲ ਦੇ ਗੱਭਰੂਆਂ ਨੂੰ ਨਿਵਾ ਲਿਆ ।32ਤਾਂ ਇਸ ਸਾਰੇ ਦੇ ਹੋਣ ਤੇ ਵੀ ਉਨ੍ਹਾਂ ਨੇ ਫੇਰ ਪਾਪ ਕੀਤਾ, ਅਤੇ ਉਸ ਦੇ ਅਚਰਜ ਕਰਤੱਬਾਂ ਤੇ ਪਰਤੀਤ ਨਾ ਕੀਤੀ ।
33ਇਸ ਕਰਕੇ ਉਸ ਨੇ ਉਨ੍ਹਾਂ ਦੇ ਦਿਨ ਵਿਅਰਥ ਵਿੱਚ ਅਤੇ ਉਨ੍ਹਾਂ ਦੇ ਵਰ੍ਹੇ ਭੈ ਵਿੱਚ ਮੁਕਾਏ ।34ਜਦ ਉਸ ਨੇ ਉਹਨਾਂ ਨੂੰ ਵੱਢਿਆ ਤਾਂ ਉਨ੍ਹਾਂ ਨੇ ਉਸ ਦੀ ਭਾਲ ਕੀਤੀ, ਓਹ ਮੁੜੇ ਤੇ ਉਨ੍ਹਾਂ ਨੇ ਮਨੋਂ ਤਨੋਂ ਪਰਮੇਸ਼ੁਰ ਨੂੰ ਢੂੰਡਿਆ ।
35ਤਾਂ ਉਨ੍ਹਾਂ ਨੂੰ ਯਾਦ ਆਇਆ ਕਿ ਪਰਮੇਸ਼ੁਰ ਸਾਡੀ ਚੱਟਾਨ ਹੈ, ਅਤੇ ਅੱਤ ਮਹਾਨ ਪਰਮੇਸ਼ੁਰ ਸਾਡਾ ਛੁਡਾਉਣ ਵਾਲਾ ਹੈ ।36ਉਨ੍ਹਾਂ ਨੇ ਆਪਣੇ ਮੂੰਹ ਨਾਲ ਲੱਲੋ ਪੱਤੋ ਕੀਤੀ, ਅਤੇ ਆਪਣੀ ਜ਼ਬਾਨ ਦੇ ਨਾਲ ਉਸ ਦੇ ਲਈ ਝੂਠ ਮਾਰਿਆ,37ਕਿਉਂ ਜੋ ਉਨ੍ਹਾਂ ਦੇ ਮਨ ਉਸ ਦੇ ਨਾਲ ਕਾਇਮ ਨਹੀਂ ਸਨ, ਨਾ ਓਹ ਉਸ ਦੇ ਨੇਮ ਵਿੱਚ ਵਫ਼ਾਦਾਰ ਰਹੇ,
38ਪਰ ਉਸ ਰਹੀਮ ਹੋ ਕੇ ਉਨ੍ਹਾਂ ਦੀ ਬੁਰਿਆਈ ਨੂੰ ਖਿਮਾ ਕੀਤਾ, ਅਤੇ ਉਸ ਨੇ ਉਨ੍ਹਾਂ ਦਾ ਨਾਸ ਨਾ ਕੀਤਾ, ਹਾਂ, ਬਹੁਤ ਵਾਰੀ ਉਸ ਨੇ ਆਪਣਾ ਕ੍ਰੋਧ ਰੋਕ ਛੱਡਿਆ, ਅਤੇ ਆਪਣਾ ਸਾਰਾ ਗੁੱਸਾ ਨਾ ਭੜਕਾਇਆ ।
39ਉਸ ਨੂੰ ਤਾਂ ਯਾਦ ਸੀ ਕਿ ਓਹ ਨਿਰੇ ਬਸ਼ਰ ਹੀ ਹਨ, ਓਹ ਹਵਾ ਹਨ ਜਿਹੜੀ ਵਗਦੀ ਹੈ ਅਤੇ ਮੁੜ ਨਹੀਂ ਆਉਂਦੀ ।40ਕਿੰਨੀ ਵਾਰ ਓਹ ਉਜਾੜ ਵਿੱਚ ਉਸ ਤੋਂ ਆਕੀ ਹੋਏ, ਅਤੇ ਉਸ ਨੂੰ ਥਲ ਵਿੱਚ ਉਦਾਸ ਕੀਤਾ !41ਮੁੜ ਘਿੜ ਉਨ੍ਹਾਂ ਨੇ ਪਰਮੇਸ਼ੁਰ ਨੂੰ ਪਰਤਾਇਆ, ਅਤੇ ਇਸਰਾਏਲ ਦੇ ਪਵਿੱਤਰ ਪੁਰਖ ਨੂੰ ਅਕਾਇਆ ।
42ਉਨ੍ਹਾਂ ਨੇ ਉਸ ਦੇ ਹੱਥ ਨੂੰ ਚੇਤੇ ਨਾ ਰੱਖਿਆ, ਨਾ ਉਸ ਦਿਨ ਨੂੰ ਜਦ ਉਸ ਨੇ ਉਨ੍ਹਾਂ ਨੂੰ ਵਿਰੋਧੀ ਤੋਂ ਛੁਡਾਇਆ,43ਜਦ ਉਸ ਨੇ ਮਿਸਰ ਵਿੱਚ ਆਪਣੇ ਨਿਸ਼ਾਨ, ਅਤੇ ਸੋਅਨ ਦੀ ਜੂਹ ਵਿੱਚ ਆਪਣੇ ਅਚੰਭੇ ਵਿਖਾਏ ।
44ਉਸ ਨੇ ਉਨ੍ਹਾਂ ਦੋ ਦਰਿਆਵਾਂ ਨੂੰ ਲਹੂ ਬਣਾ ਦਿੱਤਾ, ਨਾਲੇ ਉਨ੍ਹਾਂ ਦੀਆਂ ਨਦੀਆਂ ਨੂੰ, ਸੋ ਓਹ ਉਨ੍ਹਾਂ ਤੋਂ ਪੀ ਨਾ ਸਕੇ ।45ਉਸ ਨੇ ਉਨ੍ਹਾਂ ਵਿੱਚ ਮੱਖਾਂ ਦੇ ਝੁੰਡ ਭੇਜੇ ਜਿਹੜੇ ਉਨ੍ਹਾਂ ਨੂੰ ਖਾ ਗਏ, ਅਤੇ ਡੱਡੂ ਜਿਨ੍ਹਾਂ ਨੇ ਉਨ੍ਹਾਂ ਦਾ ਸੱਤਿਆਨਾਸ ਕੀਤਾ ।46ਉਸ ਨੇ ਉਨ੍ਹਾਂ ਦੀ ਪੈਦਾਵਾਰ ਕੀੜਿਆਂ ਨੂੰ, ਅਤੇ ਉਨ੍ਹਾਂ ਦੀ ਮਿਹਨਤ ਸਲਾਂ ਨੂੰ ਦਿੱਤੀ ।
47ਉਸ ਨੇ ਉਨ੍ਹਾਂ ਦੀਆਂ ਦਾਖ ਦੀਆਂ ਬੇਲਾਂ ਨੂੰ ਗੜਿਆਂ ਨਾਲ, ਅਤੇ ਉਨ੍ਹਾਂ ਦਿਆਂ ਗੁਲਰ ਰੁੱਖਾਂ ਨੂੰ ਵੱਡੇ-ਵੱਡੇ ਓਲਿਆਂ ਨਾਲ ਬਰਬਾਦ ਕਰ ਸੁੱਟਿਆ ।48ਉਸ ਨੇ ਉਨ੍ਹਾਂ ਦੇ ਪਸੂਆਂ ਨੂੰ ਗੜਿਆਂ ਦੇ ਅਤੇ ਉਨ੍ਹਾਂ ਦੇ ਵੱਗਾਂ ਨੂੰ ਤੇਜ ਲਸ਼ਕਾਂ ਦੇ ਹਵਾਲੇ ਕੀਤਾ ।49ਉਸ ਨੇ ਬੁਰਿਆਈ ਦੇ ਦੂਤਾਂ ਨੂੰ ਭੇਜ ਕੇ ਆਪਣੇ ਕ੍ਰੋਧ ਦਾ ਡਾਢਾ ਕਹਿਰ, ਰੋਸਾ, ਗਜਬ ਅਤੇ ਬਿਪਤਾ ਉਨ੍ਹਾਂ ਉੱਤੇ ਪਾ ਦਿੱਤੀ ।
50ਉਸ ਨੇ ਆਪਣੇ ਕ੍ਰੋਧ ਲਈ ਰਾਹ ਸਿੱਧਾ ਕੀਤਾ, ਉਸ ਨੇ ਉਨ੍ਹਾਂ ਦੀਆਂ ਜਾਨਾਂ ਨੂੰ ਮੌਤ ਤੋਂ ਨਾ ਰੋਕਿਆ, ਸਗੋਂ ਉਨ੍ਹਾਂ ਦੀਆਂ ਹਯਾਤੀਆਂ ਨੂੰ ਬਵਾ ਦੇ ਹਵਾਲੇ ਕੀਤਾ ।51ਉਸ ਨੇ ਮਿਸਰ ਵਿੱਚ ਸਾਰੇ ਪਲੌਠੇ ਮਾਰ ਸੁੱਟੇ, ਜਿਹੜੇ ਹਾਮ ਦੇ ਤੰਬੂਆਂ ਵਿੱਚ ਉਨ੍ਹਾਂ ਦੀ ਸ਼ਕਤੀ ਦਾ ਮੁੱਢ ਸਨ,
52ਪਰ ਆਪਣੀ ਪਰਜਾ ਨੂੰ ਭੇਡਾਂ ਵਾਂਗੂੰ ਲੈ ਤੁਰਿਆ, ਅਤੇ ਉਜਾੜ ਵਿੱਚ ਇੱਜੜ ਵਾਂਗੂੰ ਉਨ੍ਹਾਂ ਦੀ ਅਗਵਾਈ ਕੀਤੀ,53ਅਤੇ ਉਨ੍ਹਾਂ ਨੂੰ ਸੁੱਖ ਨਾਲ ਲੈ ਗਿਆ ਸੋ ਓਹ ਨਾ ਡਰੇ, ਪਰ ਉਨ੍ਹਾਂ ਦੇ ਵੈਰੀਆਂ ਨੂੰ ਸਮੁੰਦਰ ਨੇ ਢੱਕ ਲਿਆ ।
54ਤਾਂ ਉਸ ਨੇ ਉਨ੍ਹਾਂ ਨੂੰ ਆਪਣੇ ਪਵਿੱਤਰ ਥਾਂ ਦੇ ਬੰਨੇ ਤੱਕ ਪਹੁੰਚਾਇਆ, ਇਸ ਪਹਾੜ ਤੱਕ ਜਿਹ ਨੂੰ ਉਸ ਦੇ ਸੱਜੇ ਹੱਥ ਨੇ ਲਿਆ ਸੀ ।55ਉਸ ਨੇ ਕੌਮਾਂ ਨੂੰ ਉਨ੍ਹਾਂ ਦੇ ਅੱਗੋਂ ਕੱਢ ਦਿੱਤਾ, ਅਤੇ ਜਰੀਬ ਨਾਲ ਮਿਣ ਕੇ ਉਨ੍ਹਾਂ ਨੂੰ ਮਿਲਖ ਦਿੱਤੀ, ਅਤੇ ਇਸਰਾਏਲ ਦੀਆਂ ਗੋਤਾਂ ਨੂੰ ਉਨ੍ਹਾਂ ਦੇ ਤੰਬੂਆਂ ਵਿੱਚ ਵਸਾਇਆ ।
56ਤਾਂ ਵੀ ਉਨ੍ਹਾਂ ਨੇ ਅੱਤ ਮਹਾਨ ਪਰਮੇਸ਼ੁਰ ਨੂੰ ਪਰਤਾਇਆ ਅਤੇ ਉਸ ਤੋਂ ਆਕੀ ਹੋ ਗਏ, ਅਤੇ ਉਸ ਦੀਆਂ ਸਾਖੀਆਂ ਦੀ ਪਾਲਣਾ ਨਾ ਕੀਤੀ ।57ਸਗੋਂ ਓਹ ਫਿਰ ਗਏ ਅਤੇ ਆਪਣੇ ਪਿਉ-ਦਾਦਿਆਂ ਵਾਂਗੂੰ ਛੱਲੀਏ ਹੋ ਗਏ, ਓਹ ਵਿੰਗੇ ਧਣੁੱਖ ਵਾਂਗੂੰ ਕੁੱਬੇ ਹੋ ਗਏ ਸਨ ।
58ਆਪਣਿਆਂ ਉੱਚਿਆਂ ਥਾਵਾਂ ਦੇ ਕਾਰਨ ਉਸ ਦੇ ਗੁੱਸੇ ਨੂੰ ਛੇੜਿਆ, ਅਤੇ ਆਪਣੀਆਂ ਉੱਕਰੀਆਂ ਹੋਈਆਂ ਮੂਰਤਾਂ ਦੇ ਕਾਰਨ ਉਸ ਦੀ ਅਣਖ ਨੂੰ ਹਿਲਾਇਆ ।59ਪਰਮੇਸ਼ੁਰ ਨੇ ਸੁਣਿਆ, ਤਾਂ ਬਹੁਤ ਤਪਿਆ, ਅਤੇ ਇਸਰਾਏਲ ਤੋਂ ਬਹੁਤ ਘਿਣ ਖਾਧੀ ।
60ਉਸ ਨੇ ਸ਼ੀਲੋਹ ਦੇ ਡੇਰੇ ਨੂੰ ਅਤੇ ਉਸ ਤੰਬੂ ਨੂੰ ਜਿਹੜਾ ਉਸ ਨੇ ਆਦਮੀਆਂ ਵਿੱਚ ਖੜ੍ਹਾ ਕੀਤਾ ਸੀ ਛੱਡ ਦਿੱਤਾ ।61ਉਸ ਨੇ ਉਹ ਦਾ ਬਲ ਗ਼ੁਲਾਮੀ ਵਿੱਚ ਅਤੇ ਉਹ ਦਾ ਤੇਜ ਵਿਰੋਧੀ ਦੇ ਹੱਥ ਵਿੱਚ ਦੇ ਦਿੱਤਾ ।
62ਉਸ ਨੇ ਆਪਣੀ ਪਰਜਾ ਨੂੰ ਤਲਵਾਰ ਦੇ ਵੱਸ ਪਾਇਆ, ਅਤੇ ਆਪਣੀ ਮਿਲਖ ਨਾਲ ਅੱਤ ਕ੍ਰੋਧਵਾਨ ਹੋਇਆ ।63ਉਨ੍ਹਾਂ ਦੇ ਗੱਭਰੂਆਂ ਨੂੰ ਅੱਗ ਨੇ ਭਸਮ ਕਰ ਸੁੱਟਿਆ, ਅਤੇ ਉਨ੍ਹਾਂ ਦੀਆਂ ਕੁਆਰੀਆਂ ਦੇ ਸੁਹਾਗ ਨਾ ਗਾਏ ਗਏ ।
64ਉਨ੍ਹਾਂ ਦੇ ਜਾਜਕ ਤਲਵਾਰ ਨਾਲ ਡਿੱਗੇ, ਪਰ ਉਨ੍ਹਾਂ ਦੀਆਂ ਵਿਧਵਾਂ ਨੇ ਵਿਰਲਾਪ ਨਾ ਕੀਤਾ ।65ਤਾਂ ਪ੍ਰਭੂ ਸੁੱਤੇ ਹੋਏ ਵਾਂਗੂੰ ਜਾਗ ਉੱਠਿਆ, ਉਸ ਸੂਰਮੇ ਵਾਂਗੂੰ ਜਿਹੜਾ ਨਸ਼ੇ ਵਿੱਚ ਲਲਕਾਰੇ ਮਾਰਦਾ ਹੈ ।66ਉਸ ਨੇ ਆਪਣੇ ਵਿਰੋਧੀਆਂ ਨੂੰ ਮਾਰ ਕੇ ਪਿਛਾਂਹ ਹਟਾ ਦਿੱਤਾ, ਉਸ ਨੇ ਉਨ੍ਹਾਂ ਨੂੰ ਸਦਾ ਲਈ ਨਿੰਦਿਆ ਦਾ ਥਾਂ ਬਣਾਇਆ ।
67ਨਾਲੇ ਉਸ ਨੇ ਯੂਸਫ ਦੇ ਤੰਬੂ ਨੂੰ ਤਿਆਗ ਦਿੱਤਾ, ਅਤੇ ਇਫਰਾਈਮ ਦੇ ਗੋਤ ਵਿਚੋਂ ਨਾ ਚੁਣਿਆ ।68ਪਰ ਉਸ ਨੇ ਯਹੂਦਾਹ ਦੇ ਗੋਤ ਨੂੰ ਚੁਣਿਆ, ਅਰਥਾਤ ਸੀਯੋਨ ਦੇ ਪਰਬਤ ਨੂੰ ਜਿਹੜਾ ਉਸ ਨੂੰ ਪਿਆਰਾ ਸੀ,69ਅਤੇ ਉਸ ਨੇ ਉੱਚਿਆਈਆਂ ਦੀ ਨਿਆਈਂ ਆਪਣਾ ਪਵਿੱਤਰ ਸਥਾਨ ਉਸਾਰਿਆ, ਅਤੇ ਧਰਤੀ ਦੀ ਨਿਆਈਂ ਜਿਹ ਨੂੰ ਉਸ ਨੇ ਸਦਾ ਲਈ ਅਟੱਲ ਰੱਖਿਆ ਹੈ ।
70ਉਸ ਨੇ ਆਪਣੇ ਦਾਸ ਦਾਊਦ ਨੂੰ ਵੀ ਚੁਣਿਆ, ਅਤੇ ਭੇਡਾਂ ਦੇ ਵੜਿਆਂ ਵਿਚੋਂ ਉਹ ਨੂੰ ਲੈ ਲਿਆ ।71ਉਹ ਉਹ ਨੂੰ ਬੱਚਿਆਂ ਵਾਲੀਆਂ ਭੇਡਾਂ ਦੇ ਪਿੱਛੇ ਚੱਲਣ ਤੋਂ ਹਟਾ ਲਿਆਇਆ । ਕਿ ਉਸ ਦੀ ਪਰਜਾ ਯਾਕੂਬ ਨੂੰ ਅਤੇ ਉਸ ਦੀ ਮਿਲਖ ਇਸਰਾਏਲ ਨੂੰ ਚਰਾਵੇ ।72ਸੋ ਉਹ ਨੇ ਆਪਣੇ ਮਨ ਦੀ ਸਚਿਆਈ ਨਾਲ ਉਨ੍ਹਾਂ ਨੂੰ ਚਰਾਇਆ, ਅਤੇ ਆਪਣੇ ਹੱਥਾਂ ਦੇ ਗੁਣ ਨਾਲ ਉਨ੍ਹਾਂ ਦੀ ਅਗਵਾਈ ਕੀਤੀ ।

79
ਦੇਸ ਦੇ ਛੁਟਕਾਰੇ ਲਈ ਪ੍ਰਾਰਥਨਾ
ਆਸਾਫ਼ ਦਾ ਭਜਨ

1ਹੇ ਪਰਮੇਸ਼ੁਰ, ਕੌਮਾਂ ਤੇਰੀ ਮਿਰਾਸ ਵਿੱਚ ਆ ਗਈਆਂ ਹਨ, ਉਨ੍ਹਾਂ ਨੇ ਤੇਰੀ ਪਵਿੱਤਰ ਹੈਕਲ ਨੂੰ ਭਰਿਸ਼ਟ ਕਰ ਦਿੱਤਾ ਹੈ, ਉਨ੍ਹਾਂ ਨੇ ਯਰੂਸ਼ਲਮ ਨੂੰ ਥੇਹ ਕਰ ਦਿੱਤਾ ਹੈ ।2ਉਨ੍ਹਾਂ ਨੇ ਤੇਰੇ ਸੇਵਕਾਂ ਦੀਆਂ ਲੋਥਾਂ ਅਕਾਸ਼ ਦੇ ਪੰਛੀਆਂ ਨੂੰ ਅਤੇ ਤੇਰੇ ਸੰਤਾਂ ਦਾ ਮਾਸ ਧਰਤੀ ਦੇ ਦਰਿੰਦਿਆ ਨੂੰ ਖਾਣ ਲਈ ਦਿੱਤਾ ।3ਓਹਨਾਂ ਦੇ ਲਹੂ ਨੂੰ ਉਨ੍ਹਾਂ ਨੇ ਪਾਣੀ ਵਾਂਗੂੰ ਯਰੂਸ਼ਲਮ ਦੇ ਆਲੇ-ਦੁਆਲੇ ਵਹਾਇਆ, ਪਰ ਦੱਬਣ ਵਾਲਾ ਕੋਈ ਨਹੀਂ ਸੀ ।

4ਅਸੀਂ ਆਪਣੇ ਗੁਆਂਢੀਆਂ ਲਈ ਨਿੰਦਿਆ, ਅਤੇ ਆਪਣੇ ਆਲੇ-ਦੁਆਲੇ ਦਿਆਂ ਲਈ ਮਖੌਲ ਤੇ ਹਾਸਾ ਬਣੇ ਹੋਏ ਹਾਂ ।5ਹੇ ਯਹੋਵਾਹ, ਕਦ ਤੱਕ ? ਕੀ ਤੂੰ ਸਦਾ ਤੱਕ ਕ੍ਰੋਧਵਾਨ ਰਹੇਂਗਾ ? ਕੀ ਤੇਰੀ ਅਣਖ ਅੱਗ ਦੀ ਨਿਆਈਂ ਬਲਦੀ ਰਹੇਗੀ ?
6ਆਪਣਾ ਕਹਿਰ ਉਨ੍ਹਾਂ ਕੌਮਾਂ ਉੱਤੇ ਵਹਾ ਦੇ ਜਿਹੜੀਆਂ ਤੈਨੂੰ ਨਹੀਂ ਜਾਣਦੀਆਂ, ਅਤੇ ਉਨ੍ਹਾਂ ਪਾਤਸ਼ਾਹੀਆਂ ਉੱਤੇ ਜਿਹੜੀਆਂ ਤੇਰੇ ਨਾਮ ਨੂੰ ਨਹੀਂ ਪੁਕਾਰਦੀਆਂ ।7ਉਨ੍ਹਾਂ ਨੇ ਤਾਂ ਯਾਕੂਬ ਨੂੰ ਭੱਖ ਲਿਆ, ਅਤੇ ਉਹ ਦੇ ਵਸੇਬਿਆਂ ਨੂੰ ਵਿਰਾਨ ਕਰ ਦਿੱਤਾ ਹੈ ।
8ਸਾਡੇ ਪਿਉ-ਦਾਦਿਆਂ ਦੀਆਂ ਬਦੀਆਂ ਨੂੰ ਸਾਡੇ ਵਿਰੁੱਧ ਚੇਤੇ ਨਾ ਕਰ, ਤੇਰੀਆਂ ਰਹਮਤਾਂ ਸਾਡੇ ਉੱਤੇ ਛੇਤੀ ਆ ਜਾਣ, ਕਿਉਂਕਿ ਅਸੀਂ ਬਹੁਤ ਅਧੀਨ ਹੋ ਗਏ ਹਾਂ !9ਹੇ ਸਾਡੇ ਮੁਕਤੀ ਦੇ ਪਰਮੇਸ਼ੁਰ, ਆਪਣੇ ਨਾਮ ਦੇ ਪਰਤਾਪ ਲਈ ਸਾਡੀ ਸਹਾਇਤਾ ਕਰ, ਅਤੇ ਆਪਣੇ ਨਾਮ ਦੇ ਕਾਰਨ ਸਾਨੂੰ ਛੁਡਾ ਅਤੇ ਸਾਡੇ ਪਾਪਾਂ ਨੂੰ ਕੱਜ ਲਈ ।
10ਕੌਮਾਂ ਕਾਹਨੂੰ ਆਖਣ ਕਿ ਉਨ੍ਹਾਂ ਦਾ ਪਰਮੇਸ਼ੁਰ ਕਿੱਥੇ ਹੈ ? ਤੇਰੇ ਟਹਿਲੂਆਂ ਦੇ ਵਗਾਏ ਹੋਏ ਲਹੂ ਦਾ ਬਦਲਾ ਸਾਡੀਆਂ ਅੱਖਾਂ ਦੇ ਸਾਹਮਣੇ ਕੌਮਾਂ ਵਿੱਚ ਜਾਣਿਆ ਜਾਵੇ !11ਗ਼ੁਲਾਮ ਦੀ ਧਾਹ ਤੇਰੇ ਸਨਮੁੱਖ ਆਵੇ, ਆਪਣੀ ਵੱਡੀ ਬਾਂਹ ਨਾਲ ਮਰਨ ਵਾਲਿਆਂ ਦੀ ਰੱਖਿਆ ਕਰ,
12ਅਤੇ ਸਾਡੇ ਗੁਆਂਢੀਆਂ ਨੂੰ ਜਿਨ੍ਹਾਂ ਨੇ ਤੇਰੀ ਨਿੰਦਿਆ ਕੀਤੀ ਹੈ, ਹੇ ਪ੍ਰਭੂ, ਉਨ੍ਹਾਂ ਦੀ ਨਿੰਦਿਆ ਸੱਤ ਗੁਣੀ ਉਨ੍ਹਾਂ ਦੇ ਪੱਲੇ ਪ !13ਸੋ ਅਸੀਂ ਤੇਰੀ ਪਰਜਾ ਅਤੇ ਤੇਰੀ ਜੂਹ ਦੀਆਂ ਭੇਡਾਂ ਸਦਾ ਤੇਰਾ ਧੰਨਵਾਦ ਕਰਾਂਗੇ, ਪੀੜ੍ਹੀਓ ਪੀੜ੍ਹੀ ਅਸੀਂ ਤੇਰੀ ਉਸਤਤ ਦਾ ਵਰਣਨ ਕਰਾਂਗੇ ।

80
ਇਸਰਾਏਲੀ ਜਾਤੀ ਦੇ ਲਈ ਪ੍ਰਾਰਥਨਾ
ਪ੍ਰਧਾਨ ਵਜਾਉਣ ਵਾਲੇ ਦੇ ਲਈ ਸ਼ੇਸ਼ਤ੍ਰਿਮੇਦੂਤ ਰਾਗ ਵਿੱਚ ਆਸਾਫ਼ ਦਾ ਭਜਨ ।

1ਹੇ ਇਸਰਾਏਲ ਦੇ ਅਯਾਲੀ, ਜਿਹੜਾ ਇੱਜੜ ਦੀ ਨਿਆਈਂ ਯੂਸੁਫ ਦੀ ਅਗਵਾਈ ਕਰਦਾ ਹੈਂ ਕੰਨ ਧਰ, ਤੂੰ ਹੋ ਕਰੂਬੀਆਂ ਤੋਂ ਉੱਪਰ ਬਿਰਾਜਮਾਨ ਹੈਂ ਆਪਣਾ ਤੇਜ ਵਿਖਾ !2ਇਫਰਾਈਮ, ਬਿਨਯਾਮੀਨ ਅਤੇ ਮਨੱਸ਼ਹ ਦੇ ਅੱਗੇ ਆਪਣਾ ਬਲ ਜਗਾ, ਅਤੇ ਸਾਡੇ ਬਚਾਓ ਲਈ ਆ !3ਹੇ ਪਰਮੇਸ਼ੁਰ, ਸਾਨੂੰ ਬਹਾਲ ਕਰ, ਅਤੇ ਆਪਣੇ ਮੂੰਹ ਦਾ ਚਮਕਾਰਾ ਵਿਖਾ ਤਾਂ ਅਸੀਂ ਬਚ ਜਾਂਵਾਂਗੇ ! ।

4ਹੇ ਯਹੋਵਾਹ ਸੈਨਾਂ ਦੇ ਪਰਮੇਸ਼ੁਰ, ਤੂੰ ਕਦ ਤਾਈਂ ਆਪਣੀ ਪਰਜਾ ਦੀ ਪ੍ਰਾਰਥਨਾ ਉੱਤੇ ਆਪਣਾ ਕਹਿਰ ਰੂਪੀ ਧੂੰਆਂ ਕਰਦਾ ਰਹੇਂਗਾ ?5ਤੂੰ ਉਨ੍ਹਾਂ ਨੂੰ ਅੰਝੂਆਂ ਦੀ ਰੋਟੀ ਖਵਾਈ ਹੈ, ਅਤੇ ਬਾਟੇ ਭਰ ਕੇ ਅੰਝੂ ਉਨ੍ਹਾਂ ਨੂੰ ਪਿਆਏ ।6ਸਾਡੇ ਗੁਆਂਢੀਆਂ ਦੇ ਲਈ ਤੂੰ ਸਾਨੂੰ ਝਗੜੇ ਦਾ ਕਾਰਨ ਬਣਾਉਂਦਾ ਹੈਂ, ਅਤੇ ਸਾਡੇ ਵੈਰੀ ਆਪੋ ਵਿੱਚ ਹਾਸੀ ਕਰਦੇ ਹਨ ।
7ਹੇ ਸੈਨਾਂ ਦੇ ਪਰਮੇਸ਼ੁਰ, ਸਾਨੂੰ ਬਹਾਲ ਕਰ, ਅਤੇ ਆਪਣੇ ਮੂੰਹ ਦਾ ਚਮਕਾਰਾ ਵਿਖਾ ਤਾਂ ਅਸੀਂ ਬਚ ਜਾਂਵਾਂਗੇ ! ।8ਤੂੰ ਮਿਸਰ ਤੋਂ ਇੱਕ ਦਾਖ ਦੀ ਬੇਲ ਨੂੰ ਕੱਢ ਲਿਆਇਆ, ਤੂੰ ਪਰਾਈਆਂ ਕੌਮਾਂ ਨੂੰ ਬਾਹਰ ਕੱਢ ਦਿੱਤਾ, ਅਤੇ ਉਸ ਨੂੰ ਲਾਇਆ ।
9ਤੂੰ ਉਸ ਦੇ ਲਈ ਥਾਂ ਤਿਆਰ ਕੀਤਾ, ਉਸ ਨੇ ਡੂੰਘੀ ਜੜ੍ਹ ਫੜੀ ਤੇ ਵਧ ਕੇ ਦੇਸ ਨੂੰ ਭਰ ਦਿੱਤਾ ।10ਪਹਾੜ ਉਸ ਦੇ ਛਾਂ ਨਾਲ ਕੱਜੇ ਗਏ, ਅਤੇ ਉਸ ਦੀਆਂ ਟਹਿਣੀਆਂ ਪਰਮੇਸ਼ੁਰ ਦੇ ਦਿਆਰਾਂ ਵਰਗੀਆਂ ਸਨ ।11ਉਸ ਨੇ ਸਮੁੰਦਰ ਤੱਕ ਆਪਣੀਆਂ ਡਾਲੀਆਂ ਪਸਾਰੀਆਂ, ਅਤੇ ਆਪਣੀਆਂ ਸ਼ਾਖਾਂ ਨਦੀ ਤਾਈਂ ।
12ਤੂੰ ਉਹ ਦੀਆਂ ਵਾੜਾਂ ਨੂੰ ਕਿਸ ਲਈ ਤੋੜਿਆ, ਕਿ ਜਿੰਨੇ ਉੱਥੋਂ ਦੀ ਲੰਘਦੇ ਹਨ ਓਹ ਉਹ ਨੂੰ ਤੋੜਦੇ ਹਨ ?13ਜੰਗਲੀ ਸੂਰ ਉਹ ਨੂੰ ਉਜੜਦਾ ਹੈ, ਅਤੇ ਰੜ੍ਹ ਦੇ ਜਾਨਵਰ ਉਹ ਨੂੰ ਖਾ ਲੈਂਦੇ ਹਨ ।
14ਹੇ ਸੈਨਾਂ ਦੇ ਪਰਮੇਸ਼ੁਰ, ਮੋੜਾ ਪਾ, ਸਵਰਗੋਂ ਧਿਆਨ ਕਰਕੇ ਵੇਖ ਤੇ ਇਸ ਵੇਲ ਦੀ ਸੁੱਧ ਲੈ,15ਉਸ ਦੀ ਰੱਖਿਆ ਕਰ ਜਿਹੜਾ ਤੇਰੇ ਸੱਜੇ ਹੱਥ ਨੇ ਲਾਇਆ ਹੈ, ਨਾਲੇ ਉਸ ਪੁੱਤਰ ਦੀ ਜੋ ਤੂੰ ਆਪਣੇ ਲਈ ਤਕੜਾ ਕੀਤਾ ।16ਉਹ ਅੱਗ ਨਾਲ ਸਾੜਿਆ ਗਿਆ, ਉਹ ਵੱਢਿਆ ਗਿਆ, ਓਹ ਤੇਰੇ ਮੁਖੜੇ ਦੇ ਦਬਕੇ ਨਾਲ ਨਾਸ ਹੋ ਜਾਂਦੇ ਹਨ ।
17ਤੇਰੇ ਸੱਜੇ ਹੱਥ ਦੇ ਮਨੁੱਖ ਉੱਤੇ ਤੇਰਾ ਹੱਥ ਹੋਵੇ, ਉਸ ਆਦਮੀ ਦੀ ਅੰਸ ਉੱਤੇ ਜੋ ਤੂੰ ਆਪਣੇ ਲਈ ਤਕੜਾ ਕੀਤਾ ।18ਤਾਂ ਅਸੀਂ ਤੈਥੋਂ ਪਿਛਾਹਾਂ ਨਾ ਹਟਾਂਗੇ, ਸਾਨੂੰ ਜੀਵਾਲ, ਤਾਂ ਅਸੀਂ ਤੇਰੇ ਨਾਮ ਉੱਤੇ ਪੁਕਾਰਾਂਗੇ ।
19ਹੇ ਯਹੋਵਾਹ ਸੈਨਾਂ ਦੇ ਪਰਮੇਸ਼ੁਰ, ਸਾਨੂੰ ਬਹਾਲ ਕਰ, ਆਪਣੇ ਮੂੰਹ ਦਾ ਚਮਕਾਰਾ ਵਿਖਾ ਤਾਂ ਅਸੀਂ ਬਚ ਜਾਂਵਾਂਗੇ ! ।

81
ਪਰਮੇਸ਼ੁਰ ਦੀ ਭਲਾਈ ਅਤੇ ਇਸਰਾਏਲ ਦਾ ਹਠ
ਪ੍ਰਧਾਨ ਵਜਾਉਣ ਵਾਲੇ ਦੇ ਲਈ: ਗਿਤੀਥ ਰਾਗ ਵਿੱਚ ਆਸਾਫ਼ ਦਾ ਭਜਨ ।

1ਸਾਡੇ ਬਲ ਦੇ ਪਰਮੇਸ਼ੁਰ ਦਾ ਜੈਕਾਰਾ ਗਜਾਓ, ਯਾਕੂਬ ਦੇ ਪਰਮੇਸ਼ੁਰ ਲਈ ਖੁਸ਼ੀ ਨਾਲ ਲਲਕਾਰੋ !2ਕੋਈ ਭਜਨ ਛੇੜੋ, ਅਤੇ ਡੱਫ, ਮਿੱਠੀ ਅਵਾਜ਼ ਦੀ ਪਰਬਤ ਅਤੇ ਸਿਤਾਰ ਨਾਲ ਵਜਾਓ ।3ਅਮੱਸਿਆ ਉੱਤੇ ਤੁਰ੍ਹੀ ਵਜਾਓ, ਨਾਲੇ ਪੂਰਨਮਾਸੀ ਉੱਤੇ ਵੀ ਜੋ ਸਾਡੇ ਪਰਬ ਦਾ ਦਿਨ ਹੈ ।

4ਉਹ ਤਾਂ ਇਸਰਾਏਲ ਲਈ ਇੱਕ ਬਿਧੀ ਹੈ, ਅਤੇ ਯਾਕੂਬ ਦੇ ਪਰਮੇਸ਼ੁਰ ਦਾ ਹੁਕਮਨਾਮਾ ਹੈ ।5ਉਸ ਨੇ ਉਹ ਨੂੰ ਯੂਸੁਫ਼ ਲਈ ਸਾਖੀ ਠਹਿਰਾਇਆ, ਜਦ ਉਹ ਮਿਸਰ ਦੇਸ ਦੇ ਵਿਰੁੱਧ ਨਿੱਕਲਿਆ । ਮੈਂ ਇੱਕ ਹੀ ਬੋਲੀ ਸੁਣਨ ਲੱਗਾ ਜੋ ਮੈਂ ਨਹੀਂ ਜਾਣਦਾ, —
6ਮੈਂ ਉਹ ਦੇ ਮੋਢੇ ਦੇ ਉੱਤੋਂ ਭਾਰ ਲਹਾਇਆ, ਉਹ ਦੇ ਹੱਥ ਟੋਕਰੀ ਤੋਂ ਛੁੱਟ ਗਏ ।7ਤੂੰ ਬਿਪਤਾ ਵਿੱਚ ਪੈ ਕੇ ਪੁਕਾਰਿਆ ਤਾਂ ਮੈਂ ਤੈਨੂੰ ਛੁਡਾਇਆ, ਗੱਜਣ ਦੇ ਗੁਪਤ ਸਥਾਨ ਵਿਚੋਂ ਮੈਂ ਤੈਨੂੰ ਉੱਤਰ ਦਿੱਤਾ, ਮਰੀਬਾਹ ਦੇ ਪਾਣੀ ਕੋਲ ਮੈਂ ਤੈਨੂੰ ਪਰਖਿਆ । ਸਲਹ ।
8ਸੁਣ, ਹੇ ਮੇਰੀ ਪਰਜਾ ਅਤੇ ਮੈਂ ਤੈਨੂੰ ਸਾਖੀ ਦਿਆਂਗਾ, ਹੇ ਇਸਰਾਏਲ, ਕਾਸ਼ ਕਿ ਤੂੰ ਮੇਰੀ ਸੁਣਦਾ ! ।9ਤੇਰੇ ਵਿੱਚ ਕੋਈ ਓਪਰਾ ਦਿਓਤਾ ਨਾ ਹੋਵੇ, ਅਤੇ ਨਾ ਤੂੰ ਕਿਸੇ ਪਰਾਏ ਦਿਓਤੇ ਅੱਗੇ ਮੱਥਾ ਟੇਕੀਂ !10ਯਹੋਵਾਹ ਤੇਰਾ ਪਰਮੇਸ਼ੁਰ ਮੈਂ ਹੀ ਹਾਂ, ਜੋ ਤੈਨੂੰ ਮਿਸਰ ਦੇਸ ਤੋਂ ਕੱਢ ਲਿਆਇਆ, ਆਪਣਾ ਮੂੰਹ ਟੱਡ ਤਾਂ ਮੈਂ ਉਹ ਨੂੰ ਭਰ ਦਿਆਂਗਾ ।
11ਪਰ ਮੇਰੀ ਪਰਜਾ ਨੇ ਮੇਰੀ ਅਵਾਜ਼ ਨਾ ਸੁਣੀ, ਅਤੇ ਇਸਰਾਏਲ ਨੇ ਮੈਨੂੰ ਨਾ ਚਾਹਿਆ,12ਤਾਂ ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਮਨ ਦੇ ਖਚਰਪੁਣੇ ਉੱਤੇ ਜਾਣ ਦਿੱਤਾ, ਕਿ ਓਹ ਆਪਣੇ ਹੀ ਮਤਿਆਂ ਦੇ ਅਨੁਸਾਰ ਚੱਲਣ ।
13ਕਾਸ਼ ਕੇ ਮੇਰੀ ਪਰਜਾ ਮੇਰੀ ਸੁਣਦੀ, ਅਤੇ ਇਸਰਾਏਲ ਮੇਰੇ ਮਾਰਗਾਂ ਉੱਤੇ ਚੱਲਦਾ !14ਤਾਂ ਮੈਂ ਛੇਤੀ ਉਨ੍ਹਾਂ ਦੇ ਵੈਰੀਆਂ ਨੂੰ ਹੇਠਾਂ ਦੱਬ ਦਿੰਦਾ, ਅਤੇ ਉਨ੍ਹਾਂ ਦੇ ਵਿਰੋਧੀਆਂ ਉੱਤੇ ਆਪਣਾ ਹੱਥ ਚੁੱਕਦਾ !
15ਯਹੋਵਾਹ ਦੇ ਵੈਰੀ ਅਧੀਨ ਬਣ ਬਹਿੰਦੇ, ਪਰ ਉਨ੍ਹਾਂ ਦਾ ਸਮਾਂ ਸਦਾ ਰਹਿੰਦਾ,16ਅਤੇ ਉਹ ਉਨ੍ਹਾਂ ਨੂੰ ਚੰਗੀ ਤੋਂ ਚੰਗੀ ਕਣਕ ਖੁਆਲਦਾ, ਅਤੇ ਪਹਾੜੀ ਸ਼ਹਿਤ ਨਾਲ ਮੈਂ ਤੈਨੂੰ ਤ੍ਰਿਪਤ ਕਰਦਾ ! ।

82
ਆਸਾਫ਼ ਦਾ ਭਜਨ

1ਪਰਮੇਸ਼ੁਰ ਦੀ ਮੰਡਲੀ ਵਿੱਚ ਪਰਮੇਸ਼ੁਰ ਖਲੋਤਾ ਹੈ, ਉਹ ਨਿਆਈਂਆਂ ਦੇ ਵਿੱਚ ਨਿਆਂ ਕਰਦਾ ਹੈ, —2ਤੁਸੀਂ ਕਦ ਤੋੜੀ ਟੇਡਾ ਨਿਆਂ ਕਰੋਗੇ, ਅਤੇ ਦੁਸ਼ਟਾਂ ਦਾ ਪੱਖਪਾਤ ਕਰੋਗੇ ? । ਸਲਹ ।

3ਨਿਤਾਣੇ ਅਤੇ ਯਤੀਮ ਦਾ ਨਿਆਂ ਕਰੋ, ਮਸਕੀਨ ਅਤੇ ਗਰੀਬ ਦਾ ਇਨਸਾਫ਼ ਕਰੋ ।4ਨਿਤਾਣੇ ਅਤੇ ਕੰਗਾਲ ਨੂੰ ਬਚਾਓ, ਉਨ੍ਹਾਂ ਨੂੰ ਦੁਸ਼ਟ ਦੇ ਹੱਥੋਂ ਛੁਡਾਓ ।
5ਓਹ ਨਹੀਂ ਜਾਣਦੇ ਅਤੇ ਨਾ ਸਮਝਦੇ ਹਨ, ਓਹ ਅਨ੍ਹੇਰੇ ਵਿੱਚ ਫਿਰਦੇ ਹਨ, ਧਰਤੀ ਦੀਆਂ ਸਾਰੀਆਂ ਨੀਂਹਾਂ ਡੋਲ ਜਾਂਦੀਆਂ ਹਨ ।
6ਮੈਂ ਆਖਿਆ, ਤੁਸੀਂ ਦਿਓਤੇ ਹੋ, ਅਤੇ ਤੁਸੀਂ ਸੱਭੇ ਅੱਤ ਮਹਾਨ ਦੇ ਪੁੱਤਰ ਹੋ ।7ਪਰੰਤੂ ਤੁਸੀਂ ਇਨਸਾਨ ਵਾਂਗੂੰ ਮਾਰੋਗੇ ਅਤੇ ਸਰਦਾਰਾਂ ਵਿਚੋਂ ਇੱਕ ਵਾਂਗੂੰ ਡਿੱਗ ਪਓਗੇ ! ।
8ਹੇ ਪਰਮੇਸ਼ੁਰ, ਉੱਠ, ਸੰਸਾਰ ਦਾ ਨਿਆਂ ਕਰ ! ਕਿਉਂ ਜੋ ਤੂੰ ਸਾਰੀਆਂ ਕੌਮਾਂ ਨੂੰ ਆਪਣੀ ਮਿਰਾਸ ਬਣਾਵੇਂਗਾ ।

83
ਇਸਰਾਏਲ ਦੇ ਵੈਰੀਆਂ ਦੀ ਹਾਰ ਲਈ ਪ੍ਰਾਰਥਨਾ
ਗੀਤ । ਆਸਾਫ਼ ਦਾ ਭਜਨ

1ਹੇ ਪਰਮੇਸ਼ੁਰ, ਚੁੱਪ ਨਾ ਹੋ, ਚੁੱਪ ਕੀਤਾ ਨਾ ਰਹਿ ਅਤੇ ਚੈਨ ਨਾ ਲਈ, ਹੇ ਪਰਮੇਸ਼ੁਰ !2ਵੇਖ ਤਾਂ, ਤੇਰੇ ਵੈਰੀ ਹੁੱਲੜ ਕਰਦੇ ਹਨ, ਅਤੇ ਤੇਰੇ ਦੁਸ਼ਮਣ ਸਿਰ ਉਠਾਉਂਦੇ ਹਨ !

3ਓਹ ਤੇਰੇ ਲੋਕਾਂ ਦੇ ਵਿਰੁੱਧ ਛਲ ਮਤਾ ਮਤਾਉਂਦੇ ਹਨ, ਅਤੇ ਤੇਰੇ ਰਾਖਵੇਂ ਲੋਕਾਂ ਦੇ ਵਿਰੁੱਧ ਗੋਸ਼ਟਾਂ ਗੰਢਦੇ ਹਨ ।4ਉਨ੍ਹਾਂ ਨੇ ਆਖਿਆ, ਆਓ ਅਸੀਂ ਉਨ੍ਹਾਂ ਲੋਕਾਂ ਨੂੰ ਕੌਮ ਹੋਣ ਤੋਂ ਮਿਟਾ ਦੇਈਏ, ਤਾਂ ਜੋ ਇਸਰਾਏਲ ਦਾ ਨਿਆਂ ਫੇਰ ਚੇਤੇ ਨਾ ਆਵੇ !5ਉਨ੍ਹਾਂ ਨੇ ਇੱਕ ਮਨ ਹੋ ਕੇ ਗੋਸ਼ਟ ਗੰਢੀ, ਉਨ੍ਹਾਂ ਨੇ ਤੇਰੇ ਵਿਰੁੱਧ ਨੇਮ ਬੰਨਿਆ ਜੈ, ―
6ਅਦੋਮ ਦੇ ਤੰਬੂ ਵਾਲੇ ਅਤੇ ਇਸਰਾਏਲੀ, ਮੋਆਬ ਅਤੇ ਹਗਰੀ,7ਗਬਾਲ, ਅੰਮੋਨ ਅਤੇ ਅਮਲੇਕ, ਫ਼ਲਿਸਤ ਸੂਰ ਦੇ ਵਾਸੀਆਂ ਸਣੇ,
8ਅੱਸ਼ੂਰ ਵੀ ਉਨ੍ਹਾਂ ਨਾਲ ਰਲ ਗਿਆ, ਉਨ੍ਹਾਂ ਨੇ ਲੂਤ ਵੰਸੀਆਂ ਲਈ ਬਾਂਹ ਕੱਢੀ । ਸਲਹ ।
9ਤੂੰ ਉਨ੍ਹਾਂ ਨਾਲ ਇਹੋ ਜਿਹਾ ਕਰ ਜਿਹੋ ਜਿਹਾ ਤੂੰ ਮਿਦਯਾਨ, ਅਤੇ ਸੀਸਰਾ ਅਤੇ ਕੀਸ਼ੋਨ ਨਦੀ ਕੋਲ ਯਾਬੀਨ ਨਾਲ ਕੀਤਾ !10ਏਨ- ਦੋਰ ਵਿੱਚ ਓਹ ਨਾਸ ਹੋਏ, ਭੋਂ ਦੇ ਲਈ ਓਹ ਰੂੜੀ ਬਣ ਗਏ ।
11ਉਨ੍ਹਾਂ ਦੇ ਪਤਵੰਤਿਆਂ ਨੂੰ ਓਰੇਬ ਅਤੇ ਜ਼ਏਬ ਵਾਂਗੂੰ ਉਨ੍ਹਾਂ ਦੇ ਸਾਰੇ ਸ਼ਜ਼ਾਦਿਆਂ ਨੂੰ ਜ਼ਬਹ ਅਤੇ ਸਲਮੁੰਨਾ ਵਾਂਗੂੰ ਕਰ,12ਜਿਨ੍ਹਾਂ ਨੇ ਆਖਿਆ, ਅਸੀਂ ਪਰਮੇਸ਼ੁਰ ਦੀਆਂ ਚਾਰਗਾਹਾਂ ਨੂੰ ਆਪਣੇ ਕਾਬੂ ਕਰ ਲਈਏ ! ।
13ਹੇ ਮੇਰੇ ਪਰਮੇਸ਼ੁਰ, ਤੂੰ ਉਨ੍ਹਾਂ ਨੂੰ ਵਾਵਰੋਲੇ ਦੀ ਧੂੜ, ਅਤੇ ਪੌਣ ਨਾਲ ਉਡਾਏ ਕੱਖ ਵਾਂਗੂੰ ਕਰ ।14ਜਿਵੇਂ ਅੱਗ ਬਣ ਨੂੰ ਭਸਮ ਕਰਦੀ ਹੈ ਅਤੇ ਜਿਵੇਂ ਲਾਟ ਪਹਾੜਾਂ ਨੂੰ ਸਾੜਦੀ ਹੈ,15ਤਿਵੇਂ ਤੂੰ ਆਪਣੇ ਤੁਫਾਨ ਨਾਲ ਉਨ੍ਹਾਂ ਦਾ ਪਿੱਛਾ ਕਰ, ਅਤੇ ਆਪਣੇ ਝੱਖੜ-ਝੋਲੇ ਨਾਲ ਉਨ੍ਹਾਂ ਦਾ ਸਾਹ ਸੁਕਾ !
16ਹੇ ਯਹੋਵਾਹ, ਉਨ੍ਹਾਂ ਦੇ ਮੂੰਹ ਨੂੰ ਨਮੋਸ਼ੀ ਨਾਲ ਕਾਲੇ ਕਰ, ਤਾਂ ਓਹ ਤੇਰੇ ਨਾਮ ਨੂੰ ਭਾਲਣ ।17ਓਹ ਸਦਾ ਤੱਕ ਲੱਜਿਆਵਾਨ ਅਤੇ ਭੈਮਾਨ ਹੋਣ, ਓਹ ਘਾਬਰ ਜਾਣ ਅਤੇ ਨਸ਼ਟ ਹੋਣ,
18ਕਿ ਓਹ ਜਾਣਨ ਕਿ ਇਕੱਲਾ ਤੂੰ ਹੀ ਜਿਹ ਦਾ ਨਾਮ ਯਹੋਵਾਹ ਹੈ ਸਾਰੀ ਧਰਤੀ ਉੱਤੇ ਅੱਤ ਮਹਾਨ ਹੈਂ ! ।

84
ਪਰਮੇਸ਼ੁਰ ਦੇ ਭਵਨ ਦੀ ਚਾਹਤ
ਪ੍ਰਧਾਨ ਵਜਾਉਣ ਵਾਲੇ ਦੇ ਲਈ ਗਿਤੀਥ ਰਾਗ ਵਿੱਚ ਕੋਰਹ ਵੰਸੀਆਂ ਦਾ ਭਜਨ ।

1ਹੇ ਸੈਨਾਂ ਦੇ ਯਹੋਵਾਹ, ਤੇਰੇ ਡੇਹਰੇ ਕਿਹੇ ਪ੍ਰੇਮ ਰੱਤੇ ਹਨ !2ਮੇਰਾ ਜੀਅ ਯਹੋਵਾਹ ਦੀਆਂ ਦਰਗਾਹਾਂ ਲਈ ਤਰਸਦਾ ਸਗੋਂ ਖੁੱਸਦਾ ਜਾਂਦਾ ਹੈ, ਮੇਰਾ ਤਨ-ਮਨ ਜਿਉਂਦੇ ਪਰਮੇਸ਼ੁਰ ਲਈ ਜੈਕਾਰਾ ਗਜਾਉਂਦਾ ਹੈ !

3ਹੇ ਸੈਨਾਂ ਦੇ ਯਹੋਵਾਹ, ਮੇਰੇ ਪਾਤਸ਼ਾਹ ਅਤੇ ਮੇਰੇ ਪਰਮੇਸ਼ੁਰ, ਤੇਰੀਆਂ ਜਗਵੇਦੀਆਂ ਵਿੱਚ ਚਿੜੀ ਨੇ ਆਪਣੇ ਲਈ ਘਰ ਅਤੇ ਬਾਲਕਟਾਰੇ ਨੇ ਆਪਣੇ ਬੋਟਾਂ ਨੂੰ ਰੱਖਣ ਲਈ ਆਲਣਾ ਪਾਇਆ ਹੈ ।4ਧੰਨ ਓਹ ਹਨ ਜਿਹੜੇ ਭਵਨ ਵਿੱਚ ਵੱਸਦੇ ਹਨ, ਓਹ ਨਿੱਤ ਤੇਰੀ ਉਸਤਤ ਕਰਨਗੇ ! । ਸਲਹ ।
5ਧੰਨ ਓਹ ਆਦਮੀ ਹੈ ਜਿਹ ਦਾ ਬਲ ਤੇਰੀ ਵੱਲੋਂ ਹੈ, ਜਿਹ ਦੇ ਮਨ ਵਿੱਚ ਤੇਰੇ ਮਾਰਗ ਹਨ !6ਓਹ ਬਾਕਾ ਦੀ ਵਾਦੀ ਦੇ ਵਿੱਚ ਦੀ ਲੰਘਦਿਆਂ, ਉੱਥੇ ਪਾਣੀ ਦੇ ਚਸ਼ਮੇ ਵਗਾ ਦਿੰਦੇ ਹਨ, ਸਗੋਂ ਪਹਿਲਾਂ ਮੀਂਹ ਉਸ ਨੂੰ ਬਰਕਤਾਂ ਨਾਲ ਢੱਕ ਲੈਂਦਾ ਹੈ ।
7ਓਹ ਬਲ ਤੇ ਬਲ ਪਾਉਂਦੇ ਚਲੇ ਜਾਂਦੇ ਹਨ, ਉਨ੍ਹਾਂ ਵਿਚੋਂ ਹਰੇਕ ਸੀਯੋਨ ਵਿੱਚ ਪਰਮੇਸ਼ੁਰ ਅੱਗੇ ਵਿਖਾਈ ਦਿੰਦਾ ਹੈ ।8ਹੇ ਯਹੋਵਾਹ ਸੈਨਾਂ ਦੇ ਪਰਮੇਸ਼ੁਰ, ਮੇਰੀ ਬੇਨਤੀ ਸੁਣ, ਹੇ ਯਾਕੂਬ ਦੇ ਪਰਮੇਸ਼ੁਰ, ਆਪਣਾ ਕੰਨ ਲਾ ! । ਸਲਹ ।9ਹੇ ਸਾਡੀ ਢਾਲ, ਵੇਖ, ਹੇ ਪਰਮੇਸ਼ੁਰ, ਆਪਣੇ ਮਸੀਹ ਦੇ ਮੁਖੜੇ ਵੱਲ ਧਿਆਨ ਕਰ !10ਤੇਰੀ ਦਰਗਾਹ ਵਿੱਚ ਤਾਂ ਇੱਕ ਦਿਨ ਹਜ਼ਾਰ ਦਿਨਾਂ ਨਾਲੋਂ ਚੰਗਾ ਹੈ, ਮੈਂ ਪਰਮੇਸ਼ੁਰ ਦੇ ਭਵਨ ਦਾ ਰਾਖਾ ਬਣਨਾ ਦੁਸ਼ਟਾਂ ਦੇ ਤੰਬੂ ਵਿੱਚ ਵੱਸਣ ਨਾਲੋਂ ਪਸੰਦ ਕਰਦਾ ਹਾਂ ।
11ਯਹੋਵਾਹ ਪਰਮੇਸ਼ੁਰ ਇੱਕ ਸੂਰਜ ਤੇ ਇੱਕ ਢਾਲ ਹੈ, ਯਹੋਵਾਹ ਦਯਾ ਅਤੇ ਤੇਜ ਦੇਵੇਗਾ, ਉਹ ਸਿਧਿਆਈ ਵਿੱਚ ਚੱਲਣ ਵਾਲਿਆਂ ਤੋਂ ਕੋਈ ਚੰਗੀ ਚੀਜ਼ ਨਹੀਂ ਰੋਕੇਗਾ ।12ਹੇ ਸੈਨਾਂ ਦੇ ਯਹੋਵਾਹ, ਧੰਨ ਹੈ ਉਹ ਆਦਮੀ ਜਿਹੜਾ ਤੇਰੇ ਉੱਤੇ ਪਤੀਜਦਾ ਹੈ ! ।

85
ਪਰਮੇਸ਼ੁਰ ਦੀ ਦਯਾ ਦੇ ਲਈ ਪ੍ਰਾਰਥਨਾ
ਪ੍ਰਧਾਨ ਵਜਾਉਣ ਵਾਲੇ ਦੇ ਲਈ: ਕੋਰਹ ਵੰਸੀਆਂ ਦਾ ਭਜਨ ।

1ਹੇ ਯਹੋਵਾਹ, ਤੂੰ ਆਪਣੀ ਧਰਤੀ ਉੱਤੇ ਕਿਰਪਾ ਕੀਤੀ, ਯਾਕੂਬ ਦੀ ਗ਼ੁਲਾਮੀ ਨੂੰ ਤੂੰ ਮੁਕਾ ਦਿੱਤਾ ਹੈ ।2ਆਪਣੀ ਪਰਜਾ ਦੀ ਬੁਰਿਆਈ ਤੂੰ ਮਾਫ਼ ਕੀਤੀ ਹੈ, ਤੂੰ ਉਨ੍ਹਾਂ ਦੇ ਸਾਰਿਆਂ ਪਾਪਾਂ ਨੂੰ ਕੱਜ ਦਿੱਤਾ ਹੈ । ਸਲਹ ।

3ਤੂੰ ਆਪਣੇ ਸਾਰੇ ਕੋਪ ਨੂੰ ਹਟਾ ਲਿਆ, ਤੂੰ ਆਪਣੇ ਕ੍ਰੋਧ ਦੀ ਤੇਜ਼ੀ ਤੋਂ ਮੁੜਿਆ ਹੈਂ ।4ਹੇ ਸਾਡੇ ਬਚਾਉਣ ਵਾਲੇ ਪਰਮੇਸ਼ੁਰ, ਸਾਡੀ ਵੱਲ ਮੂੰਹ ਮੋੜ, ਅਤੇ ਆਪਣੇ ਰੋਹ ਨੂੰ ਸਾਥੋਂ ਦੂਰ ਕਰ !5ਕੀ ਤੂੰ ਸਦਾ ਤੋੜੀ ਸਾਥੋਂ ਕ੍ਰੋਧਵਾਨ ਰਹੇਂਗਾ ? ਕੀ ਤੂੰ ਪੀੜ੍ਹੀਓ ਪੀੜ੍ਹੀ ਆਪਣੇ ਕ੍ਰੋਧ ਨੂੰ ਜਾਰੀ ਰੱਖੇਂਗਾ ?
6ਕੀ ਤੂੰ ਫੇਰ ਸਾਨੂੰ ਨਾ ਜਵਾਲੇਂਗਾ, ਕਿ ਤੇਰੀ ਪਰਜਾ ਤੇਰੇ ਵਿੱਚ ਅਨੰਦ ਹੋਵੇ ?7ਹੇ ਯਹੋਵਾਹ, ਆਪਣੀ ਦਯਾ ਸਾਨੂੰ ਵਿਖਾ, ਅਤੇ ਆਪਣੀ ਮੁਕਤੀ ਸਾਨੂੰ ਬਖਸ਼ ! ।
8ਮੈਂ ਸੁਣ ਲਵਾਂ ਕਿ ਯਹੋਵਾਹ ਪਰਮੇਸ਼ੁਰ ਕੀ ਆਖੇਗਾ, ਉਹ ਤਾਂ ਆਪਣੀ ਪਰਜਾ ਤੇ ਆਪਣੇ ਸੰਤਾਂ ਨਾਲ ਸ਼ਾਂਤੀ ਦੀਆਂ ਗੱਲਾਂ ਕਰੇਗਾ, ਕਿ ਓਹ ਫੇਰ ਮੂਰਖਤਾਈ ਵੱਲ ਨਾ ਮੁੜਨ ।9ਨਿਸੰਗ ਉਹ ਦਾ ਛੁਟਕਾਰਾ ਉਹ ਦੇ ਭੈ ਮੰਨਣ ਵਾਲਿਆਂ ਦੇ ਨੇੜੇ ਹੈ, ਕਿ ਸਾਡੇ ਦੇਸ ਵਿੱਚ ਮਹਿਮਾ ਵੱਸੇ !
10ਦਯਾ ਅਤੇ ਸਚਿਆਈ ਆਪੋ ਵਿੱਚ ਮਿਲ ਗਈਆਂ, ਧਰਮ ਅਤੇ ਸ਼ਾਂਤੀ ਨੇ ਇੱਕ ਦੂਏ ਨੂੰ ਚੁੰਮਿਆ ਹੈ ।11ਸਚਿਆਈ ਧਰਤੀ ਵਿਚੋਂ ਉੱਗਦੀ ਹੈ, ਅਤੇ ਸਵਰਗ ਤੋਂ ਧਰਮ ਝਾਕਦਾ ਹੈ ।
12ਫੇਰ ਯਹੋਵਾਹ ਉੱਤਮ ਪਦਾਰਥ ਬਖਸ਼ੇਗਾ, ਅਤੇ ਸਾਡੀ ਧਰਤੀ ਆਪਣੀ ਉਪਜ ਦੇਵੇਗੀ ।13ਧਰਮ ਉਹ ਦੇ ਅੱਗੇ-ਅੱਗੇ ਚੱਲੇਗਾ, ਅਤੇ ਉਹ ਦੇ ਖੁਰਿਆਂ ਨੂੰ ਇੱਕ ਰਸਤਾ ਬਣਾਵੇਗਾ ।

86
ਸਹਾਇਤਾ ਦੇ ਲਈ ਪ੍ਰਾਰਥਨਾ
ਦਾਊਦ ਦੀ ਪ੍ਰਾਰਥਨਾ

1ਹੇ ਯਹੋਵਾਹ, ਆਪਣਾ ਕੰਨ ਝੁਕਾ ਅਤੇ ਮੈਨੂੰ ਉੱਤਰ ਦੇ ! ਕਿਉਂ ਜੋ ਮੈਂ ਮਸਕੀਨ ਤੇ ਕੰਗਾਲ ਹਾਂ ।2ਮੇਰੀ ਜਾਨ ਦੀ ਰੱਖਿਆ ਕਰ ਕਿਉਂ ਜੋ ਮੈਂ ਤਾਂ ਇੱਕ ਭਗਤ ਹਾਂ, ਤੂੰ ਜੋ ਮੇਰਾ ਪਰਮੇਸ਼ੁਰ ਹੈਂ ਆਪਣੇ ਸੇਵਕ ਨੂੰ ਬਚਾ ਲਈ, ਮੈਂ ਤੇਰੇ ਉੱਤੇ ਪਤੀਜਦਾ ਹਾਂ ।

3ਹੇ ਪ੍ਰਭੂ, ਮੇਰੇ ਉੱਤੇ ਕਿਰਪਾ ਕਰ, ਮੈਂ ਤਾਂ ਸਾਰਾ ਦਿਨ ਤੈਨੂੰ ਪੁਕਾਰਦਾ ਹਾਂ ।4ਆਪਣੇ ਸੇਵਕ ਦੇ ਜੀਅ ਨੂੰ ਅਨੰਦ ਕਰ, ਹੇ ਪ੍ਰਭੂ, ਮੈਂ ਤਾਂ ਆਪਣਾ ਜੀਅ ਤੇਰੇ ਵੱਲ ਲਾਉਂਦਾ ਹਾਂ ।
5ਹੇ ਪ੍ਰਭੂ, ਤੂੰ ਭਲਾ ਤੇ ਦਯਾਲੂ ਹੈਂ, ਅਤੇ ਆਪਣੇ ਸਾਰੇ ਪੁਕਾਰਨ ਵਾਲਿਆਂ ਲਈ ਅੱਤ ਕਿਰਪਾਲੂ ਹੈਂ ।6ਹੇ ਪਰਮੇਸ਼ੁਰ, ਮੇਰੀ ਬੇਨਤੀ ਉੱਤੇ ਕੰਨ ਲਾ, ਅਤੇ ਮੇਰੀਆਂ ਅਰਦਾਸਾਂ ਦੀ ਅਵਾਜ਼ ਵੱਲ ਧਿਆਨ ਕਰ !7ਮੈਂ ਬਿਪਤਾ ਦੇ ਦਿਨ ਤੈਨੂੰ ਪੁਕਾਰਾਂਗਾ, ਕਿਉਂ ਜੋ ਤੂੰ ਮੈਨੂੰ ਉੱਤਰ ਦੇਵੇਂਗਾ ।
8ਹੇ ਪ੍ਰਭੂ, ਦੇਵਤਿਆਂ ਵਿੱਚ ਤੇਰੇ ਤੁੱਲ ਕੋਈ ਨਹੀਂ, ਤੇਰੇ ਕੰਮਾਂ ਵਰਗਾ ਕੋਈ ਕੰਮ ਨਹੀਂ ਹੈ ।9ਹੇ ਪ੍ਰਭੂ, ਓਹ ਸਾਰੀਆਂ ਕੌਮਾਂ ਜਿਨ੍ਹਾਂ ਨੂੰ ਤੂੰ ਸਾਜਿਆ, ਆਣ ਕੇ ਤੇਰੇ ਅੱਗੇ ਮੱਥਾ ਟੇਕਣਗੀਆਂ, ਅਤੇ ਤੇਰੇ ਨਾਮ ਨੂੰ ਵਡਿਆਉਣਗੀਆਂ ।
10ਤੂੰ ਮਹਾਨ ਹੈਂ ਅਤੇ ਅਚਰਜ ਕਰਤੱਬ ਕਰਦਾ ਹੈਂ, ਤੂੰ ਹੀ ਪਰਮੇਸ਼ੁਰ ਹੈਂ !11ਹੇ ਯਹੋਵਾਹ, ਮੈਨੂੰ ਆਪਣਾ ਰਾਹ ਸਿਖਲਾ, ਮੈਂ ਤੇਰੀ ਸਚਿਆਈ ਵਿੱਚ ਚੱਲਾਂਗਾ, ਮੇਰੇ ਦਿਲ ਨੂੰ ਇਕਾਗਰ ਕਰ ਕਿ ਮੈਂ ਤੇਰੇ ਨਾਮ ਦਾ ਭੈ ਮੰਨਾ ।12ਹੇ ਪ੍ਰਭੂ, ਮੇਰੇ ਪਰਮੇਸ਼ੁਰ, ਮੈਂ ਆਪਣੇ ਸਾਰੇ ਮਨ ਨਾਲ ਤੇਰਾ ਧੰਨਵਾਦ ਕਰਾਂਗਾ, ਅਤੇ ਸਦਾ ਤੱਕ ਤੇਰੇ ਨਾਮ ਦੀ ਵਡਿਆਈ ਕਰਾਂਗਾ ।
13ਤੇਰੀ ਦਯਾ ਤਾਂ ਮੇਰੇ ਉੱਤੇ ਵੱਡੀ ਹੈ, ਅਤੇ ਤੂੰ ਮੇਰੀ ਜਾਨ ਨੂੰ ਹੇਠਲੇ ਪਤਾਲ ਤੋਂ ਕੱਢਿਆ ਹੈ ।14ਹੇ ਪਰਮੇਸ਼ੁਰ, ਹੰਕਾਰੀ ਮੇਰੇ ਵਿਰੁੱਧ ਉੱਠ ਖਲੋਤੇ ਹਨ, ਅਤੇ ਜ਼ਾਲਮਾਂ ਦੀ ਮੰਡਲੀ ਨੇ ਮੇਰੀ ਜਾਨ ਨੂੰ ਭਾਲ ਲਿਆ ਹੈ, ਪਰ ਉਨ੍ਹਾਂ ਨੇ ਤੈਨੂੰ ਆਪਣੇ ਅੱਗੇ ਨਹੀਂ ਰੱਖਿਆ ।
15ਪਰ ਤੂੰ, ਹੇ ਪ੍ਰਭੂ, ਦਯਾਲੂ ਅਤੇ ਕਿਰਪਾਲੂ ਪਰਮੇਸ਼ੁਰ ਹੈਂ, ਤੂੰ ਗੁੱਸੇ ਵਿੱਚ ਧੀਰਜੀ ਅਤੇ ਦਯਾ ਤੇ ਵਫ਼ਾਦਾਰੀ ਨਾਲ ਭਰਪੂਰ ਹੈਂ ।16ਮੇਰੀ ਵੱਲ ਮੂੰਹ ਫੇਰ ਅਤੇ ਕਿਰਪਾ ਕਰ, ਆਪਣੇ ਸੇਵਕ ਨੂੰ ਆਪਣਾ ਬਲ ਦੇ, ਆਪਣੀ ਗੋੱਲੀ ਦੇ ਪੁੱਤਰ ਨੂੰ ਬਚਾ ਲੈ !17ਆਪਣੀ ਭਲਿਆਈ ਦਾ ਕੋਈ ਨਿਸ਼ਾਨ ਮੈਨੂੰ ਵਿਖਾ, ਤਾਂ ਜੋ ਮੇਰੇ ਵੈਰੀ ਉਹ ਨੂੰ ਵੇਖ ਕੇ ਨਿਮੂਝਾਣੇ ਰਹਿ ਜਾਣ, ਕਿਉਂ ਜੋ ਹੇ ਯਹੋਵਾਹ, ਤੂੰ ਮੇਰੀ ਸਹਾਇਤਾ ਕੀਤੀ ਅਤੇ ਮੈਨੂੰ ਸ਼ਾਂਤੀ ਦਿੱਤੀ ਹੈ ।

87
ਸਿਯੋਨ ਦੀ ਉਸਤਤ ਵਿੱਚ
ਕੋਰਹ ਵੰਸੀਆਂ ਦਾ ਭਜਨ । ਗੀਤ ।

1ਉਹ ਦੇ ਨੀਂਹ ਪਵਿੱਤਰ ਪਹਾੜ ਹੈ ।2ਯਹੋਵਾਹ ਯਾਕੂਬ ਦੇ ਸਾਰੇ ਡੇਹਰਿਆਂ ਨਾਲੋਂ ਸੀਯੋਨ ਦੇ ਫਾਟਕਾਂ ਨਾਲ ਪ੍ਰੇਮ ਰੱਖਦਾ ਹੈ ।3ਹੇ ਪਰਮੇਸ਼ੁਰ ਦੇ ਸ਼ਹਿਰ, ਤੇਰੇ ਲਈ ਸ਼ਾਨਦਾਰ ਬੋਲ ਬੋਲੇ ਜਾ ਰਹੇ ਹਨ ! । ਸਲਹ ।

4ਮੈਂ ਆਪਣੇ ਜਾਣੂਆਂ ਵਿੱਚ ਰਹਬ ਅਤੇ ਬਾਬਲ ਦਾ ਚਰਚਾ ਕਰਾਂਗਾ, ਵੇਖੋ, ਫ਼ਲਿਸਤ ਅਤੇ ਸੂਰ ਅਤੇ ਕੂਸ਼ ਦਾ ਵੀ, ਕਿ ਇਹ ਉੱਥੇ ਜੰਮਿਆਂ ਸੀ ।
5ਸਗੋਂ ਸੀਯੋਨ ਲਈ ਆਖਿਆ ਜਾਵੇਗਾ, ਕਿ ਇਹ ਮਨੁੱਖ ਤੇ ਉਹ ਮਨੁੱਖ ਉੱਥੇ ਜੰਮੇ, ਅਤੇ ਅੱਤ ਮਹਾਨ ਉਸ ਨੂੰ ਕਾਇਮ ਰੱਖੇਗਾ ।6ਯਹੋਵਾਹ ਉੱਮਤਾਂ ਦੀ ਗਿਣਤੀ ਵਿੱਚ ਲਿਖੇਗਾ, ਕਿ ਏਹ ਵੀ ਉੱਥੇ ਜੰਮਿਆ । ਸਲਹ ।
7ਰਾਗੀ ਅਤੇ ਨਚਾਰ ਆਖਣਗੇ, ਮੇਰੇ ਸਾਰੇ ਚਸ਼ਮੇਂ ਤੇਰੇ ਵਿਚੋਂ ਹਨ ।

88
ਮੌਤ ਤੋਂ ਬਚਾਉਣ ਲਈ ਪ੍ਰਾਰਥਨਾ
ਗੀਤ; ਕੋਰਹ ਵੰਸੀਆਂ ਦਾ ਭਜਨ । ਪ੍ਰਧਾਨ ਵਜਾਉਣ ਵਾਲੇ ਦੇ ਲਈ ਮਹਲਤਲਗੋਨ ਦੇ ਰਾਗ ਵਿੱਚ ਅਜ਼ਰਾ ਵੰਸੀ ਹੇਮਾਨ ਦਾ ਮਸ਼ਕੀਲ

1ਹੇ ਯਹੋਵਾਹ, ਮੇਰੇ ਮੁਕਤੀ ਦੇ ਪਰਮੇਸ਼ੁਰ, ਮੈਂ ਦਿਨ ਨੂੰ ਵੀ ਅਤੇ ਰਾਤ ਨੂੰ ਵੀ ਤੇਰੇ ਅੱਗੇ ਦੁਹਾਈ ਦਿੱਤੀ ।2ਮੇਰੀ ਪ੍ਰਾਰਥਨਾ ਤੇਰੇ ਹਜ਼ੂਰ ਪਹੁੰਚੇ, ਮੇਰੀ ਹਾਹਾ ਕਾਰ ਵੱਲ ਕੰਨ ਝੁਕਾ !

3ਮੇਰੀ ਜਾਨ ਤਾਂ ਬੁਰਿਆਈਆਂ ਨਾਲ ਭਰੀ ਹੋਈ ਹੈ, ਅਤੇ ਮੇਰਾ ਜੀਵਨ ਪਤਾਲ ਦੇ ਨੇੜੇ ਢੁੱਕਦਾ ਜਾਂਦਾ ਹੈ ।4ਮੈਂ ਗੋਰ ਵਿੱਚ ਲਹਿਣ ਵਾਲਿਆਂ ਦੇ ਨਾਲ ਗਿਣਿਆ ਗਿਆ, ਮੈਂ ਨਿਰਬਲ ਮਰਦ ਵਰਗਾ ਹੋ ਗਿਆ ਹਾਂ ।
5ਮੈਂ ਮੁਰਦਿਆਂ ਵਿੱਚ ਸੁੱਟਿਆ ਗਿਆ ਹਾਂ, ਉਨ੍ਹਾਂ ਵੱਢਿਆ ਹੋਈਆਂ ਵਾਂਗੂੰ ਜਿਹੜੇ ਕਬਰ ਵਿੱਚ ਲੇਟੇ ਪਏ ਹਨ, ਜਿਨ੍ਹਾਂ ਨੂੰ ਤੂੰ ਫੇਰ ਚੇਤੇ ਨਹੀਂ ਕਰਦਾ, ਅਤੇ ਓਹ ਤੇਰੇ ਹੱਥੋਂ ਵਿੱਛੜ ਗਏ ਹਨ ।6ਤੂੰ ਮੈਨੂੰ ਅੱਤ ਡੂੰਘੀ ਗੋਰ, ਅਤੇ ਅਨ੍ਹੇਰਿਆਂ ਤੇ ਗਹਿਰਿਆਂ ਥਾਵਾਂ ਵਿੱਚ ਰੱਖਿਆ ਹੈ ।
7ਤੇਰਾ ਕਹਿਰ ਮੇਰੇ ਉੱਤੇ ਡਾਢਾ ਭਾਰੀ ਪਿਆ ਹੋਇਆ ਹੈ, ਅਤੇ ਆਪਣੀਆਂ ਸਾਰੀਆਂ ਮੌਜਾਂ ਨਾਲ ਤੂੰ ਮੈਨੂੰ ਦੁੱਖ ਦਿੱਤਾ ਹੈ । ਸਲਹ ।
8ਮੇਰੇ ਜਾਣ ਪਛਾਣਾਂ ਨੂੰ ਤੂੰ ਮੈਥੋਂ ਦੂਰ ਕੀਤਾ, ਅਤੇ ਮੈਨੂੰ ਉਨ੍ਹਾਂ ਲਈ ਘਿਣਾਉਣਾ ਬਣਾਇਆ ਹੋਇਆ ਹੈ, ਮੈਂ ਬੰਦ ਹਾਂ ਅਤੇ ਮੈਥੋਂ ਬਾਹਰ ਨਿੱਕਲਿਆ ਨਹੀਂ ਜਾਂਦਾ !
9ਮੇਰੀਆਂ ਅੱਖਾਂ ਦੁੱਖ ਨਾਲ ਅੰਬ ਗਈਆਂ ਹਨ, ਹੇ ਯਹੋਵਾਹ, ਮੈਂ ਨਿੱਤ ਤੈਨੂੰ ਪੁਕਾਰਿਆ ਹੈ, ਮੈਂ ਆਪਣੇ ਹੱਥ ਤੇਰੀ ਵੱਲ ਅੱਡੇ ਹੋਏ ਹਨ ।10ਕੀ ਤੂੰ ਮੁਰਦਿਆਂ ਨੂੰ ਅਚਰਜ ਵਿਖਾਵੇਂਗਾ ? ਕੀ ਰੂਹਾਂ ਉੱਠ ਕੇ ਤੈਨੂੰ ਸਲਾਹੁਣਗੀਆਂ ? । ਸਲਹ ।
11ਕੀ ਕਬਰ ਵਿੱਚ ਤੇਰੀ ਦਯਾ, ਅਤੇ ਨਰਕ ਕੁੰਡ ਵਿੱਚ ਤੇਰੀ ਸਚਿਆਈ ਦਾ ਵਰਣਨ ਹੋਵੇਗਾ ?12ਕੀ ਤੇਰੇ ਅਚਰਜ ਅਨ੍ਹੇਰੇ ਵਿੱਚ ਜਾਣੇ ਜਾਣਗੇ, ਅਤੇ ਤੇਰਾ ਧਰਮ ਭੁੱਲਣਹਾਰੇ ਦੇਸ ਵਿੱਚ ?
13ਹੇ ਯਹੋਵਾਹ, ਮੈਂ ਤੇਰੇ ਅੱਗੇ ਦੁਹਾਈ ਦਿੱਤੀ ਹੈ, ਅਤੇ ਅਮ੍ਰਿਤ ਵੇਲੇ ਮੇਰੀ ਪ੍ਰਾਰਥਨਾ ਤੇਰੇ ਹਜ਼ੂਰ ਆਵੇਗੀ ?14ਹੇ ਯਹੋਵਾਹ, ਤੂੰ ਕਿਉਂ ਮੇਰੀ ਜਾਨ ਨੂੰ ਤਿਆਗਦਾ ਹੈਂ ? ਤੂੰ ਆਪਣਾ ਮੂੰਹ ਮੈਥੋਂ ਕਿਉਂ ਲੁਕਾਉਂਦਾ ਹੈਂ ?
15ਮੈਂ ਜਵਾਨੀ ਤੋਂ ਦੁਖਿਆ ਅਤੇ ਮਰਨਾਊ ਰਿਹਾ ਹਾਂ, ਮੈਂ ਤੇਰੇ ਡਰ ਨੂੰ ਸਹਿ ਕੇ ਘਾਬਰ ਜਾਂਦਾ ਹਾਂ ।16ਤੇਰਾ ਤੇਜ ਗੁੱਸਾ ਮੇਰੇ ਉੱਤੋਂ ਦੀ ਲੰਘਿਆ, ਤੇਰੇ ਹੌਲ ਨੇ ਮੈਨੂੰ ਮੁਕਾ ਦਿੱਤਾ ।
17ਉਨ੍ਹਾਂ ਨੇ ਪਾਣੀ ਵਾਂਗੂੰ ਮੈਨੂੰ ਸਾਰਾ ਦਿਨ ਘੇਰ ਛੱਡਿਆ ਹੈ, ਉਨ੍ਹਾਂ ਨੇ ਮੈਨੂੰ ਉੱਕਾ ਹੀ ਡੱਕ ਰੱਖਿਆ ਹੈ ।18ਤੂੰ ਪ੍ਰੇਮੀ ਅਤੇ ਮਿੱਤਰ ਮੈਥੋਂ ਦੂਰ ਕਰ ਦਿੱਤੇ ਹਨ, ਅਤੇ ਮੇਰੇ ਜਾਣ-ਪਛਾਣ ਅਨ੍ਹੇਰ ਵਿੱਚ ! ।

89
ਰਾਸ਼ਟਰੀ ਬਿਪਤੀ ਸਮੇਂ ਸਤੂਤੀ ਗੀਤ
ਏਤਾਨ ਅਜ਼ਰਾ ਵੰਸੀ ਦਾ ਮਸ਼ਕੀਲ

1ਯਹੋਵਾਹ ਦੀਆਂ ਮਿਹਰਬਾਨੀਆਂ ਦੇ ਗੀਤ ਮੈਂ ਸਦਾ ਗਾਵਾਂਗਾ, ਮੈਂ ਤੇਰੀ ਵਫ਼ਾਦਾਰੀ ਸਾਰੀਆਂ ਪੀੜ੍ਹੀਆਂ ਨੂੰ ਆਪਣੇ ਮੂੰਹੋਂ ਸਮਝਾਵਾਂਗਾ ।2ਮੈਂ ਤਾਂ ਆਖਿਆ, ਤੇਰੀ ਦਯਾ ਸਦਾ ਤੋੜੀ ਬਣੀ ਰਹੇਗੀ, ਤੂੰ ਆਪਣੀ ਵਫ਼ਾਦਾਰੀ ਨੂੰ ਅਕਾਸ਼ ਵਿੱਚ ਕਾਇਮ ਕਰੇਂਗਾ ।

3ਮੈਂ ਆਪਣੇ ਚੁਣੇ ਹੋਏ ਦੇ ਨਾਲ ਨੇਮ ਬੰਨ੍ਹਿਆ ਹੈ, ਅਤੇ ਆਪਣੇ ਦਾਸ ਦਾਊਦ ਨਾਲ ਸਹੁੰ ਖਾਧੀ,4ਕਿ ਮੈਂ ਤੇਰੀ ਅੰਸ ਨੂੰ ਸਦਾ ਤੱਕ ਕਾਇਮ ਰੱਖਾਂਗਾ, ਅਤੇ ਤੇਰੀ ਰਾਜ ਗੱਦੀ ਨੂੰ ਪੀੜ੍ਹੀਓ ਪੀੜ੍ਹੀ ਬਣਾਈ ਰੱਖਾਂਗਾ । ਸਲਹ ।
5ਹੇ ਯਹੋਵਾਹ, ਅਕਾਸ਼ ਤੇਰੇ ਅਚਰਜਾਂ ਨੂੰ ਸਲਾਹੁਣਗੇ, ਨਾਲੇ ਸੰਤਾਂ ਦੀ ਸੰਗਤ ਵਿੱਚ ਤੇਰੀ ਵਫ਼ਾਦਾਰੀ ਨੂੰ !6ਗਗਣ ਵਿੱਚ ਯਹੋਵਾਹ ਦੇ ਤੁੱਲ ਕੌਣ ਹੋ ਸਕਦਾ ਹੈ ? ਦੇਵਤਿਆਂ ਦੇ ਪੁੱਤਰਾਂ ਵਿਚੋਂ ਕੌਣ ਯਹੋਵਾਹ ਦੇ ਸਮਾਨ ਹੋਵੇਗਾ ?
7ਪਰਮੇਸ਼ੁਰ ਪਵਿੱਤਰਾਂ ਦੀ ਘੋਸ਼ਟੀ ਵਿੱਚ ਅੱਤ ਭਿਆਣਕ ਹੈ, ਅਤੇ ਆਪਣੇ ਆਲੇ-ਦੁਆਲੇ ਦੇ ਸਾਰਿਆਂ ਨਾਲੋਂ ਭੈ ਦਾਇਕ ਹੈ !8ਹੇ ਯਹੋਵਾਹ, ਸੈਨਾਂ ਦੇ ਪਰਮੇਸ਼ੁਰ, ਹੇ ਯਹੋਵਾਹ, ਤੇਰੇ ਤੁੱਲ ਸ਼ਕਤੀਮਾਨ ਕੌਣ ਹੈ ? ਤੇਰੀ ਵਫ਼ਾਦਾਰੀ ਤੇਰੇ ਆਲੇ-ਦੁਆਲੇ ਹੈ,
9ਤੂੰ ਹੀ ਸਮੁੰਦਰ ਦੇ ਉਛਾਲ ਉੱਤੇ ਹਕੂਮਤ ਕਰਦਾ ਹੈਂ, ਜਾਂ ਉਹ ਦੀਆਂ ਠਾਠਾਂ ਉੱਠ ਪੈਂਦੀਆਂ ਹਨ, ਤਾਂ ਤੂੰ ਉਨ੍ਹਾਂ ਨੂੰ ਥੰਮ੍ਹ ਦਿੰਦਾ ਹੈਂ ।10ਤੂੰ ਰਹਬ ਨੂੰ ਕਿਸੇ ਵੱਢੇ ਹੋਏ ਚੋਏ ਵਾਂਗੂੰ ਚੂਰ-ਚੂਰ ਕਰ ਦਿੱਤਾ ਹੈ, ਅਤੇ ਆਪਣੀਆਂ ਬਾਂਹਵਾਂ ਦੇ ਬਲ ਨਾਲ ਤੂੰ ਆਪਣੇ ਵੈਰੀਆਂ ਨੂੰ ਛਿੰਨ ਭਿੰਨ ਕਰ ਦਿੱਤਾ ਹੈ !
11ਅਕਾਸ਼ ਤੇਰੇ ਹਨ, ਧਰਤੀ ਵੀ ਤੇਰੀ ਹੈ, ਜਗਤ ਅਤੇ ਉਹ ਦੀ ਭਰਪੂਰੀ ਦੀ ਨੀਂਹ ਤੂੰ ਰੱਖੀ ।12ਉੱਤਰ ਅਤੇ ਦੁੱਖਣ ਨੂੰ ਤੂੰ ਉਤਪਤ ਕੀਤਾ, ਤਾਬੋਰ ਤੇ ਹਰਮੋਨ ਤੇਰੇ ਨਾਮ ਦਾ ਜੈਕਾਰਾ ਗਜਾਉਣਗੇ ।
13ਤੇਰੀ ਬਾਂਹ ਬਲਵੰਤ ਹੈ, ਤੇਰਾ ਹੱਥ ਸ਼ਕਤੀਮਾਨ, ਤੇਰਾ ਸੱਜਾ ਹੱਥ ਉੱਚਾ ਹੈ !14ਧਰਮ ਤੇ ਨਿਆਂ ਤੇਰੀ ਰਾਜ ਗੱਦੀ ਦੇ ਨੀਂਹ ਹਨ, ਦਯਾ ਤੇ ਵਫ਼ਾਦਾਰੀ ਤੇਰੇ ਅੱਗੇ-ਅੱਗੇ ਚੱਲਦੀਆਂ ਹਨ ।
15ਧੰਨ ਓਹ ਲੋਕ ਹਨ ਜਿਹੜੇ ਲਲਕਾਰ ਦੇ ਸ਼ਬਦ ਨੂੰ ਜਾਣਦੇ ਹਨ, ਹੇ ਯਹੋਵਾਹ, ਓਹ ਤੇਰੇ ਚਿਹਰੇ ਦੇ ਚਾਨਣ ਵਿੱਚ ਤੁਰਦੇ ਹਨ !16ਤੇਰੇ ਨਾਮ ਉੱਤੇ ਓਹ ਸਾਰਾ ਦਿਨ ਖੁਸ਼ੀ ਮਨਾਉਂਦੇ ਹਨ, ਅਤੇ ਤੇਰੇ ਧਰਮ ਦੇ ਕਾਰਨ ਓਹ ਉੱਚੇ ਕੀਤੇ ਜਾਂਦੇ ਹਨ ।
17ਤੂੰ ਹੀ ਤਾਂ ਉਨ੍ਹਾਂ ਦੇ ਬਲ ਦਾ ਜਲਾਲ ਹੈਂ, ਅਤੇ ਤੇਰੀ ਮਿਹਰਬਾਨੀ ਨਾਲ ਸਾਡਾ ਸਿੰਙ ਉੱਚਾ ਕੀਤਾ ਜਾਵੇਗਾ ।18ਸਾਡੀ ਢਾਲ ਤਾਂ ਯਹੋਵਾਹ ਦੀ ਹੈ, ਅਤੇ ਸਾਡਾ ਪਾਤਸ਼ਾਹ ਇਸਰਾਏਲ ਦੇ ਪਵਿੱਤਰ ਪੁਰਖ ਦਾ ਹੈ ।
ਦਾਊਦ ਦੇ ਨਾਲ ਪਰਮੇਸ਼ੁਰ ਦਾ ਨੇਮ

19ਤਦ ਮੈਂ ਦਰਸ਼ਣ ਵਿੱਚ ਆਪਣੇ ਸੰਤਾਂ ਨਾਲ ਬਚਨ ਕੀਤਾ, ਅਤੇ ਫਰਮਾਇਆ ਕਿ ਮੈਂ ਸਹਾਇਤਾ ਇੱਕ ਸੂਰਮੇ ਨੂੰ ਦਿੱਤੀ ਹੈ, ਮੈਂ ਪਰਜਾ ਵਿਚੋਂ ਚੁਣ ਕੇ ਇੱਕ ਨੂੰ ਉੱਚਿਆ ਕੀਤਾ ਹੈ ।20ਮੈਂ ਆਪਣੇ ਦਾਸ ਦਾਊਦ ਨੂੰ ਲੱਭ ਕੇ, ਆਪਣੇ ਪਵਿੱਤਰ ਤੇਲ ਨਾਲ ਮਸਹ ਕੀਤਾ ਹੈ,21ਜਿਹ ਦੇ ਨਾਲ ਮੇਰਾ ਹੱਥ ਦ੍ਰਿੜ ਰਹੇਗਾ, ਨਾਲੇ ਮੇਰੀ ਬਾਂਹ ਉਹ ਨੂੰ ਤਕੜਾਈ ਦੇਵੇਗੀ ।22ਨਾ ਕੋਈ ਵੈਰੀ ਉਸ ਤੋਂ ਚੱਟੀ ਲਵੇਗਾ, ਨਾ ਦੁਸ਼ਟ ਦਾ ਪੁੱਤਰ ਉਹ ਨੂੰ ਔਖਿਆਂ ਕਰੇਗਾ ।23ਮੈਂ ਉਹ ਦੇ ਅੱਗੋਂ ਉਹ ਦੇ ਵਿਰੋਧੀਆਂ ਨੂੰ ਮਾਰਾਂਗਾ, ਅਤੇ ਉਹ ਦੇ ਵੈਰੀਆਂ ਨੂੰ ਕੁੱਟਾਂਗਾ ।
24ਪਰ ਮੇਰੀ ਵਫ਼ਾਦਾਰੀ ਅਤੇ ਮੇਰੀ ਦਯਾ ਉਹ ਦੇ ਨਾਲ ਰਹੇਗੀ, ਅਤੇ ਮੇਰੇ ਨਾਮ ਦੇ ਕਾਰਨ ਉਹ ਦਾ ਸਿੰਙ ਉੱਚਾ ਕੀਤਾ ਜਾਵੇਗਾ,25ਅਤੇ ਮੈਂ ਉਹ ਦਾ ਹੱਥ ਸਮੁੰਦਰ ਉੱਤੇ, ਅਤੇ ਉਹ ਦਾ ਸੱਜਾ ਹੱਥ ਨਦੀਆਂ ਉੱਤੇ ਰੱਖਾਂਗਾ ।26ਇਹ ਮੈਨੂੰ ਪੁਕਾਰ ਕੇ ਆਖੇਗਾ, ਤੂੰ ਮੇਰਾ ਪਿਤਾ, ਮੇਰਾ ਪਰਮੇਸ਼ੁਰ ਅਤੇ ਮੇਰੀ ਮੁਕਤੀ ਦੀ ਚੱਟਾਨ ਹੈਂ !
27ਮੈਂ ਵੀ ਉਹ ਨੂੰ ਆਪਣਾ ਜੇਠਾ, ਅਤੇ ਧਰਤੀ ਦਿਆਂ ਰਾਜਿਆਂ ਵਿਚੋਂ ਅੱਤ ਮਹਾਨ ਬਣਾਵਾਂਗਾ ।28ਮੈਂ ਸਦਾ ਉਹ ਦੇ ਲਈ ਆਪਣੀ ਦਯਾ ਬਣਾਈ ਰੱਖਾਂਗਾ, ਅਤੇ ਮੇਰਾ ਨੇਮ ਉਹ ਦੇ ਨਾਲ ਪੱਕਾ ਰਹੇਗਾ,29ਅਤੇ ਮੈਂ ਉਹ ਦੇ ਵੰਸ ਨੂੰ ਸਦਾ ਤੱਕ, ਅਤੇ ਉਹ ਦੀ ਰਾਜ ਗੱਦੀ ਨੂੰ ਅਕਾਸ਼ ਦੇ ਦਿਨਾਂ ਵਾਂਗੂੰ ਸਾਂਭਾਂਗਾ ।
30ਜੇ ਉਹ ਦੇ ਬੱਚੇ ਮੇਰੀ ਬਿਵਸਥਾ ਨੂੰ ਤਿਆਗ ਦੇਣ, ਅਤੇ ਮੇਰੇ ਨਿਆਵਾਂ ਉੱਤੇ ਨਾ ਚੱਲਣ,31ਜੇ ਓਹ ਮੇਰੀਆਂ ਬਿਧੀਆਂ ਨੂੰ ਵਿਗੜ ਦੇਣ, ਅਤੇ ਮੇਰੇ ਹੁਕਮਾਂ ਦੀ ਪਾਲਣਾ ਨਾ ਕਰਨ,32ਤਾਂ ਮੈਂ ਡੰਡੇ ਨਾਲ ਉਨ੍ਹਾਂ ਦੇ ਅਪਰਾਧਾਂ ਦੀ ਅਤੇ ਕੋਰੜਿਆਂ ਨਾਲ ਉਨ੍ਹਾਂ ਦੀ ਬਦੀ ਦੀ ਸਜ਼ਾ ਦਿਆਂਗਾ ।
33ਪਰ ਮੈਂ ਆਪਣੀ ਦਯਾ ਉਸ ਤੋਂ ਹਟਾ ਨਾ ਲਵਾਂਗਾ, ਨਾ ਆਪਣੀ ਵਫਦਾਰੀ ਛੱਡ ਕੇ ਝੂਠਾ ਹੋਵਾਂਗਾ ।34ਮੈਂ ਆਪਣੇ ਨੇਮ ਨੂੰ ਭਰਿਸ਼ਟ ਨਾ ਕਰਾਂਗਾ, ਅਤੇ ਜੋ ਮੇਰੇ ਬੁੱਲ੍ਹਾਂ ਵਿਚੋਂ ਨਿੱਕਲਿਆ ਉਹ ਨੂੰ ਨਾ ਬਦਲਾਂਗਾ ।
35ਇੱਕ ਵਾਰ ਮੈਂ ਆਪਣੀ ਪਵਿੱਤਰਤਾਈ ਦੀ ਸਹੁੰ ਖਾ ਚੁੱਕਾ ਹਾਂ, ਫੇਰ ਦਾਊਦ ਨਾਲ ਝੂਠ ਨਾ ਬੋਲਾਂਗਾ ।36ਉਹ ਦਾ ਵੰਸ ਅੰਤਰਾਲ ਤੱਕ, ਅਤੇ ਉਹ ਦੀ ਰਾਜ ਗੱਦੀ ਸੂਰਜ ਵਾਂਗੂੰ ਮੇਰੇ ਅੱਗੇ ਬਣੀ ਰਹੇਗੀ ।37ਉਹ ਚੰਦਰਮਾਂ ਜਿਹੀ ਕਾਇਮ ਰਹੇਗੀ, ਅਤੇ ਗਗਣ ਦੀ ਸੱਚੀ ਸਾਖੀ ਜਿਹੀ । ਸਲਹ ।
ਰਾਜੇ ਦੀ ਹਾਰ ਉੱਤੇ ਵਿਰਲਾਪ

38ਪਰ ਤੂੰ ਤਾਂ ਤਿਆਗ ਦਿੱਤਾ ਅਤੇ ਰੱਦ ਕੀਤਾ ਹੈ, ਤੂੰ ਤਾਂ ਆਪਣੇ ਮਸਹ ਕੀਤੇ ਹੋਏ ਉੱਤੇ ਕ੍ਰੋਧਵਾਨ ਹੋਈਆਂ ਹੈਂ,39ਤੂੰ ਆਪਣੇ ਦਾਸ ਦੇ ਨੇਮ ਨੂੰ ਘਿਣਾਉਣਾ ਸਮਝਿਆ, ਤੂੰ ਉਹ ਦੇ ਮੁਕਟ ਨੂੰ ਮਿੱਟੀ ਵਿੱਚ ਭਰਿਸ਼ਟ ਕੀਤਾ ਹੈ,40ਤੂੰ ਉਹ ਦੀਆਂ ਸਾਰੀਆਂ ਵਾੜਾਂ ਨੂੰ ਤੋੜ ਦਿੱਤਾ ਹੈ, ਤੂੰ ਉਹ ਦੇ ਕਿਲਿਆਂ ਨੂੰ ਥੇਹ ਕਰ ਦਿੱਤਾ ਹੈ !
41ਉਸ ਰਾਹ ਦੇ ਸਾਰੇ ਲੰਘਣ ਵਾਲੇ ਉਹ ਨੂੰ ਲੁੱਟਦੇ ਹਨ, ਉਹ ਦੇ ਗੁਆਂਢੀ ਉਹ ਦੀ ਨਿੰਦਿਆ ਕਰਦੇ ਹਨ ।42ਤੂੰ ਉਹ ਦੇ ਵਿਰੋਧੀਆਂ ਦੇ ਸੱਜੇ ਹੱਥ ਨੂੰ ਉੱਚਿਆਂ ਕੀਤਾ, ਤੂੰ ਉਹ ਦੇ ਸਾਰੇ ਵੈਰੀਆਂ ਨੂੰ ਅਨੰਦ ਕੀਤਾ ਹੈ !43ਤੂੰ ਉਹ ਦੀ ਤਲਵਾਰ ਦੀ ਧਾਰ ਨੂੰ ਵੀ ਮੋੜ ਦਿੱਤਾ ਹੈ, ਅਤੇ ਲੜਾਈ ਵਿੱਚ ਉਹ ਨੂੰ ਖਲੋਣ ਨਹੀਂ ਦਿੱਤਾ ।
44ਤੂੰ ਉਹ ਦੇ ਤੇਜ ਨੂੰ ਮੁਕਾ ਦਿੱਤਾ ਹੈ, ਅਤੇ ਉਹ ਦੀ ਰਾਜ ਗੱਦੀ ਨੂੰ ਧਰਤੀ ਉੱਤੇ ਪਟਕਾ ਮਾਰਿਆ ।45ਤੂੰ ਉਹ ਦੀ ਜਵਾਨੀ ਦੇ ਦਿਨਾਂ ਨੂੰ ਘਟਾ ਦਿੱਤਾ ਹੈ, ਤੂੰ ਉਹ ਨੂੰ ਲਾਜ ਵਿੱਚ ਲਪੇਟਿਆ ਹੈ ! । ਸਲਹ ।
ਛੁਟਕਾਰੇ ਦੀ ਪ੍ਰਾਰਥਨਾ

46ਹੇ ਯਹੋਵਾਹ, ਕਦ ਤੱਕ ? ਕੀ ਤੂੰ ਸਦਾ ਤੱਕ ਆਪਣੇ ਆਪ ਨੂੰ ਲੁਕਾਈ ਰੱਖੇਂਗਾ ? ਕਦ ਤੱਕ ਤੇਰਾ ਕ੍ਰੋਧ ਅੱਗ ਵਾਂਗੂੰ ਭੱਖਦਾ ਰਹੇਗਾ ?47ਚੇਤੇ ਕਰ ਕਿ ਮੇਰਾ ਵੇਲਾ ਕਿੰਨਾ ਘੱਟ ਹੈ, ਤੂੰ ਕਿਹੜੇ ਵਿਅਰਥ ਲਈ ਸਾਰੇ ਆਦਮ ਵੰਸ ਨੂੰ ਉਤਪਤ ਕੀਤਾ !48ਕਿਹੜਾ ਮਨੁੱਖ ਜਿਉਂਦਾ ਰਹੇਗਾ ਅਤੇ ਮੌਤ ਨੂੰ ਨਾ ਵੇਖੇਗਾ, ਅਤੇ ਆਪਣੀ ਜਾਨ ਨੂੰ ਪਤਾਲ ਦੇ ਵੱਸ ਤੋਂ ਛੁਡਾਵੇਗਾ ? । ਸਲਹ ।
49ਹੇ ਪ੍ਰਭੂ, ਤੇਰੀਆਂ ਓਹ ਪਹਿਲੀਆਂ ਦਿਆਲਗੀਆਂ ਕਿੱਥੇ ਹਨ, ਜਿਨ੍ਹਾਂ ਦੇ ਵਿਖੇ ਤੂੰ ਆਪਣੀ ਵਫ਼ਾਦਾਰੀ ਵਿੱਚ ਦਾਊਦ ਨਾਲ ਸਹੁੰ ਖਾਧੀ ਸੀ ?50ਹੇ ਪ੍ਰਭੂ, ਆਪਣੇ ਦਾਸਾਂ ਦੇ ਉਲਾਹਮਿਆਂ ਦਾ ਚੇਤਾ ਕਰ, ਮੈਂ ਆਪਣੀ ਛਾਤੀ ਉੱਤੇ ਬਹੁਤ ਸਾਰੇ ਲੋਕਾਂ ਦੇ ਉਲਾਹਮੇ ਚੁੱਕੀ ਬੈਠਾ ਹਾਂ,51ਜਿਨ੍ਹਾਂ ਦੇ ਨਾਲ, ਹੇ ਪ੍ਰਭੂ, ਤੇਰੇ ਵੈਰੀਆਂ ਨੇ ਤਾਨੇ ਮਾਰੇ, ਜਿਨ੍ਹਾਂ ਦੇ ਨਾਲ ਉਨ੍ਹਾਂ ਨੇ ਤੇਰੇ ਮਸਹ ਕੀਤੇ ਹੋਏ ਦੇ ਖੁਰਿਆਂ ਉੱਤੇ ਤਾਨੇ ਮਾਰੇ ।
52ਯਹੋਵਾਹ ਸਦਾ ਤੱਕ ਮੁਬਾਰਕ ਹੋਵੇ ! ਆਮੀਨ, ਫੇਰ ਆਮੀਨ ! ।

90
ਚੌਥਾ ਭਾਗ
ਜ਼ਬੂਰ 90 - 106
ਪਰਮੇਸ਼ੁਰ ਅਤੇ ਮਨੁੱਖ
ਪਰਮੇਸ਼ੁਰ ਦੇ ਜਨ ਮੂਸਾ ਦੀ ਪ੍ਰਾਰਥਨਾ

1ਹੇ ਪ੍ਰਭੂ, ਪੀੜ੍ਹੀਓ ਪੀੜ੍ਹੀ, ਤੂੰ ਹੀ ਸਾਡੀ ਵੱਸੋਂ ਰਿਹਾ ਹੈਂ ।2ਉਸ ਤੋਂ ਪਹਿਲਾਂ ਕਿ ਪਹਾੜ ਉਤਪਤ ਹੋਏ, ਅਤੇ ਧਰਤੀ ਅਤੇ ਜਗਤ ਨੂੰ ਤੂੰ ਰਚਿਆ, ਆਦ ਤੋਂ ਅੰਤ ਤੱਕ ਤੂੰ ਹੀ ਪਰਮੇਸ਼ੁਰ ਹੈਂ ।

3ਤੂੰ ਇਨਸਾਨ ਨੂੰ ਖਾਕ ਵੱਲ ਮੋੜ ਦਿੰਦਾ ਹੈਂ, ਅਤੇ ਫਰਮਾਉਂਦਾ ਹੈਂ, ਹੇ ਆਦਮ ਵੰਸੀਓ, ਮੁੜੋ !4ਤੇਰੀ ਨਿਗਾਹ ਵਿੱਚ ਤਾਂ ਹਜ਼ਾਰ ਵਰ੍ਹੇ ਕੱਲ ਦੇ ਦਿਨ ਵਰਗੇ ਜਦ ਕਿ ਉਹ ਬੀਤ ਜਾਵੇ, ਅਤੇ ਇੱਕ ਪਹਿਰ ਰਾਤ ਵਰਗੇ ਹਨ ।
5ਤੂੰ ਉਨ੍ਹਾਂ ਨੂੰ ਹੜ੍ਹ ਨਾਲ ਹੂੰਝ ਲੈ ਜਾਂਦਾ ਹੈਂ, ਓਹ ਨੀਂਦ ਵਰਗੇ ਹਨ, ਸਵੇਰ ਨੂੰ ਓਹ ਉਸ ਘਾਹ ਹਨ ਜਿਹੜਾ ਪੁੰਗਰਦਾ ਹੈ ।6ਸਵੇਰ ਨੂੰ ਉਹ ਲਹਿ ਲਹਿ ਕਰਦਾ ਅਤੇ ਵਧਦਾ ਹੈ, ਸੰਝ ਨੂੰ ਵੱਢਿਆ ਜਾਂਦਾ ਅਤੇ ਸੁੱਕ ਜਾਂਦਾ ਹੈ ।
7ਅਸੀਂ ਤਾਂ ਤੇਰੇ ਗੁੱਸੇ ਨਾਲ ਮੁੱਕ ਜਾਂਦੇ, ਅਤੇ ਤੇਰੇ ਕਹਿਰ ਨਾਲ ਘਾਬਰ ਜਾਂਦੇ ਹਾਂ ।8ਤੂੰ ਸਾਡੀਆਂ ਬਦੀਆਂ ਨੂੰ ਆਪਣੇ ਅੱਗੇ, ਅਤੇ ਸਾਡੇ ਲੁਕੇ ਹੋਏ ਪਾਪਾਂ ਨੂੰ ਆਪਣੇ ਚਿਹਰੇ ਦੇ ਚਾਨਣ ਵਿੱਚ ਰੱਖਿਆ ਹੈ ।
9ਸਾਡੇ ਸਾਰੇ ਦਿਹਾੜੇ ਤਾਂ ਕਹਿਰ ਵਿੱਚ ਬੀਤਦੇ ਹਨ, ਅਸੀਂ ਆਪਣੇ ਵਰ੍ਹਿਆਂ ਨੂੰ ਇੱਕ ਸਾਹ ਵਾਂਗੂੰ ਮੁਕਾਉਂਦੇ ਹਾਂ ।10ਸਾਡੀ ਉਮਰ ਦੇ ਦਿਨ ਸੱਤਰ ਵਰ੍ਹੇ ਹਨ, ਪਰ ਜੇ ਸਾਹ ਸੱਚ ਹੋਵੇ ਤਾਂ ਅੱਸੀ ਵਰ੍ਹੇ, ਪਰ ਉਨ੍ਹਾਂ ਦੀ ਆਕੜ ਕਸ਼ਟ ਅਤੇ ਸੋਗ ਹੀ ਹੈ, ਉਹ ਛੇਤੀ ਬੀਤ ਜਾਂਦੇ ਹਨ ਅਤੇ ਅਸੀਂ ਉਡਾਰੀ ਮਾਰ ਜਾਂਦੇ ਹਾਂ ।
11ਤੇਰੇ ਗੁੱਸੇ ਦੇ ਜ਼ੋਰ ਨੂੰ ਅਤੇ ਤੇਰੇ ਕਹਿਰ ਨੂੰ ਤੇਰੇ ਭੈ ਅਨੁਸਾਰ ਕੌਣ ਜਾਣਦਾ ਹੈ ?12ਸਾਨੂੰ ਸਾਡੇ ਦਿਨ ਗਿਣਨ ਐਉਂ ਸਿਖਲਾ, ਕਿ ਅਸੀਂ ਹਿਕਮਤ ਵਾਲਾ ਮਨ ਪਰਾਪਤ ਕਰੀਏ ।13ਮੁੜ ਆ, ਹੇ ਯਹੋਵਾਹ, ਕਿੰਨਾ ਚਿਰ ਤੱਕ ? ਅਤੇ ਆਪਣੇ ਦਾਸਾਂ ਉੱਤੇ ਤਰਸ ਖਾਹ !
14ਸਵੇਰ ਨੂੰ ਆਪਣੀ ਦਯਾ ਨਾਲ ਸਾਡੀ ਨਿਸ਼ਾ ਕਰ, ਕਿ ਅਸੀਂ ਆਪਣੇ ਸਾਰੇ ਦਿਨ ਜੈਕਾਰੇ ਗਜਾਈਏ ਅਤੇ ਅਨੰਦ ਕਰੀਏ ।15ਸਾਨੂੰ ਉੰਨੇ ਦਿਨ ਅਨੰਦ ਕਰਵਾ ਜਿੰਨਾ ਚਿਰ ਤੂੰ ਸਾਨੂੰ ਦੁਖੀ ਰੱਖਿਆ ਹੈ, ਅਤੇ ਜਿੰਨੇ ਵਰ੍ਹੇ ਅਸੀਂ ਬੁਰਿਆਈ ਵੇਖੀ ਹੈ ।16ਤੇਰੀ ਕਾਰ ਤੇਰੇ ਦਾਸਾਂ ਉੱਤੇ ਅਤੇ ਤੇਰਾ ਤੇਜ ਉਨ੍ਹਾਂ ਦੀ ਅੰਸ ਉੱਤੇ ਪਰਗਟ ਹੋਵੇ ।
17ਪ੍ਰਭੂ ਸਾਡੇ ਪਰਮੇਸ਼ੁਰ ਦੀ ਪਰਸੰਨਤਾ ਸਾਡੇ ਉੱਤੇ ਹੋਵੇ, ਸਾਡੇ ਹੱਥਾਂ ਦੇ ਕੰਮ ਸਾਡੇ ਲਈ ਕਾਇਮ ਕਰ, ਹਾਂ, ਸਾਡੇ ਹੱਥਾਂ ਦੇ ਕੰਮ ਕਾਇਮ ਕਰ ।

91
ਪਰਮੇਸ਼ੁਰ ਸਾਡੀ ਰੱਖਿਆ ਕਰਨ ਵਾਲਾ

1ਜਿਹੜਾ ਅੱਤ ਮਹਾਨ ਦੀ ਓਟ ਵਿੱਚ ਵੱਸਦਾ ਹੈ, ਉਹ ਸ਼ਰਬ ਸ਼ਕਤੀਮਾਨ ਦੇ ਸਾਯੇ ਹੇਠ ਟਿਕੇਗਾ ।2ਮੈਂ ਯਹੋਵਾਹ ਦੇ ਵਿਖੇ ਆਖਾਂਗਾ, ਕਿ ਉਹ ਮੇਰੀ ਪਨਾਹ ਅਤੇ ਮੇਰਾ ਗੜ੍ਹ ਹੈ, ਮੇਰਾ ਪਰਮੇਸ਼ੁਰ ਜਿਹ ਦੇ ਉੱਤੇ ਮੈਂ ਭਰੋਸਾ ਰੱਖਦਾ ਹਾਂ ।

3ਉਹ ਤਾਂ ਤੈਨੂੰ ਫਾਂਧੀ ਦੀ ਫਾਹੀ ਵਿਚੋਂ ਅਤੇ ਘਾਤਕ ਮਰੀ ਤੋਂ ਛੁਟਕਾਰਾ ਦੇਵੇਗਾ ।4ਉਹ ਆਪਣੇ ਖੰਭਾਂ ਨਾਲ ਤੈਨੂੰ ਢੱਕ ਲਵੇਗਾ, ਅਤੇ ਉਹ ਦੇ ਪਰਾਂ ਹੇਠ ਤੂੰ ਪਨਾਹ ਲਵੇਂਗਾ, ਉਹ ਦੀ ਸਚਿਆਈ ਇੱਕ ਢਾਲ ਅਤੇ ਫਰੀ ਹੈ ।
5ਤੂੰ ਰਾਤ ਦੇ ਭੈਜਲ ਤੋਂ ਨਾ ਡਰੇਂਗਾ, ਨਾ ਦਿਨ ਦੇ ਉੱਡਦੇ ਬਾਣ ਤੋਂ,6ਨਾ ਉਸ ਮਰੀ ਤੋਂ ਜਿਹੜੀ ਅਨ੍ਹੇਰੇ ਵਿੱਚ ਚੱਲਦੀ ਹੈ, ਨਾ ਉਸ ਤਬਾਹੀ ਤੋਂ ਜਿਹੜੀ ਦੁਪਹਿਰ ਨੂੰ ਉਜਾੜ ਦੀ ਹੈ ।7ਤੇਰੇ ਮੁੱਢ ਹਜ਼ਾਰ ਅਤੇ ਤੇਰੇ ਸੱਜੇ ਹੱਥ ਦਸ ਹਜ਼ਾਰ ਡਿੱਗਣਗੇ, ਪਰ ਉਹ ਤੇਰੇ ਨੇੜੇ ਨਾ ਆਵੇਗੀ ।
8ਕੇਵਲ ਤੂੰ ਆਪਣੀਆਂ ਅੱਖਾਂ ਨਾਲ ਨਿਗਾਹ ਕਰੇਂਗਾ, ਅਤੇ ਦੁਸ਼ਟਾਂ ਦਾ ਬਦਲਾ ਵੇਖੇਂਗਾ ।9ਹੇ ਯਹੋਵਾਹ, ਤੂੰ ਤਾਂ ਮੇਰੀ ਪਨਾਹਗਾਰ ਹੈਂ, — ਤੂੰ ਅੱਤ ਮਹਾਨ ਨੂੰ ਆਪਣੀ ਵੱਸੋਂ ਕਰ ਲਿਆ ਹੈ ।
10ਤੇਰੇ ਉੱਤੇ ਕੋਈ ਬੁਰਿਆਈ ਨਹੀਂ ਪਵੇਗੀ, ਨਾ ਕੋਈ ਬਵਾ ਤੇਰੇ ਡੇਰੇ ਕੋਲ ਪਹੁੰਚੇਗੀ ।11ਉਹ ਤਾਂ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ, ਕਿ ਤੇਰਿਆਂ ਸਾਰਿਆਂ ਰਾਹਾਂ ਵਿੱਚ ਤੇਰੀ ਰੱਖਿਆ ਕਰਨ ।
12ਓਹ ਤੈਨੂੰ ਹੱਥਾਂ ਉੱਤੇ ਚੁੱਕ ਲੈਣਗੇ, ਮਤੇ ਪੱਥਰ ਨਾਲ ਤੇਰੇ ਪੈਰ ਨੂੰ ਸੱਟ ਨਾ ਲੱਗੇ ।13ਤੂੰ ਸ਼ੀਂਹ ਅਤੇ ਸੱਪ ਨੂੰ ਮਿਧੇਂਗਾ, ਤੂੰ ਜੁਆਨ ਸ਼ੀਂਹ ਅਤੇ ਨਾਗ ਨੂੰ ਲਤਾੜੇਂਗਾ ।
14ਉਸ ਨੇ ਤਾਂ ਮੇਰੇ ਨਾਲ ਪ੍ਰੀਤ ਲਾਈ ਹੈ, ਸੋ ਮੈਂ ਉਹ ਨੂੰ ਛੁਡਾਵਾਂਗਾ, ਮੈਂ ਉਹ ਨੂੰ ਉੱਚਾ ਕਰਾਂਗਾ, ਉਹ ਨੇ ਮੇਰਾ ਨਾਮ ਜੋ ਜਾਤਾ ਹੈ ।15ਉਹ ਮੈਨੂੰ ਪੁਕਾਰੇਗਾ ਅਤੇ ਮੈਂ ਉਹ ਨੂੰ ਉੱਤਰ ਦਿਆਂਗਾ, ਦੁੱਖ ਵਿੱਚ ਮੈਂ ਉਹ ਦੇ ਅੰਗ-ਸੰਗ ਹੋਵਾਂਗਾ, ਮੈਂ ਉਹ ਨੂੰ ਛੁਡਾਵਾਂਗਾ ਅਤੇ ਉਹ ਨੂੰ ਆਦਰ ਦਿਆਂਗਾ,16ਆਰਜਾ ਦੇ ਵਾਧੇ ਨਾਲ ਮੈਂ ਉਹ ਦੀ ਨਿਸ਼ਾ ਕਰਾਂਗਾ, ਅਤੇ ਉਹ ਨੂੰ ਆਪਣੀ ਮੁਕਤੀ ਵਿਖਾਵਾਂਗਾ ।

92
ਉਸਤਤ ਦਾ ਗੀਤ
ਭਜਨ । ਵਿਸ਼ਰਾਮ ਦੇ ਲਈ ਗੀਤ ।

1ਯਹੋਵਾਹ ਦਾ ਧੰਨਵਾਦ ਕਰਨਾ, ਅਤੇ, ਹੇ ਅੱਤ ਮਹਾਨ, ਤੇਰੇ ਨਾਮ ਦਾ ਗੁਣ ਗਾਉਣਾ ਭਲਾ ਹੈ,2ਨਾਲੇ ਸਵੇਰ ਨੂੰ ਤੇਰੀ ਦਯਾ ਦਾ, ਅਤੇ ਰਾਤ ਨੂੰ ਤੇਰੀ ਵਫ਼ਾਦਾਰੀ ਦਾ ਪਰਚਾਰ ਕਰਨਾ,3ਦਸਾਂ ਤਰਾਂ ਵਾਲੇ ਵਾਜੇ ਉੱਤੇ ਅਤੇ ਸਿਤਾਰ ਉੱਤੇ, ਅਤੇ ਬਰਬਤ ਦੇ ਬਿਹਾਗ ਦੇ ਸੁਰ ਉੱਤੇ ।

4ਹੇ ਯਹੋਵਾਹ, ਤੂੰ ਤਾਂ ਆਪਣੀ ਕਾਰੀਗਰੀ ਨਾਲ ਮੈਨੂੰ ਅਨੰਦ ਕੀਤਾ ਹੈ, ਤੇਰੇ ਹੱਥ ਦਿਆਂ ਕੰਮਾਂ ਕਾਰਨ ਮੈਂ ਜੈਕਾਰਾ ਗਜਾਵਾਂਗਾ ।5ਹੇ ਯਹੋਵਾਹ, ਤੇਰੇ ਕੰਮ ਕਿੰਨੇ ਵੱਡੇ ਹਨ ! ਤੇਰੇ ਖਿਆਲ ਬਹੁਤ ਹੀ ਡੂੰਘੇ ਹਨ !
6ਪਸੂ ਵੱਤ ਮਨੁੱਖ ਨਹੀਂ ਜਾਣਦਾ, ਨਾ ਮੂਰਖ ਇਸ ਗੱਲ ਨੂੰ ਸਮਝਦਾ,7ਕਿ ਦੁਸ਼ਟ ਜਦੋਂ ਘਾਹ ਵਾਂਗੂੰ ਫੁੱਟਦੇ ਹਨ ਅਤੇ ਸਾਰੇ ਬਦਕਾਰ ਫੁੱਲਦੇ ਫਲਦੇ ਹਨ, ਏਹ ਇਸ ਕਰਕੇ ਹੈ ਕਿ ਓਹ ਸਦਾ ਲਈ ਨਾਸ ਹੋ ਜਾਣ ।
8ਪਰ ਤੂੰ, ਹੇ ਯਹੋਵਾਹ, ਜੁੱਗੋ-ਜੁੱਗ ਮਹਾਨ ਹੈਂ ।9ਵੇਖ, ਤੇਰੇ ਵੈਰੀ, ਹੇ ਯਹੋਵਾਹ, ਹਾਂ, ਵੇਖ, ਤੇਰੇ ਵੈਰੀ ਨਸ਼ਟ ਹੋ ਜਾਣਗੇ, ਅਤੇ ਸਾਰੇ ਕੁਕਰਮੀ ਖਿੰਡ ਪੁੰਡ ਜਾਣਗੇ !
10ਪਰ ਤੂੰ ਜੰਗਲੀ ਸਾਂਢ ਦੇ ਸਿੰਙ ਮੇਰੇ ਸਿੰਙ ਨੂੰ ਉੱਚਿਆਂ ਕੀਤਾ ਹੈ, ਮੈਂ ਸੱਜਰੇ ਤੇਲ ਨਾਲ ਮਲਿਆ ਗਿਆ ।11ਮੇਰੀ ਅੱਖ ਨੇ ਮੇਰੇ ਘਾਤੀਆਂ ਉੱਤੇ ਨਜ਼ਰ ਕੀਤੀ, ਮੇਰੇ ਕੰਨ ਨੇ ਮੇਰੇ ਭੈੜੇ ਵਿਰੋਧੀਆਂ ਦਾ ਹਾਲ ਸੁਣਿਆ !
12ਧਰਮੀ ਖਜ਼ੂਰ ਦੇ ਬਿਰਛ ਵਾਂਗੂੰ ਫਲਿਆ ਰਹੇਗਾ, ਲਬਾਨੋਨ ਦੇ ਦਿਆਰ ਵਾਂਗੂੰ ਵਧਦਾ ਜਾਵੇਗਾ ।13ਜਿਹੜੇ ਯਹੋਵਾਹ ਦੇ ਭਵਨ ਵਿੱਚ ਲਾਏ ਹੋਏ ਹਨ, ਓਹ ਪਰਮੇਸ਼ੁਰ ਦੀਆਂ ਦਰਗਾਹਾਂ ਵਿੱਚ ਲਹਿ ਲਹਾਉਣਗੇ ।
14ਓਹ ਬੁਢੇਪੇ ਵਿੱਚ ਵੀ ਫਲ ਲਿਆਉਣਗੇ, ਓਹ ਹਰੇ ਤੇ ਰਸ ਭਰੇ ਰਹਿਣਗੇ,15ਕਿ ਓਹ ਪਰਗਟ ਕਰਨ ਕਿ ਯਹੋਵਾਹ ਸੱਚ ਹੈ, ਉਹ ਮੇਰੀ ਚੱਟਾਨ ਹੈ ਅਤੇ ਉਹ ਦੇ ਵਿੱਚ ਕੋਈ ਅਧਰਮੀ ਨਹੀਂ ਹੈ ।

93
ਪਰਮੇਸ਼ੁਰ ਯਹੋਵਾਹ ਦਾ ਪ੍ਰਤਾਪ

1ਯਹੋਵਾਹ ਰਾਜ ਕਰਦਾ ਹੈ ਉਸ ਨੇ ਪਰਤਾਪ ਦਾ ਪਹਿਰਾਵਾ ਪਹਿਨਿਆ ਹੋਇਆ ਹੈ, ਯਹੋਵਾਹ ਨੇ ਪਹਿਰਾਵਾ ਪਹਿਨਿਆ ਹੋਇਆ ਹੈ, ਉਸ ਨੇ ਬਲ ਨਾਲ ਕਮਰ ਕੱਸੀ ਹੋਈ ਹੈ, ਤਾਂ ਹੀ ਜਗਤ ਕਾਇਮ ਹੈ ਕਿ ਉਹ ਨਾ ਹਿੱਲੇ ।2ਤੇਰੀ ਰਾਜ ਗੱਦੀ ਆਦ ਤੋਂ ਕਾਇਮ ਹੈ, ਅਨਾਦੀ ਕਾਲ ਤੋਂ ਤੂੰ ਹੀ ਹੈਂ ।

3ਹੜ੍ਹਾਂ ਨੇ ਸ਼ੋਰ ਮਚਾਇਆ, ਹੇ ਯਹੋਵਾਹ, ਹੜ੍ਹਾਂ ਨੇ ਆਪਣਾ ਸ਼ੋਰ ਮਚਾਇਆ ਹੈ, ਹੜ੍ਹ ਗਰਜਦੇ ਹਨ !4ਬਹੁਤਿਆਂ ਪਾਣੀਆਂ ਦੇ ਸ਼ੋਰ ਨਾਲੋਂ, ਹਾਂ ਸਮੁੰਦਰ ਦੀਆਂ ਠਾਠਾਂ ਨਾਲੋਂ ਵੀ, ਯਹੋਵਾਹ ਉੱਚਾਈ ਵਿੱਚ ਪ੍ਰਤਾਪੀ ਹੈ ।
5ਤੇਰੀਆਂ ਸਾਖੀਆਂ ਅੱਤ ਸੱਚੀਆਂ ਹਨ, ਹੇ ਯਹੋਵਾਹ, ਪਵਿੱਤਰਤਾਈ ਤੇਰੇ ਭਵਨ ਨੂੰ ਅਨੰਤ ਕਾਲ ਤੱਕ ਸ਼ੋਭਾ ਦਿੰਦੀ ਹੈ ।

94
ਪਰਮੇਸ਼ੁਰ ਸਾਰਿਆਂ ਦਾ ਨਿਆਂ ਕਰਨ ਵਾਲਾ

1ਹੇ ਯਹੋਵਾਹ, ਬਦਲਾ ਲੈਣ ਵਾਲੇ ਪਰਮੇਸ਼ੁਰ, ਹੇ ਬਦਲਾ ਲੈਣ ਵਾਲੇ ਪਰਮੇਸ਼ੁਰ, ਆਪਣਾ ਤੇਜ਼ ਵਿਖਾ !2ਹੇ ਧਰਤੀ ਦੇ ਨਿਆਈਂ, ਆਪਣੇ ਆਪ ਨੂੰ ਉਠਾ, ਹੰਕਾਰੀਆਂ ਦੇ ਜੋਗ ਬਦਲਾ ਦੇ !

3ਹੇ ਯਹੋਵਾਹ, ਜਦੋਂ ਤੋੜੀ ਦੁਸ਼ਟ, ਕਦੋਂ ਤੋੜੀ ਦੁਸ਼ਟ ਬਗਲਾਂ ਵਜਾਉਣਗੇ ?4ਓਹ ਡਕਾਰਦੇ, ਓਹ ਨੱਕ ਚੜ੍ਹਾ ਕੇ ਬੋਲਦੇ ਹਨ, ਸਾਰੇ ਬਦਕਾਰ ਵੱਡੇ ਬੋਲ ਬੋਲਦੇ ਹਨ !
5ਹੇ ਯਹੋਵਾਹ, ਓਹ ਤੇਰੀ ਪਰਜਾ ਨੂੰ ਚੂਰ-ਚੂਰ ਕਰਦੇ ਹਨ, ਓਹ ਤੇਰੀ ਮਿਰਾਸ ਨੂੰ ਦੁੱਖ ਦਿੰਦੇ ਹਨ ।6ਓਹ ਵਿਧਵਾ ਅਤੇ ਪਰਦੇਸੀ ਨੂੰ ਵੱਢ ਸੁੱਟਦੇ ਹਨ, ਅਤੇ ਯਤੀਮਾਂ ਦਾ ਘਾਤ ਕਰਦੇ ਹਨ,7ਅਤੇ ਓਹ ਆਖਦੇ ਹਨ ਕਿ ਯਹੋਵਾਹ ਨਾ ਵੇਖੂਗਾ, ਅਤੇ ਯਾਕੂਬ ਦਾ ਪਰਮੇਸ਼ੁਰ ਕੁੱਝ ਪਰਵਾ ਨਾ ਕਰੂੰਗਾ !
8ਹੇ ਪਸੂ ਵੱਤ ਲੋਕੋ, ਸਮਝੋ ! ਹੇ ਮੂਰਖੋ, ਤੁਸੀਂ ਕਦੋਂ ਬੁੱਧਵਾਨ ਬਣੋਗੇ ?9ਜਿਸ ਨੇ ਕੰਨ ਲਾਇਆ, ਭਲਾ, ਉਹ ਨਹੀਂ ਸੁਣੇਗਾ ? ਜਿਸ ਨੇ ਅੱਖ ਰਚੀ, ਭਲਾ, ਉਹ ਨਹੀਂ ਵੇਖੇਗਾ ?
10ਜਿਹੜਾ ਕੌਮਾਂ ਨੂੰ ਤਾੜਦਾ ਹੈ, ਜਿਹੜਾ ਆਦਮੀ ਨੂੰ ਵਿਦਿਆ ਸਿਖਾਉਂਦਾ ਹੈ, ਭਲਾ, ਉਹ ਨਾ ਝਿੜਕੇਗਾ ?11ਯਹੋਵਾਹ ਆਦਮੀ ਦੀਆਂ ਸੋਚਾਂ ਨੂੰ ਜਾਣਦਾ ਹੈ, ਕਿ ਓਹ ਅਵਿਰਥੀਆਂ ਹਨ ।
12ਹੇ ਯਹੋਵਾਹ, ਧੰਨ ਹੈ ਉਹ ਪੁਰਖ ਜਿਹ ਨੂੰ ਤੂੰ ਤਾੜਦਾ ਹੈਂ, ਅਤੇ ਆਪਣੀ ਬਿਵਸਥਾ ਤੋਂ ਸਿੱਖਿਆ ਦਿੰਦਾ ਹੈਂ !13ਤਾਂ ਤੂੰ ਉਹ ਨੂੰ ਬੁਰਿਆਂ ਦਿਨਾਂ ਤੋਂ ਚੈਨ ਦੇਵੇਂ, ਜਦ ਤੱਕ ਦੁਸ਼ਟਾਂ ਦੇ ਲਈ ਟੋਆ ਨਾ ਪੁੱਟਿਆ ਜਾਵੇ ।
14ਯਹੋਵਾਹ ਤਾਂ ਆਪਣੀ ਪਰਜਾ ਨੂੰ ਨਾ ਛੱਡੇਗਾ, ਨਾ ਆਪਣੀ ਮਿਰਾਸ ਨੂੰ ਤਿਆਗੇਗਾ ।15ਜਾਂ ਨਿਆਂ ਧਰਮ ਵੱਲ ਮੁੜ ਆਵੇਗਾ, ਤਾਂ ਸਾਰੇ ਸੁੱਧ ਮਨ ਵਾਲੇ ਉਹ ਦੇ ਮਗਰ ਲੱਗਣਗੇ ।16ਮੇਰੇ ਲਈ ਬੁਰਿਆਰਾਂ ਉੱਤੇ ਕੌਣ ਉੱਠੇਗਾ, ਅਤੇ ਮੇਰੇ ਲਈ ਬਦਕਾਰਾਂ ਦਾ ਸਾਹਮਣਾ ਕੌਣ ਕਰੇਗਾ ?
17ਜੇ ਯਹੋਵਾਹ ਮੇਰਾ ਸਹਾਇਕ ਨਾ ਹੁੰਦਾ, ਤਾਂ ਮੇਰੀ ਜਾਨ ਝੱਟ ਖਾਮੋਸ਼ੀ ਵਿੱਚ ਜਾ ਵੱਸਦੀ ।18ਜਦ ਮੈਂ ਆਖਿਆ, ਮੇਰਾ ਪੈਰ ਡੋਲਦਾ ਹੈ, ਤਾਂ, ਹੇ ਯਹੋਵਾਹ, ਤੇਰੀ ਦਯਾ ਮੈਨੂੰ ਸਮ੍ਹਾਲਦੀ ਸੀ ।19ਜਾਂ ਮੇਰੇ ਅੰਦਰ ਬਹੁਤ ਚਿੰਤਾ ਹੁੰਦੀ ਹੈ, ਤਾਂ ਤੇਰੀਆਂ ਤਸੱਲੀਆਂ ਮੇਰੇ ਜੀਅ ਨੂੰ ਖੁਸ਼ ਕਰਦੀਆਂ ਹਨ ।
20ਕੀ ਬਰਬਾਦੀ ਦੀ ਰਾਜ ਗੱਦੀ ਤੇਰੇ ਨਾਲ ਸਾਂਝ ਰੱਖੇਗੀ, ਜੋ ਬਿਧੀ ਦੀ ਓਟ ਵਿੱਚ ਸ਼ਰਾਰਤ ਘੜਦੀ ਹੈ ?21ਓਹ ਧਰਮੀ ਦੀ ਜਾਨ ਦੇ ਵਿਰੁੱਧ ਚੜ੍ਹ ਆਉਂਦੇ ਹਨ, ਅਤੇ ਨਿਰਦੋਸ਼ੀ ਲਹੂ ਨੂੰ ਦੋਸ਼ੀ ਬਣਾਉਂਦੇ ਹਨ ।
22ਪਰ ਯਹੋਵਾਹ ਮੇਰਾ ਉੱਚਾ ਗੜ੍ਹ ਹੈ, ਅਤੇ ਮੇਰਾ ਪਰਮੇਸ਼ੁਰ ਮੇਰੀ ਪਨਾਹ ਦੀ ਚੱਟਾਨ,23ਅਤੇ ਉਹ ਉਨ੍ਹਾਂ ਦੀ ਬਦੀ ਮੁੜ ਉਨ੍ਹਾਂ ਹੀ ਦੇ ਪੱਲੇ ਪਵੇਗਾ, ਅਤੇ ਉਨ੍ਹਾਂ ਦੀ ਬੁਰਿਆਈ ਵਿੱਚ ਹੀ ਉਨ੍ਹਾਂ ਨੂੰ ਮਿਟਾ ਦੇਵੇਗਾ, ਹਾਂ, ਯਹੋਵਾਹ ਸਾਡਾ ਪਰਮੇਸ਼ੁਰ ਉਨ੍ਹਾਂ ਨੂੰ ਮਿਟਾ ਦੇਵੇਗਾ ! ।

95
ਉਸਤਤ ਦਾ ਗੀਤ

1ਆਓ, ਅਸੀਂ ਯਹੋਵਾਹ ਲਈ ਜੈਕਾਰਾ ਗਜਾਈਏ, ਅਤੇ ਆਪਣੀ ਮੁਕਤੀ ਦੀ ਚੱਟਾਨ ਲਈ ਨਾਰਾ ਮਾਰੀਏ !2ਧੰਨਵਾਦ ਕਰਦਿਆਂ ਉਹ ਦੇ ਹਜ਼ੂਰ ਵਿੱਚ, ਉਹ ਦੇ ਲਈ ਭਜਨਾਂ ਦੇ ਨਾਰੇ ਮਾਰਦਿਆਂ ਚੱਲੀਏ !3ਯਹੋਵਾਹ ਤਾਂ ਮਹਾਨ ਪਰਮੇਸ਼ੁਰ ਹੈ, ਅਤੇ ਸਾਰੇ ਦੇਵਤਿਆਂ ਉੱਤੇ ਵੱਡਾ ਪਾਤਸ਼ਾਹ ਹੈ,

4ਜਿਹ ਦੇ ਹੱਥ ਵਿੱਚ ਧਰਤੀ ਦੇ ਥੱਲੇ ਹਨ, ਪਹਾੜਾਂ ਦੀਆਂ ਟੀਸੀਆਂ ਵੀ ਉਹ ਦੀਆਂ ਹਨ,5ਸਮੁੰਦਰ ਉਹ ਦਾ ਹੈ ਅਤੇ ਉਹ ਨੇ ਉਸ ਨੂੰ ਬਣਾਇਆ, ਅਤੇ ਉਹ ਦੇ ਹੱਥਾਂ ਨੇ ਖੁਸ਼ਕੀ ਨੂੰ ਵੀ ਸਾਜਿਆ ।
6ਆਓ, ਅਸੀਂ ਮੱਥਾ ਟੇਕੀਏ ਅਤੇ ਨਿਉਂ ਕੇ ਯਹੋਵਾਹ ਆਪਣੇ ਸਿਰਜਣਹਾਰ ਦੇ ਅੱਗੇ ਗੋਡੇ ਨਿਵਾਈਏ !7ਉਹ ਤਾਂ ਸਾਡਾ ਪਰਮੇਸ਼ੁਰ ਹੈ, ਅਸੀਂ ਉਹ ਦੀ ਜੂਹ ਦੀ ਪਰਜਾ ਅਤੇ ਉਹ ਦੇ ਹੱਥ ਦੀਆਂ ਭੇਡਾਂ ਹਾਂ । ਕਾਸ਼ ਕਿ ਤੁਸੀਂ ਅੱਜ ਉਸ ਦੀ ਅਵਾਜ਼ ਸੁਣਦੇ !
8ਤੁਸੀਂ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ, ਜਿਵੇਂ ਮਰੀਬਾਹ ਤੇ ਮੱਸਾਹ ਦੇ ਵੇਲੇ ਉਜਾੜ ਵਿੱਚ ਕੀਤਾ,9ਜਦ ਤੁਹਾਡੇ ਪਿਉ-ਦਾਦਿਆਂ ਨੇ ਮੈਨੂੰ ਪਰਤਾਇਆ, ਮੇਰੀ ਜਾਚ ਕੀਤੀ ਅਤੇ ਮੇਰਾ ਕੰਮ ਵੇਖਿਆ ।
10ਚਾਲ੍ਹੀ ਵਰ੍ਹਿਆਂ ਤੱਕ ਮੈਂ ਉਸ ਪੀੜ੍ਹੀ ਤੋਂ ਘਿਣ ਕਰਦਾ ਰਿਹਾ, ਤਾਂ ਮੈਂ ਆਖਿਆ ਕਿ ਏਹ ਤਾਂ ਫਿਰਤੂ ਮਨ ਦੇ ਲੋਕ ਹਨ, ਜਿਨ੍ਹਾਂ ਨੇ ਮੇਰਿਆਂ ਰਾਹਾਂ ਨੂੰ ਨਹੀਂ ਜਾਣਿਆ,11ਜਿਨ੍ਹਾਂ ਲਈ ਮੈਂ ਆਪਣੇ ਕ੍ਰੋਧ ਵਿੱਚ ਸਹੁੰ ਖਾਧੀ, ਕਿ ਏਹ ਮੇਰੇ ਆਰਾਮ ਵਿੱਚ ਨਾ ਵੜਨਗੇ ।

96
ਪਰਮੇਸ਼ੁਰ ਸਰਬ ਉੱਚ ਰਾਜਾ
(1 ਇਤਹਾਸ 16:23 - 33)

1ਯਹੋਵਾਹ ਲਈ ਇੱਕ ਨਵਾਂ ਗੀਤ ਲਈ ਗਾਓ, ਹੇ ਸਾਰੀ ਸਰਿਸ਼ਟੀ, ਯਹੋਵਾਹ ਲਈ ਗਾਓ !2ਯਹੋਵਾਹ ਲਈ ਗਾਓ, ਉਹ ਦੇ ਨਾਮ ਨੂੰ ਮੁਬਾਰਕ ਆਖੋ, ਉਹ ਦੀ ਮੁਕਤੀ ਦਾ ਦਿਨੋ ਦਿਨ ਪਰਚਾਰ ਕਰੋ !

3ਕੌਮਾਂ ਦੇ ਵਿੱਚ ਉਹ ਦੇ ਪਰਤਾਪ ਦਾ, ਅਤੇ ਸਾਰੇ ਲੋਕਾਂ ਵਿੱਚ ਉਹ ਦੇ ਅਚਰਜ ਕੰਮਾਂ ਦਾ ਵਰਣਨ ਕਰੋ ।4ਯਹੋਵਾਹ ਤਾਂ ਮਹਾਨ ਹੈ ਅਤੇ ਅੱਤ ਉਸਤਤ ਜੋਗ ਵੀ, ਸਾਰੇ ਦੇਵਤਿਆਂ ਨਾਲੋਂ ਉਹ ਭੈ ਦਾਇਕ ਹੈ ।
5ਲੋਕਾਂ ਦੇ ਸਾਰੇ ਦੇਵਤੇ ਤਾਂ ਬੁੱਤ ਹੀ ਹਨ, ਪਰ ਯਹੋਵਾਹ ਨੇ ਅਕਾਸ਼ ਬਣਾਏ ।6ਉਪਮਾ ਅਤੇ ਮਾਣ ਉਹ ਦੇ ਹਜ਼ੂਰ ਹਨ, ਸਮਰੱਥਾ ਅਤੇ ਸੁਹੱਪਣ ਉਹ ਦੇ ਪਵਿੱਤਰ ਭਵਨ ਵਿੱਚ ।
7ਲੋਕਾਂ ਦੀਓ ਕੁੱਲੋ, ਯਹੋਵਾਹ ਨੂੰ ਮੰਨੋ, ਹਾਂ, ਪਰਤਾਪ ਅਤੇ ਸਮਰੱਥਾ ਯਹੋਵਾਹ ਦੀ ਮੰਨੋ,8ਪਰਤਾਪ ਯਹੋਵਾਹ ਦੇ ਨਾਮ ਦਾ ਮੰਨੋ, ਨਜ਼ਰਾਨਾ ਲੈ ਕੇ ਉਹ ਦੇ ਦਰਬਾਰ ਵਿੱਚ ਆਓ !
9ਯਹੋਵਾਹ ਨੂੰ ਪਵਿੱਤਰ ਬਸਤਰ ਵਿੱਚ ਮੱਥਾ ਤੇਜੋ । ਹੇ ਸਾਰੀ ਸਰਿਸ਼ਟੀ, ਉਹ ਦੇ ਸਨਮੁੱਖ ਥਰ-ਥਰ ਕਰੋ !10ਕੌਮਾਂ ਵਿੱਚ ਆਖੋ ਕਿ ਯਹੋਵਾਹ ਰਾਜ ਕਰਦਾ ਹੈ, ਤਾਂ ਈ ਜਗਤ ਕਾਇਮ ਹੈ ਕਿ ਉਹ ਨਾ ਹਿੱਲੇ, ਉਹ ਲੋਕਾਂ ਦਾ ਇਨਸਾਫ਼ ਨਾਲ ਨਿਆਂ ਕਰੇਗਾ ।
11ਅਕਾਸ਼ ਅਨੰਦ ਹੋਵੇ ਅਤੇ ਧਰਤੀ ਖੁਸ਼ੀ ਮਨਾਵੇ, ਸਮੁੰਦਰ ਤੇ ਉਹ ਦੀ ਭਰਪੂਰੀ ਗਰਜੇ,12ਮਦਾਨ ਅਤੇ ਜੋ ਕੁੱਝ ਉਹ ਦੇ ਵਿੱਚ ਹੈ ਬਾਗ ਬਾਗ ਹੋਵੇ ! ਫੇਰ ਜੰਗਲ ਦੇ ਸਾਰੇ ਬਿਰਛ ਜੈਕਾਰਾ ਗਜਾਉਣਗੇ,13ਯਹੋਵਾਹ ਦੇ ਹਜ਼ੂਰ, ਕਿਉਂ ਜੋ ਉਹ ਆ ਰਿਹਾ ਹੈ, ਉਹ ਧਰਤੀ ਦਾ ਨਿਆਂ ਕਰਨ ਲਈ ਆ ਰਿਹਾ ਹੈ, ਉਹ ਜਗਤ ਦਾ ਧਰਮ ਨਾਲ, ਅਤੇ ਲੋਕਾਂ ਦਾ ਆਪਣੀ ਸਚਿਆਈ ਨਾਲ ਨਿਆਂ ਕਰੇਗਾ ।

97
ਪਰਮੇਸ਼ੁਰ ਸਰਬ ਉੱਚ ਸ਼ਾਸ਼ਕ

1ਯਹੋਵਾਹ ਰਾਜ ਕਰਦਾ ਹੈ, ਧਰਤੀ ਖੁਸ਼ ਹੋਵੇ, ਟਾਪੂ ਜਿਹੜੇ ਬਹੁਤ ਸਾਰੇ ਹਨ ਅਨੰਦ ਹੋਣ !2ਬੱਦਲ ਅਤੇ ਅਨ੍ਹੇਰਾ ਉਹ ਦੇ ਆਲੇ-ਦੁਆਲੇ ਹਨ, ਧਰਮ ਅਤੇ ਨਿਆਂ ਉਹ ਦੀ ਰਾਜ ਗੱਦੀ ਦੀ ਨੀਂਹ ਹਨ ।

3ਅੱਗ ਉਹ ਦੇ ਅੱਗੇ ਚੱਲਦੀ ਹੈ, ਅਤੇ ਉਹ ਦੇ ਵਿਰੋਧੀਆਂ ਨੂੰ ਚੁਫ਼ੇਰਿਓਂ ਭਸਮ ਕਰ ਦਿੰਦੀ ਹੈ ।4ਇਹ ਦੀਆਂ ਬਿਜਲੀਆਂ ਜਗਤ ਨੂੰ ਲਿਸ਼ਕਾਉਂਦੀਆਂ ਹਨ, ਧਰਤੀ ਵੇਖ ਕੇ ਕੰਬ ਉੱਠਦੀ ਹੈ !5ਯਹੋਵਾਹ ਦੀ ਹਜ਼ੂਰੀ ਵਿੱਚ ਪਹਾੜ ਮੋਮ ਵਾਂਗੂੰ ਪੰਘਰ ਜਾਂਦੇ ਹਨ ! ਹਾਂ, ਸਾਰੀ ਧਰਤੀ ਦੇ ਪ੍ਰਭੂ ਦੀ ਹਜ਼ੂਰੀ ਵਿੱਚ !
6ਅਕਾਸ਼ ਉਹ ਦੇ ਧਰਮ ਦਾ ਨਿਰਨਾ ਕਰਦੇ ਹਨ, ਅਤੇ ਸਾਰੇ ਲੋਕ ਉਹ ਦਾ ਪਰਤਾਪ ਵੇਖਦੇ ਹਨ ।7ਉੱਕਰੀਆਂ ਹੋਈਆਂ ਮੂਰਤਾਂ ਦੇ ਸਾਰੇ ਪੁਜਾਰੀ, ਜਿਹੜੇ ਬੁੱਤਾਂ ਉੱਤੇ ਫੁੱਲਦੇ ਹਨ ਸ਼ਰਮਿੰਦੇ ਹੋਣ, ਸਾਰੇ ਦਿਉਤੇ ਉਹ ਨੂੰ ਮੱਥਾ ਟੇਕਣ !8ਹੇ ਯਹੋਵਾਹ, ਤੇਰਿਆਂ ਨਿਆਵਾਂ ਦੇ ਕਾਰਨ, ਸੀਯੋਨ ਨੇ ਸੁਣਿਆ ਅਤੇ ਅਨੰਦ ਹੋਇਆ, ਅਤੇ ਯਹੂਦਾਹ ਦੀਆਂ ਧੀਆਂ ਨੇ ਖੁਸ਼ੀ ਮਨਾਈ ।
9ਸਾਰੀ ਧਰਤੀ ਉੱਤੇ, ਹੇ ਯਹੋਵਾਹ, ਤੂੰ ਤਾਂ ਅੱਤ ਮਹਾਨ ਹੈਂ, ਤੂੰ ਸਾਰਿਆਂ ਦਿਓਤਿਆਂ ਨਾਲੋਂ ਬਹੁਤ ਮਹਾਨ ਹੈਂ !10ਹੇ ਯਹੋਵਾਹ ਦੇ ਪ੍ਰੇਮੀਓ, ਬੁਰਿਆਈ ਤੋਂ ਘਿਣ ਕਰੋ ! ਉਹ ਆਪਣੇ ਸੰਤਾਂ ਦੀਆਂ ਜਾਨਾਂ ਦੀ ਰੱਖਿਆ ਕਰਦਾ ਹੈ, ਉਹ ਉਨ੍ਹਾਂ ਨੂੰ ਦੁਸ਼ਟਾਂ ਦੇ ਹੱਥੋਂ ਛੁਡਾਉਂਦਾ ਹੈ ।11ਧਰਮੀਆਂ ਲਈ ਚਾਨਣ ਬੀਜਿਆ ਗਿਆ ਹੈ, ਅਤੇ ਸਿੱਧੇ ਮਨ ਵਾਲਿਆਂ ਲਈ ਅਨੰਦ ।
12ਹੇ ਧਰਮੀਓ, ਯਹੋਵਾਹ ਵਿੱਚ ਅਨੰਦ ਹੋਵੋ, ਅਤੇ ਉਹ ਦੀ ਪਵਿੱਤਰ ਯਾਦਗਾਰ ਦਾ ਧੰਨਵਾਦ ਕਰੋ ! ।

98
ਪਰਮੇਸ਼ੁਰ ਦੀ ਸੱਚਾਈ ਦੇ ਲਈ ਉਸਤਤ ਦਾ ਗੀਤ
ਭਜਨ

1ਯਹੋਵਾਹ ਲਈ ਇੱਕ ਨਵਾਂ ਗੀਤ ਗਾਓ, ਕਿਉਂ ਜੋ ਉਹ ਨੇ ਅਚਰਜ ਕੰਮ ਕੀਤੇ ਹਨ, ਉਹ ਦੇ ਸੱਜੇ ਹੱਥ ਅਤੇ ਉਹ ਦੀ ਪਵਿੱਤਰ ਬਾਂਹ ਨੇ ਉਹ ਦੇ ਲਈ ਫਤਿਹ ਪਾਈ ਹੈ ।2ਯਹੋਵਾਹ ਨੇ ਆਪਣੀ ਫਤਿਹ ਪਰਗਟ ਕੀਤੀ ਹੈ, ਉਹ ਨੇ ਆਪਣਾ ਧਰਮ ਕੌਮਾਂ ਨੂੰ ਅੱਖੀਂ ਵਿਖਾਇਆ ਹੈ ।

3ਉਹ ਨੇ ਆਪਣੀ ਦਯਾ ਅਤੇ ਆਪਣੀ ਵਫ਼ਾਦਾਰੀ ਨੂੰ ਇਸਰਾਏਲ ਦੇ ਘਰਾਣੇ ਲਈ ਚੇਤੇ ਰੱਖਿਆ ਹੈ, ਧਰਤੀ ਦੇ ਸਾਰਿਆਂ ਕੰਢਿਆਂ ਨੇ ਸਾਡੇ ਪਰਮੇਸ਼ੁਰ ਦੀ ਫਤਿਹ ਨੂੰ ਡਿੱਠਾ ਹੈ ।4ਹੇ ਸਾਰੀ ਧਰਤੀ ਦਿਓ, ਯਹੋਵਾਹ ਲਈ ਖੁਸ਼ੀ ਦਾ ਲਲਕਾਰਾ ਮਾਰੋ, ਰਾਗ ਛੇੜੋ, ਜੈ ਜੈ ਕਾਰ ਕਰੋ, ਭਜਨ ਗਾਓ,
5ਬਰਬਤ ਵਜਾ ਕੇ ਯਹੋਵਾਹ ਲਈ ਭਜਨ ਗਾਓ, ਰਸੀਲੇ ਸੁਰ ਨਾਲ ਬਰਬਤ ਵਜਾ ਕੇ6ਤੁਰ੍ਹੀਆਂ ਅਤੇ ਨਰਸਿੰਗੇ ਦੀ ਅਵਾਜ਼ ਨਾਲ ਯਹੋਵਾਹ ਪਾਤਸ਼ਾਹ ਦੇ ਅੱਗੇ ਲਲਕਾਰੋ ।
7ਸਮੁੰਦਰ ਅਤੇ ਉਹ ਦੀ ਭਰਪੂਰੀ ਅਵਾਜ਼ ਦੇਵੇ, ਜਗਤ ਅਤੇ ਉਹ ਦੇ ਵਾਸੀ ਵੀ ।8ਨਦੀਆਂ ਤਾਲ ਦੇਣ, ਪਹਾੜ ਰਲ ਕੇ ਜੈ ਜੈ ਕਾਰ ਕਰਨ,9ਯਹੋਵਾਹ ਦੇ ਹਜ਼ੂਰ ਕਿਉਂ ਜੋ ਉਹ ਧਰਤੀ ਦਾ ਨਿਆਂ ਕਰਨ ਲਈ ਆ ਰਿਹਾ ਹੈ, ਉਹ ਜਗਤ ਦਾ ਧਰਮ ਨਾਲ ਅਤੇ ਲੋਕਾਂ ਦਾ ਇਨਸਾਫ਼ ਨਾਲ ਨਿਆਂ ਕਰੇਗਾ ।

99
ਪਰਮੇਸ਼ੁਰ ਦੀ ਵਫ਼ਾਦਾਰੀ

1ਯਹੋਵਾਹ ਰਾਜ ਕਰਦਾ ਹੈ, ਲੋਕ ਕੰਬਣ, ਉਹ ਕਰੂਬੀਆਂ ਦੇ ਉੱਤੇ ਬਿਰਾਜਮਾਨ ਹੈ, ਧਰਤੀ ਡੋਲ ਉੱਠੇ !2ਯਹੋਵਾਹ ਸੀਯੋਨ ਵਿੱਚ ਮਹਾਨ ਹੈ, ਅਤੇ ਉਹ ਸਾਰਿਆਂ ਲੋਕਾਂ ਉੱਤੇ ਬਜ਼ੁਰਗ ਹੈ ।3ਓਹ ਤੇਰੇ ਵੱਡੇ ਅਤੇ ਭਿਆਣਕ ਨਾਮ ਨੂੰ ਸਲਾਹੁਣ, ਉਹ ਪਵਿੱਤਰ ਹੈ ।

4ਪਾਤਸ਼ਾਹ ਦੀ ਸਮਰੱਥਾ ਨਿਆਂ ਨਾਲ ਪ੍ਰੇਮ ਰੱਖਦੀ ਹੈ, ਤੂੰ ਸਿਧਿਆਈ ਨੂੰ ਕਾਇਮ ਰੱਖਦਾ ਹੈਂ, ਤੂੰ ਹੀ ਯਾਕੂਬ ਵਿੱਚ ਨਿਆਂ ਅਤੇ ਧਰਮ ਕਰਦਾ ਹੈਂ ।5ਤੁਸੀਂ ਯਹੋਵਾਹ ਸਾਡੇ ਪਰਮੇਸ਼ੁਰ ਦੀ ਬਜ਼ੁਰਗੀ ਕਰੋ, ਅਤੇ ਉਹ ਦਿਆਂ ਚਰਨਾਂ ਦੀ ਚੌਂਕੀ ਉੱਤੇ ਮੱਥਾ ਟੇਕੋ, ਉਹ ਪਵਿੱਤਰ ਹੈ ।
6ਮੂਸਾ ਅਤੇ ਹਾਰੂਨ ਉਹ ਦੇ ਜਾਜਕਾਂ ਵਿਚੋਂ ਸਨ, ਅਤੇ ਸਮੂਏਲ ਉਹ ਦਾ ਨਾਮ ਲੈਣ ਵਾਲਿਆਂ ਵਿਚੋਂ, ਓਹ ਯਹੋਵਾਹ ਨੂੰ ਪੁਕਾਰਦੇ ਸਨ ਅਤੇ ਉਹ ਨੇ ਉਨ੍ਹਾਂ ਨੂੰ ਉੱਤਰ ਦਿੱਤਾ ।7ਉਹ ਬੱਦਲ ਦੇ ਥੰਮ੍ਹ ਵਿੱਚ ਦੀ ਉਨ੍ਹਾਂ ਨਾਲ ਗੱਲਾਂ ਕਰਦਾ ਸੀ, ਉਹ ਦੀਆਂ ਸਾਖੀਆਂ ਅਤੇ ਬਿਧੀਆਂ ਨੂੰ, ਜੋ ਉਹ ਨੇ ਉਨ੍ਹਾਂ ਨੂੰ ਦਿੱਤੀਆਂ ਉਨ੍ਹਾਂ ਨੇ ਮੰਨਿਆ ।
8ਹੇ ਯਹੋਵਾਹ ਸਾਡੇ ਪਰਮੇਸ਼ੁਰ, ਤੂੰ ਉਨ੍ਹਾਂ ਨੂੰ ਉੱਤਰ ਦਿੱਤਾ, ਤੂੰ ਉਨ੍ਹਾਂ ਦਾ ਖਿਮਾ ਕਰਨ ਵਾਲਾ ਸੀ, ਤੂੰ ਉਨ੍ਹਾਂ ਦੇ ਕੰਮਾਂ ਦਾ ਬਦਲਾ ਲੈਣ ਵਾਲਾ ਸੀ ।9ਯਹੋਵਾਹ ਸਾਡੇ ਪਰਮੇਸ਼ੁਰ ਦੀ ਬਜ਼ੁਰਗੀ ਕਰੋ, ਅਤੇ ਉਹ ਦੇ ਪਵਿੱਤਰ ਪਹਾੜ ਉੱਤੇ ਮੱਥਾ ਟੇਕੋ, ਕਿਉਂ ਜੋ ਯਹੋਵਾਹ ਸਾਡਾ ਪਰਮੇਸ਼ੁਰ ਪਵਿੱਤਰ ਹੈ ।

100
ਪਰਮੇਸ਼ੁਰ ਦੀ ਉਸਤਤ ਦਾ ਗੀਤ
ਧੰਨਵਾਦ ਦਾ ਭਜਨ

1ਹੇ ਸਾਰੀ ਧਰਤੀ ਦੇ ਵਾਸੀਓ, ਯਹੋਵਾਹ ਲਈ ਲਲਕਾਰੋ,2ਅਨੰਦ ਹੋ ਕੇ ਯਹੋਵਾਹ ਦੀ ਉਪਾਸਨਾ ਕਰੋ, ਜੈ-ਜੈ ਕਾਰ ਕਰਦੇ ਹੋਏ ਉਸ ਦੀ ਹਜ਼ੂਰੀ ਵਿੱਚ ਆਓ ।

3ਜਾਣ ਰੱਖੋ ਕਿ ਯਹੋਵਾਹ ਹੀ ਪਰਮੇਸ਼ੁਰ ਹੈ, ਉਸ ਨੇ ਸਾਨੂੰ ਸਾਜਿਆ ਅਤੇ ਅਸੀਂ ਉਹ ਦੀ ਜੂਹ ਦੀਆਂ ਭੇਡਾਂ ਹਾਂ ।
4ਧੰਨਵਾਦ ਕਰਦੇ ਹੋਏ ਉਹ ਦੇ ਫਾਟਕਾਂ ਦੇ ਅੰਦਰ, ਅਤੇ ਉਸਤਤ ਕਰਦੇ ਹੋਏ ਉਹ ਦੇ ਦਰਬਾਰ ਵਿੱਚ ਆਓ, ਉਹ ਦਾ ਧੰਨਵਾਦ ਕਰੋ ਅਤੇ ਉਹ ਦੇ ਨਾਮ ਨੂੰ ਮੁਬਾਰਕ ਆਖੋ ।5ਯਹੋਵਾਹ ਤਾਂ ਭਲਾ ਹੈ, ਉਹ ਦੀ ਦਯਾ ਸਦੀਪਕ ਹੈ, ਅਤੇ ਉਹ ਦੀ ਵਫ਼ਾਦਾਰੀ ਪੀੜ੍ਹੀਓਂ ਪੀੜ੍ਹੀ ਤੱਕ ਹੈ ।

101
ਧਰਮੀ ਜੀਵਨ ਬਿਤਾਉਣ ਦੇ ਲਈ ਸੰਕਲਪ
ਦਾਊਦ ਦਾ ਭਜਨ

1ਮੈਂ ਦਯਾ ਅਤੇ ਨਿਆਂ ਗਾਵਾਂਗਾ, ਹੇ ਯਹੋਵਾਹ, ਮੈਂ ਤੇਰੇ ਲਈ ਭਜਨ ਗਾਵਾਂਗਾ ।

2ਮੈਂ ਪੂਰੇ ਰਾਹ ਵਿੱਚ ਸਿਆਣਾ ਬਣ ਕੇ ਚੱਲਾਂਗਾ, ਤੂੰ ਮੇਰੇ ਕੋਲ ਕਦੋਂ ਆਵੇਂਗਾ ? ਮੈਂ ਆਪਣੇ ਘਰ ਵਿੱਚ ਪੂਰੇ ਮਨ ਨਾਲ ਫਿਰਾਂਗਾ ।3ਮੈਂ ਵਿਰਥੀ ਗੱਲ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਨਾ ਰੱਖਾਂਗਾ, ਫਿਰਤੂਆਂ ਦੀ ਕਰਤੂਤ ਤੋਂ ਮੈਨੂੰ ਘਿਣ ਹੈ, ਉਹ ਮੈਨੂੰ ਨਾ ਚੰਬੜੇਗੀ
4ਮਨ ਦਾ ਕੁੱਬਾਪੁਣਾ ਮੈਥੋਂ ਦੂਰ ਰਹੇਗਾ, ਮੈਂ ਬੁਰਿਆਈ ਨੂੰ ਨਾ ਜਾਣਾਂਗਾ ।5ਜਿਹੜਾ ਓਹਲੇ ਵਿੱਚ ਆਪਣੇ ਗੁਆਂਢੀ ਦੀ ਚੁਗਲੀ ਕਰਦਾ ਹੈ, ਮੈਂ ਉਹ ਨੂੰ ਮਿਟਾ ਦਿਆਂਗਾ, ਉੱਚੀ ਅੱਖ ਤੇ ਮਨ ਦੀ ਆਕੜ ਨੂੰ ਮੈਂ ਨਹੀਂ ਝੱਲਾਂਗਾ ।6ਮੇਰੀ ਨਿਗਾਹ ਦੇਸ ਦੇ ਸਚਿਆਰਾਂ ਉੱਤੇ ਰਹੇਗੀ ਕਿ ਓਹ ਮੇਰੇ ਨਾਲ ਵੱਸਣ, ਜਿਹੜਾ ਪੂਰੇ ਰਾਹ ਵਿੱਚ ਚੱਲਦਾ ਹੈ ਉਹ ਮੇਰੀ ਸੇਵਾ ਕਰੇਗਾ ।
7ਛਲੀਆ ਮੇਰੇ ਘਰ ਵਿੱਚ ਨਾ ਵੱਸੇਗਾ, ਝੂਠਾ ਮੇਰੀਆਂ ਅੱਖਾਂ ਦੇ ਅੱਗੇ ਕਾਇਮ ਨਾ ਰਹੇਗਾ ।8ਹਰ ਸਵੇਰ ਨੂੰ ਮੈਂ ਦੇਸ ਦਿਆਂ ਸਾਰਿਆਂ ਦੁਸ਼ਟਾਂ ਨੂੰ ਮਿਟਾਇਆ ਕਰਾਂਗਾ, ਤਾਂ ਜੋ ਯਹੋਵਾਹ ਦੇ ਸ਼ਹਿਰ ਵਿਚੋਂ ਸਾਰੇ ਕੁਕਰਮੀਆਂ ਦਾ ਨਾਸ ਕਰ ਦੇਵਾਂ ।

102
ਸੰਕਟ ਦੇ ਫਸੇ ਨੌਜਵਾਨ ਦੀ ਪ੍ਰਾਰਥਨਾ
ਦੀਨ ਜਨ ਦੀ ਉਸ ਸਮੇਂ ਦੀ ਪ੍ਰਾਰਥਨਾ ਜਦੋਂ ਉਹ ਦੁੱਖ ਦਾ ਮਾਰਿਆ ਆਪਣੇ ਸੋਗ ਦੀਆਂ ਸਾਰੀਆਂ ਗੱਲਾਂ ਯਹੋਵਾਹ ਦੇ ਅੱਗੇ ਖੋਲ੍ਹ ਕੇ ਕਹਿੰਦਾ ਹੈ

1ਹੇ ਯਹੋਵਾਹ, ਮੇਰੀ ਪ੍ਰਾਰਥਨਾ ਸੁਣ, ਅਤੇ ਮੇਰੀ ਦੁਹਾਈ ਤੇਰੇ ਤੱਕ ਪਹੁੰਚੇ !2ਮੇਰੇ ਔਖ ਦੇ ਦਿਨ ਮੈਥੋਂ ਆਪਣਾ ਮੂੰਹ ਨਾ ਲੁਕਾ, ਆਪਣਾ ਕੰਨ ਮੇਰੀ ਵੱਲ ਝੁਕਾ, ਜਿਸ ਦਿਨ ਮੈਂ ਤੈਨੂੰ ਪੁਕਾਰਾਂ ਮੈਨੂੰ ਛੇਤੀ ਉੱਤਰ ਦੇ !

3ਮੇਰੇ ਦਿਨ ਤਾਂ ਧੂੰਏਂ ਵਾਂਗੂੰ ਮੁੱਕ ਜਾਂਦੇ ਹਨ ਅਤੇ ਮੇਰੀਆਂ ਹੱਡੀਆਂ ਬਾਲਣ ਵਾਂਗੂੰ ਬਲਦੀਆਂ ਹਨ ।4ਘਾਹ ਦੀ ਨਿਆਈਂ ਮੇਰਾ ਮਨ ਮਾਰਿਆ ਗਿਆ ਤੇ ਸੁੱਕ ਗਿਆ, ਮੈਂ ਆਪਣੀ ਰੋਟੀ ਖਾਣੀ ਵੀ ਭੁੱਲ ਗਿਆ ।
5ਮੇਰੇ ਕਰਾਹਣੇ ਦੀ ਅਵਾਜ਼ ਦੇ ਕਾਰਨ ਮੇਰੀਆਂ ਹੱਡੀਆਂ ਮੇਰੇ ਮਾਸ ਨਾਲ ਜੁੜ ਗਈਆਂ ਹਨ ।6ਮੈਂ ਉਜਾੜ ਦੇ ਲੰਮਢੀਂਗ ਦੇ ਤੁੱਲ ਹੋਇਆ, ਅਤੇ ਵਿਰਾਨੇ ਦਾ ਉੱਲੂ ਬਣਿਆ !
7ਮੈਂ ਜਾਗਦਾ ਰਿਹਾ ਅਤੇ ਉਸ ਚਿੜੀ ਵਰਗਾ ਬਣਿਆ, ਜਿਹੜੀ ਛੱਤ ਉੱਤੇ ਵੱਖਰੀ ਰਹਿੰਦੀ ਹੈ ।8ਮੇਰੇ ਵੈਰੀ ਸਾਰੇ ਦਿਨ ਮੈਨੂੰ ਉਲਾਂਭੇ ਦਿੰਦੇ ਹਨ, ਅਤੇ ਮੇਰੇ ਜਾਨੀ ਦੁਸ਼ਮਨ ਮੇਰਾ ਨਾਉਂ ਲੈ ਕੇ ਫਿਟਕਾਰਾਂ ਪਾਉਂਦੇ ਹਨ ।
9ਮੈਂ ਤਾਂ ਰੋਟੀ ਵਾਂਗੂੰ ਸੁਆਹ ਫੱਕਦਾ ਹਾਂ, ਅਤੇ ਆਪਣੇ ਪੀਣ ਵਿੱਚ ਅੰਝੂ ਮਿਲਾਉਂਦਾ ਹਾਂ ।10ਇਹ ਤੇਰੇ ਗੁੱਸੇ ਤੇ ਕਹਿਰ ਕਾਰਨ ਹੋਇਆ, ਕਿਉਂ ਜੋ ਤੂੰ ਚੁੱਕ ਕੇ ਮੈਨੂੰ ਫੇਰ ਪਟਕਾ ਸੁੱਟ ਦਿੱਤਾ !
11ਮੇਰੇ ਦਿਨ ਢਲਦੇ ਸਾਯੇ ਵਾਂਗੂੰ ਹਨ, ਮੈਂ ਘਾਹ ਵਾਂਗੂੰ ਮੁੱਕ ਜਾਂਦਾ ਹਾਂ ।12ਪਰ ਤੂੰ ਹੇ ਯਹੋਵਾਹ, ਸਦਾ ਤੱਕ ਬਿਰਾਜਮਾਨ ਰਹੇਂਗਾ, ਅਤੇ ਤੇਰਾ ਸਿਮਰਨ ਪੀੜ੍ਹੀਓ ਪੀੜ੍ਹੀ ਤੱਕ !
13ਤੂੰ ਉੱਠੇਂਗਾ ਅਤੇ ਸੀਯੋਨ ਉੱਤੇ ਰਹਮ ਕਰੇਂਗਾ, ਕਿਉਂ ਜੋ ਤਰਸ ਖਾਣ ਦਾ ਸਮਾਂ, ਸਗੋਂ ਥਾਪਿਆ ਹੋਇਆ ਵੇਲਾ ਆ ਪੁੱਜਿਆ ਹੈ ।14ਤੇਰੇ ਦਾਸ ਤਾਂ ਉਹ ਦੇ ਪੱਥਰਾਂ ਵਿੱਚ ਪਰਸੰਨ ਹੁੰਦੇ ਹਨ, ਅਤੇ ਉਹ ਦੇ ਥੇਹ ਉੱਤੇ ਤਰਸ ਖਾਂਦੇ ਹਨ ।15ਇਉਂ ਕੌਮਾਂ ਯਹੋਵਾਹ ਦੇ ਨਾਮ ਤੋਂ ਭੈ ਖਾਣਗੀਆਂ, ਅਤੇ ਧਰਤੀ ਦੇ ਸਾਰੇ ਰਾਜੇ ਤੇਰੇ ਪਰਤਾਪ ਤੋਂ ।16ਜਦ ਯਹੋਵਾਹ ਨੇ ਸੀਯੋਨ ਨੂੰ ਬਣਾਇਆ, ਤਾਂ ਉਹ ਆਪਣੇ ਪਰਤਾਪ ਵਿੱਚ ਪ੍ਰਗਟ ਹੋਇਆ ।
17ਉਸ ਨੇ ਲਾਚਾਰ ਦੀ ਪ੍ਰਾਰਥਨਾ ਵੱਲ ਮੂੰਹ ਕੀਤਾ, ਅਤੇ ਉਨ੍ਹਾਂ ਦੀ ਪ੍ਰਾਰਥਨਾ ਨੂੰ ਤੁੱਛ ਨਾ ਜਾਤਾ ।18ਇਹ ਗੱਲ ਆਉਣ ਵਾਲੀ ਪੀੜ੍ਹੀ ਲਈ ਲਿਖੀ ਜਾਵੇਗੀ, ਅਤੇ ਜਿਹੜੀ ਪਰਜਾ ਉਤਪੰਨ ਹੋਵੇਗੀ ਉਹ ਯਹੋਵਾਹ ਦੀ ਉਸਤਤ ਕਰੇਗੀ ।
19ਉਸ ਨੇ ਤਾਂ ਆਪਣੇ ਪਵਿੱਤਰ ਸਥਾਨ ਦੀ ਉਚਿਆਈ ਤੋਂ ਨਿਗਾਹ ਕੀਤੀ ਹੈ, ਯਹੋਵਾਹ ਨੇ ਸਵਰਗ ਤੋਂ ਧਰਤੀ ਨੂੰ ਡਿੱਠਾ ਹੈ,20ਕਿ ਗ਼ੁਲਾਮ ਦਾ ਹਾਹੁਕਾ ਸੁਣੇ, ਅਤੇ ਮਰਨ ਵਾਲਿਆਂ ਨੂੰ ਛੁਡਾਵੇ,
21ਤਾਂ ਲੋਕ ਸੀਯੋਨ ਵਿੱਚ ਯਹੋਵਾਹ ਦੇ ਨਾਮ ਦਾ, ਅਤੇ ਯਰੂਸ਼ਲਮ ਵਿੱਚ ਉਸ ਦੀ ਉਸਤਤ ਦਾ ਪਰਚਾਰ ਕਰਨ,22ਜਦ ਲੋਕ ਅਤੇ ਰਜਵਾੜੇ ਯਹੋਵਾਹ ਦੀ ਉਪਾਸਨਾ ਕਰਨ ਲਈ ਇਕੱਠੇ ਹੋਣ ।
23ਉਸ ਨੇ ਰਾਹ ਵਿੱਚ ਮੇਰੇ ਬਲ ਨੂੰ ਕਮਜ਼ੋਰ ਕੀਤਾ, ਉਸ ਨੇ ਮੇਰੀ ਆਯੂ ਨੂੰ ਘਟਾਇਆ ।24ਮੈਂ ਆਖਿਆ, ਹੇ ਮੇਰੇ ਪਰਮੇਸ਼ੁਰ, ਮੇਰੀ ਅੱਧੀ ਆਯੂ ਵਿੱਚ ਮੈਨੂੰ ਉਠਾ ਨਾ ਲੈ, ਪੀੜ੍ਹੀਓ ਪੀੜ੍ਹੀ ਤੇਰੇ ਵਰ੍ਹੇ ਹਨ !
25ਮੁੱਢੋਂ ਹੀ ਤੂੰ ਧਰਤੀ ਦੀ ਨੀਂਹ ਧਰੀ, ਅਤੇ ਅਕਾਸ਼ ਤੇਰੇ ਹੱਥਾਂ ਦਾ ਕਾਰਜ ਹੈ ।26ਓਹ ਨਾਸ ਹੋ ਜਾਣਗੇ, ਪਰ ਤੂੰ ਅਟੱਲ ਰਹੇਂਗਾ, ਓਹ ਸਾਰੇ ਕੱਪੜੇ ਵਾਂਗੂੰ ਪੁਰਾਣੇ ਹੋ ਜਾਣਗੇ, ਤੂੰ ਉਨ੍ਹਾਂ ਨੂੰ ਲਿਬਾਸ ਦੀ ਨਿਆਈਂ ਬਦਲ ਦੇਵੇਂਗਾ, ਸੋ ਓਹ ਬਦਲ ਹੀ ਜਾਣਗੇ !27ਪਰ ਤੂੰ ਓਹੀ ਹੈਂ, ਅਤੇ ਤੇਰੇ ਵਰ੍ਹੇ ਮੁਕਣਗੇ ਨਹੀਂ ।
28ਤੇਰੇ ਦਾਸਾਂ ਦੀ ਅੰਸ ਵੱਸੀ ਰਹੇਗੀ, ਅਤੇ ਉਨ੍ਹਾਂ ਦੀ ਨਸਲ ਤੇਰੇ ਸਨਮੁੱਖ ਕਾਇਮ ਰਹੇਗੀ ।

103
ਪਰਮੇਸ਼ੁਰ ਦਾ ਪ੍ਰੇਮ
ਦਾਊਦ ਦਾ ਭਜਨ

1ਹੇ ਮੇਰੀ ਜਾਨ, ਯਹੋਵਾਹ ਨੂੰ ਮੁਬਾਰਕ ਆਖ, ਅਤੇ ਜੋ ਕੁੱਝ ਮੇਰੇ ਅੰਦਰ ਹੈ, ਉਸ ਦੇ ਪਵਿੱਤਰ ਨਾਮ ਨੂੰ !2ਹੇ ਮੇਰੀ ਜਾਨ, ਯਹੋਵਾਹ ਨੂੰ ਮੁਬਾਰਕ ਆਖ, ਅਤੇ ਉਹ ਦੇ ਸਾਰੇ ਉਪਕਾਰ ਨਾ ਵਿਸਾਰ !

3ਉਹ ਤੇਰੀਆਂ ਸਾਰੀਆਂ ਬੁਰਿਆਈਆਂ ਨੂੰ ਖਿਮਾ ਕਰਦਾ ਹੈ, ਉਹ ਸਾਰੇ ਰੋਗਾਂ ਤੋਂ ਤੈਨੂੰ ਨਰੋਆ ਕਰਦਾ ਹੈ ।4ਉਹ ਤੇਰੀ ਜਿੰਦ ਨੂੰ ਟੋਏ ਤੋਂ ਛੁਟਕਾਰਾ ਦਿੰਦਾ ਹੈ, ਉਹ ਤੇਰੇ ਸਿਰ ਉੱਤੇ ਦਯਾ ਤੇ ਰਹਮ ਦਾ ਮੁਕਟ ਰੱਖਦਾ ਹੈ ।5ਉਹ ਭਲਿਆਈ ਨਾਲ ਤੇਰੇ ਮੂੰਹ ਨੂੰ ਰਜਾਉਂਦਾ ਹੈ, ਤੂੰ ਉਕਾਬ ਵਾਂਗੂੰ ਆਪਣੀ ਜਵਾਨੀ ਨਵਾਂ ਕਰਦਾ ਹੈਂ ।
6ਯਹੋਵਾਹ ਧਰਮ ਦੇ ਕੰਮ ਅਤੇ ਨਿਆਂ, ਸਭ ਦਬਾਏ ਹੋਇਆਂ ਦੇ ਲਈ ਕਰਦਾ ਹੈ ।7ਉਹ ਨੇ ਆਪਣੇ ਰਾਹ ਮੂਸਾ ਉੱਤੇ, ਅਤੇ ਆਪਣੇ ਕੰਮ ਇਸਰਾਏਲ ਉੱਤੇ ਪਰਗਟ ਕਿਤੇ ।8ਯਹੋਵਾਹ ਦਯਾਲੂ ਤੇ ਕਿਰਪਾਲੂ ਹੈ, ਗੁੱਸੇ ਵਿੱਚ ਧੀਰਜੀ ਅਤੇ ਦਯਾ ਨਾਲ ਭਰਪੂਰ ।
9ਉਹ ਸਦਾ ਨਹੀਂ ਝਿੜਕੇਗਾ, ਨਾ ਸਦਾ ਲਈ ਆਪਣਾ ਕ੍ਰੋਧ ਰੱਖੇਗਾ ।10ਉਹ ਸਾਡੇ ਪਾਪਾਂ ਅਨੁਸਾਰ ਸਾਡੇ ਨਾਲ ਨਹੀਂ ਵਰਤਿਆ, ਨਾ ਸਾਡੀਆਂ ਬਦੀਆਂ ਅਨੁਸਾਰ ਸਾਨੂੰ ਬਦਲਾ ਦਿੱਤਾ ।
11ਜਿੰਨਾ ਉੱਚਾ ਅਕਾਸ਼ ਧਰਤੀ ਉੱਤੋਂ ਹੈ, ਇੰਨੀ ਵੱਡੀ ਉਹ ਦੀ ਦਯਾ ਉਹ ਦੇ ਡਰਨ ਵਾਲਿਆਂ ਉੱਤੇ ਹੈ !12ਜਿੰਨਾ ਚੜਦਾ ਲਹਿੰਦੇ ਤੋਂ ਦੂਰ ਹੈ, ਉੱਨੇ ਹੀ ਉਹ ਨੇ ਸਾਡੇ ਅਪਰਾਧ ਸਾਥੋਂ ਦੂਰ ਕੀਤੇ ਹਨ !13ਜਿਵੇਂ ਪਿਤਾ ਆਪਣੇ ਬੱਚਿਆਂ ਦਾ ਤਰਸ ਖਾਂਦਾ ਹੈ, ਤਿਵੇਂ ਯਹੋਵਾਹ ਆਪਣੇ ਡਰਨ ਵਾਲਿਆਂ ਦਾ ਤਰਸ ਖਾਂਦਾ ਹੈ ।
14ਉਹ ਤਾਂ ਸਾਡੀ ਸਰਿਸ਼ਟ ਨੂੰ ਜਾਣਦਾ ਹੈ, ਉਹ ਨੂੰ ਚੇਤਾ ਹੈ ਕਿ ਅਸੀਂ ਮਿੱਟੀ ਹੀ ਹਾਂ ।15ਇਨਸਾਨ ਦੀ ਆਯੂ ਘਾਹ ਜਿੰਨੀ ਹੈ, ਮਦਾਨ ਦੇ ਫੁੱਲ ਵਾਂਗੂੰ ਉਹ ਟਹਿਕਦਾ ਹੈ,16ਜਦ ਵਾਉ ਉਹ ਦੇ ਉੱਤੇ ਵਗਦੀ ਹੈ ਤਦ ਉਹ ਹੈ ਹੀ ਨਹੀਂ ਅਤੇ ਉਹ ਦਾ ਥਾਂ ਉਹ ਨੂੰ ਫੇਰ ਨਹੀਂ ਵੇਖੇਗਾ ।
17ਪਰ ਯਹੋਵਾਹ ਦੀ ਦਯਾ ਆਦ ਤੋਂ ਅੰਤ ਤੱਕ ਆਪਣੇ ਡਰਨ ਵਾਲਿਆਂ ਦੇ ਉੱਤੇ ਹੈ, ਅਤੇ ਉਹ ਦਾ ਧਰਮ ਪੁੱਤਰਾਂ ਪੋਤ੍ਰਿਆਂ ਤੱਕ,18ਅਰਥਾਤ ਉਨ੍ਹਾਂ ਲਈ ਜਿਹੜੇ ਉਹ ਦੇ ਨੇਮ ਨੂੰ ਮੰਨਦੇ, ਤੇ ਉਹ ਦੇ ਫਰਮਾਨਾਂ ਨੂੰ ਚੇਤੇ ਰੱਖਦੇ ਤੇ ਪੂਰੇ ਕਰਦੇ ਹਨ ।19ਯਹੋਵਾਹ ਨੇ ਆਪਣੀ ਰਾਜ ਗੱਦੀ ਸਵਰਗ ਵਿੱਚ ਕਾਇਮ ਕੀਤੀ ਹੈ, ਅਤੇ ਉਹ ਦੀ ਪਾਤਸ਼ਾਹੀ ਦਾ ਹੁਕਮ ਸਭਨਾਂ ਉੱਤੇ ਹੈ ।
20ਹੇ ਉਹ ਦੇ ਦੂਤੋ, ਯਹੋਵਾਹ ਨੂੰ ਮੁਬਾਰਕ ਆਖੋ, ਤੁਸੀਂ ਜਿਹੜੇ ਸ਼ਕਤੀ ਵਿੱਚ ਬਲਵਾਨ ਹੋ, ਅਤੇ ਉਹ ਦਾ ਸ਼ਬਦ ਸੁਣ ਕੇ ਉਹ ਨੂੰ ਪੂਰਿਆਂ ਕਰਦੇ ਹੋ !21ਹੇ ਉਹ ਦੀਓ ਸਾਰੀਓ ਸੈਨਾਵੋ, ਯਹੋਵਾਹ ਨੂੰ ਮੁਬਾਰਕ ਆਖੋ, ਤੁਸੀਂ ਜਿਹੜੇ ਉਹ ਦੇ ਸੇਵਕ ਹੋ ਤੇ ਉਹ ਦੀ ਮਰਜ਼ੀ ਨੂੰ ਪੂਰਿਆਂ ਕਰਦੇ ਹੋ !22ਹੇ ਉਹ ਦੇ ਕਾਰਜੋ, ਉਹ ਦੀ ਪਾਤਸ਼ਾਹੀ ਦੇ ਸਾਰਿਆਂ ਥਾਵਾਂ ਵਿੱਚ, ਯਹੋਵਾਹ ਨੂੰ ਮੁਬਾਰਕ ਆਖੋ ! ਹੇ ਮੇਰੀ ਜਾਨ, ਯਹੋਵਾਹ ਨੂੰ ਮੁਬਾਰਕ ਆਖ ! ।

104
ਸਿਰਜਣਹਾਰ ਦੀ ਉਸਤਤ

1ਹੇ ਮੇਰੀ ਜਾਨ, ਯਹੋਵਾਹ ਨੂੰ ਮੁਬਾਰਕ ਆਖ, ਹੇ ਯਹੋਵਾਹ, ਮੇਰੇ ਪਰਮੇਸ਼ੁਰ, ਤੂੰ ਅੱਤ ਮਹਾਨ ਹੈਂ, ਤੂੰ ਤੇਜ ਅਤੇ ਉਪਮਾ ਦੀ ਪੁਸ਼ਾਕ ਪਹਿਨੀ ਹੋਈ ਹੈ !2ਤੂੰ ਚਾਨਣ ਨੂੰ ਪੁਸ਼ਾਕ ਵਾਂਗੂੰ ਹੈਂ, ਤੂੰ ਅਕਾਸ਼ ਨੂੰ ਪੜਦੇ ਵਾਂਗੂੰ ਤਾਣਦਾ ਹੈਂ, —3ਤੂੰ ਜੋ ਆਪਣੇ ਚੁਬਾਰਿਆਂ ਦੇ ਸ਼ਤੀਰਾਂ ਨੂੰ ਪਾਣੀਆਂ ਉੱਤੇ ਬੀੜਦਾ ਹੈਂ, ਜੋ ਘਟਾ ਨੂੰ ਆਪਣੇ ਰਥ ਬਣਾਉਂਦਾ ਹੈਂ, ਅਤੇ ਹਵਾ ਦੇ ਪਰਾਂ ਉੱਤੇ ਸੈਲ ਕਰਦਾ ਹੈਂ,

4ਤੂੰ ਹਵਾਵਾਂ ਨੂੰ ਆਪਣੇ ਹਲਕਾਰੇ, ਅਤੇ ਅੱਗ ਦੀਆਂ ਲਾਟਾਂ ਨੂੰ ਆਪਣੇ ਸੇਵਕ ਬਣਾਉਂਦਾ ਹੈਂ ।5ਤੂੰ ਧਰਤੀ ਦੀ ਨੀਂਹ ਨੂੰ ਕਾਇਮ ਕੀਤਾ, ਕਿ ਉਹ ਸਦਾ ਤੱਕ ਅਟੱਲ ਰਹੇ ।
6ਤੂੰ ਉਹ ਨੂੰ ਡੂੰਘਿਆਈ ਨਾਲ ਇਉਂ ਕੱਜਿਆ ਜਿਵੇਂ ਪੁਸ਼ਾਕ ਨਾਲ, ਪਾਣੀ ਪਹਾੜਾਂ ਦੇ ਉੱਪਰ ਖਲੋ ਗਏ ।7ਓਹ ਤੇਰੇ ਨਾਲ ਦਬਕੇ ਨਾਲ ਨੱਠ ਗਏ, ਉਹ ਤੇਰੀ ਗੜ੍ਹਕ ਦੀ ਅਵਾਜ਼ ਤੋਂ ਸ਼ਤਾਬੀ ਭੱਜੇ,
8ਉਸ ਥਾਂ ਨੂੰ ਜਿਸ ਦੀ ਤੂੰ ਨੀਂਹ ਰੱਖੀ ਹੋਈ ਸੀ ― ਪਹਾੜ ਉਤਾਂਹ ਚੜ੍ਹੇ, ਦੂਣਾ ਹੇਠਾਂ ਉੱਤਰੀਆਂ ―9ਤੂੰ ਉਨ੍ਹਾਂ ਲਈ ਇੱਕ ਹੱਦ ਠਹਿਰਾ ਰੱਖੀ ਹੈ ਕਿ ਓਹ ਅੱਗੇ ਨਾ ਲੰਘਣ, ਅਤੇ ਨਾ ਹੀ ਮੁੜ ਕੇ ਧਰਤੀ ਨੂੰ ਢੱਕ ਲੈਣ ।
10ਤੂੰ ਚਸ਼ਮੇਂ ਵਾਦੀਆਂ ਵਿੱਚ ਵਗਾਉਂਦਾ ਹੈਂ, ਓਹ ਪਹਾੜਾਂ ਵਿੱਚ ਵੀ ਚੱਲਦੇ ਹਨ ।11ਰੜ ਦੇ ਜਾਨਵਰ ਉਨ੍ਹਾਂ ਤੋਂ ਪੀਂਦੇ ਹਨ, ਜੰਗਲੀ ਖੋਤੇ ਵੀ ਆਪਣੀ ਤੇਹ ਬੁਝਾਉਂਦੇ ਹਨ ।12ਉਨ੍ਹਾਂ ਦੇ ਲਾਗੇ ਅਕਾਸ਼ ਦੇ ਪੰਖੇਰੂ ਵਸੇਰਾ ਕਰਦੇ ਹਨ, ਅਤੇ ਟਹਿਣੀਆਂ ਤੋਂ ਬੋਲਦੇ ਹਨ ।
13ਤੂੰ ਆਪਣਿਆਂ ਚੁਬਾਰਿਆਂ ਤੋਂ ਪਹਾੜਾਂ ਨੂੰ ਸਿੰਜਦਾ ਹੈਂ, ਅਤੇ ਤੇਰੇ ਕੰਮਾਂ ਦੇ ਫਲ ਨਾਲ ਧਰਤੀ ਰੱਜਦੀ ਹੈ ।14ਤੂੰ ਡੰਗਰਾਂ ਲਈ ਘਾਹ ਅਤੇ ਇਨਸਾਨ ਦੀ ਸੇਵਾ ਲਈ ਸਾਗ ਪੱਤ ਉਗਾਉਂਦਾ ਹੈਂ, ਕਿ ਧਰਤੀ ਵਿਚੋਂ ਆਹਾਰ ਕੱਢੇਂ,15ਦਾਖ਼ਰਸ ਜਿਹੜੀ ਇਨਸਾਨ ਦੇ ਦਿਲ ਨੂੰ ਅਨੰਦ ਕਰਦੀ ਹੈ, ਅਤੇ ਤੇਲ ਜਿਹੜਾ ਉਹ ਦੇ ਮੁਖੜੇ ਨੂੰ ਚਮਕਾਉਂਦਾ ਹੈ, ਨਾਲੇ ਰੋਟੀ ਜਿਹੜੀ ਇਨਸਾਨ ਦੇ ਦਿਲ ਨੂੰ ਤਕੜਿਆਂ ਕਰਦੀ ਹੈ ।
16ਯਹੋਵਾਹ ਦੇ ਰੁੱਖ ਤ੍ਰਿਪਤ ਰਹਿੰਦੇ, ਲਬਾਨੋਨ ਦੇ ਦਿਆਰ ਜਿਹੜੇ ਉਸ ਨੇ ਲਾਏ,17ਜਿੱਥੇ ਚਿੜੀਆਂ ਆਪਣੇ ਆਹਲਣੇ ਬਣਾਉਂਦੀਆਂ ਹਨ, ਅਤੇ ਲੰਮਢੀਂਗ ਦਾ ਘਰ ਚੀਲ ਦੇ ਰੁੱਖਾਂ ਉੱਤੇ ਹੈ ।18ਉੱਚੇ ਪਹਾੜ ਬਣ ਬੱਕਰਿਆਂ ਲਈ ਹਨ, ਢਿਗਾਂ ਪਹਾੜੀ ਸਹਿਆਂ ਲਈ ਓਟ ਹਨ ।
19ਉਹ ਨੇ ਚੰਦ ਨੂੰ ਥਿਤਾਂ ਲਈ ਬਣਾਇਆ, ਸੂਰਜ ਆਪਣੇ ਡੁੱਬਣ ਦਾ ਵੇਲਾ ਜਾਣਦਾ ਹੈ ।20ਤੂੰ ਅਨ੍ਹੇਰਾ ਕਰਦਾ ਹੈਂ ਅਤੇ ਰਾਤ ਹੋ ਜਾਂਦੀ ਹੈ, ਤਦ ਸਾਰੇ ਬਣਚਰ ਦੱਬੀਂ ਪੈਰੀਂ ਨਿੱਕਲਦੇ ਹਨ ।
21ਜੁਆਨ ਬੱਬਰ ਸ਼ੇਰ ਸ਼ਿਕਾਰ ਲਈ ਗੱਜਦੇ ਹਨ, ਅਤੇ ਪਰਮੇਸ਼ੁਰ ਕੋਲੋਂ ਆਪਣਾ ਅਹਾਰ ਮੰਗਦੇ ਹਨ,22ਸੂਰਜ ਚੜਦੇ ਹੀ ਓਹ ਖਿਸਕ ਜਾਂਦੇ ਹਨ, ਅਤੇ ਆਪਣਿਆਂ ਘੁਰਨਿਆਂ ਵਿੱਚ ਜਾ ਬਹਿੰਦੇ ਹਨ ।
23ਇਨਸਾਨ ਆਪਣੇ ਕੰਮ ਧੰਧੇ ਨੂੰ ਨਿੱਕਲਦਾ ਹੈ, ਅਤੇ ਆਪਣੀ ਮਿਹਨਤ ਮਜ਼ਦੂਰੀ ਸ਼ਾਮਾਂ ਤੋੜੀ ਕਰਦਾ ਹੈ ।24ਹੇ ਯਹੋਵਾਹ, ਤੇਰੇ ਕੰਮ ਕੇਡੇ ਢੇਰ ਸਾਰੇ ਹਨ ! ਤੂੰ ਇਨ੍ਹਾਂ ਸਾਰਿਆਂ ਨੂੰ ਬੁੱਧੀ ਨਾਲ ਸਾਜਿਆ ਹੈ, ਧਰਤੀ ਤੇਰੀਆਂ ਰਚਨਾਂ ਨਾਲ ਭਰੀ ਹੋਈ ਹੈ !
25ਉੱਥੇ ਸਮੁੰਦਰ ਵੱਡਾ ਤੇ ਚੌੜਾ ਹੈ, ਜਿੱਥੇ ਭੁੜਕਣ ਵਾਲੇ ਅਣਗਿਣਤ ਹਨ, ਓਹ ਨਿੱਕੇ ਨਿੱਕੇ ਤੇ ਵੱਡੇ-ਵੱਡੇ ਜੀਵ ਹਨ !26ਉੱਥੇ ਜਹਾਜ਼ ਚੱਲਦੇ ਹਨ, ਅਤੇ ਤੂੰ ਲਿਵਯਾਥਾਨ ਨੂੰ ਉਹ ਦੇ ਖੇਡਣ ਲਈ ਰਚਿਆ ।
27ਏਹ ਸਾਰੇ ਤੇਰੀ ਉਡੀਕ ਵਿੱਚ ਹਨ, ਕਿ ਤੂੰ ਵੇਲੇ ਸਿਰ ਉਨ੍ਹਾਂ ਦਾ ਅਹਾਰ ਪਹੁੰਚਾਵੇਂ ।28ਤੂੰ ਉਨ੍ਹਾਂ ਨੂੰ ਦਿੰਦਾ ਹੈਂ, ਓਹ ਚੁਗ ਲੈਂਦੇ ਹਨ, ਤੂੰ ਆਪਣੀ ਮੁੱਠੀ ਖੋਲ੍ਹਦਾ ਹੈਂ, ਓਹ ਪਦਾਰਥਾਂ ਨਾਲ ਰੱਜ ਜਾਂਦੇ ਹਨ ।
29ਤੂੰ ਆਪਣਾ ਮੁਖੜਾ ਲੁਕਾਉਂਦਾ ਹੈਂ, ਓਹ ਘਾਬਰ ਜਾਂਦੇ ਹਨ, ਤੂੰ ਉਨ੍ਹਾਂ ਦਾ ਸਾਹ ਕੱਢ ਲੈਂਦਾ ਹੈਂ, ਓਹ ਪ੍ਰਾਣ ਤਿਆਗਦੇ, ਅਤੇ ਮੁੜ ਆਪਣੀ ਮਿੱਟੀ ਵਿੱਚ ਰਲ ਜਾਂਦੇ ਹਨ ।30ਤੂੰ ਆਪਣਾ ਆਤਮਾ ਭੇਜਦਾ ਹੈਂ, ਓਹ ਉਤਪੰਨ ਹੋ ਜਾਂਦੇ ਹਨ, ਅਤੇ ਤੂੰ ਜ਼ਮੀਨ ਨੂੰ ਨਵਾਂ ਬਣਾ ਦਿੰਦਾ ਹੈਂ ।
31ਯਹੋਵਾਹ ਦਾ ਪਰਤਾਪ ਸਦਾ ਲਈ ਹੋਵੇ, ਯਹੋਵਾਹ ਆਪਣੇ ਕੰਮਾਂ ਤੋਂ ਅਨੰਦ ਹੋਵੇ, —32ਜੋ ਧਰਤੀ ਵੱਲ ਨਿਗਾਹ ਮਾਰਦਾ ਹੈ ਅਤੇ ਉਹ ਕੰਬ ਉੱਠਦੀ ਹੈ, ਉਹ ਪਹਾੜਾਂ ਨੂੰ ਟੁੰਬਦਾ ਹੈ ਅਤੇ ਧੂੰਆਂ ਨਿੱਕਲਦਾ ਹੈ !
33ਮੈਂ ਜੀਵਨ ਭਰ ਯਹੋਵਾਹ ਨੂੰ ਗਾਵਾਂਗਾ, ਜਿੰਨਾ ਚਿਰ ਮੈਂ ਰਹਾਂਗਾ ਮੈਂ ਆਪਣੇ ਪਰਮੇਸ਼ੁਰ ਲਈ ਭਜਨ ਗਾਵਾਂਗਾ !34ਮੇਰਾ ਧਿਆਨ ਉਹ ਨੂੰ ਭਾਵੇ, ਮੈਂ ਯਹੋਵਾਹ ਵਿੱਚ ਮਗਨ ਰਹਾਂਗਾ ।
35ਪਾਪੀ ਧਰਤੀ ਤੋਂ ਮਿਟ ਜਾਣ, ਅਤੇ ਦੁਸ਼ਟ ਬਾਕੀ ਨਾ ਰਹਿਣ ! ਹੇ ਮੇਰੀ ਜਾਨ, ਯਹੋਵਾਹ ਨੂੰ ਮੁਬਾਰਕ ਆਖ, ਹਲਲੂਯਾਹ ! ।

105
ਪਰਮੇਸ਼ੁਰ ਅਤੇ ਉਸ ਦੇ ਲੋਕ
(1 ਇਤਹਾਸ 16:8-22)

1ਯਹੋਵਾਹ ਦਾ ਧੰਨਵਾਦ ਕਰੋ, ਉਹ ਦਾ ਨਾਮ ਲੈ ਕੇ ਪੁਕਾਰੋ, ਲੋਕਾਂ ਵਿੱਚ ਉਹ ਦੇ ਕਾਰਜਾਂ ਨੂੰ ਪਰਗਟ ਕਰੋ !2ਉਹ ਨੂੰ ਗਾਓ, ਉਸ ਲਈ ਭਜਨ ਗਾਓ, ਉਹ ਦੇ ਸਾਰੇ ਅਚਰਜ ਕੰਮਾਂ ਉੱਤੇ ਧਿਆਨ ਕਰੋ !3ਉਹ ਦੇ ਪਵਿੱਤਰ ਨਾਮ ਵਿੱਚ ਫਖਰ ਕਰੋ, ਯਹੋਵਾਹ ਦੇ ਤਾਲੀਬਾਂ ਦੇ ਮਨ ਅਨੰਦ ਹੋਣ !

4ਯਹੋਵਾਹ ਤੇ ਉਹ ਦੇ ਸਮਰੱਥ ਦੀ ਭਾਲ ਕਰੋ, ਉਹ ਦੇ ਦਰਸ਼ਣ ਨੂੰ ਲਗਾਤਾਰ ਲੋਚੋ ।5ਉਹ ਦੇ ਅਚਰਜ ਕੰਮਾਂ ਨੂੰ ਜਿਹੜੇ ਉਹ ਨੇ ਕੀਤੇ ਹਨ ਚੇਤੇ ਰੱਖੋ, ਉਹ ਦੇ ਅਚੰਭਿਆਂ ਨੂੰ ਅਤੇ ਉਹ ਦੇ ਮੂੰਹ ਦੇ ਨਿਆਵਾਂ ਨੂੰ ਵੀ ।6ਹੇ ਉਹ ਦੇ ਦਾਸ ਅਬਰਾਹਾਮ ਦੀ ਨਸਲ, ਹੇ ਯਾਕੂਬ ਵੰਸਿਓ, ਉਹ ਦੇ ਚੁਣੇ ਹੋਏ ਲੋਕੋ,
7ਉਹੋ ਯਹੋਵਾਹ ਸਾਡਾ ਪਰਮੇਸ਼ੁਰ ਹੈ, ਸਾਰੀ ਧਰਤੀ ਵਿੱਚ ਉਹ ਦੇ ਨਿਆਂ ਹਨ !8ਉਹ ਨੇ ਆਪਣੇ ਨੇਮ ਨੂੰ ਸਦਾ ਚੇਤੇ ਰੱਖਿਆ ਹੈ, ਉਸ ਬਚਨ ਨੂੰ ਜਿਹ ਦਾ ਉਸ ਹਜ਼ਾਰਾਂ ਪੀੜ੍ਹੀਆਂ ਲਈ ਹੁਕਮ ਕੀਤਾ,
9ਜਿਹੜਾ ਉਹ ਨੇ ਅਬਰਾਹਾਮ ਨਾਲ ਬੰਨ੍ਹਿਆ, ਨਾਲੇ ਇਸਹਾਕ ਨਾਲ ਉਹ ਦੀ ਸਹੁੰ ਨੂੰ,10ਅਤੇ ਉਹ ਨੇ ਯਾਕੂਬ ਲਈ ਬਿਧੀ ਕਰਕੇ ਅਤੇ ਇਸਰਾਏਲ ਲਈ ਅਨੰਤ ਨੇਮ ਕਰਕੇ ਉਹ ਨੂੰ ਦ੍ਰਿੜ ਕੀਤਾ,11ਅਤੇ ਆਖਿਆ, ਮੈਂ ਕਨਾਨ ਦਾ ਦੇਸ ਤੈਨੂੰ ਦਿਆਂਗਾ, ਏਹ ਤੁਹਾਡੀ ਮਿਲਖ ਦਾ ਹਿੱਸਾ ਹੈ,
12ਜਦ ਓਹ ਗਿਣਤੀ ਵਿੱਚ ਥੋੜੇ ਹੀ ਸਨ, ਸਗੋਂ ਬਹੁਤ ਹੀ ਥੋੜੇ ਅਤੇ ਉਸ ਵਿੱਚ ਪਰਦੇਸੀ ਵੀ ਸਨ,13ਅਤੇ ਓਹ ਕੌਮ-ਕੌਮ ਵਿੱਚ, ਅਤੇ ਇੱਕ ਰਾਜ ਤੋਂ ਦੂਜੀ ਉੱਮਤ ਵਿੱਚ ਫਿਰਦੇ ਰਹੇ ।
14ਉਹ ਨੇ ਕਿਸੇ ਨੂੰ ਉਨ੍ਹਾਂ ਉੱਤੇ ਅਨ੍ਹੇਰ ਨਾ ਕਰਨ ਦਿੱਤਾ, ਅਤੇ ਉਨ੍ਹਾਂ ਦੇ ਕਾਰਨ ਰਾਜਿਆਂ ਨੂੰ ਝਿੜਕਿਆ, —15ਕਿ ਮੇਰੇ ਮਸਹ ਕੀਤੇ ਹੋਇਆਂ ਨੂੰ ਨਾ ਛੂਹੋ, ਨਾ ਮੇਰੇ ਨਬੀਆਂ ਦੀ ਹਾਣ ਕਰੋ !
16ਤਾਂ ਉਹ ਨੇ ਧਰਤੀ ਉੱਤੇ ਕਾਲ ਪਾ ਦਿੱਤਾ, ਅਤੇ ਰੋਟੀ ਦਾ ਸਾਰਾ ਆਸਰਾ ਭੰਨ ਸੁੱਟਿਆ ।17ਉਹ ਨੇ ਉਨ੍ਹਾਂ ਦੇ ਅੱਗੇ ਇੱਕ ਮਨੁੱਖ ਭੇਜਿਆ, ਯੂਸੁਫ਼ ਦਾਸ ਕਰਕੇ ਵੇਚਿਆ ਗਿਆ ।
18ਉਨ੍ਹਾਂ ਨੇ ਉਹ ਦੇ ਪੈਰਾਂ ਨੂੰ ਬੇੜੀਆਂ ਨਾਲ ਦੁੱਖ ਦਿੱਤਾ, ਉਹ ਲੋਹੇ ਵਿੱਚ ਜਕੜਿਆ ਗਿਆ,19ਉਸ ਵੇਲੇ ਤੱਕ ਕਿ ਉਹ ਦਾ ਬਚਨ ਪੂਰਾ ਹੋ ਗਿਆ, ਯਹੋਵਾਹ ਦਾ ਸ਼ਬਦ ਉਹ ਨੂੰ ਪਰਖਦਾ ਰਿਹਾ ।
20ਰਾਜੇ ਨੇ ਹੁਕਮ ਭੇਜ ਕੇ ਉਨ੍ਹਾਂ ਨੂੰ ਖੋਲ ਦਿੱਤਾ, ਰਈਯਤਾਂ ਦੇ ਹਾਕਮ ਨੇ ਉਹ ਨੂੰ ਆਜ਼ਾਦ ਕੀਤਾ ।21ਉਸ ਨੇ ਉਹ ਨੂੰ ਆਪਣੇ ਘਰ ਦਾ ਮਾਲਕ, ਅਤੇ ਆਪਣੀ ਸਾਰੀ ਮਿਲਖ ਦਾ ਹਾਕਮ ਠਹਿਰਾਇਆ,22ਕਿ ਉਹ ਆਪਣੀ ਮਰਜੀ ਨਾਲ ਉਸ ਦੇ ਸਰਦਾਰਾਂ ਨੂੰ ਬੰਨ੍ਹ ਲਵੇ, ਅਤੇ ਉਸ ਦੇ ਬਜੁਰਗਾਂ ਨੂੰ ਮੱਤ ਸਿਖਾਵੇ ।23ਇਸਰਾਏਲ ਮਿਸਰ ਵਿੱਚ ਗਿਆ, ਅਤੇ ਯਾਕੂਬ ਹਾਮ ਦੇ ਦੇਸ ਵਿੱਚ ਪਰਦੇਸੀ ਰਿਹਾ ।
24ਉਹ ਨੇ ਆਪਣੀ ਪਰਜਾ ਨੂੰ ਬਹੁਤ ਫਲਵੰਤ ਬਣਾਇਆ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਵਿਰੋਧੀਆਂ ਤੋਂ ਬਲਵੰਤ ਕੀਤਾ ।25ਉਹ ਨੇ ਉਨ੍ਹਾਂ ਦੇ ਦਿਲ ਫੇਰ ਦਿੱਤੇ, ਕਿ ਓਹ ਉਹ ਦੀ ਪਰਜਾ ਤੋਂ ਘਿਣ ਕਰਨ ਅਤੇ ਉਹ ਦੇ ਦਾਸਾਂ ਨਾਲ ਚਲਾਕੀ ਕਰਨ ।26ਉਹ ਨੇ ਆਪਣੇ ਦਾਸ ਮੂਸਾ ਨੂੰ ਭੇਜਿਆ, ਅਤੇ ਹਾਰੂਨ ਨੂੰ ਜਿਹ ਨੂੰ ਉਹ ਨੇ ਚੁਣਿਆ ਸੀ ।27ਓਹਨਾਂ ਨੇ ਉਨ੍ਹਾਂ ਵਿੱਚ ਉਹ ਦੇ ਨਿਸ਼ਾਨ, ਅਤੇ ਹਾਮ ਦੇ ਦੇਸ ਵਿੱਚ ਅਚਰਜ ਕੰਮ ਵਿਖਾਏ ।
28ਉਹ ਨੇ ਅਨ੍ਹੇਰ ਭੇਜਿਆ ਤਾਂ ਅਨ੍ਹੇਰਾ ਘੁੱਪ ਹੋ ਗਿਆ, ਓਹ ਉਹ ਦੇ ਬਚਨਾਂ ਤੋਂ ਆਕੀ ਨਾ ਹੋਏ ।29ਉਹ ਨੇ ਉਨ੍ਹਾਂ ਦੇ ਪਾਣੀਆਂ ਨੂੰ ਲਹੂ ਬਣਾ ਦਿੱਤਾ ਅਤੇ ਉਨ੍ਹਾਂ ਦੀਆਂ ਮੱਛੀਆਂ ਨੂੰ ਮਾਰ ਸੁੱਟਿਆ ।30ਉਨ੍ਹਾਂ ਦੀ ਧਰਤੀ ਵਿਚੋਂ ਡੱਡੂ ਕਟਕਾਂ ਦੇ ਕਟਕ ਨਿੱਕਲ ਪਏ, ਸਗੋਂ ਉਨ੍ਹਾਂ ਦੇ ਰਾਜੇ ਦੀਆਂ ਕੋਠੜੀਆਂ ਵਿੱਚ ਵੀ !
31ਉਹ ਨੇ ਹੁਕਮ ਦਿੱਤਾ ਤਾਂ ਮੱਖਾਂ ਦੇ ਝੁੰਡ ਆ ਗਏ, ਅਤੇ ਉਨ੍ਹਾਂ ਦੀਆਂ ਸਾਰੀਆਂ ਹੱਦਾਂ ਵਿੱਚ ਜੂੰਆਂ ਵੀ ।32ਉਹ ਨੇ ਗੜਿਆਂ ਦੀ ਬੁਛਾੜ ਦਿੱਤੀ, ਅਤੇ ਉਨ੍ਹਾਂ ਦੇ ਦੇਸ ਵਿੱਚ ਅੱਗ ਦੀਆਂ ਲੰਬਾਂ ।33ਉਹ ਨੇ ਉਨ੍ਹਾਂ ਦੇ ਅੰਗੂਰ ਅਤੇ ਹਜੀਰਾਂ ਮਾਰ ਦਿੱਤੀਆਂ, ਅਤੇ ਉਨ੍ਹਾਂ ਦੀਆਂ ਹੱਦਾਂ ਦੇ ਬਿਰਛ ਭੰਨ ਸੁੱਟੇ ।
34ਉਹ ਨੇ ਹੁਕਮ ਦਿੱਤਾ ਤਾਂ ਸਲਾ ਆ ਗਈ, ਅਤੇ ਟੋਕਾ ਅਣਗਿਣਤ ਸੀ ।35ਓਹਨਾਂ ਨੇ ਉਨ੍ਹਾਂ ਦੀ ਧਰਤੀ ਦਾ ਸਾਰਾ ਸਾਗ ਪੱਤ ਖਾ ਲਿਆ, ਅਤੇ ਉਨ੍ਹਾਂ ਦੀ ਜ਼ਮੀਨ ਦੇ ਫਲ ਵੀ ਖਾ ਲਏ ।36ਉਹ ਨੇ ਉਨ੍ਹਾਂ ਦੇ ਦੇਸ ਦੇ ਸਾਰੇ ਜੇਠੇ ਮਾਰ ਦਿੱਤੇ, ਉਨ੍ਹਾਂ ਦੇ ਸਾਰੇ ਬਲ ਦੇ ਪਹਿਲੇ ਫਲ ਵੀ ।
37ਉਹ ਚਾਂਦੀ ਅਤੇ ਸੋਨੇ ਨਾਲ ਉਨ੍ਹਾਂ ਨੂੰ ਬਾਹਰ ਕੱਢ ਲਿਆਇਆ, ਓਹਨਾਂ ਦੇ ਗੋਤਾਂ ਵਿੱਚ ਕੋਈ ਡਗਮਗਾਉਣ ਵਾਲਾ ਨਾ ਸੀ ।38ਮਿਸਰੀ ਓਹਨਾਂ ਦੇ ਨਿੱਕਲ ਜਾਣ ਵਿੱਚ ਅਨੰਦ ਸਨ, ਕਿਉਂ ਜੋ ਉਹਨਾਂ ਦਾ ਭੈ ਉਨ੍ਹਾਂ ਉੱਤੇ ਆ ਪਿਆ ਸੀ ।39ਉਹ ਨੇ ਪੜਦੇ ਲਈ ਬੱਦਲ ਤਾਣਿਆ, ਅਤੇ ਰਾਤ ਨੂੰ ਚਾਨਣ ਦੇਣ ਲਈ ਅੱਗ ਦਿੱਤੀ ।
40ਓਹਨਾਂ ਦੇ ਮੰਗਣ ਤੇ ਉਹ ਬਟਰ ਲੈ ਆਇਆ, ਅਤੇ ਓਹਨਾਂ ਨੂੰ ਸਵਰਗੀ ਰੋਟੀ ਨਾਲ ਰਜਾਇਆ ।41ਉਹ ਨੇ ਚੱਟਾਨ ਨੂੰ ਖੋਲ੍ਹਿਆ ਤਾਂ ਪਾਣੀ ਫੁੱਟ ਨਿੱਕਲੇ, ਓਹ ਥਲਾਂ ਵਿੱਚ ਨਦੀ ਵਾਂਗੂੰ ਵਗ ਤੁਰੇ,42ਕਿਉਂ ਜੋ ਉਹ ਨੇ ਆਪਣੇ ਪਵਿੱਤਰ ਬਚਨ ਨੂੰ ਅਤੇ ਆਪਣੇ ਦਾਸ ਅਬਰਾਹਾਮ ਨੂੰ ਚੇਤੇ ਰੱਖਿਆ ।
43ਉਹ ਆਪਣੀ ਪਰਜਾ ਨੂੰ ਖੁਸ਼ੀ ਵਿੱਚ, ਅਤੇ ਆਪਣੇ ਚੁਣੇ ਹੋਇਆਂ ਨੂੰ ਜੈਕਾਰਿਆਂ ਨਾਲ ਬਾਹਰ ਲੈ ਆਇਆ ।44ਉਹ ਨੇ ਓਹਨਾਂ ਨੂੰ ਕੌਮਾਂ ਦੇ ਦੇਸ ਅਤੇ ਉੱਮਤਾਂ ਦੀ ਕਮਾਈ ਓਹਨਾਂ ਨੂੰ ਮਿਲਖ ਵਿੱਚ ਦਿੱਤੀ,45ਕਿ ਓਹ ਉਹ ਦੀਆਂ ਬਿਧੀਆਂ ਦੀਆਂ ਪਾਲਣਾ ਕਰਨ, ਅਤੇ ਉਹ ਦੀ ਬਿਵਸਥਾ ਨੂੰ ਵਿਚਾਰਨ । ਹਲਲੂਯਾਹ ! ।

106
ਪਰਮੇਸ਼ੁਰ ਦੀ ਭਲਾਈ ਅਤੇ ਇਸਰਾਏਲ ਦਾ ਵਿਦਰੋਹ

1ਹਲਲੂਯਾਹ ! ਯਹੋਵਾਹ ਦਾ ਧੰਨਵਾਦ ਕਰੋ ਕਿ ਉਹ ਭਲਾ ਹੈ, ਅਤੇ ਉਹ ਦੀ ਦਯਾ ਸਦੀਪਕ ਹੈ !2ਯਹੋਵਾਹ ਦੀਆਂ ਸ਼ਕਤੀਆਂ ਨੂੰ ਕੌਣ ਵਰਣਨ ਕਰ ਸਕਦਾ ਹੈ ? ਕੌਣ ਉਹ ਦੀ ਸਾਰੀ ਉਸਤਤ ਸੁਣਾ ਸਕਦਾ ਹੈ ?

3ਧੰਨ ਓਹ ਜਿਹੜੇ ਨਿਆਂ ਦੀ ਪਾਲਣਾ ਕਰਦੇ ਹਨ, ਅਤੇ ਉਹ ਜਿਹੜਾ ਹਰ ਵੇਲੇ ਧਰਮ ਕਮਾਉਂਦਾ ਹੈ !4ਹੇ ਯਹੋਵਾਹ, ਆਪਣੀ ਪਰਜਾ ਦੇ ਪੱਖਪਾਤ ਵਿੱਚ ਮੈਨੂੰ ਚੇਤੇ ਰੱਖ, ਆਪਣੇ ਬਚਾਓ ਨਾਲ ਮੇਰੀ ਸੁੱਧ ਲੈ,5ਕਿ ਮੈਂ ਤੇਰੇ ਚੁਣੇ ਹੋਇਆਂ ਦੀ ਭਲਿਆਈ ਵੇਖਾਂ, ਤੇਰੀ ਕੌਮ ਦੀ ਖੁਸ਼ੀ ਵਿੱਚ ਅਨੰਦ ਹੋਵਾਂ, ਅਤੇ ਤੇਰੀ ਮਿਲਖ ਦੇ ਨਾਲ ਫਖਰ ਕਰਾਂ ! ।
6ਅਸੀਂ ਆਪਣੇ ਪਿਉ-ਦਾਦਿਆਂ ਜਿਹੇ ਪਾਪ ਕੀਤੇ, ਅਸੀਂ ਬਦੀ ਅਤੇ ਦੁਸ਼ਟਪੁਣਾ ਕੀਤਾ ।7ਸਾਡੇ ਪਿਉ-ਦਾਦਿਆਂ ਨੇ ਮਿਸਰ ਵਿੱਚ ਤੇਰੇ ਅਚਰਜਾਂ ਨੂੰ ਨਾ ਸਮਝਿਆ, ਨਾ ਤੇਰੀਆਂ ਬਹੁਤੀਆਂ ਦਿਆਲਗੀਆਂ ਨੂੰ ਚੇਤੇ ਰੱਖਿਆ, ਪਰ ਓਹ ਸਮੁੰਦਰ ਅਰਥਾਤ ਲਾਲ ਸਮੁੰਦਰ ਉੱਤੇ ਆਕੀ ਹੋ ਗਏ ।
8ਤਾਂ ਵੀ ਉਹ ਨੇ ਆਪਣੇ ਨਾਮ ਦੇ ਕਾਰਨ ਉਨ੍ਹਾਂ ਨੂੰ ਬਚਾਇਆ, ਕਿ ਉਹ ਆਪਣੀ ਸ਼ਕਤੀ ਵਿਖਾਵੇ ।9ਉਹ ਨੇ ਲਾਲ ਸਮੁੰਦਰ ਨੂੰ ਦਬਕਾ ਦਿੱਤਾ ਅਤੇ ਉਹ ਸੁੱਕ ਗਿਆ, ਅਤੇ ਉਹ ਨੇ ਉਨ੍ਹਾਂ ਨੂੰ ਡੂੰਘਿਆਈਆਂ ਦੇ ਵਿਚੋਂ ਦੀ ਜਿਵੇਂ ਉਜਾੜ ਦੇ ਵਿਚੋਂ ਦੀ ਲੰਘਾਇਆ,
10ਅਤੇ ਉਹ ਨੇ ਉਨ੍ਹਾਂ ਨੂੰ ਦੁਸ਼ਮਨ ਦੇ ਹੱਥੋਂ ਬਚਾਇਆ, ਅਤੇ ਵੈਰੀ ਦੇ ਹੱਥੋਂ ਛੁਡਾਇਆ ।11ਪਾਣੀਆਂ ਨੇ ਉਨ੍ਹਾਂ ਦੇ ਵਿਰੋਧੀਆਂ ਨੂੰ ਢੱਕ ਲਿਆ, ਉਨ੍ਹਾਂ ਵਿਚੋਂ ਇੱਕ ਵੀ ਨਾ ਬਚਿਆ !12ਉਨ੍ਹਾਂ ਨੇ ਉਹ ਦੀਆਂ ਗੱਲਾਂ ਨੂੰ ਸੱਚ ਮੰਨਿਆ, ਉਨ੍ਹਾਂ ਨੇ ਉਹ ਦੀ ਉਸਤਤ ਦਾ ਗੀਤ ਗਾਇਆ ।
13ਓਹ ਉਹ ਦੇ ਕੰਮਾਂ ਨੂੰ ਛੇਤੀ ਹੀ ਭੁੱਲ ਗਏ, ਉਨ੍ਹਾਂ ਨੇ ਉਹ ਦੀ ਸਲਾਹ ਦੀ ਉਡੀਕ ਨਾ ਕੀਤੀ ।14ਉਨ੍ਹਾਂ ਨੇ ਉਜਾੜ ਵਿੱਚ ਵੱਡੀ ਹਿਰਸ ਕੀਤੀ, ਅਤੇ ਥਲ ਵਿੱਚ ਪਰਮੇਸ਼ੁਰ ਨੂੰ ਪਰਤਾਇਆ,15ਤਾਂ ਉਹ ਨੇ ਉਨ੍ਹਾਂ ਦੀ ਮੰਗ ਪੂਰੀ ਕੀਤੀ, ਪਰ ਉਨ੍ਹਾਂ ਦੀਆਂ ਜਾਨਾਂ ਨੂੰ ਲਿੱਸਿਆਂ ਨਾ ਕੀਤਾ ।
16ਡੇਰੇ ਵਿੱਚ ਓਹ ਮੂਸਾ, ਅਤੇ ਯਹੋਵਾਹ ਦੇ ਭਗਤ ਹਾਰੂਨ ਉੱਤੇ ਸੜੇ,17ਧਰਤੀ ਖੁੱਲ੍ਹ ਗਈ ਅਤੇ ਦਾਥਾਨ ਨੂੰ ਨਿਗਲ ਲਿਆ, ਅਤੇ ਅਬੀਰਾਮ ਦੀ ਟੋਲੀ ਨੂੰ ਢੱਕ ਲਿਆ,18ਤਾਂ ਅੱਗ ਉਨ੍ਹਾਂ ਦੀ ਟੋਲੀ ਵਿੱਚ ਫੁੱਟ ਨਿੱਕਲੀ, ਅਤੇ ਲੰਬ ਨੇ ਦੁਸ਼ਟਾਂ ਨੂੰ ਭਸਮ ਕੀਤਾ ।
19ਹੋਰੇਬ ਵਿੱਚ ਉਨ੍ਹਾਂ ਨੇ ਇੱਕ ਵੱਛਾ ਬਣਾਇਆ, ਅਤੇ ਢਾਲੇ ਹੋਏ ਬੁੱਤ ਅੱਗੇ ਮੱਥਾ ਟੇਕਿਆ,20ਇਉਂ ਉਨ੍ਹਾਂ ਨੇ ਆਪਣੇ ਪਰਤਾਪ ਨੂੰ, ਘਾਹ ਖਾਣ ਵਾਲੇ ਬਲਦ ਦੇ ਰੂਪ ਨਾਲ ਬਦਲ ਲਿਆ !21ਓਹ ਆਪਣੇ ਬਚਾਉਣ ਵਾਲੇ ਪਰਮੇਸ਼ੁਰ ਨੂੰ ਭੁੱਲ ਗਏ, ਜਿਸ ਨੇ ਮਿਸਰ ਵਿੱਚ ਵੱਡੇ-ਵੱਡੇ ਕੰਮ ਕੀਤੇ,
22ਹਾਮ ਦੇ ਦੇਸ ਵਿੱਚ ਅਚਰਜ, ਅਤੇ ਲਾਲ ਸਮੁੰਦਰ ਉੱਤੇ ਭਿਆਣਕ ਕੰਮ !23ਤਾਂ ਓਸ ਆਖਿਆ ਕਿ ਮੈਂ ਉਨ੍ਹਾਂ ਦਾ ਨਾਸ ਕਰ ਸੁੱਟਦਾ, ਜੇ ਮੂਸਾ ਮੇਰਾ ਚੁਣਿਆ ਹੋਇਆ ਤੇੜ ਵਿੱਚ ਮੇਰੇ ਅੱਗੇ ਖੜ੍ਹਾ ਨਾ ਹੁੰਦਾ, ਕਿ ਮੇਰੇ ਕ੍ਰੋਧ ਨੂੰ ਨਾਸ ਕਰਨ ਤੋਂ ਮੋੜੇ ।
24ਫੇਰ ਉਨ੍ਹਾਂ ਨੇ ਉਸ ਮਨਭਾਉਂਦੇ ਦੇਸ ਨੂੰ ਤੁੱਛ ਜਾਤਾ, ਉਨ੍ਹਾਂ ਨੇ ਉਹ ਦੇ ਬਚਨ ਨੂੰ ਸੱਚ ਨਾ ਮੰਨਿਆ,25ਪਰ ਆਪਣੀਆਂ ਤੰਬੂਆਂ ਵਿੱਚ ਬੁੜ-ਬੁੜ ਕੀਤੀ, ਅਤੇ ਯਹੋਵਾਹ ਦੀ ਅਵਾਜ਼ ਨੂੰ ਨਾ ਸੁਣਿਆ ।
26ਤਾਂ ਉਹ ਨੇ ਉਨ੍ਹਾਂ ਲਈ ਸਹੁੰ ਖਾਧੀ, ਕਿ ਮੈਂ ਉਨ੍ਹਾਂ ਨੂੰ ਉਜਾੜ ਵਿੱਚ ਸੁੱਟ ਦਿਆਂਗਾ,27ਅਤੇ ਉਨ੍ਹਾਂ ਦੀ ਨਸਲ ਨੂੰ ਵੀ ਕੌਮਾਂ ਵਿੱਚ ਸੁੱਟਾਂਗਾ, ਅਤੇ ਉਨ੍ਹਾਂ ਨੂੰ ਦੇਸ ਵਿੱਚ ਖਿਲਾਰ ਦਿਆਂਗਾ ।
28ਉਨ੍ਹਾਂ ਨੇ ਬਆਲ ਪਓਰ ਨਾਲ ਆਪਣੇ ਆਪ ਨੂੰ ਜੋੜ ਦਿੱਤਾ, ਅਤੇ ਮੁਰਦਿਆਂ ਦੇ ਚੜਾਵਿਆਂ ਨੂੰ ਖਾਧਾ !29ਇਉਂ ਆਪਣੀਆਂ ਕਰਤੂਤਾਂ ਨਾਲ ਉਨ੍ਹਾਂ ਨੇ ਉਹ ਨੂੰ ਗੁੱਸੇ ਕੀਤਾ, ਅਤੇ ਮਰੀ ਉਨ੍ਹਾਂ ਵਿੱਚ ਫੁੱਟ ਪਈ ।
30ਤਾਂ ਫੀਨਹਾਸ ਵਿਚਕਾਰ ਖਲੋ ਗਿਆ, ਅਤੇ ਮਰੀ ਰੁਕ ਗਈ,31ਅਤੇ ਏਹ ਉਹ ਦੇ ਲਈ ਧਰਮ ਗਿਣਿਆ ਗਿਆ, ਪੀੜ੍ਹੀਓ ਪੀੜ੍ਹੀ ਸਦਾ ਲਈ ।
32ਫੇਰ ਉਨ੍ਹਾਂ ਨੇ ਮਰੀਬਾਹ ਦੇ ਪਾਣੀ ਉੱਤੇ ਉਹ ਦੇ ਗੁੱਸੇ ਨੂੰ ਭੜਕਾਇਆ, ਏਹ ਉਨ੍ਹਾਂ ਦੇ ਕਾਰਨ ਮੂਸਾ ਲਈ ਬੁਰਾ ਹੋਇਆ,33ਓਹ ਉਸ ਦੇ ਆਤਮਾ ਤੋਂ ਆਕੀ ਜੋ ਹੋ ਗਏ ਸਨ, ਤਾਂ ਈ ਉਸ ਨੇ ਆਪਣੇ ਬੁੱਲ੍ਹਾਂ ਤੋਂ ਕੁਵੱਲੀਆਂ ਗੱਲਾਂ ਕੱਢੀਆਂ ।34ਉਨ੍ਹਾਂ ਨੇ ਓਹਨਾਂ ਉੱਮਤਾਂ ਦਾ ਨਾਸ ਨਾ ਕੀਤਾ, ਜਿਨ੍ਹਾਂ ਲਈ ਯਹੋਵਾਹ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਸੀ,35ਸਗੋਂ ਓਹ ਓਹਨਾਂ ਵਿੱਚ ਰਲ ਗਏ ਅਤੇ ਉਨ੍ਹਾਂ ਨੇ ਓਹਨਾਂ ਦੇ ਕੰਮ ਸਿੱਖ ਲਏ,36ਅਤੇ ਓਹਨਾਂ ਦੇ ਬੁੱਤਾਂ ਦੀ ਪੂਜਾ ਕੀਤੀ, ਜਿਹੜੇ ਉਨ੍ਹਾਂ ਲਈ ਇੱਕ ਫਾਹੀ ਬਣ ਗਏ ।
37ਉਨ੍ਹਾਂ ਨੇ ਆਪਣੇ ਪੁੱਤਰਾਂ ਧੀਆਂ ਨੂੰ ਭੂਤਨਿਆ ਲਈ ਬਲੀਦਾਨ ਕੀਤਾ ।38ਉਨ੍ਹਾਂ ਨੇ ਨਿਰਦੋਸ਼ਾਂ ਦਾ ਲਹੂ, ਅਰਥਾਤ ਆਪਣੇ ਪੁੱਤਰਾਂ ਧੀਆਂ ਦਾ ਲਹੂ ਵਹਾਇਆ, ਜਿਨ੍ਹਾਂ ਨੂੰ ਉਨ੍ਹਾਂ ਨੇ ਕਨਾਨ ਦੇ ਬੁੱਤਾਂ ਲਈ ਬਲੀਦਾਨ ਕੀਤਾ,39ਓਹ ਆਪਣੇ ਕੰਮਾਂ ਵਿੱਚ ਭਰਿਸ਼ਟ ਹੋਏ, ਅਤੇ ਆਪਣੇ ਕਰਤੱਬੀਂ ਜ਼ਨਾਹਕਾਰ ਠਹਿਰੇ ।
40ਇਉਂ ਯਹੋਵਾਹ ਦਾ ਕ੍ਰੋਧ ਆਪਣੀ ਪਰਜਾ ਉੱਤੇ ਭੜਕ ਉੱਠਿਆ, ਅਤੇ ਉਹ ਨੇ ਆਪਣੀ ਮਿਰਾਸ ਤੋਂ ਘਿਣ ਕੀਤੀ ।41ਉਹ ਨੇ ਉਨ੍ਹਾਂ ਨੂੰ ਕੌਮਾਂ ਦੇ ਵੱਸ ਵਿੱਚ ਦੇ ਦਿੱਤਾ, ਕਿ ਉਨ੍ਹਾਂ ਦੇ ਦੁਸ਼ਮਨ ਉਨ੍ਹਾਂ ਉੱਤੇ ਹੁਕਮ ਕਰਨ ।
42ਉਨ੍ਹਾਂ ਦੇ ਵੈਰੀਆਂ ਨੇ ਉਨ੍ਹਾਂ ਨੂੰ ਸਤਾਇਆ, ਅਤੇ ਓਹ ਉਨ੍ਹਾਂ ਦੇ ਹੱਥਾਂ ਹੇਠ ਅਧੀਨ ਹੋ ਗਏ ।43ਬਹੁਤ ਵਾਰ ਉਸ ਨੇ ਉਨ੍ਹਾਂ ਨੂੰ ਛੁਡਾਇਆ, ਪਰ ਓਹ ਆਪਣੀਆਂ ਸਲਾਹਾਂ ਵਿੱਚ ਉਸ ਤੋਂ ਆਕੀ ਰਹੇ, ਓਹ ਆਪਣੀ ਬਦੀ ਦੇ ਕਾਰਨ ਹੀਣੇ ਹੋ ਗਏ ।
44ਜਾਂ ਉਹ ਨੇ ਉਨ੍ਹਾਂ ਦੀ ਫਰਿਆਦ ਸੁਣੀ, ਤਾਂ ਉਹ ਨੇ ਉਨ੍ਹਾਂ ਦੇ ਦੁੱਖ ਨੂੰ ਵੇਖਿਆ ।45ਉਹ ਨੇ ਉਨ੍ਹਾਂ ਲਈ ਆਪਣੇ ਨੇਮ ਨੂੰ ਚੇਤੇ ਕੀਤਾ, ਅਤੇ ਆਪਣੀ ਬੇਹੱਦ ਦਯਾ ਦੇ ਕਾਰਨ ਉਨ੍ਹਾਂ ਉੱਤੇ ਤਰਸ ਖਾਧਾ ।46ਉਨ੍ਹਾਂ ਦੇ ਬੰਧੂਏ ਬਣ ਉਣ ਵਾਲਿਆਂ ਦੇ ਅੱਗੇ ਉਹ ਨੇ ਉਨ੍ਹਾਂ ਨੂੰ ਰਹਮ ਦੁਵਾਇਆ ।
47ਹੇ ਯਹੋਵਾਹ ਸਾਡੇ ਪਰਮੇਸ਼ੁਰ, ਸਾਨੂੰ ਬਚਾ ਲੈ ! ਅਤੇ ਕੌਮਾਂ ਵਿਚੋਂ ਸਾਨੂੰ ਇਕੱਠੇ ਕਰ, ਕਿ ਅਸੀਂ ਤੇਰੇ ਪਵਿੱਤਰ ਨਾਮ ਦਾ ਧੰਨਵਾਦ ਕਰੀਏ, ਅਤੇ ਤੇਰੀ ਉਸਤਤ ਵਿੱਚ ਫੁੱਲ ਫੁੱਲ ਬਹੀਏ !48ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਆਦ ਤੋਂ ਅੰਤ ਤੱਕ ਮੁਬਾਰਕ ਹੋਵੇ ! ਹੇ ਸਾਰੀ ਪਰਜਾ, ਆਖ "ਆਮੀਨ ! " ਹਲਲੂਯਾਹ ! ।

107
ਪੰਜਵਾਂ ਭਾਗ
ਜ਼ਬੂਰ 107 - 150
ਸੰਕਟ ਤੋਂ ਛੁਟਕਾਰਾ

1ਯਹੋਵਾਹ ਦਾ ਧੰਨਵਾਦ ਕਰੋ ਕਿ ਉਹ ਭਲਾ ਹੈ, ਅਤੇ ਉਹ ਦੀ ਦਯਾ ਸਦੀਪਕ ਹੈ !2ਯਹੋਵਾਹ ਦੇ ਛੁਡਾਏ ਹੋਏ ਇਹ ਆਖਣ, ਜਿਨ੍ਹਾਂ ਨੂੰ ਉਹ ਨੇ ਵਿਰੋਧੀ ਦੇ ਹੱਥੋਂ ਛੁਡਾਇਆ ਹੈ ।3ਉਹ ਨੇ ਉਨ੍ਹਾਂ ਨੂੰ ਦੇਸ ਦਸੰਤਰਾਂ ਤੋਂ ਇਕੱਠਾ ਕੀਤਾ, ਚੜ੍ਹਦਿਓਂ, ਲਹਿੰਦਿਓਂ, ਉੱਤਰੋਂ ਤੇ ਦੱਖਣੋਂ ।

4ਓਹ ਥਲ ਦੇ ਰਾਹ ਉਜਾੜ ਵਿੱਚ ਅਵਾਰਾ ਫਿਰੇ, ਉਨ੍ਹਾਂ ਨੂੰ ਕੋਈ ਵੱਸਿਆ ਹੋਇਆ ਸ਼ਹਿਰ ਨਾ ਲੱਭਾ ।5ਓਹ ਭੁੱਖੇ ਤੇ ਤਿਹਾਏ ਸਨ ਉਨ੍ਹਾਂ ਦੇ ਪ੍ਰਾਣ ਉਨ੍ਹਾਂ ਦੇ ਵਿੱਚ ਨਾਢਾਲ ਸਨ ।6ਤਾਂ ਉਨ੍ਹਾਂ ਨੇ ਆਪਣੀ ਬਿਪਤਾ ਵਿੱਚ ਯਹੋਵਾਹ ਦੀ ਦੁਹਾਈ ਦਿੱਤੀ, ਅਤੇ ਉਹ ਨੇ ਉਨ੍ਹਾਂ ਦੇ ਕਸ਼ਟਾਂ ਤੋਂ ਉਨ੍ਹਾਂ ਨੂੰ ਛੁਡਾਇਆ ।7ਉਹ ਨੇ ਉਨ੍ਹਾਂ ਨੂੰ ਸਿੱਧੇ ਰਾਹ ਪਾਇਆ, ਕਿ ਓਹ ਕਿਸੇ ਵੱਸੇ ਹੋਏ ਸ਼ਹਿਰ ਨੂੰ ਚੱਲੇ ਜਾਣ ।
8ਕਾਸ਼ ਕਿ ਓਹ ਯਹੋਵਾਹ ਦੀ ਦਯਾ ਦਾ ਧੰਨਵਾਦ ਕਰਦੇ, ਅਤੇ ਆਦਮ ਵੰਸੀਆਂ ਲਈ ਉਹ ਦੇ ਅਚਰਜ ਕੰਮਾਂ ਦਾ !9ਉਹ ਤਾਂ ਤਰਸਦੀ ਜਾਨ ਨੂੰ ਰਜਾਉਂਦਾ ਹੈ, ਅਤੇ ਭੁੱਖੀ ਜਾਨ ਨੂੰ ਪਦਾਰਥਾਂ ਨਾਲ ਭਰਦਾ ਹੈ ।10ਜਿਹੜੇ ਅਨ੍ਹੇਰੇ ਤੇ ਮੌਤ ਦੇ ਸਾਯੇ ਥੱਲੇ ਵੱਸਦੇ ਸਨ, ਅਤੇ ਦੁੱਖ ਤੇ ਲੋਹੇ ਨਾਲ ਜਕੜੇ ਹੋਏ ਸਨ,
11ਇਸ ਲਈ ਕਿ ਓਹ ਪਰਮੇਸ਼ੁਰ ਦੇ ਬਚਨਾਂ ਤੋਂ ਆਕੀ ਹੋ ਗਏ, ਅਤੇ ਅੱਤ ਮਹਾਨ ਦੇ ਸਲਾਹ ਨੂੰ ਤੁੱਛ ਜਾਤਾ,12ਉਨ੍ਹਾਂ ਦੇ ਮਨ ਨੂੰ ਉਹ ਨੇ ਖੇਚਲ ਨਾਲ ਅਧੀਨ ਕੀਤਾ, ਓਹ ਡਿੱਗਣ ਨੂੰ ਸਨ ਪਰ ਕੋਈ ਸਹਾਇਕ ਨਹੀਂ ਸੀ,13ਤਾਂ ਉਨ੍ਹਾਂ ਨੇ ਆਪਣੀ ਬਿਪਤਾ ਵਿੱਚ ਯਹੋਵਾਹ ਦੀ ਦੁਹਾਈ ਦਿੱਤੀ, ਉਹ ਨੇ ਉਨ੍ਹਾਂ ਦੇ ਕਸ਼ਟਾਂ ਵਿਚੋਂ ਉਨ੍ਹਾਂ ਨੂੰ ਬਚਾਇਆ ।
14ਉਹ ਉਨ੍ਹਾਂ ਨੂੰ ਅਨ੍ਹੇਰੇ ਤੇ ਮੌਤ ਦੇ ਸਾਯੇ ਹੇਠੋਂ ਕੱਢ ਲਿਆਇਆ, ਅਤੇ ਉਨ੍ਹਾਂ ਦੇ ਬੰਦ ਤੋੜ ਸੁੱਟੇ ।15ਕਾਸ਼ ਕਿ ਓਹ ਯਹੋਵਾਹ ਦੀ ਦਯਾ ਦਾ ਧੰਨਵਾਦ ਕਰਦੇ, ਅਤੇ ਆਦਮ ਵੰਸੀਆਂ ਲਈ ਉਹ ਦੇ ਅਚਰਜ ਕੰਮਾਂ ਦਾ !16ਉਹ ਨੇ ਤਾਂ ਪਿੱਤਲ ਦੇ ਦਰ ਭੰਨ ਸੁੱਟੇ, ਤੇ ਲੋਹੇ ਦੇ ਅਰਲਾਂ ਦੇ ਟੋਟੇ-ਟੋਟੇ ਕਰ ਦਿੱਤੇ ।
17ਮੂਰਖ ਆਪਣੇ ਕੁਚਲਣ ਤੇ ਕੁਕਰਮ ਦੇ ਕਾਰਨ ਦੁੱਖ ਭੋਗਦੇ ਹਨ,18ਸਭ ਪਰਕਾਰ ਦੇ ਪਰਸ਼ਾਦਾਂ ਤੋਂ ਉਨ੍ਹਾਂ ਦਾ ਜੀਅ ਘਿਣ ਕਰਦਾ ਹੈ, ਅਤੇ ਓਹ ਮੌਤ ਦੇ ਫਾਟਕਾਂ ਦੇ ਨੇੜੇ ਪਹੁੰਚਦੇ ਹਨ ।19ਤਾਂ ਓਹ ਆਪਣੀ ਬਿਪਤਾ ਵਿੱਚ ਯਹੋਵਾਹ ਦੀ ਦੁਹਾਈ ਦਿੰਦੇ, ਉਹ ਉਨ੍ਹਾਂ ਦੇ ਕਸ਼ਟਾਂ ਵਿਚੋਂ ਉਨ੍ਹਾਂ ਨੂੰ ਬਚਾਉਂਦਾ ਹੈ ।
20ਉਹ ਆਪਣਾ ਬਚਨ ਭੇਜ ਕੇ ਉਨ੍ਹਾਂ ਨੂੰ ਚੰਗਾ ਕਰਦਾ ਹੈ, ਅਤੇ ਉਨ੍ਹਾਂ ਨੂੰ ਤਬਾਹੀ ਤੋਂ ਬਚਾਉਂਦਾ ਹੈ ।21ਕਾਸ਼ ਕਿ ਓਹ ਯਹੋਵਾਹ ਦੀ ਦਯਾ ਦਾ ਧੰਨਵਾਦ ਕਰਦੇ, ਅਤੇ ਆਦਮ ਵੰਸੀਆਂ ਲਈ ਉਹ ਦੇ ਅਚਰਜ ਕੰਮਾਂ ਦਾ !22ਓਹ ਧੰਨਵਾਦ ਦੇ ਬਲੀਦਾਨ ਚੜਾਉਣ, ਅਤੇ ਉਹ ਦੇ ਕੰਮ ਜੈਕਾਰਿਆਂ ਨਾਲ ਦੱਸਣ ।
23ਜਿਹੜੇ ਜ਼ਹਾਜਾਂ ਵਿੱਚ ਸਮੁੰਦਰ ਉੱਤੇ ਚੱਲਦੇ ਹਨ, ਅਤੇ ਮਹਾਂ ਸਾਗਰ ਦੇ ਉੱਤੋਂ ਦੀ ਆਪਣਾ ਬੁਪਾਰ ਕਰਦੇ ਹਨ,24ਓਹ ਯਹੋਵਾਹ ਦੇ ਕੰਮਾਂ ਨੂੰ, ਅਤੇ ਉਹ ਦੇ ਅਚਰਜਾਂ ਨੂੰ ਡੂੰਘਿਆਈ ਵਿੱਚ ਵੇਖਦੇ ਹਨ ।
25ਉਹ ਹੁਕਮ ਦੇ ਕੇ ਤੁਫਾਨ ਵਗਾਉਂਦਾ ਹੈ, ਅਤੇ ਉਸ ਦੀਆਂ ਲਹਿਰਾਂ ਠਾਠਾਂ ਮਾਰਦੀਆਂ ਹਨ ।26ਓਹ ਅਕਾਸ਼ ਤੱਕ ਚੜ੍ਹ ਜਾਂਦੇ, ਓਹ ਡੂੰਘਾਣ ਵਿੱਚ ਆਣ ਪੈਂਦੇ ਹਨ, ਉਨ੍ਹਾਂ ਦਾ ਜੀਅ ਦੁੱਖ ਦੇ ਕਾਰਨ ਢਲ ਜਾਂਦਾ ਹੈ,27ਓਹ ਝੂਲਦੇ ਫਿਰਦੇ ਹਨ ਤੇ ਸ਼ਰਾਬੀ ਵਾਂਗੂੰ ਡਿੱਗਦੇ ਢਾਹਿੰਦੇ ਹਨ, ਅਤੇ ਉਨ੍ਹਾਂ ਦੀ ਸਾਰੀ ਮੱਤ ਮਾਰੀ ਜਾਂਦੀ ਹੈ ।
28ਤਾਂ ਓਹ ਆਪਣੀ ਬਿਪਤਾ ਵਿੱਚ ਯਹੋਵਾਹ ਦੀ ਦੁਹਾਈ ਦਿੰਦੇ, ਅਤੇ ਉਹ ਉਨ੍ਹਾਂ ਦੇ ਕਸ਼ਟਾਂ ਵਿਚੋਂ ਉਨ੍ਹਾਂ ਨੂੰ ਕੱਢ ਲਿਆਉਂਦਾ ਹੈ ।29ਓਹ ਤੂਫਾਨ ਨੂੰ ਥੰਮ੍ਹਾ ਦਿੰਦਾ ਹੈ, ਅਤੇ ਉਸ ਦੀਆਂ ਲਹਿਰਾਂ ਚੁੱਪ ਹੋ ਜਾਂਦੀਆਂ ਹਨ ।30ਤਾਂ ਓਹ ਉਸ ਦੇ ਥੰਮ੍ਹ ਜਾਣ ਦੇ ਕਾਰਨ ਅਨੰਦ ਹੁੰਦੇ ਹਨ, ਅਤੇ ਉਹ ਉਨ੍ਹਾਂ ਨੂੰ ਮਨ ਮੰਗੇ ਘਾਟ ਉੱਤੇ ਪੁਚਾ ਦਿੰਦਾ ਹੈ ।
31ਕਾਸ਼ ਕਿ ਓਹ ਯਹੋਵਾਹ ਦੇ ਲਈ ਉਹ ਦੀ ਦਯਾ ਦਾ ਧੰਨਵਾਦ ਕਰਦੇ, ਅਤੇ ਆਦਮ ਵੰਸੀਆਂ ਲਈ ਉਹ ਦੇ ਅਚਰਜ ਕੰਮਾਂ ਦਾ !32ਓਹ ਪਰਜਾ ਦੀ ਸਭਾ ਵਿੱਚ ਉਹ ਨੂੰ ਵਡਿਆਉਣ, ਅਤੇ ਬਜੁਰਗਾਂ ਦੀ ਬੈਠਕ ਵਿੱਚ ਉਹ ਦੀ ਉਸਤਤ ਕਰਨ ।
33ਉਹ ਨਦੀਆਂ ਨੂੰ ਉਜਾੜ, ਅਤੇ ਪਾਣੀ ਦੇ ਸੋਤਿਆਂ ਨੂੰ ਸੜੀ ਸੁੱਕੀ ਜ਼ਮੀਨ ਬਣਾ ਦਿੰਦਾ ਹੈ,34ਉਸ ਦੇ ਵਾਸੀਆਂ ਦੀ ਬੁਰਾਈ ਦੇ ਕਾਰਨ, ਉਹ ਫਲਵੰਤ ਜ਼ਮੀਨ ਨੂੰ ਕੱਲਰ ਕਰ ਦਿੰਦਾ ਹੈ ।35ਉਹ ਉਜਾੜ ਨੂੰ ਝੀਲ, ਅਤੇ ਸੜੀ ਸੁੱਕੀ ਜ਼ਮੀਨ ਪਾਣੀ ਦਾ ਸੋਤਾ ਬਣਾ ਦਿੰਦਾ ਹੈ,
36ਅਤੇ ਭੁੱਖਿਆਂ ਨੂੰ ਉੱਥੇ ਵਸਾ ਦਿੰਦਾ ਹੈ, ਕਿ ਓਹ ਵੱਸਣ ਲਈ ਇੱਕ ਸ਼ਹਿਰ ਕਾਇਮ ਕਰਨ,37ਅਤੇ ਪੈਲੀਆਂ ਬੀਜਣ ਤੇ ਦਾਖਾਂ ਦੇ ਬਾਗ ਲਾਉਣ, ਅਤੇ ਢੇਰ ਸਾਰੀ ਪੈਦਾਵਾਰ ਲੈਣ ।38ਉਹ ਉਨ੍ਹਾਂ ਨੂੰ ਬਰਕਤ ਦਿੰਦਾ ਅਤੇ ਓਹ ਵਧ ਜਾਂਦੇ ਹਨ, ਅਤੇ ਉਹ ਉਨ੍ਹਾਂ ਦੇ ਡੰਗਰ ਘਟਣ ਨਹੀਂ ਦਿੰਦਾ ।
39ਫੇਰ ਅਨ੍ਹੇਰੇ ਅਤੇ ਬਦੀ ਅਤੇ ਰੰਜ ਦੇ ਮਾਰੇ, ਓਹ ਘੱਟ ਜਾਂਦੇ ਅਤੇ ਨਿਉਂਦੇ ਹਨ ।40ਉਹ ਪਤਵੰਤਿਆਂ ਉੱਤੇ ਸੂਗ ਡੋਲ੍ਹਦਾ ਹੈ ਅਤੇ ਉਨ੍ਹਾਂ ਨੂੰ ਬੇਰਾਹ ਥਲ ਵਿੱਚ ਭੂਆਂਉਂਦਾ ਹੈ ।
41ਪਰ ਉਹ ਕੰਗਾਲ ਨੂੰ ਦੁੱਖ ਵਿਚੋਂ ਉਤਾਹਾਂ ਬਿਠਾਉਂਦਾ ਹੈ, ਅਤੇ ਉਹ ਦਾ ਟੱਬਰ ਇੱਜੜ ਜਿਹਾ ਕਰ ਦਿੰਦਾ ਹੈ ।42ਸਿੱਧੇ ਲੋਕ ਵੇਖ ਕੇ ਅਨੰਦ ਹੋਣਗੇ, ਅਤੇ ਸਾਰੀ ਬੁਰਿਆਈ ਆਪਣਾ ਮੂੰਹ ਬੰਦ ਕਰੇਗੀ ।43ਜੋ ਕੋਈ ਬੁੱਧਵਾਨ ਹੈ ਉਹ ਏਹਨਾਂ ਗੱਲਾਂ ਨੂੰ ਮੰਨੇਗਾ, ਅਤੇ ਯਹੋਵਾਹ ਦੀ ਦਯਾ ਉੱਤੇ ਧਿਆਨ ਲਾਵੇਗਾ ।

108
ਵੈਰੀਆਂ ਦੇ ਵਿਰੁੱਧ ਸਹਾਇਤਾ ਦੇ ਲਈ ਪ੍ਰਾਰਥਨਾ
(ਜ਼ਬੂਰ 57:7-11; 60:5-12)
ਗੀਤ । ਦਾਊਦ ਦਾ ਭਜਨ

1ਮੇਰਾ ਮਨ ਕਾਇਮ ਹੈ, ਹੇ ਪਰਮੇਸ਼ੁਰ, ਮਾਂ ਗਾਵਾਂਗਾ, ਹਾਂ, ਮੈਂ ਆਪਣੇ ਪਰਤਾਪ ਸਣੇ ਭਜਨ ਕੀਰਤਨ ਕਰਾਂਗਾ !2ਹੇ ਸਤਾਰ ਤੇ ਬਰਬਤ, ਜਾਗੋ, ਮੈਂ ਫਜਰ ਨੂੰ ਵੀ ਜਗਾ ਦਿਆਂਗਾ !

3ਹੇ ਯਹੋਵਾਹ, ਮੈਂ ਲੋਕਾਂ ਵਿੱਚ ਤੇਰਾ ਧੰਨਵਾਦ ਕਰਾਂਗਾ, ਅਤੇ ਉੱਮਤਾਂ ਵਿੱਚ ਤੇਰੇ ਭਜਨ ਕੀਰਤਨ ਕਰਾਂਗਾ ।4ਤੇਰੀ ਦਯਾ ਤਾਂ ਅਕਾਸ਼ਾਂ ਤੋਂ ਉੱਚੀ ਤੇ ਵੱਡੀ ਹੈ, ਅਤੇ ਤੇਰੀ ਵਫ਼ਾਦਾਰੀ ਬੱਦਲਾਂ ਤੱਕ ਹੈ !
5ਹੇ ਪਰਮੇਸ਼ੁਰ, ਅਕਾਸ਼ ਦੇ ਉਤਾਹਾਂ ਤੂੰ ਮਹਾਨ ਹੋ, ਸਾਰੀ ਧਰਤੀ ਦੇ ਉਤਾਹਾਂ ਤੇਰੀ ਮਹਿਮਾ ਹੋਵੇ ! ।6ਤਾਂ ਜੋ ਤੇਰੇ ਪ੍ਰੀਤਮ ਛੁਡਾਏ ਜਾਣ, ਤੂੰ ਆਪਣੇ ਸੱਜੇ ਹੱਥ ਨਾਲ ਬਚਾ ਲੈ ਅਤੇ ਸਾਨੂੰ ਉੱਤਰ ਦੇ ।
7ਪਰਮੇਸ਼ੁਰ ਆਪਣੀ ਪਵਿੱਤਰਤਾਈ ਨਾਲ ਬਚਨ ਕੀਤਾ ਹੈ, ਮੈਂ ਖੁਸ਼ੀ ਮਨਾਵਾਂਗਾ, ਮੈਂ ਸ਼ਕਮ ਨੂੰ ਵੰਡਾਂਗਾ, ਮੈਂ ਸੁੱਕੋਥ ਦੀ ਦੂਣ ਨੂੰ ਮਿਣਾਂਗਾ ।8ਗਿਲਆਦ ਮੇਰਾ ਹੈ, ਮਨੱਸ਼ਹ ਵੀ, ਅਤੇ ਇਫਰਾਈਮ ਮੇਰੇ ਸਿਰ ਦਾ ਟੋਪ ਹੈ, ਯਹੂਦਾਹ ਮੇਰਾ ਰਾਜ ਡੰਡਾ ਹੈ,
9ਮੋਆਬ ਮੇਰੀ ਚਿਲਮਚੀ ਹੈ, ਅਦੋਮ ਉੱਤੇ ਮੈਂ ਆਪਣਾ ਪੌਲਾ ਸੁੱਟਾਂਗਾ, ਫ਼ਲਿਸਤ ਉੱਤੇ ਮੈਂ ਨਾਰਾ ਮਾਰਾਂਗਾ ।10ਕੌਣ ਮੈਨੂੰ ਉਸ ਫ਼ਸੀਲਦਾਰ ਸ਼ਹਿਰ ਵਿੱਚ ਲੈ ਜਾਵੇਗਾ ? ਕੌਣ ਅਦੋਮ ਤੱਕ ਮੇਰੀ ਅਗਵਾਈ ਕਰੇਗਾ ?
11ਹੇ ਪਰਮੇਸ਼ੁਰ, ਕੀ ਤੂੰ ਸਾਨੂੰ ਤਿਆਗ ਨਹੀਂ ਦਿੱਤਾ, ਕਿ ਤੂੰ, ਹੇ ਪਰਮੇਸ਼ੁਰ, ਸਾਡੀਆਂ ਸੈਨਾਂ ਦੇ ਸੰਗ ਨਹੀਂ ਚੱਲਦਾ ?12ਵਿਰੋਧੀ ਤੋਂ ਸਾਡੀ ਸਹਾਇਤਾ ਕਰ, ਕਿਉਂ ਜੋ ਆਦਮੀ ਦਾ ਬਚਾਓ ਵਿਅਰਥ ਹੈ ।13ਪਰਮੇਸ਼ੁਰ ਦੇ ਨਾਲ ਅਸੀਂ ਸੂਰਮਗਤੀ ਕਰਾਂਗੇ, ਉਹੀ ਸਾਡੇ ਵਿਰੋਧੀਆਂ ਨੂੰ ਲਤਾੜ ਸੁੱਟੇਗਾ ! ।

109
ਬਦਲੇ ਦੀ ਬੇਨਤੀ
ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਭਜਨ

1ਹੇ ਮੇਰੀ ਉਸਤਤ ਦੇ ਪਰਮੇਸ਼ੁਰ, ਤੂੰ ਚੁੱਪ ਨਾ ਰਹਿ,2ਕਿਉਂ ਜੋ ਭੈੜਾ ਮੂੰਹ ਅਤੇ ਛਲ ਵਾਲਾ ਮੂੰਹ ਉਨ੍ਹਾਂ ਨੇ ਮੇਰੇ ਵਿਰੁੱਧ ਖੋਲਿਆ ਹੈ, ਓਹ ਝੂਠੀ ਜੀਭ ਨਾਲ ਮੈਨੂੰ ਬੋਲੇ ।3ਉਨ੍ਹਾਂ ਨੇ ਵੈਰ ਦੀਆਂ ਗੱਲਾਂ ਨਾਲ ਮੈਨੂੰ ਘੇਰ ਲਿਆ, ਅਤੇ ਧਗਾਣੇ ਮੇਰੇ ਨਾਲ ਝਗੜੇ ।

4ਮੇਰੇ ਪ੍ਰੇਮ ਦੇ ਬਦਲੇ ਓਹ ਮੇਰਾ ਵਿਰੋਧ ਕਰਦੇ ਹਨ, ਪਰ ਮੈਂ ਪ੍ਰਾਰਥਨਾ ਕਰਦਾ ਹਾਂ ।5ਭਲਿਆਈ ਦੇ ਬਦਲੇ ਬੁਰਿਆਈ ਅਤੇ ਮੇਰੇ ਪ੍ਰੇਮ ਦੇ ਬਦਲੇ ਵੈਰ ਓਹ ਮੇਰੇ ਵਿਰੁੱਧ ਰੱਖਦੇ ਹਨ ।
6ਦੁਸ਼ਟ ਉਹ ਦੇ ਉੱਤੇ ਲਾ, ਅਤੇ ਵਿਰੋਧੀ ਉਹ ਦੇ ਸੱਜੇ ਹੱਥ ਖੜ੍ਹਾ ਰਹੇ !7ਆਪਣੇ ਨਿਆਂ ਵਿੱਚ ਉਹ ਦੋਸ਼ੀ ਨਿੱਕਲੇ, ਅਤੇ ਉਹ ਦੀ ਪ੍ਰਾਰਥਨਾ ਪਾਪ ਗਿਣੀ ਜਾਵੇ !
8ਉਹ ਦੇ ਦਿਨ ਥੋੜੇ ਹੋਣ, ਉਹ ਦਾ ਹੁਦਾ ਕੋਈ ਹੋਰ ਲਵੇ !9ਉਹ ਦੇ ਬੱਚੇ ਯਤੀਮ ਹੋ ਜਾਣ, ਅਤੇ ਉਹ ਦੀ ਤੀਵੀਂ ਰੰਡੀ ਹੋ ਜਾਵੇ !10ਉਹ ਦੇ ਬਾਲ ਰੁਲਦੇ ਫਿਰਨ ਤੇ ਭੀਖ ਮੰਗਣ, ਅਤੇ ਆਪਣੇ ਉੱਜੜੇ ਥਾਵਾਂ ਤੋਂ ਦੂਰ ਟੁੱਕਰ ਲੱਭਣ !
11ਉਹ ਦਾ ਸ਼ਾਹ ਉਹ ਦਾ ਸਭ ਕੁੱਝ ਫਾਹ ਲਵੇ, ਅਤੇ ਓਪਰੇ ਉਹ ਦੀ ਕਮਾਈ ਨੂੰ ਠੱਗ ਲੈਣ !12ਕੋਈ ਨਾ ਹੋਵੇ ਜਿਹੜਾ ਉਹ ਦੇ ਉੱਤੇ ਦਯਾ ਕਰਦਾ ਰਹੇ, ਨਾ ਕੋਈ ਉਹ ਦੇ ਯਤੀਮਾਂ ਉੱਤੇ ਤਰਸ ਕਰੇ !13ਉਹ ਦੀ ਅੰਸ ਮੁਕਾਈ ਜਾਵੇ, ਆਉਣ ਵਾਲੀ ਪੀੜ੍ਹੀ ਵਿੱਚ ਓਹਨਾਂ ਦਾ ਨਾਉਂ ਮਿਟਾਇਆ ਜਾਵੇ !
14ਉਹ ਦੇ ਪਿਉ-ਦਾਦਿਆਂ ਦੀ ਬਦੀ ਯਹੋਵਾਹ ਨੂੰ ਚੇਤੇ ਰਹੇ, ਅਤੇ ਉਹ ਦੀ ਮਾਂ ਦਾ ਪਾਪ ਨਾ ਮਿਟਾਇਆ ਜਾਵੇ !15ਓਹ ਸਦਾ ਯਹੋਵਾਹ ਦੇ ਸਾਹਮਣੇ ਪਏ ਰਹਿਣ, ਕਿ ਉਹ ਉਨ੍ਹਾਂ ਦੀ ਯਾਦ ਧਰਤੀਓਂ ਮੁਕਾ ਦੇਵੇ,16ਕਿਉਂ ਜੋ ਉਹ ਨੇ ਦਯਾ ਕਰਨੀ ਚੇਤੇ ਨਾ ਰੱਖੀ, ਪਰ ਉਹ ਮਸਕੀਨ, ਕੰਗਾਲ ਤੇ ਟੁੱਟੇ ਦਿਲ ਵਾਲੇ ਨੂੰ ਮਾਰ ਸੁੱਟਣ ਲਈ ਪਿੱਛੇ ਪਿਆ,
17ਹਾਂ, ਉਹ ਨੇ ਫਿਟਕਾਰ ਨਾਲ ਪ੍ਰੀਤ ਰੱਖੀ, ਸੋ ਉਹ ਉਸ ਤੇ ਆ ਪਈ, ਅਤੇ ਬਰਕਤ ਤੋਂ ਉਹ ਖੁਸ਼ ਨਹੀਂ ਸੀ, ਸੋ ਉਹ ਉਸ ਤੋਂ ਦੂਰ ਰਹੀ,18ਅਤੇ ਉਹ ਨੇ ਫਿਟਕਾਰ ਨੂੰ ਆਪਣੇ ਬਸਤਰ ਵਾਂਗੂੰ ਪਾਇਆ ਹੋਇਆ ਸੀ, ਅਤੇ ਉਹ ਪਾਣੀ ਵਾਂਗੂੰ ਉਹ ਦੇ ਅੰਦਰ, ਅਤੇ ਉਹ ਦੀਆਂ ਹੱਡੀਆਂ ਵਿੱਚ ਤੇਲ ਵਾਂਗੂੰ ਸਮਾਈ ਹੋਇਆ ਸੀ ।
19ਉਹ ਉਸ ਲਈ ਉਸ ਲੀੜੇ ਵਾਂਗੂੰ ਹੋ ਜਾਵੇ ਜਿਹ ਦੇ ਨਾਲ ਉਹ ਆਪਣੇ ਆਪ ਨੂੰ ਢੱਕੇ, ਤੇ ਉਸ ਪੇਟੀ ਵਾਂਗੂੰ ਜਿਹ ਦੇ ਨਾਲ ਉਹ ਆਪਣੀ ਕਮਰ ਕੱਸਦਾ ਰਹੇ !20ਏਹੋ ਈ ਮੇਰੇ ਵਿਰੋਧੀਆਂ ਦਾ ਬਦਲਾ ਯਹੋਵਾਹ ਵੱਲੋਂ ਹੋਵੇ, ਅਤੇ ਮੇਰੀ ਜਾਨ ਦੇ ਵਿਰੁੱਧ ਬੁਰਾ ਬੋਲਣ ਵਾਲਿਆਂ ਦਾ ਵੀ !
21ਪਰ ਤੂੰ, ਹੇ ਪ੍ਰਭੂ ਯਹੋਵਾਹ, ਆਪਣੇ ਨਾਮ ਦੇ ਕਾਰਨ ਮੇਰੇ ਲਈ ਕੁੱਝ ਕਰ, ਤੇਰੀ ਦਯਾ ਤਾਂ ਭਲੀ ਹੈ, ਮੈਨੂੰ ਛੁਡਾ ਲੈ,22ਕਿਉਂ ਜੋ ਮੈਂ ਮਸਕੀਨ ਤੇ ਕੰਗਾਲ ਹਾਂ, ਅਤੇ ਮੇਰਾ ਦਿਲ ਮੇਰੇ ਅੰਦਰ ਫੱਟੜ ਹੋਇਆ ਹੈ ।23ਮੈਂ ਢਲਦੀ ਛਾਂ ਵਾਂਗੂੰ ਜਾਂਦਾ ਰਿਹਾ, ਮੈਂ ਸਲਾ ਵਾਂਗੂੰ ਝਾੜਿਆ ਜਾਂਦਾ,
24ਵਰਤਾਂ ਨਾਲ ਮੇਰੇ ਗੋਡੇ ਭਿੜਦੇ ਹਨ, ਮੇਰਾ ਮਾਸ ਤੇਲ ਖੁਣੋਂ ਲਿੱਸਾ ਹੋ ਗਿਆ ਹੈ ।25ਮੈਂ ਉਨ੍ਹਾਂ ਦੇ ਲਈ ਤਾਨਿਆਂ ਦਾ ਥਾਂ ਹੋ ਗਿਆ, ਜਦ ਓਹ ਮੈਨੂੰ ਵੇਖਦੇ, ਓਹ ਆਪਣੇ ਸਿਰ ਹਿਲਾਉਂਦੇ ਹਨ ।
26ਹੇ ਯਹੋਵਾਹ ਮੇਰੇ ਪਰਮੇਸ਼ੁਰ, ਮੇਰੀ ਸਹਾਇਤਾ ਕਰ ! ਆਪਣੀ ਦਯਾ ਅਨੁਸਾਰ ਮੈਨੂੰ ਬਚਾ,27ਕਿ ਓਹ ਜਾਣਨ ਕਿ ਏਹ ਤੇਰਾ ਹੀ ਹੱਥ ਹੈ, ਅਤੇ ਤੂੰ, ਹੇ ਯਹੋਵਾਹ, ਏਹ ਕੀਤਾ ਹੈ ।
28ਓਹ ਫਿਟਕਾਰਾਂ ਦੇਣ ਪਰ ਤੂੰ ਬਰਕਤ ਦੇ ! ਜਦ ਓਹ ਉੱਠਣ ਤਾਂ ਓਹ ਸ਼ਰਮਿੰਦੇ ਹੋਣ, ਪਰ ਤੇਰਾ ਦਾਸ ਅਨੰਦ ਹੋਵੇ !29ਮੇਰੇ ਵਿਰੋਧੀ ਨਿਰਾਦਰੀ ਪਹਿਨਣ, ਓਹ ਆਪਣੇ ਆਪ ਨੂੰ ਲਾਜ ਨਾਲ ਚੱਦਰ ਵਾਂਗੂੰ ਕੱਜਣ !
30ਮੈਂ ਆਪਣੇ ਮੂੰਹ ਨਾਲ ਯਹੋਵਾਹ ਦਾ ਬਹੁਤ ਧੰਨਵਾਦ ਕਰਾਂਗਾ, ਅਤੇ ਬਹੁਤਿਆਂ ਦੇ ਵਿੱਚ ਉਹ ਦੀ ਉਸਤਤ ਕਰਾਂਗਾ ।31ਉਹ ਤਾਂ ਕੰਗਾਲ ਦੇ ਸੱਜੇ ਹੱਥ ਖੜ੍ਹਾ ਰਹੇਗਾ, ਕਿ ਉਹ ਦੀ ਜਾਨ ਦੇ ਨਿਆਂ ਕਾਰਾਂ ਤੋਂ ਬਚਾਵੇ ।

110
ਪਰਮੇਸ਼ੁਰ ਅਤੇ ਉਸ ਦਾ ਚੁਣਿਆ ਹੋਇਆ ਰਾਜਾ
ਦਾਊਦ ਦਾ ਭਜਨ

1ਯਹੋਵਾਹ ਦਾ ਮੇਰੇ ਪ੍ਰਭੂ ਲਈ ਇਹ ਵਾਕ ਹੈ ਕਿ ਤੂੰ ਮੇਰੇ ਸੱਜੇ ਪਾਸੇ ਬੈਠ ਜਦ ਤੱਕ ਮੈਂ ਤੇਰੇ ਵਿਰੋਧੀਆਂ ਨੂੰ ਤੇਰੇ ਪੈਰ ਰੱਖਣ ਦੀ ਚੌਂਕੀ ਨਾ ਕਰ ਦਿਆਂ ।

2ਯਹੋਵਾਹ ਤੇਰੇ ਬਲ ਦੀ ਆਸਾ ਸੀਯੋਨ ਵਿਚੋਂ ਘੱਲੇਗਾ, ਤੂੰ ਆਪਣੇ ਵੈਰੀਆਂ ਦੇ ਵਿਚਕਾਰ ਰਾਜ ਕਰ ।3ਤੇਰੇ ਲੋਕ ਤੇਰੀ ਭਰਤੀ ਦੇ ਵੇਲੇ ਆਪਣੇ ਆਪ ਨੂੰ ਖੁਸ਼ੀ ਨਾਲ ਪੇਸ਼ ਕਰਦੇ ਹਨ, ਪਵਿੱਤਰ ਸਜਾਵਟ ਨਾਲ ਤੜਕੇ ਦੀ ਕੁੱਖੋਂ, ਤੇਰੇ ਜੁਆਨ ਤੇਰੇ ਲਈ ਤ੍ਰੇਲ ਵਰਗੇ ਹਨ ।
4ਯਹੋਵਾਹ ਨੇ ਸਹੁੰ ਖਾਧੀ ਅਤੇ ਉਹ ਨਹੀਂ ਮੁਕਰੇਗਾ, ਤੂੰ ਮਲਕਿਸਿਦਕ ਦੀ ਪਦਵੀ ਦੇ ਅਨੁਸਾਰ ਸਦਾ ਤੱਕ ਦਾ ਜਾਜਕ ਹੈਂ ।
5ਪ੍ਰਭੂ ਤੇਰੇ ਸੱਜੇ ਹੱਥ ਤੇ ਹੈ, ਉਹ ਆਪਣੇ ਕ੍ਰੋਧ ਦੇ ਦਿਨ ਰਾਜਿਆਂ ਨੂੰ ਵਿੰਨ੍ਹ ਸੁੱਟੇਗਾ,6ਉਹ ਕੌਮਾਂ ਵਿੱਚ ਨਿਆਂ ਕਰੇਗਾ, ਉਹ ਉਨ੍ਹਾਂ ਨੂੰ ਲੋਥਾਂ ਨਾਲ ਭਰ ਦੇਵੇਗਾ, ਉਹ ਖੋਪਰੀਆਂ ਨੂੰ ਬਹੁਤਿਆਂ ਦੇਸਾਂ ਵਿੱਚ ਵਿੰਨ੍ਹ ਸੁੱਟੇਗਾ ।
7ਉਹ ਰਾਹ ਵਿੱਚ ਨਦੀ ਦੇ ਪਾਣੀ ਨੂੰ ਪੀਵੇਗਾ, ਤਾਂ ਹੀ ਉਹ ਸਿਰ ਉੱਚਾ ਕਰੇਗਾ ।

111
ਭਲਾਈ ਦੇ ਲਈ ਪਰਮੇਸ਼ੁਰ ਦੀ ਉਸਤਤ

1ਹੇਲੈਲੂਯਾਹ ! ਮੈਂ ਆਪਣੇ ਸਾਰੇ ਦਿਲ ਨਾਲ, ਸਿੱਧਿਆਂ ਦੀ ਪਰਿਹਾ ਤੇ ਮੰਡਲੀ ਵਿੱਚ ਯਹੋਵਾਹ ਦਾ ਧੰਨਵਾਦ ਕਰਾਂਗਾ ।2ਯਹੋਵਾਹ ਦੇ ਕੰਮ ਵੱਡੇ ਹਨ, ਓਹ ਸਾਰੇ ਜਿਹੜੇ ਉਨ੍ਹਾਂ ਵਿੱਚ ਪਰਸੰਨ ਰਹਿੰਦੇ ਹਨ ਉਨ੍ਹਾਂ ਨੂੰ ਭਾਲਦੇ ਹਨ ।3ਉਹ ਦੀ ਕਰਨੀ ਤੇਜ ਅਤੇ ਉਪਮਾ ਹੈ, ਅਤੇ ਉਹ ਦਾ ਧਰਮ ਸਦਾ ਤੱਕ ਬਣਿਆ ਰਹਿੰਦਾ ਹੈ ।

4ਉਹ ਨੇ ਆਪਣੇ ਅਚਰਜ ਕੰਮਾਂ ਨੂੰ ਇੱਕ ਯਾਦਗਾਰ ਬਣਾਇਆ, ਯਹੋਵਾਹ ਦਯਾਲੂ ਤੇ ਕਿਰਪਾਲੂ ਹੈ ।5ਉਹ ਨੇ ਆਪਣੇ ਡਰਨ ਵਾਲਿਆਂ ਨੂੰ ਖਾਣਾ ਦਿੱਤਾ, ਉਹ ਆਪਣੇ ਨੇਮ ਨੂੰ ਸਦਾ ਲਈ ਚੇਤੇ ਰੱਖੇਗਾ ।6ਉਹ ਨੇ ਆਪਣੇ ਕੰਮਾਂ ਦਾ ਬਲ ਆਪਣੀ ਪਰਜਾ ਨੂੰ ਵਿਖਾਇਆ, ਜਦੋਂ ਉਹ ਨੇ ਉਨ੍ਹਾਂ ਨੂੰ ਕੌਮਾਂ ਦੀ ਮਿਰਾਸ ਦਿੱਤੀ ।
7ਉਹ ਦੇ ਹੱਥਾਂ ਦੇ ਕੰਮ ਸਚਿਆਈ ਤੇ ਨਿਆਂ ਦੇ ਹਨ, ਉਹ ਦੇ ਫਰਮਾਨ ਵਫ਼ਾਦਾਰੀ ਦੇ ਹਨ ।8ਓਹ ਸਦਾ ਹੀ ਅਟੱਲ ਰਹਿਣਗੇ, ਓਹ ਸਚਿਆਈ ਤੇ ਸਿਧਿਆਈ ਨਾਲ ਕੀਤੇ ਗਏ ਹਨ ।9ਉਹ ਨੇ ਆਪਣੀ ਪਰਜਾ ਲਈ ਛੁਟਕਾਰਾ ਭੇਜਿਆ, ਉਹ ਨੇ ਆਪਣੇ ਨੇਮ ਦਾ ਸਦਾ ਲਈ ਹੁਕਮ ਦਿੱਤਾ ਹੈ, ਉਹ ਦਾ ਨਾਮ ਪਵਿੱਤਰ ਤੇ ਭੈ ਦਾਇਕ ਹੈ !
10ਯਹੋਵਾਹ ਦਾ ਡਰ ਬੁੱਧ ਦਾ ਮੂਲ ਹੈ, ਜਿੰਨੇ ਉਨ੍ਹਾਂ ਨੂੰ ਪੂਰਾ ਕਰਦੇ ਹਨ ਉਨ੍ਹਾਂ ਦੀ ਸਮਝ ਚੰਗੀ ਹੈ, ਉਹ ਦੀ ਉਸਤਤ ਸਦਾ ਤੱਕ ਬਣੀ ਰਹੇਗੀ ।

112
ਪਰਮੇਸ਼ੁਰ ਦੇ ਭਗਤ ਦਾ ਅਨੰਦ

1ਹਲਲੂਯਾਹ ! ਧੰਨ ਹੈ ਉਹ ਮਨੁੱਖ ਜਿਹੜਾ ਯਹੋਵਾਹ ਦਾ ਭੈ ਮੰਨਦਾ ਹੈ, ਉਹ ਉਸ ਦੇ ਹੁਕਮਾਂ ਵਿੱਚ ਬਹੁਤ ਮਗਨ ਰਹਿੰਦਾ ਹੈ ।2ਉਹ ਦੀ ਅੰਸ ਧਰਤੀ ਉੱਤੇ ਬਲਵਾਨ ਹੋਵੇਗੀ, ਸਚਿਆਰਾਂ ਦੀ ਪੀੜ੍ਹੀ ਮੁਬਾਰਕ ਹੋਵੇਗੀ ।

3ਧਨ ਦੌਲਤ ਉਹ ਦੇ ਘਰ ਵਿੱਚ ਹੈ ਅਤੇ ਉਹ ਦਾ ਧਰਮ ਸਦਾ ਤੱਕ ਬਣਿਆ ਰਹਿੰਦਾ ਹੈ ।4ਸਚਿਆਰਾਂ ਲਈ ਅਨ੍ਹੇਰੇ ਵਿੱਚ ਚਾਨਣ ਚੜ੍ਹ ਆਉਂਦਾ ਹੈ, ਉਹ ਦਯਾਲੂ, ਕਿਰਪਾਲੂ ਤੇ ਧਰਮੀ ਹੈ ।5ਉਸ ਮਨੁੱਖ ਦਾ ਭਲਾ ਹੁੰਦਾ ਹੈ ਜਿਹੜਾ ਦਯਾਵਾਨ ਤੇ ਉਧਾਰ ਦੇਣ ਵਾਲਾ ਹੈ, ਉਹ ਆਪਣੇ ਕੰਮਾਂ ਨੂੰ ਇਨਸਾਫ਼ ਨਾਲ ਚਲਾਏਗਾ ।
6ਉਹ ਕਦੀ ਵੀ ਨਾ ਡੋਲੇਗਾ, ਧਰਮੀ ਸਦਾ ਦੀ ਯਾਦਗੀਰੀ ਲਈ ਹੋਵੇਗਾ ।7ਉਹ ਬੁਰੀ ਖ਼ਬਰ ਤੋਂ ਨਹੀਂ ਡਰਦਾ, ਉਹ ਦਾ ਦਿਲ ਮਜਬੂਤ ਹੈ, ਉਹ ਦਾ ਭਰੋਸਾ ਯਹੋਵਾਹ ਉੱਤੇ ਹੈ ।
8ਉਹ ਦਾ ਮਨ ਤਕੜਾ ਹੈ, ਉਹ ਨਾ ਡੋਲੇਗਾ, ਜਦ ਤੱਕ ਉਹ ਆਪਣੇ ਵਿਰੋਧੀਆਂ ਉੱਤੇ (ਆਪਣੀ ਜਿੱਤ) ਨਾ ਵੇਖੇ ।9ਉਹ ਨੇ ਵੰਡਿਆ, ਉਹ ਨੇ ਕੰਗਾਲਾਂ ਨੂੰ ਦਿੱਤਾ, ਉਹ ਦਾ ਧਰਮ ਸਦਾ ਤੱਕ ਬਣਿਆ ਰਹਿੰਦਾ ਹੈ, ਉਹ ਦਾ ਸਿੰਙ ਪਰਤਾਪ ਨਾਲ ਉੱਚਾ ਕੀਤਾ ਜਾਵੇਗਾ ।
10ਦੁਸ਼ਟ ਇਹ ਨੂੰ ਵੇਖ ਕੇ ਕੁੜ੍ਹੇਗਾ, ਦੰਦ ਪੀਹ ਪੀਹ ਕੇ ਉਹ ਗਲ਼ ਜਾਵੇਗਾ, ਦੁਸ਼ਟ ਦੀ ਹਿਰਸ ਨਾਸ ਹੋ ਜਾਵੇਗੀ ।

113
ਉਸਤਤ ਦੇ ਯੋਗ ਨਾਮ

1ਹਲਲੂਯਾਹ ! ਹੇ ਯਹੋਵਾਹ ਦੇ ਸੇਵਕੋ, ਉਸਤਤ ਕਰੋ, ਯਹੋਵਾਹ ਦੇ ਨਾਮ ਦੀ ਉਸਤਤ ਕਰੋ !2ਯਹੋਵਾਹ ਦਾ ਨਾਮ ਮੁਬਾਰਕ ਹੋਵੇ, ਹੁਣ ਤੋਂ ਲੈ ਕੇ ਸਦੀਪਕ ਕਾਲ ਤੱਕ !

3ਸੂਰਜ ਦੇ ਚੜਨ ਤੋਂ ਉਹ ਦੇ ਲਹਿਣ ਤੱਕ ਯਹੋਵਾਹ ਦੇ ਨਾਮ ਦੀ ਉਸਤਤ ਹੋਵੇ !4ਯਹੋਵਾਹ ਸਭ ਕੌਮਾਂ ਉੱਤੇ ਮਹਾਨ ਹੈ, ਉਹ ਦੀ ਮਹਿਮਾ ਅਕਾਸ਼ਾਂ ਤੋਂ ਵੀ ਉੱਪਰ ਹੈ ।
5ਕੌਣ ਸਾਡੇ ਪਰਮੇਸ਼ੁਰ ਯਹੋਵਾਹ ਦੇ ਤੁੱਲ ਹੈ ? ਜਿਹੜਾ ਉਚਿਆਈ ਤੇ ਵੱਸਦਾ ਹੈ,6ਜਿਹੜਾ ਆਪਣੇ ਆਪ ਨੂੰ ਨੀਵਿਆਂ ਕਰਦਾ ਹੈ, ਕਿ ਅਕਾਸ਼ ਅਤੇ ਧਰਤੀ ਉੱਤੇ ਨਿਗਾਹ ਮਾਰੇ,
7ਜਿਹੜਾ ਗਰੀਬ ਨੂੰ ਖਾਕ ਵਿਚੋਂ ਚੁੱਕਦਾ ਹੈ, ਅਤੇ ਕੰਗਾਲ ਨੂੰ ਰੂੜੀ ਤੋਂ ਉਠਾਉਂਦਾ ਹੈ,8ਕਿ ਉਹ ਨੂੰ ਪਤਵੰਤਾਂ ਵਿੱਚ, ਸਗੋਂ ਉਹ ਦੇ ਆਪਣੇ ਲੋਕਾਂ ਦੇ ਪਤਵੰਤਾਂ ਵਿੱਚ ਬਿਠਾਵੇ,
9ਉਹ ਬੇਉਲਾਦਾ ਤੀਵੀਂ ਦਾ ਘਰ ਵਸਾਉਂਦਾ, ਅਤੇ ਬੱਚਿਆਂ ਦੀ ਮਾਂ ਬਣਾ ਕੇ ਉਹ ਨੂੰ ਅਨੰਦ ਕਰਦਾ ਹੈ । ਹਲਲੂਯਾਹ ! ।

114
ਪਸਾਹ ਦਾ ਗੀਤ

1ਜਦ ਇਸਰਾਏਲ ਮਿਸਰ ਵਿਚੋਂ ਨਿੱਕਲਿਆ, ਯਾਕੂਬ ਦਾ ਘਰਾਣਾ ਇੱਕ ਓਪਰੀ ਬੋਲੀ ਦੇ ਲੋਕਾਂ ਤੋਂ,2ਤਾਂ ਯਹੂਦਾਹ ਉਹ ਦਾ ਪਵਿੱਤਰ ਸਥਾਨ, ਇਸਰਾਏਲ ਉਹ ਦਾ ਰਾਜ ਹੋਇਆ ।

3ਸਮੁੰਦਰ ਨੇ ਡਿੱਠਾ ਤੇ ਨੱਠਾ, ਯਰਦਨ ਉਲਟੀ ਵਗੀ !4ਪਹਾੜ ਛੱਤਰਿਆਂ ਵਾਂਗੂੰ ਟੱਪਦੇ ਸਨ, ਪਹਾੜੀਆਂ ਲੇਲਿਆਂ ਵਾਂਗੂੰ ।
5ਹੇ ਸਮੁੰਦਰ, ਤੈਨੂੰ ਕੀ ਹੋਇਆ ਕਿ ਤੂੰ ਨੱਠਦਾ ਹੈਂ ? ਤੂੰ, ਯਰਦਨ, ਕਿਉਂ ਉਲਟੀ ਵਗਦੀ ਹੈਂ ?6ਹੇ ਪਹਾੜੋ, ਤੁਸੀਂ ਛੱਤਰਿਆਂ ਵਾਂਗੂੰ, ਹੇ ਪਹਾੜੀਓ, ਤੁਸੀਂ ਲੇਲਿਆਂ ਵਾਂਗੂੰ ਕਿਉਂ ਟੱਪਦੇ ਹੋ ?7ਹੇ ਧਰਤੀ, ਪ੍ਰਭੂ ਦੇ ਹਜ਼ੂਰ, ਯਾਕੂਬ ਦੇ ਪਰਮੇਸ਼ੁਰ ਦੇ ਸਨਮੁੱਖ ਕੰਬ,
8ਜਿਸ ਨੇ ਚੱਟਾਨ ਨੂੰ ਪਾਣੀ ਦਾ ਛੰਭ, ਚਖਮਖ ਦੇ ਪੱਥਰ ਨੂੰ ਪਾਣੀ ਦਾ ਚਸ਼ਮਾ ਬਣਾ ਛੱਡਿਆ ਹੈ ।

115
ਕੇਵਲ ਇੱਕੋ ਸੱਚਾ ਪਰਮੇਸ਼ੁਰ

1ਸਾਨੂੰ ਨਹੀਂ, ਹੇ ਯਹੋਵਾਹ, ਸਾਨੂੰ ਨਹੀਂ, ਸਗੋਂ ਆਪਣੇ ਹੀ ਨਾਮ ਨੂੰ ਆਪਣੀ ਦਯਾ ਤੇ ਸਚਿਆਈ ਦੇ ਕਾਰਨ ਵਡਿਆਈ ਦੇ !2ਕੌਮਾਂ ਇਉਂ ਆਖਣ, ਉਨ੍ਹਾਂ ਦਾ ਪਰਮੇਸ਼ੁਰ ਕਿੱਥੇ ਹੋਊ ?

3ਸਾਡਾ ਪਰਮੇਸ਼ੁਰ ਸਵਰਗ ਵਿੱਚ ਹੈ, ਉਹ ਨੇ ਜੋ ਚਾਹਿਆ ਸੋ ਕੀਤਾ ।4ਉਨ੍ਹਾਂ ਦੇ ਬੁੱਤ ਸੋਨਾ ਚਾਂਦੀ ਹੀ ਹਨ, ਓਹ ਇਨਸਾਨ ਦੇ ਹੱਥਾਂ ਦੀ ਬਨਾਵਟ ਹਨ ।
5ਉਨ੍ਹਾਂ ਦੇ ਮੂੰਹ ਤਾਂ ਹਨ ਪਰ ਬੋਲਦੇ ਨਹੀਂ, ਉਨ੍ਹਾਂ ਦੀਆਂ ਅੱਖਾਂ ਤਾਂ ਹਨ ਪਰ ਓਹ ਵੇਖਦੇ ਨਹੀਂ,6ਉਨ੍ਹਾਂ ਦੇ ਕੰਨ ਤਾਂ ਹਨ ਪਰ ਓਹ ਸੁਣਦੇ ਨਹੀਂ, ਉਨ੍ਹਾਂ ਦੇ ਨੱਕ ਤਾਂ ਹਨ ਪਰ ਓਹ ਸੁੰਘਦੇ ਨਹੀਂ,
7ਉਨ੍ਹਾਂ ਦੇ ਹੱਥ ਵੀ ਹਨ ਪਰ ਓਹ ਫੜਦੇ ਨਹੀਂ, ਉਨ੍ਹਾਂ ਦੇ ਪੈਰ ਵੀ ਹਨ ਪਰ ਓਹ ਚੱਲਦੇ ਨਹੀਂ, ਨਾ ਓਹ ਆਪਣੇ ਸੰਘ ਤੋਂ ਹੁੰਗਾਰਾ ਭਰਦੇ ਹਨ !8ਉਨ੍ਹਾਂ ਦੇ ਬਣਾਉਣ ਵਾਲੇ ਉਨ੍ਹਾਂ ਹੀ ਵਰਗੇ ਹੋਣਗੇ, ਨਾਲੇ ਓਹ ਸਾਰੇ ਜਿਹੜੇ ਉਨ੍ਹਾਂ ਉੱਤੇ ਭਰੋਸਾ ਰੱਖਦੇ ਹਨ ।
9ਹੇ ਇਸਰਾਏਲ, ਯਹੋਵਾਹ ਉੱਤੇ ਭਰੋਸਾ ਰੱਖ ! ਉਹ ਓਹਨਾਂ ਦਾ ਸਹਾਇਕ ਤੇ ਓਹਨਾਂ ਦੀ ਢਾਲ ਹੈ ।10ਹੇ ਹਾਰੂਨ ਦੇ ਘਰਾਣੇ, ਯਹੋਵਾਹ ਉੱਤੇ ਭਰੋਸਾ ਰੱਖ ! ਉਹ ਓਹਨਾਂ ਦਾ ਸਹਾਇਕ ਤੇ ਓਹਨਾਂ ਦੀ ਢਾਲ ਹੈ ।11ਹੇ ਯਹੋਵਾਹ ਤੋਂ ਡਰਨ ਵਾਲਿਓ, ਯਹੋਵਾਹ ਉੱਤੇ ਭਰੋਸਾ ਰੱਖੋ ! ਉਹ ਓਹਨਾਂ ਦਾ ਸਹਾਇਕ ਤੇ ਓਹਨਾਂ ਦੀ ਢਾਲ ਹੈ ।
12ਯਹੋਵਾਹ ਨੇ ਸਾਨੂੰ ਚੇਤੇ ਰੱਖਿਆ ਹੈ, ਉਹ ਬਰਕਤ ਦੇਵੇਗਾ, ਉਹ ਇਸਰਾਏਲ ਦੇ ਘਰਾਣੇ ਨੂੰ ਬਰਕਤ ਦੇਵੇਗਾ, ਉਹ ਹਾਰੂਨ ਦੇ ਘਰਾਣੇ ਨੂੰ ਬਰਕਤ ਦੇਵੇਗਾ !13ਉਹ ਯਹੋਵਾਹ ਤੋਂ ਡਰਨ ਵਾਲਿਆਂ ਨੂੰ ਬਰਕਤ ਦੇਵੇਗਾ, ਕੀ ਛੋਟੇ ਕੀ ਵੱਡੇ !14ਯਹੋਵਾਹ ਤੁਹਾਨੂੰ ਵਧਾਈ ਜਾਵੇ, ਤੁਹਾਨੂੰ ਤੇ ਤੁਹਾਡੇ ਬਾਲਕਾਂ ਨੂੰ ਵੀ !
15ਤੁਸੀਂ ਯਹੋਵਾਹ ਵੱਲੋਂ ਮੁਬਾਰਕ ਹੋ, ਜਿਹੜਾ ਅਕਾਸ਼ ਤੇ ਧਰਤੀ ਦਾ ਸਿਰਜਣਹਾਰ ਹੈ ।16ਅਕਾਸ਼ ਯਹੋਵਾਹ ਦੇ ਅਕਾਸ਼ ਹਨ, ਪਰ ਧਰਤੀ ਉਹ ਨੇ ਮਨੁੱਖ ਮਾਤ੍ਰ ਦੇ ਵੰਸ ਨੂੰ ਦਿੱਤੀ ਹੈ ।
17ਮੁਰਦੇ ਯਹੋਵਾਹ ਦੀ ਉਸਤਤ ਨਹੀਂ ਕਰਦੇ, ਨਾ ਓਹ ਸਾਰੇ ਜਿਹੜੇ ਖਮੋਸ਼ੀ ਵਿੱਚ ਉਤਰ ਗਏ ਹਨ ।18ਪਰ ਅਸੀਂ ਯਹੋਵਾਹ ਨੂੰ ਮੁਬਾਰਕ ਆਖਾਂਗਾ, ਹੁਣ ਤੋਂ ਲੈ ਕੇ ਸਦੀਪਕ ਕਾਲ ਤੱਕ । ਹਲਲੂਯਾਹ ! ।

116
ਮੌਤ ਤੋਂ ਬਚਣ 'ਤੇ ਪਰਮੇਸ਼ੁਰ ਦਾ ਧੰਨਵਾਦ

1ਮੈਂ ਯਹੋਵਾਹ ਨਾਲ ਪ੍ਰੇਮ ਰੱਖਦਾ ਹਾਂ ਇਸ ਲਈ ਕਿ ਉਹ ਮੇਰੀ ਅਵਾਜ਼ ਤੇ ਮੇਰੀਆਂ ਅਰਜੋਈਆਂ ਨੂੰ ਸੁਣਦਾ ਹੈ ।2ਉਹ ਨੇ ਜੋ ਮੇਰੀ ਵੱਲ ਕੰਨ ਲਾਇਆ ਹੈ, ਮੈਂ ਜੀਵਨ ਭਰ ਉਹ ਨੂੰ ਪੁਕਾਰਾਂਗਾ ।

3ਮੌਤ ਦੀਆਂ ਡੋਰੀਆਂ ਨੇ ਮੈਨੂੰ ਵਲ ਲਿਆ, ਪਤਾਲ ਦੇ ਦੁੱਖਾਂ ਨੇ ਮੈਨੂੰ ਆਣ ਲੱਭਿਆ, ਮੈਨੂੰ ਦੁੱਖ ਤੇ ਸੋਗ ਮਿਲਿਆ ।4ਤਾਂ ਮੈਂ ਯਹੋਵਾਹ ਦੇ ਨਾਮ ਨੂੰ ਪੁਕਾਰਿਆ, — ਹੇ ਯਹੋਵਾਹ, ਕਿਰਪਾ ਕਰ ਕੇ ਮੇਰੀ ਜਾਨ ਨੂੰ ਛੁਡਾ ਲਈ !
5ਯਹੋਵਾਹ ਦਯਾਵਾਨ ਤੇ ਧਰਮੀ ਹੈ, ਸਾਡਾ ਪਰਮੇਸ਼ੁਰ ਰਹੀਮ ਹੈ ।6ਯਹੋਵਾਹ ਭੋਲੀਆਂ ਦੀ ਰੱਖਿਆ ਕਰਦਾ ਹੈ, ਮੈਂ ਹੀਣਾ ਪੈ ਗਿਆ ਪਰ ਉਹ ਨੇ ਮੈਨੂੰ ਬਚਾਇਆ ।
7ਹੇ ਮੇਰੀ ਜਾਨ, ਆਪਣੇ ਟਿਕਾਣੇ ਨੂੰ ਮੁੜ ਚੱਲ, ਯਹੋਵਾਹ ਨੇ ਤੇਰੇ ਉੱਤੇ ਪਰਉਪਕਾਰ ਜੋ ਕੀਤਾ ਹੈ,8ਕਿਉਂ ਜੋ ਤੂੰ ਮੇਰੀ ਜਾਨ ਨੂੰ ਮੌਤ ਤੋਂ, ਮੇਰੀਆਂ ਅੱਖਾਂ ਨੂੰ ਅੰਝੂਆਂ ਤੋਂ, ਮੇਰੇ ਪੈਰਾਂ ਨੂੰ ਤਿਲਕਣ ਤੋਂ ਛੁਡਾਇਆ ਹੈ ।
9ਮੈਂ ਯਹੋਵਾਹ ਦੇ ਅੱਗੇ-ਅੱਗੇ ਜਿਉਂਦਿਆਂ ਦੇ ਦੇਸ ਵਿੱਚ ਤੁਰਾਂਗਾ ।10ਮੈਂ ਨਿਹਚਾ ਕੀਤੀ ਤਾਂ ਮੈਂ ਬੋਲਾਂਗਾ, ਮੈਂ ਬਹੁਤ ਅਧੀਨ ਹੋਇਆ,11ਮੈਂ ਆਪਣੀ ਘਬਰਾਹਟ ਵਿੱਚ ਆਖ ਬੈਠਾ, ਕਿ ਹਰੇਕ ਆਦਮੀ ਝੂਠਾ ਹੈ ।
12ਯਹੋਵਾਹ ਦੇ ਮੇਰੇ ਉੱਤੇ ਸਾਰੇ ਉਪਕਾਰਾਂ ਲਈ, ਮੈਂ ਉਹ ਨੂੰ ਕੀ ਮੋੜ ਕੇ ਦਿਆਂ ?13ਮੈਂ ਮੁਕਤੀ ਦਾ ਪਿਆਲਾ ਚੁੱਕਾਂਗਾ, ਅਤੇ ਯਹੋਵਾਹ ਦੇ ਨਾਮ ਉੱਤੇ ਪੁਕਾਰਾਂਗਾ ।14ਮੈਂ ਯਹੋਵਾਹ ਲਈ ਆਪਣੀਆਂ ਸੁੱਖਣਾਂ ਲਾਹਵਾਂਗਾ, ਹਾਂ, ਉਹ ਦੀ ਸਾਰੀ ਪਰਜਾ ਦੇ ਸਾਹਮਣੇ ।15ਯਹੋਵਾਹ ਦੀ ਨਿਗਾਹ ਵਿੱਚ ਉਹ ਦੇ ਸੰਤਾਂ ਦੀ ਮੌਤ ਬਹੁਮੁੱਲੀ ਹੈ !
16ਹੇ ਯਹੋਵਾਹ, ਮੈਂ ਸੱਚ-ਮੁੱਚ ਤੇਰਾ ਦਾਸ ਹਾਂ, ਮੈਂ ਤੇਰਾ ਹੀ ਦਾਸ ਹਾਂ, ਤੇਰੀ ਗੋੱਲੀ ਦਾ ਪੁੱਤਰ, ਤੂੰ ਤਾਂ ਮੇਰੇ ਬੰਧਨ ਖੋਲ੍ਹੇ ਹਨ ।17ਮੈਂ ਤੇਰੇ ਲਈ ਧੰਨਵਾਦ ਦਾ ਬਲੀਦਾਨ ਚੜ੍ਹਾਵਾਂਗਾ, ਮੈਂ ਯਹੋਵਾਹ ਦੇ ਨਾਮ ਨੂੰ ਪੁਕਾਰਾਂਗਾ ।
18ਮੈਂ ਯਹੋਵਾਹ ਲਈ ਆਪਣੀਆਂ ਸੁੱਖਣਾਂ ਲਾਹਵਾਂਗਾ, ਹਾਂ, ਇਹ ਦੀ ਸਾਰੀ ਪਰਜਾ ਦੇ ਸਾਹਮਣੇ,19ਯਹੋਵਾਹ ਦੇ ਭਵਨ ਦੀਆਂ ਦਰਗਾਹਾਂ ਵਿੱਚ, ਹੇ ਯਰੂਸ਼ਲਮ, ਤੇਰੇ ਐਨ ਵਿਚਕਾਰ । ਹਲਲੂਯਾਹ ! ।

117
ਪਰਮੇਸ਼ੁਰ ਦੀ ਉਸਤਤ ਦਾ ਭਜਨ

1ਹੇ ਸਾਰੀਓ ਕੌਮੋ, ਯਹੋਵਾਹ ਦੀ ਉਸਤਤ ਕਰੋ, ਹੇ ਸਾਰੀਓ ਉੱਮਤੋ, ਉਹ ਦੇ ਗੁਣ ਗਾਓ !2ਉਹ ਦੀ ਦਯਾ ਸਾਡੇ ਉੱਤੇ ਡਾਢੀ ਜੋ ਹੈ, ਅਤੇ ਯਹੋਵਾਹ ਦੀ ਵਫ਼ਾਦਾਰੀ ਸਦੀਪਕ ਹੈ । ਹਲਲੂਯਾਹ ! ।

118
ਜਿੱਤ ਦੇ ਲਈ ਧੰਨਵਾਦ

1ਯਹੋਵਾਹ ਦਾ ਧੰਨਵਾਦ ਕਰੋ ਕਿ ਉਹ ਭਲਾ ਹੈ, ਉਹ ਦੀ ਦਯਾ ਤਾਂ ਸਦੀਪਕ ਹੈ !2ਇਸਰਾਏਲ ਵੀ ਆਖੇ, ਕਿ ਉਹ ਦੀ ਦਯਾ ਸਦੀਪਕ ਹੈ ।

3ਹਾਰੂਨ ਦਾ ਘਰਾਣਾ ਵੀ ਆਖੇ, ਕਿ ਉਹ ਦੀ ਦਯਾ ਸਦੀਪਕ ਹੈ ।4ਯਹੋਵਾਹ ਤੋਂ ਡਰਨ ਵਾਲੇ ਵੀ ਆਖਣ, ਕਿ ਉਹ ਦੀ ਦਯਾ ਸਦੀਪਕ ਹੈ ! ।
5ਮੈਂ ਦੁੱਖ ਵਿੱਚ ਯਹੋਵਾਹ ਨੂੰ ਪੁਕਾਰਿਆ, ਯਹੋਵਾਹ ਨੇ ਉੱਤਰ ਦੇ ਕੇ ਮੈਨੂੰ ਖੁੱਲ੍ਹੇ ਥਾਂ ਵਿੱਚ ਰੱਖਿਆ ।6ਯਹੋਵਾਹ ਮੇਰੀ ਵੱਲ ਹੈ, ਮੈਂ ਨਹੀਂ ਡਰਾਂਗਾ, ਆਦਮੀ ਮੇਰਾ ਕੀ ਕਰ ਸਕਦਾ ਹੈ ?7ਯਹੋਵਾਹ ਮੇਰੀ ਵੱਲ ਮੇਰੇ ਸਹਾਇਕਾਂ ਵਿੱਚ ਹੈ, ਅਤੇ ਮੈਂ ਆਪਣੇ ਦੁਸ਼ਮਨਾਂ ਨੂੰ ਵੇਖ ਲਵਾਂਗਾ ।
8ਆਦਮੀ ਉੱਤੇ ਭਰੋਸੇ ਰੱਖਣ ਨਾਲੋਂ, ਯਹੋਵਾਹ ਦੀ ਸ਼ਰਨ ਲੈਣਾ ਭਲਾ ਹੈ ।9ਪਤਵੰਤਾਂ ਉੱਤੇ ਭਰੋਸਾ ਰੱਖਣ ਨਾਲੋਂ ਯਹੋਵਾਹ ਦੀ ਸ਼ਰਨ ਲੈਣਾ ਭਲਾ ਹੈ ।
10ਸਾਰੀਆਂ ਕੌਮਾਂ ਨੇ ਮੈਨੂੰ ਘੇਰਾ ਪਾ ਲਿਆ, ਮੈਂ ਯਹੋਵਾਹ ਦੇ ਨਾਮ ਤੇ ਉਨ੍ਹਾਂ ਨੂੰ ਵੱਢ ਹੀ ਸੁੱਟਿਆ ।11ਉਨ੍ਹਾਂ ਨੇ ਮੈਨੂੰ ਘੇਰ ਲਿਆ, ਆਹੋ, ਉਨ੍ਹਾਂ ਨੇ ਮੈਨੂੰ ਘੇਰਾ ਪਾ ਲਿਆ, ਮੈਂ ਯਹੋਵਾਹ ਦੇ ਨਾਮ ਤੇ ਉਨ੍ਹਾਂ ਨੂੰ ਵੱਢ ਹੀ ਸੁੱਟਿਆ ।12ਉਨ੍ਹਾਂ ਨੇ ਸ਼ਹਿਤ ਦੀਆਂ ਮੱਖੀਆਂ ਵਾਂਗੂੰ ਮੈਨੂੰ ਘੇਰ ਲਿਆ, ਓਹ ਕੰਡਿਆਂ ਦੀ ਅੱਗ ਵਾਂਗੂੰ ਬੁੱਝ ਗਏ, ਮੈਂ ਯਹੋਵਾਹ ਦੇ ਨਾਮ ਤੇ ਉਨ੍ਹਾਂ ਨੂੰ ਵੱਢ ਹੀ ਸੁੱਟਿਆ ।
13ਤੂੰ ਮੈਨੂੰ ਡੇਗਣ ਲਈ ਵੱਡਾ ਧੱਕਾ ਦਿੱਤਾ, ਪਰ ਯਹੋਵਾਹ ਨੇ ਮੇਰੀ ਸਹਾਇਤਾ ਕੀਤੀ ।14ਯਹੋਵਾਹ ਮੇਰਾ ਬਲ ਤੇ ਗੀਤ ਹੈ, ਉਹ ਮੇਰਾ ਬਚਾਓ ਹੈਗਾ ।
15ਧਰਮੀਆਂ ਦੇ ਡੇਰਿਆਂ ਵਿੱਚ ਬਚਾਓ ਤੇ ਜੈਕਾਰੇ ਦੀ ਅਵਾਜ਼ ਹੈ, ਯਹੋਵਾਹ ਦਾ ਸੱਜਾ ਹੱਥ ਸੂਰਮਗਤੀ ਕਰਦਾ ਹੈ ।16ਯਹੋਵਾਹ ਦਾ ਸੱਜਾ ਹੱਥ ਉੱਚਾ ਹੋਇਆ ਹੈ, ਯਹੋਵਾਹ ਦਾ ਸੱਜਾ ਹੱਥ ਸੂਰਮਗਤੀ ਕਰਦਾ ਹੈ ।
17ਮੈਂ ਮਰਾਂਗਾ ਨਹੀਂ ਸਗੋਂ ਮੈਂ ਜੀਆਂਗਾ, ਅਤੇ ਯਹੋਵਾਹ ਦੇ ਕੰਮਾਂ ਦਾ ਵਰਣਨ ਕਰਾਂਗਾ ।18ਯਹੋਵਾਹ ਨੇ ਮੈਨੂੰ ਬਹੁਤ ਤਾੜਿਆ, ਪਰ ਮੈਨੂੰ ਮੌਤ ਦੇ ਹਵਾਲੇ ਨਾ ਕੀਤਾ ।
19ਧਰਮ ਦੇ ਫਾਟਕ ਮੇਰੇ ਲਈ ਖੋਲ੍ਹ ਦਿਓ, ਤਾਂ ਮੈਂ ਉਨ੍ਹਾਂ ਵਿੱਚ ਜਾ ਕੇ ਯਹੋਵਾਹ ਦਾ ਧੰਨਵਾਦ ਕਰਾਂਗਾ ।20ਯਹੋਵਾਹ ਦਾ ਫਾਟਕ ਇਹ ਹੈ, ਧਰਮੀ ਇਹ ਦੇ ਵਿਚੋਂ ਦੀ ਜਾਣਗੇ ।21ਮੈਂ ਤੇਰਾ ਧੰਨਵਾਦ ਕਰਾਂਗਾ ਕਿਉਂ ਜੋ ਤੂੰ ਮੈਨੂੰ ਉੱਤਰ ਦਿੱਤਾ ਹੈ, ਤੂੰ ਮੇਰਾ ਬਚਾਓ ਹੋਇਆ ਹੈਂ ।
22ਜਿਸ ਪੱਥਰ ਨੂੰ ਰਾਜਾਂ ਨੇ ਰੱਦਿਆ, ਸੋਈ ਖੂੰਜੇ ਦਾ ਸਿਰ ਹੋ ਗਿਆ ।23ਏਹ ਯਹੋਵਾਹ ਦੀ ਵੱਲੋਂ ਹੈ, ਅਤੇ ਸਾਡੀ ਨਜ਼ਰ ਵਿੱਚ ਅਚਰਜ ਹੈ ।
24ਏਹ ਦਿਨ ਯਹੋਵਾਹ ਨੇ ਬਣਾਇਆ, ਉਸ ਵਿੱਚ ਅਸੀਂ ਬਾਗ ਬਾਗ ਤੇ ਅਨੰਦ ਹੋਈਏ !25ਹੇ ਯਹੋਵਾਹ, ਬਿਨਤੀ ਹੈ, ਬਚਾ ਲੈ, ਹੇ ਯਹੋਵਾਹ, ਬਿਨਤੀ ਹੈ, ਨਿਹਾਲ ਕੇ !
26ਮੁਬਾਰਕ ਉਹ ਹੈ ਜਿਹੜਾ ਯਹੋਵਾਹ ਦੇ ਨਾਮ ਤੇ ਆਉਂਦਾ ਹੈ, ਅਸੀਂ ਤੁਹਾਨੂੰ ਯਹੋਵਾਹ ਦੇ ਭਵਨ ਤੋਂ ਬਰਕਤ ਦਿੱਤੀ ।27ਯਹੋਵਾਹ ਪਰਮੇਸ਼ੁਰ ਹੈ ਅਤੇ ਉਹ ਨੇ ਸਾਡੇ ਲਈ ਚਾਨਣ ਕੀਤਾ, ਜਗ ਪਸੂ ਨੂੰ ਰੱਸਿਆਂ ਨਾਲ ਬੰਨ੍ਹ ਦਿਓ, — ਜਗਵੇਦੀ ਦੇ ਸਿੰਙਾਂ ਤੱਕ ।28ਮੇਰਾ ਪਰਮੇਸ਼ੁਰ ਤੂੰ ਹੈਂ, ਮੈਂ ਤੇਰਾ ਧੰਨਵਾਦ ਕਰਾਂਗਾ । ਹੇ ਮੇਰੇ ਪਰਮੇਸ਼ੁਰ, ਮੈਂ ਤੇਰੀ ਬਜ਼ੁਰਗੀ ਕਰਾਂਗਾ ।
29ਯਹੋਵਾਹ ਦਾ ਧੰਨਵਾਦ ਕਰੋ ਜੋ ਉਹ ਭਲਾ ਹੈ, ਉਹ ਦੀ ਦਯਾ ਜੋ ਸਦੀਪਕ ਹੈ ।

119
ਪਰਮੇਸ਼ੁਰ ਦੀ ਬਿਵਸਥਾ
ਅਲਫ਼

1ਧੰਨ ਓਹ ਹਨ ਜਿਹੜੇ ਪਰਮ ਚਲ ਹਨ, ਜਿਹੜੇ ਯਹੋਵਾਹ ਦੀ ਬਿਵਸਥਾ ਉੱਤੇ ਚੱਲਦੇ ਹਨ !2ਧੰਨ ਓਹ ਹਨ ਜਿਹੜੇ ਇਹ ਦੀਆਂ ਸਾਖੀਆਂ ਨੂੰ ਮੰਨਦੇ, ਅਤੇ ਤਨੋ ਮਨੋ ਉਹ ਨੂੰ ਭਾਲਦੇ ਹਨ !

3ਓਹ ਤਾਂ ਬਦੀ ਨਹੀਂ ਕਰਦੇ, ਓਹ ਉਸ ਦੇ ਰਾਹਾਂ ਵਿੱਚ ਚੱਲਦੇ ਹਨ ।4ਤੂੰ ਸਾਨੂੰ ਆਪਣੇ ਫਰਮਾਨਾਂ ਦਾ ਹੁਕਮ ਦਿੱਤਾ, ਕਿ ਅਸੀਂ ਮਨ ਲਾ ਕੇ ਉਨ੍ਹਾਂ ਦੀ ਪਾਲਣਾ ਕਰੀਏ ।
5ਕਾਸ਼ ਕਿ ਮੇਰੀ ਚਾਲ ਤੇਰੀਆਂ ਬਿਧੀਆਂ ਦੀ ਪਾਲਣਾ ਕਰਨ ਲਈ ਪੱਕੀ ਹੋਵੇ !6ਜਦ ਮੈਂ ਤੇਰੇ ਹੁਕਮਾਂ ਉੱਤੇ ਗੌਹ ਕਰਾਂਗਾ, ਤਦ ਮੈਂ ਲੱਜਿਆਵਾਨ ਨਾ ਹੋਵਾਂਗਾ ।
7ਜਦ ਮੈਂ ਤੇਰਿਆਂ ਸੱਚਿਆਂ ਨਿਆਵਾਂ ਨੂੰ ਸਿੱਖ ਲਵਾਂਗਾ, ਮੈਂ ਸਿੱਧੇ ਮਨ ਨਾਲ ਤੇਰਾ ਧੰਨਵਾਦ ਕਰਾਂਗਾ ।8ਮੈਂ ਤੇਰੀਆਂ ਬਿਧੀਆਂ ਦੀ ਪਾਲਣਾ ਕਰਾਂਗਾ, ਤੂੰ ਮੈਨੂੰ ਮੂਲੋਂ ਹੀ ਤਿਆਗ ਨਾ ਦੇ !
ਪਰਮੇਸ਼ੁਰ ਦੀ ਬਿਵਸਥਾ ਨੂੰ ਮੰਨਣਾ

ਬੇਥ

9ਜੁਆਨ ਕਿੱਦਾਂ ਆਪਣੀ ਚਾਲ ਨੂੰ ਸੁੱਧ ਰੱਖੇ ? ਉਹ ਤੇਰੇ ਬਚਨ ਦੇ ਅਨੁਸਾਰ ਉਹ ਦੀ ਚੌਕਸੀ ਕਰੇ ।10ਮੈਂ ਆਪਣੇ ਸਾਰੇ ਮਨ ਨਾਲ ਤੈਨੂੰ ਭਾਲਿਆ ਹੈ, ਆਪਣੇ ਹੁਕਮਾਂ ਤੋਂ ਮੈਨੂੰ ਭਟਕਣ ਨਾ ਦੇ !
11ਮੈਂ ਤੇਰੇ ਬਚਨ ਨੂੰ ਆਪਣੇ ਮਨ ਵਿੱਚ ਜਮਾਂ ਕਰ ਲਿਆ, ਤਾਂ ਜੋ ਤੇਰਾ ਪਾਪ ਨਾ ਕਰਾਂ ।12ਹੇ ਯਹੋਵਾਹ, ਤੂੰ ਮੁਬਾਰਕ ਹੈਂ, ਆਪਣੀਆਂ ਬਿਧੀਆਂ ਮੈਨੂੰ ਸਿਖਲਾ !
13ਮੈਂ ਆਪਣੇ ਬੁੱਲ੍ਹਾਂ ਨਾਲ ਤੇਰੇ ਮੂੰਹ ਦੇ ਸਾਰੇ ਨਿਆਵਾਂ ਦਾ ਨਿਰਨਾ ਕੀਤਾ ।14ਮੈਂ ਤੇਰੀਆਂ ਸਾਖੀਆਂ ਦੇ ਰਾਹ ਵਿੱਚ ਖੁਸ਼ ਰਿਹਾ, ਜਿਵੇਂ ਸਾਰੀ ਦੌਲਤ ਉੱਤੇ ।
15ਮੈਂ ਤੇਰੇ ਫਰਮਾਨਾ ਵਿੱਚ ਲੀਨ ਹੋਵਾਂਗਾ, ਅਤੇ ਤੇਰੇ ਮਾਰਗਾਂ ਉੱਤੇ ਗੌਹ ਕਰਾਂਗਾ ।16ਮੈਂ ਤੇਰੀਆਂ ਬਿਧੀਆਂ ਵਿੱਚ ਮਗਨ ਰਹਾਂਗਾ, ਮੈਂ ਤੇਰੇ ਬਚਨ ਨੂੰ ਨਹੀਂ ਵਿਸਰਾਂਗਾ ।
ਪਰਮੇਸ਼ੁਰ ਦੀ ਬਿਵਸਥਾ ਦੇ ਵਿੱਚ ਅਨੰਦ
ਗਿਮੇਲ

17ਆਪਣੇ ਸੇਵਕ ਉੱਤੇ ਉਪਕਾਰ ਕਰ ਕਿ ਮੈਂ ਜਿਉਂਦਾ ਰਹਾਂ, ਤੇ ਤੇਰੇ ਬਚਨ ਦੀ ਪਾਲਣਾ ਕਰਾਂ ।18ਮੇਰੀਆਂ ਅੱਖਾਂ ਖੋਲ੍ਹ, ਕਿ ਮੈਂ ਤੇਰੀ ਬਿਵਸਥਾ ਦੀਆਂ ਅਚਰਜ ਗੱਲਾਂ ਨੂੰ ਵੇਖਾਂ !
19ਮੈਂ ਧਰਤੀ ਉੱਤੇ ਪਰਦੇਸੀ ਹਾਂ, ਆਪਣੇ ਹੁਕਮ ਮੈਥੋਂ ਗੁਪਤ ਨਾ ਰੱਖ ।20ਮੇਰੀ ਜਾਨ ਹਰ ਵੇਲੇ ਤੇਰਿਆਂ ਨਿਆਵਾਂ ਦੀ ਤਾਂਘ ਵਿੱਚ ਟੁੱਟਦੀ ਹੈ ।
21ਮੈਂ ਸਰਾਪੀ ਹੰਕਾਰੀਆਂ ਨੂੰ ਵਰਜਿਆ ਹੈ, ਜਿਹੜੇ ਤੇਰੇ ਹੁਕਮਾਂ ਤੋਂ ਭੁੱਲੇ ਫਿਰਦੇ ਹਨ ।22ਮੇਰੇ ਉੱਤੋਂ ਨਿੰਦਿਆ ਤੇ ਨਫ਼ਰਤ ਦੁਰ ਕਰ, ਕਿਉਂ ਜੋ ਮੈਂ ਤੇਰੀਆਂ ਸਾਖੀਆਂ ਨੂੰ ਸੰਭਾਲਿਆ ਹੈ !
23ਸਰਦਾਰਾਂ ਨੇ ਵੀ ਬਹਿ ਕੇ ਮੇਰੇ ਵਿਰੁੱਧ ਗੱਲਾਂ ਕੀਤੀਆਂ ਹਨ, ਪਰ ਤੇਰਾ ਸੇਵਕ ਤੇਰੀਆਂ ਬਿਧੀਆਂ ਵਿੱਚ ਲੀਨ ਰਹੇਗਾ ।24ਤੇਰੀਆਂ ਸਾਖੀਆਂ ਵੀ ਮੇਰੀ ਖੁਸ਼ੀ, ਅਤੇ ਮੇਰੇ ਲਈ ਸਲਾਹਕਾਰ ਹਨ ।
ਪਰਮੇਸ਼ੁਰ ਦੀ ਬਿਵਸਥਾ ਨੂੰ ਮੰਨਣ ਦਾ ਸੰਕਲਪ
ਦਾਲਥ

25ਮੇਰੀ ਜਾਨ ਖਾਕ ਵਿੱਚ ਰਲ ਗਈ ਹੈ, ਆਪਣੇ ਬਚਨ ਦੇ ਅਨੁਸਾਰ ਮੈਨੂੰ ਜੀਵਾਲ !26ਮੈਂ ਆਪਣੀ ਚਾਲ ਨੂੰ ਪਰਗਟ ਕੀਤਾ ਅਤੇ ਤੂੰ ਮੈਨੂੰ ਉੱਤਰ ਦਿੱਤਾ, ਆਪਣੀਆ ਬਿਧੀਆਂ ਮੈਨੂੰ ਸਿਖਲਾ !
27ਆਪਣੇ ਫਰਮਾਨਾਂ ਦਾ ਰਾਹ ਮੈਨੂੰ ਸਮਝਾ, ਤਾਂ ਮੈਂ ਤੇਰੇ ਅਚਰਜ ਕੰਮਾਂ ਉੱਤੇ ਧਿਆਨ ਲਾਵਾਂਗਾ ।28ਮੇਰੀ ਜਾਨ ਉਦਾਸੀ ਦੇ ਕਾਰਨ ਢਲ ਗਈ ਹੈ, ਆਪਣੇ ਬਚਨ ਦੇ ਅਨੁਸਾਰ ਮੈਨੂੰ ਦ੍ਰਿੜ ਕਰ !
29ਝੂਠ ਦਾ ਰਾਹ ਮੈਥੋਂ ਦੂਰ ਕਰ, ਅਤੇ ਆਪਣੀ ਬਿਵਸਥਾ ਦਯਾ ਨਾਲ ਮੈਨੂੰ ਬਖਸ਼ ਦੇ !30ਮੈਂ ਵਫ਼ਾਦਾਰੀ ਦਾ ਰਾਹ ਚੁਣ ਲਿਆ ਹੈ, ਮੈਂ ਤੇਰਿਆਂ ਨਿਆਵਾਂ ਨੂੰ ਆਪਣੇ ਸਨਮੁੱਖ ਰੱਖਿਆ ।
31ਮੈਂ ਤੇਰੀਆਂ ਸਾਖੀਆਂ ਨੂੰ ਫੜ ਛੱਡਿਆ ਹੈ, ਹੇ ਯਹੋਵਾਹ, ਮੈਨੂੰ ਲੱਜਿਆਵਾਨ ਨਾ ਕਰ !32ਜਦ ਤੂੰ ਮੇਰੇ ਮਨ ਨੂੰ ਵਧਾਵੇਂਗਾ, ਤਦ ਮੈ ਤੇਰੇ ਹੁਕਮਾਂ ਦੇ ਮਾਰਗ ਉੱਤੇ ਦੌੜਿਆ ਜਾਂਵਾਂਗਾ !
ਸਮਝ ਦੇ ਲਈ ਪ੍ਰਾਰਥਨਾ
ਹੇ

33ਹੇ ਯਹੋਵਾਹ,ਤੂੰ ਆਪਣੀਆਂ ਬਿਧੀਆਂ ਦਾ ਰਾਹ ਮੈਨੂੰ ਸਿਖਲਾ, ਤਾਂ ਮੈਂ ਅੰਤ ਤੱਕ ਉਹ ਨੂੰ ਸੰਭਾਲੀ ਰੱਖਾਂਗਾ ।34ਮੈਨੂੰ ਸਮਝ ਦੇ ਅਤੇ ਮੈਂ ਤੇਰੀ ਬਿਵਸਥਾ ਨੂੰ ਸਾਭਾਂਗਾ, ਸਗੋਂ ਆਪਣੇ ਸਾਰੇ ਮਨ ਨਾਲ ਉਹ ਦੀ ਪਾਲਣਾ ਕਰਾਂਗਾ ।
35ਮੈਨੂੰ ਆਪਣੇ ਹੁਕਮਾਂ ਦੇ ਮਾਰਗ ਦੀ ਅਗਵਾਈ ਕਰ, ਕਿਉਂ ਜੋ ਉਸ ਵਿੱਚ ਮੈਂ ਮਗਨ ਹਾਂ !36ਆਪਣੀਆਂ ਸਾਖੀਆਂ ਵੱਲ ਮੇਰਾ ਦਿਲ ਮੋੜ, ਨਾ ਕਿ ਲੋਭ ਵੱਲ,
37ਮੇਰੀਆਂ ਅੱਖਾਂ ਨੂੰ ਵਿਅਰਥ ਵੇਖਣ ਤੋਂ ਮੋੜ ਦੇ, ਆਪਣੇ ਰਾਹਾਂ ਉੱਤੇ ਮੈਨੂੰ ਜਿਵਾਲ !38ਆਪਣੇ ਬਚਨ ਨੂੰ ਆਪਣੇ ਸੇਵਕ ਲਈ ਕਾਇਮ ਰੱਖ, ਜਿਹੜਾ ਤੇਰੇ ਭੈ ਮੰਨਣ ਵਾਲਿਆਂ ਦੇ ਲਈ ਹੈ ।
39ਮੇਰੀ ਨਿੰਦਿਆ ਨੂੰ ਜਿਸ ਤੋਂ ਮੈਂ ਡਰਦਾ ਹਾਂ ਮੈਥੋਂ ਲੰਘਾ ਦੇ, ਤੇਰੇ ਨਿਆਂ ਭਲੇ ਹਨ !40ਵੇਖ, ਤੇਰੇ ਫ਼ਰਮਾਨਾਂ ਲਈ ਲੋਚਿਆ ਹੈ, ਆਪਣੇ ਧਰਮ ਵਿੱਚ ਮੈਨੂੰ ਜਿਵਾਲ !
ਪਰਮੇਸ਼ੁਰ ਦੀ ਬਿਵਸਥਾ ਉੱਤੇ ਭਰੋਸਾ
ਵਾਵ

41ਹੇ ਯਹੋਵਾਹ, ਤੇਰੀ ਦਯਾ ਮੇਰੇ ਉੱਤੇ ਆਵੇ, ਤੇਰਾ ਬਚਾਓ ਵੀ ਤੇਰੇ ਬਚਨ ਅਨੁਸਾਰ !42ਤਾਂ ਮੈ ਆਪਣੀ ਨਿੰਦਿਆ ਕਰਨ ਵਾਲੇ ਨੂੰ ਉੱਤਰ ਦਿਆਂਗਾ, ਕਿਉਂ ਜੋ ਮੈਂ ਤੇਰੇ ਬਚਨ ਉੱਤੇ ਭਰੋਸਾ ਰੱਖਦਾ ਹਾਂ,
43ਅਤੇ ਮੇਰੇ ਮੂੰਹੋਂ ਸਚਿਆਈ ਦਾ ਬਚਨ ਮੂਲੋਂ ਹੀ ਖੋਹ ਨਾ ਲੈ, ਕਿਉਂ ਜੋ ਤੇਰੇ ਨਿਆਵਾਂ ਉੱਤੇ ਮੇਰੀ ਆਸ ਹੈ,44ਤਾਂ ਮੈ ਤੇਰੀ ਬਿਵਸਥਾ ਦੀ ਹਰ ਵੇਲੇ ਸਦਾ ਤੱਕ ਪਾਲਣਾ ਕਰਾਂਗਾ,
45ਅਤੇ ਮੈਂ ਖੁਲਮਖੁਲਾ ਚੱਲਦਾ ਫਿਰਾਂਗਾ, ਕਿਉਂ ਜੋ ਮੈਂ ਤੇਰੇ ਫ਼ਰਮਾਨਾਂ ਦਾ ਤਾਲਿਬ ਰਿਹਾ ।46ਮੈਂ ਪਾਤਸ਼ਾਹਾਂ ਦੇ ਸਨਮੁੱਖ ਤੇਰੀਆਂ ਸਾਖੀਆਂ ਦਾ ਚਰਚਾ ਕਰਾਂਗਾ, ਅਤੇ ਲੱਜਿਆਵਾਨ ਨਾ ਹੋਵਾਂਗਾ ।
47ਮੈਂ ਤੇਰੇ ਹੁਕਮਾਂ ਵਿੱਚ ਅੱਤ ਖੁਸ਼ ਹੋਵਾਂਗਾ, ਜਿਨ੍ਹਾਂ ਨਾਲ ਮੈਂ ਪ੍ਰੀਤ ਲਾਈ ਹੈ ।48ਮੈਂ ਤੇਰੇ ਹੁਕਮਾਂ ਵੱਲ ਜਿਨ੍ਹਾਂ ਨਾਲ ਮੈਂ ਪ੍ਰੀਤ ਲਾਈ ਹੈ ਆਪਣੇ ਹੱਥ ਅੱਡਾਂਗਾ, ਅਤੇ ਤੇਰੀਆਂ ਬਿਧੀਆਂ ਵਿੱਚ ਲੀਨ ਹੋਵਾਂਗਾ ।
ਪਰਮੇਸ਼ੁਰ ਦੀ ਬਿਵਸਥਾ ਵਿੱਚ ਆਸ
ਜ਼ੈਨ

49ਆਪਣੇ ਸੇਵਕ ਲਈ ਉਹ ਬਚਨ ਚੇਤੇ ਕਰ,ਜਿਹ ਦੇ ਉੱਤੇ ਤੂੰ ਮੈਨੂੰ ਆਸ ਦੁਆਈ ਹੈ !50ਏਹੀ ਮੇਰੇ ਦੁੱਖ ਵਿੱਚ ਮੇਰੀ ਤੱਸਲੀ ਹੈ, ਕਿ ਤੇਰੇ ਬਚਨ ਨੇ ਮੈਨੂੰ ਜਿਵਾਲਿਆ ਹੈ ।
51ਹੰਕਾਰੀਆਂ ਨੇ ਮੈਨੂੰ ਠੱਠੇ ਵਿੱਚ ਬਹੁਤ ਉਡਾਇਆ ਹੈ, ਪਰ ਮੈਂ ਤੇਰੀ ਬਿਵਸਥਾ ਤੋਂ ਬੇਮੁਖ ਨਾ ਹੋਇਆ ।52ਹੇ ਯਹੋਵਾਹ, ਮੈਂ ਤੇਰੇ ਪਰਾਚੀਨ ਨਿਆਵਾਂ ਨੂੰ ਚੇਤੇ ਰੱਖਿਆ ਹੈ, ਅਤੇ ਮੈਨੂੰ ਦਿਲਾਸਾ ਮਿਲਿਆ ।
53ਮੇਰਾ ਗੁੱਸਾ ਭਖ ਉੱਠਿਆ ਹੈ, ਕਿ ਦੁਸ਼ਟ ਤੇਰੀ ਬਿਵਸਥਾ ਨੂੰ ਤਿਆਗ ਦਿੰਦੇ ਹਨ ।54ਤੇਰੀਆਂ ਬਿਧੀਆਂ ਮੇਰੇ ਮੁਸਾਫ਼ਰੀ ਦੇ ਘਰ ਵਿੱਚ ਮੇਰੇ ਭਜਨ ਸਨ ।
55ਹੇ ਯਹੋਵਾਹ,ਮੈਂ ਰਾਤੀਂ ਤੇਰੇ ਨਾਮ ਨੂੰ ਚੇਤੇ ਕੀਤਾ ਹੈ, ਅਤੇ ਤੇਰੀ ਬਿਵਸਥਾ ਦੀ ਪਾਲਣਾ ਕੀਤੀ56ਇਹ ਮੈਨੂੰ ਇਸ ਲਈ ਹੋਇਆ, ਕਿ ਮੈਂ ਤੇਰੇ ਫ਼ਰਮਾਨਾਂ ਨੂੰ ਸੰਭਾਲਿਆ ਹੈ ।
ਪਰਮੇਸ਼ੁਰ ਦੀ ਬਿਵਸਥਾ ਦੇ ਪ੍ਰਤੀ ਭਗਤੀ
ਖੇਥ

57ਯਹੋਵਾਹ ਮੇਰਾ ਭਾਗ ਹੈ, ਮੈਂ ਆਖਿਆ, ਮੈਂ ਤੇਰਿਆਂ ਬਚਨਾਂ ਦੀ ਪਾਲਣਾ ਕਰਾਂਗਾ ।58ਮੈਂ ਆਪਣੇ ਸਾਰੇ ਦਿਲ ਨਾਲ ਤੇਰੇ ਦਰਸ਼ਣ ਲਈ ਬੇਨਤੀ ਕੀਤੀ ਹੈ, ਆਪਣੇ ਬਚਨ ਅਨੁਸਾਰ ਮੇਰੇ ਉੱਤੇ ਕਿਰਪਾ ਕਰ ।
59ਮੈਂ ਆਪਣੇ ਚਾਲ-ਚਲਣ ਨੂੰ ਸੋਚਿਆ, ਅਤੇ ਆਪਣੇ ਪੈਰ ਤੇਰੀਆਂ ਸਾਖੀਆਂ ਵੱਲ ਫੇਰੇ ਹਨ ।60ਮੈਂ ਛੇਤੀ ਕੀਤੀ ਅਤੇ ਢਿੱਲ ਨਾ ਲਾਈ, ਕਿ ਤੇਰੇ ਹੁਕਮਾਂ ਦੀ ਪਾਲਣਾ ਕਰਾਂ ।
61ਦੁਸ਼ਟਾਂ ਦੇ ਬੰਨਾਂ ਨੇ ਮੈਨੂੰ ਵਲ ਲਿਆ, ਪਰ ਮੈਂ ਤੇਰੀ ਬਿਵਸਥਾ ਨੂੰ ਨਹੀ ਵਿਸਾਰਿਆ ।62ਤੇਰੇ ਧਰਮ ਦਿਆਂ ਨਿਆਵਾਂ ਦੇ ਕਾਰਨ, ਅੱਧੀ ਰਾਤ ਨੂੰ ਮੈਂ ਉੱਠ ਕੇ ਤੇਰਾ ਧੰਨਵਾਦ ਕਰਾਂਗਾ ।
63ਮੈਂ ਉਨ੍ਹਾਂ ਸਾਰਿਆਂ ਦਾ ਸਾਥੀ ਹਾਂ ਜਿਹੜੇ ਤੇਰਾ ਭੈ ਰੱਖਦੇ ਹਨ, ਅਤੇ ਤੇਰੇ ਫ਼ਰਮਾਨਾਂ ਦੀ ਪਾਲਣਾ ਕਰਦੇ ਹਨ ।64ਹੇ ਯਹੋਵਾਹ,ਧਰਤੀ ਤੇਰੀ ਦਯਾ ਨਾਲ ਭਰੀ ਹੋਈ ਹੈ,ਆਪਣੀਆਂ ਬਿਧੀਆਂ ਮੈਨੂੰ ਸਿਖਲਾ !
ਪਰਮੇਸ਼ੁਰ ਦੀ ਬਿਵਸਥਾ ਦਾ ਮੁੱਲ
ਟੇਥ

65ਆਪਣੇ ਸੇਵਕ ਨਾਲ ਤੂੰ ਭਲਿਆਈ ਕੀਤੀ ਹੈ,ਹੇ ਯਹੋਵਾਹ, ਆਪਣੇ ਬਚਨ ਅਨੁਸਾਰ66ਮੈਨੂੰ ਚੰਗਾ ਬਿਬੇਕ ਤੇ ਗਿਆਨ ਸਿਖਲਾ,ਕਿਉਂ ਜੋ ਮੈਂ ਤੇਰੇ ਹੁਕਮਾਂ ਉੱਤੇ ਨਿਹਚਾ ਕੀਤੀ ਹੈ ।
67ਮੇਰੇ ਦੁਖੀ ਹੋਣ ਤੋਂ ਪਹਿਲਾਂ ਮੈਂ ਭੁੱਲਿਆ ਫਿਰਦਾ ਸੀ,ਪਰ ਹੁਣ ਮੈਂ ਤੇਰੇ ਬਚਨ ਦੀ ਪਾਲਣਾ ਕਰਦਾ ਹਾਂ ।68ਤੂੰ ਭਲਾ ਹੈਂ ਅਤੇ ਭਲਿਆਈ ਕਰਦਾ ਹੈਂ,ਆਪਣੀਆਂ ਬਿਧੀਆਂ ਮੈਨੂੰ ਸਿਖਲਾ ।
69ਹੰਕਾਰੀਆਂ ਨੇ ਮੇਰੇ ਉੱਤੇ ਝੂਠ ਥੱਪ ਛੱਡਿਆ ਹੈ,ਮੈਂ ਆਪਣੇ ਸਾਰੇ ਮਨ ਨਾਲ ਤੇਰੇ ਫ਼ਰਮਾਨਾਂ ਨੂੰ ਮੰਨਾਗਾ ।70ਉਨ੍ਹਾਂ ਦਾ ਮਨ ਚਰਬੀ ਵਰਗਾ ਮੋਟਾ ਹੈ,ਪਰ ਮੈਂ ਤੇਰੀ ਬਿਵਸਥਾ ਵਿੱਚ ਖੁਸ਼ ਹਾਂ ।
71ਮੇਰੇ ਲਈ ਭਲਾ ਕਿ ਮੈਂ ਦੁਖੀ ਹੋਇਆ,ਤਾਂ ਜੋ ਮੈਂ ਤੇਰੀਆਂ ਬਿਧੀਆਂ ਨੂੰ ਸਿੱਖਾਂ ।72ਤੇਰੇ ਮੂੰਹ ਦੀ ਬਿਵਸਥਾ ਮੇਰੇ ਲਈ ਸੋਨੇ ਤੇ ਚਾਂਦੀ ਦੇ ਹਜ਼ਾਰਾਂ ਸਿੱਕਿਆਂ ਤੋਂ ਚੰਗੀ ਹੈ !
ਪਰਮੇਸ਼ੁਰ ਦੀ ਬਿਵਸਥਾ ਦਾ ਨਿਆਂ
ਯੋਧ

73ਤੇਰੇ ਹੱਥਾਂ ਨੇ ਮੈਨੂੰ ਬਣਾਇਆ ਤੇ ਰਚਿਆ ਹੈ,ਮੈਨੂੰ ਗਿਆਨ ਦੇ ਕਿ ਮੈਂ ਤੇਰੇ ਹੁਕਮਾਂ ਨੂੰ ਸਿੱਖਾਂ ।74ਜਿਹੜੇ ਤੇਰਾ ਭੈ ਮੰਨਦੇ ਹਨ ਉਹ ਮੈਨੂੰ ਵੇਖ ਕੇ ਅਨੰਦ ਹੋਣਗੇ,ਕਿਉਂਕਿ ਮੈਂ ਤੇਰੇ ਬਚਨ ਉੱਤੇ ਆਸਾ ਰੱਖੀ ਹੈ ।
75ਹੇ ਯਹੋਵਾਹ, ਮੈਂ ਜਾਣਦਾ ਹਾਂ ਕਿ ਤੇਰੇ ਨਿਆਂ ਧਰਮ ਦੇ ਹਨ, ਸੋ ਤੂੰ ਵਫ਼ਾਦਾਰੀ ਨਾਲ ਮੈਨੂੰ ਦੁੱਖ ਦਿੱਤਾ ।76ਤੇਰੀ ਦਯਾ ਮੈਨੂੰ ਸ਼ਾਂਤ ਦੇਵੇ, ਤੇਰੇ ਬਚਨ ਅਨੁਸਾਰ ਜਿਹੜਾ ਤੇਰੇ ਸੇਵਕ ਨੂੰ ਮਿਲਿਆ ।
77ਤੇਰੀਆਂ ਦਿਆਲਗੀਆਂ ਮੈਨੂੰ ਮਿਲ ਜਾਣ ਕਿ ਮੈਂ ਜੀਂਉਦਾ ਰਹਾਂ,ਕਿਉਂ ਜੋ ਮੇਰੀ ਖੁਸ਼ੀ ਤੇਰੀ ਬਿਵਸਥਾ ਵਿੱਚ ਹੈ !78ਹੰਕਾਰੀ ਸ਼ਰਮਿੰਦੇ ਹੋਣ ਕਿਉਂਕਿ ਉਨ੍ਹਾਂ ਨੇ ਝੂਠ ਨਾਲ ਮੈਨੂੰ ਡੇਗ ਦਿੱਤਾ ਹੈ,ਪਰ ਮੈਂ ਤੇਰੇ ਫ਼ਰਮਾਨਾਂ ਵਿੱਚ ਲੀਨ ਰਹਾਂਗਾ ।
79ਤੇਰੇ ਭੈ ਮੰਨਣ ਵਾਲੇ ਮੇਰੀ ਵੱਲ ਫਿਰਨ,ਅਤੇ ਉਹ ਜੋ ਤੇਰੀਆਂ ਸਾਖੀਆਂ ਜਾਣਦੇ ਹਨ ।80ਮੇਰਾ ਮਨ ਤੇਰੀਆਂ ਬਿਧੀਆਂ ਵਿੱਚ ਸੰਪੂਰਨ ਹੋਵੇ,ਕਿ ਮੈਂ ਲੱਜਿਆਵਾਨ ਨਾ ਹੋਵਾਂ !
ਛੁਟਕਾਰੇ ਦੇ ਲਈ ਪ੍ਰਾਰਥਨਾ
ਕਾਫ

81ਮੇਰੀ ਜਾਨ ਤੇਰੀ ਮੁਕਤੀ ਲਈ ਖੁੱਸਦੀ ਹੈ,ਮੈਂ ਤੇਰੇ ਬਚਨ ਦੀ ਉਡੀਕ ਵਿੱਚ ਹਾਂ ।82ਮੇਰੀਆਂ ਅੱਖਾਂ ਤੇਰੇ ਬਚਨ ਲਈ ਪੱਕ ਗਈਆਂ, ਮੈਂ ਆਖਦਾ ਹਾਂ, ਤੂੰ ਮੈਨੂੰ ਕਦ ਸ਼ਾਂਤੀ ਦੇਵੇਂਗਾ ?
83ਮੈਂ ਤਾਂ ਧੂੰਏਂ ਵਿੱਚ ਦੀ ਮਸ਼ਕ ਵਾਙੁ ਹੋਇਆ,ਤਾਂ ਵੀ ਤੇਰੀਆਂ ਬਿਧੀਆਂ ਨੂੰ ਮੈਂ ਨਾ ਭੁੱਲਿਆ ।84ਤੇਰੇ ਸੇਵਕ ਦੇ ਦਿਨ ਕਿੰਨੇ ਕੁ ਹਨ ? ਤੂੰ ਕਦੋਂ ਮੇਰਾ ਪਿੱਛਾ ਕਰਨ ਵਾਲਿਆਂ ਦਾ ਨਿਆਂ ਕਰੇਂਗਾ ?
85ਜਿਹੜੇ ਤੇਰੀ ਬਿਵਸਥਾ ਦੇ ਅਨੁਸਾਰ ਨਹੀਂ ਚੱਲਦੇ,ਉਨ੍ਹਾਂ ਹੰਕਾਰੀਆਂ ਨੇ ਮੇਰੇ ਲਈ ਟੋਏ ਪੁੱਟੇ ।86ਤੇਰੇ ਸਾਰੇ ਹੁਕਮ ਸੱਚੇ ਹਨ,ਉਹ ਝੂਠ ਨਾਲ ਮੇਰੇ ਪਿੱਛੇ ਪਏ ਹੋਏ ਹਨ,ਤੂੰ ਮੇਰੀ ਸਹਾਇਤਾ ਕਰ !
87ਉਹ ਧਰਤੀ ਉੱਤੋ ਮੈਨੂੰ ਮਿਟਾ ਦੇਣ ਨੂੰ ਸਨ,ਪਰ ਮੈਂ ਤੇਰੇ ਫ਼ਰਮਾਨਾਂ ਨੂੰ ਨਾ ਤਿਆਗਿਆ ।88ਆਪਣੀ ਦਯਾ ਦੇ ਅਨੁਸਾਰ ਮੈਨੂੰ ਜੀਂਉਦਾ ਰੱਖ,ਤਾਂ ਮੈਂ ਤੇਰੇ ਮੂੰਹ ਦੀ ਸਾਖੀ ਦੀ ਪਾਲਣਾ ਕਰਾਂਗਾ ।
ਪਰਮੇਸ਼ੁਰ ਦੀ ਬਿਵਸਥਾ ਦੇ ਵਿੱਚ ਵਿਸ਼ਵਾਸ
ਲਾਮੇਧ

89ਹੇ ਯਹੋਵਾਹ,ਸਦਾ ਤੱਕ ਤੇਰਾ ਬਚਨ ਅਕਾਸ਼ ਉੱਤੇ ਇਸਥਿਰ ਹੈ !90ਤੇਰੀ ਵਫ਼ਾਦਾਰੀ ਪੀੜ੍ਹੀਓਂ ਪੀੜ੍ਹੀ ਹੈ,ਤੂੰ ਧਰਤੀ ਨੂੰ ਕਾਇਮ ਕੀਤਾ ਅਤੇ ਉਹ ਬਣੀ ਰਹਿੰਦੀ ਹੈ ।
91ਉਹ ਤੇਰੇ ਨਿਆਵਾਂ ਅਨੁਸਾਰ ਅੱਜ ਤੱਕ ਖੜੇ ਹਨ,ਕਿਉਂ ਜੋ ਸੱਭੋ ਤੇਰੇ ਸੇਵਕ ਹਨ ।92ਜੇ ਤੇਰੀ ਬਿਵਸਥਾ ਮੇਰੀ ਖੁਸ਼ੀ ਨਾ ਹੁੰਦੀ,ਤਾਂ ਮੈਂ ਆਪਣੇ ਦੁੱਖ ਵਿੱਚ ਨਾਸ ਹੋ ਜਾਂਦਾ ।
93ਤੇਰੇ ਫ਼ਰਮਾਨ ਮੈਂ ਕਦੇ ਨਾ ਭੁੱਲਾਂਗਾ,ਕਿਉਂਕਿ ਉਨ੍ਹਾਂ ਨਾਲ ਤੂੰ ਮੈਨੂੰ ਜਿਉਂਦਿਆ ਰੱਖਿਆ ਹੈ ।94ਮੈਂ ਤੇਰਾ ਹੀ ਹਾਂ,ਮੈਨੂੰ ਬਚਾ,ਕਿਉਂ ਜੋ ਮੈਂ ਤੇਰੇ ਫ਼ਰਮਾਨਾਂ ਦਾ ਤਾਲਿਬ ਰਿਹਾ !
95ਦੁਸ਼ਟ ਮੇਰੇ ਨਾਸ ਕਰਨ ਲਈ ਘਾਤ ਵਿੱਚ ਬੈਠੇ ਸਨ,ਪਰ ਮੈਂ ਤੇਰੀਆਂ ਸਾਖੀਆਂ ਦਾ ਵਿਚਾਰ ਕਰਾਂਗਾ ।96ਸਾਰੇ ਕਮਾਲ ਦਾ ਅੰਤ ਮੈਂ ਵੇਖਿਆ,ਪਰ ਤੇਰਾ ਹੁਕਮਨਾਮਾ ਬਹੁਤ ਲੰਮਾ ਚੌੜਾ ਹੈ ।
ਪਰਮੇਸ਼ੁਰ ਦੀ ਬਿਵਸਥਾ ਦੇ ਲਈ ਪ੍ਰੇਮ
ਮੀਮ

97ਮੈਂ ਤੇਰੀ ਬਿਵਸਥਾ ਨਾਲ ਕਿੰਨੀ ਪ੍ਰੀਤ ਰੱਖਦਾ ਹਾਂ,ਦਿਨ ਭਰ ਮੈਂ ਉਹ ਦੇ ਵਿੱਚ ਲੀਨ ਰਹਿੰਦਾ ਹਾਂ !98ਤੂੰ ਆਪਣੇ ਹੁਕਮਨਾਮੇ ਤੋਂ ਮੈਨੂੰ ਮੇਰੇ ਵੈਰੀਆਂ ਤੋਂ ਬੁੱਧਵਾਨ ਬਣਾਉਂਦਾ ਹੈਂ,ਕਿਉਂ ਜੋ ਉਹ ਸਦਾ ਮੇਰੇ ਨਾਲ ਹੈ ।
99ਮੈਂ ਆਪਣੇ ਸਾਰੇ ਗੁਰੂਆਂ ਨਾਲੋਂ ਵੱਧ ਗਿਆਨ ਰੱਖਦਾ ਹਾਂ,ਕਿਉਂ ਜੋ ਤੇਰੀਆਂ ਸਾਖੀਆਂ ਵਿੱਚ ਮੈਂ ਲੀਨ ਰਹਿੰਦਾ ਹਾਂ ।100ਬਜ਼ੁਰਗਾਂ ਨਾਲੋਂ ਮੈਂ ਬਹੁਤ ਜਾਚਦਾ ਹਾਂ,ਕਿਉਂ ਜੋ ਤੇਰੇ ਫ਼ਰਮਾਨਾਂ ਨੂੰ ਮੈਂ ਸਾਂਭਿਆ ।
101ਮੈਂ ਆਪਣੇ ਪੈਰਾਂ ਨੂੰ ਹਰ ਬੁਰੇ ਮਾਰਗ ਤੋਂ ਰੋਕ ਰੱਖਿਆ ਹੈ,ਤਾਂ ਜੋ ਮੈਂ ਤੇਰੇ ਬਚਨ ਦੀ ਪਾਲਣਾ ਕਰਾਂ ।102ਤੇਰਿਆਂ ਨਿਆਵਾਂ ਤੋਂ ਮੈਂ ਨਹੀਂ ਹਟਿਆ,ਕਿਉਂ ਜੋ ਤੂੰ ਮੈਨੂੰ ਸਿੱਖਿਆ ਦਿੱਤੀ ਹੈ ।
103ਤੇਰੇ ਬਚਨ ਮੇਰੇ ਤਾਲੂ ਨੂੰ ਕੇਡੇ ਮਿੱਠੇ ਲੱਗਦੇ ਹਨ, ਸ਼ਹਿਤ ਨਾਲੋਂ ਵੀ ਮੇਰੇ ਮੂੰਹ ਵਿੱਚ ਵੱਧ ਮਿੱਠੇ !104ਤੇਰੇ ਫ਼ਰਮਾਨਾਂ ਨਾਲ ਮੈਨੂੰ ਸਮਝ ਮਿਲਦੀ ਹੈ, ਇਸ ਲਈ ਮੈਂ ਹਰ ਝੂਠੇ ਮਾਰਗ ਤੋਂ ਵੈਰ ਰੱਖਦਾ ਹਾਂ ।
ਪਰਮੇਸ਼ੁਰ ਦੀ ਬਿਵਸਥਾ ਦਾ ਪਰਕਾਸ਼
ਨੂਨ

105ਤੇਰਾ ਬਚਨ ਮੇਰੇ ਪੈਰਾਂ ਲਈ ਦੀਪਕ, ਅਤੇ ਮੇਰੇ ਰਾਹ ਦਾ ਚਾਨਣ ਹੈ ।106ਮੈਂ ਸਹੁੰ ਖਾਧੀ ਅਤੇ ਉਹ ਨੂੰ ਪੱਕਾ ਵੀ ਕੀਤਾ, ਕਿ ਮੈਂ ਤੇਰੇ ਧਰਮ ਦੇ ਨਿਆਵਾਂ ਦੀ ਪਾਲਣਾ ਕਰਾਂਗਾ ।
107ਹੇ ਯਹੋਵਾਹ,ਮੈਂ ਬਹੁਤ ਹੀ ਦੁਖੀ ਹੋਇਆ ਹਾਂ, ਤੂੰ ਆਪਣੇ ਬਚਨ ਅਨੁਸਾਰ ਮੈਨੂੰ ਜਿਉਂਦਾ ਰੱਖ !108ਹੇ ਯਹੋਵਾਹ, ਮੇਰੇ ਮੂੰਹ ਦੀਆਂ ਖੁਸ਼ੀ ਦੀਆਂ ਭੇਟਾਂ ਨੂੰ ਕਿਰਪਾ ਕਰਕੇ ਕਬੂਲ ਕਰ, ਅਤੇ ਆਪਣਾ ਨਿਆਂ ਮੈਨੂੰ ਸਿਖਲਾ ।
109ਮੇਰੀ ਜਾਨ ਹਰ ਵੇਲੇ ਤਲੀ ਉੱਤੇ ਹੈ, ਪਰ ਮੈਂ ਤੇਰੀ ਬਿਵਸਥਾ ਨੂੰ ਨਹੀਂ ਭੁੱਲਦਾ !110ਦੁਸ਼ਟਾਂ ਨੇ ਮੇਰੇ ਲਈ ਇੱਕ ਫਾਹੀ ਲਾਈ ਹੈ, ਪਰ ਮੈਂ ਤੇਰੇ ਫ਼ਰਮਾਨਾਂ ਤੋਂ ਆਵਾਰਾ ਨਹੀਂ ਹੋਇਆ ।
111ਮੈਂ ਤੇਰੀਆਂ ਸਾਖੀਆਂ ਨੂੰ ਸਦਾ ਲਈ ਮਿਰਾਸ ਵਿੱਚ ਲਿਆ ਹੈ, ਉਹ ਤਾਂ ਮੇਰੇ ਮਨ ਦੀ ਖੁਸ਼ੀ ਹਨ ।112ਮੈਂ ਆਪਣੇ ਮਨ ਨੂੰ ਇਸ ਗੱਲ ਵੱਲ ਲਾਇਆ ਹੈ, ਕਿ ਮੈਂ ਤੇਰੀਆਂ ਬਿਧੀਆਂ ਨੂੰ ਅੰਤ ਤੱਕ ਸਦਾ ਹੀ ਪੂਰਾ ਕਰਾ ।
ਪਰਮੇਸ਼ੁਰ ਦੀ ਬਿਵਸਥਾ ਵਿੱਚ ਸੁਰੱਖਿਆ
ਸਾਮੇਖ

113ਮੈਂ ਦੁਚਿੱਤਿਆ ਨਾਲ ਖੁਣਸ ਕਰਦਾ ਹਾਂ,ਪਰ ਤੇਰੀ ਬਿਵਸਥਾ ਨਾਲ ਪ੍ਰੀਤ ਰੱਖਦਾ ਹਾਂ ।114ਤੂੰ ਮੇਰੀ ਪਨਾਹਗਾਹ ਤੇ ਮੇਰੀ ਢਾਲ ਹੈਂ, ਮੈਂ ਤੇਰੇ ਬਚਨ ਦੀ ਆਸਾ ਰੱਖਦਾ ਹਾਂ ।
115ਹੇ ਬਦਕਾਰੋ, ਮੇਰੇ ਕੋਲੋਂ ਦੂਰ ਹੋਵੋ, ਕਿ ਮੈਂ ਆਪਣੇ ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨਾਂ !116ਆਪਣੇ ਬਚਨ ਅਨੁਸਾਰ ਮੈਨੂੰ ਥਮ ਕਿ ਮੈਂ ਜਿਉਂਦਾ ਰਹਾਂ, ਅਤੇ ਆਪਣੀ ਤਾਂਘ ਤੋਂ ਸ਼ਰਮਿੰਦਾ ਨਾ ਹੋਵਾਂ !
117ਮੈਨੂੰ ਸਾਂਭ ਤਾਂ ਮੈਂ ਬਚ ਜਾਂਵਾਂਗਾ, ਅਤੇ ਤੇਰੀਆਂ ਬਿਧੀਆਂ ਤੇ ਸਦਾ ਗੌਹ ਕਰਾਂਗਾ ।118ਜਿਹੜੇ ਤੇਰੀਆਂ ਬਿਧੀਆਂ ਤੋਂ ਬੇਮੁਖ ਹੋ ਜਾਂਦੇ ਹਨ ਉਨ੍ਹਾਂ ਨੂੰ ਤੂੰ ਸੁੱਟ ਦਿੱਤਾ ਹੈ, ਕਿਉਂ ਜੋ ਉਨ੍ਹਾਂ ਦੀ ਚਲਾਕੀ ਫ਼ਰੇਬ ਹੈ ।
119ਧਰਤੀ ਦੇ ਸਾਰੇ ਦੁਸ਼ਟਾਂ ਨੂੰ ਖੋਟ ਵਾਂਗੂੰ ਦੂਰ ਸੁੱਟਦਾ ਹੈਂ,ਤਾਂ ਹੀ ਮੈਂ ਤੇਰੀਆਂ ਸਾਖੀਆਂ ਨਾਲ ਪ੍ਰੀਤ ਰੱਖਦਾ ਹਾਂ ।120ਤੇਰੇ ਭੈ ਦੇ ਮਾਰੇ ਮੇਰਾ ਸਰੀਰ ਕੰਬਦਾ ਹੈ, ਅਤੇ ਮੈਂ ਤੇਰੇ ਨਿਆਵਾਂ ਤੋਂ ਡਰਦਾ ਹਾਂ ।
ਪਰਮੇਸ਼ੁਰ ਦੀ ਬਿਵਸਥਾ ਨੂੰ ਮੰਨਣਾ
ਏਨ

121ਮੈਂ ਨਿਆਂ ਤੇ ਧਰਮ ਕੀਤਾ ਹੈ, ਤੂੰ ਮੈਨੂੰ ਮੇਰੇ ਦਬਾਉਣ ਵਾਲਿਆਂ ਕੋਲ ਨਾ ਛੱਡ !122ਭਲਿਆਈ ਲਈ ਆਪਣੇ ਸੇਵਕ ਦਾ ਜਾਮਨ ਬਣ, ਹੰਕਾਰੀ ਮੈਨੂੰ ਨਾ ਦਬਾਉਣ !
123ਮੇਰੀਆਂ ਅੱਖਾਂ ਤੇਰੇ ਬਚਾਓ ਲਈ ਅਤੇ ਤੇਰੇ ਸੱਚੇ ਬਚਨ ਲਈ ਪੱਕ ਗਈਆਂ ।124ਤੂੰ ਆਪਣੇ ਸੇਵਕ ਨਾਲ ਆਪਣੀ ਦਯਾ ਅਨੁਸਾਰ ਵਰਤ, ਅਤੇ ਆਪਣੀਆਂ ਬਿਧੀਆਂ ਮੈਨੂੰ ਸਿਖਲਾ ।
125ਮੈਂ ਤੇਰਾ ਸੇਵਕ ਹਾਂ, ਮੈਨੂੰ ਸਮਝ ਬਖਸ਼, ਕਿ ਮੈਂ ਤੇਰੀਆਂ ਸਾਖੀਆਂ ਨੂੰ ਜਾਣਾਂ ।126ਏਹ ਯਹੋਵਾਹ ਦੇ ਕੰਮ ਦਾ ਵੇਲਾ ਹੈ, — ਉਨ੍ਹਾਂ ਨੇ ਤੇਰੀ ਬਿਵਸਥਾ ਨੂੰ ਅਕਾਰਥ ਬਣਾਇਆ !
127ਇਸ ਲਈ ਮੈਂ ਤੇਰੇ ਹੁਕਮਾਂ ਨਾਲ ਸੋਨੇ, ਸਗੋਂ ਕੁੰਦਨ ਸੋਨੇ ਨਾਲੋਂ ਵੱਧ ਪ੍ਰੀਤ ਰੱਖਦਾ ਹਾਂ !128ਇਸ ਲਈ ਮੈਂ ਤੇਰੇ ਸਾਰੇ ਦੇ ਸਾਰੇ ਫਰਮਾਨ ਠੀਕ ਸਮਝਦਾ ਹਾਂ, ਅਤੇ ਹਰ ਝੂਠੇ ਮਾਰਗ ਤੋਂ ਘਿਣ ਕਰਦਾ ਹਾਂ ।
ਪਰਮੇਸ਼ੁਰ ਦੀ ਬਿਵਸਥਾ ਉੱਤੇ ਚੱਲਣ ਦੀ ਇੱਛਾ
ਪੇ

129ਤੇਰੀਆਂ ਸਾਖੀਆਂ ਅਚਰਜ ਹਨ, ਇਸ ਲਈ ਮੇਰੀ ਜਾਨ ਉਨ੍ਹਾਂ ਦੀ ਪਾਲਣਾ ਕਰਦੀ ਹੈ !130ਤੇਰੇ ਬਚਨਾਂ ਦਾ ਖੋਲ੍ਹਣਾ ਚਾਨਣ ਦਿੰਦਾ ਹੈ, ਉਹ ਸਿੱਧੇ ਸਾਧੇ ਲੋਕਾਂ ਨੂੰ ਸਮਝ ਬਖਸ਼ਦਾ ਹੈ ।
131ਮੈਂ ਆਪਣਾ ਮੂੰਹ ਖੋਲ੍ਹ ਕੇ ਹੌਂਕਿਆ, ਕਿਉਂ ਜੋ ਮੈਂ ਤੇਰੇ ਹੁਕਮਾਂ ਨੂੰ ਲੋਚਦਾ ਸੀ ।132ਮੇਰੀ ਵੱਲ ਮੂੰਹ ਕਰ ਤੇ ਮੇਰੇ ਉੱਤੇ ਕਿਰਪਾ ਕਰ, ਜਿਵੇਂ ਤੂੰ ਆਪਣੇ ਨਾਮ ਦੇ ਪ੍ਰੀਤ ਪਾਲਣ ਵਾਲਿਆਂ ਦੇ ਨਾਲ ਕਰਦਾ ਹੁੰਦਾ ਸੀ ।
133ਤੂੰ ਆਪਣੇ ਬਚਨ ਉੱਤੇ ਮੇਰੇ ਕਦਮਾਂ ਨੂੰ ਜਮਾਂ ਦੇ, ਕਿ ਕੋਈ ਬਦੀ ਮੇਰੇ ਉੱਤੇ ਹਕੂਮਤ ਨਾ ਕਰੇ ।134ਆਦਮੀ ਦੇ ਦਬਾਓ ਤੋਂ ਮੈਨੂੰ ਛੁਡਾ, ਕਿ ਮੈਂ ਤੇਰੇ ਫਰਮਾਨਾਂ ਦੀ ਪਾਲਣਾ ਕਰਾਂ ।
135ਆਪਣੇ ਮੁਖੜੇ ਦੀ ਚਮਕ ਆਪਣੇ ਸੇਵਕ ਨੂੰ ਵਿਖਾ, ਅਤੇ ਆਪਣੀਆਂ ਬਿਧੀਆਂ ਸਾਨੂੰ ਸਿਖਲਾ ।136ਪਾਣੀ ਦੀਆਂ ਧਾਰਾਂ ਮੇਰੀਆਂ ਅੱਖਾਂ ਤੋਂ ਵਗਦੀਆਂ ਹਨ, ਕਿਉਂ ਜੋ ਓਹ ਤੇਰੀ ਬਿਵਸਥਾ ਦੀ ਪਾਲਣਾ ਨਹੀਂ ਕਰਦੀਆਂ ।
ਪਰਮੇਸ਼ੁਰ ਦੀ ਬਿਵਸਥਾ ਦਾ ਨਿਆਂ
ਸਾਂਦੇ

137ਹੇ ਯਹੋਵਾਹ, ਤੂੰ ਧਰਮੀ ਹੈਂ, ਅਤੇ ਤੇਰੇ ਨਿਆਂ ਸਿੱਧੇ ਹਨ ।138ਤੂੰ ਆਪਣੀਆਂ ਸਾਖੀਆਂ ਦਾ ਹੁਕਮ ਧਰਮ ਤੇ ਪੂਰੀ ਵਫ਼ਾਦਾਰੀ ਨਾਲ ਦਿੱਤਾ ਹੈ ।
139ਮੇਰੀ ਗੈਰਤ ਨੇ ਮੈਨੂੰ ਖ਼ਤਮ ਕੀਤਾ, ਕਿਉਂ ਜੋ ਮੇਰੇ ਵਿਰੋਧੀ ਤੇਰੇ ਬਚਨ ਭੁੱਲ ਗਏ ।140ਤੇਰਾ ਬਚਨ ਅੱਤ ਤਾਇਆ ਹੋਇਆ ਹੈ, ਅਤੇ ਤੇਰਾ ਸੇਵਕ ਉਸ ਨਾਲ ਪ੍ਰੀਤ ਲਾਉਂਦਾ ਹੈ ।
141ਮੈਂ ਨਿੱਕਾ ਜਿਹਾ ਤੇ ਤੁੱਛ ਹਾਂ, ਤਾਂ ਵੀ ਮੈਂ ਤੇਰੇ ਫਰਮਾਨ ਨਹੀਂ ਭੁੱਲਿਆ !142ਤੇਰਾ ਧਰਮ ਸਦਾ ਦਾ ਧਰਮ ਹੈ, ਅਤੇ ਤੇਰੀ ਬਿਵਸਥਾ ਸੱਚ ਹੈ ।
143ਦੁੱਖ ਤੇ ਰੰਜ ਮੈਨੂੰ ਲੱਭਾ, ਪ੍ਰ ਤੇਰੇ ਹੁਕਮ ਮੇਰੀ ਖੁਸ਼ੀ ਹਨ ।144ਤੇਰੀਆਂ ਸਾਖੀਆਂ ਸਦਾ ਤੱਕ ਧਰਮ ਦੀਆਂ ਹਨ, ਮੈਨੂੰ ਸਮਝ ਦੇ ਤਾਂ ਮੈਂ ਜਿਉਂਦਾ ਰਹਾਂਗਾ ।
ਛੁਟਕਾਰੇ ਦੇ ਲਈ ਪ੍ਰਾਰਥਨਾ
ਕਾਫ਼

145ਮੈਂ ਆਪਣੇ ਸਾਰੇ ਮਨ ਨਾਲ ਪੁਕਾਰਿਆ, ਹੇ ਯਹੋਵਾਹ, ਮੈਨੂੰ ਉੱਤਰ ਦੇ, ਮੈਂ ਤੇਰੀਆਂ ਬਿਧੀਆਂ ਨੂੰ ਸਾਂਭ ਰੱਖਾਂਗਾ !146ਮੈਂ ਤੈਨੂੰ ਪੁਕਾਰਿਆ, ਮੈਨੂੰ ਬਚਾ ਲੈ, ਅਤੇ ਮੈਂ ਤੇਰੀਆਂ ਸਾਖੀਆਂ ਦੀ ਪਾਲਣਾ ਕਰਾਂਗਾ !
147ਮੈਂ ਪੌਹ ਫੁੱਟਣ ਤੋਂ ਪਹਿਲਾਂ ਉੱਠਿਆ ਤੇ ਦੁਹਾਈ ਦਿੱਤੀ, ਮੈਂ ਤੇਰੇ ਬਚਨ ਲਈ ਆਸਾ ਰੱਖੀ ।148ਮੇਰੀਆਂ ਅੱਖਾਂ ਰਾਤ ਦੇ ਪਹਿਰਾਂ ਤੋਂ ਅੱਗੇ ਖੁਲ੍ਹੀਆਂ ਰਹੀਆਂ, ਕਿ ਤੇਰੇ ਬਚਨ ਵਿੱਚ ਲੀਨ ਹੋਵਾਂ ।
149ਆਪਣੀ ਕਿਰਪਾ ਅਨੁਸਾਰ ਮੇਰੀ ਅਵਾਜ਼ ਸੁਣ ਲੈ, ਹੇ ਯਹੋਵਾਹ, ਆਪਣੇ ਨਿਆਂ ਅਨੁਸਾਰ ਮੈਨੂੰ ਜਿਉਂਦਾ ਰੱਖ !150ਖੋਟ ਦਾ ਪਿੱਛਾ ਕਰਨ ਵਾਲੇ ਨੇੜੇ ਆ ਗਏ ਹਨ, ਓਹ ਤੇਰੀ ਬਿਵਸਥਾ ਤੋਂ ਦੂਰ ਹਨ ।
151ਤੂੰ ਵੀ, ਹੇ ਯਹੋਵਾਹ, ਨੇੜੇ ਹੈਂ, ਅਤੇ ਤੇਰੇ ਸਾਰੇ ਹੁਕਮ ਸੱਚੇ ਹਨ !152ਤੇਰੀਆਂ ਸਾਖੀਆਂ ਤੋਂ ਮੈਂ ਚਿਰੋਕਣਾ ਹੀ ਜਾਣਿਆ, ਕਿ ਤੂੰ ਉਨ੍ਹਾਂ ਨੂੰ ਸਦਾ ਦੇ ਲਈ ਕਾਇਮ ਕੀਤਾ ਹੈ ! ।
ਸਹਾਇਤਾ ਦੇ ਲਈ ਬੇਨਤੀ
ਰੇਸ਼

153ਮੇਰੇ ਦੁੱਖ ਦੇ ਵੇਲੇ ਵੇਖ ਤੇ ਮੈਨੂੰ ਛੁਡਾ, ਕਿਉਂ ਜੋ ਮੈਂ ਤੇਰੀ ਬਿਵਸਥਾ ਨੂੰ ਨਹੀਂ ਵਿਸਾਰਿਆ !154ਮੇਰਾ ਮੁਦੱਪਾ ਲੜ ਤੇ ਮੈਨੂੰ ਛੁਟਕਾਰਾ ਦੇ, ਆਪਣੇ ਬਚਨ ਨਾਲ ਮੈਨੂੰ ਜਿਉਂਦਾ ਰੱਖ !
155ਮੁਕਤੀ ਦੁਸ਼ਟਾਂ ਤੋਂ ਦੂਰ ਹੈ, ਇਸ ਲਈ ਕਿ ਓਹ ਤੇਰੀਆਂ ਬਿਧੀਆਂ ਨੂੰ ਨਹੀਂ ਭਾਲਦੇ ।156ਹੇ ਯਹੋਵਾਹ, ਤੇਰੇ ਰਹਮ ਬਹੁਤ ਸਾਰੇ ਹਨ, ਆਪਣੇ ਨਿਆਵਾਂ ਅਨੁਸਾਰ ਮੈਨੂੰ ਜਿਉਂਦਾ ਰੱਖ !
157ਮੇਰੇ ਪਿੱਛਾ ਕਰਨ ਵਾਲੇ ਤੇ ਮੇਰੇ ਵਿਰੋਧੀ ਬਹੁਤ ਹਨ, ਪਰ ਮੈਂ ਤੇਰੀਆਂ ਸਾਖੀਆਂ ਤੋਂ ਨਹੀਂ ਮੁੜਿਆ ।158ਮੈਂ ਚਾਲ ਬਾਜ਼ਾਂ ਨੂੰ ਵੇਖਿਆ ਤੇ ਘਿਣ ਕੀਤੀ, ਜਿਹੜੇ ਤੇਰੇ ਬਚਨ ਦੀ ਪਾਲਣਾ ਨਹੀਂ ਕਰਦੇ ।
159ਵੇਖ, ਕਿ ਮੈਂ ਤੇਰੇ ਫਰਮਾਨਾਂ ਨਾਲ ਪ੍ਰੀਤ ਰੱਖਦਾ ਹਾਂ, ਹੇ ਯਹੋਵਾਹ, ਆਪਣੀ ਦਯਾ ਅਨੁਸਾਰ ਮੈਨੂੰ ਜਿਉਂਦਾ ਰੱਖ !160ਤੇਰੇ ਬਚਨ ਦਾ ਤਾਤ ਪਰਜ ਸਚਿਆਈ ਹੈ, ਅਤੇ ਤੇਰੇ ਧਰਮ ਦਾ ਸਾਰਾ ਨਿਆਂ ਸਦਾ ਤੱਕ ਹੈ ।
ਪਰਮੇਸ਼ੁਰ ਦੀ ਬਿਵਸਥਾ ਦੇ ਪ੍ਰਤੀ ਸਮਰਪਣ
ਸ਼ੀਨ

161ਸਰਦਾਰਾਂ ਨੇ ਧਿਗਾਣੇ ਮੇਰਾ ਪਿੱਛਾ ਕੀਤਾ, ਪਰ ਮੇਰਾ ਮਨ ਤੇਰੇ ਬਚਨ ਤੋਂ ਭੈ ਰੱਖਦਾ ਹੈ ।162ਮੈਂ ਤੇਰੇ ਬਚਨ ਦੇ ਕਾਰਨ ਖੁਸ਼ ਹਾਂ, ਜਿਦਾਂ ਕੋਈ ਵੱਡੀ ਲੁੱਟ ਦੇ ਮਿਲਣ ਤੇ ਹੁੰਦਾ ਹੈ !
163ਮੈਂ ਝੂਠ ਨਾਲ ਵੈਰ ਤੇ ਘਿਣ ਕਰਦਾ ਹਾਂ, ਪਰ ਤੇਰੀ ਬਿਵਸਥਾ ਨਾਲ ਮੈਂ ਪ੍ਰੀਤ ਰੱਖਦਾ ਹਾਂ ।164ਤੇਰੇ ਧਰਮ ਦੇ ਨਿਆਵਾਂ ਦੇ ਕਾਰਨ, ਮੈਂ ਦਿਨ ਵਿੱਚ ਸੱਚ ਵਾਰ ਤੇਰੀ ਉਸਤਤ ਕਰਦਾ ਹਾਂ ।
165ਤੇਰੀ ਬਿਵਸਥਾ ਦੇ ਪ੍ਰੇਮੀਆਂ ਨੂੰ ਵੱਡਾ ਚੈਨ ਹੈ, ਅਤੇ ਉਨ੍ਹਾਂ ਨੂੰ ਕੋਈ ਠੋਕਰ ਨਹੀਂ ਲੱਗਦੀ ।166ਹੇ ਯਹੋਵਾਹ, ਮੈਂ ਤੇਰੀ ਮੁਕਤੀ ਦੀ ਉਡੀਕ ਕੀਤੀ, ਅਤੇ ਤੇਰੇ ਹੁਕਮਾਂ ਨੂੰ ਪੂਰਾ ਕੀਤਾ ।
167ਮੇਰੀ ਜਾਨ ਨੇ ਤੇਰੀਆਂ ਸਾਖੀਆਂ ਦੀ ਪਾਲਣਾ ਕੀਤੀ, ਅਤੇ ਮੈਂ ਉਨ੍ਹਾਂ ਦੇ ਨਾਲ ਵੱਡੀ ਪ੍ਰੀਤ ਲਾਈ !168ਮੈਂ ਤੇਰੇ ਫਰਮਾਨਾਂ ਤੇ ਤੇਹੀਆਂ ਤੇਰੀਆਂ ਸਾਖੀਆਂ ਦੀ ਪਾਲਣਾ ਕੀਤੀ, ਇਸ ਲਈ ਕਿ ਮੇਰੀਆਂ ਸਾਰੀਆਂ ਚਾਲਾਂ ਤੇਰੇ ਸਾਹਮਣੇ ਹਨ ।
ਸਹਾਇਤਾ ਦੇ ਲਈ ਪ੍ਰਾਰਥਨਾ
ਤਾਵ

169ਮੇਰੀ ਪੁਕਾਰ, ਹੇ ਯਹੋਵਾਹ, ਤੇਰੇ ਹਜ਼ੂਰ ਪਹੁੰਚੇ, ਤੂੰ ਆਪਣੇ ਬਚਨ ਅਨੁਸਾਰ ਮੈਨੂੰ ਸਮਝ ਦੇ !170ਮੇਰੀ ਅਰਜੋਈ ਤੇਰੇ ਹਜ਼ੂਰ ਆਵੇ, ਤੂੰ ਆਪਣੇ ਬਚਨ ਅਨੁਸਾਰ ਮੈਨੂੰ ਛੁਡਾ !
171ਮੇਰੇ ਬੁੱਲ੍ਹ ਤੇਰੀ ਉਸਤਤ ਉਚਰਨ, ਕਿਉਂ ਜੋ ਤੂੰ ਆਪਣੀਆਂ ਬਿਧੀਆਂ ਮੈਨੂੰ ਸਿਖਾਉਂਦਾ ਹੈਂ ।172ਮੇਰੀ ਜੀਭ ਤੇਰੇ ਬਚਨ ਦਾ ਗੀਤ ਗਾਵੇ, ਕਿਉਂ ਜੋ ਤੇਰੇ ਸਾਰੇ ਹੁਕਮ ਧਰਮ ਦੇ ਹਨ ।
173ਤੇਰਾ ਹੱਥ ਮੇਰੀ ਸਹਾਇਤਾ ਲਈ ਤਿਆਰ ਹੋਵੇ, ਕਿਉਂ ਜੋ ਮੈਂ ਤੇਰੇ ਫਰਮਾਨ ਚੁਣ ਲਏ ਹਨ ।174ਹੇ ਯਹੋਵਾਹ, ਮੈਂ ਤੇਰੀ ਮੁਕਤੀ ਨੂੰ ਲੋਚਿਆ, ਅਤੇ ਤੇਰੀ ਬਿਵਸਥਾ ਮੇਰੀ ਖੁਸ਼ੀ ਹੈ !
175ਮੇਰੀ ਜਾਨ ਜਿਉਂਦੀ ਰਹੇ ਕਿ ਉਹ ਤੇਰੀ ਉਸਤਤ ਕਰੇ, ਅਤੇ ਤੇਰੇ ਨਿਆਂ ਮੇਰੀ ਸਹਾਇਤਾ ਕਰਨ ।176ਮੈਂ ਗੁਆਚੀ ਹੋਈ ਭੇਡ ਵਾਂਗੂੰ ਭਟਕ ਗਿਆ ਹਾਂ, ਆਪਣੇ ਦਾਸ ਨੂੰ ਭਾਲ, ਕਿਉਂ ਜੋ ਮੈਂ ਤੇਰੇ ਹੁਕਮ ਨਹੀਂ ਭੁੱਲਦਾ ਹਾਂ ।
120
ਸਹਾਇਤਾ ਦੇ ਲਈ ਪ੍ਰਾਰਥਨਾ
ਯਾਤਰਾ ਦਾ ਗੀਤ

1ਆਪਣੀ ਬਿਪਤਾ ਦੇ ਦਿਨ ਮੈਂ ਯਹੋਵਾਹ ਨੂੰ ਪੁਕਾਰਿਆ, ਅਤੇ ਉਸਨੇ ਮੈਨੂੰ ਉੱਤਰ ਦਿੱਤਾ ।2ਹੇ ਯਹੋਵਾਹ, ਮੇਰੀ ਜਾਨ ਨੂੰ ਝੂਠੇ ਬੁੱਲ੍ਹਾਂ ਤੋਂ, ਅਤੇ ਛਲੇਡੀ ਜੀਭ ਤੋਂ ਛੁਡਾ ਲੈ !

3ਹੇ ਛਲੇਡੀਏ ਜੀਭੇ, ਤੈਨੂੰ ਕੀ ਦਿੱਤਾ ਜਾਵੇ, ਅਤੇ ਹੋਰ ਤੇਰੇ ਲਈ ਕੀ ਕੀਤਾ ਜਾਵੇ ?4ਸੂਰਮੇ ਦੇ ਤਿੱਖੇ ਬਾਣ, ਝਾੜੀ ਦੇ ਅੰਗਿਆਰੇ ਨਾਲ !
5ਹਾਏ ਮੈਨੂੰ ਜੋ ਮੈਂ ਮਸ਼ਕ ਵਿੱਚ ਰਹਿੰਦਾ, ਕਿ ਮੈਂ ਕੇਦਾਰ ਦੇ ਡੇਰਿਆਂ ਵਿੱਚ ਵੱਸਦਾ ਹਾਂ !6ਮੇਰੀ ਜਾਨ ਨੂੰ ਮੇਲ ਦੇ ਵੈਰੀ ਨਾਲ ਬਹੁਤ ਸਮੇਂ ਤੱਕ ਵੱਸਣਾ ਪਿਆ ।7ਮੈਂ ਮੇਲ ਚਾਹੁੰਦਾ ਹਾਂ, ਪਰ ਜਦ ਮੈਂ ਬੋਲਦਾ ਹਾਂ, ਉਹ ਲੜਾਈ ਚਾਹੁੰਦੇ ਹਨ !

121
ਪਰਮੇਸ਼ੁਰ ਸਾਡੀ ਰੱਖਿਆ ਕਰਨ ਵਾਲਾ
ਯਾਤਰਾ ਦਾ ਗੀਤ

1ਮੈਂ ਆਪਣੀਆਂ ਅੱਖਾਂ ਪਹਾੜਾਂ ਵੱਲ ਚੁੱਕਾਂਗਾ, ਮੇਰੀ ਸਹਾਇਤਾ ਕਿੱਥੋਂ ਆਵੇਗੀ ?2ਮੇਰੀ ਸਹਾਇਤਾ ਯਹੋਵਾਹ ਵੱਲੋਂ ਹੈ, ਜੋ ਅਕਾਸ਼ ਤੇ ਧਰਤੀ ਦਾ ਕਰਤਾ ਹੈ ।

3ਉਹ ਤੇਰੇ ਪੈਰ ਨੂੰ ਡੋਲਣ ਨਾ ਦੇਵੇਗਾ, ਤੇਰਾ ਰਾਖਾ ਨਾ ਉਂਘਲਾਵੇਗਾ,4ਵੇਖ, ਇਸਰਾਏਲ ਦਾ ਰਾਖਾ ਨਾ ਉਂਘਲਾਵੇਗਾ ਨਾ ਸੌਵੇਂਗਾ !
5ਯਹੋਵਾਹ ਤੇਰਾ ਰਾਖਾ ਹੈ, ਯਹੋਵਾਹ ਤੇਰੇ ਸੱਜੇ ਹੱਥ ਤੇ ਤੇਰਾ ਸਾਯਾ ਹੈ ।6ਨਾ ਦਿਨੇ ਸੂਰਜ ਤੈਨੂੰ ਮਾਰੇਗਾ, ਨਾ ਰਾਤੀਂ ਚੰਦਰਮਾ ।
7ਯਹੋਵਾਹ ਸਾਰੀ ਬਦੀ ਤੋਂ ਤੇਰੀ ਰੱਖਿਆ ਕਰੇਗਾ, ਉਹ ਤੇਰੀ ਜਾਨ ਦੀ ਰਾਖੀ ਕਰੇਗਾ ।8ਯਹੋਵਾਹ ਤੇਰੇ ਅੰਦਰ-ਬਾਹਰ ਆਉਣ ਜਾਣ ਵਿੱਚ ਹੁਣ ਤੋਂ ਲੈ ਕੇ ਸਦੀਪਕ ਕਾਲ ਤੱਕ ਰੱਖਿਆ ਕਰੇਗਾ !

122
ਯਰੂਸ਼ਲਮ ਦੀ ਸ਼ਾਂਤੀ ਦੇ ਲਈ ਪ੍ਰਾਰਥਨਾ
ਦਾਊਦ ਦਾ ਯਾਤਰਾ ਦਾ ਗੀਤ

1ਮੈਂ ਖੁਸ਼ ਹੋਇਆ ਜਦ ਓਹ ਮੈਨੂੰ ਆਖਣ ਲੱਗੇ, ਆਓ ਯਹੋਵਾਹ ਦੇ ਘਰ ਨੂੰ ਚੱਲੀਏ !2ਹੇ ਯਰੂਸ਼ਲਮ, ਸਾਡੇ ਪੈਰ ਤੇਰੇ ਫਾਟਕਾਂ ਦੇ ਅੰਦਰ ਖੜ੍ਹੇ ਹਨ ।3ਹੇ ਯਰੂਸ਼ਲਮ ਤੂੰ ਅਜਿਹੇ ਸ਼ਹਿਰ ਵਰਗਾ ਹੈ ਜਿਸ ਦੇ ਘਰ ਇੱਕ ਦੂਜੇ ਨਾਲ ਮਿਲੇ ਹੋਏ ਹਨ,

4ਜਿੱਥੇ ਗੋਤ, ਹਾਂ, ਯਹੋਵਾਹ ਦੇ ਗੋਤ ਇਸਰਾਏਲ ਦੀ ਸਾਖੀ ਦੇਣ ਲਈ ਚੜ੍ਹ ਜਾਂਦੇ ਹਨ, ਤਾਂ ਜੋ ਓਹ ਯਹੋਵਾਹ ਦੇ ਨਾਮ ਦਾ ਧੰਨਵਾਦ ਕਰਨ ।5ਉੱਥੇ ਤਾਂ ਨਿਆਂ ਲਈ ਸਿੰਘਾਸਣ, ਦਾਊਦ ਦੇ ਘਰਾਣੇ ਦੇ ਸਿੰਘਾਸਣ ਰੱਖੇ ਹੋਏ ਹਨ ।
6ਯਰੂਸ਼ਲਮ ਦੀ ਸਲਾਮਤੀ ਮੰਗੋ, ਤੇਰੇ ਪ੍ਰੇਮੀ ਨਿਹਾਲ ਹੋਣਗੇ ।7ਤੇਰੀ ਸ਼ਹਿਰਪਨਾਹ ਦੇ ਅੰਦਰ ਸਲਾਮਤੀ ਹੋਵੇ, ਤੇਰੇ ਮਹਿਲਾਂ ਵਿੱਚ ਖੁਸ਼ਹਾਲੀ ਨਿਹਾਲਤਾ !
8ਮੈਂ ਆਪਣੇ ਭਰਾਵਾਂ ਤੇ ਗੁਆਂਢੀਆਂ ਦੇ ਕਾਰਨ ਆਖਾਂਗਾ, ਤੇਰੀ ਸਲਾਮਤੀ ਹੋਵੇ !9ਸਾਡੇ ਪਰਮੇਸ਼ੁਰ ਯਹੋਵਾਹ ਦੇ ਘਰ ਦੇ ਕਾਰਨ, ਮੈਂ ਤੇਰੀ ਭਲਿਆਈ ਦਾ ਖੋਜੀ ਹੋਵਾਂਗਾ ।

123
ਦਯਾ ਦੇ ਲਈ ਪ੍ਰਾਰਥਨਾ
ਯਾਤਰਾ ਦਾ ਗੀਤ

1ਹੇ ਸਵਰਗ ਵਿੱਚ ਬਿਰਾਜਮਾਨ, ਮੈਂ ਆਪਣੀਆਂ ਅੱਖਾਂ ਤੇਰੀ ਵੱਲ ਚੁੱਕਦਾ ਹਾਂ !2ਵੇਖ, ਜਿਵੇਂ ਦਾਸਾਂ ਦੀਆਂ ਅੱਖਾਂ ਆਪਣੇ ਮਾਲਕਾਂ ਦੇ ਹੱਥ ਵੱਲ, ਅਤੇ ਦਾਸੀ ਦੀਆਂ ਅੱਖਾਂ ਆਪਣੀ ਮਾਲਕਿਨ ਦੇ ਹੱਥ ਵੱਲ ਲੱਗੀਆਂ ਰਹਿੰਦੀਆਂ ਹਨ, ਤਿਵੇਂ ਸਾਡੀਆਂ ਅੱਖਾਂ ਸਾਡੇ ਪਰਮੇਸ਼ੁਰ ਯਹੋਵਾਹ ਵੱਲ ਲੱਗੀਆਂ ਰਹਿਣਗੀਆਂ, ਜਦ ਤੱਕ ਉਹ ਸਾਡੇ ਉੱਤੇ ਤਰਸ ਨਾ ਖਾਵੇ ।

3ਸਾਡੇ ਉੱਤੇ ਤਰਸ ਖਾ, ਹੇ ਯਹੋਵਾਹ, ਸਾਡੇ ਉੱਤੇ ਤਰਸ ਖਾ, ਅਸੀਂ ਤਾਂ ਨਿਰਾਦਰੀ ਨਾਲ ਬਹੁਤ ਹੀ ਭਰ ਗਏ ਹਾਂ !4ਸਾਡੀ ਜਾਨ ਸੁਖੀ ਲੋਕਾਂ ਦੇ ਠੱਠਿਆਂ ਤੋਂ ਅਤੇ ਹੰਕਾਰੀਆਂ ਦੀ ਨਿਰਾਦਰੀ ਤੋਂ ਬਹੁਤ ਰੱਜ ਗਈ ਹੈ ।

124
ਪਰਮੇਸ਼ੁਰ ਆਪਣੇ ਲੋਕਾਂ ਦੀ ਰੱਖਿਆ ਕਰਨ ਵਾਲਾ
ਦਾਊਦ ਦਾ ਯਾਤਰਾ ਦਾ ਗੀਤ

1ਜੇ ਯਹੋਵਾਹ ਸਾਡੀ ਵੱਲ ਨਾ ਹੁੰਦਾ, ਇਸਰਾਏਲ ਇਹ ਆਖੇ,2ਜੇ ਯਹੋਵਾਹ ਉਸ ਵੇਲੇ ਸਾਡੇ ਵੱਲ ਨਾ ਹੁੰਦਾ, ਜਦ ਮਨੁੱਖ ਸਾਡੇ ਵਿਰੁੱਧ ਉੱਠੇ,3ਤਾਂ ਓਹ ਸਾਨੂੰ ਜਿਉਂਦਿਆਂ ਨੂੰ ਨਿਗਲ ਲੈਂਦੇ, ਜਦੋਂ ਉਨ੍ਹਾਂ ਦਾ ਕ੍ਰੋਧ ਸਾਡੇ ਉੱਤੇ ਭੜਕ ਉੱਠਿਆ,

4ਤਾਂ ਸਾਨੂੰ ਪਾਣੀ ਰੋੜ੍ਹ ਲੈ ਜਾਂਦੇ, ਅਤੇ ਨਾਲਾ ਸਾਡੀ ਜਾਨ ਦੇ ਉੱਤੋਂ ਦੀ ਵਗ ਜਾਂਦਾ,5ਤਾਂ ਠਾਠਾਂ ਮਾਰਦਾ ਪਾਣੀ ਸਾਡੀ ਜਾਨ ਦੇ ਉੱਤੋਂ ਦੀ ਲੰਘ ਜਾਂਦਾ !
6ਯਹੋਵਾਹ ਮੁਬਾਰਕ ਹੋਵੇ, ਜਿਸ ਨੇ ਸਾਨੂੰ ਉਨ੍ਹਾਂ ਦੇ ਦੰਦਾਂ ਦਾ ਸ਼ਿਕਾਰ ਨਾ ਹੋਣ ਦਿੱਤਾ !7ਸਾਡੀ ਜਾਨ ਚਿੜੀ ਵਾਂਗੂੰ ਚਿੜੀਮਾਰ ਦੀ ਫਾਹੀ ਤੋਂ ਛੁਡਾਈ ਗਈ, ਫਾਹੀ ਟੁੱਟੀ, ਸਾਡੀ ਜਾਨ ਛੁੱਟੀ ।
8ਸਾਡੀ ਸਹਾਇਤਾ ਯਹੋਵਾਹ ਦੇ ਨਾਮ ਵਿੱਚ ਹੈ, ਜਿਹੜਾ ਅਕਾਸ਼ ਅਤੇ ਧਰਤੀ ਦਾ ਕਰਤਾ ਹੈ ।

125
ਪਰਮੇਸ਼ੁਰ ਦੇ ਲੋਕਾਂ ਦੀ ਸੁਰੱਖਿਆ
ਦਾਊਦ ਦਾ ਯਾਤਰਾ ਦਾ ਗੀਤ

1ਜਿਹੜੇ ਯਹੋਵਾਹ ਉੱਤੇ ਭਰੋਸਾ ਰੱਖਦੇ ਹਨ, ਉਹ ਸੀਯੋਨ ਦੇ ਪਹਾੜ ਵਰਗੇ ਹਨ, ਜੋ ਕਦੇ ਡੋਲਦਾ ਨਹੀਂ ਸਗੋਂ ਸਦਾ ਲਈ ਅਟੱਲ ਰਹਿੰਦਾ ਹੈ !2ਜਿਵੇਂ ਪਹਾੜ ਯਰੂਸ਼ਲਮ ਦੇ ਆਲੇ-ਦੁਆਲੇ ਹਨ, ਤਿਵੇਂ ਯਹੋਵਾਹ ਆਪਣੀ ਪਰਜਾ ਦੇ ਆਲੇ-ਦੁਆਲੇ ਹੈ, ਹੁਣ ਤੋਂ ਲੈ ਕੇ ਸਦੀਪਕ ਕਾਲ ਤੱਕ ਹੈ ।3ਦੁਸ਼ਟਾਂ ਦਾ ਰਾਜ-ਡੰਡ ਧਰਮੀਆਂ ਦੇ ਉੱਤੇ ਬਣਿਆ ਨਾ ਰਹੇਗਾ, ਅਜਿਹਾ ਨਾ ਹੋਵੇ ਕਿ ਧਰਮੀ ਆਪਣੇ ਹੱਥ ਬਦੀ ਵੱਲ ਵਧਾਉਣ ।

4ਹੇ ਯਹੋਵਾਹ, ਭਲਿਆਂ ਨਾਲ ਭਲਿਆਈ ਕਰ, ਅਤੇ ਸਿੱਧੇ ਮਨ ਵਾਲਿਆਂ ਨਾਲ ਵੀ ।5ਪਰ ਜਿਹੜੇ ਆਪਣੇ ਪੁੱਠੇ ਰਾਹਾਂ ਵੱਲ ਭਟਕ ਜਾਂਦੇ ਹਨ, ਯਹੋਵਾਹ ਉਨ੍ਹਾਂ ਨੂੰ ਕੁਕਰਮੀਆਂ ਦੇ ਨਾਲ ਚਲਾਵੇਗਾ ! ਇਸਰਾਏਲ ਉੱਤੇ ਸਲਾਮਤੀ ਹੋਵੇ ।

126
ਛੁਟਕਾਰੇ ਦੇ ਲਈ ਪ੍ਰਾਰਥਨਾ
ਯਾਤਰਾ ਦਾ ਗੀਤ

1ਜਦ ਯਹੋਵਾਹ ਸੀਯੋਨ ਦੇ ਗ਼ੁਲਾਮਾਂ ਨੂੰ ਮੋੜ ਲੈ ਆਇਆ, ਤਦ ਅਸੀਂ ਸੁਫ਼ਨੇ ਵੇਖਣ ਵਾਲਿਆਂ ਵਰਗੇ ਸੀ !

2ਤਦ ਸਾਡੇ ਮੂੰਹ ਹਾਸੇ ਨਾਲ ਭਰ ਗਏ, ਅਤੇ ਸਾਡੀਆਂ ਜੀਭਾਂ ਉੱਤੇ ਜੈਕਾਰਾ ਸੀ, ਤਦ ਕੌਮਾਂ ਵਿੱਚ ਇਹ ਆਖਿਆ ਜਾਂਦਾ ਸੀ, ਯਹੋਵਾਹ ਨੇ ਉਨ੍ਹਾਂ ਲਈ ਵੱਡੇ-ਵੱਡੇ ਕੰਮ ਕੀਤੇ ਹਨ !3ਯਹੋਵਾਹ ਨੇ ਸਾਡੇ ਲਈ ਵੱਡੇ-ਵੱਡੇ ਕੰਮ ਕੀਤੇ ਹਨ, ਅਸੀਂ ਅਨੰਦ ਹੋਏ ਹਾਂ !
4ਹੇ ਯਹੋਵਾਹ, ਸਾਡੇ ਗ਼ੁਲਾਮਾਂ ਨੂੰ, ਦੱਖਣ ਦੀਆਂ ਨਦੀਆਂ ਵਾਂਗੂੰ ਮੋੜ ਲਿਆ !5ਜਿਹੜੇ ਹੰਝੂਆਂ ਨਾਲ ਬੀਜਦੇ ਹਨ, ਉਹ ਜੈਕਾਰਿਆਂ ਨਾਲ ਵੱਢਣਗੇ ।6ਜਿਹੜਾ ਬੀਜਣ ਲਈ ਬੀਜ ਚੁੱਕ ਕੇ ਰੋਂਦਾ ਹੋਇਆ ਜਾਂਦਾ ਹੈ, ਉਹ ਜ਼ਰੂਰ ਜੈਕਾਰਿਆਂ ਨਾਲ ਭਰੀਆਂ ਚੁੱਕ ਕੇ ਆਵੇਗਾ !

127
ਪਰਮੇਸ਼ੁਰ ਦੀ ਭਲਾਈ ਲਈ ਉਸਤਤ ਦਾ ਗੀਤ
ਸੁਲੇਮਾਨ ਦਾ ਯਾਤਰਾ ਦਾ ਗੀਤ

1ਜੇਕਰ ਯਹੋਵਾਹ ਹੀ ਘਰ ਨਾ ਬਣਾਵੇ, ਤਾਂ ਉਸ ਦੇ ਬਣਾਉਣ ਵਾਲੇ ਦੀ ਮਿਹਨਤ ਵਿਅਰਥ ਹੈ । ਜੇਕਰ ਯਹੋਵਾਹ ਹੀ ਸ਼ਹਿਰ ਦੀ ਰਾਖੀ ਨਾ ਕਰੇ, ਤਾਂ ਰਾਖੇ ਦਾ ਜਾਗਣਾ ਵਿਅਰਥ ਹੈ ।2ਤੁਹਾਡਾ ਸਵੇਰ ਦਾ ਉੱਠਣਾ ਅਤੇ ਦੇਰ ਤੱਕ ਬੈਠੇ ਰਹਿਣਾ, ਅਤੇ ਦੁੱਖਾਂ ਦੀ ਰੋਟੀ ਖਾਣੀ ਵਿਅਰਥ ਹੈ, ਉਹ ਤਾਂ ਆਪਣੇ ਪਿਆਰਿਆਂ ਨੂੰ ਨੀਂਦ ਦਿੰਦਾ ਹੈ ।

3ਵੇਖੋ, ਬੱਚੇ ਯਹੋਵਾਹ ਵੱਲੋਂ ਮਿਰਾਸ ਹਨ, ਗਰਭ ਦਾ ਫਲ ਇੱਕ ਇਨਾਮ ਹੈ,4ਜਿਵੇਂ ਸੂਰਮੇ ਦੇ ਹੱਥ ਵਿੱਚ ਬਾਣ, ਤਿਵੇਂ ਜਵਾਨੀ ਦੇ ਪੁੱਤਰ ਹਨ,5ਧੰਨ ਹੈ ਉਹ ਮਨੁੱਖ ਜਿਸ ਦਾ ਤਰਕਸ਼ ਉਨ੍ਹਾਂ ਨਾਲ ਭਰਿਆ ਹੋਇਆ ਹੈ ! ਉਹ ਆਪਣੇ ਵੈਰੀਆਂ ਨਾਲ ਫਾਟਕ ਵਿੱਚ ਗੱਲਾਂ ਕਰਦੇ ਹੋਏ ਸ਼ਰਮਿੰਦੇ ਨਾ ਹੋਣਗੇ !

128
ਪਰਮੇਸ਼ੁਰ ਦਾ ਡਰ ਮੰਨਣ ਦੀ ਬਰਕਤ
ਯਾਤਰਾ ਦਾ ਗੀਤ

1ਧੰਨ ਹੈ ਹਰੇਕ ਜੋ ਯਹੋਵਾਹ ਦਾ ਭੈ ਮੰਨਦਾ ਹੈ, ਅਤੇ ਉਸ ਦੇ ਰਾਹਾਂ ਉੱਤੇ ਚੱਲਦਾ ਹੈ !2ਤੂੰ ਆਪਣੇ ਹੱਥਾਂ ਦੀ ਕਮਾਈ ਜ਼ਰੂਰ ਖਾਵੇਂਗਾ, ਤੂੰ ਧੰਨ ਹੋਵੇਂਗਾ ਅਤੇ ਤੇਰਾ ਭਲਾ ਹੋਵੇਗਾ ।

3ਤੇਰੀ ਵਹੁਟੀ ਫਲਦਾਰ ਦਾਖ ਵਾਂਗੂੰ ਤੇਰੇ ਘਰ ਦੇ ਅੰਦਰ ਹੋਵੇਗੀ, ਤੇਰੇ ਬੱਚੇ ਜੈਤੂਨ ਦੇ ਬੂਟਿਆਂ ਵਾਂਗੂੰ ਤੇਰੀ ਮੇਜ਼ ਦੇ ਆਲੇ-ਦੁਆਲੇ ਹੋਣਗੇ ।4ਵੇਖੋ, ਉਹ ਮਨੁੱਖ ਮੁਬਾਰਕ ਹੋਵੇਗਾ, ਜਿਹੜਾ ਯਹੋਵਾਹ ਦਾ ਭੈ ਮੰਨਦਾ ਹੈ ।5ਯਹੋਵਾਹ ਸੀਯੋਨ ਤੋਂ ਤੈਨੂੰ ਬਰਕਤ ਦੇਵੇ, ਅਤੇ ਤੂੰ ਜੀਵਨ ਭਰ ਯਰੂਸ਼ਲਮ ਦੀ ਭਲਿਆਈ ਵੇਖੇਂ,6ਸਗੋਂ ਤੂੰ ਆਪਣੇ ਦੋਹਤ੍ਰੇ-ਪੋਤ੍ਰੇ ਵੇਖੇਂ ! ਇਸਰਾਏਲ ਉੱਤੇ ਸਲਾਮਤੀ ਹੋਵੇ ।

129
ਵੈਰੀਆਂ ਦੀ ਹਾਰ ਦੇ ਲਈ ਪ੍ਰਾਰਥਨਾ
ਯਾਤਰਾ ਦਾ ਗੀਤ

1ਉਨ੍ਹਾਂ ਨੇ ਮੈਨੂੰ ਮੇਰੀ ਜਵਾਨੀ ਤੋਂ ਬਹੁਤਾ ਦੁੱਖ ਦਿੱਤਾ, ਇਸਰਾਏਲ ਇਹ ਆਖੇ,2ਉਨ੍ਹਾਂ ਨੇ ਮੈਨੂੰ ਮੇਰੀ ਜਵਾਨੀ ਤੋਂ ਬਹੁਤਾ ਦੁੱਖ ਦਿੱਤਾ, ਪਰ ਉਹ ਮੇਰੇ ਉੱਤੇ ਪਰਬਲ ਨਾ ਹੋ ਸਕੇ !3ਹਾਲੀ ਨੇ ਮੇਰੀ ਪਿੱਠ ਉੱਤੇ ਹਲ ਵਾਹਿਆ, ਉਨ੍ਹਾਂ ਨੇ ਲੰਮੇ-ਲੰਮੇ ਸਿਆੜ ਕੱਢੇ !

4ਯਹੋਵਾਹ ਧਰਮੀ ਹੈ, ਉਹ ਨੇ ਦੁਸ਼ਟਾਂ ਦਿਆਂ ਰੱਸਿਆਂ ਨੂੰ ਕੱਟ ਸੁੱਟਿਆ ।5ਜਿੰਨੇ ਸੀਯੋਨ ਨਾਲ ਵੈਰ ਰੱਖਦੇ ਹਨ, ਉਹ ਸ਼ਰਮਿੰਦੇ ਹੋ ਕੇ ਪਛਾੜੇ ਜਾਣ !
6ਉਹ ਛੱਤਾਂ ਦੇ ਘਾਹ ਵਰਗੇ ਹੋਣ, ਜਿਹੜਾ ਵਧਣ ਤੋਂ ਪਹਿਲਾਂ ਹੀ ਸੁੱਕ ਜਾਂਦਾ ਹੈ,7ਜਿਸ ਦੇ ਨਾਲ ਵਾਢਾ ਆਪਣੀ ਮੁੱਠ ਨਹੀਂ ਭਰਦਾ, ਨਾ ਪੂਲੇ ਬੰਨ੍ਹਣ ਵਾਲਾ ਆਪਣਾ ਪੱਲਾ,8ਅਤੇ ਲੰਘਣ ਵਾਲੇ ਨਹੀਂ ਆਖਦੇ, "ਯਹੋਵਾਹ ਦੀ ਬਰਕਤ ਤੁਹਾਡੇ ਉੱਤੇ ਹੋਵੇ, ਅਸੀਂ ਤੁਹਾਨੂੰ ਯਹੋਵਾਹ ਦੇ ਨਾਮ ਤੋਂ ਬਰਕਤ ਦਿੰਦੇ ਹਾਂ ।"

130
ਕਿਰਪਾਲੂ ਪਰਮੇਸ਼ੁਰ
ਯਾਤਰਾ ਦਾ ਗੀਤ

1ਹੇ ਯਹੋਵਾਹ, ਡੂੰਘਿਆਈ ਵਿੱਚੋਂ ਮੈਂ ਤੈਨੂੰ ਪੁਕਾਰਿਆ ਹੈ,2ਹੇ ਪ੍ਰਭੂ ਮੇਰੀ ਅਵਾਜ਼ ਨੂੰ ਸੁਣ, ਤੇਰੇ ਕੰਨ ਮੇਰੀਆਂ ਬੇਨਤੀਆਂ ਦੀ ਅਵਾਜ਼ ਉੱਤੇ ਲੱਗੇ ਰਹਿਣ !

3ਹੇ ਯਹੋਵਾਹ, ਜੇ ਤੂੰ ਬਦੀਆਂ ਦਾ ਲੇਖਾ ਕਰਦਾ, ਤਾਂ ਹੇ ਪ੍ਰਭੂ, ਕੌਣ ਖੜ੍ਹਾ ਰਹਿ ਸਕਦਾ ?4ਪਰ ਤੂੰ ਮਾਫ਼ ਕਰਨ ਵਾਲਾ ਹੈਂ, ਤਾਂ ਜੋ ਤੇਰਾ ਭੈ ਮੰਨਿਆ ਜਾਵੇ ।
5ਮੈਂ ਯਹੋਵਾਹ ਨੂੰ ਉਡੀਕਦਾ ਹਾਂ, ਮੇਰੀ ਜਾਨ ਵੀ ਉਡੀਕਦੀ ਹੈ, ਅਤੇ ਉਹ ਦੇ ਬਚਨ ਉੱਤੇ ਮੇਰੀ ਆਸ ਹੈ ।6ਜਿੰਨਾ ਪਹਿਰੇਦਾਰ ਸਵੇਰ ਨੂੰ, ਹਾਂ, ਜਿੰਨਾ ਪਹਿਰੇਦਾਰ ਸਵੇਰ ਨੂੰ ਉਡੀਕਦੇ ਹਨ, ਉਨ੍ਹਾਂ ਤੋਂ ਵੱਧ ਮੇਰੀ ਜਾਨ ਪ੍ਰਭੂ ਨੂੰ ਉਡੀਕਦੀ ਹੈ ।
7ਹੇ ਇਸਰਾਏਲ, ਯਹੋਵਾਹ ਦੀ ਆਸ ਰੱਖ, ਕਿਉਂ ਜੋ ਯਹੋਵਾਹ ਕੋਲ ਦਯਾ ਹੈ, ਅਤੇ ਉਹ ਦੇ ਕੋਲ ਛੁਟਕਾਰਾ ਕਾਫ਼ੀ ਹੈ,8ਅਤੇ ਉਹ ਇਸਰਾਏਲ ਨੂੰ ਉਸ ਦੀਆਂ ਸਾਰੀਆਂ ਬਦੀਆਂ ਤੋਂ ਛੁਟਕਾਰਾ ਦੇਵੇਗਾ ।

131
ਪਰਮੇਸ਼ੁਰ ਦੇ ਉੱਤੇ ਬੱਚਿਆਂ ਵਰਗਾ ਭਰੋਸਾ
ਦਾਊਦ ਦਾ ਯਾਤਰਾ ਦਾ ਗੀਤ

1ਹੇ ਯਹੋਵਾਹ, ਮੇਰਾ ਦਿਲ ਹੰਕਾਰੀ ਨਹੀਂ, ਨਾ ਮੇਰੀਆਂ ਅੱਖਾਂ ਘਮੰਡ ਨਾਲ ਭਰੀਆਂ ਹਨ, ਅਤੇ ਜਿਹੜੀਆਂ ਗੱਲਾਂ ਮੇਰੇ ਲਈ ਵੱਡੀਆਂ ਅਤੇ ਅਚਰਜ ਸਨ, ਮੈਂ ਉਨ੍ਹਾਂ ਵਿੱਚ ਦਖ਼ਲ ਨਹੀਂ ਦਿੰਦਾ ।

2ਨਿਸੰਗ ਮੈਂ ਆਪਣੀ ਜਾਨ ਨੂੰ ਸ਼ਾਂਤ ਅਤੇ ਚੁੱਪ ਕਰਾ ਲਿਆ ਹੈ, ਜਿਵੇਂ ਦੁੱਧ ਛੁਡਾਇਆ ਹੋਇਆ ਬਾਲਕ ਆਪਣੀ ਮਾਂ ਦੇ ਨਾਲ ਹੈ, ਹਾਂ, ਤਿਵੇਂ ਹੀ ਦੁੱਧ ਛੁਡਾਏ ਹੋਏ ਬਾਲਕ ਵਾਂਗੂੰ ਮੇਰੀ ਜਾਨ ਮੇਰੇ ਅੰਦਰ ਹੈ ।3ਹੇ ਇਸਰਾਏਲ, ਯਹੋਵਾਹ ਉੱਤੇ ਆਸ ਰੱਖ, ਹੁਣ ਤੋਂ ਲੈ ਕੇ ਸਦੀਪਕ ਕਾਲ ਤੱਕ !

132
ਹੈਕਲ ਦੇ ਲਈ ਪ੍ਰਾਰਥਨਾ
ਯਾਤਰਾ ਦਾ ਗੀਤ

1ਹੇ ਯਹੋਵਾਹ, ਦਾਊਦ ਲਈ ਚੇਤੇ ਰੱਖ, ਉਹ ਦੇ ਸਾਰੇ ਦੁੱਖ ,2ਜਿਸ ਨੇ ਯਹੋਵਾਹ ਦੀ ਸਹੁੰ ਖਾਧੀ, ਅਤੇ ਯਾਕੂਬ ਦੇ ਕਾਦਰ ਲਈ ਸੁੱਖਣਾ ਸੁੱਖੀ,

3ਕਿ ਮੈਂ ਜ਼ਰੂਰ ਆਪਣੇ ਘਰੇਲੂ ਤੰਬੂ ਵਿੱਚ ਨਾ ਜਾਂਵਾਂਗਾ, ਨਾ ਆਪਣੇ ਪਲੰਘ ਦੇ ਵਿਛਾਉਣੇ ਉੱਤੇ ਚੜ੍ਹਾਂਗਾ,4ਨਾ ਆਪਣੀਆਂ ਅੱਖਾਂ ਨੂੰ ਨੀਂਦ, ਨਾ ਆਪਣੀਆਂ ਪਲਕਾਂ ਨੂੰ ਊਂਘ ਆਉਣ ਦਿਆਂਗਾ,5ਜਦ ਤੱਕ ਮੈਂ ਯਹੋਵਾਹ ਲਈ ਕੋਈ ਥਾਂ ਨਾ ਲੱਭਾਂ, ਅਤੇ ਯਾਕੂਬ ਦੇ ਕਾਦਰ ਲਈ ਕੋਈ ਡੇਹਰਾ !
6ਵੇਖਾ, ਅਸੀਂ ਅਫਰਾਥਾਹ ਵਿੱਚ ਉਹ ਦੀ ਖ਼ਬਰ ਸੁਣੀ, ਉਹ ਸਾਨੂੰ ਯਾਅਰ ਦੀ ਰੜ੍ਹ ਵਿੱਚ ਲੱਭ ਪਿਆ ।7ਅਸੀਂ ਉਹ ਦੇ ਡੇਹਰੇ ਨੂੰ ਜਾਈਏ, ਅਸੀਂ ਉਹ ਦੇ ਪੈਰਾਂ ਦੀ ਚੌਂਕੀ ਅੱਗੇ ਮੱਥਾ ਟੇਕੀਏ ।8ਹੇ ਯਹੋਵਾਹ, ਉੱਠ, ਆਪਣੇ ਆਰਾਮ ਦੇ ਥਾਂ ਵਿੱਚ ਆ, ਤੂੰ ਅਤੇ ਤੇਰੀ ਸ਼ਕਤੀ ਦਾ ਸੰਦੂਕ ਵੀ !
9ਤੇਰੇ ਜਾਜਕ ਧਰਮ ਦਾ ਲਿਬਾਸ ਪਾਉਣ, ਅਤੇ ਤੇਰੇ ਸੰਤ ਜੈਕਾਰੇ ਗਜਾਉਣ,10ਆਪਣੇ ਦਾਸ ਦਾਊਦ ਦੇ ਕਾਰਨ, ਆਪਣੇ ਮਸਹ ਕੀਤੇ ਹੋਏ ਦਾ ਮੂੰਹ ਨਾ ਮੋੜ !
11ਯਹੋਵਾਹ ਨੇ ਦਾਊਦ ਨਾਲ ਸੱਚੀ ਸਹੁੰ ਖਾਧੀ, ਜਿਸ ਤੋਂ ਉਹ ਫਿਰੇਗਾ ਨਹੀਂ, ਕਿ ਮੈਂ ਤੇਰੇ ਢਿੱਡ ਦੇ ਫਲ ਤੋਂ ਤੇਰੀ ਰਾਜ ਗੱਦੀ ਉੱਤੇ ਕਿਸੇ ਨੂੰ ਬਿਠਾਵਾਂਗਾ,12ਜੇ ਤੇਰੀ ਅੰਸ ਮੇਰੇ ਨੇਮ ਤੇ ਮੇਰੀ ਸਾਖੀ ਦੀ, ਜੋ ਮੈਂ ਉਨ੍ਹਾਂ ਨੂੰ ਸਿਖਾਵਾਂਗਾ ਪਾਲਣਾ ਕਰੇ, ਤਾਂ ਉਨ੍ਹਾਂ ਦੀ ਅੰਸ ਵੀ ਜੁੱਗੋ-ਜੁੱਗ ਤੇਰੀ ਰਾਜ ਗੱਦੀ ਉੱਤੇ ਬੈਠੇਗੀ ।
13ਯਹੋਵਾਹ ਨੇ ਤਾਂ ਸੀਯੋਨ ਨੂੰ ਚੁਣਿਆ, ਉਹ ਨੇ ਆਪਣੇ ਵਸੇਬੇ ਲਈ ਉਹ ਨੂੰ ਪਸੰਦ ਕੀਤਾ ।14ਏਹ ਸਦਾ ਲਈ ਵਿਸਰਾਮ ਹੋਵੇਗਾ, ਮੈਂ ਏਥੇ ਵੱਸਾਂਗਾ, ਮੈਂ ਇਸ ਨੂੰ ਪਸੰਦ ਜੋ ਕਰ ਲਿਆ ਹੈ ।
15ਮੈਂ ਉਹ ਦੇ ਰਿਜਕ ਵਿੱਚ ਕਾਫ਼ੀ ਬਰਕਤ ਦਿਆਂਗਾ, ਅਤੇ ਉਹ ਦੇ ਕੰਗਾਲਾਂ ਨੂੰ ਰੋਟੀ ਨਾਲ ਰਜਾਵਾਂਗਾ ।16ਮੈਂ ਉਹ ਦੇ ਜਾਜਕਾਂ ਨੂੰ ਮੁਕਤੀ ਦਾ ਲਿਬਾਸ ਪੁਆਵਾਂਗਾ, ਤੇ ਉਹ ਦੇ ਸੰਤ ਖੁਸ਼ੀ ਦੇ ਜੈਕਾਰੇ ਗਜਾਉਣਗੇ !
17ਉੱਥੇ ਮੈਂ ਦਾਊਦ ਲਈ ਇੱਕ ਸਿੰਙ ਫੁਟਾਵਾਂਗਾ, ਮੈਂ ਆਪਣੇ ਮਸਹ ਕੀਤੇ ਹੋਏ ਲਈ ਇੱਕ ਦੀਵਾ ਤਿਆਰ ਰੱਖਿਆ ਹੈ ।18ਉਹ ਦੇ ਵੈਰੀਆਂ ਨੂੰ ਮੈਂ ਸ਼ਰਮ ਦਾ ਲਿਬਾਸ ਪੁਆਵਾਂਗਾ, ਪਰ ਉਹ ਦੇ ਉੱਤੇ ਉਹ ਦਾ ਮੁਕਟ ਚਮਕੇਗਾ ।

133
ਭਰਾਵਾਂ ਦੀ ਏਕਤਾ ਧੰਨ ਹੈ
ਦਾਊਦ ਦਾ ਯਾਤਰਾ ਦਾ ਗੀਤ

1ਵੇਖੋ, ਕਿੰਨਾ ਚੰਗਾ ਅਤੇ ਸੋਹਣਾ ਹੈ ਕਿ ਭਰਾ ਮਿਲ-ਜੁਲ ਕੇ ਵੱਸਣ !

2ਇਹ ਉਸ ਖਾਲ਼ਸ ਤੇਲ ਦੀ ਤਰ੍ਹਾਂ ਹੈ, ਜਿਹੜਾ ਸਿਰ ਉੱਤੋਂ ਚੋ ਕੇ ਦਾੜੀ ਉੱਤੇ, ਅਰਥਾਤ ਹਾਰੂਨ ਦੀ ਦਾੜੀ ਉੱਤੋਂ ਚੋ ਕੇ ਉਸ ਦੀ ਪੁਸ਼ਾਕ ਦੀ ਸਿਰੇ ਤੱਕ ਪਹੁੰਚ ਗਿਆ ।3ਇਹ ਹਰਮੋਨ ਦੀ ਤ੍ਰੇਲ ਦੀ ਤਰ੍ਹਾਂ ਹੈ, ਜੋ ਸੀਯੋਨ ਦੇ ਪਹਾੜ ਉੱਤੇ ਪੈਂਦੀ ਹੈ, ਤਾਂ ਹੀ ਉੱਥੇ ਯਹੋਵਾਹ ਨੇ ਬਰਕਤ ਦਾ, ਅਰਥਾਤ ਸਦੀਪਕ ਜੀਵਨ ਦਾ ਹੁਕਮ ਦਿੱਤਾ ਹੈ ।

134
ਪਰਮੇਸ਼ੁਰ ਦੀ ਉਸਤਤ ਕਰਨ ਦਾ ਸੱਦਾ
ਯਾਤਰਾ ਦਾ ਗੀਤ

1ਵੇਖੋ, ਹੇ ਯਹੋਵਾਹ ਦੇ ਸਾਰੇ ਸੇਵਕੋ, ਯਹੋਵਾਹ ਨੂੰ ਮੁਬਾਰਕ ਆਖੋ, ਤੁਸੀਂ ਜਿਹੜੇ ਯਹੋਵਾਹ ਦੇ ਭਵਨ ਵਿੱਚ ਰਾਤ ਨੂੰ ਖੜ੍ਹੇ ਰਹਿੰਦੇ ਹੋ,2ਪਵਿੱਤਰ ਸਥਾਨ ਵੱਲ ਆਪਣੇ ਹੱਥ ਚੁੱਕ ਕੇ ਯਹੋਵਾਹ ਨੂੰ ਮੁਬਾਰਕ ਆਖੋ !

3ਯਹੋਵਾਹ ਤੈਨੂੰ ਸੀਯੋਨ ਤੋਂ ਬਰਕਤ ਦੇਵੇ, ਜੋ ਅਕਾਸ਼ ਤੇ ਧਰਤੀ ਦਾ ਕਰਤਾ ਹੈ ।

135
ਉਸਤਤ ਦਾ ਗੀਤ

1ਹਲਲੂਯਾਹ ! ਯਹੋਵਾਹ ਦੇ ਨਾਮ ਦੀ ਉਸਤਤ ਕਰੋ, ਹੇ ਯਹੋਵਾਹ ਦੇ ਸੇਵਕੋ, ਉਸਤਤ ਕਰੋ !2ਤੁਸੀਂ ਜਿਹੜੇ ਯਹੋਵਾਹ ਦੇ ਭਵਨ ਵਿੱਚ, ਸਾਡੇ ਪਰਮੇਸ਼ੁਰ ਦੀਆਂ ਬਾਰਗਾਹਾਂ ਵਿੱਚ ਖੜੇ ਰਹਿੰਦੇ ਹੋ,

3ਯਹੋਵਾਹ ਦੀ ਉਸਤਤ ਕਰੋ ਕਿਉਂ ਜੋ ਯਹੋਵਾਹ ਭਲਾ ਹੈ, ਉਸ ਦੇ ਨਾਮ ਦਾ ਭਜਨ ਕਰੋ ਕਿਉਂ ਜੋ ਏਹ ਸੋਹਣਾ ਹੈ !4ਯਹੋਵਾਹ ਨੇ ਯਾਕੂਬ ਨੂੰ ਆਪਣੇ ਹੀ ਲਈ, ਅਤੇ ਇਸਰਾਏਲ ਨੂੰ ਆਪਣੀ ਖਾਸ ਮਿਲਖ ਲਈ ਚੁਣ ਲਿਆ ਹੈ ।
5ਸੱਚ-ਮੁੱਚ ਮੈਂ ਜਾਣ ਲਿਆ ਹੈ ਕਿ ਯਹੋਵਾਹ, ਹਾਂ, ਸਾਡਾ ਪ੍ਰਭੂ ਸਾਰੇ ਦੇਵਤਿਆਂ ਨਾਲੋਂ ਵੀ ਮਹਾਨ ਹੈ ।6ਜੋ ਕੁੱਝ ਯਹੋਵਾਹ ਨੇ ਚਾਹਿਆ, ਉਹ ਨੇ ਅਕਾਸ਼ ਵਿੱਚ, ਧਰਤੀ ਵਿੱਚ, ਸਮੁੰਦਰਾਂ ਵਿੱਚ ਅਤੇ ਡੂੰਘਿਆਈਆਂ ਵਿੱਚ ਕੀਤਾ !
7ਉਹ ਧਰਤੀ ਦੀਆਂ ਹੱਦਾਂ ਤੋਂ ਭਾਫ ਨੂੰ ਉਤਾਹਾਂ ਲਿਆਉਂਦਾ, ਉਹ ਮੀਂਹ ਲਈ ਬਿਜਲੀਆਂ ਬਣਾਉਂਦਾ, ਆਪਣਿਆਂ ਖਜ਼ਾਨਿਆਂ ਤੋਂ ਹਵਾ ਬਾਹਰ ਲਿਆਉਂਦਾ ਹੈ,
8ਜਿਸ ਨੇ ਮਿਸਰ ਦੇ ਜੇਠਿਆਂ ਨੂੰ ਮਾਰਿਆ, ਇਨਸਾਨ ਤੋਂ ਲੈ ਕੇ ਡੰਗਰ ਤੱਕ ।9ਹੇ ਮਿਸਰ, ਉਸ ਨੇ ਤੇਰੇ ਵਿਚਕਾਰ ਨਿਸ਼ਾਨ ਤੇ ਅਚੰਭੇ ਭੇਜੇ, ਫਿਰਊਨ ਉੱਤੇ ਅਤੇ ਉਸ ਦੇ ਸਾਰੇ ਟਹਿਲੂਆਂ ਉੱਤੇ, —
10ਜਿਸ ਨੇ ਬਹੁਤ ਸਾਰੀਆਂ ਕੌਮਾਂ ਨੂੰ ਮਾਰ ਦਿੱਤਾ, ਅਤੇ ਬਲਵੰਤ ਰਾਜਿਆਂ ਨੂੰ ਵੱਢ ਸੁੱਟਿਆ,11ਅਰਥਾਤ ਅਮੋਰੀਆਂ ਦੇ ਰਾਜੇ ਸੀਹੋਨ ਨੂੰ, ਬਾਸ਼ਾਨ ਦੇ ਰਾਜੇ ਓਗ ਨੂੰ, ਅਤੇ ਕਨਾਨ ਦੇ ਰਾਜੇ ਰਜਵਾੜਿਆਂ ਨੂੰ ।
12ਅਤੇ ਉਹ ਨੇ ਉਨ੍ਹਾਂ ਦੇ ਦੇਸ ਮਿਰਾਸ ਵਿੱਚ, ਅਰਥਾਤ ਆਪਣੀ ਪਰਜਾ ਇਸਰਾਏਲ ਦੀ ਮਿਰਾਸ ਵਿੱਚ ਦਿਤੇ ।13ਹੇ ਯਹੋਵਾਹ, ਤੇਰਾ ਨਾਮ ਸਦੀਪਕ ਹੈ, ਹੇ ਯਹੋਵਾਹ, ਤੇਰੀ ਯਾਦਗਾਰ ਪੀੜ੍ਹੀਓ ਪੀੜ੍ਹੀ ਤੱਕ ਹੈ !
14ਯਹੋਵਾਹ ਤਾਂ ਆਪਣੀ ਪਰਜਾ ਦਾ ਨਿਆਂ ਕਰੇਗਾ, ਅਤੇ ਆਪਣੇ ਦਾਸਾਂ ਉੱਤੇ ਤਰਸ ਖਾਵੇਗਾ ।15ਪਰਾਈਆਂ ਕੌਮਾਂ ਦੇ ਬੁੱਤ ਸੋਨਾ ਚਾਂਦੀ ਹੀ ਹਨ, ਓਹ ਇਨਸਾਨ ਦੇ ਹੱਥਾਂ ਦੀ ਬਨਾਵਟ ਹਨ ।16ਉਨ੍ਹਾਂ ਦੇ ਮੂੰਹ ਤਾਂ ਹਨ ਪਰ ਓਹ ਬੋਲਦੇ ਨਹੀਂ, ਉਨ੍ਹਾਂ ਦੀਆਂ ਅੱਖਾਂ ਤਾਂ ਹਨ ਪ੍ਰ ਓਹ ਵੇਖਦੇ ਨਹੀਂ,17ਉਨ੍ਹਾਂ ਦੇ ਕੰਨ ਤਾਂ ਹਨ ਪਰ ਓਹ ਕੰਨ ਨਹੀਂ ਲਾਉਂਦੇ, — ਹਾਂ, ਉਨ੍ਹਾਂ ਦੇ ਮੂੰਹ ਵਿੱਚ ਸਾਹ ਹੈ ਹੀ ਨਹੀਂ !18ਉਨ੍ਹਾਂ ਦੇ ਬਣਾਉਣ ਵਾਲੇ ਉਨ੍ਹਾਂ ਹੀ ਵਰਗੇ ਹੋਣਗੇ, ਨਾਲੇ ਓਹ ਸਾਰੇ ਜਿਹੜੇ ਉਨ੍ਹਾਂ ਉੱਤੇ ਭਰੋਸਾ ਰੱਖਦੇ ਹਨ ! ।
19ਹੇ ਇਸਰਾਏਲ ਦੇ ਘਰਾਣੇ, ਯਹੋਵਾਹ ਨੂੰ ਮੁਬਾਰਕ ਆਖ !20ਹੇ ਲੇਵੀ ਦੇ ਘਰਾਣੇ, ਯਹੋਵਾਹ ਨੂੰ ਮੁਬਾਰਕ ਆਖ, ਹੇ ਯਹੋਵਾਹ ਦੇ ਭੈ ਮੰਨਣ ਵਾਲਿਓ, ਯਹੋਵਾਹ ਨੂੰ ਮੁਬਾਰਕ ਆਖੋ !21ਯਹੋਵਾਹ ਸੀਯੋਨ ਤੋਂ ਮੁਬਾਰਕ ਹੋਵੇ, ਉਹ ਜਿਹੜਾ ਯਰੂਸ਼ਲਮ ਦਾ ਵਾਸੀ ਹੈ, — ਹਲਲੂਯਾਹ ! ।

136
ਧੰਨਵਾਦ ਦਾ ਭਜਨ

1ਯਹੋਵਾਹ ਦਾ ਧੰਨਵਾਦ ਕਰੋ ਜੋ ਉਹ ਭਲਾ ਹੈ, ਤੇ ਉਹ ਦੀ ਦਯਾ ਸਦਾ ਦੀ ਹੈ ।2ਦੇਵਤਿਆਂ ਦੇ ਪਰਮੇਸ਼ੁਰ ਦਾ ਧੰਨਵਾਦ ਕਰੋ, ਉਹ ਦੀ ਦਯਾ ਸਦਾ ਦੀ ਹੈ ।3ਪ੍ਰਭੂਆਂ ਦੇ ਪ੍ਰਭੂ ਦਾ ਧੰਨਵਾਦ ਕਰੋ, ਉਹ ਦੀ ਦਯਾ ਸਦਾ ਦੀ ਹੈ ।

4ਉਸੇ ਦਾ ਜੋ ਇਕੱਲਾ ਹੀ ਵੱਡੇ-ਵੱਡੇ ਅਚਰਜਾਂ ਨੂੰ ਕਰਦਾ ਹੈ, ਉਹ ਦੀ ਦਯਾ ਸਦਾ ਦੀ ਹੈ,5ਉਸੇ ਦਾ ਜਿਸ ਨੇ ਅਕਾਸ਼ ਨੂੰ ਬੁੱਧ ਨਾਲ ਬਣਾਇਆ ਹੈ, ਉਹ ਦੀ ਦਯਾ ਸਦਾ ਦੀ ਹੈ,
6ਉਸੇ ਦਾ ਜਿਸ ਨੇ ਧਰਤੀ ਨੂੰ ਪਾਣੀਆਂ ਉੱਤੇ ਫੈਲਾਇਆ ਹੈ, ਉਹ ਦੀ ਦਯਾ ਸਦਾ ਦੀ ਹੈ,7ਉਸੇ ਦਾ ਜਿਸ ਨੇ ਵੱਡੀਆਂ-ਵੱਡੀਆਂ ਜੋਤਾਂ ਨੂੰ ਬਣਾਇਆ, ਉਹ ਦੀ ਦਯਾ ਸਦਾ ਦੀ ਹੈ,
8ਸੂਰਜ ਨੂੰ ਕਿ ਉਹ ਦਿਨ ਉੱਤੇ ਰਾਜ ਕਰੇ, ਉਹ ਦੀ ਦਯਾ ਸਦਾ ਦੀ ਹੈ,9ਚੰਦਰਮਾਂ ਤੇ ਤਾਰਿਆਂ ਨੂੰ ਕਿ ਓਹ ਰਾਤ ਉੱਤੇ ਰਾਜ ਕਰਨ, ਉਹ ਦੀ ਦਯਾ ਸਦਾ ਦੀ ਹੈ,
10ਉਸੇ ਦਾ ਜਿਸ ਮਿਸਰ ਦੇ ਜੇਠਿਆਂ ਨੂੰ ਮਾਰਿਆ, ਉਹ ਦੀ ਦਯਾ ਸਦਾ ਦੀ ਹੈ,11ਅਤੇ ਇਸਰਾਏਲ ਨੂੰ ਉਨ੍ਹਾਂ ਦੇ ਵਿੱਚ ਕੱਢ ਲਿਆਇਆ, ਉਹ ਦੀ ਦਯਾ ਸਦਾ ਦੀ ਹੈ,12ਤਕੜੇ ਹੱਥ ਤੇ ਪਸਾਰੀ ਹੋਈ ਬਾਂਹ ਨਾਲ, ਉਹ ਦੀ ਦਯਾ ਸਦਾ ਦੀ ਹੈ,
13ਉਸੇ ਦਾ ਜਿਸ ਲਾਲ ਸਮੁੰਦਰ ਨੂੰ ਪਾੜ ਕੇ ਦੋ ਹਿੱਸੇ ਕਰ ਦਿੱਤਾ, ਉਹ ਦੀ ਦਯਾ ਸਦਾ ਦੀ ਹੈ,14ਅਤੇ ਇਸਰਾਏਲ ਨੂੰ ਉਹ ਦੇ ਵਿਚੋਂ ਦੀ ਲੰਘਾ ਲਿਆ, ਉਹ ਦੀ ਦਯਾ ਸਦਾ ਦੀ ਹੈ,15ਅਤੇ ਫਿਰਊਨ ਤੇ ਉਹ ਦੀ ਫੌਜ ਨੂੰ ਲਾਲ ਸਮੁੰਦਰ ਵਿੱਚ ਝਾੜ ਸੁੱਟਿਆ, ਉਹ ਦੀ ਦਯਾ ਸਦਾ ਦੀ ਹੈ,
16ਉਸੇ ਦਾ ਜੋ ਆਪਣੀ ਪਰਜਾ ਨੂੰ ਉਜਾੜ ਦੇ ਵਿੱਚ ਲਈ ਤੁਰਿਆ, ਉਹ ਦੀ ਦਯਾ ਸਦਾ ਦੀ ਹੈ,17ਉਸੇ ਦਾ ਜਿਸ ਵੱਡੇ-ਵੱਡੇ ਰਾਜਿਆਂ ਨੂੰ ਮਾਰਿਆ, ਉਹ ਦੀ ਦਯਾ ਸਦਾ ਦੀ ਹੈ,
18ਅਤੇ ਪਰਤਾਪੀ ਰਾਜਿਆਂ ਨੂੰ ਵੱਢ ਸੁੱਟਿਆ, ਉਹ ਦੀ ਦਯਾ ਸਦਾ ਦੀ ਹੈ,19ਅਮੋਰੀਆਂ ਦੇ ਰਾਜੇ ਸੀਹੋਨ ਨੂੰ, ਉਹ ਦੀ ਦਯਾ ਸਦਾ ਦੀ ਹੈ,20ਬਾਸ਼ਾਨ ਦੇ ਰਾਜੇ ਓਗ ਨੂੰ, ਉਹ ਦੀ ਦਯਾ ਸਦਾ ਦੀ ਹੈ,
21ਅਤੇ ਉਨ੍ਹਾਂ ਦੇ ਦੇਸ ਨੂੰ ਮਿਲਖ ਵਿੱਚ ਦੇ ਦਿੱਤਾ, ਉਹ ਦੀ ਦਯਾ ਸਦਾ ਦੀ ਹੈ,22ਆਪਣੇ ਦਾਸ ਇਸਰਾਏਲ ਦੀ ਮਿਲਖ ਵਿੱਚ, ਉਹ ਦੀ ਦਯਾ ਸਦਾ ਦੀ ਹੈ,23ਜਿਸ ਸਾਡੇ ਮੰਦੇ ਹਾਲ ਵਿੱਚ ਸਾਨੂੰ ਚੇਤੇ ਕੀਤਾ, ਉਹ ਦੀ ਦਯਾ ਸਦਾ ਦੀ ਹੈ,
24ਅਤੇ ਸਾਨੂੰ ਸਾਡੇ ਵਿਰੋਧੀਆਂ ਤੋਂ ਛੁਡਾਇਆ, ਉਹ ਦੀ ਦਯਾ ਸਦਾ ਦੀ ਹੈ,25ਜੋ ਸਭ ਜੀਵਾਂ ਨੂੰ ਰੋਟੀ ਦਿੰਦਾ ਹੈ, ਉਹ ਦੀ ਦਯਾ ਸਦਾ ਦੀ ਹੈ,26ਅਕਾਸ਼ ਦੇ ਪਰਮੇਸ਼ੁਰ ਦਾ ਧੰਨਵਾਦ ਕਰੋ, ਉਹ ਦੀ ਦਯਾ ਸਦਾ ਦੀ ਹੈ ! ।

137
ਗੁਲਾਮੀ ਵਿੱਚ ਇਸਰਾਏਲ ਦਾ ਵਿਰਲਾਪ ਗੀਤ

1ਉੱਥੇ ਬਾਬੁਲ ਦੀਆਂ ਨਦੀਆਂ ਕੋਲ, ਅਸੀਂ ਜਾ ਬੈਠੇ, ਨਾਲੇ ਰੋਣ ਲੱਗ ਪਏ, ਜਦ ਅਸੀਂ ਸੀਯੋਨ ਨੂੰ ਚੇਤੇ ਕੀਤਾ ।2ਉਹ ਦੇ ਵਿੱਚ ਬੇਦ-ਮਜਨੂੰਆਂ ਉੱਤੇ ਅਸੀਂ ਆਪਣੀਆਂ ਬਰਬਤਾਂ ਨੂੰ ਤੰਗ ਦਿੱਤਾ,

3ਕਿਉਂ ਜੋ ਉੱਥੇ ਸਾਨੂੰ ਬੰਧੂਆ ਕਰਨ ਵਾਲਿਆਂ ਨੇ ਸਾਥੋਂ ਗੀਤ ਦਾ, ਅਤੇ ਸਾਡੇ ਮਖੌਲ ਕਰਨ ਵਾਲਿਆਂ ਨੇ ਖੁਸ਼ੀ ਦਾ ਸੁਆਲ ਕੀਤਾ, ਕਿ ਦੇ ਗੀਤਾਂ ਵਿਚੋਂ ਸਾਡੇ ਲਈ ਕੋਈ ਗੀਤ ਗਾਓ !4ਅਸੀਂ ਯਹੋਵਾਹ ਦਾ ਗੀਤ ਪਰਾਏ ਦੇਸ ਵਿੱਚ ਕਿੱਕੁਰ ਗਾਈਏ ?
5ਹੇ ਯਰੂਸ਼ਲਮ, ਜੇ ਮੈਂ ਤੈਨੂੰ ਭੁੱਲ ਜਾਂਵਾਂ, ਤਾਂ ਮੇਰਾ ਸੱਜਾ ਹੱਥ ਭੁੱਲ ਜਾਵੇ, ―6ਮੇਰੀ ਜੀਭ ਤਾਲੂ ਨਾ ਜਾ ਲੱਗੇ ! ਜੇ ਮੈਂ ਤੈਨੂੰ ਚੇਤੇ ਨਾ ਰੱਖਾਂ, ਜੇ ਮੈਂ ਯਰੂਸ਼ਲਮ ਨੂੰ ਆਪਣੇ ਉੱਤਮ ਅਨੰਦ ਤੋਂ ਉੱਚਾ ਨਾ ਰੱਖਾਂ !
7ਹੇ ਯਹੋਵਾਹ, ਅਦੋਮ ਦੇ ਵੰਸ ਦੇ ਵਿਰੁੱਧ ਯਰੂਸ਼ਲਮ ਦੇ ਦਿਨ ਨੂੰ ਚੇਤੇ ਰੱਖ, ਜਿਹੜੇ ਆਖਦੇ ਸਨ, ਉਹ ਨੂੰ ਢਾਹ ਦਿਓ, ਉਹ ਨੂੰ ਨੀਂਹ ਤੱਕ ਢਾਹ ਦਿਓ !
8ਹੇ ਬਾਬਲ ਦੀਏ ਧੀਏ, ਜਿਹੜੀ ਉੱਜੜਨ ਵਾਲੀ ਹੈ, ਧੰਨ ਉਹ ਹੈ ਜੋ ਤੈਨੂੰ ਬਦਲਾ ਦੇਵੇ, ਜਿਵੇਂ ਤੂੰ ਸਾਨੂੰ ਬਦਲਾ ਦਿੱਤਾ ਹੈ !9ਧੰਨ ਉਹ ਹੈ ਜੋ ਤੇਰੇ ਬਾਲਕ ਨੂੰ ਫੜ੍ਹ ਕੇ ਚੱਟਾਨ ਉੱਤੇ ਪਟਕ ਦੇਵੇ ! ।

138
ਪਰਮੇਸ਼ੁਰ ਦੀ ਕਿਰਪਾ ਲਈ ਧੰਨਵਾਦ ਦੀ ਪ੍ਰਾਰਥਨਾ
ਦਾਊਦ ਦਾ ਭਜਨ

1ਮੈਂ ਆਪਣੇ ਸਾਰੇ ਦਿਲ ਤੋਂ ਤੇਰਾ ਧੰਨਵਾਦ ਕਰਾਂਗਾ, ਦੇਵਤਿਆਂ ਦੇ ਅੱਗੇ ਮੈਂ ਤੇਰੇ ਭਜਨ ਗਾਵਾਂਗਾ ।2ਮੈਂ ਤੇਰੀ ਪਵਿੱਤਰ ਹੈਕਲ ਵਿੱਚ ਮੱਥਾ ਟੇਕਾਂਗਾ, ਅਤੇ ਮੈਂ ਤੇਰੀ ਦਯਾ ਦੇ ਕਾਰਨ ਤੇ ਤੇਰੀ ਵਫ਼ਾਦਾਰੀ ਦੇ ਕਾਰਨ, ਤੇਰੇ ਨਾਮ ਦਾ ਧੰਨਵਾਦ ਕਰਾਂਗਾ, ਕਿਉਂ ਜੋ ਤੂੰ ਸਭ ਦੇ ਉੱਤੇ ਆਪਣੇ ਨਾਮ ਨੂੰ, ਆਪਣੇ ਬਚਨ ਨੂੰ ਵਡਿਆਇਆ ਹੈ !

3ਜਿਸ ਦਿਨ ਮੈਂ ਤੈਨੂੰ ਪੁਕਾਰਿਆ ਤੂੰ ਮੈਨੂੰ ਉੱਤਰ ਦਿੱਤਾ, ਤੂੰ ਮੇਰੀ ਜਾਨ ਨੂੰ ਬਲ ਦੇ ਕੇ ਮੈਨੂੰ ਦਿਲੇਰ ਬਣਾਇਆ ।4ਹੇ ਯਹੋਵਾਹ, ਧਰਤੀ ਦੇ ਸਾਰੇ ਰਾਜੇ ਤੇਰਾ ਧੰਨਵਾਦ ਕਰਨਗੇ, ਕਿਉਂ ਜੋ ਉਨ੍ਹਾਂ ਨੇ ਤੇਰੇ ਸੁੱਖ ਦਿਆਂ ਵਾਕਾਂ ਨੂੰ ਸੁਣਿਆ ਹੈ,
5ਅਤੇ ਓਹ ਯਹੋਵਾਹ ਦੇ ਰਾਹਾਂ ਦੇ ਗੀਤ ਗਾਉਣਗੇ, ਯਹੋਵਾਹ ਦੀ ਮਹਿਮਾ ਜੋ ਵੱਡੀ ਹੈ !6ਭਾਵੇਂ ਯਹੋਵਾਹ ਮਹਾਨ ਹੈ, ਤਾਂ ਵੀ ਉਹ ਹੀਣਿਆਂ ਨੂੰ ਵੇਖਦਾ ਹੈ, ਪਰ ਹੰਕਾਰੀਆਂ ਨੂੰ ਦੂਰੋਂ ਜਾਣ ਲੈਂਦਾ ਹੈ !
7ਭਾਵੇਂ ਮੈਂ ਦੁੱਖਾਂ ਵਿੱਚ ਚੱਲਾਂ, ਤੂੰ ਮੈਨੂੰ ਜਿਉਂਦਾ ਰੱਖੇਂਗਾ, ਮੇਰੇ ਵੈਰੀਆਂ ਦੇ ਕ੍ਰੋਧ ਉੱਤੇ ਤੂੰ ਆਪਣਾ ਹੱਥ ਵਧਾਵੇਂਗਾ, ਅਤੇ ਤੇਰਾ ਸੱਜਾ ਹੱਥ ਮੈਨੂੰ ਬਚਾਵੇਗਾ ।8ਯਹੋਵਾਹ ਮੇਰਾ ਕੰਮ ਪੂਰਾ ਕਰੇਗਾ, ਹੇ ਯਹੋਵਾਹ, ਤੇਰੀ ਦਯਾ ਸਦੀਪਕ ਹੈ, ਆਪਣੇ ਹੱਥਾਂ ਦੇ ਕੰਮਾਂ ਨੂੰ ਨਾ ਤਿਆਗ !

139
ਪਰਮੇਸ਼ੁਰ ਦਾ ਸਿੱਧ ਗਿਆਨ
ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਭਜਨ

1ਹੇ ਯਹੋਵਾਹ, ਤੂੰ ਮੈਨੂੰ ਪਰਖ ਲਿਆ ਤੇ ਜਾਣ ਲਿਆ,2ਤੂੰ ਮੇਰਾ ਬੈਠਣਾ ਉੱਠਣਾ ਜਾਣਦਾ ਹੈਂ, ਤੂੰ ਮੇਰੀ ਵਿਚਾਰ ਨੂੰ ਦੂਰ ਤੋਂ ਹੀ ਸਮਝ ਲੈਂਦਾ ਹੈਂ,

3ਤੂੰ ਮੇਰੇ ਚੱਲਣੇ ਅਤੇ ਲੇਟਣੇ ਦੀ ਛਾਨਬੀਨ ਕਰਦਾ ਹੈਂ, ਅਤੇ ਮੇਰੀਆਂ ਸਾਰੀਆਂ ਚਾਲਾਂ ਤੋਂ ਵਾਕਫ ਹੈਂ ।4ਮੇਰੀ ਜੀਭ ਉੱਤੇ ਇੱਕ ਗੱਲ ਵੀ ਨਹੀਂ, — ਵੇਖ, ਹੇ ਯਹੋਵਾਹ, ਤੂੰ ਉਹ ਨੂੰ ਪੂਰੇ ਤੌਰ ਨਾਲ ਜਾਣਦਾ ਹੈਂ ।5ਤੂੰ ਮੈਨੂੰ ਅੱਗੋਂ ਪਿੱਛੋਂ ਘੇਰ ਰੱਖਿਆ ਹੈ, ਤੂੰ ਆਪਣਾ ਹੱਥ ਮੇਰੇ ਉਤੇ ਧਰਿਆ ਹੈ, ―6ਇਹ ਗਿਆਨ ਮੇਰੇ ਲਈ ਅਚਰਜ ਹੈ, ਉਹ ਉੱਚਾ ਹੈ, ਮੈਂ ਉਹ ਦੇ ਜੋਗ ਨਹੀਂ ! ।
7ਮੈਂ ਤੇਰੇ ਆਤਮਾ ਤੋਂ ਕਿੱਧਰ ਜਾਂਵਾਂ, ਅਤੇ ਤੇਰੀ ਹਜ਼ੂਰੀ ਤੋਂ ਕਿੱਧਰ ਨੱਠਾਂ ?8ਜੇ ਮੈਂ ਅਕਾਸ਼ ਉੱਤੇ ਚੜ੍ਹ ਜਾਂਵਾਂ, ਤੂੰ ਉੱਥੇ ਹੈਂ, ਜੇ ਮੈਂ ਪਤਾਲ ਵਿੱਚ ਬਿਸਤਰਾ ਵਿਛਾਵਾਂ, ਵੇਖ, ਤੂੰ ਉੱਥੇ ਹੈਂ !
9ਜੇ ਮੈਂ ਫਜਰ ਦੇ ਖੰਭ ਲਾ ਲਵਾਂ, ਅਤੇ ਸਮੁੰਦਰ ਦੇ ਆਖਰ ਵਿੱਚ ਜਾ ਵੱਸਾਂ,10ਉੱਥੇ ਵੀ ਤੇਰਾ ਹੱਥ ਮੇਰੀ ਅਗਵਾਈ ਕਰੇਗਾ, ਅਤੇ ਤੇਰਾ ਸੱਜਾ ਹੱਥ ਮੈਨੂੰ ਫੜ ਲਵੇਗਾ !
11ਜੇ ਮੈਂ ਅਾਖਾਂ ਕਿ ਅਨ੍ਹੇਰਾ ਮੈਨੂੰ ਜ਼ਰੂਰ ਢੱਕ ਲਵੇਗਾ, ਅਤੇ ਮੇਰੇ ਇਰਦੇ ਗਿਰਦੇ ਦਾ ਚਾਨਣ ਰਾਤ ਹੋ ਜਾਵੇਗਾ,12ਫੇਰ ਵੀ ਅਨ੍ਹੇਰਾ ਤੈਥੋਂ ਨਾ ਛਿਪਾਵੇਗਾ, ਅਤੇ ਰਾਤ-ਦਿਨ ਵਾਂਗੂੰ ਚਮਕੇਗੀ, ਸੋ ਅਨ੍ਹੇਰਾ ਤੇ ਚਾਨਣ ਇੱਕੋ ਜਿਹੇ ਹਨ ! ।
13ਤੂੰ ਤਾਂ ਮੇਰੇ ਅੰਦਰਲੇ ਅੰਗ ਰਚੇ, ਤੂੰ ਮੇਰੀ ਮਾਂ ਦੀ ਕੁੱਖ ਵਿੱਚ ਮੈਨੂੰ ਢੱਕਿਆ ।14ਮੈਂ ਤੇਰਾ ਧੰਨਵਾਦ ਕਰਾਂਗਾ, ਕਿਉਂ ਜੋ ਮੈਂ ਭਿਆਣਕ ਰੀਤੀ ਤੇ ਅਚਰਜ ਹਾਂ, ਤੇਰੇ ਕੰਮ ਅਚਰਜ ਹਨ, ਅਤੇ ਮੇਰੀ ਜਾਨ ਏਹ ਖੂਬ ਜਾਣਦੀ ਹੈ !
15ਮੇਰੀਆਂ ਹੱਡੀਆਂ ਤੈਥੋਂ ਲੁੱਕੀਆਂ ਨਹੀਂ ਸਨ, ਜਦ ਮੈਂ ਗੁਪਤ ਵਿੱਚ ਬਣਾਇਆ ਜਾਂਦਾ, ਅਤੇ ਧਰਤੀ ਦਿਆਂ ਹੇਠਲਿਆਂ ਥਾਵਾਂ ਵਿੱਚ ਮੇਰਾ ਰਸੀਦਾ ਕੱਢੀਦਾ ਸੀ ।16ਤੇਰੀਆਂ ਅੱਖਾਂ ਨੇ ਮੇਰੇ ਬੇਡੌਲ ਮਲਬੇ ਨੂੰ ਵੇਖਿਆ, ਅਤੇ ਤੇਰੀ ਪੋਥੀ ਵਿੱਚ ਸਭ ਲਿਖੇ ਗਏ, ਦਿਨ ਮਿਥੇ ਗਏ, ਜਦ ਉਨ੍ਹਾਂ ਵਿਚੋਂ ਇੱਕ ਵੀ ਨਹੀਂ ਸੀ ।
17ਹੇ ਪਰਮੇਸ਼ੁਰ, ਤੇਰੇ ਵਿਚਾਰ ਮੇਰੇ ਲਈ ਕੇਡੇ ਬਹੁਮੁੱਲੇ ਹਨ, ਉਨ੍ਹਾਂ ਦਾ ਜੋੜ ਕੇਡਾ ਵੱਡਾ ਹੈ !18ਜੇ ਮੈਂ ਉਨ੍ਹਾਂ ਨੂੰ ਗਿਣਾ, ਓਹ ਰੇਟ ਦੇ ਦਾਣਿਆ ਨਾਲੋਂ ਵੀ ਵੱਧ ਹਨ, ਜਦ ਮੈਂ ਜਾਗ ਉੱਠਦਾ ਹਾਂ, ਮੈਂ ਤੇਰੇ ਨਾਲ ਹੁੰਦਾ ਹਾਂ ।
19ਹੇ ਪਰਮੇਸ਼ੁਰ, ਤੂੰ ਜ਼ਰੂਰ ਦੁਸ਼ਟਾਂ ਨੂੰ ਵੱਢ ਸੁੱਟੇਂਗਾ, ਹੇ ਖੂਨੀਓ, ਮੈਥੋਂ ਦੂਰ ਹੋ ਜਾਓ !20ਜਿਹੜੇ ਤੇਰੇ ਵਿਖੇ ਬੁਰੀ ਚਰਚਾ ਕਰਦੇ ਹਨ, ਓਹ ਤੇਰੇ ਵੈਰੀ ਆਪਣੇ ਆਪ ਨੂੰ ਵਿਅਰਥ ਉੱਚਾ ਕਰਦੇ ਹਨ !
21ਹੇ ਯਹੋਵਾਹ, ਕੀ ਮੈਂ ਤੇਰੇ ਵੈਰੀਆਂ ਨਾਲ ਵੈਰ ਨਹੀਂ ਰੱਖਦਾ ? ਅਤੇ ਤੇਰੇ ਵਿਰੋਧੀਆਂ ਤੋਂ ਗਰੰਜ ਨਹੀਂ ਹੁੰਦਾ ?22ਮੈਂ ਉਨ੍ਹਾਂ ਨਾਲ ਪੂਰਾ ਪੂਰਾ ਵੈਰ ਰੱਖਦਾ ਹਾਂ, ਓਹ ਮੇਰੇ ਵੈਰੀ ਹੋ ਗਏ ਹਨ ।
23ਹੇ ਪਰਮੇਸ਼ੁਰ, ਮੈਨੂੰ ਪਰਖ ਅਤੇ ਮੇਰੇ ਦਿਲ ਨੂੰ ਜਾਣ, ਮੈਨੂੰ ਜਾਚ ਅਤੇ ਮੇਰੇ ਖਿਆਲਾਂ ਨੂੰ ਜਾਣ,24ਅਤੇ ਵੇਖ ਕਿਤੇ ਮੇਰੇ ਵਿੱਚ ਕੋਈ ਭੈੜੀ ਚਾਲ ਤਾਂ ਨਹੀਂ ? ਅਤੇ ਸਦੀਪਕ ਰਾਹ ਵਿੱਚ ਮੇਰੀ ਅਗਵਾਈ ਕਰ ! ।

140
ਰੱਖਿਆ ਦੇ ਲਈ ਪ੍ਰਾਰਥਨਾ
ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਭਜਨ

1ਹੇ ਯਹੋਵਾਹ, ਮੈਨੂੰ ਬੁਰੇ ਆਦਮੀ ਤੋਂ ਛੁਡਾ, ਜ਼ਾਲਮ ਮਨੁੱਖ ਤੋਂ ਮੇਰੀ ਰਾਖੀ ਕਰ,2ਜਿਹੜੇ ਆਪਣੇ ਦਿਲਾਂ ਵਿੱਚ ਬੁਰੇ ਉਪੱਦਰ ਸੋਚਦੇ ਹਨ, ਅਤੇ ਸਾਰਾ ਦਿਨ ਲੜਾਈਆਂ ਛੇੜਦੇ ਹਨ !3ਉਨ੍ਹਾਂ ਨੇ ਨਾਗ ਵਾਂਗੂੰ ਆਪਣੀਆਂ ਜੀਭਾਂ ਨੂੰ ਤਿੱਖਿਆਂ ਕੀਤਾ, ਸੱਪਾਂ ਦੀ ਵਿੱਸ ਉਨ੍ਹਾਂ ਦੇ ਬੁੱਲ੍ਹਾਂ ਦੇ ਹੇਠ ਹੈ ! ।

4ਹੇ ਯਹੋਵਾਹ, ਦੁਸ਼ਟ ਦੇ ਹੱਥੋਂ ਮੈਨੂੰ ਸਾਂਭ, ਜ਼ਾਲਮ ਮਨੁੱਖ ਤੋਂ ਮੇਰੀ ਰਖੀ ਕਰ, ਜਿਨ੍ਹਾਂ ਨੇ ਮੇਰੇ ਪੈਰਾਂ ਦੇ ਔਕੜਨ ਦੀ ਜੁਗਤੀ ਕੀਤੀ !5ਹੰਕਾਰੀਆਂ ਨੇ ਮੇਰੇ ਲਈ ਫਾਹੀ ਤੇ ਰੱਸੀਆਂ ਲੁਕਾ ਛੱਡੀਆਂ ਹਨ, ਉਨ੍ਹਾਂ ਨੇ ਰਾਹ ਦੇ ਲਾਗੇ ਜਾਲ਼ ਵਿਛਾਇਆ, ਉਨ੍ਹਾਂ ਨੇ ਮੇਰੇ ਲਈ ਫੰਦੇ ਲਾਏ ਹਨ । ਸਲਹ ।
6ਮੈਂ ਯਹੋਵਾਹ ਨੂੰ ਆਖਿਆ, ਤੂੰ ਮੇਰਾ ਪਰਮੇਸ਼ੁਰ ਹੈਂ, ਹੇ ਯਹੋਵਾਹ, ਮੇਰੀਆਂ ਅਰਜੋਈਆਂ ਦੀ ਅਵਾਜ਼ ਉੱਤੇ ਕੰਨ ਲਾ !7ਹੇ ਪ੍ਰਭੂ, ਮੇਰੇ ਬਲਵਾਨ ਬਚਾਊ, ਰਣ ਦੇ ਦਿਨ ਮੈਂ ਸਿਰ ਨੂੰ ਕੱਜਿਆ ਹੈ !8ਹੇ ਯਹੋਵਾਹ, ਦੁਸ਼ਟਾਂ ਦੀਆਂ ਇੱਛਿਆਂ ਪੂਰੀਆਂ ਨਾ ਕਰ, ਉਹ ਦੇ ਉਪੱਦਰਾਂ ਨੂੰ ਤਰੱਕੀ ਨਾ ਦੇ, ਓਹ ਘਮੰਡ ਨਾ ਕਰਨ ! । ਸਲਹ ।
9ਜਿਹੜੇ ਮੇਰੇ ਆਲੇ-ਦੁਆਲੇ ਹਨ, ਉਨ੍ਹਾਂ ਦੇ ਬੁੱਲ੍ਹਾਂ ਦੀ ਸ਼ਰਾਰਤ ਉਨ੍ਹਾਂ ਦੇ ਹੀ ਸਿਰ ਨੂੰ ਢੱਕ ਦੇਵੇ !10ਉਨ੍ਹਾਂ ਉੱਤੇ ਅੰਗਿਆਰੇ ਪਾਏ ਜਾਣ, ਓਹ ਅੱਗ ਵਿੱਚ ਸੁੱਟੇ ਜਾਣ, ਅਤੇ ਡੂੰਘੇ ਟੋਇਆਂ ਵਿੱਚ ਕਿ ਫੇਰ ਨਾ ਉੱਠਣ !11ਬਕਵਾਦੀ ਧਰਤੀ ਉੱਤੇ ਕਾਇਮ ਨਾ ਰਹੇ, ਬੁਰਿਆਈ ਉਹ ਦੇ ਢਾਉਣ ਨੂੰ ਜ਼ਾਲਮ ਦਾ ਹੀ ਸ਼ਿਕਾਰ ਕਰੇ !
12ਮੈਂ ਜਾਣਦਾ ਹਾਂ ਕਿ ਯਹੋਵਾਹ ਮਸਕੀਨ ਦਾ ਹੱਕ, ਅਤੇ ਕੰਗਾਲ ਦਾ ਨਿਆਂ ਪੂਰਾ ਕਰੇਗਾ ।13ਧਰਮੀ ਤੇਰੇ ਨਾਮ ਦਾ ਧੰਨਵਾਦ ਸੱਚ-ਮੁੱਚ ਕਰਨਗੇ, ਸਚਿਆਰ ਤੇਰੇ ਹਜ਼ੂਰ ਵੱਸਣਗੇ ।

141
ਸ਼ਾਮ ਦੀ ਪ੍ਰਾਰਥਨਾ
ਦਾਊਦ ਦਾ ਭਜਨ

1ਹੇ ਯਹੋਵਾਹ, ਮੈਂ ਤੈਨੂੰ ਪੁਕਾਰਿਆ, ਮੇਰੇ ਲਈ ਛੇਤੀ ਕਰ, ਜਦ ਮੈਂ ਤੈਨੂੰ ਪੁਕਾਰਾਂ, ਤਾਂ ਮੇਰੀ ਅਵਾਜ਼ ਤੇ ਕੰਨ ਲਾ !2ਮੇਰੀ ਪ੍ਰਾਰਥਨਾ ਤੇਰੇ ਹਜ਼ੂਰ ਸੁਗੰਧੀ ਵਾਂਗੂੰ ਠਹਿਰੇ, ਅਤੇ ਮੇਰੇ ਹੱਥਾਂ ਦਾ ਉਠਾਉਣਾ ਸ਼ਾਮ ਦੀ ਭੇਟ ਵਰਗਾ ਹੋਵੇ ।

3ਹੇ ਯਹੋਵਾਹ, ਮੇਰੇ ਮੂੰਹ ਤੇ ਪਹਿਰਾ ਬਿਠਾ, ਮੇਰੇ ਬੁੱਲ੍ਹਾਂ ਉੱਤੇ ਰਾਖਾ ਰੱਖ !4ਮੇਰੇ ਦਿਲ ਨੂੰ ਕਿਸੇ ਕਿਸੇ ਬੁਰੀ ਗੱਲ ਵੱਲ ਨਾ ਮੋੜ, ਕਿ ਮੈਂ ਕੁਕਰਮੀਆਂ ਦੇ ਸੰਗ ਬੁਰੇ ਕੰਮ ਕਰਨ ਲੱਗ ਪਵਾਂ, ਅਤੇ ਮੈਨੂੰ ਉਨ੍ਹਾਂ ਦੇ ਸੁਆਦਲੇ ਭੋਜਨ ਤੋਂ ਖਾਣ ਨਾ ਦੇ !
5ਧਰਮੀ ਮੈਨੂੰ ਮਾਰੇ, ਉਹ ਦੀ ਦਯਾ ਹੈ, ਉਹ ਮੈਨੂੰ ਦਬਕਾਵੇ, ਉਹ ਸਿਰ ਲਈ ਤੇਲ ਹੈ, ਮੇਰਾ ਸਿਰ ਉਸ ਤੋਂ ਇਨਕਾਰ ਨਾ ਕਰੇ, ਉਨ੍ਹਾਂ ਦੀਆਂ ਬੁਰਿਆਈਆਂ ਵਿੱਚ ਮੇਰੀ ਪ੍ਰਾਰਥਨਾ ਹੁੰਦੀ ਰਹੇਗੀ ।6ਉਨ੍ਹਾਂ ਦੇ ਨਿਆਈ ਚੱਟਾਨ ਦੇ ਪਾਸੇ ਤੋਂ ਡੇਗੇ ਗਏ, ਅਤੇ ਓਹ ਮੇਰੀਆਂ ਗੱਲਾਂ ਸੁਣਨਗੇ ਕਿ ਓਹ ਮਿੱਠੀਆਂ ਹਨ ।7ਜਿਵੇਂ ਕੋਈ ਭੂਮੀ ਉੱਤੇ ਲੱਕੜ ਵੱਢੇ ਤੇ ਚੀਰ੍ਹੇ, ਤਿਵੇਂ ਸਾਡੀਆਂ ਹੱਡੀਆਂ ਪਤਾਲ ਦੇ ਮੂੰਹ ਖਿੰਡਾਈਆਂ ਗਈਆਂ ।
8ਹੇ ਪ੍ਰਭੂ ਯਹੋਵਾਹ, ਮੇਰੀਆਂ ਅੱਖਾਂ ਤੇਰੀ ਵੱਲ ਹਨ, ਮੈਂ ਤੇਰਾ ਸ਼ਰਨਾਰਥੀ ਹਾਂ, ਮੇਰੇ ਪ੍ਰਾਣ ਨਾ ਕੱਢ !9ਉਸ ਫਾਹੀ ਤੋਂ ਜਿਹੜੀ ਉਨ੍ਹਾਂ ਨੇ ਮੇਰੇ ਲਈ ਲਾਈ ਹੈ, ਅਤੇ ਬਦਕਾਰਾਂ ਦੇ ਫੰਧਿਆਂ ਤੋਂ ਮੈਨੂੰ ਬਚਾ ਲੈ !10ਦੁਸ਼ਟ ਆਪਣੇ ਜਾਲ਼ਾਂ ਵਿੱਚ ਡਿੱਗ ਪੈਣ, ਜਿਸ ਵੇਲੇ ਮੈਂ ਲੰਘ ਜਾਂਵਾਂ !

142
ਸਹਾਇਤਾ ਦੇ ਲਈ ਪ੍ਰਾਰਥਨਾ
ਦਾਊਦ ਦਾ ਮਸ਼ਕੀਲ ਜਦੋਂ ਉਹ ਗੁਫ਼ਾ

1ਮੈਂ ਯਹੋਵਾਹ ਵੱਲ ਆਪਣੀ ਅਵਾਜ਼ ਨਾਲ ਦੁਹਾਈ ਦਿੰਦਾ ਹਾਂ, ਮੈਂ ਯਹੋਵਾਹ ਵੱਲ ਆਪਣੀ ਅਵਾਜ਼ ਨਾਲ ਬੇਨਤੀ ਕਰਦਾ ਹਾਂ,2ਮੈਂ ਆਪਣੀ ਫਰਿਆਦ ਉਹ ਦੇ ਅੱਗੇ ਰੱਖਦਾ ਹਾਂ, ਮੈਂ ਆਪਣਾ ਦੁੱਖ ਉਹ ਦੇ ਅੱਗੇ ਖੋਲ੍ਹ ਕੇ ਦੱਸਦਾ ਹਾਂ ।

3ਜਦ ਮੇਰਾ ਆਤਮਾ ਮੇਰੇ ਅੰਦਰ ਨਢਾਲ ਸੀ, ਤਾਂ ਤੂੰ ਮੇਰੀ ਚਾਲ ਜਾਣਦਾ ਸੀ । ਜਿਸ ਰਾਹ ਮੈਂ ਚੱਲਦਾ ਹਾਂ, ਉਨ੍ਹਾਂ ਨੇ ਮੇਰੇ ਲਈ ਇੱਕ ਫਾਹੀ ਲਾਈ ਹੈ ।4ਨਿਗਾਹ ਕਰ ਕੇ ਸੱਜੇ ਪਾਸੇ ਵੇਖ, ਕਿ ਮੇਰਾ ਸਿਆਣੂ ਕੋਈ ਨਹੀਂ ਹੈ, ਮੇਰੀ ਪਨਾਹ ਜਾਂਦੀ ਰਹੀ, ਮੇਰੀ ਜਾਨ ਦਾ ਪੁੱਛਣ ਗਿੱਛਣ ਵਾਲਾ ਕੋਈ ਨਹੀਂ !5ਹੇ ਯਹੋਵਾਹ, ਮੈਂ ਤੇਰੇ ਅੱਗੇ ਦੁਹਾਈ ਦਿੰਦਾ, ਮੈਂ ਆਖਿਆ ਕਿ ਤੂੰ ਮੇਰੀ ਪਨਾਹ ਹੈਂ, ਜਿਉਂਦਿਆਂ ਦੀ ਧਰਤੀ ਉੱਤੇ ਮੇਰਾ ਭਾਗ ।
6ਮੇਰੇ ਚਿਲਾਉਣੇ ਉੱਤੇ ਧਿਆਨ ਦੇ, ਕਿਉਂ ਜੋ ਮੈਂ ਬਹੁਤ ਅਧੀਨ ਹੋ ਗਿਆ ਹਾਂ, ਮੇਰੇ ਪਿੱਛਾ ਕਰਨ ਵਾਲਿਆਂ ਤੋਂ ਮੈਨੂੰ ਛੁਡਾ, ਕਿਉਂ ਜੋ ਓਹ ਮੈਥੋਂ ਬਲਵਾਨ ਹਨ !7ਮੇਰੀ ਜਾਨ ਨੂੰ ਕੈਦ ਵਿੱਚੋਂ ਬਾਹਰ ਕੱਢ, ਕਿ ਮੈਂ ਤੇਰੇ ਨਾਮ ਦਾ ਧੰਨਵਾਦ ਕਰਾਂ, ਧਰਮੀ ਮੈਨੂੰ ਆਣ ਘੇਰਨਗੇ, ਕਿਉਂ ਜੋ ਤੂੰ ਮੇਰੇ ਉੱਤੇ ਉਪਕਾਰ ਕਰੇਂਗਾ ! ।

143
ਛੁਟਕਾਰੇ ਦੇ ਲਈ ਪ੍ਰਾਰਥਨਾ
ਦਾਊਦ ਦਾ ਭਜਨ

1ਹੇ ਯਹੋਵਾਹ, ਮੇਰੀ ਪ੍ਰਾਰਥਨਾ ਸੁਣ ਲੈ, ਮੇਰੀ ਬੇਨਤੀ ਉੱਤੇ ਕੰਨ ਲਾ, ਆਪਣੀ ਵਫ਼ਾਦਾਰੀ ਅਤੇ ਆਪਣੇ ਧਰਮ ਵਿੱਚ ਮੈਨੂੰ ਉੱਤਰ ਦੇ !2ਆਪਣੇ ਦਾਸ ਨੂੰ ਅਦਾਲਤ ਵਿੱਚ ਨਾ ਲਿਆ, ਕਿਉਂ ਜੋ ਤੇਰੇ ਹਜ਼ੂਰ ਕੋਈ ਧਰਮੀ ਨਹੀਂ ਠਹਿਰ ਸਕਦਾ ।

3ਵੈਰੀ ਨੇ ਮੇਰੀ ਜਾਨ ਦਾ ਪਿੱਛਾ ਕੀਤਾ ਹੈ, ਉਹ ਨੇ ਮੇਰੀ ਜਿੰਦ ਨੂੰ ਚਿੱਥ ਕੇ ਧਰਤੀ ਉੱਤੇ ਸੁੱਟ ਦਿੱਤਾ ਹੈ, ਉਹ ਨੇ ਮੈਨੂੰ ਅਨ੍ਹੇਰੇ ਥਾਵਾਂ ਵਿੱਚ ਵਸਾਇਆ ਹੈ, ਚਿਰ ਦੇ ਮੋਇਆਂ ਹੋਇਆਂ ਵਾਂਗੂੰ !4ਤਦੇ ਮੇਰਾ ਆਤਮਾ ਮੇਰੇ ਅੰਦਰ ਨਢਾਲ ਹੈ, ਮੇਰਾ ਦਿਲ ਮੇਰੇ ਅੰਦਰ ਵਿਆਕੁਲ ਹੈ ।
5ਮੈਂ ਪੁਰਾਣਿਆਂ ਸਮਿਆਂ ਨੂੰ ਯਾਦ ਕਰਦਾ ਹਾਂ, ਮੈਂ ਤੇਰੀਆਂ ਸਾਰੀਆਂ ਕਰਨੀਆਂ ਦਾ ਵਿਚਾਰ ਕਰਦਾ ਹਾਂ, ਮੈਂ ਤੇਰੇ ਹੱਥਾਂ ਦੇ ਕੰਮ ਦਾ ਧਿਆਨ ਕਰਦਾ ਹਾਂ ।6ਮੈਂ ਆਪਣੇ ਹੱਥ ਤੇਰੀ ਵੱਲ ਅੱਡਦਾ ਹਾਂ, ਮੇਰੀ ਜਾਨ ਸੁੱਕੀ ਧਰਤੀ ਵਾਂਗੂੰ ਤੇਰੀ ਤਿਹਾਈ ਹੈ । ਸਲਹ ।
7ਛੇਤੀ ਕਰ, ਹੇ ਯਹੋਵਾਹ, ਮੈਨੂੰ ਉੱਤਰ ਦੇ, ਮੇਰਾ ਆਤਮਾ ਬੱਸ ਹੋ ਚੱਲਿਆ, ਆਪਣਾ ਮੂੰਹ ਮੇਰੇ ਕੋਲੋਂ ਨਾ ਲੁਕਾ, ਕਿਤੇ ਮੈਂ ਕਬਰ ਵਿੱਚ ਉੱਤਰਨ ਵਾਲਿਆਂ ਵਰਗਾ ਨਾ ਹੋ ਜਾਂਵਾਂ !8ਸਵੇਰ ਨੂੰ ਆਪਣੀ ਦਯਾ ਦੀ ਮੈਨੂੰ ਸੁਣਾਈ ਕਰ, ਮੈਂ ਜੋ ਤੇਰਾ ਭਰੋਸਾ ਰੱਖਿਆ ਹੈ, ਮੇਰੇ ਤੁਰਨ ਦਾ ਰਾਹ ਮੈਨੂੰ ਦੱਸ, ਮੈਂ ਤਾਂ ਆਪਣੀ ਜਾਨ ਤੇਰੇ ਵੱਲ ਉਠਾ ਰੱਖੀ ਹੈ ।
9ਹੇ ਯਹੋਵਾਹ, ਮੈਨੂੰ ਵੈਰੀਆਂ ਤੋਂ ਛੁਡਾ, ਮੈਂ ਤੇਰੇ ਵਿੱਚ ਲੁੱਕਦਾ ਹਾਂ !10ਤੂੰ ਮੈਨੂੰ ਆਪਣੀ ਮਰਜ਼ੀ ਪੂਰੀ ਕਰਨੀ ਸਿਖਲਾ, ਤੂੰ ਤਾਂ ਮੇਰਾ ਪਰਮੇਸ਼ੁਰ ਹੈਂ, ਤੇਰਾ ਆਤਮਾ ਨੇਕ ਹੈ, ਉਹ ਪੱਧਰੇ ਦੇਸ ਵਿੱਚ ਮੇਰੀ ਅਗਵਾਈ ਕਰੇ ।
11ਹੇ ਯਹੋਵਾਹ, ਆਪਣੇ ਨਾਮ ਦੇ ਸਦਕੇ ਮੈਨੂੰ ਜਿਉਂਦਾ ਰੱਖ, ਆਪਣੇ ਧਰਮ ਨਾਲ ਮੇਰੀ ਜਾਨ ਨੂੰ ਦੁੱਖਾਂ ਵਿਚੋਂ ਕੱਢ,12ਅਤੇ ਆਪਣੀ ਦਯਾ ਨਾਲ ਮੇਰੇ ਵੈਰੀਆਂ ਨੂੰ ਮਿਟਾ ਸੁੱਟ, ਅਤੇ ਮੇਰੀ ਜਾਨ ਦੇ ਸਾਰੇ ਦੁੱਖ ਦੇਣ ਵਾਲਿਆਂ ਦਾ ਨਾਸ ਕਰ ! ਮੈਂ ਤੇਰਾ ਸੇਵਕ ਜੋ ਹਾਂ ।

144
ਜਿੱਤ ਪ੍ਰਾਪਤੀ ਲਈ ਧੰਨਵਾਦ ਦੀ ਪ੍ਰਾਰਥਨਾ
ਦਾਊਦ ਦਾ ਭਜਨ

1ਯਹੋਵਾਹ ਮੇਰੀ ਚੱਟਾਨ ਮੁਬਾਰਕ ਹੋਵੇ, ਜੋ ਮੇਰੇ ਹੱਥਾਂ ਨੂੰ ਯੁੱਧ ਕਰਨਾ, ਅਤੇ ਮੇਰੀਆਂ ਉਂਗਲੀਆਂ ਨੂੰ ਲੜਨਾ ਸਿਖਾਉਂਦਾ ਹੈ,2ਮੇਰੀ ਦਯਾ, ਮੇਰਾ ਗੜ੍ਹ, ਮੇਰਾ ਉੱਚਾ ਸਥਾਨ ਅਤੇ ਮੇਰਾ ਛੁਡਾਉਣ ਵਾਲਾ, ਮੇਰੀ ਢਾਲ ਅਤੇ ਉਹ ਜਿਸ ਦੇ ਵਿੱਚ ਮੈਂ ਪਨਾਹ ਲੈਂਦਾ ਹਾਂ, ਜੋ ਮੇਰੇ ਲੋਕਾਂ ਨੂੰ ਮੇਰੇ ਅਧੀਨ ਕਰ ਦਿੰਦਾ ਹੈ ।

3ਹੇ ਯਹੋਵਾਹ, ਆਦਮੀ ਕੀ ਹੈ ਜੋ ਤੂੰ ਉਹ ਨੂੰ ਸਿਆਣੇਂ, ਤੇ ਆਦਮ ਵੰਸ ਕੀ, ਜੋ ਉਹ ਦਾ ਖਿਆਲ ਕਰੇਂ ?4ਆਦਮੀ ਸੁਆਸ ਹੀ ਜਿਹਾ ਹੈ, ਉਹ ਦੇ ਦਿਨ ਢਲਦੇ ਸਾਯੇ ਵਰਗੇ ਹਨ ।
5ਹੇ ਯਹੋਵਾਹ, ਆਪਣੇ ਅਕਾਸ਼ਾਂ ਨੂੰ ਝੁਕਾ ਕੇ ਉਤਰ ਆ, ਪਹਾੜਾਂ ਨੂੰ ਛੂਹ ਕਿ ਧੂੰਆ ਨਿੱਕਲੇ !6ਬਿਜਲੀ ਲਿਸ਼ਕਾ ਤੇ ਉਨ੍ਹਾਂ ਨੂੰ ਖਿੰਡਾ ਦੇ, ਆਪਣੇ ਬਾਣ ਚਲਾ ਤੇ ਉਨ੍ਹਾਂ ਨੂੰ ਘਬਰਾ ਦੇ !
7ਆਪਣੇ ਹੱਥ ਉੱਪਰੋਂ ਪਸਾਰ, ਮੈਨੂੰ ਧੂ ਕੇ ਵੱਡੇ ਪਾਣੀਆਂ ਵਿਚੋਂ ਛੁਡਾ ! ਅਰਥਾਤ ਓਪਰਿਆਂ ਦੇ ਹੱਥੋਂ,8ਜਿਨ੍ਹਾਂ ਦਾ ਮੂੰਹ ਵਿਅਰਥ ਗੱਲਾਂ ਕਰਦਾ ਹੈ, ਅਤੇ ਜਿਨ੍ਹਾਂ ਦਾ ਸੱਜਾ ਹੱਥ ਝੂਠ ਦਾ ਸੱਜਾ ਹੱਥ ਹੈ ।
9ਹੇ ਪਰਮੇਸ਼ੁਰ, ਮੈਂ ਤੇਰੇ ਲਈ ਇੱਕ ਨਵਾਂ ਗੀਤ ਗਾਵਾਂਗਾ, ਦਸ ਤਾਰਾਂ ਵਾਲੀ ਸਿਤਾਰ ਉੱਤੇ ਮੈਂ ਤੇਰੇ ਲਈ ਭਜਨ ਗਾਵਾਂਗਾ ।10ਜਿਹੜਾ ਰਾਜਿਆਂ ਨੂੰ ਛੁਟਕਾਰਾ ਦਿੰਦਾ ਹੈ, ਜਿਹੜਾ ਆਪਣੇ ਦਾਸ ਨੂੰ ਭੈੜੀ ਤਲਵਾਰ ਤੋਂ ਖਿੱਚ ਲੈਂਦਾ ਹੈਂ, ਉਹ ਤੂੰ ਹੀ ਹੈਂ !11ਓਪਰਿਆਂ ਦੇ ਹੱਥੋਂ ਮੈਨੂੰ ਖਿੱਚ ਕੇ ਛੁਡਾ, ਜਿਨ੍ਹਾਂ ਦਾ ਮੂੰਹ ਵਿਅਰਥ ਗੱਲਾਂ ਕਰਦਾ ਹੈ, ਅਤੇ ਜਿਨ੍ਹਾਂ ਦਾ ਸੱਜਾ ਹੱਥ ਝੂਠ ਦਾ ਸੱਜਾ ਹੱਥ ਹੈ ! ।
12ਸਾਡੇ ਪੁੱਤਰ ਆਪਣੀ ਜਵਾਨੀ ਵਿੱਚ ਬੂਟਿਆਂ ਵਾਂਗੂੰ ਵਧਣ, ਅਤੇ ਸਾਡੀਆਂ ਧੀਆਂ ਖੂੰਜੇ ਦੇ ਪੱਥਰਾਂ ਦੀ ਨਿਆਈਂ ਹੋਣ, ਜਿਹੜੇ ਮਹਿਲ ਲਈ ਘੜੇ ਹੋਣ ।13ਸਾਡੇ ਖਾਤੇ ਭਾਂਤ-ਭਾਂਤ ਦੇ ਅਨਾਜ਼ ਨਾਲ ਭਰੇ ਹੋਏ ਹੋਣ, ਅਤੇ ਸਾਡੇ ਵਾੜੇ ਹਜ਼ਾਰਾਂ ਲੱਖਾਂ ਭੇਡਾਂ ਨਾਲ,
14ਸਾਡੇ ਬਲਦ ਚੰਗੇ ਲੱਦੇ ਹੋਏ ਹੋਣ, ਅਤੇ ਕੋਈ ਸੰਨ੍ਹ ਨਾ ਹੋਵੇ, ਨਾ ਬਾਹਰ ਜਾਣਾ ਹੋਵੇ, ਨਾ ਸਾਡੇ ਚੌਂਕਾਂ ਵਿੱਚ ਡੰਡ ਦੁਹਾਈ ਹੋਵੇ,15ਤਾਂ ਧੰਨ ਓਹ ਲੋਕ ਜਿਨ੍ਹਾਂ ਦਾ ਇਹ ਹਾਲ ਹੋਵੇ ! ਧੰਨ ਓਹ ਲੋਕ ਹਨ ਜਿਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਹੈ !

145
ਉਸਤਤ ਦਾ ਗੀਤ
ਉਸਤਤ: ਦਾਊਦ ਦਾ ਭਜਨ

1ਹੇ ਮੇਰੇ ਪਰਮੇਸ਼ੁਰ, ਹੇ ਪਾਤਸ਼ਾਹ, ਮੈਂ ਤੇਰੀ ਪ੍ਰਸ਼ੰਸ਼ਾ ਕਰਾਂਗਾ, ਤੇਰੇ ਨਾਮ ਨੂੰ ਜੁੱਗੋ-ਜੁੱਗ ਮੁਬਾਰਕ ਆਖਾਂਗਾ,2ਮੈਂ ਤੈਨੂੰ ਦਿਨੋ ਦਿਨ ਮੁਬਾਰਕ ਆਖਾਂਗਾ, ਅਤੇ ਜੁੱਗੋ-ਜੁੱਗ ਤੇਰੇ ਨਾਮ ਦੀ ਉਸਤਤ ਕਰਾਂਗਾ !3ਯਹੋਵਾਹ ਮਹਾਨ ਹੈ, ਅਤੇ ਅੱਤ ਉਸਤਤ ਜੋਗ ਹੈ, ਅਤੇ ਉਹ ਦੀ ਮਹਾਨਤਾ ਅਗੰਮ ਹੈ ।

4ਇੱਕ ਪੀੜ੍ਹੀ ਦੂਜੀ ਪੀੜ੍ਹੀ ਨੂੰ ਤੇਰੇ ਕੰਮਾਂ ਦਾ ਜੱਸ ਸੁਣਾਏਗੀ, ਅਤੇ ਓਹ ਤੇਰੀਆਂ ਕੁਦਰਤਾਂ ਦੱਸਣਗੇ ।5ਮੈਂ ਤੇਰੇ ਤੇਜਵਾਨ ਪਰਤਾਪ ਦੀ ਸ਼ਾਨ ਦਾ, ਅਤੇ ਤੇਰੇ ਅਚਰਜ ਕੰਮਾਂ ਦਾ ਧਿਆਨ ਕਰਾਂਗਾ ।
6ਓਹ ਤੇਰੇ ਭਿਆਣਕ ਕੰਮਾਂ ਦੀ ਸਮਰੱਥਾ ਦਾ ਪਰਚਾਰ ਕਰਨਗੇ, ਅਤੇ ਮੈਂ ਤੇਰੀ ਮਹਾਨਤਾ ਦਾ ਵਰਣਨ ਕਰਾਂਗਾ ।7ਓਹ ਤੇਰੀ ਬਹੁਤ ਭਲਿਆਈ ਨੂੰ ਚੇਤੇ ਕਰ ਕੇ ਗਰਮ ਜੋਸ਼ ਹੋਣਗੇ, ਅਤੇ ਓਹ ਤੇਰੇ ਧਰਮ ਦਾ ਜੈਕਾਰਾ ਗਜਾਉਣਗੇ ।
8ਯਹੋਵਾਹ ਦਯਾਲੂ ਤੇ ਕਿਰਪਾਲੂ ਹੈ, ਕ੍ਰੋਧ ਵਿੱਚ ਧੀਰਜਵਾਨ ਅਤੇ ਦਯਾ ਵਿੱਚ ਮਹਾਨ ।9ਯਹੋਵਾਹ ਸਭਨਾਂ ਦੇ ਲਈ ਭਲਾ ਹੈ, ਅਤੇ ਉਹ ਦੀਆਂ ਰਹਿਮਤਾਂ ਉਹ ਦੇ ਸਾਰੇ ਕੰਮਾਂ ਉਤੇ ਹਨ ।
10ਹੇ ਯਹੋਵਾਹ, ਤੇਰੇ ਸਾਰੇ ਕੰਮ ਤੇਰਾ ਧੰਨਵਾਦ ਕਰਨਗੇ, ਅਤੇ ਤੇਰੇ ਸੰਤ ਤੈਨੂੰ ਮੁਬਾਰਕ ਆਖਣਗੇ ।11ਓਹ ਤੇਰੀ ਪਾਤਸ਼ਾਹੀ ਦੇ ਪਰਤਾਪ ਦਾ ਚਰਚਾ ਕਰਨਗੇ, ਅਤੇ ਤੇਰੀ ਕੁਦਰਤ ਦੀਆਂ ਗੱਲਾਂ ਕਰਨਗੇ,12ਕਿ ਓਹ ਆਦਮੀ ਦੇ ਵੰਸ ਉੱਤੇ ਤੇਰੀਆਂ ਕੁਦਰਤਾਂ ਨੂੰ ਪਰਗਟ ਕਰਨ, ਨਾਲੇ ਉਸ ਦੀ ਪਾਤਸ਼ਾਹੀ ਦੇ ਤੇਜਵਾਨ ਪਰਤਾਪ ਨੂੰ ।
13ਤੇਰੀ ਪਾਤਸ਼ਾਹੀ ਅਨਾਦੀ ਤੇ ਅਨੰਤ ਹੈ, ਅਤੇ ਤੇਰਾ ਰਾਜ ਸਾਰੀਆਂ ਪੀੜ੍ਹੀਆਂ ਤੱਕ ।
14ਯਹੋਵਾਹ ਸਾਰਿਆਂ ਡਿੱਗਣ ਵਾਲਿਆਂ ਨੂੰ ਸੰਭਾਲਦਾ ਹੈ, ਅਤੇ ਸਾਰਿਆਂ ਝੁਕਿਆਂ ਹੋਇਆਂ ਨੂੰ ਸਿੱਧਾ ਕਰ ਦਿੰਦਾ ਹੈ ।15ਸਾਰਿਆਂ ਦੀਆਂ ਅੱਖਾਂ ਤੇਰੀ ਵੱਲ ਲੱਗੀਆਂ ਹੋਈਆਂ ਹਨ, ਅਤੇ ਤੂੰ ਵੇਲੇ ਸਿਰ ਉਨ੍ਹਾਂ ਨੂੰ ਉਨ੍ਹਾਂ ਦਾ ਭੋਜਣ ਦਿੰਦਾ ਹੈਂ ।16ਤੂੰ ਆਪਣਾ ਹੱਥ ਖੋਲ੍ਹਦਾ ਹੈਂ, ਅਤੇ ਸਾਰੇ ਜੀਆਂ ਦੀ ਇੱਛਿਆ ਨੂੰ ਪੂਰੀ ਕਰਦਾ ਹੈਂ ।
17ਯਹੋਵਾਹ ਆਪਣੇ ਸਾਰੇ ਰਾਹਾਂ ਵਿੱਚ ਧਰਮੀ ਹੈ, ਅਤੇ ਆਪਣੇ ਸਾਰੇ ਕੰਮਾਂ ਵਿੱਚ ਦਯਾਵਾਨ ਹੈ ।18ਯਹੋਵਾਹ ਉਨ੍ਹਾਂ ਸਭਨਾਂ ਦੇ ਨੇੜੇ ਹੈ ਜਿਹੜੇ ਉਹ ਨੂੰ ਪੁਕਾਰਦੇ ਹਨ, ਹਾਂ, ਉਨ੍ਹਾਂ ਸਭਨਾਂ ਦੇ ਜਿਹੜੇ ਸਚਿਆਈ ਨਾਲ ਪੁਕਾਰਦੇ ਹਨ ।19ਉਹ ਆਪਣਾ ਭੈ ਮੰਨ ਵਾਲਿਆਂ ਦੀ ਇੱਛਿਆ ਪੂਰੀ ਕਰੇਗਾ, ਅਤੇ ਉਨ੍ਹਾਂ ਦੀ ਦੁਹਾਈ ਸੁਣੇਗਾ ਤੇ ਉਨ੍ਹਾਂ ਨੂੰ ਬਚਾਵੇਗਾ ।
20ਯਹੋਵਾਹ ਆਪਣੇ ਸਾਰੇ ਪ੍ਰੇਮੀਆਂ ਦੀ ਪਾਲਣਾ ਕਰਦਾ ਹੈ, ਪਰ ਸਾਰੇ ਦੁਸ਼ਟਾਂ ਦਾ ਨਾਸ ਕਰੇਗਾ ।21ਮੇਰਾ ਮੂੰਹ ਯਹੋਵਾਹ ਦੀ ਉਸਤਤ ਕਰੇ, ਅਤੇ ਸਾਰੇ ਬਸ਼ਰ ਉਹ ਦੇ ਪਵਿੱਤਰ ਨਾਮ ਨੂੰ ਜੁੱਗੋ-ਜੁੱਗ ਮੁਬਾਰਕ ਆਖਣ !

146
ਮੁਕਤੀਦਾਤਾ ਪਰਮੇਸ਼ੁਰ ਦੀ ਉਸਤਤ

1ਹਲਲੂਯਾਹ ! ਹੇ ਮੇਰੀ ਜਾਨ, ਯਹੋਵਾਹ ਦੀ ਉਸਤਤ ਕਰ !2ਮੈਂ ਜੀਵਨ ਭਰ ਯਹੋਵਾਹ ਦੀ ਉਸਤਤ ਕਰਾਂਗਾ, ਜਿੰਨਾ ਚਿਰ ਮੈਂ ਰਹਾਂਗਾ ਮੈਂ ਆਪਣੇ ਪਰਮੇਸ਼ੁਰ ਦਾ ਭਜਨ ਗਾਵਾਂਗਾ ।

3ਹਾਕਮਾਂ ਦੇ ਉੱਤੇ ਭਰੋਸਾ ਨਾ ਰੱਖੋ, ਨਾ ਆਦਮ ਵੰਸ ਉੱਤੇ, ਜਿਹ ਦੇ ਕੋਲ ਬਚਾਓ ਹੈ ਨਹੀਂ ।4ਉਹ ਦਾ ਸਾਹ ਨਿੱਕਲ ਜਾਵੇਗਾ, ਉਹ ਆਪਣੀ ਮਿੱਟੀ ਵਿੱਚ ਮੁੜ ਜਾਵੇਗਾ, ਉਸੇ ਦਿਨ ਉਹ ਦੇ ਪਰੋਜਨ ਨਾਸ ਹੋ ਜਾਂਦੇ ਹਨ !
5ਧੰਨ ਉਹ ਹੈ ਜਿਹ ਦਾ ਸਹਾਇਕ ਯਾਕੂਬ ਦਾ ਪਰਮੇਸ਼ੁਰ ਹੈ, ਜਿਹ ਦੀ ਆਸਾ ਯਹੋਵਾਹ ਆਪਣੇ ਪਰਮੇਸ਼ੁਰ ਉੱਤੇ ਹੈ !6ਉਹ ਨੇ ਅਕਾਸ਼ ਤੇ ਧਰਤੀ ਨੂੰ ਸਮੁੰਦਰ ਨੂੰ ਤੇ ਜੋ ਕੁੱਝ ਉਸ ਵਿੱਚ ਹੈ ਬਣਾਇਆ, ਉਹ ਵਫ਼ਾਦਾਰੀ ਦੀ ਸਦਾ ਤੱਕ ਪਾਲਣਾ ਕਰਦਾ ਹੈ ।
7ਉਹ ਦਬਾਏ ਹੋਇਆਂ ਦਾ ਨਿਆਂ ਕਰਦਾ ਹੈ, ਉਹ ਭੁੱਖਿਆਂ ਨੂੰ ਰੋਟੀ ਦਿੰਦਾ ਹੈ, ਯਹੋਵਾਹ ਗ਼ੁਲਾਮਾਂ ਨੂੰ ਛੁਡਾ ਦਿੰਦਾ ਹੈ ।8ਯਹੋਵਾਹ ਅੰਨ੍ਹਿਆਂ ਦੀਆਂ ਅੱਖਾਂ ਨੂੰ ਖੋਲ੍ਹ ਦਿੰਦਾ ਹੈ, ਯਹੋਵਾਹ ਝੁਕਿਆ ਹੋਇਆਂ ਨੂੰ ਸਿੱਧਾ ਕਰਦਾ ਹੈ, ਯਹੋਵਾਹ ਧਰਮੀਆਂ ਨੂੰ ਪਿਆਰ ਕਰਦਾ ਹੈ ।
9ਯਹੋਵਾਹ ਪਰਦੇਸੀਆਂ ਦੀ ਪਾਲਣਾ ਕਰਦਾ ਹੈ, ਯਤੀਮਾਂ ਤੇ ਵਿਧਵਾ ਨੂੰ ਸੰਭਾਲਦਾ ਹੈ, ਪਰ ਦੁਸ਼ਟਾਂ ਦਾ ਰਾਹ ਵਿੰਗਾ ਕਰ ਦਿੰਦਾ ਹੈ ।10ਯਹੋਵਾਹ ਸਦਾ ਤੱਕ ਰਾਜ ਕਰੇਗਾ, ਤੇਰਾ ਪਰਮੇਸ਼ੁਰ, ਹੇ ਸੀਯੋਨ, ਪੀੜ੍ਹੀਓ ਪੀੜ੍ਹੀ ਤੱਕ । ਹਲਲੂਯਾਹ !

147
ਸਰਬ ਸ਼ਕਤੀਮਾਨ ਪਰਮੇਸ਼ੁਰ ਦੀ ਉਸਤਤ

1ਹਲਲੂਯਾਹ ! ਸਾਡੇ ਪਰਮੇਸ਼ੁਰ ਦਾ ਭਜਨ ਗਾਉਣਾ ਤਾਂ ਭਲਾ ਹੈ, ਉਸਤਤ ਕਰਨਾ ਮਨ ਭਾਉਣਾ ਤੇ ਸੋਹਣਾ ਹੈ !

2ਯਹੋਵਾਹ ਯਰੂਸ਼ਲਮ ਨੂੰ ਉਸਾਰਦਾ ਹੈ, ਉਹ ਇਸਰਾਏਲ ਦੇ ਦੇਸੋਂ ਕੱਢਿਆਂ ਨੂੰ ਇਕੱਠਾ ਕਰਦਾ ਹੈ ।3ਉਹ ਟੁੱਟੇ ਦਿਲਾਂ ਨੂੰ ਚੰਗਾ ਕਰਦਾ ਹੈ, ਅਤੇ ਉਨ੍ਹਾਂ ਦੇ ਸੋਗਾਂ ਉੱਤੇ ਪੱਟੀ ਬੰਨਦਾ ਹੈ ।
4ਉਹ ਤਾਰਿਆਂ ਦੀ ਗਿਣਤੀ ਕਰਦਾ ਹੈ, ਅਤੇ ਉਨ੍ਹਾਂ ਸਾਰਿਆਂ ਦੇ ਨਾਉਂ ਬਲਾਉਂਦਾ ਹੈ ।5ਸਾਡਾ ਪ੍ਰਭੂ ਮਹਾਨ ਅਤੇ ਬਹੁਤ ਸ਼ਕਤੀਮਾਨ ਹੈ, ਉਹ ਦੀ ਸਮਝ ਦਾ ਕੋਈ ਪਾਰਾਵਾਰ ਨਹੀਂ ਹੈ ।
6ਯਹੋਵਾਹ ਮਸਕੀਨਾਂ ਨੂੰ ਸੰਭਾਲਦਾ ਹੈ, ਉਹ ਦੁਸ਼ਟਾਂ ਨੂੰ ਧਰਤੀ ਤੱਕ ਨਿਵਾ ਦਿੰਦਾ ਹੈ ।7ਯਹੋਵਾਹ ਨੂੰ ਧੰਨਵਾਦ ਨਾਲ ਉੱਤਰ ਦਿਓ, ਸਾਡੇ ਪਰਮੇਸ਼ੁਰ ਲਈ ਬਰਬਤ ਨਾਲ ਭਜਨ ਗਾਓ,
8ਜਿਹੜਾ ਅਕਾਸ਼ ਨੂੰ ਬੱਦਲਾਂ ਨਾਲ ਢੱਕਦਾ ਹੈ, ਅਤੇ ਧਰਤੀ ਲਈ ਮੀਂਹ ਤਿਆਰ ਕਰਦਾ ਹੈ, ਅਤੇ ਪਹਾੜਾਂ ਉੱਤੇ ਘਾਹ ਉਗਾਉਂਦਾ ਹੈ ।9ਉਹ ਡੰਗਰਾਂ ਨੂੰ ਉਨ੍ਹਾਂ ਦਾ ਅਹਾਰ ਦਿੰਦਾ ਹੈ, ਨਾਲੇ ਕਾਵਾਂ ਦੇ ਬੱਚਿਆਂ ਨੂੰ ਜਦ ਉਹ ਪੁਕਾਰਦੇ ਹਨ ।
10ਨਾ ਘੋੜੇ ਦੇ ਜ਼ੋਰ ਵਿੱਚ ਉਹ ਖੁਸ਼ ਹੁੰਦਾ ਹੈ, ਨਾ ਮਨੁੱਖ ਦੀਆਂ ਲੱਤਾਂ ਉੱਤੇ ਰੀਝਦਾ ਹੈ ।11ਯਹੋਵਾਹ ਆਪਣੇ ਭੈ ਮੰਨਣ ਵਾਲਿਆਂ ਉੱਤੇ ਰੀਝਦਾ ਹੈ, ਅਤੇ ਆਪਣੀ ਦਯਾ ਦੀ ਆਸਵੰਦਾ ਉੱਤੇ ਵੀ ।
12ਹੇ ਯਰੂਸ਼ਲਮ, ਯਹੋਵਾਹ ਦਾ ਜਸ ਗਾ, ਹੇ ਸੀਯੋਨ, ਆਪਣੇ ਪਰਮੇਸ਼ੁਰ ਦੀ ਉਸਤਤ ਕਰ !13ਉਹ ਨੇ ਤਾਂ ਤੇਰੇ ਫਾਟਕਾਂ ਦੇ ਅਰਲਾਂ ਨੂੰ ਤਕੜਾ ਕੀਤਾ, ਉਹ ਨੇ ਤੇਰੇ ਵਿੱਚ ਤੇਰੇ ਬੱਚਿਆਂ ਨੂੰ ਬਰਕਤ ਦਿੱਤੀ ਹੈ ।14ਉਹ ਤੇਰੀਆਂ ਹੱਦਾਂ ਵਿੱਚ ਸੁਲਾਹ ਰੱਖਦਾ ਹੈ, ਉਹ ਤੈਨੂੰ ਮੈਦੇ ਵਾਲੀ ਕਣਕ ਨਾਲ ਰਜਾਉਂਦਾ ਹੈ ।
15ਉਹ ਆਪਣਾ ਹੁਕਮ ਧਰਤੀ ਉੱਤੇ ਭੇਜਦਾ ਹੈ, ਉਹ ਦਾ ਬਚਨ ਬਹੁਤ ਤੇਜ ਦੌੜਦਾ ਹੈ ।16ਉਹ ਬਰਫ਼ ਉੱਨ ਵਾਂਗੂੰ ਪਾਉਂਦਾ ਹੈ, ਅਤੇ ਕੱਕਰ ਸੁਆਹ ਵਾਂਗੂੰ ਖਿੰਡਾਉਂਦਾ ਹੈ ।
17ਉਹ ਆਪਣੀ ਬਰਫ਼ ਨੂੰ ਟੁੱਕੜੇ-ਟੁੱਕੜੇ ਕਰ ਕੇ ਸੁੱਟਦਾ ਹੈ, ਉਹ ਦੇ ਪਾਲੇ ਅੱਗੇ ਕੌਣ ਖੜ੍ਹਾ ਰਹਿ ਸਕਦਾ ਹੈ ?18ਉਹ ਆਪਣਾ ਹੁਕਮ ਭੇਜ ਕੇ ਉਨ੍ਹਾਂ ਨੂੰ ਪਿਘਲਾ ਦਿੰਦਾ ਹੈ, ਉਹ ਆਪਣੀ ਪੌਣ ਚਲਾਉਂਦਾ ਹੈ, ਪਾਣੀ ਵਗ ਪੈਂਦੇ ਹਨ ।
19ਉਹ ਯਾਕੂਬ ਨੂੰ ਆਪਣੇ ਹੁਕਮ, ਇਸਰਾਏਲ ਨੂੰ ਆਪਣੀਆਂ ਬਿਧੀਆਂ ਤੇ ਨਿਆਂ ਦੱਸਦਾ ਹੈ ।20ਉਹ ਨੇ ਕਿਸੇ ਹੋਰ ਕੌਮ ਨਾਲ ਅਜਿਹਾ ਨਹੀਂ ਕੀਤਾ, ਅਤੇ ਉਹ ਦੇ ਨਿਆਵਾਂ ਨੂੰ ਉਨ੍ਹਾਂ ਨੇ ਜਾਣਿਆ ਵੀ ਨਹੀਂ । ਹਲਲੂਯਾਹ ! ।

148
ਸਾਰੀ ਸ੍ਰਿਸ਼ਟੀ ਪਰਮੇਸ਼ੁਰ ਦੀ ਉਸਤਤ ਕਰੇ

1ਹਲਲੂਯਾਹ ! ਅਕਾਸ਼ੋਂ ਯਹੋਵਾਹ ਦੀ ਉਸਤਤ ਕਰੋ, ਉਚਿਆਈਆਂ ਵਿੱਚ ਉਹ ਦੀ ਉਸਤਤ ਕਰੋ !2ਹੇ ਉਹ ਦੇ ਸਾਰੇ ਦੂਤੋ, ਉਹ ਦੀ ਉਸਤਤ ਕਰੋ, ਹੇ ਉਹ ਦੀਓ ਸਾਰੀਓ ਸੈਨਾਵੋ, ਉਹ ਦੀ ਉਸਤਤ ਕਰੋ !

3ਹੇ ਸੂਰਜ ਤੇ ਚੰਦ, ਉਹ ਦੀ ਉਸਤਤ ਕਰੋ, ਹੇ ਸਾਰੇ ਰੋਸ਼ਨ ਤਾਰਿਓ, ਉਹ ਦੀ ਉਸਤਤ ਕਰੋ !4ਹੇ ਅਕਾਸ਼ਾਂ ਦੇ ਅਕਾਸ਼ੋ, ਉਹ ਦੀ ਉਸਤਤ ਕਰੋ, ਨਾਲੇ ਪਾਣੀ ਜਿਹੜੇ ਅਕਾਸ਼ਾਂ ਦੇ ਉੱਤੇ ਹਨ !
5ਏਹ ਯਹੋਵਾਹ ਦੇ ਨਾਮ ਦੀ ਉਸਤਤ ਕਰਨ, ਕਿਉਂ ਜੋ ਉਸ ਹੁਕਮ ਦਿੱਤਾ ਅਤੇ ਓਹ ਉਤਪੰਨ ਹੋਏ,6ਅਤੇ ਉਸ ਉਨ੍ਹਾਂ ਨੂੰ ਸਦਾ ਲਈ ਇਸਥਿਰ ਕੀਤਾ, ਉਸ ਨੇ ਇੱਕ ਬਿਧੀ ਦਿੱਤੀ ਜਿਹੜੀ ਅਟੱਲ ਹੈ ।
7ਹੇ ਜਲ ਜੰਤੂਓ ਤੇ ਸਾਰੀਓ ਡੂੰਘਿਆਈਓ, ਪ੍ਰਿਥਵੀ ਤੋਂ ਯਹੋਵਾਹ ਦੀ ਉਸਤਤ ਕਰੋ !8ਅੱਗ ਦੇ ਗੜ੍ਹੇ, ਬਰਫ਼ ਤੇ ਧੁੰਦ, ਤੂਫਾਨੀ ਹਵਾ ਜਿਹੜੀ ਉਹ ਦਾ ਹੁਕਮ ਪੂਰਾ ਕਰਦੀ ਹੈ,
9ਪਹਾੜ ਤੇ ਸਾਰੇ ਟਿੱਬੇ, ਫਲਦਾਰ ਬਿਰਛ ਤੇ ਸਾਰੇ ਦਿਆਰ,10ਦਰਿੰਦੇ ਤੇ ਸਾਰੇ ਡੰਗਰ, ਘਿਸਰਨ ਵਾਲੇ ਤੇ ਪੰਖ ਪੰਛੀ,
11ਧਰਤੀ ਦੇ ਰਾਜੇ ਤੇ ਸਾਰੀਆਂ ਉੱਮਤਾਂ, ਸਰਦਾਰ ਤੇ ਧਰਤੀ ਦੇ ਨਿਆਈਂ,12ਗੱਭਰੂ ਤੇ ਕੁਆਰੀਆਂ, ਬੁੱਢੇ ਤੇ ਜੁਆਨ,
13ਏਹ ਯਹੋਵਾਹ ਦੇ ਨਾਮ ਦੀ ਉਸਤਤ ਕਰਨ ! ਕਿਉਂ ਜੋ ਇਕੱਲਾ ਉਸੇ ਦਾ ਨਾਮ ਮਹਾਨ ਹੈ, ਉਹ ਦਾ ਤੇਜ਼ ਧਰਤੀ ਤੇ ਅਕਾਸ਼ ਦੇ ਉੱਪਰ ਹੈ,14ਅਤੇ ਉਹ ਨੇ ਆਪਣੀ ਪਰਜਾ ਦੇ ਸਿੰਙ ਨੂੰ ਉੱਚਾ ਕੀਤਾ, ਏਹ ਉਹ ਦੇ ਸਾਰੇ ਸੰਤਾਂ ਲਈ ਉਸਤਤ ਦਾ ਕਾਰਨ ਹੈ, ਅਰਥਾਤ ਇਸਰਾਏਲੀਆਂ ਲਈ, ਜਿਹੜੇ ਉਹ ਦੇ ਨੇੜੇ ਦੇ ਲੋਕ ਹਨ, ― ਹਲਲੂਯਾਹ ! ।

149
ਇਸਰਾਏਲ ਪਰਮੇਸ਼ੁਰ ਦੀ ਉਸਤਤ ਕਰੇ

1ਹਲਲੂਯਾਹ ! ਯਹੋਵਾਹ ਲਈ ਇੱਕ ਨਵਾਂ ਗੀਤ ਗਾਓ, ਸੰਤਾਂ ਦੀ ਸਭਾ ਵਿੱਚ ਉਹ ਦੀ ਉਸਤਤ ਕਰੋ !

2ਇਸਰਾਏਲ ਆਪਣੇ ਕਰਤਾ ਵਿੱਚ ਅਨੰਦ ਹੋਵੇ, ਸੀਯੋਨ ਦੇ ਵਾਸੀ ਆਪਣੇ ਪਾਤਸ਼ਾਹ ਵਿੱਚ ਬਾਗ ਬਾਗ ਹੋਣ ।3ਓਹ ਨਿਰਤਕਾਰੀ ਕਰਦੇ ਹੋਏ ਉਹ ਦੇ ਨਾਮ ਦੀ ਉਸਤਤ ਕਰਨ, ਅਤੇ ਤਬਲਾ ਤੇ ਸਿਤਾਰ ਵਜਾਉਂਦੇ ਹੋਏ ਉਹ ਦਾ ਭਜਨ ਗਾਉਣ !
4ਯਹੋਵਾਹ ਆਪਣੀ ਪਰਜਾ ਨਾਲ ਖੁਸ਼ ਜੋ ਹੈ, ਉਹ ਮਸਕੀਨਾਂ ਨੂੰ ਫਤਹ ਨਾਲ ਸਿੰਗਾਰੇਗਾ,5ਸੰਤ ਮਹਿਮਾ ਵਿੱਚ ਬਾਗ ਬਾਗ ਹੋਣ, ਓਹ ਆਪਣੇ ਵਿਛਾਉਣਿਆਂ ਉੱਤੇ ਜੈਕਾਰਾ ਗਜਾਉਣ !
6ਪਰਮੇਸ਼ੁਰ ਦੀਆਂ ਵਡਿਆਈਆਂ ਉਨ੍ਹਾਂ ਦੇ ਕੰਨ ਵਿੱਚ ਹੋਣ, ਅਤੇ ਉਨ੍ਹਾਂ ਦੇ ਹੱਥ ਵਿੱਚ ਦੁਧਾਰੀ ਤਲਵਾਰ,7ਕਿ ਪਰਾਈਆਂ ਕੌਮਾਂ ਤੋਂ ਬਦਲਾ ਲੈਣ, ਅਤੇ ਉੱਮਤਾਂ ਨੂੰ ਝਿੜਕੀਂ ਦੇਣ,
8ਅਤੇ ਉਨ੍ਹਾਂ ਦੇ ਰਾਜਿਆਂ ਨੂੰ ਸੰਗਲਾਂ ਦੇ ਨਾਲ, ਤੇ ਉਨ੍ਹਾਂ ਦੇ ਪਤਵੰਤਿਆਂ ਨੂੰ ਲੋਹੇ ਦੀਆਂ ਬੇੜੀਆਂ ਨਾਲ ਬੰਨ੍ਹਣ,9ਅਤੇ ਲਿਖੇ ਹੋਏ ਫਤਵੇ ਉਨ੍ਹਾਂ ਉੱਤੇ ਚਲਾਉਣ, — ਏਹ ਉਹ ਦੇ ਸਾਰੇ ਸੰਤਾਂ ਦਾ ਮਾਣ ਹੈ । ਹਲਲੂਯਾਹ ! ।

150
ਪਰਮੇਸ਼ੁਰ ਦੀ ਉਸਤਤ ਹੋਵੇ

1ਹਲਲੂਯਾਹ ! ਉਹ ਦੇ ਪਵਿੱਤਰ ਸਥਾਨ ਵਿੱਚ ਪਰਮੇਸ਼ੁਰ ਦੀ ਉਸਤਤ ਕਰੋ, ਉਹ ਦੀ ਸ਼ਕਤੀ ਦੇ ਅੰਬਰ ਵਿੱਚ ਉਹ ਦੀ ਉਸਤਤ ਕਰੋ !2ਉਹ ਦੀ ਸਮਰੱਥਾ ਦੇ ਕੰਮਾਂ ਦੇ ਕਾਰਨ ਉਹ ਦੀ ਉਸਤਤ ਕਰੋ, ਉਹ ਦੀ ਅਤਯੰਤ ਮਹਾਨਤਾ ਦੇ ਜੋਗ ਉਹ ਦੀ ਉਸਤਤ ਕਰੋ !

3ਤੁਰ੍ਹੀ ਦੀ ਫੂਕ ਨਾਲ ਉਹ ਦੀ ਉਸਤਤ ਕਰੋ, ਸਿਤਾਰ ਤੇ ਬਰਬਤ ਨਾਲ ਉਹ ਦੀ ਉਸਤਤ ਕਰੋ,4ਤਬਲੇ ਤੇ ਨਿਰਤਕਾਰੀ ਨਾਲ ਉਹ ਦੀ ਉਸਤਤ ਕਰੋ, ਤਾਰੇ ਵਾਲੇ ਵਾਜਿਆਂ ਤੇ ਬੰਸਰੀਆਂ ਨਾਲ ਉਹ ਦੀ ਉਸਤਤ ਕਰੋ !5ਸਪੱਸ਼ਟ ਸੁਰ ਵਾਲੀ ਝਾਂਜ ਨਾਲ ਉਹ ਦੀ ਉਸਤਤ ਕਰੋ, ਛਣਕਣ ਵਾਲੀ ਝਾਂਜ ਨਾਲ ਉਹ ਦੀ ਉਸਤਤ ਕਰੋ !
6ਸਾਰੇ ਪ੍ਰਾਣੀਓ, ਯਹੋਵਾਹ ਦੀ ਉਸਤਤ ਕਰੋ ! ਹਲਲੂਯਾਹ ! ।

ਕਹਾਉਤਾਂ

1
ਕਹਾਉਤਾਂ ਦਾ ਮਹੱਤਵ

1ਦਾਊਦ ਦੇ ਪੁੱਤਰ ਇਸਰਾਏਲ ਦੇ ਰਾਜੇ ਸੁਲੇਮਾਨ ਦੀਆਂ ਕਹਾਉਤਾਂ,2ਬੁੱਧ ਅਤੇ ਸਿੱਖਿਆ ਜਾਣਨ ਲਈ ਅਤੇ ਸਮਝ ਦੀਆਂ ਗੱਲਾਂ ਬੁੱਝਣ ਲਈ,3ਚਤਰਾਈ ਦੀ ਸਿੱਖਿਆ ਪ੍ਰਾਪਤ ਕਰਨ ਲਈ, ਨਾਲੇ ਧਰਮ, ਨਿਆਂ ਅਤੇ ਇਨਸਾਫ਼ ਵੀ,

4ਭੋਲਿਆਂ ਨੂੰ ਸਿਆਣਪ ਅਤੇ ਜੁਆਨਾਂ ਨੂੰ ਗਿਆਨ ਅਤੇ ਮੱਤ ਦੇਣ ਲਈ,5ਤਾਂ ਜੋ ਬੁੱਧਵਾਨ ਸੁਣ ਕੇ ਆਪਣੇ ਗਿਆਨ ਨੂੰ ਵਧਾਵੇ ਅਤੇ ਸਮਝ ਵਾਲਾ ਬੁੱਧ ਦੀਆਂ ਜੁਗਤਾਂ ਪ੍ਰਾਪਤ ਕਰੇ,6ਤਾਂ ਜੋ ਉਹ ਕਹਾਉਤਾਂ, ਦ੍ਰਿਸ਼ਟਾਂਤਾਂ ਅਤੇ ਬੁੱਧਵਾਨਾਂ ਦੀਆਂ ਗੱਲਾਂ ਅਤੇ ਬੁਝਾਰਤਾਂ ਨੂੰ ਸਮਝਣ ।
ਜਵਾਨਾਂ ਨੂੰ ਸਲਾਹ

7ਯਹੋਵਾਹ ਦਾ ਭੈ ਮੰਨਣਾ ਗਿਆਨ ਦਾ ਮੂਲ ਹੈ, ਮੂਰਖ ਹੀ ਬੁੱਧ ਅਤੇ ਸਿੱਖਿਆ ਨੂੰ ਤੁੱਛ ਜਾਣਦੇ ਹਨ8ਹੇ ਮੇਰੇ ਪੁੱਤਰ, ਤੂੰ ਆਪਣੇ ਪਿਤਾ ਦਾ ਉਪਦੇਸ਼ ਸੁਣ ਅਤੇ ਆਪਣੀ ਮਾਂ ਦੀ ਸਿੱਖਿਆ ਤਾਲੀਮ ਨੂੰ ਨਾ ਛੱਡੀਂ,9ਕਿਉਂ ਜੋ ਉਹ ਤੇਰੇ ਸਿਰ ਲਈ ਸ਼ਿੰਗਾਰਨ ਵਾਲਾ ਸਿਹਰਾ ਅਤੇ ਤੇਰੇ ਗਲ ਦੇ ਲਈ ਕੈਂਠਾ ਹੋਣਗੀਆਂ ।
10ਹੇ ਮੇਰੇ ਪੁੱਤਰ, ਜੇ ਕਦੀ ਪਾਪੀ ਤੈਨੂੰ ਫ਼ੁਸਲਾਉਣ, ਤਾਂ ਤੂੰ ਉਨ੍ਹਾਂ ਦੀ ਗੱਲ ਨਾ ਮੰਨੀ ।11ਜੇ ਉਹ ਆਖਣ ਕਿ ਤੂੰ ਸਾਡੇ ਨਾਲ ਚੱਲ, ਅਸੀਂ ਖ਼ੂਨ ਕਰਨ ਲਈ ਘਾਤ ਲਾਈਏ, ਆਪਾਂ ਬੇਦੋਸ਼ਾਂ ਨੂੰ ਮਾਰਨ ਲਈ ਘਾਤ ਵਿੱਚ ਲੁੱਕ ਕੇ ਬੈਠੀਏ,
12ਅਸੀਂ ਉਹਨਾਂ ਨੂੰ ਪਤਾਲ ਵਾਂਗੂੰ ਅਤੇ ਕਬਰ ਵਿੱਚ ਪਏ ਹੋਇਆਂ ਵਾਂਗੂੰ ਜੀਉਂਦਾ ਅਤੇ ਸਾਬਤਾ ਹੀ ਨਿਗਲ ਲਈਏ ।13ਸਾਨੂੰ ਸਭ ਪਰਕਾਰ ਦੇ ਅਣਮੁੱਲੇ ਪਦਾਰਥ ਮਿਲਣਗੇ, ਅਸੀਂ ਲੁੱਟ ਦੇ ਮਾਲ ਨਾਲ ਆਪਣੇ ਘਰ ਭਰ ਲਵਾਂਗੇ !14ਤੂੰ ਸਾਡੇ ਨਾਲ ਭਾਈਵਾਲ ਹੋ ਜਾ, ਸਾਡਾ ਸਾਰਿਆਂ ਦਾ ਇੱਕੋ ਹੀ ਬਟੂਆ ਹੋਵੇਗਾ ।
15ਹੇ ਮੇਰੇ ਪੁੱਤਰ, ਤੂੰ ਉਨ੍ਹਾਂ ਦੇ ਨਾਲ ਉਸ ਰਾਹ ਵਿੱਚ ਨਾ ਤੁਰੀਂ, ਉਨ੍ਹਾਂ ਦੇ ਮਾਰਗ ਤੋਂ ਆਪਣੇ ਪੈਰ ਨੂੰ ਰੋਕ ਰੱਖੀਂ,16ਕਿਉਂ ਜੋ ਉਨ੍ਹਾਂ ਦੇ ਪੈਰ ਬੁਰਿਆਈ ਕਰਨ ਨੂੰ ਭੱਜਦੇ ਅਤੇ ਖ਼ੂਨ ਕਰਨ ਨੂੰ ਫ਼ੁਰਤੀ ਕਰਦੇ ਹਨ !17ਕਿਸੇ ਪੰਛੀ ਦੇ ਵੇਖਦਿਆਂ ਜਾਲ ਵਿਛਾਉਣਾ ਵਿਅਰਥ ਹੈ ।
18ਉਹ ਆਪਣਾ ਹੀ ਖ਼ੂਨ ਕਰਨ ਲਈ ਘਾਤ ਲਾਉਂਦੇ ਹਨ, ਉਹ ਆਪਣੀਆਂ ਹੀ ਜਾਨਾਂ ਦੇ ਲਈ ਲੁਕ ਕੇ ਜਾਲ ਵਿਛਾਉਂਦੇ ਹਨ ।19ਨਫ਼ੇ ਦੇ ਸਾਰੇ ਲੋਭੀਆਂ ਦੀ ਚਾਲ ਅਜਿਹੀ ਹੀ ਹੁੰਦੀ ਹੈ, ਉਹ ਆਪਣੇ ਮਾਲਕਾਂ ਦੀ ਜਾਨ ਲੈ ਲੈਂਦਾ ਹੈ ।
ਬੁੱਧ ਦੀ ਪੁਕਾਰ

20ਬੁੱਧ ਗਲੀਆਂ ਵਿੱਚ ਉੱਚੀ-ਉੱਚੀ ਪੁਕਾਰਦੀ ਹੈ, ਉਹ ਚੌਂਕਾਂ ਵਿੱਚ ਹਾਕਾਂ ਮਾਰਦੀ ਹੈ ।21ਉਹ ਬਜ਼ਾਰਾਂ ਦੇ ਸਿਰਿਆਂ ਉੱਤੇ ਹੋਕਾ ਦਿੰਦੀ ਹੈ, ਉਹ ਫਾਟਕਾਂ ਦੇ ਲਾਂਘਿਆਂ ਉੱਤੇ ਅਤੇ ਸ਼ਹਿਰ ਵਿੱਚ ਇਹ ਗੱਲਾਂ ਆਖਦੀ ਹੈ,22ਹੇ ਭੋਲਿਓ, ਤੁਸੀਂ ਕਦੋਂ ਤੱਕ ਭੋਲੇਪਣ ਨਾਲ ਪ੍ਰੀਤ ਰੱਖੋਗੇ ? ਕਦੋਂ ਤੱਕ ਮਖ਼ੌਲੀਏ ਆਪਣੇ ਮਖ਼ੌਲਾਂ ਤੋਂ ਪਰਸੰਨ ਹੋਣਗੇ ਅਤੇ ਮੂਰਖ ਕਦੋਂ ਤੱਕ ਗਿਆਨ ਨਾਲ ਵੈਰ ਰੱਖਣਗੇ ?
23ਮੇਰੀ ਝਿੜਕ ਸੁਣ ਕੇ ਮੁੜੋ ! ਵੇਖੋ, ਮੈਂ ਆਪਣਾ ਆਤਮਾ ਤੁਹਾਡੇ ਉੱਤੇ ਵਹਾ ਦਿਆਂਗੀ, ਮੈਂ ਆਪਣੇ ਬਚਨ ਤੁਹਾਨੂੰ ਸਮਝਾਵਾਂਗੀ ।24ਮੈਂ ਤਾਂ ਪੁਕਾਰਿਆ ਪਰ ਤੁਸੀਂ ਨਾ ਸੁਣਿਆ, ਮੈਂ ਹੱਥ ਪਸਾਰਿਆ ਪਰ ਕਿਸੇ ਨੇ ਵੀ ਧਿਆਨ ਨਾ ਕੀਤਾ,25ਸਗੋਂ ਤੁਸੀਂ ਮੇਰੀਆਂ ਸਾਰੀਆਂ ਮੱਤਾਂ ਨੂੰ ਵਿਸਾਰ ਦਿੱਤਾ, ਅਤੇ ਮੇਰੀ ਤਾੜ ਦੀ ਕੁਝ ਚਾਹ ਨਾ ਕੀਤੀ ।
26ਮੈਂ ਵੀ ਤੁਹਾਡੀ ਬਿਪਤਾ ਉੱਤੇ ਹੱਸਾਂਗੀ ਅਤੇ ਜਦ ਤੁਹਾਡੇ ਉੱਤੇ ਭੈ ਆ ਪਵੇਗਾ ਤਾਂ ਮੈਂ ਤੁਹਾਡਾ ਮਖ਼ੌਲ ਉਡਾਵਾਂਗੀ,27ਜਿਸ ਵੇਲੇ ਤੂਫ਼ਾਨ ਵਾਂਗੂੰ ਤੁਹਾਡੇ ਉੱਤੇ ਭੈ ਆ ਪਵੇਗਾ ਅਤੇ ਵਾਵਰੋਲੇ ਦੀ ਤਰ੍ਹਾਂ ਬਿਪਤਾ ਤੁਹਾਡੇ ਉੱਤੇ ਆਵੇਗੀ ਅਤੇ ਤੁਹਾਨੂੰ ਕਸ਼ਟ ਤੇ ਸੰਕਟ ਹੋਵੇਗਾ,
28ਉਸ ਵੇਲੇ ਉਹ ਮੇਰੀਆਂ ਦੁਹਾਈਆਂ ਦੇਣਗੇ, ਪਰ ਮੈਂ ਉੱਤਰ ਨਹੀਂ ਦਿਆਂਗੀ, ਉਹ ਮਨ ਲਾ ਕੇ ਮੈਨੂੰ ਭਾਲਣਗੇ, ਪਰ ਮੈਂ ਉਨ੍ਹਾਂ ਨੂੰ ਨਾ ਲੱਭਾਂਗੀ,29ਕਿਉਂ ਜੋ ਉਨ੍ਹਾਂ ਨੇ ਗਿਆਨ ਨਾਲ ਵੈਰ ਰੱਖਿਆ ਅਤੇ ਯਹੋਵਾਹ ਦਾ ਭੈ ਮੰਨਣਾ ਪਸੰਦ ਨਾ ਕੀਤਾ,30ਉਨ੍ਹਾਂ ਨੇ ਮੇਰੀ ਮੱਤ ਦੀ ਕੁਝ ਲੋੜ ਨਾ ਸਮਝੀ ਅਤੇ ਮੇਰੀ ਸਾਰੀ ਤਾੜ ਨੂੰ ਤੁੱਛ ਜਾਣਿਆ,
31ਇਸ ਲਈ ਉਹ ਆਪਣੀ ਕਰਨੀ ਦਾ ਫਲ ਭੋਗਣਗੇ ਅਤੇ ਆਪਣੀਆਂ ਜੁਗਤਾਂ ਨਾਲ ਰੱਜਣਗੇ,32ਕਿਉਂ ਜੋ ਭੋਲੇ ਲੋਕ ਭਟਕ ਜਾਣ ਦੇ ਕਾਰਨ ਮਾਰੇ ਜਾਣਗੇ ਅਤੇ ਮੂਰਖਾਂ ਦੀ ਲਾਪਰਵਾਹੀ ਉਹਨਾਂ ਦਾ ਨਾਸ਼ ਕਰੇਗੀ ।33ਪਰ ਜੋ ਮੇਰੀ ਸੁਣਦਾ ਹੈ, ਉਹ ਸੁੱਖ ਨਾਲ ਰਹੇਗਾ ਅਤੇ ਬਿਪਤਾ ਤੋਂ ਨਿਰਭੈ ਹੋ ਕੇ ਸ਼ਾਂਤੀ ਨਾਲ ਵੱਸੇਗਾ ।

2
ਬੁੱਧ ਦਾ ਨੈਤਿਕ ਲਾਭ

1ਹੇ ਮੇਰੇ ਪੁੱਤਰ, ਜੇ ਤੂੰ ਮੇਰੇ ਬਚਨਾਂ ਨੂੰ ਮੰਨੇ ਅਤੇ ਮੇਰੇ ਹੁਕਮਾਂ ਨੂੰ ਆਪਣੇ ਕੋਲ ਸੰਭਾਲ ਕੇ ਰੱਖੇਂ,2ਤਾਂ ਜੋ ਤੂੰ ਬੁੱਧ ਵੱਲ ਕੰਨ ਲਾਵੇਂ ਅਤੇ ਸਮਝ ਉੱਤੇ ਮਨ ਲਾਵੇਂ,

3ਹਾਂ ਜੇ ਤੂੰ ਵਿਵੇਕ ਅਤੇ ਸਮਝ ਲਈ ਜਤਨ ਨਾਲ ਪੁਕਾਰੇਂ,4ਜੇ ਤੂੰ ਚਾਂਦੀ ਵਾਂਗੂੰ ਉਹ ਦੀ ਭਾਲ ਕਰੇਂ ਅਤੇ ਗੁਪਤ ਧਨ ਵਾਂਗੂੰ ਉਹ ਦੀ ਖੋਜ ਕਰੇਂ,5ਤਾਂ ਤੂੰ ਯਹੋਵਾਹ ਦੇ ਭੈ ਨੂੰ ਸਮਝੇਂਗਾ ਅਤੇ ਪਰਮੇਸ਼ੁਰ ਦੇ ਗਿਆਨ ਨੂੰ ਪ੍ਰਾਪਤ ਕਰੇਂਗਾ,
6ਕਿਉਂ ਜੋ ਬੁੱਧ ਯਹੋਵਾਹ ਹੀ ਦਿੰਦਾ ਹੈ, ਗਿਆਨ ਅਤੇ ਸਮਝ ਓਸੇ ਦੇ ਮੂੰਹੋਂ ਨਿੱਕਲਦੀ ਹੈ ।7ਸਚਿਆਰਾਂ ਲਈ ਉਹ ਸਿਆਣਪ ਰੱਖ ਛੱਡਦਾ ਹੈ, ਜਿਹੜੇ ਖਰਿਆਈ ਨਾਲ ਚੱਲਦੇ ਹਨ, ਉਨ੍ਹਾਂ ਲਈ ਉਹ ਢਾਲ ਹੈ,8ਉਹ ਨਿਆਂ ਦੇ ਰਾਹਾਂ ਦੀ ਰਾਖੀ ਕਰਦਾ ਅਤੇ ਆਪਣੇ ਭਗਤਾਂ ਦੇ ਰਾਹ ਦੀ ਰੱਖਿਆ ਕਰਦਾ ਹੈ ।
9ਤਦ ਤੂੰ ਧਰਮ ਅਤੇ ਨਿਆਂ ਅਤੇ ਇਨਸਾਫ਼ ਨੂੰ, ਸਗੋਂ ਹਰੇਕ ਭਲੇ ਰਾਹ ਨੂੰ ਸਮਝੇਂਗਾ,10ਕਿਉਂ ਜੋ ਬੁੱਧ ਤੇਰੇ ਮਨ ਵਿੱਚ ਆਵੇਗੀ ਅਤੇ ਗਿਆਨ ਤੇਰੇ ਮਨ ਨੂੰ ਪਿਆਰਾ ਲੱਗੇਗਾ ।
11ਮੱਤ ਤੇਰੀ ਪਾਲਣਾ ਕਰੇਗੀ ਅਤੇ ਸਮਝ ਤੇਰੀ ਰਾਖੀ ਕਰੇਗੀ,12ਤਾਂ ਜੋ ਤੈਨੂੰ ਬੁਰਿਆਂ ਰਾਹਾਂ ਤੋਂ ਅਤੇ ਖੋਟੀਆਂ ਗੱਲਾਂ ਕਰਨ ਵਾਲਿਆਂ ਮਨੁੱਖਾਂ ਤੋਂ ਛੁਡਾਉਣ,13ਜਿਹੜੇ ਸਚਿਆਈ ਦਿਆਂ ਰਾਹਾਂ ਨੂੰ ਛੱਡ ਕੇ ਹਨੇਰੇ ਰਾਹਾਂ ਵਿੱਚ ਤੁਰਦੇ ਹਨ,
14ਜਿਹੜੇ ਬੁਰਿਆਈ ਕਰਨ ਨਾਲ ਅਨੰਦ ਹੁੰਦੇ ਅਤੇ ਬੁਰਿਆਈ ਦੇ ਖੋਟਿਆਂ ਕੰਮਾਂ ਵਿੱਚ ਖੁਸ਼ੀ ਮਨਾਉਂਦੇ ਹਨ,15ਜਿਨ੍ਹਾਂ ਦੇ ਰਾਹ ਟੇਡੇ ਅਤੇ ਚਾਲਾਂ ਵਿਗੜੀਆਂ ਹੋਈਆਂ ਹਨ,
16ਤਾਂ ਜੋ ਉਹ ਤੈਨੂੰ ਪਰਾਈ ਔਰਤ ਤੋਂ ਬਚਾਉਣ, ਉਸ ਓਪਰੀ ਔਰਤ ਤੋਂ ਜਿਹੜੀ ਚਿਕਨੀਆਂ-ਚੋਪੜੀਆਂ ਗੱਲਾਂ ਕਰਦੀ ਹੈ,17ਜਿਸ ਨੇ ਆਪਣੇ ਜੁਆਨੀ ਦੇ ਸਾਥੀ ਨੂੰ ਛੱਡ ਦਿੱਤਾ ਅਤੇ ਆਪਣੇ ਪਰਮੇਸ਼ੁਰ ਦੇ ਨੇਮ ਨੂੰ ਵਿਸਾਰ ਛੱਡਿਆ ਹੈ,
18ਕਿਉਂ ਜੋ ਉਹ ਦਾ ਘਰ ਮੌਤ ਦੀ ਢਲਾਣ ਉੱਤੇ ਹੈ ਅਤੇ ਉਹ ਦੇ ਰਾਹ ਮਰਿਆਂ ਹੋਇਆਂ ਦੇ ਵਿਚਕਾਰ ਲਹਿੰਦੇ ਹਨ ।19ਜਿਹੜੇ ਉਹ ਦੇ ਕੋਲ ਜਾਂਦੇ ਹਨ, ਉਹਨਾਂ ਵਿੱਚੋਂ ਕੋਈ ਵੀ ਮੁੜ ਕੇ ਨਹੀਂ ਆਉਂਦਾ ਅਤੇ ਨਾ ਹੀ ਜੀਵਨ ਦੇ ਰਾਹ ਤੱਕ ਪਹੁੰਚਦਾ ਹੈ ।
20ਇਸ ਤਰ੍ਹਾਂ ਤੂੰ ਭਲਿਆਂ ਦੇ ਰਾਹ ਵਿੱਚ ਤੁਰੇਂਗਾ ਅਤੇ ਧਰਮੀਆਂ ਦੇ ਮਾਰਗ ਨੂੰ ਫੜੀ ਰੱਖੇਂਗਾ ।21ਸਚਿਆਰ ਹੀ ਧਰਤੀ ਉੱਤੇ ਵੱਸਣਗੇ ਅਤੇ ਖਰੇ ਹੀ ਉਸ ਦੇ ਵਿੱਚ ਰਹਿਣਗੇ,22ਪਰ ਦੁਸ਼ਟ ਧਰਤੀ ਉੱਤੋਂ ਵੱਢੇ ਜਾਣਗੇ ਅਤੇ ਧੋਖੇਬਾਜ਼ ਉਸ ਵਿੱਚੋਂ ਪੁੱਟੇ ਜਾਣਗੇ ।

3
ਜਵਾਨਾਂ ਨੂੰ ਸਲਾਹ

1ਹੇ ਮੇਰੇ ਪੁੱਤਰ, ਤੂੰ ਮੇਰੀ ਸਿੱਖਿਆ ਨੂੰ ਨਾ ਭੁੱਲ, ਸਗੋਂ ਆਪਣਾ ਮਨ ਲਗਾ ਕੇ ਮੇਰੇ ਹੁਕਮਾਂ ਦੀ ਪਾਲਣਾ ਕਰ,2ਕਿਉਂ ਜੋ ਅਜਿਹਾ ਕਰਨ ਨਾਲ ਤੇਰੀ ਉਮਰ ਅਤੇ ਜੀਵਨ ਦੇ ਸਾਲਾਂ ਵਿੱਚ ਵਾਧਾ ਹੋਵੇਗਾ ਅਤੇ ਤੂੰ ਸ਼ਾਤੀ ਵਿੱਚ ਵੱਸੇਂਗਾ ।

3ਦਯਾ ਅਤੇ ਸਚਿਆਈ ਤੇਰੇ ਤੋਂ ਅਲੱਗ ਨਾ ਹੋਣ, ਸਗੋਂ ਤੂੰ ਉਹਨਾਂ ਨੂੰ ਆਪਣੇ ਗਲ ਦਾ ਹਾਰ ਬਣਾ, ਉਹਨਾਂ ਨੂੰ ਆਪਣੇ ਦਿਲ ਦੀ ਤਖ਼ਤੀ ਉੱਤੇ ਲਿਖ ਲੈ,4ਤਦ ਤੂੰ ਪਰਮੇਸ਼ੁਰ ਅਤੇ ਮਨੁੱਖਾਂ ਦੀਆਂ ਨਜ਼ਰਾਂ ਵਿੱਚ ਕਿਰਪਾ ਅਤੇ ਨੇਕਨਾਮੀ ਪਾਵੇਂਗਾ ।
5ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ ।6ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਯਾਦ ਰੱਖ ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ ।
7ਤੂੰ ਆਪਣੀ ਨਿਗਾਹ ਵਿੱਚ ਬੁੱਧਵਾਨ ਨਾ ਹੋ, ਯਹੋਵਾਹ ਦਾ ਭੈ ਰੱਖ ਅਤੇ ਬੁਰਿਆਈ ਤੋਂ ਦੂਰ ਰਹਿ ।8ਇਸ ਤੋਂ ਤੇਰਾ ਸਰੀਰ ਨਿਰੋਗ ਅਤੇ ਤੇਰੀਆਂ ਹੱਡੀਆਂ ਪੁਸ਼ਟ ਰਹਿਣਗੀਆਂ ।
9ਆਪਣੇ ਸਾਰੇ ਮਾਲ ਅਤੇ ਆਪਣੀ ਸਾਰੀ ਪੈਦਾਵਾਰ ਦੇ ਪਹਿਲੇ ਫਲ ਨਾਲ ਯਹੋਵਾਹ ਦੀ ਮਹਿਮਾ ਕਰ,10ਤਾਂ ਤੇਰੇ ਖੱਤੇ ਪੈਦਾਵਾਰ ਨਾਲ ਭਰੇ-ਪੂਰੇ ਰਹਿਣਗੇ ਅਤੇ ਤੇਰੇ ਦਾਖਾਂ ਦੇ ਹੌਦ ਨਵੇਂ ਰਸ ਨਾਲ ਛਲਕਣਗੇ ।
11ਹੇ ਮੇਰੇ ਪੁੱਤਰ, ਤੂੰ ਯਹੋਵਾਹ ਦੀ ਤਾੜ ਨੂੰ ਤੁੱਛ ਨਾ ਜਾਣ ਅਤੇ ਜਦ ਉਹ ਤੈਨੂੰ ਝਿੜਕੇ ਤਾਂ ਤੂੰ ਬੁਰਾ ਨਾ ਮੰਨੀ,12ਕਿਉਂ ਜੋ ਯਹੋਵਾਹ ਓਸੇ ਨੂੰ ਤਾੜਦਾ ਹੈ, ਜਿਸ ਦੇ ਨਾਲ ਪਿਆਰ ਕਰਦਾ ਹੈ, ਜਿਵੇਂ ਪਿਤਾ ਉਸ ਪੁੱਤਰ ਨੂੰ ਜਿਸ ਤੋਂ ਉਹ ਪ੍ਰਸੰਨ ਹੈ ।
13ਧੰਨ ਹੈ ਉਹ ਮਨੁੱਖ ਜਿਸ ਨੂੰ ਬੁੱਧ ਲੱਭਦੀ ਹੈ ਅਤੇ ਉਹ ਪੁਰਸ਼ ਜਿਸ ਨੂੰ ਸਮਝ ਪ੍ਰਾਪਤ ਹੁੰਦੀ ਹੈ,14ਕਿਉਂ ਜੋ ਉਹ ਦੀ ਪ੍ਰਾਪਤੀ ਚਾਂਦੀ ਦੀ ਪ੍ਰਾਪਤੀ ਨਾਲੋਂ ਅਤੇ ਉਹ ਦਾ ਲਾਭ ਚੋਖੇ ਸੋਨੇ ਨਾਲੋਂ ਚੰਗਾ ਹੈ ।
15ਉਹ ਤਾਂ ਹੀਰੇ-ਮੋਤੀਆਂ ਨਾਲੋਂ ਵੀ ਬੇਸ਼ਕੀਮਤੀ ਹਨ ਅਤੇ ਜਿਨ੍ਹੀਆਂ ਵਸਤਾਂ ਦੀ ਤੈਨੂੰ ਚਾਹਤ ਹੈ, ਉਹਨਾਂ ਵਿੱਚੋਂ ਕੋਈ ਵੀ ਉਹ ਦੇ ਤੁੱਲ ਨਹੀਂ ।16ਲੰਮੀ ਉਮਰ ਉਹ ਦੇ ਸੱਜੇ ਹੱਥ ਵਿੱਚ ਹੈ ਅਤੇ ਖੱਬੇ ਹੱਥ ਵਿੱਚ ਧਨ ਅਤੇ ਆਦਰ ਹੈ ।
17ਉਹ ਦੇ ਰਾਹ ਮਨਭਾਉਂਦੇ ਅਤੇ ਉਹ ਦੇ ਸਾਰੇ ਮਾਰਗ ਸ਼ਾਂਤੀ ਦੇ ਹਨ ।18ਜਿਹੜੇ ਉਹ ਨੂੰ ਗ੍ਰਹਿਣ ਕਰਦੇ ਹਨ, ਉਹ ਉਹਨਾਂ ਲਈ ਜੀਵਨ ਦਾ ਰੁੱਖ ਹੈ ਅਤੇ ਜੋ ਕੋਈ ਉਹ ਨੂੰ ਫੜ੍ਹੀ ਰੱਖਦਾ ਹੈ, ਉਹ ਖੁਸ਼ ਰਹਿੰਦਾ ਹੈ ।
19ਯਹੋਵਾਹ ਨੇ ਬੁੱਧ ਨਾਲ ਧਰਤੀ ਦੀ ਨੀਂਹ ਧਰੀ ਅਤੇ ਸਮਝ ਨਾਲ ਅਕਾਸ਼ ਨੂੰ ਕਾਇਮ ਕੀਤਾ ।20ਉਹ ਦੇ ਗਿਆਨ ਨਾਲ ਹੀ ਡੁੰਘਿਆਈਆਂ ਫੁੱਟ ਨਿੱਕਲੀਆਂ ਅਤੇ ਬੱਦਲਾਂ ਵਿੱਚੋਂ ਤ੍ਰੇਲ ਪੈਂਦੀ ਹੈ ।
21ਹੇ ਮੇਰੇ ਪੁੱਤਰ, ਬੁੱਧ ਅਤੇ ਵਿਵੇਕ ਨੂੰ ਸੰਭਾਲ ਕੇ ਰੱਖ, ਇਹਨਾਂ ਨੂੰ ਆਪਣੀਆਂ ਅੱਖੀਆਂ ਤੋਂ ਓਹਲੇ ਨਾ ਹੋਣ ਦੇ ।22ਤਦ ਇਨ੍ਹਾਂ ਤੋਂ ਤੈਨੂੰ ਜੀਵਨ ਮਿਲੇਗਾ ਅਤੇ ਤੇਰੇ ਗਲ ਲਈ ਸ਼ਿੰਗਾਰ ਹੋਣਗੀਆਂ ।
23ਤਦ ਤੂੰ ਆਪਣੇ ਰਾਹ ਵਿੱਚ ਨਿਡਰ ਚੱਲੇਂਗਾ ਅਤੇ ਤੇਰਾ ਪੈਰ ਠੇਡਾ ਨਾ ਖਾਵੇਗਾ ।24ਜਿਸ ਵੇਲੇ ਤੂੰ ਲੰਮਾ ਪਵੇਂਗਾ ਤਾਂ ਤੈਨੂੰ ਡਰ ਨਾ ਲੱਗੇਗਾ, ਹਾਂ, ਤੂੰ ਲੰਮਾ ਪਵੇਂਗਾ ਅਤੇ ਤੇਰੀ ਨੀਂਦ ਮਿੱਠੀ ਹੋਵੇਗੀ ।
25ਅਚਾਨਕ ਆਉਣ ਵਾਲੇ ਭੈ ਤੋਂ ਨਾ ਡਰੀਂ ਅਤੇ ਨਾ ਹੀ ਦੁਸ਼ਟਾਂ ਉੱਤੇ ਆਉਣ ਵਾਲੀ ਬਿਪਤਾ ਤੋਂ,26ਕਿਉਂ ਜੋ ਯਹੋਵਾਹ ਤੇਰੀ ਆਸ ਹੋਵੇਗਾ ਅਤੇ ਉਹ ਤੇਰੇ ਪੈਰ ਨੂੰ ਫਾਹੀ ਵਿੱਚ ਫਸਣ ਤੋਂ ਬਚਾਵੇਗਾ ।
27ਜੇ ਤੇਰੇ ਵੱਸ ਵਿੱਚ ਹੋਵੇ, ਤਾਂ ਜਿਨ੍ਹਾਂ ਦਾ ਹੱਕ ਹੈ, ਉਨ੍ਹਾਂ ਦਾ ਭਲਾ ਕਰਨ ਤੋਂ ਨਾ ਰੁਕੀਂ ।28ਜੇ ਤੇਰੇ ਕੋਲ ਹੋਵੇ ਤਾਂ ਆਪਣੇ ਗੁਆਂਢੀ ਨੂੰ ਇਹ ਨਾ ਆਖੀਂ, ਭਈ ਤੂੰ ਜਾਹ, ਫੇਰ ਆਵੀਂ, ਮੈਂ ਕੱਲ ਤੈਨੂੰ ਦਿਆਂਗਾ ।
29ਜਦ ਤੇਰਾ ਗੁਆਂਢੀ ਨਿਸ਼ਚਿੰਤ ਤੇਰੇ ਕੋਲ ਵੱਸਦਾ ਹੈ, ਤਾਂ ਉਹ ਦੀ ਹਾਨੀ ਦੀ ਜੁਗਤ ਨਾ ਕਰ ।30ਜਿਸ ਨੇ ਤੇਰਾ ਕੋਈ ਵਿਗਾੜ ਨਾ ਕੀਤਾ ਹੋਵੇ, ਉਸ ਦੇ ਨਾਲ ਐਵੇਂ ਹੀ ਝਗੜਾ ਨਾ ਕਰ ।
31ਜ਼ਾਲਮ ਦੀ ਰੀਸ ਨਾ ਕਰ, ਨਾ ਉਹ ਦੀਆਂ ਸਾਰੀਆਂ ਗੱਲਾਂ ਵਿੱਚੋਂ ਕਿਸੇ ਉੱਤੇ ਨਾ ਚੱਲ,32ਕਿਉਂ ਜੋ ਟੇਡੇ ਮਨੁੱਖਾਂ ਤੋਂ ਯਹੋਵਾਹ ਨੂੰ ਘਿਣ ਆਉਂਦੀ ਹੈ, ਪਰ ਸਚਿਆਰਾਂ ਨਾਲ ਉਹ ਦੀ ਦੋਸਤੀ ਹੈ ।
33ਦੁਸ਼ਟਾਂ ਦੇ ਘਰ ਉੱਤੇ ਯਹੋਵਾਹ ਦਾ ਸਰਾਪ ਪੈਂਦਾ ਹੈ, ਪਰ ਧਰਮੀਆਂ ਦੇ ਨਿਵਾਸ ਨੂੰ ਉਹ ਬਰਕਤ ਦਿੰਦਾ ਹੈ ।34ਸੱਚੀਂ ਮੁੱਚੀਂ ਠੱਠਾ ਕਰਨ ਵਾਲਿਆਂ ਉੱਤੇ ਉਹ ਠੱਠਾ ਮਾਰਦਾ ਹੈ, ਪਰ ਨੀਵਿਆਂ ਉੱਤੇ ਉਹ ਕਿਰਪਾ ਕਰਦਾ ਹੈ ।
35ਬੁੱਧਵਾਨ ਆਦਰ ਦੇ ਵਾਰਸ ਹੋਣਗੇ, ਪਰ ਮੂਰਖਾਂ ਦੀ ਤਰੱਕੀ ਸਿਰਫ਼ ਸ਼ਰਮ ਹੀ ਹੋਵੇਗੀ !

4
ਬੁੱਧ ਦੇ ਲਾਭ

1ਹੇ ਮੇਰੇ ਪੁੱਤਰੋ, ਤੁਸੀਂ ਪਿਤਾ ਦਾ ਉਪਦੇਸ਼ ਸੁਣੋ ਅਤੇ ਸਮਝ ਪ੍ਰਾਪਤ ਕਰਨ ਉੱਤੇ ਮਨ ਲਾਓ,2ਕਿਉਂ ਜੋ ਮੈਂ ਤੁਹਾਨੂੰ ਚੰਗੀ ਸਿੱਖਿਆ ਦਿੰਦਾ ਹਾਂ, ਤੁਸੀਂ ਮੇਰੀ ਸਿੱਖਿਆ ਨੂੰ ਨਾ ਛੱਡੋ ।

3ਜਦ ਮੈਂ ਆਪਣੇ ਪਿਤਾ ਦਾ ਪੁੱਤਰ ਅਤੇ ਆਪਣੀ ਮਾਂ ਦਾ ਇਕੱਲਾ ਹੀ ਲਾਡਲਾ ਸੀ,4ਤਦ ਉਸ ਨੇ ਮੈਨੂੰ ਸਿਖਾਇਆ ਤੇ ਇਹ ਆਖਿਆ, ਤੇਰਾ ਮਨ ਮੇਰੀਆਂ ਗੱਲਾਂ ਨੂੰ ਫੜ੍ਹੀ ਰੱਖੇ, ਤੂੰ ਮੇਰੇ ਹੁਕਮਾਂ ਨੂੰ ਮੰਨ, ਤਾਂ ਤੂੰ ਜੀਵੇਂਗਾ ।
5ਬੁੱਧ ਨੂੰ ਪ੍ਰਾਪਤ ਕਰ, ਸਮਝ ਨੂੰ ਵੀ ਪ੍ਰਾਪਤ ਕਰ, ਮੇਰੇ ਬਚਨਾਂ ਨੂੰ ਨਾ ਭੁਲਾਈਂ ਅਤੇ ਨਾ ਉਨ੍ਹਾਂ ਤੋਂ ਮੁੜੀਂ ।6ਉਹ ਨੂੰ ਨਾ ਛੱਡੀਂ ਤਾਂ ਉਹ ਤੇਰੀ ਰੱਖਿਆ ਕਰੇਗੀ, ਉਹ ਦੇ ਨਾਲ ਪ੍ਰੀਤ ਲਾਵੀਂ ਤਾਂ ਉਹ ਤੇਰੀ ਰਾਖੀ ਕਰੇਗੀ ।
7ਬੁੱਧ ਦਾ ਮੁੱਢ ਇਹ ਹੈ ਭਈ ਬੁੱਧ ਨੂੰ ਪ੍ਰਾਪਤ ਕਰ ਅਤੇ ਆਪਣੇ ਸਾਰੇ ਜਤਨ ਨਾਲ ਸਮਝ ਨੂੰ ਪ੍ਰਾਪਤ ਕਰ ।8ਉਹ ਦੀ ਵਡਿਆਈ ਕਰ ਤਾਂ ਉਹ ਤੈਨੂੰ ਵਧਾਵੇਗੀ, ਜੇ ਤੂੰ ਉਹ ਨੂੰ ਗਲ ਲਾਵੇਂ ਤਾਂ ਉਹ ਤੈਨੂੰ ਆਦਰ ਦੇਵੇਗੀ ।9ਉਹ ਤੇਰੇ ਸਿਰ ਉੱਤੇ ਸਜਾਵਟ ਦਾ ਸਿਹਰਾ ਬੰਨ੍ਹੇਗੀ, ਉਹ ਤੈਨੂੰ ਸੁਹੱਪਣ ਦਾ ਮੁਕਟ ਦੇਵੇਗੀ ।
10ਹੇ ਮੇਰੇ ਪੁੱਤਰ, ਸੁਣ ਅਤੇ ਮੇਰੀਆਂ ਗੱਲਾਂ ਨੂੰ ਮੰਨ, ਤਾਂ ਤੇਰੀ ਉਮਰ ਬਹੁਤ ਲੰਮੀ ਹੋਵੇਗੀ ।11ਮੈਂ ਤੈਨੂੰ ਬੁੱਧ ਦਾ ਰਾਹ ਦੱਸਿਆ ਹੈ, ਮੈਂ ਸਿੱਧੇ ਮਾਰਗ ਉੱਤੇ ਤੇਰੀ ਅਗਵਾਈ ਕੀਤੀ ਹੈ ।12ਜਦ ਤੂੰ ਤੁਰੇਂਗਾ ਤਾਂ ਤੇਰੇ ਰਾਹਾਂ ਵਿੱਚ ਕੋਈ ਰੁਕਾਵਟ ਨਾ ਹੋਵੇਗੀ ਅਤੇ ਜੇ ਤੂੰ ਭੱਜੇਂ ਤਾਂ ਵੀ ਤੂੰ ਠੇਡਾ ਨਾ ਖਾਵੇਂਗਾ ।
13ਸਿੱਖਿਆ ਨੂੰ ਫੜੀ ਰੱਖ, ਉਹ ਨੂੰ ਛੱਡੀਂ ਨਾ, ਉਹ ਨੂੰ ਸਾਂਭ ਕੇ ਰੱਖ, ਉਹੋ ਤੇਰਾ ਜੀਵਨ ਹੈ !14ਦੁਸ਼ਟਾਂ ਦੇ ਰਾਹ ਵਿੱਚ ਨਾ ਚੱਲ ਅਤੇ ਬੁਰਿਆਰਾਂ ਦੇ ਮਾਰਗ ਉੱਤੇ ਨਾ ਤੁਰ ।15ਉਸ ਤੋਂ ਦੂਰ ਰਹਿ, ਉਹ ਦੇ ਕੋਲੋਂ ਦੀ ਵੀ ਨਾ ਲੰਘੀਂ, ਉਸ ਤੋਂ ਮੂੰਹ ਮੋੜ ਕੇ ਅਗਾਹਾਂ ਨੂੰ ਲੰਘ ਜਾ,
16ਕਿਉਂ ਜੋ ਜਦੋਂ ਤੱਕ ਉਹ ਬੁਰਿਆਈ ਨਾ ਕਰ ਲੈਣ, ਉਨ੍ਹਾਂ ਨੂੰ ਨੀਂਦ ਨਹੀਂ ਆਉਂਦੀ ਅਤੇ ਜਦ ਤੱਕ ਉਹ ਕਿਸੇ ਦੇ ਲਈ ਠੋਕਰ ਦਾ ਕਾਰਨ ਨਾ ਬਣਨ, ਉਹ ਉਣੀਂਦਰੇ ਰਹਿੰਦੇ ਹਨ ।17ਉਹ ਬੁਰਿਆਈ ਦੀ ਰੋਟੀ ਖਾਂਦੇ ਅਤੇ ਜ਼ੁਲਮ ਦੀ ਮਧ ਪੀਂਦੇ ਹਨ ।
18ਪਰ ਧਰਮੀਆ ਦਾ ਰਾਹ ਫ਼ਜ਼ਰ ਦੇ ਚਾਨਣ ਵਰਗਾ ਹੈ, ਜਿਸ ਦਾ ਚਾਨਣ ਦੁਪਹਿਰ ਤੱਕ ਵੱਧਦਾ ਹੀ ਜਾਂਦਾ ਹੈ ।19ਦੁਸ਼ਟਾਂ ਦਾ ਰਾਹ ਘੁੱਪ ਹਨੇਰ ਵਰਗਾ ਹੈ, ਉਹ ਜਾਣਦੇ ਵੀ ਨਹੀਂ ਕੀ ਉਹਨਾਂ ਨੂੰ ਕਿਸ ਤੋਂ ਠੋਕਰ ਲੱਗਦੀ ਹੈ ।
20ਹੇ ਮੇਰੇ ਪੁੱਤਰ, ਤੂੰ ਮੇਰੀਆਂ ਗੱਲਾਂ ਧਿਆਨ ਨਾਲ ਸੁਣ ਅਤੇ ਮੇਰੇ ਬਚਨਾਂ ਉੱਤੇ ਕੰਨ ਲਾ ।21ਉਹਨਾਂ ਨੂੰ ਆਪਣੀਆਂ ਅੱਖੀਆਂ ਤੋਂ ਓਹਲੇ ਨਾ ਹੋਣ ਦੇ, ਆਪਣੇ ਮਨ ਵਿੱਚ ਉਹਨਾਂ ਨੂੰ ਸੰਭਾਲ ਕੇ ਰੱਖ ।
22ਜਿਨ੍ਹਾਂ ਨੂੰ ਉਹ ਪ੍ਰਾਪਤ ਹੁੰਦੀਆਂ ਹਨ, ਉਨ੍ਹਾਂ ਦੇ ਲਈ ਜੀਵਨ ਅਤੇ ਉਨ੍ਹਾਂ ਦੇ ਸਾਰੇ ਸਰੀਰ ਦੇ ਲਈ ਤੰਦਰੁਸਤੀ ਹਨ ।23ਆਪਣੇ ਮਨ ਦੀ ਵੱਡੀ ਚੌਕਸੀ ਕਰ, ਕਿਉਂ ਜੋ ਜੀਵਨ ਦੀਆਂ ਧਾਰਾਂ ਓਸੇ ਤੋਂ ਨਿੱਕਲਦੀਆਂ ਹਨ !
24ਪੁੱਠੀਆਂ ਗੱਲਾਂ ਆਪਣੇ ਮੂੰਹ ਤੋਂ ਅਤੇ ਟੇਢੀ ਬੋਲੀ ਆਪਣੇ ਬੁੱਲ੍ਹਾਂ ਤੋਂ ਦੂਰ ਰੱਖ ।25ਤੇਰੀਆਂ ਅੱਖਾਂ ਸਾਹਮਣੇ ਵੱਲ ਹੀ ਵੇਖਦੀਆਂ ਰਹਿਣ ਅਤੇ ਤੇਰੀਆਂ ਪਲਕਾਂ ਅੱਗੇ ਨੂੰ ਲੱਗੀਆਂ ਰਹਿਣ ।
26ਆਪਣੇ ਪੈਰਾਂ ਲਈ ਰਾਹ ਨੂੰ ਪੱਧਰਾ ਕਰ, ਤਾਂ ਤੇਰੇ ਸਾਰੇ ਮਾਰਗ ਕਾਇਮ ਹੋਣਗੇ ।27ਨਾ ਸੱਜੇ ਨੂੰ ਮੁੜ ਅਤੇ ਨਾ ਖੱਬੇ ਨੂੰ, ਆਪਣੇ ਪੈਰ ਨੂੰ ਬੁਰਿਆਈ ਤੋਂ ਦੂਰ ਰੱਖ ।

5
ਵਿਭਚਾਰ ਦੇ ਵਿਰੁੱਧ ਚੇਤਾਵਨੀ

1ਹੇ ਮੇਰੇ ਪੁੱਤਰ, ਮੇਰੀ ਬੁੱਧ ਵੱਲ ਧਿਆਨ ਦੇ ਅਤੇ ਮੇਰੀ ਸਮਝ ਵੱਲ ਕੰਨ ਲਾ,2ਤਾਂ ਜੋ ਤੇਰੀ ਮੱਤ ਬਣੀ ਰਹੇ ਅਤੇ ਤੇਰੇ ਬੁੱਲ੍ਹ ਗਿਆਨ ਨੂੰ ਫੜ੍ਹੀ ਰੱਖਣ,

3ਕਿਉਂ ਜੋ ਪਰਾਈ ਔਰਤ ਦੇ ਬੁੱਲ੍ਹਾਂ ਤੋਂ ਸ਼ਹਿਦ ਟਪਕਦਾ ਹੈ ਅਤੇ ਉਹ ਦੀਆਂ ਗੱਲਾਂ ਤੇਲ ਨਾਲੋਂ ਵੀ ਚਿਕਨੀਆਂ ਹਨ,4ਪਰ ਅੰਤ ਵਿੱਚ ਉਹ ਨਾਗਦੌਣੇ ਵਰਗੀ ਕੌੜੀ ਅਤੇ ਦੋਧਾਰੀ ਤਲਵਾਰ ਜਿਹੀ ਤਿੱਖੀ ਹੁੰਦੀ ਹੈ !
5ਉਹ ਦੇ ਪੈਰ ਮੌਤ ਦੇ ਰਾਹ ਵੱਲ ਲਹਿ ਪੈਂਦੇ ਹਨ ਅਤੇ ਉਹ ਦੇ ਕਦਮ ਪਤਾਲ ਨੂੰ ਜਾਂਦੇ ਹਨ ।6ਜੀਵਨ ਦਾ ਪੱਧਰਾ ਰਾਹ ਉਹ ਨੂੰ ਨਹੀਂ ਲੱਭਦਾ, ਉਹ ਦੀਆਂ ਚਾਲਾਂ ਭਟਕਾਉਣ ਵਾਲੀਆਂ ਹਨ ਅਤੇ ਇਸ ਬਾਰੇ ਉਹ ਆਪ ਵੀ ਨਹੀਂ ਜਾਣਦੀ ।
7ਇਸ ਲਈ ਹੇ ਮੇਰੇ ਪੁੱਤਰ ਤੂੰ ਮੇਰੀ ਸੁਣ ਅਤੇ ਮੇਰੇ ਮੂੰਹ ਦੇ ਬਚਨਾਂ ਤੋਂ ਨਾ ਮੁੜ ।8ਉਸ ਔਰਤ ਤੋਂ ਆਪਣਾ ਰਾਹ ਦੂਰ ਹੀ ਰੱਖ ਅਤੇ ਉਹ ਦੇ ਘਰ ਦੇ ਬੂਹੇ ਦੇ ਨੇੜੇ ਵੀ ਨਾ ਜਾ,
9ਕਿਤੇ ਤੂੰ ਆਪਣਾ ਆਦਰ ਹੋਰਨਾਂ ਨੂੰ ਅਤੇ ਆਪਣੀ ਉਮਰ ਨਿਰਦਈਆਂ ਨੂੰ ਦੇਵੇਂ,10ਕਿਤੇ ਪਰਾਏ ਤੇਰੀ ਕਮਾਈ ਨਾਲ ਰੱਜ ਜਾਣ ਅਤੇ ਤੇਰੀ ਮਿਹਨਤ ਓਪਰੇ ਦੇ ਘਰ ਜਾਵੇ
11ਅਤੇ ਤੇਰੇ ਜੀਵਨ ਦੇ ਅੰਤ ਵਿੱਚ ਜਦ ਮੇਰਾ ਮਾਸ ਅਤੇ ਤੇਰੀ ਦੇਹ ਕਮਜ਼ੋਰ ਪੈ ਜਾਵੇ, ਤਾਂ ਤੂੰ ਰੋਵੇਂ12ਅਤੇ ਆਖੇਂ, ਮੈਂ ਉਪਦੇਸ਼ ਨਾਲ ਕਿਵੇਂ ਵੈਰ ਰੱਖਿਆ ਅਤੇ ਮੇਰੇ ਮਨ ਨੇ ਤਾੜ ਨੂੰ ਤੁੱਛ ਜਾਣਿਆ !
13ਮੈਂ ਆਪਣੇ ਉਪਦੇਸ਼ਕਾਂ ਦੀ ਗੱਲ ਨਾ ਮੰਨੀ, ਨਾ ਆਪਣੇ ਉਸਤਾਦਾਂ ਵੱਲ ਕੰਨ ਲਾਇਆ !14ਮੰਡਲੀ ਅਤੇ ਸਭਾ ਦੇ ਵਿੱਚ ਰਹਿੰਦੇ ਹੋਏ ਵੀ ਮੈਂ ਪੂਰੀ ਬਰਬਾਦੀ ਦੇ ਨੇੜੇ-ਤੇੜੇ ਸੀ ।
15ਤੂੰ ਪਾਣੀ ਆਪਣੇ ਹੀ ਕੁੰਡ ਵਿੱਚੋਂ ਪੀ ਅਤੇ ਆਪਣੇ ਹੀ ਖੂਹ ਦੇ ਸੋਤੇ ਦਾ ਜਲ ਪੀਆ ਕਰ ।16ਤੇਰੇ ਸੋਤੇ ਕਿਉਂ ਬਾਹਰ ਵਗਾਏ ਜਾਣ ਅਤੇ ਜਲ ਦੀਆਂ ਧਾਰਾਂ ਚੌਕਾਂ ਵਿੱਚ ?17ਉਹ ਇੱਕਲੇ ਤੇਰੇ ਲਈ ਹੀ ਹੋਣ, ਨਾ ਕਿ ਤੇਰੇ ਨਾਲ ਓਪਰਿਆਂ ਦੇ ਲਈ ਵੀ ।
18ਤੇਰਾ ਸੋਤਾ ਮੁਬਾਰਕ ਹੋਵੇ ਅਤੇ ਤੂੰ ਆਪਣੀ ਜੁਆਨੀ ਦੀ ਵਹੁਟੀ ਨਾਲ ਅਨੰਦ ਰਹਿ ।19ਉਹ ਪਿਆਰੀ ਹਿਰਨੀ ਅਤੇ ਸੋਹਣੀ ਹਰਨੋਟੀ ਹੋਵੇ, ਉਹ ਦੀਆਂ ਛਾਤੀਆਂ ਤੈਨੂੰ ਸਦਾ ਤ੍ਰਿਪਤ ਕਰਨ ਅਤੇ ਤੂੰ ਨਿੱਤ ਓਸੇ ਦੇ ਪ੍ਰੇਮ ਨਾਲ ਮੋਹਿਤ ਰਹਿ ।
20ਹੇ ਮੇਰੇ ਪੁੱਤਰ, ਤੂੰ ਕਿਉਂ ਪਰਾਈ ਔਰਤ ਉੱਤੇ ਮੋਹਿਤ ਹੋਵੇਂ ਅਤੇ ਓਪਰੀ ਨੂੰ ਕਿਉਂ ਸੀਨੇ ਨਾਲ ਲਾਵੇਂ ?21ਕਿਉਂ ਜੋ ਮਨੁੱਖ ਦੇ ਰਾਹ ਯਹੋਵਾਹ ਦੀ ਨਿਗਾਹ ਦੇ ਸਾਹਮਣੇ ਹਨ ਅਤੇ ਉਹ ਉਸ ਦੇ ਸਾਰੇ ਮਾਰਗਾਂ ਨੂੰ ਜਾਚਦਾ ਹੈ ।
22ਦੁਸ਼ਟ ਜਨ ਦੀਆਂ ਆਪਣੀਆਂ ਹੀ ਬਦੀਆਂ ਉਹ ਨੂੰ ਫਸਾ ਲੈਣਗੀਆਂ ਅਤੇ ਉਹ ਆਪਣੇ ਹੀ ਪਾਪ ਦੇ ਬੰਧਨਾਂ ਵਿੱਚ ਬੰਨ੍ਹਿਆ ਜਾਵੇਗਾ ।23ਉਹ ਸਿੱਖਿਆ ਪਾਏ ਬਿਨ੍ਹਾਂ ਮਰੇਗਾ ਅਤੇ ਆਪਣੀ ਡਾਢੀ ਮੂਰਖਤਾਈ ਕਾਰਨ ਭਟਕਦਾ ਫਿਰੇਗਾ ।

6
ਹੋਰ ਚੇਤਾਵਨੀਆਂ

1ਹੇ ਮੇਰੇ ਪੁੱਤਰ, ਜੇ ਤੂੰ ਆਪਣੇ ਗੁਆਂਢੀ ਦਾ ਜ਼ਮਾਨਤੀ ਹੋਇਆ ਜਾਂ ਕਿਸੇ ਪਰਾਏ ਦੇ ਲਈ ਹੱਥ ਉੱਤੇ ਹੱਥ ਮਾਰ ਕੇ ਜ਼ਿੰਮੇਵਾਰੀ ਲਈ ਹੋਵੇ,2ਤਾਂ ਤੂੰ ਆਪਣੇ ਹੀ ਮੂੰਹ ਦੇ ਬਚਨਾਂ ਨਾਲ ਫਸ ਗਿਆ, ਤੂੰ ਆਪਣੇ ਹੀ ਮੂੰਹ ਦੇ ਬਚਨਾਂ ਨਾਲ ਫੜ੍ਹਿਆ ਗਿਆ ।

3ਸੋ ਹੇ ਮੇਰੇ ਪੁੱਤਰ, ਜਦੋਂ ਤੂੰ ਆਪਣੇ ਗੁਆਂਢੀ ਦੇ ਹੱਥ ਪੈ ਗਿਆ, ਹੁਣ ਅਜਿਹਾ ਕਰ ਤਾਂ ਤੂੰ ਛੁਟੇਂਗਾ, ਜਾ, ਨੀਵਾਂ ਹੋ ਕੇ ਆਪਣੇ ਗੁਆਂਢੀ ਨੂੰ ਮਨਾ ਲੈ ।
4ਨਾ ਆਪਣੀਆਂ ਅੱਖਾਂ ਵਿੱਚ ਨੀਂਦ ਆਉਣ ਦੇ, ਨਾ ਆਪਣੀਆਂ ਪਲਕਾਂ ਨੂੰ ਝਪਕਣ ਦੇ ।5ਜਿਵੇਂ ਸ਼ਿਕਾਰੀ ਦੇ ਹੱਥੋਂ ਹਿਰਨੀ ਅਤੇ ਚਿੜੀਮਾਰ ਦੇ ਹੱਥੋਂ ਚਿੜੀ, ਉਸੇ ਤਰ੍ਹਾਂ ਹੀ ਆਪਣੇ ਆਪ ਨੂੰ ਛੁਡਾ ਲੈ ।
6ਹੇ ਆਲਸੀ, ਤੂੰ ਕੀੜੀ ਕੋਲ ਜਾ, ਉਹ ਦੇ ਰਾਹਾਂ ਨੂੰ ਵੇਖ ਅਤੇ ਬੁੱਧਵਾਨ ਬਣ,7ਜਿਸ ਦਾ ਨਾ ਕੋਈ ਆਗੂ, ਨਾ ਪ੍ਰਧਾਨ, ਨਾ ਹਾਕਮ ਹੈ,8ਉਹ ਆਪਣਾ ਭੋਜਨ ਗਰਮੀਆਂ ਵਿੱਚ ਜੋੜਦੀ ਅਤੇ ਵਾਢੀ ਦੇ ਵੇਲੇ ਆਪਣੀਆਂ ਖਾਣ ਵਾਲੀਆਂ ਵਸਤਾਂ ਇੱਕਠੀਆਂ ਕਰਦੀ ਹੈ ।
9ਹੇ ਆਲਸੀ, ਤੂੰ ਕਦੋਂ ਤੱਕ ਪਿਆ ਰਹੇਂਗਾ ? ਤੂੰ ਕਦੋਂ ਆਪਣੀ ਨੀਂਦ ਤੋਂ ਉੱਠੇਂਗਾ ?10ਰਤੀ ਕੁ ਨੀਂਦ, ਰਤੀ ਕੁ ਊਂਘ, ਰਤੀ ਕੁ ਹੱਥ ਇਕੱਠੇ ਕਰਕੇ ਲੰਮਾ ਪੈਣਾ,11ਇਸੇ ਤਰ੍ਹਾਂ ਗਰੀਬੀ ਹਮਲਾਵਰ ਵਾਂਗੂੰ, ਅਤੇ ਤੰਗੀ ਸ਼ਸਤ੍ਰਧਾਰੀ ਵਾਂਗੂੰ ਤੇਰੇ ਉੱਤੇ ਆ ਪਵੇਗੀ !
12ਨਿਕੰਮਾ ਆਦਮੀ ਅਤੇ ਬੁਰਾ ਮਨੁੱਖ, ਪੁੱਠੀਆਂ ਗੱਲਾਂ ਬਕਦਾ ਹੈ ।13ਉਹ ਅੱਖਾਂ ਮਾਰਦਾ ਹੈ ਅਤੇ ਪੈਰਾਂ ਨੂੰ ਘਸਾਉਂਦਾ, ਅਤੇ ਉਂਗਲਾਂ ਨਾਲ ਇਸ਼ਾਰੇ ਕਰਦਾ ਹੈ ।
14ਉਹ ਦਾ ਮਨ ਟੇਢਾ ਹੈ, ਉਹ ਨਿੱਤ ਬੁਰਿਆਈ ਦੀਆਂ ਜੁਗਤਾਂ ਕਰਦਾ, ਅਤੇ ਝਗੜੇ ਪਾਉਂਦਾ ਹੈ,15ਇਸ ਲਈ ਬਿਪਤਾ ਅਚਾਨਕ ਹੀ ਉਹ ਦੇ ਉੱਤੇ ਆ ਪਵੇਗੀ, ਇੱਕ ਪਲ ਵਿੱਚ ਹੀ ਉਹ ਨਾਸ਼ ਹੋ ਜਾਵੇਗਾ ਅਤੇ ਬਚਣ ਦਾ ਕੋਈ ਉਪਾਅ ਨਾ ਹੋਵੇਗਾ ।
16ਛੇ ਵਸਤਾਂ ਨਾਲ ਯਹੋਵਾਹ ਵੈਰ ਰੱਖਦਾ ਹੈ, ਸਗੋਂ ਸੱਤ ਹਨ ਜਿਹੜੀਆਂ ਉਹ ਨੂੰ ਘਿਣਾਉਣੀਆਂ ਲਗਦੀਆਂ ਹਨ,
17ਉੱਚੀਆਂ ਅੱਖਾਂ, ਝੂਠੀ ਜੀਭ, ਅਤੇ ਬੇਦੋਸ਼ੇ ਦਾ ਖ਼ੂਨ ਕਰਨ ਵਾਲੇ ਹੱਥ,18ਉਹ ਮਨ ਜਿਹੜਾ ਖੋਟੀਆਂ ਜੁਗਤਾਂ ਕਰਦਾ ਹੈ, ਉਹ ਪੈਰ ਜਿਹੜੇ ਬੁਰਿਆਈ ਕਰਨ ਨੂੰ ਫੁਰਤੀ ਨਾਲ ਭੱਜਦੇ ਹਨ,19ਝੂਠਾ ਗਵਾਹ ਜਿਹੜਾ ਝੂਠ ਮਾਰਦਾ ਹੈ ਅਤੇ ਭਾਈਆਂ ਵਿੱਚ ਝਗੜਾ ਪਾਉਣ ਵਾਲਾ ।
ਵਿਭਚਾਰ ਦੇ ਵਿਰੁੱਧ ਚੇਤਾਵਨੀ

20ਹੇ ਮੇਰੇ ਪੁੱਤਰ ਤੂੰ ਆਪਣੇ ਪਿਤਾ ਦੀ ਆਗਿਆ ਮੰਨ ਅਤੇ ਆਪਣੀ ਮਾਤਾ ਦੀ ਸਿੱਖਿਆ ਨੂੰ ਨਾ ਛੱਡ ।21ਉਹਨਾਂ ਨੂੰ ਸਦਾ ਆਪਣੇ ਮਨ ਵਿੱਚ ਬੰਨ੍ਹੀ ਰੱਖ, ਅਤੇ ਉਹਨਾਂ ਨੂੰ ਆਪਣੇ ਗਲ ਦਾ ਹਾਰ ਬਣਾ ਲੈ ।
22ਜਦ ਤੂੰ ਕਿਤੇ ਜਾਵੇਂਗਾ ਤਾਂ ਉਹ ਤੇਰੀ ਅਗਵਾਈ ਕਰਨਗੀਆਂ, ਜਦ ਤੂੰ ਲੰਮਾ ਪਵੇਂਗਾ ਤਾਂ ਉਹ ਤੇਰੀ ਰਾਖੀ ਕਰਨਗੀਆਂ,23ਕਿਉਂ ਜੋ ਹੁਕਮ ਦੀਵਾ, ਸਿੱਖਿਆ ਜੋਤ, ਅਤੇ ਸਿਖਾਉਣ ਵਾਲੇ ਦੀ ਤਾੜ ਜੀਵਨ ਦਾ ਰਾਹ ਹੈ ।
24ਤਾਂ ਜੋ ਉਹ ਤੈਨੂੰ ਬੁਰੀ ਔਰਤ ਤੋਂ, ਅਤੇ ਓਪਰੀ ਦੀ ਜੀਭ ਦੀਆਂ ਭਰਮਾਉਣ ਵਾਲੀਆਂ ਗੱਲਾਂ ਤੋਂ ਬਚਾਉਣ ।25ਆਪਣੇ ਦਿਲ ਵਿੱਚ ਉਹ ਦੇ ਸੁਹੱਪਣ ਦੀ ਕਾਮਨਾ ਨਾ ਕਰ, ਨਾ ਉਹ ਆਪਣੀਆਂ ਪਲਕਾਂ ਨਾਲ ਤੈਨੂੰ ਫਸਾ ਲਵੇ,
26ਕਿਉਂ ਜੋ ਵੇਸਵਾ ਦੇ ਕਾਰਨ ਆਦਮੀ ਰੋਟੀ ਦੇ ਟੁੱਕੜੇ ਤੱਕ ਮੋਹਤਾਜ ਹੋ ਜਾਂਦਾ ਹੈ ਅਤੇ ਪਰਾਈ ਔਰਤ ਅਣਮੋਲ ਜੀਵਨ ਦਾ ਸ਼ਿਕਾਰ ਕਰ ਲੈਂਦੀ ਹੈ ।27ਭਲਾ, ਕੋਈ ਮਨੁੱਖ ਆਪਣੀ ਬੁੱਕਲ ਵਿੱਚ ਅੱਗ ਲੈ ਸਕਦਾ ਹੈ, ਅਤੇ ਉਹ ਦੇ ਕੱਪੜੇ ਨਾ ਸੜਨ ?
28ਕੋਈ ਅੰਗਿਆਰਿਆਂ ਉੱਤੇ ਤੁਰੇ, ਅਤੇ ਉਹ ਦੇ ਪੈਰ ਨਾ ਝੁਲਸਣ ?29ਅਜਿਹਾ ਹੀ ਉਹ ਹੈ ਜੋ ਆਪਣੇ ਗੁਆਂਢੀ ਦੀ ਔਰਤ ਕੋਲ ਜਾਂਦਾ ਹੈ, ਜੋ ਕੋਈ ਉਹ ਨੂੰ ਹੱਥ ਲਾਵੇ ਉਹ ਬਿਨ੍ਹਾਂ ਦੰਡ ਭੋਗੇ ਨਾ ਛੁੱਟੇਗਾ ।
30ਚੋਰ ਜਿਹੜਾ ਭੁੱਖ ਦੇ ਮਾਰੇ ਢਿੱਡ ਭਰਨ ਨੂੰ ਚੋਰੀ ਕਰਦਾ ਹੈ, ਉਹ ਨੂੰ ਲੋਕ ਬੁਰਾ ਨਹੀਂ ਜਾਣਦੇ,31ਪਰ ਜੇ ਫੜ੍ਹਿਆ ਜਾਵੇ, ਤਾਂ ਉਹ ਨੂੰ ਸੱਤ ਗੁਣਾ ਭਰਨਾ, ਸਗੋਂ ਆਪਣੇ ਘਰ ਦਾ ਸਾਰਾ ਮਾਲ ਦੇਣਾ ਪਵੇਗਾ ।
32ਜਿਹੜਾ ਕਿਸੇ ਔਰਤ ਨਾਲ ਭੋਗ ਕਰਦਾ ਹੈ ਉਹ ਨਿਰਬੁੱਧ ਹੈ, ਜਿਹੜਾ ਇਹ ਕਰਦਾ ਹੈ, ਉਹ ਆਪਣੀ ਜਾਨ ਦਾ ਨਾਸ਼ ਕਰਦਾ ਹੈ ।33ਉਹ ਦੇ ਲਈ ਜ਼ਖਮ ਅਤੇ ਬੇਇੱਜ਼ਤੀ ਹੋਵੇਗੀ, ਅਤੇ ਉਹ ਦੀ ਬਦਨਾਮੀ ਕਦੇ ਨਾ ਮਿਟੇਗੀ ।
34ਅਣਖ ਤਾਂ ਮਰਦ ਨੂੰ ਕ੍ਰੋਧਿਤ ਕਰਦੀ ਹੈ, ਅਤੇ ਬਦਲਾ ਲੈਣ ਦੇ ਸਮੇਂ ਉਹ ਤਰਸ ਨਹੀਂ ਖਾਵੇਗਾ ।35ਉਹ ਕੋਈ ਮੁਆਵਜ਼ਾ ਕਬੂਲ ਨਹੀਂ ਕਰੇਗਾ, ਅਤੇ ਭਾਂਵੇ ਤੂੰ ਬਹੁਤ ਹਰਜਾਨਾ ਦੇਵੇਂ ਪਰ ਉਹ ਨਹੀਂ ਮੰਨੇਗਾ ।

7

1ਹੇ ਮੇਰੇ ਪੁੱਤਰ, ਤੂੰ ਮੇਰੇ ਆਖੇ ਲੱਗ, ਅਤੇ ਮੇਰੇ ਹੁਕਮਾਂ ਨੂੰ ਆਪਣੇ ਕੋਲ ਰੱਖ ਛੱਡ ।2ਮੇਰੇ ਹੁਕਮਾਂ ਨੂੰ ਮੰਨ ਅਤੇ ਜੀਉਂਦਾ ਰਹਿ, ਅਤੇ ਮੇਰੀ ਸਿੱਖਿਆ ਨੂੰ ਆਪਣੀ ਅੱਖ ਦੀ ਕਾਕੀ ਵਰਗੀ ਜਾਣ ।3ਉਹਨਾਂ ਨੂੰ ਆਪਣੀਆਂ ਉਂਗਲਾਂ ਉੱਤੇ ਬੰਨ੍ਹ ਲੈ, ਉਹਨਾਂ ਨੂੰ ਆਪਣੇ ਮਨ ਦੀ ਤਖ਼ਤੀ ਉੱਤੇ ਲਿਖ ਲੈ ।

4ਬੁੱਧ ਨੂੰ ਆਖ, ਤੂੰ ਮੇਰੀ ਭੈਣ ਹੈਂ, ਅਤੇ ਸਮਝ ਨੂੰ ਆਪਣੀ ਆਖ, ਤੂੰ ਮੇਰੀ ਸਾਥਣ ਹੈਂ,5ਤਾਂ ਜੋ ਉਹ ਤੈਨੂੰ ਪਰਾਈ ਔਰਤ ਤੋਂ ਬਚਾਈ ਰੱਖਣ, ਉਸ ਓਪਰੀ ਔਰਤ ਤੋਂ ਜਿਹੜੀ ਚਿਕਨੀਆਂ-ਚੋਪੜੀਆਂ ਗੱਲਾਂ ਕਰਦੀ ਹੈ ।
ਇੱਕ ਉਦਾਰਹਣ

6ਮੈਂ ਆਪਣੇ ਘਰ ਦੀ ਖਿੜਕੀ ਦੇ ਵਿੱਚੋਂ ਦੀ ਵੇਖਿਆ,7ਤਾਂ ਮੈਂ ਭੋਲਿਆਂ ਵਿੱਚੋਂ, ਇੱਕ ਨਿਰਬੁੱਧ ਗੱਭਰੂ ਜੁਆਨ ਵੇਖਿਆ,
8ਉਹ ਉਸ ਔਰਤ ਦੇ ਘਰ ਦੀ ਨੁੱਕਰ ਦੇ ਨੇੜ੍ਹੇ ਦੀ ਗਲੀ ਵਿੱਚੋਂ ਦੀ ਲੰਘਿਆ ਜਾਂਦਾ ਸੀ, ਅਤੇ ਉਸ ਨੇ ਉਹ ਦੇ ਘਰ ਦਾ ਰਾਹ ਫੜ੍ਹਿਆ,9ਦਿਨ ਢਲੇ, ਸ਼ਾਮ ਦੇ ਵੇਲੇ, ਅਤੇ ਕਾਲੀ ਰਾਤ ਦੇ ਹਨੇਰੇ ਵਿੱਚ ।
10ਤਾਂ ਵੇਖੋ, ਇੱਕ ਔਰਤ ਉਸ ਨੂੰ ਆ ਮਿਲੀ, ਜਿਸ ਦਾ ਭੇਸ ਕੰਜਰੀ ਦੇ ਭੇਸ ਜਿਹਾ ਸੀ ਅਤੇ ਉਹ ਮਨ ਮੋਹਣੀ ਸੀ ।11ਉਹ ਬੜਬੋਲੀ ਅਤੇ ਮਨ-ਮਤਣੀ ਹੈ, ਉਹ ਦੇ ਪੈਰ ਆਪਣੇ ਘਰ ਵਿੱਚ ਨਹੀਂ ਟਿਕਦੇ ।12ਉਹ ਕਦੀ ਸੜਕਾਂ ਉੱਤੇ, ਕਦੀ ਚੌਂਕਾਂ ਵਿੱਚ, ਅਤੇ ਹਰੇਕ ਮੋੜ ਉੱਤੇ ਉਹ ਇੰਤਜ਼ਾਰ ਕਰਦੀ ਹੈ ।
13ਸੋ ਉਹ ਨੇ ਉਸ ਨੂੰ ਫੜ੍ਹ ਕੇ ਉਸ ਨੂੰ ਚੁੰਮ ਲਿਆ, ਅਤੇ ਬੇਸ਼ਰਮੀ ਨਾਲ ਉਸ ਨੂੰ ਆਖਿਆ,14ਮੈਂ ਮੇਲ ਦੀਆਂ ਭੇਟਾਂ ਚੜ੍ਹਾਉਣੀਆਂ ਸਨ, ਅਤੇ ਅੱਜ ਮੈਂ ਆਪਣੀਆਂ ਸੁੱਖਣਾ ਪੂਰੀਆਂ ਕੀਤੀਆਂ ਹਨ ।15ਇਸੇ ਲਈ ਮੈਂ ਤੈਨੂੰ ਮਿਲਣ ਅਤੇ ਲੱਭਣ ਨੂੰ ਨਿੱਕਲੀ ਹਾਂ, ਅਤੇ ਹੁਣ ਤੂੰ ਮੈਨੂੰ ਲੱਭ ਪਿਆ ਹੈਂ ।
16ਮੈਂ ਆਪਣੀ ਸੇਜ ਉੱਤੇ ਪਲੰਗ ਪੋਸ਼, ਅਤੇ ਮਿਸਰ ਦੇ ਸੂਤ ਦੇ ਰੰਗਦਾਰ ਵਿਛੁਉਣੇ ਵਿਛਾਏ:17ਮੈਂ ਆਪਣੇ ਵਿਛਾਉਣੇ ਉੱਤੇ ਗੰਧਰਸ ਅਤੇ ਅਗਰ ਅਤੇ ਦਾਲਚੀਨੀ ਛਿੜਕੀ ਹੈ ।18ਆ ਅਸੀਂ ਸਵੇਰ ਤੱਕ ਪ੍ਰੇਮ ਨਾਲ ਰੱਤੇ ਜਾਈਏ, ਲਾਡ ਪਿਆਰ ਨਾਲ ਅਸੀਂ ਜੀ ਬਹਿਲਾਈਏ,
19ਕਿਉਂ ਜੋ ਮੇਰਾ ਪਤੀ ਘਰ ਵਿੱਚ ਨਹੀਂ ਹੈ, ਉਹ ਦੂਰ ਦੇਸ਼ ਦੇ ਸਫ਼ਰ ਤੇ ਗਿਆ ਹੋਇਆ ਹੈ ।20ਉਹ ਰੁਪਿਆਂ ਦੀ ਗੁਥਲੀ ਨਾਲ ਲੈ ਗਿਆ ਹੈ, ਅਤੇ ਪੂਰਨਮਾਸੀ ਨੂੰ ਘਰ ਆਵੇਗਾ ।21ਉਹ ਨੇ ਆਪਣੀਆਂ ਬਾਹਲੀਆਂ ਚਿਕਨੀਆਂ-ਚੋਪੜੀਆਂ ਗੱਲਾਂ ਨਾਲ ਉਸ ਨੂੰ ਫ਼ੁਸਲਾ ਲਿਆ, ਅਤੇ ਆਪਣੇ ਬੁੱਲਾਂ ਦੇ ਲੱਲੋ-ਪੱਤੋ ਨਾਲ ਧੱਕੋ ਧੱਕੀ ਉਹ ਨੂੰ ਲੈ ਗਈ ।
22ਉਹ ਝੱਟ ਉਹ ਦੇ ਮਗਰ ਹੋ ਤੁਰਿਆ, ਜਿਵੇਂ ਬਲਦ ਵੱਢੇ ਜਾਣ ਲਈ, ਜਾਂ ਬੇੜੀਆਂ ਵਿੱਚ ਕੋਈ ਮੂਰਖ ਸਜ਼ਾ ਲਈ ਜਾਵੇ,23ਜਦ ਤੱਕ ਤੀਰ ਉਹ ਦੇ ਕਲੇਜੇ ਨੂੰ ਨਾ ਵਿੰਨੇ, ਜਿਵੇਂ ਪੰਛੀ ਫਾਹੀ ਵੱਲ ਨੂੰ ਛੇਤੀ ਨਾਲ ਜਾਵੇ, ਅਤੇ ਨਹੀਂ ਜਾਣਦਾ ਭਈ ਇਹ ਉਹ ਉਸ ਦੀ ਜਾਨ ਲੈਣ ਲਈ ਹੈ ।
24ਹੁਣ ਹੇ ਮੇਰੇ ਪੁੱਤਰੋ, ਤੁਸੀਂ ਮੇਰੀ ਸੁਣੋ, ਅਤੇ ਮੇਰੇ ਮੂੰਹ ਦੇ ਬਚਨਾਂ ਉੱਤੇ ਧਿਆਨ ਲਾਓ ।25ਉਹ ਦੇ ਰਾਹਾਂ ਵੱਲ ਤੇਰਾ ਚਿੱਤ ਨਾ ਲੱਗੇ, ਤੂੰ ਉਹ ਦੇ ਮਾਰਗਾਂ ਵਿੱਚ ਨਾ ਭਟਕਦਾ ਫਿਰੀਂ,
26ਕਿਉਂ ਜੋ ਉਹ ਨੇ ਬਹੁਤਿਆਂ ਨੂੰ ਜ਼ਖ਼ਮੀ ਕਰਕੇ ਡੇਗ ਦਿੱਤਾ ਹੈ, ਅਤੇ ਉਹ ਦੇ ਘਾਤ ਕੀਤੇ ਹੋਏ ਢੇਰ ਸਾਰੇ ਹਨ !27ਉਹ ਦਾ ਘਰ ਪਤਾਲ ਦਾ ਰਾਹ ਹੈ, ਜਿਹੜਾ ਮੌਤ ਦੀਆਂ ਕੋਠੜੀਆਂ ਵੱਲ ਲੈ ਜਾਂਦਾ ਹੈ ।

8
ਬੁੱਧ ਦੀ ਉਸਤਤ ਲਈ

1ਭਲਾ, ਬੁੱਧ ਨਹੀਂ ਪੁਕਾਰਦੀ ? ਭਲਾ, ਸਮਝ ਅਵਾਜ਼ ਨਹੀਂ ਮਾਰਦੀ ?2ਉਹ ਰਾਹ ਦੇ ਲਾਗੇ ਉੱਚੇ-ਉੱਚੇ ਥਾਵਾਂ ਵਿੱਚ, ਅਤੇ ਚੌਰਾਹਿਆਂ ਵਿੱਚ ਖੜ੍ਹੀ ਹੁੰਦੀ ਹੈ ।3ਫਾਟਕਾਂ ਦੇ ਕੋਲ, ਨਗਰ ਦੇ ਲਾਂਘਿਆਂ ਤੇ, ਅਤੇ ਬੂਹਿਆਂ ਦੇ ਕੋਲ ਉਹ ਹਾਕ ਮਾਰਦੀ ਹੈ,

4ਹੇ ਮਨੁੱਖੋ, ਮੈਂ ਤੁਹਾਨੂੰ ਹੀ ਪੁਕਾਰਦੀ ਹਾਂ, ਅਤੇ ਆਦਮ ਵੰਸ਼ੀਆਂ ਲਈ ਮੇਰੀ ਅਵਾਜ਼ ਹੈ !5ਹੇ ਭੋਲਿਓ, ਹੁਸ਼ਿਆਰੀ ਸਿੱਖੋ, ਅਤੇ ਹੇ ਮੂਰਖੋ, ਤੁਸੀਂ ਮਨ ਵਿੱਚ ਚਤਰ ਬਣੋ !
6ਸੁਣੋ, ਮੈਂ ਉੱਤਮ ਗੱਲਾਂ ਆਖਾਂਗੀ, ਅਤੇ ਮੇਰੇ ਬੁੱਲ ਖਰੀਆਂ ਗੱਲਾਂ ਲਈ ਖੁੱਲਣਗੇ,7ਕਿਉਂ ਜੋ ਮੇਰੀ ਜੀਭ ਸੱਚੋ ਸੱਚ ਆਖੇਗੀ, ਅਤੇ ਮੇਰੇ ਬੁੱਲਾਂ ਨੂੰ ਦੁਸ਼ਟਤਾਈ ਤੋਂ ਘਿਣ ਆਉਂਦੀ ਹੈ ।
8ਮੇਰੇ ਮੂੰਹ ਦੇ ਸਾਰੇ ਬਚਨ ਧਰਮ ਦੇ ਹਨ, ਉਨ੍ਹਾਂ ਵਿੱਚੋਂ ਕੋਈ ਵਿੰਗਾ ਟੇਢਾ ਨਹੀਂ ।9ਸਮਝ ਵਾਲੇ, ਦੇ ਲਈ ਓਹ ਸੱਭੇ ਸਰਲ ਹਨ, ਅਤੇ ਗਿਆਨ ਪ੍ਰਾਪਤ ਕਰਨ ਵਾਲਿਆਂ ਦੇ ਲਈ ਓਹ ਖਰੇ ਹਨ ।
10ਚਾਂਦੀ ਨਾਲੋਂ ਮੇਰੀ ਸਿੱਖਿਆ ਨੂੰ, ਅਤੇ ਚੋਖੇ ਸੋਨੇ ਨਾਲੋਂ ਗਿਆਨ ਨੂੰ ਗ੍ਰਹਿਣ ਕਰੋ,11ਕਿਉਂ ਜੋ ਬੁੱਧ ਹੀਰੇ ਮੋਤੀਆਂ ਨਾਲੋਂ ਵੀ ਉੱਤਮ ਹੈ, ਅਤੇ ਸੱਭੋ ਮਨੋਹਰ ਵਸਤਾਂ ਉਹ ਦੇ ਤੁੱਲ ਨਹੀਂ ਹੁੰਦੀਆਂ ।
12ਮੈਂ ਬੁੱਧ ਸਿਆਣਪ ਨਾਲ ਵੱਸਦੀ ਹਾਂ, ਅਤੇ ਗਿਆਨ ਤੇ ਸੋਝੀ ਨੂੰ ਮੈਂ ਹੀ ਭਾਲਦੀ ਹਾਂ ।13ਯਹੋਵਾਹ ਦਾ ਭੈ ਬੁਰਿਆਈ ਤੋਂ ਨਫ਼ਰਤ ਕਰਨਾ ਹੈ, ਘਮੰਡ, ਹੰਕਾਰ ਅਤੇ ਬੁਰੀ ਚਾਲ, ਪੁੱਠੀਆਂ ਸਿੱਧੀਆਂ ਗੱਲਾਂ ਨਾਲ ਵੀ ਮੈਂ ਵੈਰ ਰੱਖਦੀ ਹਾਂ ।
14ਮੱਤ ਅਤੇ ਸਿਆਣਪ ਮੇਰੀ ਹੈ, ਸਮਝ ਮੈਂ ਹਾਂ, ਸਮਰੱਥਾ ਮੇਰੀ ਹੈ ।15ਰਾਜੇ ਮੇਰੀ ਸਹਾਇਤਾ ਨਾਲ ਰਾਜ ਕਰਦੇ, ਅਤੇ ਹਾਕਮ ਧਰਮ ਦੇ ਹੁਕਮ ਚਲਾਉਂਦੇ ਹਨ ।16ਮੇਰੇ ਹੀ ਕਾਰਨ ਸਰਦਾਰ ਸਰਦਾਰੀ ਕਰਦੇ ਹਨ, ਨਾਲੇ ਧਰਤੀ ਦੇ ਪਤਵੰਤੇ ਅਤੇ ਸਾਰੇ ਨਿਆਈ ਵੀ ।
17ਜਿਹੜੇ ਮੇਰੇ ਨਾਲ ਪ੍ਰੀਤ ਲਾਉਂਦੇ ਹਨ ਉਨ੍ਹਾਂ ਨਾਲ ਮੈਂ ਵੀ ਪ੍ਰੀਤ ਲਾਉਂਦੀ ਹਾਂ, ਅਤੇ ਜਿਹੜੇ ਮਨ ਨਾਲ ਮੈਨੂੰ ਭਾਲਦੇ ਹਨ ਓਹ ਮੈਨੂੰ ਲੱਭ ਲੈਣਗੇ ।18ਧਨ ਅਤੇ ਆਦਰ ਮੇਰੇ ਹੱਥ ਵਿੱਚ ਹਨ, ਸਗੋਂ ਸਦੀਪਕ ਧਨ ਤੇ ਧਰਮ ਵੀ ।
19ਮੇਰਾ ਫਲ ਸੋਨੇ ਸਗੋਂ ਚੋਖੇ ਸੋਨੇ ਨਾਲੋਂ ਚੰਗਾ ਹੈ, ਅਤੇ ਮੇਰੀ ਪ੍ਰਾਪਤੀ ਉੱਤਮ ਚਾਂਦੀ ਨਾਲੋਂ ਵੀ ਚੰਗੀ ਹੈ ।20ਮੈਂ ਧਰਮ ਦੇ ਮਾਰਗ ਵਿੱਚ, ਅਤੇ ਨਿਆਂ ਦੇ ਰਾਹਾਂ ਦੇ ਵਿਚਕਾਰ ਤੁਰਦੀ ਹਾਂ,21ਤਾਂ ਜੋ ਆਪਣੇ ਪ੍ਰੇਮੀਆਂ ਨੂੰ ਧਨ ਦੇ ਵਾਰਸ ਬਣਾਵਾਂ ਅਤੇ ਉਨ੍ਹਾਂ ਦੇ ਖ਼ਜ਼ਾਨੇ ਭਰ ਦਿਆਂ ।
22ਯਹੋਵਾਹ ਨੇ ਆਪਣੇ ਕੰਮ ਦੇ ਅਰੰਭ ਵਿੱਚ, ਸਗੋਂ ਆਪਣੇ ਪ੍ਰਾਚੀਨ ਕਾਲ ਦੇ ਕੰਮਾਂ ਤੋਂ ਵੀ ਪਹਿਲਾਂ ਮੈਨੂੰ ਰਚਿਆ ।23ਆਦ ਤੋਂ ਸਗੋਂ ਧਰਤੀ ਦੀ ਸਿਰਜਣਾ ਤੋਂ ਪਹਿਲਾਂ ਹੀ, ਮੁੱਢੋਂ ਹੀ ਮੈਂ ਠਹਿਰਾਈ ਗਈ ।
24ਜਿਸ ਵੇਲੇ ਗਹਿਰੇ ਸਾਗਰ ਨਹੀਂ ਸਨ, ਜਦ ਵਗਦੇ ਸੋਤੇ ਨਹੀਂ ਸਨ, ਤਦ ਤੋਂ ਹੀ ਮੈਂ ਪੈਦਾ ਹੋਈ ।25ਪਹਾੜਾਂ ਅਤੇ ਪਹਾੜੀਆਂ ਦੀ ਸਥਾਪਨਾ ਤੋਂ ਪਹਿਲਾਂ ਹੀ ਮੈਂ ਪੈਦਾ ਹੋਈ ।
26ਜਦੋਂ ਉਸ ਨੇ ਨਾ ਹੀ ਧਰਤੀ ਨਾ ਮੈਦਾਨ, ਨਾ ਜਗਤ ਦੀ ਪਹਿਲੀ ਧੂੜ ਹੀ ਬਣਾਈ ਸੀ, ਇਸ ਤੋਂ ਪਹਿਲਾਂ ਹੀ ਤੋਂ ਮੈਂ ਪੈਦਾ ਹੋਈ ।27ਜਦ ਉਹ ਨੇ ਅਕਾਸ਼ ਸਥਿਰ ਕੀਤੇ, ਮੈਂ ਉੱਥੇ ਹੀ ਸੀ, ਜਦ ਗਹਿਰੇ ਸਾਗਰਾਂ ਉੱਤੇ ਅਕਾਸ਼ ਮੰਡਲ ਠਹਿਰਾਇਆ ।
28ਜਦ ਉਹ ਨੇ ਬੱਦਲਾਂ ਨੂੰ ਉੱਪਰੋਂ ਸਥਿਰ ਕੀਤਾ, ਅਤੇ ਡੂੰਘਿਆਈ ਦੇ ਚਸ਼ਮੇ ਬਣਾਏ,29ਜਦ ਉਹ ਨੇ ਸਮੁੰਦਰ ਦੀਆਂ ਹੱਦਾਂ ਠਹਿਰਾਈਆਂ, ਭਈ ਪਾਣੀ ਉਹ ਦੇ ਹੁਕਮੋਂ ਬਾਹਰ ਨਾ ਜਾਵੇ, ਅਤੇ ਜਦ ਉਹ ਨੇ ਧਰਤੀ ਦੀਆਂ ਨੀਹਾਂ ਠਹਿਰਾਈਆਂ,
30ਤਦ ਮੈਂ ਰਾਜ ਮਿਸਤਰੀ ਦੇ ਵਾਂਗੂੰ ਉਹ ਦੇ ਨਾਲ ਸੀ, ਮੈਂ ਹਰ ਰੋਜ਼ ਉਸ ਦਾ ਅਨੰਦ ਸੀ, ਹਰ ਵੇਲੇ ਉਹ ਦੇ ਸਾਹਮਣੇ ਮਗਨ ਰਹਿੰਦੀ ਸੀ,31ਮੈਂ ਉਹ ਦੀ ਵਸਾਈ ਹੋਈ ਧਰਤੀ ਉੱਤੇ ਪ੍ਰਸੰਨ ਰਹਿੰਦੀ, ਅਤੇ ਮੈਂ ਮਨੁੱਖਾਂ ਦੀ ਸੰਗਤੀ ਨਾਲ ਸੁਖੀ ਰਹਿੰਦੀ ਸੀ ।
32ਸੋ ਹੁਣ, ਹੇ ਮੇਰੇ ਪੁੱਤਰੋ, ਤੁਸੀਂ ਮੇਰੀ ਸੁਣੋ, ਕਿਉਂ ਜੋ ਧੰਨ ਓਹ ਹਨ ਜਿਹੜੇ ਮੇਰੇ ਰਾਹਾਂ ਦੀ ਪਾਲਣਾ ਕਰਦੇ ਹਨ ।33ਸਿੱਖਿਆ ਨੂੰ ਸੁਣੋ ਤੇ ਬੁੱਧਵਾਨ ਬਣੋ, ਅਤੇ ਉਸ ਨੂੰ ਅਣਸੁਣੀ ਨਾ ਕਰੋ ।34ਧੰਨ ਹੈ ਉਹ ਆਦਮੀ ਜੋ ਮੇਰੀ ਸੁਣਦਾ ਹੈ, ਜੋ ਮੇਰੇ ਬੂਹਿਆਂ ਉੱਤੇ ਨਿੱਤ ਉਡੀਕ ਕਰਦਾ, ਅਤੇ ਮੇਰੇ ਦਰਵਾਜ਼ਿਆਂ ਦੀਆਂ ਚੁਗਾਠਾਂ ਦੇ ਕੋਲ ਤੱਕਦਾ ਰਹਿੰਦਾ ਹੈ ।
35ਜਿਹੜਾ ਮੈਨੂੰ ਪ੍ਰਾਪਤ ਕਰਦਾ ਹੈ, ਉਹ ਜੀਵਨ ਨੂੰ ਪ੍ਰਾਪਤ ਕਰਦਾ ਹੈ, ਅਤੇ ਯਹੋਵਾਹ ਤੋਂ ਕਿਰਪਾ ਪਾਵੇਗਾ ।36ਪਰ ਜੋ ਮੇਰਾ ਪਾਪ ਕਰਦਾ ਹੈ ਉਹ ਆਪਣੀ ਜਾਨ ਦਾ ਨੁਕਸਾਨ ਕਰਦਾ ਹੈ, ਜਿੰਨੇ ਮੇਰੇ ਨਾਲ ਵੈਰ ਰੱਖਦੇ ਹਨ ਉਹ ਮੌਤ ਨਾਲ ਪ੍ਰੀਤ ਰੱਖਦੇ ਹਨ !

9
ਬੁੱਧੀਮਾਨੀ ਅਤੇ ਮੂਰਖਤਾ

1ਬੁੱਧ ਨੇ ਆਪਣਾ ਘਰ ਬਣਾਇਆ ਹੈ, ਉਹ ਨੇ ਆਪਣੇ ਸੱਤ ਥੰਮ ਘੜ ਲਏ ਹਨ ।2ਉਹ ਨੇ ਰਾਤ ਦੇ ਭੋਜਨ ਦੇ ਲਈ ਆਪਣੇ ਪਸ਼ੂਆਂ ਨੂੰ ਕੱਟ ਕੇ ਤਿਆਰ ਕੀਤਾ, ਉਹ ਨੇ ਆਪਣੀ ਮੈ ਰਲਾ ਲਈ, ਉਹ ਨੇ ਆਪਣੀ ਮੇਜ਼ ਵੀ ਸਜਾ ਲਈ ਹੈ ।

3ਉਹ ਨੇ ਆਪਣੀਆਂ ਦਾਸੀਆਂ ਕੋਲ ਸੱਦਾ ਭੇਜਿਆ ਹੈ, ਉਹ ਨਗਰ ਦੇ ਉੱਚਿਆਂ ਥਾਵਾਂ ਤੋਂ ਪੁਕਾਰਦੀ ਹੈ,4ਜੋ ਕੋਈ ਭੋਲਾ ਹੈ ਉਹ ਉਰੇ ਜਾਵੇ ! ਅਤੇ ਜਿਹੜਾ ਨਿਰਬੁੱਧ ਹੈ ਉਸ ਨੂੰ ਉਹ ਇਹ ਆਖਦੀ ਹੈ,
5ਆਓ, ਮੇਰੀ ਰੋਟੀ ਵਿੱਚੋਂ ਖਾਓ, ਤੇ ਮੇਰੀ ਰਲਾਈ ਹੋਈ ਮੈ ਵਿੱਚੋਂ ਪੀਓ !6ਭੋਲਿਆਂ ਦੀ ਸੰਗਤ ਨੂੰ ਛੱਡੋ ਤੇ ਜੀਉਂਦੇ ਰਹੋ, ਅਤੇ ਸਮਝ ਦੇ ਰਾਹ ਉੱਤੇ ਸਿੱਧੇ ਤੁਰੋ !
7ਮਖੌਲੀਏ ਨੂੰ ਤਾੜਨ ਵਾਲਾ ਆਪਣੀ ਹੀ ਬੇਇੱਜ਼ਤੀ ਕਰਾਉਂਦਾ ਹੈ, ਅਤੇ ਦੁਸ਼ਟ ਨੂੰ ਡਾਂਟਣ ਵਾਲੇ ਨੂੰ ਧੱਬਾ ਲੱਗਦਾ ਹੈ ।8ਮਖੌਲੀਏ ਨੂੰ ਨਾ ਤਾੜ ਕਿਤੇ ਉਹ ਤੇਰਾ ਵੈਰੀ ਨਾ ਬਣ ਜਾਏ, ਬੁੱਧਵਾਨ ਨੂੰ ਤਾੜ ਤਾਂ ਉਹ ਤੇਰੇ ਨਾਲ ਪ੍ਰੇਮ ਰੱਖੇਗਾ ।9ਬੁੱਧਵਾਨ ਨੂੰ ਸਿੱਖਿਆ ਦੇ, ਉਹ ਹੋਰ ਵੀ ਬੁੱਧਵਾਨ ਹੋਵੇਗਾ, ਧਰਮੀ ਨੂੰ ਸਿਖਾ, ਉਹ ਵਿਦਿਆ ਵਿੱਚ ਵੱਧ ਜਾਵੇਗਾ ।
10ਯਹੋਵਾਹ ਦਾ ਭੈ ਮੰਨਣਾ ਬੁੱਧ ਦਾ ਮੁੱਢ ਹੈ, ਅਤੇ ਅੱਤ ਪਵਿੱਤਰ ਦਾ ਗਿਆਨ ਹੀ ਸਮਝ ਹੈ ।11ਮੇਰੇ ਰਾਹੀਂ ਤੇਰੀ ਉਮਰ ਵਧੇਗੀ, ਅਤੇ ਤੇਰੇ ਜੀਵਨ ਦੇ ਸਾਲ ਢੇਰ ਸਾਰੇ ਹੋਣਗੇ ।12ਜੇ ਤੂੰ ਬੁੱਧਵਾਨ ਹੈ ਤਾਂ ਤੂੰ ਹੀ ਉਸਦਾ ਲਾਭ ਪਾਵੇਂਗਾ, ਪਰ ਜੇ ਤੂੰ ਠੱਠਾ ਕਰਨ ਵਾਲਾ ਹੈਂ ਤਾਂ ਤੂੰ ਇਕੱਲਾ ਹੀ ਉਸਦਾ ਦੰਡ ਭੋਗੇਂਗਾ ।
13ਮੂਰਖ ਔਰਤ ਬੜਬੋਲੀ ਹੈ, ਉਹ ਭੋਲੀ ਹੈ ਅਤੇ ਕੁਝ ਜਾਣਦੀ ਹੀ ਨਹੀਂ ।14ਉਹ ਆਪਣੇ ਘਰ ਦੇ ਬੂਹੇ ਕੋਲ, ਅਤੇ ਨਗਰ ਦੇ ਉੱਚੇ ਸਥਾਨਾਂ ਉੱਤੇ ਬਹਿੰਦੀ ਹੈ,15ਤਾਂ ਜੋ ਰਾਹੀਆਂ ਨੂੰ ਸੱਦੇ, ਜਿਹੜੇ ਆਪਣੇ ਰਾਹ ਸਿੱਧੇ ਤੁਰੇ ਜਾਂਦੇ ਹਨ,
16ਜਿਹੜਾ ਭੋਲਾ ਹੈ, ਉਹ ਐਥੇ ਆਵੇ ! ਅਤੇ ਜੋ ਨਿਰਬੁੱਧ ਹੈ ਉਸ ਨੂੰ ਆਖਦੀ ਹੈ,17ਚੋਰੀ ਦਾ ਪਾਣੀ ਮਿੱਠਾ, ਅਤੇ ਲੁਕਮੀ ਰੋਟੀ ਸੁਆਦਲੀ ਹੈ !18ਪਰ ਉਸ ਰਾਹੀ ਨੂੰ ਪਤਾ ਨਹੀਂ ਕਿ ਮਰੇ ਹੋਏ ਉੱਥੇ ਪਏ ਹਨ, ਅਤੇ ਉਸ ਔਰਤ ਦੇ ਪਰਾਹੁਣੇ ਪਤਾਲ ਦੀਆਂ ਡੁੰਘਿਆਈਆਂ ਵਿੱਚ ਹਨ !

10
ਸੁਲੇਮਾਨ ਦੀਆਂ ਕਹਾਉਤਾਂ

1ਸੁਲੇਮਾਨ ਦੀਆਂ ਕਹਾਉਤਾਂ, ਬੁੱਧਵਾਨ ਪੁੱਤਰ ਆਪਣੇ ਪਿਤਾ ਨੂੰ ਅਨੰਦ ਕਰਦਾ ਹੈ, ਪਰ ਮੂਰਖ ਪੁੱਤਰ ਮਾਂ ਦੇ ਲਈ ਦੁੱਖ ਦਾ ਕਾਰਨ ਹੈ ।2ਬਦੀ ਨਾਲ ਇਕੱਠੇ ਕੀਤੇ ਖ਼ਜ਼ਾਨਿਆਂ ਤੋਂ ਕੁਝ ਲਾਭ ਨਹੀਂ ਹੁੰਦਾ, ਪਰ ਨੇਕੀ ਦੇ ਕੰਮ ਮੌਤ ਤੋਂ ਬਚਾ ਲੈਂਦੇ ਹਨ ।3ਧਰਮੀ ਮਨੁੱਖ ਨੂੰ ਯਹੋਵਾਹ ਭੁੱਖਾ ਰਹਿਣ ਨਹੀਂ ਦਿੰਦਾ, ਪਰ ਦੁਸ਼ਟ ਦੀ ਲੋਚ ਉਹ ਪੂਰਾ ਹੋਣ ਨਹੀਂ ਦਿੰਦਾ ।

4ਆਲਸੀ ਹੱਥ ਕੰਗਾਲ ਕਰਦਾ ਹੈ, ਪਰ ਉੱਦਮੀ ਦਾ ਹੱਥ ਧਨੀ ਬਣਾ ਦਿੰਦਾ ਹੈ ।5ਜਿਹੜਾ ਧੁੱਪ ਦੇ ਵੇਲੇ ਇਕੱਠਾ ਕਰਦਾ ਹੈ ਉਹ ਸਿਆਣਾ ਪੁੱਤਰ ਹੈ, ਪਰ ਜਿਹੜਾ ਵਾਢੀ ਦੇ ਵੇਲੇ ਸੁੱਤਾ ਰਹਿੰਦਾ ਹੈ, ਉਹ ਸ਼ਰਮਿੰਦਾ ਕਰਨ ਵਾਲਾ ਪੁੱਤਰ ਹੈ ।
6ਧਰਮੀ ਦੇ ਸਿਰ ਉੱਤੇ ਬਹੁਤ ਅਸੀਸਾਂ ਹੁੰਦੀਆਂ ਹਨ, ਪਰ ਜ਼ੁਲਮ ਦੁਸ਼ਟਾਂ ਦੇ ਮੂੰਹ ਨੂੰ ਢੱਕ ਲੈਂਦਾ ਹੈ ।7ਧਰਮੀ ਦੀ ਯਾਦ ਮੁਬਾਰਕ ਹੈ, ਪਰ ਦੁਸ਼ਟਾਂ ਦਾ ਨਾਮ ਮਿਟ ਜਾਵੇਗਾ ।
8ਮਨ ਦਾ ਬੁੱਧਵਾਨ ਹੁਕਮ ਨੂੰ ਮੰਨਦਾ ਹੈ, ਪਰ ਬਕਵਾਸੀ ਮੂਰਖ ਡਿੱਗ ਪੈਂਦਾ ਹੈ ।9ਸਿੱਧਾ ਤੁਰਨ ਵਾਲਾ ਬੇਖਟਕੇ ਤੁਰਦਾ ਹੈ, ਅਤੇ ਜਿਹੜਾ ਟੇਢੀ ਚਾਲ ਚਲਦਾ ਹੈ ਉਹ ਉਜਾਗਰ ਹੋ ਜਾਵੇਗਾ ।
10ਜਿਹੜਾ ਅੱਖਾਂ ਮਟਕਾਉਂਦਾ ਹੈ ਉਹ ਦੂਸਰਿਆਂ ਨੂੰ ਦੁੱਖ ਪਹੁੰਚਾਉਂਦਾ ਹੈ, ਅਤੇ ਬਕਵਾਸੀ ਮੂਰਖ ਡਿੱਗ ਪੈਂਦਾ ਹੈ ।11ਧਰਮੀ ਦਾ ਮੂੰਹ ਜੀਵਨ ਦਾ ਚਸ਼ਮਾ ਹੈ, ਪਰ ਦੁਸ਼ਟਾਂ ਦੇ ਮੂੰਹ ਨੂੰ ਜ਼ੁਲਮ ਢੱਕ ਲੈਂਦਾ ਹੈ ।
12ਵੈਰ ਝਗੜੇ ਛੇੜਦਾ ਹੈ, ਪਰੰਤੂ ਪ੍ਰੇਮ ਸਾਰਿਆਂ ਅਪਰਾਧਾਂ ਨੂੰ ਢੱਕ ਲੈਂਦਾ ਹੈ ।13ਸਮਝ ਵਾਲੇ ਦਿਆਂ ਬੁੱਲ੍ਹਾਂ ਉੱਤੇ ਬੁੱਧ ਲੱਭਦੀ ਹੈ, ਅਤੇ ਬੇਸਮਝ ਦੀ ਪਿੱਠ ਲਈ ਸੋਟੀ ਹੈ ।
14ਬੁੱਧਵਾਨ ਗਿਆਨ ਨੂੰ ਰੱਖ ਛੱਡਦੇ ਹਨ, ਪਰੰਤੂ ਮੂਰਖ ਦਾ ਮੂੰਹ ਵਿਨਾਸ਼ ਲਿਆਉਂਦਾ ਹੈ ।15ਧਨੀ ਦਾ ਧਨ ਉਹਦਾ ਪੱਕਾ ਨਗਰ ਹੈ, ਪਰ ਕੰਗਾਲਾਂ ਦੀ ਕੰਗਾਲੀ ਉਹਨਾਂ ਦੇ ਵਿਨਾਸ਼ ਦਾ ਕਾਰਨ ਹੈ ।
16ਧਰਮੀ ਦੀ ਮਿਹਨਤ ਜੀਵਨ ਲਈ ਹੁੰਦੀ ਹੈ, ਪਰ ਦੁਸ਼ਟਾਂ ਦਾ ਨਫ਼ਾ ਪਾਪ ਲਈ ਹੈ ।17ਜਿਹੜਾ ਸਿੱਖਿਆ ਨੂੰ ਮੰਨਦਾ ਹੈ ਉਹ ਤਾਂ ਜੀਵਨ ਦੇ ਰਾਹ ਉੱਤੇ ਹੈ, ਪਰ ਜਿਹੜਾ ਤਾੜਨਾ ਨੂੰ ਰੱਦ ਕਰਦਾ ਹੈ ਉਹ ਰਾਹ ਤੋਂ ਭੁੱਲਿਆ ਹੋਇਆ ਹੈ ।
18ਜਿਹੜਾ ਵੈਰ ਨੂੰ ਲੁਕੋ ਰੱਖਦਾ ਹੈ ਉਹ ਝੂਠਾ, ਅਤੇ ਜਿਹੜਾ ਨਿੰਦਿਆ ਕਰਦਾ ਹੈ ਉਹ ਮੂਰਖ ਹੈ ।19ਜਿੱਥੇ ਬਹੁਤੀਆਂ ਗੱਲਾਂ ਹੁੰਦੀਆਂ ਹਨ, ਉੱਥੇ ਅਪਰਾਧ ਵੀ ਹੁੰਦਾ ਹੈ, ਪਰ ਜੋ ਆਪਣੇ ਮੂੰਹ ਨੂੰ ਰੋਕ ਰੱਖਦਾ ਹੈ ਉਹ ਬੁੱਧਵਾਨ ਹੈ ।
20ਧਰਮੀ ਦੇ ਬੋਲ ਖਰੀ ਚਾਂਦੀ ਹਨ, ਪਰ ਦੁਸ਼ਟ ਦਾ ਮਨ ਤੁੱਛ ਹੈ ।21ਧਰਮੀ ਦੇ ਬੋਲ ਬਹੁਤਿਆਂ ਨੂੰ ਰਜਾਉਂਦੇ ਹਨ, ਪਰ ਮੂਰਖ ਬੇਸਮਝੀ ਦੇ ਕਾਰਨ ਮਰਦੇ ਹਨ ।
22ਯਹੋਵਾਹ ਦੀ ਬਰਕਤ ਧਨੀ ਬਣਾਉਂਦੀ ਹੈ, ਅਤੇ ਉਸ ਦੇ ਨਾਲ ਉਹ ਦੁੱਖ ਨਹੀਂ ਮਿਲਾਉਂਦਾ ।23ਮੂਰਖ ਲਈ ਤਾਂ ਪਾਪ ਕਰਨਾ ਹਾਸੇ ਦੀ ਗੱਲ ਹੈ, ਪਰ ਸਮਝ ਵਾਲੇ ਮਨੁੱਖ ਵਿੱਚ ਬੁੱਧ ਪਾਈ ਜਾਂਦੀ ਹੈ ।
24ਦੁਸ਼ਟ ਜਿਸ ਬਿਪਤਾ ਤੋਂ ਡਰਦਾ ਹੈ, ਉਹੋ ਉਸ ਉਤੇ ਆਣ ਪਵੇਗੀ, ਪਰ ਧਰਮੀ ਦੀ ਇੱਛਿਆ ਪੂਰੀ ਕੀਤੀ ਜਾਵੇਗੀ ।25ਦੁਸ਼ਟ ਵਾਵਰੋਲੇ ਵਾਂਗੂੰ ਲੰਘ ਜਾਂਦਾ ਹੈ, ਪਰ ਧਰਮੀ ਦੀ ਨੀਂਹ ਅਟੱਲ ਹੈ ।
26ਜਿਵੇਂ ਦੰਦਾਂ ਲਈ ਸਿਰਕਾ ਅਤੇ ਅੱਖਾਂ ਲਈ ਧੂੰਆਂ ਹੈ, ਉਸੇ ਤਰ੍ਹਾਂ ਹੀ ਆਲਸੀ ਆਪਣੇ ਭੇਜਣ ਵਾਲਿਆਂ ਲਈ ਹੈ ।27ਯਹੋਵਾਹ ਦਾ ਭੈ ਉਮਰ ਵਧਾਉਂਦਾ ਹੈ, ਪਰ ਦੁਸ਼ਟਾਂ ਦੀ ਉਮਰ ਥੋੜ੍ਹੀ ਹੋਵੇਗੀ ।
28ਧਰਮੀ ਦੀ ਆਸ ਉਸ ਦਾ ਅਨੰਦ ਹੈ, ਪਰ ਦੁਸ਼ਟ ਦੀ ਆਸ ਮਿਟ ਜਾਵੇਗੀ ।29ਯਹੋਵਾਹ ਦਾ ਰਾਹ ਖਰਿਆਂ ਲਈ ਪੱਕਾ ਗੜ੍ਹ ਹੈ, ਪਰ ਕੁਕਰਮੀਆਂ ਲਈ ਵਿਨਾਸ਼ ਹੈ ।30ਧਰਮੀ ਤਾਂ ਸਦਾ ਅਟੱਲ ਰਹਿਣਗੇ, ਪਰ ਦੁਸ਼ਟ ਧਰਤੀ ਉੱਤੇ ਨਾ ਵੱਸਣਗੇ ।
31ਧਰਮੀ ਦਾ ਮੂੰਹ ਬੁੱਧ ਦਾ ਫਲ ਦਿੰਦਾ ਹੈ, ਪਰ ਟੇਢੀ ਜੀਭ ਵੱਢੀ ਜਾਵੇਗੀ ।32ਧਰਮੀ ਦੇ ਬੁੱਲ ਮਨ ਭਾਉਂਦੀ ਗੱਲ ਜਾਣਦੇ ਹਨ, ਪਰ ਦੁਸ਼ਟ ਦਾ ਮੂੰਹ ਪੁੱਠੀਆਂ ਗੱਲਾਂ ਬੋਲਦਾ ਹੈ ।

11

1ਛਲ ਵਾਲੀ ਤੱਕੜੀ ਤੋਂ ਯਹੋਵਾਹ ਨੂੰ ਘਿਣ ਆਉਂਦੀ ਹੈ, ਪਰੰਤੂ ਪੂਰੇ ਤੋਲ ਤੋਂ ਉਹ ਪਰਸੰਨ ਹੁੰਦਾ ਹੈ ।2ਹੰਕਾਰ ਦੇ ਨਾਲ ਨਿਰਾਦਰ ਆਉਂਦਾ ਹੈ, ਪਰ ਨਿਮਰਤਾ ਦੇ ਨਾਲ ਬੁੱਧ ਆਉਂਦੀ ਹੈ ।

3ਸਿੱਧਿਆਂ ਦੀ ਖ਼ਰਾਈ ਉਹਨਾਂ ਦੀ ਅਗਵਾਈ ਕਰੇਗੀ, ਪਰ ਕਪਟੀਆਂ ਦੀ ਟੇਢੀ ਚਾਲ ਉਨ੍ਹਾਂ ਦਾ ਨਾਸ਼ ਕਰੇਗੀ ।4ਕਹਿਰ ਦੇ ਦਿਨ ਧਨ ਤੋਂ ਕੁਝ ਲਾਭ ਨਹੀਂ ਹੁੰਦਾ, ਪਰ ਨੇਕੀ ਦੇ ਕੰਮ ਮੌਤ ਤੋਂ ਬਚਾ ਲੈਂਦੇ ਹਨ ।
5ਖਰੇ ਮਨੁੱਖ ਦਾ ਰਾਹ ਧਾਰਮਿਕਤਾ ਦੇ ਕਾਰਨ ਸਿੱਧਾ ਰਹਿੰਦਾ ਹੈ, ਪਰ ਦੁਸ਼ਟ ਮਨੁੱਖ ਆਪਣੀ ਦੁਸ਼ਟਤਾਈ ਨਾਲ ਹੀ ਡਿੱਗ ਪੈਂਦਾ ਹੈ ।6ਸਿੱਧਿਆਂ ਦੀ ਸਿਧਿਆਈ ਉਹਨਾਂ ਨੂੰ ਛੁਡਾਉਂਦੀ ਹੈ, ਪਰ ਛਲੀਏ ਆਪਣੀ ਹੀ ਲੋਚ ਵਿੱਚ ਫਸ ਜਾਂਦੇ ਹਨ ।
7ਜਦ ਦੁਸ਼ਟ ਮਰਦਾ ਹੈ, ਤਦ ਉਹ ਦੀ ਆਸ ਵੀ ਮਿਟ ਜਾਂਦੀ ਹੈ, ਅਤੇ ਬੁਰਿਆਰਾਂ ਦੀ ਆਸ ਦਾ ਨਾਸ਼ ਹੋ ਜਾਂਦਾ ਹੈ ।8ਧਰਮੀ ਬਿਪਤਾ ਤੋਂ ਛੁਡਾਇਆ ਜਾਂਦਾ ਹੈ, ਪਰ ਦੁਸ਼ਟ ਉਸੇ ਵਿੱਚ ਫਸ ਜਾਂਦਾ ਹੈ ।
9ਕੁਧਰਮੀ ਆਪਣੇ ਮੂੰਹ ਨਾਲ ਆਪਣੇ ਗੁਆਂਢੀ ਦਾ ਨਾਸ਼ ਕਰਦਾ ਹੈ, ਪਰ ਧਰਮੀ ਗਿਆਨ ਦੇ ਕਾਰਨ ਛੁਡਾਏ ਜਾਂਦੇ ਹਨ ।10ਜਦ ਧਰਮੀਆਂ ਨੂੰ ਸੁੱਖ ਹੁੰਦਾ ਹੈ, ਤਦ ਨਗਰ ਦੇ ਲੋਕ ਪ੍ਰਸੰਨ ਹੁੰਦੇ ਹਨ, ਪਰ ਜਦ ਦੁਸ਼ਟਾਂ ਦਾ ਨਾਸ਼ ਹੁੰਦਾ, ਤਾਂ ਜੈਕਾਰੇ ਹੁੰਦੇ ਹਨ !11ਸਚਿਆਰਾਂ ਦੀਆਂ ਅਸੀਸਾਂ ਨਾਲ ਨਗਰ ਦਾ ਵਾਧਾ ਹੁੰਦਾ ਹੈ, ਪਰ ਦੁਸ਼ਟਾਂ ਦੇ ਬੋਲਾਂ ਨਾਲ ਉਹ ਢਹਿ ਜਾਂਦਾ ਹੈ ।
12ਜਿਹੜਾ ਆਪਣੇ ਗੁਆਂਢੀ ਨੂੰ ਤੁੱਛ ਜਾਣਦਾ ਹੈ ਉਹ ਨਿਰਬੁੱਧ ਹੈ, ਪਰ ਸਮਝਦਾਰ ਪੁਰਸ਼ ਚੁੱਪ ਰਹਿੰਦਾ ਹੈ ।13ਲੁਤਰਾ ਮਨੁੱਖ ਦੂਜਿਆਂ ਦੀਆਂ ਗੁਪਤ ਗੱਲਾਂ ਨੂੰ ਪ੍ਰਗਟ ਕਰਦਾ ਹੈ, ਪਰ ਭਰੋਸੇਮੰਦ ਮਨੁੱਖ ਗੱਲ ਨੂੰ ਲੁਕੋ ਰੱਖਦਾ ਹੈ ।
14ਜਿੱਥੇ ਅਗਵਾਈ ਨਹੀਂ ਹੁੰਦੀ ਉੱਥੇ ਲੋਕ ਡਿੱਗ ਪੈਂਦੇ ਹਨ, ਪਰ ਬਹੁਤੇ ਸਲਾਹਕਾਰਾਂ ਨਾਲ ਬਚਾਓ ਹੁੰਦਾ ਹੈ ।
15ਜਿਹੜਾ ਪਰਾਏ ਮਨੁੱਖ ਦਾ ਜ਼ਮਾਨਤੀ ਬਣੇ, ਉਹ ਵੱਡਾ ਦੁੱਖੀ ਹੁੰਦਾ ਹੈ, ਪਰ ਜਿਹੜਾ ਜ਼ਮਾਨਤ ਲੈਣ ਤੋਂ ਘਿਰਣਾ ਕਰਦਾ ਹੈ, ਉਹ ਸੁਖੀ ਰਹਿੰਦਾ ਹੈ ।16ਦਯਾਵਾਨ ਇਸਤਰੀ ਦਾ ਆਦਰ ਹੁੰਦਾ ਹੈ, ਪਰ ਨਿਰਦਈ ਪੁਰਸ਼ ਧਨ ਦੇ ਪਿੱਛੇ ਲੱਗਿਆ ਰਹਿੰਦਾ ਹੈ ।
17ਦਿਆਲੂ ਆਪਣੀ ਜਾਨ ਦਾ ਭਲਾ ਕਰਦਾ ਹੈ, ਪਰ ਜਿਹੜਾ ਨਿਰਦਈ ਹੈ ਉਹ ਆਪਣੇ ਹੀ ਸਰੀਰ ਨੂੰ ਦੁੱਖ ਦਿੰਦਾ ਹੈ ।18ਦੁਸ਼ਟ ਝੂਠ ਦੀ ਮਜ਼ਦੂਰੀ ਲੈਂਦਾ ਹੈ, ਪਰ ਜਿਹੜਾ ਧਰਮ ਬੀਜਦਾ ਹੈ, ਉਹ ਨੂੰ ਸੱਚ ਦਾ ਫਲ ਮਿਲਦਾ ਹੈ ।
19ਸਚਿਆਰ ਮਨੁੱਖ ਜੀਵਨ ਨੂੰ ਪ੍ਰਾਪਤ ਕਰਦਾ ਹੈ, ਪਰ ਜਿਹੜਾ ਬੁਰਿਆਈ ਦਾ ਪਿੱਛਾ ਕਰਦਾ ਹੈ, ਉਹ ਆਪਣੀ ਮੌਤ ਦਾ ਪਿੱਛਾ ਕਰਦਾ ਹੈ ।20ਜਿਹੜੇ ਮਨ ਦੇ ਟੇਢੇ ਹਨ ਉਹਨਾਂ ਕੋਲੋਂ ਯਹੋਵਾਹ ਨੂੰ ਘਿਣ ਆਉਂਦੀ ਹੈ, ਪਰ ਖਰੀ ਚਾਲ ਵਾਲਿਆਂ ਤੋਂ ਉਹ ਪਰਸੰਨ ਹੁੰਦਾ ਹੈ ।
21ਇਹ ਗੱਲ ਪੱਕੀ ਹੈ ਕਿ ਦੁਸ਼ਟ ਦੰਡ ਬਿਨ੍ਹਾਂ ਨਾ ਛੁੱਟੇਗਾ, ਪਰ ਧਰਮੀ ਦੀ ਅੰਸ ਛੁਡਾਈ ਜਾਵੇਗੀ ।22ਜਿਵੇਂ ਸੂਰ ਦੇ ਨੱਕ ਵਿੱਚ ਸੋਨੇ ਦੀ ਨੱਥ, ਤਿਵੇਂ ਹੀ ਰੂਪਵੰਤ ਇਸਤਰੀ ਹੈ ਜੋ ਵਿਵੇਕਹੀਨ ਹੈ ।
23ਧਰਮੀ ਦੀ ਲਾਲਸਾ ਹਮੇਸ਼ਾ ਭਲਿਆਈ ਦੀ ਹੁੰਦੀ ਹੈ, ਪਰ ਦੁਸ਼ਟਾਂ ਦੀ ਆਸ ਦਾ ਫਲ ਕਹਿਰ ਹੁੰਦਾ ਹੈ ।24ਕੋਈ ਤਾਂ ਵੰਡਦਾ ਹੈ ਫਿਰ ਵੀ ਉਹ ਦਾ ਮਾਲ ਵੱਧਦਾ ਹੈ, ਅਤੇ ਕੋਈ ਜੋਗ ਖ਼ਰਚ ਤੋਂ ਸਰਫ਼ਾ ਕਰਦਾ ਹੈ ਤੇ ਕੰਗਾਲ ਹੀ ਰਹਿੰਦਾ ਹੈ ।
25ਦਾਨੀ ਮਨੁੱਖ ਫਲਵੰਤ ਹੋ ਜਾਂਦਾ ਹੈ, ਅਤੇ ਜੋ ਦੂਜਿਆਂ ਦੀ ਖੇਤੀ ਸਿੰਜਦਾ ਹੈ, ਉਸ ਦੀ ਵੀ ਸਿੰਜੀ ਜਾਵੇਗੀ ।26ਜਿਹੜਾ ਅਨਾਜ ਨੂੰ ਦੱਬ ਕੇ ਰੱਖਦਾ ਹੈ, ਉਹ ਨੂੰ ਤਾਂ ਲੋਕ ਫਿਟਕਾਰਦੇ ਹਨ, ਪਰ ਜਿਹੜਾ ਉਸ ਨੂੰ ਵੇਚਦਾ ਹੈ, ਉਹ ਨੂੰ ਅਸੀਸਾਂ ਦਿੰਦੇ ਹਨ ।
27ਜਿਹੜਾ ਜਤਨ ਨਾਲ ਭਲਿਆਈ ਨੂੰ ਭਾਲਦਾ, ਉਹ ਕਿਰਪਾ ਨੂੰ ਲੱਭਦਾ ਹੈ, ਪਰ ਜਿਹੜਾ ਬੁਰਿਆਈ ਨੂੰ ਭਾਲਦਾ ਹੈ, ਉਹ ਉਸੇ ਦੇ ਉੱਤੇ ਆ ਪਵੇਗੀ ।28ਜਿਹੜਾ ਆਪਣੇ ਧਨ ਉੱਤੇ ਆਸਰਾ ਰੱਖਦਾ ਹੈ ਉਹ ਡਿੱਗ ਪਵੇਗਾ, ਪਰ ਧਰਮੀ ਹਰੇ ਪੱਤੇ ਵਾਂਗੂੰ ਲਹਿਲਹਾਉਣਗੇ ।
29ਜਿਹੜਾ ਆਪਣੇ ਟੱਬਰ ਨੂੰ ਦੁਖੀ ਕਰਦਾ ਹੈ ਉਹ ਹਵਾ ਨੂੰ ਵਿਰਸੇ ਵਿੱਚ ਲਵੇਗਾ, ਅਤੇ ਮੂਰਖ ਬੁੱਧਵਾਨ ਦਾ ਦਾਸ ਹੋਵੇਗਾ ।
30ਧਰਮੀ ਦਾ ਫਲ ਜੀਵਨ ਦਾ ਰੁੱਖ ਹੈ, ਅਤੇ ਜਿਹੜਾ ਬੁੱਧਵਾਨ ਹੈ ਉਹ ਲੋਕਾਂ ਦੇ ਮਨਾਂ ਨੂੰ ਮੋਹ ਲੈਂਦਾ ਹੈ ।31ਵੇਖੋ, ਧਰਮੀ ਵੀ ਇਸ ਧਰਤੀ ਉੱਤੇ ਆਪਣਾ ਫਲ ਭੋਗਦੇ ਹਨ, ਤਾਂ ਦੁਸ਼ਟ ਅਤੇ ਪਾਪੀ ਕਿੰਨਾ ਵਧੀਕ ਭੋਗਣਗੇ !

12

1ਉਹ ਗਿਆਨ ਨਾਲ ਪ੍ਰੀਤ ਰੱਖਦਾ ਹੈ, ਪਰ ਜੋ ਤਾੜਨਾ ਨੂੰ ਬੁਰਾ ਜਾਣਦਾ ਹੈ ਉਹ ਪਸ਼ੂ ਵਰਗਾ ਹੈ ।2ਭਲੇ ਮਨੁੱਖ ਤੋਂ ਯਹੋਵਾਹ ਪਰਸੰਨ ਹੁੰਦਾ ਹੈ, ਪਰ ਬੁਰੀਆਂ ਜੁਗਤਾਂ ਬਣਾਉਣ ਵਾਲੇ ਨੂੰ ਉਹ ਦੋਸ਼ੀ ਠਹਿਰਾਉਂਦਾ ਹੈ ।

3ਦੁਸ਼ਟਤਾ ਨਾਲ ਕੋਈ ਮਨੁੱਖ ਸਥਿਰ ਨਹੀਂ ਹੁੰਦਾ, ਪਰ ਧਰਮੀਆਂ ਦੀ ਜੜ੍ਹ ਕਦੀ ਪੁੱਟੀ ਨਾ ਜਾਵੇਗੀ ।4ਨੇਕ ਇਸਤਰੀ ਆਪਣੇ ਪਤੀ ਦਾ ਮੁਕਟ ਹੈ, ਪਰ ਖੱਜਲ ਕਰਨ ਵਾਲੀ ਉਹ ਦੀ ਹੱਡੀਆਂ ਦਾ ਸਾੜਾ ਹੈ ।
5ਧਰਮੀਆਂ ਦੀਆਂ ਯੋਜਨਾਵਾਂ ਤਾਂ ਨਿਆਂ ਵਾਲੀਆਂ ਹੁੰਦੀਆਂ ਹਨ, ਪਰ ਦੁਸ਼ਟਾਂ ਦੀਆਂ ਜੁਗਤਾਂ ਛਲ ਦੀਆਂ ਹੁੰਦੀਆਂ ਹਨ ।6ਦੁਸ਼ਟਾਂ ਦੀਆਂ ਗੱਲਾਂ ਖ਼ੂਨ ਕਰਨ ਲਈ ਘਾਤ ਲਾਉਣ ਦੇ ਵਿਖੇ ਹੁੰਦੀਆਂ ਹਨ, ਪਰ ਸਚਿਆਰਾਂ ਦੇ ਬੋਲ ਉਹਨਾਂ ਨੂੰ ਛੁਡਾ ਲੈਂਦੇ ਹਨ ।
7ਦੁਸ਼ਟ ਪਟਕੇ ਜਾਂਦੇ ਹਨ ਅਤੇ ਉਹ ਰਹਿੰਦੇ ਹੀ ਨਹੀਂ, ਪਰ ਧਰਮੀਆਂ ਦਾ ਘਰ ਸਥਿਰ ਰਹੇਗਾ ।8ਮਨੁੱਖ ਦੀ ਪ੍ਰਸੰਸਾ ਉਸ ਦੀ ਬੁੱਧ ਦੇ ਅਨੁਸਾਰ ਹੁੰਦੀ ਹੈ, ਪਰ ਪੁੱਠੀ ਸੋਚ ਵਾਲਾ ਮਨੁੱਖ ਤੁੱਛ ਸਮਝਿਆ ਜਾਂਦਾ ਹੈ ।
9ਜੋ ਰੋਟੀਓਂ ਵੀ ਤੰਗ ਹੈ ਅਤੇ ਵਡਿਆਈ ਮਾਰਦਾ ਹੈ, ਉਸ ਨਾਲੋਂ ਉਹ ਛੋਟਾ ਮਨੁੱਖ ਚੰਗਾ ਹੈ, ਜਿਸ ਦੇ ਕੋਲ ਦਾਸ ਹੈ ।10ਧਰਮੀ ਆਪਣੇ ਪਸ਼ੂ ਦੇ ਪ੍ਰਾਣਾਂ ਦੀ ਵੀ ਸੁੱਧ ਰੱਖਦਾ ਹੈ, ਪਰ ਦੁਸ਼ਟ ਦੀ ਦਯਾ ਵੀ ਨਿਰਦਈ ਹੀ ਹੁੰਦੀ ਹੈ ।
11ਜਿਹੜਾ ਆਪਣੇ ਖੇਤ ਨੂੰ ਦੱਬ ਕੇ ਵਾਹੁੰਦਾ ਹੈ, ਉਹ ਰੱਜ ਕੇ ਖਾਵੇਗਾ, ਪਰ ਜੋ ਨਿਕੰਮੀਆਂ ਗੱਲਾਂ ਦਾ ਪਿੱਛਾ ਕਰਦਾ ਹੈ ਉਹ ਨਿਰਬੁੱਧ ਹੈ ।12ਦੁਸ਼ਟ ਬੁਰਿਆਰਾਂ ਦੇ ਮਾਲ ਲਈ ਲੋਚਦਾ ਹੈ, ਪਰ ਧਰਮੀਆਂ ਦੀ ਜੜ੍ਹ ਫਲਦੀ ਹੈ ।
13ਬੁਰਿਆਰ ਆਪਣੀਆਂ ਗੱਲਾਂ ਦੇ ਅਪਰਾਧ ਨਾਲ ਫਸ ਜਾਂਦਾ ਹੈ, ਪਰ ਧਰਮੀ ਦੁੱਖ ਤੋਂ ਬਚ ਨਿੱਕਲਦਾ ਹੈ ।14ਆਦਮੀ ਆਪਣੇ ਬਚਨਾਂ ਦੇ ਫਲ ਦੇ ਕਾਰਨ ਭਲਿਆਈ ਨਾਲ ਤ੍ਰਿਪਤ ਹੁੰਦਾ ਹੈ ਅਤੇ ਜੇਹੀ ਕਿਸੇ ਦੀ ਕਰਨੀ ਤੇਹੀ ਉਸੇ ਦੀ ਭਰਨੀ ਹੁੰਦੀ ਹੈ ।
15ਮੂਰਖ ਦੀ ਚਾਲ ਉਹ ਦੀ ਆਪਣੀ ਨਿਗਾਹ ਵਿੱਚ ਚੰਗੀ ਹੁੰਦੀ ਹੈ, ਪਰ ਬੁੱਧਵਾਨ ਸਲਾਹ ਨੂੰ ਮੰਨ ਲੈਂਦਾ ਹੈ ।16ਮੂਰਖ ਦਾ ਗੁੱਸਾ ਝੱਟ ਪ੍ਰਗਟ ਹੋ ਜਾਂਦਾ ਹੈ, ਪਰ ਸਿਆਣਾ ਨਿਰਾਦਰ ਨੂੰ ਅਣਦੇਖਿਆ ਕਰ ਦਿੰਦਾ ਹੈ ।
17ਜਿਹੜਾ ਸੱਚ ਬੋਲਦਾ ਹੈ ਉਹ ਧਰਮ ਨੂੰ ਪ੍ਰਗਟ ਕਰਦਾ ਹੈ, ਪਰ ਝੂਠਾ ਗਵਾਹ ਛਲ ਨੂੰ ਪ੍ਰਗਟ ਕਰਦਾ ਹੈ ।18ਬਿਨ੍ਹਾਂ ਸੋਚੇ ਬੋਲਣ ਵਾਲੇ ਦੀਆਂ ਗੱਲਾਂ ਤਲਵਾਰ ਵਾਂਗੂੰ ਵਿੰਨ੍ਹਦੀਆਂ ਹਨ, ਪਰ ਬੁੱਧਵਾਨ ਦੇ ਬਚਨ ਚੰਗਾ ਕਰ ਦਿੰਦੇ ਹਨ ।
19ਸਚਿਆਈ ਸਦਾ ਬਣੀ ਰਹੇਗੀ, ਪਰ ਝੂਠ ਪਲ ਭਰ ਦਾ ਹੁੰਦਾ ਹੈ ।20ਬੁਰੀਆਂ ਜੁਗਤਾਂ ਕਰਨ ਵਾਲਿਆਂ ਦੇ ਮਨ ਵਿੱਚ ਛਲ ਹੁੰਦਾ ਹੈ, ਪਰ ਸ਼ਾਂਤੀ ਦੇ ਸਲਾਹਕਾਰਾਂ ਲਈ ਅਨੰਦ ਹੁੰਦਾ ਹੈ ।
21ਧਰਮੀ ਉੱਤੇ ਕੋਈ ਬੁਰਿਆਈ ਨਹੀਂ ਪਵੇਗੀ, ਪਰ ਦੁਸ਼ਟ ਬਿਪਤਾ ਨਾਲ ਭਰੇ ਰਹਿੰਦੇ ਹਨ ।22ਝੂਠੇ ਬੁੱਲ੍ਹ ਯਹੋਵਾਹ ਲਈ ਘਿਣਾਉਣੇ ਹਨ, ਪਰ ਜੋ ਵਫ਼ਾਦਾਰ ਹਨ, ਉਹ ਉਹਨਾਂ ਨੂੰ ਪਸੰਦ ਕਰਦਾ ਹੈ ।
23ਸਿਆਣਾ ਮਨੁੱਖ ਗਿਆਨ ਨੂੰ ਲੁਕਾਈ ਰੱਖਦਾ ਹੈ, ਪਰ ਮੂਰਖ ਦਾ ਦਿਲ ਮੂਰਖਤਾਈ ਦਾ ਪ੍ਰਚਾਰ ਕਰਦਾ ਹੈ ।24ਉੱਦਮੀ ਲੋਕ ਉੱਚੇ ਕੀਤੇ ਜਾਣਗੇ, ਪਰ ਆਲਸੀ ਬੇਗਾਰੀ ਕਰਨ ਵਾਲਾ ਬਣੇਗਾ ।
25ਮਨੁੱਖ ਦੇ ਦਿਲ ਦੀ ਚਿੰਤਾ ਉਹ ਨੂੰ ਝੁਕਾ ਦਿੰਦੀ ਹੈ, ਪਰ ਚੰਗਾ ਬਚਨ ਉਹ ਨੂੰ ਅਨੰਦ ਕਰ ਦਿੰਦਾ ਹੈ ।26ਧਰਮੀ ਆਪਣੇ ਗੁਆਂਢੀ ਨੂੰ ਸਹੀ ਰਾਹ ਦੱਸਦਾ ਹੈ, ਪਰ ਦੁਸ਼ਟ ਦੀ ਚਾਲ ਉਹ ਨੂੰ ਭਟਕਾ ਦਿੰਦੀ ਹੈ ।
27ਆਲਸੀ ਮਨੁੱਖ ਸ਼ਿਕਾਰ ਕਰਕੇ ਉਹ ਨੂੰ ਭੁੰਨਦਾ ਵੀ ਨਹੀਂ, ਪਰ ਉੱਦਮੀ ਮਨੁੱਖ ਨੂੰ ਅਨਮੋਲ ਪਦਾਰਥ ਮਿਲਦੇ ਹਨ ।28ਧਰਮ ਦੇ ਰਾਹ ਵਿੱਚ ਜੀਵਨ ਮਿਲਦਾ ਹੈ, ਅਤੇ ਉਹ ਦੇ ਮਾਰਗਾਂ ਵਿੱਚ ਮੌਤ ਦਾ ਪਤਾ ਵੀ ਨਹੀਂ ।

13

1ਬੁੱਧਵਾਨ ਪੁੱਤਰ ਤਾਂ ਆਪਣੇ ਪਿਤਾ ਦੀ ਸਿੱਖਿਆ ਸੁਣਦਾ ਹੈ, ਪਰ ਠੱਠਾ ਕਰਨ ਵਾਲਾ ਤਾੜਨਾ ਨੂੰ ਨਹੀਂ ਸੁਣਦਾ ।2ਮਨੁੱਖ ਆਪਣੇ ਮੂੰਹ ਦੇ ਫਲ ਤੋਂ ਭਲਿਆਈ ਨੂੰ ਪ੍ਰਾਪਤ ਕਰਦਾ ਹੈ, ਪਰੰਤੂ ਵਿਸ਼ਵਾਸਘਾਤੀ ਦਾ ਪੇਟ ਜ਼ੁਲਮ ਨਾਲ ਭਰਦਾ ਹੈ ।

3ਜੋ ਆਪਣੇ ਮੂੰਹ ਦੀ ਰਾਖੀ ਕਰਦਾ ਹੈ, ਉਹ ਆਪਣੀ ਜਾਨ ਦੀ ਰਾਖੀ ਕਰਦਾ ਹੈ, ਪਰ ਜੋ ਆਪਣੇ ਮੂੰਹ ਨੂੰ ਬੇਕਾਰ ਖੋਲਦਾ ਹੈ ਉਹ ਦੇ ਲਈ ਬਰਬਾਦੀ ਹੋਵੇਗੀ ।4ਆਲਸੀ ਦਾ ਜੀ ਲੋਚਦਾ ਤਾਂ ਹੈ, ਪਰ ਉਹ ਨੂੰ ਲੱਭਦਾ ਕੁਝ ਵੀ ਨਹੀਂ, ਪਰ ਉੱਦਮੀ ਦੀ ਜਾਨ ਰਿਸ਼ਟ-ਪੁਸ਼ਟ ਹੋ ਜਾਵੇਗੀ ।
5ਧਰਮੀ ਨੂੰ ਝੂਠ ਤੋਂ ਨਫ਼ਰਤ ਆਉਂਦੀ ਹੈ, ਪਰ ਦੁਸ਼ਟ ਸ਼ਰਮ ਦਾ ਕਾਰਨ ਹੁੰਦਾ ਹੈ ।6ਜਿਹੜਾ ਸਿੱਧੀ ਚਾਲ ਚੱਲਦਾ ਹੈ, ਧਰਮ ਉਹ ਦੀ ਰੱਖਿਆ ਕਰਦਾ ਹੈ, ਪਰ ਪਾਪੀ ਆਪਣੀ ਦੁਸ਼ਟਤਾ ਦੇ ਕਾਰਨ ਉਲਟ ਜਾਂਦਾ ਹੈ ।
7ਕੋਈ ਤਾਂ ਧਨ ਨੂੰ ਇਕੱਠਾ ਕਰਦਾ ਫਿਰਦਾ ਪਰ ਉਸ ਦੇ ਕੋਲ ਕੁਝ ਵੀ ਨਹੀਂ, ਅਤੇ ਕੋਈ ਕੰਗਾਲ ਬਣਿਆ ਫਿਰਦਾ ਹੈ ਪਰ ਉਹ ਦੇ ਕੋਲ ਬਹੁਤ ਧਨ ਹੈ ।8ਮਨੁੱਖ ਦੀ ਜਾਨ ਦਾ ਛੁਟਕਾਰਾ ਉਹ ਦਾ ਧਨ ਹੈ, ਪਰ ਗਰੀਬ ਅਜਿਹੀ ਧਮਕੀ ਨੂੰ ਸੁਣਦਾ ਹੀ ਨਹੀਂ ।
9ਧਰਮੀ ਦੀ ਜੋਤ ਆਨੰਦ ਮਨਾਉਂਦੀ ਹੈ, ਪਰ ਦੁਸ਼ਟਾਂ ਦਾ ਦੀਵਾ ਬੁਝਾਇਆ ਜਾਵੇਗਾ ।10ਹੰਕਾਰ ਨਾਲ ਝਗੜੇ ਹੀ ਝਗੜੇ ਹੁੰਦੇ ਹਨ, ਪਰ ਜਿਹੜੇ ਸਲਾਹ ਨੂੰ ਮੰਨਦੇ ਹਨ ਓਹਨਾਂ ਦੇ ਕੋਲ ਸਮਝ ਹੈ ।
11ਵਿਅਰਥ ਦਾ ਧਨ ਘੱਟ ਜਾਵੇਗਾ, ਪਰ ਮਿਹਨਤ ਦਾ ਧਨ ਵਧ ਜਾਵੇਗਾ ।12ਜਦ ਆਸ ਪੂਰੀ ਹੋਣ ਵਿੱਚ ਦੇਰੀ ਹੁੰਦੀ ਹੈ ਤਾਂ ਦਿਲ ਨੂੰ ਤੋੜਦੀ ਹੈ, ਪਰ ਆਸ ਦਾ ਪੂਰਾ ਹੋਣਾ ਜੀਵਨ ਦਾ ਰੁੱਖ ਹੈ ।
13ਜਿਹੜਾ ਬਚਨ ਨੂੰ ਤੁੱਛ ਜਾਣਦਾ ਹੈ ਉਹ ਆਪਣਾ ਨਾਸ਼ ਕਰਦਾ ਹੈ, ਪਰ ਜਿਹੜਾ ਹੁਕਮ ਦਾ ਭੈ ਮੰਨਦਾ ਹੈ ਉਹ ਨੂੰ ਚੰਗਾ ਫਲ ਮਿਲਦਾ ਹੈ ।14ਬੁੱਧਵਾਨ ਦੀ ਸਿੱਖਿਆ ਜੀਉਣ ਦਾ ਸੋਤਾ ਹੈ, ਜੋ ਮੌਤ ਦੀ ਫਾਹੀ ਤੋਂ ਪਰੇ ਰੱਖਦਾ ਹੈ ।
15ਚੰਗੀ ਬੁੱਧ ਦੇ ਕਾਰਨ ਕਿਰਪਾ ਹੁੰਦੀ ਹੈ, ਪਰ ਵਿਸ਼ਵਾਸਘਾਤੀਆਂ ਦਾ ਰਾਹ ਮੁਸ਼ਕਿਲਾਂ ਨਾਲ ਭਰਿਆ ਰਹਿੰਦਾ ਹੈ ।16ਹਰ ਸਿਆਣਾ ਮਨੁੱਖ ਬੁੱਧ ਨਾਲ ਕੰਮ ਕਰਦਾ ਹੈ, ਪਰ ਮੂਰਖ ਆਪਣੀ ਮੂਰਖਤਾਈ ਨੂੰ ਫੈਲਾਉਂਦਾ ਫਿਰਦਾ ਹੈ ।
17ਦੁਸ਼ਟ ਸੰਦੇਸ਼ਵਾਹਕ ਬਿਪਤਾ ਵਿੱਚ ਡਿਗਦਾ ਹੈ, ਪਰ ਭਰੋਸੇਮੰਦ ਸੰਦੇਸ਼ਵਾਹਕ ਚੰਗਾ ਕਰਦਾ ਹੈ ।18ਜਿਹੜਾ ਸਿੱਖਿਆ ਨੂੰ ਨਹੀਂ ਮੰਨਦਾ ਉਹ ਕੰਗਾਲ ਤੇ ਸ਼ਰਮਿੰਦਾ ਹੋਵੇਗਾ, ਪਰ ਜੋ ਤਾੜਨਾ ਵੱਲ ਮਨ ਲਗਾਉਂਦਾ ਹੈ, ਉਸ ਦਾ ਆਦਰ ਹੋਵੇਗਾ ।
19ਜਦ ਇੱਛਿਆ ਪੂਰੀ ਹੁੰਦੀ ਹੈ ਤਾਂ ਜੀਅ ਨੂੰ ਮਿੱਠਾ ਲੱਗਦਾ ਹੈ, ਪਰ ਬੁਰਿਆਈ ਨੂੰ ਛੱਡਣਾ ਮੂਰਖ ਨੂੰ ਬੁਰਾ ਲੱਗਦਾ ਹੈ ।20ਬੁੱਧਵਾਨਾਂ ਦਾ ਸਾਥੀ ਬੁੱਧਵਾਨ ਬਣ ਜਾਂਦਾ ਹੈ, ਪਰ ਮੂਰਖਾਂ ਦੇ ਸਾਥੀਆਂ ਨੂੰ ਦੁੱਖ ਹੋਵੇਗਾ ।
21ਬਿਪਤਾ ਪਾਪੀਆਂ ਦੇ ਪਿੱਛੇ ਪੈਂਦੀ ਹੈ, ਪਰ ਧਰਮੀਆਂ ਨੂੰ ਚੰਗਾ ਫਲ ਮਿਲੇਗਾ ।22ਭਲਾ ਮਨੁੱਖ ਆਪਣੇ ਪੋਤਰਿਆਂ ਲਈ ਵੀ ਮਿਰਾਸ ਛੱਡ ਜਾਂਦਾ ਹੈ, ਪਰ ਪਾਪੀ ਦਾ ਮਾਲ ਧੰਨ ਧਰਮੀ ਲਈ ਜੁੜਦਾ ਹੈ ।
23ਗਰੀਬ ਦੀ ਪੈਲੀ ਵਿੱਚ ਢੇਰ ਸਾਰਾ ਅਹਾਰ ਪੈਦਾ ਹੁੰਦਾ ਹੈ, ਪਰ ਅਜਿਹਾ ਵੀ ਹੈ ਜੋ ਕੁਨਿਆ ਦੇ ਕਾਰਨ ਉੱਜੜ ਜਾਂਦਾ ਹੈ ।24ਜਿਹੜਾ ਪੁੱਤਰ ਉੱਤੇ ਸੋਟੀ ਨਹੀਂ ਚਲਾਉਂਦਾ ਉਹ ਉਸ ਦਾ ਵੈਰੀ ਹੈ, ਪਰ ਜਿਹੜਾ ਉਸ ਦੇ ਨਾਲ ਪਿਆਰ ਕਰਦਾ ਹੈ ਉਹ ਵੇਲੇ ਸਿਰ ਉਸ ਨੂੰ ਤਾੜਦਾ ਹੈ ।
25ਧਰਮੀ ਤਾਂ ਰੱਜ ਕੇ ਖਾਂਦਾ ਹੈ, ਪਰ ਦੁਸ਼ਟਾਂ ਦਾ ਢਿੱਡ ਨਹੀਂ ਭਰਦਾ ।

14

1ਬੁੱਧਵਾਨ ਇਸਤਰੀ ਤਾਂ ਆਪਣਾ ਘਰ ਬਣਾਉਂਦੀ ਹੈ, ਪਰ ਮੂਰਖ ਆਪਣੇ ਹੱਥੀਂ ਹੀ ਉਹ ਨੂੰ ਢਾਹ ਦਿੰਦੀ ਹੈ ।2ਜਿਹੜਾ ਸਿੱਧੀ ਚਾਲ ਚੱਲਦਾ ਹੈ ਉਹ ਯਹੋਵਾਹ ਦਾ ਭੈ ਮੰਨਦਾ ਹੈ, ਪਰ ਜਿਹੜਾ ਟੇਢੀ ਚਾਲ ਚੱਲਦਾ ਹੈ, ਉਹ ਉਸ ਨੂੰ ਤੁੱਛ ਜਾਣਦਾ ਹੈ ।

3ਮੂਰਖ ਦੇ ਮੂੰਹ ਵਿੱਚ ਹੰਕਾਰ ਦੀ ਲਾਠੀ ਹੈ, ਪਰ ਬੁੱਧਵਾਨਾਂ ਦੇ ਬੋਲ ਉਹਨਾਂ ਦੀ ਰੱਖਿਆ ਕਰਦੇ ਹਨ ।4ਜਿੱਥੇ ਬਲਦ ਨਹੀਂ ਉੱਥੇ ਖੁਰਲੀ ਸੁਥਰੀ ਰਹਿੰਦੀ ਹੈ, ਪਰ ਬਲਦ ਦੇ ਜ਼ੋਰ ਨਾਲ ਬਹੁਤਾ ਅਨਾਜ ਪੈਦਾ ਹੁੰਦਾ ਹੈ ।
5ਭਰੋਸੇਮੰਦ ਗਵਾਹ ਝੂਠ ਨਹੀਂ ਬੋਲਦਾ, ਪਰ ਝੂਠਾ ਗਵਾਹ ਝੂਠ ਹੀ ਮਾਰਦਾ ਹੈ ।6ਠੱਠਾ ਕਰਨ ਵਾਲਾ ਬੁੱਧ ਨੂੰ ਭਾਲਦਾ ਹੈ ਪਰ ਉਹ ਉਸ ਨੂੰ ਨਹੀਂ ਲੱਭਦੀ, ਪਰੰਤੂ ਸਮਝ ਵਾਲੇ ਨੂੰ ਗਿਆਨ ਸਹਿਜ ਨਾਲ ਹੀ ਮਿਲ ਜਾਂਦਾ ਹੈ ।
7ਮੂਰਖ ਤੋਂ ਦੂਰ ਹੋ ਜਾ, ਕਿਉਂ ਜੋ ਤੂੰ ਉਹ ਦੇ ਬੁੱਲ੍ਹਾਂ ਤੋਂ ਗਿਆਨ ਨਾ ਪਾਏਂਗਾ ।8ਸਿਆਣੇ ਦੀ ਬੁੱਧ ਆਪਣੇ ਰਾਹ ਨੂੰ ਸਮਝਣਾ ਹੈ, ਪਰ ਮੂਰਖ ਦੀ ਮੂਰਖਤਾਈ ਛਲ ਹੀ ਹੈ ।
9ਮੂਰਖ ਪਾਪ ਕਰ ਕੇ ਹੱਸਦੇ ਹਨ, ਪਰ ਸਚਿਆਰਾਂ ਦੇ ਵਿਚਕਾਰ ਰਜ਼ਾਮੰਦੀ ਹੁੰਦੀ ਹੈ ।10ਮਨ ਆਪ ਹੀ ਆਪਣੀ ਕੁੜੱਤਣ ਜਾਣਦਾ ਹੈ, ਉਹ ਦੀ ਖੁਸ਼ੀ ਵਿੱਚ ਕੋਈ ਪਰਾਇਆ ਲੱਤ ਅੜਾ ਨਹੀਂ ਸਕਦਾ ।
11ਦੁਸ਼ਟਾਂ ਦਾ ਘਰ ਉੱਜੜ ਜਾਵੇਗਾ, ਪਰ ਸਚਿਆਰਾਂ ਦਾ ਤੰਬੂ ਅਬਾਦ ਰਹੇਗਾ ।12ਅਜਿਹਾ ਵੀ ਰਾਹ ਹੈ ਜੋ ਮਨੁੱਖ ਨੂੰ ਸਿੱਧਾ ਜਾਪਦਾ ਹੈ, ਪਰ ਉਹ ਦੇ ਅੰਤ ਵਿੱਚ ਮੌਤ ਮਿਲਦੀ ਹੈ ।
13ਹਾਸੇ ਵਿੱਚ ਵੀ ਦਿਲ ਉਦਾਸ ਰਹਿੰਦਾ ਹੈ, ਅਤੇ ਅਨੰਦ ਦੇ ਅੰਤ ਵਿੱਚ ਦੁੱਖ ਹੁੰਦਾ ਹੈ ।14ਜਿਸ ਦਾ ਮਨ ਪਰਮੇਸ਼ੁਰ ਵੱਲੋਂ ਮੁੜ ਜਾਂਦਾ ਹੈ, ਉਹ ਆਪਣੀ ਚਾਲ ਦਾ ਫਲ ਭੋਗਦਾ ਹੈ, ਪਰ ਭਲਾ ਮਨੁੱਖ ਆਪਣੇ ਆਪ ਵਿੱਚ ਤ੍ਰਿਪਤ ਰਹਿੰਦਾ ਹੈ ।
15ਭੋਲਾ ਹਰੇਕ ਗੱਲ ਨੂੰ ਸੱਚ ਮੰਨਦਾ ਹੈ, ਪਰ ਸਿਆਣਾ ਸੋਚ ਸਮਝ ਕੇ ਚੱਲਦਾ ਹੈ ।16ਬੁੱਧਵਾਨ ਤਾਂ ਡਰ ਕੇ ਬੁਰਿਆਈ ਤੋਂ ਦੂਰ ਰਹਿੰਦਾ ਹੈ, ਪਰ ਮੂਰਖ ਢੀਠ ਹੋ ਕੇ ਨਿਡਰ ਰਹਿੰਦਾ ਹੈ ।
17ਜਿਹੜਾ ਛੇਤੀ ਗੁੱਸੇ ਹੋ ਜਾਂਦਾ ਹੈ ਉਹ ਮੂਰਖਤਾਈ ਕਰਦਾ ਹੈ, ਅਤੇ ਬੁਰੇ ਮਤੇ ਪਕਾਉਣ ਵਾਲੇ ਨਾਲ ਵੈਰ ਕੀਤਾ ਜਾਂਦਾ ਹੈ ।18ਭੋਲਿਆਂ ਲੋਕਾਂ ਦੇ ਹਿੱਸੇ ਵਿੱਚ ਤਾਂ ਮੂਰਖਤਾਈ ਆਉਂਦੀ ਹੈ, ਪਰ ਸਿਆਣਿਆਂ ਦੇ ਸਿਰ ਉੱਤੇ ਗਿਆਨ ਦਾ ਮੁਕਟ ਰੱਖਿਆ ਜਾਂਦਾ ਹੈ ।
19ਬੁਰੇ ਲੋਕ ਭਲਿਆਂ ਦੇ ਅੱਗੇ ਅਤੇ ਦੁਸ਼ਟ ਧਰਮੀਆਂ ਦੇ ਫਾਟਕਾਂ ਦੇ ਅੱਗੇ ਝੁਕਦੇ ਹਨ ।20ਕੰਗਾਲ ਦਾ ਗੁਆਂਢੀ ਵੀ ਉਸ ਤੋਂ ਘਿਰਣਾ ਕਰਦਾ ਹੈ, ਪਰ ਧਨਵਾਨ ਦੇ ਬਹੁਤ ਸਾਰੇ ਪ੍ਰੇਮੀ ਹੁੰਦੇ ਹਨ ।
21ਜਿਹੜਾ ਆਪਣੇ ਗੁਆਂਢੀ ਨੂੰ ਤੁੱਛ ਜਾਣਦਾ ਹੈ ਉਹ ਪਾਪ ਕਰਦਾ ਹੈ, ਅਤੇ ਜੋ ਕੰਗਾਲਾਂ ਉੱਤੇ ਤਰਸ ਖਾਂਦਾ ਹੈ ਉਹ ਧੰਨ ਹੈ ।22ਜਿਹੜੇ ਬੁਰੀਆਂ ਜੁਗਤਾਂ ਕੱਢਦੇ ਹਨ ਭਲਾ, ਉਹ ਭੁੱਲ ਨਹੀਂ ਕਰਦੇ ? ਪਰ ਜਿਹੜੇ ਭਲੀਆਂ ਜੁਗਤਾਂ ਕਰਦੇ ਹਨ ਉਨ੍ਹਾਂ ਨਾਲ ਦਯਾ ਅਤੇ ਸਚਿਆਈ ਹੁੰਦੀ ਹੈ ।
23ਮਿਹਨਤ ਨਾਲ ਸਦਾ ਲਾਭ ਹੁੰਦਾ ਹੈ, ਪਰ ਬੁੱਲ੍ਹਾਂ ਦੀ ਬਕਵਾਸ ਨਾਲ ਥੁੜ ਹੀ ਰਹਿੰਦੀ ਹੈ ।24ਬੁੱਧਵਾਨਾਂ ਦਾ ਧਨ ਉਨ੍ਹਾਂ ਦਾ ਮੁਕਟ ਹੈ, ਪਰ ਮੂਰਖਾਂ ਦੀ ਮੂਰਖਤਾ ਨਿਰੀ ਮੂਰਖਤਾ ਹੀ ਹੈ ।
25ਸੱਚਾ ਗਵਾਹ ਤਾਂ ਪ੍ਰਾਣਾਂ ਨੂੰ ਬਚਾ ਲੈਂਦਾ ਹੈ, ਪਰ ਧੋਖੇਬਾਜ਼ ਗਵਾਹ ਝੂਠ ਹੀ ਝੂਠ ਮਾਰਦਾ ਹੈ ।
26ਯਹੋਵਾਹ ਦੇ ਭੈ ਮੰਨਣ ਵਿੱਚ ਪੱਕਾ ਭਰੋਸਾ ਹੈ, ਅਤੇ ਉਹ ਦੇ ਪੁੱਤਰਾਂ ਲਈ ਵੀ ਪਨਾਹ ਦਾ ਸਥਾਨ ਹੈ ।27ਯਹੋਵਾਹ ਦਾ ਭੈ ਜੀਵਨ ਦਾ ਸੋਤਾ ਹੈ, ਜੋ ਮੌਤ ਦੀ ਫਾਹੀ ਤੋਂ ਪਰੇ ਰੱਖਦਾ ਹੈ ।
28ਪਰਜਾ ਦੇ ਵਾਧੇ ਨਾਲ ਰਾਜੇ ਦੀ ਸ਼ਾਨ ਹੁੰਦੀ ਹੈ, ਪਰ ਪਰਜਾ ਦੇ ਘੱਟਣ ਨਾਲ ਹਾਕਮ ਦੀ ਤਬਾਹੀ ਹੁੰਦੀ ਹੈ ।29ਜਿਹੜਾ ਛੇਤੀ ਕ੍ਰੋਧ ਨਹੀਂ ਕਰਦਾ ਉਹ ਵੱਡਾ ਸਮਝ ਵਾਲਾ ਹੈ, ਪਰ ਜਿਹੜਾ ਛੇਤੀ ਕ੍ਰੋਧ ਕਰਦਾ ਹੈ ਉਹ ਮੂਰਖਤਾਈ ਨੂੰ ਉੱਚਾ ਕਰਦਾ ਹੈ ।
30ਸ਼ਾਂਤ ਮਨ ਸਰੀਰ ਦਾ ਜੀਵਨ ਹੈ, ਪਰ ਈਰਖਾ ਹੱਡੀਆਂ ਨੂੰ ਸਾੜ ਦਿੰਦੀ ਹੈ ।31ਜਿਹੜਾ ਗਰੀਬ ਉੱਤੇ ਹਨੇਰ ਕਰਦਾ ਹੈ, ਉਹ ਆਪਣੇ ਸਿਰਜਣਹਾਰ ਦੀ ਨਿੰਦਿਆ ਕਰਦਾ ਹੈ, ਪਰ ਜਿਹੜਾ ਕੰਗਾਲ ਉੱਤੇ ਦਯਾ ਕਰਦਾ ਹੈ ਉਹ ਉਸ ਦੀ ਮਹਿਮਾ ਕਰਦਾ ਹੈ ।
32ਦੁਸ਼ਟ ਤਾਂ ਬੁਰਿਆਈ ਕਰਦਾ-ਕਰਦਾ ਨਾਸ਼ ਹੋ ਜਾਂਦਾ ਹੈ, ਪਰ ਧਰਮੀ ਆਪਣੀ ਮੌਤ ਵਿੱਚ ਵੀ ਪਨਾਹ ਪਾਉਂਦਾ ਹੈ ।33ਸਮਝ ਵਾਲੇ ਦੇ ਮਨ ਵਿੱਚ ਬੁੱਧ ਵਾਸ ਕਰਦੀ ਹੈ, ਪਰ ਮੂਰਖ ਦੇ ਅੰਦਰ ਜੋ ਕੁਝ ਹੈ ਉਹ ਪ੍ਰਗਟ ਹੋ ਜਾਂਦਾ ਹੈ ।
34ਧਾਰਮਿਕਤਾ ਕੌਮ ਦੀ ਤਰੱਕੀ ਕਰਦੀ ਹੈ, ਪਰ ਪਾਪ ਉੱਮਤਾਂ ਲਈ ਨਿਰਾਦਰ ਦਾ ਕਾਰਨ ਹੁੰਦਾ ਹੈ ।35ਬੁੱਧਵਾਨ ਨੌਕਰ ਤੋਂ ਰਾਜਾ ਪ੍ਰਸੰਨ ਹੁੰਦਾ ਹੈ, ਪਰ ਲੱਜਿਆਵਾਨ ਕਰਨ ਵਾਲੇ ਉੱਤੇ ਉਹ ਕਰੋਪੀ ਹੁੰਦਾ ਹੈ ।

15

1ਨਰਮ ਉੱਤਰ ਗੁੱਸੇ ਨੂੰ ਠੰਡਾ ਕਰ ਦਿੰਦਾ ਹੈ, ਪਰ ਕਠੋਰ ਬਚਨ ਕ੍ਰੋਧ ਨੂੰ ਭੜਕਾਉਂਦਾ ਹੈ ।2ਬੁੱਧਵਾਨ ਦੀ ਜੀਭ ਗਿਆਨ ਦਾ ਸਹੀ ਇਸਤੇਮਾਲ ਕਰਦੀ ਹੈ, ਪਰ ਮੂਰਖਾਂ ਦੇ ਮੂੰਹੋ ਬੱਸ ਮੂਰਖਤਾਈ ਨਿੱਕਲਦੀ ਹੈ ।

3ਯਹੋਵਾਹ ਦੀਆਂ ਅੱਖਾਂ ਸਾਰੇ ਸਥਾਨਾਂ ਉੱਤੇ ਲੱਗੀਆਂ ਰਹਿੰਦੀਆਂ ਹਨ, ਅਤੇ ਬੁਰੇ ਭਲੇ ਦੋਹਾਂ ਨੂੰ ਤੱਕਦੀਆਂ ਹਨ ।4ਸ਼ਾਂਤੀ ਦੇਣ ਵਾਲੀ ਗੱਲਬਾਤ ਜੀਵਨ ਦਾ ਰੁੱਖ ਹੈ, ਪਰ ਪੁੱਠੀਆਂ ਗੱਲਾਂ ਆਤਮਾ ਨੂੰ ਤੋੜਦੀਆਂ ਹਨ ।
5ਮੂਰਖ ਆਪਣੇ ਪਿਉ ਦੀ ਸਿੱਖਿਆ ਨੂੰ ਤੁੱਛ ਜਾਣਦਾ ਹੈ, ਪਰ ਜਿਹੜਾ ਤਾੜਨਾ ਨੂੰ ਮੰਨਦਾ ਹੈ ਉਹ ਸਿਆਣਾ ਹੈ ।6ਧਰਮੀ ਦੇ ਘਰ ਵਿੱਚ ਵੱਡਾ ਧਨ ਹੈ, ਪਰ ਦੁਸ਼ਟ ਦੀ ਕਮਾਈ ਨਾਲ ਕਸ਼ਟ ਹੁੰਦਾ ਹੈ ।
7ਬੁੱਧਵਾਨ ਲੋਕ ਗਿਆਨ ਨੂੰ ਫੈਲਾਉਂਦੇ ਹਨ, ਪਰ ਮੂਰਖਾਂ ਦਾ ਮਨ ਇਸ ਤਰ੍ਹਾਂ ਨਹੀਂ ਕਰਦਾ ।8ਦੁਸ਼ਟ ਦੀ ਭੇਂਟ ਤੋਂ ਯਹੋਵਾਹ ਘਿਣ ਕਰਦਾ ਹੈ, ਪਰ ਸਚਿਆਰਾਂ ਦੀ ਪ੍ਰਾਰਥਨਾ ਤੋਂ ਉਹ ਅਨੰਦ ਹੁੰਦਾ ਹੈ ।
9ਦੁਸ਼ਟ ਦੀ ਚਾਲ ਤੋਂ ਯਹੋਵਾਹ ਘਿਣ ਕਰਦਾ ਹੈ, ਪਰ ਧਰਮ ਦਾ ਪਿੱਛਾ ਕਰਨ ਵਾਲੇ ਨਾਲ ਉਹ ਪ੍ਰੇਮ ਰੱਖਦਾ ਹੈ ।10ਜਿਹੜਾ ਰਾਹ ਨੂੰ ਤਿਆਗ ਦਿੰਦਾ ਹੈ ਉਹ ਨੂੰ ਸਖ਼ਤ ਤਾੜਨਾ ਮਿਲਦੀ ਹੈ, ਅਤੇ ਝਿੜਕ ਨੂੰ ਬੁਰਾ ਜਾਣਨ ਵਾਲਾ ਮਰੇਗਾ ।
11ਪਤਾਲ ਅਤੇ ਵਿਨਾਸ਼ ਲੋਕ ਵੀ ਯਹੋਵਾਹ ਦੇ ਅੱਗੇ ਖੁੱਲ੍ਹੇ ਪਏ ਹਨ, ਤਾਂ ਭਲਾ, ਆਦਮ ਵੰਸ਼ੀਆਂ ਦੇ ਮਨ ਕਿਵੇਂ ਖੁੱਲ੍ਹੇ ਨਾ ਹੋਣਗੇ ?12ਠੱਠਾ ਕਰਨ ਵਾਲਾ ਤਾੜਨਾ ਨੂੰ ਪਸੰਦ ਨਹੀਂ ਕਰਦਾ, ਤੇ ਨਾ ਉਹ ਬੁੱਧਵਾਨਾਂ ਦੇ ਕੋਲ ਜਾਂਦਾ ਹੈ ।
13ਮਨ ਅਨੰਦ ਹੋਵੇ ਤਾਂ ਮੁਖ ਉੱਤੇ ਵੀ ਖੁਸ਼ੀ ਹੁੰਦੀ ਹੈ, ਪਰ ਮਨ ਦੇ ਸੋਗ ਨਾਲ ਆਤਮਾ ਨਿਰਾਸ਼ ਹੁੰਦਾ ਹੈ ।14ਸਮਝ ਵਾਲੇ ਦਾ ਮਨ ਗਿਆਨ ਦੀ ਖੋਜ ਕਰਦਾ ਹੈ, ਪਰ ਮੂਰਖ ਲੋਕ ਮੂਰਖਤਾ ਦੇ ਨਾਲ ਪੇਟ ਭਰਦੇ ਹਨ ।
15ਦੁੱਖੀ ਦੇ ਸਾਰੇ ਦਿਨ ਬੁਰੇ ਹੁੰਦੇ ਹਨ, ਪਰ ਚੰਗੇ ਮਨ ਵਾਲਾ ਸਦਾ ਦਾਵਤਾਂ ਤੇ ਜਾਣ ਵਾਲੇ ਵਰਗਾ ਹੁੰਦਾ ਹੈ ।16ਉਹ ਥੋੜਾ ਜਿਹਾ ਜੋ ਯਹੋਵਾਹ ਦੇ ਭੈ ਨਾਲ ਹੋਵੇ, ਉਸ ਵੱਡੇ ਖਜ਼ਾਨੇ ਨਾਲੋਂ ਚੰਗਾ ਹੈ ਜਿਹ ਦੇ ਨਾਲ ਘਬਰਾਹਟ ਹੋਵੇ ।
17ਸਾਗ ਪਤ ਦਾ ਖਾਣਾ ਜਿੱਥੇ ਪ੍ਰੇਮ ਹੈ, ਪਲੇ ਹੋਏ ਬਲਦ ਨਾਲੋਂ ਜਿੱਥੇ ਵੈਰ ਹੈ, ਚੰਗਾ ਹੈ ।18ਕ੍ਰੋਧੀ ਛੇੜਖਾਨੀ ਕਰਦਾ ਹੈ, ਪਰ ਜਿਹੜਾ ਗੁੱਸੇ ਵਿੱਚ ਧੀਮਾ ਹੈ ਉਹ ਝਗੜੇ ਨੂੰ ਮਿਟਾਉਂਦਾ ਹੈ ।
19ਆਲਸੀ ਦਾ ਰਾਹ ਕੰਡਿਆਂ ਦੀ ਬਾੜ ਜਿਹਾ ਹੈ, ਪਰ ਸਚਿਆਰਾਂ ਦਾ ਮਾਰਗ ਰਾਜ ਮਾਰਗ ਹੈ ।20ਬੁੱਧਵਾਨ ਪੁੱਤਰ ਆਪਣੇ ਪਿਉ ਨੂੰ ਅਨੰਦ ਰੱਖਦਾ ਹੈ, ਪਰ ਮੂਰਖ ਆਦਮੀ ਆਪਣੀ ਮਾਂ ਨੂੰ ਨੀਚ ਸਮਝਦਾ ਹੈ ।
21ਨਿਰਬੁੱਧ ਮੂਰਖਤਾਈ ਤੋਂ ਅਨੰਦ ਹੁੰਦਾ ਹੈ, ਅਤੇ ਸਮਝ ਵਾਲਾ ਪੁਰਸ਼ ਸਿੱਧੀ ਚਾਲ ਚੱਲਦਾ ਹੈ ।22ਜੇ ਸਲਾਹ ਨਾ ਮਿਲੇ ਤਾਂ ਮਕਸਦ ਰੁਕ ਜਾਂਦੇ ਹਨ, ਪਰ ਜੇ ਸਲਾਹ ਦੇਣ ਵਾਲੇ ਬਹੁਤੇ ਹੋਣ ਤਾਂ ਉਹ ਕਾਇਮ ਹੋ ਜਾਂਦੇ ਹਨ ।
23ਮਨੁੱਖ ਆਪਣੇ ਮੂੰਹ ਦੇ ਉੱਤਰ ਤੋਂ ਪਰਸੰਨ ਹੁੰਦਾ ਹੈ, ਅਤੇ ਜਿਹੜਾ ਬਚਨ ਵੇਲੇ ਸਿਰ ਕਹੀਦਾ ਹੈ ਉਹ ਕਿਹਾ ਚੰਗਾ ਲੱਗਦਾ ਹੈ ।24ਸਿਆਣੇ ਦੇ ਲਈ ਜੀਵਨ ਦਾ ਰਾਹ ਉਤਾਹਾਂ ਹੋ ਜਾਂਦਾ ਹੈ, ਤਾਂ ਜੋ ਉਹ ਪਤਾਲ ਦੇ ਹੇਠੋਂ ਪਰੇ ਰਹੇ ।
25ਹੰਕਾਰੀਆਂ ਦੇ ਘਰ ਨੂੰ ਯਹੋਵਾਹ ਢਾਹ ਦਿੰਦਾ ਹੈ, ਪਰ ਵਿਧਵਾ ਦੇ ਬੰਨਿਆ ਨੂੰ ਕਾਇਮ ਕਰਦਾ ਹੈ ।26ਬੁਰਿਆਰ ਦੇ ਖ਼ਿਆਲ ਯਹੋਵਾਹ ਨੂੰ ਘਿਣਾਉਣੇ ਲੱਗਦੇ ਹਨ, ਪਰ ਸ਼ੁਭ ਬਚਨ ਸੁੱਧ ਹਨ ।
27ਨਫ਼ੇ ਦਾ ਲੋਭੀ ਆਪਣੇ ਹੀ ਟੱਬਰ ਨੂੰ ਦੁੱਖ ਦਿੰਦਾ ਹੈ, ਪਰ ਜਿਹੜਾ ਵੱਢੀ ਤੋਂ ਘਿਣ ਕਰਦਾ ਹੈ ਉਹ ਜੀਉਂਦਾ ਰਹੇਗਾ ।28ਧਰਮੀ ਦਾ ਮਨ ਸੋਚ ਕੇ ਉੱਤਰ ਦਿੰਦਾ ਹੈ, ਪਰ ਦੁਸ਼ਟ ਦੇ ਮੂੰਹੋ ਬੁਰੀਆਂ ਗੱਲਾਂ ਨਿੱਕਲਦੀਆਂ ਹਨ ।
29ਦੁਸ਼ਟਾਂ ਕੋਲੋਂ ਯਹੋਵਾਹ ਦੂਰ ਹੈ, ਪਰ ਉਹ ਧਰਮੀਆਂ ਦੀ ਪ੍ਰਾਰਥਨਾਂ ਸੁਣਦਾ ਹੈ ।30ਅੱਖਾਂ ਦਾ ਚਾਨਣ ਦਿਲ ਨੂੰ ਖੁਸ਼ ਕਰਦਾ ਹੈ, ਅਤੇ ਚੰਗੀ ਖਬਰ ਹੱਡੀਆਂ ਨੂੰ ਪੁਸ਼ਟ ਕਰਦੀ ਹੈ ।
31ਜਿਹੜਾ ਜੀਵਨ ਦੇਣ ਵਾਲੀ ਤਾੜਨਾ ਨੂੰ ਕੰਨ ਲਾ ਕੇ ਸੁਣਦਾ ਹੈ, ਉਹ ਬੁੱਧਵਾਨਾਂ ਦੇ ਵਿਚਕਾਰ ਵੱਸੇਗਾ ।32ਸਿੱਖਿਆ ਨੂੰ ਅਣਸੁਣਿਆ ਕਰਨ ਵਾਲਾ ਆਪਣੀ ਹੀ ਜਾਨ ਨੂੰ ਤੁੱਛ ਜਾਣਦਾ ਹੈ, ਪਰ ਜੋ ਤਾੜਨਾ ਵੱਲ ਕੰਨ ਲਾਉਂਦਾ ਹੈ ਉਹ ਸਮਝ ਪ੍ਰਾਪਤ ਕਰਦਾ ਹੈ ।
33ਯਹੋਵਾਹ ਦਾ ਭੈ ਮੰਨਣ ਨਾਲ ਸਿੱਖਿਆ ਪ੍ਰਾਪਤ ਹੁੰਦੀ ਹੈ, ਅਤੇ ਮਹਿਮਾ ਤੋਂ ਪਹਿਲਾਂ ਨਮਰਤਾ ਆਉਂਦੀ ਹੈ ।

16

1ਮਨ ਦੀਆਂ ਯੋਜਨਾਵਾਂ ਤਾਂ ਆਦਮੀ ਦੇ ਵੱਸ ਵਿੱਚ ਹਨ, ਪਰ ਜ਼ਬਾਨੋ ਉੱਤਰ ਯਹੋਵਾਹ ਵੱਲੋਂ ਹੁੰਦਾ ਹੈ ।2ਮਨੁੱਖ ਦੀ ਸਾਰੀ ਚਾਲ ਉਹ ਦੀ ਆਪਣੀ ਨਿਗਾਹ ਵਿੱਚ ਸ਼ੁੱਧ ਹੈ, ਪਰ ਯਹੋਵਾਹ ਮਨਾਂ ਨੂੰ ਜਾਚਦਾ ਹੈ ।

3ਆਪਣੇ ਕੰਮਾਂ ਨੂੰ ਯਹੋਵਾਹ ਉੱਤੇ ਛੱਡ ਦੇ, ਤਾਂ ਤੇਰੇ ਮਨੋਰਥ ਪੂਰੇ ਹੋਣਗੇ ।4ਯਹੋਵਾਹ ਨੇ ਸਾਰੀਆਂ ਵਸਤਾਂ ਖਾਸ ਮਕਸਦ ਲਈ ਬਣਾਈਆਂ, ਹਾਂ, ਦੁਸ਼ਟ ਨੂੰ ਵੀ ਬਿਪਤਾ ਦੇ ਦਿਨ ਲਈ ਬਣਾਇਆ ।
5ਹਰੇਕ ਜਿਹ ਦੇ ਮਨ ਵਿੱਚ ਹੰਕਾਰ ਹੈ ਉਸ ਤੋਂ ਯਹੋਵਾਹ ਨੂੰ ਘਿਣ ਆਉਂਦੀ ਹੈ, ਮੈਂ ਦਲੇਰੀ ਨਾਲ ਆਖਦਾ ਹਾਂ ਕਿ ਅਜਿਹੇ ਲੋਕ ਬਿਨ੍ਹਾਂ ਸਜ਼ਾ ਤੋਂ ਨਾ ਛੁੱਟਣਗੇ ।6ਦਯਾ ਅਤੇ ਸਚਿਆਈ ਨਾਲ ਕੁਧਰਮ ਢੱਕਿਆ ਜਾਂਦਾ ਹੈ, ਅਤੇ ਯਹੋਵਾਹ ਦਾ ਭੈ ਮੰਨਣ ਕਰਕੇ ਲੋਕ ਬੁਰਿਆਈ ਤੋਂ ਬਚੇ ਰਹਿੰਦੇ ਹਨ ।
7ਜਦ ਕਿਸੇ ਦੀ ਚਾਲ ਯਹੋਵਾਹ ਨੂੰ ਭਾਉਂਦੀ ਹੈ, ਤਾਂ ਉਹ ਉਸ ਦੇ ਵੈਰੀਆਂ ਨਾਲ ਵੀ ਉਸ ਦਾ ਮੇਲ ਕਰਾਉਂਦਾ ਹੈ ।8ਧਰਮ ਨਾਲ ਥੋੜਾ ਜਿਹਾ ਲਾਭ ਬੇਇਮਾਨੀ ਦੀ ਵੱਡੀ ਆਮਦਨੀ ਨਾਲੋਂ ਚੰਗਾ ਹੈ ।
9ਆਦਮੀ ਦੇ ਮਨ ਦੇ ਵਿਚਾਰ ਉਹ ਦੇ ਰਾਹਾਂ ਨੂੰ ਠਹਿਰਾਉਂਦੇ ਹਨ, ਪਰ ਯਹੋਵਾਹ ਉਹ ਦੇ ਪੈਰਾਂ ਦੀ ਅਗਵਾਈ ਕਰਦਾ ਹੈ ।10ਰਾਜੇ ਦੇ ਮੂੰਹ ਤੋਂ ਸਵਰਗੀ ਬਚਨ ਨਿੱਕਲਦਾ ਹੈ, ਨਿਆਂ ਕਰਨ ਦੇ ਸਮੇਂ ਉਹ ਦਾ ਮੂੰਹ ਭੁੱਲ ਨਹੀਂ ਕਰਦਾ ।
11ਸੱਚੀ ਤੱਕੜੀ ਦੇ ਪੱਲੇ ਯਹੋਵਾਹ ਦੇ ਹਨ, ਗੁੱਥਲੀ ਦੇ ਸਾਰੇ ਵੱਟੇ ਓਸੇ ਦਾ ਕੰਮ ਹਨ ।12ਬੁਰਿਆਈ ਕਰਨੀ ਰਾਜੇ ਲਈ ਘਿਣਾਉਣੀ ਹੈ, ਕਿਉਂ ਜੋ ਧਰਮ ਨਾਲ ਹੀ ਉਨ੍ਹਾਂ ਦੀ ਗੱਦੀ ਦਾ ਟਿਕਾਓ ਹੁੰਦਾ ਹੈ ।
13ਧਰਮੀ ਦੇ ਬੋਲਾਂ ਤੋਂ ਰਾਜਾ ਪ੍ਰਸੰਨ ਹੁੰਦਾ ਹੈ, ਅਤੇ ਜਿਹੜਾ ਸਿੱਧੀ ਗੱਲ ਕਰਦਾ ਹੈ ਉਹ ਦੇ ਨਾਲ ਉਹ ਪ੍ਰੇਮ ਰੱਖਦਾ ਹੈ ।14ਰਾਜੇ ਦਾ ਗੁੱਸਾ ਮੌਤ ਦੇ ਦੂਤ ਵਰਗਾ ਹੈ, ਪਰ ਬੁੱਧਵਾਨ ਮਨੁੱਖ ਉਹ ਨੂੰ ਠੰਡਾ ਕਰਦਾ ਹੈ ।
15ਰਾਜੇ ਦੇ ਮੁੱਖ ਦੀ ਚਮਕ ਵਿੱਚ ਜੀਵਨ ਹੈ, ਅਤੇ ਉਹ ਦੀ ਕਿਰਪਾ ਬਰਸਾਤ ਦੀ ਆਖਰੀ ਬੱਦਲੀ ਵਰਗੀ ਹੁੰਦੀ ਹੈ ।16ਬੁੱਧ ਦੀ ਪ੍ਰਾਪਤੀ ਚੋਖੇ ਸੋਨੇ ਨਾਲੋਂ ਕਿੰਨੀ ਉੱਤਮ ਹੈ, ਅਤੇ ਚਾਂਦੀ ਨਾਲੋਂ ਸਮਝ ਦਾ ਪ੍ਰਾਪਤ ਕਰਨਾ ਚੁਣਨਾ ਚਾਹੀਦਾ ਹੈ ।
17ਬੁਰਿਆਈ ਤੋਂ ਦੂਰ ਰਹਿਣਾ ਸਚਿਆਰਾਂ ਦੇ ਲਈ ਰਾਜ ਮਾਰਗ ਹੈ, ਜਿਹੜਾ ਆਪਣੀ ਚਾਲ ਦੀ ਚੌਕਸੀ ਕਰਦਾ ਹੈ ਉਹ ਆਪਣੀ ਜਾਨ ਨੂੰ ਬਚਾਉਂਦਾ ਹੈ ।18ਨਾਸ਼ ਤੋਂ ਪਹਿਲਾਂ ਹੰਕਾਰ ਅਤੇ ਡਿੱਗਣ ਤੋਂ ਪਹਿਲਾਂ ਘਮੰਡੀ ਰੂਹ ਆਉਂਦੀ ਹੈ ।
19ਘੁਮੰਡੀਆਂ ਨਾਲ ਲੁੱਟ ਦਾ ਮਾਲ ਵੰਡਣ ਨਾਲੋਂ ਕੰਗਾਲਾਂ ਦੇ ਨਾਲ ਨੀਵਾਂ ਹੋ ਕੇ ਰਹਿਣਾ ਚੰਗਾ ਹੈ ।20ਜਿਹੜਾ ਬਚਨ ਉੱਤੇ ਮਨ ਲਾਉਂਦਾ ਹੈ ਉਹ ਦਾ ਭਲਾ ਹੋਵੇਗਾ, ਅਤੇ ਜਿਹੜਾ ਯਹੋਵਾਹ ਉੱਤੇ ਭਰੋਸਾ ਰੱਖਦਾ ਹੈ ਉਹ ਧੰਨ ਹੋਵੇਗਾ !
21ਜਿਹੜਾ ਬੁੱਧਵਾਨ ਹੈ ਉਹ ਸਮਝਦਾਰ ਕਹਾਉਂਦਾ ਹੈ, ਅਤੇ ਮਿੱਠਾ ਬੋਲਣ ਨਾਲ ਸਿਖਾਉਣ ਦੀ ਸ਼ਕਤੀ ਵੱਧ ਜਾਂਦੀ ਹੈ ।22ਬੁੱਧਵਾਨ ਦੇ ਲਈ ਬੁੱਧ ਜੀਵਨ ਦਾ ਸੋਤਾ ਹੈ, ਪਰ ਮੂਰਖਾਂ ਨੂੰ ਸਿਖਾਉਣਾ ਮੂਰਖਤਾਈ ਹੀ ਹੈ ।
23ਬੁੱਧਵਾਨ ਦਾ ਮਨ ਉਹ ਦੇ ਮੂੰਹ ਨੂੰ ਸਿਖਾਉਂਦਾ ਹੈ, ਅਤੇ ਉਹ ਦੇ ਬੋਲਾਂ ਵਿੱਚ ਗਿਆਨ ਹੁੰਦਾ ਹੈ ।24ਮਨਭਾਉਂਦੇ ਬਚਨ ਸ਼ਹਿਦ ਦੇ ਛੱਤੇ ਵਾਂਗੂੰ ਹਨ, ਉਹ ਜਾਨ ਨੂੰ ਮਿੱਠੇ ਲੱਗਦੇ ਹਨ ਅਤੇ ਹੱਡੀਆਂ ਨੂੰ ਸਿਹਤ ਦਿੰਦੇ ਹਨ ।
25ਇੱਕ ਅਜਿਹਾ ਰਾਹ ਹੈ ਜੋ ਮਨੁੱਖ ਨੂੰ ਸਿੱਧਾ ਜਾਪਦਾ ਹੈ, ਪਰ ਉਹ ਦੇ ਅੰਤ ਵਿੱਚ ਮੌਤ ਹੈ ।26ਮਜ਼ਦੂਰ ਦੀ ਲਾਲਸਾ ਉਸ ਤੋਂ ਮਜ਼ਦੂਰੀ ਕਰਾਉਂਦੀ ਹੈ, ਉਹ ਦੀ ਭੁੱਖ ਉਹ ਨੂੰ ਉਭਾਰਦੀ ਹੈ ।
27ਕੁਧਰਮੀ ਮਨੁੱਖ ਬੁਰਿਆਈ ਦੀਆਂ ਯੋਜਨਾਂਵਾਂ ਬਣਾਉਂਦਾ ਹੈ, ਤੇ ਉਹ ਦੇ ਬੁੱਲ੍ਹਾਂ ਵਿੱਚ ਜਾਣੋ ਸਾੜਨ ਵਾਲੀ ਅੱਗ ਹੁੰਦੀ ਹੈ ।28ਟੇਢਾ ਮਨੁੱਖ ਝਗੜੇ ਚੁੱਕਦਾ ਹੈ, ਅਤੇ ਚੁਗਲੀ ਕਰਨ ਵਾਲਾ ਆਪਣੇ ਜਾਨੀ ਮਿੱਤ੍ਰਾਂ ਵਿੱਚ ਫੁੱਟ ਪਾ ਦਿੰਦਾ ਹੈ ।
29ਹਨ੍ਹੇਰ ਕਰਨ ਵਾਲਾ ਆਪਣੇ ਗੁਆਂਢੀ ਨੂੰ ਫੁਸਲਾ ਕੇ, ਭੈੜੇ ਰਾਹ ਵਿੱਚ ਪਾ ਦਿੰਦਾ ਹੈ ।30ਅੱਖੀਆਂ ਮਟਕਾਉਣ ਵਾਲਾ ਟੇਢੇ ਕੰਮ ਸੋਚਦਾ ਹੈ, ਬੁੱਲ੍ਹ ਘੁੱਟਣ ਵਾਲਾ ਬੁਰਿਆਈ ਕਰ ਛੱਡਦਾ ਹੈ ।
31ਧੌਲਾ ਸਿਰ ਸਜਾਵਟ ਦਾ ਮੁਕਟ ਹੈ, ਉਹ ਧਰਮ ਦੇ ਮਾਰਗ ਤੋਂ ਪ੍ਰਾਪਤ ਹੁੰਦਾ ਹੈ ।32ਜਿਹੜਾ ਕ੍ਰੋਧ ਵਿੱਚ ਧੀਮਾ ਹੈ ਉਹ ਸੂਰਬੀਰ ਨਾਲੋਂ, ਅਤੇ ਆਪਣੀ ਰੂਹ ਨੂੰ ਵੱਸ ਵਿੱਚ ਰੱਖਣ ਵਾਲਾ, ਸ਼ਹਿਰ ਦੇ ਜਿੱਤਣ ਵਾਲੇ ਨਾਲੋਂ ਚੰਗਾ ਹੈ ।
33ਬੁੱਕਲ ਵਿੱਚ ਪਰਚੀਆਂ ਪਾਈਆਂ ਜਾਂਦੀਆਂ ਹਨ, ਪਰ ਉਨ੍ਹਾਂ ਦਾ ਫੈਸਲਾ ਯਹੋਵਾਹ ਵੱਲੋਂ ਹੀ ਹੁੰਦਾ ਹੈ ।

17

1ਚੈਨ ਨਾਲ ਰੁੱਖੀ ਮਿੱਸੀ ਇਹ ਦੇ ਨਾਲੋਂ ਚੰਗੀ ਹੈ, ਭਈ ਘਰ ਵਿੱਚ ਬਹੁਤ ਪਦਾਰਥ ਹੋਣ ਪਰ ਝਗੜਾ ਹੋਵੇ ।2ਸਿਆਣਾ ਸੇਵਕ ਸ਼ਰਮਿੰਦਾ ਕਰਨ ਵਾਲੇ ਪੁੱਤਰ ਉੱਤੇ ਹੁਕਮ ਚਲਾਵੇਗਾ, ਅਤੇ ਭਰਾਵਾਂ ਵਿੱਚ ਵੰਡ ਦਾ ਹਿੱਸਾ ਪਾਵੇਗਾ ।

3ਚਾਂਦੀ ਲਈ ਕੁਠਾਲੀ ਅਤੇ ਸੋਨੇ ਲਈ ਭੱਠੀ ਹੈ, ਪਰ ਮਨਾਂ ਦਾ ਪਰਖਣ ਵਾਲਾ ਯਹੋਵਾਹ ਹੈ ।4ਕੁਕਰਮੀ ਵਿਅਰਥ ਦੀਆਂ ਗੱਲਾਂ ਨੂੰ ਧਿਆਨ ਦੇ ਕੇ ਸੁਣਦਾ ਹੈ, ਅਤੇ ਝੂਠਾ ਦੁਸ਼ਟ ਜ਼ਬਾਨ ਵੱਲ ਕੰਨ ਲਾਉਂਦਾ ਹੈ ।
5ਜਿਹੜਾ ਗਰੀਬ ਦਾ ਮਜ਼ਾਕ ਉਡਾਉਂਦਾ ਹੈ ਉਹ ਉਸ ਦੇ ਸਿਰਜਣਹਾਰ ਦੀ ਨਿੰਦਿਆ ਕਰਦਾ ਹੈ, ਅਤੇ ਜਿਹੜਾ ਕਿਸੇ ਦੀ ਬਿਪਤਾ ਉੱਤੇ ਹੱਸਦਾ ਹੈ ਉਹ ਨਿਰਦੋਸ਼ ਨਾ ਠਹਿਰੇਗਾ ।6ਪੋਤੇ ਬੁੱਢ਼ਿਆਂ ਦੇ ਮੁਕਟ ਹਨ, ਅਤੇ ਪੁੱਤਰਾਂ ਦੀ ਸੋਭਾ ਉਹਨਾਂ ਦੇ ਮਾਪੇ ਹਨ ।
7ਜਦ ਮਿੱਠਾ ਬੋਲ ਮੂਰਖ ਨੂੰ ਨਹੀਂ ਫੱਬਦਾ, ਤਾਂ ਪਤਵੰਤ ਨੂੰ ਝੂਠੇ ਬੁੱਲ੍ਹ ਕਿਵੇਂ ਫੱਬਣਗੇ ?8ਰਿਸ਼ਵਤ ਉਹ ਦੇ ਦੇਣ ਵਾਲੇ ਦੀ ਨਿਗਾਹ ਵਿੱਚ ਬਹੁਮੁੱਲਾ ਰਤਨ ਹੈ, ਜਿੱਧਰ ਨੂੰ ਉਹ ਜਾਂਦਾ ਹੈ, ਉਹ ਸਫਲ ਹੁੰਦਾ ਹੈ ।
9ਜਿਹੜਾ ਅਪਰਾਧ ਨੂੰ ਢੱਕ ਲੈਂਦਾ ਹੈ ਉਹ ਪ੍ਰੇਮ ਨੂੰ ਭਾਲਦਾ ਹੈ, ਪਰ ਜੋ ਕਿਸੇ ਗੱਲ ਨੂੰ ਬਾਰ-ਬਾਰ ਛੇੜਦਾ ਹੈ ਉਹ ਪੱਕੇ ਮਿੱਤਰਾਂ ਵਿੱਚ ਫੁੱਟ ਪਾ ਦਿੰਦਾ ਹੈ ।10ਸਮਝ ਵਾਲੇ ਉੱਤੇ ਇੱਕ ਝਿੜਕ, ਮੂਰਖ ਉੱਤੇ ਸੌ ਕੋਰੜਿਆਂ ਨਾਲੋਂ ਵੱਧ ਅਸਰ ਕਰਦੀ ਹੈ ।
11ਭੈੜਾ ਮਨੁੱਖ ਕੇਵਲ ਝਗੜਾ ਕਰਨਾ ਹੀ ਚਾਹੁੰਦਾ ਹੈ, ਸੋ ਇੱਕ ਜ਼ਾਲਮ ਸੰਦੇਸ਼ਵਾਹਕ ਉਹ ਦੇ ਵਿਰੁੱਧ ਭੇਜਿਆ ਜਾਵੇਗਾ ।12ਮੂਰਖਤਾ ਦੇ ਵਿੱਚ ਡੁੱਬੇ ਹੋਏ ਮਨੁੱਖ ਨੂੰ ਮਿਲਣ ਨਾਲੋਂ, ਰਿੱਛਣੀ ਜਿਹ ਦੇ ਬੱਚੇ ਖੋਹ ਲਏ ਗਏ ਹੋਣ, ਨੂੰ ਮਿਲਣਾ ਭਲਾ ਹੈ ।
13ਜਿਹੜਾ ਭਲਿਆਈ ਦੇ ਬਦਲੇ ਬੁਰਿਆਈ ਕਰਦਾ ਹੈ, ਉਹ ਦੇ ਘਰੋਂ ਬੁਰਿਆਈ ਕਦੇ ਨਾ ਹੱਟੇਗੀ ।14ਝਗੜੇ ਦਾ ਮੁੱਢ ਪਾਣੀ ਦੇ ਵਹਾ ਵਰਗਾ ਹੈ, ਇਸ ਲਈ ਝਗੜਾ ਛਿੜਨ ਤੋਂ ਪਹਿਲਾਂ ਉਹ ਨੂੰ ਛੱਡ ਦੇ ।
15ਜਿਹੜਾ ਦੁਸ਼ਟ ਨੂੰ ਧਰਮੀ ਠਹਿਰਾਉਂਦਾ ਹੈ ਅਤੇ ਜਿਹੜਾ ਧਰਮੀ ਤੇ ਦੋਸ਼ ਲਾਉਂਦਾ ਹੈ, ਯਹੋਵਾਹ ਉਹਨਾਂ ਦੋਹਾਂ ਤੋਂ ਘਿਣ ਕਰਦਾ ਹੈ ।16ਮੂਰਖ ਦੇ ਹੱਥ ਵਿੱਚ ਬੁੱਧ ਨੂੰ ਮੁੱਲ ਲੈਣ ਲਈ ਪੈਸਾ ਹੋਣ ਦਾ ਕੀ ਲਾਭ, ਜਦ ਉਹ ਚਾਹੁੰਦਾ ਹੀ ਨਹੀਂ ?
17ਮਿੱਤਰ ਹਰ ਵੇਲੇ ਪ੍ਰੇਮ ਕਰਦਾ ਹੈ, ਅਤੇ ਭਰਾ ਬਿਪਤਾ ਦੇ ਦਿਨ ਲਈ ਜੰਮਿਆ ਹੈ ।18ਬੇਸਮਝ ਆਦਮੀ ਹੱਥ ਮਾਰਦਾ ਹੈ, ਅਤੇ ਆਪਣੇ ਗੁਆਂਢੀ ਦੇ ਸਾਹਮਣੇ ਜ਼ਮਾਨਤੀ ਬਣ ਜਾਂਦਾ ਹੈ ।
19ਜੋ ਝਗੜੇ ਨਾਲ ਪ੍ਰੇਮ ਕਰਦਾ ਹੈ ਉਹ ਅਪਰਾਧ ਦੇ ਨਾਲ ਵੀ ਪ੍ਰੇਮ ਕਰਦਾ ਹੈ, ਜਿਹੜਾ ਆਪਣੇ ਦਰਵਾਜ਼ੇ ਨੂੰ ਵੱਡਾ ਕਰਦਾ ਹੈ ਉਹ ਆਪਣਾ ਨਾਸ ਭਾਲਦਾ ਹੈ ।20ਟੇਢੇ ਮਨ ਵਾਲਾ ਭਲਿਆਈ ਨਾ ਪਾਵੇਗਾ, ਅਤੇ ਪੁੱਠੀਆਂ ਗੱਲਾਂ ਕਰਨ ਵਾਲਾ ਬਿਪਤਾ ਵਿੱਚ ਪਵੇਗਾ ।
21ਮੂਰਖ ਨੂੰ ਜਨਮ ਦੇਣ ਵਾਲਾ ਦੁੱਖ ਹੀ ਪਾਉਂਦਾ ਹੈ, ਅਤੇ ਮੂਰਖ ਦੇ ਪਿਤਾ ਨੂੰ ਕੁਝ ਅਨੰਦ ਨਹੀਂ ਮਿਲਦਾ ।22ਖੁਸ਼ ਦਿਲੀ ਚੰਗੀ ਦਵਾ ਹੈ, ਪਰ ਉਦਾਸ ਮਨ ਹੱਡੀਆਂ ਨੂੰ ਸੁਕਾਉਂਦਾ ਹੈ ।
23ਦੁਸ਼ਟ ਬੁੱਕਲ ਵਿਚੋਂ ਰਿਸ਼ਵਤ ਲੈਂਦਾ ਹੈ, ਤਾਂ ਜੋ ਉਹ ਨਿਆਂ ਦੇ ਮਾਰਗਾਂ ਨੂੰ ਵਿਗਾੜ ਦੇਵੇ ।24ਬੁੱਧ ਸਮਝ ਵਾਲੇ ਦੇ ਅੱਗੇ ਰਹਿੰਦੀ ਹੈ, ਪਰ ਮੂਰਖ ਦੀਆਂ ਅੱਖਾਂ ਧਰਤੀ ਦੇ ਬੰਨਿਆ ਵੱਲ ਲੱਗੀਆਂ ਰਹਿੰਦੀਆਂ ਹਨ ।
25ਮੂਰਖ ਪੁੱਤਰ ਆਪਣੇ ਪਿਉ ਲਈ ਦੁੱਖ, ਅਤੇ ਆਪਣੀ ਮਾਂ ਲਈ ਕੁੜੱਤਣ ਹੈ ।26ਧਰਮੀ ਨੂੰ ਸਜ਼ਾ ਦੇਣਾ ਚੰਗਾ ਨਹੀਂ, ਨਾ ਪ੍ਰਧਾਨਾਂ ਨੂੰ ਸਿੱਧਿਆਈ ਦੇ ਕਾਰਨ ਮਾਰਨਾ ।
27ਜਿਹੜਾ ਘੱਟ ਬੋਲਦਾ ਹੈ ਉਹ ਗਿਆਨੀ ਹੈ, ਅਤੇ ਸਮਝ ਵਾਲਾ ਸ਼ੀਲ ਸੁਭਾਉ ਹੁੰਦਾ ਹੈ ।28ਮੂਰਖ ਵੀ ਜਿੰਨਾ ਚਿਰ ਚੁੱਪ ਰਹੇ ਬੁੱਧਵਾਨ ਹੀ ਗਿਣੀਦਾ ਹੈ, ਜੇ ਮੂੰਹ ਬੰਦ ਰੱਖੇ ਤਾਂ ਸਿਆਣਾ ਸਮਝਿਆ ਜਾਂਦਾ ਹੈ ।

18

1ਜੋ ਦੂਸਰਿਆਂ ਨਾਲੋਂ ਅਲੱਗ ਹੋ ਜਾਂਦਾ ਹੈ ਉਹ ਆਪਣੀ ਇੱਛਾ ਪੂਰੀ ਕਰਨਾ ਚਾਹੁੰਦਾ ਹੈ, ਅਤੇ ਉਹ ਸਭ ਪ੍ਰਕਾਰ ਦੀ ਖਰੀ ਬੁੱਧ ਦੇ ਨਾਲ ਵੈਰ ਰੱਖਦਾ ਹੈ ।2ਮੂਰਖ ਸਮਝ ਤੋਂ ਖੁਸ਼ ਨਹੀਂ ਹੁੰਦਾ, ਪਰ ਉਹ ਸਿਰਫ਼ ਆਪਣੇ ਹੀ ਮਨ ਦੀ ਗੱਲ ਨੂੰ ਪ੍ਰਗਟ ਕਰਨਾ ਚਾਹੁੰਦਾ ਹੈ ।

3ਦੁਸ਼ਟਤਾ ਦੇ ਨਾਲ ਅਪਮਾਨ, ਅਤੇ ਨਿਰਾਦਰੀ ਦੇ ਨਾਲ ਸ਼ਰਮਿੰਦਗੀ ਆਉਂਦੀ ਹੈ ।4ਮਨੁੱਖ ਦੇ ਮੂੰਹ ਦੇ ਬਚਨ ਡੂੰਘੇ ਪਾਣੀ ਵਰਗੇ ਹਨ, ਬੁੱਧ ਦਾ ਚਸ਼ਮਾ ਵਗਦੀ ਨਦੀ ਜਿਹਾ ਹੈ ।
5ਦੁਸ਼ਟਾਂ ਦਾ ਪੱਖ ਲੈਣਾ ਚੰਗਾ ਨਹੀਂ, ਨਾ ਅਦਾਲਤ ਵਿੱਚ ਧਰਮੀਆਂ ਦਾ ਹੱਕ ਮਾਰਨਾ ।6ਮੂਰਖ ਦੇ ਬੋਲ ਝਗੜਾ ਖੜ੍ਹਾ ਕਰਦੇ ਹਨ, ਅਤੇ ਆਪਣੇ ਆਪ ਨੂੰ ਮਾਰ ਖਾਣ ਦੇ ਜੋਗ ਠਹਿਰਾਉਂਦਾ ਹੈ ।
7ਮੂਰਖ ਦੇ ਬਚਨ ਉਹ ਦੀ ਬਰਬਾਦੀ ਹੈ, ਅਤੇ ਉਹ ਦੇ ਬੁੱਲ੍ਹ ਉਹ ਦੀ ਜਾਨ ਲਈ ਫਾਹੀ ਹਨ ।8ਚੁਗਲੀ ਕਰਨ ਵਾਲੇ ਦੀਆਂ ਗੱਲਾਂ ਸੁਆਦਲੀਆਂ ਬੁਰਕੀਆਂ ਵਰਗੀਆਂ ਹੁੰਦੀਆਂ ਹਨ, ਉਹ ਢਿੱਡ ਵਿੱਚ ਹੀ ਵੜ ਜਾਂਦੀਆਂ ਹਨ ।
9ਜਿਹੜਾ ਕੰਮ ਕਰਨ ਵਿੱਚ ਆਲਸੀ ਹੈ, ਉਹ ਉਡਾਊ ਦਾ ਭਰਾ ਹੈ ।10ਯਹੋਵਾਹ ਦਾ ਨਾਮ ਇੱਕ ਪੱਕਾ ਬੁਰਜ ਹੈ, ਧਰਮੀ ਭੱਜ ਕੇ ਉਹ ਦੇ ਵਿੱਚ ਜਾਂਦਾ ਤੇ ਬਚਿਆ ਰਹਿੰਦਾ ਹੈ ।
11ਧਨਵਾਨ ਦੀ ਦੌਲਤ ਉਹ ਦੀ ਨਜ਼ਰ ਵਿੱਚ, ਪੱਕਾ ਨਗਰ ਅਤੇ ਉੱਚੀ ਸ਼ਹਿਰਪਨਾਹ ਵਾਂਗੂੰ ਹੈ ।12ਨਾਸ਼ ਹੋਣ ਤੋਂ ਪਹਿਲਾਂ ਮਨੁੱਖ ਦਾ ਮਨ ਹੰਕਾਰੀ ਹੁੰਦਾ ਹੈ, ਪਰ ਆਦਰ ਤੋਂ ਪਹਿਲਾਂ ਨਮਰਤਾ ਹੁੰਦੀ ਹੈ ।
13ਗੱਲ ਸੁਣਨ ਤੋਂ ਪਹਿਲਾਂ ਜਿਹੜਾ ਉੱਤਰ ਦਿੰਦਾ ਹੈ, ਇਹ ਉਹ ਦੇ ਲਈ ਮੂਰਖਤਾਈ ਤੇ ਸ਼ਰਮਿੰਦਗੀ ਹੈ ।14ਮਨੁੱਖ ਦਾ ਆਤਮਾ ਬਿਮਾਰੀ ਵਿੱਚ ਉਹ ਨੂੰ ਸੰਭਾਲਦਾ ਹੈ, ਪਰ ਜਦੋਂ ਆਤਮਾ ਹਾਰ ਜਾਂਦਾ ਹੈ ਤਾਂ ਉਸ ਨੂੰ ਕੌਣ ਸਹਿ ਸਕਦਾ ਹੈ ?
15ਸਿਆਣਾ ਮਨੁੱਖ ਗਿਆਨ ਨੂੰ ਪ੍ਰਾਪਤ ਕਰਦਾ ਹੈ, ਅਤੇ ਬੁੱਧਵਾਨ ਦੇ ਕੰਨ ਗਿਆਨ ਦੀ ਭਾਲ ਕਰਦੇ ਹਨ ।16ਨਜ਼ਰਾਨਾ ਆਦਮੀ ਦੇ ਲਈ ਰਾਹ ਖੋਲ੍ਹ ਦਿੰਦਾ ਹੈ, ਅਤੇ ਉਹ ਨੂੰ ਵੱਡਿਆਂ ਲੋਕਾਂ ਦੇ ਅੱਗੇ ਪਹੁੰਚਾ ਦਿੰਦਾ ਹੈ ।
17ਜਿਹੜਾ ਮੁਕੱਦਮੇ ਵਿੱਚ ਪਹਿਲਾਂ ਬੋਲਦਾ ਹੈ ਓਹੋ ਸੱਚਾ ਜਾਪਦਾ ਹੈ, ਪਰ ਫੇਰ ਉਹ ਦਾ ਵਿਰੋਧੀ ਆ ਕੇ ਉਹ ਦੀ ਭੇਤ ਖੋਲਦਾ ਹੈ ।18ਪਰਚੀਆਂ ਪਾਉਣ ਨਾਲ ਝਗੜੇ ਮੁੱਕ ਜਾਂਦੇ ਹਨ, ਅਤੇ ਬਲਵਾਨਾਂ ਦੇ ਵਿੱਚ ਫ਼ੈਸਲਾ ਹੋ ਜਾਂਦਾ ਹੈ ।
19ਰੁੱਸੇ ਹੋਏ ਭਰਾ ਨੂੰ ਮਨਾਉਣਾ ਪੱਕੇ ਸ਼ਹਿਰ ਦੇ ਜਿੱਤਣ ਨਾਲੋਂ ਵੀ ਔਖਾ ਹੈ, ਝਗੜੇ ਕਿਲੇ ਦੇ ਅਰਲਾਂ ਵਰਗੇ ਹੁੰਦੇ ਹਨ ।20ਆਦਮੀ ਦਾ ਢਿੱਡ ਉਹ ਦੇ ਮੂੰਹ ਦੀਆਂ ਗੱਲਾਂ ਦੇ ਫਲ ਨਾਲ ਭਰਦਾ ਹੈ, ਅਤੇ ਆਪਣੇ ਬੁੱਲ੍ਹਾਂ ਦੀ ਪ੍ਰਾਪਤੀ ਨਾਲ ਉਹ ਰੱਜਦਾ ਹੈ ।
21ਮੌਤ ਅਤੇ ਜੀਵਨ ਦੋਵੇਂ ਜੀਭ ਦੇ ਵੱਸ ਵਿੱਚ ਹਨ, ਅਤੇ ਜੋ ਉਸ ਨਾਲ ਪ੍ਰੀਤ ਰੱਖਦੇ ਹਨ ਉਹ ਉਸਦਾ ਫਲ ਖਾਣਗੇ ।22ਜਿਹ ਨੂੰ ਪਤਨੀ ਮਿਲੀ ਉਹ ਨੂੰ ਚੰਗੀ ਵਸਤ ਲੱਭੀ, ਅਤੇ ਯਹੋਵਾਹ ਦੀ ਕਿਰਪਾ ਉਸ ਉੱਤੇ ਹੋਈ ।
23ਕੰਗਾਲ ਤਾਂ ਤਰਲੇ ਕਰਕੇ ਬੋਲਦਾ ਹੈ, ਪਰ ਧਨਵਾਨ ਕਰੜਾਈ ਨਾਲ ਉੱਤਰ ਦਿੰਦਾ ਹੈ ।24ਬਹੁਤ ਸਾਰੇ ਮਿੱਤਰ ਨੁਕਸਾਨ ਦਾ ਕਾਰਨ ਹਨ, ਪਰ ਅਜਿਹਾ ਵੀ ਇੱਕ ਮਿੱਤਰ ਹੈ ਜੋ ਭਰਾ ਨਾਲੋਂ ਵੀ ਵੱਧ ਨੇੜੇ ਰਹਿੰਦਾ ਹੈ ।

19

1ਪੁੱਠੀਆਂ ਗੱਲਾਂ ਕਰਨ ਵਾਲੇ ਮੂਰਖ ਨਾਲੋਂ, ਉਹ ਕੰਗਾਲ ਚੰਗਾ ਹੈ ਜਿਹੜਾ ਸਿੱਧੀ ਚਾਲ ਚੱਲਦਾ ਹੈ ।2ਮਨੁੱਖ ਦਾ ਗਿਆਨ ਰਹਿਤ ਹੋਣਾ ਵੀ ਚੰਗਾ ਨਹੀਂ, ਅਤੇ ਜਿਹੜਾ ਕਾਹਲੀ ਕਰਦਾ ਹੈ ਉਹ ਕੁਰਾਹੇ ਪੈ ਜਾਂਦਾ ਹੈ ।

3ਆਦਮੀ ਦੀ ਮੂਰਖਤਾਈ ਉਹ ਨੂੰ ਗੁਮਰਾਹ ਕਰ ਦਿੰਦੀ ਹੈ, ਅਤੇ ਉਹ ਮਨ ਵਿੱਚ ਯਹੋਵਾਹ ਤੇ ਚਿੜਨ ਲੱਗਦਾ ਹੈ ।4ਧਨੀ ਦੇ ਬਹੁਤ ਮਿੱਤਰ ਬਣ ਜਾਂਦੇ ਹਨ, ਪਰ ਗਰੀਬ ਦੇ ਮਿੱਤਰ ਉਸ ਤੋਂ ਅਲੱਗ ਹੋ ਜਾਂਦੇ ਹਨ ।
5ਝੂਠਾ ਗਵਾਹ ਨਿਰਦੋਸ਼ ਨਾ ਠਹਿਰੇਗਾ, ਅਤੇ ਜੋ ਝੂਠ ਮਾਰਦਾ ਹੈ ਉਹ ਨਹੀਂ ਬਚੇਗਾ ।6ਪਰਉਪਕਾਰੀ ਦੇ ਬਹੁਤੇ ਲੋਕ ਤਰਲੇ ਕਰਦੇ ਹਨ, ਅਤੇ ਦਾਨੀ ਦੇ ਸੱਭੇ ਮਿੱਤਰ ਬਣ ਜਾਂਦੇ ਹਨ ।
7ਜਦੋਂ ਕੰਗਾਲ ਦੇ ਸਾਰੇ ਭਰਾ ਵੀ ਉਸ ਨਾਲ ਵੈਰ ਰੱਖਦੇ ਹਨ, ਤਾਂ ਉਹ ਦੇ ਮਿੱਤਰ ਕਿਉਂ ਨਾ ਉਸ ਤੋਂ ਦੂਰ ਹੋ ਜਾਣਗੇ ? ਉਹ ਗੱਲਾਂ ਨਾਲ ਉਹਨਾਂ ਦਾ ਪਿੱਛਾ ਕਰਦਾ ਹੈ ਪਰ ਨਹੀਂ ਲੱਭਦੇ ਹਨ ।8ਜਿਹੜਾ ਬੁੱਧ ਨੂੰ ਪ੍ਰਾਪਤ ਕਰਦਾ ਹੈ ਉਹ ਆਪਣੀ ਜਾਨ ਨਾਲ ਪ੍ਰੀਤ ਰੱਖਦਾ ਹੈ, ਜਿਹੜਾ ਸਮਝ ਦੀ ਪਾਲਣਾ ਕਰਦਾ ਹੈ ਉਹ ਨੂੰ ਲਾਭ ਮਿਲੇਗਾ ।
9ਝੂਠਾ ਗਵਾਹ ਨਿਰਦੋਸ਼ ਨਾ ਠਹਿਰੇਗਾ, ਅਤੇ ਜਿਹੜਾ ਝੂਠ ਬੋਲਦਾ ਹੈ ਉਹ ਦਾ ਨਾਸ ਹੋਵੇਗਾ ।10ਮੌਜ ਮਾਨਣਾ ਮੂਰਖ ਨੂੰ ਨਹੀਂ ਫੱਬਦਾ, ਤਾਂ ਸਰਦਾਰਾਂ ਉੱਤੇ ਸੇਵਕਾਂ ਦਾ ਹੁਕਮ ਚਲਾਉਣਾ ਕਿਵੇਂ ਫੱਬੇ ?
11ਸਮਝ ਆਦਮੀ ਨੂੰ ਕ੍ਰੋਧ ਵਿੱਚ ਧੀਮਾ ਬਣਾਉਂਦੀ ਹੈ, ਅਤੇ ਅਪਰਾਧ ਤੋਂ ਮੂੰਹ ਫ਼ੇਰ ਲੈਣ ਵਿੱਚ ਉਹ ਦੀ ਸ਼ਾਨ ਹੈ ।12ਰਾਜੇ ਦਾ ਕਹਿਰ ਬਬਰ ਸ਼ੇਰ ਦੇ ਗੱਜਣ ਵਰਗਾ ਹੈ, ਪਰ ਉਹ ਦੀ ਪ੍ਰਸੰਨਤਾ ਘਾਹ ਉੱਤੇ ਪਈ ਹੋਈ ਤ੍ਰੇਲ ਵਾਂਗੂੰ ਹੈ ।
13ਮੂਰਖ ਪੁੱਤਰ ਪਿਤਾ ਦੇ ਲਈ ਬਿਪਤਾ ਹੈ, ਅਤੇ ਪਤਨੀ ਦੇ ਝਗੜੇ ਰਗੜੇ ਸਦਾ ਛੱਤ ਦੇ ਚੋਣ ਵਾਂਗੂੰ ਹਨ ।14ਘਰ ਅਤੇ ਧਨ ਪੁਰਖਿਆਂ ਤੋਂ ਮਿਰਾਸ ਵਿੱਚ ਮਿਲਦੇ ਹਨ, ਪਰ ਬੁੱਧਵਾਨ ਪਤਨੀ ਯਹੋਵਾਹ ਵੱਲੋਂ ਮਿਲਦੀ ਹੈ ।
15ਆਲਸ ਘੂਕ ਨੀਂਦ ਵਿੱਚ ਪਾ ਦਿੰਦੀ ਹੈ, ਅਤੇ ਸੁਸਤ ਪ੍ਰਾਣੀ ਭੁੱਖਾ ਰਹਿੰਦਾ ਹੈ ।16ਜਿਹੜਾ ਹੁਕਮ ਮੰਨਦਾ ਹੈ ਉਹ ਆਪਣੀ ਜਾਨ ਦੀ ਪਾਲਣਾ ਕਰਦਾ ਹੈ, ਪਰ ਜੋ ਆਪਣੇ ਚਾਲ-ਚੱਲਣ ਉੱਤੇ ਧਿਆਨ ਨਹੀਂ ਦਿੰਦਾ ਉਹ ਮਰ ਜਾਵੇਗਾ ।
17ਜਿਹੜਾ ਗਰੀਬਾਂ ਉੱਤੇ ਦਯਾ ਕਰਦਾ ਹੈ ਉਹ ਯਹੋਵਾਹ ਨੂੰ ਉਧਾਰ ਦਿੰਦਾ ਹੇ, ਅਤੇ ਉਹ ਉਸ ਨੂੰ ਉਸ ਦੀ ਕੀਤੀ ਦਾ ਫਲ ਦੇਵੇਗਾ ।18ਜਦ ਤੱਕ ਆਸ ਹੈ ਆਪਣੇ ਪੁੱਤਰ ਨੂੰ ਤਾੜਨਾ ਦੇ, ਜਾਣ ਬੁੱਝ ਕੇ ਉਹ ਦੇ ਨਾਸ਼ ਦਾ ਕਾਰਨ ਨਾ ਬਣ ।
19ਡਾਢੇ ਕ੍ਰੋਧੀ ਨੂੰ ਸਜ਼ਾ ਭੋਗਣ ਦੇ, ਜੇ ਤੂੰ ਉਹ ਨੂੰ ਛੁਡਾਵੇਂ ਤਾਂ ਤੈਨੂੰ ਬਾਰ-ਬਾਰ ਛੁਡਾਉਣਾ ਪਵੇਗਾ ।20ਸਲਾਹ ਨੂੰ ਸੁਣ ਅਤੇ ਸਿੱਖਿਆ ਨੂੰ ਕਬੂਲ ਕਰ, ਤਾਂ ਜੋ ਅੰਤ ਵਿੱਚ ਬੁੱਧਵਾਨ ਬਣੇਂ ।
21ਮਨੁੱਖ ਦੇ ਮਨ ਵਿੱਚ ਅਨੇਕ ਯੋਜਨਾਵਾਂ ਹੁੰਦੀਆਂ ਹਨ, ਪਰ ਯਹੋਵਾਹ ਦੀ ਯੋਜਨਾ ਕਾਇਮ ਰਹੇਗੀ ।22ਮਨੁੱਖ ਦੀ ਦਯਾ ਦੇ ਕਾਰਨ ਉਸ ਨੂੰ ਪਸੰਦ ਕੀਤਾ ਜਾਂਦਾ ਹੈ, ਅਤੇ ਝੂਠੇ ਮਨੁੱਖ ਨਾਲੋਂ ਕੰਗਾਲ ਹੀ ਚੰਗਾ ਹੈ ।
23ਯਹੋਵਾਹ ਦਾ ਭੈ ਮੰਨਣ ਨਾਲ ਜੀਵਨ ਦਾ ਵਾਧਾ ਹੁੰਦਾ ਹੈ, ਭੈ ਮੰਨਣ ਵਾਲਾ ਤ੍ਰਿਪਤ ਰਹੇਗਾ, ਅਤੇ ਬਿਪਤਾ ਤੋਂ ਬਚਿਆ ਰਹੇਗਾ ।24ਆਲਸੀ ਆਪਣੇ ਕਟੋਰੇ ਵਿੱਚ ਹੱਥ ਪਾਉਂਦਾ ਹੈ, ਪਰ ਐਂਨਾ ਵੀ ਨਹੀਂ ਕਰਦਾ ਭਈ ਉਹ ਨੂੰ ਫੇਰ ਮੂੰਹ ਤੱਕ ਲਿਆਵੇ ।
25ਠੱਠਾ ਕਰਨ ਵਾਲੇ ਨੂੰ ਮਾਰ ਤਾਂ ਭੋਲਾ ਸਿਆਣਾ ਹੋ ਜਾਵੇਗਾ, ਅਤੇ ਸਮਝ ਵਾਲੇ ਨੂੰ ਤਾੜਨਾ ਦੇ, ਉਹ ਗਿਆਨ ਨੂੰ ਸਮਝੇਗਾ ।
26ਜਿਹੜਾ ਆਪਣੇ ਪਿਉ ਨੂੰ ਉਜਾੜ ਦਿੰਦਾ ਅਤੇ ਆਪਣੀ ਮਾਂ ਨੂੰ ਘਰੋਂ ਕੱਢ ਦਿੰਦਾ ਹੈ, ਉਹ ਨਿਰਾਦਰ ਅਤੇ ਸ਼ਰਮਿੰਦਗੀ ਦਾ ਕਾਰਨ ਹੋਵੇਗਾ ।27ਹੇ ਮੇਰੇ ਪੁੱਤਰ, ਜਿਸ ਸਿੱਖਿਆ ਨਾਲ ਗਿਆਨ ਦੇ ਬਚਨਾਂ ਤੋਂ ਭਟਕ ਜਾਈਦਾ ਹੈ, ਉਹ ਦਾ ਸੁਣਨਾ ਹੀ ਛੱਡ ਦੇ ।
28ਨਿਕੰਮਾ ਗਵਾਹ ਨਿਆਂ ਨੂੰ ਠੱਠਿਆਂ ਵਿੱਚ ਉਡਾਉਂਦਾ ਹੈ, ਅਤੇ ਦੁਸ਼ਟਾਂ ਦਾ ਮੂੰਹ ਬੁਰਿਆਈ ਨੂੰ ਨਿਗਲ ਜਾਂਦਾ ਹੈ ।29ਠੱਠਾ ਕਰਨ ਵਾਲਿਆਂ ਦੇ ਲਈ ਸਜ਼ਾ ਤਿਆਰ ਹੈ, ਤੇ ਮੂਰਖਾਂ ਦੀ ਪਿੱਠ ਲਈ ਕੋਰੜੇ ਹਨ ।

20

1ਮੈਅ ਠੱਠੇ ਵਾਲੀ ਤੇ ਸ਼ਰਾਬ ਝਗੜੇ ਵਾਲੀ ਚੀਜ਼ ਹੈ, ਜੋ ਕੋਈ ਉਹਨਾਂ ਤੋਂ ਧੋਖਾ ਖਾਂਦਾ ਹੈ ਉਹ ਬੁੱਧਵਾਨ ਨਹੀਂ !2ਰਾਜੇ ਦਾ ਭੈ ਬਬਰ ਸ਼ੇਰ ਦੇ ਗੱਜਣ ਵਰਗਾ ਹੈ, ਜਿਹੜਾ ਉਹ ਨੂੰ ਗੁੱਸਾ ਚੜਾਉਂਦਾ ਹੈ ਉਹ ਆਪਣੀ ਹੀ ਜਾਨ ਦਾ ਵੈਰੀ ਹੈ ।

3ਝਗੜੇ ਤੋਂ ਬਚਣ ਨਾਲ ਆਦਮੀ ਦਾ ਆਦਰ ਹੁੰਦਾ ਹੈ, ਪਰ ਹਰੇਕ ਮੂਰਖ ਝਗੜੇ ਛੇੜਦਾ ਹੈ ।4ਆਲਸੀ ਠੰਡ ਦੇ ਮਾਰੇ ਹਲ ਨਹੀਂ ਵਾਹੁੰਦਾ, ਉਹ ਵਾਢੀਆਂ ਦੇ ਦਿਨੀਂ ਭੀਖ ਮੰਗਿਆ ਕਰੇਗਾ ਪਰ ਲੱਭੇਗਾ ਕੁਝ ਨਹੀਂ ।
5ਮਨੁੱਖ ਦੇ ਮਨ ਦੀ ਸਲਾਹ ਡੂੰਘੇ ਪਾਣੀ ਵਰਗੀ ਹੈ, ਪਰ ਸਮਝ ਵਾਲਾ ਉਹ ਨੂੰ ਬਾਹਰ ਕੱਢ ਲਿਆਵੇਗਾ ।6ਬਹੁਤੇ ਆਦਮੀ ਆਪਣੀ ਆਪਣੀ ਦਯਾ ਦੀ ਡੌਂਡੀ ਪਿੱਟਦੇ ਹਨ, ਪਰ ਵਫ਼ਾਦਾਰ ਮਨੁੱਖ ਕਿਹਨੂੰ ਮਿਲ ਸਕਦਾ ਹੈ ?
7ਧਰਮੀ ਜਿਹੜਾ ਸਚਿਆਈ ਨਾਲ ਚੱਲਦਾ ਹੈ, ਉਹ ਦੇ ਮਗਰੋਂ ਉਹ ਦੇ ਪੁੱਤਰ ਧੰਨ ਹੁੰਦੇ ਹਨ !8ਰਾਜਾ ਜਿਹੜਾ ਨਿਆਂ ਦੀ ਗੱਦੀ ਉੱਤੇ ਬਹਿੰਦਾ ਹੈ, ਉਹ ਆਪਣੀ ਨਜ਼ਰ ਨਾਲ ਹੀ ਸਾਰੀ ਬੁਰਿਆਈ ਨੂੰ ਜਾਣ ਲੈਂਦਾ ਹੈ ।
9ਕੌਣ ਆਖ ਸਕਦਾ ਹੈ ਭਈ ਮੈਂ ਆਪਣੇ ਮਨ ਨੂੰ ਪਵਿੱਤਰ ਕੀਤਾ ਹੈ, ਮੈਂ ਪਾਪ ਤੋਂ ਸ਼ੁੱਧ ਹੋ ਗਿਆ ਹਾਂ ?10ਘੱਟ ਵੱਧ ਵੱਟੇ ਅਤੇ ਘੱਟ ਵੱਧ ਨਾਪ, ਇਹਨਾਂ ਦੋਹਾਂ ਤੋਂ ਯਹੋਵਾਹ ਘਿਣ ਕਰਦਾ ਹੈ ।
11ਬੱਚਾ ਵੀ ਆਪਣੇ ਕੰਮਾਂ ਤੋਂ ਪਛਾਣਿਆ ਜਾਂਦਾ ਹੈ, ਭਈ ਉਹ ਦੇ ਕੰਮ ਨੇਕ ਤੇ ਠੀਕ ਹਨ ਕਿ ਨਹੀਂ ।12ਕੰਨ ਜਿਹੜਾ ਸੁਣਦਾ ਹੈ ਤੇ ਅੱਖ ਜਿਹੜੀ ਵੇਖਦੀ ਹੈ, ਦੋਹਾਂ ਨੂੰ ਹੀ ਯਹੋਵਾਹ ਨੇ ਬਣਾਇਆ ਹੈ ।
13ਨੀਂਦ ਨਾਲ ਪ੍ਰੀਤ ਨਾ ਲਾ ਕਿਤੇ ਤੂੰ ਗਰੀਬ ਹੋ ਜਾਵੇਂ, ਆਪਣੀਆਂ ਅੱਖਾਂ ਖੋਲ੍ਹ ਤਾਂ ਤੂੰ ਰੋਟੀ ਰੱਜ ਕੇ ਖਾਏਂਗਾ ।14ਖਰੀਦਣ ਵੇਲੇ ਗਾਹਕ ਆਖਦਾ ਹੈ, "ਰੱਦੀ, ਰੱਦੀ" ! ਪਰ ਜਦ ਦੂਰ ਨਿੱਕਲ ਜਾਂਦਾ ਹੈ ਤਾਂ ਸ਼ੇਖੀ ਮਾਰਦਾ ਹੈ ।
15ਸੋਨਾ ਅਤੇ ਹੀਰੇ ਮੋਤੀ ਬਥੇਰੇ ਹਨ, ਪਰ ਗਿਆਨ ਦੀਆਂ ਗੱਲਾਂ ਅਣਮੁੱਲ ਰਤਨ ਹਨ ।16ਜਿਹੜਾ ਪਰਦੇਸੀ ਦੀ ਜ਼ਮਾਨਤ ਦੇਵੇ ਉਹ ਦੇ ਕੱਪੜੇ ਲਾਹ ਲੈ, ਅਤੇ ਜਿਹੜਾ ਓਪਰਿਆਂ ਦੀ ਜ਼ਮਾਨਤ ਦੇਵੇ ਉਹ ਦਾ ਕੁਝ ਗਹਿਣੇ ਰੱਖ ਲੈ ।
17ਚੋਰੀ ਦੀ ਰੋਟੀ ਮਨੁੱਖ ਨੂੰ ਮਿੱਠੀ ਲੱਗਦੀ ਹੈ, ਪਰ ਅੰਤ ਵਿੱਚ ਉਹ ਦਾ ਮੂੰਹ ਕੰਕਰਾਂ ਨਾਲ ਭਰ ਜਾਂਦਾ ਹੈ ।18ਯੋਜਨਾਵਾਂ ਸਲਾਹ ਨਾਲ ਕਾਇਮ ਹੋ ਜਾਂਦੀਆਂ ਹਨ, ਸੋ ਤੂੰ ਚੰਗੀ ਸਲਾਹ ਲੈ ਕੇ ਜੁੱਧ ਕਰ ।
19ਜਿਹੜਾ ਚੁਗਲੀ ਕਰਦਾ ਫਿਰਦਾ ਹੈ ਉਹ ਭੇਤਾਂ ਨੂੰ ਪਰਗਟ ਕਰਦਾ ਹੈ, ਇਸ ਲਈ ਤੂੰ ਬਕ ਬਕ ਕਰਨ ਵਾਲਿਆਂ ਨਾਲ ਸੰਗਤੀ ਨਾ ਰੱਖੀਂ ।20ਜਿਹੜਾ ਆਪਣੇ ਮਾਂ ਪਿਉ ਨੂੰ ਫਿਟਕਾਰਦਾ ਹੈ, ਉਹ ਦਾ ਦੀਵਾ ਘੁੱਪ ਹਨੇਰੇ ਵਿੱਚ ਬੁੱਝ ਜਾਵੇਗਾ ।
21ਛੇਤੀ ਨਾਲ ਮਿਲੀ ਹੋਈ ਮਿਰਾਸ, ਅੰਤ ਵਿੱਚ ਮੁਬਾਰਕ ਨਾ ਹੋਵੇਗੀ ।22ਤੂੰ ਇਹ ਨਾ ਆਖ ਭਈ ਮੈਂ ਬੁਰਿਆਈ ਦਾ ਬਦਲਾ ਲਵਾਂਗਾ, ਯਹੋਵਾਹ ਨੂੰ ਉਡੀਕ ਤਾਂ ਉਹ ਤੈਨੂੰ ਬਚਾਵੇਗਾ ।
23ਘੱਟ ਵੱਧ ਵੱਟੇ ਯਹੋਵਾਹ ਲਈ ਘਿਣਾਉਣੇ ਹਨ, ਅਤੇ ਛਲ ਦੀ ਤੱਕੜੀ ਚੰਗੀ ਨਹੀਂ ।24ਮਨੁੱਖ ਦੇ ਕਦਮਾਂ ਨੂੰ ਯਹੋਵਾਹ ਹੀ ਚਲਾਉਂਦਾ ਹੈ, ਤਾਂ ਫੇਰ ਮਨੁੱਖ ਕਿਵੇਂ ਆਪਣੇ ਰਾਹ ਨੂੰ ਬੁੱਝੇ ?
25ਜੇ ਬਿਨਾ ਵਿਚਾਰੇ ਕੋਈ ਆਖੇ ਕਿ ਇਹ ਵਸਤ ਪਵਿੱਤਰ ਹੈ, ਤੇ ਸੁੱਖਣਾ ਸੁੱਖ ਕੇ ਪੁੱਛਣ ਲੱਗੇ ਤਾਂ ਉਹ ਉਸ ਆਦਮੀ ਲਈ ਫਾਹੀ ਹੈ ।26ਬੁੱਧਵਾਨ ਰਾਜਾ ਦੁਸ਼ਟਾ ਨੂੰ ਫਟਕ ਦਿੰਦਾ ਹੈ, ਅਤੇ ਉਹਨਾਂ ਉੱਤੇ ਪਹੀਆ ਚਲਾ ਦਿੰਦਾ ਹੈ ।
27ਮਨੁੱਖ ਦਾ ਆਤਮਾ ਯਹੋਵਾਹ ਦਾ ਦੀਵਾ ਹੈ, ਜਿਹੜਾ ਸਾਰੇ ਅੰਦਰਲੇ ਹਿੱਸਿਆਂ ਨੂੰ ਖੋਜਦਾ ਹੈ ।28ਦਯਾ ਅਤੇ ਸਚਿਆਈ ਰਾਜੇ ਦੀ ਰੱਖਿਆ ਕਰਦੀਆਂ ਹਨ, ਸਗੋਂ ਦਯਾ ਨਾਲ ਹੀ ਉਸ ਦੀ ਗੱਦੀ ਸੰਭਲਦੀ ਹੈ ।
29ਜੁਆਨਾਂ ਦੀ ਸ਼ੋਭਾ ਤਾਂ ਉਹਨਾਂ ਦਾ ਬਲ ਹੈ, ਅਤੇ ਬੁੱਢਿਆਂ ਦੀ ਸਜਾਵਟ ਉਹਨਾਂ ਦੇ ਧੌਲੇ ਵਾਲ ਹਨ ।30ਸੱਟਾਂ ਲੱਗਣ ਨਾਲ ਜਿਹੜੇ ਜ਼ਖਮ ਹੁੰਦੇ ਹਨ ਉਹ ਬੁਰਿਆਈ ਨੂੰ ਸਾਫ਼ ਕਰਦੇ ਹਨ, ਅਤੇ ਮਾਰ ਅੰਦਰਲੇ ਹਿੱਸਿਆਂ ਨੂੰ ਵੀ ।

21

1ਰਾਜੇ ਦਾ ਮਨ ਯਹੋਵਾਹ ਦੇ ਹੱਥ ਵਿੱਚ ਪਾਣੀ ਦੀਆਂ ਖਾਲਾਂ ਵਾਂਗੂੰ ਹੈ, ਉਹ ਜਿੱਧਰ ਚਾਹੁੰਦਾ ਹੈ ਉਹ ਨੂੰ ਮੋੜਦਾ ਹੈ ।2ਮਨੁੱਖ ਦੀ ਸਾਰੀ ਚਾਲ ਉਹ ਦੀ ਆਪਣੀ ਨਿਗਾਹ ਵਿੱਚ ਸਿੱਧੀ ਜਾਪਦੀ ਹੈ, ਪਰ ਯਹੋਵਾਹ ਮਨ ਨੂੰ ਜਾਚਦਾ ਹੈ ।

3ਬਲੀਦਾਨ ਨਾਲੋਂ ਧਰਮ ਅਤੇ ਨਿਆਂ ਕਰਨਾ ਯਹੋਵਾਹ ਨੂੰ ਚੰਗਾ ਲਗਦਾ ਹੈ ।4ਘਮੰਡੀ ਅੱਖਾਂ ਹੰਕਾਰੀ ਮਨ ਅਤੇ ਦੁਸ਼ਟਾਂ ਦਾ ਦੀਵਾ, ਪਾਪ ਹਨ ।
5ਮਿਹਨਤੀ ਦੀਆਂ ਯੋਜਨਾਵਾਂ ਕੇਵਲ ਲਾਭ ਦੀਆਂ ਹੁੰਦੀਆਂ ਹਨ, ਪਰ ਕਾਹਲੀ ਦਾ ਅੰਤ ਨਿਰੀ ਥੁੜ ਹੈ ।6ਝੂਠ ਦੁਆਰਾ ਪ੍ਰਾਪਤ ਕੀਤਾ ਧਨ ਹਵਾ ਨਾਲ ਉੱਡ ਜਾਣ ਵਾਲੀ ਧੂੜ ਵਰਗਾ ਹੈ, ਉਹ ਨੂੰ ਲੱਭਣ ਵਾਲੇ ਮੌਤ ਨੂੰ ਲੱਭਦੇ ਹਨ ।
7ਦੁਸ਼ਟਾਂ ਦੀ ਹਿੰਸਾ ਉਹਨਾਂ ਨੂੰ ਹੂੰਝ ਲੈ ਜਾਵੇਗੀ, ਕਿਉਂ ਜੋ ਉਹ ਨਿਆਂ ਕਰਨ ਤੋਂ ਮੁੱਕਰਦੇ ਹਨ ।8ਦੋਸ਼ੀ ਮਨੁੱਖ ਦਾ ਰਾਹ ਟੇਢਾ ਹੈ, ਪਰ ਸਚਿਆਰ ਦਾ ਕੰਮ ਸਿੱਧਾ ਹੁੰਦਾ ਹੈ ।
9ਝਗੜਾਲੂ ਪਤਨੀ ਦੇ ਨਾਲ ਖੁੱਲੇ ਡੁੱਲੇ ਘਰ ਵਿੱਚ ਵੱਸਣ ਨਾਲੋਂ, ਛੱਤ ਉੱਤੇ ਇੱਕ ਨੁੱਕਰ ਵਿੱਚ ਰਹਿਣਾ ਚੰਗਾ ਹੈ ।10ਦੁਸ਼ਟ ਦਾ ਮਨ ਬੁਰਿਆਈ ਨੂੰ ਚਾਹੁੰਦਾ ਹੈ, ਉਹ ਦੀ ਨਿਗਾਹ ਵਿੱਚ ਆਪਣੇ ਗੁਆਂਢੀ ਲਈ ਕਿਰਪਾ ਨਹੀਂ ।
11ਜਦੋਂ ਠੱਠਾ ਕਰਨ ਵਾਲੇ ਨੂੰ ਸਜ਼ਾ ਦਿੱਤੀ ਜਾਂਦੀ ਹੈ ਤਾਂ ਭੋਲਾ ਬੁੱਧਵਾਨ ਹੋ ਜਾਂਦਾ ਹੈ ਅਤੇ ਜਦ ਬੁੱਧਵਾਨ ਨੂੰ ਉਪਦੇਸ਼ ਦਿੱਤਾ ਜਾਂਦਾ ਹੈ ਤਾਂ ਉਹ ਨੂੰ ਗਿਆਨ ਪ੍ਰਾਪਤ ਹੁੰਦਾ ਹੈ12ਧਰਮੀ ਦੁਸ਼ਟ ਦੇ ਘਰ ਨੂੰ ਧਿਆਨ ਨਾਲ ਵੇਖਦਾ ਹੈ, ਅਤੇ ਦੁਸ਼ਟ ਤਾਂ ਵਿਨਾਸ਼ ਲਈ ਢਹਿ ਪੈਂਦੇ ਹਨ ।
13ਜਿਹੜਾ ਗਰੀਬ ਦੀ ਦੁਹਾਈ ਉੱਤੇ ਕੰਨ ਬੰਦ ਕਰ ਲਵੇ, ਉਹ ਆਪ ਵੀ ਪੁਕਾਰੇਗਾ ਪਰ ਉਹ ਨੂੰ ਉੱਤਰ ਨਾ ਮਿਲੇਗਾ ।14ਗੁਪਤ ਵਿੱਚ ਦਿੱਤੀ ਹੋਈ ਭੇਟ ਨਾਲ ਕ੍ਰੋਧ, ਅਤੇ ਬੁੱਕਲ ਵਿੱਚ ਦਿੱਤੀ ਹੋਈ ਵੱਢੀ ਨਾਲ ਡਾਢਾ ਗੁੱਸਾ ਠੰਡਾ ਪੈ ਜਾਂਦਾ ਹੈ ।
15ਨਿਆਂ ਕਰਨਾ ਧਰਮੀ ਲਈ ਖੁਸ਼ੀ ਹੈ, ਪਰ ਕੁਕਰਮੀ ਲਈ ਘਬਰਾਹਟ ਹੈ ।16ਜਿਹੜਾ ਆਦਮੀ ਸਮਝ ਦੇ ਰਾਹ ਤੋਂ ਭਟਕਦਾ ਹੈ, ਉਹ ਦਾ ਟਿਕਾਣਾ ਭੂਤਨਿਆਂ ਵਿੱਚ ਹੋਵੇਗਾ ।
17ਜਿਹੜਾ ਰਾਗ ਰੰਗ ਨੂੰ ਪਿਆਰ ਕਰਦਾ ਹੈ ਉਹ ਨੂੰ ਥੁੜ ਰਹੇਗੀ, ਜਿਹੜਾ ਮੈਅ ਅਤੇ ਤੇਲ ਨੂੰ ਪਿਆਰ ਕਰਦਾ ਹੈ ਉਹ ਧਨੀ ਨਹੀਂ ਹੋਵੇਗਾ ।18ਦੁਸ਼ਟ ਧਰਮੀ ਦੀ ਰਿਹਾਈ ਦੇ ਲਈ ਹੁੰਦਾ ਹੈ, ਅਤੇ ਧੋਖੇਬਾਜ਼ ਸਿੱਧੇ ਲੋਕਾਂ ਦੇ ਥਾਂ ਸਜ਼ਾ ਪਾਉਂਦੇ ਹਨ ।
19ਝਗੜਾਲੂ ਅਤੇ ਚਿੜਨ ਪਤਨੀ ਦੇ ਕੋਲ ਰਹਿਣ ਨਾਲੋਂ ਉਜਾੜ ਦੇਸ ਵਿੱਚ ਵੱਸਣਾ ਚੰਗਾ ਹੈ ।20ਬੁੱਧਵਾਨ ਦੇ ਘਰ ਵਿੱਚ ਕੀਮਤੀ ਖ਼ਜ਼ਾਨਾ ਅਤੇ ਤੇਲ ਹੁੰਦਾ ਹੈ, ਪਰ ਮੂਰਖ ਆਦਮੀ ਉਹ ਨੂੰ ਉਡਾ ਦਿੰਦਾ ਹੈ ।
21ਜਿਹੜਾ ਧਰਮ ਅਤੇ ਦਯਾ ਦਾ ਪਿੱਛਾ ਕਰਦਾ ਹੈ, ਉਹ ਜੀਉਣ, ਧਰਮ ਅਤੇ ਆਦਰ ਪਾਉਂਦਾ ਹੈ ।22ਬੁੱਧਵਾਨ ਮਨੁੱਖ ਬਲਵਾਨਾਂ ਦੇ ਨਗਰ ਉੱਤੇ ਚੜਾਈ ਕਰਦਾ ਹੈ, ਅਤੇ ਉਹ ਦੇ ਭਰੋਸੇ ਦੇ ਬਲ ਨੂੰ ਨਸ਼ਟ ਕਰ ਦਿੰਦਾ ਹੈ ।
23ਜਿਹੜਾ ਆਪਣੇ ਮੂੰਹ ਅਤੇ ਆਪਣੀ ਜੀਭ ਦੀ ਰਾਖੀ ਕਰਦਾ ਹੈ, ਉਹ ਆਪਣੀ ਜਾਨ ਦੀ ਬਿਪਤਾ ਤੋਂ ਰਾਖੀ ਕਰਦਾ ਹੈ ।24ਜੋ ਡਾਢੇ ਹੰਕਾਰ ਨਾਲ ਕੰਮ ਕਰਦਾ ਹੈ, ਉਸ ਦਾ ਨਾਮ ਹੰਕਾਰੀ, ਅਭਮਾਨੀ ਅਤੇ ਠੱਠਾ ਕਰਨ ਵਾਲਾ ਰੱਖਿਆ ਜਾਂਦਾ ਹੈ ।
25ਆਲਸੀ ਦੀ ਇੱਛਿਆ ਉਹ ਨੂੰ ਮਾਰ ਸੁੱਟਦੀ ਹੈ, ਉਹ ਦੇ ਹੱਥ ਕੰਮ ਕਰਨ ਤੋਂ ਨਾਂਹ ਜੋ ਕਰਦੇ ਹਨ ।26ਕੋਈ ਹੈ ਜੋ ਦਿਨ ਭਰ ਲੋਭ ਹੀ ਕਰਦਾ ਰਹਿੰਦਾ ਹੈ, ਪਰ ਧਰਮੀ ਦਿੰਦਾ ਅਤੇ ਰੁਕਦਾ ਨਹੀਂ ।
27ਦੁਸ਼ਟ ਦਾ ਬਲੀਦਾਨ ਘਿਣਾਉਣਾ ਹੈ, ਕਿੰਨਾ ਵਧੀਕ ਜਦ ਉਹ ਬੁਰੀ ਨੀਤ ਨਾਲ ਉਹ ਨੂੰ ਲਿਆਉਂਦਾ ਹੈ ।28ਝੂਠੇ ਗਵਾਹ ਦਾ ਨਾਸ਼ ਹੁੰਦਾ ਹੈ, ਜਿਸ ਨੇ ਜੋ ਸੁਣਿਆ ਓਹੀ ਕਹਿਣ ਨਾਲ ਸਥਿਰ ਰਹੇਗਾ ।
29ਦੁਸ਼ਟ ਮਨੁੱਖ ਆਪਣਾ ਮੁੱਖ ਕਰੜਾ ਬਣਾਉਂਦਾ ਹੈ, ਪਰ ਸਚਿਆਰ ਆਪਣੇ ਚਾਲ-ਚੱਲਣ ਬਾਰੇ ਸੋਚ ਵਿਚਾਰ ਕਰਦਾ ਹੈ ।
30ਕੋਈ ਬੁੱਧ, ਕੋਈ ਮੱਤ, ਕੋਈ ਸਲਾਹ ਨਹੀਂ, ਜੋ ਯਹੋਵਾਹ ਦੇ ਵਿਰੁੱਧ ਚੱਲੇ ।31ਜੁੱਧ ਦੇ ਦਿਨ ਲਈ ਘੋੜਾ ਤਿਆਰ ਕਰੀਦਾ ਹੈ, ਪਰ ਜਿੱਤ ਯਹੋਵਾਹ ਦੀ ਵੱਲੋ ਹੁੰਦੀ ਹੈ ।

22
ਬੁੱਧੀਮਾਨਾਂ ਦੀਆਂ ਤੀਹ ਕਹਾਉਤਾਂ

1ਵੱਡੇ ਧਨ ਨਾਲੋਂ ਨੇਕਨਾਮੀ ਚੁਣਨੀ ਚਾਹੀਦੀ ਹੈ, ਅਤੇ ਸੋਨੇ ਚਾਂਦੀ ਨਾਲੋਂ ਕਿਰਪਾ ਚੰਗੀ ਹੈ ।2ਧਨੀ ਅਤੇ ਕੰਗਾਲ ਇੱਕ ਸਮਾਨਤਾ ਹੈ, ਕਿ ਉਨ੍ਹਾਂ ਸਭਨਾਂ ਦਾ ਸਿਰਜਣਹਾਰ ਯਹੋਵਾਹ ਹੈ ।

3ਸਿਆਣਾ ਤਾਂ ਬਿਪਤਾ ਨੂੰ ਵੇਖ ਕੇ ਲੁਕ ਜਾਂਦਾ ਹੈ, ਪਰ ਭੋਲੇ ਅਗਾਹਾਂ ਵਧ ਕੇ ਕਸ਼ਟ ਭੋਗਦੇ ਹਨ ।4ਨਮਰਤਾ ਅਤੇ ਯਹੋਵਾਹ ਦਾ ਭੈ ਮੰਨਣ ਦਾ ਫਲ ਧਨ, ਆਦਰ ਅਤੇ ਜੀਵਨ ਹੈ ।
5ਟੇਢਿਆਂ ਦੇ ਰਾਹ ਵਿੱਚ ਕੰਡੇ ਅਤੇ ਫਾਹੀਆਂ ਹੁੰਦੀਆਂ ਹਨ, ਜਿਹੜਾ ਆਪਣੀ ਜਾਨ ਦੀ ਰੱਖਿਆ ਕਰਦਾ ਹੈ ਉਹ ਉਨ੍ਹਾਂ ਤੋਂ ਦੂਰ ਰਹਿੰਦਾ ਹੈ ।6ਬੱਚੇ ਨੂੰ ਉਸ ਰਾਹ ਦੀ ਸਿੱਖਿਆ ਦੇ ਜਿਸ ਵਿੱਚ ਉਸ ਨੂੰ ਚੱਲਣਾ ਚਾਹੀਦਾ ਹੈ, ਤਾਂ ਉਹ ਬੁੱਢਾ ਹੋ ਕੇ ਵੀ ਉਸ ਤੋਂ ਕਦੀ ਨਾ ਹਟੇਗਾ ।
7ਧਨਵਾਨ ਕੰਗਾਲਾਂ ਉੱਤੇ ਹੁਕਮ ਚਲਾਉਂਦਾ ਹੈ, ਅਤੇ ਉਧਾਰ ਲੈਣ ਵਾਲਾ ਉਧਾਰ ਦੇਣ ਵਾਲੇ ਦਾ ਦਾਸ ਹੁੰਦਾ ਹੈ ।8ਜਿਹੜਾ ਬੁਰਾਈ ਬੀਜਦਾ ਹੈ ਉਹ ਬਿਪਤਾ ਹੀ ਵੱਢੇਗਾ, ਅਤੇ ਉਹ ਦੇ ਕਹਿਰ ਦੀ ਲਾਠੀ ਟੁੱਟ ਜਾਵੇਗੀ ।
9ਜਿਹੜਾ ਭਲਿਆਈ ਦੀ ਨਿਗਾਹ ਕਰਦਾ ਹੈ ਉਹ ਮੁਬਾਰਕ ਹੈ, ਕਿਉਂ ਜੋ ਉਹ ਗਰੀਬ ਨੂੰ ਆਪਣੀ ਰੋਟੀ ਵਿੱਚੋਂ ਦਿੰਦਾ ਹੈ ।10ਠੱਠਾ ਕਰਨ ਵਾਲੇ ਨੂੰ ਕੱਢ ਦੇ ਤਾਂ ਝਗੜਾ ਮੁੱਕ ਜਾਵੇਗਾ, ਨਾਲੇ ਬਹਿਸ ਅਤੇ ਨਿਰਾਦਰ ਮਿਟ ਜਾਣਗੇ ।
11ਜਿਹੜਾ ਮਨ ਦੀ ਸ਼ੁੱਧਤਾ ਨਾਲ ਪ੍ਰੇਮ ਰੱਖਦਾ ਹੈ, ਜਿਹ ਦੇ ਬੁੱਲ ਦਯਾਵਾਨ ਹਨ, ਰਾਜਾ ਉਹ ਦਾ ਮਿੱਤਰ ਹੋਵੇਗਾ ।12ਯਹੋਵਾਹ ਦੀ ਨਿਗਾਹ ਗਿਆਨ ਦੀ ਰੱਖਿਆ ਕਰਦੀ ਹੈ, ਪਰ ਧੋਖੇਬਾਜ਼ ਦੀਆਂ ਗੱਲਾਂ ਨੂੰ ਉਹ ਉਲਟ ਪੁਲਟ ਕਰ ਦਿੰਦਾ ਹੈ ।
13ਆਲਸੀ ਆਖਦਾ ਹੈ ਭਈ ਬਾਹਰ ਤਾਂ ਸ਼ੇਰ ਹੈ, ਮੈਂ ਗਲੀਆਂ ਵਿੱਚ ਪਾੜਿਆ ਜਾਂਵਾਂਗਾ !14ਪਰਾਈ ਔਰਤ ਦਾ ਮੂੰਹ ਇੱਕ ਡੂੰਘਾ ਟੋਆ ਹੈ, ਉਹ ਦੇ ਵਿੱਚ ਉਹ ਡਿੱਗਦਾ ਹੈ ਜਿਸ ਉੱਤੇ ਯਹੋਵਾਹ ਕ੍ਰੋਧਿਤ ਹੈ ।
15ਬਾਲਕ ਦੇ ਮਨ ਵਿੱਚ ਮੂਰਖਤਾਈ ਬੱਧੀ ਹੋਈ ਹੁੰਦੀ ਹੈ, ਤਾੜਨ ਦੀ ਸੋਟੀ ਉਹ ਨੂੰ ਉਸ ਤੋਂ ਦੂਰ ਕਰ ਦਿੰਦੀ ਹੈ ।16ਜਿਹੜਾ ਆਪਣਾ ਧਨ ਵਧਾਉਣ ਲਈ ਗਰੀਬ ਉੱਤੇ ਅਨ੍ਹੇਰ ਕਰਦਾ, ਅਤੇ ਜੋ ਧਨਵਾਨ ਨੂੰ ਭੇਂਟ ਦਿੰਦਾ ਹੈ ਉਹਨਾਂ ਨੂੰ ਘਾਟਾ ਹੀ ਹੁੰਦਾ ਹੈ ।
17ਕੰਨ ਲਾ ਕੇ ਬੁੱਧਵਾਨਾਂ ਦੇ ਬਚਨ ਸੁਣ, ਅਤੇ ਮੇਰੇ ਗਿਆਨ ਵੱਲ ਆਪਣਾ ਮਨ ਲਾ,18ਜੇ ਤੂੰ ਆਪਣੇ ਮਨ ਵਿੱਚ ਓਹਨਾਂ ਦੀ ਪਾਲਣਾ ਕਰੇਂ ਅਤੇ ਓਹ ਸਭ ਤੇਰੇ ਮੂੰਹ ਵਿੱਚੋਂ ਨਿੱਕਲਣ, ਤਾਂ ਇਹ ਮਨ ਭਾਉਣੀ ਗੱਲ ਹੈ ।19ਮੈਂ ਅੱਜ ਦੇ ਦਿਨ ਓਹ ਤੈਨੂੰ, ਹਾਂ, ਤੈਨੂੰ ਹੀ ਸਿਖਾ ਦਿੱਤੀਆਂ ਹਨ, ਭਈ ਤੇਰਾ ਭਰੋਸਾ ਯਹੋਵਾਹ ਉੱਤੇ ਹੋਵੇ ।
20ਭਲਾ, ਮੈਂ ਤੇਰੇ ਲਈ ਤੀਹ ਕਹਾਉਤਾਂ ਉਪਦੇਸ਼ ਅਤੇ ਗਿਆਨ ਲਈ ਨਹੀਂ ਲਿਖੀਆਂ,21ਭਈ ਮੈਂ ਤੈਨੂੰ ਸਚਿਆਈ ਦੇ ਬਚਨਾਂ ਦੀ ਖਰਿਆਈ ਸਿਖਾਵਾਂ, ਕਿ ਤੂੰ ਸਚਿਆਈ ਦੇ ਬਚਨ ਆਪਣੇ ਘੱਲਣ ਵਾਲਿਆਂ ਕੋਲ ਲੈ ਜਾਂਵੇ ?
-1-

22ਕੰਗਾਲ ਨੂੰ ਨਾ ਲੁੱਟ ਕਿਉਂ ਜੋ ਉਹ ਗਰੀਬ ਹੈ, ਅਤੇ ਨਾ ਦੁਖੀਏ ਉੱਤੇ ਫਾਟਕ ਵਿੱਚ ਅਨ੍ਹੇਰ ਕਰ,23ਕਿਉਂ ਜੋ ਯਹੋਵਾਹ ਉਨ੍ਹਾਂ ਦਾ ਮੁਕੱਦਮਾ ਲੜੇਗਾ, ਅਤੇ ਓਹਨਾਂ ਦੇ ਲੁੱਟਣ ਵਾਲਿਆਂ ਦੀ ਜਾਨ ਨੂੰ ਲੁੱਟੇਗਾ ।
-2-

24ਕ੍ਰੋਧੀ ਦਾ ਸਾਥੀ ਨਾ ਬਣੀਂ ਅਤੇ ਛੇਤੀ ਗੁੱਸਾ ਕਰਨ ਵਾਲੇ ਦੇ ਨਾਲ ਨਾ ਤੁਰੀਂ,25ਕਿਤੇ ਅਜਿਹਾ ਨਾ ਹੋਵੇ ਜੋ ਤੂੰ ਉਹ ਦੀ ਚਾਲ ਸਿੱਖ ਲਵੇਂ, ਅਤੇ ਤੇਰੀ ਜਾਨ ਫਾਹੀ ਵਿੱਚ ਫਸ ਜਾਵੇ ।
-3-

26ਜਿਹੜੇ ਹੱਥ ਤੇ ਹੱਥ ਮਾਰਦੇ ਅਤੇ ਕਰਜ਼ਾਈ ਦੇ ਜ਼ਮਾਨਤੀ ਬਣਦੇ ਹਨ, ਤੂੰ ਓਹਨਾਂ ਦੇ ਵਿੱਚ ਨਾ ਹੋ ।27ਜੇ ਤੇਰੇ ਕੋਲ ਭਰਨ ਨੂੰ ਕੁਝ ਨਾ ਹੋਵੇ, ਤਾਂ ਉਹ ਤੇਰੇ ਵਿਛਾਉਣੇ ਨੂੰ ਤੇਰੇ ਹੇਠੋਂ ਖਿੱਚ ਲੈ ਜਾਵੇਗਾ ।
-4-

28ਜਿਹੜੇ ਪੁਰਾਣੇ ਬੰਨੇ ਤੇਰੇ ਵੱਡਿਆਂ ਨੇ ਲਾਏ ਸਨ, ਓਹਨਾਂ ਨੂੰ ਤੂੰ ਨਾ ਸਰਕਾ ।
-5-

29ਜੇ ਤੂੰ ਕਿਸੇ ਨੂੰ ਉਹ ਦੇ ਕੰਮ ਵਿੱਚ ਨਿਪੁੰਨ ਵੇਖਦਾ ਹੈਂ ? ਉਹ ਰਾਜੇ ਦੇ ਸਨਮੁੱਖ ਖੜ੍ਹਾ ਹੋਵੇਗਾ, ਉਹ ਛੋਟਿਆਂ ਦੇ ਅੱਗੇ ਖੜ੍ਹਾ ਨਾ ਹੋਵੇਗਾ ।

23
-6-

1ਜਦ ਤੂੰ ਕਿਸੇ ਹਾਕਮ ਦੇ ਨਾਲ ਰੋਟੀ ਖਾਣ ਬੈਠੇਂ, ਤਾਂ ਚੰਗੀ ਤਰਾਂ ਸੋਚ ਭਈ ਤੇਰੇ ਸਾਹਮਣੇ ਕੌਣ ਹੈ ।2ਜੇ ਤੂੰ ਪੇਟੂ ਹੈਂ, ਤਾਂ ਆਪਣੇ ਗਲੇ ਉੱਤੇ ਛੁਰੀ ਰੱਖ !3ਉਹ ਦੇ ਸੁਆਦਲੇ ਭੋਜਨ ਦਾ ਲੋਭ ਨਾ ਕਰੀਂ, ਕਿਉਂ ਜੋ ਉਹ ਧੋਖੇ ਦੀ ਰੋਟੀ ਹੈ ।

-7-

4ਧਨਵਾਨ ਹੋਣ ਦੀ ਖੇਚਲ ਨਾ ਕਰ, ਆਪਣੀ ਸਿਆਣਪ ਨੂੰ ਛੱਡ ਦੇ ।5ਕੀ ਤੂੰ ਉਸ ਚੀਜ਼ ਉੱਤੇ ਆਪਣੀ ਨਿਗਾਹ ਲਾਵੇਂਗਾ ਜੋ ਹੈ ਹੀ ਨਹੀਂ ? ਉਹ ਨੂੰ ਜ਼ਰੂਰ ਖੰਭ ਲੱਗਦੇ ਅਤੇ ਉਕਾਬ ਵਾਂਗੂੰ ਅਕਾਸ਼ ਵੱਲ ਉੱਡ ਜਾਂਦੀ ਹੈ ।
-8-

6ਤੂੰ ਬਦ ਨਜ਼ਰ ਵਾਲੇ ਦੀ ਰੋਟੀ ਨਾ ਖਾਹ, ਨਾ ਉਹ ਦੇ ਸੁਆਦਲੇ ਭੋਜਨ ਦਾ ਲੋਭ ਕਰ,7ਕਿਉਂ ਜੋ ਜਿਹੇ ਉਹ ਦੇ ਮਨ ਦੇ ਵਿਚਾਰ ਹਨ ਤੇਹਾ ਉਹ ਆਪ ਹੈ, ਉਹ ਤੈਨੂੰ ਆਖਦਾ ਤਾਂ ਹੈ "ਖਾਹ, ਪੀ" ਪਰ ਉਹ ਦਾ ਮਨ ਤੇਰੀ ਵੱਲ ਨਹੀਂ ਹੈ ।8ਜੋ ਗਰਾਹੀ ਤੂੰ ਖਾਧੀ ਹੈ ਉਹ ਨੂੰ ਉਗਲ ਦੇਵੇਂਗਾ, ਅਤੇ ਆਪਣੀਆਂ ਮਿੱਠੀਆਂ ਗੱਲਾਂ ਨੂੰ ਗੁਆ ਬੈਠੇਂਗਾ ।
-9-

9ਮੂਰਖ ਦੇ ਸਾਹਮਣੇ ਨਾ ਬੋਲ, ਕਿਉਂ ਜੋ ਉਹ ਤੇਰੇ ਸਿਆਣੇ ਬੋਲ ਨੂੰ ਤੁੱਛ ਹੀ ਜਾਣੇਗਾ ।
-10-

10ਪੁਰਾਣੇ ਬੰਨਿਆਂ ਨੂੰ ਨਾ ਸਰਕਾ, ਅਤੇ ਯਤੀਮਾਂ ਦੇ ਖੇਤ ਵਿੱਚ ਨਾ ਵੜ,11ਕਿਉਂ ਜੋ ਉਹਨਾਂ ਦਾ ਛੁਡਾਉਣ ਵਾਲਾ ਸਮਰਥ ਹੈ, ਉਹਨਾਂ ਦਾ ਮੁਕੱਦਮਾ ਤੇਰੇ ਨਾਲ ਓਹੋ ਲੜੇਗਾ ।
-11-

12ਆਪਣਾ ਮਨ ਸਿੱਖਿਆ ਵੱਲ, ਅਤੇ ਆਪਣੇ ਕੰਨ ਗਿਆਨ ਦੀਆਂ ਗੱਲਾਂ ਵੱਲ ਲਾ ।
-12-

13ਬਾਲਕ ਦੇ ਤਾੜਨ ਦੇਣ ਤੋਂ ਨਾ ਰੁੱਕ, ਭਾਵੇਂ ਤੂੰ ਸੋਟੀ ਨਾਲ ਉਹ ਨੂੰ ਮਾਰੇਂ ਤਾਂ ਉਹ ਨਾ ਮਰੇਗਾ ।14ਤੂੰ ਸੋਟੀ ਨਾਲ ਉਹ ਨੂੰ ਮਾਰ, ਅਤੇ ਉਹ ਦੀ ਜਾਨ ਨੂੰ ਪਤਾਲੋਂ ਬਚਾ ਲੈ ।
-13 –

15ਮੇਰੇ ਪੁੱਤਰ, ਜੇ ਤੇਰਾ ਮਨ ਬੁੱਧਵਾਨ ਹੋਵੇ, ਤਾਂ ਮੇਰਾ ਮਨ ਅਨੰਦ ਹੋਵੇਗਾ, ਹਾਂ, ਮੇਰਾ ਵੀ !16ਅਤੇ ਜਦ ਤੇਰੇ ਮੂੰਹ ਤੋਂ ਸਿੱਧੀਆਂ ਗੱਲਾਂ ਨਿਕਲਣਗੀਆਂ, ਤਾਂ ਮੇਰਾ ਦਿਲ ਅਨੰਦਿਤ ਹੋਵੇਗਾ ।
-14-

17ਤੇਰਾ ਮਨ ਪਾਪੀਆਂ ਨੂੰ ਦੇਖ ਕੇ ਨਾ ਕੁੜ੍ਹੇ, ਸਗੋਂ ਤੂੰ ਦਿਨ ਭਰ ਯਹੋਵਾਹ ਦਾ ਭੈ ਮੰਨ,18ਕਿਉਂ ਜੋ ਸੱਚ-ਮੁੱਚ ਅੰਤ ਵਿੱਚ ਫਲ ਮਿਲੇਗਾ, ਅਤੇ ਤੇਰੀ ਆਸ ਨਾ ਟੁੱਟੇਗੀ ।
-15-

19ਹੇ ਮੇਰੇ ਪੁੱਤਰ, ਤੂੰ ਸੁਣ ਅਤੇ ਬੁੱਧਵਾਨ ਹੋ, ਅਤੇ ਆਪਣੇ ਮਨ ਨੂੰ ਸਿੱਧੇ ਰਾਹ ਵਿੱਚ ਚਲਾ ।20ਤੂੰ ਸ਼ਰਾਬੀਆਂ ਦੇ ਨਾਲ ਨਾ ਰਲ, ਨਾ ਹੀ ਪੇਟੂ ਕਬਾਬੀਆਂ ਨਾਲ,21ਕਿਉਂ ਜੋ ਸ਼ਰਾਬੀ ਅਤੇ ਪੇਟੂ ਗਰੀਬ ਹੋ ਜਾਂਦੇ ਹਨ, ਅਤੇ ਨੀਂਦ ਆਦਮੀ ਨੂੰ ਲੀਰਾਂ ਪਹਿਨਾਉਂਦੀ ਹੈ ।
-16-

22ਆਪਣੇ ਪਿਉ ਦੀ ਗੱਲ ਸੁਣ ਜਿਸ ਤੋਂ ਤੂੰ ਜੰਮਿਆ ਹੈਂ, ਅਤੇ ਆਪਣੀ ਮਾਂ ਨੂੰ ਬੁਢੇਪੇ ਦੇ ਸਮੇ ਤੁੱਛ ਨਾ ਜਾਣ ।23ਸੱਚ ਨੂੰ ਮੁੱਲ ਲੈ, ਉਹ ਨੂੰ ਵੇਚੀਂ ਨਾ, ਨਾਲੇ ਬੁੱਧ, ਸਿੱਖਿਆ ਅਤੇ ਸਮਝ ਨੂੰ ਵੀ ।
24ਧਰਮੀ ਦਾ ਪਿਉ ਅੱਤ ਖੁਸ਼ ਹੋਵੇਗਾ, ਅਤੇ ਜਿਹ ਦੇ ਬੁੱਧਵਾਨ ਪੁੱਤਰ ਜੰਮੇ ਉਹ ਉਸ ਉੱਤੇ ਅਨੰਦ ਰਹੇਗਾ ।25ਤੇਰੇ ਮਾਪੇ ਅਨੰਦ ਹੋਣ, ਤੈਨੂੰ ਜਨਮ ਦੇਣ ਵਾਲੀ ਖੁਸ਼ ਹੋਵੇ !
-17-

26ਹੇ ਮੇਰੇ ਪੁੱਤਰ, ਆਪਣਾ ਮਨ ਮੇਰੇ ਵੱਲ ਦੇ, ਅਤੇ ਤੇਰੀਆਂ ਅੱਖਾਂ ਮੇਰੇ ਰਾਹਾਂ ਵੱਲ ਲੱਗੀਆਂ ਰਹਿਣ ।27ਵੇਸਵਾ ਤਾਂ ਇੱਕ ਡੂੰਘਾ ਟੋਆ ਹੈ, ਅਤੇ ਓਪਰੀ ਔਰਤ ਇੱਕ ਭੀੜਾ ਖੂਹ ਹੈ ।28ਉਹ ਡਾਕੂ ਵਾਂਗੂੰ ਘਾਤ ਲਾਉਂਦੀ ਹੈ, ਅਤੇ ਆਦਮੀਆਂ ਵਿੱਚ ਵਿਸ਼ਵਾਸਘਾਤੀਆਂ ਦੀ ਗਿਣਤੀ ਵਧਾਉਂਦੀ ਹੈ ।
-18-

29ਕੌਣ ਹਾਏ ਹਾਏ ਕਰਦਾ ਹੈ ? ਕੌਣ ਅਫ਼ਸੋਸ ਕਰਦਾ ਹੈ ? ਕੌਣ ਝਗੜਾਲੂ ਹੈ ? ਕੌਣ ਕੁੜਦਾ ਹੈ ? ਕੌਣ ਐਵੇਂ ਘਾਇਲ ਹੁੰਦਾ ਹੈ ? ਅਤੇ ਕਿਹਦੀਆਂ ਅੱਖਾਂ ਵਿੱਚ ਲਾਲੀ ਹੈ ?30ਓਹੋ ਹਨ ਜਿਹੜੇ ਮੈਅ ਪੀਣ ਉੱਤੇ ਚਿਰ ਲਿਉਂਦੇ ਹਨ, ਅਤੇ ਰਲੀ ਹੋਈ ਸ਼ਰਾਬ ਦੀ ਭਾਲ ਕਰਦੇ ਹਨ ।
31ਜਦੋਂ ਸ਼ਰਾਬ ਲਾਲ ਹੋਵੇ, ਜਦ ਉਹ ਪਿਆਲੇ ਵਿੱਚ ਚਮਕੇ, ਅਤੇ ਉਹ ਸਹਿਜ ਨਾਲ ਹੇਠਾਂ ਉਤਰੇ, ਤਾਂ ਤੂੰ ਉਹ ਦੀ ਵੱਲ ਨਾ ਤੱਕ ।32ਓੜਕ ਉਹ ਸੱਪ ਦੀ ਵਾਂਗੂੰ ਡੰਗ ਮਾਰਦੀ ਹੈ, ਅਤੇ ਠੂਹੇਂ ਵਾਂਗੂੰ ਡੰਗ ਮਾਰਦੀ ਹੈ !33ਤੇਰੀਆਂ ਅੱਖੀਆਂ ਅਨੋਖੀਆਂ ਚੀਜ਼ਾਂ ਵੇਖਣਗੀਆਂ, ਅਤੇ ਤੇਰਾ ਮਨ ਉਲਟੀਆਂ ਗੱਲਾਂ ਦੀ ਕਲਪਨਾ ਕਰੇਗਾ !
34ਤੂੰ ਸਗੋਂ ਉਹ ਦੇ ਵਰਗਾ ਬਣ ਜਾਏਂਗਾ ਜਿਹੜਾ ਸਮੁੰਦਰ ਵਿੱਚ ਲੰਮਾ ਪਵੇ, ਅਥਵਾ ਮਸਤੂਲ ਦੇ ਸਿਰ ਉੱਤੇ ਲੇਟ ਜਾਵੇ ।35ਤੂੰ ਆਖੇਂਗਾ ਭਈ ਮੈਂ ਮਾਰ ਤਾਂ ਖਾਧੀ ਪਰ ਮੈਨੂੰ ਪੀੜ ਨਾ ਹੋਈ, ਮੈਂ ਕੁੱਟਿਆ ਤਾਂ ਗਿਆ ਪਰ ਮੈਨੂੰ ਕੁਝ ਸੁੱਧ ਨਹੀਂ ਸੀ । ਮੈਂ ਸੁਰਤ ਵਿੱਚ ਕਦੋਂ ਆਵਾਂਗਾ ? ਮੈਂ ਫੇਰ ਉਸ ਦੀ ਭਾਲ ਕਰਾਂਗਾ !

24
-19-

1ਬੁਰਿਆਂ ਮਨੁੱਖਾਂ ਉੱਤੇ ਖੁਣਸ ਨਾ ਕਰ, ਅਤੇ ਨਾ ਉਨ੍ਹਾਂ ਦੀ ਸੰਗਤ ਦੀ ਚਾਹ ਰੱਖ,2ਕਿਉਂ ਜੋ ਉਨ੍ਹਾਂ ਦਾ ਮਨ ਅਨ੍ਹੇਰ ਕਰਨ ਵਿੱਚ ਲੱਗਾ ਰਹਿੰਦਾ ਹੈ, ਅਤੇ ਓਹਨਾਂ ਦੇ ਬੁੱਲ ਦੁਸ਼ਟਤਾ ਦੀਆਂ ਗੱਲਾਂ ਕਰਦੇ ਰਹਿੰਦੇ ਹਨ ।

-20-

3ਬੁੱਧ ਨਾਲ ਘਰ ਬਣਾਈਦਾ ਹੈ, ਅਤੇ ਸਮਝ ਨਾਲ ਉਹ ਸਥਿਰ ਰਹਿੰਦਾ ਹੈ ।4ਗਿਆਨ ਦੇ ਦੁਆਰਾ ਉਹ ਦੀਆਂ ਕੋਠੜੀਆਂ ਸਭ ਪਰਕਾਰ ਦੇ ਅਣਮੁੱਲ ਅਤੇ ਮਨਭਾਉਂਦੇ ਪਦਾਰਥਾਂ ਨਾਲ ਭਰਦੀਆਂ ਹਨ ।
-21-

5ਬੁੱਧਵਾਨ ਮਨੁੱਖ ਬਲਵਾਨ ਹੈ, ਅਤੇ ਗਿਆਨੀ ਮਨੁੱਖ ਸ਼ਕਤੀ ਵਧਾਈ ਜਾਂਦਾ ਹੈ ।6ਤੂੰ ਚੰਗੀ ਮੱਤ ਲੈ ਕੇ ਆਪਣਾ ਜੁੱਧ ਕਰ, ਬਹੁਤੇ ਸਲਾਹੂਆਂ ਨਾਲ ਹੀ ਬਚਾਉ ਹੈ ।
-22-

7ਬੁੱਧ ਮੂਰਖ ਲਈ ਬਹੁਤ ਉੱਚੀ ਹੈ, ਸਭਾ ਦੇ ਵਿੱਚ ਉਹ ਕੁਝ ਵੀ ਕਹਿ ਨਹੀਂ ਸਕਦਾ ।
-23-

8ਜਿਹੜਾ ਬੁਰਿਆਈ ਸੋਚਦਾ ਹੈ, ਲੋਕ ਉਹ ਨੂੰ ਸਾਜਸ਼ੀ ਆਖਣਗੇ ।9ਮੂਰਖਤਾਈ ਦਾ ਵਿਚਾਰ ਹੀ ਪਾਪ ਹੈ, ਅਤੇ ਠੱਠਾ ਕਰਨ ਵਾਲੇ ਤੋਂ ਮਨੁੱਖ ਘਿਣ ਕਰਦੇ ਹਨ ।
-24-

10ਜੇ ਤੂੰ ਬਿਪਤਾ ਦੇ ਦਿਨ ਢਿੱਲਾ ਪੈ ਜਾਵੇਂ, ਤਾਂ ਤੇਰਾ ਬਲ ਘੱਟ ਹੈ ।
-25-

11ਜਿਹੜੇ ਮਾਰੇ ਜਾਣ ਲਈ ਲਿਜਾਏ ਜਾਂਦੇ ਹਨ ਉਨ੍ਹਾਂ ਨੂੰ ਛੁਡਾ, ਜਿਹੜੇ ਘਾਤ ਹੋਣ ਵਾਲੇ ਹਨ, ਉਨ੍ਹਾਂ ਨੂੰ ਫੜਵਾ ।12ਜੇ ਤੂੰ ਆਖੇਂ, ਲਓ, ਸਾਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਸੀ, ਤਾਂ ਜਿਹੜਾ ਦਿਲਾਂ ਨੂੰ ਜਾਚਦਾ ਹੈ ਭਲਾ, ਉਹ ਨਹੀਂ ਸਮਝਦਾ ? ਅਤੇ ਤੇਰੀ ਜਾਨ ਦਾ ਰਾਖਾ ਇਹ ਨਹੀਂ ਜਾਣਦਾ ? ਭਲਾ, ਉਹ ਆਦਮੀ ਨੂੰ ਉਹ ਦੀਆਂ ਕਰਨੀਆਂ ਦਾ ਫਲ ਨਾ ਦੇਵੇਗਾ ?
-26-

13ਹੇ ਮੇਰੇ ਪੁੱਤਰ, ਤੂੰ ਸ਼ਹਿਦ ਖਾਹ, ਉਹ ਚੰਗਾ ਜੋ ਹੈ, ਅਤੇ ਮਖ਼ੀਰ ਦਾ ਟਪਕਾ ਤੇਰੇ ਤਾਲੂ ਨੂੰ ਮਿੱਠਾ ਲੱਗੇਗਾ,14ਜਾਣ ਲੈ ਕਿ ਬੁੱਧ ਤੇਰੀ ਜਾਨ ਲਈ ਇਸੇ ਤਰ੍ਹਾਂ ਹੈ, ਜੇ ਉਹ ਤੈਨੂੰ ਲੱਭੇ ਤਾਂ ਅੰਤ ਵਿੱਚ ਉਸ ਦਾ ਫਲ ਵੀ ਮਿਲੇਗਾ, ਅਤੇ ਤੇਰੀ ਆਸ ਨਾ ਟੁੱਟੇਗੀ ।
-27-

15ਹੇ ਦੁਸ਼ਟ, ਧਰਮੀ ਦੀ ਵੱਸੋਂ ਦੀ ਘਾਤ ਵਿੱਚ ਨਾ ਬੈਠ ! ਉਹ ਦੇ ਥਾਂ ਨੂੰ ਨਾ ਉਜਾੜ !16ਧਰਮੀ ਸੱਤ ਵਾਰੀ ਡਿੱਗ ਕੇ ਉੱਠ ਖਲੋਂਦਾ ਹੈ, ਪਰ ਦੁਸ਼ਟ ਬਿਪਤਾ ਵਿੱਚ ਡਿੱਗ ਕੇ ਪਏ ਰਹਿੰਦੇ ਹਨ ।
-28-

17ਜਦ ਤੇਰਾ ਵੈਰੀ ਡਿੱਗੇ ਤਾਂ ਤੂੰ ਅਨੰਦ ਨਾ ਹੋਵੀਂ, ਅਤੇ ਜਾਂ ਉਹ ਠੋਕਰ ਖਾਵੇ ਤਾਂ ਤੇਰਾ ਮਨ ਪ੍ਰਸੰਨ ਨਾ ਹੋਵੇ,18ਕਿਤੇ ਯਹੋਵਾਹ ਇਹ ਵੇਖ ਕੇ ਬੁਰਾ ਮੰਨੇ, ਅਤੇ ਆਪਣਾ ਕ੍ਰੋਧ ਉਸ ਤੋਂ ਹਟਾ ਲਵੇ ।
-29-

19ਕੁਕਰਮੀ ਦੇ ਕਾਰਨ ਤੂੰ ਨਾ ਕੁੜ ਨਾ ਦੁਸ਼ਟਾਂ ਉੱਤੇ ਖੁਣਸ ਕਰ,20ਕਿਉਂ ਜੋ ਬੁਰਿਆਰ ਲਈ ਅੱਗੇ ਨੂੰ ਕੋਈ ਆਸ ਨਹੀਂ, ਦੁਸ਼ਟਾਂ ਦਾ ਦੀਵਾ ਬੁਝਾਇਆ ਜਾਵੇਗਾ ।
-30-

21ਹੇ ਮੇਰੇ ਪੁੱਤਰ, ਯਹੋਵਾਹ ਦਾ ਅਤੇ ਰਾਜੇ ਦਾ ਭੈ ਮੰਨ, ਅਤੇ ਵਿਦਰੋਹੀਆਂ ਨਾਲ ਨਾ ਰਲ,22ਕਿਉਂ ਜੋ ਉਨ੍ਹਾਂ ਵੱਲੋਂ ਬਿਪਤਾ ਅਚਾਨਕ ਆਵੇਗੀ, ਅਤੇ ਉਨ੍ਹਾਂ ਦੋਹਾਂ ਦੀ ਵੱਲੋ ਆਉਣ ਵਾਲੀ ਬਰਬਾਦੀ ਨੂੰ ਕੌਣ ਜਾਣਦਾ ਹੈ ?
ਕੁਝ ਹੋਰ ਕਹਾਉਤਾਂ

23ਇਹ ਵੀ ਬੁੱਧਵਾਨਾਂ ਦੇ ਵਾਕ ਹਨ, ਅਦਾਲਤ ਵਿੱਚ ਪੱਖਪਾਤ ਕਰਨਾ ਚੰਗੀ ਗੱਲ ਨਹੀਂ ।
24ਜਿਹੜਾ ਦੁਸ਼ਟ ਨੂੰ ਆਖਦਾ ਹੈ, ਤੂੰ ਧਰਮੀ ਹੈ, ਉਹ ਨੂੰ ਲੋਕ ਫਿਟਕਾਰਨਗੇ ਤੇ ਉੱਮਤਾਂ ਉਸ ਤੋਂ ਘਿਣ ਕਰਨਗੀਆਂ,25ਪਰ ਜੋ ਉਸ ਨੂੰ ਤਾੜਦੇ ਹਨ ਉਨ੍ਹਾਂ ਦਾ ਭਲਾ ਹੋਵੇਗਾ, ਅਤੇ ਉਨ੍ਹਾਂ ਉੱਤੇ ਚੰਗੀ ਤੋਂ ਚੰਗੀ ਬਰਕਤ ਆਵੇਗੀ ।
26ਜਿਹੜਾ ਸੱਚਾ ਉੱਤਰ ਦਿੰਦਾ ਹੈ, ਉਹ ਦੇ ਬੋਲਾਂ ਨੂੰ ਹਰੇਕ ਪ੍ਰੇਮ ਕਰਦਾ ਹੈ ।27ਪਹਿਲਾਂ ਬਾਹਰ ਆਪਣਾ ਕੰਮ ਤਿਆਰ ਕਰ ਅਤੇ ਖੇਤ ਨੂੰ ਸੁਆਰ, ਫੇਰ ਆਪਣਾ ਘਰ ਬਣਾ ।
28ਆਪਣੇ ਗੁਆਂਢੀ ਦੇ ਵਿਰੁੱਧ ਝੂਠੀ ਗਵਾਹੀ ਨਾ ਦੇ, ਆਪਣਿਆਂ ਬੁੱਲਾਂ ਨਾਲ ਧੋਖਾ ਨਾ ਦੇ ।29ਇਹ ਨਾ ਆਖੀਂ ਭਈ ਜਿਵੇਂ ਉਹ ਨੇ ਮੇਰੇ ਨਾਲ ਕੀਤਾ ਹੈ ਤਿਵੇਂ ਮੈਂ ਵੀ ਉਹ ਦੇ ਨਾਲ ਕਰਾਂਗਾ ਅਤੇ ਉਸ ਮਨੁੱਖ ਦੇ ਕੀਤੇ ਦਾ ਬਦਲਾ ਲਵਾਂਗਾ ।
30ਮੈਂ ਆਲਸੀ ਮਨੁੱਖ ਦੇ ਖੇਤ ਦੇ ਅਤੇ ਨਿਰਬੁੱਧ ਆਦਮੀ ਦੇ ਅੰਗੂਰੀ ਬਾਗ ਦੇ ਨੇੜਿਓਂ ਲੰਘਿਆ,31ਤਾਂ ਵੇਖੋ, ਉੱਥੇ ਸਭ ਕੰਡੇ ਹੀ ਕੰਡੇ ਉੱਗੇ ਪਏ ਸਨ, ਉਹ ਭੱਖੜਿਆਂ ਨਾਲ ਢੱਕਿਆ ਹੋਇਆ ਸੀ, ਅਤੇ ਉਹ ਦੀ ਪੱਕੀ ਕੰਧ ਢੱਠੀ ਪਈ ਸੀ ।
32ਜੋ ਮੈਂ ਵੇਖਿਆ ਉਸ ਉੱਤੇ ਮੈਂ ਆਪਣੇ ਮਨ ਵਿੱਚ ਵਿਚਾਰ ਕੀਤਾ, ਮੈਂ ਵੇਖ ਕੇ ਸਿੱਖਿਆ ਪ੍ਰਾਪਤ ਕੀਤੀ,33ਰਤੀ ਕੁ ਨੀਂਦ, ਰਤੀ ਕੁ ਊਂਘ, ਰਤੀ ਕੁ ਹੱਥ ਇੱਕਠੇ ਕਰ ਕੇ ਲੰਮਾ ਪੈਣਾ,34ਇਸ ਤਰ੍ਹਾਂ ਗਰੀਬੀ ਡਾਕੂ ਵਾਂਗੂੰ, ਅਤੇ ਤੰਗੀ ਸ਼ਸਤ੍ਰ ਧਾਰੀ ਵਾਂਗੂੰ ਤੇਰੇ ਉੱਤੇ ਆ ਪਵੇਗੀ ।

25
ਰਾਜਾ ਸੁਲੇਮਾਨ ਦੀਆਂ ਹੋਰ ਕਹਾਉਤਾਂ

1ਇਹ ਵੀ ਸੁਲੇਮਾਨ ਦੀਆਂ ਕਹਾਉਤਾਂ ਹਨ, ਜਿਨਾਂ ਦੀ ਯਹੂਦਾਹ ਦੇ ਰਾਜਾ ਹਿਜ਼ਕੀਯਾਹ ਦੇ ਮਨੁੱਖਾਂ ਨੇ ਨਕਲ ਕੀਤੀ,2ਪਰਮੇਸ਼ੁਰ ਦੀ ਮਹਿਮਾ ਗੱਲ ਨੂੰ ਗੁਪਤ ਰੱਖਣ ਵਿੱਚ ਹੈ, ਪਰ ਰਾਜਿਆਂ ਦੀ ਮਹਿਮਾ ਗੱਲ ਦੀ ਪੜਤਾਲ ਕਰਨ ਵਿੱਚ ਹੁੰਦੀ ਹੈ ।3ਜਿਵੇਂ ਅਕਾਸ਼ ਦੀ ਉਚਿਆਈ ਅਤੇ ਧਰਤੀ ਦੀ ਡੂੰਘਿਆਈ ਨੂੰ ਨਹੀਂ ਜਾਣਿਆ ਜਾ ਸਕਦਾ, ਉਸੇ ਤਰ੍ਹਾਂ ਰਾਜਿਆਂ ਦੇ ਮਨਾਂ ਨੂੰ ਨਹੀਂ ਜਾਣਿਆ ਜਾ ਸਕਦਾ ।

4ਚਾਂਦੀ ਦਾ ਖੋਟ ਕੱਢੋ, ਤਾਂ ਸਰਾਫ਼ ਲਈ ਭਾਂਡਾ ਬਣੇਗਾ ।5ਰਾਜੇ ਦੇ ਅੱਗੋਂ ਦੁਸ਼ਟ ਕੱਢੋ, ਤਾਂ ਉਹ ਦੀ ਗੱਦੀ ਧਰਮ ਦੇ ਕੰਮ ਨਾਲ ਸਥਿਰ ਹੋ ਜਾਵੇਗੀ ।
6ਰਾਜੇ ਦੇ ਹਜ਼ੂਰ ਆਪਣਾ ਆਦਰ ਨਾ ਕਰ, ਅਤੇ ਵੱਡਿਆਂ ਲੋਕਾਂ ਦੇ ਥਾਂ ਉੱਤੇ ਖੜ੍ਹਾ ਨਾ ਹੋ,
7ਕਿਉਂ ਜੋ ਉਸ ਪ੍ਰਧਾਨ ਦੇ ਸਾਹਮਣੇ ਨੀਵਿਆਂ ਕੀਤੇ ਜਾਣ ਨਾਲੋਂ ਤੇਰੇ ਲਈ ਇਹ ਚੰਗਾ ਹੈ, ਭਈ ਤੈਨੂੰ ਆਖਿਆ ਜਾਵੇ ਐਧਰ ਉਤਾਹਾਂ ਆ ਜਾ, ਜਿਵੇਂ ਤੇਰੀਆਂ ਅੱਖਾਂ ਨੇ ਵੇਖਿਆ ਹੈ ।8ਝਗੜਾ ਕਰਨ ਲਈ ਛੇਤੀ ਅੱਗੇ ਨਾ ਵਧ, ਅੰਤ ਵਿੱਚ ਜਦ ਤੇਰਾ ਗੁਆਂਢੀ ਤੈਨੂੰ ਸ਼ਰਮਿੰਦਾ ਕਰੇ, ਤਾਂ ਤੂੰ ਕੀ ਕਰੇਂਗਾ ?
9ਆਪਣੇ ਗੁਆਂਢੀ ਨਾਲ ਹੀ ਆਪਣੇ ਝਗੜੇ ਦੇ ਬਾਰੇ ਗੱਲਬਾਤ ਕਰ, ਅਤੇ ਇਸ ਭੇਤ ਨੂੰ ਕਿਸੇ ਦੂਜੇ ਉੱਤੇ ਨਾ ਖੋਲ,10ਕਿਤੇ ਸੁਣਨ ਵਾਲਾ ਤੈਨੂੰ ਸ਼ਰਮਿੰਦਾ ਕਰੇ, ਅਤੇ ਤੇਰੀ ਬਦਨਾਮੀ ਕਦੇ ਨਾ ਮਿਟੇ ।
11ਟਿਕਾਣੇ ਸਿਰ ਆਖੇ ਹੋਏ ਬਚਨ ਚਾਂਦੀ ਦੀ ਟੋਕਰੀ ਵਿੱਚ ਸੋਨੇ ਦੇ ਸੇਬਾਂ ਵਰਗੇ ਹਨ ।12ਬੁੱਧਵਾਨ ਦੀ ਤਾੜਨਾ ਸੁਣਨ ਵਾਲੇ ਦੇ ਕੰਨ ਲਈ ਸੋਨੇ ਦੀ ਬਾਲੀ ਅਤੇ ਕੁੰਦਨ ਦਾ ਗਹਿਣਾ ਹੈ ।
13ਜਿਵੇਂ ਵਾਢੀ ਦੇ ਦਿਨਾਂ ਵਿੱਚ ਬਰਫ਼ ਦੀ ਠੰਡ ਹੁੰਦੀ ਹੈ, ਉਸੇ ਤਰ੍ਹਾਂ ਹੀ ਵਫ਼ਾਦਾਰ ਸੰਦੇਸ਼ਵਾਹਕ ਆਪਣੇ ਭੇਜਣ ਵਾਲਿਆਂ ਦੇ ਲਈ ਹੁੰਦਾ ਹੈ, ਕਿਉਂ ਜੋ ਉਹ ਆਪਣੇ ਮਾਲਕਾਂ ਦਾ ਜੀਅ ਠੰਡਾ ਕਰਦਾ ਹੈ ।14ਜਿਹੜਾ ਦਾਨ ਦਿੱਤੇ ਬਿਨ੍ਹਾਂ ਹੀ ਫੋਕੀ ਵਡਿਆਈ ਮਾਰਦਾ ਹੈ, ਉਹ ਉਸ ਬੱਦਲ ਤੇ ਪੌਣ ਵਰਗਾ ਹੈ, ਜਿਹ ਦੇ ਵਿੱਚ ਵਰਖਾ ਨਾ ਹੋਵੇ ।
15ਧੀਰਜ ਨਾਲ ਹਾਕਮ ਸਹਿਮਤ ਹੋ ਜਾਂਦਾ ਹੈ, ਅਤੇ ਨਰਮਾਈ ਨਾਲ ਕੀਤੀ ਗੱਲਬਾਤ ਹੱਡੀ ਨੂੰ ਵੀ ਭੰਨ ਸੁੱਟਦੀ ਹੈ ।
16ਜੇ ਤੈਨੂੰ ਸ਼ਹਿਦ ਲੱਭਾ ਹੈ, ਤਾਂ ਜਿੰਨਾ ਤੈਨੂੰ ਲੋੜ ਹੈ ਓਨਾ ਹੀ ਖਾਹ, ਕਿਤੇ ਵਧੇਰੇ ਖਾ ਕੇ ਉਗਲੱਛ ਨਾ ਦੇਵੇਂ ।17ਆਪਣੇ ਗੁਆਂਢੀ ਦੇ ਘਰ ਬਾਰ-ਬਾਰ ਨਾ ਜਾ, ਅਜਿਹਾ ਨਾ ਹੋਵੇ ਕਿ ਉਹ ਅੱਕ ਕੇ ਤੇਰੇ ਤੋਂ ਨਫ਼ਰਤ ਕਰਨ ਲੱਗੇ ।
18ਜਿਹੜਾ ਆਪਣੇ ਗੁਆਂਢੀ ਦੇ ਵਿਰੋਧ ਵਿੱਚ ਝੂਠੀ ਗਵਾਹੀ ਦਿੰਦਾ ਹੈ, ਉਹ ਹਥੌੜੇ, ਤਲਵਾਰ ਅਤੇ ਤਿੱਖੇ ਤੀਰ ਵਰਗਾ ਹੈ ।19ਬਿਪਤਾ ਦੇ ਵੇਲੇ ਧੋਖੇਬਾਜ਼ ਮਨੁੱਖ ਉੱਤੇ ਭਰੋਸਾ ਕਰਨਾ, ਖ਼ਰਾਬ ਦੰਦ ਅਤੇ ਮੋਚ ਆਏ ਪੈਰ ਵਾਂਗੂੰ ਹੈ ।
20ਕਿਸੇ ਉਦਾਸ ਮਨ ਵਾਲੇ ਮਨੁੱਖ ਦੇ ਸਾਹਮਣੇ ਗੀਤ ਗਾਉਣਾ, ਸਿਆਲ ਵਿੱਚ ਕੱਪੜਾ ਉਤਾਰਨ, ਅਤੇ ਸੱਟ ਉੱਤੇ ਸਿਰਕਾ ਪਾਉਣ ਵਾਂਗੂੰ ਹੈ ।
21ਜੇ ਤੇਰਾ ਵੈਰੀ ਭੁੱਖਾ ਹੋਵੇ ਤਾਂ ਉਹ ਨੂੰ ਰੋਟੀ ਖੁਆ, ਅਤੇ ਤਿਹਾਇਆ ਹੋਵੇ ਤਾਂ ਉਹ ਨੂੰ ਪਾਣੀ ਪਿਆ,22ਕਿਉਂ ਜੋ ਤੂੰ ਉਹ ਦੇ ਸਿਰ ਉੱਤੇ ਅੰਗਿਆਰਿਆਂ ਦਾ ਢੇਰ ਲਾਵੇਂਗਾ, ਅਤੇ ਯਹੋਵਾਹ ਤੈਨੂੰ ਫਲ ਦੇਵੇਗਾ ।
23ਉਤਰੀ ਪੌਣ ਵਰਖਾ ਨੂੰ ਲਿਆਉਂਦੀ ਹੈ, ਅਤੇ ਨਿੰਦਿਆ ਕਰਨ ਵਾਲੀ ਜੀਭ ਨਰਾਜ਼ਗੀ ਨੂੰ ਲੈ ਕੇ ਆਉਂਦੀ ਹੈ ।24ਝਗੜਾਲੂ ਪਤਨੀ ਨਾਲ ਖੁੱਲੇ ਡੁੱਲੇ ਘਰ ਵਿੱਚ ਵੱਸਣ ਨਾਲੋਂ, ਛੱਤ ਉੱਤੇ ਇੱਕ ਨੁੱਕਰ ਵਿੱਚ ਰਹਿਣਾ ਚੰਗਾ ਹੀ ਹੈ ।
25ਜਿਵੇਂ ਥੱਕੇ ਮਾਂਦੇ ਦੀ ਜਾਨ ਦੇ ਲਈ ਠੰਡਾ ਪਾਣੀ, ਤਿਵੇਂ ਹੀ ਦੂਰ ਦੇਸੋਂ ਆਈ ਹੋਈ ਚੰਗੀ ਖ਼ਬਰ ਹੈ ।26ਧਰਮੀ ਮਨੁੱਖ ਜੋ ਦੁਸ਼ਟ ਦੇ ਅੱਗੇ ਦੱਬ ਜਾਂਦਾ ਹੈ, ਉਹ ਗੰਧਲੇ ਸੋਤੇ ਅਤੇ ਨਸ਼ਟ ਹੋਏ ਝਰਨੇ ਵਰਗਾ ਹੈ ।
27ਬਾਹਲਾ ਸ਼ਹਿਦ ਖਾਣਾ ਚੰਗਾ ਨਹੀਂ, ਅਤੇ ਆਪਣੀ ਮਹਿਮਾ ਦੀ ਭਾਲ ਕਰਨੀ ਮਨੁੱਖਾਂ ਲਈ ਉੱਚਿਤ ਨਹੀਂ ਹੈ ।28ਜਿਹੜਾ ਮਨੁੱਖ ਆਪਣੇ ਆਪ ਉੱਤੇ ਕਾਬੂ ਨਹੀਂ ਰੱਖਦਾ, ਉਹ ਉਸ ਢੱਠੇ ਹੋਏ ਨਗਰ ਵਰਗਾ ਹੈ, ਜਿਹ ਦੀ ਸ਼ਹਿਰਪਨਾਹ ਨਾ ਹੋਵੇ ।

26

1ਜਿਵੇਂ ਗਰਮੀ ਵਿੱਚ ਬਰਫ਼ ਅਤੇ ਵਾਢੀ ਵਿੱਚ ਵਰਖਾ, ਤਿਵੇਂ ਮੂਰਖ ਨੂੰ ਆਦਰ ਸੂਤ ਨਹੀਂ ।2ਜਿਵੇਂ ਚਿੜੀ ਭਟਕਦੀ ਅਤੇ ਬਾਲ ਕਟਾਰਾ ਉੱਡਦਾ ਫਿਰਦਾ ਹੈ, ਓਵੇਂ ਹੀ ਮੱਲੋ ਮੱਲੀ ਦਾ ਸਰਾਪ ਨਹੀਂ ਪੈਂਦਾ ।

3ਘੋੜੇ ਦੇ ਲਈ ਚਾਬੁਕ, ਗਧੇ ਦੇ ਲਈ ਲਗਾਮ, ਅਤੇ ਮੂਰਖ ਦੀ ਪਿੱਠ ਲਈ ਸੋਟੀ ਹੁੰਦੀ ਹੈ ।4ਮੂਰਖ ਨੂੰ ਉਹ ਦੀ ਮੂਰਖਤਾਈ ਦੇ ਅਨੁਸਾਰ ਉੱਤਰ ਨਾ ਦੇ, ਕਿਤੇ ਤੂੰ ਵੀ ਉਹ ਦੇ ਵਰਗਾ ਨਾ ਹੋ ਜਾਵੇਂ ।
5ਮੂਰਖ ਨੂੰ ਉਹ ਦੀ ਮੂਰਖਤਾਈ ਦੇ ਅਨੁਸਾਰ ਉੱਤਰ ਦੇ, ਕਿਤੇ ਉਹ ਆਪਣੇ ਲੇਖੇ ਵਿੱਚ ਬੁੱਧਵਾਨ ਨਾ ਬਣ ਬੈਠੇ ।6ਜਿਹੜਾ ਮੂਰਖ ਦੇ ਹੱਥ ਸੁਨੇਹਾ ਘੱਲਦਾ ਹੈ, ਉਹ ਆਪਣੇ ਪੈਰ ਤੇ ਕੁਹਾੜੀ ਮਾਰਦਾ ਅਤੇ ਜ਼ਹਿਰ ਪੀਂਦਾ ਹੈ ।
7ਜਿਵੇਂ ਲੰਗੜੇ ਦੀਆਂ ਲਮਕਦੀਆਂ ਲੱਤਾਂ ਨਿਕੰਮੀਆਂ ਹਨ, ਓਵੇਂ ਮੂਰਖਾਂ ਦੇ ਮੂੰਹ ਵਿੱਚ ਕਹਾਉਤਾਂ ਹਨ ।8ਜਿਵੇਂ ਪੱਥਰਾਂ ਦੇ ਢੇਰ ਵਿੱਚ ਰਤਨਾਂ ਨੂੰ ਰੱਖਣਾ ਹੈ, ਓਵੇਂ ਮੂਰਖ ਨੂੰ ਆਦਰ ਦੇਣਾ ਹੈ,
9ਜਿਵੇਂ ਸ਼ਰਾਬੀ ਦੇ ਹੱਥ ਵਿੱਚ ਕੰਡਾ ਚੁੱਭਦਾ ਹੈ, ਤਿਵੇਂ ਮੂਰਖਾਂ ਦੇ ਮੂੰਹ ਵਿੱਚ ਦ੍ਰਿਸ਼ਟਾਂਤ ਹੈ ।10ਜਿਵੇਂ ਤੀਰ ਅੰਦਾਜ਼ ਸਭਨਾਂ ਨੂੰ ਫੱਟੜ ਕਰਦਾ ਹੈ, ਤਿਵੇਂ ਉਹ ਹੈ ਜੋ ਮੂਰਖ ਅਤੇ ਲੰਘਣ ਵਾਲੇ ਨੂੰ ਮਜ਼ਦੂਰੀ ਤੇ ਲਾਉਂਦਾ ਹੈ ।
11ਜਿਵੇਂ ਕੁੱਤਾ ਆਪਣੀ ਉਲਟੀ ਨੂੰ ਚੱਟ ਲੈਂਦਾ ਹੈ, ਓਵੇਂ ਮੂਰਖ ਆਪਣੀ ਮੂਰਖਤਾਈ ਨੂੰ ਦੁਹਰਾਉਂਦਾ ਹੈ ।12ਕੀ ਤੂੰ ਉਸ ਮਨੁੱਖ ਨੂੰ ਵੇਖਦਾ ਹੈਂ ਜੋ ਆਪਣੀ ਨਿਗਾਹ ਵਿੱਚ ਬੁੱਧਵਾਨ ਹੈ ? ਉਹ ਦੇ ਨਾਲੋਂ ਮੂਰਖ ਲਈ ਵਧੇਰੀ ਆਸ ਹੈ !
13ਆਲਸੀ ਆਖਦਾ ਹੈ, ਰਾਹ ਵਿੱਚ ਤਾਂ ਸ਼ੇਰ ਹੈ, ਗਲੀਆਂ ਵਿੱਚ ਬਬਰ ਸ਼ੇਰ ਹੈ !14ਜਿਵੇਂ ਦਰਵਾਜ਼ਾ ਕਬਜ਼ੇ ਉੱਤੇ ਘੁੰਮਦਾ ਹੈ, ਓਵੇਂ ਆਲਸੀ ਆਪਣੇ ਮੰਜੇ ਉੱਤੇ ।
15ਆਲਸੀ ਆਪਣਾ ਹੱਥ ਥਾਲੀ ਵਿੱਚ ਪਾਉਂਦਾ ਹੈ, ਪਰ ਉਸ ਨੂੰ ਫੇਰ ਮੂੰਹ ਤੱਕ ਲਿਆਉਣ ਨਾਲ ਉਹ ਥੱਕ ਜਾਂਦਾ ਹੈ ।16ਆਲਸੀ ਆਪਣੀ ਆਪ ਨੂੰ ਉਹਨਾਂ ਸੱਤਾਂ ਜਣਿਆਂ ਨਾਲੋਂ ਵੀ ਜੋ ਠੀਕ ਉੱਤਰ ਦੇਣ ਜੋਗ ਹਨ, ਬੁੱਧਵਾਨ ਸਮਝਦਾ ਹੈ ।
17ਜਿਹੜਾ ਰਾਹ ਤੁਰਦਿਆਂ ਪਰਾਏ ਝਗੜੇ ਵਿੱਚ ਪੈਰ ਅੜਾਉਂਦਾ ਹੈ, ਉਹ ਉਸ ਵਰਗਾ ਹੈ ਜੋ ਕੁੱਤੇ ਨੂੰ ਕੰਨੋਂ ਫੜੇ ।
18ਜਿਵੇਂ ਇੱਕ ਅੱਗ ਅਤੇ ਮੌਤ ਦੇ ਤੀਰ ਸੁੱਟਦਾ ਹੈ,19ਤਿਹਾ ਹੀ ਉਹ ਹੈ ਜਿਹੜਾ ਆਪਣੇ ਗੁਆਂਢੀ ਨੂੰ ਧੋਖਾ ਦੇ ਕੇ ਆਖਦਾ ਹੈ, ਭਲਾ, ਮੈਂ ਮਜ਼ਾਕ ਨਹੀਂ ਸੀ ਕਰਦਾ ?
20ਜਿੱਥੇ ਬਾਲਣ ਨਹੀਂ ਉੱਥੇ ਅੱਗ ਬੁੱਝ ਜਾਂਦੀ ਹੈ, ਅਤੇ ਜਿੱਥੇ ਚੁਗਲੀਆਂ ਨਹੀਂ ਉੱਥੇ ਝਗੜਾ ਮੁੱਕ ਜਾਂਦਾ ਹੈ ।21ਜਿਵੇਂ ਅੰਗਿਆਰਿਆਂ ਉੱਤੇ ਕੋਇਲੇ ਅਤੇ ਅੱਗ ਉੱਤੇ ਲੱਕੜਾਂ, ਓਵੇਂ ਝਗੜੇ ਨੂੰ ਵਧਾਉਣ ਲਈ ਝਗੜਾਲੂ ਮਨੁੱਖ ਹੁੰਦਾ ਹੈ ।
22ਚੁਗਲੀ ਕਰਨ ਵਾਲੇ ਦੀਆਂ ਗੱਲਾਂ ਸੁਆਦਲੀਆਂ ਬੁਰਕੀਆਂ ਵਰਗੀਆਂ ਹੁੰਦੀਆਂ ਹਨ, ਓਹ ਢਿੱਡ ਵਿੱਚ ਹੀ ਵੜ ਜਾਂਦੀਆਂ ਹਨ ।23ਜਿਵੇਂ ਮਿੱਟੀ ਦੇ ਭਾਂਡੇ ਉੱਤੇ ਚਾਂਦੀ ਦਾ ਪਾਣੀ ਚੜ੍ਹਾਇਆ ਹੋਵੇ, ਤਿਵੇਂ ਬੁਰੇ ਦਿਲ ਵਾਲੇ ਪ੍ਰੇਮ ਭਰੇ ਬਚਨ ਹੁੰਦੇ ਹਨ ।
24ਵੈਰੀ ਆਪਣੇ ਬੁੱਲਾਂ ਨਾਲ ਤਾਂ ਕਪਟ ਕਰਦਾ, ਅਤੇ ਆਪਣੇ ਅੰਦਰ ਧੋਖਾ ਰੱਖ ਛੱਡਦਾ ਹੈ ।25ਜਦ ਉਹ ਮਿੱਠੀਆਂ ਮਿੱਠੀਆਂ ਗੱਲਾਂ ਕਰੇ ਤਾਂ ਉਹ ਦਾ ਵਿਸ਼ਵਾਸ ਨਾ ਕਰੀਂ, ਕਿਉਂ ਜੋ ਉਹ ਦੇ ਦਿਲ ਵਿੱਚ ਸੱਤ ਘਿਣਾਉਣੀਆਂ ਗੱਲਾਂ ਹਨ ।26ਭਾਂਵੇ ਉਹ ਦਾ ਵੈਰ ਧੋਖੇ ਦੇ ਕਾਰਨ ਲੁਕਿਆ ਵੀ ਰਹੇ, ਤਾਂ ਵੀ ਉਹ ਦੀ ਬੁਰਿਆਈ ਸਭਾ ਦੇ ਵਿੱਚ ਪਰਗਟ ਕੀਤੀ ਜਾਵੇਗੀ ।
27ਜਿਹੜਾ ਟੋਆ ਪੁੱਟਦਾ ਹੈ ਉਹ ਆਪੇ ਉਸ ਵਿੱਚ ਡਿੱਗੇਗਾ, ਅਤੇ ਜਿਹੜਾ ਪੱਥਰ ਰੇੜਦਾ ਹੈ ਉਹ ਮੁੜ ਕੇ ਓਸੇ ਉੱਤੇ ਆਣ ਪਵੇਗਾ ।28ਝੂਠੀ ਜੀਭ ਉਹਨਾਂ ਨਾਲ ਵੈਰ ਰੱਖਦੀ ਹੈ ਜਿਨਾਂ ਨੂੰ ਉਸ ਨੇ ਕੁਚਲਿਆ, ਅਤੇ ਚਾਪਲੂਸ ਮੂੰਹ ਨਾਸ਼ ਕਰਦਾ ਹੈ ।

27

1ਭਲਕ ਦੇ ਬਾਰੇ ਸ਼ੇਖੀ ਨਾ ਮਾਰ, ਕਿਉਂ ਜੋ ਤੂੰ ਨਹੀਂ ਜਾਣਦਾ ਭਈ ਇੱਕੋ ਦਿਨ ਵਿੱਚ ਕੀ ਹੋ ਜਾਵੇ ।2ਤੇਰੀ ਵਡਿਆਈ ਕੋਈ ਹੋਰ ਭਾਂਵੇ ਕਰੇ ਪਰ ਤੇਰਾ ਆਪਣਾ ਮੂੰਹ ਨਾ ਕਰੇ, ਹਾਂ ਓਪਰਾ ਕਰੇ, ਨਾ ਤੇਰੇ ਬੁੱਲ ।

3ਪੱਥਰ ਭਾਰਾ ਹੈ, ਰੇਤ ਬੋਝਲ ਹੈ, ਪਰ ਮੂਰਖ ਦਾ ਕੁੜਨਾ ਓਹਨਾਂ ਦੋਹਾਂ ਨਾਲੋਂ ਭਾਰਾ ਹੈ ।4ਗੁੱਸਾ ਨਿਰਦਈ ਅਤੇ ਕ੍ਰੋਧ ਇੱਕ ਹੜ੍ਹ ਹੈ, ਪਰ ਈਰਖਾ ਦੇ ਅੱਗੇ ਕੌਣ ਖੜ੍ਹਾ ਹੋ ਸਕਦਾ ਹੈ ?
5ਗੁੱਝੀ ਪ੍ਰੀਤ ਨਾਲੋਂ ਖੁੱਲੀ ਤਾੜਨਾ ਚੰਗੀ ਹੈ ।6ਮਿੱਤਰ ਦੇ ਵੱਲੋਂ ਹੋਣ ਵਾਲੇ ਜਖਮ ਵਫ਼ਾਦਾਰੀ ਵਾਲੇ ਹਨ, ਪਰ ਵੈਰੀ ਦੇ ਚੁੰਮੇ ਅਣਗਿਣਤ ਹੁੰਦੇ ਹਨ ।
7ਰੱਜੇ ਹੋਏ ਮਨ ਨੂੰ ਸ਼ਹਿਦ ਦਾ ਛੱਤਾ ਵੀ ਫਿੱਕਾ ਲੱਗਦਾ ਹੈ, ਪਰ ਭੁੱਖੇ ਨੂੰ ਹਰ ਕੌੜੀ ਵਸਤ ਵੀ ਮਿੱਠੀ ਲੱਗਦੀ ਹੈ ।8ਜਿਹੜਾ ਮਨੁੱਖ ਆਪਣੇ ਟਿਕਾਣਿਓਂ ਭਟਕਦਾ ਹੈ, ਉਹ ਉਸ ਪੰਛੀ ਵਰਗਾ ਹੁੰਦਾ ਹੈ ਜੋ ਆਪਣੇ ਆਹਲਣੇ ਤੋਂ ਖੁੰਝ ਜਾਵੇ ।
9ਅਤਰ ਅਤੇ ਸੁਗੰਧ ਜੀ ਨੂੰ ਅਨੰਦ ਕਰਦੀ ਹੈ, ਓਵੇਂ ਹੀ ਮਿੱਤਰ ਦੀ ਮਨੋਂ ਦਿੱਤੀ ਹੋਈ ਸਲਾਹ ਦੀ ਮਿਠਾਸ ਹੈ ।10ਆਪਣੇ ਅਤੇ ਆਪਣੇ ਪਿਉ ਦੇ ਮਿੱਤਰ ਨੂੰ ਨਾ ਛੱਡ, ਅਤੇ ਆਪਣੀ ਬਿਪਤਾ ਦੇ ਦਿਨ ਆਪਣੇ ਭਰਾ ਦੇ ਘਰ ਨਾ ਜਾ, ਦੂਰ ਦੇ ਭਰਾ ਨਾਲੋਂ ਨੇੜੇ ਦਾ ਗੁਆਂਢੀ ਚੰਗਾ ਹੈ ।
11ਹੇ ਮੇਰੇ ਪੁੱਤਰ, ਬੁੱਧਵਾਨ ਹੋਵੀਂ ਅਤੇ ਮੇਰੇ ਜੀ ਨੂੰ ਅਨੰਦ ਕਰੀਂ, ਭਈ ਮੈਂ ਉਹ ਨੂੰ ਉੱਤਰ ਦੇ ਸਕਾਂ ਜਿਹੜਾ ਮੈਨੂੰ ਮੇਹਣਾ ਮਾਰਦਾ ਹੈ ।12ਸਿਆਣਾ ਬਿਪਤਾ ਨੂੰ ਵੇਖ ਕੇ ਲੁਕ ਜਾਂਦਾ ਹੈ, ਪਰ ਭੋਲੇ ਅਗਾਹਾਂ ਵੱਧ ਕੇ ਕਸ਼ਟ ਭੋਗਦੇ ਹਨ ।
13ਜਿਹੜਾ ਪਰਦੇਸੀ ਦਾ ਜ਼ਮਾਨਤੀ ਹੋਵੇ ਉਹ ਦੇ ਕੱਪੜੇ ਲਾਹ ਲੈ, ਅਤੇ ਜਿਹੜਾ ਓਪਰੀ ਔਰਤ ਦਾ ਜ਼ਮਾਨਤੀ ਹੋਵੇ ਉਹ ਦਾ ਕੁਝ ਗਹਿਣੇ ਰੱਖ ਲੈ ।14ਜਿਹੜਾ ਸਵੇਰੇ ਹੀ ਉੱਠ ਕੇ ਆਪਣੇ ਗੁਆਂਢੀ ਨੂੰ ਉੱਚੀ ਦੇ ਕੇ ਅਸੀਸ ਦਿੰਦਾ ਹੈ, ਉਹ ਦੇ ਲਈ ਇਹ ਸਰਾਪ ਹੀ ਗਿਣਿਆ ਜਾਵੇਗਾ ।
15ਝੜੀ ਦੇ ਦਿਨ ਦਾ ਲਗਾਤਾਰ ਚੋਆ, ਅਤੇ ਝਗੜਾਲੂ ਪਤਨੀ ਦੋਵੇਂ ਇੱਕੋ ਸਮਾਨ ਹਨ !16ਜਿਹੜਾ ਉਹ ਨੂੰ ਰੋਕਦਾ ਹੈ ਉਹ ਪੌਣ ਨੂੰ ਰੋਕਦਾ ਹੈ, ਅਥਵਾ ਉਹ ਸੱਜੇ ਹੱਥ ਨਾਲ ਤੇਲ ਨੂੰ ਫੜਦਾ ਹੈ !
17ਜਿਵੇਂ ਲੋਹਾ ਲੋਹੇ ਨੂੰ ਚਮਕਾਉਂਦਾ ਹੈ, ਓਵੇਂ ਮਨੁੱਖ ਦਾ ਮੁੱਖ ਆਪਣੇ ਮਿੱਤਰ ਦੀ ਸੰਗਤ ਦੇ ਨਾਲ ਚਮਕ ਜਾਂਦਾ ਹੈ ।18ਜਿਹੜਾ ਹੰਜੀਰ ਦੇ ਰੁੱਖ ਦੀ ਰਾਖ਼ੀ ਕਰਦਾ ਹੈ ਉਹ ਉਸ ਦਾ ਫ਼ਲ ਖਾਵੇਗਾ, ਅਤੇ ਜੋ ਆਪਣੇ ਸੁਆਮੀ ਦੀ ਰੱਖਿਆ ਕਰਦਾ ਹੈ ਉਹ ਦਾ ਆਦਰ ਹੋਵੇਗਾ ।
19ਜਿਵੇਂ ਜਲ ਵਿੱਚ ਮੂੰਹ ਦਾ ਪਰਛਾਵਾਂ ਮੂੰਹ ਨੂੰ ਪਰਗਟ ਕਰਦਾ ਹੈ, ਤਿਵੇਂ ਮਨੁੱਖ ਦਾ ਮਨ ਮਨੁੱਖ ਨੂੰ ਪਰਗਟ ਕਰਦਾ ਹੈ ।20ਜਿਵੇਂ ਪਤਾਲ ਅਤੇ ਦੋਜਖ਼ ਕਦੀ ਤ੍ਰਿਪਤ ਨਹੀਂ ਹੁੰਦੇ, ਓਵੇਂ ਮਨੁੱਖ ਦੀਆਂ ਅੱਖੀਆਂ ਵੀ ਕਦੀ ਤ੍ਰਿਪਤ ਨਹੀਂ ਹੁੰਦੀਆਂ ।
21ਜਿਵੇਂ ਚਾਂਦੀ ਦੇ ਲਈ ਕੁਠਾਲੀ ਅਤੇ ਸੋਨੇ ਦੇ ਲਈ ਭੱਠੀ ਹੁੰਦੀ ਹੈ, ਓਵੇਂ ਆਦਮੀ ਦੇ ਜਸ ਨਾਲ ਉਹ ਦੀ ਜਾਚ ਹੁੰਦੀ ਹੈ ।22ਭਾਂਵੇ ਤੂੰ ਮੂਰਖ ਨੂੰ ਉੱਖਲੀ ਵਿੱਚ ਦਾਣਿਆਂ ਸਮੇਤ ਮੋਹਲੇ ਨਾਲ ਕੁੱਟੇਂ, ਤਾਂ ਵੀ ਉਸ ਦੀ ਮੂਰਖਤਾਈ ਉਸ ਤੋਂ ਨਹੀਂ ਹੱਟਣੀ ।
23ਆਪਣੇ ਇੱਜੜਾਂ ਦਾ ਹਾਲ ਚੰਗੀ ਤਰ੍ਹਾਂ ਜਾਣ ਲੈ, ਅਤੇ ਆਪਣੇ ਪਸ਼ੂਆਂ ਦੀ ਸੁੱਧ ਰੱਖ,24ਕਿਉਂ ਜੋ ਧਨ ਸਦਾ ਨਹੀਂ ਠਹਿਰਦਾ, ਭਲਾ, ਮੁਕਟ ਪੀੜ੍ਹੀਓਂ ਪੀੜ੍ਹੀ ਬਣਿਆ ਰਹਿੰਦਾ ਹੈ ?25ਜਦ ਘਾਹ ਚੁੱਕਿਆ ਗਿਆ ਤਾਂ ਨਵਾਂ ਘਾਹ ਦਿਖਾਈ ਦਿੰਦਾ, ਅਤੇ ਪਹਾੜਾਂ ਦਾ ਸਾਗ ਪੱਤ ਇੱਕਠਾ ਹੋ ਜਾਂਦਾ ਹੈ ।
26ਲੇਲੇ ਤੇਰੇ ਬਸਤਰਾਂ ਦੇ ਲਈ ਹੋਣਗੇ, ਤੇ ਬੱਕਰੇ ਖੇਤ ਦੇ ਮੁੱਲ ਲਈ,27ਅਤੇ ਬੱਕਰੀਆਂ ਦਾ ਦੁੱਧ ਤੇਰੇ ਅਤੇ ਤੇਰੇ ਟੱਬਰ ਦੀ ਖਾਧ ਖੁਰਾਕ ਲਈ, ਅਤੇ ਤੇਰੀਆਂ ਦਾਸੀਆਂ ਦੇ ਗੁਜ਼ਾਰੇ ਲਈ ਬਥੇਰਾ ਹੋਵੇਗਾ ।

28

1ਦੁਸ਼ਟ ਨੱਠਦੇ ਹਨ ਭਾਂਵੇ ਕੋਈ ਪਿੱਛਾ ਕਰਨ ਵਾਲਾ ਵੀ ਨਾ ਹੋਵੇ, ਪਰ ਧਰਮੀ ਸ਼ੇਰ ਵਾਂਗੂੰ ਨਿਡਰ ਰਹਿੰਦੇ ਹਨ ।2ਦੇਸ ਦੇ ਵਿੱਚ ਅਪਰਾਧ ਦੇ ਕਾਰਨ ਉਸ ਦੇ ਹਾਕਮ ਬਦਲਦੇ ਰਹਿੰਦੇ ਹਨ, ਪਰ ਸਿਆਣੇ ਅਤੇ ਗਿਆਨਵਾਨ ਮਨੁੱਖ ਦੇ ਦੁਆਰਾ ਉਸ ਦਾ ਚੰਗਾ ਪ੍ਰਬੰਧ ਲੰਮੇ ਸਮੇਂ ਤੱਕ ਬਣਿਆ ਰਹੇਗਾ ।

3ਜੋ ਕੰਗਾਲ ਮਨੁੱਖ ਗਰੀਬਾਂ ਨੂੰ ਦਬਾਉਂਦਾ ਹੈ, ਉਹ ਵਾਛੜ ਦੇ ਮੀਂਹ ਵਰਗਾ ਹੈ ਜਿਹੜਾ ਰੋਟੀ ਵੀ ਨਹੀਂ ਰਹਿਣ ਦਿੰਦਾ ।4ਬਿਵਸਥਾ ਦੇ ਤਿਆਗਣ ਵਾਲੇ ਦੁਸ਼ਟਾਂ ਦੀ ਮਹਿਮਾ ਕਰਦੇ ਹਨ, ਪਰ ਬਿਵਸਥਾ ਦੀ ਪਾਲਣਾ ਕਰਨ ਵਾਲੇ ਉਨ੍ਹਾਂ ਦਾ ਵਿਰੋਧ ਕਰਦੇ ਹਨ ।
5ਬੁਰੇ ਮਨੁੱਖ ਨਿਆਂ ਨੂੰ ਨਹੀਂ ਸਮਝਦੇ, ਪਰੰਤੂ ਯਹੋਵਾਹ ਦੀ ਭਾਲ ਕਰਨ ਵਾਲੇ ਸਭ ਕੁਝ ਸਮਝਦੇ ਹਨ ।6ਕੰਗਾਲ ਜੋ ਖਰਿਆਈ ਨਾਲ ਚੱਲਦਾ ਹੈ, ਪੁੱਠੀ ਚਾਲ ਵਾਲੇ ਨਾਲੋਂ ਚੰਗਾ ਹੈ ਭਾਂਵੇ ਉਹ ਧਨੀ ਵੀ ਹੋਵੇ ।
7ਬਿਵਸਥਾ ਦੀ ਪਾਲਣਾ ਕਰਨ ਵਾਲਾ ਸਮਝਦਾਰ ਪੁੱਤਰ ਹੈ, ਪਰ ਪੇਟੂਆਂ ਦਾ ਮੇਲੀ ਆਪਣੇ ਪਿਤਾ ਦਾ ਮੂੰਹ ਕਾਲਾ ਕਰਦਾ ਹੈ ।8ਜਿਹੜਾ ਬਿਆਜ ਅਤੇ ਕੁਧਰਮ ਦੀ ਖੱਟੀ ਨਾਲ ਧਨ ਵਧਾਉਂਦਾ ਹੈ, ਉਹ ਗਰੀਬਾਂ ਉੱਤੇ ਕਿਰਪਾ ਕਰਨ ਵਾਲੇ ਦੇ ਲਈ ਇੱਕਠਾ ਕਰਦਾ ਹੈ ।
9ਜਿਹੜਾ ਬਿਵਸਥਾ ਨੂੰ ਸੁਣਨ ਤੋਂ ਕੰਨ ਫੇਰ ਲੈਂਦਾ ਹੈ, ਉਹ ਦੀ ਪ੍ਰਾਰਥਨਾ ਵੀ ਘਿਣਾਉਣੀ ਠਹਿਰਦੀ ਹੈ ।10ਜਿਹੜਾ ਸਚਿਆਰ ਨੂੰ ਕੁਰਾਹੇ ਪਾ ਦਿੰਦਾ ਹੈ, ਉਹ ਆਪਣੇ ਟੋਏ ਵਿੱਚ ਆਪ ਡਿੱਗ ਪਵੇਗਾ, ਪਰ ਖਰੇ ਲੋਕ ਚੰਗੀ ਮਿਰਾਸ ਪਾਉਣਗੇ ।
11ਧਨਵਾਨ ਮਨੁੱਖ ਆਪਣੀ ਨਿਗਾਹ ਵਿੱਚ ਬੁੱਧਵਾਨ ਹੁੰਦਾ ਹੈ ਪਰ ਮੱਤ ਵਾਲਾ ਗਰੀਬ ਉਹ ਨੂੰ ਸਮਝ ਲੈਂਦਾ ਹੈ ।12ਜਦੋਂ ਧਰਮੀ ਜਿੱਤਦੇ ਹਨ ਤਾਂ ਬੜੀ ਸੋਭਾ ਹੁੰਦੀ ਹੈ, ਪਰ ਜਾਂ ਦੁਸ਼ਟ ਉੱਠਦੇ ਹਨ ਤਾਂ ਆਦਮੀ ਆਪਣੇ ਆਪ ਨੂੰ ਲੁਕੋ ਲੈਂਦੇ ਹਨ ।
13ਜਿਹੜਾ ਆਪਣੇ ਅਪਰਾਧਾਂ ਨੂੰ ਲੁਕੋ ਲੈਂਦਾ ਹੈ ਉਹ ਸਫ਼ਲ ਨਹੀਂ ਹੁੰਦਾ, ਪਰ ਜੋ ਓਹਨਾਂ ਨੂੰ ਮੰਨ ਕੇ ਛੱਡ ਦਿੰਦਾ ਹੈ ਉਹ ਦੇ ਉੱਤੇ ਰਹਿਮ ਕੀਤਾ ਜਾਵੇਗਾ ।14ਧੰਨ ਹੈ ਉਹ ਮਨੁੱਖ ਜਿਹੜਾ ਸਦਾ ਯਹੋਵਾਹ ਦਾ ਭੈ ਮੰਨਦਾ ਹੈ, ਪਰ ਜੋ ਆਪਣੇ ਮਨ ਨੂੰ ਕਠੋਰ ਕਰ ਲੈਂਦਾ ਹੈ ਉਹ ਬਿਪਤਾ ਵਿੱਚ ਪੈ ਜਾਵੇਗਾ
15ਗਰੀਬ ਪਰਜਾ ਉੱਤੇ ਦੁਸ਼ਟ ਹਾਕਮ ਗੱਜਣ ਵਾਲੇ ਸ਼ੇਰ, ਅਤੇ ਫਿਰਦੇ ਰਿੱਛ ਵਰਗਾ ਹੈ ।16ਸਮਝਹੀਣ ਹਾਕਮ ਬਹੁਤਾ ਅਨ੍ਹੇਰ ਕਰਨ ਵਾਲਾ ਹੀ ਹੁੰਦਾ ਹੈ, ਪਰ ਜੋ ਲੋਭ ਤੋਂ ਘਿਣ ਕਰਦਾ ਹੈ ਉਹ ਆਪਣੇ ਦਿਨ ਲੰਮੇ ਕਰੇਗਾ ।
17ਜਿਸ ਆਦਮੀ ਉੱਤੇ ਕਿਸੇ ਜਾਨ ਦੇ ਖੂਨ ਦਾ ਭਾਰ ਹੈ, ਉਹ ਟੋਏ ਵੱਲ ਨੱਸਦਾ ਹੈ, ਕੋਈ ਉਹ ਨੂੰ ਨਾ ਰੋਕੇ !18ਜਿਹੜਾ ਨੇਕ ਚਾਲ ਚੱਲਦਾ ਹੈ ਉਹ ਬਚਾਇਆ ਜਾਵੇਗਾ, ਪਰ ਜਿਹ ਦੇ ਰਾਹ ਪੁੱਠੇ ਹਨ ਉਹ ਅਚਾਨਕ ਡਿੱਗ ਪਵੇਗਾ ।
19ਜਿਹੜਾ ਆਦਮੀ ਜ਼ਮੀਨ ਵਾਹੁੰਦਾ ਹੈ ਉਹ ਰੋਟੀ ਨਾਲ ਰੱਜੇਗਾ । ਪਰ ਜਿਹੜਾ ਨਿਕੰਮਿਆਂ ਦੀ ਸੰਗਤ ਕਰਦਾ ਹੈ ਉਹ ਗਰੀਬੀ ਨਾਲ ਰੱਜੇਗਾ,20ਸੱਚੇ ਮਨੁੱਖ ਉੱਤੇ ਵਧੇਰੀਆਂ ਅਸੀਸਾਂ ਹੋਣਗੀਆਂ, ਪਰ ਜਿਹੜਾ ਧਨਵਾਨ ਹੋਣ ਵਿੱਚ ਕਾਹਲੀ ਕਰਦਾ ਹੈ ਉਹ ਨਿਰਦੋਸ਼ ਨਾ ਠਹਿਰੇਗਾ ।
21ਪੱਖਪਾਤ ਕਰਨਾ ਚੰਗਾ ਨਹੀਂ, ਅਤੇ ਇਹ ਵੀ ਚੰਗਾ ਨਹੀਂ ਕਿ ਮਨੁੱਖ ਰੋਟੀ ਦੀ ਇੱਕ ਬੁਰਕੀ ਦੇ ਲਈ ਅਪਰਾਧ ਕਰੇ ।22ਲੋਭੀ ਮਨੁੱਖ ਕਾਹਲੀ ਨਾਲ ਧਨ ਦਾ ਪਿੱਛਾ ਕਰਦਾ ਹੈ, ਅਤੇ ਨਹੀਂ ਜਾਣਦਾ ਭਈ ਗਰੀਬੀ ਉਹ ਦੇ ਉੱਤੇ ਆ ਪਵੇਗੀ
23ਆਦਮੀ ਨੂੰ ਤਾੜਨਾ ਦੇਣ ਵਾਲਾ ਅੰਤ ਨੂੰ ਉਸ ਨਾਲੋਂ ਜੋ ਚਾਪਲੂਸੀ ਕਰਦਾ ਹੈ, ਬਾਹਲੀ ਕਿਰਪਾ ਪਾਵੇਗਾ24ਜਿਹੜਾ ਆਪਣੇ ਪਿਉ ਜਾਂ ਆਪਣੀ ਮਾਂ ਨੂੰ ਲੁੱਟ ਕੇ ਆਖਦਾ ਹੈ ਭਈ ਇਹ ਕੋਈ ਅਪਰਾਧ ਨਹੀਂ ਹੈ, ਉਹ ਨਾਸ਼ ਕਰਨ ਵਾਲਿਆਂ ਦਾ ਸਾਥੀ ਠਹਿਰਦਾ ਹੈ ।
25ਲੋਭੀ ਮਨੁੱਖ ਝਗੜਾ ਛੇੜਦਾ ਹੈ, ਪਰ ਜਿਹੜਾ ਯਹੋਵਾਹ ਉੱਤੇ ਭਰੋਸਾ ਰੱਖਦਾ ਹੈ ਉਹ ਰਿਸ਼ਟ-ਪੁਸ਼ਟ ਕੀਤਾ ਜਾਵੇਗਾ ।26ਜਿਹੜਾ ਆਪਣੇ ਆਪ ਉੱਤੇ ਹੀ ਭਰੋਸਾ ਰੱਖਦਾ ਹੈ ਉਹ ਮੂਰਖ ਹੈ, ਪਰ ਜੋ ਬੁੱਧ ਨਾਲ ਚੱਲਦਾ ਹੈ ਉਹ ਛੁਡਾਇਆ ਜਾਵੇਗਾ ।
27ਜਿਹੜਾ ਕੰਗਲ ਨੂੰ ਦਾਨ ਕਰਦਾ ਹੈ ਉਹ ਨੂੰ ਕੋਈ ਥੁੜ ਨਾ ਹੋਵੇਗੀ, ਪਰ ਜੋ ਓਹਨਾਂ ਵੱਲੋਂ ਅੱਖੀਆਂ ਮੋੜ ਲੈਂਦਾ ਹੈ ਉਹ ਦੇ ਉੱਤੇ ਬਾਹਲੇ ਸਰਾਪ ਪੈਣਗੇ ।28ਜਦ ਦੁਸ਼ਟ ਉੱਠਦੇ ਹਨ ਤਾਂ ਆਦਮੀ ਲੁਕ ਜਾਂਦੇ ਹਨ, ਪਰ ਜਦੋਂ ਓਹ ਮਿਟ ਜਾਂਦੇ ਹਨ ਤਾਂ ਧਰਮੀ ਤਰੱਕੀ ਕਰਦੇ ਹਨ ।

29

1ਜਿਹੜਾ ਬਾਰ-ਬਾਰ ਤਾੜਨਾ ਖਾ ਕੇ ਵੀ ਹਠ ਕਰੇ, ਉਹ ਅਚਾਨਕ ਭੰਨਿਆ ਜਾਵੇਗਾ, ਅਤੇ ਤਦ ਉਹ ਦਾ ਕੋਈ ਉਪਾਓ ਨਾ ਹੋਵੇਗਾ ।2ਜਦ ਧਰਮੀ ਉੱਚੇ ਕੀਤੇ ਜਾਂਦੇ ਹਨ ਤਾਂ ਲੋਕ ਅਨੰਦ ਕਰਦੇ ਹਨ, ਪਰ ਜਦੋਂ ਦੁਸ਼ਟ ਰਾਜ ਕਰਦੇ ਹਨ ਤਾਂ ਪਰਜਾ ਧਾਹਾਂ ਮਾਰਦੀ ਹੈ ।

3ਜਿਹੜਾ ਬੁੱਧ ਨਾਲ ਪ੍ਰੀਤ ਲਾਉਂਦਾ ਹੈ ਉਹ ਆਪਣੇ ਪਿਉ ਨੂੰ ਅਨੰਦ ਕਰਦਾ ਹੈ, ਪਰ ਜਿਹੜਾ ਵੇਸਵਾ ਦਾ ਸੰਗ ਕਰਦਾ ਹੈ ਉਹ ਆਪਣਾ ਮਾਲ ਉਡਾਉਂਦਾ ਹੈ ।4ਨਿਆਂ ਨਾਲ ਰਾਜਾ ਦੇਸ ਨੂੰ ਦ੍ਰਿੜ ਕਰਦਾ ਹੈ, ਪਰ ਰਿਸ਼ਵਤ ਲੈਣ ਵਾਲਾ ਉਲਟਾ ਦਿੰਦਾ ਹੈ ।
5ਜਿਹੜਾ ਮਨੁੱਖ ਆਪਣੇ ਗੁਆਂਢੀ ਦੀ ਚਾਪਲੂਸੀ ਕਰਦਾ ਹੈ, ਉਹ ਉਸ ਦੇ ਪੈਰਾਂ ਲਈ ਜਾਲ ਵਿਛਾਉਂਦਾ ਹੈ ।6ਬੁਰੇ ਮਨੁੱਖ ਦਾ ਅਪਰਾਧ ਫਾਹੀ ਹੈ, ਪਰ ਧਰਮੀ ਮਨੁੱਖ ਅਨੰਦ ਹੋ ਕੇ ਜੈਕਾਰੇ ਗਜਾਉਂਦਾ ਹੈ ।
7ਧਰਮੀ ਤਾਂ ਗਰੀਬਾਂ ਦੇ ਮੁਕੱਦਮੇ ਉੱਤੇ ਧਿਆਨ ਦਿੰਦਾ ਹੈ, ਪਰ ਦੁਸ਼ਟ ਉਹ ਦੇ ਸਮਝਣ ਦਾ ਗਿਆਨ ਨਹੀਂ ਰੱਖਦਾ ।8ਠੱਠਾ ਕਰਨ ਵਾਲੇ ਤਾਂ ਨਗਰ ਵਿੱਚ ਲਾਂਬੂ ਲਾਉਂਦੇ ਹਨ, ਪਰ ਬੁੱਧਵਾਨ ਕ੍ਰੋਧ ਨੂੰ ਠੰਡਾ ਕਰ ਦਿੰਦੇ ਹਨ ।
9ਜਦ ਬੁੱਧਵਾਨ ਮਨੁੱਖ ਮੂਰਖ ਨਾਲ ਵਿਵਾਦ ਕਰੇ, ਤਦ ਉਹ ਕ੍ਰੋਧਿਤ ਹੋ ਜਾਂਦਾ ਹੈ ਅਤੇ ਠੱਠਾ ਕਰਦਾ ਹੈ, ਉੱਥੇ ਸ਼ਾਂਤੀ ਨਹੀਂ ਰਹਿੰਦੀ ।10ਖੂਨੀ ਮਨੁੱਖ ਖਰਿਆਂ ਨਾਲ ਵੈਰ ਰੱਖਦੇ ਹਨ, ਅਤੇ ਸਚਿਆਰਾਂ ਦੀ ਜਾਨ ਦੇ ਪਿੱਛੇ ਪਏ ਰਹਿੰਦੇ ਹਨ ।
11ਮੂਰਖ ਆਪਣੇ ਮਨ ਦੀ ਸਾਰੀ ਗੱਲ ਖੋਲ੍ਹ ਦਿੰਦਾ ਹੈ, ਪਰ ਬੁੱਧਵਾਨ ਆਪਣੇ ਮਨ ਨੂੰ ਰੋਕਦਾ ਅਤੇ ਸ਼ਾਂਤ ਕਰ ਦਿੰਦਾ ਹੈ ।12ਜੇ ਕੋਈ ਹਾਕਮ ਝੂਠ ਉੱਤੇ ਕੰਨ ਲਾਉਂਦਾ ਹੈ, ਤਾਂ ਉਹ ਦੇ ਸੱਭੇ ਨੌਕਰ ਦੁਸ਼ਟ ਹੋ ਜਾਣਗੇ ।
13ਕੰਗਾਲ ਅਤੇ ਅਨ੍ਹੇਰ ਕਰਨ ਵਾਲਾ ਮਨੁੱਖ ਇੱਕੋ ਜਿਹੇ ਹਨ, ਯਹੋਵਾਹ ਓਹਨਾਂ ਦੋਹਾਂ ਦੀਆਂ ਅੱਖਾਂ ਨੂੰ ਚਾਨਣ ਦਿੰਦਾ ਹੈ ।14ਜਿਹੜਾ ਰਾਜਾ ਗਰੀਬਾਂ ਦਾ ਸੱਚਾ ਨਿਆਂ ਕਰਦਾ ਹੈ, ਉਹ ਦੀ ਗੱਦੀ ਸਦਾ ਬਣੀ ਰਹੇਗੀ ।
15ਤਾੜਨਾ ਅਤੇ ਸੋਟੀ ਬੁੱਧ ਦਿੰਦੀਆਂ ਹਨ, ਪਰ ਜਿਹੜਾ ਬਾਲਕ ਬੇਮੁਹਾਰਾ ਛੱਡਿਆ ਜਾਂਦਾ ਹੈ, ਉਹ ਆਪਣੀ ਮਾਂ ਲਈ ਨਮੋਸ਼ੀ ਲਿਆਉਂਦਾ ਹੈ ।16ਜਦੋਂ ਦੁਸ਼ਟ ਪਰਬਲ ਹੁੰਦੇ ਹਨ ਤਾਂ ਅਪਰਾਧ ਵੱਧਦਾ ਹੈ, ਪਰ ਧਰਮੀ ਓਹਨਾਂ ਦਾ ਡਿੱਗਣਾ ਵੇਖਣਗੇ ।
17ਆਪਣੇ ਪੁੱਤਰ ਨੂੰ ਤਾੜਨਾ ਦੇਹ ਤਾਂ ਉਹ ਤੈਨੂੰ ਸੁੱਖ ਦੇਵੇਗਾ, ਅਤੇ ਉਹ ਤੇਰੇ ਮਨ ਨੂੰ ਨਿਹਾਲ ਕਰੇਗਾ ।18ਜਿੱਥੇ ਦਰਸ਼ਣ ਨਹੀਂ ਉੱਥੇ ਲੋਕ ਬੇਮੁਹਾਰੇ ਹੋ ਜਾਂਦੇ ਹਨ, ਪਰ ਜਿਹੜਾ ਬਿਵਸਥਾ ਦੀ ਪਾਲਣਾ ਕਰਦਾ ਹੈ ਉਹ ਧੰਨ ਹੈ ।
19ਸੇਵਕ ਕੇਵਲ ਗੱਲਾਂ ਦੇ ਨਾਲ ਹੀ ਨਹੀਂ ਸੁਧਾਰਿਆ ਜਾਂਦਾ, ਕਿਉਂ ਜੋ ਉਹ ਸਮਝਦਾ ਤਾਂ ਹੈ ਪਰ ਪਰਵਾਹ ਨਹੀਂ ਕਰਦਾ ।20ਕੀ ਤੂੰ ਕੋਈ ਮਨੁੱਖ ਵੇਖਦਾ ਹੈਂ ਜੋ ਬੋਲਣ ਵਿੱਚ ਕਾਹਲ ਕਰਦਾ ਹੈ ? ਉਹ ਦੇ ਨਾਲੋਂ ਮੂਰਖ ਤੋਂ ਬਾਹਲੀ ਆਸ ਹੈ ।
21ਜਿਹੜਾ ਆਪਣੇ ਦਾਸ ਨੂੰ ਬਚਪਨ ਤੋਂ ਲਾਡਾਂ ਨਾਲ ਪਾਲਦਾ ਹੈ, ਉਹ ਅਖੀਰ ਨੂੰ ਉਸ ਦਾ ਵਾਰਿਸ ਬਣ ਬੈਠੇਗਾ ।22ਕ੍ਰੋਧੀ ਮਨੁੱਖ ਲੜਾਈ ਛੇੜਦਾ ਹੈ, ਅਤੇ ਬਹੁਤ ਗੁੱਸੇ ਵਾਲਾ ਅਪਰਾਧ ਵਧਾਉਂਦਾ ਹੈ ।
23ਆਦਮੀ ਦਾ ਹੰਕਾਰ ਉਹ ਨੂੰ ਨੀਵਾਂ ਕਰੇਗਾ, ਪਰ ਮਨ ਦਾ ਅਧੀਨ ਆਦਰ ਪ੍ਰਾਪਤ ਕਰੇਗਾ ।24ਚੋਰ ਦਾ ਸਾਂਝੀ ਆਪਣੀ ਜਾਨ ਦਾ ਵੈਰੀ ਹੈ, ਉਹ ਸੌਂਹ ਤਾਂ ਖਾਂਦਾ ਹੈ, ਪਰ ਦੱਸਦਾ ਕੁਝ ਨਹੀਂ ।
25ਮਨੁੱਖ ਦਾ ਭੈ ਫਾਹੀ ਹੈ, ਪਰ ਜਿਹੜਾ ਯਹੋਵਾਹ ਉੱਤੇ ਭਰੋਸਾ ਰੱਖਦਾ ਹੈ ਉਹ ਸੁਖ ਸਾਂਦ ਨਾਲ ਰਹੇਗਾ ।26ਹਾਕਮ ਨੂੰ ਮਿਲਣਾ ਬਹੁਤੇ ਚਾਹੁੰਦੇ ਹਨ, ਪਰ ਮਨੁੱਖ ਦਾ ਨਿਆਂ ਯਹੋਵਾਹ ਵੱਲੋਂ ਕੀਤਾ ਜਾਂਦਾ ਹੈ ।
27ਧਰਮੀ ਕੁਨਿਆਈਂ ਤੋਂ ਘਿਣ ਕਰਦਾ ਹੈ, ਅਤੇ ਦੁਸ਼ਟ ਸਿੱਧੀ ਚਾਲ ਵਾਲੇ ਤੋਂ ਘਿਣ ਕਰਦਾ ਹੈ ।

30
ਆਗੂਰ ਦੇ ਵਚਨ

1ਯਾਕਹ ਦੇ ਪੁੱਤਰ ਆਗੂਰ ਦੀਆਂ ਕਹਾਉਤਾਂ, ਉਹ ਮਨੁੱਖ ਈਥੀਏਲ, ਹਾਂ ਈਥੀਏਲ ਅਤੇ ਉੱਕਾਲ ਨੂੰ ਆਖਦਾ,2ਸੱਚੀਂ ਮੁੱਚੀਂ ਮੈਂ ਹੋਰ ਮਨੁੱਖਾਂ ਨਾਲੋਂ ਪਸ਼ੂ ਵਰਗਾ ਹਾਂ, ਅਤੇ ਮੇਰੇ ਵਿੱਚ ਆਦਮੀ ਜਿਹੀ ਮੱਤ ਨਹੀਂ ਹੈ ।3ਮੈਂ ਬੁੱਧ ਦੀ ਸਿੱਖਿਆ ਨਹੀਂ ਪਾਈ, ਨਾ ਹੀ ਮੈਨੂੰ ਪਵਿੱਤਰ ਪੁਰਖ ਦਾ ਗਿਆਨ ਹੈ ।

4ਅਕਾਸ਼ ਉੱਤੇ ਕੌਣ ਚੜਿਆ ਅਤੇ ਫੇਰ ਹੇਠਾਂ ਉਤਰਿਆ ? ਕਿਹ ਨੇ ਪੌਣ ਨੂੰ ਆਪਣੀ ਮੁੱਠੀ ਵਿੱਚ ਸਮੇਟਿਆ ? ਕਿਹ ਨੇ ਪਾਣੀਆਂ ਨੂੰ ਚਾਦਰ ਵਿੱਚ ਬੰਨਿਆ ? ਕਿਹ ਨੇ ਧਰਤੀ ਦੇ ਸਾਰੇ ਬੰਨੇ ਠਹਿਰਾਏ ? ਉਹ ਦਾ ਕੀ ਨਾਮ ਅਤੇ ਉਹ ਦੇ ਪੁੱਤਰ ਦਾ ਕੀ ਨਾਮ ਹੈ ? ਜੇ ਤੂੰ ਜਾਣਦਾ ਹੈਂ, ਤਾਂ ਦੱਸ !
5ਪਰਮੇਸ਼ੁਰ ਦਾ ਹਰੇਕ ਬਚਨ ਤਾਇਆ ਹੋਇਆ ਹੈ, ਜਿਹੜੇ ਉਹ ਦੀ ਸ਼ਰਨ ਵਿੱਚ ਆਉਂਦੇ ਹਨ ਉਹ ਉਹਨਾਂ ਦੀ ਢਾਲ ਹੈ ।6ਤੂੰ ਉਹ ਦੇ ਬਚਨਾਂ ਵਿੱਚ ਕੁਝ ਨਾ ਵਧਾ, ਕਿਤੇ ਐਉਂ ਨਾ ਹੋਵੇ ਭਈ ਉਹ ਤੈਨੂੰ ਤਾੜਨਾ ਦੇਵੇ ਅਤੇ ਤੂੰ ਝੂਠਾ ਨਿੱਕਲੇਂ ।
ਹੋਰ ਕਹਾਉਤਾਂ

7ਮੈਂ ਤੇਰੇ ਤੋਂ ਦੋ ਵਰ ਮੰਗੇ ਹਨ, ਮੇਰੇ ਮਰਨ ਤੋਂ ਪਹਿਲਾਂ ਓਹਨਾਂ ਨੂੰ ਮੈਨੂੰ ਦੇਣ ਤੋਂ ਨਾ ਮੁੱਕਰੀਂ ।8ਮਿੱਥਿਆ ਅਤੇ ਝੂਠ ਨੂੰ ਮੇਰੇ ਤੋਂ ਦੂਰ ਕਰ ਦੇ, ਮੈਨੂੰ ਨਾ ਤਾਂ ਗਰੀਬੀ ਨਾ ਧਨ ਦੇ, ਮੇਰੀ ਰੋਜ਼ ਦੀ ਰੋਟੀ ਮੈਨੂੰ ਖਿਲਾ,9ਕਿਤੇ ਮੈਂ ਰੱਜ ਪੁੱਜ ਕੇ ਮੁੱਕਰ ਜਾਂਵਾਂ ਅਤੇ ਆਖਾਂ "ਯਹੋਵਾਹ ਕੌਣ ਹੈ" ? ਅਥਵਾ ਕਿਤੇ ਮੈਂ ਥੁੜਿਆ ਹੋਇਆ ਹੋਵਾਂ ਤੇ ਚੋਰੀ ਕਰਾਂ, ਅਤੇ ਆਪਣੇ ਪਰਮੇਸ਼ੁਰ ਦੇ ਨਾਮ ਦੀ ਬਦਨਾਮੀ ਕਰਾਂਵਾਂ ।
10ਦਾਸ ਦੀ ਉਹ ਦੇ ਸੁਆਮੀ ਦੇ ਅੱਗੇ ਨਿੰਦਿਆ ਨਾ ਕਰ, ਕਿਤੇ ਉਹ ਤੈਨੂੰ ਸਰਾਪ ਦੇਵੇ ਅਤੇ ਤੂੰ ਦੋਸ਼ੀ ਠਹਿਰੇਂ ।
11ਅਜਿਹੇ ਲੋਕ ਵੀ ਹਨ ਜਿਹੜੇ ਆਪਣੇ ਪਿਉ ਨੂੰ ਫਿਟਕਾਰਦੇ, ਅਤੇ ਆਪਣੀ ਮਾਂ ਨੂੰ ਮੁਬਾਰਕ ਨਹੀਂ ਕਹਿੰਦੇ ।12ਅਜਿਹੇ ਲੋਕ ਵੀ ਹਨ ਜਿਹੜੇ ਆਪਣੀ ਨਿਗਾਹ ਵਿੱਚ ਤਾਂ ਸ਼ੁੱਧ ਹਨ, ਪਰ ਉਨ੍ਹਾਂ ਦੀ ਪਲੀਤੀ ਧੋਤੀ ਨਹੀਂ ਗਈ ।
13ਅਜਿਹੀ ਪੀੜ੍ਹੀ ਵੀ ਹੈ ! ਓਹਨਾਂ ਦੀ ਦ੍ਰਿਸ਼ਟ ਕਿਹੀ ਘੁਮੰਡ ਭਰੀ ਹੈ, ਅਤੇ ਓਹਨਾਂ ਦੀਆਂ ਪਲਕਾਂ ਕੇਹੀਆਂ ਉਤਾਹਾਂ ਨੂੰ ਉੱਠੀਆਂ ਰਹਿੰਦੀਆਂ ਹਨ !14ਅਜਿਹੀ ਪੀੜ੍ਹੀ ਵੀ ਹੈ ਜਿਨ੍ਹਾਂ ਦੇ ਦੰਦ ਤਲਵਾਰਾਂ ਅਤੇ ਦਾੜਾਂ ਛੁਰੀਆਂ ਹਨ, ਭਈ ਓਹ ਮਸਕੀਨਾਂ ਨੂੰ ਧਰਤੀ ਉੱਤੋਂ ਅਤੇ ਕੰਗਾਲਾਂ ਨੂੰ ਆਦਮੀਆਂ ਵਿੱਚੋਂ ਖਾ ਜਾਣ ।
15ਜੋਕ ਦੀਆਂ ਦੋ ਧੀਆਂ ਹਨ ਜੋ ਦੇ, ਦੇ ਆਖਦੀਆਂ ਰਹਿੰਦੀਆਂ ਹਨ । ਤਿੰਨ ਚੀਜ਼ਾਂ ਹਨ ਜੋ ਕਦੀ ਰੱਜਦੀਆਂ ਹੀ ਨਹੀਂ ਸਗੋਂ ਚਾਰ ਹਨ ਜੋ ਕਦੀ ਬੱਸ ਨਹੀਂ ਆਖਦੀਆਂ,16ਪਤਾਲ ਅਤੇ ਬਾਂਝ ਦੀ ਕੁੱਖ, ਧਰਤੀ ਜੋ ਜਲ ਨਾਲ ਤ੍ਰਿਪਤ ਨਹੀਂ ਹੁੰਦੀ, ਅਤੇ ਅੱਗ ਜੋ ਕਦੀ "ਬੱਸ" ਨਹੀਂ ਆਖਦੀ ।17ਜਿਹੜੀ ਅੱਖ ਪਿਉ ਦਾ ਮਖੌਲ ਉਡਾਉਂਦੀ ਹੈ, ਅਤੇ ਆਪਣੀ ਮਾਂ ਦੀ ਆਗਿਆਕਾਰੀ ਨੂੰ ਤੁੱਛ ਜਾਣਦੀ ਹੈ, ਵਾਦੀ ਦੇ ਕਾਂ ਉਹ ਨੂੰ ਖੋਦ-ਖੋਦ ਕੱਢਣਗੇ, ਅਤੇ ਗਿਰਝਾਂ ਦੇ ਬੱਚੇ ਉਹ ਨੂੰ ਖਾ ਜਾਣਗੇ ।
18ਇਹ ਤਿੰਨ ਗੱਲਾਂ ਮੇਰੇ ਲਈ ਬਾਹਲੀਆਂ ਅਚਰਜ ਹਨ, ਸਗੋਂ ਚਾਰ ਹਨ ਜੋ ਮੇਰੀ ਸਮਝ ਵਿੱਚ ਨਹੀਂ ਆਉਂਦੀਆਂ,19ਅਕਾਸ਼ ਵਿੱਚ ਉਕਾਬ ਦਾ ਰਾਹ, ਚਟਾਨ ਉੱਤੇ ਸੱਪ ਦਾ ਰਾਹ, ਸਮੁੰਦਰ ਵਿੱਚ ਜਹਾਜ਼ ਦਾ ਰਾਹ, ਅਤੇ ਕੁਆਰੀ ਨਾਲ ਮਨੁੱਖ ਦੀ ਚਾਲ ।
20ਵਿਭਚਾਰਨ ਦੀ ਚਾਲ ਵੀ ਇਸ ਤਰ੍ਹਾਂ ਦੀ ਹੈ, ਉਹ ਖਾਂਦੀ ਹੈ ਅਤੇ ਮੂੰਹ ਪੂੰਝ ਲੈਂਦੀ, ਤੇ ਆਖਦੀ ਹੈ, ਮੈਂ ਕੋਈ ਬੁਰਿਆਈ ਨਹੀਂ ਕੀਤੀ ।
21ਤਿੰਨ ਗੱਲਾਂ ਕਰਕੇ ਧਰਤੀ ਕੰਬਦੀ ਹੈ ਸਗੋਂ ਚਾਰ ਗੱਲਾਂ ਕਰਕੇ, ਜਿਹੜੀਆਂ ਉਸ ਤੋਂ ਨਹੀਂ ਸਹਾਰੀਆਂ ਜਾਂਦੀਆਂ,22ਦਾਸ ਜਦ ਉਹ ਰਾਜਾ ਬਣ ਜਾਵੇ, ਮੂਰਖ ਜਦ ਉਹ ਰੋਟੀ ਨਾਲ ਰੱਜ ਗਿਆ ਹੋਵੇ,23ਘਿਣਾਉਣੀ ਔਰਤ ਜਦ ਉਹ ਵਿਆਹੀ ਜਾਵੇ, ਅਤੇ ਗੋਲੀ ਜਦ ਉਹ ਆਪਣੀ ਮਾਲਕਣ ਦੀ ਵਾਰਸ ਬਣੇ ।
24ਧਰਤੀ ਉੱਤੇ ਚਾਰ ਵਸਤਾਂ ਨਿੱਕੀਆਂ ਜਿਹੀਆਂ ਹਨ, ਪਰ ਤਾਂ ਵੀ ਬੜੀਆਂ ਸਿਆਣੀਆਂ ਹਨ,25ਕੀੜੀਆਂ ਨਿਰਬਲ ਤਾਂ ਹਨ, ਤਾਂ ਵੀ ਗਰਮੀ ਵਿੱਚ ਆਪਣਾ ਅਨਾਜ਼ ਇਕੱਠਾ ਕਰ ਲੈਂਦੀਆਂ ਹਨ,26ਪਹਾੜੀ ਬਿਜੂ ਭਾਂਵੇ ਨਿਰਬਲ ਹਨ, ਪਰ ਚਟਾਨਾਂ ਵਿੱਚ ਆਪਣਾ ਘਰ ਬਣਾਉਂਦੇ ਹਨ,
27ਟਿੱਡੀ ਦਲ ਦਾ ਕੋਈ ਰਾਜਾ ਨਹੀਂ, ਤਾਂ ਵੀ ਓਹ ਸੱਭੇ ਦਲ ਬੰਨ ਕੇ ਨਿੱਕਲਦੀਆਂ ਹਨ,28ਕਿਰਲੀ ਤੂੰ ਹੱਥਾਂ ਵਿੱਚ ਫੜ ਸਕਦਾ ਹੈਂ, ਤਾਂ ਵੀ ਸ਼ਾਹੀ ਮਹਿਲਾਂ ਵਿੱਚ ਰਹਿੰਦੀ ਹੈ ।
29ਇਹ ਤਿੰਨ ਵਸਤਾਂ ਹਨ ਜਿਨਾਂ ਦੀ ਤੋਰ ਠਾਠ ਵਾਲੀ ਹੈ, ਸਗੋਂ ਚਾਰ ਹਨ ਜਿਨਾਂ ਦੀ ਚਾਲ ਸੋਹਣੀ ਹੈ,30ਇੱਕ ਤਾਂ ਬਬਰ ਸ਼ੇਰ ਜਿਹੜਾ ਸਾਰਿਆਂ ਪਸ਼ੂਆਂ ਵਿੱਚੋਂ ਜ਼ੋਰਾਵਰ ਹੈ, ਅਤੇ ਕਿਸੇ ਦੇ ਅੱਗੇ ਪਿੱਠ ਨਹੀਂ ਭੁਆਉਂਦਾ,31ਸ਼ਿਕਾਰੀ ਕੁੱਤਾ ਅਤੇ ਬੱਕਰਾ, ਅਤੇ ਰਾਜਾ ਜਦ ਸੈਨਾਂ ਉਹ ਦੇ ਨਾਲ ਹੈ ।
32ਜੇ ਤੂੰ ਆਪਣੇ ਆਪ ਨੂੰ ਉੱਚਿਆਂ ਕਰਕੇ ਮੂਰਖਤਾ ਕੀਤੀ ਹੈ, ਜਾਂ ਕੋਈ ਬੁਰਾ ਮਤਾ ਪਕਾਇਆ ਹੈ ਤਾਂ ਆਪਣੇ ਮੂੰਹ ਉੱਤੇ ਹੱਥ ਰੱਖ,33ਕਿਉਂ ਜੋ ਦੁੱਧ ਰਿੜਕਣ ਨਾਲ ਮੱਖਣ ਨਿੱਕਲਦਾ ਹੈ, ਅਤੇ ਨੱਕ ਮਰੋੜਨ ਨਾਲ ਲਹੂ ਨਿੱਕਲਦਾ ਹੈ, ਅਤੇ ਕ੍ਰੋਧ ਭੜਕਾਉਣ ਨਾਲ ਝਗੜਾ ਪੈਦਾ ਹੁੰਦਾ ਹੈ ।

31
ਰਾਜੇ ਨੂੰ ਸਲਾਹ

1ਲਮੂਏਲ ਰਾਜਾ ਦੀਆਂ ਕਹਾਉਤਾਂ ਜਿਹੜੀਆਂ ਉਹ ਦੀ ਮਾਤਾ ਨੇ ਉਹ ਨੂੰ ਸਿਖਾਈਆਂ,2ਹੇ ਮੇਰੇ ਪੁੱਤਰ, ਹੈ ਮੇਰੇ ਨਿੱਜ ਪੁੱਤਰ, ਹੇ ਮੇਰੀਆਂ ਸੁੱਖਣਾਂ ਦੇ ਪੁੱਤਰ3ਆਪਣਾ ਬਲ ਪਰਾਈਆਂ ਔਰਤਾਂ ਨੂੰ ਨਾ ਦੇ, ਨਾ ਆਪਣਾ ਜੀਵਨ ਰਾਜਿਆਂ ਨੂੰ ਨਾਸ ਕਰਨ ਵਾਲੀਆਂ ਨੂੰ !

4ਰਾਜਿਆਂ ਨੂੰ, ਹੇ ਲਮੂਏਲ, ਰਾਜਿਆਂ ਨੂੰ ਦਾਖ ਮਧੂ ਦਾ ਪੀਣਾ ਜੋਗ ਨਹੀਂ, ਅਤੇ ਨਾ ਰਾਜ ਪੁੱਤਰਾਂ ਨੂੰ ਆਖਣਾ, ਸ਼ਰਾਬ ਕਿੱਥੇ ਹੈ5ਅਜਿਹਾ ਨਾ ਹੋਵੇ ਕਿ ਉਹ ਪੀ ਕੇ ਬਿਧੀ ਨੂੰ ਭੁੱਲ ਜਾਣ, ਅਤੇ ਦੁਖਿਆਰਾਂ ਦਾ ਹੱਕ ਮਾਰਨ ।
6ਸ਼ਰਾਬ ਉਸ ਨੂੰ ਪਿਆਓ ਜੋ ਨਾਸ਼ ਹੋਣਾ ਵਾਲਾ ਹੈ, ਅਤੇ ਮਧ ਉਸ ਨੂੰ ਜਿਹ ਦਾ ਮਨ ਉਦਾਸ ਹੈ,7ਤਾਂ ਜੋ ਉਹ ਪੀ ਕੇ ਆਪਣੀ ਤੰਗੀ ਨੂੰ ਭੁੱਲ ਜਾਵੇ, ਅਤੇ ਆਪਣੇ ਕਸ਼ਟ ਨੂੰ ਫੇਰ ਚੇਤੇ ਨਾ ਕਰੇ ।
8ਗੁੰਗਿਆਂ ਦੇ ਲਈ ਆਪਣਾ ਮੂੰਹ ਖੋਲ, ਅਤੇ ਉਹਨਾਂ ਸਭਨਾਂ ਦੇ ਹੱਕ ਲਈ, ਜਿਹੜੇ ਅਨਾਥ ਹਨ ।9ਆਪਣਾ ਮੂੰਹ ਖੋਲ ਕੇ ਧਰਮ ਦਾ ਨਿਆਂ ਕਰ, ਅਤੇ ਮਸਕੀਨਾਂ ਤੇ ਕੰਗਾਲਾਂ ਦੇ ਹੱਕ ਲਈ ਲੜ ।
ਆਦਰਸ਼ ਪਤਨੀ

10ਨੇਕ ਇਸਤਰੀ ਕਿਸਨੂੰ ਮਿਲਦੀ ਹੈ ? ਕਿਉਂ ਜੋ ਉਹ ਦੀ ਕਦਰ ਹੀਰੇ ਮੋਤੀਆਂ ਨਾਲੋਂ ਬਹੁਤ ਵਧੇਰੇ ਹੈ ।11ਉਹ ਦੇ ਪਤੀ ਦਾ ਮਨ ਉਹ ਦੇ ਉੱਤੇ ਭਰੋਸਾ ਰੱਖਦਾ ਹੈ, ਅਤੇ ਉਹ ਨੂੰ ਲਾਭ ਦੀ ਕੁਝ ਥੁੜ ਨਹੀਂ ਹੁੰਦੀ ।12ਉਮਰ ਭਰ ਉਹ ਉਸ ਦੇ ਨਾਲ ਭਲਿਆਈ ਹੀ ਕਰੇਗੀ, ਬੁਰਿਆਈ ਨਹੀਂ ।
13ਉਹ ਉੱਨ ਅਤੇ ਕਤਾਨ ਭਾਲ ਕੇ, ਖੁਸ਼ੀ ਨਾਲ ਆਪਣੇ ਹੱਥੀਂ ਕੰਮ ਕਰਦੀ ਹੈ ।14ਉਹ ਵਪਾਰੀਆਂ ਦੇ ਜਹਾਜ਼ਾਂ ਵਰਗੀ ਹੈ, ਉਹ ਆਪਣਾ ਭੋਜਨ ਦੂਰੋਂ ਮੰਗਵਾਉਂਦੀ ਹੈ ।15ਰਾਤ ਰਹਿੰਦਿਆਂ ਉਹ ਉੱਠ ਕੇ ਆਪਣੇ ਟੱਬਰ ਨੂੰ ਭੋਜਨ, ਅਤੇ ਆਪਣੀਆਂ ਦਾਸੀਆਂ ਨੂੰ ਕੰਮ ਦਿੰਦੀ ਹੈ ।
16ਉਹ ਸੋਚ ਵਿਚਾਰ ਕੇ ਕਿਸੇ ਖੇਤ ਨੂੰ ਮੁੱਲ ਲੈਂਦੀ ਹੈ, ਅਤੇ ਆਪਣੇ ਹੱਥਾਂ ਦੀ ਕਮਾਈ ਨਾਲ ਦਾਖ ਦੀ ਬਾੜੀ ਲਾਉਂਦੀ ਹੈ ।17ਉਹ ਬਲ ਨਾਲ ਆਪਣਾ ਲੱਕ ਬੰਨਦੀ ਹੈ, ਅਤੇ ਆਪਣੀਆਂ ਬਾਹਾਂ ਨੂੰ ਤਗੜਿਆਂ ਕਰਦੀ ਹੈ ।
18ਉਹ ਪਰਖ ਲੈਂਦੀ ਹੈ ਭਈ ਮੇਰਾ ਵਪਾਰ ਚੰਗਾ ਹੈ, ਰਾਤ ਨੂੰ ਉਹ ਦਾ ਦੀਵਾ ਨਹੀਂ ਬੁੱਝਦਾ ।19ਉਹ ਤੱਕਲੇ ਨੂੰ ਹੱਥ ਲਾਉਂਦੀ ਹੈ, ਅਤੇ ਉਹ ਦੇ ਹੱਥ ਚਰਖ਼ੇ ਨੂੰ ਫੜਦੇ ਹਨ ।
20ਉਹ ਮਸਕੀਨਾਂ ਲਈ ਮੁੱਠ ਖੋਲ੍ਹਦੀ ਹੈ, ਅਤੇ ਕੰਗਾਲਾਂ ਦੀ ਮਦਦ ਲਈ ਆਪਣਾ ਹੱਥ ਵਧਾਉਂਦੀ ਹੈ21ਉਹ ਨੂੰ ਆਪਣੇ ਟੱਬਰ ਦੇ ਲਈ ਬਰਫ਼ ਦਾ ਡਰ ਨਹੀਂ, ਕਿਉਂ ਜੋ ਉਹ ਦਾ ਸਾਰਾ ਟੱਬਰ ਕਿਰਮਚ ਪਾਉਂਦਾ ਹੈ ।
22ਉਹ ਆਪਣੇ ਲਈ ਸਿਰਹਾਣੇ ਬਣਾਉਂਦੀ ਹੈ, ਉਹ ਦੇ ਬਸਤਰ ਕਤਾਨੀ ਤੇ ਬੈਂਗਣੀ ਹਨ ।23ਉਹ ਦਾ ਪਤੀ ਸਭਾ ਵਿੱਚ ਪ੍ਰਧਾਨਾਂ ਨਾਲ ਬੈਠਦਾ ਹੈ, ਤਦ ਉਸ ਦਾ ਆਦਰ ਹੁੰਦਾ ਹੈ ।
24ਉਹ ਮਲਮਲ ਦੇ ਬਸਤਰ ਬਣਾ ਕੇ ਵੇਚਦੀ ਹੈ, ਅਤੇ ਵਪਾਰੀਆਂ ਨੂੰ ਕਮਰਬੰਦ ਦਿੰਦੀ ਹੈ ।25ਬਲ ਅਤੇ ਮਾਣ ਉਹ ਦਾ ਲਿਬਾਸ ਹੈ, ਅਤੇ ਆਉਣ ਵਾਲੇ ਦਿਨਾਂ ਉੱਤੇ ਹੱਸਦੀ ਹੈ ।
26ਉਹ ਬੁੱਧ ਨਾਲ ਆਪਣਾ ਮੁੱਖ ਖੋਲਦੀ ਹੈ, ਅਤੇ ਉਹ ਦੀ ਗੱਲਾਂ ਕਿਰਪਾ ਦੀ ਸਿੱਖਿਆ ਨਾਲ ਭਰੀਆਂ ਹੋਈਆਂ ਹਨ ।27ਉਹ ਆਪਣੇ ਟੱਬਰ ਦੀ ਚਾਲ ਨੂੰ ਧਿਆਨ ਨਾਲ ਵੇਖਦੀ ਹੈ, ਅਤੇ ਆਲਸ ਦੀ ਰੋਟੀ ਨਹੀਂ ਖਾਂਦੀ ।
28ਉਹ ਦੇ ਬੱਚੇ ਉੱਠ ਕੇ ਉਹ ਨੂੰ ਧੰਨ ਧੰਨ ਆਖਦੇ ਹਨ, ਅਤੇ ਉਹ ਦਾ ਪਤੀ ਵੀ, ਅਤੇ ਉਹ ਉਹ ਦੀ ਵਡਿਆਈ ਕਰਦਾ ਹੈ,29ਭਈ ਬਥੇਰੀਆਂ ਨਾਰੀਆਂ ਨੇ ਉੱਤਮਤਾਈ ਵਿਖਾਈ ਹੈ, ਪਰ ਤੂੰ ਓਹਨਾਂ ਸਭਨਾਂ ਨਾਲੋਂ ਉੱਤਮ ਹੈਂ ।
30ਸ਼ੋਭਾ ਝੂਠ ਛਲ ਹੈ ਅਤੇ ਸੁਹੱਪਣ ਵਿਅਰਥ ਹੈ, ਪਰ ਉਹ ਇਸਤ੍ਰੀ ਜੋ ਯਹੋਵਾਹ ਦਾ ਭੈ ਮੰਨਦੀ ਹੈ, ਉਹ ਦੀ ਵਡਿਆਈ ਕੀਤੀ ਜਾਵੇਗੀ ।31ਉਹ ਦੇ ਹੱਥਾਂ ਦਾ ਫਲ ਉਹ ਨੂੰ ਦਿਓ, ਅਤੇ ਉਹ ਦੇ ਕੰਮਾਂ ਅਨੁਸਾਰ ਸਭਾ ਵਿੱਚ ਉਹ ਦੀ ਵਡਿਆਈ ਹੋਵੇ !

ਉਪਦੇਸ਼ਕ

1
ਸਭ ਕੁਝ ਵਿਅਰਥ ਹੈ

1ਯਰੂਸ਼ਲਮ ਦੇ ਰਾਜਾ ਦਾਊਦ ਦੇ ਪੁੱਤਰ ਉਪਦੇਸ਼ਕ ਦੇ ਬਚਨ ।2ਉਪਦੇਸ਼ਕ ਆਖਦਾ ਹੈ, ਵਿਅਰਥ ਹੀ ਵਿਅਰਥ, ਵਿਅਰਥ ਹੀ ਵਿਅਰਥ, ਸਭ ਕੁਝ ਵਿਅਰਥ ਹੈ !3ਆਦਮੀ ਨੂੰ ਉਸ ਸਾਰੀ ਮਿਹਨਤ ਤੋਂ ਕੀ ਲਾਭ ਹੁੰਦਾ ਹੈ, ਜੋ ਉਹ ਸੂਰਜ ਦੇ ਹੇਠ ਕਰਦਾ ਹੈ ?

4ਇੱਕ ਪੀੜ੍ਹੀ ਚਲੀ ਜਾਂਦੀ ਹੈ ਅਤੇ ਦੂਜੀ ਆ ਜਾਂਦੀ ਹੈ, ਪਰ ਧਰਤੀ ਸਦਾ ਅਟੱਲ ਰਹਿੰਦੀ ਹੈ ।5ਸੂਰਜ ਚੜ੍ਹਦਾ ਹੈ ਅਤੇ ਸੂਰਜ ਲਹਿੰਦਾ ਹੈ ਅਤੇ ਆਪਣੇ ਉਸ ਸਥਾਨ ਵੱਲ ਤੇਜ਼ੀ ਨਾਲ ਜਾਂਦਾ ਹੈ, ਜਿੱਥੋਂ ਉਹ ਚੜ੍ਹਦਾ ਹੈ ।6ਪੌਣ ਦੱਖਣ ਵੱਲ ਚਲੀ ਜਾਂਦੀ ਹੈ, ਫੇਰ ਉੱਤਰ ਵੱਲ ਮੁੜ ਪੈਂਦੀ ਹੈ, ਇਹ ਸਦਾ ਘੁੰਮਦੀ ਫਿਰਦੀ ਹੈ ਅਤੇ ਆਪਣੇ ਚੱਕਰ ਅਨੁਸਾਰ ਮੁੜ ਜਾਂਦੀ ਹੈ ।
7ਸਾਰੀਆਂ ਨਦੀਆਂ ਸਮੁੰਦਰ ਵਿੱਚ ਜਾ ਪੈਂਦੀਆਂ ਹਨ, ਪਰ ਸਮੁੰਦਰ ਨਹੀਂ ਭਰਦਾ । ਉਹ ਓਸੇ ਸਥਾਨ ਨੂੰ ਮੁੜ ਜਾਂਦੀਆਂ ਹਨ, ਜਿੱਥੋਂ ਨਦੀਆਂ ਨਿੱਕਲਦੀਆਂ ਹਨ ।8ਇਹ ਸਾਰੀਆਂ ਗੱਲਾਂ ਥਕਾਉਣ ਵਾਲੀਆਂ ਹਨ, ਮਨੁੱਖ ਇਨ੍ਹਾਂ ਦਾ ਬਿਆਨ ਨਹੀਂ ਕਰ ਸਕਦਾ, ਅੱਖ ਵੇਖਣ ਨਾਲ ਨਹੀਂ ਰੱਜਦੀ ਅਤੇ ਕੰਨ ਸੁਣਨ ਨਾਲ ਨਹੀਂ ਭਰਦਾ ।
9ਜੋ ਹੋਇਆ ਉਹੋ ਫੇਰ ਹੋਵੇਗਾ, ਜੋ ਕੀਤਾ ਗਿਆ ਹੈ ਉਹ ਫੇਰ ਕੀਤਾ ਜਾਵੇਗਾ ਅਤੇ ਸੂਰਜ ਦੇ ਹੇਠ ਕੋਈ ਗੱਲ ਨਵੀਂ ਨਹੀਂ ਹੈ ।10ਕੀ ਕੋਈ ਅਜਿਹੀ ਗੱਲ ਹੈ ਜਿਸ ਨੂੰ ਅਸੀਂ ਆਖ ਸਕੀਏ, ਵੇਖੋ, ਇਹ ਨਵੀਂ ਹੈ ? ਉਹ ਤਾਂ ਪੁਰਾਣਿਆਂ ਸਮਿਆਂ ਵਿੱਚ ਹੋਈ, ਜੋ ਸਾਡੇ ਨਾਲੋਂ ਪਹਿਲਾਂ ਸਨ ।11ਪਹਿਲੀਆਂ ਗੱਲਾਂ ਦਾ ਕੁਝ ਚੇਤਾ ਨਹੀਂ ਅਤੇ ਆਉਣ ਵਾਲੀਆਂ ਗੱਲਾਂ ਦਾ ਉਹਨਾਂ ਤੋਂ ਬਾਅਦ ਆਉਣ ਵਾਲਿਆਂ ਨੂੰ ਕੋਈ ਚੇਤਾ ਨਾ ਰਹੇਗਾ ।
ਉਪਦੇਸ਼ਕ ਦਾ ਅਨੁਭਵ

12ਮੈਂ ਉਪਦੇਸ਼ਕ ਯਰੂਸ਼ਲਮ ਵਿੱਚ ਇਸਰਾਏਲ ਦਾ ਰਾਜਾ ਸੀ ।13ਮੈਂ ਆਪਣਾ ਮਨ ਲਾਇਆ ਤਾਂ ਕਿ ਜੋ ਕੁਝ ਅਕਾਸ਼ ਦੇ ਹੇਠ ਹੁੰਦਾ ਹੈ, ਬੁੱਧ ਨਾਲ ਉਸ ਸਭ ਦੀ ਭਾਲ ਕਰਾਂ ਅਤੇ ਖੋਜ ਕੱਢਾਂ । ਪਰਮੇਸ਼ੁਰ ਨੇ ਮਨੁੱਖ ਦੇ ਵੰਸ਼ ਨੂੰ ਵੱਡਾ ਕਸ਼ਟ ਦਿੱਤਾ ਹੈ, ਜਿਸ ਦੇ ਵਿੱਚ ਉਹ ਲੱਗੇ ਰਹਿਣ ।14ਮੈਂ ਉਹਨਾਂ ਸਾਰਿਆਂ ਕੰਮਾਂ ਨੂੰ ਵੇਖਿਆ ਹੈ ਜੋ ਅਕਾਸ਼ ਦੇ ਹੇਠ ਹੁੰਦੇ ਹਨ ਅਤੇ ਵੇਖੋ, ਸਾਰੇ ਦੇ ਸਾਰੇ ਕੰਮ ਹੀ ਵਿਅਰਥ ਅਤੇ ਹਵਾ ਦਾ ਫੱਕਣਾ ਹਨ !15ਜੋ ਟੇਢਾ ਹੈ, ਉਹ ਸਿੱਧਾ ਨਹੀਂ ਬਣ ਸਕਦਾ ਅਤੇ ਜਿਹੜਾ ਹੈ ਹੀ ਨਹੀਂ, ਉਹ ਦਾ ਲੇਖਾ ਨਹੀਂ ਹੋ ਸਕਦਾ ।

16ਮੈਂ ਆਪਣੇ ਮਨ ਨਾਲ ਇਹ ਗੱਲ ਕੀਤੀ ਭਈ ਵੇਖ, ਮੈਂ ਵੱਡਾ ਵਾਧਾ ਕੀਤਾ, ਸਗੋਂ ਉਹਨਾਂ ਸਾਰਿਆਂ ਨਾਲੋਂ ਜੋ ਮੇਰੇ ਤੋਂ ਪਹਿਲਾਂ ਯਰੂਸ਼ਲਮ ਵਿੱਚ ਸਨ, ਜ਼ਿਆਦਾ ਬੁੱਧ ਪਾਈ । ਹਾਂ, ਮੇਰੇ ਮਨ ਨੇ ਬਹੁਤ ਬੁੱਧ ਅਤੇ ਗਿਆਨ ਪ੍ਰਾਪਤ ਕੀਤਾ ।17ਪਰ ਜਦ ਮੈਂ ਆਪਣੇ ਮਨ ਨੂੰ ਬੁੱਧ ਨੂੰ ਜਾਨਣ ਵਿੱਚ ਅਤੇ ਪਾਗਲਪੁਣੇ ਅਤੇ ਮੂਰਖਤਾਈ ਨੂੰ ਸਮਝਣ ਵਿੱਚ ਲਾਇਆ ਤਾਂ ਮੈਂ ਸਮਝਿਆ ਕਿ ਇਹ ਵੀ ਹਵਾ ਦਾ ਫੱਕਣਾ ਹੀ ਹੈ !

18ਜ਼ਿਆਦਾ ਬੁੱਧ ਨਾਲ ਜ਼ਿਆਦਾ ਚਿੰਤਾ ਹੁੰਦੀ ਹੈ
ਅਤੇ ਜਿਹੜਾ ਗਿਆਨ ਵਧਾਉਂਦਾ ਹੈ, ਉਹ ਸਿਰ ਦਰਦੀ ਵਧਾਉਂਦਾ ਹੈ ।

2

1ਮੈਂ ਆਪਣੇ ਮਨ ਵਿੱਚ ਆਖਿਆ ਭਈ ਆ, ਮੈਂ ਅਨੰਦ ਨਾਲ ਤੇਰਾ ਪਰਤਾਵਾ ਲਵਾਂਗਾ, ਇਸ ਲਈ ਸੁੱਖ ਭੋਗ ਅਤੇ ਵੇਖੋ, ਇਹ ਵੀ ਵਿਅਰਥ ਸੀ ।2ਮੈਂ ਹਾਸੇ ਦੇ ਬਾਰੇ ਆਖਿਆ ਕਿ ਇਹ ਮੂਰਖਤਾ ਹੈ ਅਤੇ ਅਨੰਦ ਦੇ ਬਾਰੇ ਕਿ ਇਹ ਕੀ ਕਰਦਾ ਹੈ ?

3ਮੈਂ ਆਪਣੇ ਮਨ ਵਿੱਚ ਵਿਚਾਰ ਕੀਤਾ ਕਿ ਮੈਂ ਕਿਵੇਂ ਮਧ ਪੀ ਕੇ ਆਪਣੇ ਸਰੀਰ ਨੂੰ ਖੁਸ਼ ਕਰਾਂ, ਪਰ ਫੇਰ ਵੀ ਮੇਰਾ ਮਨ ਬੁੱਧ ਵੱਲ ਲੱਗਿਆ ਰਹੇ ਅਤੇ ਮੂਰਖਤਾਈ ਨੂੰ ਫੜ੍ਹ ਕੇ ਰੱਖਾਂ, ਜਦ ਤੱਕ ਇਹ ਨਾ ਵੇਖਾਂ ਕਿ ਉਹ ਚੰਗਾ ਕੰਮ ਕਿਹੜਾ ਹੈ ਜੋ ਆਦਮ ਵੰਸ਼ੀ ਆਪਣੇ ਜੀਵਨ ਦੇ ਥੋੜ੍ਹੇ ਜਿਹੇ ਦਿਨਾਂ ਵਿੱਚ ਅਕਾਸ਼ ਦੇ ਹੇਠਾਂ ਕਰਨ ।
4ਮੈਂ ਵੱਡੇ-ਵੱਡੇ ਕੰਮ ਕੀਤੇ, ਮੈਂ ਆਪਣੇ ਲਈ ਘਰ ਉਸਾਰੇ ਅਤੇ ਮੈਂ ਆਪਣੇ ਲਈ ਦਾਖਾਂ ਦੀਆਂ ਵਾੜੀਆਂ ਲਗਾਈਆਂ,5ਮੈਂ ਆਪਣੇ ਲਈ ਬਗੀਚੇ ਅਤੇ ਬਾਗ ਬਣਾਏ ਅਤੇ ਉਹਨਾਂ ਵਿੱਚ ਭਾਂਤ-ਭਾਂਤ ਦੇ ਫਲਾਂ ਵਾਲੇ ਰੁੱਖ ਲਗਾਏ,6ਮੈਂ ਆਪਣੇ ਹਰੇ ਰੁੱਖਾਂ ਦੇ ਬਣ ਨੂੰ ਸਿੰਜਣ ਦੇ ਲਈ ਤਲਾਬ ਬਣਾਏ,
7ਮੈਂ ਦਾਸ ਅਤੇ ਦਾਸੀਆਂ ਮੁੱਲ ਲਏ ਅਤੇ ਮੇਰੇ ਘਰ ਵਿੱਚ ਜੰਮੇ ਹੋਏ ਦਾਸ ਵੀ ਸਨ, ਸਗੋਂ ਮੇਰੇ ਕੋਲ ਉਹਨਾਂ ਸਾਰਿਆਂ ਨਾਲੋਂ ਵੱਧ ਵੱਗਾਂ ਅਤੇ ਇੱਜੜਾਂ ਦੀ ਜ਼ਾਇਦਾਦ ਸੀ, ਜਿਹੜੇ ਮੇਰੇ ਤੋਂ ਪਹਿਲਾਂ ਯਰੂਸ਼ਲਮ ਵਿੱਚ ਸਨ ।8ਮੈਂ ਸੋਨਾ-ਚਾਂਦੀ ਅਤੇ ਰਾਜਿਆਂ ਅਤੇ ਸੂਬਿਆਂ ਦੇ ਖ਼ਜ਼ਾਨੇ ਆਪਣੇ ਲਈ ਇਕੱਠੇ ਕੀਤੇ । ਮੈਂ ਗਾਇਕ ਅਤੇ ਗਾਉਣ ਵਾਲੀਆਂ ਰੱਖੀਆਂ ਅਤੇ ਬਹੁਤ ਸਾਰੀਆਂ ਮਨਮੋਹਣੀਆਂ ਸੁਰੀਤਾ ਵੀ ਪ੍ਰਾਪਤ ਕੀਤੀਆਂ, ਜਿਨ੍ਹਾਂ ਤੋਂ ਆਦਮ ਵੰਸ਼ੀ ਸੁੱਖ ਪਾਉਂਦੇ ਹਨ ।

9ਮੈਂ ਮਹਾਨ ਹੋ ਗਿਆ ਅਤੇ ਜਿਹੜੇ ਮੇਰੇ ਤੋਂ ਪਹਿਲਾਂ ਯਰੂਸ਼ਲਮ ਵਿੱਚ ਸਨ, ਉਹਨਾਂ ਸਾਰਿਆਂ ਨਾਲੋਂ ਬਹੁਤ ਵਾਧਾ ਕੀਤਾ ਪਰ ਫੇਰ ਵੀ ਮੇਰੀ ਬੁੱਧ ਮੇਰੇ ਵਿੱਚ ਟਿਕੀ ਰਹੀ ।10ਉਹ ਸਭ ਕੁਝ ਜੋ ਮੇਰੀਆਂ ਅੱਖਾਂ ਮੰਗਦੀਆਂ ਸਨ, ਮੈਂ ਉਹਨਾਂ ਕੋਲੋਂ ਦੂਰ ਨਹੀਂ ਰੱਖਿਆ । ਮੈਂ ਆਪਣੇ ਮਨ ਨੂੰ ਕਿਸੇ ਤਰ੍ਹਾਂ ਦੇ ਅਨੰਦ ਤੋਂ ਨਹੀਂ ਰੋਕਿਆ, ਕਿਉਂ ਜੋ ਮੇਰਾ ਮਨ ਮੇਰੀ ਸਾਰੀ ਮਿਹਨਤ ਨਾਲ ਰਾਜ਼ੀ ਰਿਹਾ ਅਤੇ ਮੇਰੀ ਸਾਰੀ ਮਿਹਨਤ ਵਿੱਚ ਮੇਰਾ ਇਹੋ ਹਿੱਸਾ ਸੀ ।
11ਤਦ ਮੈਂ ਉਨ੍ਹਾਂ ਸਾਰਿਆਂ ਕੰਮਾਂ ਨੂੰ ਵੇਖਿਆ ਜੋ ਮੇਰੇ ਹੱਥਾਂ ਨੇ ਕੀਤੇ ਸਨ ਅਤੇ ਉਸ ਮਿਹਨਤ ਨੂੰ ਜੋ ਮੈਂ ਕੰਮ ਕਰਨ ਦੇ ਵਿੱਚ ਕੀਤੀ ਸੀ ਅਤੇ ਵੇਖੋ, ਉਹਨਾਂ ਸਾਰਿਆਂ ਦਾ ਸੂਰਜ ਦੇ ਹੇਠ ਕੋਈ ਲਾਭ ਨਹੀਂ ਸੀ ।

12ਫੇਰ ਮੈਂ ਬੁੱਧ ਅਤੇ ਪਾਗਲਪੁਣੇ ਅਤੇ ਮੂਰਖਤਾਈ ਨੂੰ ਵੇਖਣ ਲਈ ਮੂੰਹ ਮੋੜਿਆ ਕਿਉਂ ਜੋ ਉਹ ਮਨੁੱਖ ਜੋ ਰਾਜਾ ਤੋਂ ਬਾਅਦ ਆਵੇਗਾ, ਕੀ ਕਰੇਗਾ ? ਸਿਰਫ਼ ਉਹ ਹੀ ਜੋ ਪਹਿਲਾਂ ਤੋਂ ਹੁੰਦਾ ਆਇਆ ਹੈ ।
13ਤਦ ਮੈਂ ਵੇਖਿਆ ਕਿ ਜਿਵੇਂ ਚਾਨਣ ਹਨੇਰੇ ਨਾਲੋਂ ਉੱਤਮ ਹੈ, ਉਸੇ ਤਰ੍ਹਾਂ ਹੀ ਮੂਰਖਤਾਈ ਨਾਲੋਂ ਬੁੱਧ ਉੱਤਮ ਹੈ ।14ਬੁੱਧਵਾਨ ਦੀਆਂ ਅੱਖਾਂ ਸਿਰ ਵਿੱਚ ਹੀ ਰਹਿੰਦੀਆਂ ਹਨ, ਪਰ ਮੂਰਖ ਹਨੇਰੇ ਵਿੱਚ ਤੁਰਦਾ ਹੈ, ਤਾਂ ਵੀ ਮੈਂ ਜਾਣ ਲਿਆ ਕਿ ਸਾਰਿਆਂ ਉੱਤੇ ਇੱਕੋ ਜਿਹੀ ਹੀ ਬੀਤਦੀ ਹੈ ।
15ਤਦ ਮੈਂ ਆਪਣੇ ਮਨ ਵਿੱਚ ਆਖਿਆ, ਜੋ ਕੁਝ ਮੂਰਖ ਉੱਤੇ ਬੀਤਦੀ ਹੈ, ਉਹ ਹੀ ਮੇਰੇ ਉੱਤੇ ਵੀ ਬੀਤੇਗੀ, ਤਾਂ ਫੇਰ ਮੈਂ ਵੱਧ ਬੁੱਧਵਾਨ ਕਿਉਂ ਬਣਿਆ ? ਸੋ ਮੈਂ ਆਪਣੇ ਮਨ ਵਿੱਚ ਆਖਿਆ ਕਿ ਇਹ ਵੀ ਵਿਅਰਥ ਹੀ ਹੈ ।16ਕਿਉਂ ਜੋ ਨਾ ਤਾਂ ਬੁੱਧਵਾਨ ਦਾ ਅਤੇ ਨਾ ਮੂਰਖ ਦੀ ਯਾਦ ਸਦਾ ਤੱਕ ਰਹੇਗੀ, ਕਿਉਂ ਜੋ ਆਉਣ ਵਾਲਿਆਂ ਸਮਿਆਂ ਵਿੱਚ ਸਭ ਕੁਝ ਭੁਲਾ ਦਿੱਤਾ ਜਾਵੇਗਾ । ਬੁੱਧਵਾਨ ਕਿਸ ਤਰ੍ਹਾਂ ਮਰਦਾ ਹੈ ? ਉਸੇ ਤਰ੍ਹਾਂ ਹੀ ਜਿਵੇਂ ਮੂਰਖ ਮਰਦਾ ਹੈ !
17ਇਸ ਲਈ ਮੈਂ ਜੀਵਨ ਤੋਂ ਅੱਕ ਗਿਆ, ਕਿਉਂ ਜੋ ਉਹ ਸਾਰਾ ਕੰਮ ਜੋ ਸੂਰਜ ਦੇ ਹੇਠ ਕੀਤਾ ਜਾਂਦਾ ਹੈ ਮੈਨੂੰ ਮਾੜਾ ਲੱਗਾ, ਕਿਉਂਕਿ ਸਭ ਕੁਝ ਵਿਅਰਥ ਅਤੇ ਹਵਾ ਦਾ ਫੱਕਣਾ ਹੈ ।

18ਸਗੋਂ ਮੈਂ ਆਪਣੀ ਮਿਹਨਤ ਦੇ ਸਾਰੇ ਕੰਮਾਂ ਤੋਂ ਅੱਕ ਗਿਆ, ਜੋ ਮੈਂ ਸੂਰਜ ਦੇ ਹੇਠ ਕੀਤਾ ਸੀ, ਕਿਉਂ ਜੋ ਮੈਨੂੰ ਉਹ ਉਸ ਆਦਮੀ ਦੇ ਲਈ ਛੱਡਣਾ ਪਵੇਗਾ ਜੋ ਮੇਰੇ ਤੋਂ ਬਾਅਦ ਆਵੇਗਾ ।
19ਕੌਣ ਜਾਣਦਾ ਹੈ ਕਿ ਉਹ ਬੁੱਧਵਾਨ ਹੋਵੇਗਾ ਜਾਂ ਮੂਰਖ ? ਫੇਰ ਵੀ ਮੇਰੀ ਸਾਰੀ ਮਿਹਨਤ ਦੇ ਕੰਮ ਦਾ ਜੋ ਮੈਂ ਕੀਤਾ ਅਤੇ ਜਿਸ ਦੇ ਲਈ ਮੈਂ ਸੂਰਜ ਦੇ ਹੇਠ ਆਪਣੀ ਬੁੱਧ ਖਰਚ ਕੀਤੀ, ਉਹੋ ਮਾਲਕ ਬਣੇਗਾ ! ਇਹ ਵੀ ਵਿਅਰਥ ਹੀ ਹੈ ।20ਤਦ ਮੈਂ ਮੁੜਿਆ ਅਤੇ ਆਪਣੇ ਮਨ ਨੂੰ ਉਸ ਸਾਰੇ ਕੰਮ ਤੋਂ ਜੋ ਮੈਂ ਸੂਰਜ ਦੇ ਹੇਠ ਕੀਤਾ ਸੀ, ਨਿਰਾਸ਼ ਕੀਤਾ,
21ਕਿਉਂ ਜੋ ਇੱਕ ਅਜਿਹਾ ਮਨੁੱਖ ਵੀ ਹੈ ਜਿਸ ਦਾ ਕੰਮ ਬੁੱਧ ਅਤੇ ਗਿਆਨ ਅਤੇ ਸਫ਼ਲਤਾ ਦੇ ਨਾਲ ਹੁੰਦਾ ਹੈ ਪਰ ਉਹ ਉਸ ਨੂੰ ਦੂਜੇ ਮਨੁੱਖ ਦੇ ਲਈ ਛੱਡ ਜਾਵੇਗਾ, ਜਿਸ ਨੇ ਉਸ ਦੇ ਵਿੱਚ ਕੁਝ ਮਿਹਨਤ ਨਹੀਂ ਕੀਤੀ ਕਿ ਉਹ ਉਸ ਦੀ ਵੰਡ ਹੋਵੇ । ਇਹ ਵੀ ਵਿਅਰਥ ਅਤੇ ਵੱਡੀ ਬਿਪਤਾ ਹੀ ਹੈ ।22ਭਲਾ, ਮਨੁੱਖ ਨੂੰ ਆਪਣੇ ਸਾਰੇ ਕੰਮ-ਧੰਦੇ ਤੋਂ ਜੋ ਉਹ ਨੇ ਸੂਰਜ ਦੇ ਹੇਠ ਕੀਤਾ ਅਤੇ ਮਨ ਦੇ ਕਸ਼ਟ ਤੋਂ ਕੀ ਲਾਭ ਹੁੰਦਾ ਹੈ ?23ਕਿਉਂ ਜੋ ਉਹ ਦੇ ਸਾਰੇ ਦਿਨ ਦੁੱਖ ਭਰੇ ਹਨ ਅਤੇ ਉਹ ਦੀ ਮਿਹਨਤ ਸੋਗ ਹੈ, ਸਗੋਂ ਉਹ ਦੇ ਮਨ ਨੂੰ ਰਾਤੀਂ ਵੀ ਅਰਾਮ ਨਹੀਂ ਮਿਲਦਾ । ਇਹ ਵੀ ਵਿਅਰਥ ਹੀ ਹੈ !

24ਮਨੁੱਖ ਦੇ ਲਈ ਇਸ ਨਾਲੋਂ ਚੰਗਾ ਹੋਰ ਕੁਝ ਨਹੀਂ ਕਿ ਖਾਵੇ-ਪੀਵੇ ਅਤੇ ਆਪਣੇ ਸਾਰੇ ਕੰਮ-ਧੰਦੇ ਦੇ ਵਿੱਚ ਆਪਣਾ ਮਨ ਪਰਚਾਵੇ । ਮੈਂ ਵੇਖਿਆ ਕਿ ਇਹ ਵੀ ਪਰਮੇਸ਼ੁਰ ਦੇ ਹੱਥੋਂ ਮਿਲਦਾ ਹੈ,25ਕਿਉਂ ਜੋ ਮੇਰੇ ਨਾਲੋਂ ਵੱਧ ਕੌਣ ਖਾ ਸਕਦਾ ਅਤੇ ਅਨੰਦ ਭੋਗ ਸਕਦਾ ਹੈ ?
26ਕਿਉਂ ਜੋ ਪਰਮੇਸ਼ੁਰ ਉਸ ਮਨੁੱਖ ਨੂੰ ਜੋ ਉਸ ਦੀ ਨਜ਼ਰ ਵਿੱਚ ਭਲਾ ਹੈ, ਬੁੱਧ ਅਤੇ ਗਿਆਨ ਅਤੇ ਅਨੰਦ ਦਿੰਦਾ ਹੈ, ਪਰ ਪਾਪੀ ਨੂੰ ਦੁੱਖ ਦਿੰਦਾ ਹੈ ਤਾਂ ਜੋ ਉਹ ਇਕੱਠਾ ਕਰਕੇ ਅਤੇ ਜੋੜ ਕੇ ਉਸ ਨੂੰ ਦੇਵੇ, ਜਿਹੜਾ ਪਰਮੇਸ਼ੁਰ ਨੂੰ ਭਾਉਂਦਾ ਹੈ । ਇਹ ਵੀ ਵਿਅਰਥ ਅਤੇ ਹਵਾ ਦਾ ਫੱਕਣਾ ਹੈ !

3
ਹਰ ਕੰਮ ਦਾ ਇੱਕ ਵੇਲਾ ਹੈ

1ਹਰੇਕ ਕੰਮ ਦਾ ਇੱਕ ਸਮਾਂ ਹੈ ਅਤੇ ਹਰ ਮਨੋਰਥ ਦਾ ਜੋ ਅਕਾਸ਼ ਦੇ ਹੇਠ ਹੈ ਇੱਕ ਵੇਲਾ ਹੈ, -

2ਇੱਕ ਜੰਮਣ ਦਾ ਵੇਲਾ ਹੈ ਅਤੇ ਇੱਕ ਮਰਨ ਦਾ ਵੇਲਾ ਹੈ,
ਇੱਕ ਲਾਉਣ ਦਾ ਵੇਲਾ ਹੈ ਅਤੇ ਇੱਕ ਲਾਏ ਹੋਏ ਨੂੰ ਪੁੱਟਣ ਦਾ ਵੇਲਾ ਹੈ,
3ਇੱਕ ਮਾਰ ਸੁੱਟਣ ਦਾ ਵੇਲਾ ਹੈ ਅਤੇ ਇੱਕ ਚੰਗੇ ਕਰਨ ਦਾ ਵੇਲਾ ਹੈ,
ਇੱਕ ਢਾਉਣ ਦਾ ਵੇਲਾ ਹੈ ਅਤੇ ਇੱਕ ਉਸਾਰਨ ਦਾ ਵੇਲਾ ਹੈ,
4ਇੱਕ ਰੋਣ ਦਾ ਵੇਲਾ ਹੈ ਅਤੇ ਇੱਕ ਹੱਸਣ ਦਾ ਵੇਲਾ ਹੈ,
ਇੱਕ ਸੋਗ ਕਰਨ ਦਾ ਵੇਲਾ ਹੈ ਅਤੇ ਇੱਕ ਨੱਚਣ ਦਾ ਵੇਲਾ ਹੈ,
5ਇੱਕ ਪੱਥਰ ਸੁੱਟਣ ਦਾ ਵੇਲਾ ਹੈ ਅਤੇ ਇੱਕ ਪੱਥਰ ਇਕੱਠੇ ਕਰਨ ਦਾ ਵੇਲਾ ਹੈ,
ਇੱਕ ਗਲ ਲੱਗਣ ਦਾ ਵੇਲਾ ਹੈ ਅਤੇ ਇੱਕ ਗਲ ਲੱਗਣ ਤੋਂ ਦੂਰ ਰਹਿਣ ਦਾ ਵੇਲਾ ਹੈ,
6ਇੱਕ ਲੱਭਣ ਦਾ ਵੇਲਾ ਹੈ ਅਤੇ ਇੱਕ ਗੁਆਉਣ ਦਾ ਵੇਲਾ ਹੈ,
ਇੱਕ ਸੰਭਾਲਣ ਦਾ ਵੇਲਾ ਹੈ ਅਤੇ ਇੱਕ ਸੁੱਟ ਦੇਣ ਦਾ ਵੇਲਾ ਹੈ,
7ਇੱਕ ਪਾੜਨ ਦਾ ਵੇਲਾ ਹੈ ਅਤੇ ਇੱਕ ਸੀਉਣ ਦਾ ਵੇਲਾ ਹੈ,
ਇੱਕ ਚੁੱਪ ਰਹਿਣ ਦਾ ਵੇਲਾ ਹੈ ਅਤੇ ਇੱਕ ਬੋਲਣ ਦਾ ਵੇਲਾ ਹੈ,
8ਇੱਕ ਪਿਆਰ ਕਰਨ ਦਾ ਵੇਲਾ ਹੈ ਅਤੇ ਇੱਕ ਵੈਰ ਕਰਨ ਦਾ ਵੇਲਾ ਹੈ,
ਇੱਕ ਯੁੱਧ ਕਰਨ ਦਾ ਵੇਲਾ ਹੈ ਅਤੇ ਇੱਕ ਮੇਲ ਕਰਨ ਦਾ ਵੇਲਾ ਹੈ ।
9ਕੰਮ ਕਰਨ ਵਾਲੇ ਨੂੰ ਆਪਣੀ ਮਿਹਨਤ ਤੋਂ ਜੋ ਉਹ ਕਰਦਾ ਹੈ, ਕੀ ਲਾਭ ਹੈ ?

10ਮੈਂ ਉਸ ਕਸ਼ਟ ਨੂੰ ਵੇਖਿਆ ਹੈ, ਜੋ ਪਰਮੇਸ਼ੁਰ ਨੇ ਆਦਮ ਵੰਸ਼ ਨੂੰ ਦਿੱਤਾ ਕਿ ਉਹ ਉਸ ਦੇ ਵਿੱਚ ਰੁੱਝੇ ਰਹਿਣ ।
11ਉਸ ਨੇ ਹਰੇਕ ਵਸਤੂ ਆਪੋ ਆਪਣੇ ਸਮੇਂ ਵਿੱਚ ਸੁੰਦਰ ਬਣਾਈ ਹੈ ਅਤੇ ਉਸ ਨੇ ਸਦੀਪਕਤਾ ਨੂੰ ਵੀ ਉਹਨਾਂ ਦੇ ਮਨ ਵਿੱਚ ਟਿਕਾ ਦਿੱਤਾ ਹੈ, ਤਾਂ ਵੀ ਇਨਸਾਨ ਉਸ ਕੰਮ ਨੂੰ ਜੋ ਪਰਮੇਸ਼ੁਰ ਆਦ ਤੋਂ ਲੈ ਕੇ ਅੰਤ ਤੱਕ ਕਰਦਾ ਹੈ, ਬੁੱਝ ਨਹੀਂ ਸਕਦਾ ।
12ਮੈਂ ਸੱਚ ਜਾਣਦਾ ਹਾਂ ਕਿ ਉਹਨਾਂ ਦੇ ਲਈ ਇਸ ਨਾਲੋਂ ਵੱਧ ਹੋਰ ਕੁਝ ਚੰਗਾ ਨਹੀਂ ਕਿ ਉਹ ਅਨੰਦ ਹੋਣ ਅਤੇ ਆਪਣੇ ਜੀਉਂਦੇ ਜੀ ਭਲਿਆਈ ਕਰ ਲੈਣ13ਅਤੇ ਇਹ ਵੀ ਜੋ ਹਰੇਕ ਆਦਮੀ ਖਾਵੇ-ਪੀਵੇ ਅਤੇ ਆਪੋ ਆਪਣੇ ਧੰਦੇ ਦਾ ਲਾਭ ਭੋਗੇ, ਇਹ ਵੀ ਪਰਮੇਸ਼ੁਰ ਦੀ ਦਾਤ ਹੈ ।
14ਮੈਂ ਜਾਣਦਾ ਹਾਂ ਕਿ ਜੋ ਕੁਝ ਪਰਮੇਸ਼ੁਰ ਕਰਦਾ ਹੈ, ਉਹ ਸਦਾ ਦੇ ਲਈ ਹੈ, ਨਾ ਉਸ ਦੇ ਵਿੱਚ ਕੋਈ ਵਾਧਾ ਹੋ ਸਕਦਾ ਹੈ ਅਤੇ ਨਾ ਉਸ ਵਿੱਚ ਕੋਈ ਘਾਟਾ ਹੋ ਸਕਦਾ ਹੈ ਅਤੇ ਪਰਮੇਸ਼ੁਰ ਇਹ ਇਸ ਲਈ ਕਰਦਾ ਹੈ ਕਿ ਲੋਕ ਉਸ ਤੋਂ ਡਰਦੇ ਰਹਿਣ ।15ਜੋ ਕੁਝ ਹੋਇਆ ਸੀ, ਉਹ ਹੁਣ ਵੀ ਹੈ ਅਤੇ ਜੋ ਕੁਝ ਹੋਣ ਵਾਲਾ ਹੈ, ਉਹ ਪਹਿਲਾਂ ਵੀ ਹੋ ਚੁੱਕਾ ਹੈ ਅਤੇ ਪਰਮੇਸ਼ੁਰ ਬੀਤੇ ਹੋਏ ਦੀ ਫੇਰ ਭਾਲ ਕਰਦਾ ਹੈ ।
ਸੰਸਾਰ ਦੇ ਵਿੱਚ ਅਨਿਆਂ

16ਫੇਰ ਮੈਂ ਸੂਰਜ ਦੇ ਹੇਠ ਵੇਖਿਆ ਕਿ ਨਿਆਂ ਦੇ ਥਾਂ ਤੇ ਦੁਸ਼ਟਤਾ ਹੁੰਦੀ ਹੈ ਅਤੇ ਧਰਮ ਦੇ ਥਾਂ ਤੇ ਵੀ ਦੁਸ਼ਟਤਾ ਹੁੰਦੀ ਹੈ ।17ਤਦ ਮੈਂ ਆਪਣੇ ਮਨ ਵਿੱਚ ਆਖਿਆ ਕਿ ਪਰਮੇਸ਼ੁਰ ਧਰਮੀਆਂ ਅਤੇ ਦੁਸ਼ਟਾਂ ਦਾ ਨਿਆਂ ਕਰੇਗਾ ਕਿਉਂ ਜੋ ਇੱਕ-ਇੱਕ ਗੱਲ ਦਾ ਅਤੇ ਇੱਕ-ਇੱਕ ਕੰਮ ਦਾ ਇੱਕ ਵੇਲਾ ਹੈ ।
18ਮੈਂ ਆਪਣੇ ਮਨ ਵਿੱਚ ਆਖਿਆ ਕਿ ਇਹ ਆਦਮ ਵੰਸ਼ੀਆਂ ਦੇ ਕਾਰਨ ਹੁੰਦਾ ਹੈ, ਤਾਂ ਜੋ ਪਰਮੇਸ਼ੁਰ ਉਹਨਾਂ ਨੂੰ ਜਾਂਚੇ ਅਤੇ ਉਹ ਵੇਖਣ ਕਿ ਉਹ ਆਪ ਪਸ਼ੂਆਂ ਵਰਗੇ ਹੀ ਹਨ ।
19ਕਿਉਂਕਿ ਜੋ ਕੁਝ ਆਦਮ ਵੰਸ਼ ਉੱਤੇ ਬੀਤਦਾ ਹੈ, ਉਹ ਹੀ ਪਸ਼ੂ ਉੱਤੇ ਵੀ ਬੀਤਦਾ ਹੈ, ਦੋਹਾਂ ਉੱਤੇ ਇੱਕੋ ਜਿਹੀ ਹੀ ਬੀਤਦੀ ਹੈ, - ਜਿਵੇਂ ਇਹ ਮਰਦਾ ਹੈ, ਉਸੇ ਤਰ੍ਹਾਂ ਹੀ ਉਹ ਵੀ ਮਰਦਾ ਹੈ, ਹਾਂ, ਸਭਨਾਂ ਵਿੱਚ ਇੱਕੋ ਜਿਹਾ ਸਾਹ ਹੈ ਅਤੇ ਮਨੁੱਖ ਪਸ਼ੂ ਨਾਲੋਂ ਕੁਝ ਉੱਤਮ ਨਹੀਂ ਹੈ । ਹਾਂ, ਸਭ ਵਿਅਰਥ ਹੀ ਹੈ !20ਸਾਰਿਆਂ ਦੇ ਸਾਰੇ ਇੱਕੋ ਥਾਂ ਜਾਂਦੇ ਹਨ, ਸਭ ਦੇ ਸਭ ਮਿੱਟੀ ਦੇ ਵਿੱਚ ਜਾ ਰਲਦੇ ਹਨ ।
21ਕੌਣ ਜਾਣਦਾ ਹੈ ਕਿ ਆਦਮ ਵੰਸ਼ੀ ਦਾ ਆਤਮਾ ਉੱਪਰ ਵੱਲ ਚੜ੍ਹਦਾ ਹੈ ਅਤੇ ਪਸ਼ੂਆਂ ਦਾ ਆਤਮਾ ਧਰਤੀ ਵੱਲ ਹੇਠਾਂ ਉੱਤਰਦਾ ਹੈ ?22ਇਸ ਲਈ ਮੈਂ ਵੇਖਿਆ ਕਿ ਮਨੁੱਖ ਦੇ ਲਈ ਇਸ ਨਾਲੋਂ ਚੰਗੀ ਹੋਰ ਕੋਈ ਗੱਲ ਨਹੀਂ ਕਿ ਉਹ ਆਪਣੇ ਕੰਮ-ਧੰਦੇ ਵਿੱਚ ਅਨੰਦ ਰਿਹਾ ਕਰੇ, ਕਿਉਂ ਜੋ ਉਸ ਦਾ ਭਾਗ ਇਹੋ ਹੈ, ਕਿਉਂਕਿ ਜੋ ਕੁਝ ਉਹ ਦੇ ਬਾਅਦ ਹੋਵੇਗਾ ਉਸ ਨੂੰ ਵੇਖਣ ਲਈ ਨੂੰ ਕੌਣ ਉਹ ਨੂੰ ਮੋੜ ਲਿਆਵੇਗਾ ?

4

1ਤਦ ਮੈਂ ਫੇਰ ਮੁੜ ਕੇ ਸਾਰੇ ਹਨੇਰ ਨੂੰ ਵੇਖਿਆ ਜੋ ਸੂਰਜ ਦੇ ਹੇਠ ਹੁੰਦਾ ਹੈ ਅਤੇ ਵੇਖੋ ਸਤਾਇਆਂ ਹੋਇਆਂ ਦੇ ਹੰਝੂ ਵਗਦੇ ਸਨ ਅਤੇ ਉਹਨਾਂ ਨੂੰ ਦਿਲਾਸਾ ਦੇਣ ਵਾਲਾ ਕੋਈ ਨਹੀਂ ਸੀ ਅਤੇ ਉਹਨਾਂ ਉੱਤੇ ਹਨੇਰ ਕਰਨ ਵਾਲੇ ਬਲਵੰਤ ਸਨ ਪਰ ਉਹਨਾਂ ਨੂੰ ਦਿਲਾਸਾ ਦੇਣ ਵਾਲਾ ਕੋਈ ਨਾ ਰਿਹਾ ।

2ਇਸ ਲਈ ਮੈਂ ਮੁਰਦਿਆਂ ਦੀ ਜੋ ਪਹਿਲਾਂ ਮਰ ਚੁੱਕੇ ਸਨ, ਉਹਨਾਂ ਜੀਉਂਦਿਆਂ ਨਾਲੋਂ ਜੋ ਹੁਣ ਜੀਉਂਦੇ ਹਨ, ਸਰਾਹੁਣਾ ਕੀਤੀ3ਪਰ ਦੋਹਾਂ ਨਾਲੋਂ ਜ਼ਿਆਦਾ ਚੰਗਾ ਉਹ ਹੈ ਜੋ ਅਜੇ ਹੋਇਆ ਹੀ ਨਹੀਂ, ਜਿਸ ਨੇ ਹੁਣੇ ਤੱਕ ਸੂਰਜ ਦੇ ਹੇਠ ਦਾ ਭੈੜਾ ਕੰਮ ਨਹੀਂ ਵੇਖਿਆ ।

4ਇਸ ਤੋਂ ਬਾਅਦ ਮੈਂ ਸਾਰੀ ਮਿਹਨਤ ਅਤੇ ਸਾਰੀ ਕਾਮਯਾਬੀ ਨੂੰ ਵੇਖਿਆ, ਜੋ ਮਨੁੱਖ ਦੀ ਆਪਣੇ ਗੁਆਂਢੀ ਨਾਲ ਈਰਖਾ ਦੇ ਕਾਰਨ ਹੈ । ਇਹ ਵੀ ਵਿਅਰਥ ਅਤੇ ਹਵਾ ਦਾ ਫੱਕਣਾ ਹੈ ।

5ਮੂਰਖ ਆਪਣੇ ਹੱਥ ਉੱਤੇ ਹੱਥ ਰੱਖਦਾ ਹੈ ਅਤੇ ਆਪਣਾ ਮਾਸ ਆਪ ਹੀ ਖਾਂਦਾ ਹੈ ।6ਸੁੱਖ ਦਾ ਇੱਕ ਮੁੱਠੀ ਭਰ ਉਨ੍ਹਾਂ ਦੋ ਮੁੱਠੀਆਂ ਨਾਲੋਂ ਚੰਗਾ ਹੈ, ਜਿਸ ਦੇ ਵਿੱਚ ਕਸ਼ਟ ਅਤੇ ਹਵਾ ਦਾ ਫੱਕਣਾ ਹੋਵੇ ।

7ਤਦ ਮੈਂ ਫੇਰ ਸੂਰਜ ਦੇ ਹੇਠ ਹੋਣ ਵਾਲੇ ਵਿਅਰਥ ਨੂੰ ਵੇਖਿਆ,8ਕੋਈ ਤਾਂ ਇਕੱਲਾ ਹੈ ਅਤੇ ਉਸ ਦੇ ਨਾਲ ਕੋਈ ਦੂਜਾ ਨਹੀਂ, ਨਾ ਉਸ ਦਾ ਪੁੱਤਰ ਹੈ ਨਾ ਭਰਾ, ਤਾਂ ਵੀ ਉਹ ਦੇ ਸਾਰੇ ਧੰਦੇ ਦਾ ਅੰਤ ਨਹੀਂ ਅਤੇ ਉਸ ਦੀ ਅੱਖ ਧਨ ਨਾਲ ਨਹੀਂ ਰੱਜਦੀ, ਨਾ ਹੀ ਉਹ ਆਖਦਾ ਹੈ ਕਿ ਮੈਂ ਕਿਸ ਦੇ ਲਈ ਮਿਹਨਤ ਕਰਦਾ ਹਾਂ ਅਤੇ ਆਪਣੀ ਜਿੰਦ ਦੇ ਸੁੱਖ ਨੂੰ ਗੁਆਉਂਦਾ ਹਾਂ ? ਇਹ ਵੀ ਵਿਅਰਥ ਅਤੇ ਬੁਰਾ ਕਸ਼ਟ ਹੈ ।

9ਇੱਕ ਨਾਲੋਂ ਦੋ ਚੰਗੇ ਹਨ, ਕਿਉਂ ਜੋ ਉਨ੍ਹਾਂ ਦੀ ਮਿਹਨਤ ਤੋਂ ਚੰਗਾ ਫਲ ਮਿਲਦਾ ਹੈ,10ਕਿਉਂਕਿ ਜੇ ਉਹ ਡਿੱਗ ਪੈਣ ਤਾਂ ਇੱਕ ਜਣਾ ਦੂਜੇ ਨੂੰ ਚੁੱਕੇਗਾ, ਪਰ ਹਾਏ ਉਹ ਦੇ ਉੱਤੇ ਜਿਹੜਾ ਇਕੱਲਾ ਡਿੱਗਦਾ ਹੈ, ਕਿਉਂ ਜੋ ਉਸ ਦੇ ਲਈ ਕੋਈ ਦੂਜਾ ਨਹੀਂ ਜੋ ਉਹ ਨੂੰ ਚੁੱਕ ਕੇ ਖੜ੍ਹਾ ਕਰੇ !11ਫੇਰ ਜੇ ਦੋ ਇਕੱਠੇ ਲੰਮੇ ਪੈਣ ਤਾਂ ਉਹ ਗਰਮ ਹੁੰਦੇ ਹਨ ਪਰ ਇਕੱਲਾ ਕਿਸ ਤਰ੍ਹਾਂ ਗਰਮ ਹੋ ਸਕਦਾ ਹੈ ?
12ਜੇ ਕੋਈ ਇੱਕ ਉੱਤੇ ਭਾਰੀ ਪੈ ਜਾਵੇ ਤਾਂ ਉਹ ਦੋਵੇਂ ਉਸ ਦਾ ਸਾਹਮਣਾ ਕਰ ਸਕਦੇ ਹਨ ਅਤੇ ਤੇਹਰੀ ਰੱਸੀ ਛੇਤੀ ਨਹੀਂ ਟੁੱਟਦੀ ।

13ਇੱਕ ਬੁੱਢੇ ਅਤੇ ਮੂਰਖ ਰਾਜਾ ਨਾਲੋਂ, ਜੋ ਸਿੱਖਿਆ ਦੀ ਸਹਾਰਨਾ ਕਰਨਾ ਨਾ ਜਾਣੇ, ਇੱਕ ਦੀਨ ਪਰ ਬੁੱਧਵਾਨ ਜੁਆਨ ਚੰਗਾ ਹੈ,14ਭਾਵੇਂ ਉਹ ਕੈਦਖ਼ਾਨੇ ਦੇ ਵਿੱਚੋਂ ਨਿੱਕਲ ਕੇ ਰਾਜ ਕਰਨ ਆਇਆ ਹੋਵੇ ਜਾਂ ਰਾਜ ਵਿੱਚ ਗਰੀਬ ਜੰਮਿਆ ਸੀ ।
15ਮੈਂ ਉਹਨਾਂ ਸਾਰੇ ਜੀਉਂਦਿਆਂ ਨੂੰ ਜੋ ਸੂਰਜ ਦੇ ਹੇਠ ਤੁਰਦੇ ਹਨ ਵੇਖਿਆ ਕਿ ਉਸ ਦੂਜੇ ਜੁਆਨ ਨਾਲ ਹੋ ਗਏ, ਜੋ ਉਸ ਦੀ ਥਾਂ ਲੈਣ ਲਈ ਖੜ੍ਹਾ ਹੋਇਆ ।16ਉਹਨਾਂ ਸਾਰਿਆਂ ਲੋਕਾਂ ਦੀ ਕੋਈ ਹੱਦ ਨਹੀਂ ਜਿਨ੍ਹਾਂ ਉੱਤੇ ਉਹ ਪ੍ਰਧਾਨ ਹੋਇਆ, ਤਾਂ ਵੀ ਜਿਹੜੇ ਉਸ ਤੋਂ ਬਾਅਦ ਹੋਣਗੇ, ਉਹ ਉਸ ਨਾਲ ਖੁਸ਼ ਨਾ ਹੋਣਗੇ । ਸੱਚ-ਮੁੱਚ ਇਹ ਵੀ ਵਿਅਰਥ ਅਤੇ ਹਵਾ ਦਾ ਫੱਕਣਾ ਹੈ !

5
ਭਗਤੀ ਦਾ ਲਾਭ

1ਜਿਸ ਵੇਲੇ ਤੂੰ ਪਰਮੇਸ਼ੁਰ ਦੇ ਘਰ ਵਿੱਚ ਜਾਵੇ ਤਾਂ ਆਪਣੇ ਪੈਰ ਚੌਕਸੀ ਨਾਲ ਰੱਖ, ਕਿਉਂਕਿ ਸੁਣਨ ਲਈ ਨਜ਼ਦੀਕ ਆਉਣਾ ਮੂਰਖਾਂ ਦੇ ਬਲੀ ਚੜ੍ਹਾਉਣ ਨਾਲੋਂ ਚੰਗਾ ਹੈ, ਕਿਉਂ ਜੋ ਉਹ ਨਹੀਂ ਸਮਝਦੇ ਕਿ ਉਹ ਬੁਰਿਆਈ ਕਰਦੇ ਹਨ ।

2ਗੱਲਾਂ ਕਰਨ ਵਿੱਚ ਜਲਦਬਾਜ਼ੀ ਨਾ ਕਰ ਅਤੇ ਤੇਰਾ ਮਨ ਪਰਮੇਸ਼ੁਰ ਦੇ ਸਾਹਮਣੇ ਛੇਤੀ ਨਾਲ ਕੁਝ ਨਾ ਆਖੇ, ਕਿਉਂ ਜੋ ਪਰਮੇਸ਼ੁਰ ਸਵਰਗ ਵਿੱਚ ਹੈ ਅਤੇ ਤੂੰ ਧਰਤੀ ਉੱਤੇ ਹੈਂ, ਇਸ ਲਈ ਤੇਰੀਆਂ ਗੱਲਾਂ ਥੋੜ੍ਹੀਆਂ ਹੀ ਹੋਣ ।

3ਕਿਉਂਕਿ ਕੰਮ ਵੱਧ ਹੋਣ ਕਰਕੇ ਸੁਪਨਾ ਆਉਂਦਾ ਹੈ ਅਤੇ ਵੱਧ ਗੱਲਾਂ ਕਰਨ ਵਾਲਾ ਮੂਰਖ ਠਹਿਰਦਾ ਹੈ ।

4ਜਦ ਤੂੰ ਪਰਮੇਸ਼ੁਰ ਦੇ ਅੱਗੇ ਸੁੱਖਣਾ ਸੁੱਖੇਂ ਤਾਂ ਉਹ ਦੇ ਵਿੱਚ ਢਿੱਲ ਨਾ ਕਰ, ਕਿਉਂ ਜੋ ਉਹ ਮੂਰਖਾਂ ਤੋਂ ਪ੍ਰਸੰਨ ਨਹੀਂ ਹੁੰਦਾ । ਜੋ ਸੁੱਖਣਾ ਤੂੰ ਸੁੱਖੀ ਹੈ, ਉਸ ਨੂੰ ਪੂਰਾ ਕਰ ।5ਤੇਰੇ ਸੁੱਖਣਾ ਸੁੱਖ ਕੇ ਪੂਰੀ ਨਾ ਕਰਨ ਨਾਲੋਂ, ਨਾ ਸੁੱਖਣਾ ਹੀ ਚੰਗਾ ਹੈ ।
6ਤੇਰਾ ਮੂੰਹ ਤੇਰੇ ਸਰੀਰ ਤੋਂ ਪਾਪ ਨਾ ਕਰਾਵੇ ਅਤੇ ਦੂਤ ਦੇ ਅੱਗੇ ਇਹ ਨਾ ਆਖੀਂ ਕਿ ਇਹ ਭੁੱਲ ਨਾਲ ਹੋਇਆ । ਪਰਮੇਸ਼ੁਰ ਤੇਰੀ ਅਵਾਜ਼ ਨਾਲ ਕਿਉਂ ਕ੍ਰੋਧਿਤ ਹੋਵੇ ਅਤੇ ਤੇਰੇ ਹੱਥਾਂ ਦਾ ਕੰਮ ਬਰਬਾਦ ਕਰੇ ?

7ਸੁਪਨਿਆਂ ਦੇ ਵਾਧੇ ਅਤੇ ਬਹੁਤੀਆਂ ਗੱਲਾਂ ਵਿਅਰਥ ਹਨ, ਪਰ ਤੂੰ ਪਰਮੇਸ਼ੁਰ ਕੋਲੋਂ ਡਰ ।

8ਜੇਕਰ ਤੂੰ ਕਿਸੇ ਸੂਬੇ ਵਿੱਚ ਗਰੀਬਾਂ ਉੱਤੇ ਹਨੇਰ ਅਤੇ ਨਿਆਂ ਅਤੇ ਸਚਿਆਈ ਦਾ ਵੱਡਾ ਵਿਗਾੜ ਵੇਖੇਂ, ਤਾਂ ਉਸ ਗੱਲ ਉੱਤੇ ਹੈਰਾਨ ਨਾ ਹੋ, ਕਿਉਂਕਿ ਉਹ ਜੋ ਵੱਡਿਆਂ ਨਾਲੋਂ ਵੱਡਾ ਹੈ, ਵੇਖਦਾ ਹੈ ਅਤੇ ਉਹਨਾਂ ਉੱਤੇ ਹੋਰ ਵੀ ਵੱਡੇ ਅਧਿਕਾਰੀ ਰਹਿੰਦੇ ਹਨ ।9ਧਰਤੀ ਦੀ ਉਪਜ ਸਭ ਦੇ ਲਈ ਹੈ, ਸਗੋਂ ਖੇਤੀਬਾੜੀ ਨਾਲ ਰਾਜਾ ਨੂੰ ਵੀ ਲਾਭ ਹੁੰਦਾ ਹੈ ।

10ਉਹ ਜੋ ਚਾਂਦੀ ਨੂੰ ਲੋਚਦਾ ਹੈ, ਸੋ ਚਾਂਦੀ ਨਾਲ ਨਾ ਰੱਜੇਗਾ ਅਤੇ ਜਿਹੜਾ ਧਨ ਚਾਹੁੰਦਾ ਹੈ, ਉਹ ਉਸ ਦੇ ਵਾਧੇ ਨਾਲ ਨਾ ਰੱਜੇਗਾ, ਇਹ ਵੀ ਵਿਅਰਥ ਹੀ ਹੈ ।

11ਜਦ ਮਾਲ-ਧਨ ਦਾ ਵਾਧਾ ਹੁੰਦਾ ਹੈ ਤਾਂ ਉਹ ਦੇ ਖਾਣ ਵਾਲੇ ਵੀ ਵੱਧ ਜਾਂਦੇ ਹਨ ਅਤੇ ਉਸ ਦੇ ਮਾਲਕ ਨੂੰ ਇਸ ਨਾਲੋਂ ਹੋਰ ਕੀ ਲਾਭ ਹੈ ਕਿ ਉਹ ਨੂੰ ਆਪਣੀਆਂ ਅੱਖਾਂ ਨਾਲ ਵੇਖੇ ?

12ਮਜ਼ਦੂਰ ਦੀ ਨੀਂਦ ਮਿੱਠੀ ਹੁੰਦੀ ਹੈ, ਭਾਵੇਂ ਉਹ ਥੋੜ੍ਹਾ ਖਾਵੇ ਭਾਵੇਂ ਬਹੁਤ, ਪਰ ਧਨੀ ਦਾ ਵਾਧਾ ਉਸ ਨੂੰ ਸੌਣ ਨਹੀਂ ਦਿੰਦਾ ।

13ਇੱਕ ਵੱਡੀ ਬਿਪਤਾ ਹੈ ਜੋ ਮੈਂ ਸੂਰਜ ਦੇ ਹੇਠ ਵੇਖੀ ਕਿ ਧਨ ਆਪਣੇ ਮਾਲਕ ਦੀ ਹਾਨੀ ਦੇ ਲਈ ਸਾਂਭਿਆ ਜਾਂਦਾ ਹੈ14ਅਤੇ ਉਹ ਧਨ ਕਿਸੇ ਬੁਰੇ ਕੰਮ ਵਿੱਚ ਨਾਸ ਹੋ ਜਾਂਦਾ ਹੈ, ਫੇਰ ਉਸ ਦੇ ਇੱਕ ਪੁੱਤਰ ਜੰਮਦਾ ਹੈ ਅਤੇ ਉਸ ਵੇਲੇ ਉਹ ਦੇ ਹੱਥ ਵਿੱਚ ਕੁਝ ਨਹੀਂ ਰਹਿੰਦਾ ।
15ਜਿਵੇਂ ਉਹ ਆਪਣੀ ਮਾਂ ਦੇ ਢਿੱਡ ਵਿੱਚੋਂ ਨੰਗਾ ਨਿੱਕਲਿਆ, ਉਸੇ ਤਰ੍ਹਾਂ ਹੀ ਮੁੜ ਜਾਵੇਗਾ ਅਤੇ ਆਪਣੀ ਕਮਾਈ ਵਿੱਚੋਂ ਨਾਲ ਕੁਝ ਨਾ ਰੱਖੇਗਾ, ਜੋ ਆਪਣੇ ਹੱਥ ਵਿੱਚ ਲੈ ਜਾਵੇ ।16ਇਹ ਵੀ ਵੱਡੀ ਬਿਪਤਾ ਹੈ ਕਿ ਜਿਵੇਂ ਉਹ ਆਇਆ ਉਸੇ ਤਰ੍ਹਾਂ ਹੀ ਜਾਵੇਗਾ ਅਤੇ ਜਿਸ ਨੇ ਹਵਾ ਲਈ ਮਿਹਨਤ ਕੀਤੀ ਉਸ ਨੂੰ ਕੀ ਲਾਭ ਹੈ ?17ਉਹ ਆਪਣੀ ਸਾਰੀ ਉਮਰ ਹਨੇਰੇ ਵਿੱਚ ਖਾਂਦਾ ਹੈ ਅਤੇ ਬਹੁਤ ਦੁਖੀ ਅਤੇ ਬਿਮਾਰ ਰਿਹਾ ਅਤੇ ਕ੍ਰੋਧ ਕਰਦਾ ਰਿਹਾ ।

18ਵੇਖੋ, ਮੈਂ ਉਹ ਗੱਲ ਵੇਖੀ ਹੈ ਜਿਹੜੀ ਚੰਗੀ ਅਤੇ ਯੋਗ ਹੈ ਕਿ ਮਨੁੱਖ ਖਾਵੇ-ਪੀਵੇ ਅਤੇ ਆਪਣੇ ਸਾਰੇ ਧੰਦੇ ਦਾ ਫਲ ਭੋਗੇ ਜੋ ਉਹ ਸੂਰਜ ਦੇ ਹੇਠ ਪਰਮੇਸ਼ੁਰ ਦੇ ਦਿੱਤੇ ਹੋਏ ਜੀਵਨ ਦੇ ਥੋੜ੍ਹੇ ਦਿਨਾਂ ਵਿੱਚ ਕਰਦਾ ਹੈ - ਇਹੋ ਉਸ ਦਾ ਭਾਗ ਹੈ
19ਹਰੇਕ ਮਨੁੱਖ ਲਈ ਜਿਸ ਨੂੰ ਪਰਮੇਸ਼ੁਰ ਨੇ ਧਨ ਦਿੱਤਾ ਹੈ ਅਤੇ ਸਮਰੱਥਾ ਦਿੱਤੀ ਹੈ, ਤਾਂ ਜੋ ਉਹ ਉਨ੍ਹਾਂ ਤੋਂ ਮੌਜ ਕਰੇ ਅਤੇ ਆਪਣਾ ਭਾਗ ਭੋਗੇ ਅਤੇ ਆਪਣੇ ਧੰਦੇ ਤੋਂ ਅਨੰਦ ਹੋਵੇ - ਇਹ ਵੀ ਪਰਮੇਸ਼ੁਰ ਦੀ ਦਾਤ ਹੈ ।20ਉਹ ਆਪਣੇ ਜੀਵਨ ਦੇ ਦਿਨਾਂ ਨੂੰ ਬਹੁਤ ਚੇਤੇ ਨਾ ਰੱਖੇਗਾ ਕਿਉਂਕਿ ਪਰਮੇਸ਼ੁਰ ਉਹ ਦੇ ਮਨ ਨੂੰ ਅਨੰਦ ਦੇ ਨਾਲ ਭਰਦਾ ਹੈ ।

6

1ਇੱਕ ਬਿਪਤਾ ਹੈ ਜੋ ਮੈਂ ਸੂਰਜ ਦੇ ਹੇਠ ਵੇਖੀ ਅਤੇ ਉਹ ਮਨੁੱਖਾਂ ਦੇ ਉੱਤੇ ਭਾਰੀ ਹੈ:2ਕੋਈ ਅਜਿਹਾ ਹੈ ਜਿਸ ਨੂੰ ਪਰਮੇਸ਼ੁਰ ਨੇ ਧਨ, ਮਾਲ ਅਤੇ ਸਨਮਾਨ ਦਿੱਤਾ ਹੈ, ਐਥੋਂ ਤੱਕ ਕਿ ਉਸ ਨੂੰ ਕਿਸੇ ਚੀਜ਼ ਦੀ, ਜਿਸ ਨੂੰ ਉਹ ਦਾ ਜੀ ਲੋਚਦਾ ਹੈ, ਕੋਈ ਥੁੜ ਨਹੀਂ, ਤਾਂ ਵੀ ਪਰਮੇਸ਼ੁਰ ਉਸ ਨੂੰ ਉਹ ਸਭ ਵਰਤਣ ਦੀ ਸਮਰੱਥਾ ਨਹੀਂ ਦਿੰਦਾ, ਸਗੋਂ ਪਰਾਇਆ ਮਨੁੱਖ ਉਸ ਨੂੰ ਵਰਤਦਾ ਹੈ । ਇਹ ਵੀ ਵਿਅਰਥ ਅਤੇ ਇੱਕ ਭੈੜਾ ਰੋਗ ਹੈ ।

3ਜੇਕਰ ਕਿਸੇ ਮਨੁੱਖ ਦੇ ਸੌ ਬੱਚੇ ਹੋਣ ਅਤੇ ਉਹ ਬਹੁਤ ਸਾਲਾਂ ਤੱਕ ਜੀਉਂਦਾ ਰਹੇ, ਅਜਿਹਾ ਕਿ ਉਸ ਦੀ ਉਮਰ ਬਹੁਤ ਲੰਮੀ ਹੋਵੇ ਪਰ ਉਹ ਦਾ ਜੀਅ ਭਲਿਆਈ ਨਾਲ ਨਾ ਰੱਜੇ ਅਤੇ ਉਹ ਦਫ਼ਨਾਇਆ ਵੀ ਨਾ ਜਾਵੇ, ਤਾਂ ਮੈਂ ਆਖਦਾ ਹਾਂ ਕਿ ਉਸ ਨਾਲੋਂ ਗਰਭ ਵਿੱਚ ਮਰਿਆ ਬੱਚਾ ਚੰਗਾ ਹੈ,4ਕਿਉਂ ਜੋ ਉਹ ਵਿਅਰਥ ਹੀ ਆਇਆ ਅਤੇ ਹਨੇਰੇ ਵਿੱਚ ਹੀ ਚੱਲਿਆ ਗਿਆ ਅਤੇ ਉਸ ਦਾ ਨਾਮ ਵੀ ਹਨੇਰੇ ਵਿੱਚ ਹੀ ਲੁੱਕ ਗਿਆ,
5ਉਸ ਨੇ ਨਾ ਤਾਂ ਸੂਰਜ ਨੂੰ ਵੇਖਿਆ, ਨਾ ਹੀ ਕਿਸੇ ਗੱਲ ਨੂੰ ਜਾਣਿਆ, ਫੇਰ ਵੀ ਇਸ ਨੂੰ ਉਸ ਮਨੁੱਖ ਦੇ ਨਾਲੋਂ ਵੱਧ ਸੁੱਖ ਹੈ ।6ਹਾਂ, ਭਾਵੇਂ ਉਹ ਦੋ ਵਾਰੀ ਹਜ਼ਾਰ ਸਾਲਾਂ ਤੱਕ ਜੀਉਂਦਾ ਰਹੇ ਪਰ ਫੇਰ ਵੀ ਉਹ ਕੋਈ ਭਲਿਆਈ ਨਾ ਵੇਖੇ, - ਭਲਾ, ਸਾਰਿਆਂ ਦੇ ਸਾਰੇ ਇੱਕੋ ਸਥਾਨ ਨੂੰ ਨਹੀਂ ਜਾਂਦੇ ?

7ਮਨੁੱਖ ਦਾ ਸਾਰਾ ਕੰਮ-ਧੰਦਾ ਆਪਣੇ ਢਿੱਡ ਦੇ ਲਈ ਹੈ, ਫੇਰ ਵੀ ਉਸ ਦੀ ਭੁੱਖ ਨਹੀਂ ਮਿਟਦੀ ।8ਬੁੱਧਵਾਨ ਨੂੰ ਮੂਰਖ ਨਾਲੋਂ ਜ਼ਿਆਦਾ ਕੀ ਲਾਭ ਹੈ ਅਤੇ ਕੰਗਾਲ ਨੂੰ ਜੋ ਜੀਉਂਦਿਆਂ ਦੇ ਅੱਗੇ ਚੱਲਣਾ ਜਾਣਦਾ ਹੈ, ਉਸ ਨੂੰ ਕੀ ਪ੍ਰਾਪਤ ਹੁੰਦਾ ਹੈ ?
9ਅੱਖਾਂ ਤੋਂ ਵੇਖ ਲੈਣਾ ਲਾਲਸਾ ਵਿੱਚ ਭਟਕਣ ਨਾਲੋਂ ਚੰਗਾ ਹੈ, ਇਹ ਵੀ ਵਿਅਰਥ ਅਤੇ ਹਵਾ ਦਾ ਫੱਕਣਾ ਹੈ !

10ਜੋ ਕੁਝ ਹੋਇਆ ਉਸ ਦਾ ਨਾਮ ਮੁੱਢ ਤੋਂ ਰੱਖਿਆ ਗਿਆ ਅਤੇ ਇਹ ਜਾਣਿਆ ਗਿਆ ਕਿ ਮਨੁੱਖ ਕੀ ਹੈ, ਉਹ ਆਪਣੇ ਨਾਲੋਂ ਤਕੜੇ ਨਾਲ ਝਗੜਾ ਨਹੀਂ ਕਰ ਸਕਦਾ ।11ਭਾਵੇਂ ਵਿਅਰਥ ਨੂੰ ਵਧਾਉਣ ਵਾਲੀਆਂ ਬਹੁਤ ਵਸਤੂਆਂ ਹਨ, ਪਰ ਮਨੁੱਖ ਨੂੰ ਕੀ ਲਾਭ ਹੁੰਦਾ ਹੈ ?12ਕੌਣ ਜਾਣਦਾ ਹੈ ਕਿ ਮਨੁੱਖ ਦੇ ਲਈ ਜੀਵਨ ਵਿੱਚ ਕੀ ਚੰਗਾ ਹੈ, ਜਦੋਂ ਉਹ ਆਪਣੇ ਵਿਅਰਥ ਜੀਵਨ ਦੇ ਥੋੜ੍ਹੇ ਜਿਹੇ ਦਿਨ ਪਰਛਾਵੇਂ ਵਾਂਗੂੰ ਕੱਟਦਾ ਹੈ ? ਮਨੁੱਖ ਨੂੰ ਕੌਣ ਦੱਸ ਸਕਦਾ ਹੈ ਕਿ ਉਸ ਦੇ ਬਾਅਦ ਸੂਰਜ ਦੇ ਹੇਠ ਕੀ ਹੋਵੇਗਾ ?

7
ਬੁੱਧੀ ਅਤੇ ਮੂਰਖਤਾਈ

1ਨੇਕਨਾਮੀ ਮਹਿੰਗੇ ਅਤਰ ਨਾਲੋਂ ਅਤੇ ਮਰਨ ਦਾ ਦਿਨ ਜੰਮਣ ਦੇ ਦਿਨ ਨਾਲੋਂ ਚੰਗਾ ਹੈ ।

2ਸੋਗ ਵਾਲੇ ਘਰ ਵਿੱਚ ਜਾਣਾ ਦਾਵਤ ਵਾਲੇ ਘਰ ਵਿੱਚ ਜਾਣ ਨਾਲੋਂ ਚੰਗਾ ਹੈ, ਕਿਉਂ ਜੋ ਸਾਰੇ ਮਨੁੱਖਾਂ ਦਾ ਅੰਤ ਇਹੋ ਹੈ ਅਤੇ ਜੀਉਂਦੇ ਆਪਣੇ ਦਿਲ ਵਿੱਚ ਇਸ ਉੱਤੇ ਵਿਚਾਰ ਕਰਨਗੇ ।

3ਹਾਸੇ ਨਾਲੋਂ ਦੁੱਖ ਚੰਗਾ ਹੈ, ਕਿਉਂ ਜੋ ਮੂੰਹ ਦੀ ਉਦਾਸੀ ਨਾਲ ਮਨ ਸੁਧਰ ਜਾਂਦਾ ਹੈ ।

4ਬੁੱਧਵਾਨ ਦਾ ਦਿਲ ਸੋਗ ਵਾਲੇ ਘਰ ਵੱਲ ਲੱਗਿਆ ਰਹਿੰਦਾ ਹੈ, ਪਰ ਮੂਰਖ ਦਾ ਦਿਲ ਅਨੰਦ ਦੇ ਘਰ ਵਿੱਚ ਲੱਗਾ ਰਹਿੰਦਾ ਹੈ ।

5ਮੂਰਖਾਂ ਦੇ ਗੀਤ ਸੁਣਨ ਨਾਲੋਂ ਬੁੱਧਵਾਨ ਦੀ ਝਿੜਕ ਸੁਣਨੀ ਮਨੁੱਖ ਦੇ ਲਈ ਚੰਗੀ ਹੈ ।

6ਕਿਉਂਕਿ ਜਿਵੇਂ ਕੜਾਹੇ ਦੇ ਹੇਠ ਕੰਡਿਆਂ ਦੀ ਅੱਗ ਨਾਲ ਪਟਾਕਾ ਹੁੰਦਾ ਹੈ, ਉਸੇ ਤਰ੍ਹਾਂ ਹੀ ਮੂਰਖ ਦਾ ਹਾਸਾ ਹੈ, ਇਹ ਵੀ ਵਿਅਰਥ ਹੈ ।

7ਸੱਚ-ਮੁੱਚ ਸਖਤੀ ਬੁੱਧਵਾਨ ਨੂੰ ਕਮਲਾ ਬਣਾ ਦਿੰਦੀ ਹੈ ਅਤੇ ਰਿਸ਼ਵਤ ਬੁੱਧ ਨੂੰ ਵਿਗਾੜ ਦਿੰਦੀ ਹੈ ।

8ਕਿਸੇ ਗੱਲ ਦਾ ਅੰਤ ਉਸ ਦੇ ਅਰੰਭ ਨਾਲੋਂ ਭਲਾ ਹੈ ਅਤੇ ਧੀਰਜਵਾਨ ਹੰਕਾਰੀ ਨਾਲੋਂ ਚੰਗਾ ਹੈ ।

9ਤੂੰ ਆਪਣੇ ਮਨ ਵਿੱਚ ਛੇਤੀ ਨਾਲ ਕ੍ਰੋਧ ਨਾ ਕਰ, ਕਿਉਂ ਜੋ ਕ੍ਰੋਧ ਮੂਰਖਾਂ ਦੇ ਦਿਲ ਵਿੱਚ ਰਹਿੰਦਾ ਹੈ ।

10ਇਹ ਨਾ ਆਖ ਕਿ ਪਿਛਲੇ ਦਿਨ ਇਹਨਾਂ ਦਿਨਾਂ ਨਾਲੋਂ ਕਿਉਂ ਚੰਗੇ ਸਨ ? ਕਿਉਂ ਜੋ ਤੂੰ ਬੁੱਧ ਨਾਲ ਇਸ ਦੇ ਬਾਰੇ ਨਹੀਂ ਪੁੱਛਦਾ ।

11ਵਿਰਾਸਤ ਦੇ ਵਾਂਗੂੰ ਬੁੱਧ ਚੰਗੀ ਹੈ ਅਤੇ ਸੂਰਜ ਨੂੰ ਵੇਖਣ ਵਾਲਿਆਂ ਲਈ ਲਾਭਕਾਰੀ ਹੈ ।

12ਕਿਉਂ ਜੋ ਬੁੱਧ ਦਾ ਸਹਾਰਾ ਧਨ ਦੇ ਸਹਾਰੇ ਵਰਗਾ ਹੈ, ਪਰ ਗਿਆਨ ਦਾ ਇੱਕ ਇਹ ਲਾਭ ਹੈ, ਜੋ ਬੁੱਧ ਆਪਣੇ ਰੱਖਣ ਵਾਲਿਆਂ ਦੀ ਜਾਨ ਦੀ ਰਾਖੀ ਕਰਦੀ ਹੈ ।

13ਪਰਮੇਸ਼ੁਰ ਦੇ ਕੰਮ ਨੂੰ ਵੇਖ, ਜਿਸ ਨੂੰ ਉਹ ਨੇ ਟੇਡਾ ਕੀਤਾ ਹੈ, ਉਸ ਨੂੰ ਕੌਣ ਸਿੱਧਾ ਕਰ ਸਕਦਾ ਹੈ ?

14ਖੁਸ਼ਹਾਲੀ ਦੇ ਦਿਨ ਵਿੱਚ ਨਿਹਾਲ ਹੋ, ਪਰ ਬਿਪਤਾ ਦੇ ਦਿਨ ਵਿੱਚ ਵਿਚਾਰ ਕਰ, ਇਸ ਨੂੰ ਵੀ ਪਰਮੇਸ਼ੁਰ ਨੇ ਉਹ ਦੇ ਵਰਗਾ ਬਣਾਇਆ ਹੈ, ਤਾਂ ਕਿ ਮਨੁੱਖ ਕਿਸੇ ਆਉਣ ਵਾਲੀ ਗੱਲ ਨੂੰ ਨਾ ਬੁੱਝੇ ।

15ਮੈਂ ਆਪਣੇ ਵਿਅਰਥ ਦੇ ਦਿਨਾਂ ਵਿੱਚ ਇਹ ਸਭ ਕੁਝ ਦੇਖਿਆ, ਇੱਕ ਧਰਮੀ ਹੈ ਜੋ ਆਪਣੀ ਧਾਰਮਿਕਤਾ ਵਿੱਚ ਨਾਸ ਹੋ ਜਾਂਦਾ ਹੈ ਅਤੇ ਇੱਕ ਦੁਸ਼ਟ ਹੈ ਜੋ ਆਪਣੀ ਦੁਸ਼ਟਤਾ ਵਿੱਚ ਲੰਬੀ ਉਮਰ ਭੋਗਦਾ ਹੈ ।16ਵਧੇਰੇ ਧਰਮੀ ਨਾ ਬਣ ਅਤੇ ਨਾ ਹੀ ਵਧੇਰੇ ਬੁੱਧਵਾਨ ਹੋ, ਆਪਣੇ ਆਪ ਨੂੰ ਨਾਸ ਕਰਨ ਦੀ ਤੈਨੂੰ ਕੀ ਲੋੜ ਹੈ ?
17ਵਧੇਰੇ ਦੁਸ਼ਟ ਨਾ ਬਣ ਅਤੇ ਨਾ ਹੀ ਮੂਰਖ ਹੋ, ਤੂੰ ਸਮੇਂ ਤੋਂ ਪਹਿਲਾਂ ਕਿਉਂ ਮਰੇਂ ?18ਚੰਗਾ ਹੈ ਜੋ ਤੂੰ ਇਹ ਨੂੰ ਫੜ੍ਹ ਕੇ ਰੱਖੇਂ ਅਤੇ ਉਸ ਤੋਂ ਵੀ ਹੱਥ ਨਾ ਖਿੱਚੇਂ, ਉਹ ਜੋ ਪਰਮੇਸ਼ੁਰ ਤੋਂ ਡਰਦਾ ਹੈ, ਉਹਨਾਂ ਸਭਨਾਂ ਵਿੱਚੋਂ ਬਚ ਨਿੱਕਲੇਗਾ ।

19ਬੁੱਧ ਬੁੱਧਵਾਨ ਨੂੰ ਸ਼ਹਿਰ ਦੇ ਦਸਾਂ ਤਕੜੇ ਹਾਕਮਾਂ ਦੇ ਨਾਲੋਂ ਜਿਆਦਾ ਤਕੜਾ ਕਰਦੀ ਹੈ ।20ਧਰਤੀ ਉੱਤੇ ਅਜਿਹਾ ਧਰਮੀ ਮਨੁੱਖ ਕੋਈ ਨਹੀਂ, ਜੋ ਭਲਿਆਈ ਹੀ ਕਰੇ ਅਤੇ ਪਾਪ ਨਾ ਕਰੇ ।

21ਸਾਰੀਆਂ ਗੱਲਾਂ ਜੋ ਆਖੀਆਂ ਜਾਂਦੀਆਂ ਹਨ, ਉਨ੍ਹਾਂ ਉੱਤੇ ਮਨ ਨਾ ਲਾ, ਕਿਤੇ ਤੂੰ ਆਪਣੇ ਦਾਸ ਨੂੰ ਤੈਨੂੰ ਸਰਾਪ ਦਿੰਦੇ ਹੋਏ ਸੁਣੇਂ !22ਕਿਉਂ ਜੋ ਤੂੰ ਆਪਣੇ ਮਨ ਵਿੱਚ ਜਾਣਦਾ ਹੈਂ, ਜੋ ਤੂੰ ਵੀ ਕਈ ਵਾਰੀ ਇਸੇ ਤਰ੍ਹਾਂ ਦੂਸਰਿਆਂ ਨੂੰ ਸਰਾਪ ਦਿੱਤਾ ਹੈ !

23ਮੈਂ ਬੁੱਧ ਨਾਲ ਇਹ ਸਭ ਕੁਝ ਪਰਖਿਆ ਹੈ । ਮੈਂ ਆਖਿਆ ਕਿ ਮੈਂ ਬੁੱਧਵਾਨ ਹੋਵਾਂਗਾ ਪਰ ਇਹ ਗੱਲ ਮੇਰੀ ਪਹੁੰਚ ਤੋਂ ਦੂਰ ਸੀ24ਜੋ ਕੁਝ ਦੂਰ ਅਤੇ ਬਹੁਤ ਡੂੰਘਾ ਹੈ, ਉਹ ਨੂੰ ਕੌਣ ਲੱਭ ਸਕਦਾ ਹੈ ?25ਮੈਂ ਆਪਣਾ ਮਨ ਲਗਾਇਆ ਕਿ ਬੁੱਧ ਨੂੰ ਜਾਣਾਂ ਅਤੇ ਲੱਭ ਲਵਾਂ ਅਤੇ ਉਸ ਦੇ ਮੁੱਢ ਨੂੰ ਭਾਲਾਂ ਅਤੇ ਮੂਰਖਤਾਈ ਦੀ ਬੁਰਿਆਈ ਅਤੇ ਮੂਰਖਤਾਈ ਜੋ ਪਾਗਲਪਣ ਹੈ, ਉਸ ਨੂੰ ਸਮਝਾਂ ।

26ਮੈਂ ਉਸ ਇਸਤਰੀ ਨੂੰ ਮੌਤ ਨਾਲੋਂ ਕੌੜੀ ਜਾਣਦਾ ਹਾਂ, ਜਿਸ ਦਾ ਦਿਲ ਫਾਹੀਆਂ ਅਤੇ ਜਾਲ ਹੈ, ਜਿਸ ਦੇ ਹੱਥ ਬੇੜੀਆਂ ਹਨ । ਜਿਹੜਾ ਪਰਮੇਸ਼ੁਰ ਨੂੰ ਪਰਸੰਨ ਕਰਦਾ ਹੈ, ਉਹ ਉਸ ਤੋਂ ਬਚੇਗਾ ਪਰ ਪਾਪੀ ਉਸ ਦਾ ਸ਼ਿਕਾਰ ਹੋ ਜਾਵੇਗਾ
27ਉਪਦੇਸ਼ਕ ਆਖਦਾ ਹੈ, ਵੇਖੋ, ਮੈਂ ਇੱਕ ਗੱਲ ਨੂੰ ਦੂਜੀ ਗੱਲ ਦੇ ਨਾਲ ਜੋੜ ਕੇ ਇਹ ਖੋਜ ਕੱਢੀ ਹੈ ।28ਜਿਸ ਨੂੰ ਹੁਣ ਤੱਕ ਮੇਰਾ ਮਨ ਭਾਲਦਾ ਰਹਿੰਦਾ ਹੈ, ਪਰ ਮੈਨੂੰ ਨਹੀਂ ਮਿਲਿਆ: ਹਜ਼ਾਰਾਂ ਵਿੱਚੋਂ ਮੈਂ ਇੱਕ ਮਨੁੱਖ ਨੂੰ ਲੱਭਿਆ ਹੈ ਪਰ ਇੱਕ ਵੀ ਇਸਤਰੀ ਮੈਨੂੰ ਇਹਨਾਂ ਸਾਰਿਆਂ ਵਿੱਚੋਂ ਨਹੀਂ ਲੱਭੀ ।
29ਵੇਖੋ, ਮੈਂ ਸਿਰਫ਼ ਇਹੋ ਹੀ ਲੱਭਿਆ ਹੈ ਕਿ ਪਰਮੇਸ਼ੁਰ ਨੇ ਮਨੁੱਖ ਨੂੰ ਸਿੱਧਾ ਬਣਾਇਆ, ਪਰ ਉਹਨਾਂ ਨੇ ਬਹੁਤੀਆਂ ਜੁਗਤਾਂ ਭਾਲੀਆਂ ਹਨ ।

8
ਰਾਜੇ ਨਾਲ ਵਰਤਾਓ । ਜੀਵਨ ਦਾ ਭੇਤ

1ਬੁੱਧਵਾਨ ਦੇ ਵਰਗਾ ਕੌਣ ਹੈ ? ਅਤੇ ਕਿਸੇ ਗੱਲ ਦੀ ਵਿਆਖਿਆ ਕਰਨਾ ਕੌਣ ਜਾਣਦਾ ਹੈ ? ਮਨੁੱਖ ਦੀ ਬੁੱਧ ਉਹ ਦੇ ਚਿਹਰੇ ਨੂੰ ਚਮਕਾ ਦਿੰਦੀ ਹੈ ਅਤੇ ਉਹ ਦੇ ਚਿਹਰੇ ਦੀ ਕਠੋਰਤਾ ਬਦਲ ਜਾਂਦੀ ਹੈ ।

2ਮੈਂ ਕਹਿੰਦਾ ਹਾਂ ਕਿ ਤੂੰ ਰਾਜੇ ਦੇ ਹੁਕਮ ਨੂੰ, ਪਰਮੇਸ਼ੁਰ ਦੀ ਸੌਂਹ ਦੇ ਕਾਰਨ ਮੰਨਦਾ ਰਹਿ ।3ਤੂੰ ਰਾਜਾ ਦੇ ਹਜ਼ੂਰੋਂ ਜਾਣ ਦੀ ਛੇਤੀ ਨਾ ਕਰ, ਅਤੇ ਕਿਸੇ ਬੁਰੇ ਕੰਮ ਦੇ ਲਈ ਜ਼ਿਦ ਨਾ ਕਰ, ਕਿਉਂਕਿ ਜੋ ਕੁਝ ਉਹ ਨੂੰ ਭਾਉਂਦਾ ਹੈ ਓਹੀ ਕਰਦਾ ਹੈ,4ਇਸ ਲਈ ਜੋ ਰਾਜੇ ਦੀ ਆਗਿਆ ਵਿੱਚ ਸਮਰੱਥਾ ਹੈ, ਅਤੇ ਕੌਣ ਉਹ ਨੂੰ ਕਹਿ ਸਕਦਾ ਹੈ ਕਿ ਤੂੰ ਕੀ ਕਰਦਾ ਹੈਂ ?
5ਉਹ ਜੋ ਆਗਿਆ ਮੰਨਦਾ ਹੈ, ਬੁਰਿਆਈ ਤੋਂ ਬਚੇਗਾ ਅਤੇ ਬੁੱਧਵਾਨ ਦਾ ਮਨ ਸਮੇਂ ਅਤੇ ਵਿਧੀ ਨੂੰ ਜਾਣਦਾ ਹੈ6ਕਿਉਂ ਜੋ ਹਰ ਮਨੋਰਥ ਦਾ ਸਮਾਂ ਅਤੇ ਵਿਧੀ ਹੈ, ਭਾਵੇਂ ਮਨੁੱਖ ਦੀ ਬਿਪਤਾ ਉਹ ਦੇ ਉੱਤੇ ਭਾਰੀ ਹੋਵੇ7ਉਹ ਨਹੀਂ ਜਾਣਦਾ ਕਿ ਕੀ ਹੋਣ ਵਾਲਾ ਹੈ ਅਤੇ ਉਹ ਨੂੰ ਕੌਣ ਦੱਸ ਸਕਦਾ ਹੈ ਕਿ ਕਿਵੇਂ ਹੋਵੇਗਾ ?
8ਕਿਸੇ ਮਨੁੱਖ ਦਾ ਆਤਮਾ ਦੇ ਉੱਤੇ ਕੋਈ ਵੱਸ ਨਹੀਂ ਕਿ ਉਹ ਆਤਮਾ ਨੂੰ ਰੋਕ ਸਕੇ ਅਤੇ ਨਾ ਮਰਨ ਦੇ ਦਿਨ ਦੇ ਉੱਤੇ ਉਹ ਦਾ ਕੋਈ ਅਧਿਕਾਰ ਹੈ । ਜਿਵੇਂ ਲੜਾਈ ਦੇ ਦਿਨ ਵਿੱਚੋਂ ਛੁਟਕਾਰਾ ਨਹੀਂ ਹੁੰਦਾ, ਉਸੇ ਤਰ੍ਹਾਂ ਹੀ ਬੁਰਿਆਈ ਬੁਰਿਆਰ ਨੂੰ ਨਹੀਂ ਛੁਡਾਵੇਗੀ9ਇਹ ਸਭ ਕੁਝ ਮੈਂ ਦੇਖਿਆ ਅਤੇ ਆਪਣਾ ਮਨ ਸਾਰਿਆਂ ਕੰਮਾਂ ਉੱਤੇ ਲਾਇਆ, ਜੋ ਸੂਰਜ ਦੇ ਹੇਠ ਹੁੰਦੇ ਹਨ - ਅਜਿਹਾ ਵੇਲਾ ਹੈ ਜਿਹ ਦੇ ਵਿੱਚ ਇੱਕ ਮਨੁੱਖ ਦੂਜੇ ਨੂੰ ਆਗਿਆ ਦੇ ਕੇ ਆਪਣਾ ਹੀ ਨੁਕਸਾਨ ਕਰਦਾ ਹੈ ।
ਦੁਸ਼ਟ ਅਤੇ ਧਰਮੀ

10ਤਦ ਮੈਂ ਦੁਸ਼ਟਾਂ ਨੂੰ ਦਫ਼ਨਾਏ ਜਾਂਦੇ ਦੇਖਿਆ ਪਰ ਉਹ ਜਿਹੜੇ ਪਵਿੱਤਰ ਸਥਾਨ ਨੂੰ ਆਉਂਦੇ ਜਾਂਦੇ ਸਨ, ਜਿਸ ਸ਼ਹਿਰ ਵਿੱਚ ਉਹਨਾਂ ਨੇ ਚੰਗੇ ਕੰਮ ਕੀਤੇ ਸਨ, ਉਹ ਦੇ ਵਿੱਚ ਹੀ ਭੁਲਾਏ ਗਏ । ਇਹ ਵੀ ਵਿਅਰਥ ਹੈ11ਕਿਉਂਕਿ ਬਦੀ ਦੀ ਸਜ਼ਾ ਦਾ ਹੁਕਮ ਛੇਤੀ ਨਾਲ ਪੂਰਾ ਨਾ ਹੋਣ ਦੇ ਕਾਰਨ ਆਦਮ ਵੰਸ਼ੀਆਂ ਦੇ ਮਨ ਪੁੱਜ ਕੇ ਬੁਰਿਆਈ ਦੀ ਵੱਲ ਲੱਗੇ ਰਹਿੰਦੇ ਹਨ,
12ਭਾਵੇਂ ਪਾਪੀ ਸੌ ਵਾਰੀ ਪਾਪ ਕਰੇ ਅਤੇ ਉਹ ਦੀ ਉਮਰ ਵੀ ਵੱਧ ਜਾਵੇ, ਤਦ ਵੀ ਮੈਂ ਸੱਚ ਜਾਣਦਾ ਹਾਂ, ਜੋ ਭਲਾ ਉਹਨਾਂ ਦਾ ਹੀ ਹੋਵੇਗਾ ਜੋ ਪਰਮੇਸ਼ੁਰ ਤੋਂ ਡਰਦੇ ਹਨ ਅਤੇ ਉਹ ਦਾ ਭੈ ਮੰਨਦੇ ਹਨ13ਪਰ ਪਾਪੀ ਦਾ ਭਲਾ ਕਦੀ ਨਾ ਹੋਵੇਗਾ, ਨਾ ਉਹ ਪਰਛਾਵੇਂ ਵਾਂਗੂੰ ਆਪਣੇ ਦਿਨਾਂ ਨੂੰ ਵਧਾਵੇਗਾ ਕਿਉਂ ਜੋ ਉਹ ਪਰਮੇਸ਼ੁਰ ਕੋਲੋਂ ਨਹੀਂ ਡਰਦਾ ।

14ਇੱਕ ਵਿਅਰਥ ਹੈ ਜੋ ਧਰਤੀ ਉੱਤੇ ਵਾਪਰਦਾ ਹੈ ਕਿ ਅਜਿਹੇ ਧਰਮੀ ਹਨ, ਜਿਨ੍ਹਾਂ ਦੇ ਨਾਲ ਉਹ ਹੁੰਦਾ ਹੈ ਜੋ ਦੁਸ਼ਟਾਂ ਦੇ ਨਾਲ ਹੋਣਾ ਚਾਹੀਦਾ ਹੈ ਅਤੇ ਅਜਿਹੇ ਦੁਸ਼ਟ ਹਨ, ਜਿਨ੍ਹਾਂ ਨੇ ਦੇ ਨਾਲ ਉਹ ਹੁੰਦਾ ਹੈ ਜੋ ਧਰਮੀਆਂ ਦੇ ਨਾਲ ਹੋਣਾ ਚਾਹੀਦਾ ਹੈ । ਮੈਂ ਆਖਿਆ, ਇਹ ਵੀ ਵਿਅਰਥ ਹੈ !15ਤਦ ਮੈਂ ਅਨੰਦ ਨੂੰ ਸਲਾਹਿਆ ਕਿਉਂ ਜੋ ਸੂਰਜ ਦੇ ਹੇਠ ਮਨੁੱਖ ਲਈ ਇਸ ਨਾਲੋਂ ਚੰਗੀ ਗੱਲ ਕੋਈ ਨਹੀਂ, ਜੋ ਖਾਵੇ-ਪੀਵੇ ਅਤੇ ਅਨੰਦ ਰਹੇ ਕਿਉਂ ਜੋ ਉਸ ਦੇ ਕੰਮ-ਧੰਦੇ ਦੇ ਵਿੱਚ ਉਹ ਦੇ ਜੀਵਨ ਦੇ ਸਾਰਿਆਂ ਦਿਨਾਂ ਤੱਕ ਜੋ ਪਰਮੇਸ਼ੁਰ ਨੇ ਸੂਰਜ ਦੇ ਹੇਠ ਉਹ ਨੂੰ ਦਿੱਤੇ ਹਨ, ਇਹ ਹੀ ਉਸ ਦੇ ਨਾਲ ਰਹੇਗਾ ।

16ਜਦ ਮੈਂ ਆਪਣਾ ਮਨ ਲਾਇਆ ਕਿ ਬੁੱਧ ਨੂੰ ਜਾਣਾਂ ਅਤੇ ਉਸ ਕੰਮ-ਧੰਦੇ ਨੂੰ ਜੋ ਧਰਤੀ ਦੇ ਉੱਤੇ ਕੀਤਾ ਜਾਂਦਾ ਹੈ ਵੇਖ ਲਵਾਂ, ਭਈ ਕਿਵੇਂ ਆਦਮੀ ਦੀਆਂ ਅੱਖਾਂ ਨਾ ਰਾਤ ਨੂੰ, ਨਾ ਦਿਨ ਨੂੰ ਨੀਂਦ ਨੂੰ ਵੇਖਦੀਆਂ ਹਨ,17ਤਦ ਮੈਂ ਪਰਮੇਸ਼ੁਰ ਦੇ ਸਾਰੇ ਕੰਮ ਵੇਖੇ ਭਈ ਮਨੁੱਖ ਕੋਲੋਂ ਉਹ ਕੰਮ ਬੁੱਝਿਆ ਨਹੀਂ ਜਾਂਦਾ ਜੋ ਸੂਰਜ ਦੇ ਹੇਠ ਹੁੰਦਾ ਹੈ, ਭਾਵੇਂ ਮਨੁੱਖ ਜ਼ੋਰ ਲਾ ਕੇ ਵੀ ਉਹ ਦੀ ਭਾਲ ਕਰੇ ਤਾਂ ਵੀ ਕੁਝ ਨਾ ਲੱਭੇਗਾ । ਹਾਂ, ਭਾਵੇਂ ਬੁੱਧਵਾਨ ਵੀ ਆਖੇ ਕਿ ਮੈਂ ਜਾਣ ਲਵਾਂਗਾ, ਤਾਂ ਵੀ ਉਹ ਨਹੀਂ ਬੁੱਝ ਸਕੇਗਾ ।

9
ਸਭ ਦੀ ਇੱਕੋ ਮੰਜ਼ਲ

1ਇਹਨਾਂ ਸਾਰੀਆਂ ਗੱਲਾਂ ਵੱਲ ਮੈਂ ਆਪਣਾ ਮਨ ਲਾਇਆ ਅਤੇ ਸਭਨਾਂ ਦੀ ਭਾਲ ਕੀਤੀ ਅਤੇ ਜਾਣ ਲਿਆ ਕਿ ਧਰਮੀ ਅਤੇ ਬੁੱਧਵਾਨ ਅਤੇ ਉਨ੍ਹਾਂ ਦੇ ਕੰਮ ਪਰਮੇਸ਼ੁਰ ਦੇ ਹੱਥ ਵਿੱਚ ਹਨ । ਮਨੁੱਖ ਨਹੀਂ ਜਾਣਦਾ ਕਿ ਪ੍ਰੀਤ ਹੋਵੇਗੀ ਜਾਂ ਵੈਰ ਹੋਵੇਗਾ, ਸਭ ਕੁਝ ਉਹ ਦੇ ਅੱਗੇ ਹੈ ।

2ਸਭ ਕੁਝ ਸਾਰਿਆਂ ਉੱਤੇ ਇੱਕੋ ਜਿਹਾ ਵਾਪਰਦਾ ਹੈ । ਧਰਮੀ ਅਤੇ ਦੁਸ਼ਟ ਉੱਤੇ, ਭਲੇਮਾਣਸ, ਪਾਕ ਅਤੇ ਪਲੀਤ ਉੱਤੇ, ਜਿਹੜਾ ਬਲੀ ਚੜ੍ਹਾਉਂਦਾ ਹੈ, ਉਸ ਉੱਤੇ ਅਤੇ ਜਿਹੜਾ ਬਲੀ ਨਹੀਂ ਚੜ੍ਹਾਉਂਦਾ, ਉਸ ਉੱਤੇ ਇੱਕੋ ਜਿਹੀ ਗੱਲ ਵਾਪਰਦੀ ਹੈ, ਜਿਸ ਤਰ੍ਹਾਂ ਦਾ ਭਲਾਮਾਣਸ ਹੈ, ਉਸੇ ਤਰ੍ਹਾਂ ਦਾ ਹੀ ਪਾਪੀ ਹੈ, ਜਿਸ ਤਰ੍ਹਾਂ ਦਾ ਸਹੁੰ ਚੁੱਕਣ ਵਾਲਾ ਹੈ, ਉਸੇ ਤਰ੍ਹਾਂ ਦਾ ਹੀ ਉਹ ਹੈ ਜੋ ਸਹੁੰ ਤੋਂ ਡਰਦਾ ਹੈ
3ਸਾਰੀਆਂ ਗੱਲਾਂ ਵਿੱਚ ਜੋ ਸੂਰਜ ਦੇ ਹੇਠ ਹੁੰਦੀਆਂ ਹਨ, ਇੱਕ ਇਹ ਬੁਰਿਆਈ ਹੈ ਕਿ ਸਭਨਾਂ ਉੱਤੇ ਇੱਕੋ ਜਿਹੀ ਵਾਪਰਦੀ ਹੈ, ਹਾਂ, ਆਦਮ ਵੰਸ਼ ਦਾ ਮਨ ਵੀ ਬਦੀ ਨਾਲ ਭਰਪੂਰ ਹੈ ਅਤੇ ਜਦ ਤੱਕ ਉਹ ਜੀਉਂਦੇ ਹਨ ਉਨ੍ਹਾਂ ਦੇ ਮਨ ਵਿੱਚ ਪਾਗਲਪਣ ਰਹਿੰਦਾ ਹੈ ਅਤੇ ਇਸ ਤੋਂ ਬਾਅਦ ਫੇਰ ਮੁਰਦਿਆਂ ਵਿੱਚ ਚਲੇ ਜਾਂਦੇ ਹਨ ।
4ਜਿਹੜਾ ਸਾਰੇ ਜੀਉਂਦਿਆਂ ਵਿੱਚ ਹੈ ਉਹ ਦੇ ਲਈ ਆਸ ਹੈ, ਕਿਉਂ ਜੋ ਮਰੇ ਹੋਏ ਸ਼ੇਰ ਨਾਲੋਂ ਜੀਉਂਦਾ ਕੁੱਤਾ ਚੰਗਾ ਹੈ ।5ਜੀਉਂਦੇ ਤਾਂ ਜਾਣਦੇ ਹਨ ਕਿ ਅਸੀਂ ਮਰਾਂਗੇ ਪਰ ਮਰੇ ਹੋਏ ਕੁਝ ਵੀ ਨਹੀਂ ਜਾਣਦੇ ਅਤੇ ਉਹਨਾਂ ਦੇ ਲਈ ਹੋਰ ਕੋਈ ਫਲ ਨਹੀਂ, ਕਿਉਂ ਜੋ ਉਨ੍ਹਾਂ ਦਾ ਚੇਤਾ ਮਿਟ ਗਿਆ ਹੈ ।
6ਉਨ੍ਹਾਂ ਦੀ ਪ੍ਰੀਤ ਅਤੇ ਵੈਰ ਅਤੇ ਉਨ੍ਹਾਂ ਦੀ ਈਰਖਾ ਹੁਣ ਮੁੱਕ ਗਏ ਅਤੇ ਸਦਾ ਲਈ ਸਭਨਾਂ ਕੰਮਾਂ ਵਿੱਚ ਜੋ ਸੂਰਜ ਦੇ ਹੇਠ ਕੀਤੇ ਜਾਂਦੇ ਹਨ, ਉਨ੍ਹਾਂ ਦਾ ਕੋਈ ਭਾਗ ਨਹੀਂ ।

7ਆਪਣੇ ਰਾਹ ਤੁਰਿਆ ਜਾ, ਅਨੰਦ ਨਾਲ ਆਪਣੀ ਰੋਟੀ ਖਾ ਅਤੇ ਮੌਜ ਨਾਲ ਆਪਣੀ ਮਧ ਪੀ, ਕਿਉਂ ਜੋ ਹੁਣ ਪਰਮੇਸ਼ੁਰ ਨੇ ਤੇਰੇ ਕੰਮਾਂ ਨੂੰ ਪਸੰਦ ਕੀਤਾ ਹੈ ।8ਤੇਰੇ ਕੱਪੜੇ ਸਦਾ ਚਿੱਟੇ ਹੋਣ ਅਤੇ ਤੇਰੇ ਸਿਰ ਉੱਤੇ ਤੇਲ ਦੀ ਘਾਟ ਨਾ ਹੋਵੇ ।
9ਆਪਣੇ ਵਿਅਰਥ ਜੀਵਨ ਦੇ ਸਾਰੇ ਦਿਨ, ਜੋ ਉਸ ਨੇ ਸੂਰਜ ਦੇ ਹੇਠ ਤੈਨੂੰ ਦਿੱਤੇ ਹਨ, ਆਪਣੇ ਵਿਅਰਥ ਦੇ ਸਾਰੇ ਦਿਨ, ਆਪਣੀ ਪਿਆਰੀ ਪਤਨੀ ਦੇ ਸੰਗ ਮੌਜ ਮਾਣ, ਕਿਉਂ ਜੋ ਜੀਵਨ ਵਿੱਚ ਅਤੇ ਸੂਰਜ ਦੇ ਹੇਠਲੇ ਕੰਮ-ਧੰਦਿਆਂ ਵਿੱਚ ਇਹੋ ਤੇਰਾ ਭਾਗ ਹੈ ।10ਜਿਹੜਾ ਕੰਮ ਤੇਰੇ ਹੱਥ ਲੱਗਦਾ ਹੈ, ਉਹੋ ਆਪਣੇ ਸਾਰੇ ਜ਼ੋਰ ਨਾਲ ਕਰ ਕਿਉਂ ਜੋ ਪਤਾਲ ਵਿੱਚ ਜਿੱਥੇ ਤੂੰ ਜਾਂਦਾ ਹੈ, ਉੱਥੇ ਨਾ ਕੋਈ ਕੰਮ, ਨਾ ਖ਼ਿਆਲ, ਨਾ ਗਿਆਨ, ਨਾ ਬੁੱਧ ਹੈ ।

11ਫੇਰ ਮੈਂ ਮੁੜ ਕੇ ਸੂਰਜ ਦੇ ਹੇਠ ਵੇਖਿਆ ਕਿ ਨਾ ਤਾਂ ਤੇਜ਼ ਦੌੜਨ ਵਾਲੇ ਦੇ ਲਈ ਦੌੜ ਹੈ, ਨਾ ਸੂਰਮੇ ਦੇ ਲਈ ਜੁੱਧ, ਸਗੋਂ ਬੁੱਧਵਾਨ ਲਈ ਰੋਟੀ ਵੀ ਨਹੀਂ, ਨਾ ਸਮਝ ਵਾਲਿਆਂ ਨੂੰ ਧਨ ਅਤੇ ਨਾ ਹੀ ਨਿਪੁੰਨ ਲੋਕਾਂ ਨੂੰ ਕਿਰਪਾ ਪ੍ਰਾਪਤ ਹੁੰਦੀ ਹੈ, ਪਰ ਇਨ੍ਹਾਂ ਸਾਰਿਆਂ ਨੂੰ ਸਮੇਂ ਸਿਰ ਅਤੇ ਮੌਕੇ ਨਾਲ ਹੀ ਮਿਲਦਾ ਹੈ ।12ਨਾਲੇ ਮਨੁੱਖ ਆਪਣਾ ਸਮਾਂ ਵੀ ਨਹੀਂ ਪਹਿਚਾਣਦਾ, ਜਿਵੇਂ ਮੱਛੀਆਂ ਜਿਹੜੀਆਂ ਬਿਪਤਾ ਦੇ ਜਾਲ ਵਿੱਚ ਫਸ ਜਾਂਦੀਆਂ ਹਨ ਅਤੇ ਜਿਵੇਂ ਪੰਛੀ ਜਾਲ ਵਿੱਚ ਫਸ ਜਾਂਦੇ ਹਨ, ਉਸੇ ਤਰ੍ਹਾਂ ਹੀ ਆਦਮ ਵੰਸ਼ੀ ਵੀ ਬਿਪਤਾ ਵਿੱਚ ਫਸ ਜਾਂਦੇ ਹਨ, ਜੋ ਅਚਾਨਕ ਉਹਨਾਂ ਉੱਤੇ ਆ ਪੈਂਦੀ ਹੈ ।

13ਸੂਰਜ ਦੇ ਹੇਠ ਮੈਂ ਇਹ ਬੁੱਧ ਵੀ ਵੇਖੀ ਅਤੇ ਇਹ ਮੈਨੂੰ ਵੱਡੀ ਲੱਗੀ ।14ਇੱਕ ਛੋਟਾ ਜਿਹਾ ਸ਼ਹਿਰ ਸੀ ਅਤੇ ਉਹ ਦੇ ਵਿੱਚ ਥੋੜ੍ਹੇ ਜਿਹੇ ਲੋਕ ਸਨ । ਉਹ ਦੇ ਉੱਤੇ ਇੱਕ ਵੱਡੇ ਰਾਜੇ ਨੇ ਹਮਲਾ ਕੀਤਾ ਅਤੇ ਉਹ ਨੂੰ ਘੇਰਾ ਪਾਇਆ ਅਤੇ ਉਹ ਦੇ ਸਾਹਮਣੇ ਵੱਡੇ ਮੋਰਚੇ ਲਾਏ ।15ਉਹ ਦੇ ਵਿੱਚ ਇੱਕ ਕੰਗਾਲ ਪਰ ਬੁੱਧਵਾਨ ਮਨੁੱਖ ਮਿਲਿਆ, ਜਿਸ ਨੇ ਆਪਣੀ ਬੁੱਧ ਨਾਲ ਉਸ ਸ਼ਹਿਰ ਨੂੰ ਬਚਾ ਲਿਆ, ਤਾਂ ਵੀ ਕਿਸੇ ਮਨੁੱਖ ਨੇ ਉਸ ਕੰਗਾਲ ਨੂੰ ਯਾਦ ਨਾ ਰੱਖਿਆ ।
16ਤਦ ਮੈਂ ਆਖਿਆ ਕਿ ਜ਼ੋਰ ਨਾਲੋਂ ਬੁੱਧ ਚੰਗੀ ਹੈ, ਤਾਂ ਵੀ ਕੰਗਾਲ ਦੀ ਬੁੱਧ ਤੁੱਛ ਸਮਝੀ ਜਾਂਦੀ ਹੈ ਅਤੇ ਉਹ ਦੀਆਂ ਗੱਲਾਂ ਸੁਣੀਆਂ ਨਹੀਂ ਜਾਦੀਆਂ ।
17ਬੁੱਧਵਾਨਾਂ ਦੀਆਂ ਹੌਲੀ ਆਖੀਆਂ ਹੋਈਆਂ ਗੱਲਾਂ, ਮੂਰਖਾਂ ਦੇ ਹਾਕਮ ਦੇ ਰੌਲੇ ਨਾਲੋਂ ਵਧੇਰੇ ਸੁਣੀਆਂ ਜਾਂਦੀਆਂ ਹਨ ।18ਯੁੱਧ ਦੇ ਹਥਿਆਰਾਂ ਨਾਲੋਂ ਬੁੱਧ ਚੰਗੀ ਹੈ ਪਰ ਇੱਕ ਪਾਪੀ ਮਨੁੱਖ ਬਹੁਤ ਸਾਰੀ ਭਲਿਆਈ ਦਾ ਨਾਸ ਕਰਦਾ ਹੈ ।

10
ਬੁੱਧ ਦੀ ਉੱਤਮਤਾਈ

1ਮਰੀਆਂ ਮੱਖੀਆਂ ਗੰਧੀ ਦੇ ਤੇਲ ਨੂੰ ਦੁਰਗੰਧਤ ਕਰਦੀਆਂ ਹਨ, ਉਸੇ ਤਰ੍ਹਾਂ ਹੀ ਥੋੜ੍ਹੀ ਜਿਹੀ ਮੂਰਖਤਾਈ ਬੁੱਧ ਅਤੇ ਆਦਰ ਨੂੰ ਮਾਤ ਪਾ ਦਿੰਦੀ ਹੈ ।2ਬੁੱਧਵਾਨ ਦਾ ਦਿਲ ਉੱਚਿਤ ਗੱਲ ਵੱਲ ਹੁੰਦਾ ਹੈ, ਪਰ ਮੂਰਖ ਦਾ ਦਿਲ ਇਸ ਦੇ ਉਲਟ ਹੁੰਦਾ ਹੈ ।3ਹਾਂ, ਜਦ ਮੂਰਖ ਰਾਹ ਵਿਚ ਤੁਰਦਾ ਹੈ ਤਾਂ ਉਹ ਦੀ ਸਮਝ ਉੱਡ ਜਾਂਦੀ ਹੈ ਅਤੇ ਉਹ ਸਾਰਿਆਂ ਨੂੰ ਵਿਖਾਉਂਦਾ ਹੈ ਕਿ ਮੈਂ ਮੂਰਖ ਹਾਂ !

4ਜੇ ਹਾਕਮ ਦਾ ਕ੍ਰੋਧ ਤੇਰੇ ਵਿਰੁੱਧ ਉੱਠੇ, ਤਾਂ ਆਪਣਾ ਥਾਂ ਨਾ ਛੱਡ, ਕਿਉਂ ਜੋ ਧੀਰਜ ਵੱਡੇ ਪਾਪਾਂ ਨੂੰ ਦਬਾ ਦਿੰਦਾ ਹੈ ।

5ਇੱਕ ਬੁਰਿਆਈ ਹੈ ਜੋ ਮੈਂ ਸੂਰਜ ਦੇ ਹੇਠ ਦੇਖੀ, ਜੋ ਹਾਕਮ ਦੀ ਭੁੱਲ ਨਾਲ ਹੁੰਦੀ ਹੈ, -6ਮੂਰਖਤਾਈ ਵੱਡੇ ਉੱਚੇ ਥਾਂ ਬਿਠਾਈ ਜਾਂਦੀ ਹੈ, ਪਰ ਧਨੀ ਨੀਵੇਂ ਥਾਂ ਬਹਿੰਦੇ ਹਨ ।7ਮੈਂ ਦੇਖਿਆ ਜੋ ਦਾਸ ਘੋੜਿਆਂ ਉੱਤੇ ਚੜ੍ਹਦੇ ਅਤੇ ਸਰਦਾਰ ਦਾਸਾਂ ਵਾਂਗੂੰ ਧਰਤੀ ਉੱਤੇ ਪੈਦਲ ਤੁਰਦੇ ਹਨ ।

8ਜਿਹੜਾ ਟੋਆ ਪੁੱਟਦਾ ਹੈ ਉਹ ਉਸ ਦੇ ਵਿੱਚ ਡਿੱਗੇਗਾ ਅਤੇ ਜਿਹੜਾ ਕੰਧ ਢਾਉਂਦਾ ਹੈ ਉਹ ਨੂੰ ਸੱਪ ਲੜੇਗਾ ।9ਜਿਹੜਾ ਪੱਥਰਾਂ ਨੂੰ ਖੋਦਦਾ ਹੈ, ਉਹ ਓਹਨਾਂ ਕੋਲੋਂ ਸੱਟ ਖਾਂਦਾ ਹੈ ਅਤੇ ਜਿਹੜਾ ਲੱਕੜ ਚੀਰਦਾ ਹੈ, ਉਹ ਉਸੇ ਤੋਂ ਜੋਖ਼ਮ ਵਿੱਚ ਪੈਂਦਾ ਹੈ ।
10ਜੇਕਰ ਲੋਹਾ ਖੁੰਢਾ ਹੋਵੇ ਅਤੇ ਮਨੁੱਖ ਉਸ ਦੀ ਧਾਰ ਤਿਖੀ ਨਾ ਕਰੇ, ਤਾਂ ਜ਼ੋਰ ਵਧੇਰੇ ਲਾਉਣਾ ਪੈਂਦਾ ਹੈ, ਪਰ ਸਫ਼ਲ ਹੋਣ ਲਈ ਬੁੱਧ ਵੱਡੀ ਗੁਣਕਾਰ ਹੈ ।

11ਜੇ ਸੱਪ ਮੰਤਰ ਪੜ੍ਹੇ ਜਾਣ ਤੋਂ ਪਹਿਲਾਂ ਲੜੇ, ਤਾਂ ਮੰਤਰ ਪੜ੍ਹਨ ਵਾਲੇ ਨੂੰ ਕੁਝ ਲਾਭ ਨਾ ਹੋਵੇਗਾ ।
12ਬੁੱਧਵਾਨ ਦੇ ਮੂੰਹ ਦੀਆਂ ਗੱਲਾਂ ਕਿਰਪਾ ਦੀਆਂ ਹਨ, ਪਰ ਮੂਰਖ ਆਪਣੇ ਮੂੰਹ ਦੀਆਂ ਗੱਲਾਂ ਦੇ ਨਾਲ ਨਸ਼ਟ ਹੋ ਜਾਂਦੇ ਹਨ ।
13ਉਹ ਦੇ ਮੂੰਹ ਦੀਆਂ ਗੱਲਾਂ ਦੀ ਸ਼ੁਰੂਆਤ ਮੂਰਖਤਾਈ ਹੈ ਅਤੇ ਉਹ ਦੇ ਬੋਲ ਦਾ ਅੰਤ ਭੈੜਾ ਪਾਗਲਪੁਣਾ ਹੈ ।14ਮੂਰਖ ਢੇਰ ਸਾਰੀਆਂ ਗੱਪਾਂ ਮਾਰਦਾ ਹੈ, ਤਾਂ ਵੀ ਮਨੁੱਖ ਨਹੀਂ ਜਾਣਦਾ ਕਿ ਕੀ ਹੋਵੇਗਾ ਅਤੇ ਜੋ ਕੁਝ ਉਹ ਦੇ ਬਾਅਦ ਹੋਵੇਗਾ, ਉਹ ਨੂੰ ਕੌਣ ਦੱਸ ਸਕਦਾ ਹੈ ?
15ਮੂਰਖ ਦੀ ਮਿਹਨਤ ਉਹ ਨੂੰ ਇਸ ਤਰ੍ਹਾਂ ਥਕਾਉਂਦੀ ਹੈ, ਭਈ ਉਹ ਸ਼ਹਿਰ ਦਾ ਰਾਹ ਵੀ ਨਹੀਂ ਜਾਣਦਾ ।

16ਹੇ ਦੇਸ, ਤੇਰੇ ਉੱਤੇ ਹਾਏ ਹਾਏ ! ਜਦ ਤੇਰਾ ਰਾਜਾ ਅਜੇ ਮੁੰਡਾ ਹੈ ਅਤੇ ਤੇਰੇ ਹਾਕਮ ਸਵੇਰ-ਸਾਰ ਦਾਵਤ ਉਡਾਉਂਦੇ ਹਨ ।17ਧੰਨ ਹੈਂ ਤੂੰ, ਹੇ ਦੇਸ ! ਜਦ ਤੇਰਾ ਰਾਜਾ ਨੇਕ ਘਰਾਣੇ ਦਾ ਪੁੱਤਰ ਹੋਵੇ ਅਤੇ ਤੇਰੇ ਹਾਕਮ ਵੇਲੇ ਸਿਰ ਜ਼ੋਰ ਵਧਾਉਣ ਲਈ ਖਾਂਦੇ ਹਨ, ਨਾ ਕਿ ਨਸ਼ੇ ਲਈ ।

18ਆਲਸ ਕਰਕੇ ਛੱਤ ਦੀਆਂ ਕੜੀਆਂ ਲਿਫ ਜਾਂਦੀਆਂ ਹਨ ਅਤੇ ਢਿੱਲੇ ਹੱਥਾਂ ਦੇ ਕਾਰਨ ਛੱਤ ਚੋਂਦੀ ਹੈ ।19ਦਾਵਤ ਖੁਸ਼ੀ ਦੇ ਲਈ ਕੀਤੀ ਜਾਂਦੀ ਹੈ ਅਤੇ ਮਧ ਮਨ ਨੂੰ ਅਨੰਦ ਕਰਦੀ ਹੈ, ਪਰ ਰੋਕੜ ਸਭ ਚੀਜ਼ਾਂ ਦਾ ਉੱਤਰ ਹੈ ।
20ਤੂੰ ਆਪਣੇ ਮਨ ਵਿੱਚ ਵੀ ਰਾਜੇ ਨੂੰ ਨਾ ਫਿਟਕਾਰ, ਨਾ ਆਪਣੇ ਸੌਣ ਦੀ ਕੋਠੜੀ ਵਿੱਚ ਧਨੀ ਨੂੰ ਫਿਟਕਾਰ, ਕਿਉਂ ਜੋ ਅਕਾਸ਼ ਦਾ ਪੰਛੀ ਤੇਰੀ ਅਵਾਜ਼ ਨੂੰ ਲੈ ਉੱਡੇਗਾ ਅਤੇ ਪੰਖੇਰੂ ਉਸ ਗੱਲ ਨੂੰ ਪਰਗਟ ਕਰੇਗਾ ! ।

11
ਜੁਆਨਾਂ ਲਈ ਸਲਾਹ

1ਆਪਣੀ ਰੋਟੀ ਪਾਣੀਆਂ ਦੇ ਉੱਤੇ ਸੁੱਟ ਦੇ, ਤਾਂ ਤੂੰ ਬਹੁਤ ਦਿਨਾਂ ਦੇ ਬਾਅਦ ਉਸ ਨੂੰ ਫੇਰ ਪਾਵੇਂਗਾ ।2ਸੱਤਾਂ ਨੂੰ ਸਗੋਂ ਅੱਠਾਂ ਨੂੰ ਵੰਡ ਦੇ, ਕਿਉਂ ਜੋ ਤੂੰ ਨਹੀਂ ਜਾਣਦਾ ਜੋ ਧਰਤੀ ਉੱਤੇ ਕੀ ਬਿਪਤਾ ਆਵੇਗੀ ।3ਜਦੋਂ ਬੱਦਲ ਮੀਂਹ ਨਾਲ ਭਰੇ ਹੋਏ ਹੁੰਦੇ ਹਨ, ਤਾਂ ਧਰਤੀ ਉੱਤੇ ਵਰ੍ਹ ਕੇ ਖਾਲੀ ਹੋ ਜਾਂਦੇ ਹਨ ਅਤੇ ਜੇ ਕਦੀ ਰੁੱਖ ਦੱਖਣ ਜਾਂ ਉੱਤਰ ਵੱਲ ਡਿੱਗੇ, ਤਾਂ ਜਿੱਥੇ ਰੁੱਖ ਡਿੱਗਦਾ ਹੈ ਉੱਥੇ ਹੀ ਪਿਆ ਰਹਿੰਦਾ ਹੈ ।

4ਜਿਹੜਾ ਹਵਾ ਨੂੰ ਤੱਕਦਾ ਰਹਿੰਦਾ ਹੈ, ਉਹ ਨਹੀਂ ਬੀਜੇਗਾ ਅਤੇ ਜਿਹੜਾ ਬੱਦਲਾਂ ਨੂੰ ਵੇਖਦਾ ਹੈ, ਉਹ ਵਾਢੀ ਨਾ ਕਰੇਗਾ ।5ਜਿਵੇਂ ਤੂੰ ਹਵਾ ਦੇ ਰਾਹ ਨੂੰ ਨਹੀਂ ਜਾਣਦਾ ਅਤੇ ਗਰਭਵਤੀ ਦੀ ਕੁੱਖ ਵਿੱਚ ਹੱਡੀਆਂ ਕਿਵੇਂ ਵਧਦੀਆਂ ਹਨ, ਉਸੇ ਤਰ੍ਹਾਂ ਹੀ ਤੂੰ ਪਰਮੇਸ਼ੁਰ ਦੇ ਕੰਮਾਂ ਨੂੰ ਨਹੀਂ ਜਾਣਦਾ, ਜੋ ਸਭ ਕੁਝ ਬਣਾਉਂਦਾ ਹੈ ।

6ਸਵੇਰ ਨੂੰ ਆਪਣਾ ਬੀ ਬੀਜ, ਅਤੇ ਸ਼ਾਮ ਨੂੰ ਵੀ ਆਪਣਾ ਹੱਥ ਢਿੱਲਾ ਨਾ ਹੋਣ ਦੇ, ਕਿਉਂ ਜੋ ਤੂੰ ਨਹੀਂ ਜਾਣਦਾ ਜੋ ਇਹਨਾਂ ਵਿੱਚੋਂ ਕਿਹੜਾ ਫਲੇਗਾ, ਇਹ ਜਾਂ ਉਹ, ਜਾਂ ਦੋਵੇਂ ਦੇ ਦੋਵੇਂ ਇੱਕੋ ਜਿਹੇ ਚੰਗੇ ਹੋਣਗੇ ।

7ਚਾਨਣ ਤਾਂ ਮਨ ਭਾਉਂਦਾ ਹੈ ਅਤੇ ਸੂਰਜ ਨੂੰ ਦੇਖਣਾ ਅੱਖਾਂ ਨੂੰ ਚੰਗਾ ਲੱਗਦਾ ਹੈ ।

8ਹਾਂ, ਜੇ ਕਦੀ ਮਨੁੱਖ ਬਹੁਤ ਸਾਲਾਂ ਤੱਕ ਜੀਉਂਦਾ ਰਹੇ ਅਤੇ ਉਨ੍ਹਾਂ ਸਭਨਾਂ ਵਿੱਚ ਅਨੰਦ ਰਹੇ, ਫਿਰ ਵੀ ਉਹ ਹਨ੍ਹੇਰੇ ਦੇ ਦਿਨਾਂ ਨੂੰ ਯਾਦ ਰੱਖੇ, ਕਿਉਂ ਜੋ ਉਹ ਬਹੁਤ ਹੋਣਗੇ, ਸਭ ਕੁਝ ਜੋ ਆਉਂਦਾ ਹੈ ਸੋ ਵਿਅਰਥ ਹੈ !
ਜੁਆਨਾਂ ਨੂੰ ਸਲਾਹ

9ਹੇ ਜੁਆਨ, ਤੂੰ ਆਪਣੀ ਜੁਆਨੀ ਵਿਚ ਮੌਜ ਕਰ ਅਤੇ ਜੁਆਨੀ ਦੇ ਦਿਨਾਂ ਵਿੱਚ ਤੇਰਾ ਜੀ ਤੈਨੂੰ ਪਰਚਾਵੇ ਅਤੇ ਆਪਣੇ ਮਨ ਦੇ ਰਾਹਾਂ ਵਿੱਚ ਅਤੇ ਆਪਣੀਆਂ ਅੱਖਾਂ ਦੇ ਵੇਖਣ ਅਨੁਸਾਰ ਤੁਰ, ਪਰ ਤੂੰ ਜਾਣ ਲੈ ਕਿ ਇਹਨਾਂ ਸਾਰੀਆਂ ਗੱਲਾਂ ਦੇ ਲਈ ਪਰਮੇਸ਼ੁਰ ਤੇਰਾ ਨਿਆਂ ਕਰੇਗਾ ।

10ਇਸ ਲਈ ਚਿੰਤਾ ਨੂੰ ਆਪਣੇ ਮਨ ਤੋਂ ਦੂਰ ਕਰ ਅਤੇ ਬੁਰਿਆਈ ਆਪਣੇ ਸਰੀਰ ਵਿੱਚੋਂ ਕੱਢ ਸੁੱਟ, ਕਿਉਂ ਜੋ ਬਚਪਨ ਅਤੇ ਜੁਆਨੀ ਦੋਵੇਂ ਵਿਅਰਥ ਹਨ !

12
ਪਰਮੇਸ਼ੁਰ ਦਾ ਭੈ ਸਾਰੇ ਬਚਨਾਂ ਦਾ ਸਾਰ

1ਆਪਣੀ ਜੁਆਨੀ ਦੇ ਦਿਨਾਂ ਵਿੱਚ ਆਪਣੇ ਸਿਰਜਣਹਾਰ ਨੂੰ ਯਾਦ ਰੱਖ, ਇਸ ਤੋਂ ਪਹਿਲਾਂ ਕਿ ਉਹ ਮਾੜੇ ਦਿਨ ਆਉਣ ਅਤੇ ਉਹ ਸਾਲ ਨੇੜੇ ਪਹੁੰਚਣ ਜਿਨ੍ਹਾਂ ਵਿੱਚ ਤੂੰ ਆਖੇਂਗਾ, ਇਹਨਾਂ ਵਿੱਚ ਮੈਨੂੰ ਕੁਝ ਖੁਸ਼ੀ ਨਹੀਂ ਮਿਲਦੀ,2ਜਦ ਤੱਕ ਸੂਰਜ ਅਤੇ ਚਾਨਣ, ਚੰਦਰਮਾ ਅਤੇ ਤਾਰੇ ਹਨੇਰੇ ਨਹੀਂ ਹੁੰਦੇ ਅਤੇ ਮੀਂਹ ਵਰ੍ਹਨ ਤੋਂ ਬਾਅਦ ਬੱਦਲ ਮੁੜ ਆਉਣ -

3ਜਿਸ ਦਿਨ ਘਰ ਦੇ ਰਖਵਾਲੇ ਕੰਬਣ ਲੱਗ ਪੈਣ ਅਤੇ ਤਕੜੇ ਲੋਕ ਕੁੱਬੇ ਹੋ ਜਾਣ ਅਤੇ ਪੀਹਣ ਵਾਲੀਆਂ ਥੋੜ੍ਹੀਆਂ ਹੋਣ ਦੇ ਕਾਰਨ ਕੰਮ ਕਰਨਾ ਛੱਡ ਦੇਣ ਅਤੇ ਉਹ ਜੋ ਬਾਰੀਆਂ ਵਿੱਚੋਂ ਤੱਕਦੀਆਂ ਹਨ, ਧੁੰਦਲੀਆਂ ਹੋ ਜਾਣ
4ਅਤੇ ਗਲੀ ਦੇ ਬੂਹੇ ਬੰਦ ਹੋ ਜਾਣ, ਜਦ ਚੱਕੀ ਪੀਸਣ ਦੀ ਅਵਾਜ਼ ਹੌਲੀ ਹੋ ਜਾਵੇ ਅਤੇ ਪੰਛੀ ਦੀ ਅਵਾਜ਼ ਤੋਂ ਉਹ ਚੌਂਕ ਕੇ ਉੱਠ ਜਾਣ ਅਤੇ ਰਾਗ ਦੀਆਂ ਸਾਰੀਆਂ ਧੀਆਂ ਲਿੱਸੀਆਂ ਹੋ ਜਾਣ,
5ਫੇਰ ਉਹ ਉਚਿਆਈ ਤੋਂ ਵੀ ਡਰਨਗੇ ਅਤੇ ਰਾਹ ਵਿੱਚ ਖੌਫ਼ ਖਾਣਗੇ, ਬਦਾਮ ਦਾ ਬੂਟਾ ਫਲੇਗਾ ਅਤੇ ਟਿੱਡੀ ਵੀ ਭਾਰੀ ਲੱਗੇਗੀ ਅਤੇ ਇੱਛਾ ਮਿਟ ਜਾਵੇਗੀ, ਕਿਉਂ ਜੋ ਮਨੁੱਖ ਆਪਣੇ ਸਦੀਪਕਾਲ ਦੇ ਟਿਕਾਣੇ ਨੂੰ ਤੁਰ ਜਾਂਦਾ ਹੈ ਅਤੇ ਸੋਗ ਕਰਨ ਵਾਲੇ ਗਲੀ-ਗਲੀ ਫਿਰਦੇ ਹਨ,
6ਇਸ ਤੋਂ ਪਹਿਲਾਂ ਕਿ ਚਾਂਦੀ ਦੀ ਡੋਰੀ ਖੋਲ੍ਹੀ ਜਾਵੇ ਜਾਂ ਸੋਨੇ ਦਾ ਕਟੋਰਾ ਟੁੱਟ ਜਾਵੇ, ਜਾਂ ਘੜਾ ਸੋਤੇ ਦੇ ਕੋਲ ਭੰਨਿਆ ਜਾਵੇ, ਜਾਂ ਤਲਾਬ ਦੇ ਕੋਲ ਚਰਖੜੀ ਟੁੱਟ ਜਾਵੇ7ਅਤੇ ਮਿੱਟੀ ਮਿੱਟੀ ਨਾਲ ਪਹਿਲਾਂ ਵਾਂਗੂੰ ਜਾ ਰਲੇ ਅਤੇ ਆਤਮਾ ਪਰਮੇਸ਼ੁਰ ਦੇ ਕੋਲ ਮੁੜ ਜਾਵੇ, ਜਿਸ ਨੇ ਉਸ ਨੂੰ ਬਖਸ਼ਿਆ ਸੀ ।
8ਵਿਅਰਥ ਹੀ ਵਿਅਰਥ, ਉਪਦੇਸ਼ਕ ਆਖਦਾ ਹੈ, ਸਭ ਕੁਝ ਵਿਅਰਥ ਹੈ !
ਮਨੁੱਖ ਦਾ ਸੰਪੂਰਨ ਫਰਜ਼

9ਉਪਰੰਤ ਉਪਦੇਸ਼ਕ ਜੋ ਬੁੱਧਵਾਨ ਸੀ, ਉਸ ਨੇ ਲੋਕਾਂ ਨੂੰ ਗਿਆਨ ਦੀ ਸਿੱਖਿਆ ਦਿੱਤੀ, ਹਾਂ, ਉਸ ਨੇ ਚੰਗੀ ਤਰ੍ਹਾਂ ਵਿਚਾਰ ਕੀਤਾ ਅਤੇ ਭਾਲ-ਭਾਲ ਕੇ ਬਹੁਤ ਸਾਰੀਆਂ ਕਹਾਉਤਾਂ ਰਚੀਆਂ ।
10ਉਪਦੇਸ਼ਕ ਨੇ ਮਨ ਭਾਉਂਦੀਆਂ ਗੱਲਾਂ ਖੋਜੀਆਂ ਅਤੇ ਜੋ ਕੁਝ ਉਸ ਨੇ ਲਿਖਿਆ, ਉਹ ਸਿੱਧੀਆਂ ਅਤੇ ਸਚਿਆਈ ਦੀਆਂ ਗੱਲਾਂ ਸਨ ।

11ਬੁੱਧਵਾਨਾਂ ਦੇ ਬਚਨ ਸੋਟੀਆਂ ਵਰਗੇ ਹਨ ਅਤੇ ਸਭਾ ਦੇ ਪ੍ਰਧਾਨਾਂ ਦੇ ਬਚਨ ਚੰਗੀ ਤਰ੍ਹਾਂ ਠੋਕੀਆਂ ਹੋਈਆਂ ਕਿੱਲਾਂ ਵਰਗੇ ਹਨ, ਜਿਹੜੇ ਇੱਕ ਅਯਾਲੀ ਵੱਲੋਂ ਦਿੱਤੇ ਗਏ ਹਨ ।
12ਸੋ ਹੁਣ, ਹੇ ਮੇਰੇ ਪੁੱਤਰ, ਤੂੰ ਇਹਨਾਂ ਤੋਂ ਹੁਸ਼ਿਆਰੀ ਸਿੱਖ, - ਬਹੁਤ ਪੋਥੀਆਂ ਦੇ ਰਚਣ ਦਾ ਅੰਤ ਨਹੀਂ ਹੁੰਦਾ ਅਤੇ ਬਹੁਤ ਪੜ੍ਹਨਾ ਸਰੀਰ ਨੂੰ ਥਕਾਉਂਦਾ ਹੈ ।

13ਹੁਣ ਅਸੀਂ ਸਾਰੇ ਬਚਨਾਂ ਦਾ ਸਾਰ ਸੁਣੀਏ, ਪਰਮੇਸ਼ੁਰ ਕੋਲੋਂ ਡਰ ਅਤੇ ਉਹ ਦੇ ਹੁਕਮਾਂ ਨੂੰ ਮੰਨ ਕਿਉਂ ਜੋ ਮਨੁੱਖ ਦਾ ਇਹੋ ਫ਼ਰਜ਼ ਹੈ ।14ਪਰਮੇਸ਼ੁਰ ਤਾਂ ਇੱਕ-ਇੱਕ ਕੰਮ ਦਾ ਅਤੇ ਇੱਕ-ਇੱਕ ਗੁਪਤ ਗੱਲ ਦਾ ਨਿਆਂ ਕਰੇਗਾ, ਭਾਵੇਂ ਉਹ ਚੰਗੀ ਹੋਵੇ ਭਾਵੇਂ ਮਾੜੀ ।

ਸੁਲੇਮਾਨ ਦਾ ਗੀਤ

1
ਪਹਿਲਾ ਗੀਤ

1ਸੁਲੇਮਾਨ ਦਾ ਸਰੇਸ਼ਟ ਗੀਤ ।

2ਉਹ ਮੈਨੂੰ ਆਪਣੇ ਮੂੰਹ ਦੇ ਚੁੰਮਣ ਨਾਲ ਚੁੰਮੇ,
ਕਿਉਂ ਜੋ ਤੇਰਾ ਪ੍ਰੇਮ ਮਧ ਨਾਲੋਂ ਚੰਗਾ ਹੈ ।

3ਤੇਰੇ ਅਤਰ ਦੀ ਚੰਗੀ ਸੁਗੰਧ ਹੈ,
ਤੇਰਾ ਨਾਮ ਚੋਏ ਹੋਏ ਤੇਲ ਵਰਗਾ ਹੈ,
ਇਸ ਲਈ ਕੁਆਰੀਆਂ ਤੈਨੂੰ ਪਿਆਰ ਕਰਦੀਆਂ ਹਨ ।

4ਮੈਨੂੰ ਮੋਹ ਲੈ, ਅਸੀਂ ਤੇਰੇ ਪਿੱਛੇ ਦੌੜਾਂਗੀਆਂ ।
ਰਾਜਾ ਮੈਨੂੰ ਆਪਣੇ ਮਹਿਲ ਵਿੱਚ ਲਿਆਇਆ,
ਅਸੀਂ ਤੇਰੇ ਵਿੱਚ ਬਾਗ਼-ਬਾਗ਼ ਤੇ ਅਨੰਦ ਹੋਵਾਂਗੀਆਂ,
ਅਸੀਂ ਤੇਰੇ ਪ੍ਰੇਮ ਨੂੰ ਮਧ ਨਾਲੋਂ ਵੱਧ ਯਾਦ ਕਰਾਂਗੀਆਂ,
ਉਹ ਸੱਚ-ਮੁੱਚ ਤੈਨੂੰ ਪਿਆਰ ਕਰਦੀਆਂ ਹਨ ।

5ਹੇ ਯਰੂਸ਼ਲਮ ਦੀਓ ਧੀਓ,
ਮੈਂ ਹਾਂ ਤਾਂ ਕਾਲੀ ਕਲੂਟੀ ਪਰ ਸੋਹਣੀ ਹਾਂ,
ਕੇਦਾਰ ਦੇ ਤੰਬੂਆਂ ਵਰਗੀ,
ਸੁਲੇਮਾਨ ਦੇ ਪਰਦਿਆਂ ਦੇ ਵਾਂਗੂੰ ।

6ਮੈਨੂੰ ਘੂਰ ਕੇ ਨਾ ਵੇਖੋ, ਮੈਂ ਕਾਲੀ ਕਲੂਟੀ ਹਾਂ,
ਸੂਰਜ ਦੀ ਤਪਸ਼ ਨੇ ਮੈਨੂੰ ਝੁਲਸਾ ਦਿੱਤਾ ।
ਮੇਰੀ ਮਾਂ ਦੇ ਪੁੱਤਰ ਮੇਰੇ ਤੋਂ ਗੁੱਸੇ ਸਨ,
ਉਨ੍ਹਾਂ ਨੇ ਮੈਨੂੰ ਅੰਗੂਰੀ ਬਾਗ਼ਾਂ ਦੀ ਰਾਖੀ ਉੱਤੇ ਲਾਇਆ,
ਪਰ ਮੈਂ ਆਪਣੇ ਨਿੱਜੀ ਅੰਗੂਰੀ ਬਾਗ਼ ਦੀ ਰਾਖੀ ਨਾ ਕੀਤੀ ।

7ਮੈਨੂੰ ਦੱਸ, ਹੇ ਮੇਰੇ ਪ੍ਰਾਣ ਪਿਆਰੇ,
ਤੂੰ ਕਿੱਥੇ ਇੱਜੜ ਚਾਰਦਾ ਤੇ ਦੁਪਹਿਰ ਦੇ ਵੇਲੇ ਕਿੱਥੇ ਬਿਠਾਉਂਦਾ ਹੈ ?
ਮੈਂ ਕਿਉਂ ਘੁੰਡ ਵਾਲੀ ਵਾਂਗੂੰ ਤੇਰੇ ਸਾਥੀਆਂ ਦੇ ਇੱਜੜਾਂ ਦੇ ਕੋਲ ਹੋਵਾਂ ?

8ਹੇ ਇਸਤਰੀਆਂ ਵਿੱਚੋਂ ਰੂਪਵੰਤੀਏ,
ਜੇ ਤੂੰ ਨਹੀਂ ਜਾਣਦੀ ਤਾਂ ਤੂੰ ਇੱਜੜ ਦੀ ਪੈੜ ਉੱਤੇ ਚੱਲੀ ਜਾ
ਅਤੇ ਆਪਣੀਆਂ ਮੇਮਣੀਆਂ ਨੂੰ ਆਜੜੀਆਂ ਦੇ ਵਸੇਬਿਆਂ ਕੋਲ ਚਾਰ ।

9ਹੇ ਮੇਰੀ ਪ੍ਰੀਤਮਾ,
ਮੈਂ ਤੇਰੀ ਤੁਲਨਾ ਫ਼ਿਰਊਨ ਦੇ ਰਥਾਂ ਵਿੱਚ ਜੋਹੀ ਹੋਈ ਘੋੜੀ ਨਾਲ ਕੀਤੀ ਹੈ l
10ਤੇਰੀਆਂ ਗੱਲ੍ਹਾਂ ਬਾਲ਼ੀਆਂ ਨਾਲ ਸੋਹਣੀਆਂ ਹਨ,
ਤੇਰੀ ਗਰਦਨ ਮੋਤੀਆਂ ਦੀ ਮਾਲਾ ਨਾਲ ।

11ਅਸੀਂ ਤੇਰੇ ਲਈ ਸੋਨੇ ਦੇ ਹਾਰ ਚਾਂਦੀ ਦੇ ਫੁੱਲਾਂ ਨਾਲ ਬਣਾਵਾਂਗੇ ।

12ਜਦ ਤੱਕ ਰਾਜਾ ਆਪਣੀ ਮੇਜ਼ ਤੇ ਸੀ,
ਮੇਰੇ ਜਟਾ-ਮਾਸੀ ਅਤਰ ਦੀ ਸੁੰਗਧ ਫੈਲਦੀ ਰਹੀ ।
13ਮੇਰਾ ਬਾਲਮ ਮੇਰੇ ਲਈ ਗੰਧਰਸ ਦੀ ਪੁੜੀ ਹੈ,
ਜੋ ਮੇਰੀਆਂ ਛਾਤੀਆਂ ਵਿਚਕਾਰ ਰਾਤ ਕੱਟਦਾ ਹੈ ।
14ਮੇਰਾ ਬਾਲਮ ਮੇਰੇ ਲਈ ਮਹਿੰਦੀ ਦੇ ਫੁੱਲਾਂ ਦਾ ਗੁੱਛਾ ਹੈ,
ਜੋ ਏਨ-ਗਦੀ ਦੇ ਬਗ਼ੀਚਿਆਂ ਵਿੱਚ ਹੈ ।

15ਵੇਖ, ਮੇਰੀ ਪ੍ਰੀਤਮਾ, ਤੂੰ ਰੂਪਵੰਤ ਹੈਂ,
ਵੇਖ, ਤੂੰ ਰੂਪਵੰਤ ਹੈ,
ਤੇਰੀਆਂ ਅੱਖਾਂ ਕਬੂਤਰੀ ਦੀਆਂ ਅੱਖਾਂ ਵਰਗੀਆਂ ਹਨ ।

16ਹੇ ਮੇਰੇ ਬਾਲਮ ਵੇਖ, ਤੂੰ ਰੂਪਵੰਤ ਹੈਂ, ਤੂੰ ਸੱਚ-ਮੁੱਚ ਮਨ ਭਾਉਂਦਾ ਹੈਂ,
ਸਾਡੀ ਸੇਜ ਹਰੀ-ਭਰੀ ਹੈ ।
17ਸਾਡੇ ਘਰ ਦੇ ਸ਼ਤੀਰ ਦਿਆਰ ਦੇ
ਅਤੇ ਸਾਡੀਆਂ ਕੜੀਆਂ ਸਨੌਵਰ ਦੀਆਂ ਹਨ ।

2

1ਮੈਂ ਸ਼ਾਰੋਨ ਦਾ ਗੁਲਾਬ

ਅਤੇ ਵਾਦੀਆਂ ਦਾ ਸੋਸਨ ਹਾਂ ।

2ਜਿਵੇਂ ਸੋਸਨ ਝਾੜੀਆਂ ਦੇ ਵਿੱਚ
ਉਸੇ ਤਰ੍ਹਾਂ ਹੀ ਮੇਰੀ ਪ੍ਰੀਤਮਾ ਧੀਆਂ ਦੇ ਵਿੱਚ ਹੈ ।

3ਜਿਵੇਂ ਸੇਬ ਦਾ ਰੁੱਖ ਬਣ ਦੇ ਰੁੱਖਾਂ ਦੇ ਵਿਚਕਾਰ ਹੈ,
ਉਸੇ ਤਰ੍ਹਾਂ ਹੀ ਮੇਰਾ ਪ੍ਰੇਮੀ ਜਵਾਨਾਂ ਦੇ ਵਿੱਚ ਹੈ ।
ਮੈਂ ਵੱਡੀ ਚਾਅ ਨਾਲ ਉਸ ਦੀ ਛਾਂ ਵਿੱਚ ਬੈਠੀ ਸੀ,
ਉਸ ਦਾ ਫਲ ਮੈਨੂੰ ਖਾਣ ਵਿੱਚ ਮਿੱਠਾ ਲੱਗਦਾ ਸੀ ।
4ਉਹ ਮੈਨੂੰ ਦਾਵਤ-ਖਾਨੇ ਵਿੱਚ ਲੈ ਆਇਆ,
ਉਹ ਦੇ ਪਿਆਰ ਦਾ ਝੰਡਾ ਮੇਰੇ ਉੱਪਰ ਸੀ ।
5ਮੈਨੂੰ ਸੌਗੀ ਨਾਲ ਸਹਾਰਾ ਦਿਓ,
ਸੇਬਾਂ ਨਾਲ ਮੈਨੂੰ ਤਰੋਤਾਜ਼ਾ ਕਰੋ,
ਕਿਉਂ ਜੋ ਮੈਂ ਪ੍ਰੀਤ ਦੀ ਰੋਗਣ ਹਾਂ ।
6ਕਾਸ਼ ਉਸ ਦਾ ਖੱਬਾ ਹੱਥ ਮੇਰੇ ਸਿਰ ਦੇ ਹੇਠ ਹੁੰਦਾ
ਅਤੇ ਉਸ ਦਾ ਸੱਜਾ ਹੱਥ ਮੈਨੂੰ ਘੇਰੇ ਵਿੱਚ ਲੈਂਦਾ !
7ਹੇ ਯਰੂਸ਼ਲਮ ਦੀਓ ਧੀਓ,
ਮੈਂ ਤੁਹਾਨੂੰ ਚਕਾਰਿਆਂ,
ਅਤੇ ਖੇਤ ਦੀਆਂ ਹਰਨੀਆਂ ਦੀ ਸਹੁੰ ਚੁਕਾਉਂਦੀ ਹਾਂ,
ਤੁਸੀਂ ਪ੍ਰੀਤ ਨੂੰ ਨਾ ਉਕਸਾਓ, ਨਾ ਜਗਾਓ,
ਜਦ ਤੱਕ ਉਸ ਨੂੰ ਆਪ ਨਾ ਭਾਵੇ !
ਦੂਸਰਾ ਗੀਤ

8ਮੇਰੇ ਪ੍ਰੇਮੀ ਦੀ ਅਵਾਜ਼ ਸੁਣਾਈ ਦਿੰਦੀ ਹੈ !
ਵੇਖੋ, ਉਹ ਆ ਰਿਹਾ ਹੈ,
ਪਹਾੜਾਂ ਦੇ ਉੱਪਰ ਦੀ ਛਾਲਾਂ ਮਾਰਦਾ
ਅਤੇ ਟਿੱਲਿਆਂ ਦੇ ਉੱਪਰੋਂ ਕੁੱਦਦਾ ਹੋਇਆ !
9ਮੇਰਾ ਪ੍ਰੇਮੀ ਚਕਾਰੇ ਜਾਂ ਜੁਆਨ ਹਿਰਨ ਵਾਂਗੂੰ ਹੈ !
ਵੇਖੋ, ਉਹ ਸਾਡੀ ਕੰਧ ਦੇ ਪਿੱਛੇ ਖੜ੍ਹਾ ਹੈ,
ਉਹ ਤਾਕੀਆਂ ਵਿੱਚੋਂ ਦੀ ਝਾਕਦਾ
ਅਤੇ ਝਰੋਖਿਆਂ ਵਿੱਚੋਂ ਤੱਕਦਾ ਹੈ !

10ਮੇਰੇ ਪ੍ਰੇਮੀ ਨੇ ਮੈਨੂੰ ਉੱਤਰ ਦੇ ਕੇ ਆਖਿਆ,
ਮੇਰੀ ਪ੍ਰੀਤਮਾ, ਮੇਰੀ ਰੂਪਵੰਤੀ, ਉੱਠ ਤੇ ਚੱਲੀ ਆ,
11ਕਿਉਂ ਜੋ ਵੇਖ, ਸਰਦੀਆਂ ਲੰਘ ਗਈਆਂ ਹਨ,
ਮੀਂਹ ਵੀ ਪੈ ਕੇ ਚਲਾ ਗਿਆ ਹੈ,
12ਧਰਤੀ ਉੱਤੇ ਫੁੱਲ ਵਿਖਾਈ ਦਿੰਦੇ ਹਨ,
ਗਾਉਣ ਦਾ ਸਮਾਂ ਆ ਗਿਆ ਹੈ
ਅਤੇ ਸਾਡੀ ਧਰਤੀ ਵਿੱਚ ਘੁੱਗੀ ਦੀ ਅਵਾਜ਼ ਸੁਣਾਈ ਦਿੰਦੀ ਹੈ ।
13ਹੰਜ਼ੀਰ ਆਪਣੇ ਫਲ ਪਕਾਉਂਦੀ ਹੈ,
ਅੰਗੂਰ ਫਲ ਰਹੇ ਹਨ,
ਉਹ ਆਪਣੀ ਸੁਗੰਧ ਦਿੰਦੇ ਹਨ,
ਹੇ ਮੇਰੀ ਪ੍ਰੀਤਮਾ, ਮੇਰੀ ਰੂਪਵੰਤੀ,
ਉੱਠ ਤੇ ਚੱਲੀ ਆ !

14ਹੇ ਮੇਰੀਏ ਕਬੂਤਰੀਏ, ਜਿਹੜੀ ਚੱਟਾਨ ਦੀਆਂ ਦਰਾਰਾਂ ਵਿੱਚ,
ਢਲਾਣ ਦੇ ਓਹਲੇ ਵਿੱਚ ਹੈ,
ਮੈਨੂੰ ਆਪਣਾ ਚਿਹਰਾ ਵਿਖਾ,
ਮੈਨੂੰ ਆਪਣੀ ਅਵਾਜ਼ ਸੁਣਾ
ਕਿਉਂ ਜੋ ਤੇਰੀ ਅਵਾਜ਼ ਰਸੀਲੀ ਅਤੇ ਤੇਰਾ ਚਿਹਰਾ ਸੋਹਣਾ ਹੈ ।
15ਸਾਡੇ ਲਈ ਲੂੰਬੜੀਆਂ ਨੂੰ ਸਗੋਂ ਛੋਟੀਆਂ ਲੂੰਬੜੀਆਂ ਨੂੰ ਫੜੋ,
ਜੋ ਅੰਗੂਰੀ ਬਾਗ਼ ਨੂੰ ਖ਼ਰਾਬ ਕਰਦੀਆਂ ਹਨ,
ਸਾਡੇ ਅੰਗੂਰੀ ਬਾਗ਼ ਤਾਂ ਖਿੜ ਰਹੇ ਹਨ ।

16ਮੇਰਾ ਬਾਲਮ ਮੇਰਾ ਹੈ ਅਤੇ ਮੈਂ ਉਸ ਦੀ ਹਾਂ,
ਉਹ ਸੋਸਨਾਂ ਵਿੱਚ ਚਰਾਉਂਦਾ ਹੈ ।
17ਜਦ ਤੱਕ ਦਿਨ ਢਲ ਨਾ ਜਾਵੇ ਅਤੇ ਪਰਛਾਵੇਂ ਮਿਟ ਨਾ ਜਾਣ,
ਤਦ ਤੱਕ ਹੇ ਮੇਰੇ ਬਾਲਮ,
ਮੁੜ ਤੇ ਚਕਾਰੇ ਵਾਂਗੂੰ ਜਾਂ ਜੁਆਨ ਹਿਰਨ ਵਾਂਗਰ ਬਣ
ਜਿਹੜਾ ਬਥਰ ਦੇ ਪਹਾੜਾਂ ਉੱਤੇ ਫਿਰਦਾ ਹੈ ।

3

1ਰਾਤ ਨੂੰ ਮੈਂ ਆਪਣੇ ਪਲੰਗ ਉੱਤੇ,

ਆਪਣੇ ਪ੍ਰਾਣ ਪਿਆਰੇ ਨੂੰ ਭਾਲਿਆ,
ਮੈਂ ਉਹ ਨੂੰ ਭਾਲਿਆ ਪਰ ਉਹ ਮੈਨੂੰ ਨਹੀਂ ਮਿਲਿਆ ।
2ਮੈਂ ਹੁਣ ਉੱਠਾਂਗੀ, ਮੈਂ ਸ਼ਹਿਰ ਵਿੱਚ ਐਧਰ ਓਧਰ ਫਿਰਾਂਗੀ,
ਮੈਂ ਗਲੀਆਂ ਵਿੱਚ ਅਤੇ ਚੌਕਾਂ ਵਿੱਚ ਆਪਣੇ ਪ੍ਰਾਣ ਪਿਆਰੇ ਨੂੰ ਭਾਲਾਂਗੀ ।
ਮੈਂ ਉਹ ਨੂੰ ਭਾਲਿਆ ਪਰ ਉਹ ਮੈਨੂੰ ਨਹੀਂ ਮਿਲਿਆ ।
3ਰਾਖੇ ਜਿਹੜੇ ਸ਼ਹਿਰ ਵਿੱਚ ਫਿਰਦੇ ਸਨ ਮੈਨੂੰ ਮਿਲੇ,
"ਕੀ ਤੁਸੀਂ ਮੇਰੇ ਪ੍ਰਾਣ ਪਿਆਰੇ ਨੂੰ ਵੇਖਿਆ ਹੈ ? "
4ਮੈਂ ਉਨ੍ਹਾਂ ਤੋਂ ਥੋੜ੍ਹਾ ਹੀ ਅੱਗੇ ਲੰਘੀ ਸੀ
ਕਿ ਮੈਂ ਆਪਣੇ ਪ੍ਰਾਣ ਪਿਆਰੇ ਨੂੰ ਲੱਭ ਲਿਆ ।
ਮੈਂ ਉਹ ਨੂੰ ਫੜ੍ਹ ਲਿਆ ਅਤੇ ਛੱਡਿਆ ਨਾ,
ਜਦ ਤੱਕ ਮੈਂ ਉਹ ਨੂੰ ਆਪਣੀ ਮਾਂ ਦੇ ਘਰ
ਅਤੇ ਆਪਣੇ ਜਣਨੀ ਦੀ ਕੋਠਰੀ ਵਿੱਚ ਨਾ ਲੈ ਗਈ ।

5ਹੇ ਯਰੂਸ਼ਲਮ ਦੀਓ ਧੀਓ,
ਮੈਂ ਤੁਹਾਨੂੰ ਚਕਾਰਿਆਂ ਅਤੇ ਖੇਤ ਦੀਆਂ ਹਰਨੀਆਂ ਦੀ ਸਹੁੰ ਚੁਕਾਉਂਦੀ ਹਾਂ,
ਤੁਸੀਂ ਪ੍ਰੀਤ ਨੂੰ ਨਾ ਉਕਸਾਓ, ਨਾ ਜਗਾਓ,
ਜਦ ਤੱਕ ਉਸ ਨੂੰ ਆਪ ਨਾ ਭਾਵੇ !
ਤੀਸਰਾ ਗੀਤ

6ਇਹ ਕੌਣ ਹੈ ਜਿਹੜਾ ਧੂੰਏਂ ਦੇ ਥੰਮ੍ਹਾਂ ਵਾਂਗੂੰ,
ਗੰਧਰਸ ਅਤੇ ਲੁਬਾਨ ਦੀ ਸੁਗੰਧੀ ਨਾਲ
ਅਤੇ ਵਪਾਰੀਆਂ ਦੇ ਸਾਰੇ ਮਸਾਲਿਆਂ ਨਾਲ ਉਜਾੜ ਵੱਲੋਂ ਆਉਂਦਾ ਹੈ ?
7ਵੇਖੋ, ਇਹ ਸੁਲੇਮਾਨ ਦੀ ਪਾਲਕੀ ਹੈ,
ਉਸ ਦੇ ਆਲੇ-ਦੁਆਲੇ ਸੱਠ ਸੂਰਮੇ ਹਨ,
ਜਿਹੜੇ ਇਸਰਾਏਲ ਦੇ ਸੂਰਮਿਆਂ ਵਿੱਚੋਂ ਹਨ ।
8ਉਹ ਸਾਰੇ ਤਲਵਾਰ ਧਾਰੀ ਹਨ,
ਉਹ ਯੁੱਧ ਵਿੱਚ ਨਿਪੁੰਨ ਹਨ,
ਉਨ੍ਹਾਂ ਵਿੱਚੋਂ ਹਰ ਇੱਕ ਰਾਤਾਂ ਦੇ ਡਰ ਦੇ ਕਾਰਨ
ਆਪਣੀ ਤਲਵਾਰ ਆਪਣੇ ਪੱਟ ਉੱਤੇ ਲਟਕਾਈ ਰੱਖਦਾ ਹੈ ।

9ਸੁਲੇਮਾਨ ਰਾਜਾ ਨੇ ਲਬਾਨੋਨ ਦੀ ਲੱਕੜੀ ਦੀ
ਆਪਣੇ ਲਈ ਇੱਕ ਪਾਲਕੀ ਬਣਵਾਈ ਹੈ ।
10ਉਸ ਦੇ ਥੰਮ੍ਹ ਚਾਂਦੀ ਦੇ
ਅਤੇ ਉਸ ਦਾ ਛਤ੍ਰ ਸੋਨੇ ਦਾ
ਅਤੇ ਉਸ ਦੀ ਗੱਦੀ ਬੈਂਗਣੀ ਰੰਗ ਦੀ ਬਣਵਾਈ ਹੈ,
ਉਸ ਦਾ ਅੰਦਰਲਾ ਹਿੱਸਾ ਯਰੂਸ਼ਲਮ ਦੀਆਂ ਧੀਆਂ ਵੱਲੋਂ,
ਬੜੇ ਪ੍ਰੇਮ ਨਾਲ ਜੋੜਿਆ ਗਿਆ ਹੈ ।

11ਹੇ ਸੀਯੋਨ ਦੀਓ ਧੀਓ, ਜ਼ਰਾ ਬਾਹਰ ਨਿੱਕਲੋ ਅਤੇ ਸੁਲੇਮਾਨ ਰਾਜਾ ਨੂੰ ਵੇਖੋ,
ਉਸਨੇ ਉਹ ਤਾਜ ਪਾਇਆ ਹੈ,
ਜਿਹੜਾ ਉਹ ਦੀ ਮਾਤਾ ਨੇ ਉਹ ਦੇ ਵਿਆਹ ਦੇ ਦਿਨ
ਅਤੇ ਉਹ ਦੇ ਮਨ ਦੇ ਆਨੰਦ ਦੇ ਦਿਨ ਉਹ ਦੇ ਸਿਰ ਉੱਤੇ ਰੱਖਿਆ ਸੀ ।

4

1ਵੇਖ, ਹੇ ਮੇਰੀ ਪ੍ਰੀਤਮਾ, ਤੂੰ ਰੂਪਵੰਤ ਹੈ !

ਵੇਖ, ਤੂੰ ਰੂਪਵੰਤ ਹੈ,
ਤੇਰੀਆਂ ਅੱਖਾਂ ਤੇਰੇ ਘੁੰਡ ਦੇ ਹੇਠ ਕਬੂਤਰੀ ਵਰਗੀਆਂ ਹਨ,
ਤੇਰੇ ਵਾਲ ਉਨ੍ਹਾਂ ਬੱਕਰੀਆਂ ਦੇ ਝੁੰਡ ਵਾਂਗੂੰ ਹਨ,
ਜਿਹੜੀਆਂ ਗਿਲਆਦ ਪਹਾੜ ਦੇ ਹੇਠਾਂ ਬੈਠੀਆਂ ਹਨ ।
2ਤੇਰੇ ਦੰਦ ਮੁੰਨੀਆਂ ਹੋਇਆ ਭੇਡਾਂ ਦੇ ਇੱਜੜ ਵਾਂਗੂੰ ਹਨ,
ਜਿਹੜੀਆਂ ਨਹਾ ਕੇ ਉਤਾਹਾਂ ਆਈਆਂ ਹਨ,
ਜਿਹੜੀਆਂ ਸਾਰੀਆਂ ਜੋੜਿਆਂ ਨੂੰ ਜੰਮਦੀਆਂ ਹਨ,
ਉਨ੍ਹਾਂ ਵਿੱਚੋਂ ਕੋਈ ਇਕੱਲੀ ਨਹੀਂ ।
3ਤੇਰੇ ਬੁੱਲ ਲਾਲ ਡੋਰੀ ਵਰਗੇ ਹਨ,
ਤੇਰਾ ਮੂੰਹ ਸੋਹਣਾ ਹੈ,
ਤੇਰੀਆਂ ਗੱਲਾਂ ਘੁੰਡ ਦੇ ਹੇਠ ਅਨਾਰ ਦੇ ਟੁੱਕੜਿਆਂ ਵਾਂਗੂੰ ਹਨ ।
4ਤੇਰੀ ਗਰਦਨ ਦਾਊਦ ਦੇ ਬੁਰਜ ਵਾਂਗੂੰ ਹੈ,
ਜਿਹੜਾ ਸ਼ਸਤਰ-ਖਾਨੇ ਲਈ ਬਣਾਇਆ ਗਿਆ ਹੈ,
ਜਿਸ ਦੇ ਉੱਤੇ ਹਜ਼ਾਰ ਢਾਲਾਂ ਲਟਕਾਈਆਂ ਹੋਈਆਂ ਹਨ,
ਉਹ ਸਾਰੀਆਂ ਸੂਰਮਿਆਂ ਦੀਆਂ ਢਾਲਾਂ ਹਨ ।
5ਤੇਰੀਆਂ ਦੋਵੇਂ ਛਾਤੀਆਂ ਹਿਰਨੀਆਂ ਦੇ ਜੁੜਵਾਂ ਬੱਚਿਆਂ ਵਾਂਗੂੰ ਹਨ,
ਜਿਹੜੇ ਸੋਸਨਾਂ ਦੇ ਵਿੱਚ ਚੁਗਦੇ ਹਨ ।

6ਜਦ ਤੱਕ ਦਿਨ ਢਲ ਨਾ ਜਾਵੇ ਅਤੇ ਪਰਛਾਵੇਂ ਮਿਟ ਨਾ ਜਾਣ,
ਮੈਂ ਗੰਧਰਸ ਦੇ ਪਹਾੜ ਅਤੇ ਲੁਬਾਨ ਦੇ ਟਿੱਲੇ ਉੱਤੇ ਚਲਾ ਜਾਂਵਾਂਗਾ ।

7ਹੇ ਮੇਰੀ ਪ੍ਰੀਤਮਾ, ਤੂੰ ਸਾਰੀ ਦੀ ਸਾਰੀ ਰੂਪਵੰਤ ਹੈਂ,
ਤੇਰੇ ਵਿੱਚ ਕੋਈ ਦੋਸ਼ ਨਹੀਂ ।
8ਹੇ ਮੇਰੀ ਵਹੁਟੀਏ, ਤੂੰ ਲਬਾਨੋਨ ਤੋਂ ਮੇਰੇ ਸੰਗ ਆ,
ਲਬਾਨੋਨ ਤੋਂ ਮੇਰੇ ਸੰਗ ਆ,
ਤੂੰ ਅਮਾਨਾਹ ਦੀ ਚੋਟੀ ਤੋਂ,
ਸ਼ਨੀਰ ਤੇ ਹਰਮੋਨ ਦੀ ਚੋਟੀ ਤੋਂ,
ਸ਼ੇਰਾਂ ਦਿਆਂ ਘੁਰਨਿਆਂ ਤੋਂ,
ਚੀਤਿਆਂ ਦੇ ਪਹਾੜਾਂ ਤੋਂ ਚੱਲੀ ਆ ।

9ਹੇ ਮੇਰੀ ਪਿਆਰੀ, ਮੇਰੀ ਵਹੁਟੀਏ, ਤੂੰ ਮੇਰਾ ਮਨ ਲੁੱਟ ਲਿਆ ਹੈ,
ਤੂੰ ਆਪਣੀ ਇੱਕ ਨਜ਼ਰ ਨਾਲ ਮੇਰਾ ਮਨ ਲੁੱਟ ਲਿਆ ਹੈ,
ਆਪਣੀ ਗਰਦਨ ਦੀ ਮਾਲਾ ਦੇ ਇੱਕ ਮੋਤੀ ਨਾਲ !
10ਹੇ ਮੇਰੀ ਪਿਆਰੀ, ਮੇਰੀ ਵਹੁਟੀਏ, ਤੇਰਾ ਪ੍ਰੇਮ ਕਿੰਨਾ ਸੋਹਣਾ ਹੈ,
ਤੇਰਾ ਪ੍ਰੇਮ ਮਧ ਨਾਲੋਂ,
ਅਤੇ ਤੇਰੇ ਅਤਰ ਦੀ ਸੁਗੰਧ ਸਾਰਿਆਂ ਮਸਾਲਿਆਂ ਨਾਲੋਂ ਕਿੰਨੀ ਚੰਗੀ ਹੈ !
11ਹੇ ਮੇਰੀ ਵਹੁਟੀਏ, ਤੇਰੇ ਬੁੱਲਾਂ ਤੋਂ ਸ਼ਹਿਦ ਚੋ ਰਿਹਾ ਹੈ,
ਤੇਰੀ ਜੀਭ ਦੇ ਹੇਠ ਸ਼ਹਿਦ ਅਤੇ ਦੁੱਧ ਹੈ,
ਤੇਰੀ ਪੁਸ਼ਾਕ ਦੀ ਸੁਗੰਧ ਲਬਾਨੋਨ ਦੀ ਸੁਗੰਧ ਵਾਂਗੂੰ ਹੈ ।
12ਮੇਰੀ ਪਿਆਰੀ, ਮੇਰੀ ਵਹੁਟੀ ਇੱਕ ਬੰਦ ਕੀਤੇ ਹੋਏ ਬਗੀਚੇ ਵਰਗੀ ਹੈ,
ਇੱਕ ਬੰਦ ਕੀਤਾ ਹੋਇਆ ਸੋਤਾ
ਅਤੇ ਮੋਹਰ ਲਾਇਆ ਹੋਇਆ ਚਸ਼ਮਾ ਹੈ ।
13ਤੇਰੀਆਂ ਟਹਿਣੀਆਂ ਉੱਤਮ ਫਲਾਂ ਨਾਲ ਭਰੇ ਅਨਾਰ ਦਾ ਬਾਗ਼ ਹਨ,
ਜਿੱਥੇ ਮਹਿੰਦੀ ਤੇ ਜਟਾਂ ਮਾਸੀ,
14ਜਟਾਂ ਮਾਸੀ ਅਤੇ ਕੇਸਰ,
ਬੇਦ-ਮੁਸ਼ਕ ਅਤੇ ਦਾਲਚੀਨੀ, ਲੁਬਾਨ ਦੇ ਸਾਰੇ ਰੁੱਖ,
ਗੰਧਰਸ ਤੇ ਕੇਉੜਾ ਸਭ ਉੱਤਮ ਮਸਾਲੇ ਹੁੰਦੇ ਹਨ ।
15ਤੂੰ ਬਾਗ਼ਾਂ ਦਾ ਇੱਕ ਸੋਤਾ,
ਅੰਮ੍ਰਿਤ ਜਲ ਦਾ ਇੱਕ ਖੂਹ
ਅਤੇ ਲਬਾਨੋਨ ਤੋਂ ਵਗਦੀ ਹੋਈ ਨਦੀ ਹੈਂ ।

16ਹੇ ਉੱਤਰ ਦੀਏ ਪੌਣੇ, ਜਾਗ ! ਹੇ ਦੱਖਣ ਦੀਏ ਪੌਣੇ, ਆ,
ਮੇਰੇ ਬਾਗ਼ ਉੱਤੇ ਵਗ ਕਿ ਇਸ ਦੀ ਖੁਸ਼ਬੂ ਫੈਲੇ ।
ਮੇਰਾ ਬਾਲਮ ਆਪਣੇ ਬਾਗ਼ ਵਿੱਚ ਆਵੇ
ਅਤੇ ਆਪਣੇ ਮਿੱਠੇ ਫਲ ਖਾਵੇ ।

5

1ਹੇ ਮੇਰੀ ਪਿਆਰੀ, ਮੇਰੀ ਵਹੁਟੀਏ,

ਮੈਂ ਆਪਣੇ ਬਾਗ਼ ਵਿੱਚ ਆਇਆ ਹਾਂ,
ਮੈਂ ਆਪਣਾ ਗੰਧਰਸ ਆਪਣੇ ਮਸਾਲੇ ਸਮੇਤ ਇਕੱਠਾ ਕਰ ਲਿਆ ਹੈ,
ਮੈਂ ਸ਼ਹਿਦ ਸਮੇਤ ਆਪਣਾ ਛੱਤਾ ਖਾ ਲਿਆ ਹੈ,
ਮੈਂ ਆਪਣੀ ਮਧ ਦੁੱਧ ਸਮੇਤ ਪੀ ਲਈ ਹੈ ।

ਸਾਥੀਓ, ਖਾਓ !

ਪਿਆਰਿਓ, ਪੀਓ, ਰੱਜ ਕੇ ਪੀਓ !

ਚੌਥਾ ਗੀਤ

2ਮੈਂ ਸੁੱਤੀ ਹੋਈ ਸੀ ਪਰ ਮੇਰਾ ਮਨ ਜਾਗਦਾ ਸੀ,
ਇਹ ਮੇਰੇ ਬਾਲਮ ਦੀ ਅਵਾਜ਼ ਹੈ ਜਿਹੜਾ ਖੜਕਾਉਂਦਾ ਹੈ,
"ਹੇ ਮੇਰੀ ਪਿਆਰੀ, ਮੇਰੀ ਪ੍ਰੀਤਮਾ, ਮੇਰੀ ਕਬੂਤਰੀ, ਮੇਰੀ ਨਿਰਮਲ, ਮੇਰੇ ਲਈ ਬੂਹਾ ਖੋਲ੍ਹ !
ਮੇਰਾ ਸਿਰ ਤ੍ਰੇਲ ਨਾਲ ਭਰਿਆ ਹੋਇਆ ਹੈ,
ਮੇਰੀਆਂ ਲਟਾਂ ਰਾਤ ਦੀਆਂ ਬੂੰਦਾਂ ਨਾਲ ਭਿੱਜੀਆਂ ਹੋਈਆਂ ਹਨ ।
3ਮੈਂ ਆਪਣਾ ਕੁੜਤਾ ਲਾਹ ਚੁੱਕੀ ਹਾਂ,
ਮੈਂ ਉਹ ਨੂੰ ਕਿਵੇਂ ਪਾਵਾਂ ?
ਮੈਂ ਆਪਣੇ ਪੈਰ ਧੋ ਚੁੱਕੀ ਹਾਂ, ਮੈਂ ਉਨ੍ਹਾਂ ਨੂੰ ਮੈਲੇ ਕਿਵੇਂ ਕਰਾਂ ?
4ਮੇਰੇ ਬਾਲਮ ਨੇ ਛੇਕ ਦੇ ਵਿੱਚੋਂ ਦੀ ਹੱਥ ਪਾਇਆ,
ਮੇਰਾ ਦਿਲ ਉਹ ਦੇ ਕਾਰਨ ਉੱਛਲ ਪਿਆ !
5ਮੈਂ ਉੱਠੀ ਕਿ ਆਪਣੇ ਬਾਲਮ ਲਈ ਦਰਵਾਜ਼ਾ ਖੋਲ੍ਹਾਂ,
ਮੇਰੇ ਹੱਥਾਂ ਤੋਂ ਗੰਧਰਸ
ਅਤੇ ਮੇਰੀਆਂ ਉਂਗਲੀਆਂ ਤੋਂ ਵੀ ਪਤਲਾ ਗੰਧਰਸ
ਬੂਹੇ ਦੇ ਕੁੰਡੇ ਉੱਤੇ ਚੋ ਪਿਆ ।
6ਮੈਂ ਆਪਣੇ ਬਾਲਮ ਲਈ ਖੋਲ੍ਹਿਆ
ਪਰ ਮੇਰਾ ਬਾਲਮ ਮੁੜ ਕੇ ਚਲਾ ਗਿਆ ਸੀ,
ਮੇਰਾ ਦਿਲ ਘਬਰਾ ਗਿਆ ਜਦ ਉਹ ਬੋਲਿਆ,
ਮੈਂ ਉਹ ਨੂੰ ਭਾਲਿਆ ਪਰ ਉਹ ਲੱਭਾ ਨਾ,
ਮੈਂ ਉਹ ਨੂੰ ਪੁਕਾਰਿਆ ਪਰ ਉਸ ਮੈਨੂੰ ਉੱਤਰ ਨਾ ਦਿੱਤਾ ।
7ਪਹਿਰੇਦਾਰ ਜਿਹੜੇ ਸ਼ਹਿਰ ਵਿੱਚ ਫਿਰਦੇ ਸਨ ਮੈਨੂੰ ਮਿਲੇ,
ਉਨ੍ਹਾਂ ਨੇ ਮੈਨੂੰ ਮਾਰਿਆ ਤੇ ਜ਼ਖ਼ਮੀ ਕਰ ਸੁੱਟਿਆ,
ਸ਼ਹਿਰ ਪਨਾਹ ਦੇ ਪਹਿਰੇਦਾਰਾਂ ਨੇ ਮੇਰੀ ਚਾਦਰ ਮੇਰੇ ਉੱਤੋਂ ਲਾਹ ਲਈ ।

8ਹੇ ਯਰੂਸ਼ਲਮ ਦੀਓ ਧੀਓ,
ਮੈਂ ਤੁਹਾਨੂੰ ਸਹੁੰ ਚੁਕਾਉਂਦੀ ਹਾਂ,
ਜੇ ਮੇਰਾ ਬਾਲਮ ਤੁਹਾਨੂੰ ਮਿਲ ਜਾਵੇ,
ਤਾਂ ਉਸ ਨੂੰ ਦੱਸਣਾ ਕਿ ਮੈ ਪ੍ਰੀਤ ਦੀ ਰੋਗਣ ਹਾਂ ।

9ਤੇਰਾ ਬਾਲਮ ਦੂਜੇ ਬਲਮਾਂ ਨਾਲੋਂ ਕਿਵੇਂ ਵੱਧ ਹੈ,
ਹੇ ਇਸਤਰੀਆਂ ਵਿੱਚੋਂ ਰੂਪਵੰਤ ! ਤੇਰਾ ਬਾਲਮ ਦੂਜੇ ਬਲਮਾਂ ਨਾਲੋਂ ਕਿਵੇਂ ਵੱਧ ਹੈ,
ਜੋ ਤੂੰ ਸਾਨੂੰ ਅਜਿਹੀ ਸਹੁੰ ਚੁਕਾਉਂਦੀ ਹੈਂ !

10ਮੇਰਾ ਬਾਲਮ ਗੋਰਾ ਤੇ ਲਾਲ ਹੈ,
ਉਹ ਦਸ ਹਜ਼ਾਰਾਂ ਵਿੱਚੋਂ ਉੱਤਮ ਹੈ !
11ਉਸ ਦਾ ਸਿਰ ਕੁੰਦਨ ਸੋਨਾ ਹੈ,
ਉਸ ਦੇ ਵਾਲ ਘੁੰਗਰਾਲੇ ਤੇ ਪਹਾੜੀ ਕਾਂ ਵਾਂਗੂੰ ਕਾਲੇ ਹਨ ।
12ਉਸ ਦੀਆਂ ਅੱਖਾਂ ਪਾਣੀ ਦੀਆਂ ਨਦੀਆਂ ਉੱਤੇ ਕਬੂਤਰਾਂ ਵਾਂਗੂੰ ਹਨ,
ਜਿਹੜੇ ਦੁੱਧ ਨਾਲ ਨਹਾ ਕੇ ਆਪਣੇ ਝੁੰਡ ਦੇ ਨਾਲ ਕਤਾਰ ਵਿੱਚ ਬੈਠੇ ਹਨ ।
13ਉਸ ਦੀਆਂ ਗੱਲਾਂ ਬਲਸਾਨ ਦੀਆਂ ਕਿਆਰੀਆਂ,
ਅਤੇ ਸੁਗੰਧ ਦੀਆਂ ਬੁਰਜੀਆਂ ਵਾਂਗੂੰ ਹਨ,
ਉਸ ਦੇ ਬੁੱਲ ਸੋਸਨ ਹਨ,
ਜਿਨ੍ਹਾਂ ਤੋਂ ਤਰਲ ਗੰਧਰਸ ਚੋਂਦਾ ਹੈ ।
14ਉਸ ਦੇ ਹੱਥ ਸੋਨੇ ਦੀਆਂ ਛੜਾਂ ਵਰਗੇ ਹਨ ਜਿਨ੍ਹਾਂ ਦੇ ਉੱਤੇ ਪੁਖਰਾਜ ਜੜੇ ਹੋਣ ।
ਉਸ ਦਾ ਸਰੀਰ ਹਾਥੀ ਦੇ ਦੰਦ ਦੀ ਬਣਤ ਦਾ ਹੈ,
ਜਿਸ ਦੇ ਉੱਤੇ ਨੀਲਮ ਦੀ ਸਜਾਵਟ ਹੈ ।
15ਉਸ ਦੀਆਂ ਲੱਤਾਂ ਸੰਗਮਰਮਰ ਦੇ ਥੰਮ੍ਹਾਂ ਵਰਗੀਆਂ ਹਨ,
ਜਿਹੜੀਆਂ ਕੁੰਦਨ ਸੋਨੇ ਦੇ ਤਲ ਉੱਤੇ ਰੱਖੀਆਂ ਹੋਈਆਂ ਹਨ ।
ਉਹ ਵੇਖਣ ਵਿੱਚ ਲਬਾਨੋਨ ਵਰਗਾ,
ਅਤੇ ਦਿਆਰ ਵਾਂਗੂੰ ਉੱਤਮ ਹੈ ।
16ਉਸ ਦਾ ਬੋਲ ਬਹੁਤ ਮਿੱਠਾ ਹੈ,
ਉਹ ਸਾਰੇ ਦਾ ਸਾਰਾ ਮਨ ਭਾਉਣਾ ਹੈ !
ਹੇ ਯਰੂਸ਼ਲਮ ਦੀਓ ਧੀਓ,
ਇਹ ਮੇਰਾ ਬਾਲਮ ਅਤੇ ਇਹੋ ਮੇਰਾ ਪਿਆਰਾ ਹੈ ।

6

1ਹੇ ਇਸਤਰੀਆਂ ਵਿੱਚੋਂ ਰੂਪਵੰਤ, ਤੇਰਾ ਬਾਲਮ ਕਿੱਥੇ ਗਿਆ ਹੈ ?

ਤੇਰਾ ਬਾਲਮ ਕਿੱਧਰ ਚਲਾ ਗਿਆ ਤਾਂ ਜੋ ਅਸੀਂ ਤੇਰੇ ਨਾਲ ਉਹ ਨੂੰ ਭਾਲੀਏ ?

2ਮੇਰਾ ਬਾਲਮ ਆਪਣੇ ਬਾਗ਼ ਲਈ,
ਆਪਣੀਆਂ ਬਲਸਾਨ ਦੀਆਂ ਕਿਆਰੀਆਂ ਵੱਲ ਗਿਆ ਹੈ,
ਤਾਂ ਜੋ ਬਾਗ਼ਾਂ ਵਿੱਚ ਆਪਣੀਆਂ ਭੇਡਾਂ-ਬੱਕਰੀਆਂ ਚਾਰੇ ਅਤੇ ਸੋਸਨ ਇਕੱਠੀ ਕਰੇ ।
3ਮੈਂ ਆਪਣੇ ਬਾਲਮ ਦੀ ਹਾਂ ਅਤੇ ਮੇਰਾ ਬਾਲਮ ਮੇਰਾ ਹੈ,
ਉਹ ਸੋਸਨਾਂ ਵਿੱਚ ਚਾਰਦਾ ਹੈ ।
ਪੰਜਵਾ ਗੀਤ

4ਹੇ ਮੇਰੀ ਪ੍ਰੀਤਮਾ, ਤੂੰ ਤਿਰਸਾਹ ਨਗਰ ਵਾਂਗੂੰ ਰੂਪਵੰਤ,
ਯਰੂਸ਼ਲਮ ਵਾਂਗੂੰ ਸੋਹਣੀ,
ਇੱਕ ਝੰਡੇ ਵਾਲੇ ਲਸ਼ਕਰ ਦੇ ਵਾਂਗੂੰ ਭਿਆਨਕ ਹੈ !
5ਤੂੰ ਆਪਣੀਆਂ ਅੱਖਾਂ ਮੈਥੋਂ ਫੇਰ ਲੈ,
ਉਹ ਤਾਂ ਮੈਨੂੰ ਘਬਰਾ ਦਿੰਦੀਆਂ ਹਨ !
ਤੇਰੇ ਵਾਲ ਬੱਕਰੀਆਂ ਦੇ ਇੱਜੜ ਵਾਂਗੂੰ ਹਨ,
ਜਿਹੜੀਆਂ ਗਿਲਆਦ ਦੀ ਢਲਾਣ ਦੇ ਹੇਠਾਂ ਬੈਠੀਆਂ ਹਨ ।
6ਤੇਰੇ ਦੰਦ ਭੇਡਾਂ ਦੇ ਇੱਜੜ ਵਾਂਗੂੰ ਹਨ,
ਜਿਹੜੀਆਂ ਨਹਾ ਕੇ ਉਤਾਹਾਂ ਆਈਆਂ ਹਨ,
ਜਿਹੜੀਆਂ ਸਾਰੀਆਂ ਜੋੜਿਆਂ ਨੂੰ ਜੰਮਦੀਆਂ ਹਨ,
ਉਨ੍ਹਾਂ ਵਿੱਚੋਂ ਕੋਈ ਇਕੱਲੀ ਨਹੀਂ ।
7ਤੇਰੀਆਂ ਗੱਲਾਂ ਘੁੰਡ ਦੇ ਹੇਠ ਅਨਾਰ ਦੇ ਟੁੱਕੜਿਆਂ ਵਾਂਗੂੰ ਹਨ ।

8ਸੱਠ ਰਾਣੀਆਂ ਅਤੇ ਅੱਸੀ ਸੁਰੀਤਾਂ
ਅਤੇ ਕੁਆਰੀਆਂ ਅਣਗਿਣਤ ਹਨ ।
9ਮੇਰੀ ਕਬੂਤਰੀ, ਮੇਰੀ ਨਿਰਮਲ ਅਨੋਖੀ ਹੈ,
ਉਹ ਆਪਣੀ ਮਾਂ ਦੀ ਇਕਲੌਤੀ ਲਾਡਲੀ
ਅਤੇ ਆਪਣੀ ਜਣਨੀ ਦੀ ਦੁਲਾਰੀ ਹੈ ।
ਧੀਆਂ ਨੇ ਉਹ ਨੂੰ ਵੇਖ ਕੇ ਧੰਨ ਆਖਿਆ,
ਰਾਣੀਆਂ ਤੇ ਸੂਰੀਤਾਂ ਨੇ ਉਹ ਨੂੰ ਵਡਿਆਇਆ ਹੈ ।

10ਇਹ ਕੌਣ ਹੈ ਜਿਹੜੀ ਪ੍ਰਭਾਤ ਵਾਂਗੂੰ ਸ਼ੋਭਾਮਾਨ,
ਚੰਨ ਵਾਂਗੂੰ ਰੂਪਵੰਤ ਅਤੇ ਸੂਰਜ ਵਾਂਗੂੰ ਨਿਰਮਲ ਹੈ,
ਝੰਡੇ ਵਾਲੇ ਲਸ਼ਕਰ ਦੇ ਵਾਂਗੂੰ ਭਿਆਨਕ ਹੈ ?

11ਮੈਂ ਚਲਗੋਜਿਆਂ ਦੀ ਬਾੜੀ ਵਿੱਚ ਉਤਰ ਗਿਆ,
ਤਾਂ ਜੋ ਵਾਦੀ ਦੀ ਹਰਿਆਲੀ ਨੂੰ ਵੇਖਾਂ,
ਨਾਲੇ ਵੇਖਾਂ ਕਿ ਅੰਗੂਰਾਂ ਨੂੰ ਕਲੀਆਂ
ਅਤੇ ਅਨਾਰਾਂ ਨੂੰ ਫਲ ਨਿੱਕਲੇ ਹਨ ਜਾਂ ਨਹੀਂ ।
12ਮੈਂ ਨਾ ਜਾਣਿਆ,
ਮੇਰੇ ਖ਼ਿਆਲਾਂ ਨੇ ਮੈਨੂੰ ਮੇਰੇ ਸ਼ਾਹੀ ਲੋਕਾਂ ਦੇ ਰਥਾਂ ਵਿੱਚ ਬਿਠਾ ਦਿੱਤਾ ।

13ਮੁੜ, ਮੁੜ ਆ, ਹੇ ਸੂਲੰਮੀਥ,
ਮੁੜ, ਮੁੜ ਆ, ਕਿ ਅਸੀਂ ਤੈਨੂੰ ਤੱਕੀਏ ।
ਤੁਸੀਂ ਕਿਉਂ ਸੂਲੰਮੀਥ ਦੇ ਉੱਤੇ ਨਿਗਾਹ ਕਰੋਗੇ,
ਜਿਵੇਂ ਮਹਨਇਮ ਦੇ ਨਾਚ ਉੱਤੇ ਕਰਦੇ ਹੋ ?

7

1ਹੇ ਪਤਵੰਤ ਦੀ ਪੁੱਤਰੀ, ਤੇਰੇ ਪੈਰ ਜੁੱਤੀਆਂ ਵਿੱਚ ਕਿੰਨੇ ਹੀ ਰੂਪਵੰਤ ਹਨ !

ਤੇਰੇ ਪੱਟਾਂ ਦੀ ਗੁਲਾਈ
ਕਾਰੀਗਰ ਦੇ ਹੱਥਾਂ ਨਾਲ ਬਣੇ ਹੋਏ ਗਹਿਣਿਆਂ ਦਾ ਕੰਮ ਹੈ ।
2ਤੇਰੀ ਧੁੰਨੀ ਗੋਲ ਕਟੋਰਾ ਹੈ
ਜਿਸ ਦੇ ਵਿੱਚ ਮਿਲੀ ਹੋਈ ਮਧ ਦੀ ਕਮੀ ਨਹੀਂ,
ਤੇਰਾ ਪੇਟ ਕਣਕ ਦਾ ਢੇਰ ਹੈ,
ਜਿਹੜਾ ਸੋਸਨਾਂ ਵਿੱਚ ਘਿਰਿਆ ਹੋਇਆ ਹੈ ।
3ਤੇਰੀਆਂ ਦੋਵੇਂ ਛਾਤੀਆਂ
ਹਿਰਨੀਆਂ ਦੇ ਜੁੜਵਾਂ ਬੱਚਿਆਂ ਵਾਂਗੂੰ ਹਨ ।
4ਤੇਰੀ ਗਰਦਨ ਹਾਥੀ ਦੰਦ ਦੇ ਬੁਰਜ਼ ਵਾਂਗੂੰ ਹੈ,
ਤੇਰੀਆਂ ਅੱਖਾਂ ਹਸ਼ਬੋਨ ਦੇ ਸਰੋਵਰ ਹਨ,
ਜੋ ਬਥ-ਰੱਬੀਮ ਦੇ ਫਾਟਕ ਉੱਤੇ ਹੈ ।
ਤੇਰਾ ਨੱਕ ਲਬਾਨੋਨ ਦੇ ਬੁਰਜ਼ ਵਰਗਾ ਹੈ, ਜਿਸ ਦਾ ਮੁਖ ਦੰਮਿਸਕ ਵੱਲ ਹੈ ।
5ਤੇਰਾ ਸਿਰ ਤੇਰੇ ਉੱਤੇ ਕਰਮਲ ਵਰਗਾ ਸ਼ੋਭਾਮਾਨ ਹੈ,
ਤੇਰੇ ਸਿਰ ਦੇ ਵਾਲ ਬੈਂਗਣੀ ਜਿਹੇ ਹਨ,
ਰਾਜਾ ਤੇਰੀਆਂ ਜ਼ੁਲਫ਼ਾਂ ਵਿੱਚ ਬੰਧੂਆ ਹੈ ।
6ਹੇ ਪਿਆਰੀ, ਤੂੰ ਕਿੰਨੀ ਰੂਪਵੰਤ ਹੈਂ,
ਤੂੰ ਪ੍ਰੇਮ ਕਰਨ ਵਿੱਚ ਕਿੰਨੀ ਮਨ ਮੋਹਣੀ ਹੈਂ !
7ਤੇਰਾ ਕੱਦ ਖਜੂਰ ਵਰਗਾ ਹੈ,
ਤੇਰੀਆਂ ਛਾਤੀਆਂ ਉਹ ਦੇ ਗੁੱਛਿਆਂ ਵਾਂਗੂੰ ਹਨ ।
8ਮੈਂ ਆਖਿਆ, ਮੈਂ ਇਸ ਖਜੂਰ ਉੱਤੇ ਚੜ੍ਹਾਂਗਾ,
ਮੈਂ ਇਸ ਦੀਆਂ ਟਹਿਣੀਆਂ ਨੂੰ ਫੜ੍ਹਾਂਗਾਂ,
ਤੇਰੀਆਂ ਛਾਤੀਆਂ ਅੰਗੂਰ ਦੇ ਗੁੱਛਿਆਂ ਵਾਂਗੂੰ ਹੋਣ
ਅਤੇ ਤੇਰੇ ਸਾਹ ਦੀ ਸੁਗੰਧ ਸੇਬਾਂ ਵਰਗੀ ਹੋਵੇ ।
9ਤੇਰਾ ਮੂੰਹ ਚੰਗੀ ਮਧ ਵਰਗਾ ਹੈ
ਜਿਹੜੀ ਮੇਰੇ ਬਾਲਮ ਲਈ ਸਿੱਧੀ ਚੱਲੀ ਜਾਂਦੀ ਹੈ,
ਅਤੇ ਸੌਣ ਵਾਲਿਆਂ ਦੇ ਬੁੱਲਾਂ ਉੱਤੇ ਸਰਕ ਜਾਂਦੀ ਹੈ ।

10ਮੈਂ ਆਪਣੇ ਬਾਲਮ ਦੀ ਹਾਂ
ਅਤੇ ਉਹ ਦੀ ਚਾਹ ਮੇਰੇ ਲਈ ਹੈ ।
11ਮੇਰੇ ਬਾਲਮ, ਆ, ਅਸੀਂ ਖੇਤ ਵਿੱਚ ਚੱਲੀਏ,
ਅਤੇ ਪਿੰਡਾਂ ਵਿੱਚ ਰਾਤ ਕੱਟੀਏ ।
12ਅਸੀਂ ਸਵੇਰੇ ਹੀ ਅੰਗੂਰੀ ਬਾਗ਼ਾਂ ਵਿੱਚ ਚੱਲੀਏ,
ਤਾਂ ਜੋ ਅਸੀਂ ਵੇਖੀਏ ਕਿ ਵੇਲ ਖਿੜੀ ਹੈ ਜਾਂ ਨਹੀਂ,
ਅਤੇ ਉਸ ਦੇ ਫੁੱਲ ਖਿੜੇ ਹਨ ਜਾਂ ਨਹੀਂ,
ਅਨਾਰ ਫੁੱਲੇ ਹਨ ਜਾਂ ਨਹੀਂ,
ਉੱਥੇ ਮੈਂ ਤੈਨੂੰ ਆਪਣਾ ਪ੍ਰੇਮ ਦਿਆਂਗੀ ।
13ਦੁਦਾਫਲ ਸੁਗੰਧ ਦਿੰਦੇ ਹਨ
ਅਤੇ ਸਾਡੇ ਦਰਵਾਜ਼ਿਆਂ ਉੱਤੇ ਸਾਰੇ ਮਿੱਠੇ ਫਲ ਹਨ, ਨਵੇਂ ਅਤੇ ਪੁਰਾਣੇ ਵੀ ।
ਹੇ ਮੇਰੇ ਬਾਲਮ, ਮੈਂ ਉਨ੍ਹਾਂ ਨੂੰ ਤੇਰੇ ਲਈ ਇਕੱਠਾ ਕੀਤਾ ਹੈ ।

8

1ਕਾਸ਼ ਕਿ ਤੂੰ ਮੇਰੇ ਵੀਰ ਜਿਹਾ ਹੁੰਦਾ,

ਜਿਸ ਨੇ ਮੇਰੀ ਮਾਂ ਦੀਆਂ ਦੁੱਧੀਆਂ ਚੁੰਘੀਆਂ !
ਜਦ ਮੈਂ ਤੈਨੂੰ ਬਾਹਰ ਲੱਭਦੀ, ਮੈਂ ਤੈਨੂੰ ਚੁੰਮਦੀ,
ਅਤੇ ਕੋਈ ਮੈਨੂੰ ਤੁੱਛ ਨਾ ਜਾਣਦਾ !
2ਮੈਂ ਤੇਰੀ ਅਗਵਾਈ ਕਰ ਕੇ ਤੈਨੂੰ ਆਪਣੀ ਮਾਤਾ ਦੇ ਘਰ ਲੈ ਜਾਂਦੀ,
ਉਹ ਮੈਨੂੰ ਸਿਖਾਉਂਦੀ,
ਮੈਂ ਤੈਨੂੰ ਮਸਾਲੇ ਵਾਲੀ ਮਧ,
ਆਪਣੇ ਅਨਾਰ ਦਾ ਰਸ ਪਿਲਾਉਂਦੀ ।
3ਕਾਸ਼ ਕਿ ਉਹ ਦਾ ਖੱਬਾ ਹੱਥ ਮੇਰੇ ਸਿਰ ਦੇ ਹੇਠ ਹੁੰਦਾ,
ਅਤੇ ਉਸ ਦਾ ਸੱਜਾ ਹੱਥ ਮੈਨੂੰ ਘੇਰੇ ਵਿੱਚ ਲੈ ਲੈਂਦਾ !

4ਹੇ ਯਰੂਸ਼ਲਮ ਦੀਓ ਧੀਓ,
ਮੈਂ ਤੁਹਾਨੂੰ ਸਹੁੰ ਚੁਕਾਉਂਦੀ ਹਾਂ,
ਤੁਸੀਂ ਕਿਉਂ ਪ੍ਰੀਤ ਨੂੰ ਉਕਸਾਓ ਅਤੇ ਜਗਾਓ
ਜਦ ਤੱਕ ਉਸ ਨੂੰ ਆਪ ਨਾ ਭਾਵੇ ?
ਛੇਵਾਂ ਗੀਤ

5ਇਹ ਕੌਣ ਹੈ ਜਿਹੜੀ ਉਜਾੜ ਤੋਂ ਉਤਾਹਾਂ ਆਉਂਦੀ ਹੈ,
ਜਿਹੜੀ ਆਪਣੇ ਬਾਲਮ ਦਾ ਸਹਾਰਾ ਲੈਂਦੀ ਹੈ ?
ਸੇਬ ਦੇ ਰੁੱਖ ਹੇਠ ਮੈਂ ਤੈਨੂੰ ਜਗਾਇਆ,
ਉੱਥੇ ਤੇਰੀ ਮਾਂ ਨੇ ਗਰਭ ਧਾਰਨ ਕੀਤਾ,
ਉੱਥੇ ਤੇਰੀ ਮਾਂ ਨੂੰ ਤੇਰੇ ਜਣਨ ਦੀ ਪੀੜ ਲੱਗੀ ਅਤੇ ਤੈਨੂੰ ਜਣਿਆ ।

6ਮੈਨੂੰ ਆਪਣੇ ਦਿਲ ਉੱਤੇ ਮੋਹਰ ਵਾਂਗੂੰ ਰੱਖ,
ਆਪਣੀ ਬਾਂਹ ਉੱਤੇ ਮੋਹਰ ਵਾਂਗੂੰ ਬੰਨ੍ਹ,
ਕਿਉਂ ਜੋ ਪ੍ਰੇਮ ਮੌਤ ਵਰਗਾ ਬਲਵਾਨ ਹੈ,
ਈਰਖਾ ਪਤਾਲ ਵਾਂਗੂੰ ਕਠੋਰ ਹੈ,
ਉਸ ਦੀਆਂ ਲਾਟਾਂ ਅੱਗ ਦੀਆਂ ਲਾਟਾਂ ਹਨ,
ਸਗੋਂ ਪਰਮੇਸ਼ੁਰ ਦੀ ਅੱਗ ਦੀਆਂ ਲਾਟਾਂ ਹਨ ।
7ਬਹੁਤੇ ਪਾਣੀ ਪ੍ਰੇਮ ਨੂੰ ਬੁਝਾ ਨਹੀਂ ਸਕਦੇ,
ਨਾ ਹੜ੍ਹ ਉਹ ਨੂੰ ਦੱਬ ਸਕਦੇ ਹਨ ।
ਜੇ ਕੋਈ ਆਪਣੇ ਘਰ ਦਾ ਸਾਰਾ ਧਨ ਪ੍ਰੇਮ ਦੇ ਬਦਲੇ ਦੇ ਦਿੰਦਾ,
ਤਾਂ ਉਹ ਉਸ ਨੂੰ ਅੱਤ ਤੁੱਛ ਜਾਣਦਾ ।

8ਸਾਡੀ ਇੱਕ ਛੋਟੀ ਭੈਣ ਹੈ,
ਉਸ ਦੀਆਂ ਛਾਤੀਆਂ ਅਜੇ ਨਹੀਂ ਉਭਰੀਆਂ ।
ਅਸੀਂ ਆਪਣੀ ਭੈਣ ਲਈ ਕੀ ਕਰੀਏ
ਜਿਸ ਵੇਲੇ ਉਸ ਦੇ ਵਿਆਹ ਦੀ ਗੱਲ ਚੱਲੇ ?
9ਜੇ ਉਹ ਕੰਧ ਹੋਵੇ,
ਤਾਂ ਅਸੀਂ ਉਹ ਦੇ ਉੱਤੇ ਚਾਂਦੀ ਦਾ ਮੁਨਾਰਾ ਬਣਾਵਾਂਗੇ
ਜੇ ਉਹ ਦਰਵਾਜ਼ਾ ਹੋਵੇ,
ਤਾਂ ਅਸੀਂ ਉਹ ਨੂੰ ਦਿਆਰ ਦੀਆਂ ਫੱਟੀਆਂ ਨਾਲ ਘੇਰਾਂਗੇ ।

10ਮੈਂ ਕੰਧ ਸੀ ਅਤੇ ਮੇਰੀਆਂ ਛਾਤੀਆਂ ਬੁਰਜਾਂ ਵਾਂਗੂੰ ਸਨ,
ਤਦ ਮੈਂ ਉਹ ਦੀਆਂ ਅੱਖਾਂ ਵਿੱਚ ਸ਼ਾਂਤੀ ਪਾਉਣ ਵਾਲੀ ਵਾਂਗੂੰ ਸੀ ।

11ਬਆਲ-ਹਮੋਨ ਵਿੱਚ ਸੁਲੇਮਾਨ ਦਾ ਅੰਗੂਰੀ ਬਾਗ਼ ਸੀ,
ਉਸ ਨੇ ਉਹ ਅੰਗੂਰੀ ਬਾਗ਼ ਰਾਖਿਆਂ ਨੂੰ ਦਿੱਤਾ ।
ਹਰ ਇੱਕ ਉਹ ਦੇ ਫਲ ਲਈ ਚਾਂਦੀ ਦੇ ਹਜ਼ਾਰ ਸਿੱਕੇ ਲਿਆਵੇ ।
12ਮੇਰਾ ਅੰਗੂਰੀ ਬਾਗ਼ ਜਿਹੜਾ ਮੇਰਾ ਆਪਣਾ ਹੈ, ਮੇਰੇ ਸਾਹਮਣੇ ਹੈ,
ਹੇ ਸੁਲੇਮਾਨ, ਹਜ਼ਾਰ ਮੈਨੂੰ ਮਿਲਣ,
ਅਤੇ ਉਹ ਦੇ ਫਲ ਦੇ ਰਾਖਿਆਂ ਨੂੰ ਦੋ-ਦੋ ਸੌ ਮਿਲਣ ।

13ਤੂੰ ਜੋ ਬਗੀਚਿਆਂ ਵਿੱਚ ਵੱਸਦੀ ਹੈਂ,
ਸਾਥੀ ਤੇਰੀ ਅਵਾਜ਼ ਲਈ ਕੰਨ ਲਾਉਂਦੇ ਹਨ,
ਮੈਨੂੰ ਵੀ ਆਪਣੀ ਅਵਾਜ਼ ਸੁਣਾ !

14ਹੇ ਮੇਰੇ ਬਾਲਮ, ਛੇਤੀ ਕਰ,
ਮਸਾਲਿਆਂ ਦੇ ਪਹਾੜਾਂ ਉੱਤੇ ਚਕਾਰੇ ਜਾਂ ਜੁਆਨ ਹਿਰਨਾਂ ਵਾਂਗੂੰ ਬਣ ਜਾ !

ਯਸਾਯਾਹ

1

1ਆਮੋਸ ਦੇ ਪੁੱਤਰ ਯਸਾਯਾਹ ਦਾ ਦਰਸ਼ਣ, ਜਿਹੜਾ ਉਸ ਨੇ ਯਹੂਦਾਹ ਦੇ ਰਾਜਿਆਂ ਉੱਜ਼ੀਯਾਹ, ਯੋਥਾਮ, ਆਹਾਜ਼ ਅਤੇ ਹਿਜ਼ਕੀਯਾਹ ਦੇ ਦਿਨਾਂ ਵਿੱਚ ਯਹੂਦਾਹ ਅਤੇ ਯਰੂਸ਼ਲਮ ਦੇ ਵਿਖੇ ਵੇਖਿਆ ।

ਪਰਮੇਸ਼ੁਰ ਵੱਲੋਂ ਆਪਣੇ ਲੋਕਾਂ ਦੀ ਤਾੜਨਾ

2ਹੇ ਅਕਾਸ਼, ਸੁਣ ਅਤੇ ਹੇ ਧਰਤੀ, ਕੰਨ ਲਾ, ਯਹੋਵਾਹ ਇਹ ਫ਼ਰਮਾਉਂਦਾ ਹੈ, ਮੈਂ ਪੁੱਤਰਾਂ ਨੂੰ ਪਾਲਿਆ ਪੋਸਿਆ ਅਤੇ ਉਨ੍ਹਾਂ ਨੂੰ ਵੱਡਾ ਕੀਤਾ ਪਰ ਉਹ ਮੇਰੇ ਵਿਰੁੱਧ ਆਕੀ ਹੋ ਗਏ ।3ਬਲਦ ਆਪਣੇ ਮਾਲਕ ਨੂੰ, ਅਤੇ ਖੋਤਾ ਆਪਣੇ ਸੁਆਮੀ ਦੀ ਖੁਰਲੀ ਨੂੰ ਜਾਣਦਾ ਹੈ, ਪਰ ਇਸਰਾਏਲ ਨਹੀਂ ਜਾਣਦਾ, ਮੇਰੀ ਪਰਜਾ ਨਹੀਂ ਸੋਚਦੀ ।

4ਹਾਇ, ਪਾਪੀ ਕੌਮ ! ਬਦੀ ਨਾਲ ਲੱਦੇ ਹੋਏ ਲੋਕ, ਬੁਰਿਆਰਾਂ ਦੀ ਨਸਲ, ਕੁਕਰਮੀ ਪੁੱਤਰ ! ਉਨ੍ਹਾਂ ਨੇ ਯਹੋਵਾਹ ਨੂੰ ਤਿਆਗ ਦਿੱਤਾ, ਉਨ੍ਹਾਂ ਨੇ ਇਸਰਾਏਲ ਦੇ ਪਵਿੱਤਰ ਪੁਰਖ ਨੂੰ ਤੁੱਛ ਜਾਣਿਆ, ਉਹ ਪੂਰੀ ਤਰ੍ਹਾਂ ਹੀ ਬੇਮੁਖ ਹੋ ਗਏ ।

5ਤੁਸੀਂ ਕਿਉਂ ਹੋਰ ਮਾਰ ਖਾਣਾ ਚਾਹੁੰਦੇ ਹੋ, ਤੁਸੀਂ ਕਿਉਂ ਵਿਦਰੋਹ ਕਰਨ ਤੇ ਅੜੇ ਰਹਿੰਦੇ ਹੋ ? ਤੁਹਾਡਾ ਸਾਰਾ ਸਿਰ ਜ਼ਖਮਾਂ ਨਾਲ ਅਤੇ ਤੁਹਾਡਾ ਸਾਰਾ ਦਿਲ ਦੁੱਖ ਨਾਲ ਭਰਿਆ ਹੈ ।6ਪੈਰ ਦੀ ਤਲੀ ਤੋਂ ਸਿਰ ਤੱਕ ਉਸ ਵਿੱਚ ਤੰਦਰੁਸਤੀ ਨਹੀਂ, ਸਿਰਫ਼ ਸੱਟ, ਚੋਟ ਅਤੇ ਖੁੱਲ੍ਹੇ ਜ਼ਖਮ ਹਨ, ਜਿਹੜੇ ਨਾ ਸਾਫ਼ ਕੀਤੇ ਗਏ, ਨਾ ਬੰਨ੍ਹੇ ਗਏ, ਨਾ ਤੇਲ ਨਾਲ ਨਰਮ ਕੀਤੇ ਗਏ ।

7ਤੁਹਾਡਾ ਦੇਸ ਉਜਾੜ ਹੈ, ਤੁਹਾਡੇ ਨਗਰ ਅੱਗ ਨਾਲ ਸੜੇ ਪਏ ਹਨ, ਤੁਹਾਡੇ ਸਾਹਮਣੇ ਪਰਦੇਸੀ ਤੁਹਾਡੀ ਜ਼ਮੀਨ ਨੂੰ ਖਾਈ ਜਾਂਦੇ ਹਨ, ਅਤੇ ਉਹ ਅਜਿਹਾ ਉਜਾੜ ਹੋ ਗਿਆ ਹੈ ਜਿਵੇਂ ਪਰਦੇਸੀਆਂ ਨੇ ਉਹ ਨੂੰ ਪਲਟਾ ਦਿੱਤਾ ਹੋਵੇ ।8ਸੀਯੋਨ ਦੀ ਧੀ ਅੰਗੂਰੀ ਬਾਗ ਦੇ ਛੱਪਰ ਵਾਂਗੂੰ ਛੱਡੀ ਗਈ, ਕਕੜੀਆਂ ਦੇ ਖੇਤ ਦੀ ਝੌਂਪੜੀ ਵਾਂਗੂੰ, ਜਾਂ ਘੇਰੇ ਹੋਏ ਨਗਰ ਵਾਂਗੂੰ ਇਕੱਲੀ ਖੜ੍ਹੀ ਹੈ ।

9ਜੇ ਸੈਨਾਂ ਦਾ ਯਹੋਵਾਹ ਸਾਡੀ ਕੁਝ ਰਹਿੰਦ-ਖੂੰਦ ਨਾ ਛੱਡਦਾ, ਤਾਂ ਅਸੀਂ ਸਦੂਮ ਵਰਗੇ ਹੁੰਦੇ ਅਤੇ ਅਮੂਰਾਹ ਜਿਹੇ ਹੋ ਜਾਂਦੇ ।

10ਹੇ ਸਦੂਮ ਦੇ ਆਗੂਓ, ਯਹੋਵਾਹ ਦਾ ਬਚਨ ਸੁਣੋ, ਹੇ ਅਮੂਰਾਹ ਦੇ ਲੋਕੋ, ਸਾਡੇ ਪਰਮੇਸ਼ੁਰ ਦੀ ਬਿਵਸਥਾ ਤੇ ਕੰਨ ਲਾਓ !11ਯਹੋਵਾਹ ਆਖਦਾ ਹੈ, ਮੈਨੂੰ ਤੁਹਾਡੀਆਂ ਬਲੀਆਂ ਦੀ ਬਹੁਤਾਇਤ ਨਾਲ ਕੀ ਕੰਮ ? । ਮੈਂ ਤਾਂ ਮੇਂਢਿਆਂ ਦੀਆਂ ਹੋਮ ਬਲੀਆਂ ਨਾਲ, ਅਤੇ ਪਲੇ ਹੋਏ ਪਸ਼ੂਆਂ ਦੀ ਚਰਬੀ ਨਾਲ ਰੱਜ ਗਿਆ ਹਾਂ, ਬਲਦਾਂ ਜਾਂ ਲੇਲਿਆਂ ਜਾਂ ਬੱਕਰਿਆਂ ਦੇ ਲਹੂ ਨਾਲ ਮੈਂ ਪ੍ਰਸੰਨ ਨਹੀਂ ਹੁੰਦਾ ।

12ਜਦ ਤੁਸੀਂ ਮੇਰੇ ਸਨਮੁਖ ਹਾਜ਼ਰ ਹੁੰਦੇ ਹੋ, ਤਾਂ ਕੌਣ ਇਹ ਚਾਹੁੰਦਾ ਹੈ ਕਿ ਤੁਸੀਂ ਮੇਰੇ ਵੇਹੜਿਆਂ ਨੂੰ ਮਿੱਧੋ ?13ਅੱਗੇ ਨੂੰ ਵਿਅਰਥ ਚੜ੍ਹਾਵੇ ਨਾ ਲਿਆਓ, ਤੁਹਾਡੀ ਧੂਪ ਮੇਰੇ ਲਈ ਘਿਣਾਉਣੀ ਹੈ, ਅਮੱਸਿਆਂ ਅਤੇ ਸਬਤ, ਸਭਾ ਦਾ ਦਿਨ - ਤੁਹਾਡੀ ਬਦੀ ਅਤੇ ਵਿਅਰਥ ਸਭਾਵਾਂ ਮੈਂ ਨਹੀਂ ਝੱਲ ਸਕਦਾ ।
14ਤੁਹਾਡੀਆਂ ਅਮੱਸਿਆਂ ਅਤੇ ਤੁਹਾਡੇ ਨਿਯੁਕਤ ਕੀਤੇ ਹੋਏ ਪਰਬਾਂ ਤੋਂ ਮੇਰੇ ਜੀ ਨੂੰ ਘਿਣ ਆਉਂਦੀ ਹੈ, ਉਹ ਮੇਰੇ ਲਈ ਬੋਝ ਹਨ, ਜਿਨ੍ਹਾਂ ਨੂੰ ਚੁੱਕਦੇ-ਚੁੱਕਦੇ ਮੈਂ ਥੱਕ ਗਿਆ ਹਾਂ !15ਜਦ ਤੁਸੀਂ ਆਪਣੇ ਹੱਥ ਪਸਾਰੋਗੇ, ਤਾਂ ਮੈਂ ਤੁਹਾਡੇ ਵੱਲੋਂ ਆਪਣੀਆਂ ਅੱਖਾਂ ਬੰਦ ਕਰ ਲਵਾਂਗਾ, ਨਾਲੇ ਭਾਵੇਂ ਤੁਸੀਂ ਕਿੰਨੀ ਹੀ ਪ੍ਰਾਰਥਨਾ ਕਰੋ, ਮੈਂ ਨਹੀਂ ਸੁਣਾਂਗਾ, ਕਿਉਂ ਜੋ ਤੁਹਾਡੇ ਹੱਥ ਲਹੂ ਨਾਲ ਭਰੇ ਹੋਏ ਹਨ ।
16ਨਹਾਓ, ਆਪਣੇ ਆਪ ਨੂੰ ਪਵਿੱਤਰ ਕਰੋ, ਆਪਣੇ ਬੁਰੇ ਕੰਮਾਂ ਨੂੰ ਮੇਰੀਆਂ ਅੱਖਾਂ ਦੇ ਅੱਗੋਂ ਦੂਰ ਕਰੋ, ਬੁਰਿਆਈ ਨੂੰ ਛੱਡ ਦਿਓ ।17ਨੇਕੀ ਕਰਨਾ ਸਿੱਖੋ, ਨਿਆਂ ਨੂੰ ਭਾਲੋ, ਜ਼ਾਲਮ ਨੂੰ ਸੁਧਾਰੋ, ਯਤੀਮ ਦਾ ਨਿਆਂ ਕਰੋ, ਵਿਧਵਾ ਦਾ ਮੁਕੱਦਮਾ ਲੜੋ ।

18ਯਹੋਵਾਹ ਆਖਦਾ ਹੈ, ਆਓ, ਅਸੀਂ ਸਲਾਹ ਕਰੀਏ, ਭਾਵੇਂ ਤੁਹਾਡੇ ਪਾਪ ਕਿਰਮਚ ਵਰਗੇ ਸੁਰਖ ਹੋਣ, ਉਹ ਬਰਫ਼ ਜਿਹੇ ਚਿੱਟੇ ਹੋ ਜਾਣਗੇ, ਭਾਵੇਂ ਉਹ ਲਾਲ ਸੂਹੇ ਹੋਣ, ਉਹ ਉੱਨ ਜਿਹੇ ਸਫ਼ੇਦ ਹੋ ਜਾਣਗੇ ।
19ਜੇ ਤੁਸੀਂ ਖੁਸ਼ੀ ਨਾਲ ਮੇਰੇ ਹੁਕਮ ਮੰਨੋ, ਤਾਂ ਤੁਸੀਂ ਦੇਸ ਦੇ ਉੱਤਮ ਪਦਾਰਥ ਖਾਓਗੇ ।20ਪਰ ਜੇ ਤੁਸੀਂ ਨਾ ਮੰਨੋ ਅਤੇ ਵਿਦਰੋਹੀ ਹੋ ਜਾਓ, ਤਾਂ ਤੁਸੀਂ ਤਲਵਾਰ ਨਾਲ ਵੱਢੇ ਜਾਓਗੇ । ਇਹ ਯਹੋਵਾਹ ਦਾ ਮੁੱਖ ਵਾਕ ਹੈ ।
ਭ੍ਰਿਸ਼ਟ ਨਗਰੀ

21ਉਹ ਸਤਵੰਤੀ ਨਗਰੀ ਕਿਵੇਂ ਵੇਸਵਾ ਹੋ ਗਈ ! ਜਿਹੜੀ ਨਿਆਂ ਨਾਲ ਭਰੀ ਹੋਈ ਸੀ ਅਤੇ ਜਿਸ ਦੇ ਵਿੱਚ ਧਰਮ ਵੱਸਦਾ ਸੀ, ਪਰ ਹੁਣ ਉੱਥੇ ਖੂਨੀ ਹੀ ਵੱਸਦੇ ਹਨ !22ਤੇਰੀ ਚਾਂਦੀ ਖੋਟ ਬਣ ਗਈ, ਤੇਰੀ ਮੈਅ ਵਿੱਚ ਪਾਣੀ ਮਿਲਿਆ ਹੋਇਆ ਹੈ ।
23ਤੇਰੇ ਹਾਕਮ ਜਿੱਦੀ ਅਤੇ ਚੋਰਾਂ ਦੇ ਸਾਥੀ ਹਨ, ਹਰੇਕ ਰਿਸ਼ਵਤ ਦਾ ਲਾਲਚੀ ਹੈ, ਅਤੇ ਨਜ਼ਰਾਨੇ ਦੇ ਪਿੱਛੇ ਪੈਂਦਾ ਹੈ, ਉਹ ਯਤੀਮ ਦਾ ਨਿਆਂ ਨਹੀਂ ਕਰਦੇ ਅਤੇ ਵਿਧਵਾ ਦਾ ਮੁਕੱਦਮਾ ਉਨ੍ਹਾਂ ਕੋਲ ਨਹੀਂ ਪਹੁੰਚਦਾ ।

24ਇਸ ਲਈ ਪ੍ਰਭੂ ਸੈਨਾਂ ਦੇ ਯਹੋਵਾਹ, ਇਸਰਾਏਲ ਦੇ ਸ਼ਕਤੀਮਾਨ ਦਾ ਵਾਕ ਹੈ, ਆਹ, ਮੈਂ ਆਪਣੇ ਵਿਰੋਧੀਆਂ ਤੋਂ ਅਰਾਮ ਪਾਵਾਂਗਾ, ਅਤੇ ਆਪਣੇ ਵੈਰੀਆਂ ਤੋਂ ਬਦਲਾ ਲਵਾਂਗਾ !25ਮੈਂ ਆਪਣਾ ਹੱਥ ਤੇਰੇ ਵਿਰੁੱਧ ਫੇਰਾਂਗਾ, ਮੈਂ ਤੇਰਾ ਖੋਟ ਤਾਕੇ ਸਿੱਕੇ ਨਾਲ ਕੱਢਾਂਗਾ, ਅਤੇ ਮੈਂ ਤੇਰੀ ਸਾਰੀ ਮਿਲਾਵਟ ਦੂਰ ਕਰਾਂਗਾ,
26ਤਦ ਮੈਂ ਤੇਰੇ ਨਿਆਈਆਂ ਨੂੰ ਅੱਗੇ ਵਾਂਗੂੰ, ਅਤੇ ਤੇਰੇ ਸਲਾਹਕਾਰਾਂ ਨੂੰ ਪਹਿਲਾਂ ਵਾਂਗੂੰ ਬਹਾਲ ਕਰਾਂਗਾ, ਫੇਰ ਤੂੰ ਧਰਮੀ ਸ਼ਹਿਰ, ਸਤਵੰਤੀ ਨਗਰੀ ਸਦਾਵੇਂਗੀ ।

27ਸੀਯੋਨ ਨਿਆਂ ਨਾਲ ਅਤੇ ਉਹ ਦੇ ਤੋਬਾ ਕਰਨ ਵਾਲੇ ਧਰਮ ਨਾਲ ਛੁਟਕਾਰਾ ਪਾਉਣਗੇ ।28ਪਰ ਅਪਰਾਧੀਆਂ ਅਤੇ ਪਾਪੀਆਂ ਦਾ ਨਾਸ ਇਕੱਠਾ ਹੀ ਹੋਵੇਗਾ, ਅਤੇ ਯਹੋਵਾਹ ਨੂੰ ਤਿਆਗਣ ਵਾਲੇ ਮੁੱਕ ਜਾਣਗੇ ।
29ਕਿਉਂ ਜੋ ਉਹ ਤਾਂ ਉਨ੍ਹਾਂ ਬਲੂਤਾਂ ਤੋਂ ਲੱਜਿਆਵਾਨ ਹੋਣਗੇ, ਜਿਨ੍ਹਾਂ ਨੂੰ ਤੁਸੀਂ ਪਸੰਦ ਕਰਦੇ ਸੀ, ਅਤੇ ਜਿਨ੍ਹਾਂ ਬਾਗਾਂ ਨੂੰ ਤੁਸੀਂ ਚੁਣਿਆ ਸੀ, ਉਨ੍ਹਾਂ ਦੇ ਕਾਰਨ ਤੁਸੀਂ ਖੱਜਲ ਹੋਵੋਗੇ ।30ਤੁਸੀਂ ਤਾਂ ਉਸ ਬਲੂਤ ਵਾਂਗੂੰ ਜਿਸ ਦੇ ਪੱਤੇ ਕੁਮਲਾ ਗਏ ਹਨ, ਜਾਂ ਉਸ ਬਾਗ ਵਾਂਗੂੰ ਹੋ ਜਾਓਗੇ ਜਿਸ ਦੇ ਵਿੱਚ ਪਾਣੀ ਨਹੀਂ ।
31ਬਲਵਾਨ ਕੱਚੀ ਸਣ ਜਿਹਾ ਹੋ ਜਾਵੇਗਾ, ਅਤੇ ਉਹ ਦਾ ਕੰਮ ਚੰਗਿਆੜੇ ਜਿਹਾ । ਉਹ ਦੋਵੇਂ ਇਕੱਠੇ ਸੜਨਗੇ, ਅਤੇ ਕੋਈ ਬੁਝਾਉਣ ਵਾਲਾ ਨਹੀਂ ਹੋਵੇਗਾ ।

2
ਸਦੀਪਕ ਕਾਲ ਦੀ ਸ਼ਾਂਤੀ
(ਮੀਕਾਹ 4:1-3)

1ਆਮੋਸ ਦੇ ਪੁੱਤਰ ਯਸਾਯਾਹ ਦਾ ਬਚਨ ਜਿਹੜਾ ਉਸ ਨੇ ਯਹੂਦਾਹ ਅਤੇ ਯਰੂਸ਼ਲਮ ਦੇ ਵਿਖੇ ਦਰਸ਼ਣ ਵਿੱਚ ਵੇਖਿਆ ।

2ਆਖਰੀ ਦਿਨਾਂ ਦੇ ਵਿੱਚ ਅਜਿਹਾ ਹੋਵੇਗਾ ਕਿ ਯਹੋਵਾਹ ਦੇ ਭਵਨ ਦਾ ਪਰਬਤ ਪਹਾੜਾਂ ਦੇ ਸਿਰੇ ਉੱਤੇ ਕਾਇਮ ਕੀਤਾ ਜਾਵੇਗਾ, ਅਤੇ ਉਹ ਪਹਾੜੀਆਂ ਤੋਂ ਉੱਚਾ ਕੀਤਾ ਜਾਵੇਗਾ, ਅਤੇ ਸਭ ਕੌਮਾਂ ਧਾਰ ਵਾਂਗੂੰ ਉਸ ਦੇ ਵੱਲ ਵਗਣਗੀਆਂ ।
3ਬਹੁਤੀਆਂ ਉੱਮਤਾਂ ਆਉਣਗੀਆਂ ਅਤੇ ਆਖਣਗੀਆਂ, ਆਓ, ਅਸੀਂ ਯਹੋਵਾਹ ਦੇ ਪਰਬਤ ਉੱਤੇ, ਯਾਕੂਬ ਦੇ ਪਰਮੇਸ਼ੁਰ ਦੇ ਭਵਨ ਵੱਲ ਚੜ੍ਹੀਏ, ਤਾਂ ਜੋ ਉਹ ਸਾਨੂੰ ਰਾਹ ਵਿਖਾਵੇ, ਅਤੇ ਅਸੀਂ ਉਹ ਦੇ ਰਾਹਾਂ ਵਿੱਚ ਚੱਲੀਏ, ਕਿਉਂ ਜੋ ਬਿਵਸਥਾ ਸੀਯੋਨ ਤੋਂ ਨਿੱਕਲੇਗੀ, ਅਤੇ ਯਹੋਵਾਹ ਦਾ ਬਚਨ ਯਰੂਸ਼ਲਮ ਤੋਂ ।
4ਉਹ ਕੌਮਾਂ ਵਿੱਚ ਨਿਆਂ ਕਰੇਗਾ, ਅਤੇ ਬਹੁਤੀਆਂ ਉੱਮਤਾਂ ਦਾ ਫ਼ੈਸਲਾ ਕਰੇਗਾ, ਉਹ ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਹੱਲ ਦੇ ਫਾਲ ਅਤੇ ਆਪਣੇ ਬਰਛਿਆਂ ਨੂੰ ਦਾਤੀਆਂ ਬਣਾਉਣਗੇ । ਕੌਮ-ਕੌਮ ਉੱਤੇ ਤਲਵਾਰ ਨਹੀਂ ਚੁੱਕੇਗੀ, ਅਤੇ ਉਹ ਫੇਰ ਕਦੀ ਵੀ ਲੜਾਈ ਨਾ ਸਿੱਖਣਗੇ ।

5ਹੇ ਯਾਕੂਬ ਦੇ ਘਰਾਣੇ, ਆਓ, ਅਸੀਂ ਯਹੋਵਾਹ ਦੇ ਚਾਨਣ ਵਿੱਚ ਚੱਲੀਏ ।
ਘਮੰਡ ਨਾਸ ਕੀਤਾ ਜਾਵੇਗਾ

6ਤੂੰ ਤਾਂ ਆਪਣੀ ਪਰਜਾ ਯਾਕੂਬ ਦੇ ਘਰਾਣੇ ਨੂੰ ਛੱਡ ਦਿੱਤਾ ਹੈ, ਕਿਉਂ ਜੋ ਉਹ ਪੂਰਬ ਦੀਆਂ ਰੀਤਾਂ ਨਾਲ ਭਰੇ ਹੋਏ ਹਨ, ਅਤੇ ਫ਼ਲਿਸਤੀਆਂ ਵਾਂਗੂੰ ਮਹੂਰਤ ਵੇਖਦੇ ਹਨ, ਅਤੇ ਪਰਦੇਸੀਆਂ ਦੀਆਂ ਰੀਤਾਂ ਨੂੰ ਗਲ਼ ਲਾਉਂਦੇ ਹਨ ।
7ਉਹਨਾਂ ਦਾ ਦੇਸ ਚਾਂਦੀ-ਸੋਨੇ ਨਾਲ ਭਰਿਆ ਹੋਇਆ ਹੈ, ਉਹਨਾਂ ਦੇ ਖਜ਼ਾਨਿਆਂ ਦਾ ਅੰਤ ਨਹੀਂ ਹੈ, ਉਹਨਾਂ ਦਾ ਦੇਸ ਘੋੜਿਆਂ ਨਾਲ ਭਰਿਆ ਹੋਇਆ ਹੈ ਅਤੇ ਉਹਨਾਂ ਦੇ ਰਥਾਂ ਦਾ ਅੰਤ ਨਹੀਂ ਹੈ ।8ਉਹਨਾਂ ਦਾ ਦੇਸ ਬੁੱਤਾਂ ਨਾਲ ਭਰਿਆ ਹੋਇਆ ਹੈ, ਉਹ ਆਪਣੀ ਦਸਤਕਾਰੀ ਨੂੰ ਮੱਥਾ ਟੇਕਦੇ ਹਨ, ਜਿਹੜੀ ਉਹਨਾਂ ਦੀਆਂ ਉਂਗਲੀਆਂ ਦਾ ਕੰਮ ਹੈ !
9ਇਸ ਲਈ ਆਦਮੀ ਝੁਕਾਇਆ ਜਾਂਦਾ, ਅਤੇ ਮਨੁੱਖ ਨੀਵਾਂ ਕੀਤਾ ਜਾਂਦਾ ਹੈ, - ਤੂੰ ਉਨ੍ਹਾਂ ਨੂੰ ਮਾਫ਼ ਨਾ ਕਰ !10ਯਹੋਵਾਹ ਦੇ ਭੈ ਦੇ ਕਾਰਨ ਅਤੇ ਉਹ ਦੇ ਪਰਤਾਪ ਦੇ ਤੇਜ ਤੋਂ, ਚੱਟਾਨ ਵਿੱਚ ਵੜ ਅਤੇ ਮਿੱਟੀ ਵਿੱਚ ਲੁੱਕ ਜਾ !11ਕਿਉਂਕਿ ਆਦਮੀ ਦੀਆਂ ਉੱਚੀਆਂ ਅੱਖਾਂ ਨੀਵੀਆਂ ਕੀਤੀਆਂ ਜਾਣਗੀਆਂ, ਮਨੁੱਖਾਂ ਦਾ ਹੰਕਾਰ ਨਿਵਾਇਆ ਜਾਵੇਗਾ, ਉਸ ਦਿਨ ਸਿਰਫ਼ ਯਹੋਵਾਹ ਹੀ ਉੱਚਾ ਹੋਵੇਗਾ ।

12ਇਸ ਲਈ ਕਿ ਸੈਨਾਂ ਦੇ ਯਹੋਵਾਹ ਦਾ ਇੱਕ ਦਿਨ ਹੈ, ਜਿਹੜਾ ਹਰੇਕ ਘਮੰਡੀ ਅਤੇ ਅਭਮਾਨੀ ਦੇ ਵਿਰੁੱਧ, ਅਤੇ ਹਰੇਕ ਹੰਕਾਰੀ ਦੇ ਵਿਰੁੱਧ ਹੈ, ਅਤੇ ਉਹ ਨੀਵੇਂ ਕੀਤੇ ਜਾਣਗੇ,13ਨਾਲੇ ਲਬਾਨੋਨ ਦੇ ਸਾਰੇ ਦਿਆਰਾਂ ਦੇ ਵਿਰੁੱਧ, ਜਿਹੜੇ ਉੱਚੇ ਅਤੇ ਵਧੀਆ ਹਨ, ਅਤੇ ਬਾਸ਼ਾਨ ਦੇ ਸਾਰੇ ਬਲੂਤਾਂ ਦੇ ਵਿਰੁੱਧ,
14ਸਾਰੇ ਉੱਚੇ ਪਹਾੜਾਂ ਦੇ ਵਿਰੁੱਧ, ਅਤੇ ਸਾਰੇ ਉੱਚੇ ਟਿੱਬਿਆਂ ਦੇ ਵਿਰੁੱਧ,15ਹਰੇਕ ਉੱਚੇ ਬੁਰਜ ਦੇ ਵਿਰੁੱਧ, ਅਤੇ ਹਰੇਕ ਮਜ਼ਬੂਤ ਸ਼ਹਿਰਪਨਾਹ ਦੇ ਵਿਰੁੱਧ,16ਤਰਸ਼ੀਸ਼ ਦੇ ਸਾਰੇ ਜਹਾਜ਼ਾਂ ਦੇ ਵਿਰੁੱਧ, ਅਤੇ ਸਾਰੇ ਮਨਭਾਉਂਦੇ ਸਮਾਨ ਦੇ ਵਿਰੁੱਧ ਉਹ ਦਿਨ ਆਉਂਦਾ ਹੈ ।
17ਆਦਮੀ ਦਾ ਗਰੂਰ ਨਿਵਾਇਆ ਜਾਵੇਗਾ, ਮਨੁੱਖ ਦਾ ਹੰਕਾਰ ਨੀਵਾਂ ਕੀਤਾ ਜਾਵੇਗਾ, ਅਤੇ ਉਸ ਦਿਨ ਸਿਰਫ਼ ਯਹੋਵਾਹ ਹੀ ਉੱਚਾ ਹੋਵੇਗਾ,18ਅਤੇ ਬੁੱਤ ਪੂਰੀ ਤਰ੍ਹਾਂ ਹੀ ਮਿਟ ਜਾਣਗੇ ।19ਜਦ ਯਹੋਵਾਹ ਧਰਤੀ ਨੂੰ ਜ਼ੋਰ ਨਾਲ ਹਿਲਾਉਣ ਨੂੰ ਉੱਠੇਗਾ, ਤਾਂ ਉਸ ਦੇ ਭੈ ਦੇ ਕਾਰਨ ਅਤੇ ਉਹ ਦੇ ਪਰਤਾਪ ਦੇ ਤੇਜ ਤੋਂ ਮਨੁੱਖ ਚੱਟਾਨ ਦੀਆਂ ਖੁੰਧਰਾਂ ਵਿੱਚ, ਅਤੇ ਮਿੱਟੀ ਦੇ ਟੋਇਆਂ ਵਿੱਚ ਜਾ ਵੜਨਗੇ ।

20ਉਸ ਦਿਨ ਲੋਕ ਆਪਣੇ ਚਾਂਦੀ ਅਤੇ ਸੋਨੇ ਦੇ ਬੁੱਤਾਂ ਨੂੰ, ਜਿਹੜੇ ਉਨ੍ਹਾਂ ਨੇ ਆਪਣੇ ਲਈ ਮੱਥਾ ਟੇਕਣ ਨੂੰ ਬਣਾਏ, ਚਕਚੂੰਧਰਾਂ ਅਤੇ ਚਮਗਿੱਦੜਾਂ ਦੇ ਅੱਗੇ ਸੁੱਟ ਦੇਣਗੇ ।21ਜਦ ਯਹੋਵਾਹ ਧਰਤੀ ਨੂੰ ਜ਼ੋਰ ਨਾਲ ਹਿਲਾਉਣ ਨੂੰ ਉੱਠੇਗਾ, ਤਾਂ ਉਸ ਦੇ ਭੈ ਦੇ ਕਾਰਨ ਅਤੇ ਉਹ ਦੇ ਪਰਤਾਪ ਦੇ ਤੇਜ ਤੋਂ, ਉਹ ਚੱਟਾਨ ਦਿਆਂ ਛੇਕਾਂ ਵਿੱਚ, ਅਤੇ ਢਿੱਗਾਂ ਦੀਆਂ ਤੇੜਾਂ ਵਿੱਚ ਜਾ ਵੜਨਗੇ ।22ਇਸ ਲਈ ਮਨੁੱਖ ਉੱਤੇ ਭਰੋਸਾ ਕਰਨ ਤੋਂ ਦੂਰ ਰਹੋ, ਜਿਸ ਦਾ ਸਾਹ ਉਹ ਦੀਆਂ ਨਾਸਾਂ ਵਿੱਚ ਹੈ, ਉਸ ਦਾ ਮੁੱਲ ਹੈ ਹੀ ਕੀ ?

3
ਯਹੂਦਾਹ ਅਤੇ ਯਰੂਸ਼ਲਮ ਉੱਤੇ ਨਿਆਂ

1ਹੁਣ ਵੇਖੋ ! ਪ੍ਰਭੂ ਸੈਨਾਂ ਦਾ ਯਹੋਵਾਹ, ਯਰੂਸ਼ਲਮ ਤੇ ਯਹੂਦਾਹ ਤੋਂ ਆਸਰਾ ਤੇ ਸਹਾਰਾ ਲੈ ਜਾ ਰਿਹਾ ਹੈ, ਅਰਥਾਤ ਰੋਟੀ ਦਾ ਸਾਰਾ ਸਹਾਰਾ ਤੇ ਪਾਣੀ ਦਾ ਸਾਰਾ ਸਹਾਰਾ,2ਸੂਰਬੀਰ ਤੇ ਯੋਧਾ, ਨਿਆਈ ਤੇ ਨਬੀ, ਫਾਲ ਪਾਉਣ ਵਾਲਾ ਤੇ ਬਜ਼ੁਰਗ,3ਪੰਜਾਹਾਂ ਦਾ ਸਰਦਾਰ ਤੇ ਰਈਸ, ਦਰਬਾਰੀ ਤੇ ਸਿਆਣਾ ਕਾਰੀਗਰ ਅਤੇ ਚਾਤਰ ਜਾਦੂਗਰ ਨੂੰ ਵੀ ਦੂਰ ਕਰ ਦੇਵੇਗਾ ।

4ਤਾਂ ਮੈਂ ਮੁੰਡਿਆਂ ਨੂੰ ਉਹਨਾਂ ਦੇ ਹਾਕਮ ਬਣਾਵਾਂਗਾ, ਅਤੇ ਬੱਚੇ ਉਹਨਾਂ ਦੇ ਉੱਤੇ ਹਕੂਮਤ ਕਰਨਗੇ ।5ਲੋਕ ਇੱਕ ਦੂਜੇ ਉੱਤੇ ਅਤੇ ਹਰੇਕ ਆਪਣੇ ਗੁਆਂਢੀ ਉੱਤੇ ਜ਼ੁਲਮ ਕਰੇਗਾ, ਜੁਆਨ ਬਜ਼ੁਰਗ ਦੀ, ਅਤੇ ਨੀਚ ਪਤਵੰਤੇ ਦੀ ਬੇਇੱਜ਼ਤੀ ਕਰੇਗਾ ।

6ਕੋਈ ਮਨੁੱਖ ਆਪਣੇ ਪਿਤਾ ਦੇ ਘਰ ਵਿੱਚ ਆਪਣੇ ਭਰਾ ਨੂੰ ਫੜ੍ਹ ਕੇ ਆਖੇਗਾ, - ਤੇਰੇ ਕੋਲ ਚੋਗਾ ਹੈ, ਤੂੰ ਸਾਡਾ ਆਗੂ ਹੋ, ਅਤੇ ਇਹ ਉੱਜੜਿਆ ਹੋਇਆ ਢੇਰ ਤੇਰੇ ਹੱਥ ਦੇ ਹੇਠ ਹੋਵੇਗਾ ।7ਉਸ ਦਿਨ ਉਹ ਉੱਚੀ ਦੇ ਕੇ ਆਖੇਗਾ, ਮੈਂ ਪੱਟੀ ਬੰਨ੍ਹਣ ਵਾਲਾ ਨਹੀਂ ਹੋਵਾਂਗਾ, ਮੇਰੇ ਘਰ ਵਿੱਚ ਨਾ ਰੋਟੀ ਹੈ ਨਾ ਚੋਗਾ, ਤੁਸੀਂ ਮੈਨੂੰ ਲੋਕਾਂ ਦਾ ਆਗੂ ਨਾ ਠਹਿਰਾਓ !
8ਯਰੂਸ਼ਲਮ ਤਾਂ ਠੇਡਾ ਖਾ ਗਿਆ, ਅਤੇ ਯਹੂਦਾਹ ਡਿੱਗ ਪਿਆ ਹੈ, ਕਿਉਂ ਜੋ ਉਹਨਾਂ ਦੀ ਬੋਲੀ ਤੇ ਉਹਨਾਂ ਦੇ ਕੰਮ ਯਹੋਵਾਹ ਦੇ ਵਿਰੁੱਧ ਹਨ, ਜੋ ਉਹ ਦੀਆਂ ਤੇਜਵਾਨ ਅੱਖਾਂ ਨੂੰ ਲਾਲ ਕਰਦੇ ਹਨ ।

9ਉਹਨਾਂ ਦੇ ਚਿਹਰੇ ਦਾ ਰੂਪ ਉਹਨਾਂ ਦੇ ਵਿਰੁੱਧ ਗਵਾਹੀ ਦਿੰਦਾ ਹੈ, ਅਤੇ ਉਹ ਆਪਣੇ ਆਪ ਨੂੰ ਸਦੂਮ ਵਾਂਗੂੰ ਪਰਗਟ ਕਰਦੇ ਹਨ, ਉਹ ਉਸ ਨੂੰ ਲੁਕਾਉਂਦੇ ਨਹੀਂ, - ਹਾਇ ਉਹਨਾਂ ਦੀ ਜਾਨ ਉੱਤੇ ! ਉਹ ਆਪ ਹੀ ਆਪਣੇ ਉੱਤੇ ਬੁਰਿਆਈ ਲੈ ਆਉਂਦੇ ਹਨ ।
10ਧਰਮੀ ਨੂੰ ਆਖੋ ਕਿ ਉਨ੍ਹਾਂ ਦਾ ਭਲਾ ਹੋਵੇਗਾ, ਕਿਉਂ ਜੋ ਉਹ ਆਪਣੇ ਕੰਮ ਦਾ ਫਲ ਖਾਣਗੇ ।11ਹਾਇ ਦੁਸ਼ਟ ਉੱਤੇ ! ਉਹ ਦਾ ਬੁਰਾ ਹੋਵੇਗਾ, ਕਿਉਂ ਜੋ ਉਹ ਆਪਣੇ ਹੱਥ ਦਾ ਕੀਤਾ ਆਪ ਭੋਗੇਗਾ12ਮੇਰੀ ਪਰਜਾ ! ਬੱਚੇ ਉਹਨਾਂ ਉੱਤੇ ਅਨ੍ਹੇਰ ਕਰਦੇ, ਅਤੇ ਔਰਤਾਂ ਉਹਨਾਂ ਉੱਤੇ ਹਕੂਮਤ ਕਰਦੀਆਂ ਹਨ । ਮੇਰੀ ਪਰਜਾ ! ਤੇਰੇ ਆਗੂ ਤੈਨੂੰ ਭਟਕਾਉਂਦੇ ਹਨ, ਅਤੇ ਤੇਰੇ ਸਿੱਧੇ ਮਾਰਗਾਂ ਨੂੰ ਮਿਟਾ ਦਿੰਦੇ ਹਨ ।
ਪਰਮੇਸ਼ੁਰ ਵੱਲੋਂ ਆਪਣੇ ਲੋਕਾਂ ਦਾ ਨਿਆਂ ਕਰਨਾ

13ਯਹੋਵਾਹ ਮੁਕੱਦਮਾ ਲੜਨ ਲਈ ਆਪਣੇ ਸਥਾਨ ਤੇ ਹੈ, ਅਤੇ ਲੋਕਾਂ ਦਾ ਫ਼ੈਸਲਾ ਕਰਨ ਲਈ ਖੜ੍ਹਾ ਹੈ ।14ਯਹੋਵਾਹ ਆਪਣੀ ਪਰਜਾ ਦੇ ਬਜ਼ੁਰਗਾਂ ਅਤੇ ਆਗੂਆਂ ਦੇ ਵਿਰੁੱਧ ਨਿਆਂ ਲਈ ਆਉਂਦਾ ਹੈ, ਤੁਸੀਂ ਹੀ ਮੇਰੇ ਅੰਗੂਰੀ ਬਾਗ ਨੂੰ ਚੱਟ ਕਰ ਲਿਆ ਹੈ, ਗਰੀਬਾਂ ਦੀ ਲੁੱਟ ਤੁਹਾਡੇ ਹੀ ਘਰਾਂ ਵਿੱਚ ਹੈ ।15ਸੈਨਾਂ ਦੇ ਪ੍ਰਭੂ ਯਹੋਵਾਹ ਦਾ ਵਾਕ ਹੈ, ਤੁਹਾਡਾ ਕੀ ਮਤਲਬ ਹੈ ਕਿ ਤੁਸੀਂ ਮੇਰੀ ਪਰਜਾ ਨੂੰ ਦਬਾਉਂਦੇ ਹੋ, ਅਤੇ ਗਰੀਬਾਂ ਨੂੰ ਰਗੜਦੇ ਹੋ ?
ਯਰੂਸ਼ਲਮ ਦੀਆਂ ਔਰਤਾਂ ਨੂੰ ਚੇਤਾਵਨੀ

16ਯਹੋਵਾਹ ਇਹ ਆਖਦਾ ਹੈ, ਇਸ ਲਈ ਕਿ ਸੀਯੋਨ ਦੀਆਂ ਧੀਆਂ ਹੰਕਾਰਨਾਂ ਹਨ, ਅਤੇ ਗਰਦਨ ਅਕੜਾ ਕੇ ਅਤੇ ਅੱਖਾਂ ਮਟਕਾ ਕੇ ਤੁਰਦੀਆਂ ਹਨ, ਅਤੇ ਠੁਮਕ ਠੁਮਕ ਚਾਲ ਚੱਲਦੀਆਂ ਹਨ, ਅਤੇ ਪੈਰਾਂ ਵਿੱਚ ਘੁੰਗਰੂ ਛਣਕਾਉਂਦੀਆਂ ਹਨ,17ਹੁਣ ਪ੍ਰਭੂ ਸੀਯੋਨ ਦੀਆਂ ਧੀਆਂ ਦਾ ਸਿਰ ਗੰਜਾ ਕਰ ਦੇਵੇਗਾ ਅਤੇ ਯਹੋਵਾਹ ਉਹਨਾਂ ਦੇ ਸਰੀਰ ਨੰਗੇ ਕਰ ਦੇਵੇਗਾ ।

18ਉਸ ਦਿਨ ਪ੍ਰਭੂ ਉਹਨਾਂ ਦੀਆਂ ਪਜੇਬਾਂ ਦੀ ਸਜਾਵਟ, ਅਤੇ ਜਾਲੀਆਂ ਤੇ ਚੰਦਨਹਾਰ ਲੈ ਜਾਵੇਗਾ,19ਝੁਮਕੇ, ਛਣਕੰਗਣ, ਘੁੰਡ,20ਚੌਂਕ, ਕੰਗਣ, ਪਟਕੇ, ਅਤਰਦਾਨੀਆਂ, ਚੌਂਕੀਆਂ,
21ਅਤੇ ਮੁੰਦਰੀਆਂ ਤੇ ਨੱਥਾਂ,22ਰਾਖਵੇਂ ਕੱਪੜੇ, ਚੱਦਰਾਂ, ਦੁਪੱਟੇ ਅਤੇ ਖੀਸੇ,23ਆਰਸੀਆਂ, ਮਲਮਲ, ਸਾਫ਼ੇ ਅਤੇ ਬੁਰਕੇ, ਇਨ੍ਹਾਂ ਸਾਰਿਆਂ ਦੀ ਸ਼ੋਭਾ ਦੂਰ ਕਰੇਗਾ ।

24ਅਤੇ ਅਜਿਹਾ ਹੋਵੇਗਾ ਕਿ ਸੁਗੰਧ ਦੇ ਥਾਂ ਸੜ੍ਹਿਆਂਧ ਹੋਵੇਗੀ, ਪਟਕੇ ਦੀ ਥਾਂ ਰੱਸੀ, ਮੀਢੀਆਂ ਦੇ ਥਾਂ ਗੰਜ, ਚੋਲੀ ਦੇ ਥਾਂ ਟਾਟ ਦੀ ਪੇਟੀ, ਸੁਹੱਪਣ ਦੇ ਥਾਂ ਦਾਗ ਹੋਣਗੇ ।25ਤੇਰੇ ਪੁਰਖ ਤਲਵਾਰ ਨਾਲ, ਅਤੇ ਤੇਰੇ ਸੂਰਮੇ ਯੁੱਧ ਵਿੱਚ ਡਿੱਗਣਗੇ ।26ਉਹ ਦੇ ਫਾਟਕ ਵਿਰਲਾਪ ਤੇ ਸੋਗ ਕਰਨਗੇ, ਅਤੇ ਉਹ ਲੁੱਟ-ਪੁੱਟ ਹੋ ਕੇ ਉਹ ਹੇਠਾਂ ਬੈਠੇਗੀ ।

4

1ਉਸ ਦਿਨ ਸੱਤ ਔਰਤਾਂ ਇੱਕ ਆਦਮੀ ਨੂੰ ਇਹ ਆਖ ਕੇ ਫੜਨਗੀਆਂ, ਅਸੀਂ ਆਪਣੀ ਰੋਟੀ ਖਾਵਾਂਗੀਆਂ ਤੇ ਆਪਣੇ ਕੱਪੜੇ ਪਾਵਾਂਗੀਆਂ । ਅਸੀਂ ਕੇਵਲ ਤੇਰੇ ਨਾਮ ਤੋਂ ਸਦਾਈਏ । ਸਾਡੀ ਸ਼ਰਮਿੰਦਗੀ ਦੂਰ ਕਰ ।

ਯਰੂਸ਼ਲਮ ਦਾ ਸ਼ਾਨਦਾਰ ਭਵਿੱਖ

2ਉਸ ਦਿਨ ਯਹੋਵਾਹ ਦੀ ਸ਼ਾਖ ਸੋਹਣੀ ਅਤੇ ਪਰਤਾਪਵਾਨ ਹੋਵੇਗੀ ਅਤੇ ਉਸ ਦੇਸ ਦਾ ਫਲ ਇਸਰਾਏਲ ਦੇ ਬਚੇ ਹੋਇਆਂ ਲਈ ਸ਼ਾਨਦਾਰ ਅਤੇ ਸੁੰਦਰ ਹੋਵੇਗਾ
3ਅਤੇ ਜਿਹੜਾ ਸੀਯੋਨ ਵਿੱਚ ਛੱਡਿਆ ਗਿਆ ਅਤੇ ਜਿਹੜਾ ਯਰੂਸ਼ਲਮ ਵਿੱਚ ਰਹਿ ਗਿਆ ਹੋਵੇ, ਉਹ ਪਵਿੱਤਰ ਅਖਵਾਏਗਾ ਅਰਥਾਤ ਉਹ ਸਾਰੇ ਜਿਹੜੇ ਯਰੂਸ਼ਲਮ ਦੇ ਜੀਉਂਦਿਆਂ ਵਿੱਚ ਲਿਖੇ ਗਏ ।4ਇਹ ਤਦ ਹੋਵੇਗਾ ਜਦ ਪ੍ਰਭੂ ਨਿਆਂ ਦੇ ਆਤਮਾ ਅਤੇ ਭਸਮ ਕਰਨ ਵਾਲੇ ਆਤਮਾ ਨਾਲ ਸੀਯੋਨ ਦੀਆਂ ਧੀਆਂ ਦਾ ਮੈਲ ਧੋ ਸੁੱਟੇਗਾ ਅਤੇ ਯਰੂਸ਼ਲਮ ਦਾ ਲਹੂ ਉਹ ਦੇ ਵਿੱਚੋਂ ਸਾਫ਼ ਕਰ ਚੁੱਕਿਆ ਹੋਵੇਗਾ ।
5ਤਾਂ ਯਹੋਵਾਹ ਸੀਯੋਨ ਪਰਬਤ ਦੇ ਸਾਰੇ ਠਿਕਾਣੇ ਉੱਤੇ ਅਤੇ ਉਹ ਦੀਆਂ ਸੰਗਤਾਂ ਉੱਤੇ ਦਿਨ ਨੂੰ ਧੂੰਏਂ ਦਾ ਬੱਦਲ ਅਤੇ ਰਾਤ ਨੂੰ ਬਲਦੀ ਅੱਗ ਦਾ ਪ੍ਰਕਾਸ਼ ਰਚੇਗਾ ਅਤੇ ਸਾਰੀ ਮਹਿਮਾ ਉੱਤੇ ਇੱਕ ਚਾਨਣੀ ਵਾਂਗੂੰ ਹੋਵੇਗੀ ।6ਉਹ ਦਿਨ ਨੂੰ ਗਰਮੀ ਤੋਂ ਛਾਂ ਲਈ ਅਤੇ ਹਨੇਰੀ ਅਤੇ ਝੜੀ ਤੋਂ ਪਨਾਹ ਅਤੇ ਓਟ ਲਈ ਇੱਕ ਮੰਡਪ ਹੋਵੇਗਾ ।

5
ਅੰਗੂਰੀ ਬਾਗ ਦਾ ਗੀਤ

1ਮੈਂ ਆਪਣੇ ਪ੍ਰੀਤਮ ਲਈ ਅਤੇ ਉਹ ਦੇ ਅੰਗੂਰੀ ਬਾਗ ਦੇ ਵਿਖੇ ਇੱਕ ਪ੍ਰੇਮ ਰਤਾ ਗੀਤ ਗਾਵਾਂਗਾ, - ਮੇਰੇ ਪ੍ਰੀਤਮ ਦਾ ਇੱਕ ਅੰਗੂਰੀ ਬਾਗ ਇੱਕ ਫਲਦਾਰ ਟਿੱਬੇ ਉੱਤੇ ਸੀ ।2ਉਹ ਨੇ ਉਸ ਨੂੰ ਗੋਡਿਆ ਅਤੇ ਉਸ ਦੇ ਪੱਥਰ ਕੱਢ ਸੁੱਟੇ, ਅਤੇ ਉਸ ਵਿੱਚ ਚੰਗੀਆਂ ਦਾਬਾਂ ਲਾਈਆਂ, ਅਤੇ ਉਸ ਦੇ ਵਿਚਕਾਰ ਇੱਕ ਬੁਰਜ ਉਸਾਰਿਆ, ਨਾਲੇ ਦਾਖਰਸ ਲਈ ਉਸ ਵਿੱਚ ਇੱਕ ਹੌਦ ਪੁੱਟਿਆ, ਤਦ ਉਸ ਨੇ ਉਡੀਕਿਆ ਤਾਂ ਜੋ ਉਸ ਵਿੱਚ ਚੰਗੇ ਅੰਗੂਰ ਲੱਗਣ, ਪਰ ਲੱਗੇ ਜੰਗਲੀ ਅੰਗੂਰ ।

3ਹੁਣ ਹੇ ਯਰੂਸ਼ਲਮ ਦੇ ਵਾਸੀਓ ਅਤੇ ਯਹੂਦਾਹ ਦੇ ਮਨੁੱਖੋ, ਮੇਰਾ ਅਤੇ ਮੇਰੇ ਅੰਗੂਰੀ ਬਾਗ ਦਾ ਫ਼ੈਸਲਾ ਕਰੋ ।4ਮੈਂ ਆਪਣੇ ਬਾਗ ਲਈ ਹੋਰ ਕੀ ਕਰ ਸਕਦਾ ਸੀ, ਜੋ ਮੈਂ ਉਸ ਲਈ ਨਹੀਂ ਕੀਤਾ ? ਜਦ ਮੈਂ ਉਡੀਕਿਆ ਕਿ ਉਸ ਵਿੱਚ ਚੰਗੇ ਅੰਗੂਰ ਲੱਗਣ, ਤਾਂ ਕਿਉਂ ਜੰਗਲੀ ਅੰਗੂਰ ਲੱਗੇ ? ।

5ਹੁਣ ਮੈਂ ਤੁਹਾਨੂੰ ਦੱਸਦਾ ਹਾਂ, ਭਈ ਮੈਂ ਆਪਣੇ ਅੰਗੂਰੀ ਬਾਗ ਨਾਲ ਕੀ ਕਰਨ ਵਾਲਾ ਹਾਂ । ਮੈਂ ਉਸ ਦੀ ਵਾੜ ਹਟਾ ਦਿਆਂਗਾ, ਅਤੇ ਉਹ ਸੜ ਜਾਵੇਗੀ, ਮੈਂ ਉਸ ਦੀ ਕੰਧ ਢਾਹ ਸੁੱਟਾਂਗਾ, ਅਤੇ ਉਹ ਲਤਾੜੀ ਜਾਵੇਗੀ ।6ਮੈਂ ਉਸ ਨੂੰ ਉਜਾੜ ਦਿਆਂਗਾ, ਉਹ ਨਾ ਛਾਂਗਿਆ ਨਾ ਗੋਡਿਆ ਜਾਵੇਗਾ, ਕੰਡੇ ਤੇ ਕੰਡਿਆਲੇ ਉਸ ਵਿੱਚ ਉੱਗਣਗੇ, ਅਤੇ ਮੈਂ ਬੱਦਲਾਂ ਨੂੰ ਹੁਕਮ ਦਿਆਂਗਾ, ਭਈ ਉਸ ਦੇ ਉੱਤੇ ਮੀਂਹ ਨਾ ਵਰ੍ਹਾਉਣ ।

7ਸੈਨਾਂ ਦੇ ਯਹੋਵਾਹ ਦਾ ਅੰਗੂਰੀ ਬਾਗ ਤਾਂ ਇਸਰਾਏਲ ਦਾ ਘਰਾਣਾ ਹੈ, ਅਤੇ ਯਹੂਦਾਹ ਦੇ ਮਨੁੱਖ ਉਹ ਦਾ ਮਨ ਭਾਉਂਦਾ ਬੂਟਾ ਹੈ । ਉਸ ਨੇ ਨਿਆਂ ਨੂੰ ਉਡੀਕਿਆ, ਅਤੇ ਵੇਖੋ, ਖੂਨ ਵੇਖਿਆ ! ਧਰਮ ਦੀ ਆਸ ਲਈ, ਅਤੇ ਵੇਖੋ, ਦੁਹਾਈ ਦੀ ਅਵਾਜ਼ ਸੁਣੀ ।
ਮਨੁੱਖਾਂ ਦੀ ਬੁਰਿਆਈ

8ਹਾਇ ਉਹਨਾਂ ਉੱਤੇ ਜਿਹੜੇ ਘਰ ਨਾਲ ਘਰ ਜੋੜਦੇ, ਅਤੇ ਪੈਲੀ ਨਾਲ ਪੈਲੀ ਰਲਾਉਂਦੇ ਹਨ, ਜਦ ਤੱਕ ਕੋਈ ਥਾਂ ਨਾ ਰਹੇ, ਤਾਂ ਜੋ ਤੁਸੀਂ ਦੇਸ ਵਿੱਚ ਇਕੱਲੇ ਵੱਸੋ !9ਸੈਨਾਂ ਦੇ ਯਹੋਵਾਹ ਨੇ ਮੇਰੇ ਸੁਣਦਿਆਂ ਆਖਿਆ ਹੈ, - ਸੱਚ-ਮੁੱਚ ਬਹੁਤ ਸਾਰੇ ਘਰ ਉੱਜੜ ਜਾਣਗੇ, ਵੱਡੇ ਅਤੇ ਚੰਗੇ ਘਰ ਵਿਰਾਨ ਹੋ ਜਾਣਗੇ,10ਕਿਉਂ ਜੋ ਦਸ ਏਕੜ ਵਾੜੀ ਤੋਂ ਇੱਕ ਮਣ, ਅਤੇ ਬੀਜ ਦੇ ਦਸਾਂ ਟੋਪਿਆਂ ਤੋਂ ਇੱਕ ਟੋਪਾ ਅੰਨ ਮਿਲੇਗਾ ।
11ਹਾਇ ਉਹਨਾਂ ਉੱਤੇ ਜਿਹੜੇ ਸਵੇਰੇ ਉੱਠ ਬੈਠਦੇ, ਤਾਂ ਜੋ ਸ਼ਰਾਬ ਦੇ ਪਿੱਛੇ ਦੌੜਨ, ਜਿਹੜੇ ਸ਼ਾਮ ਤੱਕ ਠਹਿਰਦੇ ਹਨ, ਤਾਂ ਜੋ ਮਧ ਉਹਨਾਂ ਨੂੰ ਮਸਤ ਕਰ ਦੇਵੇ !12ਉਹਨਾਂ ਦੀਆਂ ਦਾਵਤਾਂ ਵਿੱਚ ਬਰਬਤ ਤੇ ਸਿਤਾਰ, ਡੱਫ਼, ਬੰਸਰੀ ਅਤੇ ਮਧ ਤਾਂ ਹਨ, ਪਰ ਉਹ ਯਹੋਵਾਹ ਦੇ ਕੰਮਾਂ ਦੀ ਪਰਵਾਹ ਨਹੀਂ ਕਰਦੇ, ਨਾ ਉਹ ਦੀ ਦਸਤਕਾਰੀ ਵੇਖਦੇ ਹਨ ।
13ਇਸ ਲਈ ਮੇਰੀ ਪਰਜਾ ਬੇਸਮਝੀ ਦੇ ਕਾਰਨ ਗੁਲਾਮੀ ਵਿੱਚ ਜਾਂਦੀ ਹੈ, ਉਹ ਦੇ ਪਤਵੰਤ ਭੁੱਖ ਨਾਲ ਮਰਦੇ ਹਨ, ਅਤੇ ਉਹ ਦੇ ਸਧਾਰਣ ਲੋਕ ਪਿਆਸ ਨਾਲ ਤੜਫ਼ਦੇ ਹਨ ।14ਇਸ ਲਈ ਪਤਾਲ ਨੇ ਆਪਣੀ ਲਾਲਸਾ ਵਧਾਈ ਹੈ, ਅਤੇ ਆਪਣਾ ਮੂੰਹ ਬੇਅੰਤ ਅੱਡਿਆ ਹੈ, ਇਸ ਲਈ ਉਹ ਦੇ ਬਜ਼ੁਰਗ ਅਤੇ ਸਧਾਰਣ ਲੋਕ, ਅਤੇ ਉਹ ਦਾ ਰੌਲਾ ਅਤੇ ਉਨ੍ਹਾਂ ਦੇ ਸਭ ਅਨੰਦ ਕਰਨ ਵਾਲੇ ਹੇਠਾਂ ਉਤਰਦੇ ਜਾਂਦੇ ਹਨ ।
15ਲੋਕ ਨਿਵਾਏ ਜਾਂਦੇ ਹਨ, ਅਤੇ ਹੰਕਾਰੀਆਂ ਦੀਆਂ ਅੱਖਾਂ ਨੀਵੀਆਂ ਕੀਤੀਆਂ ਜਾਂਦੀਆਂ ਹਨ,16ਪਰ ਸੈਨਾਂ ਦਾ ਯਹੋਵਾਹ ਨਿਆਂ ਵਿੱਚ ਉੱਚਾ ਕੀਤਾ ਜਾਂਦਾ ਹੈ, ਅਤੇ ਪਵਿੱਤਰ ਪਰਮੇਸ਼ੁਰ ਧਰਮ ਵਿੱਚ ਆਪਣੇ ਆਪ ਨੂੰ ਪਵਿੱਤਰ ਵਿਖਾਉਂਦਾ ਹੈ ।17ਤਦ ਲੇਲੇ, ਜਾਣੋ, ਆਪਣੀ ਜੂਹ ਵਿੱਚ ਚਰਨਗੇ, ਅਤੇ ਤਕੜਿਆਂ ਦੇ ਉਜਾੜ ਸਥਾਨ ਪਰਦੇਸੀ ਨੂੰ ਚਾਰਗਾਹਾਂ ਲਈ ਮਿਲਣਗੇ ।

18ਹਾਇ ਉਹਨਾਂ ਉੱਤੇ ਜਿਹੜੇ ਬਦੀ ਨੂੰ ਝੂਠ ਦੇ ਰੱਸਿਆਂ ਨਾਲ ਖਿੱਚਦੇ ਹਨ, ਅਤੇ ਪਾਪ ਨੂੰ ਗੱਡੇ ਦੀਆਂ ਰੱਸਿਆਂ ਨਾਲ !19ਜਿਹੜੇ ਆਖਦੇ ਹਨ, ਉਹ ਛੇਤੀ ਕਰੇ, ਉਹ ਆਪਣੇ ਕੰਮ ਨੂੰ ਤੇਜੀ ਨਾਲ ਕਰੇ, ਤਾਂ ਜੋ ਅਸੀਂ ਉਹ ਨੂੰ ਵੇਖੀਏ ! ਇਸਰਾਏਲ ਦੇ ਪਵਿੱਤਰ ਪੁਰਖ ਦੀ ਯੋਜਨਾ ਪਰਗਟ ਹੋਵੇ ਅਤੇ ਨੇੜੇ ਆਵੇ ਤਾਂ ਜੋ ਅਸੀਂ ਉਹ ਨੂੰ ਜਾਣੀਏ !

20ਹਾਇ ਉਹਨਾਂ ਉੱਤੇ ਜਿਹੜੇ ਬੁਰਿਆਈ ਨੂੰ ਭਲਿਆਈ ਅਤੇ ਭਲਿਆਈ ਨੂੰ ਬੁਰਿਆਈ ਆਖਦੇ ਹਨ ! ਜਿਹੜੇ ਹਨੇਰੇ ਨੂੰ ਚਾਨਣ ਅਤੇ ਚਾਨਣ ਨੂੰ ਹਨੇਰਾ ਆਖਦੇ ਹਨ ! ਜਿਹੜੇ ਕੌੜੇ ਨੂੰ ਮਿੱਠੇ ਦੇ ਥਾਂ, ਅਤੇ ਮਿੱਠੇ ਨੂੰ ਕੌੜੇ ਦੇ ਥਾਂ ਰੱਖਦੇ ਹਨ !

21ਹਾਇ ਉਹਨਾਂ ਉੱਤੇ ਜਿਹੜੇ ਆਪਣੀ ਨਿਗਾਹ ਵਿੱਚ ਸਿਆਣੇ ਹਨ, ਅਤੇ ਆਪਣੀਆਂ ਨਜ਼ਰਾਂ ਵਿੱਚ ਬੁੱਧਵਾਨ ਹਨ !

22ਹਾਇ ਉਹਨਾਂ ਉੱਤੇ ਜਿਹੜੇ ਮਧ ਪੀਣ ਵਿੱਚ ਸੂਰਮੇ ਹਨ, ਅਤੇ ਸ਼ਰਾਬ ਤਿਆਰ ਕਰਨ ਵਿੱਚ ਸੂਰਬੀਰ ਹਨ !23ਜਿਹੜੇ ਦੁਸ਼ਟ ਨੂੰ ਰਿਸ਼ਵਤ ਲੈ ਕੇ ਧਰਮੀ ਠਹਿਰਾਉਂਦੇ ਹਨ, ਅਤੇ ਧਰਮੀਆਂ ਦਾ ਧਰਮ ਉਨ੍ਹਾਂ ਤੋਂ ਖੋਹ ਲੈਂਦੇ ਹਨ !

24ਇਸ ਲਈ ਜਿਵੇਂ ਅੱਗ ਦੀ ਲਾਟ ਟਾਂਡੇ ਨੂੰ ਖਾ ਜਾਂਦੀ ਹੈ, ਅਤੇ ਸੁੱਕਾ ਘਾਹ ਲੰਬ ਵਿੱਚ ਮਿਟ ਜਾਂਦਾ ਹੈ, ਸੋ ਉਹਨਾਂ ਦੀ ਜੜ੍ਹ ਸੜ੍ਹਿਆਂਧ ਵਾਂਗੂੰ ਸੜ੍ਹ ਜਾਵੇਗੀ, ਅਤੇ ਉਹਨਾਂ ਦੀਆਂ ਕਲੀਆਂ ਧੂੜ ਵਾਂਗੂੰ ਉੱਡ ਜਾਣਗੀਆਂ, ਕਿਉਂ ਜੋ ਉਹਨਾਂ ਨੇ ਸੈਨਾਂ ਦੇ ਯਹੋਵਾਹ ਦੀ ਬਿਵਸਥਾ ਨੂੰ ਰੱਦ ਕੀਤਾ ਅਤੇ ਇਸਰਾਏਲ ਦੇ ਪਵਿੱਤਰ ਪੁਰਖ ਦਾ ਫ਼ਰਮਾਨ ਤੁੱਛ ਜਾਣਿਆ ।
25ਇਸ ਲਈ ਯਹੋਵਾਹ ਦਾ ਕ੍ਰੋਧ ਆਪਣੀ ਪਰਜਾ ਉੱਤੇ ਭੜਕ ਉੱਠਿਆ, ਉਸ ਨੇ ਆਪਣਾ ਹੱਥ ਉਹਨਾਂ ਦੇ ਉੱਤੇ ਚੁੱਕਿਆ, ਅਤੇ ਉਹਨਾਂ ਨੂੰ ਮਾਰਿਆ, ਤਾਂ ਪਹਾੜ ਕੰਬ ਗਏ, ਅਤੇ ਉਹਨਾਂ ਦੀਆਂ ਲੋਥਾਂ ਕੂੜੇ ਵਾਂਗੂੰ ਗਲੀਆਂ ਵਿੱਚ ਪਈਆਂ ਸਨ, ਇਸ ਦੇ ਬਾਵਜੂਦ ਉਹ ਦਾ ਕ੍ਰੋਧ ਨਹੀਂ ਹਟਿਆ, ਸਗੋਂ ਉਹ ਦਾ ਹੱਥ ਹੁਣ ਤੱਕ ਚੁੱਕਿਆ ਹੋਇਆ ਹੈ ।

26ਉਹ ਦੂਰ-ਦੂਰ ਦੀਆਂ ਕੌਮਾਂ ਲਈ ਝੰਡਾ ਖੜ੍ਹਾ ਕਰੇਗਾ, ਅਤੇ ਉਸ ਲਈ ਧਰਤੀ ਦੀਆਂ ਹੱਦਾਂ ਤੋਂ ਸੀਟੀ ਵਜਾਵੇਗਾ, ਤਾਂ ਵੇਖੋ, ਉਹ ਤੁਰਤ-ਫੁਰਤ ਆਉਂਦੀ ਹੈ ।
27ਉਸ ਵਿੱਚ ਨਾ ਕੋਈ ਥੱਕਦਾ, ਨਾ ਕੋਈ ਠੇਡਾ ਖਾਂਦਾ, ਨਾ ਕੋਈ ਉਂਘਲਾਉਂਦਾ, ਨਾ ਕੋਈ ਸੌਂਦਾ, ਨਾ ਕਿਸੇ ਦਾ ਕਮਰਬੰਦ ਖੁੱਲ੍ਹਦਾ ਹੈ, ਨਾ ਕਿਸੇ ਦੀ ਜੁੱਤੀ ਦਾ ਤਸਮਾ ਟੁੱਟਦਾ ਹੈ ।28ਉਨ੍ਹਾਂ ਦੇ ਬਾਣ ਤਿੱਖੇ, ਅਤੇ ਉਨ੍ਹਾਂ ਦੇ ਸਾਰੇ ਧਣੁਖ ਕੱਸੇ ਹੋਏ ਹਨ, ਉਨ੍ਹਾਂ ਦੇ ਘੋੜਿਆਂ ਦੇ ਸੁੰਬ ਚਕਮਕ ਜਿਹੇ, ਅਤੇ ਉਨ੍ਹਾਂ ਦੇ ਪਹੀਏ ਵਾਵਰੋਲੇ ਜਿਹੇ ਜਾਪਦੇ ਹਨ ।
29ਉਨ੍ਹਾਂ ਦਾ ਦਹਾੜਨਾ ਸ਼ੇਰਨੀ ਵਾਂਗੂੰ ਅਤੇ ਉਹ ਜੁਆਨ ਸ਼ੇਰ ਵਾਂਗੂੰ ਦਹਾੜਦੇ ਹਨ, ਉਹ ਗੱਜਦੇ ਹਨ ਅਤੇ ਸ਼ਿਕਾਰ ਫੜ੍ਹਦੇ ਹਨ, ਫੇਰ ਉਸ ਨੂੰ ਸੁਖਾਲੇ ਹੀ ਲੈ ਜਾਂਦੇ ਹਨ ਅਤੇ ਛੁਡਾਉਣ ਵਾਲਾ ਕੋਈ ਨਹੀਂ ਹੁੰਦਾ ।30ਉਸ ਦਿਨ ਉਹ ਉਸ ਦੇ ਉੱਤੇ ਸਮੁੰਦਰ ਦੀ ਗਰਜ ਵਾਂਗੂੰ ਗੱਜਣਗੇ, ਜੇ ਕੋਈ ਦੇਸ ਵੱਲ ਤੱਕੇ, ਤਾਂ ਉਸ ਨੂੰ ਹਨੇਰਾ ਅਤੇ ਦੁੱਖ ਵਿਖਾਈ ਦੇਵੇਗਾ, ਅਤੇ ਚਾਨਣ ਬੱਦਲਾਂ ਦੇ ਕਾਰਨ ਹਨੇਰਾ ਹੋ ਜਾਵੇਗਾ ।

6
ਸੇਵਾ ਦੇ ਲਈ ਯਸਾਯਾਹ ਦੀ ਬੁਲਾਹਟ

1ਉੱਜ਼ੀਯਾਹ ਰਾਜਾ ਦੀ ਮੌਤ ਦੇ ਸਾਲ ਮੈਂ ਪ੍ਰਭੂ ਨੂੰ ਬਹੁਤ ਉੱਚੇ ਸਿੰਘਾਸਣ ਉੱਤੇ ਬਿਰਾਜਮਾਨ ਵੇਖਿਆ ਅਤੇ ਉਹ ਦੇ ਬਸਤਰ ਦੇ ਪੱਲੇ ਨਾਲ ਹੈਕਲ ਭਰੀ ਹੋਈ ਸੀ ।2ਉਹ ਦੇ ਉਤਾਹਾਂ ਸਰਾਫ਼ੀਮ ਖਲੋਤੇ ਸਨ । ਹਰੇਕ ਦੇ ਛੇ-ਛੇ ਖੰਭ ਸਨ, ਉਹ ਦੋ ਖੰਭਾਂ ਨਾਲ ਆਪਣਾ ਮੂੰਹ ਢੱਕਦੇ ਸਨ, ਅਤੇ ਦੋ ਨਾਲ ਆਪਣੇ ਪੈਰ ਢੱਕਦੇ ਅਤੇ ਦੋ ਨਾਲ ਉੱਡਦੇ ਸਨ ।

3ਉਹ ਇੱਕ ਦੂਜੇ ਨੂੰ ਪੁਕਾਰ-ਪੁਕਾਰ ਕੇ ਆਖਦੇ ਸਨ, - "ਸੈਨਾਂ ਦਾ ਯਹੋਵਾਹ ਪਵਿੱਤਰ, ਪਵਿੱਤਰ, ਪਵਿੱਤਰ, ਸਾਰੀ ਧਰਤੀ ਉਹ ਦੇ ਪਰਤਾਪ ਨਾਲ ਭਰੀ ਹੋਈ ਹੈ ।"
4ਅਤੇ ਪੁਕਾਰਨ ਵਾਲੇ ਦੀ ਅਵਾਜ਼ ਤੋਂ ਸਰਦਲ ਦੀਆਂ ਨੀਹਾਂ ਹਿੱਲ ਗਈਆਂ ਅਤੇ ਭਵਨ ਧੂੰਏਂ ਨਾਲ ਭਰ ਗਿਆ ।5ਤਦ ਮੈਂ ਆਖਿਆ, ਹਾਇ ਮੇਰੇ ਉੱਤੇ ! ਮੈਂ ਤਾਂ ਨਾਸ ਹੋ ਗਿਆ ! ਮੈਂ ਤਾਂ ਭ੍ਰਿਸ਼ਟ ਬੁੱਲ੍ਹਾਂ ਵਾਲਾ ਮਨੁੱਖ ਹਾਂ, ਅਤੇ ਭ੍ਰਿਸ਼ਟ ਬੁੱਲ੍ਹਾਂ ਵਾਲੇ ਲੋਕਾਂ ਵਿੱਚ ਵੱਸਦਾ ਹਾਂ ! ਕਿਉਂ ਜੋ ਮੇਰੀਆਂ ਅੱਖਾਂ ਨੇ ਸੈਨਾਂ ਦੇ ਯਹੋਵਾਹ ਮਹਾਰਾਜਾ ਅਧੀਰਾਜ ਨੂੰ ਵੇਖਿਆ ਹੈ !

6ਤਦ ਸਰਾਫ਼ੀਮ ਵਿੱਚੋਂ ਇੱਕ ਮੇਰੇ ਵੱਲ ਉੱਡ ਕੇ ਆਇਆ ਅਤੇ ਉਹ ਦੇ ਹੱਥ ਵਿੱਚ ਇੱਕ ਭੱਖਦਾ ਹੋਇਆ ਕੋਲਾ ਸੀ, ਜਿਹੜਾ ਉਸ ਨੇ ਜਗਵੇਦੀ ਦੇ ਉੱਤੋਂ ਚਿਮਟੇ ਨਾਲ ਚੁੱਕਿਆ ਸੀ ।7ਤਦ ਉਸ ਨੇ ਇਹ ਆਖ ਕੇ ਮੇਰੇ ਮੂੰਹ ਨੂੰ ਛੂਹਿਆ, ਵੇਖ ਇਸ ਨੇ ਤੇਰੇ ਬੁੱਲ੍ਹਾਂ ਨੂੰ ਛੂਹਿਆ ਹੈ ਅਤੇ ਤੇਰੀ ਬਦੀ ਦੂਰ ਹੋਈ ਅਤੇ ਤੇਰਾ ਪਾਪ ਢੱਕਿਆ ਗਿਆ ਹੈ ।
8ਫੇਰ ਮੈਂ ਪ੍ਰਭੂ ਦੀ ਅਵਾਜ਼ ਇਹ ਆਖਦੇ ਹੋਏ ਸੁਣੀ, ਮੈਂ ਕਿਸਨੂੰ ਭੇਜਾਂ ਅਤੇ ਕੌਣ ਸਾਡੇ ਲਈ ਜਾਵੇਗਾ ? ਤਦ ਮੈਂ ਆਖਿਆ, ਮੈਂ ਹਾਜ਼ਰ ਹਾਂ, ਮੈਨੂੰ ਭੇਜੋ ।9ਉਸ ਨੇ ਆਖਿਆ, ਜਾਹ ਅਤੇ ਇਸ ਪਰਜਾ ਨੂੰ ਆਖ, - ਤੁਸੀਂ ਸੁਣਦੇ ਰਹੋ ਪਰ ਸਮਝੋ ਨਾ, ਅਤੇ ਵੇਖਦੇ ਰਹੋ ਪਰ ਬੁੱਝੋ ਨਾ,
10ਇਸ ਪਰਜਾ ਦਾ ਮਨ ਮੋਟਾ, ਅਤੇ ਇਸ ਦੇ ਕੰਨ ਭਾਰੇ ਕਰ ਦੇ, ਅਤੇ ਇਸ ਦੀਆਂ ਅੱਖਾਂ ਬੰਦ ਕਰ, ਅਜਿਹਾ ਨਾ ਹੋਵੇ ਕਿ ਉਹ ਆਪਣੀਆਂ ਅੱਖਾਂ ਨਾਲ ਵੇਖਣ, ਅਤੇ ਆਪਣਿਆਂ ਕੰਨਾਂ ਨਾਲ ਸੁਣਨ, ਅਤੇ ਆਪਣੇ ਮਨ ਨਾਲ ਸਮਝਣ, ਅਤੇ ਮੁੜ ਆਉਣ ਅਤੇ ਚੰਗੇ ਹੋ ਜਾਣ ।
11ਤਦ ਮੈਂ ਆਖਿਆ, ਹੇ ਪ੍ਰਭੂ ਕਦੋਂ ਤੱਕ ? ਉਸ ਨੇ ਆਖਿਆ, ਜਦ ਤੱਕ ਸ਼ਹਿਰ ਵਿਰਾਨ ਅਤੇ ਬੇ-ਅਬਾਦ ਨਾ ਹੋ ਜਾਣ, ਅਤੇ ਘਰ ਬੇ-ਚਰਾਗ ਨਾ ਹੋ ਜਾਣ,ਅਤੇ ਜ਼ਮੀਨ ਪੂਰੀ ਹੀ ਉਜੜ ਨਾ ਜਾਵੇ ।12ਜਦ ਤੱਕ ਯਹੋਵਾਹ ਮਨੁੱਖਾਂ ਨੂੰ ਦੂਰ ਨਾ ਕਰ ਦੇਵੇ, ਅਤੇ ਦੇਸ ਵਿੱਚ ਬਹੁਤੇ ਸਥਾਨ ਸੁਨਸਾਨ ਨਾ ਹੋ ਜਾਣ ।
13ਭਾਵੇਂ ਉਸ ਦੇ ਵਾਸੀਆਂ ਦਾ ਦਸਵਾਂ ਹਿੱਸਾ ਹੀ ਰਹੇ, ਉਹ ਮੁੜ ਭਸਮ ਹੋਵੇਗਾ, ਪਰ ਜਿਵੇਂ ਚੀਲ੍ਹ ਜਾਂ ਬਲੂਤ ਦੇ ਰੁੱਖ ਜਦ ਉਹ ਵੱਢੇ ਜਾਂਦੇ ਹਨ, ਤਾਂ ਉਨ੍ਹਾਂ ਦਾ ਟੁੰਡ ਖੜ੍ਹਾ ਰਹਿੰਦਾ ਹੈ । ਉਸੇ ਤਰ੍ਹਾਂ ਹੀ ਪਵਿੱਤਰ ਵੰਸ਼ ਉਹ ਦਾ ਟੁੰਡ ਹੈ ।

7
ਰਾਜਾ ਆਹਾਜ਼ ਨੂੰ ਇੱਕ ਸੰਦੇਸ

1ਤਦ ਅਜਿਹਾ ਹੋਇਆ ਕਿ ਉੱਜ਼ੀਯਾਹ ਦੇ ਪੋਤਰੇ, ਯੋਥਾਮ ਦੇ ਪੁੱਤਰ ਆਹਾਜ਼ ਜੋ ਯਹੂਦਾਹ ਦਾ ਰਾਜਾ ਸੀ, ਉਸ ਦੇ ਦਿਨਾਂ ਵਿੱਚ ਅਰਾਮ ਦਾ ਰਾਜੇ ਰਸੀਨ ਅਤੇ ਇਸਰਾਏਲ ਦੇ ਰਾਜੇ ਰਮਲਯਾਹ ਦਾ ਪੁੱਤਰ ਫਕਹ ਨੇ ਯਰੂਸ਼ਲਮ ਉੱਤੇ ਚੜ੍ਹਾਈ ਕੀਤੀ ਤਾਂ ਜੋ ਉਸ ਦੇ ਵਿਰੁੱਧ ਯੁੱਧ ਕਰਨ, ਪਰ ਉਹ ਨੂੰ ਜਿੱਤ ਨਾ ਸਕੇ ।2ਜਦ ਦਾਊਦ ਦੇ ਘਰਾਣੇ ਨੂੰ ਦੱਸਿਆ ਗਿਆ ਕਿ ਅਰਾਮ ਇਫ਼ਰਾਈਮ ਨਾਲ ਮਿਲ ਗਿਆ ਹੈ, ਤਾਂ ਆਹਾਜ਼ ਦਾ ਦਿਲ ਅਤੇ ਉਹ ਦੀ ਪਰਜਾ ਦਾ ਦਿਲ ਅਜਿਹਾ ਕੰਬ ਗਿਆ, ਜਿਵੇਂ ਜੰਗਲ ਰੁੱਖ ਪੌਣ ਦੇ ਅੱਗੇ ਕੰਬ ਜਾਂਦੇ ਹਨ ।

3ਤਦ ਯਹੋਵਾਹ ਨੇ ਯਸਾਯਾਹ ਨੂੰ ਆਖਿਆ, ਤੂੰ ਅਤੇ ਤੇਰਾ ਪੁੱਤਰ ਸ਼ਆਰ ਯਾਸ਼ੂਬ ਉੱਪਰਲੇ ਤਲਾਬ ਦੇ ਸੂਏ ਦੇ ਸਿਰੇ ਉੱਤੇ ਧੋਬੀ ਘਾਟ ਦੇ ਰਾਹ ਤੇ ਆਹਾਜ਼ ਨੂੰ ਮਿਲੋ4ਅਤੇ ਤੂੰ ਉਹ ਨੂੰ ਆਖ, ਖ਼ਬਰਦਾਰ, ਚੁੱਪ ਰਹਿ ਅਤੇ ਨਾ ਡਰ ! ਇਨ੍ਹਾਂ ਚੁਆਤੀਆਂ ਦੇ ਦੋਹਾਂ ਸੁਲਗਦੇ ਟੁੰਡਾਂ ਤੋਂ ਅਰਥਾਤ ਰਮਲਯਾਹ ਦੇ ਪੁੱਤਰ ਅਰਾਮ ਅਤੇ ਰਸੀਨ ਦੇ ਬਲਦੇ ਕ੍ਰੋਧ ਤੋਂ ਤੇਰਾ ਦਿਲ ਘਬਰਾ ਨਾ ਜਾਵੇ,
5ਕਿਉਂ ਜੋ ਅਰਾਮ ਅਤੇ ਰਮਲਯਾਹ ਦੇ ਪੁੱਤਰ ਅਤੇ ਇਫ਼ਰਾਈਮ ਨੇ ਤੇਰੇ ਵਿਰੁੱਧ ਬਦੀ ਦੀ ਯੋਜਨਾ ਬਣਾਈ ਹੈ ਅਤੇ ਆਖਿਆ,6ਆਓ, ਅਸੀਂ ਯਹੂਦਾਹ ਉੱਤੇ ਹਮਲਾ ਕਰਕੇ ਉਸ ਨੂੰ ਘਬਰਾ ਦੇਈਏ ਅਤੇ ਉਹ ਦੇ ਵਿੱਚ ਫੁੱਟ ਪਾ ਕੇ ਉਸ ਨੂੰ ਆਪਸ ਵਿੱਚ ਵੰਡ ਲਈਏ ਅਤੇ ਟਾਬਲ ਦੇ ਪੁੱਤਰ ਨੂੰ ਉਹ ਦੇ ਵਿੱਚ ਰਾਜਾ ਬਣਾਈਏ ।
7ਪਰ ਪ੍ਰਭੂ ਯਹੋਵਾਹ ਇਹ ਫ਼ਰਮਾਉਂਦਾ ਹੈ, ਇਹ ਯੋਜਨਾ ਸਫ਼ਲ ਨਹੀਂ ਹੋਵੇਗੀ ਅਤੇ ਨਾ ਹੀ ਪੂਰੀ ਹੋਵੇਗੀ,8ਕਿਉਂ ਜੋ ਅਰਾਮ ਦਾ ਸਿਰ ਦੰਮਿਸਕ ਹੈ ਅਤੇ ਦੰਮਿਸਕ ਦਾ ਸਿਰ ਰਸੀਨ ਹੈ, ਪਰ ਪੈਂਹਟ ਸਾਲਾਂ ਦੇ ਅੰਦਰ ਇਫ਼ਰਾਈਮ ਅਜਿਹਾ ਟੁੱਕੜੇ-ਟੁੱਕੜੇ ਕੀਤਾ ਜਾਵੇਗਾ ਕਿ ਉਹ ਕੌਮ ਹੀ ਨਾ ਰਹੇਗੀ ।9ਇਫ਼ਰਾਈਮ ਦਾ ਸਿਰ ਸਾਮਰਿਯਾ ਹੈ ਅਤੇ ਸਾਮਰਿਯਾ ਦਾ ਸਿਰ ਰਮਲਯਾਹ ਦਾ ਪੁੱਤਰ ਹੈ । ਜੇਕਰ ਤੁਸੀਂ ਪਰਤੀਤ ਨਾ ਕਰੋਗੇ ਤਾਂ ਤੁਸੀਂ ਸੱਚ-ਮੁੱਚ ਕਾਇਮ ਨਾ ਰਹੋਗੇ ।
ਇੰਮਾਨੂਏਲ ਦਾ ਨਿਸ਼ਾਨ

10ਫੇਰ ਯਹੋਵਾਹ ਨੇ ਆਹਾਜ਼ ਨੂੰ ਇਹ ਵੀ ਆਖਿਆ,11ਯਹੋਵਾਹ ਆਪਣੇ ਪਰਮੇਸ਼ੁਰ ਤੋਂ ਕੋਈ ਨਿਸ਼ਾਨ ਮੰਗ, ਭਾਵੇਂ ਡੂੰਘਿਆਈ ਵਿੱਚ ਭਾਵੇਂ ਉਤਾਹਾਂ ਉਚਿਆਈ ਵਿੱਚ ਮੰਗ,12ਪਰ ਆਹਾਜ਼ ਨੇ ਆਖਿਆ, ਮੈਂ ਨਹੀਂ ਮੰਗਾਂਗਾ ਅਤੇ ਮੈਂ ਯਹੋਵਾਹ ਨੂੰ ਨਹੀਂ ਪਰਤਾਵਾਂਗਾ ।
13ਤਦ ਯਸਾਯਾਹ ਨੇ ਆਖਿਆ, ਹੇ ਦਾਊਦ ਦੇ ਘਰਾਣੇ, ਸੁਣ । ਭਲਾ, ਮਨੁੱਖਾਂ ਨੂੰ ਖੇਚਲ ਦੇਣਾ, ਇਹ ਤੁਹਾਡੇ ਲਈ ਛੋਟੀ ਗੱਲ ਹੈ ? ਕੀ ਹੁਣ ਤੁਸੀਂ ਮੇਰੇ ਪਰਮੇਸ਼ੁਰ ਨੂੰ ਵੀ ਖੇਚਲ ਦਿਓਗੇ ?14ਇਸ ਲਈ ਪ੍ਰਭੂ ਆਪ ਤੁਹਾਨੂੰ ਇੱਕ ਨਿਸ਼ਾਨ ਦੇਵੇਗਾ । ਵੇਖੋ, ਇੱਕ ਕੁਆਰੀ ਗਰਭਵਤੀ ਹੋਵੇਗੀ ਅਤੇ ਪੁੱਤਰ ਜਣੇਗੀ ਅਤੇ ਉਹ ਉਸ ਦਾ ਨਾਮ ਇੰਮਾਨੂਏਲ ਰੱਖੇਗੀ ।15ਉਹ ਦਹੀਂ ਅਤੇ ਸ਼ਹਿਤ ਖਾਵੇਗਾ ਜਿਸ ਸਮੇਂ ਤੱਕ ਉਹ ਬਦੀ ਨੂੰ ਰੱਦਣਾ ਅਤੇ ਨੇਕੀ ਨੂੰ ਚੁਣਨਾ ਨਾ ਜਾਣੇ ।
16ਕਿਉਂ ਜੋ ਇਸ ਤੋਂ ਪਹਿਲਾਂ ਕਿ ਉਹ ਮੁੰਡਾ ਬਦੀ ਨੂੰ ਰੱਦਣਾ ਅਤੇ ਨੇਕੀ ਨੂੰ ਚੁਣਨਾ ਜਾਣੇ, ਉਹ ਭੂਮੀ ਛੱਡੀ ਜਾਵੇਗੀ, ਜਿਸ ਦੇ ਦੋਹਾਂ ਰਾਜਿਆਂ ਤੋਂ ਤੂੰ ਘਬਰਾਉਂਦਾ ਹੈਂ ।17ਯਹੋਵਾਹ ਤੇਰੇ ਉੱਤੇ, ਤੇਰੇ ਲੋਕਾਂ ਉੱਤੇ ਅਤੇ ਤੇਰੇ ਪਿਤਾ ਦੇ ਘਰਾਣੇ ਉੱਤੇ ਅਜਿਹੇ ਦਿਨ ਲੈ ਆਵੇਗਾ, ਜਿਹੇ ਉਨ੍ਹਾਂ ਦਿਨਾਂ ਤੋਂ ਨਹੀਂ ਆਏ ਜਦੋਂ ਇਫ਼ਰਾਈਮ ਯਹੂਦਾਹ ਤੋਂ ਅਲੱਗ ਹੋ ਗਿਆ ਸੀ, ਅਰਥਾਤ ਅੱਸ਼ੂਰ ਦੇ ਰਾਜੇ ਦੇ ਦਿਨ ।

18ਅਜਿਹਾ ਹੋਵੇਗਾ ਕਿ ਉਸ ਦਿਨ ਯਹੋਵਾਹ ਉਸ ਮੱਖੀ ਲਈ ਜਿਹੜੀ ਮਿਸਰ ਦੀਆਂ ਨਦੀਆਂ ਦੇ ਸਿਰੇ ਤੇ ਹੈ ਅਤੇ ਉਸ ਮਧੂਮੱਖੀ ਨੂੰ ਜਿਹੜੀ ਅੱਸ਼ੂਰ ਦੇ ਦੇਸ ਵਿੱਚ ਹੈ, ਸੀਟੀ ਵਜਾ ਕੇ ਬੁਲਾਵੇਗਾ ।19ਫੇਰ ਉਹ ਸਭ ਆਉਣਗੀਆਂ ਅਤੇ ਢਾਲੂ ਵਾਦੀਆਂ ਵਿੱਚ, ਚੱਟਾਨਾਂ ਦੀਆਂ ਤੇੜਾਂ ਵਿੱਚ ਅਤੇ ਸਾਰੇ ਕੰਡਿਆਂ ਉੱਤੇ ਅਤੇ ਸਾਰੀਆਂ ਝਾੜੀਆਂ ਉੱਤੇ ਬੈਠ ਜਾਣਗੀਆਂ ।

20ਉਸ ਦਿਨ ਪ੍ਰਭੂ ਉਸ ਉਸਤਰੇ ਨਾਲ ਜਿਹੜਾ ਦਰਿਆ ਦੇ ਪਾਰੋਂ ਭਾੜੇ ਤੇ ਲਿਆ ਗਿਆ ਹੈ ਅਰਥਾਤ ਅੱਸ਼ੂਰ ਦੇ ਰਾਜੇ ਨਾਲ, ਸਿਰ ਅਤੇ ਪੈਰਾਂ ਦੇ ਵਾਲ ਮੁੰਨ ਸੁੱਟੇਗਾ ਅਤੇ ਦਾੜ੍ਹੀ ਵੀ ਮੁੰਨ ਦੇਵੇਗਾ ।21ਤਦ ਅਜਿਹਾ ਹੋਵੇਗਾ ਕਿ ਉਸ ਦਿਨ ਇੱਕ ਮਨੁੱਖ ਇੱਕ ਗਾਂ ਤੇ ਦੋ ਭੇਡਾਂ ਪਾਲੇਗਾ22ਅਤੇ ਉਨ੍ਹਾਂ ਦੇ ਦੁੱਧ ਦੀ ਵਾਫਰੀ ਦੇ ਕਾਰਨ ਉਹ ਦਹੀਂ ਖਾਵੇਗਾ ਕਿਉਂਕਿ ਜਿੰਨੇ ਵੀ ਉਸ ਦੇਸ ਵਿੱਚ ਬਾਕੀ ਰਹਿ ਜਾਣਗੇ ਉਹ ਦਹੀਂ ਤੇ ਸ਼ਹਿਦ ਖਾਇਆ ਕਰਨਗੇ ।

23ਅਤੇ ਉਸ ਦਿਨ ਹਰੇਕ ਥਾਂ ਜਿੱਥੇ ਹਜ਼ਾਰ ਵੇਲਾਂ ਹੁੰਦੀਆਂ ਸਨ, ਜਿਨ੍ਹਾਂ ਦਾ ਮੁੱਲ ਹਜ਼ਾਰ ਚਾਂਦੀ ਦੇ ਸ਼ਕੇਲ ਹੁੰਦਾ ਸੀ, ਉੱਥੇ ਕੰਡੇ ਅਤੇ ਕੰਡਿਆਲੇ ਹੀ ਹੋਣਗੇ ।24ਬਾਣਾਂ ਅਤੇ ਧਣੁਖਾਂ ਨਾਲ ਲੋਕ ਉੱਥੇ ਆਉਣਗੇ ਕਿਉਂਕਿ ਸਾਰਾ ਦੇਸ ਕੰਡਿਆਂ ਤੇ ਕੰਡਿਆਲਿਆਂ ਨਾਲ ਭਰਿਆ ਹੋਵੇਗਾ25ਅਤੇ ਸਾਰੇ ਟਿੱਬੇ ਜਿਹੜੇ ਕਹੀ ਨਾਲ ਪੁੱਟੇ ਜਾਂਦੇ ਸਨ, ਉੱਥੇ ਕੰਡਿਆਂ ਤੇ ਕੰਡਿਆਲਿਆਂ ਦੇ ਡਰ ਤੋਂ ਤੁਸੀਂ ਨਾ ਜਾਓਗੇ ਪਰ ਉਹ ਬਲਦਾਂ ਦੀਆਂ ਰੱਖਾਂ ਅਤੇ ਭੇਡਾਂ ਦੀ ਖੁਰਗਾਹ ਹੋਣਗੇ ।

8
ਯਸਾਯਾਹ ਦਾ ਪੁੱਤਰ: ਲੋਕਾਂ ਦੇ ਲਈ ਨਿਸ਼ਾਨ

1ਯਹੋਵਾਹ ਨੇ ਮੈਨੂੰ ਆਖਿਆ, ਇੱਕ ਵੱਡੀ ਤਖ਼ਤੀ ਲੈ ਕੇ ਉਹ ਦੇ ਉੱਤੇ ਆਮ ਅੱਖਰਾਂ ਵਿੱਚ ਲਿਖ, "ਮਹੇਰ-ਸ਼ਲਾਲ-ਹਾਸ਼-ਬਜ਼ ਦੇ ਲਈ"2ਸੋ ਮੈਂ ਊਰੀਯਾਹ ਜਾਜਕ ਅਤੇ ਯਬਰਕਯਾਹ ਦੇ ਪੁੱਤਰ ਜ਼ਕਰਯਾਹ ਨੂੰ ਆਪਣੇ ਲਈ ਵਿਸ਼ਵਾਸਯੋਗ ਗਵਾਹ ਬਣਾਇਆ ।

3ਤਦ ਮੈਂ ਨਬੀਆ ਨਾਲ ਸੰਗ ਕੀਤਾ ਅਤੇ ਉਹ ਗਰਭਵਤੀ ਹੋਈ ਅਤੇ ਪੁੱਤਰ ਨੂੰ ਜਨਮ ਦਿੱਤਾ, ਤਦ ਯਹੋਵਾਹ ਨੇ ਮੈਨੂੰ ਆਖਿਆ, ਉਹ ਦਾ ਨਾਮ ਮਹੇਰ-ਸ਼ਲਾਲ-ਹਾਸ਼-ਬਜ਼ ਰੱਖ,4ਕਿਉਂ ਜੋ ਇਸ ਤੋਂ ਪਹਿਲਾਂ ਕਿ ਉਹ ਮੁੰਡਾ "ਮੇਰਾ ਪਿਤਾ" ਜਾਂ "ਮੇਰੀ ਮਾਤਾ" ਕਹਿਣਾ ਸਿੱਖੇ, ਦੰਮਿਸਕ ਦਾ ਮਾਲ ਅਤੇ ਸਾਮਰਿਯਾ ਦੀ ਲੁੱਟ ਅੱਸ਼ੂਰ ਦੇ ਰਾਜੇ ਦੇ ਅੱਗੇ ਚੁਕਵਾਈ ਜਾਏਗੀ ।
ਅੱਸ਼ੂਰ ਦੇ ਰਾਜੇ ਦਾ ਆਉਣਾ

5ਯਹੋਵਾਹ ਫੇਰ ਮੇਰੇ ਨਾਲ ਬੋਲਿਆ:6ਇਸ ਲਈ ਕਿ ਇਸ ਪਰਜਾ ਨੇ ਸ਼ੀਲੋਆਹ ਦੇ ਹੌਲੀ ਵਗਣ ਵਾਲੇ ਪਾਣੀ ਨੂੰ ਤਿਆਗ ਦਿੱਤਾ ਅਤੇ ਰਸੀਨ ਅਤੇ ਰਮਲਯਾਹ ਦੇ ਪੁੱਤਰ ਉੱਤੇ ਖੁਸ਼ ਹਨ ।7ਇਸ ਲਈ ਵੇਖੋ, ਪ੍ਰਭੂ ਉਨ੍ਹਾਂ ਦੇ ਉੱਤੇ ਦਰਿਆ ਦੇ ਤੇਜ ਅਤੇ ਬਹੁਤੇ ਪਾਣੀ ਚੜ੍ਹਾਵੇਗਾ, ਅਰਥਾਤ ਅੱਸ਼ੂਰ ਦੇ ਰਾਜੇ ਨੂੰ ਉਹ ਦੀ ਸਾਰੀ ਸ਼ਾਨ ਨਾਲ ਅਤੇ ਉਹ ਆਪਣੇ ਸਾਰੇ ਨਾਲਿਆਂ ਉੱਤੇ ਚੜ੍ਹੇਗਾ ਅਤੇ ਆਪਣੇ ਸਾਰੇ ਕੰਢਿਆਂ ਦੇ ਉੱਤੋਂ ਦੀ ਵਗੇਗਾ ।
8ਉਹ ਯਹੂਦਾਹ ਦੇ ਵਿੱਚੋਂ ਵੀ ਲੰਘੇਗਾ, ਉਹ ਹੜ੍ਹ ਬਣ ਕੇ ਵਗੇਗਾ ਅਤੇ ਗਰਦਨ ਤੱਕ ਚੜ੍ਹੇਗਾ ਅਤੇ ਹੇ ਇੰਮਾਨੂਏਲ, ਉਹ ਦੇ ਖੰਭਾਂ ਦਾ ਫੈਲਾਓ ਤੇਰੇ ਸਾਰੇ ਦੇਸ ਨੂੰ ਢੱਕ ਲਵੇਗਾ !

9ਹੇ ਲੋਕੋ ! ਮਿਲ ਜਾਓ, ਪਰ ਟੁੱਕੜੇ-ਟੁੱਕੜੇ ਕੀਤੇ ਜਾਓਗੇ, ਹੇ ਸਾਰੇ ਦੂਰ ਦੇਸ ਦਿਓ, ਕੰਨ ਲਾਓ, ਆਪਣੀਆਂ ਕਮਰਾਂ ਕੱਸੋ, ਪਰ ਤੁਸੀਂ ਟੁੱਕੜੇ-ਟੁੱਕੜੇ ਕੀਤੇ ਜਾਓਗੇ, ਆਪਣੀਆਂ ਕਮਰਾਂ ਕੱਸੋ, ਪਰ ਤੁਸੀਂ ਟੁੱਕੜੇ-ਟੁੱਕੜੇ ਕੀਤੇ ਜਾਓਗੇ !10ਆਪਸ ਵਿੱਚ ਸਲਾਹ ਕਰੋ ਪਰ ਉਹ ਅਸਫ਼ਲ ਹੋਵੇਗੀ, ਯੋਜਨਾ ਬਣਾਓ ਪਰ ਉਹ ਕਾਇਮ ਨਾ ਰਹੇਗੀ, ਕਿਉਂ ਜੋ ਪਰਮੇਸ਼ੁਰ ਸਾਡੇ ਨਾਲ ਹੈ ।
ਪਰਮੇਸ਼ੁਰ ਵੱਲੋਂ ਚੇਤਾਵਨੀ

11ਇਸ ਤਰ੍ਹਾਂ ਯਹੋਵਾਹ ਨੇ ਆਪਣੇ ਤਕੜੇ ਹੱਥ ਨਾਲ ਮੈਨੂੰ ਫੜ੍ਹ ਕੇ, ਇਸ ਪਰਜਾ ਦੇ ਚਾਲ-ਚਲਣ ਤੋਂ ਮੈਨੂੰ ਇਹ ਆਖ ਕੇ ਖ਼ਬਰਦਾਰ ਕੀਤਾ12ਕਿ ਉਹ ਸਭ ਕੁਝ ਜਿਸ ਨੂੰ ਇਹ ਪਰਜਾ ਸਾਜਿਸ਼ ਆਖੇ, ਤੁਸੀਂ ਉਸ ਨੂੰ ਸਾਜਿਸ਼ ਨਾ ਆਖਣਾ ਅਤੇ ਜਿਸ ਗੱਲ ਤੋਂ ਉਹ ਭੈ ਖਾਂਦੀ ਹੈ, ਤੁਸੀਂ ਉਸ ਤੋਂ ਭੈ ਨਾ ਖਾਇਓ, ਨਾ ਹੀ ਕੰਬੋ ।13ਸੈਨਾਂ ਦੇ ਯਹੋਵਾਹ ਨੂੰ ਹੀ ਪਵਿੱਤਰ ਮੰਨੋ ਅਤੇ ਉਸੇ ਤੋਂ ਡਰੋ ਅਤੇ ਉਸੇ ਦੇ ਸਾਹਮਣੇ ਕੰਬੋ ।
14ਉਹ ਪਵਿੱਤਰ ਅਸਥਾਨ ਹੋਵੇਗਾ, ਪਰ ਇਸਰਾਏਲ ਦੇ ਦੋਹਾਂ ਘਰਾਣਿਆਂ ਲਈ ਠੋਕਰ ਦਾ ਪੱਥਰ ਅਤੇ ਠੇਡਾ ਖਾਣ ਦੀ ਚੱਟਾਨ ਅਤੇ ਯਰੂਸ਼ਲਮ ਦੇ ਵਾਸੀਆਂ ਲਈ ਫਾਹੀ ਅਤੇ ਫੰਦਾ ਹੋਵੇਗਾ ।15ਬਹੁਤੇ ਉਨ੍ਹਾਂ ਵਿੱਚ ਠੇਡੇ ਖਾਣਗੇ ਅਤੇ ਡਿੱਗਣਗੇ ਅਤੇ ਚੂਰ-ਚੂਰ ਹੋ ਜਾਣਗੇ ਅਤੇ ਫੰਦੇ ਵਿੱਚ ਫਸਣਗੇ ਅਤੇ ਫੜ੍ਹੇ ਜਾਣਗੇ ।
ਮੁਰਦਿਆਂ ਤੋਂ ਪੁੱਛਾਂ ਲੈਣ ਦੇ ਵਿਰੁੱਧ ਚੇਤਾਵਨੀ

16ਸਾਖੀ-ਨਾਮੇ ਨੂੰ ਬੰਦ ਕਰ, ਅਤੇ ਮੇਰੇ ਚੇਲਿਆਂ ਦੇ ਵਿਚਕਾਰ ਪਰਮੇਸ਼ੁਰ ਦੀ ਬਿਵਸਥਾ ਉੱਤੇ ਮੋਹਰ ਲਾ ਦੇ17ਅਤੇ ਮੈਂ ਯਹੋਵਾਹ ਲਈ ਠਹਿਰਾਂਗਾ, ਜਿਸ ਨੇ ਯਾਕੂਬ ਦੇ ਘਰਾਣੇ ਤੋਂ ਆਪਣਾ ਮੂੰਹ ਲੁਕਾ ਲਿਆ ਹੈ ਅਤੇ ਮੈਂ ਉਸੇ ਨੂੰ ਉਡੀਕਾਂਗਾ ।18ਵੇਖੋ, ਮੈਂ ਅਤੇ ਉਹ ਬੱਚੇ ਜਿਹੜੇ ਯਹੋਵਾਹ ਨੇ ਮੈਨੂੰ ਬਖ਼ਸ਼ੇ, ਇਸਰਾਏਲ ਵਿੱਚ ਸੈਨਾਂ ਦੇ ਯਹੋਵਾਹ ਵੱਲੋਂ ਜੋ ਸੀਯੋਨ ਪਰਬਤ ਉੱਤੇ ਵੱਸਦਾ ਹੈ, ਨਿਸ਼ਾਨ ਅਤੇ ਅਚੰਭੇ ਹਨ ।
19ਜਦ ਲੋਕ ਤੁਹਾਨੂੰ ਆਖਣ ਕਿ ਆਓ ਭੂਤਾਂ ਨੂੰ ਕੱਢਣ ਵਾਲਿਆਂ ਜਾਂ ਜਿੰਨ੍ਹ ਤੋਂ ਪੁੱਛਾਂ ਲੈਣ ਵਾਲਿਆਂ ਤੋਂ ਪੁੱਛੋ, ਜਿਹੜੇ ਘੁਸਰ-ਮੁਸਰ ਅਤੇ ਬੁੜ-ਬੁੜ ਕਰਦੇ ਹਨ, ਤਦ ਤੁਸੀਂ ਇਹ ਉੱਤਰ ਦੇਣਾ - ਭਲਾ, ਲੋਕ ਆਪਣੇ ਪਰਮੇਸ਼ੁਰ ਨੂੰ ਨਾ ਪੁੱਛਣ ? ਕੀ ਜੀਉਂਦਿਆਂ ਦੇ ਲਈ ਮੁਰਦਿਆਂ ਨੂੰ ਪੁੱਛਣਾ ਚਾਹੀਦਾ ਹੈ ?20ਪਰਮੇਸ਼ੁਰ ਦੀ ਬਿਵਸਥਾ ਅਤੇ ਚੇਤਾਵਨੀ ਦੀਆਂ ਸਾਖੀਆਂ ਤੋਂ ਸਲਾਹ ਲਓ ! ਜੇ ਉਹ ਇਸ ਬਚਨ ਅਨੁਸਾਰ ਨਾ ਆਖਣ ਤਾਂ ਸੱਚ-ਮੁੱਚ ਉਨ੍ਹਾਂ ਲਈ ਪਹੁ ਨਾ ਫਟੇਗੀ ।
ਸੰਕਟ ਦਾ ਸਮਾਂ

21ਉਹ ਇਸ ਦੇਸ ਵਿੱਚੋਂ ਖੱਜਲ ਅਤੇ ਭੁੱਖੇ ਹੋ ਕੇ ਲੰਘਣਗੇ ਅਤੇ ਅਜਿਹਾ ਹੋਵੇਗਾ ਕਿ ਜਦ ਉਹ ਭੁੱਖੇ ਹੋਣਗੇ ਤਾਂ ਉਹ ਆਪਣੇ ਆਪ ਉੱਤੇ ਖਿਝਣਗੇ ਅਤੇ ਆਪਣੇ ਮੂੰਹ ਉਤਾਹਾਂ ਚੁੱਕ ਕੇ ਆਪਣੇ ਰਾਜੇ ਅਤੇ ਆਪਣੇ ਪਰਮੇਸ਼ੁਰ ਨੂੰ ਫਿਟਕਾਰਨਗੇ ।22ਤਦ ਉਹ ਧਰਤੀ ਵੱਲ ਤੱਕਣਗੇ ਅਤੇ ਵੇਖੋ ! ਬਿਪਤਾ ਅਤੇ ਹਨੇਰਾ, ਕਸ਼ਟ ਦੀ ਧੁੰਦ ਵਿਖਾਈ ਦੇਵੇਗੀ ! ਅਤੇ ਉਹ ਗੂੜ੍ਹੇ ਹਨੇਰੇ ਵਿੱਚ ਧੱਕੇ ਜਾਣਗੇ ।

9
ਸ਼ਾਂਤੀ ਦਾ ਰਾਜਕੁਮਾਰ

1ਪਰ ਉਨ੍ਹਾਂ ਲਈ ਜਿਹੜੇ ਦੁਖੀ ਸਨ, ਕਸ਼ਟ ਦੀ ਧੁੰਦ ਹੋਰ ਨਹੀਂ ਹੋਵੇਗੀ । ਪਿਛਲੇ ਸਮੇਂ ਵਿੱਚ ਉਹ ਨੇ ਜ਼ਬੂਲੁਨ ਦੀ ਧਰਤੀ ਅਤੇ ਨਫ਼ਤਾਲੀ ਦੀ ਧਰਤੀ ਨੂੰ ਤੁੱਛ ਕੀਤਾ ਪਰ ਆਖਰੀ ਸਮੇਂ ਵਿੱਚ ਉਹ ਸਮੁੰਦਰ ਦੇ ਰਾਹ ਯਰਦਨੋਂ ਪਾਰ ਕੌਮਾਂ ਦੇ ਗਲੀਲ ਨੂੰ ਪਰਤਾਪਵਾਨ ਕਰੇਗਾ ।

2ਜਿਹੜੇ ਲੋਕ ਹਨੇਰੇ ਵਿੱਚ ਚਲਦੇ ਸਨ, ਉਹਨਾਂ ਨੇ ਵੱਡਾ ਚਾਨਣ ਵੇਖਿਆ, ਅਤੇ ਜਿਹੜੇ ਮੌਤ ਦੇ ਸਾਯੇ ਦੇ ਦੇਸ ਵਿੱਚ ਵੱਸਦੇ ਸਨ, ਉਹਨਾਂ ਉੱਤੇ ਰੋਸ਼ਨੀ ਚਮਕੀ ।
3ਤੂੰ ਕੌਮ ਦਾ ਵਿਸਤਾਰ ਕੀਤਾ, ਤੂੰ ਉਹ ਦੀ ਖੁਸ਼ੀ ਨੂੰ ਵਧਾਇਆ, ਉਹ ਤੇਰੇ ਸਨਮੁਖ ਖੁਸ਼ੀ ਕਰਦੇ ਹਨ, ਜਿਵੇਂ ਵਾਢੀ ਦੇ ਵੇਲੇ ਖੁਸ਼ੀ ਕਰੀਦੀ ਹੈ, ਅਤੇ ਜਿਵੇਂ ਲੁੱਟ ਦਾ ਮਾਲ ਵੰਡਣ ਉੱਤੇ ਸੂਰਮੇ ਬਾਗ-ਬਾਗ ਹੁੰਦੇ ਹਨ ।
4ਕਿਉਂ ਜੋ ਤੂੰ ਉਸ ਦੇ ਭਾਰੇ ਜੂਲੇ ਨੂੰ, ਉਸ ਦੇ ਮੋਢੇ ਦੀ ਲਾਠੀ ਨੂੰ, ਅਤੇ ਉਸ ਦੇ ਸਤਾਉਣ ਵਾਲੇ ਦੀ ਸੋਟੀ ਨੂੰ, ਤੂੰ ਟੁੱਕੜੇ-ਟੁੱਕੜੇ ਕੀਤਾ ਹੈ, ਜਿਵੇਂ ਮਿਦਯਾਨ ਦੇ ਦਿਨ ਵਿੱਚ ।5ਕਿਉਂ ਜੋ ਯੁੱਧ ਵਿੱਚ ਲੜ੍ਹਨ ਵਾਲੇ ਫੌਜੀਆਂ ਦੇ ਬੂਟ, ਅਤੇ ਸਾਰੇ ਲਹੂ ਲੁਹਾਣ ਕੱਪੜੇ, ਅੱਗ ਦੇ ਬਾਲਣ ਵਾਂਗੂੰ ਸਾੜੇ ਜਾਣਗੇ ।
6ਸਾਡੇ ਲਈ ਤਾਂ ਇੱਕ ਬਾਲਕ ਜੰਮਿਆ, ਅਤੇ ਸਾਨੂੰ ਇੱਕ ਪੁੱਤਰ ਬਖ਼ਸ਼ਿਆ ਗਿਆ, ਰਾਜ ਉਹ ਦੇ ਮੋਢੇ ਉੱਤੇ ਹੋਵੇਗਾ, ਅਤੇ ਉਹ ਦਾ ਨਾਮ ਇਹ ਸੱਦਿਆ ਜਾਵੇਗਾ, "ਅਚਰਜ ਸਲਾਹਕਾਰ, ਸ਼ਕਤੀਮਾਨ ਪਰਮੇਸ਼ੁਰ, ਅਨਾਦੀ ਪਿਤਾ, ਸ਼ਾਂਤੀ ਦਾ ਰਾਜ ਕੁਮਾਰ ।"7ਉਹ ਦੇ ਰਾਜ ਦੀ ਤਰੱਕੀ, ਅਤੇ ਸਲਾਮਤੀ ਦੀ ਕੋਈ ਹੱਦ ਨਾ ਹੋਵੇਗੀ, ਇਸ ਲਈ ਉਹ ਉਸ ਨੂੰ ਦਾਊਦ ਦੀ ਰਾਜ-ਗੱਦੀ ਉੱਤੇ, ਅਤੇ ਉਹ ਦੀ ਪਾਤਸ਼ਾਹੀ ਉੱਤੇ, ਹੁਣ ਤੋਂ ਲੈ ਕੇ ਜੁੱਗੋ-ਜੁੱਗ ਨਿਆਂ ਅਤੇ ਧਰਮ ਨਾਲ ਕਾਇਮ ਕਰੇਗਾ ਅਤੇ ਸੰਭਾਲੀ ਰੱਖੇਗਾ । ਸੈਨਾਂ ਦੇ ਯਹੋਵਾਹ ਦੀ ਅਣਖ ਇਹ ਕਰੇਗੀ ।
ਇਸਰਾਏਲ ਦੇ ਵਿਰੁੱਧ ਪਰਮੇਸ਼ੁਰ ਦਾ ਕ੍ਰੋਧ

8ਪ੍ਰਭੂ ਨੇ ਯਾਕੂਬ ਨੂੰ ਬਚਨ ਭੇਜਿਆ, ਅਤੇ ਉਹ ਇਸਰਾਏਲ ਵਿੱਚ ਪਰਗਟ ਹੋਇਆ ਹੈ ।9ਅਤੇ ਸਾਰੇ ਲੋਕ, ਅਤੇ ਇਫ਼ਰਾਈਮ ਅਤੇ ਸਾਮਰਿਯਾ ਦੇ ਵਾਸੀ ਜਾਣਨਗੇ, ਜਿਹੜੇ ਗਰੂਰ ਅਤੇ ਦਿਲ ਦੇ ਹੰਕਾਰ ਨਾਲ ਆਖਦੇ ਹਨ,10ਇੱਟਾਂ ਡਿੱਗ ਪਈਆਂ, ਪਰ ਅਸੀਂ ਘੜ੍ਹਵੇਂ ਪੱਥਰਾਂ ਨਾਲ ਘਰ ਉਸਾਰਾਂਗੇ, ਗੁੱਲ੍ਹਰ ਤਾਂ ਵੱਢੇ ਹੋਏ ਹਨ, ਪਰ ਅਸੀਂ ਉਨ੍ਹਾਂ ਦੇ ਥਾਂ ਦਿਆਰ ਪਾਵਾਂਗੇ ।
11ਇਸ ਲਈ ਯਹੋਵਾਹ ਰਸੀਨ ਦੇ ਵਿਰੋਧੀਆਂ ਨੂੰ ਉਨ੍ਹਾਂ ਦੇ ਵਿਰੁੱਧ ਚੁੱਕੇਗਾ, ਅਤੇ ਉਹ ਦੇ ਵੈਰੀਆਂ ਨੂੰ ਪਰੇਰੇਗਾ ।12ਅਰਾਮੀ ਅੱਗੇ ਅਤੇ ਫ਼ਲਿਸਤੀ ਪਿੱਛੇ ਹੋਣਗੇ, ਅਤੇ ਉਹ ਇਸਰਾਏਲ ਨੂੰ ਅੱਡੇ ਹੋਏ ਮੂੰਹ ਨਾਲ ਭੱਖ ਲੈਣਗੇ । ਇਹ ਦੇ ਬਾਵਜੂਦ ਵੀ ਉਹ ਦਾ ਕ੍ਰੋਧ ਨਹੀਂ ਹਟਿਆ, ਸਗੋਂ ਉਹ ਦਾ ਹੱਥ ਹੁਣ ਤੱਕ ਚੁੱਕਿਆ ਹੋਇਆ ਹੈ ।

13ਫੇਰ ਵੀ ਪਰਜਾ ਆਪਣੇ ਮਾਰਨ ਵਾਲੇ ਵੱਲ ਨਾ ਮੁੜੀ, ਨਾ ਸੈਨਾਂ ਦੇ ਯਹੋਵਾਹ ਨੂੰ ਭਾਲਿਆ ।14ਇਸ ਕਾਰਨ ਯਹੋਵਾਹ ਨੇ ਇਸਰਾਏਲ ਵਿੱਚੋਂ ਸਿਰ ਅਤੇ ਪੂਛ, ਖਜ਼ੂਰ ਦੀ ਟਹਿਣੀ ਅਤੇ ਕਾਨਾ ਇੱਕੋ ਦਿਨ ਵੱਢ ਸੁੱਟਿਆ,15ਬਜ਼ੁਰਗ ਅਤੇ ਪਤਵੰਤ, ਉਹ ਸਿਰ ਹਨ, ਅਤੇ ਨਬੀ ਜਿਹੜਾ ਝੂਠ ਸਿਖਾਉਂਦਾ ਹੈ, ਉਹ ਪੂਛ ਹੈ ।
16ਇਸ ਪਰਜਾ ਦੇ ਆਗੂ ਕੁਰਾਹੇ ਪਾਉਣ ਵਾਲੇ ਹਨ, ਅਤੇ ਉਨ੍ਹਾਂ ਦੇ ਪਿੱਛੇ ਲੱਗਣ ਵਾਲੇ ਨਿਗਲੇ ਜਾਂਦੇ ਹਨ ।17ਇਸ ਲਈ ਪ੍ਰਭੂ ਉਨ੍ਹਾਂ ਦੇ ਜੁਆਨਾਂ ਉੱਤੇ ਖੁਸ਼ ਨਹੀਂ ਹੋਵੇਗਾ, ਨਾ ਉਨ੍ਹਾਂ ਦੇ ਯਤੀਮਾਂ ਅਤੇ ਵਿਧਵਾਂ ਉੱਤੇ ਰਹਮ ਕਰੇਗਾ, ਕਿਉਂ ਜੋ ਹਰੇਕ ਬੇਧਰਮੀ ਅਤੇ ਕੁਕਰਮੀ ਹੈ, ਅਤੇ ਹਰ ਮੂੰਹ ਮੂਰਖਤਾਈ ਬਕਦਾ ਹੈ । ਇਹ ਦੇ ਬਾਵਜੂਦ ਵੀ ਉਹ ਦਾ ਕ੍ਰੋਧ ਨਹੀਂ ਹਟਿਆ, ਸਗੋਂ ਉਹ ਦਾ ਹੱਥ ਹੁਣ ਤੱਕ ਚੁੱਕਿਆ ਹੋਇਆ ਹੈ ।

18ਬੁਰਿਆਈ ਤਾਂ ਅੱਗ ਵਾਂਗੂੰ ਬਲਦੀ ਹੈ, ਉਹ ਕੰਡੇ ਅਤੇ ਕੰਡਿਆਲੇ ਭਸਮ ਕਰਦੀ ਹੈ, ਅਤੇ ਉਹ ਸੰਘਣੇ ਜੰਗਲਾਂ ਦੀਆਂ ਝਾੜੀਆਂ ਵਿੱਚ ਭੜਕ ਉੱਠਦੀ ਹੈ, ਉਹ ਧੂੰਏਂ ਦੇ ਗੂੜ੍ਹੇ ਬੱਦਲਾਂ ਵਿੱਚ ਉਤਾਹਾਂ ਚੜ੍ਹਦੀ ਹੈ ।19ਸੈਨਾਂ ਦੇ ਯਹੋਵਾਹ ਦੇ ਕਹਿਰ ਵਿੱਚ ਦੇਸ ਸੜ ਗਿਆ ਹੈ, ਅਤੇ ਲੋਕ ਅੱਗ ਦੇ ਬਾਲਣ ਜਿਹੇ ਹਨ, ਕੋਈ ਆਪਣੇ ਭਰਾ ਨੂੰ ਵੀ ਨਹੀਂ ਛੱਡਦਾ ।
20ਕੋਈ ਸੱਜੇ ਹੱਥ ਵੱਲੋਂ ਕੁਝ ਖੋਹ ਲੈਂਦਾ ਪਰ ਰਹਿੰਦਾ ਭੁੱਖਾ ਹੈ, ਕੋਈ ਖੱਬੇ ਹੱਥ ਵੱਲੋਂ ਖਾਂਦਾ ਪਰ ਉਹ ਰੱਜਦਾ ਨਹੀਂ, ਹਰ ਮਨੁੱਖ ਆਪਣੀ ਹੀ ਬਾਂਹ ਦਾ ਮਾਸ ਖਾਵੇਗਾ,21ਮਨੱਸ਼ਹ ਇਫ਼ਰਾਈਮ ਨੂੰ ਅਤੇ ਇਫ਼ਰਾਈਮ ਮਨੱਸ਼ਹ ਨੂੰ ਖਾਂਦਾ ਹੈ, ਅਤੇ ਉਹ ਮਿਲ ਕੇ ਯਹੂਦਾਹ ਦੇ ਵਿਰੁੱਧ ਹੁੰਦੇ ਹਨ । ਇਸ ਦੇ ਬਾਵਜੂਦ ਵੀ ਉਹ ਦਾ ਕ੍ਰੋਧ ਨਹੀਂ ਹਟਿਆ, ਸਗੋਂ ਉਹ ਦਾ ਹੱਥ ਹੁਣ ਤੱਕ ਚੁੱਕਿਆ ਹੋਇਆ ਹੈ ।

10

1ਹਾਇ ਉਹਨਾਂ ਉੱਤੇ ਜਿਹੜੇ ਬੁਰੀਆਂ ਬਿਧੀਆਂ ਬਣਾਉਂਦੇ ਹਨ, ਅਤੇ ਉਹਨਾਂ ਲਿਖਾਰੀਆਂ ਉੱਤੇ ਜਿਹੜੇ ਜ਼ੁਲਮ ਨੂੰ ਲਿਖੀ ਜਾਂਦੇ ਹਨ !2ਤਾਂ ਜੋ ਉਹ ਗਰੀਬਾਂ ਨੂੰ ਇਨਸਾਫ਼ ਤੋਂ ਮੋੜ ਦੇਣ, ਅਤੇ ਮੇਰੀ ਪਰਜਾ ਦੇ ਮਸਕੀਨਾਂ ਦਾ ਹੱਕ ਖੋਹ ਲੈਣ, ਭਈ ਵਿਧਵਾਂ ਉਹਨਾਂ ਦੀ ਲੁੱਟ ਹੋਣ, ਅਤੇ ਉਹ ਯਤੀਮਾਂ ਨੂੰ ਸ਼ਿਕਾਰ ਬਣਾਉਣ !

3ਤੁਸੀਂ ਸਜ਼ਾ ਦੇ ਦਿਨ ਕੀ ਕਰੋਗੇ, ਅਤੇ ਉਸ ਬਰਬਾਦੀ ਵਿੱਚ ਜਿਹੜੀ ਦੂਰੋਂ ਆਵੇਗੀ ? ਤੁਸੀਂ ਸਹਾਇਤਾ ਲਈ ਕਿਸ ਦੇ ਕੋਲ ਨੱਠੋਗੇ, ਅਤੇ ਆਪਣਾ ਮਾਲ-ਧਨ ਕਿੱਥੇ ਛੱਡੋਗੇ ?4ਸਿਰਫ਼ ਇਹ ਕਿ ਉਹ ਕੈਦੀਆਂ ਦੇ ਹੇਠ ਦੱਬੇ ਜਾਣ, ਅਤੇ ਵੱਢਿਆਂ ਹੋਇਆਂ ਦੇ ਹੇਠ ਡਿੱਗ ਪੈਣ । ਇਸ ਸਭ ਦੇ ਬਾਵਜੂਦ ਵੀ ਉਹ ਦਾ ਕ੍ਰੋਧ ਨਹੀਂ ਹਟਿਆ, ਸਗੋਂ ਉਹ ਦਾ ਹੱਥ ਹੁਣ ਤੱਕ ਚੁੱਕਿਆ ਹੋਇਆ ਹੈ ।
ਅੱਸ਼ੂਰ ਦਾ ਰਾਜਾ - ਪਰਮੇਸ਼ੁਰ ਦੇ ਕ੍ਰੋਧ ਦਾ ਸਾਧਨ

5ਹਾਇ ਅੱਸ਼ੂਰ ਉੱਤੇ - ਮੇਰੇ ਕ੍ਰੋਧ ਦੇ ਡੰਡੇ ਉੱਤੇ ! ਉਹ ਲਾਠੀ ਜਿਹੜੀ ਉਹ ਦੇ ਹੱਥ ਵਿੱਚ ਹੈ, ਉਹ ਮੇਰਾ ਕਹਿਰ ਹੈ ।6ਮੈਂ ਉਹ ਨੂੰ ਇੱਕ ਬੇਧਰਮ ਕੌਮ ਦੇ ਵਿਰੁੱਧ ਘੱਲਾਂਗਾ, ਅਤੇ ਜਿਨ੍ਹਾਂ ਲੋਕਾਂ ਉੱਤੇ ਮੇਰਾ ਕਹਿਰ ਭੜਕਿਆ ਹੈ, ਉਨ੍ਹਾਂ ਵਿਰੁੱਧ ਹੁਕਮ ਦਿਆਂਗਾ, ਭਈ ਉਹ ਲੁੱਟ ਲੁੱਟੇ ਅਤੇ ਮਾਲ ਚੁਰਾਵੇ, ਅਤੇ ਗਲੀਆਂ ਦੇ ਚਿੱਕੜ ਵਾਂਗੂੰ ਉਹਨਾਂ ਨੂੰ ਮਿੱਧੇ ।
7ਪਰ ਉਹ ਦਾ ਇਹ ਇਰਾਦਾ ਨਹੀਂ, ਨਾ ਉਹ ਦਾ ਮਨ ਅਜਿਹਾ ਸੋਚਦਾ ਹੈ, ਸਗੋਂ ਉਹ ਦੇ ਮਨ ਵਿੱਚ ਤਾਂ ਨਾਸ ਕਰਨਾ, ਅਤੇ ਬਹੁਤ ਸਾਰੀਆਂ ਕੌਮਾਂ ਨੂੰ ਵੱਢ ਸੁੱਟਣਾ ਹੈ ।8ਉਹ ਤਾਂ ਆਖਦਾ ਹੈ, ਭਲਾ ਮੇਰੇ ਸਾਰੇ ਹਾਕਮ ਰਾਜਿਆਂ ਵਰਗੇ ਨਹੀਂ ?9ਕੀ ਕਲਨੋ, ਕਰਕਮੀਸ਼ ਵਰਗਾ ਨਹੀਂ ? ਕੀ ਹਮਾਥ, ਅਰਪਦ ਵਰਗਾ ਅਤੇ ਸਾਮਰਿਯਾ ਦੰਮਿਸਕ ਵਰਗਾ ਨਹੀਂ ?
10ਜਿਵੇਂ ਮੇਰਾ ਹੱਥ ਬੁੱਤਾਂ ਨਾਲ ਭਰੇ ਹੋਏ ਰਾਜਾਂ ਤੱਕ ਪਹੁੰਚਿਆ, ਜਿਨ੍ਹਾਂ ਦੀਆਂ ਖੋਦੀਆਂ ਹੋਈਆਂ ਮੂਰਤੀਆਂ, ਯਰੂਸ਼ਲਮ ਅਤੇ ਸਾਮਰਿਯਾ ਦੀਆਂ ਮੂਰਤਾਂ ਨਾਲੋਂ ਬਹੁਤੀਆਂ ਸਨ,11ਜਿਵੇਂ ਮੈਂ ਸਾਮਰਿਯਾ ਅਤੇ ਉਸ ਦੇ ਬੁੱਤਾਂ ਨਾਲ ਕੀਤਾ, ਭਲਾ, ਉਸੇ ਤਰ੍ਹਾਂ ਹੀ ਮੈਂ ਯਰੂਸ਼ਲਮ ਅਤੇ ਉਸ ਦੀਆਂ ਮੂਰਤੀਆਂ ਨਾਲ ਨਾ ਕਰਾਂ ?

12ਤਦ ਅਜਿਹਾ ਹੋਵੇਗਾ ਕਿ ਜਦ ਪ੍ਰਭੂ ਸੀਯੋਨ ਦੇ ਪਰਬਤ ਅਤੇ ਯਰੂਸ਼ਲਮ ਵਿੱਚ ਆਪਣਾ ਸਾਰਾ ਕੰਮ ਮੁਕਾ ਲਵੇਗਾ, ਤਾਂ ਮੈਂ ਅੱਸ਼ੂਰ ਦੇ ਰਾਜੇ ਨੂੰ ਉਸ ਦੇ ਘਮੰਡੀ ਦਿਲ ਦੀ ਕਰਨੀ ਅਤੇ ਉਸ ਦੀਆਂ ਉੱਚੀਆਂ ਅੱਖਾਂ ਦੀ ਸ਼ਾਨ ਦੀ ਸਜ਼ਾ ਦਿਆਂਗਾ ।13ਉਹ ਤਾਂ ਆਖਦਾ ਹੈ, ਮੈਂ ਆਪਣੇ ਹੱਥ ਦੇ ਬਲ ਨਾਲ ਇਹ ਕੀਤਾ, ਨਾਲੇ ਆਪਣੀ ਬੁੱਧੀ ਨਾਲ ਕਿਉਂ ਜੋ ਮੈਂ ਸਮਝ ਰੱਖਦਾ ਹਾਂ ! ਮੈਂ ਲੋਕਾਂ ਦੀਆਂ ਸਾਰੀਆਂ ਹੱਦਾਂ ਨੂੰ ਸਰਕਾਇਆ ਅਤੇ ਉਨ੍ਹਾਂ ਦੇ ਰੱਖੇ ਹੋਏ ਮਾਲ-ਧਨ ਨੂੰ ਲੁੱਟਿਆ, ਅਤੇ ਸੂਰਮੇ ਵਾਂਗੂੰ ਮੈਂ ਗੱਦੀਆਂ ਉੱਤੇ ਬਿਰਾਜਮਾਨ ਹੋਣ ਵਾਲਿਆਂ ਨੂੰ ਹੇਠਾਂ ਲਾਹ ਦਿੱਤਾ !
14ਮੇਰੇ ਹੱਥ ਨੇ ਲੋਕਾਂ ਦੇ ਮਾਲ-ਧਨ ਨੂੰ ਐਵੇਂ ਲੱਭ ਲਿਆ ਹੈ, ਜਿਵੇਂ ਕੋਈ ਆਲ੍ਹਣੇ ਨੂੰ ਲੱਭ ਲੈਂਦਾ, ਅਤੇ ਜਿਵੇਂ ਕੋਈ ਛੱਡੇ ਹੋਏ ਆਂਡੇ ਸਮੇਟਦਾ ਹੈ, ਉਸੇ ਤਰ੍ਹਾਂ ਹੀ ਮੈਂ ਸਾਰੀ ਧਰਤੀ ਨੂੰ ਸਮੇਟ ਲਿਆ, ਅਤੇ ਨਾ ਕਿਸੇ ਨੇ ਖੰਭ ਹਿਲਾਇਆ, ਨਾ ਮੂੰਹ ਖੋਲ੍ਹਿਆ, ਨਾ ਚੀਂ-ਚੀਂ ਕੀਤੀ ।

15ਭਲਾ, ਕੁਹਾੜਾ ਆਪਣੇ ਚਲਾਉਣ ਵਾਲੇ ਅੱਗੇ ਆਕੜੇ ? ਕੀ ਆਰਾ ਆਪਣੇ ਖਿੱਚਣ ਵਾਲੇ ਅੱਗੇ ਗਰੂਰ ਕਰੇ ? ਕੀ ਡੰਡਾ ਆਪਣੇ ਚੁੱਕਣ ਵਾਲੇ ਨੂੰ ਹਿਲਾਵੇ, ਜਾਂ ਲਾਠੀ ਉਹ ਨੂੰ ਚੁੱਕੇ ਜਿਹੜਾ ਲੱਕੜ ਨਹੀਂ ਹੈ !16ਇਸ ਲਈ ਪ੍ਰਭੂ, ਸੈਨਾਂ ਦਾ ਯਹੋਵਾਹ, ਉਹ ਦੇ ਰਿਸ਼ਟ-ਪੁਸ਼ਟ ਸੂਰਮਿਆਂ ਵਿੱਚ ਨਿਰਬਲ ਕਰਨ ਵਾਲੇ ਰੋਗ ਘੱਲੇਗਾ ਅਤੇ ਉਹ ਦੇ ਤੇਜ ਦੇ ਹੇਠਾਂ ਅੱਗ ਦੇ ਸਾੜੇ ਵਾਂਗੂੰ ਸਾੜ ਬਲੇਗੀ ।
17ਇਸਰਾਏਲ ਦੀ ਜੋਤ ਅੱਗ, ਅਤੇ ਉਹ ਦਾ ਪਵਿੱਤਰ ਪੁਰਖ ਲੰਬ ਹੋਵੇਗਾ, ਉਹ ਉਸ ਦੇ ਕੰਡੇ ਅਤੇ ਕੰਡਿਆਲੇ ਇੱਕੋ ਹੀ ਦਿਨ ਵਿੱਚ ਸਾੜ ਕੇ ਭਸਮ ਕਰ ਦੇਵੇਗਾ ।18ਉਹ ਉਸ ਦੇ ਜੰਗਲਾਂ ਅਤੇ ਉਸ ਦੀ ਫਲਦਾਰ ਭੂਮੀ ਦੇ ਪਰਤਾਪ ਨੂੰ ਅਤੇ ਜਾਨ ਤੇ ਮਾਸ ਨੂੰ ਮਿਟਾ ਦੇਵੇਗਾ, ਜਿਵੇਂ ਕੋਈ ਰੋਗੀ ਜਾਂਦਾ ਰਹਿੰਦਾ ਹੈ ।19ਉਹ ਦੇ ਜੰਗਲਾਂ ਦੇ ਰੁੱਖਾਂ ਦੀ ਗਿਣਤੀ ਐਨੀ ਥੋੜ੍ਹੀ ਹੋਵੇਗੀ ਕਿ ਬੱਚਾ ਵੀ ਉਨ੍ਹਾਂ ਨੂੰ ਲਿਖ ਸਕੇਗਾ ।
ਬਚੇ ਹੋਏ ਇਸਰਾਏਲੀਆਂ ਦੀ ਵਾਪਸੀ

20ਉਸ ਦਿਨ ਅਜਿਹਾ ਹੋਵੇਗਾ ਕਿ ਇਸਰਾਏਲ ਦੇ ਬਾਕੀ ਬਚੇ ਹੋਏ ਲੋਕ ਅਤੇ ਯਾਕੂਬ ਦੇ ਘਰਾਣੇ ਦੇ ਬਚੇ ਹੋਏ ਆਪਣੇ ਮਾਰਨ ਵਾਲੇ ਦਾ ਫੇਰ ਸਹਾਰਾ ਨਾ ਲੈਣਗੇ, ਪਰ ਇਸਰਾਏਲ ਦੇ ਪਵਿੱਤਰ ਪੁਰਖ ਯਹੋਵਾਹ ਦਾ ਸਚਿਆਈ ਨਾਲ ਸਹਾਰਾ ਲੈਣਗੇ ।21ਇੱਕ ਬਕੀਆ ਅਰਥਾਤ ਯਾਕੂਬ ਦਾ ਬਕੀਆ, ਸ਼ਕਤੀਮਾਨ ਪਰਮੇਸ਼ੁਰ ਵੱਲ ਮੁੜੇਗਾ ।
22ਭਾਵੇਂ ਤੇਰੀ ਪਰਜਾ ਇਸਰਾਏਲ ਸਮੁੰਦਰ ਦੀ ਰੇਤ ਵਾਂਗੂੰ ਹੋਵੇ, ਉਨ੍ਹਾਂ ਵਿੱਚੋਂ ਕੁਝ ਹੀ ਮੁੜਨਗੇ । ਬਰਬਾਦੀ ਦਾ ਪੱਕਾ ਫ਼ੈਸਲਾ ਹੋ ਚੁੱਕਾ ਹੈ, ਉਹ ਧਰਮ ਅਤੇ ਫੁਰਤੀ ਨਾਲ ਆਉਂਦਾ ਹੈ ।23ਕਿਉਂ ਜੋ ਸੈਨਾਂ ਦਾ ਯਹੋਵਾਹ ਸਾਰੀ ਧਰਤੀ ਦੇ ਵਿਚਕਾਰ ਆਪਣੇ ਫ਼ੈਸਲੇ ਅਨੁਸਾਰ ਪੂਰੀ ਬਰਬਾਦੀ ਕਰੇਗਾ ।
ਪਰਮੇਸ਼ੁਰ ਅੱਸ਼ੂਰ ਨੂੰ ਸਜ਼ਾ ਦੇਵੇਗਾ

24ਇਸ ਲਈ ਪ੍ਰਭੂ ਸੈਨਾਂ ਦਾ ਯਹੋਵਾਹ ਇਹ ਆਖਦਾ ਹੈ, ਹੇ ਮੇਰੀ ਪਰਜਾ ਸੀਯੋਨ ਦੇ ਵਾਸੀਓ, ਅੱਸ਼ੂਰੀਆਂ ਤੋਂ ਨਾ ਡਰੋ, ਜਦ ਉਹ ਡੰਡੇ ਨਾਲ ਮਾਰਨ ਅਤੇ ਤੁਹਾਡੇ ਉੱਤੇ ਮਿਸਰੀਆਂ ਵਾਂਗੂੰ ਆਪਣੀ ਲਾਠੀ ਚੁੱਕਣ ।25ਕਿਉਂ ਜੋ ਬਹੁਤ ਥੋੜ੍ਹੇ ਸਮੇਂ ਵਿੱਚ ਮੇਰਾ ਕਹਿਰ ਮੁੱਕ ਜਾਵੇਗਾ ਅਤੇ ਮੇਰਾ ਕ੍ਰੋਧ ਉਨ੍ਹਾਂ ਦੀ ਬਰਬਾਦੀ ਲਈ ਹੋਵੇਗਾ ।
26ਸੈਨਾਂ ਦਾ ਯਹੋਵਾਹ ਉਨ੍ਹਾਂ ਨੂੰ ਕੋੜੇ ਨਾਲ ਮਾਰੇਗਾ, ਜਿਵੇਂ ਓਰੇਬ ਦੀ ਚੱਟਾਨ ਉੱਤੇ ਮਿਦਯਾਨ ਨੂੰ ਮਾਰਿਆ ਅਤੇ ਜਿਵੇਂ ਉਸ ਨੇ ਆਪਣੀ ਲਾਠੀ ਮਿਸਰ ਉੱਤੇ ਚੁੱਕੀ, ਉਸੇ ਤਰ੍ਹਾਂ ਹੀ ਉਹ ਦੀ ਲਾਠੀ ਸਮੁੰਦਰ ਉੱਤੇ ਹੋਵੇਗੀ ।27ਅਤੇ ਉਸ ਦਿਨ ਅਜਿਹਾ ਹੋਵੇਗਾ ਕਿ ਉਹ ਦਾ ਭਾਰ ਤੇਰੇ ਮੋਢਿਆਂ ਤੋਂ ਅਤੇ ਉਹ ਦਾ ਜੂਲਾ ਤੇਰੀ ਗਰਦਨ ਤੋਂ ਲਾਹ ਦਿੱਤਾ ਜਾਵੇਗਾ ਅਤੇ ਉਹ ਜੂਲਾ ਚਰਬੀ ਦੇ ਕਾਰਨ ਤੋੜਿਆ ਜਾਵੇਗਾ ।
ਅੱਸ਼ੂਰੀ ਸੈਨਾ ਦਾ ਹਮਲਾ

28ਉਹ ਅੱਯਾਥ ਵਿੱਚ ਆਏ, ਉਹ ਮਿਗਰੋਨ ਦੇ ਵਿੱਚੋਂ ਦੀ ਲੰਘੇ, ਮਕਮਾਸ਼ ਵਿੱਚ ਉਨ੍ਹਾਂ ਨੇ ਆਪਣਾ ਅਸਬਾਬ ਰੱਖਿਆ ਹੈ !29ਉਹ ਘਾਟੀ ਦੇ ਪਾਰ ਹੋ ਗਏ, ਗਬਾ ਉਨ੍ਹਾਂ ਦਾ ਟਿਕਾਣਾ ਹੋਇਆ, ਰਾਮਾਹ ਕੰਬਦਾ ਹੈ, ਸ਼ਾਊਲ ਦਾ ਗਿਬਆਹ ਨੱਠ ਤੁਰਿਆ !
30ਹੇ ਗੱਲੀਮ ਦੀਏ ਧੀਏ, ਉੱਚੀ ਦੇ ਕੇ ਚਿੱਲਾ ! ਹੇ ਲੈਸ਼ਾਹ, ਧਿਆਨ ਦੇ ! ਹੇ ਅਨਾਥੋਥ, ਉਹ ਨੂੰ ਉੱਤਰ ਦੇ !31ਮਦਮੇਨਾਹ ਭੱਜ ਤੁਰਿਆ, ਗੋਬੀਮ ਦੇ ਵਾਸੀ ਪਨਾਹ ਭਾਲਦੇ ਹਨ ।32ਅੱਜ ਦੇ ਦਿਨ ਉਹ ਨੋਬ ਵਿੱਚ ਠਹਿਰਣਗੇ, ਉਹ ਸੀਯੋਨ ਦੀ ਧੀ ਦੇ ਪਰਬਤ ਉੱਤੇ, ਯਰੂਸ਼ਲਮ ਦੇ ਟਿੱਬੇ ਉੱਤੇ ਆਪਣੇ ਹੱਥ ਚੁੱਕ ਕੇ ਧਮਕਾਉਣਗੇ !

33ਵੇਖੋ, ਪ੍ਰਭੂ ਸੈਨਾਂ ਦਾ ਯਹੋਵਾਹ, ਭਿਆਨਕ ਤਰੀਕੇ ਨਾਲ ਟਹਿਣੀਆਂ ਨੂੰ ਛਾਂਗੇਗਾ, ਲੰਮੇ ਕੱਦ ਦੇ ਵੱਢੇ ਜਾਣਗੇ, ਅਤੇ ਜਿਹੜੇ ਉੱਚੇ ਹਨ, ਉਹ ਨੀਵੇਂ ਕੀਤੇ ਜਾਣਗੇ ।34ਉਹ ਸੰਘਣੇ ਜੰਗਲ ਨੂੰ ਕੁਹਾੜੇ ਨਾਲ ਵੱਢ ਸੁੱਟੇਗਾ, ਅਤੇ ਲਬਾਨੋਨ ਤੇਜਵਾਨ ਦੇ ਹੱਥੋਂ ਡਿੱਗ ਪਵੇਗਾ ।

11
ਸ਼ਾਂਤੀ ਦਾ ਰਾਜ

1ਯੱਸੀ ਦੇ ਟੁੰਡ ਤੋਂ ਇੱਕ ਟਾਹਣੀ ਫੁੱਟ ਨਿੱਕਲੇਗੀ, ਅਤੇ ਉਹ ਦੀਆਂ ਜੜ੍ਹਾਂ ਵਿੱਚੋਂ ਇੱਕ ਟਹਿਣੀ ਨਿੱਕਲ ਕੇ ਫਲ ਦੇਵੇਗੀ ।2ਯਹੋਵਾਹ ਦਾ ਆਤਮਾ ਉਸ ਉੱਤੇ ਠਹਿਰੇਗਾ - ਬੁੱਧ ਤੇ ਸਮਝ ਦਾ ਆਤਮਾ, ਸਲਾਹ ਦੇ ਸਮਰੱਥਾ ਦਾ ਆਤਮਾ, ਯਹੋਵਾਹ ਦੇ ਗਿਆਨ ਅਤੇ ਭੈ ਦਾ ਆਤਮਾ ।

3ਅਤੇ ਯਹੋਵਾਹ ਦੇ ਭੈ ਵਿੱਚ ਉਹ ਮਗਨ ਰਹੇਗਾ,

ਉਹ ਨਾ ਆਪਣੀਆਂ ਅੱਖਾਂ ਦੇ ਵੇਖਣ ਅਨੁਸਾਰ ਨਿਆਂ ਕਰੇਗਾ, ਨਾ ਆਪਣੇ ਕੰਨਾਂ ਦੇ ਸੁਣਨ ਅਨੁਸਾਰ ਫ਼ੈਸਲਾ ਦੇਵੇਗਾ ।

4ਪਰ ਉਹ ਗਰੀਬਾਂ ਦਾ ਨਿਆਂ ਧਰਮ ਨਾਲ, ਅਤੇ ਇਨਸਾਫ਼ ਨਾਲ ਧਰਤੀ ਦੇ ਮਸਕੀਨਾਂ ਦਾ ਫ਼ੈਸਲਾ ਕਰੇਗਾ, ਉਹ ਧਰਤੀ ਨੂੰ ਆਪਣੇ ਬਚਨ ਦੇ ਡੰਡੇ ਨਾਲ ਮਾਰੇਗਾ, ਅਤੇ ਆਪਣੇ ਬੁੱਲ੍ਹਾਂ ਦੇ ਸਾਹ ਨਾਲ ਦੁਸ਼ਟਾਂ ਨੂੰ ਜਾਨੋਂ ਮਾਰ ਸੁੱਟੇਗਾ ।5ਧਰਮ ਉਹ ਦੀ ਕਮਰ ਦਾ ਪਟਕਾ ਹੋਵੇਗਾ, ਅਤੇ ਵਫ਼ਾਦਾਰੀ ਉਹ ਦੇ ਲੱਕ ਦੀ ਪੇਟੀ ਹੋਵੇਗੀ ।

6ਬਘਿਆੜ ਲੇਲੇ ਨਾਲ ਰਹੇਗਾ, ਅਤੇ ਚੀਤਾ ਮੇਮਣੇ ਨਾਲ ਬੈਠੇਗਾ, ਵੱਛਾ, ਜੁਆਨ ਸ਼ੇਰ ਅਤੇ ਪਾਲਤੂ ਪਸ਼ੂ ਇਕੱਠੇ ਰਹਿਣਗੇ, ਅਤੇ ਇੱਕ ਛੋਟਾ ਬੱਚਾ ਉਹਨਾਂ ਨੂੰ ਲਈ ਫਿਰੇਗਾ ।7ਗਾਂ ਤੇ ਰਿੱਛਨੀ ਚਰਨਗੀਆਂ, ਅਤੇ ਉਨ੍ਹਾਂ ਦੇ ਬੱਚੇ ਇਕੱਠੇ ਬੈਠਣਗੇ, ਬੱਬਰ ਸ਼ੇਰ ਬਲਦ ਵਾਂਗੂੰ ਘਾਹ ਖਾਵੇਗਾ ।
8ਦੁੱਧ ਚੁੰਘਦਾ ਬੱਚਾ ਸੱਪ ਦੀ ਖੁੱਡ ਉੱਤੇ ਖੇਡੇਗਾ, ਅਤੇ ਦੁੱਧੋਂ ਛੁਡਾਇਆ ਹੋਇਆ ਬੱਚਾ ਆਪਣਾ ਹੱਥ ਨਾਗ ਦੀ ਵਰਮੀ ਉੱਤੇ ਰੱਖੇਗਾ ।9ਮੇਰੇ ਸਾਰੇ ਪਵਿੱਤਰ ਪਰਬਤ ਵਿੱਚ ਨਾ ਕੋਈ ਦੁੱਖ ਦੇਵੇਗਾ, ਨਾ ਨਾਸ ਕਰੇਗਾ, ਕਿਉਂ ਜੋ ਧਰਤੀ ਯਹੋਵਾਹ ਦੇ ਗਿਆਨ ਨਾਲ ਅਜਿਹੀ ਭਰੀ ਹੋਈ ਹੋਵੇਗੀ, ਜਿਵੇਂ ਸਮੁੰਦਰ ਪਾਣੀ ਨਾਲ ਭਰਿਆ ਹੋਇਆ ਹੈ ।
ਗੁਲਾਮੀ ਵਿੱਚ ਗਏ ਹੋਏ ਲੋਕ ਵਾਪਸ ਮੁੜਨਗੇ

10ਉਸ ਦਿਨ ਅਜਿਹਾ ਹੋਵੇਗਾ ਕਿ ਯੱਸੀ ਦੀ ਜੜ੍ਹ ਲੋਕਾਂ ਦੇ ਝੰਡੇ ਲਈ ਖੜ੍ਹੀ ਹੋਵੇਗੀ, - ਉਹ ਨੂੰ ਕੌਮਾਂ ਭਾਲਣਗੀਆਂ ਅਤੇ ਉਹ ਦਾ ਅਰਾਮ ਸਥਾਨ ਪਰਤਾਪਵਾਨ ਹੋਵੇਗਾ ।

11ਅਤੇ ਉਸ ਦਿਨ ਪ੍ਰਭੂ ਦੂਸਰੀ ਵਾਰੀ ਆਪਣਾ ਹੱਥ ਵਧਾ ਕੇ ਆਪਣੀ ਪਰਜਾ ਦੇ ਬਚੇ ਹੋਏ ਲੋਕਾਂ ਨੂੰ ਅੱਸ਼ੂਰ ਤੋਂ, ਮਿਸਰ ਤੋਂ, ਪਥਰੋਸ ਤੋਂ, ਕੂਸ਼ ਤੋਂ, ਏਲਾਮ ਤੋਂ, ਸ਼ਿਨਾਰ ਤੋਂ, ਹਮਾਥ ਤੋਂ ਅਤੇ ਸਮੁੰਦਰ ਦੇ ਟਾਪੂਆਂ ਤੋਂ ਮੁੱਲ ਲੈ ਕੇ ਛੁਡਾਵੇਗਾ ।
12ਉਹ ਕੌਮਾਂ ਲਈ ਇੱਕ ਝੰਡਾ ਖੜ੍ਹਾ ਕਰੇਗਾ, ਅਤੇ ਇਸਰਾਏਲ ਦੇ ਕੱਢੇ ਹੋਇਆਂ ਨੂੰ ਇਕੱਠਾ ਕਰੇਗਾ, ਅਤੇ ਯਹੂਦਾਹ ਦੇ ਖਿੱਲਰਿਆਂ ਹੋਇਆਂ ਨੂੰ ਧਰਤੀ ਦੀਆਂ ਚਾਰੇ ਕੋਨਿਆਂ ਤੋਂ ਇਕੱਠਾ ਕਰੇਗਾ ।13ਇਫ਼ਰਾਈਮ ਦੀ ਖੁਣਸ ਮੁੱਕ ਜਾਵੇਗੀ ਅਤੇ ਯਹੋਵਾਹ ਦੇ ਵੈਰੀ ਨਾਸ ਹੋ ਜਾਣਗੇ, ਇਫ਼ਰਾਈਮ ਯਹੂਦਾਹ ਨਾਲ ਖੁਣਸ ਨਾ ਕਰੇਗਾ, ਅਤੇ ਯਹੂਦਾਹ ਇਫ਼ਰਾਈਮ ਨਾਲ ਵੈਰ ਨਾ ਰੱਖੇਗਾ ।
14ਪਰ ਉਹ ਪੱਛਮ ਵੱਲ ਫ਼ਲਿਸਤੀਆਂ ਦੇ ਮੋਢੇ ਉੱਤੇ ਝਪੱਟਾ ਮਾਰਨਗੇ, ਅਤੇ ਉਹ ਇਕੱਠੇ ਹੋ ਕੇ ਪੂਰਬੀਆਂ ਨੂੰ ਲੁੱਟ ਲੈਣਗੇ, ਉਹ ਆਪਣਾ ਹੱਥ ਅਦੋਮ ਅਤੇ ਮੋਆਬ ਉੱਤੇ ਪਾਉਣਗੇ, ਅਤੇ ਅੰਮੋਨੀ ਉਨ੍ਹਾਂ ਦੇ ਅਧੀਨ ਹੋ ਜਾਣਗੇ ।15ਯਹੋਵਾਹ ਮਿਸਰ ਦੀ ਸਮੁੰਦਰੀ ਖਾੜੀ ਦਾ ਸੱਤਿਆਨਾਸ ਕਰ ਦੇਵੇਗਾ, ਉਹ ਆਪਣਾ ਹੱਥ ਦਰਿਆ ਉੱਤੇ ਵਧਾ ਕੇ ਲੂ ਵਗਾਵੇਗਾ, ਅਤੇ ਉਹ ਨੂੰ ਮਾਰ ਕੇ ਉਹ ਦੇ ਸੱਤ ਨਾਲੇ ਬਣਾ ਦੇਵੇਗਾ, ਅਤੇ ਲੋਕ ਆਪਣੀਆਂ ਜੁੱਤੀਆਂ ਪਹਿਨੇ ਹੋਏ ਵੀ ਪਾਰ ਲੰਘ ਸਕਣਗੇ ।
16ਮੇਰੀ ਪਰਜਾ ਦੇ ਬਚੇ ਹੋਏ ਲੋਕਾਂ ਲਈ ਜਿਹੜੇ ਅੱਸ਼ੂਰ ਤੋਂ ਬਚ ਗਏ, ਇੱਕ ਅਜਿਹੀ ਸੜਕ ਹੋਵੇਗੀ, ਜਿਵੇਂ ਇਸਰਾਏਲ ਲਈ ਸੀ, ਜਦ ਉਹ ਮਿਸਰ ਦੇ ਦੇਸ ਤੋਂ ਉਤਾਹਾਂ ਆਏ ਸਨ ।

12
ਧੰਨਵਾਦ ਦਾ ਗੀਤ

1ਉਸ ਦਿਨ ਤੂੰ ਆਖੇਂਗਾ, ਹੇ ਯਹੋਵਾਹ, ਮੈਂ ਤੇਰਾ ਧੰਨਵਾਦ ਕਰਾਂਗਾ, ਭਾਵੇਂ ਤੂੰ ਮੇਰੇ ਨਾਲ ਗੁੱਸੇ ਸੀ ਪਰ ਤੇਰਾ ਕ੍ਰੋਧ ਟਲ ਗਿਆ ਹੈ ਅਤੇ ਤੂੰ ਮੈਨੂੰ ਦਿਲਾਸਾ ਦਿੱਤਾ ਹੈ ।

2ਵੇਖੋ, ਪਰਮੇਸ਼ੁਰ ਮੇਰੀ ਮੁਕਤੀ ਹੈ, ਮੈਂ ਆਸ ਰੱਖਾਂਗਾ ਅਤੇ ਨਾ ਡਰਾਂਗਾ, ਕਿਉਂ ਜੋ ਮੇਰਾ ਬਲ ਅਤੇ ਮੇਰਾ ਗੀਤ ਪ੍ਰਭੂ ਯਹੋਵਾਹ ਹੈ, ਅਤੇ ਉਹ ਹੀ ਮੇਰੀ ਮੁਕਤੀ ਹੈ ।

3ਮੁਕਤੀ ਦੇ ਸੋਤਿਆਂ ਤੋਂ, ਤੁਸੀਂ ਖੁਸ਼ੀ ਨਾਲ ਪਾਣੀ ਭਰੋਗੇ ।4ਅਤੇ ਉਸ ਦਿਨ ਤੁਸੀਂ ਆਖੋਗੇ, ਯਹੋਵਾਹ ਦਾ ਧੰਨਵਾਦ ਕਰੋ, ਉਹ ਦੇ ਨਾਮ ਉੱਤੇ ਪੁਕਾਰੋ, ਲੋਕਾਂ ਵਿੱਚ ਉਹ ਦੇ ਕੰਮਾਂ ਦਾ ਵਰਣਨ ਕਰੋ, ਪਰਚਾਰ ਕਰੋ ਕਿ ਉਹ ਦਾ ਨਾਮ ਉੱਤਮ ਹੈ ।

5ਯਹੋਵਾਹ ਲਈ ਗਾਓ, ਕਿਉਂ ਜੋ ਉਸ ਨੇ ਸ਼ਾਨਦਾਰ ਕੰਮ ਕੀਤੇ ਹਨ, ਇਹ ਸਾਰੀ ਧਰਤੀ ਵਿੱਚ ਜਾਣਿਆ ਜਾਵੇ ।6ਹੇ ਸੀਯੋਨ ਦੀਏ ਵਾਸਣੇ, ਜੈਕਾਰਾ ਗਜਾ ਅਤੇ ਅਨੰਦ ਨਾਲ ਗੀਤ ਗਾ, ਕਿਉਂ ਜੋ ਤੇਰੇ ਵਿੱਚ ਇਸਰਾਏਲ ਦਾ ਪਵਿੱਤਰ ਪੁਰਖ ਮਹਾਨ ਹੈ ।

13
ਪਰਮੇਸ਼ੁਰ ਬਾਬਲ ਨੂੰ ਸਜ਼ਾ ਦੇਵੇਗਾ

1ਬਾਬਲ ਦੇ ਵਿਖੇ ਅਗੰਮ ਵਾਕ ਜਿਸ ਨੂੰ ਆਮੋਸ ਦੇ ਪੁੱਤਰ ਯਸਾਯਾਹ ਨੇ ਦਰਸ਼ਣ ਵਿੱਚ ਪਾਇਆ, -2ਨੰਗੇ ਪਰਬਤ ਉੱਤੇ ਝੰਡਾ ਖੜ੍ਹਾ ਕਰੋ, ਉਨ੍ਹਾਂ ਨੂੰ ਉੱਚੀ ਅਵਾਜ਼ ਨਾਲ ਪੁਕਾਰੋ ! ਹੱਥ ਨਾਲ ਇਸ਼ਾਰਾ ਕਰੋ, ਤਾਂ ਜੋ ਉਹ ਪਤਵੰਤਾਂ ਦੇ ਫਾਟਕਾਂ ਵਿੱਚ ਵੜਨ !3ਮੈਂ ਆਪਣੇ ਸੰਤਾਂ ਨੂੰ ਹੁਕਮ ਦਿੱਤਾ ਹੈ, ਨਾਲੇ ਮੈਂ ਆਪਣੇ ਕ੍ਰੋਧ ਨੂੰ ਪੂਰਾ ਕਰਨ ਲਈ, ਆਪਣੇ ਸੂਰਮਿਆਂ ਨੂੰ ਬੁਲਾਇਆ, ਜਿਹੜੇ ਮੇਰੀ ਜਿੱਤ ਤੇ ਪ੍ਰਸੰਨ ਹੁੰਦੇ ਹਨ ।

4ਪਹਾੜਾਂ ਉੱਤੇ ਇੱਕ ਰੌਲੇ ਦੀ ਅਵਾਜ਼ ਸੁਣੋ, ਜਿਵੇਂ ਵੱਡੀ ਭੀੜ ਦੀ, ਰਾਜ ਰਾਜ ਦੀਆਂ ਕੌਮਾਂ ਦੇ ਇਕੱਠ ਦਾ ਸ਼ੋਰ, ਸੈਨਾਂ ਦਾ ਯਹੋਵਾਹ ਯੁੱਧ ਲਈ ਸੈਨਾਂ ਨੂੰ ਇਕੱਠਾ ਕਰ ਰਿਹਾ ਹੈ !5ਉਹ ਦੂਰ ਦੇਸ ਤੋਂ, ਅਕਾਸ਼ ਦੇ ਸਿਰੇ ਤੋਂ ਤੁਰੇ ਆਉਂਦੇ ਹਨ, ਯਹੋਵਾਹ ਅਤੇ ਉਹ ਦੇ ਕਹਿਰ ਦੇ ਸ਼ਸਤਰ ਆਉਂਦੇ ਹਨ, ਤਾਂ ਜੋ ਸਾਰੀ ਧਰਤੀ ਨੂੰ ਨਾਸ ਕਰਨ !

6ਤੁਸੀਂ ਧਾਹਾਂ ਮਾਰੋ ਕਿਉਂ ਜੋ ਯਹੋਵਾਹ ਦਾ ਦਿਨ ਨੇੜੇ ਹੈ, ਉਹ ਸਰਬ ਸ਼ਕਤੀਮਾਨ ਵੱਲੋਂ ਬਰਬਾਦੀ ਵਾਂਗੂੰ ਆਵੇਗਾ ।7ਇਸ ਲਈ ਸਾਰੇ ਹੱਥ ਢਿੱਲੇ ਪੈ ਜਾਣਗੇ, ਅਤੇ ਹਰ ਮਨੁੱਖ ਦਾ ਦਿਲ ਡਰ ਨਾਲ ਢਲ ਜਾਵੇਗਾ ।8ਉਹ ਘਬਰਾ ਜਾਣਗੇ, ਪੀੜਾਂ ਅਤੇ ਕਸ਼ਟ ਉਨ੍ਹਾਂ ਨੂੰ ਫੜ੍ਹ ਲੈਣਗੇ, ਉਹ ਜਣਨ ਵਾਲੀ ਔਰਤ ਵਾਂਗੂੰ ਪੀੜ ਵਿੱਚ ਹੋਣਗੇ, ਉਹ ਹੱਕੇ-ਬੱਕੇ ਹੋ ਕੇ ਇੱਕ ਦੂਜੇ ਵੱਲ ਤੱਕਣਗੇ, ਉਨ੍ਹਾਂ ਦੇ ਮੂੰਹ ਭਖਦੇ ਹੋਣਗੇ ।

9ਵੇਖੋ, ਯਹੋਵਾਹ ਦਾ ਨਿਰਦਈ, ਕਹਿਰ ਅਤੇ ਤੇਜ ਕ੍ਰੋਧ ਨਾਲ ਭਰਪੂਰ ਦਿਨ ਆਉਂਦਾ ਹੈ, ਤਾਂ ਜੋ ਧਰਤੀ ਨੂੰ ਵਿਰਾਨ ਕਰੇ, ਅਤੇ ਉਹ ਦੇ ਪਾਪੀਆਂ ਨੂੰ ਉਹ ਦੇ ਵਿੱਚੋਂ ਨਾਸ ਕਰੇ ।10ਅਕਾਸ਼ ਦੇ ਤਾਰੇ ਅਤੇ ਉਹ ਦੀਆਂ ਖਿੱਤੀਆਂ ਆਪਣਾ ਚਾਨਣ ਨਾ ਦੇਣਗੀਆਂ, ਸੂਰਜ ਚੜ੍ਹਦਿਆਂ ਸਾਰ ਹਨੇਰਾ ਹੋ ਜਾਵੇਗਾ, ਅਤੇ ਚੰਦ ਆਪਣਾ ਪ੍ਰਕਾਸ਼ ਨਾ ਦੇਵੇਗਾ ।
11ਮੈਂ ਜਗਤ ਨੂੰ ਉਹ ਦੀ ਬੁਰਿਆਈ ਦੀ, ਅਤੇ ਦੁਸ਼ਟਾਂ ਨੂੰ ਉਨ੍ਹਾਂ ਦੀ ਬਦੀ ਦੀ ਸਜ਼ਾ ਦਿਆਂਗਾ, ਅਤੇ ਬੇਰਹਿਮਾਂ ਦੇ ਘਮੰਡ ਨੂੰ ਤੋੜ ਦਿਆਂਗਾ ।12ਮੈਂ ਲੋਕਾਂ ਨੂੰ ਕੁੰਦਨ ਸੋਨੇ ਨਾਲੋਂ, ਅਤੇ ਮਨੁੱਖ ਨੂੰ ਓਫੀਰ ਦੇ ਸੋਨੇ ਨਾਲੋਂ ਦੁਰਲੱਭ ਬਣਾਵਾਂਗਾ ।
13ਇਸ ਲਈ ਮੈਂ ਅਕਾਸ਼ ਨੂੰ ਕਾਂਬਾ ਲਵਾਂਗਾ, ਅਤੇ ਧਰਤੀ ਆਪਣੇ ਥਾਂ ਤੋਂ ਹਿਲਾਈ ਜਾਵੇਗੀ, ਇਹ ਸੈਨਾਂ ਦੇ ਯਹੋਵਾਹ ਦੇ ਕਹਿਰ ਵਿੱਚ, ਅਤੇ ਉਸ ਦੇ ਤੇਜ ਗੁੱਸੇ ਦੇ ਦਿਨ ਹੋਵੇਗਾ ।14ਤਦ ਅਜਿਹਾ ਹੋਵੇਗਾ ਕਿ ਭੁੱਲੀ ਹਰਨੀ ਵਾਂਗੂੰ ਅਤੇ ਉਸ ਭੇਡ ਵਾਂਗੂੰ ਜਿਸ ਦਾ ਪਾਲੀ ਨਹੀਂ, ਹਰੇਕ ਮਨੁੱਖ ਆਪਣੇ ਲੋਕਾਂ ਵੱਲ ਮੁੜੇਗਾ, ਅਤੇ ਹਰੇਕ ਮਨੁੱਖ ਆਪਣੇ ਦੇਸ ਨੂੰ ਭੱਜੇਗਾ ।
15ਹਰੇਕ ਜਿਹੜਾ ਮਿਲ ਜਾਵੇ ਵਿੰਨ੍ਹਿਆ ਜਾਵੇਗਾ, ਹਰੇਕ ਜਿਹੜਾ ਫੜ੍ਹਿਆ ਜਾਵੇ ਤਲਵਾਰ ਨਾਲ ਡਿੱਗੇਗਾ ।16ਉਨ੍ਹਾਂ ਦੇ ਬੱਚੇ ਉਨ੍ਹਾਂ ਦੀਆਂ ਅੱਖਾਂ ਦੇ ਅੱਗੇ ਪਟਕਾਏ ਜਾਣਗੇ, ਉਨ੍ਹਾਂ ਦੇ ਘਰ ਲੁੱਟੇ ਜਾਣਗੇ, ਅਤੇ ਉਨ੍ਹਾਂ ਦੀਆਂ ਪਤਨੀਆਂ ਬੇਪਤ ਕੀਤੀਆਂ ਜਾਣਗੀਆਂ ।

17ਵੇਖੋ, ਮੈਂ ਉਨ੍ਹਾਂ ਦੇ ਵਿਰੁੱਧ ਮਾਦੀਆਂ ਨੂੰ ਪਰੇਰ ਰਿਹਾ ਹਾਂ, ਜਿਹੜੇ ਚਾਂਦੀ ਦੀ ਪਰਵਾਹ ਨਹੀਂ ਕਰਦੇ, ਨਾ ਸੋਨੇ ਤੋਂ ਖੁਸ਼ ਹੁੰਦੇ ਹਨ ।18ਉਨ੍ਹਾਂ ਦੇ ਧਣੁਖ ਜੁਆਨਾਂ ਨੂੰ ਵਿੰਨ੍ਹਣਗੇ, ਉਹ ਢਿੱਡ ਦੇ ਫਲ ਉੱਤੇ ਰਹਮ ਨਾ ਕਰਨਗੇ, ਉਨ੍ਹਾਂ ਦੀਆਂ ਅੱਖਾਂ ਬੱਚਿਆਂ ਉੱਤੇ ਤਰਸ ਨਾ ਖਾਣਗੀਆਂ ।
19ਬਾਬਲ ਜੋ ਸਾਰੇ ਰਾਜਾਂ ਦੀ ਸਜਾਵਟ ਅਤੇ ਕਸਦੀਆਂ ਦੇ ਹੰਕਾਰ ਦੀ ਸ਼ਾਨ ਹੈ, ਸਦੂਮ ਅਤੇ ਅਮੂਰਾਹ ਜਿਹਾ ਹੋ ਜਾਵੇਗਾ, ਜਦੋਂ ਪਰਮੇਸ਼ੁਰ ਨੇ ਉਨ੍ਹਾਂ ਨੂੰ ਢਾਹ ਦਿੱਤਾ ਸੀ ।20ਉਹ ਫੇਰ ਕਦੀ ਨਾ ਵਸਾਇਆ ਜਾਵੇਗਾ, ਨਾ ਪੀੜ੍ਹੀਓਂ ਪੀੜ੍ਹੀ ਅਬਾਦ ਕੀਤਾ ਜਾਵੇਗਾ, ਨਾ ਕੋਈ ਅਰਬੀ ਉੱਥੇ ਤੰਬੂ ਲਾਵੇਗਾ, ਨਾ ਅਯਾਲੀ ਉੱਥੇ ਆਪਣੇ ਇੱਜੜ ਬਿਠਾਉਣਗੇ ।
21ਪਰ ਜੰਗਲੀ ਜਾਨਵਰ ਉੱਥੇ ਬੈਠਣਗੇ, ਉਨ੍ਹਾਂ ਦੇ ਘਰ ਗਿੱਦੜਾਂ ਨਾਲ ਭਰੇ ਹੋਣਗੇ, ਸ਼ੁਤਰ-ਮੁਰਗ ਉੱਥੇ ਵੱਸਣਗੇ, ਅਤੇ ਜੰਗਲੀ ਬੱਕਰੇ ਉੱਥੇ ਨੱਚਣਗੇ ।22ਬਿੱਜੂ ਉਨ੍ਹਾਂ ਦੇ ਖੁੱਡਾਂ ਵਿੱਚ, ਅਤੇ ਗਿੱਦੜ ਉਨ੍ਹਾਂ ਦੇ ਰੰਗ ਮਹਿਲਾਂ ਵਿੱਚ ਰੌਲਾ ਪਾਉਣਗੇ । ਉਹ ਦਾ ਸਮਾਂ ਨੇੜੇ ਆ ਗਿਆ ਹੈ, ਉਹ ਦੇ ਦਿਨ ਲੰਮੇ ਨਾ ਹੋਣਗੇ ।

14
ਗੁਲਾਮੀ ਵਿੱਚੋਂ ਮੁੜਨਾ

1ਯਹੋਵਾਹ ਯਾਕੂਬ ਉੱਤੇ ਰਹਮ ਕਰੇਗਾ ਅਤੇ ਇਸਰਾਏਲ ਨੂੰ ਫੇਰ ਚੁਣੇਗਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਭੂਮੀ ਉੱਤੇ ਵਸਾਵੇਗਾ ਅਤੇ ਓਪਰੇ ਉਨ੍ਹਾਂ ਨਾਲ ਮਿਲ ਜਾਣਗੇ ਅਤੇ ਉਹ ਯਾਕੂਬ ਦੇ ਘਰਾਣੇ ਨਾਲ ਜੁੜ ਜਾਣਗੇ ।2ਲੋਕ ਉਨ੍ਹਾਂ ਨੂੰ ਲੈ ਕੇ ਉਨ੍ਹਾਂ ਦੇ ਥਾਂ ਉੱਤੇ ਪਹੁੰਚਾ ਦੇਣਗੇ ਅਤੇ ਇਸਰਾਏਲ ਦਾ ਘਰਾਣਾ ਉਨ੍ਹਾਂ ਨੂੰ ਦਾਸ ਅਤੇ ਦਾਸੀਆਂ ਕਰ ਕੇ ਯਹੋਵਾਹ ਦੀ ਭੂਮੀ ਉੱਤੇ ਆਪਣੇ ਵੱਸ ਵਿੱਚ ਰੱਖੇਗਾ ਅਤੇ ਉਹ ਉਨ੍ਹਾਂ ਨੂੰ ਕੈਦੀ ਬਣਾਉਣਗੇ ਜਿਨ੍ਹਾਂ ਦੇ ਉਹ ਕੈਦੀ ਸਨ, ਅਤੇ ਆਪਣੇ ਦੁੱਖ ਦੇਣ ਵਾਲਿਆਂ ਉੱਤੇ ਰਾਜ ਕਰਨਗੇ ।

ਬਾਬਲ ਦੇ ਰਾਜੇ ਦਾ ਪਤਨ

3ਜਿਸ ਦਿਨ ਯਹੋਵਾਹ ਤੈਨੂੰ ਤੇਰੀ ਪੀੜ ਤੋਂ ਅਤੇ ਤੇਰੀ ਤਕਲੀਫ਼ ਤੋਂ ਅਤੇ ਉਸ ਔਖੀ ਟਹਿਲ ਤੋਂ ਜਿਸ ਦੇ ਨਾਲ ਤੇਰੇ ਤੋਂ ਟਹਿਲ ਕਰਾਈ ਗਈ ਤੈਨੂੰ ਅਰਾਮ ਦੇਵੇ,4ਤਾਂ ਤੂੰ ਬਾਬਲ ਦੇ ਰਾਜੇ ਦੇ ਵਿਰੁੱਧ ਇਹ ਬੋਲੀ ਮਾਰੀਂ ਅਤੇ ਆਖੀਂ - ਦੁੱਖ ਦੇਣ ਵਾਲਾ ਕਿਵੇਂ ਮੁੱਕ ਗਿਆ, ਅਤੇ ਸੁਨਹਿਰਾ ਸਥਾਨ ਕਿਵੇਂ ਨਖੁੱਟ ਗਿਆ !
5ਯਹੋਵਾਹ ਨੇ ਦੁਸ਼ਟਾਂ ਦੀ ਲਾਠੀ, ਅਤੇ ਹਾਕਮਾਂ ਦਾ ਆੱਸਾ ਭੰਨ ਸੁੱਟਿਆ,6ਜਿਹੜਾ ਲੋਕਾਂ ਨੂੰ ਕਹਿਰ ਨਾਲ ਮਾਰਦਾ ਰਹਿੰਦਾ ਸੀ, ਜਿਹੜਾ ਕੌਮਾਂ ਉੱਤੇ ਕ੍ਰੋਧ ਨਾਲ ਰਾਜ ਕਰਦਾ ਸੀ, ਅਤੇ ਬਿਨ੍ਹਾਂ ਰੋਕ-ਟੋਕ ਸਤਾਉਂਦਾ ਸੀ ।
7ਸਾਰੀ ਧਰਤੀ ਚੈਨ ਅਤੇ ਅਰਾਮ ਕਰਦੀ ਹੈ, ਉਹ ਖੁੱਲ੍ਹ ਕੇ ਜੈਕਾਰੇ ਗਜਾਉਂਦੇ ਹਨ ।8ਸਰੂ ਵੀ ਤੇਰੇ ਉੱਤੇ ਅਨੰਦ ਕਰਦੇ ਹਨ, ਲਬਾਨੋਨ ਦੇ ਦਿਆਰ ਵੀ, - ਜਦ ਦਾ ਤੂੰ ਡਿੱਗਿਆ, ਸਾਡੇ ਉੱਤੇ ਵੱਢਣ ਵਾਲਾ ਕੋਈ ਨਹੀਂ ਆਇਆ ।9ਹੇਠੋਂ ਪਤਾਲ ਤੇਰੇ ਲਈ ਹਿਲ ਪਿਆ ਹੈ, ਕਿ ਤੇਰੇ ਆਉਣ ਦਾ ਸੁਆਗਤ ਕਰੇ, ਉਹ ਤੇਰੇ ਲਈ ਮੁਰਦਿਆਂ ਨੂੰ, ਅਰਥਾਤ ਧਰਤੀ ਦੇ ਸਾਰੇ ਆਗੂਆਂ ਨੂੰ ਜਗਾਉਂਦਾ ਹੈ । ਉਹ ਨੇ ਕੌਮਾਂ ਦੇ ਸਾਰੇ ਰਾਜਿਆਂ ਨੂੰ ਉਨ੍ਹਾਂ ਦੇ ਸਿੰਘਾਸਣਾਂ ਤੋਂ ਖੜ੍ਹਾ ਕਰ ਦਿੱਤਾ ਹੈ ।
10ਉਹ ਸਾਰੇ ਤੈਨੂੰ ਉੱਤਰ ਦੇਣਗੇ ਅਤੇ ਆਖਣਗੇ, ਤੂੰ ਵੀ ਸਾਡੇ ਵਾਂਗੂੰ ਨਿਰਬਲ ਕੀਤਾ ਗਿਆ ਹੈਂ ! ਤੂੰ ਸਾਡੇ ਵਾਂਗੂੰ ਹੋ ਗਿਆ ਹੈਂ !11ਤੇਰੀ ਚਮਕ-ਦਮਕ ਅਤੇ ਤੇਰੀਆਂ ਬਰਬਤਾਂ ਦੀ ਅਵਾਜ਼ ਪਤਾਲ ਵਿੱਚ ਲਾਹੀ ਗਈ, ਕੀੜੇ ਤੇਰੇ ਹੇਠ ਵਿਛਾਏ ਗਏ, ਅਤੇ ਕਿਰਮ ਹੀ ਤੇਰਾ ਓੜ੍ਹਨਾ ਹਨ ।

12ਤੂੰ ਅਕਾਸ਼ ਤੋਂ ਕਿਵੇਂ ਡਿੱਗ ਪਿਆ, ਹੇ ਦਿਨ ਦੇ ਤਾਰੇ, ਫਜ਼ਰ ਦੇ ਪੁੱਤਰ ! ਤੂੰ ਕਿਵੇਂ ਧਰਤੀ ਤੱਕ ਵੱਢਿਆ ਗਿਆ, ਹੇ ਕੌਮਾਂ ਦੇ ਢਾਉਣ ਵਾਲੇ !13ਤੂੰ ਆਪਣੇ ਦਿਲ ਵਿੱਚ ਆਖਿਆ ਕਿ ਮੈਂ ਅਕਾਸ਼ ਉੱਤੇ ਚੜ੍ਹ ਜਾਂਵਾਂਗਾ, ਪਰਮੇਸ਼ੁਰ ਦੇ ਤਾਰਿਆਂ ਤੋਂ ਉਤਾਹਾਂ, ਮੈਂ ਆਪਣਾ ਸਿੰਘਾਸਣ ਉੱਚਾ ਕਰਾਂਗਾ, ਅਤੇ ਮੈਂ ਮੰਡਲੀ ਦੇ ਪਰਬਤ ਉੱਤੇ ਉੱਤਰ ਦੀਆਂ ਹੱਦਾਂ ਵਿੱਚ ਬੈਠਾਂਗਾ ।14ਮੈਂ ਬੱਦਲਾਂ ਦੀਆਂ ਉੱਚਿਆਈਆਂ ਤੇ ਚੜ੍ਹ ਜਾਂਵਾਂਗਾ, ਮੈਂ ਆਪ ਨੂੰ ਅੱਤ ਮਹਾਨ ਜਿਹਾ ਬਣਾਵਾਂਗਾ !
15ਪਰ ਤੂੰ ਪਤਾਲ ਤੱਕ, ਸਗੋਂ ਟੋਏ ਦੀ ਡੁੰਘਿਆਈ ਤੱਕ ਹੇਠਾਂ ਲਾਹਿਆ ਜਾਵੇਂਗਾ ।16ਤੇਰੇ ਵੇਖਣ ਵਾਲੇ ਤੇਰੀ ਵੱਲ ਤੱਕਣਗੇ, ਉਹ ਤੇਰੇ ਉੱਤੇ ਗੌਹ ਕਰਨਗੇ, ਭਲਾ, ਇਹ ਉਹ ਮਨੁੱਖ ਹੈ ਜਿਸ ਨੇ ਧਰਤੀ ਨੂੰ ਕਾਂਬਾ ਲਾ ਦਿੱਤਾ, ਅਤੇ ਰਾਜਾਂ ਨੂੰ ਹਿਲਾ ਦਿੱਤਾ ?17ਜਿਸ ਨੇ ਜਗਤ ਉਜਾੜ ਜਿਹਾ ਕਰ ਦਿੱਤਾ, ਅਤੇ ਉਸ ਦੇ ਸ਼ਹਿਰ ਢਾਹ ਸੁੱਟੇ ? ਜਿਸ ਨੇ ਆਪਣੇ ਕੈਦੀਆਂ ਨੂੰ ਘਰੀਂ ਨਾ ਜਾਣ ਦਿੱਤਾ ?
18ਕੌਮਾਂ ਦੇ ਸਾਰੇ ਰਾਜੇ, ਹਾਂ, ਸਾਰਿਆਂ ਦੇ ਸਾਰੇ, ਸ਼ਾਨ ਨਾਲ ਲੇਟਦੇ ਹਨ, ਹਰੇਕ ਆਪਣੀ ਸਮਾਧ ਵਿੱਚ ।19ਪਰ ਤੂੰ ਘਿਣਾਉਣੀ ਟਹਿਣੀ ਵਾਂਗੂੰ ਆਪਣੀ ਕਬਰ ਤੋਂ ਪਰੇ ਸੁੱਟਿਆ ਗਿਆ, ਤੂੰ ਵੱਢਿਆਂ ਹੋਇਆਂ ਦੀਆਂ ਲੋਥਾਂ ਨਾਲ ਘਿਰਿਆ ਹੋਇਆ ਹੈ, ਜਿਹੜੇ ਤਲਵਾਰ ਨਾਲ ਵਿੰਨ੍ਹੇ ਗਏ, ਜਿਹੜੇ ਟੋਏ ਦੇ ਪੱਥਰਾਂ ਕੋਲ ਹੇਠਾਂ ਲਾਹੇ ਗਏ, ਉਸ ਲੋਥ ਵਾਂਗੂੰ ਜਿਹੜੀ ਮਿੱਧੀ ਗਈ ਹੋਵੇ ।20ਤੂੰ ਉਨ੍ਹਾਂ ਨਾਲ ਕਫ਼ਨ ਦਫ਼ਨ ਵਿੱਚ ਨਾ ਰਲੇਂਗਾ, ਤੂੰ ਜੋ ਆਪਣੇ ਦੇਸ ਨੂੰ ਵਿਰਾਨ ਕੀਤਾ, ਤੂੰ ਜੋ ਆਪਣੇ ਲੋਕਾਂ ਨੂੰ ਵੱਢ ਸੁੱਟਿਆ !

ਕੁਕਰਮੀਆਂ ਦੇ ਵੰਸ਼ ਦਾ ਨਾਮ ਕਦੀ ਨਹੀਂ ਪੁਕਾਰਿਆ ਜਾਵੇਗਾ ।

21ਉਨ੍ਹਾਂ ਦੇ ਪੁਰਖਿਆਂ ਦੀ ਬਦੀ ਦੇ ਕਾਰਨ, ਉਹ ਦੇ ਪੁੱਤਰਾਂ ਦੇ ਵੱਢੇ ਜਾਣ ਦੀ ਤਿਆਰੀ ਕਰੋ, ਕਿਤੇ ਅਜਿਹਾ ਨਾ ਹੋਵੇ ਕਿ ਉਹ ਉੱਠ ਕੇ ਦੇਸ ਉੱਤੇ ਕਬਜ਼ਾ ਕਰ ਲੈਣ, ਅਤੇ ਜਗਤ ਦੀ ਪਰਤ ਸ਼ਹਿਰਾਂ ਨਾਲ ਭਰ ਦੇਣ ।
ਪਰਮੇਸ਼ੁਰ ਬਾਬਲ ਦਾ ਨਾਸ ਕਰੇਗਾ

22ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਮੈਂ ਉਨ੍ਹਾਂ ਦੇ ਵਿਰੁੱਧ ਉੱਠਾਂਗਾ, ਅਤੇ ਬਾਬਲ ਦਾ ਨਾਮ ਅਤੇ ਨਿਸ਼ਾਨ ਮਿਟਾ ਦਿਆਂਗਾ ਅਤੇ ਉਹ ਦੇ ਪੁੱਤਰ-ਪੋਤਰੇ ਨਸ਼ਟ ਕਰ ਦਿਆਂਗਾ, ਇਹ ਯਹੋਵਾਹ ਦਾ ਵਾਕ ਹੈ ।23ਮੈਂ ਉਹ ਨੂੰ ਕੰਡੈਲੇ ਦੀ ਮੀਰਾਸ, ਅਤੇ ਪਾਣੀ ਦੀਆਂ ਢਾਬਾਂ ਠਹਿਰਾਵਾਂਗਾ, ਅਤੇ ਮੈਂ ਉਹ ਨੂੰ ਤਬਾਹੀ ਦੇ ਝਾੜੂ ਨਾਲ ਹੂੰਝ ਸੁੱਟਾਂਗਾ, ਸੈਨਾਂ ਦੇ ਯਹੋਵਾਹ ਦਾ ਵਾਕ ਹੈ ।
ਪਰਮੇਸ਼ੁਰ ਅੱਸ਼ੂਰੀਆਂ ਦਾ ਨਾਸ ਕਰੇਗਾ

24ਸੈਨਾਂ ਦੇ ਯਹੋਵਾਹ ਨੇ ਸਹੁੰ ਖਾਧੀ, ਕਿ ਨਿਸੰਗ ਜਿਵੇਂ ਮੈਂ ਠਾਣਿਆ, ਤਿਵੇਂ ਹੋ ਜਾਵੇਗਾ, ਅਤੇ ਜਿਵੇਂ ਮੈਂ ਯੋਜਨਾ ਬਣਾਈ, ਤਿਵੇਂ ਉਹ ਕਾਇਮ ਰਹੇਗੀ,25ਭਈ ਮੈਂ ਅੱਸ਼ੂਰ ਨੂੰ ਆਪਣੇ ਦੇਸ ਵਿੱਚ ਪੀਹ ਸੁੱਟਾਂਗਾ, ਅਤੇ ਆਪਣੇ ਪਹਾੜ ਉੱਤੇ ਉਹ ਨੂੰ ਲਤਾੜਾਂਗਾ, ਉਹ ਦਾ ਜੂਲਾ ਉਹਨਾਂ ਉੱਤੋਂ ਲਹਿ ਜਾਵੇਗਾ, ਅਤੇ ਉਹ ਦਾ ਭਾਰ ਉਹਨਾਂ ਦੇ ਮੋਢਿਆਂ ਤੋਂ ਹਟ ਜਾਵੇਗਾ ।
26ਇਹ ਉਹ ਯੋਜਨਾ ਹੈ ਜਿਹੜੀ ਸਾਰੀ ਧਰਤੀ ਲਈ ਮਿੱਥੀ ਗਈ ਹੈ, ਅਤੇ ਇਹ ਉਹ ਹੱਥ ਹੈ ਜਿਹੜਾ ਸਾਰੀਆਂ ਕੌਮਾਂ ਉੱਤੇ ਚੁੱਕਿਆ ਹੋਇਆ ਹੈ ।27ਸੈਨਾਂ ਦੇ ਯਹੋਵਾਹ ਨੇ ਤਾਂ ਠਾਣ ਲਿਆ ਹੈ, ਸੋ ਕੌਣ ਰੱਦ ਕਰੇਗਾ ? ਉਹ ਦਾ ਹੱਥ ਚੁੱਕਿਆ ਹੋਇਆ ਹੈ, ਸੋ ਕੌਣ ਉਹ ਨੂੰ ਰੋਕੇਗਾ ?
ਪਰਮੇਸ਼ੁਰ ਫ਼ਲਿਸਤੀਆਂ ਦਾ ਨਾਸ ਕਰੇਗਾ

28ਆਹਾਜ਼ ਰਾਜੇ ਦੀ ਮੌਤ ਦੇ ਸਾਲ ਇਹ ਅਗੰਮ ਵਾਕ ਹੋਇਆ,

29ਹੇ ਫ਼ਲਿਸਤੀਓ, ਤੁਸੀਂ ਇਸ ਲਈ ਅਨੰਦ ਨਾ ਹੋਵੋ, ਕਿ ਤੁਹਾਨੂੰ ਮਾਰਨ ਵਾਲਾ ਡੰਡਾ ਭੰਨਿਆ ਗਿਆ ਹੈ, ਕਿਉਂ ਜੋ ਨਾਗ ਦੀ ਜੜ੍ਹੋਂ ਫਣੀਅਰ ਸੱਪ ਨਿੱਕਲੇਗਾ, ਅਤੇ ਉਹ ਦਾ ਫਲ ਇੱਕ ਉੱਡਣ ਵਾਲਾ ਸੱਪ ਹੋਵੇਗਾ ।30ਤਦ ਗਰੀਬਾਂ ਦੀ ਸੰਤਾਨ ਭੋਜਨ ਖਾਵੇਗੀ ਅਤੇ ਕੰਗਾਲ ਚੈਨ ਨਾਲ ਲੇਟਣਗੇ, ਪਰ ਮੈਂ ਤੁਹਾਡੀ ਜੜ੍ਹ ਕਾਲ ਨਾਲ ਮਾਰ ਦਿਆਂਗਾ, ਅਤੇ ਤੇਰੇ ਬਚੇ ਹੋਏ ਵੱਢੇ ਜਾਣਗੇ ।
31ਹੇ ਫਾਟਕ, ਧਾਹਾਂ ਮਾਰ ! ਹੇ ਸ਼ਹਿਰ, ਦੁਹਾਈ ਦੇ ! ਹੇ ਫ਼ਲਿਸਤ, ਤੂੰ ਸਾਰੇ ਦਾ ਸਾਰਾ ਪਿਘਲ ਜਾ ! ਕਿਉਂ ਜੋ ਉੱਤਰ ਵੱਲੋਂ ਇੱਕ ਧੂੰਆਂ ਆਉਂਦਾ ਹੈ, ਅਤੇ ਉਹ ਦੀਆਂ ਕਤਾਰਾਂ ਵਿੱਚ ਕੋਈ ਢਿੱਲਾ-ਮੱਠਾ ਨਹੀਂ ।

32ਉਹ ਕੌਮ ਦੇ ਦੂਤਾਂ ਨੂੰ ਕੀ ਉੱਤਰ ਦੇਵੇਗਾ ? ਇਹ ਕਿ ਯਹੋਵਾਹ ਨੇ ਸੀਯੋਨ ਦੀ ਨੀਂਹ ਰੱਖੀ ਹੈ, ਅਤੇ ਉਹ ਦੇ ਵਿੱਚ ਪਰਜਾ ਦੇ ਦੁਖਿਆਰੇ ਪਨਾਹ ਲੈਣਗੇ ।

15
ਪਰਮੇਸ਼ੁਰ ਮੋਆਬ ਦਾ ਨਾਸ ਕਰੇਗਾ

1ਮੋਆਬ ਦੇ ਵਿਖੇ ਅਗੰਮ ਵਾਕ, - ਮੋਆਬ ਦਾ ਆਰ ਨਗਰ ਇੱਕ ਹੀ ਰਾਤ ਵਿੱਚ ਬਰਬਾਦ ਅਤੇ ਵਿਰਾਨ ਕੀਤਾ ਗਿਆ, ਮੋਆਬ ਦਾ ਕੀਰ ਨਗਰ ਵੀ ਇੱਕ ਹੀ ਰਾਤ ਵਿੱਚ ਬਰਬਾਦ ਅਤੇ ਵਿਰਾਨ ਕੀਤਾ ਗਿਆ ।2ਦੀਬੋਨ ਆਪਣੇ ਮੰਦਰ ਨੂੰ ਅਤੇ ਉਸ ਦੀਆਂ ਉੱਚਿਆਈਆਂ ਉੱਤੇ, ਰੋਣ ਲਈ ਉਤਾਹਾਂ ਗਿਆ, ਨਬੋ ਉੱਤੇ ਅਤੇ ਮੇਦਬਾ ਉੱਤੇ ਮੋਆਬ ਧਾਹਾਂ ਮਾਰਦਾ ਹੈ । ਉਹਨਾਂ ਵਿੱਚ ਹਰੇਕ ਦਾ ਸਿਰ ਰੋਡਾ ਹੈ, ਅਤੇ ਹਰੇਕ ਦੀ ਦਾੜ੍ਹੀ ਮੁੰਨੀ ਹੋਈ ਹੈ ।

3ਗਲੀਆਂ ਵਿੱਚ ਉਹ ਤੱਪੜ ਪਾਉਂਦੇ ਹਨ, ਕੋਠਿਆਂ ਉੱਤੇ ਅਤੇ ਚੌਕਾਂ ਵਿੱਚ ਹਰੇਕ ਰੋ-ਰੋ ਕੇ ਧਾਹਾਂ ਮਾਰਦਾ ਹੈ ।4ਹਸ਼ਬੋਨ ਅਤੇ ਅਲਾਲੇਹ ਚਿੱਲਾਉਂਦੇ ਹਨ, ਯਹਸ ਤੱਕ ਉਨ੍ਹਾਂ ਦੀ ਅਵਾਜ਼ ਸੁਣਾਈ ਦਿੰਦੀ ਹੈ । ਇਸ ਲਈ ਮੋਆਬ ਦੇ ਸ਼ਸਤਰ ਧਾਰੀ ਚੀਕ-ਚਿਹਾੜਾ ਪਾਉਂਦੇ ਹਨ, ਉਹ ਦਾ ਜੀ ਉਹ ਦੇ ਵਿੱਚ ਕੰਬ ਜਾਂਦਾ ਹੈ ।
5ਮੇਰਾ ਦਿਲ ਮੋਆਬ ਲਈ ਦੁਹਾਈ ਦਿੰਦਾ ਹੈ, ਉਹ ਦੇ ਭਗੌੜੇ ਸੋਆਰ ਤੱਕ ਅਤੇ ਅਗਲਥ-ਸ਼ਲੀਸ਼ਾਯਾਹ ਤੱਕ ਭੱਜੇ ਜਾਂਦੇ ਹਨ, ਉਹ ਤਾਂ ਲੂਹੀਥ ਦੀ ਚੜ੍ਹਾਈ ਉੱਤੇ ਰੋਂਦੇ ਜਾਂਦੇ ਹਨ, ਉਹ ਤਾਂ ਹੋਰੋਨਇਮ ਦੇ ਰਾਹ ਉੱਤੇ, ਨਸ਼ਟ ਹੋਣ ਦੇ ਕਾਰਨ ਵਿਰਲਾਪ ਕਰਦੇ ਹਨ ।6ਨਿਮਰੀਮ ਦੇ ਪਾਣੀ ਤਾਂ ਸੁੱਕ ਗਏ, ਘਾਹ ਮੁਰਝਾ ਗਿਆ, ਹਰਾ ਘਾਹ ਮੁੱਕ ਗਿਆ ਅਤੇ ਹਰਿਆਈ ਹੈ ਹੀ ਨਹੀਂ ।7ਇਸ ਲਈ ਜੋ ਵੀ ਮਾਲ-ਧਨ ਉਨ੍ਹਾਂ ਨੇ ਕਮਾਇਆ ਅਤੇ ਜੋ ਕੁਝ ਜੋੜ-ਜੋੜ ਕੇ ਇਕੱਠਾ ਕੀਤਾ, ਉਸ ਨੂੰ ਬੈਂਤਾਂ ਦੇ ਨਾਲੇ ਦੇ ਪਾਰ ਚੁੱਕ ਕੇ ਲੈ ਜਾਣਗੇ ।
8ਚਿੱਲਾਉਣਾ ਤਾਂ ਮੋਆਬ ਦੀਆਂ ਹੱਦਾਂ ਤੱਕ ਗੂੰਜ ਉੱਠਿਆ ਹੈ, ਉਹ ਦੀਆਂ ਧਾਹਾਂ ਅਗਲਇਮ ਤੱਕ ਅਤੇ ਉਹ ਦਾ ਵਿਰਲਾਪ ਬਏਰ-ਏਲੀਮ ਤੱਕ ਪਹੁੰਚਦਾ ਹੈ ।9ਦੀਮੋਨ ਦੇ ਪਾਣੀ ਤਾਂ ਲਹੂ ਹੀ ਲਹੂ ਹਨ, ਪਰ ਤਾਂ ਵੀ ਮੈਂ ਦੀਮੋਨ ਉੱਤੇ ਹੋਰ ਵੀ ਲਿਆਵਾਂਗਾ, ਮੋਆਬ ਦੇ ਬਚਿਆਂ ਹੋਇਆਂ ਉੱਤੇ ਅਤੇ ਦੇਸ ਦੇ ਬਕੀਏ ਉੱਤੇ ਬੱਬਰ ਸ਼ੇਰ ਲਿਆਵਾਂਗਾ ।

16
ਮੋਆਬ ਦੀ ਨਿਰਾਸ਼ਾਜਨਕ ਸਥਿਤੀ

1ਦੇਸ ਦੇ ਹਾਕਮ ਲਈ ਸਿਲਾ ਦੀ ਉਜਾੜ ਤੋਂ ਸੀਯੋਨ ਦੀ ਧੀ ਦੇ ਪਰਬਤ ਉੱਤੇ ਲੇਲੇ ਘੱਲੋ ।2ਜਿਵੇਂ ਅਵਾਰਾ ਪੰਛੀ ਅਤੇ ਗੁਆਚੇ ਹੋਏ ਬੋਟ ਹੁੰਦੇ ਹਨ, ਉਸੇ ਤਰ੍ਹਾਂ ਹੀ ਅਰਨੋਨ ਦੇ ਪੱਤਣਾਂ ਉੱਤੇ ਮੋਆਬ ਦੀਆਂ ਧੀਆਂ ਹੋਣਗੀਆਂ ।

3ਸਲਾਹ ਦਿਓ, ਇਨਸਾਫ਼ ਕਰੋ ! ਆਪਣਾ ਪਰਛਾਵਾਂ ਦੁਪਹਿਰ ਦੇ ਵੇਲੇ ਰਾਤ ਵਾਂਗੂੰ ਬਣਾ, ਕੱਢਿਆਂ ਹੋਇਆਂ ਨੂੰ ਲੁਕਾ, ਭਗੌੜੇ ਨੂੰ ਨਾ ਫੜ੍ਹਾ ।4ਮੇਰੇ ਕੱਢਿਆਂ ਹੋਇਆਂ ਨੂੰ ਆਪਣੇ ਵਿੱਚ ਟਿਕਾ ਲੈ, ਮੋਆਬ ਲਈ ਲੁਟੇਰੇ ਦੇ ਮੂੰਹੋਂ ਤੂੰ ਉਸ ਦੀ ਓਟ ਹੋ । ਜਦ ਜ਼ਾਲਮ ਮੁੱਕ ਗਿਆ, ਤਦ ਬਰਬਾਦੀ ਖ਼ਤਮ ਹੋ ਜਾਵੇਗੀ, ਮਿੱਧਣ ਵਾਲੇ ਦੇਸ ਤੋਂ ਮਿਟ ਗਏ,
5ਤਦ ਇੱਕ ਸਿੰਘਾਸਣ ਦਯਾ ਨਾਲ ਕਾਇਮ ਕੀਤਾ ਜਾਵੇਗਾ ਅਤੇ ਉਹ ਦੇ ਉੱਤੇ ਦਾਊਦ ਦੇ ਤੰਬੂ ਵਿੱਚ ਸਚਿਆਈ ਨਾਲ ਉਹ ਬੈਠੇਗਾ, ਜਿਹੜਾ ਸਚਿਆਈ ਨਾਲ ਨਿਆਂ ਕਰੇਗਾ, ਅਤੇ ਧਰਮ ਦੇ ਕੰਮ ਕਰਨ ਵਿੱਚ ਫੁਰਤੀ ਕਰੇਗਾ ।

6ਅਸੀਂ ਮੋਆਬ ਦੇ ਹੰਕਾਰ ਦੇ ਵਿਖੇ ਸੁਣਿਆ, ਕਿ ਉਹ ਅੱਤ ਹੰਕਾਰੀ ਹੈ, ਅਤੇ ਉਹ ਦੇ ਘਮੰਡ, ਉਹ ਦੇ ਹੰਕਾਰ, ਅਤੇ ਉਹ ਦੇ ਅੱਖੜਪਣ ਵਿਖੇ ਵੀ, - ਪਰ ਉਹ ਦੀਆਂ ਗੱਪਾਂ ਕੁਝ ਵੀ ਨਹੀਂ ਹਨ ।7ਇਸ ਲਈ ਮੋਆਬ ਮੋਆਬ ਲਈ ਧਾਹਾਂ ਮਾਰੇਗਾ, ਹਰੇਕ ਧਾਹਾਂ ਮਾਰੇਗਾ, ਕੀਰ-ਹਰਸਥ ਦੀ ਸੌਗੀ ਦੀਆਂ ਪਿੰਨੀਆਂ ਲਈ ਤੁਸੀਂ ਹੌਕੇ ਲੈ-ਲੈ ਕੇ ਰੋਵੋਗੇ ।

8ਹਸ਼ਬੋਨ ਦੀਆਂ ਪੈਲ੍ਹੀਆਂ, ਸਿਬਮਾਹ ਦੀਆਂ ਵੇਲਾਂ ਸੁੱਕ ਗਈਆਂ । ਕੌਮਾਂ ਦੇ ਮਾਲਕਾਂ ਨੇ ਉਹ ਦੀਆਂ ਚੰਗੀਆਂ ਟਹਿਣੀਆਂ ਭੰਨ ਸੁੱਟੀਆਂ, ਉਹ ਯਾਜ਼ੇਰ ਤੱਕ ਪਹੁੰਚੀਆਂ, ਉਹ ਉਜਾੜ ਵਿੱਚ ਫੈਲ ਗਈਆਂ, ਉਹ ਦੀਆਂ ਸ਼ਾਖਾਂ ਖਿੱਲਰ ਗਈਆਂ, ਉਹ ਸਮੁੰਦਰੋਂ ਪਾਰ ਲੰਘ ਗਈਆਂ ।
9ਇਸ ਲਈ ਮੈਂ ਵੀ ਯਾਜ਼ੇਰ ਦੇ ਨਾਲ ਸਿਬਮਾਹ ਦੀ ਵੇਲ ਲਈ ਰੋਵਾਂਗਾ । ਹੇ ਹਸ਼ਬੋਨ ਅਤੇ ਅਲਾਲੇਹ, ਮੈਂ ਤੈਨੂੰ ਆਪਣੇ ਹੰਝੂਆਂ ਨਾਲ ਭੇਉਂ ਦਿਆਂਗਾ, ਕਿਉਂ ਜੋ ਤੇਰੇ ਗਰਮੀ ਦੇ ਫਲਾਂ ਉੱਤੇ ਅਤੇ ਤੇਰੀ ਫ਼ਸਲ ਉੱਤੇ ਹੋਣ ਵਾਲਾ ਅਨੰਦ ਢਿੱਲਾ ਪੈ ਗਿਆ,10ਅਨੰਦ ਅਤੇ ਖੁਸ਼ੀ ਫਲਦਾਰ ਪੈਲੀ ਵਿੱਚੋਂ ਲੈ ਲਈ ਗਈ, ਅੰਗੂਰੀ ਬਾਗਾਂ ਵਿੱਚ ਜੈਕਾਰੇ ਨਾ ਲਲਕਾਰੇ ਜਾਣਗੇ, ਕੋਈ ਲਤਾੜਨ ਵਾਲਾ ਹੌਦਾਂ ਵਿੱਚ ਰਸ ਨਹੀਂ ਲਤਾੜੇਗਾ, ਮੈਂ ਲਤਾੜੂਆਂ ਦਾ ਸ਼ਬਦ ਬੰਦ ਕਰ ਛੱਡਿਆ ਹੈ ।
11ਇਸ ਲਈ ਮੇਰਾ ਮਨ ਮੋਆਬ ਲਈ ਬਰਬਤ ਵਾਂਗੂੰ ਵਿਰਲਾਪ ਕਰਦਾ ਹੈ, ਅਤੇ ਮੇਰਾ ਦਿਲ ਕੀਰ-ਹਾਰਸ ਲਈ ਵੀ ।

12ਅਜਿਹਾ ਹੋਵੇਗਾ ਕਿ ਜਦ ਮੋਆਬ ਹਾਜ਼ਰ ਹੋਵੇਗਾ, ਜਦ ਉਹ ਉੱਚੇ ਸਥਾਨ ਉੱਤੇ ਥੱਕ ਜਾਵੇਗਾ, ਤਾਂ ਉਹ ਪ੍ਰਾਰਥਨਾ ਲਈ ਆਪਣੇ ਪਵਿੱਤਰ ਸਥਾਨ ਨੂੰ ਆਵੇਗਾ, ਪਰ ਉਸ ਨੂੰ ਕੋਈ ਲਾਭ ਨਾ ਹੋਵੇਗਾ ॥
13ਇਹ ਬਚਨ ਉਹ ਹੈ ਜਿਹੜਾ ਯਹੋਵਾਹ ਮੋਆਬ ਦੇ ਵਿਖੇ ਭੂਤ ਕਾਲ ਵਿੱਚ ਬੋਲਿਆ,14ਪਰ ਹੁਣ ਯਹੋਵਾਹ ਇਹ ਆਖਦਾ ਹੈ ਕਿ ਤਿੰਨਾਂ ਸਾਲਾਂ ਦੇ ਵਿੱਚ ਮਜ਼ਦੂਰ ਦੇ ਸਾਲਾਂ ਵਾਂਗੂੰ ਮੋਆਬ ਦਾ ਪਰਤਾਪ, ਉਹ ਦੀ ਸਾਰੀ ਵੱਡੀ ਭੀੜ ਸਮੇਤ ਤੁੱਛ ਕੀਤਾ ਜਾਵੇਗਾ ਅਤੇ ਬਚੇ ਹੋਏ ਬਹੁਤ ਥੋੜ੍ਹੇ ਅਤੇ ਲਿੱਸੇ ਹੋਣਗੇ ।

17
ਪਰਮੇਸ਼ੁਰ ਦੰਮਿਸਕ ਅਤੇ ਇਸਰਾਏਲ ਨੂੰ ਸਜ਼ਾ ਦੇਵੇਗਾ

1ਦੰਮਿਸਕ ਦੇ ਵਿਖੇ ਅਗੰਮ ਵਾਕ, - ਵੇਖੋ ਦੰਮਿਸਕ ਸ਼ਹਿਰ ਹੋਣ ਤੋਂ ਰਹਿ ਜਾਵੇਗਾ, ਸਗੋਂ ਉੱਜੜਿਆ ਹੋਇਆ ਖੰਡਰ ਹੋ ਜਾਵੇਗਾ ।2ਅਰੋਏਰ ਦੇ ਸ਼ਹਿਰ ਤਿਆਗੇ ਜਾਣਗੇ, ਉਹ ਇੱਜੜਾਂ ਲਈ ਹੋਣਗੇ, ਅਤੇ ਉਹ ਉੱਥੇ ਬੈਠਣਗੇ ਅਤੇ ਕੋਈ ਉਨ੍ਹਾਂ ਨੂੰ ਨਹੀਂ ਡਰਾਵੇਗਾ ।3ਇਫ਼ਰਾਈਮ ਵਿੱਚੋਂ ਗੜ੍ਹ ਵਾਲੇ ਨਗਰ, ਦੰਮਿਸਕ ਵਿੱਚੋਂ ਰਾਜ, ਅਤੇ ਅਰਾਮ ਦੇ ਬਚੇ ਹੋਏ ਮੁੱਕ ਜਾਣਗੇ, ਅਤੇ ਜੋ ਹਾਲ ਇਸਰਾਏਲੀਆਂ ਦੇ ਪਰਤਾਪ ਦਾ ਹੋਇਆ, ਉਹੋ ਉਨ੍ਹਾਂ ਦਾ ਹਾਲ ਹੋਵੇਗਾ, ਸੈਨਾਂ ਦੇ ਯਹੋਵਾਹ ਦਾ ਵਾਕ ਹੈ ।

4ਉਸ ਦਿਨ ਅਜਿਹਾ ਹੋਵੇਗਾ, ਕਿ ਯਾਕੂਬ ਦਾ ਪਰਤਾਪ ਘਟਾਇਆ ਜਾਵੇਗਾ, ਅਤੇ ਉਹ ਦਾ ਮੋਟਾ ਸਰੀਰ ਪਤਲਾ ਪੈ ਜਾਵੇਗਾ,5ਅਤੇ ਅਜਿਹਾ ਹੋਵੇਗਾ ਕਿ ਜਿਵੇਂ ਕੋਈ ਵਾਢਾ ਆਪਣੀ ਖੜ੍ਹੀ ਫ਼ਸਲ ਇਕੱਠੀ ਕਰਦਾ ਹੋਵੇ, ਅਤੇ ਉਹ ਦਾ ਹੱਥ ਸਿੱਟੇ ਤੋੜਦਾ ਹੋਵੇ, ਅਤੇ ਜਿਵੇਂ ਕੋਈ ਰਫਾਈਮ ਦੀ ਘਾਟੀ ਵਿੱਚ ਸਿਲਾ ਚੁਗਦਾ ਹੋਵੇ ।
6ਤਾਂ ਉਹ ਦੇ ਵਿੱਚ ਕੁਝ ਲੱਗ ਲਬੇੜ ਰਹਿ ਜਾਵੇਗੀ, ਜਿਵੇਂ ਜ਼ੈਤੂਨ ਦੇ ਹਲੂਣੇ ਨਾਲ, ਦੋ-ਤਿੰਨ ਦਾਣੇ ਉੱਪਰਲੇ ਟਹਿਣੇ ਦੇ ਸਿਰੇ ਤੇ, ਚਾਰ-ਪੰਜ ਫਲਦਾਰ ਰੁੱਖ ਦੇ ਬਾਹਰਲੇ ਟਹਿਣਿਆਂ ਉੱਤੇ, ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਦਾ ਵਾਕ ਹੈ ।

7ਉਸ ਦਿਨ ਮਨੁੱਖ ਆਪਣੇ ਸਿਰਜਣਹਾਰ ਵੱਲ ਗੌਰ ਕਰਨਗੇ, ਅਤੇ ਉਨ੍ਹਾਂ ਦੀਆਂ ਅੱਖਾਂ ਇਸਰਾਏਲ ਦੇ ਪਵਿੱਤਰ ਪੁਰਖ ਵੱਲ ਵੇਖਣਗੀਆਂ ।
8ਉਹ ਜਗਵੇਦੀਆਂ ਵੱਲ ਆਪਣੀ ਦਸਤਕਾਰੀ ਉੱਤੇ ਗੌਰ ਨਾ ਕਰਨਗੇ, ਨਾ ਆਪਣੀਆਂ ਉਂਗਲੀਆਂ ਦੀ ਕਿਰਤ ਵੱਲ, ਨਾ ਅਸ਼ੇਰਾਹ ਦੀਆਂ ਮੂਰਤਾਂ ਵੱਲ ਨਾ ਸੂਰਜ ਥੰਮ੍ਹਾਂ ਵੱਲ ਵੇਖਣਗੇ ।9ਉਸ ਦਿਨ ਉਨ੍ਹਾਂ ਦੇ ਤਕੜੇ ਸ਼ਹਿਰ ਉਸ ਜੰਗਲ ਦੇ ਅਤੇ ਉਸ ਟੀਸੀ ਦੇ ਛੱਡੇ ਹੋਏ ਥਾਵਾਂ ਵਾਂਗੂੰ ਹੋਣਗੇ, ਜਿਹੜੇ ਇਸਰਾਏਲੀਆਂ ਦੇ ਡਰ ਦੇ ਕਾਰਨ ਛੱਡੇ ਗਏ, ਉਹ ਵਿਰਾਨ ਹੋਣਗੇ ।

10ਤੂੰ ਤਾਂ ਆਪਣੀ ਮੁਕਤੀ ਦੇ ਪਰਮੇਸ਼ੁਰ ਨੂੰ ਵਿਸਾਰ ਦਿੱਤਾ, ਅਤੇ ਆਪਣੀ ਤਕੜੀ ਚੱਟਾਨ ਨੂੰ ਯਾਦ ਨਾ ਰੱਖਿਆ, ਇਸ ਲਈ ਭਾਵੇਂ ਤੂੰ ਸੋਹਣੇ ਬੂਟੇ ਲਾਵੇਂ, ਅਤੇ ਵਿਦੇਸ਼ੀ ਦਾਬ ਨੂੰ ਦੱਬੇਂ,11ਭਾਵੇਂ ਤੂੰ ਉਸ ਨੂੰ ਲਾਉਣ ਦੇ ਦਿਨ ਉਹ ਦੀ ਵਾੜ ਕਰੇਂ, ਅਤੇ ਸਵੇਰ ਨੂੰ ਆਪਣੇ ਬੀਜ ਤੋਂ ਕਲੀਆਂ ਫੁਟਵਾ ਲਵੇਂ, ਪਰ ਫ਼ਸਲ ਸੋਗ ਅਤੇ ਡਾਢੀ ਪੀੜ ਦੇ ਦਿਨ ਵਿੱਚ ਉੱਡ ਜਾਵੇਗੀ ।
ਦੁਸ਼ਮਣ ਦੇਸਾਂ ਦੀ ਹਾਰ

12ਹਾਇ ! ਦੇਸ-ਦੇਸ ਦੇ ਲੋਕਾਂ ਦੀ ਗੱਜ, ਉਹ ਸਮੁੰਦਰਾਂ ਦੀਆਂ ਲਹਿਰਾਂ ਵਾਂਗੂੰ ਉਹ ਗੱਜਦੇ ਹਨ ! ਅਤੇ ਉੱਮਤਾਂ ਦਾ ਰੌਲਾ ! ਉਹ ਹੜ੍ਹਾਂ ਦੇ ਰੌਲੇ ਵਾਂਗੂੰ ਰੌਲਾ ਪਾਉਂਦੇ ਹਨ ।13ਉੱਮਤਾਂ ਬਹੁਤੇ ਪਾਣੀਆਂ ਦੇ ਰੌਲੇ ਵਾਂਗੂੰ ਰੌਲਾ ਪਾਉਂਦੀਆਂ ਹਨ, ਪਰ ਉਹ ਉਨ੍ਹਾਂ ਨੂੰ ਝਿੜਕੇਗਾ ਅਤੇ ਉਹ ਦੂਰ-ਦੂਰ ਨੱਠ ਜਾਣਗੀਆਂ । ਉਹ ਇਸ ਤਰ੍ਹਾਂ ਭਜਾਏ ਜਾਣਗੇ, ਜਿਵੇਂ ਪਹਾੜਾਂ ਦਾ ਕੱਖ ਪੌਣ ਅੱਗੋਂ, ਅਤੇ ਜਿਵੇਂ ਵਾਵਰੋਲੇ ਦੀ ਧੂੜ ਝੱਖੜ-ਝੋਲੇ ਅੱਗੋਂ ਉੱਡ ਜਾਂਦਾ ਹੈ ।14ਸ਼ਾਮ ਦੇ ਵੇਲੇ, ਵੇਖੋ ਖੌਫ਼ ਹੈ ! ਸਵੇਰ ਤੋਂ ਪਹਿਲਾਂ ਉਹ ਹਨ ਹੀ ਨਹੀਂ, - ਇਹ ਸਾਨੂੰ ਨਾਸ ਕਰਨ ਵਾਲਿਆਂ ਦਾ ਹਿੱਸਾ, ਅਤੇ ਸਾਨੂੰ ਲੁੱਟਣ ਵਾਲਿਆਂ ਦਾ ਭਾਗ ਹੈ ।

18
ਪਰਮੇਸ਼ੁਰ ਕੂਸ਼ ਨੂੰ ਸਜ਼ਾ ਦੇਵੇਗਾ

1ਹਾਇ ! ਭੀਂ ਭੀਂ ਕਰਨ ਵਾਲੇ ਖੰਭਾਂ ਦਾ ਦੇਸ, ਜਿਹੜਾ ਕੂਸ਼ ਦੀਆਂ ਨਦੀਆਂ ਦੇ ਪਾਰ ਹੈ,2ਜਿਹੜਾ ਰਾਹ ਦੂਤਾਂ ਨੂੰ ਸਮੁੰਦਰ ਰਾਹੀਂ ਕਾਨਿਆਂ ਦੀਆਂ ਬੇੜੀਆਂ ਵਿੱਚ ਪਾਣੀਆਂ ਦੇ ਉੱਤੇ ਇਹ ਆਖ ਕੇ ਭੇਜਦਾ ਹੈ, ਹੇ ਫੁਰਤੀਲੇ ਦੂਤੋ, ਇੱਕ ਕੌਮ ਵੱਲ ਜਾਓ, ਜਿਹ ਦੇ ਲੋਕ ਲੰਮੇ ਅਤੇ ਸੋਹਣੇ ਹਨ, ਉਨ੍ਹਾਂ ਲੋਕਾਂ ਵੱਲ ਜਿਨ੍ਹਾਂ ਦਾ ਭੈ ਦੂਰ-ਦੂਰ ਤੱਕ ਮੰਨਿਆ ਜਾਂਦਾ ਹੈ, ਇੱਕ ਕੌਮ ਜਿਹੜੀ ਬਲਵਾਨ ਅਤੇ ਲਤਾੜਨ ਵਾਲੀ ਹੈ, ਜਿਸ ਦੇ ਦੇਸ ਨੂੰ ਨਦੀਆਂ ਪਾੜਦੀਆਂ ਹਨ ।

3ਹੇ ਜਗਤ ਦੇ ਸਾਰੇ ਵਾਸੀਓ, ਅਤੇ ਧਰਤੀ ਦੇ ਰਹਿਣ ਵਾਲਿਓ, ਜਦ ਝੰਡਾ ਪਹਾੜਾਂ ਉੱਤੇ ਖੜ੍ਹਾ ਕੀਤਾ ਜਾਵੇ, ਤਾਂ ਵੇਖੋ ! ਜਦ ਤੁਰ੍ਹੀ ਫੂਕੀ ਜਾਵੇ, ਤਾਂ ਸੁਣੋ !
4ਯਹੋਵਾਹ ਨੇ ਮੈਨੂੰ ਇਹ ਆਖਿਆ ਹੈ, ਧੁੱਪ ਵਿੱਚ ਤੇਜ ਗਰਮੀ, ਅਤੇ ਵਾਢੀ ਦੀ ਗਰਮੀ ਵਿੱਚ ਤ੍ਰੇਲ ਦੇ ਬੱਦਲ ਦੀ ਤਰ੍ਹਾਂ, ਮੈਂ ਸ਼ਾਂਤੀ ਨਾਲ ਆਪਣੇ ਭਵਨ ਵਿੱਚੋਂ ਝਾਕਾਂਗਾ,5ਕਿਉਂ ਜੋ ਵਾਢੀ ਤੋਂ ਪਹਿਲਾਂ ਜਦ ਕਲੀਆਂ ਸੁੱਕ ਗਈਆਂ, ਅਤੇ ਫੁੱਲ ਪੱਕੇ ਅੰਗੂਰ ਬਣ ਗਏ, ਉਹ ਸ਼ਾਖਾਂ ਨੂੰ ਦਾਤੀਆਂ ਨਾਲ ਕੱਟ ਦੇਵੇਗਾ, ਅਤੇ ਖਿੱਲਰੀਆਂ ਹੋਈਆਂ ਟਹਿਣੀਆਂ ਨੂੰ ਵੱਢ ਦੇ ਇੱਕ ਪਾਸੇ ਕਰ ਦੇਵੇਗਾ,
6ਉਹ ਪਹਾੜਾਂ ਦੇ ਸ਼ਿਕਾਰੀ ਪੰਛੀਆਂ ਲਈ, ਅਤੇ ਧਰਤੀ ਦੇ ਜਾਨਵਰਾਂ ਲਈ ਇਕੱਠੀਆਂ ਛੱਡੀਆਂ ਜਾਣਗੀਆਂ, ਤਾਂ ਸ਼ਿਕਾਰੀ ਪੰਛੀ ਉਨ੍ਹਾਂ ਉੱਤੇ ਗਰਮੀ ਕੱਟਣਗੇ, ਅਤੇ ਧਰਤੀ ਦੇ ਸਾਰੇ ਜਾਨਵਰ ਉਨ੍ਹਾਂ ਉੱਤੇ ਸਰਦੀ ਕੱਟਣਗੇ ।

7ਉਸ ਵੇਲੇ ਉਨ੍ਹਾਂ ਲੋਕਾਂ ਵੱਲੋਂ ਜਿਹੜੇ ਲੰਮੇ ਅਤੇ ਸੋਹਣੇ ਹਨ, ਅਤੇ ਜਿਨ੍ਹਾਂ ਦਾ ਭੈ ਦੂਰ-ਦੂਰ ਤੱਕ ਮੰਨਿਆ ਜਾਂਦਾ ਹੈ, ਉਸ ਕੌਮ ਵੱਲੋਂ ਜਿਹੜੀ ਬਲਵਾਨ ਅਤੇ ਲਤਾੜਨ ਵਾਲੀ ਹੈ ਅਤੇ ਜਿਸ ਦੇ ਦੇਸ ਨੂੰ ਨਦੀਆਂ ਪਾੜਦੀਆਂ ਹਨ, ਸੈਨਾਂ ਦੇ ਯਹੋਵਾਹ ਦੇ ਨਾਮ ਦੇ ਸਥਾਨ, ਸੀਯੋਨ ਦੇ ਪਰਬਤ ਨੂੰ ਸੈਨਾਂ ਦੇ ਯਹੋਵਾਹ ਲਈ ਇੱਕ ਨਜ਼ਰਾਨਾ ਲਿਆਂਦਾ ਜਾਵੇਗਾ ।

19
ਪਰਮੇਸ਼ੁਰ ਮਿਸਰ ਨੂੰ ਸਜ਼ਾ ਦੇਵੇਗਾ

1ਮਿਸਰ ਦੇ ਵਿਖੇ ਅਗੰਮ ਵਾਕ, - ਵੇਖੋ, ਯਹੋਵਾਹ ਉੱਡਦੇ ਬੱਦਲ ਉੱਤੇ ਸਵਾਰ ਹੋ ਕੇ ਮਿਸਰ ਨੂੰ ਆਉਂਦਾ ਹੈ, ਮਿਸਰ ਦੇ ਬੁੱਤ ਉਹ ਦੇ ਹਜ਼ੂਰ ਕੰਬ ਉੱਠਣਗੇ, ਅਤੇ ਮਿਸਰੀਆਂ ਦਾ ਦਿਲ ਉਨ੍ਹਾਂ ਦੇ ਅੰਦਰ ਢਲ ਜਾਵੇਗਾ ।2ਮੈਂ ਮਿਸਰੀਆਂ ਨੂੰ ਮਿਸਰੀਆਂ ਦੇ ਵਿਰੁੱਧ ਪਰੇਰਾਂਗਾ, ਉਹ ਆਪਸ ਵਿੱਚ ਲੜਨਗੇ, ਹਰੇਕ ਮਨੁੱਖ ਆਪਣੇ ਭਰਾ ਨਾਲ, ਅਤੇ ਹਰੇਕ ਮਨੁੱਖ ਆਪਣੇ ਗੁਆਂਢੀ ਨਾਲ, ਸ਼ਹਿਰ ਸ਼ਹਿਰ ਨਾਲ ਅਤੇ ਰਾਜ ਰਾਜ ਨਾਲ ਯੁੱਧ ਕਰੇਗਾ ।

3ਮਿਸਰੀਆਂ ਦੀ ਬੁੱਧ ਉਨ੍ਹਾਂ ਦੇ ਵਿੱਚੋਂ ਖਾਲੀ ਕੀਤੀ ਜਾਵੇਗੀ, ਮੈਂ ਉਨ੍ਹਾਂ ਦੀਆਂ ਜੁਗਤੀਆਂ ਨੂੰ ਅਸਫ਼ਲ ਕਰਾਂਗਾ, ਉਹ ਬੁੱਤਾਂ ਤੋਂ ਪੁੱਛ-ਗਿੱਛ ਕਰਨਗੇ, ਅਤੇ ਨਾਲੇ ਮੰਤ੍ਰੀਆਂ ਅਤੇ ਭੂਤ-ਮਿੱਤ੍ਰਾਂ ਅਤੇ ਦਿਓ-ਯਾਰਾਂ ਤੋਂ ਵੀ ।4ਮੈਂ ਮਿਸਰੀਆਂ ਨੂੰ ਨਿਰਦਈ ਮਾਲਕਾਂ ਦੇ ਵੱਸ ਵਿੱਚ ਕਰਾਂਗਾ, ਅਤੇ ਇੱਕ ਜ਼ਾਲਮ ਰਾਜਾ ਉਨ੍ਹਾਂ ਦੇ ਉੱਤੇ ਰਾਜ ਕਰੇਗਾ, ਸੈਨਾਂ ਦੇ ਪ੍ਰਭੂ ਯਹੋਵਾਹ ਦਾ ਵਾਕ ਹੈ ।

5ਪਾਣੀ ਸਮੁੰਦਰ ਵਿੱਚੋਂ ਸੁੱਕ ਜਾਵੇਗਾ, ਅਤੇ ਦਰਿਆ ਖੁਸ਼ਕ ਅਤੇ ਖਾਲੀ ਹੋ ਜਾਵੇਗਾ,6ਨਹਿਰਾਂ ਬਦਬੂਦਾਰ ਹੋ ਜਾਣਗੀਆਂ, ਮਿਸਰ ਦੇ ਨਾਲੇ ਘੱਟਦੇ-ਘੱਟਦੇ ਸੁੱਕ ਜਾਣਗੇ, ਕਾਨਾ ਤੇ ਪਿਲਛੀ ਗਲ ਜਾਣਗੇ ।
7ਨੀਲ ਦਰਿਆ ਉੱਤੇ, ਅਤੇ ਉਹ ਦੇ ਕੰਢੇ ਉੱਤੇ ਵਿਰਾਨੀ ਹੋਵੇਗੀ, ਜੋ ਕੁਝ ਨੀਲ ਦਰਿਆ ਦੇ ਕੋਲ ਬੀਜਿਆ ਜਾਵੇ, ਉਹ ਸੁੱਕ ਜਾਵੇਗਾ, ਉੱਡ ਜਾਵੇਗਾ ਅਤੇ ਫੇਰ ਹੋਵੇਗਾ ਨਹੀਂ ।8ਮਾਛੀ ਹਉਂਕੇ ਭਰਨਗੇ, ਉਹ ਸਾਰੇ ਜਿਹੜੇ ਨੀਲ ਵਿੱਚ ਕੁੰਡੀਆਂ ਪਾਉਂਦੇ ਹਨ, ਰੋਣਗੇ ਅਤੇ ਉਹ ਜਿਹੜੇ ਪਾਣੀਆਂ ਦੇ ਉੱਤੇ ਜਾਲ ਵਿਛਾਉਂਦੇ ਹਨ ਢਿੱਲੇ ਪੈ ਜਾਣਗੇ ।
9ਮਹੀਨ ਕਤਾਨ ਦੇ ਕਾਰੀਗਰ, ਅਤੇ ਚਿੱਟੇ ਸੂਤ ਦੇ ਬੁਣਨ ਵਾਲਿਆਂ ਦੀ ਆਸ ਟੁੱਟ ਜਾਵੇਗੀ ।10ਦੇਸ ਦੇ ਧਨਵਾਨ ਭੰਨੇ ਜਾਣਗੇ, ਅਤੇ ਸਾਰੇ ਮਜ਼ਦੂਰ ਪ੍ਰਾਣਾਂ ਤੋਂ ਔਖੇ ਹੋਣਗੇ ।

11ਸੋਆਨ ਦੇ ਹਾਕਮ ਨਿਰੇ ਮੂਰਖ ਹੀ ਹਨ, ਫ਼ਿਰਊਨ ਦੇ ਸਿਆਣੇ ਸਲਾਹਕਾਰਾਂ ਦੀ ਸਲਾਹ ਖਚਰਪੁਣਾ ਹੀ ਹੈ । ਫੇਰ ਤੁਸੀਂ ਕਿਵੇਂ ਫ਼ਿਰਊਨ ਨੂੰ ਆਖਦੇ ਹੋ, ਮੈਂ ਸਿਆਣਿਆਂ ਦਾ ਪੁੱਤਰ ਹਾਂ, ਅਤੇ ਪ੍ਰਾਚੀਨ ਦੇ ਰਾਜਿਆਂ ਦੀ ਅੰਸ ਹਾਂ ?12ਹੁਣ ਤੇਰੇ ਸਿਆਣੇ ਕਿੱਥੇ ਹਨ ? ਉਹ ਤੈਨੂੰ ਦੱਸਣ ਅਤੇ ਉਹ ਜਾਣਨ, ਕਿ ਸੈਨਾਂ ਦੇ ਯਹੋਵਾਹ ਨੇ ਮਿਸਰ ਲਈ ਕੀ ਠਾਣਿਆ ਹੈ ।
13ਸੋਆਨ ਦੇ ਹਾਕਮ ਮੂਰਖ ਬਣ ਗਏ, ਨੋਫ ਦੇ ਆਗੂ ਧੋਖਾ ਖਾ ਗਏ, ਅਤੇ ਉਹ ਦੇ ਗੋਤਾਂ ਦੇ ਸਿਰੇ ਦੇ ਪੱਥਰਾਂ ਨੇ ਮਿਸਰ ਨੂੰ ਕੁਰਾਹੇ ਪਾਇਆ ।14ਯਹੋਵਾਹ ਨੇ ਉਹ ਦੇ ਅੰਦਰ ਟੇਢੀ ਰੂਹ ਰਲਾ ਦਿੱਤੀ, ਉਨ੍ਹਾਂ ਨੇ ਮਿਸਰ ਨੂੰ ਉਹ ਦੇ ਸਭ ਕੰਮਾਂ ਵਿੱਚ ਡਗਮਗਾ ਦਿੱਤਾ ਹੈ, ਜਿਵੇਂ ਸ਼ਰਾਬੀ ਆਪਣੀ ਕੈ ਨਾਲ ਡਗਮਗਾਉਂਦਾ ਹੈ ।15ਫੇਰ ਮਿਸਰ ਲਈ ਕੋਈ ਕੰਮ ਨਹੀਂ ਹੋਵੇਗਾ, ਜਿਹੜਾ ਸਿਰ ਜਾਂ ਪੂਛ, ਖਜ਼ੂਰ ਦੀ ਟਹਿਣੀ ਜਾਂ ਕਾਨਾ ਕਰ ਸਕੇ ।
ਮਿਸਰ ਪਰਮੇਸ਼ੁਰ ਦੀ ਉਪਾਸਨਾ ਕਰੇਗਾ

16ਉਸ ਦਿਨ ਮਿਸਰੀ ਔਰਤਾਂ ਵਾਂਗੂੰ ਹੋ ਜਾਣਗੇ ਅਤੇ ਉਹ ਸੈਨਾਂ ਦੇ ਯਹੋਵਾਹ ਦੇ ਹੱਥ ਹਿਲਾਉਣ ਨਾਲ ਜਿਹੜਾ ਉਹ ਉਹਨਾਂ ਉੱਤੇ ਹਿਲਾਉਂਦਾ ਹੈ ਡਰਨਗੇ ਅਤੇ ਕੰਬਣਗੇ ।17ਯਹੂਦਾਹ ਦਾ ਦੇਸ ਮਿਸਰੀਆਂ ਲਈ ਇੱਕ ਡਰਾਵਾ ਹੋਵੇਗਾ । ਐਥੋਂ ਤੱਕ ਕਿ ਹਰੇਕ ਜਿਹੜਾ ਇਸ ਗੱਲ ਨੂੰ ਸੁਣੇਗਾ, ਉਹ ਸੈਨਾਂ ਦੇ ਯਹੋਵਾਹ ਦੀ ਯੋਜਨਾ ਦੇ ਕਾਰਨ ਜਿਹੜੀ ਉਸ ਨੇ ਉਨ੍ਹਾਂ ਦੇ ਵਿਰੁੱਧ ਬਣਾਈ ਹੈ, ਡਰੇਗਾ ।

18ਉਸ ਦਿਨ ਮਿਸਰ ਦੇਸ ਵਿੱਚ ਪੰਜ ਸ਼ਹਿਰ ਹੋਣਗੇ ਜਿਹੜੇ ਕਨਾਨ ਦੀ ਬੋਲੀ ਬੋਲਣਗੇ ਅਤੇ ਜਿਹੜੇ ਸੈਨਾਂ ਦੇ ਯਹੋਵਾਹ ਦੀ ਸਹੁੰ ਖਾਣਗੇ । ਉਨ੍ਹਾਂ ਵਿੱਚੋਂ ਇੱਕ "ਨਾਸ਼ ਨਗਰ" ਅਖਵਾਏਗਾ ।

19ਉਸ ਦਿਨ ਮਿਸਰ ਦੇ ਵਿਚਕਾਰ ਯਹੋਵਾਹ ਲਈ ਇੱਕ ਜਗਵੇਦੀ ਹੋਵੇਗੀ ਅਤੇ ਉਹ ਦੀ ਹੱਦ ਕੋਲ ਯਹੋਵਾਹ ਲਈ ਇੱਕ ਥੰਮ੍ਹ ਹੋਵੇਗਾ ।20ਉਹ ਮਿਸਰ ਦੇਸ ਵਿੱਚ ਸੈਨਾਂ ਦੇ ਯਹੋਵਾਹ ਲਈ ਇੱਕ ਨਿਸ਼ਾਨ ਅਤੇ ਇੱਕ ਗਵਾਹ ਹੋਵੇਗਾ । ਜਦ ਉਹ ਜ਼ਾਲਮਾਂ ਦੇ ਕਾਰਨ ਯਹੋਵਾਹ ਦੀ ਦੁਹਾਈ ਦੇਣਗੇ, ਤਦ ਉਹ ਉਨ੍ਹਾਂ ਦੇ ਲਈ ਇੱਕ ਬਚਾਉ, ਇੱਕ ਮਹਾ-ਪੁਰਸ਼ ਭੇਜੇਗਾ ਅਤੇ ਉਹ ਉਨ੍ਹਾਂ ਨੂੰ ਛੁਡਾਵੇਗਾ ।
21ਯਹੋਵਾਹ ਮਿਸਰੀਆਂ ਲਈ ਆਪ ਨੂੰ ਪਰਗਟ ਕਰੇਗਾ ਅਤੇ ਉਸ ਦਿਨ ਮਿਸਰੀ ਯਹੋਵਾਹ ਨੂੰ ਜਾਣਨਗੇ ਅਤੇ ਉਹ ਬਲੀਆਂ ਅਤੇ ਭੇਟਾਂ ਨਾਲ ਉਸ ਦੀ ਉਪਾਸਨਾ ਕਰਨਗੇ ਅਤੇ ਉਹ ਯਹੋਵਾਹ ਲਈ ਸੁੱਖਣਾਂ ਸੁੱਖਣਗੇ ਅਤੇ ਪੂਰੀਆਂ ਵੀ ਕਰਨਗੇ ।22ਅਤੇ ਯਹੋਵਾਹ ਮਿਸਰ ਨੂੰ ਮਾਰੇਗਾ, ਉਹੋ ਨਾਲੇ ਮਾਰੇਗਾ ਨਾਲੇ ਚੰਗਾ ਵੀ ਕਰੇਗਾ ਅਤੇ ਉਹ ਯਹੋਵਾਹ ਵੱਲ ਮੁੜਨਗੇ ਅਤੇ ਉਹ ਉਹਨਾਂ ਦੀ ਦੁਹਾਈ ਸੁਣੇਗਾ ਅਤੇ ਉਹਨਾਂ ਨੂੰ ਚੰਗਾ ਕਰੇਗਾ ।

23ਉਸ ਦਿਨ ਮਿਸਰ ਤੋਂ ਅੱਸ਼ੂਰ ਤੱਕ ਇੱਕ ਸੜਕ ਹੋਵੇਗੀ ਅਤੇ ਅੱਸ਼ੂਰੀ ਮਿਸਰ ਵਿੱਚ ਅਤੇ ਮਿਸਰੀ ਅੱਸ਼ੂਰ ਵਿੱਚ ਜਾਣਗੇ ਅਤੇ ਮਿਸਰੀ ਅੱਸ਼ੂਰੀਆਂ ਨਾਲ ਮਿਲ ਕੇ ਭਗਤੀ ਕਰਨਗੇ ।

24ਉਸ ਦਿਨ ਇਸਰਾਏਲ ਮਿਸਰ ਨਾਲ ਅਤੇ ਅੱਸ਼ੂਰ ਨਾਲ ਤੀਜਾ ਹੋਵੇਗਾ, ਅਰਥਾਤ ਧਰਤੀ ਦੇ ਵਿੱਚ ਇੱਕ ਬਰਕਤ ।25ਜਿਨ੍ਹਾਂ ਨੂੰ ਸੈਨਾਂ ਦੇ ਯਹੋਵਾਹ ਨੇ ਇਹ ਆਖ ਕੇ ਬਰਕਤ ਦਿੱਤੀ ਕਿ ਮਿਸਰ ਮੇਰੀ ਪਰਜਾ ਅਤੇ ਅੱਸ਼ੂਰ ਮੇਰੀ ਦਸਤਕਾਰੀ ਅਤੇ ਇਸਰਾਏਲ ਮੇਰੀ ਮੀਰਾਸ ਮੁਬਾਰਕ ਹੋਵੇ ।

20
ਨੰਗੇ ਨਬੀ ਦਾ ਨਿਸ਼ਾਨ

1ਜਿਸ ਸਾਲ ਅੱਸ਼ੂਰ ਦੇ ਰਾਜੇ ਸਰਗੋਨ ਦੇ ਹੁਕਮ ਨਾਲ ਉਸਦਾ ਸੈਨਾਪਤੀ ਅਸ਼ਦੋਦ ਨੂੰ ਆਇਆ ਅਤੇ ਉਹ ਦੇ ਨਾਲ ਲੜਿਆ ਅਤੇ ਉਹ ਨੂੰ ਲੈ ਲਿਆ ।2ਉਸ ਵੇਲੇ ਯਹੋਵਾਹ ਨੇ ਆਮੋਸ ਦੇ ਪੁੱਤਰ ਯਸਾਯਾਹ ਦੇ ਰਾਹੀਂ ਗੱਲ ਕੀਤੀ ਕਿ ਜਾਹ, ਤੱਪੜ ਆਪਣੇ ਲੱਕ ਉੱਤੋਂ ਉਤਾਰ ਸੁੱਟ ਅਤੇ ਜੁੱਤੀ ਆਪਣੇ ਪੈਰੋਂ ਲਾਹ ਦੇ । ਤਾਂ ਉਸ ਨੇ ਉਸੇ ਤਰ੍ਹਾਂ ਹੀ ਕੀਤਾ ਅਤੇ ਉਹ ਨੰਗਾ ਹੋ ਕੇ ਤੇ ਨੰਗੀ ਪੈਰੀਂ ਫਿਰਦਾ ਰਿਹਾ ।

3ਤਦ ਯਹੋਵਾਹ ਨੇ ਆਖਿਆ, ਜਿਵੇਂ ਮੇਰਾ ਦਾਸ ਯਸਾਯਾਹ ਤਿੰਨ ਸਾਲ ਸਰੀਰੋਂ ਨੰਗਾ ਅਤੇ ਨੰਗੀ ਪੈਰੀਂ ਫਿਰਦਾ ਰਿਹਾ ਤਾਂ ਜੋ ਉਹ ਮਿਸਰ ਦੇ ਵਿਰੁੱਧ ਅਤੇ ਕੂਸ਼ ਦੇ ਵਿਰੁੱਧ ਇੱਕ ਨਿਸ਼ਾਨ ਅਤੇ ਅਚੰਭਾ ਹੋਵੇ4ਉਸੇ ਤਰਾਂ ਹੀ ਅੱਸ਼ੂਰ ਦਾ ਰਾਜਾ ਮਿਸਰੀ ਕੈਦੀਆਂ ਨੂੰ ਅਤੇ ਕੂਸ਼ੀ ਗੁਲਾਮਾਂ ਨੂੰ ਭਾਵੇਂ ਜੁਆਨ ਭਾਵੇਂ ਬੁੱਢੇ, ਨੰਗੇ ਸਰੀਰ, ਨੰਗੇ ਪੈਰੀਂ ਅਤੇ ਨੰਗੇ ਚਿੱਤੜ ਲੈ ਜਾਵੇਗਾ, ਤਾਂ ਜੋ ਮਿਸਰੀ ਸ਼ਰਮਿੰਦੇ ਹੋਣ ।
5ਤਦ ਉਹ ਕੂਸ਼ ਦੇ ਕਾਰਨ ਜਿਸ ਉੱਤੇ ਉਨ੍ਹਾਂ ਨੂੰ ਭਰੋਸਾ ਸੀ ਅਤੇ ਮਿਸਰ, ਜਿਸ ਦੇ ਉੱਤੇ ਉਹ ਘਮੰਡ ਕਰਦੇ ਸਨ, ਘਬਰਾ ਜਾਣਗੇ ਅਤੇ ਲੱਜਿਆਵਾਨ ਹੋਣਗੇ ।6ਉਸ ਦਿਨ ਇਸ ਪਾਰ ਦੇ ਸਮੁੰਦਰ ਦੇ ਕੰਢੇ ਦੇ ਵਾਸੀ ਆਖਣਗੇ ਕਿ ਵੇਖੋ, ਜਦ ਸਾਡੀ ਆਸ ਦਾ ਇਹ ਹਾਲ ਹੈ, ਜਿਸ ਦੇ ਕੋਲ ਅਸੀਂ ਸਹਾਇਤਾ ਲਈ ਭੱਜੇ ਤਾਂ ਜੋ ਅੱਸ਼ੂਰ ਦੇ ਰਾਜੇ ਦੇ ਅੱਗੋਂ ਅਸੀਂ ਛੁਡਾਏ ਜਾਈਏ ! ਤਾਂ ਹੁਣ ਅਸੀਂ ਕਿਵੇਂ ਬਚਾਂਗੇ ?

21
ਬਾਬਲ ਦੇ ਪਤਨ ਦਾ ਦਰਸ਼ਣ

1ਸਮੁੰਦਰ ਦੀ ਉਜਾੜ ਦੇ ਵਿਖੇ ਅਗੰਮ ਵਾਕ, - ਜਿਵੇਂ ਦੱਖਣ ਵਿੱਚ ਵਾਵਰੋਲੇ ਲੰਘਣ ਨੂੰ ਹਨ, ਉਸੇ ਤਰ੍ਹਾਂ ਉਹ ਉਜਾੜ ਤੋਂ, ਇੱਕ ਡਰਾਉਣੇ ਦੇਸ ਤੋਂ ਚਲਿਆ ਆਉਂਦਾ ਹੈ ।2ਕਸ਼ਟ ਦੀਆਂ ਗੱਲਾਂ ਦਾ ਇੱਕ ਦਰਸ਼ਣ ਮੈਨੂੰ ਵਿਖਾਇਆ ਗਿਆ, - ਛਲੀਆ ਛਲਦਾ, ਲੁਟੇਰਾ ਲੁੱਟਦਾ ! ਹੇ ਏਲਾਮ, ਚੜ੍ਹਾਈ ਕਰ ! ਹੇ ਮਾਦਈ, ਘੇਰ ਲੈ ! ਮੈਂ ਉਸ ਦਾ ਸਾਰਾ ਹੂੰਗਣਾ ਮੁਕਾ ਦਿੰਦਾ ਹਾਂ ।

3ਇਸ ਲਈ ਮੇਰਾ ਲੱਕ ਦਰਦ ਨਾਲ ਭਰਿਆ ਹੈ, ਜਣਨ ਵਾਲੀ ਦੀਆਂ ਪੀੜਾਂ ਵਾਂਗੂੰ ਪੀੜਾਂ ਨੇ ਮੈਨੂੰ ਫੜ੍ਹ ਲਿਆ ਹੈ, ਮੈਂ ਅਜਿਹੀ ਬੇਚੈਨੀ ਵਿੱਚ ਹਾਂ ਕਿ ਮੈਂ ਸੁਣ ਨਹੀਂ ਸਕਦਾ, ਮੈਂ ਅਜਿਹਾ ਘਬਰਾ ਗਿਆ ਹਾਂ ਕਿ ਮੈਂ ਵੇਖ ਨਹੀਂ ਸਕਦਾ ।4ਮੇਰਾ ਦਿਲ ਧੜਕਦਾ ਹੈ, ਕੰਬਣੀ ਨੇ ਮੈਨੂੰ ਆ ਦੱਬਿਆ, ਜਿਸ ਸ਼ਾਮ ਨੂੰ ਮੈਂ ਲੋਚਦਾ ਸੀ, ਉਹ ਮੇਰੇ ਲਈ ਕਾਂਬਾ ਬਣ ਗਈ ਹੈ ।
5ਉਹ ਭੋਜਨ ਲਈ ਮੇਜ਼ ਲਾਉਂਦੇ ਹਨ, ਉਹ ਦਰੀਆਂ ਵਿਛਾਉਂਦੇ ਹਨ, ਉਹ ਖਾਂਦੇ-ਪੀਂਦੇ ਹਨ । ਹੇ ਹਾਕਮੋ, ਉੱਠੋ ! ਢਾਲਾਂ ਨੂੰ ਤੇਲ ਮਲੋ ! ।
6ਕਿਉਂਕਿ ਪ੍ਰਭੂ ਨੇ ਮੈਨੂੰ ਆਖਿਆ ਹੈ, ਜਾਹ, ਰਾਖਾ ਖੜ੍ਹਾ ਕਰ, ਜੋ ਕੁਝ ਉਹ ਵੇਖੇ ਉਹ ਦੱਸੇ ।7ਜਦ ਉਹ ਅਸਵਾਰ, ਘੋੜ ਚੜ੍ਹਿਆਂ ਦੇ ਜੋੜੇ, ਖੋਤਿਆਂ ਦੇ ਅਸਵਾਰ, ਊਠਾਂ ਦੇ ਅਸਵਾਰ ਵੇਖੇ, ਤਾਂ ਵੱਡੇ ਗੌਰ ਨਾਲ ਗੌਰ ਕਰੇ !
8ਉਹ ਨੇ ਬੱਬਰ ਸ਼ੇਰ ਵਾਂਗੂੰ ਪੁਕਾਰਿਆ, ਹੇ ਪ੍ਰਭੂ, ਮੈਂ ਪਹਿਰੇ ਦੇ ਬੁਰਜ ਉੱਤੇ ਸਾਰਾ ਦਿਨ ਖੜ੍ਹਾ ਰਹਿੰਦਾ ਹਾਂ, ਅਤੇ ਰਾਤਾਂ ਦੀਆਂ ਰਾਤਾਂ ਆਪਣੇ ਪਹਿਰੇ ਉੱਤੇ ਟਿਕਿਆ ਰਹਿੰਦਾ ਹਾਂ ।9ਅਤੇ ਵੇਖੋ ! ਅਸਵਾਰ, ਘੋੜ ਚੜ੍ਹਿਆਂ ਦੇ ਜੋੜੇ ਚਲੇ ਆਉਂਦੇ ਹਨ ! ਉਹ ਨੇ ਉੱਤਰ ਦੇ ਕੇ ਆਖਿਆ, ਡਿੱਗ ਪਿਆ, ਬਾਬਲ ਡਿੱਗ ਪਿਆ ! ਉਹ ਦੇ ਦੇਵਤਿਆਂ ਦੀਆਂ ਸਾਰੀਆਂ ਮੂਰਤੀਆਂ ਭੂੰਜੇ ਭੰਨੀਆਂ ਪਈਆਂ ਹਨ ।
10ਹੇ ਮੇਰੇ ਗਾਹ ਅਤੇ ਮੇਰੇ ਪਿੜ ਦੇ ਅੰਨ, ਜੋ ਕੁਝ ਮੈਂ ਇਸਰਾਏਲ ਦੇ ਪਰਮੇਸ਼ੁਰ ਸੈਨਾਂ ਦੇ ਯਹੋਵਾਹ ਤੋਂ ਸੁਣਿਆ ਹੈ, ਮੈਂ ਤੁਹਾਨੂੰ ਦੱਸ ਦਿੱਤਾ ਹੈ ।
ਦੂਮਾਹ ਦੇ ਵਿਖੇ ਸੰਦੇਸ

11ਦੂਮਾਹ ਦੇ ਵਿਖੇ ਅਗੰਮ ਵਾਕ, - ਸੇਈਰ ਤੋਂ ਕੋਈ ਮੈਨੂੰ ਪੁਕਾਰਦਾ ਹੈ, ਹੇ ਰਾਖੇ, ਰਾਤ ਦੀ ਕੀ ਖ਼ਬਰ ਹੈ ? ਹੇ ਰਾਖੇ, ਰਾਤ ਦੀ ਕੀ ਖ਼ਬਰ ਹੈ ?12ਰਾਖੇ ਨੇ ਆਖਿਆ, ਸਵੇਰ ਆਉਂਦੀ ਹੈ, ਅਤੇ ਰਾਤ ਵੀ, ਜੇ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਪੁੱਛੋ, ਫੇਰ ਮੁੜ ਕੇ ਆਓ ।
ਅਰਬ ਦੇ ਵਿਖੇ ਸੰਦੇਸ

13ਅਰਬ ਦੇ ਵਿਰੁੱਧ ਅਗੰਮ ਵਾਕ, - ਹੇ ਦਦਾਨੀਆਂ ਦੇ ਕਾਫ਼ਲਿਓ, ਤੁਸੀਂ ਜੋ ਅਰਬ ਦੇ ਜੰਗਲਾਂ ਵਿੱਚ ਟਿਕਦੇ ਹੋ ।14ਹੇ ਤੇਮਾ ਦੇਸ ਦੇ ਵਾਸੀਓ, ਤਿਹਾਏ ਦੇ ਪੀਣ ਲਈ ਪਾਣੀ ਲਿਆਓ, ਭਗੌੜੇ ਲਈ ਆਪਣੀ ਰੋਟੀ ਲੈ ਕੇ ਮਿਲੋ,15ਕਿਉਂ ਜੋ ਉਹ ਤਲਵਾਰ ਤੋਂ, ਸਗੋਂ ਧੂਹੀ ਹੋਈ ਤਲਵਾਰ ਤੋਂ ਅਤੇ ਝੁਕਾਈ ਹੋਈ ਧਣੁਖ ਤੋਂ, ਅਤੇ ਘਮਸਾਣ ਯੁੱਧ ਤੋਂ ਭੱਜੇ ਹਨ ।

16ਪ੍ਰਭੂ ਨੇ ਤਾਂ ਮੈਨੂੰ ਇਹ ਆਖਿਆ, ਮਜ਼ਦੂਰ ਦੇ ਸਾਲਾਂ ਦੇ ਅਨੁਸਾਰ ਇੱਕ ਸਾਲ ਵਿੱਚ, ਕੇਦਾਰ ਦਾ ਸਾਰਾ ਪਰਤਾਪ ਮੁੱਕ ਜਾਵੇਗਾ ।17ਕੇਦਾਰੀਆਂ ਦੇ ਸੂਰਮੇ, ਤੀਰ ਅੰਦਾਜ਼ਾਂ ਦਾ ਬਕੀਆ ਥੋੜ੍ਹਾ ਹੀ ਰਹਿ ਜਾਵੇਗਾ, ਕਿਉਂ ਜੋ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਨੇ ਇਹ ਫ਼ਰਮਾਇਆ ਹੈ ।

22
ਯਰੂਸ਼ਲਮ ਦੇ ਵਿਖੇ ਸੰਦੇਸ

1ਦਰਸ਼ਣ ਵਾਲੀ ਘਾਟੀ ਦੇ ਵਿਖੇ ਅਗੰਮ ਵਾਕ, - ਹੁਣ ਤੈਨੂੰ ਕੀ ਹੋਇਆ, ਤੁਸੀਂ ਜੋ ਸਾਰਿਆਂ ਦੇ ਸਾਰੇ ਕੋਠਿਆਂ ਉੱਤੇ ਚੜ੍ਹ ਗਏ ਹੋ ?2ਹੇ ਸ਼ੋਰ ਨਾਲ ਭਰੇ ਹੋਏ ਰੌਲੇ ਵਾਲੇ ਸ਼ਹਿਰ ! ਹੇ ਅਨੰਦਮਈ ਨਗਰ ! ਤੇਰੇ ਵੱਢੇ ਹੋਏ ਨਾ ਤਲਵਾਰ ਨਾਲ ਵੱਢੇ ਗਏ, ਨਾ ਜੰਗ ਵਿੱਚ ਮਾਰੇ ਗਏ !

3ਤੇਰੇ ਸਾਰੇ ਆਗੂ ਇਕੱਠੇ ਭੱਜ ਗਏ, ਉਹ ਤੀਰ ਅੰਦਾਜਾਂ ਤੋਂ ਫੜ੍ਹੇ ਗਏ, ਜਿੰਨੇ ਲੱਭ ਪਏ ਉਹ ਇਕੱਠੇ ਬੰਦੀ ਬਣਾਏ ਗਏ, ਭਾਵੇਂ ਉਹ ਦੂਰੋਂ ਹੀ ਭੱਜ ਗਏ ਸਨ ।4ਇਸ ਲਈ ਮੈਂ ਆਖਿਆ, ਮੇਰੀ ਵੱਲ ਨਾ ਵੇਖੋ, ਮੈਂ ਫੁੱਟ-ਫੁੱਟ ਕੇ ਰੋਵਾਂਗਾ । ਮੇਰੀ ਪਰਜਾ ਦੀ ਧੀ ਦੀ ਬਰਬਾਦੀ ਉੱਤੇ, ਮੈਨੂੰ ਤਸੱਲੀ ਦੇਣ ਦਾ ਯਤਨ ਨਾ ਕਰੋ ।

5ਸੈਨਾਂ ਦੇ ਪ੍ਰਭੂ ਯਹੋਵਾਹ ਦਾ ਠਹਿਰਾਇਆ ਹੋਇਆ ਇੱਕ ਦਿਨ ਹੈ, ਦਰਸ਼ਣ ਵਾਲੀ ਘਾਟੀ ਵਿੱਚ ਰੌਲੇ ਅਤੇ ਲਤਾੜਨ ਅਤੇ ਗੜਬੜ ਦਾ ਦਿਨ, ਕੰਧਾਂ ਦਾ ਢੱਠਣਾ ਅਤੇ ਰੌਲਾ ਪਹਾੜਾਂ ਤੱਕ ਪਹੁੰਚਿਆ !6ਏਲਾਮ ਨੇ ਰਥਾਂ, ਆਦਮੀਆਂ ਅਤੇ ਘੋੜ ਚੜ੍ਹਿਆਂ ਨਾਲ ਤਰਕਸ਼ ਚੁੱਕਿਆ ਹੈ, ਅਤੇ ਕੀਰ ਨੇ ਢਾਲ ਨੰਗੀ ਕੀਤੀ ।7ਤੇਰੀਆਂ ਚੰਗੇਰੀਆਂ ਘਾਟੀਆਂ ਰਥਾਂ ਨਾਲ ਭਰੀਆਂ ਹੋਈਆਂ ਹਨ, ਅਤੇ ਘੋੜ ਚੜ੍ਹਿਆਂ ਨੇ ਫਾਟਕ ਦੇ ਅੱਗੇ ਕਤਾਰ ਬੰਨ੍ਹੀ ਹੋਈ ਹੈ ।
8ਉਸ ਨੇ ਯਹੂਦਾਹ ਦਾ ਪੜਦਾ ਲਾਹ ਸੁੱਟਿਆ ਹੈ ।

ਉਸ ਦਿਨ ਤੂੰ ਜੰਗਲ ਦੇ ਮਹਿਲ ਵਿੱਚ ਸ਼ਸਤਰਾਂ ਉੱਤੇ ਗੌਰ ਕੀਤਾ

9ਅਤੇ ਤੁਸੀਂ ਦਾਊਦ ਦੇ ਸ਼ਹਿਰ ਦੀਆਂ ਤੇੜਾਂ ਵੇਖੀਆਂ ਕਿ ਉਹ ਬਹੁਤ ਸਨ ਅਤੇ ਤੁਸੀਂ ਹੇਠਲੇ ਤਲਾਬ ਦਾ ਪਾਣੀ ਇਕੱਠਾ ਕੀਤਾ ।
10ਤੁਸੀਂ ਯਰੂਸ਼ਲਮ ਦੇ ਘਰਾਂ ਦੀ ਗਿਣਤੀ ਕੀਤੀ ਅਤੇ ਘਰਾਂ ਨੂੰ ਢਾਹ ਸੁੱਟਿਆ ਤਾਂ ਜੋ ਸ਼ਹਿਰਪਨਾਹ ਨੂੰ ਪੱਕਾ ਕਰੋ ।11ਤੁਸੀਂ ਪੁਰਾਣੇ ਤਲਾਬ ਦੇ ਪਾਣੀ ਲਈ ਦੋਹਾਂ ਕੰਧਾਂ ਦੇ ਵਿਚਕਾਰ ਇੱਕ ਹੌਦ ਬਣਾਇਆ ਪਰ ਤੁਸੀਂ ਉਹ ਦੇ ਬਣਾਉਣ ਵਾਲੇ ਦਾ ਗੌਰ ਨਾ ਕੀਤਾ, ਜਿਸ ਨੇ ਪੁਰਾਣੇ ਸਮਿਆਂ ਤੋਂ ਉਸ ਨੂੰ ਠਹਿਰਾਇਆ ਸੀ, ਨਾ ਉਸ ਵੱਲ ਧਿਆਨ ਦਿੱਤਾ ।

12ਉਸ ਦਿਨ ਸੈਨਾਂ ਦੇ ਪ੍ਰਭੂ ਯਹੋਵਾਹ ਨੇ ਤੁਹਾਨੂੰ ਰੋਣ ਲਈ, ਸੋਗ ਕਰਨ, ਸਿਰ ਮੁਨਾਉਣ ਅਤੇ ਤੱਪੜ ਪਾਉਣ ਲਈ ਬੁਲਾਇਆ ਸੀ,13ਪਰ ਵੇਖੋ, ਖੁਸ਼ੀ ਅਤੇ ਅਨੰਦ ਮਨਾਇਆ ਗਿਆ, ਬਲਦਾਂ ਨੂੰ ਵੱਢਣਾ ਅਤੇ ਭੇਡਾਂ ਨੂੰ ਕੱਟਣਾ ਕੀਤਾ ਗਿਆ, ਮਾਸ ਖਾਧਾ ਗਿਆ ਅਤੇ ਮਧ ਪੀਤੀ ਗਈ, ਕਿਉਂ ਜੋ ਤੁਸੀਂ ਆਖਿਆ - ਅਸੀਂ ਖਾਈਏ ਪੀਵੀਏ, ਕਿਉਂ ਜੋ ਕੱਲ ਅਸੀਂ ਮਰਾਂਗੇ ।14ਤਦ ਮੇਰੇ ਕੰਨ ਵਿੱਚ ਸੈਨਾਂ ਦੇ ਯਹੋਵਾਹ ਨੇ ਇਹ ਆਖਿਆ, ਤੁਹਾਡੇ ਮਰਨ ਤੱਕ ਵੀ ਤੁਹਾਡੀ ਇਸ ਬਦੀ ਦਾ ਪਰਾਸਚਿਤ ਨਾ ਹੋਵੇਗਾ, ਸੈਨਾਂ ਦਾ ਪ੍ਰਭੂ ਯਹੋਵਾਹ ਇਹ ਆਖਦਾ ਹੈ ।
ਸ਼ਬਨਾ ਨੂੰ ਚੇਤਾਵਨੀ

15ਸੈਨਾਂ ਦਾ ਪ੍ਰਭੂ ਯਹੋਵਾਹ ਇਹ ਆਖਦਾ ਹੈ, ਇੱਕ ਭੰਡਾਰੀ ਕੋਲ ਅਰਥਾਤ ਸ਼ਬਨਾ ਕੋਲ ਜਾ, ਜਿਹੜਾ ਇਸ ਘਰ ਉੱਤੇ ਹੈ ਅਤੇ ਆਖ,16ਐਥੇ ਤੇਰੇ ਕੋਲ ਕੀ ਹੈ ? ਅਤੇ ਐਥੇ ਤੇਰਾ ਕੌਣ ਹੈ ? ਜੋ ਤੂੰ ਆਪਣੇ ਲਈ ਐਥੇ ਇੱਕ ਕਬਰ ਪੁੱਟੀ ਹੈ ! ਉਚਿਆਈ ਤੇ ਉਹ ਆਪਣੀ ਕਬਰ ਪੁੱਟਦਾ, ਚੱਟਾਨ ਵਿੱਚ ਉਹ ਆਪਣੇ ਲਈ ਇੱਕ ਟਿਕਾਣਾ ਬਣਾਉਂਦਾ ਹੈ !
17ਵੇਖ, ਹੇ ਸੂਰਮੇ, ਯਹੋਵਾਹ ਤੈਨੂੰ ਘੁੱਟ ਕੇ ਫੜ੍ਹੇਗਾ ਅਤੇ ਵਗਾਹ ਕੇ ਸੁੱਟ ਦੇਵੇਗਾ !18ਉਹ ਜ਼ੋਰ ਨਾਲ ਘੁਮਾ-ਘੁਮਾ ਕੇ ਤੈਨੂੰ ਖਿੱਦੋ ਵਾਂਗੂੰ ਖੁੱਲ੍ਹੇ ਦੇਸ ਵਿੱਚ ਸੁੱਟੇਗਾ, ਉੱਥੇ ਤੂੰ ਮਰੇਂਗਾ ਅਤੇ ਉੱਥੇ ਹੀ ਤੇਰੇ ਸ਼ਾਨਦਾਰ ਰਥ ਪਏ ਰਹਿਣਗੇ, ਹੇ ਤੂੰ ਜੋ ਆਪਣੇ ਮਾਲਕ ਦੇ ਘਰ ਦੀ ਸ਼ਰਮਿੰਦਗੀ ਦਾ ਕਾਰਨ ਹੈਂ !19ਮੈਂ ਤੈਨੂੰ ਤੇਰੇ ਅਹੁਦੇ ਤੋਂ ਹਟਾ ਦਿਆਂਗਾ ਅਤੇ ਤੂੰ ਆਪਣੇ ਥਾਂ ਤੋਂ ਲਾਹ ਸੁੱਟਿਆ ਜਾਵੇਂਗਾ ।
20ਉਸ ਦਿਨ ਅਜਿਹਾ ਹੋਵੇਗਾ ਕਿ ਮੈਂ ਆਪਣੇ ਦਾਸ ਹਿਲਕੀਯਾਹ ਦੇ ਪੁੱਤਰ ਅਲਯਾਕੀਮ ਨੂੰ ਬੁਲਾਵਾਂਗਾ21ਅਤੇ ਮੈਂ ਤੇਰਾ ਚੋਗਾ ਉਸ ਤੇ ਪਾਵਾਂਗਾ ਅਤੇ ਤੇਰੀ ਪੇਟੀ ਨਾਲ ਉਸ ਦੀ ਕਮਰ ਕੱਸਾਂਗਾ ਅਤੇ ਤੇਰੀ ਹਕੂਮਤ ਉਸ ਦੇ ਹੱਥ ਵਿੱਚ ਦਿਆਂਗਾ ਅਤੇ ਉਹ ਯਰੂਸ਼ਲਮ ਦੇ ਵਾਸੀਆਂ ਦਾ ਅਤੇ ਯਹੂਦਾਹ ਦੇ ਘਰਾਣੇ ਦਾ ਪਿਤਾ ਹੋਵੇਗਾ ।22ਮੈਂ ਉਹ ਦੇ ਮੋਢੇ ਉੱਤੇ ਦਾਊਦ ਦੇ ਘਰ ਦੀ ਕੁੰਜੀ ਰੱਖਾਂਗਾ, ਜੋ ਉਹ ਖੋਲ੍ਹੇਗਾ, ਕੋਈ ਬੰਦ ਨਾ ਕਰ ਸਕੇਗਾ ਅਤੇ ਜੋ ਉਹ ਬੰਦ ਕਰੇਗਾ, ਕੋਈ ਖੋਲ੍ਹ ਨਾ ਸਕੇਗਾ ।
23ਮੈਂ ਉਹ ਨੂੰ ਕੀਲੇ ਵਾਂਗੂੰ ਪੱਕੇ ਥਾਂ ਵਿੱਚ ਠੋਕਾਂਗਾ ਅਤੇ ਉਹ ਆਪਣੇ ਪਿਤਾ ਦੇ ਘਰਾਣੇ ਲਈ ਇੱਕ ਤੇਜਵਾਨ ਸਿੰਘਾਸਣ ਹੋਵੇਗਾ ।24ਅਤੇ ਉਹ ਉਸ ਦੇ ਉੱਤੇ ਉਸ ਦੇ ਪਿਤਾ ਦੇ ਘਰਾਣੇ ਦਾ ਸਾਰਾ ਭਾਰ ਪਾ ਦੇਣਗੇ ਅਰਥਾਤ ਬਾਲ ਬੱਚੇ, ਸਾਰੇ ਛੋਟੇ ਭਾਂਡੇ ਕਟੋਰਿਆਂ ਤੋਂ ਲੈ ਕੇ ਸਾਰੀਆਂ ਗਾਗਰਾਂ ਤੱਕ ।
25ਉਸ ਦਿਨ, ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਉਹ ਕੀਲਾ ਜਿਹੜਾ ਪੱਕੇ ਥਾਂ ਵਿੱਚ ਠੋਕਿਆ ਹੋਇਆ ਸੀ, ਉਖੜ ਜਾਵੇਗਾ ਅਤੇ ਉਹ ਵੱਢਿਆ ਜਾਵੇਗਾ ਅਤੇ ਡਿੱਗੇਗਾ ਅਤੇ ਉਹ ਬੋਝ ਜਿਹੜਾ ਉਸ ਉੱਤੇ ਹੈ, ਡਿੱਗ ਪਵੇਗਾ ਕਿਉਂ ਜੋ ਯਹੋਵਾਹ ਨੇ ਇਹ ਫ਼ਰਮਾਇਆ ਹੈ ।

23
ਸੂਰ ਦੇ ਵਿਖੇ ਸੰਦੇਸ

1ਸੂਰ ਦੇ ਵਿਖੇ ਅਗੰਮ ਵਾਕ, - ਹੇ ਤਰਸ਼ੀਸ਼ ਦੇ ਬੇੜਿਓ, ਧਾਹਾਂ ਮਾਰੋ ! ਕਿਉਂ ਜੋ ਉਹ ਉੱਜੜਿਆ ਹੋਇਆ ਹੈ, ਨਾ ਕੋਈ ਘਰ ਹੈ ਨਾ ਕੋਈ ਲਾਂਘਾ, ਕਿੱਤੀਮ ਦੇ ਦੇਸ ਤੋਂ ਇਹ ਗੱਲ ਉਨ੍ਹਾਂ ਦੇ ਲਈ ਪਰਗਟ ਹੋਈ ।2ਹੇ ਕੰਢੇ ਦੇ ਵਾਸੀਓ, ਚੁੱਪ ਰਹੋ, ਜਿਨ੍ਹਾਂ ਨੂੰ ਸਮੁੰਦਰ ਪਾਰ ਜਾਣ ਵਾਲੇ ਸੀਦੋਨ ਦੇ ਵਪਾਰੀਆਂ ਨੇ ਧਨ ਨਾਲ ਭਰ ਦਿੱਤਾ ।3ਬਹੁਤਿਆਂ ਪਾਣੀਆਂ ਦੇ ਕਾਰਨ ਸ਼ਿਹੋਰ ਦਾ ਅੰਨ, ਅਤੇ ਨੀਲ ਨਦੀ ਦੇ ਨੇੜੇ ਦੀ ਫ਼ਸਲ ਦੀ ਉਹ ਦੀ ਆਮਦਨ ਸੀ, ਅਤੇ ਉਹ ਕੌਮਾਂ ਦੀ ਮੰਡੀ ਹੋਇਆ ।

4ਹੇ ਸੀਦੋਨ, ਲਾਜ ਖਾਹ ! ਕਿਉਂ ਜੋ ਸਮੁੰਦਰ ਨੇ, ਅਰਥਾਤ ਸਮੁੰਦਰ ਦੇ ਗੜ੍ਹ ਨੇ ਆਖਿਆ, ਕਿ ਮੈਨੂੰ ਪੀੜਾਂ ਨਹੀਂ ਲੱਗੀਆਂ, ਨਾ ਮੈਂ ਜਣੀ, ਨਾ ਜੁਆਨਾਂ ਨੂੰ ਪਾਲਿਆ, ਨਾ ਕੁਆਰੀਆਂ ਨੂੰ ਪੋਸਿਆ ।5ਜਦ ਇਹ ਖ਼ਬਰ ਮਿਸਰ ਨੂੰ ਮਿਲੇਗੀ, ਤਾਂ ਉਹ ਸੂਰ ਦੀ ਖ਼ਬਰ ਉੱਤੇ ਤੜਫਣਗੇ ।
6ਤਰਸ਼ੀਸ਼ ਵੱਲ ਦੀ ਲੰਘੋ, ਹੇ ਕੰਢੇ ਦੇ ਵਾਸੀਓ, ਧਾਹਾਂ ਮਾਰੋ !7ਭਲਾ, ਇਹ ਤੁਹਾਡਾ ਅਨੰਦਮਈ ਨਗਰ ਹੈ, ਜਿਹ ਦਾ ਅਰੰਭ ਪਰਾਚੀਨ ਸਮੇਂ ਵਿੱਚ ਹੋਇਆ, ਜਿਹ ਦੇ ਪੈਰ ਉਹ ਨੂੰ ਦੂਰ-ਦੂਰ ਵੱਸਣ ਲਈ ਲੈ ਗਏ ਸਨ ?
8ਸੂਰ ਜਿਹੜਾ ਰਾਜਿਆਂ ਦੇ ਸਿਰਾਂ ਉੱਤੇ ਮੁਕਟ ਰੱਖਣ ਵਾਲਾ ਹੈ, ਜਿਸ ਦੇ ਵਪਾਰੀ ਹਾਕਮ ਹਨ ਅਤੇ ਜਿਸ ਦੇ ਸੌਦਾਗਰ ਧਰਤੀ ਉੱਤੇ ਆਦਰਯੋਗ ਹਨ, ਉਸ ਦੇ ਵਿਰੁੱਧ ਕਿਸ ਨੇ ਇਹ ਠਾਣਿਆ ਹੈ ?9ਸੈਨਾਂ ਦੇ ਯਹੋਵਾਹ ਨੇ ਇਹ ਠਾਣਿਆ ਹੈ, ਤਾਂ ਜੋ ਹੰਕਾਰ ਦੀ ਸਾਰੀ ਸਜਾਵਟ ਨੂੰ ਗੰਦਾ ਕਰੇ, ਅਤੇ ਧਰਤੀ ਦੇ ਸਾਰੇ ਪਤਵੰਤਾਂ ਨੂੰ ਬੇਪਤ ਕਰੇ ।
10ਨੀਲ ਦਰਿਆ ਵਾਂਗੂੰ ਆਪਣੇ ਦੇਸ ਨੂੰ ਲੰਘ ਜਾ, ਹੇ ਤਰਸ਼ੀਸ਼ ਦੀਏ ਧੀਏ, ਹੁਣ ਕੋਈ ਰੋਕ ਨਹੀਂ !11ਉਹ ਨੇ ਆਪਣਾ ਹੱਥ ਸਮੁੰਦਰ ਉੱਤੇ ਪਸਾਰਿਆ ਹੈ, ਉਹ ਨੇ ਰਾਜਾਂ ਨੂੰ ਹਿਲਾਇਆ ਹੈ, ਯਹੋਵਾਹ ਨੇ ਕਨਾਨ ਦੇ ਵਿਖੇ ਹੁਕਮ ਦਿੱਤਾ ਹੈ ਕਿ ਉਹ ਦੇ ਗੜ੍ਹ ਨਾਸ ਹੋ ਜਾਣ ।12ਉਸ ਨੇ ਆਖਿਆ, ਹੇ ਸੀਦੋਨ ਦੀਏ ਦੁਖਿਆਰੀਏ ਕੁਆਰੀਏ ਧੀਏ, ਤੂੰ ਫੇਰ ਕਦੇ ਖੁਸ਼ ਨਾ ਹੋਵੇਂਗੀ, ਉੱਠ ਕਿੱਤੀਮ ਨੂੰ ਲੰਘ ਜਾਹ ! ਪਰ ਉੱਥੇ ਵੀ ਤੇਰੇ ਲਈ ਅਰਾਮ ਨਹੀਂ ਹੋਵੇਗਾ ।

13ਵੇਖੋ, ਕਸਦੀਆਂ ਦੇ ਦੇਸ ਨੂੰ ! ਇਹ ਲੋਕ ਜਿਹੜੇ ਹੁਣ ਨਹੀਂ ਹਨ, ਅੱਸ਼ੂਰੀਆਂ ਦੇ ਉਹ ਨੂੰ ਜੰਗਲੀ ਜਾਨਵਰਾਂ ਦਾ ਸਥਾਨ ਬਣਾਇਆ ਹੈ, ਉਹਨਾਂ ਨੇ ਆਪਣੇ ਜੰਗੀ ਬੁਰਜ ਖੜ੍ਹੇ ਕੀਤੇ, ਉਹਨਾਂ ਨੇ ਉਹ ਦੇ ਮਹਿਲਾਂ ਨੂੰ ਢਾਹ ਸੁੱਟਿਆ, ਅਤੇ ਉਹ ਨੂੰ ਖੰਡਰ ਬਣਾ ਦਿੱਤਾ ਹੈ ।14ਹੇ ਤਰਸ਼ੀਸ਼ ਦੇ ਬੇੜਿਓ, ਧਾਹਾਂ ਮਾਰੋ ! ਕਿਉਂ ਜੋ ਤੁਹਾਡਾ ਗੜ੍ਹ ਬਰਬਾਦ ਹੋ ਗਿਆ ।
15ਉਸ ਦਿਨ ਅਜਿਹਾ ਹੋਵੇਗਾ ਕਿ ਇੱਕ ਰਾਜੇ ਦੇ ਦਿਨਾਂ ਵਾਂਗੂੰ, ਸੂਰ ਸੱਤਰ ਸਾਲਾਂ ਲਈ ਵਿਸਾਰਿਆ ਜਾਵੇਗਾ । ਸੱਤਰ ਸਾਲਾਂ ਦੇ ਅੰਤ ਵਿੱਚ ਸੂਰ ਲਈ ਵੇਸਵਾ ਦੇ ਗੀਤ ਵਾਂਗੂੰ ਹੋਵੇਗਾ, -16ਹੇ ਵਿਸਰੀ ਹੋਈ ਵੇਸਵਾ, ਬਰਬਤ ਲੈ, ਸ਼ਹਿਰ ਵਿੱਚ ਫਿਰ ! ਰਸੀਲੇ ਸੁਰ ਚੁੱਕ, ਬਹੁਤੇ ਗੀਤ ਗਾ, ਤਾਂ ਜੋ ਤੂੰ ਯਾਦ ਕੀਤੀ ਜਾਵੇਂ ।
17ਸੱਤਰ ਸਾਲਾਂ ਦੇ ਅੰਤ ਵਿੱਚ ਅਜਿਹਾ ਹੋਵੇਗਾ ਕਿ ਯਹੋਵਾਹ ਸੂਰ ਦੀ ਸੁੱਧ ਲਵੇਗਾ ਅਤੇ ਉਹ ਆਪਣੀ ਕਮਾਈ ਵੱਲ ਮੁੜੇਗੀ ਅਤੇ ਧਰਤੀ ਉੱਤੇ ਜਗਤ ਦੇ ਸਾਰੇ ਰਾਜਾਂ ਨਾਲ ਵੇਸਵਾਵ੍ਰਤੀ ਕਰੇਗੀ ।18ਉਹ ਦਾ ਲਾਭ ਅਤੇ ਉਹ ਦੀ ਕਮਾਈ ਯਹੋਵਾਹ ਲਈ ਵੱਖਰੀ ਕੀਤੀ ਜਾਵੇਗੀ । ਨਾ ਉਹ ਭੰਡਾਰ ਵਿੱਚ ਰੱਖੀ ਜਾਵੇਗੀ ਨਾ ਸਾਂਭੀ ਜਾਵੇਗੀ ਪਰ ਉਹ ਦੀ ਕਮਾਈ ਦਾ ਲਾਭ ਯਹੋਵਾਹ ਦੇ ਸਨਮੁਖ ਵੱਸਣ ਵਾਲਿਆਂ ਲਈ ਹੋਵੇਗਾ ਤਾਂ ਜੋ ਉਹ ਰੱਜ ਕੇ ਖਾਣ ਅਤੇ ਮਹੀਨ ਬਸਤਰ ਪਾਉਣ ।

24
ਪਰਮੇਸ਼ੁਰ ਧਰਤੀ ਦਾ ਨਿਆਂ ਕਰੇਗਾ

1ਵੇਖੋ, ਯਹੋਵਾਹ ਧਰਤੀ ਨੂੰ ਸੁੰਨੀ ਕਰੇਗਾ, ਅਤੇ ਉਹ ਨੂੰ ਵਿਰਾਨ ਕਰੇਗਾ, ਉਹ ਦੀ ਪਰਤ ਵਿਗਾੜ ਦੇਵੇਗਾ, ਅਤੇ ਉਹ ਦੇ ਵਾਸੀਆਂ ਨੂੰ ਖਿਲਾਰ ਦੇਵੇਗਾ ।2ਤਦ ਅਜਿਹਾ ਹੋਵੇਗਾ ਕਿ ਜਿਵੇਂ ਲੋਕ ਤਿਵੇਂ ਜਾਜਕ, ਜਿਵੇਂ ਦਾਸ ਤਿਵੇਂ ਉਹ ਦਾ ਮਾਲਕ, ਜਿਵੇਂ ਦਾਸੀ ਤਿਵੇਂ ਉਹ ਦੀ ਮਾਲਕਣ, ਜਿਵੇਂ ਮੁੱਲ ਲੈਣ ਵਾਲਾ ਤਿਵੇਂ ਮੁੱਲ ਦੇਣ ਵਾਲਾ, ਜਿਵੇਂ ਕਰਜਾ ਦੇਣ ਵਾਲਾ ਤਿਵੇਂ ਕਰਜਾ ਲੈਣ ਵਾਲਾ, ਜਿਵੇਂ ਬਿਆਜ ਲੈਣ ਵਾਲਾ ਤਿਵੇਂ ਬਿਆਜ ਦੇਣ ਵਾਲਾ ਹੋਵੇਗਾ ।

3ਧਰਤੀ ਸੁੰਨੀ ਹੀ ਸੁੰਨੀ ਕੀਤੀ ਜਾਵੇਗੀ, ਅਤੇ ਲੁੱਟੀ-ਪੁੱਟੀ ਜਾਵੇਗੀ, ਕਿਉਂ ਜੋ ਇਹ ਗੱਲ ਯਹੋਵਾਹ ਨੇ ਆਖੀ ਹੈ ।

4ਧਰਤੀ ਸੋਗ ਕਰਦੀ ਅਤੇ ਕੁਮਲਾ ਜਾਂਦੀ ਹੈ, ਜਗਤ ਢਿੱਲਾ ਪੈ ਜਾਂਦਾ ਅਤੇ ਕੁਮਲਾ ਜਾਂਦਾ ਹੈ, ਧਰਤੀ ਦੇ ਉੱਚੇ ਲੋਕ ਢਿੱਲੇ ਪੈ ਜਾਂਦੇ ਹਨ ।5ਧਰਤੀ ਆਪਣੇ ਵਾਸੀਆਂ ਹੇਠ ਭ੍ਰਿਸ਼ਟ ਹੋਈ ਹੈ, ਕਿਉਂ ਜੋ ਉਹਨਾਂ ਨੇ ਬਿਵਸਥਾ ਦਾ ਉਲੰਘਣ ਕੀਤਾ, ਉਹਨਾਂ ਨੇ ਬਿਧੀਆਂ ਨੂੰ ਤੋੜ ਸੁੱਟਿਆ, ਉਹਨਾਂ ਨੇ ਸਦੀਪਕ ਨੇਮ ਨੂੰ ਭੰਨ ਦਿੱਤਾ ।
6ਇਸ ਲਈ ਇੱਕ ਸਰਾਪ ਧਰਤੀ ਨੂੰ ਖਾ ਗਿਆ ਹੈ, ਅਤੇ ਉਹ ਦੇ ਵਾਸੀ ਦੋਸ਼ੀ ਠਹਿਰੇ, ਇਸ ਲਈ ਧਰਤੀ ਦੇ ਵਾਸੀ ਭਸਮ ਹੋਏ, ਅਤੇ ਥੋੜ੍ਹੇ ਜਿਹੇ ਮਨੁੱਖ ਬਾਕੀ ਹਨ ।7ਨਵੀਂ ਮੈਅ ਸੋਗ ਕਰਦੀ ਹੈ, ਵੇਲ ਕੁਮਲਾ ਗਈ ਹੈ, ਸਾਰੇ ਖੁਸ਼ ਦਿਲ ਹੌਕੇ ਭਰਦੇ ਹਨ ।
8ਡੱਫ਼ਾਂ ਦੀ ਖੁਸ਼ੀ ਬੰਦ ਹੋ ਗਈ, ਅਨੰਦ ਕਰਨ ਵਾਲਿਆਂ ਦਾ ਰੌਲਾ ਮੁੱਕ ਗਿਆ, ਬਰਬਤ ਦੀ ਖੁਸ਼ੀ ਬੰਦ ਹੋ ਗਈ ।9ਉਹ ਮਧ ਗੀਤ ਦੇ ਨਾਲ ਨਹੀਂ ਪੀਂਦੇ, ਸ਼ਰਾਬ ਉਹ ਦੇ ਪੀਣ ਵਾਲਿਆਂ ਨੂੰ ਕੌੜੀ ਲੱਗਦੀ ਹੈ ।
10ਗੜਬੜੀ ਮਚਾਉਣ ਵਾਲਾ ਨਗਰ ਤੋੜਿਆ ਗਿਆ, ਹਰੇਕ ਘਰ ਲੰਘਣੋਂ ਬੰਦ ਕੀਤਾ ਗਿਆ ।11ਚੌਕਾਂ ਵਿੱਚ ਮਧ ਲਈ ਰੌਲਾ ਹੈ, ਸਾਰਾ ਅਨੰਦ ਹਨੇਰ ਹੋ ਗਿਆ, ਧਰਤੀ ਦੀ ਖੁਸ਼ੀ ਮਿਟ ਗਈ ਹੈ ।
12ਸ਼ਹਿਰ ਵਿੱਚ ਬਰਬਾਦੀ ਰਹਿ ਗਈ, ਫਾਟਕ ਟੁੱਟਿਆ-ਭੱਜਾ ਪਿਆ ਹੈ ।13ਧਰਤੀ ਉੱਤੇ ਦੇਸ-ਦੇਸ ਦੇ ਲੋਕਾਂ ਦੇ ਵਿਚਕਾਰ ਅਜਿਹਾ ਹੋਵੇਗਾ, ਜਿਵੇਂ ਜ਼ੈਤੂਨ ਦਾ ਹਲੂਣਾ, ਜਿਵੇਂ ਅੰਗੂਰ ਤੋੜਨ ਦੇ ਪਿੱਛੋਂ ਰਹਿੰਦ ਖੂੰਧ ਚੁਗਣਾ ।

14ਉਹ ਆਪਣੀ ਅਵਾਜ਼ ਚੁੱਕਣਗੇ, ਉਹ ਜੈਕਾਰੇ ਗਜਾਉਣਗੇ, ਉਹ ਯਹੋਵਾਹ ਦੇ ਤੇਜ ਦੇ ਕਾਰਨ ਸਮੁੰਦਰੋਂ ਲਲਕਾਰਨਗੇ ।15ਇਸ ਲਈ ਪੂਰਬ ਵੱਲੋਂ ਯਹੋਵਾਹ ਦੀ ਮਹਿਮਾ ਕਰੋ, ਸਮੁੰਦਰ ਦੇ ਟਾਪੂਆਂ ਵਿੱਚ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਦੇ ਨਾਮ ਦੀ ਵਡਿਆਈ ਕਰੋ ।
16ਧਰਤੀ ਦੇ ਕੰਢੇ ਤੋਂ ਅਸੀਂ ਭਜਨ ਸੁਣਦੇ ਹਾਂ, "ਧਰਮੀ ਮਨੁੱਖ ਦਾ ਮਾਣ ਹੋਵੇ !" । ਪਰ ਮੈਂ ਆਖਿਆ, ਮੈਂ ਲਿੱਸਾ ਪੈ ਗਿਆ, ਮੈਂ ਲਿੱਸਾ ਪੈ ਗਿਆ ! ਹਾਇ ਮੇਰੇ ਉੱਤੇ ! ਠੱਗਾਂ ਨੇ ਠੱਗੀ ਕੀਤੀ ! ਹਾਂ, ਠੱਗਾਂ ਨੇ ਠੱਗੀ ਕੀਤੀ !

17ਹੇ ਧਰਤੀ ਦੇ ਵਾਸੀਓ, ਖੌਫ਼, ਭੋਹਰਾ ਤੇ ਫੰਦਾ ਤੁਹਾਡੇ ਉੱਤੇ ਹਨ !18ਅਜਿਹਾ ਹੋਵੇਗਾ ਕਿ ਖੌਫ਼ ਦੇ ਰੌਲੇ ਤੋਂ ਭੱਜਿਆ ਹੋਇਆ ਭੋਹਰੇ ਵਿੱਚ ਡਿੱਗੇਗਾ, ਅਤੇ ਭੋਹਰੇ ਵਿੱਚੋਂ ਉਤਾਹਾਂ ਆਇਆ ਹੋਇਆ ਫੰਦੇ ਵਿੱਚ ਫੱਸੇਗਾ, ਕਿਉਂ ਜੋ ਉੱਪਰੋਂ ਖਿੜਕੀਆਂ ਖੁੱਲ੍ਹ ਗਈਆਂ, ਅਤੇ ਧਰਤੀ ਦੀਆਂ ਨੀਹਾਂ ਹਿੱਲ ਗਈਆਂ ਹਨ ।
19ਧਰਤੀ ਪੂਰੀ ਤਰ੍ਹਾਂ ਹੀ ਟੁੱਟ ਗਈ, ਧਰਤੀ ਪੂਰੀ ਤਰ੍ਹਾਂ ਹੀ ਪਾਟ ਗਈ, ਧਰਤੀ ਪੂਰੀ ਤਰ੍ਹਾਂ ਹੀ ਹਿਲਾਈ ਗਈ ।20ਧਰਤੀ ਸ਼ਰਾਬੀ ਵਾਂਗੂੰ ਡਗਮਗਾਉਂਦੀ ਹੈ, ਉਹ ਛੱਪਰ ਵਾਂਗੂੰ ਹੁਲਾਰੇ ਖਾਂਦੀ ਹੈ, ਉਹ ਦੇ ਅਪਰਾਧ ਦਾ ਭਾਰ ਉਹ ਦੇ ਉੱਤੇ ਹੈ, ਉਹ ਡਿੱਗ ਪਈ ਅਤੇ ਫੇਰ ਕਦੇ ਨਾ ਉੱਠੇਗੀ ।

21ਉਸ ਦਿਨ ਅਜਿਹਾ ਹੋਵੇਗਾ ਕਿ ਯਹੋਵਾਹ ਅਸਮਾਨੀ ਸੈਨਾਂ ਨੂੰ ਅਸਮਾਨ ਉੱਤੇ, ਅਤੇ ਜ਼ਮੀਨ ਦੇ ਰਾਜਿਆਂ ਨੂੰ ਜ਼ਮੀਨ ਉੱਤੇ ਸਜ਼ਾ ਦੇਵੇਗਾ ।22ਜਿਵੇਂ ਗੁਲਾਮ ਭੋਹਰੇ ਵਿੱਚ ਇਕੱਠੇ ਕੀਤੇ ਜਾਂਦੇ ਹਨ, ਉਹ ਇਕੱਠੇ ਕੀਤੇ ਜਾਣਗੇ, ਉਹ ਕੈਦ ਵਿੱਚ ਕੈਦ ਕੀਤੇ ਜਾਣਗੇ, ਅਤੇ ਬਹੁਤਿਆਂ ਦਿਨਾਂ ਦੇ ਪਿੱਛੋਂ ਉਹਨਾਂ ਦੀ ਸੁੱਧ ਲਈ ਜਾਵੇਗੀ ।23ਤਦ ਚੰਦ ਘਾਬਰ ਜਾਵੇਗਾ, ਅਤੇ ਸੂਰਜ ਲਾਜ ਖਾਵੇਗਾ, ਕਿਉਂ ਜੋ ਸੈਨਾਂ ਦਾ ਯਹੋਵਾਹ ਸੀਯੋਨ ਪਰਬਤ ਉੱਤੇ ਯਰੂਸ਼ਲਮ ਵਿੱਚ, ਅਤੇ ਆਪਣੀ ਪਰਜਾ ਦੇ ਬਜ਼ੁਰਗਾਂ ਦੇ ਅੱਗੇ ਪਰਤਾਪ ਨਾਲ ਰਾਜ ਕਰੇਗਾ ।

25
ਪਰਮੇਸ਼ੁਰ ਦੀ ਉਸਤਤ ਦਾ ਗੀਤ

1ਹੇ ਯਹੋਵਾਹ, ਤੂੰ ਮੇਰਾ ਪਰਮੇਸ਼ੁਰ ਹੈਂ, ਮੈਂ ਤੈਨੂੰ ਵਡਿਆਵਾਂਗਾ, ਮੈਂ ਤੇਰੇ ਨਾਮ ਨੂੰ ਸਲਾਹਾਂਗਾ, ਕਿਉਂ ਜੋ ਤੂੰ ਅਚਰਜ ਕੰਮ ਕੀਤੇ ਹਨ, ਪਰਾਚੀਨ ਸਮੇਂ ਤੋਂ ਤੇਰੀਆਂ ਯੋਜਨਾਵਾਂ ਵਫ਼ਾਦਾਰੀ ਅਤੇ ਸਚਿਆਈ ਦੀਆਂ ਹਨ !2ਤੂੰ ਤਾਂ ਸ਼ਹਿਰ ਨੂੰ ਮਲਬਾ ਅਤੇ ਗੜ੍ਹ ਵਾਲੇ ਨਗਰ ਨੂੰ ਖੰਡਰ ਬਣਾ ਦਿੱਤਾ ਹੈ, ਪਰਦੇਸੀਆਂ ਦਾ ਮਹਿਲ ਹੁਣ ਸ਼ਹਿਰ ਨਹੀਂ ਰਿਹਾ, ਉਹ ਸਦਾ ਲਈ ਫੇਰ ਉਸਾਰਿਆ ਨਾ ਜਾਵੇਗਾ ।3ਇਸ ਲਈ ਬਲਵੰਤ ਲੋਕ ਤੇਰੀ ਮਹਿਮਾ ਕਰਨਗੇ, ਡਰਾਉਣੀਆਂ ਕੌਮਾਂ ਦਾ ਨਗਰ ਤੇਰੇ ਤੋਂ ਡਰੇਗਾ ।

4ਤੂੰ ਤਾਂ ਗਰੀਬ ਲਈ ਗੜ੍ਹ ਹੋਇਆ, ਕੰਗਾਲ ਲਈ ਉਹ ਦੇ ਕਸ਼ਟ ਵਿੱਚ ਵੀ ਗੜ੍ਹ, ਵਾਛੜ ਤੋਂ ਪਨਾਹ, ਗਰਮੀ ਤੋਂ ਸਾਯਾ, ਕਿਉਂ ਜੋ ਡਰਾਉਣਿਆਂ ਦੀ ਫੂਕ ਕੰਧ ਉੱਪਰ ਦੀ ਵਾਛੜ ਵਾਂਗੂੰ ਹੈ ।5ਸੁੱਕੇ ਥਾਂ ਦੀ ਗਰਮੀ ਵਾਂਗੂੰ ਤੂੰ ਪਰਦੇਸੀਆਂ ਦੇ ਰੌਲੇ ਨੂੰ ਬੰਦ ਕਰ ਦੇਵੇਂਗਾ, ਜਿਵੇਂ ਗਰਮੀ ਬੱਦਲ ਦੇ ਸਾਯੇ ਨਾਲ, ਉਸੇ ਤਰ੍ਹਾਂ ਜ਼ਾਲਮਾਂ ਦਾ ਭਜਨ ਧੀਮਾ ਹੋ ਜਾਵੇਗਾ ।
ਪਰਮੇਸ਼ੁਰ ਦੀ ਤਿਆਰ ਕੀਤੀ ਹੋਈ ਦਾਵਤ

6ਇਸੇ ਪਹਾੜ ਤੇ ਸੈਨਾਂ ਦਾ ਯਹੋਵਾਹ ਸਾਰਿਆਂ ਲੋਕਾਂ ਲਈ ਮੋਟੀਆਂ ਵਸਤਾਂ ਦੀ ਦਾਵਤ ਕਰੇਗਾ, ਪੁਰਾਣੀਆਂ ਮਧਾਂ ਦੀ ਦਾਵਤ, ਗੁੱਦੇ ਸਮੇਤ ਮੋਟੀਆਂ ਵਸਤਾਂ, ਛਾਣੀਆਂ ਹੋਈਆਂ ਪੁਰਾਣੀਆਂ ਮਧਾਂ ਦੀ ਦਾਵਤ ।7ਅਤੇ ਇਸ ਪਹਾੜ ਤੇ ਉਸ ਪੜਦੇ ਨੂੰ ਨਾਸ ਕਰੇਗਾ, ਉਸ ਪੜਦੇ ਨੂੰ ਜਿਹੜਾ ਸਾਰਿਆਂ ਲੋਕਾਂ ਉੱਤੇ ਪਿਆ ਹੈ, ਨਾਲੇ ਉਸ ਕੱਜਣ ਨੂੰ ਜਿਹੜਾ ਸਾਰੀਆਂ ਕੌਮਾਂ ਉੱਤੇ ਲਟਕਦਾ ਹੈ ।8ਉਹ ਮੌਤ ਨੂੰ ਸਦਾ ਲਈ ਨਿਗਲ ਲਵੇਗਾ, ਅਤੇ ਪ੍ਰਭੂ ਯਹੋਵਾਹ ਸਾਰੀਆਂ ਅੱਖਾਂ ਤੋਂ ਹੰਝੂ ਪੂੰਝ ਸੁੱਟੇਗਾ, ਅਤੇ ਆਪਣੀ ਪਰਜਾ ਦੀ ਬਦਨਾਮੀ ਨੂੰ ਸਾਰੀ ਧਰਤੀ ਦੇ ਉੱਤੋਂ ਦੂਰ ਕਰ ਦੇਵੇਗਾ, ਕਿਉਂਕਿ ਇਹ ਯਹੋਵਾਹ ਦਾ ਵਾਕ ਹੈ ।

9ਉਸ ਦਿਨ ਆਖਿਆ ਜਾਵੇਗਾ, ਵੇਖੋ, ਇਹ ਸਾਡਾ ਪਰਮੇਸ਼ੁਰ ਹੈ, ਅਸੀਂ ਉਹ ਨੂੰ ਉਡੀਕਦੇ ਸੀ, ਕਿ ਉਹ ਸਾਨੂੰ ਬਚਾਵੇਗਾ - ਇਹ ਯਹੋਵਾਹ ਹੈ, ਅਸੀਂ ਉਹ ਨੂੰ ਉਡੀਕਦੇ ਸੀ, ਅਸੀਂ ਉਹ ਦੀ ਮੁਕਤੀ ਵਿੱਚ ਖੁਸ਼ੀ ਮਨਾਈਏ ਅਤੇ ਅਨੰਦ ਕਰੀਏ ।
ਪਰਮੇਸ਼ੁਰ ਮੋਆਬ ਨੂੰ ਸਜ਼ਾ ਦੇਵੇਗਾ

10ਕਿਉਂ ਜੋ ਯਹੋਵਾਹ ਦਾ ਹੱਥ ਇਸ ਪਹਾੜ ਉੱਤੇ ਠਹਿਰੇਗਾ, ਮੋਆਬ ਆਪਣੇ ਥਾਂ ਵਿੱਚ ਇਸ ਤਰ੍ਹਾਂ ਮਿੱਧਿਆ ਜਾਵੇਗਾ, ਜਿਵੇਂ ਤੂੜੀ ਰੂੜੀ ਦੇ ਟੋਏ ਵਿੱਚ,
11ਅਤੇ ਉਹ ਉਸ ਦੇ ਵਿਚਕਾਰ ਆਪਣੇ ਹੱਥ ਮਾਰੇਗਾ, ਜਿਵੇਂ ਤੈਰਾਕ ਆਪਣੇ ਹੱਥ ਤੈਰਨ ਲਈ ਮਾਰਦਾ ਹੈ, ਪਰ ਉਹ ਉਸ ਦੇ ਘਮੰਡ ਨੂੰ, ਉਸ ਦੇ ਹੱਥਾਂ ਦੀ ਚਲਾਕੀ ਸਮੇਤ ਨੀਵਾਂ ਕਰ ਦੇਵੇਗਾ ।12ਸ਼ਹਿਰਪਨਾਹ ਦੇ ਉੱਚੇ ਬੁਰਜਾਂ ਨੂੰ ਉਹ ਝੁਕਾ ਦੇਵੇਗਾ, ਨੀਵਾਂ ਕਰੇਗਾ ਅਤੇ ਧਰਤੀ ਤੱਕ ਸਗੋਂ ਖ਼ਾਕ ਤੱਕ ਲਾਹ ਦੇਵੇਗਾ ।

26
ਪਰਮੇਸ਼ੁਰ ਆਪਣੇ ਲੋਕਾਂ ਨੂੰ ਜਿੱਤ ਦੇਵੇਗਾ

1ਉਸ ਦਿਨ ਯਹੂਦਾਹ ਦੇ ਦੇਸ ਵਿੱਚ ਇਹ ਗੀਤ ਗਾਇਆ ਜਾਵੇਗਾ, - ਸਾਡਾ ਇੱਕ ਤਕੜਾ ਸ਼ਹਿਰ ਹੈ, ਉਹ ਦੀਆਂ ਕੰਧਾਂ ਅਤੇ ਸ਼ਹਿਰਪਨਾਹ ਨੂੰ ਉਸ ਨੇ ਮੁਕਤੀ ਠਹਿਰਾਇਆ ।2ਫਾਟਕ ਖੋਲ੍ਹੋ ! ਤਾਂ ਜੋ ਉਹ ਧਰਮੀ ਕੌਮ ਜਿਹੜੀ ਵਫ਼ਾਦਾਰੀ ਦੀ ਪਾਲਣਾ ਕਰਦੀ ਹੈ ਅੰਦਰ ਆਵੇ ।

3ਜਿਹੜਾ ਤੇਰੇ ਵਿੱਚ ਲਵਲੀਨ ਹੈ, ਤੂੰ ਉਹ ਦੀ ਪੂਰੀ ਸ਼ਾਂਤੀ ਨਾਲ ਰਾਖੀ ਕਰਦਾ ਹੈਂ, ਇਸ ਲਈ ਭਈ ਉਹ ਦਾ ਭਰੋਸਾ ਤੇਰੇ ਉੱਤੇ ਹੈ ।4ਸਦਾ ਤੱਕ ਯਹੋਵਾਹ ਉੱਤੇ ਭਰੋਸਾ ਰੱਖੋ, ਕਿਉਂ ਜੋ ਪ੍ਰਭੂ ਯਹੋਵਾਹ ਸਨਾਤਨ ਚੱਟਾਨ ਹੈ ।
5ਉਹ ਤਾਂ ਉਤਾਹਾਂ ਰਹਿਣ ਵਾਲਿਆਂ ਨੂੰ, ਉੱਚੇ ਨਗਰ ਸਮੇਤ ਹੇਠਾਂ ਝੁਕਾਉਂਦਾ ਹੈ, ਉਹ ਉਸ ਨੂੰ ਹੇਠਾਂ ਕਰਦਾ ਹੈ, ਉਹ ਉਸ ਨੂੰ ਧਰਤੀ ਤੱਕ ਹੇਠਾਂ ਕਰਦਾ ਹੈ, ਸਗੋਂ ਉਸ ਨੂੰ ਖ਼ਾਕ ਤੱਕ ਲਾਹ ਦਿੰਦਾ ਹੈ ।6ਉਹ ਪੈਰਾਂ ਨਾਲ, ਸਗੋਂ ਮਸਕੀਨਾਂ ਅਤੇ ਗਰੀਬਾਂ ਦੇ ਪੈਰਾਂ ਨਾਲ ਮਿੱਧਿਆ ਜਾਵੇਗਾ ।

7ਧਰਮੀ ਦਾ ਮਾਰਗ ਸਿੱਧਾ ਹੈ, ਤੂੰ ਜੋ ਆਪ ਸਿੱਧਾ ਹੈਂ ਧਰਮੀ ਦਾ ਰਾਹ ਪੱਧਰਾ ਕਰਦਾ ਹੈਂ ।8ਹਾਂ ਤੇਰੇ ਨਿਆਂ ਦੇ ਮਾਰਗ ਵਿੱਚ, ਹੇ ਯਹੋਵਾਹ, ਅਸੀਂ ਤੈਨੂੰ ਉਡੀਕਦੇ ਹਾਂ, ਤੇਰਾ ਨਾਮ ਅਤੇ ਤੇਰੀ ਯਾਦ ਸਾਡੇ ਦਿਲ ਦੀ ਇੱਛਿਆ ਹੈ ।9ਰਾਤ ਨੂੰ ਮੇਰਾ ਪ੍ਰਾਣ ਤੈਨੂੰ ਉਡੀਕਦਾ ਹੈ, ਹਾਂ, ਮੇਰਾ ਆਤਮਾ ਮੇਰੇ ਅੰਦਰ ਤੇਰੇ ਲਈ ਤਰਸਦਾ ਹੈ, ਜਦੋਂ ਤੇਰਾ ਨਿਆਂ ਧਰਤੀ ਉੱਤੇ ਪਰਗਟ ਹੁੰਦਾ ਹੈ, ਤਾਂ ਜਗਤ ਦੇ ਵਾਸੀ ਧਰਮ ਸਿੱਖਦੇ ਹਨ ।
10ਭਾਵੇਂ ਦੁਸ਼ਟ ਉੱਤੇ ਕਿਰਪਾ ਕੀਤੀ ਜਾਵੇ, ਤਾਂ ਵੀ ਉਹ ਧਰਮ ਨਹੀਂ ਸਿੱਖੇਗਾ, ਸਿਧਿਆਈ ਦੇ ਦੇਸ ਵਿੱਚ ਵੀ ਉਹ ਬੁਰਿਆਈ ਹੀ ਕਰੇਗਾ, ਅਤੇ ਯਹੋਵਾਹ ਦੇ ਤੇਜ ਦੀ ਪਰਵਾਹ ਨਹੀਂ ਕਰਦਾ ।

11ਹੇ ਯਹੋਵਾਹ, ਤੇਰਾ ਹੱਥ ਚੁੱਕਿਆ ਹੋਇਆ ਹੈ, ਪਰ ਉਹ ਵੇਖਦੇ ਨਹੀਂ, ਉਹ ਪਰਜਾ ਲਈ ਤੇਰੀ ਅਣਖ ਨੂੰ ਵੇਖਣਗੇ ਅਤੇ ਸ਼ਰਮਿੰਦੇ ਹੋਣਗੇ, ਹਾਂ, ਅੱਗ ਤੇਰੇ ਵਿਰੋਧੀਆਂ ਨੂੰ ਭਸਮ ਕਰੇ !12ਹੇ ਯਹੋਵਾਹ, ਤੂੰ ਸਾਡੇ ਲਈ ਸ਼ਾਂਤੀ ਠਹਿਰਾਵੇਂਗਾ, ਸਾਡੇ ਸਾਰੇ ਕੰਮ ਜੋ ਅਸੀਂ ਕੀਤੇ, ਉਹ ਤੂੰ ਪੂਰੇ ਕੀਤੇ ।
13ਹੇ ਯਹੋਵਾਹ ਸਾਡੇ ਪਰਮੇਸ਼ੁਰ, ਤੇਰੇ ਬਿਨ੍ਹਾਂ ਹੋਰਨਾਂ ਪ੍ਰਭੂਆਂ ਨੇ ਸਾਡੇ ਉੱਤੇ ਹਕੂਮਤ ਕੀਤੀ, ਪਰ ਅਸੀਂ ਤੇਰੇ ਹੀ ਨਾਮ ਦਾ ਹੀ ਆਦਰ ਕਰਾਂਗੇ ।14ਉਹ ਮੁਰਦੇ ਹਨ, ਉਹ ਨਾ ਜੀਉਣਗੇ, ਜਿਨ੍ਹਾਂ ਦੀ ਆਤਮਾ ਨਿੱਕਲ ਗਈ, ਉਹ ਨਾ ਉੱਠਣਗੇ, ਇਸ ਤਰ੍ਹਾਂ ਤੂੰ ਉਹਨਾਂ ਦੀ ਖ਼ਬਰ ਲਈ ਅਤੇ ਉਹਨਾਂ ਦਾ ਨਾਸ ਕਰ ਦਿੱਤਾ, ਅਤੇ ਉਹਨਾਂ ਦੀ ਸਾਰੀ ਯਾਦ ਮਿਟਾ ਦਿੱਤੀ ।
15ਯਹੋਵਾਹ, ਤੂੰ ਕੌਮ ਨੂੰ ਵਧਾਇਆ, ਤੂੰ ਕੌਮ ਨੂੰ ਵਧਾਇਆ, ਤੂੰ ਜਲਾਲ ਪਾਇਆ, ਤੂੰ ਹੀ ਦੇਸ ਦੀਆਂ ਹੱਦਾਂ ਨੂੰ ਦੂਰ-ਦੂਰ ਫੈਲਾਇਆ ।

16ਹੇ ਯਹੋਵਾਹ, ਦੁੱਖ ਵਿੱਚ ਉਹਨਾਂ ਨੇ ਤੈਨੂੰ ਤੱਕਿਆ, ਜਦ ਤੇਰਾ ਦਬਕਾ ਉਹਨਾਂ ਉੱਤੇ ਹੋਇਆ, ਤਾਂ ਉਹ ਹੌਲੀ-ਹੌਲੀ ਪ੍ਰਾਰਥਨਾ ਕਰਨ ਲੱਗੇ ।17ਜਿਵੇਂ ਗਰਭਵਤੀ ਜਦ ਉਹ ਜਣਨ ਦੇ ਨੇੜੇ ਹੁੰਦੀ ਹੈ, ਆਪਣੀਆਂ ਪੀੜਾਂ ਵਿੱਚ ਤੜਫਦੀ ਅਤੇ ਚਿੱਲਾਉਂਦੀ ਹੈ, ਉਸੇ ਤਰ੍ਹਾਂ ਹੀ ਹੇ ਯਹੋਵਾਹ ਅਸੀਂ ਵੀ ਤੇਰੇ ਹਜ਼ੂਰ ਸੀ !
18ਅਸੀਂ ਗਰਭੀ ਹੋਏ, ਅਸੀਂ ਤੜਫੇ, ਪਰ ਜਾਣੋ ਅਸਾਂ ਹਵਾ ਹੀ ਜਣੀ ! ਅਸੀਂ ਧਰਤੀ ਵਿੱਚ ਬਚਾਓ ਦਾ ਕੋਈ ਕੰਮ ਨਹੀਂ ਕੀਤਾ, ਅਤੇ ਨਾ ਜਗਤ ਦੇ ਵਾਸੀਆਂ ਨੂੰ ਜਨਮ ਦਿੱਤਾ ।
19ਤੇਰੇ ਮੁਰਦੇ ਜੀਉਣਗੇ, ਉਨ੍ਹਾਂ ਦੀਆਂ ਲੋਥਾਂ ਉੱਠਣਗੀਆਂ । ਹੇ ਖ਼ਾਕ ਦੇ ਵਾਸੀਓ, ਜਾਗੋ, ਜੈਕਾਰਾ ਗਜਾਓ ! ਕਿਉਂ ਜੋ ਤੇਰੀ ਤ੍ਰੇਲ ਬੂਟੀਆਂ ਦੀ ਤ੍ਰੇਲ ਵਰਗੀ ਹੈ, ਅਤੇ ਧਰਤੀ ਮਰੇ ਹੋਇਆਂ ਨੂੰ ਮੋੜ ਦੇਵੇਗੀ ।
ਨਿਆਂ ਅਤੇ ਛੁਟਕਾਰਾ

20ਹੇ ਮੇਰੀ ਪਰਜਾ, ਆਪਣੀਆਂ ਕੋਠੜੀਆਂ ਵਿੱਚ ਵੜ, ਆਪਣੇ ਬੂਹੇ ਬੰਦ ਕਰ ਲੈ, ਥੋੜ੍ਹੇ ਸਮੇਂ ਲਈ ਆਪਣੇ ਆਪ ਨੂੰ ਲੁਕਾ ਲੈ, ਜਦ ਤੱਕ ਕਹਿਰ ਟਲ ਨਾ ਜਾਵੇ ।21ਵੇਖੋ, ਯਹੋਵਾਹ ਆਪਣੇ ਸਥਾਨ ਤੋਂ ਨਿੱਕਲ ਰਿਹਾ ਹੈ, ਤਾਂ ਜੋ ਉਹ ਧਰਤੀ ਦੇ ਵਾਸੀਆਂ ਦੇ ਉੱਤੇ ਉਨ੍ਹਾਂ ਦੀ ਬਦੀ ਦੀ ਸਜ਼ਾ ਦੇਵੇ । ਧਰਤੀ ਆਪਣੇ ਉੱਤੇ ਵਹਾਇਆ ਹੋਇਆ ਖੂਨ ਪਰਗਟ ਕਰੇਗੀ, ਅਤੇ ਫੇਰ ਆਪਣੇ ਵੱਢੇ ਹੋਇਆਂ ਨੂੰ ਨਾ ਢੱਕੇਗੀ ।

27

1ਉਸ ਦਿਨ ਯਹੋਵਾਹ ਆਪਣੀ ਤਿੱਖੀ, ਵੱਡੀ ਤੇ ਤਕੜੀ ਤਲਵਾਰ ਨਾਲ ਲਿਵਯਾਥਾਨ ਨੱਠਣ ਵਾਲੇ ਸੱਪ ਉੱਤੇ ਅਰਥਾਤ ਲਿਵਯਾਥਾਨ ਕੁੰਡਲੀਦਾਰ ਸੱਪ ਉੱਤੇ ਸਜ਼ਾ ਲਾਵੇਗਾ ਅਤੇ ਉਸ ਅਜਗਰ ਨੂੰ ਜਿਹੜਾ ਸਮੁੰਦਰ ਵਿੱਚ ਹੈ ਘਾਤ ਕਰੇਗਾ ।

2ਉਸ ਦਿਨ ਇੱਕ ਸੋਹਣੇ ਫਲਦਾਰ ਅੰਗੂਰੀ ਬਾਗ, ਲਈ ਮਿੱਠਾ ਗੀਤ ਗਾਇਓ !3ਮੈਂ ਯਹੋਵਾਹ ਉਹ ਦਾ ਰਾਖਾ ਹਾਂ, ਮੈਂ ਉਹ ਨੂੰ ਹਰ ਦਮ ਸਿੰਜਦਾ ਰਹਾਂਗਾ, ਕਿਤੇ ਅਜਿਹਾ ਨਾ ਹੋਵੇ ਕਿ ਕੋਈ ਉਹ ਦਾ ਨੁਕਸਾਨ ਕਰੇ, ਮੈਂ ਰਾਤ-ਦਿਨ ਉਹ ਦੀ ਰਾਖੀ ਕਰਾਂਗਾ ।
4ਮੈਨੂੰ ਗੁੱਸਾ ਨਹੀਂ । ਜੇਕਰ ਕੰਡੇ ਅਤੇ ਕੰਡਿਆਲੇ ਮੇਰੇ ਵਿਰੁੱਧ ਲੜਾਈ ਵਿੱਚ ਹੁੰਦੇ ! ਮੈਂ ਉਨ੍ਹਾਂ ਦੇ ਉੱਤੇ ਚੜ੍ਹਾਈ ਕਰਦਾ, ਮੈਂ ਉਨ੍ਹਾਂ ਨੂੰ ਇਕੱਠੇ ਸਾੜ ਸੁੱਟਦਾ ।5ਜਾਂ ਉਹ ਮੇਰੀ ਓਟ ਨੂੰ ਤਕੜੇ ਹੋ ਕੇ ਫੜ੍ਹਨ, ਉਹ ਮੇਰੇ ਨਾਲ ਸੁਲਾਹ ਕਰਨ, ਹਾਂ, ਮੇਰੇ ਨਾਲ ਸੁਲਾਹ ਕਰਨ ।

6ਆਉਣ ਵਾਲਿਆਂ ਸਮਿਆਂ ਵਿੱਚ ਯਾਕੂਬ ਜੜ੍ਹ ਫੜ੍ਹੇਗਾ, ਇਸਰਾਏਲ ਫੁੱਟੇਗਾ ਅਤੇ ਫੁੱਲੇਗਾ, ਅਤੇ ਜਗਤ ਦੀ ਪਰਤ ਨੂੰ ਫਲ ਨਾਲ ਭਰ ਦੇਵੇਗਾ ।

7ਕੀ ਉਸ ਨੇ ਉਹਨਾਂ ਨੂੰ ਅਜਿਹਾ ਮਾਰਿਆ, ਜਿਵੇਂ ਉਸ ਨੇ ਉਹਨਾਂ ਦੇ ਮਾਰਨ ਵਾਲਿਆਂ ਨੂੰ ਮਾਰਿਆ ? ਜਾਂ ਕੀ ਉਹ ਉਸ ਤਰ੍ਹਾਂ ਵੱਢੇ ਗਏ, ਜਿਵੇਂ ਉਹਨਾਂ ਦੇ ਵੱਢਣ ਵਾਲੇ ਵੱਢੇ ਗਏ ?8ਜਦ ਤੂੰ ਉਹਨਾਂ ਨੂੰ ਕੱਢਿਆ ਤਾਂ ਤੂੰ ਗਿਣ-ਗਿਣ ਕੇ ਉਹਨਾਂ ਨੂੰ ਦੁੱਖ ਦਿੱਤਾ, ਉਹ ਨੇ ਉਹਨਾਂ ਨੂੰ ਪੂਰਬੀ ਹਵਾ ਦੇ ਦਿਨ ਵਿੱਚ ਆਪਣੀ ਤੇਜ਼ ਹਨੇਰੀ ਨਾਲ ਉਡਾ ਦਿੱਤਾ ।
9ਇਸ ਲਈ ਇਹ ਦੇ ਨਾਲ ਯਾਕੂਬ ਦੀ ਬਦੀ ਦਾ ਪਰਾਸਚਿਤ ਹੋਵੇਗਾ, ਅਤੇ ਉਹ ਦੇ ਪਾਪ ਦੇ ਦੂਰ ਹੋਣ ਦਾ ਸਾਰਾ ਫਲ ਹੋਵੇਗਾ ਕਿ ਉਹ ਜਗਵੇਦੀ ਦੇ ਸਾਰੇ ਪੱਥਰ ਚੂਰ-ਚੂਰ ਕੀਤੇ ਹੋਏ ਚੂਨੇ ਦੇ ਪੱਥਰਾਂ ਵਾਂਗੂੰ ਕਰਨਗੇ, ਅਤੇ ਨਾ ਅਸ਼ੇਰਾਹ ਦੀਆਂ ਮੂਰਤਾਂ ਨਾ ਸੂਰਜ ਥੰਮ੍ਹ ਖੜ੍ਹੇ ਰਹਿਣਗੇ ।
10ਗੜ੍ਹ ਵਾਲਾ ਸ਼ਹਿਰ ਤਾਂ ਸੁਨਸਾਨ ਹੈ, ਉਹ ਇੱਕ ਛੱਡਿਆ ਹੋਇਆ ਨਿਵਾਸ, ਉਜਾੜ ਵਾਂਗੂੰ ਤਿਆਗਿਆ ਹੋਇਆ ਹੈ, - ਉੱਥੇ ਵੱਛਾ ਚਰੇਗਾ, ਉੱਥੇ ਉਹ ਬੈਠੇਗਾ ਅਤੇ ਉਹ ਦੀਆਂ ਟਹਿਣੀਆਂ ਨੂੰ ਖਾ ਜਾਵੇਗਾ ।11ਜਦ ਉਹ ਦੇ ਟਹਿਣੇ ਸੁੱਕ ਜਾਣ ਤਾਂ ਉਹ ਤੋੜੇ ਜਾਣਗੇ, ਔਰਤਾਂ ਆ ਕੇ ਉਹਨਾਂ ਨੂੰ ਅੱਗ ਲਾਉਣਗੀਆਂ । ਉਹ ਤਾਂ ਬੁੱਧਹੀਣ ਲੋਕ ਹਨ, ਇਸ ਲਈ ਉਹਨਾਂ ਦਾ ਕਰਤਾ ਉਹਨਾਂ ਉੱਤੇ ਰਹਮ ਨਾ ਕਰੇਗਾ, ਨਾ ਉਹਨਾਂ ਦਾ ਰਚਣ ਵਾਲਾ ਉਹਨਾਂ ਉੱਤੇ ਕਿਰਪਾ ਕਰੇਗਾ ।

12ਉਸ ਦਿਨ ਅਜਿਹਾ ਹੋਵੇਗਾ ਕਿ ਯਹੋਵਾਹ ਦਰਿਆ ਦੇ ਵਹਾ ਤੋਂ ਲੈ ਕੇ ਮਿਸਰ ਦੇ ਨਾਲੇ ਤੱਕ ਆਪਣਾ ਅੰਨ ਝਾੜ ਦੇਵੇਗਾ, ਅਤੇ ਹੇ ਇਸਰਾਏਲੀਓ, ਤੁਸੀਂ ਇੱਕ-ਇੱਕ ਕਰਕੇ ਇਕੱਠੇ ਕੀਤੇ ਜਾਓਗੇ ।13ਉਸ ਦਿਨ ਵੱਡੀ ਤੁਰ੍ਹੀ ਫੂਕੀ ਜਾਵੇਗੀ, ਅਤੇ ਜਿਹੜੇ ਅੱਸ਼ੂਰ ਦੇਸ ਵਿੱਚ ਨਾਸ ਹੋਣ ਵਾਲੇ ਸਨ, ਅਤੇ ਜਿਹੜੇ ਮਿਸਰ ਦੇਸ ਵਿੱਚ ਜ਼ਬਰਦਸਤੀ ਭੇਜੇ ਗਏ ਸਨ, ਉਹ ਆਉਣਗੇ, ਅਤੇ ਯਰੂਸ਼ਲਮ ਵਿੱਚ ਪਵਿੱਤਰ ਪਰਬਤ ਉੱਤੇ ਯਹੋਵਾਹ ਨੂੰ ਮੱਥਾ ਟੇਕਣਗੇ ।

28
ਇਫ਼ਰਾਈਮ ਅਤੇ ਯਰੂਸ਼ਲਮ ਉੱਤੇ ਹਾਇ

1ਹਾਇ ਇਫ਼ਰਾਈਮ ਦੇ ਸ਼ਰਾਬੀਆਂ ਦੇ ਘਮੰਡ ਦੇ ਮੁਕਟ ਉੱਤੇ ! ਅਤੇ ਉਸ ਦੇ ਸ਼ਾਨਦਾਰ ਸੁਹੱਪਣ ਦੇ ਕੁਮਲਾਏ ਹੋਏ ਫੁੱਲ ਉੱਤੇ, ਜਿਹੜਾ ਉਨ੍ਹਾਂ ਬੇਹੋਸ਼ ਸ਼ਰਾਬੀਆਂ ਦੀ ਫਲਦਾਰ ਘਾਟੀ ਦੇ ਸਿਰੇ ਉੱਤੇ ਹੈ !2ਵੇਖੋ, ਯਹੋਵਾਹ ਕੋਲ ਇੱਕ ਤਕੜਾ ਤੇ ਸਮਰਥੀ ਜਨ ਹੈ, ਜੋ ਗੜਿਆਂ ਦੇ ਮੀਂਹ ਵਾਂਗੂੰ, ਨਾਸ ਕਰਨ ਵਾਲੇ ਬੁੱਲੇ ਵਾਂਗੂੰ, ਹੜ੍ਹ ਪੈਂਦਿਆਂ ਡਾਢੇ ਪਾਣੀ ਦੀ ਹਨੇਰੀ ਵਾਂਗੂੰ ਹੈ, ਉਹ ਉਸ ਨੂੰ ਬਲ ਨਾਲ ਧਰਤੀ ਤੱਕ ਪਟਕ ਦੇਵੇਗਾ ।

3ਇਫ਼ਰਾਈਮ ਦੇ ਸ਼ਰਾਬੀਆਂ ਦੇ ਘੁਮੰਡ ਦਾ ਮੁਕਟ ਪੈਰਾਂ ਹੇਠ ਮਿੱਧਿਆ ਜਾਵੇਗਾ ।4ਉਸ ਦੇ ਸ਼ਾਨਦਾਰ ਸੁਹੱਪਣ ਦਾ ਕੁਮਲਾਇਆ ਹੋਇਆ ਫੁੱਲ, ਜਿਹੜਾ ਉਸ ਫਲਦਾਰ ਘਾਟੀ ਦੇ ਸਿਰੇ ਉੱਤੇ ਹੈ, ਹਾੜ੍ਹੀ ਦੇ ਪਹਿਲੇ ਪੱਕੇ ਹੰਜ਼ੀਰ ਵਾਂਗੂੰ ਹੋਵੇਗਾ, ਜਿਸ ਨੂੰ ਕੋਈ ਵੇਖਦਿਆਂ ਹੀ ਹੱਥ ਵਿੱਚ ਲਵੇ ਅਤੇ ਨਿਗਲ ਜਾਵੇ ।

5ਉਸ ਦਿਨ ਸੈਨਾਂ ਦਾ ਯਹੋਵਾਹ ਆਪਣੀ ਪਰਜਾ ਦੇ ਬਚੇ ਹੋਇਆਂ ਲਈ ਸੁਹੱਪਣ ਦਾ ਮੁਕਟ, ਸੁੰਦਰਤਾ ਦਾ ਹਾਰ ਹੋਵੇਗਾ,6ਅਤੇ ਜਿਹੜਾ ਨਿਆਂ ਕਰਨ ਲਈ ਬੈਠਦਾ ਹੈ, ਉਸ ਦੇ ਲਈ ਉਹ ਇਨਸਾਫ਼ ਦੀ ਰੂਹ, ਅਤੇ ਜਿਹੜੇ ਫਾਟਕ ਤੋਂ ਲੜਾਈ ਹਟਾਉਂਦੇ ਹਨ, ਉਹਨਾਂ ਲਈ ਬਲ ਹੋਵੇਗਾ ।
ਯਸਾਯਾਹ ਅਤੇ ਨਸ਼ੇ ਵਿੱਚ ਮਤਵਾਲੇ ਯਹੂਦਾਹ ਦੇ ਨਬੀ

7ਇਹ ਵੀ ਮਧ ਨਾਲ ਝੂਲਦੇ ਫਿਰਦੇ ਹਨ, ਅਤੇ ਸ਼ਰਾਬ ਨਾਲ ਡਗਮਗਾਉਂਦੇ ਹਨ, - ਜਾਜਕ ਅਤੇ ਨਬੀ ਸ਼ਰਾਬ ਨਾਲ ਝੂਲਦੇ ਫਿਰਦੇ ਹਨ, ਉਹ ਮਧ ਨਾਲ ਮਸਤਾਨੇ ਹਨ, ਉਹ ਸ਼ਰਾਬ ਨਾਲ ਡਗਮਗਾਉਂਦੇ ਹਨ, ਉਹ ਦਰਸ਼ਣ ਵੇਖਦੇ ਹੋਏ ਵੀ ਭੁਲੇਖਾ ਖਾਂਦੇ ਹਨ, ਨਿਆਂ ਕਰਨ ਵਿੱਚ ਭੁੱਲ ਕਰਦੇ ਹਨ !8ਸਾਰੀਆਂ ਮੇਜਾਂ ਤਾਂ ਕੈ ਅਤੇ ਵਿਸ਼ਟੇ ਨਾਲ ਭਰੀਆਂ ਹੋਈਆਂ ਹਨ, ਕੋਈ ਥਾਂ ਸਾਫ਼ ਨਹੀਂ !

9ਉਹ ਕਿਸਨੂੰ ਗਿਆਨ ਸਿਖਾਵੇਗਾ, ਅਤੇ ਕਿਸਨੂੰ ਪਰਚਾਰ ਦੀ ਸਮਝ ਦੇਵੇਗਾ ? ਕੀ ਉਹਨਾਂ ਨੂੰ ਜਿਨ੍ਹਾਂ ਦਾ ਦੁੱਧ ਛੁਡਾਇਆ ਗਿਆ, ਜਾਂ ਜਿਹੜੇ ਦੁੱਧੀਆਂ ਤੋਂ ਅਲੱਗ ਕੀਤੇ ਗਏ ?10ਬਿਧ ਤੇ ਬਿਧ, ਬਿਧ ਤੇ ਬਿਧ, ਸੂਤਰ ਤੇ ਸੂਤਰ, ਸੂਤਰ ਤੇ ਸੂਤਰ, ਥੋੜ੍ਹਾ ਐਥੇ, ਥੋੜ੍ਹਾ ਉੱਥੇ !

11ਉਹ ਤਾਂ ਪਰਦੇਸੀ ਬੁੱਲ੍ਹਾਂ ਅਤੇ ਓਪਰੀ ਭਾਸ਼ਾ ਦੇ ਰਾਹੀਂ ਇਸ ਪਰਜਾ ਨਾਲ ਬੋਲੇਗਾ,12ਜਿਨ੍ਹਾਂ ਨੂੰ ਉਸ ਨੇ ਆਖਿਆ, ਇਹ ਅਰਾਮ ਹੈ, ਹੁੱਸੇ ਹੋਏ ਨੂੰ ਅਰਾਮ ਦਿਓ, ਅਤੇ ਚੈਨ ਇਹ ਹੈ, ਪਰ ਉਹਨਾਂ ਨੇ ਸੁਣਨਾ ਨਾ ਚਾਹਿਆ ।
13ਇਸ ਲਈ ਯਹੋਵਾਹ ਦਾ ਬੋਲ ਉਹਨਾਂ ਲਈ ਇਹ ਹੋਵੇਗਾ, ਬਿਧ ਤੇ ਬਿਧ, ਬਿਧ ਤੇ ਬਿਧ, ਸੂਤਰ ਤੇ ਸੂਤਰ, ਸੂਤਰ ਤੇ ਸੂਤਰ, ਥੋੜ੍ਹਾ ਐਥੇ, ਥੋੜ੍ਹਾ ਉੱਥੇ, ਤਾਂ ਜੋ ਉਹ ਚਲੇ ਜਾਣ ਤੇ ਪਿਛਾਹਾਂ ਡਿੱਗ ਪੈਣ, ਅਤੇ ਜ਼ਖਮੀ ਹੋਣ ਤੇ ਫੱਸ ਕੇ ਫੜ੍ਹੇ ਜਾਣ ।
ਸੀਯੋਨ ਵਿੱਚ ਖੂੰਜੇ ਦਾ ਪੱਥਰ

14ਇਸ ਲਈ, ਹੇ ਠੱਠਾ ਕਰਨ ਵਾਲਿਓ, ਯਹੋਵਾਹ ਦੀ ਗੱਲ ਸੁਣੋ, ਤੁਸੀਂ ਜਿਹੜੇ ਇਸ ਪਰਜਾ ਉੱਤੇ ਹਕੂਮਤ ਕਰਦੇ ਹੋ, ਜਿਹੜੀ ਯਰੂਸ਼ਲਮ ਵਿੱਚ ਹੈ,15ਤੁਸੀਂ ਤਾਂ ਕਹਿੰਦੇ ਹੋ ਕਿ ਅਸੀਂ ਮੌਤ ਨਾਲ ਨੇਮ ਬੰਨ੍ਹਿਆ ਅਤੇ ਪਤਾਲ ਨਾਲ ਇਕਰਾਰ ਕੀਤਾ ਹੈ, ਜਦ ਬਿਪਤਾ ਦਾ ਹੜ੍ਹ ਆ ਝੁੱਲੇਗਾ, ਤਾਂ ਉਹ ਸਾਡੇ ਨੇੜੇ ਨਾ ਆਵੇਗਾ, ਕਿਉਂ ਜੋ ਅਸੀਂ ਝੂਠ ਨੂੰ ਆਪਣੀ ਪਨਾਹ ਬਣਾਇਆ, ਅਤੇ ਧੋਖੇ ਵਿੱਚ ਅਸੀਂ ਆਪ ਨੂੰ ਲੁਕਾਇਆ ਹੈ, -
16ਇਸ ਲਈ ਪ੍ਰਭੂ ਯਹੋਵਾਹ ਫ਼ਰਮਾਉਂਦਾ ਹੈ, ਵੇਖੋ, ਮੈਂ ਸੀਯੋਨ ਵਿੱਚ ਇੱਕ ਪੱਥਰ, ਇੱਕ ਪਰਖਿਆ ਹੋਇਆ ਪੱਥਰ, ਇੱਕ ਅਮੋਲਕ ਖੂੰਜੇ ਦਾ ਪੱਥਰ ਪੱਕੀ ਨੀਂਹ ਦਾ ਧਰਦਾ ਹਾਂ, ਜਿਹੜਾ ਪਰਤੀਤ ਕਰਦਾ ਹੈ, ਉਹ ਘਬਰਾ ਕੇ ਕਾਹਲੀ ਨਹੀਂ ਕਰੇਗਾ ।
17ਮੈਂ ਇਨਸਾਫ਼ ਨੂੰ ਸੂਤਰ, ਅਤੇ ਧਰਮ ਨੂੰ ਸਾਹਲ ਬਣਾਵਾਂਗਾ, ਅਤੇ ਗੜੇ ਝੂਠ ਦੀ ਪਨਾਹ ਨੂੰ ਹੂੰਝ ਲੈ ਜਾਣਗੇ, ਅਤੇ ਹੜ੍ਹ ਤੁਹਾਡੀ ਓਟ ਨੂੰ ਰੋੜ ਕੇ ਲੈ ਜਾਣਗੇ ।
18ਤਦ ਤੁਹਾਡਾ ਮੌਤ ਨਾਲ ਬੰਨ੍ਹਿਆ ਹੋਇਆ ਨੇਮ ਟੁੱਟ ਜਾਵੇਗਾ, ਅਤੇ ਪਤਾਲ ਨਾਲ ਕੀਤਾ ਇਕਰਾਰ ਕਾਇਮ ਨਾ ਰਹੇਗਾ, ਜਦ ਬਿਪਤਾ ਦਾ ਹੜ੍ਹ ਆ ਝੁੱਲੇ, ਤੁਸੀਂ ਉਸ ਤੋਂ ਲਤਾੜੇ ਜਾਓਗੇ ।19ਜਦ ਕਦੀ ਹੜ੍ਹ ਲੰਘੇਗਾ ਉਹ ਤੁਹਾਨੂੰ ਫੜੇਗਾ, ਕਿਉਂ ਜੋ ਉਹ ਹਰ ਸਵੇਰੇ ਤੇ ਦਿਨੇ ਰਾਤੀਂ ਲੰਘੇਗਾ, ਅਤੇ ਇਸ ਖ਼ਬਰ ਨੂੰ ਸੁਣਨਾ ਨਿਰੀ ਘਬਰਾਹਟ ਹੀ ਹੋਵੇਗਾ !
20ਪਲੰਘ ਲੰਮੇ ਪੈਣ ਲਈ ਛੋਟਾ ਹੈ, ਅਤੇ ਓੜ੍ਹਨਾ ਓੜ੍ਹਨ ਲਈ ਤੰਗ ਹੈ ।

21ਜਿਵੇਂ ਫਰਾਸੀਮ ਪਰਬਤ ਉੱਤੇ ਹੋਇਆ, ਯਹੋਵਾਹ ਉੱਠ ਖੜ੍ਹਾ ਹੋਵੇਗਾ, ਜਿਵੇਂ ਗਿਬਓਨ ਦੀ ਘਾਟੀ ਵਿੱਚ ਹੋਇਆ, ਉਹ ਕੋਪਵਾਨ ਹੋਵੇਗਾ, ਉਹ ਹੁਣ ਫੇਰ ਕ੍ਰੋਧ ਵਿਖਾਵੇਗਾ ਤਾਂ ਜੋ ਉਹ ਆਪਣਾ ਕੰਮ, ਆਪਣਾ ਅਚਰਜ ਕਰੇ, ਅਤੇ ਆਪਣਾ ਕਾਰਜ, ਆਪਣਾ ਅਨੋਖਾ ਕਾਰਜ ਕਰੇ ।
22ਹੁਣ ਤੁਸੀਂ ਠੱਠੇ ਨਾ ਕਰੋ ਕਿਤੇ ਅਜਿਹਾ ਨਾ ਹੋਵੇ ਕਿ ਤੁਹਾਡੇ ਬੰਧਨ ਪੱਕੇ ਹੋ ਜਾਣ, ਕਿਉਂ ਜੋ ਮੈਂ ਪ੍ਰਭੂ ਸੈਨਾਂ ਦੇ ਯਹੋਵਾਹ ਤੋਂ ਸਾਰੀ ਧਰਤੀ ਉੱਤੇ ਬਰਬਾਦੀ ਦਾ ਫ਼ੈਸਲਾ ਸੁਣਿਆ ਹੈ ।
ਪਰਮੇਸ਼ੁਰ ਦਾ ਗਿਆਨ

23ਕੰਨ ਲਾਓ ਅਤੇ ਮੇਰੀ ਅਵਾਜ਼ ਸੁਣੋ, ਧਿਆਨ ਲਾਓ ਅਤੇ ਮੇਰਾ ਬਚਨ ਸੁਣੋ ।24ਕੀ ਹਾਲੀ ਬੀਜਣ ਲਈ ਸਾਰਾ ਦਿਨ ਵਾਹੀ ਕਰਦਾ ਹੈ ? ਕੀ ਉਹ ਆਪਣੀ ਜਮੀਨ ਨੂੰ ਖੋਲ੍ਹਦਾ, ਅਤੇ ਸੁਹਾਗਾ ਫੇਰਦਾ ਰਹਿੰਦਾ ਹੈ ?
25ਜਦ ਉਹ ਨੂੰ ਪੱਧਰਾ ਕਰ ਲਿਆ, ਕੀ ਉਹ ਸੌਂਫ ਨੂੰ ਨਹੀਂ ਖਿਲਾਰਦਾ, ਅਤੇ ਜੀਰੇ ਦਾ ਖੁਲ੍ਹਾ ਛੱਟਾ ਨਹੀਂ ਦਿੰਦਾ ? ਅਤੇ ਕਣਕ ਨੂੰ ਸਿਆੜਾਂ ਵਿੱਚ ਅਤੇ ਜੌਵਾਂ ਨੂੰ ਉਹਨਾਂ ਦੇ ਥਾਂ, ਅਤੇ ਮਸਰਾਂ ਨੂੰ ਉਹ ਦੇ ਬੰਨਿਆਂ ਉੱਤੇ ਨਹੀਂ ਪਾਉਂਦਾ ?26ਉਹ ਦਾ ਪਰਮੇਸ਼ੁਰ ਉਹ ਨੂੰ ਠੀਕ-ਠੀਕ ਸਿਖਾਉਂਦਾ, ਅਤੇ ਉਹ ਨੂੰ ਦੱਸਦਾ ਹੈ ।

27ਸੌਂਫ ਤਾਂ ਗੰਡਾਸੇ ਨਾਲ ਨਹੀਂ ਗਾਹੀਦੀ, ਅਤੇ ਨਾ ਜੀਰੇ ਉੱਤੇ ਗੱਡੇ ਦਾ ਪਹੀਆ ਫੇਰੀਦਾ ਹੈ, ਪਰ ਸੌਂਫ ਲਾਠੀ ਨਾਲ ਅਤੇ ਜੀਰਾ ਡੰਡੇ ਨਾਲ ਕੁੱਟੀਦਾ ਹੈ ।28ਰੋਟੀ ਦਾ ਅੰਨ ਤਾਂ ਦਰੜੀਦਾ ਹੈ ਪਰ ਕੋਈ ਉਸ ਨੂੰ ਸਦਾ ਗਾਹੁੰਦਾ ਨਹੀਂ ਰਹਿੰਦਾ, ਅਤੇ ਜਦ ਉਹ ਆਪਣੇ ਗੱਡੇ ਦਾ ਪਹੀਆ ਅਤੇ ਆਪਣੇ ਘੋੜੇ ਉਸ ਉੱਤੇ ਚਲਾਉਂਦਾ ਹੈ, ਤਾਂ ਉਹ ਉਸ ਨੂੰ ਦਰੜ ਨਹੀਂ ਸੁੱਟਦਾ ।
29ਇਹ ਵੀ ਤਾਂ ਸੈਨਾਂ ਦੇ ਯਹੋਵਾਹ ਵੱਲੋਂ ਆਉਂਦਾ ਹੈ, ਉਹ ਸਲਾਹ ਵਿੱਚ ਅਚਰਜ ਹੈ, ਬੁੱਧੀ ਵਿੱਚ ਮਹਾਨ !

29
ਯਰੂਸ਼ਲਮ ਉੱਤੇ ਹਾਇ

1ਹਾਇ ਅਰੀਏਲ ਉੱਤੇ, ਪਰਮੇਸ਼ੁਰ ਦੀ ਸ਼ੇਰਨੀ ਉੱਤੇ ! ਉਸ ਨਗਰ ਉੱਤੇ ਜਿੱਥੇ ਦਾਊਦ ਨੇ ਡੇਰਾ ਲਾਇਆ ! ਸਾਲ ਤੇ ਸਾਲ ਜੋੜੋ, ਖੁਸ਼ੀ ਦੇ ਪਰਬ ਸਮੇਂ ਸਿਰ ਮਨਾਓ ।2ਮੈਂ ਅਰੀਏਲ ਨੂੰ ਤੰਗ ਕਰਾਂਗਾ, ਤਾਂ ਸੋਗ ਤੇ ਸਿਆਪਾ ਹੋਵੇਗਾ, ਅਤੇ ਉਹ ਮੇਰੇ ਲਈ ਪਰਮੇਸ਼ੁਰ ਦੀ ਸ਼ੇਰਨੀ ਵਾਂਗੂੰ ਹੋਵੇਗਾ ।

3ਮੈਂ ਤੇਰੇ ਵਿਰੁੱਧ ਆਲੇ-ਦੁਆਲੇ ਛਾਉਣੀ ਲਵਾਂਗਾ, ਅਤੇ ਤੇਰੇ ਵਿਰੁੱਧ ਮੋਰਚਾ ਬਣਾ ਕੇ ਘੇਰਾ ਪਾਵਾਂਗਾ, ਅਤੇ ਤੇਰੇ ਵਿਰੁੱਧ ਦਮਦਮਾ ਖੜ੍ਹਾ ਕਰਾਂਗਾ ।4ਤੂੰ ਧਰਤੀ ਦੀ ਡੁੰਘਿਆਈ ਤੋਂ ਬੋਲੇਂਗਾ, ਤੇਰਾ ਬੋਲ ਖ਼ਾਕ ਦੇ ਹੇਠੋਂ ਆਵੇਗਾ, ਤੇਰੀ ਅਵਾਜ਼ ਧਰਤੀ ਵਿੱਚੋਂ ਪ੍ਰੇਤਾਂ ਵਾਂਗੂੰ ਹੋਵੇਗੀ, ਅਤੇ ਤੇਰਾ ਬੋਲ ਖ਼ਾਕ ਵਿੱਚੋਂ ਘੁਸਰ-ਮੁਸਰ ਕਰੇਗਾ ।

5ਪਰ ਤੇਰੇ ਵੈਰੀਆਂ ਦਾ ਦਲ ਬਰੀਕ ਘੱਟੇ ਵਾਂਗੂੰ, ਅਤੇ ਜ਼ਾਲਮਾਂ ਦਾ ਦਲ ਉੱਡਦੇ ਕੱਖਾਂ ਵਾਂਗੂੰ ਹੋਵੇਗਾ । ਇਹ ਝੱਟਪਟ, ਇੱਕਦਮ ਹੋ ਜਾਵੇਗਾ ।6ਸੈਨਾਂ ਦਾ ਯਹੋਵਾਹ ਅਚਾਨਕ ਵੱਡੀ ਗੱਜ ਨਾਲ, ਭੁਚਾਲ ਨਾਲ, ਵੱਡੇ ਸ਼ੋਰ, ਵਾਵਰੋਲੇ ਅਤੇ ਤੂਫ਼ਾਨ ਨਾਲ ਅਤੇ ਭਸਮ ਕਰਨ ਵਾਲੀ ਅੱਗ ਦੀ ਲਾਟ ਨਾਲ ਸਜ਼ਾ ਦੇਣ ਆਵੇਗਾ ।
7ਸਾਰੀਆਂ ਕੌਮਾਂ ਦਾ ਦਲ, ਜਿਹੜੀਆਂ ਅਰੀਏਲ ਦੇ ਵਿਰੁੱਧ ਲੜਦੀਆਂ ਹਨ, ਅਤੇ ਉਸ ਦੇ ਅਤੇ ਉਸ ਦੇ ਗੜ੍ਹ ਦੇ ਨਾਲ ਲੜਨ ਵਾਲੇ, ਅਤੇ ਉਸ ਦੇ ਤੰਗ ਕਰਨ ਵਾਲੇ ਸੁਫ਼ਨੇ ਵਾਂਗੂੰ, ਰਾਤ ਦੇ ਦਰਸ਼ਣ ਵਾਂਗੂੰ ਹੋ ਜਾਣਗੇ ।8ਅਜਿਹਾ ਹੋਵੇਗਾ ਕਿ ਜਿਵੇਂ ਭੁੱਖਾ ਸੁਫ਼ਨਾ ਵੇਖਦਾ ਹੈ, ਕਿ ਵੇਖੋ, ਮੈਂ ਖਾ ਰਿਹਾ ਹਾਂ, ਪਰ ਜਦ ਉਹ ਜਾਗਦਾ ਹੈ, ਤਾਂ ਉਹ ਭੁੱਖਾ ਹੀ ਹੈ, ਜਾਂ ਜਿਵੇਂ ਤਿਹਾਇਆ ਸੁਫ਼ਨਾ ਵੇਖਦਾ ਹੈ, ਕਿ ਵੇਖੋ, ਮੈਂ ਪੀ ਰਿਹਾ ਹਾਂ, ਪਰ ਜਦ ਉਹ ਜਾਗਦਾ, ਤਾਂ ਵੇਖੋ, ਉਹ ਹੁੱਸਿਆ ਹੋਇਆ ਅਤੇ ਉਹ ਦਾ ਜੀ ਤਿਹਾਇਆ ਹੁੰਦਾ ਹੈ, ਤਿਵੇਂ ਹੀ ਉਨ੍ਹਾਂ ਸਾਰੀਆਂ ਕੌਮਾਂ ਦੇ ਦਲ ਨਾਲ ਹੋਵੇਗਾ, ਜਿਹੜੀਆਂ ਸੀਯੋਨ ਪਰਬਤ ਨਾਲ ਲੜਦੀਆਂ ਹਨ ।
ਚੇਤਾਵਨੀਆਂ ਨੂੰ ਅਣਦੇਖਾ ਕਰਨਾ

9ਠਹਿਰੋ ਅਤੇ ਹੈਰਾਨ ਹੋਵੋ ! ਮੌਜਾਂ ਲੁੱਟੋ ਅਤੇ ਅੰਨ੍ਹੇ ਹੋ ਜਾਓ ! ਉਹ ਮਤਵਾਲੇ ਹਨ ਪਰ ਮਧ ਨਾਲ ਨਹੀਂ, ਉਹ ਡਗਮਗਾਉਂਦੇ ਹਨ ਪਰ ਸ਼ਰਾਬ ਨਾਲ ਨਹੀਂ !10ਯਹੋਵਾਹ ਨੇ ਤਾਂ ਤੁਹਾਡੇ ਉੱਤੇ ਗੂੜ੍ਹੀ ਨੀਂਦ ਦੀ ਰੂਹ ਵਹਾ ਦਿੱਤੀ ਹੈ, ਅਤੇ ਤੁਹਾਡੀਆਂ ਅੱਖਾਂ ਨੂੰ ਅਰਥਾਤ ਨਬੀ ਰੂਪੀ ਅੱਖਾਂ ਨੂੰ ਬੰਦ ਕੀਤਾ, ਅਤੇ ਤੁਹਾਡੇ ਸਿਰਾਂ ਨੂੰ ਅਰਥਾਤ ਦਰਸ਼ੀਆਂ ਨੂੰ ਕੱਜ ਦਿੱਤਾ ਹੈ ।
11ਸਾਰਾ ਦਰਸ਼ਣ ਤੁਹਾਡੇ ਲਈ ਉਸ ਮੋਹਰ ਲੱਗੀ ਹੋਈ ਪੁਸਤਕ ਦੀਆਂ ਗੱਲਾਂ ਵਾਂਗੂੰ ਹੈ, ਜਿਹੜੀ ਉਹ ਕਿਸੇ ਪੜ੍ਹੇ ਹੋਏ ਨੂੰ ਇਹ ਆਖ ਕੇ ਦੇਣ ਕਿ ਇਹ ਨੂੰ ਪੜ੍ਹੋ ਤਾਂ, ਪਰ ਉਹ ਆਖੇ, ਮੈਂ ਪੜ੍ਹ ਨਹੀਂ ਸੱਕਦਾ ਕਿਉਂ ਜੋ ਉਹ ਨੂੰ ਮੋਹਰ ਲੱਗੀ ਹੋਈ ਹੈ ।12ਫੇਰ ਉਹ ਪੁਸਤਕ ਕਿਸੇ ਅਣਪੜ੍ਹ ਨੂੰ ਇਹ ਆਖ ਕੇ ਦਿੱਤੀ ਜਾਵੇ ਕਿ ਇਹ ਨੂੰ ਪੜ੍ਹੋ ਤਾਂ, ਪਰ ਉਹ ਆਖੇ, ਮੈਂ ਤਾਂ ਅਣਪੜ੍ਹ ਹਾਂ ।

13ਤਦ ਪ੍ਰਭੂ ਨੇ ਆਖਿਆ, ਇਸ ਲਈ ਕਿ ਇਹ ਲੋਕ ਮੇਰੇ ਨੇੜੇ ਆਉਂਦੇ, ਅਤੇ ਆਪਣਿਆਂ ਮੂੰਹਾਂ ਅਤੇ ਬੁੱਲ੍ਹਾਂ ਨਾਲ ਮੇਰਾ ਆਦਰ ਕਰਦੇ ਹਨ, ਪਰ ਉਹਨਾਂ ਦਾ ਦਿਲ ਮੇਰੇ ਤੋਂ ਦੂਰ ਹੈ, ਅਤੇ ਮੇਰਾ ਭੈ ਉਹਨਾਂ ਲਈ ਆਦਮੀਆਂ ਦਾ ਹੁਕਮ ਹੀ ਹੈ, ਜਿਹੜਾ ਰਟਿਆ ਹੋਇਆ ਹੈ,14ਇਸ ਲਈ ਵੇਖੋ, ਮੈਂ ਫੇਰ ਇਸ ਪਰਜਾ ਨਾਲ ਅਚਰਜ ਕੰਮ ਕਰਾਂਗਾ, ਅਚਰਜ ਅਤੇ ਅਜੂਬਾ ਕੰਮ, ਅਤੇ ਉਹਨਾਂ ਦੇ ਬੁੱਧੀਵਾਨਾਂ ਦੀ ਬੁੱਧ ਨਾਸ ਹੋ ਜਾਵੇਗੀ, ਅਤੇ ਉਹਨਾਂ ਦੇ ਚਤਰਿਆਂ ਦੀ ਚਤਰਾਈ ਲੁਕਾਈ ਜਾਵੇਗੀ ।
ਭਵਿੱਖ ਦੀ ਆਸ

15ਹਾਇ ਉਹਨਾਂ ਉੱਤੇ ਜਿਹੜੇ ਯਹੋਵਾਹ ਤੋਂ ਆਪਣੀ ਯੋਜਨਾ ਲੁਕਾਉਣ ਦਾ ਵੱਡਾ ਜਤਨ ਕਰਦੇ ਹਨ ! ਜਿਨ੍ਹਾਂ ਦੇ ਕੰਮ ਹਨੇਰੇ ਵਿੱਚ ਹੁੰਦੇ ਹਨ, ਅਤੇ ਜਿਹੜੇ ਆਖਦੇ ਹਨ, ਕੌਣ ਸਾਨੂੰ ਵੇਖਦਾ ਹੈ, ਅਤੇ ਕੌਣ ਸਾਨੂੰ ਜਾਣਦਾ ਹੈ ?
16ਤੁਸੀਂ ਉਲਟ-ਪੁਲਟ ਕਰਦੇ ਹੋ ! ਕੀ ਘੁਮਿਆਰ ਮਿੱਟੀ ਵਰਗਾ ਗਿਣਿਆ ਜਾਵੇਗਾ, ਭਈ ਬਣੀ ਹੋਈ ਚੀਜ਼ ਆਪਣੇ ਬਣਾਉਣ ਵਾਲੇ ਵਿਖੇ ਆਖੇ, ਉਸ ਨੇ ਮੈਨੂੰ ਨਹੀਂ ਬਣਾਇਆ, ਜਾਂ ਘੜਤ ਆਪਣੇ ਘੜਨ ਵਾਲੇ ਵਿਖੇ ਆਖੇ, ਉਸ ਨੂੰ ਕੋਈ ਸਮਝ ਨਹੀਂ ?

17ਕੀ ਥੋੜ੍ਹਾ ਹੀ ਚਿਰ ਬਾਕੀ ਨਹੀਂ ਜਦ ਲਬਾਨੋਨ ਫਲਦਾਰ ਖੇਤ ਵਿੱਚ ਬਦਲ ਜਾਵੇਗਾ, ਅਤੇ ਫਲਦਾਰ ਖੇਤ ਜੰਗਲ ਜਿਹਾ ਗਿਣਿਆ ਜਾਵੇਗਾ ।18ਉਸ ਦਿਨ ਬੋਲ੍ਹੇ ਪੁਸਤਕ ਦੀਆਂ ਗੱਲਾਂ ਸੁਣਨਗੇ, ਅਤੇ ਅੰਨ੍ਹਿਆਂ ਦੀਆਂ ਅੱਖਾਂ ਧੁੰਦ ਅਤੇ ਹਨੇਰੇ ਵਿੱਚੋਂ ਵੇਖਣਗੀਆਂ,19ਮਸਕੀਨ ਯਹੋਵਾਹ ਵਿੱਚ ਵਧੇਰੇ ਅਨੰਦ ਹੋਣਗੇ, ਅਤੇ ਕੰਗਾਲ ਇਸਰਾਏਲ ਦੇ ਪਵਿੱਤਰ ਪੁਰਖ ਵਿੱਚ ਬਾਗ-ਬਾਗ ਹੋਣਗੇ,
20ਕਿਉਂ ਜੋ ਜ਼ਾਲਮ ਮਿਟ ਜਾਣਗੇ, ਠੱਠਾ ਕਰਨ ਵਾਲੇ ਮੁੱਕ ਜਾਣਗੇ, ਅਤੇ ਸਾਰੇ ਜਿਹੜੇ ਬਦੀ ਲਈ ਜਾਗਦੇ ਹਨ ਮਿਟਾਏ ਜਾਣਗੇ,21ਜਿਹੜੇ ਗੱਲਾਂ ਨਾਲ ਮਨੁੱਖ ਨੂੰ ਪਾਪੀ ਠਹਿਰਾਉਂਦੇ, ਅਤੇ ਉਹ ਦੇ ਲਈ ਜੋ ਸਭਾ ਵਿੱਚ ਤਾੜਨਾ ਕਰਦਾ ਹੈ ਫਾਹੀ ਲਾਉਂਦੇ ਹਨ, ਅਤੇ ਧਰਮੀ ਨੂੰ ਧੋਖਾ ਦੇ ਕੇ ਮੋੜ ਦਿੰਦੇ ਹਨ ।

22ਇਸ ਲਈ ਯਹੋਵਾਹ ਜਿਸ ਨੇ ਅਬਰਾਹਾਮ ਨੂੰ ਛੁਟਕਾਰਾ ਦਿੱਤਾ, ਯਾਕੂਬ ਦੇ ਘਰਾਣੇ ਵਿਖੇ ਇਹ ਆਖਦਾ ਹੈ, ਹੁਣ ਯਾਕੂਬ ਸ਼ਰਮਿੰਦਾ ਨਾ ਹੋਵੇਗਾ, ਹੁਣ ਉਹ ਦਾ ਮੂੰਹ ਪੀਲਾ ਨਾ ਪਵੇਗਾ ।23ਜਦ ਉਹ ਆਪਣੇ ਵੰਸ਼ ਨੂੰ, ਜੋ ਮੇਰੀ ਦਸਤਕਾਰੀ ਹੈ, ਆਪਣੇ ਵਿੱਚ ਵੇਖਣਗੇ, ਤਦ ਉਹ ਮੇਰੇ ਨਾਮ ਨੂੰ ਪਵਿੱਤਰ ਆਖਣਗੇ, ਅਤੇ ਯਾਕੂਬ ਦੇ ਪਵਿੱਤਰ ਪੁਰਖ ਨੂੰ ਹੀ ਪਵਿੱਤਰ ਆਖਣਗੇ, ਅਤੇ ਇਸਰਾਏਲ ਦੇ ਪਰਮੇਸ਼ੁਰ ਦਾ ਭੈ ਮੰਨਣਗੇ ।24ਮਨ ਦੇ ਭਟਕੇ ਹੋਏ ਸਮਝ ਜਾਣਗੇ, ਅਤੇ ਬੁੜ-ਬੁੜਾਉਣ ਵਾਲੇ ਸਿੱਖਿਆ ਪਾਉਣਗੇ ।

30
ਮਿਸਰ ਨਾਲ ਵਿਅਰਥ ਦਾ ਨੇਮ

1ਹਾਇ ਵਿਦਰੋਹੀ ਬਾਲਕਾਂ ਉੱਤੇ ! ਯਹੋਵਾਹ ਦਾ ਵਾਕ ਹੈ, ਜਿਹੜੇ ਯੋਜਨਾ ਕਰਦੇ ਪਰ ਮੇਰੀ ਵੱਲੋਂ ਨਹੀਂ, ਜਿਹੜੇ ਨੇਮ ਬੰਨ੍ਹਦੇ ਹਨ ਪਰ ਮੇਰੇ ਆਤਮਾ ਤੋਂ ਨਹੀਂ, ਇਸ ਤਰ੍ਹਾਂ ਉਹ ਪਾਪ ਉੱਤੇ ਪਾਪ ਵਧਾਉਂਦੇ ਹਨ,2ਜਿਹੜੇ ਹੇਠਾਂ ਮਿਸਰ ਨੂੰ ਜਾਂਦੇ ਹਨ, ਪਰ ਮੇਰੇ ਕੋਲੋਂ ਨਹੀਂ ਪੁੱਛਦੇ, ਤਾਂ ਜੋ ਉਹ ਫ਼ਿਰਊਨ ਦੀ ਓਟ ਵਿੱਚ ਸ਼ਕਤੀ ਪਾਉਣ, ਅਤੇ ਮਿਸਰ ਦੇ ਸਾਯੇ ਵਿੱਚ ਪਨਾਹ ਲੈਣ ।

3ਇਸ ਲਈ ਫ਼ਿਰਊਨ ਦੀ ਓਟ ਤੁਹਾਡੇ ਲਈ ਸ਼ਰਮਿੰਦਗੀ ਹੋਵੇਗੀ, ਅਤੇ ਮਿਸਰ ਦੇ ਸਾਯੇ ਵਿੱਚ ਪਨਾਹ ਲੈਣੀ ਤੁਹਾਡੀ ਨਿੰਦਿਆ ਦਾ ਕਾਰਨ ਹੋਵੇਗੀ ।4ਭਾਵੇਂ ਉਹਨਾਂ ਦੇ ਸਰਦਾਰ ਸੋਆਨ ਵਿੱਚ ਹੋਣ, ਅਤੇ ਉਹਨਾਂ ਦੇ ਰਾਜਦੂਤ ਹਾਨੇਸ ਵਿੱਚ ਪਹੁੰਚਣ,5ਉਹ ਸਾਰੇ ਉਸ ਕੌਮ ਦੇ ਕਾਰਨ, ਜੋ ਉਨ੍ਹਾਂ ਲਈ ਲਾਭਦਾਇਕ ਨਹੀਂ, ਲਾਜ ਖਾਣਗੇ, ਉਹ ਨਾ ਸਹਾਇਤਾ ਲਈ, ਨਾ ਲਾਭ ਲਈ, ਪਰ ਲਾਜ ਅਤੇ ਨਿੰਦਿਆ ਲਈ ਹੋਵੇਗੀ !

6ਦੱਖਣੀ ਪਸ਼ੂਆਂ ਦੇ ਵਿਖੇ ਅਗੰਮ ਵਾਕ, - ਦੁੱਖ ਅਤੇ ਕਸ਼ਟ ਦੇ ਦੇਸ ਵਿੱਚੋਂ, ਜਿੱਥੋਂ ਬੱਬਰ ਸ਼ੇਰ ਤੇ ਸ਼ੇਰਨੀ, ਨਾਗ ਅਤੇ ਉੱਡਣ ਵਾਲਾ ਸੱਪ ਆਉਂਦੇ ਹਨ, ਉਹ ਜੁਆਨ ਖੋਤਿਆਂ ਦੀ ਪਿੱਠ ਉੱਤੇ ਆਪਣਾ ਧਨ, ਅਤੇ ਊਠਾਂ ਦੇ ਕੁਹਾਨਾਂ ਉੱਤੇ ਆਪਣੇ ਖਜ਼ਾਨੇ, ਉਸ ਕੌਮ ਵੱਲ ਚੁੱਕੀ ਲਈ ਜਾਂਦੇ ਹਨ ਜਿਹੜੀ ਲਾਭਦਾਇਕ ਨਹੀਂ !7ਮਿਸਰੀ ਵਿਅਰਥ ਅਤੇ ਫੋਕੀ ਸਹਾਇਤਾ ਕਰਦੇ ਹਨ, ਇਸ ਲਈ ਮੈਂ ਉਸ ਨੂੰ "ਰਹਬ-ਜਿਹੜੀ ਬੈਠੀ ਰਹਿੰਦੀ ਹੈ" ਸੱਦਿਆ ਹੈ !
ਹੁਕਮ ਨਾ ਮੰਨਣ ਵਾਲੇ ਲੋਕ

8ਹੁਣ ਜਾ, ਉਨ੍ਹਾਂ ਦੇ ਅੱਗੇ ਪੱਟੀ ਉੱਤੇ ਲਿਖ, ਅਤੇ ਪੋਥੀ ਵਿੱਚ ਦਰਜ ਕਰ, ਤਾਂ ਜੋ ਉਹ ਆਖਰੀ ਸਮਿਆਂ ਲਈ ਸਦਾ ਦੀ ਸਾਖੀ ਹੋਵੇ ।9ਇਹ ਤਾਂ ਵਿਦਰੋਹੀ ਪਰਜਾ, ਅਤੇ ਝੂਠੇ ਬਾਲਕ ਹਨ, ਬਾਲਕ ਜਿਹੜੇ ਯਹੋਵਾਹ ਦੀ ਬਿਵਸਥਾ ਨੂੰ ਸੁਣਨਾ ਨਹੀਂ ਚਾਹੁੰਦੇ,
10ਜਿਹੜੇ ਦਰਸ਼ੀਆਂ ਨੂੰ ਆਖਦੇ ਹਨ, ਦਰਸ਼ਣ ਨਾ ਵੇਖੋ ! ਅਤੇ ਨਬੀਆਂ ਨੂੰ ਆਖਦੇ ਹਨ, ਸੱਚੀਆਂ ਗੱਲਾਂ ਸਾਨੂੰ ਨਾ ਦੱਸੋ, ਸਾਨੂੰ ਮਿੱਠੀਆਂ ਗੱਲਾਂ ਦੱਸੋ, ਛਲ ਅਤੇ ਫਰੇਬ ਦੱਸੋ !11ਰਸਤੇ ਤੋਂ ਹਟੋ, ਮਾਰਗ ਤੋਂ ਫਿਰ ਜਾਓ, ਇਸਰਾਏਲ ਦੇ ਪਵਿੱਤਰ ਪੁਰਖ ਨੂੰ ਸਾਡੇ ਅੱਗਿਓਂ ਹਟਾ ਦਿਓ !
12ਇਸ ਲਈ ਇਸਰਾਏਲ ਦਾ ਪਵਿੱਤਰ ਪੁਰਖ ਇਹ ਆਖਦਾ ਹੈ, ਇਸ ਲਈ ਕਿ ਤੁਸੀਂ ਇਸ ਗੱਲ ਨੂੰ ਤੁੱਛ ਜਾਣਦੇ ਹੋ, ਅਤੇ ਜ਼ੁਲਮ ਅਤੇ ਹੱਠ ਉੱਤੇ ਭਰੋਸਾ ਰੱਖਦੇ ਹੋ, ਅਤੇ ਉਸ ਉੱਤੇ ਢਾਸਣਾ ਲਾਉਂਦੇ ਹੋ,13ਇਸ ਲਈ ਇਹ ਬਦੀ ਤੁਹਾਡੇ ਲਈ ਡਿੱਗਣ ਵਾਲੀ ਤੇੜ ਵਾਂਗੂੰ ਹੋਵੇਗੀ, ਜਿਹੜੀ ਉੱਚੀ ਕੰਧ ਵਿੱਚ ਉਭਰੀ ਹੋਈ ਹੈ, ਜਿਸ ਦਾ ਟੁੱਟਣਾ ਅਚਾਣਕ, ਇੱਕ ਦਮ ਹੋਵੇਗਾ ।
14ਉਹ ਦਾ ਟੁੱਟਣਾ ਘੁਮਿਆਰ ਦੇ ਭਾਂਡੇ ਦੇ ਟੁੱਟਣ ਵਾਂਗੂੰ ਹੋਵੇਗਾ, ਜਿਸ ਨੂੰ ਉਹ ਚੂਰ-ਚੂਰ ਕਰਨ ਤੋਂ ਸਰਫਾ ਨਹੀਂ ਕਰਦਾ, ਅਤੇ ਜਿਸ ਦੇ ਟੁਕੜਿਆਂ ਵਿੱਚੋਂ ਇੱਕ ਠੀਕਰਾ ਵੀ ਨਾ ਲੱਭੇਗਾ, ਜਿਸ ਦੇ ਨਾਲ ਚੁੱਲ੍ਹੇ ਵਿੱਚੋਂ ਅੱਗ ਚੁੱਕੀ ਜਾਵੇ, ਜਾਂ ਹੌਦ ਤੋਂ ਪਾਣੀ ਭਰਿਆ ਜਾਵੇ ।

15ਪ੍ਰਭੂ ਯਹੋਵਾਹ ਇਸਰਾਏਲ ਦਾ ਪਵਿੱਤਰ ਪੁਰਖ ਇਹ ਆਖਦਾ ਹੈ, ਮੁੜ ਆਉਣ ਅਤੇ ਚੈਨ ਨਾਲ ਰਹਿਣ ਵਿੱਚ ਤੁਹਾਡਾ ਬਚਾਓ ਹੋਵੇਗਾ, ਸ਼ਾਂਤੀ ਅਤੇ ਭਰੋਸੇ ਵਿੱਚ ਤੁਹਾਡਾ ਬਲ ਹੋਵੇਗਾ, ਪਰ ਤੁਸੀਂ ਇਹ ਨਾ ਚਾਹਿਆ,16ਤੁਸੀਂ ਆਖਿਆ, ਨਹੀਂ ਅਸੀਂ ਘੋੜਿਆਂ ਤੇ ਨੱਠਾਂਗੇ, - ਇਸ ਲਈ ਤੁਸੀਂ ਨੱਠੋਗੇ ! ਅਸੀਂ ਤੇਜ ਚੱਲਣ ਵਾਲਿਆਂ ਉੱਤੇ ਚੜ੍ਹਾਂਗੇ, - ਇਸ ਲਈ ਤੁਹਾਡੇ ਪਿੱਛਾ ਕਰਨ ਵਾਲੇ ਵੀ ਤੇਜ ਹੋਣਗੇ !
17ਇੱਕ ਦੀ ਘੁਰਕੀ ਨਾਲ ਇੱਕ ਹਜ਼ਾਰ ਨੱਠਣਗੇ, ਅਤੇ ਪੰਜਾਂ ਦੀ ਘੁਰਕੀ ਦੇ ਅੱਗੋਂ ਤੁਸੀਂ ਸਾਰੇ ਨੱਠੋਗੇ, ਜਦ ਤੱਕ ਤੁਸੀਂ ਪਹਾੜ ਦੀ ਟੀਸੀ ਉੱਤੇ ਬਾਂਸ ਵਾਂਗੂੰ, ਜਾਂ ਟਿੱਬੇ ਉੱਤੇ ਇੱਕ ਝੰਡੇ ਵਾਂਗੂੰ ਨਾ ਛੱਡੇ ਜਾਓਗੇ ।

18ਇਸ ਲਈ ਯਹੋਵਾਹ ਉਡੀਕਦਾ ਹੈ ਕਿ ਉਹ ਤੁਹਾਡੇ ਉੱਤੇ ਕਿਰਪਾ ਕਰੇ, ਅਤੇ ਇਸ ਲਈ ਉਹ ਆਪ ਨੂੰ ਉੱਚਾ ਕਰਦਾ ਹੈ, ਤਾਂ ਜੋ ਉਹ ਤੁਹਾਡੇ ਉੱਤੇ ਰਹਮ ਕਰੇ, ਕਿਉਂ ਜੋ ਯਹੋਵਾਹ ਇਨਸਾਫ਼ ਦਾ ਪਰਮੇਸ਼ੁਰ ਹੈ, ਧੰਨ ਉਹ ਸਾਰੇ ਜਿਹੜੇ ਉਸ ਨੂੰ ਉਡੀਕਦੇ ਹਨ !
ਪਰਮੇਸ਼ੁਰ ਆਪਣੇ ਲੋਕਾਂ ਨੂੰ ਅਸੀਸ ਦੇਵੇਗਾ

19ਹਾਂ, ਹੇ ਲੋਕੋ, ਜਿਹੜੇ ਯਰੂਸ਼ਲਮ ਵਿੱਚ ਸੀਯੋਨ ਤੇ ਵੱਸਦੇ ਹੋ, ਤੁਸੀਂ ਫੇਰ ਕਦੇ ਨਾ ਰੋਵੋਗੇ, ਉਹ ਤੁਹਾਡੀ ਦੁਹਾਈ ਦੀ ਅਵਾਜ਼ ਦੇ ਕਾਰਨ ਜ਼ਰੂਰ ਤੁਹਾਡੇ ਉੱਤੇ ਕਿਰਪਾ ਕਰੇਗਾ, ਤੁਹਾਡੀ ਦੁਹਾਈ ਸੁਣਦਿਆਂ ਹੀ ਉਹ ਤੁਹਾਨੂੰ ਉੱਤਰ ਦੇਵੇਗਾ ।
20ਭਾਵੇਂ ਪ੍ਰਭੂ ਤੁਹਾਨੂੰ ਦੁੱਖ ਦੀ ਰੋਟੀ ਅਤੇ ਕਸ਼ਟ ਦਾ ਪਾਣੀ ਦੇਵੇ, ਤਾਂ ਵੀ ਤੁਹਾਡਾ ਉਪਦੇਸ਼ਕ ਆਪਣੇ ਆਪ ਨੂੰ ਨਾ ਲੁਕਾਵੇਗਾ, ਸਗੋਂ ਤੁਹਾਡੀਆਂ ਅੱਖਾਂ ਤੁਹਾਡੇ ਉਪਦੇਸ਼ਕਾਂ ਨੂੰ ਵੇਖਣਗੀਆਂ,21ਅਤੇ ਜਦ ਕਦੀ ਤੁਸੀਂ ਸੱਜੇ ਨੂੰ ਮੁੜੋ ਜਾਂ ਖੱਬੇ ਨੂੰ ਤਾਂ ਤੁਹਾਡੇ ਕੰਨ ਤੁਹਾਡੇ ਪਿੱਛੋਂ ਇੱਕ ਅਵਾਜ਼ ਇਹ ਆਖਦੀ ਹੋਈ ਸੁਣਨਗੇ ਕਿ ਤੁਹਾਡਾ ਰਾਹ ਇਹੋ ਹੀ ਹੈ, ਇਸ ਵਿੱਚ ਚੱਲੋ ।
22ਤਦ ਤੁਸੀਂ ਚਾਂਦੀ ਨਾਲ ਮੜ੍ਹੀਆਂ ਹੋਈਆਂ ਆਪਣੀਆਂ ਉੱਕਰੀਆਂ ਮੂਰਤਾਂ ਨੂੰ, ਅਤੇ ਸੋਨਾ ਚੜ੍ਹੇ ਹੋਏ ਆਪਣੇ ਢਲੇ ਹੋਏ ਬੁੱਤਾਂ ਨੂੰ ਅਸ਼ੁੱਧ ਕਰੋਗੇ, ਤੁਸੀਂ ਉਹਨਾਂ ਨੂੰ ਗੰਦੇ ਕੱਪੜਿਆਂ ਵਾਂਗੂੰ ਖਿਲਾਰ ਦਿਓਗੇ, ਤੁਸੀਂ ਉਹਨਾਂ ਨੂੰ ਆਖੋਗੇ, ਦੂਰ ਹੋਵੋ !
23ਉਹ ਉਸ ਬੀਜ ਲਈ ਜਿਹੜਾ ਤੁਸੀਂ ਜ਼ਮੀਨ ਵਿੱਚ ਬੀਜੋਗੇ ਮੀਂਹ ਘੱਲੇਗਾ, ਨਾਲੇ ਜ਼ਮੀਨ ਦੀ ਪੈਦਾਵਾਰ ਤੋਂ ਜਿਹੜੀ ਰੋਟੀ ਮਿਲੇਗੀ ਉਹ ਉੱਤਮ ਅਤੇ ਵਧੇਰੀ ਹੋਵੇਗੀ । ਉਸ ਦਿਨ ਤੇਰਾ ਵੱਗ ਖੁੱਲ੍ਹੀ ਜੂਹ ਵਿੱਚ ਚੁਗੇਗਾ ।24ਬਲਦ ਅਤੇ ਜੁਆਨ ਗਧੇ, ਜੋ ਤੇਰੀ ਜ਼ਮੀਨ ਨੂੰ ਵਾਹੁੰਦੇ ਹਨ, ਸਲੂਣੇ ਪੱਠੇ ਖਾਣਗੇ, ਜਿਹੜੇ ਛੱਜ ਤੇ ਤੁੰਗਲੀ ਨਾਲ ਉਡਾਏ ਹੋਏ ਹੋਣਗੇ ।
25ਵੱਡੇ ਵਿਨਾਸ ਦੇ ਦਿਨ ਜਦ ਬੁਰਜ ਡਿੱਗ ਪੈਣਗੇ, ਉਸ ਦਿਨ ਹਰੇਕ ਬੁਲੰਦ ਪਹਾੜ ਅਤੇ ਹਰੇਕ ਉੱਚੇ ਟਿੱਬੇ ਉੱਤੇ ਨਾਲੀਆਂ ਅਤੇ ਵਗਦੇ ਪਾਣੀ ਹੋਣਗੇ ।26ਜਿਸ ਦਿਨ ਯਹੋਵਾਹ ਆਪਣੀ ਪਰਜਾ ਦਾ ਫੱਟ ਬੰਨ੍ਹੇਗਾ ਅਤੇ ਆਪਣੀ ਲਾਈ ਹੋਈ ਸੱਟ ਦਾ ਜ਼ਖਮ ਚੰਗਾ ਕਰੇਗਾ, ਉਸ ਦਿਨ ਚੰਦ ਦਾ ਚਾਨਣ ਸੂਰਜ ਦੇ ਚਾਨਣ ਵਰਗਾ ਹੋਵੇਗਾ, ਅਤੇ ਸੂਰਜ ਦਾ ਚਾਨਣ ਸੱਤ ਗੁਣਾ, ਅਰਥਾਤ ਸੱਤਾਂ ਦਿਨਾਂ ਦੇ ਚਾਨਣ ਦੇ ਬਰਾਬਰ ਹੋਵੇਗਾ ।
ਪਰਮੇਸ਼ੁਰ ਅੱਸ਼ੂਰ ਨੂੰ ਸਜ਼ਾ ਦੇਵੇਗਾ

27ਵੇਖੋ, ਯਹੋਵਾਹ ਦਾ ਨਾਮ ਦੂਰੋਂ ਆਉਂਦਾ ਹੈ, ਕ੍ਰੋਧ ਨਾਲ ਭਖਿਆ ਹੋਇਆ ਅਤੇ ਗੂੜ੍ਹੇ ਉੱਠਦੇ ਧੂੰਏਂ ਨਾਲ । ਉਹ ਦੇ ਬੁੱਲ੍ਹ ਕਹਿਰ ਨਾਲ ਭਰੇ ਹੋਏ ਹਨ, ਅਤੇ ਉਹ ਦੀ ਜੀਭ ਭਸਮ ਕਰਨ ਵਾਲੀ ਅੱਗ ਵਾਂਗੂੰ ਹੈ ।28ਉਹ ਦਾ ਸਾਹ ਨਦੀ ਦੇ ਹੜ੍ਹ ਵਾਂਗੂੰ ਹੈ, ਜਿਹੜਾ ਗਲ ਤੱਕ ਪਹੁੰਚਦਾ ਹੈ, ਤਾਂ ਜੋ ਉਹ ਕੌਮਾਂ ਨੂੰ ਤਬਾਹੀ ਦੇ ਛੱਜ ਨਾਲ ਛੱਟੇ, ਅਤੇ ਭਟਕਾਉਣ ਵਾਲੀ ਲਗਾਮ ਕੌਮਾਂ ਦਿਆਂ ਜਬਾੜਿਆਂ ਵਿੱਚ ਪਾਵੇਗਾ ।

29ਤੁਸੀਂ ਗੀਤ ਗਾਓਗੇ, ਜਿਵੇਂ ਪਵਿੱਤਰ ਪਰਬ ਦੀ ਰਾਤ ਵਿੱਚ ਗਾਉਂਦੇ ਹੋ, ਅਤੇ ਤੁਹਾਡੇ ਦਿਲ ਉਸੇ ਤਰ੍ਹਾਂ ਅਨੰਦ ਹੋਣਗੇ, ਜਿਵੇਂ ਕੋਈ ਬੰਸਰੀ ਵਜਾਉਂਦੇ ਹੋਏ ਇਸਰਾਏਲ ਦੀ ਚੱਟਾਨ ਵੱਲ ਯਹੋਵਾਹ ਦੇ ਪਹਾੜ ਉੱਤੇ ਚੱਲਿਆ ਆਉਂਦਾ ਹੈ ।
30ਯਹੋਵਾਹ ਆਪਣੀ ਤੇਜਵਾਨ ਅਵਾਜ਼ ਸੁਣਾਵੇਗਾ ਅਤੇ ਆਪਣੀ ਬਾਂਹ ਦਾ ਉਲਾਰ, ਤੱਤੇ ਕ੍ਰੋਧ ਨਾਲ ਅਤੇ ਭਸਮ ਕਰਨ ਵਾਲੀ ਅੱਗ ਦੀ ਲਾਟ ਨਾਲ ਵਿਖਾਵੇਗਾ, ਨਾਲੇ ਮੁਹਲੇ ਧਾਰ ਮੀਂਹ, ਵਾਛੜ ਅਤੇ ਗੜੇ ਹੋਣਗੇ ।
31ਅੱਸ਼ੂਰੀ ਤਾਂ ਯਹੋਵਾਹ ਦੀ ਅਵਾਜ਼ ਤੋਂ ਚੂਰ-ਚੂਰ ਹੋ ਜਾਣਗੇ, ਜਦ ਉਹ ਆਪਣੇ ਡੰਡੇ ਨਾਲ ਉਹਨਾਂ ਨੂੰ ਮਾਰੇਗਾ ।32ਸਜ਼ਾ ਦੀ ਲਾਠੀ ਦੀ ਹਰ ਸੱਟ ਜਿਹੜੀ ਉਹ ਉਹਨਾਂ ਉੱਤੇ ਲਾਵੇਗਾ, ਡੱਫ਼ਾਂ ਨਾਲ ਅਤੇ ਬਰਬਤ ਨਾਲ ਹੋਵਗੀ, ਅਤੇ ਲੜਾਈਆਂ ਵਿੱਚ ਚੁੱਕੇ ਹੋਏ ਹੱਥ ਨਾਲ ਉਹ ਉਹਨਾਂ ਨਾਲ ਲੜੇਗਾ ।
33ਪ੍ਰਾਚੀਨ ਸਮੇਂ ਤੋਂ ਇੱਕ ਸਿਵਾ ਤਿਆਰ ਹੈ, ਹਾਂ, ਉਹ ਰਾਜੇ ਦੇ ਲਈ ਡੂੰਘਾ ਤੇ ਖੁਲ੍ਹਾ ਕਰ ਕੇ ਠਹਿਰਾਇਆ ਗਿਆ ਹੈ, ਉਹ ਦੀ ਚਿਤਾ ਅੱਗ ਅਤੇ ਬਹੁਤ ਲੱਕੜਾਂ ਦੀ ਹੈ, ਯਹੋਵਾਹ ਦਾ ਸਾਹ ਗੰਧਕ ਦੀ ਧਾਰ ਵਾਂਗੂੰ ਉਹ ਨੂੰ ਸੁਲਗਾਵੇਗਾ ।

31
ਪਰਮੇਸ਼ੁਰ ਯਰੂਸ਼ਲਮ ਦੀ ਰੱਖਿਆ ਕਰੇਗਾ

1ਹਾਇ ਉਹਨਾਂ ਉੱਤੇ ਜਿਹੜੇ ਸਹਾਇਤਾ ਲਈ ਮਿਸਰ ਨੂੰ ਜਾਂਦੇ ਹਨ ! ਅਤੇ ਘੋੜਿਆਂ ਉੱਤੇ ਆਸ ਰੱਖਦੇ ਹਨ, ਅਤੇ ਰਥਾਂ ਉੱਤੇ ਭਰੋਸਾ ਕਰਦੇ ਹਨ, ਇਸ ਲਈ ਕਿ ਉਹ ਬਥੇਰੇ ਹਨ, ਅਤੇ ਘੋੜ ਚੜ੍ਹਿਆਂ ਉੱਤੇ ਕਿ ਉਹ ਅੱਤ ਤਕੜੇ ਹਨ ! ਪਰ ਇਸਰਾਏਲ ਦੇ ਪਵਿੱਤਰ ਪੁਰਖ ਵੱਲ ਨਹੀਂ ਤੱਕਦੇ, ਨਾ ਯਹੋਵਾਹ ਨੂੰ ਭਾਲਦੇ ਹਨ ।2ਪਰ ਉਹ ਵੀ ਅੱਤ ਬੁੱਧਵਾਨ ਹੈ ਅਤੇ ਬਿਪਤਾ ਲਿਆਵੇਗਾ, ਉਹ ਆਪਣੇ ਬਚਨ ਨਹੀਂ ਮੋੜੇਗਾ, ਪਰ ਉਹ ਬਦਕਾਰਾਂ ਦੇ ਘਰਾਣੇ ਦੇ ਵਿਰੁੱਧ, ਅਤੇ ਕੁਕਰਮੀਆਂ ਦੀ ਸਹਾਇਤਾ ਕਰਨ ਵਾਲਿਆਂ ਦੇ ਵਿਰੁੱਧ ਉੱਠੇਗਾ ।

3ਮਿਸਰੀ ਮਨੁੱਖ ਹੀ ਹਨ, ਪਰਮੇਸ਼ੁਰ ਨਹੀਂ ! ਉਹਨਾਂ ਦੇ ਘੋੜੇ ਮਾਸ ਹਨ, ਰੂਹ ਨਹੀਂ ! ਜਦ ਯਹੋਵਾਹ ਆਪਣਾ ਹੱਥ ਚੁੱਕੇਗਾ, ਤਾਂ ਸਹਾਇਕ ਠੇਡਾ ਖਾਵੇਗਾ ਅਤੇ ਸਹਾਇਤਾ ਲੈਣ ਵਾਲਾ ਡਿੱਗੇਗਾ, ਅਤੇ ਉਹ ਸਾਰੇ ਦੇ ਸਾਰੇ ਮਿਟ ਜਾਣਗੇ ।

4ਯਹੋਵਾਹ ਨੇ ਮੈਨੂੰ ਇਹ ਆਖਿਆ ਹੈ, ਜਿਵੇਂ ਬੱਬਰ ਸ਼ੇਰ ਜਾਂ ਜੁਆਨ ਬੱਬਰ ਸ਼ੇਰ ਆਪਣੇ ਸ਼ਿਕਾਰ ਉੱਤੇ ਘੂਰਦਾ ਹੈ, ਅਤੇ ਭਾਵੇਂ ਅਯਾਲੀਆਂ ਦੀ ਭੀੜ ਉਹ ਦੇ ਵਿਰੁੱਧ ਸੱਦੀ ਜਾਵੇ, ਤਾਂ ਵੀ ਉਹ ਉਹਨਾਂ ਦੇ ਸ਼ੋਰ ਤੋਂ ਨਹੀਂ ਡਰੇਗਾ, ਨਾ ਉਹਨਾਂ ਦੇ ਰੌਲੇ ਤੋਂ ਘਬਰਵੇਗਾ, ਉਸੇ ਤਰ੍ਹਾਂ ਹੀ ਸੈਨਾਂ ਦਾ ਯਹੋਵਾਹ ਉਤਰੇਗਾ, ਭਈ ਉਹ ਸੀਯੋਨ ਪਰਬਤ ਉੱਤੇ ਅਤੇ ਉਹ ਦੇ ਟਿੱਬੇ ਉੱਤੇ ਯੁੱਧ ਕਰੇ ।
5ਖੰਭ ਫੈਲਾਏ ਹੋਏ ਪੰਛੀਆਂ ਵਾਂਗੂੰ, ਸੈਨਾਂ ਦਾ ਯਹੋਵਾਹ ਯਰੂਸ਼ਲਮ ਨੂੰ ਢੱਕ ਲਵੇਗਾ, ਉਹ ਆੜ ਦੇਵੇਗਾ ਅਤੇ ਛੁਡਾਵੇਗਾ, ਉਹ ਹੀ ਉਸ ਵਿੱਚੋਂ ਲੰਘੇਗਾ ਅਤੇ ਛੁਟਕਾਰਾ ਦੇਵੇਗਾ ।

6ਹੇ ਇਸਰਾਏਲੀਓ, ਉਹ ਦੀ ਵੱਲ ਮੁੜੋ ਜਿਸ ਦਾ ਤੁਸੀਂ ਡਾਢਾ ਵਿਰੋਧ ਕੀਤਾ ।7ਉਸ ਦਿਨ ਤਾਂ ਹਰੇਕ ਆਪਣੇ ਚਾਂਦੀ ਦੇ ਬੁੱਤਾਂ ਅਤੇ ਆਪਣੇ ਸੋਨੇ ਦੇ ਬੁੱਤਾਂ ਨੂੰ ਜਿਨ੍ਹਾਂ ਨੂੰ ਤੁਹਾਡਿਆਂ ਹੱਥਾਂ ਨੇ ਪਾਪ ਲਈ ਬਣਾਇਆ ਹੈ, ਤਿਆਗ ਦੇਵੇਗਾ ।8ਅੱਸ਼ੂਰ ਤਲਵਾਰ ਨਾਲ ਡਿੱਗੇਗਾ ਪਰ ਮਨੁੱਖ ਦੀ ਨਹੀਂ, ਸਗੋਂ ਇੱਕ ਤਲਵਾਰ ਜੋ ਆਦਮੀ ਦੀ ਨਹੀਂ, ਉਹ ਨੂੰ ਖਾਵੇਗੀ, ਉਹ ਤਲਵਾਰ ਦੀ ਧਾਰ ਤੋਂ ਨੱਠੇਗਾ, ਅਤੇ ਉਹ ਦੇ ਜੁਆਨ ਬੇਗਾਰੀ ਲਈ ਫੜ੍ਹੇ ਜਾਣਗੇ ।9ਉਹ ਦੀ ਚਟਾਨ ਭੈ ਨਾਲ ਡਿੱਗ ਜਾਵੇਗੀ, ਅਤੇ ਉਹ ਦੇ ਹਾਕਮ ਝੰਡੇ ਤੋਂ ਘਬਰਾ ਕੇ ਭੱਜ ਜਾਣਗੇ, ਯਹੋਵਾਹ ਦਾ ਵਾਕ ਹੈ, ਜਿਸ ਦੀ ਅੱਗ ਸੀਯੋਨ ਵਿੱਚ ਅਤੇ ਭੱਠੀ ਯਰੂਸ਼ਲਮ ਵਿੱਚ ਹੈ ।

32
ਧਰਮੀ ਰਾਜਾ

1ਵੇਖੋ, ਇੱਕ ਰਾਜਾ ਧਰਮ ਨਾਲ ਰਾਜ ਕਰੇਗਾ, ਅਤੇ ਹਾਕਮ ਨਿਆਂ ਨਾਲ ਹਕੂਮਤ ਕਰਨਗੇ ।2ਹਰੇਕ ਹਨੇਰੀ ਤੋਂ ਲੁੱਕਣ ਦੇ ਥਾਂ ਜਿਹਾ ਹੋਵੇਗਾ, ਵਾਛੜ ਤੋਂ ਓਟ, ਸੁੱਕੇ ਵਿੱਚ ਪਾਣੀ ਦੀਆਂ ਨਾਲੀਆਂ ਜਿਹਾ, ਬੰਜਰ ਧਰਤੀ ਵਿੱਚ ਵੱਡੀ ਚਟਾਨ ਦੇ ਸਾਯੇ ਜਿਹਾ ।3ਵੇਖਣ ਵਾਲਿਆਂ ਦੀਆਂ ਅੱਖਾਂ ਬੰਦ ਨਾ ਹੋਣਗੀਆਂ, ਅਤੇ ਸੁਣਨ ਵਾਲਿਆਂ ਦੇ ਕੰਨ ਸੁਣਨਗੇ ।

4ਕਾਹਲਿਆਂ ਦਾ ਮਨ ਗਿਆਨ ਸਮਝੇਗਾ, ਅਤੇ ਥਥਲਿਆਂ ਦੀ ਜ਼ਬਾਨ ਸਪਸ਼ਟ ਬੋਲਣ ਲਈ ਤਿਆਰ ਰਹੇਗੀ ।5ਮੂਰਖ ਅੱਗੇ ਨੂੰ ਪਤਵੰਤ ਨਾ ਕਹਾਵੇਗਾ, ਨਾ ਦੁਸ਼ਟ ਨੇਕ ਅਖਵਾਏਗਾ ।6ਮੂਰਖ ਤਾਂ ਮੂਰਖਤਾਈ ਦੀਆਂ ਗੱਲਾਂ ਕਰੇਗਾ, ਅਤੇ ਉਹ ਦਾ ਮਨ ਬਦੀ ਸੋਚੇਗਾ, ਭਈ ਉਹ ਕੁਫ਼ਰ ਬਕੇ ਅਤੇ ਯਹੋਵਾਹ ਦੇ ਵਿਖੇ ਗਲਤ ਬਚਨ ਬੋਲੇ, ਅਤੇ ਭੁੱਖੇ ਦੀ ਜਾਨ ਨੂੰ ਖਾਲੀ ਰੱਖੇ, ਅਤੇ ਤਿਹਾਏ ਦਾ ਪਾਣੀ ਰੋਕ ਲਵੇ ।
7ਬਦਮਾਸ਼ਾਂ ਦੀਆਂ ਚਾਲਾਂ ਬੁਰੀਆਂ ਹਨ, ਉਹ ਯੋਜਨਾ ਬਣਾਉਂਦੇ ਹਨ ਤਾਂ ਜੋ ਕੰਗਾਲਾਂ ਨੂੰ ਝੂਠੀਆਂ ਗੱਲਾਂ ਨਾਲ ਬਰਬਾਦ ਕਰਨ, ਭਾਵੇਂ ਕੰਗਾਲ ਇਨਸਾਫ਼ ਦੀਆਂ ਗੱਲਾਂ ਵੀ ਕਰੇ ।8ਪਰ ਪਤਵੰਤ ਭਲੀ ਯੋਜਨਾ ਬਣਾਉਂਦਾ ਹੈ, ਭਲੇ ਕੰਮਾਂ ਨਾਲ ਹੀ ਉਹ ਕਾਇਮ ਹੈ ।
ਯਰੂਸ਼ਲਮ ਦੀਆਂ ਔਰਤਾਂ

9ਹੇ ਲਾਪਰਵਾਹ ਔਰਤੋ ਉੱਠੋ, ਮੇਰੀ ਅਵਾਜ਼ ਸੁਣੋ ! ਹੇ ਬੇਫ਼ਿਕਰ ਬੇਟੀਓ, ਮੇਰੇ ਬਚਨ ਉੱਤੇ ਕੰਨ ਲਾਓ !10ਸਾਲ ਤੋਂ ਕੁਝ ਦਿਨ ਉੱਤੇ ਹੋਇਆਂ ਹੀ ਤੁਸੀਂ ਘਾਬਰ ਜਾਓਗੀਆਂ, ਹੇ ਨਿਸਚਿੰਤ ਔਰਤੋ ! ਕਿਉਂ ਜੋ ਅੰਗੂਰ ਦਾ ਚੁਗਣਾ ਘਟ ਜਾਵੇਗਾ, ਅਤੇ ਕੋਈ ਫਲ ਹੱਥ ਨਾ ਆਵੇਗਾ ।
11ਹੇ ਲਾਪਰਵਾਹੋ, ਕੰਬੋ ! ਹੇ ਨਿਸਚਿੰਤਣੀਓ, ਘਬਰਾ ਜਾਓ ! ਆਪਣੇ ਸੋਹਣੇ ਕੱਪੜੇ ਲਾਹ ਸੁੱਟੋ, ਆਪਣੇ ਲੱਕਾਂ ਉੱਤੇ ਤੱਪੜ ਬੰਨ੍ਹ ਲਓ !12ਉਹ ਫਲਦਾਰ ਵੇਲ ਅਤੇ ਮਨਭਾਉਂਦੇ ਖੇਤਾਂ ਦੇ ਕਾਰਨ ਛਾਤੀਆਂ ਪਿੱਟਣਗੀਆਂ ।13ਮੇਰੀ ਪਰਜਾ ਦੇ ਖੇਤਾਂ ਵਿੱਚ ਕੰਡੇ ਅਤੇ ਕੰਡਿਆਲੇ ਉੱਗਣਗੇ, ਸਗੋਂ ਅਨੰਦਮਈ ਨਗਰ ਦੇ ਸਾਰੇ ਖੁਸ਼ ਹਾਲ ਘਰਾਂ ਉੱਤੇ ਵੀ ।
14ਮਹਿਲ ਤਾਂ ਛੱਡਿਆ ਜਾਵੇਗਾ, ਸੰਘਣੀ ਅਬਾਦੀ ਵਾਲਾ ਸ਼ਹਿਰ ਬੇ-ਚਰਾਗ ਹੋ ਜਾਵੇਗਾ, ਟਿੱਬਾ ਅਤੇ ਰਾਖੀ ਦਾ ਬੁਰਜ ਸਦਾ ਲਈ ਘੁਰਨੇ, ਜੰਗਲੀ ਖੋਤਿਆਂ ਦੀ ਖੁਸ਼ੀ ਅਤੇ ਇੱਜੜਾਂ ਦੀ ਚਾਰਗਾਹ ਹੋ ਜਾਣਗੇ ।15ਜਦੋਂ ਤੱਕ ਸਾਡੇ ਉੱਤੇ ਉੱਪਰੋਂ ਆਤਮਾ ਵਹਾਇਆ ਨਾ ਜਾਵੇ, ਅਤੇ ਉਜਾੜ ਫਲਦਾਰ ਖੇਤ ਨਾ ਹੋ ਜਾਵੇ, ਅਤੇ ਫਲਦਾਰ ਖੇਤ ਇੱਕ ਬਣ ਨਾ ਗਿਣਿਆ ਜਾਵੇ ।
16ਤਦ ਇਨਸਾਫ਼ ਉਜਾੜ ਵਿੱਚ ਵੱਸੇਗਾ, ਅਤੇ ਧਰਮ ਫਲਦਾਰ ਖੇਤ ਵਿੱਚ ਰਹੇਗਾ ।17ਧਰਮ ਦਾ ਕੰਮ ਸ਼ਾਂਤੀ ਹੋਵੇਗਾ, ਧਰਮ ਦਾ ਫਲ ਸਦੀਪਕ ਚੈਨ ਅਤੇ ਆਸ ਹੋਵੇਗਾ ।18ਮੇਰੀ ਪਰਜਾ ਸ਼ਾਂਤੀ ਦੇ ਭਵਨਾਂ ਵਿੱਚ, ਅਮਨ ਦੇ ਵਾਸਾਂ ਵਿੱਚ, ਅਰਾਮ ਅਤੇ ਚੈਨ ਦੇ ਸਥਾਨਾਂ ਵਿੱਚ ਵੱਸੇਗੀ ।
19ਜੰਗਲ ਦੇ ਡਿੱਗਣ ਦੇ ਸਮੇਂ ਗੜੇ ਪੈਣਗੇ, ਅਤੇ ਸ਼ਹਿਰ ਪੂਰੀ ਤਰ੍ਹਾਂ ਹੀ ਢਹਿ ਜਾਵੇਗਾ ।20ਧੰਨ ਹੋ ਤੁਸੀਂ ਸਾਰੇ ਜਿਹੜੇ ਪਾਣੀਆਂ ਦੇ ਲਾਗੇ ਬੀਜਦੇ ਹੋ, ਅਤੇ ਬਲਦ ਅਤੇ ਗਧੇ ਖੁਲ੍ਹੇ ਛੱਡ ਦਿੰਦੇ ਹੋ ! ।

33
ਸਹਾਇਤਾ ਦੇ ਲਈ ਪ੍ਰਾਰਥਨਾ

1ਹਾਇ ਲੁਟੇਰਿਆ ਤੇਰੇ ਉੱਤੇ, ਤੂੰ ਜੋ ਲੁੱਟਿਆ ਨਹੀਂ ਗਿਆ ! ਹਾਇ ਠੱਗਾ ਤੇਰੇ ਉੱਤੇ ਜਿਸ ਨੂੰ ਉਹਨਾਂ ਨੇ ਨਹੀਂ ਠੱਗਿਆ ! ਜਦ ਤੂੰ ਲੁੱਟ ਚੁੱਕੇਂ ਤਾਂ ਤੂੰ ਲੁੱਟਿਆ ਜਾਏਂਗਾ, ਜਦ ਤੂੰ ਠੱਗ ਹਟੇਂ ਤਾਂ ਉਹ ਤੈਨੂੰ ਠੱਗਣਗੇ !

2ਹੇ ਯਹੋਵਾਹ, ਸਾਡੇ ਉੱਤੇ ਕਿਰਪਾ ਕਰ ! ਅਸੀਂ ਤੈਨੂੰ ਉਡੀਕਦੇ ਹਾਂ, ਹਰ ਸਵੇਰ ਨੂੰ ਸਾਡਾ ਬਲ ਹੋ, ਨਾਲੇ ਦੁਖ ਦੇ ਵੇਲੇ ਸਾਡਾ ਬਚਾਓ ।
3ਹੰਗਾਮੇ ਦੇ ਰੌਲੇ ਨਾਲ ਲੋਕ ਭੱਜ ਗਏ, ਤੇਰੇ ਉੱਠਦਿਆਂ ਹੀ ਕੌਮਾਂ ਖਿੰਡ-ਪੁੰਡ ਗਈਆਂ ।4ਜਿਵੇਂ ਟਿੱਡੀਆਂ ਚੱਟ ਕਰਦੀਆਂ ਹਨ, ਉਸੇ ਤਰ੍ਹਾਂ ਤੁਹਾਡੀ ਲੁੱਟ ਚੱਟ ਕੀਤੀ ਜਾਵੇਗੀ, ਜਿਵੇਂ ਟਿੱਡੇ ਝੱਪਟਾ ਮਾਰਦੇ ਹਨ, ਉਹ ਉਸ ਉੱਤੇ ਝੱਪਟਣਗੇ ।

5ਯਹੋਵਾਹ ਮਹਾਨ ਹੈ, ਉਹ ਉੱਚਿਆਈ ਉੱਤੇ ਵੱਸਦਾ ਹੈ, ਉਹ ਸੀਯੋਨ ਨੂੰ ਇਨਸਾਫ਼ ਅਤੇ ਧਰਮ ਨਾਲ ਭਰ ਦੇਵੇਗਾ ।6ਤੇਰੇ ਸਮੇਂ ਦੀ ਬੁਨਿਆਦ ਮੁਕਤੀ, ਬੁੱਧੀ ਅਤੇ ਗਿਆਨ ਦੀ ਬਹੁਤਾਇਤ ਹੋਵੇਗੀ, ਅਤੇ ਯਹੋਵਾਹ ਦਾ ਭੈ ਉਸ ਦਾ ਖ਼ਜ਼ਾਨਾ ਹੋਵੇਗਾ ।

7ਵੇਖੋ, ਉਹਨਾਂ ਦੇ ਸੂਰਮੇ ਬਾਹਰ ਚਿੱਲਾਉਂਦੇ ਹਨ, ਸ਼ਾਂਤੀ ਦੇ ਦੂਤ ਵਿਲਕਦੇ ਹਨ ।8ਸ਼ਾਹੀ ਮਾਰਗ ਵਿਰਾਨ ਪਏ ਹੋਏ ਹਨ, ਕੋਈ ਲੰਘਣ ਵਾਲਾ ਨਾ ਰਿਹਾ । ਨੇਮ ਤੋੜੇ ਜਾਂਦੇ ਹਨ, ਸ਼ਹਿਰ ਤੁੱਛ ਕੀਤੇ ਜਾਂਦੇ ਹਨ, ਮਨੁੱਖ ਕਿਸੇ ਗਿਣਤੀ ਵਿੱਚ ਨਹੀਂ ।
9ਦੇਸ ਸੋਗ ਕਰਦਾ ਅਤੇ ਮਾੜਾ ਹੋ ਜਾਂਦਾ ਹੈ, ਲਬਾਨੋਨ ਘਬਰਾ ਕੇ ਕੁਮਲਾ ਜਾਂਦਾ ਹੈ, ਸ਼ਾਰੋਨ ਰੜੇ ਮੈਦਾਨ ਵਾਂਗੂੰ ਹੋ ਗਿਆ, ਬਾਸ਼ਾਨ ਅਤੇ ਕਰਮਲ ਪੱਤੇ ਝਾੜ ਸੁੱਟਦੇ ਹਨ ।
ਪਰਮੇਸ਼ੁਰ ਦੇ ਵੈਰੀਆਂ ਨੂੰ ਚੇਤਾਵਨੀ

10ਹੁਣ ਮੈਂ ਉੱਠਾਂਗਾ, ਯਹੋਵਾਹ ਆਖਦਾ ਹੈ, ਹੁਣ ਮੈਂ ਆਪ ਨੂੰ ਉੱਚਾ ਕਰਾਂਗਾ, ਹੁਣ ਮੈਂ ਸਲਾਹਿਆ ਜਾਂਵਾਂਗਾ ।11ਤੁਹਾਡੇ ਗਰਭ ਵਿੱਚ ਕੱਖ ਪਵੇਗਾ ਅਤੇ ਤੁਸੀਂ ਘਾਹ ਜਣੋਗੇ, ਤੁਹਾਡਾ ਸਾਹ ਇੱਕ ਅੱਗ ਹੈ ਜਿਹੜੀ ਤੁਹਾਨੂੰ ਭਸਮ ਕਰੇਗੀ ।12ਲੋਕ ਸਾੜੇ ਹੋਏ ਚੂਨੇ ਵਾਂਗੂੰ ਹੋ ਜਾਣਗੇ, ਅਤੇ ਵੱਢੇ ਹੋਏ ਕੰਡਿਆਂ ਵਾਂਗੂੰ ਉਹ ਅੱਗ ਵਿੱਚ ਜਲਾਏ ਜਾਣਗੇ ।

13ਹੇ ਦੂਰ ਦਿਓ, ਤੁਸੀਂ ਸੁਣੋ ਜੋ ਮੈਂ ਕੀਤਾ, ਹੇ ਨੇੜੇ ਦਿਓ, ਤੁਸੀਂ ਮੇਰੀ ਸ਼ਕਤੀ ਨੂੰ ਜਾਣੋ !14ਸੀਯੋਨ ਵਿੱਚ ਪਾਪੀ ਡਰ ਗਏ, ਕਾਂਬੇ ਨੇ ਕਾਫਰਾਂ ਨੂੰ ਫੜ ਲਿਆ, ਕੌਣ ਸਾਡੇ ਵਿੱਚੋਂ ਭਸਮ ਕਰਨ ਵਾਲੀ ਅੱਗ ਕੋਲ ਟਿਕ ਸੱਕਦਾ ਹੈ ? ਕੌਣ ਸਾਡੇ ਵਿੱਚੋਂ ਸਦੀਪਕ ਸਾੜੇ ਕੋਲ ਰਹਿ ਸੱਕਦਾ ਹੈ ?
15ਉਹ ਜਿਹੜਾ ਧਰਮ ਨਾਲ ਚੱਲਦਾ, ਜਿਹੜਾ ਸਿੱਧੀਆਂ ਗੱਲਾਂ ਕਰਦਾ, ਜਿਹੜਾ ਜ਼ੁਲਮ ਦੀ ਕਮਾਈ ਨੂੰ ਤੁੱਛ ਜਾਣਦਾ, ਜਿਹੜਾ ਰਿਸ਼ਵਤ ਲੈਣ ਤੋਂ ਆਪਣਾ ਹੱਥ ਖਿੱਚਦਾ ਹੈ, ਖੂਨ ਦੀ ਗੱਲ ਸੁਣਨ ਤੋਂ ਆਪਣੇ ਕੰਨ ਬੰਦ ਕਰਦਾ ਹੈ, ਅਤੇ ਬਦੀ ਦੇ ਵੇਖਣ ਤੋਂ ਆਪਣੀਆਂ ਅੱਖਾਂ ਮੀਟ ਲੈਂਦਾ ਹੈ ।16ਉਹ ਹੀ ਉੱਚਿਆਈਆਂ ਉੱਤੇ ਵੱਸੇਗਾ, ਉਹ ਦੀ ਪਨਾਹਗਾਹ ਚੱਟਾਨਾਂ ਦੇ ਗੜ੍ਹ ਹੋਣਗੇ, ਉਹ ਦੀ ਰੋਟੀ ਉਹ ਨੂੰ ਦਿੱਤੀ ਜਾਵੇਗੀ, ਉਹ ਨੂੰ ਪਾਣੀ ਦੀ ਘਾਟ ਨਾ ਹੋਵੇਗੀ ।
ਸ਼ਾਨਦਾਰ ਭਵਿੱਖ

17ਤੇਰੀਆਂ ਅੱਖਾਂ ਰਾਜੇ ਨੂੰ ਉਹ ਦੇ ਸੁਹੱਪਣ ਵਿੱਚ ਵੇਖਣਗੀਆਂ, ਉਹ ਲੰਮੇ-ਚੌੜੇ ਦੇਸ ਨੂੰ ਵੇਖਣਗੀਆਂ ।18ਤੇਰਾ ਮਨ ਉਸ ਬੀਤੇ ਹੋਏ ਖੌਫ਼ ਬਾਰੇ ਸੋਚੇਗਾ, ਲੇਖਾ ਲੈਣ ਵਾਲਾ ਕਿੱਥੇ ਹੈ ? ਲਗਾਨ ਵਸੂਲਣ ਵਾਲਾ ਕਿੱਥੇ ਹੈ ? ਬੁਰਜਾਂ ਦਾ ਗਿਣਨ ਵਾਲਾ ਕਿੱਥੇ ਹੈ ?19ਤੂੰ ਫੇਰ ਉਹਨਾਂ ਘਮੰਡੀ ਲੋਕਾਂ ਨੂੰ ਨਾ ਵੇਖੇਂਗਾ, ਅਰਥਾਤ ਇੱਕ ਗੁੱਝੀ ਬੋਲੀ ਦੇ ਲੋਕ ਜਿਨ੍ਹਾਂ ਦੀ ਤੂੰ ਸਮਝ ਨਹੀਂ ਸਕਦਾ, ਅਤੇ ਓਪਰੀ ਬੋਲੀ ਵਾਲੇ ਜਿਨ੍ਹਾਂ ਨੂੰ ਤੂੰ ਬੁੱਝ ਨਹੀਂ ਸਕਦਾ ।
20ਸੀਯੋਨ ਨੂੰ ਵੇਖ, ਸਾਡੇ ਨਿਯੁਕਤ ਕੀਤੇ ਹੋਏ ਪਰਬਾਂ ਦਾ ਨਗਰ, ਤੇਰੀਆਂ ਅੱਖਾਂ ਯਰੂਸ਼ਲਮ ਨੂੰ ਵੇਖਣਗੀਆਂ, ਇੱਕ ਅਰਾਮ ਦਾ ਵਾਸ, ਇੱਕ ਤੰਬੂ ਜਿਹੜਾ ਪੁੱਟਿਆ ਨਾ ਜਾਵੇਗਾ, ਜਿਸ ਦੇ ਕੀਲੇ ਕਦੀ ਉਖਾੜੇ ਨਹੀਂ ਜਾਣਗੇ, ਜਿਸ ਦੀਆਂ ਰੱਸੀਆਂ ਵਿੱਚੋਂ ਇੱਕ ਵੀ ਤੋੜੀ ਨਾ ਜਾਵੇਗੀ ।21ਪਰ ਉੱਥੇ ਯਹੋਵਾਹ ਸ਼ਾਨ ਵਿੱਚ ਸਾਡੇ ਅੰਗ-ਸੰਗ ਹੋਵੇਗਾ, ਜਿੱਥੇ ਚੌੜੀਆਂ ਨਦੀਆਂ ਅਤੇ ਦਰਿਆ ਹਨ, ਜਿੱਥੇ ਕੋਈ ਚੱਪੂਆਂ ਵਾਲੀ ਬੇੜੀ ਨਾ ਚੱਲੇਗੀ, ਜਿਹ ਦੇ ਉੱਤੇ ਕੋਈ ਸ਼ਾਨਦਾਰ ਜਹਾਜ਼ ਨਾ ਲੰਘੇਗਾ ।
22ਯਹੋਵਾਹ ਤਾਂ ਸਾਡਾ ਨਿਆਈ ਹੈ, ਯਹੋਵਾਹ ਸਾਡਾ ਬਿਧੀਆਂ ਦੇਣ ਵਾਲਾ ਹੈ, ਯਹੋਵਾਹ ਸਾਡਾ ਰਾਜਾ ਹੈ, ਉਹ ਸਾਨੂੰ ਬਚਾਵੇਗਾ ।

23ਤੇਰੇ ਰੱਸੇ ਢਿੱਲੇ ਹਨ, ਉਹ ਮਸਤੂਲ ਉਹ ਦੇ ਥਾਂ ਨੂੰ ਕੱਸ ਨਾ ਸਕੇ, ਨਾ ਉਹ ਪਾਲ ਨੂੰ ਉਡਾ ਸਕੇ ।

ਤਦ ਸ਼ਿਕਾਰ ਅਤੇ ਲੁੱਟ ਬਹੁਤਾਇਤ ਨਾਲ ਵੰਡੀ ਜਾਵੇਗੀ, ਅਤੇ ਲੰਗੜੇ ਵੀ ਲੁੱਟ ਲੁੱਟਣਗੇ ।

24ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ, ਜਿਹੜੇ ਲੋਕ ਉਸ ਵਿੱਚ ਵੱਸਦੇ ਹਨ, ਉਹਨਾਂ ਦੀ ਬਦੀ ਮਾਫ਼ ਕੀਤੀ ਜਾਵੇਗੀ ।

34
ਪਰਮੇਸ਼ੁਰ ਦੇ ਵੈਰੀਆਂ ਨੂੰ ਸਜ਼ਾ

1ਹੇ ਕੌਮੋ, ਸੁਣਨ ਲਈ ਨੇੜੇ ਆਓ, ਹੇ ਉੱਮਤੋ, ਕੰਨ ਲਾਓ ! ਧਰਤੀ ਅਤੇ ਉਹ ਦੀ ਭਰਪੂਰੀ, ਜਗਤ ਅਤੇ ਸਭ ਜੋ ਉਸ ਵਿੱਚੋਂ ਨਿੱਕਲਦਾ ਹੈ, ਸੋ ਸੁਣੇ !2ਯਹੋਵਾਹ ਤਾਂ ਸਾਰੀਆਂ ਕੌਮਾਂ ਉੱਤੇ ਕ੍ਰੋਧਵਾਨ ਹੋਇਆ ਹੈ, ਉਹ ਦਾ ਕ੍ਰੋਧ ਉਹਨਾਂ ਦੀਆਂ ਸਾਰੀਆਂ ਸੈਨਾਂ ਉੱਤੇ ਭੜਕਿਆ ਹੋਇਆ ਹੈ, ਉਸ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਨਾਸ ਹੋਣ ਲਈ ਅਤੇ ਵੱਢੇ ਜਾਣ ਲਈ ਦੇ ਦਿੱਤਾ ਹੈ ।

3ਉਹਨਾਂ ਦੇ ਵੱਢੇ ਹੋਏ ਬਾਹਰ ਸੁੱਟੇ ਜਾਣਗੇ, ਉਹਨਾਂ ਦੀਆਂ ਲੋਥਾਂ ਤੋਂ ਸੜ੍ਹਿਆਂਧ ਉੱਠੇਗੀ, ਅਤੇ ਪਹਾੜ ਉਹਨਾਂ ਦੇ ਲਹੂ ਨਾਲ ਡੁੱਬ ਜਾਣਗੇ ।4ਅਕਾਸ਼ ਦੇ ਸਾਰੇ ਮੰਡਲ ਖਤਮ ਹੋ ਜਾਣਗੇ ਅਤੇ ਅਕਾਸ਼ ਪੱਤ੍ਰੀ ਵਾਂਗੂੰ ਲਪੇਟਿਆ ਜਾਵੇਗਾ, ਤਾਰਿਆਂ ਦੀ ਸਾਰੀ ਸੈਨਾ ਝੜ ਜਾਵੇਗੀ, ਜਿਵੇਂ ਪੱਤੇ ਅੰਗੂਰੀ ਵੇਲ ਤੋਂ ਜਾਂ ਹੰਜ਼ੀਰ ਤੋਂ ਝੜ ਜਾਂਦੇ ਹਨ ।

5ਮੇਰੀ ਤਲਵਾਰ ਤਾਂ ਅਕਾਸ਼ ਵਿੱਚ ਪੀ ਕੇ ਰੱਜ ਗਈ ਹੈ, ਵੇਖੋ, ਉਹ ਅਦੋਮ ਉੱਤੋ ਅਤੇ ਮੇਰੀ ਬਰਬਾਦ ਕੀਤੀ ਹੋਈ ਕੌਮ ਉੱਤੇ ਨਿਆਂ ਲਈ ਜਾ ਪਵੇਗੀ ।6ਯਹੋਵਾਹ ਦੀ ਤਲਵਾਰ ਲਹੂ ਨਾਲ ਲਿਥੜੀ ਹੋਈ ਹੈ, ਉਹ ਚਰਬੀ ਨਾਲ, ਲੇਲਿਆਂ ਅਤੇ ਬੱਕਰਿਆਂ ਦੇ ਲਹੂ ਨਾਲ, ਮੇਂਢਿਆਂ ਦੇ ਗੁਰਦਿਆਂ ਦੀ ਚਰਬੀ ਨਾਲ ਤ੍ਰਿਪਤ ਹੋਈ ਹੈ, ਕਿਉਂ ਜੋ ਯਹੋਵਾਹ ਲਈ ਬਾਸਰਾਹ ਵਿੱਚ ਬਲੀ, ਅਤੇ ਅਦੋਮ ਦੇ ਦੇਸ ਵਿੱਚ ਵੱਡਾ ਕਤਲੇਆਮ ਹੋਇਆ ਹੈ ।
7ਜੰਗਲੀ ਸਾਨ੍ਹ, ਵੱਛੇ ਅਤੇ ਬਲਦ ਮਾਰੇ ਜਾਣਗੇ, ਉਹਨਾਂ ਦਾ ਦੇਸ ਲਹੂ ਨਾਲ ਤਰ ਹੋ ਜਾਵੇਗਾ, ਅਤੇ ਉਹਨਾਂ ਦੀ ਧੂੜ ਚਰਬੀ ਨਾਲ ਚਿਕਨੀ ਹੋ ਜਾਵੇਗੀ ।

8ਯਹੋਵਾਹ ਦਾ ਇੱਕ ਬਦਲਾ ਲੈਣ ਦਾ ਦਿਨ ਵੀ ਹੈ, ਸੀਯੋਨ ਦੇ ਮੁਕੱਦਮਾ ਲੜ੍ਹਨ ਦਾ ਇੱਕ ਸਾਲ ।9ਉਹ ਦੀਆਂ ਨਦੀਆਂ ਰਾਲ ਬਣ ਜਾਣਗੀਆਂ, ਉਹ ਦੀ ਖ਼ਾਕ, ਗੰਧਕ, ਅਤੇ ਉਹ ਦੀ ਧਰਤੀ ਬਲਦੀ ਹੋਈ ਰਾਲ ਹੋ ਜਾਵੇਗੀ ।10ਦਿਨ ਰਾਤ ਉਹ ਬੁਝੇਗੀ ਨਹੀਂ, ਉਹ ਦਾ ਧੂੰਆਂ ਸਦਾ ਉੱਠਦਾ ਰਹੇਗਾ, ਪੀੜ੍ਹੀਓਂ ਪੀੜ੍ਹੀ ਉਹ ਵਿਰਾਨ ਰਹੇਗੀ, ਅਤੇ ਸਦਾ ਲਈ ਕਦੇ ਵੀ ਉਹ ਦੇ ਵਿੱਚੋਂ ਕੋਈ ਲੰਘਣ ਵਾਲਾ ਨਾ ਹੋਵੇਗਾ ।
11ਲੰਮਢੀਂਗ ਅਤੇ ਕੰਡੇਲਾ ਉਹ ਦੇ ਉੱਤੇ ਕਬਜ਼ਾ ਕਰਨਗੇ, ਅਤੇ ਉੱਲੂ ਅਤੇ ਕਾਂ ਉਹ ਦੇ ਵਿੱਚ ਵੱਸਣਗੇ । ਉਹ ਉਸ ਉੱਤੇ ਘਬਰਾਹਟ ਦੀ ਜਰੀਬ, ਅਤੇ ਵਿਰਾਨੀ ਦਾ ਸਾਹਲ ਖਿੱਚੇਗਾ ।12ਉਹ ਦੇ ਪਤਵੰਤ ਉਹ ਨੂੰ ''ਅਲੋਪ ਰਾਜ'' ਸੱਦਣਗੇ, ਅਤੇ ਉਹ ਦੇ ਸਾਰੇ ਹਾਕਮ, ਨਾ ਹੋਇਆਂ ਜਿਹੇ ਹੋਣਗੇ ।

13ਕੰਡੇ ਉਹ ਦੇ ਮਹਿਲਾਂ ਵਿੱਚ ਉੱਗਣਗੇ, ਬਿੱਛੂ ਬੂਟੀਆਂ ਅਤੇ ਝਾੜੀਆਂ ਉਹ ਦੇ ਗੜ੍ਹਾਂ ਵਿੱਚ । ਉਹ ਗਿੱਦੜਾਂ ਦਾ ਵਸੇਬਾ ਅਤੇ ਸ਼ੁਤਰ ਮੁਰਗਾਂ ਦਾ ਵਿਹੜਾ ਹੋਵੇਗਾ ।14ਜੰਗਲੀ ਜਾਨਵਰ ਬਿੱਜੂਆਂ ਨਾਲ ਮਿਲਣਗੇ, ਜੰਗਲੀ ਬੱਕਰਾ ਆਪਣੇ ਸਾਥੀ ਨੂੰ ਸੱਦੇਗਾ, ਸਗੋਂ ਚਮਗਿਦੜ ਉੱਥੇ ਟਿਕੇਗਾ, ਅਤੇ ਆਪਣੇ ਲਈ ਅਰਾਮ ਦਾ ਥਾਂ ਪਵੇਗਾ ।

15ਉੱਥੇ ਮਾਦਾ ਉੱਲੂ ਆਲ੍ਹਣਾ ਬਣਾ ਕੇ ਆਂਡੇ ਦੇਵੇਗੀ, ਅਤੇ ਸੇਉ ਕੇ ਆਪਣੇ ਬੱਚੇ ਆਪਣੇ ਖੰਭਾਂ ਹੇਠ ਇਕੱਠੇ ਕਰੇਗੀ । ਉੱਥੇ ਹੀ ਇੱਲਾਂ ਇਕੱਠੀਆਂ ਹੋਣਗੀਆਂ ਹਰੇਕ ਆਪਣੇ ਨਰ ਨਾਲ ।
16ਯਹੋਵਾਹ ਦੀ ਪੁਸਤਕ ਵਿੱਚੋਂ ਭਾਲ ਕੇ ਪੜ੍ਹੋ ਇਹਨਾਂ ਵਿੱਚੋਂ ਇੱਕ ਵੀ ਗੱਲ ਘੱਟ ਨਾ ਹੋਵੇਗੀ, ਕਿਸੇ ਨੂੰ ਆਪਣੇ ਨਰ ਦੀ ਕਮੀ ਨਾ ਹੋਵੇਗੀ, ਕਿਉਂ ਜੋ ਮੇਰੇ ਹੀ ਮੂੰਹ ਨੇ ਇਹ ਹੁਕਮ ਦਿੱਤਾ ਹੈ, ਅਤੇ ਉਸੇ ਦੇ ਆਤਮਾ ਨੇ ਉਹਨਾਂ ਨੂੰ ਇਕੱਠਾ ਕੀਤਾ ਹੈ ।17ਉਸੇ ਨੇ ਉਹਨਾਂ ਦਾ ਹਿੱਸਾ ਠਹਿਰਾਇਆ ਹੈ, ਅਤੇ ਉਸੇ ਦੇ ਹੱਥ ਨੇ ਉਹਨਾਂ ਲਈ ਦੇਸ ਨੂੰ ਜਰੀਬ ਨਾਲ ਵੰਡਿਆ । ਉਹ ਸਦਾ ਤੱਕ ਉਸ ਉੱਤੇ ਕਬਜ਼ਾ ਕਰਨਗੇ, ਪੀੜ੍ਹੀਓਂ ਪੀੜ੍ਹੀ ਉਹ ਉਸ ਵਿੱਚ ਵੱਸਣਗੇ ।

35
ਪਵਿੱਤਰਤਾ ਦਾ ਮਾਰਗ

1ਉਜਾੜ ਅਤੇ ਥਲ ਦੇਸ ਖੁਸ਼ੀ ਮਨਾਉਣਗੇ, ਰੜਾ ਮੈਦਾਨ ਬਾਗ-ਬਾਗ ਹੋਵੇਗਾ, ਅਤੇ ਨਰਗਸ ਵਾਂਗੂੰ ਖਿੜੇਗਾ ।2ਉਹ ਬਹੁਤਾ ਖਿੜੇਗਾ, ਅਤੇ ਖੁਸ਼ੀ ਤੇ ਜੈਕਾਰਿਆਂ ਨਾਲ ਬਾਗ-ਬਾਗ ਹੋਵੇਗਾ, ਲਬਾਨੋਨ ਦੀ ਸ਼ੋਭਾ, ਕਰਮਲ ਅਤੇ ਸ਼ਾਰੋਨ ਦੀ ਸ਼ਾਨ ਉਹ ਨੂੰ ਦਿੱਤੀ ਜਾਵੇਗੀ, ਉਹ ਯਹੋਵਾਹ ਦਾ ਪਰਤਾਪ, ਸਾਡੇ ਪਰਮੇਸ਼ੁਰ ਦੀ ਸ਼ਾਨ ਵੇਖਣਗੇ ।

3ਢਿੱਲੇ ਹੱਥਾਂ ਨੂੰ ਤਕੜੇ ਕਰੋ, ਅਤੇ ਕੰਬਦੇ ਗੋਡਿਆਂ ਨੂੰ ਮਜ਼ਬੂਤ ਕਰੋ !4ਘਬਰਾਉਂਦੇ ਦਿਲ ਵਾਲਿਆਂ ਨੂੰ ਆਖੋ, ਤਕੜੇ ਹੋਵੋ ! ਨਾ ਡਰੋ ! ਆਪਣੇ ਪਰਮੇਸ਼ੁਰ ਨੂੰ ਵੇਖੋ ! ਉਹ ਬਦਲਾ ਲੈਣ ਲਈ, ਅਤੇ ਫਲ ਦੇਣ ਲਈ ਆ ਰਿਹਾ, ਉਹ ਆਵੇਗਾ ਅਤੇ ਤੁਹਾਨੂੰ ਬਚਾਵੇਗਾ ।

5ਤਦ ਅੰਨ੍ਹਿਆਂ ਦੀਆਂ ਅੱਖਾਂ ਸੁਜਾਖੀਆਂ ਹੋ ਜਾਣਗੀਆਂ, ਅਤੇ ਬੋਲਿਆਂ ਦੇ ਕੰਨ ਖੁੱਲ੍ਹ ਜਾਣਗੇ ।6ਤਦ ਲੰਗੜਾ ਹਿਰਨ ਵਾਂਗੂੰ ਚੌਂਕੜੀਆਂ ਭਰੇਗਾ, ਅਤੇ ਗੁੰਗੇ ਦੀ ਜ਼ਬਾਨ ਜੈਕਾਰਾ ਗਜਾਵੇਗੀ, ਕਿਉਂ ਜੋ ਉਜਾੜ ਵਿੱਚ ਪਾਣੀ, ਅਤੇ ਰੜੇ ਮੈਦਾਨ ਵਿੱਚ ਨਦੀਆਂ ਫੁੱਟ ਨਿੱਕਲਣਗੀਆਂ ।7ਤਪਦੀ ਰੇਤ ਤਲਾਬ ਬਣ ਜਾਵੇਗੀ, ਅਤੇ ਤਿਹਾਈ ਜਮੀਨ ਪਾਣੀ ਦੇ ਸੁੰਬ । ਜਿਹੜੇ ਟਿਕਾਣਿਆਂ ਵਿੱਚ ਗਿੱਦੜ ਬੈਠਦੇ ਸਨ, ਉੱਥੇ ਘਾਹ, ਕਾਨੇ ਅਤੇ ਦਬ ਹੋਣਗੇ ।

8ਉੱਥੇ ਇੱਕ ਸ਼ਾਹੀ ਮਾਰਗ ਹੋਵੇਗਾ, ਅਤੇ ਉਹ ਮਾਰਗ "ਪਵਿੱਤਰ ਮਾਰਗ" ਕਹਾਵੇਗਾ, ਕੋਈ ਅਸ਼ੁੱਧ ਉਹ ਦੇ ਉੱਤੋਂ ਦੀ ਨਹੀਂ ਲੰਘੇਗਾ, ਉਹ ਮਾਰਗ ਛੁਡਾਏ ਹੋਇਆਂ ਦੇ ਲਈ ਹੋਵੇਗਾ । ਉਸ ਉੱਤੇ ਚੱਲਣ ਵਾਲੇ ਭਾਵੇਂ ਮੂਰਖ ਹੋਣ, ਤਾਂ ਵੀ ਕੁਰਾਹੇ ਨਾ ਪੈਣਗੇ ।9ਉੱਥੇ ਕੋਈ ਬੱਬਰ ਸ਼ੇਰ ਨਹੀਂ ਹੋਵੇਗਾ, ਕੋਈ ਪਾੜਨ ਵਾਲਾ ਜਾਨਵਰ ਉਸ ਉੱਤੇ ਨਾ ਚੜ੍ਹੇਗਾ, ਉਹ ਉੱਥੇ ਨਾ ਲੱਭਣਗੇ, ਪਰ ਛੁਡਾਏ ਹੋਏ ਉੱਥੇ ਹਮੇਸ਼ਾ ਚੱਲਣਗੇ ।
10ਯਹੋਵਾਹ ਦੇ ਮੁੱਲ ਲਏ ਹੋਏ ਮੁੜ ਆਉਣਗੇ, ਉਹ ਜੈਕਾਰਿਆਂ ਨਾਲ ਸੀਯੋਨ ਨੂੰ ਆਉਣਗੇ, ਅਤੇ ਸਦੀਪਕ ਅਨੰਦ ਉਹਨਾਂ ਦੇ ਸਿਰਾਂ ਉੱਤੇ ਹੋਵੇਗਾ । ਉਹ ਖੁਸ਼ੀ ਅਤੇ ਅਨੰਦ ਪਰਾਪਤ ਕਰਨਗੇ, ਸੋਗ ਅਤੇ ਹਉਂਕੇ ਉੱਥੋਂ ਨੱਠ ਜਾਣਗੇ ।

36
ਯਰੂਸ਼ਲਮ ਉੱਤੇ ਅੱਸ਼ੂਰ ਦਾ ਹਮਲਾ
(2 ਰਾਜਿਆਂ 18:13-27; 2 ਇਤਿਹਾਸ 32:1-19)

1ਹਿਜ਼ਕੀਯਾਹ ਰਾਜਾ ਦੇ ਚੌਧਵੇਂ ਸਾਲ ਵਿੱਚ ਅੱਸ਼ੂਰ ਦੇ ਰਾਜੇ ਸਨਹੇਰੀਬ ਨੇ ਯਹੂਦਾਹ ਦਾ ਸਾਰੇ ਗੜ੍ਹ ਵਾਲੇ ਸ਼ਹਿਰਾਂ ਉੱਤੇ ਚੜ੍ਹਾਈ ਕੀਤੀ ਅਤੇ ਉਨ੍ਹਾਂ ਨੂੰ ਲੈ ਲਿਆ ।2ਫੇਰ ਅੱਸ਼ੂਰ ਦੇ ਰਾਜੇ ਨੇ ਰਬਸ਼ਾਕੇਹ ਨੂੰ ਲਾਕੀਸ਼ ਤੋਂ ਯਰੂਸ਼ਲਮ ਨੂੰ ਹਿਜ਼ਕੀਯਾਹ ਰਾਜਾ ਕੋਲ ਵੱਡੀ ਫੌਜ ਨਾਲ ਭੇਜਿਆ ਅਤੇ ਉਹ ਉੱਪਰਲੇ ਤਲਾਬ ਦੀ ਨਾਲੀ ਕੋਲ ਧੋਬੀ ਘਾਟ ਦੇ ਰਾਹ ਵਿੱਚ ਖੜ੍ਹਾ ਸੀ ।3ਤਦ ਹਿਲਕੀਯਾਹ ਦਾ ਪੁੱਤਰ ਅਲਯਾਕੀਮ ਜਿਹੜਾ ਮਹਿਲ ਦਾ ਪ੍ਰਬੰਧਕ ਸੀ ਅਤੇ ਸ਼ਬਨਾ ਮੁਨੀਮ ਅਤੇ ਆਸਾਫ਼ ਦਾ ਪੁੱਤਰ ਯੋਆਹ ਜੋ ਲਿਖਾਰੀ ਸੀ, ਇਹ ਤਿੰਨੋਂ ਉਸ ਨੂੰ ਮਿਲਣ ਲਈ ਬਾਹਰ ਆਏ ।

4ਤਦ ਰਬਸ਼ਾਕੇਹ ਨੇ ਉਹਨਾਂ ਨੂੰ ਆਖਿਆ, ਤੁਸੀਂ ਹਿਜ਼ਕੀਯਾਹ ਨੂੰ ਆਖੋ, ਅੱਸ਼ੂਰ ਦਾ ਮਹਾਰਾਜਾ ਇਹ ਫ਼ਰਮਾਉਂਦਾ ਹੈ, ਤੂੰ ਕਿਸ ਸ਼ਰਧਾ ਉੱਤੇ ਭਰੋਸਾ ਕਰੀਂ ਬੈਠਾ ਹੈ ?5ਮੈਂ ਕਹਿੰਦਾ ਹਾਂ ਕਿ ਭਲਾ, ਮੂੰਹ ਨਾਲ ਗੱਲਾਂ ਕਰਨੀਆਂ ਹੀ ਯੁੱਧ ਦੇ ਲਈ ਤੇਰੀ ਯੋਜਨਾ ਅਤੇ ਬਲ ਹੈ । ਹੁਣ ਤੈਨੂੰ ਕਿਸ ਉੱਤੇ ਭਰੋਸਾ ਹੈ ਜੋ ਤੂੰ ਮੇਰੇ ਵਿਰੁੱਧ ਵਿਦਰੋਹ ਕੀਤਾ ਹੈ ?
6ਵੇਖ, ਤੈਨੂੰ ਇਸ ਕੁਚਲੇ ਹੋਏ ਕਾਨੇ ਅਰਥਾਤ ਮਿਸਰ ਦੇ ਸਹਾਰੇ ਦਾ ਭਰੋਸਾ ਹੈ । ਜੇ ਕੋਈ ਮਨੁੱਖ ਉਹ ਦੇ ਨਾਲ ਢਾਸਣਾ ਲਾਵੇ ਤਾਂ ਉਹ ਉਸ ਦੇ ਹੱਥ ਵਿੱਚ ਖੁੱਭ ਕੇ ਉਹ ਨੂੰ ਪਾੜ ਛੱਡੇਗਾ । ਮਿਸਰ ਦਾ ਰਾਜਾ ਫ਼ਿਰਊਨ ਉਹਨਾਂ ਸਾਰਿਆਂ ਨਾਲ ਜਿਹੜੇ ਉਹ ਦੇ ਉੱਤੇ ਭਰੋਸਾ ਰੱਖਦੇ ਹਨ ਅਜਿਹਾ ਹੀ ਕਰਦਾ ਹੈ ।7ਪਰ ਜੇ ਤੂੰ ਮੈਨੂੰ ਆਖੇਂ ਕਿ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਉੱਤੇ ਭਰੋਸਾ ਰੱਖਦੇ ਹਾਂ, ਤਾਂ ਕੀ ਉਹ ਉਹੋ ਨਹੀਂ ਜਿਸ ਦੇ ਉੱਚੇ ਥਾਵਾਂ ਅਤੇ ਜਗਵੇਦੀਆਂ ਨੂੰ ਹਿਜ਼ਕੀਯਾਹ ਨੇ ਹਟਾ ਕੇ ਯਹੂਦਾਹ ਅਤੇ ਯਰੂਸ਼ਲਮ ਨੂੰ ਆਖਿਆ, ਤੁਸੀਂ ਇਸ ਜਗਵੇਦੀ ਅੱਗੇ ਮੱਥਾ ਟੇਕਿਆ ਕਰੋ ?
8ਇਸ ਲਈ ਹੁਣ ਮੇਰੇ ਸੁਆਮੀ ਅੱਸ਼ੂਰ ਦੇ ਰਾਜੇ ਦੇ ਨਾਲ ਸਮਝੌਤਾ ਕਰ । ਮੈਂ ਤੈਨੂੰ ਦੋ ਹਜ਼ਾਰ ਘੋੜੇ ਦਿਆਂਗਾ ਜੇ ਤੂੰ ਉਹਨਾਂ ਉੱਤੇ ਆਪਣੀ ਵੱਲੋਂ ਸਵਾਰ ਬਿਠਾ ਸਕੇਂ ।
9ਫੇਰ ਤੂੰ ਕਿਵੇਂ ਮੇਰੇ ਸੁਆਮੀ ਦੇ ਤੁੱਛ ਤੋਂ ਤੁੱਛ ਨੌਕਰਾਂ ਵਿੱਚੋਂ ਇੱਕ ਕਪਤਾਨ ਨੂੰ ਵੀ ਹਰਾ ਸਕੇਂਗਾ ? ਜਦ ਕਿ ਤੂੰ ਆਪ ਰਥਾਂ ਤੇ ਸਵਾਰਾਂ ਲਈ ਮਿਸਰ ਉੱਤੇ ਭਰੋਸਾ ਕੀਤਾ ਹੋਇਆ ਹੈ ?10ਫੇਰ ਭਲਾ, ਮੈਂ ਯਹੋਵਾਹ ਦੇ ਬਿਨ੍ਹਾਂ ਹੀ ਇਸ ਦੇਸ ਉੱਤੇ ਨਾਸ ਕਰਨ ਲਈ ਚੜ੍ਹਾਈ ਕੀਤੀ ਹੈ ? ਯਹੋਵਾਹ ਨੇ ਆਪ ਮੈਨੂੰ ਆਖਿਆ, ਇਸ ਦੇਸ ਉੱਤੇ ਚੜ੍ਹਾਈ ਕਰ ਕੇ ਇਸ ਨੂੰ ਨਾਸ ਕਰ ਦੇ !

11ਤਦ ਅਲਯਾਕੀਮ, ਸ਼ਬਨਾ ਅਤੇ ਯੋਆਹ ਨੇ ਰਬਸ਼ਾਕੇਹ ਨੂੰ ਆਖਿਆ, ਆਪਣੇ ਦਾਸਾਂ ਨਾਲ ਅਰਾਮੀ ਭਾਸ਼ਾ ਵਿੱਚ ਗੱਲ ਕਰੋ ਕਿਉਂ ਜੋ ਅਸੀਂ ਉਹ ਨੂੰ ਸਮਝਦੇ ਹਾਂ, ਅਤੇ ਉਨ੍ਹਾਂ ਲੋਕਾਂ ਦੇ ਸੁਣਦਿਆਂ ਜਿਹੜੇ ਸ਼ਹਿਰਪਨਾਹ ਉੱਤੇ ਬੈਠੇ ਹਨ, ਯਹੂਦੀਆਂ ਦੀ ਭਾਸ਼ਾ ਵਿੱਚ ਸਾਡੇ ਨਾਲ ਗੱਲ ਨਾ ਕਰੋ ।12ਪਰ ਰਬਸ਼ਾਕੇਹ ਨੇ ਆਖਿਆ, ਕੀ ਮੇਰੇ ਸੁਆਮੀ ਨੇ ਮੈਨੂੰ ਤੇਰੇ ਸੁਆਮੀ ਦੇ ਕੋਲ ਜਾਂ ਤੇਰੇ ਕੋਲ ਹੀ ਇਹ ਗੱਲਾਂ ਆਖਣ ਲਈ ਭੇਜਿਆ ਹੈ ਪਰ ਇਹਨਾਂ ਮਨੁੱਖਾਂ ਕੋਲ ਨਹੀਂ ਜਿਹੜੇ ਸ਼ਹਿਰਪਨਾਹ ਉੱਤੇ ਬੈਠੇ ਹੋਏ ਹਨ - ਜਿਨ੍ਹਾਂ ਨੂੰ ਤੁਹਾਡੇ ਨਾਲ ਆਪਣਾ ਬਿਸ਼ਟਾ ਖਾਣਾ ਅਤੇ ਆਪਣਾ ਮੂਤਰ ਪੀਣਾ ਪਵੇਗਾ ?

13ਤਦ ਰਬਸ਼ਾਕੇਹ ਖੜ੍ਹਾ ਹੋ ਗਿਆ ਅਤੇ ਯਹੂਦੀਆਂ ਦੀ ਭਾਸ਼ਾ ਵਿੱਚ ਉੱਚੀ ਅਵਾਜ਼ ਨਾਲ ਬੋਲਿਆ ਅਤੇ ਆਖਿਆ, ਤੁਸੀਂ ਅੱਸ਼ੂਰ ਦੇ ਮਹਾਰਾਜ ਦੀਆਂ ਗੱਲਾਂ ਸੁਣੋ !14ਰਾਜਾ ਇਹ ਫ਼ਰਮਾਉਂਦਾ ਹੈ ਕਿ ਹਿਜ਼ਕੀਯਾਹ ਤੁਹਾਨੂੰ ਧੋਖਾ ਨਾ ਦੇਵੇ ਕਿਉਂ ਜੋ ਉਹ ਤੁਹਾਨੂੰ ਛੁਡਾ ਨਾ ਸਕੇਗਾ ।15ਨਾ ਹੀ ਹਿਜ਼ਕੀਯਾਹ ਇਹ ਆਖ ਕੇ ਯਹੋਵਾਹ ਉੱਤੇ ਤੁਹਾਡਾ ਭਰੋਸਾ ਕਰਾਵੇ ਭਈ ਯਹੋਵਾਹ ਜ਼ਰੂਰ ਸਾਨੂੰ ਛੁਡਾਵੇਗਾ, ਇਹ ਸ਼ਹਿਰ ਅੱਸ਼ੂਰ ਦੇ ਰਾਜੇ ਦੇ ਹੱਥੀਂ ਨਹੀਂ ਦਿੱਤਾ ਜਾਵੇਗਾ ।
16ਹਿਜ਼ਕੀਯਾਹ ਦੀ ਨਾ ਸੁਣੋ ਕਿਉਂ ਜੋ ਅੱਸ਼ੂਰ ਦਾ ਰਾਜਾ ਇਹ ਫ਼ਰਮਾਉਂਦਾ ਹੈ ਕਿ ਮੇਰੇ ਨਾਲ ਸੁਲਾਹ ਕਰੋ ਅਤੇ ਨਿੱਕਲ ਕੇ ਮੇਰੇ ਕੋਲ ਆਓ, ਤਾਂ ਤੁਹਾਡੇ ਵਿੱਚੋਂ ਹਰ ਕੋਈ ਆਪਣੀ ਦਾਖ ਦੀ ਵੇਲ ਤੋਂ ਅਤੇ ਆਪਣੇ ਹੀ ਹੰਜ਼ੀਰ ਦੇ ਰੁੱਖ ਤੋਂ ਫਲ ਖਾਵੇਗਾ ਅਤੇ ਹਰ ਕੋਈ ਆਪਣੇ ਹੀ ਹੌਦ ਦਾ ਪਾਣੀ ਪੀਵੇਗਾ ।17ਜਦ ਤੱਕ ਮੈਂ ਆ ਕੇ ਤੁਹਾਨੂੰ ਇੱਕ ਅਜਿਹੇ ਦੇਸ ਵਿੱਚ ਨਾ ਲੈ ਜਾਂਵਾਂ ਜਿਹੜਾ ਤੁਹਾਡੇ ਦੇਸ ਵਾਂਗੂੰ ਅਨਾਜ ਅਤੇ ਨਵੀਂ ਮਧ ਦਾ ਦੇਸ, ਰੋਟੀ ਅਤੇ ਅੰਗੂਰੀ ਬਾਗਾਂ ਦਾ ਦੇਸ ਹੈ ।
18ਖ਼ਬਰਦਾਰ, ਕਿਤੇ ਹਿਜ਼ਕੀਯਾਹ ਇਹ ਆਖ ਕੇ ਤੁਹਾਨੂੰ ਨਾ ਭਰਮਾਵੇ ਕਿ ਯਹੋਵਾਹ ਸਾਨੂੰ ਛੁਡਾਵੇਗਾ !19ਭਲਾ, ਕੌਮਾਂ ਦੇ ਦੇਵਤਿਆਂ ਵਿੱਚੋਂ ਕਿਸੇ ਨੇ ਵੀ ਆਪਣੇ ਦੇਸ ਨੂੰ ਅੱਸ਼ੂਰ ਦੇ ਰਾਜੇ ਦੇ ਹੱਥੋਂ ਕਦੀ ਛੁਡਾਇਆ ਹੈ ? ਹਮਾਥ ਅਤੇ ਅਰਪਾਦ ਦੇ ਦੇਵਤੇ ਕਿੱਥੇ ਹਨ ? ਸਫਰਵਾਇਮ ਦੇ ਦੇਵਤੇ ਕਿੱਥੇ ਹਨ ? ਕੀ ਉਹਨਾਂ ਨੇ ਸਾਮਰਿਯਾ ਨੂੰ ਮੇਰੇ ਹੱਥੋਂ ਛੁਡਾ ਲਿਆ ?20ਦੇਸ-ਦੇਸ ਦੇ ਸਾਰਿਆਂ ਦੇਵਤਿਆਂ ਵਿੱਚੋਂ ਉਹ ਕਿਹੜੇ ਹਨ, ਜਿਨ੍ਹਾਂ ਨੇ ਆਪਣਾ ਦੇਸ ਮੇਰੇ ਹੱਥੋਂ ਛੁਡਾ ਲਿਆ ਹੋਵੇ, ਫੇਰ ਕੀ ਯਹੋਵਾਹ ਮੇਰੇ ਹੱਥੋਂ ਯਰੂਸ਼ਲਮ ਨੂੰ ਛੁਡਾ ਲਵੇਗਾ ?

21ਪਰ ਲੋਕਾਂ ਨੇ ਚੁੱਪ ਵੱਟ ਲਈ ਅਤੇ ਉਹ ਨੂੰ ਇੱਕ ਗੱਲ ਦਾ ਵੀ ਉੱਤਰ ਨਾ ਦਿੱਤਾ, ਕਿਉਂ ਜੋ ਰਾਜੇ ਦਾ ਹੁਕਮ ਇਹ ਸੀ ਕਿ ਤੁਸੀਂ ਉਸ ਨੂੰ ਉੱਤਰ ਨਾ ਦੇਣਾ ।22ਤਦ ਹਿਲਕੀਯਾਹ ਦਾ ਪੁੱਤਰ ਅਲਯਾਕੀਮ ਜਿਹੜਾ ਮਹਿਲ ਦਾ ਪ੍ਰਬੰਧਕ ਸੀ, ਅਤੇ ਸ਼ਬਨਾ ਮੁਨੀਮ ਅਤੇ ਆਸਾਫ਼ ਦਾ ਪੁੱਤਰ ਯੋਆਹ ਜੋ ਲਿਖਾਰੀ ਸੀ, ਕੱਪੜੇ ਪਾੜ ਕੇ ਹਿਜ਼ਕੀਯਾਹ ਦੇ ਕੋਲ ਆਏ ਅਤੇ ਉਨ੍ਹਾਂ ਨੇ ਉਸ ਨੂੰ ਰਬਸ਼ਾਕੇਹ ਦੀਆਂ ਗੱਲਾਂ ਦੱਸੀਆਂ ।

37
ਰਾਜੇ ਦਾ ਯਸਾਯਾਹ ਕੋਲੋਂ ਸਲਾਹ ਮੰਗਣਾ
(2 ਰਾਜਿਆਂ 19:1-7)

1ਜਦ ਹਿਜ਼ਕੀਯਾਹ ਰਾਜਾ ਨੇ ਇਹ ਸੁਣਿਆ ਤਾਂ ਆਪਣੇ ਕੱਪੜੇ ਪਾੜੇ ਅਤੇ ਆਪਣੇ ਦੁਆਲੇ ਤੱਪੜ ਲਪੇਟਿਆ ਅਤੇ ਯਹੋਵਾਹ ਦੇ ਭਵਨ ਵਿੱਚ ਗਿਆ ।2ਅਤੇ ਉਸ ਨੇ ਅਲਯਾਕੀਮ ਨੂੰ ਜਿਹੜਾ ਮਹਿਲ ਦਾ ਪ੍ਰਬੰਧਕ ਸੀ, ਸ਼ਬਨਾ ਮੁਨੀਮ ਨੂੰ ਅਤੇ ਜਾਜਕਾਂ ਦੇ ਬਜ਼ੁਰਗਾਂ ਨੂੰ ਤੱਪੜ ਪੁਆ ਕੇ ਆਮੋਸ ਦੇ ਪੁੱਤਰ ਯਸਾਯਾਹ ਨਬੀ ਕੋਲ ਭੇਜਿਆ ।

3ਉਨ੍ਹਾਂ ਨੇ ਉਸ ਨੂੰ ਆਖਿਆ, ਹਿਜ਼ਕੀਯਾਹ ਇਹ ਆਖਦਾ ਹੈ ਕਿ ਇਹ ਦਿਨ ਦੁੱਖ, ਘੁਰਕੀ, ਅਤੇ ਸ਼ਰਮਿੰਦਗੀ ਦਾ ਦਿਨ ਹੈ ਕਿਉਂ ਜੋ ਬੱਚੇ ਤਾਂ ਜੰਮਣ ਵਾਲੇ ਹਨ ਪਰ ਜਣਨ ਦੀ ਸ਼ਕਤੀ ਨਹੀਂ ਰਹੀ ।4ਹੋ ਸਕਦਾ ਹੈ ਯਹੋਵਾਹ ਤੇਰਾ ਪਰਮੇਸ਼ੁਰ ਰਬਸ਼ਾਕੇਹ ਦੀਆਂ ਗੱਲਾਂ ਸੁਣੇ ਜਿਸ ਨੂੰ ਉਹ ਦੇ ਸੁਆਮੀ ਅੱਸ਼ੂਰ ਦੇ ਰਾਜੇ ਨੇ ਭੇਜਿਆ ਹੈ ਕਿ ਜੀਉਂਦੇ ਪਰਮੇਸ਼ੁਰ ਨੂੰ ਬੋਲੀਆਂ ਮਾਰੇ ਅਤੇ ਜਿਹੜੀਆਂ ਗੱਲਾਂ ਯਹੋਵਾਹ ਤੇਰੇ ਪਰਮੇਸ਼ੁਰ ਨੇ ਸੁਣੀਆਂ ਹਨ, ਸ਼ਾਇਦ ਉਹ ਉਹਨਾਂ ਨੂੰ ਝਿੜਕੇ । ਇਸ ਲਈ ਤੂੰ ਬਚਿਆਂ-ਖੁਚਿਆਂ ਲਈ ਜੋ ਰਹਿ ਗਏ ਹਨ ਪ੍ਰਾਰਥਨਾ ਕਰ ।

5ਜਦ ਹਿਜ਼ਕੀਯਾਹ ਰਾਜਾ ਦੇ ਕਰਮਚਾਰੀ ਯਸਾਯਾਹ ਕੋਲ ਆਏ6ਤਾਂ ਯਸਾਯਾਹ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਆਪਣੇ ਸੁਆਮੀ ਨੂੰ ਇਹ ਆਖਿਓ ਕਿ ਯਹੋਵਾਹ ਇਹ ਆਖਦਾ ਹੈ, ਤੂੰ ਉਨ੍ਹਾਂ ਗੱਲਾਂ ਤੋਂ ਜਿਹੜੀਆਂ ਤੂੰ ਸੁਣੀਆਂ ਹਨ ਨਾ ਡਰੀਂ, ਜਿਨ੍ਹਾਂ ਦੇ ਨਾਲ ਅੱਸ਼ੂਰ ਦੇ ਰਾਜੇ ਦੇ ਜੁਆਨਾਂ ਨੇ ਮੇਰੇ ਵਿਰੁੱਧ ਕੁਫ਼ਰ ਬਕਿਆ ਹੈ ।7ਵੇਖੋ, ਮੈਂ ਉਹ ਦੇ ਵਿੱਚ ਇੱਕ ਅਜਿਹੀ ਰੂਹ ਪਾਵਾਂਗਾ ਕਿ ਉਹ ਕੁਝ ਖ਼ਬਰ ਅਵਾਈ ਸੁਣ ਕੇ ਆਪਣੇ ਦੇਸ ਨੂੰ ਮੁੜ ਜਾਵੇਗਾ ਅਤੇ ਮੈਂ ਉਹ ਨੂੰ ਉਹ ਦੇ ਦੇਸ ਵਿੱਚ ਤਲਵਾਰ ਨਾਲ ਮਰਵਾ ਦਿਆਂਗਾ ।
ਅੱਸ਼ੂਰ ਵੱਲੋਂ ਦੁਬਾਰਾ ਧਮਕੀ
(2 ਰਾਜਿਆਂ 19:8-19)

8ਤਦ ਰਬਸ਼ਾਕੇਹ ਮੁੜ ਗਿਆ ਅਤੇ ਅੱਸ਼ੂਰ ਦੇ ਰਾਜੇ ਨੂੰ ਲਿਬਨਾਹ ਦੇ ਵਿਰੁੱਧ ਯੁੱਧ ਕਰਦਿਆਂ ਪਾਇਆ ਕਿਉਂ ਜੋ ਉਸ ਨੇ ਸੁਣਿਆ ਸੀ ਕਿ ਉਹ ਲਾਕੀਸ਼ ਤੋਂ ਚਲਾ ਗਿਆ ਹੈ ।9ਜਦ ਉਸ ਨੇ ਕੂਸ਼ ਦੇ ਰਾਜਾ ਤਿਰਹਾਕਾਹ ਦੇ ਬਾਰੇ ਇਹ ਸੁਣਿਆ ਕਿ ਉਹ ਉਸ ਦੇ ਨਾਲ ਲੜਨ ਨੂੰ ਨਿੱਕਲਿਆ ਹੈ, ਤਾਂ ਉਸ ਨੇ ਇਹ ਸੁਣ ਕੇ ਹਿਜ਼ਕੀਯਾਹ ਵੱਲ ਸੰਦੇਸ਼ਵਾਹਕ ਭੇਜੇ,10ਤੁਸੀਂ ਯਹੂਦਾਹ ਦੇ ਰਾਜਾ ਹਿਜ਼ਕੀਯਾਹ ਨੂੰ ਇਹ ਆਖਣਾ ਕਿ ਤੇਰਾ ਪਰਮੇਸ਼ੁਰ ਜਿਸ ਦੇ ਉੱਤੇ ਤੇਰਾ ਭਰੋਸਾ ਹੈ, ਇਹ ਆਖ ਕੇ ਤੈਨੂੰ ਧੋਖਾ ਨਾ ਦੇਵੇ ਕਿ ਯਰੂਸ਼ਲਮ ਅੱਸ਼ੂਰ ਦੇ ਰਾਜੇ ਦੇ ਹੱਥ ਵਿੱਚ ਨਹੀਂ ਦਿੱਤਾ ਜਾਵੇਗਾ ।
11ਵੇਖ, ਤੂੰ ਆਪ ਸੁਣਿਆ ਹੈ ਕਿ ਅੱਸ਼ੂਰ ਦੇ ਰਾਜਿਆਂ ਨੇ ਸਾਰਿਆਂ ਦੇਸਾਂ ਨੂੰ ਨਾਸ ਕਰ ਕੇ ਉਹਨਾਂ ਨਾਲ ਕੀ ਕੀਤਾ । ਕੀ ਤੂੰ ਹੀ ਛੁੱਟ ਜਾਵੇਂਗਾ ?12ਕੀ ਕੌਮਾਂ ਦੇ ਦੇਵਤਿਆਂ ਨੇ ਉਹਨਾਂ ਨੂੰ ਛੁਡਾਇਆ, ਜਿਨ੍ਹਾਂ ਨੂੰ ਮੇਰੇ ਪਿਉ-ਦਾਦਿਆਂ ਨੇ ਨਾਸ ਕੀਤਾ ਅਰਥਾਤ ਗੋਜ਼ਾਨ ਨੂੰ, ਹਾਰਾਨ ਨੂੰ ਅਤੇ ਰਸਫ ਅਤੇ ਅਦਨ ਦੇ ਪੁੱਤਰਾਂ ਨੂੰ ਜਿਹੜੇ ਤਲਾੱਸਾਰ ਵਿੱਚ ਸਨ ?13ਹਮਾਥ ਦਾ ਰਾਜਾ, ਅਰਪਾਦ ਦਾ ਰਾਜਾ ਅਤੇ ਸਫਰਵਾਇਮ ਸ਼ਹਿਰ ਦਾ ਰਾਜਾ, ਹੇਨਾ ਅਤੇ ਇੱਵਾਹ ਦੇ ਰਾਜੇ ਕਿੱਥੇ ਹਨ ?

14ਜਦ ਹਿਜ਼ਕੀਯਾਹ ਨੇ ਸੰਦੇਸ਼ਵਾਹਕਾਂ ਦੇ ਹੱਥੋਂ ਉਹ ਪੱਤਰ ਲੈ ਕੇ ਪੜ੍ਹਿਆ, ਤਾਂ ਯਹੋਵਾਹ ਦੇ ਭਵਨ ਜਾ ਕੇ ਹਿਜ਼ਕੀਯਾਹ ਨੇ ਉਹ ਨੂੰ ਯਹੋਵਾਹ ਦੇ ਅੱਗੇ ਖੋਲ੍ਹ ਕੇ ਰੱਖ ਦਿੱਤਾ15ਅਤੇ ਹਿਜ਼ਕੀਯਾਹ ਨੇ ਯਹੋਵਾਹ ਅੱਗੇ ਇਹ ਆਖ ਕੇ ਪ੍ਰਾਰਥਨਾ ਕੀਤੀ,16ਹੇ ਸੈਨਾਂ ਦੇ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ, ਕਰੂਬੀਆਂ ਦੇ ਉੱਤੇ ਵਿਰਾਜਣ ਵਾਲੇ, ਧਰਤੀ ਦੇ ਸਾਰੇ ਰਾਜਾਂ ਦਾ ਤੂੰ ਆਪ ਹੀ ਇਕੱਲਾ ਪਰਮੇਸ਼ੁਰ ਹੈਂ । ਤੂੰ ਅਕਾਸ਼ ਅਤੇ ਧਰਤੀ ਨੂੰ ਬਣਾਇਆ ।
17ਹੇ ਯਹੋਵਾਹ, ਆਪਣਾ ਕੰਨ ਲਾ ਅਤੇ ਸੁਣ ! ਹੇ ਯਹੋਵਾਹ, ਆਪਣੀਆਂ ਅੱਖੀਆਂ ਖੋਲ੍ਹ ਅਤੇ ਵੇਖ ! ਤੂੰ ਸਨਹੇਰੀਬ ਦੀਆਂ ਸਾਰੀਆਂ ਗੱਲਾਂ ਨੂੰ ਸੁਣ ਜਿਹੜੀਆਂ ਉਸ ਨੇ ਜੀਉਂਦੇ ਪਰਮੇਸ਼ੁਰ ਨੂੰ ਬੋਲੀਆਂ ਮਾਰਨ ਲਈ ਅਖਵਾ ਘੱਲੀਆਂ ਹਨ ।18ਹੇ ਯਹੋਵਾਹ, ਸੱਚ-ਮੁੱਚ ਅੱਸ਼ੂਰ ਦੇ ਰਾਜੇ ਨੇ ਸਾਰੀਆਂ ਕੌਮਾਂ ਨੂੰ ਅਤੇ ਉਹਨਾਂ ਦੇ ਦੇਸਾਂ ਨੂੰ ਨਾਸ ਕੀਤਾ ਹੈ
19ਅਤੇ ਉਹਨਾਂ ਨੇ ਉਨ੍ਹਾਂ ਦੇ ਦੇਵਤਿਆਂ ਨੂੰ ਅੱਗ ਵਿੱਚ ਪਾ ਦਿੱਤਾ ਕਿਉਂ ਜੋ ਉਹ ਦੇਵਤੇ ਨਹੀਂ ਸਨ ਪਰ ਮਨੁੱਖ ਦੀ ਦਸਤਕਾਰੀ, ਲੱਕੜੀ ਅਤੇ ਪੱਥਰ ਸਨ, ਇਸ ਲਈ ਉਹਨਾਂ ਨੇ ਉਨ੍ਹਾਂ ਨੂੰ ਨਾਸ ਕਰ ਦਿੱਤਾ ।20ਹੁਣ, ਹੇ ਯਹੋਵਾਹ, ਸਾਡੇ ਪਰਮੇਸ਼ੁਰ, ਸਾਨੂੰ ਉਹ ਦੇ ਹੱਥੋਂ ਬਚਾ ਤਾਂ ਜੋ ਧਰਤੀ ਦੇ ਸਾਰੇ ਰਾਜ ਜਾਣ ਲੈਣ ਕਿ ਤੂੰ ਹੀ ਇਕੱਲਾ ਯਹੋਵਾਹ ਹੈਂ !
ਰਾਜੇ ਦੇ ਲਈ ਯਸਾਯਾਹ ਦਾ ਸੰਦੇਸ
(2 ਰਾਜਿਆਂ 19:20-37)

21ਤਦ ਆਮੋਸ ਦੇ ਪੁੱਤਰ ਯਸਾਯਾਹ ਨੇ ਹਿਜ਼ਕੀਯਾਹ ਨੂੰ ਇਹ ਅਖਵਾ ਭੇਜਿਆ ਕਿ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਹ ਆਖਦਾ ਹੈ, ਇਸ ਲਈ ਕਿ ਤੂੰ ਅੱਸ਼ੂਰ ਦੇ ਰਾਜੇ ਸਨਹੇਰੀਬ ਦੇ ਵਿਖੇ ਮੇਰੇ ਅੱਗੇ ਪ੍ਰਾਰਥਨਾ ਕੀਤੀ ਹੈ,22ਇਸ ਲਈ ਇਹ ਉਹ ਬਚਨ ਹੈ ਜਿਹੜਾ ਯਹੋਵਾਹ ਉਹ ਦੇ ਵਿਖੇ ਬੋਲਦਾ ਹੈ, - ਸੀਯੋਨ ਦੀ ਕੁਆਰੀ ਧੀ ਤੈਨੂੰ ਤੁੱਛ ਜਾਣਦੀ ਹੈ, ਉਹ ਤੇਰਾ ਮਖੌਲ ਉਡਾਉਂਦੀ ਹੈ । ਯਰੂਸ਼ਲਮ ਦੀ ਧੀ ਤੇਰੇ ਪਿੱਛੇ ਸਿਰ ਹਿਲਾਉਂਦੀ ਹੈ ।

23ਤੂੰ ਕਿਸਨੂੰ ਬੋਲੀਆਂ ਮਾਰੀਆਂ, ਅਤੇ ਕਿਸ ਦੇ ਵਿਰੁੱਧ ਕੁਫ਼ਰ ਬਕਿਆ ਹੈ ? ਤੂੰ ਕਿਸ ਦੇ ਵਿਰੁੱਧ ਅਵਾਜ਼ ਉੱਚੀ ਕੀਤੀ, ਅਤੇ ਘਮੰਡ ਨਾਲ ਆਪਣੀਆਂ ਅੱਖਾਂ ਉਤਾਹਾਂ ਚੁੱਕੀਆਂ ? ਇਸਰਾਏਲ ਦੇ ਪਵਿੱਤਰ ਪੁਰਖ ਦੇ ਵਿਰੁੱਧ !
24ਤੂੰ ਆਪਣੇ ਕਰਮਚਾਰੀਆਂ ਦੇ ਰਾਹੀਂ ਪ੍ਰਭੂ ਨੂੰ ਬੋਲੀਆਂ ਮਾਰੀਆਂ, ਅਤੇ ਆਖਿਆ, ਮੈਂ ਆਪਣਿਆਂ ਬਹੁਤਿਆਂ ਰਥਾਂ ਨਾਲ ਪਹਾੜਾਂ ਦੀਆਂ ਟੀਸੀਆਂ ਉੱਤੇ ਚੜ੍ਹਿਆ ਹਾਂ, ਸਗੋਂ ਲਬਾਨੋਨ ਦੇ ਵਿਚਕਾਰ ਤੱਕ । ਮੈਂ ਉਹ ਦੇ ਉੱਚੇ ਤੋਂ ਉੱਚੇ ਦਿਆਰ, ਤੇ ਵਧੀਆ ਤੋਂ ਵਧੀਆ ਸਰੂ ਵੱਢ ਛੱਡੇ । ਮੈਂ ਉਹ ਦੀ ਉੱਚੀ ਤੋਂ ਉੱਚੀ ਟੀਸੀ ਵਿੱਚ, ਉਹ ਦੀ ਫਲਦਾਰ ਜੰਗਲੀ ਵਾੜੀ ਵਿੱਚ ਜਾ ਵੜਿਆ ।25ਮੈਂ ਤਾਂ ਪੁੱਟ-ਪੁੱਟ ਕੇ ਪਾਣੀ ਪੀਤਾ, ਮੈਂ ਆਪਣੇ ਪੈਰਾਂ ਦੀਆਂ ਤਲੀਆਂ ਨਾਲ ਮਿਸਰ ਦੀਆਂ ਸਾਰੀਆਂ ਨਦੀਆਂ ਨੂੰ ਸੁਕਾ ਦਿੱਤਾ ।
26ਕੀ ਤੂੰ ਨਹੀਂ ਸੁਣਿਆ ਜੋ ਬਹੁਤ ਚਿਰ ਤੋਂ ਮੈਂ ਇਹ ਠਾਣ ਰੱਖਿਆ ਸੀ, ਅਤੇ ਪੁਰਾਣਿਆਂ ਦਿਨਾਂ ਵਿੱਚ ਮੈਂ ਇਹ ਦੀ ਯੋਜਨਾ ਬਣਾਈ ਸੀ ? ਹੁਣ ਮੈਂ ਉਹ ਨੂੰ ਪੂਰਾ ਕਰਦਾ ਹਾਂ ਕਿ ਤੂੰ ਗੜ੍ਹ ਵਾਲਿਆਂ ਸ਼ਹਿਰਾਂ ਨੂੰ ਉਜਾੜ-ਪੁਜਾੜ ਕੇ ਖੰਡਰ ਕਰ ਛੱਡੇਂ ।27ਇਸ ਕਾਰਨ ਉਹਨਾਂ ਦੇ ਨਿਵਾਸੀ ਨਿਰਬਲ ਹੋਣ ਕਰਕੇ ਘਬਰਾ ਗਏ ਅਤੇ ਸ਼ਰਮਿੰਦੇ ਹੋਏ, ਉਹ ਖੇਤ ਦਾ ਸਾਗ ਪੱਤ ਅਤੇ ਹਰੀ ਅੰਗੂਰੀ, ਛੱਤ ਉੱਤੇ ਦੇ ਘਾਹ ਅਤੇ ਉਸ ਅੰਨ ਵਾਂਗੂੰ ਹੋ ਗਏ ਜੋ ਉੱਗਣ ਤੋਂ ਪਹਿਲਾਂ ਹੀ ਸੁੱਕ ਜਾਵੇ ।

28ਪਰ ਮੈਂ ਤੇਰਾ ਬੈਠਣਾ, ਤੇਰਾ ਅੰਦਰ-ਬਾਹਰ ਆਉਣਾ ਜਾਣਾ, ਅਤੇ ਤੇਰਾ ਮੇਰੇ ਉੱਤੇ ਖਿਝਣਾ ਜਾਣਦਾ ਹਾਂ ।29ਇਸ ਲਈ ਕਿ ਤੇਰਾ ਮੇਰੇ ਉੱਤੇ ਖਿਝਣਾ ਅਤੇ ਤੇਰਾ ਘਮੰਡ ਮੇਰੇ ਕੰਨੀਂ ਪਹੁੰਚਿਆ ਹੈ, ਇਸ ਲਈ ਮੈਂ ਆਪਣੀ ਨਕੇਲ ਤੇਰੇ ਨੱਕ ਵਿੱਚ, ਅਤੇ ਆਪਣੀ ਲਗਾਮ ਤੇਰੇ ਮੂੰਹ ਵਿੱਚ ਪਾਵਾਂਗਾ, ਅਤੇ ਜਿਹੜੇ ਰਾਹ ਤੂੰ ਆਇਆ, ਉਸੇ ਰਾਹ ਤੈਨੂੰ ਪਿਛਾਹਾਂ ਮੋੜ ਦਿਆਂਗਾ ।

30ਅਤੇ ਤੇਰੇ ਲਈ ਇਹ ਨਿਸ਼ਾਨ ਹੋਵੇਗਾ, ਇਸ ਸਾਲ ਤੁਸੀਂ ਉਹ ਖਾਓ ਜੋ ਆਪ ਉੱਗੇ, ਦੂਜੇ ਸਾਲ ਉਹ ਜੋ ਉਸ ਤੋਂ ਉੱਗੇ, ਅਤੇ ਤੀਜੇ ਸਾਲ ਵਿੱਚ ਬੀਜੋ, ਵੱਢੋ, ਅੰਗੂਰੀ ਬਾਗ ਲਾਓ ਅਤੇ ਉਹਨਾਂ ਦਾ ਫਲ ਖਾਓ ।
31ਤਦ ਉਹ ਲੋਕ ਜੋ ਯਹੂਦਾਹ ਦੇ ਘਰਾਣੇ ਵਿੱਚੋਂ ਬਚੇ ਹੋਏ ਹਨ, ਹੇਠਾਂ ਨੂੰ ਜੜ੍ਹ ਫੜ੍ਹ ਕੇ ਉਤਾਹਾਂ ਨੂੰ ਫਲਣਗੇ,32ਕਿਉਂ ਜੋ ਇੱਕ ਬਕੀਆ ਯਰੂਸ਼ਲਮ ਵਿੱਚੋਂ, ਅਤੇ ਬਚੇ ਹੋਏ ਸੀਯੋਨ ਪਰਬਤ ਵਿੱਚੋਂ ਨਿੱਕਲਣਗੇ, ਸੈਨਾਂ ਦੇ ਯਹੋਵਾਹ ਦੀ ਅਣਖ ਇਹ ਕਰੇਗੀ ।

33ਇਸ ਲਈ ਅੱਸ਼ੂਰ ਦੇ ਰਾਜੇ ਦੇ ਵਿਖੇ ਯਹੋਵਾਹ ਇਹ ਫ਼ਰਮਾਉਂਦਾ ਹੈ, - ਉਹ ਨਾ ਤਾਂ ਇਸ ਸ਼ਹਿਰ ਕੋਲ ਆਵੇਗਾ, ਨਾ ਐਥੇ ਬਾਣ ਚਲਾਵੇਗਾ, ਨਾ ਢਾਲ ਲੈ ਕੇ ਉਹ ਦੇ ਉੱਤੇ ਧਾਵਾ ਕਰੇਗਾ, ਨਾ ਉਹ ਦੇ ਅੱਗੇ ਦਮਦਮਾ ਬਣਾਵੇਗਾ ।34ਜਿਸ ਰਾਹ ਉਹ ਆਇਆ ਹੈ, ਉਸੇ ਰਾਹ ਉਹ ਮੁੜ ਜਾਵੇਗਾ, ਉਹ ਇਸ ਸ਼ਹਿਰ ਕੋਲ ਨਾ ਆਵੇਗਾ, ਇਹ ਯਹੋਵਾਹ ਦਾ ਵਾਕ ਹੈ !
35ਮੈਂ ਆਪਣੇ ਨਮਿੱਤ ਅਤੇ ਆਪਣੇ ਦਾਸ ਦਾਊਦ ਦੇ ਨਮਿੱਤ ਇਸ ਸ਼ਹਿਰ ਨੂੰ ਬਚਾਉਣ ਲਈ ਉਹ ਨੂੰ ਸਾਂਭ ਰੱਖਾਂਗਾ ।

36ਤਦ ਯਹੋਵਾਹ ਦੇ ਦੂਤ ਨੇ ਨਿੱਕਲ ਕੇ ਅੱਸ਼ੂਰੀਆਂ ਦੀ ਛਾਉਣੀ ਵਿੱਚ ਇੱਕ ਲੱਖ ਪਚਾਸੀ ਹਜ਼ਾਰ ਪੁਰਖ ਮਾਰ ਸੁੱਟੇ ਅਤੇ ਜਦ ਲੋਕ ਸਵੇਰ ਨੂੰ ਉੱਠੇ, ਤਾਂ ਵੇਖੋ, ਉੱਥੇ ਸਭ ਲੋਥਾਂ ਹੀ ਲੋਥਾਂ ਸਨ !37ਤਦ ਅੱਸ਼ੂਰ ਦਾ ਰਾਜਾ ਸਨਹੇਰੀਬ ਆਪਣੀ ਸੈਨਾਂ ਨਾਲ ਲੈ ਕੇ ਕੂਚ ਕਰ ਕੇ ਚੱਲਿਆ ਗਿਆ ਅਤੇ ਜਾ ਨੇ ਨੀਨਵਾਹ ਵਿੱਚ ਰਹਿਣ ਲੱਗਾ ।
38ਫੇਰ ਅਜਿਹਾ ਹੋਇਆ ਕਿ ਜਦ ਉਹ ਆਪਣੇ ਦੇਵਤੇ ਨਿਸਰੋਕ ਦੇ ਮੰਦਰ ਵਿੱਚ ਪੂਜਾ ਕਰ ਰਿਹਾ ਸੀ, ਤਾਂ ਉਹ ਦੇ ਪੁੱਤਰਾਂ ਅਦਰੰਮਲਕ ਅਤੇ ਸ਼ਰਸਰ ਨੇ ਉਹ ਨੂੰ ਤਲਵਾਰ ਨਾਲ ਵੱਢ ਦਿੱਤਾ ਅਤੇ ਉਹ ਅਰਾਰਾਤ ਦੇ ਦੇਸ ਨੂੰ ਭੱਜ ਗਏ । ਤਦ ਉਹ ਦਾ ਪੁੱਤਰ ਏਸਰ-ਹੱਦੋਨ ਉਹ ਦੇ ਥਾਂ ਰਾਜ ਕਰਨ ਲੱਗਾ ।

38
ਰਾਜਾ ਹਿਜ਼ਕੀਯਾਹ ਦੀ ਬਿਮਾਰੀ ਅਤੇ ਚੰਗਾਈ)
(2 ਰਾਜਿਆਂ 20:1-11; 2 ਇਤਿਹਾਸ 32:24-26)

1ਉਨ੍ਹਾਂ ਦਿਨਾਂ ਵਿੱਚ ਹਿਜ਼ਕੀਯਾਹ ਬਿਮਾਰ ਹੋ ਕੇ ਮਰਨ ਵਾਲਾ ਸੀ, ਤਾਂ ਆਮੋਸ ਦਾ ਪੁੱਤਰ ਯਸਾਯਾਹ ਨਬੀ ਉਹ ਦੇ ਕੋਲ ਆਇਆ ਅਤੇ ਉਹ ਨੂੰ ਆਖਿਆ, ਯਹੋਵਾਹ ਇਹ ਆਖਦਾ ਹੈ ਕਿ ਤੂੰ ਆਪਣੇ ਘਰਾਣੇ ਉੱਤੇ ਜ਼ਿੰਮੇਵਾਰੀ ਪਾ, ਕਿਉਂ ਜੋ ਤੂੰ ਮਰਨ ਵਾਲਾ ਹੈਂ ਅਤੇ ਬਚੇਂਗਾ ਨਹੀਂ ।2ਤਦ ਹਿਜ਼ਕੀਯਾਹ ਨੇ ਕੰਧ ਵੱਲ ਮੂੰਹ ਫੇਰ ਕੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ3ਅਤੇ ਆਖਿਆ, ਹੇ ਯਹੋਵਾਹ, ਯਾਦ ਕਰੀਂ ਕਿ ਮੈਂ ਕਿਵੇਂ ਤੇਰੇ ਹਜ਼ੂਰ ਵਫ਼ਾਦਾਰੀ ਅਤੇ ਦਿਲ ਦੀ ਖਰਿਆਈ ਨਾਲ ਚੱਲਦਾ ਰਿਹਾ ਹਾਂ ਅਤੇ ਜੋ ਤੇਰੀ ਨਿਗਾਹ ਵਿੱਚ ਭਲਾ ਸੀ ਉਹੋ ਮੈਂ ਕੀਤਾ ਹੈ । ਤਦ ਹਿਜ਼ਕੀਯਾਹ ਭੁੱਬਾਂ ਮਾਰ-ਮਾਰ ਕੇ ਰੋਇਆ ।

4ਫੇਰ ਯਹੋਵਾਹ ਦਾ ਬਚਨ ਯਸਾਯਾਹ ਨੂੰ ਆਇਆ,5ਜਾ, ਹਿਜ਼ਕੀਯਾਹ ਨੂੰ ਆਖ ਕਿ ਯਹੋਵਾਹ ਤੇਰੇ ਪਿਤਾ ਦਾਊਦ ਦਾ ਪਰਮੇਸ਼ੁਰ ਇਹ ਆਖਦਾ ਹੈ, ਮੈਂ ਤੇਰੀ ਪ੍ਰਾਰਥਨਾ ਸੁਣੀ ਹੈ, ਮੈਂ ਤੇਰੇ ਅੱਥਰੂ ਵੇਖੇ ਹਨ । ਵੇਖ, ਮੈਂ ਤੇਰੀ ਉਮਰ ਵਿੱਚ ਪੰਦਰਾਂ ਸਾਲ ਹੋਰ ਵਧਾ ਦਿਆਂਗਾ ।6ਮੈਂ ਤੈਨੂੰ ਅਤੇ ਇਸ ਸ਼ਹਿਰ ਨੂੰ ਅੱਸ਼ੂਰ ਦੇ ਰਾਜੇ ਦੇ ਹੱਥੋਂ ਛੁਡਾਵਾਂਗਾ ਅਤੇ ਇਸ ਸ਼ਹਿਰ ਦੀ ਰੱਖਿਆ ਰੱਖਾਂਗਾ ।

7ਯਹੋਵਾਹ ਨੇ ਜੋ ਬਚਨ ਬੋਲਿਆ ਹੈ ਉਹ ਉਸ ਨੂੰ ਪੂਰਾ ਕਰੇਗਾ, ਇਸ ਲਈ ਯਹੋਵਾਹ ਵੱਲੋਂ ਤੇਰੇ ਲਈ ਇਹ ਨਿਸ਼ਾਨ ਹੋਵਗਾ:8ਵੇਖ, ਮੈਂ ਉਸ ਪਰਛਾਵੇਂ ਨੂੰ ਜਿਹੜਾ ਆਹਾਜ਼ ਦੀ ਧੁੱਪ ਘੜੀ ਉੱਤੇ ਸੂਰਜ ਨਾਲ ਲਹਿ ਗਿਆ ਹੈ ਦਸ ਕਦਮ ਪਿਛਾਹਾਂ ਮੋੜ ਦਿਆਂਗਾ । ਤਦ ਸੂਰਜ ਦਾ ਪਰਛਾਵਾਂ ਦਸ ਕਦਮ ਧੁੱਪ ਘੜੀ ਉੱਤੇ ਮੁੜ ਗਿਆ, ਜਿੱਥੋਂ ਉਹ ਲਹਿ ਗਿਆ ਸੀ ।

9ਯਹੂਦਾਹ ਦੇ ਰਾਜਾ ਹਿਜ਼ਕੀਯਾਹ ਦੀ ਲਿਖਤ, ਜੋ ਉਸ ਨੇ ਬੀਮਾਰ ਹੋ ਕੇ ਚੰਗੇ ਹੋਣ ਤੋਂ ਬਾਅਦ ਲਿਖੀ, -

10ਮੈਂ ਆਖਿਆ ਸੀ ਕਿ ਮੈਂ ਆਪਣੀ ਅੱਧੀ ਉਮਰ ਵਿੱਚ ਹੀ ਪਤਾਲ ਦੇ ਫਾਟਕਾਂ ਵਿੱਚ ਚੱਲਿਆ ਜਾਂਵਾਂਗਾ, ਕਿਉਂਕਿ ਮੇਰੇ ਰਹਿੰਦੇ ਸਾਲ ਖੋਹ ਲਏ ਗਏ ਹਨ ।

11ਮੈਂ ਆਖਿਆ, ਮੈਂ ਯਹੋਵਾਹ ਨੂੰ ਜੀਉਂਦਿਆਂ ਦੀ ਧਰਤੀ ਵਿੱਚ ਫੇਰ ਨਹੀਂ ਵੇਖਾਂਗਾ, ਮੈਂ ਆਪਣੇ ਨਾਲ ਦਿਆਂ ਮਨੁੱਖਾਂ ਨੂੰ ਫੇਰ ਨਹੀਂ ਤੱਕਾਂਗਾ, ਨਾ ਉਨ੍ਹਾਂ ਨਾਲ ਵੱਸਾਂਗਾ ਜੋ ਇਸ ਸੰਸਾਰ ਵਿੱਚ ਵੱਸਦੇ ਹਨ ।

12ਮੇਰਾ ਡੇਰਾ ਪੁੱਟਿਆ ਗਿਆ, ਅਤੇ ਅਯਾਲੀ ਦੇ ਤੰਬੂ ਵਾਂਗੂੰ ਮੇਰੇ ਉੱਤੋਂ ਚੁੱਕਿਆ ਗਿਆ, ਮੈਂ ਜੁਲਾਹੇ ਵਾਂਗੂੰ ਆਪਣਾ ਜੀਵਨ ਲਪੇਟ ਲਿਆ, ਉਹ ਮੈਨੂੰ ਖੱਡੀ ਤੋਂ ਕੱਟ ਦੇਵੇਗਾ, ਇੱਕ ਹੀ ਦਿਨ ਵਿੱਚ ਤੂੰ ਮੇਰਾ ਅੰਤ ਕਰ ਦੇਵੇਂਗਾ ।

13ਮੈਂ ਸਵੇਰ ਤੱਕ ਤਸੱਲੀ ਨਾਲ ਉਡੀਕਦਾ ਰਿਹਾ, ਪਰ ਉਹ ਬੱਬਰ ਸ਼ੇਰ ਵਾਂਗੂੰ ਮੇਰੀਆਂ ਸਾਰੀਆਂ ਹੱਡੀਆਂ ਭੰਨ ਸੁੱਟਦਾ ਹੈ, ਇੱਕ ਹੀ ਦਿਨ ਵਿੱਚ ਤੂੰ ਮੇਰਾ ਅੰਤ ਕਰ ਦੇਵੇਂਗਾ ।

14ਮੈਂ ਅਬਾਬੀਲ ਜਾਂ ਕੂੰਜ ਵਾਂਗੂੰ ਚੀਂ-ਚੀਂ ਕਰਦਾ ਰਿਹਾ, ਮੈਂ ਘੁੱਗੀ ਵਾਂਗੂੰ ਹੂੰਗਦਾ ਰਿਹਾ, ਮੇਰੀਆਂ ਅੱਖਾਂ ਉਤਾਹਾਂ ਵੇਖਣ ਤੋਂ ਰਹਿ ਗਈਆਂ, ਹੇ ਯਹੋਵਾਹ, ਮੇਰੇ ਉੱਤੇ ਜ਼ੁਲਮ ਹੋਇਆ ਹੈ, ਤੂੰ ਮੇਰੀ ਜ਼ਮਾਨਤ ਦੇ !

15ਮੈਂ ਕੀ ਬੋਲਾਂ ? ਉਸ ਨੇ ਮੈਨੂੰ ਆਖਿਆ ਅਤੇ ਉਸ ਨੇ ਆਪ ਹੀ ਕੀਤਾ ਵੀ । ਮੈਂ ਆਪਣੀ ਜਾਨ ਦੀ ਕੁੜੱਤਣ ਦੇ ਕਾਰਨ, ਆਪਣੇ ਸਾਰੇ ਸਾਲ ਹੌਲੀ-ਹੌਲੀ ਚੱਲਾਂਗਾ ।

16ਹੇ ਪ੍ਰਭੂ, ਇਨ੍ਹਾਂ ਗੱਲਾਂ ਦੇ ਕਾਰਨ ਮਨੁੱਖ ਜੀਉਂਦੇ ਹਨ, ਅਤੇ ਇਨ੍ਹਾਂ ਸਾਰੀਆਂ ਵਿੱਚ ਹੀ ਮੇਰੇ ਆਤਮਾ ਨੂੰ ਜੀਵਨ ਮਿਲਦਾ ਹੈ, ਤੂੰ ਮੈਨੂੰ ਚੰਗਾ ਕਰ ਅਤੇ ਮੈਨੂੰ ਜੀਵਨ ਬਖ਼ਸ਼ ।

17ਵੇਖ, ਮੇਰੀ ਹੀ ਸ਼ਾਂਤੀ ਲਈ ਮੈਨੂੰ ਕੁੜੱਤਣ ਹੀ ਕੁੜੱਤਣ ਸਹਿਣੀ ਪਈ, ਪਰ ਤੂੰ ਪ੍ਰੇਮ ਨਾਲ ਮੇਰੀ ਜਾਨ ਨੂੰ ਵਿਨਾਸ ਦੇ ਟੋਏ ਤੋਂ ਛੁਡਾਇਆ ਹੈ, ਕਿਉਂ ਜੋ ਤੂੰ ਮੇਰੇ ਸਾਰੇ ਪਾਪਾਂ ਨੂੰ ਆਪਣੀ ਪਿੱਠ ਪਿੱਛੇ ਸੁੱਟ ਦਿੱਤਾ ਹੈ ।

18ਪਤਾਲ ਤਾਂ ਤੇਰਾ ਧੰਨਵਾਦ ਨਹੀਂ ਕਰ ਸਕਦਾ, ਨਾ ਮੌਤ ਤੇਰੀ ਉਸਤਤ ਕਰ ਸੱਕਦੀ, ਕਬਰ ਵਿੱਚ ਲਹਿਣ ਵਾਲੇ ਤੇਰੀ ਵਫ਼ਾਦਾਰੀ ਦੀ ਆਸ ਨਹੀਂ ਰੱਖ ਸਕਦੇ ।

19ਜੀਉਂਦਾ, ਹਾਂ, ਜੀਉਂਦਾ ਹੀ ਤੇਰਾ ਧੰਨਵਾਦ ਕਰੇਗਾ, ਜਿਵੇਂ ਮੈਂ ਅੱਜ ਕਰਦਾ ਹਾਂ ! ਪਿਤਾ ਆਪਣੇ ਪੁੱਤਰਾਂ ਨੂੰ ਤੇਰੀ ਵਫ਼ਾਦਾਰੀ ਦੱਸੇਗਾ ।

20ਯਹੋਵਾਹ ਮੈਨੂੰ ਬਚਾਵੇਗਾ, ਇਸ ਲਈ ਅਸੀਂ ਆਪਣੇ ਤਾਰ ਵਾਲੇ ਵਾਜਿਆਂ ਨਾਲ, ਆਪਣੀ ਉਮਰ ਦੇ ਸਾਰੇ ਦਿਨ ਯਹੋਵਾਹ ਦੇ ਭਵਨ ਵਿੱਚ ਗੀਤ ਗਾਉਂਦੇ ਰਹਾਂਗੇ ।

21ਯਸਾਯਾਹ ਨੇ ਆਖਿਆ ਸੀ, ਹੰਜ਼ੀਰਾਂ ਦੀ ਲੁੱਪਰੀ ਲੈ ਕੇ ਉਹ ਦੇ ਫੋੜੇ ਉੱਤੇ ਲੇਪ ਕਰ ਦਿਓ ਤਾਂ ਉਹ ਬਚ ਜਾਵੇਗਾ ।22ਹਿਜ਼ਕੀਯਾਹ ਨੇ ਪੁੱਛਿਆ ਸੀ, ਇਸ ਦਾ ਕੀ ਨਿਸ਼ਾਨ ਹੈ ਜੋ ਮੈਂ ਯਹੋਵਾਹ ਦੇ ਭਵਨ ਨੂੰ ਜਾਂਵਾਂਗਾ ?

39
ਬਾਬਲ ਤੋਂ ਆਏ ਹੋਏ ਦੂਤ
(2 ਰਾਜਿਆਂ 20:12-19)

1ਉਸ ਸਮੇਂ ਬਾਬਲ ਦੇ ਰਾਜੇ ਬਲਦਾਨ ਦੇ ਪੁੱਤਰ ਮਰੋਦਕ-ਬਲਦਾਨ ਨੇ ਹਿਜ਼ਕੀਯਾਹ ਨੂੰ ਚਿੱਠੀਆਂ ਅਤੇ ਇੱਕ ਸੁਗਾਤ ਭੇਜੀ ਕਿਉਂ ਜੋ ਉਸ ਨੇ ਸੁਣਿਆ ਸੀ ਕਿ ਹਿਜ਼ਕੀਯਾਹ ਬਿਮਾਰ ਹੋ ਗਿਆ ਸੀ ਅਤੇ ਹੁਣ ਚੰਗਾ ਹੋ ਗਿਆ ਹੈ ।2ਹਿਜ਼ਕੀਯਾਹ ਉਹਨਾਂ ਦੇ ਕਾਰਨ ਅਨੰਦ ਹੋਇਆ ਅਤੇ ਉਹਨਾਂ ਨੂੰ ਆਪਣਾ ਰਾਜ-ਖਜ਼ਾਨਾ ਵਿਖਾਇਆ ਅਰਥਾਤ ਚਾਂਦੀ, ਸੋਨਾ, ਮਸਾਲਾ, ਖ਼ਾਲਸ ਤੇਲ, ਆਪਣਾ ਸਾਰਾ ਸ਼ਸਤਰ ਖਾਨਾ ਅਤੇ ਉਹ ਸਭ ਕੁਝ ਜੋ ਉਹ ਦੇ ਭੰਡਾਰਾਂ ਵਿੱਚ ਸੀ । ਉਹ ਦੇ ਮਹਿਲ ਵਿੱਚ ਅਤੇ ਉਹ ਦੇ ਸਾਰੇ ਰਾਜ ਵਿੱਚ ਅਜਿਹੀ ਕੋਈ ਚੀਜ਼ ਨਹੀਂ ਸੀ ਜਿਸ ਨੂੰ ਹਿਜ਼ਕੀਯਾਹ ਨੇ ਉਹਨਾਂ ਨੂੰ ਨਹੀਂ ਵਿਖਾਇਆ ।

3ਤਦ ਯਸਾਯਾਹ ਨਬੀ ਹਿਜ਼ਕੀਯਾਹ ਰਾਜਾ ਦੇ ਕੋਲ ਆਇਆ ਅਤੇ ਉਸ ਨੂੰ ਪੁੱਛਿਆ, ਇਨ੍ਹਾਂ ਮਨੁੱਖਾਂ ਨੇ ਕੀ ਆਖਿਆ ਅਤੇ ਉਹ ਕਿੱਥੋਂ ਤੇਰੇ ਕੋਲ ਆਏ ਹਨ ? ਹਿਜ਼ਕੀਯਾਹ ਨੇ ਅੱਗੋਂ ਉੱਤਰ ਦਿੱਤਾ, ਉਹ ਇੱਕ ਦੂਰ ਦੇ ਦੇਸ ਤੋਂ ਮੇਰੇ ਕੋਲ ਆਏ, ਅਰਥਾਤ ਬਾਬਲ ਤੋਂ ।4ਫੇਰ ਯਸਾਯਾਹ ਨੇ ਪੁੱਛਿਆ, ਉਹਨਾਂ ਨੇ ਤੇਰੇ ਮਹਿਲ ਵਿੱਚ ਕੀ-ਕੀ ਵੇਖਿਆ ? ਤਦ ਹਿਜ਼ਕੀਯਾਹ ਨੇ ਆਖਿਆ, ਜੋ ਕੁਝ ਮੇਰੇ ਮਹਿਲ ਵਿੱਚ ਹੈ, ਉਹ ਸਭ ਉਹਨਾਂ ਨੇ ਵੇਖਿਆ, ਮੇਰਿਆਂ ਭੰਡਾਰਾਂ ਵਿੱਚ ਅਜਿਹੀ ਕੋਈ ਚੀਜ਼ ਨਹੀਂ ਜੋ ਮੈਂ ਉਹਨਾਂ ਨੂੰ ਨਹੀਂ ਵਿਖਾਈ ।

5ਤਦ ਯਸਾਯਾਹ ਨੇ ਹਿਜ਼ਕੀਯਾਹ ਨੂੰ ਆਖਿਆ, ਸੈਨਾਂ ਦੇ ਯਹੋਵਾਹ ਦਾ ਬਚਨ ਸੁਣ !6ਵੇਖ, ਉਹ ਦਿਨ ਆਉਂਦੇ ਹਨ ਜਦ ਸਭ ਕੁਝ ਜੋ ਤੇਰੇ ਮਹਿਲ ਵਿੱਚ ਹੈ ਅਤੇ ਜੋ ਕੁਝ ਤੇਰੇ ਪਿਉ-ਦਾਦਿਆਂ ਨੇ ਅੱਜ ਦੇ ਦਿਨ ਤੱਕ ਇਕੱਠਾ ਕੀਤਾ ਹੈ, ਬਾਬਲ ਨੂੰ ਲੈ ਜਾਇਆ ਜਾਵੇਗਾ, ਕੁਝ ਵੀ ਛੱਡਿਆ ਨਾ ਜਾਵੇਗਾ, ਯਹੋਵਾਹ ਆਖਦਾ ਹੈ
7ਅਤੇ ਤੇਰੇ ਪੁੱਤਰਾਂ ਵਿੱਚੋਂ, ਜੋ ਤੇਰੇ ਵੰਸ਼ ਵਿੱਚ ਪੈਦਾ ਹੋਣਗੇ, ਜਿਨ੍ਹਾਂ ਨੂੰ ਤੂੰ ਜਨਮ ਦੇਵੇਂਗਾ, ਉਨ੍ਹਾਂ ਵਿੱਚੋਂ ਕਈਆਂ ਨੂੰ ਉਹ ਲੈ ਜਾਣਗੇ ਅਤੇ ਉਹ ਬਾਬਲ ਦੇ ਰਾਜੇ ਦੇ ਮਹਿਲ ਵਿੱਚ ਖੁਸਰੇ ਬਣਨਗੇ ।8ਹਿਜ਼ਕੀਯਾਹ ਨੇ ਯਸਾਯਾਹ ਨੂੰ ਆਖਿਆ, ਯਹੋਵਾਹ ਦਾ ਬਚਨ ਜੋ ਤੂੰ ਬੋਲਿਆ ਉਹ ਚੰਗਾ ਹੈ । ਫੇਰ ਉਸ ਨੇ ਇਹ ਵੀ ਆਖਿਆ, ਮੇਰੇ ਦਿਨਾਂ ਵਿੱਚ ਤਾਂ ਸ਼ਾਂਤੀ ਅਤੇ ਅਮਨ ਰਹੇਗਾ ।

40
ਤਸੱਲੀ ਦੇ ਬਚਨ

1ਦਿਲਾਸਾ ਦਿਓ, ਮੇਰੀ ਪਰਜਾ ਨੂੰ ਦਿਲਾਸਾ ਦਿਓ, ਤੁਹਾਡਾ ਪਰਮੇਸ਼ੁਰ ਆਖਦਾ ਹੈ ।2ਯਰੂਸ਼ਲਮ ਨਾਲ ਸ਼ਾਂਤੀ ਦੀਆਂ ਗੱਲਾਂ ਕਰੋ ਅਤੇ ਉਸ ਨੂੰ ਪੁਕਾਰ ਕੇ ਆਖੋ, ਤੇਰੀ ਔਖੀ ਸੇਵਾ ਪੂਰੀ ਹੋਈ ਹੈ, ਤੇਰੀ ਬਦੀ ਦੀ ਸਜ਼ਾ ਭਰ ਦਿੱਤੀ ਗਈ ਹੈ, ਯਹੋਵਾਹ ਦੇ ਹੱਥੋਂ ਤੂੰ ਆਪਣੇ ਸਾਰੇ ਪਾਪਾਂ ਦੀ ਦੁੱਗਣੀ ਸਜ਼ਾ ਪਾ ਚੁੱਕੀਂ ਹੈਂ ।

3ਇੱਕ ਅਵਾਜ਼ ਪੁਕਾਰਦੀ ਹੈ, ਉਜਾੜ ਵਿੱਚ ਯਹੋਵਾਹ ਦਾ ਰਾਹ ਤਿਆਰ ਕਰੋ, ਬਿਆਬਾਨ ਵਿੱਚ ਸਾਡੇ ਪਰਮੇਸ਼ੁਰ ਲਈ ਇੱਕ ਸ਼ਾਹੀ ਮਾਰਗ ਨੂੰ ਸਿੱਧਾ ਕਰੋ ।4ਹਰੇਕ ਘਾਟੀ ਭਰ ਦਿੱਤੀ ਜਾਵੇਗੀ, ਅਤੇ ਹਰੇਕ ਪਹਾੜ ਅਤੇ ਟਿੱਬਾ ਨੀਵਾਂ ਕੀਤਾ ਜਾਵੇਗਾ, ਖੁਰਦਰਾ ਪੱਧਰਾ ਅਤੇ ਉੱਚੇ-ਨੀਵੇਂ ਸਿੱਧੇ ਕੀਤੇ ਜਾਣਗੇ ।5ਯਹੋਵਾਹ ਦਾ ਪਰਤਾਪ ਪਰਗਟ ਹੋਵੇਗਾ, ਅਤੇ ਸਾਰੇ ਪ੍ਰਾਣੀ ਇਕੱਠੇ ਵੇਖਣਗੇ, ਯਹੋਵਾਹ ਨੇ ਆਪਣੇ ਮੂੰਹ ਨਾਲ ਬੋਲਿਆ ਹੈ ।

6ਇੱਕ ਅਵਾਜ਼ ਆਖਦੀ ਹੈ, ਪਰਚਾਰ ਕਰ ! ਤਾਂ ਮੈਂ ਆਖਿਆ, ਮੈਂ ਕੀ ਪਰਚਾਰ ਕਰਾਂ ? ਹਰੇਕ ਪ੍ਰਾਣੀ ਘਾਹ ਹੀ ਹੈ, ਉਹ ਦਾ ਸਾਰਾ ਸੁਹੱਪਣ ਖੇਤ ਦੇ ਫੁੱਲ ਵਰਗਾ ਹੈ ।7ਜਦ ਯਹੋਵਾਹ ਦਾ ਸਾਹ ਉਸ ਉੱਤੇ ਫੂਕਿਆ ਜਾਂਦਾ ਹੈ, ਤਾਂ ਘਾਹ ਸੁੱਕ ਜਾਂਦਾ ਅਤੇ ਫੁੱਲ ਕੁਮਲਾ ਜਾਂਦਾ ਹੈ, - ਸੱਚ-ਮੁੱਚ ਲੋਕ ਘਾਹ ਹੀ ਹਨ !8ਘਾਹ ਸੁੱਕ ਜਾਂਦਾ ਅਤੇ ਫੁੱਲ ਕੁਮਲਾ ਜਾਂਦਾ ਹੈ, ਪਰ ਸਾਡੇ ਪਰਮੇਸ਼ੁਰ ਦਾ ਬਚਨ ਸਦਾ ਤੱਕ ਕਾਇਮ ਰਹੇਗਾ ।

9ਹੇ ਸੀਯੋਨ ਖੁਸ਼ਖਬਰੀ ਦੇ ਸੁਣਾਉਣ ਵਾਲੀ, ਉੱਚੇ ਪਹਾੜ ਉੱਤੇ ਚੜ੍ਹ ਜਾ ! ਹੇ ਯਰੂਸ਼ਲਮ, ਖੁਸ਼ਖਬਰੀ ਦੇ ਸੁਣਾਉਣ ਵਾਲੀ, ਆਪਣੀ ਅਵਾਜ਼ ਜ਼ੋਰ ਨਾਲ ਉੱਚੀ ਕਰ ਕੇ ਚੁੱਕ ! ਉੱਚੀ ਕਰ ਕੇ ਚੁੱਕ, ਨਾ ਡਰ, ਯਹੂਦਾਹ ਦੇ ਸ਼ਹਿਰਾਂ ਨੂੰ ਆਖ, ਆਪਣੇ ਪਰਮੇਸ਼ੁਰ ਨੂੰ ਵੇਖੋ !10ਵੇਖੋ, ਪ੍ਰਭੂ ਯਹੋਵਾਹ ਬਲ ਨਾਲ ਆ ਰਿਹਾ ਹੈ, ਉਹ ਦੀ ਭੁਜਾ ਉਹ ਦੇ ਲਈ ਰਾਜ ਕਰਦੀ ਹੈ, ਵੇਖੋ, ਉਹ ਦਾ ਫਲ ਉਹ ਦੇ ਨਾਲ ਹੈ, ਅਤੇ ਉਹ ਦਾ ਬਦਲਾ ਉਹ ਦੇ ਸਨਮੁਖ ਹੈ ।
11ਉਹ ਅਯਾਲੀ ਵਾਂਗੂੰ ਆਪਣੇ ਇੱਜੜ ਨੂੰ ਚਰਾਵੇਗਾ, ਉਹ ਆਪਣੀਆਂ ਬਾਹਾਂ ਨਾਲ ਲੇਲਿਆਂ ਨੂੰ ਸੰਭਾਲੇਗਾ, ਅਤੇ ਆਪਣੀ ਛਾਤੀ ਉੱਤੇ ਉਹਨਾਂ ਨੂੰ ਲਈ ਫਿਰੇਗਾ, ਅਤੇ ਦੁੱਧ ਚੁੰਘਾਉਣ ਵਾਲੀਆਂ ਨੂੰ ਹੌਲੀ-ਹੌਲੀ ਤੋਰੇਗਾ ।
ਇਸਰਾਏਲ ਦਾ ਸ਼ਾਨਦਾਰ ਪਰਮੇਸ਼ੁਰ

12ਕਿਸ ਨੇ ਆਪਣੀਆਂ ਚੁਲੀਆਂ ਨਾਲ ਸਮੁੰਦਰਾਂ ਨੂੰ ਮਿਣਿਆ ਹੈ, ਅਤੇ ਆਪਣੀਆਂ ਗਿੱਠਾਂ ਨਾਲ ਅਕਾਸ਼ ਨੂੰ ਮਾਪਿਆ, ਧਰਤੀ ਦੀ ਧੂੜ ਨੂੰ ਟੋਪੇ ਵਿੱਚ ਭਰਿਆ, ਪਹਾੜਾਂ ਨੂੰ ਤੱਕੜੀਆਂ ਵਿੱਚ, ਅਤੇ ਟਿੱਬਿਆਂ ਨੂੰ ਤਰਾਜੂ ਵਿੱਚ ਤੋਲਿਆ ਹੈ ?
13ਕਿਸ ਨੇ ਯਹੋਵਾਹ ਦੇ ਆਤਮਾ ਨੂੰ ਮਾਰਗ ਵਿਖਾਇਆ ਜਾਂ ਉਹ ਦਾ ਸਲਾਹਕਾਰ ਹੋ ਕੇ ਉਸ ਨੂੰ ਸਮਝਾਇਆ ?14ਉਹ ਨੇ ਕਿਸ ਦੇ ਨਾਲ ਸਲਾਹ ਕੀਤੀ, ਕਿਸ ਨੇ ਉਹ ਨੂੰ ਸਮਝ ਬਖ਼ਸ਼ੀ, ਜਾਂ ਨਿਆਂ ਦਾ ਮਾਰਗ ਉਹ ਨੂੰ ਸਿਖਾਇਆ, ਜਾਂ ਉਸ ਨੂੰ ਵਿੱਦਿਆ ਸਿਖਾਈ, ਜਾਂ ਉਸ ਨੂੰ ਗਿਆਨ ਦਾ ਰਾਹ ਸਮਝਾਇਆ ?
15ਵੇਖੋ, ਕੌਮਾਂ ਡੋਲ ਵਿੱਚੋਂ ਇੱਕ ਤੁਪਕੇ ਜਿਹੀਆਂ ਹਨ, ਅਤੇ ਤਰਾਜੂਆਂ ਦੀ ਧੂੜ ਜਿਹੀਆਂ ਠਹਿਰਦੀਆਂ ਹਨ, ਵੇਖੋ, ਉਹ ਟਾਪੂਆਂ ਨੂੰ ਧੂੜ ਦੇ ਕਣਾਂ ਵਾਂਗੂੰ ਚੁੱਕ ਲੈਂਦਾ ਹੈ ।16ਲਬਾਨੋਨ ਬਾਲਣ ਲਈ ਥੋੜ੍ਹਾ ਹੈ, ਅਤੇ ਉਹ ਦੇ ਪਸ਼ੂ ਹੋਮ ਬਲੀ ਲਈ ਕਾਫ਼ੀ ਨਹੀਂ ਹਨ ।17ਸਾਰੀਆਂ ਕੌਮਾਂ ਉਹ ਦੇ ਸਨਮੁਖ ਕੁਝ ਨਹੀਂ ਹਨ, ਉਹ ਉਸ ਦੀ ਨਜਰ ਵਿੱਚ ਵਿਅਰਥ ਅਤੇ ਫੋਕਟ ਤੋਂ ਵੀ ਘੱਟ ਗਿਣੀਆਂ ਜਾਂਦੀਆਂ ਹਨ ।

18ਤੁਸੀਂ ਪਰਮੇਸ਼ੁਰ ਨੂੰ ਕਿਸ ਦੇ ਵਰਗਾ ਦੱਸੋਗੇ, ਜਾਂ ਕਿਹੜੀ ਚੀਜ਼ ਨਾਲ ਉਹ ਦੀ ਉਪਮਾ ਦਿਓਗੇ ।19ਮੂਰਤ ? ਕਾਰੀਗਰ ਉਹ ਨੂੰ ਢਾਲਦਾ ਹੈ, ਅਤੇ ਸੁਨਿਆਰ ਉਹ ਦੇ ਉੱਤੇ ਸੋਨਾ ਮੜ੍ਹਦਾ ਹੈ, ਅਤੇ ਚਾਂਦੀ ਦੀਆਂ ਜੰਜੀਰਾਂ ਬਣਾਉਂਦਾ ਹੈ ।20ਜਿਹੜਾ ਅਜਿਹੀ ਭੇਟ ਦੇਣ ਲਈ ਗਰੀਬ ਹੈ, ਉਹ ਅਜਿਹੀ ਲੱਕੜੀ ਚੁਣ ਲੈਂਦਾ ਹੈ ਜਿਹੜੀ ਗਲਣ ਵਾਲੀ ਨਹੀਂ, ਉਹ ਆਪਣੇ ਲਈ ਕੋਈ ਨਿਪੁੰਨ ਕਾਰੀਗਰ ਭਾਲਦਾ ਹੈ, ਤਾਂ ਜੋ ਉਹ ਇੱਕ ਅਜਿਹੀ ਮੂਰਤ ਕਾਇਮ ਕਰੇ, ਜਿਹੜੀ ਹਿੱਲੇ ਨਾ ।

21ਕੀ ਤੁਸੀਂ ਨਹੀਂ ਜਾਣਦੇ, ਕੀ ਤੁਸੀਂ ਨਹੀਂ ਸੁਣਦੇ ? ਕੀ ਉਹ ਆਦ ਤੋਂ ਤੁਹਾਨੂੰ ਨਹੀਂ ਦੱਸਿਆ ਗਿਆ ? ਕੀ ਧਰਤੀ ਦੇ ਮੁੱਢੋਂ ਤੁਸੀਂ ਨਹੀਂ ਸਮਝਿਆ ?22ਉਹੋ ਹੈ ਜਿਹੜਾ ਧਰਤੀ ਦੇ ਘੇਰੇ ਉੱਪਰ ਬੈਠਦਾ ਹੈ, ਅਤੇ ਧਰਤੀ ਦੇ ਵਾਸੀ ਟਿੱਡਿਆਂ ਵਾਂਗੂੰ ਹਨ, ਜਿਹੜਾ ਅਕਾਸ਼ ਨੂੰ ਪੜਦੇ ਵਾਂਗੂੰ ਤਾਣਦਾ ਹੈ, ਅਤੇ ਵੱਸਣ ਲਈ ਉਹਨਾਂ ਨੂੰ ਤੰਬੂ ਵਾਂਗੂੰ ਫੈਲਾਉਂਦਾ ਹੈ,
23ਜਿਹੜਾ ਇਖ਼ਤਿਆਰ ਵਾਲਿਆਂ ਨੂੰ ਤੁੱਛ ਜਿਹੇ ਕਰ ਦਿੰਦਾ, ਅਤੇ ਧਰਤੀ ਦੇ ਨਿਆਈਆਂ ਨੂੰ ਫੋਕਟ ਬਣਾ ਦਿੰਦਾ ਹੈ ।

24ਉਹ ਅਜੇ ਲਾਏ ਹੀ ਹਨ, ਉਹ ਅਜੇ ਬੀਜੇ ਹੀ ਹਨ, ਉਹਨਾਂ ਦੀ ਨਾਲੀ ਨੇ ਅਜੇ ਧਰਤੀ ਵਿੱਚ ਜੜ੍ਹ ਹੀ ਫੜ੍ਹੀ ਹੈ, ਕਿ ਉਹ ਉਹਨਾਂ ਉੱਤੇ ਫੂਕ ਮਾਰਦਾ ਹੈ, ਅਤੇ ਉਹ ਕੁਮਲਾ ਜਾਂਦੇ ਅਤੇ ਤੂਫ਼ਾਨ ਉਹਨਾਂ ਨੂੰ ਕੱਖਾਂ ਵਾਂਗੂੰ ਉਡਾ ਕੇ ਲੈ ਜਾਂਦਾ ਹੈ ।

25ਤੁਸੀਂ ਮੈਨੂੰ ਕਿਸ ਦੇ ਵਰਗਾ ਦੱਸੋਗੇ, ਕਿ ਮੈਂ ਉਹ ਦੇ ਤੁੱਲ ਠਹਿਰਾਂ ? ਪਵਿੱਤਰ ਪੁਰਖ ਆਖਦਾ ਹੈ ।26ਆਪਣੀਆਂ ਅੱਖਾਂ ਉਤਾਹਾਂ ਚੁੱਕੋ, ਅਤੇ ਵੇਖੋ, ਕਿਸ ਨੇ ਇਹਨਾਂ ਨੂੰ ਸਿਰਜਿਆ, ਜਿਹੜਾ ਇਹਨਾਂ ਦੀ ਸੈਨਾ ਗਿਣ ਕੇ ਬਾਹਰ ਲੈ ਜਾਂਦਾ ਹੈ, ਉਹ ਇਹਨਾਂ ਸਾਰਿਆਂ ਨੂੰ ਨਾਮ ਲੈ-ਲੈ ਕੇ ਪੁਕਾਰਦਾ ਹੈ, ਉਹ ਦੀ ਵੱਡੀ ਸ਼ਕਤੀ ਨਾਲ, ਅਤੇ ਉਹ ਦੇ ਡਾਢੇ ਬਲ ਦੇ ਕਾਰਨ, ਇੱਕ ਦੀ ਵੀ ਕਮੀ ਨਹੀਂ ਹੁੰਦੀ ।

27ਹੇ ਯਾਕੂਬ, ਤੂੰ ਕਿਉਂ ਆਖਦਾ, ਅਤੇ ਹੇ ਇਸਰਾਏਲ, ਤੂੰ ਕਿਉਂ ਬੋਲਦਾ ਹੈਂ, ਕਿ ਮੇਰਾ ਰਾਹ ਯਹੋਵਾਹ ਤੋਂ ਲੁਕਿਆ ਹੋਇਆ ਹੈ, ਅਤੇ ਮੇਰਾ ਇਨਸਾਫ਼ ਮੇਰੇ ਪਰਮੇਸ਼ੁਰ ਵੱਲੋਂ ਛੱਡਿਆ ਗਿਆ ਹੈ ?28ਕੀ ਤੂੰ ਨਹੀਂ ਜਾਣਿਆ, ਕੀ ਤੂੰ ਨਹੀਂ ਸੁਣਿਆ, ਕਿ ਅਨਾਦੀ ਪਰਮੇਸ਼ੁਰ ਯਹੋਵਾਹ ਜੋ ਧਰਤੀ ਦਿਆਂ ਬੰਨਿਆਂ ਦਾ ਕਰਤਾ ਹੈ, ਨਾ ਹੁੱਸਦਾ ਹੈ, ਨਾ ਥੱਕਦਾ ਹੈ, ਉਹ ਦੀ ਸਮਝ ਅਥਾਹ ਹੈ ?
29ਉਹ ਥੱਕੇ ਹੋਏ ਨੂੰ ਬਲ ਦਿੰਦਾ ਹੈ, ਅਤੇ ਨਿਰਬਲ ਦੀ ਸ਼ਕਤੀ ਵਧਾਉਂਦਾ ਹੈ ।30ਮੁੰਡੇ ਹੁੱਸ ਜਾਣਗੇ ਅਤੇ ਥੱਕ ਜਾਣਗੇ, ਅਤੇ ਜੁਆਨ ਵੀ ਡਿੱਗ ਹੀ ਪੈਣਗੇ,31ਪਰ ਯਹੋਵਾਹ ਦੇ ਉਡੀਕਣ ਵਾਲੇ ਨਵੇਂ ਸਿਰਿਓਂ ਬਲ ਪਾਉਣਗੇ, ਉਹ ਉਕਾਬਾਂ ਵਾਂਗੂੰ ਖੰਭਾਂ ਉੱਤੇ ਉੱਡਣਗੇ, ਉਹ ਦੌੜਨਗੇ ਅਤੇ ਨਾ ਥੱਕਣਗੇ, ਉਹ ਚੱਲਣਗੇ ਅਤੇ ਹੁੱਸਣਗੇ ਨਹੀਂ ।

41
ਇਸਰਾਏਲ ਨੂੰ ਪਰਮੇਸ਼ੁਰ ਵੱਲੋਂ ਤਸੱਲੀ

1ਹੇ ਟਾਪੂਓ, ਮੇਰੇ ਅੱਗੇ ਚੁੱਪ ਰਹੋ, ਕੌਮਾਂ ਆਪਣਾ ਬਲ ਨਵੇਂ ਸਿਰਿਓਂ ਪਾਉਣ, ਉਹ ਨੇੜੇ ਆ ਕੇ ਗੱਲ ਕਰਨ, ਅਸੀਂ ਇਕੱਠੇ ਹੋ ਕੇ ਨਿਆਂ ਦੇ ਲਈ ਨੇੜੇ ਆਈਏ ।

2ਕਿਸ ਨੇ ਪੂਰਬ ਤੋਂ ਉਸ ਨੂੰ ਉਕਸਾਇਆ, ਜਿਸ ਦੇ ਕਦਮ ਫ਼ਤਹ ਚੁੰਮਦੀ ਹੈ ? ਉਹ ਕੌਮਾਂ ਨੂੰ ਉਸ ਦੇ ਵੱਸ ਵਿੱਚ ਕਰ ਦਿੰਦਾ ਹੈ, ਤਾਂ ਜੋ ਉਹ ਰਾਜਿਆਂ ਉੱਤੇ ਰਾਜ ਕਰੇ, ਉਹ ਉਹਨਾਂ ਨੂੰ ਆਪਣੀ ਤਲਵਾਰ ਨਾਲ ਧੂੜ ਵਾਂਗੂੰ ਅਤੇ ਆਪਣੇ ਧਣੁਖ ਨਾਲ ਉਡਾਏ ਹੋਏ ਕੱਖ ਵਾਂਗੂੰ ਕਰ ਦਿੰਦਾ ਹੈ ।
3ਉਹ ਉਹਨਾਂ ਦਾ ਪਿੱਛਾ ਕਰਦਾ ਹੈ, ਉਹ ਸ਼ਾਂਤੀ ਨਾਲ ਉਸ ਰਾਹ ਤੋਂ ਲੰਘ ਜਾਂਦਾ ਹੈ, ਜਿਸ ਦੇ ਉੱਤੇ ਉਸ ਦੇ ਪੈਰ ਨਹੀਂ ਗਏ ਸਨ ।4ਕਿਸ ਨੇ ਇਹ ਕੀਤਾ, ਅਤੇ ਪੀੜ੍ਹੀਆਂ ਨੂੰ ਆਦ ਤੋਂ ਬੁਲਾ ਕੇ ਮੁਕਾਇਆ ? ਮੈਂ, ਯਹੋਵਾਹ ਨੇ ! ਆਦ ਤੋਂ ਅੰਤ ਤੱਕ ਮੈਂ ਉਹੀ ਹਾਂ !

5ਟਾਪੂਆਂ ਨੇ ਵੇਖਿਆ ਅਤੇ ਡਰ ਗਏ, ਧਰਤੀ ਦੀਆਂ ਹੱਦਾਂ ਕੰਬਦੀਆਂ ਹਨ, ਉਹ ਨੇੜੇ ਹੋ ਕੇ ਅੱਗੇ ਆਉਂਦੇ ਹਨ ।6ਹਰੇਕ ਆਪਣੇ ਗੁਆਂਢੀ ਦੀ ਸਹਾਇਤਾ ਕਰਦਾ ਹੈ, ਅਤੇ ਆਪਣੇ ਭਰਾ ਨੂੰ ਆਖਦਾ ਹੈ, ਹੌਂਸਲਾ ਰੱਖ !7ਤਰਖਾਣ ਸੁਨਿਆਰ ਨੂੰ ਤਕੜਾ ਕਰਦਾ ਹੈ, ਅਤੇ ਉਹ ਜਿਹੜਾ ਹਥੌੜੇ ਨਾਲ ਪੱਧਰਾ ਕਰਦਾ ਹੈ, ਉਹ ਨੂੰ ਜਿਹੜਾ ਆਹਰਨ ਉੱਤੇ ਮਾਰਦਾ ਹੈ । ਉਹ ਟਾਂਕੇ ਵਿਖੇ ਕਹਿੰਦਾ ਹੈ, ਉਹ ਚੰਗਾ ਹੈ, ਉਹ ਉਸ ਨੂੰ ਮੇਖਾਂ ਨਾਲ ਪੱਕਿਆਂ ਕਰਦਾ ਹੈ ਭਈ ਉਹ ਹਿੱਲੇ ਨਾ ।

8ਪਰ ਤੂੰ, ਹੇ ਇਸਰਾਏਲ, ਮੇਰੇ ਦਾਸ, ਹੇ ਯਾਕੂਬ, ਜਿਸ ਨੂੰ ਮੈਂ ਚੁਣਿਆ ਹੈ, ਮੇਰੇ ਮਿੱਤਰ ਅਬਰਾਹਾਮ ਦੀ ਅੰਸ,9ਜਿਸ ਨੂੰ ਮੈਂ ਧਰਤੀ ਦੀਆਂ ਹੱਦਾਂ ਤੋਂ ਇਕੱਠਾ ਕੀਤਾ ਅਤੇ ਉਹ ਦਿਆਂ ਖੂੰਜਿਆਂ ਤੋਂ ਬੁਲਾ ਲਿਆ, ਅਤੇ ਤੈਨੂੰ ਆਖਿਆ, ਤੂੰ ਮੇਰਾ ਦਾਸ ਹੈਂ, ਮੈਂ ਤੈਨੂੰ ਚੁਣਿਆ ਹੈ ਅਤੇ ਤੈਨੂੰ ਤਿਆਗਿਆ ਨਹੀਂ ।
10ਨਾ ਡਰ, ਕਿਉਂ ਜੋ ਮੈਂ ਤੇਰੇ ਅੰਗ-ਸੰਗ ਹਾਂ, ਨਾ ਘਬਰਾ, ਕਿਉਂ ਜੋ ਮੈਂ ਤੇਰਾ ਪਰਮੇਸ਼ੁਰ ਹਾਂ, ਮੈਂ ਤੈਨੂੰ ਜ਼ੋਰ ਬਖ਼ਸ਼ਾਂਗਾ, ਹਾਂ, ਮੈਂ ਤੇਰੀ ਸਹਾਇਤਾ ਕਰਾਂਗਾ, ਹਾਂ, ਮੈਂ ਤੈਨੂੰ ਆਪਣੇ ਫਤਹਮੰਦ ਸੱਜੇ ਹੱਥ ਨਾਲ ਸੰਭਾਲਾਂਗਾ ।

11ਵੇਖੋ, ਉਹ ਜੋ ਤੇਰੇ ਨਾਲ ਕ੍ਰੋਧਿਤ ਹਨ, ਸ਼ਰਮਿੰਦੇ ਹੋਣਗੇ ਅਤੇ ਉਹਨਾਂ ਦੇ ਮੂੰਹ ਕਾਲੇ ਹੋ ਜਾਣਗੇ, ਅਤੇ ਉਹ ਜੋ ਤੇਰੇ ਨਾਲ ਲੜਦੇ ਹਨ ਨਾ ਹੋਇਆਂ ਜਿਹੇ ਹੋ ਕੇ ਨਾਸ ਹੋ ਜਾਣਗੇ ।
12ਜੋ ਤੇਰੇ ਨਾਲ ਝਗੜਦੇ ਹਨ, ਤੂੰ ਉਹਨਾਂ ਨੂੰ ਭਾਲੇਂਗਾ ਪਰ ਪਾਏਂਗਾ ਨਹੀਂ । ਜੋ ਤੇਰੇ ਨਾਲ ਯੁੱਧ ਕਰਦੇ ਹਨ, ਉਹ ਨਾ ਹੋਇਆਂ ਜਿਹੇ ਸਗੋਂ ਵਿਅਰਥ ਜਿਹੇ ਹੋ ਜਾਣਗੇ !13ਮੈਂ ਯਹੋਵਾਹ ਤੇਰਾ ਪਰਮੇਸ਼ੁਰ ਤਾਂ ਤੇਰਾ ਸੱਜਾ ਹੱਥ ਫੜੀ ਬੈਠਾ ਹਾਂ, ਮੈਂ ਤੈਨੂੰ ਆਖਦਾ ਹਾਂ, ਨਾ ਡਰ, ਮੈਂ ਤੇਰੀ ਸਹਾਇਤਾ ਕਰਾਂਗਾ ।

14ਨਾ ਡਰ, ਹੇ ਕੀੜੇ ਵਰਗੇ ਯਾਕੂਬ, ਹੇ ਛੋਟੇ ਇਸਰਾਏਲ, ਨਾ ਡਰ ! ਮੈਂ ਤੇਰੀ ਸਹਾਇਤਾ ਕਰਾਂਗਾ, ਯਹੋਵਾਹ ਦਾ ਵਾਕ ਹੈ, ਤੇਰਾ ਛੁਟਕਾਰਾ ਦੇਣ ਵਾਲਾ ਇਸਰਾਏਲ ਦਾ ਪਵਿੱਤਰ ਪੁਰਖ ਹੈ ।15ਵੇਖ, ਮੈਂ ਤੈਨੂੰ ਨਵੇਂ ਤਿੱਖੇ ਗਾਹ ਪਾਉਣ ਵਾਲੇ ਫਲ੍ਹੇ ਜਿਹਾ ਜਿਸ ਦੇ ਦੰਦ ਵੀ ਹਨ, ਠਹਿਰਾਵਾਂਗਾ, ਤੂੰ ਪਹਾੜਾਂ ਨੂੰ ਗਾਹੇਂਗਾ ਅਤੇ ਉਹਨਾਂ ਨੂੰ ਮਹੀਨ ਕਰੇਂਗਾ, ਅਤੇ ਤੂੰ ਟਿੱਬਿਆਂ ਨੂੰ ਕੱਖ ਵਾਂਗੂੰ ਬਣਾ ਦੇਵੇਂਗਾ ।
16ਤੂੰ ਉਹਨਾਂ ਨੂੰ ਛੱਟੇਂਗਾ ਅਤੇ ਹਵਾ ਉਹਨਾਂ ਨੂੰ ਉਡਾ ਕੇ ਲੈ ਜਾਵੇਗੀ, ਅਤੇ ਤੁਫ਼ਾਨ ਉਹਨਾਂ ਨੂੰ ਖਿਲਾਰ ਦੇਵੇਗਾ, ਪਰ ਤੂੰ ਯਹੋਵਾਹ ਵਿੱਚ ਖੁਸ਼ ਹੋਵੇਂਗਾ, ਅਤੇ ਇਸਰਾਏਲ ਦੇ ਪਵਿੱਤਰ ਪੁਰਖ ਉੱਤੇ ਮਾਣ ਕਰੇਂਗਾ ।

17ਮਸਕੀਨ ਅਤੇ ਕੰਗਾਲ ਪਾਣੀ ਭਾਲਦੇ ਹਨ ਪਰ ਹੈ ਨਹੀਂ, ਉਨ੍ਹਾਂ ਦੀਆਂ ਜੀਭਾਂ ਪਿਆਸ ਨਾਲ ਖੁਸ਼ਕ ਹਨ, ਮੈਂ ਯਹੋਵਾਹ ਉਹਨਾਂ ਨੂੰ ਉੱਤਰ ਦੇਵਾਂਗਾ, ਮੈਂ ਇਸਰਾਏਲ ਦਾ ਪਰਮੇਸ਼ੁਰ ਉਨ੍ਹਾਂ ਨੂੰ ਨਾ ਤਿਆਗਾਂਗਾ ।18ਮੈਂ ਨੰਗੀਆਂ ਚੋਟੀਆਂ ਉੱਤੇ ਨਦੀਆਂ, ਅਤੇ ਘਾਟੀਆਂ ਦੇ ਵਿਚਲੇ ਸੋਤੇ ਖੋਲ੍ਹਾਂਗਾ, ਮੈਂ ਉਜਾੜ ਨੂੰ ਪਾਣੀ ਦਾ ਤਲਾਬ, ਅਤੇ ਸੁੱਕੀ ਧਰਤੀ ਨੂੰ ਪਾਣੀ ਦੇ ਸੁੰਬ ਬਣਾਵਾਂਗਾ ।
19ਮੈਂ ਉਜਾੜ ਵਿੱਚ ਦਿਆਰ ਅਤੇ ਬਬੂਲ, ਮਹਿੰਦੀ ਅਤੇ ਜ਼ੈਤੂਨ ਦੇ ਰੁੱਖ ਲਵਾਂਗਾ । ਮੈਂ ਮੈਦਾਨ ਵਿੱਚ ਸਰੂ, ਚੀਲ੍ਹ ਅਤੇ ਚਨਾਰ ਦੇ ਰੁੱਖ ਇਕੱਠੇ ਰੱਖਾਂਗਾ ।20ਤਾਂ ਜੋ ਲੋਕ ਵੇਖਣ ਅਤੇ ਜਾਣਨ, ਅਤੇ ਧਿਆਨ ਦੇਣ ਤੇ ਸਮਝਣ ਕਿ ਯਹੋਵਾਹ ਦੇ ਹੱਥ ਨੇ ਇਹ ਕੀਤਾ ਹੈ, ਅਤੇ ਇਸਰਾਏਲ ਦੇ ਪਵਿੱਤਰ ਪੁਰਖ ਨੇ ਇਹ ਸਿਰਜਿਆ ਹੈ ।
ਪ੍ਰਭੂ ਯਹੋਵਾਹ ਦੀ ਚੁਣੌਤੀ

21ਯਹੋਵਾਹ ਆਖਦਾ ਹੈ, ਆਪਣਾ ਦਾਵਾ ਪੇਸ਼ ਕਰੋ, ਯਾਕੂਬ ਦਾ ਰਾਜਾ ਆਖਦਾ ਹੈ, ਆਪਣੇ ਪਰਮਾਣ ਲਿਆਓ ।22ਉਹ ਉਨ੍ਹਾਂ ਨੂੰ ਲਿਆਉਣ ਅਤੇ ਸਾਨੂੰ ਦੱਸਣ, ਭਈ ਕੀ ਹੋਵੇਗਾ । ਤੁਸੀਂ ਪਹਿਲੀਆਂ ਗੱਲਾਂ ਦੱਸੋ, ਕਿ ਉਹ ਕੀ ਸਨ, ਤਾਂ ਜੋ ਅਸੀਂ ਧਿਆਨ ਦੇਈਏ, ਅਤੇ ਉਹਨਾਂ ਦੇ ਅੰਤ ਨੂੰ ਜਾਣੀਏ, ਜਾਂ ਆਉਣ ਵਾਲੀਆਂ ਗੱਲਾਂ ਸੁਣਾਓ ।
23ਤੁਸੀਂ ਸਾਨੂੰ ਹੋਣ ਵਾਲੀਆਂ ਘਟਨਾਵਾਂ ਬਾਰੇ ਦੱਸੋ, ਤਾਂ ਅਸੀਂ ਜਾਣਾਂਗੇ ਕਿ ਤੁਸੀਂ ਦੇਵਤੇ ਹੋ, ਹਾਂ, ਭਲਿਆਈ ਜਾਂ ਬੁਰਿਆਈ ਕੁਝ ਤਾਂ ਕਰੋ, ਤਾਂ ਜੋ ਅਸੀਂ ਹੈਰਾਨ ਹੋਈਏ ਅਤੇ ਰਲ ਕੇ ਉਹ ਨੂੰ ਵੇਖੀਏ !24ਵੇਖੋ, ਤੁਸੀਂ ਕੁਝ ਵੀ ਨਹੀਂ, ਅਤੇ ਤੁਹਾਡੇ ਕੰਮ ਫੋਕਟ ਜਿਹੇ ਹਨ ! ਜੋ ਤੈਨੂੰ ਚੁਣਦਾ ਹੈ ਉਹ ਘਿਣਾਉਣਾ ਹੈ ।

25ਮੈਂ ਇੱਕ ਮਨੁੱਖ ਨੂੰ ਉੱਤਰ ਵੱਲੋਂ ਉਕਸਾਇਆ ਅਤੇ ਉਹ ਆ ਗਿਆ ਹੈ, ਸੂਰਜ ਦੇ ਚੜ੍ਹਨ ਵੱਲੋਂ ਅਤੇ ਉਹ ਮੇਰਾ ਨਾਮ ਲਵੇਗਾ, ਉਹ ਹਾਕਮਾਂ ਉੱਤੇ ਇਸ ਤਰ੍ਹਾਂ ਆ ਪਵੇਗਾ ਜਿਵੇਂ ਗਾਰੇ ਉੱਤੇ, ਅਤੇ ਜਿਵੇਂ ਘੁਮਿਆਰ ਮਿੱਟੀ ਨੂੰ ਲਤਾੜਦਾ ਹੈ ।26ਕਿਸ ਨੇ ਆਦ ਤੋਂ ਦੱਸਿਆ ਤਾਂ ਜੋ ਅਸੀਂ ਜਾਣੀਏ, ਅਤੇ ਪਹਿਲਾਂ ਤੋਂ ਤਾਂ ਜੋ ਅਸੀਂ ਆਖੀਏ, ਉਹ ਸੱਚਾ ਸੀ ? ਕੋਈ ਦੱਸਣ ਵਾਲਾ ਨਹੀਂ, ਕੋਈ ਸੁਣਾਉਣ ਵਾਲਾ ਨਹੀਂ, ਤੁਹਾਡੀਆਂ ਗੱਲਾਂ ਦਾ ਸੁਣਨ ਵਾਲਾ ਕੋਈ ਨਹੀਂ ।
27ਮੈਂ ਹੀ ਪਹਿਲਾ ਸੀ, ਜਿਸ ਨੇ ਸੀਯੋਨ ਨੂੰ ਆਖਿਆ, - ਵੇਖ, ਉਹਨਾਂ ਨੂੰ ਵੇਖ ! ਅਤੇ ਯਰੂਸ਼ਲਮ ਲਈ ਮੈਂ ਇੱਕ ਖੁਸ਼ਖਬਰੀ ਦੇਣ ਵਾਲਾ ਬਖ਼ਸ਼ਿਆ ।28ਜਦ ਮੈਂ ਵੇਖਦਾ ਹਾਂ ਤਾਂ ਕੋਈ ਨਹੀਂ ਹੈ, ਅਤੇ ਇਹਨਾਂ ਦੇ ਵਿੱਚ ਕੋਈ ਸਲਾਹਕਾਰ ਨਹੀਂ, ਕਿ ਜਦ ਮੈਂ ਉਹਨਾਂ ਤੋਂ ਪੁੱਛਾਂ ਤਾਂ ਉਹ ਅੱਗੋਂ ਮੈਨੂੰ ਜਵਾਬ ਦੇਣ ।29ਵੇਖੋ, ਉਹ ਸਭ ਦੇ ਸਭ ਵਿਅਰਥ ਹਨ, ਉਹਨਾਂ ਦੇ ਕੰਮ ਕੁਝ ਵੀ ਨਹੀਂ ਹਨ, ਉਹਨਾਂ ਦੀਆਂ ਢਾਲੀਆਂ ਹੋਈਆਂ ਮੂਰਤਾਂ ਹਵਾ ਅਤੇ ਫੋਕਟ ਹੀ ਹਨ ।

42
ਪ੍ਰਭੂ ਦਾ ਦਾਸ

1ਵੇਖੋ, ਮੇਰਾ ਦਾਸ ਜਿਸ ਨੂੰ ਮੈਂ ਸੰਭਾਲਦਾ ਹਾਂ, ਮੇਰਾ ਚੁਣਵਾਂ ਜਿਸ ਤੋਂ ਮੇਰਾ ਜੀ ਪਰਸੰਨ ਹੈ । ਮੈਂ ਆਪਣਾ ਆਤਮਾ ਉਹ ਦੇ ਉੱਤੇ ਪਾਇਆ ਹੈ, ਉਹ ਕੌਮਾਂ ਲਈ ਇਨਸਾਫ਼ ਪਰਗਟ ਕਰੇਗਾ ।2ਉਹ ਨਾ ਚਿੱਲਾਵੇਗਾ, ਨਾ ਆਪਣੀ ਅਵਾਜ਼ ਚੁੱਕੇਗਾ, ਨਾ ਉਹ ਨੂੰ ਗਲੀ ਵਿੱਚ ਸੁਣਾਵੇਗਾ ।

3ਉਹ ਕੁਚਲੇ ਹੋਏ ਕਾਨੇ ਨੂੰ ਨਾ ਭੰਨੇਗਾ, ਨਾ ਨਿੰਮ੍ਹੀ ਬੱਤੀ ਨੂੰ ਬੁਝਾਵੇਗਾ, ਉਹ ਵਫ਼ਾਦਾਰੀ ਨਾਲ ਇਨਸਾਫ਼ ਕਰੇਗਾ ।4ਉਹ ਨਾ ਲੜਖੜਾਵੇਗਾ, ਨਾ ਹੌਂਸਲਾ ਛੱਡੇਗਾ, ਜਦ ਤੱਕ ਉਹ ਧਰਤੀ ਉੱਤੇ ਇਨਸਾਫ਼ ਨੂੰ ਕਾਇਮ ਨਾ ਕਰੇ, ਅਤੇ ਟਾਪੂ ਉਹ ਦੀ ਬਿਵਸਥਾ ਨੂੰ ਉਡੀਕਣਗੇ ।

5ਪਰਮੇਸ਼ੁਰ ਯਹੋਵਾਹ ਇਹ ਆਖਦਾ ਹੈ, ਉਹ ਜੋ ਅਕਾਸ਼ ਦਾ ਕਰਤਾ ਅਤੇ ਉਹ ਦੇ ਤਾਣਨ ਵਾਲਾ ਹੈ, ਧਰਤੀ ਅਤੇ ਉਸ ਦੀ ਉਪਜ ਦਾ ਫੈਲਾਉਣ ਵਾਲਾ ਹੈ, ਜੋ ਉਸ ਦੇ ਉੱਪਰ ਦੇ ਲੋਕਾਂ ਨੂੰ ਸਾਹ ਦਾ, ਅਤੇ ਉਸ ਦੇ ਉੱਪਰ ਦੇ ਚੱਲਣ ਵਾਲਿਆਂ ਨੂੰ ਆਤਮਾ ਦਾ ਦੇਣ ਵਾਲਾ ਹੈ ।6ਮੈਂ ਯਹੋਵਾਹ ਨੇ ਤੈਨੂੰ ਧਰਮ ਵਿੱਚ ਸੱਦਿਆ ਹੈ, ਅਤੇ ਮੈਂ ਤੇਰੇ ਹੱਥ ਨੂੰ ਤਕੜਾ ਕਰਾਂਗਾ, ਮੈਂ ਤੇਰੀ ਰੱਖਿਆ ਕਰਾਂਗਾ, ਅਤੇ ਤੈਨੂੰ ਪਰਜਾ ਲਈ ਨੇਮ ਅਤੇ ਕੌਮਾਂ ਲਈ ਜੋਤ ਠਹਿਰਾਵਾਂਗਾ,
7ਤਾਂ ਜੋ ਤੂੰ ਅੰਨ੍ਹੀਆਂ ਅੱਖਾਂ ਨੂੰ ਖੋਲ੍ਹੇਂ, ਭੋਹਰੇ ਵਿੱਚੋਂ ਬੰਦੀਆਂ ਨੂੰ ਅਤੇ ਹਨੇਰੇ ਵਿੱਚ ਬੈਠਿਆਂ ਹੋਇਆਂ ਨੂੰਕੈਦਖਾਨੇ ਵਿੱਚੋਂ ਕੱਢੇਂ ।
8ਮੈਂ ਯਹੋਵਾਹ ਹਾਂ, ਇਹੋ ਹੀ ਮੇਰਾ ਨਾਮ ਹੈ, ਅਤੇ ਮੈਂ ਆਪਣਾ ਪਰਤਾਪ ਦੂਜੇ ਨੂੰ ਨਹੀਂ ਦਿਆਂਗਾ, ਨਾ ਆਪਣੀ ਉਸਤਤ ਮੂਰਤਾਂ ਨੂੰ ।9ਵੇਖੋ, ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ, ਅਤੇ ਨਵੀਆਂ ਗੱਲਾਂ ਮੈਂ ਦੱਸਦਾ ਹਾਂ, ਉਹਨਾਂ ਦੇ ਪਰਗਟ ਹੋਣ ਤੋਂ ਪਹਿਲਾਂ ਮੈਂ ਤੁਹਾਨੂੰ ਸੁਣਾਉਂਦਾ ਹਾਂ ।
ਉਸਤਤ ਦਾ ਇੱਕ ਗੀਤ

10ਯਹੋਵਾਹ ਲਈ ਇੱਕ ਨਵਾਂ ਗੀਤ ਗਾਓ, ਉਹ ਦੀ ਉਸਤਤ ਧਰਤੀ ਦੀਆਂ ਹੱਦਾਂ ਤੋਂ, ਤੁਸੀਂ ਵੀ ਜਿਹੜੇ ਸਮੁੰਦਰ ਉੱਤੇ ਚੱਲਦੇ ਹੋ, ਨਾਲੇ ਉਹ ਦੀ ਭਰਪੂਰੀ, ਟਾਪੂ ਅਤੇ ਉਨ੍ਹਾਂ ਦੇ ਵਾਸੀ ਵੀ ।11ਉਜਾੜ ਤੇ ਉਹ ਦੇ ਸ਼ਹਿਰ ਅਵਾਜ਼ ਚੁੱਕਣ, ਉਹ ਪਿੰਡ ਜਿੱਥੇ ਕੇਦਾਰ ਵੱਸਦਾ ਹੈ, ਸਲਾ ਦੇ ਵਾਸੀ ਜੈਕਾਰਾ ਗਜਾਉਣ, ਪਹਾੜਾਂ ਦੀਆਂ ਟੀਸੀਆਂ ਤੋਂ ਉਹ ਲਲਕਾਰਨ ।
12ਉਹ ਯਹੋਵਾਹ ਦੀ ਮਹਿਮਾ ਕਰਨ, ਅਤੇ ਟਾਪੂਆਂ ਵਿੱਚ ਉਹ ਦੀ ਉਸਤਤ ਦਾ ਪਰਚਾਰ ਕਰਨ ।13ਯਹੋਵਾਹ ਸੂਰਮੇ ਵਾਂਗੂੰ ਨਿੱਕਲੇਗਾ, ਉਹ ਜੋਧੇ ਵਾਂਗੂੰ ਆਪਣੀ ਅਣਖ ਨੂੰ ਉਭਾਰੇਗਾ, ਉਹ ਨਾਰਾ ਮਾਰੇਗਾ, ਉਹ ਕੂਕ ਮਾਰੇਗਾ, ਉਹ ਆਪਣੇ ਵੈਰੀਆਂ ਉੱਤੇ ਫ਼ਤਹ ਪਰਾਪਤ ਕਰੇਗਾ ।
ਪਰਮੇਸ਼ੁਰ ਵੱਲੋਂ ਆਪਣੇ ਲੋਕਾਂ ਦੀ ਸਹਾਇਤਾ ਕਰਨ ਦਾ ਬਚਨ

14ਮੈਂ ਚਿਰ ਤੋਂ ਚੁੱਪ ਸਾਧ ਲਈ, ਮੈਂ ਚੁੱਪ ਕਰ ਕੇ ਆਪਣੇ ਜੀ ਨੂੰ ਰੋਕਿਆ ਹੈ, ਹੁਣ ਮੈਂ ਜਣਨ ਵਾਲੀ ਔਰਤ ਵਾਂਗੂੰ ਚੀਕਾਂ ਮਰਾਂਗਾ, ਮੈਂ ਹਉਂਕੇ ਭਰਾਂਗਾ ਅਤੇ ਔਖੇ-ਔਖੇ ਸਾਹ ਲਵਾਂਗਾ ।15ਮੈਂ ਪਹਾੜਾਂ ਅਤੇ ਟਿੱਬਿਆਂ ਨੂੰ ਵਿਰਾਨ ਕਰ ਦਿਆਂਗਾ, ਅਤੇ ਉਨ੍ਹਾਂ ਦੇ ਸਾਰੇ ਸਾਗ ਪੱਤ ਨੂੰ ਸੁਕਾ ਦਿਆਂਗਾ, ਮੈਂ ਨਦੀਆਂ ਨੂੰ ਟਾਪੂ ਬਣਾ ਦਿਆਂਗਾ, ਅਤੇ ਤਲਾਬ ਸੁਕਾ ਦਿਆਂਗਾ ।
16ਮੈਂ ਅੰਨ੍ਹਿਆਂ ਨੂੰ ਇੱਕ ਰਾਹ ਉੱਤੇ ਤੋਰਾਂਗਾ, ਜਿਸ ਨੂੰ ਉਹ ਨਹੀਂ ਜਾਣਦੇ, ਅਤੇ ਉਨ੍ਹਾਂ ਮਾਰਗਾਂ ਵਿੱਚ ਉਹਨਾਂ ਦੀ ਅਗਵਾਈ ਕਰਾਂਗਾ ਜਿਨ੍ਹਾਂ ਨੂੰ ਉਹ ਜਾਣਦੇ ਹੀ ਨਹੀਂ । ਮੈਂ ਉਹਨਾਂ ਦੇ ਅੱਗੇ ਹਨੇਰੇ ਨੂੰ ਚਾਨਣ, ਅਤੇ ਵਿੰਗਿਆਂ ਥਾਵਾਂ ਨੂੰ ਸਿੱਧਿਆਂ ਬਣਾ ਦਿਆਂਗਾ । ਮੈਂ ਇਹ ਕੰਮ ਕਰਾਂਗਾ ਅਤੇ ਉਹਨਾਂ ਨੂੰ ਨਾ ਤਿਆਗਾਂਗਾ ।
17ਉਹ ਮੁੜ ਜਾਣਗੇ, ਉਹ ਡਾਢੇ ਲੱਜਿਆਵਾਨ ਹੋਣਗੇ, ਜਿਹੜੇ ਬੁੱਤਾਂ ਉੱਤੇ ਭਰੋਸਾ ਰੱਖਦੇ ਹਨ, ਜਿਹੜੇ ਮੂਰਤਾਂ ਨੂੰ ਆਖਦੇ ਹਨ, "ਤੁਸੀਂ ਸਾਡੇ ਦੇਵਤੇ ਹੋ !"
ਇਸਰਾਏਲ ਸਿੱਖਣ ਵਿੱਚ ਅਸਫ਼ਲ

18ਹੇ ਬੋਲਿਓ, ਸੁਣੋ ! ਹੇ ਅੰਨ੍ਹਿਓ, ਵੇਖਣ ਲਈ ਗੌਰ ਕਰੋ !19ਮੇਰੇ ਦਾਸ ਤੋਂ ਬਿਨ੍ਹਾਂ ਕੌਣ ਅੰਨ੍ਹਾ ਹੈ ? ਜਾਂ ਮੇਰੇ ਭੇਜੇ ਹੋਏ ਦੂਤ ਨਾਲੋਂ ਜ਼ਿਆਦਾ ਬੋਲਾ ਕੌਣ ਹੈ ? ਮੇਰੇ ਮੇਲੀ ਵਰਗਾ ਅੰਨ੍ਹਾ ਕੌਣ ਹੈ ? ਜਾਂ ਯਹੋਵਾਹ ਦੇ ਦਾਸ ਵਰਗਾ ਅੰਨ੍ਹਾ ਕੌਣ ਹੈ ?
20ਤੂੰ ਬਹੁਤ ਕੁਝ ਵੇਖਦਾ ਹੈਂ, ਪਰ ਧਿਆਨ ਨਹੀਂ ਦਿੰਦਾ, ਤੇਰੇ ਕੰਨ ਤਾਂ ਖੁਲ੍ਹੇ ਹਨ ਪਰ ਤੂੰ ਸੁਣਦਾ ਨਹੀਂ ।

21ਯਹੋਵਾਹ ਨੂੰ ਆਪਣੇ ਧਰਮ ਦੇ ਕਾਰਨ ਪਸੰਦ ਆਇਆ, ਕਿ ਆਪਣੀ ਬਿਵਸਥਾ ਨੂੰ ਵਡਿਆਵੇ, ਅਤੇ ਉਹ ਨੂੰ ਆਦਰ ਦੇਵੇ ।
22ਪਰ ਉਹ ਲੁੱਟੇ ਹੋਏ ਤੇ ਮੁੱਠੇ ਹੋਏ ਲੋਕ ਹਨ, ਉਹ ਸਭ ਦੇ ਸਭ ਟੋਇਆਂ ਵਿੱਚ ਫੱਸੇ ਪਏ ਹਨ, ਅਤੇ ਕੈਦ ਖਾਨਿਆਂ ਵਿੱਚ ਲੁੱਕੇ ਹੋਏ ਹਨ । ਉਹ ਸ਼ਿਕਾਰ ਹੋ ਗਏ ਪਰ ਛੁਡਾਉਣ ਵਾਲਾ ਕੋਈ ਨਹੀਂ, ਉਹ ਲੁੱਟ ਬਣ ਗਏ ਪਰ ਕੋਈ ਨਹੀਂ ਆਖਦਾ, ਮੋੜ ਦਿਓ !
23ਤੁਹਾਡੇ ਵਿੱਚੋਂ ਕੌਣ ਇਸ ਉੱਤੇ ਕੰਨ ਲਾਵੇਗਾ, ਅਤੇ ਧਿਆਨ ਦੇਵੇਗਾ ਅਤੇ ਆਉਣ ਵਾਲੇ ਸਮੇਂ ਲਈ ਸੁਣੇਗਾ ?24ਕਿਸ ਨੇ ਯਾਕੂਬ ਨੂੰ ਲੁਟਵਾਇਆ, ਅਤੇ ਇਸਰਾਏਲ ਨੂੰ ਲੁਟੇਰਿਆਂ ਦੇ ਹੱਥ ਦੇ ਦਿੱਤਾ ? ਭਲਾ, ਯਹੋਵਾਹ ਨੇ ਨਹੀਂ, ਉਹ ਜਿਸ ਦੇ ਵਿਰੁੱਧ ਅਸੀਂ ਪਾਪ ਕੀਤਾ ? ਜਿਸ ਦੇ ਰਾਹਾਂ ਵਿੱਚ ਉਹ ਨਹੀਂ ਚੱਲਦੇ, ਅਤੇ ਜਿਸ ਦੀ ਬਿਵਸਥਾ ਨੂੰ ਉਹ ਨਹੀਂ ਸੁਣਦੇ ?
25ਇਸ ਲਈ ਉਹ ਨੇ ਉਸ ਉੱਤੇ ਆਪਣੇ ਕ੍ਰੋਧ ਦੀ ਤੇਜ਼ੀ, ਅਤੇ ਲੜਾਈ ਦੀ ਸ਼ਕਤੀ ਪਾ ਦਿੱਤੀ, ਉਹ ਨੇ ਉਸ ਨੂੰ ਆਲਿਓਂ-ਦੁਆਲਿਓਂ ਅੱਗ ਲਾਈ, ਪਰ ਉਸ ਨੇ ਨਾ ਸਮਝਿਆ, ਅਤੇ ਉਸ ਨੂੰ ਸਾੜ ਦਿੱਤਾ, ਪਰ ਉਸ ਨੇ ਦਿਲ ਉੱਤੇ ਨਾ ਲਾਇਆ ।

43
ਪਰਮੇਸ਼ੁਰ ਹੀ ਇੱਕਮਾਤਰ ਛੁਡਾਉਣ ਵਾਲਾ

1ਹੇ ਯਾਕੂਬ, ਤੇਰਾ ਕਰਤਾਰ, ਅਤੇ ਹੇ ਇਸਰਾਏਲ, ਤੇਰਾ ਸਿਰਜਣਹਾਰ ਯਹੋਵਾਹ ਹੁਣ ਇਹ ਆਖਦਾ ਹੈ, ਨਾ ਡਰ, ਕਿਉਂ ਜੋ ਮੈਂ ਤੈਨੂੰ ਛੁਡਾ ਲਿਆ ਹੈ, ਮੈਂ ਤੇਰਾ ਨਾਮ ਲੈ ਕੇ ਤੈਨੂੰ ਬੁਲਾਇਆ ਹੈ, ਤੂੰ ਮੇਰਾ ਹੀ ਹੈਂ ।

2ਜਦ ਤੂੰ ਪਾਣੀਆਂ ਦੇ ਵਿੱਚੋਂ ਦੀ ਲੰਘੇਂਗਾ, ਮੈਂ ਤੇਰੇ ਅੰਗ-ਸੰਗ ਹੋਵਾਂਗਾ, ਅਤੇ ਜਦ ਨਦੀਆਂ ਦੇ ਵਿੱਚੋਂ ਦੀ, ਉਹ ਤੈਨੂੰ ਨਾ ਡੋਬਣਗੀਆਂ, ਜਦ ਤੂੰ ਅੱਗ ਦੇ ਵਿੱਚੋਂ ਦੀ ਚੱਲੇਂਗਾ, ਉਹ ਤੈਨੂੰ ਨਾ ਸਾੜੇਗੀ, ਨਾ ਲਾਟ ਤੇਰੇ ਉੱਤੇ ਬਲੇਗੀ ।3ਮੈਂ ਤਾਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਇਸਰਾਏਲ ਦਾ ਪਵਿੱਤਰ ਪੁਰਖ, ਤੇਰਾ ਬਚਾਉਣ ਵਾਲਾ ਹਾਂ, ਮੈਂ ਮਿਸਰ ਨੂੰ ਤੇਰੀ ਰਿਹਾਈ ਲਈ ਅਤੇ ਕੂਸ਼ ਅਤੇ ਸਬਾ ਨੂੰ ਤੇਰੇ ਵਟਾਂਦਰੇ ਵਿੱਚ ਦਿੰਦਾ ਹਾਂ ।
4ਇਸ ਕਾਰਨ ਕਿ ਤੂੰ ਮੇਰੀ ਨਿਗਾਹ ਵਿੱਚ ਬਹੁਮੁੱਲਾ ਅਤੇ ਆਦਰਮਾਨ ਹੈ, ਅਤੇ ਮੈਂ ਤੈਨੂੰ ਪਿਆਰ ਕੀਤਾ, ਮੈਂ ਤੇਰੇ ਬਦਲੇ ਮਨੁੱਖ ਅਤੇ ਤੇਰੀ ਜਾਨ ਦੇ ਵਟਾਂਦਰੇ ਵਿੱਚ ਕੌਮਾਂ ਦਿਆਂਗਾ ।5ਤੂੰ ਨਾ ਡਰ, ਕਿਉਂ ਜੋ ਮੈਂ ਤੇਰੇ ਅੰਗ-ਸੰਗ ਹਾਂ, ਮੈਂ ਤੇਰੀ ਅੰਸ ਨੂੰ ਪੂਰਬ ਤੋਂ ਲੈ ਆਵਾਂਗਾ, ਅਤੇ ਤੈਨੂੰ ਪੱਛਮ ਤੋਂ ਇਕੱਠਾ ਕਰਾਂਗਾ ।
6ਮੈਂ ਉੱਤਰ ਨੂੰ ਆਖਾਂਗਾ, ਦੇ ਦੇ ! ਅਤੇ ਦੱਖਣ ਨੂੰ, ਰੋਕ ਕੇ ਨਾ ਰੱਖ ! ਤੂੰ ਮੇਰੇ ਪੁੱਤਰਾਂ ਨੂੰ ਦੂਰ ਤੋਂ ਲਿਆ, ਅਤੇ ਮੇਰੀਆਂ ਧੀਆਂ ਨੂੰ ਧਰਤੀ ਦੀ ਹੱਦ ਤੋਂ,7ਹਰੇਕ ਜੋ ਮੇਰੇ ਨਾਮ ਤੋਂ ਸਦਾਉਂਦਾ ਹੈ, ਜਿਸ ਨੂੰ ਮੈਂ ਆਪਣੇ ਪਰਤਾਪ ਲਈ ਉਤਪੰਨ ਕੀਤਾ, ਜਿਸ ਨੂੰ ਮੈਂ ਸਿਰਜਿਆ, ਹਾਂ, ਜਿਸ ਨੂੰ ਮੈਂ ਬਣਾਇਆ ਹੈ ।
ਇਸਰਾਏਲ ਪਰਮੇਸ਼ੁਰ ਦਾ ਗਵਾਹ

8ਅੱਖਾਂ ਰਹਿੰਦਿਆਂ ਅੰਨ੍ਹਿਆਂ ਨੂੰ ਅਤੇ ਕੰਨ ਰਹਿੰਦਿਆਂ ਬੋਲਿਆਂ ਨੂੰ ਬਾਹਰ ਲਿਆ ।9ਸਾਰੀਆਂ ਕੌਮਾਂ ਇਕੱਠੀਆਂ ਹੋਣ, ਅਤੇ ਉੱਮਤਾਂ ਜਮਾ ਹੋਣ, ਉਹਨਾਂ ਵਿੱਚ ਕੌਣ ਹੈ ਜੋ ਇਹ ਦੱਸੇ, ਅਤੇ ਪਹਿਲੀਆਂ ਗੱਲਾਂ ਸਾਨੂੰ ਸੁਣਾਵੇ ? ਉਹ ਆਪਣੇ ਗਵਾਹ ਲਿਆਉਣ, ਤਾਂ ਜੋ ਉਹ ਧਰਮੀ ਠਹਿਰਨ, ਜਾਂ ਦੂਸਰੇ ਉਨ੍ਹਾਂ ਨੂੰ ਸੁਣ ਕੇ ਆਖਣ, ਇਹ ਸੱਚ ਹੈ ।
10ਯਹੋਵਾਹ ਦਾ ਵਾਕ ਹੈ, ਤੁਸੀਂ ਮੇਰੇ ਗਵਾਹ ਹੋ, ਨਾਲੇ ਮੇਰਾ ਦਾਸ ਜਿਸ ਨੂੰ ਮੈਂ ਚੁਣਿਆ, ਤਾਂ ਜੋ ਤੁਸੀਂ ਜਾਣੋ ਅਤੇ ਮੇਰੀ ਪਰਤੀਤ ਕਰੋ, ਅਤੇ ਸਮਝੋ ਕਿ ਮੈਂ ਉਹੀ ਹਾਂ । ਮੇਰੇ ਤੋਂ ਅੱਗੇ ਕੋਈ ਪਰਮੇਸ਼ੁਰ ਨਹੀਂ ਸੀ, ਨਾ ਮੇਰੇ ਪਿੱਛੋਂ ਕੋਈ ਹੋਵੇਗਾ ।11ਮੈਂ, ਹਾਂ, ਮੈਂ ਹੀ ਯਹੋਵਾਹ ਹਾਂ, ਮੇਰੇ ਬਿਨ੍ਹਾਂ ਕੋਈ ਬਚਾਉਣ ਵਾਲਾ ਨਹੀਂ ਹੈ ।
12ਮੈਂ ਹੀ ਦੱਸਿਆ, ਮੈਂ ਬਚਾਇਆ, ਮੈਂ ਹੀ ਸੁਣਾਇਆ, ਨਾ ਕਿ ਤੁਹਾਡੇ ਵਿੱਚ ਕਿਸੇ ਓਪਰੇ ਦੇਵਤੇ ਨੇ, ਤੁਸੀਂ ਮੇਰੇ ਗਵਾਹ ਹੋ, ਯਹੋਵਾਹ ਦਾ ਵਾਕ ਹੈ, ਅਤੇ ਮੈਂ ਹੀ ਪਰਮੇਸ਼ੁਰ ਹਾਂ ।13ਹਾਂ, ਪ੍ਰਾਚੀਨ ਦਿਨਾਂ ਤੋਂ ਲੈ ਕੇ ਮੈਂ ਹੀ ਉਹ ਹਾਂ, ਅਤੇ ਕੋਈ ਮੇਰੇ ਹੱਥੋਂ ਛੁਡਾ ਨਹੀਂ ਸਕਦਾ, ਮੈਂ ਕਾਰਜ ਕਰਾਂਗਾ ਅਤੇ ਕੌਣ ਉਹ ਨੂੰ ਰੋਕੇਗਾ ?
ਬਾਬਲ ਤੋਂ ਬਚ ਜਾਣਾ

14ਯਹੋਵਾਹ ਤੁਹਾਡਾ ਛੁਡਾਉਣ ਵਾਲਾ, ਇਸਰਾਏਲ ਦਾ ਪਵਿੱਤਰ ਪੁਰਖ ਇਹ ਫ਼ਰਮਾਉਂਦਾ ਹੈ, ਤੁਹਾਡੇ ਨਮਿੱਤ ਮੈਂ ਬਾਬਲ ਵੱਲ ਭੇਜਿਆ ਅਤੇ ਉਸ ਦੇ ਸਾਰੇ ਵਾਸੀਆਂ ਨੂੰ ਭਗੌੜਿਆਂ ਵਾਂਗੂੰ ਲੈ ਆਵਾਂਗਾ, ਅਤੇ ਕਸਦੀਆਂ ਨੂੰ ਉਨ੍ਹਾਂ ਦੇ ਜਹਾਜ਼ਾਂ ਉੱਤੇ ਚੜ੍ਹਾ ਕੇ ਲੈ ਆਵਾਂਗਾ, ਜਿਨ੍ਹਾਂ ਉੱਤੇ ਉਹ ਵੱਡਾ ਘਮੰਡ ਕਰਦੇ ਹਨ ।15ਮੈਂ ਯਹੋਵਾਹ ਤੁਹਾਡਾ ਪਵਿੱਤਰ ਪੁਰਖ ਹਾਂ, ਮੈਂ ਇਸਰਾਏਲ ਦਾ ਕਰਤਾਰ, ਤੁਹਾਡਾ ਰਾਜਾ ਹਾਂ ।
16ਯਹੋਵਾਹ ਇਹ ਆਖਦਾ ਹੈ, ਉਹ ਜੋ ਸਮੁੰਦਰ ਵਿੱਚ ਰਾਹ ਬਣਾਉਂਦਾ, ਅਤੇ ਡਾਢੇ ਪਾਣੀਆਂ ਵਿੱਚ ਰਸਤਾ,17ਉਹ ਜੋ ਰਥ ਅਤੇ ਘੋੜਾ, ਫੌਜ ਅਤੇ ਸੂਰਬੀਰ ਬਾਹਰ ਲੈ ਆਉਂਦਾ ਹੈ, ਉਹ ਇਕੱਠੇ ਲੇਟ ਜਾਂਦੇ, ਉਹ ਉੱਠਣਗੇ ਨਹੀਂ, ਉਹ ਮੰਦੇ ਪੈ ਗਏ, ਉਹ ਬੱਤੀ ਵਾਂਗੂੰ ਬੁਝ ਗਏ ।
18ਪਹਿਲੀਆਂ ਗੱਲਾਂ ਨੂੰ ਯਾਦ ਨਾ ਕਰੋ, ਪੁਰਾਣੀਆਂ ਗੱਲਾਂ ਨੂੰ ਨਾ ਸੋਚੋ,19ਵੇਖੋ, ਮੈਂ ਇੱਕ ਨਵਾਂ ਕੰਮ ਕਰਨ ਵਾਲਾ ਹਾਂ, ਉਹ ਹੁਣੇ ਹੀ ਦਿੱਸ ਪਵੇਗਾ, ਕੀ ਤੁਸੀਂ ਉਸ ਤੋਂ ਅਣਜਾਣ ਰਹੋਗੇ ? ਮੈਂ ਉਜਾੜ ਵਿੱਚ ਹੀ ਰਾਹ ਬਣਾਵਾਂਗਾ, ਅਤੇ ਥਲ ਵਿੱਚ ਨਦੀਆਂ ।
20ਜੰਗਲੀ ਜਾਨਵਰ, ਗਿੱਦੜ ਅਰ ਸ਼ੁਤਰ-ਮੁਰਗ, ਮੇਰੀ ਮਹਿਮਾ ਕਰਨਗੇ, ਕਿਉਂ ਜੋ ਮੈਂ ਉਜਾੜ ਵਿੱਚ ਪਾਣੀ, ਅਤੇ ਥਲ ਵਿੱਚ ਨਦੀਆਂ ਦਿੰਦਾ ਹਾਂ, ਭਈ ਮੇਰੀ ਚੁਣੀ ਹੋਈ ਪਰਜਾ ਪਾਣੀ ਪੀਵੇ ।21ਮੈਂ ਇਸ ਪਰਜਾ ਨੂੰ ਆਪਣੇ ਲਈ ਸਿਰਜਿਆ ਕਿ ਉਹ ਮੇਰੀ ਉਸਤਤ ਦਾ ਵਰਨਣ ਕਰੇ ।
ਇਸਰਾਏਲ ਦਾ ਪਾਪ

22ਪਰ ਹੇ ਯਾਕੂਬ, ਤੂੰ ਮੈਨੂੰ ਨਹੀਂ ਪੁਕਾਰਿਆ, ਹੇ ਇਸਰਾਏਲ, ਤੂੰ ਤਾਂ ਮੇਰੇ ਤੋਂ ਅੱਕ ਗਿਆ !23ਤੂੰ ਮੇਰੇ ਲਈ ਆਪਣੀਆਂ ਹੋਮ ਬਲੀਆਂ ਦੇ ਲੇਲੇ ਨਹੀਂ ਲਿਆਇਆ, ਤੂੰ ਆਪਣੀਆਂ ਬਲੀਆਂ ਨਾਲ ਮੇਰਾ ਆਦਰ ਨਹੀਂ ਕੀਤਾ । ਮੈਂ ਮੈਦੇ ਦੀ ਭੇਟ ਦਾ ਭਾਰ ਤੇਰੇ ਉੱਤੇ ਨਹੀਂ ਪਾਇਆ, ਨਾ ਲੋਬਾਨ ਨਾਲ ਤੈਨੂੰ ਅਕਾਇਆ ।
24ਤੂੰ ਮੇਰੇ ਲਈ ਚਾਂਦੀ ਦੇ ਕੇ ਸੁਗੰਧਿਤ ਪੋਨੇ ਨਹੀਂ ਲਿਆਂਦੇ, ਨਾ ਤੂੰ ਆਪਣੀਆਂ ਬਲੀਆਂ ਦੀ ਚਰਬੀ ਨਾਲ ਮੈਨੂੰ ਰਜਾਇਆ, ਸਗੋਂ ਤੂੰ ਆਪਣੇ ਪਾਪਾਂ ਦਾ ਭਾਰ ਮੇਰੇ ਉੱਤੇ ਪਾਇਆ, ਤੂੰ ਮੈਨੂੰ ਆਪਣੀਆਂ ਬਦੀਆਂ ਨਾਲ ਅਕਾ ਦਿੱਤਾ ।

25ਮੈਂ, ਹਾਂ, ਮੈਂ ਹੀ ਉਹ ਹਾਂ, ਜੋ ਤੇਰੇ ਅਪਰਾਧਾਂ ਨੂੰ ਆਪਣੇ ਨਾਮ ਦੇ ਨਮਿੱਤ ਮਿਟਾਉਂਦਾ ਹਾਂ, ਅਤੇ ਮੈਂ ਤੇਰੇ ਪਾਪਾਂ ਨੂੰ ਚੇਤੇ ਨਹੀਂ ਰੱਖਾਂਗਾ ।26ਮੈਨੂੰ ਯਾਦ ਕਰ, ਅਸੀਂ ਇਕੱਠੇ ਵਾਦ-ਵਿਵਾਦ ਕਰੀਏ, ਤੂੰ ਹੀ ਨਿਰਨਾ ਕਰ ਤਾਂ ਜੋ ਤੂੰ ਧਰਮੀ ਠਹਿਰੇਂ ।
27ਤੇਰੇ ਪਹਿਲੇ ਪਿਤਾ ਨੇ ਪਾਪ ਕੀਤਾ, ਤੇਰੇ ਜਾਜਕਾਂ ਨੇ ਮੇਰੇ ਵਿਰੁੱਧ ਅਪਰਾਧ ਕੀਤਾ ।28ਇਸ ਲਈ ਮੈਂ ਪਵਿੱਤਰ ਅਸਥਾਨ ਦੇ ਉੱਚ-ਅਧਿਕਾਰੀਆਂ ਨੂੰ ਭ੍ਰਿਸ਼ਟ ਠਹਿਰਾਇਆ, ਅਤੇ ਮੈਂ ਯਾਕੂਬ ਨੂੰ ਫਿਟਕਾਰ, ਅਤੇ ਇਸਰਾਏਲ ਨੂੰ ਦੁਰਬਚਨ ਦਾ ਕਾਰਨ ਬਣਾ ਦਿੱਤਾ ।

44
ਪ੍ਰਭੂ ਯਹੋਵਾਹ ਹੀ ਇੱਕਮਾਤਰ ਪਰਮੇਸ਼ੁਰ

1ਹੁਣ ਹੇ ਯਾਕੂਬ ਮੇਰੇ ਦਾਸ, ਹੇ ਇਸਰਾਏਲ ਜਿਸ ਨੂੰ ਮੈਂ ਚੁਣਿਆ, ਸੁਣ !2ਯਹੋਵਾਹ ਜਿਸ ਨੇ ਤੈਨੂੰ ਬਣਾਇਆ, ਤੈਨੂੰ ਕੁੱਖ ਤੋਂ ਹੀ ਸਿਰਜਿਆ ਅਤੇ ਜੋ ਤੇਰੀ ਸਹਾਇਤਾ ਕਰੇਗਾ, ਉਹ ਆਖਦਾ ਹੈ, ਨਾ ਡਰ, ਹੇ ਯਾਕੂਬ ਮੇਰੇ ਦਾਸ, ਅਤੇ ਯਿਸ਼ੁਰੂਨ ਜਿਸ ਨੂੰ ਮੈਂ ਚੁਣਿਆ ਹੈ ।

3ਮੈਂ ਤਾਂ ਤਿਹਾਈ ਜਮੀਨ ਉੱਤੇ ਪਾਣੀ, ਅਤੇ ਸੁੱਕੀ ਸੜੀ ਭੂਮੀ ਉੱਤੇ ਨਦੀਆਂ ਵਗਾਵਾਂਗਾ, ਮੈਂ ਆਪਣਾ ਆਤਮਾ ਤੇਰੀ ਅੰਸ ਉੱਤੇ, ਅਤੇ ਤੇਰੀ ਸੰਤਾਨ ਉੱਤੇ ਆਪਣੀ ਬਰਕਤ ਵਹਾਵਾਂਗਾ ।4ਉਹ ਘਾਹ ਦੇ ਵਿੱਚ ਉਪਜਣਗੇ, ਜਿਵੇਂ ਵਗਦੇ ਪਾਣੀਆਂ ਉੱਤੇ ਬੈਂਤਾ ।
5ਕੋਈ ਆਖੇਗਾ, ''ਮੈਂ ਯਹੋਵਾਹ ਦਾ ਹਾਂ,'' ਕੋਈ ਆਪਣੇ ਆਪ ਨੂੰ ਯਾਕੂਬ ਦੇ ਨਾਮ ਤੋਂ ਸਦਾਵੇਗਾ, ਕੋਈ ਆਪਣੇ ਹੱਥ ਉੱਤੇ ਲਿਖੇਗਾ, ''ਯਹੋਵਾਹ ਦਾ',' ਅਤੇ ਆਪ ਨੂੰ ਇਸਰਾਏਲ ਦੇ ਨਾਮ ਦੀ ਪਦਵੀ ਦੇਵੇਗਾ ।

6ਯਹੋਵਾਹ ਇਸਰਾਏਲ ਦਾ ਰਾਜਾ ਅਤੇ ਉਹ ਦਾ ਛੁਡਾਉਣ ਵਾਲਾ, ਸੈਨਾਂ ਦਾ ਯਹੋਵਾਹ, ਇਹ ਫ਼ਰਮਾਉਂਦਾ ਹੈ, ਮੈਂ ਆਦ ਹਾਂ ਅਤੇ ਮੈਂ ਅੰਤ ਹਾਂ, ਮੇਰੇ ਬਿਨ੍ਹਾਂ ਹੋਰ ਕੋਈ ਪਰਮੇਸ਼ੁਰ ਨਹੀਂ ।
7ਮੇਰੇ ਵਰਗਾ ਕੌਣ ਹੈ, ਜੋ ਇਸ ਦਾ ਪਰਚਾਰ ਕਰੇਗਾ ? ਉਹ ਇਸ ਦੀ ਘੋਸ਼ਣਾ ਕਰੇ ਅਤੇ ਮੇਰੇ ਸਾਹਮਣੇ ਦੱਸੇ ਕਿ ਜਿਸ ਸਮੇਂ ਤੋਂ ਮੈਂ ਆਪਣੀ ਸਨਾਤਨ ਪਰਜਾ ਨੂੰ ਕਾਇਮ ਕੀਤਾ ਉਸ ਸਮੇਂ ਕੀ ਹੋਇਆ ਅਤੇ ਆਉਣ ਵਾਲੀਆਂ ਗੱਲਾਂ ਦੱਸੇ - ਹਾਂ ਉਹ ਦੱਸੇ ਜੋ ਕੀ ਹੋਵੇਗਾ ।
8ਭੈ ਨਾ ਖਾਓ, ਨਾ ਡਰੋ, ਕੀ ਮੈਂ ਮੁੱਢ ਤੋਂ ਤੈਨੂੰ ਨਹੀਂ ਸੁਣਾਇਆ ਅਤੇ ਦੱਸਿਆ ? ਤੁਸੀਂ ਮੇਰੇ ਗਵਾਹ ਹੋ । ਕੀ ਮੇਰੇ ਬਿਨ੍ਹਾਂ ਕੋਈ ਹੋਰ ਪਰਮੇਸ਼ੁਰ ਹੈ ? ਕੋਈ ਹੋਰ ਚੱਟਾਨ ਨਹੀਂ, ਮੈਂ ਤਾਂ ਕਿਸੇ ਨੂੰ ਨਹੀਂ ਜਾਣਦਾ ।
ਮੂਰਤੀ ਪੂਜਾ ਮੂਰਖਤਾ ਹੈ

9ਬੁੱਤਾਂ ਦੇ ਘੜਨ ਵਾਲੇ ਸਾਰੇ ਵਿਅਰਥ ਹਨ, ਉਹਨਾਂ ਦੀਆਂ ਮਨ ਭਾਉਂਦੀਆਂ ਰੀਝਾਂ ਲਾਭਦਾਇਕ ਨਹੀਂ, ਉਹਨਾਂ ਦੇ ਗਵਾਹ ਨਾ ਵੇਖਦੇ ਨਾ ਜਾਣਦੇ ਹਨ, ਇਸ ਲਈ ਉਹ ਸ਼ਰਮਿੰਦੇ ਹੋਣਗੇ ।10ਕਿਸ ਨੇ ਦੇਵਤਾ ਘੜਿਆ ਯਾ ਬੁੱਤ ਢਾਲਿਆ, ਜਿਸ ਤੋਂ ਕੋਈ ਲਾਭ ਨਹੀਂ ?
11ਵੇਖੋ, ਉਹ ਦੇ ਸਾਰੇ ਸਾਥੀ ਸ਼ਰਮਿੰਦੇ ਹੋਣਗੇ, ਇਹ ਕਾਰੀਗਰ ਮਨੁੱਖ ਹੀ ਹਨ ! ਇਹ ਸਾਰੇ ਇਕੱਠੇ ਹੋ ਕੇ ਖੜ੍ਹੇ ਹੋਣ, ਉਹ ਭੈ ਖਾਣਗੇ, ਉਹ ਇਕੱਠੇ ਸ਼ਰਮਿੰਦੇ ਹੋਣਗੇ ।
12ਲੋਹਾਰ ਆਪਣਾ ਸੰਦ ਤਿੱਖਾ ਕਰਦਾ ਹੈ, ਉਹ ਕੋਲਿਆਂ ਨਾਲ ਕੰਮ ਕਰਦਾ, ਅਤੇ ਹਥੌੜਿਆਂ ਨਾਲ ਉਹ ਨੂੰ ਘੜਦਾ, ਉਹ ਆਪਣੀ ਬਲਵੰਤ ਬਾਂਹ ਨਾਲ ਉਹ ਨੂੰ ਬਣਾਉਂਦਾ ਹੈ, ਪਰ ਉਹ ਭੁੱਖਾ ਹੋ ਜਾਂਦਾ ਅਤੇ ਉਹ ਦਾ ਬਲ ਘੱਟ ਜਾਂਦਾ ਹੈ, ਉਹ ਪਾਣੀ ਨਹੀਂ ਪੀਂਦਾ ਅਤੇ ਥੱਕ ਜਾਂਦਾ ਹੈ ।
13ਤਰਖਾਣ ਸੂਤ ਤਾਣਦਾ ਹੈ, ਉਹ ਕਲਮ ਨਾਲ ਉਸ ਉੱਤੇ ਨਿਸ਼ਾਨ ਲਾਉਂਦਾ ਹੈ, ਉਹ ਉਸ ਨੂੰ ਰੰਦਿਆਂ ਨਾਲ ਬਣਾਉਂਦਾ, ਅਤੇ ਪਰਕਾਰ ਨਾਲ ਉਸ ਦੇ ਨਿਸ਼ਾਨ ਲਾਉਂਦਾ, ਉਹ ਉਸ ਨੂੰ ਮਨੁੱਖ ਦੇ ਰੂਪ ਵਿੱਚ ਆਦਮੀ ਦੇ ਸੁਹੱਪਣ ਵਾਂਗੂੰ, ਮੰਦਰ ਵਿੱਚ ਬਿਰਾਜਮਾਨ ਹੋਣ ਲਈ ਬਣਾਉਂਦਾ ਹੈ !
14ਉਹ ਆਪਣੇ ਲਈ ਦਿਆਰ ਵੱਢਦਾ ਹੈ, ਉਹ ਸਰੂ ਜਾਂ ਬਲੂਤ ਲੈਂਦਾ ਹੈ, ਅਤੇ ਉਹਨਾਂ ਨੂੰ ਜੰਗਲ ਦੇ ਰੁੱਖਾਂ ਵਿੱਚ ਵਧਣ ਦਿੰਦਾ ਹੈ, ਉਹ ਚੀਲ੍ਹ ਦਾ ਰੁੱਖ ਲਾਉਂਦਾ ਅਤੇ ਮੀਂਹ ਉਹ ਨੂੰ ਵਧਾਉਂਦਾ ਹੈ ।
15ਤਦ ਉਹ ਮਨੁੱਖ ਦੇ ਬਾਲਣ ਲਈ ਹੋ ਜਾਂਦਾ ਹੈ, ਉਹ ਉਸ ਦੇ ਵਿੱਚੋਂ ਲੈ ਕੇ ਅੱਗ ਸੇਕਦਾ ਹੈ, ਸਗੋਂ ਉਸ ਨੂੰ ਬਾਲ ਕੇ ਰੋਟੀ ਪਕਾਉਂਦਾ ਹੈ, ਪਰ, ਉਸੇ ਵਿੱਚੋਂ ਉਹ ਇੱਕ ਦੇਵਤਾ ਬਣਾਉਂਦਾ ਹੈ, ਅਤੇ ਉਸ ਨੂੰ ਮੱਥਾ ਟੇਕਦਾ ਹੈ ! ਉਹ ਬੁੱਤ ਬਣਾਉਂਦਾ ਹੈ, ਅਤੇ ਉਹ ਉਸ ਦੇ ਅੱਗੇ ਮੱਥਾ ਰਗੜਦਾ ਹੈ !16ਇੱਕ ਹਿੱਸੇ ਦੀ ਉਹ ਅੱਗ ਬਾਲਦਾ ਹੈ, ਇੱਕ ਹਿੱਸੇ ਉੱਤੇ ਉਹ ਕਬਾਬ ਭੁੰਨ ਕੇ ਮਾਸ ਖਾਂਦਾ ਹੈ ਅਤੇ ਰੱਜ ਜਾਂਦਾ ਹੈ, ਨਾਲੇ ਉਹ ਸੇਕਦਾ ਅਤੇ ਆਖਦਾ ਹੈ, ਆਹਾ ! ਮੈਂ ਗਰਮ ਹੋ ਗਿਆ, ਮੈਂ ਅੱਗ ਵੇਖੀ ।
17ਉਸੇ ਦਾ ਬਚਿਆ ਹੋਇਆ ਟੁੱਕੜਾ ਲੈ ਕੇ ਉਹ ਇੱਕ ਦੇਵਤਾ, ਇੱਕ ਬੁੱਤ ਬਣਾਉਂਦਾ ਹੈ, ਅਤੇ ਉਹ ਦੇ ਅੱਗੇ ਮੱਥਾ ਟੇਕਦਾ ਸਗੋਂ ਮੱਥਾ ਰਗੜਦਾ ਹੈ, ਅਤੇ ਉਸ ਤੋਂ ਪ੍ਰਾਰਥਨਾ ਕਰਦਾ ਅਤੇ ਆਖਦਾ ਹੈ, ਮੈਨੂੰ ਛੁਡਾ, ਕਿਉਂ ਜੋ ਤੂੰ ਮੇਰਾ ਦੇਵਤਾ ਹੈਂ !
18ਉਹ ਨਹੀਂ ਜਾਣਦੇ, ਉਹ ਨਹੀਂ ਸਮਝਦੇ, ਕਿਉਂ ਜੋ ਉਸ ਨੇ ਉਹਨਾਂ ਦੀਆਂ ਅੱਖਾਂ ਨੂੰ ਵੇਖਣ ਤੋਂ ਅਤੇ ਉਹਨਾਂ ਦਿਆਂ ਮਨਾਂ ਨੂੰ ਸਮਝਣ ਤੋਂ ਬੰਦ ਕਰ ਦਿੱਤਾ ਹੈ ।
19ਕੋਈ ਉਸ ਉੱਤੇ ਧਿਆਨ ਨਹੀਂ ਦਿੰਦਾ, ਨਾ ਕਿਸੇ ਨੂੰ ਗਿਆਨ ਹੈ, ਨਾ ਸਮਝ, ਕਿ ਉਹ ਆਖੇ, ਉਸ ਦਾ ਇੱਕ ਹਿੱਸਾ ਮੈਂ ਅੱਗ ਵਿੱਚ ਬਾਲ ਲਿਆ, ਹਾਂ, ਮੈਂ ਉਸ ਦੇ ਕੋਲਿਆਂ ਉੱਤੇ ਰੋਟੀ ਪਕਾਈ, ਮੈਂ ਮਾਸ ਭੁੰਨ ਕੇ ਖਾਧਾ, ਭਲਾ, ਮੈਂ ਉਸ ਦੇ ਬਚੇ ਹੋਏ ਟੁੱਕੜੇ ਤੋਂ ਇੱਕ ਘਿਣਾਉਣੀ ਚੀਜ਼ ਬਣਾਵਾਂ ? ਕੀ ਮੈਂ ਲੱਕੜ ਦੇ ਟੁੰਡ ਅੱਗੇ ਮੱਥਾ ਰਗੜਾਂ ?
20ਉਹ ਸੁਆਹ ਖਾਂਦਾ ਹੈ, ਇੱਕ ਛਲੀਏ ਦਿਲ ਨੇ ਉਹ ਨੂੰ ਕੁਰਾਹੇ ਪਾਇਆ, ਉਹ ਆਪਣੀ ਜਾਨ ਨੂੰ ਛੁਡਾ ਨਹੀਂ ਸਕਦਾ, ਨਾ ਕਹਿ ਸਕਦਾ ਹੈ, ਕੀ ਮੇਰੇ ਸੱਜੇ ਹੱਥ ਵਿੱਚ ਇਹ ਚੀਜ਼ ਝੂਠ ਨਹੀਂ ?
ਜਗਤ ਦਾ ਸਿਰਜਣਹਾਰ ਅਤੇ ਮੁਕਤੀਦਾਤਾ

21ਹੇ ਯਾਕੂਬ, ਇਹਨਾਂ ਗੱਲਾਂ ਨੂੰ ਯਾਦ ਰੱਖ, ਅਤੇ ਤੂੰ ਵੀ ਹੇ ਇਸਰਾਏਲ, ਤੂੰ ਮੇਰਾ ਦਾਸ ਜੋ ਹੈਂ, ਮੈਂ ਤੈਨੂੰ ਸਿਰਜਿਆ, ਤੂੰ ਮੇਰਾ ਦਾਸ ਹੈਂ, ਹੇ ਇਸਰਾਏਲ, ਮੈਂ ਤੈਨੂੰ ਨਾ ਵਿਸਾਰਾਂਗਾ ।22ਮੈਂ ਤੇਰੇ ਅਪਰਾਧਾਂ ਨੂੰ ਘਟਾ ਵਾਂਗੂੰ, ਅਤੇ ਤੇਰੇ ਪਾਪਾਂ ਨੂੰ ਬੱਦਲ ਵਾਂਗੂੰ ਮਿਟਾ ਦਿੱਤਾ, ਮੇਰੀ ਵੱਲ ਮੁੜ ਆ, ਕਿਉਂ ਜੋ ਮੈਂ ਤੇਰਾ ਨਿਸਤਾਰਾ ਕੀਤਾ ਹੈ ।

23ਹੇ ਅਕਾਸ਼ੋ, ਜੈਕਾਰਾ ਗਜਾਓ, ਕਿਉਂਕਿ ਯਹੋਵਾਹ ਨੇ ਇਹ ਕੀਤਾ ਹੈ, ਹੇ ਧਰਤੀ ਦੇ ਹੇਠਲੇ ਸਥਾਨੋ, ਲਲਕਾਰੋ, ਪਹਾੜ ਖੁੱਲ੍ਹ ਕੇ ਜੈ-ਜੈ ਕਾਰ ਕਰਨ, ਜੰਗਲ ਅਤੇ ਉਹ ਦੇ ਸਾਰੇ ਰੁੱਖ, ਕਿਉਂ ਜੋ ਯਹੋਵਾਹ ਨੇ ਯਾਕੂਬ ਦਾ ਨਿਸਤਾਰਾ ਕੀਤਾ ਹੈ, ਅਤੇ ਉਹ ਇਸਰਾਏਲ ਵਿੱਚ ਆਪਣੀ ਸੁੰਦਰਤਾ ਪਰਗਟ ਕਰੇਗਾ ।

24ਯਹੋਵਾਹ ਤੇਰਾ ਛੁਡਾਉਣ ਵਾਲਾ, ਜਿਸ ਨੇ ਤੈਨੂੰ ਕੁੱਖ ਵਿੱਚ ਸਿਰਜਿਆ ਇਹ ਆਖਦਾ ਹੈ, ਮੈਂ ਯਹੋਵਾਹ ਸਾਰੀਆਂ ਚੀਜ਼ਾਂ ਦਾ ਕਰਤਾ ਹਾਂ, ਮੈਂ ਇਕੱਲਾ ਅਕਾਸ਼ਾਂ ਦਾ ਤਾਣਨ ਵਾਲਾ ਹਾਂ, ਅਤੇ ਮੈਂ ਆਪ ਹੀ ਧਰਤੀ ਦਾ ਵਿਛਾਉਣ ਵਾਲਾ ਹਾਂ ।25ਮੈਂ ਝੂਠੇ ਨਬੀਆਂ ਦੇ ਨਿਸ਼ਾਨ ਵਿਅਰਥ ਕਰਦਾਂ ਹਾਂ, ਅਤੇ ਭਵਿੱਖ ਦੱਸਣ ਵਾਲਿਆਂ ਨੂੰ ਮੂਰਖ ਬਣਾਉਂਦਾ ਹਾਂ, ਮੈਂ ਸਿਆਣਿਆਂ ਨੂੰ ਪਿੱਛੇ ਹਟਾਉਂਦਾ, ਅਤੇ ਉਹਨਾਂ ਦਾ ਗਿਆਨ ਬੇਵਕੂਫੀ ਬਣਾ ਦਿੰਦਾ ਹਾਂ ।
26ਮੈਂ ਆਪਣੇ ਦਾਸ ਦੇ ਬਚਨ ਕਾਇਮ ਰੱਖਦਾ, ਅਤੇ ਆਪਣੇ ਦੂਤਾਂ ਦੀ ਯੋਜਨਾ ਪੂਰੀ ਕਰਦਾ ਹਾਂ, ਮੈਂ ਯਰੂਸ਼ਲਮ ਦੇ ਵਿਖੇ ਆਖਦਾ ਹਾਂ, ਉਹ ਆਬਾਦ ਹੋ ਜਾਵੇਗਾ, ਅਤੇ ਯਹੂਦਾਹ ਦੇ ਸ਼ਹਿਰਾਂ ਦੇ ਵਿਖੇ, ਉਹ ਉਸਾਰੇ ਜਾਣਗੇ ਅਤੇ ਮੈਂ ਉਨ੍ਹਾਂ ਦੇ ਖੰਡਰਾਂ ਨੂੰ ਖੜ੍ਹਾ ਕਰਾਂਗਾ, -27ਮੈਂ ਜੋ ਸਾਗਰ ਨੂੰ ਆਖਦਾ ਹਾਂ, ਸੁੱਕ ਜਾ ! ਅਤੇ ਮੈਂ ਤੇਰੀਆਂ ਨਦੀਆਂ ਨੂੰ ਵੀ ਸੁਕਾ ਦਿਆਂਗਾ ।
28ਮੈਂ ਜੋ ਖੋਰੁਸ ਵਿਖੇ ਆਖਦਾ ਹਾਂ, ਉਹ ਮੇਰਾ ਠਹਿਰਾਇਆ ਹੋਇਆ ਅਯਾਲੀ ਹੈ, ਅਤੇ ਉਹ ਮੇਰੀ ਸਾਰੀ ਇੱਛਿਆ ਨੂੰ ਪੂਰੀ ਕਰੇਗਾ, ਉਹ ਯਰੂਸ਼ਲਮ ਦੇ ਵਿਖੇ ਆਖੇਗਾ, ਉਹ ਉਸਾਰਿਆ ਜਾਵੇਗਾ, ਅਤੇ ਹੈਕਲ ਦੀ ਨੀਂਹ ਰੱਖੀ ਜਾਵੇਗੀ ।

45
ਪਰਮੇਸ਼ੁਰ ਵੱਲੋਂ ਖੋਰੁਸ ਦੀ ਨਿਯੁਕਤੀ

1ਯਹੋਵਾਹ ਆਪਣੇ ਮਸਹ ਕੀਤੇ ਹੋਏ ਖੋਰੁਸ ਨੂੰ ਇਹ ਆਖਦਾ ਹੈ, ਜਿਸ ਦਾ ਸੱਜਾ ਹੱਥ ਮੈਂ ਇਸ ਲਈ ਫੜ੍ਹਿਆ ਕਿ ਮੈਂ ਉਹ ਦੇ ਅੱਗੇ ਕੌਮਾਂ ਨੂੰ ਹੇਠਾਂ ਕਰ ਦਿਆਂ, ਅਤੇ ਰਾਜਿਆਂ ਦੇ ਕਮਰ ਕੱਸੇ ਖੋਲ੍ਹ ਦਿਆਂ, ਕਿ ਮੈਂ ਉਹ ਦੇ ਸਾਹਮਣੇ ਦਰਵਾਜ਼ਿਆਂ ਨੂੰ ਖੋਲ੍ਹ ਦਿਆਂ ਅਤੇ ਫਾਟਕ ਬੰਦ ਨਾ ਕੀਤੇ ਜਾਣ ।

2ਮੈਂ ਤੇਰੇ ਅੱਗੇ-ਅੱਗੇ ਚਲਾਂਗਾ, ਅਤੇ ਉੱਚੇ-ਉੱਚੇ ਪਹਾੜਾਂ ਨੂੰ ਪੱਧਰਾ ਕਰਾਂਗਾ, ਮੈਂ ਪਿੱਤਲ ਦੇ ਫਾਟਕ ਭੰਨ ਸੁੱਟਾਂਗਾ, ਅਤੇ ਲੋਹੇ ਦੀਆਂ ਬੇੜੀਆਂ ਵੱਢ ਸੁੱਟਾਂਗਾ ।3ਮੈਂ ਤੈਨੂੰ ਹਨੇਰੇ ਵਿੱਚ ਲੁਕੇ ਹੋਏ ਖ਼ਜ਼ਾਨੇ, ਅਤੇ ਗੁਪਤ ਸਥਾਨਾਂ ਵਿੱਚ ਦੱਬੇ ਹੋਏ ਪਦਾਰਥ ਦਿਆਂਗਾ, ਤਾਂ ਜੋ ਤੂੰ ਜਾਣੇ ਕਿ ਮੈਂ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਹਾਂ, ਜੋ ਤੇਰਾ ਨਾਮ ਲੈ ਕੇ ਤੈਨੂੰ ਬੁਲਾਉਂਦਾ ਹਾਂ ।
4ਮੇਰੇ ਦਾਸ ਯਾਕੂਬ ਦੀ, ਅਤੇ ਮੇਰੇ ਚੁਣੇ ਹੋਏ ਇਸਰਾਏਲ ਦੀ ਖਾਤਰ, ਮੈਂ ਤੇਰਾ ਨਾਮ ਲੈ ਕੇ ਤੈਨੂੰ ਬੁਲਾਇਆ ਹੈ, ਅਤੇ ਤੈਨੂੰ ਪਦਵੀ ਦਿੱਤੀ ਭਾਵੇਂ ਤੂੰ ਮੈਨੂੰ ਨਹੀਂ ਜਾਣਦਾ ।5ਮੈਂ ਯਹੋਵਾਹ ਹਾਂ ਅਤੇ ਹੋਰ ਕੋਈ ਨਹੀਂ, ਮੇਰੇ ਬਿਨ੍ਹਾਂ ਕੋਈ ਪਰਮੇਸ਼ੁਰ ਨਹੀਂ, ਮੈਂ ਤੈਨੂੰ ਬਲ ਦੇਵਾਂਗਾ, ਭਾਵੇਂ ਤੂੰ ਮੈਨੂੰ ਨਹੀਂ ਜਾਣਦਾ,6ਤਾਂ ਜੋ ਉਹ ਸੂਰਜ ਦੇ ਚੜ੍ਹਦੇ ਪਾਸਿਓਂ ਅਤੇ ਲਹਿੰਦੇ ਪਾਸੇ ਤੋਂ ਜਾਣਨ, ਕਿ ਮੇਰੇ ਬਿਨ੍ਹਾਂ ਹੋਰ ਕੋਈ ਨਹੀਂ, ਮੈਂ ਹੀ ਯਹੋਵਾਹ ਹਾਂ, ਹੋਰ ਕੋਈ ਹੈ ਹੀ ਨਹੀਂ ।
7ਮੈਂ ਚਾਨਣ ਦਾ ਸਿਰਜਣਹਾਰ ਅਤੇ ਹਨੇਰੇ ਦਾ ਕਰਤਾਰ ਹਾਂ, ਮੈਂ ਸ਼ਾਂਤੀ ਦਾ ਬਣਾਉਣ ਵਾਲਾ ਅਤੇ ਬਿਪਤਾ ਦਾ ਕਰਤਾ ਹਾਂ, ਮੈਂ ਯਹੋਵਾਹ ਇਹ ਸਾਰੇ ਕੰਮ ਕਰਦਾ ਹਾਂ ।8ਹੇ ਅਕਾਸ਼ੋ, ਉੱਪਰੋਂ ਮੇਰੀ ਧਾਰਮਿਕਤਾ ਵਰ੍ਹਾਓ, ! ਅਤੇ ਗਗਨ ਤੋਂ ਧਰਮ ਵਰ੍ਹੇ, ਧਰਤੀ ਖੁੱਲ੍ਹ ਜਾਵੇ ਅਤੇ ਮੁਕਤੀ ਦਾ ਫਲ ਲਿਆਵੇ, ਅਤੇ ਧਰਮ ਨੂੰ ਵੀ ਉਗਾਵੇ, ਮੈਂ ਯਹੋਵਾਹ ਨੇ ਉਹ ਨੂੰ ਉਤਪਤ ਕੀਤਾ ।
ਸ੍ਰਿਸ਼ਟੀ ਅਤੇ ਇਤਿਹਾਸ ਦਾ ਪਰਮੇਸ਼ੁਰ

9ਹਾਇ ਉਹ ਦੇ ਉੱਤੇ ਜੋ ਆਪਣੇ ਸਿਰਜਣਹਾਰ ਨਾਲ ਝਗੜਦਾ ਹੈ, ਉਹ ਮਿੱਟੀ ਦੇ ਠੀਕਰਿਆਂ ਵਿੱਚੋਂ ਇੱਕ ਠੀਕਰਾ ਹੈ ! ਭਲਾ, ਮਿੱਟੀ ਆਪਣੇ ਸਿਰਜਣਹਾਰ ਨੂੰ ਆਖੇ, ਤੂੰ ਕੀ ਬਣਾਉਂਦਾ ਹੈਂ ? ਜਾਂ ਕਾਰੀਗਰ ਦੀ ਕਿਰਤ ਇਹ ਆਖੇ ਕਿ ਉਹ ਦੇ ਤਾਂ ਹੱਥ ਹੈ ਹੀ ਨਹੀਂ !
10ਹਾਇ ਉਹ ਦੇ ਉੱਤੇ ਜੋ ਕਿਸੇ ਪਿਤਾ ਨੂੰ ਆਖਦਾ ਹੈ, ਤੂੰ ਕਿਸਨੂੰ ਜਨਮ ਦਿੰਦਾ ਹੈਂ ? ਜਾਂ ਕਿਸੇ ਮਾਤਾ ਨੂੰ, ਤੈਨੂੰ ਕਾਹ ਦੀਆਂ ਪੀੜਾਂ ਲੱਗੀਆਂ ਹਨ ?
11ਯਹੋਵਾਹ ਜੋ ਇਸਰਾਏਲ ਦਾ ਪਵਿੱਤਰ ਪੁਰਖ, ਅਤੇ ਉਹ ਦਾ ਸਿਰਜਣਹਾਰ ਹੈ, ਇਹ ਆਖਦਾ ਹੈ, ਕੀ ਤੁਸੀਂ ਆਉਣ ਵਾਲੀਆਂ ਗੱਲਾਂ ਮੈਥੋਂ ਪੁੱਛੋਗੇ ? ਮੇਰੇ ਪੁੱਤਰਾਂ ਵਿਖੇ, ਮੇਰੀ ਦਸਤਕਾਰੀ ਵਿਖੇ, ਤੁਸੀਂ ਮੈਨੂੰ ਹੁਕਮ ਦਿਓਗੇ ?
12ਮੈਂ ਹੀ ਧਰਤੀ ਨੂੰ ਬਣਾਇਆ, ਅਤੇ ਮਨੁੱਖ ਨੂੰ ਉਹ ਦੇ ਉੱਤੇ ਉਤਪਤ ਕੀਤਾ, ਮੈਂ ਆਪਣੇ ਹੱਥਾਂ ਨਾਲ ਅਕਾਸ਼ ਨੂੰ ਤਾਣਿਆ, ਅਤੇ ਸਾਰੇ ਤਾਰਾ-ਮੰਡਲ ਨੂੰ ਮੈਂ ਹੀ ਹੁਕਮ ਦਿੱਤਾ ।
13ਮੈਂ ਉਹ ਨੂੰ ਧਰਮ ਵਿੱਚ ਉਠਾਇਆ, ਅਤੇ ਮੈਂ ਉਹ ਦੇ ਸਾਰੇ ਰਾਹ ਸਿੱਧੇ ਕਰਾਂਗਾ, ਉਹ ਮੇਰਾ ਸ਼ਹਿਰ ਉਸਾਰੇਗਾ, ਅਤੇ ਮੇਰੇ ਗੁਲਾਮਾਂ ਨੂੰ ਅਜ਼ਾਦ ਕਰੇਗਾ, ਬਿਨ੍ਹਾਂ ਮੁੱਲ ਅਤੇ ਬਿਨ੍ਹਾਂ ਬਦਲੇ ਦੇ, ਅਜ਼ਾਦ ਕਰੇਗਾ, ਸੈਨਾਂ ਦਾ ਯਹੋਵਾਹ ਆਖਦਾ ਹੈ ।

14ਯਹੋਵਾਹ ਇਹ ਆਖਦਾ ਹੈ, ਮਿਸਰ ਦੀ ਕਮਾਈ, ਕੂਸ਼ ਦਾ ਵਪਾਰ, ਅਤੇ ਸਬਾ ਦੇ ਉੱਚੇ ਕੱਦ ਵਾਲੇ ਮਨੁੱਖ, ਉਹ ਲੰਘ ਕੇ ਤੇਰੇ ਕੋਲ ਆਉਣਗੇ, ਅਤੇ ਤੇਰੇ ਹੋਣਗੇ, ਉਹ ਤੇਰੇ ਪਿੱਛੇ ਚੱਲਣਗੇ, ਉਹ ਸੰਗਲਾਂ ਨਾਲ ਜਕੜੇ ਹੋਏ ਆਉਣਗੇ, ਉਹ ਤੇਰੇ ਅੱਗੇ ਮੱਥਾ ਟੇਕਣਗੇ, ਉਹ ਤੇਰੇ ਅੱਗੇ ਬੇਨਤੀ ਕਰਨਗੇ, ਕਿ ਪਰਮੇਸ਼ੁਰ ਤੇਰੇ ਨਾਲ ਹੈ, ਹੋਰ ਕੋਈ ਨਹੀਂ, ਹੋਰ ਕੋਈ ਪਰਮੇਸ਼ੁਰ ਨਹੀਂ ।

15ਸੱਚ-ਮੁੱਚ ਤੂੰ ਹੀ ਅਜਿਹਾ ਪਰਮੇਸ਼ੁਰ ਹੈਂ ਜੋ ਆਪ ਨੂੰ ਗੁਪਤ ਰੱਖਦਾ ਹੈ, ਹੇ ਇਸਰਾਏਲ ਦੇ ਬਚਾਉਣ ਵਾਲੇ ਪਰਮੇਸ਼ੁਰ ।
16ਉਹ ਸਾਰੇ ਸ਼ਰਮਿੰਦੇ ਹੋਣਗੇ ਅਤੇ ਨਮੋਸ਼ੀ ਉਠਾਉਣਗੇ, ਜਿਹੜੇ ਬੁੱਤ ਸਾਜ ਹਨ, ਉਹ ਇਕੱਠੇ ਨਮੋਸ਼ੀ ਵਿੱਚ ਜਾਣਗੇ ।17ਇਸਰਾਏਲ ਯਹੋਵਾਹ ਤੋਂ ਅਨੰਤ ਮੁਕਤੀ ਲਈ ਬਚਾਇਆ ਜਾਵੇਗਾ, ਤੁਸੀਂ ਜੁੱਗੋ-ਜੁੱਗ ਸਦਾ ਤੱਕ ਸ਼ਰਮਿੰਦੇ ਨਾ ਹੋਵੋਗੇ, ਨਾ ਨਮੋਸ਼ੀ ਉਠਾਓਗੇ ।

18ਯਹੋਵਾਹ ਜੋ ਅਕਾਸ਼ ਦਾ ਕਰਤਾ ਹੈ, - ਉਹ ਉਹੀ ਪਰਮੇਸ਼ੁਰ ਹੈ ਜਿਸ ਨੇ ਧਰਤੀ ਨੂੰ ਸਾਜਿਆ, ਜਿਸ ਨੇ ਉਹ ਨੂੰ ਬਣਾਇਆ ਅਤੇ ਕਾਇਮ ਕੀਤਾ, - ਉਹ ਨੇ ਉਸ ਨੂੰ ਵਿਰਾਨ ਰਹਿਣ ਲਈ ਉਤਪਤ ਨਹੀਂ ਕੀਤਾ, ਸਗੋਂ ਵੱਸਣ ਲਈ ਉਸ ਨੂੰ ਸਿਰਜਿਆ, - ਉਹ ਇਹ ਆਖਦਾ ਹੈ, ਮੈਂ ਹੀ ਯਹੋਵਾਹ ਹਾਂ, ਹੋਰ ਕੋਈ ਨਹੀਂ ।
19ਮੈਂ ਗੁਪਤ ਵਿੱਚ ਨਹੀਂ ਬੋਲਿਆ, ਨਾ ਧਰਤੀ ਦੇ ਹਨੇਰੇ ਥਾਵਾਂ ਵਿੱਚ, ਮੈਂ ਯਾਕੂਬ ਦੀ ਅੰਸ ਨੂੰ ਨਹੀਂ ਆਖਿਆ, ਕਿ "ਮੈਨੂੰ ਵਿਅਰਥ ਭਾਲੋ", ਮੈਂ ਯਹੋਵਾਹ ਸੱਚ ਬੋਲਣ ਵਾਲਾ ਹਾਂ, ਮੈਂ ਸਿੱਧੀਆਂ ਗੱਲਾਂ ਦਾ ਦੱਸਣ ਵਾਲਾ ਹਾਂ ।
ਸ੍ਰਿਸ਼ਟੀ ਦਾ ਪ੍ਰਭੂ ਅਤੇ ਬਾਬਲ ਦੀਆਂ ਮੂਰਤਾਂ

20ਇਕੱਠੇ ਹੋ ਜਾਓ ਅਤੇ ਆਓ, ਤੁਸੀਂ ਰਲ ਕੇ ਨੇੜੇ ਹੋਵੋ, ਹੇ ਕੌਮਾਂ ਦੇ ਬਚੇ ਹੋਇਓ ਲੋਕੋ । ਉਹ ਅਣਜਾਣ ਹਨ ਜਿਹੜੇ ਆਪਣੇ ਲੱਕੜੀ ਦੇ ਬੁੱਤ ਨੂੰ ਚੁੱਕੀ ਫਿਰਦੇ ਹਨ, ਅਤੇ ਅਜਿਹੇ ਦੇਵਤੇ ਅੱਗੇ ਪ੍ਰਾਰਥਨਾ ਕਰਦੇ ਹਨ, ਜੋ ਨਹੀਂ ਬਚਾ ਸਕਦਾ !
21ਪਰਚਾਰ ਕਰੋ ਤੇ ਉਨ੍ਹਾਂ ਨੂੰ ਪੇਸ਼ ਕਰੋ, - ਹਾਂ, ਉਹ ਇੱਕਠੇ ਸਲਾਹ ਕਰਨ, - ਕਿਸ ਨੇ ਪੁਰਾਣੇ ਸਮੇਂ ਤੋਂ ਇਹ ਦੱਸਿਆ ? ਕਿਸ ਨੇ ਪਰਾਚੀਨ ਸਮੇਂ ਇਹ ਦਾ ਵਰਨਣ ਕੀਤਾ ? ਭਲਾ, ਮੈਂ ਯਹੋਵਾਹ ਨੇ ਹੀ ਨਹੀਂ ? ਮੇਰੇ ਬਿਨ੍ਹਾਂ ਹੋਰ ਕੋਈ ਪਰਮੇਸ਼ੁਰ ਨਹੀਂ, ਧਰਮੀ ਪਰਮੇਸ਼ੁਰ ਅਤੇ ਮੁਕਤੀਦਾਤਾ, ਮੇਰੇ ਬਿਨ੍ਹਾਂ ਕੋਈ ਹੈ ਹੀ ਨਹੀਂ ।

22ਹੇ ਧਰਤੀ ਦੇ ਕੰਢਿਆਂ ਉੱਤੇ ਰਹਿਣ ਵਾਲਿਓ, ਮੇਰੇ ਵੱਲ ਮੁੜੋ ਅਤੇ ਬਚ ਜਾਓ ! ਕਿਉਂ ਜੋ ਮੈਂ ਹੀ ਪਰਮੇਸ਼ੁਰ ਜੋ ਹਾਂ ਅਤੇ ਹੋਰ ਕੋਈ ਹੈ ਨਹੀਂ ।23ਮੈਂ ਆਪਣੀ ਹੀ ਸਹੁੰ ਖਾਧੀ ਹੈ, ਮੇਰੇ ਮੂੰਹ ਤੋਂ ਧਰਮ ਦਾ ਬਚਨ ਨਿੱਕਲਿਆ ਹੈ, ਅਤੇ ਉਹ ਮੁੜੇਗਾ ਨਹੀਂ, ਹਰੇਕ ਗੋਡਾ ਮੇਰੇ ਅੱਗੇ ਨਿਵੇਗਾ, ਹਰ ਜ਼ਬਾਨ ਮੇਰੀ ਸਹੁੰ ਖਾਵੇਗੀ ।

24ਮੇਰੇ ਵਿਖੇ ਇਹ ਆਖਿਆ ਜਾਵੇਗਾ, ਸਿਰਫ਼ ਯਹੋਵਾਹ ਵਿੱਚ ਹੀ ਧਰਮ ਅਤੇ ਬਲ ਹੈ, ਸਭ ਜੋ ਉਸ ਨਾਲ ਗੁੱਸੇ ਹੁੰਦੇ ਸਨ ਉਸ ਦੇ ਕੋਲ ਆਉਣਗੇ ਅਤੇ ਸ਼ਰਮਿੰਦੇ ਹੋਣਗੇ ।25ਇਸਰਾਏਲ ਦਾ ਸਾਰਾ ਵੰਸ਼ ਯਹੋਵਾਹ ਵਿੱਚ ਧਰਮੀ ਠਹਿਰੇਗਾ ਅਤੇ ਮਾਣ ਕਰੇਗਾ ।

46

1ਬੇਲ ਦੇਵਤਾ ਝੁਕ ਜਾਂਦਾ, ਨਬੋ ਦੇਵਤਾ ਕੁੱਬਾ ਹੋ ਜਾਂਦਾ ਹੈ, ਉਹਨਾਂ ਦੇ ਬੁੱਤ ਜਾਨਵਰਾਂ ਅਤੇ ਪਸ਼ੂਆਂ ਉੱਤੇ ਲੱਦੇ ਹੋਏ ਹਨ, ਜਿਹੜੀਆਂ ਮੂਰਤਾਂ ਤੁਸੀਂ ਚੁੱਕੀ ਫਿਰਦੇ ਹੋ, ਉਹ ਭਾਰ ਹਨ ਅਤੇ ਥੱਕੇ ਹੋਏ ਪਸ਼ੂਆਂ ਲਈ ਬੋਝ ਹਨ ।2ਉਹ ਇਕੱਠੇ ਝੁੱਕ ਜਾਂਦੇ, ਉਹ ਕੁੱਬੇ ਹੋ ਜਾਂਦੇ, ਉਹ ਬੋਝ ਨੂੰ ਛੁਡਾ ਨਾ ਸਕੇ, ਸਗੋਂ ਆਪ ਹੀ ਗੁਲਾਮੀ ਵਿੱਚ ਚਲੇ ਗਏ ।

3ਹੇ ਯਾਕੂਬ ਦੇ ਘਰਾਣੇ, ਮੇਰੀ ਸੁਣੋ, ਨਾਲੇ ਇਸਰਾਏਲ ਦੇ ਘਰਾਣੇ ਦੇ ਸਾਰੇ ਬਚੇ ਹੋਇਓ, ਤੁਸੀਂ ਜਿਨ੍ਹਾਂ ਨੂੰ ਮੈਂ ਜਨਮ ਤੋਂ ਸੰਭਾਲਿਆ ਅਤੇ ਕੁੱਖੋਂ ਹੀ ਚੁੱਕੀ ਫਿਰਦਾ ਰਿਹਾ,4ਤੁਹਾਡੇ ਬੁਢਾਪੇ ਤੱਕ ਅਤੇ ਧੌਲਿਆਂ ਤੱਕ ਉਹ ਹੀ ਹਾਂ, ਮੈਂ ਤੈਨੂੰ ਬਣਾਇਆ ਹੈ, ਮੈਂ ਹੀ ਤੈਨੂੰ ਚੁੱਕਾਂਗਾ, ਮੈਂ ਉਠਾਵਾਂਗਾ ਅਤੇ ਮੈਂ ਛੁਡਾਵਾਂਗਾ ।

5ਤੁਸੀਂ ਮੈਨੂੰ ਕਿਸ ਦੇ ਵਰਗਾ ਬਣਾਓਗੇ, ਕਿਸ ਦੇ ਤੁੱਲ ਮੈਨੂੰ ਠਹਿਰਾਓਗੇ, ਅਤੇ ਕਿਸ ਦੇ ਨਾਲ ਮੇਰੀ ਮਿਸਾਲ ਦਿਓਗੇ, ਤਾਂ ਜੋ ਅਸੀਂ ਇੱਕੋ ਵਰਗੇ ਹੋਈਏ ?6ਜਿਹੜੇ ਥੈਲੀ ਵਿੱਚੋਂ ਸੋਨਾ ਉਲੱਦਦੇ ਹਨ, ਅਤੇ ਚਾਂਦੀ ਤੱਕੜੀ ਵਿੱਚ ਤੋਲਦੇ ਹਨ, ਉਹ ਸੁਨਿਆਰ ਨੂੰ ਭਾੜੇ ਉੱਤੇ ਲਾਉਂਦੇ, ਅਤੇ ਉਹ ਉਸ ਤੋਂ ਦੇਵਤਾ ਬਣਾਉਂਦਾ ਹੈ, ਫੇਰ ਉਹ ਉਸ ਅੱਗੇ ਮੱਥਾ ਟੇਕਦੇ ਸਗੋਂ ਮੱਥਾ ਰਗੜਦੇ ਹਨ !
7ਉਹ ਉਸ ਨੂੰ ਮੋਢੇ ਉੱਤੇ ਚੁੱਕ ਲੈਂਦੇ ਹਨ, ਉਹ ਉਸ ਨੂੰ ਉਠਾ ਕੇ ਉਸ ਦੇ ਥਾਂ ਤੇ ਰੱਖਦੇ ਹਨ, ਉਹ ਉੱਥੇ ਹੀ ਖੜ੍ਹਾ ਰਹਿੰਦਾ ਹੈ ਅਤੇ ਆਪਣੇ ਥਾਂ ਤੋਂ ਨਹੀਂ ਹਿੱਲਦਾ । ਜੇ ਕੋਈ ਉਸ ਨੂੰ ਪੁਕਾਰੇ ਉਹ ਉੱਤਰ ਨਹੀਂ ਦਿੰਦਾ, ਨਾ ਹੀ ਉਹ ਉਨ੍ਹਾਂ ਨੂੰ ਉਨ੍ਹਾਂ ਦੀਆਂ ਬਿਪਤਾਂ ਤੋਂ ਬਚਾਉਂਦਾ ਹੈ ।

8ਹੇ ਅਪਰਾਧੀਓ, ਇਹ ਗੱਲ ਨੂੰ ਯਾਦ ਰੱਖੋ ਅਤੇ ਧਿਆਨ ਦਿਓ, ਫੇਰ ਦਿਲ ਤੇ ਲਾਓ !9ਪੁਰਾਣੇ ਸਮੇਂ ਦੀਆਂ ਗੱਲਾਂ ਨੂੰ ਯਾਦ ਰੱਖੋ ਜੋ ਆਦ ਤੋਂ ਹਨ, ਕਿਉਂ ਜੋ ਮੈਂ ਪਰਮੇਸ਼ੁਰ ਹਾਂ ਅਤੇ ਹੋਰ ਕੋਈ ਨਹੀਂ, ਮੈਂ ਹੀ ਪਰਮੇਸ਼ੁਰ ਹਾਂ ਅਤੇ ਮੇਰੇ ਵਰਗਾ ਕੋਈ ਨਹੀਂ ।
10ਮੈਂ ਆਦ ਤੋਂ ਅੰਤ ਨੂੰ ਅਤੇ ਮੁੱਢ ਤੋਂ ਜੋ ਅਜੇ ਨਹੀਂ ਹੋਇਆ ਦੱਸਦਾ ਹਾਂ, ਮੈਂ ਆਖਦਾ ਹਾਂ, ਮੇਰੀ ਸਲਾਹ ਕਾਇਮ ਰਹੇਗੀ, ਅਤੇ ਮੈਂ ਆਪਣੀ ਸਾਰੀ ਇੱਛਿਆ ਨੂੰ ਪੂਰੀ ਕਰਾਂਗਾ ।11ਮੈਂ ਸ਼ਿਕਾਰੀ ਪੰਛੀ ਨੂੰ ਪੂਰਬੋਂ ਅਰਥਾਤ ਆਪਣੇ ਉਦੇਸ਼ ਨੂੰ ਪੂਰਾ ਕਰਨ ਲਈ ਇੱਕ ਮਨੁੱਖ ਨੂੰ ਦੂਰ ਦੇਸ ਤੋਂ ਸੱਦਦਾ ਹਾਂ । ਹਾਂ, ਮੈਂ ਬੋਲਿਆ ਹੈ, ਸੋ ਮੈਂ ਨਿਭਾਵਾਂਗਾ, ਮੈਂ ਠਾਣਿਆ ਸੋ ਮੈਂ ਪੂਰਾ ਕਰਾਂਗਾ ।

12ਹੇ ਹਠੀਲੇ ਦਿਲ ਵਾਲਿਓ, ਮੇਰੀ ਸੁਣੋ ! ਤੁਸੀਂ ਜੋ ਧਰਮ ਤੋਂ ਦੂਰ ਹੋ, -13ਮੈਂ ਆਪਣੇ ਧਰਮ ਨੂੰ ਨੇੜੇ ਲਿਆਉਂਦਾ ਹਾਂ, ਉਹ ਦੂਰ ਨਹੀਂ ਰਹੇਗਾ, ਮੇਰਾ ਬਚਾਓ ਢਿੱਲ ਨਹੀਂ ਲਾਵੇਗਾ, ਮੈਂ ਸੀਯੋਨ ਵਿੱਚ ਬਚਾਓ, ਅਤੇ ਇਸਰਾਏਲ ਲਈ ਆਪਣਾ ਤੇਜ ਬਖ਼ਸ਼ਾਂਗਾ ।

47
ਬਾਬਲ ਦੀ ਸਜ਼ਾ

1ਹੇ ਬਾਬਲ ਦੀਏ ਕੁਆਰੀਏ ਧੀਏ, ਹੇਠਾਂ ਆ ਕੇ ਖ਼ਾਕ ਵਿੱਚ ਬੈਠ ! ਹੇ ਕਸਦੀਆਂ ਦੀਏ ਧੀਏ, ਸਿੰਘਾਸਣ ਬਿਨ੍ਹਾਂ ਥੱਲੇ ਬੈਠ, ਕਿਉਂ ਜੋ ਤੂੰ ਅੱਗੇ ਨੂੰ ਸੋਹਲ ਅਤੇ ਕੋਮਲ ਨਾ ਸਦਾਵੇਂਗੀ !2ਚੱਕੀ ਲੈ ਅਤੇ ਆਟਾ ਪੀਹ, ਆਪਣਾ ਬੁਰਕਾ ਲਾਹ, ਘੱਗਰਾ ਉਤਾਰ, ਲੱਤਾਂ ਨੰਗੀਆਂ ਕਰ, ਨਦੀਆਂ ਤੋਂ ਪਾਰ ਲੰਘ !

3ਤੇਰਾ ਨੰਗੇਜ ਉਘਾੜਿਆ ਜਾਵੇਗਾ, ਸਗੋਂ ਤੇਰੀ ਲਾਜ ਦਿੱਸੇਗੀ, ਮੈਂ ਬਦਲਾ ਲਵਾਂਗਾ, ਮੈਂ ਕਿਸੇ ਮਨੁੱਖ ਦਾ ਪੱਖ ਨਹੀਂ ਕਰਾਂਗਾ ।

4ਸਾਡੇ ਛੁਟਕਾਰਾ ਦੇਣ ਵਾਲੇ ਦਾ ਨਾਮ ਸੈਨਾਂ ਦਾ ਯਹੋਵਾਹ ਅਤੇ ਇਸਰਾਏਲ ਦਾ ਪਵਿੱਤਰ ਪੁਰਖ ਹੈ ।

5ਹੇ ਕਸਦੀਆਂ ਦੀਏ ਧੀਏ, ਚੁੱਪ ਕਰ ਕੇ ਬੈਠ ! ਅਤੇ ਹਨੇਰੇ ਵਿੱਚ ਜਾ ਪੈ, ਕਿਉਂ ਜੋ ਤੂੰ ਅੱਗੇ ਨੂੰ ਰਾਜਾਂ ਦੀ ਮਲਕਾ ਨਾ ਸਦਾਵੇਂਗੀ !
6ਮੈਂ ਆਪਣੀ ਪਰਜਾ ਉੱਤੇ ਗੁੱਸੇ ਹੋਇਆ, ਮੈਂ ਆਪਣੀ ਮੀਰਾਸ ਨੂੰ ਭ੍ਰਿਸ਼ਟ ਕਰ ਕੇ ਤੇਰੇ ਹੱਥ ਵਿੱਚ ਦੇ ਦਿੱਤਾ, ਤੂੰ ਉਹਨਾਂ ਉੱਤੇ ਰਹਮ ਨਹੀਂ ਕੀਤਾ, ਤੂੰ ਬਜ਼ੁਰਗਾਂ ਉੱਤੇ ਆਪਣਾ ਜੂਲਾ ਬਹੁਤ ਭਾਰੀ ਕੀਤਾ ।7ਤੂੰ ਆਖਿਆ, ਮੈਂ ਸਦਾ ਲਈ ਮਲਕਾ ਰਹਾਂਗੀ ! ਐਥੋਂ ਤੱਕ ਕਿ ਤੂੰ ਇਨ੍ਹਾਂ ਗੱਲਾਂ ਨੂੰ ਮਨ ਵਿੱਚ ਨਹੀਂ ਰੱਖਿਆ, ਨਾ ਹੀ ਇਹ ਯਾਦ ਰੱਖਿਆ ਕਿ ਇਸ ਦਾ ਕੀ ਫਲ ਹੋਵੇਗਾ ।

8ਹੁਣ ਤੂੰ ਇਹ ਸੁਣ ਲੈ, ਹੇ ਮੌਜਣੇ ! ਜਿਹੜੀ ਨਿਸਚਿੰਤ ਬੈਠਦੀ ਹੈਂ, ਅਤੇ ਆਪਣੇ ਦਿਲ ਵਿੱਚ ਆਖਦੀ ਹੈਂ, ਮੈਂ ਹੀ ਹਾਂ ਅਤੇ ਮੇਰੇ ਬਿਨ੍ਹਾਂ ਹੋਰ ਕੋਈ ਨਹੀਂ ! ਮੈਂ ਵਿਧਵਾ ਹੋ ਕੇ ਨਾ ਬੈਠਾਂਗੀ, ਅਤੇ ਨਾ ਮੈਂ ਆਪਣੇ ਬੱਚਿਆਂ ਨੂੰ ਖੋਹਣ ਦਾ ਦੁੱਖ ਜਾਣਾਂਗੀ ।9ਪਰ ਇਹ ਦੋਵੇਂ ਗੱਲਾਂ ਤੇਰੇ ਉੱਤੇ ਆ ਪੈਣਗੀਆਂ, ਇੱਕੇ ਦਿਨ ਇੱਕ ਪਲ ਵਿੱਚ ਬੱਚਿਆਂ ਨੂੰ ਖੋਹਣਾ ਅਤੇ ਰੰਡੇਪਾ ! ਉਹ ਪੂਰੇ ਮਾਪ ਦੇ ਅਨੁਸਾਰ ਤੇਰੇ ਉੱਤੇ ਆ ਪੈਣਗੇ, ਭਾਵੇਂ ਤੇਰੀ ਜਾਦੂਗਰੀ ਵੱਧ ਅਤੇ ਤੇਰੀ ਝਾੜਾ-ਫੂਕੀ ਬਹੁਤ ਵਾਫ਼ਰ ਹੋਵੇ ।

10ਤੂੰ ਆਪਣੀ ਬਦੀ ਉੱਤੇ ਭਰੋਸਾ ਰੱਖਿਆ, ਤੂੰ ਆਖਿਆ, ਕੋਈ ਮੈਨੂੰ ਵੇਖਦਾ ਨਹੀਂ, ਤੇਰੀ ਬੁੱਧ ਅਤੇ ਤੇਰੇ ਗਿਆਨ ਨੇ ਤੈਨੂੰ ਕੁਰਾਹੇ ਪਾਇਆ, ਤੂੰ ਆਪਣੇ ਮਨ ਵਿੱਚ ਆਖਿਆ ਸੀ, ਮੈਂ ਹੀ ਹਾਂ ਅਤੇ ਮੇਰੇ ਬਿਨ੍ਹਾਂ ਹੋਰ ਕੋਈ ਨਹੀਂ !11ਬਿਪਤਾ ਤੇਰੇ ਉੱਤੇ ਆ ਪਵੇਗੀ, ਤੂੰ ਉਸ ਤੋਂ ਬਚਣ ਦਾ ਮੰਤਰ ਨਹੀਂ ਜਾਣੇਂਗੀ, ਬਰਬਾਦੀ ਤੇਰੇ ਉੱਤੇ ਡਿੱਗੇਗੀ, ਤੂੰ ਉਹ ਨੂੰ ਹਟਾ ਨਹੀਂ ਸੱਕੇਂਗੀ, ਤਬਾਹੀ ਅਚਾਨਕ ਤੇਰੇ ਉੱਤੇ ਆਵੇਗੀ, ਜਿਸ ਨੂੰ ਤੂੰ ਜਾਣਦੀ ਵੀ ਨਹੀਂ ।

12ਤੂੰ ਆਪਣੀਆਂ ਝਾੜਾ-ਫੂਕੀਆਂ ਵਿੱਚ, ਅਤੇ ਆਪਣੀਆਂ ਜਾਦੂਗਰੀਆਂ ਦੇ ਵਾਧੇ ਵਿੱਚ ਕਾਇਮ ਰਹਿ, ਜਿਨ੍ਹਾਂ ਵਿੱਚ ਤੂੰ ਆਪਣੀ ਜੁਆਨੀ ਤੋਂ ਮਿਹਨਤ ਕੀਤੀ, ਸ਼ਾਇਦ ਤੈਨੂੰ ਲਾਭ ਹੋ ਸੱਕੇ, ਸ਼ਾਇਦ ਤੂੰ ਉਹਨਾਂ ਨੂੰ ਡਰਾ ਸਕੇਂ !13ਤੂੰ ਆਪਣੀਆਂ ਬਹੁਤੀਆਂ ਸਲਾਹਾਂ ਨਾਲ ਥੱਕ ਗਈ, ਅਕਾਸ਼ ਦੇ ਜਾਂਚਣ ਵਾਲੇ, ਤਾਰਿਆਂ ਦੇ ਵੇਖਣ ਵਾਲੇ, ਨਵੇਂ ਚੰਦ ਦੇ ਟੇਵੇ ਲਾਉਣ ਵਾਲੇ, ਉਹ ਖੜ੍ਹੇ ਹੋ ਜਾਣ ਅਤੇ ਤੈਨੂੰ ਉਨ੍ਹਾਂ ਗੱਲਾਂ ਤੋਂ ਬਚਾਉਣ, ਜਿਹੜੀਆਂ ਤੇਰੇ ਉੱਤੇ ਬੀਤਣਗੀਆਂ !

14ਵੇਖੋ, ਉਹ ਕੱਖ ਵਾਂਗੂੰ ਹੋਣਗੇ, ਅੱਗ ਉਹਨਾਂ ਨੂੰ ਸਾੜੇਗੀ, ਉਹ ਆਪਣੇ ਆਪ ਨੂੰ ਲੰਬ ਦੇ ਜ਼ੋਰ ਤੋਂ ਨਹੀਂ ਛੁਡਾ ਸਕਣਗੇ, ਇਹ ਕੋਲੇ ਸੇਕਣ ਲਈ ਨਹੀਂ ਹੋਣਗੇ, ਨਾ ਅਜਿਹੀ ਅੱਗ ਜਿਸ ਦੇ ਨੇੜੇ ਕੋਈ ਬੈਠ ਸਕੇ !15ਜਿਨ੍ਹਾਂ ਲਈ ਤੂੰ ਮਿਹਨਤ ਕੀਤੀ, ਉਹ ਤੇਰੇ ਲਈ ਅਜਿਹੇ ਹੋਣਗੇ, ਜਿਹੜੇ ਤੇਰੇ ਨਾਲ ਤੇਰੀ ਜੁਆਨੀ ਤੋਂ ਵਪਾਰ ਕਰਦੇ ਸਨ, ਉਹ ਸਾਰੇ ਆਪਣੇ-ਆਪਣੇ ਥਾਵਾਂ ਨੂੰ ਖਿਸਕ ਜਾਣਗੇ, ਤੈਨੂੰ ਬਚਾਉਣ ਵਾਲਾ ਕੋਈ ਨਹੀਂ ਹੋਵੇਗਾ ।

48
ਪਰਮੇਸ਼ੁਰ ਭਵਿੱਖ ਦਾ ਵੀ ਪ੍ਰਭੂ

1ਹੇ ਯਾਕੂਬ ਦੇ ਘਰਾਣੇ, ਇਹ ਸੁਣੋ, ਜਿਹੜੇ ਇਸਰਾਏਲ ਦੇ ਨਾਮ ਤੋਂ ਸਦਾਉਂਦੇ, ਅਤੇ ਯਹੂਦਾਹ ਦੇ ਵੰਸ਼ ਵਿੱਚੋਂ ਨਿੱਕਲੇ ਹੋ, ਜਿਹੜੇ ਯਹੋਵਾਹ ਦੇ ਨਾਮ ਦੀ ਸਹੁੰ ਖਾਂਦੇ, ਅਤੇ ਇਸਰਾਏਲ ਦੇ ਪਰਮੇਸ਼ੁਰ ਦਾ ਵਰਣਨ ਕਰਦੇ ਹੋ, ਪਰ ਸਚਿਆਈ ਅਤੇ ਧਰਮ ਨਾਲ ਨਹੀਂ ।2ਉਹ ਤਾਂ ਆਪਣੇ ਆਪ ਨੂੰ ਪਵਿੱਤਰ ਸ਼ਹਿਰ ਦੇ ਕਹਾਉਂਦੇ ਹਨ, ਅਤੇ ਇਸਰਾਏਲ ਦੇ ਪਰਮੇਸ਼ੁਰ ਉੱਤੇ ਜਿਸ ਦਾ ਨਾਮ ਸੈਨਾਂ ਦਾ ਯਹੋਵਾਹ ਹੈ, ਢਾਸਣਾ ਲੈਂਦੇ ਹਨ ।

3ਮੈਂ ਪਹਿਲੀਆਂ ਗੱਲਾਂ ਪੁਰਾਣੇ ਸਮੇਂ ਤੋਂ ਦੱਸੀਆਂ, ਉਹ ਮੇਰੇ ਮੂੰਹੋਂ ਨਿੱਕਲੀਆਂ ਅਤੇ ਮੈਂ ਉਹਨਾਂ ਨੂੰ ਅਚਾਨਕ ਪਰਗਟ ਕੀਤਾ, ਤੁਰੰਤ ਹੀ ਮੈਂ ਉਹਨਾਂ ਨੂੰ ਕਰ ਦਿੱਤਾ ਅਤੇ ਉਹ ਹੋ ਗਈਆਂ ।4ਮੈਂ ਜਾਣਦਾ ਸੀ ਕਿ ਤੂੰ ਹਠੀਲਾ ਹੈਂ, ਅਤੇ ਤੇਰੀ ਗਰਦਨ ਲੋਹੇ ਦਾ ਪੱਠਾ ਹੈ, ਅਤੇ ਤੇਰਾ ਮੱਥਾ ਪਿੱਤਲ ਦਾ ਹੈ,5ਇਸ ਲਈ ਮੈਂ ਇਹ ਗੱਲਾਂ ਤੈਨੂੰ ਪੁਰਾਣੇ ਸਮੇਂ ਤੋਂ ਦੱਸੀਆਂ, ਉਹਨਾਂ ਦੇ ਆਉਣ ਤੋਂ ਪਹਿਲਾਂ ਮੈਂ ਤੈਨੂੰ ਸੁਣਾਇਆ, ਕਿਤੇ ਤੂੰ ਅਜਿਹਾ ਨਾ ਆਖੇਂ, ਮੇਰੇ ਬੁੱਤ ਨੇ ਉਹਨਾਂ ਨੂੰ ਕੀਤਾ, ਮੇਰੀ ਘੜੀ ਹੋਈ ਮੂਰਤ ਅਤੇ ਮੇਰੇ ਢਾਲੇ ਹੋਏ ਬੁੱਤ ਨੇ ਇਹਨਾਂ ਦਾ ਹੁਕਮ ਦਿੱਤਾ ਸੀ !

6ਤੂੰ ਇਨ੍ਹਾਂ ਗੱਲਾਂ ਬਾਰੇ ਸੁਣਿਆ ਹੈ ਅਤੇ ਇਨ੍ਹਾਂ ਗੱਲਾਂ ਉੱਤੇ ਧਿਆਨ ਕਰ - ਭਲਾ, ਤੁਸੀਂ ਇਨ੍ਹਾਂ ਨੂੰ ਨਾ ਦੱਸੋਗੇ ? ਹੁਣ ਤੋਂ ਮੈਂ ਤੈਨੂੰ ਨਵੀਆਂ ਗੱਲਾਂ ਸੁਣਾਉਂਦਾ ਹਾਂ, ਅਤੇ ਗੁਪਤ ਗੱਲਾਂ ਜਿਨ੍ਹਾਂ ਨੂੰ ਤੂੰ ਨਹੀਂ ਜਾਣਦਾ ।7ਉਹ ਹੁਣੇ ਉਤਪੰਨ ਹੋਈਆਂ, ਨਾ ਕਿ ਪੁਰਾਣੇ ਸਮੇਂ ਵਿੱਚ, ਅੱਜ ਤੋਂ ਪਹਿਲਾਂ ਤੂੰ ਉਹਨਾਂ ਨੂੰ ਸੁਣਿਆ ਵੀ ਨਹੀਂ, ਕਿਤੇ ਅਜਿਹਾ ਨਾ ਹੋਵੇ ਕਿ ਤੂੰ ਆਖੇਂ, ਮੈਂ ਤਾਂ ਇਹਨਾਂ ਨੂੰ ਜਾਣਦਾ ਸੀ ।
8ਨਾ ਤੂੰ ਸੁਣਿਆ, ਨਾ ਤੂੰ ਜਾਣਿਆ, ਨਾ ਪੁਰਾਣੇ ਸਮੇਂ ਤੋਂ ਤੇਰੇ ਕੰਨ ਖੋਲ੍ਹੇ ਗਏ, ਕਿਉਂ ਜੋ ਮੈਂ ਜਾਣਦਾ ਸਾਂ ਕਿ ਤੂੰ ਠੱਗੀ ਤੇ ਠੱਗੀ ਕਮਾਵੇਂਗਾ, ਅਤੇ ਕੁੱਖ ਤੋਂ ਹੀ ਤੂੰ ਅਪਰਾਧੀ ਅਖਵਾਇਆ ।

9ਮੈਂ ਆਪਣੇ ਨਾਮ ਦੇ ਨਮਿੱਤ ਆਪਣਾ ਕ੍ਰੋਧ ਰੋਕ ਰੱਖਿਆ ਹੈ, ਅਤੇ ਆਪਣੀ ਉਸਤਤ ਦੇ ਨਮਿੱਤ ਉਹ ਨੂੰ ਤੇਰੇ ਲਈ ਰੋਕ ਰੱਖਾਂਗਾ, ਤਾਂ ਜੋ ਮੈਂ ਤੈਨੂੰ ਵੱਢ ਨਾ ਸੁੱਟਾਂ ।10ਵੇਖ, ਮੈਂ ਤੈਨੂੰ ਤਾਇਆ ਪਰ ਚਾਂਦੀ ਵਾਂਗੂੰ ਨਹੀਂ, ਮੈਂ ਤੈਨੂੰ ਦੁੱਖ ਦੀ ਕੁਠਾਲੀ ਵਿੱਚ ਪਰਤਾਇਆ ਹੈ ।11ਮੈਂ ਆਪਣੀ ਖਾਤਰ, ਹਾਂ, ਆਪਣੀ ਹੀ ਖਾਤਰ ਇਹ ਕਰਦਾ ਹਾਂ, ਮੇਰਾ ਨਾਮ ਤਾਂ ਕਿਉਂ ਭ੍ਰਿਸ਼ਟ ਕੀਤਾ ਜਾਵੇ ? ਮੈਂ ਆਪਣਾ ਪਰਤਾਪ ਦੂਜੇ ਨੂੰ ਨਹੀਂ ਦਿਆਂਗਾ ।
ਪਰਮੇਸ਼ੁਰ ਦਾ ਚੁਣਿਆ ਹੋਇਆ ਦਾਸ, ਖੋਰੁਸ

12ਹੇ ਯਾਕੂਬ, ਹੇ ਇਸਰਾਏਲ, ਮੇਰੇ ਸੱਦੇ ਹੋਏ, ਮੇਰੀ ਸੁਣੋ ! ਮੈਂ ਉਹੀ ਹਾਂ, ਮੈਂ ਆਦ ਹਾਂ ਅੰਤ ਵੀ ਹਾਂ ।13ਹਾਂ, ਮੇਰੇ ਹੱਥ ਨੇ ਧਰਤੀ ਦੀ ਨੀਂਹ ਰੱਖੀ, ਮੇਰੇ ਸੱਜੇ ਹੱਥ ਨੇ ਅਕਾਸ਼ ਨੂੰ ਫੈਲਾਇਆ, ਮੈਂ ਉਹਨਾਂ ਨੂੰ ਸੱਦਦਾ ਹਾਂ, ਉਹ ਇਕੱਠੇ ਖਲੋ ਜਾਂਦੇ ਹਨ ।

14ਤੁਸੀਂ ਸਭ ਇਕੱਠੇ ਹੋ ਜਾਓ ਅਤੇ ਸੁਣੋ, - ਇਹਨਾਂ ਬੁੱਤਾਂ ਵਿੱਚੋਂ ਕਿਸ ਨੇ ਇਨ੍ਹਾਂ ਗੱਲਾਂ ਨੂੰ ਦੱਸਿਆ ? ਯਹੋਵਾਹ ਆਪਣੇ ਚੁਣੇ ਹੋਏ ਨੂੰ ਪਿਆਰ ਕਰਦਾ ਹੈ, ਉਹ ਬਾਬਲ ਉੱਤੇ ਉਸ ਦੀ ਇੱਛਾ ਪੂਰੀ ਕਰੇਗਾ, ਅਤੇ ਉਹ ਦੀ ਭੁਜਾ ਕਸਦੀਆਂ ਉੱਤੇ ਹੋਵੇਗੀ ।15ਮੈਂ, ਹਾਂ, ਮੈਂ ਇਹ ਗੱਲ ਕੀਤੀ, ਮੈਂ ਹੀ ਉਹ ਨੂੰ ਸੱਦਿਆ, ਮੈਂ ਉਹ ਨੂੰ ਲਿਆਇਆ ਅਤੇ ਉਹ ਆਪਣੇ ਕੰਮ ਵਿੱਚ ਸਫ਼ਲ ਹੋਵੇਗਾ ।
16ਮੇਰੇ ਨੇੜੇ ਆਓ, ਇਹ ਸੁਣੋ, ਮੈਂ ਮੁੱਢ ਤੋਂ ਗੁਪਤ ਵਿੱਚ ਗੱਲ ਨਹੀਂ ਕੀਤੀ, ਉਹ ਦੇ ਹੋਣ ਦੇ ਸਮੇਂ ਤੋਂ ਮੈਂ ਉੱਥੇ ਸੀ, - ਅਤੇ ਹੁਣ ਪ੍ਰਭੂ ਯਹੋਵਾਹ ਨੇ ਆਪਣੇ ਆਤਮਾ ਨਾਲ ਮੈਨੂੰ ਭੇਜਿਆ ਹੈ ।
ਆਪਣੇ ਲੋਕਾਂ ਲਈ ਪਰਮੇਸ਼ੁਰ ਦੀ ਯੋਜਨਾ

17ਯਹੋਵਾਹ ਤੇਰਾ ਛੁਡਾਉਣ ਵਾਲਾ, ਇਸਰਾਏਲ ਦਾ ਪਵਿੱਤਰ ਪੁਰਖ ਇਹ ਆਖਦਾ ਹੈ, ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜੋ ਤੈਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹਾਂ, ਜੋ ਤੈਨੂੰ ਉਸ ਰਾਹ ਪਾਉਂਦਾ ਹਾਂ, ਜਿਸ ਰਾਹ ਤੂੰ ਜਾਣਾ ਹੈ ।18ਕਾਸ਼ ਕਿ ਤੂੰ ਮੇਰੇ ਹੁਕਮਾਂ ਨੂੰ ਮੰਨਦਾ ! ਤਾਂ ਤੇਰੀ ਸ਼ਾਂਤੀ ਨਦੀ ਵਾਂਗੂੰ, ਅਤੇ ਤੇਰਾ ਧਰਮ ਸਮੁੰਦਰ ਦੀਆਂ ਲਹਿਰਾਂ ਵਾਂਗੂੰ ਹੁੰਦਾ,
19ਤਾਂ ਤੇਰਾ ਵੰਸ਼ ਰੇਤ ਜਿਹਾ ਅਤੇ ਤੇਰੀ ਸੰਤਾਨ ਉਹ ਦੇ ਦਾਣਿਆਂ ਜਿਹੀ ਹੁੰਦੀ, ਉਹ ਦਾ ਨਾਮ ਮੇਰੇ ਹਜ਼ੂਰੋਂ ਮਿਟਾਇਆ ਨਾ ਜਾਂਦਾ, ਨਾ ਨਾਸ ਕੀਤਾ ਜਾਂਦਾ ।

20ਬਾਬਲ ਤੋਂ ਨਿੱਕਲੋ, ਕਸਦੀਆਂ ਵਿੱਚੋਂ ਨੱਠੋ ! ਜੈਕਾਰਿਆਂ ਦੀ ਅਵਾਜ਼ ਨਾਲ ਦੱਸੋ, ਇਹ ਨੂੰ ਸੁਣਾਓ, ਧਰਤੀ ਦੀਆਂ ਹੱਦਾਂ ਤੱਕ ਇਸ ਦੀ ਚਰਚਾ ਕਰੋ, ਆਖੋ, ਯਹੋਵਾਹ ਨੇ ਆਪਣੇ ਦਾਸ ਯਾਕੂਬ ਨੂੰ ਛੁਟਕਾਰਾ ਦਿੱਤਾ ਹੈ !
21ਜਦ ਉਹ ਉਨ੍ਹਾਂ ਨੂੰ ਵਿਰਾਨਿਆਂ ਦੇ ਵਿੱਚੋਂ ਦੀ ਲੈ ਗਿਆ, ਤਾਂ ਉਹ ਪਿਆਸੇ ਨਾ ਹੋਏ, ਉਸ ਨੇ ਉਹਨਾਂ ਦੇ ਲਈ ਚੱਟਾਨ ਵਿੱਚੋਂ ਪਾਣੀ ਵਗਾਇਆ, ਉਸ ਨੇ ਚੱਟਾਨ ਨੂੰ ਪਾੜਿਆ ਅਤੇ ਪਾਣੀ ਫੁੱਟ ਨਿੱਕਲਿਆ ।22ਯਹੋਵਾਹ ਆਖਦਾ ਹੈ, ਦੁਸ਼ਟਾਂ ਲਈ ਕੋਈ ਸ਼ਾਂਤੀ ਨਹੀਂ ।

49
ਇਸਰਾਏਲ, ਕੌਮਾਂ ਦੇ ਲਈ ਜੋਤ

1ਹੇ ਟਾਪੂਓ, ਮੇਰੀ ਸੁਣੋ, ਹੇ ਦੂਰ ਦੀਓ ਕੌਮੋਂ, ਕੰਨ ਲਾਓ ! ਯਹੋਵਾਹ ਨੇ ਮੈਨੂੰ ਢਿੱਡੋਂ ਹੀ ਸੱਦ ਲਿਆ, ਮੇਰੀ ਮਾਂ ਦੀ ਕੁੱਖੋਂ ਉਸ ਨੇ ਮੇਰਾ ਨਾਮ ਲਿਆ ।2ਉਸ ਨੇ ਮੇਰੇ ਮੂੰਹ ਨੂੰ ਤਿੱਖੀ ਤਲਵਾਰ ਵਾਂਗੂੰ ਬਣਾਇਆ, ਉਸ ਨੇ ਆਪਣੇ ਹੱਥ ਦੇ ਸਾਯੇ ਵਿੱਚ ਮੈਨੂੰ ਲੁਕਾਇਆ, ਉਸ ਨੇ ਮੈਨੂੰ ਇੱਕ ਚਮਕੀਲਾ ਬਾਣ ਬਣਾਇਆ, ਅਤੇ ਮੈਨੂੰ ਆਪਣੀ ਤਰਕਸ਼ ਵਿੱਚ ਲੁਕਾਇਆ ਹੈ,

3ਉਸ ਨੇ ਮੈਨੂੰ ਆਖਿਆ, ਤੂੰ ਮੇਰਾ ਦਾਸ ਇਸਰਾਏਲ ਹੈ, ਜਿਸ ਦੇ ਵਿੱਚ ਮੈਂ ਆਪਣੀ ਸ਼ਾਨ ਵਿਖਾਵਾਂਗਾ ।4ਤਦ ਮੈਂ ਆਖਿਆ, ਮੈਂ ਵਿਅਰਥ ਹੀ ਮਿਹਨਤ ਕੀਤੀ, ਮੈਂ ਆਪਣਾ ਬਲ ਫੋਕਟ ਤੇ ਵਿਅਰਥ ਲਈ ਗੁਆ ਦਿੱਤਾ, ਸੱਚ-ਮੁੱਚ ਮੇਰਾ ਇਨਸਾਫ਼ ਯਹੋਵਾਹ ਕੋਲ, ਅਤੇ ਮੇਰਾ ਬਦਲਾ ਮੇਰੇ ਪਰਮੇਸ਼ੁਰ ਕੋਲ ਹੈ ।

5ਹੁਣ ਯਹੋਵਾਹ ਇਹ ਆਖਦਾ ਹੈ, ਜਿਸ ਨੇ ਮੈਨੂੰ ਕੁੱਖੋਂ ਹੀ ਆਪਣਾ ਦਾਸ ਹੋਣ ਲਈ ਸਿਰਜਿਆ ਤਾਂ ਜੋ ਮੈਂ ਯਾਕੂਬ ਨੂੰ ਉਹ ਦੇ ਕੋਲ ਮੋੜ ਲਿਆਵਾਂ, ਅਤੇ ਇਸਰਾਏਲ ਉਹ ਦੇ ਕੋਲ ਇਕੱਠਾ ਕੀਤਾ ਜਾਵੇ, ਮੈਂ ਯਹੋਵਾਹ ਦੀ ਨਿਗਾਹ ਵਿੱਚ ਆਦਰ ਪਾਉਂਦਾ ਹਾਂ, ਅਤੇ ਮੇਰਾ ਪਰਮੇਸ਼ੁਰ ਮੇਰਾ ਬਲ ਹੈ, -6ਹਾਂ, ਉਹ ਆਖਦਾ ਹੈ, ਕੀ ਇਹ ਛੋਟੀ ਗੱਲ ਹੈ, ਕਿ ਤੂੰ ਯਾਕੂਬ ਦਿਆਂ ਗੋਤਾਂ ਨੂੰ ਉਠਾਉਣ ਲਈ ਅਤੇ ਇਸਰਾਏਲ ਦੇ ਬਚਿਆਂ ਹੋਇਆਂ ਨੂੰ ਮੋੜਨ ਲਈ ਮੇਰਾ ਦਾਸ ਹੋਵੇਂ, ਸਗੋਂ ਮੈਂ ਤੈਨੂੰ ਕੌਮਾਂ ਲਈ ਜੋਤ ਠਹਿਰਾਵਾਂਗਾ, ਤਾਂ ਜੋ ਮੇਰੀ ਮੁਕਤੀ ਧਰਤੀ ਦੀਆਂ ਹੱਦਾਂ ਤੱਕ ਪਹੁੰਚੇ ।

7ਯਹੋਵਾਹ ਇਸਰਾਏਲ ਦਾ ਛੁਟਕਾਰਾ ਦੇਣ ਵਾਲਾ ਅਤੇ ਉਹ ਦਾ ਪਵਿੱਤਰ ਪੁਰਖ, ਉਸ ਨੂੰ ਜਿਸ ਨੂੰ ਤੁੱਛ ਜਾਣਿਆ ਜਾਂਦਾ ਹੈ, ਜਿਹੜਾ ਕੌਮਾਂ ਲਈ ਘਿਣਾਉਣਾ ਹੈ ਅਤੇ ਉਸ ਹਾਕਮਾਂ ਦੇ ਦਾਸ ਨੂੰ ਇਹ ਆਖਦਾ ਹੈ, - ਰਾਜੇ ਤੈਨੂੰ ਵੇਖਣਗੇ ਤੇ ਉੱਠਣਗੇ, ਹਾਕਮ ਵੀ ਅਤੇ ਉਹ ਮੱਥਾ ਟੇਕਣਗੇ, ਇਹ ਯਹੋਵਾਹ ਦੇ ਕਾਰਨ ਹੋਵੇਗਾ ਜੋ ਵਫ਼ਾਦਾਰ ਹੈ, ਇਸਰਾਏਲ ਦੇ ਪਵਿੱਤਰ ਪੁਰਖ ਦੇ ਕਾਰਨ ਜਿਸ ਨੇ ਤੈਨੂੰ ਚੁਣਿਆ ਹੈ ।
ਯਰੂਸ਼ਲਮ ਦਾ ਪੁਨਰ ਨਿਰਮਾਣ

8ਯਹੋਵਾਹ ਇਹ ਆਖਦਾ ਹੈ, ਮੈਂ ਮਨਭਾਉਂਦੇ ਸਮੇਂ ਤੈਨੂੰ ਉੱਤਰ ਦਿੱਤਾ, ਮੈਂ ਮੁਕਤੀ ਦੇ ਦਿਨ ਤੇਰੀ ਸਹਾਇਤਾ ਕੀਤੀ, ਅਤੇ ਮੈਂ ਤੇਰੀ ਰੱਖਿਆ ਕਰਾਂਗਾ ਅਤੇ ਤੈਨੂੰ ਪਰਜਾ ਦੇ ਨੇਮ ਲਈ ਦਿਆਂਗਾ, ਤਾਂ ਜੋ ਤੂੰ ਦੇਸ ਨੂੰ ਬਹਾਲ ਕਰੇਂ, ਵਿਰਾਨ ਵਿਰਾਸਤਾਂ ਨੂੰ ਵੰਡੇਂ,
9ਗੁਲਾਮਾਂ ਨੂੰ ਇਹ ਆਖੇਂ ਕਿ ਨਿੱਕਲ ਜਾਓ ! ਅਤੇ ਉਹਨਾਂ ਨੂੰ ਜੋ ਹਨੇਰੇ ਵਿੱਚ ਹਨ, ਆਪਣੇ ਆਪ ਨੂੰ ਵਿਖਲਾਓ । ਉਹ ਰਾਹਾਂ ਦੇ ਨਾਲ-ਨਾਲ ਚਰਨਗੇ, ਅਤੇ ਸਾਰੀਆਂ ਨੰਗੀਆਂ ਟੀਸੀਆਂ ਉੱਤੇ ਉਹਨਾਂ ਦੀਆਂ ਜੂਹਾਂ ਹੋਣਗੀਆਂ ।
10ਉਹ ਨਾ ਭੁੱਖੇ ਹੋਣਗੇ, ਨਾ ਤਿਹਾਏ ਹੋਣਗੇ, ਨਾ ਲੂ, ਨਾ ਧੁੱਪ ਉਹਨਾਂ ਨੂੰ ਮਾਰੇਗੀ, ਕਿਉਂ ਜੋ ਉਹਨਾਂ ਉੱਤੇ ਦਯਾ ਕਰਨ ਵਾਲਾ ਉਹਨਾਂ ਦੀ ਅਗਵਾਈ ਕਰੇਗਾ, ਅਤੇ ਪਾਣੀ ਦੇ ਸੋਤਿਆਂ ਕੋਲ ਉਹਨਾਂ ਨੂੰ ਲੈ ਜਾਵੇਗਾ ।11ਮੈਂ ਆਪਣੇ ਸਾਰੇ ਪਰਬਤਾਂ ਨੂੰ ਰਾਹ ਬਣਾਵਾਂਗਾ, ਅਤੇ ਮੇਰੀਆਂ ਸੜਕਾਂ ਉੱਚੀਆਂ ਕੀਤੀਆਂ ਜਾਣਗੀਆਂ ।
12ਵੇਖੋ, ਉਹ ਦੂਰੋਂ ਆਉਣਗੇ, ਅਤੇ ਵੇਖੋ, ਉਹ ਉੱਤਰ ਵੱਲੋਂ ਤੇ ਪੱਛਮ ਵੱਲੋਂ, ਅਤੇ ਸਿਨੀਮ ਦੇਸ ਤੋਂ ਆਉਣਗੇ ।13ਹੇ ਅਕਾਸ਼ੋ, ਜੈਕਾਰਾ ਗਜਾਓ ! ਹੇ ਧਰਤੀ, ਬਾਗ ਬਾਗ ਹੋ ! ਹੇ ਪਹਾੜੋ, ਜੈ ਜੈ ਕਾਰ ਦੇ ਨਾਰੇ ਮਾਰੋ ! ਕਿਉਂਕਿ ਯਹੋਵਾਹ ਨੇ ਆਪਣੀ ਪਰਜਾ ਨੂੰ ਦਿਲਾਸਾ ਦਿੱਤਾ, ਅਤੇ ਆਪਣੇ ਦੁਖਿਆਰਿਆਂ ਉੱਤੇ ਰਹਮ ਕੀਤਾ ਹੈ ।

14ਪਰ ਸੀਯੋਨ ਨੇ ਆਖਿਆ, ਯਹੋਵਾਹ ਨੇ ਮੈਨੂੰ ਛੱਡ ਦਿੱਤਾ, ਅਤੇ ਪ੍ਰਭੂ ਨੇ ਮੈਨੂੰ ਭੁਲਾ ਦਿੱਤਾ ਹੈ ।15ਭਲਾ, ਮਾਂ ਆਪਣੇ ਦੁੱਧ ਚੁੰਘਦੇ ਬੱਚੇ ਨੂੰ ਭੁਲਾ ਸਕਦੀ ਹੈ ਕਿ ਉਹ ਆਪਣੀ ਕੁੱਖ ਤੋਂ ਜੰਮੇ ਹੋਏ ਬਾਲ ਉੱਤੇ ਰਹਮ ਨਾ ਕਰੇ ? ਉਹ ਤਾਂ ਭਾਵੇਂ ਭੁੱਲ ਜਾਵੇ ਪਰ ਮੈਂ ਤੈਨੂੰ ਨਹੀਂ ਭੁੱਲਾਂਗਾ ।
16ਵੇਖ, ਮੈਂ ਤੈਨੂੰ ਆਪਣੀਆਂ ਹਥੇਲੀਆਂ ਉੱਤੇ ਉੱਕਰ ਲਿਆ, ਤੇਰੀਆਂ ਕੰਧਾਂ ਸਦਾ ਮੇਰੇ ਸਾਹਮਣੇ ਹਨ ।17ਤੇਰੇ ਪੁੱਤਰ ਫੁਰਤੀ ਨਾਲ ਆ ਰਹੇ ਹਨ, ਤੈਨੂੰ ਢਾਉਣ ਵਾਲੇ ਅਤੇ ਤੈਨੂੰ ਉਜਾੜਨ ਵਾਲੇ ਤੇਰੇ ਵਿੱਚੋਂ ਨਿੱਕਲ ਜਾਣਗੇ ।18ਤੁਸੀਂ ਆਪਣੀਆਂ ਅੱਖਾਂ ਆਲੇ-ਦੁਆਲੇ ਚੁੱਕ ਕੇ ਵੇਖੋ, ਉਹ ਸਾਰੇ ਇਕੱਠੇ ਹੁੰਦੇ ਤੇ ਤੇਰੇ ਕੋਲ ਆਉਂਦੇ ਹਨ, ਆਪਣੇ ਜੀਵਨ ਦੀ ਸਹੁੰ, ਯਹੋਵਾਹ ਦਾ ਵਾਕ ਹੈ, ਤੂੰ ਤਾਂ ਉਹਨਾਂ ਸਾਰਿਆਂ ਨੂੰ ਗਹਿਣੇ ਵਾਂਗੂੰ ਪਹਿਨੇਂਗੀ, ਅਤੇ ਉਹਨਾਂ ਨੂੰ ਲਾੜੀ ਵਾਂਗੂੰ ਆਪਣੇ ਉੱਤੇ ਬੰਨ੍ਹੇਗੀ ।

19ਭਾਵੇਂ ਤੂੰ ਬਰਬਾਦ ਅਤੇ ਵਿਰਾਨ ਕੀਤੀ ਗਈ, ਅਤੇ ਤੇਰਾ ਦੇਸ ਉਜਾੜਿਆ ਗਿਆ ਪਰ, - ਹੁਣ ਤਾਂ ਤੂੰ ਵਾਸੀਆਂ ਲਈ ਭੀੜੀ ਹੋਵੇਂਗੀ, ਅਤੇ ਤੈਨੂੰ ਭੱਖ ਲੈਣ ਵਾਲੇ ਦੂਰ ਹੋ ਜਾਣਗੇ ।20ਜਿਹੜੇ ਬੱਚੇ ਤੈਥੋਂ ਲਏ ਗਏ ਸਨ, ਉਹ ਫੇਰ ਤੇਰੇ ਕੰਨਾਂ ਵਿੱਚ ਆਖਣਗੇ, ਇਹ ਥਾਂ ਸਾਡੇ ਲਈ ਭੀੜਾ ਹੈ, ਸਾਨੂੰ ਜਗ੍ਹਾ ਦੇ ਤਾਂ ਜੋ ਅਸੀਂ ਵੱਸੀਏ ।
21ਤਦ ਤੂੰ ਆਪਣੇ ਮਨ ਵਿੱਚ ਆਖੇਂਗੀ, ਕਿਸ ਨੇ ਇਹਨਾਂ ਨੂੰ ਮੇਰੇ ਲਈ ਜਣਿਆ ? ਮੈਂ ਬੇ-ਔਲਾਦ ਅਤੇ ਬਾਂਝ ਸੀ, ਮੈਂ ਕੱਢੀ ਹੋਈ ਅਤੇ ਛੱਡੀ ਹੋਈ ਸੀ, - ਇਹਨਾਂ ਨੂੰ ਕਿਸ ਨੇ ਪਾਲਿਆ ? ਮੈਂ ਤਾਂ ਇਕੱਲੀ ਰਹਿ ਗਈ ਸੀ, ਤਾਂ ਇਹ ਕਿੱਥੋਂ ਆਏ ਹਨ ?

22ਪ੍ਰਭੂ ਯਹੋਵਾਹ ਇਹ ਫ਼ਰਮਾਉਂਦਾ ਹੈ, ਵੇਖੋ, ਮੈਂ ਆਪਣੇ ਹੱਥ ਕੌਮਾਂ ਲਈ ਉਠਾਵਾਂਗਾ, ਅਤੇ ਲੋਕਾਂ ਲਈ ਆਪਣਾ ਝੰਡਾ ਉੱਚਾ ਕਰਾਂਗਾ, ਅਤੇ ਉਹ ਤੇਰੇ ਪੁੱਤਰਾਂ ਨੂੰ ਕੁੱਛੜ ਚੁੱਕੀ ਲਿਆਉਣਗੇ, ਅਤੇ ਤੇਰੀਆਂ ਧੀਆਂ ਮੋਢਿਆਂ ਉੱਤੇ ਚੁੱਕੀਆਂ ਜਾਣਗੀਆਂ ।
23ਰਾਜੇ ਤੇਰੇ ਪਾਲਣ ਵਾਲੇ, ਅਤੇ ਉਨ੍ਹਾਂ ਦੀਆਂ ਰਾਣੀਆਂ ਤੇਰੀਆਂ ਦਾਈਆਂ ਹੋਣਗੀਆਂ, ਉਹ ਮੂੰਹ ਭਾਰ ਡਿੱਗ ਕੇ ਤੈਨੂੰ ਮੱਥਾ ਟੇਕਣਗੇ, ਅਤੇ ਤੇਰੇ ਪੈਰਾਂ ਦੀ ਖ਼ਾਕ ਚੱਟਣਗੇ, ਤਾਂ ਤੂੰ ਜਾਣੇਂਗੀ ਕਿ ਮੈਂ ਯਹੋਵਾਹ ਹਾਂ, ਅਤੇ ਮੇਰੇ ਉਡੀਕਣ ਵਾਲੇ ਕਦੇ ਸ਼ਰਮਿੰਦੇ ਨਾ ਹੋਣਗੇ ।

24ਕੀ ਲੁੱਟ ਸੂਰਮੇ ਕੋਲੋਂ ਲਈ ਜਾਵੇਗੀ ? ਜਾਂ ਦੁਸ਼ਟ ਦੇ ਹੱਥੋਂ ਕੈਦੀ ਛੁਡਾਏ ਜਾਣਗੇ ?25ਪਰ ਯਹੋਵਾਹ ਇਹ ਆਖਦਾ ਹੈ, ਸੂਰਮਿਆਂ ਦੇ ਕੈਦੀ ਲੈ ਲਏ ਜਾਣਗੇ, ਅਤੇ ਜ਼ਾਲਮ ਦੀ ਲੁੱਟ ਉਹ ਦੇ ਹੱਥੋਂ ਲੈ ਲਈ ਜਾਵੇਗੀ, ਤੇਰੇ ਨਾਲ ਝਗੜਨ ਵਾਲਿਆਂ ਨਾਲ ਮੈਂ ਝਗੜਾਂਗਾ, ਅਤੇ ਤੇਰੇ ਪੁੱਤਰਾਂ ਨੂੰ ਮੈਂ ਬਚਾਵਾਂਗਾ ।
26ਮੈਂ ਤੇਰੇ ਸਤਾਉਣ ਵਾਲਿਆਂ ਨੂੰ ਉਹਨਾਂ ਦਾ ਆਪਣਾ ਮਾਸ ਖੁਆਵਾਂਗਾ, ਉਹ ਆਪਣੇ ਲਹੂ ਨਾਲ ਮਸਤਾਨੇ ਹੋਣਗੇ ਜਿਵੇਂ ਮਧ ਨਾਲ, ਅਤੇ ਸਾਰੇ ਪ੍ਰਾਣੀ ਜਾਣਨਗੇ ਕਿ ਮੈਂ ਯਹੋਵਾਹ ਤੇਰਾ ਬਚਾਉਣ ਵਾਲਾ ਹਾਂ, ਅਤੇ ਤੇਰਾ ਛੁਟਕਾਰਾ ਦੇਣ ਵਾਲਾ, ਯਾਕੂਬ ਦਾ ਸ਼ਕਤੀਮਾਨ ਮੈਂ ਹੀ ਹਾਂ ।

50

1ਯਹੋਵਾਹ ਇਹ ਆਖਦਾ ਹੈ, ਤੁਹਾਡੀ ਮਾਂ ਦੀ ਤਿਆਗ ਪੱਤ੍ਰੀ ਕਿੱਥੇ ਹੈ, ਜਿਹੜੀ ਮੈਂ ਉਸ ਨੂੰ ਤਿਆਗਣ ਦੇ ਸਮੇਂ ਦਿੱਤੀ ? ਜਾਂ ਮੈਂ ਆਪਣੇ ਕਿਹੜੇ ਲੈਣਦਾਰ ਕੋਲ ਤੁਹਾਨੂੰ ਵੇਚ ਦਿੱਤਾ ? ਵੇਖੋ, ਤੁਸੀਂ ਆਪਣੀਆਂ ਬਦੀਆਂ ਦੇ ਕਾਰਨ ਵੇਚੇ ਗਏ, ਅਤੇ ਤੁਹਾਡੇ ਅਪਰਾਧਾਂ ਦੇ ਕਾਰਨ ਤੁਹਾਡੀ ਮਾਂ ਕੱਢੀ ਗਈ ।

2ਜਦ ਮੈਂ ਆਇਆ, ਤਾਂ ਉੱਥੇ ਕਿਉਂ ਕੋਈ ਮਨੁੱਖ ਨਹੀਂ ਸੀ ? ਜਦ ਮੈਂ ਪੁਕਾਰਿਆ ਤਾਂ ਕਿਉਂ ਕੋਈ ਉੱਤਰ ਦੇਣ ਵਾਲਾ ਨਹੀਂ ਸੀ ? ਭਲਾ, ਮੇਰਾ ਹੱਥ ਐਨਾ ਛੋਟਾ ਹੋ ਗਿਆ ਜੋ ਛੁਟਕਾਰਾ ਦੇਣ ਦੇ ਯੋਗ ਨਾ ਰਿਹਾ, ਜਾਂ ਛੁਡਾਉਣ ਦੀ ਮੇਰੀ ਕੋਈ ਸਮਰਥ ਨਹੀਂ ਰਹੀ ? ਵੇਖੋ, ਮੈਂ ਆਪਣੀ ਘੁਰਕੀ ਨਾਲ ਸਮੁੰਦਰ ਨੂੰ ਸੁਕਾ ਦਿੰਦਾ, ਅਤੇ ਮੈਂ ਨਦੀਆਂ ਨੂੰ ਉਜਾੜ ਬਣਾ ਦਿੰਦਾ ਹਾਂ, ਉਨ੍ਹਾਂ ਦੀਆਂ ਮੱਛੀਆਂ ਪਾਣੀ ਨਾ ਹੋਣ ਕਰਕੇ ਬੁਸ ਜਾਂਦੀਆਂ ਹਨ, ਉਹ ਤਿਹਾਈਆਂ ਮਰ ਜਾਂਦੀਆਂ ਹਨ ।3ਮੈਂ ਅਕਾਸ਼ ਨੂੰ ਜਾਣੋ ਸੋਗ ਦਾ ਕਾਲਾ ਕੱਪੜਾ ਪਹਿਨਾਉਂਦਾ ਹਾਂ, ਅਤੇ ਤੱਪੜ ਉਹਨਾਂ ਦਾ ਓੜ੍ਹਨਾ ਬਣਾ ਦਿੰਦਾ ਹਾਂ ।
ਪ੍ਰਭੂ ਦਾ ਆਗਿਆਕਾਰੀ ਦਾਸ

4ਪ੍ਰਭੂ ਯਹੋਵਾਹ ਨੇ ਮੈਨੂੰ ਸੂਝਵਾਨਾਂ ਦੀ ਜ਼ਬਾਨ ਦਿੱਤੀ, ਤਾਂ ਜੋ ਮੈਂ ਜਾਣਾਂ ਕਿ ਹੁੱਸੇ ਹੋਏ ਨੂੰ ਕਿਵੇਂ ਬਚਨ ਨਾਲ ਸਹਾਇਤਾ ਦੇਵਾਂ, ਉਹ ਮੈਨੂੰ ਸਵੇਰੇ ਸਵੇਰੇ ਜਗਾਉਂਦਾ ਹੈ, ਉਹ ਮੇਰੇ ਕੰਨਾਂ ਨੂੰ ਖੋਲ੍ਹਦਾ ਹੈ, ਤਾਂ ਜੋ ਮੈਂ ਚੇਲਿਆਂ ਵਾਂਗੂੰ ਸੁਣਾਂ ।
5ਪ੍ਰਭੂ ਯਹੋਵਾਹ ਨੇ ਮੇਰੇ ਕੰਨ ਖੋਲ੍ਹੇ ਹਨ, ਤਾਂ ਮੈਂ ਵਿਰੋਧ ਨਾ ਕੀਤਾ, ਨਾ ਪਿੱਛੇ ਹਟਿਆ,6ਮੈਂ ਆਪਣੀ ਪਿੱਠ ਮਾਰਨ ਵਾਲਿਆਂ ਨੂੰ, ਅਤੇ ਆਪਣੀਆਂ ਗੱਲ੍ਹਾਂ ਦਾੜ੍ਹੀ ਪੁੱਟਣ ਵਾਲਿਆਂ ਨੂੰ ਦਿੱਤੀਆਂ, ਮੈਂ ਆਪਣਾ ਮੂੰਹ ਸ਼ਰਮਿੰਦਗੀ ਅਤੇ ਥੁੱਕ ਤੋਂ ਨਾ ਲੁਕਾਇਆ ।

7ਪ੍ਰਭੂ ਯਹੋਵਾਹ ਮੇਰੀ ਸਹਾਇਤਾ ਕਰਦਾ ਹੈ, ਇਸ ਲਈ ਮੈਂ ਸ਼ਰਮਿੰਦਾ ਨਾ ਹੋਇਆ, ਇਸ ਲਈ ਮੈਂ ਆਪਣਾ ਮੂੰਹ ਚਕਮਕ ਵਾਂਗੂੰ ਬਣਾਇਆ, ਅਤੇ ਮੈਂ ਜਾਣਦਾ ਹਾਂ ਕਿ ਮੈਂ ਲੱਜਿਆਵਾਨ ਨਾ ਹੋਵਾਂਗਾ ।
8ਮੈਨੂੰ ਧਰਮੀ ਠਹਿਰਾਉਣ ਵਾਲਾ ਨੇੜੇ ਹੈ, ਕੌਣ ਮੇਰੇ ਨਾਲ ਝਗੜੇਗਾ ? ਆਓ, ਅਸੀਂ ਆਹਮੋ-ਸਾਹਮਣੇ ਖੜ੍ਹੇ ਹੋਈਏ, ਮੇਰਾ ਵਿਰੋਧੀ ਕੌਣ ਹੈ ? ਉਹ ਮੇਰੇ ਨੇੜੇ ਆਵੇ !9ਵੇਖੋ, ਪ੍ਰਭੂ ਯਹੋਵਾਹ ਮੇਰੀ ਸਹਾਇਤਾ ਕਰਦਾ ਹੈ, ਕੌਣ ਮੈਨੂੰ ਦੋਸ਼ੀ ਠਹਿਰਾਵੇਗਾ ? ਵੇਖੋ, ਉਹ ਸਾਰੇ ਕੱਪੜੇ ਵਾਂਗੂੰ ਪੁਰਾਣੇ ਹੋ ਜਾਣਗੇ, ਕੀੜਾ ਉਹਨਾਂ ਨੂੰ ਖਾ ਜਾਵੇਗਾ ।

10ਤੁਹਾਡੇ ਵਿੱਚ ਕੌਣ ਯਹੋਵਾਹ ਤੋਂ ਡਰਦਾ ਹੈ, ਅਤੇ ਉਸ ਦੇ ਦਾਸ ਦੀ ਅਵਾਜ਼ ਸੁਣਦਾ ਹੈ ? ਜਿਹੜਾ ਹਨੇਰੇ ਵਿੱਚ ਚੱਲਦਾ ਅਤੇ ਉਸ ਦੇ ਲਈ ਚਾਨਣ ਨਾ ਹੋਵੇ, ਉਹ ਯਹੋਵਾਹ ਦੇ ਨਾਮ ਉੱਤੇ ਭਰੋਸਾ ਰੱਖੇ, ਅਤੇ ਆਪਣੇ ਪਰਮੇਸ਼ੁਰ ਉੱਤੇ ਢਾਸਣਾ ਲਾਵੇ ।
11ਵੇਖੋ, ਤੁਸੀਂ ਸਾਰੇ ਅੱਗ ਬਾਲਣ ਵਾਲਿਓ, ਜਿਹੜੇ ਆਪਣੇ ਕੋਲ ਮਸ਼ਾਲਾਂ ਜਗਾਈ ਰੱਖਦੇ ਹੋ, ਤੁਸੀਂ ਆਪਣੀ ਅੱਗ ਦੀ ਲੋ ਵਿੱਚ ਅਤੇ ਆਪਣੀਆਂ ਹੀ ਜਗਦੀਆਂ ਮਸ਼ਾਲਾਂ ਦੇ ਵਿਚਕਾਰ ਤੁਰੋ ਫਿਰੋ ! ਮੇਰੇ ਹੱਥੋਂ ਤੁਹਾਡੇ ਲਈ ਇਹ ਫਲ ਹੋਵੇਗਾ, ਤੁਸੀਂ ਤਕਲੀਫ਼ ਵਿੱਚ ਪਏ ਰਹੋਗੇ ।

51
ਯਰੂਸ਼ਲਮ ਲਈ ਸ਼ਾਂਤੀਦਾਇਕ ਬਚਨ

1ਹੇ ਧਰਮ ਉੱਤੇ ਚੱਲਣ ਵਾਲਿਓ, ਹੇ ਯਹੋਵਾਹ ਨੂੰ ਭਾਲਣ ਵਾਲਿਓ, ਮੇਰੀ ਸੁਣੋ ! ਉਸ ਚੱਟਾਨ ਵੱਲ ਜਿੱਥੋਂ ਤੁਸੀਂ ਕੱਢੇ ਗਏ, ਅਤੇ ਉਸ ਖਦਾਨ ਦੇ ਵੱਲ ਜਿੱਥੋਂ ਤੁਸੀਂ ਪੁੱਟੇ ਗਏ, ਧਿਆਨ ਕਰੋ !

2ਆਪਣੇ ਪਿਤਾ ਅਬਰਾਹਾਮ ਉੱਤੇ ਧਿਆਨ ਕਰੋ, ਅਤੇ ਸਾਰਾਹ ਉੱਤੇ ਜਿਸ ਨੇ ਤੁਹਾਨੂੰ ਜਨਮ ਦਿੱਤਾ, ਜਦ ਉਹ ਇੱਕੋ ਹੀ ਸੀ ਤਾਂ ਮੈਂ ਉਹ ਨੂੰ ਬੁਲਾਇਆ, ਅਤੇ ਉਹ ਨੂੰ ਬਰਕਤ ਦਿੱਤੀ ਅਤੇ ਉਹ ਨੂੰ ਵਧਾਇਆ ।
3ਯਹੋਵਾਹ ਤਾਂ ਸੀਯੋਨ ਨੂੰ ਦਿਲਾਸਾ ਦੇਵੇਗਾ, ਉਹ ਦੇ ਸਾਰਿਆਂ ਵਿਰਾਨਿਆਂ ਨੂੰ ਦਿਲਾਸਾ ਦੇਵੇਗਾ, ਉਹ ਉਸ ਦੀ ਉਜਾੜ ਨੂੰ ਅਦਨ ਵਾਂਗੂੰ, ਅਤੇ ਉਸ ਦੀ ਸੁੱਕੀ ਭੂਮੀ ਯਹੋਵਾਹ ਦੇ ਬਾਗ ਵਾਂਗੂੰ ਬਣਾ ਦੇਵੇਗਾ । ਖੁਸ਼ੀ ਅਨੰਦ ਉਹ ਦੇ ਵਿੱਚ ਪਾਇਆ ਜਾਵੇਗਾ, ਨਾਲੇ ਧੰਨਵਾਦ ਅਤੇ ਭਜਨ ਦੀ ਅਵਾਜ਼ ਵੀ ।

4ਹੇ ਮੇਰੀ ਪਰਜਾ, ਮੇਰੀ ਵੱਲ ਧਿਆਨ ਦਿਓ, ਹੇ ਮੇਰੀ ਕੌਮ ਮੇਰੇ ਵੱਲ ਕੰਨ ਲਾਓ ! ਬਿਵਸਥਾ ਮੇਰੇ ਵੱਲੋਂ ਦਿੱਤੀ ਜਾਵੇਗੀ, ਅਤੇ ਮੇਰਾ ਇਨਸਾਫ਼ ਲੋਕਾਂ ਦੇ ਚਾਨਣ ਲਈ ਹੋਵੇਗਾ ।5ਮੇਰਾ ਧਰਮ ਨੇੜੇ ਹੈ, ਮੇਰਾ ਬਚਾਓ ਨਿੱਕਲਿਆ ਹੈ, ਮੇਰੀਆਂ ਭੁਜਾਂ ਲੋਕਾਂ ਦਾ ਨਿਆਂ ਕਰਨਗੀਆਂ, ਟਾਪੂ ਮੇਰੀ ਉਡੀਕ ਕਰਨਗੇ, ਅਤੇ ਮੇਰੀ ਭੁਜਾ ਉੱਤੇ ਆਸ ਰੱਖਣਗੇ ।
6ਆਪਣੀਆਂ ਅੱਖਾਂ ਅਕਾਸ਼ ਵੱਲ ਚੁੱਕੋ, ਅਤੇ ਹੇਠਾਂ ਧਰਤੀ ਉੱਤੇ ਨਿਗਾਹ ਮਾਰੋ, ਅਕਾਸ਼ ਤਾਂ ਧੂੰਏਂ ਵਾਂਗੂੰ ਅਲੋਪ ਹੋ ਜਾਵੇਗਾ, ਅਤੇ ਧਰਤੀ ਕੱਪੜੇ ਵਾਂਗੂੰ ਪੁਰਾਣੀ ਪੈ ਜਾਵੇਗੀ, ਉਹ ਦੇ ਵਾਸੀ ਮੱਖੀਆਂ ਵਾਂਗੂੰ ਮਰ ਜਾਣਗੇ, ਪਰ ਮੇਰੀ ਮੁਕਤੀ ਸਦੀਪਕ ਹੋਵੇਗੀ, ਅਤੇ ਮੇਰਾ ਧਰਮ ਅਨੰਤ ਹੋਵੇਗਾ ।

7ਹੇ ਧਰਮ ਦੇ ਜਾਣਨ ਵਾਲਿਓ, ਮੇਰੀ ਸੁਣੋ, ਹੇ ਮੇਰੀ ਪਰਜਾ, ਜਿਨ੍ਹਾਂ ਦੇ ਦਿਲਾਂ ਵਿੱਚ ਮੇਰੀ ਬਿਵਸਥਾ ਹੈ । ਮਨੁੱਖਾਂ ਦੀ ਨਿੰਦਿਆ ਤੋਂ ਨਾ ਡਰੋ, ਅਤੇ ਉਹਨਾਂ ਦੇ ਦੁਰਬਚਨਾਂ ਤੋਂ ਨਾ ਘਬਰਾਓ,8ਕਿਉਂ ਜੋ ਕੀੜਾ ਉਹਨਾਂ ਨੂੰ ਕੱਪੜੇ ਵਾਂਗੂੰ ਖਾ ਜਾਵੇਗਾ, ਅਤੇ ਲੇਹਾ ਉਹਨਾਂ ਨੂੰ ਉੱਨ ਵਾਂਗੂੰ ਖਾ ਜਾਵੇਗਾ, ਪਰ ਮੇਰਾ ਧਰਮ ਸਦੀਪਕ ਹੋਵੇਗਾ, ਅਤੇ ਮੇਰੀ ਮੁਕਤੀ ਪੀੜ੍ਹੀਓਂ ਪੀੜ੍ਹੀ ਤੱਕ ।

9ਜਾਗ, ਜਾਗ, ਬਲ ਪਹਿਨ ਲੈ, ਹੇ ਯਹੋਵਾਹ ਦੀ ਭੁਜਾ ! ਜਾਗ, ਜਿਵੇਂ ਪੁਰਾਣਿਆਂ ਦਿਨਾਂ ਵਿੱਚ, ਅਤੇ ਪ੍ਰਾਚੀਨ ਸਮਿਆਂ ਦੀਆਂ ਪੀੜ੍ਹੀਆਂ ਵਿੱਚ ! ਕੀ ਤੂੰ ਉਹ ਨਹੀਂ ਜਿਸ ਨੇ ਰਹਬ ਨੂੰ ਟੁੱਕੜੇ-ਟੁੱਕੜੇ ਕਰ ਦਿੱਤਾ, ਅਤੇ ਅਜਗਰ ਨੂੰ ਵਿੰਨ੍ਹਿਆ ?10ਕੀ ਤੂੰ ਉਹ ਨਹੀਂ ਜਿਸ ਨੇ ਸਮੁੰਦਰ ਨੂੰ, ਵੱਡੀ ਡੁੰਘਿਆਈ ਦਿਆਂ ਪਾਣੀਆਂ ਨੂੰ ਸੁਕਾ ਦਿੱਤਾ ? ਜਿਸ ਨੇ ਸਮੁੰਦਰ ਦੀ ਤਹਿ ਨੂੰ ਛੁਡਾਏ ਹੋਇਆਂ ਦੇ ਲੰਘਣ ਦਾ ਰਾਹ ਬਣਾ ਦਿੱਤਾ ?
11ਯਹੋਵਾਹ ਦੇ ਮੁੱਲ ਨਾਲ ਛੁਡਾਏ ਹੋਏ ਮੁੜ ਆਉਣਗੇ, ਅਤੇ ਜੈਕਾਰਿਆਂ ਨਾਲ ਸੀਯੋਨ ਵਿੱਚ ਆਉਣਗੇ, ਸਦੀਪਕ ਅਨੰਦ ਉਹਨਾਂ ਦੇ ਸਿਰਾਂ ਉੱਤੇ ਹੋਵੇਗਾ, ਉਹ ਖੁਸ਼ੀ ਅਤੇ ਅਨੰਦ ਪਰਾਪਤ ਕਰਨਗੇ, ਸੋਗ ਅਤੇ ਹਉਂਕੇ ਲੈਣ ਦਾ ਅੰਤ ਹੋ ਜਾਵੇਗਾ ।

12ਮੈਂ, ਮੈਂ ਹੀ ਉਹ ਹਾਂ ਜੋ ਤੁਹਾਨੂੰ ਦਿਲਾਸਾ ਦਿੰਦਾ ਹਾਂ, ਤੂੰ ਕੌਣ ਹੈਂ ਜੋ ਮਰਨਹਾਰ ਮਨੁੱਖ ਤੋਂ ਡਰੇਂ, ਅਤੇ ਆਦਮ ਵੰਸ ਤੋਂ, ਜਿਹੜਾ ਘਾਹ ਵਾਂਗੂੰ ਹੋ ਜਾਵੇਗਾ ?
13ਤੂੰ ਯਹੋਵਾਹ ਆਪਣੇ ਕਰਤਾਰ ਨੂੰ ਵਿਸਾਰ ਦਿੱਤਾ, ਜੋ ਅਕਾਸ਼ ਦਾ ਤਾਣਨ ਵਾਲਾ ਅਤੇ ਧਰਤੀ ਦੀ ਨੀਂਹ ਰੱਖਣ ਵਾਲਾ ਹੈ, ਤੂੰ ਨਿੱਤ ਦਿਹਾੜੇ ਜ਼ਾਲਮ ਦੇ ਗੁੱਸੇ ਤੋਂ ਡਰਦਾ ਹੈਂ, ਜਿਹੜਾ ਨਾਸ ਕਰਨ ਲਈ ਤਿਆਰ ਹੈ, - ਭਲਾ, ਜ਼ਾਲਮ ਦਾ ਗੁੱਸਾ ਕਿੱਥੇ ਰਿਹਾ ?
14ਝੁੱਕਿਆ ਹੋਇਆ ਕੈਦੀ ਛੇਤੀ ਖੋਲ੍ਹਿਆ ਜਾਵੇਗਾ, ਉਹ ਮਰ ਕੇ ਟੋਏ ਵਿੱਚ ਨਾ ਜਾਵੇਗਾ, ਨਾ ਉਸ ਨੂੰ ਰੋਟੀ ਦੀ ਘਾਟ ਹੋਵੇਗੀ ।15ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜੋ ਸਮੁੰਦਰ ਨੂੰ ਇਸ ਤਰ੍ਹਾਂ ਉਛਾਲਦਾ ਹਾਂ ਕਿ ਉਹ ਦੀਆਂ ਲਹਿਰਾਂ ਗੱਜਦੀਆਂ ਹਨ, - ਸੈਨਾਂ ਦਾ ਯਹੋਵਾਹ ਮੇਰਾ ਨਾਮ ਹੈ !
16ਮੈਂ ਆਪਣੇ ਬਚਨ ਤੇਰੇ ਮੂੰਹ ਵਿੱਚ ਪਾਏ, ਅਤੇ ਮੈਂ ਆਪਣੇ ਹੱਥ ਦੇ ਸਾਯੇ ਵਿੱਚ ਤੈਨੂੰ ਢੱਕਿਆ, ਤਾਂ ਜੋ ਮੈਂ ਅਕਾਸ਼ ਨੂੰ ਤਾਣਾ ਅਤੇ ਧਰਤੀ ਦੀ ਨੀਂਹ ਰੱਖਾਂ, ਅਤੇ ਸੀਯੋਨ ਨੂੰ ਆਖਾਂ, ਤੂੰ ਮੇਰੀ ਪਰਜਾ ਹੈਂ ।
ਯਰੂਸ਼ਲਮ ਦੇ ਦੁੱਖਾਂ ਦਾ ਅੰਤ

17ਹੇ ਯਰੂਸ਼ਲਮ ਜਾਗ, ਜਾਗ ! ਖੜ੍ਹਾ ਹੋ ਜਾ ! ਤੂੰ ਜਿਸ ਨੇ ਯਹੋਵਾਹ ਦੇ ਹੱਥੋਂ ਉਹ ਦੇ ਕ੍ਰੋਧ ਦਾ ਪਿਆਲਾ ਪੀਤਾ, ਤੂੰ ਜਿਸ ਨੇ ਡਗਮਗਾ ਦੇਣ ਵਾਲੇ ਪਿਆਲੇ ਨੂੰ ਪੀ ਕੇ ਖਾਲੀ ਕੀਤਾ ।18ਉਨ੍ਹਾਂ ਸਾਰਿਆਂ ਪੁੱਤਰਾਂ ਵਿੱਚੋਂ ਜਿਨ੍ਹਾਂ ਨੂੰ ਉਸ ਨੇ ਜਨਮ ਦਿੱਤਾ, ਉਸ ਦੀ ਅਗਵਾਈ ਕਰਨ ਵਾਲਾ ਨਾ ਰਿਹਾ, ਉਨ੍ਹਾਂ ਸਾਰਿਆਂ ਪੁੱਤਰਾਂ ਵਿੱਚੋਂ ਜਿਨ੍ਹਾਂ ਨੂੰ ਉਸ ਨੇ ਪਾਲਿਆ, ਕੋਈ ਨਹੀਂ ਜੋ ਉਸ ਦਾ ਹੱਥ ਫੜ੍ਹੇ ।
19ਇਹ ਦੋ ਗੱਲਾਂ ਤੇਰੇ ਉੱਤੇ ਆ ਪਈਆਂ, ਕੌਣ ਤੈਨੂੰ ਤਸੱਲੀ ਦੇਵੇਗਾ ? ਬਰਬਾਦੀ ਤੇ ਭੰਨ ਤੋੜ, ਕਾਲ ਤੇ ਤਲਵਾਰ ਆ ਪਈ, ਮੈਂ ਕਿਵੇਂ ਤੈਨੂੰ ਦਿਲਾਸਾ ਦਿਆਂ ?20ਤੇਰੇ ਪੁੱਤਰ ਬੇਹੋਸ਼ ਹੋ ਗਏ, ਉਹ ਸਾਰੀਆਂ ਗਲੀਆਂ ਦੇ ਸਿਰਿਆਂ ਉੱਤੇ ਡਿੱਗੇ ਪਏ ਹਨ, ਜਿਵੇਂ ਹਰਨ ਜਾਲ ਵਿੱਚ, ਉਹ ਯਹੋਵਾਹ ਦੇ ਗੁੱਸੇ ਨਾਲ, ਤੇਰੇ ਪਰਮੇਸ਼ੁਰ ਦੀ ਝਿੜਕ ਨਾਲ ਭਰੇ ਹੋਏ ਹਨ ।

21ਇਸ ਕਾਰਨ ਹੇ ਦੁਖਿਆਰੀਏ, ਇਹ ਸੁਣ, ਤੂੰ ਮਤਵਾਲੀ ਤਾਂ ਹੈਂ ਪਰ ਮਧ ਨਾਲ ਨਹੀਂ ।22ਤੇਰਾ ਪ੍ਰਭੂ ਯਹੋਵਾਹ ਅਤੇ ਤੇਰਾ ਪਰਮੇਸ਼ੁਰ, ਜਿਹੜਾ ਆਪਣੀ ਪਰਜਾ ਦਾ ਮੁਕੱਦਮਾ ਲੜਦਾ ਹੈ, ਇਹ ਆਖਦਾ ਹੈ, ਵੇਖ, ਮੈਂ ਤੇਰੇ ਹੱਥੋਂ ਡਗਮਗਾਉਣ ਦਾ ਪਿਆਲਾ ਲੈ ਲਿਆ ਹੈ ਅਰਥਾਤ ਮੇਰੇ ਕ੍ਰੋਧ ਦਾ ਪਿਆਲਾ, ਤੂੰ ਇਹ ਫੇਰ ਕਦੀ ਨਾ ਪੀਵੇਂਗੀ ।
23ਮੈਂ ਉਸ ਨੂੰ ਤੈਨੂੰ ਦੁੱਖ ਦੇਣ ਵਾਲਿਆਂ ਦੇ ਹੱਥ ਵਿੱਚ ਦਿਆਂਗਾ, ਜਿਨ੍ਹਾਂ ਨੇ ਤੈਨੂੰ ਆਖਿਆ ਸੀ, ਝੁੱਕ ਜਾ, ਤਾਂ ਜੋ ਅਸੀਂ ਉੱਪਰੋਂ ਦੀ ਲੰਘੀਏ ! ਅਤੇ ਤੂੰ ਆਪਣੀ ਪਿੱਠ ਨੂੰ ਧਰਤੀ ਵਾਂਗੂੰ, ਅਤੇ ਉਹਨਾਂ ਦੇ ਲੰਘਣ ਲਈ ਗਲੀ ਵਾਂਗੂੰ ਬਣਾਇਆ ।

52
ਪਰਮੇਸ਼ੁਰ ਯਰੂਸ਼ਲਮ ਨੂੰ ਛੁਟਕਾਰਾ ਦੇਵੇਗਾ

1ਜਾਗ, ਜਾਗ, ਹੇ ਸੀਯੋਨ, ਆਪਣਾ ਬਲ ਧਾਰਣ ਕਰ, ਹੇ ਯਰੂਸ਼ਲਮ ਪਵਿੱਤਰ ਸ਼ਹਿਰ, ਆਪਣੇ ਸੋਹਣੇ ਬਸਤਰ ਪਹਿਨ ਲੈ, ਕਿਉਂ ਜੋ ਫੇਰ ਕਦੀ ਕੋਈ ਅਸੁੰਨਤਾ ਜਾਂ ਭ੍ਰਿਸ਼ਟ ਤੇਰੇ ਵਿੱਚ ਨਾ ਆਵੇਗਾ ।

2ਹੇ ਯਰੂਸ਼ਲਮ ! ਆਪਣੇ ਆਪ ਤੋਂ ਧੂੜ ਝਾੜ ਅਤੇ ਉੱਠ ਬੈਠ, ਆਪਣੀ ਗਰਦਨ ਦੇ ਬੰਧਨ ਖੋਲ੍ਹ ਕੇ ਸੁੱਟ ਦੇ, ਹੇ ਸੀਯੋਨ ਦੀਏ ਬੱਧੀਏ ਧੀਏ !

3ਕਿਉਂ ਜੋ ਯਹੋਵਾਹ ਇਹ ਆਖਦਾ ਹੈ, ਤੁਸੀਂ ਮੁਖਤ ਵੇਚੇ ਗਏ ਇਸ ਲਈ ਹੁਣ ਬਿਨ੍ਹਾਂ ਚਾਂਦੀ ਦੇ ਕੇ ਛੁਡਾਏ ਜਾਓਗੇ ।
4ਪ੍ਰਭੂ ਯਹੋਵਾਹ ਇਹ ਫ਼ਰਮਾਉਂਦਾ ਹੈ, ਮੇਰੀ ਪਰਜਾ ਪਹਿਲਾਂ ਮਿਸਰ ਵਿੱਚ ਗਈ ਤਾਂ ਜੋ ਉੱਥੇ ਟਿਕੇ ਅਤੇ ਅੱਸ਼ੂਰ ਨੇ ਉਸ ਨੂੰ ਬਿਨ੍ਹਾਂ ਕਾਰਨ ਦਬਾਇਆ ।
5ਹੁਣ ਐਥੇ ਮੇਰੇ ਲਈ ਕੀ ਹੈ ? ਯਹੋਵਾਹ ਦਾ ਵਾਕ ਹੈ, ਕਿਉਂ ਜੋ ਮੇਰੀ ਪਰਜਾ ਜੋ ਮੁਖਤ ਲਈ ਗਈ, ਅਤੇ ਜੋ ਉਨ੍ਹਾਂ ਉੱਤੇ ਹਕੂਮਤ ਕਰਦੇ ਹਨ, ਉਹ ਉਨ੍ਹਾਂ ਦਾ ਠੱਠਾ ਕਰਦੇ ਹਨ, ਯਹੋਵਾਹ ਦਾ ਵਾਕ ਹੈ, ਸਾਰਾ ਦਿਨ ਲਗਾਤਾਰ ਮੇਰਾ ਨਾਮ ਤੁੱਛ ਜਾਣਿਆ ਜਾਂਦਾ ਹੈ ।6ਇਸ ਲਈ ਮੇਰੀ ਪਰਜਾ ਮੇਰਾ ਨਾਮ ਜਾਣੇਗੀ, ਅਤੇ ਉਸ ਦਿਨ ਉਹ ਜਾਣੇਗੀ ਕਿ ਮੈਂ ਉਹ ਹੀ ਹਾਂ ਜੋ ਪਹਿਲਾਂ ਤੋਂ ਹੀ ਬੋਲਿਆ, ਵੇਖ, ਮੈਂ ਹੀ ਹਾਂ ।

7ਜਿਹੜਾ ਖੁਸ਼ਖਬਰੀ ਲੈ ਆਉਂਦਾ ਹੈ, ਉਹ ਦੇ ਪੈਰ ਪਹਾੜਾਂ ਉੱਤੇ ਕਿੰਨੇ ਫੱਬਦੇ ਹਨ ! ਜਿਹੜਾ ਸ਼ਾਂਤੀ ਦੀ ਖ਼ਬਰ ਸੁਣਾਉਂਦਾ, ਭਲਿਆਈ ਦੀ ਖੁਸ਼ਖਬਰੀ ਲਿਆਉਂਦਾ, ਜਿਹੜਾ ਮੁਕਤੀ ਦਾ ਸੰਦੇਸ਼ ਸੁਣਾਉਂਦਾ ਹੈ, ਉਹ ਸੀਯੋਨ ਨੂੰ ਆਖਦਾ ਹੈ, ਤੇਰਾ ਪਰਮੇਸ਼ੁਰ ਰਾਜ ਕਰਦਾ ਹੈ ।8ਤੇਰੇ ਰਾਖਿਆਂ ਦੀ ਅਵਾਜ਼ ਸੁਣ ! ਉਹ ਅਵਾਜ਼ ਚੁੱਕਦੇ, ਇਕੱਠੇ ਉਹ ਜੈਕਾਰੇ ਗਜਾਉਂਦੇ ਹਨ, ਉਹ ਆਪਣੀਆਂ ਅੱਖਾਂ ਨਾਲ ਵੇਖਣਗੇ ਜਦ ਯਹੋਵਾਹ ਸੀਯੋਨ ਨੂੰ ਮੁੜੇਗਾ ।
9ਖੁੱਲ੍ਹ ਕੇ ਇਕੱਠੇ ਜੈਕਾਰੇ ਗਜਾਓ, ਹੇ ਯਰੂਸ਼ਲਮ ਦੇ ਖੰਡਰੋ ! ਕਿਉਂ ਜੋ ਯਹੋਵਾਹ ਨੇ ਆਪਣੀ ਪਰਜਾ ਨੂੰ ਦਿਲਾਸਾ ਦਿੱਤਾ, ਉਸ ਨੇ ਯਰੂਸ਼ਲਮ ਨੂੰ ਛੁਡਾਇਆ ਹੈ ।10ਯਹੋਵਾਹ ਨੇ ਆਪਣੀ ਪਵਿੱਤਰ ਬਾਂਹ ਸਾਰੀਆਂ ਕੌਮਾਂ ਦੇ ਵੇਖਦਿਆਂ ਪਸਾਰੀ ਅਤੇ ਧਰਤੀ ਦੇ ਸਾਰੇ ਬੰਨੇ ਸਾਡੇ ਪਰਮੇਸ਼ੁਰ ਦੇ ਬਚਾਓ ਨੂੰ ਵੇਖਣਗੇ ।

11ਦੂਰ ਹੋਵੋ, ਦੂਰ ਹੋਵੋ, ਉੱਥੋਂ ਨਿੱਕਲ ਜਾਓ ! ਕਿਸੇ ਅਸ਼ੁੱਧ ਚੀਜ਼ ਨੂੰ ਨਾ ਛੂਹੋ, ਉਹ ਦੇ ਵਿਚਕਾਰੋਂ ਨਿੱਕਲ ਜਾਓ ! ਆਪ ਨੂੰ ਸਾਫ਼ ਕਰੋ, ਤੁਸੀਂ ਜੋ ਯਹੋਵਾਹ ਦੇ ਭਾਂਡੇ ਚੁੱਕਦੇ ਹੋ ।12ਨਾ ਤਾਂ ਤੁਸੀਂ ਕਾਹਲੀ ਨਾਲ ਨਿੱਕਲ ਜਾਓਗੇ, ਨਾ ਨੱਠ ਕੇ ਚੱਲੇ ਜਾਓਗੇ, ਕਿਉਂ ਜੋ ਯਹੋਵਾਹ ਤੁਹਾਡੇ ਅੱਗੇ-ਅੱਗੇ ਚੱਲੇਗਾ, ਇਸਰਾਏਲ ਦਾ ਪਰਮੇਸ਼ੁਰ ਪਿੱਛੋਂ ਤੁਹਾਡੀ ਰਾਖੀ ਕਰੇਗਾ ।
ਦਾਸ ਦਾ ਦੁੱਖ ਭੋਗਣਾ

13ਵੇਖੋ, ਮੇਰਾ ਦਾਸ ਸਫ਼ਲ ਹੋਵੇਗਾ, ਉਹ ਉੱਚਾ ਅਤੇ ਉਤਾਹਾਂ ਕੀਤਾ ਜਾਵੇਗਾ, ਉਹ ਅੱਤ ਮਹਾਨ ਹੋਵੇਗਾ ।14ਜਿਵੇਂ ਬਹੁਤੇ ਤੇਰੇ ਉੱਤੇ ਹੈਰਾਨ ਹੋਏ, - ਕਿਉਂ ਜੋ ਉਹ ਦਾ ਮੂੰਹ ਅਜਿਹਾ ਵਿਗੜਿਆ ਹੋਇਆ ਸੀ ਕਿ ਉਹ ਮਨੁੱਖਾਂ ਵਰਗਾ ਨਹੀਂ ਸੀ ਜਾਪਦਾ ਅਤੇ ਉਹ ਦਾ ਰੂਪ ਵੀ ਆਦਮ-ਵੰਸ਼ੀਆਂ ਵਰਗਾ ਨਹੀਂ ਸੀ !
15ਸੋ ਉਹ ਬਹੁਤੀਆਂ ਕੌਮਾਂ ਨੂੰ ਦੰਗ ਕਰ ਦੇਵੇਗਾ, ਉਹ ਦੇ ਕਾਰਨ ਰਾਜੇ ਆਪਣਾ ਮੂੰਹ ਬੰਦ ਰੱਖਣਗੇ, ਕਿਉਂਕਿ ਜੋ ਉਹਨਾਂ ਨੂੰ ਦੱਸਿਆ ਨਾ ਗਿਆ, ਉਹ ਵੇਖਣਗੇ, ਅਤੇ ਜੋ ਉਹਨਾਂ ਨੇ ਨਹੀਂ ਸੁਣਿਆ, ਉਹ ਸਮਝਣਗੇ ।

53

1ਸਾਡੇ ਪਰਚਾਰ ਦੀ ਕਿਸ ਨੇ ਪਰਤੀਤ ਕੀਤੀ ? ਅਤੇ ਯਹੋਵਾਹ ਦੀ ਭੁਜਾ ਕਿਸ ਦੇ ਉੱਤੇ ਪਰਗਟ ਹੋਈ ?2ਉਹ ਤਾਂ ਉਸ ਦੇ ਸਾਹਮਣੇ ਕੂੰਬਲ ਵਾਂਗੂੰ, ਅਤੇ ਸੁੱਕੀ ਧਰਤੀ ਵਿੱਚੋਂ ਜੜ੍ਹ ਵਾਂਗੂੰ ਫੁੱਟ ਨਿੱਕਲਿਆ, ਉਸ ਦਾ ਨਾ ਕੋਈ ਰੂਪ ਸੀ ਨਾ ਕੋਈ ਸਰੂਪ ਸੀ, ਕਿ ਅਸੀਂ ਉਸ ਨੂੰ ਵੇਖਦੇ, ਅਤੇ ਨਾ ਕੋਈ ਸੁਹੱਪਣ ਸੀ ਕਿ ਅਸੀਂ ਉਸ ਨੂੰ ਪਸੰਦ ਕਰਦੇ ।

3ਉਹ ਤੁੱਛ ਅਤੇ ਮਨੁੱਖਾਂ ਵੱਲੋਂ ਤਿਆਗਿਆ ਹੋਇਆ ਸੀ, ਇੱਕ ਦੁਖੀਆ ਮਨੁੱਖ, ਸੋਗ ਦਾ ਜਾਣੂ, ਅਤੇ ਉਸ ਵਾਂਗੂੰ ਜਿਸ ਤੋਂ ਲੋਕ ਮੂੰਹ ਲੁਕਾਉਂਦੇ, ਉਹ ਤੁੱਛ ਜਾਣਿਆ ਗਿਆ ਅਤੇ ਅਸੀਂ ਉਸ ਦੀ ਕਦਰ ਨਾ ਕੀਤੀ ॥

4ਸੱਚ-ਮੁੱਚ ਉਸ ਨੇ ਸਾਡੇ ਰੋਗ ਚੁੱਕ ਲਏ, ਅਤੇ ਸਾਡੇ ਦੁੱਖ ਉਠਾਏ, ਪਰ ਅਸੀਂ ਉਸ ਨੂੰ ਮਾਰਿਆ ਹੋਇਆ, ਪਰਮੇਸ਼ੁਰ ਦਾ ਕੁੱਟਿਆ ਅਤੇ ਭੰਨਿਆ ਹੋਇਆ ਸਮਝਿਆ ।
5ਪਰ ਉਹ ਸਾਡੇ ਅਪਰਾਧਾਂ ਲਈ ਘਾਇਲ ਕੀਤਾ ਗਿਆ, ਅਤੇ ਸਾਡੀਆਂ ਬਦੀਆਂ ਦੇ ਕਾਰਨ ਕੁਚਲਿਆ ਗਿਆ, ਸਾਡੀ ਸ਼ਾਂਤੀ ਲਈ ਉਸ ਉੱਤੇ ਤਾੜਨਾ ਹੋਈ, ਅਤੇ ਉਸ ਦੇ ਮਾਰ ਖਾਣ ਤੋਂ ਅਸੀਂ ਨਰੋਏ ਕੀਤੇ ਗਏ ਹਾਂ ।
6ਅਸੀਂ ਸਾਰੇ ਦੇ ਸਾਰੇ ਭੇਡਾਂ ਵਾਂਗੂੰ ਭੁੱਲੇ ਫਿਰਦੇ ਸਾਂ, ਅਸੀਂ ਆਪਣੇ-ਆਪਣੇ ਰਾਹਾਂ ਨੂੰ ਮੁੜੇ, ਅਤੇ ਯਹੋਵਾਹ ਨੇ ਸਾਡੀ ਸਾਰਿਆਂ ਦੀ ਬਦੀ ਉਸ ਉੱਤੇ ਲੱਦੀ ।

7ਉਹ ਸਤਾਇਆ ਗਿਆ ਅਤੇ ਦੁਖੀ ਹੋਇਆ, ਪਰ ਉਸ ਆਪਣਾ ਮੂੰਹ ਨਾ ਖੋਲ੍ਹਿਆ, ਲੇਲੇ ਵਾਂਗੂੰ ਜਿਹੜਾ ਵੱਢੇ ਜਾਣ ਲਈ ਲੈ ਜਾਇਆ ਜਾਂਦਾ ਹੈ, ਅਤੇ ਭੇਡ ਵਾਂਗੂੰ ਜਿਹੜੀ ਉੱਨ ਕਤਰਨ ਵਾਲਿਆਂ ਦੇ ਅੱਗੇ ਗੁੰਗੀ ਹੈ, ਉਸੇ ਤਰ੍ਹਾਂ ਉਸ ਨੇ ਆਪਣਾ ਮੂੰਹ ਨਾ ਖੋਲ੍ਹਿਆ ।
8ਜ਼ੁਲਮ ਕਰਕੇ ਅਤੇ ਦੋਸ਼ ਲਾ ਕੇ ਉਹ ਨੂੰ ਫੜ੍ਹਿਆ ਗਿਆ, ਉਸ ਦੀ ਪੀੜ੍ਹੀ ਵਿੱਚੋਂ ਕਿਸ ਨੇ ਧਿਆਨ ਦਿੱਤਾ ਕਿ ਉਹ ਜੀਉਂਦਿਆਂ ਦੀ ਧਰਤੀ ਤੋਂ ਕੱਟਿਆ ਗਿਆ ? ਮੇਰੀ ਪਰਜਾ ਦੇ ਅਪਰਾਧ ਦੇ ਕਾਰਨ ਉਸ ਨੂੰ ਮਾਰ ਪਈ,9ਉਸ ਦੀ ਕਬਰ ਦੁਸ਼ਟਾਂ ਦੇ ਨਾਲ ਠਹਿਰਾਈ ਗਈ ਅਤੇ ਮੌਤ ਦੇ ਵੇਲੇ ਉਹ ਧਨਵਾਨ ਦਾ ਸੰਗੀ ਹੋਇਆ, ਭਾਵੇਂ ਉਸ ਨੇ ਕਦੀ ਜ਼ੁਲਮ ਨਹੀਂ ਕੀਤਾ, ਨਾ ਉਸ ਦੇ ਮੂੰਹ ਵਿੱਚ ਕੋਈ ਛਲ ਸੀ ।

10ਪਰ ਯਹੋਵਾਹ ਨੂੰ ਭਾਇਆ ਕਿ ਉਸ ਨੂੰ ਕੁਚਲੇ ਅਤੇ ਸੋਗ ਵਿੱਚ ਪਾਵੇ । ਜਦ ਤੂੰ ਉਸ ਦੀ ਜਾਨ ਨੂੰ ਦੋਸ਼ ਦੀ ਬਲੀ ਠਹਿਰਾਵੇਂ, ਤਾਂ ਉਹ ਆਪਣੀ ਅੰਸ ਨੂੰ ਵੇਖੇਗਾ, ਉਹ ਆਪਣੇ ਦਿਨ ਲੰਮੇ ਕਰੇਗਾ, ਅਤੇ ਯਹੋਵਾਹ ਦੀ ਇੱਛਾ ਉਸ ਦੇ ਹੱਥ ਵਿੱਚ ਸਫ਼ਲ ਹੋਵੇਗੀ ।11ਆਪਣੀ ਜਾਨ ਦਾ ਦੁੱਖ ਝੱਲਣ ਤੋਂ ਬਾਅਦ ਉਹ ਵੇਖੇਗਾ ਅਤੇ ਤ੍ਰਿਪਤ ਹੋਵੇਗਾ, ਆਪਣੇ ਗਿਆਨ ਨਾਲ ਮੇਰਾ ਧਰਮੀ ਦਾਸ ਬਹੁਤਿਆਂ ਨੂੰ ਧਰਮੀ ਠਹਿਰਾਵੇਗਾ, ਅਤੇ ਉਹਨਾਂ ਦੀਆਂ ਬਦੀਆਂ ਨੂੰ ਚੁੱਕ ਲਵੇਗਾ ।
12ਇਸ ਲਈ ਮੈਂ ਉਸ ਨੂੰ ਵੱਡਿਆਂ ਦੇ ਨਾਲ ਹਿੱਸਾ ਵੰਡ ਦਿਆਂਗਾ, ਅਤੇ ਬਲਵੰਤਾਂ ਦੇ ਨਾਲ ਉਹ ਲੁੱਟ ਵੰਡੇਗਾ, ਕਿਉਂ ਜੋ ਉਸ ਨੇ ਆਪਣੀ ਜਾਨ ਮੌਤ ਲਈ ਡੋਲ੍ਹ ਦਿੱਤੀ, ਅਤੇ ਅਪਰਾਧੀਆਂ ਨਾਲ ਗਿਣਿਆ ਗਿਆ, ਉਸ ਨੇ ਬਹੁਤਿਆਂ ਦੇ ਪਾਪ ਚੁੱਕੇ, ਅਤੇ ਅਪਰਾਧੀਆਂ ਲਈ ਸਿਫ਼ਾਰਿਸ਼ ਕੀਤੀ ।

54
ਇਸਰਾਏਲ ਦੇ ਪ੍ਰਤੀ ਪਰਮੇਸ਼ੁਰ ਦਾ ਪ੍ਰੇਮ

1ਹੇ ਬਾਂਝ, ਤੂੰ ਜੋ ਨਹੀਂ ਜਣੀ, ਜੈਕਾਰਾ ਗਜਾ ! ਖੁੱਲ੍ਹ ਕੇ ਜੈਕਾਰਾ ਗਜਾ ਅਤੇ ਚਿੱਲਾ, ਤੂੰ ਜਿਸ ਨੂੰ ਪੀੜਾਂ ਨਹੀਂ ਲੱਗੀਆਂ ! ਕਿਉਂ ਜੋ ਛੱਡੀ ਹੋਈ ਦੇ ਬੱਚੇ ਸੁਹਾਗਣ ਦੇ ਬੱਚਿਆਂ ਨਾਲੋਂ ਵੱਧ ਹਨ, ਯਹੋਵਾਹ ਦਾ ਬਚਨ ਹੈ ।

2ਆਪਣੇ ਤੰਬੂ ਦੇ ਥਾਂ ਨੂੰ ਚੌੜਾ ਕਰ, ਉਹ ਆਪਣੇ ਵਾਸਾਂ ਦੇ ਪੜਦੇ ਤਾਨਣ, ਤੂੰ ਸਰਫ਼ਾ ਨਾ ਕਰ, ਆਪਣੀਆਂ ਰੱਸੀਆਂ ਲੰਮੀਆਂ ਤੇ ਆਪਣਿਆਂ ਕੀਲਿਆਂ ਨੂੰ ਤਕੜਾ ਕਰ !3ਤੂੰ ਤਾਂ ਸੱਜੇ ਖੱਬੇ ਫੈਲੇਂਗੀ, ਤੇਰੀ ਅੰਸ ਕੌਮਾਂ ਉੱਤੇ ਕਬਜ਼ਾ ਕਰੇਗੀ, ਅਤੇ ਉੱਜੜੇ ਹੋਏ ਸ਼ਹਿਰਾਂ ਨੂੰ ਵਸਾਵੇਗੀ ।

4ਨਾ ਡਰ, ਕਿਉਂ ਜੋ ਤੂੰ ਲੱਜਿਆਵਾਨ ਨਾ ਹੋਵੇਂਗੀ, ਨਾ ਘਬਰਾ, ਕਿਉਂ ਜੋ ਤੂੰ ਸ਼ਰਮਿੰਦੀ ਨਾ ਹੋਵੇਂਗੀ, ਤੂੰ ਤਾਂ ਆਪਣੀ ਜੁਆਨੀ ਦੀ ਲਾਜ ਨੂੰ ਭੁੱਲ ਜਾਵੇਂਗੀ, ਅਤੇ ਆਪਣੇ ਰੰਡੇਪੇ ਦੇ ਉਲਾਂਭੇ ਨੂੰ ਫੇਰ ਯਾਦ ਨਾ ਕਰੇਂਗੀ ।
5ਤੇਰਾ ਪਤੀ ਤਾਂ ਤੇਰਾ ਕਰਤਾਰ ਹੈ, ਸੈਨਾਂ ਦਾ ਯਹੋਵਾਹ ਉਹ ਦਾ ਨਾਮ ਹੈ । ਤੇਰਾ ਛੁਡਾਉਣ ਵਾਲਾ ਇਸਰਾਏਲ ਦਾ ਪਵਿੱਤਰ ਪੁਰਖ ਹੈ, ਉਹ ਸਾਰੀ ਧਰਤੀ ਦਾ ਪਰਮੇਸ਼ੁਰ ਸੱਦਿਆ ਜਾਵੇਗਾ ।6ਯਹੋਵਾਹ ਨੇ ਤਾਂ ਤੈਨੂੰ ਤਿਆਗੀ ਹੋਈ ਅਤੇ ਆਤਮਾ ਵਿੱਚ ਸੋਗਣ ਇਸਤਰੀ ਵਾਂਗੂੰ ਬੁਲਾਇਆ, ਜੁਆਨੀ ਦੀ ਪਤਨੀ ਵਾਂਗੂੰ ਜਦ ਉਹ ਛੱਡੀ ਜਾਂਦੀ, ਤੇਰਾ ਪਰਮੇਸ਼ੁਰ ਆਖਦਾ ਹੈ ।
7ਕੁਝ ਪਲ ਲਈ ਹੀ ਮੈਂ ਤੈਨੂੰ ਤਿਆਗਿਆ ਸੀ, ਪਰ ਵੱਡੀਆਂ ਰਹਮਤਾਂ ਨਾਲ ਮੈਂ ਤੈਨੂੰ ਇਕੱਠਾ ਕਰਾਂਗਾ ।8ਕ੍ਰੋਧ ਦੇ ਹੜ੍ਹ ਵਿੱਚ ਮੈਂ ਆਪਣਾ ਮੂੰਹ ਕੁਝ ਪਲਾਂ ਲਈ ਤੇਰੇ ਕੋਲੋਂ ਲੁਕਾ ਲਿਆ ਸੀ, ਪਰ ਹੁਣ ਸਦੀਪਕ ਦਯਾ ਨਾਲ ਮੈਂ ਤੇਰੇ ਉੱਤੇ ਰਹਮ ਕਰਾਂਗਾ, ਯਹੋਵਾਹ ਤੇਰਾ ਛੁਡਾਉਣ ਵਾਲਾ ਆਖਦਾ ਹੈ ।
9ਇਹ ਤਾਂ ਮੇਰੇ ਲਈ ਨੂਹ ਦੀ ਪਰਲੋ ਜਿਹੀ ਹੈ, - ਜਿਵੇਂ ਮੈਂ ਸਹੁੰ ਖਾਧੀ ਹੈ, ਕਿ ਨੂਹ ਦੀ ਪਰਲੋ ਫੇਰ ਧਰਤੀ ਉੱਤੇ ਨਾ ਆਵੇਗੀ, ਉਸੇ ਤਰ੍ਹਾਂ ਮੈਂ ਸਹੁੰ ਖਾਧੀ ਹੈ ਕਿ ਮੈਂ ਤੇਰੇ ਉੱਤੇ ਕ੍ਰੋਧਿਤ ਨਾ ਹੋਵਾਂਗਾ, ਨਾ ਤੈਨੂੰ ਝਿੜਕਾਂਗਾ ।10ਭਾਵੇਂ ਪਹਾੜ ਜਾਂਦੇ ਰਹਿਣ ਤੇ ਟਿੱਲੇ ਹਿਲਾਏ ਜਾਣ, ਪਰ ਮੇਰੀ ਦਯਾ ਤੈਥੋਂ ਜਾਂਦੀ ਨਾ ਰਹੇਗੀ, ਨਾ ਮੇਰੀ ਸ਼ਾਂਤੀ ਦਾ ਨੇਮ ਹਿੱਲੇਗਾ, ਯਹੋਵਾਹ ਜੋ ਤੇਰੇ ਉੱਤੇ ਦਯਾ ਕਰਦਾ ਹੈ ਆਖਦਾ ਹੈ ।
ਆਉਣ ਵਾਲਾ ਯਰੂਸ਼ਲਮ ਨਗਰ

11ਹੇ ਦੁਖਿਆਰੀਏ, ਅਨ੍ਹੇਰ ਦੀਏ ਮਾਰੀਏ ਹੋਈਏ, ਜਿਸ ਨੂੰ ਦਿਲਾਸਾ ਨਹੀਂ ਮਿਲਿਆ, ਵੇਖ, ਮੈਂ ਤੇਰੇ ਪੱਥਰਾਂ ਨੂੰ ਫ਼ੀਰੋਜ਼ਿਆਂ ਵਿੱਚ ਜੜ੍ਹਾਂਗਾ, ਅਤੇ ਤੇਰੀਆਂ ਨੀਂਹਾਂ ਨੂੰ ਨੀਲਮਾਂ ਨਾਲ ਧਰਾਂਗਾ ।12ਮੈਂ ਤੇਰੇ ਕਲਸਾਂ ਨੂੰ ਲਾਲਾਂ ਨਾਲ, ਤੇਰੇ ਫਾਟਕਾਂ ਨੂੰ ਜਵਾਹਰਾਤ ਨਾਲ, ਅਤੇ ਤੇਰੇ ਸਾਰੇ ਗੜ੍ਹਾਂ ਨੂੰ ਬਹੁਮੁੱਲੇ ਪੱਥਰਾਂ ਨਾਲ ਬਣਾਵਾਂਗਾ ।
13ਤੇਰੇ ਸਾਰੇ ਪੁੱਤਰ ਯਹੋਵਾਹ ਵੱਲੋਂ ਸਿੱਖੇ ਹੋਏ ਹੋਣਗੇ, ਅਤੇ ਤੇਰੇ ਪੁੱਤਰਾਂ ਦੀ ਸ਼ਾਂਤੀ ਬਹੁਤ ਹੋਵੇਗੀ ।14ਤੂੰ ਧਰਮ ਨਾਲ ਕਾਇਮ ਰਹੇਂਗੀ, ਅਤੇ ਜ਼ੁਲਮ ਤੋਂ ਦੂਰ ਰਹੇਂਗੀ, ਇਸ ਲਈ ਤੂੰ ਨਾ ਡਰੇਂਗੀ, ਅਤੇ ਖੌਫ਼ ਨਾ ਖਾਵੇਂਗੀ, ਕਿਉਂ ਜੋ ਉਹ ਤੇਰੇ ਨੇੜੇ ਨਾ ਆਵੇਗਾ ।
15ਵੇਖ, ਉਹ ਝਗੜਾ ਛੇੜਦੇ ਹਨ, ਪਰ ਮੇਰੀ ਵੱਲੋਂ ਨਹੀਂ, ਜਿਹੜਾ ਤੇਰੇ ਨਾਲ ਝਗੜੇ ਉਹ ਤੇਰੇ ਕਾਰਨ ਡਿੱਗੇਗਾ ।16ਵੇਖ, ਮੈਂ ਲੁਹਾਰ ਉਤਪਤ ਕੀਤਾ, ਜੋ ਕੋਲਿਆਂ ਦੀ ਅੱਗ ਧੌਂਕਦਾ ਹੈ, ਅਤੇ ਆਪਣੇ ਕੰਮ ਲਈ ਸੰਦ ਕੱਢਦਾ ਹੈ, ਮੈਂ ਹੀ ਨਾਸ ਕਰਨ ਵਾਲਾ ਉਜਾੜਨ ਲਈ ਉਤਪਤ ਕੀਤਾ ।
17ਹਰੇਕ ਹਥਿਆਰ ਜੋ ਤੇਰੇ ਵਿਰੁੱਧ ਬਣਾਇਆ ਜਾਵੇ ਨਿਕੰਮਾ ਹੋਵੇਗਾ, ਹਰੇਕ ਜੀਭ ਜੋ ਤੇਰੇ ਵਿਰੁੱਧ ਨਿਆਂ ਲਈ ਉੱਠੇ, ਤੂੰ ਉਸ ਨੂੰ ਦੋਸ਼ੀ ਠਹਿਰਾਵੇਂਗੀ - ਇਹ ਯਹੋਵਾਹ ਦੇ ਦਾਸਾਂ ਦਾ ਅਧਿਕਾਰ ਹੈ, ਅਤੇ ਉਹ ਮੇਰੇ ਕਾਰਨ ਧਰਮੀ ਠਹਿਰਣਗੇ, ਯਹੋਵਾਹ ਦਾ ਵਾਕ ਹੈ ।

55
ਪਰਮੇਸ਼ੁਰ ਦੀ ਦਯਾ: ਸਾਰੇ ਮਨੁੱਖਾਂ ਦੇ ਲਈ

1ਆਓ, ਹਰੇਕ ਜੋ ਤਿਹਾਇਆ ਹੈ, ਤੁਸੀਂ ਪਾਣੀ ਲਈ ਆਓ, ਅਤੇ ਜਿਸ ਦੇ ਕੋਲ ਚਾਂਦੀ ਨਹੀਂ, ਤੁਸੀਂ ਵੀ ਆਓ, ਲੈ ਲਓ ਅਤੇ ਖਾਓ, ਆਓ, ਬਿਨ੍ਹਾਂ ਚਾਂਦੀ, ਬਿਨ੍ਹਾਂ ਮੁੱਲ ਮਧ ਤੇ ਦੁੱਧ ਲੈ ਲਓ !

2ਜਿਹੜੀ ਰੋਟੀ ਨਹੀਂ, ਉਹ ਦੇ ਲਈ ਤੁਸੀਂ ਆਪਣੀ ਚਾਂਦੀ ਅਤੇ ਜਿਹੜੀ ਚੀਜ਼ ਰਜਾਉਂਦੀ ਨਹੀਂ ਉਹ ਦੇ ਲਈ ਆਪਣੀ ਮਿਹਨਤ ਕਿਉਂ ਖਰਚਦੇ ਹੋ ? ਧਿਆਨ ਨਾਲ ਮੇਰੀ ਸੁਣੋ ਅਤੇ ਚੰਗਾ ਖਾਓ, ਤੁਹਾਡਾ ਜੀ ਚਿਕਨਾਈ ਨਾਲ ਤ੍ਰਿਪਤ ਹੋ ਜਾਵੇ ।
3ਕੰਨ ਲਾਓ ਅਤੇ ਮੇਰੇ ਵੱਲ ਆਓ, ਸੁਣੋ ਤਾਂ ਤੁਸੀਂ ਜੀਉਂਦੇ ਰਹੋਗੇ, ਅਤੇ ਮੈਂ ਤੁਹਾਡੇ ਨਾਲ ਇੱਕ ਸਦੀਪਕ ਨੇਮ ਬੰਨ੍ਹਾਂਗਾ, ਅਰਥਾਤ ਦਾਊਦ ਨਾਲ ਬੰਨ੍ਹੀਆਂ ਅਟੱਲ ਦਿਆਲਗੀਆਂ ਦਾ ਨੇਮ ।4ਵੇਖ, ਮੈਂ ਉਹ ਨੂੰ ਕੌਮਾਂ ਲਈ ਗਵਾਹ ਠਹਿਰਾਇਆ ਹੈ, ਲੋਕਾਂ ਲਈ ਪ੍ਰਧਾਨ ਅਤੇ ਹਾਕਮ ।
5ਵੇਖ, ਤੂੰ ਇੱਕ ਕੌਮ ਨੂੰ ਸੱਦੇਂਗਾ ਜਿਸ ਨੂੰ ਤੂੰ ਨਹੀਂ ਜਾਣਦਾ, ਅਤੇ ਅਜਿਹੀਆਂ ਕੌਮਾਂ ਨੂੰ ਜੋ ਤੈਨੂੰ ਨਹੀਂ ਜਾਣਦੀਆਂ, ਤੇਰੇ ਕੋਲ ਭੱਜੀਆਂ ਆਉਣਗੀਆਂ, ਇਹ ਯਹੋਵਾਹ ਤੇਰੇ ਪਰਮੇਸ਼ੁਰ ਅਤੇ ਇਸਰਾਏਲ ਦੇ ਪਵਿੱਤਰ ਪੁਰਖ ਦੇ ਕਾਰਨ ਹੋਵੇਗਾ, ਜਿਸ ਨੇ ਤੈਨੂੰ ਸ਼ੋਭਾਮਾਨ ਕੀਤਾ ਹੈ ।

6ਯਹੋਵਾਹ ਨੂੰ ਭਾਲੋ ਜਦ ਤੱਕ ਉਹ ਲੱਭ ਸਕੇ, ਉਹ ਨੂੰ ਪੁਕਾਰੋ ਜਦ ਤੱਕ ਉਹ ਨੇੜੇ ਹੈ ।7ਦੁਸ਼ਟ ਆਪਣੇ ਰਾਹ ਨੂੰ ਤਿਆਗੇ, ਅਤੇ ਬੁਰਿਆਰ ਆਪਣੇ ਖ਼ਿਆਲਾਂ ਨੂੰ, ਉਹ ਯਹੋਵਾਹ ਵੱਲ ਮੁੜੇ ਅਤੇ ਉਹ ਉਸ ਦੇ ਉੱਤੇ ਰਹਮ ਕਰੇਗਾ, ਅਤੇ ਸਾਡੇ ਪਰਮੇਸ਼ੁਰ ਵੱਲ ਜੋ ਅੱਤ ਦਿਆਲੂ ਹੈ,
8ਕਿਉਂ ਜੋ ਮੇਰੇ ਖ਼ਿਆਲ ਤੁਹਾਡੇ ਖ਼ਿਆਲ ਨਹੀਂ, ਅਤੇ ਨਾ ਤੁਹਾਡੇ ਰਾਹ ਮੇਰੇ ਰਾਹ ਹਨ, ਯਹੋਵਾਹ ਦਾ ਵਾਕ ਹੈ ।9ਜਿਵੇਂ ਅਕਾਸ਼ ਧਰਤੀ ਤੋਂ ਉੱਚੇ ਹਨ, ਤਿਵੇਂ ਮੇਰੇ ਰਾਹ ਤੁਹਾਡੇ ਰਾਹਾਂ ਤੋਂ, ਅਤੇ ਮੇਰੇ ਖ਼ਿਆਲ ਤੁਹਾਡੇ ਖ਼ਿਆਲਾਂ ਤੋਂ ਉੱਚੇ ਹਨ ।

10ਜਿਵੇਂ ਵਰਖਾ ਅਤੇ ਬਰਫ਼ ਅਕਾਸ਼ ਤੋਂ ਪੈਂਦੀ ਹੈ, ਅਤੇ ਉੱਥੇ ਮੁੜ ਨਹੀਂ ਜਾਂਦੀ, ਸਗੋਂ ਧਰਤੀ ਨੂੰ ਸਿੰਜ ਕੇ ਉਸ ਨੂੰ ਜਮਾਉਂਦੀ ਅਤੇ ਖਿੜਾਉਂਦੀ ਹੈ, ਇਸ ਤਰ੍ਹਾਂ ਬੀਜਣ ਵਾਲੇ ਨੂੰ ਬੀਜ ਅਤੇ ਖਾਣ ਵਾਲੇ ਨੂੰ ਰੋਟੀ ਦਿੰਦੀ ਹੈ,11ਉਸੇ ਤਰ੍ਹਾਂ ਮੇਰਾ ਬਚਨ ਹੋਵੇਗਾ ਜੋ ਮੇਰੇ ਮੂੰਹੋਂ ਨਿੱਕਲਦਾ ਹੈ, ਉਹ ਮੇਰੀ ਵੱਲ ਅਵਿਰਥਾ ਨਹੀਂ ਮੁੜੇਗਾ, ਪਰ ਜੋ ਮੈਂ ਠਾਣਿਆ ਉਸ ਨੂੰ ਪੂਰਾ ਕਰੇਗਾ, ਅਤੇ ਜਿਸ ਕੰਮ ਲਈ ਮੈਂ ਉਹ ਨੂੰ ਭੇਜਿਆ, ਉਸ ਵਿੱਚ ਸਫ਼ਲ ਹੋਵੇਗਾ ।

12ਕਿਉਂਕਿ ਤੁਸੀਂ ਖੁਸ਼ੀ ਨਾਲ ਨਿੱਕਲੋਗੇ ਅਤੇ ਸ਼ਾਂਤੀ ਨਾਲ ਤੋਰੇ ਜਾਓਗੇ, ਪਹਾੜ ਅਤੇ ਟਿੱਬੇ ਤੁਹਾਡੇ ਅੱਗੇ ਖੁਲ੍ਹ ਕੇ ਜੈਕਾਰੇ ਗਜਾਉਣਗੇ, ਅਤੇ ਖੇਤ ਦੇ ਸਾਰੇ ਰੁੱਖ ਤਾੜੀਆਂ ਵਜਾਉਣਗੇ ।13ਕੰਡਿਆਂ ਦੇ ਥਾਂ ਸਰੂ ਉੱਗੇਗਾ, ਕੰਟੀਲੀ ਝਾੜੀਆਂ ਦੀ ਥਾਂ ਮਹਿੰਦੀ ਉੱਗੇਗੀ, ਇਸ ਤੋਂ ਯਹੋਵਾਹ ਲਈ ਨਾਮ ਹੋਵੇਗਾ ਅਤੇ ਇਹ ਸਦੀਪਕ ਨਿਸ਼ਾਨ ਹੋਵੇਗਾ ਜੋ ਕਦੀ ਮਿਟੇਗਾ ਨਹੀਂ ।

56
ਪਰਮੇਸ਼ੁਰ ਦੀ ਪਰਜਾ ਵਿੱਚ ਸਾਰੀਆਂ ਕੌਮਾਂ ਸ਼ਾਮਿਲ

1ਯਹੋਵਾਹ ਇਹ ਆਖਦਾ ਹੈ, ਇਨਸਾਫ਼ ਦੀ ਪਾਲਣਾ ਕਰੋ ਅਤੇ ਧਰਮ ਦੇ ਕੰਮ ਕਰੋ, ਕਿਉਂ ਜੋ ਮੇਰਾ ਛੁਟਕਾਰਾ ਨੇੜੇ ਆਉਣ ਵਾਲਾ ਹੈ, ਅਤੇ ਮੇਰਾ ਧਰਮ ਪਰਗਟ ਹੋਣ ਵਾਲਾ ਹੈ ।2ਧੰਨ ਹੈ ਉਹ ਮਨੁੱਖ ਜੋ ਇਹ ਕਰਦਾ ਹੈ, ਅਤੇ ਆਦਮ-ਵੰਸ਼ੀ ਜੋ ਇਸ ਨੂੰ ਫੜ੍ਹ ਕੇ ਰੱਖਦਾ ਹੈ, ਜੋ ਸਬਤ ਨੂੰ ਬਿਨ੍ਹਾਂ ਭ੍ਰਿਸ਼ਟ ਕੀਤੇ ਮੰਨਦਾ ਹੈ, ਅਤੇ ਆਪਣਾ ਹੱਥ ਹਰ ਬਦੀ ਨੂੰ ਕਰਨ ਤੋਂ ਰੋਕਦਾ ਹੈ ।

3ਪਰਦੇਸੀ ਜਿਸ ਨੇ ਆਪਣੇ ਆਪ ਨੂੰ ਯਹੋਵਾਹ ਦੇ ਮਗਰ ਲਾ ਲਿਆ ਹੈ, ਉਹ ਇਹ ਨਾ ਆਖੇ, ਯਹੋਵਾਹ ਮੈਨੂੰ ਆਪਣੀ ਪਰਜਾ ਵਿੱਚੋਂ ਅੱਡ ਕਰ ਦੇਵੇਗਾ, ਨਾ ਖੁਸਰਾ ਇਹ ਆਖੇ, ਵੇਖੋ, ਮੈਂ ਸੁੱਕਾ ਰੁੱਖ ਹਾਂ ।
4ਕਿਉਂਕਿ ਖੁਸਰੇ ਜੋ ਮੇਰੇ ਸਬਤਾਂ ਨੂੰ ਮੰਨਦੇ ਹਨ, ਅਤੇ ਜੋ ਕੁਝ ਮੈਨੂੰ ਭਾਉਂਦਾ ਉਹ ਹੀ ਚੁਣਦੇ, ਅਤੇ ਮੇਰੇ ਨੇਮ ਨੂੰ ਫੜ੍ਹੀ ਰੱਖਦੇ ਹਨ, ਉਨ੍ਹਾਂ ਨੂੰ ਯਹੋਵਾਹ ਇਹ ਆਖਦਾ ਹੈ,5ਮੈਂ ਉਨ੍ਹਾਂ ਨੂੰ ਆਪਣੇ ਘਰ ਵਿੱਚ ਅਤੇ ਆਪਣੀਆਂ ਕੰਧਾਂ ਦੇ ਅੰਦਰ, ਇੱਕ ਯਾਦਗਾਰ ਅਤੇ ਇੱਕ ਨਾਮ ਦਿਆਂਗਾ, ਜੋ ਪੁੱਤਰਾਂ ਅਤੇ ਧੀਆਂ ਨਾਲੋਂ ਵੀ ਉੱਤਮ ਹੋਵੇਗਾ । ਮੈਂ ਉਹਨਾਂ ਨੂੰ ਇੱਕ ਸਦੀਪਕ ਨਾਮ ਦਿਆਂਗਾ, ਜੋ ਮਿਟਾਇਆ ਨਾ ਜਾਵੇਗਾ ।

6ਪਰਦੇਸੀ ਜਿਨ੍ਹਾਂ ਨੇ ਆਪਣੇ ਆਪ ਨੂੰ ਯਹੋਵਾਹ ਦੇ ਮਗਰ ਲਾ ਲਿਆ ਹੈ, ਕਿ ਉਹ ਉਸ ਦੀ ਸੇਵਾ ਕਰਨ ਅਤੇ ਯਹੋਵਾਹ ਦੇ ਨਾਮ ਨਾਲ ਪ੍ਰੇਮ ਰੱਖਣ, ਅਤੇ ਉਸ ਦੇ ਦਾਸ ਹੋਣ, ਹਰੇਕ ਜੋ ਸਬਤ ਨੂੰ ਬਿਨ੍ਹਾਂ ਭ੍ਰਿਸ਼ਟ ਕੀਤੇ ਮੰਨਦਾ, ਅਤੇ ਮੇਰੇ ਨਾਮ ਨੂੰ ਫੜ੍ਹੀ ਰੱਖਦਾ ਹੈ,7ਇਹਨਾਂ ਨੂੰ ਮੈਂ ਆਪਣੇ ਪਵਿੱਤਰ ਪਹਾੜ ਉੱਤੇ ਲਿਆਵਾਂਗਾ ਅਤੇ ਉਹਨਾਂ ਨੂੰ ਆਪਣੇ ਪ੍ਰਾਰਥਨਾ ਘਰ ਵਿੱਚ ਅਨੰਦ ਦੁਆਵਾਂਗਾ, ਉਹਨਾਂ ਦੀਆਂ ਹੋਮ ਬਲੀਆਂ ਅਤੇ ਬਲੀਦਾਨ ਮੇਰੀ ਜਗਵੇਦੀ ਉੱਤੇ ਕਬੂਲ ਹੋਣਗੇ, ਮੇਰਾ ਘਰ ਤਾਂ ਸਾਰਿਆਂ ਲੋਕਾਂ ਲਈ ਪ੍ਰਾਰਥਨਾ ਦਾ ਘਰ ਸਦਾਵੇਗਾ ।
8ਪ੍ਰਭੂ ਯਹੋਵਾਹ ਜੋ ਇਸਰਾਏਲ ਦੇ ਕੱਢੇ ਹੋਇਆਂ ਨੂੰ ਇਕੱਠਾ ਕਰਦਾ ਹੈ, ਉਸ ਦਾ ਵਾਕ ਹੈ, - ਮੈਂ ਹੋਰਨਾਂ ਨੂੰ ਉਹ ਦੇ ਕੋਲ ਉਨ੍ਹਾਂ ਇਕੱਠਿਆਂ ਹੋਇਆਂ ਦੇ ਨਾਲ ਇਕੱਠਾ ਕਰਾਂਗਾ ।
ਇਸਰਾਏਲ ਦੇ ਆਗੂਆਂ ਨੂੰ ਪਰਮੇਸ਼ੁਰ ਵੱਲੋਂ ਤਾੜਨਾ

9ਹੇ ਮੈਦਾਨ ਦੇ ਸਾਰੇ ਜੰਤੂਓ, ਹੇ ਜੰਗਲ ਦੇ ਸਾਰੇ ਜਾਨਵਰੋਂ ! ਖਾਣ ਲਈ ਆ ਜਾਓ !10ਉਹ ਦੇ ਰਾਖੇ ਅੰਨ੍ਹੇ ਹਨ, ਉਹ ਸਾਰੇ ਬੇਸਮਝ ਹਨ, ਉਹ ਸਾਰੇ ਗੁੰਗੇ ਕੁੱਤੇ ਹਨ, ਉਹ ਭੌਂਕ ਨਹੀਂ ਸਕਦੇ, ਉਹ ਸੁਫ਼ਨੇ ਵੇਖਦੇ, ਲੰਮੇ ਪੈਂਦੇ ਅਤੇ ਨੀਂਦਰ ਦੇ ਪ੍ਰੇਮੀ ਹਨ ।
11ਇਹ ਕੁੱਤੇ ਬਹੁਤ ਭੁੱਖੇ ਹਨ, ਇਹ ਰੱਜਣਾ ਨਹੀਂ ਜਾਣਦੇ, ਅਤੇ ਇਹ ਅਯਾਲੀ ਸਮਝ ਨਹੀਂ ਰੱਖਦੇ, ਇਹਨਾਂ ਸਾਰਿਆਂ ਨੇ ਆਪਣੇ-ਆਪਣੇ ਲਾਭ ਲਈ ਆਪਣਾ-ਆਪਣਾ ਮਾਰਗ ਚੁਣ ਲਿਆ ਹੈ ।12ਆਓ, ਉਹ ਸਾਰੇ ਆਖਦੇ ਹਨ, ਅਸੀਂ ਮਧ ਲਿਆਈਏ ਅਤੇ ਰੱਜ ਕੇ ਪੀਵੀਏ, ਕੱਲ ਦਾ ਦਿਨ ਅੱਜ ਜਿਹਾ ਹੋਵੇਗਾ ਸਗੋਂ ਬਹੁਤ ਹੀ ਵੱਧ ਕੇ ਹੋਵੇਗਾ ।

57
ਇਸਰਾਏਲ ਵਿੱਚ ਮੂਰਤੀ ਪੂਜਾ ਦੀ ਨਿੰਦਿਆ

1ਧਰਮੀ ਨਾਸ ਹੁੰਦਾ ਪਰ ਕੋਈ ਇਹ ਗੱਲ ਦਿਲ ਤੇ ਨਹੀਂ ਲਾਉਂਦਾ, ਭਗਤ ਲੋਕ ਲੈ ਲਏ ਜਾਂਦੇ ਹਨ ਪਰ ਕੋਈ ਸੋਚਦਾ ਨਹੀਂ ਕਿ ਧਰਮੀ ਇਸ ਲਈ ਲੈ ਲਿਆ ਜਾਂਦਾ ਹੈ ਕਿ ਆਉਣ ਵਾਲੀ ਬਿਪਤਾ ਤੋਂ ਬਚ ਸਕੇ ।2ਉਹ ਸ਼ਾਂਤੀ ਨਾਲ ਜਾਂਦੇ, ਉਹ ਆਪਣੇ ਬਿਸਤਰਿਆਂ ਉੱਤੇ ਅਰਾਮ ਕਰਦੇ ਹਨ, ਜਿਹੜੇ ਸਿੱਧੀ ਚਾਲ ਚੱਲਦੇ ਹਨ ।

3ਪਰ ਤੁਸੀਂ ਐਥੇ ਨੇੜੇ ਆਓ, ਹੇ ਜਾਦੂਗਰਨੀ ਦੇ ਪੁੱਤਰੋ, ਜ਼ਨਾਹਕਾਰ ਅਤੇ ਵੇਸਵਾ ਦੀ ਵੰਸ !4ਤੁਸੀਂ ਕਿਸ ਦੇ ਉੱਤੇ ਮਖੌਲ ਕਰਦੇ ਹੋ ? ਕਿਸ ਦੇ ਉੱਤੇ ਮੂੰਹ ਅੱਡਦੇ ਅਤੇ ਜੀਭ ਕੱਢਦੇ ਹੋ ? ਕੀ ਤੁਸੀਂ ਅਪਰਾਧ ਦੇ ਬੱਚੇ, ਅਤੇ ਧੋਖੇਬਾਜ਼ਾਂ ਦੀ ਵੰਸ ਨਹੀਂ ?
5ਤੁਸੀਂ ਜਿਹੜੇ ਬਲੂਤਾਂ ਵਿੱਚ, ਹਰੇਕ ਹਰੇ ਰੁੱਖ ਦੇ ਹੇਠ ਕਾਮ-ਵਾਸਨਾ ਵਿੱਚ ਸੜਦੇ ਹੋ ਅਤੇ ਘਾਟੀਆਂ ਵਿੱਚ ਪੱਥਰਾਂ ਦੀਆਂ ਦਰਾਰਾਂ ਹੇਠ ਬੱਚਿਆਂ ਨੂੰ ਵੱਢਦੇ ਹੋ !
6ਘਾਟੀ ਦੇ ਪੱਧਰੇ ਪੱਥਰ ਤੇਰੇ ਹਿੱਸੇ ਵਿੱਚ ਆਉਣਗੇ, ਇਹੋ ਤੇਰਾ ਭਾਗ ਹੈ ! ਇਹਨਾਂ ਦੇ ਲਈ ਹੀ ਤੂੰ ਪੀਣ ਦੀ ਭੇਟ ਡੋਲ੍ਹੀ ਅਤੇ ਮੈਦੇ ਦੀ ਭੇਟ ਚੜ੍ਹਾਈ, ਕੀ ਇਹ ਸਭ ਵੇਖਦੇ ਹੋਏ ਵੀ ਮੈਂ ਸ਼ਾਂਤ ਰਹਾਂ ?
7ਇੱਕ ਉੱਚੇ ਤੇ ਬੁਲੰਦ ਪਹਾੜ ਉੱਤੇ ਤੂੰ ਆਪਣਾ ਬਿਸਤਰ ਵਿਛਾਇਆ, ਉੱਥੇ ਤੂੰ ਬਲੀਆਂ ਚੜ੍ਹਾਉਣ ਲਈ ਚੜ੍ਹ ਵੀ ਗਈ ।8ਬੂਹਿਆਂ ਅਤੇ ਚੁਗਾਠਾਂ ਦੇ ਪਿੱਛੇ ਤੂੰ ਆਪਣੇ ਬੁੱਤਾਂ ਦੀ ਯਾਦਗਾਰੀ ਕਾਇਮ ਕੀਤੀ, ਤੂੰ ਤਾਂ ਮੈਨੂੰ ਛੱਡ ਕੇ ਨੰਗੀ ਹੋਈ, ਅਤੇ ਉਤਾਹਾਂ ਜਾ ਕੇ ਆਪਣਾ ਬਿਸਤਰਾ ਚੌੜਾ ਕੀਤਾ, ਤੂੰ ਉਹਨਾਂ ਨਾਲ ਆਪਣਾ ਨੇਮ ਬੰਨ੍ਹਿਆ, ਵੇਖਦਿਆਂ ਸਾਰ ਤੂੰ ਉਹਨਾਂ ਦੇ ਬਿਸਤਰੇ ਉੱਤੇ ਲੱਟੂ ਹੋ ਗਈ !
9ਤੂੰ ਤੇਲ ਲਾ ਕੇ ਮਲਕ ਦੇਵਤੇ ਕੋਲ ਗਈ, ਤੂੰ ਆਪਣੀਆਂ ਸੁਗੰਧਾਂ ਨੂੰ ਵਧਾਇਆ, ਤੂੰ ਆਪਣੇ ਵਿਚੋਲੇ ਦੂਰ-ਦੂਰ ਘੱਲੇ, ਤੂੰ ਆਪਣੇ ਆਪ ਨੂੰ ਪਤਾਲ ਤੱਕ ਨੀਵਾਂ ਕੀਤਾ !10ਤੂੰ ਆਪਣੇ ਸਫ਼ਰਾਂ ਦੀ ਲੰਬਾਈ ਨਾਲ ਥੱਕ ਗਈ, ਪਰ ਤੂੰ ਨਾ ਆਖਿਆ, ਇਹ ਵਿਅਰਥ ਹੈ, ਤੇਰੀ ਜਾਨ ਵਿੱਚ ਜਾਨ ਆਈ, ਇਸ ਲਈ ਤੂੰ ਨਾ ਥੱਕੀ ।

11ਤੂੰ ਕਿਸ ਤੋਂ ਐਨਾ ਸਹਿਮੀ ਅਤੇ ਡਰੀ ਕਿ ਤੂੰ ਝੂਠ ਬੋਲੀ ਅਤੇ ਮੈਨੂੰ ਯਾਦ ਨਾ ਕੀਤਾ, ਨਾ ਹੀ ਮੇਰੇ ਉੱਤੇ ਧਿਆਨ ਦਿੱਤਾ ? ਕੀ ਮੈਂ ਬਹੁਤ ਸਮੇਂ ਤੱਕ ਚੁੱਪ ਨਾ ਰਿਹਾ ? ਪਰ ਤੂੰ ਮੇਰੇ ਤੋਂ ਨਾ ਡਰੀ ।12ਮੈਂ ਤੇਰੇ ਧਰਮ ਨੂੰ ਅਤੇ ਤੇਰੇ ਕੰਮਾਂ ਨੂੰ ਦੱਸਾਂਗਾ, ਪਰ ਉਹ ਤੈਨੂੰ ਕੁਝ ਲਾਭ ਨਾ ਪੁਚਾਉਣਗੇ ।
13ਜਦ ਤੂੰ ਚਿੱਲਾਏਂ, ਤਾਂ ਤੇਰੇ ਬੁੱਤਾਂ ਦਾ ਟੋਲਾ ਤੈਨੂੰ ਛੁਡਾਵੇ । ਪਰ ਹਵਾ ਉਨ੍ਹਾਂ ਸਾਰਿਆਂ ਨੂੰ ਚੁੱਕ ਕੇ ਲੈ ਜਾਵੇਗੀ, ਅਤੇ ਇੱਕ ਫੂਕ ਨਾਲ ਉਹ ਉੱਡ ਜਾਣਗੇ, ਪਰ ਜੋ ਮੇਰੀ ਸ਼ਰਨ ਆਉਂਦਾ ਹੈ, ਉਹ ਧਰਤੀ ਉੱਤੇ ਕਬਜ਼ਾ ਕਰੇਗਾ, ਅਤੇ ਮੇਰੇ ਪਵਿੱਤਰ ਪਹਾੜ ਦਾ ਅਧਿਕਾਰੀ ਹੋਵੇਗਾ ।
ਸਹਾਇਤਾ ਅਤੇ ਚੰਗਾ ਕਰਨ ਦਾ ਵਾਅਦਾ

14ਤਦ ਆਖਿਆ ਜਾਵੇਗਾ, ਭਰਤੀ ਪਾਓ, ਭਰਤੀ ! ਰਾਹ ਤਿਆਰ ਕਰੋ, ਮੇਰੀ ਪਰਜਾ ਦੇ ਰਾਹ ਵਿੱਚੋਂ ਹਰੇਕ ਰੁਕਾਵਟ ਚੁੱਕ ਸੁੱਟੋ !15ਮਹਾਨ ਅਤੇ ਉੱਤਮ ਪੁਰਖ ਜੋ ਸਦਾ ਕਾਇਮ ਹੈ, ਜਿਸ ਦਾ ਨਾਮ ਪਵਿੱਤਰ ਹੈ, ਇਹ ਆਖਦਾ ਹੈ, ਮੈਂ ਉੱਚੇ ਅਤੇ ਪਵਿੱਤਰ ਸਥਾਨ ਵਿੱਚ ਵੱਸਦਾ ਹਾਂ, ਅਤੇ ਉਹ ਦੇ ਨਾਲ ਵੀ ਜਿਸ ਦਾ ਆਤਮਾ ਕੁਚਲਿਆ ਅਤੇ ਦੀਨ ਹੈ, ਤਾਂ ਜੋ ਮੈਂ ਦੀਨ ਲੋਕਾਂ ਦੇ ਆਤਮਾ ਨੂੰ ਅਤੇ ਕੁਚਲਿਆਂ ਹੋਇਆਂ ਦੇ ਦਿਲ ਨੂੰ ਜੀਉਂਦਾ ਕਰਾਂ ।
16ਮੈਂ ਸਦਾ ਤੱਕ ਨਾ ਝਗੜਾਂਗਾ, ਨਾ ਹਮੇਸ਼ਾ ਕ੍ਰੋਧਵਾਨ ਰਹਾਂਗਾ, ਨਹੀਂ ਤਾਂ ਉਨ੍ਹਾਂ ਦਾ ਆਤਮਾ ਮੇਰੇ ਕਾਰਨ ਨਢਾਲ ਹੋ ਜਾਵੇਗਾ, ਉਹ ਹੀ ਮਨੁੱਖ ਜਿਨ੍ਹਾਂ ਨੂੰ ਮੈਂ ਬਣਾਇਆ ।17ਮੈਂ ਉਹ ਦੇ ਲੋਭ ਦੀ ਬੁਰਿਆਈ ਦੇ ਕਾਰਨ ਕ੍ਰੋਧਵਾਨ ਹੋਇਆ, ਮੈਂ ਉਹ ਨੂੰ ਮਾਰਿਆ, ਮੈਂ ਆਪਣਾ ਮੂੰਹ ਲੁਕਾਇਆ, ਮੈਂ ਕ੍ਰੋਧਵਾਨ ਹੋਇਆ, ਪਰ ਫੇਰ ਵੀ ਉਹ ਆਪਣੀ ਮਨ ਦੀ ਮਰਜ਼ੀ ਵਿੱਚ ਭਟਕਦੇ ਗਏ ।
18ਮੈਂ ਉਸ ਦੇ ਰਾਹ ਵੇਖੇ ਹਨ, ਪਰ ਮੈਂ ਉਸ ਨੂੰ ਚੰਗਾ ਕਰਾਂਗਾ, ਮੈਂ ਉਸ ਦੀ ਅਗਵਾਈ ਕਰਾਂਗਾ, ਅਤੇ ਉਸ ਨੂੰ ਅਤੇ ਉਸ ਦੇ ਨਾਲ ਸੋਗ ਕਰਨ ਵਾਲਿਆਂ ਨੂੰ ਤਸੱਲੀਆਂ ਬਖ਼ਸ਼ਾਂਗਾ ।19ਮੈਂ ਉਨ੍ਹਾਂ ਦੇ ਬੁੱਲ੍ਹਾਂ ਤੇ ਉਸਤਤ ਦਾ ਫਲ ਉਤਪੰਨ ਕਰਦਾ ਹਾਂ । ਦੂਰ ਵਾਲੇ ਲਈ ਅਤੇ ਨਜ਼ਦੀਕ ਵਾਲੇ ਲਈ ਸ਼ਾਂਤੀ, ਸ਼ਾਂਤੀ ! ਯਹੋਵਾਹ ਆਖਦਾ ਹੈ, ਅਤੇ ਮੈਂ ਉਹ ਨੂੰ ਚੰਗਾ ਕਰਾਂਗਾ ।
20ਦੁਸ਼ਟ ਉੱਛਲਦੇ ਸਮੁੰਦਰ ਵਾਂਗੂੰ ਹਨ, ਜੋ ਚੈਨ ਨਹੀਂ ਲੈ ਸਕਦਾ, ਅਤੇ ਉਹ ਦੀਆਂ ਲਹਿਰਾਂ ਚਿੱਕੜ ਅਤੇ ਗੰਦ ਉਛਾਲਦੀਆਂ ਹਨ ।21ਮੇਰਾ ਪਰਮੇਸ਼ੁਰ ਆਖਦਾ ਹੈ, ਦੁਸ਼ਟਾਂ ਲਈ ਸ਼ਾਂਤੀ ਨਹੀਂ ।

58
ਸੱਚਾ ਵਰਤ

1ਸੰਘ ਅੱਡ ਕੇ ਪੁਕਾਰ, ਸਰਫ਼ਾ ਨਾ ਕਰ, ਤੁਰ੍ਹੀ ਵਾਂਗੂੰ ਆਪਣੀ ਅਵਾਜ਼ ਉੱਚੀ ਕਰ ! ਮੇਰੀ ਪਰਜਾ ਨੂੰ ਉਹਨਾਂ ਦੇ ਅਪਰਾਧ, ਅਤੇ ਯਾਕੂਬ ਦੇ ਘਰਾਣੇ ਨੂੰ ਉਹਨਾਂ ਦੇ ਪਾਪ ਦੱਸ !2ਉਹ ਨਿੱਤ ਦਿਹਾੜੇ ਮੈਨੂੰ ਭਾਲਦੇ ਹਨ, ਅਤੇ ਮੇਰੇ ਰਾਹ ਜਾਣਨ ਦੀ ਅਜਿਹੀ ਇੱਛਾ ਰੱਖਦੇ ਹਨ ਜਾਣੋ ਉਹ ਅਜਿਹੀ ਧਰਮੀ ਕੌਮ ਹਨ, ਜਿਸ ਨੇ ਧਰਮ ਕਮਾਇਆ, ਅਤੇ ਆਪਣੇ ਪਰਮੇਸ਼ੁਰ ਦੇ ਹੁਕਮਨਾਮੇ ਨੂੰ ਨਹੀਂ ਤਿਆਗਿਆ, ਉਹ ਧਰਮ ਦੇ ਨਿਯਮ ਮੇਰੇ ਤੋਂ ਪੁੱਛਦੇ ਹਨ, ਉਹ ਪਰਮੇਸ਼ੁਰ ਦੇ ਨੇੜੇ ਆਉਣ ਵਿੱਚ ਖੁਸ਼ ਹੁੰਦੇ ਹਨ ।

3ਉਹ ਆਖਦੇ ਹਨ, ਕੀ ਕਾਰਨ ਹੈ ਕਿ ਅਸੀਂ ਵਰਤ ਰੱਖਿਆ ਪਰ ਤੂੰ ਵੇਖਦਾ ਨਹੀਂ ? ਅਸੀਂ ਆਪਣੀਆਂ ਜਾਨਾਂ ਨੂੰ ਦੁੱਖ ਦਿੱਤਾ ਪਰ ਤੂੰ ਖ਼ਿਆਲ ਨਹੀਂ ਕਰਦਾ ? ਵੇਖੋ, ਵਰਤ ਦੇ ਦਿਨ ਤੁਸੀਂ ਆਪਣੀ ਹੀ ਖੁਸ਼ੀ ਲੱਭਦੇ ਹੋ, ਅਤੇ ਆਪਣੇ ਸਾਰੇ ਕਾਮਿਆਂ ਨੂੰ ਧੱਕੀ ਫਿਰਦੇ ਹੋ ।
4ਵੇਖੋ, ਤੁਸੀਂ ਝਗੜੇ-ਰਗੜੇ ਲਈ, ਅਤੇ ਬੁਰਿਆਈ ਦੇ ਹੂਰੇ ਮਾਰਨ ਲਈ ਵਰਤ ਰੱਖਦੇ ਹੋ, ਜਿਹੋ ਜਿਹੇ ਵਰਤ ਤੁਸੀਂ ਰੱਖਦੇ ਹੋ ਉਸ ਨਾਲ ਤੁਹਾਡੀ ਅਵਾਜ਼ ਉਚਿਆਈ ਤੇ ਨਹੀਂ ਸੁਣੇਗੀ ।5ਭਲਾ, ਇਹ ਇਹੋ ਜਿਹਾ ਵਰਤ ਹੈ ਜਿਸ ਨੂੰ ਮੈਂ ਚੁਣਿਆ, ਅਰਥਾਤ ਇੱਕ ਦਿਨ ਜਿਸ ਦੇ ਵਿੱਚ ਮਨੁੱਖ ਆਪਣੇ ਆਪ ਨੂੰ ਦੀਨ ਕਰੇ ? ਭਲਾ, ਸਿਰ ਨੂੰ ਕਾਨੇ ਵਾਂਗੂੰ ਝੁਕਾਉਣਾ, ਅਤੇ ਆਪਣੇ ਥੱਲੇ ਤੱਪੜ ਅਤੇ ਸੁਆਹ ਵਿਛਾਉਣਾ, ਭਲਾ, ਇਸ ਨੂੰ ਤੁਸੀਂ ਵਰਤ ਆਖੋਗੇ, ਇੱਕ ਦਿਨ ਜਿਹੜਾ ਯਹੋਵਾਹ ਨੂੰ ਭਾਵੇ ?

6ਜਿਹੜਾ ਵਰਤ ਮੈਂ ਚੁਣਿਆ ਕੀ ਉਹ ਇਹ ਨਹੀਂ ਹੈ ਕਿ ਤੁਸੀਂ ਅਨਿਆਂ ਦੇ ਬੰਧਨਾਂ ਨੂੰ ਖੋਲ੍ਹੋ, ਅਤੇ ਅਨ੍ਹੇਰ ਦੇ ਜੂਲੇ ਦੇ ਬੰਧਨਾਂ ਨੂੰ ਤੋੜੋ ? ਕੁਚਲੇ ਹੋਇਆਂ ਨੂੰ ਛੁਡਾਓ ਅਤੇ ਹਰੇਕ ਜੂਲੇ ਨੂੰ ਭੰਨ ਸੁੱਟੋ ?7ਕੀ ਇਹ ਨਹੀਂ ਕਿ ਤੁਸੀਂ ਆਪਣੀ ਰੋਟੀ ਭੁੱਖਿਆਂ ਨੂੰ ਵੰਡ ਦਿਓ, ਅਤੇ ਬੇ-ਘਰੇ ਭਟਕਣ ਵਾਲਿਆਂ ਨੂੰ ਆਪਣੇ ਘਰ ਲਿਆਓ ? ਜਦ ਤੁਸੀਂ ਕਿਸੇ ਨੂੰ ਨੰਗੇ ਵੇਖੋ ਤਾਂ ਉਹ ਨੂੰ ਕੱਜੋ, ਅਤੇ ਆਪਣੇ ਸਾਥੀਆਂ ਤੋਂ ਆਪਣਾ ਮੂੰਹ ਨਾ ਲੁਕਾਓ ?
8ਫੇਰ ਤੇਰਾ ਚਾਨਣ ਸਵੇਰ ਵਾਂਗੂੰ ਫੁੱਟ ਨਿੱਕਲੇਗਾ, ਅਤੇ ਤੇਰੀ ਤੰਦਰੁਸਤੀ ਛੇਤੀ ਪਰਗਟ ਹੋਵੇਗੀ । ਤੇਰਾ ਧਰਮ ਤੇਰੇ ਅੱਗੇ-ਅੱਗੇ ਚੱਲੇਗਾ, ਯਹੋਵਾਹ ਦਾ ਪਰਤਾਪ ਤੇਰੇ ਪਿੱਛੇ ਰਾਖਾ ਹੋਵੇਗਾ ।
9ਜਦ ਤੂੰ ਪੁਕਾਰੇਂਗਾ ਤਦ ਯਹੋਵਾਹ ਉੱਤਰ ਦੇਵੇਗਾ, ਜਦ ਤੂੰ ਦੁਹਾਈ ਦੇਵੇਂਗਾ ਤਾਂ ਉਹ ਆਖੇਗਾ, ਮੈਂ ਇੱਥੇ ਹਾਂ । ਜੇ ਤੂੰ ਆਪਣੇ ਵਿੱਚੋਂ ਅਨ੍ਹੇਰ ਦਾ ਜੂਲਾ, ਉਂਗਲ ਚੁੱਕਣਾ ਅਤੇ ਦੁਰਬਚਨ ਬੋਲਣਾ ਦੂਰ ਕਰੇਂ,10ਜੇ ਤੂੰ ਭੁੱਖੇ ਦੀ ਸਹਾਇਤਾ ਦਿਲ ਖੋਲ੍ਹ ਕੇ ਕਰੇਂ ਅਤੇ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰੇਂ, ਤਾਂ ਤੇਰਾ ਚਾਨਣ ਹਨੇਰੇ ਵਿੱਚ ਚੜ੍ਹੇਗਾ, ਅਤੇ ਤੇਰਾ ਘੁੱਪ ਹਨੇਰਾ ਦੁਪਹਿਰ ਵਾਂਗੂੰ ਹੋਵੇਗਾ ।
11ਯਹੋਵਾਹ ਤੇਰੀ ਅਗਵਾਈ ਸਦਾ ਕਰਦਾ ਰਹੇਗਾ, ਝੁਲਸਿਆਂ ਥਾਵਾਂ ਵਿੱਚ ਤੇਰੀ ਜਾਨ ਨੂੰ ਤ੍ਰਿਪਤ ਕਰੇਗਾ, ਅਤੇ ਤੇਰੀਆਂ ਹੱਡੀਆਂ ਨੂੰ ਮਜ਼ਬੂਤ ਕਰੇਗਾ, ਤੂੰ ਸਿੰਜੇ ਹੋਏ ਬਾਗ ਜਿਹਾ ਹੋਵੇਂਗਾ, ਅਤੇ ਉਸ ਸੁੰਬ ਜਿਹਾ ਜਿਹ ਦਾ ਪਾਣੀ ਮੁੱਕਦਾ ਨਹੀਂ ।
12ਤੇਰੇ ਲੋਕ ਪ੍ਰਾਚੀਨ ਖੰਡਰਾਂ ਨੂੰ ਉਸਾਰਨਗੇ, ਤੂੰ ਪਿਛਲੀਆਂ ਪੀੜ੍ਹੀਆਂ ਦੀਆਂ ਨੀਂਹਾਂ ਉੱਤੇ ਘਰ ਬਣਾਵੇਂਗਾ, ਅਤੇ ਤੂੰ "ਤੇੜ ਦੀ ਮਰੰਮਤ ਕਰਨ ਵਾਲਾ", ਅਤੇ "ਵਸੇਬਿਆਂ ਦੇ ਰਾਹਾਂ ਦਾ ਸੁਧਾਰਕ" ਅਖਵਾਏਂਗਾ ।
ਸਬਤ ਦੇ ਦਿਨ ਦੀ ਪਾਲਣਾ ਕਰਨਾ

13ਜੇ ਤੂੰ ਸਬਤ ਦੇ ਦਿਨ ਨੂੰ ਅਸ਼ੁੱਧ ਨਾ ਕਰੇਂ ਅਤੇ ਮੇਰੇ ਪਵਿੱਤਰ ਦਿਨ ਵਿੱਚ ਆਪਣੇ ਪੈਰਾਂ ਨੂੰ ਆਪਣੀ ਮਰਜ਼ੀ ਪੂਰੀ ਕਰਨ ਤੋਂ ਰੋਕੇਂ, ਜੇ ਤੂੰ ਸਬਤ ਦੇ ਦਿਨ ਅਰਥਾਤ ਮੇਰੇ ਪਵਿੱਤਰ ਦਿਨ ਨੂੰ ਯਹੋਵਾਹ ਦਾ ਪਵਿੱਤਰ ਦਿਨ ਮੰਨ ਕੇ ਆਦਰ ਕਰੇਂ ਅਤੇ ਆਪਣੀਆਂ ਚਾਲਾਂ ਉੱਤੇ ਨਾ ਚੱਲ ਕੇ, ਅਤੇ ਆਪਣੀ ਇੱਛਾ ਪੂਰੀ ਨਾ ਕਰ ਕੇ, ਨਾ ਆਪਣੀਆਂ ਹੀ ਗੱਲਾਂ ਕਰ ਕੇ ਉਹ ਨੂੰ ਆਦਰ ਦੇਵੇਂ,
14ਤਦ ਤੂੰ ਯਹੋਵਾਹ ਵਿੱਚ ਮਗਨ ਰਹੇਂਗਾ, ਅਤੇ ਮੈਂ ਤੈਨੂੰ ਧਰਤੀ ਦੀਆਂ ਉਚਿਆਈਆਂ ਉੱਤੇ ਚੜ੍ਹਾਵਾਂਗਾ, ਤੇਰੇ ਪਿਤਾ ਯਾਕੂਬ ਦੀ ਵਿਰਾਸਤ ਵਿੱਚੋਂ ਖਵਾਵਾਂਗਾ, ਕਿਉਂ ਜੋ ਇਹ ਯਹੋਵਾਹ ਦਾ ਮੁੱਖ ਵਾਕ ਹੈ ।

59
ਨਬੀ ਵੱਲੋਂ ਲੋਕਾਂ ਦੇ ਪਾਪਾਂ ਦੀ ਨਿੰਦਿਆ

1ਵੇਖੋ, ਯਹੋਵਾਹ ਦਾ ਹੱਥ ਅਜਿਹਾ ਛੋਟਾ ਨਹੀਂ ਕਿ ਉਹ ਬਚਾ ਨਾ ਸਕੇ, ਨਾ ਉਹ ਦਾ ਕੰਨ ਅਜਿਹਾ ਭਾਰੀ ਹੈ ਕਿ ਉਹ ਸੁਣੇ ਨਾ ।2ਸਗੋਂ ਤੁਹਾਡੀਆਂ ਬਦੀਆਂ ਨੇ ਤੁਹਾਨੂੰ ਤੁਹਾਡੇ ਪਰਮੇਸ਼ੁਰ ਤੋਂ ਦੂਰ ਕਰ ਦਿੱਤਾ ਹੈ, ਅਤੇ ਤੁਹਾਡੇ ਪਾਪਾਂ ਨੇ ਉਹ ਦਾ ਮੂੰਹ ਤੁਹਾਡੇ ਕੋਲੋਂ ਅਜਿਹਾ ਲੁਕਾ ਦਿੱਤਾ ਹੈ, ਕਿ ਉਹ ਸੁਣਦਾ ਨਹੀਂ ।

3ਤੁਹਾਡੇ ਹੱਥ ਤਾਂ ਲਹੂ ਨਾਲ ਲਿੱਬੜੇ ਹੋਏ ਹਨ, ਅਤੇ ਤੁਹਾਡੀਆਂ ਉਂਗਲੀਆਂ ਬਦੀ ਨਾਲ, ਤੁਹਾਡੇ ਬੁੱਲ੍ਹ ਝੂਠ ਨਾਲ ਭਰੇ ਹਨ ਅਤੇ ਤੁਹਾਡੀ ਜੀਭ ਬਦੀ ਬਕਦੀ ਹੈ ।4ਕੋਈ ਆਪਣਾ ਮੁਕੱਦਮਾ ਧਰਮ ਨਾਲ ਪੇਸ਼ ਨਹੀਂ ਕਰਦਾ, ਨਾ ਕੋਈ ਸਚਿਆਈ ਨਾਲ ਇਨਸਾਫ਼ ਕਰਦਾ, ਉਹ ਫੋਕਟ ਉੱਤੇ ਭਰੋਸਾ ਰੱਖਦੇ ਅਤੇ ਝੂਠ ਬੋਲਦੇ ਹਨ, ਉਹ ਝਗੜੇ ਨਾਲ ਗਰਭੀ ਹੁੰਦੇ ਅਤੇ ਬਦੀ ਨੂੰ ਜਨਮ ਦਿੰਦੇ ਹਨ !
5ਉਹ ਨਾਗ ਦੇ ਆਂਡੇ ਸੇਉਂਦੇ ਹਨ ਅਤੇ ਮੱਕੜੀ ਦਾ ਜਾਲਾ ਉਣਦੇ ਹਨ, ਜੋ ਕੋਈ ਉਹਨਾਂ ਦੇ ਆਂਡਿਆਂ ਵਿੱਚੋਂ ਖਾਵੇ ਉਹ ਮਰ ਜਾਵੇਗਾ, ਅਤੇ ਜਿਹੜਾ ਤੋੜਿਆ ਜਾਵੇ ਉਸ ਤੋਂ ਫਨੀਅਰ ਸੱਪ ਨਿੱਕਲਦਾ ਹੈ ।6ਉਹਨਾਂ ਦੇ ਜਾਲੇ ਨਾਲ ਬਸਤਰ ਨਾ ਬਣਨਗੇ, ਨਾ ਉਹ ਆਪਣੀਆਂ ਕਰਤੂਤਾਂ ਨਾਲ ਆਪਣੇ ਆਪ ਨੂੰ ਢੱਕਣਗੇ, ਉਹਨਾਂ ਦੀਆਂ ਕਰਤੂਤਾਂ ਬਦੀ ਦੀਆਂ ਕਰਤੂਤਾਂ ਹਨ, ਅਤੇ ਜ਼ੁਲਮ ਦਾ ਕੰਮ ਉਹਨਾਂ ਦੇ ਹੱਥ ਵਿੱਚ ਹੈ ।
7ਉਹਨਾਂ ਦੇ ਪੈਰ ਬੁਰਿਆਈ ਵੱਲ ਭੱਜਦੇ ਹਨ, ਅਤੇ ਨਿਰਦੋਸ਼ ਦਾ ਲਹੂ ਵਹਾਉਣ ਵਿੱਚ ਕਾਹਲੀ ਕਰਦੇ ਹਨ । ਉਹਨਾਂ ਦੇ ਖ਼ਿਆਲ ਬਦੀ ਦੇ ਖ਼ਿਆਲ ਹਨ, ਵਿਰਾਨੀ ਅਤੇ ਬਰਬਾਦੀ ਉਹਨਾਂ ਦੇ ਰਸਤਿਆਂ ਵਿੱਚ ਹੈ ।8ਸ਼ਾਂਤੀ ਦਾ ਰਾਹ ਉਹ ਜਾਣਦੇ ਹੀ ਨਹੀਂ, ਉਹਨਾਂ ਦੇ ਮਾਰਗਾਂ ਵਿੱਚ ਇਨਸਾਫ਼ ਨਹੀਂ, ਉਹਨਾਂ ਦੇ ਪਹੇ ਟੇਢੇ ਹਨ, ਜੋ ਉਹਨਾਂ ਦੇ ਨਾਲ ਤੁਰਦਾ ਉਹ ਸ਼ਾਂਤੀ ਨਹੀਂ ਜਾਣਦਾ ।
ਪਾਪਾਂ ਤੋਂ ਤੋਬਾ

9ਇਸੇ ਕਾਰਨ ਨਿਆਂ ਸਾਡੇ ਕੋਲੋਂ ਦੂਰ ਹੈ, ਅਤੇ ਧਰਮ ਸਾਡੇ ਨੇੜੇ ਨਹੀਂ ਆਉਂਦਾ, ਅਸੀਂ ਚਾਨਣ ਨੂੰ ਉਡੀਕਦੇ ਹਾਂ ਅਤੇ ਵੇਖੋ, ਹਨੇਰਾ ਹੀ ਹਨੇਰਾ ! ਅਤੇ ਉਜਾਲੇ ਨੂੰ ਪਰ ਅਸੀਂ ਘੁੱਪ ਹਨੇਰੇ ਵਿੱਚ ਚਲਦੇ ਹਾਂ ।10ਅਸੀਂ ਅੰਨ੍ਹਿਆਂ ਵਾਂਗੂੰ ਕੰਧ ਨੂੰ ਟੋਹੰਦੇ ਹਾਂ, ਅਤੇ ਉਨ੍ਹਾਂ ਵਾਂਗੂੰ ਜਿਨ੍ਹਾਂ ਦੀਆਂ ਅੱਖਾਂ ਨਹੀਂ ਅਸੀਂ ਆਪਣਾ ਰਾਹ ਭਾਲਦੇ ਹਾਂ, ਅਸੀਂ ਦੁਪਹਿਰ ਨੂੰ ਸ਼ਾਮ ਵਾਂਗੂੰ ਠੇਡਾ ਖਾਂਦੇ ਹਾਂ, ਬਲਵਾਨਾਂ ਦੇ ਵਿਚਕਾਰ ਅਸੀਂ ਮੁਰਦਿਆਂ ਵਾਂਗੂੰ ਹਾਂ ।
11ਅਸੀਂ ਸਾਰੇ ਰਿੱਛਾਂ ਵਾਂਗੂੰ ਗੁਰਰਾਉਂਦੇ ਹਾਂ, ਅਸੀਂ ਘੁੱਗੀਆਂ ਵਾਂਗੂੰ ਹੂੰਗਦੇ ਰਹਿੰਦੇ ਹਾਂ, ਅਸੀਂ ਨਿਆਂ ਨੂੰ ਉਡੀਕਦੇ ਹਾਂ, ਪਰ ਉਹ ਹੈ ਹੀ ਨਹੀਂ, ਮੁਕਤੀ ਨੂੰ, ਪਰ ਉਹ ਸਾਡੇ ਕੋਲੋਂ ਦੂਰ ਹੈ ।
12ਸਾਡੇ ਅਪਰਾਧ ਤਾਂ ਤੇਰੇ ਹਜ਼ੂਰ ਵੱਧ ਗਏ ਹਨ ਸਾਡੇ ਪਾਪ ਸਾਡੇ ਵਿਰੁੱਧ ਗਵਾਹੀ ਦਿੰਦੇ ਹਨ, ਕਿਉਂ ਜੋ ਸਾਡੇ ਅਪਰਾਧ ਸਾਡੇ ਨਾਲ ਹਨ, ਅਤੇ ਆਪਣੀਆਂ ਬਦੀਆਂ ਨੂੰ ਅਸੀਂ ਜਾਣਦੇ ਹਾਂ ।13ਅਸੀਂ ਯਹੋਵਾਹ ਦਾ ਅਪਰਾਧ ਕੀਤਾ ਅਤੇ ਉਸ ਤੋਂ ਮੁੱਕਰ ਗਏ, ਅਸੀਂ ਆਪਣੇ ਪਰਮੇਸ਼ੁਰ ਦੇ ਪਿੱਛੇ ਚੱਲਣੋਂ ਹੱਟ ਗਏ, ਅਸੀਂ ਜ਼ੁਲਮ ਕੀਤਾ ਅਤੇ ਵਿਦਰੋਹੀ ਹੋ ਗਏ, ਅਸੀਂ ਮਨੋਂ ਜੁਗਤੀ ਕਰ ਕੇ ਝੂਠੀਆਂ ਗੱਲਾਂ ਕੀਤੀਆਂ ।
14ਨਿਆਂ ਉਲਟ ਗਿਆ, ਅਤੇ ਧਰਮ ਦੂਰ ਖੜ੍ਹਾ ਰਹਿੰਦਾ ਹੈ, ਸਚਿਆਈ ਤਾਂ ਚੌਂਕ ਵਿੱਚ ਡਿੱਗ ਪਈ, ਅਤੇ ਸਿਧਿਆਈ ਅੰਦਰ ਵੜ ਨਹੀਂ ਸਕਦੀ ।15ਸਚਿਆਈ ਲੱਭਦੀ ਹੀ ਨਹੀਂ ਅਤੇ ਜਿਹੜਾ ਬਦੀ ਤੋਂ ਭੱਜਦਾ ਹੈ, ਉਹ ਆਪਣੇ ਆਪ ਨੂੰ ਸ਼ਿਕਾਰ ਬਣਾਉਂਦਾ ਹੈ ।
ਪਰਮੇਸ਼ੁਰ ਛੁਟਕਾਰਾ ਦੇਣ ਨੂੰ ਤਿਆਰ

ਯਹੋਵਾਹ ਨੇ ਵੇਖਿਆ ਅਤੇ ਪ੍ਰਸੰਨ ਨਾ ਹੋਇਆ ਕਿਉਂ ਜੋ ਨਿਆਂ ਕਿਤੇ ਵੀ ਨਹੀਂ ਸੀ ।

16ਉਹ ਨੇ ਵੇਖਿਆ ਕਿ ਕੋਈ ਮਨੁੱਖ ਨਹੀਂ, ਉਹ ਦੰਗ ਰਹਿ ਗਿਆ ਕਿ ਕੋਈ ਵੀ ਵਿਚੋਲਾ ਨਹੀਂ, ਇਸ ਲਈ ਉਹ ਦੀ ਭੁਜਾ ਨੇ ਆਪ ਹੀ ਉਸ ਲਈ ਬਚਾਓ ਕੀਤਾ, ਅਤੇ ਉਹ ਦੇ ਧਰਮ ਨੇ ਹੀ ਉਸ ਨੂੰ ਸੰਭਾਲਿਆ ।
17ਉਹ ਨੇ ਧਰਮ ਨੂੰ ਸੰਜੋ ਵਾਂਗੂੰ ਪਹਿਨਿਆ ਅਤੇ ਆਪਣੇ ਸਿਰ ਉੱਤੇ ਮੁਕਤੀ ਦਾ ਟੋਪ ਰੱਖਿਆ, ਉਸ ਨੇ ਬਦਲਾ ਲੈਣ ਦੇ ਬਸਤਰ ਧਾਰਣ ਕੀਤਾ ਅਤੇ ਚੋਲੇ ਵਾਂਗੂੰ ਅਣਖ ਨੂੰ ਪਾ ਲਿਆ ।18ਉਨ੍ਹਾਂ ਦੇ ਕੰਮਾਂ ਦੇ ਅਨੁਸਾਰ ਉਹ ਉਨ੍ਹਾਂ ਨੂੰ ਬਦਲਾ ਦੇਵੇਗਾ, ਆਪਣੇ ਵੈਰੀਆਂ ਲਈ ਕ੍ਰੋਧ, ਵਿਰੋਧੀਆਂ ਲਈ ਬਦਲਾ ਦੇਵੇਗਾ, ਉਹ ਟਾਪੂਆਂ ਨੂੰ ਉਨ੍ਹਾਂ ਦੀ ਕੀਤੀ ਦਾ ਫਲ ਦੇਵੇਗਾ ।
19ਤਦ ਪੱਛਮ ਵੱਲ ਲੋਕ ਯਹੋਵਾਹ ਦੇ ਨਾਮ ਤੋਂ ਡਰਨਗੇ ਅਤੇ ਸੂਰਜ ਦੇ ਚੜ੍ਹਦੇ ਪਾਸਿਓਂ ਉਹ ਦੇ ਪਰਤਾਪ ਤੋਂ ਡਰਨਗੇ, ਕਿਉਂ ਜੋ ਉਹ ਹੜ੍ਹ ਵਾਲੀ ਨਦੀ ਵਾਂਗੂੰ ਆਵੇਗਾ, ਜਿਸ ਨੂੰ ਯਹੋਵਾਹ ਦਾ ਸਾਹ ਰੋੜ੍ਹ ਕੇ ਲੈ ਜਾਂਦਾ ਹੈ ।

20ਸੀਯੋਨ ਲਈ ਇੱਕ ਛੁਟਕਾਰਾ ਦੇਣ ਵਾਲਾ ਆਵੇਗਾ ਅਰਥਾਤ ਉਨ੍ਹਾਂ ਲਈ ਜੋ ਯਾਕੂਬ ਵਿੱਚ ਅਪਰਾਧਾਂ ਤੋਂ ਮਨ ਫਿਰਾਉਂਦੇ ਹਨ, ਯਹੋਵਾਹ ਦਾ ਵਾਕ ਹੈ ।
21ਯਹੋਵਾਹ ਆਖਦਾ ਹੈ, ਮੇਰੀ ਵੱਲੋਂ, ਉਹਨਾਂ ਨਾਲ ਮੇਰਾ ਇਹ ਨੇਮ ਹੈ, ਮੇਰਾ ਆਤਮਾ ਜੋ ਤੇਰੇ ਉੱਤੇ ਹੈ, ਅਤੇ ਮੇਰੇ ਬਚਨ ਜੋ ਮੈਂ ਤੇਰੇ ਮੂੰਹ ਵਿੱਚ ਪਾਏ, ਉਹ ਤੇਰੇ ਮੂੰਹ ਵਿੱਚੋਂ, ਤੇਰੀ ਅੰਸ ਦੇ ਮੂੰਹ ਵਿੱਚੋਂ, ਸਗੋਂ ਤੇਰੀ ਅੰਸ ਦੀ ਅੰਸ ਦੇ ਮੂੰਹ ਵਿੱਚੋਂ, ਹੁਣ ਤੋਂ ਸਦੀਪਕ ਕਾਲ ਤੱਕ ਕਦੇ ਨਾ ਮੁੱਕਣਗੇ, ਯਹੋਵਾਹ ਦਾ ਵਾਕ ਹੈ ।

60
ਯਰੂਸ਼ਲਮ ਦਾ ਸ਼ਾਨਦਾਰ ਭਵਿੱਖ

1ਉੱਠ, ਚਮਕ, ਕਿਉਂ ਜੋ ਤੇਰਾ ਚਾਨਣ ਆ ਗਿਆ ਹੈ, ਅਤੇ ਯਹੋਵਾਹ ਦਾ ਪਰਤਾਪ ਤੇਰੇ ਉੱਤੇ ਚਮਕਿਆ ਹੈ ।

2ਵੇਖੋ, ਹਨੇਰਾ ਧਰਤੀ ਨੂੰ ਢੱਕ ਲਵੇਗਾ, ਅਤੇ ਉੱਮਤਾਂ ਉੱਤੇ ਘੁੱਪ ਹਨੇਰਾ ਛਾਇਆ ਹੈ, ਪਰ ਯਹੋਵਾਹ ਤੇਰੇ ਉੱਤੇ ਚਮਕੇਗਾ, ਅਤੇ ਉਹ ਦਾ ਪਰਤਾਪ ਤੇਰੇ ਉੱਤੇ ਪਰਗਟ ਹੋਵੇਗਾ ।3ਕੌਮਾਂ ਤੇਰੇ ਚਾਨਣ ਵੱਲ ਆਉਣਗੀਆਂ, ਅਤੇ ਰਾਜੇ ਤੇਰੇ ਚੜ੍ਹਾਓ ਦੀ ਚਮਕ ਵੱਲ ।

4ਆਪਣੀਆਂ ਅੱਖਾਂ ਚੁੱਕ ਕੇ ਆਲੇ-ਦੁਆਲੇ ਵੇਖ ! ਉਹ ਸਭ ਦੇ ਸਭ ਇਕੱਠੇ ਹੁੰਦੇ, ਉਹ ਤੇਰੇ ਕੋਲ ਆਉਂਦੇ, ਤੇਰੇ ਪੁੱਤਰ ਦੂਰੋਂ ਆਉਣਗੇ, ਅਤੇ ਤੇਰੀਆਂ ਧੀਆਂ ਕੁੱਛੜ ਚੁੱਕੀਆਂ ਜਾਣਗੀਆਂ ।5ਤਦ ਤੂੰ ਇਸ ਨੂੰ ਵੇਖੇਂਗੀ ਅਤੇ ਚਮਕੇਂਗੀ, ਅਤੇ ਤੇਰਾ ਦਿਲ ਥਰ-ਥਰ ਕੰਬੇਗਾ ਅਤੇ ਅਨੰਦ ਨਾਲ ਭਰ ਜਾਵੇਗਾ, ਕਿਉਂ ਜੋ ਸਮੁੰਦਰ ਦੀ ਬਹੁਤਾਇਤ ਤੇਰੇ ਵੱਲ ਫਿਰੇਗੀ, ਅਤੇ ਕੌਮਾਂ ਦਾ ਮਾਲ-ਧਨ ਤੇਰੇ ਵੱਲ ਆਵੇਗਾ ।
6ਊਠਾਂ ਦੇ ਝੁੰਡ ਤੇਰੇ ਦੇਸ ਨੂੰ ਭਰ ਦੇਣਗੇ, ਮਿਦਯਾਨ ਅਤੇ ਏਫਾਹ ਦੇ ਜੁਆਨ ਊਠ, ਸ਼ਬਾ ਤੋਂ ਸਾਰੇ ਲੋਕ ਆਉਣਗੇ, ਅਤੇ ਸੋਨਾ ਅਤੇ ਲੁਬਾਨ ਲਿਆਉਣਗੇ ਅਤੇ ਯਹੋਵਾਹ ਦੀ ਉਸਤਤ ਦਾ ਪਰਚਾਰ ਕਰਨਗੇ ।7ਕੇਦਾਰ ਦੇ ਸਾਰੇ ਇੱਜੜ ਤੇਰੇ ਕੋਲ ਇਕੱਠੇ ਕੀਤੇ ਜਾਣਗੇ, ਨਬਾਯੋਤ ਦੇ ਮੇਂਢੇ ਤੇਰੀ ਸੇਵਾ ਕਰਨਗੇ, ਉਹ ਮੇਰੀ ਜਗਵੇਦੀ ਉੱਤੇ ਕਬੂਲ ਕੀਤੇ ਜਾਣਗੇ, ਅਤੇ ਮੈਂ ਆਪਣੇ ਸੋਹਣੇ ਭਵਨ ਨੂੰ ਹੋਰ ਵੀ ਪਰਤਾਪੀ ਬਣਾਵਾਂਗਾ ।

8ਇਹ ਕੌਣ ਹਨ ਜਿਹੜੇ ਬੱਦਲ ਵਾਂਗੂੰ ਉੱਡੇ ਆਉਂਦੇ ਹਨ, ਜਿਵੇਂ ਘੁੱਗੀਆਂ ਆਪਣੇ ਆਲ੍ਹਣਿਆਂ ਨੂੰ ?9ਸੱਚ-ਮੁੱਚ ਟਾਪੂ ਮੇਰੀ ਉਡੀਕ ਕਰਨਗੇ, ਸਭ ਤੋਂ ਅੱਗੇ ਤਰਸ਼ੀਸ਼ ਦੇ ਜਹਾਜ਼ ਹੋਣਗੇ, ਤਾਂ ਜੋ ਉਹ ਤੇਰੇ ਪੁੱਤਰਾਂ ਨੂੰ ਉਹਨਾਂ ਦੀ ਚਾਂਦੀ ਤੇ ਸੋਨੇ ਸਮੇਤ ਯਹੋਵਾਹ ਤੇਰੇ ਪਰਮੇਸ਼ੁਰ ਅਰਥਾਤ ਇਸਰਾਏਲ ਦੇ ਪਵਿੱਤਰ ਪੁਰਖ ਲਈ ਤੇਰੇ ਕੋਲ ਦੂਰੋਂ ਲਿਆਉਣ, ਕਿਉਂ ਜੋ ਉਸ ਨੇ ਤੈਨੂੰ ਸ਼ਾਨੋ-ਸ਼ੌਕਤ ਨਾਲ ਭਰਿਆ ਹੈ ।

10ਪਰਦੇਸੀ ਤੇਰੀਆਂ ਕੰਧਾਂ ਨੂੰ ਉਸਾਰਨਗੇ, ਅਤੇ ਉਹਨਾਂ ਦੇ ਰਾਜੇ ਤੇਰੀ ਸੇਵਾ ਕਰਨਗੇ, ਭਾਵੇਂ ਮੈਂ ਤੈਨੂੰ ਆਪਣੇ ਕ੍ਰੋਧ ਵਿੱਚ ਮਾਰਿਆ, ਪਰ ਮੈਂ ਆਪਣੀ ਪ੍ਰਸੰਨਤਾ ਵਿੱਚ ਤੇਰੇ ਉੱਤੇ ਰਹਮ ਕਰਾਂਗਾ ।11ਤੇਰੇ ਫਾਟਕ ਸਦਾ ਖੁੱਲ੍ਹੇ ਰਹਿਣਗੇ, ਉਹ ਦਿਨ ਰਾਤ ਬੰਦ ਨਾ ਹੋਣਗੇ, ਤਾਂ ਜੋ ਲੋਕ ਤੇਰੇ ਕੋਲ ਕੌਮਾਂ ਦਾ ਧਨ, ਅਤੇ ਉਹਨਾਂ ਦੇ ਰਾਜਿਆਂ ਨੂੰ ਬੰਦੀ ਬਣਾ ਕੇ ਤੇਰੇ ਕੋਲ ਲਿਆਉਣ ।
12ਜਿਹੜੀ ਕੌਮ ਅਤੇ ਜਿਹੜਾ ਰਾਜ ਤੇਰੀ ਸੇਵਾ ਨਾ ਕਰੇਗਾ, ਉਹ ਨਾਸ ਹੋ ਜਾਵੇਗਾ, ਹਾਂ, ਉਹ ਕੌਮਾਂ ਪੂਰੀ ਤਰ੍ਹਾਂ ਹੀ ਬਰਬਾਦ ਹੋ ਜਾਣਗੀਆਂ ।13ਲਾਬਾਨੋਨ ਦੀ ਸ਼ਾਨ ਤੇਰੇ ਕੋਲ ਆਵੇਗੀ ਅਰਥਾਤ ਸਰੂ, ਚੀਲ ਅਤੇ ਚਨਾਰ ਤੇਰੇ ਕੋਲ ਇਕੱਠੇ ਕੀਤੇ ਜਾਣਗੇ ਤਾਂ ਜੋ ਉਹ ਮੇਰੇ ਪਵਿੱਤਰ ਸਥਾਨ ਨੂੰ ਸਜਾਉਣ, ਇਸ ਤਰ੍ਹਾਂ ਮੈਂ ਆਪਣੇ ਪੈਰਾਂ ਦੇ ਸਥਾਨ ਨੂੰ ਸ਼ਾਨਦਾਰ ਬਣਾਵਾਂਗਾ ।
14ਤੈਨੂੰ ਦੁੱਖ ਦੇਣ ਵਾਲਿਆਂ ਦੇ ਪੁੱਤਰ ਤੇਰੇ ਕੋਲ ਸਿਰ ਝੁਕਾ ਕੇ ਆਉਣਗੇ, ਤੈਨੂੰ ਤੁੱਛ ਜਾਣਨ ਵਾਲੇ ਸਾਰੇ ਤੇਰੇ ਪੈਰਾਂ ਉੱਤੇ ਮੱਥਾ ਟੇਕਣਗੇ, ਉਹ ਤੈਨੂੰ ਯਹੋਵਾਹ ਦਾ ਸ਼ਹਿਰ, ਇਸਰਾਏਲ ਦੇ ਪਵਿੱਤਰ ਪੁਰਖ ਦਾ ਸੀਯੋਨ ਆਖਣਗੇ ।

15ਭਾਵੇਂ ਤੂੰ ਤਿਆਗੀ ਹੋਈ ਅਤੇ ਘਿਣਾਉਣੀ ਸੀ, ਅਤੇ ਤੇਰੇ ਵਿੱਚੋਂ ਦੀ ਕੋਈ ਨਹੀਂ ਸੀ ਲੰਘਦਾ, ਪਰ ਮੈਂ ਤੈਨੂੰ ਸਦਾ ਲਈ ਮਾਣ ਅਤੇ ਪੀੜ੍ਹੀਓਂ ਪੀੜ੍ਹੀ ਤੱਕ ਖੁਸ਼ੀ ਦਾ ਕਾਰਨ ਬਣਾਵਾਂਗਾ ।16ਤੂੰ ਕੌਮਾਂ ਦਾ ਦੁੱਧ ਚੁੰਘੇਗੀ, ਅਤੇ ਰਾਜਿਆਂ ਦੀ ਛਾਤੀ ਚੁੰਘੇਗੀ, ਤੂੰ ਜਾਣ ਲਵੇਂਗੀ ਕਿ ਮੈਂ ਯਹੋਵਾਹ ਤੇਰਾ ਬਚਾਉਣ ਵਾਲਾ ਹਾਂ, ਤੇਰਾ ਛੁਡਾਉਣ ਵਾਲਾ, ਯਾਕੂਬ ਦਾ ਸਰਬ ਸ਼ਕਤੀਮਾਨ ਹਾਂ ।

17ਪਿੱਤਲ ਦੀ ਥਾਂ ਮੈਂ ਸੋਨਾ ਅਤੇ ਲੋਹੇ ਦੇ ਥਾਂ ਮੈਂ ਚਾਂਦੀ ਲਿਆਵਾਂਗਾ, ਲੱਕੜੀ ਦੇ ਥਾਂ ਪਿੱਤਲ ਅਤੇ ਪੱਥਰਾਂ ਦੇ ਥਾਂ ਲੋਹਾ ਲਿਆਵਾਂਗਾ, ਮੈਂ ਸ਼ਾਂਤੀ ਨੂੰ ਤੇਰਾ ਹਾਕਮ ਅਤੇ ਸੁੱਖ ਨੂੰ ਤੇਰਾ ਧਰਮ ਬਣਾਵਾਂਗਾ ।18ਤੇਰੇ ਦੇਸ ਵਿੱਚ ਫੇਰ ਕਦੀ ਜ਼ੁਲਮ ਅਤੇ ਤੇਰੀਆਂ ਹੱਦਾਂ ਵਿੱਚ ਬਰਬਾਦੀ ਜਾਂ ਤਬਾਹੀ ਫੇਰ ਕਦੀ ਸੁਣਾਈ ਨਾ ਦੇਵੇਗੀ, ਤੂੰ ਆਪਣੀਆਂ ਕੰਧਾਂ ਨੂੰ ਮੁਕਤੀ, ਅਤੇ ਆਪਣੇ ਫਾਟਕਾਂ ਨੂੰ ਉਸਤਤ ਸੱਦੇਂਗੀ ।
19ਫੇਰ ਦਿਨ ਨੂੰ ਸੂਰਜ ਤੇਰਾ ਚਾਨਣ ਨਾ ਹੋਵੇਗਾ, ਨਾ ਚੰਦ ਉਜਾਲੇ ਲਈ ਤੈਨੂੰ ਚਾਨਣ ਦੇਵੇਗਾ, ਪਰ ਯਹੋਵਾਹ ਤੇਰਾ ਸਦੀਪਕ ਚਾਨਣ ਹੋਵੇਗਾ, ਅਤੇ ਤੇਰਾ ਪਰਮੇਸ਼ੁਰ ਤੇਰੀ ਸ਼ੋਭਾ ਠਹਿਰੇਗਾ ।20ਤੇਰਾ ਸੂਰਜ ਫੇਰ ਨਹੀਂ ਲੱਥੇਗਾ, ਨਾ ਤੇਰੇ ਲਈ ਚੰਦ ਦੀ ਰੋਸ਼ਨੀ ਘੱਟ ਹੋਵੇਗੀ, ਕਿਉਂ ਜੋ ਯਹੋਵਾਹ ਜੋ ਤੇਰੇ ਲਈ ਸਦੀਪਕ ਚਾਨਣ ਹੋਵੇਗਾ, ਅਤੇ ਤੇਰੇ ਸੋਗ ਦੇ ਦਿਨ ਮੁੱਕ ਜਾਣਗੇ ।
21ਤੇਰੇ ਸਾਰੇ ਲੋਕ ਧਰਮੀ ਹੋਣਗੇ, ਉਹ ਧਰਤੀ ਨੂੰ ਸਦਾ ਲਈ ਵੱਸ ਵਿੱਚ ਰੱਖਣਗੇ, ਉਹ ਮੇਰੇ ਲਾਏ ਹੋਏ ਬੂਟੇ ਅਤੇ ਮੇਰੇ ਹੱਥਾਂ ਦਾ ਕੰਮ ਠਹਿਰਣਗੇ ਤਾਂ ਜੋ ਮੇਰੀ ਸ਼ੋਭਾ ਪਰਗਟ ਹੋਵੇ ।22ਛੋਟੇ ਤੋਂ ਛੋਟਾ ਇੱਕ ਹਜ਼ਾਰ ਹੋ ਜਾਵੇਗਾ, ਅਤੇ ਸਭ ਤੋਂ ਕਮਜ਼ੋਰ ਇੱਕ ਬਲਵੰਤ ਕੌਮ, ਮੈਂ ਯਹੋਵਾਹ ਸਮੇਂ ਸਿਰ ਇਹ ਨੂੰ ਛੇਤੀ ਪੂਰਾ ਕਰਾਂਗਾ ।

61
ਛੁਟਕਾਰੇ ਦੀ ਖੁਸ਼-ਖ਼ਬਰੀ

1ਪ੍ਰਭੂ ਯਹੋਵਾਹ ਦਾ ਆਤਮਾ ਮੇਰੇ ਉੱਤੇ ਹੈ, ਕਿਉਂ ਜੋ ਯਹੋਵਾਹ ਨੇ ਮੈਨੂੰ ਮਸਹ ਕੀਤਾ ਹੈ ਤਾਂ ਜੋ ਮੈਂ ਗਰੀਬਾਂ ਨੂੰ ਖੁਸ਼ਖ਼ਬਰੀ ਸੁਣਾਵਾਂ, ਉਸ ਨੇ ਮੈਨੂੰ ਇਸ ਲਈ ਭੇਜਿਆ ਹੈ, ਕਿ ਮੈਂ ਟੁੱਟੇ ਦਿਲ ਵਾਲਿਆਂ ਦੇ ਪੱਟੀ ਬੰਨ੍ਹਾਂ, ਅਤੇ ਬੰਦੀਆਂ ਨੂੰ ਛੁੱਟਣ ਦਾ ਅਤੇ ਕੈਦੀਆਂ ਨੂੰ ਹਨੇਰੇ ਤੋਂ ਛੁੱਟਣ ਦਾ ਪਰਚਾਰ ਕਰਾਂ,

2ਤਾਂ ਜੋ ਮੈਂ ਯਹੋਵਾਹ ਦੇ ਮਨਭਾਉਂਦੇ ਸਾਲ ਦਾ, ਅਤੇ ਸਾਡੇ ਪਰਮੇਸ਼ੁਰ ਦੇ ਬਦਲਾ ਲੈਣ ਦੇ ਦਿਨ ਦਾ ਪਰਚਾਰ ਕਰਾਂ, ਅਤੇ ਸਾਰੇ ਸੋਗੀਆਂ ਨੂੰ ਦਿਲਾਸਾ ਦਿਆਂ,
3ਅਤੇ ਸੀਯੋਨ ਦੇ ਸੋਗੀਆਂ ਲਈ ਇਹ ਕਰਾਂ, - ਉਹਨਾਂ ਦੇ ਸਿਰ ਤੋਂ ਸੁਆਹ ਦੂਰ ਕਰਕੇ ਸੋਹਣਾ ਤਾਜ ਰੱਖਣ, ਸੋਗ ਦੇ ਥਾਂ ਖੁਸ਼ੀ ਦਾ ਤੇਲ ਲਾਵਾਂ, ਨਿਰਾਸ਼ ਆਤਮਾ ਦੇ ਥਾਂ ਉਸਤਤ ਦਾ ਸਰੋਪਾ ਬਖ਼ਸ਼ਾਂ, ਤਦ ਉਹ ਧਰਮ ਦੇ ਬਲੂਤ, ਯਹੋਵਾਹ ਦੇ ਲਾਏ ਹੋਏ ਸਦਾਉਣਗੇ, ਤਾਂ ਜੋ ਉਸ ਦੀ ਮਹਿਮਾ ਪਰਗਟ ਹੋਵੇ ।
4ਉਹ ਪ੍ਰਾਚੀਨ ਬਰਬਾਦੀਆਂ ਨੂੰ ਬਣਾਉਣਗੇ, ਉਹ ਪਹਿਲੇ ਵਿਰਾਨਿਆਂ ਨੂੰ ਉਸਾਰਨਗੇ, ਉਹ ਬਰਬਾਦ ਸ਼ਹਿਰਾਂ ਨੂੰ, ਜਿਹੜੇ ਬਹੁਤ ਪੀੜ੍ਹੀਆਂ ਤੋਂ ਵਿਰਾਨ ਪਏ ਸਨ, ਉਹਨਾਂ ਨੂੰ ਨਵੇਂ ਸਿਰਿਓਂ ਉਸਾਰਨਗੇ ।

5ਪਰਦੇਸੀ ਆ ਖੜ੍ਹੇ ਹੋਣਗੇ ਅਤੇ ਤੁਹਾਡੇ ਇੱਜੜਾਂ ਨੂੰ ਚਾਰਨਗੇ, ਓਪਰੇ ਤੁਹਾਡੇ ਹਾਲ੍ਹੀ ਤੇ ਮਾਲੀ ਹੋਣਗੇ,
6ਪਰ ਤੁਸੀਂ ਯਹੋਵਾਹ ਦੇ ਜਾਜਕ ਕਹਾਓਗੇ, ਲੋਕ ਤੁਹਾਨੂੰ ਸਾਡੇ ਪਰਮੇਸ਼ੁਰ ਦੇ ਸੇਵਕ ਆਖਣਗੇ, ਤੁਸੀਂ ਕੌਮਾਂ ਦਾ ਧਨ ਖਾਓਗੇ, ਅਤੇ ਉਹਨਾਂ ਦੇ ਮਾਲ-ਧਨ ਉੱਤੇ ਮਾਣ ਕਰੋਗੇ ।7ਤੁਹਾਡੀ ਲਾਜ ਦੇ ਬਦਲੇ ਤੁਹਾਨੂੰ ਦੁਗਣਾ ਹਿੱਸਾ ਮਿਲੇਗਾ, ਬੇਪਤੀ ਦੇ ਬਦਲੇ ਤੁਸੀਂ ਆਪਣੇ ਹਿੱਸੇ ਵਿੱਚ ਮੌਜ ਮਾਣੋਗੇ, ਇਸ ਲਈ ਤੁਸੀਂ ਆਪਣੇ ਦੇਸ ਵਿੱਚ ਦੁਗਣੇ ਹਿੱਸੇ ਦੇ ਅਧਿਕਾਰੀ ਹੋਵੋਗੇ, ਸਦੀਪਕ ਅਨੰਦ ਤੁਹਾਡਾ ਹੋਵੇਗਾ ।

8ਕਿਉਂਕਿ, ਮੈਂ ਯਹੋਵਾਹ, ਇਨਸਾਫ਼ ਨੂੰ ਤਾਂ ਪਿਆਰ ਕਰਦਾ ਹਾਂ, ਲੁੱਟ ਅਤੇ ਬੁਰਿਆਈ ਤੋਂ ਘਿਣ ਕਰਦਾ ਹਾਂ, ਇਸ ਲਈ ਮੈਂ ਆਪਣੇ ਲੋਕਾਂ ਨੂੰ ਸਚਿਆਈ ਨਾਲ ਬਦਲਾ ਦਿਆਂਗਾ, ਮੈਂ ਉਹਨਾਂ ਦੇ ਨਾਲ ਇੱਕ ਸਦੀਪਕ ਨੇਮ ਬੰਨ੍ਹਾਂਗਾ ।9ਉਹਨਾਂ ਦਾ ਵੰਸ਼ ਕੌਮਾਂ ਵਿੱਚ, ਅਤੇ ਉਹਨਾਂ ਦੀ ਸੰਤਾਨ ਲੋਕਾਂ ਵਿੱਚ ਜਾਣੀ ਜਾਵੇਗੀ, ਉਹਨਾਂ ਦੇ ਸਾਰੇ ਵੇਖਣ ਵਾਲੇ ਜਾਣ ਲੈਣਗੇ ਕਿ ਇਹ ਯਹੋਵਾਹ ਦਾ ਮੁਬਾਰਕ ਵੰਸ਼ ਹੈ ।

10ਮੈਂ ਯਹੋਵਾਹ ਵਿੱਚ ਬਹੁਤ ਖੁਸ਼ ਹੋਵਾਂਗਾ, ਮੇਰਾ ਪ੍ਰਾਣ ਮੇਰੇ ਪਰਮੇਸ਼ੁਰ ਵਿੱਚ ਮਗਨ ਹੋਵੇਗਾ, ਕਿਉਂ ਜੋ ਉਸ ਨੇ ਮੈਨੂੰ ਮੁਕਤੀ ਦੇ ਬਸਤਰ ਪਵਾਏ ਹਨ, ਅਤੇ ਉਸ ਨੇ ਧਰਮ ਦੇ ਚੋਗੇ ਨਾਲ ਮੈਨੂੰ ਢੱਕਿਆ ਹੈ, ਜਿਵੇਂ ਲਾੜਾ ਸਿਹਰੇ ਨਾਲ ਆਪਣੇ ਆਪ ਨੂੰ ਸੁਆਰਦਾ, ਅਤੇ ਲਾੜੀ ਆਪਣਿਆਂ ਗਹਿਣਿਆਂ ਨਾਲ ਆਪਣੇ ਆਪ ਨੂੰ ਸ਼ਿੰਗਾਰਦੀ ਹੈ ।11ਜਿਵੇਂ ਧਰਤੀ ਤਾਂ ਆਪਣਾ ਪੁੰਗਰ ਕੱਢਦੀ ਹੈ, ਅਤੇ ਬਾਗ ਬੀਜਾਂ ਨੂੰ ਉਪਜਾਉਂਦਾ ਹੈ, ਉਸੇ ਤਰ੍ਹਾਂ ਹੀ ਪ੍ਰਭੂ ਯਹੋਵਾਹ ਧਰਮ ਅਤੇ ਉਸਤਤ ਨੂੰ ਸਾਰੀਆਂ ਕੌਮਾਂ ਦੇ ਅੱਗੇ ਪੁੰਗਰਾਵੇਗਾ ।

62
ਸੀਯੋਨ ਦੇ ਲਈ ਪਰਮੇਸ਼ੁਰ ਦੀ ਚਿੰਤਾ

1ਸੀਯੋਨ ਦੇ ਨਮਿੱਤ ਮੈਂ ਚੁੱਪ ਨਹੀਂ ਰਹਾਂਗਾ, ਅਤੇ ਯਰੂਸ਼ਲਮ ਦੇ ਨਮਿੱਤ ਮੈਂ ਚੈਨ ਨਾ ਲਵਾਂਗਾ, ਜਦ ਤੱਕ ਉਸ ਦਾ ਧਰਮ ਉਜਾਲੇ ਵਾਂਗੂੰ, ਅਤੇ ਉਸ ਦੀ ਮੁਕਤੀ ਬਲਦੇ ਦੀਵੇ ਵਾਂਗੂੰ ਨਾ ਵਿਖਾਈ ਦੇਵੇ ।2ਕੌਮਾਂ ਤੇਰੇ ਧਰਮ ਨੂੰ ਅਤੇ ਸਾਰੇ ਰਾਜ ਤੇਰੀ ਸ਼ਾਨ ਨੂੰ ਵੇਖਣਗੇ, ਤੂੰ ਇੱਕ ਨਵੇਂ ਨਾਮ ਤੋਂ ਸੱਦੀ ਜਾਵੇਂਗੀ, ਜਿਹੜਾ ਯਹੋਵਾਹ ਦੇ ਮੂੰਹੋਂ ਨਿੱਕਲੇਗਾ ।

3ਤੂੰ ਯਹੋਵਾਹ ਦੇ ਹੱਥ ਵਿੱਚ ਇੱਕ ਸੁਹੱਪਣ ਦਾ ਮੁਕਟ, ਅਤੇ ਆਪਣੇ ਪਰਮੇਸ਼ੁਰ ਦੇ ਹੱਥ ਵਿੱਚ ਇੱਕ ਸ਼ਾਹੀ ਤਾਜ ਹੋਵੇਂਗੀ ।4ਤੂੰ ਫੇਰ "ਛੱਡੀ ਹੋਈ" ਨਾ ਸਦਾਏਂਗੀ, ਨਾ ਤੇਰੀ ਧਰਤੀ ਫੇਰ "ਉਜਾੜ" ਅਖਵਾਏਗੀ, ਪਰ ਤੂੰ ਹੇਪਸੀਬਾ ਸੱਦੀ ਜਾਵੇਂਗੀ, ਅਰਥਾਤ "ਮੇਰੀ ਭਾਉਣੀ ਉਹ ਦੇ ਵਿੱਚ ਹੈ", ਅਤੇ ਤੇਰੀ ਧਰਤੀ ਬਿਯੂਲਾਹ ਅਰਥਾਤ "ਸੁਹਾਗਣ" ਅਖਵਾਏਗੀ, ਕਿਉਂ ਜੋ ਯਹੋਵਾਹ ਤੇਰੇ ਤੋਂ ਪ੍ਰਸੰਨ ਹੈ, ਅਤੇ ਤੇਰੀ ਧਰਤੀ ਵਿਆਹੀ ਜਾਵੇਗੀ ।
5ਜਿਵੇਂ ਜੁਆਨ ਕੁਆਰੀ ਨੂੰ ਵਿਆਹ ਲੈਂਦਾ ਹੈ, ਉਸੇ ਤਰ੍ਹਾਂ ਤੇਰੇ ਬਣਾਉਣ ਵਾਲੇ ਤੈਨੂੰ ਵਿਆਹ ਲੈਣਗੇ, ਅਤੇ ਜਿਵੇਂ ਲਾੜਾ ਆਪਣੀ ਲਾੜੀ ਉੱਤੇ ਅਨੰਦ ਹੁੰਦਾ ਹੈ, ਉਸੇ ਤਰ੍ਹਾਂ ਤੇਰਾ ਪਰਮੇਸ਼ੁਰ ਤੇਰੇ ਉੱਤੇ ਅਨੰਦ ਹੋਵੇਗਾ ।
6ਹੇ ਯਰੂਸ਼ਲਮ, ਮੈਂ ਤੇਰੀਆਂ ਕੰਧਾਂ ਉੱਤੇ ਰਾਖੇ ਲਾਏ ਹਨ, ਸਾਰਾ ਦਿਨ ਅਤੇ ਸਾਰੀ ਰਾਤ ਉਹ ਕਦੀ ਚੁੱਪ ਨਾ ਰਹਿਣਗੇ, ਤੁਸੀਂ ਜਿਹੜੇ ਯਹੋਵਾਹ ਨੂੰ ਪੁਕਾਰਦੇ ਹੋ ਅਰਾਮ ਨਾ ਕਰੋ !7ਅਤੇ ਉਹ ਨੂੰ ਅਰਾਮ ਨਾ ਕਰਨ ਦਿਓ, ਜਦ ਤੱਕ ਉਹ ਯਰੂਸ਼ਲਮ ਨੂੰ ਧਰਤੀ ਉੱਤੇ ਉਸਤਤ ਲਈ ਕਾਇਮ ਨਾ ਕਰੇ !
8ਯਹੋਵਾਹ ਨੇ ਆਪਣੇ ਸੱਜੇ ਹੱਥ ਨਾਲ, ਅਤੇ ਆਪਣੀ ਬਲਵੰਤ ਭੁਜਾ ਨਾਲ ਸਹੁੰ ਖਾਧੀ ਹੈ ਕਿ ਮੈਂ ਅੱਗੇ ਨੂੰ ਤੇਰਾ ਅੰਨ ਤੇਰੇ ਵੈਰੀਆਂ ਨੂੰ ਭੋਜਨ ਲਈ ਕਦੀ ਨਾ ਦੇਵਾਂਗਾ, ਅਤੇ ਓਪਰੇ ਤੇਰੀ ਨਵੀਂ ਮਧ ਨਾ ਪੀਣਗੇ, ਜਿਸ ਦੇ ਲਈ ਤੂੰ ਮਿਹਨਤ ਕੀਤੀ ਹੈ,9ਪਰ ਉਹ ਦੇ ਸਾਂਭਣ ਵਾਲੇ ਉਹ ਨੂੰ ਖਾਣਗੇ, ਅਤੇ ਯਹੋਵਾਹ ਦੀ ਉਸਤਤ ਕਰਨਗੇ । ਉਹ ਦੇ ਇਕੱਠਾ ਕਰਨ ਵਾਲੇ ਉਹ ਨੂੰ ਮੇਰੇ ਪਵਿੱਤਰ ਅਸਥਾਨ ਦੇ ਵੇਹੜਿਆਂ ਵਿੱਚ ਪੀਣਗੇ ।

10ਲੰਘ ਜਾਓ, ਫਾਟਕਾਂ ਦੇ ਵਿੱਚੋਂ ਦੀ ਲੰਘ ਜਾਓ ! ਪਰਜਾ ਦੇ ਲਈ ਰਸਤਾ ਤਿਆਰ ਕਰੋ, ਭਰਤੀ ਪਾਓ, ਸ਼ਾਹੀ ਸੜਕ ਉੱਤੇ ਭਰਤੀ ਪਾਓ ! ਪੱਥਰਾਂ ਨੂੰ ਕੱਢ ਸੁੱਟੋ, ਦੇਸ-ਦੇਸ ਦੇ ਲੋਕਾਂ ਲਈ ਝੰਡਾ ਉੱਚਾ ਕਰੋ !
11ਵੇਖੋ, ਯਹੋਵਾਹ ਨੇ ਧਰਤੀ ਦੀ ਹੱਦ ਤੱਕ ਇਹ ਪਰਚਾਰ ਕੀਤਾ ਕਿ ਸੀਯੋਨ ਦੀ ਧੀ ਨੂੰ ਆਖੋ, ਵੇਖ, ਤੇਰਾ ਬਚਾਉਣ ਵਾਲਾ ਆਉਂਦਾ ਹੈ, ਵੇਖ, ਉਹ ਦਾ ਇਨਾਮ ਉਹ ਦੇ ਕੋਲ ਹੈ, ਅਤੇ ਉਹ ਦਾ ਬਦਲਾ ਉਹ ਦੇ ਅੱਗੇ ਹੈ ।12ਉਹ ਉਨ੍ਹਾਂ ਨੂੰ "ਪਵਿੱਤਰ ਪਰਜਾ", "ਯਹੋਵਾਹ ਦੇ ਛੁਡਾਏ ਹੋਏ" ਆਖਣਗੇ, ਅਤੇ ਤੇਰਾ ਨਾਮ "ਲੱਭੀ ਹੋਈ" ਅਰਥਾਤ "ਨਾ ਤਿਆਗੀ ਹੋਈ ਨਗਰੀ" ਸੱਦਿਆ ਜਾਵੇਗਾ ।

63
ਕੌਮਾਂ ਉੱਤੇ ਪ੍ਰਭੂ ਦੀ ਜਿੱਤ

1ਇਹ ਕੌਣ ਹੈ ਜੋ ਅਦੋਮ ਦੇਸ ਦੇ ਬਾਸਰਾਹ ਤੋਂ ਲਾਲ ਬਸਤਰ ਪਾ ਕੇ ਤੁਰਿਆ ਆਉਂਦਾ ਹੈ ? ਇਹ ਕੌਣ ਹੈ ਜੋ ਪਰਤਾਪ ਦਾ ਲਿਬਾਸ ਪਹਿਨੇ ਹੋਏ ਆਪਣੇ ਬਲ ਦੇ ਵਾਧੇ ਵਿੱਚ ਉਲਾਂਘਾਂ ਭਰਦਾ ਆਉਂਦਾ ਹੈ ?

ਇਹ ਮੈਂ ਹਾਂ, ਜੋ ਧਰਮ ਨਾਲ ਬੋਲਦਾ, ਅਤੇ ਬਚਾਉਣ ਲਈ ਸਮਰਥੀ ਹਾਂ ।

2ਤੇਰਾ ਲਿਬਾਸ ਲਾਲ ਕਿਉਂ ਹੈ, ਅਤੇ ਤੇਰਾ ਬਸਤਰ ਹੌਦ ਵਿੱਚ ਦਾਖਾਂ ਲਤਾੜਨ ਵਾਲੇ ਜਿਹਾ ਕਿਉਂ ਹੈ ?

3ਮੈਂ ਇਕੱਲੇ ਹੀ ਦਾਖਾਂ ਦੇ ਹੌਦ ਵਿੱਚ ਲਤਾੜਿਆ, ਅਤੇ ਦੇਸ-ਦੇਸ ਦੇ ਲੋਕਾਂ ਵਿੱਚੋਂ ਮੇਰੇ ਨਾਲ ਕੋਈ ਨਹੀਂ ਸੀ । ਹਾਂ, ਮੈਂ ਆਪਣੇ ਕ੍ਰੋਧ ਵਿੱਚ ਉਹਨਾਂ ਨੂੰ ਲਤਾੜਿਆ, ਅਤੇ ਆਪਣੇ ਗੁੱਸੇ ਵਿੱਚ ਉਹਨਾਂ ਨੂੰ ਮਿੱਧਿਆ, ਮੇਰੇ ਬਸਤਰ ਉੱਤੇ ਉਹਨਾਂ ਦਾ ਲਹੂ ਛਿੜਕਿਆ ਗਿਆ, ਅਤੇ ਮੈਂ ਆਪਣੇ ਸਾਰੇ ਲਿਬਾਸ ਨੂੰ ਲਬੇੜਿਆ ਹੈ !4ਕਿਉਂ ਜੋ ਬਦਲਾ ਲੈਣ ਦਾ ਦਿਨ ਮੇਰੇ ਦਿਲ ਵਿੱਚ ਸੀ, ਅਤੇ ਮੇਰੇ ਛੁਡਾਇਆਂ ਹੋਇਆਂ ਦਾ ਸਾਲ ਆ ਗਿਆ ਹੈ ।
5ਮੈਂ ਨਿਗਾਹ ਕੀਤੀ ਪਰ ਕੋਈ ਸਹਾਇਕ ਨਹੀਂ ਸੀ, ਮੈਂ ਦੰਗ ਰਹਿ ਗਿਆ ਕਿ ਕੋਈ ਸੰਭਾਲਣ ਵਾਲਾ ਨਹੀਂ ਸੀ । ਤਦ ਮੈਂ ਆਪਣੀ ਹੀ ਬਾਂਹ ਨਾਲ ਬਚਾਉਣ ਦਾ ਕੰਮ ਕੀਤਾ, ਅਤੇ ਮੇਰੇ ਗੁੱਸੇ ਨੇ ਹੀ ਮੈਨੂੰ ਸੰਭਾਲਿਆ ।6ਮੈਂ ਆਪਣੇ ਕ੍ਰੋਧ ਵਿੱਚ ਲੋਕਾਂ ਨੂੰ ਲਤਾੜਿਆ, ਮੈਂ ਆਪਣੇ ਗੁੱਸੇ ਵਿੱਚ ਉਹਨਾਂ ਨੂੰ ਮਤਵਾਲੇ ਕੀਤਾ, ਅਤੇ ਉਹਨਾਂ ਦਾ ਲਹੂ ਧਰਤੀ ਉੱਤੇ ਵਹਾਇਆ ।
ਇਸਰਾਏਲ ਨਾਲ ਕੀਤੀ ਗਈ ਭਲਿਆਈ

7ਉਹਨਾਂ ਸਾਰੇ ਉਪਕਾਰਾਂ ਲਈ ਜੋ ਯਹੋਵਾਹ ਨੇ ਸਾਡੇ ਉੱਤੇ ਕੀਤੇ, ਨਾਲੇ ਇਸਰਾਏਲ ਦੇ ਘਰਾਣੇ ਉੱਤੇ ਉਸ ਵੱਡੀ ਭਲਿਆਈ ਲਈ ਜਿਸ ਨੂੰ ਉਹ ਨੇ ਆਪਣੇ ਰਹਮ, ਅਤੇ ਆਪਣੀ ਦਯਾ ਦੀ ਵਾਫ਼ਰੀ ਅਨੁਸਾਰ ਉਹਨਾਂ ਨੂੰ ਬਖ਼ਸ਼ ਦਿੱਤਾ, ਮੈਂ ਯਹੋਵਾਹ ਦੀ ਦਯਾ ਦਾ ਵਰਣਨ ਕਰਾਂਗਾ ਅਤੇ ਉਸ ਦੀ ਉਸਤਤ ਕਰਾਂਗਾ ।8ਉਸ ਨੇ ਆਖਿਆ, ਸੱਚ-ਮੁੱਚ ਇਹ ਮੇਰੀ ਪਰਜਾ ਹੈ, ਅਜਿਹੇ ਪੁੱਤਰ ਜੋ ਧੋਖਾ ਨਾ ਦੇਣਗੇ, ਇਸ ਲਈ ਉਹ ਉਹਨਾਂ ਦਾ ਬਚਾਉਣ ਵਾਲਾ ਹੋਇਆ ।
9ਉਹਨਾਂ ਦੇ ਸਾਰੇ ਦੁੱਖਾਂ ਵਿੱਚ ਉਹ ਦੁਖੀ ਹੋਇਆ, ਅਤੇ ਉਹ ਦੇ ਹਜ਼ੂਰ ਰਹਿਣ ਵਾਲੇ ਦੂਤ ਨੇ ਉਹਨਾਂ ਨੂੰ ਬਚਾਇਆ, ਉਸ ਨੇ ਆਪਣੇ ਪ੍ਰੇਮ ਅਤੇ ਆਪਣੇ ਤਰਸ ਵਿੱਚ ਉਹਨਾਂ ਨੂੰ ਛੁਡਾਇਆ, ਉਹ ਉਹਨਾਂ ਨੂੰ ਸਾਰੇ ਪ੍ਰਾਚੀਨ ਦਿਨਾਂ ਵਿੱਚ ਚੁੱਕੀ ਫਿਰਿਆ ।

10ਪਰ ਉਹ ਵਿਦਰੋਹੀ ਹੋ ਗਏ, ਅਤੇ ਉਹ ਦੇ ਪਵਿੱਤਰ ਆਤਮਾ ਨੂੰ ਦੁਖੀ ਕੀਤਾ, ਇਸ ਕਾਰਨ ਉਹ ਉਲਟਾ ਉਹਨਾਂ ਦਾ ਵੈਰੀ ਬਣ ਗਿਆ, ਅਤੇ ਆਪ ਉਹਨਾਂ ਨਾਲ ਲੜਿਆ ।
11ਤਦ ਉਹ ਦੀ ਪਰਜਾ ਨੇ ਮੂਸਾ ਦੇ ਪ੍ਰਾਚੀਨ ਦਿਨਾਂ ਨੂੰ ਯਾਦ ਕੀਤਾ ਅਤੇ ਆਖਣ ਲੱਗੇ, - ਉਹ ਕਿੱਥੇ ਹੈ ਜੋ ਉਹਨਾਂ ਨੂੰ ਸਮੁੰਦਰੋਂ ਉਤਾਹਾਂ ਲਿਆਇਆ, ਆਪਣੇ ਇੱਜੜ ਨੂੰ ਉਹਨਾਂ ਦੇ ਅਯਾਲੀ ਸਮੇਤ ? ਉਹ ਕਿੱਥੇ ਹੈ ਜਿਸ ਨੇ ਆਪਣਾ ਪਵਿੱਤਰ ਆਤਮਾ ਉਹਨਾਂ ਦੇ ਅੰਦਰ ਪਾਇਆ ?
12ਜਿਸ ਨੇ ਆਪਣੀ ਪਰਤਾਪਵਾਨ ਭੁਜਾ ਨੂੰ ਮੂਸਾ ਦੇ ਸੱਜੇ ਹੱਥ ਦੇ ਨਾਲ ਕਰ ਦਿੱਤਾ ? ਜਿਸ ਨੇ ਉਹਨਾਂ ਦੇ ਅੱਗੇ ਪਾਣੀਆਂ ਨੂੰ ਪਾੜਿਆ, ਤਾਂ ਜੋ ਉਹ ਆਪਣੇ ਲਈ ਇੱਕ ਸਦੀਪਕ ਨਾਮ ਬਣਾਵੇ ?13ਜਿਸ ਨੇ ਡੁੰਘਿਆਈਆਂ ਦੇ ਵਿੱਚ ਉਹਨਾਂ ਦੀ ਅਗਵਾਈ ਕੀਤੀ ? ਜਿਵੇਂ ਘੋੜਾ ਉਜਾੜ ਵਿੱਚ, ਤਿਵੇਂ ਉਹਨਾਂ ਨੇ ਠੋਕਰ ਨਾ ਖਾਧੀ ।
14ਜਿਵੇਂ ਪਸ਼ੂ ਘਾਟੀ ਦੂਣ ਵਿੱਚ ਜਾਂਦੇ, ਤਿਵੇਂ ਯਹੋਵਾਹ ਦੇ ਆਤਮਾ ਨੇ ਉਹਨਾਂ ਨੂੰ ਅਰਾਮ ਦਿੱਤਾ । ਤੂੰ ਇਸੇ ਤਰ੍ਹਾਂ ਆਪਣੀ ਪਰਜਾ ਦੀ ਅਗਵਾਈ ਕੀਤੀ, ਤਾਂ ਜੋ ਤੂੰ ਆਪਣੇ ਲਈ ਇੱਕ ਪਰਤਾਪਵਾਨ ਨਾਮ ਬਣਾਵੇਂ ।
ਦਯਾ ਅਤੇ ਸਹਾਇਤਾ ਲਈ ਪ੍ਰਾਰਥਨਾ

15ਸਵਰਗ ਤੋਂ ਨਿਗਾਹ ਮਾਰ ਅਤੇ ਵੇਖ, ਆਪਣੇ ਪਵਿੱਤਰ ਅਤੇ ਸ਼ਾਨਦਾਰ ਭਵਨ ਤੋਂ, ਤੇਰੀ ਅਣਖ ਅਤੇ ਤੇਰੀਆਂ ਸ਼ਕਤੀਆਂ ਕਿੱਥੇ ਹਨ ? ਤੇਰੀ ਅਣਖ ਅਤੇ ਤੇਰਾ ਰਹਮ ਜੋ ਸਾਡੇ ਲਈ ਸੀ, ਰੁੱਕ ਗਿਆ ਹੈ ।16ਤੂੰ ਤਾਂ ਸਾਡਾ ਪਿਤਾ ਹੈਂ, ਭਾਵੇਂ ਅਬਰਾਹਾਮ ਸਾਨੂੰ ਨਹੀਂ ਜਾਣਦਾ, ਅਤੇ ਇਸਰਾਏਲ ਸਾਨੂੰ ਨਹੀਂ ਪਹਿਚਾਣਦਾ, ਪਰ ਤੂੰ ਯਹੋਵਾਹ ਸਾਡਾ ਪਿਤਾ ਹੈ, ਸਾਡਾ ਛੁਡਾਉਣ ਵਾਲਾ, ਤੇਰਾ ਨਾਮ ਸਦੀਪਕ ਕਾਲ ਤੋਂ ਹੈਂ ।
17ਹੇ ਯਹੋਵਾਹ, ਤੂੰ ਆਪਣਿਆਂ ਰਾਹਾਂ ਤੋਂ ਸਾਨੂੰ ਕਿਉਂ ਭਟਕਣ ਦਿੱਤਾ ? ਤੂੰ ਸਾਡੇ ਦਿਲਾਂ ਨੂੰ ਤੇਰਾ ਡਰ ਮੰਨਣ ਤੋਂ ਕਿਉਂ ਕਠੋਰ ਹੋਣ ਦਿੱਤਾ ? ਆਪਣੇ ਦਾਸਾਂ, ਆਪਣੇ ਨਿੱਜ ਭਾਗ ਦੇ ਗੋਤਾਂ ਦੀ ਖ਼ਾਤਰ ਮੁੜ ਆ ।
18ਥੋੜ੍ਹੇ ਸਮੇਂ ਲਈ ਹੀ ਤੇਰੀ ਪਵਿੱਤਰ ਪਰਜਾ ਨੇ ਤੇਰੇ ਪਵਿੱਤਰ ਅਸਥਾਨ ਨੂੰ ਆਪਣੇ ਅਧਿਕਾਰ ਵਿੱਚ ਰੱਖਿਆ, ਫੇਰ ਸਾਡੇ ਵੈਰੀਆਂ ਨੇ ਉਹ ਨੂੰ ਲਤਾੜਿਆ ਹੈ ।19ਅਸੀਂ ਤਾਂ ਜਾਣੋ ਉਹਨਾਂ ਵਰਗੇ ਹੋ ਗਏ ਹਾਂ, ਜਿਨ੍ਹਾਂ ਉੱਤੇ ਤੂੰ ਰਾਜ ਨਹੀਂ ਕੀਤਾ, ਉਹਨਾਂ ਵਰਗੇ ਜਿਹੜੇ ਤੇਰੇ ਨਾਮ ਤੋਂ ਨਹੀਂ ਸੱਦੇ ਜਾਂਦੇ ।

64

1ਕਾਸ਼ ਕਿ ਤੂੰ ਅਕਾਸ਼ਾਂ ਨੂੰ ਪਾੜ ਕੇ ਉਤਰ ਆਵੇਂ ਤਾਂ ਜੋ ਤੇਰੀ ਹਜ਼ੂਰੀ ਤੋਂ ਪਹਾੜ ਕੰਬ ਜਾਣ !2ਜਿਵੇਂ ਅੱਗ ਝਾੜੀਆਂ ਨੂੰ ਸਾੜਦੀ ਅਤੇ ਪਾਣੀ ਨੂੰ ਉਬਾਲਦੀ, ਤਿਵੇਂ ਹੀ ਤੇਰਾ ਨਾਮ ਤੇਰੇ ਵੈਰੀਆਂ ਉੱਤੇ ਪਰਗਟ ਹੋਵੇ, ਅਤੇ ਤੇਰੀ ਹਜ਼ੂਰੀ ਤੋਂ ਕੌਮਾਂ ਕੰਬ ਜਾਣ !

3ਜਦ ਤੂੰ ਭਿਆਨਕ ਕੰਮ ਕੀਤੇ, ਜਿਨ੍ਹਾਂ ਦੀ ਸਾਨੂੰ ਆਸ ਨਹੀਂ ਸੀ, ਤਾਂ ਤੂੰ ਉਤਰ ਆਇਆ, ਤੇਰੀ ਹਜ਼ੂਰੀ ਤੋਂ ਪਹਾੜ ਕੰਬ ਗਏ ।4ਪ੍ਰਾਚੀਨ ਸਮਿਆਂ ਤੋਂ ਨਾ ਕਿਸੇ ਨੇ ਸੁਣਿਆ, ਨਾ ਕਿਸੇ ਦੇ ਕੰਨ ਵਿੱਚ ਪਿਆ, ਨਾ ਅੱਖ ਨੇ ਤੇਰੇ ਬਿਨ੍ਹਾਂ ਕਿਸੇ ਹੋਰ ਪਰਮੇਸ਼ੁਰ ਨੂੰ ਵੇਖਿਆ, ਜੋ ਆਪਣੇ ਉਡੀਕਣ ਵਾਲਿਆਂ ਲਈ ਕੰਮ ਕਰਦਾ ਹੈ ।
5ਤੂੰ ਉਹਨਾਂ ਦੀ ਮਦਦ ਲਈ ਆਉਂਦਾ ਹੈਂ ਜੋ ਖੁਸ਼ੀ ਨਾਲ ਧਰਮ ਦੇ ਕੰਮ ਕਰਦੇ ਅਤੇ ਜੋ ਤੇਰੇ ਰਾਹਾਂ ਵਿੱਚ ਤੁਰਦੇ ਹੋਏ ਤੈਨੂੰ ਯਾਦ ਰੱਖਦੇ ਹਨ । ਵੇਖ, ਤੂੰ ਕ੍ਰੋਧਵਾਨ ਹੋਇਆ, ਕਿਉਂਕਿ ਅਸੀਂ ਤੇਰੇ ਵਿਰੁੱਧ ਪਾਪ ਕਰਦੇ ਰਹੇ - ਅਸੀਂ ਕਿਸ ਤਰ੍ਹਾਂ ਬਚਾਂਗੇ ?
6ਅਸੀਂ ਸਾਰੇ ਅਸ਼ੁੱਧ ਮਨੁੱਖ ਵਰਗੇ ਹੋ ਗਏ, ਅਤੇ ਸਾਡੇ ਸਾਰੇ ਧਾਰਮਿਕਤਾ ਦੇ ਕੰਮ ਗੰਦੇ ਕੱਪੜਿਆਂ ਵਰਗੇ ਹਨ । ਅਸੀਂ ਪੱਤੇ ਵਾਂਗੂੰ ਕੁਮਲਾ ਜਾਂਦੇ ਹਾਂ, ਅਤੇ ਸਾਡੀਆਂ ਬਦੀਆਂ ਹਵਾ ਵਾਂਗੂੰ ਸਾਨੂੰ ਚੁੱਕ ਲੈ ਜਾਂਦੀਆਂ ਹਨ ।7ਕੋਈ ਤੇਰਾ ਨਾਮ ਨਹੀਂ ਪੁਕਾਰਦਾ, ਨਾ ਕੋਈ ਯਤਨ ਕਰਦਾ ਹੈ ਕਿ ਤੈਨੂੰ ਫੜ੍ਹ ਕੇ ਰੱਖੇ, ਕਿਉਂ ਜੋ ਤੂੰ ਆਪਣਾ ਮੂੰਹ ਸਾਡੇ ਕੋਲੋਂ ਲੁਕਾ ਲਿਆ, ਅਤੇ ਸਾਨੂੰ ਸਾਡੀਆਂ ਬਦੀਆਂ ਦੇ ਹੱਥ ਛੱਡ ਦਿੱਤਾ ।

8ਪਰ ਹੁਣ, ਹੇ ਯਹੋਵਾਹ, ਤੂੰ ਸਾਡਾ ਪਿਤਾ ਹੈਂ, ਅਸੀਂ ਮਿੱਟੀ ਹਾਂ ਅਤੇ ਤੂੰ ਘੁਮਿਆਰ ਹੈਂ, ਅਸੀਂ ਸਾਰੇ ਤੇਰੀ ਦਸਤਕਾਰੀ ਹਾਂ ।9ਹੇ ਯਹੋਵਾਹ, ਤੂੰ ਅੱਤ ਕ੍ਰੋਧਵਾਨ ਨਾ ਹੋ, ਨਾ ਸਾਡੀ ਬਦੀ ਨੂੰ ਸਦਾ ਲਈ ਯਾਦ ਰੱਖ । ਵੇਖ, ਧਿਆਨ ਦੇ, ਅਸੀਂ ਬੇਨਤੀ ਕਰਦੇ ਹਾਂ, ਕਿਉਂ ਜੋ ਅਸੀਂ ਸਾਰੇ ਤੇਰੀ ਪਰਜਾ ਹਾਂ ।
10ਤੇਰੇ ਪਵਿੱਤਰ ਸ਼ਹਿਰ ਉਜਾੜ ਹੋ ਗਏ, ਸੀਯੋਨ ਸੁੰਨਸਾਨ, ਯਰੂਸ਼ਲਮ ਵਿਰਾਨ ਹੋ ਗਿਆ ।11ਸਾਡਾ ਪਵਿੱਤਰ ਅਤੇ ਸ਼ਾਨਦਾਰ ਭਵਨ, ਜਿੱਥੇ ਸਾਡੇ ਪਿਉ-ਦਾਦੇ ਤੇਰੀ ਉਸਤਤ ਕਰਦੇ ਸਨ, ਅੱਗ ਨਾਲ ਸੜ ਗਿਆ, ਸਾਡੇ ਸਾਰੇ ਮਨਭਾਉਂਦੇ ਸਥਾਨ ਬਰਬਾਦ ਹੋ ਗਏ ।12ਹੇ ਯਹੋਵਾਹ, ਕੀ ਇਹਨਾਂ ਗੱਲਾਂ ਦੇ ਬਾਅਦ ਵੀ ਤੂੰ ਆਪਣੇ ਆਪ ਨੂੰ ਰੋਕ ਰੱਖੇਂਗਾ ? ਕੀ ਤੂੰ ਚੁੱਪ ਰਹੇਂਗਾ ਅਤੇ ਸਾਨੂੰ ਅੱਤ ਦੁੱਖ ਦੇਵੇਂਗਾ ?

65
ਵਿਦਰੋਹੀਆਂ ਨੂੰ ਸਜ਼ਾ

1ਜੋ ਮੈਨੂੰ ਪੁੱਛਦੇ ਨਹੀਂ ਸਨ, ਮੈਂ ਆਪਣੇ ਆਪ ਨੂੰ ਉਨ੍ਹਾਂ ਉੱਤੇ ਪਰਗਟ ਕੀਤਾ, ਜੋ ਮੈਨੂੰ ਭਾਲਦੇ ਨਹੀਂ ਸਨ, ਉਨ੍ਹਾਂ ਨੇ ਮੈਨੂੰ ਲੱਭ ਲਿਆ, ਇੱਕ ਕੌਮ ਨੂੰ ਵੀ ਜੋ ਮੇਰਾ ਨਾਮ ਨਹੀਂ ਲੈਂਦੀ ਸੀ, ਉਸ ਨੂੰ ਮੈਂ ਆਖਿਆ, "ਵੇਖੋ, ਮੈਂ ਹਾਂ, ਮੈਂ ਹਾਂ ।"2ਮੈਂ ਸਾਰਾ ਦਿਨ ਆਪਣੇ ਹੱਥਾਂ ਨੂੰ ਇੱਕ ਵਿਦਰੋਹੀ ਪਰਜਾ ਲਈ ਪਸਾਰਿਆ ਹੈ, ਜਿਸ ਦੇ ਲੋਕ ਬੁਰੇ ਰਾਹਾਂ ਵਿੱਚ ਆਪਣੇ ਹੀ ਖ਼ਿਆਲਾਂ ਦੇ ਪਿੱਛੇ ਚੱਲਦੇ ਹਨ, -

3ਇੱਕ ਪਰਜਾ ਜਿਸ ਦੇ ਲੋਕ ਮੇਰੇ ਸਾਹਮਣੇ ਹੀ ਬਾਗਾਂ ਵਿੱਚ ਬਲੀਆਂ ਚੜ੍ਹਾ ਕੇ ਅਤੇ ਇੱਟਾਂ ਉੱਤੇ ਧੂਪ ਧੁਖਾ ਕੇ ਮੇਰਾ ਕ੍ਰੋਧ ਭੜਕਾਉਂਦੇ ਹਨ ।4ਜਿਹੜੇ ਕਬਰਾਂ ਵਿੱਚ ਬਹਿੰਦੇ ਹਨ, ਅਤੇ ਗੁੱਝਿਆਂ ਥਾਵਾਂ ਵਿੱਚ ਰਾਤ ਕੱਟਦੇ ਹਨ, ਜਿਹੜੇ ਸੂਰ ਦਾ ਮਾਸ ਖਾਂਦੇ ਹਨ, ਅਤੇ ਗੰਦੀਆਂ ਚੀਜ਼ਾਂ ਦਾ ਸ਼ੋਰਾ ਉਹਨਾਂ ਦੇ ਭਾਂਡਿਆਂ ਵਿੱਚ ਹੈ,
5ਜਿਹੜੇ ਆਖਦੇ ਹਨ, ਤੂੰ ਇਕੱਲਾ ਰਹਿ, ਮੇਰੇ ਨੇੜੇ ਨਾ ਆ, ਕਿਉਂ ਜੋ ਮੈਂ ਤੇਰੇ ਤੋਂ ਜ਼ਿਆਦਾ ਪਵਿੱਤਰ ਹਾਂ । ਇਹ ਮੇਰੇ ਨੱਕ ਵਿੱਚ ਧੂੰਏਂ ਅਤੇ ਇੱਕ ਅੱਗ ਵਾਂਗੂੰ ਹਨ, ਜੋ ਸਾਰਾ ਦਿਨ ਬਲਦੀ ਰਹਿੰਦੀ ਹੈ !
6ਵੇਖੋ, ਮੇਰੇ ਸਾਹਮਣੇ ਇਹ ਲਿਖਿਆ ਹੈ, ਮੈਂ ਚੁੱਪ ਨਾ ਰਹਾਂਗਾ ਪਰ ਮੈਂ ਬਦਲਾ ਦਿਆਂਗਾ, ਹਾਂ, ਮੈਂ ਉਹਨਾਂ ਦੇ ਪੱਲੇ ਵਿੱਚ ਬਦਲਾ ਪਾਵਾਂਗਾ,7ਤੁਹਾਡੀਆਂ ਬਦੀਆਂ ਦਾ ਬਦਲਾ ਅਤੇ ਤੁਹਾਡੇ ਪਿਉ-ਦਾਦਿਆਂ ਦੀਆਂ ਬਦੀਆਂ ਦਾ ਬਦਲਾ ਵੀ, ਯਹੋਵਾਹ ਆਖਦਾ ਹੈ, ਜਿਨ੍ਹਾਂ ਨੇ ਪਹਾੜਾਂ ਉੱਤੇ ਧੂਪ ਧੁਖਾਇਆ ਹੈ, ਅਤੇ ਟਿੱਬਿਆਂ ਦੇ ਉੱਤੇ ਮੇਰੇ ਵਿਰੁੱਧ ਕੁਫ਼ਰ ਬਕਿਆ ਹੈ, ਇਸ ਲਈ ਮੈਂ ਉਹਨਾਂ ਦੇ ਪਹਿਲੇ ਕੰਮਾਂ ਦਾ ਫਲ ਉਹਨਾਂ ਦੇ ਪੱਲੇ ਵਿੱਚ ਮਿਣ ਕੇ ਪਾਵਾਂਗਾ ।

8ਯਹੋਵਾਹ ਇਹ ਆਖਦਾ ਹੈ, ਜਿਵੇਂ ਅੰਗੂਰ ਦੇ ਗੁੱਛੇ ਵਿੱਚ ਨਵੀਂ ਮੈਅ ਭਰ ਜਾਂਦੀ ਹੈ, ਤਾਂ ਲੋਕ ਆਖਦੇ ਹਨ, ਇਹ ਦਾ ਨਾਸ ਨਾ ਕਰੋ, ਕਿਉਂ ਜੋ ਉਹ ਦੇ ਵਿੱਚ ਬਰਕਤ ਹੈ, ਉਸੇ ਤਰ੍ਹਾਂ ਹੀ ਮੈਂ ਆਪਣੇ ਦਾਸਾਂ ਦੀ ਖ਼ਾਤਰ ਵਰਤਾਂਗਾ ਕਿ ਮੈਂ ਸਾਰਿਆਂ ਦਾ ਨਾਸ ਨਾ ਕਰਾਂ ।
9ਮੈਂ ਯਾਕੂਬ ਵਿੱਚੋਂ ਇੱਕ ਵੰਸ਼ ਅਤੇ ਯਹੂਦਾਹ ਵਿੱਚੋਂ ਆਪਣੇ ਪਹਾੜ ਦਾ ਅਧਿਕਾਰੀ ਕੱਢਾਂਗਾ, ਮੇਰੇ ਚੁਣੇ ਹੋਏ ਉਸ ਨੂੰ ਅਧਿਕਾਰ ਵਿੱਚ ਲੈਣਗੇ, ਅਤੇ ਮੇਰੇ ਦਾਸ ਉੱਥੇ ਵੱਸਣਗੇ ।10ਮੇਰੀ ਪਰਜਾ ਲਈ ਜਿਨ੍ਹਾਂ ਨੇ ਮੈਨੂੰ ਭਾਲਿਆ ਹੈ, ਉਨ੍ਹਾਂ ਲਈ ਸ਼ਾਰੋਨ ਇੱਜੜਾਂ ਦਾ ਵਾੜਾ ਅਤੇ ਆਕੋਰ ਦੀ ਘਾਟੀ ਚੌਣੇ ਦੇ ਬੈਠਣ ਦਾ ਥਾਂ ਹੋਵੇਗੀ ।
11ਪਰ ਤੁਸੀਂ ਜੋ ਯਹੋਵਾਹ ਨੂੰ ਤਿਆਗਦੇ ਹੋ, ਜੋ ਮੇਰੇ ਪਵਿੱਤਰ ਪਰਬਤ ਨੂੰ ਭੁਲਾਉਂਦੇ ਹੋ, ਜੋ ਕਿਸਮਤ ਦੀ ਦੇਵੀ ਲਈ ਮੇਜ਼ ਸੁਆਰਦੇ ਹੋ, ਅਤੇ ਭਾਗ ਦੀ ਦੇਵੀ ਲਈ ਰਲਵੀਂ ਮਧ ਭਰਦੇ ਹੋ,
12ਮੈਂ ਤਲਵਾਰ ਨੂੰ ਤੁਹਾਡਾ ਭਾਗ ਬਣਾਵਾਂਗਾ, ਤੁਸੀਂ ਸਾਰੇ ਵੱਢੇ ਜਾਣ ਲਈ ਝੁੱਕ ਜਾਓਗੇ, ਕਿਉਂ ਜੋ ਮੈਂ ਬੁਲਾਇਆ ਪਰ ਤੁਸੀਂ ਉੱਤਰ ਨਾ ਦਿੱਤਾ, ਮੈਂ ਗੱਲ ਕੀਤੀ ਪਰ ਤੁਸੀਂ ਨਾ ਸੁਣੀ, ਤੁਸੀਂ ਮੇਰੀ ਨਿਗਾਹ ਵਿੱਚ ਬਦੀ ਕੀਤੀ, ਅਤੇ ਜੋ ਮੈਨੂੰ ਪਸੰਦ ਨਹੀਂ ਸੀ, ਉਹ ਹੀ ਤੁਸੀਂ ਚੁਣਿਆ ।

13ਇਸ ਲਈ ਪ੍ਰਭੂ ਯਹੋਵਾਹ ਇਹ ਫ਼ਰਮਾਉਂਦਾ ਹੈ, ਵੇਖੋ, ਮੇਰੇ ਦਾਸ ਖਾਣਗੇ ਪਰ ਤੁਸੀਂ ਭੁੱਖੇ ਰਹੋਗੇ, ਵੇਖੋ, ਮੇਰੇ ਦਾਸ ਪੀਣਗੇ ਪਰ ਤੁਸੀਂ ਤਿਹਾਏ ਰਹੋਗੇ, ਵੇਖੋ, ਮੇਰੇ ਦਾਸ ਖੁਸ਼ੀ ਮਨਾਉਣਗੇ ਪਰ ਤੁਸੀਂ ਸ਼ਰਮਿੰਦੇ ਹੋਵੋਗੇ,14ਵੇਖੋ, ਮੇਰੇ ਦਾਸ ਖੁਸ਼ ਦਿਲੀ ਨਾਲ ਜੈਕਾਰੇ ਗਜਾਉਣਗੇ, ਪਰ ਤੁਸੀਂ ਸੋਗ ਨਾਲ ਚਿੱਲਾਓਗੇ, ਅਤੇ ਦੁਖੀ ਆਤਮਾ ਨਾਲ ਚੀਕਾਂ ਮਾਰੋਗੇ !
15ਮੇਰੇ ਚੁਣੇ ਹੋਏ ਲੋਕ ਤੁਹਾਡਾ ਨਾਮ ਲੈ-ਲੈ ਕੇ ਸਰਾਪ ਦੇਣਗੇ, ਅਤੇ ਪ੍ਰਭੂ ਯਹੋਵਾਹ ਤੁਹਾਨੂੰ ਮਰਵਾ ਸੁੱਟੇਗਾ, ਪਰ ਉਹ ਆਪਣੇ ਦਾਸਾਂ ਨੂੰ ਦੂਜੇ ਨਾਮ ਤੋਂ ਬੁਲਾਵੇਗਾ ।16ਜੋ ਕੋਈ ਧਰਤੀ ਉੱਤੇ ਆਪਣੇ ਆਪ ਨੂੰ ਅਸੀਸ ਦੇਵੇ, ਉਹ ਸਚਿਆਈ ਦੇ ਪਰਮੇਸ਼ੁਰ ਨਾਲ ਆਪਣੇ ਆਪ ਨੂੰ ਅਸੀਸ ਦੇਵੇਗਾ, ਜੋ ਕੋਈ ਧਰਤੀ ਉੱਤੇ ਸਹੁੰ ਖਾਵੇ, ਉਹ ਸਚਿਆਈ ਦੇ ਪਰਮੇਸ਼ੁਰ ਦੀ ਸਹੁੰ ਖਾਵੇਗਾ, ਕਿਉਂ ਜੋ ਪਹਿਲੇ ਦੁੱਖ ਭੁਲਾਏ ਜਾਣਗੇ, ਅਤੇ ਮੇਰੀਆਂ ਅੱਖਾਂ ਤੋਂ ਲੁਕਾਏ ਜਾਣਗੇ ।
ਨਵਾਂ ਅਕਾਸ਼ ਅਤੇ ਨਵੀਂ ਧਰਤੀ

17ਵੇਖੋ, ਮੈਂ ਨਵਾਂ ਅਕਾਸ਼ ਅਤੇ ਨਵੀਂ ਧਰਤੀ ਉਤਪੰਨ ਕਰਦਾ ਹਾਂ, ਅਤੇ ਪਹਿਲੀਆਂ ਚੀਜ਼ਾਂ ਯਾਦ ਨਾ ਰਹਿਣਗੀਆਂ, ਸਗੋਂ ਸੋਚ-ਵਿਚਾਰਾਂ ਵਿੱਚ ਵੀ ਨਾ ਚੜ੍ਹਨਗੀਆਂ ।18ਪਰ ਜੋ ਕੁਝ ਮੈਂ ਉਤਪੰਨ ਕਰਦਾ ਹਾਂ, ਉਸ ਤੋਂ ਤੁਸੀਂ ਜੁੱਗੋ-ਜੁੱਗ ਖੁਸ਼ੀ ਮਨਾਓ ਅਤੇ ਬਾਗ-ਬਾਗ ਹੋਵੋ, ਵੇਖੋ, ਮੈਂ ਯਰੂਸ਼ਲਮ ਲਈ ਅਨੰਦਤਾ ਅਤੇ ਉਸ ਦੀ ਪਰਜਾ ਲਈ ਖੁਸ਼ੀ ਉਤਪੰਨ ਕਰਦਾ ਹਾਂ ।19ਮੈਂ ਯਰੂਸ਼ਲਮ ਤੋਂ ਅਨੰਦ ਹੋਵਾਂਗਾ, ਅਤੇ ਆਪਣੀ ਪਰਜਾ ਤੋਂ ਖੁਸ਼ ਹੋਵਾਂਗਾ, ਉਸ ਵਿੱਚ ਫੇਰ ਰੋਣ ਦੀ ਅਵਾਜ਼ ਜਾਂ ਦੁਹਾਈ ਦੀ ਅਵਾਜ਼ ਸੁਣਾਈ ਨਾ ਦੇਵੇਗੀ,
20ਉੱਥੇ ਫੇਰ ਕੋਈ ਥੋੜ੍ਹੇ ਦਿਨਾਂ ਦਾ ਬੱਚਾ ਨਾ ਹੋਵੇਗਾ, ਨਾ ਕੋਈ ਬਜ਼ੁਰਗ ਜਿਸ ਨੇ ਆਪਣੇ ਦਿਨ ਪੂਰੇ ਨਾ ਕੀਤੇ ਹੋਣ, ਕਿਉਂਕਿ ਸੌ ਸਾਲ ਦੀ ਉਮਰ ਵਿੱਚ ਮਰੇਗਾ, ਉਸ ਨੂੰ ਬੱਚਾ ਹੀ ਮੰਨਿਆ ਜਾਵੇਗਾ, ਪਰ ਸੌ ਸਾਲ ਦਾ ਪਾਪੀ ਸਰਾਪੀ ਹੋਵੇਗਾ ।21ਉਹ ਘਰ ਬਣਾਉਣਗੇ ਅਤੇ ਉਨ੍ਹਾਂ ਵਿੱਚ ਵੱਸਣਗੇ, ਉਹ ਅੰਗੂਰੀ ਬਾਗ ਲਾਉਣਗੇ ਅਤੇ ਉਨ੍ਹਾਂ ਦਾ ਫਲ ਖਾਣਗੇ ।
22ਅਜਿਹਾ ਨਹੀਂ ਹੋਵੇਗਾ ਕਿ ਉਹ ਬਣਾਉਣ ਅਤੇ ਦੂਜਾ ਵੱਸੇ, ਜਾਂ ਉਹ ਲਾਉਣਗੇ ਅਤੇ ਦੂਜਾ ਖਾਵੇ, ਕਿਉਂਕਿ ਮੇਰੀ ਪਰਜਾ ਦੇ ਦਿਨ ਤਾਂ ਰੁੱਖ ਦੇ ਦਿਨਾਂ ਵਰਗੇ ਹੋਣਗੇ, ਅਤੇ ਮੇਰੇ ਚੁਣੇ ਹੋਏ ਆਪਣੇ ਹੱਥਾਂ ਦੇ ਕੰਮਾਂ ਦਾ ਲੰਮੇ ਸਮੇਂ ਤੱਕ ਅਨੰਦ ਮਾਨਣਗੇ ।23ਉਹ ਵਿਅਰਥ ਮਿਹਨਤ ਨਾ ਕਰਨਗੇ, ਨਾ ਉਹਨਾਂ ਦੀ ਸੰਤਾਨ ਕਲੇਸ਼ ਲਈ ਜੰਮੇਗੀ, ਕਿਉਂ ਜੋ ਉਹ ਅਤੇ ਉਹਨਾਂ ਦੀ ਸੰਤਾਨ, ਯਹੋਵਾਹ ਦੀ ਮੁਬਾਰਕ ਅੰਸ ਹੋਣਗੇ ।
24ਉਹਨਾਂ ਦੇ ਪੁਕਾਰਨ ਤੋਂ ਪਹਿਲਾਂ ਮੈਂ ਉੱਤਰ ਦਿਆਂਗਾ, ਅਤੇ ਉਹ ਅਜੇ ਗੱਲਾਂ ਹੀ ਕਰਦੇ ਹੋਣਗੇ, ਕਿ ਮੈਂ ਸੁਣ ਲਵਾਂਗਾ ।25ਬਘਿਆੜ ਅਤੇ ਲੇਲਾ ਇਕੱਠੇ ਚਰਨਗੇ, ਅਤੇ ਬੱਬਰ ਸ਼ੇਰ ਬਲਦ ਵਾਂਗੂੰ ਘਾਹ ਖਾਵੇਗਾ, ਸੱਪ ਦਾ ਭੋਜਨ ਮਿੱਟੀ ਹੀ ਹੋਵੇਗੀ, ਮੇਰੇ ਸਾਰੇ ਪਵਿੱਤਰ ਪਰਬਤ ਵਿੱਚ ਨਾ ਉਹ ਕਿਸੇ ਨੂੰ ਦੁੱਖ ਦੇਣਗੇ, ਨਾ ਨਾਸ ਕਰਨਗੇ, ਯਹੋਵਾਹ ਫ਼ਰਮਾਉਂਦਾ ਹੈ ।

66
ਪਰਮੇਸ਼ੁਰ ਕੌਮਾਂ ਦਾ ਨਿਆਂ ਕਰੇਗਾ

1ਯਹੋਵਾਹ ਇਹ ਆਖਦਾ ਹੈ ਕਿ ਅਕਾਸ਼ ਮੇਰਾ ਸਿੰਘਾਸਣ ਅਤੇ ਧਰਤੀ ਮੇਰੇ ਪੈਰ ਰੱਖਣ ਦੀ ਚੌਂਕੀ ਹੈ, - ਫੇਰ ਤੁਸੀਂ ਮੇਰੇ ਲਈ ਕਿਹੋ ਜਿਹਾ ਭਵਨ ਬਣਾਓਗੇ ? ਅਤੇ ਮੇਰੀ ਅਰਾਮ-ਗਾਹ ਫੇਰ ਕਿੱਥੇ ਹੋਵੇਗੀ ?

2ਯਹੋਵਾਹ ਦਾ ਵਾਕ ਹੈ, ਇਹਨਾਂ ਸਭਨਾਂ ਨੂੰ ਮੇਰੇ ਹੀ ਹੱਥ ਨੇ ਬਣਾਇਆ ਹੈ, ਇਸ ਤਰ੍ਹਾਂ ਉਹ ਬਣ ਗਏ । ਮੈਂ ਅਜਿਹੇ ਜਨ ਉੱਤੇ ਨਿਗਾਹ ਰੱਖਾਂਗਾ, ਜੋ ਦੀਨ ਅਤੇ ਨਿਮਰ ਆਤਮਾ ਵਾਲਾ ਹੈ ਅਤੇ ਜੋ ਮੇਰੇ ਬਚਨ ਸੁਣ ਕੇ ਕੰਬ ਜਾਂਦਾ ਹੈ ।

3ਬਲਦ ਨੂੰ ਵੱਢਣ ਵਾਲਾ ਮਨੁੱਖ ਨੂੰ ਮਾਰਨ ਵਾਲੇ ਜਿਹਾ ਹੈ, ਅਤੇ ਲੇਲੇ ਨੂੰ ਕੱਟਣ ਵਾਲਾ ਕੁੱਤੇ ਦੀ ਧੌਣ ਭੰਨਣ ਵਾਲੇ ਜਿਹਾ ਹੈ, ਮੈਦੇ ਦੀ ਭੇਟ ਦਾ ਚੜ੍ਹਾਉਣ ਵਾਲਾ ਸੂਰ ਦਾ ਲਹੂ ਚੜ੍ਹਾਉਣ ਵਾਲੇ ਜਿਹਾ ਹੈ, ਲੁਬਾਨ ਦਾ ਧੁਖਾਉਣ ਵਾਲਾ ਮੂਰਤ ਨੂੰ ਧੰਨ ਆਖਣ ਵਾਲੇ ਜਿਹਾ ਹੈ, ਹਾਂ, ਇਹਨਾਂ ਨੇ ਆਪਣੇ ਰਾਹ ਚੁਣ ਲਏ ਹਨ, ਅਤੇ ਇਹਨਾਂ ਦਾ ਜੀਅ ਇਹਨਾਂ ਦੇ ਘਿਣਾਉਣੇ ਕੰਮਾਂ ਵਿੱਚ ਪ੍ਰਸੰਨ ਰਹਿੰਦਾ ਹੈ ।
4ਇਸ ਲਈ ਮੈਂ ਵੀ ਇਹਨਾਂ ਲਈ ਮੁਸੀਬਤ ਚੁਣਾਂਗਾ, ਅਤੇ ਇਹਨਾਂ ਦੇ ਭੈ ਇਹਨਾਂ ਉੱਤੇ ਲਿਆਵਾਂਗਾ, ਕਿਉਂ ਜੋ ਮੈਂ ਬੁਲਾਇਆ ਪਰ ਕਿਸੇ ਨੇ ਉੱਤਰ ਨਾ ਦਿੱਤਾ, ਮੈਂ ਗੱਲ ਕੀਤੀ ਪਰ ਕਿਸੇ ਨੇ ਨਾ ਸੁਣੀ, ਇਹਨਾਂ ਨੇ ਮੇਰੀ ਨਿਗਾਹ ਵਿੱਚ ਬਦੀ ਕੀਤੀ, ਅਤੇ ਜੋ ਮੈਨੂੰ ਪਸੰਦ ਨਹੀਂ ਸੀ, ਉਹ ਹੀ ਇਹਨਾਂ ਨੇ ਕੀਤਾ ।

5ਤੁਸੀਂ ਜੋ ਯਹੋਵਾਹ ਦਾ ਬਚਨ ਸੁਣ ਕੇ ਕੰਬਦੇ ਹੋ, ਉਸ ਦਾ ਇਹ ਬਚਨ ਸੁਣੋ, ! ਤੁਹਾਡੇ ਭਰਾ ਜੋ ਤੁਹਾਡੇ ਤੋਂ ਘਿਣ ਕਰਦੇ ਹਨ, ਜੋ ਤੁਹਾਨੂੰ ਮੇਰੇ ਨਾਮ ਦੇ ਕਾਰਨ ਕੱਢ ਦਿੰਦੇ ਹਨ, ਆਖਦੇ ਹਨ, ਯਹੋਵਾਹ ਦੀ ਵਡਿਆਈ ਹੋਵੇ, ਕਿ ਅਸੀਂ ਤੁਹਾਡੀ ਖੁਸ਼ੀ ਨੂੰ ਵੇਖੀਏ, ਪਰ ਉਹ ਹੀ ਸ਼ਰਮਿੰਦੇ ਹੋਣਗੇ ।

6ਸ਼ਹਿਰ ਤੋਂ ਰੌਲੇ ਦੀ ਅਵਾਜ਼, ਹੈਕਲ ਤੋਂ ਇੱਕ ਅਵਾਜ਼ ਸੁਣਾਈ ਦਿੰਦੀ ਹੈ ! ਇਹ ਯਹੋਵਾਹ ਦੀ ਅਵਾਜ਼ ਹੈ, ਜੋ ਆਪਣੇ ਵੈਰੀਆਂ ਨੂੰ ਬਦਲਾ ਦੇ ਰਿਹਾ ਹੈ !

7ਪੀੜਾਂ ਲੱਗਣ ਤੋਂ ਪਹਿਲਾਂ ਉਸ ਨੇ ਜਨਮ ਦਿੱਤਾ, ਦਰਦ ਹੋਣ ਤੋਂ ਪਹਿਲਾਂ ਉਸ ਦੇ ਪੁੱਤਰ ਜੰਮਿਆ ।8ਕਿਸ ਨੇ ਅਜਿਹੀ ਗੱਲ ਸੁਣੀ ? ਕਿਸ ਨੇ ਅਜਿਹੀਆਂ ਗੱਲਾਂ ਵੇਖੀਆਂ ? ਭਲਾ, ਇੱਕ ਦਿਨ ਵਿੱਚ ਕੋਈ ਦੇਸ ਪੈਦਾ ਹੋ ਸਕਦਾ ਹੈ ? ਜਾਂ ਇੱਕ ਪਲ ਵਿੱਚ ਇੱਕ ਕੌਮ ਜੰਮ ਸਕਦੀ ਹੈ । ਪਰ ਜਿਵੇਂ ਹੀ ਸੀਯੋਨ ਨੂੰ ਪੀੜਾਂ ਲੱਗੀਆਂ, ਉਸ ਨੇ ਆਪਣੇ ਬੱਚਿਆਂ ਨੂੰ ਜਨਮ ਦਿੱਤਾ ।
9ਯਹੋਵਾਹ ਆਖਦਾ ਹੈ, ਭਲਾ, ਮੈਂ ਜੰਮਣ ਦੇ ਸਮੇਂ ਤੱਕ ਪਹੁੰਚਾਵਾਂ ਅਤੇ ਨਾ ਜਮਾਵਾਂ ? ਜਾਂ ਕੀ ਜਦੋਂ ਜੰਮਣ ਦਾ ਸਮਾਂ ਆ ਜਾਵੇ ਤਾਂ ਮੈਂ ਕੁੱਖ ਨੂੰ ਬੰਦ ਕਰਾਂ ? ਤੇਰਾ ਪਰਮੇਸ਼ੁਰ ਆਖਦਾ ਹੈ ।

10ਹੇ ਯਰੂਸ਼ਲਮ ਦੇ ਸਾਰੇ ਪ੍ਰੇਮੀਓ ! ਉਸ ਦੇ ਨਾਲ ਨਿਹਾਲ ਹੋਵੋ, ਉਸ ਨਾਲ ਅਨੰਦ ਕਰੋ ਅਤੇ ਬਾਗ-ਬਾਗ ਹੋਵੋ, ਹੇ ਉਸ ਦੇ ਲਈ ਸੋਗ ਕਰਨ ਵਾਲਿਓ ! ਉਸ ਦੀ ਖੁਸ਼ੀ ਵਿੱਚ ਖੁਸ਼ੀ ਮਨਾਓ !11ਤਾਂ ਜੋ ਤੁਸੀਂ ਉਸ ਦੀਆਂ ਤਸੱਲੀ ਦੀਆਂ ਦੁੱਧੀਆਂ ਚੁੰਘੋ ਅਤੇ ਰੱਜ ਜਾਓ, ਤੁਸੀਂ ਰੱਜ ਜਾਓ ਅਤੇ ਉਸ ਦੀ ਸ਼ਾਨ ਦੀ ਬਹੁਤਾਇਤ ਨਾਲ ਆਪਣੇ ਆਪ ਨੂੰ ਮਗਨ ਕਰੋ ।

12ਯਹੋਵਾਹ ਇਹ ਆਖਦਾ ਹੈ, ਵੇਖੋ, ਮੈਂ ਸ਼ਾਂਤੀ ਦਰਿਆ ਵਾਂਗੂੰ, ਅਤੇ ਕੌਮਾਂ ਦਾ ਮਾਲ-ਧਨ ਨਦੀ ਦੇ ਹੜ੍ਹ ਵਾਂਗੂੰ ਉਸ ਤੱਕ ਪਹੁੰਚਾਵਾਂਗਾ ਅਤੇ ਤੁਸੀਂ ਚੁੰਘੋਗੇ, ਤੁਸੀਂ ਕੁੱਛੜ ਚੁੱਕੇ ਜਾਓਗੇ ਅਤੇ ਗੋਡਿਆਂ ਉੱਤੇ ਕੁਦਾਏ ਜਾਓਗੇ ।13ਜਿਸ ਤਰ੍ਹਾਂ ਮਾਤਾ ਆਪਣੇ ਬੱਚੇ ਨੂੰ ਦਿਲਾਸਾ ਦਿੰਦੀ ਹੈ, ਉਸੇ ਤਰ੍ਹਾਂ ਮੈਂ ਤੁਹਾਨੂੰ ਦਿਲਾਸਾ ਦਿਆਂਗਾ, ਅਤੇ ਤੁਸੀਂ ਯਰੂਸ਼ਲਮ ਦੇ ਵਿਖੇ ਦਿਲਾਸਾ ਪਾਓਗੇ ।
14ਤੁਸੀਂ ਵੇਖੋਗੇ ਅਤੇ ਤੁਹਾਡਾ ਦਿਲ ਖੁਸ਼ ਹੋਵੇਗਾ, ਅਤੇ ਤੁਹਾਡੀਆਂ ਹੱਡੀਆਂ ਘਾਹ ਵਾਂਗੂੰ ਹਰੀਆਂ-ਭਰੀਆਂ ਹੋਣਗੀਆਂ ਅਤੇ ਇਹ ਪਰਗਟ ਹੋਵੇਗਾ ਕਿ ਯਹੋਵਾਹ ਦਾ ਹੱਥ ਆਪਣੇ ਦਾਸਾਂ ਉੱਤੇ ਹੈ, ਪਰ ਉਸਦਾ ਕਹਿਰ ਉਸ ਦੇ ਵੈਰੀਆਂ ਉੱਤੇ ਹੈ ।

15ਵੇਖੋ, ਯਹੋਵਾਹ ਅੱਗ ਨਾਲ ਆਵੇਗਾ, ਅਤੇ ਉਹ ਦੇ ਰਥ ਵਾਵਰੋਲੇ ਵਾਂਗੂੰ, ਤਾਂ ਜੋ ਉਹ ਆਪਣਾ ਕ੍ਰੋਧ ਤੇਜ਼ੀ ਨਾਲ, ਅਤੇ ਆਪਣੀ ਤਾੜ ਅੱਗ ਦੀਆਂ ਲਾਟਾਂ ਨਾਲ ਪਾਵੇ,16ਕਿਉਂ ਜੋ ਯਹੋਵਾਹ ਅੱਗ ਨਾਲ, ਅਤੇ ਆਪਣੀ ਤਲਵਾਰ ਨਾਲ ਹਰੇਕ ਪ੍ਰਾਣੀ ਦਾ ਨਿਆਂ ਕਰੇਗਾ, ਅਤੇ ਯਹੋਵਾਹ ਦੇ ਵੱਢੇ ਹੋਏ ਬਹੁਤ ਹੋਣਗੇ ।

17ਜੋ ਆਪਣੇ ਆਪ ਨੂੰ ਇਸ ਲਈ ਪਵਿੱਤਰ ਅਤੇ ਸ਼ੁੱਧ ਕਰਦੇ ਹਨ ਕਿ ਬਾਗਾਂ ਵਿੱਚ ਜਾਣ, ਅਤੇ ਉਸ ਦੇ ਪਿੱਛੇ ਚੱਲਦੇ ਹਨ ਜੋ ਸੂਰ ਦਾ ਮਾਸ, ਚੂਹੇ ਅਤੇ ਹੋਰ ਘਿਣਾਉਣੀਆਂ ਚੀਜ਼ਾਂ ਖਾਂਦੇ ਹਨ, ਉਹ ਇਕੱਠੇ ਹੀ ਮੁੱਕ ਜਾਣਗੇ ਯਹੋਵਾਹ ਦਾ ਵਾਕ ਹੈ ।

18ਮੈਂ ਉਹਨਾਂ ਦੇ ਕੰਮ ਅਤੇ ਉਹਨਾਂ ਦੇ ਖ਼ਿਆਲ ਚੰਗੀ ਤਰ੍ਹਾਂ ਜਾਣਦਾ ਹਾਂ, ਇਸ ਲਈ ਉਹ ਸਮਾਂ ਆਉਂਦਾ ਹੈ ਜਦ ਮੈਂ ਸਾਰੀਆਂ ਕੌਮਾਂ ਅਤੇ ਬੋਲੀਆਂ ਨੂੰ ਇਕੱਠਾ ਕਰਾਂਗਾ, ਅਤੇ ਉਹ ਆਉਣਗੀਆਂ ਅਤੇ ਮੇਰੇ ਪਰਤਾਪ ਨੂੰ ਵੇਖਣਗੀਆਂ ।19ਮੈਂ ਉਹਨਾਂ ਦੇ ਵਿੱਚ ਇੱਕ ਨਿਸ਼ਾਨ ਰੱਖਾਂਗਾ, ਮੈਂ ਉਹਨਾਂ ਵਿੱਚੋਂ ਭਗੌੜੇ ਕੌਮਾਂ ਵੱਲ ਘੱਲਾਂਗਾ ਜਿਨ੍ਹਾਂ ਨੇ ਮੇਰੀ ਧੁੰਮ ਨਹੀਂ ਸੁਣੀ, ਨਾ ਮੇਰਾ ਪਰਤਾਪ ਵੇਖਿਆ ਹੈ ਅਰਥਾਤ ਤਰਸ਼ੀਸ਼, ਪੂਲ ਅਤੇ ਲੂਦ ਵੱਲ ਜੋ ਧਣੁਖ ਕੱਸਦੇ ਹਨ, ਤੂਬਲ ਅਤੇ ਯਾਵਨ ਵੱਲ ਵੀ, ਦੂਰ-ਦੂਰ ਟਾਪੂਆਂ ਵੱਲ, ਉਹ ਮੇਰਾ ਪਰਤਾਪ ਕੌਮਾਂ ਵਿੱਚ ਦੱਸਣਗੇ ।
20ਜਿਵੇਂ ਇਸਰਾਏਲੀ ਆਪਣੀ ਭੇਟ ਸਾਫ਼ ਭਾਂਡੇ ਵਿੱਚ ਯਹੋਵਾਹ ਦੇ ਭਵਨ ਨੂੰ ਲੈ ਆਉਂਦੇ ਹਨ, ਉਸੇ ਤਰ੍ਹਾਂ ਉਹ ਤੁਹਾਡੇ ਭਰਾਵਾਂ ਨੂੰ ਸਾਰੀਆਂ ਕੌਮਾਂ ਵਿੱਚੋਂ ਯਹੋਵਾਹ ਦੀ ਭੇਟ ਕਰਕੇ ਘੋੜਿਆਂ ਉੱਤੇ, ਰਥਾਂ ਵਿੱਚ, ਪਾਲਕੀਆਂ ਵਿੱਚ. ਖੱਚਰਾਂ ਉੱਤੇ ਅਤੇ ਊਠਾਂ ਉੱਤੇ, ਮੇਰੇ ਪਵਿੱਤਰ ਪਰਬਤ ਯਰੂਸ਼ਲਮ ਨੂੰ ਲੈ ਆਉਣਗੇ, ਯਹੋਵਾਹ ਦਾ ਬਚਨ ਹੈ ।21ਅਤੇ ਉਹਨਾਂ ਵਿੱਚੋਂ ਵੀ ਮੈਂ ਕੁਝ ਨੂੰ ਜਾਜਕ ਅਤੇ ਲੇਵੀ ਹੋਣ ਲਈ ਚੁਣਾਂਗਾ, ਯਹੋਵਾਹ ਆਖਦਾ ਹੈ ।

22ਜਿਵੇਂ ਨਵਾਂ ਅਕਾਸ਼ ਅਤੇ ਨਵੀਂ ਧਰਤੀ, ਜੋ ਮੈਂ ਬਣਾਵਾਂਗਾ ਮੇਰੇ ਸਨਮੁਖ ਕਾਇਮ ਰਹਿਣਗੇ, ਉਸੇ ਤਰ੍ਹਾਂ ਹੀ ਤੁਹਾਡੀ ਅੰਸ ਅਤੇ ਤੁਹਾਡਾ ਨਾਮ ਕਾਇਮ ਰਹੇਗਾ, ਯਹੋਵਾਹ ਦਾ ਵਾਕ ਹੈ ।23ਅਜਿਹਾ ਹੋਵੇਗਾ ਕਿ ਨਵੇਂ ਚੰਦ ਤੋਂ ਨਵੇਂ ਚੰਦ ਤੱਕ ਅਤੇ ਸਬਤ ਤੋਂ ਸਬਤ ਤੱਕ, ਸਾਰੇ ਪ੍ਰਾਣੀ ਆਉਣਗੇ ਤਾਂ ਜੋ ਮੇਰੇ ਸਨਮੁਖ ਮੱਥਾ ਟੇਕਣ, ਯਹੋਵਾਹ ਆਖਦਾ ਹੈ ।

24ਉਹ ਬਾਹਰ ਜਾ ਕੇ ਉਨ੍ਹਾਂ ਮਨੁੱਖਾਂ ਦੀਆਂ ਲੋਥਾਂ ਨੂੰ ਵੇਖਣਗੇ, ਜਿਨ੍ਹਾਂ ਨੇ ਮੇਰੇ ਵਿਰੁੱਧ ਵਿਦਰੋਹ ਕੀਤਾ, ਕਿਉਂ ਜੋ ਉਨ੍ਹਾਂ ਦਾ ਕੀੜਾ ਕਦੀ ਨਾ ਮਰੇਗਾ, ਨਾ ਉਨ੍ਹਾਂ ਦੀ ਅੱਗ ਬੁਝੇਗੀ, ਅਤੇ ਉਹ ਸਾਰੇ ਪ੍ਰਾਣੀਆਂ ਲਈ ਬਹੁਤ ਹੀ ਘਿਣਾਉਣੇ ਹੋਣਗੇ ।

ਯਿਰਮਿਯਾਹ

1
ਯਿਰਮਿਯਾਹ

1ਹਿਲਕੀਯਾਹ ਦੇ ਪੁੱਤਰ ਯਿਰਮਿਯਾਹ ਦੀਆਂ ਬਾਣੀਆਂ ਜਿਹੜਾ ਬਿਨਯਾਮੀਨ ਦੇ ਦੇਸ ਵਿੱਚ ਅਨਾਥੋਥ ਦੇ ਜਾਜਕਾਂ ਵਿੱਚੋਂ ਸੀ2ਜਿਹ ਦੇ ਕੋਲ ਯਹੋਵਾਹ ਦਾ ਬਚਨ ਆਮੋਨ ਦੇ ਪੁੱਤਰ ਯਹੂਦਾਹ ਦੇ ਰਾਜਾ ਯੋਸ਼ੀਯਾਹ ਦੇ ਦਿਨਾਂ ਵਿੱਚ ਉਸ ਦੀ ਪਾਤਸ਼ਾਹੀ ਦੇ ਤੇਰ੍ਹਵੇਂ ਸਾਲ ਵਿੱਚ ਆਇਆ3ਇਹ ਯੋਸ਼ੀਯਾਹ ਦੇ ਪੁੱਤਰ ਯਹੂਦਾਹ ਦੇ ਰਾਜਾ ਯਹੋਯਾਕੀਮ ਦੇ ਦਿਨਾਂ ਵਿੱਚ ਵੀ ਯੋਸ਼ੀਯਾਹ ਦੇ ਪੁੱਤਰ ਯਹੂਦਾਹ ਦੇ ਰਾਜਾ ਸਿਦਕੀਯਾਹ ਦੇ ਗਿਆਰਵੇਂ ਸਾਲ ਦੇ ਛੇਕੜ ਤੱਕ ਯਰੂਸ਼ਲਮ ਦੀ ਅਸੀਰੀ ਤੱਕ ਜੋ ਪੰਜਵੇਂ ਮਹੀਨੇ ਵਿੱਚ ਸੀ ਆਉਂਦਾ ਰਿਹਾ ।

ਯਿਰਮਿਯਾਹ ਨੂੰ ਬੁਲਾਉਣਾ

4ਤਾਂ ਯਹੋਵਾਹ ਦਾ ਬਚਨ ਇਹ ਆਖ ਕੇ ਮੇਰੇ ਕੋਲ ਆਇਆ,-5ਇਹ ਤੋਂ ਪਹਿਲਾਂ ਕਿ ਮੈਂ ਤੈਨੂੰ ਕੁੱਖ ਵਿੱਚ ਸਾਜਿਆ ਮੈਂ ਤੈਨੂੰ ਜਾਣਦਾ ਸਾਂ, ਇਹ ਤੋਂ ਪਹਿਲਾਂ ਕਿ ਤੂੰ ਕੁੱਖੋਂ ਨਿਕਲਿਆ ਮੈਂ ਤੈਨੂੰ ਵੱਖਰਾ ਕੀਤਾ, ਮੈਂ ਤੈਨੂੰ ਕੌਮਾਂ ਲਈ ਨਬੀ ਠਹਿਰਾਇਆ ।6ਤਾਂ ਮੈਂ ਆਖਿਆ ਹਾਏ ਪ੍ਰਭੂ ਯਹੋਵਾਹ ਵੇਖ, ਮੈਂ ਗੱਲ ਕਰਨੀ ਨਹੀਂ ਜਾਣਦਾ, ਮੈਂ ਛੋਕਰਾ ਜੋ ਹਾਂ ।
7ਯਹੋਵਾਹ ਨੇ ਮੈਨੂੰ ਆਖਿਆ, ਤੂੰ ਨਾ ਆਖ ਕਿ ਮੈਂ ਛੋਕਰਾ ਹਾਂ, ਤੂੰ ਤਾਂ ਸਾਰਿਆ ਕੋਲ ਜਿਹਨਾਂ ਕੋਲ ਮੈਂ ਤੈਨੂੰ ਭੇਜਾਂਗਾ ਜਾਵੇਂਗਾ, ਸਭ ਕੁਝ ਜੋ ਮੈਂ ਤੈਨੂੰ ਹੁਕਮ ਦਿਆਂਗਾ ਤੂੰ ਬੋਲੇਗਾ ।8ਉਹਨਾਂ ਦੇ ਅੱਗਿਓਂ ਨਾ ਡਰੀਂ, ਮੈਂ ਤੈਨੂੰ ਛੁਡਾਉਣ ਲਈ ਤੇਰੇ ਅੰਗ-ਸੰਗ ਜੋ ਹਾਂ, ਯਹੋਵਾਹ ਦਾ ਵਾਕ ਹੈ ।
9ਤਾਂ ਯਹੋਵਾਹ ਨੇ ਆਪਣਾ ਹੱਥ ਵਧਾ ਕੇ ਮੇਰੇ ਮੂੰਹ ਨੂੰ ਛੁਹਿਆ, ਅਤੇ ਯਹੋਵਾਹ ਨੇ ਮੈਨੂੰ ਆਖਿਆ, ਵੇਖ ਮੈਂ ਆਪਣੇ ਬਚਨ ਤੇਰੇ ਮੂੰਹ ਵਿੱਚ ਪਾ ਦਿੱਤੇ,10ਵੇਖ ਮੈਂ ਅੱਜ ਦੇ ਦਿਨ ਤੈਨੂੰ ਕੌਮਾਂ ਉੱਤੇ ਅਤੇ ਪਾਤਸ਼ਾਹੀਆਂ ਉੱਤੇ ਥਾਪਿਆ ਹੈ, ਕਿ ਤੂੰ ਪੁੱਟੇ ਤੇ ਢਾਵੇਂ, ਨਾਸ ਕਰੇ ਤੇ ਡੇਗੇ, ਬਣਾਵੇ ਤੇ ਲਾਵੇਂ ।
ਦੋ ਦਰਸ਼ਣ

11ਫਿਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ ਯਿਰਮਿਯਾਹ, ਤੂੰ ਕੀ ਦੇਖਦਾ ਹੈ ? ਮੈਂ ਆਖਿਆ ਮੈਂ ਬਦਾਮ ਦੇ ਰੁੱਖ ਦਾ ਇੱਕ ਡੰਡਾ ਦੇਖਦਾ ਹਾਂ12ਤਾਂ ਯਹੋਵਾਹ ਨੇ ਮੈਨੂੰ ਆਖਿਆ, ਤੂੰ ਚੰਗਾ ਵੇਖਿਆ ! ਮੈਂ ਆਪਣੇ ਬਚਨ ਦੇ ਪੂਰੇ ਕਰਨ ਲਈ ਜਾਗਦਾ ਜੋ ਰਹਿੰਦਾ ਹਾਂ
13ਯਹੋਵਾਹ ਦਾ ਬਚਨ ਇਹ ਆਖ ਕੇ ਦੂਜੀ ਵਾਰ ਮੇਰੇ ਕੋਲ ਆਇਆ, ਤੂੰ ਕੀ ਦੇਖਦਾ ਹੈ ? ਮੈਂ ਆਖਿਆ, ਮੈਂ ਉੱਬਲਦੀ ਹੋਈ ਦੇਗ ਦੇਖਦਾ ਹਾਂ ! ਉਹ ਦਾ ਮੂੰਹ ਉੱਤਰ ਦੇ ਪਾਸੇ ਵੱਲ ਹੈ14ਤਾਂ ਯਹੋਵਾਹ ਨੇ ਮੈਨੂੰ ਆਖਿਆ, ਉੱਤਰ ਵਲੋਂ ਇਸ ਦੇਸ ਦੇ ਸਾਰੇ ਵਾਸੀਆਂ ਉੱਤੇ ਬੁਰਿਆਈ ਫੁੱਟ ਪਵੇਗੀ
15ਵੇਖ, ਮੈਂ ਉੱਤਰ ਵੱਲ ਦੀਆਂ ਪਾਤਸ਼ਾਹੀਆਂ ਦੇ ਸਾਰੇ ਟੱਬਰਾਂ ਨੂੰ ਸੱਦ ਰਿਹਾ ਹਾਂ, ਯਹੋਵਾਹ ਦਾ ਵਾਕ ਹੈ । ਉਹ ਆਉਣਗੇ ਅਤੇ ਹਰੇਕ ਆਪਣਾ ਸਿੰਘਾਸਣ ਯਰੂਸ਼ਲਮ ਦੇ ਫਾਟਕਾਂ ਦੇ ਲਾਂਘੇ ਉੱਤੇ ਅਤੇ ਉਹ ਦੀਆਂ ਕੰਧਾਂ ਦੇ ਆਲੇ-ਦੁਆਲੇ ਅਤੇ ਯਹੂਦਾਹ ਦੇ ਸਾਰੇ ਸ਼ਹਿਰਾਂ ਉੱਤੇ ਰੱਖੇਗਾ16ਮੈਂ ਉਹਨਾਂ ਦੀਆਂ ਸਾਰੀਆਂ ਬੁਰਿਆਈਆਂ ਦੇ ਕਾਰਨ ਉਹਨਾਂ ਉੱਤੇ ਨਿਆਂ ਕਰਾਂਗਾ ਕਿਉਂਕਿ ਉਹਨਾਂ ਮੈਨੂੰ ਤਿਆਗ ਦਿੱਤਾ ਅਤੇ ਦੂਜੇ ਦੇਵਤਿਆਂ ਦੇ ਲਈ ਧੂਪ ਧੁਖਾਈ ਅਤੇ ਆਪਣੇ ਹੱਥਾਂ ਦੇ ਕੰਮਾਂ ਨੂੰ ਮੱਥਾ ਟੇਕਿਆ
17ਤੂੰ ਆਪਣਾ ਲੱਕ ਬੰਨ੍ਹ ਕੇ ਖਲੋ ਜਾ ! ਉਹ ਸਭ ਜੋ ਮੈਂ ਤੈਨੂੰ ਹੁਕਮ ਦਿਆਂ ਤੂੰ ਉਹਨਾਂ ਨੂੰ ਆਖ, ਉਹਨਾਂ ਦੇ ਅੱਗੋਂ ਨਾ ਘਾਬਰ ਮਤੇ ਮੈਂ ਤੈਨੂੰ ਉਹਨਾਂ ਦੇ ਅੱਗੇ ਘਬਰਾ ਦਿਆਂ18ਵੇਖ, ਮੈਂ ਅੱਜ ਦੇ ਦਿਨ ਤੈਨੂੰ ਸਾਰੇ ਦੇਸ ਦੇ ਵਿਰੁੱਧ ਯਹੂਦਾਹ ਦੇ ਰਾਜਿਆਂ, ਉਹ ਦੇ ਸਰਦਾਰਾਂ ਉਹ ਦੇ ਜਾਜਕਾਂ ਅਤੇ ਦੇਸ ਦੇ ਲੋਕਾਂ ਦੇ ਵਿਰੁੱਧ ਇੱਕ ਗੜ੍ਹ ਵਾਲਾ ਸ਼ਹਿਰ, ਲੋਹ੍ਹ ਦਾ ਥੰਮ੍ਹ ਅਤੇ ਪਿੱਤਲ ਦੀਆਂ ਕੰਧਾਂ ਬਣਾਉਂਦਾ ਹਾਂ19ਉਹ ਤੇਰੇ ਨਾਲ ਲੜਨਗੇ ਪਰ ਤੈਨੂੰ ਜਿੱਤ ਨਾ ਸਕਣਗੇ, ਮੈਂ ਤੈਨੂੰ ਛੁਡਾਉਣ ਲਈ ਤੇਰੇ ਸੰਗ ਜੋ ਹਾਂ, ਯਹੋਵਾਹ ਦਾ ਵਾਕ ਹੈ ।

2
ਪਰਮੇਸ਼ੁਰ ਦੁਆਰਾ ਇਸਰਾਏਲ ਦੀ ਦੇਖਭਾਲ

1ਤਾਂ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ2ਕਿ ਜਾ ਅਤੇ ਯਰੂਸ਼ਲਮ ਦੇ ਕੰਨਾਂ ਵਿੱਚ ਪੁਕਾਰ ਭਈ ਯਹੋਵਾਹ ਤਾਂ ਇਸ ਤਰ੍ਹਾਂ ਆਖਦਾ ਹੈ, - ਮੈਂ ਤੇਰੀ ਜੁਆਨੀ ਦੀ ਕਿਰਪਾ, ਤੇਰੇ ਵਿਆਹ ਦੇ ਪ੍ਰੇਮ ਨੂੰ ਚੇਤੇ ਕਰਦਾ ਹਾਂ, ਭਈ ਤੂੰ ਉਜਾੜ ਵਿੱਚ ਮੇਰੇ ਪਿੱਛੇ-ਪਿੱਛੇ ਚੱਲੀਂ, ਉਸ ਧਰਤੀ ਵਿੱਚ ਜਿਹੜੀ ਬੀਜੀ ਨਹੀਂ ਗਈ ਸੀ ।3ਇਸਰਾਏਲ ਯਹੋਵਾਹ ਲਈ ਪਵਿੱਤਰ ਸੀ, ਉਹ ਦੀ ਪੈਦਾਵਰ ਦਾ ਪਹਿਲਾ ਫਲ, ਉਸ ਦੇ ਖਾਣ ਵਾਲੇ ਸਾਰੇ ਦੋਸ਼ੀ ਠਹਿਰਨਗੇ, ਉਹਨਾਂ ਉੱਤੇ ਬੁਰਿਆਈ ਆਵੇਗੀ, ਯਹੋਵਾਹ ਦਾ ਵਾਕ ਹੈ ।

ਇਸਰਾਏਲ ਦਾ ਪਾਪ

4ਹੇ ਯਾਕੂਬ ਦੇ ਘਰਾਣੇ ਦਿਓ ਲੋਕੋ ਅਤੇ ਇਸਰਾਏਲ ਦੇ ਘਰਾਣੇ ਦੇ ਸਾਰੇ ਟੱਬਰੋ, ਯਹੋਵਾਹ ਦੀ ਗੱਲ ਸੁਣੋ5ਯਹੋਵਾਹ ਐਉਂ ਆਖਦਾ ਹੈ,- ਤੁਹਾਡੇ ਪਿਉ-ਦਾਦਿਆਂ ਨੇ ਮੇਰੇ ਵਿੱਚ ਕੀ ਅਨਿਆਈ ਲੱਭੀ, ਜੋ ਉਹ ਮੈਥੋਂ ਦੂਰ ਚਲੇ ਗਏ, ਅਤੇ ਫੋਕੀਆਂ ਗੱਲਾਂ ਪਿੱਛੇ ਲੱਗ ਕੇ ਫੋਕੇ ਬਣ ਗਏ ?6ਉਹਨਾਂ ਨੇ ਨਾ ਆਖਿਆ ਯਹੋਵਾਹ ਕਿੱਥੇ ਹੈ ? ਜਿਹੜਾ ਸਾਨੂੰ ਮਿਸਰ ਦੇਸ ਵਿੱਚੋਂ ਉਤਾਹਾਂ ਲੈ ਆਇਆ, ਜਿਹਨੇ ਉਜਾੜ ਦੇ ਵਿੱਚੋਂ ਦੀ ਸਾਡੀ ਅਗਵਾਈ ਕੀਤੀ, ਥਲ ਅਤੇ ਟੋਇਆਂ ਦੀ ਧਰਤੀ ਵਿੱਚੋਂ ਦੀ, ਔੜ ਤੇ ਮੌਤ ਦੇ ਸਾਯੇ ਦੀ ਧਰਤੀ ਦੇ ਵਿੱਚੋਂ, ਉਹ ਧਰਤੀ ਜਿਹ ਦੇ ਵਿੱਚੋਂ ਦੀ ਕੋਈ ਨਹੀਂ ਲੰਘਦਾ, ਨਾ ਕੋਈ ਆਦਮੀ ਉੱਥੇ ਵੱਸਦਾ ਹੈ ।
7ਮੈਂ ਤੁਹਾਨੂੰ ਵਧੀਆ ਧਰਤੀ ਵਿੱਚ ਲਿਆਂਦਾ, ਭਈ ਤੁਸੀਂ ਉਹ ਦੇ ਮੇਵੇ ਅਤੇ ਚੰਗੇ ਪਦਾਰਥ ਖਾਓ, ਪਰ ਤੁਸੀਂ ਵੜ ਕੇ ਮੇਰੀ ਧਰਤੀ ਨੂੰ ਭਰਿਸ਼ਟ ਕੀਤਾ, ਅਤੇ ਮੇਰੀ ਮਿਰਾਸ ਨੂੰ ਘਿਣਾਉਣਾ ਕੀਤਾ ।8ਜਾਜਕਾਂ ਨੇ ਨਾ ਆਖਿਆ, ਯਹੋਵਾਹ ਕਿੱਥੇ ਹੈ ? ਬਿਵਸਥਾ ਵਾਲਿਆਂ ਨੇ ਮੈਨੂੰ ਨਾ ਜਾਣਿਆ, ਹਾਕਮਾਂ ਨੇ ਮੇਰੇ ਵਿਰੁੱਧ ਅਪਰਾਧ ਕੀਤਾ, ਨਬੀਆਂ ਨੇ ਬਆਲ ਦਾ ਨਾਮ ਲੈ ਕੇ ਅਗੰਮ ਵਾਕ ਕੀਤਾ, ਉਹ ਉਹਨਾਂ ਚੀਜਾਂ ਦੇ ਪਿੱਛੇ ਲੱਗ ਗਏ ਜਿਹਨਾਂ ਤੋਂ ਲਾਭ ਨਹੀਂ ।
ਆਪਣੇ ਲੋਕਾਂ ਦੇ ਵਿਰੁੱਧ ਪਰਮੇਸ਼ੁਰ ਦਾ ਮੁਕਦਮਾ

9ਇਸ ਲਈ ਮੈਂ ਫਿਰ ਤੁਹਾਡੇ ਨਾਲ ਝਗੜਾਂਗਾ, ਯਹੋਵਾਹ ਦਾ ਵਾਕ ਹੈ, ਮੈਂ ਤੁਹਾਡੇ ਪੁੱਤਰਾਂ ਦੇ ਪੁੱਤਰਾਂ ਨਾ ਝਗੜਾਂਗਾ ।10ਕਿੱਤੀਮ ਦੇ ਟਾਪੂਆਂ ਵਿੱਚੋਂ ਲੰਘੋ ਅਤੇ ਵੇਖੋ, ਜਾਂ ਕੇਦਾਰ ਨੂੰ ਘੱਲੋ ਅਤੇ ਬਹੁਤ ਗੌਹ ਨਾਲ ਸੋਚੋ, ਅਤੇ ਵੇਖੋ ਭਈ ਅਜਿਹੀ ਗੱਲ ਕਿਤੇ ਹੋਈ ਹੈ !11ਕੀ ਕਿਸੇ ਕੌਮ ਨੇ ਆਪਣੇ ਦੇਵਤਿਆਂ ਨੂੰ ਬਦਲ ਦਿੱਤਾ, ਭਾਵੇਂ ਉਹ ਦੇਵਤੇ ਵੀ ਨਹੀਂ ਸਨ ? ਪਰ ਮੇਰੀ ਪਰਜਾ ਨੇ ਆਪਣੇ ਪਰਤਾਪ ਨੂੰ ਉਸ ਦੇ ਲਈ ਬਦਲ ਦਿੱਤਾ, ਜਿਸ ਤੋਂ ਕੁਝ ਲਾਭ ਨਹੀਂ ।
12ਹੇ ਅਕਾਸ਼ੋ, ਇਸ ਉੱਤੇ ਹੈਰਾਨ ਹੋਵੋ, ਬਹੁਤ ਡਰ ਜਾਓ ਤੇ ਉੱਕੇ ਵਿਰਾਨ ਹੋ ਜਾਓ ! ਯਹੋਵਾਹ ਦਾ ਵਾਕ ਹੈ ।13ਮੇਰੀ ਪਰਜਾ ਨੇ ਦੋ ਬੁਰਿਆਈਆਂ ਜੋ ਕੀਤੀਆਂ,- ਉਹਨਾਂ ਨੇ ਮੈਨੂੰ ਤਿਆਗ ਦਿੱਤਾ, ਜੀਉਂਦੇ ਪਾਣੀ ਦੇ ਸੋਤੇ ਨੂੰ, ਆਪਣੇ ਲਈ ਚੁਬੱਚੇ ਪੁੱਟੇ, ਟੁੱਟੇ ਹੋਏ ਚੁਬੱਚੇ, ਜਿਹਨਾਂ ਵਿੱਚ ਪਾਣੀ ਨਹੀਂ ਠਹਿਰਦਾ ।
ਇਸਰਾਏਲ ਦੇ ਅਵਿਸ਼ਵਾਸ ਦਾ ਨਤੀਜਾ

14ਕੀ ਇਸਰਾਏਲ ਗੁਲਾਮ ਹੈ ? ਜਾਂ ਉਹ ਘਰ ਜੰਮ ਹੈ ? ਉਹ ਕਿਉਂ ਲੁੱਟ ਬਣਿਆ ?15ਜੁਆਨ ਬੱਬਰ ਸ਼ੇਰ ਉਹ ਦੇ ਉੱਤੇ ਭੁੱਬਾਂ ਮਾਰਦੇ, ਉਹਨਾਂ ਨੇ ਆਪਣੀ ਅਵਾਜ਼ ਕੱਢੀ, ਉਹਨਾਂ ਨੇ ਉਸ ਦਾ ਦੇਸ ਖਰਾਬ ਬਣਾ ਦਿੱਤਾ, ਉਹ ਦੇ ਸ਼ਹਿਰ ਸਾੜੇ ਹੋਏ ਹਨ, ਅਤੇ ਵੱਸਣ ਵਾਲਾ ਕੋਈ ਨਹੀਂ ।16ਨਾਲੇ ਨੋਫ ਅਤੇ ਤਹਫਨੇਸ ਦੀ ਅੰਸ ਨੇ, ਤੇਰੇ ਸਿਰ ਦੀ ਖੋਪਰੀ ਭੰਨੀ ।17ਕੀ ਤੂੰ ਆਪ ਵੀ ਇਹ ਆਪਣੇ ਉੱਤੇ ਨਹੀਂ ਲਿਆਈ, ਯਹੋਵਾਹ ਆਪਣੇ ਪਰਮੇਸ਼ੁਰ ਦੇ ਤਿਆਗਣ ਦੇ ਕਾਰਨ ਜਦ ਉਹ ਤੈਨੂੰ ਰਾਹੇ ਰਾਹ ਲਈ ਜਾਂਦਾ ਸੀ ?
18ਹੁਣ ਮਿਸਰ ਦੇ ਰਾਹ ਤੋਂ ਤੈਨੂੰ ਕਿ ਲਾਭ ਹੈ, ਭਈ ਤੂੰ ਨੀਲ ਦਾ ਪਾਣੀ ਪੀਵੇਂ ? ਅਤੇ ਅੱਸ਼ੂਰ ਦੇ ਰਾਹ ਤੋਂ ਤੈਨੂੰ ਕੀ ਲਾਭ ਹੈ, ਭਈ ਤੂੰ ਦਰਿਆ ਦਾ ਪਾਣੀ ਪੀਵੇਂ ?19ਤੇਰੀ ਬੁਰਿਆਈ ਤੈਨੂੰ ਝਿੜਕੇਗੀ, ਤੇਰਾ ਫਿਰ ਜਾਣਾ ਤੈਨੂੰ ਝਾੜ ਪਾਵੇਗਾ, ਜਾਣ ਅਤੇ ਵੇਖ ਕਿ ਇਹ ਬੁਰੀ ਅਤੇ ਕੌੜੀ ਗੱਲ ਹੈ, ਭਈ ਤੈ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਤਿਆਗ ਦਿੱਤਾ, ਅਤੇ ਤੈਨੂੰ ਮੇਰਾ ਭੈ ਨਹੀਂ, ਸੈਨਾਂ ਦੇ ਪ੍ਰਭੁ ਯਹੋਵਾਹ ਦਾ ਵਾਕ ਹੈ ।
ਪਰਮੇਸ਼ੁਰ ਦੀ ਅਰਾਧਨਾ ਕਰਨ ਤੋਂ ਇਸਰਾਏਲ ਦਾ ਇਨਕਾਰ

20ਤੂੰ ਤਾਂ ਚਿਰੋਕਣਾ ਆਪਣਾ ਜੂਲਾ ਭੰਨ ਛੱਡਿਆ, ਅਤੇ ਆਪਣੇ ਬੰਨ੍ਹ ਤੋੜ ਸੁੱਟੇ । ਤੂੰ ਆਖਿਆ ਮੈਂ ਟਹਿਲ ਨਾ ਕਰਾਂਗੀ ! ਹਾਂ ਤੂੰ ਹਰ ਉੱਚੇ ਟਿੱਬੇ ਉੱਤੇ, ਅਤੇ ਹਰ ਹਰੇ ਰੁੱਖ ਹੇਠ ਜ਼ਨਾਹ ਲਈ ਝੁੱਕ ਗਈ ।21ਮੈਂ ਤੈਨੂੰ ਇੱਕ ਖਰੀ ਦਾਖ ਕਰਕੇ ਲਾਇਆ । ਜੋ ਸਰਾਸਰ ਖਾਲਸ ਬੀ ਤੋਂ ਸੀ, ਫਿਰ ਤੂੰ ਕਿਵੇਂ ਮੇਰੇ ਲਈ ਇੱਕ ਜੰਗਲੀ ਦਾਖ ਦੀਆਂ ਵਿਗੜੀਆਂ ਹੋਈਆਂ ਕੁੰਬਲਾਂ ਵਿੱਚ ਬਦਲ ਗਈ ?22ਭਾਵੇਂ ਤੂੰ ਆਪਣੇ ਆਪ ਨੂੰ ਸੱਜੀ ਨਾਲ ਧੋਵੇਂ ਅਤੇ ਬਹੁਤਾ ਸਾਬਣ ਵਰਤੇ, ਤਾਂ ਵੀ ਤੇਰੀ ਬਦੀ ਦਾ ਦਾਗ ਮੇਰੇ ਸਾਹਮਣੇ ਰਹਿੰਦਾ ਹੈ, ਪ੍ਰਭੁ ਯਹੋਵਾਹ ਦਾ ਵਾਕ ਹੈ ।
23ਤੂੰ ਕਿਵੇਂ ਆਖ ਸਕਦੀ ਹੈ, ਮੈਂ ਭਰਿਸ਼ਟ ਨਹੀਂ ਹੋਈ, ਮੈਂ ਬਆਲਾਂ ਦੇ ਪਿੱਛੇ ਨਹੀਂ ਗਈ ? ਵਾਦੀ ਵਿੱਚ ਆਪਣੇ ਰਾਹ ਨੂੰ ਵੇਖ, ਜਾਣ ਲੈ ਕਿ ਤੂੰ ਕੀ ਕੁੱਝ ਕੀਤਾ ਹੈ, ਤੂੰ ਆਪਣਿਆਂ ਰਾਹਾਂ ਵਿੱਚ ਫਿਰਨ ਵਾਲੀ ਇੱਕ ਤੇਜ਼ ਊਠਣੀ ਹੈਂ !24ਇੱਕ ਜੰਗਲੀ ਖੋਤੀ ਜਿਹੜੀ ਉਜਾੜ ਦੀ ਗਿੱਝੀ ਹੋਈ ਹੈ, ਜੋ ਆਪਣੇ ਵੇਗ ਵਿੱਚ ਹਵਾ ਨੂੰ ਸੁੰਘਦੀ ਹੈ, ਉਹ ਦੀ ਮਸਤੀ ਦੇ ਵੇਲੇ ਕੌਣ ਉਹ ਨੂੰ ਡੱਕ ਸਕਦਾ ਹੈ ? ਉਹ ਦੇ ਸਾਰੇ ਭਾਲਣ ਵਾਲੇ ਨਹੀਂ ਥੱਕਣਗੇ, ਉਹ ਦੇ ਮਹੀਨੇ ਵਿੱਚ ਉਹ ਉਸ ਨੂੰ ਪਾ ਲੈਣਗੇ ।25ਤੂੰ ਆਪਣੇ ਪੈਰਾਂ ਨੂੰ ਨੰਗੇ ਹੋਣ ਤੋਂ, ਅਤੇ ਆਪਣੇ ਸੰਘ ਨੂੰ ਤਰੇਹ ਤੋਂ ਬਚਾ । ਪਰ ਤੂੰ ਆਖਿਆ, ਕੁੱਝ ਆਸ ਨਹੀਂ, ਮੈਂ ਪਰਦੇਸੀਆਂ ਨੂੰ ਪਿਆਰ ਜੋ ਕੀਤਾ, ਮੈਂ ਉਹਨਾਂ ਦੇ ਪਿੱਛੇ ਜਾਵਾਂਗੀ ।
ਇਸਰਾਏਲ ਸਜ਼ਾ ਦੇ ਜੋਗ ਹੈ

26ਜਿਵੇਂ ਚੋਰ ਜਦ ਫੜਿਆ ਗਿਆ ਸ਼ਰਮਿੰਦਾ ਹੁੰਦਾ ਹੈ, ਤਿਵੇਂ ਇਸਰਾਏਲ ਦਾ ਘਰਾਣਾ, ਉਹ, ਉਹਨਾਂ ਦੇ ਪਾਤਸ਼ਾਹ, ਉਹਨਾਂ ਦੇ ਸਰਦਾਰ, ਉਹਨਾਂ ਦੇ ਜਾਜਕ, ਅਤੇ ਉਹਨਾਂ ਦੇ ਨਬੀ ਸ਼ਰਮਿੰਦੇ ਹੋਣਗੇ ।27ਉਹ ਰੁੱਖ ਨੂੰ ਆਖਦੇ ਹਨ ਤੂੰ ਮੇਰਾ ਪਿਤਾ ਹੈ, ਅਤੇ ਪੱਥਰ ਨੂੰ, ਤੂੰ ਮੈਨੂੰ ਜਣਿਆ ! ਉਹਨਾਂ ਨੇ ਆਪਣੀ ਪਿੱਠ ਮੇਰੀ ਵੱਲ ਕੀਤੀ ਅਤੇ ਆਪਣਾ ਮੂੰਹ ਨਹੀਂ, ਪਰ ਬਿਪਤਾ ਦੇ ਵੇਲੇ ਉਹ ਆਖਣਗੇ, ਉੱਠ ਤੇ ਸਾਨੂੰ ਬਚਾ ।28ਕਿੱਥੇ ਹਨ ਤੇਰੇ ਦੇਵਤੇ ਜਿਹਨਾਂ ਨੂੰ ਤੂੰ ਆਪਣੇ ਲਈ ਬਣਾਇਆ ? ਉਹ ਉੱਠਣ ਜੇ ਉਹ ਤੇਰੀ ਬਿਪਤਾ ਦੇ ਵੇਲੇ ਤੈਨੂੰ ਬਚਾ ਸਕਣ । ਹੇ ਯਹੂਦਾਹ ਜਿੰਨੇ ਕੁ ਤੇਰੇ ਸ਼ਹਿਰ ਹਨ, ਉੱਨੇ ਤੇਰੇ ਦੇਵਤੇ ਹਨ ! ।
29ਤੁਸੀਂ ਕਿਉਂ ਮੇਰੇ ਨਾਲ ਝਗੜੋਗੇ ? ਤੁਸੀਂ ਸਭ ਦੇ ਸਭ ਮੇਰੇ ਅਪਰਾਧੀ ਹੋ ਗਏ, ਯਹੋਵਾਹ ਦਾ ਵਾਕ ਹੈ ।30ਮੈਂ ਐਵੇਂ ਕਿਵੇਂ ਤੇਰੇ ਪੁੱਤਰਾਂ ਨੂੰ ਮਾਰਿਆ, ਉਹ ਸੌਰੇ ਨਹੀਂ; ਤੁਹਾਡੀ ਆਪਣੀ ਤਲਵਾਰ ਤੁਹਾਡੇ ਨਬੀਆਂ ਨੂੰ ਹੜੱਪ ਕਰਨ ਵਾਲੇ ਬਬਰ ਸ਼ੇਰ ਵਾਂਗੂੰ ਖਾ ਗਈ ।31ਓਏ ਤੁਸੀਂ ਜਿਹੜੇ ਇਸ ਪੀੜ੍ਹੀ ਦੇ ਹੋ, ਯਹੋਵਾਹ ਦੇ ਬਚਨ ਦਾ ਧਿਆਨ ਕਰੋ । ਕੀ ਮੈਂ ਇਸਰਾਏਲ ਲਈ ਉਜਾੜ, ਜਾਂ ਗੂੜ੍ਹੇ ਅਨ੍ਹੇਰ ਦੀ ਧਰਤੀ ਹੋਇਆ ਹਾਂ ? ਤਦ ਮੇਰੀ ਪਰਜਾ ਕਿਉਂ ਆਖਦੀ ਹੈ, ਅਸੀਂ ਤਾਂ ਅਜ਼ਾਦ ਹਾਂ, ਅਸੀਂ ਫਿਰ ਤੇਰੇ ਕੋਲ ਨਾ ਆਵਾਂਗੇ ?
32ਕੀ ਕੋਈ ਕੁਆਰੀ ਆਪਣੇ ਗਹਿਣੇ, ਜਾਂ ਲਾੜੀ ਆਪਣਾ ਸ਼ਿੰਗਾਰ ਭੁੱਲ ਸਕਦੀ ਹੈ ? ਪਰ ਮੇਰੀ ਪਰਜਾ ਨੇ ਅਣਗਿਣਤ ਦਿਨਾਂ ਤੋਂ ਮੈਨੂੰ ਭੁਲਾ ਛੱਡਿਆ ਹੈ ।33ਤੂੰ ਕਿਵੇਂ ਆਪਣੇ ਪ੍ਰੇਮੀਆਂ ਦੇ ਭਾਲਣ ਲਈ ਆਪਣੇ ਰਾਹ ਸੁਆਰਦੀ ਹੈਂ ! ਭਈ ਤੂੰ ਬੁਰੀਆਂ ਔਰਤਾਂ ਨੂੰ ਆਪਣੇ ਰਾਹ ਸਿਖਾਏ ਹਨ !34ਨਾਲੇ ਤੇਰੇ ਪੱਲੇ ਉੱਤੇ ਬੇਦੋਸ਼ ਕੰਗਾਲਾਂ ਦੀਆਂ ਜਾਨਾਂ ਦਾ ਲਹੂ ਲੱਭਿਆ, ਤੈ ਉਹਨਾਂ ਨੂੰ ਸੰਨ੍ਹ ਲਾਉਂਦਿਆਂ ਨਹੀਂ ਦੇਖਿਆ, ਪਰ ਇਹਨਾਂ ਸਾਰੀਆਂ ਗੱਲਾਂ ਦੇ ਹੁੰਦਿਆਂ,
35ਤੂੰ ਆਖਦੀ ਹੈ, ਮੈਂ ਬੇਦੋਸ਼ੀ ਹਾਂ ! ਸੱਚ-ਮੁੱਚ ਉਸ ਦਾ ਕ੍ਰੋਧ ਮੈਥੋਂ ਟਲ ਗਿਆ ਹੈ । ਕਿਉਂਕਿ ਤੂੰ ਆਖਿਆ, ਮੈਂ ਪਾਪ ਨਹੀਂ ਕੀਤਾ36ਤੂੰ ਆਪਣਾ ਰਾਹ ਬਦਲਣ ਲਈ ਕਿਉਂ ਬਹੁਤ ਬੇਚੈਨ ਫਿਰਦੀ ਹੈਂ ? ਤੂੰ ਮਿਸਰ ਤੋਂ ਵੀ ਲੱਜਿਆਵਾਨ ਹੋਵੇਂਗੀ, ਜਿਵੇਂ ਅੱਸ਼ੂਰ ਤੋਂ ਲੱਜਿਆਵਾਨ ਹੋਈ ਸੀ ।37ਉੱਥੋਂ ਵੀ ਤੂੰ ਸਿਰ ਉੱਤੇ ਆਪਣੇ ਹੱਥ ਰੱਖ ਕੇ ਨਿਕਲੇਗੀ, ਕਿਉਂ ਜੋ ਯਹੋਵਾਹ ਨੇ ਉਹਨਾਂ ਨੂੰ ਰੱਦ ਦਿੱਤਾ, ਜਿਹਨਾਂ ਉੱਤੇ ਤੂੰ ਭਰੋਸਾ ਕੀਤਾ, ਤੂੰ ਉਹਨਾਂ ਨਾਲ ਸਫਲ ਨਾ ਹੋਵੇਗੀ ।

3
ਇਸਰਾਏਲ ਇੱਕ ਬੁਰੇ ਚਾਲ-ਚੱਲਣ ਵਾਲੀ ਪਤਨੀ

1ਆਖਦੇ ਹਨ ਕਿ ਜੇ ਕੋਈ ਆਪਣੀ ਔਰਤ ਨੂੰ ਛੱਡ ਦੇਵੇ, ਅਤੇ ਉਹ ਉਸ ਦੇ ਕੋਲੋਂ ਚੱਲੀ ਜਾਵੇ, ਅਤੇ ਕਿਸੇ ਹੋਰ ਦੀ ਔਰਤ ਹੋ ਜਾਵੇ, ਕੀ ਉਹ ਆਦਮੀ ਉਸ ਕੋਲ ਫਿਰ ਮੁੜ ਜਾਵੇਗਾ ? ਕੀ ਉਹ ਦੇਸ ਬਹੁਤਾ ਭਰਿਸ਼ਟ ਨਾ ਹੋ ਜਾਵੇਗਾ ? ਤੂੰ ਤਾਂ ਬਹੁਤਿਆਂ ਯਾਰਾਂ ਨਾਲ ਜ਼ਨਾਹ ਕੀਤਾ,- ਤੂੰ ਤਾਂ ਮੇਰੀ ਵੱਲ ਮੁੜੇਂਗੀ ? ਯਹੋਵਾਹ ਦਾ ਵਾਕ ਹੈ ।2ਉਚਿਆਈਆਂ ਵੱਲ ਆਪਣੀਆਂ ਅੱਖਾਂ ਚੁੱਕ, ਤੇ ਵੇਖ ! ਉਹ ਕਿਹੜਾ ਥਾਂ ਹੈ ਜਿੱਥੇ ਤੂੰ ਭਿੱਟੀ ਨਹੀਂ ਗਈ ? ਤੂੰ ਰਾਹਾਂ ਵਿੱਚ ਉਹਨਾਂ ਲਈ ਬੈਠੀ, ਜਿਵੇਂ ਕੋਈ ਅਰਬੀ ਉਜਾੜ ਵਿੱਚ । ਤੂੰ ਆਪਣੇ ਜ਼ਨਾਹ ਤੇ ਬੁਰਿਆਈ ਨਾਲ ਦੇਸ ਨੂੰ ਭਰਿਸ਼ਟ ਕੀਤਾ ।

3ਇਸੇ ਲਈ ਪੁਹਾਰ ਵਾਲਾ ਮੀਂਹ ਨਹੀਂ ਪੈਂਦਾ, ਅਤੇ ਆਖਰੀ ਬਰਸਾਤ ਨਹੀਂ ਹੋਈ । ਤੇਰਾ ਮੱਥਾ ਕੰਜਰੀ ਦਾ ਹੈ, ਤੂੰ ਸ਼ਰਮ ਖਾਣ ਤੋਂ ਮੁੱਕਰ ਗਈ ।4ਕੀ ਤੂੰ ਹੁਣ ਤੋਂ ਮੈਨੂੰ ਨਾ ਪੁਕਾਰੇਂਗੀ, ਹੇ ਪਿਤਾ, ਤੂੰ ਮੇਰੀ ਜੁਆਨੀ ਦਾ ਸਾਥੀ ਹੈ ?5ਕੀ ਉਹ ਦਾ ਗੁੱਸਾ ਸਦਾ ਤੱਕ ਰਹੇਗਾ ? ਕੀ ਉਹ ਆਖੀਰ ਤੱਕ ਖਿੱਝਦਾ ਰਹੇਗਾ ? ਵੇਖ, ਤੂੰ ਐਉਂ ਤਾਂ ਬੋਲੀ, ਪਰ ਜਿੰਨੀਆਂ ਕਰ ਸਕੀ ਤੂੰ ਬੁਰਿਆਈਆਂ ਕੀਤੀਆਂ ।
ਯਹੂਦਾਹ ਅਤੇ ਇਸਰਾਏਲ ਲਈ ਤੋਬਾ ਕਰਨਾ ਜ਼ਰੂਰੀ ਹੈ

6ਯੋਸ਼ੀਯਾਹ ਰਾਜਾ ਦੇ ਦਿਨਾਂ ਵਿੱਚ ਯਹੋਵਾਹ ਨੇ ਮੈਨੂੰ ਆਖਿਆ, ਕੀ ਤੂੰ ਵੇਖਿਆ ਜੋ ਅਾਕੀ ਇਸਰਾਏਲ ਨੇ ਕੀਤਾ ? ਉਹ ਹਰੇਕ ਉੱਚੇ ਪਹਾੜ ਉੱਤੇ ਅਤੇ ਹਰ ਹਰੇ ਰੁੱਖ ਹੇਠ ਗਈ ਅਤੇ ਉੱਥੇ ਜ਼ਨਾਹ ਕੀਤਾ7ਤਾਂ ਮੈਂ ਆਖਿਆ, ਇਹ ਸਭ ਕੁੱਝ ਕਰਨ ਦੇ ਪਿੱਛੋਂ ਉਹ ਮੇਰੀ ਵੱਲ ਮੁੜੇਗੀ ਪਰ ਉਹ ਨਾ ਮੁੜੀ ਤਾਂ ਉਹ ਦੀ ਚਾਲ ਬਾਜ਼ ਭੈਣ ਯਹੂਦਾਹ ਨੇ ਇਹ ਵੇਖਿਆ
8ਮੈਂ ਇਹ ਵੇਖਿਆ ਕਿ ਜਦ ਆਕੀ ਇਸਰਾਏਲ ਦੀ ਸਾਰੀ ਵਿਭਚਾਰ ਦੇ ਕਾਰਨ ਮੈਂ ਉਹ ਨੂੰ ਕੱਢ ਦਿੱਤਾ ਅਤੇ ਤਿਆਗ ਪੱਤਰੀ ਉਹ ਨੂੰ ਦੇ ਦਿੱਤੀ ਤਾਂ ਵੀ ਉਹ ਦੀ ਚਾਲ ਬਾਜ਼ ਭੈਣ ਯਹੂਦਾਹ ਨਾ ਡਰੀ ਸਗੋਂ ਉਸ ਵੀ ਜਾ ਕੇ ਜ਼ਨਾਹ ਕੀਤਾ9ਤਾਂ ਇਸ ਤਰ੍ਹਾਂ ਹੋਇਆ ਕਿ ਇਸ ਲਈ ਜੋ ਉਹ ਨੂੰ ਵਿਭਚਾਰ ਇੱਕ ਹਲਕੀ ਚੀਜ਼ ਲੱਗੀ ਤਾਂ ਦੇਸ ਭਰਿਸ਼ਟ ਕੀਤਾ ਗਿਆ ਜਦੋਂ ਉਹ ਨੇ ਪੱਥਰਾਂ ਅਤੇ ਰੁੱਖਾਂ ਨਾਲ ਜ਼ਨਾਹ ਕੀਤਾ !10ਇਸ ਸਾਰੇ ਦੇ ਹੁੰਦਿਆਂ ਤੇ ਵੀ ਉਹ ਦੀ ਚਾਲ ਬਾਜ਼ ਭੈਣ ਪੂਰੇ ਦਿਲ ਨਾਲ ਮੇਰੀ ਵੱਲ ਨਾ ਮੁੜੀ ਸਗੋਂ ਮਕਰ ਨਾਲ, ਯਹੋਵਾਹ ਦਾ ਵਾਕ ਹੈ ।
11ਤਾਂ ਯਹੋਵਾਹ ਨੇ ਮੈਨੂੰ ਆਖਿਆ ਕਿ ਆਕੀ ਇਸਰਾਏਲ ਨੇ ਚਾਲ ਬਾਜ਼ ਯਹੂਦਾਹ ਨਾਲੋਂ ਆਪਣੇ ਆਪ ਨੂੰ ਵੱਧ ਧਰਮੀ ਵਿਖਾਇਆ ਹੈ12ਜਾਹ,ਉੱਤਰ ਵੱਲ ਇਹਨਾਂ ਗੱਲਾਂ ਦਾ ਪਰਚਾਰ ਕਰ ਅਤੇ ਆਖ,- ਮੁੜ, ਹੇ ਆਕੀ ਇਸਰਾਏਲ, ਯਹੋਵਾਹ ਦਾ ਵਾਕ ਹੈ, ਮੈਂ ਨਹਿਰੀਆਂ ਵੱਟ ਕੇ ਤੈਨੂੰ ਨਾ ਵੇਖਾਂਗਾ, ਮੈਂ ਦਿਆਲੂ ਜੋ ਹਾਂ, ਯਹੋਵਾਹ ਦਾ ਵਾਕ ਹੈ, ਮੈਂ ਸਦਾ ਤੱਕ ਗੁੱਸਾ ਨਹੀਂ ਰੱਖਾਂਗਾ ।
13ਨਿਰਾ ਆਪਣੀ ਬੁਰਿਆਈ ਨੂੰ ਮੰਨ ਲੈ, ਕਿ ਤੂੰ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਅਪਰਾਧੀ ਹੋਈ, ਅਤੇ ਤੂੰ ਆਪਣੀਆਂ ਮਿਹਰਬਾਨੀਆਂ ਨੂੰ ਓਪਰਿਆਂ ਲਈ, ਹਰ ਹਰੇ ਰੁੱਖ ਦੇ ਹੇਠ ਖਲਾਰਿਆ, ਅਤੇ ਮੇਰੀ ਅਵਾਜ਼ ਨਹੀਂ ਸੁਣੀ, ਯਹੋਵਾਹ ਦਾ ਵਾਕ ਹੈ ।14ਹੇ ਬੇਈਮਾਨ ਪੁੱਤਰੋ, ਮੁੜੋ, ਯਹੋਵਾਹ ਦਾ ਵਾਕ ਹੈ, ਮੈਂ ਤੁਹਾਡਾ ਮਾਲਕ ਜੋ ਹਾਂ, ਮੈਂ ਤੁਹਾਡੇ ਵਿੱਚੋਂ ਲਵਾਂਗਾ,ਹਰ ਸ਼ਹਿਰ ਵਿੱਚੋਂ ਇੱਕ ਅਤੇ ਹਰ ਟੱਬਰ ਵਿੱਚੋਂ ਦੋ, ਅਤੇ ਮੈਂ ਤੁਹਾਨੂੰ ਸੀਯੋਨ ਵਿੱਚ ਲਿਆਵਾਂਗਾ ।15ਮੈਂ ਤੁਹਾਨੂੰ ਆਪਣੇ ਦਿਲ ਦੇ ਅਨੁਸਾਰ ਆਜੜੀ ਦਿਆਂਗਾ ਜਿਹੜੇ ਤੁਹਾਨੂੰ ਗਿਆਨ ਅਤੇ ਸਮਝ ਨਾਲ ਚਾਰਨਗੇ
16ਤਾਂ ਇਸ ਤਰ੍ਹਾਂ ਹੋਵੇਗਾ ਕਿ ਜਦ ਤੁਸੀਂ ਉਸ ਦੇਸ ਵਿੱਚ ਵੱਧ ਜਾਓਗੇ ਅਤੇ ਬਹੁਤ ਹੋ ਜਾਓਗੇ ਉਹਨਾਂ ਵਿੱਚ, ਯਹੋਵਾਹ ਦਾ ਵਾਕ ਹੈ, ਉਹ ਫਿਰ ਨਾ ਆਖਣਗੇ "ਯਹੋਵਾਹ ਦੇ ਨੇਮ ਦਾ ਸੰਦੂਕ", ਨਾ ਉਹ ਉਹਨਾਂ ਦੇ ਮਨ ਵਿੱਚ ਆਵੇਗਾ, ਨਾ ਉਹ ਨੂੰ ਚੇਤੇ ਕਰਨਗੇ, ਨਾ ਉਹ ਦੀ ਵੇਖ ਭਾਲ ਕਰਨਗੇ, ਨਾ ਉਹ ਫਿਰ ਬਣਾਇਆ ਜਾਵੇਗਾ
17ਉਸ ਵੇਲੇ ਉਹ ਯਰੂਸ਼ਲਮ ਨੂੰ " ਯਹੋਵਾਹ ਦਾ ਸਿੰਘਾਸਣ " ਆਖਣਗੇ ਅਤੇ ਉਹ ਦੇ ਕੋਲ ਯਹੋਵਾਹ ਦੇ ਨਾਮ ਉੱਤੇ ਸਾਰੀਆਂ ਕੌਮਾਂ ਯਰੂਸ਼ਲਮ ਵਿੱਚ ਇਕੱਠੀਆਂ ਹੋਣਗੀਆਂ । ਉਹ ਫਿਰ ਆਪਣੇ ਬੁਰੇ ਦਿਲ ਦੀ ਅੜੀ ਪਿੱਛੇ ਨਾ ਚੱਲਣਗੀਆਂ18ਉਹਨਾਂ ਦਿਨਾਂ ਵਿੱਚ ਯਹੂਦਾਹ ਦਾ ਘਰਾਣਾ ਇਸਰਾਏਲ ਦੇ ਘਰਾਣੇ ਨਾਲ ਚੱਲੇਗਾ, ਉਹ ਮਿਲ ਕੇ ਉੱਤਰ ਦੇ ਦੇਸ ਤੋਂ ਉਸ ਦੇਸ ਵਿੱਚ ਆਉਣਗੇ ਜਿਹੜਾ ਮੈਂ ਉਹਨਾਂ ਦੇ ਪਿਓ ਦਾਦਿਆਂ ਨੂੰ ਮਿਲਖ ਵਿੱਚ ਦਿੱਤਾ ।
ਇਸਰਾਏਲ ਦੁਆਰਾ ਮੂਰਤੀ ਪੂਜਾ

19ਮੈਂ ਤਾਂ ਆਖਿਆ ਸੀ,- ਮੈਂ ਕਿਵੇਂ ਤੈਨੂੰ ਆਪਣੇ ਪੁੱਤਰਾਂ ਵਿੱਚ ਰਲਾਵਾਂ, ਅਤੇ ਤੈਨੂੰ ਇੱਕ ਚੰਗੀ ਧਰਤੀ ਦੇ, ਕੌਮਾਂ ਦੀਆਂ ਸੈਨਾਂ ਦੀ ਸ਼ਾਨਦਾਰ ਧਰਤੀ ਦੀ ਮਿਲਖ ! ਮੈਂ ਆਖਿਆ ਕਿ ਤੁਸੀਂ ਮੈਨੂੰ ਆਪਣਾ ਪਿਤਾ ਸੱਦੋਗੇ, ਅਤੇ ਮੇਰੇ ਪਿੱਛੇ ਚੱਲਣ ਤੋਂ ਫਿਰ ਨਾ ਜਾਓਗੇ ।20ਸੱਚ-ਮੁੱਚ ਜਿਵੇਂ ਕੋਈ ਔਰਤ ਆਪਣੇ ਭਰਤੇ ਨਾਲ ਬੇਈਮਾਨੀ ਕਰਦੀ ਹੈ, ਹੇ ਇਸਰਾਏਲ ਦੇ ਘਰਾਣੇ, ਤਿਵੇਂ ਹੀ ਤੁਸੀਂ ਮੇਰੇ ਨਾਲ ਬੇਈਮਾਨੀ ਕੀਤੀ, ਯਹੋਵਾਹ ਦਾ ਵਾਕ ਹੈ ।
21ਉਚਿਆਈਆਂ ਤੋਂ ਇੱਕ ਅਵਾਜ਼ ਸੁਣਾਈ ਦਿੰਦੀ ਹੈ, ਇਸਰਾਏਲ ਦੇ ਪੁੱਤਰਾਂ ਦੇ ਰੋਣ ਅਤੇ ਤਰਲਿਆਂ ਦੀ, ਉਹਨਾਂ ਨੇ ਆਪਣਾ ਰਾਹ ਜੋ ਵਿਗਾੜ ਲਿਆ, ਅਤੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਭੁੱਲਾ ਦਿੱਤਾ ।22ਹੇ ਫਿਰਤੂ ਪੁੱਤਰੋ, ਮੁੜੋ, ਮੈਂ ਤੁਹਾਡੇ ਫਿਰਨ ਦਾ ਦਵਾ ਦਾਰੂ ਕਰਾਂਗਾ । ਵੇਖ,ਅਸੀਂ ਤੇਰੇ ਕੋਲ ਆਏ ਹਾਂ, ਤੂੰ ਸਾਡਾ ਯਹੋਵਾਹ ਪਰਮੇਸ਼ੁਰ ਜੋ ਹੈਂ ।
23ਸੱਚ-ਮੁੱਚ ਟਿੱਲਿਆਂ ਅਤੇ ਪਹਾੜਾਂ ਦਾ ਰੌਲਾ ਧੋਖਾ ਹੈ, ਪਰ ਸੱਚ-ਮੁੱਚ ਇਸਰਾਏਲ ਦੀ ਮੁਕਤੀ ਯਹੋਵਾਹ ਸਾਡੇ ਪਰਮੇਸ਼ੁਰ ਵੱਲੋਂ ਹੈ ।24ਪਰ ਉਸ ਘਿਣਾਉਣੀ ਵਸਤੂ ਨੇ ਸਾਡੀ ਜੁਆਨੀ ਤੋਂ ਲੈ ਕੇ ਸਾਡੇ ਪਿਉ-ਦਾਦਿਆਂ ਦੀ ਮਿਹਨਤ ਨੂੰ ਅਤੇ ਉਹਨਾਂ ਦੀਆਂ ਇੱਜੜਾਂ ਅਤੇ ਉਹਨਾਂ ਦਿਆਂ ਚੌਣਿਆਂ ਅਤੇ ਉਹਨਾਂ ਦਿਆਂ ਪੁੱਤਰਾਂ ਧੀਆਂ ਨੂੰ ਭੱਖ ਲਿਆ ਹੈ25ਅਸੀਂ ਆਪਣੀ ਸ਼ਰਮ ਵਿੱਚ ਲੰਮੇ ਪੈ ਜਾਈਏ ਅਤੇ ਘਬਰਾਹਟ ਸਾਨੂੰ ਕੱਜ ਲਵੇ, ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਦਾ ਪਾਪ ਜੋ ਕੀਤਾ, ਅਸੀਂ ਤੇ ਸਾਡੇ ਪਿਉ-ਦਾਦਿਆਂ ਨੇ ਜੁਆਨੀ ਤੋਂ ਅੱਜ ਦੇ ਦਿਨ ਤੱਕ, ਅਤੇ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨਹੀਂ ਸੁਣੀ ।

4
ਤੋਬਾ ਦੀ ਬੇਨਤੀ

1ਹੇ ਇਸਰਾਏਲ, ਜੇ ਤੂੰ ਮੁੜੇਂ, ਯਹੋਵਾਹ ਦਾ ਵਾਕ ਹੈ, ਤਾਂ ਤੂੰ ਮੇਰੀ ਵੱਲ ਮੁੜੇਂਗਾ । ਜੇ ਤੂੰ ਆਪਣੀਆਂ ਘਿਣਾਉਣੀਆਂ ਚੀਜਾਂ ਨੂੰ ਮੇਰੇ ਅੱਗੋਂ ਦੂਰ ਕਰੇਂ, ਜੇ ਤੂੰ ਅਵਾਰਾ ਨਾ ਫਿਰੇਂ,2ਜੇ ਤੂੰ ਜੀਉਂਦੇ ਯਹੋਵਾਹ ਦੀ ਸੌਂਹ ਖਾਵੇਂ, ਸਚਿਆਈ ਨਾਲ, ਨਿਆਂ ਨਾਲ ਅਤੇ ਧਰਮ ਨਾਲ, ਤਦ ਕੌਮਾਂ ਉਹ ਦੇ ਵਿੱਚ ਆਪ ਨੂੰ ਮੁਬਾਰਕ ਆਖਣਗੀਆਂ, ਅਤੇ ਉਹ ਨੂੰ ਉਸਤਤ ਦੇਣਗੀਆਂ ।3ਯਹੂਦਾਹ ਦੇ ਮਨੁੱਖਾਂ ਅਤੇ ਯਰੂਸ਼ਲਮ ਲਈ ਯਹੋਵਾਹ ਤਾਂ ਇਸ ਤਰ੍ਹਾਂ ਆਖਦਾ ਹੈ,- ਆਪਣੀ ਪਈ ਹੋਈ ਜ਼ਮੀਨ ਨੂੰ ਵਾਹੋ, ਅਤੇ ਕੰਡਿਆਂ ਵਿੱਚ ਨਾ ਬੀਜੋ ।

4ਯਹੋਵਾਹ ਲਈ ਆਪਣੀ ਸੁੰਨਤ ਕਰਾਓ, ਆਪਣੇ ਦਿਲ ਦੀ ਖੱਲੜੀ ਲਹਾਓ, ਹੇ ਯਹੂਦਾਹ ਦੇ ਮਨੁੱਖੋ ਅਤੇ ਯਰੂਸ਼ਲਮ ਦੇ ਵਾਸੀਓ ! ਮਤੇ ਮੇਰਾ ਗੁੱਸਾ ਅੱਗ ਵਾਂਗੂੰ ਭੜਕ ਉੱਠੇ, ਉਹ ਬਲ ਉੱਠੇ ਅਤੇ ਬੁਝਾਉਣ ਵਾਲਾ ਕੋਈ ਨਾ ਹੋਵੇ, ਤੁਹਾਡੀਆਂ ਕਰਤੂਤਾਂ ਦੀ ਬੁਰਿਆਈ ਦੇ ਕਾਰਨ ।
ਉੱਤਰ ਦਿਸ਼ਾ ਵਿੱਚ ਹਮਲੇ ਦੀ ਸੂਚਨਾ

5ਯਹੂਦਾਹ ਵਿੱਚ ਦੱਸੋ ਅਤੇ ਯਰੂਸ਼ਲਮ ਵਿੱਚ ਸੁਣਾਓ, ਅਤੇ ਆਖੋ ਭਈ ਦੇਸ ਵਿੱਚ ਤੁਰ੍ਹੀ ਫੂਕੋ, ਉੱਚੀ ਦੇ ਕੇ ਪੁਕਾਰੋ ਅਤੇ ਆਖੋ, ਇੱਕਠੇ ਹੋ ਜੋ ਭਈ ਅਸੀਂ ਗੜ੍ਹ ਵਾਲੇ ਸ਼ਹਿਰਾਂ ਵਿੱਚ ਚੱਲੀਏ !6ਤੁਸੀਂ ਸੀਯੋਨ ਵਿੱਚ ਝੰਡਾ ਉੱਚਾ ਕਰੋ, ਪਨਾਹ ਲਈ ਨੱਠੋ ਅਤੇ ਖਲੋਵੋ ਨਾ, ਕਿਉਂ ਜੋ ਮੈਂ ਉੱਤਰ ਵਲੋਂ ਬੁਰਿਆਈ ਅਤੇ ਵੱਡੀ ਬਰਬਾਦੀ ਲਿਆ ਰਿਹਾ ਹੈ !
7ਇੱਕ ਬਬਰ ਸ਼ੇਰ ਆਪਣੇ ਝਾੜ ਵਿੱਚੋਂ ਨਿੱਕਲਿਆ ਹੈ, ਅਤੇ ਕੌਮਾਂ ਦੇ ਨਾਸ ਕਰਨ ਵਾਲੇ ਨੇ ਕੂਚ ਕੀਤਾ, ਉਹ ਆਪਣੇ ਥਾਂ ਤੋਂ ਨਿੱਕਲਿਆ, ਭਈ ਤੇਰੇ ਦੇਸ ਨੂੰ ਵਿਰਾਨ ਕਰੇ । ਤੇਰੇ ਸ਼ਹਿਰ ਥੇਹ ਹੋ ਜਾਣਗੇ, ਅਤੇ ਉੱਥੇ ਵੱਸਣ ਵਾਲਾ ਕੋਈ ਨਾ ਰਹੇਗਾ ।8ਇਸ ਦੇ ਕਾਰਨ ਤੁਸੀਂ ਆਪਣੇ ਲੱਕ ਉੱਤੇ ਤੱਪੜ ਪਾਓ, ਸਿਆਪਾ ਕਰੋ ਤੇ ਕੁਰਲਾਓ, ਕਿ ਯਹੋਵਾਹ ਦਾ ਤੇਜ਼ ਗੁੱਸਾ ਸਾਥੋਂ ਟਲ ਨਹੀਂ ਗਿਆ ।
9ਉਸ ਦਿਨ ਇਸ ਤਰ੍ਹਾਂ ਹੋਵੇਗਾ, ਯਹੋਵਾਹ ਦਾ ਵਾਕ ਹੈ ਕਿ ਰਾਜਾ ਦਾ ਦਿਲ ਅਤੇ ਸਰਦਾਰਾਂ ਦੇ ਦਿਲ ਬੈਠ ਜਾਣਗੇ, ਅਤੇ ਜਾਜਕ ਡੈਂਬਰ ਜਾਣਗੇ ਅਤੇ ਨਬੀ ਹੈਰਾਨ ਹੋਣਗੇ10ਤਦ ਮੈਂ ਆਖਿਆ, ਹਾਇ, ਪ੍ਰਭੂ ਯਹੋਵਾਹ ! ਤੈ ਸੱਚ-ਮੁੱਚ ਇਸ ਪਰਜਾ ਨੂੰ ਅਤੇ ਯਰੂਸ਼ਲਮ ਨੂੰ ਇਹ ਆਖ ਕੇ ਵੱਡਾ ਧੋਖਾ ਦਿੱਤਾ ਭਈ ਤੁਹਾਡੇ ਲਈ ਸ਼ਾਂਤੀ ਹੋਵੇਗੀ ਪਰ ਤਲਵਾਰ ਜਾਨਾਂ ਤੱਕ ਅੱਪੜ ਪਈ ਹੈ ! ।
11ਉਸ ਵੇਲੇ ਇਸ ਪਰਜਾ ਨੂੰ ਅਤੇ ਯਰੂਸ਼ਲਮ ਨੂੰ ਇਹ ਆਖਿਆ ਜਾਵੇਗਾ ਕਿ ਉੱਚਿਆਂ ਥਾਵਾਂ ਤੋਂ ਇੱਕ ਤੱਤੀ ਹਵਾ ਮੇਰੀ ਪਰਜਾ ਦੀ ਧੀ ਵੱਲ ਉਜਾੜ ਤੋਂ ਵੱਗੇਗੀ, - ਉਡਾਉਣ ਜਾਂ ਸਾਫ ਕਰਨ ਲਈ ਨਹੀਂ,12ਸਗੋਂ ਉੱਥੋਂ ਇੱਕ ਤੁੰਦ ਹਵਾ ਮੇਰੇ ਲਈ ਵੱਗੇਗੀ, ਨਾਲੇ ਹੁਣ ਮੈਂ ਉਹਨਾਂ ਉੱਤੇ ਨਿਆਂ ਕਰਾਂਗਾ ।
ਯਹੂਦਾਹ ਦਾ ਵੈਰੀਆਂ ਨਾਲ ਘਿਰ ਜਾਣਾ

13ਵੇਖ ਉਹ ਬੱਦਲਾਂ ਵਾਂਗੂੰ ਆ ਰਿਹਾ ਹੈ, ਉਹ ਦੇ ਰਥ ਵਾਵਰੋਲੇ ਵਾਂਗੂੰ ਹਨ, ਉਹ ਦੇ ਘੋੜੇ ਉਕਾਬਾਂ ਨਾਲੋਂ ਤਿੱਖੇ ਹਨ, ਹਾਇ ਸਾਨੂੰ ! ਅਸੀਂ ਬਰਬਾਦ ਹੋ ਗਏ !14ਹੇ ਯਰੂਸ਼ਲਮ, ਤੂੰ ਆਪਣੇ ਦਿਲ ਨੂੰ ਬੁਰਿਆਈ ਤੋਂ ਧੋ, ਭਈ ਤੂੰ ਬਚਾਇਆ ਜਾਵੇਂ । ਕਿੰਨਾ ਚਿਰ ਤੇਰੇ ਬੁਰੇ ਖਿਆਲ ਤੇਰੇ ਮਨ ਵਿੱਚ ਰਹਿਣਗੇ ?15ਦਾਨ ਤੋਂ ਤਾਂ ਇੱਕ ਅਵਾਜ਼ ਦੱਸਦੀ, ਅਤੇ ਇਫ਼ਰਾਈਮ ਦੇ ਪਹਾੜ ਤੋਂ ਬਦੀ ਦੀ ਖ਼ਬਰ ਸੁਣਾਉਂਦੀ,
16ਤੁਸੀਂ ਕੌਮਾਂ ਨੂੰ ਚੇਤੇ ਕਰਾਓ,- ਵੇਖੋ, ਯਰੂਸ਼ਲਮ ਨੂੰ ਖ਼ਬਰ ਦਿਓ, ਕਿ ਘੇਰਾ ਪਾਉਣ ਵਾਲੇ ਦੂਰ ਦੇਸ ਤੋਂ ਲੱਗੇ ਆਉਂਦੇ ਹਨ !17ਉਹ ਯਹੂਦਾਹ ਦੇ ਸ਼ਹਿਰਾਂ ਦੇ ਵਿਰੁੱਧ ਲਲਕਾਰਦੇ ਹਨ ! ਪੈਲੀ ਦੇ ਰਾਖਿਆਂ ਵਾਂਗੂੰ ਉਹ ਉਸ ਨੂੰ ਚੌਂਹ ਪਾਸਿਓਂ ਘੇਰਨਗੇ, ਉਹ ਮੈਥੋਂ ਆਕੀ ਜੋ ਹੋ ਗਈ ਹੈ, ਯਹੋਵਾਹ ਦਾ ਵਾਕ ਹੈ ।18ਤੇਰੀ ਚਾਲ ਅਤੇ ਤੇਰੇ ਕੰਮਾਂ ਨੇ ਇਹ ਤੇਰੇ ਉੱਤੇ ਲਿਆਂਦਾ, ਇਹ ਤੇਰੀ ਬਿਪਤਾ ਹੈ ਅਤੇ ਇਹ ਕੌੜੀ ਹੈ, ਇਹ ਤੇਰੇ ਦਿਲ ਤੱਕ ਅੱਪੜ ਗਈ ਹੈ !
ਯਿਰਮਿਯਾਹ ਦੀ ਪੀੜਾ ਅਤੇ ਦੁੱਖ

19ਹਾਇ ਮੈਨੂੰ ! ਹਾਇ ਮੈਨੂੰ ! ਮੇਰੇ ਦਿਲ ਦੇ ਪੜਦੇ ਵਿੱਚ ਪੀੜ ਹੈ, ਮੇਰਾ ਦਿਲ ਬੇਚੈਨ ਹੈ, ਮੈਂ ਚੁੱਪ ਨਹੀਂ ਰਹਿ ਸਕਦਾ ! ਮੇਰੀ ਜਾਨ ਤੁਰ੍ਹੀ ਦੀ ਅਵਾਜ਼, ਅਤੇ ਲੜਾਈ ਦੀ ਲਲਕਾਰ ਸੁਣਦੀ ਹੈ ।20ਰਾਹ ਉੱਤੇ ਹਾਰ ਦੀ ਖ਼ਬਰ ਆਉਂਦੀ ਹੈ, ਕਿ ਸਾਰਾ ਦੇਸ ਲੁੱਟਿਆ ਗਿਆ, - ਅਚਾਨਕ ਤੇਰੇ ਤੰਬੂ ਲੁੱਟੇ ਗਏ, ਅਤੇ ਮੇਰੇ ਪੜਦੇ ਇੱਕ ਦਮ ਵਿੱਚ ।
21ਮੈਂ ਕਦ ਤੱਕ ਇਹ ਝੰਡਾ ਵੇਖਾਂਗਾ, ਅਤੇ ਤੁਰ੍ਹੀ ਦੀ ਅਵਾਜ਼ ਸੁਣਾਂਗਾ ?22ਮੇਰੀ ਪਰਜਾ ਤਾਂ ਮੂਰਖ ਹੈ, ਉਹ ਮੈਨੂੰ ਨਹੀਂ ਜਾਣਦੀ । ਉਹ ਮੂਰਖ ਬੱਚੇ ਹਨ, ਉਹਨਾਂ ਨੂੰ ਕੋਈ ਸਮਝ ਨਹੀਂ । ਉਹ ਬੁਰਿਆਈ ਕਰਨ ਵਿੱਚ ਬੁੱਧਵਾਨ ਹਨ, ਪਰ ਉਹ ਨੇਕੀ ਕਰਨੀ ਨਹੀਂ ਜਾਣਦੇ ।
ਵਿਨਾਸ ਦਾ ਦਰਸ਼ਣ ਮਿਲਣਾ

23ਮੈਂ ਧਰਤੀ ਨੂੰ ਦੇਖਿਆ ਅਤੇ ਵੇਖੋ, ਉਹ ਬੇਡੌਲ ਅਤੇ ਸੁੰਞੀ ਸੀ, ਅਤੇ ਅਕਾਸ਼ਾਂ ਵੱਲ ਅਤੇ ਉਹਨਾਂ ਵਿੱਚ ਚਾਨਣ ਨਹੀਂ ਸੀ ।24ਮੈਂ ਪਹਾੜਾਂ ਨੂੰ ਦੇਖਿਆ ਅਤੇ ਵੇਖੋ, ਉਹ ਕੰਬ ਰਹੇ ਸਨ, ਅਤੇ ਸਾਰੇ ਟਿੱਲੇ ਅੱਗੇ ਪਿੱਛੇ ਹੋ ਜਾਂਦੇ ਸਨ !25ਮੈਂ ਦੇਖਿਆ ਅਤੇ ਵੇਖੋ, ਕੋਈ ਆਦਮੀ ਨਹੀਂ ਸੀ, ਅਤੇ ਅਕਾਸ਼ ਦੇ ਸਾਰੇ ਪੰਛੀ ਉੱਡ ਗਏ ।26ਮੈਂ ਦੇਖਿਆ ਅਤੇ ਵੇਖੋ, ਉਹ ਦਾ ਮੇਵੇਦਾਰ ਮੈਦਾਨ ਉਜਾੜ ਹੋ ਗਿਆ, ਉਹ ਦੇ ਸਾਰੇ ਸ਼ਹਿਰ ਯਹੋਵਾਹ ਅੱਗੇ, ਉਹ ਦੇ ਡਾਢੇ ਕ੍ਰੋਧ ਦੇ ਅੱਗੇ ਬਰਬਾਦ ਹੋ ਗਏ ।
27ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਸਾਰੀ ਧਰਤੀ ਵਿਰਾਨ ਹੋ ਜਾਵੇਗੀ, ਤਾਂ ਵੀ ਮੈਂ ਉਹ ਨੂੰ ਉੱਕਾ ਹੀ ਨਹੀਂ ਮੁਕਾਵਾਂਗਾ !28ਏਸ ਉੱਤੇ ਧਰਤੀ ਸੋਗ ਕਰੇਗੀ, ਅਤੇ ਉੱਤੋਂ ਅਕਾਸ਼ ਕਾਲੇ ਹੋ ਜਾਣਗੇ, ਕਿਉਂ ਜੋ ਮੈਂ ਇਸ ਉੱਤੇ ਬੋਲ ਚੁੱਕਿਆ ਹਾਂ, ਮੈਂ ਇਹ ਠਾਣਿਆ ਹੈ, ਮੈਂ ਨਹੀ ਗਰੰਜ ਹੋਵਾਂਗਾ ਨਾ ਹੀ ਇਸ ਤੋਂ ਮੁੜਾਂਗਾ ।29ਘੋੜ ਚੜ੍ਹੇ ਅਤੇ ਤੀਰ ਅੰਦਾਜ਼ ਦੀ ਅਵਾਜ਼ ਨਾਲ, ਹਰੇਕ ਸ਼ਹਿਰ ਨੱਠ ਜਾਂਦਾ ਹੈ । ਉਹ ਝੰਗੀ ਵਿੱਚ ਵੜਦੇ ਅਤੇ ਚਟਾਨਾਂ ਉੱਤੇ ਚੜ੍ਹ ਜਾਂਦੇ ਹਨ । ਹਰੇਕ ਸ਼ਹਿਰ ਛੱਡਿਆ ਜਾਂਦਾ ਹੈ, ਅਤੇ ਕੋਈ ਮਨੁੱਖ ਉਹਨਾਂ ਵਿੱਚ ਨਹੀਂ ਵੱਸਦਾ ।
30ਤੂੰ ਹੇ ਉਜਾੜੀਏ, ਕੀ ਕਰਦੀ ਹੈਂ ? ਭਾਵੇਂ ਤੂੰ ਸੂਹਾ ਜੋੜਾ ਪਾਵੇਂ, ਭਾਵੇਂ ਤੂੰ ਆਪ ਨੂੰ ਸੋਨੇ ਦੇ ਗਹਿਣਿਆਂ ਦੇ ਨਾਲ ਸਜਾਵੇਂ, ਭਾਵੇਂ ਆਪਣੀਆਂ ਅੱਖਾਂ ਵਿੱਚ ਸੁਰਮਾ ਪਾਵੇਂ, ਤੂੰ ਵਿਅਰਥ ਆਪਣੇ ਆਪ ਨੂੰ ਸੋਹਣੀ ਬਣਾਉਂਦੀ ਹੈ, ਤੇਰੇ ਧਗੜੇ ਤੈਥੋਂ ਘਿਣ ਕਰਦੇ ਹਨ, ਉਹ ਤੇਰੀ ਜਾਨ ਨੂੰ ਭਾਲਦੇ ਹਨ ।31ਮੈਂ ਤਾਂ ਉਸ ਔਰਤ ਵਰਗੀ ਇੱਕ ਅਵਾਜ ਸੁਣੀ, ਜਿਹ ਨੂੰ ਜਣਨ ਦੀਆਂ ਪੀੜਾਂ ਹੋਣ,- ਉਹ ਦੇ ਵਰਗੀ ਡਾਢੀ ਪੀੜ ਦੀ ਅਵਾਜ਼, ਜਿਹੜੀ ਆਪਣਾ ਪਲੋਠਾ ਪੁੱਤਰ ਜਣਦੀ, ਸੀਯੋਨ ਦੀ ਧੀ ਦੀ ਅਵਾਜ ਜਿਹੜੀ ਸਾਹ ਲਈ ਹੌਂਕਦੀ ਹੈ, ਜਿਹੜੀ ਆਪਣੇ ਹੱਥ ਵਧਾਉਂਦੀ ਹੈ, ਹਾਇ ਮੇਰੇ ਉੱਤੇ ਭਈ ਮੇਰੀ ਜਾਨ ਨੂੰ ਖ਼ੂਨੀਆਂ ਅੱਗੇ ਡੋਬ ਪੈ ਗਿਆ ! ।

5
ਯਰੂਸ਼ਲਮ ਦਾ ਪਾਪ

1ਤੁਸੀਂ ਯਰੂਸ਼ਲਮ ਦੀਆਂ ਗਲੀਆਂ ਵਿੱਚ ਐਧਰ ਓਧਰ ਨੱਸੋ,ਵੇਖੋ ਅਤੇ ਜਾਣੋ ਅਤੇ ਉਹ ਦੇ ਚੌਕਾਂ ਵਿੱਚ ਭਾਲੋ, ਜੇ ਕੋਈ ਮਨੁੱਖ ਤੁਹਾਨੂੰ ਮਿਲ ਸਕੇ, ਜਿਹੜਾ ਇਨਸਾਫ਼ ਕਰਨ ਵਾਲਾ, ਅਤੇ ਸਚਿਆਈ ਦਾ ਭਾਲਣ ਵਾਲਾ ਹੋਵੇ, ਤਾਂ ਮੈਂ ਉਹ ਨੂੰ ਮਾਫ਼ ਕਰ ਦਿਆਂਗਾ ।2ਭਾਵੇਂ ਉਹ ਆਖਦੇ ਹਨ "ਜੀਉਂਦੇ ਯਹੋਵਾਹ ਦੀ ਸੌਂਹ", ਉਹ ਜ਼ਰੂਰ ਝੂਠੀ ਸੌਂਹ ਖਾਂਦੇ ਹਨ ।3ਹੇ ਯਹੋਵਾਹ, ਕੀ ਤੇਰੀਆਂ ਅੱਖਾਂ ਸਚਿਆਈ ਦੇ ਉੱਤੇ ਨਹੀਂ ਹਨ ? ਤੂੰ ਉਹਨਾਂ ਨੂੰ ਮਾਰਿਆ ਕੁੱਟਿਆ, ਪਰ ਉਹ ਨਹੀਂ ਝੁਰੇ, ਤੂੰ ਉਹਨਾਂ ਨੂੰ ਮੁਕਾ ਦਿੱਤਾ, ਪਰ ਉਹ ਸਿੱਖਿਆ ਲੈਣ ਤੋਂ ਮੁੱਕਰ ਗਏ । ਉਹਨਾਂ ਨੇ ਆਪਣੇ ਚਿਹਰਿਆਂ ਨੂੰ ਪੱਥਰ ਨਾਲੋਂ ਵੀ ਸਖ਼ਤ ਕੀਤਾ ਹੈ, ਪਰ ਉਹ ਮੁੜਨ ਤੋਂ ਮੁੱਕਰ ਗਏ ਹਨ ।

4ਤਦ ਮੈਂ ਆਖਿਆ, ਇਹ ਸੱਚ-ਮੁੱਚ ਗਰੀਬ ਹਨ, ਇਹ ਬੇਅਕਲ ਹਨ, ਤਾਂ ਯਹੋਵਾਹ ਦੇ ਰਾਹ ਨੂੰ ਨਹੀਂ ਜਾਣਦੇ, ਨਾ ਆਪਣੇ ਪਰਮੇਸ਼ੁਰ ਦੇ ਇਨਸਾਫ਼ ਨੂੰ ।5ਮੈਂ ਵੱਡਿਆਂ ਕੋਲ ਜਾਂਵਾਂਗਾ, ਮੈਂ ਉਹਨਾਂ ਦੇ ਨਾਲ ਬੋਲਾਂਗਾ, ਉਹ ਤਾਂ ਯਹੋਵਾਹ ਦੇ ਰਾਹ ਨੂੰ ਜਾਣਦੇ ਹਨ, ਅਤੇ ਆਪਣੇ ਪਰਮੇਸ਼ੁਰ ਦੇ ਇਨਸਾਫ਼ ਨੂੰ ਵੀ । ਪਰ ਉਹਨਾਂ ਨੇ ਰਲ ਮਿਲ ਕੇ ਜੂਲਾ ਭੰਨ ਸੁੱਟਿਆ ਹੈ, ਅਤੇ ਬੰਧਨਾਂ ਨੂੰ ਤੋੜ ਛੱਡਿਆ ਹੈ ।6ਇਸ ਲਈ ਜੰਗਲ ਦਾ ਬਬਰ ਸ਼ੇਰ ਉਹਨਾਂ ਨੂੰ ਮਾਰ ਸੁੱਟੇਗਾ, ਅਤੇ ਉਜਾੜ ਦਾ ਬਘਿਆੜ ਉਹਨਾਂ ਨੂੰ ਨਾਸ ਕਰੇਗਾ, ਚੀਤਾ ਉਹਨਾਂ ਦੇ ਸ਼ਹਿਰਾਂ ਦੀ ਘਾਤ ਵਿੱਚ ਰਹਿੰਦਾ ਹੈ,- ਹਰੇਕ ਜਿਹੜਾ ਉਹਨਾਂ ਵਿੱਚੋਂ ਬਾਹਰ ਜਾਵੇ ਪਾੜਿਆ ਜਾਵੇਗਾ, ਕਿਉਂ ਜੋ ਉਹਨਾਂ ਦੇ ਅਪਰਾਧ ਬਹੁਤ ਹੋ ਗਏ, ਉਹਨਾਂ ਦੀਆਂ ਫਿਰਤਾਂ ਵਧ ਗਈਆਂ ਹਨ ।
7ਮੈਂ ਤੈਨੂੰ ਕਿਵੇਂ ਮਾਫ਼ ਕਰ ਸਕਦਾ ਹਾਂ ? ਤੇਰੇ ਪੁੱਤਰਾਂ ਨੇ ਮੈਨੂੰ ਤਿਆਗ ਦਿੱਤਾ ਹੈ, ਅਤੇ ਉਹਨਾਂ ਦੀ ਸੌਂਹ ਖਾਧੀ ਹੈ ਜਿਹੜੇ ਦੇਵਤੇ ਵੀ ਨਹੀਂ ! ਜਦ ਮੈਂ ਉਹਨਾਂ ਨੂੰ ਰਜਾ ਕੇ ਖੁਆਇਆ, ਉਹਨਾਂ ਨੇ ਜ਼ਨਾਹ ਕੀਤਾ, ਉਹ ਟੋਲੀਆਂ ਬਣ ਕੇ ਕੰਜਰੀਆਂ ਦੇ ਘਰ ਵਿੱਚ ਇੱਕਠੇ ਹੋਏ !8ਉਹ ਰੱਜੇ ਹੋਏ ਘੋੜਿਆਂ ਵਾਂਗੂੰ ਫਿਰਦੇ ਸਨ, ਹਰੇਕ ਆਪਣੇ ਗੁਆਂਢੀ ਦੀ ਔਰਤ ਉੱਤੇ ਹਿਣਕਦਾ ਹੈ ।9ਕੀ ਮੈਂ ਇਹਨਾਂ ਗੱਲਾਂ ਦੀ ਖਬਰ ਨਾ ਲਵਾਂਗਾ ? ਯਹੋਵਾਹ ਦਾ ਵਾਕ ਹੈ, ਅਤੇ ਮੇਰੀ ਜਾਨ ਅਜਿਹੀ ਕੌਮ ਕੋਲੋਂ ਬਦਲਾ ਨਾ ਲਵੇਗੀ ?
10ਤੁਸੀਂ ਉਹ ਦੀਆਂ ਕੰਧਾਂ ਉੱਤੇ ਚੜ੍ਹ ਜਾਓ ਅਤੇ ਨਾਸ ਕਰੋ, ਪਰ ਉਹ ਨੂੰ ਮੂਲੋਂ ਹੀ ਨਾ ਮੁਕਾ ਦਿਓ । ਉਹ ਦੀਆਂ ਡਾਲੀਆਂ ਛਾਂਗ ਸੁੱਟੋ, ਉਹ ਯਹੋਵਾਹ ਦੀਆਂ ਨਹੀਂ ਹਨ ।11ਇਸਰਾਏਲ ਦੇ ਘਰਾਣੇ ਅਤੇ ਯਹੂਦਾਹ ਦੇ ਘਰਾਣੇ ਮੇਰੇ ਨਾਲ ਬੜਾ ਦਗਾ ਕੀਤਾ, ਯਹੋਵਾਹ ਦਾ ਵਾਕ ਹੈ ।
ਪਰਮੇਸ਼ੁਰ ਦਾ ਇਸਰਾਏਲ ਨੂੰ ਤਿਆਗ ਦੇਣਾ

12ਉਹਨਾਂ ਨੇ ਯਹੋਵਾਹ ਦਾ ਇਨਕਾਰ ਕੀਤਾ, ਅਤੇ ਆਖਿਆ ਇਹ ਉਹ ਨਹੀਂ, ਸਾਡੇ ਉੱਤੇ ਕੋਈ ਬੁਰਿਆਈ ਨਹੀਂ ਆਵੇਗੀ, ਅਸੀਂ ਨਾ ਤਲਵਾਰ ਨਾ ਕਾਲ ਵੇਖਾਂਗੇ ।13ਨਬੀ ਹਵਾ ਬਣ ਜਾਣਗੇ, ਬਚਨ ਉਹਨਾਂ ਵਿੱਚ ਹੈ ਨਹੀਂ, ਐਉਂ ਉਹਨਾਂ ਨਾਲ ਹੋ ਜਾਵੇਗਾ ।
14ਸੋ ਯਹੋਵਾਹ ਸੈਨਾ ਦਾ ਪਰਮੇਸ਼ੁਰ ਐਉਂ ਫਰਮਾਉਂਦਾ ਹੈ,- ਇਸ ਲਈ ਕਿ ਤੁਸੀਂ ਇਹ ਬਚਨ ਆਖਿਆ ਹੈ, ਵੇਖ, ਮੈਂ ਇਹਨਾਂ ਗੱਲਾਂ ਨੂੰ ਤੇਰੇ ਮੂੰਹ ਵਿੱਚ ਅੱਗ ਬਣਾ ਦਿੰਦਾ ਹਾਂ, ਅਤੇ ਇਸ ਪਰਜਾ ਨੂੰ ਲੱਕੜੀ, ਇਹ ਉਹਨਾਂ ਨੂੰ ਖਾ ਜਾਵੇਗੀ ।15ਹੇ ਇਸਰਾਏਲ ਦੇ ਘਰਾਣੇ, ਵੇਖੋ, ਦੂਰੋਂ ਇੱਕ ਕੌਮ ਨੂੰ ਤੁਹਾਡੇ ਉੱਤੇ ਚੜ੍ਹਾ ਲਿਆਵਾਂਗਾ, ਯਹੋਵਾਹ ਦਾ ਵਾਕ ਹੈ । ਉਹ ਇੱਕ ਸੂਰਮੀ ਕੌਮ ਹੈ, ਉਹ ਇੱਕ ਸਨਾਤਨੀ ਕੌਮ ਹੈ, ਇੱਕ ਕੌਮ ਜਿਹ ਦੀ ਬੋਲੀ ਤੂੰ ਨਹੀਂ ਜਾਣਦਾ, ਅਤੇ ਨਾ ਸਮਝ ਸਕਦਾ ਹੈ ਕਿ ਉਹ ਕੀ ਬੋਲਦੀ ਹੈ ।
16ਉਹਨਾਂ ਦਾ ਤਰਕਸ਼ ਖੁੱਲ੍ਹੀ ਗੋਰ ਹੈ, ਉਹ ਸਾਰਿਆਂ ਦੇ ਸਾਰੇ ਸੂਰਮੇ ਹਨ ।17ਉਹ ਤੇਰੀ ਫ਼ਸਲ ਅਤੇ ਤੇਰੀ ਰੋਟੀ ਖਾ ਜਾਣਗੇ, ਉਹ ਤੇਰੇ ਇੱਜੜਾਂ ਨੂੰ ਅਤੇ ਤੇਰੇ ਵੱਗਾਂ ਨੂੰ ਖਾ ਜਾਣਗੇ, ਉਹ ਤੇਰੇ ਅੰਗੂਰ ਅਤੇ ਤੇਰੀ ਹੰਜੀਰ ਚੱਟ ਕਰ ਲੈਣਗੇ, ਉਹ ਤੇਰੇ ਗੜ੍ਹ ਵਾਲੇ ਸ਼ਹਿਰ ਜਿਹਨਾਂ ਉੱਤੇ ਤੇਰਾ ਮਾਣ ਹੈ ਤਲਵਾਰ ਨਾਲ ਢਾਹ ਦੇਣਗੇ ।
18ਪਰ ਉਹਨਾਂ ਦਿਨਾਂ ਵਿੱਚ ਵੀ ਮੈਂ ਤੈਨੂੰ ਮੂਲੋਂ ਹੀ ਨਾ ਮੁਕਾਵਾਂਗਾ, ਯਹੋਵਾਹ ਦਾ ਵਾਕ ਹੈ19ਤਾਂ ਇਸ ਤਰ੍ਹਾਂ ਹੋਇਆ ਕਿ ਜਦ ਉਹ ਆਖਣਗੇ, ਯਹੋਵਾਹ ਸਾਡੇ ਪਰਮੇਸ਼ੁਰ ਨੇ ਸਾਡੇ ਨਾਲ ਇਹ ਕਿਉਂ ਕੀਤਾ ਹੈ ? ਤਦ ਤੁਸੀਂ ਉਹਨਾਂ ਨੂੰ ਆਖੋਗੇ, ਜਿਵੇਂ ਤੁਸੀਂ ਮੈਨੂੰ ਤਿਆਗ ਦਿੱਤਾ ਅਤੇ ਆਪਣੇ ਦੇਸ ਵਿੱਚ ਓਪਰੇ ਦੇਵਤੇ ਦੀ ਪੂਜਾ ਕੀਤੀ ਤਿਵੇਂ ਤੁਸੀਂ ਪਰਾਇਆਂ ਦੀ ਸੇਵਾ ਉਸੇ ਦੇਸ ਵਿੱਚ ਜਿਹੜਾ ਤੁਹਾਡਾ ਨਹੀਂ ਹੈ ਕਰੋਗੇ ।
ਆਪਣੇ ਲੋਕਾਂ ਨੂੰ ਪਰਮੇਸ਼ੁਰ ਦੀ ਚੇਤਾਵਨੀ

20ਯਾਕੂਬ ਦੇ ਘਰਾਣੇ ਵਿੱਚ ਇਹ ਦੱਸੋ, ਅਤੇ ਯਹੂਦਾਹ ਵਿੱਚ ਇਹ ਸੁਣਾਓ,21ਹੇ ਮੂਰਖ ਅਤੇ ਬੇਸਮਝ ਲੋਕੋ, ਇਹ ਨੂੰ ਸੁਣੋ ਤਾਂ, ਤੁਸੀਂ ਜਿਹਨਾਂ ਦੀਆਂ ਅੱਖਾਂ ਤਾਂ ਹਨ ਪਰ ਵੇਖਦੇ ਨਹੀਂ, ਜਿਹਨਾਂ ਦੇ ਕੰਨ ਤਾਂ ਹਨ ਪਰ ਸੁਣਦੇ ਨਹੀਂ,22ਕੀ ਤੁਸੀਂ ਮੈਥੋਂ ਨਹੀਂ ਡਰਦੇ ? ਯਹੋਵਾਹ ਦਾ ਵਾਕ ਹੈ, ਕੀ ਤੁਸੀਂ ਮੇਰੇ ਅੱਗੇ ਨਾ ਕੰਬੋਗੇ, ਜਿਹਨੇ ਰੇਤ ਨੂੰ ਸਮੁੰਦਰ ਦੇ ਬੰਨੇ ਉੱਤੇ, ਸਦਾ ਦੀ ਬਿਧੀ ਕਰਕੇ ਰੱਖਿਆ ਹੈ, ਭਈ ਉਹ ਉਸ ਤੋਂ ਲੰਘ ਨਹੀਂ ਸਕਦਾ ? ਭਾਵੇਂ ਉਹ ਦੀਆਂ ਲਹਿਰਾਂ ਉੱਛਲਣ ਪਰ ਉਹ ਨੂੰ ਦਬਾ ਨਹੀ ਸਕਦੀਆਂ, ਭਾਵੇਂ ਉਹ ਗੱਜਣ ਪਰ ਉਹ ਉਸ ਤੋਂ ਲੰਘ ਨਹੀਂ ਸੱਕਦੀਆਂ ।
23ਪਰ ਇਸ ਪਰਜਾ ਦਾ ਦਿਲ ਜ਼ਿੱਦੀ ਅਤੇ ਆਕੀ ਹੈ, ਉਹ ਇੱਕ ਪਾਸੇ ਹੋ ਕੇ ਚਲੇ ਗਏ ।24ਉਹ ਆਪਣੇ ਮਨ ਵਿੱਚ ਨਹੀਂ ਆਖਦੇ ਕਿ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਤੋਂ ਡਰੀਏ, ਜਿਹੜਾ ਸਾਨੂੰ ਰੁੱਤ ਸਿਰ ਮੀਂਹ ਦਿੰਦਾ ਹੈ, ਪਹਿਲਾ ਅਤੇ ਪਿਛਲਾ ਮੀਂਹ, ਉਹ ਫ਼ਸਲ ਦੇ ਮਿੱਥੇ ਹੋਏ ਹਫ਼ਤਾਂ ਨੂੰ ਸਾਡੇ ਲਈ ਸਾਂਭ ਕੇ ਰੱਖਦਾ ਹੈ ।25ਤੁਹਾਡੀਆਂ ਬੁਰਿਆਈਆਂ ਨੇ ਇਹ ਚੀਜ਼ਾਂ ਤੁਹਾਥੋਂ ਦੂਰ ਕਰ ਦਿੱਤੀਆਂ ਹਨ, ਤੁਹਾਡੇ ਪਾਪਾਂ ਨੇ ਇਹ ਚੰਗੀਆਂ ਚੀਜ਼ਾਂ ਤੁਹਾਥੋਂ ਡੱਕ ਲਈਆਂ ਹਨ ।
26ਮੇਰੀ ਪਰਜਾ ਵਿੱਚ ਤਾਂ ਦੁਸ਼ਟ ਪਾਏ ਗਏ, ਉਹ ਫਾਂਧੀਆਂ ਵਾਂਗੂੰ ਘਾਤ ਵਿੱਚ ਬੈਠਦੇ ਹਨ, ਉਹ ਫਾਹੀ ਲਾਉਂਦੇ ਹਨ, ਉਹ ਮਨੁੱਖਾਂ ਨੂੰ ਫੜਦੇ ਹਨ ।27ਜਿਵੇਂ ਪਿੰਜਰਾ ਪੰਛੀਆਂ ਨਾਲ ਭਰਿਆ ਹੋਇਆ ਹੁੰਦਾ ਹੈ, ਤਿਵੇਂ ਉਹਨਾਂ ਦੇ ਘਰ ਮਕਰ ਨਾਲ ਭਰੇ ਹੋਏ ਹਨ, ਇਸੇ ਲਈ ਉਹ ਵੱਡੇ ਅਤੇ ਧਨੀ ਹੋ ਗਏ ਹਨ ।28ਉਹ ਮੋਟੇ ਹੋ ਗਏ ਅਤੇ ਫਿੱਟ ਗਏ, ਨਾਲੇ ਉਹ ਬੁਰੀਆਂ ਗੱਲਾਂ ਵਿੱਚ ਵਧ ਗਏ, ਉਹ ਇਨਸਾਫ਼ ਵੀ ਨਹੀਂ ਕਰਦੇ, ਨਾ ਹੀ ਯਤੀਮਾਂ ਦਾ, ਭਈ ਉਹ ਸਫਲ ਹੋਣ, ਉਹ ਕੰਗਾਲਾਂ ਦਾ ਇਨਸਾਫ਼ ਨਾਲ ਨਿਆਂ ਨਹੀਂ ਕਰਦੇ ।29ਕੀ ਮੈਂ ਇਹਨਾਂ ਗੱਲਾਂ ਦੀ ਸਜ਼ਾ ਨਾ ਦਿਆਂਗਾ ? ਯਹੋਵਾਹ ਦਾ ਵਾਕ ਹੈ, ਕੀ ਮੈਂ ਆਪ ਹੀ ਵੱਟਾ ਨਾ ਲਵਾਂਗਾ, ਅਜਿਹੀ ਕੌਮ ਤੋਂ ਜਿਵੇਂ ਇਹ ਹੈ ?
30ਇੱਕ ਅਚਰਜ ਅਤੇ ਭਿਆਨਕ ਗੱਲ ਦੇਸ ਵਿੱਚ ਹੋਈ ਹੈ,31ਨਬੀ ਝੂਠੇ ਅਗੰਮ ਵਾਚਦੇ ਹਨ, ਜਾਜਕ ਉਹਨਾਂ ਦੇ ਕਾਰਨ ਹੁਕਮ ਚਲਾਉਂਦੇ ਹਨ, ਅਤੇ ਮੇਰੀ ਪਰਜਾ ਐਉਂ ਹੀ ਪਸੰਦ ਕਰਦੀ ਹੈ ! ਪਰ ਜਦ ਓੜਕ ਹੋਵੇਗਾ ਤਾਂ ਤੁਸੀਂ ਕੀ ਕਰੋਗੇ ? ।

6
ਯਰੂਸ਼ਲਮ ਨੂੰ ਵੈਰੀਆਂ ਵੱਲੋਂ ਘੇਰਨਾ

1ਹੇ ਬਿਨਯਾਮੀਨੀਓ, ਆਪਣੇ ਬਚਾਉ ਲਈ ਯਰੂਸ਼ਲਮ ਵਿੱਚੋਂ ਨੱਠੋ, ਤਿਕਊ ਵਿੱਚ ਤੁਰ੍ਹੀ ਫੂਕੋ, ਬੈਤ-ਹੱਕਰਮ ਵਿੱਚ ਨਿਸ਼ਾਨ ਖੜਾ ਕਰੋ, ਕਿਉਂ ਜੋ ਉੱਤਰ ਵੱਲੋਂ ਇੱਕ ਬੁਰਿਆਈ ਅਤੇ ਵੱਡੀ ਤਬਾਹੀ ਝਾਕਦੀ ਹੈ ।2ਮੈਂ ਸੀਯੋਨ ਦੀ ਧੀ ਨੂੰ ਜਿਹੜੀ ਸੋਹਣੀ ਅਤੇ ਨਾਜ਼ੁਕ ਹੈ ਮਾਰ ਸੁੱਟਾਂਗਾ ।3ਆਜੜੀ ਆਪਣੇ ਇੱਜੜਾਂ ਸਣੇ ਉਸ ਦੇ ਕੋਲ ਆਉਣਗੇ, ਉਹ ਉਸ ਦੇ ਵਿਰੁੱਧ ਆਲੇ-ਦੁਆਲੇ ਆਪਣੇ ਤੰਬੂ ਲਾਉਣਗੇ, ਹਰੇਕ ਆਪੋ ਆਪਣੇ ਥਾਂ ਵਿੱਚ ਚਰਾਵੇਗਾ ।

4ਉਹ ਦੇ ਵਿਰੁੱਧ ਲੜਾਈ ਛੇੜੋ, ਉੱਠੋ ! ਅਸੀਂ ਦੁਪਹਿਰ ਵੇਲੇ ਚੜ੍ਹਾਈ ਕਰੀਏ ! ਹਾਇ ਸਾਨੂੰ ! ਦਿਨ ਜੋ ਢਲਦਾ ਜਾਂਦਾ ਹੈ, ਅਤੇ ਸ਼ਾਮਾਂ ਦੇ ਪਰਛਾਵੇਂ ਵਧਦੇ ਜਾਂਦੇ ਹਨ ।5ਉੱਠੋ ! ਅਸੀਂ ਰਾਤ ਨੂੰ ਚੜ੍ਹਾਈ ਕਰੀਏ, ਅਤੇ ਉਹ ਦੇ ਮਹਿਲਾਂ ਨੂੰ ਢਾਹ ਸੁੱਟੀਏ ! ।
6ਸੈਨਾਂ ਦਾ ਯਹੋਵਾਹ ਤਾਂ ਇਸ ਤਰ੍ਹਾਂ ਆਖਦਾ ਹੈ,― ਤੁਸੀਂ ਰੁੱਖਾਂ ਨੂੰ ਵੱਢ ਸੁੱਟੋ, ਯਰੂਸ਼ਲਮ ਦੇ ਵਿਰੁੱਧ ਦਮਦਮਾ ਬੰਨ੍ਹੋ, ਇਹ ਉਹ ਸ਼ਹਿਰ ਹੈ ਜਿਹ ਨੂੰ ਸਜ਼ਾ ਦੇਣੀ ਚਾਹੀਦੀ ਹੈ, ਉਹ ਦੇ ਵਿੱਚ ਧੱਕਾ ਧੋੜਾ ਹੀ ਹੈ ।7ਜਿਵੇਂ ਖੂਹ ਆਪਣੇ ਪਾਣੀ ਨੂੰ ਤਾਜ਼ਾ ਰੱਖਦਾ ਹੈ, ਤਿਵੇਂ ਉਹ ਆਪਣੀ ਬੁਰਿਆਈ ਨੂੰ ਤਾਜ਼ਾ ਰੱਖਦੀ ਹੈ । ਧੱਕਾ ਅਤੇ ਲੁੱਟ ਉਹ ਦੇ ਵਿੱਚ ਸੁਣੀ ਜਾਂਦੀ ਹੈ, ਮੇਰੇ ਅੱਗੇ ਸਦਾ ਬਿਮਾਰੀ ਅਤੇ ਘਾਉ ਹਨ ।8ਹੇ ਯਰੂਸ਼ਲਮ ਸਿੱਖਿਆ ਲੈ, ਮਤੇ ਮੇਰਾ ਦਿਲ ਤੈਥੋਂ ਖੱਟਾ ਪੈ ਜਾਵੇ, ਮਤੇ ਮੈਂ ਤੈਨੂੰ ਵਿਰਾਨ ਕਰ ਛੱਡਾਂ, ਅਤੇ ਮੈਂ ਤੈਨੂੰ ਬੇ ਚਿਰਾਗ ਕਰ ਦੇ !
ਵਿਦਰੋਹੀ ਇਸਰਾਏਲ

9ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਉਹ ਇਸਰਾਏਲ ਦੀ ਰਹਿੰਦ ਖੂੰਧ ਨੂੰ ਅੰਗੂਰ ਵਾਂਗੂੰ ਉੱਕਾ ਹੀ ਚੁੱਗ ਲੈਣਗੇ, ਤੂੰ ਆਪਣਾ ਹੱਥ ਅੰਗੂਰ ਚੁਗਣ ਵਾਲੇ ਵਾਂਗੂੰ ਟਹਿਣੀਆਂ ਉੱਤੇ ਫੇਰ ।10ਮੈਂ ਕਿਹ ਨੂੰ ਬੋਲਾਂ ਅਤੇ ਕਿਹ ਨੂੰ ਜਤਾਵਾਂ, ਭਈ ਉਹ ਸੁਣਨ ? ਵੇਖੋ, ਉਹਨਾਂ ਦੇ ਕੰਨ ਬੇਸੁੰਨਤੇ ਹਨ, ਉਹ ਧਿਆਨ ਨਹੀਂ ਦੇ ਸਕਦੇ, ਵੇਖੋ, ਯਹੋਵਾਹ ਦਾ ਬਚਨ ਉਹਨਾਂ ਲਈ ਇੱਕ ਨਿਆਦਰੀ ਹੈ, ਉਹ ਉਸ ਦੇ ਵਿੱਚੋਂ ਮਗਨ ਨਹੀਂ ਹਨ ।
11ਮੈਂ ਯਹੋਵਾਹ ਦੇ ਗਜ਼ਬ ਨਾਲ ਭਰਿਆ ਹੋਇਆ ਹਾਂ, ਮੈਂ ਉਹ ਨੂੰ ਸਹਿੰਦਾ ਸਹਿੰਦਾ ਥੱਕ ਗਿਆ ਹਾਂ, ਇਹ ਨੂੰ ਗਲੀ ਵਿੱਚ ਬੱਚਿਆਂ ਉੱਤੇ ਉਲੱਦ ਦੇ, ਨਾਲੇ ਜੁਆਨਾਂ ਦੇ ਇਕੱਠ ਉੱਤੇ ਵੀ । ਨਾਲੇ ਮਨੁੱਖ ਆਪਣੀ ਔਰਤ ਨਾਲ ਫੜਿਆ ਜਾਵੇਗਾ, ਅਤੇ ਬੁੱਢਾ ਵੱਡੀ ਉਮਰ ਵਾਲੇ ਨਾਲ ।12ਉਹਨਾਂ ਦੇ ਘਰ ਦੂਜਿਆਂ ਦੇ ਹਵਾਲੇ ਕੀਤੇ ਜਾਣਗੇ, ਨਾਲੇ ਉਹਨਾਂ ਦੇ ਖੇਤ ਅਤੇ ਉਹਨਾਂ ਦੀਆਂ ਔਰਤਾਂ ਵੀ, ਮੈਂ ਆਪਣਾ ਹੱਥ ਦੇਸ ਦੇ ਵਾਸੀਆਂ ਦੇ ਵਿਰੁੱਧ ਚੁੱਕਾਂਗਾ, ਯਹੋਵਾਹ ਦਾ ਵਾਕ ਹੈ ।
13ਉਹਨਾਂ ਵਿੱਚੋਂ ਛੋਟੇ ਤੋਂ ਲੈ ਕੇ ਵੱਡੇ ਤੱਕ ਸਾਰਿਆਂ ਦੇ ਸਾਰੇ ਨਫ਼ੇ ਦੇ ਲੋਭੀ ਹਨ, ਅਤੇ ਨਬੀ ਤੋਂ ਲੈ ਕੇ ਜਾਜਕ ਤੱਕ ਸਾਰਿਆਂ ਦੇ ਸਾਰੇ ਧੋਖਾ ਕਰਦੇ ਹਨ ।14ਉਹਨਾਂ ਨੇ ਮੇਰੀ ਪਰਜਾ ਦੇ ਫੱਟਾਂ ਨੂੰ ਥੋੜਾ ਜਿਹਾ ਚੰਗਾ ਕੀਤਾ ਹੈ, ਉਹ ਆਖਦੇ ਹਨ ਸ਼ਾਂਤੀ, ਸ਼ਾਂਤੀ ! ਪਰ ਸ਼ਾਂਤੀ ਹੈ ਨਹੀਂ ।15ਕੀ ਉਹ ਲੱਜਿਅਵਾਨ ਹੋਏ ਜਦ ਉਹਨਾਂ ਨੇ ਘਿਣਾਉਣੇ ਕੰਮ ਕੀਤੇ ? ਨਹੀਂ, ਮੂਲੋਂ ਹੀ ਲੱਜਿਆਵਾਨ ਨਾ ਹੋਏ ! ਉਹਨਾਂ ਨੇ ਲਾਲ ਪੀਲਾ ਹੋਣ ਨੂੰ ਜਾਣਿਆ ਵੀ ਨਾ ! ਇਸ ਲਈ ਉਹ ਡਿੱਗਿਆਂ ਹੋਇਆਂ ਵਿੱਚ ਡਿੱਗ ਪੈਣਗੇ, ਜਿਸ ਵੇਲੇ ਮੈਂ ਉਹਨਾਂ ਦੀ ਖ਼ਬਰ ਲਵਾਂਗਾ । ਉਹ ਠੁਕਰਾਏ ਜਾਣਗੇ, ਯਹੋਵਾਹ ਆਖਦਾ ਹੈ ।
ਪਰਮੇਸ਼ੁਰ ਦੇ ਮਾਰਗ ਨੂੰ ਤਿਆਗ ਦੇਣਾ

16ਯਹੋਵਾਹ ਇਸ ਤਰ੍ਹਾਂ ਫ਼ਰਮਾਂਉਂਦਾ ਹੈ,- ਤੁਸੀਂ ਰਾਹਾਂ ਵਿੱਚ ਖਲੋ ਜਾਓ ਅਤੇ ਵੇਖੋ, ਅਤੇ ਪੁਰਾਣੇ ਰਸਤਿਆਂ ਲਈ ਪੁੱਛੋ, ਭਈ ਅੱਛਾ ਰਾਹ ਕਿੱਥੇ ਹੈ ? ਤਾਂ ਉਹ ਦੇ ਵਿੱਚ ਚੱਲੋ । ਤੁਸੀਂ ਆਪਣੀਆਂ ਜਾਨਾਂ ਲਈ ਅਰਾਮ ਪਾਓਗੇ, ਪਰ ਉਹਨਾਂ ਆਖਿਆ, ਅਸੀਂ ਉਹਨਾਂ ਵਿੱਚ ਨਾ ਚੱਲਾਂਗੇ ।17ਮੈਂ ਤੁਹਾਡੇ ਲਈ ਰਾਖੇ ਠਹਿਰਾਏ ਅਤੇ ਆਖਿਆ, ਤੁਸੀਂ ਤੁਰ੍ਹੀ ਦੀ ਅਵਾਜ਼ ਵੱਲ ਧਿਆਨ ਦਿਓ, ਪਰ ਉਹਨਾਂ ਆਖਿਆ ਅਸੀਂ ਧਿਆਨ ਨਾ ਦੇਵਾਂਗੇ ।18ਇਸ ਲਈ ਹੇ ਕੌਮੋਂ, ਤੁਸੀਂ ਸੁਣੋ, ਹੇ ਮੰਡਲੀ, ਤੂੰ ਜਾਣ ਜੋ ਉਹਨਾਂ ਉੱਤੇ ਕੀ ਹੋਣ ਵਾਲਾ ਹੈ ।19ਹੇ ਧਰਤੀ ਸੁਣ ! ਮੈਂ ਇਸ ਪਰਜਾ ਉੱਤੇ ਬੁਰਿਆਈ ਲਿਆ ਰਿਹਾ ਹਾਂ । ਇਹ ਉਹਨਾਂ ਦੇ ਵਿਚਾਰਾਂ ਦਾ ਫਲ ਹੈ, ਉਹਨਾਂ ਨੇ ਤਾਂ ਮੇਰੇ ਬਚਨ ਉੱਤੇ ਧਿਆਨ ਨਹੀਂ ਦਿੱਤਾ, ਮੇਰੀ ਬਿਵਸਥਾ ਨੂੰ ਉਹਨਾਂ ਨੇ ਰੱਦ ਕਰ ਦਿੱਤਾ ।
20ਕਾਹਦੇ ਲਈ ਸ਼ਬਾ ਤੋਂ ਲੋਬਾਨ ਅਤੇ ਦੂਰ ਦੇਸ ਤੋਂ ਬੇਦ ਮੁਸ਼ਕ ਮੇਰੇ ਕੋਲ ਆਉਂਦੇ ਹਨ ? ਤੇਰੀਆਂ ਹੋਮ ਦੀਆਂ ਭੇਟਾਂ ਮੈਨੂੰ ਨਹੀਂ ਭਾਉਂਦੀਆਂ, ਅਤੇ ਤੇਰੀਆਂ ਬਲੀਆਂ ਮੈਨੂੰ ਪਸੰਦ ਨਹੀਂ ।21ਇਸ ਲਈ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖ, ਮੈਂ ਇਸ ਪਰਜਾ ਦੇ ਅੱਗੇ ਠੇਡਾ ਖਾਣ ਵਾਲੀਆਂ ਚੀਜਾਂ ਰੱਖਾਂਗਾ, ਪਿਉ ਅਤੇ ਪੁੱਤਰ ਇਕੱਠੇ ਠੇਡਾ ਖਾਣਗੇ, ਗੁਆਂਢੀ ਅਤੇ ਉਹ ਦਾ ਮਿੱਤਰ ਨਾਸ ਹੋ ਜਾਣਗੇ ।
ਉੱਤਰ ਦਿਸ਼ਾ ਵੱਲੋਂ ਹਮਲਾ

22ਯਹੋਵਾਹ ਇਸ ਤਰ੍ਹਾਂ ਆਖਦਾ ਹੈ,- ਵੇਖੋ, ਲੋਕ ਉੱਤਰ ਦੇਸ ਵਲੋਂ ਲੱਗੇ ਆਉਂਦੇ ਹਨ, ਅਤੇ ਇੱਕ ਵੱਡੀ ਕੌਮ ਧਰਤੀ ਦੀਆਂ ਹੱਦਾਂ ਤੋਂ ਜਾਗ ਉੱਠੀ ਹੈ ।
23ਉਹ ਧਣੁਖ ਅਤੇ ਬਰਛਾ ਫੜਦੇ ਹਨ, ਉਹ ਜ਼ਾਲਮ ਅਤੇ ਬੇਰਹਮ ਹਨ, ਉਹਨਾਂ ਦੀ ਅਵਾਜ਼ ਸਮੁੰਦਰ ਵਾਂਗੂੰ ਗੱਜਦੀ ਹੈ, ਉਹ ਘੋੜਿਆਂ ਉੱਤੇ ਚੜ੍ਹਦੇ ਹਨ, ਉਹ ਜੰਗੀ ਮਨੁੱਖਾਂ ਵਾਂਗੂੰ ਪਾਲਾਂ ਬੰਨ੍ਹਦੇ ਹਨ, ਹੇ ਸੀਯੋਨ ਦੀਏ ਧੀਏ, ਤੇਰੇ ਵਿਰੁੱਧ !24ਅਸੀਂ ਉਹ ਦੀ ਖ਼ਬਰ ਸੁਣੀ ਹੈ, ਸਾਡੇ ਹੱਥ ਢਿੱਲੇ ਪੈ ਗਏ ਹਨ, ਸਾਨੂੰ ਦੁੱਖ ਲੱਗਾ, ਜਿਵੇਂ ਜਣਨ ਵਾਲੀ ਔਰਤ ਨੂੰ ਪੀੜਾਂ ।
25ਖੇਤ ਵਿੱਚ ਨਾ ਜਾਓ ਨਾ ਰਾਹ ਵਿੱਚ ਚੱਲੋ, ਕਿਉਂ ਜੋ ਵੈਰੀ ਦੇ ਕੋਲ ਤਲਵਾਰ ਹੈ, ਅਤੇ ਹਰ ਪਾਸਿਓਂ ਭੈ ਹੈ ।26ਹੇ ਮੇਰੀ ਪਰਜਾ ਦੀਏ ਧੀਏ, ਆਪਣੇ ਲੱਕ ਉੱਤੇ ਤੱਪੜ ਬੰਨ੍ਹ, ਅਤੇ ਸੁਆਹ ਵਿੱਚ ਲੇਟ ਰਹੁ । ਤੂੰ ਸੋਗ ਕਰ ਜਿਵੇਂ ਇਕਲੌਤੇ ਪੁੱਤਰ ਉੱਤੇ ਕਰੀਦਾ ਹੈ, ਤੂੰ ਬਹੁਤ ਭਾਰੀ ਸਿਆਪਾ ਕਰ, - ਸੱਤਿਆਨਾਸ ਕਰਨ ਵਾਲਾ ਅਚਾਣਕ ਸਾਡੇ ਉੱਤੇ ਆ ਪਵੇਗਾ ।
27ਮੈਂ ਤੈਨੂੰ ਆਪਣੀ ਪਰਜਾ ਵਿੱਚ ਇੱਕ ਬੁਰਜ ਅਤੇ ਇੱਕ ਗੜ੍ਹ ਬਣਾਇਆ ਹੈ, ਭਈ ਤੂੰ ਉਹਨਾਂ ਦੇ ਰਾਹਾਂ ਨੂੰ ਜਾਣੇਂ ਅਤੇ ਪਰਖੇਂ ।28ਉਹ ਸਾਰਿਆਂ ਦੇ ਸਾਰੇ ਢੀਠ ਤੇ ਆਕੀ ਹਨ, ਉਹ ਚੁਗਲੀਆਂ ਕਰਦੇ ਫਿਰਦੇ ਹਨ, ਉਹ ਪਿੱਤਲ ਅਤੇ ਲੋਹਾ ਹਨ, ਉਹ ਸਾਰਿਆਂ ਦੇ ਸਾਰੇ ਭੈੜੇ ਕੰਮ ਕਰਦੇ ਹਨ ।29ਧੌਕਣੀ ਜ਼ੋਰ ਨਾਲ ਫੂਕਦੇ ਹਨ, ਸਿੱਕਾ ਅੱਗ ਨਾਲ ਭਸਮ ਹੋ ਜਾਂਦਾ ਹੈ, ਸਾਫ਼ ਕਰਨ ਦਾ ਕੰਮ ਐਵੇਂ ਜਾਂਦਾ ਹੈ, ਪਰ ਬੁਰਿਆਈ ਵੱਖ ਨਹੀਂ ਹੋਏ ।30ਉਹ " ਰੱਦੀ ਚਾਂਦੀ " ਅਖਵਾਉਣਗੇ, ਕਿਉਂਕਿ ਯਹੋਵਾਹ ਨੇ ਉਹਨਾਂ ਨੂੰ ਰੱਦ ਕੀਤਾ ਹੈ ।

7
ਹੈਕਲ ਦੇ ਵਿੱਚ ਯਿਰਮਿਯਾਹ ਦਾ ਪ੍ਰਵਚਨ

1ਇਹ ਉਹ ਬਚਨ ਹੈ ਜਿਹੜਾ ਯਹੋਵਾਹ ਵੱਲੋਂ ਯਿਰਮਿਯਾਹ ਨੂੰ ਆਇਆ ਕਿ2ਤੂੰ ਯਹੋਵਾਹ ਦੇ ਭਵਨ ਦੇ ਫਾਟਕ ਵਿੱਚ ਖਲੋ ਕੇ ਉੱਥੇ ਇਸ ਗੱਲ ਲਈ ਪੁਕਾਰ ਅਤੇ ਆਖ ਕਿ ਹੇ ਯਹੂਦਾਹ ਦੇ ਸਾਰਿਓ, ਯਹੋਵਾਹ ਦਾ ਬਚਨ ਸੁਣੋ, ਤੁਸੀਂ ਜਿਹੜੇ ਇਹਨਾਂ ਫਾਟਕਾਂ ਥਾਣੀਂ ਯਹੋਵਾਹ ਨੂੰ ਮੱਥਾ ਟੇਕਣ ਲਈ ਵੜਦੇ ਹੋ

3ਸੈਨਾ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਐਉਂ ਆਖਦਾ ਹੈ,- ਤੁਸੀਂ ਆਪਣਿਆਂ ਰਾਹਾਂ ਅਤੇ ਆਪਣੇ ਕੰਮਾਂ ਨੂੰ ਠੀਕ ਕਰੋ ਤਾਂ ਮੈਂ ਤੁਹਾਨੂੰ ਇਸ ਸਥਾਨ ਵਿੱਚ ਵੱਸਣ ਦਿਆਂਗਾ4ਤੁਸੀਂ ਇਹਨਾਂ ਝੂਠੀਆਂ ਗੱਲਾਂ ਉੱਤੇ ਭਰੋਸਾ ਨਾ ਰੱਖੋ ਕਿ ਇਹ ਯਹੋਵਾਹ ਦੀ ਹੈਕਲ ਹੈ, ਇਹ ਯਹੋਵਾਹ ਦੀ ਹੈਕਲ ਹੈ, ਇਹ ਯਹੋਵਾਹ ਦੀ ਹੈਕਲ ਹੈ !
5ਜੇ ਤੁਸੀਂ ਆਪਣਿਆਂ ਰਾਹਾਂ ਅਤੇ ਆਪਣੇ ਕੰਮਾਂ ਨੂੰ ਪੱਕੀ ਤਰ੍ਹਾਂ ਨਾਲ ਠੀਕ ਕਰੋ ਅਤੇ ਜੇ ਤੁਸੀਂ ਪੱਕੀ ਤਰ੍ਹਾਂ ਨਾਲ ਮਨੁੱਖ ਅਤੇ ਉਸ ਦੇ ਗੁਆਂਢੀ ਵਿੱਚ ਇਨਸਾਫ਼ ਕਰੋ6ਜੇ ਤੁਸੀਂ ਪਰਦੇਸੀ, ਯਤੀਮ ਅਤੇ ਵਿਧਵਾ ਨੂੰ ਦੁੱਖ ਨਾ ਦਿਓ ਅਤੇ ਇਸ ਸਥਾਨ ਵਿੱਚ ਬੇਦੋਸ਼ੇ ਦਾ ਲਹੂ ਨਾ ਵਹਾਓ, ਨਾ ਦੂਜੇ ਦੇਵਤਿਆਂ ਦੇ ਪਿੱਛੇ ਆਪਣੇ ਨੁਕਸਾਨ ਲਈ ਜਾਓ7ਤਾਂ ਮੈਂ ਤੁਹਾਨੂੰ ਇਸ ਸਥਾਨ ਵਿੱਚ ਅਤੇ ਇਸ ਦੇਸ ਵਿੱਚ ਜਿਹੜਾ ਮੈਂ ਤੁਹਾਡਿਆਂ ਪਿਉ-ਦਾਦਿਆਂ ਨੂੰ ਸਦਾ ਲਈ ਦਿੱਤਾ ਹੈ ਵੱਸਣ ਦਿਆਂਗਾ ।
8ਵੇਖੋ, ਤੁਸੀਂ ਝੂਠੀਆਂ ਗੱਲਾਂ ਉੱਤੇ ਭਰੋਸਾ ਕਰਦੇ ਹੋ ਜਿਹਨਾਂ ਤੋਂ ਕੁਝ ਲਾਭ ਨਹੀਂ9ਕੀ ਤੁਸੀਂ ਚੋਰੀ ਕਰੋਗੇ, ਖੂਨ ਕਰੋਗੇ, ਜ਼ਨਾਹ ਕਰੋਗੇ, ਝੂਠੀ ਸੌਂਹ ਖਾਓਗੇ, ਬਆਲ ਲਈ ਧੂਪ ਧੁਖਾਓਗੇ ਅਤੇ ਦੂਜੇ ਦੇਵਤਿਆਂ ਦੇ ਪਿੱਛੇ ਜਾਓਗੇ ਜਿਹਨਾਂ ਨੂੰ ਤੁਸੀਂ ਨਹੀਂ ਜਾਣਦੇ ?10ਤਦ ਤੁਸੀਂ ਆਓਗੇ ਅਤੇ ਮੇਰੇ ਸਨਮੁੱਖ ਇਸ ਭਵਨ ਵਿੱਚ ਖਲੋਵੋਗੇ ਜਿਹੜਾ ਮੇਰੇ ਨਾਮ ਦਾ ਅਖਵਾਉਂਦਾ ਹੈ ਅਤੇ ਆਖੋਗੇ ਕਿ ਅਸੀਂ ਛੁਟਕਾਰਾ ਪਾਇਆ ਹੈ, ਭਈ ਇਹ ਸਾਰੇ ਘਿਣਾਉਣੇ ਕੰਮ ਤੁਸੀਂ ਕਰਦੇ ਜਾਓ ?11ਕੀ ਇਹ ਘਰ ਜਿਹੜਾ ਮੇਰੇ ਨਾਮ ਦਾ ਅਖਵਾਉਂਦਾ ਹੈ ਤੁਹਾਡੀ ਨਿਗਾਹ ਵਿੱਚ ਧਾੜਵੀਆਂ ਦੀ ਗੁਫਾ ਬਣ ਗਿਆ ਹੈ ? ਵੇਖੋ, ਇਹ ਮੈਂ ਵੀ ਵੇਖਿਆ ਹੈ, ਯਹੋਵਾਹ ਦਾ ਵਾਕ ਹੈ ।
12ਪਰ ਹੁਣ ਤੁਸੀਂ ਉਸ ਸਥਾਨ ਨੂੰ ਜਾਓ ਜਿਹੜਾ ਸ਼ੀਲੋਹ ਵਿੱਚ ਹੈ ਜਿੱਥੇ ਮੈਂ ਪਹਿਲਾਂ ਆਪਣੇ ਨਾਮ ਨੂੰ ਵਸਾਇਆ ਸੀ ਅਤੇ ਵੇਖੋ ਕਿ ਮੈਂ ਆਪਣੀ ਪਰਜਾ ਇਸਰਾਏਲ ਦੀ ਬੁਰਿਆਈ ਦੇ ਬਦਲੇ ਕੀ ਕੀਤਾ !13ਹੁਣ ਇਸ ਲਈ ਕਿ ਤੁਸੀਂ ਇਹ ਸਾਰੇ ਕੰਮ ਕੀਤੇ, ਯਹੋਵਾਹ ਦਾ ਵਾਕ ਹੈ, ਅਤੇ ਜਦ ਮੈਂ ਤੁਹਾਡੇ ਨਾਲ ਮੂੰਹ ਅਨ੍ਹੇਰੇ ਬੋਲਦਾ ਰਿਹਾ, ਤੁਸੀਂ ਮੇਰੀ ਗੱਲ ਨਾ ਸੁਣੀ ਅਤੇ ਜਦ ਮੈਂ ਤੁਹਾਨੂੰ ਸੱਦਿਆ, ਤੁਸੀਂ ਉੱਤਰ ਨਾ ਦਿੱਤਾ14ਤਦ ਮੈਂ ਇਸ ਘਰ ਨਾਲ ਜਿਹੜਾ ਮੇਰੇ ਨਾਮ ਦਾ ਅਖਵਾਉਂਦਾ ਹੈ ਜਿਹ ਦੇ ਉੱਤੇ ਤੁਹਾਡਾ ਭਰੋਸਾ ਹੈ, ਜਿਹੜਾ ਮੈਂ ਤੁਹਾਨੂੰ ਅਤੇ ਤੁਹਾਡੇ ਪਿਉ-ਦਾਦਿਆਂ ਨੂੰ ਦਿੱਤਾ ਉਹ ਕਰਾਂਗਾ ਜੋ ਮੈਂ ਸ਼ੀਲੋਹ ਵਿੱਚ ਕੀਤਾ15ਮੈਂ ਤੁਹਾਨੂੰ ਆਪਣੇ ਅੱਗੋਂ ਕੱਢ ਦਿਆਂਗਾ ਜਿਵੇਂ ਮੈਂ ਤੁਹਾਡੇ ਸਾਰੇ ਭਰਾਵਾਂ ਨੂੰ ਇਫ਼ਰਾਈਮ ਦੀ ਸਾਰੀ ਅੰਸ ਨੂੰ ਕੱਢ ਦਿੱਤਾ ਹੈ ।
ਪਰਜਾ ਦੁਆਰਾ ਆਗਿਆ ਦਾ ਉਲੰਘਣ

16ਤੂੰ ਇਸ ਪਰਜਾ ਲਈ ਪ੍ਰਾਰਥਨਾ ਨਾ ਕਰੀਂ, ਨਾ ਉਹਨਾਂ ਲਈ ਆਪਣੀ ਅਵਾਜ਼ ਚੁੱਕੀ, ਨਾ ਪ੍ਰਾਰਥਨਾ ਕਰੀਂ, ਨਾ ਮੇਰੇ ਕੋਲ ਅਰਦਾਸ ਕਰੀਂ, ਮੈਂ ਤੇਰੀ ਨਹੀਂ ਸੁਣਾਂਗਾ17ਕੀ ਤੂੰ ਨਹੀਂ ਦੇਖਦਾ ਜੋ ਕੁਝ ਉਹ ਯਹੂਦਾਹ ਦੇ ਸ਼ਹਿਰਾਂ ਵਿੱਚ ਅਤੇ ਯਰੂਸ਼ਲਮ ਦੀਆਂ ਗਲੀਆਂ ਵਿੱਚ ਕਰ ਰਹੇ ਹਨ ?18ਬੱਚੇ ਲੱਕੜੀਆਂ ਚੁੱਗਦੇ ਹਨ, ਪਿਉ ਅੱਗ ਧੁਖਾਉਂਦੇ ਹਨ ਅਤੇ ਔਰਤਾਂ ਆਟਾ ਗੁੰਨ੍ਹਦੀਆਂ ਹਨ ਭਈ ਅਕਾਸ਼ ਦੀ ਰਾਣੀ ਲਈ ਰੋਟੀਆਂ ਪਕਾਉਣ ਕਿ ਦੂਜੇ ਦੇਵਤਿਆਂ ਅੱਗੇ ਪੀਣ ਦੀ ਭੇਟ ਚੜ੍ਹਾਉਣ ਅਤੇ ਮੇਰੇ ਗੁੱਸੇ ਨੂੰ ਭੜਕਾਉਣ !
19ਕੀ ਉਹ ਮੈਂ ਹਾਂ ਜਿਹ ਨੂੰ ਉਹ ਗੁੱਸਾ ਚੜ੍ਹਾਉਂਦੇ ਹਨ ? ਯਹੋਵਾਹ ਦਾ ਵਾਕ ਹੈ, ਕੀ ਉਹ ਆਪਣੀ ਗੜਬੜ ਲਈ ਆਪਣੇ ਆਪ ਨੂੰ ਗੁੱਸਾ ਨਹੀਂ ਚੜ੍ਹਾਉਂਦੇ ?20ਇਸ ਲਈ ਪ੍ਰਭੁ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖ, ਮੇਰਾ ਕ੍ਰੋਧ ਅਤੇ ਮੇਰਾ ਗੁੱਸਾ ਇਸ ਸਥਾਨ ਉੱਤੇ, ਆਦਮੀਆਂ ਉੱਤੇ, ਡੰਗਰਾਂ ਉੱਤੇ, ਰੁੱਖਾਂ ਉੱਤੇ, ਖੇਤਾਂ ਉੱਤੇ, ਜ਼ਮੀਨ ਦੇ ਫਲਾਂ ਉੱਤੇ ਵਹਾਇਆ ਜਾਵੇਗਾ । ਉਹ ਬਲ ਉੱਠੇਗਾ ਅਤੇ ਬੁੱਝੇਗਾ ਨਹੀਂ ।
21ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, - ਆਪਣੀਆਂ ਹੋਮ ਦੀਆਂ ਭੇਟਾਂ ਨਾਲ ਆਪਣੀਆਂ ਬਲੀਆਂ ਵਧਾਓ ਅਤੇ ਮਾਸ ਖਾਓ ।22ਕਿਉਂਕਿ ਜਿਸ ਦਿਨ ਮੈਂ ਉਹਨਾਂ ਨੂੰ ਮਿਸਰ ਦੇ ਦੇਸ ਵਿੱਚੋਂ ਕੱਢ ਲਿਆਂਦਾ ਮੈਂ ਉਹਨਾਂ ਦੇ ਪਿਉ-ਦਾਦਿਆਂ ਨੂੰ ਹੋਮ ਦੀਆਂ ਭੇਟਾਂ ਅਤੇ ਬਲੀਆਂ ਦੇ ਬਾਰੇ ਨਾ ਆਖਿਆ, ਨਾ ਹੁਕਮ ਦਿੱਤਾ23ਪਰ ਇਸ ਗੱਲ ਦਾ ਮੈਂ ਉਹਨਾਂ ਨੂੰ ਹੁਕਮ ਦਿੱਤਾ ਕਿ ਮੇਰੀ ਅਵਾਜ਼ ਸੁਣੋ ਤਾਂ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ ਤੇ ਤੁਸੀਂ ਮੇਰੀ ਪਰਜਾ ਹੋਵੋਗੇ, ਅਤੇ ਮੇਰੇ ਸਾਰੇ ਰਾਹਾਂ ਵਿੱਚ ਚੱਲੋ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਤਾਂ ਜੋ ਤੁਹਾਡਾ ਭਲਾ ਹੋਵੇ
24ਨਾ ਉਹਨਾਂ ਨੇ ਸੁਣਿਆ ਨਾ ਕੰਨ ਲਾਇਆ, ਪਰ ਉਹ ਆਪਣਿਆਂ ਮਨ ਮੱਤਿਆਂ ਅਤੇ ਆਪਣੇ ਬੁਰੇ ਦਿਲ ਦੀ ਆਕੜ ਵਿੱਚ ਚੱਲਦੇ ਰਹੇ । ਉਹ ਪਿਛਾਹਾਂ ਨੂੰ ਗਏ ਪਰ ਅੱਗੇ ਨਾ ਵਧੇ ।25ਇਸ ਲਈ ਉਸ ਦਿਨ ਤੋਂ ਕਿ ਤੁਹਾਡੇ ਪਿਉ-ਦਾਦੇ ਮਿਸਰ ਦੇ ਦੇਸ ਤੋਂ ਬਾਹਰ ਆਏ ਅੱਜ ਦੇ ਦਿਨ ਤੱਕ ਮੈਂ ਆਪਣੇ ਸਾਰੇ ਦਾਸ ਅਰਥਾਤ ਨਬੀਆਂ ਨੂੰ ਤੁਹਾਡੇ ਕੋਲ ਘੱਲਦਾ ਰਿਹਾ, ਮੈਂ ਮੂੰਹ ਅਨ੍ਹੇਰੇ ਉਹਨਾਂ ਨੂੰ ਨਿੱਤ ਘੱਲਦਾ ਰਿਹਾ26ਪਰ ਉਹਨਾਂ ਮੇਰੀ ਨਾ ਸੁਣੀ, ਨਾ ਆਪਣਾ ਕੰਨ ਲਾਇਆ, ਉਹਨਾਂ ਆਪਣੀ ਧੌਣ ਅਕੜਾਈ ਅਤੇ ਆਪਣੇ ਪਿਉ-ਦਾਦਿਆਂ ਨਾਲੋਂ ਵਧ ਕੇ ਬਦੀ ਕੀਤੀ ।
27ਤੂੰ ਉਹਨਾਂ ਨੂੰ ਇਹ ਸਾਰੀਆਂ ਗੱਲਾਂ ਆਖੇਂਗਾ ਪਰ ਉਹ ਤੇਰੀ ਨਾ ਸੁਣਨਗੇ । ਤੂੰ ਉਹਨਾਂ ਨੂੰ ਸੱਦੇਂਗਾ ਪਰ ਉਹ ਉੱਤਰ ਨਾ ਦੇਣਗੇ ।28ਤੂੰ ਉਹਨਾਂ ਨੂੰ ਆਖੇਂਗਾ, ਇਹ ਉਹ ਕੌਮ ਹੈ ਜਿਸ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨਾ ਸੁਣੀ, ਨਾ ਉਹ ਦੀ ਸਿੱਖਿਆ ਲਈ । ਸਚਿਆਈ ਮਿਟ ਗਈ ਅਤੇ ਉਹਨਾਂ ਦੇ ਮੂੰਹ ਤੋਂ ਜਾਂਦੀ ਰਹੀ ।
29ਤੂੰ ਆਪਣੇ ਨਜ਼ੀਰ ਹੋਣ ਦੇ ਬਾਲ ਮੁਨਾ, ਅਤੇ ਉਨ੍ਹਾਂ ਨੂੰ ਪਰੇ ਸੁੱਟ ਛੱਡ, ਨੰਗਿਆਂ ਟਿੱਬਿਆਂ ਉੱਤੇ ਵੈਣ ਚੁੱਕ, ਯਹੋਵਾਹ ਨੇ ਤਾਂ ਆਪਣੇ ਗਜ਼ਬ ਦੀ ਪੀੜ੍ਹੀ ਨੂੰ ਰੱਦ ਕਰ ਦਿੱਤਾ ਅਤੇ ਛੱਡ ਦਿੱਤਾ ਹੈ ।
ਬਨ-ਹਿੰਨੋਮ ਦੀ ਵਾਦੀ ਦੇ ਭ੍ਰਿਸ਼ਟ ਕੰਮ

30ਯਹੂਦਾਹ ਦੀ ਅੰਸ ਨੇ ਤਾਂ ਉਹ ਕੀਤਾ ਜੋ ਮੇਰੀ ਨਿਗਾਹ ਵਿੱਚ ਬੁਰਾ ਸੀ, ਯਹੋਵਾਹ ਦਾ ਵਾਕ ਹੈ । ਉਹਨਾਂ ਉਸ ਭਵਨ ਵਿੱਚ ਜਿਹੜਾ ਮੇਰੇ ਨਾਮ ਦਾ ਅਖਵਾਉਂਦਾ ਹੈ ਆਪਣੀਆਂ ਘਿਣਾਉਣੀਆਂ ਚੀਜ਼ਾਂ ਰੱਖੀਆਂ ਭਈ ਉਹ ਨੂੰ ਭਰਿਸ਼ਟ ਕਰਨ
31ਉਹਨਾਂ ਨੇ ਤੋਫਥ ਦੇ ਉੱਚੇ ਸਥਾਨ ਜਿਹੜੇ ਬਨ-ਹਿੰਨੋਮ ਦੀ ਵਾਦੀ ਵਿੱਚ ਹਨ ਬਣਾਏ ਭਈ ਆਪਣੇ ਪੁੱਤ੍ਰਾਂ ਅਤੇ ਧੀਆਂ ਨੂੰ ਅੱਗ ਵਿੱਚ ਸਾੜਨ, ਜਿਹ ਦਾ ਨਾ ਮੈਂ ਹੁਕਮ ਦਿੱਤਾ, ਨਾ ਹੀ ਮੇਰੇ ਮਨ ਵਿੱਚ ਇਹ ਆਇਆ ।32ਇਸ ਲਈ ਵੇਖੋ, ਉਹ ਦਿਨ ਆ ਰਹੇ ਹਨ, ਯਹੋਵਾਹ ਦਾ ਵਾਕ ਹੈ, ਕਿ ਅੱਗੇ ਨੂੰ ਇਹ ਤੋਫਥ ਨਾ ਅਖਵਾਏਗੀ ਅਤੇ ਨਾ ਬਨ-ਹਿੰਨੋਮ ਦੀ ਵਾਦੀ, ਸਗੋਂ "ਕਤਲ ਦੀ ਵਾਦੀ", ਕਿਉਂ ਜੋ ਉਹ ਤੋਫਥ ਵਿੱਚ ਦੱਬਣਗੇ ਕਿਉਂਕਿ ਹੋਰ ਕੋਈ ਥਾਂ ਨਾ ਹੋਵੇਗਾ ।
33ਅਤੇ ਇਸ ਪਰਜਾ ਦੀਆਂ ਲੋਥਾਂ ਅਕਾਸ਼ ਦੇ ਪੰਛੀ ਅਤੇ ਧਰਤੀ ਦੇ ਦਰਿੰਦੇ ਖਾਣਗੇ ਅਤੇ ਉਹਨਾਂ ਨੂੰ ਕੋਈ ਨਾ ਡਰਾਵੇਗਾ ।34ਤਦ ਮੈਂ ਯਹੂਦਾਹ ਦੇ ਸ਼ਹਿਰਾਂ ਅਤੇ ਯਰੂਸ਼ਲਮ ਦੀਆਂ ਗਲੀਆਂ ਵਿੱਚੋਂ ਖੁਸ਼ੀ ਦੀ ਅਵਾਜ਼, ਅਨੰਦ ਦੀ ਅਵਾਜ਼, ਲਾੜੇ ਦੀ ਅਵਾਜ਼ ਅਤੇ ਲਾੜੀ ਦੀ ਅਵਾਜ਼ ਬੰਦ ਕਰ ਦਿਆਂਗਾ ਕਿਉਂ ਜੋ ਇਹ ਦੇਸ ਉਜਾੜ ਬਣ ਜਾਵੇਗਾ ।

8

1ਯਹੋਵਾਹ ਦਾ ਵਾਕ ਹੈ ਕਿ ਉਸ ਵੇਲੇ ਓਹ ਯਹੂਦਾਹ ਦੇ ਰਾਜਿਆਂ ਦੀਆਂ ਹੱਡੀਆਂ, ਸਰਦਾਰਾਂ ਦੀਆਂ ਹੱਡੀਆਂ, ਜਾਜਕਾਂ ਦੀਆਂ ਹੱਡੀਆਂ, ਨਬੀਆਂ ਦੀਆਂ ਹੱਡੀਆਂ ਅਤੇ ਯਰੂਸ਼ਲਮ ਦੇ ਵਸਨੀਕਾਂ ਦੀਆਂ ਹੱਡੀਆਂ ਉਹਨਾਂ ਦੀਆਂ ਕਬਰਾਂ ਵਿੱਚੋਂ ਕੱਢ ਲਿਆਉਣਗੇ ।2ਉਹ ਉਹਨਾਂ ਨੂੰ ਸੂਰਜ ਅੱਗੇ, ਚੰਦ ਅੱਗੇ ਅਤੇ ਅਕਾਸ਼ ਦੀ ਸਾਰੀ ਸੈਨਾ ਅੱਗੇ ਖਿਲਾਰ ਦੇਣਗੇ ਜਿਹਨਾਂ ਨੂੰ ਉਹ ਪਿਆਰ ਕਰਦੇ, ਜਿਹਨਾਂ ਦੀ ਉਹ ਪੂਜਾ ਕਰਦੇ, ਜਿਹਨਾਂ ਦੇ ਉਹ ਪਿੱਛੇ ਚਲਦੇ, ਜਿਹਨਾਂ ਦੇ ਉਹ ਤਾਲਿਬ ਸਨ ਅਤੇ ਜਿਹਨਾਂ ਨੂੰ ਉਹ ਮੱਥਾ ਟੇਕਦੇ ਸਨ । ਉਹ ਨਾ ਇਕੱਠੀਆਂ ਕੀਤੀਆਂ ਜਾਣਗੀਆਂ, ਨਾ ਦੱਬੀਆਂ ਜਾਣਗੀਆਂ, ਉਹ ਭੋਂ ਦੇ ਉੱਤੇ ਰੂੜੀ ਲਈ ਹੋਣਗੀਆਂ3ਉਹ ਸਾਰੇ ਜਿਹੜੇ ਇਸ ਬੁਰੀ ਕੁਲ ਦੇ ਬਚਿਆਂ ਹੋਇਆਂ ਵਿੱਚ ਬਚ ਰਹਿਣਗੇ ਉਹਨਾਂ ਸਾਰਿਆਂ ਥਾਵਾਂ ਵਿੱਚ ਜਿੱਥੇ ਮੈਂ ਉਹਨਾਂ ਨੂੰ ਹੱਕ ਦਿਆਂਗਾ ਮੌਤ ਨੂੰ ਜੀਉਣ ਨਾਲੋਂ ਵੱਧ ਚਾਹੁੰਣਗੇ, ਸੈਨਾ ਦੇ ਯਹੋਵਾਹ ਦਾ ਵਾਕ ਹੈ ! ।

ਪਾਪ ਅਤੇ ਸਜ਼ਾ

4ਤਦ ਤੂੰ ਉਹਨਾਂ ਨੂੰ ਆਖੇਂਗਾ, ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਜਦ ਉਹ ਡਿੱਗਦੇ ਹਨ ਤਾਂ ਕੀ ਉਹ ਫਿਰ ਨਹੀਂ ਉੱਠਦੇ ? ਜਦ ਉਹ ਫਿਰ ਜਾਂਦਾ ਹੈ ਤਾਂ ਕੀ ਉਹ ਫਿਰ ਨਹੀਂ ਮੁੜਦਾ ?5ਫਿਰ ਯਰੂਸ਼ਲਮ ਦੀ ਇਹ ਪਰਜਾ ਕਿਉਂ ਸਦਾ ਦੀ ਫਿਰਤ ਨਾਲ ਫਿਰ ਗਈ ? ਉਹਨਾਂ ਨੇ ਮਕਰ ਨੂੰ ਫੜਿਆ ਹੋਇਆ ਹੈ, ਉਹ ਮੁੜਨ ਤੋਂ ਇਨਕਾਰੀ ਹਨ ।
6ਮੈਂ ਧਿਆਨ ਲਾਇਆ ਅਤੇ ਸੁਣਿਆ, ਪਰ ਉਹ ਤਾਂ ਅੱਛੀਆਂ ਗੱਲਾਂ ਨਹੀਂ ਬੋਲਦੇ, ਕੋਈ ਮਨੁੱਖ ਆਪਣੀ ਬੁਰਿਆਈ ਤੋਂ ਇਹ ਆਖ ਕੇ ਤੋਬਾ ਨਹੀਂ ਕਰਦਾ, ਕਿ ਮੈਂ ਕੀ ਕੀਤਾ ਹੈ ? ਹਰੇਕ ਆਪਣੇ ਰਾਹ ਨੂੰ ਮੁੜਦਾ ਹੈ, ਜਿਵੇਂ ਘੋੜਾ ਲੜਾਈ ਵਿੱਚ ਸਰਪਟ ਦੌੜਦਾ ਹੈ ।7ਨਾਲੇ ਹਵਾਈ ਲੰਮਢੀਂਗ ਆਪਣਾ ਸਮਾ ਜਾਣਦੀ ਹੈ, ਖੁਮਰੀ, ਅਬਾਬੀਲ ਅਤੇ ਸਾਰਸ, ਆਪਣੇ ਆਉਣ ਦੇ ਵੇਲੇ ਦੀ ਸਾਂਭ ਕਰਦੇ ਹਨ, ਪਰ ਮੇਰੀ ਪਰਜਾ ਯਹੋਵਾਹ ਦੇ ਨਿਆਂ ਨੂੰ ਨਹੀਂ ਜਾਣਦੀ ।
8ਤੁਸੀਂ ਕਿਵੇਂ ਆਖਦੇ ਹੋ, ਕਿ ਅਸੀਂ ਬੁੱਧਵਾਨ ਹਾਂ, ਅਤੇ ਯਹੋਵਾਹ ਦੀ ਬਿਵਸਥਾ ਸਾਡੇ ਕੋਲ ਹੈ ? ਪਰ ਵੇਖੋ, ਲਿਖਣ ਵਾਲਿਆਂ ਦੀ ਝੂਠੀ ਲਿੱਖਣ ਨੇ ਉਸ ਝੂਠਾ ਹੀ ਕੰਮ ਕੀਤਾ ਹੈ ।9ਬੁੱਧਵਾਨ ਲੱਜਿਆਵਾਨ ਹੋਣਗੇ, ਉਹ ਘਾਬਰ ਜਾਣਗੇ ਅਤੇ ਫੜੇ ਜਾਣਗੇ । ਵੇਖੋ, ਉਹਨਾਂ ਨੇ ਯਹੋਵਾਹ ਦੇ ਬਚਨ ਨੂੰ ਰੱਦ ਦਿੱਤਾ, - ਉਹਨਾਂ ਦੀ ਇਹ ਕੀ ਬੁੱਧ ਹੋਈ ?10ਇਸ ਲਈ ਮੈਂ ਉਹਨਾਂ ਦੀਆਂ ਔਰਤਾਂ ਹੋਰਨਾਂ ਨੂੰ ਦਿਆਂਗਾ, ਉਹਨਾਂ ਦੇ ਖੇਤ ਉਹਨਾਂ ਨੂੰ ਜਿਹੜੇ ਉਹਨਾਂ ਉੱਤੇ ਕਬਜਾ ਕਰਨਗੇ, ਕਿਉਂ ਜੋ ਉਹ ਛੋਟੇ ਤੋਂ ਵੱਡੇ ਤੱਕ ਸਾਰਿਆਂ ਦੇ ਸਾਰੇ ਨਫ਼ੇ ਦੇ ਲੋਭੀ ਹਨ, ਨਬੀ ਤੋਂ ਜਾਜਕ ਤੱਕ ਸਾਰਿਆਂ ਦੇ ਸਾਰੇ ਧੋਖਾ ਕਰਦੇ ਹਨ ।
11ਉਹਨਾਂ ਨੇ ਮੇਰੀ ਪਰਜਾ ਦੇ ਫੱਟਾਂ ਨੂੰ ਥੋੜਾ ਜਿਹਾ ਚੰਗਾ ਕੀਤਾ, ਉਹ ਆਖਦੇ ਹਨ, ਸ਼ਾਂਤੀ, ਸ਼ਾਂਤੀ ! ਪਰ ਸ਼ਾਂਤੀ ਹੈ ਨਹੀਂ ।12ਕੀ ਉਹ ਲੱਜਿਆਵਾਨ ਹੋਏ ਜਦ ਉਹਨਾਂ ਨੇ ਘਿਣਾਉਣੇ ਕੰਮ ਕੀਤੇ ? ਨਹੀਂ, ਉਹ ਮੂਲੋਂ ਹੀ ਲੱਜਿਆਵਾਨ ਨਾ ਹੋਏ । ਉਹਨਾਂ ਨੇ ਲਾਲ ਪੀਲਾ ਹੋਣ ਨੂੰ ਜਾਣਿਆ ਵੀ ਨਾ ! ਇਸ ਲਈ ਉਹ ਡਿੱਗਿਆਂ ਹੋਇਆਂ ਦੇ ਵਿੱਚ ਡਿੱਗ ਪੈਣਗੇ, ਜਿਸ ਵੇਲੇ ਮੈਂ ਉਹਨਾਂ ਦੀ ਖ਼ਬਰ ਲਵਾਂਗਾ । ਉਹ ਠੁਕਰਾਏ ਜਾਣਗੇ, ਯਹੋਵਾਹ ਆਖਦਾ ਹੈ ।13ਮੈਂ ਉਹਨਾਂ ਨੂੰ ਮੂਲੋਂ ਮਿਟਾ ਦਿਆਂਗਾ, ਯਹੋਵਾਹ ਦਾ ਵਾਕ ਹੈ, ਨਾ ਬੇਲ ਵਿੱਚ ਅੰਗੂਰ ਹੋਣਗੇ, ਨਾ ਹਜੀਰ ਵਿੱਚ ਹਜੀਰਾਂ, ਪੱਤੇ ਵੀ ਕੁਮਲਾ ਜਾਣਗੇ, ਅਤੇ ਜੋ ਮੈਂ ਉਹਨਾਂ ਨੂੰ ਦਿੱਤਾ ਉਹ ਜਾਂਦਾ ਰਹੇਗਾ ।
14ਅਸੀਂ ਕਿਉਂ ਬੈਠੇ ਹਾਂ ? ਇਕੱਠੇ ਹੋ ਜਾਓ ਅਤੇ ਆਓ, ਅਸੀਂ ਗੜ੍ਹ ਵਾਲੇ ਸ਼ਹਿਰਾਂ ਵਿੱਚ ਵੜ ਜਾਈਏ, ਉੱਥੇ ਅਸੀਂ ਮੁੱਕ ਜਾਈਏ, ਕਿਉਂ ਜੋ ਯਹੋਵਾਹ ਸਾਡੇ ਪਰਮੇਸ਼ੁਰ ਨੇ ਸਾਨੂੰ ਮੁਕਾ ਦਿੱਤਾ, ਅਤੇ ਸਾਨੂੰ ਵਿਹੁ ਵਾਲਾ ਪਾਣੀ ਪਿਲਾ ਦਿੱਤਾ, ਅਸੀਂ ਯਹੋਵਾਹ ਦੇ ਵਿਰੁੱਧ ਪਾਪ ਜੋ ਕੀਤਾ ਸੀ ।15ਅਸੀਂ ਸ਼ਾਂਤੀ ਨੂੰ ਉਡੀਕਿਆ ਪਰ ਕੋਈ ਚੰਗੀ ਚੀਜ਼ ਨਾ ਆਈ, ਅਤੇ ਤੰਦਰੁਸਤੀ ਦੇ ਮੌਕੇ ਨੂੰ ਵੀ, ਪਰ ਵੇਖੋ, ਭੈ ਸੀ ।
16ਉਸ ਦੇ ਘੋੜਿਆਂ ਦੇ ਖਰਾਟਿਆਂ ਦੀ ਅਵਾਜ਼ ਦਾਨ ਤੋਂ ਸੁਣਾਈ ਦਿੰਦੀ ਹੈ, ਉਸ ਦੇ ਜੰਗੀ ਘੋੜਿਆਂ ਦੇ ਹਿਣਕਣ ਦੀ ਅਵਾਜ਼ ਨਾਲ ਸਾਰੀ ਧਰਤੀ ਕੰਬ ਜਾਂਦੀ ਹੈ ! ਉਹ ਆਉਂਦੇ ਹਨ, ਉਹ ਧਰਤੀ ਅਤੇ ਜੋ ਕੁਝ ਉਸ ਦੇ ਵਿੱਚ ਹੈ ਨਿਗਲ ਲੈਂਦੇ ਹਨ, ਸ਼ਹਿਰ ਅਤੇ ਉਸ ਦੇ ਵਸਨੀਕਾਂ ਨੂੰ ਵੀ ।17ਵੇਖੋ ਤਾਂ, ਮੈਂ ਤੁਹਾਡੇ ਵਿੱਚ ਸੱਪਾਂ ਨੂੰ ਘੱਲਾਂਗਾ, ਨਾਲੇ ਨਾਗ ਜਿਹੜੇ ਮੰਤਰੇ ਨਹੀਂ ਜਾਂਦੇ । ਉਹ ਤੁਹਾਨੂੰ ਡੰਗ ਮਾਰਨਗੇ, ਯਹੋਵਾਹ ਦਾ ਵਾਕ ਹੈ ।
ਆਪਣੇ ਲੋਕਾਂ ਲਈ ਯਿਰਮਿਯਾਹ ਦੀ ਪੀੜਾ

18ਮੈਂ ਕਦ ਗ਼ਮ ਤੋਂ ਦਿਲਾਸਾ ਪਾਵਾਂਗਾ ? ਮੇਰਾ ਦਿਲ ਮੇਰੇ ਵਿੱਚ ਖੁੱਸਦਾ ਹੈ ।19ਵੇਖੋ, ਮੇਰੀ ਪਰਜਾ ਦੀ ਧੀ ਦੀ ਅਵਾਜ਼ ਦੂਰ ਦੇਸ ਤੋਂ ਆਉਂਦੀ ਹੈ । ਕੀ ਯਹੋਵਾਹ ਸੀਯੋਨ ਵਿੱਚ ਨਹੀਂ ? ਕੀ ਉਸ ਦਾ ਰਾਜਾ ਉਸ ਵਿੱਚ ਨਹੀਂ ? ਉਹਨਾਂ ਕਿਉਂ ਆਪਣੀਆਂ ਘੜੀਆਂ ਹੋਈਆਂ ਮੂਰਤਾਂ ਨਾਲ ਮੈਨੂੰ ਕ੍ਰੋਧਵਾਨ ਕੀਤਾ, ਅਤੇ ਓਪਰੀਆਂ ਫੋਕੀਆਂ ਨਾਲ ?
20ਫਸਲ ਲੰਘ ਗਈ ਅਤੇ ਗਰਮੀ ਮੁੱਕ ਗਈ, ਪਰ ਅਸੀਂ ਬਚਾਏ ਨਾ ਗਏ ।21ਮੇਰੀ ਪਰਜਾ ਦੀ ਧੀ ਦੇ ਫੱਟਾਂ ਦੇ ਕਾਰਨ ਮੈਂ ਫੱਟੜ ਹਾਂ, ਮੈਂ ਉਦਾਸ ਹਾਂ, ਘਬਰਾਹਟ ਨੇ ਮੈਨੂੰ ਆ ਫੜਿਆ ਹੈ ।22ਕੀ ਗਿਲਾਆਦ ਵਿੱਚ ਬਲਸਾਨ ਦਾ ਰੋਗਨ ਹੈ ਨਹੀਂ ? ਕੀ ਉੱਥੇ ਕੋਈ ਤਬੀਬ ਨਹੀਂ ? ਫਿਰ ਕਿਉਂ ਮੇਰੀ ਪਰਜਾ ਦੀ ਧੀ ਤਕੜੀ ਨਹੀਂ ਹੁੰਦੀ ? ।

9

1ਕਾਸ਼ ਕਿ ਮੇਰਾ ਸਿਰ ਪਾਣੀ ਹੁੰਦਾ, ਅਤੇ ਮੇਰੀਆਂ ਅੱਖਾਂ ਅੰਝੂਆਂ ਦਾ ਸੋਤਾ ! ਤਾਂ ਮੈਂ ਆਪਣੀ ਪਰਜਾ ਦੀ ਧੀ ਦੇ ਵੱਢਿਆਂ ਹੋਇਆਂ ਨੂੰ ਦਿਨ ਰਾਤ ਰੋਂਦਾ ਰਹਿੰਦਾ !2ਕਾਸ਼ ਕਿ ਮੇਰੇ ਕੋਲ ਉਜਾੜ ਵਿੱਚ ਰਾਹੀਆਂ ਲਈ ਟਿਕਾਣਾ ਹੁੰਦਾ ! ਤਦ ਮੈਂ ਪਰਜਾ ਨੂੰ ਛੱਡ ਦਿੰਦਾ, ਅਤੇ ਉਹਨਾਂ ਵਿੱਚੋਂ ਚੱਲਿਆ ਜਾਂਦਾ ! ਕਿਉਂ ਜੋ ਉਹ ਸਾਰਿਆਂ ਦੇ ਸਾਰੇ ਜ਼ਨਾਹਕਾਰ ਹਨ, ਉਹ ਬੇਈਮਾਨਾਂ ਦੀ ਟੋਲੀ ਹਨ ।3ਉਹ ਆਪਣੀ ਜੀਭ ਨੂੰ ਧਣੁਖ ਵਾਂਗੂੰ ਝੂਠ ਲਈ ਲਿਫਾਉਂਦੇ ਹਨ, ਉਹ ਦੇਸ ਵਿੱਚ ਸੂਰਮੇ ਹਨ, ਪਰ ਸਚਿਆਈ ਲਈ ਨਹੀਂ, ਕਿਉਂ ਜੋ ਉਹ ਬਦੀ ਤੋਂ ਬਦੀ ਤੱਕ ਵਧਦੇ ਜਾਂਦੇ ਹਨ, ਉਹ ਮੈਨੂੰ ਨਹੀਂ ਜਾਣਦੇ ਯਹੋਵਾਹ ਦਾ ਵਾਕ ਹੈ ।

4ਤੁਹਾਡੇ ਵਿੱਚੋਂ ਹਰੇਕ ਆਪਣੇ ਗੁਆਂਢੀ ਤੋਂ ਚੌਕਸ ਰਹੇ, ਤੁਸੀਂ ਕਿਸੇ ਭਰਾ ਉੱਤੇ ਭਰੋਸਾ ਨਾ ਰੱਖੋ, ਹਰੇਕ ਭਰਾ ਤਾਂ ਦੂਜੇ ਦਾ ਥਾਂ ਖੋਹ ਲੈਂਦਾ ਹੈ, ਹਰ ਗੁਆਂਢੀ ਚੁਗ਼ਲਖ਼ੋਰ ਹੈ ।5ਹਰੇਕ ਆਪਣੇ ਗੁਆਂਢੀ ਨਾਲ ਠੱਠਾ ਮਾਰਦਾ ਹੈ, ਕੋਈ ਸੱਚ ਨਹੀਂ ਬੋਲਦਾ । ਉਹਨਾਂ ਆਪਣੀਂ ਜੀਭ ਨੂੰ ਝੂਠ ਬੋਲਣਾ ਸਿਖਾਲਿਆ ਹੈ, ਉਹ ਬਦੀ ਕਰਨ ਨਾਲ ਥੱਕ ਜਾਂਦੇ ਹਨ । ਤੇਰਾ ਵਸੇਬਾ ਧੋਖੇ ਦੇ ਵਿਚਕਾਰ ਹੈ,6ਧੋਖੇ ਦੇ ਕਾਰਨ ਉਹ ਮੇਰੇ ਜਾਣਨ ਤੋਂ ਇਨਕਾਰ ਕਰਦੇ ਹਨ, ਯਹੋਵਾਹ ਦਾ ਵਾਕ ਹੈ ।
7ਇਸ ਲਈ ਸੈਨਾ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖੋ, ਮੈਂ ਉਹਨਾਂ ਨੂੰ ਤਾਵਾਂਗਾ ਅਤੇ ਉਹਨਾਂ ਨੂੰ ਪਰਖਾਂਗਾ,ਆਪਣੀ ਪਰਜਾ ਲਈ ਮੇਰੇ ਅੱਗੇ ਕਰਨ ਨੂੰ ਹੋਰ ਕੀ ਹੈ ?8ਉਹਨਾਂ ਦੀ ਜੀਭ ਮਾਰ ਸੁੱਟਣ ਵਾਲਾ ਬਾਣ ਹੈ, ਉਹ ਧੋਖੇ ਦੀ ਗੱਲ ਕਰਦੀ ਹੈ । ਹਰੇਕ ਆਪਣੇ ਮੂੰਹ ਤੋਂ ਆਪਣੇ ਗੁਆਂਢੀ ਨੂੰ ਸ਼ਾਂਤੀ ਆਖਦਾ ਹੈ, ਪਰ ਆਪਣੇ ਦਿਲ ਵਿੱਚ ਉਹ ਉਸ ਦੀ ਤਾੜ ਵਿੱਚ ਲੱਗਾ ਹੋਇਆ ਹੈ ।9ਯਹੋਵਾਹ ਦਾ ਵਾਕ ਹੈ,- ਕੀ ਇਸ ਗੱਲ ਦੇ ਕਾਰਨ ਮੈਂ ਉਹਨਾਂ ਦੀ ਖ਼ਬਰ ਨਾ ਲਵਾਂਗਾ ? ਕੀ ਅਜਿਹੀ ਕੌਮ ਤੋਂ ਮੇਰੀ ਜਾਨ ਬਦਲਾ ਨਾ ਲਵੇਗੀ ?
10ਮੈਂ ਪਹਾੜਾਂ ਲਈ ਰੋਵਾਂਗਾ ਅਤੇ ਕੁਰਲਾਵਾਂਗਾ, ਅਤੇ ਉਜਾੜ ਦੀਆਂ ਚਰਾਂਦਾਂ ਲਈ ਸਿਆਪਾ ਕਰਾਂਗਾ, ਉਹ ਤਾਂ ਸੜ ਗਏ ਹਨ ਸੋ ਉਹਨਾਂ ਦੇ ਵਿੱਚ ਵੀ ਕੋਈ ਨਹੀਂ ਲੰਘਦਾ, ਵੱਗਾਂ ਦੀ ਅਵਾਜ਼ ਸੁਣਾਈ ਨਹੀਂ ਦਿੰਦੀ । ਅਕਾਸ਼ ਦੇ ਪੰਛੀਆਂ ਤੋਂ ਲੈ ਕੇ ਡੰਗਰਾਂ ਤੱਕ ਉਹ ਨੱਠ ਗਏ ਹਨ, ਉਹ ਚੱਲੇ ਗਏ ਹਨ ।11ਮੈਂ ਯਰੂਸ਼ਲਮ ਨੂੰ ਬਰਬਾਦ ਹੋਏ ਹੋਏ ਪੱਥਰਾਂ ਦਾ ਢੇਰ, ਅਤੇ ਗਿਦੜਾਂ ਦੀ ਖੋਹ ਬਣਾ ਦਿਆਂਗਾ । ਮੈਂ ਯਹੂਦਾਹ ਦੇ ਸ਼ਹਿਰਾਂ ਨੂੰ ਵਿਰਾਨ ਕਰ ਦਿਆਂਗਾ, ਜਿੱਥੇ ਕੋਈ ਵੱਸਣ ਵਾਲਾ ਨਹੀਂ ।12ਉਹ ਕਿਹੜਾ ਬੁੱਧਵਾਨ ਹੈ ਜਿਹੜਾ ਇਸ ਗੱਲ ਨੂੰ ਸਮਝ ਸਕੇ ? ਜਿਹ ਨੂੰ ਯਹੋਵਾਹ ਦਾ ਮੂੰਹ ਬੋਲਿਆ ਹੈ, ਉਹ ਉਸ ਨੂੰ ਦੱਸੇ । ਧਰਤੀ ਕਿਉਂ ਬਰਬਾਦ ਹੋਈ ਅਤੇ ਉਜਾੜ ਵਾਂਗੂੰ ਜਲ ਗਈ ਕਿ ਉਹ ਦੇ ਵਿੱਚ ਦੀ ਕੋਈ ਨਹੀਂ ਲੰਘਦਾ ?
13ਯਹੋਵਾਹ ਇਸ ਤਰ੍ਹਾਂ ਆਖਦਾ ਹੈ,- ਇਸ ਲਈ ਕਿ ਉਹਨਾਂ ਨੇ ਮੇਰੀ ਬਿਵਸਥਾ ਨੂੰ ਛੱਡ ਦਿੱਤਾ ਜਿਹੜੀ ਮੈਂ ਉਹਨਾਂ ਦੇ ਅੱਗੇ ਰੱਖੀ ਸੀ ਅਤੇ ਮੇਰੀ ਆਵਾਜ਼ ਨੂੰ ਨਹੀਂ ਸੁਣਿਆ ਅਤੇ ਨਾ ਹੀ ਉਹ ਦੇ ਉੱਤੇ ਚੱਲੇ ਹਨ14ਪਰ ਆਪਣੇ ਹੀ ਦਿਲ ਦੇ ਹਠ ਵਿੱਚ ਚੱਲਦੇ ਹਨ ਅਤੇ ਬਆਲੀਮ ਦੇ ਮਗਰ ਲੱਗੇ ਹਨ ਜਿਵੇਂ ਉਹਨਾਂ ਦੇ ਪਿਉ-ਦਾਦਿਆਂ ਨੇ ਉਹਨਾਂ ਨੂੰ ਸਿਖਾਇਆ ਸੀ
15ਇਸ ਲਈ ਸੈਨਾ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ,- ਵੇਖ, ਮੈਂ ਇਸ ਪਰਜਾ ਨੂੰ ਅੱਕ ਦੀ ਜੜ੍ਹ ਖੁਆਵਾਂਗਾ ਅਤੇ ਇਹਨਾਂ ਨੂੰ ਵਿਹੁ ਵਾਲਾ ਪਾਣੀ ਪਿਲਾਵਾਂਗਾ16ਮੈਂ ਉਹਨਾਂ ਨੂੰ ਉਹਨਾਂ ਕੌਮਾਂ ਵਿੱਚ ਜਿਹਨਾਂ ਨੂੰ ਨਾ ਉਹ ਜਾਣਦੇ ਹਨ, ਨਾ ਉਹਨਾਂ ਦੇ ਪਿਉ-ਦਾਦੇ ਜਾਣਦੇ ਸਨ ਖੇਰੂੰ ਖੇਰੂੰ ਕਰ ਦਿਆਂਗਾ, ਅਤੇ ਮੈਂ ਉਹਨਾਂ ਦੇ ਅੱਗੇ ਤਲਵਾਰ ਭੇਜਾਂਗਾ ਜਿੰਨਾ ਚਿਰ ਉਹਨਾਂ ਦਾ ਨਾਸ ਨਾ ਕਰ ਦੇ ।
ਯਰੂਸ਼ਲਮ ਦੇ ਲਈ ਵਿਰਲਾਪ

17ਸੈਨਾ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ - ਤੁਸੀਂ ਸੋਚੋ ਅਤੇ ਸਿਆਪਾ ਕਰਨ ਵਾਲੀਆਂ ਔਰਤਾਂ ਨੂੰ ਸੱਦੋ ਭਈ ਉਹ ਆਉਣ, ਬੁੱਧਵਾਨ ਔਰਤਾਂ ਨੂੰ ਸੱਦ ਘੱਲੋ ਭਈ ਉਹ ਆਉਣ ।18ਉਹ ਛੇਤੀ ਕਰਨ ਅਤੇ ਸਾਡੇ ਉੱਤੇ ਵੈਣ ਚੁੱਕਣ, ਭਈ ਸਾਡੀਆਂ ਅੱਖਾਂ ਤੋਂ ਅੱਥਰੂ ਵਗਣ, ਅਤੇ ਸਾਡੀਆਂ ਅੱਖਾਂ ਦੀਆਂ ਪਲਕਾਂ ਤੋਂ ਪਾਣੀ ਛਮਾ ਛਮ ਚੋਵੇ ।
19ਵੈਣ ਪਾਉਣ ਦੀ ਅਵਾਜ਼ ਸੀਯੋਨ ਤੋਂ ਸੁਣਾਈ ਦਿੰਦੀ ਹੈ,- ਅਸੀਂ ਕੇਹੇ ਲੁੱਟੇ ਗਏ ! ਅਸੀਂ ਡਾਢੇ ਸ਼ਰਮਿੰਦੇ ਹੋਏ ! ਕਿਉਂ ਜੋ ਅਸੀਂ ਦੇਸ ਨੂੰ ਛੱਡ ਛੱਡਿਆ ਹੈ, ਉਹਨਾਂ ਨੇ ਸਾਡੇ ਵਸੇਬਿਆਂ ਨੂੰ ਢਾਹ ਜੋ ਸੁੱਟਿਆ ਹੈ ।20ਹੇ ਤੀਵੀਓ, ਤੁਸੀਂ ਯਹੋਵਾਹ ਦਾ ਬਚਨ ਸੁਣੋ, ਤੁਹਾਡਾ ਕੰਨ ਉਹ ਦੇ ਮੂੰਹ ਦੀ ਗੱਲ ਸੁਣੇ ! ਆਪਣੀਆਂ ਧੀਆਂ ਨੂੰ ਵੈਣ, ਅਤੇ ਹਰੇਕ ਆਪਣੀ ਗੁਆਂਢਣ ਨੂੰ ਸਿਆਪਾ ਸਿਖਾਵੇ !
21ਮੌਤ ਤਾਂ ਸਾਡੀਆਂ ਤਾਕੀਆਂ ਵਿੱਚ ਚੜ੍ਹ ਆਈ ਹੈ, ਇਹ ਸਾਡਿਆਂ ਮਹਿਲਾਂ ਵਿੱਚ ਵੜ ਗਈ ਹੈ, ਭਈ ਗਲੀਆਂ ਵਿੱਚੋਂ ਮੁੰਡਿਆਂ ਨੂੰ, ਅਤੇ ਚੌਕਾਂ ਵਿੱਚੋਂ ਜੁਆਨਾਂ ਨੂੰ ਕੱਟ ਦੇਵੇ ।22ਬੋਲੋ, ਯਹੋਵਾਹ ਦਾ ਵਾਕ ਇਸ ਤਰ੍ਹਾਂ ਹੈ, - ਆਦਮੀ ਦੀਆਂ ਲੋਥਾਂ ਖੁੱਲ੍ਹਿਆਂ ਖੇਤਾਂ ਵਿੱਚ ਮਲੀਹ ਵਾਂਗੂੰ ਡਿੱਗਣਗੀਆਂ, ਅਤੇ ਵਾਢਿਆਂ ਦੇ ਮਗਰ ਇੱਕ ਰੁੱਗ ਵਾਂਙੁ, ਜਿਸ ਨੂੰ ਕੋਈ ਇਕੱਠਾ ਨਹੀਂ ਕਰਦਾ ।
23ਯਹੋਵਾਹ ਇਸ ਤਰ੍ਹਾਂ ਆਖਦਾ ਹੈ,- ਬੁੱਧਵਾਨ ਆਪਣੀ ਬੁੱਧ ਉੱਤੇ ਮਾਣ ਨਾ ਕਰੇ, ਨਾ ਬਲਵਾਨ ਆਪਣੇ ਬਲ ਉੱਤੇ ਮਾਣ ਕਰੇ, ਨਾ ਧਨੀ ਆਪਣੇ ਧਨ ਉੱਤੇ ਮਾਣ ਕਰੇ24ਪਰ ਜਿਹੜਾ ਮਾਣ ਕਰਦਾ ਹੈ ਉਹ ਇਸ ਉੱਤੇ ਮਾਣ ਕਰੇ ਭਈ ਉਹ ਮੈਨੂੰ ਸਮਝਦਾ ਹੈ ਅਤੇ ਜਾਣਦਾ ਹੈ ਕਿ ਮੈਂ ਯਹੋਵਾਹ ਹਾਂ ਜਿਹੜਾ ਧਰਤੀ ਉੱਤੇ ਦਯਾ, ਇਨਸਾਫ਼ ਅਤੇ ਧਰਮ ਦੇ ਕੰਮ ਕਰਦਾ ਹਾਂ ਕਿਉਂ ਜੋ ਮੇਰੀ ਖੁਸ਼ੀ ਉਹਨਾਂ ਵਿੱਚ ਹੈ, ਯਹੋਵਾਹ ਦਾ ਵਾਕ ਹੈ
25ਵੇਖੋ, ਉਹ ਦਿਨ ਆ ਰਹੇ ਹਨ, ਯਹੋਵਾਹ ਦਾ ਵਾਕ ਹੈ, ਕਿ ਮੈਂ ਸਾਰੇ ਸੁੰਨਤੀਆਂ ਨੂੰ ਅਸੁੰਨਤੀਆਂ ਨਾਲ ਸਜ਼ਾ ਦਿਆਂਗਾ26ਮਿਸਰ ਨੂੰ, ਯਹੂਦਾਹ ਨੂੰ, ਅਦੋਮ ਨੂੰ ਅਤੇ ਅੰਮੋਨ ਦੇ ਪੁੱਤਰਾਂ ਨੂੰ ਅਤੇ ਮੋਆਬ ਨੂੰ ਅਤੇ ਉਹਨਾਂ ਸਾਰਿਆਂ ਨੂੰ ਜਿਹੜੇ ਉਜਾੜ ਵਿੱਚ ਵੱਸਦੇ ਅਤੇ ਆਪਣੀਆਂ ਦਾੜ੍ਹੀਆਂ ਦੀਆਂ ਨੁੱਕਰਾਂ ਕੱਟਦੇ ਹਨ ਕਿਉਂ ਜੋ ਇਹ ਸਾਰੀਆਂ ਕੌਮਾਂ ਅਸੁੰਨਤੀਆਂ ਹਨ ਅਤੇ ਇਸਰਾਏਲ ਦੇ ਸਾਰੇ ਘਰਾਣੇ ਦੇ ਦਿਲ ਅਸੁੰਨਤੇ ਹਨ ।

10
ਮੂਰਤੀ ਪੂਜਾ ਅਤੇ ਸੱਚੀ ਅਰਾਧਨਾ

1ਹੇ ਇਸਰਾਏਲ ਦੇ ਘਰਾਣੇ, ਇਸ ਬਚਨ ਨੂੰ ਸੁਣੋ ਜਿਹੜਾ ਯਹੋਵਾਹ ਬੋਲਦਾ ਹੈ,2ਯਹੋਵਾਹ ਇਸ ਤਰ੍ਹਾਂ ਆਖਦਾ ਹੈ,- ਤੁਸੀਂ ਕੌਮਾਂ ਦੀ ਚਾਲ ਨਾ ਸਿੱਖੋ, ਨਾ ਅਕਾਸ਼ ਦੇ ਨਿਸ਼ਾਨਾਂ ਤੋਂ ਘਾਬਰੋ, ਕਿਉਂ ਜੋ ਕੌਮਾਂ ਉਹਨਾਂ ਤੋਂ ਘਾਬਰਦੀਆਂ ਹਨ ।

3ਉੱਮਤਾਂ ਦੀਆਂ ਬਿਧੀਆਂ ਤਾਂ ਫੋਕੀਆਂ ਹਨ, ਕੋਈ ਜੰਗਲ ਵਿੱਚੋਂ ਰੁੱਖ ਵੱਢਦਾ ਹੈ, ਇਹ ਕੁਹਾੜੇ ਨਾਲ ਤਰਖਾਣ ਦੇ ਹੱਥ ਦਾ ਕੰਮ ਹੈ ।4ਚਾਂਦੀ ਅਤੇ ਸੋਨੇ ਨਾਲ ਉਹ ਨੂੰ ਸਜਾਉਂਦੇ ਹਨ, ਉਹ ਨੂੰ ਹਥੌੜਿਆਂ ਅਤੇ ਕਿੱਲਾਂ ਨਾਲ ਪੱਕਾ ਕਰਦੇ ਹਨ, ਭਈ ਉਹ ਹਿੱਲ ਨਾ ਸਕੇ ।5ਉਹ ਖਜੂਰ ਵਾਂਗੂੰ ਸਖ਼ਤ ਹਨ, ਉਹ ਬੋਲ ਨਹੀਂ ਸਕਦੇ ਉਹ ਚੁੱਕ ਕੇ ਲੈ ਜਾਣੇ ਪੈਂਦੇ ਹਨ, ਕਿਉਂ ਜੋ ਉਹ ਤੁਰ ਨਹੀਂ ਸਕਦੇ ! ਉਹਨਾਂ ਤੋਂ ਨਾ ਡਰੋ, ਕਿਉਂ ਜੋ ਉਹ ਬੁਰਿਆਈ ਨਹੀਂ ਕਰ ਸਕਦੇ, ਨਾ ਹੀ ਉਹ ਭਲਿਆਈ ਕਰ ਸਕਦੇ ਹਨ ।
6ਹੇ ਯਹੋਵਾਹ, ਤੇਰੇ ਜਿਹਾ ਕੋਈ ਨਹੀਂ, ਤੂੰ ਵੱਡਾ ਹੈਂ ਅਤੇ ਸ਼ਕਤੀ ਦੇ ਕਾਰਨ ਤੇਰਾ ਨਾਮ ਵੱਡਾ ਹੈ ।7ਹੇ ਕੌਮਾਂ ਦੇ ਪਾਤਸ਼ਾਹ, ਤੇਰੇ ਕੋਲੋਂ ਕੌਣ ਨਹੀਂ ਡਰੇਗਾ ? ਕਿਉਂ ਜੋ ਇਹ ਤੈਨੂੰ ਜੋਗ ਹੈ । ਕੌਮਾਂ ਦੇ ਸਾਰੇ ਬੁੱਧਵਾਨਾਂ ਵਿੱਚ, ਅਤੇ ਸਾਰੀਆਂ ਪਾਤਸ਼ਾਹੀਆਂ ਵਿੱਚ, ਤੇਰੇ ਜਿਹਾ ਕੋਈ ਨਹੀਂ ।
8ਉਹ ਸਾਰੇ ਬੇਦਰਦ ਅਤੇ ਮੂਰਖ ਹਨ, ਉਹ ਫੋਕੀਆਂ ਗੱਲਾਂ ਦੀ ਸਿੱਖਿਆ ਲਈ ਲੱਕੜੀ ਹੀ ਹੈ ।9ਤਰਸ਼ੀਸ਼ ਤੋਂ ਕੁੱਟੀ ਹੋਈ ਚਾਂਦੀ, ਅਤੇ ਊਫਾਜ਼ ਤੋਂ ਸੋਨਾ ਲਿਆਇਆ ਜਾਂਦਾ ਹੈ, ਉਹ ਮਿਸਤਰੀ ਦਾ ਸਰਾਫ਼ ਦੇ ਹੱਥਾਂ ਦਾ ਕੰਮ ਹੈ, ਉਹਨਾਂ ਦੀ ਪੁਸ਼ਾਕ ਨੀਲੀ ਅਤੇ ਬੈਂਗਣੀ ਹੈ, ਉਹ ਸਾਰੇ ਬੁੱਧਵਾਨਾਂ ਦਾ ਕੰਮ ਹੈ !10ਪਰ ਯਹੋਵਾਹ ਸੱਚਾ ਪਰਮੇਸ਼ੁਰ ਹੈ, ਉਹ ਜੀਉਂਦਾ ਪਰਮੇਸ਼ੁਰ ਅਤੇ ਸਦੀਪਕਾਲ ਦਾ ਰਾਜਾ ਹੈ, ਉਹ ਦੇ ਲਾਲ ਪੀਲਾ ਹੋਣ ਨਾਲ ਧਰਤੀ ਕੰਬਦੀ ਹੈ, ਕੌਮਾਂ ਉਹ ਦਾ ਗਜ਼ਬ ਨਹੀਂ ਝੱਲ ਸੱਕਦੀਆਂ ।
11ਤੁਸੀਂ ਉਹਨਾਂ ਨੂੰ ਇਸ ਤਰਾਂ ਦੱਸੋ, ਉਹ ਦੇਵਤੇ ਜਿਹਨਾਂ ਅਕਾਸ਼ ਅਤੇ ਧਰਤੀ ਨੂੰ ਨਹੀਂ ਬਣਾਇਆ, ਉਹ ਧਰਤੀ ਤੋਂ ਅਤੇ ਅਕਾਸ਼ ਦੇ ਹੇਠੋਂ ਮਿਟ ਜਾਣਗੇ ।
ਸਤੂਤੀ ਦਾ ਗੀਤ

12ਉਸ ਨੇ ਧਰਤੀ ਨੂੰ ਆਪਣੀ ਸ਼ਕਤੀ ਨਾਲ ਬਣਾਇਆ, ਉਸ ਆਪਣੀ ਬੁੱਧ ਨਾਲ ਜਗਤ ਨੂੰ ਕਾਇਮ ਕੀਤਾ ਹੈ, ਆਪਣੀ ਸਮਝ ਨਾਲ ਅਕਾਸ਼ਾਂ ਨੂੰ ਤਾਣਿਆ ਹੈ ।13ਜਦ ਉਹ ਆਪਣੀ ਆਵਾਜ਼ ਕੱਢਦਾ ਹੈ, ਤਾਂ ਅਕਾਸ਼ ਵਿੱਚ ਪਾਣੀ ਦਾ ਸ਼ੋਰ ਹੁੰਦਾ ਹੈ, ਉਹ ਧਰਤੀ ਦੇ ਕੰਢਿਆਂ ਤੋਂ ਭਾਫ ਨੂੰ ਚੁੱਕਦਾ ਹੈ, ਉਹ ਵਰਖਾ ਲਈ ਬਿਜਲੀਆਂ ਚਮਕਾਉਂਦਾ ਹੈ, ਉਹ ਆਪਣੇ ਖ਼ਜਾਨਿਆਂ ਵਿੱਚੋਂ ਹਵਾ ਬਾਹਰ ਕੱਢਦਾ ਹੈ ।
14ਹਰੇਕ ਆਦਮੀ ਬੇਦਰਦ ਹੋ ਗਿਆ ਹੈ ਅਤੇ ਗਿਆਨਵਾਨ ਨਹੀਂ, ਹਰੇਕ ਸਰਾਫ਼ ਆਪਣੀ ਘੜਤ ਤੋਂ ਲੱਜਿਆਵਾਨ ਹੈ, ਕਿਉਂ ਜੋ ਉਹ ਦੀ ਢਲੀ ਹੋਈ ਮੂਰਤ ਝੂਠੀ ਹੈ, ਅਤੇ ਉਸ ਵਿੱਚ ਸਾਹ ਨਹੀਂ ।15ਉਹ ਵਿਅਰਥ ਹਨ, ਉਹ ਧੋਖੇ ਦਾ ਕੰਮ ਹਨ, ਉਹ ਆਪਣੀ ਸਜ਼ਾ ਦੇ ਵੇਲੇ ਮਿਟ ਜਾਣਗੇ ।16ਜਿਹੜਾ ਯਾਕੂਬ ਦਾ ਹਿੱਸਾ ਹੈ ਉਹ ਇਹਨਾਂ ਜਿਹਾ ਨਹੀਂ, ਕਿਉਂ ਜੋ ਉਹ ਸਾਰੀਆਂ ਚੀਜਾਂ ਦਾ ਸਿਰਜਣਹਾਰ ਹੈ, ਇਸਰਾਏਲ ਦਾ ਗੋਤ ਉਹ ਦੀ ਮਿਰਾਸ ਹੈ, ਸੈਨਾ ਦਾ ਯਹੋਵਾਹ ਉਸ ਦਾ ਨਾਮ ਹੈ ।
ਆਉਣ ਵਾਲੀ ਗੁਲਾਮੀ

17ਧਰਤੀ ਤੋਂ ਆਪਣੀ ਗਠੜੀ ਇਕੱਠੀ ਕਰ ਲੈ, ਤੂੰ ਜਿਹੜੀ ਘੇਰੇ ਵਿੱਚ ਰਹਿੰਦੀ ਹੈਂ ।18ਯਹੋਵਾਹ ਤਾਂ ਇਸ ਤਰ੍ਹਾਂ ਆਖਦਾ ਹੈ, ਵੇਖੋ, ਮੈਂ ਇਸ ਵੇਲੇ ਦੇਸ ਦੇ ਵਾਸੀਆਂ ਨੂੰ ਗੋਪੀਏ ਨਾਲ ਸੁੱਟਣ ਵਾਲਾ ਹਾਂ, ਮੈਂ ਉਹਨਾਂ ਨੂੰ ਦੁੱਖ ਦਿਆਂਗਾ, ਭਈ ਉਹ ਸਮਝਣ ।
19ਮੇਰੇ ਘਾਉ ਦੇ ਕਾਰਨ ਮੇਰੇ ਉੱਤੇ ਅਫਸੋਸ ! ਮੇਰਾ ਫੱਟ ਬਹੁਤ ਸਖ਼ਤ ਹੈ, ਪਰ ਮੈਂ ਆਖਿਆ ਸੀ ਕਿ ਇਹ ਮੇਰਾ ਦੁੱਖ ਹੈ, ਮੈਂ ਇਸ ਨੂੰ ਝੱਲਾਂਗਾ ।20ਮੇਰਾ ਤੰਬੂ ਲੁੱਟਿਆ ਗਿਆ, ਮੇਰੀਆਂ ਸਭ ਲਾਸਾਂ ਤੋੜ ਦਿੱਤੀਆਂ ਗਈਆਂ, ਮੇਰੇ ਪੁੱਤਰ ਮੇਰੇ ਕੋਲੋਂ ਤੁਰ ਗਏ, ਅਤੇ ਉਹ ਨਹੀਂ ਹਨ, ਕੋਈ ਨਹੀਂ ਜਿਹੜਾ ਮੇਰਾ ਤੰਬੂ ਫੇਰ ਤਾਣੇ, ਅਤੇ ਮੇਰੀਆਂ ਕਨਾਤਾਂ ਲਾਵੇ ।
21ਆਜੜੀ ਤਾਂ ਬੇਦਰਦ ਹਨ, ਉਹਨਾਂ ਯਹੋਵਾਹ ਦੀ ਭਾਲ ਨਹੀਂ ਕੀਤੀ, ਇਸ ਲਈ ਉਹ ਸਫਲ ਨਾ ਹੋਏ, ਉਹਨਾਂ ਦੇ ਸਾਰੇ ਇੱਜੜ ਖੇਰੂੰ ਖੇਰੂੰ ਹੋ ਗਏ ।22ਇੱਕ ਸੁਨੇਹੇ ਦੀ ਅਵਾਜ਼ ਸੁਣਾਈ ਦਿੰਦੀ ਹੈ, ਵੇਖੋ, ਉੱਤਰ ਦੇਸ ਵੱਲੋਂ ਇੱਕ ਵੱਡਾ ਰੌਲਾ, ਭਈ ਯਹੂਦਾਹ ਦੇ ਸ਼ਹਿਰ ਵਿਰਾਨ ਹੋ ਜਾਣ, ਉਹ ਗਿੱਦੜਾਂ ਦੇ ਘੁਰਨੇ ਬਣਨ ।
23ਹੇ ਯਹੋਵਾਹ, ਮੈਂ ਜਾਣਦਾ ਹਾਂ, ਕਿ ਆਦਮੀਂ ਦਾ ਰਾਹ ਉਸ ਦੇ ਵੱਸ ਵਿੱਚ ਨਹੀਂ ਹੈ, ਇਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ ।24ਹੇ ਯਹੋਵਾਹ, ਮੇਰਾ ਸੁਧਾਰ ਕਰ ਪਰ ਨਰਮਾਈ ਨਾਲ, ਨਾ ਕਿ ਆਪਣੇ ਕ੍ਰੋਧ ਨਾਲ ਮਤੇ ਤੂੰ ਮੈਨੂੰ ਘਟਾਵੇਂ ।25ਤੂੰ ਆਪਣਾ ਗੁੱਸਾ ਉਹਨਾਂ ਕੌਮਾਂ ਉੱਤੇ ਪਾ ਦੇ ਜਿਹੜੀਆਂ ਤੈਨੂੰ ਨਹੀਂ ਜਾਣਦੀਆਂ, ਉਹਨਾਂ ਘਰਾਣਿਆਂ ਉੱਤੇ ਜਿਹੜੇ ਤੇਰਾ ਨਾਮ ਨਹੀਂ ਲੈਂਦੇ । ਉਹਨਾਂ ਯਾਕੂਬ ਨੂੰ ਖਾ ਲਿਆ ਹੈ, ਉਹ ਨੂੰ ਭੱਖ ਲਿਆ ਅਤੇ ਮੁਕਾ ਦਿੱਤਾ ਹੈ, ਅਤੇ ਉਹ ਦੇ ਵਸੇਬਿਆਂ ਨੂੰ ਵਿਰਾਨ ਕਰ ਛੱਡਿਆ ਹੈ ।

11
ਯਿਰਮਿਯਾਹ ਅਤੇ ਨੇਮ

1ਉਹ ਬਚਨ ਜਿਹੜਾ ਯਿਰਮਿਯਾਹ ਨੂੰ ਯਹੋਵਾਹ ਵੱਲੋਂ ਆਇਆ ਕਿ2ਤੁਸੀਂ ਇਸ ਨੇਮ ਦੀਆਂ ਗੱਲਾਂ ਸੁਣੋ । ਤੁਸੀਂ ਯਹੂਦਾਹ ਦੇ ਮਨੁੱਖਾਂ ਨਾਲ ਅਤੇ ਯਰੂਸ਼ਲਮ ਦੇ ਵਾਸੀਆਂ ਨਾਲ ਬੋਲੋ

3ਤੂੰ ਉਹਨਾਂ ਨੂੰ ਆਖ ਕਿ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਐਉਂ ਆਖਦਾ ਹੈ,- ਉਸ ਮਨੁੱਖ ਉੱਤੇ ਸਰਾਪ ਜਿਹੜਾ ਇਸ ਨੇਮ ਦੀਆਂ ਗੱਲਾਂ ਨਹੀਂ ਸੁਣਦਾ !4ਜਿਹ ਦਾ ਮੈ ਤੁਹਾਡੇ ਪਿਉ-ਦਾਦਿਆਂ ਨੂੰ ਉਸ ਦਿਨ ਹੁਕਮ ਦਿੱਤਾ ਸੀ ਜਦ ਮੈਂ ਉਹਨਾਂ ਨੂੰ ਮਿਸਰ ਦੇਸ ਵਿੱਚੋਂ, ਹਾਂ, ਲੋਹੇ ਦੀ ਭੱਠੀ ਵਿੱਚੋਂ ਬਾਹਰ ਲਿਆਂਦਾ ਅਤੇ ਆਖਿਆ ਕਿ ਮੇਰੀ ਆਵਾਜ ਸੁਣੋ ਅਤੇ ਉਹ ਸਭ ਕੁਝ ਜਿਹ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਸੀ ਪੂਰਾ ਕਰੋ ਤਾਂ ਜੋ ਤੁਸੀਂ ਮੇਰੀ ਪਰਜਾ ਹੋਵੋ ਅਤੇ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ5ਭਈ ਮੈਂ ਉਸ ਸੌਂਹ ਨੂੰ ਪੂਰਾ ਕਰਾਂ ਜਿਹੜੀ ਮੈਂ ਤੁਹਾਡੇ ਪਿਉ-ਦਾਦਿਆਂ ਨਾਲ ਖਾਧੀ ਸੀ ਕਿ ਮੈਂ ਉਹਨਾਂ ਨੂੰ ਇੱਕ ਦੇਸ ਦਿਆਂਗਾ ਜਿਹ ਦੇ ਵਿੱਚ ਦੁੱਧ ਅਤੇ ਸ਼ਹਿਤ ਵਗਦਾ ਹੈ ਜਿਹਾ ਅੱਜ ਦੇ ਦਿਨ ਹੈ । ਤਾਂ ਮੈਂ ਉੱਤਰ ਦਿੱਤਾ ਅਤੇ ਆਖਿਆ, ਆਮੀਨ, ਹੇ ਯਹੋਵਾਹ ! ।
6ਤਾਂ ਯਹੋਵਾਹ ਨੇ ਮੈਨੂੰ ਆਖਿਆ ਕਿ ਇਹਨਾਂ ਸਾਰੀਆਂ ਗੱਲਾਂ ਦੀ ਯਹੂਦਾਹ ਦੇ ਸ਼ਹਿਰਾਂ ਅਤੇ ਯਰੂਸ਼ਲਮ ਦੇ ਚੌਕਾਂ ਵਿੱਚ ਡੌਂਡੀ ਪਿੱਟਵਾ ਕਿ ਤੁਸੀਂ ਇਸ ਨੇਮ ਦੀਆਂ ਗੱਲਾਂ ਸੁਣੋ ਅਤੇ ਤੁਸੀਂ ਉਹਨਾਂ ਨੂੰ ਪੂਰਾ ਕਰੋ7ਕਿਉਂ ਜੋ ਮੈਂ ਤੁਹਾਡੇ ਪਿਉ-ਦਾਦਿਆਂ ਨੂੰ ਜਦ ਮੈਂ ਉਹਨਾਂ ਨੂੰ ਮਿਸਰ ਦੇਸ ਤੋਂ ਕੱਢ ਲਿਆਂਦਾ ਅੱਜ ਦੇ ਦਿਨ ਤੱਕ ਤਗੀਦ ਨਾਲ ਚਿਤਾਰਦਾ ਰਿਹਾ ਅਤੇ ਤੜਕੇ ਉੱਠ ਕੇ ਉਹਨਾਂ ਨੂੰ ਚਿਤਾਰਦਾ ਰਿਹਾ ਕਿ ਮੇਰੀ ਸੁਣੋ !8ਪਰ ਉਹਨਾਂ ਨੇ ਨਾ ਸੁਣਿਆ, ਨਾ ਕੰਨ ਲਾਇਆ । ਹਰੇਕ ਆਪਣੇ ਬੁਰੇ ਦਿਲ ਦੀ ਅੜੀ ਵਿੱਚ ਚੱਲਦਾ ਰਿਹਾ । ਇਸੇ ਲਈ ਮੈਂ ਇਸ ਨੇਮ ਦੀਆਂ ਸਾਰੀਆਂ ਗੱਲਾਂ ਉਹਨਾਂ ਉੱਤੇ ਲਿਆਂਦੀਆਂ ਜਿਹਨਾਂ ਦਾ ਮੈਂ ਉਹਨਾਂ ਨੂੰ ਪੂਰਾ ਕਰਨ ਲਈ ਹੁਕਮ ਦਿੱਤਾ ਸੀ ਪਰ ਉਹਨਾਂ ਨੇ ਉਹਨਾਂ ਨੂੰ ਪੂਰਾ ਨਾ ਕਿੱਤਾ
9ਤਾਂ ਯਹੋਵਾਹ ਨੇ ਮੈਨੂੰ ਆਖਿਆ ਕਿ ਯਹੂਦਾਹ ਦੇ ਮਨੁੱਖਾਂ ਅਤੇ ਯਰੂਸ਼ਲਮ ਦੇ ਵਾਸੀਆਂ ਵਿੱਚ ਇੱਕ ਮਤਾ ਪਕਾਇਆ ਜਾਂਦਾ ਹੈ10ਉਹ ਆਪਣੇ ਪਹਿਲੇ ਪਿਉ-ਦਾਦਿਆਂ ਦੀਆਂ ਬੁਰਿਆਈਆਂ ਵੱਲ ਫਿਰ ਗਏ ਹਨ ਜਿਹਨਾਂ ਨੇ ਮੇਰੀਆਂ ਗੱਲਾਂ ਨਹੀਂ ਸੁਣੀਆਂ । ਉਹ ਦੂਜੇ ਦੇਵਤਿਆਂ ਦੇ ਪਿੱਛੇ ਚਲੇ ਗਏ ਹਨ ਅਤੇ ਉਹਨਾਂ ਦੀ ਪੂਜਾ ਕਰਨ ਲੱਗ ਗਏ । ਇਸਰਾਏਲ ਦੇ ਘਰਾਣੇ ਅਤੇ ਯਹੂਦਾਹ ਦੇ ਘਰਾਣੇ ਨੇ ਮੇਰੇ ਨੇਮ ਨੂੰ ਤੋੜ ਛੱਡਿਆ ਹੈ ਜਿਹੜਾ ਮੈਂ ਉਹਨਾਂ ਦੇ ਪਿਉ-ਦਾਦਿਆਂ ਨਾਲ ਬੰਨ੍ਹਿਆ ਸੀ
11ਇਸੇ ਲਈ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖੋ, ਮੈਂ ਉਹਨਾਂ ਉੱਤੇ ਬਦੀ ਲਿਆ ਰਿਹਾ ਹਾਂ ਜਿਸ ਤੋਂ ਉਹ ਨਿੱਕਲ ਨਾ ਸਕਣਗੇ । ਭਾਵੇਂ ਉਹ ਮੇਰੇ ਵੱਲ ਚਿੱਲਾਉਣ, ਮੈਂ ਉਹਨਾਂ ਦੀ ਨਾ ਸੁਣਾਂਗਾ12ਤਦ ਯਹੂਦਾਹ ਦੇ ਸ਼ਹਿਰ ਅਤੇ ਯਰੂਸ਼ਲਮ ਦੇ ਵਾਸੀ ਜਾਣਗੇ ਅਤੇ ਦੂਜੇ ਦੇਵਤਿਆਂ ਲਈ ਚਿੱਲਾਉਣਗੇ ਜਿਹਨਾਂ ਲਈ ਉਹ ਧੂਪ ਧੁਖਾਉਂਦੇ ਰਹੇ ਹਨ, ਪਰ ਉਹ ਉਹਨਾਂ ਨੂੰ ਮੂਲੋਂ ਉਹਨਾਂ ਦੀ ਬਿਪਤਾ ਦੇ ਸਮੇਂ ਬਚਾ ਨਾ ਸਕਣਗੇ13ਕਿਉਂ ਜੋ ਹੇ ਯਹੂਦਾਹ, ਤੇਰੇ ਦੇਵਤੇ ਤੇਰੇ ਸ਼ਹਿਰਾਂ ਦੀ ਗਿਣਤੀ ਜਿੰਨੇ ਹਨ ਅਤੇ ਜਿੰਨੇ ਯਰੂਸ਼ਲਮ ਦੇ ਚੌਂਕ ਹਨ ਤੁਸੀਂ ਉੱਨੀਆਂ ਗਿਣਤੀਆਂ ਵਿੱਚ ਜਗਵੇਦੀਆਂ ਸ਼ਰਮ ਲਈ ਬਣਾ ਲਈਆਂ ਹਨ ਭਈ ਤੁਸੀਂ ਬਆਲ ਲਈ ਜਗਵੇਦੀਆਂ ਉੱਤੇ ਧੂਪ ਧੁਖਾਓ ।
14ਤੂੰ ਇਸ ਪਰਜਾ ਲਈ ਪ੍ਰਾਰਥਨਾ ਨਾ ਕਰ, ਨਾ ਉਹਨਾਂ ਲਈ ਤਰਲਾ ਨਾ ਪ੍ਰਾਰਥਨਾ ਚੁੱਕ, ਕਿਉਂ ਜੋ ਮੈਂ ਨਹੀਂ ਸੁਣਾਂਗਾ ਜਿਸ ਵੇਲੇ ਉਹ ਆਪਣੀ ਬਿਪਤਾ ਦੇ ਕਾਰਨ ਪੁਕਾਰਨਗੇ15ਮੇਰੇ ਘਰ ਵਿੱਚ ਮੇਰੀ ਪ੍ਰੀਤਮਾ ਦਾ ਕੀ ਕੰਮ ਜਦ ਉਸ ਬਹੁਤਿਆਂ ਨਾਲ ਕੁਕਰਮ ਕੀਤਾ ਅਤੇ ਪਵਿੱਤਰ ਮਾਸ ਤੈਥੋਂ ਜਾਂਦਾ ਰਿਹਾ ? ਜਦ ਤੂੰ ਬਦੀ ਕਰਦੀ ਹੈਂ ਤਾਂ ਤੂੰ ਬਾਗ ਬਾਗ ਹੁੰਦੀ ਹੈਂ16ਯਹੋਵਾਹ ਨੇ ਤੇਰੇ ਨਾਮ ਨੂੰ ਐਉਂ ਬੁਲਾਇਆ, " ਇੱਕ ਹਰਾ ਅਤੇ ਸੋਹਣਾ ਫਲਦਾਇਕ ਜ਼ੈਤੂਨ " ਪਰ ਵੱਡੇ ਰੌਲੇ ਦੇ ਸ਼ੋਰ ਨਾਲ ਉਸ ਉਹ ਨੂੰ ਅੱਗ ਲਾ ਦਿੱਤੀ ਅਤੇ ਉਹਨਾਂ ਦੀਆਂ ਟਹਿਣੀਆਂ ਤੋੜੀਆਂ ਗਈਆਂ
17ਸੈਨਾ ਦੇ ਯਹੋਵਾਹ ਨੇ ਜਿਸ ਤੈਨੂੰ ਲਾਇਆ ਤੇਰੇ ਉੱਤੇ ਬਦੀ ਦੀ ਗੱਲ ਕੀਤੀ ਉਸ ਬਦੀ ਦੇ ਕਾਰਨ ਜਿਹੜੀ ਇਸਰਾਏਲ ਦੇ ਘਰਾਣੇ ਅਤੇ ਯਹੂਦਾਹ ਦੇ ਘਰਾਣੇ ਨੇ ਆਪਣੇ ਲਈ ਕੀਤੀ ਜਦ ਉਹਨਾਂ ਨੇ ਮੈਨੂੰ ਗੁੱਸਾ ਚੜ੍ਹਾਇਆ ਅਤੇ ਬਆਲ ਲਈ ਧੂਪ ਧੁਖਾਈ ।
ਯਿਰਮਿਯਾਹ ਦੇ ਵਿਰੋਧ ਵਿੱਚ ਸਾਜਸ਼

18ਯਹੋਵਾਹ ਨੇ ਮੈਨੂੰ ਸਮਝਾਇਆ ਅਤੇ ਮੈਂ ਸਮਝ ਗਿਆ, ਤਦ ਤੂੰ ਉਹਨਾਂ ਦੀਆਂ ਕਰਤੂਤਾਂ ਮੈਨੂੰ ਵਿਖਾਈਆਂ ।19ਪਰ ਮੈਂ ਤਾਂ ਇੱਕ ਅਸੀਲ ਲੇਲੇ ਵਾਂਗੂੰ ਸਾਂ, ਜਿਹੜਾ ਕੱਟੇ ਜਾਣ ਲਈ ਲਿਆਂਦਾ ਜਾਂਦਾ ਹੈ । ਮੈਂ ਨਹੀਂ ਜਾਣਦਾ ਸਾਂ ਕਿ ਇਹ ਮੇਰੇ ਵਿਰੁੱਧ ਮਤੇ ਪਕਾਏ ਸਨ, ਕਿ ਆਓ, ਅਤੇ ਰੁੱਖ ਨੂੰ ਉਹ ਦੇ ਫਲ ਸਣੇ ਬਰਬਾਦ ਕਰ ਦੇਈਏ, ਆਓ, ਉਸ ਨੂੰ ਜੀਉਂਦਿਆਂ ਦੀ ਧਰਤੀ ਵਿੱਚ ਵੱਢ ਸੁੱਟੀਏ, ਭਈ ਅੱਗੇ ਨੂੰ ਉਸ ਦਾ ਨਾਮ ਵੀ ਨਾ ਚੇਤੇ ਕਿੱਤਾ ਜਾਵੇ !20ਪਰ ਹੇ ਸੈਨਾ ਦੇ ਯਹੋਵਾਹ, ਜਿਹੜਾ ਧਰਮ ਨਾਲ ਨਿਆਂ ਕਰਦਾ ਹੈ, ਜਿਹੜਾ ਦਿਲ ਅਤੇ ਮਨ ਨੂੰ ਪਰਖਦਾ ਹੈ ਮੈਂ ਉਹਨਾਂ ਲਈ ਤੇਰੇ ਬਦਲੇ ਨੂੰ ਵੇਖਾਂਗਾ, ਕਿਉਂ ਜੋ ਮੈਂ ਆਪਣਾ ਦਾਵਾ ਤੇਰੇ ਅੱਗੇ ਖੋਲ੍ਹਿਆ ਹੈ ।
21ਇਸ ਲਈ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਅਨਾਥੋਥ ਦੇ ਮਨੁੱਖਾਂ ਦੇ ਬਾਰੇ ਜਿਹੜੇ ਤੇਰੀ ਜਾਨ ਨੂੰ ਭਾਲਦੇ ਹਨ ਅਤੇ ਆਖਦੇ ਹਨ ਕਿ ਯਹੋਵਾਹ ਦੇ ਨਾਮ ਦਾ ਅਗੰਮ ਵਾਕ ਨਾ ਕਰ ਮਤੇ ਤੂੰ ਸਾਡੇ ਹੱਥੋਂ ਮਾਰਿਆ ਜਾਵੇਂ !22ਇਸ ਲਈ ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖ, ਮੈਂ ਉਹਨਾਂ ਦੀ ਖ਼ਬਰ ਲਵਾਂਗਾ ! ਜੁਆਨ ਤਲਵਾਰ ਨਾਲ ਮਾਰੇ ਜਾਣਗੇ, ਉਹਨਾਂ ਦੇ ਪੁੱਤਰ ਅਤੇ ਧੀਆਂ ਕਾਲ ਨਾਲ ਮਰਨਗੇ23ਉਹਨਾਂ ਵਿੱਚੋਂ ਕੋਈ ਨਾ ਬਚੇਗਾ ਕਿਉਂ ਜੋ ਮੈਂ ਅਨਾਥੋਥ ਦੇ ਮਨੁੱਖਾਂ ਉੱਤੇ ਬਦੀ ਉਹਨਾਂ ਦੇ ਖ਼ਬਰ ਲੈਣ ਦੇ ਸਾਲ ਵਿੱਚ ਲਿਆਵਾਂਗਾ ।

12
ਯਿਰਮਿਯਾਹ ਦੇ ਪ੍ਰਸ਼ਨ

1ਹੇ ਯਹੋਵਾਹ, ਜੇ ਮੈਂ ਤੇਰੇ ਨਾਲ ਬਹਿਸ ਕਰਾਂ ਤਾਂ ਤੂੰ ਧਰਮੀ ਠਹਿਰੇਂਗਾ, ਤਦ ਵੀ ਮੈਂ ਇਨਸਾਫ਼ ਦੇ ਬਾਰੇ ਤੇਰੇ ਨਾਲ ਬੋਲਾਂਗਾ, - ਦੁਸ਼ਟਾਂ ਦਾ ਰਾਹ ਕਿਉਂ ਸਫਲ ਹੁੰਦਾ ਹੈ ? ਕਿਉਂ ਸਾਰੇ ਛਲੀਏ ਛਲ ਵਿੱਚ ਸੁਖੀ ਹਨ ?2ਤੂੰ ਉਹਨਾਂ ਨੂੰ ਲਾਇਆ ਤਾਂ ਉਹਨਾਂ ਨੇ ਜੜ੍ਹ ਵੀ ਫੜ ਲਈ, ਉਹ ਵਧਦੇ ਹਨ ਅਤੇ ਫਲ ਵੀ ਲਿਆਉਂਦੇ ਹਨ, ਤੂੰ ਉਹਨਾਂ ਦੇ ਮੂੰਹ ਦੇ ਨੇੜੇ ਅਤੇ ਉਹਨਾਂ ਦੇ ਦਿਲ ਤੋਂ ਦੂਰ ਹੈ ।

3ਪਰ ਹੇ ਯਹੋਵਾਹ, ਤੂੰ ਮੈਨੂੰ ਜਾਣਦਾ ਹੈ, ਤੂੰ ਮੈਨੂੰ ਦੇਖਦਾ ਹੈਂ ਅਤੇ ਮੇਰਾ ਦਿਲ ਜਿਹੜਾ ਤੇਰੇ ਵੱਲ ਹੈ ਪਰਖਦਾ ਹੈ । ਕੱਟੀ ਜਾਣ ਵਾਲੀ ਭੇਡ ਵਾਂਗੂੰ ਉਹਨਾਂ ਨੂੰ ਧੱਕ ਦੇ, ਅਤੇ ਉਹਨਾਂ ਨੂੰ ਕੱਟੇ ਜਾਣ ਦੇ ਦਿਨ ਲਈ ਵੱਖਰਾ ਕਰ !4ਧਰਤੀ ਕਦੋਂ ਤੱਕ ਸੋਗ ਕਰੇ, ਅਤੇ ਹਰ ਪੈਲੀ ਦਾ ਸਾਗ ਪੱਤ ਕੁਮਲਾਇਆ ਰਹੇ ? ਉਹਨਾਂ ਦੀ ਬਦੀ ਦੇ ਕਾਰਨ ਜਿਹੜੇ ਉਹ ਦੇ ਵਿੱਚ ਵੱਸਦੇ ਹਨ, ਪਸ਼ੂ ਅਤੇ ਪੰਛੀ ਹੂੰਝੇ ਗਏ ਹਨ, ਕਿਉਂ ਜੋ ਉਹਨਾਂ ਆਖਿਆ, ਉਹ ਸਾਡਾ ਅੰਤ ਨਾ ਵੇਖੇਗਾ ।
5ਜੇ ਤੂੰ ਪੈਦਲ ਤੁਰਨ ਵਾਲਿਆਂ ਨਾਲ ਦੌੜਿਆ ਅਤੇ ਉਹਨਾਂ ਤੈਨੂੰ ਥਕਾ ਦਿੱਤਾ, ਤਾਂ ਤੂੰ ਘੋੜਿਆਂ ਦੀ ਬਰਾਬਰੀ ਕਿਵੇਂ ਕਰੇਂਗਾ ? ਜੇ ਸ਼ਾਂਤੀ ਦੀ ਧਰਤੀ ਉੱਤੇ ਤੇਰਾ ਭਰੋਸਾ ਹੈ, ਤਾਂ ਤੂੰ ਯਰਦਨ ਦੇ ਜੰਗਲ ਵਿੱਚ ਕੀ ਕਰੇਂਗਾ ?6ਤੇਰੇ ਭਰਾਵਾਂ ਨੇ ਵੀ ਅਤੇ ਤੇਰੇ ਪਿਤਾ ਦੇ ਘਰਾਣੇ ਨੇ ਵੀ, - ਇਹਨਾਂ ਨੇ ਵੀ ਤੇਰੇ ਨਾਲ ਛਲ ਕੀਤਾ ਹੈ, ਇਹਨਾਂ ਨੇ ਤੇਰੇ ਪਿੱਛੇ ਉੱਚੀ ਦੇ ਕੇ ਪੁਕਾਰਿਆ, ਉਹਨਾਂ ਦਾ ਵਸਾਹ ਨਾ ਕਰ, ਭਾਵੇਂ ਉਹ ਤੇਰੇ ਨਾਲ ਚੰਗਾ ਬੋਲਣ ।
ਆਪਣੇ ਲੋਕਾਂ ਦੇ ਕਾਰਨ ਪਰਮੇਸ਼ੁਰ ਦਾ ਦੁੱਖ

7ਮੈਂ ਆਪਣਾ ਘਰ ਛੱਡ ਦਿੱਤਾ, ਮੈਂ ਆਪਣੀ ਮਿਰਾਸ ਨੂੰ ਤਿਆਗ ਦਿੱਤਾ, ਮੈਂ ਆਪਣੀ ਜਾਨ ਦੀ ਪ੍ਰੀਤਮਾ ਨੂੰ, ਉਹ ਦੇ ਵੈਰੀਆਂ ਦੇ ਹੱਥ ਵਿੱਚ ਦੇ ਦਿੱਤਾ ।8ਮੇਰੇ ਮਿਰਾਸ ਮੇਰੇ ਲਈ ਜੰਗਲੀ ਬਬਰ ਸ਼ੇਰ ਵਾਂਗੂੰ ਬਣ ਗਈ, ਉਸ ਨੇ ਮੇਰੇ ਵਿਰੁੱਧ ਆਪਣੀ ਆਵਾਜ਼ ਕੱਢੀ ਹੈ, ਇਸ ਲਈ ਮੈਨੂੰ ਉਸ ਤੋਂ ਘਿਣ ਹੈ ।9ਕੀ ਮੇਰੀ ਮਿਰਾਸ ਤੇਰੇ ਲਈ ਚਿਤਲਾ ਸ਼ਿਕਾਰੀ ਪੰਛੀ ਹੈ ? ਕੀ ਸ਼ਿਕਾਰੀ ਪੰਛੀ ਉਹ ਦੇ ਚੌਹੀਂ ਪਾਸੀਂ ਹਨ ? ਤੁਸੀਂ ਜਾਓ ਅਤੇ ਰੜ ਦੇ ਸਾਰੇ ਦਰਿੰਦਿਆਂ ਨੂੰ ਇਕੱਠਾ ਕਰੋ, ਉਹਨਾਂ ਨੂੰ ਲਿਆਓ ਭਈ ਉਹ ਖਾਣ !
10ਬਹੁਤੇ ਆਜੜੀਆਂ ਨੇ ਮੇਰੇ ਅੰਗੂਰੀ ਬਾਗ ਨੂੰ ਉਜਾੜ ਦਿੱਤਾ, ਉਹਨਾਂ ਮੇਰਾ ਹਿੱਸਾ ਪੈਰਾਂ ਹੇਠ ਮਿੱਧਿਆ ਹੈ, ਉਹਨਾਂ ਮੇਰੇ ਸੁਥਰੇ ਹਿੱਸੇ ਨੂੰ ਇੱਕ ਵਿਰਾਨ ਉਜਾੜ ਬਣਾ ਦਿੱਤਾ ਹੈ ।11ਉਹਨਾਂ ਉਹ ਨੂੰ ਵਿਰਾਨ ਕਰ ਕੇ ਥੇਹ ਬਣਾ ਦਿੱਤਾ ਹੈ, ਵਿਰਾਨ ਹੋ ਕੇ ਉਹ ਮੇਰੇ ਕੋਲ ਦੁਹਾਈ ਦਿੰਦੀ ਹੈ, ਸਾਰੀ ਧਰਤੀ ਵਿਰਾਨ ਕੀਤੀ ਗਈ ਹੈ, ਪਰ ਕੋਈ ਮਨੁੱਖ ਇਸ ਨੂੰ ਦਿਲ ਉੱਤੇ ਨਹੀਂ ਲਿਆਉਂਦਾ ।
12ਉਜਾੜ ਦੀਆਂ ਸਾਰੀਆਂ ਉੱਚਿਆਈਆਂ ਉੱਤੇ ਲੁਟੇਰੇ ਆ ਗਏ ਹਨ, ਕਿਉਂ ਜੋ ਯਹੋਵਾਹ ਦੀ ਤਲਵਾਰ ਦੇਸ ਦੇ ਇੱਕ ਕੰਢੇ ਤੋਂ ਦੂਜੇ ਕੰਢੇ ਤੱਕ ਖਾਂਦੀ ਜਾਂਦੀ ਹੈ, ਕਿਸੇ ਬਸ਼ਰ ਲਈ ਸ਼ਾਂਤੀ ਨਹੀਂ ।13ਉਹਨਾਂ ਨੇ ਬੀਜੀ ਕਣਕ, ਤੇ ਵੱਢੇ ਕੰਡੇ । ਉਹਨਾਂ ਨੇ ਆਪਣੇ ਆਪ ਨੂੰ ਥਕਾਇਆ ਪਰ ਲਾਭ ਕੁਝ ਨਾ ਹੋਇਆ, ਤੁਸੀਂ ਆਪਣੀ ਪੈਦਾਵਾਰ ਤੋਂ ਲੱਜਿਆਵਾਨ ਹੋਵੋ, ਯਹੋਵਾਹ ਦੇ ਤੇਜ ਕ੍ਰੋਧ ਦੇ ਕਾਰਨ ।
ਵੈਰੀ ਕੌਮਾਂ ਨੂੰ ਸਜ਼ਾ

14ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਮੇਰੇ ਸਾਰੇ ਬੁਰੇ ਗੁਆਂਢੀਆਂ ਦੇ ਵਿਰੁੱਧ ਜੋ ਮਿਰਾਸ ਨੂੰ ਛੋਹੰਦੇ ਹਨ ਜਿਹੜਾ ਮੈਂ ਆਪਣੀ ਪਰਜਾ ਇਸਰਾਏਲ ਨੂੰ ਵਾਰਿਸ ਬਣਾਇਆ, ਵੇਖ, ਮੈਂ ਉਹਨਾਂ ਨੂੰ ਉਹਨਾਂ ਦੀ ਭੂਮੀ ਵਿੱਚੋਂ ਉਖਾੜ ਦਿਆਂਗਾ ਅਤੇ ਯਹੂਦਾਹ ਦੇ ਘਰਾਣੇ ਨੂੰ ਉਹਨਾਂ ਵਿੱਚੋਂ ਪੁੱਟ ਸੁੱਟਾਂਗਾ15ਤਾਂ ਇਸ ਤਰ੍ਹਾਂ ਹੋਵੇਗਾ ਕਿ ਇਸ ਤੋਂ ਪਿੱਛੋਂ ਭਈ ਮੈਂ ਉਹਨਾਂ ਨੂੰ ਉਖਾੜ ਸੁੱਟਾਂ ਮੈਂ ਉਹਨਾਂ ਨੂੰ ਮੋੜਾਂਗਾ, ਮੈਂ ਉਹਨਾਂ ਤੇ ਰਹਮ ਕਰਾਂਗਾ, ਮੈਂ ਉਹਨਾਂ ਨੂੰ ਵਸਾਵਾਂਗਾ ਅਰਥਾਤ ਹਰੇਕ ਨੂੰ ਉਹ ਦੀ ਮਿਰਾਸ ਉੱਤੇ ਅਤੇ ਹਰੇਕ ਨੂੰ ਉਹ ਦੀ ਧਰਤੀ ਉੱਤੇ
16ਤਦ ਇਸ ਤਰ੍ਹਾਂ ਹੋਵੇਗਾ ਕਿ ਜੇ ਉਹ ਦਿਲ ਲਾ ਕੇ ਮੇਰੀ ਪਰਜਾ ਦੇ ਮਾਰਗਾਂ ਨੂੰ ਸਿੱਖਣ ਅਤੇ ਮੇਰੇ ਨਾਮ ਦੀ ਸੌਂਹ ਖਾਣ ਭਈ " ਯਹੋਵਾਹ ਜੀਉਂਦਾ ਹੈ " ਜਿਵੇਂ ਉਹਨਾਂ ਨੇ ਮੇਰੀ ਪਰਜਾ ਨੂੰ ਬਆਲ ਦੀ ਸੌਂਹ ਖਾਣੀ ਸਿਖਾਈ ਤਾਂ ਉਹ ਮੇਰੀ ਪਰਜਾ ਵਿੱਚ ਮਿਲ ਕੇ ਬਣ ਜਾਣਗੇ17ਪਰ ਜੇ ਉਹ ਨਾ ਸੁਣਨਗੇ ਤਾਂ ਮੈਂ ਉਸ ਕੌਮ ਨੂੰ ਉੱਕਾ ਹੀ ਉਖਾੜ ਦਿਆਂਗਾ ਅਤੇ ਮਿਟਾ ਦਿਆਂਗਾ, ਯਹੋਵਾਹ ਦਾ ਵਾਕ ਹੈ ! ।

13
ਲੂੰਗੀ ਦਾ ਉਦਾਹਰਣ

1ਯਹੋਵਾਹ ਨੇ ਮੈਨੂੰ ਇਸ ਤਰ੍ਹਾਂ ਆਖਿਆ ਕਿ ਜਾ ਅਤੇ ਆਪਣੇ ਲਈ ਇੱਕ ਕਤਾਨ ਦਾ ਕਮਰ ਕੱਸਾ ਮੁੱਲ ਲੈ ਅਤੇ ਉਹ ਨੂੰ ਆਪਣੇ ਲੱਕ ਉੱਤੇ ਪਾ ਲੈ ਪਰ ਉਹ ਨੂੰ ਪਾਣੀ ਵਿੱਚ ਨਾ ਭੇਵੀਂ2ਸੋ ਮੈਂ ਯਹੋਵਾਹ ਦੇ ਬਚਨ ਦੇ ਅਨੁਸਾਰ ਇੱਕ ਕਮਰ ਕੱਸਾ ਮੁੱਲ ਲਿਆ ਅਤੇ ਉਹ ਨੂੰ ਆਪਣੇ ਲੱਕ ਉੱਤੇ ਪਾ ਲਿਆ3ਤਾਂ ਇਸ ਤਰ੍ਹਾਂ ਹੋਇਆ ਕਿ ਯਹੋਵਾਹ ਦਾ ਬਚਨ ਦੂਜੀ ਵਾਰ ਮੇਰੇ ਕੋਲ ਆਇਆ ਕਿ4ਜਿਹੜਾ ਕਮਰ ਕੱਸਾ ਤੂੰ ਮੁੱਲ ਲਿਆ ਹੈ ਅਤੇ ਜਿਹੜਾ ਤੇਰੇ ਲੱਕ ਉੱਤੇ ਹੈ ਉਹ ਨੂੰ ਲੈ, ਉੱਠ ਅਤੇ ਫਰਾਤ ਨੂੰ ਜਾ ਅਤੇ ਉੱਥੇ ਉਹ ਨੂੰ ਇੱਕ ਚਟਾਨ ਦੀ ਤੇੜ ਵਿੱਚ ਲੁਕਾ ਦੇ

5ਸੋ ਮੈਂ ਗਿਆ ਅਤੇ ਉਹ ਫਰਾਤ ਕੋਲ ਲੁਕਾ ਦਿੱਤਾ ਜਿਵੇਂ ਯਹੋਵਾਹ ਨੇ ਮੈਨੂੰ ਹੁਕਮ ਦਿੱਤਾ ਸੀ6ਤਾਂ ਇਸ ਤਰ੍ਹਾਂ ਹੋਇਆ ਕਿ ਬਹੁਤ ਦਿਨਾਂ ਦੇ ਅੰਤ ਵਿੱਚ ਯਹੋਵਾਹ ਨੇ ਮੈਨੂੰ ਆਖਿਆ, ਉੱਠ ਕੇ ਫਰਾਤ ਨੂੰ ਜਾ ਅਤੇ ਉਸ ਕਮਰ ਕੱਸੇ ਨੂੰ ਉੱਥੋਂ ਲੈ ਲੈ ਜਿਹ ਦੇ ਲੁਕਾਉਣ ਦਾ ਮੈਂ ਤੈਨੂੰ ਹੁਕਮ ਦਿੱਤਾ ਸੀ7ਤਾਂ ਮੈਂ ਫਰਾਤ ਨੂੰ ਗਿਆ ਅਤੇ ਮੈਂ ਪੁੱਟਿਆ ਅਤੇ ਉਸ ਕਮਰ ਕੱਸੇ ਨੂੰ ਉਸ ਥਾਓਂ ਲਿਆ ਜਿੱਥੇ ਮੈਂ ਉਸ ਨੂੰ ਲੁਕਾਇਆ ਸੀ ਅਤੇ ਵੇਖੋ, ਉਹ ਵਿਗੜ ਗਿਆ ਸੀ, ਉਹ ਕਿਸੇ ਕੰਮ ਦਾ ਨਾ ਰਿਹਾ ।
8ਤਾਂ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ9ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਮੈਂ ਐਉਂ ਹੀ ਯਹੂਦਾਹ ਦੇ ਹੰਕਾਰ ਅਤੇ ਯਰੂਸ਼ਲਮ ਦੇ ਵੱਡੇ ਹੰਕਾਰ ਨੂੰ ਵਿਗਾੜ ਦਿਆਂਗਾ10ਇਹ ਬੁਰੀ ਪਰਜਾ ਜਿਹੜੀ ਮੇਰੀਆਂ ਗੱਲਾਂ ਸੁਣਨ ਤੋਂ ਮੁੱਕਰਦੀ ਹੈ ਅਤੇ ਆਪਣੇ ਦਿਲ ਦੀ ਆਕੜ ਵਿੱਚ ਚੱਲਦੀ ਹੈ, ਜਿਹੜੀ ਹੋਰਨਾਂ ਦੇਵਤਿਆਂ ਦੇ ਪਿੱਛੇ ਚੱਲਦੀ, ਉਹਨਾਂ ਦੀ ਪੂਜਾ ਕਰਦੀ ਅਤੇ ਉਹਨਾਂ ਨੂੰ ਮੱਥਾ ਟੇਕਦੀ ਹੈ, ਉਹ ਇਸ ਕਮਰ ਕੱਸੇ ਵਾਂਗੂੰ ਹੈ ਜਿਹੜਾ ਕਿਸੇ ਕੰਮ ਦਾ ਨਹੀਂ11ਕਿਉਂ ਜੋ ਜਿਵੇਂ ਕਮਰ ਕੱਸਾ ਕਿਸੇ ਮਨੁੱਖ ਦੇ ਲੱਕ ਨਾਲ ਬੱਝਾ ਰਹਿੰਦਾ ਹੈ ਤਿਵੇਂ ਇਸਰਾਏਲ ਦਾ ਸਾਰਾ ਘਰਾਣਾ ਅਤੇ ਯਹੂਦਾਹ ਦਾ ਸਾਰਾ ਘਰਾਣਾ ਮੇਰੇ ਨਾਲ ਬਝੇ ਰਹਿਣ, ਯਹੋਵਾਹ ਦਾ ਵਾਕ ਹੈ, ਭਈ ਉਹ ਮੇਰੇ ਲਈ ਪਰਜਾ, ਨਾਮ, ਉਸਤਤ ਅਤੇ ਸੁਹੱਪਣ ਹੋਣ ਪਰ ਉਹਨਾਂ ਨੇ ਨਾ ਸੁਣਿਆ ।
ਸ਼ਾਹਿਦ ਨਾਲ ਭਰੇ ਕੁੱਪਿਆਂ ਦਾ ਉਦਾਹਰਣ

12ਤੂੰ ਉਹਨਾਂ ਨੂੰ ਇਹ ਗੱਲ ਆਖ, ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਭਈ ਸਾਰੇ ਮਟਕੇ ਮਧ ਨਾਲ ਭਰੇ ਜਾਣਗੇ ਅਤੇ ਉਹ ਤੈਨੂੰ ਆਖਣਗੇ, ਕੀ ਅਸੀਂ ਸੱਚ-ਮੁੱਚ ਨਹੀਂ ਜਾਣਿਆ ਕਿ ਸਾਰੇ ਮਟਕੇ ਮਧ ਨਾਲ ਭਰੇ ਜਾਣਗੇ ?13ਤਦ ਤੂੰ ਉਹਨਾਂ ਨੂੰ ਆਖ, ਯਹੋਵਾਹ ਇਸ ਤਰ੍ਹਾਂ ਆਖਦਾ ਹੈ,- ਵੇਖ, ਮੈਂ ਇਸ ਦੇ ਸਾਰੇ ਵਾਸੀਆਂ ਨੂੰ ਅਤੇ ਰਾਜਿਆਂ ਨੂੰ ਜਿਹੜੇ ਦਾਊਦ ਦੇ ਸਿੰਘਾਸਣ ਉੱਤੇ ਬੈਠਦੇ ਹਨ, ਜਾਜਕਾਂ ਨੂੰ, ਨਬੀਆਂ ਨੂੰ ਅਤੇ ਯਰੂਸ਼ਲਮ ਦੇ ਸਾਰੇ ਵਾਸੀਆਂ ਨੂੰ ਨਸ਼ੇ ਨਾਲ ਦਬਾ ਕੇ ਭਰ ਦਿਆਂਗਾ14ਮੈਂ ਉਹਨਾਂ ਸਾਰਿਆ ਨੂੰ ਟਕਰਾ ਦਿਆਂਗਾ, ਮਨੁੱਖ ਨੂੰ ਉਹ ਦੇ ਭਰਾ ਨਾਲ, ਪਿਉ ਨੂੰ ਪੁੱਤਰ ਨਾਲ, ਯਹੋਵਾਹ ਦਾ ਵਾਕ ਹੈ, ਨਾ ਮੈਂ ਤਰਸ ਕਰਾਂਗਾ, ਨਾ ਪੱਖ ਕਰਾਂਗਾ, ਨਾ ਰਹਮ ਕਰਾਂਗਾ ਭਈ ਮੈਂ ਉਹਨਾਂ ਨੂੰ ਨਾਸ ਨਾ ਕਰ ਦੇ ।
ਘਮੰਡ ਦੇ ਵਿਰੋਧ ਵਿੱਚ ਚੇਤਾਵਨੀ

15ਸੁਣੋ ਅਤੇ ਕੰਨ ਲਾਓ, ਹੰਕਾਰ ਨਾ ਕਰੋ, ਕਿਉਂ ਜੋ ਯਹੋਵਾਹ ਬੋਲਿਆ ਹੈ ।16ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਵਡਿਆਈ ਦਿਓ, ਇਸ ਤੋਂ ਪਹਿਲਾਂ ਕਿ ਉਹ ਅਨ੍ਹੇਰਾ ਲਿਆਵੇ, ਇਸ ਤੋਂ ਪਹਿਲਾਂ ਭਈ ਤੁਹਾਡੇ ਪੈਰਾਂ ਨੂੰ ਠੇਡਾ ਲੱਗੇ, ਘੁਸਮੁਸੇ ਦੇ ਪਹਾੜ ਉੱਤੇ, ਜਦ ਤੁਸੀਂ ਚਾਨਣ ਨੂੰ ਉਡੀਕਦੇ ਹੋ, ਤਾਂ ਉਹ ਉਸ ਨੂੰ ਅਨ੍ਹੇਰੇ ਨਾਲ ਬਦਲ ਦੇਵੇ, ਅਤੇ ਉਸ ਨੂੰ ਮੌਤ ਦਾ ਸਾਯਾ ਕਰ ਦੇਵੇ ।17ਪਰ ਜੇ ਤੁਸੀਂ ਨਾ ਸੁਣੋਗੇ, ਤਾਂ ਤੁਹਾਡੇ ਹੰਕਾਰ ਦੇ ਕਾਰਨ ਮੇਰੀ ਜਾਣ ਪੜਦੇ ਵਿੱਚ ਰੋਵੇਗੀ, ਮੇਰੀਆਂ ਅੱਖਾਂ ਫੁੱਟ ਫੁੱਟ ਕੇ ਰੋਣਗੀਆਂ ਅਤੇ ਅੱਥਰੂ ਵਗਾਉਣਗੀਆਂ, ਕਿਉਂ ਜੋ ਯਹੋਵਾਹ ਦਾ ਇੱਜੜ ਫੜਿਆ ਗਿਆ ।
18ਰਾਜਾ ਅਤੇ ਰਾਣੀ ਨੂੰ ਆਖ, ਹੇਠਾਂ ਬੈਠੋ ! ਕਿਉਂ ਜੋ ਤੁਹਾਡਾ ਸੋਹਣਾ ਮੁੱਕਟ ਤੁਹਾਡੇ ਸਿਰ ਤੋਂ ਹੇਠਾਂ ਡਿੱਗ ਪਿਆ ਹੈ ।19ਦੱਖਣ ਦੇ ਸ਼ਹਿਰ ਬੰਦ ਹੋ ਗਏ, ਉਹਨਾਂ ਨੂੰ ਖੋਲ੍ਹਣ ਵਾਲਾ ਕੋਈ ਨਹੀਂ, ਯਹੂਦਾਹ ਅਸੀਰ ਹੋ ਗਿਆ, ਸਾਰੇ ਦੇ ਸਾਰੇ ਅਸੀਰ ਹੋ ਗਏ ।
20ਆਪਣੀਆਂ ਅੱਖਾਂ ਚੁੱਕ, ਤੇ ਉੱਤਰ ਵਲੋਂ ਆਉਣ ਵਾਲਿਆ ਨੂੰ ਵੇਖ ! ਉਹ ਇੱਜੜ ਕਿੱਥੇ ਹੈ ਜਿਹੜਾ ਤੈਨੂੰ ਦਿੱਤਾ ਗਿਆ ਸੀ ? ਹਾਂ, ਤੇਰਾ ਸੋਹਣਾ ਇੱਜੜ ?21ਤੂੰ ਕੀ ਆਖੇਂਗੀ ਜਦ ਉਹ ਤੇਰੇ ਉੱਤੇ ਆਗੂ ਹੋਣ ਲਈ, ਉਹਨਾਂ ਨੂੰ ਠਹਿਰਾਵੇ ਜਿਹਨਾਂ ਨੂੰ ਤੂੰ ਆਪ ਸਿਖਾਇਆ, ਭਈ ਉਹ ਤੇਰੇ ਯਾਰ ਹੋਣ ? ਕੀ ਤੈਨੂੰ ਪੀੜਾਂ ਨਾ ਲੱਗਣਗੀਆਂ ? ਜਿਵੇ ਔਰਤ ਨੂੰ ਜਣਨ ਦੀਆਂ ਲੱਗਦੀਆਂ ਹਨ ?
22ਜੇ ਤੂੰ ਆਪਣੇ ਦਿਲ ਵਿੱਚ ਆਖੇ, ਇਹ ਗੱਲਾਂ ਮੇਰੇ ਉੱਤੇ ਕਿਉਂ ਆਈਆਂ ? ਇਹ ਤੇਰੀ ਬਦੀ ਦੇ ਵਾਫਰ ਹੋਣ ਦੇ ਕਾਰਨ ਹੈ, ਕਿ ਤੇਰਾ ਲਹਿੰਗਾ ਚੁੱਕਿਆ ਗਿਆ, ਅਤੇ ਤੇਰੀਆਂ ਅੱਡੀਆਂ ਉੱਤੇ ਜ਼ੋਰ ਮਾਰਿਆ ਗਿਆ23ਭਲਾ, ਹਬਸ਼ੀ ਆਪਣੀ ਖੱਲ ਨੂੰ, ਜਾਂ ਚੀਤਾ ਆਪਣੇ ਦਾਗਾਂ ਨੂੰ ਬਦਲ ਸਕਦਾ ਹੈ ? ਤਾਂ ਤੂੰ ਵੀ ਭਲਿਆਈ ਕਰ ਸਕਦਾ ਹੈਂ, ਜਿਸ ਨੇ ਬੁਰਿਆਈ ਸਿੱਖੀ ਹੋਈ ਹੈ !24ਮੈਂ ਉਹਨਾਂ ਨੂੰ ਭੋਹ ਵਾਂਗੂੰ ਖਿਲਾਰ ਦਿਆਂਗਾ, ਜਿਹੜਾ ਉਜਾੜ ਦੀ ਹਵਾ ਨਾਲ ਉੱਡਦਾ ਫਿਰਦਾ ਹੈ ।
25ਇਹ ਤੇਰਾ ਗੁਣਾ ਹੈ, ਮੇਰੇ ਵੱਲੋਂ ਤੇਰਾ ਮਿਣਿਆ ਹੋਇਆ ਭਾਗ, ਯਹੋਵਾਹ ਦਾ ਵਾਕ ਹੈ, ਕਿਉਂ ਜੋ ਤੂੰ ਮੈਨੂੰ ਵਿਸਾਰ ਦਿੱਤਾ, ਅਤੇ ਝੂਠ ਉੱਤੇ ਭਰੋਸਾ ਕੀਤਾ ।26ਮੈਂ ਵੀ ਤੇਰਾ ਲਹਿੰਗਾ ਤੇਰੇ ਮੂੰਹ ਉੱਤੇ ਚੁੱਕ ਦਿਆਂਗਾ, ਸੋ ਤੇਰੀ ਸ਼ਰਮ ਵੇਖੀ ਜਾਵੇਗੀ ।27ਤੇਰਾ ਜ਼ਨਾਹ, ਤੇਰਾ ਹਿਣਕਣਾ, ਤੇਰੇ ਗੁੰਡੇ ਵਿਭਚਾਰ, ਪੈਲੀਆਂ ਵਿੱਚ, ਟਿੱਬਿਆਂ ਉੱਤੇ, ਇਹ ਤੇਰੇ ਘਿਣਾਉਣੇ ਕੰਮ ਮੈਂ ਵੇਖੇ । ਹੇ ਯਰੂਸ਼ਲਮ, ਹਾਇ ਤੇਰੇ ਉੱਤੇ ! ਤੂੰ ਪਾਕ ਸਾਫ਼ ਨਾ ਹੋਵੇਂਗਾ ! ਕਿੰਨਾ ਸਮਾਂ ਅਜੇ ਹੋਰ ਹੈ ?

14
ਭਿਆਨਕ ਸੋਕਾ

1ਯਹੋਵਾਹ ਦਾ ਬਚਨ ਜਿਹੜਾ ਔੜ ਦੇ ਬਾਰੇ ਯਿਰਮੀਯਾਹ ਨੂੰ ਆਇਆ,-2ਯਹੂਦਾਹ ਵਿਰਲਾਪ ਕਰਦਾ ਹੈ, ਉਸ ਦੇ ਫਾਟਕ ਝੋਰਾ ਕਰਦੇ ਹਨ, ਉਸ ਦੇ ਲੋਕ ਕਾਲਿਆਂ ਬਸਤਰਾਂ ਨਾਲ ਭੋਂ ਉੱਤੇ ਬਹਿੰਦੇ ਹਨ, ਯਰੂਸ਼ਲਮ ਦੀਆਂ ਧਾਹਾਂ ਉਤਾਹਾਂ ਪਹੁੰਚ ਗਈਆਂ ਹਨ ।3ਉਹਨਾਂ ਦੇ ਸ਼ਰੀਫ ਆਪਣਿਆਂ ਛੋਟਿਆਂ ਨੂੰ ਪਾਣੀ ਲਈ ਭੇਜਦੇ ਹਨ, ਉਹ ਚੁਬੱਚਿਆਂ ਉੱਤੇ ਜਾਂਦੇ ਹਨ, ਪਰ ਪਾਣੀ ਨਹੀਂ ਲੱਭਦਾ । ਉਹ ਆਪਣੇ ਸੱਖਣੇ ਭਾਂਡਿਆਂ ਸਣੇ ਮੁੜ ਆਉਂਦੇ ਹਨ, ਉਹ ਸ਼ਰਮਿੰਦੇ ਹੁੰਦੇ ਅਤੇ ਮੂੰਹ ਕਾਲੇ ਹੋ ਕੇ ਆਪਣੇ ਸਿਰ ਢੱਕ ਲੈਂਦੇ ਹਨ ।

4ਭੋਂ ਦੇ ਕਾਰਨ ਜੋ ਤਿੜਕ ਗਈ ਹੈ, ਕਿਉਂ ਜੋ ਧਰਤੀ ਉੱਤੇ ਵਰਖਾ ਨਹੀਂ ਹੋਈ, ਹਾਲੀ ਸ਼ਰਮਿੰਦੇ ਹਨ, ਉਹਨਾਂ ਆਪਣੇ ਸਿਰ ਢੱਕ ਲਏ ਹਨ ।5ਹਰਨੀ ਵੀ ਰੜ ਵਿੱਚ ਜਣਦੀ ਹੈ ਅਤੇ ਬੱਚਾ ਛੱਡ ਜਾਂਦੀ ਹੈ, ਕਿਉਂ ਜੋ ਉੱਤੇ ਘਾਹ ਨਹੀਂ ਹੈ ।6ਜੰਗਲੀ ਖੋਤੇ ਨੰਗੇ ਟਿੱਬਿਆਂ ਉੱਤੇ ਖਲੋ ਕੇ ਹਵਾ ਲਈ ਗਿੱਦੜਾਂ ਵਾਂਗੂੰ ਘਰਕਦੇ ਹਨ, ਉਹਨਾਂ ਦੀਆਂ ਅੱਖਾਂ ਰਹਿ ਜਾਂਦੀਆਂ ਹਨ, ਕਿਉਂ ਜੋ ਹਰਿਆਈ ਹੈ ਨਹੀਂ ।
7ਭਾਵੇਂ ਸਾਡੀਆਂ ਬੁਰਿਆਈਆਂ ਸਾਡੇ ਵਿਰੁੱਧ ਗਵਾਹੀ ਦਿੰਦੀਆਂ ਹਨ, ਹੇ ਯਹੋਵਾਹ, ਆਪਣੇ ਨੇਮ ਦੇ ਨਮਿੱਤ ਕੁਝ ਕਰ, ਕਿਉਂ ਜੋ ਸਾਡੀਆਂ ਹੇਰੀਆਂ ਫੇਰੀਆਂ ਬਹੁਤ ਹਨ, ਅਸੀਂ ਤੇਰਾ ਪਾਪ ਕੀਤਾ ।8ਹੇ ਇਸਰਾਏਲ ਦੀ ਆਸਾ, ਅਤੇ ਦੁੱਖ ਦੇ ਵੇਲੇ ਉਹ ਦੇ ਬਚਾਉਣ ਵਾਲੇ, ਤੂੰ ਕਿਉਂ ਦੇਸ ਵਿੱਚ ਇੱਕ ਪਰਦੇਸੀ ਵਾਂਗੂੰ ਹੋਇਆ ਹੈ ? ਜਾਂ ਉਸ ਰਾਹੀ ਵਾਂਗੂੰ ਜਿਹੜਾ ਰਾਤ ਕੱਟਣ ਲਈ ਮੁੜਦਾ ਹੈ ?9ਤੂੰ ਕਿਉਂ ਮਨੁੱਖ ਵਾਂਗੂੰ ਘਾਬਰ ਜਾਂਦਾ ਹੈ ? ਜਾਂ ਉਸ ਸੂਰਮੇ ਵਾਂਗੂੰ ਜੋ ਬਚਾ ਨਹੀਂ ਸਕਦਾ ? ਤਾਂ ਵੀ ਹੇ ਯਹੋਵਾਹ, ਤੂੰ ਸਾਡੇ ਵਿਚਕਾਰ ਹੈ, ਅਤੇ ਅਸੀਂ ਤੇਰੇ ਨਾਮ ਦੇ ਕਹਾਉਂਦੇ ਹਾਂ, ਸਾਨੂੰ ਨਾ ਛੱਡ ।
10ਯਹੋਵਾਹ ਇਸ ਪਰਜਾ ਲਈ ਇਸ ਤਰ੍ਹਾਂ ਆਖਦਾ ਹੈ,- ਉਹਨਾਂ ਨੇ ਅਵਾਰਾ ਫਿਰਨ ਨਾਲ ਕਿੰਨਾ ਪਿਆਰ ਕੀਤਾ ! ਉਹਨਾਂ ਆਪਣੇ ਪੈਰਾਂ ਨੂੰ ਨਹੀਂ ਰੋਕਿਆ ਹੈ । ਇਸ ਲਈ ਯਹੋਵਾਹ ਉਹਨਾਂ ਨੂੰ ਨਹੀਂ ਚਾਹੁੰਦਾ, ਹੁਣ ਉਹ ਉਹਨਾਂ ਦੀ ਬਦੀ ਚੇਤੇ ਕਰੇਗਾ, ਉਹਨਾਂ ਦੇ ਪਾਪ ਦੀ ਖ਼ਬਰ ਲਵੇਗਾ ।11ਯਹੋਵਾਹ ਨੇ ਮੈਨੂੰ ਆਖਿਆ, ਇਸ ਪਰਜਾ ਦੇ ਭਲੇ ਲਈ ਪ੍ਰਾਰਥਨਾ ਨਾ ਕਰ12ਭਾਵੇਂ ਉਹ ਵਰਤ ਰੱਖਣ, ਮੈਂ ਉਹਨਾਂ ਦਾ ਚਿੱਲਾਉਣਾ ਨਹੀਂ ਸੁਣਾਂਗਾ, ਭਾਵੇਂ ਉਹ ਹੋਮ ਦੀਆਂ ਬਲੀਆਂ ਅਤੇ ਮੈਦੇ ਦੀਆਂ ਭੇਟਾਂ ਚੜ੍ਹਾਉਣ, ਮੈਂ ਉਹਨਾਂ ਨੂੰ ਕਬੂਲ ਨਾ ਕਰਾਂਗਾ । ਮੈਂ ਉਹਨਾਂ ਨੂੰ ਤਲਵਾਰ, ਕਾਲ ਅਤੇ ਬਵਾ ਨਾਲ ਉੱਕਾ ਹੀ ਮੁਕਾ ਦਿਆਂਗਾ ! ।
13ਤਦ ਮੈਂ ਆਖਿਆ, ਹਾਇ ਪ੍ਰਭੂ ਯਹੋਵਾਹ ! ਵੇਖ, ਨਬੀ ਤਾਂ ਉਹਨਾਂ ਨੂੰ ਆਖਦੇ ਸਨ ਭਈ ਤੁਸੀਂ ਤਲਵਾਰ ਨਾ ਵੇਖੋਗੇ, ਨਾ ਤੁਹਾਡੇ ਲਈ ਕਾਲ ਹੋਵੇਗਾ ਸਗੋਂ ਮੈਂ ਤੁਹਾਨੂੰ ਇਸ ਥਾਂ ਵਿੱਚ ਸੱਚੀ ਸ਼ਾਂਤੀ ਦਿਆਂਗਾ14ਯਹੋਵਾਹ ਨੇ ਮੈਨੂੰ ਆਖਿਆ, ਨਬੀ ਮੇਰਾ ਨਾਮ ਲੈ ਕੇ ਝੂਠੇ ਅਗੰਮ ਵਾਕ ਕਰਦੇ ਹਨ । ਨਾ ਮੈਂ ਉਹਨਾਂ ਨੂੰ ਭੇਜਿਆ, ਨਾ ਉਹਨਾਂ ਨੂੰ ਹੁਕਮ ਦਿੱਤਾ, ਨਾ ਮੈਂ ਉਹਨਾਂ ਨਾਲ ਬੋਲਿਆ । ਉਹ ਤੁਹਾਡੇ ਲਈ ਝੂਠੇ ਦਰਸ਼ਣ, ਨਿਕੰਮੇ ਫਾਲ ਪਾਉਣ ਅਤੇ ਆਪਣੇ ਦਿਲ ਦੇ ਛਲ ਨਾਲ ਅਗੰਮ ਵਾਕ ਕਰਦੇ ਹਨ
15ਇਸ ਲਈ ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਉਹ ਨਬੀ ਜਿਹੜੇ ਮੇਰੇ ਨਾਮ ਲੈ ਕੇ ਅਗੰਮ ਵਾਚਦੇ ਹਨ ਮੈਂ ਉਹਨਾਂ ਨੂੰ ਨਹੀਂ ਭੇਜਿਆ । ਉਹ ਆਖਦੇ ਹਨ ਕਿ ਇਸ ਦੇਸ ਵਿੱਚ ਤਲਵਾਰ ਅਤੇ ਕਾਲ ਨਹੀਂ ਆਵੇਗਾ । ਉਹ ਨਬੀ ਤਲਵਾਰ ਅਤੇ ਕਾਲ ਨਾਲ ਮਾਰ ਦਿੱਤੇ ਜਾਣਗੇ16ਉਹ ਲੋਕ ਜਿਹਨਾਂ ਲਈ ਉਹ ਅਗੰਮ ਵਾਚਦੇ ਹਨ ਕਾਲ ਅਤੇ ਤਲਵਾਰ ਦੇ ਰਾਹੀਂ ਯਰੂਸ਼ਲਮ ਦੀਆਂ ਗਲੀਆਂ ਵਿੱਚ ਸੁੱਟ ਦਿੱਤੇ ਜਾਣਗੇ । ਉਹ ਕਬਰ ਵਿੱਚ ਪਾਏ ਨਾ ਜਾਣਗੇ, ਨਾ ਉਹ, ਨਾ ਉਹਨਾਂ ਦੀਆਂ ਔਰਤਾਂ, ਨਾ ਉਹਨਾਂ ਦੇ ਪੁੱਤਰ, ਨਾ ਉਹਨਾਂ ਦੀਆਂ ਧੀਆਂ । ਮੈਂ ਉਹਨਾਂ ਦੀ ਬਦੀ ਉਹਨਾਂ ਉੱਤੇ ਡੋਹਲਾਂਗਾ ।
17ਤੂੰ ਉਹਨਾਂ ਨੂੰ ਇਹ ਗੱਲ ਆਖ,- ਮੇਰੀਆਂ ਅੱਖਾਂ ਰਾਤ-ਦਿਨ ਅੰਝੂ ਵਹਾਉਣਗੀਆਂ, ਉਹ ਨਾ ਥੰਮ੍ਹਣਗੀਆਂ, ਕਿਉਂ ਜੋ ਮੇਰੀ ਪਰਜਾ ਦੀ ਕੁਆਰੀ ਧੀ ਵੱਡੇ ਫੱਟ ਨਾਲ ਫੱਟੀ ਗਈ, ਬਹੁਤ ਕਰੜੀ ਮਾਰ ਨਾਲ ।18ਜੇ ਮੈਂ ਬਾਹਰ ਖੇਤ ਵਿੱਚ ਜਾਂਵਾਂ, ਤਾਂ ਵੇਖ, ਤਲਵਾਰ ਦੇ ਵੱਢੇ ਹੋਏ ਹਨ ! ਜੇ ਮੈਂ ਸ਼ਹਿਰ ਵਿੱਚ ਵੜਾਂ, ਤਾਂ ਵੇਖ, ਕਾਲ ਦੇ ਮਾਰੇ ਹੋਏ ਹਨ ! ਕਿਉਂ ਜੋ ਨਬੀ ਅਤੇ ਜਾਜਕ ਇੱਕ ਦੇਸ ਵਿੱਚ ਫਿਰਨਗੇ, ਜਿਹ ਨੂੰ ਉਹ ਨਹੀਂ ਜਾਣਦੇ ।
ਪਰਮੇਸ਼ੁਰ ਦੇ ਲੋਕਾਂ ਦੀ ਬੇਨਤੀ

19ਕੀ ਤੂੰ ਯਹੂਦਾਹ ਨੂੰ ਉੱਕਾ ਹੀ ਰੱਦ ਕੀਤਾ ਹੈ ? ਕੀ ਤੇਰੀ ਜਾਨ ਨੂੰ ਸੀਯੋਨ ਤੋਂ ਘਿਣ ਆਉਂਦੀ ਹੈ ? ਤੂੰ ਸਾਨੂੰ ਕਿਉਂ ਮਾਰਿਆ ਕੁੱਟਿਆ ਹੈ, ਕਿ ਸਾਡੇ ਲਈ ਕੋਈ ਇਲਾਜ ਨਹੀਂ ? ਅਸੀਂ ਸ਼ਾਂਤੀ ਨੂੰ ਉਡੀਕਿਆ ਪਰ ਭਲਿਆਈ ਹੈ ਨਹੀਂ, ਅਰੋਗਤਾ ਦੇ ਵੇਲੇ ਲਈ ਵੀ ਪਰ ਵੇਖੋ, ਹੌਲ ਸੀ ।20ਹੇ ਯਹੋਵਾਹ, ਅਸੀਂ ਆਪਣਾ ਦੁਸ਼ਟਪੁਣਾ ਜਾਣਦੇ ਹਾਂ, ਅਸੀਂ ਆਪਣੇ ਪਿਉ-ਦਾਦਿਆਂ ਦੀ ਬਦੀ ਨੂੰ ਵੀ, ਕਿਉਂ ਜੋ ਅਸੀਂ ਤੇਰਾ ਪਾਪ ਕੀਤਾ ।
21ਆਪਣੇ ਨਾਮ ਦੇ ਨਮਿੱਤ ਸਾਡੀ ਨਿੰਦਿਆ ਨਾ ਕਰ, ਆਪਣੇ ਪਰਤਾਪਵਾਨ ਸਿੰਘਾਸਨ ਦੀ ਨਿਰਾਦਰੀ ਨਾ ਕਰ, ਚੇਤੇ ਕਰ ਅਤੇ ਆਪਣਾ ਨੇਮ ਸਾਡੇ ਨਾਲੋਂ ਨਾ ਤੋੜ ।22ਕੀ ਕੌਮਾਂ ਦੀਆਂ ਫੋਕਟਾਂ ਵਿੱਚੋਂ ਕੋਈ ਮੀਂਹ ਵਰ੍ਹਾ ਸੱਕਦੀ ਹੈ ? ਜਾਂ ਅਕਾਸ਼ ਫੁਹਾਰ ਦੇ ਸਕਦਾ ਹੈ ? ਹੇ ਯਹੋਵਾਹ ਸਾਡੇ ਪਰਮੇਸ਼ੁਰ, ਕੀ ਤੂੰ ਉਹ ਨਹੀਂ ? ਤੇਰੇ ਉੱਤੇ ਅਸੀਂ ਉਡੀਕ ਲਾਈ ਹੋਈ ਹੈ, ਕਿਉਂ ਜੋ ਤੂੰ ਹੀ ਇਹ ਸਾਰੇ ਕੰਮ ਕੀਤੇ ਹਨ ।

15
ਯਹੂਦਾਹ ਦੇ ਲੋਕਾਂ ਦਾ ਪੂਰਨ ਤਿਆਗ

1ਤਦ ਯਹੋਵਾਹ ਨੇ ਮੈਨੂੰ ਆਖਿਆ, ਭਾਵੇਂ ਮੂਸਾ ਅਤੇ ਸਮੂਏਲ ਮੇਰੇ ਸਨਮੁੱਖ ਖੜੇ ਹੁੰਦੇ ਤਾਂ ਵੀ ਮੇਰਾ ਜੀ ਇਸ ਪਰਜਾ ਵੱਲ ਨਾ ਝੁਕਦਾ । ਉਹਨਾਂ ਨੂੰ ਮੇਰੇ ਅੱਗੋਂ ਕੱਢ ਦੇ ਕਿ ਉਹ ਚਲੇ ਜਾਣ !2ਤਾਂ ਇਸ ਤਰ੍ਹਾਂ ਹੋਵੇਗਾ ਕਿ ਜਦ ਉਹ ਤੈਨੂੰ ਆਖਣ, ਅਸੀਂ ਕਿੱਧਰ ਜਾਈਏ ? ਤਾਂ ਤੂੰ ਉਹਨਾਂ ਨੂੰ ਆਖ, ਯਹੋਵਾਹ ਐਉਂ ਆਖਦਾ ਹੈ, - ਜਿਹੜੇ ਮੌਤ ਲਈ ਹਨ ਉਹ ਮੌਤ ਵੱਲ, ਜਿਹੜੇ ਤਲਵਾਰ ਲਈ ਹਨ ਉਹ ਤਲਵਾਰ ਵੱਲ, ਜਿਹੜੇ ਕਾਲ ਲਈ ਹਨ ਉਹ ਕਾਲ ਵੱਲ, ਜਿਹੜੇ ਕੈਦ ਲਈ ਹਨ ਉਹ ਕੈਦ ਵੱਲ ਚਲੇ ਜਾਣ ।

3ਮੈਂ ਉਹਨਾਂ ਦੇ ਉੱਤੇ ਚਾਰ ਵਸਤੂਆਂ ਨੂੰ ਠਹਿਰਾਵਾਂਗਾ, ਯਹੋਵਾਹ ਦਾ ਵਾਕ ਹੈ, - ਤਲਵਾਰ ਨੂੰ ਵੱਢਣ ਲਈ, ਕੁੱਤਿਆਂ ਨੂੰ ਪਾੜਨ ਲਈ ਅਤੇ ਅਕਾਸ਼ ਦੇ ਪੰਛੀਆਂ ਨੂੰ ਅਤੇ ਧਰਤੀ ਦੇ ਦਰਿੰਦਿਆਂ ਨੂੰ ਖਾ ਲੈਣ ਅਤੇ ਨਾਸ ਕਰਨ ਲਈ4ਮੈਂ ਉਹਨਾਂ ਨੂੰ ਯਹੂਦਾਹ ਦੇ ਰਾਜਾ ਹਿਜ਼ਕੀਯਾਹ ਦੇ ਪੁੱਤਰ ਮਨੱਸ਼ਹ ਦੇ ਉਸ ਕੰਮ ਦੇ ਕਾਰਨ ਜੋ ਉਸ ਯਰੂਸ਼ਲਮ ਵਿੱਚ ਕੀਤਾ ਸਾਰੀ ਧਰਤੀ ਦੀਆਂ ਪਾਤਸ਼ਾਹੀਆਂ ਲਈ ਇੱਕ ਭੈ ਹੋਣ ਲਈ ਦਿਆਂਗਾ ।
5ਹੇ ਯਰੂਸ਼ਲਮ, ਕੌਣ ਤੇਰੇ ਉੱਤੇ ਤਰਸ ਖਾਵੇਗਾ ? ਜਾਂ ਕੌਣ ਤੇਰਾ ਦਰਦੀ ਹੋਵੇਗਾ ? ਜਾਂ ਕੌਣ ਤੇਰੀ ਸੁੱਖ-ਸਾਂਦ ਪੁੱਛਣ ਲਈ ਮੁੜੇਗਾ ?6ਤੂੰ ਮੈਨੂੰ ਛੱਡ ਦਿੱਤਾ, ਯਹੋਵਾਹ ਦਾ ਵਾਕ ਹੈ, ਤੂੰ ਪਿੱਛੇ ਨੂੰ ਫਿਰ ਗਈ । ਮੈਂ ਤੇਰੇ ਵਿਰੁੱਧ ਆਪਣਾ ਹੱਥ ਚੁੱਕਾਂਗਾ ਅਤੇ ਤੈਨੂੰ ਨਾਸ ਕਰ ਦਿਆਂਗਾ, ਪੱਛਤਾਉਂਦਾ ਪੱਛਤਾਉਂਦਾ ਮੈਂ ਥੱਕ ਗਿਆ !7ਮੈਂ ਉਹਨਾਂ ਨੂੰ ਛੱਜਾਂ ਨਾਲ ਦੇਸ ਦੇ ਫਾਟਕਾਂ ਵਿੱਚ ਛੱਟਿਆ । ਮੈਂ ਉਹਨਾਂ ਨੂੰ ਔਂਤ ਕੀਤਾ, ਮੈਂ ਆਪਣੀ ਪਰਜਾ ਨੂੰ ਮਿਟਾ ਦਿੱਤਾ, ਉਹ ਆਪਣਿਆਂ ਰਾਹਾਂ ਤੋਂ ਨਹੀਂ ਮੁੜੇ ।
8ਉਹਨਾਂ ਦੀਆਂ ਵਿੱਧਵਾਂ ਮੇਰੇ ਅੱਗੇ, ਸਮੁੰਦਰ ਦੀ ਰੇਤ ਨਾਲੋਂ ਵੱਧ ਗਈਆਂ । ਮੈਂ ਦੁਪਹਿਰ ਦੇ ਵੇਲੇ ਜੁਆਨਾਂ ਦੀਆਂ ਮਾਵਾਂ ਦੇ ਵਿਰੁੱਧ ਇੱਕ ਲੁਟੇਰਾ ਲਿਆਂਦਾ ਹਾਂ, ਮੈਂ ਉਹ ਦੇ ਉੱਤੇ ਕਸ਼ਟ ਅਤੇ ਡਰ ਅੱਚਨਚੇਤ ਪਾਇਆ ।9ਉਹ ਜਿਸ ਨੇ ਸੱਤ ਜਣੇ ਸਨ ਮਾੜੀ ਹੋ ਗਈ ਹੈ, ਉਸ ਜਾਨ ਦੇ ਦਿੱਤੀ, ਜਦ ਅਜੇ ਦਿਨ ਹੀ ਸੀ ਉਹ ਦਾ ਸੂਰਜ ਲਹਿ ਗਿਆ, ਉਹ ਸ਼ਰਮਿੰਦੀ ਅਤੇ ਬੇਪਤ ਹੋਈ, ਮੈਂ ਉਹਨਾਂ ਦੇ ਰਹਿੰਦੇ ਖੂਹੰਦੇ ਨੂੰ ਉਹਨਾਂ ਦੇ ਵੈਰੀਆਂ ਦੇ ਸਾਹਮਣੇ ਤਲਵਾਰ ਦੇ ਹਵਾਲੇ ਕਰਾਂਗਾ, ਯਹੋਵਾਹ ਦਾ ਵਾਕ ਹੈ ।
ਯਿਰਮਿਯਾਹ ਦਾ ਵਿਰਲਾਪ

10ਹਾਇ ਮੇਰੇ ਉੱਤੇ ! ਹੇ ਮੇਰੀ ਅੰਮਾ ਕਿ ਤੂੰ ਮੈਨੂੰ ਜਣਿਆ ਜੋ ਸਾਰੇ ਦੇਸ ਲਈ ਇੱਕ ਲੜਾਕਾ ਮਨੁੱਖ ਅਤੇ ਇੱਕ ਫਸਾਦੀ ਮਨੁੱਖ ਹਾਂ । ਨਾ ਮੈਂ ਉਧਾਰ ਦਿੱਤਾ, ਨਾ ਉਧਾਰ ਲਿਆ, ਤਾਂ ਵੀ ਸਾਰੇ ਮੈਨੂੰ ਫਿਟਕਾਰਦੇ ਹਨ !11ਯਹੋਵਾਹ ਨੇ ਆਖਿਆ, ਮੈਂ ਸੱਚ-ਮੁੱਚ ਤੈਨੂੰ ਭਲਿਆਈ ਲਈ ਛੁਡਾਵਾਂਗਾ, ਮੈਂ ਸੱਚ-ਮੁੱਚ ਬੁਰਿਆਈ ਦੇ ਸਮੇਂ ਵਿੱਚ ਅਤੇ ਦੁੱਖ ਦੇ ਸਮੇਂ ਵਿੱਚ ਵੈਰੀਆਂ ਕੋਲੋਂ ਤੇਰੇ ਅੱਗੇ ਤਰਲੇ ਕਰਾਵਾਂਗਾ12ਕੀ ਕੋਈ ਲੋਹੇ ਨੂੰ, ਹਾਂ, ਉੱਤਰੀ ਲੋਹੇ ਜਾਂ ਪਿੱਤਲ ਨੂੰ ਤੋੜ ਸਕਦਾ ਹੈ ?
13ਮੈਂ ਤੇਰੇ ਮਾਲ ਅਤੇ ਤੇਰੇ ਖ਼ਜ਼ਾਨਿਆਂ ਨੂੰ ਲੁੱਟ ਲਈ ਦਿਆਂਗਾ, ਮੁੱਲ ਲਈ ਨਹੀਂ, ਸਗੋਂ ਤੇਰੇ ਸਾਰੇ ਪਾਪਾਂ ਦੇ ਕਾਰਨ ਤੇਰੀਆਂ ਹੱਦਾਂ ਦੇ ਵਿੱਚ ਇਹ ਹੋਵੇਗਾ14ਮੈਂ ਉਹਨਾਂ ਨੂੰ ਤੇਰੇ ਵੈਰੀਆਂ ਦੇ ਨਾਲ ਇੱਕ ਅਜੇਹੇ ਦੇਸ ਵੱਲ ਲੰਘਾ ਦਿਆਂਗਾ ਜਿਹ ਨੂੰ ਤੂੰ ਨਹੀਂ ਜਾਣਦਾ ਕਿਉਂ ਜੋ ਮੇਰੇ ਕ੍ਰੋਧ ਵਿੱਚ ਅੱਗ ਮੱਚ ਉੱਠੀ ਹੈ ਜੋ ਤੁਹਾਡੇ ਉੱਤੇ ਮੱਚੇਗੀ ।
15ਹੇ ਯਹੋਵਾਹ, ਤੂੰ ਜਾਣਦਾ ਹੈਂ, ਮੈਨੂੰ ਚੇਤੇ ਕਰ ਅਤੇ ਮੇਰੀ ਖ਼ਬਰ ਲੈ, ਮੇਰੇ ਸਤਾਉਣ ਵਾਲਿਆਂ ਤੋਂ ਮੇਰਾ ਬਦਲਾ ਲੈ । ਆਪਣੀ ਧੀਰਜ ਵਿੱਚੋਂ ਮੈਨੂੰ ਨਾ ਚੁੱਕ ਲਈਂ, ਜਾਣ ਲੈ ਕਿ ਮੈਂ ਤੇਰੇ ਲਈ ਉਲਾਹਮਾ ਝੱਲਿਆ ਹੈ ।16ਤੇਰੀਆਂ ਗੱਲਾਂ ਮੈਨੂੰ ਲੱਭੀਆਂ ਅਤੇ ਮੈਂ ਉਹਨਾਂ ਨੂੰ ਖਾ ਲਿਆ, ਤੇਰੀਆਂ ਗੱਲਾਂ ਮੇਰੇ ਲਈ ਖੁਸ਼ੀ, ਅਤੇ ਮੇਰੇ ਦਿਲ ਦਾ ਅਨੰਦ ਸਨ, ਕਿਉਂ ਜੋ ਮੈਂ ਤੇਰੇ ਨਾਮ ਦਾ ਅਖਵਾਉਂਦਾ ਹਾਂ, ਹੇ ਯਹੋਵਾਹ, ਸੈਨਾਂ ਦੇ ਪਰਮੇਸ਼ੁਰ ।
17ਮੈਂ ਰੰਗ ਰਲੀਆਂ ਮਨਾਉਣ ਵਾਲਿਆਂ ਦੀ ਸੰਗਤ ਵਿੱਚ ਨਾ ਬੈਠਿਆ, ਨਾ ਮੈਂ ਚੋਹਲ ਕੀਤਾ । ਮੈਂ ਇੱਕਲਾ ਬੈਠ ਰਿਹਾ ਕਿਉਂ ਜੋ ਤੇਰਾ ਹੱਥ ਮੇਰੇ ਉੱਤੇ ਸੀ, ਤੂੰ ਆਪਣੇ ਗਜ਼ਬ ਨਾਲ ਮੈਨੂੰ ਭਰ ਦਿੱਤਾ ਸੀ ।18ਮੇਰੀ ਪੀੜ ਕਿਉਂ ਸਦਾ ਦੀ ਹੈ, ਅਤੇ ਮੇਰਾ ਫੱਟ ਕਿਉਂ ਅਸਾਧ ਹੈ, ਭਈ ਉਹ ਰਾਜੀ ਹੋਣ ਵਿੱਚ ਨਹੀਂ ਆਉਂਦਾ ? ਕੀ ਤੂੰ ਮੇਰੇ ਲਈ ਝੂਠੀ ਨਦੀ ਵਰਗਾ ਹੋਵੇਂਗਾ ? ਜਾਂ ਉਹਨਾਂ ਪਾਣੀਆਂ ਵਾਂਗੂੰ ਜਿਹੜੇ ਠਹਿਰਦੇ ਨਹੀ ? ।
19ਇਸ ਲਈ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਜੇ ਤੂੰ ਮੁੜੇ ਤਾਂ ਮੈਂ ਤੈਨੂੰ ਮੋੜ ਲਿਆਵਾਂਗਾ, ਭਈ ਤੂੰ ਮੇਰੇ ਸਨਮੁੱਖ ਖਲੋ ਸੱਕੇਂ । ਜੇ ਤੂੰ ਮਹਿੰਗ ਮੁੱਲੇ ਨੂੰ ਨਖਿੱਧ ਨਾਲੋਂ ਅੱਡ ਕਰੇਂ, ਤਾਂ ਤੂੰ ਮੇਰੇ ਮੁੱਖ ਵਰਗਾ ਹੋਵੇਂਗਾ । ਉਹ ਤੇਰੀ ਵੱਲ ਮੁੜਨਗੇ, ਪਰ ਤੂੰ ਉਹਨਾਂ ਵੱਲ ਨਾ ਮੁੜੇਗਾ ।20ਮੈਂ ਤੈਨੂੰ ਇਸ ਪਰਜਾ ਲਈ ਇੱਕ ਪੱਕੀ ਪਿੱਤਲ ਦੀ ਕੰਧ ਬਣਾਵਾਂਗਾ, ਉਹ ਤੇਰੇ ਨਾਲ ਲੜਨਗੇ, ਪਰ ਤੈਨੂੰ ਜਿੱਤ ਨਾ ਸੱਕਣਗੇ, ਮੈਂ ਤੇਰੇ ਨਾਲ ਜੋ ਹਾਂ, ਭਈ ਤੈਨੂੰ ਬਚਾਵਾਂ ਅਤੇ ਤੈਨੂੰ ਛੁਡਾਵਾਂ, ਯਹੋਵਾਹ ਦਾ ਵਾਕ ਹੈ ।21ਮੈਂ ਬੁਰਿਆਰ ਦੇ ਹੱਥੋਂ ਤੈਨੂੰ ਛੁਡਵਾਂਗਾ, ਅਤੇ ਬੇਤਰਸ ਦੇ ਹੱਥੋਂ ਤੇਰਾ ਨਿਸਤਾਰਾ ਕਰਾਂਗਾ ।

16
ਯਰੂਸ਼ਲਮ ਲਈ ਪਰਮੇਸ਼ੁਰ ਦੀ ਇੱਛਾ

1ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ2ਤੂੰ ਇਸ ਸਥਾਨ ਵਿੱਚ ਨਾ ਆਪਣੇ ਲਈ ਔਰਤ ਲੈ, ਨਾ ਤੇਰੇ ਪੁੱਤਰ ਧੀਆਂ ਹੋਣ3ਕਿਉਂ ਜੋ ਯਹੋਵਾਹ ਉਹਨਾਂ ਪੁੱਤਰਾਂ ਬਾਰੇ ਅਤੇ ਉਹਨਾਂ ਧੀਆਂ ਬਾਰੇ ਜਿਹੜੇ ਇਸ ਸਥਾਨ ਵਿੱਚ ਜੰਮੇ ਉਹਨਾਂ ਦੀਆਂ ਮਾਵਾਂ ਲਈ ਜਿਹਨਾਂ ਨੇ ਉਹਨਾਂ ਨੂੰ ਜਣਿਆ ਅਤੇ ਉਹਨਾਂ ਦੇ ਪੇਵਾਂ ਲਈ ਜਿਹਨਾਂ ਤੋਂ ਉਹ ਜੰਮੇ ਇਸ ਤਰ੍ਹਾਂ ਆਖਦਾ ਹੈ,4ਉਹ ਮੌਤ ਵਾਲੀਆਂ ਬਿਮਾਰੀਆਂ ਨਾਲ ਮਰਨਗੇ । ਨਾ ਕੋਈ ਵਿਰਲਾਪ ਕਰੇਗਾ, ਨਾ ਉਹ ਦੱਬੇ ਜਾਣਗੇ, - ਉਹ ਭੂਮੀ ਉੱਤੇ ਰੂੜੀ ਵਾਂਗੂੰ ਹੋਣਗੇ, ਉਹ ਤਲਵਾਰ ਅਤੇ ਕਾਲ ਨਾਲ ਮੁੱਕ ਜਾਣਗੇ, ਉਹਨਾਂ ਦੀਆਂ ਲੋਥਾਂ ਅਕਾਸ਼ ਦੇ ਪੰਛੀਆਂ ਅਤੇ ਧਰਤੀ ਦੇ ਦਰਿੰਦਿਆਂ ਦੇ ਖਾਣ ਲਈ ਹੋਣਗੀਆਂ ।

5ਯਹੋਵਾਹ ਤਾਂ ਇਸ ਤਰ੍ਹਾਂ ਆਖਦਾ ਹੈ, - ਤੂੰ ਸੋਗ ਵਾਲੇ ਘਰ ਨਾ ਵੜ, ਨਾ ਵਿਰਲਾਪ ਲਈ ਜਾ ਅਤੇ ਨਾ ਉਹਨਾਂ ਲਈ ਰੋ ਕਿਉਂ ਜੋ ਇਸ ਪਰਜਾ ਤੋਂ ਮੈਂ ਆਪਣੀ ਸ਼ਾਂਤੀ ਲੈ ਲਈ ਹੈ ਅਰਥਾਤ ਆਪਣੀ ਦਯਾ ਅਤੇ ਰਹਮ, ਯਹੋਵਾਹ ਦਾ ਵਾਕ ਹੈ6ਇਸ ਦੇਸ ਵਿੱਚ ਵੱਡੇ ਅਤੇ ਛੋਟੇ ਮਰ ਜਾਣਗੇ, ਅਤੇ ਉਹ ਦੱਬੇ ਨਾ ਜਾਣਗੇ । ਨਾ ਲੋਕ ਉਹਨਾਂ ਲਈ ਰੋਣਗੇ, ਨਾ ਆਪਣੇ ਆਪ ਨੂੰ ਪੁੱਛਣਗੇ, ਨਾ ਭੱਦਣ ਕਰਾਉਂਣਗੇ
7ਨਾ ਕੋਈ ਮਾਤਮ ਕਰਨ ਵਾਲਿਆਂ ਲਈ ਰੋਟੀ ਤੋੜੇਗਾ ਭਈ ਮਰੇ ਹੋਏ ਲਈ ਦਿਲਾਸਾ ਹੋਵੇ, ਨਾ ਉਹਨਾਂ ਨੂੰ ਕੋਈ ਤੱਸਲੀ ਦਾ ਕਟੋਰਾ ਆਪਣੇ ਪਿਉ ਜਾਂ ਆਪਣੀ ਮਾਤਾ ਲਈ ਪੀਣ ਨੂੰ ਦੇਵੇਗਾ8ਤੂੰ ਦਾਉਤ ਵਾਲੇ ਘਰ ਨਾ ਜਾ ਭਈ ਉਹਨਾਂ ਨਾਲ ਬੈਠ ਕੇ ਖਾਵੇਂ ਅਤੇ ਪੀਵੇਂ9ਕਿਉਂ ਜੋ ਇਸਰਾਏਲ ਦਾ ਪਰਮੇਸ਼ੁਰ ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਵੇਖ, ਮੈਂ ਇਸ ਸਥਾਨ ਤੋਂ ਤੇਰੀਆਂ ਅੱਖਾਂ ਦੇ ਸਾਹਮਣੇ ਤੇਰਿਆਂ ਦਿਨਾਂ ਵਿੱਚ ਖੁਸ਼ੀ ਦੀ ਅਵਾਜ਼, ਅਨੰਦ ਦੀ ਅਵਾਜ਼, ਲਾੜੇ ਦੀ ਅਵਾਜ਼ ਅਤੇ ਲਾੜੀ ਦੀ ਅਵਾਜ਼ ਬੰਦ ਕਰ ਦਿਆਂਗਾ ।
10ਤਾਂ ਇਸ ਤਰ੍ਹਾਂ ਹੋਵੇਗਾ ਜਦ ਤੂੰ ਇਹ ਸਾਰੀਆਂ ਗੱਲਾਂ ਇਸ ਪਰਜਾ ਨੂੰ ਦੱਸੇਂਗਾ ਉਹ ਤੈਨੂੰ ਆਖਣਗੇ ਭਈ ਯਹੋਵਾਹ ਨੇ ਇਹ ਸਾਰੀ ਵੱਡੀ ਬੁਰਿਆਈ ਸਾਡੇ ਵਿਰੁੱਧ ਕਿਉਂ ਆਖੀ ਹੈ ? ਅਤੇ ਸਾਡੀ ਬਦੀ ਕਿਹੜੀ ਹੈ ? ਅਤੇ ਸਾਡਾ ਪਾਪ ਕਿਹੜਾ ਹੈ ਜਿਹੜਾ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਵਿਰੁੱਧ ਕੀਤਾ ?11ਤਦ ਤੂੰ ਉਹਨਾਂ ਨੂੰ ਆਖੀਂ ਕਿ ਤੁਹਾਡੇ ਪਿਉ-ਦਾਦਿਆਂ ਨੇ ਮੈਨੂੰ ਤਿਆਗ ਦਿੱਤਾ, ਯਹੋਵਾਹ ਦਾ ਵਾਕ ਹੈ । ਉਹ ਹੋਰਨਾਂ ਦੇਵਤਿਆਂ ਦੇ ਪਿੱਛੇ ਚੱਲੇ, ਉਹਨਾਂ ਦੀ ਪੂਜਾ ਕੀਤੀ ਅਤੇ ਉਹਨਾਂ ਨੂੰ ਮੱਥਾ ਟੇਕਿਆ, ਮੈਨੂੰ ਤਿਆਗ ਦਿੱਤਾ ਅਤੇ ਮੇਰੀ ਬਿਵਸਥਾ ਦੀ ਪਾਲਣਾ ਨਾ ਕੀਤਾ
12ਤੁਸੀਂ ਆਪਣੇ ਪਿਉ-ਦਾਦਿਆਂ ਨਾਲੋਂ ਵੱਧ ਕੇ ਬਦੀ ਕੀਤੀ । ਵੇਖੋ, ਤੁਹਾਡੇ ਵਿੱਚੋਂ ਹਰ ਇੱਕ ਆਪਣੇ ਬੁਰੇ ਦਿਲ ਦੇ ਹਠ ਉੱਤੇ ਚੱਲਦਾ ਹੈ ਭਈ ਮੇਰੀ ਨਾ ਸੁਣੇ13ਇਸ ਲਈ ਮੈਂ ਤੁਹਾਨੂੰ ਇਸ ਦੇਸ ਵਿੱਚੋਂ ਕੱਢ ਕੇ ਇੱਕ ਅਜਿਹੇ ਦੇਸ ਵਿੱਚ ਸੁੱਟਾਂਗਾ ਜਿਹ ਨੂੰ ਨਾ ਤੁਸੀਂ ਨਾ ਤੁਹਾਡੇ ਪਿਉ-ਦਾਦੇ ਜਾਣਦੇ ਸਨ, ਅਤੇ ਉੱਥੇ ਤੁਸੀਂ ਦੂਜੇ ਦੇਵਤਿਆਂ ਦੀ ਰਾਤ-ਦਿਨ ਪੂਜਾ ਕਰੋਗੇ ਕਿਉਂ ਜੋ ਮੈਂ ਤੁਹਾਡੇ ਉੱਤੇ ਕਿਰਪਾ ਨਾ ਕਰਾਂਗਾ ।
ਗੁਲਾਮੀ ਤੋਂ ਵਾਪਸੀ

14ਇਸ ਲਈ ਵੇਖੋ, ਉਹ ਦਿਨ ਆਉਂਦੇ ਹਨ, ਯਹੋਵਾਹ ਦਾ ਵਾਕ ਹੈ, ਕਿ ਫਿਰ ਨਾ ਆਖਿਆ ਜਾਵੇਗਾ, " ਯਹੋਵਾਹ ਦੀ ਸੌਂਹ ਜਿਹੜਾ ਇਸਰਾਏਲੀਆਂ ਨੂੰ ਮਿਸਰ ਦੇਸ ਵਿੱਚੋਂ ਕੱਢ ਲਿਆਇਆ "15ਸਗੋਂ " ਯਹੋਵਾਹ ਦੀ ਸੌਂਹ ਜਿਹੜਾ ਇਸਰਾਏਲੀਆਂ ਨੂੰ ਉੱਤਰ ਦੇ ਦੇਸ ਵੱਲੋਂ ਅਤੇ ਉਹਨਾਂ ਸਾਰਿਆਂ ਦੇਸਾਂ ਵੱਲੋਂ ਜਿੱਥੇ ਉਸ ਉਹਨਾਂ ਨੂੰ ਧੱਕ ਦਿੱਤਾ ਸੀ ਕੱਢ ਲਿਆਇਆ । " ਮੈਂ ਉਹਨਾਂ ਨੂੰ ਉਸ ਭੂਮੀ ਵਿੱਚ ਮੋੜ ਲਿਆਵਾਂਗਾ ਜਿਹੜੀ ਮੈਂ ਉਹਨਾਂ ਦੇ ਪਿਉ-ਦਾਦਿਆਂ ਨੂੰ ਦਿੱਤੀ ਸੀ ।
ਆਉਣ ਵਾਲੀ ਸਜ਼ਾ

16ਵੇਖ ਮੈਂ ਬਹੁਤ ਸਾਰੇ ਮਾਛੀਆਂ ਨੂੰ ਘੱਲਾਂਗਾ, ਯਹੋਵਾਹ ਦਾ ਵਾਕ ਹੈ । ਉਹ ਉਹਨਾਂ ਨੂੰ ਫੜਨਗੇ ਅਤੇ ਇਸ ਦੇ ਪਿੱਛੋਂ ਮੈਂ ਬਹੁਤ ਸਾਰੇ ਸ਼ਿਕਾਰੀਆਂ ਨੂੰ ਘੱਲਾਂਗਾ, ਉਹ ਉਹਨਾਂ ਨੂੰ ਹਰ ਪਹਾੜ ਤੋਂ, ਹਰ ਟਿੱਲੇ ਤੋਂ ਅਤੇ ਚੱਟਾਨਾਂ ਦੀਆਂ ਤੇੜਾਂ ਵਿੱਚੋਂ ਸ਼ਿਕਾਰ ਕਰਨਗੇ17ਕਿਉਂ ਜੋ ਮੇਰੀਆਂ ਅੱਖਾਂ ਉਹਨਾਂ ਦੇ ਸਾਰੇ ਰਾਹਾਂ ਉੱਤੇ ਹਨ । ਉਹ ਮੇਰੇ ਹਜੂਰੋਂ ਲੁੱਕੇ ਹੋਏ ਨਹੀਂ ਹਨ, ਨਾ ਉਹਨਾਂ ਦੀ ਬਦੀ ਮੇਰੀਆਂ ਅੱਖਾਂ ਦੇ ਅੱਗੋਂ ਛੁੱਪੀ ਹੋਈ ਹੈ18ਮੈਂ ਪਹਿਲਾਂ ਉਹਨਾਂ ਦੀ ਬਦੀ ਅਤੇ ਉਹਨਾਂ ਦੇ ਪਾਪ ਦਾ ਦੂਣਾ ਵੱਟਾ ਦਿਆਂਗਾ ਕਿਉਂ ਜੋ ਉਹਨਾਂ ਨੇ ਮੇਰੀ ਧਰਤੀ ਨੂੰ ਆਪਣੀਆਂ ਪਲੀਤੀਆਂ ਦੀਆਂ ਲੋਥਾਂ ਨਾਲ ਭਰਿਸ਼ਟ ਕੀਤਾ ਅਤੇ ਮੇਰੀ ਮਿਰਾਸ ਨੂੰ ਆਪਣੀਆਂ ਘਿਣਾਉਣੀਆਂ ਚੀਜ਼ਾਂ ਨਾਲ ਭਰ ਦਿੱਤਾ ਹੈ ।
ਯਿਰਮਿਯਾਹ ਦੀ ਪ੍ਰਾਰਥਨਾ

19ਹੇ ਯਹੋਵਾਹ, ਮੇਰੇ ਬਲ ਅਤੇ ਮੇਰੇ ਗੜ੍ਹ, ਦੁੱਖ ਦੇ ਵੇਲੇ ਮੇਰੀ ਪਨਾਹ, ਤੇਰੇ ਕੋਲ ਕੌਮਾਂ ਆਉਣਗੀਆਂ, ਧਰਤੀ ਦੀਆਂ ਹੱਦਾਂ ਤੋਂ, ਅਤੇ ਆਖਣਗੀਆਂ, - ਸਾਡੇ ਪਿਉ-ਦਾਦਿਆਂ ਨੇ ਨਿਰਾ ਝੂਠ ਮਿਰਾਸ ਵਿੱਚ ਲਿਆ, ਅਤੇ ਫੋਕੀਆਂ ਗੱਲਾਂ ਜਿਹਨਾਂ ਤੋਂ ਕੁੱਝ ਲਾਭ ਨਹੀਂ ।20ਕੀ ਆਦਮੀ ਆਪਣੇ ਲਈ ਦੇਵਤੇ ਬਣਾ ਸਕਦਾ ? ਉਹ ਦੇਵਤੇ ਵੀ ਨਹੀਂ ਹਨ !21ਇਸ ਲਈ ਵੇਖ, ਮੈਂ ਉਹਨਾਂ ਨੂੰ ਸਮਝਾਵਾਂਗਾ, ਅਤੇ ਇਸ ਵਾਰ ਆਪਣਾ ਹੱਥ ਅਤੇ ਬਲ ਉਹਨਾਂ ਨੂੰ ਜਤਾਵਾਂਗਾ, ਸੋ ਉਹ ਜਾਣਨਗੇ ਕਿ ਮੇਰਾ ਨਾਮ ਯਹੋਵਾਹ ਹੈ ! ।

17
ਯਹੂਦਾਹ ਦਾ ਪਾਪ ਅਤੇ ਉਸ ਦੀ ਸਜ਼ਾ

1ਯਹੂਦਾਹ ਦਾ ਪਾਪ ਲੋਹੇ ਦੀ ਲਿਖਣ ਅਤੇ ਹੀਰੇ ਦੀ ਨੋਕ ਨਾਲ ਲਿਖਿਆ ਗਿਆ, ਉਹਨਾਂ ਦੇ ਦਿਲ ਦੀ ਪੱਟੀ ਉੱਤੇ ਅਤੇ ਤੁਹਾਡੀਆਂ ਜਗਵੇਦੀਆਂ ਦੇ ਸਿੰਙਾਂ ਉੱਤੇ ਉੱਕਰਿਆ ਗਿਆ2ਉਹਨਾਂ ਦੇ ਪੁੱਤਰ ਹਰੇ ਰੁੱਖਾਂ ਕੋਲ ਪਹਾੜੀਆਂ ਉੱਤੇ ਅਤੇ ਉੱਚਿਆਈਆਂ ਉੱਤੇ ਉਹਨਾਂ ਦੀਆਂ ਜਗਵੇਦੀਆਂ ਅਤੇ ਟੁੰਡਾਂ ਨੂੰ ਚੇਤੇ ਕਰਦੇ ਹਨ

3ਹੇ ਖੇਤ ਵਿਚਲੇ ਮੇਰੇ ਪਹਾੜ, ਤੇਰਾ ਮਾਲ ਅਤੇ ਤੇਰੇ ਸਾਰੇ ਖਜਾਨੇ, ਤੇਰੇ ਉੱਚੇ ਸਥਾਨ ਤੇਰੀਆਂ ਸਾਰੀਆਂ ਹੱਦਾਂ ਵਿੱਚ ਪਾਪ ਦੇ ਕਾਰਨ ਮੈਂ ਲੁੱਟੇ ਜਾਣ ਲਈ ਦੇ ਦਿਆਂਗਾ4ਤੂੰ ਆਪ ਹੀ ਆਪਣੀ ਮਿਰਾਸ ਨੂੰ ਜਿਹੜੀ ਮੈਂ ਤੈਨੂੰ ਦਿੱਤੀ ਛੱਡ ਦੇਵੇਂਗਾ ਅਤੇ ਉਸ ਦੇਸ ਵਿੱਚ ਜਿਹ ਨੂੰ ਤੂੰ ਨਹੀਂ ਜਾਣਦਾ ਮੈਂ ਤੈਥੋਂ ਤੇਰੇ ਵੈਰੀਆਂ ਦੀ ਟਹਿਲ ਕਰਾਵਾਂਗਾ ਕਿਉਂ ਜੋ ਤੁਸੀਂ ਮੇਰੇ ਕ੍ਰੋਧ ਦੀ ਅੱਗ ਭੜਕਾਈ ਹੈ ਜਿਹੜੀ ਸਦਾ ਬਲਦੀ ਰਹੇਗੀ ।
ਕੁਝ ਕਹਾਉਤਾਂ

5ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਸਰਾਪ ਉਸ ਮਰਦ ਉੱਤੇ ਜਿਹੜਾ ਆਦਮੀ ਦਾ ਭਰੋਸਾ ਕਰਦਾ ਹੈ, ਅਤੇ ਬਸ਼ਰ ਨੂੰ ਆਪਣੀ ਬਾਂਹ ਬਣਾਉਂਦਾ ਹੈ, ਜਿਹ ਦਾ ਦਿਲ ਯਹੋਵਾਹ ਵੱਲੋਂ ਫਿਰ ਜਾਂਦਾ ਹੈ !6ਉਹ ਥਲ ਦੇ ਰਤਮੇ ਵਾਂਗੂੰ ਹੈ, ਉਹ ਕੋਈ ਭਲਿਆਈ ਆਉਂਦੀ ਨਾ ਵੇਖੇਗਾ, ਉਹ ਉਜਾੜ ਦੇ ਸੜੇ ਹੋਏ ਥਾਵਾਂ ਵਿੱਚ ਵੱਸੇਗਾ, ਬੇਆਬਾਦ ਕੱਲਰ ਸ਼ੋਰ ਵਿੱਚ ।
7ਮੁਬਾਰਕ ਹੈ ਉਹ ਮਰਦ ਜਿਹ ਦਾ ਭਰੋਸਾ ਯਹੋਵਾਹ ਉੱਤੇ ਹੈ, ਜਿਹ ਦਾ ਭਰੋਸਾ ਯਹੋਵਾਹ ਹੈ !8ਉਹ ਉਸ ਰੁੱਖ ਵਾਂਗੂੰ ਹੈ ਜਿਹੜਾ ਪਾਣੀ ਉੱਤੇ ਲੱਗਿਆ ਹੋਇਆ ਹੈ, ਜਿਹੜਾ ਨਦੀ ਵੱਲ ਆਪਣੀਆਂ ਜੜ੍ਹਾਂ ਫੈਲਾਉਂਦਾ ਹੈ । ਜਦ ਗਰਮੀ ਆਵੇ ਤਾਂ ਉਸ ਨੂੰ ਡਰ ਨਹੀਂ, ਸਗੋਂ ਉਹ ਦੇ ਪੱਤੇ ਹਰੇ ਰਹਿੰਦੇ ਹਨ, ਔੜ ਦੇ ਸਾਲ ਉਹ ਨੂੰ ਚਿੰਤਾ ਨਾ ਹੋਵੇਗੀ, ਨਾ ਉਹ ਫਲ ਲਿਆਉਣ ਤੋਂ ਰੁਕੇਗਾ ।
9ਦਿਲ ਸਭ ਚੀਜਾਂ ਨਾਲੋਂ ਧੋਖੇਬਾਜ਼ ਹੈ, ਉਹ ਪੁੱਜ ਕੇ ਖਰਾਬ ਹੈ, ਉਹ ਨੂੰ ਕੌਣ ਜਾਣ ਸਕਦਾ ਹੈ ?10ਮੈਂ ਯਹੋਵਾਹ ਦਿਲ ਨੂੰ ਪਰਖਦਾ ਹਾਂ, ਅਤੇ ਗੁਰਦਿਆਂ ਨੂੰ ਪਰਤਾਉਂਦਾ ਹਾਂ, ਭਈ ਹਰ ਮਨੁੱਖ ਨੂੰ ਉਹ ਦੇ ਚਾਲ-ਚਲਣ ਅਨੁਸਾਰ, ਅਤੇ ਉਹ ਦੇ ਕੰਮਾਂ ਦੇ ਫਲਾਂ ਅਨੁਸਾਰ ਬਦਲਾ ਦੇ ।11ਉਹ ਆਦਮੀ ਜਿਹੜਾ ਇਨਸਾਫ਼ ਦੇ ਬਿਨਾਂ ਧਨ ਇਕੱਠਾ ਕਰਦਾ ਹੈ, ਉਸ ਤਿੱਤਰ ਵਰਗਾ ਹੋਵੇਗਾ ਜੋ ਉਹਨਾਂ ਆਂਡਿਆਂ ਉੱਤੇ ਬੈਠੇ ਜਿਹੜੇ ਉਹ ਨੇ ਨਹੀਂ ਦਿੱਤੇ । ਉਹ ਦੇ ਦਿਨਾਂ ਦੇ ਅੱਧ ਵਿੱਚ ਉਹ ਉਸ ਤੋਂ ਛੁੱਟ ਜਾਵੇਗਾ, ਅਤੇ ਓੜਕ ਨੂੰ ਉਹ ਮੂਰਖ ਬਣੇਗਾ ।
12ਇੱਕ ਪਰਤਾਪ ਵਾਲਾ ਸਿੰਘਾਸਣ ਆਦ ਤੋਂ ਉੱਚਿਆਈ ਤੋਂ ਥਾਪਿਆ ਹੋਇਆ ਸਾਡਾ ਪਵਿੱਤਰ ਸਥਾਨ ਹੈ ।13ਹੇ ਯਹੋਵਾਹ ਇਸਰਾਏਲ ਦੀ ਆਸਾ, ਤੇਰੇ ਸਾਰੇ ਤਿਆਗਣ ਵਾਲੇ ਲੱਜਿਆਵਾਨ ਹੋਣਗੇ । ਉਹ " ਮੇਰੇ ਫਿਰਤੂ " ਧਰਤੀ ਵਿੱਚ ਲਿਖੇ ਜਾਣਗੇ, ਕਿਉਂ ਜੋ ਉਹਨਾਂ ਨੇ ਯਹੋਵਾਹ ਨੂੰ ਤਿਆਗ ਦਿੱਤਾ, ਜਿਹੜਾ ਜਿਉਂਦੇ ਪਾਣੀ ਦਾ ਸੋਤਾ ਹੈ ।
ਯਿਰਮਿਯਾਹ ਦੁਆਰਾ ਸਹਾਇਤਾ ਲਈ ਬੇਨਤੀ

14ਹੇ ਯਹੋਵਾਹ, ਮੈਨੂੰ ਵੱਲ ਕਰ ਤਾਂ ਮੈਂ ਵਲ ਹੋਵਾਂਗਾ ! ਮੈਨੂੰ ਬਚਾ ਤਾਂ ਮੈਂ ਬਚਾਂਗਾ ! ਕਿਉਂ ਜੋ ਤੂੰ ਮੇਰੀ ਉਸਤਤ ਹੈਂ ।
15ਵੇਖ, ਉਹ ਮੈਨੂੰ ਆਖਦੇ ਹਨ, ਯਹੋਵਾਹ ਦਾ ਬਚਨ ਕਿੱਥੇ ਹੈ ? ਉਹ ਆਵੇ ਤਾਂ ਸਹੀ !16ਮੈਂ ਤੇਰੇ ਪਿੱਛੇ ਆਜੜੀ ਹੋਣ ਲਈ ਸ਼ਤਾਬੀ ਨਹੀਂ ਕੀਤੀ, ਨਾ ਸੋਗ ਦੇ ਦਿਨ ਦੀ ਚਾਹ ਕੀਤੀ ਹੈ, ਤੂੰ ਇਹ ਜਾਣਦਾ ਹੈ । ਜੋ ਕੁੱਝ ਮੇਰੇ ਬੁੱਲ੍ਹਾਂ ਤੋਂ ਨਿਕਲਿਆ, ਉਹ ਤੇਰੇ ਮੂੰਹ ਦੇ ਸਨਮੁੱਖ ਸੀ ।
17ਤੂੰ ਮੇਰੇ ਲਈ ਡਰਾਉਣਾ ਨਾ ਬਣ, ਬਿਪਤਾ ਦੇ ਦਿਨ ਤੂੰ ਮੇਰੀ ਪਨਾਹ ਹੈ ।18ਜਿਹੜੇ ਮੈਨੂੰ ਸਤਾਉਂਦੇ ਹਨ ਉਹ ਲੱਜਿਆਵਾਨ ਹੋਣ, ਪਰ ਮੈਨੂੰ ਲੱਜਿਆਵਾਨ ਨਾ ਹੋਣ ਦੇਹ, ਉਹ ਘਬਰਾਉਣ, ਪਰ ਮੈਨੂੰ ਘਬਰਾਉਣ ਨਾ ਦੇ । ਉਹਨਾਂ ਉੱਤੇ ਬਿਪਤਾ ਦਾ ਦਿਨ ਲਿਆ, ਉਹਨਾਂ ਨੂੰ ਦੁੱਗਣੀ ਮਾਰ ਨਾਲ ਭੰਨ ਸੁੱਟ ! ।
ਵਿਸ਼ਰਾਮ ਦੇ ਦਿਨ ਦਾ ਪਾਲਣ

19ਯਹੋਵਾਹ ਨੇ ਮੈਨੂੰ ਆਖਿਆ ਕਿ ਜਾਹ, ਆਮ ਲੋਕਾਂ ਦੇ ਫਾਟਕ ਉੱਤੇ ਜਿਹ ਦੇ ਵਿੱਚੋਂ ਦੀ ਯਹੂਦਾਹ ਦੇ ਰਾਜਾ ਅੰਦਰ ਆਉਂਦੇ ਹਨ ਅਤੇ ਜਿਹ ਦੇ ਵਿੱਚੋ ਦੀ ਬਾਹਰ ਜਾਂਦੇ ਹਨ ਸਗੋਂ ਯਰੂਸ਼ਲਮ ਦੇ ਫਾਟਕਾਂ ਉੱਤੇ ਖਲੋ20ਤੂੰ ਉਹਨਾਂ ਨੂੰ ਆਖ, ਹੇ ਯਹੂਦਾਹ ਦੇ ਪਾਤਸ਼ਾਹੋ ਅਤੇ ਹੇ ਸਾਰੇ ਯਹੂਦਾਹ ਅਤੇ ਯਰੂਸ਼ਲਮ ਦੇ ਸਾਰੇ ਵਾਸੀਓ ਜਿਹੜੇ ਇਹਨਾਂ ਫਾਟਕਾਂ ਦੇ ਵਿੱਚੋ ਦੀ ਅੰਦਰ ਆਉਂਦੇ ਹਨ, ਯਹੋਵਾਹ ਦਾ ਬਚਨ ਸੁਣੋ !
21ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਤੁਸੀਂ ਆਪਣੀਆਂ ਜਾਨਾਂ ਲਈ ਖਬਰਦਾਰ ਹੋਵੋ ਅਤੇ ਸਬਤ ਦੇ ਦਿਨ ਕੋਈ ਭਾਰ ਨਾ ਚੁੱਕੋ ਅਤੇ ਨਾ ਯਰੂਸ਼ਲਮ ਦੇ ਫਾਟਕਾਂ ਵਿੱਚ ਦੀ ਅੰਦਰ ਲਿਆਓ22ਨਾ ਤੁਸੀਂ ਸਬਤ ਦੇ ਦਿਨ ਆਪਣੇ ਘਰਾਂ ਤੋਂ ਭਾਰ ਚੁੱਕ ਕੇ ਬਾਹਰ ਲੈ ਜੋ ਅਤੇ ਨਾ ਕੋਈ ਕੰਮ-ਧੰਦਾ ਕਰੋ । ਤੁਸੀਂ ਸਬਤ ਦੇ ਦਿਨ ਨੂੰ ਪਵਿੱਤਰ ਮੰਨੋ ਜਿਵੇਂ ਮੈਂ ਤੁਹਾਡੇ ਪਿਉ-ਦਾਦਿਆਂ ਨੂੰ ਹੁਕਮ ਦਿੱਤਾ ਸੀ23ਪਰ ਉਹਨਾਂ ਨੇ ਨਾ ਸੁਣਿਆ ਨਾ ਆਪਣਾ ਕੰਨ ਲਾਇਆ ਸਗੋਂ ਆਪਣੀਆਂ ਧੋਣਾਂ ਨੂੰ ਅਕੜਾ ਲਿਆ ਭਈ ਉਹ ਨਾ ਸੁਣਨ, ਨਾ ਮੱਤ ਲੈਣ ।
24ਤਾਂ ਇਸ ਤਰ੍ਹਾਂ ਹੋਵੇਗਾ, ਯਹੋਵਾਹ ਦਾ ਵਾਕ ਹੈ, ਜੇ ਤੁਸੀਂ ਦਿਲ ਲਾ ਕੇ ਮੇਰੀ ਸੁਣੋਗੇ ਅਤੇ ਸਬਤ ਦੇ ਦਿਨ ਇਸ ਸ਼ਹਿਰ ਦੇ ਫਾਟਕਾਂ ਦੇ ਵਿੱਚ ਭਾਰ ਨਾ ਲਿਆਓਗੇ ਅਤੇ ਸਬਤ ਦੇ ਦਿਨ ਨੂੰ ਪਵਿੱਤਰ ਰੱਖੋਗੇ ਅਤੇ ਉਸ ਵਿੱਚ ਕੋਈ ਕੰਮ-ਧੰਦਾ ਨਾ ਕਰੋਗੇ25ਤਦ ਇਸ ਸ਼ਹਿਰ ਦੇ ਫਾਟਕਾਂ ਦੇ ਵਿੱਚੋਂ ਦੀ ਰਾਜਾ ਅਤੇ ਸਰਦਾਰ, ਦਾਊਦ ਦੇ ਸਿੰਘਾਸਣ ਉੱਤੇ ਬੈਠਣ ਵਾਲੇ, ਰੱਥਾਂ ਉੱਤੇ ਤੇ ਘੋੜਿਆਂ ਉੱਤੇ ਚੜ੍ਹ ਕੇ, ਉਹ ਅਤੇ ਉਹਨਾਂ ਦੇ ਸਰਦਾਰ ਯਹੂਦਾਹ ਦੇ ਮਨੁੱਖ ਅਤੇ ਯਰੂਸ਼ਲਮ ਦੇ ਵਾਸੀ ਇਸ ਵਿੱਚ ਵੜਨਗੇ, ਅਤੇ ਇਹ ਸ਼ਹਿਰ ਸਦਾ ਤੱਕ ਵੱਸਿਆ ਰਹੇਗਾ
26ਤਾਂ ਯਹੂਦਾਹ ਦੇ ਸ਼ਹਿਰ ਤੋਂ ਅਤੇ ਯਰੂਸ਼ਲਮ ਦੇ ਆਲੇ-ਦੁਆਲੇ ਤੋਂ, ਬਿਨਯਾਮੀਨ ਦੇ ਦੇਸ ਤੋਂ, ਮਦਾਨ ਤੋਂ, ਪਹਾੜ ਤੋਂ ਅਤੇ ਦੱਖਣ ਤੋਂ, ਉਹ ਆਉਣਗੇ ਅਤੇ ਹੋਮ ਦੀਆਂ ਭੇਟਾਂ ਅਤੇ ਬਲੀਆਂ ਅਤੇ ਮੈਦੇ ਦੀਆਂ ਭੇਟਾਂ ਅਤੇ ਲੁਬਾਣ ਲੈ ਕੇ ਆਉਣਗੇ ਅਤੇ ਯਹੋਵਾਹ ਦੇ ਭਵਨ ਵਿੱਚ ਧੰਨਵਾਦ ਦੀਆਂ ਭੇਟਾਂ ਲਿਆਉਣਗੇ27ਪਰ ਜੇ ਤੁਸੀਂ ਮੇਰੀ ਨਾ ਸੁਣੋ ਅਤੇ ਸਬਤ ਦੇ ਦਿਨ ਨੂੰ ਪਵਿੱਤਰ ਨਾ ਰੱਖੋ ਪਰ ਸਬਤ ਦੇ ਦਿਨ ਯਰੂਸ਼ਲਮ ਦੇ ਫਾਟਕਾਂ ਵਿੱਚੋਂ ਦੀ ਭਾਰ ਚੁੱਕ ਕੇ ਵੜਨ ਤੋਂ ਨਾ ਰੁਕੋ ਤਦ ਮੈਂ ਇਸ ਦੇ ਫਾਟਕਾਂ ਨੂੰ ਅੱਗ ਲਾਵਾਂਗਾ । ਅਤੇ ਉਹ ਯਰੂਸ਼ਲਮ ਦੇ ਮਹਿਲਾਂ ਨੂੰ ਭਸਮ ਕਰੇਗੀ ਅਤੇ ਉਹ ਬੁੱਝੇਗੀ ਨਹੀਂ ।

18
ਯਿਰਮਿਯਾਹ ਘੁਮਿਆਰ ਦੇ ਘਰ ਵਿੱਚ

1ਉਹ ਬਚਨ ਜਿਹੜਾ ਯਹੋਵਾਹ ਵੱਲੋਂ ਯਿਰਮੀਯਾਹ ਕੋਲ ਆਇਆ ਕਿ2ਉੱਠ ਅਤੇ ਘੁਮਿਆਰ ਦੇ ਘਰ ਨੂੰ ਉੱਤਰ ਜਾ । ਉੱਥੇ ਮੈਂ ਤੈਨੂੰ ਆਪਣੀਆਂ ਗੱਲਾਂ ਸੁਣਾਵਾਂਗਾ3ਤਾਂ ਮੈਂ ਘੁਮਿਆਰ ਦੇ ਘਰ ਨੂੰ ਉੱਤਰ ਗਿਆ ਅਤੇ ਵੇਖੋ, ਉਹ ਆਪਣੇ ਚੱਕ ਉੱਤੇ ਕੰਮ ਕਰ ਰਿਹਾ ਸੀ4ਉਹ ਭਾਂਡਾ ਜਿਹੜਾ ਉਹ ਮਿੱਟੀ ਦਾ ਬਣਾਉਂਦਾ ਸੀ ਘੁਮਿਆਰ ਦੇ ਹੱਥ ਵਿੱਚ ਵਿਗੜ ਗਿਆ । ਤਦ ਉਹ ਨੇ ਮੁੜ ਉਸ ਤੋਂ ਇੱਕ ਦੂਜਾ ਭਾਂਡਾ ਬਣਾਇਆ ਜਿਵੇਂ ਉਹ ਦੀ ਨਿਗਾਹ ਵਿੱਚ ਚੰਗਾ ਲੱਗਾ ।

5ਫਿਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ6ਹੇ ਇਸਰਾਏਲ ਦੇ ਘਰਾਣੇ, ਕੀ ਮੈਂ ਇਸ ਘੁਮਿਆਰ ਵਾਂਗੂੰ ਤੁਹਾਡੇ ਨਾਲ ਨਹੀਂ ਕਰ ਸਕਦਾ ? ਯਹੋਵਾਹ ਦਾ ਵਾਕ ਹੈ । ਵੇਖੋ, ਹੇ ਇਸਰਾਏਲ ਦੇ ਘਰਾਣੇ, ਜਿਵੇਂ ਮਿੱਟੀ ਘੁਮਿਆਰ ਦੇ ਹੱਥ ਵਿੱਚ ਹੈ ਤਿਵੇਂ ਤੁਸੀਂ ਮੇਰੇ ਹੱਥ ਵਿੱਚ ਹੋ7ਜਿਸ ਵੇਲੇ ਮੈਂ ਕਿਸੇ ਕੌਮ ਜਾਂ ਕਿਸੇ ਪਾਤਸ਼ਾਹੀ ਦੇ ਬਾਰੇ ਬੋਲਾਂ ਕਿ ਮੈਂ ਉਹ ਨੂੰ ਪੁੱਟ ਸੁੱਟਾਂਗਾ, ਢਾਹ ਦਿਆਂਗਾ ਅਤੇ ਨਾਸ ਕਰਾਂਗਾ8ਜੇ ਉਹ ਕੌਮ ਜਿਹ ਦੇ ਬਾਰੇ ਮੈਂ ਗੱਲ ਕੀਤੀ ਸੀ ਆਪਣੀ ਬਦੀ ਤੋਂ ਮੁੜੇ, ਤਦ ਮੈਂ ਉਸ ਬਦੀ ਤੋਂ ਪੱਛਤਾਵਾਂਗਾ, ਜਿਹੜੀ ਮੈਂ ਉਹ ਦੇ ਨਾਸ ਕਰਨ ਲਈ ਸੋਚੀ ਸੀ
9ਅਤੇ ਜੇ ਕਿਸੇ ਵੇਲੇ ਮੈਂ ਕਿਸੇ ਕੌਮ ਜਾਂ ਕਿਸੇ ਪਾਤਸ਼ਾਹੀ ਬਾਰੇ ਬੋਲਾਂ ਕਿ ਉਹ ਨੂੰ ਬਣਾਵਾਂਗਾ ਅਤੇ ਲਾਵਾਂਗਾ10ਜੇ ਉਹ ਮੇਰੀ ਨਿਗਾਹ ਵਿੱਚ ਬੁਰਿਆਈ ਕਰੇ ਅਤੇ ਮੇਰੀ ਅਵਾਜ਼ ਨਾ ਸੁਣੇ ਤਾਂ ਮੈਂ ਵੀ ਉਸ ਭਲਿਆਈ ਤੋਂ ਪੱਛਤਾਵਾਂਗਾ ਜਿਹੜੀ ਮੈਂ ਉਸ ਨਾਲ ਭਲਿਆਈ ਕਰਨ ਲਈ ਆਖਿਆ ਸੀ
11ਹੁਣ ਯਹੂਦਾਹ ਦੇ ਮਨੁੱਖਾਂ ਅਤੇ ਯਰੂਸ਼ਲਮ ਦੇ ਵਾਸੀਆਂ ਨੂੰ ਆਖ ਕਿ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖੋ, ਮੈਂ ਤੁਹਾਡੇ ਵਿਰੁੱਧ ਇੱਕ ਬੁਰਿਆਈ ਕਰ ਰਿਹਾ ਹਾਂ ਅਤੇ ਤੁਹਾਡੇ ਵਿਰੁੱਧ ਇੱਕ ਮਤਾ ਸੋਚ ਰਿਹਾ ਹਾਂ । ਤੁਸੀਂ ਸਾਰੇ ਆਪਣੇ ਬੁਰੇ ਰਾਹ ਤੋਂ ਮੁੜੋ ਅਤੇ ਆਪਣੇ ਰਾਹ ਅਤੇ ਆਪਣੇ ਕੰਮਾਂ ਨੂੰ ਠੀਕ ਕਰੋ12ਪਰ ਉਹ ਆਖਦੇ ਹਨ, ਇਹ ਅਣਹੋਣਾ ਹੈ ! ਅਸੀਂ ਆਪਣੀਆਂ ਜੁਗਤਾਂ ਪਿੱਛੇ ਚੱਲਾਂਗੇ ਅਤੇ ਸਾਡੇ ਵਿੱਚੋਂ ਹਰ ਮਨੁੱਖ ਆਪਣੇ ਬੁਰੇ ਦਿਲ ਦੀ ਆਕੜ ਅਨੁਸਾਰ ਕੰਮ ਕਰੇਗਾ ।
ਪਰਮੇਸ਼ੁਰ ਨੇ ਲੋਕਾਂ ਨੂੰ ਤਿਆਗ ਦਿੱਤਾ

13ਇਸ ਲਈ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਕੌਮਾਂ ਦੇ ਵਿੱਚ ਪੁੱਛੋ ਤਾਂ, ਅਜਿਹੀਆਂ ਗੱਲਾਂ ਕਿਨ ਸੁਣੀਆਂ ਹਨ ? ਇਸਰਾਏਲ ਦੀ ਕੁਆਰੀ ਨੇ ਵੱਡੀ ਭਿਆਣਕ ਗੱਲ ਕੀਤੀ ਹੈ !14ਕੀ ਲਬਾਨੋਨ ਦੀ ਬਰਫ਼ ਮੈਦਾਨ ਦੀ ਚਟਾਨ ਨੂੰ ਛੱਡ ਦੇਵੇਗੀ ? ਕੀ ਉਹ ਠੰਡੇ ਪਾਣੀ ਜਿਹੜੇ ਦੂਰੋਂ ਵੱਗਦੇ ਹਨ ਸੁੱਕ ਜਾਣਗੇ ?
15ਪਰ ਮੇਰੀ ਪਰਜਾ ਨੇ ਤਾਂ ਮੈਨੂੰ ਵਿਸਾਰ ਦਿੱਤਾ ਹੈ, ਉਹ ਵਿਅਰਥ ਲਈ ਧੂਪ ਧੁਖਾਉਂਦੇ ਹਨ, ਉਹਨਾਂ ਨੇ ਆਪਣਿਆ ਰਾਹਾਂ ਵਿੱਚ ਠੇਡਾ ਖਾਧਾ, ਹਾਂ, ਆਪਣਿਆ ਰਾਹਾਂ ਵਿੱਚ, ਅਤੇ ਉਹ ਪਹਿਆਂ ਵਿੱਚ ਦੀ ਚੱਲਣ ਲੱਗੇ, ਜਿਹੜੇ ਪੱਧਰੇ ਰਾਹ ਨਹੀਂ ਹਨ ।16ਸੋ ਉਹ ਆਪਣੇ ਦੇਸ ਨੂੰ ਵਿਰਾਨਾ ਅਤੇ ਸਦਾ ਲਈ ਨੱਕ ਚੜ੍ਹਾਉਣ ਦਾ ਕਾਰਨ ਬਣਾਉਂਦੇ ਹਨ । ਜੋ ਕੋਈ ਉਥੋਂ ਦੀ ਲੰਘੇ ਹੈਰਾਨ ਹੋਵੇਗਾ, ਅਤੇ ਆਪਣਾ ਸਿਰ ਹਿਲਾਵੇਗਾ !17ਮੈਂ ਉਹਨਾਂ ਨੂੰ ਪੁਰੇ ਦੀ ਹਵਾ ਵਾਂਗੂੰ ਵੈਰੀ ਦੇ ਅੱਗੇ ਖਿਲਾਰ ਦਿਆਂਗਾ, ਮੈਂ ਉਹਨਾਂ ਨੂੰ ਬਿਪਤਾ ਦੇ ਦਿਨ ਆਪਣੀ ਪਿੱਠ ਵਿਖਾਵਾਂਗਾ, ਮੂੰਹ ਨਹੀਂ ।
ਯਿਰਮਿਯਾਹ ਦੀ ਹੱਤਿਆ ਦੀ ਸਾਜਸ਼

18ਤਾਂ ਉਹਨਾਂ ਆਖਿਆ ਆਓ, ਅਸੀਂ ਯਿਰਮਿਯਾਹ ਦੇ ਵਿਰੁੱਧ ਮਤਾ ਪਕਾਈਏ ਕਿਉਂ ਜੋ ਬਿਵਸਥਾ ਜਾਜਕ ਤੋਂ ਨਾ ਮਿਟੇਗੀ, ਨਾ ਸਲਾਹ ਬੁੱਧਵਾਨਾਂ ਕੋਲੋਂ, ਨਾ ਬਚਨ ਨਬੀ ਤੋਂ । ਆਓ, ਅਸੀਂ ਉਹ ਨੂੰ ਜੀਭ ਨਾਲ ਮਾਰੀਏ ਅਤੇ ਉਹ ਦੀ ਕਿਸੇ ਗੱਲ ਵੱਲ ਧਿਆਨ ਨਾ ਦੇਈਏ ।19ਹੇ ਯਹੋਵਾਹ, ਮੇਰੀ ਵੱਲ ਧਿਆਨ ਦੇਹ, ਮੇਰੇ ਨਾਲ ਲੜਨ ਵਾਲਿਆਂ ਦੀ ਅਵਾਜ਼ ਸੁਣ ਲੈ !20ਕੀ ਨੇਕੀ ਦਾ ਬਦਲਾ ਬਦੀ ਹੈ ? ਕਿਉਂ ਜੋ ਉਹਨਾਂ ਮੇਰੀ ਜਾਨ ਲਈ ਟੋਆ ਪੁੱਟਿਆ ਹੈ । ਚੇਤੇ ਕਰ ਕਿ ਮੈਂ ਕਿਵੇਂ ਤੇਰੇ ਸਨਮੁੱਖ ਉਹਨਾਂ ਦੀ ਭਲਿਆਈ ਦੀ ਗੱਲ ਲਈ ਖਲੋਤਾ ਰਿਹਾ, ਭਈ ਮੈਂ ਤੇਰਾ ਗੁੱਸਾ ਉਹਨਾਂ ਤੋਂ ਮੋੜ ਲਵਾਂ ।
21ਇਸ ਲਈ ਉਹਨਾਂ ਦੇ ਬੱਚਿਆਂ ਨੂੰ ਕਾਲ ਦੇ ਹਵਾਲੇ ਕਰ, ਅਤੇ ਉਹਨਾਂ ਨੂੰ ਤਲਵਾਰ ਦੇ ਘਾਟ ਉਤਾਰ ! ਉਹਨਾਂ ਦੀਆਂ ਔਰਤਾਂ ਔਂਤਰੀਆਂ ਅਤੇ ਵਿਧਵਾ ਹੋਣ ਅਤੇ ਉਹਨਾਂ ਦੇ ਮਨੁੱਖ ਤਲਵਾਰ ਨਾਲ ਮਰਨ ਉਹਨਾਂ ਦੇ ਚੁਗਵੇਂ ਲੜਾਈ ਵਿੱਚ ਤਲਵਾਰ ਨਾਲ ਮਾਰੇ ਜਾਣ !22ਉਹਨਾਂ ਦੇ ਘਰਾਂ ਤੋਂ ਚਿੱਲਾਉਣਾ ਸੁਣਿਆਂ ਜਾਵੇ, ਜਦ ਤੂੰ ਉਹਨਾਂ ਉੱਤੇ ਅਚਾਨਕ ਲਸ਼ਕਰ ਚੜ੍ਹਾ ਲਿਆਵੇਂਗਾ, ਕਿਉਂ ਜੋ ਉਹਨਾਂ ਮੇਰੇ ਫੜਨ ਲਈ ਟੋਆ ਪੁੱਟਿਆ ਹੈ, ਅਤੇ ਮੇਰੇ ਪੈਰਾਂ ਲਈ ਫਾਹੀ ਲਾਈ ਹੈ ।23ਹੇ ਯਹੋਵਾਹ, ਤੂੰ ਉਹਨਾਂ ਦੀਆਂ ਸਾਰੀਆਂ ਸਲਾਹਾਂ ਜਾਣਦਾ ਹੈ ਜੋ ਮੇਰੇ ਮਰਨ ਲਈ ਹਨ ਉਹਨਾਂ ਦੀ ਬਦੀ ਨਾ ਢੱਕ, ਨਾ ਉਹਨਾਂ ਦੇ ਪਾਪ ਆਪਣੇ ਅੱਗੋਂ ਮਿਟਾ । ਉਹ ਤੇਰੇ ਅੱਗੇ ਡੇਗੇ ਜਾਣ, ਆਪਣੇ ਕਹਿਰ ਦੇ ਵੇਲੇ ਉਹਨਾਂ ਨਾਲ ਐਉਂ ਵਰਤ ! ।

19
ਟੁੱਟੀ ਸੁਰਾਹੀ ਦਾ ਉਦਾਹਰਣ

1ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਜਾ ਅਤੇ ਘੁਮਿਆਰ ਕੋਲੋਂ ਇੱਕ ਮਿੱਟੀ ਦੀ ਸੁਰਾਹੀ ਮੁੱਲ ਲੈ । ਨਾਲੇ ਲੋਕਾਂ ਦੇ ਬਜੁਰਗਾਂ ਅਤੇ ਜਾਜਕਾਂ ਦੇ ਬਜੁਰਗਾਂ ਨੂੰ ਵੀ ਲੈ2ਅਤੇ ਬਨ-ਹਿੰਨੋਮ ਦੀ ਵਾਦੀ ਵਿੱਚ ਨਿੱਕਲ ਜਾ ਜਿਹੜੀ ਠੀਕਰੀਆਂ ਦੇ ਫਾਟਕ ਦੇ ਬੂਹੇ ਦੇ ਕੋਲ ਹੈ । ਉੱਥੇ ਉਹਨਾਂ ਗੱਲਾਂ ਦਾ ਹੋਕਾ ਦੇ ਜਿਹੜੀਆਂ ਮੈਂ ਤੈਨੂੰ ਬੋਲਾਂਗਾ3ਤੂੰ ਆਖੀਂ, ਹੇ ਯਹੂਦਾਹ ਦੇ ਪਾਤਸ਼ਾਹੋ ਅਤੇ ਯਰੂਸ਼ਲਮ ਦੇ ਵਾਸੀਓ, ਯਹੋਵਾਹ ਦਾ ਬਚਨ ਸੁਣੋ ! ਸੈਨਾ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, - ਵੇਖੋ, ਮੈਂ ਇਸ ਸਥਾਨ ਉੱਤੇ ਬਦੀ ਲਿਆਵਾਂਗਾ । ਹਰੇਕ ਜਿਹੜਾ ਸੁਣੇਗਾ ਉਹ ਦੇ ਕੰਨ ਝੁਣਝੁਣਾ ਜਾਣਗੇ

4ਇਸ ਲਈ ਜੋ ਉਹਨਾਂ ਮੈਨੂੰ ਤਿਆਗ ਦਿੱਤਾ ਅਤੇ ਇਸ ਸਥਾਨ ਨੂੰ ਓਪਰੇ ਦੇਵਤਿਆਂ ਅੱਗੇ ਧੂਪ ਧੁਖਾ ਕੇ ਭਰਿਸ਼ਟ ਕੀਤਾ ਜਿਹਨਾ ਨੂੰ ਨਾ ਉਹ, ਨਾ ਉਹਨਾਂ ਦੇ ਪਿਉ-ਦਾਦੇ, ਨਾ ਯਹੂਦਾਹ ਦੇ ਰਾਜਾ ਜਾਣਦੇ ਸਨ । ਉਹਨਾਂ ਨੇ ਇਸ ਸਥਾਨ ਨੂੰ ਬੇਦੋਸ਼ਾਂ ਦੇ ਲਹੂ ਨਾਲ ਭਰ ਦਿੱਤਾ ਹੈ5ਉਹਨਾਂ ਨੇ ਬਆਲ ਦੇ ਉੱਚੇ ਉੱਚੇ ਸਥਾਨ ਬਣਾਏ ਭਈ ਆਪਣੇ ਪੁੱਤਰਾਂ ਨੂੰ ਹੋਮ ਦੀ ਬਲੀ ਕਰਕੇ ਬਆਲ ਲਈ ਅੱਗ ਵਿੱਚ ਸਾੜਨ ਜਿਹ ਦਾ ਮੈਂ ਨਾ ਉਹਨਾਂ ਨੂੰ ਹੁਕਮ ਦਿੱਤਾ, ਨਾ ਗੱਲ ਕੀਤੀ, ਨਾ ਮੇਰੇ ਮਨ ਵਿੱਚ ਹੀ ਆਇਆ
6ਇਸ ਲਈ ਵੇਖੋ, ਦਿਨ ਆ ਰਹੇ ਹਨ, ਯਹੋਵਾਹ ਦਾ ਵਾਕ ਹੈ, ਕਿ ਇਹ ਸਥਾਨ ਅੱਗੇ ਨੂੰ ਨਾ ਤੋਫਥ ਨਾ ਬਨ-ਹਿੰਨੋਮ ਦੀ ਵਾਦੀ ਅਖਵਾਏਗਾ, ਸਗੋਂ " ਕਤਲ ਦੀ ਵਾਦੀ " ਅਖਵਾਏਗਾ7ਅਤੇ ਮੈਂ ਇਸੇ ਸਥਾਨ ਵਿੱਚ ਯਹੂਦਾਹ ਅਤੇ ਯਰੂਸ਼ਲਮ ਦੀ ਸਲਾਹ ਨੂੰ ਨਿਕੰਮੀ ਕਰਾਂਗਾ ਅਤੇ ਮੈਂ ਉਹਨਾਂ ਨੂੰ ਉਹਨਾਂ ਦੇ ਵੈਰੀਆਂ ਦੇ ਅੱਗੇ ਤਲਵਾਰ ਨਾਲ ਡੇਗ ਦਿਆਂਗਾ ਅਤੇ ਉਹਨਾਂ ਦੇ ਹੱਥਾਂ ਨਾਲ ਜਿਹੜੇ ਉਹਨਾਂ ਦੀ ਜਾਨ ਦੇ ਅਭਿਲਾਸ਼ੀ ਹਨ । ਮੈਂ ਉਹਨਾਂ ਦੀਆਂ ਲੋਥਾਂ ਅਕਾਸ਼ ਦੇ ਪੰਛੀਆਂ ਨੂੰ ਅਤੇ ਧਰਤੀ ਦੇ ਦਰਿੰਦਿਆਂ ਨੂੰ ਖਾਣ ਲਈ ਦਿਆਂਗਾ8ਮੈਂ ਇਸ ਸ਼ਹਿਰ ਨੂੰ ਵਿਰਾਨਾ ਅਤੇ ਨੱਕ ਚੜ੍ਹਾਉਣ ਦਾ ਕਾਰਨ ਬਣਾਵਾਂਗਾ । ਜਿਹੜਾ ਉੱਥੋਂ ਦੀ ਲੰਘੇਗਾ ਉਹ ਉਸ ਦੀਆਂ ਸਾਰੀਆਂ ਬਵਾਂ ਦੇ ਕਾਰਨ ਹੈਰਾਨ ਹੋਵੇਗਾ ਅਤੇ ਨੱਕ ਚੜ੍ਹਾਵੇਗਾ9ਅਤੇ ਮੈ ਉਹਨਾਂ ਨੂੰ ਉਹਨਾਂ ਦੇ ਪੁੱਤਰਾਂ ਦਾ ਮਾਸ ਅਤੇ ਉਹਨਾਂ ਦੀਆਂ ਧੀਆਂ ਦਾ ਮਾਸ ਖੁਆਵਾਂਗਾ ਅਤੇ ਹਰੇਕ ਆਪਣੇ ਗੁਆਂਢੀ ਦਾ ਮਾਸ ਘੇਰੇ ਅਤੇ ਦੁੱਖ ਦੇ ਵੇਲੇ ਖਾਵੇਗਾ ਜਿਹ ਦੇ ਨਾਲ ਉਹਨਾਂ ਦੇ ਵੈਰੀ ਅਤੇ ਉਹਨਾਂ ਦੀ ਜਾਨ ਦੇ ਤਾਂਘ ਕਰਨ ਵਾਲੇ ਉਹਨਾਂ ਨੂੰ ਦੁੱਖ ਦੇਣਗੇ ! ।
10ਤਦ ਤੂੰ ਉਹਨਾਂ ਮਨੁੱਖਾਂ ਦੇ ਵੇਖਦਿਆਂ ਜਿਹੜੇ ਤੇਰੇ ਨਾਲ ਜਾਣਗੇ ਉਸ ਸੁਰਾਹੀ ਨੂੰ ਭੰਨ ਸੁੱਟੀਂ11ਤੂੰ ਉਹਨਾਂ ਨੂੰ ਆਖੀਂ, ਸੈਨਾ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਏਵੇਂ ਹੀ ਮੈਂ ਇਸ ਪਰਜਾ ਨੂੰ ਅਤੇ ਇਸ ਸ਼ਹਿਰ ਨੂੰ ਭੰਨ ਸੁੱਟਾਂਗਾ ਜਿਵੇਂ ਕੋਈ ਘੁਮਿਆਰ ਦੇ ਭਾਂਡੇ ਨੂੰ ਭੰਨ ਦਿੰਦਾ ਹੈ, ਜਿਹੜਾ ਫਿਰ ਸਾਬਤ ਨਹੀਂ ਹੋ ਸਕਦਾ । ਉਹ ਤੋਫਥ ਵਿੱਚ ਦਫਨਾਉਣਗੇ ਇਥੋਂ ਤੱਕ ਕਿ ਦਫਨਾਉਣ ਦਾ ਥਾਂ ਨਾ ਰਹੇ
12ਇਸੇ ਤਰ੍ਹਾਂ ਮੈਂ ਇਸ ਸ਼ਹਿਰ ਅਤੇ ਇਸ ਦੇ ਵਾਸੀਆਂ ਨਾਲ ਕਰਾਂਗਾ, ਯਹੋਵਾਹ ਦਾ ਵਾਕ ਹੈ, ਸਗੋਂ ਮੈਂ ਇਹ ਸ਼ਹਿਰ ਤੋਫਥ ਵਾਂਗੂੰ ਬਣਾਵਾਂਗਾ13ਤਾਂ ਯਰੂਸ਼ਲਮ ਦੇ ਘਰ ਅਤੇ ਯਹੂਦਾਹ ਦੇ ਰਾਜਿਆਂ ਦੇ ਮਹਿਲ ਜਿਹੜੇ ਭਰਿਸਟ ਕੀਤੇ ਗਏ ਤੋਫਥ ਦੇ ਸਥਾਨ ਵਰਗੇ ਹੋ ਜਾਣਗੇ ਅਰਥਾਤ ਸਾਰੇ ਘਰ ਜਿੱਥੇ ਉਹਨਾਂ ਨੇ ਅਕਾਸ਼ ਦੀ ਸਾਰੀ ਸੈਨਾ ਲਈ ਧੂਪ ਧੁਖਾਈ ਅਤੇ ਛੱਤਾਂ ਉੱਤੇ ਪੀਣ ਦੀਆਂ ਭੇਟਾਂ ਦੂਜੇ ਦੇਵਤਿਆਂ ਉੱਤੇ ਡੋਹਲੀਆਂ ।
14ਤਾਂ ਯਿਰਮਿਯਾਹ ਤੋਫਤ ਤੋਂ ਆਇਆ ਜਿੱਥੇ ਯਹੋਵਾਹ ਨੇ ਉਹ ਨੂੰ ਅਗੰਮ ਬਾਣੀ ਲਈ ਭੇਜਿਆ ਸੀ ਅਤੇ ਉਹ ਯਹੋਵਾਹ ਦੇ ਭਵਨ ਦੇ ਵੇਹੜੇ ਵਿੱਚ ਆ ਖਲੋਤਾ । ਤਾਂ ਉਹ ਨੇ ਸਾਰੀ ਪਰਜਾ ਨੂੰ ਆਖਿਆ,15ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, - ਵੇਖੋ, ਮੈਂ ਇਸ ਸ਼ਹਿਰ ਉੱਤੇ ਅਤੇ ਇਸ ਦੀਆਂ ਸਾਰੀਆਂ ਬਸਤੀਆਂ ਉੱਤੇ ਉਹ ਸਾਰੀ ਬੁਰਿਆਈ ਜਿਹੜੀ ਮੈਂ ਇਸ ਉੱਤੇ ਲਿਆਉਣ ਦੀ ਗੱਲ ਕੀਤੀ ਹੈ ਲਿਆ ਰਿਹਾ ਹਾਂ ਕਿਉਂ ਜੋ ਉਹਨਾਂ ਨੇ ਆਪਣੀਆਂ ਧੌਣਾਂ ਅਕੜਾ ਲਈਆਂ ਹਨ ਭਈ ਮੇਰੀ ਗੱਲ ਨਾ ਸੁਣਨ ।

20
ਯਿਰਮਿਯਾਹ ਅਤੇ ਪਸ਼ਹੂਰ ਜਾਜਕ ਦੇ ਵਿਚਕਾਰ ਵਿਵਾਦ

1ਇੰਮੇਰ ਜਾਜਕ ਦੇ ਪੁੱਤਰ ਪਸ਼ਹੂਰ ਨੇ ਜਿਹੜਾ ਯਹੋਵਾਹ ਦੇ ਭਵਨ ਦਾ ਵੱਡਾ ਪਰਧਾਨ ਸੀ ਯਿਰਮਿਯਾਹ ਨੂੰ ਅਗੰਮ ਵਾਕ ਦੀਆਂ ਇਹ ਗੱਲਾਂ ਕਰਦੇ ਸੁਣਿਆ2ਤਦ ਪਸ਼ਹੂਰ ਨੇ ਯਿਰਮਿਯਾਹ ਨਬੀ ਨੂੰ ਮਾਰਿਆ ਅਤੇ ਉਹ ਨੂੰ ਉਸ ਕਾਠ ਵਿੱਚ ਪਾਇਆ ਜਿਹੜਾ ਬਿਨਯਾਮੀਨ ਦੇ ਉੱਤਲੇ ਫਾਟਕ ਵਿੱਚ ਯਹੋਵਾਹ ਦੇ ਭਵਨ ਦੇ ਕੋਲ ਸੀ

3ਤਾਂ ਇਸ ਤਰ੍ਹਾਂ ਹੋਇਆ ਕਿ ਜਾਂ ਦੂਜੇ ਦਿਨ ਪਸ਼ਹੂਰ ਨੇ ਯਿਰਮਿਯਾਹ ਨੂੰ ਕਾਠ ਤੋਂ ਬਾਹਰ ਕੱਢਿਆ ਤਾਂ ਯਿਰਮਿਯਾਹ ਨੇ ਉਹ ਨੂੰ ਆਖਿਆ, ਯਹੋਵਾਹ ਨੇ ਤੇਰਾ ਨਾਮ ਪਸ਼ਹੂਰ ਨਹੀਂ ਸਗੋਂ " ਚੌਹੀਂ ਪਾਸੀਂ ਭੈ " ਰੱਖਿਆ ਹੈ ।4ਯਹੋਵਾਹ ਤਾਂ ਇਸ ਤਰ੍ਹਾਂ ਆਖਦਾ ਹੈ, ਵੇਖ, ਮੈਂ ਤੈਨੂੰ ਤੇਰੇ ਲਈ ਅਤੇ ਤੇਰੇ ਸਾਰੇ ਪ੍ਰੇਮੀਆਂ ਲਈ ਭੈ ਦਾ ਕਾਰਨ ਬਣਾਵਾਂਗਾ । ਉਹ ਆਪਣੇ ਵੈਰੀਆਂ ਦੀ ਤਲਵਾਰ ਨਾਲ ਡਿੱਗਣਗੇ ਅਤੇ ਇਹ ਤੇਰੀਆਂ ਅੱਖਾਂ ਵੇਖਣਗੀਆਂ । ਮੈਂ ਸਾਰੇ ਯਹੂਦਾਹ ਨੂੰ ਬਾਬਲ ਦੇ ਰਾਜਾ ਦੇ ਹੱਥ ਵਿੱਚ ਦੇ ਦਿਆਂਗਾ । ਉਹ ਉਹਨਾਂ ਨੂੰ ਅਸੀਰ ਕਰਕੇ ਬਾਬਲ ਨੂੰ ਲੈ ਜਾਵੇਗਾ ਅਤੇ ਉਹਨਾਂ ਨੂੰ ਤਲਵਾਰ ਨਾਲ ਮਾਰੇਗਾ
5ਨਾਲੇ ਮੈਂ ਇਸ ਸ਼ਹਿਰ ਦਾ ਸਾਰਾ ਧਨ, ਉਹ ਦੀ ਸਾਰੀ ਖੱਟੀ ਅਤੇ ਉਹ ਦੀਆਂ ਸਾਰੀਆਂ ਬਹੁ-ਮੁੱਲੀਆਂ ਚੀਜ਼ਾਂ, ਹਾਂ, ਯਹੂਦਾਹ ਦੇ ਰਾਜਿਆਂ ਦੇ ਸਾਰੇ ਖਜ਼ਾਨੇ ਉਹਨਾਂ ਦੇ ਵੈਰੀਆਂ ਦੇ ਹੱਥ ਵਿੱਚ ਦੇ ਦਿਆਂਗਾ । ਉਹ ਉਹਨਾਂ ਨੂੰ ਲੁੱਟ ਲੈਣਗੇ ਅਤੇ ਉਹਨਾਂ ਨੂੰ ਫੜ੍ਹ ਕੇ ਬਾਬਲ ਨੂੰ ਲੈ ਜਾਣਗੇ6ਹੇ ਪਸ਼ਹੂਰ, ਤੂੰ ਅਤੇ ਉਹ ਸਾਰੇ ਜਿਹੜੇ ਤੇਰੇ ਘਰ ਵਿੱਚ ਰਹਿੰਦੇ ਹਨ ਅਸੀਰ ਹੋ ਕੇ ਬਾਬਲ ਨੂੰ ਜਾਓਗੇ । ਤੂੰ ਉੱਥੇ ਜਾਏਂਗਾ ਅਤੇ ਉੱਥੇ ਮਰੇਗਾ ਅਤੇ ਉੱਥੇ ਤੂੰ ਦਫਨਾਇਆ ਜਾਵੇਂਗਾ, ਤੂੰ ਅਤੇ ਤੇਰੇ ਸਾਰੇ ਪ੍ਰੇਮੀ ਜਿਹਨਾਂ ਨਾਲ ਤੂੰ ਝੂਠੇ ਅਗੰਮ ਵਾਕ ਕੀਤੇ ।
ਯਿਰਮਿਯਾਹ ਦੀ ਪਰਮੇਸ਼ੁਰ ਨੂੰ ਸ਼ਕਾਇਤ

7ਹੇ ਯਹੋਵਾਹ, ਤੈ ਮੈਨੂੰ ਭਰਮਾਇਆ ਤਾਂ ਮੈਂ ਭਰਮਾਇਆ ਗਿਆ ਹਾਂ, ਤੂੰ ਮੇਰੇ ਨਾਲੋਂ ਤਕੜਾ ਹੈ, ਤੂੰ ਮੇਰੇ ਉੱਤੇ ਪਰਬਲ ਪੈ ਗਿਆ ਹੈ, ਮੈਂ ਸਾਰਾ ਦਿਨ ਹਾਸਾ ਬਣ ਗਿਆ ਹਾਂ, ਸਾਰੇ ਹੀ ਮੇਰਾ ਠੱਠਾ ਉਡਾਉਂਦੇ ਹਨ ।8ਜਦ ਕਦੀ ਮੈਂ ਗੱਲ ਕਰਦਾ ਹਾਂ ਮੈਂ ਚਿੱਲਾਉਂਦਾ ਹਾਂ, - " ਜੁਲਮ ਅਤੇ ਬਰਬਾਦੀ !" ਪੁਕਾਰਦਾ ਹਾਂ । ਯਹੋਵਾਹ ਦਾ ਬਚਨ ਤਾਂ ਮੇਰੇ ਲਈ ਸਾਰੇ ਦਿਨ ਦਾ ਮੇਹਣਾ ਅਤੇ ਠੱਠਾ ਬਣ ਗਿਆ ਹੈ ।9ਜੇ ਮੈਂ ਆਖਾਂ, ਮੈਂ ਉਹ ਦਾ ਜਿਕਰ ਨਾ ਕਰਾਂਗਾ, ਨਾ ਉਹ ਦਾ ਨਾਮ ਲੈ ਕੇ ਅੱਗੇ ਨੂੰ ਗੱਲ ਕਰਾਂਗਾ, ਤਾਂ ਉਹ ਮੇਰੇ ਦਿਲ ਵਿੱਚ ਬਲਦੀ ਅੱਗ ਵਾਂਗੂੰ ਹੁੰਦਾ ਹੈ, ਜਿਹੜੀ ਮੇਰੀਆਂ ਹੱਡੀਆਂ ਵਿੱਚ ਲੁੱਕੀ ਹੋਈ ਹੈ, ਮੈਂ ਇਹ ਨੂੰ ਰੱਖਦਾ ਰੱਖਦਾ ਥੱਕ ਗਿਆ ਹਾਂ, ਮੈਂ ਸਹਿ ਨਹੀਂ ਸਕਦਾ ।
10ਮੈਂ ਤਾਂ ਬਹੁਤਿਆਂ ਦੀ ਬੁਰੀ ਖ਼ਬਰ ਸੁਣੀ ਹੈ, ਚੌਹੀਂ ਪਾਸੀਂ ਭੈ ਹੈ ! ਉਸ ਉੱਤੇ ਦੋਸ਼ ਲਾਓ ! ਆਓ, ਅਸੀਂ ਉਸ ਉੱਤੇ ਦੋਸ਼ ਲਾਈਏ ! ਸਾਰੇ ਮੇਰੇ ਮਿੱਤਰ ਮੇਰੇ ਅੱਗੇ ਡਿੱਗਣ ਦੀ ਤਾੜ ਵਿੱਚ ਹਨ । ਖ਼ਬਰੇ ਉਹ ਭਰਮਾਇਆ ਜਾਵੇ, ਤਾਂ ਅਸੀਂ ਉਹ ਦੇ ਉੱਤੇ ਪਰਬਲ ਲੈ ਜਾਂਵਾਂਗੇ, ਅਤੇ ਉਹ ਦੇ ਕੋਲੋਂ ਆਪਣਾ ਬਦਲਾ ਲੈ ਲਵਾਂਗੇ !11ਪਰ ਯਹੋਵਾਹ ਇੱਕ ਡਰਾਉਣੇ ਜੋਧੇ ਵਾਂਗੂੰ ਮੇਰੇ ਸੰਗ ਹੈ, ਇਸ ਲਈ ਮੇਰੇ ਸਤਾਉਣ ਵਾਲੇ ਠੋਕਰ ਖਾਣਗੇ, ਉਹ ਪਰਬਲ ਨਾ ਪੈ ਸੱਕਣਗੇ ! ਉਹ ਬਹੁਤ ਲੱਜਿਆਵਾਨ ਹੋਣਗੇ, ਉਹ ਸਫਲ ਨਾ ਹੋਣਗੇ, ਉਹਨਾਂ ਦੀ ਸ਼ਰਮਿੰਦਗੀ ਸਦਾ ਦੀ ਹੋਵੇਗੀ, ਜੋ ਕਦੀ ਨਾ ਭੁੱਲੇਗੀ ।
12ਪਰ ਹੇ ਸੈਨਾਂ ਦੇ ਯਹੋਵਾਹ, ਜਿਹੜਾ ਧਰਮੀਆਂ ਨੂੰ ਪਰਖਦਾ ਹੈ, ਜਿਹੜਾ ਦਿਲ ਅਤੇ ਗੁਰਦਿਆਂ ਨੂੰ ਦੇਖਦਾ ਹੈ, ਜਿਹੜਾ ਬਦਲਾ ਤੂੰ ਉਹਨਾਂ ਕੋਲੋਂ ਲਵੇਂਗਾ ਉਹ ਮੈਨੂੰ ਵਿਖਾ, ਕਿਉਂ ਜੋ ਮੈਂ ਆਪਣਾ ਦਾਵਾ ਤੇਰੇ ਅੱਗੇ ਖੋਲ੍ਹ ਦਿੱਤਾ ਹੈ ।13ਯਹੋਵਾਹ ਲਈ ਗਾਓ ! ਤੁਸੀਂ ਯਹੋਵਾਹ ਨੂੰ ਵਡਿਆਓ ! ਕਿਉਂ ਜੋ ਉਸ ਨੇ ਕੰਗਾਲ ਦੀ ਜਾਨ ਨੂੰ ਕੁਕਰਮੀਆਂ ਦੇ ਹੱਥੋਂ ਛੁਡਾਇਆ ਹੈ ।
14ਉਸ ਦਿਨ ਉੱਤੇ ਫਿਟਕਾਰ ਜਿਹ ਦੇ ਵਿੱਚ ਮੈਂ ਜੰਮਿਆ ! ਉਹ ਦਿਨ ਜਿਹ ਦੇ ਵਿੱਚ ਮੇਰੀ ਮਾਂ ਨੇ ਮੈਨੂੰ ਜਨਮ ਦਿੱਤਾ ਮੁਬਾਰਕ ਨਾ ਹੋਵੇਗਾ !15ਫਿਟਕਾਰ ਉਸ ਮਨੁੱਖ ਉੱਤੇ, ਜਿਸ ਨੇ ਮੇਰੇ ਪਿਉ ਨੂੰ ਖਬਰ ਦਿੱਤੀ, ਕਿ ਤੇਰੇ ਲਈ ਇੱਕ ਪੁੱਤਰ ਜੰਮਿਆ, ਅਤੇ ਉਹ ਨੂੰ ਬਹੁਤ ਖੁਸ਼ ਕੀਤਾ ।
16ਉਹ ਮਨੁੱਖ ਉਹਨਾਂ ਸ਼ਹਿਰਾਂ ਵਾਂਗੂੰ ਹੋ ਜਾਵੇ, ਜਿਹਨਾਂ ਨੂੰ ਯਹੋਵਾਹ ਨੇ ਬਿਨਾ ਅਫਸੋਸ ਦੇ ਉਲਟਾ ਦਿੱਤਾ ! ਉਹ ਸਵੇਰ ਨੂੰ ਚਿੱਲਾਉਣਾ ਸੁਣੇ, ਅਤੇ ਦੁਪਹਿਰ ਨੂੰ ਹਾਲ ਪੁਕਾਰ,17ਕਿਉਂ ਜੋ ਉਸ ਨੇ ਮੈਨੂੰ ਕੁੱਖ ਵਿੱਚ ਹੀ ਨਾ ਮਾਰਿਆ, ਤਦ ਮੇਰੀ ਮਾਤਾ ਮੇਰੀ ਕਬਰ ਹੁੰਦੀ, ਅਤੇ ਉਹ ਦੀ ਕੁੱਖ ਸਦਾ ਭਰੀ ਰਹਿੰਦੀ ।18ਮੈਂ ਕਿਉਂ ਕੁੱਖੋਂ ਬਾਹਰ ਆਇਆ, ਕਸ਼ਟ ਅਤੇ ਗ਼ਮ ਵੇਖਣ ਲਈ, ਭਈ ਮੈ ਆਪਣੇ ਦਿਨ ਨਮੋਸ਼ੀ ਵਿੱਚ ਕੱਟਾਂ ? ।

21
ਯਰੂਸ਼ਲਮ ਦੇ ਪਤਨ ਦੀ ਭਵਿੱਖਬਾਣੀ

1ਉਹ ਬਚਨ ਜਿਹੜਾ ਯਿਰਮਿਯਾਹ ਨੂੰ ਯਹੋਵਾਹ ਵੱਲੋਂ ਆਇਆ ਜਦ ਸਿਦਕੀਯਾਹ ਰਾਜਾ ਮਲਕੀਯਾਹ ਦੇ ਪੁੱਤਰ ਪਸ਼ਹੂਰ ਨੂੰ ਮਅਸੇਯਾਹ ਦੇ ਪੁੱਤਰ ਸਫ਼ਨਯਾਹ ਜਾਜਕਾਂ ਨੂੰ ਉਹ ਦੇ ਕੋਲ ਇਹ ਆਖਣ ਲਈ ਭੇਜਿਆ2ਭਈ ਯਹੋਵਾਹ ਕੋਲੋਂ ਸਾਡੇ ਲਈ ਪੁੱਛੀਂ ਕਿਉਂ ਜੋ ਬਾਬਲ ਦਾ ਰਾਜਾ ਨਬੂਕਦਰੱਸਰ ਸਾਡੇ ਉੱਤੇ ਚੜ੍ਹਾਈ ਕਰ ਰਿਹਾ ਹੈ । ਸ਼ਾਇਤ ਯਹੋਵਾਹ ਸਾਡੇ ਨਾਲ ਆਪਣੇ ਸਾਰੇ ਅਚਰਜ ਕੰਮਾਂ ਅਨੁਸਾਰ ਵਰਤਾਓ ਕਰੇ ਅਤੇ ਉਹ ਨੂੰ ਸਾਡੇ ਕੋਲੋਂ ਮੋੜ ਦੇਵੇ ।

3ਤਾਂ ਯਿਰਮਿਯਾਹ ਨੇ ਉਹਨਾਂ ਨੂੰ ਆਖਿਆ, ਤੁਸੀਂ ਸਿਦਕੀਯਾਹ ਨੂੰ ਐਉਂ ਆਖੋ4ਕਿ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, - ਵੇਖੋ, ਮੈਂ ਲੜਾਈ ਦੇ ਸ਼ਸਤਰਾਂ ਨੂੰ ਮੋੜ ਦਿਆਂਗਾ ਜਿਹੜੇ ਤੁਹਾਡੇ ਹੱਥਾਂ ਵਿੱਚ ਹਨ ਜਿਹਨਾਂ ਨਾਲ ਤੁਸੀਂ ਬਾਬਲ ਦੇ ਰਾਜਾ ਅਤੇ ਕਸਦੀਆਂ ਨਾਲ ਲੜਦੇ ਹੋ ਜਿਹਨਾਂ ਨੇ ਤੁਹਾਨੂੰ ਕੰਧਾਂ ਦੇ ਬਾਹਰ ਘੇਰਿਆ ਹੋਇਆ ਹੈ ਅਤੇ ਮੈਂ ਉਹਨਾਂ ਨੂੰ ਇਸ ਸ਼ਹਿਰ ਦੇ ਵਿਚਕਾਰ ਇਕੱਠਾ ਕਰਾਂਗਾ5ਮੈਂ ਆਪ ਆਪਣੇ ਵਧਾਏ ਹੋਏ ਹੱਥ ਅਤੇ ਤਕੜੀ ਬਾਂਹ ਨਾਲ ਤੁਹਾਡੇ ਵਿਰੁੱਧ ਲੜਾਂਗਾ, - ਹਾਂ, ਕ੍ਰੋਧ ਅਤੇ ਗੁੱਸੇ ਅਤੇ ਵੱਡੇ ਕੋਪ ਨਾਲ
6ਮੈਂ ਇਸ ਸ਼ਹਿਰ ਦੇ ਵਾਸੀਆਂ ਨੂੰ, ਆਦਮੀਆਂ ਅਤੇ ਪਸ਼ੂਆਂ ਨੂੰ ਮਾਰਾਂਗਾ । ਉਹ ਵੱਡੀ ਬਵਾ ਨਾਲ ਮਰ ਜਾਣਗੇ7ਇਸ ਤੋਂ ਪਿੱਛੋਂ, ਯਹੋਵਾਹ ਦਾ ਵਾਕ ਹੈ, ਮੈਂ ਯਹੂਦਾਹ ਦੇ ਸਿਦਕੀਯਾਹ ਨੂੰ ਅਤੇ ਉਸ ਦੇ ਟਹਿਲੂਆਂ ਨੂੰ ਅਤੇ ਲੋਕਾਂ ਨੂੰ, ਹਾਂ, ਜਿਹੜੇ ਇਸ ਸ਼ਹਿਰ ਵਿੱਚ ਬਵਾ, ਤਲਵਾਰ ਅਤੇ ਕਾਲ ਤੋਂ ਬਚ ਰਹਿਣਗੇ, ਬਾਬਲ ਦੇ ਰਾਜਾ ਨਬੂਕਦਰੱਸਰ ਦੇ ਹੱਥ ਵਿੱਚ ਅਤੇ ਉਹਨਾਂ ਦੇ ਵੈਰੀਆਂ ਦੇ ਹੱਥਾਂ ਵਿੱਚ ਅਤੇ ਉਹਨਾਂ ਦੀ ਜਾਨ ਦੀ ਤਾਂਘ ਕਰਨ ਵਾਲਿਆਂ ਦੇ ਹੱਥਾਂ ਵਿੱਚ ਦੇ ਦਿਆਂਗਾ । ਉਹ ਉਹਨਾਂ ਨੂੰ ਤਲਵਾਰ ਦੀ ਧਾਰ ਨਾਲ ਮਾਰੇਗਾ । ਉਹ ਉਹਨਾਂ ਉੱਤੇ ਨਾ ਤਰਸ ਖਾਏਗਾ, ਨਾ ਉਹ ਉਹਨਾਂ ਨੂੰ ਛੱਡੇਗਾ, ਨਾ ਰਹਮ ਕਰੇਗਾ ।
8ਤਾਂ ਤੂੰ ਇਸ ਪਰਜਾ ਨੂੰ ਆਖੇਂਗਾ, ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖੋ, ਮੈਂ ਤੁਹਾਡੇ ਅੱਗੇ ਜੀਵਨ ਦਾ ਰਾਹ ਅਤੇ ਮੌਤ ਦਾ ਰਾਹ ਰੱਖਦਾ ਹਾਂ9ਜਿਹੜਾ ਇਸ ਸ਼ਹਿਰ ਵਿੱਚ ਰਹੇਗਾ, ਉਹ ਤਲਵਾਰ ਅਤੇ ਕਾਲ ਅਤੇ ਬਵਾ ਨਾਲ ਮਰੇਗਾ, ਅਤੇ ਜਿਹੜਾ ਇਹ ਦੇ ਵਿੱਚੋਂ ਨਿੱਕਲ ਜਾਵੇਗਾ ਅਤੇ ਆਪ ਨੂੰ ਕਸਦੀਆਂ ਦੇ ਹਵਾਲੇ ਕਰ ਦੇਵੇਗਾ, ਜਿਹਨਾਂ ਨੇ ਤੁਹਾਨੂੰ ਘੇਰਿਆ ਹੋਇਆ ਹੈ, ਉਹ ਜੀਉਂਦਾ ਰਹੇਗਾ ਅਤੇ ਉਹ ਦੀ ਜਾਨ ਉਹ ਦੇ ਲਈ ਇੱਕ ਲੁੱਟ ਦਾ ਮਾਲ ਹੋਵੇਗੀ10ਕਿਉਂ ਜੋ ਮੈਂ ਆਪਣਾ ਮੂੰਹ ਇਸ ਸ਼ਹਿਰ ਦੇ ਵਿਰੁੱਧ ਕੀਤਾ ਹੈ ਕਿ ਮੈਂ ਇਸ ਨਾਲ ਬੁਰਿਆਈ, ਨਾ ਭਲਿਆਈ ਕਰਾਂ, ਯਹੋਵਾਹ ਦਾ ਵਾਕ ਹੈ । ਇਹ ਬਾਬਲ ਦੇ ਰਾਜਾ ਦੇ ਹੱਥ ਵਿੱਚ ਦਿੱਤਾ ਜਾਵੇਗਾ ਅਤੇ ਉਹ ਇਸ ਨੂੰ ਅੱਗ ਨਾਲ ਸਾੜ ਸੁੱਟੇਗਾ ।
ਯਹੂਦਾਹ ਦੇ ਰਾਜ ਵੰਸ਼ ਉੱਤੇ ਸਜ਼ਾ

11ਯਹੂਦਾਹ ਦੇ ਰਾਜਾ ਦੇ ਘਰਾਣੇ ਦੇ ਵਿਖੇ, ਯਹੋਵਾਹ ਦਾ ਬਚਨ ਸੁਣੋ,12ਹੇ ਦਾਊਦ ਦੇ ਘਰਾਣੇ, ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਸਵੇਰ ਦੇ ਵੇਲੇ ਨਿਆਂ ਨੂੰ ਪੂਰਾ ਕਰੋ, ਦੁੱਖ ਦੇਣ ਵਾਲਿਆਂ ਦੇ ਹੱਥੋਂ ਉਹ ਨੂੰ ਜਿਹੜਾ ਲੁੱਟਿਆ ਗਿਆ ਹੈ ਛੁਡਾਓ, ਮਤੇ ਮੇਰਾ ਗੁੱਸਾ ਅੱਗ ਵਾਂਗੂੰ ਬਾਹਰ ਨਿੱਕਲੇ, ਅਤੇ ਤੁਹਾਡਿਆਂ ਬੁਰਿਆਂ ਕੰਮਾਂ ਦੇ ਕਾਰਨ ਉਹ ਅਜਿਹਾ ਬਲੇ ਕਿ ਕੋਈ ਉਹ ਨੂੰ ਬੁਝਾ ਨਾ ਸਕੇ ।
13ਵੇਖ, ਹੇ ਦੂਣ ਦੀਏ ਵਾਸਣੇ, ਮੈਂ ਤੇਰੇ ਵਿਰੁੱਧ ਹਾਂ, ਹੇ ਮਦਾਨ ਦੀਏ ਚਟਾਨੇ ! ਯਹੋਵਾਹ ਦਾ ਵਾਕ ਹੈ, ਤੁਸੀਂ ਜੋ ਆਖਦੇ ਹੋ ਕਿ ਕੌਣ ਸਾਡੇ ਵਿਰੁੱਧ ਚੜ੍ਹਾਈ ਕਰੇਗਾ ? ਅਤੇ ਕੌਣ ਸਾਡੇ ਵਾਸਾਂ ਵਿੱਚ ਆ ਵੜੇਗਾ ?14ਮੈਂ ਤੁਹਾਡੀਆਂ ਕਰਤੂਤਾਂ ਦੇ ਫਲਾਂ ਅਨੁਸਾਰ ਤੁਹਾਡੀ ਖ਼ਬਰ ਲਵਾਂਗਾ, ਯਹੋਵਾਹ ਦਾ ਵਾਕ ਹੈ, ਮੈਂ ਉਹ ਦੇ ਜੰਗਲ ਵਿੱਚ ਅੱਗ ਲਾਵਾਂਗਾ, ਜਿਹੜੀ ਆਲੇ-ਦੁਆਲੇ ਦਾ ਸਭ ਕੁੱਝ ਭੱਖ ਲਵੇਗੀ ।

22
ਯਹੂਦਾਹ ਦੇ ਰਾਜ ਵੰਸ਼ ਦੇ ਲਈ ਯਿਰਮਿਯਾਹ ਦਾ ਸੰਦੇਸ਼

1ਯਹੋਵਾਹ ਐਉਂ ਆਖਦਾ ਹੈ ਕਿ ਯਹੂਦਾਹ ਦੇ ਰਾਜਾ ਦੇ ਮਹਿਲ ਨੂੰ ਉੱਤਰ ਜਾ ਅਤੇ ਉੱਥੇ ਇਹ ਗੱਲ ਕਰ ਕੇ ਆਖ ਕਿ2ਯਹੋਵਾਹ ਦਾ ਬਚਨ ਸੁਣ, ਹੇ ਯਹੂਦਾਹ ਦੇ ਪਾਤਸ਼ਾਹ,ਜਿਹੜਾ ਦਾਊਦ ਦੇ ਸਿੰਘਾਸਣ ਉੱਤੇ ਬੈਠਾ ਹੈ, ਤੂੰ ਅਤੇ ਤੇਰੇ ਟਹਿਲੂਏ ਤੇਰੇ ਕੋਲ ਜਿਹੜੇ ਇਹਨਾਂ ਫਾਟਕਾਂ ਥਾਣੀ ਵੜਦੇ ਹੋ3ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਤੁਸੀਂ ਇਨਸਾਫ਼ ਅਤੇ ਧਰਮ ਦੇ ਕੰਮ ਕਰੋ ਅਤੇ ਲੁੱਟਿਆਂ ਹੋਇਆਂ ਨੂੰ ਦੁੱਖ ਦੇਣ ਵਾਲੇ ਦੇ ਹੱਥੋਂ ਛੁਡਾਓ ਅਤੇ ਪਰਦੇਸੀ, ਯਤੀਮ ਅਤੇ ਵਿਧਵਾ ਦਾ ਨਾ ਤਾਂ ਹੱਕ ਮਾਰੋ, ਨਾ ਜ਼ੁਲਮ ਕਰੋ ਅਤੇ ਨਾ ਇਸ ਸਥਾਨ ਵਿੱਚ ਬੇਦੋਸ਼ੇ ਦਾ ਲਹੂ ਵਹਾਓ

4ਕਿਉਂਕਿ ਜੇ ਉਹ ਸੱਚੀ ਮੁੱਚੀ ਇਹ ਕਰੋਗੇ ਤਾਂ ਦਾਊਦ ਦੇ ਸਿੰਘਾਸਣ ਉੱਤੇ ਬਿਰਾਜਮਾਨ ਰਾਜਾ ਰੱਥਾਂ ਅਤੇ ਘੋੜਿਆਂ ਉੱਤੇ ਚੜ੍ਹ ਕੇ ਇਸ ਮਹਿਲ ਦੇ ਫਾਟਕਾਂ ਵਿੱਚ ਵੜਨਗੇ, ਉਹ ਅਤੇ ਉਹਨਾਂ ਦੇ ਟਹਿਲੂਏ ਅਤੇ ਉਹਨਾਂ ਦੇ ਲੋਕ ਵੀ5ਪਰ ਜੇ ਤੁਸੀਂ ਇਹ ਗੱਲਾਂ ਨਾ ਸੁਣੋਗੇ ਤਾਂ ਮੈਨੂੰ ਮੇਰੀ ਹੀ ਸੌਂਹ, ਯਹੋਵਾਹ ਦਾ ਵਾਕ ਹੈ, ਕਿ ਇਹ ਘਰ ਇੱਕ ਵਿਰਾਨਾ ਹੋ ਜਾਵੇਗਾ
6ਯਹੂਦਾਹ ਦੇ ਰਾਜਾ ਦੇ ਮਹਿਲ ਦੇ ਬਾਰੇ ਯਹੋਵਾਹ ਐਉਂ ਆਖਦਾ ਹੈ, - ਤੂੰ ਮੇਰੇ ਲਈ ਗਿਲਆਦ ਹੈਂ ਅਤੇ ਲਬਾਨੋਨ ਦਾ ਸਿਰ, ਸੱਚੀ ਮੁੱਚੀ ਮੈਂ ਤੈਨੂੰ ਉਜਾੜ ਬਣਾ ਦਿਆਂਗਾ, ਉਹ ਸ਼ਹਿਰ ਜਿਹਨਾਂ ਵਿੱਚ ਕੋਈ ਨਹੀਂ ਵੱਸਦਾ ।7ਮੈਂ ਤੇਰੇ ਵਿਰੁੱਧ ਨਾਸ ਕਰਨ ਵਾਲਿਆਂ ਨੂੰ ਤਿਆਰ ਕਰਾਂਗਾ, ਹਰ ਮਨੁੱਖ ਆਪਣੇ ਸ਼ਸਤਰਾਂ ਨਾਲ, ਉਹ ਤੇਰੇ ਚੁਗਵੇਂ ਦਿਆਰਾਂ ਨੂੰ ਵੱਢਣਗੇ, ਅਤੇ ਉਹਨਾਂ ਨੂੰ ਅੱਗ ਉੱਤੇ ਸੁੱਟਣਗੇ ।
8ਬਹੁਤ ਸਾਰੀਆਂ ਕੌਮਾਂ ਇਸ ਸ਼ਹਿਰ ਦੇ ਕੋਲ ਦੀ ਲੰਘਣਗੀਆਂ ਅਤੇ ਹਰ ਮਨੁੱਖ ਆਪਣੇ ਗੁਆਂਢੀ ਨੂੰ ਆਖੇਗਾ, ਯਹੋਵਾਹ ਨੇ ਇਸ ਵੱਡੇ ਸ਼ਹਿਰ ਨਾਲ ਐਉਂ ਕਿਉਂ ਕੀਤਾ ?9ਤਾਂ ਉਹ ਆਖਣਗੇ, ਇਸ ਲਈ ਕਿ ਉਹਨਾਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਨੇਮ ਨੂੰ ਛੱਡ ਦਿੱਤਾ ਅਤੇ ਦੂਜੇ ਦੇਵਤਿਆਂ ਨੂੰ ਮੱਥਾ ਟੇਕਿਆ ਅਤੇ ਉਹਨਾਂ ਦੀ ਪੂਜਾ ਕੀਤੀ ।
ਯਹੋਅਹਾਜ ਦੇ ਬਾਰੇ ਯਿਰਮਿਯਾਹ ਦਾ ਸੰਦੇਸ਼

10ਤੁਸੀਂ ਮੋਏ ਹੋਏ ਲਈ ਨਾ ਰੋਵੋ, ਨਾ ਮਾਤਮ ਕਰੋ, ਪਰ ਜਿਹੜਾ ਤੁਰਿਆ ਜਾਂਦਾ ਹੈ,ਉਹ ਦੇ ਲਈ ਧਾਹਾਂ ਮਾਰ-ਮਾਰ ਕੇ ਰੋਵੋ, ਕਿਉਂ ਜੋ ਉਹ ਫਿਰ ਨਹੀਂ ਮੁੜੇਗਾ, ਨਾ ਆਪਣੀ ਜਮਨ ਭੂਮੀ ਨੂੰ ਵੇਖੇਗਾ ।
11ਯਹੂਦਾਹ ਦੇ ਰਾਜਾ ਯੋਸ਼ੀਯਾਹ ਦੇ ਪੁੱਤਰ ਸ਼ੱਲੂਮ ਦੇ ਬਾਰੇ ਜਿਹਨੇ ਆਪਣੇ ਪਿਤਾ ਯੋਸ਼ੀਯਾਹ ਦੇ ਥਾਂ ਰਾਜ ਕੀਤਾ ਅਤੇ ਇਸ ਥਾਂ ਤੋਂ ਤੁਰ ਗਿਆ, ਯਹੋਵਾਹ ਇਸ ਤਰ੍ਹਾਂ ਆਖਦਾ ਹੈ ਭਈ ਉਹ ਏਧਰ ਫਿਰ ਨਾ ਆਵੇਗਾ12ਪਰ ਜਿੱਥੇ ਉਹ ਨੂੰ ਅਸੀਰ ਕਰਕੇ ਲੈ ਗਏ ਹਨ ਉੱਥੇ ਉਹ ਮਰੇਗਾ ਅਤੇ ਇਸ ਦੇਸ ਨੂੰ ਉਹ ਫਿਰ ਨਾ ਵੇਖੇਗਾ ।
ਯਹੋਯਾਕੀਮ ਦੇ ਬਾਰੇ ਯਿਰਮਿਯਾਹ ਦਾ ਸੰਦੇਸ਼

13ਹਾਇ ਉਹ ਦੇ ਉੱਤੇ ਜਿਹੜਾ ਆਪਣੇ ਘਰ ਨੂੰ ਕੁਧਰਮ ਨਾਲ ਅਤੇ ਉਹ ਦੇ ਉੱਪਰਲੀਆਂ ਕੋਠੜੀਆਂ ਬਿਨਾਂ ਨਿਆਂ ਦੇ ਬਣਾਉਂਦਾ ਹੈ ! ਜਿਹੜਾ ਆਪਣੇ ਗੁਆਂਢੀ ਤੋਂ ਬੇਗਾਰ ਲੈਂਦਾ ਹੈ, ਅਤੇ ਉਸ ਦੀ ਮਿਹਨਤ ਦਾ ਮੁੱਲ ਨਹੀਂ ਦਿੰਦਾ ।14ਉਹ ਆਖਦਾ ਹੈ, ਮੈਂ ਆਪਣੇ ਲਈ ਇੱਕ ਵੱਡਾ ਘਰ ਬਣਾਵਾਂਗਾ, ਅਤੇ ਹਵਾਦਾਰ ਚੁਬਾਰੇ ਵੀ, ਅਤੇ ਉਹ ਦੇ ਵਿੱਚ ਛੇਕ ਕਰਕੇ ਤਾਕੀਆਂ ਲਾਉਂਦਾ ਹੈ, ਅਤੇ ਉਹ ਦੀ ਦਿਆਰ ਦੀ ਛੱਤ ਬਣਾਉਂਦਾ ਹੈ, ਉਹ ਨੂੰ ਸਿੰਗਰਫ਼ੀ ਰੰਗ ਨਾਲ ਰੰਗਦਾ ਹੈ ।
15ਕੀ ਤੂੰ ਇਸ ਲਈ ਰਾਜ ਕਰੇਂਗਾ, ਭਈ ਤੈਨੂੰ ਦਿਆਰ ਦੇ ਕੰਮ ਦਾ ਚਾਉ ਹੈ ? ਕੀ ਤੇਰੇ ਪਿਤਾ ਨੇ ਨਹੀਂ ਖਾਧਾ ਪੀਤਾ, ਅਤੇ ਨਿਆਂ ਅਤੇ ਧਰਮ ਨਹੀਂ ਕੀਤਾ ? ਤਦ ਹੀ ਉਹ ਦਾ ਭਲਾ ਹੋਇਆ ।16ਉਸ ਮਸਕੀਨ ਅਤੇ ਕੰਗਾਲ ਦਾ ਇਨਸਾਫ਼ ਕੀਤਾ, ਤਦ ਹੀ ਉਹ ਦਾ ਭਲਾ ਹੋਇਆ । ਕੀ ਇਹ ਮੇਰਾ ਗਿਆਨ ਨਹੀਂ ਹੈ ? ਯਹੋਵਾਹ ਦਾ ਵਾਕ ਹੈ ।
17ਤੇਰਾ ਦਿਲ ਅਤੇ ਤੇਰੀਆਂ ਅੱਖੀਆਂ ਕੇਵਲ ਨਹੱਕੇ ਲੋਭ ਉੱਤੇ, ਬੇਦੋਸ਼ਿਆਂ ਦਾ ਲਹੂ ਵਹਾਉਣ ਉੱਤੇ, ਜ਼ੁਲਮ ਅਤੇ ਸਖ਼ਤੀ ਕਰਨ ਉੱਤੇ ਲੱਗੀਆਂ ਹਨ ! ।18ਇਸ ਲਈ ਯਹੋਵਾਹ ਯਹੂਦਾਹ ਦੇ ਰਾਜਾ ਯੋਸ਼ੀਯਾਹ ਦੇ ਪੁੱਤਰ ਯਹੋਯਾਕੀਮ ਦੇ ਬਾਰੇ ਇਸ ਤਰ੍ਹਾਂ ਆਖਦਾ ਹੈ, - ਉਹ ਦੇ ਉੱਤੇ ਉਹ ਇਹ ਆਖ ਕੇ ਸੋਗ ਨਾ ਕਰਨਗੇ, ਹਾਇ ਮੇਰੇ ਭਰਾ ! ਜਾਂ ਹਾਇ ਮੇਰੀ ਭੈਣ ! ਨਾ ਉਹ ਦੇ ਉੱਤੇ ਇਹ ਆਖ ਕੇ ਸੋਗ ਕਰਨਗੇ, ਹਾਇ ਮਾਲਕ ! ਹਾਇ ਮਹਾਰਾਜ !19ਉਹ ਦਾ ਦਫਨਾਉਣਾ ਖੋਤੇ ਦੇ ਦਫਨਾਉਣ ਜਿਹਾ ਹੋਵੇਗਾ, ਉਹ ਨੂੰ ਧੂ ਕੇ ਯਰੂਸ਼ਲਮ ਦੇ ਫਾਟਕਾਂ ਤੋਂ ਬਾਹਰ ਸੁੱਟ ਦੇਣਗੇ ।
ਯਰੂਸ਼ਲਮ ਦੇ ਬਾਰੇ ਯਿਰਮਿਯਾਹ ਦਾ ਸੰਦੇਸ਼

20ਲਬਾਨੋਨ ਨੂੰ ਚੜ੍ਹ ਜਾ ਅਤੇ ਚਿੱਲਾ, ਅਤੇ ਬਾਸ਼ਾਨ ਵਿੱਚ ਆਪਣੀ ਅਵਾਜ਼ ਉੱਚੀ ਕਰ, ਅਬਾਰੀਮ ਤੋਂ ਚਿੱਲਾ, ਕਿ ਤੇਰੇ ਸਾਰੇ ਪ੍ਰੇਮੀ ਭੰਨੇ ਤੋੜੇ ਗਏ ਹਨ !21ਮੈਂ ਤੇਰੀ ਭਾਗਵਾਨੀ ਦੇ ਵੇਲੇ ਤੇਰੇ ਨਾਲ ਬੋਲਿਆ, ਪਰ ਤੂੰ ਆਖਿਆ, ਮੈਂ ਨਾ ਸੁਣਾਂਗੀ । ਤੇਰੀ ਜੁਆਨੀ ਤੋਂ ਤੇਰਾ ਇਹੋ ਹੀ ਰਾਹ ਰਿਹਾ, ਕਿਉਂ ਜੋ ਤੂੰ ਮੇਰੀ ਅਵਾਜ਼ ਨਹੀਂ ਸੁਣੀ ।
22ਹਵਾ ਤੇਰੇ ਸਾਰੇ ਅਯਾਲੀਆਂ ਨੂੰ ਚਰਾਵੇਗੀ, ਅਤੇ ਤੇਰੇ ਪ੍ਰੇਮੀ ਕੈਦ ਵਿੱਚ ਜਾਣਗੇ । ਤਦ ਤੂੰ ਆਪਣੀ ਸਾਰੀ ਬਦੀ ਦੇ ਕਾਰਨ ਲੱਜਿਆਵਾਨ ਅਤੇ ਮੂੰਹ ਕਾਲਾ ਹੋਵੇਂਗੀ !23ਹੇ ਲਬਾਨੋਨ ਦਾ ਵਸਨੀਕ, ਤੂੰ ਜਿਹੜੀ ਦਿਆਰਾਂ ਵਿੱਚ ਆਪਣਾ ਆਹਲਣਾ ਬਣਾਉਂਦੀ ਹੈ, ਤੂੰ ਕਿੰਨੀ ਕੁ ਦਯਾ ਜੋਗ ਹੋਵੇਗੀ ਜਦ ਤੈਨੂੰ ਪੀੜਾਂ ਲੱਗਣਗੀਆਂ, ਜਣਨ ਵਾਲੀ ਔਰਤ ਵਾਂਗੂੰ ਪੀੜਾਂ ਲੱਗਣਗੀਆਂ ! ।
ਯਹੋਯਾਕੀਮ ਨੂੰ ਪਰਮੇਸ਼ੁਰ ਦੀ ਸਜ਼ਾ

24ਯਹੋਵਾਹ ਦਾ ਵਾਕ ਹੈ ਕਿ ਮੈਨੂੰ ਜਾਨ ਦੀ ਸੌਂਹ, ਜੇਕਰ ਯਹੂਦਾਹ ਦੇ ਰਾਜਾ ਯਹੋਯਾਕੀਮ ਦਾ ਪੁੱਤਰ ਕਾਨਯਾਹ ਮੇਰੇ ਸੱਜੇ ਹੱਥ ਦੀ ਛਾਪ ਵੀ ਹੁੰਦੀ ਤਦ ਵੀ ਮੈਂ ਤੈਨੂੰ ਉੱਥੋਂ ਲਾਹ ਕੇ ਸੁੱਟ ਦਿੰਦਾ !25ਮੈਂ ਤੈਨੂੰ ਉਹਨਾਂ ਦੇ ਹੱਥ ਵਿੱਚ ਦਿਆਂਗਾ ਜਿਹੜੇ ਤੇਰੀ ਜਾਨ ਦੀ ਤਾਂਘ ਕਰਨ ਵਾਲੇ ਹਨ ਅਤੇ ਉਹਨਾਂ ਦੇ ਹੱਥ ਵਿੱਚ ਜਿਹਨਾਂ ਤੋਂ ਤੂੰ ਡਰਦਾ ਹੈ ਅਰਥਾਤ ਬਾਬਲ ਦੇ ਰਾਜਾ ਨਬੂਕਦਰੱਸਰ ਦੇ ਹੱਥ ਵਿੱਚ ਅਤੇ ਕਸਦੀਆਂ ਦੇ ਹੱਥ ਵਿੱਚ26ਮੈਂ ਤੈਨੂੰ ਅਤੇ ਤੇਰੀ ਮਾਤਾ ਨੂੰ ਜਿਸ ਤੈਨੂੰ ਜਣਿਆ ਦੂਜੇ ਦੇਸ ਵਿੱਚ ਜਿੱਥੇ ਤੁਸੀਂ ਨਹੀਂ ਜੰਮੇ ਕੱਢ ਦਿਆਂਗਾ । ਉੱਥੇ ਤੁਸੀਂ ਮਰ ਜਾਓਗੇ
27ਪਰ ਉਸ ਦੇਸ ਨੂੰ ਜਿੱਥੇ ਉਹਨਾਂ ਦਾ ਜੀ ਮੁੜਨ ਨੂੰ ਚਾਹੁੰਦਾ ਹੈ ਉੱਥੇ ਫਿਰ ਨਾ ਮੁੜਨਗੇ ।28ਕੀ ਇਹ ਮਨੁੱਖ ਕਾਨਯਾਹ ਇੱਕ ਨਖਿੱਧ ਟੁੱਟਾ ਭਾਂਡਾ ਹੈ, ਇੱਕ ਭਾਂਡਾ ਜਿਸ ਤੋਂ ਕੋਈ ਖੁਸ਼ ਨਹੀਂ ? ਉਹ ਅਤੇ ਉਹ ਦੀ ਨਸਲ ਕਿਉਂ ਕੱਢੇ ਗਏ ਹਨ, ਅਤੇ ਉਸ ਦੇਸ ਵਿੱਚ ਸੁੱਟੇ ਗਏ ਜਿਸ ਨੂੰ ਉਹ ਨਹੀਂ ਜਾਣਦੇ ?
29ਹੇ ਧਰਤੀ, ਹੇ ਧਰਤੀ, ਹੇ ਧਰਤੀ ! ਯਹੋਵਾਹ ਦਾ ਬਚਨ ਸੁਣ !30ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਇਸ ਮਨੁੱਖ ਨੂੰ ਔਂਤਰਾ ਲਿੱਖੋ, ਇੱਕ ਮਰਦ ਜਿਹੜਾ ਆਪਣੇ ਦਿਨਾਂ ਵਿੱਚ ਸਫਲ ਨਾ ਹੋਵੇਗਾ, ਨਾ ਹੀ ਉਸ ਦੀ ਨਸਲ ਵਿੱਚੋਂ ਕੋਈ ਸਫਲ ਹੋਵੇਗਾ, ਭਈ ਦਾਊਦ ਦੇ ਸਿੰਘਾਸਣ ਉੱਤੇ ਬੈਠੇ, ਅਤੇ ਯਹੂਦਾਹ ਉੱਤੇ ਫਿਰ ਰਾਜ ਕਰੇ ।

23
ਭਵਿੱਖ ਦੀ ਆਸ

1ਹਾਇ ਉਹਨਾਂ ਅਯਾਲੀਆਂ ਉੱਤੇ ਜਿਹੜੇ ਮੇਰੀ ਚਰਾਈ ਦੀਆਂ ਭੇਡਾਂ ਨੂੰ ਮਾਰ ਮੁਕਾਉਂਦੇ ਅਤੇ ਉਹਨਾਂ ਨੂੰ ਖੇਰੂੰ ਖੇਰੂੰ ਕਰਦੇ ਹਨ, ਯਹੋਵਾਹ ਦਾ ਵਾਕ ਹੈ !2ਇਸ ਲਈ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਐਉਂ ਆਖਦਾ ਹੈ, - ਮੈਂ ਉਹਨਾਂ ਅਯਾਲੀਆਂ ਦੇ ਵਿਰੁੱਧ ਹਾਂ ਜਿਹੜੇ ਮੇਰੀ ਪਰਜਾ ਨੂੰ ਚਾਰਦੇ ਹਨ । ਤੁਸੀਂ ਮੇਰੇ ਇੱਜੜ ਨੂੰ ਖੇਰੂੰ ਖੇਰੂੰ ਕੀਤਾ ਅਤੇ ਉਹਨਾਂ ਨੂੰ ਹੱਕ ਕੇ ਕੱਢ ਦਿੱਤਾ ਅਤੇ ਉਹਨਾਂ ਦੀ ਪਰਵਾਹ ਨਹੀਂ ਕੀਤੀ । ਵੇਖੋ, ਮੈਂ ਤੁਹਾਡੇ ਕੰਮਾਂ ਦੀ ਬੁਰਿਆਈ ਤੁਹਾਡੇ ਉੱਤੇ ਲਿਆਵਾਂਗਾ, ਯਹੋਵਾਹ ਦਾ ਵਾਕ ਹੈ

3ਮੈਂ ਆਪਣੇ ਇੱਜੜ ਦੇ ਬੱਕੀਏ ਉਹਨਾਂ ਦੇਸਾਂ ਵਿੱਚੋਂ ਇੱਕਠੇ ਕਰਾਂਗਾ ਜਿੱਥੇ ਮੈਂ ਉਹਨਾਂ ਨੂੰ ਹੱਕ ਕੇ ਕੱਢ ਦਿੱਤਾ । ਮੈਂ ਉਹਨਾਂ ਨੂੰ ਉਹਨਾਂ ਦੇ ਵਾੜਿਆ ਵਿੱਚ ਮੋੜ ਲਿਆਵਾਂਗਾ ਅਤੇ ਉਹ ਫਲਣਗੇ ਅਤੇ ਵਧਣਗੇ4ਮੈਂ ਉਹਨਾਂ ਉੱਤੇ ਅਯਾਲੀ ਖੜੇ ਕਰਾਂਗਾ ਜਿਹੜੇ ਉਹਨਾਂ ਨੂੰ ਚਾਰਨਗੇ । ਉਹ ਫਿਰ ਨਾ ਡਰਨਗੇ ਅਤੇ ਨਾ ਘਬਰਾਉਣਗੇ, ਨਾ ਉਹਨਾਂ ਵਿੱਚੋਂ ਕੋਈ ਗਵਾਚੇਗੀ, ਯਹੋਵਾਹ ਦਾ ਵਾਕ ਹੈ ।
5ਵੇਖੋ, ਉਹ ਦਿਨ ਆਉਂਦੇ ਹਨ, ਯਹੋਵਾਹ ਦਾ ਵਾਕ ਹੈ, ਕਿ ਮੈਂ ਦਾਊਦ ਲਈ ਇੱਕ ਧਰਮੀ ਸ਼ਾਖ ਖੜੀ ਕਰਾਂਗਾ । ਉਹ ਰਾਜਾ ਹੋ ਕੇ ਰਾਜ ਕਰੇਗਾ ਅਤੇ ਬੁੱਧਵਾਨ ਹੋਵੇਗਾ ਅਤੇ ਦੇਸ ਵਿੱਚ ਇਨਸਾਫ਼ ਅਤੇ ਧਰਮ ਦੇ ਕੰਮ ਕਰੇਗਾ6ਉਹ ਦੇ ਦਿਨਾਂ ਵਿੱਚ ਯਹੂਦਾਹ ਬਚਾਇਆ ਜਾਵੇਗਾ ਅਤੇ ਇਸਰਾਏਲ ਸੁੱਖ ਨਾਲ ਵੱਸੇਗਾ ਅਤੇ ਉਹ ਦਾ ਇਹ ਨਿਯਮ ਹੋਵੇਗਾ ਜਿਹ ਦੇ ਨਾਲ ਉਹ ਪੁਕਾਰਿਆ ਜਾਵੇਗਾ, " ਯਹੋਵਾਹ ਸਾਡਾ ਧਰਮ " ।
7ਇਸ ਲਈ ਵੇਖੋ, ਉਹ ਦਿਨ ਆਉਂਦੇ ਹਨ, ਯਹੋਵਾਹ ਦਾ ਵਾਕ ਹੈ, ਕਿ ਉਹ ਫਿਰ ਨਾ ਆਖਣਗੇ, "ਯਹੋਵਾਹ ਦੀ ਸੌਂਹ ਜਿਹੜਾ ਇਸਰਾਏਲੀਆਂ ਨੂੰ ਮਿਸਰ ਦੇਸ ਵਿੱਚੋਂ ਕੱਢ ਲਿਆਇਆ "8ਪਰ " ਯਹੋਵਾਹ ਦੀ ਸੌਂਹ ਜਿਹੜਾ ਉਤਾਹਾਂ ਲਿਆਇਆ ਅਤੇ ਜਿਹੜਾ ਇਸਰਾਏਲ ਦੇ ਘਰਾਣੇ ਦੀ ਨਸਲ ਨੂੰ ਉੱਤਰ ਦੇਸ ਵਿੱਚੋਂ ਅਤੇ ਉਹਨਾਂ ਸਾਰਿਆਂ ਦੇਸਾਂ ਵਿੱਚੋਂ ਜਿੱਥੇ ਉਸ ਉਹਨਾਂ ਨੂੰ ਹੱਕ ਦਿੱਤਾ ਸੀ ਬਾਹਰ ਲਿਆਇਆ " । ਤਾਂ ਉਹ ਆਪਣੀ ਭੂਮੀ ਵਿੱਚ ਵੱਸਣਗੇ ।
ਨਬੀਆਂ ਦੇ ਬਾਰੇ ਯਿਰਮਿਯਾਹ ਦਾ ਸੰਦੇਸ਼

9ਨਬੀਆਂ ਦੇ ਲਈ ਮੇਰਾ ਦਿਲ ਮੇਰੇ ਅੰਦਰ ਟੁੱਟ ਗਿਆ ਹੈ, ਮੇਰੀਆਂ ਸਾਰੀਆਂ ਹੱਡੀਆਂ ਕੰਬਦੀਆਂ ਹਨ, ਮੈਂ ਇੱਕ ਸ਼ਰਾਬੀ ਮਨੁੱਖ ਵਾਂਗੂੰ ਹੋ ਗਿਆ ਹਾਂ, ਉਸ ਮਰਦ ਵਾਂਗੂੰ ਜਿਹ ਦੇ ਉੱਤੇ ਮੈਂ ਪਰਬਲ ਪਈ, - ਯਹੋਵਾਹ ਦੇ ਕਾਰਨ ਅਤੇ ਉਸ ਦੇ ਪਵਿੱਤਰ ਬਚਨਾਂ ਦੇ ਕਾਰਨ ।10ਕਿਉਂ ਜੋ ਦੇਸ ਜਨਾਹਕਾਰਾਂ ਨਾਲ ਭਰ ਗਿਆ ਹੈ, ਸਰਾਪ ਦੇ ਕਾਰਨ ਧਰਤੀ ਸੋਗ ਕਰਦੀ ਹੈ, ਅਤੇ ਉਜਾੜ ਦੀਆਂ ਚਰਾਂਦਾਂ ਸੁੱਕ ਗਈਆਂ ਹਨ । ਉਹਨਾਂ ਦਾ ਰਾਹ ਬੁਰਾ ਹੈ, ਉਹਨਾਂ ਦਾ ਗਭਰੇਟਾ ਚੰਗਾ ਨਹੀਂ,
11ਕਿਉਂ ਜੋ ਨਬੀ ਤੇ ਜਾਜਕ ਭਰਿਸ਼ਟ ਹਨ, ਨਾਲੇ ਮੇਰੇ ਭਵਨ ਵਿੱਚ ਮੈਂ ਉਹਨਾਂ ਦੀ ਬਦੀ ਪਾਈ, ਯਹੋਵਾਹ ਦਾ ਵਾਕ ਹੈ ।12ਇਸ ਲਈ ਉਹਨਾਂ ਦਾ ਰਾਹ ਉਹਨਾਂ ਲਈ ਅਨ੍ਹੇਰੇ ਵਿੱਚ ਤਿਲਕਣੀਆਂ ਥਾਵਾਂ ਵਾਂਗੂੰ ਹੋਵੇਗਾ, ਜਿਹੜੇ ਵਿੱਚ ਉਹ ਹੱਕੇ ਜਾਣਗੇ ਅਤੇ ਡਿੱਗ ਪੈਣਗੇ, ਕਿਉਂ ਜੋ ਮੈਂ ਉਹਨਾਂ ਉੱਤੇ ਬੁਰਿਆਈ ਲਿਆਵਾਂਗਾ, ਉਹਨਾਂ ਦੀ ਸਜ਼ਾ ਦੇ ਸਾਲ ਵਿੱਚ, ਯਹੋਵਾਹ ਦਾ ਵਾਕ ਹੈ ।
13ਸਾਮਰਿਯਾ ਦੇ ਨਬੀਆਂ ਵਿੱਚ ਮੈਂ ਮੂਰਖਤਾਈ ਵੇਖੀ, ਉਹਨਾਂ ਨੇ ਬਆਲ ਵੱਲੋਂ ਅਗੰਮ ਵਾਚਿਆ, ਅਤੇ ਮੇਰੀ ਪਰਜਾ ਇਸਰਾਏਲ ਨੂੰ ਕੁਰਾਹੇ ਪਾਇਆ ।14ਪਰ ਯਰੂਸ਼ਲਮ ਦੇ ਨਬੀਆਂ ਵਿੱਚ ਮੈਂ ਇਕੱ ਡਰਾਉਣੀ ਗੱਲ ਵੇਖੀ ! ਉਹ ਜ਼ਨਾਹ ਕਰਦੇ ਅਤੇ ਮਕਰ ਨਾਲ ਚੱਲਦੇ ਹਨ । ਉਹ ਕੁਕਰਮੀਆਂ ਦੇ ਹੱਥਾਂ ਨੂੰ ਤਕੜਾ ਕਰਦੇ ਹਨ, ਸੋ ਕੋਈ ਮਨੁੱਖ ਆਪਣੀ ਬੁਰਿਆਈ ਤੋਂ ਨਹੀਂ ਮੁੜਦਾ । ਉਹ ਸਾਰੇ ਮੇਰੇ ਲਈ ਸਦੂਮ ਵਰਗੇ ਹੋ ਗਏ ਹਨ, ਅਤੇ ਉਹ ਦੇ ਵਾਸੀ ਅਮੂਰਾਹ ਵਰਗੇ ।15ਇਸ ਲਈ ਸੈਨਾਂ ਦਾ ਯਹੋਵਾਹ ਨਬੀਆਂ ਦੇ ਬਾਰੇ ਇਸ ਤਰ੍ਹਾਂ ਆਖਦਾ ਹੈ, - ਵੇਖੋ, ਮੈਂ ਉਹਨਾਂ ਨੂੰ ਨਾਗਦੌਣਾ ਖੁਆਵਾਂਗਾ, ਅਤੇ ਉਹਨਾਂ ਨੂੰ ਜ਼ਹਿਰ ਵਾਲਾ ਪਾਣੀ ਪਿਲਾਵਾਂਗਾ, ਕਿਉਂ ਜੋ ਯਰੂਸ਼ਲਮ ਦੇ ਨਬੀਆਂ ਤੋਂ ਸਾਰੀ ਧਰਤੀ ਵਿੱਚ ਪਲੀਤੀ ਖਿੱਲਰ ਗਈ ਹੈ ।
16ਸੈਨਾਂ ਦਾ ਯਹੋਵਾਹ ਐਉਂ ਆਖਦਾ ਹੈ, - ਤੁਸੀਂ ਉਹਨਾਂ ਨਬੀਆਂ ਦੀਆਂ ਗੱਲਾਂ ਨਾ ਸੁਣੋ ਜਿਹੜੇ ਤੁਹਾਡੇ ਲਈ ਅਗੰਮ ਵਾਕ ਬੋਲਦੇ ਹਨ । ਉਹ ਵਿਅਰਥ ਦੱਸਦੇ ਹਨ, ਉਹ ਆਪਣੇ ਦਿਲ ਦੇ ਦਰਸ਼ਣ ਦੱਸਦੇ ਹਨ ਪਰ ਉਹ ਯਹੋਵਾਹ ਦੇ ਮੂੰਹੋਂ ਨਹੀਂ ਬੋਲਦੇ17ਉਹ ਉਹਨਾਂ ਨੂੰ ਜਿਹੜੇ ਮੇਰੀ ਨਿਰਾਦਰੀ ਕਰਦੇ ਕਹਿੰਦੇ ਰਹਿੰਦੇ ਹਨ ਭਈ ਯਹੋਵਾਹ ਬੋਲਿਆ ਕਿ ਤੁਹਾਡੇ ਲਈ ਸ਼ਾਂਤੀ ਹੋਵੇਗੀ ਅਤੇ ਉਹਨਾਂ ਸਾਰਿਆਂ ਨੂੰ ਜਿਹੜੇ ਆਪਣੇ ਦਿਲ ਦੇ ਆਕੀਪੁਣੇ ਵਿੱਚ ਚੱਲਦੇ ਹਨ ਉਹ ਆਖਦੇ ਹਨ, ਤੁਹਾਡੇ ਉੱਤੇ ਬੁਰਿਆਈ ਨਾ ਆਵੇਗੀ ।18ਕੌਣ ਹੈ ਜੋ ਯਹੋਵਾਹ ਦੀ ਸੰਗਤ ਵਿੱਚ ਖਲੋਤਾ ਰਿਹਾ, ਭਈ ਉਹ ਦੇ ਬਚਨ ਨੂੰ ਵੇਖੇ ਅਤੇ ਸੁਣੇ ? ਜਾਂ ਕਿਸ ਉਹ ਦੇ ਬਚਨ ਉੱਤੇ ਧਿਆਨ ਦਿੱਤਾ ਅਤੇ ਸੁਣਿਆ ?
19ਵੇਖੋ, ਯਹੋਵਾਹ ਦਾ ਤੂਫਾਨ ! ਉਹ ਦਾ ਗੁੱਸਾ ਬਾਹਰ ਨਿੱਕਲਿਆ ਹੈ, ਹਾਂ, ਇੱਕ ਵਾਵਰੋਲੇ ਦਾ ਤੂਫਾਨ, ਜਿਹੜਾ ਦੁਸ਼ਟਾਂ ਦੇ ਸਿਰ ਉੱਤੇ ਵਗੇਗਾ !20ਯਹੋਵਾਹ ਦਾ ਕ੍ਰੋਧ ਨਾ ਮੁੜੇਗਾ, ਜਦ ਤੱਕ ਉਹ ਆਪਣੇ ਦਿਲ ਦੇ ਪਰੋਜਨ ਨੂੰ ਪੂਰੀ ਤਰਾਂ ਕਾਇਮ ਨਾ ਕਰੇ । ਓੜਕ ਦੇ ਦਿਨਾਂ ਵਿੱਚ ਤੁਸੀਂ ਇਹ ਨੂੰ ਸਫ਼ਾਈ ਨਾਲ ਸਮਝੋਗੇ ।
21ਮੈਂ ਇਹਨਾਂ ਨਬੀਆਂ ਨੂੰ ਨਹੀਂ ਭੇਜਿਆ, ਤਦ ਵੀ ਉਹ ਦੌੜੇ ਫਿਰਦੇ ਹਨ । ਮੈਂ ਉਹਨਾਂ ਨਾਲ ਗੱਲ ਨਹੀਂ ਕੀਤੀ, ਤਦ ਵੀ ਉਹ ਅਗੰਮ ਵਾਕ ਬੋਲਦੇ ਹਨ ।22ਪਰ ਜੇ ਉਹ ਮੇਰੀ ਸੰਗਤ ਵਿੱਚ ਖਲੋਂਦੇ, ਤਾਂ ਉਹ ਮੇਰੀਆਂ ਗੱਲਾਂ ਮੇਰੀ ਪਰਜਾ ਨੂੰ ਸੁਣਾਉਂਦੇ, ਅਤੇ ਉਹ ਉਹਨਾਂ ਨੂੰ ਉਹਨਾਂ ਦੇ ਬੁਰਿਆਂ ਰਾਹਾਂ ਤੋਂ, ਉਹਨਾਂ ਦੀਆਂ ਬੁਰੀਆਂ ਕਰਤੂਤਾਂ ਤੋਂ ਮੋੜਦੇ ।
23ਕੀ ਮੈਂ ਨੇੜੇ ਦਾ ਹੀ ਪਰਮੇਸ਼ੁਰ ਹਾਂ ਅਤੇ ਦੂਰ ਦਾ ਪਰਮੇਸ਼ੁਰ ਨਹੀਂ ਹਾਂ ? ਯਹੋਵਾਹ ਦਾ ਵਾਕ ਹੈ24ਕੀ ਕੋਈ ਮਨੁੱਖ ਆਪਣੇ ਆਪ ਨੂੰ ਪੜਦੇ ਵਿੱਚ ਲੁਕਾ ਲਵੇਗਾ ਕਿ ਮੈਂ ਉਹ ਨੂੰ ਨਾ ਵੇਖਾਂ ? ਯਹੋਵਾਹ ਦਾ ਵਾਕ ਹੈ । ਕੀ ਅਕਾਸ਼ ਅਤੇ ਧਰਤੀ ਮੇਰੇ ਨਾਲ ਨਹੀਂ ਭਰੇ ਹੋਏ ? ਯਹੋਵਾਹ ਦਾ ਵਾਕ ਹੈ
25ਜੋ ਕੁਝ ਨਬੀਆਂ ਨੇ ਆਖਿਆ ਹੈ, ਉਹ ਮੈਂ ਸੁਣਿਆ ਹੈ । ਉਹ ਮੇਰੇ ਨਾਮ ਉੱਤੇ ਇਹ ਆਖ ਕੇ ਝੂਠੇ ਅਗੰਮ ਵਾਕ ਬੋਲਦੇ ਹਨ ਕਿ ਮੈਂ ਸੁਫ਼ਨਾ ਵੇਖਿਆ ਹੈ, ਮੈਂ ਸੁਫ਼ਨਾ ਵੇਖਿਆ ਹੈ !26ਕਦ ਤੱਕ ਇਹ ਝੂਠੇ ਅਗੰਮ ਵਾਕ ਨਬੀਆਂ ਦੇ ਦਿਲ ਵਿੱਚ ਹੋਣਗੇ ਕਿ ਉਹ ਆਪਣੇ ਦਿਲ ਦੇ ਭੁਲੇਖੇ ਦੇ ਅਗੰਮ ਵਾਕ ਬੋਲਣ ?27ਜਿਹੜੇ ਸੋਚਦੇ ਹਨ ਭਈ ਉਹ ਮੇਰੀ ਪਰਜਾ ਨੂੰ ਮੇਰਾ ਨਾਮ ਆਪਣੇ ਸੁਫਨਿਆਂ ਨਾਲ ਭੁਲਾ ਦੇਣ, ਜਿਹਨਾਂ ਨੇ ਹਰ ਮਨੁੱਖ ਆਪਣੇ ਗੁਆਂਢੀ ਨੂੰ ਦੱਸਦਾ ਹੈ ਜਿਵੇਂ ਉਹਨਾਂ ਦੇ ਪਿਉ-ਦਾਦੇ ਮੇਰਾ ਨਾਮ ਬਆਲ ਦੇ ਕਾਰਨ ਭੁੱਲ ਗਏ ਸਨ
28ਉਹ ਨਬੀ ਜਿਹ ਦੇ ਕੋਲ ਸੁਫ਼ਨਾ ਹੈ ਉਹ ਸੁਫ਼ਨਾ ਦੱਸੇ, ਅਤੇ ਜਿਹ ਦੇ ਕੋਲ ਮੇਰਾ ਬਚਨ ਹੈ ਉਹ ਇਮਾਨਦਾਰੀ ਨਾਲ ਮੇਰਾ ਬਚਨ ਬੋਲੇ । ਤੂੜੀ ਦਾ ਕਣਕ ਨਾਲ ਕੀ ਮੇਲ ? ਯਹੋਵਾਹ ਦਾ ਵਾਕ ਹੈ29ਕੀ ਮੇਰਾ ਬਚਨ ਅੱਗ ਵਾਂਗੂੰ ਨਹੀਂ ? ਯਹੋਵਾਹ ਦਾ ਵਾਕ ਹੈ, ਅਤੇ ਵਦਾਣ ਵਾਂਗੂੰ ਜਿਹੜਾ ਚਟਾਨ ਨੂੰ ਚੂਰ-ਚੂਰ ਕਰ ਸੁੱਟਦਾ ਹੈ ?30ਇਸ ਲਈ ਵੇਖੋ, ਮੈਂ ਨਬੀਆਂ ਦੇ ਵਿਰੁੱਧ ਹਾਂ, ਯਹੋਵਾਹ ਦਾ ਵਾਕ ਹੈ, ਜਿਹੜੇ ਮੇਰੇ ਬਚਨ ਇੱਕ ਦੂਜੇ ਤੋਂ ਚੁਰਾ ਲੈਂਦੇ ਹਨ
31ਵੇਖੋ, ਮੈਂ ਉਹਨਾਂ ਨਬੀਆਂ ਦੇ ਵਿਰੁੱਧ ਹਾਂ, ਯਹੋਵਾਹ ਦਾ ਵਾਕ ਹੈ, ਜਿਹੜੇ ਆਪਣੀਆਂ ਜੀਭਾਂ ਵਰਤਦੇ ਹਨ ਅਤੇ ਕਹਿੰਦੇ, " ਯਹੋਵਾਹ ਦਾ ਵਾਕ "32ਵੇਖੋ, ਮੈਂ ਝੂਠੇ ਸੁਫਨਿਆਂ ਦੇ ਅਗੰਮ ਵਾਚਣ ਵਾਲਿਆਂ ਦੇ ਵਿਰੁੱਧ ਹਾਂ, ਯਹੋਵਾਹ ਦਾ ਵਾਕ ਹੈ, ਜਿਹੜੇ ਉਹਨਾਂ ਨੂੰ ਦੱਸਦੇ ਅਤੇ ਮੇਰੀ ਪਰਜਾ ਨੂੰ ਆਪਣਿਆਂ ਝੂਠਾਂ ਅਤੇ ਫੋਕੇ ਘੁਮੰਡ ਨਾਲ ਕੁਰਾਹੇ ਪਾਉਂਦੇ ਹਨ । ਪਰ ਨਾ ਮੈਂ ਉਹਨਾਂ ਨੂੰ ਭੇਜਿਆ, ਨਾ ਉਹਨਾਂ ਨੂੰ ਹੁਕਮ ਦਿੱਤਾ, ਨਾ ਹੀ ਇਸ ਪਰਜਾ ਨੂੰ ਕੋਈ ਲਾਭ ਪੁਚਾਉਂਦੇ ਹਨ, ਯਹੋਵਾਹ ਦਾ ਵਾਕ ਹੈ ।
ਪਰਮੇਸ਼ੁਰ ਦਾ ਵਚਨ

33ਜਦ ਤੂੰ ਇਹ ਪਰਜਾ ਜਾਂ ਨਬੀ ਜਾਂ ਜਾਜਕ ਪੁੱਛਣ ਕਿ ਯਹੋਵਾਹ ਦਾ ਭਾਰ ਕੀ ਹੈ ? ਤਦ ਤੂੰ ਉਹਨਾਂ ਨੂੰ ਆਖੀਂ, ਤੁਸੀਂ ਉਹ ਦਾ ਭਾਰ ਹੋ ! ਮੈਂ ਤੁਹਾਨੂੰ ਸੁੱਟ ਦਿਆਂਗਾ ! ਯਹੋਵਾਹ ਦਾ ਵਾਕ ਹੈ34ਉਹ ਨਬੀ ਅਤੇ ਜਾਜਕ ਅਤੇ ਪਰਜਾ ਜਿਹੜੇ ਆਖਣ, "ਯਹੋਵਾਹ ਦਾ ਭਾਰ", ਮੈਂ ਉਸ ਨੂੰ ਅਤੇ ਉਸ ਦੇ ਘਰਾਣੇ ਨੂੰ ਸਜ਼ਾ ਦਿਆਂਗਾ
35ਤੁਸੀਂ ਹਰੇਕ ਆਪਣੇ ਗੁਆਂਢੀ ਨੂੰ ਅਤੇ ਹਰੇਕ ਆਪਣੇ ਭਰਾ ਨੂੰ ਆਖੋ, ਯਹੋਵਾਹ ਨੇ ਕੀ ਉੱਤਰ ਦਿੱਤਾ ਹੈ ? ਅਤੇ ਯਹੋਵਾਹ ਕੀ ਬੋਲਿਆ ਹੈ ?36ਯਹੋਵਾਹ ਦੇ ਭਾਰ ਦਾ ਤੁਸੀਂ ਫਿਰ ਚੇਤਾ ਨਾ ਕਰੋਗੇ ਕਿਉਂ ਜੋ ਯਹੋਵਾਹ ਦਾ ਭਾਰ ਹਰ ਮਨੁੱਖ ਦੀ ਆਪਣੀ ਗੱਲ ਹੈ । ਤੁਸੀਂ ਜਿਉਂਦੇ ਪਰਮੇਸ਼ੁਰ ਸੈਨਾਂ ਦੇ ਯਹੋਵਾਹ ਸਾਡੇ ਪਰਮੇਸ਼ੁਰ ਦਾ ਬਚਨ ਵਿਗਾੜ ਦਿੱਤਾ ਹੈ
37ਤੂੰ ਨਬੀ ਨੂੰ ਐਉਂ ਆਖ, ਤੈਨੂੰ ਯਹੋਵਾਹ ਨੇ ਕੀ ਉੱਤਰ ਦਿੱਤਾ ਹੈ ? ਅਤੇ ਯਹੋਵਾਹ ਦਾ ਕੀ ਬਚਨ ਹੈ ?38ਪਰ ਜੇ ਤੁਸੀਂ ਆਖੋ, "ਯਹੋਵਾਹ ਦਾ ਭਾਰ", ਤਾਂ ਯਹੋਵਾਹ ਐਉਂ ਆਖਦਾ ਹੈ, ਇਸ ਲਈ ਕਿ ਤੁਸੀਂ ਇਹ ਗੱਲ ਕਹਿੰਦੇ ਹੋ, "ਯਹੋਵਾਹ ਦਾ ਭਾਰ", ਅਤੇ ਮੈਂ ਤੁਹਾਨੂੰ ਅਖਵਾ ਭੇਜਿਆ ਕਿ " ਯਹੋਵਾਹ ਦਾ ਭਾਰ " ਨਾ ਆਖੋ39ਤਾਂ ਵੇਖੋ, ਮੈਂ ਸੱਚੀ ਮੁੱਚੀ ਤੁਹਾਨੂੰ ਚੁੱਕ ਸੁੱਟਾਂਗਾ ਅਤੇ ਤੁਹਾਨੂੰ ਇਸ ਸ਼ਹਿਰ ਨੂੰ ਜਿਹੜਾ ਮੈਂ ਤੁਹਾਨੂੰ ਅਤੇ ਤੁਹਾਡੇ ਪਿਉ-ਦਾਦਿਆਂ ਨੂੰ ਦਿੱਤਾ ਆਪਣੀ ਹਜ਼ੂਰੀ ਤੋਂ ਰੱਦ ਕਰ ਦਿਆਂਗਾ40ਅਤੇ ਮੈਂ ਸਦਾ ਦਾ ਉਲਾਹਮਾ ਅਤੇ ਸਦਾ ਦੀ ਸ਼ਰਮਿੰਦਗੀ ਤੁਹਾਡੇ ਉੱਤੇ ਲਿਆਵਾਂਗਾ ਜਿਹੜੀ ਕਦੀ ਵੀ ਨਾ ਭੁੱਲੇਗੀ ।

24
ਅੰਜੀਰਾਂ ਦੇ ਭਰੇ ਦੋ ਟੋਕਰੇ

1ਇਸ ਦੇ ਪਿੱਛੋਂ ਕਿ ਬਾਬਲ ਦਾ ਰਾਜਾ ਨਬੂਕਦਰੱਸਰ ਯਹੂਦਾਹ ਦੇ ਰਾਜਾ ਯਹੋਯਾਕੀਮ ਦੇ ਪੁੱਤਰ ਯਕਾਨਯਾਹ ਨੂੰ ਅਤੇ ਯਹੂਦਾਹ ਦੇ ਸਰਦਾਰਾਂ ਨੂੰ, ਕਾਰੀਗਰਾਂ ਅਤੇ ਲੋਹਾਰਾਂ ਨੂੰ ਯਰੂਸ਼ਲਮ ਵਿੱਚੋਂ ਅਸੀਰ ਕਰ ਕੇ ਬਾਬਲ ਨੂੰ ਲੈ ਗਿਆ ਯਹੋਵਾਹ ਨੇ ਮੈਨੂੰ ਵਿਖਾਇਆ ਕਿ ਹਜੀਰ ਦੀਆਂ ਦੋ ਟੋਕਰੀਆਂ ਹੈਕਲ ਦੇ ਸਾਹਮਣੇ ਧਰੀਆਂ ਹੋਈਆਂ ਹਨ2ਇੱਕ ਟੋਕਰੀ ਬਹੁਤ ਚੰਗੀਆਂ ਹਜੀਰਾਂ ਦੀ ਜਿਹੜੀਆਂ ਪਹਿਲਾਂ ਪੱਕੀਆਂ ਹੋਣ ਅਤੇ ਦੂਜੀ ਟੋਕਰੀ ਬਹੁਤ ਖ਼ਰਾਬ ਹਜੀਰਾਂ ਦੀ ਜਿਹੜੀਆਂ ਖਾਧੀਆਂ ਨਹੀਂ ਜਾਂਦੀਆਂ ਉਹ ਇੰਨੀਆਂ ਬੁਰੀਆਂ ਸਨ3ਤਦ ਯਹੋਵਾਹ ਨੇ ਮੈਨੂੰ ਆਖਿਆ, ਹੇ ਯਿਰਮਿਯਾਹ, ਤੂੰ ਕੀ ਦੇਖਦਾ ਹੈ ? ਤਦ ਮੈਂ ਆਖਿਆ, ਹਜੀਰਾਂ, ਚੰਗੀਆਂ ਹਜੀਰਾਂ ਬਹੁਤ ਹੀ ਚੰਗੀਆਂ ਅਤੇ ਖਰਾਬ ਹਜੀਰਾਂ, ਬਹੁਤ ਖਰਾਬ, ਉਹ ਖਾਧੀਆਂ ਨਹੀਂ ਜਾਂਦੀਆਂ, ਉਹ ਇੰਨੀਆਂ ਬੁਰੀਆਂ ਹਨ ।

4ਤਾਂ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ5ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, ਮੇਂ ਇਹਨਾਂ ਚੰਗੀਆਂ ਹਜੀਰਾਂ ਵਾਂਗੂੰ ਯਹੂਦਾਹ ਦੇ ਅਸੀਰਾਂ ਨਾਲ ਜਿਹਨਾਂ ਨੂੰ ਮੈਂ ਇਸ ਥਾਂ ਤੋਂ ਕਸਦੀਆਂ ਦੀ ਧਰਤੀ ਵਿੱਚ ਭੇਜਿਆ ਹੈ ਭਲਿਆਈ ਕਰਾਂਗਾ6ਮੈਂ ਉਹਨਾਂ ਉੱਤੇ ਭਲੀ ਨਿਗਾਹ ਰੱਖਾਂਗਾ । ਮੈਂ ਉਹਨਾਂ ਨੂੰ ਇਸ ਦੇਸ ਵਿੱਚ ਫਿਰ ਲਿਆਵਾਂਗਾ । ਮੈਂ ਉਹਨਾਂ ਨੂੰ ਬਣਾਵਾਂਗਾ ਅਤੇ ਨਹੀਂ ਢਾਹਵਾਂਗਾ, ਮੈਂ ਉਹਨਾਂ ਨੂੰ ਲਾਵਾਂਗਾ ਅਤੇ ਪੁੱਟਾਂਗਾ ਨਹੀਂ7ਮੈਂ ਉਹਨਾਂ ਨੂੰ ਅਜਿਹਾ ਦਿਲ ਦਿਆਂਗਾ ਭਈ ਉਹ ਜਾਣ ਲੈਣ ਕਿ ਮੈਂ ਯਹੋਵਾਹ ਹਾਂ ਅਤੇ ਉਹ ਮੇਰੀ ਪਰਜਾ ਹੋਣਗੇ ਅਤੇ ਮੈਂ ਉਹਨਾਂ ਦਾ ਪਰਮੇਸ਼ੁਰ ਹੋਵਾਂਗਾ ਕਿਉਂ ਜੋ ਉਹ ਆਪਣੇ ਸਾਰੇ ਦਿਲ ਨਾਲ ਮੇਰੀ ਵੱਲ ਮੁੜਨਗੇ ।
8ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਖਰਾਬ ਹਜੀਰਾਂ, ਵਾਂਗੂੰ ਜਿਹੜੀਆਂ ਖਰਾਬੀ ਦੇ ਕਾਰਨ ਖਾਧੀਆਂ ਨਹੀਂ ਜਾਂਦੀਆਂ ਇਸੇ ਤਰਾਂ ਮੈਂ ਯਹੂਦਾਹ ਦੇ ਰਾਜਾ ਸਿਦਕੀਯਾਹ ਨਾਲ ਅਤੇ ਉਸ ਦੇ ਸਰਦਾਰਾਂ ਨਾਲ ਅਤੇ ਯਰੂਸ਼ਲਮ ਦੇ ਬੱਕੀਏ ਨਾਲ ਉਹਨਾਂ ਨਾਲ ਜਿਹੜੇ ਇਸ ਦੇਸ ਵਿੱਚ ਬਚੇ ਹੋਏ ਹਨ ਅਤੇ ਉਹਨਾਂ ਨਾਲ ਜਿਹੜੇ ਮਿਸਰ ਦੇਸ ਵਿੱਚ ਵੱਸਦੇ ਹਨ ਵਰਤਾਂਗਾ9ਮੈਂ ਉਹਨਾਂ ਨੂੰ ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਵਿੱਚ ਬੁਰਿਆਈ ਲਈ ਇੱਕ ਭੈ ਦੇ ਦਿਆਂਗਾ ਅਤੇ ਉਹ ਉਹਨਾਂ ਸਾਰਿਆਂ ਥਾਵਾਂ ਵਿੱਚ ਜਿੱਥੇ ਮੈਂ ਉਹਨਾਂ ਨੂੰ ਹੱਕ ਦਿਆਂਗਾ ਬਦਨਾਮੀ, ਕਹਾਉਤ,ਮੇਹਣਾ ਅਤੇ ਸਰਾਪ ਹੋਣਗੇ10ਮੈਂ ਉਹਨਾਂ ਵਿੱਚ ਤਲਵਾਰ, ਕਾਲ ਅਤੇ ਬਵਾ ਨੂੰ ਭੇਜਾਂਗਾ ਇੱਥੋਂ ਤੱਕ ਕਿ ਉਸ ਭੋਂ ਉੱਤੋਂ ਜਿਹੜੀ ਮੈਂ ਉਹਨਾਂ ਨੂੰ ਅਤੇ ਉਹਨਾਂ ਦੇ ਪਿਉ-ਦਾਦਿਆਂ ਨੂੰ ਦਿੱਤੀ ਸੀ ਉਹ ਮੁੱਕ ਜਾਣ ।

25
ਉੱਤਰ ਦਿਸ਼ਾ ਤੋਂ ਆਉਣ ਵਾਲੇ ਵੈਰੀ

1ਉਹ ਬਚਨ ਜਿਹੜਾ ਯਿਰਮਿਯਾਹ ਨੂੰ ਯਹੂਦਾਹ ਦੀ ਸਾਰੀ ਪਰਜਾ ਬਾਰੇ ਆਇਆ । ਉਹ ਯਹੂਦਾਹ ਦੇ ਰਾਜਾ ਯੋਸ਼ੀਯਾਹ ਦੇ ਪੁੱਤਰ ਯਹੋਯਾਕੀਮ ਦੇ ਚੌਥੇ ਸਾਲ ਵਿੱਚ ਸੀ ਜਿਹੜਾ ਬਾਬਲ ਦੇ ਰਾਜਾ ਨਬੂਕਦਰੱਸਰ ਦਾ ਪਹਿਲਾ ਵਰ੍ਹਾ ਸੀ2ਜਿਹ ਦੀ ਯਿਰਮਿਯਾਹ ਨਬੀ ਨੇ ਯਹੂਦਾਹ ਦੀ ਸਾਰੀ ਪਰਜਾ ਕੋਲ ਅਤੇ ਯਰੂਸ਼ਲਮ ਦੇ ਸਾਰੇ ਵਾਸੀਆਂ ਕੋਲ ਗੱਲ ਕੀਤੀ ਕਿ

3ਯਹੂਦਾਹ ਦੇ ਰਾਜਾ ਆਮੋਨ ਦੇ ਪੁੱਤਰ ਯੋਸ਼ੀਯਾਹ ਦੇ ਤੇਰ੍ਹਵੇਂ ਸਾਲ ਤੋਂ ਅੱਜ ਤੱਕ ਜਿਹੜੇ ਤੇਈ ਸਾਲ ਹਨ ਯਹੋਵਾਹ ਦਾ ਬਚਨ ਮੇਰੇ ਕੋਲ ਆਉਂਦਾ ਰਿਹਾ । ਮੈਂ ਤੁਹਾਡੇ ਨਾਲ ਗੱਲਾਂ ਕਰਦਾ ਰਿਹਾ ਅਤੇ ਤੜਕੇ ਉੱਠ ਕੇ ਵੀ ਤੁਹਾਡੇ ਨਾਲ ਗੱਲਾਂ ਕੀਤੀਆਂ, ਪਰ ਤੁਸੀਂ ਨਾ ਸੁਣਿਆਂ4ਯਹੋਵਾਹ ਤੁਹਾਡੇ ਕੋਲ ਆਪਣੇ ਸਾਰੇ ਦਾਸਾਂ, ਆਪਣੇ ਨਬੀਆਂ ਨੂੰ ਘੱਲਦਾ ਰਿਹਾ ਸਗੋਂ ਉਹ ਯਤਨ ਕਰ ਕੇ ਘੱਲਦਾ ਰਿਹਾ, ਪਰ ਤੁਸੀਂ ਨਾ ਸੁਣਿਆ, ਨਾ ਸੁਣਨ ਲਈ ਆਪਣੇ ਕੰਨ ਲਾਏ
5ਇਹ ਆਖਦੇ ਹੋਏ ਕਿ ਹਰ ਮਨੁੱਖ ਆਪਣਿਆ ਬੁਰਿਆਂ ਰਾਹਾਂ ਅਤੇ ਆਪਣੇ ਬੁਰਿਆਂ ਕੰਮਾਂ ਤੋਂ ਮੁੜੇ ਅਤੇ ਉਹ ਭੂਮੀ ਵਿੱਚ ਵੱਸੇ ਜਿਹੜੀ ਯਹੋਵਾਹ ਨੇ ਤੁਹਾਨੂੰ ਅਤੇ ਤੁਹਾਡੇ ਪਿਉ-ਦਾਦਿਆਂ ਨੂੰ ਮੁੱਢੋਂ ਲੈ ਕੇ ਸਦਾ ਲਈ ਦਿੱਤੀ ਹੈ6ਤੁਸੀਂ ਦੂਜੇ ਦੇਵਤਿਆਂ ਦੇ ਪਿੱਛੇ ਨਾ ਜਾਓ, ਨਾ ਉਹਨਾਂ ਦੀ ਪੂਜਾ ਕਰੋ, ਨਾ ਉਹਨਾਂ ਨੂੰ ਮੱਥਾ ਟੇਕੋ ਅਤੇ ਆਪਣੇ ਹੱਥਾਂ ਦੇ ਕੰਮ ਨਾਲ ਮੈਨੂੰ ਗੁੱਸਾ ਨਾ ਚੜਾਓ, ਤਾਂ ਮੈਂ ਤੁਹਾਨੂੰ ਹਰਜਾ ਨਾ ਪਾਵਾਂਗਾ
7ਪਰ ਤੁਸੀਂ ਮੇਰੀ ਨਾ ਸੁਣੀ, ਯਹੋਵਾਹ ਦਾ ਵਾਕ ਹੈ, ਤਾਂ ਜੋ ਆਪਣੇ ਹੱਥਾਂ ਦੇ ਕੰਮ ਨਾਲ ਆਪਣੇ ਹਰਜੇ ਲਈ ਮੈਨੂੰ ਗੁੱਸਾ ਚੜਾਓ ।8ਸੋ ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਇਸ ਲਈ ਕਿ ਤੁਸੀਂ ਮੇਰੀਆਂ ਗੱਲਾਂ ਨਹੀਂ ਸੁਣੀਆਂ9ਯਹੋਵਾਹ ਦਾ ਵਾਕ ਹੈ, ਮੈਂ ਉੱਤਰ ਪਾਸੇ ਦੇ ਸਾਰੇ ਟੱਬਰਾਂ ਨੂੰ ਅਤੇ ਆਪਣੇ ਟਹਿਲੂਏ ਬਾਬਲ ਦੇ ਰਾਜਾ ਨਬੂਕਦਰੱਸਰ ਨੂੰ ਸਦਵਾ ਭੇਜਾਂਗਾ । ਮੈਂ ਉਹਨਾਂ ਨੂੰ ਇਸ ਦੇਸ ਦੇ ਵਿਰੁੱਧ, ਉਹਨਾਂ ਦੇ ਵਾਸੀਆਂ ਦੇ ਵਿਰੁੱਧ ਅਤੇ ਉਹਨਾਂ ਸਾਰੀਆਂ ਕੌਮਾਂ ਦੇ ਵਿਰੁੱਧ ਜਿਹੜੀਆਂ ਆਲੇ-ਦੁਆਲੇ ਹਨ ਚੜ੍ਹਾ ਲਿਆਵਾਂਗਾ ਅਤੇ ਉਹਨਾਂ ਨੂੰ ਮੂਲੋਂ ਮੁੱਢੋਂ ਨਾਸ ਕਰ ਦਿਆਂਗਾ ਅਤੇ ਉਹਨਾਂ ਨੂੰ ਇੱਕ ਹੌਲ, ਨੱਕ ਚੜਾਉਣ ਦਾ ਕਾਰਨ ਅਤੇ ਸਦਾ ਦੀ ਵਿਰਾਨੀ ਬਣਾ ਦਿਆਂਗਾ
10ਨਾਲੇ ਮੈਂ ਉਹਨਾਂ ਵਿੱਚੋਂ ਖੁਸ਼ੀ ਦੀ ਅਵਾਜ਼, ਅਨੰਦ ਦੀ ਅਵਾਜ਼, ਲਾੜੇ ਦੀ ਅਵਾਜ਼, ਲਾੜੀ ਦੀ ਅਵਾਜ਼, ਚੱਕੀਆਂ ਦਾ ਸ਼ੋਰ ਅਤੇ ਬੱਤੀਆਂ ਦੀ ਲੋ ਮਿਟਾ ਦਿਆਂਗਾ11ਅਤੇ ਇਹ ਸਾਰਾ ਦੇਸ ਵਿਰਾਨ ਅਤੇ ਉਜਾੜ ਹੋ ਜਾਵੇਗਾ ਅਤੇ ਇਹ ਕੌਮਾਂ ਸੱਤਰ ਵਰਿਹਾਂ ਦੀ ਤੱਕ ਬਾਬਲ ਦੇ ਰਾਜਾ ਦੀ ਟਹਿਲ ਕਰਨਗੀਆਂ
12ਅਤੇ ਸੱਤਰ ਵਰ੍ਹਿਆਂ ਦੇ ਪੂਰੇ ਹੋਣ ਤੇ ਮੈਂ ਬਾਬਲ ਦੇ ਰਾਜਾ ਅਤੇ ਉਸ ਕੌਮ ਦੀ ਖ਼ਬਰ ਲਵਾਂਗਾ, ਯਹੋਵਾਹ ਦਾ ਵਾਕ ਹੈ । ਨਾਲੇ ਕਸਦੀਆਂ ਦੇ ਦੇਸ ਦੀ ਵੀ ਉਹਨਾਂ ਦੀ ਬਦੀ ਦੇ ਕਾਰਨ, ਅਤੇ ਮੈਂ ਉਹਨਾਂ ਨੂੰ ਸਦਾ ਲਈ ਵਿਰਾਨ ਕਰ ਦਿਆਂਗਾ13ਅਤੇ ਮੈਂ ਉਸ ਦੇਸ ਉੱਤੇ ਉਹ ਸਾਰੀਆਂ ਗੱਲਾਂ ਲਿਆਵਾਂਗਾ ਜਿਹੜੀਆਂ ਮੈਂ ਉਹਨਾਂ ਦੇ ਵਿਰੁੱਧ ਬੋਲਿਆ ਹਾਂ ਅਰਥਾਤ ਉਹ ਸਾਰੀਆਂ ਗੱਲਾਂ ਜਿਹੜੀਆਂ ਇਸ ਪੋਥੀ ਵਿੱਚ ਲਿਖੀਆਂ ਹਨ ਜਿਹੜੀਆਂ ਯਿਰਮਿਯਾਹ ਸਾਰੀਆਂ ਕੌਮਾਂ ਦੇ ਵਿਰੁੱਧ ਅਗੰਮ ਵਾਕ ਕਰ ਕੇ ਬੋਲਿਆ14ਕਿਉਂ ਜੋ ਬਹੁਤ ਸਾਰੀਆਂ ਕੌਮਾਂ ਅਤੇ ਵੱਡੇ-ਵੱਡੇ ਰਾਜਾ ਉਹਨਾਂ ਨੂੰ ਗੁਲਾਮ ਬਣਾਉਣਗੇ ਅਤੇ ਮੈਂ ਉਹਨਾਂ ਦੀ ਕਰਨੀ ਦਾ ਅਤੇ ਉਹਨਾਂ ਦੇ ਹੱਥਾਂ ਦੇ ਕੰਮ ਦਾ ਬਦਲਾ ਲਵਾਂਗਾ ।
ਜਾਤੀ-ਜਾਤੀ ਉੱਤੇ ਪਰਮੇਸ਼ੁਰ ਦਾ ਕ੍ਰੋਧ

15ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੇ ਤਾਂ ਮੈਨੂੰ ਐਉਂ ਆਖਿਆ ਕਿ ਮੇਰੇ ਹੱਥੋਂ ਗੁੱਸੇ ਦੀ ਮਧ ਦਾ ਇਹ ਕਟੋਰਾ ਲੈ ਅਤੇ ਉਹਨਾਂ ਸਾਰੀਆਂ ਕੌਮਾਂ ਨੂੰ ਜਿਹਨਾਂ ਕੋਲ ਮੈਂ ਤੁਹਾਨੂੰ ਘੱਲਦਾ ਹਾਂ ਪਿਲਾ ਦੇ16ਉਹ ਪੀਣਗੇ ਅਤੇ ਉਸ ਤਲਵਾਰ ਦੇ ਅੱਗੇ ਜਿਹੜੀ ਮੈਂ ਉਹਨਾਂ ਵਿੱਚ ਭੇਜਾਂਗਾ ਉਹ ਡਿੱਗਦੇ ਫਿਰਨਗੇ ਅਤੇ ਤੜਫਣਗੇ ।
17ਤਦ ਮੈਂ ਯਹੋਵਾਹ ਦੇ ਹੱਥੋਂ ਉਹ ਕਟੋਰਾ ਲਿਆ ਅਤੇ ਉਹਨਾਂ ਸਾਰੀਆਂ ਕੌਮਾਂ ਨੂੰ ਜਿਹਨਾਂ ਕੋਲ ਯਹੋਵਾਹ ਨੇ ਭੇਜਿਆ ਸੀ ਪਿਲਾ ਦਿੱਤਾ18ਅਰਥਾਤ ਯਰੂਸ਼ਲਮ ਨੂੰ ਅਤੇ ਯਹੂਦਾਹ ਦੇ ਸ਼ਹਿਰਾਂ ਨੂੰ ਅਤੇ ਉਸ ਦੇ ਰਾਜਿਆਂ ਅਤੇ ਉਸ ਦੇ ਸਰਦਾਰਾਂ ਨੂੰ, ਭਈ ਮੈਂ ਉਹਨਾਂ ਨੂੰ ਇੱਕ ਵਿਰਾਨਾ ਹੌਲ, ਨੱਕ ਚੜਾਉਣ ਦਾ ਕਾਰਨ ਅਤੇ ਸਰਾਪ ਬਣਾਵਾਂ ਜਿਵੇਂ ਅੱਜ ਦੇ ਦਿਨ ਹਨ
19ਨਾਲੇ ਮਿਸਰ ਦੇ ਰਾਜੇ ਫ਼ਿਰਊਨ ਨੂੰ, ਉਸ ਦੇ ਟਹਿਲੂਆਂ ਨੂੰ, ਉਸ ਦੇ ਸਰਦਾਰਾਂ ਨੂੰ ਅਤੇ ਉਸ ਦੀ ਸਾਰੀ ਰਈਯਤ ਨੂੰ,20ਉਹਨਾਂ ਸਾਰਿਆਂ ਰਲਿਆਂ ਮਿਲਿਆਂ ਲੋਕਾਂ ਨੂੰ, ਊਜ ਦੇਸ ਦੇ ਸਾਰੇ ਰਾਜਿਆਂ ਨੂੰ, ਫਲਿਸਤੀਨ ਦੇਸ ਦੇ ਸਾਰੇ ਰਾਜਿਆਂ ਨੂੰ, ਅਸ਼ਕਲੋਨ ਨੂੰ, ਅੱਜ਼ਾਹ ਨੂੰ, ਅਕਰੋਨ ਨੂੰ ਅਤੇ ਅਸ਼ਦੋਦ ਦੇ ਬਕੀਏ ਨੂੰ,21ਆਦੋਮ ਨੂੰ, ਮੋਆਬ ਨੂੰ ਅਤੇ ਅੰਮੋਨੀਆਂ ਨੂੰ,
22ਸੂਰ ਦੇ ਸਾਰੇ ਰਾਜਿਆਂ ਨੂੰ, ਸੈਦਾ ਦੇ ਸਾਰੇ ਰਾਜਿਆਂ ਨੂੰ ਅਤੇ ਉਸ ਟਾਪੂ ਦੇ ਰਾਜਿਆਂ ਨੂੰ ਜਿਹੜਾ ਸਮੁੰਦਰੋਂ ਪਾਰ ਹੈ,23ਦਦਾਨ ਨੂੰ, ਤੇਮਾ ਨੂੰ, ਬੂਜ਼ ਨੂੰ ਅਤੇ ਉਹਨਾਂ ਸਾਰਿਆਂ ਨੂੰ ਜਿਹੜੇ ਗਲਮੁੱਛੇ ਕਤਰਾਉਂਦੇ ਹਨ
24ਅਰਬ ਦੇ ਸਾਰੇ ਰਾਜਿਆਂ ਨੂੰ ਅਤੇ ਰਲੇ ਮਿਲੇ ਲੋਕਾਂ ਦੇ ਸਾਰੇ ਰਾਜਿਆਂ ਨੂੰ ਜਿਹੜੇ ਉਜਾੜ ਵਿੱਚ ਵੱਸਦੇ ਹਨ,25ਜ਼ਿਮਰੀ ਦੇ ਸਾਰੇ ਰਾਜਿਆਂ ਨੂੰ, ਏਲਾਮ ਦੇ ਸਾਰੇ ਰਾਜਿਆਂ ਨੂੰ ਅਤੇ ਮਾਦਾ ਦੇ ਸਾਰੇ ਰਾਜਿਆਂ ਨੂੰ,26ਉੱਤਰ ਦੇ ਸਾਰੇ ਰਾਜਿਆਂ ਨੂੰ ਜਿਹੜੇ ਨੇੜੇ ਅਤੇ ਦੁਰੇਡੇ ਹਨ, ਇੱਕ ਦੂਜੇ ਦੇ ਮਗਰ ਅਤੇ ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਨੂੰ ਜਿਹੜੀਆਂ ਸਰਿਸ਼ਟੀ ਉੱਤੇ ਹਨ, ਅਤੇ ਉਹਨਾਂ ਦੇ ਪਿੱਛੇ ਸ਼ੇਸ਼ਕ ਦਾ ਰਾਜਾ ਪੀਵੇਗਾ ।
27ਤਾਂ ਤੂੰ ਉਹਨਾਂ ਨੂੰ ਆਖੀਂ ਕਿ ਸੈਨਾ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, - ਪੀਓ, ਖੀਵੇ ਹੋ ਜਾਓ, ਉਲਟੀ ਕਰੋ, ਡਿੱਗ ਪਵੋ ਅਤੇ ਫਿਰ ਨਾ ਉੱਠੋ, ਉਸ ਤਲਵਾਰ ਦੇ ਕਾਰਨ ਜਿਹੜੀ ਮੈਂ ਤੁਹਾਡੇ ਵਿੱਚ ਭੇਜਾਂਗਾ ! ।28ਤਾਂ ਇਸ ਤਰ੍ਹਾਂ ਕਿ ਜੇ ਉਹ ਤੇਰੇ ਹੱਥੋਂ ਪੀਣ ਲਈ ਕਟੋਰਾ ਲੈਣ ਤੋਂ ਇਨਕਾਰੀ ਹੋ ਜਾਣ ਤਾਂ ਤੂੰ ਉਹਨਾਂ ਨੂੰ ਆਖੀਂ, ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਤੁਸੀਂ ਜ਼ਰੂਰ ਪੀਓਗੇ !29ਕਿਉਂ ਜੋ ਵੇਖੋ, ਉਹ ਸ਼ਹਿਰ ਉੱਤੇ ਜਿਹੜਾ ਮੇਰੇ ਨਾਮ ਦਾ ਅਖਵਾਉਂਦਾ ਹੈ ਮੈਂ ਬੁਰਿਆਈ ਲਿਆਉਣ ਲੱਗਾ । ਕੀ ਤੁਸੀਂ ਸੱਚ-ਮੁੱਚ ਸਜ਼ਾ ਤੋਂ ਬਿਨਾ ਛੁੱਟੋਗੇ ? ਤੁਸੀਂ ਸਜ਼ਾ ਤੋਂ ਬਿਨਾ ਨਾ ਛੁੱਟੋਗੇ ਕਿਉਂ ਜੋ ਮੈਂ ਤਲਵਾਰ ਨੂੰ ਧਰਤੀ ਦੇ ਸਾਰੇ ਵਾਸੀਆਂ ਉੱਤੇ ਸੱਦ ਰਿਹਾ ਹਾਂ, ਸੈਨਾਂ ਦੇ ਯਹੋਵਾਹ ਦਾ ਵਾਕ ਹੈ
30ਤੂੰ ਇਹਨਾਂ ਸਾਰੀਆਂ ਗੱਲਾਂ ਦਾ ਉਹਨਾਂ ਦੇ ਵਿਰੁੱਧ ਅਗੰਮ ਵਾਚੀਂ ਅਤੇ ਤੂੰ ਉਹਨਾਂ ਨੂੰ ਆਖ, - ਯਹੋਵਾਹ ਉਚਿਆਈ ਤੋਂ ਗੱਜੇਗਾ, ਅਤੇ ਆਪਣੇ ਪਵਿੱਤਰ ਨਿਵਾਸ ਤੋਂ ਆਪਣੀਂ ਅਵਾਜ਼ ਦੇਵੇਗਾ । ਉਹ ਬੜੇ ਜ਼ੋਰ ਨਾਲ ਆਪਣੀ ਚਰਾਂਦ ਉੱਤੇ ਗੱਜੇਗਾ, ਅਤੇ ਉਹਨਾਂ ਵਾਂਗੂੰ ਲਲਕਾਰੇਗਾ ਜਿਹੜੇ ਅੰਗੂਰਾਂ ਨੂੰ ਮਿੱਧਦੇ ਹਨ, ਧਰਤੀ ਦੇ ਸਾਰੇ ਵਸਨੀਕਾਂ ਦੇ ਵਿਰੁੱਧ ।31ਧਰਤੀ ਦੇ ਕੰਢਿਆਂ ਤੱਕ ਇੱਕ ਸ਼ੋਰ ਅਪੜੇਗਾ, ਕਿਉਂ ਜੋ ਯਹੋਵਾਹ ਦਾ ਕੌਮਾਂ ਨਾਲ ਝਗੜਾ ਹੈ, ਉਹ ਸਾਰੇ ਬਸ਼ਰਾਂ ਦਾ ਨਿਆਉ ਕਰੇਗਾ, ਅਤੇ ਦੁਸ਼ਟ ਤਲਵਾਰ ਦੇ ਹਵਾਲੇ ਕੀਤੇ ਜਾਣਗੇ, ਯਹੋਵਾਹ ਦਾ ਵਾਕ ਹੈ ।
32ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖੋ, ਬੁਰਿਆਈ ਕੌਮ-ਕੌਮ ਉੱਤੇ ਆ ਪਵੇਗੀ, ਅਤੇ ਇੱਕ ਵੱਡਾ ਤੁਫਾਨ ਧਰਤੀ ਦੀਆਂ ਹੱਦਾਂ ਤੋਂ ਉਠਾਇਆ ਜਾਵੇਗਾ !33ਯਹੋਵਾਹ ਦੇ ਮਾਰੇ ਹੋਏ ਉਸ ਦਿਨ ਧਰਤੀ ਦੇ ਇੱਕ ਕੰਢੇ ਤੋਂ ਦੂਜੇ ਕੰਢੇ ਤੱਕ ਪਏ ਰਹਿਣਗੇ । ਉਹਨਾਂ ਲਈ ਸੋਗ ਨਾ ਹੋਵੇਗਾ, ਉਹ ਨਾ ਇਕੱਠੇ ਕੀਤੇ ਜਾਣਗੇ, ਨਾ ਦੱਬੇ ਜਾਣਗੇ, ਉਹ ਭੋਂ ਉੱਤੇ ਬਿਸ਼ਟਾ ਵਾਂਗੂੰ ਹੋਣਗੇ ।
34ਹੇ ਆਜੜੀਓ, ਤੁਸੀਂ ਵਿਲਕੋ ਅਤੇ ਚਿੱਲਾਓ । ਹੇ ਇੱਜੜ ਦੇ ਚੌਧਰੀਓ, ਤੁਸੀਂ ਸੁਆਹ ਵਿੱਚ ਲੇਟੋ ! ਕਿਉਂ ਜੋ ਤੁਹਾਡੇ ਕਤਲ ਹੋਣ ਦੇ ਅਤੇ ਖਿਲਰਣ ਦੇ ਦਿਨ ਪੂਰੇ ਹੋ ਗਏ, ਅਤੇ ਤੁਸੀਂ ਇੱਕ ਚੰਗੇ ਭਾਂਡੇ ਵਾਂਗੂੰ ਡਿੱਗ ਪਓਗੇ ।35ਆਜੜੀਆਂ ਲਈ ਨੱਸਣ ਦਾ ਮੌਕਾ ਜਾਂਦਾ ਰਿਹਾ, ਅਤੇ ਇੱਜੜ ਦੇ ਚੋਧਰੀਆਂ ਲਈ ਕੋਈ ਬਚਾਓ ਨਾ ਹੋਵੋਗੇ ।36ਆਜੜੀਆਂ ਦੇ ਚਿੱਲਾਉਣ ਦੀ ਅਵਾਜ਼, ਇੱਜੜ ਦੇ ਚੌਧਰੀਆਂ ਦਾ ਵਿਲਕਣਾ ! ਕਿਉਂ ਜੋ ਯਹੋਵਾਹ ਨੇ ਉਹਨਾਂ ਦੀਆਂ ਚਰਾਂਦਾ ਨੂੰ ਉਜਾੜ ਦਿੱਤਾ ਹੈ ।
37ਸ਼ਾਂਤੀ ਦੀਆਂ ਚਰਾਂਦਾਂ ਉੱਜੜ ਗਈਆਂ ਹਨ, ਯਹੋਵਾਹ ਦੇ ਡਾਢੇ ਕ੍ਰੋਧ ਦੇ ਕਾਰਨ ।38ਬਬਰ ਸ਼ੇਰ ਵਾਂਙੁ ਉਸ ਆਪਣੇ ਘੁਰਨੇ ਨੂੰ ਛੱਡ ਦਿੱਤਾ ਹੈ, ਕਿਉਂ ਜੋ ਉਹਨਾਂ ਦਾ ਦੇਸ ਵਿਰਾਨ ਹੋ ਗਿਆ, ਉਸ ਡਾਢੇ ਅਨ੍ਹੇਰ ਦੇ ਕਾਰਨ, ਅਤੇ ਉਹ ਦੇ ਡਾਢੇ ਕ੍ਰੋਧ ਦੇ ਕਾਰਨ ।

26
ਯਿਰਮਿਯਾਹ ਕੈਦ ਅਤੇ ਛੁਟਕਾਰਾ

1ਯਹੂਦਾਹ ਦੇ ਰਾਜਾ ਯਹੋਯਾਕੀਮ ਦੇ ਪੁੱਤਰ ਯੋਸ਼ੀਯਾਹ ਦੇ ਰਾਜ ਦੇ ਅਰੰਭ ਵਿੱਚ ਇਹ ਬਚਨ ਯਹੋਵਾਹ ਵੱਲੋਂ ਆਇਆ ਕਿ2ਯਹੋਵਾਹ ਇਸ ਤਰ੍ਹਾਂ ਆਖਦਾ ਹੈ,- ਤੂੰ ਯਹੋਵਾਹ ਦੇ ਭਵਨ ਦੇ ਵੇਹੜੇ ਵਿੱਚ ਖਲੋ ਅਤੇ ਯਹੂਦਾਹ ਦੇ ਸਾਰੇ ਸ਼ਹਿਰਾਂ ਨੂੰ ਜਿਹੜੇ ਯਹੋਵਾਹ ਦੇ ਭਵਨ ਵਿੱਚ ਮੱਥਾ ਟੇਕਣ ਆਉਂਦੇ ਹਨ ਉਹ ਸਾਰੀਆਂ ਗੱਲਾਂ ਜਿਹਨਾਂ ਦਾ ਮੈਂ ਤੈਨੂੰ ਬੋਲਣ ਦਾ ਹੁਕਮ ਦਿਆਂ, ਬੋਲ ਅਤੇ ਇੱਕ ਗੱਲ ਵੀ ਨਾ ਘਟਾਈਂ3ਖਬਰੇ ਉਹ ਸੁਣਨ ਅਤੇ ਹਰ ਮਨੁੱਖ ਆਪਣੇ ਬੁਰੇ ਰਾਹ ਤੋਂ ਮੁੜੇ ਅਤੇ ਮੈਂ ਉਸ ਬੁਰਿਆਈ ਉੱਤੇ ਰੰਜ ਕਰਾਂ ਜਿਹੜੀ ਮੈਂ ਉਹਨਾਂ ਦੇ ਬੁਰੇ ਕਰਤਬਾਂ ਦੇ ਕਾਰਨ ਉਹਨਾਂ ਨਾਲ ਕਰਨ ਲਈ ਸੋਚੀ ਹੈ

4ਤੂੰ ਉਹਨਾਂ ਨੂੰ ਆਖ, ਯਹੋਵਾਹ ਇਸ ਤਰ੍ਹਾਂ ਫਰਮਾਉਦਾ ਹੈ,- ਜੇ ਤੁਸੀਂ ਮੇਰੀ ਨਾ ਸੁਣੋਗੇ ਕਿ ਮੇਰੀ ਬਿਵਸਥਾ ਉੱਤੇ ਚੱਲੋ ਜਿਹੜੀ ਮੈਂ ਤੁਹਾਡੇ ਅੱਗੇ ਰੱਖੀ ਹੈ5ਅਤੇ ਮੇਰੇ ਦਸਾਂ, ਮੇਰੇ ਨਬੀਆਂ ਦੀਆਂ ਗੱਲਾਂ ਸੁਣੋ ਜਿਹਨਾਂ ਨੂੰ ਮੈਂ ਤੁਹਾਡੇ ਕੋਲ ਭੇਜਿਆ, ਹਾਂ, ਸਗੋਂ ਜਤਨ ਨਾਲ ਭੇਜਿਆ, ਪਰ ਤੁਸੀਂ ਨਾ ਸੁਣਿਆ6ਤਦ ਮੈਂ ਇਸ ਭਵਨ ਨੂੰ ਸ਼ੀਲੋਹ ਵਾਂਗੂੰ ਕਰ ਦਿਆਂਗਾ ਅਤੇ ਇਸ ਸ਼ਹਿਰ ਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਲਈ ਇੱਕ ਸਰਾਪ ਬਣਾਵਾਂਗਾ
7ਜਦ ਜਾਜਕਾਂ, ਨਬੀਆਂ ਅਤੇ ਸਾਰੇ ਲੋਕਾਂ ਨੇ ਯਿਰਮਿਯਾਹ ਨੂੰ ਯਹੋਵਾਹ ਦੇ ਭਵਨ ਵਿੱਚ ਇਹ ਗੱਲਾਂ ਕਰਦੇ ਸੁਣਿਆ8ਤਾਂ ਇਸ ਤਰ੍ਹਾਂ ਹੋਇਆ ਕਿ ਜਦ ਯਿਰਮਿਯਾਹ ਇਹ ਸਾਰੀਆਂ ਗੱਲਾਂ ਮੁਕਾ ਚੁੱਕਾ ਜਿਹਨਾਂ ਦਾ ਯਹੋਵਾਹ ਨੇ ਉਸ ਨੂੰ ਸਾਰੇ ਲੋਕਾਂ ਨਾਲ ਬੋਲਾਂ ਦਾ ਹੁਕਮ ਦਿੱਤਾ ਸੀ ਤਾਂ ਜਾਜਕਾਂ, ਨਬੀਆਂ ਅਤੇ ਸਾਰੇ ਲੋਕਾਂ ਨੇ ਉਹ ਨੂੰ ਫੜ ਲਿਆ ਅਤੇ ਆਖਿਆ ਕਿ ਤੂੰ ਜਰੂਰ ਮਰੇਂਗਾ !9ਤੂੰ ਯਹੋਵਾਹ ਦੇ ਨਾਮ ਉੱਤੇ ਕਿਉਂ ਅਗੰਮ ਵਾਚਿਆ ਕਿ ਇਹ ਭਵਨ ਸ਼ੀਲੋਹ ਵਾਂਗੂੰ ਹੋ ਜਾਵੇਗਾ ਅਤੇ ਇਹ ਸ਼ਹਿਰ ਬਰਬਾਦ ਅਤੇ ਬੇਆਬਾਦ ਹੋ ਜਾਵੇਗਾ ? ਤਾਂ ਸਾਰੇ ਲੋਕ ਯਿਰਮਿਯਾਹ ਕੋਲ ਯਹੋਵਾਹ ਦੇ ਭਵਨ ਵਿੱਚ ਇੱਕਠੇ ਹੋਏ ।
10ਜਦ ਯਹੂਦਾਹ ਦੇ ਸਰਦਾਰਾਂ ਨੇ ਇਹ ਗੱਲਾਂ ਸੁਣੀਆਂ ਤਾਂ ਉਹ ਰਾਜਾ ਦੇ ਮਹਿਲ ਵਿੱਚੋਂ ਯਹੋਵਾਹ ਦੇ ਭਵਨ ਨੂੰ ਚੜ੍ਹ ਗਏ ਅਤੇ ਯਹੋਵਾਹ ਦੇ ਫਾਟਕਾਂ ਦੇ ਨਵੇਂ ਬੂਹੇ ਵਿੱਚ ਬੈਠ ਗਏ11ਤਾਂ ਜਾਜਕਾਂ ਅਤੇ ਨਬੀਆਂ ਨੇ ਸਰਦਾਰਾਂ ਅਤੇ ਸਾਰੇ ਲੋਕਾਂ ਨੂੰ ਆਖਿਆ ਕਿ ਇਹ ਮਨੁੱਖ ਮੌਤ ਦੇ ਜੋਗ ਹੈ ਕਿਉਂ ਜੋ ਇਸ ਨੇ ਇਸ ਸ਼ਹਿਰ ਦੇ ਬਾਰੇ ਅਗੰਮ ਵਾਚਿਆ ਜਿਵੇਂ ਤੁਸੀਂ ਆਪਣੀਂ ਕੰਨੀਂ ਸੁਣਿਆ ਹੈ12ਤਦ ਯਿਰਮਿਯਾਹ ਨੇ ਸਾਰੇ ਸਰਦਾਰਾਂ ਅਤੇ ਸਾਰੇ ਲੋਕਾਂ ਨੂੰ ਆਖਿਆ ਕਿ ਯਹੋਵਾਹ ਨੇ ਮੈਨੂੰ ਭੇਜਿਆ ਕਿ ਇਸ ਘਰ ਦੇ ਵਿਰੁੱਧ ਅਤੇ ਇਸ ਸ਼ਹਿਰ ਦੇ ਵਿਰੁੱਧ ਇਹਨਾਂ ਸਾਰੀਆਂ ਗੱਲਾਂ ਲਈ ਜਿਹੜੀਆਂ ਤੁਸੀਂ ਸੁਣੀਆਂ ਹਨ ਅਗੰਮ ਵਾਚਾ
13ਹੁਣ ਤੁਸੀਂ ਆਪਣਿਆਂ ਰਾਹਾਂ ਨੂੰ ਅਤੇ ਆਪਣੇ ਕਰਤਬਾਂ ਨੂੰ ਠੀਕ ਬਣਾਓ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨੂੰ ਸੁਣੋ ਅਤੇ ਯਹੋਵਾਹ ਉਸ ਬੁਰਿਆਈ ਤੋਂ ਪਛਤਾਵੇਗਾ ਜਿਹੜੀ ਉਹ ਤੁਹਾਡੇ ਵਿਰੁੱਧ ਬੋਲਿਆ ਸੀ14ਪਰ ਮੇਰੇ ਬਾਰੇ ਵੇਖੋ, ਮੈਂ ਤੁਹਾਡੇ ਹੱਥ ਵਿੱਚ ਹਾਂ । ਜਿਵੇਂ ਤੁਹਾਡੀ ਨਿਗਾਹ ਵਿੱਚ ਚੰਗਾ ਅਤੇ ਠੀਕ ਹੈ ਮੇਰੇ ਨਾਲ ਕਰੋ15ਪਰ ਜਾਣ ਲਓ, ਜੇ ਤੁਸੀਂ ਮੈਨੂੰ ਮਾਰ ਦਿਓਗੇ ਤਾਂ ਤੁਸੀਂ ਬੇਦੋਸ਼ੇ ਦਾ ਖੂਨ ਆਪਣੇ ਉੱਤੇ ਅਤੇ ਇਸ ਸ਼ਹਿਰ ਉੱਤੇ ਅਤੇ ਇਸ ਦੇ ਵਾਸੀਆਂ ਉੱਤੇ ਲਿਆਓਗੇ ਕਿਉਂ ਜੋ ਇਹ ਸਚਿਆਈ ਹੈ ਕਿ ਯਹੋਵਾਹ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ ਕਿ ਇਹ ਸਾਰੀਆਂ ਗੱਲਾਂ ਤੁਹਾਡੇ ਕੰਨਾਂ ਵਿੱਚ ਆਖਾਂ
16ਤਦ ਸਰਦਾਰਾਂ ਨੇ ਅਤੇ ਸਾਰੇ ਲੋਕਾਂ ਨੇ ਜਾਜਕਾਂ ਅਤੇ ਨਬੀਆਂ ਨੂੰ ਆਖਿਆ ਕਿ ਇਹ ਮਨੁੱਖ ਮੌਤ ਦੇ ਜੋਗ ਨਹੀਂ ਕਿਉਂ ਜੋ ਇਹ ਯਹੋਵਾਹ ਸਾਡੇ ਪਰਮੇਸ਼ੁਰ ਦੇ ਨਾਮ ਉੱਤੇ ਸਾਡੇ ਨਾਲ ਬੋਲਿਆ ਹੈ17ਤਾਂ ਦੇਸ ਦੇ ਬਜੁਰਗਾਂ ਵਿੱਚੋਂ ਕਈ ਮਨੁੱਖ ਉੱਠੇ ਅਤੇ ਪਰਜਾ ਦੀ ਸਾਰੀ ਸਭਾ ਨੂੰ ਆਖਿਆ,
18ਮੀਕਾਹ ਮੋਰਸ਼ਤੀ ਨੇ ਯਹੂਦਾਹ ਦੇ ਰਾਜਾ ਹਿਜਕੀਯਾਹ ਦੇ ਦਿਨਾਂ ਵਿੱਚ ਅਗੰਮ ਵਾਚਿਆ । ਉਸ ਨੇ ਯਹੂਦਾਹ ਦੇ ਸਾਰੇ ਲੋਕਾਂ ਨੂੰ ਆਖਿਆ, ਸੈਨਾ ਦਾ ਯਹੋਵਾਹ ਇਸ ਤਰ੍ਹਾਂ ਫਰਮਾਉਦਾ ਹੈ, - ਸੀਯੋਨ ਖੇਤ ਵਾਂਘ ਵਾਹਿਆ ਜਾਵੇਗਾ, ਯਰੂਸ਼ਲਮ ਥੇਹ ਬਣ ਜਾਵੇਗਾ, ਅਤੇ ਇਸ ਭਵਨ ਦਾ ਪਹਾੜ ਬਣ ਦੀ ਉਚਿਆਈ ਹੋਵੇਗਾ ।19ਤਾਂ ਕੀ ਯਹੂਦਾਹ ਦੇ ਰਾਜਾ ਹਿਜਕੀਯਾਹ ਨੇ ਅਤੇ ਸਾਰੇ ਯਹੂਦਾਹ ਨੇ ਉਹ ਨੂੰ ਮਾਰ ਦਿੱਤਾ ? ਕੀ ਉਹ ਯਹੋਵਾਹ ਕੋਲੋਂ ਨਾ ਡਰਿਆ ਅਤੇ ਯਹੋਵਾਹ ਅੱਗੇ ਮਿੰਨਤ ਨਾ ਕੀਤੀ ? ਅਤੇ ਕੀ ਯਹੋਵਾਹ ਉਸ ਬੁਰਿਆਈ ਤੋਂ ਜਿਹੜੀ ਉਹ ਉਹਨਾਂ ਦੇ ਵਿਰੁੱਧ ਬੋਲਿਆ ਸੀ ਨਾ ਪਛਤਾਇਆ ? ਇਸ ਤਰ੍ਹਾਂ ਅਸੀਂ ਆਪਣੀਆਂ ਜਾਨਾਂ ਉੱਤੇ ਵੱਡੀ ਬੁਰਿਆਈ ਲਿਆਉਣ ਵਾਲੇ ਹੋਵਾਂਗੇ
20ਇੱਕ ਹੋਰ ਮਨੁੱਖ ਵੀ ਸੀ ਜਿਸ ਨੇ ਯਹੋਵਾਹ ਦੇ ਨਾਮ ਉੱਤੇ ਊਰੀਯਾਹ ਕਿਰਯਥਯਆਰੀਮ ਦਾ ਸੀ । ਉਸ ਨੇ ਯਿਰਮਿਯਾਹ ਦੀਆਂ ਸਾਰੀਆਂ ਗੱਲਾਂ ਵਾਂਘ ਇਸ ਸ਼ਹਿਰ ਦੇ ਵਿਰੁੱਧ ਅਤੇ ਇਸ ਦੇਸ ਦੇ ਵਿਰੁੱਧ ਅਗੰਮ ਵਾਚਿਆ21ਜਦ ਯਹੋਯਾਕੀਮ ਰਾਜਾ ਨੇ ਅਤੇ ਉਸ ਦੇ ਸਾਰੇ ਸੂਰਬੀਰਾਂ ਅਤੇ ਸਾਰੇ ਸਰਦਾਰਾਂ ਨੇ ਉਸ ਦੀਆਂ ਗੱਲਾਂ ਸੁਣੀਆਂ ਤਾਂ ਰਾਜਾ ਉਸ ਦੀ ਮੌਤ ਭਾਲਣ ਲੱਗਾ ਅਤੇ ਜਦ ਊਰੀਯਾਹ ਨੇ ਸੁਣਿਆ ਤਾਂ ਉਹ ਡਰ ਗਿਆ ਅਤੇ ਨੱਸ ਕੇ ਮਿਸਰ ਵਿੱਚ ਜਾ ਵੜਿਆ
22ਤਾਂ ਯਹੋਯਾਕੀਮ ਪਾਤਸ਼ਾ ਨੇ ਮਨੁੱਖਾਂ ਨੂੰ ਮਿਸਰ ਵਿੱਚ ਭੇਜਿਆ ਅਰਥਾਤ ਅਲਨਾਥਾਨ ਨੂੰ ਜਿਹੜਾ ਅਕਬੋਰ ਦਾ ਪੁੱਤਰ ਸੀ ਅਤੇ ਉਹ ਦੇ ਨਾਲ ਹੋਰ ਮਨੁੱਖ ਵੀ ਮਿਸਰ ਨੂੰ23ਉਹ ਊਰੀਯਾਹ ਨੂੰ ਮਿਸਰ ਤੋਂ ਬਾਹਰ ਲਿਆਏ ਅਤੇ ਉਹ ਯਹੋਯਾਕੀਮ ਰਾਜਾ ਦੇ ਕੋਲ ਲਿਆਂਦਾ ਗਿਆ । ਉਹ ਨੇ ਉਸ ਨੂੰ ਤਲਵਾਰ ਨਾਲ ਮਾਰ ਦਿੱਤਾ ਅਤੇ ਉਸ ਦੀ ਲੋਥ ਆਮ ਲੋਕਾਂ ਦੇ ਕਬਰਸਤਾਨ ਵਿੱਚ ਸੁਟਵਾ ਦਿੱਤੀ24ਪਰ ਸ਼ਾਫਾਨ ਦੇ ਪੁੱਤਰ ਅਹੀਕਾਮ ਦਾ ਹੱਥ ਯਿਰਮਿਯਾਹ ਦੇ ਨਾਲ ਸੀ ਭਈ ਉਹ ਉਹ ਨੂੰ ਲੋਕਾਂ ਦੇ ਹੱਥ ਵਿੱਚ ਮਾਰਨ ਲਈ ਨਾ ਦੇਣ ।

27
ਯਿਰਮਿਯਾਹ ਦੀ ਗਰਦਨ ਉੱਤੇ ਜੂਲਾ

1ਯਹੂਦਾਹ ਦੇ ਰਾਜਾ ਯੋਸ਼ੀਯਾਹ ਦੇ ਪੁੱਤਰ ਯਹੋਯਾਕੀਮ ਦੀ ਪਾਤਸ਼ਾਹੀ ਦੇ ਅਰੰਭ ਵਿੱਚ ਯਹੋਵਾਹ ਵੱਲੋਂ ਯਿਰਮਿਯਾਹ ਨੂੰ ਇਹ ਬਚਨ ਆਇਆ2ਅਤੇ ਯਹੋਵਾਹ ਨੇ ਮੈਨੂੰ ਇਸ ਤਰ੍ਹਾਂ ਆਖਿਆ ਕਿ ਨਹਿਣ ਅਤੇ ਜੂਲੇ ਆਪਣੇ ਲਈ ਬਣਾ ਅਤੇ ਉਹਨਾਂ ਨੂੰ ਆਪਣੀ ਧੌਣ ਉੱਤੇ ਰੱਖ3ਅਤੇ ਉਹਨਾਂ ਨੂੰ ਅਦੋਮ ਦੇ ਰਾਜੇ ਕੋਲ, ਮੋਆਬ ਦੇ ਰਾਜੇ, ਅੰਮੋਨੀਆਂ ਦੇ ਰਾਜੇ, ਸੂਰ ਦੇ ਰਾਜੇ ਅਤੇ ਸੈਦਾ ਦੇ ਰਾਜੇ ਕੋਲ ਉਹਨਾਂ ਰਾਜਦੂਤਾਂ ਦੇ ਹੱਥੀਂ ਘੱਲੀ ਜਿਹੜੇ ਯਰੂਸ਼ਲਮ ਵਿੱਚ ਯਹੂਦਾਹ ਦੇ ਰਾਜਾ ਸਿਦਕੀਯਾਹ ਕੋਲ ਆਏ ਹਨ4ਤੂੰ ਉਹਨਾਂ ਨੂੰ ਉਹਨਾਂ ਦੇ ਮਾਕਲਾਂ ਲਈ ਇਹ ਹੁਕਮ ਦੇਈਂ ਕਿ ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਭਈ ਤੁਸੀਂ ਆਪਣੇ ਮਾਲਕਾਂ ਨੂ ਐਉਂ ਆਖਣਾ,

5ਮੈ ਧਰਤੀ ਨੂੰ ਆਦਮੀਆ ਨੂੰ ਅਤੇ ਡੰਗਰਾਂ ਨੂੰ ਜਿਹੜੇ ਧਰਤੀ ਉੱਤੇ ਹਨ ਆਪਣੇ ਵੱਡੇ ਬਲ ਅਤੇ ਵਧਾਈ ਹੋਈ ਬਾਂਹ ਨਾਲ ਬਣਾਇਆ । ਮੈ ਇਹ ਉਹ ਨੂੰ ਦਿੰਦਾ ਹਾਂ ਜਿਹੜਾ ਮੇਰੀ ਨਿਗਾਹ ਵਿੱਚ ਠੀਕ ਹੈ6ਹੁਣ ਮੈ ਇਹ ਸਾਰੇ ਦੇਸ ਆਪਣੇ ਟਹਿਲੂਏ ਬਾਬਲ ਦੇ ਰਾਜਾ ਨਬੂਕਦਰੱਸਰ ਦੇ ਹੱਥ ਵਿੱਚ ਦੇ ਦਿੱਤੇ ਹਨ, ਨਾਲੇ ਖੇਤ ਦੇ ਪਸੂ ਵੀ ਭਈ ਉਹ ਉਸ ਦੀ ਸੇਵਾ ਕਰਨ7ਸਾਰੀਆਂ ਕੌਮਾਂ ਉਹ ਦੀ ਉਹ ਦੇ ਪੁੱਤਰਾਂ ਪੋਤਿਆਂ ਦੀ ਟਹਿਲ ਕਰਨਗੀਆਂ ਜਦ ਤੱਕ ਕਿ ਉਸ ਦੇ ਦੇਸ ਦਾ ਵੇਲਾ ਨਾ ਆਵੇ, ਤਦ ਉਹ ਸਾਰੀਆਂ ਕੌਮਾਂ ਅਤੇ ਵੱਡੇ-ਵੱਡੇ ਰਾਜਾ ਆਣ ਕੇ ਉਸ ਨੂੰ ਗੁਲਾਮ ਬਣਾਉਣਗੇ
8ਅਤੇ ਇਸ ਤਰ੍ਹਾਂ ਹੋਵੇਗਾ ਕਿ ਜਿਹੜੀ ਕੌਮ ਜਾਂ ਪਾਤਸ਼ਾਹੀ ਬਾਬਲ ਦੇ ਰਾਜਾ ਨਬੂਕਦਰੱਸਰ ਦੀ ਟਹਿਲ ਨਾ ਕਰੇਗੀ ਅਤੇ ਆਪਣੀ ਧੌਣ ਬਾਬਲ ਦੇ ਰਾਜਾ ਦੇ ਜੂਲੇ ਹੇਠ ਨਾ ਦੇਵੇਗੀ, ਯਹੋਵਾਹ ਦਾ ਵਾਕ ਹੈ, ਮੈਂ ਉਸ ਕੌਮ ਨੂੰ ਤਲਵਾਰ, ਕਾਲ ਅਤੇ ਬਵਾਂ ਨਾਲ ਸਜ਼ਾ ਦਿਆਂਗਾ ਇਥੋਂ ਤੱਕ ਕਿ ਉਹ ਦੇ ਹੱਥੋਂ ਉਸ ਦਾ ਨਾਸ ਕਰਵਾ ਦਿਆਂਗਾ
9ਤੁਸੀਂ ਆਪਣੇ ਨਬੀਆਂ, ਆਪਣੇ ਫਲ ਪਾਉਣ ਵਾਲਿਆਂ, ਸੁਫ਼ਨਾ ਵੇਖਣ ਵਾਲਿਆਂ, ਰਮਲੀਆਂ ਅਤੇ ਜਾਦੂਗਰਾਂ ਦੀ ਨਾ ਸੁਣੋ ਜਿਹੜੇ ਤੁਹਾਨੂੰ ਆਖਦੇ ਕਿ ਤੁਸੀਂ ਬਾਬਲ ਦੇ ਰਾਜਾ ਦੀ ਟਹਿਲ ਨਾ ਕਰੋਗੇ10ਉਹ ਤਾਂ ਤੁਹਾਡੇ ਨਾਲ ਝੂਠੇ ਅਗੰਮ ਵਾਚਦੇ ਹਨ ਤਾਂ ਜੋ ਤੁਹਾਨੂੰ ਤੁਹਾਡੀ ਭੂਮੀ ਵਿੱਚੋਂ ਦੂਰ ਲੈ ਜਾਣ ਅਤੇ ਮੈਂ ਤੁਹਾਨੂੰ ਹੱਕ ਦਿਆਂ ਤੁਸੀਂ ਮਿੱਟ ਜਾਓ11ਉਹ ਕੌਮ ਜਿਹੜੀ ਬਾਬਲ ਦੇ ਰਾਜਾ ਦੇ ਜੂਲੇ ਹੇਠ ਆਪਣੀ ਧੌਣ ਦੇ ਦੇਵੇਗੀ ਅਤੇ ਉਸ ਦੀ ਟਹਿਲ ਕਰੇਗੀ ਉਹ ਨੂੰ ਮੈਂ ਉਸ ਦੀ ਭੂਮੀ ਵਿੱਚ ਰਹਿਣ ਦਿਆਂਗਾ ਭਈ ਉਸ ਨੂੰ ਵਾਹੇ ਅਤੇ ਉਸ ਵਿੱਚ ਵੱਸੇ, ਯਹੋਵਾਹ ਦਾ ਵਾਕ ਹੈ ।
12ਯਹੂਦਾਹ ਦੇ ਰਾਜਾ ਸਿਦਕੀਯਾਹ ਨੂੰ ਮੈਂ ਇਹ ਸਾਰੀਆਂ ਗੱਲਾਂ ਬੋਲਿਆ ਕਿ ਬਾਬਲ ਦੇ ਰਾਜਾ ਦੇ ਜੂਲੇ ਹੇਠ ਆਪਣੀਆਂ ਧੌਣਾ ਰੱਖੋ, ਉਸ ਦੀ ਅਤੇ ਉਸ ਦੇ ਲੋਕਾਂ ਦੀ ਟਹਿਲ ਕਰੋ ਅਤੇ ਜੀਵੋ13ਤੂੰ ਅਤੇ ਤੇਰੇ ਕੋਲ ਤਲਵਾਰ,ਕਾਲ ਅਤੇ ਬਵਾ ਨਾਲ ਕਿਉਂ ਮਰੋਗੇ ਜਿਵੇਂ ਯਹੋਵਾਹ ਉਹਨਾਂ ਕੌਮਾਂ ਦੇ ਬਾਰੇ ਬੋਲਿਆ ਜਿਹੜੀਆਂ ਬਾਬਲ ਦੇ ਰਾਜਾ ਦੀ ਟਹਿਲ ਨਾ ਕਰਨਗੀਆਂ ?
14ਉਹਨਾਂ ਨਬੀਆਂ ਦੀਆਂ ਗੱਲਾਂ ਨਾ ਸੁਣੋ ਜਿਹੜੇ ਤੁਹਾਨੂੰ ਆਖਦੇ ਹਨ ਕਿ ਤੁਸੀਂ ਬਾਬਲ ਦੇ ਰਾਜਾ ਦੀ ਟਹਿਲ ਨਾ ਕਰੋਗੇ ਕਿਉਂ ਜੋ ਉਹ ਤੁਹਾਡੇ ਲਈ ਝੂਠੇ ਅਗੰਮ ਵਾਕ ਵਾਚਦੇ ਹਨ15ਮੈਂ ਉਹਨਾਂ ਨੂੰ ਨਹੀਂ ਭੇਜਿਆ, ਯਹੋਵਾਹ ਦਾ ਵਾਕ ਹੈ, ਪਰ ਉਹ ਮੇਰੇ ਨਾਮ ਉੱਤੇ ਝੂਠੇ ਅਗੰਮ ਵਾਚਦੇ ਹਨ ਤਾਂ ਜੋ ਮੈਂ ਤੁਹਾਨੂੰ ਹੱਕ ਦਿਆਂ ਅਤੇ ਤੁਸੀਂ ਮਿਟ ਜਾਓ, ਤੁਸੀਂ ਵੀ ਅਤੇ ਉਹ ਨਬੀ ਵੀ ਜਿਹੜੇ ਤੁਹਾਡੇ ਲਈ ਅਗੰਮ ਵਾਚਦੇ ਹਨ ।
16ਤਦ ਮੈਂ ਜਾਜਕਾਂ ਨਾਲ ਅਤੇ ਇਸ ਸਾਰੀ ਪਰਜਾ ਨਾਲ ਗੱਲ ਕੀਤੀ ਕਿ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਆਪਣੇ ਨਬੀਆਂ ਦੀਆਂ ਗੱਲਾਂ ਨਾ ਸੁਣੋ ਜਿਹੜੇ ਤੁਹਾਡੇ ਲਈ ਅਗੰਮ ਵਾਚਦੇ ਹਨ ਅਤੇ ਆਖਦੇ ਹਨ, ਵੇਖੋ, ਯਹੋਵਾਹ ਦੇ ਭਵਨ ਦੇ ਭਾਂਡੇ ਬਾਬਲ ਵਿੱਚੋਂ ਛੇਤੀ ਮੁੜ ਲਿਆਂਦੇ ਜਾਣਗੇ । ਉਹ ਤਾਂ ਤੁਹਾਡੇ ਲਈ ਝੂਠੇ ਅਗੰਮ ਵਾਚਦੇ ਹਨ17ਉਹਨਾਂ ਦੀ ਨਾ ਸੁਣੋ ! ਬਾਬਲ ਦੇ ਰਾਜਾ ਦੀ ਟਹਿਲ ਕਰੋ ਅਤੇ ਜੀਉਂਦੇ ਰਹੋ । ਇਹ ਸ਼ਹਿਰ ਕਿਉਂ ਬਰਬਾਦ ਹੋਵੇ ?18ਪਰ ਜੇ ਉਹ ਨਬੀ ਹੋਣ ਅਤੇ ਯਹੋਵਾਹ ਦਾ ਬਚਨ ਉਹਨਾਂ ਦੇ ਕੋਲ ਹੋਵੇ ਤਾਂ ਉਹ ਸੈਨਾਂ ਦੇ ਯਹੋਵਾਹ ਅੱਗੇ ਸਿਫਾਰਸ਼ ਕਰਨ ਭਈ ਉਹ ਭਾਂਡੇ ਜਿਹੜੇ ਯਹੋਵਾਹ ਦੇ ਭਵਨ ਵਿੱਚ ਅਤੇ ਯਹੂਦਾਹ ਦੇ ਰਾਜਾ ਦੇ ਮਹਿਲ ਵਿੱਚ ਅਤੇ ਯਰੂਸ਼ਲਮ ਵਿੱਚ ਰਹਿ ਗਏ ਹਨ ਉਹ ਬਾਬਲ ਵਿੱਚ ਨਾ ਲਿਆਂਦੇ ਜਾਣ ।
19ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਉਹਨਾਂ ਥੰਮ੍ਹਾਂ ਅਤੇ ਵੱਡੇ ਹੌਦ ਅਤੇ ਕੁਰਸੀਆਂ ਅਤੇ ਬਾਕੀ ਭਾਂਡਿਆਂ ਦੇ ਬਾਰੇ ਜਿਹੜੇ ਇਸ ਸ਼ਹਿਰ ਵਿੱਚ ਬਚ ਰਹੇ ਹਨ20ਜਿਹਨਾਂ ਨੂੰ ਬਾਬਲ ਦੇ ਰਾਜਾ ਨਬੂਕਦਰੱਸਰ ਨਾ ਲੈ ਗਿਆ ਜਦ ਯਹੂਦਾਹ ਦੇ ਰਾਜਾ ਯਹੋਯਾਕੀਮ ਦੇ ਪੁੱਤਰ ਯਕਾਨਯਾਹ ਨੂੰ ਅਤੇ ਯਹੂਦਾਹ ਅਤੇ ਯਰੂਸ਼ਲਮ ਦੇ ਸਾਰੇ ਸ਼ਰੀਫਾਂ ਨੂੰ ਯਰੂਸ਼ਲਮ ਵਿੱਚੋਂ ਅਸੀਰ ਕਰ ਕੇ ਬਾਬਲ ਨੂੰ ਲੈ ਗਿਆ ਸੀ
21ਹਾਂ, ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਉਹਨਾਂ ਭਾਂਡਿਆਂ ਬਾਰੇ ਜਿਹੜੇ ਯਹੋਵਾਹ ਦੇ ਭਵਨ ਵਿੱਚ ਅਤੇ ਯਹੂਦਾਹ ਦੇ ਰਾਜਾ ਦੇ ਮਹਿਲ ਅਤੇ ਯਰੂਸ਼ਲਮ ਵਿੱਚ ਰਹਿ ਗਏ ਹਨ ਇਸ ਤਰ੍ਹਾਂ ਆਖਦਾ ਹੈ,22ਉਹ ਬਾਬਲ ਵਿੱਚ ਲੈ ਜਾਏ ਜਾਣਗੇ ਅਤੇ ਉੱਥੇ ਉਸ ਦਿਨ ਤੱਕ ਰਹਿਣਗੇ ਜਦ ਤੱਕ ਮੈਂ ਉਹਨਾਂ ਵੱਲ ਧਿਆਨ ਨਾ ਦੇ, ਯਹੋਵਾਹ ਦਾ ਵਾਕ ਹੈ । ਤਾਂ ਮੈਂ ਉਹਨਾਂ ਨੂੰ ਲਿਆਵਾਂਗਾ ਅਤੇ ਮੁੜ ਇਸ ਸਥਾਨ ਵਿੱਚ ਰੱਖਾਂਗਾ ।

28
ਯਿਰਮਿਯਾਹ ਅਤੇ ਹਨਨਯਾਹ ਨਬੀ

1ਤਾਂ ਇਸ ਤਰ੍ਹਾਂ ਹੋਵੇਗਾ ਕਿ ਉਸੇ ਸਾਲ ਯਹੂਦਾਹ ਦੇ ਰਾਜਾ ਸਿਦਕੀਯਾਹ ਦੀ ਪਾਤਸ਼ਾਹੀ ਦੇ ਅਰੰਭ ਵਿੱਚ ਚੌਥੇ ਸਾਲ ਦੇ ਪੰਜਵੇਂ ਮਹੀਨੇ ਅੱਜ਼ੂਰ ਦੇ ਪੁੱਤਰ ਹਨਨਯਾਹ ਨਬੀ ਨੇ ਜਿਹੜਾ ਗਿਬਓਨ ਦਾ ਸੀ ਯਹੋਵਾਹ ਦੇ ਭਵਨ ਵਿੱਚ ਜਾਜਕਾਂ ਦੇ ਅਤੇ ਸਾਰੇ ਲੋਕਾਂ ਦੇ ਵੇਖਦਿਆਂ ਮੈਨੂੰ ਆਖਿਆ,2ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਕਿ ਮੈਂ ਬਾਬਲ ਦੇ ਰਾਜਾ ਦੇ ਜੂਲੇ ਨੂੰ ਭੰਨ ਦਿੱਤਾ ਹੈ !

3ਪੂਰੇ ਦੋਂਹੁ ਵਰਿਹਾਂ ਤੱਕ ਮੈਂ ਯਹੋਵਾਹ ਦੇ ਭਵਨ ਦੇ ਸਾਰੇ ਭਾਂਡੇ ਜਿਹੜੇ ਬਾਬਲ ਦੇ ਰਾਜਾ ਨਬੂਕਦਰੱਸਰ ਇਸ ਸਥਾਨ ਵਿੱਚੋਂ ਲੈ ਕੇ ਬਾਬਲ ਵਿੱਚ ਲੈ ਗਿਆ ਹੈ ਇਸ ਸਥਾਨ ਨੂੰ ਮੁੜ ਲਿਆਵਾਂਗਾ4ਅਤੇ ਯਹੂਦਾਹ ਦੇ ਰਾਜਾ ਯਹੋਯਾਕੀਮ ਦੇ ਪੁੱਤਰ ਯਕਾਨਯਾਹ ਨੂੰ ਅਤੇ ਯਹੂਦਾਹ ਦੇ ਸਾਰੇ ਅਸੀਰਾਂ ਨੂੰ ਜਿਹੜੇ ਬਾਬਲ ਨੂੰ ਗਏ ਮੈਂ ਮੁੜ ਇਸ ਸਥਾਨ ਵਿੱਚ ਲੈ ਆਵਾਂਗਾ, ਯਹੋਵਾਹ ਦਾ ਵਾਕ ਹੈ, ਕਿਉਂ ਜੋ ਮੈਂ ਬਾਬਲ ਦੇ ਰਾਜਾ ਦੇ ਜੂਲੇ ਨੂੰ ਭੰਨ ਦਿਆਂਗਾ ।
5ਤਦ ਯਿਰਮਿਯਾਹ ਨਬੀ ਹਨਨਯਾਹ ਨਬੀ ਨੂੰ ਜਾਜਕਾਂ ਦੇ ਵੇਖਦਿਆਂ ਅਤੇ ਸਾਰੇ ਲੋਕਾਂ ਦੇ ਵੇਖਦਿਆਂ ਜਿਹੜੇ ਯਹੋਵਾਹ ਦੇ ਭਵਨ ਵਿੱਚ ਖਲੋਤੇ ਸਨ ਬੋਲਿਆ6ਤੇ ਯਿਰਮਿਯਾਹ ਨਬੀ ਨੇ ਆਖਿਆ ਆਮੀਨ ! ਕਾਸ਼ ਕਿ ਯਹੋਵਾਹ ਏਵੇਂ ਹੀ ਕਰੇ ! ਯਹੋਵਾਹ ਤੇਰੀਆਂ ਗੱਲਾਂ ਨੂੰ ਜਿਹਨਾਂ ਦਾ ਤੂੰ ਅਗੰਮ ਵਾਚਿਆ ਹੈ ਪੂਰਾ ਕਰੇ ਅਤੇ ਯਹੋਵਾਹ ਦੇ ਭਵਨ ਦੇ ਭਾਂਡੇ ਅਤੇ ਸਾਰੇ ਅਸੀਰਾਂ ਨੂੰ ਬਾਬਲ ਵਿੱਚੋਂ ਇਸ ਸਥਾਨ ਨੂੰ ਮੋੜ ਲੈ ਆਵੇ !7ਤਦ ਵੀ ਇਹ ਗੱਲ ਸੁਣ ਜਿਹੜੀ ਮੈਂ ਤੇਰੇ ਕੰਨਾਂ ਵਿੱਚ ਆਖਾਂ
8ਉਹਨਾਂ ਨਬੀਆਂ ਨੇ ਜਿਹੜੇ ਪੁਰਾਣੇ ਸਮਿਆਂ ਵਿੱਚ ਮੈਥੋਂ ਅਤੇ ਤੈਥੋਂ ਪਹਿਲਾਂ ਸਨ ਬਹੁਤਿਆਂ ਦੇਸਾਂ ਅਤੇ ਵੱਡੀਆਂ ਪਾਤਸ਼ਾਹੀਆਂ ਦੇ ਵਿਰੁੱਧ ਲੜਾਈ, ਬੁਰਿਆਈ ਅਤੇ ਬਵਾ ਲਈ ਅਗੰਮ ਵਾਚਿਆ9ਉਹ ਨਬੀ ਜਿਹੜਾ ਸ਼ਾਂਤੀ ਲਈ ਅਗੰਮ ਵਾਚਦਾ ਹੈ, ਜਦ ਉਸ ਨਬੀ ਦੀ ਗੱਲ ਪੂਰੀ ਹੋਵੇਗੀ ਤਦ ਜਾਣਿਆ ਜਾਵੇਗਾ ਕਿ ਉਹ ਨਬੀ ਨੂੰ ਸੱਚ-ਮੁੱਚ ਯਹੋਵਾਹ ਨੇ ਭੇਜਿਆ ਸੀ
10ਤਾਂ ਹਨਨਯਾਹ ਨਬੀ ਨੇ ਯਿਰਮਿਯਾਹ ਨਬੀ ਦੀ ਧੌਣ ਉੱਤੇ ਜੂਲਾ ਲਾਹਿਆ ਅਤੇ ਉਹ ਨੂੰ ਭੰਨ ਦਿੱਤਾ11ਤਾਂ ਹਨਨਯਾਹ ਨੇ ਸਾਰੇ ਲੋਕਾਂ ਦੇ ਵੇਖਦਿਆਂ ਆਖਿਆ ਕਿ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਏਵੇਂ ਮੈਂ ਬਾਬਲ ਦੇ ਰਾਜਾ ਨਬੂਕਦਰੱਸਰ ਦਾ ਜੂਲਾ ਸਾਰੀਆਂ ਕੌਮਾਂ ਦੀ ਧੌਣ ਉੱਤੋਂ ਪੂਰੇ ਦੋ ਸਾਲਾਂ ਵਿੱਚ ਭੰਨ ਦਿਆਂਗਾ । ਤਾਂ ਯਿਰਮਿਯਾਹ ਨਬੀ ਆਪਣੇ ਰਾਹ ਚੱਲਿਆ ਗਿਆ ।
12ਜਦ ਹਨਨਯਾਹ ਨਬੀ ਨੇ ਯਿਰਮਿਯਾਹ ਨਬੀ ਦੀ ਧੌਣ ਉੱਤੇ ਜੂਲਾ ਦਿੱਤਾ ਤਾਂ ਉਸ ਦੇ ਪਿੱਛੋਂ ਯਹੋਵਾਹ ਦਾ ਬਚਨ ਯਿਰਮਿਯਾਹ ਕੋਲ ਆਇਆ13ਜਾ ਅਤੇ ਹਨਨਯਾਹ ਨੂੰ ਆਖ ਕਿ ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਤੂੰ ਲੱਕੜੀ ਦੇ ਜੂਲੇ ਤਾਂ ਭੰਨ ਦਿੱਤੇ ਹਨ ਪਰ ਤੂੰ ਉਹਨਾਂ ਦੇ ਥਾਂ ਲੋਹੇ ਦੇ ਜੂਲੇ ਬਣਾਏ14ਕਿਉਂ ਜੋ ਇਸਰਾਏਲ ਦਾ ਪਰਮੇਸ਼ੁਰ ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਮੈਂ ਲੋਹੇ ਦਾ ਜੂਲਾ ਇਹਨਾਂ ਸਾਰੀਆਂ ਕੌਮਾਂ ਦੀ ਧੌਣ ਉੱਤੇ ਰੱਖਿਆ ਹੈ ਕਿ ਉਹ ਬਾਬਲ ਦੇ ਰਾਜਾ ਨਬੂਕਦਰੱਸਰ ਦੀ ਟਹਿਲ ਕਰਨ ਅਤੇ ਉਹ ਉਸ ਦੀ ਟਹਿਲ ਕਰਨਗੀਆਂ, ਨਾਲੇ ਮੈਂ ਉਹ ਨੂੰ ਖੇਤ ਦੇ ਪਸੂ ਵੀ ਦੇ ਦਿੱਤੇ ਹਨ
15ਤਾਂ ਯਿਰਮਿਯਾਹ ਨਬੀ ਨੇ ਹਨਨਯਾਹ ਨਬੀ ਨੂੰ ਆਖਿਆ, ਹਨਨਯਾਹ, ਜ਼ਰਾ ਸੁਣ ਤਾਂ । ਯਹੋਵਾਹ ਨੇ ਤੈਨੂੰ ਨਹੀਂ ਭੇਜਿਆ, ਤੂੰ ਤਾਂ ਇਸ ਪਰਜਾ ਨੂੰ ਝੂਠੀ ਆਸ ਦਿੰਦਾ ਹੈਂ16ਇਸ ਲਈ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖ, ਮੈਂ ਤੈਨੂੰ ਭੂਮੀ ਦੀ ਪਰਤ ਉੱਤੋਂ ਕੱਢ ਦਿਆਂਗਾ । ਤੂੰ ਇਸ ਸਾਲ ਮਰ ਜਾਵੇਂਗਾ ਕਿਉਂ ਜੋ ਤੂੰ ਯਹੋਵਾਹ ਦੇ ਵਿਰੁੱਧ ਆਕੀ ਪੁਣੇ ਨਾਲ ਬੋਲਿਆ ਹੈਂ !17ਸੋ ਹਨਨਯਾਹ ਨਬੀ ਉਸੇ ਸਾਲ ਦੇ ਸੱਤਵੇਂ ਮਹੀਨੇ ਮਰ ਗਿਆ ।

29
ਬਾਬੁਲ ਦੇ ਵਿੱਚ ਬੰਦੀ ਯਹੂਦੀਆਂ ਨੂੰ ਯਿਰਮਿਯਾਹ ਦਾ ਪੱਤਰ

1ਇਹ ਉਸ ਪੱਤ੍ਰੀ ਦੀਆਂ ਗੱਲਾਂ ਹਨ ਜਿਹੜੀ ਯਿਰਮਿਯਾਹ ਨਬੀ ਨੇ ਯਰੂਸ਼ਲਮ ਤੋਂ ਅਸੀਰੀ ਦੇ ਰਹਿੰਦੇ ਬਜ਼ੁਰਗਾਂ, ਜਾਜਕਾਂ, ਨਬੀਆਂ,ਅਤੇ ਸਾਰੇ ਲੋਕਾਂ ਨੂੰ ਘੱਲੀ ਜਿਹਨਾਂ ਨੂੰ ਨਬੂਕਦਰੱਸਰ ਯਰੂਸ਼ਲਮ ਵਿੱਚੋਂ ਬਾਬਲ ਨੂੰ ਅਸੀਰ ਕਰ ਕੇ ਲੈ ਗਿਆ2ਇਸ ਤੋਂ ਪਿੱਛੇ ਕਿ ਯਕਾਨਯਾਹ ਪਾਤਸ਼ਾਹ, ਰਾਜ ਮਾਤਾ, ਤੇ ਖੁਸਰੇ ਤੇ ਸਰਦਾਰ, ਲੋਹਰ ਤੇ ਤਰਖਾਣ ਯਹੂਦਾਹ ਤੇ ਯਰੂਸ਼ਲਮ ਵਿੱਚੋਂ ਨਿੱਕਲ ਗਏ ਸਨ3ਉਸ ਨੇ ਸ਼ਾਫਾਨ ਦੇ ਪੁੱਤਰ ਅਲਆਸਾਹ ਅਤੇ ਹਿਲਕੀਯਾਹ ਦੇ ਪੁੱਤਰ ਗਮਰਯਾਹ ਦੇ ਹੱਥੀਂ ਇਹ ਪੱਤ੍ਰੀ ਘੱਲੀ ਜਿਹਨਾਂ ਨੂੰ ਯਹੂਦਾਹ ਦੇ ਰਾਜਾ ਸਿਦਕੀਯਾਹ ਨੇ ਬਾਬਲ ਵਿੱਚ ਬਾਬਲ ਦੇ ਰਾਜਾ ਨਬੂਕਦਰੱਸਰ ਕੋਲ ਭੇਜਿਆ

4ਕਿ ਸੈਨਾ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਉਹਨਾਂ ਸਾਰੀਆਂ ਅਸੀਰਾਂ ਨੂੰ ਜਿਹਨਾਂ ਨੂੰ ਮੈਂ ਯਰੂਸ਼ਲਮ ਵਿੱਚੋਂ ਅਸੀਰ ਕਰ ਕੇ ਬਾਬਲ ਨੂੰ ਭੇਜਿਆ ਹੈ ਇਸ ਤਰ੍ਹਾਂ ਆਖਦਾ ਹੈ,-5ਤੁਸੀਂ ਘਰ ਬਣਾਓ ਅਤੇ ਉਹਨਾਂ ਵਿੱਚ ਵੱਸੋ ਅਤੇ ਬਾਗ ਲਾਓ ਅਤੇ ਉਹਨਾਂ ਦੇ ਮੇਵੇ ਖਾਓ
6ਤੁਸੀਂ ਔਰਤਾਂ ਵਿਆਹੋ ਅਤੇ ਪੁੱਤਰ ਧੀਆਂ ਪੈਦਾ ਕਰੋ ਅਤੇ ਆਪਣੇ ਪੁੱਤਰਾਂ ਲਈ ਔਰਤਾਂ ਵਿਆਹੋ ਅਤੇ ਆਪਣੀਆਂ ਧੀਆਂ ਨੂੰ ਮਨੁੱਖਾਂ ਨੂੰ ਦਿਓ ਕਿ ਉਹ ਪੁੱਤਰ ਧੀਆਂ ਜਣਨ ਅਤੇ ਉੱਥੇ ਤੁਸੀਂ ਵੱਧ ਜੋ ਅਤੇ ਘਟੋ ਨਾ7ਅਤੇ ਉਸ ਸ਼ਹਿਰ ਲਈ ਸ਼ਾਂਤੀ ਭਾਲੋ ਜਿੱਥੇ ਮੈਂ ਤੁਹਾਨੂੰ ਅਸੀਰ ਕਰ ਕੇ ਭੇਜਿਆ ਹੈ ਅਤੇ ਉਸ ਦੇ ਕਾਰਨ ਯਹੋਵਾਹ ਅੱਗੇ ਪ੍ਰਾਰਥਨਾ ਕਰੋ ਕਿਉਂ ਜੋ ਉਸ ਦੀ ਸ਼ਾਂਤੀ ਵਿੱਚ ਤੁਹਾਡੀ ਸ਼ਾਂਤੀ ਹੈ
8ਕਿਉਂ ਜੋ ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਕਿ ਤੁਹਾਡੇ ਨਬੀ ਜਿਹੜੇ ਤੁਹਾਡੇ ਵਿੱਚ ਹਨ ਅਤੇ ਤੁਹਾਡੇ ਫ਼ਾਲ ਪਾਉਣ ਵਾਲੇ ਤੁਹਾਨੂੰ ਕੁਰਾਹੇ ਨਾ ਪਾਉਣ ਅਤੇ ਆਪਣੇ ਸੁਫ਼ਨੇ ਜਿਹੜੇ ਤੁਸੀਂ ਵੇਖਦੇ ਹੋ ਨਾ ਮੰਨੋ9ਕਿਉਂ ਜੋ ਉਹ ਮੇਰੇ ਨਾਮ ਉੱਤੇ ਝੂਠ ਅਗੰਮ ਵਾਚਦੇ ਹਨ, ਮੈਂ ਉਹਨਾਂ ਨੂੰ ਨਹੀਂ ਭੇਜਿਆ, ਯਹੋਵਾਹ ਦਾ ਵਾਕ ਹੈ ।
10ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਜਦ ਬਾਬਲ ਲਈ ਸੱਤਰ ਸਾਲ ਪੂਰੇ ਹੋ ਜਾਣਗੇ ਮੈਂ ਤੁਹਾਡੀ ਖ਼ਬਰ ਲਵਾਂਗਾ ਅਤੇ ਮੈਂ ਤੁਹਾਨੂੰ ਇਸ ਸਥਾਨ ਉੱਤੇ ਫਿਰ ਲਿਆ ਕੇ ਆਪਣੀ ਭਲਿਆਈ ਦੀ ਗੱਲ ਪੂਰੀ ਕਰਾਂਗਾ11ਮੈਂ ਤਾਂ ਆਪਣੀਆਂ ਸੋਚਾਂ ਨੂੰ ਜਿਹੜੀਆਂ ਤੁਹਾਡੇ ਬਾਰੇ ਸੋਚਦਾ ਹਾਂ, ਜਾਣਦਾ ਹਾਂ, ਯਹੋਵਾਹ ਦਾ ਵਾਕ ਹੈ, ਸ਼ਾਂਤੀ ਦੀਆਂ ਸੋਚਾਂ, ਬੁਰਿਆਈ ਦੀਆਂ ਨਹੀਂ ਭਈ ਮੈਂ ਤੁਹਾਨੂੰ ਛੇਕੜ ਨੂੰ ਆਸ ਦੁਆਵਾਂ
12ਤਦ ਤੁਸੀਂ ਮੈਨੂੰ ਪੁਕਾਰੋਗੇ ਅਤੇ ਜਾ ਕੇ ਮੈਥੋਂ ਪ੍ਰਾਰਥਨਾ ਕਰੋਗੇ ਤੇ ਮੈਂ ਤੁਹਾਡੀ ਸੁਣਾਂਗਾ13ਤੁਸੀਂ ਮੈਨੂੰ ਭਾਲੋਗੇ ਅਤੇ ਲੱਭੋਗੇ, ਜਦ ਤੁਸੀਂ ਆਪਣੇ ਸਾਰੇ ਦਿਲ ਨਾਲ ਮੈਨੂੰ ਭਾਲੋਗੇ14ਮੈਂ ਤੁਹਾਨੂੰ ਲੱਭਾਂਗਾ, ਯਹੋਵਾਹ ਦਾ ਵਾਕ ਹੈ । ਮੈਂ ਤੁਹਾਡੀ ਅਸੀਰੀ ਨੂੰ ਮੁਕਾ ਦਿਆਂਗਾ ਅਤੇ ਮੈਂ ਤੁਹਾਨੂੰ ਸਾਰੀਆਂ ਕੌਮਾਂ ਵਿੱਚੋਂ ਅਤੇ ਸਾਰਿਆਂ ਥਾਵਾਂ ਵਿੱਚੋਂ ਜਿੱਥੇ ਮੈਂ ਤੁਹਾਨੂੰ ਹੱਕ ਦਿੱਤਾ ਸੀ ਇਕੱਠਾ ਕਰਾਂਗਾ, ਯਹੋਵਾਹ ਦਾ ਵਾਕ ਹੈ, ਅਤੇ ਮੈਂ ਤੁਹਾਨੂੰ ਇਸ ਥਾਂ ਨੂੰ ਮੋੜ ਲਿਆਵਾਂਗਾ ਜਿੱਥੋਂ ਮੈਂ ਤੁਹਾਨੂੰ ਅਸੀਰ ਕਰਵਾਇਆ ਸੀ ।
15ਤੁਸੀਂ ਜੋ ਆਖਿਆ ਹੈ ਕਿ ਯਹੋਵਾਹ ਨੇ ਸਾਡੇ ਲਈ ਬਾਬਲ ਵਿੱਚ ਨਬੀ ਕਾਇਮ ਕੀਤੇ ਹਨ16ਇਸ ਲਈ ਯਹੋਵਾਹ ਉਸ ਰਾਜਾ ਦੇ ਬਾਰੇ ਜਿਹੜਾ ਦਾਊਦ ਦੇ ਸਿੰਘਾਸਣ ਉੱਤੇ ਬਿਰਾਜਮਾਨ ਹੈ ਅਤੇ ਸਾਰੀ ਪਰਜਾ ਦੇ ਬਾਰੇ ਜਿਹੜੀ ਇਸ ਸ਼ਹਿਰ ਵਿੱਚ ਵੱਸਦੀ ਹੈ ਅਤੇ ਤੁਹਾਡੇ ਭਰਾਵਾਂ ਦੇ ਬਾਰੇ ਜਿਹੜੇ ਤੁਹਾਡੇ ਨਾਲ ਅਸੀਰ ਹੋ ਕੇ ਬਾਹਰ ਨਹੀਂ ਗਏ ਇਸ ਤਰ੍ਹਾਂ ਆਖਦਾ ਹੈ,17ਵੇਖੋ,ਮੈਂ ਉਹਨਾਂ ਲਈ ਤਲਵਾਰ, ਕਾਲ ਅਤੇ ਬਵਾ ਨੂੰ ਘੱਲਾਂਗਾ, ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਮੈਂ ਉਹਨਾਂ ਨੂੰ ਸੜੀਆਂ ਹੋਈਆਂ ਹਜੀਰਾਂ ਵਾਂਗੂੰ ਬਣਾਵਾਂਗਾ ਜਿਹੜੀਆਂ ਖਰਾਬ ਹੋਣ ਦੇ ਕਾਰਨ ਖਾਧੀਆਂ ਨਹੀਂ ਜਾਂਦੀਆਂ
18ਮੈਂ ਤਲਵਾਰ, ਕਾਲ ਅਤੇ ਬਵਾ ਨਾਲ ਉਹਨਾਂ ਦਾ ਪਿੱਛਾ ਕਰਾਂਗਾ । ਮੈਂ ਉਹਨਾਂ ਨੂੰ ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਲਈ ਇੱਕ ਭੈ ਬਣਾਵਾਂਗਾ ਅਤੇ ਉਹ ਉਹਨਾਂ ਸਾਰੀਆਂ ਕੌਮਾਂ ਵਿੱਚ ਜਿਹਨਾਂ ਵਿੱਚ ਮੈਂ ਉਹਨਾਂ ਨੂੰ ਹੱਕ ਦਿਆਂਗਾ ਸਰਾਪ, ਹੌਲ ਅਤੇ ਨੱਕ ਚੜ੍ਹਾਉਣ ਅਤੇ ਨਿੰਦਿਆ ਦਾ ਕਾਰਨ ਹੋਣਗੇ19ਇਸ ਲਈ ਜੋ ਉਹਨਾਂ ਮੇਰੀਆਂ ਗੱਲਾਂ ਨਹੀਂ ਸੁਣੀਆਂ, ਯਹੋਵਾਹ ਦਾ ਵਾਕ ਹੈ, ਮੈਂ ਆਪਣੇ ਦਾਸਾਂ, ਆਪਣੇ ਨਬੀਆਂ ਨੂੰ ਉਹਨਾਂ ਕੋਲ ਭੇਜਿਆ ਸਗੋਂ ਜਤਨ ਨਾਲ ਉਹਨਾਂ ਨੂੰ ਭੇਜਿਆ, ਪਰ ਤੁਸੀਂ ਨਾ ਸੁਣਿਆ, ਯਹੋਵਾਹ ਦਾ ਵਾਕ ਹੈ
20ਸੋ ਹੇ ਸਾਰੇ ਅਸੀਰੋ, ਜਿਹਨਾਂ ਨੂੰ ਮੈਂ ਯਰੂਸ਼ਲਮ ਵਿੱਚੋਂ ਬਾਬਲ ਨੂੰ ਭੇਜਿਆ, ਯਹੋਵਾਹ ਦਾ ਬਚਨ ਸੁਣੋ21ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, - ਵੇਖੋ, ਮੈਂ ਕੋਲਾਯਾਹ ਦੇ ਪੁੱਤਰ ਅਹਾਬ ਨੂੰ ਅਤੇ ਮਆਸਯਾਹ ਦੇ ਪੁੱਤਰ ਸਿਦਕੀਯਾਹ ਨੂੰ ਜਿਹੜੇ ਮੇਰੇ ਨਾਮ ਉੱਤੇ ਝੂਠੇ ਅਗੰਮ ਵਾਚਦੇ ਹਨ ਬਾਬਲ ਦੇ ਰਾਜਾ ਨਬੂਕਦਰੱਸਰ ਦੇ ਹੱਥ ਵਿੱਚ ਦਿਆਂਗਾ ਅਤੇ ਉਹ ਤੁਹਾਡੇ ਵੇਖਦਿਆਂ ਉਹਨਾਂ ਨੂੰ ਮਾਰ ਸੁੱਟੇਗਾ !
22ਯਹੂਦਾਹ ਦੇ ਸਾਰੇ ਅਸੀਰਾਂ ਨਾਲ ਜਿਹੜੇ ਬਾਬਲ ਵਿੱਚ ਹਨ ਉਹਨਾਂ ਦੇ ਕਾਰਨ ਇਹ ਸਰਾਪ ਵਰਤਿਆ ਜਾਵੇਗਾ ਕਿ " ਯਹੋਵਾਹ ਤੈਨੂੰ ਸਿਦਕੀਯਾਹ ਅਤੇ ਅਹਾਬ ਵਾਂਗੂੰ ਕਰੇ ਜਿਹਨਾਂ ਨੂੰ ਬਾਬਲ ਦੇ ਰਾਜਾ ਨੇ ਅੱਗ ਉੱਤੇ ਭੁੰਨ ਸੁੱਟਿਆ " !23ਕਿਉਂ ਜੋ ਉਹਨਾਂ ਇਸਰਾਏਲ ਵਿੱਚ ਮੂਰਖਪੁਣਾ ਕੀਤਾ ਅਤੇ ਆਪਣੀਆਂ ਗੁਆਂਢੀਆਂ ਦੀਆਂ ਔਰਤਾਂ ਦੇ ਨਾਲ ਜ਼ਨਾਹ ਕੀਤਾ ਅਤੇ ਮੇਰੇ ਨਾਮ ਉੱਤੇ ਝੂਠੀਆਂ ਗੱਲਾਂ ਬੋਲੇ ਜਿਹਨਾ ਦਾ ਮੈਂ ਉਹਨਾਂ ਨੂੰ ਹੁਕਮ ਨਹੀਂ ਦਿੱਤਾ ਸੀ । ਮੈਂ ਉਹੋ ਹਾਂ ਜੋ ਜਾਣਦਾ ਹੈ ਅਤੇ ਮੈਂ ਗਵਾਹ ਹਾਂ, ਯਹੋਵਾਹ ਦਾ ਵਾਕ ਹੈ ।
ਸ਼ਅਯਾਹ ਨੂੰ ਸੰਦੇਸ਼

24ਤੂੰ ਸ਼ਅਯਾਹ ਨਹਲਾਮੀ ਨੂੰ ਆਖ ਕਿ25ਸੈਨਾ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, - ਇਸ ਲਈ ਕਿ ਤੂੰ ਆਪਣੇ ਨਾਉ ਉੱਤੇ ਸਾਰੀ ਪਰਜਾ ਨੂੰ ਜਿਹੜੀ ਯਰੂਸ਼ਲਮ ਵਿੱਚ ਹੈ ਅਤੇ ਮਆਸੇਯਾਹ ਦੇ ਪੁੱਤਰ ਸਫ਼ਨਯਾਹ ਜਾਜਕ ਨੂੰ ਅਤੇ ਸਾਰੇ ਜਾਜਕਾਂ ਨੂੰ ਪੱਤਰੀਆਂ ਲਿਖ ਘੱਲੀਆਂ ਹਨ ਕਿ26ਯਹੋਵਾਹ ਨੇ ਯਹੋਯਾਦਾ ਜਾਜਕ ਦੇ ਥਾਂ ਤੈਨੂੰ ਜਾਜਕ ਬਣਾ ਦਿੱਤਾ ਭਈ ਯਹੋਵਾਹ ਦੇ ਭਵਨ ਉੱਤੇ ਜੁੰਮੇਵਾਰੀ ਹੋਵੇ ਅਤੇ ਹਰੇਕ ਜਿਹੜਾ ਕਮਲਪੁਣਾ ਕਰਦਾ ਹੈ ਅਤੇ ਅਗੰਮ ਵਾਚਦਾ ਹੈ ਤੂੰ ਉਨ ਨੂੰ ਕਾਠ ਅਤੇ ਸੰਗਲਾਂ ਵਿੱਚ ਪਾਵੇਂ
27ਹੁਣ ਤੈ ਅਨਥੋਥੀ ਯਿਰਮਿਯਾਹ ਨੂੰ ਕਿਉਂ ਨਹੀਂ ਘੁਰਕਿਆ ਜਿਹੜਾ ਤੁਹਾਡੇ ਲਈ ਆਪਣੇ ਆਪ ਨੂੰ ਨਬੀ ਬਣਾ ਬੈਠਾ ਹੈ ?28ਕਿਉਂ ਜੋ ਉਸ ਨੇ ਸਾਨੂੰ ਬਾਬਲ ਵਿੱਚ ਇਹ ਅਖਵਾ ਭੇਜਿਆ ਹੈ ਕਿ ਤੁਹਾਡੀ ਅਸੀਰੀ ਲੰਮੀ ਹੈ । ਤੁਸੀਂ ਘਰ ਬਣਾਓ ਅਤੇ ਵੱਸੋ, ਬਾਗ ਲਓ ਅਤੇ ਉਹ ਦਾ ਫਲ ਖਾਓ29ਤਾਂ ਸਫ਼ਨਯਾਹ ਜਾਜਕ ਨੇ ਇਹ ਪੱਤਰੀ ਵਾਚ ਕੇ ਯਿਰਮਿਯਾਹ ਨਬੀ ਦੇ ਕੰਨਾਂ ਵਿੱਚ ਸੁਣਾਇਆ ।
30ਤਾਂ ਯਹੋਵਾਹ ਦਾ ਬਚਨ ਯਿਰਮਿਯਾਹ ਕੋਲ ਆਇਆ ਕਿ31ਸਭ ਅਸੀਰਾਂ ਨੂੰ ਅਖਵਾ ਘੱਲ ਕਿ ਯਹੋਵਾਹ ਨਹਲਾਮ ਦੇ ਸ਼ਮਅਯਾਹ ਬਾਰੇ ਇਸ ਤਰ੍ਹਾਂ ਆਖਦਾ ਹੈ, - ਇਸ ਲਈ ਕਿ ਸ਼ਮਅਯਾਹ ਨੇ ਤੁਹਾਡੇ ਲਈ ਅਗੰਮ ਵਾਚਿਆ ਅਤੇ ਮੈਂ ਉਹ ਨੂੰ ਨਹੀਂ ਭੇਜਿਆ ਉਸ ਨੇ ਤੁਹਾਨੂੰ ਝੂਠ ਉੱਤੇ ਆਸ ਦੁਆਈ, -32ਇਸ ਲਈ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖੋ, ਮੈਂ ਨਹਲਾਮੀ ਸ਼ਮਅਯਾਹ ਅਤੇ ਉਸ ਦੀ ਨਸਲ ਦੀ ਖ਼ਬਰ ਲੈਂਦਾ ਹਾਂ ਅਤੇ ਉਹ ਦਾ ਕੋਈ ਮਨੁੱਖ ਇਸ ਪਰਜਾ ਵਿੱਚ ਨਾ ਵੱਸੇਗਾ ਜੋ ਉਸ ਭਲਿਆਈ ਨੂੰ ਜਿਹੜੀ ਮੈਂ ਆਪਣੀ ਪਰਜਾ ਨਾਲ ਕਰਾਂਗਾ ਵੇਖੇਗਾ, ਯਹੋਵਾਹ ਦਾ ਵਾਕ ਹੈ, ਕਿਉਂ ਜੋ ਉਹ ਯਹੋਵਾਹ ਦੇ ਵਿਰੁੱਧ ਬਗਾਵਤ ਬੋਲਿਆ ਹੈ ।

30
ਗੁਲਾਮੀ ਵਿੱਚੋਂ ਛੁਟਕਾਰੇ ਦਾ ਵਾਅਦਾ

1ਉਹ ਬਚਨ ਜਿਹੜਾ ਯਹੋਵਾਹ ਵੱਲੋਂ ਯਿਰਮਿਯਾਹ ਨੂੰ ਆਇਆ ਕਿ2ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਕਿ ਸਾਰੀਆਂ ਗੱਲਾਂ ਜਿਹੜੀਆਂ ਮੈਂ ਤੈਨੂੰ ਆਖੀਆਂ ਹਨ ਪੋਥੀ ਵਿੱਚ ਲਿਖ ਲੈ3ਕਿਉਂ ਜੋ, ਵੇਖੋ, ਉਹ ਦਿਨ ਆਉਂਦੇ ਹਨ, ਯਹੋਵਾਹ ਦਾ ਵਾਕ ਹੈ, ਕਿ ਮੈਂ ਆਪਣੀ ਪਰਜਾ ਇਸਰਾਏਲ ਅਤੇ ਯਹੂਦਾਹ ਦੀ ਅਸੀਰੀ ਨੂੰ ਮੁਕਾ ਦਿਆਂਗਾ, ਯਹੋਵਾਹ ਆਖਦਾ ਹੈ, ਅਤੇ ਮੈਂ ਉਹਨਾਂ ਨੂੰ ਉਸ ਦੇਸ ਵਿੱਚ ਮੋੜ ਲਿਆਵਾਂਗਾ ਜਿਹੜਾ ਮੈਂ ਉਹਨਾਂ ਦੇ ਪਿਉ-ਦਾਦਿਆਂ ਨੂੰ ਦਿੱਤਾ ਅਤੇ ਉਹ ਦੇ ਉੱਤੇ ਉਹ ਕਬਜਾ ਕਰਨਗੇ ।

4ਇਹ ਉਹ ਗੱਲਾਂ ਹਨ ਜਿਹੜੀਆਂ ਯਹੋਵਾਹ ਇਸਰਾਏਲ ਦੇ ਬਾਰੇ ਅਤੇ ਯਹੂਦਾਹ ਦੇ ਬਾਰੇ ਬੋਲਿਆ ਹੈ, -5ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਅਸੀਂ ਧੜਕਣ ਦੀ ਅਵਾਜ਼ ਸੁਣੀ, ਭੈ ਦੀ, ਅਤੇ ਕੋਈ ਸ਼ਾਂਤੀ ਨਹੀਂ ।
6ਹੁਣ ਤੁਸੀਂ ਪੁੱਛੋ ਅਤੇ ਤੁਸੀਂ ਵੇਖੋ, ਕੀ ਕਿਸੇ ਨਰ ਨੂੰ ਬੱਚਾ ਜੰਮ ਸਕਦਾ ਹੈ ? ਮੈਂ ਕਿਉਂ ਹਰੇਕ ਮਰਦ ਨੂੰ ਦੇਖਦਾ ਹਾਂ ਕਿ ਉਸ ਆਪਣੇ ਹੇਠ ਆਪਣੀਆਂ ਢਾਕਾਂ ਉੱਤੇ ਜਣਨ ਵਾਲੀ ਵਾਂਗੂੰ ਰੱਖੇ ਹੋਏ ਹਨ ? ਕਿਉਂ ਸਾਰੀਆਂ ਦੇ ਮੂੰਹ ਪੀਲੇ ਪੈ ਗਏ ਹਨ ?7ਹਾਇ ! ਉਹ ਦਿਨ ਐਡਾ ਵੱਡਾ ਹੈ, ਕਿ ਉਹ ਦੇ ਜਿਹਾ ਹੋਰ ਹੈ ਨਹੀਂ ! ਇਹ ਯਾਕੂਬ ਦੇ ਦੁੱਖ ਦਾ ਵੇਲਾ ਹੈ, ਤਾਂ ਵੀ ਉਹ ਇਸ ਵਿੱਚੋਂ ਬਚ ਜਾਵੇਗਾ ।
8ਉਸ ਦਿਨ ਇਸ ਤਰ੍ਹਾਂ ਹੋਵੇਗਾ, ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਕਿ ਮੈਂ ਤੇਰੀ ਧੌਣ ਉੱਤੋਂ ਉਹ ਦਾ ਜੂਲਾ ਭੰਨ ਸੁੱਟਾਂਗਾ, ਮੈਂ ਤੇਰੇ ਬੰਧਣ ਖੋਲ੍ਹ ਦਿਆਂਗਾ, ਅਤੇ ਓਪਰੇ ਫੇਰ ਉਹ ਦੇ ਕੋਲੋਂ ਟਹਿਲ ਨਾ ਕਰਾਉਣਗੇ ।9ਪਰ ਉਹ ਯਹੋਵਾਹ ਆਪਣੇ ਪਰਮੇਸ਼ੁਰ ਦੀ, ਅਤੇ ਦਾਊਦ ਆਪਣੇ ਰਾਜਾ ਦੀ, ਜਿਹ ਨੂੰ ਮੈਂ ਉਹਨਾਂ ਲਈ ਖੜਾ ਕਰਾਂਗਾ ਟਹਿਲ ਕਰਨਗੇ ।
10ਹੇ ਯਾਕੂਬ ਮੇਰੇ ਟਹਿਲੂਏ, ਤੂੰ ਨਾ ਡਰ, ਯਹੋਵਾਹ ਦਾ ਵਾਕ ਹੈ, ਹੇ ਇਸਰਾਏਲ, ਤੂੰ ਨਾ ਘਾਬਰ, ਕਿਉਂ ਜੋ ਵੇਖ, ਮੈਂ ਤੈਨੂੰ ਦੂਰ ਤੋਂ ਬਚਾਵਾਂਗਾ, ਅਤੇ ਤੇਰੀ ਨਸਲ ਨੂੰ ਉਹਨਾਂ ਦੀ ਅਸੀਰੀ ਦੇ ਦੇਸ ਤੋਂ, ਯਾਕੂਬ ਮੁੜੇਗਾ ਅਤੇ ਚੈਨ ਤੇ ਅਰਾਮ ਕਰੇਗਾ, ਅਤੇ ਉਹ ਨੂੰ ਕੋਈ ਨਾ ਡਰਾਵੇਗਾ ।11ਮੈਂ ਤੇਰੇ ਬਚਾਉਣ ਲਈ ਤੇਰੇ ਨਾਲ ਜੋ ਹਾਂ, ਯਹੋਵਾਹ ਦਾ ਵਾਕ ਹੈ, ਮੈਂ ਸਾਰੀਆਂ ਕੌਮਾਂ ਨੂੰ ਤਾਂ ਮੂਲੋਂ ਮੁੱਢੋਂ ਮੁਕਾ ਦਿਆਂਗਾ, ਜਿਹਨਾਂ ਵਿੱਚ ਮੈਂ ਤੈਨੂੰ ਖੇਰੂੰ ਖੇਰੂੰ ਕੀਤਾ, ਪਰ ਮੈਂ ਤੈਨੂੰ ਮੂਲੋਂ ਨਾ ਮੁਕਾਵਾਂਗਾ, ਮੈਂ ਤੈਨੂੰ ਨਰਮਾਈ ਨਾਲ ਘੁਰਕਾਂਗਾ, ਪਰ ਮੈਂ ਤੈਨੂੰ ਉੱਕਾ ਹੀ ਸਜ਼ਾ ਦੇ ਬਿਨਾ ਨਾ ਛੱਡਾਂਗਾ ।
12ਯਹੋਵਾਹ ਤਾਂ ਇਸ ਤਰ੍ਹਾਂ ਆਖਦਾ ਹੈ, - ਤੇਰਾ ਘਾਓ ਅਸਾਧ ਹੈ, ਅਤੇ ਤੇਰਾ ਫੱਟ ਸਖਤ ਹੈ ।13ਤੇਰਾ ਕੋਈ ਦਰਦੀ ਨਹੀਂ ਭਈ ਤੇਰੇ ਪੱਟੀ ਬੰਨ੍ਹੇ, ਤੇਰੇ ਲਈ ਕੋਈ ਦਵਾ ਦਾਰੂ ਨਹੀਂ ।
14ਤੇਰੇ ਸਾਰੇ ਪ੍ਰੇਮੀ ਤੈਨੂੰ ਭੁੱਲ ਗਏ, ਉਹ ਤੇਰੀ ਭਾਲ ਨਹੀਂ ਕਰਦੇ, ਕਿਉਂ ਜੋ ਮੈਂ ਤੈਨੂੰ ਵੈਰੀ ਦੀ ਮਾਰ ਮਾਰੀ, ਬੇ ਤਰਸ ਵੈਰੀ ਦੀ ਸਜ਼ਾ ਨਾਲ, ਤੇਰੀ ਬਦੀ ਜੋ ਵੱਧ ਗਈ ਸੀ, ਤੇਰੇ ਪਾਪ ਜੋ ਬਹੁਤੇ ਹੋ ਗਏ ਸਨ ।15ਤੂੰ ਆਪਣੀ ਸੱਟ ਲਈ ਕਿਉਂ ਚਿੱਲਾਉਂਦੀ ਹੈਂ ? ਤੇਰਾ ਦੁੱਖ ਅਸਾਧ ਹੈ, ਇਸ ਕਰਕੇ ਕਿ ਤੇਰੀ ਬਦੀ ਵੱਧ ਗਈ, ਅਤੇ ਤੇਰੇ ਪਾਪ ਬਹੁਤ ਹੋ ਗਏ, ਮੈਂ ਤੇਰੇ ਨਾਲ ਇਹ ਕੀਤਾ ।
16ਇਸ ਲਈ ਉਹ ਸਾਰੇ ਜਿਹੜੇ ਤੈਨੂੰ ਨਿਗਲਦੇ ਹਨ, ਉਹ ਆਪ ਨਿਗਲੇ ਜਾਣਗੇ, ਤੇਰੇ ਸਾਰੇ ਵਿਰੋਧੀ, ਹਾਂ, ਸਾਰੀਆਂ ਦੇ ਸਾਰੇ, ਅਸੀਰੀ ਵਿੱਚ ਜਾਣਗੇ, ਜਿਹੜੇ ਤੈਨੂੰ ਲੁੱਟਦੇ ਹਨ ਉਹ ਆਪ ਲੁੱਟੇ ਜਾਣਗੇ, ਜਿਹੜੇ ਤੈਨੂੰ ਸ਼ਿਕਾਰ ਬਣਾਉਂਦੇ ਮੈਂ ਉਹਨਾਂ ਨੂੰ ਸ਼ਿਕਾਰ ਬਣਾਵਾਂਗਾ,17ਕਿਉਂ ਜੋ ਮੈਂ ਤੈਨੂੰ ਨਰੋਆ ਕਰਾਂਗਾ, ਮੈਂ ਤੇਰੇ ਫੱਟਾਂ ਨੂੰ ਵੱਲ ਕਰਾਂਗਾ, ਯਹੋਵਾਹ ਦਾ ਵਾਕ ਹੈ, ਉਹਨਾਂ ਨੇ ਤੈਨੂੰ ਜੋ " ਅਛੂਤ " ਆਖਿਆ ਹੈ, " ਇਹ ਸੀਯੋਨ ਹੈ ਜਿਹ ਦੀ ਕੋਈ ਪਰਵਾਹ ਨਹੀਂ ਕਰਦਾ ! "
18ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖੋ, ਮੈਂ ਯਾਕੂਬ ਦੇ ਤੰਬੂਆਂ ਦੀ ਅਸੀਰੀ ਨੂੰ ਮੁਕਾ ਦਿਆਂਗਾ, ਅਤੇ ਉਹ ਦੇ ਵਸੇਬਿਆਂ ਉੱਤੇ ਰਹਮ ਕਰਾਂਗਾ । ਸ਼ਹਿਰ ਆਪਣੇ ਥੇਹ ਉੱਤੇ ਫਿਰ ਬਣਾਇਆ ਜਾਵੇਗਾ, ਅਤੇ ਮਹਿਲ ਆਪਣੇ ਹੀ ਥਾਂ ਉੱਤੇ ਵਸਾਇਆ ਜਾਵੇਗਾ ।19ਉਹਨਾਂ ਵਿੱਚੋਂ ਧੰਨਵਾਦ ਅਤੇ ਹੱਸਣ ਵਾਲਿਆਂ ਦੀ ਅਵਾਜ਼ ਨਿਕਲੇਗੀ, ਮੈਂ ਉਹਨਾਂ ਨੂੰ ਵਧਾਵਾਂਗਾ ਅਤੇ ਉਹ ਘਟਣਗੇ ਨਹੀਂ, ਮੈਂ ਉਹਨਾਂ ਨੂੰ ਪਤਵੰਤੇ ਕਰਾਂਗਾ, ਉਹ ਛੋਟੇ ਨਾ ਹੋਣਗੇ ।
20ਉਹਨਾਂ ਦੇ ਪੁੱਤਰ ਪਹਿਲੇ ਸਮੇਂ ਵਾਂਗੂੰ ਹੋਣਗੇ, ਉਹਨਾਂ ਦੀ ਮੰਡਲੀ ਮੇਰੇ ਅੱਗੇ ਕਾਇਮ ਰਹੇਗੀ, ਮੈਂ ਉਹਨਾਂ ਦੇ ਸਭ ਸਤਾਉਣ ਵਾਲਿਆਂ ਨੂੰ ਸਜ਼ਾ ਦਿਆਂਗਾ ।21ਉਹਨਾਂ ਦਾ ਸ਼ਜ਼ਾਦਾ ਉਹਨਾਂ ਵਿੱਚ ਹੋਵੇਗਾ, ਉਹਨਾਂ ਦਾ ਹਾਕਮ ਉਹਨਾਂ ਵਿੱਚੋਂ ਨਿਕਲੇਗਾ । ਮੈਂ ਉਹ ਨੂੰ ਨੇੜੇ ਕਰਾਂਗਾ ਅਤੇ ਉਹ ਮੇਰੇ ਕੋਲ ਪਹੁੰਚੇਗਾ, ਉਹ ਕਿਹੜਾ ਹੈ ਜਿਸ ਮੇਰੇ ਕੋਲ ਆਉਣ ਦੀ ਦਿਲੇਰੀ ਕੀਤੀ ? ਯਹੋਵਾਹ ਦਾ ਵਾਕ ਹੈ ।22ਤੁਸੀਂ ਮੇਰੀ ਪਰਜਾ ਹੋਵੋਗੇ, ਅਤੇ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ ।
23ਵੇਖੋ, ਯਹੋਵਾਹ ਦਾ ਤੂਫਾਨ ! ਉਸ ਦਾ ਗੁੱਸਾ ਫੁੱਟ ਨਿੱਕਲਿਆ ਹੈ, ਇੱਕ ਵਾਵਰੋਲੇ ਵਾਲਾ ਤੂਫਾਨ ! ਉਹ ਦੁਸ਼ਟਾਂ ਦੇ ਸਿਰ ਉੱਤੇ ਫੁੱਟ ਪਵੇਗਾ !24ਯਹੋਵਾਹ ਦੇ ਕ੍ਰੋਧ ਦਾ ਤੇਜ਼ ਗੁੱਸਾ ਨਾ ਹਟੇਗਾ, ਜਦ ਤੱਕ ਉਹ ਆਪਣੇ ਮਨ ਦੇ ਪਰੋਜਨ ਪੂਰੇ ਅਤੇ ਸੁਰਜੀਤ ਨਾ ਕਰੇ । ਅੰਤਲੇ ਦਿਨਾਂ ਵਿੱਚ ਤੁਸੀਂ ਇਹ ਨੂੰ ਸਮਝੋਗੇ ।

31
ਇਸਰਾਏਲੀਆਂ ਦੀ ਵਾਪਸੀ

1ਉਸ ਸਮੇਂ, ਯਹੋਵਾਹ ਦਾ ਵਾਕ ਹੈ, ਮੈਂ ਇਸਰਾਏਲ ਦੇ ਸਾਰਿਆਂ ਘਰਾਣਿਆਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰੀ ਪਰਜਾ ਹੋਣਗੇ ।2ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਉਹ ਲੋਕ ਜਿਹੜੇ ਤਲਵਾਰ ਤੋਂ ਬਚ ਰਹੇ, ਉਹ ਉਜਾੜ ਵਿੱਚ ਕਿਰਪਾ ਦੇ ਭਾਗੀ ਹੋਏ, ਹਾਂ, ਇਸਰਾਏਲ, ਜਦ ਅਰਾਮ ਲਈ ਗਿਆ ।3ਯਹੋਵਾਹ ਨੇ ਦੂਰੋਂ ਮੈਨੂੰ ਵਿਖਾਈ ਦਿੱਤੀ, ਮੈਂ ਤੇਰੇ ਨਾਲ ਸਦਾ ਦੇ ਪ੍ਰੇਮ ਨਾਲ ਪ੍ਰੇਮ ਕੀਤਾ, ਇਸ ਲਈ ਮੈਂ ਦਯਾ ਨਾਲ ਤੈਨੂੰ ਖਿਚਿਆ ਹੈ ।

4ਮੈਂ ਤੈਨੂੰ ਫਿਰ ਉਸਾਰਾਂਗਾ ਅਤੇ ਤੂੰ ਉਸਾਰੀ ਜਾਵੇਂਗੀ, ਹੇ ਇਸਰਾਏਲ ਦੀਏ ਕੁਆਰੀਏ, ਤੂੰ ਆਪਣੀਆਂ ਖੰਜਰੀਆਂ ਨਾਲ ਫੇਰ ਬਾਹਰ ਜਾਵੇਂਗੀ, ਅਤੇ ਹੱਸਣ ਵਾਲੀਆਂ ਦੇ ਨਾਚ ਵਿੱਚ ਬਾਹਰ ਨਿਕਲੇਂਗੀ5ਤੂੰ ਫਿਰ ਅੰਗੂਰਾਂ ਦਾ ਬਾਗ, ਸਾਮਰਿਯਾ ਦੇ ਪਹਾੜ ਵਿੱਚ ਲਾਵੇਂਗੀ, ਲਾਉਣ ਵਾਲੇ ਲਾਉਣਗੇ, ਅਤੇ ਉਹਨਾਂ ਦੇ ਫਲਾਂ ਦਾ ਭੋਗ ਲਾਉਣਗੇ ।6ਇੱਕ ਦਿਨ ਆਵੇਗਾ ਕਿ ਅਫਰਾਈਮ ਦੇ ਪਹਾੜ ਉੱਤੇ ਰਾਖੇ ਪੁਕਾਰਨਗੇ, ਉੱਠੋ ਭਈ ਅਸੀਂ ਸੀਯੋਨ ਨੂੰ, ਯਹੋਵਾਹ ਆਪਣੇ ਪਰਮੇਸ਼ੁਰ ਕੋਲ ਜਾਈਏ ! ।
7ਯਹੋਵਾਹ ਤਾਂ ਇਸ ਤਰ੍ਹਾਂ ਆਖਦਾ ਹੈ, - ਯਾਕੂਬ ਦੇ ਆਨੰਦ ਲਈ ਜੈਕਾਰਾ ਗਜਾਓ, ਅਤੇ ਕੌਮਾਂ ਦੇ ਮੁਖੀਏ ਲਈ ਲਲਕਾਰੋ ! ਸੁਣਾਓ, ਉਸਤਤ ਕਰੋ ਅਤੇ ਆਖੋ, ਯਹੋਵਾਹ, ਆਪਣੀ ਪਰਜਾ ਨੂੰ, ਅਤੇ ਇਸਰਾਏਲ ਦੇ ਬਕੀਏ ਨੂੰ ਬਚਾ ਲੈ !
8ਵੇਖੋ, ਮੈਂ ਉੱਤਰ ਦੇ ਦੇਸ ਵੱਲੋਂ ਉਹਨਾਂ ਨੂੰ ਲਿਆਵਾਂਗਾ, ਮੈਂ ਉਹਨਾਂ ਨੂੰ ਧਰਤੀ ਦੇ ਦੂਰ ਦਿਆਂ ਹਿੱਸਿਆਂ ਤੋਂ ਇਕੱਠਾ ਕਰਾਂਗਾ, ਉਹਨਾਂ ਵਿੱਚ ਅੰਨ੍ਹੇ ਅਤੇ ਲੰਙੇ, ਗਰਭਣੀ ਔਰਤ ਅਤੇ ਜਣਨ ਦੀਆਂ ਪੀੜਾਂ ਵਾਲੀ ਇਕੱਠੀਆਂ, ਅਤੇ ਇੱਕ ਵੱਡੀ ਸਭਾ ਇੱਥੇ ਮੁੜੇਗੀ !9ਉਹ ਰੋਂਦੇ ਹੋਏ ਆਉਣਗੇ, ਮੈਂ ਉਹਨਾਂ ਦੀ ਅਰਦਾਸਾਂ ਨਾਲ ਅਗਵਾਈ ਕਰਾਂਗਾ, ਮੈਂ ਪਾਣੀ ਦੀਆਂ ਨਦੀਆਂ ਉੱਤੇ ਉਹਨਾਂ ਨੂੰ ਲੈ ਜਾਂਵਾਂਗਾ, ਅਤੇ ਉਸ ਸਿੱਧੇ ਰਾਹ ਵਿੱਚ ਜਿੱਥੇ ਉਹ ਠੋਕਰ ਨਾ ਖਾਣ, ਕਿਉਂ ਜੋ ਮੈਂ ਇਸਰਾਏਲ ਦਾ ਪਿਤਾ ਹਾਂ, ਅਤੇ ਅਫ਼ਰਾਈਮ ਮੇਰਾ ਪਲੋਠਾ ਹੈ ।
10ਹੇ ਕੌਮੋਂ ਯਹੋਵਾਹ ਦਾ ਬਚਨ ਸੁਣੋ, ਅਤੇ ਦੂਰ ਦੇ ਟਾਪੂਆਂ ਵਿੱਚ ਇਹ ਦੱਸੋ, ਅਤੇ ਆਖੋ, ਉਹ ਜਿਸ ਇਸਰਾਏਲ ਨੂੰ ਖੇਰੂੰ ਖੇਰੂੰ ਕੀਤਾ ਉਹ ਨੂੰ ਇਕੱਠਾ ਕਰੇਗਾ, ਅਤੇ ਆਜੜੀ ਵਾਂਗੂੰ ਆਪਣੇ ਇੱਜੜ ਦੀ ਰਾਖੀ ਕਰੇਗਾ,11ਕਿਉਂ ਜੋ ਯਹੋਵਾਹ ਨੇ ਯਾਕੂਬ ਦਾ ਨਿਸਤਾਰਾ ਕੀਤਾ ਹੈ, ਅਤੇ ਉਹ ਨੂੰ ਉਹ ਦੇ ਹੱਥੋਂ ਜਿਹੜਾ ਉਹ ਦੇ ਨਾਲੋਂ ਤਕੜਾ ਸੀ ਛੁਡਾਇਆ ਹੈ ।
12ਉਹ ਆਉਣਗੇ ਅਤੇ ਸੀਯੋਨ ਦੀ ਚੋਟੀ ਉੱਤੇ ਜੈਕਾਰੇ ਗਜਾਉਣਗੇ, ਅਤੇ ਯਹੋਵਾਹ ਦੀ ਭਲਿਆਈ ਦੇ ਕਾਰਨ ਚਮਕਣਗੇ, ਅੰਨ, ਨਵੀਂ ਮੈਂ ਅਤੇ ਤੇਲ, ਇੱਜੜ ਦੇ ਬੱਚੇ ਅਤੇ ਗਾਈਆਂ ਬਲਦ ਦੇ ਕਾਰਨ, ਉਹਨਾਂ ਦੀ ਜਾਨ ਸਿੰਜੇ ਹੋਏ ਬਾਗ ਵਾਂਗੂੰ ਹੋਵੇਗੀ, ਉਹ ਫਿਰ ਕਦੀ ਉਦਾਸ ਨਾ ਹੋਣਗੇ ।
13ਉਸ ਵੇਲੇ ਕੁਆਰੀ ਨੱਚਣ ਨਾਲ, ਅਤੇ ਜੁਆਨ ਅਤੇ ਬੁੱਢੇ ਵੀ ਇਕੱਠੇ ਅਨੰਦ ਹੋਣਗੇ, ਮੈਂ ਉਹਨਾਂ ਦੇ ਸਿਆਪੇ ਨੂੰ ਖੁਸ਼ੀ ਵਿੱਚ ਪਲਟ ਦਿਆਂਗਾ, ਮੈਂ ਉਹਨਾਂ ਨੂੰ ਦਿਲਾਸਾ ਦਿਆਂਗਾ, ਮੈਂ ਉਹਨਾਂ ਦੇ ਗ਼ਮ ਦੇ ਥਾਂ ਉਹਨਾਂ ਨੂੰ ਅਨੰਦ ਕਰਾਂਗਾ ।14ਮੈਂ ਜਾਜਕਾਂ ਦੀ ਜਾਨ ਨੂੰ ਚਰਬੀ ਨਾਲ ਰਜਾਵਾਂਗਾ, ਮੇਰੀ ਪਰਜਾ ਮੇਰੀ ਭਲਿਆਈ ਨਾਲ ਨਿਹਾਲ ਹੋਵੇਗੀ, ਯਹੋਵਾਹ ਦਾ ਵਾਕ ਹੈ ।
ਯਰੂਸ਼ਲਮ ਉੱਤੇ ਪਰਮੇਸ਼ੁਰ ਦੀ ਦਯਾ

15ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਰਾਮਾਹ ਵਿੱਚ ਇੱਕ ਅਵਾਜ਼ ਸੁਣਾਈ ਦਿੱਤੀ, ਰੋਣਾ ਅਤੇ ਵੱਡਾ ਵਿਰਲਾਪ, ਰਾਖਲੇ ਆਪਣੇ ਬਾਲ ਬੱਚਿਆਂ ਨੂੰ ਰੋਂਦੀ ਹੈ, ਅਤੇ ਤੱਸਲੀ ਨਹੀਂ ਚਾਹੁੰਦੀ, ਇਸ ਲਈ ਜੋ ਉਹ ਨਹੀਂ ਹਨ ।
16ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਆਪਣੀ ਅਵਾਜ਼ ਨੂੰ ਰੋਣ ਤੋਂ ਮਨਾ ਕਰ ਅਤੇ ਆਪਣੀਆ ਅੱਖਾਂ ਨੂੰ ਅੰਝੂਆਂ ਤੋਂ ਕਿਉਂ ਜੋ ਤੇਰੇ ਕੰਮਾਂ ਦਾ ਤੈਨੂੰ ਵੱਟਾ ਮਿਲੇਗਾ ਯਹੋਵਾਹ ਦਾ ਵਾਕ ਹੈ, ਉਹ ਵੈਰੀਆਂ ਦੇ ਦੇਸ ਵਿੱਚੋਂ ਫਿਰ ਮੁੜਨਗੇ ।17ਤੇਰੇ ਭਵਿੱਖਤ ਸਮੇਂ ਲਈ ਆਸਾ ਹੈ, ਯਹੋਵਾਹ ਦਾ ਵਾਕ ਹੈ । ਤੇਰੇ ਬੱਚੇ ਆਪਣੀ ਹੱਦ ਵਿੱਚ ਫਿਰ ਮੁੜਨਗੇ ।
18ਮੈਂ ਸੱਚ-ਮੁੱਚ ਅਫਰਾਈਮ ਨੂੰ ਬੁਸ ਬੁਸ ਕਰਦਾ ਸੁਣਿਆ, ਤੈ ਮੈਨੂੰ ਤਾੜਿਆ ਅਤੇ ਮੈਂ ਤਾੜ ਝੱਲੀ, ਉਸ ਵੱਛੇ ਵਾਂਗੂੰ ਜਿਹੜਾ ਸਿਖਾਇਆ ਨਹੀਂ ਗਿਆ, ਮੈਨੂੰ ਮੋੜ ਤਾਂ ਮੈਂ ਮੁੜਾਂਗਾ, ਕਿਉਂ ਜੋ ਤੂੰ ਯਹੋਵਾਹ ਮੇਰਾ ਪਰਮੇਸ਼ੁਰ ਹੈ ।19ਮੇਰੇ ਮੁੜ ਆਉਣ ਦੇ ਪਿੱਛੋਂ ਮੈਂ ਪੱਛਤਾਇਆ, ਮੇਰੇ ਸਿਖਾਏ ਜਾਣ ਦੇ ਪਿੱਛੋਂ ਮੈਂ ਆਪਣੇ ਪੱਟ ਉੱਤੇ ਹੱਥ ਮਾਰਿਆ, ਮੈਨੂੰ ਨਮੋਸ਼ੀ ਆਈ ਅਤੇ ਮੈਂ ਹੱਕਾ-ਬੱਕਾ ਹੋ ਗਿਆ, ਕਿਉਂ ਜੋ ਮੈਂ ਆਪਣੀ ਜੁਆਨੀ ਦੀ ਬਦਨਾਮੀ ਚੁੱਕੀ ।20ਕੀ ਅਫ਼ਰਾਈਮ ਮੇਰਾ ਪਿਆਰਾ ਪੁੱਤਰ ਹੈ ? ਕੀ ਉਹ ਲਾਡਲਾ ਬੱਚਾ ਹੈ ? ਜਦ ਕਦੀ ਵੀ ਮੈਂ ਉਹ ਦੇ ਵਿਰੁੱਧ ਬੋਲਦਾ ਹਾਂ, ਤਦ ਵੀ ਮੈਂ ਹੁਣ ਤੱਕ ਉਹ ਨੂੰ ਚੇਤੇ ਰੱਖਦਾ ਹਾਂ, ਮੇਰਾ ਦਿਲ ਉਹ ਦੇ ਲਈ ਤਰਸਦਾ ਹੈ, ਮੈਂ ਸੱਚ-ਮੁੱਚ ਉਸ ਦੇ ਉੱਤੇ ਰਹਮ ਕਰਾਂਗਾ, ਯਹੋਵਾਹ ਦਾ ਵਾਕ ਹੈ ।
21ਆਪਣੇ ਲਈ ਰਾਹ ਦੇ ਨਿਸ਼ਾਨ ਕਾਇਮ ਕਰ, ਅਤੇ ਆਪਣੇ ਲਈ ਮੁਨਾਰੇ ਬਣਾ, ਆਪਣਾ ਦਿਲ ਸ਼ਾਹੀ ਰਾਹ ਵੱਲ ਲਾ, ਹਾਂ, ਉਸ ਰਾਹ ਵੱਲ ਜਿਸ ਦੇ ਉੱਤੋਂ ਦੀ ਤੂੰ ਗਈ, ਹੇ ਇਸਰਾਏਲ ਦੀਏ ਕੁਆਰੀਏ, ਮੁੜ ਆ, ਤੂੰ ਆਪਣੇ ਇਹਨਾਂ ਸ਼ਹਿਰਾਂ ਵਿੱਚ ਮੁੜ ਆ !22ਤੂੰ ਕਦ ਤੱਕ ਅਵਾਰਾ ਫਿਰੇਂਗੀ, ਹੇ ਫਿਰਤੂ ਧੀਏ ? ਕਿਉਂ ਜੋ ਯਹੋਵਾਹ ਨੇ ਧਰਤੀ ਉੱਤੇ ਇੱਕ ਨਵੀਂ ਚੀਜ ਉਤਪਨ ਕੀਤੀ ਹੈ. ਭਈ ਔਰਤ ਮਰਦ ਨੂੰ ਘੇਰ ਲਵੇਂਗੀ ! ।
ਆਉਣ ਵਾਲੀ ਖੁਸ਼ਹਾਲੀ ਅਤੇ ਨਵਾਂ ਨੇਮ

23ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, ਇੱਕ ਵਾਰ ਫਿਰ ਉਹ ਇਹ ਗੱਲ ਯਹੂਦਾਹ ਦੇ ਦੇਸ ਅਤੇ ਉਹਨਾਂ ਦੇ ਸ਼ਹਿਰਾਂ ਵਿੱਚ ਆਖਣਗੇ, ਜਦ ਮੈਂ ਉਹਨਾਂ ਦੀ ਅਸੀਰੀ ਨੂੰ ਮੁਕਾ ਦਿਆਂਗਾ, ਹੇ ਧਰਮ ਦੀ ਵਸੋਂ ਅਤੇ ਪਵਿੱਤਰ ਪਹਾੜ, ਯਹੋਵਾਹ ਤੈਨੂੰ ਬਰਕਤ ਦੇਵੇ ! ।24ਯਹੂਦਾਹ ਅਤੇ ਉਸ ਦੇ ਸਾਰੇ ਸ਼ਹਿਰ ਉਸ ਦੇ ਵਿੱਚ ਇਕੱਠੇ ਵੱਸਣਗੇ, ਹਾਲੀ ਅਤੇ ਉਹ ਜਿਹੜੇ ਇੱਜੜਾਂ ਨਾਲ ਫਿਰਦੇ ਹਨ25ਕਿਉਂ ਜੋ ਮੈਂ ਥੱਕੇ ਹੋਏ ਦੀ ਜਾਨ ਨੂੰ ਤਰਿਪਤ ਕਰਾਂਗਾ ਅਤੇ ਹਰੇਕ ਉਦਾਸ ਜਾਨ ਨੂੰ ਰਜਾ ਦਿਆਂਗਾ26ਇਸ ਉੱਤੇ ਮੈਂ ਜਾਗ ਉੱਠਿਆ ਅਤੇ ਵੇਖਿਆ ਅਤੇ ਮੇਰੀ ਨੀਂਦ ਮੇਰੇ ਲਈ ਮਿੱਠੀ ਸੀ ।
27ਵੇਖੋ, ਉਹ ਦਿਨ ਆਉਂਦੇ ਹਨ, ਯਹੋਵਾਹ ਦਾ ਵਾਕ ਹੈ, ਕਿ ਮੈਂ ਇਸਰਾਏਲ ਦੇ ਘਰਾਣੇ ਵਿੱਚ ਅਤੇ ਯਹੂਦਾਹ ਦੇ ਘਰਾਣੇ ਵਿੱਚ ਆਦਮੀ ਦਾ ਬੀ ਅਤੇ ਡੰਗਰ ਦਾ ਬੀ ਬੀਜਾਂਗਾ28ਅਤੇ ਇਸ ਤਰ੍ਹਾਂ ਹੋਵੇਗਾ ਕਿ ਜਿਵੇਂ ਮੈਂ ਉਹਨਾਂ ਦੀ ਤਾੜ ਵਿੱਚ ਬੈਠਾ ਭਈ ਮੈਂ ਉਹਨਾਂ ਨੂੰ ਪੁੱਟਾਂ ਅਤੇ ਢਾਹਵਾਂ, ਉਲਟਾਵਾਂ ਅਤੇ ਨਾਸ ਕਰਾਂ ਅਤੇ ਬੁਰਿਆਈ ਲਿਆਵਾਂ ਤਿਵੇਂ ਮੈਂ ਤਾੜ ਵਿੱਚ ਬੈਠਾਂਗਾ ਭਈ ਮੈਂ ਉਹਨਾਂ ਨੂੰ ਬਣਾਵਾਂ ਅਤੇ ਲਾਵਾਂ, ਯਹੋਵਾਹ ਦਾ ਵਾਕ ਹੈ
29ਉਹਨਾਂ ਦਿਨਾਂ ਵਿੱਚ ਉਹ ਨਾ ਆਖਣਗੇ, - ਪਿਉ-ਦਾਦਿਆਂ ਨੇ ਖੱਟੇ ਅੰਗੂਰ ਖਾਧੇ, ਅਤੇ ਬੱਚਿਆਂ ਦੇ ਦੰਦ ਦੁਖਣ ਲੱਗ ਪਏ ।30ਹਰੇਕ ਆਪਣੀ ਬਦੀ ਦੇ ਕਾਰਨ ਮਰੇਗਾ ਅਤੇ ਹਰੇਕ ਜਿਹੜਾ ਖੱਟੇ ਅੰਗੂਰ ਖਾਏਗਾ ਉਹ ਦੇ ਦੰਦ ਦੁਖਣਗੇ
31ਵੇਖੋ, ਉਹ ਦਿਨ ਆ ਰਹੇ ਹਨ, ਯਹੋਵਾਹ ਦਾ ਵਾਕ ਹੈ, ਕਿ ਮੈਂ ਇਸਰਾਏਲ ਦੇ ਘਰਾਣੇ ਨਾਲ ਅਤੇ ਯਹੂਦਾਹ ਦੇ ਘਰਾਣੇ ਨਾਲ ਇੱਕ ਨਵਾਂ ਨੇਮ ਬੰਨ੍ਹਾਗਾ32ਉਸ ਨੇਮ ਵਾਂਗੂੰ ਨਹੀਂ ਜਿਹੜਾ ਉਹਨਾਂ ਦੇ ਪਿਉ-ਦਾਦਿਆਂ ਨਾਲ ਬੰਨ੍ਹਿਆ ਜਿਸ ਦਿਨ ਮੈਂ ਉਹਨਾਂ ਦਾ ਹੱਥ ਫੜਿਆ ਭਈ ਉਹਨਾਂ ਨੂੰ ਮਿਸਰ ਦੇਸ ਵਿੱਚੋਂ ਬਾਹਰ ਲਿਆਵਾਂ, ਜਿਸ ਮੇਰੇ ਨੇਮ ਨੂੰ ਉਹਨਾਂ ਨੇ ਤੋੜ ਦਿੱਤਾ ਭਾਵੇਂ ਮੈਂ ਉਹਨਾਂ ਦਾ ਵਿਆਂਧੜ ਸਾਂ, ਯਹੋਵਾਹ ਦਾ ਵਾਕ ਹੈ
33ਇਹ ਉਹ ਨੇਮ ਹੈ ਜਿਹੜਾ ਮੈਂ ਉਹਨਾਂ ਦਿਨਾਂ ਦੇ ਪਿੱਛੋਂ ਇਸਰਾਏਲ ਦੇ ਘਰਾਣੇ ਨਾਲ ਬੰਨ੍ਹਾਂਗਾ, ਯਹੋਵਾਹ ਦਾ ਵਾਕ ਹੈ, ਮੈਂ ਆਪਣੀ ਬਿਵਸਥਾ ਨੂੰ ਉਹਨਾਂ ਦੇ ਅੰਦਰ ਰੱਖਾਂਗਾ ਅਤੇ ਉਹਨਾਂ ਦੇ ਦਿਲਾਂ ਉੱਤੇ ਲਿਖਾਂਗਾ । ਮੈਂ ਉਹਨਾਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰੀ ਪਰਜਾ ਹੋਣਗੇ34ਉਹ ਫਿਰ ਕਦੀ ਹਰੇਕ ਆਪਣੇ ਗੁਆਂਢੀ ਨੂੰ ਅਤੇ ਹਰੇਕ ਆਪਣੇ ਭਰਾ ਨੂੰ ਨਾ ਸਿਖਲਾਏਗਾ ਭਈ ਯਹੋਵਾਹ ਨੂੰ ਜਾਣੋ ਕਿਉਂ ਜੋ ਉਹ ਸਾਰੀਆਂ ਦੇ ਸਾਰੇ ਉਹਨਾਂ ਦੇ ਛੋਟੇ ਤੋਂ ਵੱਡੇ ਤੱਕ ਮੈਨੂੰ ਜਾਣ ਲੈਣਗੇ, ਯਹੋਵਾਹ ਦਾ ਵਾਕ ਹੈ, ਕਿਉਂ ਜੋ ਮੈਂ ਉਹਨਾਂ ਦੀ ਬਦੀ ਨੂੰ ਮਾਫ਼ ਕਰਾਂਗਾ ਅਤੇ ਉਹਨਾਂ ਦੇ ਪਾਪ ਫਿਰ ਚੇਤੇ ਨਾ ਕਰਾਂਗਾ ।
35ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਜੋ ਦਿਨ ਦੇ ਚਾਨਣ ਲਈ ਸੂਰਜ ਦਿੰਦਾ, ਅਤੇ ਰਾਤ ਦੇ ਚਾਨਣ ਲਈ ਚੰਦ ਅਤੇ ਤਾਰਿਆਂ ਦੀ ਬਿਧੀ, ਜੋ ਸਮੁੰਦਰ ਨੂੰ ਐਉਂ ਉਛਾਲਦਾ ਹੈ, ਕਿ ਉਹ ਦੀਆਂ ਲਹਿਰਾਂ ਗੱਜਦੀਆਂ ਹਨ, ਸੈਨਾਂ ਦਾ ਯਹੋਵਾਹ ਉਸ ਦਾ ਨਾਮ ਹੈ ।36ਜੇ ਇਹ ਬਿਧੀਆਂ ਮੇਰੇ ਅੱਗੋਂ ਹਟਾਈਆਂ ਜਾਣ, ਯਹੋਵਾਹ ਦਾ ਵਾਕ ਹੈ, ਤਾਂ ਇਸਰਾਏਲ ਦੀ ਨਸਲ ਵੀ ਜਾਂਦੀ ਰਹੇਗੀ, ਭਈ ਉਹ ਸਦਾ ਲਈ ਮੇਰੇ ਅੱਗੇ ਕੌਮ ਨਾ ਰਹੇ ।
37ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਜੇ ਉੱਪਰੋਂ ਅਕਾਸ਼ ਮਿਣਿਆ ਜਾਵੇ, ਅਤੇ ਹੇਠਾਂ ਧਰਤੀ ਦੀਆਂ ਨੀਹਾਂ ਦੀ ਭਾਲ ਕੀਤੀ ਜਾਵੇ, ਤਦ ਮੈਂ ਵੀ ਇਸਰਾਏਲ ਦੀ ਸਾਰੀ ਨਸਲ ਨੂੰ ਉਹਨਾਂ ਦੇ ਸਾਰੇ ਕੰਮਾਂ ਦੇ ਕਾਰਨ ਰੱਦ ਦਿਆਂਗਾ, ਯਹੋਵਾਹ ਦਾ ਵਾਕ ਹੈ ।
38ਵੇਖੋ, ਉਹ ਦਿਨ ਆਉਂਦੇ ਹਨ, ਯਹੋਵਾਹ ਦਾ ਵਾਕ ਹੈ, ਕਿ ਇਹ ਸ਼ਹਿਰ ਯਹੋਵਾਹ ਦੇ ਲਈ ਹਨਨਏਲ ਦੇ ਬੁਰਜ ਤੋਂ ਨੁੱਕਰ ਦੇ ਫਾਟਕ ਤੱਕ ਬਣਾਇਆ ਜਾਵੇਗਾ39ਫੇਰ ਮਿਣਨ ਦੀ ਰੱਸੀ ਸਿੱਧੀ ਗਾਰੇਬ ਦੀ ਪਹਾੜੀ ਉੱਤੋਂ ਦੀ ਹੁੰਦੀ ਹੋਈ ਗੋਆਹ ਨੂੰ ਘੇਰ ਲਵੇਗੀ40ਤਾਂ ਲੋਥਾਂ ਅਤੇ ਸੁਆਹ ਦੀ ਸਾਰੀ ਵਾਦੀ ਅਤੇ ਸਾਰੇ ਖੇਤ ਕਿਦਰੋਨ ਦੇ ਨਾਲੇ ਤੱਕ ਅਤੇ ਘੇੜੇ ਫਾਟਕ ਦੀ ਨੁੱਕਰ ਤੱਕ ਚੜ੍ਹਦੇ ਪਾਸੇ ਵੱਲ ਯਹੋਵਾਹ ਲਈ ਪਵਿੱਤਰ ਹੋਣਗੇ ਅਤੇ ਉਹ ਫਿਰ ਸਦਾ ਤੱਕ ਨਾ ਕਦੀ ਪੁੱਟਿਆ ਜਾਵੇਗਾ ਨਾ ਡੇਗਿਆ ਜਾਵੇਗਾ ।

32
ਯਿਰਮਿਯਾਹ ਦੁਆਰਾ ਖੇਤ ਖਰੀਦਿਆ ਜਾਣਾ

1ਉਹ ਬਚਨ ਜਿਹੜਾ ਯਹੂਦਾਹ ਦੇ ਰਾਜਾ ਸਿਦਕੀਯਾਹ ਦੇ ਦਸਵੇਂ ਸਾਲ ਜੋ ਨਾਬੂਕਦਰੱਸਰ ਦਾ ਅਠਾਰ੍ਹਵਾਂ ਵਰ੍ਹਾ ਸੀ ਯਹੋਵਾਹ ਵੱਲੋਂ ਯਿਰਮਿਯਾਹ ਕੋਲ ਆਇਆ2ਉਸ ਵੇਲੇ ਬਾਬਲ ਦੇ ਰਾਜਾ ਦੀ ਫੌਜ ਨੇ ਯਰੂਸ਼ਲਮ ਉੱਤੇ ਘੇਰਾ ਪਾਇਆ ਹੋਇਆ ਸੀ ਅਤੇ ਯਿਰਮਿਯਾਹ ਨਬੀ ਉਸ ਕੈਦ ਖਾਨੇ ਦੇ ਵੇਹੜੇ ਵਿੱਚ ਜਿਹੜਾ ਯਹੂਦਾਹ ਦੇ ਰਾਜਾ ਦੇ ਮਹਿਲ ਵਿੱਚ ਸੀ ਬੰਦ ਸੀ

3ਅਤੇ ਯਹੂਦਾਹ ਦੇ ਰਾਜਾ ਸਿਦਕੀਯਾਹ ਨੇ ਉਹ ਨੂੰ ਇਹ ਆਖ ਕੇ ਕੈਦ ਕੀਤਾ ਭਈ ਤੂੰ ਕਿਉਂ ਅਗੰਮ ਵਾਚਦਾ ਹੈਂ ਕਿ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖੋ, ਮੈਂ ਇਸ ਸ਼ਹਿਰ ਨੂੰ ਬਾਬਲ ਦੇ ਰਾਜਾ ਦੇ ਹੱਥ ਵਿੱਚ ਦੇ ਦਿਆਂਗਾ ਅਤੇ ਉਹ ਇਹ ਨੂੰ ਲੈ ਲਵੇਗਾ ?4ਯਹੂਦਾਹ ਦਾ ਰਾਜਾ ਸਿਦਕੀਯਾਹ ਕਸਦੀਆਂ ਦੇ ਹੱਥੋਂ ਨਾ ਬਚੇਗਾ, ਉਹ ਸੱਚ-ਮੁੱਚ ਬਾਬਲ ਦੇ ਰਾਜਾ ਦੇ ਹੱਥ ਵਿੱਚ ਦਿੱਤਾ ਜਾਵੇਗਾ ਅਤੇ ਉਹ ਉਸ ਦੇ ਨਾਲ ਦੂਹ ਬਦੂਹ ਗੱਲਾਂ ਕਰੇਗਾ ਅਤੇ ਉਹ ਅੱਖ ਨਾਲ ਅੱਖ ਮਿਲਾ ਕੇ ਵੇਖੇਗਾ5ਉਹ ਸਿਦਕੀਯਾਹ ਨੂੰ ਬਾਬਲ ਵਿੱਚ ਲੈ ਜਾਵੇਗਾ । ਉਹ ਉੱਥੇ ਰਹੇਗਾ ਜਦ ਤੱਕ ਮੈਂ ਉਹ ਦੀ ਖ਼ਬਰ ਨਾ ਲਵਾਂ, ਯਹੋਵਾਹ ਦਾ ਵਾਕ ਹੈ, ਭਾਵੇਂ ਤੁਸੀਂ ਕਸਦੀਆਂ ਨਾਲ ਲੜਾਈ ਕਰੋ ਪਰ ਜਿੱਤੋਗੇ ਨਹੀਂ ।
6ਤਾਂ ਯਿਰਮਿਯਾਹ ਨੇ ਆਖਿਆ ਕਿ ਯਹੋਵਾਹ ਦ ਬਚਨ ਆਇਆ ਕਿ7ਵੇਖ, ਤੇਰੇ ਚਾਚੇ ਸ਼ੱਲੂਮ ਦਾ ਪੁੱਤਰ ਹਨਮਏਲ ਤੇਰੇ ਕੋਲ ਆ ਕੇ ਆਖੇਗਾ ਕਿ ਮੇਰਾ ਖੇਤ ਜਿਹੜਾ ਅਨਾਥੋਥ ਵਿੱਚ ਹੈ ਆਪਣੇ ਲਈ ਮੁੱਲ ਲੈ ਲੈ ਕਿਉਂ ਜੋ ਉਹ ਦਾ ਮੁੱਲ ਦੇ ਕੇ ਛੁਡਾਉਣ ਦਾ ਤੇਰਾ ਹੱਕ ਹੈ
8ਤਾਂ ਮੇਰੇ ਚਾਚੇ ਦਾ ਪੁੱਤਰ ਹਨਮਏਲ ਮੇਰੇ ਕੋਲ ਕੈਦਖ਼ਾਨੇ ਦੇ ਵੇਹੜੇ ਵਿੱਚ ਯਹੋਵਾਹ ਦੇ ਬਚਨ ਅਨੁਸਾਰ ਆਇਆ ਅਤੇ ਉਸ ਮੈਨੂੰ ਆਖਿਆ ਕਿ ਮੇਰਾ ਖੇਤ ਜਿਹੜਾ ਅਨਾਥੋਥ ਵਿੱਚ ਬਿਨਯਾਮੀਨ ਦੇ ਦੇਸ ਵਿੱਚ ਹੈ ਮੁੱਲ ਲੈ ਲੈ ਕਿਉਂ ਜੋ ਉਹ ਦੇ ਕਬਜ਼ੇ ਦਾ ਅਤੇ ਉਹ ਦੇ ਛੁਡਾਉਣ ਦਾ ਹੱਕ ਤੇਰਾ ਹੈ, ਉਹ ਨੂੰ ਆਪਣੇ ਲਈ ਮੁੱਲ ਲੈ ਲੈ । ਤਦ ਮੈਂ ਜਾਣ ਗਿਆ ਕਿ ਇਹ ਯਹੋਵਾਹ ਦਾ ਬਚਨ ਸੀ9ਮੈਂ ਉਸ ਖੇਤ ਨੂੰ ਜਿਹੜਾ ਅਨਾਥੋਥ ਵਿੱਚ ਸੀ ਆਪਣੇ ਚਾਚੇ ਦੇ ਪੁੱਤਰ ਹਨਮਏਲ ਤੋਂ ਮੁੱਲ ਲੈ ਲਿਆ ਅਤੇ ਮੈਂ ਉਹ ਨੂੰ ਤੋਲ ਕੇ ਚਾਂਦੀ ਦਿੱਤੀ ਅਰਥਾਤ ਸਤਾਰਾਂ ਰੁਪਏ ਚਾਂਦੀ
10ਤਾਂ ਮੈਂ ਬੈ-ਨਾਮੇ ਉੱਤੇ ਦਸਤਖਤ ਕੀਤੇ, ਮੋਹਰ ਲਾਈ ਅਤੇ ਗਵਾਹਾਂ ਨੇ ਗਵਾਹੀ ਦਿੱਤੀ ਅਤੇ ਚਾਂਦੀ ਕੰਡੇ ਉੱਤੇ ਤੋਲੀ11ਤਾਂ ਮੈਂ ਉਸ ਬੈ-ਨਾਮੇ ਦੀ ਲਿਖਤ ਨੂੰ ਜਿਹ ਨੂੰ ਮੋਹਰ ਲੱਗੀ ਹੋਈ ਸੀ, ਜੋ ਕਨੂੰਨਾਂ ਅਤੇ ਬਿਧੀਆ ਦੇ ਅਨੁਸਾਰ ਸੀ, ਅਤੇ ਉਹ ਦੀ ਖੁੱਲ੍ਹੀ ਨਕਲ ਨੂੰ ਵੀ ਲਿਆ12ਤਾਂ ਮੈਂ ਉਹ ਬੈ-ਨਾਮੇ ਦੀ ਲਿਖਤ ਮਹਸੇਯਾਹ ਦੇ ਪੋਤੇ ਅਤੇ ਨੇਰੀਯਾਹ ਦੇ ਪੁੱਤਰ ਬਾਰੂਕ ਨੂੰ ਆਪਣੇ ਭਰਾ ਹਨਮਏਲ ਦੇ ਸਾਹਮਣੇ ਅਤੇ ਗਵਾਹਾਂ ਦੇ ਸਾਹਮਣੇ ਜਿਹਨਾਂ ਨੇ ਉਸ ਬੈ-ਨਾਮੇ ਦੀ ਲਿਖਤ ਉੱਤੇ ਦਸਤਖਤ ਕੀਤੇ ਸਨ ਅਤੇ ਉਹਨਾਂ ਸਾਰੇ ਯਹੂਦੀਆਂ ਦੇ ਸਾਹਮਣੇ ਜਿਹੜੇ ਕੈਦਖ਼ਾਨੇ ਦੇ ਵੇਹੜੇ ਵਿੱਚ ਬੈਠੇ ਸਨ ਦਿੱਤੀ
13ਅਤੇ ਮੈਂ ਉਹਨਾਂ ਦੇ ਸਾਹਮਣੇ ਬਾਰੂਕ ਨੂੰ ਹੁਕਮ ਦਿੱਤਾ ਕਿ14ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਕਿ ਇਹ ਲਿਖਤਾਂ ਲੈ, ਇਹ ਮੋਹਰ ਵਾਲਾ ਬੈ-ਨਾਮਾ ਅਤੇ ਇਹ ਖੁੱਲ੍ਹੀ ਲਿਖਤ, ਅਤੇ ਉਹਨਾਂ ਨੂੰ ਇੱਕ ਮਿੱਟੀ ਦੇ ਭਾਂਡੇ ਵਿੱਚ ਰੱਖ ਭਈ ਉਹ ਬਹੁਤ ਦਿਨਾਂ ਤੱਕ ਰਹਿ ਸੱਕਣ15ਕਿਉਂ ਜੋ ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਕਿ ਘਰ ਅਤੇ ਖੇਤ ਅਤੇ ਅੰਗੂਰੀ ਬਾਗ ਇਸ ਦੇਸ ਵਿੱਚ ਫੇਰ ਮੁੱਲ ਲਏ ਜਾਣਗੇ ।
ਯਿਰਮਿਯਾਹ ਦੀ ਪ੍ਰਾਰਥਨਾ

16ਇਸ ਦੇ ਪਿੱਛੋਂ ਕਿ ਮੈਂ ਉਹ ਬੈ-ਨਾਮੇ ਦੀ ਲਿਖਤ ਨੇਰੀਯਾਹ ਦੇ ਪੁੱਤਰ ਬਾਰੂਕ ਨੂੰ ਦਿੱਤੀ ਮੈਂ ਯਹੋਵਾਹ ਕੋਲ ਪ੍ਰਾਰਥਨਾ ਕੀਤੀ ਕਿ17ਹੇ ਪ੍ਰਭੁ ਯਹੋਵਾਹ, ਵੇਖ ! ਤੂੰ ਅਕਾਸ਼ ਅਤੇ ਧਰਤੀ ਨੂੰ ਵੱਡੀ ਸ਼ਕਤੀ ਅਤੇ ਪਸਾਰੀ ਹੋਈ ਬਾਂਹ ਨਾਲ ਬਣਾਇਆ ਅਤੇ ਤੇਰੇ ਲਈ ਕੋਈ ਕੰਮ ਕਠਣ ਨਹੀਂ ਹੈ18ਤੂੰ ਹਜ਼ਾਰਾਂ ਉੱਤੇ ਦਯਾ ਕਰਦਾ ਹੈ ਅਤੇ ਪਿਉ-ਦਾਦਿਆਂ ਦੀ ਬਦੀ ਦਾ ਬਦਲਾ ਉਹਨਾਂ ਦੇ ਪਿੱਛੋਂ ਉਹਨਾਂ ਦੇ ਪੁੱਤਰ ਦੀ ਝੋਲੀ ਵਿੱਚ ਰੱਖਦਾ ਹੈ । ਇਹ ਵੱਡਾ ਅਤੇ ਬਲਵੰਤ ਪਰਮੇਸ਼ੁਰ, ਸੈਨਾਂ ਦਾ ਯਹੋਵਾਹ ਉਹ ਦਾ ਨਾਮ ਹੈ
19ਸੁਲਾਹ ਵਿੱਚ ਵੱਡਾ ਅਤੇ ਕੰਮਾਂ ਵਿੱਚ ਸੂਰਮਾ ਜਿਹ ਦੀਆਂ ਅੱਖਾਂ ਆਦਮ ਵੰਸ ਦੇ ਸਭ ਰਾਹਾਂ ਉੱਤੇ ਖੁੱਲ੍ਹੀਆਂ ਹਨ ਕਿ ਹਰੇਕ ਨੂੰ ਉਹ ਦੇ ਰਾਹਾਂ ਅਤੇ ਉਹ ਦੇ ਕੰਮਾਂ ਦੇ ਫਲ ਅਨੁਸਾਰ ਦੇਵੇ20ਜਿਸ ਮਿਸਰ ਦੇ ਦੇਸ ਵਿੱਚ ਅੱਜ ਦੇ ਦਿਨ ਤੱਕ ਇਸਰਾਏਲ ਵਿੱਚ ਅਤੇ ਦੂਸਰੇ ਆਦਮੀਆਂ ਵਿੱਚ ਨਿਸ਼ਾਨ ਅਤੇ ਅਚੰਭੇ ਕੀਤੇ ਅਤੇ ਆਪਣੇ ਲਈ ਇੱਕ ਨਾਮ ਪੈਦਾ ਕੀਤਾ ਜਿਹੜਾ ਅੱਜ ਦੇ ਦਿਨ ਤੱਕ ਹੈ21ਤੂੰ ਆਪਣੀ ਪਰਜਾ ਇਸਰਾਏਲ ਨੂੰ ਮਿਸਰ ਦੇ ਦੇਸ ਵਿੱਚੋਂ ਨਿਸ਼ਾਨਾਂ ਅਤੇ ਅਚੰਭਿਆਂ ਨਾਲ ਤਕੜੇ ਹੱਥ ਅਤੇ ਪਸਾਰੀ ਹੋਈ ਬਾਂਹ ਨਾਲ ਅਤੇ ਵੱਡੇ ਭੈ ਨਾਲ ਬਾਹਰ ਲਿਆਂਦਾ
22ਅਤੇ ਇਹ ਦੇਸ ਉਹਨਾਂ ਨੂੰ ਦਿੱਤਾ ਜਿਹ ਦਾ ਤੂੰ ਉਹਨਾਂ ਦੇ ਪਿਉ-ਦਾਦਿਆਂ ਨਾਲ ਉਹਨਾਂ ਨੂੰ ਦੇਣ ਦੀ ਸੌਂਹ ਖਾਧੀ ਸੀ, ਇੱਕ ਦੇਸ ਜਿਸ ਵਿੱਚ ਦੁੱਧ ਅਤੇ ਸ਼ਹਿਤ ਵੱਗਦਾ ਸੀ ।23ਉਹ ਉਹ ਦੇ ਵਿੱਚ ਆ ਵੜੇ ਅਤੇ ਉਹਨਾਂ ਨੇ ਕਬਜਾ ਕਰ ਲਿਆ, ਪਰ ਉਹਨਾਂ ਤੇਰੀ ਅਵਾਜ਼ ਨਾ ਸੁਣੀ, ਨਾ ਤੇਰੀ ਬਿਵਸਥਾ ਉੱਤੇ ਚੱਲੇ, ਅਤੇ ਕੁਝ ਨਾ ਕੀਤਾ ਜਿਹੜਾ ਤੂੰ ਉਹਨਾਂ ਨੂੰ ਕਰਨ ਦਾ ਹੁਕਮ ਦਿੱਤਾ ਸੀ । ਇਸ ਲਈ ਤੈ ਸਾਰੀ ਬੁਰਿਆਈ ਨੂੰ ਉਹਨਾਂ ਲਈ ਸੱਦ ਲਿਆ
24ਵੇਖ, ਸ਼ਹਿਰ ਦੇ ਲੈ ਲੈਣ ਲਈ ਉਸ ਤੱਕ ਦਮਦਮੇ ਬਣ ਗਏ ਹਨ ਅਤੇ ਸ਼ਹਿਰ ਕਸਦੀਆਂ ਦੇ ਹੱਥ ਵਿੱਚ ਜਿਹਨਾਂ ਉਹ ਦੇ ਉੱਤੇ ਚੜ੍ਹਾਈ ਕੀਤੀ ਹੈ ਤਲਵਾਰ, ਕਾਲ ਅਤੇ ਬਵਾ ਦੇ ਕਾਰਨ ਦਿੱਤਾ ਗਿਆ ਹੈ ਅਤੇ ਜੋ ਉਹ ਬੋਲਿਆ ਸੋ ਉਹ ਹੋ ਗਿਆ ਹੈ, ਅਤੇ ਵੇਖ, ਤੂੰ ਆਪ ਦੇਖਦਾ ਹੈਂ25ਹੇ ਪ੍ਰਭੂ ਯਹੋਵਾਹ, ਤੂੰ ਹੀ ਤਾਂ ਮੈਨੂੰ ਆਖਿਆ ਕਿ ਚਾਂਦੀ ਨਾਲ ਉਹ ਖੇਤ ਆਪਣੇ ਲਈ ਮੁੱਲ ਲੈ ਅਤੇ ਗਵਾਹਾਂ ਦੀ ਗਵਾਹੀ ਕਰਵਾ, ਭਾਵੇਂ ਇਹ ਸ਼ਹਿਰ ਕਸਦੀਆਂ ਦੇ ਹੱਥ ਵਿੱਚ ਦਿੱਤਾ ਗਿਆ ਹੈ ।
26ਤਾਂ ਯਹੋਵਾਹ ਦਾ ਬਚਨ ਯਿਰਮਿਯਾਹ ਕੋਲ ਆਇਆ ਕਿ27ਵੇਖ, ਮੈਂ ਸਾਰੇ ਬਸ਼ਰ ਦਾ ਯਹੋਵਾਹ ਪਰਮੇਸ਼ੁਰ ਹਾਂ । ਕੀ ਕੋਈ ਕੰਮ ਮੇਰੇ ਲਈ ਕਠਣ ਹੈ ?28ਇਸ ਲਈ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖ, ਮੈਂ ਇਹ ਸ਼ਹਿਰ ਕਸਦੀਆਂ ਦੇ ਹੱਥ ਵਿੱਚ ਅਤੇ ਬਾਬਲ ਦੇ ਰਾਜਾ ਨਬੂਕਦਰੱਸਰ ਦੇ ਹੱਥ ਵਿੱਚ ਦੇ ਰਿਹਾ ਹਾਂ ਅਤੇ ਉਹ ਇਹ ਨੂੰ ਲੈ ਲਵੇਗਾ
29ਕਸਦੀ ਜਿਹੜੇ ਇਸ ਸ਼ਹਿਰ ਦੇ ਵਿਰੁੱਧ ਲੜਦੇ ਹਨ ਆਉਣਗੇ ਅਤੇ ਇਸ ਸ਼ਹਿਰ ਨੂੰ ਅੱਗ ਲਾ ਦੇਣਗੇ ਅਤੇ ਇਸ ਨੂੰ ਸਾੜ ਦੇਣਗੇ ਅਤੇ ਉਹਨਾਂ ਘਰਾਂ ਨੂੰ ਵੀ ਜਿਹਨਾਂ ਦੀਆਂ ਛੱਤਾਂ ਉੱਤੇ ਉਹਨਾਂ ਨੇ ਬਆਲ ਲਈ ਧੂਪ ਧੁਖਾਈ ਅਤੇ ਦੂਜੇ ਦੇਵਤਿਆਂ ਲਈ ਪੀਣ ਦੀਆਂ ਭੇਟਾਂ ਡੋਹਲੀਆਂ ਭਈ ਮੈਨੂੰ ਗੁੱਸਾ ਚੜ੍ਹਾਉਣ30ਕਿਉਂ ਜੋ ਇਸਰਾਏਲੀਆਂ ਅਤੇ ਯਹੂਦੀਆਂ ਨੇ ਆਪਣੀ ਜੁਆਨੀ ਵਿੱਚ ਨਿਰਾ ਉਹ ਕੀਤਾ ਜਿਹੜਾ ਮੇਰੀ ਨਿਗਾਹ ਵਿੱਚ ਬੁਰਾ ਸੀ ਕਿਉਂ ਜੋ ਇਸਰਾਏਲੀਆਂ ਨੇ ਆਪਣੇ ਹੱਥਾਂ ਦੇ ਕੰਮਾਂ ਨਾਲ ਮੈਨੂੰ ਨਿਰਾ ਗੁੱਸਾ ਹੀ ਚੜ੍ਹਾਇਆ, ਯਹੋਵਾਹ ਦਾ ਵਾਕ ਹੈ
31ਇਹ ਸ਼ਹਿਰ ਜਿਸ ਦਿਨ ਤੋਂ ਉਹਨਾਂ ਇਸ ਨੂੰ ਬਣਾਇਆ ਅੱਜ ਦੇ ਦਿਨ ਤੱਕ ਮੇਰੇ ਕ੍ਰੋਧ ਅਤੇ ਗੁੱਸੇ ਦੇ ਭੜਕਾਉਣ ਦਾ ਕਾਰਨ ਬਣਿਆ ਹੋਇਆ ਹੈ । ਇਸ ਲਈ ਮੈਂ ਉਹ ਨੂੰ ਆਪਣੇ ਅੱਗੋਂ ਹਟਾ ਦਿਆਂਗਾ32ਨਾਲੇ ਉਹ ਸਾਰੀ ਬੁਰਿਆਈ ਦੇ ਕਾਰਨ ਜਿਹੜੀ ਇਸਰਾਏਲੀਆਂ ਅਤੇ ਯਹੂਦੀਆਂ ਨੇ ਕੀਤੀ ਭਈ ਮੇਰੇ ਗੁੱਸੇ ਨੂੰ ਭੜਕਾਉਣ, ਉਹਨਾਂ ਨੇ ਅਤੇ ਉਹਨਾਂ ਦੇ ਰਾਜਿਆਂ, ਸਰਦਾਰਾਂ, ਜਾਜਕਾਂ, ਨਬੀਆਂ ਨੇ ਨਾਲੇ ਯਹੂਦਾਹ ਦੇ ਮਨੁੱਖਾਂ ਅਤੇ ਯਰੂਸ਼ਲਮ ਦੇ ਵਾਸੀਆਂ ਨੇ ਵੀ
33ਉਹਨਾਂ ਨੇ ਮੇਰੀ ਵੱਲ ਆਪਣੀ ਪਿਠ ਕੀਤੀ ਪਰ ਮੂੰਹ ਨਾ ਕੀਤਾ ਅਤੇ ਭਾਵੇਂ ਮੈਂ ਉਹਨਾਂ ਨੂੰ ਸਿਖਾਇਆ, ਸਗੋਂ ਜਤਨ ਨਾਲ ਸਿਖਾਇਆ ਪਰ ਉਹਨਾਂ ਨੇ ਨਾ ਸੁਣਿਆ ਭਈ ਇਸ ਤੋਂ ਸਿੱਖਿਆ ਲੈਂਦੇ34ਸਗੋਂ ਉਹਨਾਂ ਨੇ ਉਸ ਘਰ ਵਿੱਚ ਜਿਹੜਾ ਮੇਰੇ ਨਾਮ ਦਾ ਅਖਵਾਉਂਦਾ ਹੈ ਆਪਣੀਆਂ ਪਲੀਤ ਚੀਜਾਂ ਰੱਖੀਆਂ ਭਈ ਉਹ ਨੂੰ ਭਰਿਸ਼ਟ ਕਰਨ35ਉਹਨਾਂ ਨੇ ਬਆਲ ਦੇ ਉੱਚੇ ਸਥਾਨ ਜਿਹੜੇ ਬਨ-ਹਿੰਨੋਮ ਦੀ ਵਾਦੀ ਵਿੱਚ ਹਨ ਬਣਾਏ ਭਈ ਆਪਣੇ ਪੁੱਤਰਾਂ ਅਤੇ ਧੀਆਂ ਨੂੰ ਮੋਲਕ ਲਈ ਉਹ ਦੇ ਵਿੱਚੋਂ ਦੀ ਲੰਘਾਉਣ ਜਿਹ ਦੀ ਮੈਂ ਉਹਨਾਂ ਨੂੰ ਆਗਿਆ ਨਹੀਂ ਦਿੱਤੀ, ਨਾ ਇਹ ਮੇਰੇ ਮੰਨ ਵਿੱਚ ਆਇਆ ਕਿ ਉਹ ਇਹ ਘਿਣਾਉਣੇ ਕੰਮ ਕਰ ਕੇ ਯਹੂਦਾਹ ਤੋਂ ਪਾਪ ਕਰਾਉਣ ।
ਆਸਾ ਦਾ ਵਾਅਦਾ

36ਇਸ ਲਈ ਹੁਣ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਸ਼ਹਿਰ ਦੇ ਬਾਰੇ ਜਿਹ ਨੂੰ ਤੁਸੀਂ ਆਖਦੇ ਹੋ ਕਿ ਤਲਵਾਰ, ਕਾਲ ਅਤੇ ਬਵਾ ਦੇ ਕਾਰਨ ਬਾਬਲ ਦੇ ਰਾਜਾ ਦੇ ਹੱਥ ਵਿੱਚ ਦਿੱਤਾ ਗਿਆ ਹੈ ਇਸ ਤਰ੍ਹਾਂ ਆਖਦਾ ਹੈ, -37ਵੇਖੋ, ਮੈਂ ਉਹਨਾਂ ਨੂੰ ਸਾਰਿਆਂ ਦੇਸਾਂ ਵਿੱਚੋਂ ਜਿੱਥੇ ਮੈਂ ਉਹਨਾਂ ਨੂੰ ਆਪਣੇ ਕ੍ਰੋਧ, ਗੁੱਸੇ ਅਤੇ ਵੱਡੇ ਕੋਪ ਨਾਲ ਹੱਕ ਦਿੱਤਾ ਸੀ ਇਕੱਠਾ ਕਰਾਂਗਾ ਅਤੇ ਉਹਨਾਂ ਨੂੰ ਇਸ ਸਥਾਨ ਨੂੰ ਫੇਰ ਲਿਆਵਾਂਗਾ ਅਤੇ ਉਹਨਾਂ ਨੂੰ ਚੈਨ ਨਾਲ ਵਸਾਵਾਂਗਾ
38ਉਹ ਮੇਰੀ ਪਰਜਾ ਹੋਵੇਗੀ ਅਤੇ ਮੈਂ ਉਹਨਾਂ ਦਾ ਪਰਮੇਸ਼ੁਰ ਹੋਵਾਂਗਾ39ਮੈਂ ਉਹਨਾਂ ਨੂੰ ਇੱਕ ਦਿਲ ਅਤੇ ਇੱਕ ਮਾਰਗ ਦਿਖਾਵਾਂਗਾ ਭਈ ਉਹ ਸਦਾ ਲਈ ਆਪਣੇ ਅਤੇ ਆਪਣੇ ਪਿੱਛੋਂ ਆਪਣੇ ਪੁੱਤਰਾਂ ਦੀ ਭਲਿਆਈ ਲਈ ਮੈਥੋਂ ਡਰਨ40ਮੈਂ ਉਹਨਾਂ ਨਾਲ ਇੱਕ ਸਦਾ ਦਾ ਨੇਮ ਬੰਨ੍ਹਾਂਗਾ ਅਤੇ ਮੈਂ ਉਹਨਾਂ ਦਾ ਭਲਾ ਕਰਨ ਤੋਂ ਨਾ ਹੱਟਾਂਗਾ ਅਤੇ ਮੈਂ ਆਪਣਾ ਭੈ ਉਹਨਾਂ ਦੇ ਦਿਲ ਵਿੱਚ ਪਾਵਾਂਗਾ ਭਈ ਉਹ ਫੇਰ ਮੈਥੋਂ ਫਿਰ ਨਾ ਜਾਣ
41ਮੈਂ ਖੁਸ਼ ਹੋ ਕੇ ਉਹਨਾਂ ਉੱਤੇ ਭਲਿਆਈ ਕਰਾਂਗਾ, ਮੈਂ ਆਪਣੇ ਸਾਰੇ ਦਿਲ ਅਤੇ ਆਪਣੀ ਸਾਰੀ ਜਾਨ ਨਾਲ ਸੱਚ-ਮੁੱਚ ਉਹਨਾਂ ਨੂੰ ਇਸ ਦੇਸ ਵਿੱਚ ਲਾਵਾਂਗਾ ।42ਯਹੋਵਾਹ ਤਾਂ ਇਸ ਤਰ੍ਹਾਂ ਆਖਦਾ ਹੈ ਕਿ ਜਿਵੇਂ ਮੈਂ ਇਸ ਪਰਜਾ ਉੱਤੇ ਇਹ ਸਾਰੀ ਵੱਡੀ ਬੁਰਿਆਈ ਲਿਆਂਦੀ ਤਿਵੇਂ ਮੈਂ ਉਹਨਾਂ ਉੱਤੇ ਸਾਰੀ ਭਲਿਆਈ ਲਿਆਵਾਂਗਾ ਜਿਹ ਦੀ ਮੈਂ ਉਹਨਾਂ ਨਾਲ ਗੱਲ ਕੀਤੀ ਸੀ
43ਇਸ ਦੇਸ ਵਿੱਚ ਖੇਤ ਮੁੱਲ ਲਏ ਜਾਣਗੇ ਜਿਹ ਦੇ ਬਾਰੇ ਤੁਸੀਂ ਆਖਦੇ ਹੋ ਕਿ ਇਹ ਵਿਰਾਨ ਹੈ, ਇਹ ਦੇ ਵਿੱਚ ਆਦਮ ਅਤੇ ਡੰਗਰ ਨਹੀਂ । ਇਹ ਕਸਦੀਆਂ ਦੇ ਹੱਥ ਵਿੱਚ ਦਿੱਤਾ ਗਿਆ ਹੈ44ਉਹ ਚਾਂਦੀ ਨਾਲ ਖੇਤ ਮੁੱਲ ਲੈਣਗੇ ਅਤੇ ਬੈ-ਨਾਮਿਆਂ ਤੇ ਦਸਤਖਤ ਕਰਨਗੇ, ਮੋਹਰਾਂ ਲਾਉਣਗੇ, ਗਵਾਹ ਗਵਾਹੀ ਦੇਣਗੇ, ਬਿਨਯਾਮੀਨ ਦੇ ਦੇਸ ਵਿੱਚ, ਯਰੂਸ਼ਲਮ ਦੇ ਆਲੇ-ਦੁਆਲੇ, ਯਹੂਦਾਹ ਦੇ ਸ਼ਹਿਰਾਂ ਵਿੱਚ, ਪਹਾੜੀ ਸ਼ਹਿਰਾਂ ਵਿੱਚ, ਮਦਾਨੀ ਸ਼ਹਿਰਾਂ ਵਿੱਚ ਅਤੇ ਦੱਖਣ ਦੇ ਸ਼ਹਿਰਾਂ ਵਿੱਚ, ਕਿਉਂ ਜੋ ਮੈਂ ਉਹਨਾਂ ਦੀ ਅਸੀਰੀ ਨੂੰ ਮੁਕਾ ਦਿਆਂਗਾ, ਯਹੋਵਾਹ ਦਾ ਵਾਕ ਹੈ ।

33
ਬਿਪਤਾ ਅਤੇ ਪੁਨਰ ਸਥਾਪਨਾ ਦੀ ਭਵਿੱਖਬਾਣੀ

1ਯਹੋਵਾਹ ਦਾ ਬਚਨ ਦੂਜੀ ਵਾਰ ਯਿਰਮਿਯਾਹ ਕੋਲ ਆਇਆ ਜਦ ਉਹ ਅਜੇ ਕੈਦ ਖਾਨੇ ਦੇ ਵੇਹੜੇ ਵਿੱਚ ਬੰਦ ਸੀ ਕਿ2ਯਹੋਵਾਹ ਜਿਹੜਾ ਇਹ ਦਾ ਕਰਤਾ ਅਤੇ ਯਹੋਵਾਹ ਜਿਹੜਾ ਇਹ ਦਾ ਸਿਰਜਣਹਾਰ ਅਤੇ ਕਾਇਮ ਰੱਖਣ ਵਾਲਾ ਹੈ, - ਯਹੋਵਾਹ ਉਸ ਦਾ ਨਾਮ ਹੈ, - ਉਹ ਐਉਂ ਆਖਦਾ ਹੈ,3ਮੈਨੂੰ ਪੁਕਾਰ ਅਤੇ ਮੈਂ ਤੈਨੂੰ ਉੱਤਰ ਦਿਆਂਗਾ, ਅਤੇ ਮੈਂ ਤੈਨੂੰ ਵੱਡੀਆਂ-ਵੱਡੀਆਂ ਅਤੇ ਔਖੀਆਂ ਗੱਲਾਂ ਦੱਸਾਂਗਾ ਜਿਹਨਾਂ ਨੂੰ ਤੂੰ ਨਹੀਂ ਜਾਣਦਾ ।

4ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਸ਼ਹਿਰ ਦੇ ਘਰਾਂ ਦੇ ਬਾਰੇ ਅਤੇ ਯਹੂਦਾਹ ਦੇ ਰਾਜਿਆਂ ਦੇ ਬਾਰੇ ਜਿਹੜੇ ਦਮਦਮਿਆ ਅਤੇ ਤਲਵਾਰ ਦੇ ਕਾਰਨ ਢਾਹੇ ਗਏ ਹਨ ਇਸ ਤਰ੍ਹਾਂ ਆਖਦਾ ਹੈ, -5ਉਹ ਕਸਦੀਆਂ ਨਾਲ ਲੜਨ ਅਤੇ ਉਹਨਾਂ ਨੂੰ ਉਹਨਾਂ ਆਦਮੀਆਂ ਦਿਨ ਲੋਥਾਂ ਨਾਲ ਭਰਨ ਲਈ ਆਉਂਦੇ ਹਨ ਜਿਹਨਾਂ ਨੂੰ ਮੈਂ ਆਪਣੇ ਕ੍ਰੋਧ ਅਤੇ ਆਪਣੇ ਗੁੱਸੇ ਨਾਲ ਮਾਰਿਆ ਹੈ ਅਤੇ ਜਿਹਨਾਂ ਦੀ ਸਾਰੀ ਬੁਰਿਆਈ ਦੇ ਕਾਰਨ ਮੈਂ ਇਸ ਸ਼ਹਿਰ ਤੋਂ ਆਪਣਾ ਮੂੰਹ ਲੁਕਾਇਆ ਹੈ
6ਵੇਖੋ, ਮੈਂ ਏਹ ਦੇ ਲਈ ਔਖਦ ਅਤੇ ਤੰਦਰੁਸਤੀ ਲਿਆਂਵਾਂਗਾ ਅਤੇ ਮੈਂ ਏਹਨਾਂ ਨੂੰ ਚੰਗਾ ਕਰਾਂਗਾ ਅਤੇ ਮੈਂ ਏਹਨਾਂ ਲਈ ਸ਼ਾਂਤੀ ਅਤੇ ਸਚਿਆਈ ਵਾਫਰ ਪਰਗਟ ਕਰਾਂਗਾ7ਮੈਂ ਯਹੂਦਾਹ ਦੀ ਅਸੀਰੀ ਨੂੰ ਅਤੇ ਇਸਰਾਏਲ ਦੀ ਅਸੀਰੀ ਨੂੰ ਮੁਕਾ ਦਿਆਂਗਾ ਅਤੇ ਉਹਨਾਂ ਨੂੰ ਪਹਿਲਾ ਵਾਂਗੂੰ ਬਣਾਵਾਂਗਾ8ਮੈਂ ਉਹਨਾਂ ਨੂੰ ਸਾਰੀ ਬਦੀ ਤੋਂ ਜਿਹ ਦੇ ਨਾਲ ਉਹਨਾਂ ਨੇ ਮੇਰੇ ਵਿਰੁੱਧ ਪਾਪ ਕੀਤਾ ਸਾਫ਼ ਕਰ ਦਿਆਂਗਾ ਅਤੇ ਮੈਂ ਉਹਨਾਂ ਸਾਰੀਆਂ ਬਦੀਆਂ ਦੇ ਲਈ ਜਿਨ੍ਹਾਂ ਨਾਲ ਉਹ ਮੇਰੇ ਹੋਏ ਅਤੇ ਜਿਨ੍ਹਾਂ ਵਿੱਚ ਉਹ ਅਪਰਾਧੀ ਹੋਏ ਮਾਫ਼ ਕਰ ਦਿਆਂਗਾ9ਏਹ ਮੇਰੇ ਲਈ ਅਨੰਦ ਨਾਮਾ ਹੋਵੇਗਾ ਅਤੇ ਧਰਤੀ ਦੀਆਂ ਸਾਰੀਆਂ ਕੌਮਾਂ ਲਈ ਵਡਿਆਈ ਅਤੇ ਸੁਹੱਪਣ ਦਾ ਕਾਰਨ ਹੋਵੇਗਾ ਅਤੇ ਉਹ ਉਸ ਨੇਕੀ ਨੂੰ ਜਿਹੜੀ ਮੈਂ ਇਹਨਾਂ ਨਾਲ ਕਰਾਂਗਾ ਸੁਣਨਗੀਆਂ ਅਤੇ ਉਸ ਸਾਰੀ ਨੇਕੀ ਦੇ ਕਾਰਨ ਅਤੇ ਉਸ ਸ਼ਾਂਤੀ ਦੇ ਕਾਰਨ ਜਿਹੜੀ ਮੈਂ ਇਹਨਾਂ ਨਾਲ ਕਰਾਂਗਾ ਉਹ ਡਰਨਗੀਆਂ ਅਤੇ ਕੰਬਣਗੀਆਂ ।
10ਯਹੋਵਾਹ ਤਾਂ ਇਸ ਤਰ੍ਹਾਂ ਆਖਦਾ ਹੈ ਕਿ ਇਸ ਸਥਾਨ ਵਿੱਚ ਜਿਹ ਨੂੰ ਤੁਸੀਂ ਆਖਦੇ ਹੋ ਕਿ ਉਹ ਵਿਰਾਨ ਹੈ, ਨਾ ਉੱਥੇ ਆਦਮੀ ਹੈ, ਨਾ ਡੰਗਰ, ਅਤੇ ਯਹੂਦਾਹ ਦੇ ਸ਼ਹਿਰਾਂ ਵਿੱਚ ਅਤੇ ਯਰੂਸ਼ਲਮ ਦੇ ਚੌਂਕਾਂ ਵਿੱਚ ਜਿਹੜੇ ਉੱਜੜੇ ਪੁੱਜੜੇ ਪਏ ਹਨ ਜਿੱਥੇ ਨਾ ਆਦਮੀ, ਨਾ ਵੱਸਣ ਵਾਲਾ, ਨਾ ਡੰਗਰ ਹੈ11ਖੁਸ਼ੀ ਦੀ ਅਵਾਜ਼, ਆਨੰਦ ਦੀ ਅਵਾਜ਼, ਲਾੜੇ ਦੀ ਅਵਾਜ਼, ਲਾੜੀ ਦੀ ਅਵਾਜ਼ ਅਤੇ ਉਹਨਾਂ ਦੀ ਅਵਾਜ਼ ਸੁਣੀ ਜਾਵੇਗੀ ਜਿਹੜੇ ਆਖਦੇ ਹਨ, - ਸੈਨਾਂ ਦੇ ਯਹੋਵਾਹ ਦੀ ਉਸਤਤ ਕਰੋ, ਕਿਉਂ ਜੋ ਯਹੋਵਾਹ ਭਲਾ ਹੈ, ਅਤੇ ਉਸ ਦੀ ਦਯਾ ਸਦੀਪਕਾਲ ਦੀ ਹੈ । ਜਦ ਉਹ ਯਹੋਵਾਹ ਦੇ ਭਵਨ ਵਿੱਚ ਧੰਨਵਾਦ ਕਰਨ ਲਈ ਆਉਂਦੇ ਹਨ ਕਿਉਂ ਜੋ ਯਹੋਵਾਹ ਆਖਦਾ ਹੈ, ਮੈਂ ਉਹਨਾਂ ਦੀ ਇਸ ਦੇਸ ਦੀ ਅਸੀਰੀ ਨੂੰ ਪਹਿਲੇ ਵਾਂਗੂੰ ਮੁਕਾ ਦਿਆਂਗਾ
12ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਇਸ ਸਥਾਨ ਵਿੱਚ ਜਿਹੜਾ ਵਿਰਾਨ ਹੈ ਅਤੇ ਜਿਹ ਦੇ ਵਿੱਚ ਨਾ ਆਦਮੀ ਹੈ ਨਾ ਡੰਗਰ ਅਤੇ ਉਹ ਦੇ ਸਾਰੇ ਸ਼ਹਿਰਾਂ ਵਿੱਚ ਫੇਰ ਆਜੜੀਆਂ ਦੇ ਵਸੇਬੇ ਹੋਣਗੇ ਅਤੇ ਉਹ ਇੱਜੜ ਬਿਠਾਉਣਗੇ13ਪਹਾੜੀ ਦੇਸ ਦੇ ਸ਼ਹਿਰਾਂ ਵਿੱਚ, ਮਦਾਨ ਦੇ ਸ਼ਹਿਰਾਂ ਵਿੱਚ, ਦੱਖਣ ਦੇ ਸ਼ਹਿਰਾਂ ਵਿੱਚ, ਬਿਨਯਾਮੀਨ ਦੇ ਦੇਸ ਵਿੱਚ, ਯਰੂਸ਼ਲਮ ਦੇ ਆਲੇ-ਦੁਆਲੇ ਅਤੇ ਯਹੂਦਾਹ ਦੇ ਸ਼ਹਿਰਾਂ ਵਿੱਚ ਫੇਰ ਇੱਜੜ ਗਿਣਨ ਵਾਲੇ ਹੱਥ ਹੇਠ ਦੀ ਲੰਘਣਗੇ, ਯਹੋਵਾਹ ਆਖਦਾ ਹੈ ।
14ਵੇਖੋ, ਉਹ ਦਿਨ ਆਉਂਦੇ ਹਨ, ਯਹੋਵਾਹ ਦਾ ਵਾਕ ਹੈ, ਕਿ ਮੈਂ ਉਸ ਭਲੀ ਗੱਲ ਨੂੰ ਜਿਹੜੀ ਮੈਂ ਇਸਰਾਏਲ ਦੇ ਘਰਾਣੇ ਅਤੇ ਯਹੂਦਾਹ ਦੇ ਘਰਾਣੇ ਦੇ ਬਾਰੇ ਕੀਤੀ ਹੈ ਪੂਰੀ ਕਰਾਂਗਾ15ਉਹਨਾਂ ਦਿਨਾਂ ਵਿੱਚ ਅਤੇ ਉਸ ਵੇਲੇ ਮੈਂ ਦਾਊਦ ਲਈ ਧਰਮ ਦੀ ਸ਼ਾਖ ਉਗਾਵਾਂਗਾ ਅਤੇ ਉਹ ਦੇਸ ਵਿੱਚ ਨਿਆਂ ਅਤੇ ਧਰਮ ਦੇ ਕੰਮ ਕਰੇਗਾ16ਉਹਨਾਂ ਦਿਨਾਂ ਵਿੱਚ ਯਹੂਦਾਹ ਬਚਾਇਆ ਜਾਵੇਗਾ ਅਤੇ ਯਰੂਸ਼ਲਮ ਚੈਨ ਨਾਲ ਵੱਸੇਗਾ ਅਤੇ ਉਹ ਇਸ ਨਾਮ ਤੋਂ ਪੁਕਾਰਿਆ ਜਾਵੇਗਾ, " ਯਹੋਵਾਹ ਸਾਡਾ ਧਰਮ " ।
17ਯਹੋਵਾਹ ਤਾਂ ਇਸ ਤਰ੍ਹਾਂ ਆਖਦਾ ਹੈ ਕਿ ਦਾਊਦ ਨੂੰ ਇਸਰਾਏਲ ਦੇ ਘਰਾਣੇ ਦੇ ਸਿੰਘਾਸਣ ਉੱਤੇ ਬੈਠਣ ਲਈ ਮਨੁੱਖ ਦੀ ਥੁੜ ਨਾ ਹੋਵੇਗੀ18ਅਤੇ ਲੇਵੀ ਜਾਜਕਾਂ ਵਿੱਚੋਂ ਮਨੁੱਖ ਦੀ ਥੁੜ ਨਾ ਹੋਵੇਗੀ ਜਿਹੜਾ ਮੇਰੇ ਅੱਗੇ ਹੋਮ ਦੀਆਂ ਬਲੀਆਂ ਚੜ੍ਹਾਵੇ, ਮੈਦੇ ਦੀਆਂ ਭੇਟਾਂ ਬਾਲੇ ਅਤੇ ਸਦਾ ਲਈ ਬਲੀਆਂ ਚੜ੍ਹਾਵੇ ।
19ਯਹੋਵਾਹ ਦਾ ਬਚਨ ਯਿਰਮਿਯਾਹ ਕੋਲ ਆਇਆ ਕਿ20ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਜੇ ਤੁਸੀਂ ਮੇਰਾ ਦਿਨ ਦਾ ਨੇਮ ਅਤੇ ਮੇਰਾ ਰਾਤ ਦਾ ਨੇਮ ਤੋੜ ਸਕਦੇ ਹੋ ਭਈ ਦਿਨ ਅਤੇ ਰਾਤ ਆਪਣੇ ਵੇਲੇ ਸਿਰ ਨਾ ਹੋਣ21ਤਦ ਮੇਰਾ ਉਹ ਨੇਮ ਜਿਹੜਾ ਮੈਂ ਆਪਣੇ ਦਾਸ ਦਾਊਦ ਨਾਲ ਕੀਤਾ ਸੀ ਟੁੱਟ ਸਕਦਾ ਹੈ ਭਈ ਉਸ ਦੇ ਸਿੰਘਾਸਣ ਉੱਤੇ ਪਾਤਸ਼ਾਹੀ ਕਰਨ ਲਈ ਪੁੱਤਰ ਨਾ ਹੋਵੇ, ਨਾਲੇ ਲੇਵੀ ਜਾਜਕਾਂ ਦਾ ਨੇਮ ਵੀ ਜਿਹੜੇ ਮੇਰੇ ਸੇਵਕ ਹਨ22ਜਿਵੇਂ ਅਕਾਸ਼ ਦੀ ਸੈਨਾਂ ਗਿਣੀ ਨਹੀਂ ਜਾਂਦੀ, ਨਾ ਸਮੁੰਦਰ ਦੀ ਰੇਤ ਮਿਣੀ ਜਾਂਦੀ ਹੈ ਤਿਵੇਂ ਮੈਂ ਆਪਣੇ ਦਾਸ ਦਾਊਦ ਦੀ ਨਸਲ ਨੂੰ ਅਤੇ ਲੇਵੀਆਂ ਨੂੰ ਜਿਹੜੇ ਮੇਰੇ ਸੇਵਕ ਹਨ ਵਧਾਵਾਂਗਾ ।
23ਫੇਰ ਯਹੋਵਾਹ ਦਾ ਬਚਨ ਯਿਰਮਿਯਾਹ ਕੋਲ ਆਇਆ,24ਕੀ ਤੂੰ ਨਹੀਂ ਦੇਖਦਾ ਕਿ ਇਹ ਲੋਕ ਕੀ ਬੋਲੇ ? ਕਿ " ਇਹਨਾਂ ਦੋਂਹੁ ਟੱਬਰਾਂ ਨੂੰ ਜਿਹਨਾਂ ਨੂੰ ਯਹੋਵਾਹ ਨੇ ਚੁਣਿਆ ਸੀ ਉਸ ਨੇ ਰੱਦ ਕਰ ਦਿੱਤਾ ਹੈ " । ਐਉਂ ਉਹ ਮੇਰੀ ਪਰਜਾ ਨੂੰ ਨਖਿੱਧ ਜਾਣਦੇ ਹਨ ਭਈ ਉਹ ਅੱਗੇ ਨੂੰ ਉਹਨਾਂ ਦੇ ਸਾਹਮਣੇ ਕੌਮ ਨਾ ਰਹੇ ।
25ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਜੇ ਮੈਂ ਆਪਣੇ ਨੇਮ ਨੂੰ ਦਿਨ ਅਤੇ ਰਾਤ ਨਾਲ ਅਤੇ ਆਪਣੀਆਂ ਬਿਧੀਆਂ ਨੂੰ ਅਕਾਸ਼ ਅਤੇ ਧਰਤੀ ਨਾਲ ਕਾਇਮ ਨਾ ਕੀਤਾ ਹੋਵੇ26ਤਾਂ ਮੈਂ ਵੀ ਯਾਕੂਬ ਅਤੇ ਆਪਣੇ ਦਾਸ ਦਾਊਦ ਦੀ ਨਸਲ ਨੂੰ ਰੱਦ ਦਿਆਂਗਾ ਭਈ ਉਹ ਦੀ ਨਸਲ ਵਿੱਚੋਂ ਉਹਨਾਂ ਨੂੰ ਨਾ ਲਵਾਂਗਾ ਜਿਹੜੇ ਅਬਰਾਹਮ, ਇਸਹਾਕ ਅਤੇ ਯਾਕੂਬ ਦੀ ਨਸਲ ਉੱਤੇ ਹੁਕਮ ਚਲਾਉਣ ਵਾਲੇ ਹੋਣ, ਸਗੋਂ ਮੈਂ ਉਹਨਾਂ ਦੀ ਅਸੀਰੀ ਨੂੰ ਮੁਕਾ ਦਿਆਂਗਾ ਅਤੇ ਉਹਨਾਂ ਨਾਲ ਰਹਮ ਕਰਾਂਗਾ ।

34
ਸਿਦਕਿਯਾਹ ਦੇ ਲਈ ਇੱਕ ਸੰਦੇਸ਼

1ਉਹ ਬਚਨ ਜਿਹੜਾ ਯਹੋਵਾਹ ਵੱਲੋਂ ਯਿਰਮਿਯਾਹ ਨੂੰ ਆਇਆ ਜਦ ਬਾਬਲ ਦਾ ਰਾਜਾ ਨਬੂਕਦਰੱਸਰ, ਉਹ ਦੀ ਸਾਰੀ ਫੌਜ ਅਤੇ ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਜਿਹੜੀਆਂ ਉਹ ਦੇ ਹੁਕਮ ਵਿੱਚ ਸਨ ਅਤੇ ਸਾਰੀਆਂ ਉੱਮਤਾਂ ਯਰੂਸ਼ਲਮ ਦੇ ਵਿਰੁੱਧ ਅਤੇ ਉਹ ਦੇ ਸਾਰੇ ਸ਼ਹਿਰਾਂ ਦੇ ਵਿਰੁੱਧ ਲੜਦੀਆਂ ਸਨ ਕਿ2ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਐਉਂ ਆਖਦਾ ਹੈ, ਜਾ ਅਤੇ ਤੂੰ ਯਹੂਦਾਹ ਦੇ ਰਾਜਾ ਸਿਦਕੀਯਾਹ ਨੂੰ ਆਖ ਅਤੇ ਉਹ ਨੂੰ ਦੱਸ, ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਵੇਖ, ਮੈਂ ਇਹ ਸ਼ਹਿਰ ਬਾਬਲ ਦੇ ਰਾਜਾ ਦੇ ਹੱਥ ਵਿੱਚ ਦਿੰਦਾ ਹਾਂ ਅਤੇ ਉਹ ਇਸ ਨੂੰ ਅੱਗ ਨਾਲ ਸਾੜ ਦੇਵੇਗਾ3ਤੂੰ ਉਹ ਦੇ ਹੱਥੋਂ ਨਾ ਬਚੇਗਾ ਸਗੋਂ ਜ਼ਰੂਰ ਫੜਿਆ ਜਾਵੇਂਗਾ ਅਤੇ ਉਹ ਦੇ ਹੱਥ ਵਿੱਚ ਸੌਂਪਿਆ ਜਾਵੇਂਗਾ । ਤੇਰੀਆਂ ਅੱਖਾਂ ਬਾਬਲ ਦੇ ਰਾਜਾ ਨੂੰ ਵੇਖਣਗੀਆਂ, ਅਤੇ ਉਹ ਮੂੰਹ ਦਰ ਮੂੰਹ ਤੇਰੇ ਨਾਲ ਗੱਲਾਂ ਕਰੇਗਾ ਅਤੇ ਤੂੰ ਬਾਬਲ ਨੂੰ ਜਾਵੇਂਗਾ

4ਪਰ ਹੇ ਯਹੂਦਾਹ ਦੇ ਰਾਜਾ ਸਿਦਕੀਯਾਹ, ਯਹੋਵਾਹ ਦਾ ਬਚਨ ਸੁਣ ! ਯਹੋਵਾਹ ਤੇਰੇ ਬਾਰੇ ਐਉਂ ਆਖਦਾ ਹੈ ਕਿ ਤੂੰ ਤਲਵਾਰ ਨਾਲ ਨਾ ਮਰੇਂਗਾ5ਸਗੋਂ ਤੂੰ ਸ਼ਾਂਤੀ ਨਾਲ ਮਰੇਂਗਾ ਅਤੇ ਜਿਵੇਂ ਤੇਰੇ ਪਿਉ-ਦਾਦਿਆਂ ਲਈ ਜਿਹੜੇ ਤੈਥੋਂ ਪਹਿਲਾਂ ਰਾਜਾ ਹਨ ਉਹ ਖੁਸ਼ਬੋਈਆਂ ਜਲਾਉਂਦੇ ਸਨ ਤਿਵੇਂ ਤੇਰੇ ਲਈ ਖੁਸ਼ਬੋਈਆਂ ਜਲਾਉਣਗੇ ਅਤੇ ਤੇਰੇ ਲਈ ਸਿਆਪਾ ਕਰਨਗੇ ਕਿ ਹਾਇ ਸਾਡੇ ਮਾਲਕ ! ਕਿਉਂ ਜੋ ਇਹ ਗੱਲ ਮੈਂ ਆਖੀ ਹੈ, ਯਹੋਵਾਹ ਦਾ ਵਾਕ ਹੈ ।
6ਤਦ ਯਿਰਮਿਯਾਹ ਨਬੀ ਨੇ ਇਹ ਸਾਰੀਆਂ ਗੱਲਾਂ ਯਰੂਸ਼ਲਮ ਵਿੱਚ ਯਹੂਦਾਹ ਦੇ ਰਾਜਾ ਸਿਦਕੀਯਾਹ ਨੂੰ ਆਖੀਆਂ7ਜਦ ਬਾਬਲ ਦੇ ਰਾਜਾ ਦੀ ਫੌਜ ਯਰੂਸ਼ਲਮ ਦੇ ਵਿਰੁੱਧ ਅਤੇ ਯਹੂਦਾਹ ਦੇ ਸਾਰੇ ਬਚੇ ਹੋਏ ਸ਼ਹਿਰਾਂ ਦੇ ਵਿਰੁੱਧ ਅਤੇ ਲਾਕੀਸ਼ ਅਤੇ ਅਜੇਕਾਹ ਨਾਲ ਲੜਦੀ ਸੀ, ਕਿਉਂ ਜੋ ਯਹੂਦਾਹ ਦੇ ਸ਼ਹਿਰਾਂ ਵਿੱਚ ਇਹੋ ਹੀ ਗੜ੍ਹ ਵਾਲੇ ਸ਼ਹਿਰ ਸਨ ਜਿਹੜੇ ਬਚ ਰਹੇ ਸਨ ।
ਦਾਸਾ ਦੇ ਨਾਲ ਕਪਟ ਵਿਹਾਰ

8ਉਹ ਬਚਨ ਜਿਹੜਾ ਯਹੋਵਾਹ ਵੱਲੋਂ ਯਿਰਮਿਯਾਹ ਨੂੰ ਆਇਆ ਉਸ ਦੇ ਪਿੱਛੋਂ ਕਿ ਸਿਦਕੀਯਾਹ ਰਾਜਾ ਨੇ ਯਰੂਸ਼ਲਮ ਦੇ ਸਾਰੇ ਲੋਕਾਂ ਨਾਲ ਨੇਮ ਬੰਨ੍ਹ ਕੇ ਉਹਨਾਂ ਦੀ ਅਜ਼ਾਦੀ ਦੀ ਡੌਂਡੀ ਪਿਟਵਾਈ9ਭਈ ਹਰੇਕ ਮਨੁੱਖ ਆਪਣੇ ਗੋਲੇ ਨੂੰ ਅਤੇ ਹਰੇਕ ਆਪਣੀ ਗੋਲੀ ਨੂੰ ਜੋ ਇਬਰਾਨੀ ਜਾਂ ਇਬਰਾਨਣ ਹੋਵੇ ਆਜ਼ਾਦ ਕਰਕੇ ਛੱਡ ਦੇਵੇ ਅਤੇ ਕੋਈ ਮਨੁੱਖ ਆਪਣੇ ਯਹੂਦੀ ਭਰਾ ਨੂੰ ਗੁਲਾਮ ਨਾ ਰੱਖੇ
10ਤਾਂ ਸਾਰੇ ਸਰਦਾਰਾਂ ਅਤੇ ਸਾਰੇ ਲੋਕਾਂ ਨੇ ਜਿਹੜੇ ਇਸ ਨੇਮ ਵਿੱਚ ਆਏ ਹੋਏ ਸਨ ਮੰਨ ਲਿਆ ਭਈ ਹਰੇਕ ਆਪਣੇ ਗੋਲੇ ਨੂੰ ਅਜ਼ਾਦ ਕਰਕੇ ਛੱਡ ਦੇਵੇ ਅਤੇ ਅੱਗੇ ਨੂੰ ਉਹਨਾਂ ਨੂੰ ਗੁਲਾਮ ਨਾ ਰੱਖੇ । ਸੋ ਉਹਨਾਂ ਨੇ ਇਹ ਮੰਨ ਲਿਆ ਅਤੇ ਉਹਨਾਂ ਨੂੰ ਛੱਡ ਦਿੱਤਾ11ਪਰ ਇਸ ਦੇ ਪਿੱਛੋਂ ਉਹ ਫਿਰ ਗਏ ਅਤੇ ਗੋਲਿਆਂ ਅਤੇ ਗੋਲੀਆਂ ਨੂੰ ਫੇਰ ਲੈ ਆਏ ਜਿਹਨਾਂ ਨੂੰ ਅਜ਼ਾਦ ਕਰਕੇ ਛੱਡਿਆ ਸੀ ਅਤੇ ਉਹਨਾਂ ਨੂੰ ਫਿਰ ਗੋਲਿਆਂ ਅਤੇ ਗੋਲੀਆਂ ਜਬਰਨ ਬਣਾਇਆ ।
12ਤਾਂ ਯਿਰਮਿਯਾਹ ਨੂੰ ਯਹੋਵਾਹ ਦਾ ਬਚਨ ਯਹੋਵਾਹ ਵੱਲੋਂ ਆਇਆ ਕਿ13ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਭਈ ਮੈਂ ਤੁਹਾਡੇ ਪਿਉ-ਦਾਦਿਆਂ ਨਾਲ ਉਸ ਦਿਨ ਜਦ ਮੈਂ ਉਹਨਾਂ ਨੂੰ ਮਿਸਰ ਦੇਸ ਤੋਂ ਅਤੇ ਗੁਲਾਮੀ ਦੇ ਘਰ ਤੋਂ ਕੱਢ ਲਿਆਂਦਾ ਇੱਕ ਨੇਮ ਬੰਨ੍ਹਿਆ ਸੀ ਕਿ14ਸੱਤਾਂ ਵਰਿਹਾਂ ਦੇ ਅੰਤ ਵਿੱਚ ਤੁਹਾਡੇ ਵਿੱਚੋਂ ਹਰੇਕ ਆਪਣੇ ਇਬਰਾਨੀ ਭਰਾ ਨੂੰ ਜਿਹੜਾ ਉਹ ਦੇ ਹੱਥ ਵੇਚਿਆ ਗਿਆ ਅਜ਼ਾਦ ਕਰਕੇ ਛੱਡ ਦੇਵੇ । ਜਦ ਉਸ ਛੇਆਂ ਵਰਿਹਾਂ ਤੱਕ ਉਹ ਦੀ ਟਹਿਲ ਕੀਤੀ ਹੋਵੇ ਤਾਂ ਉਹ ਉਸ ਨੂੰ ਅਜ਼ਾਦ ਕਰਕੇ ਛੱਡ ਦੇਵੇ, ਪਰ ਤੁਹਾਡੇ ਪਿਉ-ਦਾਦਿਆਂ ਨੇ ਮੇਰੀ ਨਾ ਸੁਣੀ, ਨਾ ਆਪਣਾ ਕੰਨ ਲਾਇਆ
15ਹੁਣ ਤੁਸੀਂ ਫਿਰੇ ਸਾਓ ਅਤੇ ਉਹੋ ਕੀਤਾ ਜੋ ਮੇਰੀ ਨਿਗਾਹ ਵਿੱਚ ਠੀਕ ਸੀ ਕਿ ਹਰੇਕ ਨੇ ਆਪਣੇ ਗੁਆਂਢੀ ਕੋਲ ਅਜ਼ਾਦੀ ਦੀ ਡੌਂਡੀ ਪਿੱਟੀ ਅਤੇ ਤੁਸੀਂ ਇਸ ਭਵਨ ਵਿੱਚ ਜਿਹੜਾ ਮੇਰੇ ਨਾਮ ਦਾ ਅਖਵਾਉਂਦਾ ਹੈ ਮੇਰੇ ਸਨਮੁੱਖ ਮੇਰੇ ਨਾਲ ਨੇਮ ਬੰਨ੍ਹਿਆ16ਪਰ ਤੁਸੀਂ ਫਿਰ ਗਏ ਅਤੇ ਨਾਮ ਨੂੰ ਪਲੀਤ ਕੀਤਾ ਜਦ ਹਰੇਕ ਨੇ ਆਪਣੇ ਗੋਲੇ ਨੂੰ ਅਤੇ ਹਰੇਕ ਨੇ ਆਪਣੀ ਗੋਲੀ ਨੂੰ ਜਿਹਨਾਂ ਨੂੰ ਤੁਸੀਂ ਅਜ਼ਾਦ ਕਰਕੇ ਉਹਨਾਂ ਦੀ ਮਰਜ਼ੀ ਅਨੁਸਾਰ ਛੱਡ ਦਿੱਤਾ ਸੀ ਮੋੜ ਲਿਆ ਅਤੇ ਫਿਰ ਆਪਣੇ ਵੱਸ ਵਿੱਚ ਕਰ ਲਿਆ ਕਿ ਉਹ ਤੁਹਾਡੇ ਗੋਲੇ ਗੋਲੀਆਂ ਰਹਿਣ ।
17ਇਸ ਲਈ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਤੁਸੀਂ ਮੇਰੀ ਨਾ ਸੁਣੀ ਭਈ ਹਰੇਕ ਆਪਣੇ ਭਰਾ ਕੋਲ ਅਤੇ ਹਰੇਕ ਆਪਣੇ ਗੁਆਂਢੀ ਕੋਲ ਅਜ਼ਾਦੀ ਦੀ ਡੌਂਡੀ ਪਿੱਟੇ । ਵੇਖੋ, ਮੈਂ ਤੁਹਾਡੇ ਲਈ ਤਲਵਾਰ, ਕਾਲ ਅਤੇ ਬਵਾ ਲਈ ਅਜ਼ਾਦੀ ਦੀ ਡੌਂਡੀ ਪਿੱਟਦਾ ਹਾਂ, ਯਹੋਵਾਹ ਦਾ ਵਾਕ ਹੈ, ਅਤੇ ਮੈਂ ਤੁਹਾਨੂੰ ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਵਿੱਚ ਹੌਲ ਦਾ ਕਾਰਨ ਬਣਾਵਾਂਗਾ18ਮੈਂ ਉਹਨਾਂ ਮਨੁੱਖਾਂ ਨੂੰ ਜਿਹਨਾਂ ਮੇਰੇ ਨਾਮ ਨੂੰ ਉਲੰਘਿਆ ਅਤੇ ਉਸ ਨੇਮ ਦੀਆਂ ਗੱਲਾਂ ਨੂੰ ਕਾਇਮ ਨਾ ਰੱਖਿਆ ਜਿਹੜਾ ਉਹਨਾਂ ਮੇਰੇ ਅੱਗੇ ਬੰਨ੍ਹਿਆ ਸੀ ਉਸ ਵੱਛੇ ਵਾਂਗੂੰ ਕਰਾਂਗਾ ਜਿਹ ਨੂੰ ਉਹਨਾਂ ਨੇ ਕੱਟ ਕੇ ਦੋ ਟੋਟੇ ਕੀਤਾ ਅਤੇ ਦੋਹਾਂ ਟੋਟਿਆਂ ਦੇ ਵਿੱਚ ਦੀ ਲੰਘ ਗਏ19ਅਰਥਾਤ ਯਹੂਦਾਹ ਦੇ ਸਰਦਾਰਾਂ ਨੂੰ, ਯਰੂਸ਼ਲਮ ਦੇ ਸਰਦਾਰਾਂ ਨੂੰ, ਖੁਸਰੇ, ਜਾਜਕ ਅਤੇ ਦੇਸ ਦੇ ਸਾਰੇ ਲੋਕਾਂ ਨੂੰ ਜਿਹੜੇ ਉਸ ਵੱਛੇ ਦੇ ਟੋਟਿਆਂ ਦੇ ਵਿੱਚ ਦੀ ਲੰਘ ਗਏ
20ਮੈਂ ਉਹਨਾਂ ਨੂੰ ਉਹਨਾਂ ਦੇ ਵੈਰੀਆਂ ਦੇ ਹੱਥ ਵਿੱਚ ਅਤੇ ਉਹਨਾਂ ਦੀ ਜਾਨ ਲੇਵਿਆਂ ਦੇ ਹੱਥ ਵਿੱਚ ਦਿਆਂਗਾ ਅਤੇ ਉਹਨਾਂ ਦੀਆਂ ਲੋਥਾਂ ਅਕਾਸ਼ ਦੇ ਪੰਛੀਆਂ ਅਤੇ ਧਰਤੀ ਦੇ ਦਰਿੰਦਿਆਂ ਦਾ ਖਾਜਾ ਹੋਣਗੀਆਂ !21ਅਤੇ ਮੈਂ ਯਹੂਦਾਹ ਦੇ ਰਾਜਾ ਸਿਦਕੀਯਾਹ ਨੂੰ ਅਤੇ ਉਹ ਦੇ ਸਰਦਾਰਾਂ ਨੂੰ ਉਹ ਦੇ ਵੈਰੀਆਂ ਦੇ ਹੱਥ ਵਿੱਚ ਅਤੇ ਉਹਨਾਂ ਦੀ ਜਾਨ ਲੇਵਿਆਂ ਦੇ ਹੱਥ ਵਿੱਚ, ਬਾਬਲ ਦੇ ਰਾਜਾ ਦੀ ਫੌਜ ਦੇ ਹੱਥ ਵਿੱਚ ਦੇ ਦਿਆਂਗਾ ਜਿਹੜੇ ਤੁਹਾਨੂੰ ਛੱਡ ਕੇ ਤੁਰ ਗਏ22ਵੇਖ, ਮੈਂ ਹੁਕਮ ਦਿਆਂਗਾ, ਯਹੋਵਾਹ ਦਾ ਵਾਕ ਹੈ, ਅਤੇ ਮੈਂ ਉਹਨਾਂ ਨੂੰ ਇਸ ਸ਼ਹਿਰ ਵੱਲ ਮੋੜ ਲਿਆਵਾਂਗਾ । ਉਹ ਇਹ ਦੇ ਵਿਰੁੱਧ ਲੜਨਗੇ ਅਤੇ ਇਹ ਨੂੰ ਲੈ ਲੈਣਗੇ ਅਤੇ ਇਹ ਨੂੰ ਅੱਗ ਨਾਲ ਸਾੜ ਦੇਣਗੇ ਅਤੇ ਮੈਂ ਯਹੂਦਾਹ ਦੇ ਸ਼ਹਿਰਾਂ ਨੂੰ ਵਿਰਾਨ ਕਰ ਦਿਆਂਗਾ ਭਈ ਉਹਨਾਂ ਵਿੱਚ ਕੋਈ ਵੱਸਣ ਵਾਲਾ ਨਾ ਰਹੇ ।

35
ਯਿਰਮਿਯਾਹ ਅਤੇ ਰਕਾਬ ਦੇ ਵੰਸ਼ਜ

1ਉਹ ਬਚਨ ਜਿਹੜਾ ਯਹੋਵਾਹ ਵੱਲੋਂ ਯਿਰਮਿਯਾਹ ਨੂੰ ਯਹੂਦਾਹ ਦੇ ਰਾਜਾ ਯੋਸ਼ੀਯਾਹ ਦੇ ਪੁੱਤਰ ਯਹੋਯਾਕੀਮ ਦੇ ਦਿਨਾਂ ਵਿੱਚ ਆਇਆ ਕਿ2ਤੂੰ ਰੇਕਾਬੀਆਂ ਦੇ ਘਰ ਜਾ ਅਤੇ ਉਹਨਾਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਯਹੋਵਾਹ ਦੇ ਭਵਨ ਵਿੱਚ ਕਿਸੇ ਕੋਠੜੀ ਵਿੱਚ ਲਿਆ ਅਤੇ ਉਹਨਾਂ ਨੂੰ ਮਧ ਪਿਲਾ

3ਤਾਂ ਮੈਂ ਹੱਬਸਿਨਯਾਹ ਦੇ ਪੋਤੇ ਯਿਰਮਿਯਾਹ ਦੇ ਪੁੱਤਰ ਯਅਜ਼ਨਯਾਹ ਨੂੰ ਅਤੇ ਉਸ ਦੇ ਭਰਾਵਾਂ ਅਤੇ ਉਸ ਦੇ ਸਾਰੇ ਪੁੱਤਰਾਂ ਨੂੰ ਅਤੇ ਰੇਕਾਬੀਆਂ ਦੇ ਸਾਰੇ ਘਰਾਣੇ ਨੂੰ ਲਿਆ4ਅਤੇ ਉਹਨਾਂ ਨੂੰ ਯਹੋਵਾਹ ਦੇ ਭਵਨ ਵਿੱਚ ਪਰਮੇਸ਼ੁਰ ਦੇ ਇੱਕ ਜਨ ਯਿਗਦਲਯਾਹ ਦੇ ਪੁੱਤਰ ਹਾਨਾਨ ਦੇ ਪੁੱਤਰਾਂ ਦੀ ਕੋਠੜੀ ਵਿੱਚ ਲਿਆਂਦਾ ਜਿਹੜੀ ਸਰਦਾਰਾਂ ਦੀ ਕੋਠੜੀ ਦੇ ਲਾਗੇ ਸੀ ਅਤੇ ਜਿਹੜੀ ਸ਼ੱਲੁਮ ਦੇ ਪੁੱਤਰ ਮਆਸੇਯਾਹ ਡੇਉੜ੍ਹੀ ਦੇ ਰਾਖੇ ਦੀ ਕੋਠੜੀ ਦੇ ਉੱਤੇ ਸੀ
5ਤਾਂ ਮੈਂ ਰੇਕਾਬੀਆਂ ਦੇ ਘਰਾਣੇ ਦੇ ਪੁੱਤਰਾਂ ਅੱਗੇ ਮਧ ਨਾਲ ਭਰ ਕੇ ਕਟੋਰੇ ਅਤੇ ਕੌਲ ਰੱਖੋ ਅਤੇ ਉਹਨਾਂ ਨੂੰ ਆਖਿਆ, ਮਧ ਪਿਓ6ਪਰ ਉਹਨਾਂ ਆਖਿਆ, ਅਸੀਂ ਮਧ ਨਹੀਂ ਪੀਵਾਂਗੇ ਕਿਉਂ ਜੋ ਸਾਡੇ ਪਿਤਾ ਰੇਕਾਬ ਦੇ ਪੁੱਤਰ ਯੋਨਾਦਾਬ ਨੇ ਸਾਨੂੰ ਹੁਕਮ ਦਿੱਤਾ ਸੀ ਕਿ ਸਦਾ ਤੱਕ ਮਧ ਨਾ ਪਿਓ, ਨਾ ਤੁਸੀਂ ਨਾ ਤੁਹਾਡੇ ਪੁੱਤਰ7ਨਾ ਘਰ ਬਣਾਓ, ਨਾ ਬੀ ਬੀਜੋ, ਨਾ ਅੰਗੂਰੀ ਬਾਗ ਲਾਓ, ਨਾ ਆਪਣੇ ਕੋਲ ਰੱਖੋ, ਸਗੋਂ ਆਪਣੇ ਸਾਰੇ ਦਿਨ ਤੰਬੂਆਂ ਵਿੱਚ ਵੱਸੋ, ਇਸ ਲਈ ਭਈ ਤੁਸੀਂ ਉਸ ਭੂਮੀ ਉੱਤੇ ਬਹੁਤੇ ਦਿਨ ਜੀਉਂਦੇ ਰਹੋ ਜਿੱਥੇ ਤੁਸੀਂ ਪਰਦੇਸੀ ਹੋਵੋਗੇ
8ਅਸੀਂ ਆਪਣੇ ਪਿਤਾ ਰੇਕਾਬ ਦੇ ਪੁੱਤਰ ਯੋਨਾਦਾਬ ਦੀ ਅਵਾਜ਼ ਸਾਰੀਆਂ ਗੱਲਾਂ ਵਿੱਚ ਸੁਣੀ ਜਿਸ ਨੇ ਸਾਨੂੰ ਹੁਕਮ ਦਿੱਤਾ ਸੀ ਕਿ ਆਪਣੇ ਸਾਰੇ ਦਿਨ ਮਧ ਨਾ ਪਿਓ, ਨਾ ਤੁਸੀਂ, ਨਾ ਤੁਹਾਡੀਆਂ ਔਰਤਾਂ ਨਾ ਤੁਹਾਡੇ ਪੁੱਤਰ ਨਾ ਤੁਹਾਡੀਆਂ ਧੀਆਂ9ਨਾ ਵੱਸਣ ਲਈ ਘਰ ਬਣਾਓ ਅਤੇ ਅਸੀਂ ਨਾ ਬਾਗ ਨਾ ਖੇਤ ਨਾ ਬੀ ਆਪਣੇ ਕੋਲ ਰੱਖਦੇ ਹਾਂ10ਅਸੀਂ ਤੰਬੂਆਂ ਵਿੱਚ ਵੱਸੇ ਹਾਂ ਅਤੇ ਅਸੀਂ ਸਭ ਕੁਝ ਓਵੇਂ ਮੰਨਿਆ ਅਤੇ ਕੀਤਾ ਜਿਵੇਂ ਸਾਡੇ ਪਿਤਾ ਯੋਨਾਦਾਬ ਨੇ ਸਾਨੂੰ ਹੁਕਮ ਦਿੱਤਾ11ਜਦ ਬਾਬਲ ਦਾ ਰਾਜਾ ਨਬੂਕਦਰੱਸਰ ਇਸ ਦੇਸ ਉੱਤੇ ਚੜ੍ਹ ਆਇਆ ਤਦ ਅਸੀਂ ਆਖਿਆ, ਆਓ, ਅਸੀਂ ਕਸਦੀਆਂ ਦੀ ਫੌਜ ਦੇ ਕਾਰਨ ਅਤੇ ਅਰਾਮੀਆਂ ਦੀ ਫੌਜ ਦੇ ਕਾਰਨ ਯਰੂਸ਼ਲਮ ਨੂੰ ਚੱਲੀਏ, ਸੋ ਅਸੀਂ ਯਰੂਸ਼ਲਮ ਵਿੱਚ ਵੱਸ ਗਏ ।
12ਤਾਂ ਯਹੋਵਾਹ ਦਾ ਬਚਨ ਯਿਰਮਿਯਾਹ ਕੋਲ ਆਇਆ ਕਿ13ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਐਉਂ ਆਖਦਾ ਹੈ ਕਿ ਜਾ ਅਤੇ ਯਹੂਦਾਹ ਦੇ ਮਨੁੱਖਾਂ ਅਤੇ ਯਰੂਸ਼ਲਮ ਦੇ ਵਾਸੀਆਂ ਨੂੰ ਤੂੰ ਆਖ, ਕੀ ਤੁਸੀਂ ਸਿੱਖਿਆ ਨਾ ਲਓਗੇ ਭਈ ਮੇਰੀਆਂ ਗੱਲਾਂ ਸੁਣੋਗੇ ? ਯਹੋਵਾਹ ਦਾ ਵਾਕ ਹੈ14ਰੇਕਾਬ ਦੇ ਪੁੱਤਰ ਯੋਨਾਦਾਬ ਦੀਆਂ ਗੱਲਾਂ ਕਾਇਮ ਰੱਖੀਆਂ ਗਈਆਂ ਜਿਸ ਨੇ ਆਪਣੇ ਪੁੱਤਰਾਂ ਨੂੰ ਹੁਕਮ ਦਿੱਤਾ ਕਿ ਮਧ ਨਾ ਪੀਣੀ । ਉਹਨਾਂ ਨੇ ਅੱਜ ਦੇ ਦਿਨ ਤੱਕ ਨਹੀਂ ਪੀਤੀ ਕਿਉਂ ਜੋ ਉਹਨਾਂ ਨੇ ਆਪਣੇ ਪਿਤਾ ਦਾ ਹੁਕਮ ਮੰਨਿਆ । ਮੈਂ ਤੁਹਾਡੇ ਨਾਲ ਗੱਲ ਕੀਤੀ, ਸਗੋਂ ਜਤਨ ਨਾਲ ਗੱਲ ਕੀਤੀ, ਪਰ ਤੁਸੀਂ ਮੇਰੀ ਨਾ ਸੁਣੀ
15ਤਾਂ ਮੈਂ ਆਪਣੇ ਸਾਰੇ ਦਾਸਾਂ ਨੂੰ ਆਪਣੇ ਨਬੀਆਂ ਨੂੰ ਤੁਹਾਡੇ ਕੋਲ ਭੇਜਿਆ, ਸਗੋਂ ਜਤਨ ਨਾਲ ਭੇਜਿਆ ਅਤੇ ਆਖਿਆ ਕਿ ਹਰ ਮਨੁੱਖ ਆਪਣੇ ਬੁਰੇ ਮਾਰਗ ਤੋਂ ਮੁੜੇ ਅਤੇ ਆਪਣੇ ਕਰਤੱਬਾਂ ਨੂੰ ਠੀਕ ਕਰੇ ਅਤੇ ਦੂਜੇ ਦੇਵਤਿਆਂ ਦੇ ਪਿੱਛੇ ਨਾ ਚੱਲੇ ਭਈ ਉਹਨਾਂ ਦੀ ਪੂਜਾ ਕਰੋ, ਤਾਂ ਤੁਸੀਂ ਉਸ ਭੂਮੀ ਵਿੱਚ ਜਿਹੜੀ ਮੈਂ ਤੁਹਾਨੂੰ ਅਤੇ ਤੁਹਾਡੇ ਪਿਓ ਦਾਦਿਆਂ ਨੂੰ ਦਿੱਤੀ ਵੱਸੋਗੇ, ਪਰ ਨਾ ਤੁਸੀਂ ਆਪਣਾ ਕੰਨ ਲਾਇਆ ਅਤੇ ਨਾ ਮੇਰੀ ਸੁਣੀ16ਰੇਕਾਬ ਦੇ ਪੁੱਤਰ ਯੋਨਾਦਾਬ ਦੇ ਪੁੱਤਰਾਂ ਨੇ ਤਾਂ ਆਪਣੇ ਪਿਤਾ ਦਾ ਹੁਕਮ ਕਾਇਮ ਰੱਖਿਆ ਪਰ ਇਹਨਾਂ ਲੋਕਾਂ ਨੇ ਮੇਰਾ ਹੁਕਮ ਨਾ ਮੰਨਿਆ
17ਇਸ ਲਈ ਯਹੋਵਾਹ ਸੈਨਾਂ ਦਾ ਪਰਮੇਸ਼ੁਰ ਅਤੇ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, ― ਵੇਖ, ਮੈਂ ਯਹੂਦਾਹ ਉੱਤੇ ਅਤੇ ਯਰੂਸ਼ਲਮ ਦੇ ਸਾਰੇ ਵਾਸੀਆਂ ਉੱਤੇ ਉਹ ਸਾਰੀ ਬੁਰਿਆਈ ਜਿਹੜੀ ਮੈਂ ਉਹਨਾਂ ਦੇ ਵਿਰੁੱਧ ਆਖੀ ਹੈ ਲਿਆਵਾਂਗਾ, ਕਿਉਂ ਜੋ ਮੈਂ ਉਹਨਾਂ ਨਾਲ ਗੱਲ ਕੀਤੀ ਪਰ ਉਹਨਾਂ ਨੇ ਸੁਣੀ ਨਹੀ, ਮੈਂ ਉਹਨਾਂ ਨੂੰ ਪੁਕਾਰਿਆ ਪਰ ਉਹਨਾਂ ਉੱਤਰ ਨਾ ਦਿੱਤਾ ।
18ਰੇਕਾਬੀਆਂ ਦੇ ਘਰਾਣੇ ਨੂੰ ਯਿਰਮਿਯਾਹ ਨੇ ਆਖਿਆ, ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, ― ਇਸ ਲਈ ਜੋ ਤੁਸੀਂ ਆਪਣੇ ਪਿਤਾ ਯੋਨਾਦਾਬ ਦਾ ਹੁਕਮ ਮੰਨਿਆ ਅਤੇ ਉਸ ਦੇ ਸਾਰਿਆਂ ਹੁਕਮਾਂ ਦੀ ਪਾਲਣਾ ਕੀਤੀ ਅਤੇ ਉਹ ਸਭ ਕੁਝ ਕੀਤਾ ਜਿਸ ਦਾ ਉਸ ਨੇ ਤੁਹਾਨੂੰ ਹੁਕਮ ਦਿੱਤਾ ਸੀ19ਇਸ ਲਈ ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਕਿ ਸਾਰੇ ਦਿਨਾਂ ਤੱਕ ਮੇਰੇ ਸਨਮੁੱਖ ਖੜ੍ਹੇ ਹੋਣ ਲਈ ਰੇਕਾਬ ਦੇ ਪੁੱਤਰ ਯੋਨਾਦਾਬ ਲਈ ਮਨੁੱਖ ਦੀ ਥੁੜ ਨਾ ਹੋਵੇਗੀ ।

36
ਹੈਕਲ ਵਿੱਚ ਬਾਰੂਕ ਦੁਆਰਾ ਪੁਸਤਕ ਨੂੰ ਪੜ੍ਹਣਾ

1ਤਾਂ ਇਸ ਤਰ੍ਹਾਂ ਹੋਇਆ ਕਿ ਯਹੂਦਾਹ ਦੇ ਰਾਜਾ ਯੋਸ਼ੀਯਾਹ ਦੇ ਪੁੱਤਰ ਯਹੋਯਾਕੀਮ ਦੇ ਚੌਥੇ ਸਾਲ ਯਿਰਮਿਯਾਹ ਨੂੰ ਯਹੋਵਾਹ ਵੱਲੋਂ ਇਹ ਬਚਨ ਆਇਆ ਕਿ2ਆਪਣੇ ਲਈ ਇੱਕ ਲਪੇਟਵੀਂ ਪੱਤ੍ਰੀ ਲੈ ਅਤੇ ਉਹ ਸਾਰੀਆਂ ਗੱਲਾਂ ਜਿਹੜੀਆਂ ਮੈਂ ਤੈਨੂੰ ਇਸਰਾਏਲ ਦੇ ਵਿਖੇ, ਯਹੂਦਾਹ ਦੇ ਬਾਰੇ ਅਤੇ ਸਾਰੀਆਂ ਕੌਮਾਂ ਦੇ ਬਾਰੇ ਉਸ ਦਿਨ ਤੋਂ ਜਦ ਮੈਂ ਤੇਰੇ ਨਾਲ ਬੋਲਿਆ ਅਰਥਾਤ ਯੋਸ਼ੀਯਾਹ ਦੇ ਦਿਨਾਂ ਤੋਂ ਅੱਜ ਦੇ ਦਿਨ ਤੱਕ ਆਖੀਆਂ ਉਹ ਦੇ ਵਿੱਚ ਲਿਖ ਲੈ3ਕੀ ਜਾਣੀਏ ਕਿ ਯਹੂਦਾਹ ਦਾ ਘਰਾਣਾ ਉਸ ਸਾਰੀ ਬੁਰਿਆਈ ਨੂੰ ਜਿਹ ਦਾ ਮੈਂ ਉਹਨਾਂ ਉੱਤੇ ਲਿਆਉਣ ਦਾ ਮਤਾ ਕੀਤਾ ਹੈ ਸੁਣੇ ਅਤੇ ਹਰ ਮਨੁੱਖ ਆਪਣੇ ਬੁਰੇ ਰਾਹ ਤੋਂ ਮੁੜੇ ਤਾਂ ਮੈਂ ਉਹਨਾਂ ਦੀ ਬਦੀ ਅਤੇ ਪਾਪ ਮਾਫ਼ ਕਰ ਦੇਵਾਂ

4ਤਾਂ ਯਿਰਮਿਯਾਹ ਨੇ ਨੇਰੀਯਾਹ ਦੇ ਪੁੱਤਰ ਬਾਰੂਕ ਨੂੰ ਬੁਲਾਇਆ ਅਤੇ ਬਾਰੂਕ ਨੇ ਯਿਰਮਿਯਾਹ ਦੇ ਮੂੰਹ ਤੋਂ ਯਹੋਵਾਹ ਦੀਆਂ ਸਾਰੀਆਂ ਗੱਲਾਂ ਜਿਹੜੀਆਂ ਉਹ ਉਸ ਨੂੰ ਬੋਲਿਆ ਲਪੇਟਵੀਂ ਪੱਤ੍ਰੀ ਵਿੱਚ ਲਿੱਖ ਲਈਆਂ5ਯਿਰਮਿਯਾਹ ਨੇ ਬਾਰੂਕ ਨੂੰ ਹੁਕਮ ਦੇ ਕੇ ਆਖਿਆ, ਮੈਂ ਰੋਕਿਆ ਗਿਆ ਹਾਂ ਅਤੇ ਯਹੋਵਾਹ ਦੇ ਭਵਨ ਵਿੱਚ ਜਾ ਨਹੀਂ ਸਕਦਾ6ਇਸ ਲਈ ਤੂੰ ਜਾ ਅਤੇ ਯਹੋਵਾਹ ਦੀਆਂ ਉਹ ਗੱਲਾਂ ਜਿਹੜੀਆਂ ਤੂੰ ਮੇਰੇ ਮੂੰਹੋਂ ਉਸ ਲਪੇਟੇ ਹੋਏ ਵਿੱਚ ਲਿਖੀਆਂ ਹਨ ਯਹੋਵਾਹ ਦੇ ਭਵਨ ਵਿਚ ਵਰਤ ਵਾਲੇ ਦਿਨ ਪੜ੍ਹ ਕੇ ਪਰਜਾ ਦੇ ਕੰਨਾਂ ਵਿੱਚ ਸੁਣਾ, ਨਾਲੇ ਸਾਰੇ ਯਹੂਦਾਹ ਦੇ ਕੰਨਾਂ ਵਿੱਚ ਜਿਹੜੇ ਆਪਣੇ ਸ਼ਹਿਰਾਂ ਤੋਂ ਆਏ ਹੋਏ ਹਨ ਪੜ੍ਹ ਕੇ ਸੁਣਾ
7ਕੀ ਜਾਣੀਏ ਭਈ ਉਹਨਾਂ ਦਾ ਤਰਲਾ ਯਹੋਵਾਹ ਅੱਗੇ ਆਵੇ ਅਤੇ ਉਹਨਾਂ ਵਿੱਚੋਂ ਹਰੇਕ ਆਪਣੇ ਬੁਰੇ ਰਾਹ ਤੋਂ ਫਿਰੇ ਕਿਉਂ ਜੋ ਉਹ ਕ੍ਰੋਧ ਅਤੇ ਗੁੱਸਾ ਜਿਹ ਦੇ ਬਾਰੇ ਉਹ ਇਸ ਪਰਜਾ ਨਾਲ ਬੋਲਿਆ ਹੈ ਵੱਡਾ ਹੈ8ਤਾਂ ਨੇਰੀਯਾਹ ਦੇ ਪੁੱਤਰ ਬਾਰੂਕ ਨੇ ਸਭ ਕੁਝ ਉਵੇਂ ਹੀ ਕੀਤਾ ਜਿਵੇਂ ਯਿਰਮਿਯਾਹ ਨਬੀ ਨੇ ਉਹ ਨੂੰ ਹੁਕਮ ਦਿੱਤਾ ਸੀ ਅਤੇ ਯਹੋਵਾਹ ਦੇ ਭਵਨ ਵਿੱਚ ਯਹੋਵਾਹ ਦੀਆਂ ਗੱਲਾਂ ਪੱਤਰੀ ਵਿੱਚੋਂ ਪੜ੍ਹੀਆਂ
9ਤਾਂ ਇਸ ਤਰ੍ਹਾਂ ਹੋਇਆ ਕਿ ਯਹੂਦਾਹ ਦੇ ਰਾਜਾ ਯੋਸ਼ੀਯਾਹ ਦੇ ਪੁੱਤਰ ਯਹੋਯਾਕੀਮ ਦੇ ਪੰਜਵੇਂ ਸਾਲ ਦੇ ਨੌਵੇਂ ਮਹੀਨੇ ਯਰੂਸ਼ਲਮ ਦੀ ਸਾਰੀ ਪਰਜਾ ਨੇ ਅਤੇ ਸਾਰੀ ਪਰਜਾ ਨੇ ਜਿਹੜੀ ਯਹੂਦਾਹ ਦੇ ਸ਼ਹਿਰਾਂ ਤੋਂ ਯਰੂਸ਼ਲਮ ਨੂੰ ਆਈ ਹੋਈ ਸੀ ਵਰਤ ਦੀ ਡੋਡੀ ਯਹੋਵਾਹ ਦੇ ਸਨਮੁਖ ਪਿੱਟੀ10ਤਦ ਬਾਰੂਕ ਨੇ ਯਹੋਵਾਹ ਦੇ ਭਵਨ ਵਿੱਚ ਯਿਰਮਿਯਾਹ ਦੀਆਂ ਗੱਲਾਂ ਪੱਤ੍ਰੀ ਵਿੱਚੋਂ ਸ਼ਾਫ਼ਾਨ ਦੇ ਪੁੱਤਰ ਗਮਰਯਾਹ ਲਿਖਾਰੀ ਦੀ ਕੋਠੜੀ ਦੇ ਵਿੱਚ ਉਤਲੇ ਵਿਹੜੇ ਦੇ ਵਿਚਕਾਰ ਯਹੋਵਾਹ ਦੇ ਭਵਨ ਨੇ ਨਵੇਂ ਫਾਟਕ ਦੇ ਦਰ ਉੱਤੇ ਸਾਰੀ ਪਰਜਾ ਦੇ ਕੰਨਾਂ ਵਿੱਚ ਪੜ੍ਹ ਕੇ ਸੁਣਾਈਆਂ ।
ਹਾਕਮਾਂ ਨੂੰ ਪੜ੍ਹ ਕੇ ਸੁਣਾਇਆ ਜਾਣਾ

11ਜਦ ਸ਼ਾਫ਼ਾਨ ਦੇ ਪੋਤੇ ਗਮਰਯਾਹ ਦੇ ਪੁੱਤਰ ਮੀਕਾਯਾਹ ਨੇ ਯਹੋਵਾਹ ਦੀਆਂ ਸਾਰੀਆਂ ਗੱਲਾਂ ਜਿਹੜੀਆਂ ਉਸ ਪੱਤ੍ਰੀ ਵਿੱਚ ਸਨ ਸੁਣੀਆਂ12ਤਾਂ ਉਹ ਉਤਰ ਕੇ ਰਾਜਾ ਦੇ ਮਹਿਲ ਵਿੱਚ ਲਿਖਾਰੀ ਦੀ ਕੋਠੜੀ ਉੱਤੇ ਗਿਆ । ਵੇਖੋ, ਉੱਥੇ ਸਾਰੇ ਸਰਦਾਰ ਬੈਠੇ ਸਨ, ਅਲੀਸ਼ਾਮਾ ਲਿਖਾਰੀ, ਸ਼ਮਆਯਾਹ ਦਾ ਪੁੱਤਰ ਦਲਾਯਾਹ, ਅਕਬੋਰ ਦਾ ਪੁੱਤਰ ਅਲਨਾਥਾਨ, ਸ਼ਾਫ਼ਾਨ ਦਾ ਪੁੱਤਰ ਗਮਰਯਾਹ, ਹਨਨਯਾਹ ਦਾ ਪੁੱਤਰ ਸਿਦਕੀਯਾਹ ਅਤੇ ਸਾਰੇ ਸਰਦਾਰ
13ਮੀਕਾਯਾਹ ਨੇ ਸਾਰੀਆਂ ਗੱਲਾਂ ਉਹਨਾਂ ਨੂੰ ਦੱਸੀਆਂ ਜਿਹੜੀਆਂ ਬਾਰੂਕ ਨੇ ਪੱਤ੍ਰੀ ਵਿੱਚੋਂ ਪੜ੍ਹੀਆਂ ਅਤੇ ਪਰਜਾ ਦੇ ਕੰਨੀਂ ਸੁਣਾਈਆਂ ਸਨ14ਤਾਂ ਸਾਰੇ ਸਰਦਾਰਾਂ ਨੇ ਕੂਸ਼ੀ ਦੇ ਪੜੋਤੇ ਸ਼ਲਮਯਾਹ ਦੇ ਪੋਤੇ ਨਥਨਯਾਹ ਦੇ ਪੁੱਤਰ ਯਹੂਦੀ ਨੂੰ ਬਾਰੂਕ ਕੋਲ ਭੇਜਿਆ ਕਿ ਉਹ ਲਪੇਟਿਆ ਹੋਇਆ ਜਿਹੜਾ ਤੂੰ ਪੜ੍ਹ ਕੇ ਪਰਜਾ ਦੇ ਕੰਨੀਂ ਸੁਣਾਇਆ ਹੈ ਆਪਣੇ ਹੱਥ ਵਿੱਚ ਲੈ ਕੇ ਤੁਰ ਆ । ਤਾਂ ਨੇਰੀਯਾਹ ਦਾ ਪੁੱਤਰ ਬਾਰੂਕ ਉਹ ਲਪੇਟਿਆ ਹੋਇਆ ਆਪਣੇ ਹੱਥ ਵਿੱਚ ਲੈ ਕੇ ਉਹਨਾਂ ਕੋਲ ਗਿਆ15ਉਹਨਾਂ ਉਸ ਨੂੰ ਆਖਿਆ, ਜ਼ਰਾ ਬੈਠ ਜਾ ਅਤੇ ਪੜ੍ਹ ਕੇ ਸਾਨੂੰ ਸੁਣਾ । ਤਾਂ ਬਾਰੂਕ ਨੇ ਪੜ੍ਹ ਕੇ ਉਹਨਾਂ ਨੂੰ ਸੁਣਾਇਆ
16ਤਾਂ ਇਸ ਤਰ੍ਹਾਂ ਹੋਇਆ ਕਿ ਜਦ ਉਹਨਾਂ ਇਹ ਗੱਲਾਂ ਸੁਣੀਆਂ ਤਾਂ ਹਰੇਕ ਆਪਣੇ ਸਾਥੀ ਵੱਲ ਵੇਖ ਕੇ ਕੰਬਣ ਲੱਗ ਪਿਆ । ਉਹਨਾਂ ਨੇ ਬਾਰੂਕ ਨੂੰ ਆਖਿਆ ਕਿ ਸਾਨੂੰ ਇਹ ਸਾਰੀਆਂ ਗੱਲਾਂ ਰਾਜਾ ਨੂੰ ਦੱਸਣੀਆਂ ਪੈਣਗੀਆਂ17ਉਹਨਾਂ ਨੇ ਬਾਰੂਕ ਨੂੰ ਪੁੱਛਿਆ ਕਿ ਸਾਨੂੰ ਦੱਸ ਭਈ ਇਹ ਸਾਰੀਆਂ ਗੱਲਾਂ ਤੂੰ ਉਹ ਦੇ ਮੂੰਹੋਂ ਕਿਵੇਂ ਲਿੱਖੀਆਂ ?18ਤਾਂ ਬਾਰੂਕ ਨੇ ਉਹਨਾਂ ਨੂੰ ਆਖਿਆ ਕਿ ਉਹ ਇਹ ਸਾਰੀਆਂ ਗੱਲਾਂ ਆਪਣੇ ਮੂੰਹੋਂ ਉੱਚਰਦਾ ਗਿਆ ਅਤੇ ਮੈਂ ਸਿਆਹੀ ਨਾਲ ਪੱਤ੍ਰੀ ਉੱਤੇ ਲਿੱਖਦਾ ਗਿਆ19ਤਦ ਸਰਦਾਰਾਂ ਨੇ ਬਾਰੂਕ ਨੂੰ ਆਖਿਆ, ਜਾ ਤੂੰ ਅਤੇ ਯਿਰਮਿਯਾਹ, ਆਪਣੇ ਆਪ ਨੂੰ ਲੁਕਾ ਲਓ ਅਤੇ ਕੋਈ ਨਾ ਜਾਣੇ ਕਿ ਤੁਸੀਂ ਕਿੱਥੇ ਹੋ !
ਰਾਜਾ ਦੁਆਰਾ ਪੁਸਤਕ ਨੂੰ ਜਲਾਇਆ ਜਾਣਾ

20ਉਹ ਵਿਹੜੇ ਵਿੱਚ ਰਾਜਾ ਕੋਲ ਗਏ ਪਰ ਉਸ ਲਪੇਟੇ ਹੋਏ ਨੂੰ ਅਲੀਸ਼ਾਮਾ ਲਿਖਾਰੀ ਦੀ ਕੋਠੜੀ ਵਿੱਚ ਰਖਵਾ ਗਏ । ਉਹਨਾਂ ਨੇ ਉਹ ਸਾਰੀਆਂ ਗੱਲਾਂ ਰਾਜਾ ਨੂੰ ਸੁਣਾਈਆਂ ਅਤੇ ਦੱਸੀਆਂ21ਤਾਂ ਰਾਜਾ ਨੇ ਯਹੂਦੀ ਨੂੰ ਭੇਜਿਆ ਕਿ ਉਸ ਲਪੇਟੇ ਹੋਏ ਨੂੰ ਲਿਆਵੇ ਤਾਂ ਉਹ ਉਸ ਨੂੰ ਅਲੀਸ਼ਾਮਾ ਲਿਖਾਰੀ ਦੀ ਕੋਠੜੀ ਵਿੱਚੋਂ ਲੈ ਆਇਆ । ਯਹੂਦੀ ਨੇ ਰਾਜਾ ਦੇ ਕੰਨੀਂ ਅਤੇ ਸਾਰੇ ਸਰਦਾਰਾਂ ਦੇ ਕੰਨੀਂ ਜਿਹੜੇ ਰਾਜਾ ਦੇ ਅੱਗੇ ਖਲੋਤੇ ਸਨ ਉਸ ਨੂੰ ਪੜ੍ਹ ਕੇ ਸੁਣਾਇਆ22ਰਾਜਾ ਸਿਆਲ ਵਾਲੇ ਮਹਿਲ ਵਿੱਚ ਬੈਠਾ ਹੋਇਆ ਸੀ । ਨੌਵਾਂ ਮਹੀਨਾ ਸੀ ਅਤੇ ਉਹ ਦੇ ਅੱਗੇ ਅੰਗੀਠੀ ਬਲਦੀ ਸੀ
23ਤਾਂ ਇਸ ਤਰ੍ਹਾਂ ਹੋਇਆ ਕਿ ਜਦ ਯਹੂਦੀ ਤਿੰਨ ਚਾਰ ਕਾਂਡ ਪੜ੍ਹ ਚੁੱਕਾ ਤਾਂ ਉਸ ਨੂੰ ਲਿਖਾਰੀ ਦੇ ਚਾਕੂ ਨਾਲ ਕੱਟ ਕੇ ਅੱਗ ਵਿੱਚ ਪਾ ਦਿੱਤਾ ਜਿਹੜੀ ਅੰਗੀਠੀ ਵਿੱਚ ਸੀ ਐਥੋਂ ਤੱਕ ਕਿ ਉਹ ਲਪੇਟਿਆ ਹੋਇਆ ਸਾਰੇ ਦਾ ਸਾਰਾ ਅੰਗੀਠੀ ਦੀ ਅੱਗ ਵਿੱਚ ਭਸਮ ਹੋ ਗਿਆ24ਨਾ ਉਹ ਡਰੇ, ਨਾ ਉਹਨਾਂ ਆਪਣੇ ਕੱਪੜੇ ਪਾੜੇ, ਨਾ ਰਾਜਾ ਨੇ ਨਾ ਉਹ ਦੇ ਸਾਰੇ ਟਹਿਲੂਆਂ ਨੇ ਜਿਹਨਾਂ ਨੇ ਇਹ ਸਾਰੀਆਂ ਗੱਲਾਂ ਸੁਣੀਆਂ
25ਨਾਲੇ ਅਲਨਾਥਾਨ ਅਤੇ ਦਲਾਯਾਹ ਅਤੇ ਗਮਰਯਾਹ ਨੇ ਰਾਜਾ ਅੱਗੇ ਬੇਨਤੀ ਕੀਤੀ ਕਿ ਇਸ ਲਪੇਟੇ ਹੋਏ ਨੂੰ ਅੱਗ ਵਿੱਚ ਨਾ ਸਾੜੋ ਪਰ ਉਸ ਉਹਨਾਂ ਦੀ ਨਾ ਸੁਣੀ26ਤਾਂ ਰਾਜਾ ਨੇ ਰਾਜਾ ਦੇ ਪੁੱਤਰ ਯਰਹਮਏਲ ਨੂੰ ਅਤੇ ਅਜ਼ਰੀਏਲ ਦੇ ਪੁੱਤਰ ਸਰਾਯਾਹ ਨੂੰ ਅਤੇ ਅਬਦਏਲ ਦੇ ਪੁੱਤਰ ਸਰਾਯਾਹ ਨੂੰ ਅਤੇ ਅਬਦਏਲ ਦੇ ਪੁੱਤਰ ਸ਼ਲਮਯਾਹ ਨੂੰ ਹੁਕਮ ਦਿੱਤਾ ਕਿ ਬਾਰੂਕ ਲਿਖਾਰੀ ਨੂੰ ਯਿਰਮਿਯਾਹ ਨਬੀ ਨੂੰ ਫੜ ਲੈਣ ਪਰ ਯਹੋਵਾਹ ਨੇ ਉਹਨਾਂ ਨੂੰ ਲੁਕਾ ਦਿੱਤਾ ।
ਯਿਰਮਿਯਾਹ ਦੁਆਰਾ ਇੱਕ ਹੋਰ ਪੁਸਤਕ ਲਿਖਣਾ

27ਇਸ ਦੇ ਪਿੱਛੇ ਕਿ ਰਾਜਾ ਨੇ ਉਹ ਲਪੇਟਿਆ ਹੋਇਆ ਅਤੇ ਯਿਰਮਿਯਾਹ ਦੇ ਮੂੰਹ ਦੀਆਂ ਗੱਲਾਂ ਜਿਹੜੀਆਂ ਬਾਰੂਕ ਨੇ ਲਿਖੀਆਂ ਸਨ ਉਹ ਸਾੜ ਦਿੱਤੀਆਂ, ਤਾਂ ਯਹੋਵਾਹ ਦਾ ਬਚਨ ਯਿਰਮਿਯਾਹ ਦੇ ਕੋਲ ਆਇਆ ਕਿ28ਫਿਰ ਆਪਣੇ ਲਈ ਦੂਜਾ ਲਪੇਟਿਆ ਹੋਇਆ ਲੈ ਅਤੇ ਉਹ ਦੇ ਵਿੱਚ ਉਹ ਸਾਰੀਆਂ ਪਹਿਲੀਆਂ ਗੱਲਾਂ ਜਿਹੜੀਆਂ ਅਗਲੇ ਲਪੇਟੇ ਹੋਏ ਸਨ ਜਿਹ ਨੂੰ ਯਹੂਦਾਹ ਦੇ ਰਾਜਾ ਯਹੋਯਾਕੀਮ ਨੇ ਸਾੜ ਸੁੱਟਿਆ ਹੈ ਲਿਖ29ਯਹੂਦਾਹ ਦੇ ਰਾਜਾ ਯਹੋਯਾਕੀਮ ਦੇ ਬਾਰੇ ਤੂੰ ਆਖ, ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਤੂੰ ਇਹ ਲਪੇਟਿਆ ਹੋਇਆ ਇਹ ਆਖ ਕੇ ਸਾੜ ਸੁੱਟਿਆ ਭਈ ਤੈ ਉਹ ਦੇ ਉੱਤੇ ਕਿਉਂ ਲਿਖਿਆ ਕਿ ਬਾਬਲ ਦਾ ਰਾਜਾ ਜ਼ਰੂਰ ਆਵੇਗਾ ਅਤੇ ਇਸ ਦੇਸ ਦਾ ਨਾਸ ਕਰੇਗਾ ਅਤੇ ਇਸ ਵਿੱਚੋਂ ਆਦਮੀ ਅਤੇ ਡੰਗਰ ਮੁਕਾ ਦੇਵੇਗਾ ?
30ਇਸ ਲਈ ਯਹੋਵਾਹ ਯਹੂਦਾਹ ਦੇ ਰਾਜਾ ਯਹੋਯਾਕੀਮ ਦੇ ਬਾਰੇ ਇਸ ਤਰ੍ਹਾਂ ਆਖਦਾ ਹੈ ਕਿ ਦਾਊਦ ਦੇ ਸਿੰਘਾਸਣ ਉੱਤੇ ਬੈਠਣ ਲਈ ਉਹ ਦਾ ਕੋਈ ਨਾ ਹੋਵੇਗਾ, ਅਤੇ ਉਹ ਦੀ ਲੋਥ ਦਿਨ ਦੀ ਗਰਮੀ ਵਿੱਚ ਅਤੇ ਰਾਤ ਦੇ ਪਾਲੇ ਵਿੱਚ ਸੁੱਟੀ ਜਾਵੇਗੀ31ਮੈਂ ਉਹ ਨੂੰ, ਉਹ ਦੀ ਨਸਲ ਨੂੰ, ਉਹ ਦੇ ਟਹਿਲੂਆਂ ਨੂੰ ਉਹਨਾਂ ਦੀ ਬਦੀ ਦੇ ਕਾਰਨ ਸਜ਼ਾ ਦਿਆਂਗਾ । ਮੈਂ ਉਹਨਾਂ ਉੱਤੇ, ਯਰੂਸ਼ਲਮ ਦੇ ਵਾਸੀਆਂ ਉੱਤੇ ਅਤੇ ਯਹੂਦਾਹ ਦੇ ਮਨੁੱਖਾਂ ਉੱਤੇ ਉਹ ਸਾਰੀ ਬੁਰਿਆਈ ਜਿਹੜੀ ਮੈਂ ਉਹਨਾਂ ਨੂੰ ਆਖੀ ਹੈ ਲਿਆਵਾਂਗਾ ਪਰ ਉਹਨਾਂ ਨਾ ਸੁਣਿਆ ।
32ਤਦ ਯਿਰਮਿਯਾਹ ਨੇ ਦੂਜਾ ਲਪੇਟਣ ਵਾਲਾ ਲਿਆ ਅਤੇ ਨੇਰੀਯਾਹ ਦੇ ਪੁੱਤਰ ਬਾਰੂਕ ਲਿਖਾਰੀ ਨੂੰ ਦਿੱਤਾ, ਤਾਂ ਉਹ ਦੇ ਉੱਤੇ ਯਿਰਮਿਯਾਹ ਦੇ ਮੂੰਹੋਂ ਉਸ ਪੋਥੀ ਦੀਆਂ ਸਾਰੀਆਂ ਗੱਲਾਂ ਲਿਖੀਆਂ ਜਿਹ ਨੂੰ ਯਹੂਦਾਹ ਦੇ ਰਾਜਾ ਨੇ ਅੱਗ ਵਿੱਚ ਸਾੜ ਦਿੱਤਾ ਸੀ ਅਤੇ ਹੋਰ ਉਹਨਾਂ ਵਰਗੀਆਂ ਬਹੁਤ ਗੱਲਾਂ ਉਹਨਾਂ ਵਿੱਚ ਮਿਲਾਈਆਂ ਗਈਆਂ ।

37
ਯਿਰਮਿਯਾਹ ਦੇ ਰਾਜਾ ਸਿਦਕਿਯਾਹ ਦੀ ਬੇਨਤੀ

1ਯੋਸ਼ੀਯਾਹ ਦੇ ਪੁੱਤਰ ਸਿਦਕੀਯਾਹ ਜਿਹ ਨੂੰ ਬਾਬਲ ਦੇ ਰਾਜਾ ਨਬੂਕਦਰੱਸਰ ਨੇ ਯਹੂਦਾਹ ਦੇ ਦੇਸ ਵਿੱਚ ਰਾਜ ਕਰਨ ਲਈ ਰਾਜਾ ਬਣਾਇਆ ਯਹੋਯਾਕੀਮ ਦੇ ਪੁੱਤਰ ਕਾਨਯਾਹ ਦੇ ਥਾਂ ਰਾਜ ਕਰਦਾ ਸੀ2ਪਰ ਨਾ ਉਸ ਨੇ, ਨਾ ਉਸ ਦੇ ਟਹਿਲੂਆਂ ਨੇ, ਨਾ ਦੇਸ ਦੇ ਲੋਕਾਂ ਨੇ ਯਹੋਵਾਹ ਦੇ ਬਚਨ ਜਿਹੜੇ ਉਸ ਯਿਰਮਿਯਾਹ ਦੇ ਰਾਹੀਂ ਆਖੇ ਸਨ ਸੁਣੇ

3ਤਾਂ ਸਿਦਕੀਯਾਹ ਰਾਜਾ ਨੇ ਸ਼ਲਮਯਾਹ ਦੇ ਪੁੱਤਰ ਯਹੂਕਲ ਨੂੰ ਅਤੇ ਮਆਸੇਯਾਹ ਦੇ ਪੁੱਤਰ ਸਫ਼ਨਯਾਹ ਜਾਜਕ ਨੂੰ ਯਿਰਮਿਯਾਹ ਨਬੀ ਕੋਲ ਭੇਜਿਆ ਕਿ ਯਹੋਵਾਹ ਸਾਡੇ ਪਰਮੇਸ਼ੁਰ ਅੱਗੇ ਸਾਡੇ ਲਈ ਪ੍ਰਾਰਥਨਾ ਕਰੀਂ4ਯਿਰਮਿਯਾਹ ਲੋਕਾਂ ਵਿੱਚ ਅੰਦਰ-ਬਾਹਰ ਆਉਂਦਾ ਜਾਂਦਾ ਸੀ ਅਤੇ ਉਹਨਾਂ ਨੇ ਉਹ ਨੂੰ ਅਜੇ ਕੈਦ ਵਿੱਚ ਨਹੀਂ ਸੀ ਪਾਇਆ5ਫ਼ਿਰਊਨ ਦੀ ਫੌਜ ਮਿਸਰੋਂ ਨਿੱਕਲ ਆਈ ਸੀ ਅਤੇ ਜਦੋਂ ਕਸਦੀਆਂ ਨੇ ਜਿਹਨਾਂ ਯਰੂਸ਼ਲਮ ਨੂੰ ਘੇਰਿਆ ਹੋਇਆ ਸੀ ਉਹਨਾਂ ਦੀਆਂ ਖ਼ਬਰਾਂ ਸੁਣੀਆਂ ਤਾਂ ਉਹ ਯਰੂਸ਼ਲਮ ਤੋਂ ਤੁਰ ਗਏ ।
6ਤਾਂ ਯਹੋਵਾਹ ਦਾ ਬਚਨ ਯਿਰਮਿਯਾਹ ਨਬੀ ਕੋਲ ਆਇਆ ਕਿ7ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਫਰਮਾਉਂਦਾ ਹੈ, - ਤੁਸੀਂ ਯਹੂਦਾਹ ਦੇ ਰਾਜਾ ਨੂੰ ਜਿਸ ਨੇ ਤੁਹਨੂੰ ਮੇਰੇ ਕੋਲ ਪੁੱਛਣ ਲਈ ਭੇਜਿਆ ਹੈ ਇਹ ਆਖੋ ਕਿ ਵੇਖ, ਫ਼ਿਰਊਨ ਦੀ ਫੌਜ ਜਿਹੜੀ ਤੁਹਾਡੀ ਸਹਾਇਤਾ ਲਈ ਨਿਕਲੀ ਹੈ ਫਿਰ ਆਪਣੇ ਦੇਸ ਮਿਸਰ ਨੂੰ ਮੁੜ ਜਾਵੇਗੀ8ਅਤੇ ਕਸਦੀ ਫੇਰ ਆ ਕੇ ਇਸ ਸ਼ਹਿਰ ਦੇ ਵਿਰੁੱਧ ਲੜਾਈ ਕਰਨਗੇ ਅਤੇ ਇਹ ਨੂੰ ਲੈ ਲੈਣਗੇ ਅਤੇ ਇਹ ਨੂੰ ਅੱਗ ਨਾਲ ਸਾੜ ਦੇਣਗੇ ।
9ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਤੁਸੀਂ ਆਪਣੀਆਂ ਜਾਨਾਂ ਨੂੰ ਇਹ ਆਖ ਕੇ ਧੋਖਾ ਨਾ ਦਿਓ ਕਿ ਕਸਦੀ ਸੱਚ-ਮੁੱਚ ਸਾਡੇ ਕੋਲੋਂ ਚੱਲੇ ਜਾਣਗੇ । ਉਹ ਤਾਂ ਨਾ ਜਾਣਗੇ10ਕਿਉਂ ਜੋ ਜੇ ਤੁਸੀਂ ਕਸਦੀਆਂ ਦੀ ਸਾਰੀ ਫੌਜ ਨੂੰ ਜਿਹੜੀ ਤੁਹਾਡੇ ਨਾਲ ਲੜਦੀ ਹੈ ਐਉਂ ਮਾਰ ਸੁੱਟਦੇ ਕਿ ਉਹਨਾਂ ਵਿੱਚ ਨਿਰੇ ਫੱਟੜ ਮਨੁੱਖ ਹੀ ਰਹਿੰਦੇ ਤਾਂ ਉਹ ਆਪਣਿਆਂ ਆਪਣਿਆਂ ਤੰਬੂਆਂ ਵਿੱਚੋਂ ਉੱਠ ਕੇ ਇਸ ਸ਼ਹਿਰ ਨੂੰ ਅੱਗ ਨਾਲ ਸਾੜ ਸੁੱਟਦੇ ! ।
ਯਿਰਮਿਯਾਹ ਦੀ ਕੈਦ ਅਤੇ ਉਸ ਦਾ ਛੁਟਕਾਰਾ

11ਤਾਂ ਇਸ ਤਰ੍ਹਾਂ ਹੋਇਆ ਕਿ ਜਦ ਕਸਦੀਆਂ ਦੀ ਸਾਰੀ ਫੌਜ ਫਿਰਊਨ ਦੀ ਫੌਜ ਦੇ ਅੱਗੋਂ ਯਰੂਸ਼ਲਮ ਤੋਂ ਚਲੀ ਗਈ ਸੀ12ਤਾਂ ਯਿਰਮਿਯਾਹ ਯਰੂਸ਼ਲਮ ਤੋਂ ਬਿਨਯਾਮੀਨ ਦੇ ਦੇਸ ਨੂੰ ਜਾਣ ਲਈ ਨਿੱਕਲਣ ਲੱਗਾ ਭਈ ਉੱਥੇ ਲੋਕਾਂ ਵਿੱਚ ਆਪਣਾ ਹਿੱਸਾ ਲਵੇ13ਜਦ ਉਹ ਬਿਨਯਾਮੀਨ ਦੇ ਫਾਟਕ ਉੱਤੇ ਆਇਆ ਤਾਂ ਉੱਥੇ ਪਹਿਰੇਦਾਰਾਂ ਦੇ ਕਪਤਾਨ ਨੇ ਜਿਹ ਦਾ ਨਾਮ ਯਿਰੀਯਾਹ ਸੀ ਜੋ ਹਨਨਯਾਹ ਦਾ ਪੋਤਾ ਅਤੇ ਸ਼ਲਮਯਾਹ ਦਾ ਪੁੱਤਰ ਸੀ ਯਿਰਮਿਯਾਹ ਨਬੀ ਨੂੰ ਇਹ ਆਖ ਕੇ ਫੜ ਲਿਆ ਕਿ ਤੂੰ ਕਸਦੀਆਂ ਕੋਲ ਨੱਠਾ ਜਾਂਦਾ ਹੈਂ !
14ਯਿਰਮਿਯਾਹ ਨੇ ਆਖਿਆ, ਇਹ ਝੂਠ ਹੈ, ਮੈਂ ਕਸਦੀਆਂ ਕੋਲ ਨੱਠਾ ਨਹੀਂ ਜਾਂਦਾ, ਪਰ ਉਸ ਉਹ ਦੀ ਨਾ ਸੁਣੀ ਸੋ ਯਿਰੀਯਾਹ ਯਿਰਮਿਯਾਹ ਨੂੰ ਫੜ੍ਹ ਕੇ ਸਰਦਾਰਾਂ ਕੋਲ ਲੈ ਗਿਆ15ਤਾਂ ਸਰਦਾਰ ਯਿਰਮਿਯਾਹ ਨਾਲ ਲਾਲ ਪੀਲੇ ਹੋਏ ਅਤੇ ਉਹ ਨੂੰ ਮਾਰਿਆ ਅਤੇ ਉਸ ਨੂੰ ਯਹੋਨਾਥਾਨ ਲਿਖਾਰੀ ਦੇ ਘਰ ਕੈਦ ਵਿੱਚ ਪਾ ਦਿੱਤਾ ਕਿਉਂ ਜੋ ਉਹਨਾਂ ਨੇ ਉਸ ਨੂੰ ਕੈਦ ਖ਼ਾਨਾ ਬਣਾਇਆ ਹੋਇਆ ਸੀ
16ਜਦ ਯਿਰਮਿਯਾਹ ਬੰਦੀ ਖ਼ਾਨੇ ਦੇ ਭੋਹਰੇ ਵਿੱਚ ਗਿਆ ਅਤੇ ਯਿਰਮਿਯਾਹ ਉੱਥੇ ਬਹੁਤੇ ਦਿਨਾਂ ਤੱਕ ਟਿਕਿਆ ਰਿਹਾ17ਸਿਦਕੀਯਾਹ ਰਾਜਾ ਨੇ ਮਨੁੱਖ ਘੱਲ ਕੇ ਉਹ ਨੂੰ ਲਿਆ ਅਤੇ ਆਪਣੇ ਮਹਿਲ ਵਿੱਚ ਪੜਦੇ ਨਾਲ ਉਸ ਨੂੰ ਇਹ ਆਖ ਕੇ ਪੁੱਛਿਆ, ਕੀ ਕੋਈ ਯਹੋਵਾਹ ਵੱਲੋਂ ਬਚਨ ਹੈ ? ਤਾਂ ਯਿਰਮਿਯਾਹ ਨੇ ਆਖਿਆ, ਹੈ ! ਅਤੇ ਉਸ ਇਹ ਵੀ ਆਖਿਆ ਕਿ ਤੂੰ ਬਾਬਲ ਦੇ ਰਾਜਾ ਦੇ ਹੱਥ ਵਿੱਚ ਦਿੱਤਾ ਜਾਵੇਂਗਾ
18ਯਿਰਮਿਯਾਹ ਨੇ ਸਿਦਕੀਯਾਹ ਰਾਜਾ ਨੂੰ ਆਖਿਆ ਕਿ ਮੈਂ ਤੇਰਾ ਅਤੇ ਤੇਰੇ ਟਹਿਲੂਆਂ ਦਾ ਅਤੇ ਇਹਨਾਂ ਲੋਕਾਂ ਦਾ ਕੀ ਪਾਪ ਕੀਤਾ ਹੈ ਜੋ ਤੁਸੀਂ ਮੈਨੂੰ ਇਸ ਕੈਦਖ਼ਾਨੇ ਵਿੱਚ ਪਾ ਛੱਡਿਆ ਹੈ ?19ਉਹ ਤੁਹਾਡੇ ਨਬੀ ਕਿੱਥੇ ਹਨ ਜਿਹੜੇ ਤੁਹਾਡੇ ਲਈ ਅਗੰਮ ਵਾਚਦੇ ਹੁੰਦੇ ਸਨ ਅਤੇ ਆਖਦੇ ਹੁੰਦੇ ਸਨ ਕਿ ਬਾਬਲ ਦਾ ਰਾਜਾ ਤੁਹਾਡੇ ਉੱਤੇ ਅਤੇ ਇਸ ਦੇਸ ਉੱਤੇ ਚੜ੍ਹਾਈ ਨਾ ਕਰੇਗਾ ?20ਹੁਣ ਹੇ ਮੇਰੇ ਮਾਲਕ ਪਾਤਸ਼ਾਹ, ਜ਼ਰਾ ਮੇਰੀ ਸੁਣ ਅਤੇ ਮੇਰੀ ਬੇਨਤੀ ਤੇਰੇ ਹਜ਼ੂਰ ਕਬੂਲ ਹੋਵੇ । ਤੂੰ ਮੈਨੂੰ ਯਹੋਨਾਥਾਨ ਲਿਖਾਰੀ ਦੇ ਘਰ ਮੁੜ ਕੇ ਨਾ ਘੱਲੀਂ ਭਈ ਮੈਂ ਕੀਤੇ ਉੱਥੇ ਮਰ ਨਾ ਜਾਂਵਾਂ
21ਤਾਂ ਸਿਦਕੀਯਾਹ ਰਾਜਾ ਨੇ ਹੁਕਮ ਦਿੱਤਾ ਅਤੇ ਉਹਨਾਂ ਨੇ ਯਿਰਮਿਯਾਹ ਨੂੰ ਪਹਿਰੇਦਾਰਾਂ ਦੇ ਵੇਹੜੇ ਵਿੱਚ ਰੱਖਿਆ ਅਤੇ ਨਿੱਤ ਉਸ ਨੂੰ ਲਾਂਗਰੀਆਂ ਦੀ ਗਲੀ ਵਿੱਚੋਂ ਰੋਟੀ ਦਾ ਟੁਕੜਾ ਲੈ ਕੇ ਦਿੰਦੇ ਰਹੇ ਜਦ ਤੱਕ ਕਿ ਸ਼ਹਿਰ ਦੀਆਂ ਸਾਰੀਆਂ ਰੋਟੀਆਂ ਮੁੱਕ ਨਾ ਗਈਆਂ । ਸੋ ਯਿਰਮਿਯਾਹ ਪਹਿਰੇਦਾਰਾਂ ਦੇ ਵੇਹੜੇ ਵਿੱਚ ਰਿਹਾ ।

38
ਯਿਰਮਿਯਾਹ ਇੱਕ ਅੰਨ੍ਹੇ ਖੂਹ ਵਿੱਚ

1ਮੱਤਾਨ ਦੇ ਪੁੱਤਰ ਸ਼ਫਟਯਾਹ, ਪਸ਼ਹੂਰ ਦੇ ਪੁੱਤਰ ਗਦਲਯਾਹ, ਸ਼ਲਮਯਾਹ ਦੇ ਪੁੱਤਰ ਯੂਕਲ ਅਤੇ ਮਲਕੀਯਾਹ ਦੇ ਪੁੱਤਰ ਪਸ਼ਹੂਰ ਨੇ ਉਹ ਗੱਲਾਂ ਜਿਹੜੀਆਂ ਯਿਰਮਿਯਾਹ ਸਾਰੇ ਲੋਕਾਂ ਨੂੰ ਬੋਲਦਾ ਸੀ ਸੁਣੀਆਂ ਕਿ2ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਜਿਹੜਾ ਇਸ ਸ਼ਹਿਰ ਵਿੱਚ ਟਿਕਿਆ ਰਹੇਗਾ ਉਹ ਤਲਵਾਰ, ਕਾਲ ਅਤੇ ਬਵਾ ਨਾਲ ਮਰੇਗਾ ਪਰ ਜਿਹੜਾ ਕਸਦੀਆਂ ਕੋਲ ਬਾਹਰ ਚਲਾ ਜਾਵੇਗਾ ਉਹ ਜੀਉਂਦਾ ਰਹੇਗਾ, ਉਹ ਦੀ ਜਾਣ ਉਹ ਦੇ ਵਿੱਚ ਲੁੱਟ ਦਾ ਮਾਲ ਹੋਵੇਗੀ ਅਤੇ ਉਹ ਜੀਵੇਗਾ3ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਇਹ ਸ਼ਹਿਰ ਜ਼ਰੂਰ ਬਾਬਲ ਦੇ ਰਾਜਾ ਦੀ ਫੌਜ ਦੇ ਹੱਥ ਵਿੱਚ ਦਿੱਤਾ ਜਾਵੇਗਾ ਅਤੇ ਉਹ ਇਹ ਨੂੰ ਲੈ ਲਵੇਗਾ

4ਤਾਂ ਸਰਦਾਰਾਂ ਨੇ ਰਾਜਾ ਨੂੰ ਆਖਿਆ, ਇਸ ਮਨੁੱਖ ਨੂੰ ਮਾਰ ਹੀ ਸੁੱਟੋ, ਇਸ ਲਈ ਜੋ ਉਹ ਜੋਧਿਆਂ ਦੇ ਹੱਥ ਜਿਹੜੇ ਇਸ ਸ਼ਹਿਰ ਦੇ ਵਿੱਚ ਬਚ ਰਹੇ ਹਨ ਅਤੇ ਸਾਰੇ ਲੋਕਾਂ ਦੇ ਹੱਥ ਢਿੱਲੇ ਕਰਦਾ ਹੈ ਜਦ ਉਹਨਾਂ ਦੇ ਲਈ ਇਹੋ ਜਿਹੀਆਂ ਗੱਲਾਂ ਬੋਲਦਾ ਹੈ ਕਿਉਂ ਜੋ ਇਹ ਮਨੁੱਖ ਇਹਨਾਂ ਦੀ ਸ਼ਾਂਤੀ ਨਹੀਂ ਸਗੋਂ ਬੁਰਿਆਈ ਭਾਲਦਾ ਹੈ5ਅੱਗੋਂ ਸਿਦਕੀਯਾਹ ਰਾਜਾ ਨੇ ਆਖਿਆ, ਵੇਖੋ, ਇਹ ਤੁਹਡੇ ਹੱਥ ਵਿੱਚ ਹੈ, ਅਤੇ ਰਾਜਾ ਤੁਹਾਡੇ ਵਿਰੁੱਧ ਕੋਈ ਗੱਲ ਨਹੀਂ ਕਰ ਸਕਦਾ
6ਤਦ ਉਹਨਾਂ ਨੇ ਯਿਰਮਿਯਾਹ ਨੂੰ ਲਿਆ ਅਤੇ ਉਹ ਨੂੰ ਰਾਜਾ ਦੇ ਰਾਜ ਕੁਮਾਰ ਮਲਕੀਯਾਹ ਦੇ ਭੋਹਰੇ ਵਿੱਚ ਸੁੱਟ ਦਿੱਤਾ ਜਿਹੜਾ ਪਹਿਰੇਦਾਰਾਂ ਦੇ ਵੇਹੜੇ ਵਿੱਚ ਸੀ । ਉਹਨਾਂ ਨੇ ਯਿਰਮਿਯਾਹ ਨੂੰ ਰੱਸੀਆਂ ਨਾਲ ਲਮਕਾ ਦਿੱਤਾ ਅਤੇ ਭੋਹਰੇ ਵਿੱਚ ਪਾਣੀ ਨਹੀਂ ਸੀ ਸਗੋਂ ਚਿੱਕੜ ਸੀ ਅਤੇ ਯਿਰਮਿਯਾਹ ਚਿੱਕੜ ਵਿੱਚ ਖੁੱਭ ਗਿਆ ।
7ਜਦ ਅਬਦ-ਮਲਕ ਕੂਸ਼ੀ ਨੇ ਜਿਹੜਾ ਰਾਜਾ ਦੇ ਮਹਿਲ ਵਿੱਚ ਇੱਕ ਖੁਸਰਾ ਸੀ ਸੁਣਿਆ ਕਿ ਉਹਨਾਂ ਨੇ ਯਿਰਮਿਯਾਹ ਨੂੰ ਭੋਹਰੇ ਵਿੱਚ ਪਾ ਦਿੱਤਾ ਹੈ ਅਤੇ ਰਾਜਾ ਬਿਨਯਾਮੀਨ ਦੇ ਫਾਟਕ ਵਿੱਚ ਬੈਠਾ ਹੋਇਆ ਸੀ8ਤਦ ਅਬਦ-ਮਲਕ ਰਾਜਾ ਦੇ ਮਹਿਲ ਤੋਂ ਬਾਹਰ ਗਿਆ ਅਤੇ ਰਾਜਾ ਨੂੰ ਬੋਲਿਆ ਕਿ9ਹੇ ਪਾਤਸ਼ਾਹ, ਮੇਰੇ ਮਾਲਕ ਇਹਨਾਂ ਮਨੁੱਖਾਂ ਨੇ ਸਭ ਕੁਝ ਜੋ ਇਹਨਾਂ ਨੇ ਯਿਰਮਿਯਾਹ ਨਬੀ ਨਾਲ ਕੀਤਾ ਹੈ ਸੋ ਬੁਰਾ ਕੀਤਾ ਹੈ ਜਦੋਂ ਇਹਨਾਂ ਨੇ ਉਹ ਨੂੰ ਭੋਹਰੇ ਵਿੱਚ ਪਾ ਦਿੱਤਾ ਹੈ । ਉੱਥੇ ਉਹ ਕਾਲ ਨਾਲ ਮਰ ਜਾਵੇਗਾ ਕਿਉਂ ਜੋ ਸ਼ਹਿਰ ਵਿੱਚ ਹੋਰ ਰੋਟੀ ਹੈ ਨਹੀਂ
10ਤਾਂ ਰਾਜਾ ਨੇ ਅਬਦ-ਮਲਕ ਕੂਸ਼ੀ ਨੂੰ ਹੁਕਮ ਦਿੱਤਾ ਕਿ ਏੱਥੋਂ ਤੀਹ ਮਨੁੱਖ ਆਪਣੇ ਨਾਲ ਲੈ ਅਤੇ ਯਿਰਮਿਯਾਹ ਨਬੀ ਨੂੰ ਮਰਨ ਤੋਂ ਪਹਿਲਾਂ ਭੋਹਰੇ ਵਿੱਚੋਂ ਕੱਢ11ਸੋ ਅਬਦ-ਮਲਕ ਨੇ ਮਨੁੱਖਾਂ ਨੂੰ ਆਪਣੇ ਨਾਲ ਲੈ ਕੇ ਰਾਜਾ ਦੇ ਮਹਿਲ ਨੂੰ ਖ਼ਜ਼ਾਨੇ ਹੇਠ ਗਿਆ ਅਤੇ ਉੱਥੋਂ ਪੁਰਾਣੇ ਚਿੱਥੜੇ ਅਤੇ ਹੰਢੇ ਹੋਏ ਲੀੜੇ ਲਏ ਅਤੇ ਉਹਨਾਂ ਨੂੰ ਰੱਸੀਆਂ ਨਾਲ ਯਿਰਮਿਯਾਹ ਕੋਲ ਭੋਹਰੇ ਵਿੱਚ ਲਮਕਾਇਆ
12ਅਬਦ-ਮਲਕ ਕੂਸ਼ੀ ਨੇ ਯਿਰਮਿਯਾਹ ਨੂੰ ਆਖਿਆ, ਇਹਨਾਂ ਚਿੱਥੜਿਆਂ ਅਤੇ ਹੰਢੇ ਹੋਇਆਂ ਲੀੜਿਆਂ ਨੂੰ ਰੱਸੀਆਂ ਦੇ ਹੇਠ ਦੀ ਆਪਣੀਆਂ ਬਗਲਾਂ ਹੇਠ ਰੱਖ । ਸੋ ਯਿਰਮਿਯਾਹ ਨੇ ਉਵੇਂ ਹੀ ਕੀਤਾ13ਤਾਂ ਉਹਨਾਂ ਨੇ ਯਿਰਮਿਯਾਹ ਨੂੰ ਰੱਸੀਆਂ ਨਾਲ ਖਿੱਚਿਆ ਅਤੇ ਭੋਹਰੇ ਵਿੱਚੋਂ ਉਤਾਹਾਂ ਲਿਆਂਦਾ । ਫਿਰ ਯਿਰਮਿਯਾਹ ਪਹਿਰੇਦਾਰਾਂ ਦੇ ਵੇਹੜੇ ਵਿੱਚ ਰਿਹਾ ।
ਸਿਦਕਿਯਾਹ ਦਾ ਯਿਰਮਿਯਾਹ ਤੋਂ ਸਲਾਹ ਮੰਗਣਾ

14ਤਾਂ ਸਿਦਕੀਯਾਹ ਰਾਜਾ ਨੇ ਯਿਰਮਿਯਾਹ ਨਬੀ ਕੋਲ ਮਨੁੱਖ ਘੱਲੇ ਅਤੇ ਉਹ ਨੂੰ ਯਹੋਵਾਹ ਦੇ ਭਵਨ ਦੇ ਤੀਜੇ ਲਾਂਘੇ ਵਿੱਚ ਆਪਣੇ ਕੋਲ ਸਦਵਾਇਆ ਅਤੇ ਰਾਜਾ ਨੇ ਯਿਰਮਿਯਾਹ ਨੂੰ ਆਖਿਆ, ਮੈਂ ਤੈਥੋਂ ਇੱਕ ਗੱਲ ਪੁੱਛਦਾ ਹਾਂ, ਤੂੰ ਮੈਥੋਂ ਕੋਈ ਗੱਲ ਨਾ ਲੁਕਾਈਂ15ਤਾਂ ਯਿਰਮਿਯਾਹ ਨੇ ਸਿਦਕੀਯਾਹ ਨੂੰ ਆਖਿਆ, ਜੇ ਮੈਂ ਤੈਨੂੰ ਦੱਸਾ ਤਾਂ ਕੀ ਤੂੰ ਜ਼ਰੂਰ ਮੈਨੂੰ ਨਾ ਮਾਰੇਂਗਾ ? ਅਤੇ ਜੇ ਮੈਂ ਤੈਨੂੰ ਸਲਾਹ ਦਿਆਂ ਤਾਂ ਤੂੰ ਮੇਰੀ ਨਾ ਸੁਣੇਂਗਾ16ਤਾਂ ਸਿਦਕੀਯਾਹ ਰਾਜਾ ਨੇ ਪੜਦੇ ਵਿੱਚ ਯਿਰਮਿਯਾਹ ਨਾਲ ਸੌਂਹ ਖਾਧੀ ਅਤੇ ਆਖਿਆ, ਜੀਉਂਦੇ ਯਹੋਵਾਹ ਦੀ ਸੌਂਹ, ਜਿਸ ਸਾਡੀਆਂ ਜਾਨਾਂ ਬਣਾਈਆਂ ਹਨ, ਮੈਂ ਤੈਨੂੰ ਨਾ ਮਾਰਾਂਗਾ, ਨਾ ਤੈਨੂੰ ਉਹਨਾਂ ਮਨੁੱਖਾਂ ਦੇ ਹੱਥ ਵਿੱਚ ਦਿਆਂਗਾ ਜਿਹੜੇ ਤੇਰੀ ਜਾਨ ਦੇ ਗਾਹਕ ਹਨ
17ਤਾਂ ਯਿਰਮਿਯਾਹ ਨੇ ਸਿਦਕੀਯਾਹ ਨੂੰ ਆਖਿਆ, ਯਹੋਵਾਹ ਸੈਨਾਂ ਦਾ ਪਰਮੇਸ਼ੁਰ ਅਤੇ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, - ਜੇ ਤੂੰ ਸਚ ਮੁਚ ਬਾਬਲ ਦੇ ਰਾਜਾ ਦੇ ਸਰਦਾਰਾਂ ਕੋਲ ਚੱਲਾ ਜਾਵੇਂ ਤਾਂ ਤੂੰ ਆਪਣੀ ਜਾਣ ਨੂੰ ਜੀਉਂਦਾ ਰੱਖੇਗਾ ਅਤੇ ਇਹ ਸ਼ਹਿਰ ਅੱਗ ਨਾਲ ਸੜਿਆ ਨਾ ਜਾਵੇਗਾ ਅਤੇ ਤੂੰ ਜੀਉਂਦਾ ਰਹੇਗਾ ਅਤੇ ਤੇਰਾ ਘਰਾਣਾ ਵੀ18ਪਰ ਜੇ ਤੂੰ ਬਾਬਲ ਦੇ ਰਾਜਾ ਦੇ ਸਰਦਾਰਾਂ ਕੋਲ ਨਾ ਜਾਵੇਂਗਾ ਤਾਂ ਇਹ ਸ਼ਹਿਰ ਕਸਦੀਆਂ ਦੇ ਹੱਥ ਵਿੱਚ ਦਿੱਤਾ ਜਾਵੇਗਾ । ਉਹ ਇਸ ਨੂੰ ਅੱਗ ਨਾਲ ਸਾੜ ਸੁੱਟਣਗੇ ਅਤੇ ਤੂੰ ਉਹਨਾਂ ਦੇ ਹੱਥੋਂ ਨਾ ਛੁੱਟੇਗਾ
19ਤਾਂ ਸਿਦਕੀਯਾਹ ਰਾਜਾ ਨੇ ਯਿਰਮਿਯਾਹ ਨੂੰ ਆਖਿਆ, ਮੈਂ ਇਹਨਾਂ ਯਹੂਦੀਆਂ ਤੋਂ ਡਰਦਾ ਹਾਂ ਜਿਹੜੇ ਕਸਦੀਆਂ ਨਾਲ ਮਿਲੇ ਹੋਏ ਹਨ, ਮਤੇ ਉਹ ਮੈਨੂੰ ਉਹਨਾਂ ਦੇ ਹੱਥ ਵਿੱਚ ਦੇ ਦੇਣ ਅਤੇ ਉਹ ਮੈਨੂੰ ਤਾਹਨਾ ਮਾਰਨ
20ਯਿਰਮਿਯਾਹ ਨੇ ਆਖਿਆ, ਉਹ ਤੈਨੂੰ ਨਾ ਫੜਾ ਦੇਣਗੇ, ਜ਼ਰਾ ਯਹੋਵਾਹ ਦੀ ਅਵਾਜ਼ ਸੁਣੋ ਜੋ ਮੈਂ ਤੈਨੂੰ ਬੋਲਦਾ ਹਾਂ ਸੋ ਤੇਰਾ ਭਲਾ ਹੋਵੇਗਾ ਅਤੇ ਤੇਰੀ ਜਾਨ ਜੀਉਂਦੀ ਰਹੇਗੀ21ਪਰ ਜੇ ਤੂੰ ਜਾਣ ਤੋਂ ਨਾਂਹ ਕਰੇਂ ਤਾਂ ਇਹ ਉਹ ਬਚਨ ਹੈ ਜਿਹੜਾ ਯਹੋਵਾਹ ਨੇ ਮੈਨੂੰ ਵਿਖਾਇਆ ਹੈ, -
22ਵੇਖ, ਸਾਰੀਆਂ ਔਰਤਾਂ ਜਿਹੜੀਆਂ ਯਹੂਦਾਹ ਦੇ ਰਾਜਾ ਦੇ ਮਹਿਲ ਵਿੱਚ ਬਾਕੀ ਰਹਿ ਗਈਆਂ ਹਨ ਬਾਬਲ ਦੇ ਰਾਜਾ ਦੇ ਸਰਦਾਰਾਂ ਕੋਲ ਲੈ ਜਾਈਆਂ ਜਾਣਗੀਆਂ ਅਤੇ ਉਹ ਆਖਣਗੀਆਂ, - ਤੇਰੇ ਦਿਲੀ ਯਾਰਾਂ ਨੇ ਤੈਨੂੰ ਧੋਖਾ ਦਿੱਤਾ, ਅਤੇ ਤੇਰੇ ਉੱਤੇ ਦਬਾ ਪਾਇਆ । ਹੁਣ ਤੇਰੇ ਪੈਰ ਗਾਰੇ ਵਿੱਚ ਖੁੱਭ ਗਏ ਹਨ, ਉਹ ਤੈਥੋਂ ਮੁੜ ਗਏ ਹਨ ।23ਤੇਰੀਆਂ ਸਾਰੀਆਂ ਰਾਣੀਆਂ ਅਤੇ ਤੇਰੇ ਰਾਜਕੁਮਾਰ ਕਸਦੀਆਂ ਕੋਲ ਪੁਚਾਏ ਜਾਣਗੇ ਅਤੇ ਤੂੰ ਉਹਨਾਂ ਦੇ ਹੱਥੋਂ ਨਾ ਛੁੱਟੇਗਾ ਕਿਉਂ ਜੋ ਤੂੰ ਬਾਬਲ ਦੇ ਰਾਜਾ ਦੇ ਹੱਥੀਂ ਫੜਿਆ ਜਾਵੇਗਾ ਅਤੇ ਇਹ ਸ਼ਹਿਰ ਅੱਗ ਨਾਲ ਸਾੜਿਆ ਜਾਵੇਗਾ ।
24ਤਾਂ ਸਿਦਕੀਯਾਹ ਨੇ ਯਿਰਮਿਯਾਹ ਨੂੰ ਆਖਿਆ ਕਿ ਇਹਨਾਂ ਗੱਲਾਂ ਨੂੰ ਕੋਈ ਮਨੁੱਖ ਨਾ ਜਾਣੇ ਅਤੇ ਤੂੰ ਨਾ ਮਰੇਂਗਾ25ਜੇ ਸਰਦਾਰ ਸੁਣਨ ਕਿ ਮੈਂ ਤੇਰੇ ਨਾਲ ਗੱਲਾਂ ਕੀਤੀਆਂ ਹਨ ਅਤੇ ਉਹ ਤੇਰੇ ਕੋਲ ਆਉਣ ਅਤੇ ਤੈਨੂੰ ਆਖਣ ਕਿ ਸਾਨੂੰ ਜਰਾ ਦੱਸ ਤਾਂ, ਤੈ ਰਾਜਾ ਨਾਲ ਕੀ ਗੱਲਾਂ ਕੀਤੀਆਂ ਹਨ ? ਸਾਡੇ ਕੋਲੋਂ ਨਾ ਲੁਕਾ, ਅਸੀਂ ਤੈਨੂੰ ਨਾ ਮਰਾਂਗੇ । ਰਾਜਾ ਤੈਨੂੰ ਕੀ ਬੋਲਿਆ ਹੈ ?26ਤਾਂ ਤੂੰ ਉਹਨਾਂ ਨੂੰ ਆਖੀਂ ਕਿ ਮੈਂ ਰਾਜਾ ਦੇ ਅੱਗੇ ਆਪਣੀ ਬੇਨਤੀ ਕੀਤੀ ਸੀ ਕਿ ਮੈਨੂੰ ਯਹੋਨਾਥਾਨ ਦੇ ਘਰ ਨਾ ਮੋੜ ਕੇ ਘੱਲੇ ਭਈ ਮੈਂ ਉੱਥੇ ਮਰ ਨਾ ਜਾਂਵਾਂ
27ਤਾਂ ਸਾਰੇ ਸਰਦਾਰ ਯਿਰਮਿਯਾਹ ਕੋਲ ਆਏ ਅਤੇ ਉਹਨਾਂ ਨੇ ਉਸ ਤੋਂ ਪੁੱਛਿਆ ਸੋ ਉਸ ਉਹਨਾਂ ਨੂੰ ਉਹ ਸਾਰੀਆਂ ਗੱਲਾਂ ਦੱਸੀਆਂ ਜਿਵੇਂ ਰਾਜਾ ਨੇ ਹੁਕਮ ਦਿੱਤਾ ਸੀ । ਉਹ ਉਸ ਦੇ ਕੋਲੋਂ ਚੁੱਪ ਕੀਤੇ ਚੱਲੇ ਗਏ ਕਿਉਂ ਜੋ ਇਹ ਗੱਲ ਸੁਣੀ ਨਾ ਗਈ28ਯਰੂਸ਼ਲਮ ਦੇ ਲਏ ਜਾਣ ਦੇ ਦਿਨ ਤੱਕ ਯਿਰਮਿਯਾਹ ਪਹਿਰੇਦਾਰਾਂ ਦੇ ਵੇਹੜੇ ਵਿੱਚ ਟਿਕਿਆ ਰਿਹਾ ਅਤੇ ਜਦ ਯਰੂਸ਼ਲਮ ਲਿਆ ਗਿਆ ਤਾਂ ਉਹ ਉੱਥੇ ਸੀ ।

39
ਯਰੂਸ਼ਲਮ ਦਾ ਪਤਨ

1ਯਹੂਦਾਹ ਦੇ ਰਾਜਾ ਸਿਦਕੀਯਾਹ ਦੇ ਨੌਵੇਂ ਸਾਲ ਦੇ ਦੱਸਵੇਂ ਮਹੀਨੇ ਬਾਬਲ ਦੇ ਰਾਜਾ ਨਬੂਕਦਰੱਸਰ ਨੇ ਅਤੇ ਉਹ ਦੀ ਸਾਰੀ ਫੋਜ ਨੇ ਚੜਾਈ ਕੀਤੀ ਅਤੇ ਯਰੂਸ਼ਲਮ ਉੱਤੇ ਘੇਰਾ ਪਾ ਲਿਆ2ਸਿਦਕੀਯਾਹ ਦੇ ਗਿਆਰਵੇਂ ਸਾਲ ਦੇ ਚੋਥੇ ਮਹੀਨੇ ਦੀ ਨੌਵੀਂ ਤਰੀਕ ਨੂੰ ਸ਼ਹਿਰ ਦੀ ਸਫੀਲ ਵਿੱਚ ਮੋਘ ਹੋ ਗਿਆ3ਤਾਂ ਬਾਬਲ ਦੇ ਰਾਜਾ ਦੇ ਸਾਰੇ ਸਰਦਾਰ ਅੰਦਰ ਆ ਕੇ ਵਿਚਲੇ ਫਾਟਕ ਵਿੱਚ ਬੈਠ ਗਏ ਅਰਥਾਤ ਨੇਰਗਲ-ਸ਼ਰਾਸਰ, ਸਮਗਰ-ਨੂਬ, ਸਰਸਕੀਮ, ਖੁਸਰਿਆ ਦਾ ਚੋਧਰੀ ਨੇਰਗਲ-ਸ਼ਰਾਸਰ, ਨਜੂਮੀਆਂ ਦਾ ਉਸਤਾਦ ਅਤੇ ਬਾਬਲ ਦੇ ਰਾਜਾ ਦੇ ਬਾਕੀ ਸਾਰੇ ਸਰਦਾਰ

4ਤਾਂ ਇਸ ਤਰ੍ਹਾਂ ਹੋਇਆ ਕਿ ਜਦ ਯਹੂਦਾਹ ਦੇ ਰਾਜਾ ਸਿਦਕੀਯਾਹ ਨੇ ਅਤੇ ਸਾਰੇ ਜੋਧਿਆਂ ਨੇ ਉਹਨਾਂ ਨੂੰ ਵੇਖਿਆ ਤਾਂ ਉਹ ਨੱਠ ਗਏ ਅਤੇ ਰਾਤ ਨੂੰ ਪਾਤਸ਼ਾਹੀ ਬਾਗ ਦੇ ਰਾਹ ਥਾਣੀਂ ਉਸ ਫਾਟਕ ਤੋਂ ਜਿਹੜਾ ਦੋਂਹੁ ਕੰਧਾਂ ਦੇ ਵਿਚਕਾਰ ਹੈ ਨਿੱਕਲ ਗਏ ਅਤੇ ਅਰਾਬਾਹ ਦੇ ਰਾਹ ਪੈ ਗਏ5ਕਸਦੀਆਂ ਦੀ ਫੌਜ ਨੇ ਉਹਨਾਂ ਦਾ ਪਿੱਛਾ ਕੀਤਾ ਅਤੇ ਸਿਦਕੀਯਾਹ ਨੂੰ ਯਰੀਹੋ ਦੇ ਮੈਦਾਨ ਵਿੱਚ ਫੜ੍ਹ ਲਿਆ ਅਤੇ ਉਹ ਨੂੰ ਲੈ ਕੇ ਹਮਾਥ ਦੇਸ ਦੇ ਰਿਬਲਾਹ ਵਿੱਚ ਬਾਬਲ ਦੇ ਰਾਜਾ ਨਬੂਕਦਰੱਸਰ ਦੇ ਕੋਲ ਲਿਆਂਦਾ । ਉਸ ਨੇ ਉਹ ਦੀ ਸਜ਼ਾ ਬੋਲ ਦਿੱਤੀ
6ਬਾਬਲ ਦੇ ਰਾਜਾ ਨੇ ਸਿਦਕੀਯਾਹ ਦੇ ਪੁੱਤਰਾਂ ਨੂੰ ਉਹ ਦੀਆਂ ਗੱਲਾਂ ਦੇ ਸਾਹਮਣੇ ਰਿਬਲਾਹ ਵਿੱਚ ਵੱਢ ਸੁੱਟਿਆ ਅਤੇ ਬਾਬਲ ਦੇ ਰਾਜਾ ਨੇ ਯਹੂਦਾਹ ਦੇ ਸਾਰੇ ਸ਼ਰੀਫਾਂ ਨੂੰ ਵੀ ਵੱਢ ਸੁੱਟਿਆ7ਉਸ ਸਿਦਕੀਯਾਹ ਦੀਆਂ ਅੱਖਾਂ ਅੰਨ੍ਹੀਆਂ ਕਰ ਦਿੱਤੀਆਂ ਅਤੇ ਉਹ ਨੂੰ ਪਿੱਤਲ ਦੀਆਂ ਬੇੜੀਆਂ ਨਾਲ ਬੰਨ੍ਹ ਕੇ ਬਾਬਲ ਨੂੰ ਲੈ ਗਿਆ
8ਕਸਦੀਆਂ ਦੇ ਰਾਜਾ ਦੇ ਮਹਿਲ ਨੂੰ ਅਤੇ ਲੋਕਾਂ ਦੇ ਘਰ ਅੱਗ ਨਾਲ ਸਾੜ ਸੁੱਟੇ ਅਤੇ ਯਰੂਸ਼ਲਮ ਦੀਆਂ ਕੰਧਾਂ ਢਾਹ ਦਿੱਤੀਆਂ9ਤਦ ਬਾਕੀ ਦੇ ਲੋਕਾਂ ਨੂੰ ਜਿਹੜੇ ਸ਼ਹਿਰ ਵਿੱਚ ਬਚ ਰਹੇ ਸਨ ਅਤੇ ਉਹਨਾਂ ਨੂੰ ਜਿਹੜੇ ਉਹ ਦੀ ਵੱਲ ਚਲੇ ਗਏ ਸਨ ਅਤੇ ਬਾਕੀ ਦੇ ਲੋਕਾਂ ਨੂੰ ਨਬੂਜ਼ਰਦਾਨ ਜਲਾਦਾਂ ਦਾ ਕਪਤਾਨ ਅਸੀਰ ਕਰ ਕੇ ਬਾਬਲ ਨੂੰ ਲੈ ਗਿਆ10ਅਤੇ ਲੋਕਾਂ ਵਿੱਚੋਂ ਗਰੀਬ ਜਿਹਨਾਂ ਕੋਲ ਕੁਝ ਨਹੀਂ ਸੀ ਨਬੂਜ਼ਰਦਾਨ ਜਲਾਦਾਂ ਦੇ ਕਪਤਾਨ ਨੇ ਯਹੂਦਾਹ ਦੇ ਦੇਸ ਵਿੱਚ ਰਹਿਣ ਦਿੱਤਾ ਅਤੇ ਉਸੇ ਦਿਨ ਉਹ ਨੇ ਉਹਨਾਂ ਨੂੰ ਅੰਗੂਰਾਂ ਦੇ ਬਾਗ ਅਤੇ ਖੇਤ ਦਿੱਤੇ ।
ਯਿਰਮਿਯਾਹ ਨੂੰ ਛੱਡਿਆ ਜਾਣਾ

11ਤਾਂ ਬਾਬਲ ਦੇ ਰਾਜਾ ਨਬੂਕਦਰੱਸਰ ਨੇ ਨਬੂਜ਼ਰਦਾਨ ਜਲਾਦਾਂ ਦੇ ਕਪਤਾਨ ਦੇ ਰਹਿਣ ਯਿਰਮਿਯਾਹ ਦੇ ਬਾਰੇ ਹੁਕਮ ਦਿੱਤਾ ਕਿ12ਉਹ ਨੂੰ ਲੈ ਅਤੇ ਉਹ ਦੇ ਉੱਤੇ ਤੇਰੀ ਨਿਗਾਹ ਰਹੇ । ਉਹ ਦੇ ਨਾਲ ਕੋਈ ਬੁਰਿਆਈ ਨਾ ਕਰ ਪਰ ਜਿਵੇਂ ਉਹ ਤੈਨੂੰ ਬੋਲੇ ਉਹ ਦੇ ਨਾਲ ਤਿਵੇਂ ਹੀ ਕਰ13ਸੋ ਜਲਾਦਾਂ ਦੇ ਕਪਤਾਨ ਨਬੂਜ਼ਰਦਾਨ ਅਤੇ ਖੁਸਰਿਆਂ ਦੇ ਚੌਧਰੀ ਨਬੂਸ਼ਜ਼ਬਾਜ ਅਤੇ ਨੇਰਗਲ- ਸ਼ਰਾਸਰ ਨਜੂਮੀਆਂ ਦੇ ਉਸਤਾਦ ਅਤੇ ਬਾਬਲ ਦੇ ਰਾਜਾ ਦੇ ਸਾਰੇ ਸਰਦਾਰਾਂ ਨੇ ਮਨੁੱਖ ਘੱਲੇ14ਅਤੇ ਮਨੁੱਖ ਘੱਲ ਕੇ ਉਹਨਾਂ ਯਿਰਮਿਯਾਹ ਨੂੰ ਪਹਿਰੇਦਾਰਾਂ ਦੇ ਵੇਹੜੇ ਵਿੱਚੋਂ ਲਿਆਂਦਾ ਅਤੇ ਉਹ ਨੂੰ ਸ਼ਾਫ਼ਾਨ ਦੇ ਪੋਤੇ ਅਹੀਕਾਮ ਦੇ ਪੁੱਤਰ ਗਦਲਯਾਹ ਦੇ ਹਵਾਲੇ ਕੀਤਾ । ਉਹ ਉਸ ਨੂੰ ਘਰ ਲੈ ਗਿਆ ਸੋ ਉਹ ਲੋਕਾਂ ਦੇ ਵਿਚਕਾਰ ਟਿਕਿਆ ਰਿਹਾ ।
ਅਬਦ-ਮਲਕ ਦੇ ਲਈ ਆਸਾ

15ਤਾਂ ਯਿਰਮਿਯਾਹ ਕੋਲ ਯਹੋਵਾਹ ਦਾ ਬਚਨ ਆਇਆ ਜਦ ਉਹ ਪਹਿਰੇਦਾਰਾਂ ਦੇ ਵੇਹੜੇ ਵਿੱਚ ਬੰਦ ਸੀ ਕਿ16ਜਾਹ, ਤੂੰ ਅਬਦ-ਮਲਕ ਕੂਸ਼ੀ ਨੂੰ ਆਖ ਕਿ ਸੈਨਾ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, ― ਵੇਖ, ਮੇਰੀਆਂ ਗੱਲਾਂ ਇਸ ਸ਼ਹਿਰ ਦੇ ਬਾਰੇ ਬੁਰਿਆਈ ਲਈ ਹੋਣਗੀਆਂ ਪਰ ਭਲਿਆਈ ਲਈ ਨਹੀਂ ਅਤੇ ਉਹ ਉਸ ਦਿਨ ਤੇਰੇ ਸਾਹਮਣੇ ਪੂਰੀਆਂ ਹੋਣਗੀਆਂ
17ਉਸ ਦਿਨ ਮੈਂ ਤੈਨੂੰ ਛੱਡ ਦਿਆਂਗਾ, ਯਹੋਵਾਹ ਦਾ ਵਾਕ ਹੈ, ਅਤੇ ਤੂੰ ਉਹਨਾਂ ਮਨੁੱਖਾਂ ਦੇ ਹੱਥ ਵਿੱਚ ਨਾ ਦਿੱਤਾ ਜਾਵੇਗਾ ਜਿਹਨਾਂ ਦੇ ਅੱਗੋਂ ਤੂੰ ਭੈ ਖਾਂਦਾ ਹੈ18ਮੈਂ ਤੈਨੂੰ ਜ਼ਰੂਰ ਛੁਡਾਵਾਂਗਾ ਅਤੇ ਤੂੰ ਤਲਵਾਰ ਨਾਲ ਨਾ ਡਿੱਗੇਂਗਾ ਸਗੋਂ ਤੇਰੀ ਜਾਨ ਤੇਰੇ ਲਈ ਲੁੱਟ ਦਾ ਮਾਲ ਹੋਵੇਗੀ ਕਿਉਂ ਜੋ ਤੈ ਮੇਰੇ ਉੱਤੇ ਭਰੋਸਾ ਰੱਖਿਆ, ਯਹੋਵਾਹ ਦਾ ਵਾਕ ਹੈ ।

40
ਯਿਰਮਿਯਾਹ ਦਾ ਗਦਲਯਾਹ ਦੇ ਨਾਲ ਰਹਿਣਾ

1ਉਹ ਬਚਨ ਜਿਹੜਾ ਯਹੋਵਾਹ ਵੱਲੋਂ ਯਿਰਮਿਯਾਹ ਕੋਲ ਆਇਆ ਇਹ ਦੇ ਪਿੱਛੋਂ ਕਿ ਜੱਲਾਦਾਂ ਦੇ ਕਪਤਾਨ ਨਬੂਜਰਦਾਨ ਨੇ ਉਹ ਨੂੰ ਰਾਮਾਹ ਤੋਂ ਘੱਲ ਦਿੱਤਾ ਜਦ ਉਸ ਨੂੰ ਸਾਰੇ ਅਸੀਰਾਂ ਦੇ ਵਿਚਕਾਰ ਬੇੜੀਆਂ ਨਾਲ ਬੰਨ੍ਹ ਕੇ ਲਈ ਜਾਂਦਾ ਸੀ, ਜਿਹੜੇ ਯਰੂਸ਼ਲਮ ਅਤੇ ਯਹੂਦਾਹ ਤੋਂ ਅਸੀਰ ਹੋ ਕੇ ਬਾਬਲ ਨੂੰ ਲਿਆਏ ਜਾਂਦੇ ਸਨ2ਜਲਾਦਾਂ ਦੇ ਕਪਤਾਨ ਨੇ ਯਿਰਮਿਯਾਹ ਨੂੰ ਲੈ ਕੇ ਆਖਿਆ ਕਿ ਯਹੋਵਾਹ ਤੇਰੇ ਪਰਮੇਸ਼ੁਰ ਨੇ ਇਸ ਬੁਰਿਆਈ ਨੂੰ ਇਸ ਸਥਾਨ ਉੱਤੇ ਕਿਹਾ ਹੈ

3ਯਹੋਵਾਹ ਇਹ ਨੂੰ ਲਿਆਇਆ ਅਤੇ ਜਿਵੇਂ ਉਸ ਨੇ ਗੱਲ ਕੀਤੀ ਤਿਵੇਂ ਉਸ ਨੇ ਪੂਰਾ ਕੀਤਾ ਕਿਉਂ ਜੋ ਤੁਸੀਂ ਯਹੋਵਾਹ ਦਾ ਪਾਪ ਕੀਤਾ ਅਤੇ ਉਸ ਦੀ ਅਵਾਜ਼ ਨਹੀਂ ਸੁਣੀ ਤਾਹੀਏਂ ਤੁਹਾਡੇ ਲਈ ਇਹ ਗੱਲ ਹੋਈ ਹੈ4ਹੁਣ ਵੇਖ, ਅੱਜ ਮੈਂ ਤੈਨੂੰ ਇਹਨਾਂ ਬੇੜੀਆਂ ਵਿੱਚੋਂ ਛੱਡਦਾ ਹਾਂ ਜਿਹੜੀਆਂ ਤੇਰੇ ਹੱਥਾਂ ਵਿੱਚ ਹਨ । ਜੇ ਤੈਨੂੰ ਚੰਗਾ ਲੱਗੇ ਤਾਂ ਤੂੰ ਮੇਰੇ ਨਾਲ ਬਾਬਲ ਨੂੰ ਚੱਲਾ ਚੱਲ । ਮੈਂ ਤੇਰੀ ਵੱਲ ਨਿਗਾਹ ਰੱਖਾਂਗਾ, ਅਤੇ ਜੇ ਤੈਨੂੰ ਮੇਰੇ ਨਾਲ ਬਾਬਲ ਨੂੰ ਜਾਣਾ ਬੁਰਾ ਲੱਗੇ ਤਾਂ ਨਾ ਜਾ । ਵੇਖ, ਸਾਰਾ ਦੇਸ ਤੇਰੇ ਅੱਗੇ ਹੈ, ਜਿਧਰ ਤੈਨੂੰ ਚੰਗਾ ਅਤੇ ਠੀਕ ਲੱਗੇ ਉੱਥੇ ਚੱਲਿਆ ਜਾ
5ਜਦੋਂ ਉਹ ਅਜੇ ਮੁੜਿਆ ਨਹੀਂ ਸੀ - ਤਾਂ ਤੂੰ ਸ਼ਾਫ਼ਾਨ ਦੇ ਪੋਤੇ ਅਤੇ ਅਹੀਕਾਮ ਦੇ ਪੁੱਤਰ ਗਦਲਯਾਹ ਕੋਲ ਮੁੜ ਜਾ ਜਿਹ ਨੂੰ ਬਾਬਲ ਦੇ ਰਾਜਾ ਨੇ ਯਹੂਦਾਹ ਦੇ ਸ਼ਹਿਰਾਂ ਉੱਤੇ ਹਾਕਮ ਬਣਾਇਆ ਹੈ ਅਤੇ ਲੋਕਾਂ ਦੇ ਵਿਚਕਾਰ ਉਹ ਦੇ ਨਾਲ ਰਹੁ, ਨਹੀਂ ਤਾਂ ਜਿੱਥੇ ਤੇਰੀ ਨਿਗਾਹ ਵਿੱਚ ਠੀਕ ਹੈ ਉੱਥੇ ਚੱਲਿਆ ਜਾ । ਫਿਰ ਜਲਾਦਾਂ ਦੇ ਕਪਤਾਨ ਨੇ ਉਹ ਨੂੰ ਰਸਤ ਅਤੇ ਨਜ਼ਰਾਨਾ ਦੇ ਕੇ ਉਹ ਨੂੰ ਵਿਦਿਆ ਕਰ ਦਿੱਤਾ6ਤਾਂ ਯਿਰਮਿਯਾਹ ਅਹੀਕਾਮ ਦੇ ਪੁੱਤਰ ਗਦਲਯਾਹ ਕੋਲ ਮਿਸਪਾਹ ਵਿੱਚ ਗਿਆ ਅਤੇ ਲੋਕਾਂ ਦੇ ਵਿੱਚ ਉਹ ਦੇ ਨਾਲ ਅਤੇ ਦੇਸ ਦੇ ਬਾਕੀ ਰਹੇ ਹੋਇਆਂ ਨਾਲ ਟਿਕਿਆ ਰਿਹਾ ।
ਯਹੂਦਾਹ ਦੇਸ ਦਾ ਅਧਿਕਾਰੀ ਗਦਲਯਾਹ
(2 ਰਾਜਿਆਂ 25:22-24 )

7ਜਦ ਫੌਜਾਂ ਦੇ ਸਾਰੇ ਸਰਦਾਰਾਂ ਨੇ ਜਿਹੜੇ ਰਣ ਵਿੱਚ ਸਨ ਅਤੇ ਉਹਨਾਂ ਦੇ ਮਨੁੱਖਾਂ ਨੇ ਸੁਣਿਆ ਕਿ ਬਾਬਲ ਦੇ ਰਾਜਾ ਨੇ ਅਹੀਕਾਮ ਦੇ ਪੁੱਤਰ ਗਦਲਯਾਹ ਨੂੰ ਦੇਸ ਉੱਤੇ ਹਾਕਮ ਬਣਾ ਦਿੱਤਾ ਹੈ, ਨਾਲੇ ਉਸ ਦੇ ਮਨੁੱਖ ਅਤੇ ਔਰਤਾਂ, ਬੱਚੇ ਅਤੇ ਦੇਸ ਦੇ ਗਰੀਬ ਜਿਹੜੇ ਅਸੀਰ ਹੋ ਕੇ ਬਾਬਲ ਨੂੰ ਨਹੀਂ ਗਏ ਸਨ ਉਸ ਦੀ ਜ਼ੁਮੇਵਾਰੀ ਵਿੱਚ ਕਰ ਦਿੱਤੇ ਹਨ8ਤਾਂ ਨਥਨਯਾਹ ਦਾ ਪੁੱਤਰ ਇਸ਼ਮਾਏਲ, ਕਾਰੇਅਹ ਦੇ ਪੁੱਤਰ ਯੋਹਾਨਾਨ ਅਤੇ ਯੋਨਾਥਾਨ, ਤਨਹੁਮਥ ਦਾ ਪੁੱਤਰ ਸਰਾਯਾਹ ਅਤੇ ਏਫਈ ਨਟੋਫਾਥੀ ਦੇ ਪੁੱਤਰ ਅਤੇ ਮਆਕਾਥੀ ਦਾ ਪੁੱਤਰ ਯਜ਼ਨਯਾਹ, ਉਹ ਅਤੇ ਉਹਨਾਂ ਦੇ ਮਨੁੱਖ ਮਿਸਪਾਹ ਵਿੱਚ ਗਦਲਯਾਹ ਕੋਲ ਆਏ
9ਤਾਂ ਸ਼ਾਫ਼ਾਨ ਦੇ ਪੋਤੇ ਅਹੀਕਾਮ ਦੇ ਪੁੱਤਰ ਗਦਲਯਾਹ ਨੇ ਉਹਨਾਂ ਨਾਲ ਅਤੇ ਉਹਨਾਂ ਦੇ ਮਨੁੱਖਾਂ ਨਾਲ ਸੌਂਹ ਖਾਧੀ ਕਿ ਕਸਦੀਆਂ ਦੀ ਟਹਿਲ ਕਰਨ ਤੋਂ ਨਾ ਡਰੋ, ਦੇਸ ਵਿੱਚ ਵੱਸੋ ਅਤੇ ਬਾਬਲ ਦੇ ਰਾਜਾ ਦੀ ਟਹਿਲ ਕਰੋ, ਤਾਂ ਤੁਹਾਡਾ ਭਲਾ ਹੋਵੇਗਾ10ਮੈਂ, ਵੇਖ ਮੈਂ, ਮਿਸਪਾਹ ਵਿੱਚ ਵੱਸਦਾ ਹਾਂ ਭਈ ਉਹਨਾਂ ਕਸਦੀਆਂ ਦੇ ਅੱਗੇ ਖਲੋਵਾਂ ਜਿਹੜੇ ਸਾਡੇ ਕੋਲ ਆਉਣਗੇ ਪਰ ਤੁਸੀਂ ਮੈ, ਗਰਮੀ ਦੀ ਰੁੱਤ ਦੇ ਮੇਵੇ ਅਤੇ ਤੇਲ ਇਕੱਠਾ ਕਰੋ, ਆਪਣਿਆ ਭਾਂਡਿਆਂ ਵਿੱਚ ਰੱਖੋ ਅਤੇ ਆਪਣੇ ਸ਼ਹਿਰਾਂ ਵਿੱਚ ਵੱਸੋ ਜਿਹੜੇ ਤੁਸੀਂ ਆਪਣੇ ਕਬਜੇ ਵਿੱਚ ਕਰ ਲਏ ਹਨ
11ਜਦ ਸਾਰੇ ਯਹੂਦੀਆਂ ਨੇ ਵੀ ਜਿਹੜੇ ਮੋਆਬ ਵਿੱਚ ਅਤੇ ਅੰਮੋਨੀਆਂ ਦੇ ਵਿੱਚ ਅਤੇ ਅਰਾਮ ਵਿੱਚ ਸਨ ਅਤੇ ਜਿਹੜੇ ਸਾਰੇ ਦੇਸਾਂ ਵਿੱਚ ਸਨ ਸੁਣਿਆ ਕਿ ਬਾਬਲ ਦੇ ਰਾਜਾ ਨੇ ਯਹੂਦਾਹ ਵਿੱਚ ਕੁਝ ਬਕੀਆ ਛੱਡ ਦਿੱਤਾ ਹੈ ਅਤੇ ਸ਼ਾਫ਼ਾਨ ਦੇ ਪੋਤੇ ਅਹੀਕਾਮ ਦੇ ਪੁੱਤਰ ਗਦਲਯਾਹ ਨੂੰ ਉਹਨਾਂ ਉੱਤੇ ਹਾਕਮ ਥਾਪਿਆ ਹੈ12ਤਾਂ ਸਾਰੇ ਯਹੂਦੀ ਸਾਰਿਆਂ ਥਾਵਾਂ ਤੋਂ ਜਿੱਥੇ ਜਿੱਥੇ ਉਹ ਧੱਕੇ ਗਏ ਸਨ ਮੁੜੇ ਅਤੇ ਉਹ ਗਦਲਯਾਹ ਕੋਲ ਮਿਸਪਾਹ ਵਿੱਚ ਯਹੂਦਾਹ ਦੇ ਦੇਸ ਨੂੰ ਆਏ ਅਤੇ ਉਹਨਾਂ ਨੇ ਮੈ ਅਤੇ ਗਰਮੀ ਦੀ ਰੁੱਤ ਦੇ ਮੇਵੇ ਬਹੁਤ ਹੀ ਸਾਰੇ ਇਕੱਠੇ ਕੀਤੇ ।
ਗਦਲਯਾਹ ਦੀ ਹੱਤਿਆ
(2 ਰਾਜਿਆਂ 25:25, 26)

13ਤਾਂ ਕਾਰੇਅਹ ਦਾ ਪੁੱਤਰ ਯੋਹਾਨਾਨ ਅਤੇ ਫੌਜਾਂ ਦੇ ਸਾਰੇ ਸਰਦਾਰ ਜਿਹੜੇ ਰਣ ਵਿੱਚ ਸਨ ਮਿਸਪਾਹ ਵਿੱਚ ਗਦਲਯਾਹ ਕੋਲ ਆਏ14ਅਤੇ ਉਹ ਨੂੰ ਆਖਿਆ, ਕੀ ਤੂੰ ਸੱਚ-ਮੁੱਚ ਜਾਣ ਲਿਆ ਹੈ ਕਿ ਅੰਮੋਨੀਆਂ ਦੇ ਰਾਜੇ ਬਅਲੀਸ ਨੇ ਨਥਨਯਾਹ ਦੇ ਪੁੱਤਰ ਇਸ਼ਮਾਏਲ ਨੂੰ ਭੇਜਿਆ ਹੈ ਭਈ ਤੈਨੂੰ ਜਾਨੋਂ ਮਾਰ ਦੇਵੇ ? ਪਰ ਅਹੀਕਾਮ ਦੇ ਪੁੱਤਰ ਗਦਲਯਾਹ ਨੇ ਉਹਨਾਂ ਦਾ ਯਕੀਨ ਨਾ ਕੀਤਾ
15ਤਾਂ ਕਾਰੇਅਹ ਦੇ ਪੁੱਤਰ ਯੋਹਾਨਾਨ ਨੇ ਗਦਲਯਾਹ ਨੂੰ ਮਿਸਪਾਹ ਵਿੱਚ ਪੜਦੇ ਨਾਲ ਆਖਿਆ ਕਿ ਮੈਨੂੰ ਜ਼ਰਾ ਜਾਣ ਦਿਓ, ਕਿ ਮੈਂ ਨਥਨਯਾਹ ਦੇ ਪੁੱਤਰ ਇਸ਼ਮਾਏਲ ਨੂੰ ਮਾਰ ਦੇ । ਇਸ ਨੂੰ ਕੋਈ ਨਾ ਜਾਣੇਗਾ । ਉਹ ਤੁਹਾਨੂੰ ਕਿਉਂ ਜਾਨੋਂ ਮਾਰੇ ਭਈ ਸਾਰੇ ਯਹੂਦੀ ਜਿਹੜੇ ਤੁਹਾਡੇ ਕੋਲ ਇਕੱਠੇ ਹੋਏ ਹਨ ਖੇਰੂੰ ਖੇਰੂੰ ਹੋ ਜਾਣ ਅਤੇ ਯਹੂਦਾਹ ਦਾ ਬਕੀਆ ਮਿਟ ਜਾਵੇ ?16ਤਾਂ ਅਹੀਕਾਮ ਦੇ ਪੁੱਤਰ ਗਦਲਯਾਹ ਨੇ ਕਾਰੇਆਹ ਦੇ ਪੁੱਤਰ ਯੋਹਾਨਾਨ ਨੂੰ ਆਖਿਆ ਕਿ ਤੂੰ ਇਹ ਕੰਮ ਨਾ ਕਰ ਕਿਉਂ ਜੋ ਤੂੰ ਇਸ਼ਮਾਏਲ ਦੇ ਬਾਰੇ ਝੂਠ ਬੋਲਦਾ ਹੈ ।

41

1ਤਾਂ ਸੱਤਵੇਂ ਮਹੀਨੇ ਇਸ ਤਰ੍ਹਾਂ ਹੋਇਆ ਕਿ ਅਲੀਸ਼ਾਮਾ ਦਾ ਪੋਤਾ ਨਥਨਯਾਹ ਦਾ ਪੁੱਤਰ ਇਸ਼ਮਾਏਲ ਜਿਹੜਾ ਪਾਤਸ਼ਾਹੀ ਨਸਲ ਦਾ ਅਤੇ ਰਾਜਾ ਦੇ ਪਰਧਾਨਾਂ ਵਿੱਚੋਂ ਸੀ ਦਸ ਮਨੁੱਖ ਆਪਣੇ ਨਾਲ ਲੈ ਕੇ ਮਿਸਪਾਹ ਵਿੱਚ ਅਹੀਕਾਮ ਦੇ ਪੁੱਤਰ ਗਦਲਯਾਹ ਕੋਲ ਆਇਆ ਅਤੇ ਉੱਥੇ ਉਹਨਾਂ ਨੇ ਮਿਸਪਾਹ ਵਿੱਚ ਇਕੱਠੇ ਰੋਟੀ ਖਾਧੀ2ਤਾਂ ਨਥਨਯਾਹ ਦਾ ਪੁੱਤਰ ਇਸ਼ਮਾਏਲ ਅਤੇ ਉਹ ਦਸ ਮਨੁੱਖ ਜਿਹੜੇ ਉਸ ਦੇ ਨਾਲ ਸਨ ਉੱਠੇ ਅਤੇ ਉਹਨਾਂ ਨੇ ਸ਼ਾਫ਼ਾਨ ਦੇ ਪੋਤੇ ਅਹੀਕਾਮ ਦੇ ਪੁੱਤਰ ਗਦਲਯਾਹ ਨੂੰ ਤਲਵਾਰ ਮਾਰੀ ਅਤੇ ਉਹ ਨੂੰ ਮਾਰ ਸੁੱਟਿਆ ਜਿਹ ਨੂੰ ਬਾਬਲ ਦੇ ਰਾਜਾ ਨੇ ਦੇਸ ਵਿੱਚ ਹਾਕਮ ਥਾਪਿਆ ਸੀ3ਨਾਲੇ ਇਸ਼ਮਾਏਲ ਨੇ ਸਾਰੇ ਯਹੂਦੀਆਂ ਨੂੰ ਜਿਹੜੇ ਮਿਸਪਾਹ ਵਿੱਚ ਗਦਲਯਾਹ ਦੇ ਨਾਲ ਸਨ ਅਤੇ ਕਸਦੀਆਂ ਨੂੰ ਜਿਹੜੇ ਉੱਥੇ ਲੱਭੇ ਅਤੇ ਜੋਧੇ ਸਨ ਮਾਰ ਸੁੱਟਿਆ ।

4ਤਾਂ ਗਦਲਯਾਹ ਦੀ ਮੌਤ ਦੇ ਦੂਜੇ ਦਿਨ ਜਿਹ ਦਾ ਕਿਸੇ ਮਨੁੱਖ ਨੂੰ ਪਤਾ ਨਾ ਲੱਗਾ ਇਸ ਤਰ੍ਹਾਂ ਹੋਇਆ5ਕਿ ਸ਼ਕਮ ਤੋਂ, ਸ਼ੀਲੋਹ ਤੋਂ, ਸਾਮਰਿਯਾ ਤੋਂ, ਅੱਸੀ ਮਨੁੱਖ ਦਾੜ੍ਹੀ ਮੁਨਾ ਕੇ ਬਸਤਰ ਪਾੜ ਕੇ ਅਤੇ ਆਪਣੇ ਆਪ ਨੂੰ ਕੱਟ ਵੱਢ ਕਰ ਕੇ ਆਏ ਕਿ ਮੈਦੇ ਦੀ ਭੇਂਟ ਅਤੇ ਲੁਬਾਨ ਆਪਣਿਆਂ ਹੱਥਾਂ ਵਿੱਚ ਲੈ ਕੇ ਯਹੋਵਾਹ ਦੇ ਭਵਨ ਵਿੱਚ ਚੜਾਉਣ
6ਤਾਂ ਨਥਨਯਾਹ ਦਾ ਪੁੱਤਰ ਇਸ਼ਮਾਏਲ ਉਹਨਾਂ ਨੂੰ ਮਿਲਣ ਲਈ ਮਿਸਪਾਹ ਤੋਂ ਬਾਹਰ ਨਿਕਲਿਆ । ਉਹ ਤੁਰਿਆ ਜਾਂਦਾ ਰੋਂਦਾ ਸੀ । ਜਿਵੇਂ ਹੀ ਉਹ ਉਹਨਾਂ ਨੂੰ ਮਿਲਿਆ ਉਸ ਉਹਨਾਂ ਨੂੰ ਆਖਿਆ, ਅਹੀਕਾਮ ਦੇ ਪੁੱਤਰ ਗਦਲਯਾਹ ਕੋਲ ਆਓ7ਅੱਗੋਂ ਇਸ ਤਰ੍ਹਾਂ ਹੋਇਆ ਕਿ ਜਦ ਉਹ ਸ਼ਹਿਰ ਦੇ ਵਿਚਕਾਰ ਅਪੜੇ ਤਾਂ ਨਥਨਯਾਹ ਦਾ ਪੁੱਤਰ ਇਸ਼ਮਾਏਲ ਨੇ ਉਹ ਦੇ ਸਾਥੀਆਂ ਨੇ ਉਹਨਾਂ ਨੂੰ ਵੱਢ ਸੁੱਟਿਆ ਅਤੇ ਭੋਰੇ ਦੇ ਵਿਚਕਾਰ ਸੁੱਟ ਦਿੱਤਾ
8ਪਰ ਉਹਨਾਂ ਵਿੱਚ ਦਸ ਮਨੁੱਖ ਨਿਕਲੇ ਜਿਹਨਾਂ ਨੇ ਇਸ਼ਮਾਏਲ ਨੂੰ ਆਖਿਆ, ਸਾਨੂੰ ਨਾ ਮਾਰ ਕਿਉਂ ਜੋ ਸਾਡੇ ਕੋਲ ਖੇਤ ਵਿੱਚ ਕਣਕ, ਜੋਂ, ਤੇਲ ਅਤੇ ਸਹਿਤ ਦੇ ਗੁਦਾਮ ਲੁਕਾਏ ਹੋਏ ਹਨ । ਸੋ ਉਸ ਉਹਨਾਂ ਨੂੰ ਛੱਡ ਦਿੱਤਾ ਅਤੇ ਉਹਨਾਂ ਨੂੰ ਉਹਨਾਂ ਦੇ ਭਰਾਵਾਂ ਨਾਲ ਨਾ ਮਾਰਿਆ9ਇਹ ਭੋਹਰਾ ਉਹ ਸੀ ਜਿਹੜਾ ਆਸਾ ਰਾਜਾ ਨੇ ਇਸਰਾਏਲ ਦੇ ਰਾਜਾ ਬਆਸ਼ਾ ਦੇ ਕਾਰਨ ਬਣਾਇਆ ਸੀ ਜਿਹ ਦੇ ਵਿੱਚ ਇਸ਼ਮਾਏਲ ਨੇ ਉਨ੍ਹਾਂ ਮਨੁੱਖਾਂ ਦੀਆਂ ਸਾਰੀਆਂ ਲੋਥਾਂ ਜਿਨ੍ਹਾ ਨੂੰ ਗਦਲਯਾਹ ਦੇ ਨਾਲ ਮਾਰਿਆ ਸੀ ਪਾਈਆਂ ਸਨ । ਉਸ ਨੂੰ ਨਥਨਯਾਹ ਦੇ ਪੁੱਤਰ ਇਸ਼ਮਾਏਲ ਨੇ ਵੱਢਿਆਂ ਹੋਇਆਂ ਨਾਲ ਭਰ ਦਿੱਤਾ
10ਤਾਂ ਇਸ਼ਮਾਏਲ ਨੇ ਸਾਰੇ ਰਹਿੰਦੇ ਖੂਹੁੰਦੇ ਲੋਕ ਮਿਸਪਾਹ ਵਿੱਚ ਅਰਥਾਤ ਰਾਜਾ ਦੀਆਂ ਧੀਆਂ ਨੂੰ ਅਤੇ ਮਿਸਪਾਹ ਵਿਚਲੇ ਬਾਕੀ ਲੋਕਾਂ ਨੂੰ ਕੈਦ ਕਰ ਲਿਆ ਜਿਹਨਾਂ ਨੂੰ ਜਲਾਦਾਂ ਦਾ ਕਪਤਾਨ ਨਬੂਜ਼ਰਦਾਨ ਅਹੀਕਾਮ ਦੇ ਪੁੱਤਰ ਗਦਲਯਾਹ ਦੀ ਜ਼ੁਮੇਵਾਰੀ ਵਿੱਚ ਕਰ ਗਿਆ ਸੀ । ਨਥਨਯਾਹ ਦਾ ਪੁੱਤਰ ਇਸ਼ਮਾਏਲ ਉਹਨਾਂ ਨੂੰ ਕੈਦ ਕਰ ਕੇ ਲੈ ਗਿਆ ਭਈ ਅੰਮੋਨੀਆਂ ਕੋਲ ਪਾਰ ਲੰਘ ਜਾਵੇ
11ਜਦ ਕਾਰੇਅਹ ਦੇ ਪੁੱਤਰ ਯੋਹਾਨਾਨ ਨੇ ਅਤੇ ਫੌਜਾਂ ਦੇ ਸਾਰੇ ਸਰਦਾਰਾਂ ਨੇ ਜਿਹੜੇ ਉਹ ਦੇ ਨਾਲ ਸਨ ਇਹ ਸਾਰੀ ਬੁਰਿਆਈ ਜਿਹੜੀ ਉਸ ਕੀਤੀ ਸੁਣੀ12ਤਾਂ ਓਹਨਾਂ ਨੇ ਸਾਰੇ ਮਨੁੱਖਾਂ ਨੂੰ ਲਿਆ ਅਤੇ ਨਥਨਯਾਹ ਦੇ ਪੁੱਤਰ ਇਸ਼ਮਾਏਲ ਨਾਲ ਲੜਨ ਲਈ ਗਏ ਅਤੇ ਓਹ ਨੂੰ ਵੱਡੇ ਪਾਣੀਆਂ ਕੋਲ ਜਿਹੜੇ ਗਿਬਓਨ ਵਿੱਚ ਸਨ ਜਾ ਲਿਆ
13ਫੇਰ ਇਸ ਤਰ੍ਹਾਂ ਹੋਇਆ ਕਿ ਜਿਵੇਂ ਹੀ ਸਾਰੇ ਲੋਕਾਂ ਨੇ ਜਿਹੜੇ ਇਸ਼ਮਾਏਲ ਨਾਲ ਸਨ ਕਾਰੇਅਹ ਦੇ ਪੁੱਤਰ ਯੋਹਾਨਾਨ ਅਤੇ ਫੌਜਾਂ ਦੇ ਸਾਰੇ ਸਰਦਾਰਾਂ ਨੂੰ ਜਿਹੜੇ ਓਹ ਦੇ ਨਾਲ ਸਨ ਵੇਖਿਆ, ਤਾਂ ਅਨੰਦ ਹੋਏ14ਫੇਰ ਸਾਰੇ ਲੋਕ ਜਿਹਨਾਂ ਨੂੰ ਇਸ਼ਮਾਏਲ ਨੇ ਮਿਸਪਾਹ ਤੋਂ ਕੈਦ ਕੀਤਾ ਸੀ ਭੌਂ ਕੇ ਮੁੜੇ ਅਤੇ ਕਾਰੇਅਹ ਦੇ ਪੁੱਤਰ ਯੋਹਾਨਾਨ ਕੋਲ ਗਏ
15ਪਰ ਨਥਨਯਾਹ ਦਾ ਪੁੱਤਰ ਇਸ਼ਮਾਏਲ ਅੱਠਾਂ ਮਨੁੱਖਾਂ ਸਣੇ ਯੋਹਾਨਾਨ ਦੇ ਅੱਗੋਂ ਨੱਠ ਗਿਆ ਅਤੇ ਅੰਮੋਨੀਆ ਕੋਲ ਚੱਲਾ ਗਿਆ16ਕਾਰੇਅਹ ਦਾ ਪੁੱਤਰ ਯੋਹਾਨਾਨ ਅਤੇ ਫੌਜਾਂ ਦੇ ਸਾਰੇ ਸਰਦਾਰ ਜਿਹੜੇ ਉਸ ਦੇ ਨਾਲ ਸਨ ਬਾਕੀ ਦੇ ਸਾਰੇ ਲੋਕਾਂ ਨੂੰ ਮੋੜ ਲਿਆਏ ਜਿਹਨਾਂ ਨੂੰ ਉਹ ਨੇ ਨਥਨਯਾਹ ਦੇ ਪੁੱਤਰ ਇਸ਼ਮਾਏਲ ਤੋਂ ਅਹੀਕਾਮ ਦੇ ਪੁੱਤਰ ਗਦਲਯਾਹ ਨੂੰ ਘਾਤ ਕਰਨ ਦੇ ਪਿੱਛੋਂ ਮਿਸਪਾਹ ਤੋਂ ਲੈ ਲਿਆ ਸੀ, ਅਰਥਾਤ ਸੂਰਮੇ ਜੋਧਿਆਂ ਨੂੰ, ਔਰਤਾਂ ਨੂੰ, ਬੱਚਿਆਂ ਨੂੰ ਅਤੇ ਖੁਸਰਿਆਂ ਨੂੰ ਜਿਹਨਾਂ ਨੂੰ ਉਹ ਗਿਬਓਨ ਤੋਂ ਮੋੜ ਲਿਆਇਆ ਸੀ
17ਤਾਂ ਉਹ ਚੱਲੇ ਗਏ ਅਤੇ ਗੇਰੂਥ ਅਤੇ ਕਿਮਹਾਮ ਵਿੱਚ ਟਿਕੇ ਜਿਹੜਾ ਬੈਤਲਹਮ ਦੇ ਨੇੜੇ ਹੈ ਭਈ ਮਿਸਰ ਨੂੰ ਜਾਣ18ਇਹ ਕਸਦੀਆਂ ਦੇ ਕਾਰਨ ਸੀ ਕਿਉਂ ਜੋ ਉਹ ਉਹਨਾਂ ਦੇ ਅੱਗੋਂ ਡਰਦੇ ਸਨ ਇਸ ਲਈ ਕਿ ਨਥਨਯਾਹ ਦੇ ਪੁੱਤਰ ਇਸ਼ਮਾਏਲ ਨੇ ਅਹੀਕਾਮ ਦੇ ਪੁੱਤਰ ਗਦਲਯਾਹ ਨੂੰ ਮਾਰ ਸੁੱਟਿਆ ਸੀ ਜਿਹ ਨੂੰ ਬਾਬਲ ਦੇ ਰਾਜਾ ਨੇ ਦੇਸ ਵਿੱਚ ਹਾਕਮ ਬਣਾਇਆ ਸੀ ।

42
ਯਿਰਮਿਯਾਹ ਨੂੰ ਪ੍ਰਾਰਥਨਾ ਕਰਨ ਦੀ ਬੇਨਤੀ

1ਤਦ ਫੌਜਾਂ ਦੇ ਸਾਰੇ ਸਰਦਾਰ ਕਾਰੇਅਹ ਦਾ ਪੁੱਤਰ ਯੋਹਾਨਾਨ ਹੋਸ਼ਆਯਾਹ ਦਾ ਪੁੱਤਰ ਯਜਨਯਾਹ ਅਤੇ ਸਭ ਲੋਕ ਛੋਟੇ ਤੋਂ ਵੱਡੇ ਤੱਕ ਨੇੜੇ ਆਏ2ਅਤੇ ਯਿਰਮਿਯਾਹ ਨਬੀ ਨੂੰ ਆਖਿਆ ਕਿ ਸਾਡੀ ਅਰਦਾਸ ਤੇਰੇ ਸਨਮੁਖ ਅਪੜੇ । ਸਾਡੇ ਲਈ ਯਹੋਵਾਹ ਆਪਣੇ ਪਰਮੇਸ਼ੁਰ ਤੋਂ ਪ੍ਰਾਰਥਨਾ ਕਰ ਅਤੇ ਇਹਨਾਂ ਸਾਰਿਆਂ ਬਚਿਆਂ ਹੋਇਆਂ ਲਈ ਵੀ, ਕਿਉ ਜੋ ਅਸੀਂ ਬਹੁਤਿਆਂ ਵਿੱਚੋਂ ਥੋੜੇ ਜਿਹੇ ਬਚੇ ਹਾਂ ਜਿਵੇਂ ਤੇਰੀਆਂ ਅੱਖਾਂ ਸਾਨੂੰ ਵੇਖਦੀਆਂ ਹਨ3ਕਿ ਯਹੋਵਾਹ ਤੇਰਾ ਪਰਮੇਸ਼ੁਰ ਸਾਨੂੰ ਉਹ ਰਾਹ ਜਿਹ ਦੇ ਵਿੱਚ ਅਸੀਂ ਚੱਲੀਏ ਅਤੇ ਉਹ ਕੰਮ ਜਿਹੜਾ ਅਸੀਂ ਕਰੀਏ ਦੱਸੇ

4ਤਾਂ ਯਿਰਮਿਯਾਹ ਨਬੀ ਨੇ ਉਹਨਾਂ ਨੂੰ ਆਖਿਆ, ਮੈਂ ਸੁਣ ਲਿਆ ਹੈ । ਵੇਖੋ, ਮੈਂ ਯਹੋਵਾਹ ਤੁਹਾਡੇ ਪਰਮੇਸ਼ੁਰ ਕੋਲ ਤੁਹਾਡੀਆਂ ਗੱਲਾਂ ਅਨੁਸਾਰ ਪ੍ਰਾਰਥਨਾ ਕਰਾਂਗਾ ਅਤੇ ਇਸ ਤਰ੍ਹਾਂ ਹੋਵੇਗਾ ਕਿ ਉਹ ਸਾਰੀ ਗੱਲ ਜਿਹ ਦਾ ਯਹੋਵਾਹ ਤੁਹਾਨੂੰ ਉੱਤਰ ਦੇਵੇਗਾ ਮੈਂ ਤੁਹਾਨੂੰ ਦੱਸਾਂਗਾ ਅਤੇ ਕੋਈ ਗੱਲ ਤੁਹਾਥੋਂ ਨਾ ਲੁਕਾਵਾਂਗਾ5ਉਹਨਾਂ ਨੇ ਯਿਰਮਿਯਾਹ ਨੂੰ ਆਖਿਆ, ਯਹੋਵਾਹ ਸਾਡੇ ਵਿੱਚ ਸੱਚਾ ਅਤੇ ਵਫ਼ਾਦਾਰ ਗਵਾਹ ਹੋਵੇ, ਜੇ ਅਸੀਂ ਓਹ ਸਾਰੀਆਂ ਗੱਲਾਂ ਉਵੇਂ ਹੀ ਨਾ ਕਰੀਏ ਜਿਨ੍ਹਾਂ ਨਾਲ ਯਹੋਵਾਹ ਤੇਰਾ ਪਰਮੇਸ਼ੁਰ ਤੈਨੂੰ ਸਾਡੇ ਕੋਲ ਘੱਲੇਗਾ6ਭਾਵੇਂ ਚੰਗਾ ਹੋਵੇ ਭਾਵੇਂ ਬੁਰਾ, ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਸੁਣਾਂਗੇ ਜਿਹ ਦੇ ਕੋਲ ਅਸੀਂ ਤੈਨੂੰ ਭੇਜਦੇ ਹਾਂ ਏਸ ਲਈ ਭਈ ਜਦ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਸੁਣੀਏ ਤਾਂ ਸਾਡੀ ਭਲਿਆਈ ਹੋਵੇ ।
ਯਿਰਮਿਯਾਹ ਦੀ ਪ੍ਰਾਰਥਨਾ ਦਾ ਉੱਤਰ

7ਦਸਾਂ ਦਿਨਾਂ ਦੇ ਅੰਤ ਵਿੱਚ ਇਸ ਤਰ੍ਹਾਂ ਹੋਇਆ ਕਿ ਯਹੋਵਾਹ ਦਾ ਬਚਨ ਯਿਰਮਿਯਾਹ ਕੋਲ ਆਇਆ8ਤਾਂ ਉਸ ਨੇ ਕਾਰੇਅਹ ਦੇ ਪੁੱਤ੍ਰ ਯੋਹਾਨਾਨ ਨੂੰ ਅਤੇ ਫੌਜਾਂ ਦੇ ਸਾਰੇ ਸਰਦਾਰਾਂ ਨੂੰ ਜਿਹੜੇ ਉਹ ਦੇ ਨਾਲ ਸਨ ਅਤੇ ਸਾਰੇ ਲੋਕਾਂ ਨੂੰ ਛੋਟੋ ਤੋਂ ਵੱਡੇ ਤੱਕ ਸੱਦਿਆ9ਅਤੇ ਉਹਨਾਂ ਨੂੰ ਆਖਿਆ, ਯਹੋਵਾਹ ਇਸਰਾਏਲ ਦਾ ਪਰਮੇਸ਼ੁਰ, ਜਿਹ ਦੇ ਕੋਲ ਤੁਸੀਂ ਮੈਨੂੰ ਭੇਜਿਆ ਕਿ ਤੁਹਾਡੀ ਅਰਦਾਸ ਉਹ ਦੇ ਅੱਗੇ ਕਰਾਂ, ਇਸ ਤਰ੍ਹਾਂ ਆਖਦਾ ਹੈ, ―10ਜੇ ਤੁਸੀਂ ਮੁੜ ਏਸ ਦੇਸ ਵਿੱਚ ਵੱਸੋ ਤਾਂ ਮੈਂ ਤੁਹਾਨੂੰ ਬਣਾਵਾਂਗਾ ਅਤੇ ਨਾ ਡੇਗਾਂਗਾ, ਤੁਹਾਨੂੰ ਲਵਾਂਗਾ ਅਤੇ ਪੁੱਟਾਂਗਾ ਨਹੀਂ ਕਿਉਂ ਜੋ ਮੈਨੂੰ ਉਸ ਬੁਰਿਆਈ ਤੋਂ ਰੰਜ ਹੋਇਆ ਹੈ ਜੋ ਮੈਂ ਤੁਹਾਡੇ ਨਾਲ ਕੀਤੀ
11ਬਾਬਲ ਦੇ ਰਾਜਾ ਤੋਂ ਨਾ ਡਰੋ ਜਿਸ ਤੋਂ ਤੁਸੀਂ ਡਰਦੇ ਹੋ । ਉਸ ਤੋਂ ਨਾ ਡਰੋ, ਯਹੋਵਾਹ ਦਾ ਵਾਕ ਹੈ, ਕਿਉਂ ਜੋ ਤੁਹਾਡੇ ਬਚਾਉਣ ਲਈ ਮੈਂ ਤੁਹਾਡੇ ਨਾਲ ਹਾਂ ਅਤੇ ਤੁਹਾਨੂੰ ਉਹ ਦੇ ਹੱਥੋਂ ਛੁਡਾਉਣ ਲਈ ਵੀ12ਮੈਂ ਤੁਹਾਡੇ ਉੱਤੇ ਰਹਮ ਕਰਾਂਗਾ ਭਈ ਉਹ ਤੁਹਾਡੇ ਉੱਤੇ ਰਹਮ ਕਰੇ ਅਤੇ ਤੁਹਾਨੂੰ ਤੁਹਾਡੀ ਆਪਣੀ ਭੂਮੀ ਵਿੱਚ ਫੇਰ ਮੋੜੇ
13ਪਰ ਜੇ ਤੁਸੀਂ ਆਖੋ ਕਿ ਅਸੀਂ ਇਸ ਦੇਸ ਵਿੱਚ ਨਾ ਵੱਸਾਂਗੇ ਅਤੇ ਸੋ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨਾ ਸੁਣੋਗੇ14ਅਤੇ ਆਖੋ, ਨਹੀਂ ਅਸੀਂ ਤਾਂ ਮਿਸਰ ਦੇ ਦੇਸ ਵਿੱਚ ਜਾਂਵਾਂਗੇ ਜਿੱਥੇ ਨਾ ਲੜਾਈ ਵੇਖਾਂਗੇ, ਨਾ ਤੁਰ੍ਹੀ ਦੀ ਆਵਾਜ ਸੁਣਾਗੇ ਨਾ ਰੋਟੀ ਦਾ ਕਾਲ ਹੋਵੇਗਾ, ਉੱਥੇ ਅਸੀਂ ਵੱਸਾਂਗੇ
15ਹੁਣ ਹੇ ਯਹੂਦਾਹ ਦੇ ਬਚੇ ਹੋਏ ਲੋਕੋ, ਯਹੋਵਾਹ ਦਾ ਬਚਨ ਸੁਣੋ ! ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, - ਜੇ ਤੁਸੀਂ ਜਰੂਰ ਮਿਸਰ ਵਿੱਚ ਜਾਣ ਲਈ ਆਪਣਾ ਰੁਕ ਕਰਦੇ ਹੋ ਅਤੇ ਟਿਕਣ ਲਈ ਉੱਥੇ ਜਾਂਦੇ ਹੋ16ਤਾਂ ਤਲਵਾਰ ਜਿਸ ਤੋਂ ਤੁਸੀਂ ਡਰਦੇ ਹੋ ਉੱਥੇ ਮਿਸਰ ਦੇਸ ਵਿੱਚ ਤੁਹਾਨੂੰ ਜਾ ਫੜੇਗੀ ਅਤੇ ਕਾਲ ਜਿਸ ਤੋਂ ਤੁਸੀਂ ਤਹਿਕਦੇ ਹੋ ਉਹ ਉੱਥੇ ਤੁਹਾਡੇ ਪਿੱਛੇ ਮਿਸਰ ਵਿੱਚ ਵੀ ਜਾ ਲਵੇਗਾ । ਉੱਥੇ ਤੁਸੀਂ ਮਰ ਜਾਓਗੇ17ਉਹ ਸਾਰੇ ਮਨੁੱਖ ਜਿਹੜੇ ਮਿਸਰ ਜਾਣ ਦਾ ਰੁਕ ਕਰਦੇ ਹਨ ਭਈ ਉਹ ਟਿਕਣ, ਤਲਵਾਰ, ਕਾਲ ਅਤੇ ਬਵਾ ਨਾਲ ਮਰਨਗੇ । ਉਹ ਉਸ ਬੁਰਿਆਈ ਤੋਂ ਜਿਹੜੀ ਮੈਂ ਉਹਨਾਂ ਉੱਤੇ ਲਿਆਵਾਂਗਾ ਨਾ ਨੱਠ ਸੱਕਣਗੇ, ਨਾ ਉਸ ਤੋਂ ਛੁੱਟ ਸੱਕਣਗੇ
18ਕਿਉਂ ਜੋ ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, - ਜਿਵੇਂ ਮੇਰਾ ਕ੍ਰੋਧ ਅਤੇ ਗੁੱਸਾ ਯਰੂਸ਼ਲਮ ਦੇ ਵਾਸੀਆਂ ਉੱਤੇ ਵਰ੍ਹਾਇਆ ਗਿਆ, - ਤਿਵੇਂ ਮੇਰਾ ਗੁੱਸਾ ਤੁਹਾਡੇ ਉੱਤੇ ਜਦ ਤੁਸੀਂ ਮਿਸਰ ਵਿੱਚ ਜਾਓਗੇ ਵਰ੍ਹਾਇਆ ਜਾਵੇਗਾ ਅਤੇ ਤੁਸੀਂ ਆਨ, ਹੈਰਾਨੀ, ਸਰਾਪ ਅਤੇ ਉਲਾਹਮੇ ਦਾ ਕਾਰਨ ਹੋਵੋਗੇ ਅਤੇ ਇਸ ਸਥਾਨ ਨੂੰ ਫਿਰ ਨਾ ਵੇਖੋਗੇ19ਹੇ ਯਹੂਦਾਹ ਦੇ ਬਕੀਏ, ਯਹੋਵਾਹ ਦਾ ਬਚਨ ਤੁਹਾਡੇ ਲਈ ਇਹ ਹੈ ਭਈ ਤੁਸੀਂ ਮਿਸਰ ਨੂੰ ਨਾ ਜਾਓ, ਤੁਸੀਂ ਸੱਚ-ਮੁੱਚ ਜਾਣ ਲਓ ਕਿ ਮੈਂ ਅੱਜ ਤੁਹਾਡੇ ਲਈ ਗਵਾਹੀ ਦਿੱਤੀ ਹੈ
20ਕਿਉਂ ਜੋ ਤੁਸੀਂ ਆਪਣੀਆਂ ਜਾਨਾਂ ਨਾਲ ਧੋਖਾ ਕਮਾਇਆ ਹੈ ਜਦੋਂ ਤੁਸੀਂ ਮੈਨੂੰ ਯਹੋਵਾਹ ਆਪਣੇ ਪਰਮੇਸ਼ੁਰ ਕੋਲ ਭੇਜਿਆ ਕਿ " ਸਾਡੇ ਲਈ ਯਹੋਵਾਹ ਸਾਡੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰ ਅਤੇ ਸਭ ਕੁਝ ਜੋ ਯਹੋਵਾਹ ਸਾਡਾ ਪਰਮੇਸ਼ੁਰ ਆਖੇਗਾ ਤਿਵੇਂ ਸਾਨੂੰ ਦੱਸ ਤੇ ਅਸੀਂ ਕਰਾਂਗੇ "21ਸੋ ਅੱਜ ਦੇ ਦਿਨ ਮੈਂ ਤੁਹਾਨੂੰ ਦੱਸਿਆ ਹੈ ਪਰ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨੂੰ ਨਹੀਂ ਸੁਣਿਆ, ਨਾ ਕਿਸੇ ਹੋਰ ਗੱਲ ਨੂੰ ਜਿਹੜੇ ਲਈ ਉਹ ਨੇ ਮੈਨੂੰ ਤੁਹਾਡੇ ਕੋਲ ਭੇਜਿਆ22ਹੁਣ ਸੱਚ-ਮੁੱਚ ਜਾਣ ਲਓ ਕਿ ਉਸ ਸਥਾਨ ਵਿੱਚ ਜਿੱਥੇ ਤੁਸੀਂ ਜਾਣ ਲਈ ਅਤੇ ਟਿਕਣ ਲਈ ਲੋਚਦੇ ਹੋ ਤੁਸੀਂ ਤਲਵਾਰ, ਕਾਲ ਅਤੇ ਬਵਾ ਨਾਲ ਮਰੋਗੇ ! ।

43
ਯਿਰਮਿਯਾਹ ਨੂੰ ਮਿਸਰ ਲਿਜਾਇਆ ਜਾਣਾ

1ਤਾਂ ਇਸ ਤਰ੍ਹਾਂ ਹੋਇਆ ਕਿ ਜਦ ਯਿਰਮਿਯਾਹ ਸਾਰੇ ਲੋਕਾਂ ਨਾਲ ਉਹਨਾਂ ਦੇ ਪਰਮੇਸ਼ੁਰ ਯਹੋਵਾਹ ਦੀਆਂ ਸਾਰੀਆਂ ਗੱਲਾਂ ਨੂੰ ਬੋਲ ਚੁੱਕਾ ਜਿਹਨਾਂ ਨੂੰ ਯਹੋਵਾਹ ਉਹਨਾਂ ਦੇ ਪਰਮੇਸ਼ੁਰ ਨੇ ਉਹਨਾਂ ਕੋਲ ਭੇਜਿਆ, ਅਰਥਾਤ ਇਹਨਾਂ ਸਾਰੀਆਂ ਗੱਲਾਂ ਨੂੰ2ਤਾਂ ਹੋਸ਼ਆਯਾਹ ਦੇ ਪੁੱਤਰ ਅਜ਼ਰਯਾਹ, ਕਾਰੇਅਰ ਦੇ ਪੁੱਤਰ ਯੋਹਾਨਾਨ, ਅਤੇ ਸਾਰੇ ਅਭਮਾਨੀ ਮਨੁੱਖਾਂ ਨੇ ਯਿਰਮਿਯਾਹ ਨੂੰ ਆਖਿਆ, ਤੂੰ ਝੂਠ ਬੋਲਦਾ ਹੈਂ, ਯਹੋਵਾਹ ਸਾਡੇ ਪਰਮੇਸ਼ੁਰ ਨੇ ਤੈਨੂੰ ਇਹ ਆਖਣ ਲਈ ਨਹੀ ਭੇਜਿਆ ਕਿ ਮਿਸਰ ਨੂੰ ਟਿਕਣ ਲਈ ਨਾ ਜਾਓ3ਤੈਨੂੰ ਤਾਂ ਨੇਰੀਯਾਹ ਦੇ ਪੁੱਤਰ ਬਾਰੂਕ ਨੇ ਸਾਡੇ ਵਿਰੁੱਧ ਪਰੇਰਿਆ ਹੈ ਭਈ ਸਾਨੂੰ ਕਸਦੀਆਂ ਦੇ ਹੱਥ ਵਿੱਚ ਦੇਵੇਂ ਅਤੇ ਉਹ ਸਾਨੂੰ ਮਾਰ ਸੁੱਟਣ ਅਤੇ ਸਾਨੂੰ ਅਸੀਰ ਕਰਕੇ ਬਾਬਲ ਨੂੰ ਲੈ ਜਾਣ

4ਤਾਂ ਕਾਰੇਅਹ ਦੇ ਪੁੱਤਰ ਯੋਹਾਨਾਨ ਨੇ ਅਤੇ ਫੌਜਾਂ ਦੇ ਸਾਰੇ ਸਰਦਾਰਾਂ ਨੇ ਅਤੇ ਸਾਰੇ ਲੋਕਾਂ ਨੇ ਯਹੋਵਾਹ ਦੀ ਅਵਾਜ਼ ਨਾ ਸੁਣੀ ਭਈ ਯਹੂਦਾਹ ਦੇ ਦੇਸ ਵਿੱਚ ਵੱਸਣ5ਫਿਰ ਕਾਰੇਅਹ ਦੇ ਪੁੱਤਰ ਯੋਹਾਨਾਨ ਨੇ ਅਤੇ ਫੌਜਾਂ ਦੇ ਸਾਰੇ ਸਰਦਾਰਾਂ ਨੇ ਯਹੂਦਾਹ ਦੇ ਸਾਰੇ ਬਕੀਏ ਨੂੰ ਲਿਆ ਜਿਹੜਾ ਸਾਰੀਆਂ ਕੌਮਾਂ ਵਿੱਚੋਂ ਜਿਥੇ ਉਹ ਖੇਰੂੰ ਖੇਰੂੰ ਹੋ ਗਏ ਸਨ ਯਹੂਦਾਹ ਦੇ ਦੇਸ ਵਿੱਚ ਟਿਕਣ ਲਈ ਮੁੜ ਆਏ ਸਨ6ਅਰਥਾਤ ਮਰਦਾਂ ਨੂੰ, ਔਰਤਾਂ ਨੂੰ, ਬੱਚਿਆਂ ਨੂੰ, ਰਾਜਾ ਦੀਆਂ ਧੀਆਂ ਨੂੰ ਅਤੇ ਸਾਰੀਆਂ ਜਾਨਾਂ ਨੂੰ ਜਿਹਨਾਂ ਨੂੰ ਜਲਾਦਾਂ ਦੇ ਕਪਤਾਨ ਨਬੂਜ਼ਰਦਾਨ ਨੇ ਸ਼ਾਫਾਨ ਦੇ ਪੋਤੇ ਅਹੀਕਾਮ ਦੇ ਪੁੱਤਰ ਗਦਲਯਾਹ ਅਤੇ ਯਿਰਮਿਯਾਹ ਨਬੀ ਅਤੇ ਨੇਰੀਯਾਹ ਦੇ ਪੁੱਤਰ ਬਾਰੂਕ ਕੋਲ ਛੱਡਿਆ ਸੀ7ਉਹ ਮਿਸਰ ਦੇਸ ਨੂੰ ਆਏ ਕਿਉਂ ਜੋ ਉਹਨਾਂ ਨੇ ਯਹੋਵਾਹ ਦੀ ਅਵਾਜ਼ ਨੂੰ ਨਾ ਸੁਣਿਆ ਅਤੇ ਤਹਪਨਹੇਸ ਤੱਕ ਆਏ ।
8ਤਾਂ ਯਹੋਵਾਹ ਦਾ ਬਚਨ ਤਹਪਨਹੇਸ ਵਿੱਚ ਯਿਰਮਿਯਾਹ ਕੋਲ ਆਇਆ ਕਿ9ਤੂੰ ਆਪਣੇ ਹੱਥ ਵਿੱਚ ਵੱਡੇ ਪੱਥਰ ਲੈ ਅਤੇ ਉਹਨਾਂ ਨੂੰ ਚੂਨੇ ਵਿੱਚ ਉਸ ਚੌਂਕ ਵਿੱਚ ਲੁਕੋ ਦੇ ਜਿਹੜਾ ਤਹਪਨਹੇਸ ਵਿੱਚ ਫ਼ਿਰਊਨ ਦੇ ਮਹਿਲ ਦੇ ਫਾਟਕ ਕੋਲ ਹੈ ਅਤੇ ਇਹ ਯਹੂਦਾਹ ਦੇ ਮਨੁੱਖਾਂ ਦੇ ਵੇਖਦਿਆਂ ਹੋਵੇ10ਤੂੰ ਉਹਨਾਂ ਨੂੰ ਆਖ ਕਿ ਸੈਨਾ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, ― ਵੇਖੋ, ਮੈਂ ਬਾਬਲ ਦੇ ਰਾਜਾ ਆਪਣੇ ਟਹਿਲੂਏ ਨਬੂਕਦਰੱਸਰ ਨੂੰ ਬੁਲਾ ਲਵਾਂਗਾ । ਮੈਂ ਇਹਨਾਂ ਪੱਥਰਾਂ ਉੱਤੇ ਉਹ ਦਾ ਸਿੰਘਾਸਣ ਰੱਖਾਂਗਾ ਜਿਹਨਾਂ ਨੂੰ ਮੈਂ ਲੁਕਾਇਆ ਹੈ ਅਤੇ ਉਹ ਉਹਨਾਂ ਉੱਤੇ ਆਪਣੀ ਸ਼ਾਹੀ ਚਾਨਣੀ ਤਾਣੇਗਾ
11ਉਹ ਆ ਕੇ ਮਿਸਰ ਦੇਸ ਨੂੰ ਮਾਰੇਗਾ । ਮੌਤ ਵਾਲੇ ਮੌਤ ਲਈ, ਕੈਦ ਵਾਲੇ ਕੈਦ ਲਈ, ਤਲਵਾਰ ਵਾਲੇ ਤਲਵਾਰ ਲਈ !12ਅਤੇ ਮੈਂ ਮਿਸਰ ਦੇ ਦੇਵਤਿਆਂ ਦੇ ਮੰਦਰਾਂ ਵਿੱਚ ਅੱਗ ਭੜਕਾਵਾਂਗਾ । ਉਹ ਉਹਨਾਂ ਨੂੰ ਸਾੜ ਦੇਵੇਗਾ ਅਤੇ ਉਹਨਾਂ ਨੂੰ ਅਸੀਰ ਕਰਕੇ ਲੈ ਜਾਵੇਗਾ ਅਤੇ ਜਿਵੇਂ ਆਜੜੀ ਆਪਣਾ ਕੱਪੜਾ ਲਪੇਟਦਾ ਹੈ ਤਿਵੇਂ ਉਹ ਮਿਸਰ ਦੇਸ ਨੂੰ ਲਪੇਟ ਲਵੇਗਾ ਅਤੇ ਉੱਥੋਂ ਸ਼ਾਂਤੀ ਨਾਲ ਨਿੱਕਲ ਜਾਵੇਗਾ13ਉਹ ਬੈਤ-ਸ਼ਮਸ਼ ਦੇ ਥੰਮ੍ਹਾਂ ਨੂੰ ਜਿਹੜੇ ਮਿਸਰ ਦੇਸ ਵਿੱਚ ਹਨ ਤੋੜ ਦੇਵੇਗਾ ਅਤੇ ਮਿਸਰ ਦੇ ਦੇਵਤਿਆਂ ਦੇ ਮੰਦਰਾਂ ਨੂੰ ਅੱਗ ਨਾਲ ਸਾੜ ਸੁੱਟੇਗਾ ।

44
ਮਿਸਰ ਵਿੱਚ ਯਹੂਦੀਆਂ ਦੇ ਲਈ ਪਰਮੇਸ਼ੁਰ ਦਾ ਸੰਦੇਸ਼

1ਉਹ ਬਚਨ ਜਿਹੜਾ ਸਾਰੇ ਯਹੂਦੀਆਂ ਦੇ ਬਾਰੇ ਜਿਹੜੇ ਮਿਸਰ ਦੇਸ ਵਿੱਚ ਵੱਸਦੇ ਸਨ, ਅਰਥਾਤ ਮਿਗਦੋਲ, ਤਹਪਨਹੇਸ, ਨੋਫ਼ ਅਤੇ ਪਥਰੋਸ ਦੇਸ ਦੇ ਵੱਸਣ ਵਾਲਿਆਂ ਦੇ ਬਾਰੇ ਯਿਰਮਿਯਾਹ ਕੋਲ ਆਇਆ ਕਿ2ਸੈਨਾਂ ਦਾ ਰਾਜਾ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਕਿ ਤੁਸੀਂ ਆਪ ਉਹ ਸਾਰੀ ਬੁਰਿਆਈ ਜਿਹੜੀ ਮੈਂ ਯਰੂਸ਼ਲਮ ਉੱਤੇ ਅਤੇ ਯਹੂਦਾਹ ਦੇ ਸਾਰੇ ਸ਼ਹਿਰਾਂ ਉੱਤੇ ਲਿਆਂਦੀ ਡਿੱਠੀ । ਵੇਖੋ, ਉਹ ਅੱਜ ਦੇ ਦਿਨ ਉਜਾੜ ਪਏ ਹਨ, ਉਹਨਾਂ ਵਿੱਚ ਕੋਈ ਨਹੀਂ ਵੱਸਦਾ3ਉਸ ਬੁਰਿਆਈ ਦੇ ਕਾਰਨ ਜਿਹੜੀ ਉਹਨਾਂ ਨੇ ਮੈਨੂੰ ਖਿਝਾਉਣ ਲਈ ਕੀਤੀ ਜਦ ਉਹ ਧੂਪ ਧੁਖਾਉਣ ਲਈ ਗਏ ਅਤੇ ਦੂਜੇ ਦੇਵਤਿਆਂ ਦੀ ਪੂਜਾ ਕੀਤੀ ਜਿਹਨਾਂ ਨੂੰ ਨਾ ਉਹ, ਨਾ ਤੁਸੀਂ, ਨਾ ਤੁਹਾਡੇ ਪਿਉ-ਦਾਦੇ ਜਾਣਦੇ ਸਾਓ

4ਮੈਂ ਆਪਣੇ ਦਾਸ ਆਪਣੇ ਨਬੀਆਂ ਨੂੰ ਤੁਹਾਡੇ ਕੋਲ ਭੇਜਿਆ, ਸਗੋਂ ਜਤਨ ਕਰ ਕੇ ਭੇਜਿਆ ਅਤੇ ਆਖਿਆ, ਤੁਸੀਂ ਇਹ ਘਿਣਾਉਣਾ ਕੰਮ ਨਾ ਹੀ ਕਰੋ ਜਿਸ ਤੋਂ ਮੈਨੂੰ ਸੂਗ ਆਉਂਦੀ ਹੈ5ਪਰ ਉਹਨਾਂ ਨਾ ਸੁਣਿਆ ਅਤੇ ਨਾ ਆਪਣਾ ਕੰਨ ਲਾਇਆ ਭਈ ਆਪਣੀ ਬੁਰਿਆਈ ਤੋਂ ਮੁੜਨ ਅਤੇ ਦੂਜੇ ਦੇਵਤਿਆਂ ਲਈ ਧੂਪ ਧੁਖਾਉਣ6ਤਦ ਮੇਰਾ ਗੁੱਸਾ ਅਤੇ ਮੇਰਾ ਕ੍ਰੋਧ ਡੋਹਲਿਆ ਗਿਆ ਅਤੇ ਯਹੂਦਾਹ ਦੇ ਸ਼ਹਿਰਾਂ ਵਿੱਚ ਅਤੇ ਯਰੂਸ਼ਲਮ ਦੀਆਂ ਗਲੀਆਂ ਵਿੱਚ ਭੜਕ ਉੱਠਿਆ ਅਤੇ ਉਹਨਾਂ ਨੂੰ ਬਰਬਾਦ ਅਤੇ ਵਿਰਾਨ ਕਰ ਦਿੱਤਾ ਹੈ ਜਿਵੇਂ ਅੱਜ ਦੇ ਦਿਨ ਹੈ ।
7ਹੁਣ ਯਹੋਵਾਹ ਸੈਨਾਂ ਦਾ ਪਰਮੇਸ਼ੁਰ ਅਤੇ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਕਿ ਤੁਸੀਂ ਕਿਉਂ ਇਹ ਵੱਡੀ ਬੁਰਿਆਈ ਆਪਣੀਆਂ ਜਾਨਾਂ ਨਾਲ ਕਰਦੇ ਹੋ ਭਈ ਤੁਸੀਂ ਆਪਣੇ ਵਿੱਚੋਂ ਮਨੁੱਖ ਅਤੇ ਔਰਤਾਂ, ਨਿਆਣੇ ਅਤੇ ਦੁੱਧ ਚੁੰਘਦੇ ਯਹੂਦਾਹ ਦੇ ਵਿੱਚੋਂ ਕੱਟੋ ਭਈ ਤੁਹਾਡੇ ਲਈ ਕੋਈ ਬਕੀਆ ਨਾ ਰਹੇ ?8ਤੁਸੀਂ ਆਪਣੇ ਹੱਥ ਦੇ ਕੰਮਾਂ ਨਾਲ ਅਤੇ ਦੂਜੇ ਦੇਵਤਿਆਂ ਲਈ ਧੂਪ ਧੁਖਾਉਣ ਨਾਲ ਮਿਸਰ ਦੇਸ ਵਿੱਚ ਜਿੱਥੇ ਤੁਸੀਂ ਟਿਕਣ ਲਈ ਗਏ ਮੈਨੂੰ ਕਿਉਂ ਖਿਝਾਉਂਦੇ ਹੋ ਤਾਂ ਜੋ ਤੁਸੀਂ ਕੱਟੇ ਜਾਓ ਅਤੇ ਧਰਤੀ ਦੀਆਂ ਸਾਰੀਆਂ ਕੌਮਾਂ ਵਿੱਚ ਸਰਾਪ ਅਤੇ ਉਲਾਹਮਾ ਹੋਵੋ ?
9ਕੀ ਤੁਸੀਂ ਆਪਣੇ ਪਿਉ-ਦਾਦਿਆਂ ਦੀਆਂ ਬਦੀਆਂ, ਯਹੂਦਾਹ ਦੇ ਰਾਜਿਆਂ ਦੀਆਂ ਬਦੀਆਂ, ਉਹਨਾਂ ਦੀਆਂ ਰਾਣੀਆਂ ਦੀਆਂ ਬਦੀਆਂ, ਆਪਣੀਆਂ ਬਦੀਆਂ, ਅਤੇ ਆਪਣੀਆਂ ਔਰਤਾਂ ਦੀਆਂ ਬਦੀਆਂ ਜਿਹੜੀਆਂ ਤੁਸੀਂ ਯਹੂਦਾਹ ਦੇ ਦੇਸ ਵਿੱਚ ਅਤੇ ਯਰੂਸ਼ਲਮ ਦੀਆਂ ਗਲੀਆਂ ਵਿੱਚ ਕੀਤੀਆਂ ਭੁੱਲ ਗਏ ਹੋ ?10ਉਹ ਅੱਜ ਦੇ ਦਿਨ ਤੱਕ ਨੀਵੇਂ ਨਹੀਂ ਹੋਏ, ਨਾ ਡਰੇ ਅਤੇ ਨਾ ਮੇਰੀ ਬਿਵਸਥਾ ਅਤੇ ਮੇਰੀਆਂ ਬਿਧੀਆਂ ਉੱਤੇ ਚੱਲੇ ਜਿਹੜੀਆਂ ਮੈਂ ਤੁਹਾਡੇ ਅੱਗੇ ਅਤੇ ਤੁਹਾਡੇ ਪਿਉ-ਦਾਦਿਆਂ ਅੱਗੇ ਰੱਖੀਆਂ ।
11ਇਸ ਲਈ ਸੈਨਾਂ ਦਾ ਯਹੋਵਾਹ ਇਸਾਰੇਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, - ਵੇਖੋ, ਮੈਂ ਬਦੀ ਲਈ ਆਪਣਾ ਮੂੰਹ ਤੁਹਾਡੇ ਵਿਰੁੱਧ ਕਰਾਂਗਾ, ਕਿ ਸਾਰੇ ਯਹੂਦਾਹ ਨੂੰ ਕੱਟ ਦੇ12ਮੈਂ ਯਹੂਦਾਹ ਦੇ ਬਾਕੀ ਲੋਕਾਂ ਨੂੰ ਲਵਾਂਗਾ ਜਿਹਨਾਂ ਮਿਸਰ ਦੇਸ ਵਿੱਚ ਜਾਣ ਲਈ ਅਤੇ ਉੱਥੇ ਟਿਕਣ ਲਈ ਆਪਣਾ ਰੁਕ ਕੀਤਾ ਹੈ ਅਤੇ ਉਹਨਾਂ ਸਾਰਿਆਂ ਦਾ ਅੰਤ ਹੋ ਜਾਵੇਗਾ, ਉਹ ਮਿਸਰ ਦੇ ਦੇਸ ਵਿੱਚ ਡਿੱਗ ਪੈਣਗੇ ਅਤੇ ਤਲਵਾਰ ਅਤੇ ਕਾਲ ਨਾਲ ਉਹਨਾਂ ਦਾ ਅੰਤ ਹੋ ਜਾਵੇਗਾ, ਛੋਟੇ ਤੋਂ ਵੱਡੇ ਤੱਕ ਉਹ ਤਲਵਾਰ ਅਤੇ ਕਾਲ ਨਾਲ ਮਰ ਜਾਣਗੇ ਅਤੇ ਉਹ ਆਨ, ਹੈਰਾਨੀ, ਸਰਾਪ ਅਤੇ ਉਲਾਹਮੇ ਦਾ ਕਾਰਨ ਹੋਣਗੇ
13ਅਤੇ ਮੈਂ ਮਿਸਰ ਦੇਸ ਦੇ ਵਾਸੀਆਂ ਦੀ ਖ਼ਬਰ ਲਵਾਂਗਾ ਜਿਵੇਂ ਮੈਂ ਯਰੂਸ਼ਲਮ ਦੀ ਖਬਰ ਤਲਵਾਰ, ਕਾਲ ਅਤੇ ਬਵਾ ਨਾਲ ਲਈ ਹੈ14ਸੋ ਯਹੂਦਾਹ ਦੇ ਬਾਕੀ ਲੋਕਾਂ ਵਿੱਚੋਂ ਕੋਈ ਵੀ ਜਿਹੜਾ ਮਿਸਰ ਦੇਸ ਵਿੱਚ ਟਿਕਣ ਲਈ ਆਇਆ ਹੈ ਨੱਠ ਕੇ ਨਾ ਬਚੇਗਾ, ਨਾ ਯਹੋਵਾਹ ਦੇ ਦੇਸ ਨੂੰ ਮੁੜੇਗਾ ਜਿੱਥੇ ਉਹਨਾਂ ਦਾ ਜੀ ਵੱਸਣ ਲਈ ਮੁੜ ਜਾਨ ਨੂੰ ਲੋਚਦਾ ਹੈ ਕਿਉਂ ਜੋ ਭਗੌੜਿਆਂ ਤੋਂ ਛੁੱਟ ਉਹ ਨਾ ਮੁੜਨਗੇ ।
15ਤਦ ਸਾਰੇ ਮੁਨੱਖਾਂ ਨੇ ਜਿਹੜੇ ਜਾਣਦੇ ਸਨ ਕਿ ਉਹਨਾਂ ਦੀਆਂ ਔਰਤਾਂ ਨੇ ਦੂਜੇ ਦੇਵਤਿਆਂ ਲਈ ਧੂਪ ਧੁਖਾਈ ਹੈ ਅਤੇ ਕੋਲ ਖਲੋਤੀਆਂ ਔਰਤਾਂ ਦੇ ਵੱਡੇ ਦਲ ਨੇ ਸਾਰੇ ਲੋਕਾਂ ਨੇ ਜਿਹੜੇ ਮਿਸਰ ਦੇਸ ਦੇ ਪਥਰੋਸ ਵਿੱਚ ਵੱਸਦੇ ਸਨ ਯਿਰਮਿਯਾਹ ਨੂੰ ਉੱਤਰ ਦਿੱਤਾ ਕਿ16ਜਿਹੜੀ ਗੱਲ ਤੂੰ ਸਾਨੂੰ ਯਹੋਵਾਹ ਦੇ ਨਾਮ ਨਾਲ ਬੋਲਿਆ ਹੈਂ ਅਸੀਂ ਤੇਰੀ ਨਾ ਸੁਣਾਂਗੇ17ਪਰ ਅਸੀਂ ਜਰੂਰ ਉਹ ਸਾਰਾ ਬਚਨ ਜਿਹੜਾ ਸਾਡੇ ਮੂੰਹੋਂ ਨਿੱਕਲਿਆ ਹੈ ਪੂਰਾ ਕਰਾਂਗੇ । ਅਸੀਂ ਅਕਾਸ਼ ਦੀ ਰਾਣੀ ਲਈ ਧੂਪ ਧੁਖਾਵਾਂਗੇ ਅਤੇ ਪੀਣ ਦੀਆਂ ਭੇਟਾਂ ਉਹ ਦੇ ਲਈ ਡੋਹਲਾਂਗੇ ਜਿਵੇਂ ਅਸੀਂ ਆਪ, ਸਾਡੇ ਪਿਉ-ਦਾਦਿਆਂ ਨੇ, ਸਾਡੇ ਰਾਜਿਆਂ ਨੇ, ਸਾਡੇ ਸਰਦਾਰਾਂ ਨੇ, ਯਹੂਦਾਹ ਦੇ ਸ਼ਹਿਰਾਂ ਅਤੇ ਯਰੂਸ਼ਲਮ ਦੀਆਂ ਗਲੀਆਂ ਵਿੱਚ ਕੀਤਾ ਸੀ । ਤਦ ਅਸੀਂ ਰੋਟੀ ਨਾਲ ਰਜਾਏ ਜਾਂਦੇ ਸਾਂ ਅਤੇ ਅਸੀਂ ਚੰਗੇ ਸਾਂ ਅਤੇ ਕੋਈ ਬੁਰਿਆਈ ਨਹੀਂ ਵੇਖਦੇ ਸਾਂ
18ਜਦ ਤੋਂ ਤੁਸੀਂ ਅਕਾਸ਼ ਦੀ ਰਾਣੀ ਲਈ ਧੂਪ ਧੁਖਾਉਣੀ ਅਤੇ ਪੀਣ ਦੀਆਂ ਭੇਟਾਂ ਡੋਹਲਣੀਆਂ ਛੱਡੀਆਂ ਹਨ ਸਾਨੂੰ ਸਾਰੀਆਂ ਚੀਜਾਂ ਦੀ ਥੁੜੋਂ ਹੈ, ਸਾਡਾ ਤਲਵਾਰ ਅਤੇ ਕਾਲ ਨਾਲ ਅੰਤ ਹੋ ਗਿਆ ਹੈ !19ਜਦ ਅਸੀਂ ਅਕਾਸ਼ ਦੀ ਰਾਣੀ ਲਈ ਧੂਪ ਧੁਖਾਉਂਦੀਆਂ ਅਤੇ ਪੀਣ ਦੀਆਂ ਭੇਟਾਂ ਡੋਹਲਦੀਆਂ ਸਾਂ ਤਾਂ ਕੀ ਅਸੀਂ ਆਪਣੇ ਮਨੁੱਖਾਂ ਦੇ ਬਿਨਾ ਉਹ ਦੀਆਂ ਟਿੱਕੀਆਂ ਦੇ ਬੁੱਤ ਬਣਾਉਂਦੀਆਂ ਅਤੇ ਪੀਣ ਦੀਆਂ ਭੇਟਾਂ ਡੋਹਲਦੀਆਂ ਸਾਂ ? ।
20ਤਦ ਯਿਰਮਿਯਾਹ ਨੇ ਸਾਰੇ ਲੋਕਾਂ ਨੂੰ ਉਹਨਾਂ ਦੇ ਮਰਦਾਂ ਅਤੇ ਔਰਤਾਂ, ਸਗੋਂ ਉਹਨਾਂ ਸਾਰਿਆਂ ਲੋਕਾਂ ਦੇ ਬਾਰੇ ਜਿਹਨਾਂ ਉਸ ਨੂੰ ਇਹ ਉੱਤਰ ਦਿੱਤਾ ਸੀ ਆਖਿਆ,21ਉਹ ਧੂਪ ਜਿਹੜੀ ਤੁਸੀਂ ਅਤੇ ਤੁਹਾਡੇ ਪਿਉ-ਦਾਦਿਆਂ, ਤੁਹਾਡੇ ਰਾਜਿਆਂ, ਤੁਹਾਡੇ ਸਰਦਾਰਾਂ ਅਤੇ ਦੇਸ ਦੇ ਲੋਕਾਂ ਨੇ ਯਹੂਦਾਹ ਦੇ ਸ਼ਹਿਰਾਂ ਅਤੇ ਯਰੂਸ਼ਲਮ ਦੀਆਂ ਗਲੀਆਂ ਵਿੱਚ ਧੁਖਾਈ, ਕੀ ਯਹੋਵਾਹ ਨੇ ਉਹ ਨੂੰ ਚੇਤੇ ਨਾ ਕੀਤਾ ਅਤੇ ਉਹ ਦੇ ਦਿਲ ਉੱਤੇ ਨਾ ਆਇਆ ?
22ਯਹੋਵਾਹ ਇਸ ਦੇ ਅੱਗੇ ਤੁਹਾਡੇ ਬੁਰੇ ਕਰਤੱਬਾਂ ਦੇ ਕਾਰਨ ਅਤੇ ਘਿਣਾਉਣਿਆਂ ਕੰਮਾਂ ਦੇ ਕਾਰਨ ਜਿਹੜੇ ਤੁਸੀਂ ਕੀਤੇ ਤੁਹਾਨੂੰ ਝੱਲ ਨਾ ਸੱਕਿਆ । ਤੁਹਾਡਾ ਦੇਸ ਉਜਾੜ, ਵਿਰਾਨਾ ਅਤੇ ਸਰਾਪ ਹੋ ਗਿਆ ਜਿੱਥੇ ਕੋਈ ਨਹੀਂ ਵੱਸਦਾ ਜਿਵੇਂ ਅੱਜ ਦੇ ਦਿਨ ਹੈ23ਇਸ ਲਈ ਜੋ ਤੁਸੀਂ ਧੂਪ ਧੁਖਾਈ ਅਤੇ ਯਹੋਵਾਹ ਦੇ ਵਿਰੁੱਧ ਪਾਪ ਕੀਤਾ ਅਤੇ ਤੁਸੀਂ ਯਹੋਵਾਹ ਦੀ ਅਵਾਜ਼ ਨੂੰ ਨਾ ਸੁਣਿਆ ਅਤੇ ਉਸ ਦੀ ਬਿਵਸਥਾ ਅਤੇ ਉਸ ਦੀਆਂ ਵਿਧੀਆਂ ਅਤੇ ਉਸ ਦੀਆਂ ਸਾਖੀਆਂ ਉੱਤੇ ਨਾ ਚੱਲੇ, ਇਸ ਲਈ ਇਹ ਬੁਰਿਆਈ ਤੁਹਾਨੂੰ ਆ ਪਈ, ਜਿਵੇਂ ਅੱਜ ਦੇ ਦਿਨ ਹੈ ।
24ਯਿਰਮਿਯਾਹ ਨੇ ਸਾਰੇ ਲੋਕਾਂ ਅਤੇ ਔਰਤਾਂ ਨੂੰ ਆਖਿਆ, ਹੇ ਸਾਰੇ ਯਹੂਦਾਹ ਜਿਹੜੇ ਮਿਸਰ ਦੇਸ ਵਿੱਚ ਹੋ, ਯਹੋਵਾਹ ਦਾ ਬਚਨ ਸੁਣੋ !25ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਕਿ ਤੁਸੀਂ ਅਤੇ ਤੁਹਾਡੀਆਂ ਔਰਤਾਂ ਨੇ ਆਪਣੇ ਮੂੰਹਾਂ ਨਾਲ ਗੱਲ ਕੀਤੀ ਅਤੇ ਆਪਣੇ ਹੱਥਾਂ ਨਾਲ ਉਸ ਨੂੰ ਪੂਰਾ ਵੀ ਕੀਤਾ ਕਿ ਅਸੀਂ ਆਪਣੀਆਂ ਸੁੱਖਣਾ ਜ਼ਰੂਰ ਪੂਰੀਆਂ ਕਰਾਂਗੇ ਜਿਹੜੀਆਂ ਅਸੀਂ ਸੁੱਖੀਆਂ ਹਨ ਕਿ ਅਸੀਂ ਅਕਾਸ਼ ਦੀ ਰਾਣੀ ਲਈ ਧੂਪ ਧੁਖਾਵਾਂਗੇ ਅਤੇ ਉਸ ਦੇ ਲਈ ਪੀਣ ਦੀਆਂ ਭੇਟਾਂ ਡੋਹਲਾਂਗੇ । ਤੁਸੀਂ ਆਪਣੀਆਂ ਸੁੱਖਣਾ ਨੂੰ ਜ਼ਰੂਰ ਕਾਇਮ ਕਰੋ ਅਤੇ ਆਪਣੀਆਂ ਸੁੱਖਣਾ ਨੂੰ ਜ਼ਰੂਰ ਪੂਰੀਆਂ ਕਰੋ !
26ਇਸ ਲਈ ਹੇ ਸਾਰੇ ਯਹੂਦਾਹ ਯਹੋਵਾਹ ਦਾ ਬਚਨ ਸੁਣੋ ਜਿਹੜੇ ਮਿਸਰ ਦੇਸ ਵਿੱਚ ਵੱਸਦੇ ਹੋ । ਵੇਖੋ, ਯਹੋਵਾਹ ਆਖਦਾ ਹੈ, ਮੈਂ ਆਪਣੇ ਵੱਡੇ ਨਾਮ ਦੀ ਸੌਂਹ ਖਾਧੀ ਹੈ ਕਿ ਮੇਰਾ ਨਾਮ ਫਿਰ ਯਹੂਦਾਹ ਦੇ ਕਿਸੇ ਮਨੁੱਖ ਦੇ ਮੂੰਹੋਂ ਨਾ ਲਿਆ ਜਾਵੇਗਾ ਜਿਹੜਾ ਮਿਸਰ ਦੇ ਸਾਰੇ ਦੇਸ ਵਿੱਚ ਆਖੇ, " ਪ੍ਰਭੂ ਯਹੋਵਾਹ ਦੇ ਜੀਵਨ ਦੀ ਸੌਂਹ "27ਵੇਖੋ, ਮੈਂ ਉਹਨਾਂ ਉੱਤੇ ਬੁਰਿਆਈ ਲਈ, ਭਲਿਆਈ ਲਈ ਨਹੀਂ, ਤਾੜ ਵਿੱਚ ਹਾਂ ਕਿ ਯਹੂਦਾਹ ਦੇ ਸਾਰੇ ਮਨੁੱਖ ਜਿਹੜੇ ਮਿਸਰ ਦੇਸ ਵਿੱਚ ਹਨ ਤਲਵਾਰ ਅਤੇ ਕਾਲ ਨਾਲ ਮੁਕਾਏ ਜਾਣ ਜਦ ਤੱਕ ਉਹਨਾਂ ਦਾ ਅੰਤ ਨਾ ਹੋ ਜਾਵੇ28ਜਿਹੜੇ ਤਲਵਾਰ ਤੋਂ ਬਚ ਰਹਿਣਗੇ ਉਹ ਮਿਸਰ ਦੇਸ ਵਿੱਚੋਂ ਯਹੂਦਾਹ ਦੇ ਦੇਸ ਨੂੰ ਮੁੜਨਗੇ ਪਰ ਉਹ ਗਿਣਤੀ ਵਿੱਚ ਥੋੜੇ ਹੋਣਗੇ ਅਤੇ ਯਹੂਦਾਹ ਦਾ ਸਾਰਾ ਬਕੀਆ ਜਿਹੜਾ ਮਿਸਰ ਦੇਸ ਵਿੱਚ ਟਿਕਣ ਲਈ ਆਇਆ ਹੈ ਜਾਣੇਗਾ ਭਈ ਕਿਹ ਦਾ ਬਚਨ ਕਾਇਮ ਰਹਿੰਦਾ ਹੈ, ਮੇਰਾ ਜਾਂ ਉਹਨਾਂ ਦਾ !
29ਯਹੋਵਾਹ ਦਾ ਵਾਕ ਹੈ ਕਿ ਤੁਹਾਡੇ ਲਈ ਇਹ ਨਿਸ਼ਾਨ ਹੈ ਭਈ ਮੈਂ ਤੁਹਾਡੇ ਉੱਤੇ ਏਸੇ ਸਥਾਨ ਵਿੱਚ ਸਜ਼ਾ ਲਿਆਵਾਂਗਾ ਤਾਂ ਜੋ ਤੁਸੀਂ ਜਾਣ ਲਓ ਕਿ ਸੱਚ-ਮੁੱਚ ਬੁਰਿਆਈ ਲਈ ਮੇਰੀਆਂ ਗੱਲਾਂ ਤੁਹਾਡੇ ਵਿਰੁੱਧ ਕਾਇਮ ਰਹਿਣਗੀਆਂ,30ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਵੇਖੋ, ਮੈਂ ਮਿਸਰ ਦੇ ਰਾਜੇ ਫ਼ਿਰਊਨ ਹਾਫ਼ਰਾ ਨੂੰ ਉਹ ਦੇ ਵੈਰੀਆਂ ਦੇ ਹੱਥ ਵਿੱਚ ਅਤੇ ਉਹ ਦੀ ਜਾਨ ਦੇ ਗਾਹਕਾਂ ਦੇ ਹੱਥ ਵਿੱਚ ਦੇ ਦਿਆਂਗਾ ਜਿਵੇਂ ਮੈਂ ਯਹੂਦਾਹ ਦੇ ਰਾਜਾ ਸਿਦਕੀਯਾਹ ਨੂੰ ਬਾਬਲ ਦੇ ਰਾਜਾ ਨਬੂਕਦਰੱਸਰ ਦੇ ਹੱਥ ਵਿੱਚ ਦਿੱਤਾ ਜਿਹੜਾ ਉਸ ਦਾ ਵੈਰੀ ਅਤੇ ਉਹ ਦੀ ਜਾਨ ਦਾ ਗਾਹਕ ਸੀ ।

45
ਬਾਰੂਕ ਨਾਲ ਪਰਮੇਸ਼ੁਰ ਦਾ ਵਾਅਦਾ

1ਉਹ ਬਚਨ ਜਿਹੜਾ ਯਿਰਮਿਯਾਹ ਨਬੀ ਨੇਰੀਯਾਹ ਦੇ ਪੁੱਤਰ ਬਾਰੂਕ ਨੂੰ ਬੋਲਿਆ, ਤਦ ਉਸ ਨੇ ਇਹਨਾਂ ਗੱਲਾਂ ਨੂੰ ਯਿਰਮਿਯਾਹ ਦੇ ਮੂੰਹੋਂ ਪੋਥੀ ਵਿੱਚ ਯਹੂਦਾਹ ਦੇ ਰਾਜਾ ਯੋਸ਼ੀਯਾਹ ਦੇ ਪੁੱਤਰ ਯਹੋਯਾਕੀਮ ਦੇ ਚੌਥੇ ਸਾਲ ਲਿਖਿਆ ਕਿ2ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਤੇਰੇ ਵਿਖੇ, ਹੇ ਬਾਰੂਕ, ਐਉਂ ਆਖਦਾ ਹੈ,3ਤੂੰ ਆਖਿਆ ਕਿ ਹਾਇ ਮੇਰੇ ਉੱਤੇ ! ਕਿਉਂ ਜੋ ਯਹੋਵਾਹ ਨੇ ਮੇਰੇ ਦੁੱਖ ਨਾਲ ਝੋਰਾ ਵਧਾ ਦਿੱਤਾ ਹੈ ! ਮੈਂ ਧਾਹਾਂ ਮਾਰਦਾ ਮਾਰਦਾ ਥੱਕ ਗਿਆ, ਮੈਨੂੰ ਅਰਾਮ ਨਹੀਂ ਲੱਭਾ

4ਤੂੰ ਉਹ ਨੂੰ ਐਉਂ ਆਖੇਗਾ, ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਵੇਖ, ਜੋ ਮੈਂ ਬਣਾਇਆ ਹੈ ਮੈਂ ਉਹ ਨੂੰ ਡੇਗ ਦਿਆਂਗਾ ਅਤੇ ਜੋ ਮੈਂ ਲਾਇਆ ਉਹ ਨੂੰ ਪੁੱਟ ਸੁੱਟਾਂਗਾ ਅਰਥਾਤ ਇਹ ਸਾਰੇ ਦੇਸ ਨੂੰ5ਕੀ ਤੂੰ ਆਪਣੇ ਲਈ ਵੱਡੀਆਂ ਚੀਜ਼ਾਂ ਲੱਭਦਾ ਹੈਂ ? ਤੂੰ ਨਾ ਲੱਭ ਕਿਉਂ ਜੋ ਵੇਖ, ਯਹੋਵਾਹ ਦਾ ਵਾਕ ਹੈ, ਮੈਂ ਸਾਰੇ ਬਸ਼ਰ ਉੱਤੇ ਬੁਰਿਆਈ ਲਿਆ ਰਿਹਾ ਹਾਂ । ਪਰ ਤੇਰੀ ਜਾਨ ਨੂੰ ਸਾਰਿਆਂ ਸਥਾਨਾਂ ਉੱਤੇ ਜਿੱਥੇ ਤੂੰ ਜਾਵੇਂਗਾ ਤੇਰੇ ਲਈ ਲੁੱਟ ਦਾ ਮਾਲ ਠਹਿਰਾਵਾਂਗਾ ।

46
ਮਿਸਰ ਦੇਸ ਦੇ ਬਾਰੇ ਭਵਿੱਖਬਾਣੀ

1ਯਹੋਵਾਹ ਦਾ ਬਚਨ ਜਿਹੜਾ ਕੌਮਾਂ ਦੇ ਬਾਰੇ ਯਿਰਮਿਯਾਹ ਨਬੀ ਨੂੰ ਆਇਆ ।2ਮਿਸਰ ਲਈ । ਮਿਸਰ ਦੇ ਰਾਜੇ ਫ਼ਿਰਊਨ ਨਕੋ ਦੀ ਫੌਜ ਦੇ ਬਾਰੇ ਜਿਹੜੀ ਕਰਕਮਿਸ਼ ਵਿੱਚ ਦਰਿਆ ਫਰਾਤ ਉੱਤੇ ਸੀ ਜਿਹ ਨੂੰ ਬਾਬਲ ਦੇ ਰਾਜਾ ਨਬੂਕਦਰੱਸਰ ਨੇ ਯਹੂਦਾਹ ਦੇ ਰਾਜਾ ਯੋਸ਼ੀਯਾਹ ਦੇ ਪੁੱਤਰ ਯਹੋਯਾਕੀਮ ਦੇ ਚੌਥੇ ਸਾਲ ਵਿੱਚ ਫਤਹ ਕਰ ਲਿਆ ਸੀ, -3ਸਿਪਰ ਅਤੇ ਢਾਲ ਤਿਆਰ ਕਰੋ, ਲੜਾਈ ਲਈ ਨੇੜੇ ਆਓ !4ਘੋੜਿਆਂ ਨੂੰ ਜੋਵੋ, ਹੇ ਅਸਵਾਰੋ, ਸਵਾਰ ਹੋਵੋ ! ਟੋਪਾਂ ਨਾਲ ਖੜੇ ਹੋ ਜਾਓ, ਆਪਣਿਆਂ ਨੇਜ਼ਿਆਂ ਨੂੰ ਲਸ਼ਕਾਓ, ਸੰਜੋ ਨੂੰ ਪਹਿਨੋ !

5ਮੈਂ ਇਹ ਕਿਉਂ ਵੇਖਿਆ ? ਉਹ ਘਾਬਰੇ ਹੋਏ ਹਨ, ਅਤੇ ਪਿਛਾਹਾਂ ਨੂੰ ਮੁੜੇ ਹਨ । ਉਹਨਾਂ ਦੇ ਸੂਰਮੇ ਮਾਰੇ ਗਏ ਹਨ, ਉਹ ਛੇਤੀ ਨਾਲ ਨੱਠ ਗਏ, ਉਹ ਪਿੱਛੇ ਨਹੀਂ ਵੇਖਦੇ, - ਆਲੇ-ਦੁਆਲੇ ਭੈ ਹੈ ! ਯਹੋਵਾਹ ਦਾ ਵਾਕ ਹੈ ।6ਛੋਹਲਾ ਨਾ ਨੱਠੇ, ਨਾ ਸੂਰਮਾ ਬਚੇ, - ਉੱਤਰ ਵਲ ਦਰਿਆ ਫਰਾਤ ਦੇ ਕੰਢੇ ਉੱਤੇ ਉਹਨਾਂ ਨੇ ਠੋਕਰ ਖਾਧੀ ਅਤੇ ਡਿੱਗ ਪਏ ।
7ਉਹ ਕੌਣ ਹੈ ਜਿਹੜਾ ਨੀਲ ਨਦੀ ਵਾਂਗੂੰ ਉੱਛਲਦਾ ਹੈ, ਨਦੀਆਂ ਵਾਂਗੂੰ ਜਿਹਨਾਂ ਦੇ ਪਾਣੀ ਠਾਠਾਂ ਮਾਰਦੇ ਹਨ ?8ਮਿਸਰ ਨੀਲ ਨਦੀ ਵਾਂਗੂੰ ਉੱਛਲਦਾ ਹੈ, ਨਦੀਆਂ ਵਾਂਗੂੰ ਉਹ ਦੇ ਪਾਣੀ ਉੱਛਲਦੇ ਹਨ । ਉਸ ਆਖਿਆ, ਮੈਂ ਉੱਛਲਾਂਗਾ, ਮੈਂ ਧਰਤੀ ਨੂੰ ਢੱਕ ਲਵਾਂਗਾ, ਮੈਂ ਸ਼ਹਿਰ ਨੂੰ, ਉਹਨਾਂ ਦੇ ਵਾਸੀਆਂ ਨੂੰ ਨਾਸ ਕਰਾਂਗਾ !9ਹੇ ਘੋੜਿਓ, ਉਤਾਹਾਂ ਜਾਓ, ਹੇ ਰਥੋ, ਢਿਲਕਦੇ ਫਿਰੋ ! ਸੂਰਮੇ ਬਾਹਰ ਨਿੱਕਲਣ, ਕੂਸ਼ੀ ਅਤੇ ਫੂਟੀ ਜਿਹਨਾਂ ਢਾਲਾਂ ਫੜੀਆਂ ਹੋਈਆਂ ਹਨ, ਲੂਦੀ ਜਿਹੜੇ ਧਣੁਖ ਨੂੰ ਫੜ੍ਹ ਕੇ ਝੁਕਾ ਲੈਂਦੇ ਹਨ ।
10ਉਹ ਸੈਨਾਂ ਦੇ ਪ੍ਰਭੁ ਯਹੋਵਾਹ ਦਾ ਦਿਨ ਹੈ, ਇੱਕ ਬਦਲਾ ਲੈਣ ਦਾ ਦਿਨ, ਭਈ ਉਹ ਆਪਣੇ ਵਿਰੋਧੀਆਂ ਤੋਂ ਬਦਲਾ ਲਵੇ । ਤਲਵਾਰ ਖਾ ਕੇ ਰੱਜੇਗੀ, ਅਤੇ ਉਹਨਾਂ ਦੇ ਲਹੂ ਨਾਲ ਮਸਤ ਹੋਵੇਗੀ, ਕਿਉਂ ਜੋ ਸੈਨਾਂ ਦੇ ਪ੍ਰਭੁ ਯਹੋਵਾਹ ਲਈ ਇੱਕ ਬਲੀ ਹੈ, ਉੱਤਰ ਦੇਸ ਵਿੱਚ ਫਰਾਤ ਦਰਿਆ ਕੋਲ ।
11ਗਿਲਆਦ ਨੂੰ ਚੜ੍ਹ ਜਾ ਅਤੇ ਬਲਸਾਨ ਲੈ, ਹੇ ਮਿਸਰ ਦੀਏ ਕੁਆਰੀਏ ਧੀਏ ! ਤੂੰ ਏਵੇਂ ਬਹੁਤੀਆਂ ਦਵਾਈਆਂ ਵਰਤਦੀ ਹੈਂ, ਤੂੰ ਚੰਗੀ ਨਾ ਹੋਵੇਂਗੀ ।12ਕੌਮਾਂ ਨੇ ਤੇਰੀ ਸ਼ਰਮ ਨੂੰ ਸੁਣਿਆ, ਧਰਤੀ ਤੇਰੀ ਦੁਹਾਈ ਨਾਲ ਭਰ ਗਈ । ਸੂਰਮੇ ਨੇ ਸੂਰਮੇ ਨਾਲ ਠੋਕਰ ਖਾਧੀ, ਉਹ ਦੋਵੇਂ ਇਕੱਠੇ ਡਿੱਗ ਪਏ ।
ਨਬੂਕਦਰੱਸਰ ਦਾ ਆਗਮਨ

13ਉਹ ਬਚਨ ਜਿਹੜਾ ਯਹੋਵਾਹ ਯਿਰਮਿਯਾਹ ਨੂੰ ਬਾਬਲ ਦੇ ਰਾਜਾ ਨਬੂਕਦਰੱਸਰ ਦੇ ਬਾਰੇ ਬੋਲਿਆ ਕਿ ਉਹ ਆ ਕੇ ਮਿਸਰ ਦੇਸ ਨੂੰ ਮਾਰੇਗਾ, -14ਮਿਸਰ ਵਿੱਚ ਦੱਸੋ, ਮਿਗਦੋਲ ਵਿੱਚ ਸੁਣਾਓ, ਨੋਫ਼ ਵਿੱਚ ਅਤੇ ਤਹਪਨਹੇਸ ਵਿੱਚ ਵੀ ਸੁਣਾਓ, ਆਖੋ, ਖਲੋ ਜਾਓ ਅਤੇ ਤਿਆਰ ਰਹੋ, ਕਿਉਂ ਜੋ ਤਲਵਾਰ ਤੇਰੇ ਆਲਿਓਂ ਦੁਆਲਿਓਂ ਖਾ ਲਵੇਗੀ !
15ਤੇਰੇ ਜਰਵਾਣੇ ਕਿਉਂ ਹੂੰਝੇ ਗਏ ? ਉਹ ਖੜੇ ਨਾ ਰਹੇ, ਯਹੋਵਾਹ ਨੇ ਉਹਨਾਂ ਨੂੰ ਦਫ਼ਾ ਜੋ ਕਰ ਦਿੱਤਾ ।16ਉਸ ਨੇ ਬਹੁਤਿਆਂ ਨੂੰ ਠੋਕਰ ਖੁਆਈ, ਹਰ ਮਨੁੱਖ ਆਪਣੇ ਸਾਥੀ ਉੱਤੇ ਡਿੱਗਿਆ, ਉਹਨਾਂ ਨੇ ਆਖਿਆ, ਉੱਠੀਏ, ਅਸੀਂ ਆਪਣੇ ਲੋਕਾਂ ਕੋਲ ਅਤੇ ਆਪਣੀ ਜਨਮ ਭੂਮੀ ਨੂੰ ਸਤਾਉਣ ਵਾਲੀ ਤਲਵਾਰ ਦੇ ਕਾਰਨ ਮੁੜ ਚੱਲੀਏ ।17ਉਹਨਾਂ ਨੇ ਉੱਥੇ ਪੁਕਾਰਿਆ ਕਿ ਮਿਸਰ ਦਾ ਰਾਜਾ ਫਿਰਊਨ ਸ਼ੋਰ ਹੀ ਹੈ ! ਉਸ ਨੇ ਮਿਥੇ ਹੋਏ ਵੇਲੇ ਨੂੰ ਲੰਘਣ ਦਿੱਤਾ ।
18ਮੈਨੂੰ ਆਪਣੀ ਹਯਾਤੀ ਦੇ ਸੌਂਹ, ਰਾਜਾ ਦਾ ਵਾਕ ਹੈ, ਉਸ ਦਾ ਨਾਮ ਸੈਨਾਂ ਦਾ ਯਹੋਵਾਹ ਹੈ, ਨਿਸੰਗ ਜਿਵੇਂ ਪਹਾੜਾਂ ਵਿੱਚ ਤਾਬੋਰ, ਅਤੇ ਜਿਵੇਂ ਸਮੁੰਦਰ ਕੋਲ ਕਰਮਲ, ਓਵੇਂ ਉਹ ਆਵੇਗਾ ।19ਅਸੀਰੀ ਲਈ ਆਪਣਾ ਲਕਾ ਤੁਕਾ ਤਿਆਰ ਕਰ, ਹੇ ਮਿਸਰ ਦੀਏ ਵਸਨੀਕ ਧੀਏ ! ਕਿਉਂ ਜੋ ਨੋਫ਼ ਵਿਰਾਨ ਹੋਵੇਗਾ, ਉਹ ਭਸਮ ਕੀਤਾ ਜਾਵੇਗਾ, ਜਿਹ ਦੇ ਵਿੱਚ ਕੋਈ ਨਾ ਵੱਸੇਗਾ ।
20ਮਿਸਰ ਇੱਕ ਬਹੁਤ ਸੁੰਦਰ ਵੱਛੀ ਹੈ, ਪਰ ਉੱਤਰ ਵੱਲੋਂ ਮੱਖ ਉਸ ਉੱਤੇ ਲਗਾ ਆਉਂਦਾ ਹੈ ।21ਉਹ ਦੇ ਭਾੜੇ ਦੇ ਸਿਪਾਹੀ ਵੀ ਉਹ ਦੇ ਵਿਚਕਾਰ ਪਲੇ ਹੋਏ ਵਹਿੜੀਆਂ ਵਾਂਗੂੰ ਹਨ । ਹਾਂ, ਉਹ ਮੁੜ ਕੇ ਇਕੱਠੇ ਨੱਠ ਗਏ, ਉਹ ਖਲੋ ਨਾ ਸੱਕੇ, ਕਿਉਂ ਜੋ ਉਹਨਾਂ ਦੀ ਬਿਪਤਾ ਦਾ ਦਿਨ ਉਹਨਾਂ ਉੱਤੇ ਆਇਆ ਹੈ, ਉਹਨਾਂ ਦੀ ਸਜ਼ਾ ਦਾ ਸਮਾ ।22ਉਹ ਦੀ ਅਵਾਜ ਸੱਪ ਵਾਂਗੂੰ ਉੱਠੇਗੀ, ਉਹ ਫੌਜ ਨਾਲ ਆਉਣਗੇ, ਉਹ ਉਹ ਦੇ ਉੱਤੇ ਲੱਕੜ ਹਾਰਿਆਂ ਵਾਂਗੂੰ ਕੁਹਾੜਿਆਂ ਨਾਲ ਆਉਣਗੇ !
23ਉਹ ਉਹ ਦਾ ਜੰਗਲ ਵੱਢ ਸੁੱਟਣਗੇ, ਯਹੋਵਾਹ ਦਾ ਵਾਕ ਹੈ, ਭਾਵੇਂ ਉਹ ਦੀ ਮਿਣਤੀ ਨਾ ਹੋ ਸੱਕੇ, ਕਿਉਂ ਜੋ ਉਹ ਸਲਾ ਨਾਲੋਂ ਬਹੁਤ ਵਧੀਕ ਹਨ, ਉਹਨਾਂ ਨੂੰ ਕੋਈ ਗਿਣ ਨਹੀਂ ਸਕਦਾ ।24ਮਿਸਰ ਦੀ ਧੀ ਲੱਜਿਆਵਾਨ ਹੋਵੇਗੀ, ਉਹ ਉੱਤਰ ਵੱਲ ਦੇ ਲੋਕਾਂ ਦੇ ਹੱਥ ਵਿੱਚ ਦਿੱਤੀ ਜਾਵੇਗੀ ।
25ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ, ਵੇਖੋ, ਮੈਂ ਨੋ ਦੇ ਆਮੋਨ ਦੀ, ਫ਼ਿਰਊਨ ਦੀ, ਮਿਸਰ ਦੀ, ਉਹ ਦੇ ਦੇਵਤਿਆਂ ਦੀ, ਉਹ ਦੇ ਰਾਜਿਆਂ ਦੀ, ਫ਼ਿਰਊਨ ਦੀ ਅਤੇ ਉਹਨਾਂ ਦੀ ਜਿਹੜੇ ਉਹ ਦਾ ਭਰੋਸਾ ਕਰਦੇ ਹਨ ਖ਼ਬਰ ਲੈਂਦਾ ਹਾਂ26ਮੈਂ ਉਹਨਾਂ ਨੂੰ ਉਹਨਾਂ ਦੀ ਜਾਨ ਦੇ ਗਾਹਕਾਂ ਦੇ ਹੱਥ ਵਿੱਚ, ਅਰਥਾਤ ਬਾਬਲ ਦੇ ਰਾਜਾ ਨਬੂਕਦਰੱਸਰ ਅਤੇ ਉਹ ਦੇ ਟਹਿਲੂਆਂ ਦੇ ਹੱਥ ਵਿੱਚ ਦਿਆਂਗਾ । ਇਸ ਦੇ ਪਿੱਛੋਂ ਉਹ ਅਜਿਹੀ ਅਬਾਦ ਹੋਵੇਗੀ ਜਿਵੇਂ ਪਹਿਲਿਆਂ ਦਿਨਾਂ ਵਿੱਚ ਸੀ, ਯਹੋਵਾਹ ਦਾ ਵਾਕ ਹੈ ।
ਇਸਰਾਏਲ ਦੇ ਬਾਰੇ ਭਵਿੱਖਬਾਣੀ

27ਪਰ ਤੂੰ, ਹੇ ਯਾਕੂਬ ਮੇਰੇ ਦਾਸ, ਨਾ ਡਰ, ਹੇ ਇਸਰਾਏਲ, ਨਾ ਘਾਬਰ, ਕਿਉਂ ਜੋ ਵੇਖ, ਮੈਂ ਤੈਨੂੰ ਦੂਰ ਤੋਂ, ਅਤੇ ਤੇਰੀ ਨਸਲ ਨੂੰ ਅਸੀਰੀ ਦੇ ਦੇਸ ਤੋਂ ਬਚਾਵਾਂਗਾ । ਯਾਕੂਬ ਮੁੜੇਗਾ ਅਤੇ ਅਰਮਾਨ ਅਤੇ ਚੈਨ ਕਰੇਗਾ, ਉਹ ਨੂੰ ਕੋਈ ਨਾ ਡਰਾਵੇਗਾ ।28ਹੇ ਯਾਕੂਬ ਮੇਰੇ ਦਾਸ, ਨਾ ਡਰ, ਯਹੋਵਾਹ ਦਾ ਵਾਕ ਹੈ, ਮੈਂ ਤੇਰੇ ਨਾਲ ਜੋ ਹਾਂ, ਮੈਂ ਸਾਰੀਆਂ ਕੌਮਾਂ ਦਾ ਅੰਤ ਕਰ ਦਿਆਂਗਾ, ਜਿਹਨਾਂ ਵਿੱਚ ਮੈਂ ਤੈਨੂੰ ਹੱਕ ਦਿੱਤਾ, ਪਰ ਮੈਂ ਤੇਰਾ ਅੰਤ ਨਾ ਕਰਾਂਗਾ, ਮੈਂ ਨਰਮਾਈ ਨਾਲ ਤੇਰਾ ਸੁਧਾਰ ਕਰਾਂਗਾ, ਪਰ ਤੈਨੂੰ ਸਜ਼ਾ ਦਿੱਤੇ ਬਿਨਾ ਨਾ ਛੱਡਾਂਗਾ ।

47
ਫਲਿਸਤੀਆਂ ਦੇ ਬਾਰੇ ਪਰਮੇਸ਼ੁਰ ਦਾ ਸੰਦੇਸ਼

1ਯਹੋਵਾਹ ਦਾ ਉਹ ਬਚਨ ਜਿਹੜਾ ਯਿਰਮਿਯਾਹ ਨਬੀ ਕੋਲ ਫਲਿਸਤੀਆਂ ਦੇ ਬਾਰੇ ਆਇਆ, ਇਸ ਤੋਂ ਪਹਿਲਾਂ ਕਿ ਫ਼ਿਰਊਨ ਨੇ ਅੱਜ਼ਾਹ ਨੂੰ ਮਾਰ ਦਿੱਤਾ, ―2ਯਹੋਵਾਹ ਇਸ ਤਰ੍ਹਾਂ ਆਖਦਾ ਹੈ,― ਵੇਖੋ, ਉੱਤਰ ਵਿੱਚੋਂ ਪਾਣੀ ਚੜ੍ਹੇ ਆਉਂਦੇ ਹਨ, ਉਹ ਇੱਕ ਰੇਹੜਨ ਵਾਲਾ ਨਾਲਾ ਹੋਵੇਗਾ, ਉਹ ਧਰਤੀ ਨੂੰ ਅਤੇ ਜੋ ਉਹ ਦੇ ਵਿੱਚ ਭਰਿਆ ਹੈ ਰੇਹੜ ਲੈਣਗੇ, ਸ਼ਹਿਰ ਨੂੰ ਅਤੇ ਉਸ ਦੇ ਵਾਸੀਆਂ ਨੂੰ, ਆਦਮੀ ਚਿੱਲਾਉਣਗੇ, ਧਰਤੀ ਦੇ ਸਾਰੇ ਵੱਸਣ ਵਾਲੇ ਰੋਣਗੇ ।

3ਉਹ ਦੇ ਜੰਗੀ ਘੋੜਿਆਂ ਦੇ ਸੁੰਮਾਂ ਦੀ ਟਾਪ ਦੀ ਅਵਾਜ਼ ਨਾਲ, ਉਹ ਦੇ ਰੱਥਾਂ ਦੇ ਸ਼ੋਰ ਨਾਲ, ਉਹ ਦੇ ਪਹਿਆਂ ਦੇ ਖੜਾਕ ਨਾਲ, ਪਿਉ ਆਪਣੇ ਪੁੱਤਰਾਂ ਵੱਲ ਮੁੜ ਕੇ ਨਾ ਵੇਖਦੇ, ਉਹਨਾਂ ਦੇ ਹੱਥ ਇੰਨੇ ਨਿਰਬਲ ਹੋ ਗਏ,4ਉਸ ਦਿਨ ਦੇ ਕਾਰਨ ਜਿਹੜਾ ਆਉਂਦਾ ਹੈ, ਭਈ ਸਾਰੇ ਫਲਿਸਤੀਆਂ ਦਾ ਨਾਸ ਕਰੇ, ਸੂਰ ਅਤੇ ਸੈਦਾ ਤੋਂ ਹਰੇਕ ਨੂੰ ਜੋ ਰਹਿੰਦਾ ਹੈ ਕੱਟ ਦੇਵੇ, ਕਿਉਂ ਜੋ ਯਹੋਵਾਹ ਫਲਿਸਤੀਆਂ ਦਾ ਨਾਸ ਕਰੇਗਾ, ਅਤੇ ਕਫਤੋਰ ਦੇ ਟਾਪੂ ਦੇ ਬਕੀਏ ਨੂੰ ਵੀ ।
5ਅੱਜ਼ਾਹ ਉੱਤੇ ਗੰਜ ਆ ਗਿਆ ਹੈ, ਅਸ਼ਕਲੋਨ ਬਰਬਾਦ ਕੀਤਾ ਗਿਆ ਹੈ, ਆਪਣੀ ਵਾਦੀ ਦੇ ਬਕੀਏ ਸਣੇ ਤੂੰ ਕਦ ਤੱਕ ਆਪਣੇ ਆਪ ਨੂੰ ਘਾਇਲ ਕਰੇਂਗਾ ?6ਹੇ ਯਹੋਵਾਹ ਦੀ ਤਲਵਾਰ, ਤੂੰ ਕਦ ਤੱਕ ਨਾ ਖਲੋਵੇਂਗੀ ? ਆਪਣੇ ਆਪ ਨੂੰ ਮਿਆਨ ਵਿੱਚ ਪਾ, ਅਰਮਾਨ ਕਰ ਅਤੇ ਥੰਮ੍ਹੀ ਰਹੁ ।7ਤੂੰ ਕਿਵੇਂ ਖਲੋ ਸੱਕਦੀ ਹੈਂ ਜਦ ਯਹੋਵਾਹ ਨੇ ਉਹ ਨੂੰ ਹੁਕਮ ਦਿੱਤਾ ਹੈ ? ਅਸ਼ਕਲੋਨ ਅਤੇ ਸਮੁੰਦਰ ਦੇ ਕੰਢੇ ਦੇ ਵਿਰੁੱਧ, ਉੱਥੇ ਉਸ ਉਹ ਨੂੰ ਠਹਿਰਾਇਆ ਹੈ ।

48
ਮੋਆਬ ਦਾ ਵਿਨਾਸ

1ਮੋਆਬ ਦੇ ਵਿਖੇ, ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, - ਨਬੋ ਲਈ ਅਫਸੋਸ ! ਉਹ ਵਿਰਾਨ ਜੋ ਹੋ ਗਿਆ, ਕਿਰਯਾਤਾਇਮ ਸ਼ਰਮਿੰਦਾ ਹੋਇਆ, ਉਹ ਲੈ ਗਿਆ, ਉੱਚਾ ਬੁਰਜ ਵੀ ਸ਼ਰਮਿੰਦਾ ਹੋਇਆ ਅਤੇ ਘਾਬਰ ਗਿਆ ।2ਮੋਆਬ ਦੀ ਵਡਿਆਈ ਫੇਰ ਨਾ ਹੋਵੇਗੀ, ਹਸ਼ਬੋਨ ਵਿੱਚ ਉਹ ਦੇ ਵਿਰੁੱਧ ਬੁਰਿਆਈ ਦੀਆਂ ਜੁਗਤਾਂ ਕੀਤੀਆਂ ਗਈਆਂ ਹਨ, ਕਿ ਆਓ, ਅਸੀਂ ਉਹ ਨੂੰ ਕੌਮ ਹੋਣ ਤੋਂ ਕੱਟ ਸੁੱਟੀਏ ! ਹੇ ਮਦਮੇਨ, ਤੂੰ ਵੀ ਚੁੱਪ ਕਰਾਇਆ ਜਾਵੇਂਗਾ, ਤਲਵਾਰ ਤੇਰਾ ਪਿੱਛਾ ਕਰੇਗੀ !

3ਹੋਰੋਨਾਇਮ ਵਿੱਚੋਂ ਦੁਹਾਈ ਦੀ ਆਵਾਜ, ਉਜਾੜ ਅਤੇ ਭੰਨ ਤੋੜ !4ਮੋਆਬ ਭੰਨਿਆ ਤੋੜਿਆ ਗਿਆ, ਉਹ ਦੇ ਨਿਆਣਿਆਂ ਦਾ ਚਿੱਲਾਉਣਾ ਸੁਣਾਈ ਦਿੰਦਾ ਹੈ ।5ਕਿਉਂ ਜੋ ਲੁਹੀਥ ਦੀ ਚੜ੍ਹਾਈ ਉੱਤੇ, ਉਹ ਰੋਂਦੇ ਰੋਂਦੇ ਚੜ੍ਹਦੇ ਹਨ, ਹੋਰੋਨਾਇਮ ਦੀ ਉਤਰਾਈ ਉੱਤੇ ਤਾਂ ਉਹਨਾਂ ਨੇ ਭੰਨ ਤੋੜ ਦੀ ਦੁਹਾਈ ਦੇ ਦੁੱਖ ਨੂੰ ਸੁਣਿਆ ਹੈ ।
6ਨੱਠੋ ! ਆਪਣੀਆਂ ਜਾਨਾਂ ਨੂੰ ਬਚਾਓ ! ਉਜਾੜ ਵਿਚਲੇ ਸੁੱਕੇ ਰੁੱਖ ਵਾਂਗੂੰ ਹੋ ਜਾਓ !7ਇਸ ਲਈ ਕਿ ਤੂੰ ਆਪਣਿਆਂ ਕੰਮਾਂ ਅਤੇ ਆਪਣਿਆਂ ਖ਼ਜ਼ਾਨਿਆਂ ਉੱਤੇ ਭਰੋਸਾ ਕੀਤਾ ਹੈ, ਤੂੰ ਵੀ ਲੈ ਲਿਆ ਜਾਵੇਗਾ, ਕਮੋਸ਼ ਅਸੀਰੀ ਵਿੱਚ ਜਾਵੇਗਾ, ਉਹ ਦੇ ਜਾਜਕ ਅਤੇ ਉਹ ਦੇ ਸਰਦਾਰ ਇਕੱਠੇ ।
8ਬਰਬਾਦ ਕਰਨ ਵਾਲਾ ਹਰੇਕ ਸ਼ਹਿਰ ਉੱਤੇ ਆਵੇਗਾ, ਅਤੇ ਕੋਈ ਸ਼ਹਿਰ ਨਾ ਬਚੇਗਾ, ਵਾਦੀ ਮਿਟ ਜਾਵੇਗੀ, ਮਦਾਨ ਦਾ ਸੱਤਿਆਨਾਸ ਕੀਤਾ ਜਾਵੇਗਾ, ਜਿਵੇਂ ਯਹੋਵਾਹ ਨੇ ਆਖਿਆ ਹੈ ।9ਮੋਆਬ ਨੂੰ ਖੰਭ ਲਾ ਦਿਓ, ਕਿ ਉਹ ਉੱਡ ਕੇ ਚਲਾ ਜਾਵੇ । ਉਹ ਦੇ ਸ਼ਹਿਰ ਵਿਰਾਨ ਹੋ ਜਾਣ, ਉਹਨਾਂ ਵਿੱਚ ਵੱਸਣ ਵਾਲਾ ਕੋਈ ਨਾ ਹੋਵੇ ।10ਸਰਾਪੀ ਹੈ ਉਹ ਜਿਹੜਾ ਯਹੋਵਾਹ ਦਾ ਕੰਮ ਆਲਸੀ ਨਾਲ ਕਰਦਾ ਹੈ ! ਅਤੇ ਸਰਾਪੀ ਹੈ ਉਹ ਜਿਹੜਾ ਆਪਣੀ ਤਲਵਾਰ ਨੂੰ ਲਹੂ ਵਹਾਉਣ ਤੋਂ ਰੋਕਦਾ ਹੈ ! ।
ਮੋਆਬ ਦੇ ਨਗਰਾਂ ਦਾ ਵਿਨਾਸ

11ਮੋਆਬ ਆਪਣੀ ਜੁਆਨੀ ਤੋਂ ਅਮਨ ਵਿੱਚ ਰਿਹਾ, ਉਸ ਆਪਣਾ ਫੋਗ ਰੱਖ ਛੱਡਿਆ, ਨਾ ਉਹ ਇੱਕ ਭਾਂਡੇ ਵਿੱਚੋਂ ਦੂਜੇ ਭਾਂਡੇ ਵਿੱਚ ਉਲੱਦਿਆ ਗਿਆ, ਨਾ ਉਹ ਅਸੀਰੀ ਵਿੱਚ ਗਿਆ, ਇਸ ਲਈ ਉਹ ਦਾ ਸੁਆਦ ਉਹ ਦੇ ਵਿੱਚ ਕਾਇਮ ਰਿਹਾ, ਅਤੇ ਉਹ ਦੀ ਵਾਸ਼ਨਾ ਨਾ ਬਦਲੀ ।12ਇਸ ਲਈ ਵੇਖ, ਉਹ ਦਿਨ ਆਉਂਦੇ ਹਨ, ਯਹੋਵਾਹ ਦਾ ਵਾਕ ਹੈ, ਮੈਂ ਉਸ ਦੇ ਕੋਲ ਉਲੱਦਣ ਵਾਲਿਆਂ ਨੂੰ ਭੇਜਾਂਗਾ । ਉਹ ਉਸ ਦੇ ਭਾਂਡਿਆਂ ਨੂੰ ਉਲੱਦਣਗੇ ਅਤੇ ਸੱਖਣਾ ਕਰਨਗੇ, ਅਤੇ ਮੱਟਾਂ ਨੂੰ ਚੂਰ-ਚੂਰ ਕਰਨਗੇ ।
13ਤਾਂ ਮੋਆਬ ਕਮੋਸ਼ ਤੋਂ ਸ਼ਰਮਾਵੇਗਾ, ਜਿਵੇਂ ਇਸਰਾਏਲ ਦਾ ਘਰਾਣਾ ਬੈਤ-ਏਲ ਤੋਂ ਸ਼ਰਮਾਇਆ, ਜਿਹੜਾ ਉਹ ਦਾ ਭਰੋਸਾ ਸੀ ।14ਤੁਸੀਂ ਕਿਵੇਂ ਆਖਦੇ ਭਈ ਅਸੀਂ ਸੂਰਮੇ ਹਾਂ ! ਲੜਾਈ ਲਈ ਫੌਜੀ ਮਨੁੱਖ ਹਾਂ !
15ਮੋਆਬ ਅਤੇ ਉਸ ਦੇ ਸ਼ਹਿਰਾਂ ਦਾ ਬਰਬਾਦ ਕਰਨ ਵਾਲਾ ਚੜ੍ਹ ਆਇਆ ਹੈ, ਉਸ ਦੇ ਚੁਗਵੇਂ ਜੁਆਨ ਘਾਤ ਹੋਣ ਲਈ ਉਤਰ ਗਏ, ਰਾਜਾ ਦਾ ਵਾਕ ਹੈ ਜਿਹ ਦਾ ਨਾਮ ਸੈਨਾਂ ਦਾ ਯਹੋਵਾਹ ਹੈ ।16ਮੋਆਬ ਦਾ ਦੁੱਖ ਨੇੜੇ ਹੈ, ਉਸ ਦੀ ਬਿਪਤਾ ਬਹੁਤ ਛੇਤੀ ਲੱਗੀ ਆਉਂਦੀ ਹੈ ।17ਤੁਸੀਂ ਸਾਰੇ ਜਿਹੜੇ ਆਲੇ-ਦੁਆਲੇ ਹੋ, ਰੋਵੋ । ਤੁਸੀਂ ਸਾਰੇ ਜਿਹੜੇ ਉਸ ਦਾ ਨਾਮ ਜਾਣਦੇ ਹੋ, ਆਖੋ, ਕਿਵੇਂ ਇਹ ਤਕੜਾ ਢਾਂਗਾ ਟੁੱਟ ਗਿਆ, ਉਹ ਸੋਹਣਾ ਡੰਡਾ !
18ਆਪਣੇ ਪਰਤਾਪ ਤੋਂ ਹੇਠਾਂ ਆ, ਅਤੇ ਤਿਹਾਈ ਬੈਠ, ਹੇ ਦਿਬੋਨ ਦੀਏ ਵਸਨੀਕ ਧੀਏ, - ਕਿਉਂ ਜੋ ਮੋਆਬ ਦਾ ਲੁੱਟਣ ਵਾਲਾ ਤੇਰੇ ਵਿਰੁੱਧ ਚੜ੍ਹਿਆ ਹੈ, ਉਸ ਤੇਰੇ ਗੜ੍ਹਾਂ ਨੂੰ ਬਰਬਾਦ ਕਰ ਦਿੱਤਾ ਹੈ ।19ਰਾਹ ਉੱਤੇ ਖਲੋ ਅਤੇ ਵੇਖ, ਹੇ ਅਰੋਏਰ ਦੇ ਵੱਸਣ ਵਾਲੇ ! ਨੱਠੇ ਜਾਂਦੇ ਤੋਂ ਅਤੇ ਬਚੇ ਹੋਏ ਤੋਂ ਪੁੱਛ, ਅਤੇ ਆਖ, ਕੀ ਹੋਇਆ ਹੈ ?20ਮੋਆਬ ਸ਼ਰਮਿੰਦਾ ਹੋਇਆ, ਉਹ ਢਾਹਿਆ ਜੋ ਗਿਆ, - ਤੁਸੀਂ ਰੋਵੋ ਅਤੇ ਚਿੱਲਾਓ ! ਅਰਨੋਨ ਵਿੱਚ ਦੱਸੋ, ਭਈ ਮੋਆਬ ਲੁੱਟਿਆ ਗਿਆ ।
21ਪੱਧਰੇ ਦੇਸ ਉੱਤੇ, ਹੋਲੋਨ ਉੱਤੇ, ਯਹਸਾਹ ਉੱਤੇ ਅਤੇ ਮੇਫ਼ਾਅਥ ਉੱਤੇ ਇਨਸਾਫ਼ ਆਇਆ ਹੈ22ਦੀਬੋਨ ਉੱਤੇ, ਨਬੋ ਉੱਤੇ, ਬੈਤ-ਦਿਬਲਾਤਇਮ ਉੱਤੇ23ਕਿਰਯਾਤਾਇਮ ਉੱਤੇ, ਬੈਤ-ਗਾਮੂਲ ਉੱਤੇ ਅਤੇ ਬੈਤ-ਮਾਓਨ ਉੱਤੇ24ਕਰੀਯੋਥ ਉੱਤੇ, ਬਾਸਰਾਹ ਉੱਤੇ ਅਤੇ ਮੋਆਬ ਦੇਸ ਦੇ ਸਾਰੇ ਸ਼ਹਿਰਾਂ ਉੱਤੇ ਜਿਹੜੇ ਦੂਰ ਅਤੇ ਨੇੜੇ ਦੇ ਹਨ25ਮੋਆਬ ਦਾ ਸਿੰਙ ਭੰਨਿਆ ਗਿਆ ਅਤੇ ਉਹ ਦੀ ਬਾਂਹ ਤੋੜੀ ਗਈ, ਯਹੋਵਾਹ ਦਾ ਵਾਕ ਹੈ ।
ਮੋਆਬ ਦਾ ਘਮੰਡ ਚੂਰ ਕੀਤਾ ਜਾਵੇਗਾ

26ਉਸ ਨੂੰ ਨਸ਼ਈ ਕਰੋ ਕਿਉਂ ਜੋ ਉਸ ਨੇ ਆਪ ਨੂੰ ਯਹੋਵਾਹ ਦੇ ਵਿਰੁੱਧ ਵੱਡਾ ਬਣਾਇਆ ਹੈ । ਮੋਆਬ ਆਪਣੀ ਕੈ ਵਿੱਚ ਲੇਟੇਗਾ, ਨਾਲੇ ਉਹ ਹਾਸੇ ਲਈ ਹੋਵੇਗਾ27ਕੀ ਇਸਰਾਏਲ ਤੇਰੇ ਲਈ ਹਾਸਾ ਨਾ ਸੀ ? ਕੀ ਉਹ ਚੋਰਾਂ ਵਿੱਚ ਪਾਇਆ ਗਿਆ ਕਿ ਜਦ ਕਦੀਂ ਤੂੰ ਉਹ ਦੀ ਗੱਲ ਕੀਤੀ ਤੂੰ ਆਪਣਾ ਸਿਰ ਹਿਲਾਇਆ ? ।
28ਸ਼ਹਿਰਾਂ ਨੂੰ ਤਿਆਗੋ ਅਤੇ ਚੱਟਾਨ ਵਿੱਚ ਵੱਸੋ, ਹੇ ਮੋਆਬ ਦੇ ਵਾਸੀਓ ! ਘੁੱਗੀ ਵਾਂਗੂੰ ਬਣੋ ਜਿਹੜੀ ਗੁਫ਼ਾ ਦੇ ਮੂੰਹ ਦੇ ਇੱਕ ਪਾਸੇ ਵੱਲ ਆਪਣਾ ਆਹਲਣਾ ਬਣਾਉਂਦੀ ਹੈ ।29ਅਸੀਂ ਮੋਆਬ ਦਾ ਹੰਕਾਰ ਸੁਣਿਆ, - ਉਹ ਬਹੁਤ ਹੰਕਾਰੀ ਹੈ, - ਉਸ ਦਾ ਘੁਮੰਡ, ਉਸ ਦਾ ਹੰਕਾਰ, ਉਸ ਦੀ ਹੈਂਕੜੀ, ਅਤੇ ਉਸ ਦੇ ਦਿਲ ਦੀ ਆਕੜ ।
30ਮੈਂ ਉਸ ਦੇ ਕਹਿਰ ਨੂੰ ਜਾਣਦਾ ਹਾਂ, ਯਹੋਵਾਹ ਦਾ ਵਾਕ ਹੈ, ਉਹ ਕੁਝ ਵੀ ਨਹੀਂ ਹੈ, ਉਸ ਦੀ ਸ਼ੇਖੀ ਤੋਂ ਕੁਝ ਨਹੀਂ ਬਣਿਆ ।31ਇਸ ਲਈ ਮੈਂ ਮੋਆਬ ਲਈ ਰੋਵਾਂਗਾ, ਮੈਂ ਸਾਰੇ ਮੋਆਬ ਲਈ ਚਿੱਲਾਵਾਂਗਾ, ਉਹ ਕੀਰ-ਹਰਸ ਦੇ ਮਨੁੱਖਾਂ ਲਈ ਵਿਰਲਾਪ ਕਰਨਗੇ ।32ਯਅਜ਼ੇਰ ਦੇ ਰੋਣ ਨਾਲੋਂ ਮੈਂ ਉਸ ਲਈ ਵੱਧ ਰੋਵਾਂਗਾ, ਹੇ ਸਿਬਮਾਹ ਦੀ ਦਾਖ ! ਤੇਰੀਆਂ ਟਹਿਣੀਆਂ ਸਮੁੰਦਰੋਂ ਲੰਘ ਗਈਆਂ ਹਨ, ਉਹ ਯਅਜ਼ੇਰ ਦੇ ਸਮੁੰਦਰ ਤੱਕ ਪੁੱਜ ਗਈਆਂ ਹਨ । ਤੇਰੇ ਗਰਮ ਰੁੱਤ ਦੇ ਮੇਵਿਆਂ ਉੱਤੇ, ਤੇਰੀ ਅੰਗੂਰਾਂ ਦੀ ਫਸਲ ਉੱਤੇ, ਲੁਟੇਰਾ ਆ ਡਿੱਗਾ ਹੈ ।
33ਅਨੰਦ ਅਤੇ ਮੌਜ ਫਲਦਾਰ ਖੇਤ ਤੋਂ, ਮੋਆਬ ਦੇ ਦੇਸ ਤੋਂ ਚੁੱਕੇ ਗਏ । ਮੈਂ ਚੁੱਬਚਿਆਂ ਤੋਂ ਮੈ ਬੰਦ ਕਰ ਦਿੱਤੀ, ਕੋਈ ਲਲਕਾਰ ਕੇ ਨਾ ਲਤਾੜੇਗਾ, ਉਹਨਾਂ ਦੀ ਲਲਕਾਰ ਲਲਕਾਰ ਨਾ ਹੋਵੇਗੀ ! ।
34ਹਸਬੋਨ ਅਲਆਲੇਹ ਤੱਕ ਚਿੱਲਾਉਂਦਾ ਹੈ, ਯਹਸ ਤੱਕ ਉਹਨਾਂ ਦੀ ਅਵਾਜ਼ ਸੋਅਰ ਵਿੱਚੋਂ ਹੋਰੋਨਯਿਮ ਅਤੇ ਅਗਲਥ-ਸ਼ਲੀਸ਼ੀਯਾਹ ਤੱਕ ਆਉਂਦੀ ਹੈ ਕਿਉਂ ਜੋ ਨਿਮਰੀਮ ਦੇ ਪਾਣੀ ਵੀ ਵਿਰਾਨ ਹੋ ਜਾਣਗੇ35ਮੈਂ ਮੋਆਬ ਵਿੱਚ, ਯਹੋਵਾਹ ਦਾ ਵਾਕ ਹੈ, ਉਹ ਨੂੰ ਜਿਹੜਾ ਉੱਚੇ ਸਥਾਨ ਉੱਤੇ ਬਲੀ ਚੜ੍ਹਾਉਂਦਾ ਹੈ ਅਤੇ ਆਪਣੇ ਦੇਵਤਿਆਂ ਲਈ ਧੂਪ ਧੁਖਾਉਂਦਾ ਹੈ ਮੁਕਾ ਦਿਆਂਗਾ
36ਇਸ ਲਈ ਮੇਰਾ ਦਿਲ ਮੋਆਬ ਲਈ ਬੰਸਰੀ ਵਾਂਗੂੰ ਹਡਕੋਰੇ ਲੈਂਦਾ ਅਤੇ ਮੇਰਾ ਦਿਲ ਕੀਰ-ਹਰਸ ਦੇ ਮਨੁੱਖਾਂ ਲਈ ਵੀ ਬੰਸਰੀਆਂ ਵਾਂਗੂੰ ਹਡਕੋਰੇ ਲੈਂਦਾ ਹੈ, ਇਸ ਲਈ ਜਿਹੜਾ ਧਨ ਬੱਚਤ ਦਾ ਸੀ ਉਹ ਨਾਸ ਹੋ ਗਿਆ37ਕਿਉਂ ਜੋ ਹਰੇਕ ਸਿਰ ਮੁੰਨਿਆ ਹੈ, ਹਰੇਕ ਦਾੜ੍ਹੀ ਕਤਰੀ ਗਈ ਹੈ, ਹਰੇਕ ਦੇ ਹੱਥ ਵਿੱਚ ਘਾਓ ਲਾਇਆ ਗਿਆ ਹੈ ਅਤੇ ਹਰੇਕ ਲੱਕ ਉੱਤੇ ਤਪੱੜ ਹੈ
38ਮੋਆਬ ਦੀਆਂ ਸਾਰੀਆਂ ਛੱਤਾਂ ਉੱਤੇ ਅਤੇ ਉਸ ਦੀਆਂ ਗਲੀਆਂ ਵਿੱਚ ਹਰ ਥਾਂ ਰੋਣਾ ਪਿੱਟਣਾ ਹੈ ਕਿਉਂ ਜੋ ਮੈਂ ਮੋਆਬ ਨੂੰ ਉਸ ਭਾਂਡੇ ਵਾਂਗੂੰ ਭੰਨ ਸੁੱਟਿਆ ਹੈ ਜਿਹੜਾ ਚੰਗਾ ਨਹੀਂ ਲੱਗਦਾ, ਯਹੋਵਾਹ ਦਾ ਵਾਕ ਹੈ39ਇਹ ਕਿਵੇਂ ਢਾਹਿਆ ਗਿਆ, ਉਹਨਾਂ ਸਿਆਪਾ ਕੀਤਾ, ਕਿਵੇਂ ਮੋਆਬ ਨੇ ਸ਼ਰਮ ਨਾਲ ਆਪਣੀ ਪਿੱਠ ਮੋੜੀ ਹੈ ! ਮੋਆਬ ਇੱਕ ਹਾਸਾ ਅਤੇ ਆਪਣੇ ਸਾਰੇ ਆਲੇ-ਦੁਆਲੇ ਲਈ ਭੈ ਬਣਿਆ ਹੈ ।
ਮੋਆਬ ਦਾ ਕੋਈ ਬਚਾਓ ਨਹੀਂ ਹੈ

40ਯਹੋਵਾਹ ਤਾਂ ਇਸ ਤਰ੍ਹਾਂ ਆਖਦਾ ਹੈ, - ਵੇਖੋ, ਉਹ ਉਕਾਬ ਵਾਂਗੂੰ ਉੱਡੇਗਾ, ਮੋਆਬ ਦੇ ਵਿਰੁੱਧ ਆਪਣੇ ਪਰਾਂ ਨੂੰ ਖਲਾਰੇਗਾ ।41ਨਗਰ ਲੈ ਲਏ ਜਾਣਗੇ, ਗੜ੍ਹ ਫੜੇ ਜਾਣਗੇ । ਮੋਆਬ ਦੇ ਸੂਰਮਿਆਂ ਦੇ ਦਿਲ ਉਸ ਦਿਨ ਪੀੜਾਂ ਵਾਲੀ ਦੇ ਦਿਲ ਵਾਂਗੂੰ ਹੋ ਜਾਣਗੇ ।
42ਮੋਆਬ ਦਾ ਨਾਸ ਹੋ ਜਾਵੇਗਾ, ਉਹ ਕੌਮ ਨਾ ਰਹੇਗਾ, ਕਿਉਂ ਜੋ ਉਸ ਨੇ ਆਪ ਨੂੰ ਯਹੋਵਾਹ ਦੇ ਵਿਰੁੱਧ ਵੱਡਾ ਬਣਾਇਆ ।43ਭੌ, ਭੋਹਰਾ ਤੇ ਫੰਧਾ ਤੇਰੇ ਉੱਤੇ ਹੋਵੇਗਾ, ਹੇ ਮੋਆਬ ਦੇ ਵਾਸੀ, ਯਹੋਵਾਹ ਦਾ ਵਾਕ ਹੈ ।44ਉਹ ਜਿਹੜਾ ਭੌ ਤੋਂ ਨੱਠੇਗਾ ਭੋਹਰੇ ਵਿੱਚ ਡਿੱਗੇਗਾ, ਉਹ ਜਿਹੜਾ ਭੋਹਰੇ ਵਿੱਚੋਂ ਉਤਾਹਾਂ ਆਵੇਗਾ, ਫੰਧੇ ਵਿੱਚ ਫਸ ਜਾਵੇਗਾ, ਕਿਉਂ ਜੋ ਮੈਂ ਉਸ ਉੱਤੇ, ਹਾਂ, ਮੋਆਬ ਉੱਤੇ, ਉਹਨਾਂ ਦੀ ਸਜ਼ਾ ਦਾ ਵਰ੍ਹਾ ਲਿਆਵਾਂਗਾ, ਯਹੋਵਾਹ ਦਾ ਵਾਕ ਹੈ ।
45ਹਸ਼ਬੋਨ ਦੀ ਛਾਂ ਵਿੱਚ, ਬਲਹੀਣ ਭਗੌੜੇ ਖਲੋਤੇ ਹਨ, ਕਿਉਂ ਜੋ ਹਸ਼ਬੋਨ ਤੋਂ ਅੱਗ, ਸੀਹੋਨ ਦੇ ਵਿਚਕਾਰੋਂ ਭਬੂਕਾ ਨਿੱਕਲਿਆ ਹੈ । ਉਹ ਮੋਆਬ ਦੇ ਮੱਥੇ ਨੂੰ ਅਤੇ ਫਸਾਦੀਆਂ ਦੀ ਖੋਪਰੀ ਨੂੰ ਖਾ ਗਿਆ ਹੈ ।
46ਹੇ ਮੋਆਬ, ਤੇਰੇ ਲਈ ਅਫਸੋਸ ! ਕਮੋਸ਼ ਦੇ ਲੋਕ ਨਾਸ ਹੋਏ, ਕਿਉਂ ਜੋ ਤੇਰੇ ਪੁੱਤਰ ਅਸੀਰ ਹੋ ਕੇ ਲਏ ਗਏ, ਤੇਰੀਆਂ ਧੀਆਂ ਵੀ ਅਸੀਰੀ ਵਿੱਚ ਹਨ ।47ਤਦ ਵੀ ਮੈਂ ਮੋਆਬ ਦੀ ਅਸੀਰੀ ਨੂੰ ਮੁਕਾ ਦਿਆਂਗਾ, ਪਰ ਆਖਰੀ ਦਿਨਾਂ ਵਿੱਚ, ਯਹੋਵਾਹ ਦਾ ਵਾਕ ਹੈ । ਏਥੇ ਤੱਕ ਮੋਆਬ ਦਾ ਨਿਆਂ ਹੈ ।

49
ਅਮੋਨ ਦੇ ਬਾਰੇ ਪਰਮੇਸ਼ੁਰ ਦਾ ਨਿਆਂ

1ਅੰਮੋਨੀਆਂ ਦੇ ਵਿਖੇ, ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਕੀ ਇਸਰਾਏਲ ਦਾ ਕੋਈ ਪੁੱਤਰ ਨਹੀਂ ? ਕੀ ਉਹ ਦਾ ਕੋਈ ਵਾਰਸ ਨਹੀਂ ? ਫਿਰ ਕਿਉਂ ਮਲਕਾਮ ਨੇ ਗਾਦ ਨੂੰ ਕਬਜ਼ੇ ਵਿੱਚ ਕਰ ਲਿਆ ? ਅਤੇ ਕਿਉਂ ਉਹ ਦੇ ਕੋਲ ਉਸ ਦੇ ਸ਼ਹਿਰਾਂ ਵਿੱਚ ਵੱਸਦੇ ਹਨ ?2ਇਸ ਲਈ ਵੇਖੋ, ਉਹ ਦਿਨ ਆਉਂਦੇ ਹਨ, ਯਹੋਵਾਹ ਦਾ ਵਾਕ ਹੈ, ਕਿ ਲੜਾਈ ਦਾ ਰੌਲਾ ਸੁਣਾਵਾਂਗਾ, ਅੰਮੋਨੀਆ ਦੇ ਰੱਬਾਹ ਦੇ ਵਿਰੁੱਧ । ਉਹ ਇੱਕ ਵਿਰਾਨ ਥੇਹ ਹੋ ਜਾਵੇਗਾ, ਉਸ ਦਿਨ ਬਸਤੀਆਂ ਅੱਗ ਨਾਲ ਸਾੜੀਆਂ ਜਾਣਗੀਆਂ, ਤਦ ਇਸਰਾਏਲ ਉਹਨਾਂ ਉੱਤੇ ਕਬਜ਼ਾ ਕਰੇਗਾ ਜਿਹਨਾਂ ਉਸ ਦੇ ਉੱਤੇ ਕਬਜ਼ਾ ਕੀਤਾ, ਯਹੋਵਾਹ ਆਖਦਾ ਹੈ ।

3ਹੇ ਹਸ਼ਬੋਨ, ਰੋ ! ਕਿਉਂ ਜੋ ਅਈ ਲੁੱਟਿਆ ਗਿਆ । ਹੇ ਰੱਬਾਹ ਦੀਓ ਧੀਓ, ਦੁਹਾਈ ਦਿਓ ! ਆਪਣੇ ਤੇੜ ਤੱਪੜ ਪਾਓ, ਸੋਗ ਕਰੋ, ਵਾੜਿਆਂ ਵਿੱਚ ਏੱਧਰ ਉੱਧਰ ਦੌੜੋ ! ਕਿਉਂ ਜੋ ਮਲਕਾਮ ਅਸੀਰੀ ਵਿੱਚ ਜਾਵੇਗਾ, ਆਪਣਿਆਂ ਜਾਜਕਾਂ ਅਤੇ ਆਪਣਿਆਂ ਸਰਦਾਰਾਂ ਨਾਲ ।4ਤੂੰ ਆਪਣੀਆਂ ਵਾਦੀਆਂ ਦਾ ਕਿਉਂ ਮਾਣ ਕਰਦੀ ਹੈਂ ? ਹੇ ਫਿਰਤੂ ਧੀਏ, ਤੇਰੀ ਵਾਦੀ ਵਗਣ ਵਾਲੀ ਹੈ, ਤੇਰਾ ਭਰੋਸਾ ਤੇਰੇ ਖ਼ਜ਼ਾਨਿਆ ਉੱਤੇ ਹੈ, - ਮੇਰੇ ਵਿਰੁੱਧ ਕੌਣ ਆਵੇਗਾ ?
5ਵੇਖ, ਮੈਂ ਤੇਰੇ ਉੱਤੇ ਭੌ ਲਿਆਵਾਂਗਾ, ਸੈਨਾਂ ਦੇ ਯਹੋਵਾਹ ਪ੍ਰਭੁ ਦਾ ਵਾਕ ਹੈ, ਉਹਨਾਂ ਸਾਰਿਆਂ ਤੋਂ ਜਿਹੜੇ ਤੇਰੇ ਆਲੇ-ਦੁਆਲੇ ਹਨ, ਤੁਸੀਂ ਹਰੇਕ ਮਨੁੱਖ ਉਹ ਦੇ ਅੱਗੇ ਹੱਕੇ ਜਾਓਗੇ, ਭਗੌੜਿਆਂ ਨੂੰ ਇਕੱਠਾ ਕਰਨ ਲਈ ਕੋਈ ਨਾ ਹੋਵੇਗਾ ।6ਪਰ ਓੜਕ ਨੂੰ ਮੈਂ ਫਿਰ ਅੰਮੋਨੀਆਂ ਦੀ ਅਸੀਰੀ ਨੂੰ ਮੁਕਾ ਦਿਆਂਗਾ, ਯਹੋਵਾਹ ਦਾ ਵਾਕ ਹੈ ।
ਅਦੋਮ ਦੇ ਬਾਰੇ ਪਰਮੇਸ਼ੁਰ ਦਾ ਨਿਆਂ

7ਅਦੋਮ ਦੇ ਵਿਖੇ, ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਕੀ ਤੇਮਾਨ ਵਿੱਚ ਹੋਰ ਬੁੱਧੀ ਨਾ ਰਹੀ ? ਕੀ ਸਮਝ ਵਾਲਿਆਂ ਵਿੱਚੋਂ ਸਲਾਹ ਦਾ ਨਾਸ ਹੋ ਗਿਆ ? ਕੀ ਉਹਨਾਂ ਦੀ ਬੁੱਧੀ ਮਿਟ ਗਈ ?8ਤੁਸੀਂ ਨੱਠੋ, ਮੁੜੋ ਅਤੇ ਡੂੰਘਿਆਈਆਂ ਵਿੱਚ ਵੱਸੋ, ਹੇ ਦਦਾਨ ਦੇ ਵਾਸੀਓ, ਮੈਂ ਉਹ ਦੇ ਉੱਤੇ ਤਾਂ ਏਸਾਓ ਦੀ ਬਿਪਤਾ ਲਿਆਵਾਂਗਾ, ਉਸ ਵੇਲੇ ਜਦ ਮੈਂ ਉਹ ਨੂੰ ਸਜ਼ਾ ਦਿਆਂ !
9ਜੇ ਅੰਗੂਰ ਤੋੜਨ ਵਾਲੇ ਤੇਰੇ ਕੋਲ ਆਉਣ, ਕੀ ਉਹ ਦਾਣੇ ਨਾ ਛੱਡਣਗੇ ? ਜੇ ਰਾਤ ਨੂੰ ਚੋਰ ਆਉਣ, ਕੀ ਉਹ ਆਪਣੀ ਲੋੜ ਪੂਰੀ ਕਰਨ ਲਈ ਹੀ ਨਾ ਲੁੱਟਣਗੇ ?10ਪਰ ਮੈਂ ਏਸਾਓ ਨੂੰ ਨੰਗਾ ਕੀਤਾ, ਉਸ ਦੇ ਲੁਕੇ ਹੋਏ ਥਾਵਾਂ ਨੂੰ ਬੇਪੜਦਾ ਕੀਤਾ, ਉਹ ਆਪਣੇ ਆਪ ਨੂੰ ਨਾ ਲੁੱਕਾ ਸੱਕੇਗਾ, ਉਸ ਦੀ ਨਸਲ ਬਰਬਾਦ ਹੋ ਜਾਵੇਗੀ ਅਤੇ ਉਸ ਦੇ ਭਰਾ ਵੀ, ਅਤੇ ਉਸ ਦੇ ਗੁਆਂਢੀ ਅਤੇ ਉਹ ਹੈ ਨਹੀਂ ।11ਆਪਣੇ ਅਨਾਥਾਂ ਨੂੰ ਛੱਡ, ਮੈਂ ਉਹਨਾਂ ਨੂੰ ਜੀਉਂਦੇ ਰੱਖਾਂਗਾ, ਅਤੇ ਤੇਰੀਆਂ ਵਿਧਵਾਂ ਮੇਰੇ ਉੱਤੇ ਭਰੋਸਾ ਰੱਖਣ ।
12ਯਹੋਵਾਹ ਤਾਂ ਇਸ ਤਰ੍ਹਾਂ ਆਖਦਾ ਹੈ, - ਵੇਖ, ਜਿਹਨਾਂ ਦਾ ਹੱਕ ਨਹੀਂ ਸੀ ਭਈ ਕਟੋਰਾ ਪੀਣ, ਉਹਨਾਂ ਨੇ ਜ਼ਰੂਰ ਪੀਣਾ ਹੈ । ਕੀ ਤੂੰ ਉਹ ਹੈ ਜਿਹੜਾ ਸੱਚ-ਮੁੱਚ ਬੇਦੋਸ਼ਾ ਹੈਂ ? ਤੂੰ ਬੇਦੋਸ਼ਾ ਨਾ ਰਹੇਂਗਾ, ਤੂੰ ਸੱਚ-ਮੁੱਚ ਪੀਵੇਂਗਾ13ਕਿਉਂ ਜੋ ਮੈਂ ਆਪਣੀ ਹੀ ਸੌਂਹ ਖਾਧੀ ਹੈ, ਯਹੋਵਾਹ ਦਾ ਵਾਕ ਹੈ, ਕਿ ਬਾਸਰਾਹ ਹੈਰਾਨੀ ਅਤੇ ਤਾਹਨੇ ਅਤੇ ਖਰਾਬੀ ਅਤੇ ਸਰਾਪ ਲਈ ਹੋਵੇਗਾ ਅਤੇ ਉਹ ਦੇ ਸਾਰੇ ਸ਼ਹਿਰ ਸਦਾ ਲਈ ਵਿਰਾਨ ਰਹਿਣਗੇ ।
14ਮੈਂ ਇੱਕ ਅਵਾਈ ਯਹੋਵਾਹ ਤੋਂ ਸੁਣੀ, ਭਈ ਕੌਮਾਂ ਵਿੱਚ ਏਲਚੀ ਭੇਜਿਆ ਗਿਆ, - ਇਕੱਠੇ ਹੋਵੋ ਅਤੇ ਉਹ ਦੇ ਵਿਰੁੱਧ ਨਿੱਕਲੋ, ਲੜਾਈ ਲਈ ਉੱਠੋ !15ਵੇਖ ਤਾਂ, ਮੈਂ ਕੌਮਾਂ ਵਿੱਚ ਤੈਨੂੰ ਨਿੱਕਾ ਕਰ ਕੇ, ਅਤੇ ਆਦਮੀਆਂ ਵਿੱਚ ਤੁੱਛ ਕਰ ਕੇ ਦਿੱਤਾ ਹੈ ।
16ਤੇਰੇ ਭਿਆਨਕ ਰੂਪ ਨੇ ਤੈਨੂੰ ਧੋਖਾ ਦਿੱਤਾ, ਨਾਲੇ ਤੇਰੇ ਦਿਲ ਦੇ ਹੰਕਾਰ ਨੇ, ਤੂੰ ਜਿਹੜਾ ਚੱਟਾਨਾਂ ਦੀਆਂ ਤੇੜਾਂ ਵਿੱਚ ਰਹਿੰਦਾ ਹੈਂ, ਅਤੇ ਪਹਾੜੀਆਂ ਦੀਆਂ ਉੱਚਿਆਈਆਂ ਨੂੰ ਫੜਦਾ ਹੈਂ, ਭਾਵੇਂ ਤੂੰ ਆਪਣਾ ਆਲਹਣਾ ਉਕਾਬ ਵਾਂਗੂੰ ਉੱਚਾ ਬਣਾਵੇਂ, ਪਰ ਮੈਂ ਤੈਨੂੰ ਉੱਥੋਂ ਹੇਠਾਂ ਲਾਹ ਲਵਾਂਗਾ, ਯਹੋਵਾਹ ਦਾ ਵਾਕ ਹੈ ।
17ਆਦੋਮ ਹੈਰਾਨੀ ਲਈ ਹੋਵੇਗਾ, ਹਰੇਕ ਜਿਹੜਾ ਉਹ ਦੇ ਅੱਗੋਂ ਦੀ ਲੰਘੇਗਾ ਉਹ ਹੈਰਾਨ ਹੋਵੇਗਾ ਅਤੇ ਉਸ ਦੀਆਂ ਬਵਾਂ ਦੇ ਕਾਰਨ ਸੁਸਕਾਰੇਗਾ18ਜਿਵੇਂ ਸਦੂਮ ਅਤੇ ਅਮੂਰਾਹ ਅਤੇ ਉਹਨਾਂ ਦੇ ਵਾਸ ਉੱਲਦੇ ਗਏ, ਯਹੋਵਾਹ ਆਖਦਾ ਹੈ, ਉੱਥੇ ਕੋਈ ਨਾ ਵੱਸੇਗਾ, ਨਾ ਆਦਮ ਵੰਸ ਉਹ ਦੇ ਵਿੱਚ ਟਿਕੇਗਾ
19ਵੇਖ, ਉਹ ਬਬਰ ਸ਼ੇਰ ਵਾਂਗੂੰ ਯਰਦਨ ਦੇ ਜੰਗਲ ਵਿੱਚੋਂ ਨਿੱਕਲ ਕੇ ਇੱਕ ਪੱਕੇ ਵਸੇਬੇ ਉੱਤੇ ਆਵੇਗਾ ਕਿਉਂ ਜੋ ਮੈਂ ਅਚਾਣਕ ਉੱਥੋਂ ਉਹਨਾਂ ਨੂੰ ਨਠਾ ਦਿਆਂਗਾ ਅਤੇ ਉਹ ਨੂੰ ਜਿਹੜਾ ਚੁਣਿਆ ਹੋਇਆ ਹੈ ਮੈਂ ਉਸ ਦੇ ਉੱਤੇ ਮੁੱਕਰਰ ਕਰਾਂਗਾ ਕਿਉਂ ਜੋ ਮੇਰੇ ਵਰਗਾ ਕੌਣ ਹੈ ? ਅਤੇ ਕੌਣ ਮੇਰੇ ਲਈ ਵੇਲਾ ਠਹਿਰਾਵੇਗਾ ? ਕਿਹੜਾ ਅਯਾਲੀ ਮੇਰੇ ਅੱਗੇ ਖਲੋ ਸੱਕੇਗਾ ?
20ਇਸ ਲਈ ਤੁਸੀਂ ਯਹੋਵਾਹ ਦੀ ਸਲਾਹ ਸੁਣੋ ਜਿਹੜੀ ਉਸ ਨੇ ਆਦੋਮ ਦੇ ਬਾਰੇ ਸੋਚੀ ਹੋਈ ਹੈ ਅਤੇ ਉਹ ਦੀਆਂ ਵਿਚਾਰਾਂ ਨੂੰ ਜਿਹੜੀਆਂ ਉਸ ਨੇ ਤੇਮਾਨ ਦੇ ਵਾਸੀਆਂ ਦੇ ਬਾਰੇ ਕੀਤੀਆਂ ਹਨ । ਸੱਚ-ਮੁੱਚ ਉਹਨਾਂ ਦੇ ਇੱਜੜ ਦੇ ਨਿੱਕੇ ਨਿੱਕੇ ਵੀ ਧੂ ਕੇ ਲੈ ਜਾਏ ਜਾਣਗੇ, ਸੱਚ-ਮੁੱਚ ਉਹਨਾਂ ਦੀਆਂ ਚਰਾਂਦਾਂ ਵੀ ਉਹਨਾਂ ਲਈ ਵਿਰਾਨ ਹੋਣਗੀਆਂ
21ਉਹਨਾਂ ਦੇ ਡਿੱਗਣ ਦੀ ਅਵਾਜ਼ ਨਾਲ ਧਰਤੀ ਕੰਬੇਗੀ, ਉਹਨਾਂ ਦੀ ਦੁਹਾਈ ਦੀ ਅਵਾਜ਼ ਨਾਲ ਸਮੁੰਦਰ ਤੱਕ ਸੁਣਾਈ ਦੇਵੇਗੀ !22ਵੇਖੋ, ਉਹ ਉਕਾਬ ਵਾਂਗੂੰ ਚੜ੍ਹੇਗਾ ਅਤੇ ਉੱਡੇਗਾ ਅਤੇ ਆਪਣੇ ਪਰਾਂ ਨੂੰ ਬਾਸਰਾਹ ਦੇ ਉੱਤੇ ਖਲਾਰੇਗਾ ਅਤੇ ਆਦੋਮ ਦੇ ਸੂਰਮਿਆਂ ਦਾ ਦਿਲ ਉਸ ਦਿਨ ਉਸ ਔਰਤ ਦੇ ਦਿਲ ਵਾਂਗੂੰ ਹੋਵੇਗਾ ਜਿਹ ਨੂੰ ਪੀੜਾਂ ਲੱਗੀਆਂ ਹਨ ।
ਦੰਮਿਸਕ ਦੇ ਬਾਰੇ ਪਰਮੇਸ਼ੁਰ ਦਾ ਨਿਆਂ

23ਦੰਮਿਸਕ ਦੇ ਵਿਖੇ, ਹਮਾਥ ਅਤੇ ਅਰਪਾਦ ਘਾਬਰ ਗਏ, ਕਿਉਂ ਜੋ ਉਹਨਾਂ ਨੇ ਬੁਰੀਆਂ ਅਵਾਈਆਂ ਸੁਣੀਆਂ, ਉਹ ਪੰਘਰ ਗਏ, ਸਮੁੰਦਰ ਵਿੱਚ ਹਲਚਲ ਹੈ, ਉਹ ਅਰਮਾਨ ਨਹੀਂ ਕਰ ਸਕਦਾ ।24ਦੰਮਿਸਕ ਨਿਰਬਲ ਹੋ ਗਿਆ, ਉਸ ਆਪਣਾ ਮੂੰਹ ਮੋੜ ਲਿਆ, ਕੰਬਣੀ ਨੇ ਉਹ ਨੂੰ ਆ ਫੜਿਆ, ਪੀੜ ਨੇ ਅਤੇ ਗ਼ਮ ਨੇ ਉਹ ਨੂੰ ਫੜ ਲਿਆ ਜਣਨ ਵਾਲੀ ਔਰਤ ਵਾਂਗੂੰ ।25ਉਸਤਤ ਜੋਗ ਮੇਰਾ ਸ਼ਹਿਰ, ਮੇਰਾ ਅਨੰਦ ਦਾ ਨਗਰ, ਕਿਵੇਂ ਤਿਆਗਿਆ ਹੋਇਆ ਹੈ !
26ਇਸ ਲਈ ਉਹ ਦੇ ਗਭਰੂ ਉਹ ਦੇ ਚੌਂਕਾਂ ਵਿੱਚ ਡਿੱਗ ਪੈਣਗੇ, ਅਤੇ ਸਾਰੇ ਜੋਧੇ ਉਸ ਦਿਨ ਮਿਟ ਜਾਣਗੇ, ਸੈਨਾ ਦੇ ਯਹੋਵਾਹ ਦਾ ਵਾਕ ਹੈ ।27ਮੈਂ ਦੰਮਿਸਕ ਦੀ ਸਫੀਲ ਵਿੱਚ ਅੱਗ ਜਲਾਵਾਂਗਾ, ਉਹ ਬਨ-ਹਦਦ ਦੇ ਮਹਿਲਾਂ ਨੂੰ ਖਾ ਜਾਵੇਗੀ ।
ਕੇਦਾਰ ਅਤੇ ਹਾਸੋਰ ਦੇ ਬਾਰੇ ਪਰਮੇਸ਼ੁਰ ਦਾ ਨਿਆਂ

28ਕੇਦਾਰ ਦੇ ਬਾਰੇ ਅਤੇ ਹਾਸੋਰ ਦੇ ਰਾਜਿਆਂ ਦੇ ਬਾਰੇ ਜਿਹਨਾਂ ਨੂੰ ਬਾਬਲ ਦੇ ਰਾਜਾ ਨਬੂਕਦਰੱਸਰ ਨੇ ਮਾਰਿਆ, - ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਤੁਸੀਂ ਉੱਠੋ ਅਤੇ ਕੇਦਾਰ ਨੂੰ ਚੜ੍ਹੋ ਚੜ੍ਹਦੇ ਪਾਸੇ ਦੇ ਲੋਕਾਂ ਨੂੰ ਬਰਬਾਦ ਕਰੋ !29ਉਹਨਾਂ ਦੇ ਤੰਬੂ ਅਤੇ ਉਹਨਾਂ ਦੇ ਇਜੱੜ ਲਏ ਜਾਣਗੇ, ਉਹਨਾਂ ਦੇ ਪੜਦੇ, ਉਹਨਾਂ ਦੇ ਸਾਰੇ ਭਾਂਡੇ, ਉਹਨਾਂ ਦੇ ਊਠ ਉਹ ਆਪਣੇ ਲਈ ਲੈ ਜਾਣਗੇ, ਉਹ ਉਹਨਾਂ ਦੇ ਉੱਤੇ ਪੁਕਾਰਨਗੇ, ਭਈ ਆਲੇ-ਦੁਆਲੇ ਭੈ ਹੈ !
30ਤੁਸੀਂ ਨੱਠੋ, ਬਹੁਤ ਦੂਰ ਖਿਸਕ ਜਾਓ ਅਤੇ ਡੂੰਘਿਆਈ ਵਿੱਚ ਵੱਸੋ, ਹੇ ਹਾਸੋਰ ਦੇ ਵਾਸੀਓ, ਯਹੋਵਾਹ ਦਾ ਵਾਕ ਹੈ, ਕਿਉਂ ਜੋ ਬਾਬਲ ਦੇ ਰਾਜਾ ਨਬੂਕਦਰੱਸਰ ਨੇ ਤੁਹਾਡੇ ਵਿਰੁੱਧ ਸਲਾਹ ਕੀਤੀ ਹੈ, ਅਤੇ ਤੁਹਾਡੇ ਵਿਰੁੱਧ ਮਤਾ ਪਕਾਇਆ ਹੈ ।31ਉੱਠੋ, ਇੱਕ ਨਿਚਿੰਤ ਕੌਮ ਉੱਤੇ ਚੜ੍ਹਾਈ ਕਰੋ, ਜਿਹੜੀ ਭਰੋਸੇ ਨਾਲ ਵੱਸਦੀ ਹੈ, ਯਹੋਵਾਹ ਦਾ ਵਾਕ ਹੈ, ਨਾ ਉਸ ਦੇ ਦਰ ਹਨ ਨਾ ਅਰਲ, ਉਹ ਇੱਕਲੀ ਵੱਸਦੀ ਹੈ ।
32ਉਹਨਾਂ ਦੇ ਊਠ ਲੁੱਟ ਦਾ ਮਾਲ ਹੋਣਗੇ, ਉਹਨਾਂ ਦੇ ਵੱਗਾਂ ਦੀ ਵਾਫਰੀ ਮਾਰ ਧਾੜ ਲਈ ਹੋਵੇਗੀ, ਮੈਂ ਉਹਨਾਂ ਨੂੰ ਸਾਰੀਆਂ ਹਵਾਵਾਂ ਵੱਲ ਖਿਲਾਰ ਦਿਆਂਗਾ, ਜਿਹੜੇ ਆਪਣੀਆ ਦਾੜ੍ਹੀਆਂ ਦੀਆਂ ਨੁੱਕਰਾਂ ਮੁਨਾਉਂਦੇ ਹਨ, ਮੈਂ ਉਹਨਾਂ ਦੇ ਹਰ ਪਾਸੇ ਤੋਂ ਬਿਪਤਾ ਲਿਆਵਾਂਗਾ, ਯਹੋਵਾਹ ਦਾ ਵਾਕ ਹੈ ।33ਹਾਸੋਰ ਗਿੱਦੜਾਂ ਦੀ ਖੋਹ ਹੋਵੇਗਾ, ਉਹ ਸਦਾ ਤੱਕ ਵਿਰਾਨ ਰਹੇਗਾ, ਉੱਥੇ ਕੋਈ ਮਨੁੱਖ ਨਾ ਵੱਸੇਗਾ, ਕੋਈ ਆਦਮ ਵੰਸ ਉਹ ਦੇ ਵਿੱਚ ਨਾ ਟਿਕੇਗਾ ।
ਏਲਾਮ ਦੇ ਬਾਰੇ ਪਰਮੇਸ਼ੁਰ ਦਾ ਨਿਆਂ

34ਯਹੋਵਾਹ ਦਾ ਬਚਨ ਜਿਹੜਾ ਯਹੂਦਾਹ ਦੇ ਰਾਜਾ ਸਿਦਕੀਯਾਹ ਦੀ ਪਾਤਸ਼ਾਹੀ ਦੇ ਆਰੰਭ ਵਿੱਚ ਏਲਾਮ ਦੇ ਬਾਰੇ ਯਿਰਮਿਯਾਹ ਨਬੀ ਕੋਲ ਆਇਆ ਕਿ35ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖ ਮੈਂ ਏਲਾਮ ਦੇ ਧਣੁਖ ਨੂੰ ਤੋੜ ਸੁੱਟਾਂਗਾ ਜਿਹੜਾ ਉਹਨਾਂ ਦੀ ਸੂਰਮਗਤੀ ਦਾ ਮੁੱਢ ਹੈ36ਮੈਂ ਏਲਾਮ ਉੱਤੇ ਚੌਂਹ ਹਵਾਵਾਂ ਨੂੰ ਅਕਾਸ਼ ਦੀਆਂ ਚੌਂਹ ਕੂਟਾਂ ਤੋਂ ਲਿਆਵਾਂਗਾ ਅਤੇ ਮੈਂ ਉਹਨਾਂ ਨੂੰ ਉਹਨਾਂ ਸਾਰੀਆਂ ਹਵਾਵਾਂ ਵੱਲ ਖਿਲਾਰ ਦਿਆਂਗਾ ਅਤੇ ਕੋਈ ਕੌਮ ਨਾ ਹੋਵੇਗੀ ਜਿੱਥੇ ਏਲਾਮ ਦੇ ਹੱਕੇ ਹੋਏ ਨਾ ਜਾਣ
37ਮੈਂ ਏਲਾਮ ਨੂੰ ਉਹਨਾਂ ਦੇ ਵੈਰੀਆਂ ਦੇ ਅੱਗੇ ਅਤੇ ਉਹਨਾਂ ਦੇ ਅੱਗੇ ਜਿਹੜੇ ਉਹਨਾਂ ਦੀਆਂ ਜਾਨਾਂ ਦੇ ਗਾਹਕ ਹਨ ਹੱਕਾ-ਬੱਕਾ ਕਰਾਂਗਾ, ਮੈਂ ਉਹਨਾਂ ਉੱਤੇ ਆਪਣੇ ਵੱਡੇ ਕ੍ਰੋਧ ਦੀ ਬੁਰਿਆਈ ਲਿਆਵਾਂਗਾ, ਯਹੋਵਾਹ ਦਾ ਵਾਕ ਹੈ । ਮੈਂ ਉਹਨਾਂ ਦੇ ਪਿੱਛੇ ਤਲਵਾਰ ਭੇਜਾਂਗਾ ਏੱਥੋਂ ਤੱਕ ਕਿ ਉਹਨਾਂ ਦਾ ਸੱਤਿਆਨਾਸ ਕਰ ਦਿੱਤਾ38ਮੈਂ ਏਲਾਮ ਵਿੱਚ ਆਪਣਾ ਸਿੰਘਾਸਣ ਰੱਖਾਂਗਾ ਅਤੇ ਉੱਥੋਂ ਰਾਜਾ ਅਤੇ ਸਰਦਾਰਾਂ ਨੂੰ ਨਾਸ ਕਰਾਂਗਾ, ਯਹੋਵਾਹ ਦਾ ਵਾਕ ਹੈ39ਪਰ ਅੰਤ ਦੇ ਦਿਨਾਂ ਵਿੱਚ ਇਸ ਤਰ੍ਹਾਂ ਹੋਵੇਗਾ ਕਿ ਮੈਂ ਏਲਾਮ ਨੂੰ ਅਸੀਰੀ ਤੋਂ ਮੋੜ ਲਿਆਵਾਂਗਾ, ਯਹੋਵਾਹ ਦਾ ਵਾਕ ਹੈ ।

50
ਬਾਬੁਲ ਦੇ ਵਿਰੋਧ ਵਿੱਚ ਭਵਿੱਖਬਾਣੀ

1ਉਹ ਬਚਨ ਜਿਹੜਾ ਯਹੋਵਾਹ ਬਾਬਲ ਲਈ ਕਸਦੀਆਂ ਦੇ ਦੇਸ ਦੇ ਬਾਰੇ ਯਿਰਮਿਯਾਹ ਨਬੀ ਦੇ ਰਾਹੀਂ ਬੋਲਿਆ, -2ਕੌਮਾਂ ਦੇ ਵਿੱਚ ਦੱਸੋ ਅਤੇ ਸੁਣਾਓ, ਝੰਡਾ ਖੜਾ ਕਰੋ ਅਤੇ ਸੁਣਾਓ, ਨਾ ਲੁਕਾਓ ਪਰ ਆਖੋ, ਬਾਬਲ ਲੈ ਲਿਆ ਗਿਆ ! ਬੇਲ ਸ਼ਰਮਿੰਦਾ ਹੋਇਆ, ਮਰੋਦਾਕ ਹੱਕਾ-ਬੱਕਾ ਹੋਇਆ, ਉਹ ਦੀਆਂ ਮੂਰਤਾਂ ਸ਼ਰਮਿੰਦਾ ਹੋਈਆਂ, ਉਹ ਦੇ ਬੁੱਤ ਹੱਕੇ ਬੱਕ ਰਹਿ ਗਏ ! ।

3ਉੱਤਰ ਵੱਲੋਂ ਉਹ ਦੇ ਵਿਰੁੱਧ ਇੱਕ ਕੌਮ ਚੜ੍ਹੀ ਆਉਂਦੀ ਹੈ ਜਿਹੜੀ ਉਹ ਦੇ ਦੇਸ ਨੂੰ ਵਿਰਾਨ ਕਰ ਦੇਵੇਗੀ ਅਤੇ ਉਹ ਦੇ ਵਿੱਚ ਕੋਈ ਨਾ ਵੱਸੇਗਾ । ਆਦਮੀਆਂ ਤੋਂ ਡੰਗਰਾਂ ਤੱਕ ਖਿਸਕ ਕੇ ਚੱਲੇ ਜਾਣਗੇ ।
ਇਸਰਾਏਲੀਆਂ ਦੀ ਦੇਸ ਵਾਪਸੀ

4ਉਹਨਾਂ ਦਿਨਾਂ ਵਿੱਚ ਅਤੇ ਉਸ ਵੇਲੇ, ਯਹੋਵਾਹ ਦਾ ਵਾਕ ਹੈ, ਇਸਰਾਏਲੀ ਅਤੇ ਯਹੂਦੀ ਇਕੱਠੇ ਆਉਣਗੇ, ਉਹ ਰੋਂਦੇ ਰੋਂਦੇ ਆਉਣਗੇ, ਉਹ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਭਾਲਣਗੇ5ਉਹ ਆਪਣਿਆਂ ਮੂੰਹਾਂ ਨੂੰ ਉੱਧਰ ਕਰ ਕੇ ਸੀਯੋਨ ਦਾ ਰਾਹ ਪੁੱਛਣਗੇ ਕਿ ਆਓ, ਅਸੀਂ ਯਹੋਵਾਹ ਨਾਲ ਮਿਲ ਕੇ ਇੱਕ ਸਦੀਪਕਾਲ ਦਾ ਨੇਮ ਬੰਨ੍ਹੀਏ ਜਿਹੜਾ ਵਿਸਾਰਿਆ ਨਾ ਜਾਵੇਗਾ ।
6ਮੇਰੀ ਪਰਜਾ ਭੁੱਲੀ ਭੇਡ ਹੈ, ਉਹਨਾਂ ਦੇ ਆਜੜੀਆਂ ਨੇ ਉਹਨਾਂ ਨੂੰ ਕੁਰਾਹੇ ਪਾਇਆ, ਉਹਨਾਂ ਨੇ ਉਹਨਾਂ ਨੂੰ ਪਹਾੜਾਂ ਵਿੱਚ ਭੁੰਆਇਆ । ਉਹ ਪਹਾੜੀ ਤੋਂ ਟਿੱਲੇ ਨੂੰ ਗਏ, ਉਹ ਆਪਣੇ ਲੇਟਣ ਦਾ ਥਾਂ ਭੁੱਲ ਗਏ ਹਨ7ਉਹ ਸਾਰੇ ਜਿਹਨਾਂ ਨੇ ਉਹਨਾਂ ਨੂੰ ਲੱਭਿਆ ਉਹਨਾਂ ਨੂੰ ਖਾ ਗਏ । ਉਹਨਾਂ ਦੇ ਵਿਰੋਧੀਆਂ ਨੇ ਆਖਿਆ, ਅਸੀਂ ਦੋਸ਼ੀ ਨਹੀਂ ਹਾਂ, ਉਹਨਾਂ ਨੇ ਯਹੋਵਾਹ ਦੇ ਵਿਰੁੱਧ ਪਾਪ ਕੀਤਾ ਹੈ ਜਿਹੜਾ ਧਰਮ ਸਥਾਨ ਹੈ, ਹਾਂ, ਯਹੋਵਾਹ, ਉਹਨਾਂ ਦੇ ਪਿਉ-ਦਾਦਿਆਂ ਦੀ ਆਸ ।
8ਬਾਬਲ ਦੇ ਵਿਚਕਾਰੋਂ ਨੱਠੋ ਅਤੇ ਕਸਦੀਆਂ ਦੇ ਦੇਸ ਵਿੱਚੋਂ ਨਿਕਲੋ ਅਤੇ ਇੱਜੜ ਦੇ ਅੱਗੇ ਬੱਕਰਿਆਂ ਵਾਂਗੂੰ ਹੋਵੋ9ਕਿਉਂ ਜੋ ਵੇਖੋ, ਮੈਂ ਉੱਤਰ ਦੇਸ ਵੱਲੋਂ ਵੱਡੀਆਂ ਕੌਮਾਂ ਦਾ ਇੱਕ ਦਲ ਪਰੇਰ ਕੇ ਬਾਬਲ ਦੇ ਵਿਰੁੱਧ ਚੜ੍ਹਾ ਲਿਆਉਂਦਾ ਹਾਂ । ਉਹ ਉਸ ਦੇ ਵਿਰੁੱਧ ਪਾਲਾਂ ਬੰਨ੍ਹਣਗੇ ਅਤੇ ਉੱਥੋਂ ਉਸ ਨੂੰ ਲੈ ਲੈਣਗੇ । ਉਹਨਾਂ ਦੇ ਬਾਣ ਇੱਕ ਘਾਗ ਸੂਰਮੇ ਦੇ ਹੋਣਗੇ ਜਿਹੜਾ ਖਾਲੀ ਹੱਥ ਨਹੀ ਮੁੜਦਾ10ਕਸਦੀ ਲੁੱਟੇ ਜਾਣਗੇ ਅਤੇ ਜਿਹੜੇ ਉਸ ਨੂੰ ਲੁੱਟਣਗੇ ਉਹ ਰੱਜ ਜਾਣਗੇ, ਯਹੋਵਾਹ ਦਾ ਵਾਕ ਹੈ ।
ਬਾਬੁਲ ਦਾ ਪਤਨ

11ਭਾਵੇਂ ਤੁਸੀਂ ਅਨੰਦ ਹੋਵੋ, ਭਾਵੇਂ ਤੁਸੀਂ ਬਾਗ ਬਾਗ ਹੋਵੋ, ਹੇ ਮੇਰੀ ਮਿਲਖ ਨੂੰ ਲੁੱਟਣ ਵਾਲਿਓ ! ਭਾਵੇਂ ਤੁਸੀਂ ਘਾਹ ਉੱਤੇ ਵੱਛੇ ਵਾਂਗੂੰ ਮਸਤ ਹੋ, ਅਤੇ ਸਾਨ੍ਹ ਘੋੜੇ ਵਾਂਗੂੰ ਹਿਣਕੋ,12ਤੁਹਾਡੀ ਮਾਂ ਬਹੁਤ ਸ਼ਰਮਿੰਦੀ ਹੋਵੇਗੀ, ਜਿਸ ਤੁਹਾਨੂੰ ਜਣਿਆ ਉਹ ਬੇਪਤ ਹੋਵੇਗੀ, ਵੇਖੋ, ਉਹ ਕੌਮਾਂ ਵਿੱਚ ਫਾਡੀ ਹੋਵੇਗੀ, ਸੁੱਕੀ ਉਜਾੜ ਅਤੇ ਥਲ ।13ਯਹੋਵਾਹ ਦੇ ਕੋਪ ਦੇ ਕਾਰਨ ਉਹ ਨਾ ਵਸਾਈ ਜਾਵੇਗੀ, ਪਰ ਉਹ ਉੱਕੀ ਵਿਰਾਨ ਕੀਤੀ ਜਾਵੇਗੀ, ਹਰੇਕ ਜਿਹੜਾ ਬਾਬਲ ਦੇ ਕੋਲੋਂ ਦੀ ਲੰਘੇਗਾ ਹੈਰਾਨ ਹੋਵੇਗਾ, ਉਹ ਦੀਆਂ ਸਾਰੀਆਂ ਬਵਾਂ ਦੇ ਕਾਰਨ ਉਹ ਨੱਕ ਚੜ੍ਹਾਵੇਗਾ ।
14ਤੁਸੀਂ ਬਾਬਲ ਦੇ ਆਲੇ-ਦੁਆਲੇ ਆਪਣੀਆਂ ਪਾਲਾਂ ਬੰਨ੍ਹੋ, ਤੁਸੀਂ ਸਾਰੇ ਜਿਹੜੇ ਧਣੁਖ ਚਲਾਉਂਦੇ ਹੋ, ਉਹ ਦੇ ਉੱਤੇ ਚਲਾਓ ਅਤੇ ਬਾਣਾਂ ਦਾ ਸਰਫਾ ਨਾ ਕਰੋ, ਕਿਉਂ ਜੋ ਉਸ ਨੇ ਯਹੋਵਾਹ ਦਾ ਪਾਪ ਕੀਤਾ ਹੈ ।15ਉਹ ਦੇ ਵਿਰੁੱਧ ਆਲਿਓਂ ਦੁਆਲਿਓਂ ਲਲਕਾਰੋ, ਉਸ ਨੇ ਹਾਰ ਮੰਨੀ, ਉਹ ਦੀਆਂ ਨੀਹਾਂ ਡਿੱਗ ਪਾਈਆਂ, ਉਹ ਦੀ ਸਫ਼ੀਲ ਢਾਹੀ ਗਈ, ਕਿਉਂ ਜੋ ਇਹ ਯਹੋਵਾਹ ਦਾ ਬਦਲਾ ਹੈ । ਉਸ ਤੋਂ ਬਦਲਾ ਲਓ, ਜਿਵੇਂ ਉਸ ਕੀਤਾ, ਉਸ ਦੇ ਨਾਲ ਕਰੋ !
16ਬਾਬਲ ਵਿੱਚੋਂ ਬੀਜਣ ਵਾਲੇ ਨੂੰ, ਅਤੇ ਫਸਲ ਦੇ ਵੇਲੇ ਦਾਤੀ ਫੜਨ ਵਾਲੇ ਨੂੰ ਵੱਢ ਸੁੱਟੋ ! ਸਤਾਉਣ ਵਾਲੇ ਦੀ ਤਲਵਾਰ ਦੇ ਕਾਰਨ, ਹਰੇਕ ਆਪਣੇ ਲੋਕਾਂ ਵੱਲ ਮੁੜੇਗਾ, ਹਰੇਕ ਆਪਣੇ ਦੇਸ ਵੱਲ ਨੱਠੇਗਾ ।
ਇਸਰਾਏਲੀਆਂ ਦੀ ਵਾਪਸੀ

17ਇਸਰਾਏਲ ਇੱਕ ਭਟਕੀ ਹੋਈ ਭੇਡ ਹੈ ਜਿਹ ਨੂੰ ਬੱਬਰ ਸ਼ੇਰਾਂ ਨੇ ਧੱਕ ਦਿੱਤਾ ਹੈ । ਪਹਿਲਾਂ ਉਹ ਨੂੰ ਅੱਸ਼ੂਰ ਦੇ ਰਾਜਾ ਨੇ ਖਾਧਾ ਅਤੇ ਓੜਕ ਨੂੰ ਬਾਬਲ ਦੇ ਰਾਜਾ ਨਬੂਕਦਰੱਸਰ ਉਹ ਦੀਆਂ ਹੱਡੀਆਂ ਚੱਬ ਗਿਆ ਹੈ18ਇਸ ਲਈ ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, - ਵੇਖੋ, ਮੈਂ ਬਾਬਲ ਦੇ ਰਾਜਾ ਨੂੰ ਅਤੇ ਉਸ ਦੇ ਦੇਸ ਨੂੰ ਸਜ਼ਾ ਦਿਆਂਗਾ ਜਿਵੇਂ ਮੈਂ ਅੱਸ਼ੂਰ ਦੇ ਰਾਜਾ ਨੂੰ ਸਜ਼ਾ ਦਿੱਤੀ ਹੈ
19ਮੈਂ ਇਸਰਾਏਲ ਨੂੰ ਉਹ ਦੀ ਚਰਾਂਦ ਵਿੱਚ ਮੋੜ ਲਿਆਵਾਂਗਾ । ਉਹ ਕਰਮਲ ਅਤੇ ਬਾਸ਼ਾਨ ਵਿੱਚ ਚੁੱਗੇਗਾ ਅਤੇ ਅਫ਼ਰਾਈਮ ਅਤੇ ਗਿਲਆਦ ਦੇ ਪਹਾੜ ਉੱਤੇ ਉਹ ਦੀ ਜਾਨ ਰੱਜ ਜਾਵੇਗੀ20ਉਹਨਾਂ ਦਿਨਾਂ ਵਿੱਚ ਅਤੇ ਉਸ ਵੇਲੇ, ਯਹੋਵਾਹ ਦਾ ਵਾਕ ਹੈ, ਇਸਰਾਏਲ ਦੀ ਬਦੀ ਭਾਲੀ ਜਾਵੇਗੀ ਪਰ ਹੋਵੇਗੀ ਨਹੀਂ ਅਤੇ ਯਹੂਦਾਹ ਦੇ ਪਾਪ, ਪਰ ਪਾਏ ਨਾ ਜਾਣਗੇ । ਜਿਹਨਾਂ ਨੂੰ ਮੈਂ ਬਾਕੀ ਰੱਖਾਂਗਾ ਉਹਨਾਂ ਨੂੰ ਮਾਫ਼ ਕਰਾਂਗਾ ।
ਪਰਮੇਸ਼ੁਰ ਦੁਆਰਾ ਬਾਬੁਲ ਦਾ ਨਿਆਂ

21ਮਰਾਥਇਮ ਦੇ ਦੇਸ ਉੱਤੇ ਚੜ੍ਹ ਜਾਹ, ਅਤੇ ਪਕੋਦ ਦੇ ਵਾਸੀਆਂ ਦੇ ਵਿਰੁੱਧ, ਉਹਨਾਂ ਨੂੰ ਵਿਰਾਨ ਕਰ ਅਤੇ ਉਹਨਾਂ ਦੇ ਪਿੱਛੇ ਪੈ ਕੇ ਉਹਨਾਂ ਦਾ ਸੱਤਿਆਨਾਸ ਕਰ, ਯਹੋਵਾਹ ਦਾ ਵਾਕ ਹੈ, ਉਹ ਸਭ ਕੁਝ ਕਰ ਜਿਹ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ ।22ਦੇਸ ਵਿੱਚ ਲੜਾਈ ਦੀ ਅਵਾਜ ਹੈ, ਅਤੇ ਵੱਡੇ ਭੰਨ ਤੋੜ ਦੀ !
23ਸਾਰੀ ਧਰਤੀ ਦਾ ਹਥੌੜਾ ਕਿਵੇਂ ਕੱਟਿਆ ਗਿਆ ਅਤੇ ਭੰਨਿਆ ਗਿਆ ! ਬਾਬਲ ਕੌਮਾਂ ਦੇ ਵਿੱਚ ਵਿਰਾਨ ਕਿਵੇਂ ਹੋ ਗਿਆ !24ਹੇ ਬਾਬਲ, ਮੈਂ ਤੇਰੇ ਲਈ ਫਾਹੀ ਲਾਈ ਅਤੇ ਤੂੰ ਫੜਿਆ ਗਿਆ, ਤੈ ਨਾ ਜਾਤਾ, ਤੂੰ ਲੱਭ ਪਿਆ ਅਤੇ ਫੜਿਆ ਵੀ ਗਿਆ, ਕਿਉਂ ਜੋ ਤੂੰ ਯਹੋਵਾਹ ਨਾਲ ਝਗੜਾ ਕੀਤਾ ।
25ਯਹੋਵਾਹ ਨੇ ਆਪਣਾ ਸ਼ਸਤਰ ਖ਼ਾਨਾ ਖੋਲ੍ਹਿਆ ਹੈ, ਨਾਲੇ ਆਪਣੇ ਗਜਬ ਦੇ ਹਥਿਆਰਾਂ ਨੂੰ ਬਾਹਰ ਕੱਢਿਆ ਹੈ, ਕਿਉਂ ਜੋ ਸੈਨਾ ਦੇ ਪ੍ਰਭੂ ਯਹੋਵਾਹ ਨੇ ਕਸਦੀਆਂ ਦੇ ਦੇਸ ਵਿੱਚ ਇੱਕ ਕੰਮ ਕਰਨਾ ਹੈ ।26ਹਰ ਪਾਸਿਓਂ ਉਹ ਦੇ ਵਿਰੁੱਧ ਆਓ, ਉਹ ਦੇ ਖਾਤਿਆਂ ਨੂੰ ਖੋਲ੍ਹੋ ਅੰਨ ਦੀਆਂ ਢੇਰੀਆਂ ਵਾਂਗੂੰ ਉਹ ਦੀਆਂ ਢੇਰੀਆਂ ਲਾ ਦਿਓ, ਉਹ ਦਾ ਸੱਤਿਆਨਾਸ ਕਰ ਦਿਓ, ਉਹ ਦਾ ਕੁਝ ਬਾਕੀ ਨਾ ਰਹੇ !
27ਉਹ ਦੇ ਸਾਰੇ ਬਲਦਾਂ ਨੂੰ ਕੱਟ ਸੁੱਟੋ, ਉਹਨਾਂ ਨੂੰ ਵੱਢੇ ਜਾਣ ਲਈ ਹੇਠਾਂ ਜਾਣ ਦਿਓ, ਉਹਨਾਂ ਉੱਤੇ ਅਫਸੋਸ, ਕਿਉਂ ਜੋ ਉਹਨਾਂ ਦਾ ਦਿਨ ਆ ਗਿਆ, ਉਹਨਾਂ ਦੀ ਸਜ਼ਾ ਦਾ ਵੇਲਾ ! ।28ਬਾਬਲ ਦੇ ਦੇਸ ਵਿੱਚੋਂ ਨੱਠਨ ਵਾਲਿਆਂ ਅਤੇ ਬਚਣ ਵਾਲਿਆਂ ਦੀ ਅਵਾਜ਼ ਹੈ ਭਈ ਉਹ ਸੀਯੋਨ ਵਿੱਚ ਯਹੋਵਾਹ ਸਾਡੇ ਪਰਮੇਸ਼ੁਰ ਦਾ ਬਦਲਾ, ਉਹ ਦੀ ਹੈਕਲ ਦਾ ਬਦਲਾ ਦੱਸਣ
29ਧਣੁਖ ਦੇ ਘਾਗਾਂ ਨੂੰ ਸਾਰੇ ਜਿਹੜੇ ਧਣੁਖ ਝੁਕਾਉਂਦੇ ਹਨ ਬਾਬਲ ਦੇ ਵਿਰੁੱਧ ਬੁਲਾ ਲਓ । ਉਹ ਉਸ ਦੇ ਆਲੇ-ਦੁਆਲੇ ਤੰਬੂ ਲਾਉਣ, ਕੋਈ ਨਾ ਹੋਵੇ ਜਿਹੜਾ ਬਚ ਜਾਵੇ ! ਉਸ ਦੇ ਕੰਮ ਦਾ ਵੱਟਾ ਉਸ ਨੂੰ ਦਿਓ । ਉਹ ਦੇ ਅਨੁਸਾਰ ਜੋ ਉਸ ਨੇ ਕੀਤਾ ਉਸ ਦੇ ਨਾਲ ਕਰੋ ਕਿਉਂ ਜੋ ਉਸ ਯਹੋਵਾਹ ਦੇ ਵਿਰੁੱਧ ਹੰਕਾਰ ਕੀਤਾ, ਇਸਰਾਏਲ ਦੇ ਪਵਿੱਤਰ ਪੁਰਖ ਦੇ ਵਿਰੁੱਧ30ਇਸ ਲਈ ਉਸ ਦੇ ਚੁਗਵੇਂ ਉਸ ਦੇ ਚੌਂਕਾਂ ਵਿੱਚ ਡਿੱਗਣਗੇ ਅਤੇ ਉਸ ਦੇ ਸਾਰੇ ਜੋਧੇ ਉਸ ਦਿਨ ਨਾਸ ਹੋ ਜਾਣਗੇ, ਯਹੋਵਾਹ ਦਾ ਵਾਕ ਹੈ ।
31ਵੇਖ, ਹੇ ਹੰਕਾਰੀ, ਮੈਂ ਤੇਰੇ ਵਿਰੁੱਧ ਹਾਂ, ਸੈਨਾ ਦੇ ਪ੍ਰਭੁ ਯਹੋਵਾਹ ਦਾ ਵਾਕ ਹੈ, ਕਿਉਂ ਜੋ ਤੇਰਾ ਦਿਨ ਆ ਗਿਆ, ਤੇਰੀ ਸਜ਼ਾ ਦਾ ਸਮਾ ।32ਹੰਕਾਰੀ ਠੇਡਾ ਖਾਵੇਗਾ ਅਤੇ ਡਿੱਗ ਪਵੇਗਾ, ਉਹ ਨੂੰ ਕੋਈ ਨਾ ਉਠਾਵੇਗਾ, ਮੈਂ ਉਹ ਦੇ ਸ਼ਹਿਰਾਂ ਵਿੱਚ ਅੱਗ ਬਾਲਾਂਗਾ, ਉਹ ਉਸ ਦਾ ਸਾਰਾ ਆਲਾ ਦੁਆਲਾ ਭੱਖ ਲਵੇਗੀ ।
33ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਇਸਰੇਲੀਆਂ ਅਤੇ ਯਹੂਦੀਆਂ ਉੱਤੇ ਇਕੱਠਾ ਅਨ੍ਹੇਰ ਹੋਇਆ ਹੈ ਅਤੇ ਉਹ ਸਾਰੇ ਜਿਹਨਾਂ ਨੇ ਉਹਨਾਂ ਨੂੰ ਅਸੀਰ ਕੀਤਾ ਹੈ ਉਹਨਾਂ ਨੂੰ ਫੜੀ ਬੈਠੇ ਹਨ ਅਤੇ ਉਹਨਾਂ ਨੂੰ ਛੱਡਣ ਤੋਂ ਮੁੱਕਰਦੇ ਹਨ34ਉਹਨਾਂ ਦਾ ਛੁੱਟਕਾਰਾ ਦੇਣ ਵਾਲਾ ਤਕੜਾ ਹੈ, ਸੈਨਾਂ ਦਾ ਯਹੋਵਾਹ ਉਸ ਦਾ ਨਾਮ ਹੈ, ਉਹ ਜ਼ਰੂਰ ਉਹਨਾਂ ਦਾ ਮੁੱਕਦਮਾ ਲੜੇਗਾ ਤਾਂ ਜੋ ਉਹ ਦੇਸ ਨੂੰ ਅਰਮਾਨ ਦੇਵੇ ਪਰ ਬਾਬਲ ਦੇ ਵਾਸੀਆਂ ਨੂੰ ਹੈਰਾਨ ਕਰੇ ।
35ਕਸਦੀਆਂ ਉੱਤੇ ਤਲਵਾਰ ਹੈ, ਯਹੋਵਾਹ ਦਾ ਵਾਕ ਹੈ, ਅਤੇ ਬਾਬਲ ਦੇ ਵਾਸੀਆਂ ਉੱਤੇ ਵੀ, ਨਾਲੇ ਉਸ ਦੇ ਸਰਦਾਰਾਂ ਅਤੇ ਬੁੱਧੀਵਾਨਾਂ ਉੱਤੇ !36ਬੜ ਬੋਲਿਆਂ ਉੱਤੇ ਤਲਵਾਰ ਹੈ, ਕਿ ਉਹ ਮੂਰਖ ਹੋ ਜਾਣ ! ਉਹ ਦੇ ਸੂਰਮਿਆਂ ਉੱਤੇ ਤਲਵਾਰ ਹੈ, ਕਿ ਉਹ ਘਾਬਰ ਜਾਣ !37ਉਹ ਦੇ ਘੋੜਿਆਂ ਅਤੇ ਰੱਥਾਂ ਉੱਤੇ ਤਲਵਾਰ ਹੈ, ਉਹਨਾਂ ਸਾਰੀਆਂ ਰਲਿਆਂ ਮਿਲਿਆਂ ਉੱਤੇ ਜਿਹੜੇ ਉਹ ਦੇ ਵਿੱਚ ਹਨ, ਭਈ ਉਹ ਔਰਤਾਂ ਵਰਗੇ ਹੋ ਜਾਣ ! ਉਹ ਦੇ ਸਾਰੇ ਖ਼ਜ਼ਾਨਿਆਂ ਉੱਤੇ ਤਲਵਾਰ ਹੈ, ਭਈ ਉਹ ਲੁੱਟ ਦਾ ਮਾਲ ਹੋਣ !
38ਉਹ ਦੇ ਪਾਣੀਆਂ ਉੱਤੇ ਔੜ ਹੈ, ਕਿ ਉਹ ਸੁੱਕ ਜਾਣ ! ਕਿਉਂ ਜੋ ਇਹ ਘੜੀਆਂ ਹੋਈਆਂ ਮੂਰਤਾਂ ਦਾ ਦੇਸ ਹੈ, ਉਹ ਬੁੱਤਾਂ ਉੱਤੇ ਪਾਗਲ ਹੋਏ ਹੋਏ ਹਨ ! ।39ਇਸ ਲਈ ਜੰਗਲੀ ਦਰਿੰਦੇ ਅਤੇ ਗਿੱਦੜ ਉੱਥੇ ਵੱਸਣਗੇ ਅਤੇ ਸ਼ੁਤਰ-ਮੁਰਗ ਉਸ ਦੇ ਵਿੱਚ ਵੱਸੋਂ ਕਰਨਗੇ, ਉਹ ਸਦਾ ਤੱਕ ਫਿਰ ਨਾ ਵਸਾਇਆ ਜਾਵੇਗਾ ਅਤੇ ਪੀੜ੍ਹੀਓਂ ਪੀੜ੍ਹੀ ਉਸ ਦੇ ਵਿੱਚ ਕੋਈ ਨਾ ਵੱਸੇਗਾ40ਜਿਵੇਂ ਹੋਇਆ ਜਦ ਪਰਮੇਸ਼ੁਰ ਨੇ ਸਦੂਮ ਅਤੇ ਅਮੂਰਾਹ ਅਤੇ ਉਹ ਦੇ ਵਾਸਾਂ ਨੂੰ ਉਲਟਾ ਦਿੱਤਾ, ਸੋ ਉਸ ਦੇ ਵਿੱਚ ਕੋਈ ਮਨੁੱਖ ਨਹੀਂ ਵੱਸੇਗਾ, ਨਾ ਕੋਈ ਆਦਮ ਵੰਸ ਉਸ ਦੇ ਵਿੱਚ ਟਿਕੇਗਾ, ਯਹੋਵਾਹ ਦਾ ਵਾਕ ਹੈ ।
41ਵੇਖੋ, ਉੱਤਰ ਵੱਲੋਂ ਇੱਕ ਉਮੱਤ ਆਉਂਦੀ ਹੈ, ਇੱਕ ਵੱਡੀ ਕੌਮ ਅਤੇ ਬਹੁਤੇ ਰਾਜੇ, ਧਰਤੀ ਦੇ ਇੱਕ ਪਾਸੇ ਵੱਲੋਂ ਉਹ ਉਕਸਾਏ ਗਏ ਹਨ ।42ਉਹਨਾਂ ਧਣੁਖ ਅਤੇ ਭਾਲਾ ਫੜਿਆ ਹੈ, ਉਹ ਬੇਤਰਸ ਹਨ, ਉਹਨਾਂ ਵਿੱਚ ਰਹਮ ਨਹੀਂ, ਉਹਨਾਂ ਦੀ ਅਵਾਜ਼ ਸਮੁੰਦਰ ਵਾਂਗੂੰ ਗੱਜਦੀ ਹੈ, ਉਹ ਘੋੜਿਆਂ ਉੱਤੇ ਸਵਾਰ ਹਨ, ਓਹ ਲੜਾਈ ਲਈ ਇੱਕ ਮਨੁੱਖ ਵਾਂਗੂੰ ਪਾਲਾਂ ਬੰਨ੍ਹਦੇ ਹਨ, ਹੇ ਬਾਬਲ ਦੀਏ ਧੀਏ, ਤੇਰੇ ਵਿਰੁੱਧ !43ਬਾਬਲ ਦੇ ਰਾਜਾ ਨੇ ਉਹਨਾਂ ਦੀ ਅਵਾਈ ਸੁਣੀ, ਉਹ ਦੇ ਹੱਥ ਢਿੱਲੇ ਪੈ ਗਏ, ਦੁੱਖ ਨੇ ਉਹ ਨੂੰ ਆ ਫੜਿਆ, ਉਹ ਨੂੰ ਜਣਨ ਵਾਲੀ ਔਰਤ ਵਾਂਗੂੰ ਪੀੜਾਂ ਲੱਗੀਆਂ ਹਨ ।
44ਵੇਖੋ, ਉਹ ਬਬਰ ਸ਼ੇਰ ਵਾਂਗੂੰ ਯਰਦਨ ਦੇ ਜੰਗਲ ਵਿੱਚੋਂ ਨਿੱਕਲ ਕੇ ਇੱਕ ਪੱਕੇ ਵਸੇਬੇ ਉੱਤੇ ਚੜ੍ਹ ਆਵੇਗਾ ਕਿਉਂ ਜੋ ਮੈਂ ਅਚਾਣਕ ਉਹਨਾਂ ਨੂੰ ਉੱਥੋਂ ਨਠਾ ਦਿਆਂਗਾ ਅਤੇ ਉਹ ਨੂੰ ਜਿਹੜਾ ਚੁਣਿਆ ਹੋਇਆ ਹੈ ਮੈਂ ਉਹ ਦੇ ਉੱਤੇ ਠਹਿਰਾਵਾਂਗਾ ਕਿਉਂ ਜੋ ਮੇਰੇ ਵਰਗਾ ਕੌਣ ਹੈ ? ਅਤੇ ਕੌਣ ਮੇਰੇ ਲਈ ਵੇਲਾ ਠਹਿਰਾਵੇਗਾ ? ਕਿਹੜਾ ਅਯਾਲੀ ਮੇਰੇ ਅੱਗੇ ਖਲੋ ਸੱਕੇਗਾ ?
45ਇਸ ਲਈ ਯਹੋਵਾਹ ਦੀ ਸਲਾਹ ਸੁਣੋ ਜਿਹੜੀ ਉਸ ਦੇ ਬਾਬਲ ਦੇ ਬਾਰੇ ਸੋਚੀ ਹੈ ਅਤੇ ਉਹ ਦੀਆਂ ਵਿਚਾਰਾਂ ਜਿਹੜੀਆਂ ਉਸ ਕਸਦੀਆਂ ਦੇ ਦੇਸ ਦੇ ਬਾਰੇ ਕੀਤੀਆਂ ਹਨ । ਸੱਚ-ਮੁੱਚ ਉਹ ਉਹਨਾਂ ਦੇ ਇਜੱੜ ਦੇ ਨਿੱਕੇ ਨਿੱਕੇ ਧੂ ਕੇ ਲੈ ਜਾਣਗੇ, ਸੱਚ-ਮੁੱਚ ਉਹਨਾਂ ਦੀਆਂ ਚਰਾਂਦਾਂ ਵੀ ਉਹਨਾਂ ਲਈ ਵਿਰਾਨ ਹੋਣਗੀਆਂ46ਬਾਬਲ ਦੇ ਲਏ ਜਾਣ ਦੀ ਅਵਾਜ਼ ਨਾਲ ਧਰਤੀ ਕੰਬੇਗੀ ਅਤੇ ਉਹ ਦਾ ਚਿੱਲਾਉਣਾ ਕੌਮਾਂ ਵਿੱਚ ਸੁਣਿਆ ਜਾਵੇਗਾ ! ।

51
ਬਾਬੁਲ ਨੂੰ ਸਜ਼ਾ

1ਯਹੋਵਾਹ ਇਸ ਤਰ੍ਹਾਂ ਆਖਦਾ ਹੈ, -ਵੇਖ, ਮੈਂ ਇੱਕ ਨਾਸ ਕਰਨ ਵਾਲੀ ਹਵਾ ਚਲਾਵਾਂਗਾ, ਬਾਬਲ ਦੇ ਵਿਰੁੱਧ, ਲੇਬ-ਕਾਮਾਈ ਦੇ ਵਿਰੁੱਧ ।2ਮੈਂ ਬਾਬਲ ਲਈ ਉਡਾਵੇ ਘੱਲਾਂਗਾ, ਉਹ ਉਸ ਨੂੰ ਉਡਾਉਣਗੇ, ਉਹ ਦੇਸ ਨੂੰ ਸੱਖਣਾ ਕਰਨਗੇ, ਜਦ ਉਹ ਆਲਿਓਂ ਦੁਆਲਿਓਂ ਉਸ ਦੇ ਵਿਰੁੱਧ, ਉਸ ਦੀ ਬਿਪਤਾ ਦੇ ਦਿਨ ਹੋਣਗੇ ।

3ਤੀਰੰਦਾਜ਼ ਆਪਣਾ ਧਣੁਖ ਤੀਰੰਦਾਜ਼ ਦੇ ਵਿਰੁੱਧ ਚੜ੍ਹਾਵੇ, ਅਤੇ ਉਸ ਦੇ ਵਿਰੁੱਧ ਜੋ ਆਪਣੇ ਆਪ ਨੂੰ ਸੰਜੋ ਵਿੱਚ ਚੁੱਕਦਾ ਹੈ, ਤੁਸੀਂ ਉਸ ਦੇ ਜੁਆਨਾਂ ਦਾ ਸਰਫ਼ਾ ਨਾ ਕਰੋ, ਉਸ ਦੀ ਸਾਰੀ ਸੈਨਾ ਦਾ ਸੁੱਤਿਆ ਨਾਸ ਕਰ ਦਿਓ !4ਉਹ ਮਾਰੇ ਜਾ ਕੇ ਕਸਦੀਆਂ ਦੇ ਦੇਸ ਵਿੱਚ ਡਿਗਣਗੇ, ਵਿੰਨ੍ਹੇ ਹੋਏ ਉਸ ਦੀਆਂ ਗਲੀਆਂ ਵਿੱਚ ।
5ਕਿਉਂ ਜੋ ਇਸਰਾਏਲ ਅਤੇ ਯਹੂਦਾਹ, ਸੈਨਾਂ ਦੇ ਯਹੋਵਾਹ ਆਪਣੇ ਪਰਮੇਸ਼ੁਰ ਵੱਲੋਂ ਤਿਆਗੇ ਨਾ ਗਏ, ਭਾਵੇਂ ਉਹਨਾਂ ਦਾ ਦੇਸ ਇਸਰਾਏਲ ਦੇ ਪਵਿੱਤਰ ਪੁਰਖ ਦੇ ਅੱਗੇ ਦੋਸ਼ ਨਾਲ ਭਰਿਆ ਹੋਇਆ ਹੈ ।6ਬਾਬਲ ਦੇ ਵਿਚਕਾਰੋ ਨੱਠੋ, ਹਰੇਕ ਮਨੁੱਖ ਆਪਣੀ ਜਾਨ ਬਚਾਵੇ ! ਉਸ ਦੀ ਬਦੀ ਵਿੱਚ ਮਾਰੇ ਨਾ ਜਾਓ, ਕਿਉਂ ਜੋ ਇਹ ਯਹੋਵਾਹ ਦੇ ਬਦਲੇ ਦਾ ਵੇਲਾ ਹੈ, ਉਹ ਉਸ ਨੂੰ ਵੱਟਾ ਦੇਵੇਗਾ ।
7ਬਾਬਲ ਯਹੋਵਾਹ ਦੇ ਹੱਥ ਵਿੱਚ ਇੱਕ ਸੋਨੇ ਦਾ ਕਟੋਰਾ ਸੀ, ਜਿਸ ਸਾਰੀ ਧਰਤੀ ਨੂੰ ਨਸ਼ਈ ਕੀਤਾ, ਕੌਮਾਂ ਨੇ ਉਸ ਦੀ ਮਧ ਪੀਤੀ ਇਸ ਲਈ ਕੌਮਾਂ ਖੀਵੀਆਂ ਹੋ ਗਈਆਂ ।8ਬਾਬਲ ਮਲਕੜੇ ਡਿੱਗ ਪਿਆ ਅਤੇ ਭੰਨਿਆ ਤੋੜਿਆ ਗਿਆ, ਉਸ ਦੇ ਉੱਤੇ ਰੋਵੋ ! ਉਸ ਦੇ ਦੁੱਖ ਲਈ ਬਲਸਾਨ ਲਓ, ਸ਼ਾਇਦ ਉਹ ਚੰਗਾ ਹੋ ਜਾਵੇ ।
9ਅਸੀਂ ਤਾਂ ਬਾਬਲ ਨੂੰ ਚੰਗਾ ਕਰਨਾ ਚਾਹੁੰਦੇ ਸਾਂ, ਪਰ ਉਹ ਚੰਗਾ ਨਾ ਹੋਇਆ । ਤੁਸੀਂ ਉਸ ਨੂੰ ਛੱਡੋ, ਆਓ, ਅਸੀਂ ਹਰੇਕ ਆਪਣੇ ਦੇਸ ਨੂੰ ਤੁਰ ਚੱਲੀਏ, ਕਿਉਂ ਜੋ ਉਸ ਦਾ ਨਿਆਂ ਅਕਾਸ਼ ਦੇ ਨੇੜੇ ਅੱਪੜਿਆ, ਅਤੇ ਬੱਦਲਾਂ ਤੱਕ ਉੱਠ ਗਿਆ ਹੈ ।10ਯਹੋਵਾਹ ਨੇ ਸਾਡੇ ਧਰਮ ਨੂੰ ਪਰਗਟ ਕੀਤਾ ਹੈ, ਆਓ, ਸੀਯੋਨ ਵਿੱਚ ਯਹੋਵਾਹ ਆਪਣੇ ਪਰਮੇਸ਼ੁਰ ਦੇ ਕੰਮ ਦਾ ਵਰਣਨ ਕਰੀਏ ।
11ਤੀਰਾਂ ਨੂੰ ਤਿੱਖਾ ਕਰੋ, ਢਾਲਾਂ ਨੂੰ ਤਕੜਾਈ ਨਾਲ ਫੜੋ ! ਯਹੋਵਾਹ ਨੇ ਮਾਦੀ ਰਾਜਿਆਂ ਦੀ ਰੂਹ ਨੂੰ ਪਰੇਰਿਆ ਹੈ, ਕਿਉਂ ਜੋ ਉਸ ਦਾ ਪਰੋਜਨ ਬਾਬਲ ਦੇ ਉਜਾੜ ਦੇਣ ਦਾ ਹੈ, ਇਹ ਯਹੋਵਾਹ ਦਾ ਬਦਲਾ, ਹਾਂ, ਉਹ ਦੀ ਹੈਕਲ ਦਾ ਬਦਲਾ ਹੈ !12ਬਾਬਲ ਦੀ ਸਫ਼ੀਲ ਦੇ ਵਿਰੁੱਧ ਝੰਡਾ ਖੜਾ ਕਰੋ, ਪਹਿਰੇ ਨੂੰ ਤਕੜਾ ਕਰੋ, ਪਹਿਰੇਦਾਰ ਨੂੰ ਕਾਇਮ ਕਰੋ, ਘਾਤ ਦੇ ਥਾਂ ਤਿਆਰ ਕਰੋ, ਕਿਉਂ ਜੋ ਯਹੋਵਾਹ ਨੇ ਮਤਾ ਪਕਾਇਆ ਸੋ ਕੀਤਾ ਵੀ, ਜਿਹੜਾ ਉਹ ਬਾਬਲ ਦੇ ਵਾਸੀਆਂ ਦੇ ਬਾਰੇ ਬੋਲਿਆ ਸੀ ।
13ਬਹੁਤਿਆਂ ਖ਼ਜ਼ਾਨਿਆਂ ਵਾਲੀਏ, ਤੂੰ ਜਿਹੜੀ ਬਹੁਤਿਆਂ ਪਾਣੀਆਂ ਉੱਤੇ ਵੱਸਦੀ ਹੈਂ, ਤੇਰਾ ਅੰਤ ਆ ਗਿਆ, ਤੇਰੀ ਮਾਰ ਧਾੜ ਦਾ ਹਾੜਾ ਭਰ ਗਿਆ ।14ਸੈਨਾਂ ਦੇ ਯਹੋਵਾਹ ਨੇ ਆਪਣੀ ਜਾਨ ਦੀ ਸੌਂਹ ਖਾਧੀ ਹੈ, ਮੈਂ ਜਰੂਰ ਤੈਨੂੰ ਆਦਮੀਆਂ ਨਾਲ ਸਲਾ ਵਾਂਗੂੰ ਭਰ ਦਿਆਂਗਾ, ਉਹ ਤੇਰੇ ਉੱਤੇ ਫਤਹ ਦਾ ਨਾਰਾ ਮਾਰਨਗੇ !
ਪਰਮੇਸ਼ੁਰ ਦੀ ਸਤੂਤੀ ਦਾ ਭਜਨ

15ਉਸ ਨੇ ਧਰਤੀ ਨੂੰ ਆਪਣੀ ਸ਼ਕਤੀ ਨਾਲ ਬਣਾਇਆ, ਆਪਣੀ ਬੁੱਧ ਨਾਲ ਜਗਤ ਨੂੰ ਕਾਇਮ ਕੀਤਾ, ਅਤੇ ਆਪਣੀ ਸਮਝ ਨਾਲ ਅਕਾਸ਼ ਨੂੰ ਤਾਣਿਆ ।16ਜਦ ਉਹ ਆਪਣੀ ਆਵਾਜ ਚੁੱਕਦਾ, ਤਾਂ ਅਕਾਸ਼ ਵਿੱਚ ਪਾਣੀਆਂ ਦਾ ਰੌਲਾ ਹੁੰਦਾ, ਉਹ ਧਰਤੀ ਦੇ ਕੰਢਿਆਂ ਤੋਂ ਭਾਫ ਨੂੰ ਚੁੱਕਦਾ ਹੈ, ਉਹ ਮੀਂਹ ਲਈ ਬਿਜਲੀ ਬਣਾਉਂਦਾ ਹੈ, ਉਹ ਆਪਣਿਆ ਖ਼ਜ਼ਾਨਿਆਂ ਤੋਂ ਹਵਾ ਵਗਾਉਂਦਾ ਹੈ ।
17ਹਰੇਕ ਆਦਮੀ ਵਹਿਸ਼ੀ ਅਤੇ ਅਣਜਾਣ ਹੋ ਗਿਆ ਹੈ, ਹਰੇਕ ਸਰਾਫ ਆਪਣੀ ਮੂਰਤ ਤੋਂ ਸ਼ਰਮਿੰਦਾ ਹੈ, ਕਿਉਂ ਜੋ ਉਸ ਦੀ ਢਾਲੀ ਹੋਈ ਮੂਰਤ ਝੂਠੀ ਹੈ, ਉਹਨਾਂ ਵਿੱਚ ਸਾਹ ਨਹੀਂ ।18ਉਹ ਫੋਕੇ ਹਨ ਅਤੇ ਧੋਖੇ ਦਾ ਕੰਮ ਹੈ, ਉਹ ਆਪਣੀ ਸਜ਼ਾ ਦੇ ਵੇਲੇ ਨਾਸ ਹੋ ਜਾਣਗੇ ।19ਯਾਕੂਬ ਦਾ ਹਿੱਸਾ ਉਹਨਾਂ ਵਰਗਾ ਨਹੀਂ, ਕਿਉਂ ਜੋ ਉਹ ਉਹਨਾਂ ਸਭਨਾਂ ਦਾ ਸਿਰਜਨਹਾਰ ਹੈ, ਉਹ ਉਸ ਦੀ ਮਿਲਖ ਦਾ ਗੋਤ ਹੈ, - ਸੈਨਾ ਦਾ ਯਹੋਵਾਹ ਉਸ ਦਾ ਨਾਮ ਹੈ ।
ਪਰਮੇਸ਼ੁਰ ਦਾ ਫਰਸਾ

20ਤੂੰ ਮੇਰੇ ਲਈ ਹਥੌੜਾ ਅਤੇ ਲੜਾਈ ਦਾ ਹਥਿਆਰ ਹੈਂ, ਤੇਰੇ ਨਾਲ ਮੈਂ ਕੌਮਾਂ ਨੂੰ ਭੰਨਾਂਗਾ, ਤੇਰੇ ਨਾਲ ਪਾਤਸ਼ਾਹੀਆਂ ਦਾ ਨਾਸ ਕਰਾਂਗਾ ।21ਮੈਂ ਤੇਰੇ ਨਾਲ ਘੋੜੇ ਅਤੇ ਉਸ ਦੇ ਸਵਾਰ ਨੂੰ ਭੰਨ ਸੁੱਟਾਂਗਾ, ਮੈਂ ਤੇਰੇ ਨਾਲ ਰਥ ਅਤੇ ਸਾਰਥੀ ਨੂੰ ਭੰਨ ਸੁੱਟਾਂਗਾ ।
22ਮੈਂ ਤੇਰੇ ਨਾਲ ਮਨੁੱਖ ਅਤੇ ਔਰਤ ਨੂੰ ਭੰਨ ਸੁੱਟਾਂਗਾ, ਮੈਂ ਤੇਰੇ ਨਾਲ ਬੁੱਢੇ ਅਤੇ ਜੁਆਨ ਨੂੰ ਭੰਨ ਸੁੱਟਾਂਗਾ ਮੈਂ ਤੇਰੇ ਨਾਲ ਗਭਰੂ ਅਤੇ ਕੁਆਰੀ ਨੂੰ ਭੰਨ ਸੁੱਟਾਂਗਾ ।23ਮੈਂ ਤੇਰੇ ਨਾਲ ਅਯਾਲੀ ਅਤੇ ਉਸ ਦੇ ਇੱਜੜ ਨੂੰ ਭੰਨ ਸੁੱਟਾਂਗਾ, ਮੈਂ ਤੇਰੇ ਨਾਲ ਹਾਲੀ ਅਤੇ ਉਸ ਦੀ ਜੋਗ ਨੂੰ ਭੰਨ ਸੁੱਟਾਂਗਾ, ਮੈਂ ਤੇਰੇ ਨਾਲ ਸੂਬੇਦਾਰ ਅਤੇ ਰਈਸਾਂ ਨੂੰ ਭੰਨ ਸੁੱਟਾਂਗਾ ।
ਬਾਬੁਲ ਦੀ ਉਜਾੜ

24ਮੈਂ ਬਾਬਲ ਅਤੇ ਕਸਦੀਆਂ ਦੇ ਸਾਰੇ ਵਾਸੀਆਂ ਨੂੰ ਉਸ ਸਾਰੀ ਬੁਰਿਆਈ ਦਾ ਜਿਹੜੀ ਉਹਨਾਂ ਸੀਯੋਨ ਵਿੱਚ ਤੁਹਾਡੇ ਵੇਖਦਿਆਂ ਕੀਤੀ ਬਦਲਾ ਦਿਆਂਗਾ, ਯਹੋਵਾਹ ਦਾ ਵਾਕ ਹੈ ।
25ਵੇਖ, ਹੇ ਨਾਸ ਕਰਨ ਵਾਲੇ ਪਹਾੜ, ਮੈਂ ਤੇਰੇ ਵਿਰੁੱਧ ਹਾਂ, ਯਹੋਵਾਹ ਦਾ ਵਾਕ ਹੈ, ਜਿਸ ਨੇ ਸਾਰੀ ਧਰਤੀ ਨੂੰ ਨਾਸ ਕਰ ਦਿੱਤਾ ਹੈ, ਮੈਂ ਤੇਰੇ ਵਿਰੁੱਧ ਆਪਣੇ ਹੱਥ ਪਸਾਰਾਂਗਾ, ਅਤੇ ਤੈਨੂੰ ਚਟਾਨਾਂ ਵਿੱਚੋਂ ਰੇੜ੍ਹ ਦਿਆਂਗਾ, ਤੈਨੂੰ ਬਲਿਆ ਹੋਇਆ ਪਹਾੜ ਬਣਾ ਦਿਆਂਗਾ ।26ਉਹ ਤੇਰੇ ਵਿੱਚੋਂ ਨਾ ਕੋਈ ਪੱਥਰ ਖੂੰਜੇ ਲਈ, ਨਾ ਕੋਈ ਪੱਥਰ ਨੀਹਾਂ ਲਈ ਲੈਣਗੇ, ਪਰ ਤੂੰ ਸਦਾ ਲਈ ਵਿਰਾਨ ਰਹੇਂਗਾ, ਯਹੋਵਾਹ ਦਾ ਵਾਕ ਹੈ ।
27ਤੁਸੀਂ ਦੇਸ ਵਿੱਚ ਝੰਡਾ ਖੜਾ ਕਰੋ, ਕੌਮਾਂ ਵਿੱਚ ਤੁਰ੍ਹੀ ਫੂਕੋ, ਕੌਮਾਂ ਨੂੰ ਉਸ ਦੇ ਵਿਰੁੱਧ ਤਿਆਰ ਕਰੋ, ਪਾਤਸ਼ਾਹੀਆਂ ਨੂੰ ਉਸ ਦੇ ਵਿਰੁੱਧ ਬੁਲਾਓ, ਅਰਥਾਤ ਅਰਾਰਾਤ, ਮਿੰਨੀ ਅਤੇ ਅਸ਼ਕਨਜ ਨੂੰ, ਉਸ ਦੇ ਵਿਰੁੱਧ ਸੈਨਾਪਤੀ ਠਹਿਰਾਓ, ਵਾਲਾਂ ਵਾਲੀਆਂ ਸਲਾਂ ਵਾਂਗੂੰ ਘੋੜਿਆਂ ਨੂੰ ਚੜ੍ਹਾ ਲਿਆਓ !28ਉਸ ਦੇ ਵਿਰੁੱਧ ਕੌਮਾਂ ਨੂੰ ਤਿਆਰ ਕਰੋ, ਮਾਦੀ ਰਾਜਿਆਂ ਨੂੰ, ਉਸ ਦੇ ਸੂਬੇਦਾਰਾਂ ਨੂੰ, ਅਤੇ ਉਸ ਦੇ ਸਾਰੇ ਰਈਸਾਂ ਨੂੰ, ਉਹਨਾਂ ਦੀ ਹਕੂਮਤ ਦੇ ਹਰੇਕ ਦੇਸ ਨੂੰ !
29ਉਹ ਦੇਸ ਕੰਬਦਾ ਹੈ ਅਤੇ ਪੀੜਾਂ ਲੱਗੀਆਂ ਹੋਈਆਂ ਹਨ, ਕਿਉਂ ਜੋ ਯਹੋਵਾਹ ਦੇ ਪਰੋਜਨ ਬਾਬਲ ਦੇ ਵਿਰੁੱਧ ਕਾਇਮ ਹਨ, ਭਈ ਬਾਬਲ ਦੇ ਦੇਸ ਨੂੰ ਵਿਰਾਨ ਕਰੇ, ਜਿਸ ਦੇ ਵਿੱਚ ਕੋਈ ਨਾ ਵੱਸੇ ।
30ਬਾਬਲ ਦੇ ਸੂਰਮਿਆਂ ਨੇ ਲੜਨਾ ਛੱਡ ਦਿੱਤਾ ਹੈ, ਉਹ ਆਪਣੇ ਗੜ੍ਹਾਂ ਵਿੱਚ ਰਹਿੰਦੇ ਹਨ, ਉਹਨਾਂ ਦੀ ਸੂਰਮਤਾਈ ਘੱਟ ਗਈ ਹੈ, ਉਹ ਔਰਤਾਂ ਵਾਂਗੂੰ ਹੋ ਗਏ, ਉਸ ਦੇ ਵਾਸ ਸੜ ਗਏ, ਉਸ ਦੇ ਅਰਲ ਤੋੜੇ ਗਏ ।31ਇੱਕ ਨੱਠਣ ਵਾਲਾ ਦੂਜੇ ਨੱਠਣ ਵਾਲੇ ਨੂੰ ਮਿਲਣ ਲਈ, ਅਤੇ ਇੱਕ ਦੱਸਣ ਵਾਲਾ ਦੂਜੇ ਦੱਸਣ ਵਾਲੇ ਨੂੰ ਮਿਲਣ ਲਈ ਨੱਠੇਗਾ, ਬਾਬਲ ਦੇ ਰਾਜਾ ਨੂੰ ਦੱਸਣ ਲਈ, ਭਈ ਉਹ ਦਾ ਸ਼ਹਿਰ ਹਰ ਪਾਸਿਓਂ ਲੈ ਲਿਆ ਗਿਆ ।32ਪੱਤਣ ਵੀ ਖੋਹ ਲਏ ਗਏ, ਕਾਨੇ ਅੱਗ ਨਾਲ ਸਾੜੇ ਗਏ, ਅਤੇ ਜੋਧੇ ਘਾਬਰ ਗਏ !
33ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਕਹਿੰਦਾ ਹੈ, ਕਿ ਬਾਬਲ ਦੀ ਧੀ ਪਿੜ ਵਾਂਗੂੰ ਹੈ, ਉਸ ਵੇਲੇ ਜਦ ਗਾਹੁੰਦੇ ਹਨ, ਥੋੜਾ ਚਿਰ ਬਾਕੀ ਹੈ, ਕਿ ਉਸ ਦੀ ਫਸਲ ਦਾ ਵੇਲਾ ਆ ਜਾਵੇਗਾ ।
34ਬਾਬਲ ਦੇ ਰਾਜਾ ਨਬੂਕਦਰੱਸਰ ਨੇ ਮੈਨੂੰ ਭੱਖ ਲਿਆ, ਉਸ ਨੇ ਮੈਨੂੰ ਭੰਨ ਸੁੱਟਿਆ ਹੈ, ਉਸ ਨੇ ਮੈਨੂੰ ਇੱਕ ਸੱਖਣਾ ਭਾਂਡਾ ਕਰ ਦਿੱਤਾ ਹੈ, ਉਸ ਨੇ ਸਰਾਲ ਵਾਂਗੂੰ ਮੈਨੂੰ ਹੜੱਪ ਲਿਆ, ਉਸ ਨੇ ਆਪਣੇ ਢਿੱਡ ਨੂੰ ਮੇਰਿਆਂ ਪਦਾਰਥਾਂ ਨਾਲ ਭਰ ਲਿਆ, ਉਸ ਨੇ ਮੈਨੂੰ ਕੱਢ ਦਿੱਤਾ !35ਸੀਯੋਨ ਦੇ ਵੱਸਣ ਵਾਲੀ ਆਖੇਗੀ, ਮੇਰਾ ਅਤੇ ਮੇਰੇ ਸਾਕਾਂ ਦਾ ਜ਼ੁਲਮ ਬਾਬਲ ਉੱਤੇ ਹੋਵੇ ! ਯਰੂਸ਼ਲਮ ਆਖੇਗੀ, ਮੇਰਾ ਲਹੂ ਕਸਦੀਆਂ ਵਾਲਿਆ ਵਾਸੀਆਂ ਉੱਤੇ ਹੋਵੇ !
ਪਰਮੇਸ਼ੁਰ ਇਸਰਾਏਲ ਦੀ ਸਹਾਇਤਾ ਕਰੇਗਾ

36ਇਸ ਲਈ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖ, ਮੈਂ ਤੇਰਾ ਮੁੱਕਦਮਾ ਆਪ ਲੜਾਂਗਾ, ਤੇਰਾ ਬਦਲਾ ਮੈਂ ਲਵਾਂਗਾ, ਮੈਂ ਉਸ ਦੇ ਸਮੁੰਦਰ ਨੂੰ ਮੁਕਾ ਦਿਆਂਗਾ, ਉਸ ਦੇ ਸੋਤੇ ਨੂੰ ਮੈਂ ਸੁਕਾ ਦਿਆਂਗਾ ।37ਬਾਬਲ ਥੇਹ ਹੋ ਜਾਵੇਗਾ, ਉਹ ਗਿੱਦੜਾਂ ਦੀ ਖੋਹ ਹੋਵੇਗਾ, ਉਹ ਹੈਰਾਨੀ ਅਤੇ ਸੂੰ ਸੂੰ ਦਾ ਕਾਰਨ ਹੋਵੇਗਾ, ਉੱਥੇ ਕੋਈ ਨਾ ਵੱਸੇਗਾ ।
38ਉਹ ਇਕੱਠੇ ਜੁਆਨ ਬਬਰ ਸ਼ੇਰਾਂ ਵਾਂਗੂੰ ਬੁੱਕਣਗੇ, ਉਹ ਸ਼ੀਹਣੀ ਦੇ ਬੱਚਿਆਂ ਵਾਂਗੂੰ ਗੁਰ ਗੁਰ ਕਰਨਗੇ ।39ਉਹਨਾਂ ਦੀ ਮਸਤੀ ਵਿੱਚ ਮੈਂ ਉਹਨਾਂ ਦੀ ਦਾਉਤ ਕਰਾਂਗਾ, ਭਈ ਉਹ ਖੀਵੇ ਹੋ ਜਾਣ ਅਤੇ ਖੁਸ਼ ਹੋਣ, ਸਦਾ ਦੀ ਨੀਂਦ ਸੌਂ ਜਾਣ, ਅਤੇ ਨਾ ਜਾਗਣ, ਯਹੋਵਾਹ ਦਾ ਵਾਕ ਹੈ ।40ਮੈਂ ਉਹਨਾਂ ਨੂੰ ਲੇਲਿਆਂ ਵਾਂਙੁ, ਮੀਢਿਆਂ ਅਤੇ ਬੱਕਰਿਆਂ ਵਾਂਗੂੰ ਘਾਤ ਹੋਣ ਲਈ ਹੇਠਾਂ ਲਾਹ ਲਿਆਵਾਂਗਾ ।
ਪਤਨ ਤੋਂ ਬਾਅਦ ਬਾਬੁਲ ਦੀ ਹਾਲਤ

41ਸ਼ੇਸ਼ਕ ਕਿਵੇਂ ਲੈ ਲਿਆ ਗਿਆ, ਸਾਰੀ ਧਰਤੀ ਦੀ ਵਡਿਆਈ ਫੜੀ ਗਈ ! ਬਾਬਲ ਕਿਵੇਂ ਕੌਮਾਂ ਵਿੱਚ ਵਿਰਾਨ ਹੋ ਗਿਆ ।42ਬਾਬਲ ਉੱਤੇ ਸਮੁੰਦਰ ਚੜ੍ਹ ਗਿਆ, ਉਹ ਉਸ ਦੀਆਂ ਠਾਠਾਂ ਦੀ ਵਾਫਰੀ ਨਾਲ ਕੱਜਿਆ ਗਿਆ ।
43ਉਸ ਦੇ ਸ਼ਹਿਰ ਵਿਰਾਨ ਹੋ ਗਏ, ਉਹ ਧਰਤੀ ਸੁੱਕੀ ਅਤੇ ਥਲ ਹੋ ਗਈ, ਉਹ ਧਰਤੀ ਜਿਸ ਵਿੱਚ ਕੋਈ ਨਹੀਂ ਵੱਸਦਾ, ਜਿਹ ਦੇ ਵਿੱਚੋਂ ਦੀ ਆਦਮ ਵੰਸ ਨਹੀਂ ਲੰਘਦਾ ।44ਮੈਂ ਬਾਬਲ ਵਿੱਚ ਬੇਲ ਉੱਤੇ ਸਜ਼ਾ ਲਾਵਾਂਗਾ, ਮੈਂ ਉਸ ਦੇ ਨਿਗਲੇ ਹੋਏ ਨੂੰ ਉਸ ਦੇ ਮੂੰਹੋਂ ਕੱਢਾਂਗਾ, ਕੌਮਾਂ ਫਿਰ ਉਸ ਦੀ ਵੱਲ ਨਾ ਵੱਗਣਗੀਆਂ, ਹਾਂ, ਬਾਬਲ ਦੀ ਕੰਧ ਢਾਹੀ ਜਾਵੇਗੀ !
45ਹੇ ਮੇਰੀ ਪਰਜਾ, ਉਸ ਦੇ ਵਿਚਕਾਰੋਂ ਨਿੱਕਲ ਜਾਹ, ਹਰ ਮਨੁੱਖ ਯਹੋਵਾਹ ਦੇ ਤੇਜ ਕ੍ਰੋਧ ਤੋਂ ਆਪਣੀ ਜਾਨ ਬਚਾਵੇ !46ਨਾ ਤਾਂ ਤੁਹਾਡਾ ਦਿਲ ਘਾਬਰੇ ਅਤੇ ਨਾ ਤੁਸੀਂ ਡਰੋ, ਦੇਸ ਦੇ ਅਵਾਈਆਂ ਦੇ ਸੁਣਨ ਕਰਕੇ, - ਇੱਕ ਸਾਲ ਇੱਕ ਅਫਵਾਹ ਆਉਂਦੀ ਹੈ, ਉਹ ਦੇ ਪਿੱਛੋਂ ਦੂਜੇ ਸਾਲ ਹੋਰ ਅਫਵਾਹ, ਦੇਸ ਵਿੱਚ ਧੱਕਾ ਧੋੜਾ ਅਤੇ ਹਾਕਮ ਹਾਕਮ ਦੇ ਵਿਰੁੱਧ ਹੋਵੇਗਾ ।
47ਇਸ ਲਈ ਵੇਖੋ, ਉਹ ਦਿਨ ਆਉਂਦੇ ਹਨ, ਜਦ ਮੈਂ ਬਾਬਲ ਦੀਆਂ ਘੜੀਆਂ ਹੋਈਆਂ ਮੂਰਤਾਂ ਉੱਤੇ ਸਜ਼ਾ ਲਿਆਵਾਂਗਾ, ਉਹ ਦਾ ਸਾਰਾ ਦੇਸ ਸ਼ਰਮਿੰਦਾ ਹੋ ਜਾਵੇਗਾ, ਉਸ ਦੇ ਸਾਰੇ ਵੱਢੇ ਹੋਏ ਉਸ ਦੇ ਵਿਚਕਾਰ ਡਿੱਗ ਪੈਣਗੇ ।48ਤਦ ਅਕਾਸ਼ ਅਤੇ ਧਰਤੀ, ਅਤੇ ਸਭ ਜੋ ਉਹ ਦੇ ਵਿੱਚ ਹੈ, ਬਾਬਲ ਉੱਤੇ ਜੈਕਾਰਾ ਗਜਾਉਣਗੇ, ਕਿਉਂ ਜੋ ਲੁੱਟਣ ਵਾਲਾ ਉੱਤਰ ਵੱਲੋਂ ਉਸ ਦੇ ਵਿਰੁੱਧ ਆਵੇਗਾ, ਯਹੋਵਾਹ ਦਾ ਵਾਕ ਹੈ ।49ਜਿਵੇਂ ਬਾਬਲ ਨੇ ਇਸਰਾਏਲ ਦੇ ਵੱਢੇ ਹੋਏ ਡੇਗੇ, ਤਿਵੇਂ ਸਾਰੇ ਦੇਸ ਦੇ ਵੱਢੇ ਹੋਏ ਬਾਬਲ ਲਈ ਡਿੱਗਣਗੇ !
ਬਾਬੁਲ ਵਿੱਚ ਰਹਿਣ ਵਾਲੇ ਇਸਰਾਏਲੀਆਂ ਨੂੰ ਪਰਮੇਸ਼ੁਰ ਦਾ ਸੰਦੇਸ਼

50ਤੁਸੀਂ ਜਿਹੜੇ ਤਲਵਾਰ ਤੋਂ ਬਚ ਗਏ ਹੋ, ਤੁਸੀਂ ਜਾਓ ਅਤੇ ਨਾ ਖਲੋਵੋ ! ਯਹੋਵਾਹ ਨੂੰ ਦੂਰੋਂ ਯਾਦ ਕਰੋ, ਯਰੂਸ਼ਲਮ ਤੁਹਾਡੇ ਦਿਲਾਂ ਉੱਤੇ ਆਵੇ ।51ਅਸੀਂ ਸ਼ਰਮਿੰਦੇ ਹਾਂ ਕਿਉਂ ਜੋ ਅਸੀਂ ਤਾਹਨੇ ਸੁਣੇ ਹਨ, ਨਮੋਸ਼ੀ ਨੇ ਸਾਡੇ ਮੂੰਹਾਂ ਨੂੰ ਕੱਜ ਦਿੱਤਾ ਹੈ, ਕਿਉਂ ਜੋ ਯਹੋਵਾਹ ਦੇ ਭਵਨ ਦੇ ਪਵਿੱਤਰ ਸਥਾਨਾਂ ਉੱਤੇ ਪਰਾਏ ਆ ਗਏ ਹਨ !
52ਇਸ ਲਈ ਵੇਖੋ, ਉਹ ਦਿਨ ਆਉਂਦੇ ਹਨ, ਯਹੋਵਾਹ ਦਾ ਵਾਕ ਹੈ, ਜਦ ਮੈਂ ਉਸ ਦੀਆਂ ਘੜੀਆਂ ਹੋਈਆਂ ਮੂਰਤਾਂ ਦੀ ਖ਼ਬਰ ਲਵਾਂਗਾ, ਉਸ ਦੇ ਸਾਰੇ ਦੇਸ ਵਿੱਚ ਵੱਢੇ ਹੋਏ ਹੂੰਗਣਗੇ !53ਭਾਵੇਂ ਬਾਬਲ ਅਕਾਸ਼ ਉੱਤੇ ਚੜ੍ਹ ਜਾਵੇ, ਭਾਵੇਂ ਉਹ ਆਪਣੇ ਬਲਵੰਤ ਉੱਚਿਆਈ ਨੂੰ ਪੱਕਾ ਕਰੇ, ਤਦ ਵੀ ਮੇਰੀ ਵੱਲੋਂ ਬਰਬਾਦ ਕਰਨ ਵਾਲੇ ਉਸ ਦੇ ਉੱਤੇ ਆਉਣਗੇ, ਯਹੋਵਾਹ ਦਾ ਵਾਕ ਹੈ ।
ਬਾਬੁਲ ਦਾ ਵਿਨਾਸ

54ਬਾਬਲ ਵਿੱਚ ਚਿੱਲਾਉਣ ਦੀ, ਕਸਦੀਆਂ ਦੇ ਦੇਸ ਵਿੱਚੋਂ ਵੱਡੇ ਭੰਨ ਤੋੜ ਦੀ ਅਵਾਜ਼ ਆਉਂਦੀ ਹੈ !55ਯਹੋਵਾਹ ਤਾਂ ਬਾਬਲ ਨੂੰ ਵੀਰਾਨ ਕਰ ਰਿਹਾ ਹੈ, ਉਸ ਦੇ ਵਿੱਚੋਂ ਵੱਡੀ ਆਵਾਜ ਨੂੰ ਮਿਟਾਉਂਦਾ ਹੈ, ਉਸ ਦੀਆਂ ਠਿੱਲਾਂ ਬਹੁਤਿਆਂ ਪਾਣੀਆਂ ਵਾਂਗੂੰ ਗੱਜਦੀਆਂ ਹਨ, ਉਹਨਾਂ ਦੀ ਅਵਾਜ਼ ਦਾ ਸ਼ੋਰ ਉਠਾਇਆ ਗਿਆ ਹੈ ।56ਬਰਬਾਦ ਕਰਨ ਵਾਲਾ ਉਸ ਦੇ ਉੱਤੇ, ਬਾਬਲ ਦੇ ਉੱਤੇ, ਆ ਗਿਆ ਹੈ, ਉਸ ਦੇ ਸੂਰਮੇ ਫੜੇ ਗਏ, ਉਹਨਾਂ ਦੇ ਧਣੁਖ ਤੋੜੇ ਜਾਂਦੇ ਹਨ, ਯਹੋਵਾਹ ਤਾਂ ਬਦਲਾ ਲੈਣ ਵਾਲਾ ਪਰਮੇਸ਼ੁਰ ਹੈ, ਉਹ ਜਰੂਰ ਬਦਲਾ ਲਵੇਗਾ !
57ਮੈਂ ਉਸ ਦੇ ਸਰਦਾਰਾਂ ਅਤੇ ਬੁੱਧੀਵਾਨਾਂ ਨੂੰ ਉਸ ਦੇ ਸੂਬੇਦਾਰਾਂ, ਉਸ ਦੇ ਰਈਸਾਂ, ਉਸ ਦੇ ਸੂਰਮਿਆਂ ਨੂੰ ਖੀਵੇਂ ਕਰਾਂਗਾ, ਉਹ ਸਦਾ ਦੀ ਨੀਂਦ ਸੌਂ ਜਾਣਗੇ ਅਤੇ ਨਾ ਜਾਗਣਗੇ ! ਰਾਜਾ ਦਾ ਵਾਕ ਹੈ ਜਿਹ ਦਾ ਨਾਮ ਸੈਨਾਂ ਦਾ ਯਹੋਵਾਹ ਹੈ ।58ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਬਾਬਲ ਦੀ ਚੌੜੀ ਸਫ਼ੀਲ ਮੁੱਢੋਂ ਢਾਹੀ ਜਾਵੇਗੀ, ਉਸ ਦੇ ਉੱਚੇ ਫਾਟਕ ਅੱਗ ਨਾਲ ਸਾੜੇ ਜਾਣਗੇ, ਲੋਕ ਫੋਕੀਆਂ ਗੱਲਾਂ ਲਈ ਮਿਹਨਤ ਕਰਨਗੇ, ਅਤੇ ਉੱਮਤਾਂ ਕੇਵਲ ਅੱਗ ਲਈ ਥੱਕ ਜਾਣਗੀਆਂ ।
ਯਿਰਮਿਯਾਹ ਦੇ ਸੰਦੇਸ਼ ਦਾ ਬਾਬੁਲ ਭੇਜਿਆ ਜਾਣਾ

59ਇਹ ਉਹ ਬਚਨ ਹੈ ਜਿਹ ਦਾ ਯਿਰਮਿਯਾਹ ਨਬੀ ਨੇ ਮਹਸੇਯਾਹ ਦੇ ਪੋਤੇ ਨੇਰੀਯਾਹ ਦੇ ਪੁੱਤਰ ਸਰਾਯਾਹ ਨੂੰ ਹੁਕਮ ਦਿੱਤਾ ਜਦ ਉਹ ਯਹੂਦਾਹ ਦੇ ਰਾਜਾ ਸਿਦਕੀਯਾਹ ਨਾਲ ਉਹ ਦੀ ਪਾਤਸ਼ਾਹੀ ਦੇ ਚੌਥੇ ਸਾਲ ਬਾਬਲ ਨੂੰ ਗਿਆ । ਸਰਾਯਾਹ ਵੱਡਾ ਮੋਦੀ ਸੀ60ਯਿਰਮਿਯਾਹ ਨੇ ਉਹ ਸਾਰੀ ਬੁਰਿਆਈ ਜਿਹੜੀ ਬਾਬਲ ਉੱਤੇ ਆਉਣ ਵਾਲੀ ਸੀ ਲਿਖੀ ਅਰਥਾਤ ਇਹ ਸਾਰੀਆਂ ਗੱਲਾਂ ਜਿਹੜੀਆਂ ਬਾਬਲ ਦੇ ਬਾਰੇ ਲਿਖੀਆਂ ਗਈਆਂ ਸਨ
61ਯਿਰਮਿਯਾਹ ਨੇ ਸਰਾਯਾਹ ਨੂੰ ਆਖਿਆ, ਜਦ ਤੂੰ ਬਾਬਲ ਵਿੱਚ ਆਵੇਂਗਾ ਤਾਂ ਵੇਖੀਂ ਕਿ ਤੂੰ ਇਹਨਾਂ ਸਾਰੀਆਂ ਗੱਲਾਂ ਨੂੰ ਪੜ੍ਹੇਂ62ਤਾਂ ਤੂੰ ਆਖੀਂ, ਹੇ ਯਹੋਵਾਹ, ਤੂੰ ਇਸ ਸਥਾਨ ਦੀ ਬਰਬਾਦੀ ਲਈ ਗੱਲ ਕੀਤੀ ਸੀ ਭਈ ਇਹ ਦੇ ਵਿੱਚ ਕੋਈ ਨਾ ਵੱਸੇਗਾ ਆਦਮੀਂ ਤੋਂ ਡੰਗਰ ਤੀਕ, ਕਿਉਂ ਜੋ ਇਹ ਸਦਾ ਲਈ ਵਿਰਾਨ ਹੋਵੇਗਾ
63ਜਦ ਤੂੰ ਇਸ ਪੋਥੀ ਨੂੰ ਪੜ੍ਹ ਲਵੇਂ ਤਾਂ ਤੂੰ ਇਹ ਦੇ ਨਾਲ ਇੱਕ ਪੱਥਰ ਬੰਨ੍ਹੀਂ ਅਤੇ ਫਰਾਤ ਵਿੱਚ ਸੁੱਟ ਦੇਵੀਂ64ਤਾਂ ਤੂੰ ਆਖੀਂ, ਬਾਬਲ ਉਸ ਬੁਰਿਆਈ ਦੇ ਕਾਰਨ ਜਿਹੜੀ ਮੈਂ ਉਸ ਦੇ ਉੱਤੇ ਲਿਆਵਾਂਗਾ ਇਸੇ ਤਰਾਂ ਡੁੱਬ ਜਾਵੇਗਾ ਅਤੇ ਫਿਰ ਨਾ ਉੱਠੇਗਾ ਅਤੇ ਉਹ ਥੱਕ ਜਾਣਗੇ । ਯਿਰਮਿਯਾਹ ਦੀਆਂ ਗੱਲਾਂ ਇਥੋਂ ਤੱਕ ਹਨ ।

52
ਯਰੂਸ਼ਲਮ ਦਾ ਪਤਨ
(2 ਰਾਜਿਆਂ 24:18 - 25:7)

1ਜਦ ਸਿਦਕੀਯਾਹ ਰਾਜ ਕਰਨ ਲੱਗਾ ਤਾਂ ਇੱਕੀਆਂ ਵਰਿਹਾਂ ਦਾ ਸੀ ਅਤੇ ਉਸ ਨੇ ਯਰੂਸ਼ਲਮ ਵਿੱਚ ਗਿਆਰਾਂ ਵਰਹੇ ਰਾਜ ਕੀਤਾ ਅਤੇ ਉਸ ਦੀ ਮਾਤਾ ਦਾ ਨਾਮ ਹਮੂਟਲ ਸੀ ਜੋ ਲਿਬਨਾਹ ਦੇ ਯਿਰਮਿਯਾਹ ਦੀ ਧੀ ਸੀ2ਅਤੇ ਸਭ ਕੁਝ ਜੋ ਯਹੋਯਾਕੀਮ ਨੇ ਕੀਤਾ ਸੀ ਉਸੇ ਦੇ ਅਨੁਸਾਰ ਉਸ ਨੇ ਭੀ ਉਹ ਕੰਮ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜਾ ਸੀ3ਕਿਉਂ ਜੋ ਯਹੋਵਾਹ ਦੇ ਕ੍ਰੋਧ ਕਰਕੇ ਜੋ ਯਰੂਸ਼ਲਮ ਅਤੇ ਯਹੂਦਾਹ ਦੇ ਉੱਤੇ ਸੀ ਇਹ ਹੋਇਆ ਭਈ ਅੰਤ ਨੂੰ ਉਸ ਨੇ ਉਹਨਾਂ ਨੂੰ ਆਪਣੇ ਸਾਹਮਣਿਓਂ ਕੱਢ ਦਿੱਤਾ ਅਤੇ ਸਿਦਕੀਯਾਹ ਬਾਬਲ ਦੇ ਰਾਜਾ ਤੋਂ ਬੇਮੁਖ ਹੋ ਗਿਆ ।

4ਇਸ ਤਰ੍ਹਾਂ ਹੋਇਆ ਭਈ ਉਹ ਦੀ ਪਾਤਸ਼ਾਹੀ ਦੇ ਨੌਵੇਂ ਵਰਹੇ ਦੇ ਦਸਵੇਂ ਮਹੀਨੇ ਦੇ ਦਸਵੇਂ ਦਿਨ ਬਾਬਲ ਦੇ ਰਾਜਾ ਨਬੂਕਦਰੱਸਰ ਨੇ ਆਪਣੀ ਸਾਰੀ ਸੈਨਾ ਦੇ ਨਾਲ ਯਰੂਸ਼ਲਮ ਉੱਤੇ ਚੜ੍ਹਾਈ ਕੀਤੀ ਅਤੇ ਉਹ ਦੇ ਸਾਹਮਣੇ ਡੇਰੇ ਲਾ ਲਏ ਅਤੇ ਉਹਨਾਂ ਨੇ ਉਹ ਦੇ ਸਾਹਮਣੇ ਤੇ ਆਲੇ-ਦੁਆਲੇ ਦਮਦਮਾ ਬਣਾਇਆ5ਅਤੇ ਸਿਦਕੀਯਾਹ ਰਾਜਾ ਦੀ ਪਾਤਸ਼ਾਹੀ ਦੇ ਗਿਆਰਵੇਂ ਵਰਹੇ ਤਾਈਂ ਸ਼ਹਿਰ ਘੇਰਿਆ ਰਿਹਾ
6ਚੌਥੇ ਮਹੀਨੇ ਦੇ ਨੌਵੇਂ ਦਿਹਾੜੇ ਜਦ ਕਾਲ ਸ਼ਹਿਰ ਵਿੱਚ ਡਾਢਾ ਹੋ ਗਿਆ ਅਤੇ ਦੇਸ ਦੇ ਲੋਕਾਂ ਲਈ ਰੋਟੀ ਨਾ ਰਹੀ7ਤਦ ਸ਼ਹਿਰ ਤੋੜਿਆ ਗਿਆ ਅਤੇ ਦੋਹਾਂ ਕੰਧਾਂ ਦੇ ਵਿਚਕਾਰ ਜੋ ਫਾਟਕ ਰਾਜਾ ਦੇ ਬਾਗ ਦੇ ਕੋਲ ਸੀ ਉਹ ਦੇ ਰਾਹੀਂ ਸਾਰੇ ਜੋਧੇ ਰਾਤੋਂ ਰਾਤ ਭੱਜ ਗਏ ਜਦ ਕਸਦੀ ਸ਼ਹਿਰ ਦੇ ਆਲੇ-ਦੁਆਲੇ ਸਨ ਤਾਂ ਉਹ ਮਦਾਨ ਦੇ ਰਾਹ ਗਏ8ਅਤੇ ਕਸਦੀਆਂ ਦੀ ਸੈਨਾ ਨੇ ਰਾਜਾ ਦਾ ਪਿੱਛਾ ਕੀਤਾ ਅਤੇ ਯਰੀਹੋ ਦੇ ਮਦਾਨ ਵਿੱਚ ਸਿਦਕੀਯਾਹ ਨੂੰ ਜਾ ਲਿਆ ਅਤੇ ਉਹ ਦੀ ਸਾਰੀ ਸੈਨਾ ਉਹ ਦੇ ਕੋਲੋਂ ਖਿੰਡ ਪੁੰਡ ਗਈ
9ਸੋ ਉਹਨਾਂ ਨੇ ਰਾਜਾ ਨੂੰ ਫੜ ਲਿਆ ਅਤੇ ਉਹ ਨੂੰ ਹਮਾਥ ਦੇ ਦੇਸ ਦੇ ਰਿਬਲਾਹ ਵਿੱਚ ਬਾਬਲ ਦੇ ਰਾਜਾ ਕੋਲ ਲਿਆਏ ਤਾਂ ਉਸ ਨੇ ਉਹ ਦਾ ਨਿਆਂ ਕੀਤਾ10ਤਾਂ ਬਾਬਲ ਦੇ ਰਾਜਾ ਨੇ ਸਿਦਕੀਯਾਹ ਦੇ ਪੁੱਤਰਾਂ ਨੂੰ ਉਹ ਦੀਆਂ ਅੱਖਾਂ ਦੇ ਸਾਹਮਣੇ ਕੋਹਿਆ ਨਾਲੇ ਯਹੂਦਾਹ ਦੇ ਸਾਰੇ ਸਰਦਾਰਾਂ ਨੂੰ ਰਿਬਲਾਹ ਵਿੱਚ ਵੱਢ ਸੁੱਟਿਆ11ਉਸ ਨੇ ਸਿਦਕੀਯਾਹ ਦੀਆਂ ਅੱਖਾਂ ਕੱਢ ਛੱਡੀਆਂ ਅਤੇ ਉਹ ਨੂੰ ਬੇੜੀਆਂ ਨਾਲ ਜਕੜ ਕੇ ਬਾਬਲ ਵਿੱਚ ਲਿਆਇਆ ਅਤੇ ਉਹ ਨੂੰ ਪਹਿਰੇ ਦੇ ਘਰ ਵਿੱਚ ਉਹ ਦੀ ਮੌਤ ਦੇ ਦਿਨ ਤੱਕ ਰੱਖਿਆ ।
ਹੈਕਲ ਦਾ ਵਿਨਾਸ
(2 ਰਾਜਿਆਂ 25:8-17)

12ਪੰਜਵੇਂ ਮਹੀਨੇ ਦੇ ਦਸਵੇਂ ਦਿਨ ਜੋ ਬਾਬਲ ਦੇ ਰਾਜਾ ਨਬੂਕਦਰੱਸਰ ਦਾ ਉੱਨੀਵਾਂ ਵਰਹ ਸੀ ਸ਼ਾਹੀ ਜਲਾਦਾਂ ਦਾ ਸਰਦਾਰ ਨਬੂਜ਼ਰਦਾਨ ਜੋ ਬਾਬਲ ਦੇ ਰਾਜਾ ਦਾ ਚਾਕਰ ਸੀ ਯਰੂਸ਼ਲਮ ਵਿੱਚ ਆਇਆ13ਅਤੇ ਯਹੋਵਾਹ ਦਾ ਭਵਨ ਅਤੇ ਰਾਜਾ ਦਾ ਮਹਿਲ ਸਾੜ ਸੁੱਟਿਆ, ਹਾਂ, ਯਰੂਸ਼ਲਮ ਦੇ ਸਾਰੇ ਘਰ ਨਾਲੇ ਹਰ ਮਹਾਂ ਪੁਰਸ਼ ਦਾ ਘਰ ਉਸ ਨੇ ਅੱਗ ਨਾਲ ਫੂਕ ਦਿੱਤਾ14ਅਤੇ ਕਸਦੀਆਂ ਦੀ ਸਾਰੀ ਸੈਨਾ ਨੇ ਜੋ ਜਲਾਦਾਂ ਦੇ ਸਰਦਾਰ ਦੇ ਨਾਲ ਸੀ ਯਰੂਸ਼ਲਮ ਦੇ ਆਲੇ-ਦੁਆਲੇ ਦੀਆਂ ਕੰਧਾਂ ਨੂੰ ਢਾਹ ਦਿੱਤਾ
15ਅਤੇ ਲੋਕਾਂ ਦੇ ਅੱਤ ਗਰੀਬਾਂ ਵਿੱਚੋਂ ਅਤੇ ਬਚੇ ਖੁਚੇ ਲੋਕ ਜੋ ਸ਼ਹਿਰ ਵਿੱਚ ਰਹਿ ਗਏ ਸਨ ਅਤੇ ਭਗੌੜੇ ਜੋ ਬਾਬਲ ਦੇ ਰਾਜਾ ਵੱਲ ਹੋ ਗਏ ਸਨ ਨਾਲੇ ਕਾਰੀਗਰਾਂ ਦੇ ਬਕੀਏ ਨੂੰ ਨਬੂਜ਼ਰਦਾਨ ਜਲਾਦਾਂ ਦਾ ਸਰਦਾਰ ਅਸੀਰ ਕਰ ਕੇ ਲੈ ਗਿਆ16ਪਰ ਨਬੂਜ਼ਰਦਾਨ ਜਲਾਦਾਂ ਦੇ ਸਰਦਾਰ ਨੇ ਦੇਸ ਦੇ ਅਤਿ ਕੰਗਾਲਾਂ ਵਿੱਚੋਂ ਕੁਝ ਲੋਕ ਛੱਡ ਦਿੱਤੇ ਕਿ ਦਾਖ ਦੇ ਬਾਗਾਂ ਦੇ ਰਾਖੇ ਤੇ ਬਾਗਬਾਨ ਹੋਣ
17ਅਤੇ ਪਿੱਤਲ ਦੇ ਉਹਨਾਂ ਥੰਮ੍ਹਾਂ ਨੂੰ ਜੋ ਯਹੋਵਾਹ ਦੇ ਭਵਨ ਵਿੱਚ ਸਨ ਅਤੇ ਕੁਰਸੀਆਂ ਨੂੰ ਅਤੇ ਪਿੱਤਲ ਦੇ ਵੱਡੇ ਹੌਦ ਨੂੰ ਜੋ ਯਹੋਵਾਹ ਦੇ ਭਵਨ ਵਿੱਚ ਸੀ ਕਸਦੀਆਂ ਨੇ ਟੁੱਕੜੇ-ਟੁੱਕੜੇ ਕਰ ਦਿੱਤਾ ਅਤੇ ਉਹ ਉਹਨਾਂ ਦਾ ਸਾਰਾ ਪਿੱਤਲ ਬਾਬਲ ਨੂੰ ਲੈ ਗਏ18ਅਤੇ ਤਸਲੇ, ਕੜਛੇ, ਗੁਲਤਰਾਸ਼, ਕੌਲੀਆਂ ਨਾਲੇ ਪਿੱਤਲ ਦੇ ਉਹ ਸਾਰੇ ਭਾਂਡੇ ਜਿਹਨਾਂ ਨਾਲ ਸੇਵਾ ਕੀਤੀ ਜਾਂਦੀ ਸੀ ਉਹ ਲੈ ਗਏ19ਨਾਲੇ ਕਟੋਰੇ, ਅੰਗੀਠੀਆਂ, ਬਾਟੇ, ਵਲਟੋਹੇ, ਸ਼ਮਾਦਾਨ, ਕੌਲੀਆਂ, ਅਤੇ ਕਟੋਰਦਾਨ ਜੋ ਸੋਨੇ ਦੇ ਸਨ ਉਹਨਾਂ ਦਾ ਸੋਨਾ ਅਤੇ ਜੋ ਚਾਂਦੀ ਦੇ ਸਨ ਉਹਨਾਂ ਦੀ ਚਾਂਦੀ ਜਲਾਦਾਂ ਦਾ ਸਰਦਾਰ ਲੈ ਗਿਆ
20ਰਹੇ ਦੋ ਥੰਮ੍ਹ, ਵੱਡਾ ਹੌਦ, ਉਹ ਦੇ ਹੇਠਾਂ ਦੇ ਬਾਰਾਂ ਸਾਂਨ੍ਹ, ਅਤੇ ਕੁਰਸੀਆਂ ਜਿਹਨਾਂ ਨੂੰ ਸੁਲੇਮਾਨ ਨੇ ਯਹੋਵਾਹ ਦੇ ਭਵਨ ਦੇ ਲਈ ਬਣਾਇਆ ਸੀ ਉਹਨਾਂ ਸਾਰੀਆਂ ਵਸਤਾਂ ਦਾ ਪਿੱਤਲ ਤੋਲੋਂ ਬਾਹਰ ਸੀ21ਹਰ ਥੰਮ੍ਹ ਅਠਾਰਾਂ ਹੱਥ ਉੱਚਾ ਸੀ ਅਤੇ ਬਾਰਾਂ ਹੱਥ ਦੀ ਰੱਸੀ ਉਹ ਦੇ ਦੁਆਲੇ ਆਉਂਦੀ ਸੀ ਅਤੇ ਉਹ ਚਾਰ ਉਂਗਲ ਮੋਟਾ ਸੀ ਤੇ ਪੋਲਾ ਸੀ
22ਉਹ ਦੇ ਉੱਤੇ ਪਿੱਤਲ ਦਾ ਇੱਕ ਕਲਸ ਸੀ ਅਤੇ ਕਲਸ ਪੰਜ ਹੱਥ ਉੱਚਾ ਸੀ ਅਤੇ ਉਹ ਕਲਸ ਉੱਤੇ ਚੁਫੇਰੇ ਜਾਲੀ ਤੇ ਅਨਾਰ ਸੱਭੇ ਪਿੱਤਲ ਦੇ ਸਨ ਅਤੇ ਦੂਜਾ ਥੰਮ੍ਹ ਇਹੋ ਜਿਹਾ ਸੀ ਅਤੇ ਉਸ ਉੱਤੇ ਭੀ ਅਨਾਰ ਸਨ23ਛਿਆਨਵੇਂ ਅਨਾਰ ਉਸ ਦੇ ਪਾਸੇ ਉੱਤੇ ਸਨ ਅਤੇ ਜਾਲੀ ਦੇ ਦੁਆਲੇ ਦੇ ਸਾਰੇ ਅਨਾਰ ਇੱਕ ਸੌ ਸਨ ।
ਯਹੂਦਾਹ ਦੇ ਲੋਕਾਂ ਦਾ ਬਾਬੁਲ ਦੀ ਗੁਲਾਮੀ ਵਿੱਚ ਜਾਣਾ
(2 ਰਾਜਿਆਂ 25:18-21, 27-30)

24ਜਲਾਦਾਂ ਦੇ ਸਰਦਾਰ ਨੇ ਸਰਾਯਾਹ ਪਰਧਾਨ ਜਾਜਕ ਅਤੇ ਉਹ ਦੇ ਹੇਠਲੇ ਜਾਜਕ ਸਫਨਯਾਹ ਅਤੇ ਤਿੰਨਾਂ ਦਰਬਾਨਾਂ ਨੂੰ ਫੜ ਲਿਆ25ਅਤੇ ਸ਼ਹਿਰ ਵਿੱਚ ਇੱਕ ਦਰਬਾਰੀ ਨੂੰ ਫੜ ਲਿਆ ਜੋ ਜੋਧਿਆਂ ਉੱਤੇ ਠਹਿਰਾਇਆ ਹੋਇਆ ਸੀ ਅਤੇ ਜਿਹੜੇ ਰਾਜਾ ਦੇ ਸਨਮੁਖ ਰਹਿੰਦੇ ਸਨ ਉਹਨਾਂ ਵਿੱਚੋਂ ਸੱਤ ਮਨੁੱਖਾਂ ਨੂੰ ਜੋ ਸ਼ਹਿਰ ਵਿੱਚ ਮਿਲੇ ਅਤੇ ਸੈਨਾਪਤੀ ਦਾ ਲਿਖਾਰੀ ਜੋ ਦੇਸ ਦੇ ਲੋਕਾਂ ਦੀ ਭਰਤੀ ਕਰਦਾ ਹੁੰਦਾ ਸੀ ਅਤੇ ਦੇਸ ਦੇ ਲੋਕਾਂ ਵਿੱਚੋਂ ਸੱਠ ਆਦਮੀ ਜੋ ਸ਼ਹਿਰ ਵਿੱਚ ਮਿਲੇ
26ਇਹਨਾਂ ਨੂੰ ਜਲਾਦਾਂ ਦਾ ਸਰਦਾਰ ਨਬੂਜ਼ਰਦਾਨ ਫੜ੍ਹ ਕੇ ਬਾਬਲ ਦੇ ਰਾਜਾ ਦੇ ਕੋਲ ਰਿਬਲਾਹ ਵਿੱਚ ਲੈ ਗਿਆ27ਅਤੇ ਬਾਬਲ ਦੇ ਰਾਜਾ ਨੇ ਉਹਨਾਂ ਨੂੰ ਹਮਾਥ ਦੇਸ ਦੇ ਰਿਬਲਾਹ ਵਿੱਚ ਮਾਰ ਕੇ ਉਹਨਾਂ ਦਾ ਘਾਤ ਕੀਤਾ ਸੋ ਯਹੂਦਾਹ ਆਪਣੀ ਹੀ ਭੂਮੀ ਵਿੱਚੋਂ ਅਸੀਰ ਹੋ ਗਿਆ ।
28ਇਹ ਉਹ ਲੋਕ ਹਨ ਜਿਹਨਾਂ ਨੂੰ ਨਬੂਕਦਰੱਸਰ ਅਸੀਰ ਕਰ ਕੇ ਲੈ ਗਿਆ - ਸੱਤਵੇਂ ਸਾਲ ਵਿੱਚ ਤਿੰਨ ਹਜ਼ਾਰ ਤੇਈ ਯਹੂਦੀ29ਅਤੇ ਨਬੂਕਦਰੱਸਰ ਦੇ ਅਠਾਰਵੇਂ ਸਾਲ ਉਹ ਯਰੂਸ਼ਲਮ ਵਿੱਚੋਂ ਅੱਠ ਸੌ ਬੱਤੀ ਜਾਨਾਂ ਨੂੰ ਅਸੀਰ ਕਰਕੇ ਲੈ ਗਿਆ30ਨਬੂਕਦਰੱਸਰ ਦੇ ਤੇਈਵੇਂ ਸਾਲ ਨਬੂਜ਼ਰਦਾਨ ਜਲਾਦਾਂ ਦਾ ਸਰਦਾਰ ਸੱਤ ਸੌ ਪੰਜਤਾਲੀ ਯਹੂਦੀ ਅਸੀਰ ਕਰ ਕੇ ਲੈ ਗਿਆ । ਇਹ ਸਾਰੇ ਜਣੇ ਚਾਰ ਹਜਾਰ ਛੇ ਸੌ ਸਨ ।
31ਅਤੇ ਯਹੂਦਾਹ ਦੇ ਰਾਜਾ ਯਹੋਯਾਕੀਨ ਦੀ ਅਸੀਰੀ ਦੇ ਸੈਂਤੀਵੇਂ ਵਰਹੇ ਦੇ ਬਾਰ੍ਹਵੇਂ ਮਹੀਨੇ ਦੇ ਪੰਜੀਵੇਂ ਦਿਨ ਇਸ ਤਰ੍ਹਾਂ ਹੋਇਆ ਕਿ ਬਾਬਲ ਦੇ ਰਾਜਾ ਅਵੀਲ-ਮਰੋਦਕ ਨੇ ਆਪਣੇ ਰਾਜ ਦੇ ਪਹਿਲੇ ਹੀ ਵਰਹੇ ਯਹੂਦਾਹ ਦੇ ਰਾਜਾ ਯਹੋਯਾਕੀਨ ਨੂੰ ਕੈਦੋਂ ਕੱਢ ਕੇ ਉਹ ਨੂੰ ਉੱਚਿਆਂ ਕੀਤਾ
32ਅਤੇ ਉਸ ਨੇ ਉਹ ਦੇ ਨਾਲ ਹਿੱਤ ਦੀਆਂ ਗੱਲਾਂ ਕੀਤੀਆਂ ਉਹ ਦੇ ਸਿੰਘਾਸਣ ਨੂੰ ਉਹਨਾਂ ਰਾਜਿਆਂ ਦੇ ਸਿੰਘਾਸਣਾਂ ਨਾਲੋਂ ਜੋ ਉਹ ਦੇ ਬਾਬਲ ਵਿੱਚ ਸਨ ਉੱਚਿਆਂ ਕੀਤਾ33ਸੋ ਯਹੋਯਾਕੀਨ ਆਪਣੇ ਕੈਦ ਵਾਲੇ ਬਸਤਰ ਬਦਲ ਕੇ ਉਹ ਉਮਰ ਭਰ ਉਸ ਦੇ ਸਾਹਮਣੇ ਰੋਟੀ ਖਾਂਦਾ ਰਿਹਾ34ਉਹ ਦਾ ਰਾਸ਼ਨ ਸਦਾ ਦਾ ਰਾਸ਼ਨ ਸੀ ਅਤੇ ਉਹ ਨੂੰ ਰਾਜਾ ਵੱਲੋਂ ਉਹ ਦੀ ਉਮਰ ਭਰ ਮੌਤ ਤੱਕ ਨੇਤਕੀ ਦਿੱਤਾ ਜਾਂਦਾ ਰਿਹਾ ।

ਯਿਰਮਿਯਾਹ ਦਾ ਵਿਰਲਾਪ

1
ਯਰੂਸ਼ਲਮ ਦੇ ਦੁੱਖ

1ਹਾਇ ! ਉਹ ਨਗਰੀ ਕਿਵੇਂ ਇਕੱਲੀ ਬੈਠੀ ਹੈ,

ਜਿਹੜੀ ਲੋਕਾਂ ਨਾਲ ਭਰੀ ਹੋਈ ਸੀ !
ਉਹ ਵਿਧਵਾ ਵਾਂਗੂੰ ਹੋ ਗਈ, ਜਿਹੜੀ ਕੌਮਾਂ ਵਿੱਚ ਮਹਾਨ ਸੀ !
ਉਹ ਜੋ ਸੂਬਿਆਂ ਦੀ ਰਾਜਕੁਮਾਰੀ ਸੀ, ਹੁਣ ਲਗਾਨ ਦੇਣ ਵਾਲੀ ਹੋ ਗਈ !

2ਉਹ ਰਾਤ ਨੂੰ ਫੁੱਟ-ਫੁੱਟ ਕੇ ਰੋਂਦੀ ਹੈ,
ਉਹ ਦੇ ਹੰਝੂ ਉਹ ਦੀਆਂ ਗੱਲਾਂ ਉੱਤੇ ਛਲਕਦੇ ਹਨ,
ਉਹ ਦੇ ਸਾਰੇ ਪ੍ਰੇਮੀਆਂ ਵਿੱਚ ਉਹ ਨੂੰ ਤਸੱਲੀ ਦੇਣ ਵਾਲਾ ਕੋਈ ਨਹੀਂ,
ਉਹ ਦੇ ਸਾਰੇ ਮਿੱਤਰਾਂ ਨੇ ਉਹ ਨੂੰ ਧੋਖਾ ਦਿੱਤਾ,
ਉਹ ਉਸ ਦੇ ਵੈਰੀ ਬਣ ਗਏ ਹਨ ।

3ਯਹੂਦਾਹ ਦੁੱਖ ਦੇ ਨਾਲ,
ਅਤੇ ਕਠਿਨ ਸੇਵਾ ਦੇ ਨਾਲ ਗ਼ੁਲਾਮੀ ਵਿੱਚ ਚਲੀ ਗਈ,
ਉਹ ਕੌਮਾਂ ਦੇ ਵਿਚਕਾਰ ਵੱਸਦੀ ਹੈ,
ਪਰ ਉਸ ਨੂੰ ਚੈਨ ਨਹੀਂ ਮਿਲਦਾ ।
ਉਹ ਦੇ ਸਾਰੇ ਪਿੱਛਾ ਕਰਨ ਵਾਲਿਆਂ ਨੇ ਉਸ ਨੂੰ ਦੁੱਖ ਵਿੱਚ ਜਾ ਫੜ੍ਹਿਆ ।

4ਸੀਯੋਨ ਦੇ ਰਾਹ ਸੋਗ ਕਰਦੇ ਹਨ,
ਕਿਉਂ ਜੋ ਠਹਿਰਾਏ ਹੋਏ ਪਰਬਾਂ ਉੱਤੇ ਕੋਈ ਨਹੀਂ ਆਉਂਦਾ,
ਉਹ ਦੇ ਸਾਰੇ ਫਾਟਕ ਵਿਰਾਨ ਹੋ ਗਏ ਹਨ,
ਉਹ ਦੇ ਜਾਜਕ ਹਾਉਕੇ ਭਰਦੇ ਹਨ,
ਉਹ ਦੀਆਂ ਕੁਆਰੀਆਂ ਦੁੱਖੀ ਹਨ,
ਉਹ ਆਪ ਵੀ ਕੁੜੱਤਣ ਵਿੱਚ ਹੈ ।

5ਉਹ ਦੇ ਵਿਰੋਧੀ ਉਹ ਦੇ ਸੁਆਮੀ ਬਣ ਗਏ,
ਉਹ ਦੇ ਵੈਰੀ ਤਰੱਕੀ ਕਰਦੇ ਹਨ,
ਕਿਉਂ ਜੋ ਯਹੋਵਾਹ ਨੇ ਉਹ ਨੂੰ ਉਹ ਦੇ ਬਹੁਤੇ ਅਪਰਾਧਾਂ ਦੇ ਕਾਰਨ ਦੁੱਖ ਦਿੱਤਾ ਹੈ,
ਉਹ ਦੇ ਬੱਚਿਆਂ ਨੂੰ ਵਿਰੋਧੀ ਗ਼ੁਲਾਮੀ ਵਿੱਚ ਲੈ ਗਏ ।

6ਸੀਯੋਨ ਦੀ ਧੀ ਦੀ ਸਾਰੀ ਸ਼ੋਭਾ ਜਾਂਦੀ ਰਹੀ,
ਉਹ ਦੇ ਹਾਕਮ ਉਨ੍ਹਾਂ ਹਿਰਨੀਆਂ ਵਾਂਗੂੰ ਹੋ ਗਏ, ਜਿਨ੍ਹਾਂ ਨੂੰ ਚਾਰਗਾਹ ਨਹੀਂ ਲੱਭਦੀ,
ਉਹ ਪਿੱਛਾ ਕਰਨ ਵਾਲਿਆਂ ਦੇ ਸਾਹਮਣਿਓਂ ਨਿਰਬਲ ਹੋ ਕੇ ਭੱਜਦੇ ਹਨ ।

7ਯਰੂਸ਼ਲਮ ਨੇ ਆਪਣੇ ਦੁੱਖ ਅਤੇ ਕਲੇਸ਼ ਦੇ ਦਿਨਾਂ ਵਿੱਚ,
ਪੁਰਾਣੇ ਸਮਿਆਂ ਦੇ ਆਪਣੇ ਸਾਰੇ ਮਨਭਾਉਣੇ ਪਦਾਰਥਾਂ ਨੂੰ ਯਾਦ ਕੀਤਾ,
ਜਦ ਉਹ ਦੇ ਲੋਕ ਵਿਰੋਧੀ ਦੇ ਹੱਥ ਵਿੱਚ ਪਏ,
ਅਤੇ ਉਹ ਦਾ ਸਹਾਇਕ ਕੋਈ ਨਾ ਬਣਿਆ ।
ਉਹ ਦੇ ਵਿਰੋਧੀਆਂ ਨੇ ਉਹ ਨੂੰ ਵੇਖਿਆ,
ਅਤੇ ਉਹ ਦੀ ਬਰਬਾਦੀ ਦਾ ਮਖੌਲ ਉਡਾਇਆ ।

8ਯਰੂਸ਼ਲਮ ਨੇ ਵੱਡਾ ਪਾਪ ਕੀਤਾ,
ਇਸ ਲਈ ਉਹ ਅਸ਼ੁੱਧ ਹੋ ਗਈ,
ਸਾਰੇ ਜਿਹੜੇ ਉਹ ਦਾ ਆਦਰ ਕਰਦੇ ਸਨ ਉਹ ਉਸ ਦਾ ਨਿਰਾਦਰ ਕਰਦੇ ਹਨ,
ਕਿਉਂ ਜੋ ਉਨ੍ਹਾਂ ਨੇ ਉਸ ਦਾ ਨੰਗੇਜ਼ ਵੇਖਿਆ,
ਹਾਂ, ਉਹ ਹਾਉਕੇ ਭਰਦੀ ਅਤੇ ਮੂੰਹ ਫੇਰ ਲੈਂਦੀ ਹੈ ।

9ਉਹ ਦੀ ਅਸ਼ੁੱਧਤਾ ਉਹ ਦੇ ਪੱਲੇ ਉੱਤੇ ਹੈ,
ਉਸ ਨੇ ਆਪਣੇ ਅੰਤ ਨੂੰ ਯਾਦ ਨਾ ਰੱਖਿਆ,
ਇਸ ਲਈ ਉਹ ਭਿਆਨਕ ਤਰੀਕੇ ਨਾਲ ਗਿਰਾਈ ਗਈ,
ਉਹ ਨੂੰ ਤੱਸਲੀ ਦੇਣ ਵਾਲਾ ਕੋਈ ਨਹੀਂ ।
ਹੇ ਯਹੋਵਾਹ, ਮੇਰੇ ਦੁੱਖ ਨੂੰ ਵੇਖ !
ਕਿਉਂ ਜੋ ਵੈਰੀ ਮੇਰੇ ਵਿਰੁੱਧ ਸਫ਼ਲ ਹੋਇਆ ਹੈ ।

10ਵਿਰੋਧੀ ਨੇ ਆਪਣਾ ਹੱਥ ਉਸ ਦੀਆਂ ਮਨਭਾਉਣੀਆਂ ਵਸਤਾਂ ਉੱਤੇ ਵਧਾਇਆ ਹੈ,
ਉਹ ਨੇ ਵੇਖਿਆ ਹੈ ਕਿ ਪਰਾਈਆਂ ਕੌਮਾਂ ਉਹ ਦੇ ਪਵਿੱਤਰ ਸਥਾਨ ਵਿੱਚ ਵੜੀਆਂ ਹਨ,
ਜਿਨ੍ਹਾਂ ਲਈ ਤੂੰ ਹੁਕਮ ਦਿੱਤਾ ਸੀ ਕਿ ਉਹ ਤੇਰੀ ਸਭਾ ਵਿੱਚ ਨਾ ਵੜਨ ।

11ਉਹ ਦੇ ਸਾਰੇ ਲੋਕ ਹਾਉਕੇ ਭਰਦੇ ਹਨ,
ਉਹ ਰੋਟੀ ਭਾਲਦੇ ਹਨ,
ਉਹਨਾਂ ਨੇ ਆਪਣੀਆਂ ਮਨਭਾਉਣੀਆਂ ਵਸਤਾਂ ਵੇਚ ਕੇ ਭੋਜਨ ਮੁੱਲ ਲਿਆ ਹੈ, ਤਾਂ ਜੋ ਉਹਨਾਂ ਦੀ ਜਾਨ ਵਿੱਚ ਜਾਨ ਆਵੇ ।
ਹੇ ਯਹੋਵਾਹ, ਵੇਖ ਅਤੇ ਧਿਆਨ ਦੇ, ਕਿਉਂ ਜੋ ਮੈਂ ਤੁੱਛ ਹੋ ਗਈ ਹਾਂ !

12ਹੇ ਸਾਰੇ ਲੰਘਣ ਵਾਲਿਓ ! ਕੀ ਇਹ ਤੁਹਾਡੇ ਲਈ ਕੁਝ ਨਹੀਂ ਹੈ ?
ਧਿਆਨ ਦਿਓ ਅਤੇ ਵੇਖੋ, ਕੀ ਮੇਰੇ ਦੁੱਖ ਵਰਗਾ ਕੋਈ ਹੋਰ ਦੁੱਖ ਹੈ ਜੋ ਮੇਰੇ ਉੱਤੇ ਆਣ ਪਿਆ ਹੈ,
ਜਿਸ ਨੂੰ ਯਹੋਵਾਹ ਨੇ ਆਪਣੇ ਭੜਕਦੇ ਕ੍ਰੋਧ ਦੇ ਦਿਨ ਮੇਰੇ ਉੱਤੇ ਪਾਇਆ ਹੈ ?

13ਉਚਿਆਈ ਤੋਂ ਉਸ ਨੇ ਮੇਰੀਆਂ ਹੱਡੀਆਂ ਵਿੱਚ ਅੱਗ ਘੱਲੀ ਹੈ,
ਅਤੇ ਉਸ ਨਾਲ ਉਹ ਭਸਮ ਹੋ ਗਈਆਂ,
ਉਸ ਨੇ ਮੇਰੇ ਪੈਰਾਂ ਲਈ ਇੱਕ ਜਾਲ ਵਿਛਾਇਆ,
ਉਸ ਨੇ ਮੈਨੂੰ ਪਿੱਛੇ ਮੋੜ ਦਿੱਤਾ,
ਉਸ ਨੇ ਮੈਨੂੰ ਵਿਰਾਨ ਕਰ ਦਿੱਤਾ ਅਤੇ ਮੈਂ ਸਾਰਾ ਦਿਨ ਰੋਗ ਨਾਲ ਨਿਰਬਲ ਰਹਿੰਦੀ ਹਾਂ ।

14ਜੂਲੇ ਦੀਆਂ ਰੱਸੀਆਂ ਦੀ ਤਰ੍ਹਾਂ ਉਸਨੇ ਮੇਰੇ ਅਪਰਾਧਾਂ ਨੂੰ ਆਪਣੇ ਹੱਥ ਨਾਲ ਬੰਨਿਆ ਹੈ,
ਅਤੇ ਉਨ੍ਹਾਂ ਨੂੰ ਵੱਟ ਕੇ ਮੇਰੀ ਗਰਦਨ ਉੱਤੇ ਚੜ੍ਹਾਇਆ ਹੈ,
ਉਸ ਨੇ ਮੇਰਾ ਬਲ ਘਟਾ ਦਿੱਤਾ ਹੈ,
ਪ੍ਰਭੂ ਨੇ ਮੈਨੂੰ ਉਨ੍ਹਾਂ ਦੇ ਹੱਥ ਵਿੱਚ ਦੇ ਦਿੱਤਾ,
ਜਿਨ੍ਹਾਂ ਦੇ ਅੱਗੇ ਮੈਂ ਖੜ੍ਹੀ ਵੀ ਨਹੀਂ ਰਹਿ ਸਕਦੀ ।

15ਪ੍ਰਭੂ ਨੇ ਮੇਰੇ ਸਾਰੇ ਸੂਰਮਿਆਂ ਨੂੰ ਤੁੱਛ ਜਾਣਿਆ ਹੈ,
ਉਸ ਨੇ ਮੇਰੇ ਵਿਰੁੱਧ ਇੱਕ ਮੰਡਲੀ ਨੂੰ ਬੁਲਾਇਆ ਕਿ ਮੇਰੇ ਜੁਆਨਾਂ ਨੂੰ ਕੁਚਲ ਦੇਵੇ ।
ਪ੍ਰਭੂ ਨੇ ਯਹੂਦਾਹ ਦੀ ਕੁਆਰੀ ਧੀ ਨੂੰ ਜਾਣੋ ਚੁਬੱਚੇ ਵਿੱਚ ਮਿੱਧਿਆ ਹੈ ।

16ਇਹਨਾਂ ਗੱਲਾਂ ਦੇ ਕਾਰਨ ਮੈਂ ਰੋਂਦੀ ਹਾਂ,
ਮੇਰੀਆਂ ਅੱਖੀਆਂ ਤੋਂ ਪਾਣੀ ਵਗਦਾ ਹੈ,
ਕਿਉਂ ਜੋ ਮੇਰਾ ਤੱਸਲੀ ਦੇਣ ਵਾਲਾ ਮੈਥੋਂ ਦੂਰ ਹੈ, ਜਿਹੜਾ ਮੇਰੀ ਜਾਨ ਨੂੰ ਤਾਜ਼ਗੀ ਦਿੰਦਾ ਹੈ ।
ਮੇਰੇ ਬੱਚੇ ਵਿਰਾਨ ਹੋ ਗਏ ਹਨ,
ਕਿਉਂ ਜੋ ਵੈਰੀ ਪਰਬਲ ਹੋ ਗਿਆ ।

17ਸੀਯੋਨ ਨੇ ਆਪਣੇ ਹੱਥ ਫੈਲਾਏ,
ਪਰ ਉਸ ਨੂੰ ਤਸੱਲੀ ਦੇਣ ਵਾਲਾ ਕੋਈ ਨਹੀਂ,
ਯਹੋਵਾਹ ਨੇ ਯਾਕੂਬ ਲਈ ਹੁਕਮ ਦਿੱਤਾ ਹੈ
ਕਿ ਜੋ ਉਸ ਦੇ ਆਲੇ-ਦੁਆਲੇ ਹਨ ਉਹ ਉਸ ਦੇ ਵਿਰੋਧੀ ਹੋ ਜਾਣ,
ਯਰੂਸ਼ਲਮ ਉਹਨਾਂ ਦੇ ਵਿਚਕਾਰ ਅਸ਼ੁੱਧ ਇਸਤਰੀ ਵਾਂਗੂੰ ਹੋ ਗਈ ਹੈ ।

18ਯਹੋਵਾਹ ਧਰਮੀ ਹੈ ਕਿਉਂ ਜੋ ਮੈਂ ਉਸ ਦੇ ਹੁਕਮਾਂ ਦਾ ਵਿਰੋਧ ਕੀਤਾ,
ਹੇ ਸਾਰੇ ਲੋਕੋ, ਸੁਣੋ, ਅਤੇ ਮੇਰੇ ਦੁੱਖ ਨੂੰ ਵੇਖੋ,
ਮੇਰੀਆਂ ਕੁਆਰੀਆਂ ਅਤੇ ਮੇਰੇ ਜੁਆਨ ਗ਼ੁਲਾਮੀ ਵਿੱਚ ਚਲੇ ਗਏ ।

19ਮੈਂ ਆਪਣੇ ਪ੍ਰੇਮੀਆਂ ਨੂੰ ਬੁਲਾਇਆ,
ਪਰ ਉਹਨਾਂ ਨੇ ਮੈਨੂੰ ਧੋਖਾ ਦਿੱਤਾ,
ਜਦ ਮੇਰੇ ਜਾਜਕ ਅਤੇ ਮੇਰੇ ਬਜ਼ੁਰਗ ਭੋਜਨ ਲੱਭਦੇ ਸਨ,
ਤਾਂ ਜੋ ਉਨ੍ਹਾਂ ਦੀ ਜਾਨ ਵਿੱਚ ਤਾਜ਼ਗੀ ਆਵੇ,
ਤਦ ਸ਼ਹਿਰ ਵਿੱਚ ਹੀ ਉਨ੍ਹਾਂ ਨੇ ਪ੍ਰਾਣ ਛੱਡ ਦਿੱਤੇ ।

20ਹੇ ਯਹੋਵਾਹ, ਵੇਖ, ਕਿਉਂ ਜੋ ਮੈਂ ਦੁੱਖੀ ਹਾਂ !
ਮੇਰਾ ਦਿਲ ਬੇਚੈਨ ਹੈ,
ਅਤੇ ਮੇਰਾ ਜੀਅ ਮੇਰੇ ਅੰਦਰ ਘਬਰਾਉਂਦਾ ਹੈ,
ਕਿਉਂ ਜੋ ਮੈਂ ਵੱਡੀ ਬਗਾਵਤ ਕੀਤੀ ਹੈ !
ਬਾਹਰ ਤਲਵਾਰ ਮੈਨੂੰ ਵੰਸ਼ਹੀਨ ਬਣਾਉਂਦੀ ਹੈ,
ਅਤੇ ਘਰ ਵਿੱਚ, ਜਾਣੋ, ਮੌਤ ਦਾ ਵਾਸ ਹੈ !

21ਉਨ੍ਹਾਂ ਨੇ ਸੁਣਿਆ ਹੈ ਕਿ ਮੈਂ ਹਾਉਕੇ ਭਰਦੀ ਹਾਂ,
ਪਰ ਮੈਨੂੰ ਤੱਸਲੀ ਦੇਣ ਵਾਲਾ ਕੋਈ ਨਹੀਂ ।
ਮੇਰੇ ਸਾਰੇ ਵੈਰੀਆਂ ਨੇ ਮੇਰੀ ਬਿਪਤਾ ਦੀ ਖ਼ਬਰ ਸੁਣੀ ਹੈ,
ਉਹ ਖੁਸ਼ ਹਨ ਕਿ ਤੂੰ ਇਹ ਕੀਤਾ ਹੈ ।
ਪਰ ਤੂੰ ਉਹ ਦਿਨ ਲਿਆ ਜਿਸ ਦਾ ਤੂੰ ਪ੍ਰਚਾਰ ਕੀਤਾ ਹੈ,
ਤਦ ਉਹ ਵੀ ਮੇਰੇ ਵਰਗੇ ਹੋ ਜਾਣਗੇ ।

22ਉਨ੍ਹਾਂ ਦੀ ਸਾਰੀ ਬੁਰਿਆਈ ਤੇਰੇ ਸਾਹਮਣੇ ਆਵੇ,
ਉਨ੍ਹਾਂ ਨਾਲ ਉਸੇ ਤਰ੍ਹਾਂ ਹੀ ਕਰ ਜਿਵੇਂ ਤੂੰ ਮੇਰੇ ਨਾਲ ਮੇਰੇ ਸਾਰੇ ਅਪਰਾਧਾਂ ਦੇ ਕਾਰਨ ਕੀਤਾ ਹੈ,
ਕਿਉਂ ਜੋ ਮੈਂ ਬਹੁਤ ਹਾਉਕੇ ਭਰਦੀ ਹਾਂ,
ਅਤੇ ਮੇਰਾ ਦਿਲ ਨਿਰਬਲ ਹੋ ਗਿਆ ਹੈ ।

2
ਯਰੂਸ਼ਲਮ ਨੂੰ ਪਰਮੇਸ਼ੁਰ ਦੀ ਸਜ਼ਾ

1ਯਹੋਵਾਹ ਨੇ ਕਿਵੇਂ ਸੀਯੋਨ ਦੀ ਧੀ ਨੂੰ ਆਪਣੇ ਕ੍ਰੋਧ ਦੇ ਬੱਦਲ ਨਾਲ ਢੱਕ ਲਿਆ ਹੈ !

ਉਸ ਨੇ ਇਸਰਾਏਲ ਦੀ ਸ਼ੋਭਾ ਨੂੰ ਅਕਾਸ਼ ਤੋਂ ਧਰਤੀ ਉੱਤੇ ਪਟਕ ਦਿੱਤਾ ਹੈ,
ਅਤੇ ਆਪਣੇ ਕ੍ਰੋਧ ਦੇ ਦਿਨ ਆਪਣੇ ਪੈਰਾਂ ਦੀ ਚੌਂਕੀ ਨੂੰ ਯਾਦ ਨਾ ਕੀਤਾ ।

2ਯਹੋਵਾਹ ਨੇ ਯਾਕੂਬ ਦੀਆਂ ਸਾਰੀਆਂ ਬਸਤੀਆਂ ਨੂੰ ਬੇਤਰਸ ਹੋ ਕੇ ਨਿਗਲ ਲਿਆ,
ਉਸ ਨੇ ਆਪਣੇ ਕ੍ਰੋਧ ਵਿੱਚ ਯਹੂਦਾਹ ਦੀ ਧੀ ਦੇ ਗੜ੍ਹ ਢਾਹ ਕੇ ਮਿੱਟੀ ਵਿੱਚ ਰਲਾ ਦਿੱਤੇ,
ਉਸ ਨੇ ਰਾਜ ਨੂੰ ਅਤੇ ਉਸ ਦੇ ਹਾਕਮਾਂ ਨੂੰ ਅਸ਼ੁੱਧ ਠਹਿਰਾਇਆ ਹੈ ।

3ਉਸ ਨੇ ਆਪਣੇ ਭੜਕਦੇ ਹੋਏ ਕ੍ਰੋਧ ਵਿੱਚ ਇਸਰਾਏਲ ਦੇ ਹਰੇਕ ਸਿੰਗ ਨੂੰ ਵੱਢ ਸੁੱਟਿਆ ਹੈ,
ਉਸ ਨੇ ਵੈਰੀ ਦੇ ਸਾਹਮਣੇ ਉਹਨਾਂ ਦੀ ਸਹਾਇਤਾ ਕਰਨ ਤੋਂ ਆਪਣਾ ਸੱਜਾ ਹੱਥ ਪਿੱਛੇ ਖਿੱਚ ਲਿਆ,
ਉਸ ਨੇ ਚਾਰ-ਚੁਫ਼ੇਰੇ ਭੜਕਦੀ ਹੋਈ ਅੱਗ ਦੀ ਤਰ੍ਹਾਂ ਯਾਕੂਬ ਨੂੰ ਸਾੜ ਦਿੱਤਾ ਹੈ ।

4ਉਸ ਨੇ ਵੈਰੀ ਦੀ ਤਰ੍ਹਾਂ ਆਪਣਾ ਧਣੁੱਖ ਖਿੱਚਿਆ,
ਅਤੇ ਵਿਰੋਧੀ ਦੀ ਤਰ੍ਹਾਂ ਆਪਣਾ ਸੱਜਾ ਹੱਥ ਚੁੱਕਿਆ ਹੈ,
ਜਿੰਨੇ ਵੇਖਣ ਵਿੱਚ ਮਨਭਾਉਣੇ ਸਨ, ਉਨ੍ਹਾਂ ਸਾਰਿਆਂ ਨੂੰ ਉਸ ਨੇ ਵੱਢ ਸੁੱਟਿਆ ਹੈ,
ਸੀਯੋਨ ਦੀ ਧੀ ਦੇ ਤੰਬੂ ਵਿੱਚ ਉਸ ਨੇ ਅੱਗ ਵਾਂਗੂੰ ਆਪਣੇ ਗੁੱਸੇ ਨੂੰ ਵਹਾਇਆ ਹੈ ।

5ਯਹੋਵਾਹ ਵੈਰੀ ਵਾਂਗਰ ਹੋ ਗਿਆ,
ਉਸ ਨੇ ਇਸਰਾਏਲ ਨੂੰ ਨਿਗਲ ਲਿਆ,
ਉਸ ਨੇ ਉਹ ਦੇ ਸਾਰੇ ਮਹਿਲਾਂ ਨੂੰ ਨਿਗਲ ਲਿਆ,
ਅਤੇ ਉਹ ਦੇ ਗੜ੍ਹਾਂ ਨੂੰ ਢਾਹ ਸੁੱਟਿਆ ਹੈ,
ਉਸ ਨੇ ਯਹੂਦਾਹ ਦੀ ਧੀ ਦਾ ਰੋਣਾ ਪਿੱਟਣਾ ਬਹੁਤ ਵਧਾਇਆ ਹੈ ।

6ਉਸ ਨੇ ਆਪਣੇ ਤੰਬੂ ਨੂੰ ਬਾਗ਼ ਦੀ ਮਚਾਨ ਵਾਂਗੂੰ ਢਾਹ ਸੁੱਟਿਆ,
ਉਸ ਨੇ ਆਪਣੀ ਮੰਡਲੀ ਦੇ ਸਥਾਨ ਨੂੰ ਬਰਬਾਦ ਕਰ ਦਿੱਤਾ,
ਯਹੋਵਾਹ ਨੇ ਸੀਯੋਨ ਵਿੱਚ ਠਹਿਰਾਏ ਹੋਏ ਪਰਬਾਂ ਅਤੇ ਸਬਤ ਨੂੰ ਵਿਸਾਰ ਦਿੱਤਾ,
ਅਤੇ ਆਪਣੇ ਭੜਕਦੇ ਹੋਏ ਕ੍ਰੋਧ ਵਿੱਚ ਰਾਜਾ ਅਤੇ ਜਾਜਕ ਨੂੰ ਤੁੱਛ ਜਾਣਿਆ ।

7ਯਹੋਵਾਹ ਨੇ ਆਪਣੀ ਜਗਵੇਦੀ ਨੂੰ ਤਿਆਗ ਦਿੱਤਾ,
ਉਸ ਨੇ ਆਪਣੇ ਪਵਿੱਤਰ ਸਥਾਨ ਨੂੰ ਘਿਰਣਾ ਕਰਕੇ ਛੱਡ ਦਿੱਤਾ,
ਉਸ ਨੇ ਉਹ ਦੇ ਮਹਿਲਾਂ ਦੀਆਂ ਕੰਧਾਂ ਨੂੰ ਵੈਰੀਆਂ ਦੇ ਹੱਥ ਕਰ ਦਿੱਤਾ,
ਉਹਨਾਂ ਨੇ ਯਹੋਵਾਹ ਦੇ ਭਵਨ ਵਿੱਚ ਅਜਿਹਾ ਰੌਲਾ ਪਾਇਆ,
ਜਿਵੇਂ ਪਰਬ ਦੇ ਦਿਨ ਵਿੱਚ ਹੁੰਦਾ ਹੈ !

8ਯਹੋਵਾਹ ਨੇ ਸੀਯੋਨ ਦੀ ਧੀ ਦੀ ਸ਼ਹਿਰਪਨਾਹ ਨੂੰ ਢਾਹੁਣਾ ਠਾਣ ਲਿਆ,
ਉਸ ਨੇ ਮਾਪ ਦੀ ਡੋਰੀ ਖਿੱਚੀ,
ਉਸ ਨੇ ਆਪਣਾ ਹੱਥ ਨਾਸ ਕਰਨ ਤੋਂ ਨਾ ਹਟਾਇਆ,
ਉਸ ਨੇ ਕਿਲ੍ਹੇ ਅਤੇ ਸ਼ਹਿਰਪਨਾਹ ਦੋਵਾਂ ਤੋਂ ਵਿਰਲਾਪ ਕਰਾਇਆ,
ਉਹ ਦੋਵੇਂ ਇੱਕਠੇ ਬਰਬਾਦ ਹੋ ਗਏ ।

9ਉਹ ਦੇ ਫਾਟਕ ਧਰਤੀ ਵਿੱਚ ਧੱਸ ਗਏ ਹਨ,
ਉਸ ਨੇ ਉਹ ਦੇ ਅਰਲਾਂ ਨੂੰ ਤੋੜ ਕੇ ਨਾਸ ਕੀਤਾ,
ਉਹ ਦਾ ਰਾਜਾ ਅਤੇ ਹਾਕਮ ਉਨ੍ਹਾਂ ਕੌਮਾਂ ਵਿੱਚ ਹਨ, ਜਿੱਥੇ ਕੋਈ ਬਿਵਸਥਾ ਨਹੀਂ ਹੈ,
ਉਹ ਦੇ ਨਬੀ ਯਹੋਵਾਹ ਤੋਂ ਦਰਸ਼ਨ ਨਹੀਂ ਪਾਉਂਦੇ ।

10ਸੀਯੋਨ ਦੀ ਧੀ ਦੇ ਬਜ਼ੁਰਗ ਜ਼ਮੀਨ ਉੱਤੇ ਚੁੱਪ-ਚਾਪ ਬੈਠੇ ਹਨ,
ਉਹਨਾਂ ਨੇ ਆਪਣੇ ਸਿਰਾਂ ਵਿੱਚ ਮਿੱਟੀ ਪਾਈ ਹੈ,
ਉਹਨਾਂ ਨੇ ਤੱਪੜ ਪਾ ਲਿਆ ਹੈ ।
ਯਰੂਸ਼ਲਮ ਦੀਆਂ ਕੁਆਰੀਆਂ ਨੇ ਆਪਣੇ ਸਿਰਾਂ ਨੂੰ ਧਰਤੀ ਤੱਕ ਝੁਕਾਇਆ ਹੈ ।

11ਮੇਰੀਆਂ ਅੱਖਾਂ ਰੋ-ਰੋ ਕੇ ਧੁੰਦਲੀਆਂ ਹੋ ਗਈਆਂ ਹਨ,
ਮੇਰਾ ਦਿਲ ਬੇਚੈਨ ਹੈ,
ਮੇਰੇ ਲੋਕਾਂ ਦੀ ਧੀ ਦੀ ਬਰਬਾਦੀ ਦੇ ਕਾਰਨ,
ਮੇਰਾ ਕਾਲਜਾ ਫੱਟ ਗਿਆ ਹੈ,
ਕਿਉਂਕਿ ਨਿਆਣੇ ਅਤੇ ਦੁੱਧ ਚੁੰਘਦੇ ਬੱਚੇ ਸ਼ਹਿਰ ਦੀਆਂ ਗਲੀਆਂ ਵਿੱਚ ਬੇਸੁਰਤ ਪਏ ਹਨ ।

12ਉਹ ਆਪਣੀਆਂ ਮਾਵਾਂ ਨੂੰ ਰੋ-ਰੋ ਕੇ ਪੁੱਛਦੇ ਹਨ,
ਅੰਨ ਅਤੇ ਦਾਖਰਸ ਕਿੱਥੇ ਹਨ ?
ਉਹ ਸ਼ਹਿਰ ਦੀਆਂ ਗਲੀਆਂ ਵਿੱਚ ਜ਼ਖਮੀ ਮਨੁੱਖ ਵਾਗੂੰ ਬੇਸੁਰਤ ਹੋ ਕੇ,
ਆਪਣੀਆਂ ਮਾਵਾਂ ਦੀ ਗੋਦ ਵਿੱਚ ਆਪਣਾ ਪ੍ਰਾਣ ਛੱਡ ਦਿੰਦੇ ਹਨ ।

13ਹੇ ਯਰੂਸ਼ਲਮ ਦੀਏ ਧੀਏ, ਮੈਂ ਤੈਨੂੰ ਕੀ ਆਖਾਂ,
ਅਤੇ ਤੈਨੂੰ ਕਿਹ ਦੇ ਵਰਗੀ ਠਹਿਰਾਵਾਂ ?
ਹੇ ਸੀਯੋਨ ਦੀਏ ਕੁਆਰੀਏ ਧੀਏ ! ਮੈਂ ਕਿਹ ਦੇ ਨਾਲ ਤੇਰੀ ਤੁਲਨਾ ਕਰਾਂ
ਤਾਂ ਜੋ ਮੈਂ ਤੈਨੂੰ ਤੱਸਲੀ ਦਿਆਂ ?
ਕਿਉਂ ਜੋ ਤੇਰਾ ਜ਼ਖਮ ਸਾਗਰ ਵਾਂਗੂੰ ਵੱਡਾ ਹੈ,
ਕੌਣ ਤੈਨੂੰ ਚੰਗਾ ਕਰ ਸਕੇਗਾ ?

14ਤੇਰੇ ਨਬੀਆਂ ਨੇ ਤੇਰੇ ਲਈ ਝੂਠੇ ਤੇ ਵਿਅਰਥ ਦਰਸ਼ਨ ਵੇਖੇ,
ਉਹਨਾਂ ਨੇ ਤੇਰੇ ਅਪਰਾਧਾਂ ਨੂੰ ਪਰਗਟ ਨਾ ਕੀਤਾ,
ਤਾਂ ਜੋ ਤੇਰੀ ਗ਼ੁਲਾਮੀ ਨੂੰ ਰੋਕ ਦਿੰਦੇ,
ਪਰ ਉਹਨਾਂ ਨੇ ਤੇਰੇ ਲਈ ਵਿਅਰਥ ਤੇ ਭਰਮਾਉਣ ਵਾਲੇ ਅੰਗਮ ਵਾਕ ਬੋਲੇ,

15ਸਭ ਲੰਘਣ ਵਾਲੇ ਤੇਰੇ ਉੱਤੇ ਤਾਲੀਆਂ ਵਜਾਉਂਦੇ ਹਨ,
ਉਹ ਯਰੂਸ਼ਲਮ ਦੀ ਧੀ ਦੇ ਉੱਤੇ, ਨੱਕ ਚੜ੍ਹਾਉਂਦੇ ਅਤੇ ਸਿਰ ਹਿਲਾਉਂਦੇ ਹੋਏ ਕਹਿੰਦੇ ਹਨ,
ਕੀ ਇਹ ਉਹੋ ਸ਼ਹਿਰ ਹੈ ਜਿਸ ਨੂੰ ਉਹ ਇਹ ਨਾਮ ਦਿੰਦੇ ਸਨ, "ਸੁੰਦਰਤਾ ਵਿੱਚ ਸਿੱਧ, ਸਾਰੇ ਸੰਸਾਰ ਦਾ ਅਨੰਦ ? "

16ਤੇਰੇ ਸਾਰੇ ਵੈਰੀਆਂ ਨੇ ਤੇਰੇ ਵਿਰੁੱਧ ਆਪਣਾ ਮੂੰਹ ਅੱਡਿਆ ਹੈ,
ਉਹ ਖਿੱਲ੍ਹੀ ਉਡਾਉਂਦੇ ਅਤੇ ਦੰਦ ਪੀਂਹਦੇ ਹਨ,
ਉਹ ਆਖਦੇ ਹਨ, ਅਸੀਂ ਉਹ ਨੂੰ ਨਿਗਲ ਲਿਆ ਹੈ,
ਅਸੀਂ ਇਸੇ ਹੀ ਦਿਨ ਨੂੰ ਤਾਂ ਉਡੀਕਦੇ ਸੀ,
ਇਹ ਸਾਨੂੰ ਲੱਭ ਗਿਆ, ਅਸੀਂ ਇਸ ਨੂੰ ਵੇਖ ਲਿਆ ਹੈ !

17ਯਹੋਵਾਹ ਨੇ ਉਹੋ ਕੀਤਾ, ਜੋ ਉਸ ਨੇ ਠਾਣਿਆ ਸੀ,
ਉਸ ਨੇ ਆਪਣੇ ਬਚਨ ਨੂੰ ਪੂਰਾ ਕੀਤਾ, ਜਿਸ ਦਾ ਹੁਕਮ ਉਸ ਨੇ ਬੀਤੇ ਸਮਿਆਂ ਵਿੱਚ ਦਿੱਤਾ ਸੀ ।
ਉਸ ਨੇ ਤੈਨੂੰ ਢਾਹ ਦਿੱਤਾ ਅਤੇ ਤਰਸ ਨਾ ਖਾਧਾ,
ਉਸ ਨੇ ਤੇਰੇ ਵੈਰੀਆਂ ਨੂੰ ਤੇਰੇ ਉੱਤੇ ਅਨੰਦ ਕਰਾਇਆ,
ਉਸ ਨੇ ਤੇਰੇ ਵਿਰੋਧੀਆਂ ਦੇ ਸਿੰਗ ਨੂੰ ਉੱਚਾ ਕੀਤਾ ਹੈ ।

18ਉਨ੍ਹਾਂ ਨੇ ਦਿਲ ਤੋਂ ਪ੍ਰਭੂ ਦੇ ਅੱਗੇ ਦੁਹਾਈ ਦਿੱਤੀ,
ਹੇ ਸੀਯੋਨ ਦੀ ਧੀ ਦੀਏ ਕੰਧੇ,
ਦਿਨ ਰਾਤ ਤੇਰੇ ਹੰਝੂ ਨਦੀ ਦੀ ਤਰ੍ਹਾਂ ਵਗਦੇ ਰਹਿਣ !
ਤੂੰ ਅਰਾਮ ਨਾ ਕਰ, ਆਪਣੀਆਂ ਅੱਖਾਂ ਦੀ ਪੁਤਲੀ ਨੂੰ ਚੈਨ ਨਾ ਲੈਣ ਦੇ ।

19ਉੱਠ ! ਰਾਤ ਦੇ ਹਰੇਕ ਪਹਿਰ ਦੇ ਅਰੰਭ ਵਿੱਚ ਚਿੱਲਾ !
ਆਪਣਾ ਦਿਲ ਪ੍ਰਭੂ ਦੇ ਸਨਮੁਖ ਪਾਣੀ ਵਾਂਗੂੰ ਡੋਲ੍ਹ ਦੇ,
ਆਪਣੇ ਬੱਚਿਆਂ ਦੀ ਜਾਨ ਦੀ ਖ਼ਾਤਰ ਉਸ ਦੀ ਵੱਲ ਆਪਣੇ ਹੱਥਾਂ ਨੂੰ ਫੈਲਾ,
ਜਿਹੜੇ ਭੁੱਖ ਦੇ ਮਾਰੇ ਸਾਰੀਆਂ ਗਲੀਆਂ ਦੇ ਸਿਰੇ ਉੱਤੇ ਬੇਸੁਰਤ ਪਏ ਹਨ ।

20ਹੇ ਯਹੋਵਾਹ, ਵੇਖ ! ਅਤੇ ਧਿਆਨ ਦੇ ਕਿ ਤੂੰ ਅਜਿਹਾ ਦੁੱਖ ਕਿਸਨੂੰ ਦਿੱਤਾ ਹੈ ?
ਕੀ ਇਸਤਰੀਆਂ ਆਪਣਾ ਫਲ ਅਰਥਾਤ ਆਪਣੇ ਲਾਡਲੇ ਬੱਚਿਆਂ ਨੂੰ ਖਾਣ ?
ਹੇ ਪ੍ਰਭੂ ! ਕੀ ਜਾਜਕ ਅਤੇ ਨਬੀ ਤੇਰੇ ਪਵਿੱਤਰ ਸਥਾਨ ਵਿੱਚ ਵੱਢੇ ਜਾਣ ?

21ਜੁਆਨ ਅਤੇ ਬੁੱਢੇ ਗਲੀਆਂ ਵਿੱਚ ਜ਼ਮੀਨ ਉੱਤੇ ਪਏ ਹਨ,
ਮੇਰੀਆਂ ਕੁਆਰੀਆਂ ਅਤੇ ਮੇਰੇ ਜੁਆਨ ਤਲਵਾਰ ਨਾਲ ਡਿੱਗ ਪਏ ।
ਤੂੰ ਉਹਨਾਂ ਨੂੰ ਆਪਣੇ ਕ੍ਰੋਧ ਦੇ ਦਿਨ ਵਿੱਚ ਘਾਤ ਕੀਤਾ,
ਤੂੰ ਉਹਨਾਂ ਨੂੰ ਵੱਢ ਸੁੱਟਿਆ ਅਤੇ ਤਰਸ ਨਾ ਖਾਧਾ !

22ਤੂੰ ਮੇਰੇ ਭੈ ਦੇ ਕਾਰਨਾਂ ਨੂੰ, ਪਰਬ ਦੇ ਦਿਨ ਦੇ ਸਮਾਨ ਆਲੇ-ਦੁਆਲੇ ਤੋਂ ਬੁਲਾਇਆ ਹੈ,
ਅਤੇ ਯਹੋਵਾਹ ਦੇ ਕ੍ਰੋਧ ਦੇ ਦਿਨ ਵਿੱਚ ਨਾ ਤਾਂ ਕੋਈ ਬੱਚ ਸਕਿਆ ਤੇ ਨਾ ਕੋਈ ਬਾਕੀ ਰਿਹਾ,
ਜਿਨ੍ਹਾਂ ਨੂੰ ਮੈਂ ਪਾਲਿਆ ਪੋਸਿਆ, ਉਹਨਾਂ ਨੂੰ ਮੇਰੇ ਵੈਰੀਆਂ ਨੇ ਮਾਰ ਕੇ ਮੁਕਾ ਦਿੱਤਾ ਹੈ ।

3
ਸਜ਼ਾ, ਤੋਬਾ ਅਤੇ ਆਸ

1ਮੈਂ ਉਹ ਮਨੁੱਖ ਹਾਂ ਜਿਸ ਨੇ ਉਸ ਦੇ ਕ੍ਰੋਧ ਦੇ ਡੰਡੇ ਨਾਲ ਕਸ਼ਟ ਭੋਗਿਆ ਹੈ,

2ਉਸ ਨੇ ਮੈਨੂੰ ਤਿਆਗ ਦਿੱਤਾ ਅਤੇ ਮੈਨੂੰ ਚਾਨਣ ਵਿੱਚ ਨਹੀਂ ਸਗੋਂ ਹਨੇਰੇ ਵਿੱਚ ਚਲਾਇਆ ।
3ਸੱਚ-ਮੁੱਚ ਉਹ ਆਪਣਾ ਹੱਥ ਮੇਰੇ ਵਿਰੁੱਧ ਸਾਰਾ ਦਿਨ ਚੁੱਕੀ ਰੱਖਦਾ ਹੈ !

4ਉਸ ਨੇ ਮੇਰੇ ਮਾਸ ਅਤੇ ਚਮੜੀ ਨੂੰ ਸੁਕਾ ਦਿੱਤਾ,
ਉਸ ਨੇ ਮੇਰੀਆਂ ਹੱਡੀਆਂ ਨੂੰ ਤੋੜ ਦਿੱਤਾ ਹੈ ।
5ਉਸ ਨੇ ਮੇਰੇ ਵਿਰੁੱਧ ਕਿਲ੍ਹਾ ਬਣਾਇਆ,
ਅਤੇ ਮੈਨੂੰ ਕੁੜੱਤਣ ਅਤੇ ਕਸ਼ਟ ਨਾਲ ਘੇਰ ਲਿਆ ।
6ਉਸ ਨੇ ਮੈਨੂੰ ਲੰਬੇ ਸਮੇਂ ਤੋਂ ਮਰ ਚੁੱਕੇ ਲੋਕਾਂ ਵਾਂਗੂੰ
ਹਨੇਰੇ ਸਥਾਨਾਂ ਵਿੱਚ ਵਸਾਇਆ ਹੈ ।

7ਉਸ ਨੇ ਮੇਰੇ ਦੁਆਲੇ ਕੰਧ ਬਣਾ ਦਿੱਤੀ ਕਿ ਮੈਂ ਬਾਹਰ ਨਹੀਂ ਨਿੱਕਲ ਸਕਦਾ,
ਉਸ ਨੇ ਮੇਰੀਆਂ ਸੰਗਲਾਂ ਭਾਰੀਆਂ ਕਰ ਦਿੱਤੀਆਂ ਹਨ ।
8ਹਾਂ, ਜਦ ਮੈਂ ਦੁਹਾਈ ਦਿੰਦਾ ਅਤੇ ਚਿੱਲਾਉਂਦਾ ਹਾਂ,
ਉਹ ਮੇਰੀ ਪ੍ਰਾਰਥਨਾ ਨਹੀਂ ਸੁਣਦਾ ।
9ਉਹ ਨੇ ਮੇਰੇ ਰਾਹ ਨੂੰ ਘੜ੍ਹੇ ਹੋਏ ਪੱਥਰਾਂ ਨਾਲ ਬੰਦ ਕੀਤਾ,
ਉਸ ਨੇ ਮੇਰੇ ਰਸਤਿਆਂ ਨੂੰ ਟੇਡਾ ਕਰ ਦਿੱਤਾ ਹੈ ।

10ਉਹ ਮੇਰੇ ਲਈ ਘਾਤ ਵਿੱਚ ਬੈਠਾ ਹੋਇਆ ਰਿੱਛ,
ਅਤੇ ਲੁੱਕ ਕੇ ਬੈਠੇ ਬੱਬਰ ਸ਼ੇਰ ਦੀ ਤਰ੍ਹਾਂ ਹੈ ।
11ਉਸ ਨੇ ਮੈਨੂੰ ਮੇਰੇ ਰਾਹਾਂ ਤੋਂ ਭਟਕਾ ਦਿੱਤਾ,
ਅਤੇ ਮੇਰੇ ਟੁੱਕੜੇ-ਟੁੱਕੜੇ ਕਰਕੇ ਮੈਨੂੰ ਬਰਬਾਦ ਕੀਤਾ ।
12ਉਸ ਨੇ ਆਪਣਾ ਧਣੁਖ ਖਿੱਚਿਆ,
ਅਤੇ ਮੈਨੂੰ ਤੀਰਾਂ ਦੇ ਨਿਸ਼ਾਨੇ ਵਾਂਗੂੰ ਖੜ੍ਹਾ ਕੀਤਾ ।

13ਉਸ ਨੇ ਆਪਣੇ ਤਰਕਸ਼ ਦੇ ਤੀਰਾਂ ਨਾਲ ਮੇਰੇ ਗੁਰਦਿਆਂ ਨੂੰ ਵਿੰਨ੍ਹ ਸੁੱਟਿਆ ।
14ਮੈਂ ਆਪਣੇ ਸਾਰੇ ਲੋਕਾਂ ਲਈ ਮਖੌਲ,
ਅਤੇ ਸਾਰਾ ਦਿਨ ਉਨ੍ਹਾਂ ਦੇ ਤਾਹਨਿਆਂ ਦਾ ਗੀਤ ਹੋ ਗਿਆ ਹਾਂ ।
15ਉਸ ਨੇ ਮੈਨੂੰ ਕੁੜੱਤਣ ਨਾਲ ਭਰ ਦਿੱਤਾ,
ਅਤੇ ਮੈਨੂੰ ਨਾਗਦੌਣੇ ਨਾਲ ਰਜਾ ਦਿੱਤਾ ਹੈ ।

16ਉਸ ਨੇ ਮੇਰੇ ਦੰਦ ਰੋੜ੍ਹਿਆਂ ਨਾਲ ਤੋੜ ਦਿੱਤੇ,
ਉਸ ਨੇ ਮੈਨੂੰ ਰਾਖ਼ ਵਿੱਚ ਲਿਟਾਇਆ ਹੈ ।
17ਤੂੰ ਮੇਰੀ ਜਾਨ ਨੂੰ ਸ਼ਾਂਤੀ ਤੋਂ ਦੂਰ ਕੀਤਾ,
ਮੈਂ ਸੁੱਖ ਨੂੰ ਭੁੱਲ ਗਿਆ ਹਾਂ ।
18ਇਸ ਲਈ ਮੈਂ ਆਖਿਆ, ਮੇਰਾ ਬਲ ਨਾਸ ਹੋ ਗਿਆ,
ਅਤੇ ਯਹੋਵਾਹ ਵੱਲੋਂ ਮੇਰੀ ਆਸ ਵੀ ਟੁੱਟ ਗਈ ।

19ਮੇਰੇ ਕਸ਼ਟ ਅਤੇ ਮੇਰੇ ਦੁੱਖ ਨੂੰ,
ਮੇਰੀ ਤਲਖੀ ਅਤੇ ਕੁੜੱਤਣ ਨੂੰ ਯਾਦ ਕਰ !
20ਮੇਰਾ ਪ੍ਰਾਣ ਇਹ ਯਾਦ ਕਰਦਿਆਂ-ਕਰਦਿਆਂ,
ਮੇਰੇ ਅੰਦਰ ਕਮਜ਼ੋਰ ਪੈ ਗਿਆ ਹੈ ।
21ਮੈਂ ਇਹ ਆਪਣੇ ਦਿਲੋਂ ਯਾਦ ਕਰਦਾ ਹਾਂ,
ਇਸ ਲਈ ਮੈਨੂੰ ਆਸ ਹੈ ।

22ਇਹ ਯਹੋਵਾਹ ਦੀ ਅੱਤ ਦਯਾ ਹੈ ਕਿ ਅਸੀਂ ਮੁੱਕ ਨਹੀਂ ਗਏ,
ਕਿਉਂ ਜੋ ਉਸ ਦੀ ਦਯਾ ਅਟੁੱਟ ਹੈ !
23ਉਹ ਹਰ ਸਵੇਰ ਨੂੰ ਨਵੀਂ ਹੁੰਦੀ ਜਾਂਦੀ ਹੈ,
ਤੇਰੀ ਵਫ਼ਾਦਾਰੀ ਵੱਡੀ ਮਹਾਨ ਹੈ ।
24ਮੇਰੀ ਜਾਨ ਕਹਿੰਦੀ ਹੈ, ਯਹੋਵਾਹ ਮੇਰਾ ਹਿੱਸਾ ਹੈ,
ਇਸ ਲਈ ਮੈਨੂੰ ਉਹ ਦੇ ਉੱਤੇ ਆਸ ਹੈ ।

25ਜੋ ਯਹੋਵਾਹ ਨੂੰ ਉਡੀਕਦਾ ਹੈ, ਅਤੇ ਜਿਸ ਦੀ ਜਾਨ ਉਸ ਨੂੰ ਭਾਲਦੀ ਹੈ,
ਉਸ ਦੇ ਲਈ ਯਹੋਵਾਹ ਭਲਾ ਹੈ ।
26ਭਲਾ ਹੈ ਕਿ ਮਨੁੱਖ ਚੁੱਪ-ਚਾਪ ਯਹੋਵਾਹ ਦੇ ਬਚਾਉ ਲਈ ਆਸ ਰੱਖੇ ।
27ਜੁਆਨ ਦੇ ਲਈ ਚੰਗਾ ਹੈ ਕਿ ਉਹ ਆਪਣੀ ਜੁਆਨੀ ਵਿੱਚ ਜੂਲਾ ਚੁੱਕੇ ।

28ਉਹ ਇੱਕਲਾ ਅਤੇ ਚੁੱਪ ਰਹੇ,
ਕਿਉਂ ਜੋ ਪਰਮੇਸ਼ੁਰ ਨੇ ਹੀ ਇਹ ਜੂਲਾ ਉਸ ਦੇ ਉੱਤੇ ਪਾਇਆ ਹੈ ।
29ਉਹ ਆਪਣਾ ਮੂੰਹ ਮਿੱਟੀ ਵਿੱਚ ਰੱਖੇ,
ਸ਼ਾਇਦ ਕੁਝ ਆਸ ਹੋਵੇ !
30ਉਹ ਆਪਣੀ ਗੱਲ੍ਹ ਆਪਣੇ ਮਾਰਨ ਵਾਲੇ ਵੱਲ ਫੇਰ ਦੇਵੇ,
ਉਹ ਨਿੰਦਿਆ ਸਹਿ ਲਵੇ !

31ਕਿਉਂ ਜੋ ਪ੍ਰਭੂ ਸਦਾ ਲਈ ਨਹੀਂ ਛੱਡੇਗਾ ।
32ਭਾਵੇਂ ਉਹ ਦੁੱਖ ਵੀ ਦੇਵੇ,
ਤਾਂ ਵੀ ਉਹ ਆਪਣੀ ਵੱਡੀ ਦਯਾ ਅਨੁਸਾਰ ਰਹਿਮ ਵੀ ਕਰੇਗਾ ।
33ਕਿਉਂ ਜੋ ਉਹ ਆਪਣੇ ਦਿਲੋਂ ਕਸ਼ਟ ਨਹੀਂ ਦਿੰਦਾ,
ਨਾ ਹੀ ਮਨੁੱਖ ਦੇ ਪੁੱਤਰਾਂ ਨੂੰ ਦੁੱਖ ਦਿੰਦਾ ਹੈ ।

34ਸੰਸਾਰ ਦੇ ਸਾਰੇ ਗੁਲਾਮਾਂ ਨੂੰ ਪੈਰਾਂ ਹੇਠ ਮਿੱਧਣਾ,
35ਅੱਤ ਮਹਾਨ ਦੇ ਸਨਮੁਖ ਕਿਸੇ ਮਨੁੱਖ ਦਾ ਹੱਕ ਮਾਰਨਾ,
36ਅਤੇ ਕਿਸੇ ਆਦਮੀ ਦਾ ਮੁਕੱਦਮਾ ਵਿਗੜਨਾ, ਪ੍ਰਭੂ ਵੇਖ ਨਹੀਂ ਸਕਦਾ !

37ਕੌਣ ਕੁਝ ਆਖੇ ਅਤੇ ਉਹ ਪੂਰਾ ਹੋ ਜਾਵੇ,
ਜਦ ਪ੍ਰਭੂ ਨੇ ਉਸ ਦਾ ਹੁਕਮ ਹੀ ਨਾ ਦਿੱਤਾ ਹੋਵੇ ?
38ਕੀ ਦੁੱਖ ਅਤੇ ਸੁੱਖ ਦੋਵੇਂ ਅੱਤ ਮਹਾਨ ਦੇ ਵੱਲੋਂ ਨਹੀਂ ਆਉਂਦੇ ?
39ਜੀਉਂਦਾ ਆਦਮੀ ਸ਼ਿਕਾਇਤ ਕਿਉਂ ਕਰੇ,
ਕੋਈ ਮਨੁੱਖ ਆਪਣੇ ਪਾਪਾਂ ਦੀ ਸਜ਼ਾ ਲਈ ਬੁਰਾ ਕਿਉਂ ਮੰਨੇ ?

40ਆਓ, ਅਸੀਂ ਆਪਣੇ ਰਾਹਾਂ ਨੂੰ ਧਿਆਨ ਨਾਲ ਪਰਖੀਏ ਅਤੇ ਬਦਲੀਏ,
ਅਤੇ ਯਹੋਵਾਹ ਵੱਲ ਮੁੜੀਏ !
41ਅਸੀਂ ਆਪਣੇ ਮਨਾਂ ਅਤੇ ਆਪਣੇ ਹੱਥਾਂ ਨੂੰ ਸਵਰਗ ਦੇ ਪਰਮੇਸ਼ੁਰ ਵੱਲ ਚੁੱਕੀਏ ਅਤੇ ਆਖੀਏ,
42ਅਸੀਂ ਅਪਰਾਧ ਅਤੇ ਵਿਦਰੋਹ ਕੀਤਾ,
ਅਤੇ ਤੂੰ ਮੁਆਫ਼ ਨਹੀਂ ਕੀਤਾ ।

43ਤੂੰ ਆਪਣੇ ਕ੍ਰੋਧ ਨਾਲ ਸਾਨੂੰ ਢੱਕ ਲਿਆ ਅਤੇ ਸਾਡਾ ਪਿੱਛਾ ਕੀਤਾ,
ਤੂੰ ਬਿਨ੍ਹਾਂ ਤਰਸ ਖਾਧੇ ਸਾਨੂੰ ਮਾਰਿਆ ।
44ਤੂੰ ਆਪਣੇ ਆਪ ਨੂੰ ਬੱਦਲ ਨਾਲ ਢੱਕ ਲਿਆ,
ਤਾਂ ਜੋ ਕੋਈ ਪ੍ਰਾਰਥਨਾ ਤੇਰੇ ਕੋਲ ਨਾ ਪਹੁੰਚੇ ।
45ਤੂੰ ਸਾਨੂੰ ਕੌਮਾਂ ਦੇ ਵਿਚਕਾਰ
ਕੂੜੇ ਅਤੇ ਰੂੜ੍ਹੀ ਵਰਗਾ ਠਹਿਰਾਇਆ ।

46ਸਾਡੇ ਸਾਰੇ ਵੈਰੀਆਂ ਨੇ ਸਾਡੇ ਵਿਰੁੱਧ ਆਪਣਾ ਮੂੰਹ ਪਸਾਰਿਆ ਹੈ,47ਡਰ ਅਤੇ ਫੰਦਾ, ਬਰਬਾਦੀ ਅਤੇ ਵਿਨਾਸ ਸਾਡੇ ਉੱਤੇ ਆ ਪਏ ਹਨ ।

48ਮੇਰੀ ਪਰਜਾ ਦੀ ਧੀ ਦੀ ਬਰਬਾਦੀ ਦੇ ਕਾਰਨ, ਹੰਝੂਆਂ ਦੀਆਂ ਨਦੀਆਂ ਮੇਰੀਆਂ ਅੱਖਾਂ ਤੋਂ ਵਗਦੀਆਂ ਹਨ ।
49ਮੇਰੇ ਹੰਝੂ ਵਗਦੇ ਰਹਿਣਗੇ ਅਤੇ ਰੁੱਕਣਗੇ ਨਹੀਂ,
50ਜਦ ਤੱਕ ਯਹੋਵਾਹ ਸੁਰਗ ਤੋਂ ਮੇਰੇ ਵੱਲ ਨਿਗਾਹ ਮਾਰ ਕੇ ਨਾ ਵੇਖੇ ।
51ਮੇਰੇ ਸ਼ਹਿਰ ਦੀਆਂ ਸਾਰੀਆਂ ਧੀਆਂ ਦੇ ਕਾਰਨ,
ਮੇਰੀ ਅੱਖ ਮੇਰੇ ਦਿਲ ਨੂੰ ਦੁੱਖੀ ਕਰਦੀ ਹੈ ।

52ਜਿਹੜੇ ਬਿਨ੍ਹਾਂ ਕਾਰਨ ਮੇਰੇ ਵੈਰੀ ਹਨ,
ਉਹਨਾਂ ਨੇ ਚਿੜ੍ਹੀ ਦੀ ਤਰ੍ਹਾਂ ਮੇਰਾ ਪਿੱਛਾ ਕੀਤਾ ਹੈ ।
53ਉਹਨਾਂ ਨੇ ਮੈਨੂੰ ਟੋਏ ਵਿੱਚ ਸੁੱਟ ਦਿੱਤਾ,
ਅਤੇ ਮੈਨੂੰ ਮਾਰਨ ਲਈ ਪੱਥਰ ਮੇਰੇ ਉੱਤੇ ਸੁੱਟੇ ਹਨ ।
54ਪਾਣੀ ਮੇਰੇ ਸਿਰ ਦੇ ਉੱਤੋਂ ਵਗੇ,
ਮੈਂ ਆਖਿਆ, ਮੈਂ ਮਰ ਮਿਟਿਆ ਹਾਂ !

55ਹੇ ਯਹੋਵਾਹ, ਮੈਂ ਡੂੰਘੇ ਟੋਏ ਵਿੱਚੋਂ ਤੇਰੇ ਨਾਮ ਦੀ ਦੁਹਾਈ ਦਿੱਤੀ,
56ਤੂੰ ਮੇਰੀ ਅਵਾਜ਼ ਸੁਣੀ,
ਆਪਣਾ ਕੰਨ ਮੇਰੀਆਂ ਆਹਾਂ ਅਤੇ ਮੇਰੀ ਦੁਹਾਈ ਵੱਲੋਂ ਬੰਦ ਨਾ ਕਰ !

57ਜਿਸ ਵੇਲੇ ਮੈਂ ਤੈਨੂੰ ਪੁਕਾਰਿਆ, ਤੂੰ ਨੇੜੇ ਆਇਆ,
ਤੂੰ ਆਖਿਆ, ਨਾ ਡਰ !

58ਹੇ ਮੇਰੇ ਪ੍ਰਭੂ, ਤੂੰ ਮੇਰੀ ਜਾਨ ਦਾ ਮੁਕੱਦਮਾ ਲੜਿਆ ਹੈ,
ਤੂੰ ਮੇਰੇ ਜੀਵਨ ਦਾ ਛੁਟਕਾਰਾ ਕੀਤਾ ਹੈ ।
59ਹੇ ਯਹੋਵਾਹ, ਤੂੰ ਮੇਰੇ ਨਾਲ ਹੋਈ ਬੇਇਨਸਾਫ਼ੀ ਨੂੰ ਵੇਖਿਆ ਹੈ,
ਤੂੰ ਮੇਰਾ ਨਿਆਂ ਕਰ !
60ਤੂੰ ਉਹਨਾਂ ਦਾ ਬਦਲਾ ਵੇਖਿਆ ਹੈ,
ਅਤੇ ਉਹ ਯੋਜਨਾਵਾਂ ਵੀ ਜੋ ਉਹਨਾਂ ਨੇ ਮੇਰੇ ਵਿਰੁੱਧ ਬਣਾਈਆਂ ਹਨ ।

61ਹੇ ਯਹੋਵਾਹ, ਤੂੰ ਉਹਨਾਂ ਦੀ ਨਿੰਦਿਆ ਨੂੰ ਸੁਣਿਆ ਹੈ,
ਅਤੇ ਉਨ੍ਹਾਂ ਯੋਜਨਾਵਾਂ ਨੂੰ ਵੀ ਜੋ ਉਹਨਾਂ ਨੇ ਮੇਰੇ ਵਿਰੁੱਧ ਬਣਾਈਆਂ ਹਨ ।
62ਮੇਰੇ ਵਿਰੋਧੀਆਂ ਦੀਆਂ ਗੱਲਾਂ,
ਅਤੇ ਦਿਨ ਭਰ ਮੇਰੇ ਵਿਰੁੱਧ ਉਹਨਾਂ ਦੇ ਵਿਚਾਰ, ਤੂੰ ਜਾਣਦਾ ਹੈਂ ।
63ਉਹਨਾਂ ਦੇ ਉੱਠਣ ਬੈਠਣ ਵੱਲ ਧਿਆਨ ਦੇ !
ਮੈਂ ਉਹਨਾਂ ਦੇ ਤਾਹਨਿਆਂ ਦਾ ਗੀਤ ਹਾਂ ।

64ਹੇ ਯਹੋਵਾਹ, ਤੂੰ ਉਹਨਾਂ ਨੂੰ, ਉਹਨਾਂ ਦੇ ਹੱਥਾਂ ਦੇ ਕੰਮਾਂ ਅਨੁਸਾਰ ਬਦਲਾ ਦੇਵੇਂਗਾ ।
65ਤੂੰ ਉਹਨਾਂ ਦਾ ਮਨ ਸੁੰਨ ਕਰ ਦੇਵੇਂਗਾ,
ਤੇਰਾ ਸਰਾਪ ਉਹਨਾਂ ਦੇ ਉੱਤੇ ਹੋਵੇਗਾ ।
66ਹੇ ਯਹੋਵਾਹ ਤੂੰ ਕ੍ਰੋਧ ਵਿੱਚ ਉਹਨਾਂ ਦਾ ਪਿੱਛਾ ਕਰੇਂਗਾ,
ਅਤੇ ਅਕਾਸ਼ ਦੇ ਹੇਠੋਂ ਉਹਨਾਂ ਦਾ ਨਾਸ ਕਰ ਦੇਵੇਂਗਾ ।

4
ਪਤਨ ਤੋਂ ਬਾਅਦ ਯਰੂਸ਼ਲਮ ਦੀ ਦਸ਼ਾ

1ਸੋਨਾ ਕਿਵੇਂ ਫਿੱਕਾ ਹੋ ਗਿਆ ! ਖ਼ਰਾ ਸੋਨਾ ਕਿਵੇਂ ਬਦਲ ਗਿਆ ?

ਪਵਿੱਤਰ ਸਥਾਨ ਦੇ ਪੱਥਰ ਹਰ ਗਲੀ ਦੇ ਸਿਰ ਉੱਤੇ ਖਿੱਲਰੇ ਪਏ ਹਨ ।

2ਸੀਯੋਨ ਦੇ ਲਾਡਲੇ ਪੁੱਤਰ, ਜਿਹੜੇ ਸੋਨੇ ਦੇ ਤੁੱਲ ਸਨ,
ਕਿਵੇਂ ਘੁਮਿਆਰ ਦੇ ਬਣਾਏ ਮਿੱਟੀ ਦੇ ਭਾਂਡਿਆਂ ਵਾਂਗੂੰ ਤੁੱਛ ਸਮਝੇ ਗਏ ਹਨ !

3ਗਿੱਦੜੀਆਂ ਵੀ ਆਪਣੀਆਂ ਛਾਤੀ ਤੋਂ ਆਪਣੇ ਬੱਚਿਆਂ ਨੂੰ ਦੁੱਧ ਚੁੰਘਾਉਂਦੀਆਂ ਹਨ,
ਪਰ ਮੇਰੀ ਪਰਜਾ ਦੀ ਧੀ, ਉਜਾੜ ਦੇ ਸ਼ੁਤਰ-ਮੁਰਗਾਂ ਵਾਂਗੂੰ ਨਿਰਦਈ ਹੋ ਗਈ ਹੈ !

4ਦੁੱਧ ਚੁੰਘਣ ਵਾਲੇ ਬੱਚੇ ਦੀ ਜੀਭ ਪਿਆਸ ਦੇ ਕਾਰਨ ਤਾਲੂ ਨਾਲ ਜਾ ਲੱਗੀ ਹੈ,
ਨਿਆਣੇ ਰੋਟੀ ਮੰਗਦੇ ਪਰ ਕੋਈ ਉਹਨਾਂ ਨੂੰ ਨਹੀਂ ਦਿੰਦਾ ।

5ਜਿਹੜੇ ਸੁਆਦਲਾ ਭੋਜਨ ਖਾਂਦੇ ਸਨ, ਗਲੀਆਂ ਵਿੱਚ ਭੁੱਖੇ ਫਿਰਦੇ ਹਨ,
ਜਿਹੜੇ ਮਖ਼ਮਲੀ ਕੱਪੜਿਆਂ ਵਿੱਚ ਪਲਦੇ ਸਨ, ਉਹ ਗੁਹੀਰਿਆਂ ਨੂੰ ਜੱਫੀਆਂ ਪਾਉਂਦੇ ਹਨ !

6ਮੇਰੀ ਪਰਜਾ ਦੀ ਧੀ ਦੀ ਬੁਰਿਆਈ ਸਦੂਮ ਦੇ ਪਾਪ ਨਾਲੋਂ ਵੱਡੀ ਹੈ,
ਜਿਹੜਾ ਬਿਨ੍ਹਾਂ ਕਿਸੇ ਦੇ ਹੱਥ ਲਾਏ ਇੱਕ ਪਲ ਵਿੱਚ ਢਾਹਿਆ ਗਿਆ ।

7ਉਹ ਦੇ ਪਤਵੰਤ ਬਰਫ ਨਾਲੋਂ ਸ਼ੁੱਧ ਅਤੇ ਦੁੱਧ ਨਾਲੋਂ ਚਿੱਟੇ ਸਨ,
ਉਹਨਾਂ ਦੇ ਸਰੀਰ ਮੂੰਗੇ ਨਾਲੋਂ ਲਾਲ ਸਨ, ਉਹਨਾਂ ਦੀ ਚਮਕ ਨੀਲਮ ਵਰਗੀ ਸੀ ।

8ਹੁਣ ਉਹਨਾਂ ਦਾ ਰੂਪ ਕਾਲਖ ਨਾਲੋਂ ਕਾਲਾ ਹੈ,
ਉਹ ਬਜ਼ਾਰਾਂ ਵਿੱਚ ਪਹਿਚਾਣੇ ਨਹੀਂ ਜਾਂਦੇ,
ਉਹਨਾਂ ਦਾ ਚਮੜਾ ਸੁੰਘੜ ਕੇ ਹੱਡੀਆਂ ਨਾਲ ਜੁੜ ਗਿਆ,
ਉਹ ਸੁੱਕ ਕੇ ਲੱਕੜ ਵਾਂਗੂੰ ਹੋ ਗਿਆ ਹੈ ।

9ਤਲਵਾਰ ਦੇ ਮਾਰੇ ਹੋਏ, ਭੁੱਖ ਦੇ ਮਾਰੇ ਹੋਇਆਂ ਨਾਲੋਂ ਚੰਗੇ ਹਨ,
ਖੇਤ ਦਾ ਫਲ ਨਾ ਮਿਲਣ ਕਰਕੇ, ਇਹਨਾਂ ਦਾ ਪ੍ਰਾਣ ਸੁੱਕਦਾ ਜਾਂਦਾ ਹੈ ।

10ਦਿਆਲੂ ਇਸਤਰੀਆਂ ਨੇ ਆਪਣੇ ਹੱਥੀਂ ਆਪਣੇ ਬੱਚਿਆਂ ਨੂੰ ਪਕਾਇਆ !
ਮੇਰੀ ਪਰਜਾ ਦੀ ਧੀ ਦੀ ਬਰਬਾਦੀ ਵਿੱਚ, ਉਹ ਹੀ ਇਹਨਾਂ ਦਾ ਭੋਜਨ ਸਨ !

11ਯਹੋਵਾਹ ਨੇ ਆਪਣਾ ਪੂਰਾ ਕਹਿਰ ਪਰਗਟ ਕੀਤਾ,
ਉਸ ਨੇ ਆਪਣਾ ਭੜਕਦਾ ਕ੍ਰੋਧ ਡੋਲ੍ਹ ਦਿੱਤਾ,
ਉਸ ਨੇ ਸੀਯੋਨ ਵਿੱਚ ਇੱਕ ਅੱਗ ਭੜਕਾਈ, ਜਿਸਨੇ ਉਸ ਦੀਆਂ ਨੀਹਾਂ ਨੂੰ ਭਸਮ ਕਰ ਦਿੱਤਾ ।

12ਧਰਤੀ ਦੇ ਰਾਜੇ ਅਤੇ ਜਗਤ ਦੇ ਸਾਰੇ ਵਾਸੀ ਯਕੀਨ ਨਹੀਂ ਕਰਦੇ,
ਕਿ ਵੈਰੀ ਅਤੇ ਵਿਰੋਧੀ ਯਰੂਸ਼ਲਮ ਦੇ ਫਾਟਕਾਂ ਵਿੱਚ ਆ ਵੜੇ ।

13ਇਹ ਉਸ ਦੇ ਨਬੀਆਂ ਦੇ ਪਾਪ ਅਤੇ ਉਸ ਦੇ ਜਾਜਕਾਂ ਦੀ ਬਦੀ ਦੇ ਕਾਰਨ ਹੋਇਆ,
ਜਿਨ੍ਹਾਂ ਨੇ ਉਹ ਦੇ ਵਿਚਕਾਰ ਧਰਮੀਆਂ ਦਾ ਲਹੂ ਵਹਾਇਆ ।

14ਉਹ ਅੰਨ੍ਹਿਆਂ ਵਰਗੇ ਹੋ ਕੇ ਗਲੀਆਂ ਵਿੱਚ ਫਿਰਦੇ ਹਨ,
ਉਹ ਲਹੂ ਨਾਲ ਇੰਨੇ ਅਸ਼ੁੱਧ ਹੋ ਗਏ ਹਨ,
ਭਈ ਕੋਈ ਉਹਨਾਂ ਦੇ ਬਸਤਰ ਛੂਹ ਨਹੀਂ ਸਕਦਾ ।

15ਲੋਕ ਉਹਨਾਂ ਨੂੰ ਪੁਕਾਰ ਕੇ ਆਖਦੇ ਹਨ "ਦੂਰ ਹੋਵੋ",
"ਭ੍ਰਿਸ਼ਟੇ ਹੋਇਓ ! ਦੂਰ ਹੋਵੋ, ਦੂਰ ਹੋਵੋ ! ਸਾਨੂੰ ਨਾ ਛੂਹੋ !"
ਜਦ ਉਹ ਭੱਜ ਗਏ ਅਤੇ ਮਾਰੇ ਮਾਰੇ ਫਿਰਨ ਲੱਗੇ, ਤਦ ਕੌਮਾਂ ਵਿੱਚ ਲੋਕ ਆਖਦੇ ਸਨ, "ਉਹ ਐਥੇ ਨਹੀਂ ਰਹਿ ਸਕਦੇ ! "

16ਯਹੋਵਾਹ ਦੇ ਕ੍ਰੋਧ ਨੇ ਉਹਨਾਂ ਨੂੰ ਖਿਲਾਰ ਦਿੱਤਾ,
ਉਹ ਫੇਰ ਉਹਨਾਂ ਉੱਤੇ ਦਯਾ ਦ੍ਰਿਸ਼ਟੀ ਨਹੀਂ ਕਰੇਗਾ,
ਉਹਨਾਂ ਦੇ ਜਾਜਕਾਂ ਦਾ ਮਾਣ ਨਹੀਂ ਰੱਖਿਆ, ਨਾ ਬਜ਼ੁਰਗਾਂ ਉੱਤੇ ਕਿਰਪਾ ਕੀਤੀ ।

17ਸਾਡੀਆਂ ਅੱਖਾਂ ਵਿਅਰਥ ਵਿੱਚ ਸਹਾਇਤਾ ਦੀ ਉਡੀਕ ਕਰਦਿਆਂ ਥੱਕ ਗਈਆਂ,
ਅਸੀਂ ਇੱਕ ਕੌਮ ਦੀ ਉਡੀਕ ਕਰਦੇ ਰਹੇ, ਜਿਹੜੀ ਬਚਾ ਨਹੀਂ ਸਕਦੀ ।

18ਉਹ ਸਾਡੇ ਪੈਰਾਂ ਦੇ ਨਿਸ਼ਾਨਾਂ ਦਾ ਪਿੱਛਾ ਕਰਦੇ ਹਨ,
ਕਿ ਅਸੀਂ ਆਪਣੇ ਚੌਂਕਾਂ ਦੇ ਵਿੱਚ ਵੀ ਨਹੀਂ ਜਾ ਸਕਦੇ,
ਸਾਡਾ ਅੰਤ ਨੇੜੇ ਆਇਆ, ਸਾਡੇ ਦਿਨ ਪੂਰੇ ਹੋ ਗਏ, ਕਿਉਂ ਜੋ ਸਾਡਾ ਅੰਤ ਆ ਗਿਆ ਸੀ ।

19ਸਾਡਾ ਪਿੱਛਾ ਕਰਨ ਵਾਲੇ ਅਕਾਸ਼ ਦੇ ਉਕਾਬਾਂ ਨਾਲੋਂ ਵੀ ਤੇਜ਼ ਸਨ,
ਉਹ ਪਹਾੜਾਂ ਦੇ ਉੱਤੇ ਸਾਡੇ ਪਿੱਛੇ ਭੱਜੇ,
ਉਹ ਉਜਾੜ ਵਿੱਚ ਸਾਡੀ ਘਾਤ ਵਿੱਚ ਬੈਠੇ ਸਨ ।

20ਯਹੋਵਾਹ ਦਾ ਮਸਹ ਕੀਤਾ ਹੋਇਆ,
ਜੋ ਸਾਡੀਆਂ ਨਾਸਾਂ ਦਾ ਸਾਹ ਸੀ,
ਜਿਸ ਦੇ ਵਿਖੇ ਅਸੀਂ ਕਹਿੰਦੇ ਸੀ,
ਕਿ ਉਹ ਦੇ ਸਾਏ ਹੇਠ ਅਸੀਂ ਪਰਾਈਆਂ ਕੌਮਾਂ ਵਿੱਚ ਜੀਉਂਦੇ ਰਹਾਂਗੇ,
ਉਹ ਉਹਨਾਂ ਦੇ ਪੁੱਟੇ ਹੋਏ ਟੋਇਆਂ ਵਿੱਚ ਫੜ੍ਹਿਆ ਗਿਆ !

21ਹੇ ਅਦੋਮ ਦੀਏ ਧੀਏ, ਜਿਹੜੀ ਊਜ਼ ਦੇ ਦੇਸ਼ ਵਿੱਚ ਵੱਸਦੀ ਹੈਂ,
ਅਨੰਦ ਹੋ ਅਤੇ ਖੁਸ਼ੀ ਮਨਾ !
ਇਹ ਪਿਆਲਾ ਤੇਰੇ ਤੱਕ ਵੀ ਪਹੁੰਚੇਗਾ,
ਤੂੰ ਮਸਤ ਹੋ ਕੇ ਆਪਣੇ ਆਪ ਨੂੰ ਨੰਗੀ ਕਰੇਂਗੀ !

22ਹੇ ਸੀਯੋਨ ਦੀਏ ਧੀਏ, ਤੇਰੀ ਬਦੀ ਦੀ ਸਜ਼ਾ ਪੂਰੀ ਹੋਈ,
ਉਹ ਤੈਨੂੰ ਫੇਰ ਗੁਲਾਮ ਬਣਾ ਕੇ ਨਹੀਂ ਲੈ ਜਾਵੇਗਾ !
ਹੇ ਅਦੋਮ ਦੀਏ ਧੀਏ, ਉਹ ਤੇਰੀ ਬਦੀ ਦੀ ਖ਼ਬਰ ਲਵੇਗਾ,
ਉਹ ਤੇਰੇ ਪਾਪ ਉਘਾੜ ਦੇਵੇਗਾ !

5
ਦਯਾ ਦੇ ਲਈ ਪ੍ਰਾਰਥਨਾ

1ਹੇ ਯਹੋਵਾਹ, ਜੋ ਕੁਝ ਸਾਡੇ ਨਾਲ ਬੀਤੀ ਉਸ ਨੂੰ ਯਾਦ ਕਰ !

ਧਿਆਨ ਦੇ ਅਤੇ ਸਾਡੀ ਨਿਰਾਦਰੀ ਨੂੰ ਦੇਖ !
2ਸਾਡੀ ਵਿਰਾਸਤ ਪਰਦੇਸੀਆਂ ਨੂੰ ਸੌਂਪੀ ਗਈ,
ਸਾਡੇ ਘਰ ਪਰਾਇਆਂ ਦੇ ਹੋ ਗਏ ।
3ਅਸੀਂ ਯਤੀਮ ਹਾਂ, ਸਾਡੇ ਪਿਤਾ ਨਹੀਂ ਹਨ,
ਸਾਡੀਆਂ ਮਾਵਾਂ ਵਿਧਵਾ ਵਾਂਗੂੰ ਹੋ ਗਈਆਂ ਹਨ ।
4ਅਸੀਂ ਆਪਣਾ ਪਾਣੀ ਮੁੱਲ ਲੈ ਕੇ ਪੀਤਾ,
ਅਤੇ ਸਾਡੀ ਲੱਕੜੀ ਸਾਨੂੰ ਮੁੱਲ ਦੇ ਕੇ ਮਿਲਦੀ ਹੈ ।
5ਸਾਡਾ ਪਿੱਛਾ ਕਰਨ ਵਾਲੇ ਸਾਡੀਆਂ ਗਰਦਨਾਂ ਉੱਤੇ ਹਨ,
ਅਸੀਂ ਥੱਕੇ ਹੋਏ ਹਾਂ ਪਰ ਸਾਨੂੰ ਅਰਾਮ ਨਹੀਂ ਮਿਲਦਾ ।
6ਅਸੀਂ ਆਪ ਮਿਸਰ ਦੇ ਅਧੀਨ ਹੋ ਗਏ,
ਅਤੇ ਅੱਸ਼ੂਰ ਦੇ ਵੀ, ਤਾਂ ਜੋ ਰੋਟੀ ਖਾ ਸਕੀਏ ।
7ਸਾਡੇ ਪੁਰਖਿਆਂ ਨੇ ਪਾਪ ਕੀਤਾ ਅਤੇ ਉਹ ਚੱਲ ਵੱਸੇ,
ਪਰ ਅਸੀਂ ਉਹਨਾਂ ਦੀ ਬੁਰਿਆਈ ਦਾ ਭਾਰ ਚੁੱਕਦੇ ਹਾਂ ।
8ਗੁਲਾਮ ਸਾਡੇ ਉੱਤੇ ਰਾਜ ਕਰਦੇ ਹਨ,
ਸਾਨੂੰ ਉਨ੍ਹਾਂ ਦੇ ਹੱਥੋਂ ਛੁਡਾਉਣ ਵਾਲਾ ਕੋਈ ਨਹੀਂ ।
9ਉਜਾੜ ਵਿੱਚ ਤਲਵਾਰ ਦੇ ਕਾਰਨ,
ਅਸੀਂ ਆਪਣੀ ਜਾਨ ਤਲੀ ਉੱਤੇ ਰੱਖ ਕੇ ਰੋਟੀ ਕਮਾਉਂਦੇ ਹਾਂ ।
10ਭੁੱਖ ਦੀ ਝੁਲਸਾ ਦੇਣ ਵਾਲੀ ਅੱਗ ਦੇ ਕਾਰਨ,
ਸਾਡਾ ਚਮੜਾ ਤੰਦੂਰ ਵਾਂਗੂੰ ਕਾਲਾ ਹੋ ਗਿਆ ਹੈ ।
11ਸੀਯੋਨ ਵਿੱਚ ਇਸਤਰੀਆਂ,
ਅਤੇ ਯਹੂਦਾਹ ਦੇ ਨਗਰਾਂ ਵਿੱਚ ਕੁਆਰੀਆਂ ਭ੍ਰਿਸ਼ਟ ਕੀਤੀਆਂ ਗਈਆਂ ।
12ਹਾਕਮ ਨੂੰ ਉਹਨਾਂ ਦੇ ਹੱਥਾਂ ਭਾਰ ਟੰਗਿਆ ਗਿਆ,
ਬਜ਼ੁਰਗਾਂ ਦਾ ਕੁਝ ਮਾਣ ਨਾ ਕੀਤਾ ਗਿਆ ।
13ਜੁਆਨਾਂ ਨੂੰ ਚੱਕੀ ਚਲਾਉਣੀ ਪਈ,
ਬੱਚਿਆਂ ਨੇ ਲੱਕੜਾਂ ਦੇ ਭਾਰ ਹੇਠ ਠੋਕਰਾਂ ਖਾਧੀਆਂ ।
14ਬਜ਼ੁਰਗ ਫਾਟਕ ਵਿੱਚ ਨਹੀਂ ਬੈਠਦੇ,
ਅਤੇ ਜੁਆਨ ਆਪਣੇ ਗਾਉਣ ਵਜਾਉਣ ਤੋਂ ਹੱਟ ਗਏ ਹਨ ।
15ਸਾਡੇ ਦਿਲਾਂ ਦੀ ਖੁਸ਼ੀ ਮੁੱਕ ਗਈ ਹੈ,
ਸਾਡਾ ਨੱਚਣਾ ਸੋਗ ਵਿੱਚ ਬਦਲ ਗਿਆ ਹੈ ।
16ਮੁਕਟ ਸਾਡੇ ਸਿਰਾਂ ਤੋਂ ਡਿੱਗ ਪਿਆ ਹੈ,
ਸਾਡੇ ਉੱਤੇ ਹਾਇ ! ਕਿਉਂ ਜੋ ਅਸੀਂ ਪਾਪ ਕੀਤਾ ਹੈ ।
17ਇਸੇ ਕਾਰਨ ਸਾਡੇ ਦਿਲ ਕਮਜ਼ੋਰ ਹੋ ਗਏ,
ਇਨ੍ਹਾਂ ਗੱਲਾਂ ਦੇ ਕਾਰਨ ਸਾਡੀਆਂ ਅੱਖਾਂ ਧੁੰਦਲੀਆਂ ਪੈ ਗਈਆਂ,
18ਕਿਉਂ ਜੋ ਸੀਯੋਨ ਪਰਬਤ ਉਜਾੜ ਹੋ ਗਿਆ,
ਉਸ ਵਿੱਚ ਗਿੱਦੜ ਫਿਰਦੇ ਹਨ ।

19ਹੇ ਯਹੋਵਾਹ, ਤੂੰ ਸਦਾ ਲਈ ਬਿਰਾਜਮਾਨ ਹੈਂ,
ਤੇਰਾ ਸਿੰਘਾਸਣ ਪੀੜ੍ਹੀਓਂ ਪੀੜ੍ਹੀ ਕਾਇਮ ਹੈ ।
20ਤੂੰ ਕਿਉਂ ਸਾਨੂੰ ਸਦਾ ਲਈ ਵਿਸਾਰ ਦਿੱਤਾ ਹੈ,
ਅਤੇ ਕਿਉਂ ਸਾਨੂੰ ਇੰਨ੍ਹੇ ਲੰਬੇ ਸਮੇਂ ਲਈ ਤਿਆਗ ਦਿੱਤਾ ਹੈ ?
21ਹੇ ਯਹੋਵਾਹ, ਸਾਨੂੰ ਆਪਣੀ ਵੱਲ ਮੋੜ ਲੈ, ਤਾਂ ਅਸੀਂ ਮੁੜ ਆਵਾਂਗੇ,
ਸਾਡੇ ਦਿਨ ਪਹਿਲਾਂ ਵਾਂਗੂੰ ਨਵੇਂ ਬਣਾ ਦੇ ।
22ਕੀ ਤੂੰ ਸਾਨੂੰ ਪੂਰੀ ਤਰ੍ਹਾਂ ਹੀ ਛੱਡ ਦਿੱਤਾ ਹੈ ?
ਕੀ ਤੂੰ ਸਾਡੇ ਨਾਲ ਬਹੁਤ ਹੀ ਕ੍ਰੋਧਿਤ ਹੋ ਗਿਆ ਹੈਂ ?

ਹਿਜ਼ਕੀਏਲ

1
ਪਰਮੇਸ਼ੁਰ ਬਾਰੇ ਹਿਜ਼ਕੀਏਲ ਦਾ ਪਹਿਲਾ ਦਰਸ਼ਣ
(1:1 – 7:27)
ਪਰਮੇਸ਼ੁਰ ਦਾ ਸਿੰਘਾਸਣ

1ਤੀਹਵੇਂ ਸਾਲ ਦੇ ਚੌਥੇ ਮਹੀਨੇ ਦੀ ਪੰਜ ਤਾਰੀਖ਼ ਨੂੰ ਇਸ ਤਰ੍ਹਾਂ ਹੋਇਆ ਕਿ ਜਦ ਮੈਂ ਕਬਾਰ ਨਹਿਰ ਉੱਤੇ ਗੁਲਾਮਾਂ ਦੇ ਵਿਚਕਾਰ ਸੀ, ਤਾਂ ਅਕਾਸ਼ ਖੁੱਲ੍ਹ ਗਏ ਅਤੇ ਮੈਂ ਪਰਮੇਸ਼ੁਰ ਦੇ ਦਰਸ਼ਣ ਦੇਖੇ ।2ਉਸ ਮਹੀਨੇ ਦੀ ਪੰਜ ਤਾਰੀਖ਼ ਨੂੰ ਯਹੋਯਾਕੀਨ ਰਾਜੇ ਦੀ ਗੁਲਾਮੀ ਦੇ ਪੰਜਵੇਂ ਸਾਲ ਵਿੱਚ3ਯਹੋਵਾਹ ਦਾ ਬਚਨ, ਬੂਜ਼ੀ ਦੇ ਪੁੱਤਰ ਹਿਜ਼ਕੀਏਲ ਜਾਜਕ ਕੋਲ ਆਇਆ, ਜੋ ਕਸਦੀਆਂ ਦੇ ਦੇਸ ਵਿੱਚ ਕਬਾਰ ਨਹਿਰ ਉੱਤੇ ਸੀ ਅਤੇ ਉੱਥੇ ਯਹੋਵਾਹ ਦਾ ਹੱਥ ਉਸ ਦੇ ਉੱਤੇ ਸੀ ।

4ਜਦੋਂ ਮੈਂ ਵੇਖਿਆ ਤਾਂ ਵੇਖੋ, ਉੱਤਰ ਵੱਲੋਂ ਵੱਡੀ ਹਨ੍ਹੇਰੀ ਆਈ, ਇੱਕ ਵੱਡਾ ਬੱਦਲ ਜੋ ਅੱਗ ਨਾਲ ਭਰਿਆ ਹੋਇਆ ਸੀ ਅਤੇ ਉਸ ਦੇ ਦੁਆਲੇ ਚਮਕ ਸੀ, ਅਤੇ ਉਸ ਦੇ ਵਿਚਾਲਿਓਂ ਪਿੱਤਲ ਵਰਗੀ ਕੋਈ ਚਮਕਦੀ ਹੋਈ ਚੀਜ਼ ਦਿਖਾਈ ਦਿੱਤੀ ।5ਉਸ ਵਿੱਚ ਚਾਰ ਜੀਵ ਸਨ ਅਤੇ ਉਹਨਾਂ ਦਾ ਰੂਪ ਇਹ ਸੀ: ਉਹ ਮਨੁੱਖ ਵਰਗੇ ਸਨ,6ਹਰੇਕ ਦੇ ਚਾਰ ਮੂੰਹ ਅਤੇ ਚਾਰ ਖੰਭ ਸਨ
7ਅਤੇ ਉਹਨਾਂ ਦੇ ਪੈਰ ਸਿੱਧੇ ਸਨ ਅਤੇ ਉਹਨਾਂ ਦੇ ਪੈਰਾਂ ਦੀਆਂ ਤਲੀਆਂ ਵੱਛੇ ਦੇ ਪੈਰਾਂ ਦੀਆਂ ਤਲੀਆਂ ਵਰਗੀਆਂ ਸਨ ਅਤੇ ਉਹ ਮਾਂਜੇ ਹੋਏ ਪਿੱਤਲ ਵਾਂਗੂੰ ਚਮਕਦੇ ਸਨ ।8ਉਹਨਾਂ ਦੇ ਚਾਰੇ ਪਾਸੇ ਉਹਨਾਂ ਦੇ ਖੰਭਾਂ ਦੇ ਹੇਠਾਂ ਮਨੁੱਖ ਦੇ ਹੱਥ ਸਨ ਅਤੇ ਚਾਰਾਂ ਦੇ ਚਿਹਰੇ ਅਤੇ ਖੰਭ ਇਸ ਤਰ੍ਹਾਂ ਸਨ9ਕਿ ਉਹਨਾਂ ਦੇ ਖੰਭ ਇੱਕ ਦੂਜੇ ਨਾਲ ਜੁੜੇ ਹੋਏ ਸਨ । ਉਹ ਤੁਰਦੇ ਹੋਏ ਮੁੜਦੇ ਨਹੀਂ ਸਨ, ਉਹ ਸਾਰੇ ਸਿੱਧੇ ਆਪਣੇ ਮੂੰਹਾਂ ਦੀ ਸੇਧ ਵਿੱਚ ਚੱਲਦੇ ਸਨ ।
10ਉਹਨਾਂ ਦੇ ਚਿਹਰੇ ਮਨੁੱਖ ਦੇ ਚਿਹਰੇ ਵਰਗੇ ਸਨ, ਉਹਨਾਂ ਚਾਰਾਂ ਦੇ ਸੱਜੇ ਪਾਸੇ ਬੱਬਰ ਸ਼ੇਰ ਦੇ ਚਿਹਰੇ ਸਨ, ਉਹਨਾਂ ਚਾਰਾਂ ਦੇ ਖੱਬੇ ਪਾਸੇ ਬਲਦ ਦੇ ਚਿਹਰੇ ਸਨ ਅਤੇ ਉਹਨਾਂ ਪਿੱਛਲੇ ਪਾਸੇ ਉਕਾਬ ਦੇ ਚਿਹਰੇ ਸਨ ।11ਉਹਨਾਂ ਦੇ ਚਿਹਰੇ ਅਤੇ ਉਹਨਾਂ ਦੇ ਖੰਭ ਉੱਪਰੋਂ ਅੱਡ ਅੱਡ ਸਨ, ਹਰੇਕ ਦੇ ਦੋ ਖੰਭ ਦੂਜੇ ਦੇ ਦੋ ਖੰਭਾਂ ਨਾਲ ਜੁੜੇ ਹੋਏ ਸਨ ਅਤੇ ਬਾਕੀ ਦੋ-ਦੋ ਖੰਭਾਂ ਨਾਲ ਉਹਨਾਂ ਦਾ ਸਰੀਰ ਢੱਕਿਆ ਹੋਇਆ ਸੀ ।12ਉਹਨਾਂ ਵਿੱਚੋਂ ਹਰੇਕ ਸਿੱਧਾ ਆਪਣੇ ਚਿਹਰੇ ਦੀ ਸੇਧ ਵਿੱਚ ਤੁਰਦਾ ਸੀ, ਜਿੱਧਰ ਜਾਣ ਨੂੰ ਆਤਮਾ ਅਗਵਾਈ ਕਰਦਾ ਸੀ, ਉਹ ਜਾਂਦੇ ਸਨ ਅਤੇ ਉਹ ਤੁਰਦੇ ਹੋਏ ਮੁੜਦੇ ਨਹੀਂ ਸਨ ।
13ਉਹਨਾਂ ਜੀਵਾਂ ਦਾ ਰੂਪ ਅੱਗ ਦੇ ਭੱਖਦੇ ਹੋਏ ਕੋਲਿਆਂ ਅਤੇ ਮਸ਼ਾਲਾਂ ਵਰਗਾ ਸੀ, ਇੱਕ ਚਮਕਦੀ ਹੋਈ ਅੱਗ ਜੀਵਾਂ ਦੇ ਵਿਚਾਲੇ ਇੱਧਰ-ਉੱਧਰ ਆਉਂਦੀ ਜਾਂਦੀ ਸੀ ਅਤੇ ਉਸ ਅੱਗ ਵਿੱਚੋਂ ਬਿਜਲੀ ਨਿੱਕਲਦੀ ਸੀ ।14ਜੀਵਾਂ ਦਾ ਦੌੜਨਾ ਅਤੇ ਮੁੜਨਾ ਬਿਜਲੀ ਵਾਂਗੂੰ ਦਿਖਾਈ ਦਿੰਦਾ ਸੀ ।
15ਮੈਂ ਉਹਨਾਂ ਜੀਵਾਂ ਨੂੰ ਵੇਖਿਆ ਤਾਂ ਵੇਖੋ, ਕਿ ਉਹਨਾਂ ਚਾਰਾਂ ਜੀਵਾਂ ਦੇ ਹਰ ਚਿਹਰੇ ਦੇ ਕੋਲ ਧਰਤੀ ਉੱਤੇ ਇੱਕ-ਇੱਕ ਪਹੀਆ ਸੀ ।16ਉਹਨਾਂ ਪਹੀਆਂ ਦਾ ਰੂਪ ਅਤੇ ਬਣਾਵਟ ਇਹ ਸੀ: ਹਰੇਕ ਪਹੀਆ ਪੁਖਰਾਜ ਵਾਂਗੂੰ ਚਮਕਦਾ ਸੀ ਅਤੇ ਉਹ ਚਾਰੇ ਇੱਕੋ ਜਿਹੇ ਸਨ; ਉਹ ਇਸ ਤਰ੍ਹਾਂ ਦਿਖਾਈ ਦਿੰਦੇ ਸਨ ਜਿਵੇਂ ਇੱਕ ਪਹੀਆ ਦੂਸਰੇ ਪਹੀਏ ਦੇ ਵਿੱਚ ਹੋਵੇ ।
17ਜਦੋਂ ਪਹੀਏ ਚੱਲਦੇ ਸਨ, ਉਹ ਕਿਸੇ ਵੀ ਦਿਸ਼ਾ ਦੇ ਵਿੱਚ ਚੱਲਦੇ ਹੋਏ, ਕਿਸੇ ਹੋਰ ਦਿਸ਼ਾ ਦੇ ਵਿੱਚ ਮੁੜਦੇ ਨਹੀਂ ਸਨ ।18ਉਹਨਾਂ ਦੇ ਚੱਕੇ ਵੱਡੇ ਉੱਚੇ ਤੇ ਡਰਾਉਣੇ ਸਨ, ਅਤੇ ਉਹਨਾਂ ਚਾਰਾਂ ਚੱਕਿਆਂ ਦੇ ਦੁਆਲੇ ਅੱਖਾਂ ਹੀ ਅੱਖਾਂ ਸਨ ।
19ਜਦੋਂ ਉਹ ਜੀਵ ਤੁਰਦੇ ਸਨ, ਤਾਂ ਉਹਨਾਂ ਦੇ ਪਹੀਏ ਵੀ ਚੱਲਦੇ ਸਨ ਅਤੇ ਜਦੋਂ ਉਹ ਜੀਵ ਧਰਤੀ ਤੋਂ ਚੁੱਕੇ ਜਾਂਦੇ ਸਨ, ਤਾਂ ਪਹੀਏ ਵੀ ਚੁੱਕੇ ਜਾਂਦੇ ਸਨ ।20ਜਿੱਥੇ ਕਿਤੇ ਆਤਮਾ ਜਾਣਾ ਚਾਹੁੰਦਾ ਸੀ, ਉਹ ਜਾਂਦੇ ਸਨ । ਪਹੀਏ ਉਹਨਾਂ ਦੇ ਨਾਲ ਚੁੱਕੇ ਜਾਂਦੇ ਸਨ, ਕਿਉਂ ਜੋ ਜੀਵਾਂ ਦਾ ਆਤਮਾ ਪਹੀਆਂ ਵਿੱਚ ਸੀ ।21ਜਦੋਂ ਜੀਵ ਤੁਰਦੇ ਸਨ, ਤਾਂ ਪਹੀਏ ਵੀ ਚੱਲਦੇ ਸਨ ਅਤੇ ਜਦੋਂ ਜੀਵ ਰੁਕਦੇ ਸਨ, ਤਾਂ ਪਹੀਏ ਵੀ ਰੁੱਕ ਜਾਂਦੇ ਸਨ ਅਤੇ ਜਦੋਂ ਉਹ ਧਰਤੀ ਤੋਂ ਚੁੱਕੇ ਜਾਂਦੇ ਸਨ, ਤਾਂ ਉਹ ਪਹੀਏ ਵੀ ਉਹਨਾਂ ਦੇ ਨਾਲ ਚੁੱਕੇ ਜਾਂਦੇ ਸਨ, ਕਿਉਂ ਜੋ ਜੀਵਾਂ ਦਾ ਆਤਮਾ ਪਹੀਆਂ ਦੇ ਵਿੱਚ ਸੀ ।
22ਜੀਵਾਂ ਦੇ ਸਿਰ ਉੱਤੇ ਅੰਬਰ ਸੀ, ਉਹ ਬਲੌਰ ਦੇ ਰੰਗ ਵਰਗਾ ਸੀ ਅਤੇ ਉਹਨਾਂ ਦੇ ਸਿਰਾਂ ਦੇ ਉੱਪਰ ਤਾਣਿਆ ਹੋਇਆ ਸੀ ।23ਉਸ ਅੰਬਰ ਦੇ ਹੇਠਾਂ ਉਹਨਾਂ ਦੇ ਖੰਭ ਇੱਕ ਦੂਜੇ ਦੀ ਸੇਧ ਵਿੱਚ ਸਨ, ਹਰੇਕ ਦੇ ਦੋਵਾਂ ਖੰਭਾ ਨਾਲ ਉਹਨਾਂ ਦਾ ਇੱਕ ਪਾਸਾ ਢੱਕਿਆ ਹੋਇਆ ਸੀ ਅਤੇ ਦੋਵਾਂ ਨਾਲ ਉਹਨਾਂ ਦੇ ਸਰੀਰ ਦਾ ਦੂਜਾ ਪਾਸਾ ਢੱਕਿਆ ਹੋਇਆ ਸੀ ।
24ਜਦੋਂ ਉਹ ਤੁਰਦੇ ਸਨ, ਤਾਂ ਉਹਨਾਂ ਦੇ ਖੰਭਾਂ ਦੀ ਅਵਾਜ਼ ਬਹੁਤੇ ਪਾਣੀਆਂ ਦੀ ਅਵਾਜ਼ ਵਰਗੀ, ਸਰਬ ਸ਼ਕਤੀਮਾਨ ਦੀ ਅਵਾਜ਼ ਵਰਗੀ ਅਤੇ ਸੈਨਾਂ ਦੀ ਅਵਾਜ਼ ਵਰਗੀ ਸੀ । ਜਦੋਂ ਉਹ ਰੁਕਦੇ ਸਨ ਤਾਂ ਆਪਣੇ ਖੰਭਾਂ ਨੂੰ ਲਮਕਾ ਲੈਂਦੇ ਸਨ ।25ਉਸ ਅੰਬਰ ਵਿੱਚੋਂ ਜਿਹੜਾ ਉਹਨਾਂ ਦੇ ਸਿਰਾਂ ਉੱਤੇ ਸੀ, ਇੱਕ ਅਵਾਜ਼ ਆਉਂਦੀ ਸੀ ਅਤੇ ਜਦੋਂ ਉਹ ਖੜ੍ਹੇ ਹੁੰਦੇ ਸਨ, ਤਾਂ ਆਪਣੇ ਖੰਭਾਂ ਨੂੰ ਲਮਕਾ ਲੈਂਦੇ ਸਨ ।
26ਜੋ ਅੰਬਰ ਉਹਨਾਂ ਦੇ ਸਿਰ ਉੱਪਰ ਸੀ, ਉਸ ਉੱਤੇ ਨੀਲਮ ਪੱਥਰ ਦਾ ਬਣਿਆ ਹੋਇਆ, ਕੁੱਝ ਸਿੰਘਾਸਣ ਜਿਹਾ ਸੀ ਅਤੇ ਉਸ ਸਿੰਘਾਸਣ ਦੇ ਉੱਤੇ ਮਨੁੱਖ ਜਿਹਾ ਕੋਈ ਰੂਪ ਦਿਖਾਈ ਦਿੰਦਾ ਸੀ ।
27ਮੈਂ ਉਸ ਦੇ ਲੱਕ ਤੋਂ ਲੈ ਕੇ ਉੱਤੇ ਤੱਕ ਚਮਕਦੇ ਹੋਏ ਪਿੱਤਲ ਜਿਹਾ ਅੱਗ ਦੇ ਰੂਪ ਵਰਗਾ, ਉਹ ਦੇ ਵਿਚਕਾਰ ਅਤੇ ਦੁਆਲੇ ਵੇਖਿਆ ਅਤੇ ਉਹ ਦੇ ਲੱਕ ਤੋਂ ਲੈ ਕੇ ਥੱਲੇ ਤੱਕ ਮੈਂ ਅੱਗ ਦਾ ਰੂਪ ਵੇਖਿਆ ਅਤੇ ਉਹ ਦੇ ਦੁਆਲੇ ਚਾਰੋਂ ਪਾਸੇ ਚਮਕ ਸੀ ।28ਜਿਵੇਂ ਵਰਖਾ ਦੇ ਦਿਨ ਬੱਦਲ ਵਿੱਚ ਧਣੁਖ ਦਿਖਾਈ ਦਿੰਦਾ ਹੈ ਉਸੇ ਤਰ੍ਹਾਂ ਚਾਰੇ ਪਾਸੇ ਦਾ ਪਰਕਾਸ਼ ਦਿਖਾਈ ਦਿੰਦਾ ਸੀ । ਇਹ ਯਹੋਵਾਹ ਦੇ ਪਰਤਾਪ ਦਾ ਪਰਕਾਸ਼ ਜਿਹਾ ਸੀ, ਉਸ ਨੂੰ ਵੇਖਦੇ ਹੀ ਮੈਂ ਮੂਧੇ ਮੂੰਹ ਡਿੱਗਿਆ ਅਤੇ ਮੈਂ ਇੱਕ ਅਵਾਜ਼ ਸੁਣੀ, ਜਿਵੇਂ ਕੋਈ ਗੱਲਾਂ ਕਰਦਾ ਹੈ ।

2
ਪਰਮੇਸ਼ੁਰ ਦੀ ਬੁਲਾਹਟ

1ਉਸ ਨੇ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ, ਤੂੰ ਆਪਣੇ ਪੈਰਾਂ ਉੱਤੇ ਖੜ੍ਹਾ ਹੋ ਅਤੇ ਮੈਂ ਤੇਰੇ ਨਾਲ ਗੱਲਾਂ ਕਰਾਂਗਾ !2ਜਦੋਂ ਉਹ ਨੇ ਮੈਨੂੰ ਇਹ ਆਖਿਆ, ਤਾਂ ਆਤਮਾ ਮੇਰੇ ਵਿੱਚ ਆਇਆ ਅਤੇ ਮੈਨੂੰ ਪੈਰਾਂ ਉੱਤੇ ਖੜ੍ਹਾ ਕੀਤਾ, ਤਦ ਮੈਂ ਉਹ ਦੀ ਸੁਣੀ ਜਿਹੜਾ ਮੇਰੇ ਨਾਲ ਗੱਲਾਂ ਕਰਦਾ ਸੀ ।3ਉਸ ਨੇ ਮੈਨੂੰ ਆਖਿਆ ਕਿ ਹੇ ਮਨੁੱਖ ਦੇ ਪੁੱਤਰ, ਮੈਂ ਤੈਨੂੰ ਇਸਰਾਏਲੀਆਂ ਦੇ ਕੋਲ ਅਥਵਾ ਉਹਨਾਂ ਵਿਦਰੋਹੀ ਕੌਮਾਂ ਦੇ ਕੋਲ ਜਿਹਨਾਂ ਨੇ ਮੇਰੇ ਵਿਰੁੱਧ ਵਿਦਰੋਹ ਕੀਤਾ, ਭੇਜਦਾ ਹਾਂ । ਉਹ ਅਤੇ ਉਹਨਾਂ ਦੇ ਪਿਉ-ਦਾਦੇ ਅੱਜ ਦੇ ਦਿਨ ਤੱਕ ਮੇਰੇ ਅਪਰਾਧੀ ਹੁੰਦੇ ਆਏ ਹਨ ।

4ਉਹਨਾਂ ਦੇ ਬੱਚੇ ਢੀਠ ਅਤੇ ਪੱਥਰ ਦਿਲ ਹਨ । ਮੈਂ ਤੈਨੂੰ ਉਹਨਾਂ ਦੇ ਕੋਲ ਭੇਜ ਰਿਹਾ ਹਾਂ । ਤੂੰ ਉਹਨਾਂ ਨੂੰ ਆਖ, ਕਿ ਪ੍ਰਭੂ ਯਹੋਵਾਹ ਇਸ ਤਰ੍ਹਾਂ ਆਖਦਾ ਹੈ5ਭਾਵੇਂ ਉਹ ਸੁਣਨ ਜਾਂ ਨਾ ਸੁਣਨ ਕਿਉਂ ਜੋ ਉਹ ਤਾਂ ਇੱਕ ਵਿਦਰੋਹੀ ਘਰਾਣਾ ਹੈ, ਪਰ ਉਹ ਜਾਣ ਲੈਣਗੇ ਕਿ ਉਹਨਾਂ ਦੇ ਵਿੱਚ ਇੱਕ ਨਬੀ ਪਰਗਟ ਹੋਇਆ ਹੈ ।
6ਹੇ ਮਨੁੱਖ ਦੇ ਪੁੱਤਰ, ਤੂੰ ਉਹਨਾਂ ਕੋਲੋਂ ਭੈ ਨਾ ਖਾਈਂ ਅਤੇ ਉਹਨਾਂ ਦੀਆਂ ਗੱਲਾਂ ਤੋਂ ਨਾ ਡਰ, ਭਾਵੇਂ ਤੇਰੇ ਨਾਲ ਝਾੜੀਆਂ ਅਤੇ ਕੰਡੇ ਹਨ ਅਤੇ ਤੂੰ ਬਿੱਛੂਆਂ ਦੇ ਵਿੱਚ ਵੱਸਦਾ ਹੈਂ ਪਰ ਉਹਨਾਂ ਦੀਆਂ ਗੱਲਾਂ ਤੋਂ ਨਾ ਡਰ ਅਤੇ ਉਹਨਾਂ ਦੇ ਚਿਹਰਿਆਂ ਨੂੰ ਵੇਖ ਕੇ ਨਾ ਘਾਬਰ, ਕਿਉਂ ਜੋ ਉਹ ਇੱਕ ਵਿਦਰੋਹੀ ਘਰਾਣਾ ਹੈ ।
7ਤੂੰ ਮੇਰੀਆਂ ਗੱਲਾਂ ਉਹਨਾਂ ਨੂੰ ਆਖ, ਭਾਵੇਂ ਉਹ ਸੁਣਨ ਜਾਂ ਨਾ ਸੁਣਨ, ਕਿਉਂ ਜੋ ਉਹ ਵਿਦਰੋਹੀ ਹਨ ।8ਪਰ ਤੂੰ, ਹੇ ਮਨੁੱਖ ਦੇ ਪੁੱਤਰ, ਉਹ ਸੁਣ ਜੋ ਮੈਂ ਤੈਨੂੰ ਆਖਦਾ ਹਾਂ । ਤੂੰ ਉਸ ਵਿਦਰੋਹੀ ਘਰਾਣੇ ਵਾਂਗੂੰ ਵਿਦਰੋਹੀ ਨਾ ਹੋ ! ਤੂੰ ਆਪਣਾ ਮੂੰਹ ਖੋਲ੍ਹ ਅਤੇ ਜੋ ਕੁੱਝ ਮੈਂ ਤੈਨੂੰ ਦਿੰਦਾ ਹਾਂ ਖਾ ਲੈ !
9ਜਦ ਮੈਂ ਵੇਖਿਆ ਤਾਂ ਵੇਖੋ, ਇੱਕ ਹੱਥ ਮੇਰੇ ਵੱਲ ਵਧਾਇਆ ਹੋਇਆ ਹੈ ਅਤੇ ਵੇਖੋ, ਉਸ ਵਿੱਚ ਇੱਕ ਲਪੇਟਵੀਂ ਪੱਤ੍ਰੀ ਸੀ ।10ਉਹ ਨੇ ਉਸ ਨੂੰ ਮੇਰੇ ਸਾਹਮਣੇ ਖੋਲ੍ਹ ਦਿੱਤਾ, ਉਸ ਦੇ ਵਿੱਚ ਅੰਦਰ-ਬਾਹਰ ਲਿਖਿਆ ਹੋਇਆ ਸੀ ਅਤੇ ਉਸ ਦੇ ਵਿੱਚ ਵਿਰਲਾਪ, ਸੋਗ ਅਤੇ ਸਿਆਪਾ ਲਿਖੇ ਹੋਏ ਸਨ ।

3

1ਫਿਰ ਉਸ ਨੇ ਮੈਨੂੰ ਆਖਿਆ ਕਿ ਹੇ ਮਨੁੱਖ ਦੇ ਪੁੱਤਰ, ਜੋ ਕੁੱਝ ਤੈਨੂੰ ਮਿਲਿਆ ਹੈ, ਉਸ ਨੂੰ ਖਾ ਲੈ ! ਇਸ ਲਪੇਟਵੀਂ ਪੱਤ੍ਰੀ ਨੂੰ ਖਾ ਲੈ ਅਤੇ ਜਾ ਕੇ ਇਸਰਾਏਲ ਦੇ ਘਰਾਣੇ ਨਾਲ ਬੋਲ !2ਤਦ ਮੈਂ ਮੂੰਹ ਖੋਲ੍ਹਿਆ ਅਤੇ ਉਹ ਨੇ ਉਹ ਲਪੇਟਵੀਂ ਪੱਤ੍ਰੀ ਮੈਨੂੰ ਖੁਆ ਦਿੱਤੀ ।3ਫਿਰ ਉਸ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ, ਜੋ ਮੈਂ ਤੈਨੂੰ ਦਿੰਦਾ ਹਾਂ ਤੂੰ ਉਸ ਨੂੰ ਪਚਾ ਲੈ ਅਤੇ ਇਸ ਲਪੇਟਵੀਂ ਪੱਤ੍ਰੀ ਨਾਲ ਆਪਣੀਆਂ ਆਂਦਰਾਂ ਭਰ ਲੈ । ਤਦ ਮੈਂ ਇਹ ਨੂੰ ਖਾਧਾ ਅਤੇ ਇਹ ਮੇਰੇ ਮੂੰਹ ਵਿੱਚ ਸ਼ਹਿਦ ਵਾਂਗੂੰ ਮਿੱਠੀ ਲੱਗੀ ਸੀ ।

4ਉਹ ਨੇ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ, ਤੂੰ ਇਸਰਾਏਲ ਦੇ ਘਰਾਣੇ ਕੋਲ ਜਾ ਅਤੇ ਮੇਰੀਆਂ ਇਹ ਗੱਲਾਂ ਉਹਨਾਂ ਨੂੰ ਦੱਸ ।5ਕਿਉਂ ਜੋ ਤੈਨੂੰ ਅਜਿਹੇ ਲੋਕਾਂ ਵੱਲ ਨਹੀਂ ਭੇਜਿਆ ਜਾਂਦਾ, ਜਿਹਨਾਂ ਦੀ ਬੋਲੀ ਓਪਰੀ ਅਤੇ ਜਿਹਨਾਂ ਦੀ ਭਾਸ਼ਾ ਔਖੀ ਹੈ, ਸਗੋਂ ਇਸਰਾਏਲ ਦੇ ਘਰਾਣੇ ਕੋਲ ਭੇਜਿਆ ਜਾਂਦਾ ਹੈ ।6ਨਾ ਬਹੁਤ ਸਾਰੀਆਂ ਉੱਮਤਾਂ ਕੋਲ ਜਿਹਨਾਂ ਦੀ ਬੋਲੀ ਓਪਰੀ ਅਤੇ ਭਾਸ਼ਾ ਔਖੀ ਹੈ, ਜਿਹਨਾਂ ਦੀਆਂ ਗੱਲਾਂ ਤੂੰ ਸਮਝ ਨਹੀਂ ਸਕਦਾ ! ਜੇਕਰ ਮੈਂ ਤੈਨੂੰ ਉਹਨਾਂ ਦੇ ਕੋਲ ਭੇਜਦਾ, ਤਾਂ ਉਹ ਤੇਰੀ ਸੁਣਦੀਆਂ ।7ਪਰ ਇਸਰਾਏਲ ਦਾ ਘਰਾਣਾ ਤੇਰੀ ਨਾ ਸੁਣੇਗਾ ਕਿਉਂ ਜੋ ਉਹ ਮੇਰੀ ਸੁਣਨਾ ਨਹੀਂ ਚਾਹੁੰਦੇ । ਇਸਰਾਏਲ ਦਾ ਸਾਰਾ ਘਰਾਣਾ ਢੀਠ ਅਤੇ ਪੱਥਰ ਦਿਲ ਹੈ ।
8ਵੇਖ, ਮੈਂ ਉਹਨਾਂ ਦੇ ਚਿਹਰਿਆਂ ਦੇ ਵਿਰੁੱਧ ਤੇਰਾ ਚਿਹਰਾ ਕਠੋਰ ਅਤੇ ਤੇਰਾ ਮੱਥਾ ਉਹਨਾਂ ਦੇ ਮੱਥਿਆਂ ਦੇ ਵਿਰੁੱਧ ਢੀਠ ਕਰ ਦਿੱਤਾ ਹੈ ।9ਮੈਂ ਤੇਰੇ ਮੱਥੇ ਨੂੰ ਹੀਰੇ ਵਾਂਗੂੰ ਚਕਮਕ ਪੱਥਰ ਤੋਂ ਵੀ ਵਧੀਕ ਕਠੋਰ ਕਰ ਦਿੱਤਾ ਹੈ । ਉਹਨਾਂ ਤੋਂ ਨਾ ਡਰ ਅਤੇ ਉਹਨਾਂ ਦੇ ਚਿਹਰਿਆਂ ਨੂੰ ਦੇਖ ਨਿਰਾਸ਼ ਨਾ ਹੋ, ਕਿਉਂਕਿ ਉਹ ਵਿਦਰੋਹੀ ਘਰਾਣਾ ਹੈ ।
10ਫਿਰ ਉਹ ਨੇ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ, ਮੇਰੀਆਂ ਸਾਰੀਆਂ ਗੱਲਾਂ ਨੂੰ ਜੋ ਮੈਂ ਤੈਨੂੰ ਆਖਾਂਗਾ, ਆਪਣੇ ਦਿਲ ਵਿੱਚ ਰੱਖ ਲੈ ਅਤੇ ਆਪਣਿਆਂ ਕੰਨਾਂ ਨਾਲ ਸੁਣ !11ਹੁਣ ਤੂੰ ਗੁਲਾਮਾਂ ਅਥਵਾ ਆਪਣੀ ਕੌਮ ਦੇ ਲੋਕਾਂ ਕੋਲ ਜਾ ਕੇ ਗੱਲ ਕਰ ਅਤੇ ਉਹਨਾਂ ਨੂੰ ਆਖ ਕਿ ਪ੍ਰਭੂ ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਭਾਵੇਂ ਉਹ ਸੁਣਨ, ਭਾਵੇਂ ਉਹ ਨਾ ਸੁਣਨ ।
12ਫਿਰ ਆਤਮਾ ਨੇ ਮੈਨੂੰ ਚੁੱਕ ਲਿਆ ਅਤੇ ਮੈਂ ਆਪਣੇ ਪਿੱਛੇ ਇੱਕ ਵੱਡੀ ਭੂਚਾਲ ਵਰਗੀ ਅਵਾਜ਼ ਸੁਣੀ ਜੋ ਇਸ ਤਰ੍ਹਾਂ ਸੀ ਕਿ ਯਹੋਵਾਹ ਦਾ ਪਰਤਾਪ ਉਹ ਦੇ ਸਥਾਨ ਤੋਂ ਮੁਬਾਰਕ ਹੋਵੇ !13ਉਸ ਦੇ ਨਾਲ ਹੀ ਜੀਵਾਂ ਦੇ ਖੰਭਾਂ ਦੇ ਇੱਕ ਦੂਜੇ ਨਾਲ ਛੂਹਣ ਦੀ ਅਵਾਜ਼, ਉਹਨਾਂ ਦੇ ਪਹੀਆਂ ਦੀ ਅਵਾਜ਼ ਅਤੇ ਇੱਕ ਵੱਡੇ ਭੂਚਾਲ ਦੀ ਅਵਾਜ਼, ਮੈਂ ਸੁਣੀ ।
14ਆਤਮਾ ਮੈਨੂੰ ਚੁੱਕ ਕੇ ਲੈ ਗਿਆ, ਸੋ ਮੈਂ ਆਤਮਾ ਦੀ ਕੁੜੱਤਣ ਅਤੇ ਕ੍ਰੋਧ ਵਿੱਚ ਤੁਰ ਪਿਆ ਅਤੇ ਯਹੋਵਾਹ ਦਾ ਹੱਥ ਮੇਰੇ ਉੱਤੇ ਭਾਰੀ ਸੀ ।15ਮੈਂ ਤੇਲ-ਆਬੀਬ ਵਿੱਚ ਗੁਲਾਮਾਂ ਦੇ ਕੋਲ ਜਿਹੜੇ ਕਬਾਰ ਨਹਿਰ ਦੇ ਕੋਲ ਵੱਸਦੇ ਸਨ, ਪਹੁੰਚਿਆ ਅਤੇ ਜਿੱਥੇ ਉਹ ਰਹਿੰਦੇ ਸਨ ਅਤੇ ਮੈਂ ਸੱਤ ਦਿਨਾਂ ਤੱਕ ਉਹਨਾਂ ਦੇ ਵਿਚਕਾਰ ਹੈਰਾਨ ਹੋ ਕੇ ਬੈਠਾ ਰਿਹਾ ।
ਪਹਿਰੇਦਾਰ ਦੇ ਰੂਪ ਵਿੱਚ ਹਿਜ਼ਕੀਏਲ ਦੀ ਨਿਯੁਕਤੀ
(ਹਿਜ਼ਕੀਏਲ 33:1-9)

16ਸੱਤ ਦਿਨਾਂ ਬਾਅਦ ਇਸ ਤਰ੍ਹਾਂ ਹੋਇਆ ਕਿ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਤੇ ਆਖਿਆ17ਕਿ ਹੇ ਮਨੁੱਖ ਦੇ ਪੁੱਤਰ, ਮੈਂ ਤੈਨੂੰ ਇਸਰਾਏਲ ਦੇ ਘਰਾਣੇ ਲਈ ਰਾਖਾ ਬਣਾਇਆ ਹੈ, ਇਸ ਲਈ ਤੂੰ ਮੇਰੇ ਮੂੰਹ ਦਾ ਬਚਨ ਸੁਣ ਅਤੇ ਮੇਰੇ ਵੱਲੋਂ ਉਹਨਾਂ ਨੂੰ ਚੇਤਾਵਨੀ ਦੇ ।18ਜਦੋਂ ਮੈਂ ਦੁਸ਼ਟ ਨੂੰ ਆਖਾਂ ਕਿ ਤੂੰ ਪੱਕਾ ਹੀ ਮਰੇਂਗਾ ਅਤੇ ਤੂੰ ਉਸ ਨੂੰ ਚੇਤਾਵਨੀ ਨਾ ਦੇਵੇਂ ਅਤੇ ਦੁਸ਼ਟ ਨੂੰ ਉਹ ਦੀ ਬੁਰਾਈ ਤੋਂ ਚੌਕਸ ਨਾ ਕਰੇਂ, ਤਾਂ ਕਿ ਉਹ ਜੀਉਂਦਾ ਰਹੇ; ਤਾਂ ਦੁਸ਼ਟ ਆਪਣੀ ਬਦੀ ਵਿੱਚ ਤਾਂ ਮਰੇਗਾ, ਪਰ ਮੈਂ ਉਹ ਦੇ ਖੂਨ ਦਾ ਬਦਲਾ ਤੇਰੇ ਹੱਥੋਂ ਲਵਾਂਗਾ ।19ਪਰ ਜੇ ਤੂੰ ਦੁਸ਼ਟ ਨੂੰ ਚੇਤਾਵਨੀ ਦੇਵੇਂ ਅਤੇ ਉਹ ਆਪਣੀ ਬੁਰਾਈ ਅਤੇ ਬੁਰੇ ਕੰਮਾਂ ਤੋਂ ਨਾ ਮੁੜੇ, ਤਾਂ ਉਹ ਆਪਣੇ ਪਾਪ ਵਿੱਚ ਮਰੇਗਾ, ਪਰ ਤੂੰ ਆਪਣੀ ਜਾਨ ਨੂੰ ਬਚਾ ਲਵੇਂਗਾ ।
20ਜੇਕਰ ਕੋਈ ਧਰਮੀ ਆਪਣੇ ਧਰਮ ਤੋਂ ਮੁੜ ਕੇ ਬਦੀ ਕਰੇ ਅਤੇ ਮੈਂ ਉਹ ਦੇ ਅੱਗੇ ਠੋਕਰ ਲਾਣ ਵਾਲਾ ਪੱਥਰ ਰੱਖਾਂ ਤਾਂ ਉਹ ਮਰ ਜਾਵੇਗਾ, ਕਿਉਂਕਿ ਤੂੰ ਉਹ ਨੂੰ ਚੇਤਾਵਨੀ ਨਹੀਂ ਦਿੱਤੀ । ਉਹ ਆਪਣੇ ਪਾਪ ਵਿੱਚ ਮਰੇਗਾ ਅਤੇ ਉਹ ਦੇ ਧਰਮ ਦੇ ਕੰਮ ਜਿਹੜੇ ਉਸ ਨੇ ਕੀਤੇ ਚੇਤੇ ਨਾ ਕੀਤੇ ਜਾਣਗੇ, ਪਰ ਮੈਂ ਉਹ ਦੇ ਖੂਨ ਦਾ ਬਦਲਾ ਤੇਰੇ ਹੱਥੋਂ ਲਵਾਂਗਾ ।21ਪਰ ਜੇ ਤੂੰ ਉਸ ਧਰਮੀ ਨੂੰ ਚੇਤਾਵਨੀ ਦੇਵੇਂ ਤਾਂ ਕਿ ਉਹ ਧਰਮੀ ਪਾਪ ਨਾ ਕਰੇ ਅਤੇ ਉਹ ਪਾਪਾਂ ਤੋਂ ਬਚਿਆ ਰਹੇ, ਤਾਂ ਉਹ ਪੱਕਾ ਹੀ ਜੀਵੇਗਾ, ਇਸ ਲਈ ਕਿ ਉਹ ਨੇ ਚੇਤਾਵਨੀ ਮੰਨੀ ਅਤੇ ਤੂੰ ਆਪਣੀ ਜਾਨ ਬਚਾ ਲਵੇਂਗਾ ।
ਹਿਜ਼ਕੀਏਲ ਬੋਲਣ ਵਿੱਚ ਅਸਮਰਥ

22ਉੱਥੇ ਯਹੋਵਾਹ ਦਾ ਹੱਥ ਮੇਰੇ ਉੱਤੇ ਸੀ ਅਤੇ ਉਸ ਨੇ ਮੈਨੂੰ ਆਖਿਆ, ਉੱਠ, ਮੈਦਾਨ ਨੂੰ ਜਾ ਅਤੇ ਉੱਥੇ ਮੈਂ ਤੇਰੇ ਨਾਲ ਗੱਲਾਂ ਕਰਾਂਗਾ ।23ਤਦ ਮੈਂ ਉੱਠ ਕੇ ਮੈਦਾਨ ਨੂੰ ਗਿਆ । ਤਾਂ ਵੇਖੋ, ਯਹੋਵਾਹ ਦਾ ਪਰਤਾਪ ਉਸ ਪਰਤਾਪ ਵਾਂਗੂੰ ਜੋ ਮੈਂ ਕਬਾਰ ਨਹਿਰ ਦੇ ਉੱਤੇ ਵੇਖਿਆ ਸੀ, ਖੜ੍ਹਾ ਸੀ ਅਤੇ ਮੈਂ ਮੂਧੇ ਮੂੰਹ ਡਿੱਗ ਪਿਆ ।
24ਤਦ ਆਤਮਾ ਨੇ ਮੇਰੇ ਵਿੱਚ ਆ ਕੇ ਮੈਨੂੰ ਪੈਰਾਂ ਉੱਤੇ ਖੜ੍ਹਾ ਕੀਤਾ ਅਤੇ ਮੇਰੇ ਨਾਲ ਗੱਲਾਂ ਕੀਤੀਆਂ ਅਤੇ ਮੈਨੂੰ ਆਖਿਆ, ਜਾ ਅਤੇ ਆਪਣੇ ਘਰ ਦਾ ਬੂਹਾ ਬੰਦ ਕਰ ਲੈ !25ਪਰ ਹੇ ਮਨੁੱਖ ਦੇ ਪੁੱਤਰ, ਵੇਖ, ਉਹ ਰੱਸੀਆਂ ਨਾਲ ਤੈਨੂੰ ਬੰਨ੍ਹਣਗੇ ਤਾਂ ਕਿ ਤੂੰ ਉਹਨਾਂ ਦੇ ਵਿੱਚੋਂ ਬਾਹਰ ਨਾ ਜਾ ਸਕੇਂ ।
26ਮੈਂ ਤੇਰੀ ਜੀਭ ਤੇਰੇ ਤਾਲੂ ਨਾਲ ਜੋੜ ਦਿਆਂਗਾ ਕਿ ਤੂੰ ਗੂੰਗਾ ਹੋ ਜਾਵੇਂ ਅਤੇ ਉਹਨਾਂ ਨੂੰ ਤਾੜਨਾ ਨਾ ਦੇ ਸਕੇਂ, ਕਿਉਂ ਜੋ ਉਹ ਵਿਦਰੋਹੀ ਘਰਾਣਾ ਹੈ ।27ਪਰ ਜਦੋਂ ਮੈਂ ਤੇਰੇ ਨਾਲ ਗੱਲਾਂ ਕਰਾਂਗਾ, ਤਾਂ ਤੇਰਾ ਮੂੰਹ ਖੋਲ੍ਹਾਂਗਾ ਤਦ ਤੂੰ ਉਹਨਾਂ ਨੂੰ ਆਖੇਂਗਾ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ ਕਿ ਜੋ ਸੁਣਦਾ ਹੈ ਸੁਣੇ ਅਤੇ ਜਿਹੜਾ ਨਹੀਂ ਸੁਣਨਾ ਚਾਹੁੰਦਾ ਉਹ ਨਾ ਸੁਣੇ, ਕਿਉਂ ਜੋ ਉਹ ਵਿਦਰੋਹੀ ਘਰਾਣੇ ਦੇ ਹਨ ।

4
ਯਰੂਸ਼ਲਮ ਦੀ ਘੇਰਾਬੰਦੀ ਨੂੰ ਦਰਸਾਉਣਾ

1ਹੇ ਮਨੁੱਖ ਦੇ ਪੁੱਤਰ, ਤੂੰ ਇੱਕ ਇੱਟ ਲੈ ਅਤੇ ਆਪਣੇ ਅੱਗੇ ਰੱਖ ਕੇ ਉਸ ਉੱਤੇ ਇੱਕ ਸ਼ਹਿਰ, ਹਾਂ, ਯਰੂਸ਼ਲਮ ਦੀ ਤਸਵੀਰ ਬਣਾ ।2ਉਸ ਦੇ ਦੁਆਲੇ ਘੇਰਾ ਪਾ, ਅਤੇ ਉਸ ਦੇ ਸਾਹਮਣੇ ਗੜ੍ਹ ਬਣਾ ਅਤੇ ਉਸ ਦੇ ਸਾਹਮਣੇ ਘੇਰਾ ਬੰਦੀ ਕਰ ਅਤੇ ਉਸ ਦੇ ਦੁਆਲੇ ਤੰਬੂ ਖੜ੍ਹੇ ਕਰ, ਅਤੇ ਚਾਰੋਂ ਪਾਸੇ ਕਿਲਾ ਤੋੜਨ ਵਾਲੇ ਹਥਿਆਰ ਰੱਖ ।3ਫਿਰ ਤੂੰ ਲੋਹੇ ਦਾ ਇੱਕ ਤਵਾ ਲੈ ਕੇ ਆਪਣੇ ਅਤੇ ਸ਼ਹਿਰ ਦੇ ਵਿਚਾਲੇ ਉਹ ਨੂੰ ਗੱਡ । ਉਹ ਲੋਹੇ ਦੀ ਕੰਧ ਬਣ ਜਾਵੇ ਅਤੇ ਆਪਣਾ ਮੂੰਹ ਉਸ ਦੇ ਵੱਲ ਕਰ । ਉਹ ਘੇਰੇ ਵਿੱਚ ਆਇਆ ਹੋਵੇਗਾ ਅਤੇ ਤੂੰ ਉਸ ਨੂੰ ਘੇਰਨ ਵਾਲਾ ਹੋਵੇਂਗਾ । ਇਹ ਇਸਰਾਏਲ ਦੇ ਘਰਾਣੇ ਲਈ ਨਿਸ਼ਾਨ ਹੈ ।

4ਉਸ ਤੋਂ ਬਾਅਦ ਤੂੰ ਆਪਣੇ ਖੱਬੇ ਪਾਸੇ ਲੇਟ ਅਤੇ ਇਸਰਾਏਲ ਦੇ ਘਰਾਣੇ ਦਾ ਅਪਰਾਧ ਆਪਣੇ ਉੱਤੇ ਲੈ । ਜਿੰਨੇ ਦਿਨ ਤੱਕ ਤੂੰ ਲੇਟਿਆਂ ਰਹੇਂਗਾ, ਤੂੰ ਉਹਨਾਂ ਦਾ ਪਾਪ ਆਪਣੇ ਉੱਤੇ ਝੱਲੇਂਗਾ ।5ਕਿਉਂ ਜੋ ਮੈਂ ਉਹਨਾਂ ਦੇ ਪਾਪਾਂ ਦੇ ਸਾਲਾਂ ਦੀ ਗਿਣਤੀ ਦੇ ਅਨੁਸਾਰ ਦਿਨ ਠਹਿਰਾਏ ਹਨ, ਇੱਕ ਸਾਲ ਦੇ ਲਈ ਇੱਕ ਦਿਨ, ਜੋ ਤਿੰਨ ਸੌ ਨੱਬੇ ਦਿਨ ਹਨ । ਇਸ ਤਰ੍ਹਾਂ ਤੂੰ ਇਸਰਾਏਲ ਦੇ ਘਰਾਣੇ ਦਾ ਪਾਪ ਝੱਲੇਂਗਾ ।
6ਜਦ ਤੂੰ ਉਹਨਾਂ ਦਿਨਾਂ ਨੂੰ ਪੂਰਾ ਕਰ ਲਵੇਂ, ਤਾਂ ਫਿਰ ਆਪਣੇ ਸੱਜੇ ਪਾਸੇ ਵੱਲ ਲੇਟ ਜਾਵੀਂ ਅਤੇ ਚਾਲੀ ਦਿਨਾਂ ਤੱਕ ਯਹੂਦਾਹ ਦੇ ਘਰਾਣੇ ਦੇ ਪਾਪਾਂ ਨੂੰ ਝੱਲੀਂ । ਮੈਂ ਤੇਰੇ ਲਈ ਇੱਕ-ਇੱਕ ਸਾਲ ਬਦਲੇ ਇੱਕ-ਇੱਕ ਦਿਨ ਠਹਿਰਾਇਆ ਹੈ ।7ਫਿਰ ਤੂੰ ਯਰੂਸ਼ਲਮ ਦੇ ਘੇਰੇ ਵੱਲ ਮੂੰਹ ਕਰ ਅਤੇ ਆਪਣੀ ਬਾਂਹ ਨੰਗੀ ਕਰ ਅਤੇ ਉਹ ਦੇ ਵਿਰੁੱਧ ਭਵਿੱਖਬਾਣੀ ਕਰ8ਅਤੇ ਵੇਖ, ਮੈਂ ਤੇਰੇ ਉੱਤੇ ਬੰਧਨ ਪਾਵਾਂਗਾ ਤਾਂ ਜੋ ਤੂੰ ਪਾਸਾ ਨਾ ਪਰਤ ਸਕੇਂ, ਜਦੋਂ ਤੱਕ ਤੂੰ ਆਪਣੇ ਘੇਰੇ ਦੇ ਦਿਨਾਂ ਨੂੰ ਪੂਰਾ ਨਾ ਕਰ ਲਵੇਂ ।
9ਤੂੰ ਆਪਣੇ ਲਈ ਕਣਕ, ਜੌਂ, ਫਲੀਆਂ, ਦਾਲ, ਚੀਣਾ ਅਤੇ ਬਾਜਰਾ ਲੈ ਅਤੇ ਉਹਨਾਂ ਨੂੰ ਇੱਕ ਭਾਂਡੇ ਵਿੱਚ ਰੱਖ ਅਤੇ ਉਹਨਾਂ ਦੀਆਂ ਐਨੀਆਂ ਰੋਟੀਆਂ ਪਕਾ ਜਿੰਨੇ ਦਿਨਾਂ ਤੱਕ ਤੂੰ ਪਾਸੇ ਪਰਨੇ ਲੇਟਿਆ ਰਹੇਂਗਾ, ਤੂੰ ਤਿੰਨ ਸੌ ਨੱਬੇ ਦਿਨਾਂ ਤੱਕ ਉਹਨਾਂ ਨੂੰ ਖਾਵੀਂ ।10ਤੇਰਾ ਖਾਣਾ ਜੋ ਤੂੰ ਖਾਵੇਂਗਾ ਤੋਲ ਅਨੁਸਾਰ ਪਾਉ ਪੱਕਾ ਰੋਜ਼ ਦਾ ਹੋਵੇਗਾ । ਤੂੰ ਕਦੇ ਕਦੇ ਖਾਈਂ ।11ਤੂੰ ਪਾਣੀ ਵੀ ਮਿਣ ਕੇ ਇੱਕ ਸੇਰ ਪੀਵੇਂਗਾ । ਤੂੰ ਕਦੇ ਕਦੇ ਪੀਣਾ ।
12ਤੂੰ ਜੌਂ ਦੇ ਫੁਲਕੇ ਖਾਵੀਂ ਅਤੇ ਉਹਨਾਂ ਨੂੰ ਤੂੰ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਮਨੁੱਖ ਦੇ ਮਲ ਦੀ ਅੱਗ ਉੱਤੇ ਪਕਾਵੀਂ ।13ਯਹੋਵਾਹ ਨੇ ਆਖਿਆ ਕਿ ਇਸ ਤਰ੍ਹਾਂ ਇਸਰਾਏਲ ਉਹਨਾਂ ਕੌਮਾਂ ਦੇ ਵਿਚਕਾਰ ਆਪਣੀ ਅਸ਼ੁੱਧ ਰੋਟੀ ਖਾਇਆ ਕਰੇਗਾ, ਜਿਹਨਾਂ ਵਿੱਚ ਮੈਂ ਉਹਨਾਂ ਨੂੰ ਧੱਕਾਂਗਾ ।
14ਤਾਂ ਮੈਂ ਆਖਿਆ, ਹਾਏ ਪ੍ਰਭੂ ਯਹੋਵਾਹ ! ਵੇਖ, ਮੇਰੀ ਜਾਨ ਕਦੇ ਅਸ਼ੁੱਧ ਨਹੀਂ ਹੋਈ ਅਤੇ ਮੈਂ ਆਪਣੀ ਜੁਆਨੀ ਤੋਂ ਲੈ ਕੇ ਅਸ਼ੁੱਧ ਨਹੀਂ ਹੋਇਆ । ਆਪਣੀ ਜਵਾਨੀ ਤੋਂ ਲੈ ਕੇ ਅੱਜ ਤੱਕ ਕੋਈ ਮਰੀ ਹੋਈ ਚੀਜ਼ ਮੈਂ ਕਦੇ ਨਹੀਂ ਖਾਧੀ, ਜਿਹੜੀ ਆਪ ਹੀ ਮਰ ਜਾਵੇ ਜਾਂ ਪਾੜੀ ਗਈ ਹੋਵੇ । ਅਸ਼ੁੱਧ ਮਾਸ ਮੇਰੇ ਮੂੰਹ ਵਿੱਚ ਕਦੇ ਨਹੀਂ ਪਿਆ ।15ਤਦ ਉਸ ਨੇ ਮੈਨੂੰ ਕਿਹਾ, ਵੇਖ, ਮੈਂ ਤੈਨੂੰ ਮਨੁੱਖ ਦੇ ਮਲ ਦੇ ਥਾਂ ਗਾਂ ਦਾ ਗੋਹਾ ਦਿੰਦਾ ਹੈ, ਸੋ ਤੂੰ ਆਪਣੀ ਰੋਟੀ ਉਹ ਦੀ ਅੱਗ ਉੱਤੇ ਪਕਾਵੀਂ ।
16ਉਸ ਨੇ ਮੈਨੂੰ ਆਖਿਆ ਕਿ ਹੇ ਮਨੁੱਖ ਦੇ ਪੁੱਤਰ, ਵੇਖ, ਮੈਂ ਯਰੂਸ਼ਲਮ ਵਿੱਚ ਰੋਟੀ ਦੇ ਸਾਧਨ ਤੋੜ ਦਿਆਂਗਾ । ਇਸ ਲਈ ਉਹ ਰੋਟੀ ਤੋਲ ਕੇ ਚਿੰਤਾ ਨਾਲ ਖਾਣਗੇ ਅਤੇ ਪਾਣੀ ਵੀ ਦੁੱਖ ਨਾਲ ਮਿਣ ਮਿਣ ਕੇ ਪੀਣਗੇ ।17ਇਹ ਇਸ ਲਈ ਹੋਵੇਗਾ, ਤਾਂ ਜੋ ਉਹਨਾਂ ਨੂੰ ਰੋਟੀ ਅਤੇ ਪਾਣੀ ਦੀ ਥੁੜ ਹੋਵੇ ਅਤੇ ਆਪੋ ਵਿੱਚ ਲਚਾਰ ਹੋਣ ਅਤੇ ਆਪਣੀ ਬੁਰਿਆਈ ਵਿੱਚ ਲਿੱਸੇ ਪੈ ਜਾਣ ।

5
ਵਾਲ਼ ਮੁੰਨ ਕੇ ਉਸ ਦੇ ਦੁਆਰਾ ਯਰੂਸ਼ਲਮ ਦੇ ਵਿਨਾਸ਼ ਨੂੰ ਦਰਸਾਉਣਾ

1ਹੇ ਮਨੁੱਖ ਦੇ ਪੁੱਤਰ, ਤੂੰ ਇੱਕ ਤੇਜ਼ ਤਲਵਾਰ ਲੈ ਅਤੇ ਨਾਈ ਦੇ ਉਸਤਰੇ ਵਾਂਗੂੰ ਉਹ ਨੂੰ ਲੈ ਕੇ ਉਹ ਦੇ ਨਾਲ ਆਪਣਾ ਸਿਰ ਤੇ ਦਾੜ੍ਹੀ ਮੁਨਾ ਅਤੇ ਤੱਕੜੀ ਲੈ ਕੇ ਵਾਲਾਂ ਨੂੰ ਤੋਲ ਕੇ ਉਹਨਾਂ ਦੇ ਹਿੱਸੇ ਬਣਾ ।2ਫਿਰ ਜਦੋਂ ਘੇਰੇ ਦੇ ਦਿਨ ਪੂਰੇ ਹੋ ਜਾਣ ਤਾਂ ਉਹਨਾਂ ਦਾ ਤੀਜਾ ਹਿੱਸਾ ਲੈ ਕੇ ਸ਼ਹਿਰ ਦੇ ਵਿਚਕਾਰ ਅੱਗ ਵਿੱਚ ਸਾੜ, ਫੇਰ ਦੂਜੀ ਵਾਰ ਤੀਜਾ ਹਿੱਸਾ ਲੈ ਕੇ ਤਲਵਾਰ ਦੇ ਨਾਲ ਉਹਨਾਂ ਨੂੰ ਸ਼ਹਿਰ ਦੇ ਇੱਧਰ ਓਧਰ ਮਾਰ ਅਤੇ ਰਹਿੰਦਾ ਤੀਜਾ ਹਿੱਸਾ ਹਵਾ ਵਿੱਚ ਖਿਲਾਰ ਦੇ ਅਤੇ ਮੈਂ ਉਹਨਾਂ ਦੇ ਪਿੱਛੇ ਤਲਵਾਰ ਖਿੱਚ ਲਵਾਂਗਾ ।

3ਉਹਨਾਂ ਵਿੱਚੋਂ ਥੋੜ੍ਹੇ ਜਿਹੇ ਵਾਲ਼ ਗਿਣ ਕੇ ਲੈ ਅਤੇ ਉਹਨਾਂ ਨੂੰ ਆਪਣੇ ਪੱਲੇ ਵਿੱਚ ਬੰਨ੍ਹ4ਫੇਰ ਉਹਨਾਂ ਵਿੱਚੋਂ ਕੁਝ ਵਾਲ ਲੈ ਕੇ ਕੱਢ ਕੇ ਅੱਗ ਵਿੱਚ ਸਾੜ ਦੇ । ਇਸ ਵਿੱਚੋਂ ਇੱਕ ਅਗਨੀ ਇਸਰਾਏਲ ਦੇ ਸਾਰੇ ਘਰਾਣੇ ਵਿੱਚ ਨਿੱਕਲੇਗੀ ।
5ਪ੍ਰਭੂ ਯਹੋਵਾਹ ਇਹ ਆਖਦਾ ਹੈ ਕਿ ਯਰੂਸ਼ਲਮ ਇਹੋ ਹੀ ਹੈ । ਮੈਂ ਉਸ ਨੂੰ ਕੌਮਾਂ ਦੇ ਵਿਚਕਾਰ ਰੱਖਿਆ ਹੈ ਅਤੇ ਉਹ ਦੇ ਆਲੇ-ਦੁਆਲੇ ਦੇਸ ਹਨ ।6ਉਸ ਨੇ ਮੇਰੇ ਨਿਆਵਾਂ ਦੇ ਵਿਰੁੱਧ ਵਿਦਰੋਹੀ ਹੋ ਕੇ ਦੂਜੀਆਂ ਕੌਮਾਂ ਨਾਲੋਂ ਵਧੇਰੇ ਦੁਸ਼ਟਤਾ ਕੀਤੀ ਅਤੇ ਮੇਰੀਆਂ ਬਿਧੀਆਂ ਦੇ ਵਿਰੁੱਧ ਆਲੇ-ਦੁਆਲੇ ਦੇ ਦੇਸਾਂ ਨਾਲੋਂ ਵਧੇਰੇ ਬੁਰਿਆਈ ਕੀਤੀ, ਕਿਉਂ ਜੋ ਉਹਨਾਂ ਨੇ ਮੇਰੇ ਨਿਆਵਾਂ ਨੂੰ ਰੱਦ ਕੀਤਾ ਅਤੇ ਮੇਰੀਆਂ ਬਿਧੀਆਂ ਅਨੁਸਾਰ ਨਹੀਂ ਚੱਲੇ ।
7ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ ਕਿ ਤੁਸੀਂ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਨਾਲੋਂ ਵਧੇਰੇ ਦੁਸ਼ਟਤਾ ਕਰਨ ਵਾਲੇ ਹੋ ਅਤੇ ਮੇਰੀਆਂ ਬਿਧੀਆਂ ਉੱਤੇ ਨਹੀਂ ਚੱਲੇ ਅਤੇ ਮੇਰੇ ਹੁਕਮਾਂ ਨੂੰ ਨਹੀਂ ਮੰਨਿਆ ਸਗੋਂ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਦੇ ਹੁਕਮਾਂ ਉੱਤੇ ਅਮਲ ਕੀਤਾ ।8ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ ਕਿ ਵੇਖ, ਮੈਂ, ਹਾਂ ਮੈਂ ਹੀ ਤੇਰੇ ਵਿਰੁੱਧ ਹਾਂ ਅਤੇ ਮੈਂ ਕੌਮਾਂ ਦੇ ਸਾਹਮਣੇ ਤੇਰਾ ਨਿਆਂ ਕਰਾਂਗਾ ।
9ਮੈਂ ਤੇਰੇ ਸਾਰੇ ਘਿਣਾਉਣੇ ਕੰਮਾਂ ਦੇ ਕਾਰਨ ਤੇਰੇ ਨਾਲ ਉਹ ਕਰਾਂਗਾ, ਜੋ ਮੈਂ ਹੁਣ ਤੱਕ ਕਦੇ ਨਹੀਂ ਕੀਤਾ ਅਤੇ ਅੱਗੇ ਲਈ ਇਹੋ ਜਿਹਾ ਕਿਸੇ ਨਾਲ ਵੀ ਨਹੀਂ ਕਰਾਂਗਾ ।10ਇਸ ਲਈ ਤੇਰੇ ਵਿੱਚ ਪਿਉ ਪੁੱਤਰਾਂ ਨੂੰ ਖਾਣਗੇ ਅਤੇ ਪੁੱਤਰ ਪਿਤਾਵਾਂ ਨੂੰ ਖਾ ਜਾਣਗੇ ਅਤੇ ਮੈਂ ਤੇਰੇ ਉੱਤੇ ਨਿਆਂ ਨੂੰ ਪੂਰਾ ਕਰਾਂਗਾ । ਮੈਂ ਤੇਰੀ ਬਾਕੀ ਅੰਸ ਨੂੰ ਸਾਰੀਆਂ ਦਿਸ਼ਾਵਾਂ ਵਿੱਚ ਖਿਲਾਰ ਦਿਆਂਗਾ ।
11ਇਸ ਲਈ ਪ੍ਰਭੂ ਯਹੋਵਾਹ ਦਾ ਵਾਕ ਹੈ ਕਿ ਮੈਨੂੰ ਆਪਣੇ ਜੀਵਨ ਦੀ ਸਹੁੰ, ਕਿਉਂ ਜੋ ਤੂੰ ਆਪਣਿਆ ਸਾਰਿਆਂ ਭੈੜਿਆਂ ਕੰਮਾਂ ਨਾਲ ਅਤੇ ਸਾਰੀਆਂ ਘਿਣਾਉਣੀਆਂ ਵਸਤਾਂ ਨਾਲ ਮੇਰੇ ਪਵਿੱਤਰ ਸਥਾਨ ਨੂੰ ਭ੍ਰਿਸ਼ਟ ਕੀਤਾ ਹੈ, ਇਸ ਲਈ ਮੈਂ ਵੀ ਤੈਨੂੰ ਨੁਕਸਾਨ ਪਹੁੰਚਾਵਾਂਗਾ ਅਤੇ ਮੇਰੀ ਅੱਖ ਦਯਾ ਨਹੀਂ ਕਰੇਗੀ ਅਤੇ ਮੈਂ ਕਦੇ ਵੀ ਤਰਸ ਨਹੀਂ ਕਰਾਂਗਾ ।12ਤੇਰਾ ਤੀਜਾ ਹਿੱਸਾ ਮਹਾਂਮਾਰੀ ਨਾਲ ਮਰ ਜਾਵੇਗਾ ਅਤੇ ਕਾਲ ਉਹਨਾਂ ਨੂੰ ਤੇਰੇ ਵਿਚਕਾਰ ਭੱਖ ਲਵੇਗਾ । ਤੀਜਾ ਹਿੱਸਾ ਤੇਰੇ ਦੁਆਲੇ ਦੀ ਤਲਵਾਰ ਨਾਲ ਡਿੱਗ ਪਵੇਗਾ, ਤੀਜਾ ਹਿੱਸਾ ਸਾਰੀਆਂ ਦਿਸ਼ਾਵਾਂ ਵਿੱਚ ਖਿਲਾਰ ਦਿਆਂਗਾ ਅਤੇ ਮੈਂ ਤਲਵਾਰ ਉਹਨਾਂ ਦੇ ਪਿੱਛੇ ਖਿੱਚ ਲਵਾਂਗਾ ।
13ਇਸ ਤਰ੍ਹਾਂ ਮੇਰਾ ਕ੍ਰੋਧ ਪੂਰਾ ਹੋਵੇਗਾ, ਤਦ ਮੇਰਾ ਗੁੱਸਾ ਉਹਨਾਂ ਉੱਤੋਂ ਸ਼ਾਂਤ ਹੋ ਜਾਵੇਗਾ ਅਤੇ ਮੈਨੂੰ ਸ਼ਾਂਤੀ ਹੋਵੇਗੀ । ਜਦੋਂ ਮੈਂ ਉਹਨਾਂ ਉੱਤੇ ਆਪਣਾ ਕਹਿਰ ਪੂਰਾ ਕਰਾਂਗਾ, ਤਦ ਉਹ ਜਾਣਨਗੇ ਕਿ ਮੈਂ ਯਹੋਵਾਹ ਨੇ ਆਪਣੀ ਅਣਖ ਨਾਲ ਇਹ ਸਭ ਕੁੱਝ ਆਖਿਆ ਸੀ ।14ਇਸ ਤੋਂ ਬਿਨਾਂ ਮੈਂ ਤੈਨੂੰ ਉਹਨਾਂ ਕੌਮਾਂ ਦੇ ਵਿੱਚ ਜੋ ਤੇਰੇ ਆਲੇ-ਦੁਆਲੇ ਹਨ ਅਤੇ ਉਹਨਾਂ ਸਾਰਿਆਂ ਦੀਆਂ ਨਜ਼ਰਾਂ ਵਿੱਚ ਜੋ ਉੱਥੋਂ ਲੰਘਣਗੇ, ਉਜਾੜ ਅਤੇ ਬਦਨਾਮ ਬਣਾਵਾਂਗਾ ।
15ਇਸ ਲਈ ਜਦੋਂ ਮੈਂ ਕਹਿਰ, ਕ੍ਰੋਧ ਅਤੇ ਗੁੱਸੇ ਭਰੀ ਝਿੜਕ ਨਾਲ ਤੇਰਾ ਨਿਆਂ ਕਰਾਂਗਾ, ਤਾਂ ਤੂੰ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਲਈ ਨਿੰਦਿਆ, ਠੱਠੇ, ਸਿੱਖਿਆ ਅਤੇ ਦਹਿਸ਼ਤ ਦਾ ਕਾਰਨ ਬਣੇਂਗਾ - ਮੈਂ ਯਹੋਵਾਹ ਨੇ ਇਹ ਆਖਿਆ ਹੈ ।16ਜਦੋਂ ਮੈਂ ਭਿਆਨਕ ਕਾਲ ਦੇ ਤੀਰ ਤੇਰੇ ਵਿਰੁੱਧ ਛੱਡਾਂਗਾ ਜੋ ਤੇਰੇ ਵਿਨਾਸ਼ ਦੇ ਲਈ ਹੋਣਗੇ । ਮੈਂ ਤੇਰੇ ਵਿੱਚ ਬਹੁਤ ਕਾਲ ਪਾਵਾਂਗਾ ਅਤੇ ਤੇਰੀ ਰੋਟੀ ਦੇ ਸਾਧਨ ਨੂੰ ਤੋੜ ਸੁੱਟਾਂਗਾ ।17ਮੈਂ ਤੇਰੇ ਵਿੱਚ ਕਾਲ ਅਤੇ ਬੁਰੇ ਦਰਿੰਦੇ ਭੇਜਾਂਗਾ ਅਤੇ ਉਹ ਤੈਨੂੰ ਔਂਤਰਾ ਕਰਨਗੇ । ਤੇਰੇ ਵਿੱਚੋਂ ਦੀ ਬਵਾ ਅਤੇ ਖੂਨ-ਖ਼ਰਾਬਾ ਲੰਘੇਗਾ ਅਤੇ ਮੈਂ ਤੇਰੇ ਉੱਤੇ ਤਲਵਾਰ ਲਿਆਵਾਂਗਾ । ਮੈਂ ਯਹੋਵਾਹ ਨੇ ਇਹ ਆਖਿਆ ਹੈ ।

6
ਮੂਰਤੀ ਪੂਜਾ ਦੀ ਨਿੰਦਾ

1ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਅਤੇ ਆਖਿਆ2ਕਿ ਹੇ ਮਨੁੱਖ ਦੇ ਪੁੱਤਰ, ਇਸਰਾਏਲ ਦੇ ਪਹਾੜਾਂ ਵੱਲ ਮੂੰਹ ਕਰ ਕੇ ਉਹਨਾਂ ਦੇ ਵਿਰੁੱਧ ਭਵਿੱਖਬਾਣੀ ਕਰ ।3ਤੂੰ ਆਖ, ਹੇ ਇਸਰਾਏਲ ਦੇ ਪਹਾੜੋ, ਪ੍ਰਭੂ ਯਹੋਵਾਹ ਦਾ ਬਚਨ ਸੁਣੋ ! ਪ੍ਰਭੂ ਯਹੋਵਾਹ ਪਹਾੜਾਂ, ਟਿੱਲਿਆਂ, ਨਾਲਿਆਂ ਅਤੇ ਵਾਦੀਆਂ ਨੂੰ ਇਸ ਤਰ੍ਹਾਂ ਆਖਦਾ ਹੈ ਕਿ ਵੇਖੋ, ਮੈਂ, ਹਾਂ, ਮੈਂ ਹੀ ਤੁਹਾਡੇ ਉੱਤੇ ਤਲਵਾਰ ਚਲਾਵਾਂਗਾ ਅਤੇ ਤੁਹਾਡੇ ਉੱਚੇ ਸਥਾਨਾਂ ਨੂੰ ਨਾਸ਼ ਕਰਾਂਗਾ ।

4ਤੁਹਾਡੀਆਂ ਜਗਵੇਦੀਆਂ ਉੱਜੜ ਜਾਣਗੀਆਂ, ਤੁਹਾਡੇ ਥੰਮ੍ਹ ਢਾਹੇ ਜਾਣਗੇ ਅਤੇ ਮੈਂ ਤੁਹਾਡੇ ਕਤਲ ਕੀਤੇ ਹੋਇਆਂ ਨੂੰ ਤੁਹਾਡੇ ਬੁੱਤਾਂ ਦੇ ਅੱਗੇ ਸੁੱਟ ਦਿਆਂਗਾ ।5ਮੈਂ ਇਸਰਾਏਲੀਆਂ ਦੀਆਂ ਲਾਸ਼ਾਂ ਨੂੰ ਉਹਨਾਂ ਦੇ ਬੁੱਤਾਂ ਦੇ ਅੱਗੇ ਸੁੱਟ ਦਿਆਂਗਾ ਅਤੇ ਮੈਂ ਤੁਹਾਡੀਆਂ ਹੱਡੀਆਂ ਨੂੰ ਤੁਹਾਡੀਆਂ ਜਗਵੇਦੀਆਂ ਦੇ ਆਲੇ-ਦੁਆਲੇ ਖਿਲਾਰ ਦਿਆਂਗਾ ।
6ਤੁਹਾਡੇ ਰਹਿਣ ਦੇ ਸਾਰੇ ਇਲਾਕੇ ਦੇ ਸ਼ਹਿਰ ਉੱਜੜ ਜਾਣਗੇ ਅਤੇ ਉੱਚੇ ਸਥਾਨ ਵਿਰਾਨ ਹੋ ਜਾਣਗੇ, ਤਾਂ ਜੋ ਤੁਹਾਡੀਆਂ ਜਗਵੇਦੀਆਂ ਬਰਬਾਦ ਅਤੇ ਉਜਾੜ ਹੋਣ ਅਤੇ ਤੁਹਾਡੇ ਬੁੱਤ ਭੰਨੇ ਜਾਣ ਅਤੇ ਬਾਕੀ ਨਾ ਰਹਿਣ ਅਤੇ ਥੰਮ੍ਹ ਢਾਹੇ ਜਾਣ ਅਤੇ ਤੁਹਾਡੀ ਹੱਥ ਦੀ ਕਿਰਤ ਮਿੱਟ ਜਾਵੇ ।7ਕਤਲ ਕੀਤੇ ਹੋਏ ਬੰਦੇ ਤੁਹਾਡੇ ਵਿਚਕਾਰ ਡਿੱਗਣਗੇ ਭਈ ਤੁਸੀਂ ਜਾਣ ਲਓ ਕਿ ਮੈਂ ਯਹੋਵਾਹ ਹਾਂ !
8ਪਰੰਤੂ ਮੈਂ ਤੁਹਾਡੇ ਵਿੱਚੋਂ ਕੁੱਝ ਕੁ ਛੱਡ ਦਿਆਂਗਾ ਅਰਥਾਤ ਉਹ ਜਿਹੜੇ ਕੌਮਾਂ ਦੇ ਵਿੱਚੋਂ ਤਲਵਾਰ ਤੋਂ ਬਚ ਰਹਿਣਗੇ, ਜਦੋਂ ਤੁਸੀਂ ਦੂਜੇ ਦੇਸਾਂ ਵਿੱਚ ਖਿਲਾਰੇ ਜਾਓਗੇ ।9ਜਿਹੜੇ ਤੁਹਾਡੇ ਵਿੱਚੋਂ ਬਚ ਜਾਣਗੇ ਉਹ ਉਹਨਾਂ ਕੌਮਾਂ ਦੇ ਵਿੱਚ ਜਿੱਥੇ ਜਿੱਥੇ ਉਹ ਗੁਲਾਮ ਹੋ ਕੇ ਜਾਣਗੇ, ਉਹ ਮੈਨੂੰ ਚੇਤੇ ਕਰਨਗੇ, ਜਦੋਂ ਮੈਂ ਉਹਨਾਂ ਦੇ ਵਿਭਚਾਰੀ ਮਨਾਂ ਤੋਂ ਜੋ ਮੇਰੇ ਤੋਂ ਦੂਰ ਹੋਏ ਅਤੇ ਉਹਨਾਂ ਦੀਆਂ ਅੱਖਾਂ ਨੂੰ ਜਿਹਨਾਂ ਨੇ ਉਹਨਾਂ ਦੇ ਬੁੱਤਾਂ ਮਗਰ ਵਿਭਚਾਰ ਕੀਤਾ, ਦੁੱਖੀ ਹੋਇਆ । ਉਹ ਆਪ ਆਪਣੇ ਸਾਰੇ ਬੁਰੇ ਕੰਮਾਂ ਦੇ ਕਾਰਨ ਜਿਹੜੇ ਉਹਨਾਂ ਨੇ ਆਪਣੀ ਸਾਰੀ ਦੁਸ਼ਟਤਾ ਨਾਲ ਕੀਤੇ, ਆਪਣੀ ਨਜ਼ਰ ਵਿੱਚ ਆਪਣੇ ਆਪ ਨੂੰ ਨਫਰਤ ਕਰਨਗੇ ।10ਤਦ ਉਹ ਜਾਣਨਗੇ ਕਿ ਮੈਂ ਯਹੋਵਾਹ ਹਾਂ ਅਤੇ ਮੈਂ ਐਵੇਂ ਹੀ ਨਹੀਂ ਆਖਿਆ ਸੀ ਕਿ ਮੈਂ ਉਹਨਾਂ ਉੱਤੇ ਇਹ ਬੁਰਿਆਈ ਲਿਆਵਾਂਗਾ ।
11ਪ੍ਰਭੂ ਯਹੋਵਾਹ ਇਹ ਕਹਿੰਦਾ ਹੈ ਕਿ ਤੂੰ ਹੱਥ-ਪੈਰ ਮਾਰ, ਪਿੱਟ ਅਤੇ ਆਖ ਕਿ ਇਸਰਾਏਲ ਦੇ ਘਰਾਣੇ ਦੇ ਸਾਰੇ ਘਿਣਾਉਣੇ ਭੈੜੇ ਕੰਮਾਂ ਲਈ ਅਫ਼ਸੋਸ ! ਕਿਉਂ ਜੋ ਉਹ ਤਲਵਾਰ, ਕਾਲ ਅਤੇ ਮਰੀ ਨਾਲ ਡਿੱਗ ਪੈਣਗੇ ।12ਜਿਹੜਾ ਦੂਰ ਹੈ ਉਹ ਮਰੀ ਨਾਲ ਅਤੇ ਜਿਹੜਾ ਨੇੜੇ ਹੈ ਤਲਵਾਰ ਨਾਲ ਮਰੇਗਾ ਅਤੇ ਉਹ ਜਿਹੜਾ ਬਾਕੀ ਹੈ ਅਤੇ ਜੀਉਂਦਾ ਹੈ, ਉਹ ਕਾਲ ਨਾਲ ਮਰੇਗਾ, ਇਸ ਤਰ੍ਹਾਂ ਮੈਂ ਉਹਨਾਂ ਉੱਤੇ ਆਪਣੇ ਕਹਿਰ ਨੂੰ ਪੂਰਾ ਕਰਾਂਗਾ ।
13ਜਦ ਉਹਨਾਂ ਦੇ ਵੱਢੇ ਹੋਏ ਬੰਦੇ ਹਰੇਕ ਉੱਚੇ ਟਿੱਲੇ ਅਤੇ ਪਹਾੜਾਂ ਦੀਆਂ ਸਾਰੀਆਂ ਚੋਟੀਆਂ ਉੱਤੇ, ਹਰੇਕ ਹਰੇ ਰੁੱਖ ਦੇ ਹੇਠ ਅਤੇ ਹਰੇਕ ਸੰਘਣੇ ਬਲੂਤ ਦੇ ਹੇਠਾਂ, ਹਰ ਥਾਂ ਜਿੱਥੇ ਉਹ ਆਪਣੇ ਸਾਰੇ ਬੁੱਤਾਂ ਦੇ ਲਈ ਸੁਗੰਧੀ ਧੁਖਾਉਂਦੇ ਸਨ, ਉਹਨਾਂ ਬੁੱਤਾਂ ਦੇ ਵਿੱਚ ਉਹਨਾਂ ਦੀਆਂ ਜਗਵੇਦੀਆਂ ਦੇ ਚਾਰੇ ਪਾਸੇ ਪਏ ਹੋਣਗੇ, ਤਦ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਹਾਂ ।14ਮੈਂ ਆਪਣਾ ਹੱਥ ਉਹਨਾਂ ਦੇ ਵਿਰੁੱਧ ਪਸਾਰਾਂਗਾ ਅਤੇ ਉਜਾੜ ਤੋਂ ਲੈ ਕੇ ਦਿਬਲਾਹ ਤੱਕ ਉਹਨਾਂ ਦੇ ਦੇਸ ਦੀਆਂ ਸਾਰੀਆਂ ਵਸਤੀਆਂ ਬਰਬਾਦ ਤੇ ਵਿਰਾਨ ਕਰਾਂਗਾ, ਤਦ ਉਹ ਜਾਣਨਗੇ ਕਿ ਮੈਂ ਯਹੋਵਾਹ ਹਾਂ !

7
ਇਸਰਾਏਲ ਦੀ ਸਜ਼ਾ ਨੇੜੇ ਹੈ

1ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਅਤੇ ਆਖਿਆ,2ਹੇ ਮਨੁੱਖ ਦੇ ਪੁੱਤਰ, ਪ੍ਰਭੂ ਯਹੋਵਾਹ ਇਸਰਾਏਲ ਦੇਸ ਨੂੰ ਇਸ ਤਰ੍ਹਾਂ ਆਖਦਾ ਹੈ, ਇਹ ਅੰਤ ਹੈ ! ਦੇਸ ਦੀਆਂ ਚਾਰੇ ਹੱਦਾਂ ਉੱਤੇ ਅੰਤ ਆ ਪਹੁੰਚਿਆ ਹੈ ।

3ਹੁਣ ਤੇਰੇ ਉੱਤੇ ਅੰਤ ਆਇਆ ਅਤੇ ਮੈਂ ਆਪਣਾ ਕ੍ਰੋਧ ਤੇਰੇ ਉੱਤੇ ਭੇਜਾਂਗਾ ਅਤੇ ਤੇਰੇ ਚਾਲ-ਚੱਲਣ ਦੇ ਅਨੁਸਾਰ ਤੇਰਾ ਨਿਆਂ ਕਰਾਂਗਾ; ਫਿਰ ਤੇਰੇ ਸਾਰੇ ਘਿਣਾਉਣੇ ਕੰਮਾਂ ਨੂੰ ਤੇਰੇ ਉੱਤੇ ਫੇਰ ਲਿਆਵਾਂਗਾ ।4ਮੇਰੀ ਨਿਗਾਹ ਤੇਰੇ ਉੱਤੇ ਨਾ ਆਵੇਗੀ ਅਤੇ ਮੈਂ ਤੇਰੇ ਉੱਤੇ ਤਰਸ ਨਹੀਂ ਕਰਾਂਗਾ, ਸਗੋਂ ਮੈਂ ਤੇਰੇ ਚਾਲ-ਚੱਲਣ ਦਾ ਫਲ ਤੈਨੂੰ ਦੇਵਾਂਗਾ ਅਤੇ ਤੇਰੇ ਘਿਣਾਉਣੇ ਕੰਮ ਤੇਰੇ ਵਿੱਚ ਹੋਣਗੇ, ਤਾਂ ਜੋ ਤੁਸੀਂ ਜਾਣੋ ਜੋ ਮੈਂ ਯਹੋਵਾਹ ਹਾਂ !
5ਪ੍ਰਭੂ ਯਹੋਵਾਹ ਇਹ ਆਖਦਾ ਹੈ ਕਿ ਇੱਕ ਬਿਪਤਾ ! ਹਾਂ, ਇੱਕ ਬਿਪਤਾ ਵੇਖੋ, ਉਹ ਆਉਂਦੀ ਹੈ !6ਅੰਤ ਆ ਪਹੁੰਚਿਆ, ਹਾਂ, ਅੰਤ ਆ ਪਹੁੰਚਿਆ ! ਅੰਤ ਤੇਰੇ ਵਿਰੁੱਧ ਜਾਗ ਉੱਠਿਆ ! ਵੇਖ, ਉਹ ਆ ਪਹੁੰਚਿਆ ਹੈ !7ਹੇ ਧਰਤੀ ਦੇ ਰਹਿਣ ਵਾਲੇ ! ਤੇਰੀ ਵਾਰੀ ਆ ਗਈ ! ਸਮਾਂ ਆ ਗਿਆ ਹੈ ! ਵਿਨਾਸ਼ ਦਾ ਦਿਨ ਆ ਗਿਆ ਹੈ, ਪਹਾੜਾਂ ਉੱਤੇ ਅੱਗੇ ਤੋਂ ਅਨੰਦ ਨਹੀਂ ਹੋਵੇਗਾ ।
8ਹੁਣ ਮੈਂ ਛੇਤੀ ਹੀ ਆਪਣਾ ਕਹਿਰ ਤੇਰੇ ਉੱਤੇ ਡੋਲ੍ਹਾਂਗਾ ਅਤੇ ਆਪਣਾ ਕ੍ਰੋਧ ਤੇਰੇ ਵਿਰੁੱਧ ਪੂਰਾ ਕਰਾਂਗਾ, ਜਦ ਮੈਂ ਤੇਰੀਆਂ ਚਾਲਾਂ ਅਨੁਸਾਰ ਤੇਰਾ ਨਿਆਂ ਕਰਾਂਗਾ ਅਤੇ ਤੇਰੇ ਸਾਰੇ ਘਿਣਾਉਣੇ ਕੰਮਾਂ ਨੂੰ ਤੇਰੇ ਉੱਤੇ ਲਿਆਵਾਂਗਾ ।9ਮੇਰੀ ਦਯਾ ਦੀ ਨਿਗਾਹ ਤੇਰੇ ਉੱਤੇ ਨਾ ਹੋਵੇਗੀ, ਨਾ ਮੈਂ ਤਰਸ ਖਾਵਾਂਗਾ । ਜਿਹਾ ਤੂੰ ਕੀਤਾ ਤਿਵੇਂ ਮੈਂ ਤੇਰੇ ਨਾਲ ਕਰਾਂਗਾ; ਅਤੇ ਤੇਰੇ ਘਿਣਾਉਣੇ ਕੰਮ ਤੇਰੇ ਵਿੱਚ ਆਉਣਗੇ ਤਾਂ ਕਿ ਤੁਸੀਂ ਜਾਣੋ ਕਿ ਮੈਂ ਯਹੋਵਾਹ ਹਾਂ ਜੋ ਮਾਰਦਾ ਹਾਂ ।
10ਵੇਖ, ਉਹ ਦਿਨ ਵੇਖ ! ਉਹ ਆ ਪਹੁੰਚਿਆ ਹੈ, ਤੇਰੀ ਸ਼ਾਮਤ ਆ ਗਈ, ਸੋਟੀ ਵਿੱਚ ਕਲੀਆਂ ਨਿੱਕਲੀਆਂ, ਘੁਮੰਡ ਵਿੱਚ ਡੋਡੀਆਂ ਲੱਗੀਆਂ ਹਨ ।11ਜ਼ੁਲਮ ਵੱਧ ਕੇ ਦੁਸ਼ਟਪੁਣੇ ਲਈ ਸੋਟੀ ਬਣ ਗਿਆ । ਹੁਣ ਉਹਨਾਂ ਵਿੱਚੋਂ ਕੋਈ ਨਹੀਂ ਬਚੇਗਾ, ਨਾ ਉਹਨਾਂ ਦੇ ਜੱਥੇ ਵਿੱਚੋਂ ਕੋਈ ਅਤੇ ਨਾ ਉਹਨਾਂ ਦੇ ਧਨ ਵਿੱਚੋਂ ਕੁੱਝ ਬਚੇਗਾ ਅਤੇ ਨਾ ਉਹਨਾਂ ਵਿੱਚੋਂ ਕਿਸੇ ਦਾ ਆਦਰ ਰਹੇਗਾ ।
12ਸਮਾਂ ਆ ਪਹੁੰਚਿਆ, ਦਿਨ ਨੇੜੇ ਹੈ, ਨਾ ਮੁੱਲ ਲੈਣ ਵਾਲਾ ਖੁਸ਼ ਹੋਵੇ, ਨਾ ਵੇਚਣ ਵਾਲਾ ਉਦਾਸ, ਕਿਉਂ ਜੋ ਉਹਨਾਂ ਦੀ ਸਾਰੀ ਭੀੜ ਉੱਤੇ ਕਹਿਰ ਟੁੱਟਣ ਵਾਲਾ ਹੈ ।13ਕੋਈ ਵੀ ਵੇਚਣ ਵਾਲਾ ਭਾਵੇਂ ਜੀਉਂਦਾ ਰਹੇ ਤਾਂ ਵੀ ਆਪਣੀ ਵਿਕੀ ਹੋਈ ਚੀਜ਼ ਦੇ ਕੋਲ ਨਹੀਂ ਮੁੜੇਗਾ, ਕਿਉਂਕਿ ਦਰਸ਼ਣ ਸਾਰੀ ਹੀ ਭੀੜ ਦੇ ਵਿਰੁੱਧ ਹੈ; ਉਹ ਨਹੀਂ ਮੁੜਨਗੇ, ਇਸ ਪਾਪ ਦੇ ਵਿੱਚ ਰਹਿਣ ਵਾਲਾ ਕੋਈ ਵੀ ਮਨੁੱਖ ਮਜ਼ਬੂਤ ਨਹੀਂ ਕੀਤਾ ਜਾਵੇਗਾ ।
14ਉਹਨਾਂ ਨੇ ਤੁਰ੍ਹੀ ਵਜਾਈ ਅਤੇ ਸਭ ਕੁੱਝ ਤਿਆਰ ਕੀਤਾ ਹੈ ਪਰ ਕੋਈ ਲੜਾਈ ਲਈ ਨਹੀਂ ਤੁਰਦਾ, ਕਿਉਂ ਜੋ ਮੇਰਾ ਤੇਜ਼ ਕਹਿਰ ਉਸ ਸਾਰੀ ਭੀੜ ਉੱਤੇ ਹੈ ।
ਇਸਰਾਏਲ ਦੇ ਪਾਪਾਂ ਦੀ ਸਜ਼ਾ

15ਬਾਹਰ ਤਲਵਾਰ ਹੈ ਅਤੇ ਅੰਦਰ ਮਰੀ ਤੇ ਕਾਲ ਹਨ । ਜਿਹੜਾ ਖੇਤ ਵਿੱਚ ਹੈ, ਤਲਵਾਰ ਨਾਲ ਮਾਰਿਆ ਜਾਵੇਗਾ ਅਤੇ ਜਿਹੜਾ ਸ਼ਹਿਰ ਵਿੱਚ ਹੈ, ਕਾਲ ਤੇ ਮਰੀ ਨਾਲ ਮਾਰਿਆ ਜਾਵੇਗਾ ।16ਪਰ ਜਿਹੜੇ ਉਹਨਾਂ ਵਿੱਚੋਂ ਭੱਜ ਜਾਣਗੇ, ਉਹ ਬਚ ਜਾਣਗੇ, ਅਤੇ ਵਾਦੀਆਂ ਦੀਆਂ ਘੁੱਗੀਆਂ ਵਾਂਗੂੰ ਪਹਾੜਾਂ ਉੱਤੇ ਰਹਿਣਗੇ, ਸਾਰੇ ਦੇ ਸਾਰੇ ਕੀਰਨੇ ਪਾਉਣਗੇ, ਹਰੇਕ ਆਪਣੇ ਔਗੁਣਾਂ ਦੇ ਕਾਰਨ ਕੀਰਨੇ ਪਾਵੇਗਾ ।
17ਸਾਰੇ ਹੱਥ ਨਿਰਬਲ ਹੋਣਗੇ ਅਤੇ ਸਾਰੇ ਗੋਡੇ ਪਾਣੀ ਵਾਂਗੂੰ ਕਮਜ਼ੋਰ ਹੋ ਜਾਣਗੇ ।18ਉਹ ਲੱਕ ਉੱਤੇ ਤੱਪੜ ਕੱਸਣਗੇ ਅਤੇ ਭੈ ਉਹਨਾਂ ਉੱਤੇ ਛਾ ਜਾਏਗਾ; ਸਾਰਿਆਂ ਦੇ ਮੂੰਹ ਉੱਤੇ ਨਮੋਸ਼ੀ ਹੋਵੇਗੀ ਅਤੇ ਉਹਨਾਂ ਦੇ ਸਿਰ ਗੰਜੇ ਹੋ ਜਾਣਗੇ ।19ਉਹ ਆਪਣੀ ਚਾਂਦੀ ਗਲੀਆਂ ਵਿੱਚ ਸੁੱਟ ਦੇਣਗੇ ਅਤੇ ਉਹਨਾਂ ਦਾ ਸੋਨਾ ਅਸ਼ੁੱਧ ਵਸਤੂਆਂ ਵਰਗਾ ਹੋਵੇਗਾ । ਯਹੋਵਾਹ ਦੇ ਕਹਿਰ ਦੇ ਦਿਨ ਉਹਨਾਂ ਦੀ ਚਾਂਦੀ ਅਤੇ ਉਹਨਾਂ ਦਾ ਸੋਨਾ ਉਹਨਾਂ ਨੂੰ ਨਹੀਂ ਬਚਾ ਸਕੇਗਾ । ਉਸ ਨਾਲ ਉਹਨਾਂ ਦੀਆਂ ਜਾਨਾਂ ਸੁਖੀ ਨਹੀਂ ਹੋਣਗੀਆਂ, ਨਾ ਉਹਨਾਂ ਦੇ ਢਿੱਡ ਭਰਨਗੇ, ਕਿਉਂ ਜੋ ਉਹ ਉਹਨਾਂ ਦੇ ਠੋਕਰ ਖਾਣ ਅਤੇ ਪਾਪ ਦਾ ਕਾਰਨ ਸੀ ।
20ਉਹਨਾਂ ਨੇ ਆਪਣੇ ਸੋਹਣੇ ਗਹਿਣੇ ਹੰਕਾਰ ਲਈ ਵਰਤੇ ਅਤੇ ਉਹਨਾਂ ਨੇ ਉਹਨਾਂ ਦੇ ਨਾਲ ਆਪਣੀਆਂ ਘਿਣਾਉਣੀਆਂ ਮੂਰਤਾਂ ਅਤੇ ਭੈੜੀਆਂ ਵਸਤਾਂ ਬਣਾਈਆਂ, ਇਸ ਲਈ ਮੈਂ ਉਸ ਨੂੰ ਉਹਨਾਂ ਦੇ ਲਈ ਅਸ਼ੁੱਧ ਵਸਤੂ ਠਹਿਰਾਇਆ ।21ਮੈਂ ਉਹਨਾਂ ਗਹਿਣਿਆਂ ਨੂੰ ਲੁੱਟਣ ਦੇ ਲਈ ਪਰਦੇਸੀਆਂ ਦੇ ਹੱਥ ਵਿੱਚ ਅਤੇ ਲੁੱਟ ਦੇ ਲਈ ਧਰਤੀ ਦੇ ਦੁਸ਼ਟਾਂ ਦੇ ਹੱਥ ਵਿੱਚ ਦੇ ਦਿਆਂਗਾ, ਉਹ ਉਹਨਾਂ ਨੂੰ ਭ੍ਰਿਸ਼ਟ ਕਰਨਗੇ ।22ਮੈਂ ਆਪਣਾ ਮੂੰਹ ਉਹਨਾਂ ਵੱਲੋਂ ਫੇਰ ਲਵਾਂਗਾ, ਜਦ ਉਹ ਮੇਰੇ ਪਵਿੱਤਰ ਸਥਾਨ ਨੂੰ ਭ੍ਰਿਸ਼ਟ ਕਰਨਗੇ । ਉਸ ਵਿੱਚ ਲੁਟੇਰੇ ਆਉਣਗੇ ਅਤੇ ਉਹ ਨੂੰ ਭ੍ਰਿਸ਼ਟ ਕਰਨਗੇ ।
23ਸੰਗਲ ਬਣਾ, ਇਸ ਲਈ ਕਿ ਦੇਸ ਕਤਲ ਦੇ ਅਪਰਾਧਾਂ ਨਾਲ ਭਰਿਆ ਹੋਇਆ ਹੈ ਅਤੇ ਸ਼ਹਿਰ ਜ਼ੁਲਮ ਨਾਲ ਭਰਿਆ ਹੋਇਆ ਹੈ ।24ਇਸ ਲਈ ਮੈਂ ਬੁਰੀਆਂ ਕੌਮਾਂ ਨੂੰ ਲਿਆਵਾਂਗਾ ਅਤੇ ਉਹ ਉਹਨਾਂ ਦੇ ਘਰਾਂ ਦੇ ਮਾਲਕ ਬਣਨਗੇ, ਮੈਂ ਜ਼ੋਰਾਵਰਾਂ ਦਾ ਘਮੰਡ ਮਿਟਾ ਦਿਆਂਗਾ ਅਤੇ ਉਹਨਾਂ ਦੇ ਪਵਿੱਤਰ ਸਥਾਨ ਭ੍ਰਿਸ਼ਟ ਕੀਤੇ ਜਾਣਗੇ ।25ਤਬਾਹੀ ਆਉਂਦੀ ਹੈ ਅਤੇ ਉਹ ਸ਼ਾਂਤੀ ਨੂੰ ਲੱਭਣਗੇ, ਪਰ ਉਹ ਹੈ ਨਹੀਂ ।
26ਬਿਪਤਾ ਤੇ ਬਿਪਤਾ ਅਤੇ ਅਫ਼ਵਾਹ ਤੇ ਅਫ਼ਵਾਹ ਆਉਂਦੀ ਹੈ । ਤਦ ਉਹ ਨਬੀ ਕੋਲੋਂ ਦਰਸ਼ਣ ਭਾਲਣਗੇ, ਪਰ ਜਾਜਕ ਕੋਲੋਂ ਬਿਵਸਥਾ ਅਤੇ ਬਜ਼ੁਰਗਾਂ ਕੋਲੋਂ ਸਲਾਹ ਜਾਂਦੀ ਰਹੇਗੀ ।27ਰਾਜਾ ਸੋਗ ਕਰੇਗਾ, ਸ਼ਹਿਜਾਦਾ ਵਿਰਾਨੀ ਪਹਿਨੇਗਾ ਅਤੇ ਪਰਜਾ ਦੇ ਹੱਥ ਕੰਬਣਗੇ । ਮੈਂ ਉਹਨਾਂ ਦੇ ਚਾਲ ਚੱਲਣਾਂ ਦੇ ਅਨੁਸਾਰ ਉਹਨਾਂ ਨਾਲ ਵਰਤਾਵਾ ਕਰਾਂਗਾ ਅਤੇ ਉਹਨਾਂ ਦੇ ਕੰਮਾਂ ਦੇ ਅਨੁਸਾਰ ਉਹਨਾਂ ਦਾ ਨਿਆਂ ਕਰਾਂਗਾ, ਤਾਂ ਜੋ ਉਹ ਜਾਣਨ ਕਿ ਮੈਂ ਯਹੋਵਾਹ ਹਾਂ ।

8
ਪਰਮੇਸ਼ੁਰ ਦੇ ਬਾਰੇ ਹਿਜ਼ਕੀਏਲ ਦਾ ਦੂਸਰਾ ਦਰਸ਼ਣ
(8:1 – 10:22)
ਯਰੂਸ਼ਲਮ ਦੇ ਵਿੱਚ ਮੂਰਤੀ ਪੂਜਾ

1ਛੇਵੇਂ ਸਾਲ ਦੇ ਛੇਵੇਂ ਮਹੀਨੇ ਦੀ ਪੰਜ ਤਾਰੀਖ਼ ਨੂੰ ਇਸ ਤਰ੍ਹਾਂ ਹੋਇਆ ਕਿ ਮੈਂ ਆਪਣੇ ਘਰ ਵਿੱਚ ਬੈਠਾ ਸੀ ਅਤੇ ਯਹੂਦਾਹ ਦੇ ਬਜ਼ੁਰਗ ਮੇਰੇ ਅੱਗੇ ਬੈਠੇ ਸਨ ਕਿ ਉੱਥੇ ਪ੍ਰਭੂ ਯਹੋਵਾਹ ਦਾ ਹੱਥ ਮੇਰੇ ਉੱਤੇ ਆਇਆ ।2ਮੈਂ ਵੇਖਿਆ ਤਾਂ ਵੇਖੋ, ਇੱਕ ਰੂਪ ਅੱਗ ਵਰਗਾ ਦਿਸਦਾ ਹੈ, ਉਸ ਦੇ ਲੱਕ ਤੋਂ ਹੇਠਾਂ ਤੱਕ ਅੱਗ ਅਤੇ ਉਸ ਦੇ ਲੱਕ ਤੋਂ ਉੱਪਰ ਤੱਕ ਚਾਨਣ ਦੀ ਚਮਕ ਦਿਖਾਈ ਦਿੱਤੀ, ਜਿਸ ਦਾ ਰੰਗ ਚਮਕਦੇ ਹੋਏ ਪਿੱਤਲ ਵਰਗਾ ਸੀ ।

3ਉਸ ਨੇ ਇੱਕ ਹੱਥ ਵਧਾ ਕੇ ਮੇਰੇ ਸਿਰ ਦੇ ਵਾਲਾਂ ਤੋਂ ਮੈਨੂੰ ਫੜਿਆ, ਆਤਮਾ ਨੇ ਮੈਨੂੰ ਅਕਾਸ਼ ਅਤੇ ਧਰਤੀ ਦੇ ਵਿਚਾਲੇ ਉੱਚਾ ਕੀਤਾ, ਅਤੇ ਮੈਨੂੰ ਪਰਮੇਸ਼ੁਰ ਦੇ ਦਰਸ਼ਣ ਵਿੱਚ ਯਰੂਸ਼ਲਮ ਵਿੱਚ ਉੱਤਰ ਵੱਲ ਅੰਦਰਲੇ ਵੇਹੜੇ ਦੇ ਫਾਟਕ ਤੇ ਲੈ ਆਇਆ, ਜਿੱਥੇ ਉਸ ਮੂਰਤੀ ਦਾ ਟਿਕਾਣਾ ਸੀ ਜਿਹੜੀ ਅਣਖ ਭੜਕਾਉਂਦੀ ਸੀ ।4ਵੇਖੋ, ਉੱਥੇ ਇਸਰਾਏਲ ਦੇ ਪਰਮੇਸ਼ੁਰ ਦਾ ਤੇਜ ਉਸੇ ਤਰ੍ਹਾਂ ਸੀ, ਜੋ ਦਰਸ਼ਣ ਮੈਂ ਉਸ ਮੈਦਾਨ ਵਿੱਚ ਵੇਖਿਆ ਸੀ ।
5ਤਦ ਉਹ ਨੇ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ ! ਆਪਣੀਆਂ ਅੱਖਾਂ ਉਤਰ ਵੱਲ ਚੁੱਕ । ਤਦ ਮੈਂ ਉਤਰ ਵੱਲ ਆਪਣੀਆਂ ਅੱਖਾਂ ਚੁੱਕੀਆਂ, ਤਾਂ ਵੇਖੋ, ਉਤਰ ਵੱਲ ਜਗਵੇਦੀ ਦੇ ਦਰਵਾਜ਼ੇ ਉੱਪਰ ਅਣਖ ਦੀ ਉਹੀ ਮੂਰਤੀ ਰਸਤੇ ਵਿੱਚ ਸੀ ।6ਉਸ ਨੇ ਮੈਨੂੰ ਕਿਹਾ, ਹੇ ਮਨੁੱਖ ਦੇ ਪੁੱਤਰ ! ਤੂੰ ਉਹਨਾਂ ਦੇ ਕੰਮ ਵੇਖਦਾ ਹੈਂ ਅਰਥਾਤ ਵੱਡੇ-ਵੱਡੇ ਘਿਣਾਉਣੇ ਕੰਮ, ਜਿਹੜੇ ਇਸਰਾਏਲ ਦਾ ਘਰਾਣਾ ਇੱਥੇ ਕਰਦਾ ਹੈ, ਤਾਂ ਜੋ ਮੈਂ ਆਪਣੇ ਪਵਿੱਤਰ ਸਥਾਨ ਤੋਂ ਦੂਰ ਚਲਾ ਜਾਂਵਾਂ, ਪਰ ਤੂੰ ਇਹਨਾਂ ਤੋਂ ਵੀ ਵੱਡੇ ਘਿਣਾਉਣੇ ਕੰਮ ਵੇਖੇਂਗਾ ।
7ਤਦ ਉਹ ਮੈਨੂੰ ਵੇਹੜੇ ਦੇ ਦਰਵਾਜ਼ੇ ਤੇ ਲਿਆਇਆ, ਤਾਂ ਮੈਂ ਵੇਖਿਆ ਕਿ ਕੰਧ ਦੇ ਵਿੱਚ ਇੱਕ ਛੇਕ ਹੈ ।8ਤਦ ਉਸ ਨੇ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ ! ਕੰਧ ਨੂੰ ਤੋੜ ਅਤੇ ਜਦੋਂ ਮੈਂ ਕੰਧ ਨੂੰ ਤੋੜਿਆ, ਤਾਂ ਵੇਖੋ ਇੱਕ ਦਰਵਾਜ਼ਾ ਸੀ ।9ਫੇਰ ਉਸ ਨੇ ਮੈਨੂੰ ਆਖਿਆ, ਅੰਦਰ ਜਾ ਅਤੇ ਵੇਖ ਕਿ ਕਿਸ ਤਰ੍ਹਾਂ ਦੇ ਘਿਣਾਉਣੇ ਕੰਮ ਉਹ ਇੱਥੇ ਕਰਦੇ ਹਨ !
10ਤਦ ਮੈਂ ਅੰਦਰ ਜਾ ਕੇ ਦੇਖਿਆ ਤਾਂ ਵੇਖੋ, ਹਰ ਕਿਸਮ ਦੇ ਸਾਰੇ ਘਿੱਸਰਨ ਵਾਲੇ ਅਤੇ ਪਲੀਤ ਪਸ਼ੂਆਂ ਦੀਆਂ ਸਾਰੀਆਂ ਮੂਰਤਾਂ ਅਤੇ ਇਸਰਾਏਲ ਦੇ ਘਰਾਣੇ ਦੇ ਬੁੱਤ ਆਲੇ-ਦੁਆਲੇ ਦੀ ਕੰਧ ਉੱਤੇ ਬਣੇ ਹੋਏ ਹਨ ।11ਇਸਰਾਏਲ ਦੇ ਘਰਾਣੇ ਦੇ ਸੱਤਰ ਬਜ਼ੁਰਗ ਉਹਨਾਂ ਅੱਗੇ ਖਲੋਤੇ ਹਨ ਅਤੇ ਸ਼ਾਫ਼ਨ ਦਾ ਪੁੱਤਰ ਯਅਜ਼ਨਯਾਹ ਉਹਨਾਂ ਦੇ ਵਿਚਕਾਰ ਖਲੋਤਾ ਹੈ । ਹਰੇਕ ਦੇ ਹੱਥ ਵਿੱਚ ਇੱਕ ਧੂਪਦਾਨ ਹੈ ਅਤੇ ਧੂਫ਼ ਦੇ ਬੱਦਲ ਦੀ ਸੁਗੰਧ ਉੱਠ ਰਹੀ ਹੈ ।
12ਤਦ ਉਸ ਨੇ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ ! ਕੀ ਤੂੰ ਵੇਖਿਆ ਕਿ ਇਸਰਾਏਲ ਦੇ ਘਰਾਣੇ ਦੇ ਬਜ਼ੁਰਗ ਹਨ੍ਹੇਰੇ ਵਿੱਚ ਅਰਥਾਤ ਆਪਣੀ ਆਪਣੀ ਚਿੱਤ੍ਰਕਾਰੀ ਵਾਲੀ ਕੋਠੜੀ ਵਿੱਚ ਕੀ ਕਰਦੇ ਹਨ ? ਕਿਉਂ ਜੋ ਉਹ ਆਖਦੇ ਹਨ ਕਿ ਯਹੋਵਾਹ ਸਾਨੂੰ ਨਹੀਂ ਵੇਖਦਾ, ਯਹੋਵਾਹ ਨੇ ਦੇਸ ਨੂੰ ਛੱਡ ਦਿੱਤਾ ਹੈ ।13ਉਸ ਨੇ ਮੈਨੂੰ ਇਹ ਵੀ ਕਿਹਾ, ਤੂੰ ਇਹਨਾਂ ਤੋਂ ਵੀ ਵੱਡੇ ਘਿਣਾਉਣੇ ਕੰਮ ਵੇਖੇਂਗਾ, ਜੋ ਉਹ ਕਰਦੇ ਹਨ ।
14ਤਦ ਉਹ ਮੈਨੂੰ ਯਹੋਵਾਹ ਦੇ ਭਵਨ ਦੇ ਉਤਰੀ ਦਰਵਾਜ਼ੇ ਤੇ ਲੈ ਆਇਆ ਤਾਂ ਵੇਖੋ, ਉੱਥੇ ਔਰਤਾਂ ਬੈਠੀਆਂ ਤੰਮੂਜ ਨੂੰ ਰੋ ਰਹੀਆਂ ਹਨ ।15ਤਦ ਉਸ ਨੇ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ ! ਕੀ ਤੂੰ ਇਹ ਵੇਖਿਆ ਹੈ ? ਤੂੰ ਇਹਨਾਂ ਤੋਂ ਵੀ ਵੱਡੇ ਘਿਣਾਉਣੇ ਕੰਮ ਵੇਖੇਂਗਾ ।
16ਫਿਰ ਉਹ ਮੈਨੂੰ ਯਹੋਵਾਹ ਦੇ ਭਵਨ ਦੇ ਅੰਦਰਲੇ ਵੇਹੜੇ ਵਿੱਚ ਲੈ ਗਿਆ, ਅਤੇ ਵੇਖੋ, ਯਹੋਵਾਹ ਦੀ ਹੈਕਲ ਦੇ ਦਰਵਾਜ਼ੇ ਉੱਤੇ ਡਿਉੜ੍ਹੀ ਅਤੇ ਜਗਵੇਦੀ ਦੇ ਵਿਚਕਾਰ ਲੱਗਭਗ ਪੱਚੀ ਮਨੁੱਖ ਸਨ, ਜਿਹਨਾਂ ਦੀ ਪਿੱਠ ਯਹੋਵਾਹ ਦੀ ਹੈਕਲ ਵੱਲ ਅਤੇ ਉਹਨਾਂ ਦੇ ਮੂੰਹ ਪੂਰਬ ਵੱਲ ਸਨ ਅਤੇ ਪੂਰਬ ਵੱਲ ਮੂੰਹ ਕਰ ਕੇ ਸੂਰਜ ਨੂੰ ਮੱਥਾ ਟੇਕ ਰਹੇ ਸਨ ।
17ਤਦ ਉਸ ਨੇ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ, ਕੀ ਤੂੰ ਇਹ ਵੇਖਿਆ ਹੈ ? ਯਹੂਦਾਹ ਦੇ ਘਰਾਣੇ ਲਈ ਇਹ ਨਿੱਕੀ ਜਿਹੀ ਗੱਲ ਹੈ, ਕਿ ਉਹ ਅਜਿਹੇ ਘਿਣਾਉਣੇ ਕੰਮ ਕਰਨ ਜਿਹੜੇ ਇੱਥੇ ਕਰਦੇ ਹਨ, ਕਿਉਂ ਜੋ ਉਹਨਾਂ ਨੇ ਤਾਂ ਦੇਸ ਨੂੰ ਜ਼ੁਲਮ ਨਾਲ ਭਰ ਦਿੱਤਾ ਅਤੇ ਫਿਰ ਮੈਨੂੰ ਕ੍ਰੋਧ ਦਿਵਾਇਆ, ਅਤੇ ਵੇਖ, ਉਹ ਆਪਣੇ ਨੱਕ ਨਾਲ ਡਾਲੀਆਂ ਲਗਾਉਂਦੇ ਹਨ ।18ਇਸ ਲਈ ਮੈਂ ਵੀ ਕਹਿਰ ਨਾਲ ਵਰਤਾਓ ਕਰਾਂਗਾ, ਮੈਂ ਦਯਾ ਨਹੀਂ ਕਰਾਂਗਾ ਅਤੇ ਮੈਂ ਕਦੇ ਵੀ ਤਰਸ ਨਾ ਕਰਾਂਗਾ, ਅਤੇ ਭਾਵੇਂ ਉਹ ਚੀਕ ਚੀਕ ਕੇ ਮੇਰੇ ਕੰਨਾਂ ਤੱਕ ਆਪਣੀ ਪੁਕਾਰ ਪਹੁੰਚਾਉਣ, ਤਾਂ ਵੀ ਉਹਨਾਂ ਦੀ ਨਹੀਂ ਸੁਣਾਂਗਾ ।

9
ਯਰੂਸ਼ਲਮ ਨੂੰ ਸਜ਼ਾ

1ਫੇਰ ਉਸ ਨੇ ਉੱਚੀ ਅਵਾਜ਼ ਨਾਲ ਪੁਕਾਰ ਕੇ ਮੇਰੇ ਕੰਨਾਂ ਵਿੱਚ ਆਖਿਆ ਕਿ ਸ਼ਹਿਰ ਦੇ ਅਧਿਕਾਰੀਆਂ ਨੂੰ ਨੇੜੇ ਬੁਲਾ । ਹਰੇਕ ਮਨੁੱਖ ਨੇ ਆਪਣੇ ਹੱਥ ਵਿੱਚ ਆਪਣਾ ਨਾਸ਼ ਕਰਨ ਵਾਲਾ ਸ਼ਸਤ੍ਰ ਫੜਿਆ ਹੋਵੇ ।2ਵੇਖੋ, ਛੇ ਮਨੁੱਖ ਉੱਪਰ ਦੇ ਦਰਵਾਜ਼ੇ ਵਿੱਚੋਂ ਦੀ ਜੋ ਉੱਤਰ ਵੱਲ ਹੈ, ਲੰਘ ਆਏ ਅਤੇ ਹਰੇਕ ਮਨੁੱਖ ਦੇ ਹੱਥ ਵਿੱਚ ਉਸ ਦਾ ਵੱਢਣ ਵਾਲਾ ਸ਼ਸਤ੍ਰ ਸੀ । ਉਹਨਾਂ ਦੇ ਵਿੱਚੋਂ ਇੱਕ ਮਨੁੱਖ ਨੇ ਕਤਾਨੀ ਕੱਪੜੇ ਪਹਿਨੇ ਹੋਏ ਸਨ ਅਤੇ ਉਹ ਦੇ ਇੱਕ ਪਾਸੇ ਤੇ ਲਿਖਣ ਵਾਲੀ ਦਵਾਤ ਲਮਕਦੀ ਸੀ, ਸੋ ਉਹ ਅੰਦਰ ਗਏ ਅਤੇ ਪਿੱਤਲ ਦੀ ਜਗਵੇਦੀ ਦੇ ਕੋਲ ਖੜ੍ਹੇ ਹੋਏ ।

3ਇਸਰਾਏਲ ਦੇ ਪਰਮੇਸ਼ੁਰ ਦਾ ਤੇਜ ਕਰੂਬੀ ਦੇ ਉੱਤੋਂ ਜਿਸ ਉੱਪਰ ਉਹ ਸੀ, ਉੱਠ ਕੇ ਘਰ ਦੀ ਡਿਉੜੀ ਤੇ ਗਿਆ ਅਤੇ ਉਹ ਨੇ ਉਸ ਮਨੁੱਖ ਨੂੰ ਜਿਸ ਨੇ ਕਤਾਨੀ ਕੱਪੜੇ ਪਾਏ ਹੇ ਸਨ ਅਤੇ ਜਿਸ ਦੇ ਕੋਲ ਲਿਖਣ ਵਾਲੀ ਦਵਾਤ ਸੀ, ਬੁਲਾਇਆ ।4ਯਹੋਵਾਹ ਨੇ ਉਸ ਨੂੰ ਕਿਹਾ, ਸ਼ਹਿਰ ਦੇ ਵਿਚਾਲਿਓਂ, ਹਾਂ, ਯਰੂਸ਼ਲਮ ਦੇ ਵਿਚਾਲਿਓਂ ਲੰਘ, ਅਤੇ ਉਹਨਾਂ ਲੋਕਾਂ ਦੇ ਮੱਥੇ ਉੱਤੇ ਨਿਸ਼ਾਨ ਲਗਾ ਦੇ, ਜੋ ਉਹਨਾਂ ਸਾਰੇ ਘਿਣਾਉਣੇ ਕੰਮਾਂ ਦੇ ਕਾਰਨ ਜੋ ਉਸ ਵਿੱਚ ਕੀਤੇ ਜਾਂਦੇ ਹਨ ਆਹਾਂ ਭਰਦੇ ਅਤੇ ਰੋਂਦੇ ਹਨ ।
5ਉਸ ਨੇ ਮੇਰੇ ਸੁਣਦਿਆਂ ਦੂਜਿਆਂ ਨੂੰ ਆਖਿਆ, ਉਹ ਦੇ ਪਿੱਛੇ-ਪਿੱਛੇ ਸ਼ਹਿਰ ਵਿੱਚੋਂ ਲੰਘਦੇ ਅਤੇ ਮਾਰਦੇ ਜਾਓ, ਤੁਹਾਡੀਆਂ ਅੱਖਾਂ ਦਯਾ ਨਾ ਕਰਨ, ਨਾ ਤੁਸੀਂ ਤਰਸ ਕਰੋ ।6ਤੁਸੀਂ ਬੁੱਢਿਆਂ, ਗੱਭਰੂਆਂ, ਕੁਆਰੀਆਂ, ਨਿੱਕੇ ਬੱਚਿਆਂ ਅਤੇ ਔਰਤਾਂ ਨੂੰ ਪੂਰੀ ਤਰ੍ਹਾਂ ਮਾਰ ਸੁੱਟੋ, ਪਰ ਜਿਹਨਾਂ ਉੱਤੇ ਨਿਸ਼ਾਨ ਹੈ ਉਹਨਾਂ ਵਿੱਚੋਂ ਕਿਸੇ ਦੇ ਨੇੜੇ ਨਾ ਜਾਓ ਅਤੇ ਮੇਰੇ ਪਵਿੱਤਰ ਸਥਾਨ ਤੋਂ ਸ਼ੁਰੂ ਕਰੋ ! ਤਦ ਉਹਨਾਂ ਨੇ ਉਹਨਾਂ ਬਜ਼ੁਰਗਾਂ ਤੋਂ ਜਿਹੜੇ ਭਵਨ ਦੇ ਸਾਹਮਣੇ ਸਨ, ਸ਼ੁਰੂ ਕੀਤਾ ।
7ਉਸ ਨੇ ਉਹਨਾਂ ਨੂੰ ਆਖਿਆ ਕਿ ਭਵਨ ਨੂੰ ਭ੍ਰਿਸ਼ਟ ਕਰੋ ਅਤੇ ਵੇਹੜਿਆਂ ਨੂੰ ਵੱਢਿਆ ਹੋਇਆਂ ਨਾਲ ਭਰ ਦਿਓ ! ਅੱਗੇ ਵਧੋ ! ਇਸ ਲਈ ਉਹ ਤੁਰ ਪਏ ਅਤੇ ਸ਼ਹਿਰ ਉੱਤੇ ਹਮਲਾ ਕੀਤਾ ।8ਜਦੋਂ ਉਹ ਉਹਨਾਂ ਨੂੰ ਵੱਢ ਰਹੇ ਸਨ ਅਤੇ ਮੈਂ ਇਕੱਲਾ ਰਹਿ ਗਿਆ ਸੀ, ਤਾਂ ਇਹ ਹੋਇਆ ਕਿ ਮੈਂ ਮੂਧੇ ਮੂੰਹ ਡਿੱਗ ਪਿਆ ਅਤੇ ਦੁਹਾਈ ਦੇ ਕੇ ਆਖਿਆ, ਹਾਏ ! ਹੇ ਪ੍ਰਭੂ ਯਹੋਵਾਹ ! ਕੀ ਤੂੰ ਆਪਣਾ ਵੱਡਾ ਕਹਿਰ ਯਰੂਸ਼ਲਮ ਉੱਤੇ ਪਾ ਕੇ ਇਸਰਾਏਲ ਦੇ ਸਾਰੇ ਬਚੇ ਖੁਚੇ ਲੋਕਾਂ ਨੂੰ ਮਾਰ ਦੇਵੇਂਗਾ ?
9ਤਦ ਉਸ ਨੇ ਮੈਨੂੰ ਆਖਿਆ, ਇਸਰਾਏਲ ਅਤੇ ਯਹੂਦਾਹ ਦੇ ਘਰਾਣਿਆਂ ਦੀ ਬਦੀ ਬਹੁਤ ਹੀ ਵੱਡੀ ਹੈ, ਧਰਤੀ ਲਹੂ ਨਾਲ ਭਰੀ ਹੋਈ ਹੈ ਅਤੇ ਸ਼ਹਿਰ ਅਨਿਆਂ ਨਾਲ ਭਰਿਆ ਹੋਇਆ ਹੈ, ਕਿਉਂ ਜੋ ਉਹ ਆਖਦੇ ਹਨ ਕਿ ਯਹੋਵਾਹ ਨੇ ਦੇਸ ਨੂੰ ਛੱਡ ਦਿੱਤਾ ਹੈ ਅਤੇ ਯਹੋਵਾਹ ਨਹੀਂ ਵੇਖਦਾ ਹੈ ।10ਇਸ ਲਈ ਮੇਰੀ ਅੱਖ ਦਯਾ ਨਹੀਂ ਕਰੇਗੀ ਅਤੇ ਕਦੇ ਵੀ ਤਰਸ ਨਹੀਂ ਕਰਾਂਗਾ ! ਮੈਂ ਉਹਨਾਂ ਦੀ ਕਰਨੀ ਦਾ ਬਦਲਾ ਉਹਨਾਂ ਦੇ ਸਿਰਾਂ ਉੱਤੇ ਲਿਆਵਾਂਗਾ ।11ਵੇਖੋ, ਉਸ ਮਨੁੱਖ ਨੇ ਜਿਸ ਨੇ ਕਤਾਨੀ ਕੱਪੜੇ ਪਾਏ ਹੋਏ ਹਨ ਅਤੇ ਜਿਸ ਦੇ ਪਾਸੇ ਤੇ ਲਿਖਣ ਵਾਲੀ ਦਵਾਤ ਸੀ, ਮੁੜ ਇਸ ਗੱਲ ਦੀ ਖ਼ਬਰ ਦਿੱਤੀ ਕਿ ਜਿਵੇਂ ਤੂੰ ਮੈਨੂੰ ਹੁਕਮ ਦਿੱਤਾ, ਮੈਂ ਉਸੇ ਤਰ੍ਹਾਂ ਕੀਤਾ ।

10
ਪਰਮੇਸ਼ੁਰ ਦੀ ਮਹਿਮਾ ਦਾ ਯਰੂਸ਼ਲਮ ਦੀ ਹੈਕਲ ਦੇ ਵਿੱਚੋਂ ਕੱਢਿਆ ਜਾਣਾ

1ਤਦੋਂ ਮੈਂ ਵੇਖਿਆ ਅਤੇ ਵੇਖੋ, ਉਸ ਅੰਬਰ ਵਿੱਚ ਜੋ ਕਰੂਬੀਆਂ ਦੇ ਸਿਰ ਉੱਤੇ ਸੀ, ਇੱਕ ਵਸਤੂ ਨੀਲਮ ਵਰਗੀ ਦਿਖਾਈ ਦਿੱਤੀ ਅਤੇ ਉਸ ਦੀ ਬਣਾਵਟ ਸਿੰਘਾਸਣ ਵਰਗੀ ਸੀ ।2ਉਹ ਨੇ ਉਸ ਮਨੁੱਖ ਨੂੰ ਜਿਸ ਨੇ ਕਤਾਨੀ ਕੱਪੜੇ ਪਾਏ ਹੋਏ ਸਨ, ਆਖਿਆ ਕਿ ਉਹਨਾਂ ਘੁੰਮਣ ਵਾਲੇ ਪਹੀਆਂ ਦੇ ਅੰਦਰ ਜਾ, ਜੋ ਕਰੂਬੀਆਂ ਦੇ ਥੱਲੇ ਹਨ ਅਤੇ ਅੱਗ ਦੇ ਅੰਗਿਆਰੇ ਜਿਹੜੇ ਕਰੂਬੀਆਂ ਦੇ ਵਿਚਾਲੇ ਹਨ ਮੁੱਠ ਭਰ ਕੇ ਚੁੱਕ ਅਤੇ ਸ਼ਹਿਰ ਦੇ ਉੱਪਰ ਖਿਲਾਰ ਦੇ, ਤਾਂ ਉਹ ਮੇਰੇ ਵੇਖਦਿਆਂ ਅੰਦਰ ਗਿਆ ।

3ਜਦੋਂ ਉਹ ਮਨੁੱਖ ਅੰਦਰ ਗਿਆ, ਤਦ ਕਰੂਬੀ ਭਵਨ ਦੇ ਸੱਜੇ ਪਾਸੇ ਖਲੋਤੇ ਸਨ ਅਤੇ ਅੰਦਰਲਾ ਵੇਹੜਾ ਬੱਦਲ ਨਾਲ ਭਰ ਗਿਆ ।4ਤਦ ਯਹੋਵਾਹ ਦਾ ਤੇਜ ਕਰੂਬੀਆਂ ਦੇ ਉੱਤੋਂ ਉੱਚਾ ਹੋ ਕੇ ਭਵਨ ਦੀ ਡਿਉੜੀ ਤੇ ਆਇਆ, ਭਵਨ ਬੱਦਲ ਨਾਲ ਭਰ ਗਿਆ ਅਤੇ ਵੇਹੜਾ ਯਹੋਵਾਹ ਦੇ ਤੇਜ ਦੇ ਚਾਨਣ ਨਾਲ ਭਰ ਗਿਆ ।5ਤਦ ਕਰੂਬੀਆਂ ਦੇ ਖੰਭਾਂ ਦੀ ਅਵਾਜ਼ ਬਾਹਰ ਦੇ ਵੇਹੜੇ ਤੱਕ ਸੁਣਾਈ ਦਿੰਦੀ ਸੀ, ਜਿਵੇਂ ਸਰਬ ਸ਼ਕਤੀਮਾਨ ਦੀ ਅਵਾਜ਼ ਹੋਵੇ, ਜਦੋਂ ਉਹ ਬਚਨ ਕਰਦਾ ਹੈ ।
6ਅਜਿਹਾ ਹੋਇਆ ਕਿ ਜਦੋਂ ਉਸ ਨੇ ਉਸ ਮਨੁੱਖ ਨੂੰ ਜਿਸ ਨੇ ਕਤਾਨੀ ਕੱਪੜੇ ਪਾਏ ਹੋਏ ਸਨ, ਹੁਕਮ ਦਿੱਤਾ ਕਿ ਉਹ ਘੁੰਮਣ ਵਾਲੇ ਪਹੀਆਂ ਦੇ ਅੰਦਰੋਂ ਅਤੇ ਕਰੂਬੀਆਂ ਦੇ ਵਿਚਕਾਰੋਂ ਅੱਗ ਲਵੇ, ਤਦ ਉਹ ਅੰਦਰ ਗਿਆ ਅਤੇ ਇੱਕ ਪਹੀਏ ਦੇ ਕੋਲ ਜਾ ਕੇ ਖੜ੍ਹਾ ਹੋ ਗਿਆ ।7ਕਰੂਬੀਆਂ ਵਿੱਚੋਂ ਇੱਕ ਕਰੂਬੀ ਨੇ ਆਪਣਾ ਹੱਥ ਉਸ ਅੱਗ ਵੱਲ ਵਧਾਇਆ ਜੋ ਕਰੂਬੀਆਂ ਦੇ ਵਿਚਾਲੇ ਸੀ ਅਤੇ ਅੱਗ ਲੈ ਕੇ ਉਸ ਮਨੁੱਖ ਦੇ ਹੱਥਾਂ ਤੇ ਰੱਖੀ, ਜਿਸ ਨੇ ਕਤਾਨੀ ਕੱਪੜੇ ਪਾਏ ਹੋਏ ਸਨ ਅਤੇ ਉਹ ਲੈ ਕੇ ਬਾਹਰ ਚਲਿਆ ਗਿਆ ।8ਕਰੂਬੀਆਂ ਦੇ ਵਿਚਾਲੇ ਉਹਨਾਂ ਦੇ ਖੰਭਾਂ ਦੇ ਹੇਠਾਂ ਮਨੁੱਖ ਦੇ ਹੱਥ ਵਰਗਾ ਕੁੱਝ ਦਿਖਾਈ ਦਿੰਦਾ ਸੀ ।
9ਮੈਂ ਵੇਖਿਆ ਤਾਂ ਵੇਖੋ, ਚਾਰ ਪਹੀਏ ਕਰੂਬੀਆਂ ਦੇ ਆਲੇ-ਦੁਆਲੇ ਸਨ । ਇੱਕ ਕਰੂਬੀ ਦੇ ਲਾਗੇ ਦੂਜਾ ਪਹੀਆ ਸੀ ਅਤੇ ਉਹਨਾਂ ਪਹੀਆਂ ਦਾ ਰੰਗ ਵੇਖਣ ਵਿੱਚ ਸੁਨਹਿਰੇ ਪੱਥਰ ਵਾਂਗੂੰ ਸੀ ।10ਉਹਨਾਂ ਦਾ ਰੂਪ ਇੱਕੋ ਜਿਹਾ ਸੀ, ਜਿਵੇਂ ਇੱਕ ਪਹੀਆ ਦੂਸਰੇ ਪਹੀਏ ਦੇ ਅੰਦਰ ਹੋਵੇ ।11ਜਦੋਂ ਉਹ ਚੱਲਦੇ ਸਨ ਤਾਂ ਆਪਣੇ ਚਾਰੇ ਪਾਸੇ ਤੁਰਦੇ ਸਨ, ਉਹ ਤੁਰਦੇ ਹੋਏ ਮੁੜਦੇ ਨਹੀਂ ਸਨ । ਜਿਸ ਪਾਸੇ ਵੱਲ ਉਹਨਾਂ ਦਾ ਸਿਰ ਹੁੰਦਾ ਸੀ ਉਸੇ ਪਾਸੇ ਵੱਲ ਉਹ ਦੇ ਪਿੱਛੇ-ਪਿੱਛੇ ਜਾਂਦੇ ਸਨ । ਉਹ ਤੁਰਦਿਆਂ ਹੋਇਆ ਮੁੜਦੇ ਨਹੀਂ ਸਨ ।
12ਉਹਨਾਂ ਦੇ ਸਾਰੇ ਸਰੀਰ, ਪਿੱਠ, ਹੱਥਾਂ, ਖੰਭਾਂ ਅਤੇ ਉਹਨਾਂ ਪਹੀਆਂ ਵਿੱਚ ਆਸੇ ਪਾਸੇ ਅੱਖਾਂ ਹੀ ਅੱਖਾਂ ਸਨ ਅਰਥਾਤ ਉਹਨਾਂ ਚਾਰਾਂ ਪਹੀਆਂ ਵਿੱਚ ।13ਇਹਨਾਂ ਪਹੀਆਂ ਨੂੰ ਮੇਰੇ ਸੁਣਦਿਆਂ "ਘੁੰਮਣ ਵਾਲੇ ਪਹੀਏ" ਆਖਿਆ ਗਿਆ14ਅਤੇ ਹਰ ਇੱਕ ਦੇ ਚਾਰ ਚਿਹਰੇ ਸਨ, ਪਹਿਲਾ ਚਿਹਰਾ ਕਰੂਬੀ ਦਾ ਚਿਹਰਾ, ਦੂਜਾ ਚਿਹਰਾ ਮਨੁੱਖ ਦਾ ਚਿਹਰਾ, ਤੀਜਾ ਚਿਹਰਾ ਬੱਬਰ ਸ਼ੇਰ ਦਾ ਅਤੇ ਚੌਥਾ ਚਿਹਰਾ ਉਕਾਬ ਦਾ ਸੀ ।
15ਕਰੂਬੀ ਉੱਚੇ ਚੜ੍ਹੇ, ਇਹ ਉਹ ਜੀਵ ਸੀ, ਜਿਹੜਾ ਮੈਂ ਕਿਬਾਰ ਨਹਿਰ ਦੇ ਕੋਲ ਵੇਖਿਆ ਸੀ ।16ਜਦੋਂ ਕਰੂਬੀ ਚੱਲਦੇ ਸਨ ਤਾਂ ਪਹੀਏ ਵੀ ਉਹਨਾਂ ਦੇ ਨਾਲ-ਨਾਲ ਚੱਲਦੇ ਸਨ, ਅਤੇ ਜਦ ਕਰੂਬੀਆਂ ਨੇ ਆਪਣੇ ਖੰਭ ਚੁੱਕੇ ਤਾਂ ਜੋ ਧਰਤੀ ਤੋਂ ਉੱਤੇ ਨੂੰ ਉੱਡਣ, ਤਾਂ ਉਹ ਪਹੀਏ ਉਹਨਾਂ ਨਾਲ ਹੀ ਰਹਿੰਦੇ ਸਨ ।17ਜਦ ਉਹ ਖੜ੍ਹੇ ਹੁੰਦੇ ਸਨ ਤਾਂ ਇਹ ਵੀ ਖੜ੍ਹੇ ਹੁੰਦੇ ਸਨ ਅਤੇ ਜਦੋਂ ਉਹ ਉਤਾਹਾਂ ਨੂੰ ਉੱਡਦੇ ਸਨ ਤਾਂ ਇਹ ਵੀ ਉਹਨਾਂ ਨਾਲ ਉਤਾਹਾਂ ਨੂੰ ਚੜ੍ਹਦੇ ਸਨ, ਕਿਉਂ ਜੋ ਜੀਵਾਂ ਦਾ ਆਤਮਾ ਉਹਨਾਂ ਵਿੱਚ ਸੀ ।
18ਯਹੋਵਾਹ ਦਾ ਤੇਜ ਘਰ ਦੀ ਡਿਉੜੀ ਉੱਤੋਂ ਉੱਠ ਕੇ ਕਰੂਬੀਆਂ ਦੇ ਉੱਪਰ ਆ ਕੇ ਠਹਿਰ ਗਿਆ ।19ਤਦ ਕਰੂਬੀਆਂ ਨੇ ਆਪਣੇ ਖੰਭ ਚੁੱਕੇ, ਮੇਰੇ ਵੇਖਦਿਆਂ ਧਰਤੀ ਤੋਂ ਉੱਚੇ ਉੱਠੇ ਅਤੇ ਚਲੇ ਗਏ । ਪਹੀਏ ਉਹਨਾਂ ਦੇ ਨਾਲ-ਨਾਲ ਸਨ ਅਤੇ ਉਹ ਯਹੋਵਾਹ ਦੇ ਭਵਨ ਦੇ ਪੂਰਬੀ ਫਾਟਕ ਦੇ ਦਰਵਾਜ਼ੇ ਉੱਤੇ ਖੜ੍ਹੇ ਹੋ ਗਏ, ਤਾਂ ਇਸਰਾਏਲ ਦੇ ਪਰਮੇਸ਼ੁਰ ਦਾ ਤੇਜ ਉਹਨਾਂ ਉੱਤੇ ਸੀ ।
20ਇਹ ਉਹ ਜੰਤੂ ਹੈ, ਜਿਹੜਾ ਮੈਂ ਇਸਰਾਏਲ ਦੇ ਪਰਮੇਸ਼ੁਰ ਦੇ ਥੱਲੇ ਕਿਬਾਰ ਨਹਿਰ ਦੇ ਕੰਢੇ ਤੇ ਵੇਖਿਆ ਸੀ ਅਤੇ ਮੈਂ ਜਾਣਿਆ ਕਿ ਇਹ ਕਰੂਬੀ ਹਨ ।21ਹਰੇਕ ਦੇ ਚਾਰ ਚਿਹਰੇ ਸਨ ਅਤੇ ਚਾਰ ਖੰਭ ਅਤੇ ਉਹਨਾਂ ਦੇ ਖੰਭਾਂ ਦੇ ਥੱਲੇ ਮਨੁੱਖ ਦਾ ਹੱਥ ਜਿਹਾ ਸੀ ।22ਉਹਨਾਂ ਦੇ ਚਿਹਰਿਆਂ ਦਾ ਰੂਪ ਓਹੋ ਹੀ ਹੈ ਜੋ ਮੈਂ ਕਿਬਾਰ ਨਹਿਰ ਦੇ ਉੱਤੇ ਵੇਖੇ ਸਨ, ਅਰਥਾਤ ਉਹਨਾਂ ਦਾ ਰੂਪ ਅਤੇ ਉਹ ਆਪ । ਉਹ ਸਾਰੇ ਸਿੱਧੇ ਅੱਗੇ ਹੀ ਅੱਗੇ ਤੁਰਦੇ ਜਾਂਦੇ ਸਨ ।

11
ਯਰੂਸ਼ਲਮ ਦੀ ਨਿੰਦਾ

1ਆਤਮਾ ਮੈਨੂੰ ਚੁੱਕ ਕੇ ਯਹੋਵਾਹ ਦੇ ਭਵਨ ਦੇ ਪੂਰਬੀ ਫਾਟਕ ਉੱਤੇ ਜਿਸ ਦਾ ਮੂੰਹ ਪੂਰਬ ਵੱਲ ਹੈ ਲੈ ਗਿਆ ਅਤੇ ਵੇਖੋ, ਉਸ ਫਾਟਕ ਦੇ ਬੂਹੇ ਵਿੱਚ ਪੱਚੀ ਮਨੁੱਖ ਸਨ ਅਤੇ ਮੈਂ ਉਹਨਾਂ ਦੇ ਵਿੱਚ ਅੱਜ਼ੂਰ ਦੇ ਪੁੱਤਰ ਯਅਜ਼ਨਯਾਹ ਅਤੇ ਬਨਾਯਾਹ ਦੇ ਪੁੱਤਰ ਫਲਟਯਾਹ ਨੂੰ ਵੇਖਿਆ, ਜੋ ਲੋਕਾਂ ਦੇ ਹਾਕਮ ਸਨ ।

2ਉਹ ਨੇ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ, ਇਹ ਉਹ ਮਨੁੱਖ ਹਨ ਜਿਹੜੇ ਇਸ ਸ਼ਹਿਰ ਵਿੱਚ ਬਦੀ ਦੀ ਯੋਜਨਾ ਬਣਾਉਂਦੇ ਅਤੇ ਬੁਰੀ ਸਲਾਹ ਦਿੰਦੇ ਹਨ ।3ਜਿਹੜੇ ਆਖਦੇ ਹਨ ਕਿ ਘਰਾਂ ਦੇ ਬਣਾਉਣ ਦਾ ਵੇਲਾ ਨੇੜੇ ਨਹੀਂ । ਇਹ ਸ਼ਹਿਰ ਤਾਂ ਇੱਕ ਕੜਾਹਾ ਹੈ, ਅਤੇ ਅਸੀਂ ਮਾਸ ਹਾਂ ।4ਇਸ ਲਈ, ਹੇ ਮਨੁੱਖ ਦੇ ਪੁੱਤਰ, ਤੂੰ ਉਹਨਾਂ ਦੇ ਵਿਰੁੱਧ ਭਵਿੱਖਬਾਣੀ ਕਰ ! ਹਾਂ, ਭਵਿੱਖਬਾਣੀ ਕਰ !
5ਯਹੋਵਾਹ ਦਾ ਆਤਮਾ ਮੇਰੇ ਉੱਤੇ ਉੱਤਰਿਆ ਅਤੇ ਉਹ ਨੇ ਮੈਨੂੰ ਆਖਿਆ ਕਿ ਤੂੰ ਇਹ ਆਖ, ਯਹੋਵਾਹ ਇਹ ਆਖਦਾ ਹੈ ਕਿ ਹੇ ਇਸਰਾਏਲ ਦੇ ਘਰਾਣੇ, ਤੁਸੀਂ ਅਜਿਹਾ ਸੋਚਿਆ ਹੈ, ਪਰ ਮੈਂ ਤੁਹਾਡੇ ਮਨ ਦੇ ਵਿਚਾਰਾਂ ਨੂੰ ਜਾਣਦਾ ਹਾਂ ।6ਤੁਸੀਂ ਇਸ ਵਿੱਚ ਬਹੁਤਿਆਂ ਨੂੰ ਵੱਢ ਦਿੱਤਾ ਹੈ, ਸਗੋਂ ਸ਼ਹਿਰ ਦੀਆਂ ਗਲੀਆਂ ਵੱਢਿਆ ਹੋਇਆਂ ਨਾਲ ਭਰ ਦਿੱਤੀਆਂ ਹਨ ।7ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਤੁਹਾਡੇ ਵੱਢੇ ਹੋਏ ਜਿਹਨਾਂ ਨੂੰ ਤੁਸੀਂ ਇਹ ਦੇ ਵਿੱਚ ਰੱਖਿਆ ਹੈ, ਉਹ ਮਾਸ ਹਨ ਅਤੇ ਇਹ ਸ਼ਹਿਰ ਉਹੀ ਕੜਾਹਾ ਹੈ, ਪਰ ਤੁਸੀਂ ਇਹ ਦੇ ਵਿੱਚੋਂ ਬਾਹਰ ਕੱਢੇ ਜਾਓਗੇ ।
8ਤੁਸੀਂ ਤਲਵਾਰ ਤੋਂ ਡਰਦੇ ਹੋ ਅਤੇ ਪ੍ਰਭੂ ਯਹੋਵਾਹ ਕਹਿੰਦਾ ਹੈ ਕਿ ਮੈਂ ਤਲਵਾਰ ਤੁਹਾਡੇ ਉੱਤੇ ਲਿਆਵਾਂਗਾ ।9ਮੈਂ ਤੁਹਾਨੂੰ ਇਸ ਵਿੱਚੋਂ ਬਾਹਰ ਕੱਢਾਂਗਾ, ਤੁਹਾਨੂੰ ਪਰਦੇਸੀਆਂ ਦੇ ਹੱਥ ਵਿੱਚ ਦਿਆਂਗਾ ਅਤੇ ਤੁਹਾਡੇ ਉੱਤੇ ਸਜ਼ਾ ਲਿਆਵਾਂਗਾ ।10ਤੁਸੀਂ ਤਲਵਾਰ ਨਾਲ ਡਿੱਗ ਪਵੋਗੇ । ਇਸਰਾਏਲ ਦੀਆਂ ਹੱਦਾਂ ਉੱਤੇ ਮੈਂ ਤੁਹਾਡਾ ਨਿਆਂ ਕਰਾਂਗਾ ਅਤੇ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਹਾਂ !
11ਇਹ ਸ਼ਹਿਰ ਤੁਹਾਡੇ ਲਈ ਕੜਾਹਾ ਨਹੀਂ ਹੋਵੇਗਾ, ਨਾ ਤੁਸੀਂ ਇਹ ਦੇ ਵਿੱਚ ਮਾਸ ਹੋਵੋਗੇ, ਸਗੋਂ ਮੈਂ ਇਸਰਾਏਲ ਦੀਆਂ ਹੱਦਾਂ ਉੱਤੇ ਤੁਹਾਡਾ ਨਿਆਂ ਕਰਾਂਗਾ ।12ਤੁਸੀਂ ਜਾਣ ਲਵੋਗੇ ਕਿ ਮੈਂ ਯਹੋਵਾਹ ਹਾਂ, ਜਿਸ ਦੀਆਂ ਬਿਧੀਆਂ ਉੱਤੇ ਤੁਸੀਂ ਨਹੀਂ ਚਲੇ ਅਤੇ ਜਿਸ ਦੇ ਕਾਨੂੰਨਾਂ ਉੱਤੇ ਤੁਸੀਂ ਅਮਲ ਨਹੀਂ ਕੀਤਾ, ਸਗੋਂ ਤੁਸੀਂ ਆਪਣੇ ਦੁਆਲੇ ਰਹਿਣ ਵਾਲੀਆਂ ਕੌਮਾਂ ਦੇ ਕਾਨੂੰਨਾਂ ਦੇ ਅਨੁਸਾਰ ਕੰਮ ਕੀਤੇ ।
13ਜਦੋਂ ਮੈਂ ਭਵਿੱਖਬਾਣੀ ਕਰ ਰਿਹਾ ਸੀ, ਤਾਂ ਇਸ ਤਰ੍ਹਾਂ ਹੋਇਆ ਕਿ ਬਨਾਯਾਹ ਦਾ ਪੁੱਤਰ ਫਲਟਯਾਹ ਮਰ ਗਿਆ । ਤਦ ਮੈਂ ਮੂਧੇ ਮੂੰਹ ਡਿੱਗਿਆ ਅਤੇ ਵੱਡੀ ਅਵਾਜ਼ ਨਾਲ ਦੁਹਾਈ ਦੇ ਕੇ ਆਖਿਆ, ਹਾਏ ! ਪ੍ਰਭੂ ਯਹੋਵਾਹ ! ਕੀ ਤੂੰ ਇਸਰਾਏਲ ਦੇ ਬਚਿਆਂ ਹੋਇਆਂ ਨੂੰ ਪੂਰੀ ਤਰ੍ਹਾਂ ਹੀ ਮੁਕਾ ਦੇਵੇਂਗਾ ?
ਗੁਲਾਮੀ ਦੇ ਵਿੱਚ ਗਏ ਲੋਕਾਂ ਦੇ ਨਾਲ ਪਰਮੇਸ਼ੁਰ ਦਾ ਵਾਅਦਾ

14ਤਦ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਅਤੇ ਆਖਿਆ ਕਿ15ਹੇ ਮਨੁੱਖ ਦੇ ਪੁੱਤਰ, ਤੇਰੇ ਭਰਾਵਾਂ, ਹਾਂ, ਤੇਰੇ ਭਰਾਵਾਂ ਅਰਥਾਤ ਤੇਰੇ ਵੰਸ਼ ਸਗੋਂ ਸਾਰੇ ਇਸਰਾਏਲ ਦੇ ਘਰਾਣੇ ਨੂੰ, ਹਾਂ, ਉਹਨਾਂ ਸਾਰਿਆਂ ਨੂੰ ਯਰੂਸ਼ਲਮ ਦੇ ਵਾਸੀਆਂ ਨੇ ਆਖਿਆ ਹੈ, ਯਹੋਵਾਹ ਤੋਂ ਦੂਰ ਹੋਵੋ ! ਇਹ ਦੇਸ ਸਾਨੂੰ ਵਿਰਸੇ ਵਿੱਚ ਮਿਲਿਆ ਹੈ ।
16ਇਸ ਲਈ ਤੂੰ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ ਕਿ ਭਾਵੇਂ ਮੈਂ ਉਹਨਾਂ ਨੂੰ ਕੌਮਾਂ ਦੇ ਵਿੱਚ ਭੇਜ ਦਿੱਤਾ ਹੈ ਅਤੇ ਦੂਜੇ ਦੇਸਾਂ ਵਿੱਚ ਖਿਲਾਰ ਦਿੱਤਾ ਹੈ, ਪਰ ਮੈਂ ਉਹਨਾਂ ਲਈ ਉਹਨਾਂ ਦੇਸਾਂ ਵਿੱਚ ਜਿੱਥੇ ਜਿੱਥੇ ਉਹ ਗਏ ਹਨ, ਥੋੜੇ ਸਮੇਂ ਲਈ ਇੱਕ ਪਵਿੱਤਰ ਸਥਾਨ ਹੋਵਾਂਗਾ ।17ਇਸ ਲਈ ਤੂੰ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਮੈਂ ਉੱਮਤਾਂ ਵਿੱਚੋਂ ਤੁਹਾਨੂੰ ਇਕੱਠਾ ਕਰ ਲਵਾਂਗਾ ਅਤੇ ਉਹਨਾਂ ਦੇਸਾਂ ਵਿੱਚੋਂ ਜਿੱਥੇ ਤੁਸੀਂ ਖਿੱਲਰ ਗਏ ਹੋ ਫੇਰ ਤੁਹਾਨੂੰ ਇਕੱਠਾ ਕਰਾਂਗਾ ਅਤੇ ਇਸਰਾਏਲ ਦੀ ਭੂਮੀ ਤੁਹਾਨੂੰ ਦਿਆਂਗਾ ।18ਉਹ ਉੱਥੇ ਆਉਣਗੇ ਅਤੇ ਉਸ ਦੀਆਂ ਸਾਰੀਆਂ ਘਿਣਾਉਣੀਆਂ ਅਤੇ ਭੈੜੀਆਂ ਚੀਜ਼ਾਂ ਉਸ ਵਿੱਚੋਂ ਕੱਢ ਦੇਣਗੇ ।
19ਮੈਂ ਉਹਨਾਂ ਨੂੰ ਇੱਕ ਦਿਲ ਦਿਆਂਗਾ ਅਤੇ ਨਵਾਂ ਆਤਮਾ ਤੁਹਾਡੇ ਅੰਦਰ ਪਾਵਾਂਗਾ । ਮੈਂ ਪੱਥਰ ਦਾ ਦਿਲ ਉਹਨਾਂ ਦੇ ਸਰੀਰ ਵਿੱਚੋਂ ਕੱਢ ਦਿਆਂਗਾ ਅਤੇ ਉਹਨਾਂ ਨੂੰ ਇੱਕ ਮਾਸ ਦਾ ਦਿਲ ਦਿਆਂਗਾ,20ਤਾਂ ਜੋ ਉਹ ਮੇਰੀਆਂ ਬਿਧੀਆਂ ਅਨੁਸਾਰ ਚੱਲਣ, ਮੇਰੇ ਕਾਨੂੰਨਾਂ ਦੀ ਪਾਲਣਾ ਕਰਨ, ਉਹਨਾਂ ਤੇ ਅਮਲ ਕਰਨ, ਉਹ ਮੇਰੀ ਪਰਜਾ ਹੋਣਗੇ ਅਤੇ ਮੈਂ ਉਹਨਾਂ ਦਾ ਪਰਮੇਸ਼ੁਰ ਹੋਵਾਂਗਾ ।21ਪਰ ਜਿਹਨਾਂ ਦਾ ਮਨ ਆਪਣੀਆਂ ਘਿਣਾਉਣੀਆਂ ਅਤੇ ਅਸ਼ੁੱਧ ਚੀਜ਼ਾਂ ਦੇ ਮਗਰ ਲੱਗਿਆ ਹੋਇਆ ਹੈ, ਉਹਨਾਂ ਦੇ ਬਾਰੇ, ਪ੍ਰਭੂ ਯਹੋਵਾਹ ਦਾ ਵਾਕ ਹੈ, ਮੈਂ ਉਹਨਾਂ ਦੀ ਕਰਨੀ ਉਹਨਾਂ ਦੇ ਸਿਰ ਪਾਵਾਂਗਾ ।
ਪਰਮੇਸ਼ੁਰ ਦੀ ਮਹਿਮਾ ਦਾ ਯਰੂਸ਼ਲਮ ਤੋਂ ਜਾਣਾ

22ਤਦ ਕਰੂਬੀਆਂ ਨੇ ਆਪਣੇ-ਆਪਣੇ ਖੰਭ ਚੁੱਕੇ, ਪਹੀਏ ਉਹਨਾਂ ਦੇ ਨਾਲ-ਨਾਲ ਚਲੇ ਅਤੇ ਇਸਰਾਏਲ ਦੇ ਪਰਮੇਸ਼ੁਰ ਦਾ ਤੇਜ ਉਹਨਾਂ ਦੇ ਉੱਤੇ ਸੀ ।23ਯਹੋਵਾਹ ਦਾ ਤੇਜ ਸ਼ਹਿਰ ਵਿੱਚੋਂ ਉਤਾਹਾਂ ਗਿਆ ਅਤੇ ਸ਼ਹਿਰ ਦੇ ਪੂਰਬ ਵੱਲ ਪਹਾੜ ਉੱਤੇ ਜਾ ਕੇ ਠਹਿਰ ਗਿਆ ।
24ਤਦ ਆਤਮਾ ਨੇ ਮੈਨੂੰ ਚੁੱਕਿਆ ਅਤੇ ਪਰਮੇਸ਼ੁਰ ਦੇ ਆਤਮਾ ਨੇ ਦਰਸ਼ਣ ਵਿੱਚ ਮੈਨੂੰ ਫੇਰ ਕਸਦੀਆਂ ਦੇ ਦੇਸ ਵਿੱਚ ਗੁਲਾਮਾਂ ਦੇ ਕੋਲ ਪਹੁੰਚਾ ਦਿੱਤਾ ਅਤੇ ਜੋ ਦਰਸ਼ਣ ਮੈਂ ਵੇਖਿਆ ਸੀ ਉਹ ਮੇਰੇ ਤੋਂ ਓਹਲੇ ਹੋ ਗਿਆ ।25ਮੈਂ ਗੁਲਾਮਾਂ ਨੂੰ ਯਹੋਵਾਹ ਦੀਆਂ ਉਹ ਸਾਰੀਆਂ ਗੱਲਾਂ ਦੱਸੀਆਂ, ਜੋ ਉਸ ਨੇ ਮੈਨੂੰ ਵਿਖਾਈਆਂ ਸਨ ।

12
ਨਬੀ, ਗੁਲਾਮੀ ਦੇ ਵਿੱਚ ਜਾਣ ਦਾ ਪ੍ਰਤੀਕ

1ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਤੇ ਆਖਿਆ ਕਿ2ਹੇ ਮਨੁੱਖ ਦੇ ਪੁੱਤਰ ਤੂੰ ਇੱਕ ਵਿਦਰੋਹੀ ਘਰਾਣੇ ਦੇ ਵਿੱਚ ਰਹਿੰਦਾ ਹੈਂ, ਜਿਹਨਾਂ ਦੀਆਂ ਅੱਖਾਂ ਹਨ ਕਿ ਉਹ ਵੇਖਣ ਪਰ ਉਹ ਨਹੀਂ ਵੇਖਦੇ ਅਤੇ ਉਹਨਾਂ ਦੇ ਕੰਨ ਹਨ ਕਿ ਉਹ ਸੁਣਨ ਪਰ ਉਹ ਨਹੀਂ ਸੁਣਦੇ, ਕਿਉਂ ਜੋ ਉਹ ਵਿਦਰੋਹੀ ਘਰਾਣਾ ਹੈ ।

3ਇਸ ਲਈ ਤੂੰ ਹੇ ਮਨੁੱਖ ਦੇ ਪੁੱਤਰ, ਦੇਸ ਨਿਕਾਲੇ ਲਈ ਸਮਾਨ ਬੰਨ੍ਹ ਅਤੇ ਦਿਨ ਨੂੰ ਉਹਨਾਂ ਦੇ ਵੇਖਦਿਆਂ ਦੇਸੋਂ ਨਿੱਕਲ ਜਾ । ਤੂੰ ਉਹਨਾਂ ਦੇ ਸਾਹਮਣੇ ਆਪਣੇ ਸਥਾਨ ਤੋਂ ਦੂਜੇ ਸਥਾਨ ਵੱਲ ਦੇਸ ਨਿਕਾਲੇ ਵਾਂਗੂੰ ਨਿੱਕਲ ਜਾ । ਸ਼ਾਇਦ ਉਹ ਵੇਖਣ, ਪਰ ਉਹ ਤਾਂ ਇੱਕ ਵਿਦਰੋਹੀ ਘਰਾਣਾ ਹੈ ।
4ਤੂੰ ਦਿਨ ਨੂੰ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਆਪਣਾ ਸਮਾਨ ਬਾਹਰ ਕੱਢ, ਜਿਵੇਂ ਦੇਸ ਨਿਕਾਲੇ ਦਾ ਸਮਾਨ ਅਤੇ ਸ਼ਾਮ ਨੂੰ ਉਹਨਾਂ ਦੇ ਸਾਹਮਣੇ ਉਹਨਾਂ ਵਾਂਗੂੰ ਨਿੱਕਲ ਜਾ, ਜੋ ਗੁਲਾਮੀ ਲਈ ਨਿੱਕਲ ਜਾਂਦੇ ਹਨ ।5ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਕੰਧ ਵਿੱਚ ਰਾਹ ਬਣਾ ਉਸ ਰਾਹ ਨਿੱਕਲ ਜਾ ।6ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਤੂੰ ਉਹ ਨੂੰ ਆਪਣੇ ਮੋਢੇ ਤੇ ਚੁੱਕ ਅਤੇ ਹਨ੍ਹੇਰੇ ਵਿੱਚ ਉਹ ਨੂੰ ਕੱਢ ਲੈ ਜਾ । ਤੂੰ ਆਪਣਾ ਚਿਹਰਾ ਢੱਕ ਤਾਂ ਜੋ ਤੂੰ ਦੇਸ ਨੂੰ ਨਾ ਵੇਖ ਸਕੇਂ, ਕਿਉਂ ਜੋ ਮੈਂ ਤੈਨੂੰ ਇਸਰਾਏਲ ਦੇ ਘਰਾਣੇ ਲਈ ਇੱਕ ਨਿਸ਼ਾਨ ਠਹਿਰਾਇਆ ਹੈ ।
7ਇਸ ਲਈ ਜਿਵੇਂ ਮੈਨੂੰ ਹੁਕਮ ਹੋਇਆ ਸੀ, ਮੈਂ ਉਸੇ ਤਰ੍ਹਾਂ ਕੀਤਾ । ਮੈਂ ਦਿਨ ਵੇਲੇ ਆਪਣਾ ਸਮਾਨ ਕੱਢਿਆ ਜਿਵੇਂ ਦੇਸ ਨਿਕਾਲੇ ਲਈ ਕੱਢਦੇ ਹਨ ਅਤੇ ਸ਼ਾਮ ਵੇਲੇ ਆਪਣੇ ਹੱਥ ਨਾਲ ਕੰਧ ਵਿੱਚ ਰਾਹ ਬਣਾਇਆ, ਤਾਂ ਮੈਂ ਹਨ੍ਹੇਰੇ ਵਿੱਚ ਉਹ ਨੂੰ ਕੱਢਿਆ ਅਤੇ ਉਹਨਾਂ ਦੇ ਵੇਖਦਿਆਂ ਹੋਇਆਂ ਮੋਢੇ ਤੇ ਚੁੱਕ ਲਿਆ ।
8ਸਵੇਰ ਨੂੰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ,9ਹੇ ਮਨੁੱਖ ਦੇ ਪੁੱਤਰ, ਕੀ ਇਸਰਾਏਲ ਦੇ ਘਰਾਣੇ ਨੇ ਜੋ ਵਿਦਰੋਹੀ ਘਰਾਣਾ ਹੈ, ਤੇਰੇ ਕੋਲੋਂ ਇਹ ਨਹੀਂ ਪੁੱਛਿਆ ਕਿ ਤੂੰ ਕੀ ਕਰਦਾ ਹੈਂ ?10ਉਹਨਾਂ ਨੂੰ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਇਹ ਵਾਕ ਯਰੂਸ਼ਲਮ ਦੇ ਸ਼ਹਿਜਾਦੇ ਲਈ ਅਤੇ ਇਸਰਾਏਲ ਦੇ ਸਾਰੇ ਘਰਾਣੇ ਲਈ ਹੈ, ਜੋ ਉਸ ਵਿੱਚ ਰਹਿੰਦੇ ਹਨ ।
11ਉਹਨਾਂ ਨੂੰ ਆਖ ਦੇ ਕਿ ਮੈਂ ਤੁਹਾਡੇ ਲਈ ਇੱਕ ਨਿਸ਼ਾਨ ਹਾਂ । ਜਿਵੇਂ ਮੈਂ ਕੀਤਾ ਹੈ ਉਸੇ ਤਰ੍ਹਾਂ ਹੀ ਉਹਨਾਂ ਨਾਲ ਕੀਤਾ ਜਾਵੇਗਾ । ਉਹ ਦੇਸ ਨਿਕਾਲਾ ਪਾਉਣਗੇ ਅਤੇ ਗੁਲਾਮੀ ਵਿੱਚ ਜਾਣਗੇ ।12ਸ਼ਹਿਜਾਦਾ ਜਿਹੜਾ ਤੁਹਾਡੇ ਵਿੱਚ ਹੈ, ਹਨ੍ਹੇਰੇ ਵਿੱਚ ਆਪਣਾ ਸਮਾਨ ਮੋਢੇ ਤੇ ਚੁੱਕ ਕੇ ਨਿੱਕਲ ਜਾਵੇਗਾ । ਉਹ ਕੰਧ ਵਿੱਚ ਰਾਹ ਬਣਾਏਗਾ, ਤਾਂ ਜੋ ਉਸ ਰਾਹ ਨਿੱਕਲ ਜਾਵੇ । ਉਹ ਆਪਣਾ ਚਿਹਰਾ ਢੱਕੇਗਾ, ਕਿਉਂ ਜੋ ਉਹ ਆਪਣੀਆਂ ਅੱਖਾਂ ਨਾਲ ਦੇਸ ਨੂੰ ਨਾ ਵੇਖੇਗਾ ।13ਮੈਂ ਆਪਣਾ ਜਾਲ਼ ਉਸ ਉੱਤੇ ਪਾਵਾਂਗਾ ਅਤੇ ਉਹ ਮੇਰੀ ਫਾਹੀ ਵਿੱਚ ਫਸ ਜਾਵੇਗਾ ਅਤੇ ਮੈਂ ਉਸ ਨੂੰ ਕਸਦੀਆਂ ਦੇ ਦੇਸ ਬਾਬਲ ਵਿੱਚ ਪਹੁੰਚਾ ਦਿਆਂਗਾ, ਪਰ ਉਹ ਉਸ ਨੂੰ ਨਹੀਂ ਵੇਖੇਗਾ ਅਤੇ ਉਹ ਉੱਥੇ ਹੀ ਮਰ ਜਾਏਗਾ ।
14ਮੈਂ ਉਸ ਦੇ ਆਲੇ-ਦੁਆਲੇ ਦੇ ਸਹਾਇਕਾਂ ਨੂੰ ਅਤੇ ਉਸ ਦੇ ਸਾਰੇ ਜੱਥਿਆਂ ਨੂੰ ਸਾਰੀਆਂ ਦਿਸ਼ਾਵਾਂ ਵੱਲ ਖਿਲਾਰ ਦਿਆਂਗਾ ਅਤੇ ਮੈਂ ਤਲਵਾਰ ਕੱਢ ਕੇ ਉਹਨਾਂ ਦਾ ਪਿੱਛਾ ਕਰਾਂਗਾ ।15ਜਦੋਂ ਮੈਂ ਉਹਨਾਂ ਨੂੰ ਕੌਮਾਂ ਵਿੱਚ ਭਟਕਾਵਾਂਗਾ ਅਤੇ ਦੇਸਾਂ ਵਿੱਚ ਤਿੱਤਰ-ਬਿੱਤਰ ਕਰਾਂਗਾ, ਤਦ ਉਹ ਜਾਣਨਗੇ ਕਿ ਮੈਂ ਯਹੋਵਾਹ ਹਾਂ ।16ਪਰ ਮੈਂ ਉਹਨਾਂ ਵਿੱਚੋਂ ਕਈਆਂ ਨੂੰ ਤਲਵਾਰ, ਕਾਲ ਅਤੇ ਮਰੀ ਤੋਂ ਬਚਾ ਲਵਾਂਗਾ, ਤਾਂ ਜੋ ਉਹ ਕੌਮਾਂ ਦੇ ਵਿੱਚ ਜਿੱਥੇ ਕਿਤੇ ਜਾਣ ਆਪਣੇ ਸਾਰੇ ਘਿਣਾਉਣੇ ਕੰਮਾਂ ਨੂੰ ਦੱਸਣ, ਉਹ ਜਾਣਨਗੇ ਕਿ ਮੈਂ ਯਹੋਵਾਹ ਹਾਂ ।
ਕੰਬਦੇ ਹੋਏ ਨਬੀ ਦਾ ਚਿੰਨ੍ਹ

17ਫੇਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ18ਹੇ ਮਨੁੱਖ ਦੇ ਪੁੱਤਰ, ਤੂੰ ਆਪਣੀ ਰੋਟੀ ਕੰਬਦੇ ਹੋਏ ਖਾ ਅਤੇ ਕੰਬਦੇ ਹੋਏ ਤੇ ਡਰਦੇ ਹੋਏ ਪਾਣੀ ਪੀ !
19ਉਸ ਦੇਸ ਦੇ ਲੋਕਾਂ ਨੂੰ ਤੂੰ ਆਖ ਕਿ ਇਸਰਾਏਲ ਦੀ ਭੂਮੀ ਦੇ ਬਾਰੇ ਅਤੇ ਯਰੂਸ਼ਲਮ ਦੇ ਵਾਸੀਆਂ ਦੇ ਬਾਰੇ ਪ੍ਰਭੂ ਯਹੋਵਾਹ ਇਹ ਆਖਦਾ ਹੈ ਕਿ ਉਹ ਆਪਣੀ ਰੋਟੀ ਫਿਕਰ ਨਾਲ ਖਾਣਗੇ ਅਤੇ ਆਪਣਾ ਪਾਣੀ ਚਿੰਤਾ ਨਾਲ ਪੀਣਗੇ, ਕਿਉਂ ਜੋ ਉਸ ਦਾ ਦੇਸ ਉਹ ਦੇ ਵਾਸੀਆਂ ਦੇ ਜ਼ੁਲਮ ਦੇ ਕਾਰਨ ਉਹ ਦੀ ਭਰਪੂਰੀ ਤੋਂ ਖਾਲੀ ਕੀਤਾ ਜਾਵੇਗਾ ।20ਵੱਸਦੇ ਸ਼ਹਿਰ ਉੱਜੜ ਜਾਣਗੇ, ਦੇਸ ਵਿਰਾਨ ਹੋ ਜਾਏਗਾ ਅਤੇ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਹਾਂ !
ਲੋਕ ਪ੍ਰੇਮੀ ਕਹਾਵਤ ਅਲੋਕ ਪ੍ਰੇਮੀ ਸੰਦੇਸ਼

21ਫਿਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ22ਹੇ ਮਨੁੱਖ ਦੇ ਪੁੱਤਰ ! ਇਸਰਾਏਲੀਆਂ ਦੀ ਭੂਮੀ ਵਿੱਚ ਇਹ ਕਹਾਵਤ ਹੈ, ਕਿ ਸਮਾਂ ਲੰਘਦਾ ਜਾਂਦਾ ਹੈ ਅਤੇ ਹਰ ਦਰਸ਼ਣ ਮਿਟ ਜਾਂਦਾ ਹੈ ?23ਇਸ ਲਈ ਉਹਨਾਂ ਨੂੰ ਆਖ ਦੇ ਕਿ ਪ੍ਰਭੂ ਯਹੋਵਾਹ ਇਹ ਕਹਿੰਦਾ ਹੈ ਕਿ ਮੈਂ ਇਸ ਕਹਾਵਤ ਨੂੰ ਮੁਕਾ ਦਿਆਂਗਾ ਅਤੇ ਫੇਰ ਇਹ ਨੂੰ ਇਸਰਾਏਲ ਵਿੱਚ ਨਾ ਵਰਤਣਗੇ, ਸਗੋਂ ਤੂੰ ਉਹਨਾਂ ਨੂੰ ਆਖ ਕਿ ਸਮਾਂ ਆ ਗਿਆ ਹੈ ਅਤੇ ਹਰੇਕ ਦਰਸ਼ਣ ਦਾ ਸਿੱਟਾ ਨੇੜੇ ਹੈ ।
24ਕਿਉਂ ਜੋ ਅੱਗੇ ਤੋਂ ਇਸਰਾਏਲ ਦੇ ਘਰਾਣੇ ਵਿੱਚ ਕੋਈ ਝੂਠਾ ਦਰਸ਼ਣ ਨਾ ਵੇਖੇਗਾ ਅਤੇ ਚਾਪਲੂਸੀ ਨਾਲ ਵਿਭਾਜਨ ਨਹੀਂ ਹੋਵੇਗਾ ।25ਕਿਉਂ ਜੋ ਮੈਂ ਯਹੋਵਾਹ ਹਾਂ, ਮੈਂ ਬਚਨ ਕਰਾਂਗਾ ਅਤੇ ਮੇਰਾ ਬਚਨ ਜ਼ਰੂਰ ਪੂਰਾ ਹੋਵੇਗਾ । ਉਸ ਦੇ ਪੂਰਾ ਹੋਣ ਵਿੱਚ ਢਿੱਲ ਨਾ ਹੋਵੇਗੀ, ਸਗੋਂ ਪ੍ਰਭੂ ਯਹੋਵਾਹ ਦਾ ਵਾਕ ਹੈ ਕਿ ਹੇ ਵਿਦਰੋਹੀ ਘਰਾਣੇ, ਮੈਂ ਤੁਹਾਡੇ ਸਮੇਂ ਵਿੱਚ ਬਚਨ ਕਰ ਕੇ ਉਹ ਨੂੰ ਜ਼ਰੂਰ ਪੂਰਾ ਕਰਾਂਗਾ ।
26ਯਹੋਵਾਹ ਦਾ ਵਾਕ ਫੇਰ ਮੇਰੇ ਕੋਲ ਆਇਆ ਕਿ27ਹੇ ਮਨੁੱਖ ਦੇ ਪੁੱਤਰ, ਵੇਖ, ਇਸਰਾਏਲ ਦਾ ਘਰਾਣਾ ਆਖਦਾ ਹੈ ਕਿ ਜਿਹੜਾ ਦਰਸ਼ਣ ਉਸ ਵੇਖਿਆ ਹੈ, ਬਹੁਤ ਸਮੇਂ ਬਾਅਦ ਪੂਰਾ ਹੋਵੇਗਾ ਅਤੇ ਇਹ ਭਵਿੱਖਬਾਣੀ ਦੂਰ ਦੇ ਸਮਿਆਂ ਲਈ ਹੈ ।28ਇਸ ਲਈ ਉਹਨਾਂ ਨੂੰ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ ਕਿ ਅੱਗੇ ਲਈ ਮੇਰੀ ਕਿਸੇ ਗੱਲ ਦੇ ਪੂਰੇ ਹੋਣ ਵਿੱਚ ਢਿੱਲ ਨਾ ਪਵੇਗੀ, ਸਗੋਂ ਪ੍ਰਭੂ ਯਹੋਵਾਹ ਦਾ ਵਾਕ ਹੈ ਕਿ ਜਿਹੜੀ ਗੱਲ ਮੈਂ ਆਖਾਂਗਾ, ਉਹ ਪੂਰੀ ਹੋ ਜਾਵੇਗੀ ।

13
ਝੂਠੇ ਨਬੀਆਂ ਦੇ ਵਿਰੁੱਧ ਭਵਿੱਖਬਾਣੀ

1ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ2ਹੇ ਮਨੁੱਖ ਦੇ ਪੁੱਤਰ, ਇਸਰਾਏਲ ਦੇ ਨਬੀ ਜਿਹੜੇ ਭਵਿੱਖਬਾਣੀ ਕਰਦੇ ਹਨ, ਉਹਨਾਂ ਦੇ ਵਿਰੁੱਧ ਭਵਿੱਖਬਾਣੀ ਕਰ ਅਤੇ ਜੋ ਆਪਣੇ ਹੀ ਮਨ ਤੋਂ ਭਵਿੱਖਬਾਣੀ ਕਰਦੇ ਹਨ ਤੂੰ ਉਹਨਾਂ ਨੂੰ ਆਖ, ਕਿ ਯਹੋਵਾਹ ਦਾ ਬਚਨ ਸੁਣੋ !3ਪ੍ਰਭੂ ਯਹੋਵਾਹ ਇਹ ਆਖਦਾ ਹੈ ਕਿ ਮੂਰਖ ਨਬੀਆਂ ਉੱਤੇ ਹਾਏ ਹਾਏ ! ਜਿਹੜੇ ਆਪਣੇ ਹੀ ਆਤਮਾ ਮਗਰ ਚੱਲਦੇ ਹਨ ਅਤੇ ਉਹਨਾਂ ਨੇ ਕੁੱਝ ਨਹੀਂ ਵੇਖਿਆ ।4ਹੇ ਇਸਰਾਏਲ, ਤੁਹਾਡੇ ਨਬੀ ਉਹਨਾਂ ਲੂੰਬੜੀਆਂ ਵਰਗੇ ਸਨ, ਜਿਹੜੀਆਂ ਉਜਾੜਾਂ ਵਿੱਚ ਰਹਿੰਦੀਆਂ ਹਨ ।

5ਤੁਸੀਂ ਪਹਾੜਾਂ ਉੱਤੇ ਨਹੀਂ ਗਏ, ਨਾ ਤੁਸੀਂ ਇਸਰਾਏਲ ਦੇ ਘਰਾਣੇ ਲਈ ਕੰਧ ਬਣਾਈ ਹੈ, ਤਾਂ ਜੋ ਤੁਸੀਂ ਯਹੋਵਾਹ ਦੇ ਦਿਨ ਲੜਾਈ ਵਿੱਚ ਖੜ੍ਹੇ ਹੋ ਸਕੋ ।6ਉਹਨਾਂ ਨੇ ਝੂਠੇ ਦਰਸ਼ਣ ਵੇਖੇ ਅਤੇ ਝੂਠੀਆਂ ਭਵਿੱਖਬਾਣੀਆਂ ਕੀਤੀਆਂ ਹਨ, ਜੋ ਆਖਦੇ ਹਨ ਕਿ ਯਹੋਵਾਹ ਦਾ ਵਾਕ ਹੈ ਭਾਵੇਂ ਯਹੋਵਾਹ ਨੇ ਉਹਨਾਂ ਨੂੰ ਨਹੀਂ ਭੇਜਿਆ ਅਤੇ ਉਹ ਲੋਕਾਂ ਨੂੰ ਆਸ ਦਿਵਾਉਂਦੇ ਹਨ ਕਿ ਉਹਨਾਂ ਦੀ ਗੱਲ ਕਾਇਮ ਹੋ ਜਾਵੇਗੀ ।7ਕੀ ਤੁਸੀਂ ਝੂਠਾ ਦਰਸ਼ਣ ਨਹੀਂ ਵੇਖਿਆ ? ਕੀ ਤੁਸੀਂ ਝੂਠੀ ਭਵਿੱਖਬਾਣੀ ਨਹੀਂ ਕੀਤੀ ? ਕਿਉਂ ਜੋ ਤੁਸੀਂ ਆਖਦੇ ਹੋ ਕਿ ਯਹੋਵਾਹ ਦਾ ਵਾਕ ਹੈ, ਭਾਵੇਂ ਮੈਂ ਨਹੀਂ ਆਖਿਆ ।
8ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਤੁਸੀਂ ਝੂਠੀਆਂ ਗੱਲਾਂ ਜੋ ਆਖੀਆਂ ਹਨ ਅਤੇ ਝੂਠ ਜੋ ਵੇਖਿਆ ਹੈ, ਇਸ ਲਈ ਵੇਖੋ, ਮੈਂ ਤੁਹਾਡਾ ਵਿਰੋਧੀ ਹਾਂ, ਪ੍ਰਭੂ ਯਹੋਵਾਹ ਦਾ ਵਾਕ ਹੈ ।9ਮੇਰਾ ਹੱਥ ਉਹਨਾਂ ਨਬੀਆਂ ਦੇ ਵਿਰੁੱਧ ਹੋਵੇਗਾ, ਜਿਹੜੇ ਝੂਠੇ ਦਰਸ਼ਣ ਵੇਖਦੇ ਹਨ ਅਤੇ ਝੂਠੀਆਂ ਭਵਿੱਖਬਾਣੀਆਂ ਕਰਦੇ ਹਨ । ਨਾ ਉਹ ਮੇਰੇ ਲੋਕਾਂ ਦੇ ਜੱਥੇ ਵਿੱਚ ਮਿਲਣਗੇ, ਨਾ ਇਸਰਾਏਲ ਦੇ ਘਰਾਣੇ ਦੀ ਪੋਥੀ ਵਿੱਚ ਲਿਖੇ ਜਾਣਗੇ, ਨਾ ਉਹ ਇਸਰਾਏਲ ਦੀ ਭੂਮੀ ਵਿੱਚ ਵੜਨਗੇ ਅਤੇ ਤੁਸੀਂ ਜਾਣ ਲਵੋਗੇ ਕਿ ਮੈਂ ਪ੍ਰਭੂ ਯਹੋਵਾਹ ਹਾਂ ।
10ਇਸ ਕਾਰਨ ਕਿ ਉਹਨਾਂ ਨੇ ਮੇਰੇ ਲੋਕਾਂ ਨੂੰ ਇਹ ਆਖ ਕੇ ਕੁਰਾਹੇ ਪਾਇਆ ਹੈ ਕਿ ਸੁੱਖ ਹੈ ਜਦੋਂ ਕਿ ਸੁੱਖ ਨਹੀਂ ਹੈ ਅਤੇ ਜਦੋਂ ਕੋਈ ਕੰਧ ਬਣਾਉਂਦਾ ਹੈ ਤਾਂ ਉਹ ਉਸ ਉੱਤੇ ਕੱਚੀ ਲਿਪਾਈ ਕਰਦੇ ਹਨ ।11ਤੂੰ ਉਹਨਾਂ ਨੂੰ ਜੋ ਉਸ ਉੱਤੇ ਕੱਚੀ ਲਿਪਾਈ ਕਰਦੇ ਹਨ ਆਖ, ਉਹ ਡਿੱਗ ਪਏਗੀ ਕਿਉਂ ਜੋ ਮੋਹਲੇ ਧਾਰ ਵਰਖਾ ਪਵੇਗੀ ਅਤੇ ਵੱਡੇ-ਵੱਡੇ ਗੜੇ ਪੈਣਗੇ ਅਤੇ ਹਨ੍ਹੇਰੀ ਉਹ ਨੂੰ ਡੇਗ ਦੇਵੇਗੀ ।12ਜਦੋਂ ਉਹ ਕੰਧ ਡਿੱਗੇਗੀ ਤਾਂ ਕੀ ਲੋਕ ਤੁਹਾਡੇ ਤੋਂ ਨਾ ਪੁੱਛਣਗੇ ਕਿ ਉਹ ਲਿਪਾਈ ਕਿੱਥੇ ਹੈ, ਜਿਹੜੀ ਤੁਸੀਂ ਉਸ ਉੱਤੇ ਕੀਤੀ ਸੀ ?
13ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ ਕਿ ਮੈਂ ਆਪਣੇ ਕਹਿਰ ਦੇ ਜ਼ੋਰ ਦੀ ਹਨ੍ਹੇਰੀ ਨਾਲ ਉਹ ਨੂੰ ਭੰਨ ਸੁੱਟਾਂਗਾ, ਮੇਰੇ ਕਹਿਰ ਕਰਕੇ ਛਮ-ਛਮ ਵਰਖਾ ਵਰ੍ਹੇਗੀ ਅਤੇ ਮੇਰੇ ਕਹਿਰ ਦੇ ਵੱਡੇ ਗੜੇ ਪੈਣਗੇ, ਤਾਂ ਜੋ ਉਹ ਨੂੰ ਪੂਰੀ ਤਰ੍ਹਾਂ ਨਾਸ਼ ਕਰ ਦੇਣ ।14ਇਸ ਲਈ ਮੈਂ ਉਸ ਕੰਧ ਨੂੰ ਜਿਸ ਉੱਤੇ ਤੁਸੀਂ ਕੱਚੀ ਲਿਪਾਈ ਕੀਤੀ ਸੀ, ਤੋੜ ਸੁੱਟਾਂਗਾ ਅਤੇ ਧਰਤੀ ਤੇ ਢਾਹ ਦਿਆਂਗਾ ਇੱਥੋਂ ਤੱਕ ਕਿ ਉਹ ਦੀਆਂ ਨੀਹਾਂ ਨੰਗੀਆਂ ਹੋ ਜਾਣਗੀਆਂ, ਹਾਂ, ਉਹ ਡਿੱਗੇਗੀ, ਅਤੇ ਤੁਸੀਂ ਉਸੇ ਵਿੱਚ ਮਾਰੇ ਜਾਓਗੇ, ਤਦ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਹਾਂ !
15ਮੈਂ ਆਪਣਾ ਕਹਿਰ ਉਸ ਕੰਧ ਉੱਤੇ ਅਤੇ ਉਹਨਾਂ ਉੱਤੇ ਜਿਹਨਾਂ ਨੇ ਉਸ ਉੱਤੇ ਕੱਚੀ ਲਿਪਾਈ ਕੀਤੀ, ਪੂਰਾ ਕਰਾਂਗਾ । ਤਦ ਮੈਂ ਤੁਹਾਨੂੰ ਆਖਾਂਗਾ ਕਿ ਨਾ ਕੰਧ ਰਹੀ ਅਤੇ ਨਾ ਉਹ ਰਹੇ ਜਿਹਨਾਂ ਨੇ ਉਸ ਉੱਤੇ ਕੱਚੀ ਲਿਪਾਈ ਕੀਤੀ ।16ਅਰਥਾਤ ਇਸਰਾਏਲ ਦੇ ਨਬੀ ਜਿਹੜੇ ਯਰੂਸ਼ਲਮ ਦੇ ਬਾਰੇ ਭਵਿੱਖਬਾਣੀ ਕਰਦੇ ਹਨ ਅਤੇ ਉਸ ਦੀ ਸੁੱਖ-ਸਾਂਦ ਦੇ ਦਰਸ਼ਣ ਵੇਖਦੇ ਹਨ, ਜਦੋਂ ਕਿ ਸੁੱਖ ਨਹੀਂ ਹੈ, ਪ੍ਰਭੂ ਯਹੋਵਾਹ ਦਾ ਵਾਕ ਹੈ ।
ਝੂਠੀਆਂ ਨਬੀਆ ਦੇ ਵਿਰੁੱਧ ਭਵਿੱਖਬਾਣੀ

17ਹੇ ਮਨੁੱਖ ਦੇ ਪੁੱਤਰ, ਤੂੰ ਆਪਣੇ ਲੋਕਾਂ ਦੀਆਂ ਧੀਆਂ ਵੱਲ ਜਿਹੜੀਆਂ ਮਨ ਘੜਤ ਗੱਲਾਂ ਬਣਾ ਕੇ ਭਵਿੱਖਬਾਣੀ ਕਰਦੀਆਂ ਹਨ, ਮੂੰਹ ਮੋੜ ਅਤੇ ਉਹਨਾਂ ਦੇ ਵਿਰੁੱਧ ਭਵਿੱਖਬਾਣੀ ਕਰ18ਅਤੇ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ ਕਿ ਤੁਹਾਡੇ ਉੱਤੇ ਅਫ਼ਸੋਸ ! ਜੋ ਕੂਹਣੀਆਂ ਦੇ ਉੱਤੇ ਗੱਦੀਆਂ ਸੀਉਂਦੀਆਂ ਹੋ ਅਤੇ ਹਰ ਕੱਦ ਦੇ ਅਨੁਸਾਰ ਸਿਰ ਦੇ ਲਈ ਬੁਰਕੇ ਬਣਾਉਂਦੀਆਂ ਹੋ, ਤਾਂ ਜੋ ਲੋਕਾਂ ਦੀਆਂ ਜਾਨਾਂ ਦਾ ਸ਼ਿਕਾਰ ਕਰੋ । ਕੀ ਤੁਸੀਂ ਮੇਰੇ ਲੋਕਾਂ ਦੀਆਂ ਜਾਨਾਂ ਦਾ ਸ਼ਿਕਾਰ ਕਰੋਗੀਆਂ ? ਅਤੇ ਆਪਣੀ ਜਾਨ ਬਚਾਓਗੀਆਂ ?
19ਤੁਸੀਂ ਮੁੱਠ ਕੁ ਜੌਂਵਾਂ ਲਈ ਅਤੇ ਰੋਟੀ ਦੇ ਟੁਕੜਿਆਂ ਲਈ ਮੈਨੂੰ ਮੇਰੇ ਲੋਕਾਂ ਵਿੱਚ ਭ੍ਰਿਸ਼ਟ ਕੀਤਾ ਹੈ, ਤਾਂ ਜੋ ਤੁਸੀਂ ਉਹਨਾਂ ਜਾਨਾਂ ਨੂੰ ਮਾਰ ਸੁੱਟੋ, ਜੋ ਮਰਨ ਦੇ ਲਾਇਕ ਨਹੀਂ ਹਨ ਅਤੇ ਉਹਨਾਂ ਨੂੰ ਜੀਉਂਦਿਆਂ ਰੱਖੋ ਜਿਹੜੀਆਂ ਜੀਉਣ ਦੇ ਲਾਇਕ ਨਹੀਂ ਕਿਉਂ ਜੋ ਤੁਸੀਂ ਮੇਰੇ ਲੋਕਾਂ ਨਾਲ ਜਿਹੜੇ ਝੂਠ ਸੁਣਨ ਵਾਲੇ ਹਨ ਝੂਠ ਬੋਲਦੀਆਂ ਹੋ ।
20ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ ਕਿ ਵੇਖੋ, ਮੈਂ ਤੁਹਾਡੀਆਂ ਗੱਦੀਆਂ ਦੇ ਵਿਰੁੱਧ ਹਾਂ, ਜਿਹਨਾਂ ਨਾਲ ਤੁਸੀਂ ਜਾਨਾਂ ਨੂੰ ਪੰਛੀਆਂ ਵਾਂਗੂੰ ਫਾਹ ਲੈਂਦੀਆਂ ਹੋ ਅਤੇ ਮੈਂ ਉਹਨਾਂ ਨੂੰ ਤੁਹਾਡੀਆਂ ਕੂਹਣੀਆਂ ਤੋਂ ਪਾੜ ਸੁੱਟਾਂਗਾ ਅਤੇ ਉਹਨਾਂ ਜਾਨਾਂ ਨੂੰ ਜਿਹਨਾਂ ਨੂੰ ਤੁਸੀਂ ਪੰਛੀਆਂ ਵਾਂਗੂੰ ਫਾਹ ਲੈਂਦੀਆਂ ਹੋ, ਛੁਡਾ ਦਿਆਂਗਾ ।21ਮੈਂ ਤੁਹਾਡੇ ਬੁਰਕਿਆਂ ਨੂੰ ਵੀ ਪਾੜਾਂਗਾ, ਅਤੇ ਆਪਣੀ ਪਰਜਾ ਨੂੰ ਤੁਹਾਡੇ ਹੱਥੋਂ ਛੁਡਾਵਾਂਗਾ ਅਤੇ ਫੇਰ ਕਦੀ ਤੁਹਾਡਾ ਵੱਸ ਨਹੀਂ ਚੱਲੇਗਾ ਕਿ ਉਹਨਾਂ ਨੂੰ ਫਾਹ ਸਕੋ ਅਤੇ ਤੁਸੀਂ ਜਾਣੋਗੀਆਂ ਕਿ ਮੈਂ ਯਹੋਵਾਹ ਹਾਂ !
22ਇਸ ਲਈ ਕਿ ਤੁਸੀਂ ਝੂਠ ਮਾਰ ਕੇ ਧਰਮੀ ਦੇ ਦਿਲ ਨੂੰ ਉਦਾਸ ਕੀਤਾ ਹੈ, ਜਿਹ ਨੂੰ ਮੈਂ ਦੁੱਖੀ ਨਹੀਂ ਕੀਤਾ ਅਤੇ ਤੁਸੀਂ ਦੁਸ਼ਟ ਦੇ ਹੱਥ ਨੂੰ ਤਕੜਾ ਕੀਤਾ, ਤਾਂ ਜੋ ਉਹ ਆਪਣੀ ਜਾਨ ਬਚਾਉਣ ਲਈ ਆਪਣੇ ਬੁਰੇ ਰਾਹ ਤੋਂ ਨਾ ਮੁੜੇ ।23ਇਸ ਲਈ ਅੱਗੇ ਤੋਂ ਨਾ ਤੁਸੀਂ ਫੋਕੇ ਦਰਸ਼ਣ ਵੇਖੋਗੀਆਂ ਅਤੇ ਨਾ ਭਵਿੱਖਬਾਣੀ ਕਰੋਗੀਆਂ, ਕਿਉਂ ਜੋ ਮੈਂ ਆਪਣੀ ਪਰਜਾ ਨੂੰ ਤੁਹਾਡੇ ਹੱਥੋਂ ਛੁਡਵਾਂਗਾ, ਤਾਂ ਤੁਸੀਂ ਜਾਣੋਗੀਆਂ ਕਿ ਮੈਂ ਯਹੋਵਾਹ ਹਾਂ ।

14
ਪਰਮੇਸ਼ੁਰ ਦੁਆਰਾ ਮੂਰਤੀ ਪੂਜਾ ਦੀ ਨਿੰਦਾ

1ਫੇਰ ਇਸਰਾਏਲ ਦੇ ਕੁੱਝ ਕੁ ਬਜ਼ੁਰਗ ਮੇਰੇ ਕੋਲ ਆਏ ਅਤੇ ਅੱਗੇ ਬਹਿ ਗਏ ।2ਤਦ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ3ਹੇ ਮਨੁੱਖ ਦੇ ਪੁੱਤਰ, ਇਹਨਾਂ ਮਨੁੱਖਾਂ ਨੇ ਆਪਣੀਆਂ ਮੂਰਤੀਆਂ ਨੂੰ ਆਪਣੇ ਮਨ ਵਿੱਚ ਥਾਂ ਦਿੱਤਾ ਹੈ ਅਤੇ ਆਪਣੀਆਂ ਬਦੀਆਂ ਦੀ ਠੋਕਰ ਆਪਣੇ ਸਾਹਮਣੇ ਰੱਖੀ ਹੈ । ਅਜਿਹੇ ਲੋਕਾਂ ਦਾ ਕੀ ਹੱਕ ਹੈ ਕਿ ਉਹ ਮੇਰੇ ਕੋਲੋਂ ਕੁੱਝ ਪੁੱਛਣ ।

4ਇਸ ਲਈ ਤੂੰ ਉਹਨਾਂ ਨਾਲ ਗੱਲਾਂ ਕਰ ਅਤੇ ਉਹਨਾਂ ਨੂੰ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ ਕਿ ਇਸਰਾਏਲ ਦੇ ਘਰਾਣੇ ਵਿੱਚੋਂ ਜਿਹੜਾ ਕੋਈ ਆਪਣੀਆਂ ਮੂਰਤੀਆਂ ਆਪਣੇ ਮਨ ਵਿੱਚ ਸਥਾਪਿਤ ਕਰਕੇ ਅਤੇ ਆਪਣੀਆਂ ਬਦੀਆਂ ਦੀ ਠੋਕਰ ਆਪਣੇ ਸਾਹਮਣੇ ਰੱਖ ਕੇ ਕੇ ਨਬੀ ਦੇ ਕੋਲ ਜਾਂਦਾ ਹੈ, ਮੈਂ ਯਹੋਵਾਹ ਉਹ ਦੀਆਂ ਮੂਰਤੀਆਂ ਦੀ ਗਿਣਤੀ ਅਨੁਸਾਰ ਉਸ ਨੂੰ ਉੱਤਰ ਦਿਆਂਗਾ ।5ਤਾਂ ਜੋ ਮੈਂ ਇਸਰਾਏਲ ਦੇ ਘਰਾਣੇ ਦੇ ਮਨਾਂ ਨੂੰ ਫੜਾਂ, ਕਿਉਂ ਜੋ ਉਹ ਸਾਰੇ ਦੇ ਸਾਰੇ ਆਪਣੀਆਂ ਮੂਰਤੀਆਂ ਦੇ ਕਾਰਨ ਮੇਰੇ ਕੋਲੋਂ ਦੂਰ ਹੋ ਗਏ ਹਨ ।
6ਇਸ ਲਈ ਤੂੰ ਇਸਰਾਏਲ ਦੇ ਘਰਾਣੇ ਨੂੰ ਆਖ, ਪ੍ਰਭੂ ਯਹੋਵਾਹ ਇਹ ਆਖਦਾ ਹੈ ਕਿ ਮੁੜੋ ਅਤੇ ਆਪਣੀਆਂ ਮੂਰਤੀਆਂ ਵੱਲੋਂ ਫਿਰੋ ਅਤੇ ਆਪਣੇ ਸਾਰੇ ਘਿਣਾਉਣਿਆਂ ਕੰਮਾਂ ਵੱਲੋਂ ਮੂੰਹ ਮੋੜੋ ।
7ਕਿਉਂ ਜੋ ਹਰੇਕ ਜੋ ਇਸਰਾਏਲ ਦੇ ਘਰਾਣੇ ਵਿੱਚੋਂ ਹੈ ਜਾਂ ਉਹਨਾਂ ਓਪਰਿਆਂ ਵਿੱਚੋਂ ਜਿਹੜੇ ਇਸਰਾਏਲ ਵਿੱਚ ਰਹਿੰਦੇ ਹਨ, ਮੇਰੇ ਤੋਂ ਅੱਡ ਹੁੰਦਾ ਜਾਂਦਾ ਹੈ, ਆਪਣੇ ਮਨ ਵਿੱਚ ਆਪਣੀਆਂ ਬਦੀਆਂ ਦੀ ਠੋਕਰ ਆਪਣੇ ਸਾਹਮਣੇ ਰੱਖਦਾ ਹੈ ਅਤੇ ਨਬੀ ਦੇ ਕੋਲ ਮੇਰੇ ਬਾਰੇ ਪੁੱਛਣ ਲਈ ਆਉਂਦਾ ਹੈ, ਉਹ ਨੂੰ ਮੈਂ ਯਹੋਵਾਹ ਆਪੇ ਹੀ ਉੱਤਰ ਦਿਆਂਗਾ ।8ਮੇਰਾ ਚਿਹਰਾ ਉਸ ਮਨੁੱਖ ਦੇ ਵਿਰੁੱਧ ਹੋਵੇਗਾ ਅਤੇ ਉਹ ਨੂੰ ਨਿਸ਼ਾਨ ਲਈ ਅਤੇ ਕਹਾਵਤਾਂ ਲਈ ਹੈਰਾਨੀ ਦਾ ਕਾਰਨ ਬਣਾਵਾਂਗਾ । ਮੈਂ ਉਹ ਨੂੰ ਆਪਣੇ ਲੋਕਾਂ ਵਿੱਚੋਂ ਕੱਢ ਦਿਆਂਗਾ, ਤਾਂ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਹਾਂ !
9ਜੇਕਰ ਨਬੀ ਧੋਖਾ ਖਾ ਕੇ ਕੁੱਝ ਆਖੇ, ਤਾਂ ਮੈਂ ਯਹੋਵਾਹ ਨੇ ਉਸ ਨਬੀ ਨੂੰ ਧੋਖਾ ਦਿੱਤਾ, ਮੈਂ ਆਪਣਾ ਹੱਥ ਉਹ ਦੇ ਉੱਤੇ ਚੁੱਕਾਂਗਾ ਅਤੇ ਉਹ ਨੂੰ ਆਪਣੀ ਇਸਰਾਏਲੀ ਪਰਜਾ ਵਿੱਚੋਂ ਮਿਟਾ ਦਿਆਂਗਾ ।10ਉਹ ਆਪਣੀ ਬਦੀ ਦੀ ਸਜ਼ਾ ਪਾਉਣਗੇ । ਨਬੀ ਦੀ ਬਦੀ ਦੀ ਸਜ਼ਾ ਵੀ ਉਹੀ ਹੋਵੇਗੀ, ਜੋ ਉਸ ਤੋਂ ਪੁੱਛਣ ਵਾਲੇ ਦੀ ਹੋਵੇਗੀ,11ਤਾਂ ਜੋ ਇਸਰਾਏਲ ਦਾ ਘਰਾਣਾ ਮੇਰੇ ਪਿੱਛੇ ਤੁਰਨ ਤੋਂ ਕੁਰਾਹੇ ਨਾ ਪੈ ਜਾਵੇ ਅਤੇ ਆਪਣਿਆਂ ਸਾਰਿਆਂ ਅਪਰਾਧਾਂ ਨਾਲ ਫੇਰ ਆਪਣੇ ਆਪ ਨੂੰ ਭ੍ਰਿਸ਼ਟ ਨਾ ਕਰੇ, ਸਗੋਂ ਪ੍ਰਭੂ ਯਹੋਵਾਹ ਦਾ ਵਾਕ ਹੈ ਕਿ ਉਹ ਮੇਰੀ ਪਰਜਾ ਹੋਣ ਅਤੇ ਮੈਂ ਉਹਨਾਂ ਦਾ ਪਰਮੇਸ਼ੁਰ ਹੋਵਾਂ ।
ਨੂਹ, ਦਾਨੀਏਲ ਅਤੇ ਅੱਯੂਬ

12ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ13ਹੇ ਮਨੁੱਖ ਦੇ ਪੁੱਤਰ, ਜਦੋਂ ਕੋਈ ਦੇਸ ਭਾਰੀ ਪਾਪ ਕਰਕੇ ਮੇਰਾ ਅਪਰਾਧੀ ਹੋਵੇ ਅਤੇ ਮੈਂ ਉਸ ਉੱਤੇ ਆਪਣਾ ਹੱਥ ਚੁੱਕਾਂ, ਉਸ ਦੀ ਰੋਟੀ ਦਾ ਸਾਧਨ ਤੋੜ ਦੇਵਾਂ, ਉੱਥੇ ਕਾਲ ਪਾ ਦੇਵਾਂ ਅਤੇ ਉਸ ਦੇ ਮਨੁੱਖਾਂ ਅਤੇ ਡੰਗਰਾਂ ਨੂੰ ਮਾਰ ਸੁੱਟਾਂ ।14ਭਾਵੇਂ ਉਸ ਵਿੱਚ ਨੂਹ, ਦਾਨੀਏਲ ਅਤੇ ਅੱਯੂਬ ਤਿੰਨੇ ਮਨੁੱਖ ਹੋਣ, ਪ੍ਰਭੂ ਯਹੋਵਾਹ ਦਾ ਵਾਕ ਹੈ, ਉਹ ਆਪਣੇ ਧਰਮ ਦੇ ਕਾਰਨ ਕੇਵਲ ਆਪਣੀਆਂ ਹੀ ਜਾਨਾਂ ਬਚਾਉਣਗੇ ।
15ਜੇਕਰ ਮੈਂ ਕਿਸੇ ਦੇਸ ਵਿੱਚ ਬੁਰੇ ਦਰਿੰਦੇ ਭੇਜਾਂ ਕਿ ਉਸ ਵਿੱਚ ਫਿਰ ਕੇ ਉਹ ਨੂੰ ਉਜਾੜ ਸੁੱਟਣ ਅਤੇ ਉਹ ਐਨਾ ਵਿਰਾਨ ਹੋ ਜਾਵੇ ਕਿ ਉਹਨਾਂ ਦਰਿੰਦਿਆਂ ਕਰਕੇ ਕੋਈ ਉਸ ਵਿੱਚੋਂ ਲੰਘ ਨਾ ਸਕੇ,16ਤਾਂ ਪ੍ਰਭੂ ਯਹੋਵਾਹ ਦਾ ਵਾਕ ਹੈ, ਮੈਨੂੰ ਆਪਣੀ ਜਾਨ ਦੀ ਸਹੁੰ ਕਿ ਭਾਵੇਂ ਇਹ ਤਿੰਨੇ ਮਨੁੱਖ ਉਸ ਵਿੱਚ ਹੋਣ, ਤਾਂ ਵੀ ਉਹ ਧੀਆਂ ਅਤੇ ਪੁੱਤਰਾਂ ਨੂੰ ਨਾ ਬਚਾ ਸਕਣਗੇ, ਕੇਵਲ ਉਹ ਆਪ ਹੀ ਬਚਣਗੇ ਅਤੇ ਦੇਸ ਵਿਰਾਨ ਹੋ ਜਾਵੇਗਾ ।
17ਜਾਂ ਜੇਕਰ ਮੈਂ ਉਸ ਦੇਸ ਵਿੱਚ ਤਲਵਾਰ ਭੇਜਾਂ ਅਤੇ ਆਖਾਂ, ਹੇ ਤਲਵਾਰ, ਦੇਸ ਵਿੱਚੋਂ ਲੰਘ ਭਈ ਮੈਂ ਉਹ ਦੇ ਮਨੁੱਖਾਂ ਤੇ ਪਸ਼ੂਆਂ ਨੂੰ ਵੱਢ ਸੁੱਟਾਂ,18ਤਾਂ ਪ੍ਰਭੂ ਯਹੋਵਾਹ ਦਾ ਵਾਕ ਹੈ, ਮੈਨੂੰ ਆਪਣੀ ਜਾਨ ਦੀ ਸਹੁੰ ਕਿ ਭਾਵੇਂ ਇਹ ਤਿੰਨੇ ਮਨੁੱਖ ਉਹ ਦੇ ਵਿੱਚ ਹੋਣ ਤਾਂ ਵੀ ਉਹ ਧੀਆਂ, ਪੁੱਤਰਾਂ ਨੂੰ ਨਹੀਂ ਬਚਾ ਸਕਣਗੇ ।
19ਜਾਂ ਜੇਕਰ ਮੈਂ ਉਸ ਦੇਸ ਵਿੱਚ ਮਰੀ ਭੇਜਾਂ ਅਤੇ ਲਹੂ ਵਗਾ ਕੇ ਆਪਣਾ ਕਹਿਰ ਉਸ ਉੱਤੇ ਭੇਜਾਂ, ਜੋ ਉੱਥੋਂ ਦੇ ਮਨੁੱਖਾਂ ਅਤੇ ਡੰਗਰਾਂ ਨੂੰ ਵੱਢ ਸੁੱਟਾਂ ।20ਭਾਵੇਂ ਨੂਹ, ਦਾਨੀਏਲ ਅਤੇ ਅੱਯੂਬ ਉਸ ਵਿੱਚ ਹੋਣ ਤਾਂ ਵੀ ਪ੍ਰਭੂ ਯਹੋਵਾਹ ਦਾ ਵਾਕ ਹੈ, ਕਿ ਮੈਨੂੰ ਆਪਣੀ ਜਾਨ ਦੀ ਸਹੁੰ ਕਿ ਉਹ ਨਾ ਪੁੱਤਰ ਨੂੰ ਛੁਡਾ ਸਕਣਗੇ, ਨਾ ਧੀ ਨੂੰ, ਸਗੋਂ ਆਪਣੇ ਧਰਮ ਦੇ ਕਾਰਨ ਕੇਵਲ ਆਪਣੇ ਆਪ ਨੂੰ ਹੀ ਬਚਾ ਸਕਣਗੇ ।
21ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਨਾਲੇ ਜੇ ਮੈਂ ਆਪਣੇ ਚਾਰ ਭਿਆਨਕ ਨਿਆਂ ਅਰਥਾਤ ਤਲਵਾਰ, ਕਾਲ, ਬੁਰੇ ਦਰਿੰਦੇ ਅਤੇ ਮਰੀ ਯਰੂਸ਼ਲਮ ਉੱਤੇ ਭੇਜਾਂ, ਕਿ ਉਸ ਦੇ ਆਦਮੀਆਂ ਅਤੇ ਡੰਗਰਾਂ ਨੂੰ ਵੱਢ ਸੁੱਟਣ,
22ਤਾਂ ਵੀ ਵੇਖੋ, ਉੱਥੇ ਕੁੱਝ ਕੁ ਪੁੱਤਰ ਧੀਆਂ ਬਚ ਰਹਿਣਗੇ, ਜਿਹੜੇ ਕੱਢੇ ਜਾਣਗੇ ਅਤੇ ਤੁਹਾਡੇ ਕੋਲ ਪਹੁੰਚਾਏ ਜਾਣਗੇ । ਤੁਸੀਂ ਉਹਨਾਂ ਦੇ ਚਾਲ-ਚੱਲਣ ਅਤੇ ਉਹਨਾਂ ਦੇ ਕੰਮਾਂ ਨੂੰ ਵੇਖ ਕੇ ਉਸ ਬਲਾ ਦੇ ਬਾਰੇ ਜੋ ਮੈਂ ਯਰੂਸ਼ਲਮ ਉੱਤੇ ਭੇਜੀ ਅਤੇ ਉਹਨਾਂ ਸਾਰੀਆਂ ਬਲਾਵਾਂ ਦੇ ਬਾਰੇ ਜੋ ਮੈਂ ਉਸ ਉੱਤੇ ਭੇਜੀਆਂ ਹਨ, ਤੁਸੀਂ ਤਸੱਲੀ ਪਾਓਗੇ ।23ਉਹ ਵੀ ਜਦ ਤੁਸੀਂ ਉਹਨਾਂ ਦੇ ਚਾਲ-ਚੱਲਣ ਅਤੇ ਉਹਨਾਂ ਦੇ ਕੰਮਾਂ ਨੂੰ ਵੇਖੋਗੇ, ਤਾਂ ਤੁਹਾਡੀ ਤਸੱਲੀ ਹੋਵੇਗੀ ਅਤੇ ਤੁਸੀਂ ਜਾਣੋਗੇ ਕਿ ਜੋ ਕੁੱਝ ਮੈਂ ਕੀਤਾ ਹੈ ਬਿਨਾਂ ਕਾਰਨ ਨਹੀਂ ਕੀਤਾ, ਪ੍ਰਭੂ ਯਹੋਵਾਹ ਦਾ ਵਾਕ ਹੈ ।

15
ਅੰਗੂਰ ਦੀ ਵੇਲ ਦੀ ਉਦਾਹਰਣ

1ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ2ਹੇ ਮਨੁੱਖ ਦੇ ਪੁੱਤਰ, ਕੀ ਅੰਗੂਰ ਦੀ ਲੱਕੜੀ ਹੋਰਨਾਂ ਰੁੱਖਾਂ ਦੀ ਲੱਕੜੀ ਨਾਲੋਂ ਅਰਥਾਤ ਅੰਗੂਰ ਦੀ ਟਹਿਣੀ ਜਿਹੜੀ ਜੰਗਲ ਦੇ ਰੁੱਖਾਂ ਵਿੱਚ ਹੈ, ਕੁੱਝ ਚੰਗੀ ਹੈ ?3ਕੀ ਉਹ ਦੀ ਲੱਕੜੀ ਵਿੱਚੋਂ ਕੋਈ ਲੈਂਦਾ ਹੈ ਕਿ ਉਸ ਤੋਂ ਕੁੱਝ ਬਣਾਵੇ ? ਜਾਂ ਕੀ ਲੋਕ ਬਰਤਨ ਲਟਕਾਉਣ ਲਈ ਉਹ ਦੀਆਂ ਕਿੱਲੀਆਂ ਬਣਾਉਂਦੇ ਹਨ ?4ਵੇਖ, ਉਹ ਅੱਗ ਵਿੱਚ ਬਾਲਣ ਲਈ ਦਿੱਤੀ ਜਾਂਦੀ ਹੈ ਅਤੇ ਜਦੋਂ ਅੱਗ ਨੇ ਉਹ ਦੇ ਦੋਵਾਂ ਸਿਰਿਆਂ ਨੂੰ ਖਾ ਲਿਆ ਅਤੇ ਵਿਚਕਾਰਲੇ ਹਿੱਸੇ ਨੂੰ ਵੀ ਸੁਆਹ ਬਣਾ ਦਿੱਤਾ, ਤਾਂ ਕੀ ਉਹ ਕਿਸੇ ਕੰਮ ਦਾ ਹੈ ?

5ਵੇਖ, ਜਦੋਂ ਉਹ ਸਾਬਤ ਸੀ, ਤਾਂ ਕਿਸੇ ਕੰਮ ਦੀ ਨਹੀਂ ਸੀ ਅਤੇ ਜਦੋਂ ਉਹ ਅੱਗ ਵਿੱਚ ਸੜ ਕੇ ਸੁਆਹ ਬਣ ਗਈ, ਤਾਂ ਕਿਸ ਕੰਮ ਦੀ ਹੈ ?6ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਜਿਵੇਂ ਮੈਂ ਜੰਗਲ ਦੇ ਰੁੱਖਾਂ ਵਿੱਚੋਂ ਅੰਗੂਰ ਦੇ ਰੁੱਖ ਨੂੰ ਬਾਲਣ ਲਈ ਦਿੱਤਾ ਹੈ, ਉਸੇ ਤਰ੍ਹਾਂ ਹੀ ਯਰੂਸ਼ਲਮ ਦੇ ਵਾਸੀਆਂ ਨੂੰ ਦਿਆਂਗਾ ।
7ਮੇਰਾ ਚਿਹਰਾ ਉਹਨਾਂ ਦੇ ਵਿਰੁੱਧ ਹੋਵੇਗਾ । ਉਹ ਅੱਗ ਵਿੱਚੋਂ ਭੱਜ ਨਿੱਕਲਣਗੇ ਪਰ ਅੱਗ ਉਹਨਾਂ ਨੂੰ ਭਸਮ ਕਰੇਗੀ, ਤਾਂ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਹਾਂ, ਜਦੋਂ ਮੈਂ ਆਪਣਾ ਚਿਹਰਾ ਉਹਨਾਂ ਦੇ ਵਿਰੁੱਧ ਕਰਾਂਗਾ ।8ਮੈਂ ਦੇਸ ਨੂੰ ਉਜਾੜ ਸੁੱਟਾਂਗਾ, ਇਸ ਲਈ ਕਿ ਉਹਨਾਂ ਨੇ ਵੱਡੀ ਭਾਰੀ ਬੇਈਮਾਨੀ ਕੀਤੀ ਹੈ, ਪ੍ਰਭੂ ਯਹੋਵਾਹ ਦਾ ਵਾਕ ਹੈ ।

16
ਵਿਭਚਾਰਨੀ ਯਰੂਸ਼ਲਮ

1ਫੇਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ2ਹੇ ਮਨੁੱਖ ਦੇ ਪੁੱਤਰ, ਯਰੂਸ਼ਲਮ ਨੂੰ ਉਹ ਦੇ ਘਿਣਾਉਣੇ ਕੰਮਾਂ ਦੇ ਬਾਰੇ ਦੱਸ3ਅਤੇ ਤੂੰ ਆਖ, ਪ੍ਰਭੂ ਯਹੋਵਾਹ ਯਰੂਸ਼ਲਮ ਨੂੰ ਇਸ ਤਰ੍ਹਾਂ ਕਹਿੰਦਾ ਹੈ ਕਿ ਤੇਰੀ ਜਨਮ ਭੂਮੀ ਕਨਆਨ ਦੀ ਧਰਤੀ ਸੀ । ਤੇਰਾ ਪਿਤਾ ਅਮੂਰੀ ਸੀ ਅਤੇ ਤੇਰੀ ਮਾਤਾ ਹਿੱਤੀ ਸੀ ।

4ਤੇਰਾ ਜਨਮ ਇਸ ਤਰ੍ਹਾਂ ਹੋਇਆ ਕਿ ਜਿਸ ਦਿਨ ਤੂੰ ਜਨਮ ਲਿਆ ਨਾ ਤੇਰਾ ਨਾੜੂ ਕੱਟਿਆ ਗਿਆ, ਨਾ ਤੈਨੂੰ ਪਾਣੀ ਨਾਲ ਨੁਹਾ ਕੇ ਸਾਫ਼ ਕੀਤਾ ਗਿਆ, ਨਾ ਤੇਰੇ ਉੱਤੇ ਲੂਣ ਮਲਿਆ ਗਿਆ ਅਤੇ ਤੂੰ ਪੋਤੜਿਆਂ ਵਿੱਚ ਲਪੇਟੀ ਨਾ ਗਈ ।5ਕਿਸੇ ਅੱਖ ਨੇ ਤੇਰੇ ਤੇ ਤਰਸ ਨਾ ਕੀਤਾ ਅਤੇ ਮਿਹਰਬਾਨੀ ਨਾ ਕੀਤੀ, ਤਾਂ ਜੋ ਇਹਨਾਂ ਕੰਮਾਂ ਵਿੱਚੋਂ ਤੇਰੇ ਲਈ ਇੱਕ ਵੀ ਕੰਮ ਕੀਤਾ ਜਾਂਦਾ, ਸਗੋਂ ਤੂੰ ਆਪਣੇ ਜਨਮ ਦੇ ਦਿਨ ਬਾਹਰ ਮੈਦਾਨ ਵਿੱਚ ਸੁੱਟ ਦਿੱਤੀ ਗਈ, ਕਿਉਂ ਜੋ ਤੇਰੇ ਤੋਂ ਘਿਰਣਾ ਕਰਦੇ ਸਨ ।
6ਜਦੋਂ ਮੈਂ ਤੇਰੇ ਕੋਲੋਂ ਲੰਘਿਆ ਅਤੇ ਤੈਨੂੰ ਤੇਰੇ ਲਹੂ ਵਿੱਚ ਲਿੱਬੜਿਆ ਹੋਇਆ ਵੇਖਿਆ ਅਤੇ ਮੈਂ ਤੈਨੂੰ ਆਖਿਆ ਕਿ ਤੂੰ ਜੋ ਲਹੂ ਵਿੱਚ ਲਿਬੜੀ ਹੋਈ ਹੈਂ, ਜੀਉਂਦੀ ਰਹਿ ! ਹਾਂ ਮੈਂ ਤੈਨੂੰ ਹੀ ਕਿਹਾ ਕਿ ਤੂੰ ਜੋ ਲਹੂ ਵਿੱਚ ਲਿਬੜੀ ਹੋਈ ਹੈਂ, ਜੀਉਂਦੀ ਰਹਿ !7ਮੈਂ ਤੈਨੂੰ ਖੇਤ ਦੇ ਪੌਦਿਆਂ ਵਾਂਗੂੰ ਵਧਾਇਆ, ਇਸ ਲਈ ਤੂੰ ਵਧੀ ਅਤੇ ਮੁਟਿਆਰ ਹੋਈ ਅਤੇ ਸੁੰਦਰ ਜੋਬਨ ਵਾਲੀ ਬਣੀ, ਤੇਰੀਆਂ ਛਾਤੀਆਂ ਸੁਡੌਲ ਹੋ ਗਈਆਂ ਅਤੇ ਤੇਰੇ ਵਾਲ਼ ਵਧੇ, ਪਰ ਤੂੰ ਨੰਗੀ ਧੜੰਗੀ ਸੀ ।
8ਫੇਰ ਜਦ ਮੈਂ ਤੇਰੇ ਕੋਲੋਂ ਲੰਘਿਆ ਅਤੇ ਤੈਨੂੰ ਵੇਖਿਆ, ਤਾਂ ਵੇਖੋ, ਤੇਰੇ ਲਈ ਪ੍ਰੇਮ ਦਾ ਸਮਾਂ ਆ ਗਿਆ ਸੀ । ਇਸ ਲਈ ਮੈਂ ਆਪਣਾ ਕੱਪੜਾ ਤੇਰੇ ਉੱਤੇ ਪਾਇਆ ਅਤੇ ਤੇਰੇ ਨੰਗੇਜ਼ ਨੂੰ ਢੱਕਿਆ, ਹਾਂ, ਸਹੁੰ ਖਾ ਕੇ ਤੇਰੇ ਨਾਲ ਨੇਮ ਬੰਨ੍ਹਿਆ ਅਤੇ ਤੂੰ ਮੇਰੀ ਹੋ ਗਈ, ਪ੍ਰਭੂ ਯਹੋਵਾਹ ਦਾ ਵਾਕ ਹੈ ।
9ਫੇਰ ਮੈਂ ਤੈਨੂੰ ਪਾਣੀ ਨਾਲ ਨਹਿਲਾ ਕੇ ਤੇਰੇ ਉੱਤੋਂ ਲਹੂ ਨੂੰ ਪੂਰੀ ਤਰ੍ਹਾਂ ਦੇ ਨਾਲ ਧੋ ਸੁੱਟਿਆ ਅਤੇ ਤੇਰੇ ਉੱਪਰ ਤੇਲ ਮਲਿਆ ।10ਮੈਂ ਤੈਨੂੰ ਕਸੀਦਾਕਾਰੀ ਵਾਲੇ ਕੱਪੜੇ ਪਵਾਏ ਅਤੇ ਚਮੜੇ ਦੀ ਜੁੱਤੀ ਪਵਾਈ, ਵਧੀਆ ਕਤਾਨ ਦੀ ਤੇਰੀ ਪੇਟੀ ਬਣਵਾਈ ਅਤੇ ਤੈਨੂੰ ਰੇਸ਼ਮ ਨਾਲ ਢੱਕਿਆ ।11ਮੈਂ ਤੈਨੂੰ ਗਹਿਣਿਆਂ ਨਾਲ ਸਜਾਇਆ, ਤੇਰੇ ਹੱਥਾਂ ਵਿੱਚ ਕੜੇ ਪਾਏ ਅਤੇ ਤੇਰੇ ਗਲ਼ ਵਿੱਚ ਹਾਰ ਪਾਇਆ ।12ਮੈਂ ਤੇਰੇ ਨੱਕ ਵਿੱਚ ਨੱਥ ਪਾਈ, ਤੇਰੇ ਕੰਨਾਂ ਵਿੱਚ ਵਾਲੀਆਂ ਪਾਈਆਂ ਅਤੇ ਇੱਕ ਸੁੰਦਰ ਤਾਜ ਤੇਰੇ ਸਿਰ ਉੱਤੇ ਰੱਖਿਆ ।
13ਤੂੰ ਸੋਨੇ, ਚਾਂਦੀ ਨਾਲ ਸੁੰਦਰ ਬਣ ਗਈ ਅਤੇ ਤੇਰੇ ਕੱਪੜੇ ਕਤਾਨੀ, ਰੇਸ਼ਮੀ ਅਤੇ ਕਸੀਦਾਕਾਰੀ ਦੇ ਸਨ ਅਤੇ ਤੂੰ ਮੈਦਾ, ਸ਼ਹਿਦ ਤੇ ਤੇਲ ਖਾਂਦੀ ਸੀ । ਤੂੰ ਬਹੁਤ ਸੁੰਦਰ ਸੀ ਅਤੇ ਤੂੰ ਰਾਣੀ ਬਣ ਗਈ ।14ਤੇਰੀ ਸੁੰਦਰਤਾ ਦੀ ਚਰਚਾ ਕੌਮਾਂ ਵਿੱਚ ਹੋ ਗਈ ਹੈ ਕਿ ਤੂੰ ਮੇਰੇ ਉਸ ਪਰਤਾਪ ਨਾਲ ਜੋ ਮੈਂ ਤੈਨੂੰ ਬਖ਼ਸ਼ਿਆ ਸੀ, ਸੰਪੂਰਨ ਹੋ ਗਈ, ਪ੍ਰਭੂ ਯਹੋਵਾਹ ਦਾ ਵਾਕ ਹੈ ।
15ਪਰ ਤੂੰ ਆਪਣੀ ਸੁੰਦਰਤਾ ਤੇ ਭਰੋਸਾ ਕੀਤਾ ਅਤੇ ਆਪਣੀ ਮਸ਼ਹੂਰੀ ਕਰਕੇ ਵਿਭਚਾਰ ਕਰਨ ਲੱਗੀ । ਹਰੇਕ ਦੇ ਨਾਲ ਜਿਹੜਾ ਤੇਰੇ ਨੇੜਿਓਂ ਲੰਘਿਆ, ਉਸੇ ਨਾਲ ਤੂੰ ਵਿਭਚਾਰ ਕਰਕੇ ਤੂੰ ਉਸੇ ਦੀ ਹੀ ਬਣ ਗਈ ।16ਤੂੰ ਆਪਣੇ ਕੱਪੜੇ ਲੈ ਕੇ ਅਤੇ ਕਈ ਪ੍ਰਕਾਰ ਦੇ ਰੰਗਾਂ ਨਾਲ ਉੱਚੇ ਸਥਾਨਾਂ ਨੂੰ ਸਜਾਇਆ ਅਤੇ ਉਹਨਾਂ ਉੱਚੇ ਸਥਾਨਾਂ ਉੱਤੇ ਅਜਿਹੇ ਵਿਭਚਾਰ ਕੀਤੇ, ਜੋ ਨਾ ਕਦੀ ਹੋਏ ਤੇ ਨਾ ਹੋਣਗੇ ।
17ਤੂੰ ਮੇਰੇ ਸੋਨੇ, ਚਾਂਦੀ ਦੇ ਕੀਮਤੀ ਗਹਿਣਿਆਂ ਤੋਂ ਜੋ ਮੈਂ ਤੈਨੂੰ ਦਿੱਤੇ ਸਨ, ਆਪਣੇ ਲਈ ਮਰਦਾਂ ਦੀਆਂ ਮੂਰਤੀਆਂ ਬਣਾਈਆਂ ਅਤੇ ਉਹਨਾਂ ਨਾਲ ਵਿਭਚਾਰ ਕੀਤਾ ।18ਕਸੀਦਾਕਾਰੀ ਦੇ ਕੱਪੜੇ ਉਹਨਾਂ ਨੂੰ ਪਵਾਏ ਅਤੇ ਮੇਰਾ ਤੇਲ ਅਤੇ ਧੂਫ਼ ਉਹਨਾਂ ਦੇ ਸਾਹਮਣੇ ਰੱਖਿਆ ।19ਮੇਰੀ ਰੋਟੀ ਜੋ ਮੈਂ ਤੈਨੂੰ ਦਿੱਤੀ ਅਰਥਾਤ ਮੈਦਾ, ਤੇਲ ਤੇ ਸ਼ਹਿਦ ਜੋ ਮੈਂ ਤੈਨੂੰ ਖੁਆਉਂਦਾ ਸੀ, ਤੂੰ ਉਹਨਾਂ ਦੇ ਸਾਹਮਣੇ ਸੁਗੰਧੀ ਦੇ ਲਈ ਰੱਖਿਆ, ਪ੍ਰਭੂ ਯਹੋਵਾਹ ਦਾ ਵਾਕ ਹੈ ਕਿ ਇਸੇ ਤਰ੍ਹਾਂ ਹੀ ਹੋਇਆ ਹੈ ।
20ਤੂੰ ਆਪਣੇ ਪੁੱਤਰਾਂ ਅਤੇ ਧੀਆਂ ਨੂੰ ਜਿਹਨਾਂ ਨੂੰ ਤੂੰ ਮੇਰੇ ਲਈ ਜਨਮ ਦਿੱਤਾ ਸੀ, ਲੈ ਕੇ ਉਹਨਾਂ ਅੱਗੇ ਬਲੀਦਾਨ ਕੀਤਾ, ਤਾਂ ਜੋ ਉਹ ਉਹਨਾਂ ਨੂੰ ਖਾ ਜਾਣ ! ਕੀ ਤੇਰੀ ਜ਼ਨਾਹਕਾਰੀ ਕੋਈ ਨਿੱਕੀ ਗੱਲ ਸੀ ?21ਕਿ ਤੂੰ ਮੇਰੇ ਪੁੱਤਰਾਂ ਨੂੰ ਵੀ ਵੱਢਿਆ ਅਤੇ ਉਹਨਾਂ ਨੂੰ ਅੱਗ ਦੇ ਵਿੱਚੋਂ ਦੀ ਲੰਘਾਉਣ ਲਈ ਦਿੱਤਾ ।22ਤੂੰ ਆਪਣੇ ਸਾਰੇ ਘਿਣਾਉਣੇ ਕੰਮਾਂ ਵਿੱਚ ਅਤੇ ਵਿਭਚਾਰ ਕਰਦੇ ਹੋਏ, ਆਪਣੇ ਬਚਪਨ ਦੇ ਦਿਨਾਂ ਨੂੰ ਕਦੇ ਵੀ ਯਾਦ ਨਾ ਕੀਤਾ, ਜਦੋਂ ਤੂੰ ਨੰਗੀ ਧੜੰਗੀ ਤੇ ਆਪਣੇ ਲਹੂ ਵਿੱਚ ਲਿੱਬੜੀ ਹੋਈ ਸੀ ।
ਯਰੂਸ਼ਲਮ ਦਾ ਜੀਵਨ ਇੱਕ ਵੇਸਵਾ ਵਰਗਾ

23ਇਸ ਤਰ੍ਹਾਂ ਹੋਇਆ ਕਿ ਇਹਨਾਂ ਸਾਰੀਆਂ ਬੁਰਿਆਈਆਂ ਤੋਂ ਬਾਅਦ - ਤੇਰੇ ਉੱਤੇ ਹਾਏ ਹਾਏ ! - ਪ੍ਰਭੂ ਯਹੋਵਾਹ ਦਾ ਵਾਕ ਹੈ24ਕਿ ਤੂੰ ਆਪਣੇ ਲਈ ਗੁੰਬਦ ਬਣਾਇਆ ਅਤੇ ਹਰੇਕ ਚੌਂਕ ਵਿੱਚ ਉੱਚਾ ਸਥਾਨ ਤਿਆਰ ਕੀਤਾ ।
25ਤੂੰ ਰਾਹ ਦੇ ਹਰ ਖੂੰਜੇ ਉੱਤੇ ਆਪਣਾ ਉੱਚਾ ਸਥਾਨ ਬਣਾਇਆ ਅਤੇ ਆਪਣੀ ਸੁੰਦਰਤਾ ਨੂੰ ਘਿਰਣਾ ਯੋਗ ਕੀਤਾ, ਅਤੇ ਹਰੇਕ ਲੰਘਣ ਵਾਲੇ ਰਾਹੀ ਦੇ ਅੱਗੇ ਤੂੰ ਆਪਣੇ ਪੈਰ ਖਿਲਾਰੇ ਅਤੇ ਆਪਣੇ ਵਿਭਚਾਰ ਨੂੰ ਵਧਾਇਆ ।26ਤੂੰ ਆਪਣੇ ਗੁਆਂਢੀ ਮਿਸਰੀਆਂ ਦੇ ਨਾਲ ਜੋ ਮੋਟੇ ਡਾਢੇ ਸਨ ਵਿਭਚਾਰ ਕੀਤਾ ਅਤੇ ਆਪਣੇ ਬਹੁਤੇ ਵਿਭਚਾਰ ਕਰਕੇ ਮੈਨੂੰ ਕ੍ਰੋਧਿਤ ਕੀਤਾ ।
27ਇਸ ਲਈ ਵੇਖ ! ਮੈਂ ਤੇਰੇ ਉੱਤੇ ਹੱਥ ਚੁੱਕਿਆ ਅਤੇ ਤੇਰੇ ਭੋਜਨ ਨੂੰ ਘੱਟ ਕਰ ਦਿੱਤਾ । ਤੈਨੂੰ ਤੇਰੀਆਂ ਦੁਸ਼ਮਣ ਫਲਿਸਤੀਆਂ ਦੀਆਂ ਧੀਆਂ ਦੇ ਅਧੀਨ ਕਰ ਦਿੱਤਾ ਜਿਹੜੀਆਂ, ਤੇਰੇ ਲੁੱਚਪੁਣੇ ਤੋਂ ਸ਼ਰਮਿੰਦਿਆਂ ਹੁੰਦੀਆਂ ਹਨ ।28ਫੇਰ ਅੱਸ਼ੂਰੀਆਂ ਨਾਲ ਵਿਭਚਾਰ ਕੀਤਾ ਕਿਉਂ ਜੋ ਤੂੰ ਰੱਜਦੀ ਨਹੀਂ ਸੀ, ਹਾਂ, ਤੂੰ ਉਹਨਾਂ ਨਾਲ ਵੀ ਵਿਭਚਾਰ ਕੀਤਾ, ਪਰ ਤੂੰ ਨਾ ਰੱਜੀ ।29ਤੂੰ ਕਸਦੀਆਂ ਦੇ ਦੇਸ ਤੱਕ ਆਪਣੇ ਵਿਭਚਾਰ ਨੂੰ ਖਿਲਾਰਿਆ ਪਰ ਇਸ ਨਾਲ ਵੀ ਤੂੰ ਨਾ ਰੱਜੀ ।
30ਪ੍ਰਭੂ ਯਹੋਵਾਹ ਦਾ ਵਾਕ ਹੈ ਕਿ ਤੇਰਾ ਮਨ ਕਿੰਨਾ ਨਿਰਬਲ ਹੈ ਕਿ ਤੂੰ ਇਹ ਸਭ ਕੁੱਝ ਕਰਦੀ ਹੈਂ, ਜੋ ਇੱਕ ਬੇਸ਼ਰਮ ਅਤੇ ਵੇਸਵਾ ਦਾ ਕੰਮ ਹੈ ।31ਇਸ ਲਈ ਕਿ ਤੂੰ ਹਰੇਕ ਸੜਕ ਦੇ ਸਿਰੇ ਤੇ ਆਪਣਾ ਗੁੰਬਦ ਬਣਾਉਂਦੀ ਹੈਂ ਅਤੇ ਹਰੇਕ ਚੌਂਕ ਵਿੱਚ ਆਪਣਾ ਉੱਚਾ ਸਥਾਨ ਤਿਆਰ ਕਰਦੀ ਹੈ, ਤੂੰ ਅਸਲ ਵਿੱਚ ਇੱਕ ਵੇਸਵਾ ਨਹੀਂ ਹੈਂ, ਕਿਉਂ ਜੋ ਆਪਣੇ ਕੰਮ ਲਈ ਖਰਚਾ ਨਹੀਂ ਲੈਂਦੀ ।
32ਤੂੰ ਵਿਭਚਾਰਨ ਇਸਰਤੀ ਹੈਂ, ਜਿਹੜੀ ਆਪਣੇ ਪਤੀ ਦੇ ਥਾਂ ਓਪਰੇ ਨੂੰ ਕਬੂਲ ਕਰਦੀ ਹੈ !33ਲੋਕ ਸਾਰੀਆਂ ਵੇਸਵਾਵਾਂ ਨੂੰ ਤੋਹਫ਼ੇ ਦਿੰਦੇ ਹਨ, ਪਰ ਤੂੰ ਆਪਣੇ ਯਾਰਾਂ ਨੂੰ ਤੋਹਫ਼ੇ ਅਤੇ ਰਿਸ਼ਵਤ ਦਿੰਦੀ ਹੈਂ, ਤਾਂ ਜੋ ਉਹ ਚੁਫੇਰਿਓਂ ਤੇਰੇ ਕੋਲ ਆਉਣ ਅਤੇ ਤੇਰੇ ਨਾਲ ਵਿਭਚਾਰ ਕਰਨ ।34ਤੂੰ ਵਿਭਚਾਰ ਵਿੱਚ ਹੋਰਨਾਂ ਔਰਤਾਂ ਦੇ ਵਾਂਗੂੰ ਨਹੀਂ, ਕਿਉਂ ਜੋ ਵਿਭਚਾਰ ਦੇ ਲਈ ਤੇਰੇ ਪਿੱਛੇ ਕੋਈ ਨਹੀਂ ਆਉਂਦਾ, ਤੂੰ ਪੈਸੇ ਨਹੀਂ ਲੈਂਦੀ ਸਗੋਂ ਆਪ ਦਿੰਦੀ ਹੈਂ, ਸੋ ਤੂੰ ਓਪਰੀ ਹੈਂ !
ਯਰੂਸ਼ਲਮ ਨੂੰ ਪਰਮੇਸ਼ੁਰ ਦੀ ਸਜ਼ਾ

35ਇਸ ਲਈ ਹੇ ਵਿਭਚਾਰਨ ! ਤੂੰ ਯਹੋਵਾਹ ਦਾ ਬਚਨ ਸੁਣ36ਪ੍ਰਭੂ ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਕਿਉਂਕਿ ਤੂੰ ਆਪਣੀ ਲਾਲਸਾ ਨੂੰ ਵਧਾਇਆ ਅਤੇ ਆਪਣਾ ਨੰਗੇਜ਼ ਆਪਣੇ ਵਿਭਚਾਰ ਦੇ ਕਾਰਨ, ਤੂੰ ਆਪਣੇ ਯਾਰਾਂ ਅੱਗੇ ਖੋਲ੍ਹ ਦਿੱਤਾ ਅਤੇ ਆਪਣੀਆਂ ਸਾਰੀਆਂ ਘਿਣਾਉਣੀਆਂ ਮੂਰਤਾਂ ਦੇ ਕਾਰਨ ਅਤੇ ਤੇਰੇ ਬੱਚਿਆਂ ਦੇ ਲਹੂ ਦੇ ਕਾਰਨ ਜੋ ਤੂੰ ਉਹਨਾਂ ਦੇ ਅੱਗੇ ਚੜ੍ਹਾਇਆ,37ਇਸ ਲਈ ਵੇਖ, ਮੈਂ ਤੇਰੇ ਸਾਰੇ ਯਾਰਾਂ ਨੂੰ ਜਿਹਨਾਂ ਨਾਲ ਤੂੰ ਸੰਬੰਧ ਬਣਾਏ, ਉਹਨਾਂ ਸਾਰਿਆਂ ਨੂੰ ਜਿਹਨਾਂ ਨੂੰ ਤੂੰ ਪਿਆਰ ਕਰਦੀ ਸੀ ਅਤੇ ਉਹਨਾਂ ਸਾਰਿਆਂ ਨਾਲ ਜਿਹਨਾਂ ਨਾਲ ਤੂੰ ਵੈਰ ਰੱਖਦੀ ਸੀ, ਇਕੱਠਿਆਂ ਕਰਾਂਗਾ, ਮੈਂ ਉਹਨਾਂ ਨੂੰ ਚਾਰੇ ਪਾਸੇ ਤੋਂ ਤੇਰੀ ਵਿਰੋਧਤਾ ਲਈ ਇਕੱਠਿਆਂ ਕਰਾਂਗਾ । ਉਹਨਾਂ ਦੇ ਸਾਹਮਣੇ ਤੇਰਾ ਪੜਦਾ ਖੋਲ੍ਹਾਂਗਾ, ਤਾਂ ਜੋ ਉਹ ਤੇਰੇ ਸਾਰੇ ਨੰਗੇਜ਼ ਨੂੰ ਵੇਖਣ ।
38ਮੈਂ ਤੇਰਾ ਨਿਆਂ ਕਰਾਂਗਾ, ਜਿਵੇਂ ਵਿਭਚਾਰਨ ਔਰਤ ਦਾ ਅਤੇ ਲਹੂ ਵਗਦੀ ਔਰਤ ਦਾ ਨਿਆਂ ਕੀਤਾ ਜਾਂਦਾ ਹੈ ਅਤੇ ਮੈਂ ਕਹਿਰ ਅਤੇ ਅਣਖ ਦਾ ਲਹੂ ਤੇਰੇ ਉੱਤੇ ਲਿਆਵਾਂਗਾ ।39ਮੈਂ ਤੈਨੂੰ ਉਹਨਾਂ ਦੇ ਹੱਥ ਵਿੱਚ ਦਿਆਂਗਾ, ਉਹ ਤੇਰਾ ਗੁੰਬਦ ਢਾਹ ਸੁੱਟਣਗੇ, ਤੇਰੇ ਉੱਚੇ ਸਥਾਨ ਤੋੜ ਦੇਣਗੇ ਅਤੇ ਤੇਰੇ ਕੱਪੜੇ ਲਾਹ ਲੈਣਗੇ, ਨਾਲੇ ਤੇਰੇ ਕੀਮਤੀ ਗਹਿਣੇ ਖੋਹ ਲੈਣਗੇ ਅਤੇ ਤੈਨੂੰ ਨੰਗੀ ਧੜੰਗੀ ਕਰਕੇ ਛੱਡ ਜਾਣਗੇ ।
40ਉਹ ਤੇਰੇ ਵਿਰੁੱਧ ਇੱਕ ਭੀੜ ਚੜ੍ਹਾ ਲਿਆਉਣਗੇ, ਤੈਨੂੰ ਪੱਥਰਾਂ ਨਾਲ ਮਾਰ ਸੁੱਟਣਗੇ ਅਤੇ ਆਪਣੀਆਂ ਤਲਵਾਰਾਂ ਨਾਲ ਤੈਨੂੰ ਵਿੰਨ੍ਹ ਸੁੱਟਣਗੇ ।41ਉਹ ਤੇਰੇ ਘਰਾਂ ਨੂੰ ਅੱਗ ਨਾਲ ਫੂਕ ਦੇਣਗੇ, ਬਹੁਤ ਸਾਰੀਆਂ ਔਰਤਾਂ ਦੀ ਨਿਗਾਹ ਵਿੱਚ ਤੈਨੂੰ ਸਜ਼ਾ ਦੇਣਗੇ, ਮੈਂ ਤੈਨੂੰ ਵਿਭਚਾਰ ਤੋਂ ਰੋਕ ਦਿਆਂਗਾ ਅਤੇ ਤੂੰ ਫੇਰ ਕਿਸੇ ਹੋਰ ਨੂੰ ਖਰਚੀ ਨਾ ਦੇਵੇਂਗੀ ।42ਤਦ ਮੇਰਾ ਕਹਿਰ ਤੇਰੇ ਉੱਤੋਂ ਸ਼ਾਂਤ ਹੋ ਜਾਵੇਗਾ ਅਤੇ ਮੇਰਾ ਕ੍ਰੋਧ ਤੇਰੇ ਉੱਤੋਂ ਹੱਟ ਜਾਵੇਗਾ, ਮੈਂ ਸ਼ਾਂਤੀ ਪਾਵਾਂਗਾ ਅਤੇ ਫੇਰ ਕ੍ਰੋਧ ਨਹੀਂ ਕਰਾਂਗਾ ।
43ਕਿਉਂ ਜੋ ਤੂੰ ਆਪਣੀ ਜੁਆਨੀ ਦੇ ਦਿਨਾਂ ਨੂੰ ਯਾਦ ਨਾ ਕੀਤਾ ਅਤੇ ਇਹਨਾਂ ਸਾਰੀਆਂ ਗੱਲਾਂ ਨਾਲ ਮੈਨੂੰ ਕ੍ਰੋਧਿਤ ਕੀਤਾ, ਇਸ ਲਈ ਪ੍ਰਭੂ ਯਹੋਵਾਹ ਦਾ ਵਾਕ ਹੈ, ਵੇਖ, ਮੈਂ ਤੇਰੇ ਕੁਰਾਹੇ ਪੈਣ ਦਾ ਫਲ ਤੈਨੂੰ ਦਿਆਂਗਾ ਅਤੇ ਤੂੰ ਅੱਗੇ ਲਈ ਆਪਣੇ ਸਾਰੇ ਘਿਣਾਉਣੇ ਕੰਮਾਂ ਨੂੰ ਲੁੱਚਪੁਣੇ ਨਾਲ ਕਰਦੀ ਹੀ ਨਾ ਜਾਵੇਂਗੀ ।
ਜੇਹੀ ਮਾਂ ਤੇਹੀ ਪੁੱਤਰੀ

44ਵੇਖ, ਸਾਰੇ ਕਹਾਵਤਾਂ ਆਖਣ ਵਾਲੇ ਤੇਰੇ ਵਿਰੁੱਧ ਇਹ ਕਹਾਵਤ ਆਖਣਗੇ ਕਿ "ਜੇਹੀ ਮਾਂ ਤੇਹੀ ਧੀ" ।45ਤੂੰ ਆਪਣੀ ਉਸ ਮਾਂ ਦੀ ਧੀ ਹੈਂ, ਜਿਹੜੀ ਆਪਣੇ ਪਤੀ ਅਤੇ ਆਪਣੇ ਬੱਚਿਆਂ ਤੋਂ ਘਿਣ ਕਰਦੀ ਸੀ ਅਤੇ ਤੂੰ ਆਪਣੀਆਂ ਉਹਨਾਂ ਭੈਣਾਂ ਦੀ ਭੈਣ ਹੈਂ, ਜਿਹੜੀਆਂ ਆਪਣੇ ਪਤੀਆਂ ਅਤੇ ਬੱਚਿਆਂ ਤੋਂ ਘਿਣ ਕਰਦੀਆਂ ਸਨ, ਤੇਰੀ ਮਾਂ ਹਿੱਤੀ ਅਤੇ ਤੇਰਾ ਪਿਓ ਅਮੂਰੀ ਸੀ ।
46ਤੇਰੀ ਵੱਡੀ ਭੈਣ ਸਾਮਰਿਯਾ ਹੈ, ਜੋ ਤੇਰੇ ਖੱਬੇ ਪਾਸੇ ਵੱਸਦੀ ਹੈ, ਉਹ ਅਤੇ ਉਹ ਦੀਆਂ ਧੀਆਂ, ਅਤੇ ਤੇਰੀ ਛੋਟੀ ਭੈਣ ਜੋ ਤੇਰੇ ਸੱਜੇ ਪਾਸੇ ਵੱਸਦੀ ਹੈ, ਸਦੂਮ ਅਤੇ ਉਸ ਦੀਆਂ ਧੀਆਂ ਹਨ ।
47ਪਰ ਤੂੰ ਕੇਵਲ ਉਹਨਾਂ ਦੇ ਰਾਹਾਂ ਉੱਤੇ ਨਹੀਂ ਤੁਰ੍ਹੀ ਅਤੇ ਕੇਵਲ ਉਹਨਾਂ ਵਰਗੇ ਘਿਣਾਉਣੇ ਕੰਮ ਨਹੀਂ ਕੀਤੇ, ਜਾਣੋ ਇਹ ਤਾਂ ਇੱਕ ਨਿੱਕੀ ਜਿਹੀ ਗੱਲ ਸੀ, ਸਗੋਂ ਤੂੰ ਉਹਨਾਂ ਨਾਲੋਂ ਆਪਣਿਆਂ ਸਾਰਿਆਂ ਮਾਰਗਾਂ ਵਿੱਚ ਬਹੁਤ ਭੈੜੀ ਨਿੱਕਲੀ ।48ਪ੍ਰਭੂ ਯਹੋਵਾਹ ਦਾ ਵਾਕ ਹੈ, ਮੈਨੂੰ ਆਪਣੀ ਜਾਨ ਦੀ ਸਹੁੰ, ਕਿ ਤੇਰੀ ਭੈਣ ਸਦੂਮ ਨੇ ਇਸ ਤਰ੍ਹਾਂ ਨਹੀਂ ਕੀਤਾ, ਨਾ ਉਹ ਨੇ, ਨਾ ਉਹਨਾਂ ਦੀਆਂ ਧੀਆਂ ਨੇ, ਜਿਹਾ ਤੂੰ ਅਤੇ ਤੇਰੀਆਂ ਧੀਆਂ ਨੇ ਕੀਤਾ ਹੈ ।
49ਵੇਖ, ਤੇਰੀ ਭੈਣ ਸਦੂਮ ਦਾ ਅਪਰਾਧ ਇਹ ਸੀ ਕਿ ਉਹ ਆਪਣੀਆਂ ਧੀਆਂ ਸਮੇਤ ਘਮੰਡ ਕਰਦੀ, ਬੇਪਰਵਾਹ ਸੀ ਅਤੇ ਬਿਨਾਂ ਚਿੰਤਾ ਤੋਂ ਰਹਿੰਦੀ ਸੀ, ਪਰ ਉਹਨਾਂ ਨੇ ਗ਼ਰੀਬ ਤੇ ਲੋੜਵੰਦ ਨੂੰ ਸਹਾਰਾ ਨਾ ਦਿੱਤਾ ।50ਉਹ ਹੰਕਾਰਨਾਂ ਸਨ ਅਤੇ ਉਹਨਾਂ ਨੇ ਮੇਰੇ ਸਾਹਮਣੇ ਘਿਣਾਉਣੇ ਕੰਮ ਕੀਤੇ, ਇਸ ਲਈ ਜਦੋਂ ਮੈਂ ਵੇਖਿਆ ਤਾਂ ਉਹਨਾਂ ਨੂੰ ਦੂਰ ਕਰ ਦਿੱਤਾ ।
51ਸਾਮਰਿਯਾ ਨੇ ਤੇਰੇ ਨਾਲੋਂ ਅੱਧੇ ਪਾਪ ਵੀ ਨਹੀਂ ਕੀਤੇ, ਪਰ ਤੂੰ ਉਹਨਾਂ ਦੇ ਨਾਲੋਂ ਬਹੁਤ ਘਿਣਾਉਣੇ ਕੰਮ ਕੀਤੇ ਹਨ, ਇਸ ਲਈ ਤੇਰੇ ਨਾਲੋਂ ਤੇਰੀਆਂ ਭੈਣਾ ਨਿਰਦੋਸ਼ੀ ਹਨ ।52ਇਸ ਲਈ ਤੂੰ ਆਪ ਜੋ ਆਪਣੀਆਂ ਭੈਣਾਂ ਨੂੰ ਦੋਸ਼ਣਾਂ ਦੱਸਦੀ ਹੈਂ, ਇਹਨਾਂ ਪਾਪਾਂ ਦੇ ਕਾਰਨ ਜੋ ਤੂੰ ਕੀਤੇ, ਜੋ ਉਹਨਾਂ ਦੇ ਪਾਪਾਂ ਨਾਲੋਂ ਬਹੁਤ ਘਿਣਾਉਣੇ ਹਨ, ਤੂੰ ਸ਼ਰਮਿੰਦੀ ਹੋ । ਉਹ ਤੇਰੇ ਨਾਲੋਂ ਧਰਮੀ ਹਨ, ਇਸ ਲਈ ਤੂੰ ਸ਼ਰਮਿੰਦੀ ਹੋ ਅਤੇ ਸ਼ਰਮ ਕਰ ਕਿਉਂ ਜੋ ਤੇਰੀਆਂ ਭੈਣਾਂ ਤੇਰੇ ਨਾਲੋਂ ਧਰਮੀ ਜਾਪਦੀਆਂ ਹਨ ।
ਸਦੂਮ ਅਤੇ ਸਾਮਰਿਯਾ ਦੀ ਫਿਰ ਤੋਂ ਸਥਾਪਨਾ

53ਮੈਂ ਉਹਨਾਂ ਦੀ ਗੁਲਾਮੀ ਨੂੰ ਖਤਮ ਕਰ ਦਿਆਂਗਾ ਅਰਥਾਤ ਸਦੂਮ ਅਤੇ ਉਸ ਦੀਆਂ ਧੀਆਂ ਦੀ ਗੁਲਾਮੀ ਨੂੰ, ਸਾਮਰਿਯਾ ਅਤੇ ਉਸ ਦੀਆਂ ਧੀਆਂ ਦੀ ਗੁਲਾਮੀ ਨੂੰ ਅਤੇ ਉਹਨਾਂ ਦੇ ਵਿੱਚ ਤੇਰੇ ਗੁਲਾਮਾਂ ਦੀ ਗੁਲਾਮੀ ਨੂੰ,54ਤਾਂ ਜੋ ਤੂੰ ਆਪਣੀ ਨਮੋਸ਼ੀ ਆਪ ਚੁੱਕੇ ਅਤੇ ਆਪਣੇ ਸਾਰੇ ਕੰਮਾਂ ਤੋਂ ਸ਼ਰਮਿੰਦੀ ਹੋਵੇ, ਕਿਉਂ ਜੋ ਇਹ ਉਹਨਾਂ ਲਈ ਤਸੱਲੀ ਦਾ ਕਾਰਨ ਹੋਵੇਗਾ ।55ਤੇਰੀਆਂ ਭੈਣਾਂ ਸਦੂਮ ਅਤੇ ਸਾਮਰਿਯਾ ਆਪਣੀਆਂ ਆਪਣੀਆਂ ਧੀਆਂ ਸਮੇਤ ਮੁੜ ਪਹਿਲੀ ਹਾਲਤ ਤੇ ਆ ਜਾਣਗੀਆਂ, ਤੂੰ ਅਤੇ ਤੇਰੀਆਂ ਧੀਆਂ ਮੁੜ ਆਪਣੀ ਪਹਿਲੀ ਹਾਲਤ ਤੇ ਆ ਜਾਣਗੀਆਂ ।
56ਤੂੰ ਆਪਣੇ ਘਮੰਡ ਦੇ ਦਿਨਾਂ ਵਿੱਚ ਆਪਣੀ ਭੈਣ ਸਦੂਮ ਦਾ ਨਾਮ ਆਪਣੇ ਮੂੰਹ ਨਾਲ ਨਹੀਂ ਲੈਂਦੀ ਸੀ ।57ਜਦ ਤੱਕ ਤੇਰੀ ਬੁਰਾਈ ਪਰਗਟ ਨਹੀਂ ਹੋਈ, ਜਦੋਂ ਅਰਾਮ ਦੀਆਂ ਧੀਆਂ ਨੇ ਅਤੇ ਉਹਨਾਂ ਸਾਰੀਆਂ ਨੇ ਜੋ ਉਹਨਾਂ ਦੇ ਆਲੇ-ਦੁਆਲੇ ਸਨ ਤੈਨੂੰ ਨਫ਼ਰਤ ਕੀਤੀ ਅਤੇ ਫਲਿਸਤੀਆਂ ਦੀਆਂ ਧੀਆਂ ਨੇ ਚਾਰੇ ਪਾਸਿਓਂ ਤੋਂ ਤੈਨੂੰ ਬੁਰਾ ਆਖਿਆ ।58ਯਹੋਵਾਹ ਦਾ ਵਾਕ ਹੈ, ਤੂੰ ਆਪਣੇ ਲੁੱਚਪੁਣੇ ਨੂੰ ਅਤੇ ਘਿਰਣਾ ਜੋਗ ਕੰਮਾਂ ਨੂੰ ਚੁੱਕਿਆ ਹੈ ।
ਇੱਕ ਨੇਮ ਜੋ ਸਦਾ ਤੱਕ ਰਹੇਗਾ

59ਕਿਉਂ ਜੋ ਪ੍ਰਭੂ ਯਹੋਵਾਹ ਇਹ ਆਖਦਾ ਹੈ, ਮੈਂ ਤੇਰੇ ਨਾਲ ਇਹੋ ਜਿਹਾ ਵਰਤਾਓ ਕਰਾਂਗਾ ਜਿਹੋ ਜਿਹੇ ਕੰਮ ਤੂੰ ਕੀਤੇ, ਇਸ ਲਈ ਕਿ ਤੂੰ ਨੇਮ ਦੇ ਤੋੜਨ ਵਿੱਚ ਸਹੁੰ ਨੂੰ ਤੁੱਛ ਸਮਝਿਆ,
60ਤਾਂ ਵੀ ਮੈਂ ਆਪਣੇ ਉਸ ਨੇਮ ਨੂੰ ਜੋ ਤੇਰੀ ਜੁਆਨੀ ਦੇ ਦਿਨਾਂ ਵਿੱਚ ਤੇਰੇ ਨਾਲ ਸੀ, ਚੇਤੇ ਰੱਖਾਂਗਾ ਅਤੇ ਸਦਾ ਦਾ ਨੇਮ ਤੇਰੇ ਨਾਲ ਕਾਇਮ ਕਰਾਂਗਾ ।61ਜਦੋਂ ਤੂੰ ਆਪਣੀ ਛੋਟੀ ਤੇ ਵੱਡੀ ਭੈਣ ਨੂੰ ਆਪਣੇ ਨਾਲ ਮਿਲਾਵੇਂਗੀ, ਤਦ ਤੂੰ ਆਪਣੀਆਂ ਪਿੱਛਲੀਆਂ ਚਾਲਾਂ ਨੂੰ ਚੇਤੇ ਕਰਕੇ ਸ਼ਰਮਿੰਦੀ ਹੋਵੇਂਗੀ ਅਤੇ ਮੈਂ ਉਹਨਾਂ ਨੂੰ ਧੀਆਂ ਕਰਕੇ ਤੈਨੂੰ ਦਿਆਂਗਾ, ਪਰ ਇਹ ਤੇਰੇ ਨੇਮ ਦੇ ਅਨੁਸਾਰ ਨਹੀਂ ਹੈ ।
62ਮੈਂ ਆਪਣਾ ਨੇਮ ਤੇਰੇ ਨਾਲ ਬੰਨ੍ਹਾਂਗਾ ਅਤੇ ਤੂੰ ਜਾਣੇਗੀ ਕਿ ਯਹੋਵਾਹ ਮੈਂ ਹਾਂ,63ਤਾਂ ਜੋ ਤੂੰ ਚੇਤੇ ਕਰਕੇ ਸ਼ਰਮ ਕਰੇਂ ਅਤੇ ਸ਼ਰਮ ਦੇ ਮਾਰੇ ਫੇਰ ਕਦੇ ਆਪਣਾ ਮੂੰਹ ਨਾ ਖੋਲ੍ਹੇਂ, ਜਦੋਂ ਕਿ ਮੈਂ ਸਭੋ ਕੁੱਝ ਜੋ ਤੂੰ ਕੀਤਾ ਹੈ ਮਾਫ਼ ਕਰ ਦਿਆਂ, ਪ੍ਰਭੂ ਯਹੋਵਾਹ ਦਾ ਵਾਕ ਹੈ ।

17
ਉਕਾਬਾਂ ਅਤੇ ਅੰਗੂਰ ਦੀ ਵੇਲ ਦਾ ਦ੍ਰਿਸ਼ਟਾਂਤ

1ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ2ਹੇ ਮਨੁੱਖ ਦੇ ਪੁੱਤਰ, ਇੱਕ ਬੁਝਾਰਤ ਬੁੱਝ ਅਤੇ ਇਸਰਾਏਲ ਦੇ ਘਰਾਣੇ ਅੱਗੇ ਇੱਕ ਕਹਾਵਤ ਆਖ ।3ਆਖ, ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ ਹੈ, ਇੱਕ ਵੱਡਾ ਉਕਾਬ, ਜਿਸ ਦੇ ਵੱਡੇ ਖੰਭ ਅਤੇ ਲੰਮੀਆਂ ਬਾਹਾਂ ਸਨ, ਜੋ ਰੰਗ-ਬਰੰਗੇ ਖੰਭਾਂ ਨਾਲ ਭਰਿਆ ਹੋਇਆ ਸੀ, ਉਹ ਲਬਾਨੋਨ ਕੋਲ ਆਇਆ ਅਤੇ ਉਹ ਨੇ ਦਿਉਦਾਰ ਰੁੱਖ ਦੀ ਟੀਸੀ ਲਈ ।4ਉਹ ਸਭ ਤੋਂ ਉੱਚੀ ਟਹਿਣੀ ਭੰਨ ਕੇ ਵਪਾਰ ਕਰਨ ਵਾਲੇ ਦੇ ਦੇਸ ਵਿੱਚ ਲੈ ਗਿਆ ਅਤੇ ਵਪਾਰੀਆਂ ਦੇ ਸ਼ਹਿਰ ਵਿੱਚ ਉਸ ਨੂੰ ਲਾ ਦਿੱਤਾ ।

5ਨਾਲੇ ਉਹ ਉਸ ਧਰਤੀ ਦਾ ਬੀਜ ਵੀ ਲੈ ਗਿਆ ਅਤੇ ਉਹ ਨੂੰ ਉਪਜਾਊ ਖੇਤ ਵਿੱਚ ਬੀਜਿਆ । ਉਸ ਨੇ ਉਹ ਨੂੰ ਬਹੁਤਿਆਂ ਪਾਣੀਆਂ ਦੇ ਕੰਢੇ ਬੇਦ ਦੇ ਰੁੱਖ ਵਾਂਗੂੰ ਲਾਇਆ ।6ਉਹ ਵਧਿਆ ਅਤੇ ਉਹ ਅੰਗੂਰ ਦਾ ਛਤਰੀ ਧਾਰ ਇੱਕ ਛੋਟਾ ਜਿਹਾ ਰੁੱਖ ਬਣ ਗਿਆ, ਉਸ ਦੀਆਂ ਟਹਿਣੀਆਂ ਉਹ ਦੇ ਵੱਲ ਝੁਕੀਆਂ ਹੋਈਆਂ ਸਨ ਅਤੇ ਉਸ ਦੀਆਂ ਜੜ੍ਹਾਂ ਉਹ ਦੇ ਹੇਠਾਂ ਸਨ, ਸੋ ਉਹ ਅੰਗੂਰੀ ਬੇਲ ਬਣੀ । ਉਸ ਦੀਆਂ ਟਹਿਣੀਆਂ ਨਿੱਕਲੀਆਂ ਅਤੇ ਉਸ ਦੀਆਂ ਪੱਤੀਆਂ ਵਧੀਆਂ ।
7ਇੱਕ ਹੋਰ ਵੱਡਾ ਉਕਾਬ ਸੀ, ਜਿਸ ਦੇ ਖੰਭ ਵੱਡੇ ਅਤੇ ਵਾਲ਼ ਬਹੁਤ ਸਨ, ਤਾਂ ਵੇਖੋ, ਇਸ ਅੰਗੂਰੀ ਬੇਲ ਨੇ ਆਪਣੀਆਂ ਜੜ੍ਹਾਂ ਉਸ ਵੱਲ ਮੋੜੀਆਂ ਅਤੇ ਆਪਣੀ ਕਿਆਰੀ ਵਿੱਚੋਂ ਜਿੱਥੇ ਉਹ ਲਾਇਆ ਹੋਇਆ ਸੀ, ਆਪਣੀਆਂ ਟਹਿਣੀਆਂ ਉਸ ਵੱਲ ਵਧਾਈਆਂ, ਤਾਂ ਜੋ ਉਕਾਬ ਉਸ ਨੂੰ ਸਿੰਜੇ ।8ਇਹ ਚੰਗੇ ਖੇਤ ਵਿੱਚ ਬਹੁਤੇ ਪਾਣੀਆਂ ਦੇ ਕੋਲ ਲਾਇਆ ਗਿਆ ਸੀ, ਤਾਂ ਜੋ ਉਸ ਦੀਆਂ ਟਹਿਣੀਆਂ ਨਿੱਕਲਣ, ਉਹ ਦੇ ਵਿੱਚ ਫਲ ਲੱਗਣ ਅਤੇ ਇਹ ਵਧੀਆ ਅੰਗੂਰ ਹੋਵੇ ।
9ਤੂੰ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਕੀ ਇਹ ਖੁਸ਼ਹਾਲ ਹੋਵੇਗੀ ? ਕੀ ਉਹ ਉਸ ਨੂੰ ਜੜ੍ਹਾਂ ਤੋਂ ਨਾ ਪੁੱਟ ਸੁੱਟੇਗਾ ਅਤੇ ਇਸ ਦਾ ਫਲ ਨਾ ਤੋੜ ਸੁੱਟੇਗਾ ਭਈ ਇਹ ਸੁੱਕ ਜਾਵੇ ਅਤੇ ਇਹ ਦੇ ਸਾਰੇ ਹਰੇ ਪੱਤੇ ਸੁੱਕ ਜਾਣ ? ਇਸ ਨੂੰ ਜੜ੍ਹਾਂ ਤੋਂ ਪੁੱਟਣ ਦੇ ਲਈ ਬਹੁਤੇ ਲੋਕਾਂ ਅਤੇ ਬਹੁਤੇ ਜ਼ੋਰ ਦੀ ਲੋੜ ਨਾ ਹੋਵੇਗੀ ।10ਵੇਖੋ, ਇਹ ਲਾਈ ਤਾਂ ਗਈ ਹੈ ਪਰ ਕੀ ਇਹ ਫਲ ਵੀ ਦੇਵੇਗੀ ? ਕੀ ਇਹ ਪੁਰੇ ਦੀ ਹਵਾ ਲੱਗਦਿਆ ਹੀ ਇਹ ਪੂਰੀ ਤਰ੍ਹਾਂ ਨਾਲ ਸੁੱਕ ਨਾ ਜਾਵੇਗੀ ? ਇਹ ਆਪਣੀਆਂ ਕਿਆਰੀਆਂ ਵਿੱਚ ਹੀ ਸੁੱਕ ਜਾਵੇਗੀ ।
ਦ੍ਰਿਸ਼ਟਾਂਤ ਦਾ ਅਰਥ

11ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ12ਇਸ ਵਿਦਰੋਹੀ ਘਰਾਣੇ ਨੂੰ ਤੂੰ ਆਖ, ਕੀ ਤੁਸੀਂ ਇਹਨਾਂ ਗੱਲਾਂ ਦਾ ਅਰਥ ਨਹੀਂ ਜਾਣਦੇ ? ਉਹਨਾਂ ਨੂੰ ਆਖ ਕਿ ਵੇਖੋ, ਬਾਬਲ ਦੇ ਰਾਜੇ ਨੇ ਯਰੂਸ਼ਲਮ ਉੱਤੇ ਹਮਲਾ ਕੀਤਾ, ਉਸ ਦੇ ਰਾਜੇ ਨੂੰ ਅਤੇ ਉਸ ਦੇ ਹਾਕਮਾਂ ਨੂੰ ਫੜ੍ਹ ਕੇ ਆਪਣੇ ਨਾਲ ਬਾਬਲ ਨੂੰ ਲੈ ਗਿਆ ।
13ਉਹ ਨੇ ਸ਼ਾਹੀ ਵੰਸ਼ ਵਿੱਚੋਂ ਇੱਕ ਨੂੰ ਲੈ ਕੇ ਉਸ ਦੇ ਨਾਲ ਨੇਮ ਬੰਨ੍ਹਿਆ ਅਤੇ ਉਸ ਤੋਂ ਸਹੁੰ ਲਈ ਅਤੇ ਦੇਸ ਦੇ ਸੂਰਮਿਆਂ ਨੂੰ ਵੀ ਲੈ ਗਿਆ,14ਤਾਂ ਜੋ ਉਹ ਰਾਜ ਪੂਰੀ ਤਰ੍ਹਾਂ ਅਧੀਨ ਹੋ ਜਾਵੇ ਅਤੇ ਫਿਰ ਸਿਰ ਨਾ ਚੁੱਕੇ, ਸਗੋਂ ਉਹ ਦੇ ਨੇਮ ਨੂੰ ਕਾਇਮ ਰੱਖ ਕੇ ਖੜਾ ਰਹੇ ।
15ਪਰ ਉਹ ਨੇ ਬਹੁਤ ਸਾਰੇ ਮਨੁੱਖ ਤੇ ਘੋੜੇ ਲੈਣ ਲਈ ਮਿਸਰ ਵਿੱਚ ਏਲਚੀ ਭੇਜ ਕੇ ਉਸ ਦੇ ਵਿਰੁੱਧ ਵਿਦਰੋਹੀ ਹੋ ਗਿਆ । ਕੀ ਉਹ ਸਫ਼ਲ ਹੋਵੇਗਾ ? ਕੀ ਅਜਿਹਾ ਕਰਨ ਵਾਲਾ ਬਚ ਸਕਦਾ ਹੈ ? ਕੀ ਉਹ ਨੇਮ ਭੰਨ ਕੇ ਵੀ ਬਚ ਜਾਵੇਗਾ ?16ਪ੍ਰਭੂ ਯਹੋਵਾਹ ਦਾ ਵਾਕ ਹੈ ਕਿ ਮੈਨੂੰ ਆਪਣੀ ਜਾਨ ਦੀ ਸਹੁੰ ! ਉਹ ਉਸੇ ਥਾਂ ਜਿੱਥੇ ਉਸ ਰਾਜੇ ਦਾ ਵਾਸ ਹੈ, ਜਿਸ ਨੇ ਉਹ ਨੂੰ ਰਾਜਾ ਬਣਾਇਆ, ਜਿਸ ਦੀ ਸਹੁੰ ਨੂੰ ਉਸ ਨੇ ਤੁੱਛ ਜਾਣਿਆ ਅਤੇ ਜਿਹੜਾ ਨੇਮ ਉਹ ਨੇ ਭੰਗ ਕੀਤਾ ਅਰਥਾਤ ਬਾਬਲ ਵਿੱਚ ਉਸੇ ਦੇ ਕੋਲ ਮਰੇਗਾ ।
17ਨਾ ਫ਼ਿਰਊਨ ਆਪਣੇ ਵੱਡਿਆਂ ਸੂਰਮਿਆਂ ਨੂੰ ਅਤੇ ਬਹੁਤੀ ਸਭਾ ਨੂੰ ਲੈ ਕੇ ਲੜਾਈ ਵਿੱਚ ਉਹ ਦੇ ਲਈ ਕੁੱਝ ਕਰ ਸਕੇਗਾ, ਜਦੋਂ ਬਾਬੁਲ ਦੇ ਲੋਕ ਮੋਰਚਾ ਬੰਨ੍ਹਦੇ ਹੋਣ ਅਤੇ ਬੁਰਜ ਬਣਾਉਂਦੇ ਹੋਣ ਕਿ ਬਹੁਤ ਸਾਰੀਆਂ ਜਾਨਾਂ ਨੂੰ ਮਾਰ ਦੇਣ ।18ਕਿਉਂ ਜੋ ਉਸ ਨੇ ਸਹੁੰ ਨੂੰ ਤੁੱਛ ਜਾਣਿਆ ਅਤੇ ਉਸ ਨੇਮ ਨੂੰ ਤੋੜਿਆ ਅਤੇ ਹੱਥ ਤੇ ਹੱਥ ਮਾਰ ਕੇ ਉਸ ਨੇ ਇਹ ਸਭ ਕੁੱਝ ਕੀਤਾ, ਇਸ ਲਈ ਉਹ ਬਚ ਨਹੀਂ ਸਕੇਗਾ ।
19ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਮੈਨੂੰ ਆਪਣੀ ਜਾਨ ਦੀ ਸਹੁੰ, ਉਹ ਮੇਰੀ ਹੀ ਸਹੁੰ ਹੈ ਜਿਹ ਨੂੰ ਉਹ ਨੇ ਤੁੱਛ ਜਾਣਿਆ ਅਤੇ ਉਹ ਮੇਰਾ ਹੀ ਨੇਮ ਹੈ ਜਿਹੜਾ ਉਹ ਨੇ ਤੋੜਿਆ । ਮੈਂ ਜ਼ਰੂਰ ਇਹ ਸਭ ਕੁੱਝ ਉਹ ਦੇ ਸਿਰ ਉੱਤੇ ਲਿਆਵਾਂਗਾ20ਅਤੇ ਮੈਂ ਆਪਣਾ ਜਾਲ਼ ਉਹ ਦੇ ਉੱਤੇ ਪਾਵਾਂਗਾ ਅਤੇ ਉਹ ਮੇਰੀ ਫਾਹੀ ਵਿੱਚ ਫਸ ਜਾਵੇਗਾ ਅਤੇ ਮੈਂ ਉਹ ਨੂੰ ਬਾਬਲ ਲੈ ਆਵਾਂਗਾ ਅਤੇ ਜਿਹੜੀ ਉਸ ਨੇ ਮੇਰੇ ਵਿਰੁੱਧ ਬੇਈਮਾਨੀ ਕੀਤੀ ਹੈ, ਉਹ ਦੀ ਬੇਈਮਾਨੀ ਦੇ ਬਾਰੇ ਉੱਥੇ ਉਸ ਦੇ ਕੋਲੋਂ ਪੁੱਛ-ਗਿੱਛ ਕਰਾਂਗਾ ।21ਉਹ ਦੇ ਜੱਥੇ ਦੇ ਸਾਰੇ ਭਗੌੜੇ ਤਲਵਾਰ ਨਾਲ ਮਾਰੇ ਜਾਣਗੇ ਅਤੇ ਜੋ ਬਚ ਰਹਿਣਗੇ ਉਹ ਸਾਰੀਆਂ ਦਿਸ਼ਾਵਾਂ ਵਿੱਚ ਖਿਲਾਰੇ ਜਾਣਗੇ ਭਈ ਤੁਸੀਂ ਜਾਣੋਗੇ, ਕਿ ਮੈਂ ਯਹੋਵਾਹ ਨੇ ਇਹ ਫ਼ਰਮਾਇਆ ਹੈ ।
ਪਰਮੇਸ਼ੁਰ ਦਾ ਵਾਅਦਾ

22ਪ੍ਰਭੂ ਯਹੋਵਾਹ ਇਹ ਆਖਦਾ ਹੈ, ਮੈਂ ਵੀ ਦਿਆਰ ਦੀ ਟੀਸੀ ਲਵਾਂਗਾ ਅਤੇ ਉਹ ਨੂੰ ਲਾਵਾਂਗਾ, ਫੇਰ ਉਹ ਦੀਆਂ ਨਰਮ ਟਹਿਣੀਆਂ ਵਿੱਚੋਂ ਇੱਕ ਕਰੂੰਬਲ ਸਿਰ ਉੱਤੋਂ ਕੱਟ ਲਵਾਂਗਾ ਅਤੇ ਉਹ ਨੂੰ ਇੱਕ ਉੱਚੇ ਪਹਾੜ ਦੀ ਚੋਟੀ ਤੇ ਲਾਵਾਂਗਾ ।23ਮੈਂ ਉਹ ਨੂੰ ਇਸਰਾਏਲ ਦੇ ਉੱਚੇ ਪਹਾੜ ਉੱਤੇ ਲਾਵਾਂਗਾ ਅਤੇ ਉਹ ਕਰੂੰਬਲਾਂ ਕੱਢੇਗਾ ਅਤੇ ਫਲੇਗਾ ਅਤੇ ਵਧੀਆ ਦਿਆਰ ਹੋਵੇਗਾ ਅਤੇ ਹਰ ਪ੍ਰਕਾਰ ਦੇ ਖੰਭ ਵਾਲੇ ਪੰਛੀ ਉਹ ਦੇ ਹੇਠਾਂ ਵੱਸਣਗੇ, ਉਹ ਉਸ ਦੀਆਂ ਟਹਿਣੀਆਂ ਦੀ ਛਾਂ ਵਿੱਚ ਵੱਸਣਗੇ ।
24ਖੇਤ ਦੇ ਸਾਰੇ ਰੁੱਖ ਜਾਣਨਗੇ ਕਿ ਮੈਂ ਯਹੋਵਾਹ ਨੇ ਉੱਚੇ ਰੁੱਖ ਨੂੰ ਨਿੱਕਾ ਕੀਤਾ ਅਤੇ ਨਿੱਕੇ ਨੂੰ ਉੱਚਾ ਕੀਤਾ, ਹਰੇ ਰੁੱਖ ਨੂੰ ਸੁਕਾ ਦਿੱਤਾ ਅਤੇ ਸੁੱਕੇ ਰੁੱਖ ਨੂੰ ਹਰਾ ਕੀਤਾ । ਮੈਂ ਯਹੋਵਾਹ ਨੇ ਆਖਿਆ ਅਤੇ ਕਰ ਵਿਖਾਇਆ ।

18
ਵਿਅਕਤੀਗਤ ਜਿੰਮੇਵਾਰੀ

1ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ2ਤੁਸੀਂ ਇਸਰਾਏਲ ਦੀ ਭੂਮੀ ਦੇ ਵਿਰੁੱਧ ਕਿਉਂ ਇਹ ਕਹਾਵਤ ਆਖਦੇ ਹੋ ਕਿ ਪਿਤਾਵਾਂ ਨੇ ਖੱਟੇ ਅੰਗੂਰ ਖਾਧੇ ਅਤੇ ਬੱਚਿਆਂ ਦੇ ਦੰਦ ਦੁੱਖਣ ਲੱਗ ਪਏ ?

3ਪ੍ਰਭੂ ਯਹੋਵਾਹ ਦਾ ਵਾਕ ਹੈ, ਮੈਨੂੰ ਆਪਣੀ ਜਾਨ ਦੀ ਸਹੁੰ, ਤੁਸੀਂ ਫੇਰ ਇਸਰਾਏਲ ਵਿੱਚ ਇਹ ਕਹਾਵਤ ਨਹੀਂ ਆਖੋਗੇ ।4ਵੇਖੋ, ਸਾਰੀਆਂ ਜਾਨਾਂ ਮੇਰੀਆਂ ਹਨ । ਜਿਹੀ ਪਿਉ ਦੀ ਜਾਨ, ਵੈਸੀ ਹੀ ਪੁੱਤਰ ਦੀ ਜਾਨ ਵੀ ਮੇਰੀ ਹੈ । ਜਿਹੜੀ ਜਾਨ ਪਾਪ ਕਰਦੀ ਹੈ, ਉਹੀ ਮਰੇਗੀ ।
5ਪਰ ਜਿਹੜਾ ਮਨੁੱਖ ਧਰਮੀ ਹੈ ਅਤੇ ਉਹ ਦੇ ਕੰਮ ਨਿਆਂ ਅਤੇ ਧਰਮ ਦੇ ਹਨ ।6ਜਿਸ ਨੇ ਪਹਾੜਾਂ ਉੱਤੇ ਨਹੀਂ ਖਾਧਾ, ਨਾ ਇਸਰਾਏਲ ਦੇ ਘਰਾਣੇ ਦੀਆਂ ਮੂਰਤੀਆਂ ਵੱਲ ਅੱਖ ਚੁੱਕੀ, ਨਾ ਆਪਣੇ ਗੁਆਂਢੀ ਦੀ ਪਤਨੀ ਨੂੰ ਭ੍ਰਿਸ਼ਟ ਕੀਤਾ, ਨਾ ਮਾਸਿਕ ਧਰਮ ਵਾਲੀ ਔਰਤ ਦੇ ਨੇੜੇ ਗਿਆ,
7ਨਾ ਕਿਸੇ ਨੂੰ ਦੁੱਖੀ ਕੀਤਾ, ਕਰਜ਼ਾਈ ਦੀ ਗਿਰਵੀ ਰੱਖੀ ਹੋਈ ਚੀਜ਼ ਮੋੜ ਦਿੱਤੀ ਅਤੇ ਜਬਰ ਕਰ ਕੇ ਕੁੱਝ ਖੋਹ ਨਹੀਂ ਲਿਆ ਪਰ ਭੁੱਖਿਆਂ ਨੂੰ ਆਪਣੀ ਰੋਟੀ ਖੁਆਈ ਅਤੇ ਨੰਗਿਆਂ ਨੂੰ ਕੱਪੜੇ ਪਵਾਏ ।8ਵਿਆਜ ਉੱਤੇ ਲੈਣ-ਦੇਣ ਨਹੀਂ ਕੀਤਾ, ਨਾ ਵਿਆਜ ਲਿਆ ਅਤੇ ਆਪਣਾ ਹੱਥ ਬਦੀ ਵੱਲ ਮੋੜਿਆ ਅਤੇ ਮਨੁੱਖਾਂ ਵਿੱਚ ਸੱਚਾ ਨਿਆਂ ਕੀਤਾ ।9ਮੇਰੀਆਂ ਬਿਧੀਆਂ ਉੱਤੇ ਤੁਰਿਆ ਅਤੇ ਮੇਰੇ ਹੁਕਮਾਂ ਦੀ ਪਾਲਣਾ ਕੀਤੀ, ਤਾਂ ਜੋ ਸੱਚਾਈ ਨਾਲ ਕੰਮ ਚਲਾਵੇ, ਉਹ ਧਰਮੀ ਹੈ, ਪ੍ਰਭੂ ਯਹੋਵਾਹ ਦਾ ਵਾਕ ਹੈ, ਉਹ ਜ਼ਰੂਰ ਜੀਉਂਦਾ ਰਹੇਗਾ ।
10ਪਰ ਜੇਕਰ ਉਸ ਦੇ ਘਰ ਪੁੱਤਰ ਜੰਮੇ ਜਿਹੜਾ ਲੁਟੇਰਾ ਹੋਵੇ, ਖੂਨ ਕਰੇ ਅਤੇ ਇਹਨਾਂ ਕੰਮਾਂ ਵਿੱਚੋਂ ਕੋਈ ਇੱਕ ਕੰਮ ਕਰੇ11ਅਤੇ ਇਹਨਾਂ ਬਿਧੀਆਂ ਨੂੰ ਪੂਰਾ ਨਾ ਕਰੇ, ਸਗੋਂ ਪਹਾੜਾਂ ਉੱਤੇ ਖਾਵੇ ਅਤੇ ਆਪਣੇ ਗੁਆਂਢੀ ਦੀ ਪਤਨੀ ਨੂੰ ਭ੍ਰਿਸ਼ਟ ਕਰੇ,
12ਦੀਨ ਅਤੇ ਕੰਗਾਲ ਉੱਤੇ ਜ਼ੁਲਮ ਕਰੇ, ਜ਼ੁਲਮ ਕਰ ਕੇ ਲੁੱਟ-ਖੋਹ ਕਰੇ, ਗਿਰਵੀ ਰੱਖੀ ਹੋਈ ਚੀਜ਼ ਮੋੜ ਕੇ ਨਾ ਦੇਵੇ, ਮੂਰਤੀਆਂ ਵੱਲ ਆਪਣੀਆਂ ਅੱਖਾਂ ਚੁੱਕੇ ਅਤੇ ਘਿਣਾਉਣਾ ਕੰਮ ਕਰੇ,13ਵਿਆਜ ਉੱਤੇ ਲੈਣ-ਦੇਣ ਕਰੇ ਅਤੇ ਵਿਆਜ ਲਵੇ, ਤਾਂ ਕੀ ਉਹ ਜੀਉਂਦਾ ਰਹੇਗਾ ? ਉਹ ਕਦੀ ਜੀਉਂਦਾ ਨਹੀਂ ਰਹੇਗਾ, ਉਸ ਨੇ ਇਹ ਸਾਰੇ ਘਿਣਾਉਣੇ ਕੰਮ ਕੀਤੇ, ਉਹ ਜ਼ਰੂਰ ਮਰੇਗਾ, ਉਸ ਦਾ ਖੂਨ ਉਹ ਦੇ ਉੱਤੇ ਹੋਵੇਗਾ ।
14ਵੇਖੋ, ਜੇਕਰ ਉਸ ਦੇ ਘਰ ਅਜਿਹਾ ਪੁੱਤਰ ਜੰਮੇ ਜਿਹੜਾ ਆਪਣੇ ਪਿਉ ਦੇ ਸਾਰੇ ਪਾਪ ਵੇਖੇ, ਜਿਹੜੇ ਉਸ ਕੀਤੇ ਅਤੇ ਭੈ ਖਾ ਕੇ ਉਹ ਜਿਹੇ ਕੰਮ ਨਾ ਕਰੇ15ਅਤੇ ਪਹਾੜਾਂ ਉੱਤੇ ਨਾ ਖਾਵੇ ਅਤੇ ਇਸਰਾਏਲ ਦੇ ਘਰਾਣੇ ਦੀਆਂ ਮੂਰਤੀਆਂ ਵੱਲ ਆਪਣੀਆਂ ਅੱਖਾਂ ਨਾ ਚੁੱਕੇ, ਆਪਣੇ ਗੁਆਂਢੀ ਦੀ ਪਤਨੀ ਨੂੰ ਭ੍ਰਿਸ਼ਟ ਨਾ ਕਰੇ
16ਅਤੇ ਕਿਸੇ ਉੱਤੇ ਜ਼ੁਲਮ ਨਾ ਕਰੇ, ਕੋਈ ਚੀਜ਼ ਗਿਰਵੀ ਨਾ ਰੱਖੇ, ਜ਼ੁਲਮ ਕਰ ਕੇ ਕੁੱਝ ਖੋਹ ਨਾ ਲਵੇ, ਪਰ ਭੁੱਖੇ ਨੂੰ ਆਪਣੀ ਰੋਟੀ ਖੁਆਵੇ ਅਤੇ ਨੰਗੇ ਨੂੰ ਕੱਪੜੇ ਪਵਾਵੇ,17ਕੰਗਾਲ ਉੱਤੇ ਦੋਸ਼ ਲਾਉਣ ਤੋਂ ਆਪਣਾ ਹੱਥ ਮੋੜ ਲਵੇ, ਵਿਆਜ ਤੇ ਵਾਧਾ ਨਾ ਲਵੇ, ਪਰ ਮੇਰੇ ਹੁਕਮਾਂ ਨੂੰ ਪੂਰਾ ਕਰੇ ਅਤੇ ਮੇਰੀਆਂ ਬਿਧੀਆਂ ਵਿੱਚ ਤੁਰੇ, ਉਹ ਆਪਣੇ ਪਿਉ ਦੀ ਬਦੀ ਕਾਰਨ ਨਹੀਂ ਮਰੇਗਾ, ਉਹ ਜ਼ਰੂਰ ਜੀਉਂਦਾ ਰਹੇਗਾ ।
18ਪਰ ਉਸ ਦਾ ਪਿਉ ਆਪਣੀ ਬਦੀ ਦੇ ਕਾਰਨ ਮਰੇਗਾ, ਕਿਉਂ ਜੋ ਉਸ ਨੇ ਬੇਤਰਸੀ ਨਾਲ ਜ਼ੁਲਮ ਕੀਤੇ, ਆਪਣੇ ਭਰਾਵਾਂ ਨੂੰ ਜ਼ੁਲਮ ਨਾਲ ਲੁੱਟਿਆ ਅਤੇ ਆਪਣੇ ਲੋਕਾਂ ਦੇ ਵਿਚਕਾਰ ਕੁਕਰਮ ਕੀਤੇ ।
19ਫਿਰ ਵੀ ਤੁਸੀਂ ਆਖਦੇ ਹੋ ਕਿ ਪੁੱਤਰ ਪਿਉ ਦੀ ਬਦੀ ਕਿਉਂ ਨਹੀਂ ਚੁੱਕਦਾ ? ਜਦੋਂ ਪੁੱਤਰ ਨੇ ਨਿਆਂ ਤੇ ਧਰਮ ਕੀਤਾ, ਮੇਰੀਆਂ ਸਾਰੀਆਂ ਬਿਧੀਆਂ ਦੀ ਪਾਲਣਾ ਕੀਤੀ ਅਤੇ ਉਹਨਾਂ ਉੱਤੇ ਅਮਲ ਕੀਤਾ, ਤਾਂ ਉਹ ਜ਼ਰੂਰ ਜੀਉਂਦਾ ਰਹੇਗਾ ।20ਜਿਹੜੀ ਜਾਨ ਪਾਪ ਕਰਦੀ ਹੈ, ਉਹੀ ਮਰੇਗੀ । ਪੁੱਤਰ ਪਿਉ ਦੀ ਬਦੀ ਨਾ ਚੁੱਕੇਗਾ, ਨਾ ਪਿਉ ਪੁੱਤਰ ਦੀ ਬਦੀ ਚੁੱਕੇਗਾ । ਧਰਮੀ ਦਾ ਧਰਮ ਉਹ ਦੇ ਲਈ ਹੋਵੇਗਾ ਅਤੇ ਦੁਸ਼ਟ ਦੀ ਦੁਸ਼ਟਤਾ ਉਹ ਦੇ ਉੱਤੇ ਹੋਵੇਗੀ ।
21ਪਰ ਜੇਕਰ ਦੁਸ਼ਟ ਆਪਣੇ ਸਾਰੇ ਪਾਪਾਂ ਤੋਂ ਜੋ ਉਸ ਕੀਤੇ ਹਨ ਮੁੜੇ ਅਤੇ ਮੇਰੀਆਂ ਬਿਧੀਆਂ ਦੀ ਪਾਲਣਾ ਕਰੇ ਅਤੇ ਨਿਆਂ ਅਤੇ ਧਰਮ ਉੱਤੇ ਅਮਲ ਕਰੇ, ਤਾਂ ਉਹ ਜ਼ਰੂਰ ਜੀਉਂਦਾ ਰਹੇਗਾ, ਉਹ ਨਾ ਮਰੇਗਾ ।22ਉਹ ਸਾਰੇ ਅਪਰਾਧ ਜੋ ਉਸ ਨੇ ਕੀਤੇ ਹਨ, ਉਹ ਦੇ ਲਈ ਚੇਤੇ ਨਾ ਕੀਤੇ ਜਾਣਗੇ । ਉਹ ਆਪਣੇ ਧਰਮ ਵਿੱਚ ਜਿਹੜਾ ਉਸ ਕੀਤਾ, ਜੀਉਂਦਾ ਰਹੇਗਾ ।
23ਪ੍ਰਭੂ ਯਹੋਵਾਹ ਦਾ ਵਾਕ ਹੈ, ਕੀ ਮੈਨੂੰ ਦੁਸ਼ਟ ਦੀ ਮੌਤ ਵਿੱਚ ਕੋਈ ਖੁਸ਼ੀ ਹੈ, ਕੀ ਇਸ ਵਿੱਚ ਨਹੀਂ ਕਿ ਉਹ ਆਪਣੇ ਬੁਰੇ ਰਾਹ ਤੋਂ ਮੁੜੇ ਅਤੇ ਜੀਉਂਦਾ ਰਹੇ ?
24ਪਰ ਜਦੋਂ ਧਰਮੀ ਆਪਣੇ ਧਰਮ ਤੋਂ ਮੁੜੇ ਅਤੇ ਬਦੀ ਕਰੇ ਅਤੇ ਉਹ ਸਾਰੇ ਘਿਣਾਉਣੇ ਕੰਮ ਕਰੇ ਜੋ ਦੁਸ਼ਟ ਕਰਦਾ ਹੈ, ਤਾਂ ਕੀ ਉਹ ਜੀਉਂਦਾ ਰਹੇਗਾ ? ਉਸ ਦਾ ਸਾਰਾ ਧਰਮ ਜੋ ਉਸ ਕੀਤਾ ਚੇਤੇ ਨਾ ਕੀਤਾ ਜਾਵੇਗਾ । ਉਹ ਆਪਣੀ ਬੇਈਮਾਨੀ ਅਤੇ ਪਾਪ ਵਿੱਚ ਜੋ ਉਸ ਨੇ ਕੀਤਾ, ਮਰੇਗਾ ।
25ਫਿਰ ਵੀ ਤੁਸੀਂ ਆਖਦੇ ਹੋ ਕਿ ਪ੍ਰਭੂ ਯਹੋਵਾਹ ਦਾ ਮਾਰਗ ਠੀਕ ਨਹੀਂ ਹੈ । ਹੇ ਇਸਰਾਏਲ ਦੇ ਘਰਾਣੇ, ਸੁਣੋ ! ਕੀ ਮੇਰਾ ਮਾਰਗ ਠੀਕ ਨਹੀਂ ਹੈ ? ਕੀ ਇਹ ਨਹੀਂ ਕਿ ਤੁਹਾਡੇ ਮਾਰਗ ਠੀਕ ਨਹੀਂ ਹਨ ?26ਜਦੋਂ ਧਰਮੀ ਆਪਣੇ ਧਰਮ ਤੋਂ ਮੁੜੇ ਅਤੇ ਬਦੀ ਕਰੇ ਅਤੇ ਉਸ ਵਿੱਚ ਮਰੇ, ਤਾਂ ਉਹ ਆਪਣੀ ਬਦੀ ਵਿੱਚ ਜੋ ਉਸ ਕੀਤੀ ਮਰੇਗਾ ।
27ਜੇਕਰ ਦੁਸ਼ਟ ਆਪਣੀ ਦੁਸ਼ਟਤਾਈ ਤੋਂ ਜਿਹੜੀ ਉਸ ਕੀਤੀ ਹੈ, ਮੁੜੇ ਅਤੇ ਉਹ ਕੰਮ ਕਰੇ ਜੋ ਨਿਆਂ ਅਤੇ ਧਰਮ ਦਾ ਹੈ, ਤਾਂ ਉਹ ਆਪਣੀ ਜਾਨ ਜੀਉਂਦੀ ਰੱਖੇਗਾ ।28ਇਸ ਲਈ ਕਿ ਉਸ ਨੇ ਸੋਚਿਆ ਅਤੇ ਆਪਣਿਆਂ ਸਾਰਿਆਂ ਅਪਰਾਧਾਂ ਤੋਂ ਜੋ ਉਹ ਕਰਦਾ ਸੀ ਮੁੜਿਆ, ਉਹ ਜ਼ਰੂਰ ਜੀਉਂਦਾ ਰਹੇਗਾ, ਉਹ ਨਾ ਮਰੇਗਾ ।
29ਫਿਰ ਵੀ ਇਸਰਾਏਲ ਦਾ ਘਰਾਣਾ ਆਖਦਾ ਹੈ, ਪ੍ਰਭੂ ਦਾ ਮਾਰਗ ਠੀਕ ਨਹੀਂ । ਹੇ ਇਸਰਾਏਲ ਦੇ ਘਰਾਣੇ, ਕੀ ਮੇਰਾ ਮਾਰਗ ਠੀਕ ਨਹੀਂ ? ਕੀ ਇਹ ਨਹੀਂ ਕਿ ਤੁਹਾਡੇ ਮਾਰਗ ਠੀਕ ਨਹੀਂ ਹਨ ?30ਇਸ ਲਈ ਪ੍ਰਭੂ ਯਹੋਵਾਹ ਦਾ ਵਾਕ ਹੈ, ਹੇ ਇਸਰਾਏਲ ਦੇ ਘਰਾਣੇ, ਮੈਂ ਹਰ ਇੱਕ ਮਨੁੱਖ ਦਾ ਨਿਆਂ ਉਸ ਦੇ ਚਾਲ-ਚੱਲਣ ਦੇ ਅਨੁਸਾਰ ਹੀ ਕਰਾਂਗਾ । ਤੁਸੀਂ ਮੁੜੋ ਅਤੇ ਆਪਣੇ ਸਾਰੇ ਅਪਰਾਧਾਂ ਵੱਲੋਂ ਮੁੜ ਆਓ, ਤਾਂ ਜੋ ਤੁਹਾਡੀ ਬਦੀ ਤੁਹਾਡੇ ਲਈ ਠੋਕਰ ਦਾ ਕਾਰਨ ਨਾ ਹੋਵੇ ।
31ਉਹਨਾਂ ਸਾਰੇ ਅਪਰਾਧਾਂ ਨੂੰ ਜਿਹਨਾਂ ਵਿੱਚ ਤੁਸੀਂ ਅਪਰਾਧੀ ਬਣੇ ਆਪਣੇ ਤੋਂ ਦੂਰ ਕਰੋ ਅਤੇ ਆਪਣੇ ਲਈ ਨਵਾਂ ਦਿਲ ਤੇ ਨਵੀਂ ਆਤਮਾ ਬਣਾਓ । ਹੇ ਇਸਰਾਏਲ ਦੇ ਘਰਾਣੇ, ਤੁਸੀਂ ਕਿਉਂ ਮਰੋਗੇ ?32ਕਿਉਂ ਜੋ ਪ੍ਰਭੂ ਯਹੋਵਾਹ ਦਾ ਵਾਕ ਹੈ, ਮੈਨੂੰ ਮਰਨ ਵਾਲੇ ਦੀ ਮੌਤ ਤੋਂ ਖ਼ੁਸ਼ੀ ਨਹੀਂ, ਇਸ ਲਈ ਮੁੜੋ ਅਤੇ ਜੀਉਂਦੇ ਰਹੋ ।

19
ਵਿਰਲਾਪ ਦਾ ਇੱਕ ਗੀਤ

1ਹੁਣ ਤੂੰ ਇਸਰਾਏਲ ਦੇ ਪ੍ਰਧਾਨਾਂ ਦੇ ਵਿਰੁੱਧ ਵਿਰਲਾਪ ਕਰ2ਅਤੇ ਆਖ, ਤੇਰੇ ਮਾਤਾ ਕੌਣ ਸੀ ? ਇੱਕ ਸ਼ੇਰਨੀ ਜੋ ਸ਼ੇਰਾਂ ਵਿਚਾਲੇ ਲੇਟੀ ਸੀ ਅਤੇ ਜੁਆਨ ਸ਼ੇਰਾਂ ਦੇ ਵਿਚਕਾਰ ਉਹ ਨੇ ਆਪਣੇ ਪੁੱਤਰਾਂ ਨੂੰ ਪਾਲਿਆ ।3ਉਹ ਨੇ ਆਪਣੇ ਪੁੱਤਰਾਂ ਵਿੱਚੋਂ ਇੱਕ ਨੂੰ ਪਾਲਿਆ, ਤਾਂ ਉਹ ਜੁਆਨ ਸ਼ੇਰ ਬਣਿਆ, ਅਤੇ ਸ਼ਿਕਾਰ ਫੜਨਾ ਸਿੱਖਿਆ, ਅਤੇ ਮਨੁੱਖਾਂ ਨੂੰ ਖਾਣ ਲੱਗਾ ।4ਕੌਮਾਂ ਨੇ ਉਹ ਦੇ ਬਾਰੇ ਸੁਣਿਆ, ਤਾਂ ਉਹ ਉਹਨਾਂ ਦੇ ਟੋਏ ਵਿੱਚ ਫੜਿਆ ਗਿਆ, ਅਤੇ ਉਹ ਉਸ ਨੂੰ ਸੰਗਲਾਂ ਨਾਲ ਬੰਨ੍ਹ ਕੇ ਮਿਸਰ ਦੇਸ ਨੂੰ ਲੈ ਆਏ ।

5ਜਦੋਂ ਸ਼ੇਰਨੀ ਨੇ ਵੇਖਿਆ, ਕਿਉਂਕਿ ਉਹ ਨੇ ਉਸ ਦੀ ਉਡੀਕ ਕੀਤੀ ਸੀ, ਅਤੇ ਉਹ ਦੀ ਆਸ ਟੁੱਟ ਗਈ, ਤਾਂ ਉਹ ਨੇ ਆਪਣੇ ਬੱਚਿਆਂ ਵਿੱਚੋਂ ਦੂਜੇ ਨੂੰ ਲਿਆ, ਅਤੇ ਉਸ ਨੂੰ ਜੁਆਨ ਸ਼ੇਰ ਬਣਾਇਆ ।6ਉਹ ਸ਼ੇਰਾਂ ਦੇ ਵਿੱਚ ਚੱਲਣ ਫਿਰਨ ਲੱਗਾ, ਅਤੇ ਜੁਆਨ ਸ਼ੇਰ ਬਣ ਕੇ ਸ਼ਿਕਾਰ ਫੜਨਾ ਸਿੱਖਿਆ, ਅਤੇ ਆਦਮੀਆਂ ਨੂੰ ਖਾਣ ਲੱਗਾ ।7ਉਸ ਨੇ ਉਹਨਾਂ ਦੀਆਂ ਵਿਧਵਾਵਾਂ ਨਾਲ ਵਿਭਚਾਰ ਕੀਤਾ ਅਤੇ ਉਹਨਾਂ ਦੇ ਸ਼ਹਿਰਾਂ ਨੂੰ ਨਾਸ਼ ਕਰ ਦਿੱਤਾ । ਉਸ ਦੀ ਗਰਜ ਦੀ ਅਵਾਜ਼ ਨਾਲ ਦੇਸ ਬਹੁਤ ਡਰ ਗਿਆ, ਅਤੇ ਜੋ ਕੁੱਝ ਦੇਸ ਵਿੱਚ ਸੀ ਉਹ ਵੀ ਡਰ ਗਿਆ ।
8ਤਦ ਆਲੇ-ਦੁਆਲੇ ਦੇ ਸੂਬਿਆਂ ਵਿੱਚੋਂ ਕੌਮਾਂ ਨੇ ਉਹ ਦੇ ਵਿਰੁੱਧ ਤਿਆਰੀ ਕੀਤੀ, ਅਤੇ ਉਹਨਾਂ ਨੇ ਉਸ ਉੱਤੇ ਆਪਣਾ ਜਾਲ਼ ਪਾਇਆ, ਉਹ ਉਹਨਾਂ ਦੇ ਟੋਏ ਵਿੱਚ ਫੜਿਆ ਗਿਆ ।9ਉਹਨਾਂ ਨੇ ਉਹ ਨੂੰ ਸੰਗਲਾਂ ਨਾਲ ਬੰਨ੍ਹ ਕੇ ਪਿੰਜਰੇ ਵਿੱਚ ਸੁੱਟਿਆ, ਅਤੇ ਬਾਬਲ ਦੇ ਰਾਜੇ ਕੋਲ ਲੈ ਆਏ, ਉਹਨਾਂ ਉਸ ਨੂੰ ਕਿਲੇ ਵਿੱਚ ਬੰਦ ਕਰ ਦਿੱਤਾ, ਤਾਂ ਜੋ ਉਹ ਦੀ ਅਵਾਜ਼ ਇਸਰਾਏਲ ਦੇ ਪਹਾੜਾਂ ਉੱਤੇ ਫੇਰ ਨਾ ਸੁਣੀ ਜਾਵੇ ।
10ਤੇਰੀ ਮਾਂ ਤੇਰੇ ਲਹੂ ਵਿੱਚ ਉਸ ਅੰਗੂਰੀ ਵੇਲ ਵਾਂਗੂੰ ਸੀ, ਜੋ ਪਾਣੀਆਂ ਉੱਤੇ ਲਾਈ ਗਈ, ਉਹ ਫਲਵੰਤ ਸੀ ਅਤੇ ਬਹੁਤੇ ਪਾਣੀਆਂ ਦੇ ਕਾਰਨ ਟਹਿਣੀਆਂ ਨਾਲ ਭਰ ਗਈ,11ਅਤੇ ਉਹ ਦੀਆਂ ਟਹਿਣੀਆਂ ਅਜਿਹੀਆਂ ਪੱਕੀਆਂ ਹੋ ਗਈਆਂ, ਕਿ ਹਕੂਮਤ ਦੇ ਆੱਸੇ ਉਹਨਾਂ ਤੋਂ ਬਣਾਏ ਗਏ, ਅਤੇ ਸੰਘਣੀਆਂ ਟਹਿਣੀਆਂ ਵਿੱਚ ਉਸ ਦਾ ਮੁੱਢ ਉੱਚਾ ਹੋਇਆ, ਅਤੇ ਸੰਘਣੀਆਂ ਟਹਿਣੀਆਂ ਸਣੇ ਉੱਚਾ ਦਿਸਦਾ ਸੀ ।
12ਪਰ ਉਹ ਕਹਿਰ ਨਾਲ ਉਖਾੜ ਕੇ ਧਰਤੀ ਉੱਤੇ ਡੇਗੀ ਗਈ, ਅਤੇ ਪੁਰੇ ਦੀ ਹਵਾ ਨੇ ਉਹ ਦੇ ਫਲ ਨੂੰ ਸੁਕਾ ਦਿੱਤਾ, ਉਸ ਦੀਆਂ ਪੱਕੀਆਂ ਟਹਿਣੀਆਂ ਭੰਨ ਦਿੱਤੀਆਂ ਗਈਆਂ, ਅਤੇ ਸੁੱਕ ਗਈਆਂ, ਅਤੇ ਅੱਗ ਵਿੱਚ ਬਲ ਗਈਆਂ ।13ਹੁਣ ਉਹ ਉਜਾੜ ਵਿੱਚ, ਸੁੱਕੀ ਤੇ ਤਿਹਾਈ ਧਰਤੀ ਵਿੱਚ ਲਾਈ ਗਈ ।
14ਅੱਗ ਉਹ ਦੀ ਟੁੰਡ ਵਿੱਚੋਂ ਨਿੱਕਲੀ, ਅਤੇ ਉਹ ਦੀਆਂ ਟਹਿਣੀਆਂ ਤੇ ਉਹ ਦੇ ਫਲ ਨੂੰ ਭਸਮ ਕੀਤਾ, ਉਹ ਦੀ ਕੋਈ ਅਜਿਹੀ ਪੱਕੀ ਟਹਿਣੀ ਨਾ ਰਹੀ, ਜਿਹੜੀ ਹਕੂਮਤ ਵਾਲਾ ਆੱਸਾ ਬਣੇ । ਇਹ ਵੈਣ ਹੈ ਅਤੇ ਵੈਣ ਬਣਿਆ ਰਹੇਗਾ ।

20
ਪਰਮੇਸ਼ੁਰ ਦੀ ਇੱਛਾ ਅਤੇ ਮਨੁੱਖ ਦੀ ਅਣ-ਆਗਿਆਕਾਰੀ

1ਸੱਤਵੇਂ ਸਾਲ ਦੇ ਪੰਜਵੇਂ ਮਹੀਨੇ ਦੀ ਦਸ ਤਾਰੀਖ਼ ਨੂੰ ਇਹ ਹੋਇਆ ਕਿ ਇਸਰਾਏਲ ਦੇ ਕੁੱਝ ਬਜ਼ੁਰਗ ਮਨੁੱਖ ਯਹੋਵਾਹ ਤੋਂ ਕੁੱਝ ਪੁੱਛਣ ਨੂੰ ਆਏ ਅਤੇ ਮੇਰੇ ਸਾਹਮਣੇ ਬੈਠ ਗਏ ।

2ਤਦ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ3ਹੇ ਮਨੁੱਖ ਦੇ ਪੁੱਤਰ, ਇਸਰਾਏਲ ਦੇ ਬਜ਼ੁਰਗਾਂ ਨਾਲ ਗੱਲ ਕਰ ਅਤੇ ਤੂੰ ਉਹਨਾਂ ਨੂੰ ਆਖ, ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਕੀ ਤੁਸੀਂ ਮੇਰੇ ਕੋਲੋਂ ਪੁੱਛਣ ਆਏ ਹੋ ? ਮੈਨੂੰ ਆਪਣੀ ਜਾਨ ਦੀ ਸਹੁੰ, ਤੁਸੀਂ ਮੇਰੇ ਕੋਲੋਂ ਕੁੱਝ ਨਾ ਪੁੱਛ ਸਕੋਗੇ, ਪ੍ਰਭੂ ਯਹੋਵਾਹ ਦਾ ਵਾਕ ਹੈ ।
4ਕੀ ਤੂੰ ਉਹਨਾਂ ਦਾ ਨਿਆਂ ਕਰੇਂਗਾ, ਹੇ ਮਨੁੱਖ ਦੇ ਪੁੱਤਰ ? ਕੀ ਤੂੰ ਉਹਨਾਂ ਦਾ ਨਿਆਂ ਕਰੇਂਗਾ ? ਉਹਨਾਂ ਦੇ ਪਿਉ-ਦਾਦਿਆਂ ਦੇ ਘਿਣਾਉਣੇ ਕੰਮਾਂ ਦੇ ਬਾਰੇ ਉਹਨਾਂ ਨੂੰ ਦੱਸ ।5ਤੂੰ ਉਹਨਾਂ ਨੂੰ ਆਖ, ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਜਿਸ ਦਿਨ ਤੋਂ ਮੈਂ ਇਸਰਾਏਲ ਨੂੰ ਚੁਣ ਲਿਆ ਅਤੇ ਯਾਕੂਬ ਦੇ ਘਰਾਣੇ ਨਾਲ ਸਹੁੰ ਖਾਧੀ ਅਤੇ ਮਿਸਰ ਦੇਸ ਵਿੱਚ ਆਪਣੇ ਆਪ ਨੂੰ ਉਹਨਾਂ ਉੱਤੇ ਪਰਗਟ ਕੀਤਾ, ਮੈਂ ਉਹਨਾਂ ਦੇ ਸਾਹਮਣੇ ਸਹੁੰ ਖਾ ਕੇ ਆਖਿਆ ਕਿ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ ।6ਉਸੇ ਦਿਨ ਮੈਂ ਉਹਨਾਂ ਨਾਲ ਸਹੁੰ ਖਾਧੀ ਤਾਂ ਜੋ ਉਹਨਾਂ ਨੂੰ ਮਿਸਰ ਦੇਸ ਵਿੱਚੋਂ ਉਸ ਦੇਸ ਵਿੱਚ ਲਿਆਵਾਂ ਜੋ ਮੈਂ ਉਹਨਾਂ ਦੇ ਲਈ ਚੁਣਿਆ ਸੀ, ਜਿਸ ਵਿੱਚ ਦੁੱਧ ਤੇ ਸ਼ਹਿਦ ਵਗਦਾ ਹੈ ਅਤੇ ਜਿਹੜਾ ਸਾਰੇ ਦੇਸਾਂ ਦੀ ਸ਼ਾਨ ਹੈ ।
7ਮੈਂ ਉਹਨਾਂ ਨੂੰ ਆਖਿਆ ਕਿ ਤੁਹਾਡੇ ਵਿੱਚੋਂ ਹਰ ਇੱਕ ਆਪਣੀਆਂ ਅੱਖਾਂ ਦੀਆਂ ਘਿਣਾਉਣੀਆਂ ਵਸਤੂਆਂ ਨੂੰ ਦੂਰ ਕਰ ਦੇਵੇ ਅਤੇ ਤੁਸੀਂ ਆਪਣੇ ਆਪ ਨੂੰ ਮਿਸਰ ਦੀਆਂ ਮੂਰਤੀਆਂ ਨਾਲ ਭ੍ਰਿਸ਼ਟ ਨਾ ਕਰੋ । ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ ।
8ਪਰ ਉਹ ਮੇਰੇ ਤੋਂ ਬਾਗੀ ਹੋਏ ਅਤੇ ਮੇਰੀ ਗੱਲ ਸੁਣਨੀ ਨਾ ਚਾਹੀ । ਉਹਨਾਂ ਵਿੱਚੋਂ ਕਿਸੇ ਨੇ ਵੀ ਆਪਣੀਆਂ ਅੱਖਾਂ ਦੀਆਂ ਘਿਣਾਉਣੀਆਂ ਵਸਤੂਆਂ ਨੂੰ ਨਾ ਸੁੱਟਿਆ, ਨਾ ਮਿਸਰ ਦੀਆਂ ਮੂਰਤੀਆਂ ਨੂੰ ਛੱਡਿਆ । ਤਦੋਂ ਮੈਂ ਆਖਿਆ, ਮੈਂ ਆਪਣਾ ਕਹਿਰ ਉਹਨਾਂ ਉੱਤੇ ਵਹਾਵਾਂਗਾ, ਤਾਂ ਜੋ ਆਪਣੇ ਕ੍ਰੋਧ ਨੂੰ ਮਿਸਰ ਦੇ ਦੇਸ ਵਿੱਚ ਉਹਨਾਂ ਤੇ ਪੂਰਾ ਕਰਾਂ ।9ਪਰ ਮੈਂ ਆਪਣੇ ਨਾਮ ਦੇ ਲਈ ਅਜਿਹਾ ਕੀਤਾ, ਤਾਂ ਜੋ ਮੇਰਾ ਨਾਮ ਉਹਨਾਂ ਕੌਮਾਂ ਦੀਆਂ ਅੱਖਾਂ ਵਿੱਚ ਪਲੀਤ ਨਾ ਕੀਤਾ ਜਾਵੇ, ਜਿਹਨਾਂ ਦੇ ਵਿੱਚ ਉਹ ਸਨ ਅਤੇ ਜਿਹਨਾਂ ਦੀਆਂ ਅੱਖਾਂ ਸਾਹਮਣੇ ਮੈਂ ਆਪਣੇ ਆਪ ਨੂੰ ਉਹਨਾਂ ਉੱਤੇ ਪਰਗਟ ਕੀਤਾ, ਜਦੋਂ ਮੈਂ ਉਹਨਾਂ ਨੂੰ ਮਿਸਰ ਤੋਂ ਕੱਢ ਲਿਆਇਆ ।
10ਇਸ ਲਈ ਮੈਂ ਉਹਨਾਂ ਨੂੰ ਮਿਸਰ ਦੇ ਦੇਸ ਵਿੱਚੋਂ ਕੱਢ ਕੇ ਉਜਾੜ ਵਿੱਚ ਲਿਆਇਆ11ਅਤੇ ਮੈਂ ਆਪਣੀਆਂ ਬਿਧੀਆਂ ਉਹਨਾਂ ਨੂੰ ਦਿੱਤੀਆਂ ਅਤੇ ਆਪਣੇ ਹੁਕਮਾਂ ਬਾਰੇ ਉਹਨਾਂ ਨੂੰ ਦੱਸਿਆ, ਤਾਂ ਕਿ ਮਨੁੱਖ ਉਹਨਾਂ ਤੇ ਅਮਲ ਕਰ ਕੇ ਉਹਨਾਂ ਵਿੱਚ ਜੀਉਂਦਾ ਰਹੇ ।12ਨਾਲੇ ਮੈਂ ਆਪਣੇ ਸਬਤ ਵੀ ਉਹਨਾਂ ਨੂੰ ਦਿੱਤੇ, ਤਾਂ ਜੋ ਉਹ ਮੇਰੇ ਅਤੇ ਉਹਨਾਂ ਦੇ ਵਿਚਾਲੇ ਨਿਸ਼ਾਨ ਹੋਣ, ਤਾਂ ਜੋ ਉਹ ਜਾਣਨ ਕਿ ਮੈਂ ਯਹੋਵਾਹ ਉਹਨਾਂ ਨੂੰ ਪਵਿੱਤਰ ਕਰਨ ਵਾਲਾ ਹਾਂ ।
13ਪਰ ਇਸਰਾਏਲ ਦਾ ਘਰਾਣਾ ਉਜਾੜ ਵਿੱਚ ਮੇਰੇ ਤੋਂ ਬਾਗੀ ਹੋ ਗਿਆ, ਉਹ ਮੇਰੀਆਂ ਬਿਧੀਆਂ ਉੱਤੇ ਨਾ ਤੁਰੇ ਅਤੇ ਮੇਰੇ ਹੁਕਮਾਂ ਨੂੰ ਰੱਦ ਕੀਤਾ, ਜਿਹਨਾਂ ਉੱਤੇ ਮਨੁੱਖ ਜੇਕਰ ਅਮਲ ਕਰੇ ਤਾਂ ਉਹਨਾਂ ਦੇ ਵਿੱਚ ਜੀਉਂਦਾ ਰਹੇ, ਪਰ ਉਹਨਾਂ ਮੇਰੇ ਸਬਤਾਂ ਨੂੰ ਬਹੁਤ ਪਲੀਤ ਕੀਤਾ । ਤਦ ਮੈਂ ਆਖਿਆ ਕਿ ਮੈਂ ਉਜਾੜ ਵਿੱਚ ਉਹਨਾਂ ਉੱਤੇ ਆਪਣਾ ਕਹਿਰ ਪਾ ਕੇ ਉਹਨਾਂ ਦਾ ਵਿਨਾਸ਼ ਕਰ ਦਿਆਂਗਾ ।14ਪਰ ਮੈਂ ਆਪਣੇ ਨਾਮ ਦੇ ਲਈ ਅਜਿਹਾ ਕੀਤਾ, ਤਾਂ ਜੋ ਮੇਰਾ ਨਾਮ ਉਹਨਾਂ ਕੌਮਾਂ ਦੀਆਂ ਨਜ਼ਰਾਂ ਵਿੱਚ ਪਲੀਤ ਨਾ ਹੋਵੇ, ਜਿਹਨਾਂ ਦੇ ਸਾਹਮਣੇ ਮੈਂ ਉਹਨਾਂ ਨੂੰ ਕੱਢ ਕੇ ਲਿਆਇਆ ਸੀ ।
15ਨਾਲੇ ਮੈਂ ਉਜਾੜ ਵਿੱਚ ਉਹਨਾਂ ਦੇ ਨਾਲ ਸਹੁੰ ਖਾਧੀ ਕਿ ਮੈਂ ਉਹਨਾਂ ਨੂੰ ਉਸ ਦੇਸ ਵਿੱਚ ਨਹੀਂ ਲਿਆਵਾਂਗਾ, ਜੋ ਮੈਂ ਉਹਨਾਂ ਨੂੰ ਦਿੱਤਾ, ਜਿਸ ਵਿੱਚ ਦੁੱਧ ਤੇ ਸ਼ਹਿਦ ਵਗਦਾ ਸੀ ਅਤੇ ਜਿਹੜਾ ਸਾਰੇ ਦੇਸਾਂ ਦੀ ਸ਼ਾਨ ਹੈ ।16ਕਿਉਂ ਜੋ ਉਹਨਾਂ ਨੇ ਮੇਰੇ ਹੁਕਮਾਂ ਨੂੰ ਰੱਦ ਕੀਤਾ ਅਤੇ ਮੇਰੀਆਂ ਬਿਧੀਆਂ ਵਿੱਚ ਨਾ ਚਲੇ ਸਗੋਂ ਮੇਰੇ ਸਬਤਾਂ ਨੂੰ ਪਲੀਤ ਕੀਤਾ, ਇਸ ਲਈ ਕਿ ਉਹਨਾਂ ਦੇ ਦਿਲ ਉਹਨਾਂ ਦੀਆਂ ਮੂਰਤਾਂ ਦੇ ਪਿੱਛੇ ਸਨ ।17ਤਾਂ ਵੀ ਮੇਰੀਆਂ ਅੱਖਾਂ ਨੇ ਉਹਨਾਂ ਨੂੰ ਬਰਬਾਦ ਕਰਨ ਤੋਂ ਲਿਹਾਜ਼ ਕੀਤਾ, ਨਾ ਹੀ ਮੈਂ ਉਹਨਾਂ ਦਾ ਉਜਾੜ ਵਿੱਚ ਪੂਰਾ ਅੰਤ ਕੀਤਾ ।
18ਮੈਂ ਉਜਾੜ ਵਿੱਚ ਉਹਨਾਂ ਦੇ ਪੁੱਤਰਾਂ ਨੂੰ ਆਖਿਆ ਕਿ ਤੁਸੀਂ ਆਪਣੇ ਪਿਉ-ਦਾਦਿਆਂ ਦੀਆਂ ਬਿਧੀਆਂ ਅਨੁਸਾਰ ਨਾ ਚੱਲੋ, ਨਾ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰੋ ਅਤੇ ਉਹਨਾਂ ਦੀਆਂ ਮੂਰਤੀਆਂ ਨਾਲ ਆਪਣੇ ਆਪ ਨੂੰ ਭ੍ਰਿਸ਼ਟ ਨਾ ਕਰੋ ।19ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ, ਮੇਰੀਆਂ ਬਿਧੀਆਂ ਤੇ ਚੱਲੋ, ਮੇਰੇ ਹੁਕਮਾਂ ਦੀ ਪਾਲਣਾ ਕਰੋ ਅਤੇ ਉਹਨਾਂ ਨੂੰ ਮੰਨੋ20ਅਤੇ ਮੇਰੇ ਸਬਤਾਂ ਨੂੰ ਪਵਿੱਤਰ ਜਾਣੋ ਕਿ ਉਹ ਮੇਰੇ ਅਤੇ ਤੁਹਾਡੇ ਵਿਚਕਾਰ ਨਿਸ਼ਾਨ ਹੋਣ, ਤਾਂ ਜੋ ਤੁਸੀਂ ਜਾਣੋ ਕਿ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ ।
21ਪਰ ਪੁੱਤਰ ਮੇਰੇ ਵਿਰੁੱਧ ਵਿਦਰੋਹੀ ਹੋਏ, ਉਹ ਮੇਰੀਆਂ ਬਿਧੀਆਂ ਉੱਤੇ ਨਾ ਚੱਲੇ, ਨਾ ਮੇਰੇ ਹੁਕਮਾਂ ਦੀ ਪਾਲਣਾ ਕਰ ਕੇ ਅਮਲ ਕੀਤਾ, ਜਿਹਨਾਂ ਤੇ ਜੇਕਰ ਕੋਈ ਮਨੁੱਖ ਅਮਲ ਕਰੇ ਤਾਂ ਉਹਨਾਂ ਵਿੱਚ ਜੀਉਂਦਾ ਰਹੇਗਾ । ਉਹਨਾਂ ਨੇ ਮੇਰੇ ਸਬਤਾਂ ਨੂੰ ਪਲੀਤ ਕੀਤਾ, ਤਾਂ ਮੈਂ ਆਖਿਆ, ਮੈਂ ਆਪਣਾ ਕਹਿਰ ਉਹਨਾਂ ਉੱਤੇ ਵਹਾਵਾਂਗਾ ਭਈ ਉਜਾੜ ਵਿੱਚ ਉਹਨਾਂ ਉੱਤੇ ਆਪਣਾ ਗੁੱਸਾ ਪੂਰਾ ਕਰਾਂ ।22ਫਿਰ ਵੀ ਮੈਂ ਆਪਣਾ ਹੱਥ ਰੋਕੀ ਰੱਖਿਆ ਅਤੇ ਆਪਣੇ ਨਾਮ ਦੇ ਲਈ ਅਜਿਹਾ ਕੀਤਾ, ਤਾਂ ਜੋ ਉਹ ਉਹਨਾਂ ਕੌਮਾਂ ਦੀ ਨਜ਼ਰ ਵਿੱਚ ਜਿਹਨਾਂ ਦੇ ਸਾਹਮਣੇ ਮੈਂ ਉਹਨਾਂ ਨੂੰ ਕੱਢ ਕੇ ਲਿਆਇਆ, ਪਲੀਤ ਨਾ ਕੀਤਾ ਜਾਵੇ ।
23ਨਾਲੇ ਮੈਂ ਉਜਾੜ ਵਿੱਚ ਉਹਨਾਂ ਨਾਲ ਸਹੁੰ ਖਾਧੀ ਕਿ ਮੈਂ ਉਹਨਾਂ ਨੂੰ ਕੌਮਾਂ ਵਿੱਚ ਖਿਲਾਰਾਂਗਾ ਅਤੇ ਦੇਸਾਂ ਵਿੱਚ ਬਖੇਰਾਂਗਾ ।24ਇਸ ਲਈ ਜੋ ਉਹ ਮੇਰੇ ਹੁਕਮਾਂ ਤੇ ਅਮਲ ਨਹੀਂ ਕਰਦੇ ਸਨ, ਪਰ ਮੇਰੀਆਂ ਬਿਧੀਆਂ ਨੂੰ ਉਹਨਾਂ ਰੱਦਿਆ ਸੀ ਅਤੇ ਮੇਰੇ ਸਬਤਾਂ ਨੂੰ ਪਲੀਤ ਕਰਦੇ ਸਨ ਅਤੇ ਉਹਨਾਂ ਦੀ ਨਿਗਾਹ ਉਹਨਾਂ ਦੇ ਪਿਉ-ਦਾਦਿਆਂ ਦੀਆਂ ਮੂਰਤੀਆਂ ਦੇ ਪਿੱਛੇ ਲੱਗੀ ਹੋਈ ਸੀ ।
25ਨਾਲੇ ਮੈਂ ਉਹਨਾਂ ਨੂੰ ਬਿਧੀਆਂ ਜਿਹੜੀਆਂ ਚੰਗੀਆਂ ਨਹੀਂ ਸਨ ਅਤੇ ਹੁਕਮ ਦਿੱਤੇ ਜਿਹਨਾਂ ਵਿੱਚ ਉਹ ਜੀਉਂਦੇ ਨਾ ਰਹਿਣ ।26ਮੈਂ ਉਹਨਾਂ ਨੂੰ ਉਹਨਾਂ ਦੇ ਹੀ ਤੋਹਫਿਆਂ ਵਿੱਚ ਅਰਥਾਤ ਉਹਨਾਂ ਦੇ ਸਾਰੇ ਕੁੱਖ ਦੇ ਖੋਲ੍ਹਣ ਵਾਲਿਆਂ ਨੂੰ ਅੱਗ ਵਿੱਚੋਂ ਦੀ ਲੰਘਾਉਣ ਦੇ ਕਾਰਨ ਭ੍ਰਿਸ਼ਟ ਕੀਤਾ, ਤਾਂ ਜੋ ਮੈਂ ਉਹਨਾਂ ਨੂੰ ਡਰਾਵਾਂ ਭਈ ਉਹ ਜਾਣਨ ਕਿ ਯਹੋਵਾਹ ਮੈਂ ਹਾਂ !
27ਇਸ ਲਈ ਹੇ ਮਨੁੱਖ ਦੇ ਪੁੱਤਰ, ਤੂੰ ਇਸਰਾਏਲ ਦੇ ਘਰਾਣੇ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਐਥੋਂ ਤੱਕ ਤੁਹਾਡੇ ਪਿਉ-ਦਾਦਿਆਂ ਨੇ ਮੇਰੇ ਵਿਰੁੱਧ ਕੁਫ਼ਰ ਬਕਿਆ ਅਤੇ ਮੇਰੇ ਵਿਰੁੱਧ ਬੇਈਮਾਨੀ ਕੀਤੀ28ਕਿ ਜਦੋਂ ਮੈਂ ਉਹਨਾਂ ਨੂੰ ਉਸ ਦੇਸ ਵਿੱਚ ਲਿਆਇਆ ਜਿਹੜਾ ਉਹਨਾਂ ਨੂੰ ਦੇਣ ਦੀ ਮੈਂ ਸਹੁੰ ਖਾਧੀ ਸੀ, ਤਾਂ ਉਹਨਾਂ ਨੇ ਜਿਸ ਉੱਚੇ ਪਹਾੜ ਅਤੇ ਜਿਸ ਸੰਘਣੇ ਰੁੱਖ ਨੂੰ ਵੇਖਿਆ, ਉੱਥੇ ਹੀ ਆਪਣੀਆਂ ਬਲੀਆਂ ਚੜ੍ਹਾਈਆਂ ਅਤੇ ਉੱਥੇ ਹੀ ਕ੍ਰੋਧ ਦਿਵਾਉਣ ਵਾਲੇ ਚੜ੍ਹਾਵੇ ਚੜ੍ਹਾਏ । ਉੱਥੇ ਹੀ ਆਪਣੀ ਸੁਗੰਧੀ ਧੂਫ਼ ਧੁਖਾਈ ਅਤੇ ਉੱਥੇ ਆਪਣੀਆਂ ਪੀਣ ਦੀਆਂ ਭੇਟਾਂ ਡੋਲ੍ਹੀਆਂ ।29ਮੈਂ ਉਹਨਾਂ ਨੂੰ ਇਹ ਆਖਿਆ ਕਿ ਇਹ ਕੀ ਉੱਚਾ ਸਥਾਨ ਹੈ ਜਿੱਥੇ ਤੁਸੀਂ ਜਾਂਦੇ ਹੋ ? ਉਹਨਾਂ ਨੇ ਉਸ ਦਾ ਨਾਮ ਬਾਮਾਹ ਰੱਖਿਆ ਜਿਹੜਾ ਅੱਜ ਤੱਕ ਹੈ ।
30ਇਸ ਲਈ ਤੂੰ ਇਸਰਾਏਲ ਦੇ ਘਰਾਣੇ ਨੂੰ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਕੀ ਤੁਸੀਂ ਵੀ ਆਪਣੇ ਪਿਉ-ਦਾਦਿਆਂ ਦੇ ਰਾਹ ਵਿੱਚ ਭ੍ਰਿਸ਼ਟ ਹੁੰਦੇ ਹੋ ? ਅਤੇ ਉਹਨਾਂ ਦੇ ਘਿਣਾਉਣੇ ਕੰਮਾਂ ਦੇ ਮਗਰ ਤੁਸੀਂ ਵੀ ਵਿਭਚਾਰ ਕਰਦੇ ਹੋ ?31ਜਦੋਂ ਤੁਸੀਂ ਆਪਣੀਆਂ ਭੇਟਾਂ ਚੜ੍ਹਾਉਂਦੇ ਹੋ ਅਤੇ ਆਪਣੇ ਪੁੱਤਰਾਂ ਨੂੰ ਅੱਗ ਵਿੱਚੋਂ ਲੰਘਾ ਕੇ ਆਪਣੀਆਂ ਸਾਰੀਆਂ ਮੂਰਤੀਆਂ ਤੋਂ ਆਪਣੇ ਆਪ ਨੂੰ ਅੱਜ ਦੇ ਦਿਨ ਤੱਕ ਭ੍ਰਿਸ਼ਟ ਕਰਦੇ ਹੋ, ਤਾਂ ਹੇ ਇਸਰਾਏਲ ਦੇ ਘਰਾਣੇ, ਕੀ ਤੁਸੀਂ ਮੇਰੇ ਕੋਲੋਂ ਕੁੱਝ ਪੁੱਛ ਸਕਦੇ ਹੋ ? ਪ੍ਰਭੂ ਯਹੋਵਾਹ ਆਖਦਾ ਹੈ, ਮੈਨੂੰ ਆਪਣੀ ਜਾਨ ਦੀ ਸਹੁੰ, ਮੇਰੇ ਕੋਲੋਂ ਤੁਸੀਂ ਕੁੱਝ ਨਾ ਪੁੱਛ ਸਕੋਗੇ ।32ਉਹ ਗੱਲ ਜਿਹੜੀ ਤੁਹਾਡੇ ਮਨ ਵਿੱਚ ਆਉਂਦੀ ਹੈ, ਕਦੇ ਵੀ ਨਹੀਂ ਹੋਵੇਗੀ, ਕਿਉਂ ਜੋ ਤੁਸੀਂ ਕਹਿੰਦੇ ਹੋ ਕਿ ਅਸੀਂ ਵੀ ਦੇਸਾਂ ਦੀਆਂ ਕੌਮਾਂ ਤੇ ਟੱਬਰਾਂ ਵਾਂਗੂੰ ਲੱਕੜ ਅਤੇ ਪੱਥਰ ਦੀ ਪੂਜਾ ਕਰਾਂਗੇ ।
ਪਰਮੇਸ਼ੁਰ ਸਜ਼ਾ ਦਿੰਦਾ ਹੈ ਅਤੇ ਮਾਫ਼ ਵੀ ਕਰਦਾ ਹੈ

33ਪ੍ਰਭੂ ਯਹੋਵਾਹ ਦਾ ਵਾਕ ਹੈ, ਮੈਨੂੰ ਆਪਣੀ ਜਾਨ ਦੀ ਸਹੁੰ, ਮੈਂ ਆਪਣੇ ਬਲਵਾਨ ਹੱਥ ਨਾਲ ਅਤੇ ਪਸਾਰੀ ਹੋਈ ਬਾਂਹ ਨਾਲ ਤੁਹਾਡੇ ਉੱਤੇ ਕਹਿਰ ਵਹਾ ਕੇ ਤੁਹਾਡੇ ਉੱਤੇ ਰਾਜ ਕਰਾਂਗਾ ।34ਮੈਂ ਬਲਵਾਨ ਹੱਥ ਅਤੇ ਪਸਾਰੀ ਹੋਈ ਬਾਂਹ ਨਾਲ ਕਹਿਰ ਵਹਾ ਕੇ ਤੁਹਾਨੂੰ ਲੋਕਾਂ ਵਿੱਚੋਂ ਕੱਢ ਲਿਆਵਾਂਗਾ ਅਤੇ ਉਹਨਾਂ ਦੇਸਾਂ ਵਿੱਚੋਂ ਜਿਹਨਾਂ ਵਿੱਚ ਤੁਸੀਂ ਖਿਲਰੇ ਹੋ ਇਕੱਠਿਆਂ ਕਰਾਂਗਾ ।35ਮੈਂ ਤੁਹਾਨੂੰ ਲੋਕਾਂ ਦੀ ਉਜਾੜ ਵਿੱਚ ਲਿਆਵਾਂਗਾ ਅਤੇ ਉੱਥੇ ਆਹਮੋ ਸਾਹਮਣੇ ਤੁਹਾਡਾ ਨਿਆਂ ਕਰਾਂਗਾ ।
36ਜਿਵੇਂ ਮੈਂ ਤੁਹਾਡੇ ਪਿਉ-ਦਾਦਿਆਂ ਦਾ ਮਿਸਰ ਦੇਸ ਦੀ ਉਜਾੜ ਵਿੱਚ ਨਿਆਂ ਕੀਤਾ, ਪ੍ਰਭੂ ਯਹੋਵਾਹ ਦਾ ਵਾਕ ਹੈ, ਉਸੇ ਤਰ੍ਹਾਂ ਹੀ ਮੈਂ ਤੁਹਾਡਾ ਵੀ ਨਿਆਂ ਕਰਾਂਗਾ ।37ਮੈਂ ਤੁਹਾਨੂੰ ਆੱਸੇ ਦੇ ਹੇਠੋਂ ਦੀ ਲੰਘਾਵਾਂਗਾ ਅਤੇ ਨੇਮ ਦੇ ਬੰਧਨ ਵਿੱਚ ਲਿਆਵਾਂਗਾ ।38ਮੈਂ ਤੁਹਾਡੇ ਵਿੱਚੋਂ ਉਹਨਾਂ ਲੋਕਾਂ ਨੂੰ ਜਿਹੜੇ ਮੇਰੇ ਵਿਰੁੱਧ ਬਾਗੀ ਹਨ ਅੱਡ ਕਰਾਂਗਾ, ਮੈਂ ਉਹਨਾਂ ਨੂੰ ਉਸ ਦੇਸ ਵਿੱਚੋਂ ਜਿੱਥੇ ਉਹ ਪਰਦੇਸੀ ਹਨ, ਬਾਹਰ ਕੱਢ ਲਿਆਵਾਂਗਾ ਪਰ ਉਹ ਇਸਰਾਏਲ ਦੇ ਦੇਸ ਵਿੱਚ ਨਾ ਵੜਨਗੇ ਅਤੇ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਹਾਂ ।
39ਤੈਨੂੰ ਹੇ ਇਸਰਾਏਲ ਦੇ ਘਰਾਣੇ, ਪ੍ਰਭੂ ਯਹੋਵਾਹ ਇਹ ਆਖਦਾ ਹੈ, ਜਾਓ ਅਤੇ ਆਪਣੀ ਆਪਣੀ ਮੂਰਤੀ ਦੀ ਪੂਜਾ ਕਰੋ ਅਤੇ ਅੱਗੇ ਨੂੰ ਵੀ, ਜੇਕਰ ਤੁਸੀਂ ਮੇਰੀ ਨਾ ਸੁਣੋਗੇ, ਪਰ ਆਪਣੀਆਂ ਭੇਟਾਂ ਨਾਲ ਅਤੇ ਆਪਣੀਆਂ ਮੂਰਤੀਆਂ ਨਾਲ ਮੇਰੇ ਪਵਿੱਤਰ ਨਾਮ ਨੂੰ ਅੱਗੇ ਨੂੰ ਪਲੀਤ ਨਾ ਕਰੋਗੇ ।
40ਕਿਉਂ ਜੋ ਪ੍ਰਭੂ ਯਹੋਵਾਹ ਦਾ ਵਾਕ ਹੈ, ਮੇਰੇ ਪਵਿੱਤਰ ਪਹਾੜ ਅਰਥਾਤ ਇਸਰਾਏਲ ਦੇ ਉੱਚੇ ਪਹਾੜ ਤੇ ਸਾਰਾ ਇਸਰਾਏਲ ਦਾ ਘਰਾਣਾ, ਸਾਰੇ ਦੇ ਸਾਰੇ ਦੇਸ ਵਿੱਚ ਮੇਰੀ ਉਪਾਸਨਾ ਕਰਨਗੇ । ਉੱਥੇ ਮੈਂ ਉਹਨਾਂ ਨੂੰ ਪਰਵਾਨ ਕਰਾਂਗਾ ਅਤੇ ਉੱਥੇ ਤੁਹਾਡੀਆਂ ਚੁੱਕਣ ਦੀਆਂ ਭੇਟਾਂ, ਤੁਹਾਡੇ ਚੜ੍ਹਾਵੇ ਦੇ ਪਹਿਲੇ ਫਲ ਅਤੇ ਤੁਹਾਡੀਆਂ ਸਾਰੀਆਂ ਪਵਿੱਤਰ ਵਸਤਾਂ ਮੰਗਾਂਗਾ ।41ਜਦੋਂ ਮੈਂ ਤੁਹਾਨੂੰ ਲੋਕਾਂ ਵਿੱਚੋਂ ਕੱਢ ਲਿਆਵਾਂਗਾ ਅਤੇ ਉਹਨਾਂ ਦੇਸਾਂ ਵਿੱਚੋਂ ਜਿੱਥੇ ਤੁਸੀਂ ਖਿੱਲਰ ਗਏ ਸੀ, ਇਕੱਠਾ ਕਰਾਂਗਾ ਤਦ ਮੈਂ ਤੁਹਾਨੂੰ ਸੁਗੰਧੀ ਧੂਫ਼ ਨਾਲ ਪਰਵਾਨ ਕਰਾਂਗਾ ਅਤੇ ਕੌਮਾਂ ਦੇ ਸਾਹਮਣੇ ਮੈਂ ਆਪਣੀ ਪਵਿੱਤਰਤਾਈ ਤੁਹਾਡੇ ਦੁਆਰਾ ਪਰਗਟ ਕਰਾਂਗਾ ।
42ਜਦੋਂ ਮੈਂ ਤੁਹਾਨੂੰ ਇਸਰਾਏਲ ਦੀ ਭੂਮੀ ਤੋਂ ਅਰਥਾਤ ਉਸ ਧਰਤੀ ਤੇ ਜਿਸ ਦੇ ਲਈ ਮੈਂ ਸਹੁੰ ਖਾਧੀ ਕਿ ਤੁਹਾਡੇ ਪਿਉ-ਦਾਦਿਆਂ ਨੂੰ ਦੇਵਾਂ, ਲੈ ਆਵਾਂਗਾ, ਤਦ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਹਾਂ ।43ਉੱਥੇ ਤੁਸੀਂ ਆਪਣਿਆਂ ਮਾਰਗਾਂ ਅਤੇ ਆਪਣਿਆਂ ਸਾਰਿਆਂ ਕੰਮਾਂ ਨੂੰ ਜਿਹਨਾਂ ਵਿੱਚ ਤੁਸੀਂ ਭ੍ਰਿਸ਼ਟ ਹੋਏ, ਯਾਦ ਕਰੋਗੇ ਅਤੇ ਤੁਸੀਂ ਆਪਣੀ ਸਾਰੀ ਬੁਰਿਆਈ ਦੇ ਕਾਰਨ ਜੋ ਤੁਸੀਂ ਕੀਤੀ, ਆਪਣੀ ਹੀ ਨਜ਼ਰ ਵਿੱਚ ਘਿਣਾਉਣੇ ਹੋਵੋਗੇ ।44ਪ੍ਰਭੂ ਯਹੋਵਾਹ ਦਾ ਵਾਕ ਹੈ, ਹੇ ਇਸਰਾਏਲ ਦੇ ਘਰਾਣੇ, ਜਦੋਂ ਮੈਂ ਤੁਹਾਡੇ ਬੁਰਿਆਂ ਮਾਰਗਾਂ ਅਤੇ ਕੁਕਰਮਾਂ ਦੇ ਅਨੁਸਾਰ ਨਹੀਂ, ਸਗੋਂ ਆਪਣੇ ਨਾਮ ਦੇ ਨਮਿੱਤ ਤੁਹਾਡੇ ਨਾਲ ਵਰਤਾਓ ਕਰਾਂਗਾ, ਤਾਂ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਹਾਂ ।
ਦੱਖਣ ਵਿੱਚ ਅੱਗ

45ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ46ਹੇ ਮਨੁੱਖ ਦੇ ਪੁੱਤਰ, ਤੂੰ ਦੱਖਣ ਵੱਲ ਆਪਣਾ ਮੂੰਹ ਕਰ ਅਤੇ ਦੱਖਣ ਵੱਲ ਨੂੰ ਮੂੰਹ ਕਰਕੇ ਦੱਖਣ ਦੇ ਜੰਗਲੀ ਮੈਦਾਨ ਦੇ ਬਾਰੇ ਭਵਿੱਖਬਾਣੀ ਕਰ47ਅਤੇ ਦੱਖਣ ਦੇ ਜੰਗਲ ਨੂੰ ਆਖ, ਯਹੋਵਾਹ ਦਾ ਵਾਕ ਸੁਣ ! ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖ, ਮੈਂ ਤੇਰੇ ਵਿੱਚ ਅੱਗ ਭੜਕਾਵਾਂਗਾ ਅਤੇ ਉਹ ਹਰੇਕ ਸੁੱਕੇ ਤੇ ਹਰੇ ਰੁੱਖ ਨੂੰ ਭਸਮ ਕਰ ਦੇਵੇਗੀ । ਭੜਕਦਾ ਹੋਇਆ ਚਿੰਗਾੜਾ ਨਾ ਬੁਝੇਗਾ ਅਤੇ ਦੱਖਣ ਤੋਂ ਉਤਰ ਤੱਕ ਸਾਰਿਆਂ ਦੇ ਮੂੰਹ ਉਹ ਦੇ ਨਾਲ ਝੁਲਸੇ ਜਾਣਗੇ ।
48ਸਾਰੇ ਪ੍ਰਾਣੀ ਵੇਖਣਗੇ ਕਿ ਮੈਂ ਯਹੋਵਾਹ ਨੇ ਉਹ ਨੂੰ ਭੜਕਾਇਆ ਹੈ, ਉਹ ਨਾ ਬੁਝੇਗੀ ।49ਤਦ ਮੈਂ ਆਖਿਆ ਕਿ ਹਾਏ, ਪ੍ਰਭੂ ਯਹੋਵਾਹ ! ਉਹ ਤਾਂ ਮੇਰੇ ਬਾਰੇ ਆਖਦੇ ਹਨ, ਕੀ ਇਹ ਦ੍ਰਿਸ਼ਟਾਂਤਾਂ ਵਿੱਚ ਨਹੀਂ ਬੋਲਦਾ ?

21
ਪਰਮੇਸ਼ੁਰ ਦੀ ਤਲਵਾਰ

1ਫੇਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ2ਹੇ ਮਨੁੱਖ ਦੇ ਪੁੱਤਰ, ਯਰੂਸ਼ਲਮ ਵੱਲ ਆਪਣਾ ਮੂੰਹ ਕਰ ਅਤੇ ਪਵਿੱਤਰ ਸਥਾਨਾਂ ਦੇ ਵਿਰੁੱਧ ਬੋਲ ਅਤੇ ਇਸਰਾਏਲ ਦੀ ਭੂਮੀ ਦੇ ਵਿਰੁੱਧ ਭਵਿੱਖਬਾਣੀ ਕਰ ।3ਇਸਰਾਏਲ ਦੀ ਭੂਮੀ ਨੂੰ ਆਖ, ਯਹੋਵਾਹ ਇਹ ਆਖਦਾ ਹੈ, ਵੇਖ, ਮੈਂ ਤੇਰਾ ਵਿਰੋਧੀ ਹਾਂ ਅਤੇ ਆਪਣੀ ਤਲਵਾਰ ਮਿਆਨ ਵਿੱਚੋਂ ਕੱਢ ਲਵਾਂਗਾ ਅਤੇ ਤੇਰੇ ਧਰਮੀ ਤੇ ਦੁਸ਼ਟ ਨੂੰ ਤੇਰੇ ਵਿੱਚੋਂ ਕੱਢ ਸੁੱਟਾਂਗਾ ।

4ਕਿਉਂ ਜੋ ਮੈਂ ਤੇਰੇ ਵਿੱਚੋਂ ਧਰਮੀ ਅਤੇ ਦੁਸ਼ਟ ਨੂੰ ਵੱਢ ਸੁੱਟਾਂਗਾ, ਇਸ ਲਈ ਮੇਰੀ ਤਲਵਾਰ ਆਪਣੇ ਮਿਆਨ ਵਿੱਚੋਂ ਨਿੱਕਲ ਕੇ ਦੱਖਣ ਤੋਂ ਉੱਤਰ ਤੱਕ ਸਾਰੇ ਪ੍ਰਾਣੀਆਂ ਉੱਤੇ ਚੱਲੇਗੀ ।5ਸਾਰੇ ਪ੍ਰਾਣੀ ਜਾਣਨਗੇ ਕਿ ਮੈਂ ਯਹੋਵਾਹ ਨੇ ਆਪਣੀ ਤਲਵਾਰ ਮਿਆਨ ਵਿੱਚੋਂ ਖਿੱਚੀ ਹੈ, ਉਹ ਮੁੜ ਉਸ ਵਿੱਚ ਨਾ ਜਾਵੇਗੀ ।
6ਹੇ ਮਨੁੱਖ ਦੇ ਪੁੱਤਰ, ਤੂੰ ਆਪਣਾ ਲੱਕ ਟੁੱਟ ਜਾਣ ਕਰਕੇ ਹੌਕੇ ਭਰ ਅਤੇ ਕੁੜੱਤਣ ਵਿੱਚ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਠੰਡੇ ਸਾਹ ਲੈ ।7ਇਹ ਹੋਵੇਗਾ ਕਿ ਜਦੋਂ ਉਹ ਤੈਨੂੰ ਆਖਣ ਕਿ ਤੂੰ ਕਿਉਂ ਹਾਏ, ਹਾਏ ਕਰਦਾ ਹੈਂ ? ਤਾਂ ਤੂੰ ਆਖੀਂ ਕਿ ਉਸ ਅਫ਼ਵਾਹ ਦੇ ਆਉਣ ਦੇ ਕਾਰਨ ਕਿ ਹਰ ਇੱਕ ਦਿਲ ਪੰਘਰ ਜਾਵੇਗਾ, ਸਾਰੇ ਹੱਥ ਨਿਰਬਲ ਹੋ ਜਾਣਗੇ, ਹਰ ਇੱਕ ਆਤਮਾ ਕਮਜ਼ੋਰ ਹੋ ਜਾਵੇਗਾ ਅਤੇ ਸਾਰੇ ਗੋਡੇ ਪਾਣੀ ਵਰਗੇ ਢਿੱਲੇ ਹੋ ਜਾਣਗੇ । ਵੇਖੋ, ਪ੍ਰਭੂ ਯਹੋਵਾਹ ਦਾ ਵਾਕ ਹੈ, ਇਹ ਆਉਂਦਾ ਹੈ ਅਤੇ ਹੋ ਜਾਵੇਗਾ ।
8ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ9ਹੇ ਮਨੁੱਖ ਦੇ ਪੁੱਤਰ, ਭਵਿੱਖਬਾਣੀ ਕਰ ਅਤੇ ਤੂੰ ਆਖ, ਪ੍ਰਭੂ ਯਹੋਵਾਹ ਇਹ ਆਖਦਾ ਹੈ, ਆਖ, ਤਲਵਾਰ ਸਗੋਂ ਤੇਜ਼ ਅਤੇ ਲਿਸ਼ਕਾਈ ਹੋਈ ਤਲਵਾਰ ਹੈ !
10ਇਹ ਇਸ ਲਈ ਤਿੱਖੀ ਕੀਤੀ ਗਈ ਹੈ ਤਾਂ ਜੋ ਉਹ ਦੇ ਨਾਲ ਵੱਢਿਆ ਜਾਵੇ । ਉਹ ਲਿਸ਼ਕਾਈ ਗਈ ਹੈ, ਤਾਂ ਜੋ ਉਹ ਬਿਜਲੀ ਵਾਂਗੂੰ ਲਿਸ਼ਕੇ । ਫੇਰ ਕੀ ਅਸੀਂ ਖੁਸ਼ ਹੋ ਸਕਦੇ ਹਾਂ ? ਮੇਰੇ ਪੁੱਤਰਾਂ ਦਾ ਆੱਸਾ ਸਾਰਿਆਂ ਰੁੱਖਾਂ ਨੂੰ ਤੁੱਛ ਸਮਝਦਾ ਹੈ ।11ਉਹ ਨੇ ਉਸ ਨੂੰ ਲਿਸ਼ਕਾਉਣ ਲਈ ਦਿੱਤਾ ਹੈ, ਤਾਂ ਜੋ ਹੱਥ ਵਿੱਚ ਫੜੀ ਜਾਵੇ । ਉਹ ਤਿੱਖੀ ਕੀਤੀ ਗਈ ਅਤੇ ਲਿਸ਼ਕਾਈ ਗਈ, ਤਾਂ ਜੋ ਉਹ ਵੱਢਣ ਵਾਲੇ ਦੇ ਹੱਥ ਵਿੱਚ ਦਿੱਤੀ ਜਾਵੇ ।
12ਹੇ ਮਨੁੱਖ ਦੇ ਪੁੱਤਰ, ਤੂੰ ਦੁਹਾਈ ਦੇ ਅਤੇ ਧਾਹਾਂ ਮਾਰ, ਕਿਉਂ ਜੋ ਉਹ ਮੇਰੀ ਪਰਜਾ ਵਿੱਚ ਚੱਲੇਗੀ । ਉਹ ਇਸਰਾਏਲ ਦੇ ਸਾਰੇ ਪ੍ਰਧਾਨਾਂ ਤੇ ਚੱਲੇਗੀ । ਉਹ ਮੇਰੀ ਪਰਜਾ ਸਮੇਤ ਤਲਵਾਰ ਦੇ ਹਵਾਲੇ ਕੀਤੇ ਗਏ ਹਨ, ਇਸ ਲਈ ਤੂੰ ਆਪਣੇ ਪੱਟ ਤੇ ਹੱਥ ਮਾਰ,13ਕਿਉਂਕਿ ਪਰਤਾਵਾ ਹੋ ਗਿਆ ਅਤੇ ਕੀ ਹੋਵੇਗਾ ਜੇ ਆੱਸਾ ਤੁੱਛ ਜਾਣੇ ਅਤੇ ਫੇਰ ਨਾ ਹੋਵੇ ? ਪ੍ਰਭੂ ਯਹੋਵਾਹ ਦਾ ਵਾਕ ਹੈ ।
14ਹੇ ਮਨੁੱਖ ਦੇ ਪੁੱਤਰ, ਤੂੰ ਭਵਿੱਖਬਾਣੀ ਕਰ, ਤਾੜੀ ਵਜਾ ਅਤੇ ਤਲਵਾਰ ਦਾ ਬਲ ਤੀਜੀ ਵਾਰ ਦੁੱਗਣਾ ਹੋ ਜਾਵੇ, ਵੱਢਿਆਂ ਹੋਇਆਂ ਦੀ ਤਲਵਾਰ ! ਇਹ ਤਲਵਾਰ ਹੈ ਜਿਸ ਤੋਂ ਕੋਠੜੀਆਂ ਵਿੱਚ ਵੀ ਕੋਈ ਨਹੀਂ ਬਚ ਸਕਦਾ ਹੈ, ਜਿਹੜੀ ਉਹਨਾਂ ਨੂੰ ਘੇਰਦੀ ਹੈ ।
15ਮੈਂ ਇਹ ਤਲਵਾਰ ਉਹਨਾਂ ਦੇ ਸਾਰੇ ਫਾਟਕਾਂ ਦੇ ਵਿਰੁੱਧ ਦਿਲ ਪਿਘਲਾਉਣ ਲਈ ਅਤੇ ਠੋਕਰ ਦੇਣ ਲਈ ਰੱਖੀ । ਹਾਏ ਲਿਸ਼ਕਾਈ ਹੋਈ ਤਲਵਾਰ ! ਇਹ ਚਮਕਣ ਲਈ ਬਣਾਈ ਗਈ ਹੈ, ਇਹ ਵੱਢਣ ਲਈ ਤਿੱਖੀ ਕੀਤੀ ਗਈ ਹੈ !16ਆਪਣੇ ਬਲ ਨੂੰ ਇਕੱਠਾ ਕਰ ਕੇ ਸੱਜੇ ਪਾਸੇ ਜਾ ਅਤੇ ਤਿਆਰ ਹੋ ਕੇ ਖੱਬੇ ਪਾਸੇ ਜਾ, ਜਿੱਧਰ ਤੇਰਾ ਮੂੰਹ ਹੋਵੇ ।17ਮੈਂ ਵੀ ਤਾੜੀ ਵਜਾਵਾਂਗਾ ਅਤੇ ਆਪਣੇ ਕਹਿਰ ਨੂੰ ਠੰਡਾ ਕਰਾਂਗਾ, ਮੈਂ ਯਹੋਵਾਹ ਨੇ ਇਹ ਆਖਿਆ ਹੈ ।
ਬਾਬਲ ਦੇ ਰਾਜੇ ਦੀ ਤਲਵਾਰ

18ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ19ਹੇ ਮਨੁੱਖ ਦੇ ਪੁੱਤਰ, ਤੂੰ ਆਪਣੇ ਲਈ ਦੋ ਰਾਹ ਬਣਾ ਜਿਹਨਾਂ ਵਿੱਚੋਂ ਦੀ ਬਾਬਲ ਦੇ ਰਾਜੇ ਦੀ ਤਲਵਾਰ ਆਵੇ । ਇੱਕ ਹੀ ਦੇਸ ਵਿੱਚੋਂ ਇਹ ਦੋਨੋਂ ਨਿੱਕਲਣਗੇ । ਇੱਕ ਨਿਸ਼ਾਨ ਬਣਾ । ਸ਼ਹਿਰ ਦੇ ਰਾਹ ਦੇ ਸਿਰੇ ਤੇ ਬਣਾ ।20ਇੱਕ ਰਾਹ ਕੱਢ ਜਿਸ ਵਿੱਚੋਂ ਤਲਵਾਰ ਅੰਮੋਨੀਆਂ ਦੇ ਰੱਬਾਹ ਉੱਤੇ ਅਤੇ ਯਹੂਦਾਹ ਦੇ ਗੜ੍ਹ ਵਾਲੇ ਯਰੂਸ਼ਲਮ ਉੱਤੇ ਵੀ ਆਵੇ ।
21ਕਿਉਂ ਜੋ ਬਾਬਲ ਦਾ ਰਾਜਾ ਦੋ ਰਾਹੇ ਉੱਤੇ ਉਪਾਅ ਪੁੱਛਣ ਲਈ ਖਲੋਤਾ ਹੈ ਅਤੇ ਤੀਰਾਂ ਨੂੰ ਹਿਲਾ ਕੇ ਤਰਾਫੀਮ ਤੋਂ ਪੁੱਛਦਾ ਅਤੇ ਕਾਲਜੇ ਨੂੰ ਵਿੰਨ੍ਹਦਾ ਹੈ ।22ਉਹ ਦੇ ਸੱਜੇ ਹੱਥ ਯਰੂਸ਼ਲਮ ਦਾ ਉਪਾਅ ਪੈਂਦਾ ਹੈ ਕਿ ਕਿਲਾ ਤੋੜ ਯੰਤਰਾਂ ਨੂੰ ਲਾਵੇ ਅਤੇ ਕੱਟਣ ਵੱਢਣ ਲਈ ਮੂੰਹ ਖੋਲ੍ਹੇ, ਜੈਕਾਰੇ ਦੀ ਅਵਾਜ਼ ਉਠਾਵੇ ਅਤੇ ਫਾਟਕਾਂ ਉੱਤੇ ਕਿਲਾ ਤੋੜ ਅਵਾਜ਼ ਨੂੰ ਲਾਵੇ ਅਤੇ ਘੇਰਾ ਬੰਨ੍ਹੇ ਅਤੇ ਬੁਰਜ ਬਣਾਵੇ ।23ਪਰ ਉਹਨਾਂ ਦੀ ਨਜ਼ਰ ਵਿੱਚ ਇਹ ਝੂਠੇ ਉਪਾਅ ਵਾਂਗੂੰ ਹੋਵੇਗਾ, ਅਰਥਾਤ ਉਹਨਾਂ ਲਈ ਜਿਹਨਾਂ ਨੇ ਸਹੁੰ ਖਾਧੀ ਸੀ, ਪਰ ਉਹ ਬਦੀ ਨੂੰ ਚੇਤੇ ਕਰੇਗਾ ਤਾਂ ਜੋ ਉਹ ਫੜੇ ਜਾਣ ।
24ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਕਿਉਂ ਜੋ ਤੁਸੀਂ ਆਪਣੀ ਬਦੀ ਨੂੰ ਚੇਤੇ ਕਰਾਇਆ ਅਤੇ ਤੁਹਾਡੇ ਅਪਰਾਧ ਪਰਗਟ ਹੋਏ, ਇੱਥੋਂ ਤੱਕ ਕਿ ਤੁਹਾਡੇ ਸਾਰੇ ਕੰਮਾਂ ਵਿੱਚ ਤੁਹਾਡੇ ਪਾਪ ਦਿਸਦੇ ਹਨ । ਤੁਸੀਂ ਧਿਆਨ ਵਿੱਚ ਆ ਗਏ ਹੋ, ਇਸ ਲਈ ਤੁਸੀਂ ਹੱਥ ਵਿੱਚ ਫੜੇ ਜਾਓਗੇ ।
25ਹੇ ਇਸਰਾਏਲ ਦੇ ਦੁਸ਼ਟ ਫੱਟੜ ਪ੍ਰਧਾਨ, ਤੇਰਾ ਦਿਨ ਆ ਗਿਆ ਹੈ ! ਇਹ ਬਦੀ ਦਾ ਅੰਤ ਸਮਾਂ ਹੈ !26ਪ੍ਰਭੂ ਯਹੋਵਾਹ ਇਹ ਆਖਦਾ ਹੈ, ਅਮਾਮਾ ਉਤਾਰ ਅਤੇ ਤਾਜ ਲਾਹ ਦੇ । ਇਹ ਇਸ ਤਰ੍ਹਾਂ ਨਹੀਂ ਰਹੇਗਾ । ਨੀਵੇਂ ਨੂੰ ਉੱਚਾ ਕਰ ਅਤੇ ਉੱਚੇ ਨੂੰ ਨੀਵਾਂ ਕਰ ।27ਬਰਬਾਦੀ, ਬਰਬਾਦੀ, ਮੈਂ ਹੀ ਉਹ ਨੂੰ ਬਰਬਾਦੀ ਬਣਾਵਾਂਗਾ ! ਪਰ ਇਹ ਵੀ ਨਹੀਂ ਰਹੇਗਾ, ਜਦ ਤੱਕ ਉਹ ਆਵੇਗਾ ਜਿਸ ਦਾ ਹੱਕ ਹੈ, ਤਾਂ ਮੈਂ ਉਹ ਨੂੰ ਦਿਆਂਗਾ ।
ਅੰਮੋਨੀਆਂ ਦੇ ਵਿਰੁੱਧ ਤਲਵਾਰ

28ਹੇ ਮਨੁੱਖ ਦੇ ਪੁੱਤਰ, ਤੂੰ ਭਵਿੱਖਬਾਣੀ ਕਰਕੇ ਆਖ ਕਿ ਪ੍ਰਭੂ ਯਹੋਵਾਹ ਅੰਮੋਨੀਆਂ ਲਈ ਅਤੇ ਉਹਨਾਂ ਦੇ ਤਾਨੇ ਮਿਹਣਿਆਂ ਦੇ ਬਾਰੇ ਇਹ ਆਖਦਾ ਹੈ, ਤੂੰ ਆਖ, ਇੱਕ ਤਲਵਾਰ ! ਸਗੋਂ ਖਿੱਚੀ ਹੋਈ ਤਲਵਾਰ ! ਵੱਢਣ ਲਈ ਉਹ ਡਾਢੀ ਚਮਕਾਈ ਗਈ, ਤਾਂ ਜੋ ਉਹ ਬਿਜਲੀ ਵਾਂਗੂੰ ਹੋਵੇ ।29ਜਦੋਂ ਕਿ ਉਹ ਤੇਰੇ ਲਈ ਝੂਠੇ ਦਰਸ਼ਣ ਵੇਖਦੇ ਹਨ ਅਤੇ ਝੂਠੇ ਉਪਾਅ ਕੱਢਦੇ ਹਨ ਕਿ ਤੈਨੂੰ ਉਹਨਾਂ ਵੱਢਿਆਂ ਹੋਇਆਂ ਦੁਸ਼ਟਾਂ ਦੀਆਂ ਧੌਣਾਂ ਉੱਤੇ ਸੁੱਟ ਦੇਣ, ਜਿਹਨਾਂ ਦਾ ਦਿਨ ਬਦੀ ਦੇ ਅੰਤ ਸਮੇਂ ਵਿੱਚ ਆ ਗਿਆ ਹੈ ।
30ਉਹ ਨੂੰ ਮਿਆਨ ਵਿੱਚ ਪਾ । ਮੈਂ ਤੇਰੇ ਜਨਮ ਸਥਾਨ ਅਤੇ ਤੇਰੀ ਜਨਮ ਭੂਮੀ ਵਿੱਚ ਤੇਰਾ ਨਿਆਂ ਕਰਾਂਗਾ ।31ਮੈਂ ਆਪਣਾ ਕਹਿਰ ਤੇਰੇ ਤੇ ਪਾਵਾਂਗਾ ਅਤੇ ਆਪਣੇ ਕ੍ਰੋਧ ਦੀ ਅੱਗ ਤੇਰੇ ਉੱਤੇ ਭੜਕਾਵਾਂਗਾ ਅਤੇ ਤੈਨੂੰ ਪਸ਼ੂ ਸੁਭਾਅ ਮਨੁੱਖਾਂ ਨੂੰ ਸੌਪਾਂਗਾ, ਜਿਹੜੇ ਨਾਸ਼ ਕਰਨ ਵਿੱਚ ਹੁਸ਼ਿਆਰ ਹਨ ।
32ਤੂੰ ਅੱਗ ਲਈ ਬਾਲਣ ਹੋਵੇਂਗਾ ਅਤੇ ਤੇਰਾ ਲਹੂ ਦੇਸ ਵਿੱਚ ਵਗੇਗਾ, ਫੇਰ ਤੂੰ ਚੇਤੇ ਵੀ ਨਾ ਕੀਤਾ ਜਾਵੇਂਗਾ ਕਿਉਂ ਜੋ ਮੈਂ ਯਹੋਵਾਹ ਨੇ ਇਹ ਆਖਿਆ ਹੈ ।

22
ਹੱਤਿਆਰਾ ਨਗਰ ਯਰੂਸ਼ਲਮ

1ਫੇਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ2ਹੇ ਮਨੁੱਖ ਦੇ ਪੁੱਤਰ, ਕੀ ਤੂੰ ਨਿਆਂ ਕਰੇਂਗਾ ? ਕੀ ਤੂੰ ਇਸ ਖੂਨੀ ਸ਼ਹਿਰ ਦਾ ਨਿਆਂ ਕਰੇਂਗਾ ? ਤੂੰ ਇਸ ਦੇ ਸਾਰੇ ਘਿਣਾਉਣੇ ਕੰਮ ਉਸ ਉੱਤੇ ਪਰਗਟ ਕਰ ।3ਤੂੰ ਆਖ, ਪ੍ਰਭੂ ਯਹੋਵਾਹ ਇਹ ਆਖਦਾ ਹੈ, ਇੱਕ ਸ਼ਹਿਰ ਜਿਹ ਦੇ ਅੰਦਰ ਖੂਨ ਵਹਾਏ ਜਾਂਦੇ ਹਨ, ਤਾਂ ਜੋ ਉਹ ਦਾ ਅੰਤ ਆ ਜਾਵੇ ਅਤੇ ਜੋ ਆਪਣੇ ਆਪ ਨੂੰ ਭ੍ਰਿਸ਼ਟ ਕਰਨ ਲਈ ਆਪਣੇ ਲਈ ਮੂਰਤੀਆਂ ਬਣਾਉਂਦਾ ਹੈ !

4ਤੂੰ ਉਸ ਲਹੂ ਦੇ ਕਾਰਨ ਜਿਹੜਾ ਤੂੰ ਵਹਾਇਆ ਦੋਸ਼ੀ ਹੋ ਗਿਆ ਅਤੇ ਤੂੰ ਉਹਨਾਂ ਮੂਰਤੀਆਂ ਕਰਕੇ ਜਿਹਨਾਂ ਨੂੰ ਤੂੰ ਬਣਾਇਆ, ਭ੍ਰਿਸ਼ਟ ਹੋਇਆ, ਤੂੰ ਆਪਣੇ ਦਿਨਾਂ ਨੂੰ ਨੇੜੇ ਲਿਆਇਆ ਹੈਂ ਅਤੇ ਆਪਣੇ ਸਾਲਾਂ ਨੂੰ ਵੀ, ਇਸ ਲਈ ਮੈਂ ਤੈਨੂੰ ਕੌਮਾਂ ਲਈ ਨਮੋਸ਼ੀ ਦਾ ਨਿਸ਼ਾਨਾ ਅਤੇ ਸਾਰਿਆਂ ਦੇਸਾਂ ਦਾ ਠੱਠਾ ਬਣਾਇਆ ਹੈ ।5ਤੇਰੇ ਵਿੱਚੋਂ ਨੇੜੇ ਦੇ ਅਤੇ ਦੂਰ ਦੇ ਤੈਨੂੰ ਠੱਠਾ ਕਰਨਗੇ, ਕਿਉਂ ਜੋ ਤੂੰ ਨਾਮ ਵਿੱਚ ਭ੍ਰਿਸ਼ਟ ਅਤੇ ਬਹੁਤਾ ਫਸਾਦੀ ਹੈਂ ।
6ਵੇਖ, ਇਸਰਾਏਲ ਦੇ ਪ੍ਰਧਾਨ ਤੇਰੇ ਵਿੱਚ ਹਰ ਇੱਕ ਆਪਣੇ ਬਲ ਅਨੁਸਾਰ ਖੂਨ ਵਹਾਉਣ ਦਾ ਕਾਰਨ ਸਨ ।7ਤੇਰੇ ਵਿੱਚ ਉਹਨਾਂ ਨੇ ਮਾਤਾ-ਪਿਤਾ ਨੂੰ ਤੁੱਛ ਜਾਣਿਆ, ਤੇਰੇ ਵਿੱਚ ਉਹਨਾਂ ਨੇ ਪਰਦੇਸੀਆਂ ਨਾਲ ਜਬਰਦਸਤੀ ਕੀਤੀ, ਤੇਰੇ ਵਿੱਚ ਉਹਨਾਂ ਨੇ ਯਤੀਮਾਂ ਅਤੇ ਵਿਧਵਾਵਾਂ ਉੱਤੇ ਜ਼ੁਲਮ ਕੀਤਾ ।8ਤੂੰ ਮੇਰੀਆਂ ਪਵਿੱਤਰ ਵਸਤੂਆਂ ਨੂੰ ਨੀਚ ਜਾਣਿਆ ਅਤੇ ਮੇਰੇ ਸਬਤਾਂ ਨੂੰ ਭ੍ਰਿਸ਼ਟ ਕੀਤਾ ।9ਤੇਰੇ ਵਿੱਚ ਚੁਗਲ ਖੋਰ ਮਨੁੱਖ ਖੂਨ ਵਹਾਉਂਦੇ ਹਨ, ਤੇਰੇ ਵਿੱਚ ਪਹਾੜਾਂ ਤੇ ਖਾਣ ਵਾਲੇ ਹਨ ਅਤੇ ਤੇਰੇ ਵਿੱਚ ਲੁੱਚਪੁਣਾ ਕਰਨ ਵਾਲੇ ਵੀ ਹਨ ।
10ਤੇਰੇ ਵਿੱਚ ਆਪਣੇ ਪਿਤਾ ਨੂੰ ਬੇ-ਪੜਦਾ ਕਰਨ ਵਾਲੇ ਵੀ ਹਨ, ਤੇਰੇ ਵਿੱਚ ਮਾਸਿਕ ਧਰਮ ਵਾਲੀ ਔਰਤ ਨਾਲ ਭੋਗ ਕਰਨ ਵਾਲੇ ਵੀ ਹਨ ।11ਕਿਸੇ ਨੇ ਆਪਣੇ ਗੁਆਂਢੀ ਦੀ ਔਰਤ ਨਾਲ ਘਿਣਾਉਣਾ ਕੰਮ ਕੀਤਾ, ਅਤੇ ਕਿਸੇ ਨੇ ਆਪਣੀ ਨੂੰਹ ਨੂੰ ਬਦਕਾਰੀ ਨਾਲ ਭ੍ਰਿਸ਼ਟ ਕੀਤਾ ਅਤੇ ਕਿਸੇ ਨੇ ਆਪਣੀ ਭੈਣ ਅਥਵਾ ਆਪਣੇ ਪਿਉ ਦੀ ਧੀ ਨੂੰ ਤੇਰੇ ਵਿੱਚ ਭਰਿਸ਼ਟ ਕੀਤਾ ।12ਤੇਰੇ ਵਿੱਚ ਉਹਨਾਂ ਨੇ ਰਿਸ਼ਵਤ ਲੈ ਕੇ ਖੂਨ ਕੀਤੇ, ਤੁਸੀਂ ਵਿਆਜ ਤੇ ਵਾਧਾ ਲਿਆ ਅਤੇ ਅੱਤਿਆਚਾਰ ਕਰ ਕੇ ਆਪਣੇ ਗੁਆਂਢੀ ਨੂੰ ਲੁੱਟਿਆ ਅਤੇ ਮੈਨੂੰ ਭੁਲਾ ਦਿੱਤਾ, ਪ੍ਰਭੂ ਯਹੋਵਾਹ ਦਾ ਵਾਕ ਹੈ ।
13ਵੇਖੋ, ਮੈਂ ਤੁਹਾਡੇ ਅਯੋਗ ਲਾਭ ਦੇ ਕਾਰਨ ਜੋ ਤੁਸੀਂ ਲਿਆ ਅਤੇ ਤੁਹਾਡੇ ਖੂਨ ਖਰਾਬੇ ਦੇ ਕਾਰਨ ਜੋ ਤੁਹਾਡੇ ਵਿੱਚ ਹੋਇਆ ਹੱਥ ਤੇ ਹੱਥ ਮਾਰਿਆ ।14ਕੀ ਤੁਹਾਡਾ ਦਿਲ ਕਾਇਮ ਰਹੇਗਾ ਅਤੇ ਤੁਹਾਡੇ ਹੱਥਾਂ ਵਿੱਚ ਬਲ ਹੋਵੇਗਾ, ਜਿਨਾਂ ਦਿਨਾਂ ਵਿੱਚ ਮੈਂ ਤੇਰਾ ਨਿਆਂ ਕਰਾਂਗਾ ? ਮੈਂ ਯਹੋਵਾਹ ਨੇ ਆਖਿਆ ਅਤੇ ਮੈਂ ਹੀ ਕਰਾਂਗਾ,15ਹਾਂ ਮੈਂ ਤੁਹਾਨੂੰ ਕੌਮਾਂ ਵਿੱਚ ਖ਼ੱਜਲ ਖੁਆਰ ਕਰ ਕੇ ਦੂਜੇ ਦੇਸਾਂ ਵਿੱਚ ਫਿਰਾਵਾਂਗਾ ਅਤੇ ਤੁਹਾਡੀ ਪਲੀਤੀ ਤੁਹਾਡੇ ਵਿੱਚੋਂ ਕੱਢ ਦਿਆਂਗਾ ।16ਤੂੰ ਕੌਮਾਂ ਦੀ ਨਿਗਾਹ ਵਿੱਚ ਆਪਣੇ ਆਪ ਨੂੰ ਪਲੀਤ ਸਮਝੇਂਗੀ ਅਤੇ ਜਾਣੇਗੀ ਕਿ ਮੈਂ ਯਹੋਵਾਹ ਹਾਂ !
ਪਰਮੇਸ਼ੁਰ ਦਾ ਕ੍ਰੋਧ

17ਫੇਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ18ਹੇ ਮਨੁੱਖ ਦੇ ਪੁੱਤਰ, ਇਸਰਾਏਲ ਦਾ ਘਰਾਣਾ ਮੇਰੇ ਲਈ ਮੈਲ਼ ਹੋ ਗਿਆ ਹੈ, ਉਹ ਸਾਰੇ ਦਾ ਸਾਰਾ ਪਿੱਤਲ, ਟੀਨ, ਲੋਹਾ ਅਤੇ ਸਿੱਕਾ ਹੈ, ਜੋ ਭੱਠੀ ਵਿੱਚ ਹਨ । ਉਹ ਚਾਂਦੀ ਦੀ ਮੈਲ਼ ਹਨ ।19ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਤੁਸੀਂ ਸਾਰੇ ਮੈਲ਼ ਬਣ ਗਏ ਹੋ, ਇਸ ਲਈ ਵੇਖੋ, ਮੈਂ ਤੁਹਾਨੂੰ ਯਰੂਸ਼ਲਮ ਵਿੱਚ ਇਕੱਠਾ ਕਰਾਂਗਾ ।
20ਜਿਵੇਂ ਉਹ ਚਾਂਦੀ, ਪਿੱਤਲ, ਲੋਹਾ, ਸਿੱਕਾ ਅਤੇ ਟੀਨ ਭੱਠੀ ਵਿੱਚ ਇਕੱਠਾ ਪਾਉਂਦੇ ਹਨ ਅਤੇ ਉਹਨਾਂ ਨੂੰ ਅੱਗ ਨਾਲ ਤਾਉਂਦੇ ਹਨ, ਤਾਂ ਜੋ ਉਹਨਾਂ ਨੂੰ ਪਿਘਲਾ ਦੇਣ, ਓਵੇਂ ਹੀ ਮੈਂ ਆਪਣੇ ਕਹਿਰ ਅਤੇ ਕ੍ਰੋਧ ਵਿੱਚ ਤੁਹਾਨੂੰ ਇਕੱਠਾ ਕਰਾਂਗਾ ਅਤੇ ਤੁਹਾਨੂੰ ਉੱਥੇ ਰੱਖ ਕੇ ਪਿਘਲਾਵਾਂਗਾ ।21ਹਾਂ, ਮੈਂ ਤੁਹਾਨੂੰ ਇਕੱਠਾ ਕਰਾਂਗਾ ਅਤੇ ਆਪਣੇ ਕਹਿਰ ਦੀ ਅੱਗ ਵਿੱਚ ਤੁਹਾਨੂੰ ਤਪਾਵਾਂਗਾ ਅਤੇ ਤੁਸੀਂ ਉਸ ਵਿੱਚ ਪਿਘਲੋਗੇ ।22ਜਿਵੇਂ ਚਾਂਦੀ ਭੱਠੀ ਵਿੱਚ ਪਿਘਲਾਈ ਜਾਂਦੀ ਹੈ, ਓਵੇਂ ਤੁਸੀਂ ਉਸ ਵਿੱਚ ਪਿਘਲਾਏ ਜਾਓਗੇ, ਤਾਂ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਨੇ ਆਪਣਾ ਕਹਿਰ ਤੁਹਾਡੇ ਉੱਤੇ ਪਾਇਆ ਹੈ ।
ਇਸਰਾਏਲ ਦੇ ਆਗੂਆਂ ਦੇ ਪਾਪ

23ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ24ਹੇ ਮਨੁੱਖ ਦੇ ਪੁੱਤਰ, ਉਹ ਨੂੰ ਆਖ, ਤੂੰ ਉਹ ਧਰਤੀ ਹੈਂ, ਜਿਹੜੀ ਸ਼ੁੱਧ ਨਹੀਂ ਕੀਤੀ ਗਈ ਅਤੇ ਜਿਹ ਉੱਤੇ ਕ੍ਰੋਧ ਦੇ ਦਿਨ ਵਿੱਚ ਵਰਖਾ ਨਹੀਂ ਹੋਈ ?25ਉਹ ਦੇ ਵਿੱਚ ਉਹ ਦੇ ਨਬੀਆਂ ਨੇ ਸਲਾਹ ਕੀਤੀ, ਗੱਜਣ ਵਾਲੇ ਬੱਬਰ ਸ਼ੇਰ ਵਾਂਗੂੰ ਸ਼ਿਕਾਰ ਨੂੰ ਪਾੜਦਿਆਂ ਉਹ ਜੀਆਂ ਨੂੰ ਖਾ ਗਏ ਹਨ, ਉਹ ਖਜ਼ਾਨੇ ਅਤੇ ਵੱਡ ਮੁੱਲੀਆਂ ਵਸਤੂਆਂ ਨੂੰ ਖੋਹ ਲੈਂਦੇ ਹਨ, ਉਹਨਾਂ ਨੇ ਉਸ ਵਿੱਚ ਢੇਰ ਵਿਧਵਾ ਬਣਾ ਦਿੱਤੀਆਂ ਹਨ ।
26ਉਹ ਦੇ ਜਾਜਕਾਂ ਨੇ ਮੇਰੀ ਬਿਵਸਥਾ ਨੂੰ ਤੋੜਿਆ ਅਤੇ ਮੇਰੀਆਂ ਪਵਿੱਤਰ ਵਸਤੂਆਂ ਨੂੰ ਪਲੀਤ ਕੀਤਾ ਹੈ, ਉਹਨਾਂ ਨੇ ਪਵਿੱਤਰ ਅਤੇ ਅਪਵਿੱਤਰ ਵਿੱਚ ਕੁੱਝ ਭੇਦ ਨਹੀਂ ਰੱਖਿਆ ਅਤੇ ਅਸ਼ੁੱਧ ਤੇ ਸ਼ੁੱਧ ਵਿੱਚ ਫਰਕ ਨਹੀਂ ਜਾਣਿਆ ਅਤੇ ਮੇਰੇ ਸਬਤਾਂ ਤੋਂ ਉਹਨਾਂ ਨੇ ਅੱਖਾਂ ਫੇਰ ਲਈਆਂ, ਇਸ ਲਈ ਮੈਂ ਉਹਨਾਂ ਵਿੱਚ ਪਲੀਤ ਹੋਇਆ ।27ਉਹ ਦੇ ਹਾਕਮ ਉਹ ਦੇ ਵਿੱਚ ਸ਼ਿਕਾਰ ਨੂੰ ਪਾੜਨ ਵਾਲੇ ਬਘਿਆੜ ਵਾਂਗੂੰ ਹਨ, ਜੋ ਬੇਈਮਾਨੀ ਦੇ ਲਾਭ ਦੇ ਲਈ ਲਹੂ ਵਹਾਉਂਦੇ ਅਤੇ ਪ੍ਰਾਣਾਂ ਨੂੰ ਨਾਸ਼ ਕਰਦੇ ਹਨ ।28ਉਹ ਦੇ ਨਬੀ ਉਹਨਾਂ ਦੇ ਲਈ ਕੱਚੀ ਕਲੀ ਕਰਦੇ ਹਨ, ਝੂਠੇ ਦਰਸ਼ਣ ਵੇਖਦੇ ਅਤੇ ਝੂਠੇ ਉਪਾਅ ਕੱਢਦੇ ਹਨ ਅਤੇ ਆਖਦੇ ਹਨ ਕਿ ਪ੍ਰਭੂ ਯਹੋਵਾਹ ਨੇ ਇਹ ਆਖਿਆ ਹੈ, ਜਦੋਂ ਕਿ ਯਹੋਵਾਹ ਨੇ ਨਹੀਂ ਆਖਿਆ ।
29ਇਸ ਦੇਸ ਦੇ ਲੋਕਾਂ ਨੇ ਅੱਤਿਆਚਾਰ ਅਤੇ ਲੁੱਟਮਾਰ ਕੀਤੀ ਹੈ ਅਤੇ ਮਸਕੀਨਾਂ ਤੇ ਕੰਗਾਲਾਂ ਨੂੰ ਦੁੱਖ ਦਿੱਤਾ ਹੈ ਅਤੇ ਪਰਦੇਸੀਆਂ ਉੱਤੇ ਨਾਹੱਕ ਜ਼ਬਰਦਸਤੀ ਕੀਤੀ ਹੈ ।
30ਮੈਂ ਉਹਨਾਂ ਵਿੱਚ ਭਾਲ ਕੀਤੀ ਹੈ ਕਿ ਕੋਈ ਅਜਿਹਾ ਮਨੁੱਖ ਲੱਭੇ ਜੋ ਕੰਧ ਬਣਾਵੇ ਅਤੇ ਉਸ ਧਰਤੀ ਦੇ ਲਈ ਉਸ ਦੇ ਝਰਨੇ ਵਿੱਚ ਮੇਰੇ ਅੱਗੇ ਖਲੋਵੇ, ਤਾਂ ਜੋ ਮੈਂ ਉਹ ਨੂੰ ਨਾ ਉਜਾੜਾਂ, ਪਰ ਕੋਈ ਨਾ ਲੱਭਿਆ ।31ਇਸ ਲਈ ਮੈਂ ਆਪਣਾ ਕਹਿਰ ਉਹਨਾਂ ਉੱਤੇ ਵਹਾਇਆ ਅਤੇ ਆਪਣੇ ਕ੍ਰੋਧ ਦੀ ਅੱਗ ਨਾਲ ਉਹਨਾਂ ਨੂੰ ਮੁਕਾ ਦਿੱਤਾ ਅਤੇ ਮੈਂ ਉਹਨਾਂ ਦੀ ਕਰਨੀ ਨੂੰ ਉਹਨਾਂ ਦੇ ਸਿਰ ਉੱਤੇ ਪਾ ਦਿੱਤਾ, ਪ੍ਰਭੂ ਯਹੋਵਾਹ ਦਾ ਵਾਕ ਹੈ ।

23
ਦੋ ਵਿਭਚਾਰਨੀਆਂ ਭੈਣਾਂ

1ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ2ਹੇ ਮਨੁੱਖ ਦੇ ਪੁੱਤਰ, ਦੋ ਔਰਤਾਂ ਇੱਕ ਮਾਂ ਦੀਆਂ ਧੀਆਂ ਸਨ ।3ਉਹਨਾਂ ਨੇ ਮਿਸਰ ਵਿੱਚ ਵਿਭਚਾਰ ਕੀਤਾ । ਉਹ ਆਪਣੀ ਜੁਆਨੀ ਵਿੱਚ ਵਿਭਚਾਰਨਾਂ ਬਣੀਆਂ । ਉੱਥੇ ਉਹਨਾਂ ਦੀਆਂ ਛਾਤੀਆਂ ਪੁੱਟੀਆਂ ਗਈਆਂ ਅਤੇ ਉੱਥੇ ਹੀ ਉਹਨਾਂ ਦੇ ਕੁਆਰਪੁਣੇ ਦੀਆਂ ਦੁੱਧੀਆਂ ਖਿੱਚੀਆਂ ਗਈਆਂ ।4ਉਹਨਾਂ ਵਿੱਚੋਂ ਵੱਡੀ ਦਾ ਨਾਮ ਆਹਾਲਾਹ ਅਤੇ ਉਹ ਦੀ ਭੈਣ ਦਾ ਨਾਮ ਆਹਾਲੀਬਾਹ ਸੀ । ਉਹ ਮੇਰੀਆਂ ਹੋ ਗਈਆਂ ਅਤੇ ਉਹਨਾਂ ਨੇ ਧੀਆਂ ਪੁੱਤਰ ਜੰਮੇ ਅਤੇ ਉਹਨਾਂ ਦੇ ਨਾਮ ਆਹਾਲਾਹ ਸਾਮਰਿਯਾ ਅਤੇ ਆਹਾਲੀਬਾਹ ਯਰੂਸ਼ਲਮ ਹੈ ।

5ਆਹਾਲਾਹ ਜਦੋਂ ਕਿ ਮੇਰੀ ਸੀ ਵਿਭਚਾਰ ਕਰਨ ਲੱਗੀ ਅਤੇ ਉਹ ਆਪਣੇ ਗੁਆਂਢੀ ਯਾਰਾਂ ਅਰਥਾਤ ਅੱਸ਼ੂਰੀਆਂ ਤੇ ਮੋਹਤ ਹੋ ਗਈ ।6ਉਹ ਸੂਬੇਦਾਰ, ਸ਼ਰੀਫ ਅਤੇ ਸਾਰੇ ਦੇ ਸਾਰੇ ਚੁਣਵੇਂ ਸੁਨੱਖੇ ਗੱਭਰੂ ਸਨ, ਜੋ ਘੋੜਿਆਂ ਤੇ ਸਵਾਰ ਹੁੰਦੇ ਅਤੇ ਬੈਂਗਣੀ ਕੱਪੜੇ ਪਹਿਨਦੇ ਸਨ ।7ਉਸ ਨੇ ਉਹਨਾਂ ਸਾਰਿਆਂ ਦੇ ਨਾਲ ਜਿਹੜੇ ਅੱਸ਼ੂਰੀਆਂ ਦੇ ਚੁਣਵੇਂ ਜੁਆਨ ਸਨ, ਵਿਭਚਾਰ ਕੀਤਾ ਅਤੇ ਜਿਹਨਾਂ ਉੱਤੇ ਉਹ ਮੋਹਤ ਸੀ ਉਹਨਾਂ ਦੀਆਂ ਮੂਰਤੀਆਂ ਦੇ ਨਾਲ ਉਹ ਭ੍ਰਿਸ਼ਟ ਹੋਈ ।
8ਉਸ ਨੇ ਜੋ ਵਿਭਚਾਰ ਮਿਸਰ ਵਿੱਚ ਕੀਤਾ ਸੀ, ਉਹ ਨੂੰ ਨਾ ਛੱਡਿਆ ਕਿਉਂ ਜੋ ਉਹ ਉਸ ਦੀ ਜੁਆਨੀ ਸਮੇਂ ਉਸ ਨਾਲ ਲੇਟੇ ਅਤੇ ਉਹਨਾਂ ਨੇ ਉਹ ਦੇ ਕੁਆਰਪੁਣੇ ਦੀਆਂ ਦੁੱਧੀਆਂ ਨੂੰ ਖਿੱਚਿਆ ਅਤੇ ਆਪਣਾ ਵਿਭਚਾਰ ਉਹ ਦੇ ਉੱਤੇ ਪਾ ਦਿੱਤਾ ।9ਇਸ ਲਈ ਮੈਂ ਉਹ ਨੂੰ ਉਸ ਦੇ ਯਾਰਾਂ ਦੇ ਹੱਥ ਵਿੱਚ ਅਰਥਾਤ ਅੱਸ਼ੂਰੀਆਂ ਦੇ ਹੱਥ ਵਿੱਚ ਸੌਂਪ ਦਿੱਤਾ, ਜਿਹਨਾਂ ਉੱਤੇ ਉਹ ਮੋਹਤ ਸੀ ।10ਉਹਨਾਂ ਨੇ ਉਹ ਨੂੰ ਬੇ-ਪੜਦਾ ਕੀਤਾ ਅਤੇ ਉਸ ਦੇ ਧੀਆਂ ਪੁੱਤਰਾਂ ਨੂੰ ਖੋਹ ਲਿਆ ਅਤੇ ਉਹਨਾਂ ਨੇ ਉਹ ਨੂੰ ਤਲਵਾਰ ਨਾਲ ਵੱਢ ਦਿੱਤਾ, ਸੋ ਉਹ ਸਾਰੀਆਂ ਔਰਤਾਂ ਵਿੱਚ ਪ੍ਰਸਿੱਧ ਹੋ ਗਈ, ਕਿਉਂ ਜੋ ਉਹਨਾਂ ਉਹ ਦੇ ਉੱਤੇ ਸਜ਼ਾ ਲਿਆਈ ।
11ਉਸ ਦੀ ਭੈਣ ਆਹਾਲੀਬਾਹ ਨੇ ਇਹ ਵੇਖਿਆ, ਪਰ ਉਹ ਇਸ਼ਕ ਵਿੱਚ ਅਤੇ ਵਿਭਚਾਰ ਵਿੱਚ, ਆਪਣੀ ਉਸ ਭੈਣ ਤੋਂ ਭੈੜੀ ਨਿੱਕਲੀ ।12ਉਹ ਅੱਸ਼ੂਰੀਆਂ ਤੇ ਮੋਹਤ ਹੋਈ ਜਿਹੜੇ ਸੂਬੇਦਾਰ ਅਤੇ ਸ਼ਰੀਫ ਗੁਆਂਢੀ ਸਨ, ਜਿਹੜੇ ਸੁੰਦਰ ਕੱਪੜੇ ਪਹਿਨਦੇ ਅਤੇ ਘੋੜਿਆਂ ਤੇ ਸਵਾਰ ਹੁੰਦੇ ਅਤੇ ਸਾਰਿਆਂ ਦੇ ਸਾਰੇ ਚੁਣਵੇਂ ਗੱਭਰੂ ਸਨ ।13ਮੈਂ ਵੇਖਿਆ ਕਿ ਉਹ ਵੀ ਭ੍ਰਿਸ਼ਟ ਹੋ ਗਈ, ਉਹਨਾਂ ਦੋਵਾਂ ਦਾ ਇੱਕੋ ਹੀ ਮਾਰਗ ਸੀ ।
14ਉਹ ਵਿਭਚਾਰ ਵਿੱਚ ਵੱਧ ਗਈ, ਨਾਲੇ ਉਹ ਨੇ ਕੰਧ ਉੱਤੇ ਮਨੁੱਖਾਂ ਦੀਆਂ ਮੂਰਤਾਂ ਅਰਥਾਤ ਕਸਦੀਆਂ ਦੀਆਂ ਮੂਰਤਾਂ ਵੇਖੀਆਂ ਜਿਹੜੀਆਂ ਸ਼ਿੰਗਰਫ ਨਾਲ ਖਿੱਚੀਆਂ ਹੋਈਆਂ ਸਨ ।15ਜਿਹਨਾਂ ਨੇ ਪਟਕਿਆਂ ਨਾਲ ਕਮਰਾਂ ਬੰਨ੍ਹੀਆਂ ਸਨ ਅਤੇ ਸਿਰਾਂ ਉੱਤੇ ਰੰਗਦਾਰ ਲੜਾਂ ਵਾਲੀਆਂ ਪੱਗਾਂ ਸਨ ਅਤੇ ਸਾਰੇ ਦੇ ਸਾਰੇ ਵੇਖਣ ਵਿੱਚ ਬਾਬਲੀਆਂ ਦੇ ਕਪਤਾਨਾਂ ਵਰਗੇ ਸਨ, ਜਿਹਨਾਂ ਦੀ ਜਨਮ ਭੂਮੀ ਕਸਦੀਮ ਹੈ ।
16ਤਾਂ ਵੇਖਦਿਆਂ ਹੀ ਉਹ ਉਹਨਾਂ ਉੱਤੇ ਮੋਹਤ ਹੋ ਗਈ ਅਤੇ ਉਹਨਾਂ ਦੇ ਕੋਲ ਕਸਦੀਮ ਵਿੱਚ ਦੂਤ ਭੇਜੇ ।17ਇਸ ਲਈ ਬਾਬਲ ਵਾਸੀ ਉਹ ਦੇ ਕੋਲ ਆਏ ਅਤੇ ਭੋਗ ਦੀ ਸੇਜ ਤੇ ਲੇਟੇ ਅਤੇ ਉਹਨਾਂ ਨੇ ਵਿਭਚਾਰ ਨਾਲ ਉਹ ਨੂੰ ਭ੍ਰਿਸ਼ਟ ਕੀਤਾ ਅਤੇ ਉਹ ਉਹਨਾਂ ਤੋਂ ਭਿੱਟੀ ਗਈ, ਤਾਂ ਉਹ ਦੀ ਜਾਨ ਨੇ ਉਹਨਾਂ ਤੋਂ ਸੂਗ ਕੀਤੀ ।
18ਜਦ ਉਹ ਦਾ ਵਿਭਚਾਰ ਖੁੱਲ੍ਹ ਗਿਆ ਅਤੇ ਉਹ ਦਾ ਨੰਗੇਜ਼ ਖੁੱਲ੍ਹ ਗਿਆ ਤਾਂ ਮੇਰੀ ਜਾਨ ਨੇ ਉਸ ਤੋਂ ਸੂਗ ਕੀਤੀ, ਜਿਵੇਂ ਉਸ ਦੀ ਭੈਣ ਤੋਂ ਮੇਰੀ ਜਾਨ ਨੇ ਸੂਗ ਕੀਤੀ ਸੀ ।19ਫਿਰ ਵੀ ਉਸ ਨੇ ਆਪਣੇ ਵਿਭਚਾਰ ਨੂੰ ਵਧਾਇਆ, ਆਪਣੀ ਜੁਆਨੀ ਦੇ ਦਿਨਾਂ ਨੂੰ ਚੇਤੇ ਕਰ ਕੇ, ਜਿਵੇਂ ਉਸ ਨੇ ਮਿਸਰ ਦੇਸ ਵਿੱਚ ਵਿਭਚਾਰ ਕੀਤਾ ਸੀ ।
20ਉਹ ਫੇਰ ਆਪਣੇ ਯਾਰਾਂ ਉੱਤੇ ਮੋਹਤ ਹੋਣ ਲੱਗੀ, ਜਿਹਨਾਂ ਦਾ ਅੰਗ ਖੋਤਿਆਂ ਵਰਗਾ ਅਤੇ ਜਿਹਨਾਂ ਦਾ ਵਰ੍ਹਾਓ ਘੋੜਿਆਂ ਦਾ ਵਰ੍ਹਾਓ ਹੈ ।21ਇਸ ਤਰ੍ਹਾਂ ਤੂੰ ਆਪਣੀ ਜੁਆਨੀ ਦੇ ਲੁੱਚਪੁਣੇ ਨੂੰ ਜਦੋਂ ਕਿ ਮਿਸਰੀ ਤੇਰੀਆਂ ਜੁਆਨ ਦੁੱਧੀਆਂ ਨੂੰ ਖਿੱਚਦੇ ਅਤੇ ਤੇਰੀਆਂ ਛਾਤੀਆਂ ਨੂੰ ਮਲਦੇ ਸਨ, ਫੇਰ ਲੋਚਣ ਲੱਗੀ ।
ਛੋਟੀ ਭੈਣ ਨੂੰ ਪਰਮੇਸ਼ੁਰ ਦੀ ਸਜ਼ਾ

22ਇਸ ਲਈ ਹੇ ਆਹਾਲੀਬਾਹ, ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖ, ਮੈਂ ਤੇਰੇ ਉਹਨਾਂ ਯਾਰਾਂ ਨੂੰ ਜਿਹਨਾਂ ਤੋਂ ਤੇਰੀ ਜਾਨ ਤੰਗ ਆ ਗਈ ਹੈ, ਤੇਰੇ ਵਿਰੁੱਧ ਉਠਾਵਾਂਗਾ ਅਤੇ ਉਹਨਾਂ ਨੂੰ ਤੇਰੇ ਵਿਰੁੱਧ ਚਾਰੇ ਪਾਸਿਓਂ ਲੈ ਆਵਾਂਗਾ ।23ਬਾਬਲ ਵਾਸੀਆਂ ਅਤੇ ਸਾਰੇ ਕਸਦੀਆਂ ਨੂੰ ਫਿਦੋਕ, ਸ਼ੋਆ, ਕੋਅ ਅਤੇ ਉਹਨਾਂ ਦੇ ਨਾਲ ਸਾਰੇ ਅੱਸ਼ੂਰੀਆਂ ਨੂੰ, ਸਾਰੇ ਦੇ ਸਾਰੇ ਚੁਣਵੇਂ ਸੁੰਦਰ ਗੱਭਰੂਆਂ ਨੂੰ, ਸੂਬੇਦਾਰਾਂ, ਸ਼ਰੀਫਾਂ ਨੂੰ ਅਤੇ ਸਾਰੇ ਕਪਤਾਨਾਂ ਨੂੰ ਅਤੇ ਪ੍ਰਸਿੱਧ ਲੋਕਾਂ ਨੂੰ, ਜੋ ਸਾਰੇ ਦੇ ਸਾਰੇ ਘੋੜਿਆਂ ਤੇ ਸਵਾਰ ਹੁੰਦੇ ਹਨ
24ਅਤੇ ਉਹ ਜੰਗੀ ਸ਼ਸ਼ਤ੍ਰਾਂ, ਰਥਾਂ, ਛਕੜਿਆਂ ਅਤੇ ਲੋਕਾਂ ਦੀ ਸਭਾ ਨਾਲ ਤੇਰੇ ਉੱਤੇ ਚੜ੍ਹਾਈ ਕਰਨਗੇ ਅਤੇ ਢਾਲ਼, ਸੀਨਾ ਬੰਦ ਅਤੇ ਲੋਹੇ ਦਾ ਟੋਪ ਪਾ ਕੇ ਚਾਰੇ ਪਾਸਿਓਂ ਤੈਨੂੰ ਘੇਰ ਲੈਣਗੇ । ਮੈਂ ਨਿਆਂ ਉਹਨਾਂ ਨੂੰ ਸੌਂਪਾਂਗਾ ਅਤੇ ਉਹ ਆਪਣੇ ਨਿਆਂ ਅਨੁਸਾਰ ਤੇਰਾ ਨਿਆਂ ਕਰਨਗੇ ।25ਮੈਂ ਆਪਣੀ ਅਣਖ ਨੂੰ ਤੇਰੇ ਵਿਰੁੱਧ ਦਿਆਂਗਾ ਅਤੇ ਉਹ ਕ੍ਰੋਧਵਾਨ ਹੋ ਕੇ ਤੇਰੇ ਨਾਲ ਵਰਤਣਗੇ । ਤੇਰਾ ਨੱਕ ਅਤੇ ਤੇਰਾ ਕੰਨ ਵੱਢ ਸੁੱਟਣਗੇ, ਅਤੇ ਤੇਰੇ ਰਹਿੰਦੇ ਲੋਕ ਤਲਵਾਰ ਨਾਲ ਵੱਢੇ ਜਾਣਗੇ । ਉਹ ਤੇਰੇ ਪੁੱਤਰਾਂ ਧੀਆਂ ਨੂੰ ਲੈ ਜਾਣਗੇ ਅਤੇ ਤੇਰੇ ਬਚਿਆਂ ਹੋਇਆਂ ਨੂੰ ਅੱਗ ਭੱਖ ਲਵੇਗੀ ।
26ਉਹ ਤੇਰੇ ਕੱਪੜੇ ਲਾਹ ਲੈਣਗੇ ਅਤੇ ਤੇਰੇ ਸੁੰਦਰ ਗਹਿਣੇ ਲੁੱਟ ਲੈ ਜਾਣਗੇ ।27ਇਸ ਲਈ ਮੈਂ ਤੇਰੇ ਲੁੱਚਪੁਣੇ ਅਤੇ ਤੇਰੇ ਵਿਭਚਾਰ ਨੂੰ ਜੋ ਤੂੰ ਮਿਸਰ ਵਿੱਚੋਂ ਲਿਆਈ, ਮੁਕਾ ਦਿਆਂਗਾ, ਤਾਂ ਜੋ ਤੂੰ ਮੁੜ ਕੇ ਉਹਨਾਂ ਵੱਲ ਆਪਣੀ ਅੱਖ ਨਾ ਚੁੱਕੇਂਗੀ, ਨਾ ਫੇਰ ਮਿਸਰ ਨੂੰ ਚੇਤੇ ਕਰੇਂਗੀ ।
28ਕਿਉਂ ਜੋ ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖ, ਮੈਂ ਤੈਨੂੰ ਉਹਨਾਂ ਦੇ ਹੀ ਹੱਥ ਵਿੱਚ ਜਿਹਨਾਂ ਤੋਂ ਤੈਨੂੰ ਘਿਰਣਾ ਹੈ, ਹਾਂ, ਉਹਨਾਂ ਦੇ ਹੀ ਹੱਥਾਂ ਵਿੱਚ ਜਿਹਨਾਂ ਤੋਂ ਤੇਰੀ ਜਾਨ ਨੇ ਸੂਗ ਕੀਤੀ, ਦਿਆਂਗਾ ।29ਉਹ ਤੇਰੇ ਨਾਲ ਘਿਰਣਾ ਦਾ ਵਰਤਾਓ ਕਰਨਗੇ ਅਤੇ ਤੇਰੀ ਸਾਰੀ ਮਿਹਨਤ ਜੋ ਤੂੰ ਇਕੱਠੀ ਕੀਤੀ ਹੈ, ਲੈ ਜਾਣਗੇ ਅਤੇ ਤੈਨੂੰ ਨੰਗਾ ਧੜੰਗਾ ਛੱਡ ਜਾਣਗੇ, ਇੱਥੋਂ ਤੱਕ ਕਿ ਤੇਰੇ ਵਿਭਚਾਰ ਦਾ ਨੰਗੇਜ਼ ਖੁੱਲ੍ਹ ਜਾਵੇਗਾ ਅਤੇ ਤੇਰਾ ਲੁੱਚਪੁਣਾ ਤੇ ਤੇਰੀ ਵਿਭਚਾਰੀ ਵੀ ।
30ਇਹ ਸਾਰੀਆਂ ਗੱਲਾਂ ਤੇਰੇ ਨਾਲ ਇਸ ਲਈ ਹੋਣਗੀਆਂ ਕਿ ਤੂੰ ਵਿਭਚਾਰ ਲਈ ਦੂਜੀਆਂ ਕੌਮਾਂ ਦੇ ਮਗਰ ਪਈ ਅਤੇ ਉਹਨਾਂ ਦੀਆਂ ਮੂਰਤਾਂ ਨਾਲ ਆਪਣੇ ਆਪ ਨੂੰ ਭ੍ਰਿਸ਼ਟ ਕੀਤਾ ।31ਤੂੰ ਆਪਣੀ ਭੈਣ ਦੇ ਰਾਹ ਤੇ ਚਲੀ, ਇਸ ਲਈ ਮੈਂ ਉਹ ਦਾ ਕਟੋਰਾ ਤੇਰੇ ਹੱਥ ਵਿੱਚ ਦਿਆਂਗਾ ।
32ਪ੍ਰਭੂ ਯਹੋਵਾਹ ਇਹ ਆਖਦਾ ਹੈ, ਤੂੰ ਆਪਣੀ ਭੈਣ ਦੇ ਕਟੋਰੇ ਵਿੱਚੋਂ ਜੋ ਡੂੰਘਾ ਅਤੇ ਚੌੜਾ ਹੈ ਪੀਵੇਂਗੀ, ਲੋਕ ਤੇਰੇ ਉੱਤੇ ਹੱਸਣਗੇ ਅਤੇ ਤੈਨੂੰ ਠੱਠੇ ਕਰਨਗੇ, ਕਿਉਂ ਜੋ ਉਸ ਕਟੋਰੇ ਵਿੱਚ ਪੀਣ ਲਈ ਹੈ ।
33ਤੂੰ ਮਸਤੀ ਤੇ ਸੋਗ ਨਾਲ ਭਰ ਜਾਵੇਂਗੀ, ਹੈਰਾਨੀ ਅਤੇ ਉਜਾੜ ਦਾ ਕਟੋਰਾ ਹੈ ।34ਤੂੰ ਉਹ ਨੂੰ ਪੀਵੇਂਗੀ ਅਤੇ ਉਹ ਨੂੰ ਨਿਚੋੜੇਂਗੀ, ਉਹ ਦੀਆਂ ਠੀਕਰੀਆਂ ਵੀ ਚਬਾ ਜਾਵੇਂਗੀ ਅਤੇ ਆਪਣੀਆਂ ਛਾਤੀਆਂ ਪੁਟੇਂਗੀ । ਕਿਉਂ ਜੋ ਮੈਂ ਹੀ ਇਹ ਆਖਿਆ ਹੈ, ਪ੍ਰਭੂ ਯਹੋਵਾਹ ਦਾ ਵਾਕ ਹੈ ।
35ਸੋ ਪ੍ਰਭੂ ਯਹੋਵਾਹ ਇਹ ਆਖਦਾ ਹੈ, ਤੂੰ ਮੈਨੂੰ ਭੁੱਲ ਗਈ ਅਤੇ ਮੈਨੂੰ ਆਪਣੀ ਪਿੱਠ ਪਿੱਛੇ ਸੁੱਟ ਦਿੱਤਾ, ਇਸ ਲਈ ਤੂੰ ਆਪਣੇ ਲੁੱਚਪੁਣੇ ਨੂੰ ਅਤੇ ਆਪਣੇ ਵਿਭਚਾਰ ਨੂੰ ਚੁੱਕ ।
ਦੋਵਾਂ ਭੈਣਾਂ ਨੂੰ ਪਰਮੇਸ਼ੁਰ ਦੀ ਸਜ਼ਾ

36ਫੇਰ ਯਹੋਵਾਹ ਨੇ ਮੈਨੂੰ ਫ਼ਰਮਾਇਆ, ਹੇ ਮਨੁੱਖ ਦੇ ਪੁੱਤਰ, ਕੀ ਤੂੰ ਆਹਾਲਾਹ ਅਤੇ ਆਹਾਲੀਬਾਹ ਦਾ ਨਿਆਂ ਕਰੇਂਗਾ ? ਤੂੰ ਉਹਨਾਂ ਦੇ ਘਿਣਾਉਣੇ ਕੰਮ ਉਹਨਾਂ ਨੂੰ ਦੱਸ ।37ਕਿਉਂ ਜੋ ਉਹਨਾਂ ਨੇ ਵਿਭਚਾਰ ਕੀਤਾ ਅਤੇ ਉਹਨਾਂ ਦੇ ਹੱਥ ਲਹੂ ਨਾਲ ਭਰੇ ਹਨ । ਹਾਂ, ਉਹਨਾਂ ਨੇ ਆਪਣੀਆਂ ਮੂਰਤੀਆਂ ਨਾਲ ਵਿਭਚਾਰ ਕੀਤਾ ਅਤੇ ਆਪਣੇ ਪੁੱਤਰਾਂ ਨੂੰ ਜੋ ਮੇਰੇ ਤੋਂ ਜੰਮੇ ਅੱਗ ਵਿੱਚੋਂ ਲੰਘਾਇਆ ਕਿ ਮੂਰਤੀਆਂ ਲਈ ਉਹ ਖਾਣਾ ਹੋਣ !
38ਇਸ ਤੋਂ ਬਿਨ੍ਹਾਂ ਉਹਨਾਂ ਨੇ ਮੇਰੇ ਨਾਲ ਇਹ ਕੀਤਾ ਕਿ ਉਸੇ ਦਿਨ ਉਹਨਾਂ ਨੇ ਮੇਰੇ ਪਵਿੱਤਰ ਸਥਾਨ ਨੂੰ ਭ੍ਰਿਸ਼ਟ ਕੀਤਾ ਅਤੇ ਮੇਰੇ ਸਬਤਾਂ ਨੂੰ ਪਲੀਤ ਕੀਤਾ ।39ਕਿਉਂ ਜੋ ਜਦ ਉਹ ਆਪਣੇ ਪੁੱਤਰਾਂ ਨੂੰ ਆਪਣੀਆਂ ਮੂਰਤੀਆਂ ਦੇ ਲਈ ਵੱਢ ਚੁੱਕੇ, ਤਾਂ ਉਸੇ ਦਿਨ ਮੇਰੇ ਪਵਿੱਤਰ ਸਥਾਨ ਵਿੱਚ ਆ ਵੜੇ, ਤਾਂ ਜੋ ਉਹ ਨੂੰ ਪਲੀਤ ਕਰਨ ਅਤੇ ਵੇਖ, ਉਹਨਾਂ ਨੇ ਮੇਰੇ ਭਵਨ ਵਿੱਚ ਅਜਿਹਾ ਕੰਮ ਕੀਤਾ !
40ਸਗੋਂ ਉਹਨਾਂ ਨੇ ਦੂਰ ਤੋਂ ਮਨੁੱਖ ਸੱਦੇ, ਜਿਹਨਾਂ ਦੇ ਕੋਲ ਦੂਤ ਭੇਜਿਆ ਅਤੇ ਵੇਖ, ਉਹ ਆਏ ਜਿਹਨਾਂ ਦੇ ਲਈ ਤੂੰ ਨ੍ਹਾਤੀ ਧੋਤੀ, ਅੱਖਾਂ ਵਿੱਚ ਕੱਜਲ ਪਾਇਆ ਅਤੇ ਗਹਿਣਿਆਂ ਨਾਲ ਆਪਣੇ ਆਪ ਨੂੰ ਸ਼ਿੰਗਾਰਿਆ ।41ਤੂੰ ਸਜਾਏ ਹੋਏ ਪਲੰਘ ਤੇ ਬੈਠੀ ਅਤੇ ਉਹ ਦੇ ਅੱਗੇ ਮੇਜ਼ ਤਿਆਰ ਕੀਤੀ ਅਤੇ ਉਸ ਉੱਤੇ ਤੂੰ ਮੇਰਾ ਧੂਫ਼ ਅਤੇ ਤੇਲ ਰੱਖਿਆ ।
42ਇੱਕ ਗਾਫਲਾਂ ਦੀ ਭੀੜ ਦੀ ਅਵਾਜ਼ ਉਹ ਦੇ ਨਾਲ ਸੀ, ਆਮ ਮਨੁੱਖਾਂ ਤੋਂ ਬਿਨਾਂ ਜੰਗਲ ਵਿੱਚੋਂ ਸ਼ਰਾਬੀ ਆਦਮੀਆਂ ਨੂੰ ਲਿਆਏ ਅਤੇ ਉਹਨਾਂ ਨੇ ਉਹਨਾਂ ਦੇ ਹੱਥ ਵਿੱਚ ਕੜੇ ਅਤੇ ਸਿਰਾਂ ਉੱਤੇ ਸੁੰਦਰ ਤਾਜ ਪਹਿਨਾਏ ।
43ਤਦ ਮੈਂ ਉਹ ਦੇ ਬਾਰੇ ਜੋ ਵਿਭਚਾਰ ਕਰਦੇ ਕਰਦੇ ਬੁੱਢੀ ਹੋ ਗਈ ਸੀ ਆਖਿਆ, ਹੁਣ ਇਹ ਲੋਕ ਉਹ ਦੇ ਨਾਲ ਵਿਭਚਾਰ ਕਰਨਗੇ ਤੇ ਉਹ ਇਹਨਾਂ ਦੇ ਨਾਲ ।44ਉਹ ਉਹ ਦੇ ਕੋਲ ਇਸ ਤਰ੍ਹਾਂ ਗਏ ਜਿਵੇਂ ਕੋਈ ਮਨੁੱਖ ਕਿਸੇ ਵਿਭਚਾਰਨ ਔਰਤ ਕੋਲ ਜਾਂਦਾ ਹੈ । ਓਵੇਂ ਹੀ ਉਹ ਆਹਾਲਾਹ ਅਤੇ ਆਹਾਲੀਬਾਹ ਲੁੱਚੜ ਔਰਤਾਂ ਦੇ ਕੋਲ ਗਏ ।45ਪਰ ਧਰਮੀ ਮਨੁੱਖ ਉਹਨਾਂ ਦਾ ਨਿਆਂ ਕਰਨਗੇ, ਜਿਹੜਾ ਵਿਭਚਾਰਨਾਂ ਅਤੇ ਲਹੂ ਵਹਾਉਣ ਵਾਲੀਆਂ ਔਰਤਾਂ ਲਈ ਦਿੱਤਾ ਜਾਂਦਾ ਹੈ, ਕਿਉਂ ਜੋ ਉਹ ਵਿਭਚਾਰਨੀਆਂ ਹਨ ਅਤੇ ਉਹਨਾਂ ਦੇ ਹੱਥ ਲਹੂ ਨਾਲ ਭਰੇ ਹਨ ।
46ਕਿਉਂ ਜੋ ਪ੍ਰਭੂ ਯਹੋਵਾਹ ਇਹ ਆਖਦਾ ਹੈ, ਮੈਂ ਉਹਨਾਂ ਉੱਤੇ ਇੱਕ ਦਲ ਚੜ੍ਹਾ ਲਿਆਵਾਂਗਾ ਅਤੇ ਉਹਨਾਂ ਨੂੰ ਹੌਲ ਅਤੇ ਲੁੱਟ ਜ਼ਰੂਰ ਬਣਾਵਾਂਗਾ47ਅਤੇ ਉਹ ਦਲ ਉਹਨਾਂ ਨੂੰ ਪੱਥਰਾਂ ਨਾਲ ਮਾਰ ਦੇਵੇਗਾ ਅਤੇ ਆਪਣੀਆਂ ਤਲਵਾਰਾਂ ਨਾਲ ਉਹਨਾਂ ਨੂੰ ਵੱਢੇਗਾ, ਉਹਨਾਂ ਦੇ ਪੁੱਤਰਾਂ ਧੀਆਂ ਨੂੰ ਮਾਰ ਦੇਵੇਗਾ ਅਤੇ ਉਹਨਾਂ ਦੇ ਘਰਾਂ ਨੂੰ ਅੱਗ ਨਾਲ ਫੂਕ ਸੁੱਟੇਗਾ ।
48ਇਸ ਤਰ੍ਹਾਂ ਮੈਂ ਦੇਸ ਵਿੱਚੋਂ ਲੁੱਚਪੁਣੇ ਨੂੰ ਮੁਕਾਵਾਂਗਾ, ਤਾਂ ਜੋ ਸਾਰੀਆਂ ਔਰਤਾਂ ਸਿੱਖਿਆ ਪ੍ਰਾਪਤ ਕਰਨ ਅਤੇ ਤੁਹਾਡੇ ਵਾਂਗੂੰ ਲੁੱਚਪੁਣਾ ਨਾ ਕਰਨ49ਅਤੇ ਉਹ ਤੁਹਾਡੇ ਲੁੱਚਪੁਣੇ ਦਾ ਬਦਲਾ ਤੁਹਾਨੂੰ ਦੇਣਗੇ ਅਤੇ ਤੁਸੀਂ ਆਪਣੀਆਂ ਮੂਰਤੀਆਂ ਦੇ ਪਾਪਾਂ ਦੀ ਸਜ਼ਾ ਭੋਗੋ ਗੀਆਂ, ਤਾਂ ਜੋ ਤੁਸੀਂ ਜਾਣੋ ਕਿ ਪ੍ਰਭੂ ਯਹੋਵਾਹ ਮੈਂ ਹੀ ਹਾਂ !

24
ਉੱਬਲਦਾ ਹੋਇਆ ਭਾਂਡਾ

1ਫੇਰ ਨੌਵੇਂ ਸਾਲ ਦੇ ਦਸਵੇਂ ਮਹੀਨੇ ਦੀ ਦਸ ਤਾਰੀਖ਼ ਨੂੰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ2ਹੇ ਮਨੁੱਖ ਦੇ ਪੁੱਤਰ, ਅੱਜ ਦੇ ਦਿਨ ਹਾਂ, ਇਸੇ ਦਿਨ ਦਾ ਨਾਮ ਲਿਖ ਲੈ ਕਿ ਬਾਬਲ ਦੇ ਰਾਜੇ ਨੇ ਠੀਕ ਇਸੇ ਦਿਨ ਯਰੂਸ਼ਲਮ ਉੱਤੇ ਘੇਰਾ ਪਾਇਆ ।

3ਇਸ ਵਿਦਰੋਹੀ ਘਰਾਣੇ ਦੇ ਲਈ ਇੱਕ ਕਹਾਵਤ ਕਹਿ ਅਤੇ ਤੂੰ ਇਹਨਾਂ ਨੂੰ ਆਖ, ਪ੍ਰਭੂ ਯਹੋਵਾਹ ਇਹ ਆਖਦਾ ਹੈ, ਇੱਕ ਕੜਾਹਾ ਚੜ੍ਹਾ ਦੇ, ਹਾਂ, ਉਹ ਨੂੰ ਚਾੜ੍ਹ, ਤੇ ਉਸ ਵਿੱਚ ਪਾਣੀ ਭਰ ਦੇ,4ਇਹ ਦੇ ਵਿੱਚ ਟੋਟੇ ਇਕੱਠੇ ਕਰ, ਹਰੇਕ ਚੰਗਾ ਟੋਟਾ ਅਰਥਾਤ ਪੱਟ, ਮੋਢੇ, ਹਰ ਇੱਕ ਚੰਗਾ ਟੁੱਕੜਾ ਅਤੇ ਚੁਣਵੀਆਂ ਹੱਡੀਆਂ ਉਸ ਵਿੱਚ ਭਰ ਦੇ,5ਅਤੇ ਇੱਜੜ ਵਿੱਚੋਂ ਚੁਣ ਚੁਣ ਕੇ ਲੈ, ਅਤੇ ਉਹ ਦੇ ਹੇਠਾਂ ਹੱਡੀਆਂ ਦਾ ਢੇਰ ਲਾ ਦੇ, ਅਤੇ ਚੰਗੀ ਤਰ੍ਹਾਂ ਉਬਾਲ, ਤਾਂ ਜੋ ਉਹ ਦੀਆਂ ਹੱਡੀਆਂ ਉਸ ਵਿੱਚ ਚੰਗੀ ਤਰ੍ਹਾਂ ਉੱਬਲ ਜਾਣ ।
6ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਉਸ ਖੂਨੀ ਸ਼ਹਿਰ ਉੱਤੇ ਅਫ਼ਸੋਸ ਅਤੇ ਉਸ ਕੜਾਹੇ ਉੱਤੇ ਜਿਸ ਵਿੱਚ ਜੰਗਾਲ ਲੱਗਾ ਹੈ ਅਤੇ ਉਹ ਦਾ ਜੰਗਾਲ ਲਾਹਿਆ ਨਹੀਂ ਗਿਆ । ਇੱਕ-ਇੱਕ ਟੋਟਾ ਕਰਕੇ ਉਸ ਵਿੱਚੋਂ ਕੱਢ ਅਤੇ ਉਸ ਉੱਤੇ ਪਰਚੀਆਂ ਨਾ ਪਾਈਆਂ ਜਾਣ ।
7ਕਿਉਂ ਜੋ ਉਹ ਦਾ ਲਹੂ ਉਹ ਦੇ ਵਿੱਚ ਹੈ । ਉਸ ਨੇ ਉਹ ਨੂੰ ਸੁੱਕੀ ਚਟਾਨ ਤੇ ਰੱਖਿਆ, ਧਰਤੀ ਤੇ ਨਹੀਂ ਡੋਲ੍ਹਿਆ ਕਿ ਮਿੱਟੀ ਵਿੱਚ ਢੱਕਿਆ ਜਾਏ ।8ਇਸ ਲਈ ਕਿ ਉਹ ਕਹਿਰ ਨੂੰ ਚੜ੍ਹਾਵੇ, ਤਾਂ ਕਿ ਬਦਲਾ ਲਿਆ ਜਾਵੇ, ਮੈਂ ਉਹ ਦਾ ਲਹੂ ਸੁੱਕੀ ਚੱਟਾਨ ਤੇ ਰੱਖਿਆ, ਤਾਂ ਜੋ ਉਹ ਢੱਕਿਆ ਨਾ ਜਾਵੇ ।
9ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਖੂਨੀ ਸ਼ਹਿਰ ਉੱਤੇ ਹਾਏ ਹਾਏ ! ਮੈਂ ਵੀ ਵੱਡਾ ਢੇਰ ਲਾਵਾਂਗਾ ।10ਲੱਕੜਾਂ ਦਾ ਢੇਰ ਲਾ ਅਤੇ ਅੱਗ ਭੜਕਾ, ਮਾਸ ਨੂੰ ਚੰਗੀ ਤਰ੍ਹਾਂ ਉਬਾਲ, ਤਰੀ ਨੂੰ ਸੰਘਣਾ ਕਰ ਅਤੇ ਹੱਡੀਆਂ ਸਾੜੀਆਂ ਜਾਣ ।
11ਤਦ ਉਹ ਨੂੰ ਖ਼ਾਲੀ ਕਰ ਕੇ ਅੰਗਾਰਿਆਂ ਤੇ ਰੱਖ, ਤਾਂ ਜੋ ਉਹ ਦਾ ਪਿੱਤਲ ਗਰਮ ਹੋਵੇ ਅਤੇ ਪਿਘਲ ਜਾਵੇ । ਉਸ ਦੇ ਅੰਦਰ ਦੀ ਮੈਲ਼ ਸੜ ਜਾਵੇ ਅਤੇ ਉਹ ਦਾ ਜੰਗਾਲ ਸੜ ਜਾਵੇ ।12ਉਹ ਸਖ਼ਤ ਮਿਹਨਤ ਤੋਂ ਥੱਕ ਗਈ, ਪਰ ਉਹ ਦਾ ਬਹੁਤਾ ਜੰਗਾਲ ਉਸ ਵਿੱਚੋਂ ਦੂਰ ਨਹੀਂ ਹੋਇਆ । ਅੱਗ ਨਾਲ ਵੀ ਉਹ ਦਾ ਜੰਗਾਲ ਦੂਰ ਨਹੀਂ ਹੁੰਦਾ ।
13ਤੇਰੀ ਗੰਦਗੀ ਵਿੱਚ ਲੁੱਚਪੁਣਾ ਹੈ ਕਿਉਂ ਜੋ ਮੈਂ ਤੈਨੂੰ ਸਾਫ਼ ਕਰਨਾ ਚਾਹੁੰਦਾ ਸੀ, ਪਰ ਤੂੰ ਪਾਕ ਹੋਣਾ ਨਹੀਂ ਚਾਹੁੰਦੀ । ਤੂੰ ਆਪਣੀ ਗੰਦਗੀ ਤੋਂ ਫੇਰ ਸਾਫ਼ ਨਹੀਂ ਹੋਵੇਂਗੀ, ਜਦ ਤੱਕ ਕਿ ਮੈਂ ਆਪਣਾ ਕਹਿਰ ਤੇਰੇ ਉੱਤੇ ਪੂਰਾ ਨਾ ਕਰ ਚੁੱਕਾਂ ।
14ਮੈਂ ਯਹੋਵਾਹ ਨੇ ਇਹ ਆਖਿਆ ਹੈ । ਅਜਿਹਾ ਹੋਵੇਗਾ ਅਤੇ ਮੈਂ ਇਹ ਨੂੰ ਕਰਾਂਗਾ, ਮੈਂ ਨਾ ਮੁੜਾਂਗਾ, ਮੈਂ ਨਾ ਛੱਡਾਂਗਾ, ਨਾ ਪਛਤਾਵਾਂਗਾ, ਤੇਰੇ ਮਾਰਗਾਂ ਅਤੇ ਤੇਰੇ ਕੰਮਾਂ ਦੇ ਅਨੁਸਾਰ ਉਹ ਤੇਰਾ ਨਿਆਂ ਕਰਨਗੇ, ਪ੍ਰਭੂ ਯਹੋਵਾਹ ਦਾ ਵਾਕ ਹੈ ।
ਹਿਜ਼ਕੀਏਲ ਦੀ ਪਤਨੀ ਦੀ ਮੌਤ

15ਫੇਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ16ਹੇ ਮਨੁੱਖ ਦੇ ਪੁੱਤਰ, ਵੇਖ, ਮੈਂ ਤੇਰੀਆਂ ਅੱਖਾਂ ਦੀ ਪ੍ਰੀਤਮਾ ਨੂੰ ਇੱਕ ਹੀ ਸੱਟ ਨਾਲ ਤੇਰੇ ਤੋਂ ਲੈ ਲਵਾਂਗਾ, ਤੂੰ ਨਾ ਸੋਗ ਕਰੀਂ, ਨਾ ਰੋਈਂ ਅਤੇ ਨਾ ਹੰਝੂ ਵਹਾਈਂ ।17ਚੁੱਪ ਚੁੱਪੀਤੇ ਹੌਕੇ ਭਰੀਂ, ਮੁਰਦੇ ਉੱਤੇ ਨਾ ਰੋਈਂ, ਸਿਰ ਉੱਤੇ ਆਪਣੀ ਪੱਗ ਬੰਨ੍ਹੀਂ ਅਤੇ ਪੈਰਾਂ ਵਿੱਚ ਜੁੱਤੀ ਪਾਈ ਅਤੇ ਆਪਣੇ ਬੁੱਲ੍ਹਾਂ ਨੂੰ ਨਾ ਢੱਕੀਂ ਅਤੇ ਮਨੁੱਖਾਂ ਦੀ ਰੋਟੀ ਨਾ ਖਾਈਂ ।
18ਇਸ ਲਈ ਮੈਂ ਸਵੇਰੇ ਲੋਕਾਂ ਨਾਲ ਗੱਲ ਕੀਤੀ ਅਤੇ ਸ਼ਾਮ ਵੇਲੇ ਮੇਰੀ ਪਤਨੀ ਮਰ ਗਈ, ਅਤੇ ਸਵੇਰੇ ਮੈਂ ਉਹੀ ਕੀਤਾ ਜਿਵੇਂ ਮੈਨੂੰ ਹੁਕਮ ਮਿਲਿਆ ਸੀ ।
19ਇਸ ਲਈ ਲੋਕਾਂ ਨੇ ਮੈਨੂੰ ਆਖਿਆ ਕਿ ਜੋ ਤੂੰ ਕਰਦਾ ਹੈਂ, ਸਾਨੂੰ ਨਹੀਂ ਦੱਸੇਂਗਾ ਕਿ ਇਹਨਾਂ ਗੱਲਾਂ ਦਾ ਸਾਡੇ ਨਾਲ ਕੀ ਸੰਬੰਧ ਹੈ ?20ਇਸ ਲਈ ਮੈਂ ਉਹਨਾਂ ਨੂੰ ਆਖਿਆ ਕਿ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ21ਇਸਰਾਏਲ ਦੇ ਘਰਾਣੇ ਨੂੰ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖੋ ! ਮੈਂ ਆਪਣੇ ਪਵਿੱਤਰ ਸਥਾਨ ਨੂੰ ਜਿਹੜਾ ਤੁਹਾਡੀ ਸ਼ਕਤੀ ਦਾ ਮਾਣ ਅਤੇ ਤੁਹਾਡੀਆਂ ਅੱਖਾਂ ਲਈ ਪਿਆਰਾ ਹੈ, ਜਿਸ ਲਈ ਤੁਹਾਡੀ ਜਾਨ ਤਰਸਦੀ ਹੈ, ਭ੍ਰਿਸ਼ਟ ਕਰਾਂਗਾ ਅਤੇ ਤੁਹਾਡੇ ਪੁੱਤਰਾਂ ਤੇ ਧੀਆਂ ਜਿਹਨਾਂ ਨੂੰ ਤੁਸੀਂ ਪਿੱਛੇ ਛੱਡ ਆਏ ਹੋ, ਤਲਵਾਰ ਨਾਲ ਡਿੱਗਣਗੇ ।
22ਤੁਸੀਂ ਇਸ ਤਰ੍ਹਾਂ ਹੀ ਕਰੋਗੇ ਜਿਵੇਂ ਮੈਂ ਕੀਤਾ । ਤੁਸੀਂ ਆਪਣੇ ਬੁੱਲ੍ਹਾਂ ਨੂੰ ਨਾ ਢੱਕੋਗੇ ਅਤੇ ਮਨੁੱਖਾਂ ਦੀ ਰੋਟੀ ਨਾ ਖਾਓਗੇ ।23ਤੁਹਾਡੀਆਂ ਪੱਗਾਂ ਤੁਹਾਡੇ ਸਿਰਾਂ ਉੱਤੇ ਅਤੇ ਤੁਹਾਡੀਆਂ ਜੁੱਤੀਆਂ ਤੁਹਾਡੇ ਪੈਰਾਂ ਵਿੱਚ ਹੋਣਗੀਆਂ ਅਤੇ ਨਾ ਤੁਸੀਂ ਸੋਗ ਕਰੋਗੇ, ਪਰ ਆਪਣੇ ਪਾਪਾਂ ਵਿੱਚ ਪਿਘਲਦੇ ਰਹੋਗੇ, ਅਤੇ ਇੱਕ ਦੂਜੇ ਲਈ ਧਾਹਾਂ ਮਾਰੋਗੇ ।24ਸੋ ਹਿਜ਼ਕੀਏਲ ਤੁਹਾਡੇ ਲਈ ਇੱਕ ਨਿਸ਼ਾਨ ਹੈ । ਸਾਰਾ ਕੁੱਝ ਜੋ ਉਸ ਕੀਤਾ, ਤੁਸੀਂ ਵੀ ਕਰੋਗੇ ਅਤੇ ਜਦੋਂ ਇਹ ਗੱਲਾਂ ਹੋਣਗੀਆਂ ਤਾਂ ਤੁਸੀਂ ਜਾਣੋਗੇ ਕਿ ਮੈਂ ਪ੍ਰਭੂ ਯਹੋਵਾਹ ਹਾਂ !
25ਹੇ ਮਨੁੱਖ ਦੇ ਪੁੱਤਰ, ਜਿਸ ਦਿਨ ਮੈਂ ਉਹਨਾਂ ਤੋਂ ਉਹਨਾਂ ਦੀ ਸ਼ਕਤੀ, ਖੁਸ਼ੀ ਅਤੇ ਪਰਤਾਪ, ਉਹਨਾਂ ਦੀਆਂ ਅੱਖਾਂ ਦੀ ਪ੍ਰੀਤਮਾ ਅਤੇ ਉਹਨਾਂ ਦੇ ਮਨ ਮੋਹਣੇ ਧੀਆਂ ਪੁੱਤਰ ਲੈ ਲਵਾਂਗਾ ।26ਉਸ ਦਿਨ ਜਿਹੜਾ ਬਚ ਗਿਆ, ਉਹ ਤੇਰੇ ਕੋਲ ਆਵੇਗਾ ਕਿ ਤੇਰੇ ਕੰਨ ਵਿੱਚ ਖ਼ਬਰ ਸੁਣਾਵੇ ।27ਉਸ ਦਿਨ ਉਸ ਬਚੇ ਹੋਏ ਲਈ ਤੇਰਾ ਮੂੰਹ ਖੁੱਲ੍ਹ ਜਾਵੇਗਾ ਅਤੇ ਤੂੰ ਬੋਲੇਂਗਾ ਅਤੇ ਫੇਰ ਗੂੰਗਾ ਨਾ ਰਹੇਂਗਾ, ਇਸ ਲਈ ਤੂੰ ਉਹਨਾਂ ਲਈ ਇੱਕ ਨਿਸ਼ਾਨ ਹੋਵੇਂਗਾ ਅਤੇ ਉਹ ਜਾਣਗੇ ਕਿ ਮੈਂ ਯਹੋਵਾਹ ਹਾਂ !

25
ਅੰਮੋਨ ਦੇ ਵਿਰੁੱਧ ਭਵਿੱਖਬਾਣੀ

1ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ2ਹੇ ਮਨੁੱਖ ਦੇ ਪੁੱਤਰ, ਅੰਮੋਨੀਆਂ ਵੱਲ ਆਪਣਾ ਮੂੰਹ ਕਰ ਕੇ ਉਹਨਾਂ ਦੇ ਵਿਰੁੱਧ ਭਵਿੱਖਬਾਣੀ ਕਰ

3ਅਤੇ ਤੂੰ ਅੰਮੋਨੀਆਂ ਨੂੰ ਆਖ ਕਿ ਪ੍ਰਭੂ ਯਹੋਵਾਹ ਦਾ ਬਚਨ ਸੁਣੋ ! ਪ੍ਰਭੂ ਯਹੋਵਾਹ ਇਹ ਆਖਦਾ ਹੈ, ਇਸ ਲਈ ਕਿ ਤੂੰ ਮੇਰੇ ਸਥਾਨ ਦੇ ਉੱਤੇ ਜਦੋਂ ਉਹ ਪਲੀਤ ਕੀਤਾ ਗਿਆ ਅਤੇ ਇਸਰਾਏਲ ਦੀ ਭੂਮੀ ਉੱਤੇ ਜਦੋਂ ਉਹ ਉਜਾੜੀ ਗਈ ਅਤੇ ਯਹੂਦਾਹ ਦੇ ਘਰਾਣੇ ਉੱਤੇ ਜਦੋਂ ਉਹ ਗੁਲਾਮੀ ਵਿੱਚ ਗਿਆ, "ਆਹਾ ਹਾ" ਆਖਿਆ ।4ਇਸ ਲਈ ਵੇਖ, ਮੈਂ ਤੈਨੂੰ ਪੂਰਬ ਵਾਸੀਆਂ ਨੂੰ ਸੌਂਪ ਦਿਆਂਗਾ, ਕਿ ਤੂੰ ਉਹਨਾਂ ਦੀ ਮਿਲਖ ਹੋਵੇਂ, ਉਹ ਤੇਰੇ ਵਿੱਚ ਆਪਣੀਆਂ ਛਾਉਣੀਆਂ ਬਣਾਉਣਗੇ, ਤੇਰੇ ਵਿੱਚ ਆਪਣੇ ਘਰ ਪਾਉਣਗੇ, ਤੇਰੇ ਮੇਵੇ ਖਾਣਗੇ ਅਤੇ ਤੇਰਾ ਦੁੱਧ ਪੀਣਗੇ ।5ਮੈਂ ਰਬਾਹ ਨੂੰ ਊਠਾਂ ਦੀ ਜੂਹ ਲਈ ਅਤੇ ਅੰਮੋਨੀਆਂ ਨੂੰ ਇੱਜੜਾਂ ਦੇ ਬੈਠਣ ਲਈ ਦਿਆਂਗਾ, ਭਈ ਤੁਸੀਂ ਜਾਣੋ ਕਿ ਮੈਂ ਯਹੋਵਾਹ ਹਾਂ !
6ਪ੍ਰਭੂ ਯਹੋਵਾਹ ਇਹ ਆਖਦਾ ਹੈ, ਇਸ ਲਈ ਕਿ ਤੂੰ ਤਾੜੀਆਂ ਵਜਾਈਆਂ ਅਤੇ ਆਪਣੇ ਪੈਰ ਧਰਤੀ ਤੇ ਮਾਰੇ ਅਤੇ ਇਸਰਾਏਲ ਦੀ ਭੂਮੀ ਲਈ ਜਾਨ ਨਾਲ ਸਾਰੀ ਨਿਆਦਰੀ ਕਰ ਕੇ ਅਨੰਦ ਹੋਇਆ ।7ਇਸ ਲਈ ਵੇਖ, ਮੈਂ ਆਪਣਾ ਹੱਥ ਤੇਰੇ ਵਿਰੁੱਧ ਚੁੱਕਿਆ ਅਤੇ ਤੈਨੂੰ ਕੌਮਾਂ ਨੂੰ ਦਿਆਂਗਾ, ਤਾਂ ਜੋ ਉਹ ਤੈਨੂੰ ਲੁੱਟ ਲੈਣ ਅਤੇ ਮੈਂ ਤੈਨੂੰ ਲੋਕਾਂ ਵਿੱਚੋਂ ਵੱਢ ਦਿਆਂਗਾ ਅਤੇ ਦੇਸਾਂ ਵਿੱਚੋਂ ਤੈਨੂੰ ਮਲੀਆ ਮੇਟ ਕਰ ਦਿਆਂਗਾ, ਮੈਂ ਤੈਨੂੰ ਨਾਸ਼ ਕਰਾਂਗਾ ਅਤੇ ਤੂੰ ਜਾਣੇਂਗਾ ਕਿ ਯਹੋਵਾਹ ਮੈਂ ਹੀ ਹਾਂ !
ਮੋਆਬ ਦੇ ਵਿਰੁੱਧ ਭਵਿੱਖਬਾਣੀ

8ਪ੍ਰਭੂ ਯਹੋਵਾਹ ਇਹ ਆਖਦਾ ਹੈ, ਇਸ ਲਈ ਕਿ ਮੋਆਬ ਅਤੇ ਸ਼ੇਈਰ ਆਖਦੇ ਹਨ, ਕਿ ਯਹੂਦਾਹ ਦਾ ਘਰਾਣਾ ਸਾਰੀਆਂ ਕੌਮਾਂ ਵਰਗਾ ਹੈ ।9ਇਸ ਲਈ ਵੇਖ, ਮੈਂ ਮੋਆਬ ਦੇ ਪਾਸੇ ਨੂੰ ਇਹਨਾਂ ਸ਼ਹਿਰਾਂ ਤੋਂ, ਉਹ ਦੇ ਹੱਦਾਂ ਵਾਲਿਆਂ ਸ਼ਹਿਰਾਂ ਤੋਂ ਜਿਹੜੇ ਧਰਤੀ ਦੀ ਵਡਿਆਈ ਹਨ, ਅਰਥਾਤ ਬੈਤ-ਯਸ਼ੀਮੋਥ, ਬਅਲ-ਮਅੋਨ ਅਤੇ ਕਿਰਯਾਥਇਮ, ਖੋਲ੍ਹ ਦਿਆਂਗਾ ।10ਮੈਂ ਪੂਰਬ ਵਾਸੀਆਂ ਨੂੰ ਉਹ ਨੂੰ ਅੰਮੋਨੀਆਂ ਦੇ ਨਾਲ ਅਧਿਕਾਰ ਲਈ ਦਿਆਂਗਾ, ਤਾਂ ਜੋ ਕੌਮਾਂ ਦੇ ਵਿੱਚ ਅੰਮੋਨੀ ਚੇਤੇ ਨਾ ਕੀਤੇ ਜਾਣ ।11ਮੈਂ ਮੋਆਬ ਦਾ ਨਿਆਂ ਕਰਾਂਗਾ ਅਤੇ ਉਹ ਜਾਣਨਗੇ ਕਿ ਮੈਂ ਯਹੋਵਾਹ ਹੈ !
ਅਦੋਮ ਦੇ ਵਿਰੁੱਧ ਭਵਿੱਖਬਾਣੀ

12ਪ੍ਰਭੂ ਯਹੋਵਾਹ ਇਹ ਆਖਦਾ ਹੈ, ਇਸ ਲਈ ਜੋ ਅਦੋਮ ਨੇ ਯਹੂਦਾਹ ਦੇ ਘਰਾਣੇ ਨਾਲ ਬਦਲਾ ਲੈਣ ਵਿੱਚ ਸਖਤੀ ਕੀਤੀ ਅਤੇ ਬਦਲੇ ਦਾ ਦੋਸ਼ ਉਹਨਾਂ ਉੱਤੇ ਰੱਖਿਆ ।13ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਮੈਂ ਅਦੋਮ ਉੱਤੇ ਆਪਣਾ ਹੱਥ ਚੁੱਕਾਂਗਾ ਅਤੇ ਉਸ ਦੇ ਵਿੱਚੋਂ ਮਨੁੱਖ ਅਤੇ ਡੰਗਰ ਨੂੰ ਕੱਟ ਦਿਆਂਗਾ, ਅਤੇ ਤੀਮਾਨ ਤੋਂ ਲੈ ਕੇ ਦਦਾਨ ਤੱਕ ਉਹ ਨੂੰ ਉਜਾੜਾਂਗਾ ਅਤੇ ਉਹ ਤਲਵਾਰ ਨਾਲ ਡਿੱਗ ਪੈਣਗੇ ।
14ਮੈਂ ਆਪਣੀ ਪਰਜਾ ਇਸਰਾਏਲ ਦੇ ਹੱਥੋਂ ਅਦੋਮ ਤੋਂ ਬਦਲਾ ਲਵਾਂਗਾ ਅਤੇ ਉਹ ਮੇਰੇ ਕ੍ਰੋਧ ਅਤੇ ਕਹਿਰ ਦੇ ਅਨੁਸਾਰ ਅਦੋਮ ਵਿੱਚ ਕਰਨਗੇ ਅਤੇ ਉਹ ਮੇਰੇ ਬਦਲੇ ਨੂੰ ਜਾਣਨਗੇ, ਪ੍ਰਭੂ ਯਹੋਵਾਹ ਦਾ ਵਾਕ ਹੈ ।
ਫ਼ਲਿਸਤੀਆਂ ਦੇ ਵਿਰੁੱਧ ਭਵਿੱਖਬਾਣੀ

15ਪ੍ਰਭੂ ਯਹੋਵਾਹ ਇਹ ਆਖਦਾ ਹੈ, ਇਸ ਲਈ ਕਿ ਫਲਿਸਤੀਆਂ ਨੇ ਬਦਲੇ ਲਈ ਇਹ ਕੀਤਾ ਅਤੇ ਆਪਣੀ ਜਾਨ ਦੀ ਘਿਣ ਅਨੁਸਾਰ ਬਦਲਾ ਲਿਆ, ਤਾਂ ਜੋ ਸਦਾ ਲਈ ਉਹਨਾਂ ਨੂੰ ਨਾਸ਼ ਕਰ ਦੇਣ ।16ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖ, ਮੈਂ ਫਲਿਸਤੀਆਂ ਉੱਤੇ ਹੱਥ ਚੁੱਕਾਂਗਾ, ਕਰੇਤੀਆਂ ਨੂੰ ਵੱਢ ਸੁੱਟਾਂਗਾ ਅਤੇ ਸਾਗਰ ਦੇ ਕੰਢੇ ਬਾਕੀਆਂ ਨੂੰ ਨਾਸ਼ ਕਰ ਦਿਆਂਗਾ ।17ਮੈਂ ਉਹਨਾਂ ਉੱਤੇ ਵੱਡਾ ਬਦਲਾ ਕ੍ਰੋਧ ਦੀ ਮਾਰ ਨਾਲ ਪੂਰਾ ਕਰਾਂਗਾ, ਅਤੇ ਜਦੋਂ ਮੈਂ ਉਹਨਾਂ ਤੋਂ ਬਦਲਾ ਲਵਾਂਗਾ, ਤਾਂ ਉਹ ਜਾਣਨਗੇ, ਕਿ ਮੈਂ ਯਹੋਵਾਹ ਹਾਂ !

26
ਸੂਰ ਦੇ ਵਿਰੁੱਧ ਭਵਿੱਖਬਾਣੀ

1ਗਿਆਰਵੇਂ ਸਾਲ ਵਿੱਚ ਮਹੀਨੇ ਦੇ ਪਹਿਲੇ ਦਿਨ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ2ਹੇ ਮਨੁੱਖ ਦੇ ਪੁੱਤਰ, ਇਸ ਲਈ ਕਿ ਸੂਰ ਨੇ ਯਰੂਸ਼ਲਮ ਉੱਤੇ "ਆਹਾ ਹਾ" ਆਖਿਆ, ਉਹ ਲੋਕਾਂ ਦਾ ਦਰਵਾਜ਼ਾ ਤੋੜ ਦਿੱਤਾ ਗਿਆ ਹੈ ! ਹੁਣ ਉਹ ਮੇਰੇ ਵੱਲ ਮੁੜੇਗੀ । ਹੁਣ ਉਹ ਦੇ ਨਾਸ਼ ਹੋਣ ਨਾਲ ਮੈਂ ਭਰਪੂਰ ਹੋਵਾਂਗਾ ।

3ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖ ਹੇ ਸੂਰ ! ਮੈਂ ਤੇਰਾ ਵਿਰੋਧੀ ਹਾਂ ਅਤੇ ਬਹੁਤ ਸਾਰੀਆਂ ਕੌਮਾਂ ਨੂੰ ਤੇਰੇ ਉੱਤੇ ਚੜ੍ਹਾ ਲਿਆਵਾਂਗਾ, ਜਿਵੇਂ ਸਾਗਰ ਆਪਣੀਆਂ ਲਹਿਰਾਂ ਨੂੰ ਚੜ੍ਹਾਉਂਦਾ ਹੈ ।4ਉਹ ਸੂਰ ਦੀਆਂ ਕੰਧਾਂ ਨੂੰ ਢਾਹ ਦੇਣਗੇ, ਉਹ ਦੇ ਬੁਰਜਾਂ ਨੂੰ ਤੋੜ ਦੇਣਗੇ, ਮੈਂ ਉਹ ਦੀ ਮਿੱਟੀ ਤੱਕ ਖੁਰਚ ਸੁੱਟਾਂਗਾ ਅਤੇ ਉਹ ਨੂੰ ਨੰਗੀ ਚਟਾਨ ਬਣਾ ਛੱਡਾਂਗਾ ।
5ਉਹ ਸਾਗਰ ਵਿੱਚ ਜਾਲ਼ ਸੁੱਟਣ ਦਾ ਸਥਾਨ ਹੋਵੇਗਾ, ਕਿਉਂ ਜੋ ਮੈਂ ਹੀ ਆਖਿਆ, ਪ੍ਰਭੂ ਯਹੋਵਾਹ ਦਾ ਵਾਕ ਹੈ ਅਤੇ ਉਹ ਕੌਮਾਂ ਲਈ ਲੁੱਟ ਦਾ ਮਾਲ ਹੋਵੇਗਾ ।6ਉਹ ਦੀਆਂ ਧੀਆਂ ਜਿਹੜੀਆਂ ਖੇਤ ਵਿੱਚ ਹਨ ਤਲਵਾਰ ਨਾਲ ਵੱਢੀਆਂ ਜਾਣਗੀਆਂ ਅਤੇ ਉਹ ਜਾਨਣਗੇ ਕਿ ਮੈਂ ਯਹੋਵਾਹ ਹਾਂ !
7ਕਿਉਂ ਜੋ ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖ, ਮੈਂ ਬਾਬਲ ਦੇ ਰਾਜੇ ਨਬੂਕਦਨੱਸਰ ਨੂੰ ਜੋ ਰਾਜਿਆਂ ਦਾ ਰਾਜਾ ਹੈ, ਘੋੜਿਆਂ ਅਤੇ ਰੱਥਾਂ ਤੇ ਸਵਾਰਾਂ ਅਤੇ ਲੋਕਾਂ ਦੀ ਬਹੁਤ ਸਾਰੀ ਸਭਾ ਨਾਲ ਉੱਤਰ ਵਲੋਂ ਸੂਰ ਉੱਤੇ ਚੜ੍ਹਾ ਲਿਆਵਾਂਗਾ ।8ਉਹ ਤੇਰੀਆਂ ਧੀਆਂ ਨੂੰ ਤਲਵਾਰ ਨਾਲ ਖੇਤ ਵਿੱਚ ਵੱਢੇਗਾ, ਤੇਰੇ ਆਲੇ-ਦੁਆਲੇ ਮੋਰਚੇ ਬੰਨ੍ਹੇਗਾ, ਤੇਰੇ ਸਾਹਮਣੇ ਦਮਦਮਾ ਬੰਨ੍ਹੇਗਾ ਅਤੇ ਤੇਰੇ ਵਿਰੁੱਧ ਢਾਲ਼ ਚੁੱਕੇਗਾ ।
9ਉਹ ਆਪਣੇ ਕਿਲਾ ਤੋੜ ਯੰਤਰਾਂ ਨੂੰ ਪੱਕਾ ਕਰ ਕੇ ਤੇਰੀਆਂ ਕੰਧਾਂ ਤੇ ਲਾਵੇਗਾ ਅਤੇ ਆਪਣਿਆਂ ਕੁਹਾੜਿਆਂ ਨਾਲ ਤੇਰੇ ਬੁਰਜਾਂ ਨੂੰ ਢਾਹ ਦੇਵੇਗਾ ।10ਉਹ ਦੇ ਘੋੜਿਆਂ ਦੀ ਬਹੁ ਗਿਣਤੀ ਦੇ ਕਾਰਨ ਇੰਨੀ ਧੂੜ ਉੱਠੇਗੀ ਕਿ ਤੈਨੂੰ ਲੁਕਾ ਲਵੇਗੀ । ਜਦੋਂ ਉਹ ਤੇਰੇ ਫਾਟਕਾਂ ਵਿੱਚ ਵੜ ਆਵੇਗਾ, ਜਿਵੇਂ ਪਾੜ ਲਾ ਕੇ ਸ਼ਹਿਰ ਵਿੱਚ ਵੜ ਆਉਂਦੇ ਹਨ, ਤਾਂ ਸਵਾਰਾਂ, ਰੱਥਾਂ ਅਤੇ ਗੱਡੀਆਂ ਦੀ ਖੜ ਖੜ ਨਾਲ ਤੇਰੇ ਸ਼ਹਿਰ ਦੀ ਕੰਧ ਹਿੱਲ ਜਾਵੇਗੀ ।11ਉਹ ਆਪਣੇ ਘੋੜਿਆਂ ਦੀਆਂ ਖੁਰੀਆਂ ਨਾਲ ਤੇਰੀਆਂ ਸਾਰੀਆਂ ਸੜਕਾਂ ਨੂੰ ਲਿਤਾੜ ਸੁੱਟੇਗਾ, ਤੇਰੇ ਲੋਕਾਂ ਨੂੰ ਤਲਵਾਰ ਨਾਲ ਵੱਢ ਸੁੱਟੇਗਾ ਅਤੇ ਤੇਰੀ ਸ਼ਕਤੀ ਦੇ ਥੰਮ੍ਹ ਧਰਤੀ ਤੇ ਡਿੱਗ ਪੈਣਗੇ ।
12ਉਹ ਤੇਰੀ ਮਾਇਆ ਲੁੱਟ ਲੈਣਗੇ, ਤੇਰੇ ਵਪਾਰ ਦੇ ਮਾਲ ਨੂੰ ਲੁੱਟ ਪੁੱਟ ਲੈਣਗੇ, ਤੇਰੇ ਸ਼ਹਿਰ ਦੀਆਂ ਕੰਧਾਂ ਨੂੰ ਢਾਹ ਦੇਣਗੇ ਅਤੇ ਤੇਰੇ ਰੰਗ ਮਹਿਲਾਂ ਨੂੰ ਢਾਹ ਦੇਣਗੇ ਅਤੇ ਤੇਰੇ ਪੱਥਰ, ਕਾਠ ਅਤੇ ਤੇਰੀ ਮਿੱਟੀ ਸਾਗਰ ਵਿੱਚ ਸੁੱਟ ਦੇਣਗੇ ।13ਮੈਂ ਤੇਰੇ ਗਾਉਣ ਦੀ ਅਵਾਜ਼ ਨੂੰ ਬੰਦ ਕਰ ਦਿਆਂਗਾ ਅਤੇ ਤੇਰੀਆਂ ਬਰਬਤਾਂ ਦੀ ਅਵਾਜ਼ ਫੇਰ ਸੁਣੀ ਨਾ ਜਾਵੇਗੀ ।14ਮੈਂ ਤੈਨੂੰ ਨੰਗੀ ਚਟਾਨ ਬਣਾ ਦਿਆਂਗਾ, ਤੂੰ ਜਾਲ਼ਾਂ ਦੇ ਖਿਲਾਰਨ ਦਾ ਕਾਰਨ ਬਣੇਂਗਾ ਅਤੇ ਫੇਰ ਤੂੰ ਕਦੇ ਨਾ ਬਣਾਇਆ ਜਾਵੇਂਗਾ, ਕਿਉਂ ਜੋ ਮੈਂ ਯਹੋਵਾਹ ਨੇ ਇਹ ਆਖਿਆ ਹੈ, ਪ੍ਰਭੂ ਯਹੋਵਾਹ ਦਾ ਵਾਕ ਹੈ ।
15ਪ੍ਰਭੂ ਯਹੋਵਾਹ ਸੂਰ ਨੂੰ ਇਹ ਆਖਦਾ ਹੈ ਕਿ ਜਦੋਂ ਤੇਰੇ ਵਿੱਚ ਵੱਢਾ ਕਟੀ ਦਾ ਕੰਮ ਅਰੰਭ ਹੋਵੇਗਾ ਅਤੇ ਫੱਟੜ ਹਾਹਾ ਕਾਰ ਕਰਦੇ ਹੋਣਗੇ, ਤਾਂ ਕੀ ਟਾਪੂ ਤੇਰੇ ਡਿੱਗਣ ਦੀ ਅਵਾਜ਼ ਨਾਲ ਨਾ ਕੰਬਣਗੇ ?16ਤਦ ਸਾਗਰ ਦੇ ਸਾਰੇ ਰਾਜਕੁਮਾਰ ਆਪਣਿਆਂ ਸਿੰਘਾਸਣਾਂ ਤੋਂ ਉਤਰਨਗੇ, ਆਪਣੀਆਂ ਪੁਸ਼ਾਕਾਂ ਲਾਹ ਸੁੱਟਣਗੇ, ਕਸੀਦੇ ਦੇ ਕੱਪੜੇ ਲਾਹ ਸੁੱਟਣਗੇ, ਉਹ ਕੰਬਦੇ ਹੋਏ ਧਰਤੀ ਤੇ ਬੈਠਣਗੇ ਅਤੇ ਉਹ ਹਰ ਘੜੀ ਕੰਬਣਗੇ ਅਤੇ ਤੇਰੇ ਕਾਰਨ ਹੈਰਾਨ ਹੋਣਗੇ ।
17ਉਹ ਤੇਰੇ ਉੱਤੇ ਵੈਣ ਪਾਉਣਗੇ ਅਤੇ ਤੈਨੂੰ ਆਖਣਗੇ, ਤੂੰ ਕਿਵੇਂ ਨਾਸ਼ ਹੋਇਆ, ਜਿਹੜਾ ਸਾਗਰੀ ਦੇਸਾਂ ਵਿੱਚੋਂ ਚੰਗਾ ਵੱਸਿਆ ਹੋਇਆ ਤੇ ਪ੍ਰਸਿੱਧ ਸ਼ਹਿਰ ਸੀ, ਜਿਹੜਾ ਸਾਗਰਾਂ ਵਿੱਚ ਤਕੜਾ ਸੀ, ਉਹ ਤੇ ਉਹ ਦੇ ਵਸਨੀਕ, ਜਿਹਨਾਂ ਨੂੰ ਉਹ ਦੇ ਸਾਰਿਆਂ ਵਸਨੀਕਾਂ ਉੱਤੇ ਆਪਣਾ ਡਰ ਪਾਉਣ ਨੂੰ ਦਿੱਤਾ !18ਹੁਣ ਟਾਪੂ ਤੇਰੇ ਡਿੱਗਣ ਦੇ ਦਿਨ ਕੰਬਣਗੇ, ਹਾਂ ! ਸਾਗਰ ਦੇ ਸਾਰੇ ਟਾਪੂ ਤੇਰੇ ਜਾਣ ਤੋਂ ਦੁੱਖੀ ਹੋਣਗੇ ।
19ਪ੍ਰਭੂ ਯਹੋਵਾਹ ਇਹ ਆਖਦਾ ਹੈ, ਜਦੋਂ ਮੈਂ ਤੈਨੂੰ ਉਹਨਾਂ ਸ਼ਹਿਰਾਂ ਵਰਗਾ ਜਿਹੜੇ ਵੱਸਦੇ ਨਹੀਂ ਹਨ, ਉਜਾੜ ਸ਼ਹਿਰ ਬਣਾ ਦਿਆਂਗਾ, ਜਦੋਂ ਮੈਂ ਤੇਰੇ ਉੱਤੇ ਡੂੰਘਿਆਈ ਲਿਆਵਾਂਗਾ ਅਤੇ ਜਦੋਂ ਬਹੁਤੇ ਪਾਣੀ ਤੈਨੂੰ ਢੱਕ ਲੈਣਗੇ ।20ਤਦ ਮੈਂ ਉਹਨਾਂ ਲੋਕਾਂ ਨਾਲ ਜਿਹੜੇ ਪਤਾਲ ਵਿੱਚ ਉਤਰ ਜਾਂਦੇ ਹਨ, ਪ੍ਰਾਚੀਨ ਸਮੇਂ ਦੇ ਲੋਕਾਂ ਕੋਲ, ਤੈਨੂੰ ਉਤਾਰ ਦਿਆਂਗਾ ਅਤੇ ਉਹਨਾਂ ਨਾਲ ਜਿਹੜੇ ਪਤਾਲ ਵਿੱਚ ਉਤਰ ਜਾਂਦੇ ਹਨ, ਮੈਂ ਤੈਨੂੰ ਹੇਠਲੀ ਦੁਨੀਆ ਵਿੱਚ ਵਸਾਵਾਂਗਾ, ਪੁਰਾਣੀਆਂ ਵਿਰਾਨੀਆਂ ਵਿੱਚ, ਤਾਂ ਜੋ ਤੂੰ ਵਸਾਇਆ ਨਾ ਜਾਵੇਂ ਅਤੇ ਜੀਉਂਦਿਆਂ ਦੀ ਧਰਤੀ ਵਿੱਚ ਪ੍ਰਤਾਪ ਦਿਆਂਗਾ ।21ਮੈਂ ਤੈਨੂੰ ਭਿਆਨਕ ਬਣਾਵਾਂਗਾ ਅਤੇ ਤੂੰ ਨਾ ਹੋਵੇਂਗਾ । ਭਾਵੇਂ ਤੂੰ ਬਹਾਲ ਕੀਤਾ ਜਾਵੇਂ, ਤੂੰ ਕਿੱਧਰੇ ਸਦਾ ਤੱਕ ਨਾ ਲੱਭੇਂਗਾ, ਪ੍ਰਭੂ ਯਹੋਵਾਹ ਦਾ ਵਾਕ ਹੈ ।

27
ਸੂਰ ਦੇ ਲਈ ਸੋਗ ਦਾ ਗੀਤ

1ਫੇਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ2ਹੇ ਮਨੁੱਖ ਦੇ ਪੁੱਤਰ, ਤੂੰ ਸੂਰ ਉੱਤੇ ਵੈਣ ਪਾ3ਅਤੇ ਤੂੰ ਸੂਰ ਲਈ ਆਖ ਕਿ ਤੂੰ ਜਿਹੜਾ ਸਾਗਰ ਦੇ ਲਾਂਘੇ ਤੇ ਵੱਸਿਆ ਹੋਇਆ ਹੈਂ ਅਤੇ ਬਹੁਤ ਟਾਪੂਆਂ ਲਈ ਲੋਕਾਂ ਦਾ ਵਪਾਰ ਹੈਂ, ਪ੍ਰਭੂ ਯਹੋਵਾਹ ਇਹ ਆਖਦਾ ਹੈ, ਹੇ ਸੂਰ, ਤੂੰ ਆਖਦਾ ਹੈਂ ਕਿ ਮੈਂ ਸੁੰਦਰਤਾ ਵਿੱਚ ਪੂਰਾ ਹਾਂ,

4ਤੇਰੀਆਂ ਹੱਦਾਂ ਸਾਗਰ ਦੇ ਵਿੱਚ ਹਨ ਅਤੇ ਤੇਰੇ ਬਣਾਉਣ ਵਾਲਿਆਂ ਨੇ ਤੇਰੀ ਸੁੰਦਰਤਾ ਨੂੰ ਪੂਰਾ ਕੀਤਾ ਹੈ ।5ਉਹਨਾਂ ਨੇ ਸਨੀਰ ਦੀ ਚੀਲ ਦੇ ਰੁੱਖਾਂ ਤੋਂ ਤੇਰੇ ਫੱਟੇ ਬਣਾਏ, ਅਤੇ ਲਬਾਨੋਨ ਤੋਂ ਦਿਆਰ ਲੈ ਕੇ ਤੇਰੇ ਲਈ ਮਸਤੂਲ ਬਣਾਏ ।
6ਬਾਸ਼ਾਨ ਦੇ ਬਲੂਤਾਂ ਤੋਂ ਤੇਰੇ ਚੱਪੂ ਬਣਾਏ, ਅਤੇ ਤੇਰੇ ਫੱਟੇ ਕਿੱਤੀਮ ਦੇ ਟਾਪੂਆਂ ਦੇ ਸਨੋਬਰ ਤੋਂ, ਹਾਥੀ ਦੰਦ ਜੜ ਕੇ ਤਿਆਰ ਕੀਤੇ ਗਏ ।7ਤੇਰਾ ਪਾਲ ਮਿਸਰੀ ਕਸੀਦੇ ਦੇ ਮਹੀਨ ਕਤਾਨ ਦਾ ਸੀ, ਤਾਂ ਜੋ ਤੇਰੇ ਲਈ ਨਿਸ਼ਾਨ ਹੋਵੇ । ਤੇਰੀ ਚਾਨਣੀ ਅਲੀਸ਼ਾਹ ਦੇ ਟਾਪੂਆਂ ਤੋਂ ਆਈ ਸੀ, ਜੋ ਕਿਰਮਚੀ ਤੇ ਬੈਂਗਣੀ ਰੰਗ ਦੀ ਸੀ ।
8ਸੀਦੋਨ ਅਤੇ ਅਰਵਦ ਦੇ ਰਹਿਣ ਵਾਲੇ ਤੇਰੇ ਮਲਾਹ ਸਨ ਅਤੇ ਹੇ ਸੂਰ, ਤੇਰੇ ਸਿਆਣੇ ਤੇਰੇ ਵਿੱਚ ਤੇਰੇ ਆਗੂ ਸਨ ।9ਗਬਲ ਦੇ ਬਜ਼ੁਰਗ ਅਤੇ ਸਿਆਣੇ ਤੇਰੇ ਵਿੱਚ ਸਨ, ਤੇਰੇ ਛੇਕਾਂ ਦੀ ਮੁਰੰਮਤ ਕਰਨ ਵਾਲੇ । ਸਾਗਰ ਦੇ ਸਾਰੇ ਜਹਾਜ਼ ਅਤੇ ਉਹਨਾਂ ਦੇ ਮਲਾਹ ਤੇਰੇ ਵਿੱਚ ਸਨ, ਤਾਂ ਜੋ ਤੇਰੇ ਵਪਾਰ ਦਾ ਕੰਮ ਕਰਨ ।
10ਫਾਰਸ ਅਤੇ ਲੂਦ ਅਤੇ ਫੂਟ ਦੇ ਲੋਕੀਂ ਤੇਰੀ ਫੌਜ ਵਿੱਚ ਤੇਰੇ ਜੋਧੇ ਸਨ । ਉਹ ਤੇਰੇ ਵਿੱਚ ਢਾਲ਼ ਅਤੇ ਲੋਹੇ ਦੇ ਟੋਪ ਨੂੰ ਲਟਕਾਉਂਦੇ ਸਨ ਅਤੇ ਤੈਨੂੰ ਸ਼ਾਨ ਦਿੰਦੇ ਸਨ ।11ਅਰਵਦ ਦੇ ਜੁਆਨ ਤੇਰੀ ਹੀ ਫੌਜ ਦੇ ਨਾਲ ਚਾਰੇ ਪਾਸੇ ਤੇਰੀਆਂ ਕੰਧਾਂ ਉੱਤੇ ਸਨ ਅਤੇ ਸੂਰਬੀਰ ਤੇਰੇ ਬੁਰਜਾਂ ਵਿੱਚ ਸਨ, ਉਹਨਾਂ ਆਪਣੀਆਂ ਢਾਲਾਂ ਤੇਰੀਆਂ ਕੰਧਾਂ ਤੇ ਲਟਕਾਈਆਂ ਅਤੇ ਉਹਨਾਂ ਨੇ ਤੇਰੀ ਸੁੰਦਰਤਾ ਨੂੰ ਪੂਰਾ ਕੀਤਾ ।
12ਤਰਸ਼ੀਸ਼ ਨੇ ਹਰ ਪ੍ਰਕਾਰ ਦੇ ਬਹੁਤੇ ਮਾਲ ਦੇ ਕਾਰਨ ਤੇਰੇ ਨਾਲ ਵਪਾਰ ਕੀਤਾ, ਉਹ ਚਾਂਦੀ, ਲੋਹਾ, ਟੀਨ ਅਤੇ ਸਿੱਕਾ ਲਿਆ ਕੇ ਤੇਰੇ ਸੌਦੇ ਦੇ ਬਦਲੇ ਵਿੱਚ ਵੇਚਦੇ ਸਨ ।13ਯਾਵਾਨ, ਤੂਬਲ ਅਤੇ ਮਸ਼ਕ, ਉਹ ਤੇਰੇ ਵਪਾਰੀ ਸਨ । ਉਹ ਤੇਰੇ ਸੌਦੇ ਲਈ ਆਦਮੀਆਂ ਦੀਆਂ ਜਾਨਾਂ ਦਾ ਅਤੇ ਪਿੱਤਲ ਦੇ ਭਾਂਡਿਆਂ ਦਾ ਵਪਾਰ ਕਰਦੇ ਸਨ ।
14ਤੋਗਰਮਾਹ ਦੇ ਘਰਾਣੇ ਨੇ ਤੇਰੀ ਮੰਡੀ ਵਿੱਚ ਘੋੜਿਆਂ, ਸਵਾਰੀ ਦੇ ਘੋੜਿਆਂ ਤੇ ਖ਼ਚਰਾਂ ਦਾ ਵਪਾਰ ਕੀਤਾ ।15ਦਦਾਨੀ ਤੇਰੇ ਵਪਾਰੀ ਸਨ, ਬਹੁਤ ਸਾਰੇ ਟਾਪੂ ਵਪਾਰ ਦੇ ਲਈ ਤੇਰੇ ਹੱਥ ਵਿੱਚ ਸਨ । ਉਹ ਹਾਥੀ ਦੰਦ ਅਤੇ ਆਬਨੂਸ ਤੇਰੇ ਕੋਲ ਵਟਾਉਣ ਲਈ ਲਿਆਉਂਦੇ ਸਨ ।
16ਤੇਰੇ ਵਿੱਚ ਕਾਰੀਗਰੀ ਬਹੁਤ ਸੀ, ਜਿਸ ਕਰਕੇ ਅਰਾਮੀ ਤੇਰੇ ਨਾਲ ਵਪਾਰ ਕਰਦੇ ਸਨ, ਉਹ ਪੰਨੇ ਅਤੇ ਅਰਗਵਾਨੀ ਰੰਗ ਤੇ ਕਸੀਦੇ ਦੇ ਕੱਪੜੇ, ਮਹੀਨ ਕਤਾਨ, ਮੂੰਗਾ ਅਤੇ ਲਾਲ ਲਿਆ ਕੇ ਤੇਰੇ ਨਾਲ ਵਪਾਰ ਕਰਦੇ ਸਨ ।17ਯਹੂਦਾਹ ਅਤੇ ਇਸਰਾਏਲ ਦਾ ਦੇਸ ਉਹ ਤੇਰੇ ਵਪਾਰੀ ਸਨ, ਉਹ ਮਿੰਨੀਥ ਅਤੇ ਪਨਗ ਦੀ ਕਣਕ, ਸ਼ਹਿਦ, ਤੇਲ ਅਤੇ ਬਲਸਾਨ ਲਿਆ ਕੇ ਤੇਰੇ ਨਾਲ ਵਪਾਰ ਕਰਦੇ ਸਨ ।18ਦੰਮਿਸਕ ਵਾਸੀ ਤੇਰੇ ਹੱਥ ਦੇ ਕੰਮ ਦੇ ਵਾਧੇ ਕਰਕੇ ਅਤੇ ਹਰ ਪ੍ਰਕਾਰ ਦਾ ਮਾਲ ਬਹੁਤਾ ਮਿਲਣ ਕਰਕੇ ਹਲਬੋਨ ਦੀ ਮੈਅ ਅਤੇ ਚਿੱਟੀ ਉੱਨ ਦਾ ਵਪਾਰ ਤੇਰੇ ਨਾਲ ਕਰਦੇ ਸਨ ।
19ਵਦਾਨ ਅਤੇ ਯਾਵਾਨ ਸੂਤ ਨੂੰ ਤੇਰੇ ਮਾਲ ਮਤਾਹ ਦੇ ਬਦਲੇ ਦਿੰਦੇ ਸਨ । ਕਮਾਇਆ ਹੋਇਆ ਲੋਹਾ, ਤੱਜ ਅਤੇ ਅਗਰ ਤੇਰੇ ਸੌਦੇ ਵਿੱਚ ਸਨ ।20ਦਦਾਨ ਤੇਰਾ ਵਪਾਰੀ ਸੀ ਜੋ ਸਵਾਰੀ ਦੇ ਚਾਰ-ਜਾਮੇ ਤੇਰੇ ਹੱਥ ਵੇਚਦਾ ਸੀ ।21ਅਰਬ ਅਤੇ ਕੇਦਾਰ ਦੇ ਸਾਰੇ ਪ੍ਰਧਾਨ ਵਪਾਰ ਲਈ ਤੇਰੇ ਹੱਥ ਵਿੱਚ ਸਨ । ਉਹ ਜੇਠੇ ਲੇਲੇ, ਛੱਤ੍ਰੇ ਅਤੇ ਬੱਕਰੇ ਲਿਆ ਕੇ ਤੇਰੇ ਨਾਲ ਵਪਾਰ ਕਰਦੇ ਸਨ ।
22ਸਬਾ ਅਤੇ ਰਅਮਾਹ ਦੇ ਵਪਾਰੀ ਤੇਰੇ ਨਾਲ ਵਪਾਰ ਕਰਦੇ ਸਨ, ਉਹ ਹਰ ਪ੍ਰਕਾਰ ਦੇ ਵਧੀਆ ਮਸਾਲੇ ਅਤੇ ਹਰ ਪ੍ਰਕਾਰ ਦੇ ਵੱਡਮੁੱਲੇ ਪੱਥਰ ਅਤੇ ਸੋਨਾ ਤੇਰੇ ਸੌਦੇ ਦੇ ਲਈ ਦਿੰਦੇ ਸਨ ।23ਹਾਰਾਨ, ਕੰਨੇਹ, ਅਦਨ ਅਤੇ ਸ਼ਬਾ ਦੇ ਵਪਾਰੀ ਅਤੇ ਅੱਸ਼ੂਰ ਅਤੇ ਕਿਲਮਦ ਤੇਰੇ ਵਪਾਰੀ ਸਨ ।
24ਇਹੋ ਤੇਰੇ ਵਪਾਰੀ ਸਨ, ਜੋ ਵਧੀਆ ਕੱਪੜੇ ਅਤੇ ਬੈਂਗਣੀ ਤੇ ਕਸੀਦੇ ਦੇ ਦੁਸ਼ਾਲੇ ਅਤੇ ਕੀਮਤੀ ਪੁਸ਼ਾਕਾਂ ਦੇ ਭਰੇ ਹੋਏ ਦਿਆਰ ਦੇ ਸੰਦੂਕ ਡੋਰੀ ਨਾਲ ਕੱਸੇ ਹੋਏ ਤੇਰੀਆਂ ਮੰਡੀਆਂ ਵਿੱਚ ਵੇਚਣ ਲਈ ਲਿਆਉਂਦੇ ਸਨ ।25ਤਰਸ਼ੀਸ਼ ਦੇ ਜਹਾਜ਼ ਤੇਰੇ ਵਪਾਰ ਦੇ ਮਾਲ ਨੂੰ ਢੋਣ ਵਾਲੇ ਸਨ, ਤੂੰ ਸਾਗਰਾਂ ਦੇ ਵਿੱਚ ਭਰਿਆ ਹੋਇਆ ਅਤੇ ਬਹੁਤ ਲੱਦਿਆ ਹੋਇਆ ਸੀ ।
26ਤੇਰੇ ਮਲਾਹ ਤੈਨੂੰ ਬਹੁਤਿਆਂ ਪਾਣੀਆਂ ਵਿੱਚ ਲਿਆਏ, ਪੂਰਬੀ ਪੌਣ ਨੇ ਤੈਨੂੰ ਸਾਗਰਾਂ ਦੇ ਵਿਚਕਾਰ ਤੋੜਿਆ ਹੈ ।27ਤੇਰਾ ਧਨ, ਤੇਰੀਆਂ ਵਪਾਰਕ-ਜਿਨਸਾਂ ਅਤੇ ਤੇਰੇ ਵਪਾਰ, ਤੇਰੇ ਮਲਾਹ ਅਤੇ ਤੇਰੇ ਆਗੂ, ਤੇਰੇ ਮੋਰੀਆਂ ਬੰਦ ਕਰਨ ਵਾਲੇ ਅਤੇ ਤੇਰੇ ਕੰਮਕਾਜ ਦੇ ਵਪਾਰੀ, ਤੇਰੇ ਸਾਰੇ ਜੋਧੇ ਜੋ ਤੇਰੇ ਵਿੱਚ ਹਨ ਅਤੇ ਉਸ ਸਾਰੀ ਸਭਾ ਸਣੇ ਜੋ ਤੇਰੇ ਵਿੱਚ ਹੈ, ਤੇਰੀ ਤਬਾਹੀ ਦੇ ਦਿਨ ਸਾਗਰ ਦੇ ਵਿਚਕਾਰ ਡਿੱਗਣਗੇ ।
28ਤੇਰੇ ਮਲਾਹਾਂ ਦੇ ਚੀਕਣ ਦੀ ਦੁਹਾਈ ਨਾਲ, ਰੜ ਦੇ ਮਦਾਨ ਕੰਬਣ ਲੱਗ ਜਾਣਗੇ ।29ਸਾਰੇ ਮਾਂਝੀ, ਮਲਾਹ ਅਤੇ ਸਾਗਰ ਦੇ ਸਾਰੇ ਆਗੂ ਆਪਣੇ ਜਹਾਜ਼ਾਂ ਤੋਂ ਉਤਰ ਆਉਣਗੇ, ਉਹ ਧਰਤੀ ਤੇ ਖਲੋਣਗੇ,30ਅਤੇ ਆਪਣੀ ਅਵਾਜ਼ ਉੱਚੀ ਕਰ ਕੇ ਤੇਰੇ ਕਾਰਨ ਚੀਕਣਗੇ, ਅਤੇ ਧਾਹ ਮਾਰ ਕੇ ਰੋਣਗੇ, ਆਪਣੇ ਸਿਰਾਂ ਤੇ ਮਿੱਟੀ ਪਾਉਣਗੇ, ਅਤੇ ਸੁਆਹ ਵਿੱਚ ਲੇਟਣਗੇ ।
31ਉਹ ਤੇਰੇ ਕਾਰਨ ਸਿਰ ਮੁਨਾਉਣਗੇ ਅਤੇ ਤੱਪੜ ਪਹਿਨਣਗੇ, ਉਹ ਤੇਰੇ ਉੱਤੇ ਆਪਣੀ ਜਾਨ ਦੀ ਕੁੜੱਤਣ ਵਿੱਚ ਰੋਣਗੇ, ਅਤੇ ਕੁੜੱਤਣ ਵਿੱਚ ਸਿਆਪਾ ਕਰਨਗੇ,32ਅਤੇ ਸਿਆਪੇ ਵਿੱਚ ਤੇਰੇ ਉੱਤੇ ਵੈਣ ਚੁੱਕਣਗੇ, ਅਤੇ ਤੇਰੇ ਉੱਤੇ ਇਸ ਤਰ੍ਹਾਂ ਰੋਣਗੇ, ਕਿ ਕੌਣ ਸੂਰ ਦੇ ਵਰਗਾ ਹੈ, ਜਿਹੜਾ ਸਾਗਰ ਦੇ ਵਿਚਕਾਰ ਨਾਸ਼ ਹੋਇਆ ?33ਜਦੋਂ ਤੇਰਾ ਮਾਲ ਸਾਗਰਾਂ ਰਾਹੀਂ ਜਾਂਦਾ ਸੀ, ਤਾਂ ਤੂੰ ਬਹੁਤ ਸਾਰੀਆਂ ਉੱਮਤਾਂ ਨੂੰ ਰਜਾਉਂਦਾ ਸੀ, ਤੂੰ ਆਪਣੇ ਬਹੁਤੇ ਧਨ ਅਤੇ ਬਹੁਤੀਆਂ ਵਪਾਰਕ ਜਿਨਸਾਂ ਕਰਕੇ ਧਰਤੀ ਦੇ ਰਾਜਿਆਂ ਨੂੰ ਧਨੀ ਬਣਾਉਂਦਾ ਸੀ ।
34ਪਰ ਹੁਣ ਤੂੰ ਪਾਣੀਆਂ ਦੀਆਂ ਡੂੰਘਿਆਈਆਂ ਵਿੱਚ ਠਾਠਾਂ ਦੇ ਮਾਰੇ ਟੁੱਟ ਗਿਆ ਹੈਂ । ਤੇਰੀਆਂ ਵਪਾਰਕ ਜਿਨਸਾਂ ਅਤੇ ਤੇਰੇ ਸਾਰੇ ਮਲਾਹ ਤੇਰੇ ਨਾਲ ਡੁੱਬ ਗਏ ਹਨ ।35ਟਾਪੂਆਂ ਦੀ ਸਾਰੀ ਵਸੋਂ ਤੇਰੇ ਬਾਰੇ ਹੈਰਾਨ ਹੁੰਦੀ ਹੈ, ਉਹਨਾਂ ਦੇ ਰਾਜੇ ਬਹੁਤ ਡਰਦੇ ਹਨ ਅਤੇ ਉਹਨਾਂ ਦਾ ਚਿਹਰਾ ਦੁਖੀ ਹੋ ਜਾਂਦਾ ਹੈ ।36ਲੋਕਾਂ ਵਿੱਚੋਂ ਵਪਾਰੀ ਤੈਨੂੰ ਮਿਹਣੇ ਮਾਰਨਗੇ, ਤੂੰ ਡਰ ਦਾ ਕਾਰਨ ਬਣੇਂਗਾ ਅਤੇ ਤੂੰ ਅੱਗੇ ਨੂੰ ਕਦੇ ਨਾ ਹੋਵੇਂਗਾ ।

28
ਸੂਰ ਦੇ ਰਾਜਾ ਦੇ ਵਿਰੁੱਧ ਭਵਿੱਖਬਾਣੀ

1ਫੇਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ2ਹੇ ਮਨੁੱਖ ਦੇ ਪੁੱਤਰ, ਤੂੰ ਸੂਰ ਦੇ ਪ੍ਰਧਾਨ ਨੂੰ ਆਖ, ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਇਸ ਲਈ ਕਿ ਤੇਰਾ ਦਿਲ ਹੰਕਾਰੀ ਹੋਇਆ, ਅਤੇ ਤੂੰ ਆਖਿਆ, ਕਿ ਮੈਂ ਦੇਵਤਾ ਹਾਂ, ਮੈਂ ਸਾਗਰਾਂ ਦੇ ਵਿਚਕਾਰ ਪਰਮੇਸ਼ੁਰ ਦੀ ਗੱਦੀ ਤੇ ਬੈਠਾ ਹਾਂ ਅਤੇ ਤੂੰ ਆਪਣਾ ਮਨ ਪਰਮੇਸ਼ੁਰ ਦੇ ਮਨ ਵਰਗਾ ਬਣਾਉਂਦਾ ਹੈਂ, ਭਾਵੇਂ ਤੂੰ ਦੇਵਤਾ ਨਹੀਂ ਸਗੋਂ ਮਨੁੱਖ ਹੈਂ ।3ਵੇਖ, ਤੂੰ ਦਾਨੀਏਲ ਤੋਂ ਸਿਆਣਾ ਹੈਂ, ਅਜਿਹਾ ਕੋਈ ਭੇਤ ਨਹੀਂ, ਜੋ ਤੇਰੇ ਕੋਲੋਂ ਲੁਕਿਆ ਹੋਵੇ !

4ਤੂੰ ਆਪਣੀ ਸਿਆਣਪ ਅਤੇ ਅਕਲ ਨਾਲ ਧਨ ਪ੍ਰਾਪਤ ਕੀਤਾ ਅਤੇ ਸੋਨੇ, ਚਾਂਦੀ ਨੂੰ ਆਪਣਿਆਂ ਖ਼ਜ਼ਾਨਿਆਂ ਵਿੱਚ ਇਕੱਠਾ ਕੀਤਾ ।5ਤੂੰ ਆਪਣੀ ਵੱਡੀ ਸਿਆਣਪ ਨਾਲ ਅਤੇ ਆਪਣੇ ਵਪਾਰ ਨਾਲ, ਆਪਣਾ ਧਨ ਬਹੁਤ ਵਧਾ ਲਿਆ ਹੈ ਅਤੇ ਤੇਰਾ ਦਿਲ ਤੇਰੇ ਧਨ ਦੇ ਕਾਰਨ ਹੰਕਾਰੀ ਹੋ ਗਿਆ ਹੈ ।
6ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਤੂੰ ਆਪਣਾ ਦਿਲ ਪਰਮੇਸ਼ੁਰ ਦੇ ਦਿਲ ਵਰਗਾ ਬਣਾਇਆ ਹੈ ।7ਇਸ ਲਈ ਵੇਖ, ਮੈਂ ਤੇਰੇ ਉੱਤੇ ਵਿਦੇਸ਼ੀਆਂ ਨੂੰ, ਜੋ ਵੱਡੀ ਭਿਆਨਕ ਕੌਮ ਦੇ ਹਨ, ਚੜ੍ਹਾ ਲਿਆਵਾਂਗਾ । ਉਹ ਤੇਰੀ ਬੁੱਧੀ ਦੀ ਸੁੰਦਰਤਾ ਦੇ ਵਿਰੁੱਧ ਤਲਵਾਰ ਖਿੱਚਣਗੇ, ਅਤੇ ਤੇਰੀ ਸ਼ਾਨ ਨੂੰ ਭ੍ਰਿਸ਼ਟ ਕਰਨਗੇ ।
8ਉਹ ਤੈਨੂੰ ਪਤਾਲ ਵਿੱਚ ਥੱਲੇ ਉਤਾਰ ਦੇਣਗੇ ਅਤੇ ਤੂੰ ਉਹਨਾਂ ਦੀ ਮੌਤ ਮਰੇਂਗਾ, ਜਿਹੜੇ ਸਾਗਰ ਦੇ ਵਿਚਕਾਰ ਵੱਢੇ ਜਾਂਦੇ ਹਨ ।9ਕੀ ਤੂੰ ਆਪਣੇ ਵੱਢਣ ਵਾਲੇ ਦੇ ਅੱਗੇ ਇਸ ਤਰ੍ਹਾਂ ਆਖੇਂਗਾ, ਕਿ ਮੈਂ ਪਰਮੇਸ਼ੁਰ ਹਾਂ ? ਜਦੋਂ ਕਿ ਤੂੰ ਆਪਣੇ ਵੱਢਣ ਵਾਲੇ ਦੇ ਹੱਥ ਵਿੱਚ ਦੇਵਤਾ ਨਹੀਂ, ਸਗੋਂ ਮਨੁੱਖ ਹੈਂ ।10ਤੂੰ ਵਿਦੇਸ਼ੀਆਂ ਦੇ ਹੱਥੋਂ ਬੇਸੁੰਨਤੇ ਦੀ ਮੌਤ ਮਰੇਂਗਾ, ਕਿਉਂ ਜੋ ਮੈਂ ਆਖਿਆ ਹੈ, ਪ੍ਰਭੂ ਯਹੋਵਾਹ ਦਾ ਵਾਕ ਹੈ ।
ਸੂਰ ਦੇ ਰਾਜਾ ਦਾ ਪਤਨ

11ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ12ਹੇ ਮਨੁੱਖ ਦੇ ਪੁੱਤਰ, ਸੂਰ ਦੇ ਰਾਜੇ ਤੇ ਵੈਣ ਪਾ ਅਤੇ ਤੂੰ ਉਹ ਨੂੰ ਆਖ, ਪ੍ਰਭੂ ਯਹੋਵਾਹ ਇਹ ਆਖਦਾ ਹੈ, ਤੂੰ ਉੱਤਮਤਾਈ ਦੀ ਮੋਹਰ ਹੈਂ, ਬੁੱਧੀ ਨਾਲ ਭਰਪੂਰ ਤੇ ਸੁੰਦਰਤਾ ਵਿੱਚ ਸੰਪੂਰਨ ਹੈਂ ।13ਤੂੰ ਅਦਨ ਵਿੱਚ ਪਰਮੇਸ਼ੁਰ ਦੇ ਬਾਗ਼ ਵਿੱਚ ਸੀ, ਹਰੇਕ ਵੱਡਮੁੱਲਾ ਪੱਥਰ ਤੇਰੇ ਢੱਕਣ ਲਈ ਸੀ, ਜਿਵੇਂ ਲਾਲ ਅਕੀਕ, ਸੁਨਹਿਲਾ ਅਤੇ ਦੂਧਿਯਾ ਬਿਲੌਰ, ਬੈਰੂਜ, ਸੁਲੇਮਾਨੀ ਅਤੇ ਯਸ਼ਬ, ਨੀਲਮ, ਪੰਨਾ ਅਤੇ ਜ਼ਬਰਜਦ ਅਤੇ ਸੋਨਾ । ਤੇਰੇ ਤੂਮਰੇ ਅਤੇ ਤੇਰੀਆਂ ਬੰਸਰੀਆਂ ਦੀ ਕਾਰੀਗਰੀ ਤੇਰੇ ਵਿੱਚ ਸੀ, ਤੇਰੇ ਉਤਪਤ ਕੀਤੇ ਜਾਣ ਦੇ ਦਿਨ ਤੋਂ ਉਹ ਤਿਆਰ ਕੀਤੀਆਂ ਗਈਆਂ ।
14ਤੂੰ ਮਸਹ ਕੀਤਾ ਹੋਇਆ ਕਰੂਬੀ ਸੀ, ਜਿਹੜਾ ਢੱਕਦਾ ਸੀ ਅਤੇ ਮੈਂ ਤੈਨੂੰ ਪਰਮੇਸ਼ੁਰ ਦੇ ਪਵਿੱਤਰ ਪਹਾੜ ਉੱਤੇ ਰੱਖਿਆ, ਤੂੰ ਉੱਥੇ ਅੱਗ ਵਾਲੇ ਪੱਥਰਾਂ ਵਿੱਚ ਤੁਰਦਾ ਫਿਰਦਾ ਸੀ ।15ਤੂੰ ਆਪਣੇ ਜਨਮ ਦੇ ਦਿਨ ਤੋਂ ਆਪਣੇ ਮਾਰਗਾਂ ਵਿੱਚ ਪੂਰਾ ਸੀ, ਇੱਥੋਂ ਤੱਕ ਕਿ ਤੇਰੇ ਵਿੱਚ ਬੇਇਨਸਾਫੀ ਪਾਈ ਗਈ ।
16ਤੇਰੇ ਵਪਾਰ ਦੇ ਵਾਧੇ ਦੇ ਕਾਰਨ ਉਹਨਾਂ ਤੇਰੇ ਵਿੱਚ ਜ਼ੁਲਮ ਭਰ ਦਿੱਤਾ ਅਤੇ ਤੂੰ ਪਾਪ ਕੀਤਾ । ਇਸ ਲਈ ਮੈਂ ਤੈਨੂੰ ਪਰਮੇਸ਼ੁਰ ਦੇ ਪਹਾੜ ਉੱਤੋਂ ਨਾਪਾਕੀ ਵਾਂਗੂੰ ਸੁੱਟ ਦਿੱਤਾ ਅਤੇ ਤੇਰੇ ਢੱਕਣ ਵਾਲੇ ਕਰੂਬੀ ਨੂੰ ਅੱਗ ਵਾਲੇ ਪੱਥਰਾਂ ਦੇ ਵਿਚਕਾਰ ਨਾਸ਼ ਕਰ ਦਿੱਤਾ ।17ਤੇਰਾ ਦਿਲ ਤੇਰੇ ਸੁਹੱਪਣ ਵਿੱਚ ਘਮੰਡੀ ਸੀ, ਤੂੰ ਆਪਣੀ ਸ਼ਾਨ ਦੇ ਕਾਰਨ ਆਪਣੀ ਬੁੱਧੀ ਨਾਸ਼ ਕਰ ਲਈ, ਮੈਂ ਤੈਨੂੰ ਧਰਤੀ ਤੇ ਪਟਕ ਦਿੱਤਾ ਅਤੇ ਰਾਜਿਆਂ ਦੇ ਅੱਗੇ ਰੱਖ ਦਿੱਤਾ ਹੈ, ਤਾਂ ਜੋ ਉਹ ਤੈਨੂੰ ਤੱਕ ਲੈਣ ।
18ਤੂੰ ਆਪਣਿਆਂ ਬਹੁਤਿਆਂ ਪਾਪਾਂ ਦੇ ਕਾਰਨ ਅਤੇ ਵਪਾਰ ਵਿੱਚ ਬੇਇਨਸਾਫੀ ਦੇ ਕਰਕੇ, ਆਪਣੇ ਪਵਿੱਤਰ ਸਥਾਨਾਂ ਨੂੰ ਅਪਵਿੱਤਰ ਕੀਤਾ ਹੈ । ਇਸ ਲਈ ਮੈਂ ਤੇਰੇ ਅੰਦਰੋਂ ਅੱਗ ਕੱਢੀ, ਜਿਸ ਨੇ ਤੈਨੂੰ ਖਾ ਲਿਆ ਅਤੇ ਮੈਂ ਤੇਰੇ ਸਾਰੇ ਵੇਖਣ ਵਾਲਿਆਂ ਦੀਆਂ ਅੱਖਾਂ ਦੇ ਸਾਹਮਣੇ, ਤੈਨੂੰ ਧਰਤੀ ਉੱਤੇ ਸੁਆਹ ਬਣਾ ਦਿੱਤਾ ।19ਉੱਮਤਾਂ ਦੇ ਵਿੱਚੋਂ ਉਹ ਸਾਰੇ ਜੋ ਤੈਨੂੰ ਜਾਣਦੇ ਹਨ, ਤੈਨੂੰ ਵੇਖ ਕੇ ਹੈਰਾਨ ਹੋਣਗੇ, ਤੂੰ ਹੈਰਾਨੀ ਦਾ ਕਾਰਨ ਹੋਇਆ ਅਤੇ ਤੂੰ ਸਦਾ ਲਈ ਖਤਮ ਹੋਵੇਂਗਾ ।
ਸੀਦੋਨ ਦੇ ਵਿਰੁੱਧ ਭਵਿੱਖਬਾਣੀ

20ਫੇਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ21ਹੇ ਮਨੁੱਖ ਦੇ ਪੁੱਤਰ, ਤੂੰ ਸੈਦਾ ਵੱਲ ਮੂੰਹ ਕਰ ਕੇ ਉਹ ਦੇ ਵਿਰੁੱਧ ਭਵਿੱਖਬਾਣੀ ਕਰ,22ਅਤੇ ਤੂੰ ਆਖ, ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖ ਮੈਂ ਤੇਰੇ ਵਿਰੁੱਧ ਹਾਂ, ਹੇ ਸੈਦਾ ! ਤੇਰੇ ਵਿੱਚ ਮੇਰੀ ਉਸਤਤ ਹੋਵੇਗੀ ਅਤੇ ਜਦ ਮੈਂ ਉਸ ਵਿੱਚ ਨਿਆਂ ਕਰਾਂਗਾ ਅਤੇ ਉਸ ਵਿੱਚ ਪਵਿੱਤਰ ਠਹਿਰਾਂਗਾ, ਤਾਂ ਲੋਕ ਜਾਣਨਗੇ ਕਿ ਮੈਂ ਯਹੋਵਾਹ ਹਾਂ !
23ਮੈਂ ਉਹ ਦੇ ਵਿੱਚ ਬਵਾ ਭੇਜਾਂਗਾ, ਅਤੇ ਉਹ ਦੀਆਂ ਗਲੀਆਂ ਵਿੱਚ ਲਹੂ ਅਤੇ ਵੱਢੇ ਹੋਏ ਲੋਕ ਉਸ ਵਿੱਚ ਉਸ ਤਲਵਾਰ ਨਾਲ ਡਿੱਗਣਗੇ, ਜੋ ਚਾਰੇ ਪਾਸਿਓਂ ਉਸ ਉੱਤੇ ਚੱਲੇਗੀ, ਤਦ ਉਹ ਜਾਣਨਗੇ ਕਿ ਮੈਂ ਯਹੋਵਾਹ ਹਾਂ !
ਇਸਰਾਏਲ ਨੂੰ ਅਸੀਸ ਮਿਲੇਗੀ

24ਤਦ ਇਸਰਾਏਲ ਦੇ ਘਰਾਣੇ ਦੇ ਲਈ ਉਹਨਾਂ ਦੇ ਆਲੇ-ਦੁਆਲੇ ਦੇ ਉਹਨਾਂ ਸਾਰੇ ਲੋਕਾਂ ਵਿੱਚੋਂ ਜਿਹੜੇ ਉਹਨਾਂ ਨੂੰ ਤੁੱਛ ਜਾਣਦੇ ਸਨ, ਕੋਈ ਚੁੱਭਣ ਵਾਲੀ ਝਾੜੀ ਜਾਂ ਦੁੱਖ ਦੇਣ ਵਾਲਾ ਕੰਡਾ ਨਾ ਰਹੇਗਾ ਅਤੇ ਉਹ ਜਾਣਨਗੇ ਕਿ ਪ੍ਰਭੂ ਯਹੋਵਾਹ ਮੈਂ ਹਾਂ !
25ਪ੍ਰਭੂ ਯਹੋਵਾਹ ਇਹ ਆਖਦਾ ਹੈ ਕਿ ਜਦੋਂ ਮੈਂ ਇਸਰਾਏਲ ਦੇ ਘਰਾਣੇ ਨੂੰ ਹੋਰਨਾਂ ਲੋਕਾਂ ਵਿੱਚੋਂ ਜਿਹਨਾਂ ਵਿੱਚ ਉਹ ਖਿੱਲਰ ਗਏ ਹਨ, ਇਕੱਠਾ ਕਰਾਂਗਾ, ਤਦ ਮੈਂ ਕੌਮਾਂ ਦੀਆਂ ਅੱਖਾਂ ਦੇ ਸਾਹਮਣੇ ਉਹਨਾਂ ਵਿੱਚ ਪਵਿੱਤਰ ਠਹਿਰਾਇਆ ਜਾਂਵਾਂਗਾ ਅਤੇ ਉਹ ਆਪਣੀ ਭੂਮੀ ਵਿੱਚ ਜਿਹੜੀ ਮੈਂ ਆਪਣੇ ਦਾਸ ਯਾਕੂਬ ਨੂੰ ਦਿੱਤੀ ਸੀ, ਵੱਸਣਗੇ ।26ਉਹ ਉਸ ਵਿੱਚ ਅਰਾਮ ਨਾਲ ਵੱਸਣਗੇ ਸਗੋਂ ਘਰ ਪਾਉਣਗੇ, ਅੰਗੂਰ ਦੇ ਬਾਗ਼ ਲਾਉਣਗੇ ਅਤੇ ਅਰਾਮ ਨਾਲ ਵੱਸਣਗੇ । ਜਦੋਂ ਮੈਂ ਉਹਨਾਂ ਸਾਰਿਆਂ ਦਾ ਜੋ ਆਲੇ-ਦੁਆਲੇ ਤੋਂ ਉਹਨਾਂ ਨੂੰ ਤੁੱਛ ਸਮਝਦੇ ਸਨ, ਨਿਆਂ ਕਰਾਂਗਾ, ਤਾਂ ਉਹ ਜਾਣਨਗੇ ਕਿ ਮੈਂ ਯਹੋਵਾਹ ਉਹਨਾਂ ਦਾ ਪਰਮੇਸ਼ੁਰ ਹਾਂ ।

29
ਮਿਸਰ ਦੇ ਵਿਰੁੱਧ ਭਵਿੱਖਬਾਣੀ

1ਦਸਵੇਂ ਸਾਲ ਦੇ ਦਸਵੇਂ ਮਹੀਨੇ ਦੀ ਬਾਰ੍ਹਾਂ ਤਾਰੀਖ਼ ਨੂੰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ2ਹੇ ਮਨੁੱਖ ਦੇ ਪੁੱਤਰ, ਤੂੰ ਮਿਸਰ ਦੇ ਰਾਜਾ ਫ਼ਿਰਊਨ ਦੇ ਵਿਰੁੱਧ ਅਤੇ ਉਹ ਦੇ ਅਤੇ ਸਾਰੇ ਮਿਸਰ ਦੇਸ ਦੇ ਵਿਰੁੱਧ ਆਪਣਾ ਮੂੰਹ ਕਰ ਕੇ ਭਵਿੱਖਬਾਣੀ ਕਰ,3ਬੋਲ ਅਤੇ ਤੂੰ ਆਖ, ਪ੍ਰਭੂ ਯਹੋਵਾਹ ਇਹ ਆਖਦਾ ਹੈ, ਹੇ ਮਿਸਰ ਦੇ ਰਾਜਾ ਫ਼ਿਰਊਨ, ਵੇਖ, ਮੈਂ ਤੇਰੇ ਵਿਰੁੱਧ ਹਾਂ ! ਤੂੰ ਵੱਡਾ ਜਲ ਜੰਤੂ ਹੈਂ, ਜਿਹੜਾ ਆਪਣਿਆਂ ਦਰਿਆਵਾਂ ਵਿੱਚ ਲੇਟ ਰਹਿੰਦਾ ਹੈ, ਅਤੇ ਆਖਦਾ ਹੈ ਕਿ ਮੇਰਾ ਦਰਿਆ ਨੀਲ ਮੇਰਾ ਹੀ ਹੈ, ਅਤੇ ਮੈਂ ਉਹ ਨੂੰ ਆਪਣੇ ਲਈ ਬਣਾਇਆ ਹੈ ।

4ਪਰ ਮੈਂ ਤੇਰੇ ਜਬਾੜਿਆਂ ਵਿੱਚ ਕੁੰਡੀਆਂ ਪਾਵਾਂਗਾ, ਅਤੇ ਤੇਰਿਆਂ ਦਰਿਆਵਾਂ ਦੀਆਂ ਮੱਛੀਆਂ ਤੇਰੀ ਖੱਲ ਤੇ ਚਿੰਬੇੜ ਦਿਆਂਗਾ, ਨਾਲੇ ਤੈਨੂੰ ਤੇਰਿਆਂ ਦਰਿਆਵਾਂ ਵਿੱਚੋਂ ਬਾਹਰ ਧੂਹ ਕੱਢਾਂਗਾ, ਨਾਲੇ ਤੇਰਿਆਂ ਦਰਿਆਵਾਂ ਦੀਆਂ ਸਾਰੀਆਂ ਮੱਛੀਆਂ ਨੂੰ ਵੀ, ਜਿਹੜੀਆਂ ਤੇਰੀ ਖੱਲ ਉੱਤੇ ਚਿੰਬੜੀਆਂ ਹੋਈਆਂ ਹਨ ।5ਮੈਂ ਤੈਨੂੰ ਤੇ ਤੇਰਿਆਂ ਦਰਿਆਵਾਂ ਦੀਆਂ ਸਾਰੀਆਂ ਮੱਛੀਆਂ ਨੂੰ ਉਜਾੜ ਵਿੱਚ ਸੁੱਟ ਦਿਆਂਗਾ, ਤੂੰ ਖੁੱਲ੍ਹੇ ਖੇਤ ਵਿੱਚ ਪਿਆ ਰਹੇਂਗਾ, ਤੂੰ ਨਾ ਇੱਕ ਥਾਂ ਕੀਤਾ ਜਾਵੇਂਗਾ ਨਾ ਇਕੱਠਾ ਕੀਤਾ ਜਾਵੇਂਗਾ, ਮੈਂ ਤੈਨੂੰ ਧਰਤੀ ਦੇ ਦਰਿੰਦਿਆਂ ਅਤੇ ਅਕਾਸ਼ ਦੇ ਪੰਛੀਆਂ ਨੂੰ ਖਾਣ ਲਈ ਦਿਆਂਗਾ ।
6ਮਿਸਰ ਦੇ ਸਾਰੇ ਵਾਸੀ ਜਾਣਨਗੇ ਕਿ ਮੈਂ ਯਹੋਵਾਹ ਹਾਂ, ਇਸ ਲਈ ਕਿ ਉਹ ਇਸਰਾਏਲ ਦੇ ਘਰਾਣੇ ਲਈ ਕੇਵਲ ਕਾਨੇ ਦਾ ਸਹਾਰਾ ਸਨ ।7ਜਦ ਉਹਨਾਂ ਨੇ ਤੈਨੂੰ ਹੱਥ ਵਿੱਚ ਫੜਿਆ ਤਾਂ ਤੂੰ ਟੁੱਟ ਗਿਆ ਅਤੇ ਉਹਨਾਂ ਸਾਰਿਆਂ ਦੇ ਮੋਢੇ ਫੱਟੜ ਕਰ ਦਿੱਤੇ, ਫੇਰ ਜਦੋਂ ਉਹਨਾਂ ਨੇ ਤੇਰਾ ਸਹਾਰਾ ਲਿਆ, ਤਾਂ ਤੂੰ ਟੋਟੇ-ਟੋਟੇ ਹੋ ਗਿਆ, ਅਤੇ ਉਹਨਾਂ ਸਾਰਿਆਂ ਦੇ ਲੱਕ ਹਿੱਲ ਗਏ ।
8ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ ਕਿ ਵੇਖ, ਮੈਂ ਇੱਕ ਤਲਵਾਰ ਤੇਰੇ ਉੱਤੇ ਲਿਆਵਾਂਗਾ ਅਤੇ ਤੇਰੇ ਵਿੱਚੋਂ ਆਦਮੀਆਂ ਅਤੇ ਪਸ਼ੂਆਂ ਨੂੰ ਵੱਢ ਸੁੱਟਾਂਗਾ ।9ਮਿਸਰ ਦੇਸ ਉੱਜੜ ਜਾਵੇਗਾ ਅਤੇ ਉਹ ਜਾਣਨਗੇ ਕਿ ਮੈਂ ਯਹੋਵਾਹ ਹਾਂ, ਕਿਉਂ ਜੋ ਉਹ ਨੇ ਆਖਿਆ ਹੈ ਕਿ ਨਦੀ ਮੇਰੀ ਹੀ ਹੈ ਅਤੇ ਮੈਂ ਹੀ ਉਹ ਨੂੰ ਬਣਾਇਆ ਹੈ ।10ਇਸ ਲਈ ਵੇਖ, ਮੈਂ ਤੇਰਾ ਅਤੇ ਤੇਰੀਆਂ ਨਦੀਆਂ ਦਾ ਵਿਰੋਧੀ ਹਾਂ ਅਤੇ ਮਿਸਰ ਦੇਸ ਨੂੰ ਮਿਗਦੋਲ ਸਵੇਨੇਹ ਤੋਂ ਕੂਸ਼ ਦੀ ਹੱਦ ਤੱਕ ਪੂਰੀ ਤਰ੍ਹਾਂ ਉਜਾੜ ਦਿਆਂਗਾ ।
11ਕਿਸੇ ਮਨੁੱਖ ਦਾ ਪੈਰ ਉਹ ਦੇ ਵਿੱਚ ਦੀ ਨਾ ਲੰਘੇਗਾ, ਨਾ ਕਿਸੇ ਪਸ਼ੂ ਦਾ ਖੁਰ ਉਹ ਦੇ ਵਿੱਚ ਲੰਘੇਗਾ, ਨਾ ਉਹ ਚਾਲੀ ਸਾਲ ਤੱਕ ਅਬਾਦ ਹੋਵੇਗਾ ।12ਮੈਂ ਉੱਜੜੇ ਦੇਸਾਂ ਵਿੱਚ ਮਿਸਰ ਦੇਸ ਨੂੰ ਉਜਾੜ ਦਿਆਂਗਾ ਅਤੇ ਉੱਜੜੇ ਹੋਏ ਸ਼ਹਿਰਾਂ ਵਿੱਚ ਉਹ ਦੇ ਸ਼ਹਿਰ ਚਾਲੀ ਸਾਲ ਤੱਕ ਉਜਾੜ ਰਹਿਣਗੇ ਅਤੇ ਮੈਂ ਮਿਸਰੀਆਂ ਨੂੰ ਕੌਮਾਂ ਵਿੱਚ ਖਿਲਾਰ ਦਿਆਂਗਾ ਅਤੇ ਦੇਸਾਂ ਵਿੱਚ ਉਹਨਾਂ ਨੂੰ ਤਿੱਤਰ-ਬਿੱਤਰ ਕਰਾਂਗਾ ।
13ਕਿਉਂ ਜੋ ਪ੍ਰਭੂ ਯਹੋਵਾਹ ਇਹ ਆਖਦਾ ਹੈ ਕਿ ਚਾਲੀ ਸਾਲ ਦੇ ਅੰਤ ਵਿੱਚ ਮੈਂ ਮਿਸਰੀਆਂ ਨੂੰ ਉਹਨਾਂ ਲੋਕਾਂ ਵਿੱਚੋਂ ਜਿੱਥੇ ਉਹ ਖਿੱਲਰ ਗਏ ਸਨ, ਫੇਰ ਇਕੱਠਾ ਕਰਾਂਗਾ ।14ਮੈਂ ਮਿਸਰ ਦੇ ਦੇਸ ਨਿਕਾਲੇ ਵਾਲਿਆਂ ਨੂੰ ਫੇਰ ਲਿਆਵਾਂਗਾ ਅਤੇ ਉਹਨਾਂ ਨੂੰ ਉਹਨਾਂ ਦੀ ਜਨਮ ਭੂਮੀ ਵਿੱਚ ਅਰਥਾਤ ਫਤਰੋਸ ਦੇ ਦੇਸ ਵਿੱਚ ਮੋੜ ਲਿਆਵਾਂਗਾ ਅਤੇ ਉੱਥੇ ਉਹਨਾਂ ਦਾ ਨਿੱਕਾ ਜਿਹਾ ਰਾਜ ਬਣੇਗਾ
15ਇਹ ਰਾਜਾਂ ਵਿੱਚੋਂ ਨਿੱਕਾ ਜਿਹਾ ਹੋਵੇਗਾ ਅਤੇ ਫੇਰ ਕੌਮਾਂ ਉੱਤੇ ਆਪਣੇ ਆਪ ਨੂੰ ਉੱਚਾ ਨਾ ਕਰ ਸਕੇਗਾ, ਕਿਉਂ ਜੋ ਮੈਂ ਉਹਨਾਂ ਨੂੰ ਨੀਵਾਂ ਕਰਾਂਗਾ, ਤਾਂ ਜੋ ਫੇਰ ਕੌਮਾਂ ਉੱਪਰ ਹਕੂਮਤ ਨਾ ਕਰਨ16ਅਤੇ ਉਹ ਅੱਗੇ ਲਈ ਇਸਰਾਏਲ ਦੇ ਘਰਾਣੇ ਦਾ ਭਰੋਸਾ ਨਹੀਂ ਹੋਵੇਗਾ । ਜਦੋਂ ਉਹ ਉਹਨਾਂ ਦੇ ਅੰਤ ਵੱਲ ਵੇਖਣਗੇ, ਤਾਂ ਉਹਨਾਂ ਦੇ ਪਾਪ ਉਹਨਾਂ ਨੂੰ ਚੇਤੇ ਆਉਣਗੇ ਅਤੇ ਉਹ ਜਾਣਨਗੇ ਕਿ ਮੈਂ ਪ੍ਰਭੂ ਯਹੋਵਾਹ ਹਾਂ !
ਰਾਜਾ ਨਬੂਕਦਨੱਸਰ ਮਿਸਰ ਨੂੰ ਹਰਾਵੇਗਾ

17ਸਤਾਈਵੇਂ ਸਾਲ ਦੇ ਪਹਿਲੇ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਯਹੋਵਾਹ ਦਾ ਵਾਕ ਮੇਰੇ ਕੋਲ ਆਇਆ ਤੇ ਆਖਿਆ ਕਿ18ਹੇ ਮਨੁੱਖ ਦੇ ਪੁੱਤਰ, ਬਾਬਲ ਦੇ ਰਾਜਾ ਨਬੂਕਦਨੱਸਰ ਨੇ ਆਪਣੀ ਫੌਜ ਤੋਂ ਸੂਰ ਦੀ ਵਿਰੋਧਤਾ ਵਿੱਚ ਵੱਡੀ ਸੇਵਾ ਕਰਵਾਈ ਹੈ । ਹਰੇਕ ਦਾ ਸਿਰ ਗੰਜਾ ਹੋ ਗਿਆ ਅਤੇ ਹਰੇਕ ਦਾ ਮੋਢਾ ਛਿੱਲਿਆ ਗਿਆ ਪਰ ਨਾ ਉਹ ਨੇ, ਨਾ ਉਹ ਦੀ ਫੌਜ ਨੇ ਉਸ ਸੇਵਾ ਦੇ ਬਦਲੇ ਜਿਹੜੀ ਉਹਨਾਂ ਉਹ ਦੀ ਵਿਰੋਧਤਾ ਵਿੱਚ ਕੀਤੀ ਸੀ, ਸੂਰ ਤੋਂ ਕੁੱਝ ਫਲ ਪ੍ਰਾਪਤ ਕੀਤਾ ।
19ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖ, ਮੈਂ ਮਿਸਰ ਦਾ ਦੇਸ ਬਾਬਲ ਦੇ ਰਾਜਾ ਨਬੂਕਦਨੱਸਰ ਨੂੰ ਦੇ ਦਿਆਂਗਾ, ਉਹ ਉਸ ਦੀ ਭੀੜ ਨੂੰ ਲੈ ਜਾਵੇਗਾ ਅਤੇ ਉਸ ਨੂੰ ਲੁੱਟ ਲਵੇਗਾ, ਅਤੇ ਉਹ ਨੂੰ ਲੁੱਟ ਦਾ ਮਾਲ ਬਣਾਵੇਗਾ ਅਤੇ ਇਹ ਉਸ ਦੀ ਫੌਜ ਦੀ ਕਮਾਈ ਹੋਵੇਗੀ ।20ਮੈਂ ਮਿਸਰ ਦਾ ਦੇਸ ਉਸ ਸੇਵਾ ਦੇ ਬਦਲੇ ਜੋ ਉਸ ਕੀਤੀ ਉਹ ਨੂੰ ਦਿੱਤਾ, ਪ੍ਰਭੂ ਯਹੋਵਾਹ ਦਾ ਵਾਕ ਹੈ ।
21ਮੈਂ ਉਸ ਵੇਲੇ ਇਸਰਾਏਲ ਦੇ ਘਰਾਣੇ ਦਾ ਸਿੰਗ ਉਗਾਵਾਂਗਾ ਅਤੇ ਉਹਨਾਂ ਦੇ ਵਿੱਚ ਤੇਰਾ ਮੂੰਹ ਖੋਲ੍ਹਾਂਗਾ ਅਤੇ ਉਹ ਜਾਣਨਗੇ ਕਿ ਮੈਂ ਯਹੋਵਾਹ ਹਾਂ !

30
ਪਰਮੇਸ਼ੁਰ ਮਿਸਰ ਨੂੰ ਸਜ਼ਾ ਦੇਵੇਗਾ

1ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ2ਹੇ ਮਨੁੱਖ ਦੇ ਪੁੱਤਰ, ਭਵਿੱਖਬਾਣੀ ਕਰ ਅਤੇ ਤੂੰ ਆਖ, ਪ੍ਰਭੂ ਯਹੋਵਾਹ ਇਹ ਆਖਦਾ ਹੈ, ਕੁਰਲਾ, ਅਫ਼ਸੋਸ ਉਸ ਦਿਨ ਤੇ !3ਇਸ ਲਈ ਕਿ ਦਿਨ ਨੇੜੇ ਹੈ, ਹਾਂ, ਯਹੋਵਾਹ ਦਾ ਦਿਨ ਨੇੜੇ ਹੈ, ਅਰਥਾਤ ਬੱਦਲਾਂ ਦਾ ਦਿਨ, ਇਹ ਕੌਮਾਂ ਦਾ ਸਮਾਂ ਹੋਵੇਗਾ !

4ਤਲਵਾਰ ਮਿਸਰ ਵਿੱਚ ਆਵੇਗੀ, ਤੇ ਕੂਸ਼ ਵਿੱਚ ਕੰਬਣੀ ਹੋਵੇਗੀ, ਜਦੋਂ ਮਿਸਰ ਵਿੱਚ ਵੱਢੇ ਹੋਏ ਡਿੱਗਣਗੇ, ਅਤੇ ਉਹ ਭੀੜ ਨੂੰ ਲੈ ਜਾਣਗੇ ਅਤੇ ਉਹ ਦੀਆਂ ਨੀਂਹਾਂ ਪੁੱਟੀਆਂ ਜਾਣਗੀਆਂ ।5ਕੂਸ਼, ਫੂਟ, ਲੂਦ ਅਤੇ ਸਾਰੇ ਮਿਲਵੇਂ ਲੋਕ ਅਤੇ ਕੂਬ, ਅਤੇ ਉਸ ਨੇਮ ਵਾਲੀ ਧਰਤੀ ਦੇ ਵਾਸੀ ਉਹਨਾਂ ਦੇ ਨਾਲ ਤਲਵਾਰ ਨਾਲ ਡਿੱਗ ਪੈਣਗੇ ।
6ਯਹੋਵਾਹ ਇਹ ਆਖਦਾ ਹੈ, ਮਿਸਰ ਦੇ ਸਹਾਇਕ ਡਿੱਗ ਪੈਣਗੇ, ਅਤੇ ਉਹ ਦੀ ਸ਼ਕਤੀ ਦਾ ਘਮੰਡ ਟੁੱਟ ਜਾਵੇਗਾ, ਮਿਗਦੋਲ ਸਵੇਨੇਹ ਤੋਂ, ਉਹ ਉਸ ਵਿੱਚ ਤਲਵਾਰ ਨਾਲ ਡਿੱਗ ਪੈਣਗੇ, ਪ੍ਰਭੂ ਯਹੋਵਾਹ ਦਾ ਵਾਕ ਹੈ ।7ਉਹ ਉੱਜੜੇ ਦੇਸਾਂ ਦੇ ਵਿਚਕਾਰ ਉੱਜੜਨਗੇ, ਅਤੇ ਉਹ ਦੇ ਸ਼ਹਿਰ ਉੱਜੜੇ ਸ਼ਹਿਰਾਂ ਦੇ ਵਿਚਕਾਰ ਉਜਾੜ ਰਹਿਣਗੇ ।
8ਜਦੋਂ ਮੈਂ ਮਿਸਰ ਵਿੱਚ ਅੱਗ ਲਾਵਾਂਗਾ, ਅਤੇ ਉਹ ਦੇ ਸਾਰੇ ਸਹਾਇਕ ਤੋੜੇ ਜਾਣਗੇ, ਤਦ ਉਹ ਜਾਣਨਗੇ ਕਿ ਮੈਂ ਯਹੋਵਾਹ ਹਾਂ !9ਉਸ ਦਿਨ ਬਹੁਤ ਸਾਰੇ ਜਹਾਜ਼ਾਂ ਵਿੱਚ ਮੇਰੇ ਵੱਲੋਂ ਭੇਜੇ ਜਾਣਗੇ, ਭਈ ਮਨਮੁੱਖ ਕੂਸ਼ੀਆਂ ਨੂੰ ਡਰਾਉਣ, ਅਤੇ ਉਹਨਾਂ ਨੂੰ ਸਖ਼ਤ ਪੀੜ ਹੋਵੇਗੀ, ਜਿਵੇਂ ਮਿਸਰ ਦੇ ਦਿਨ ਵਿੱਚ, ਕਿਉਂ ਜੋ ਵੇਖ ! ਉਹ ਆਉਂਦਾ ਹੈ ।
10ਪ੍ਰਭੂ ਯਹੋਵਾਹ ਇਹ ਆਖਦਾ ਹੈ, ਮੈਂ ਮਿਸਰ ਦੀ ਭੀੜ ਨੂੰ, ਬਾਬਲ ਦੇ ਰਾਜਾ ਨਬੂਕਦਨੱਸਰ ਦੇ ਹੱਥੋਂ ਮੁਕਾ ਦੇਵਾਂਗਾ ।11ਉਹ ਅਤੇ ਉਹ ਦੇ ਲੋਕ ਜੋ ਕੌਮਾਂ ਵਿੱਚ ਭਿਆਨਕ ਹਨ, ਦੇਸ ਉਜਾੜਨ ਲਈ ਭੇਜੇ ਜਾਣਗੇ, ਉਹ ਮਿਸਰ ਦੇ ਵਿਰੁੱਧ ਆਪਣੀਆਂ ਤਲਵਾਰਾਂ ਖਿੱਚਣਗੇ, ਅਤੇ ਦੇਸ ਨੂੰ ਵੱਢਿਆ ਹੋਇਆਂ ਨਾਲ ਭਰ ਦੇਣਗੇ ।
12ਮੈਂ ਨਦੀਆਂ ਨੂੰ ਸੁੱਕਾ ਦਿਆਂਗਾ, ਅਤੇ ਦੇਸ ਨੂੰ ਬੁਰਿਆਰਾਂ ਦੇ ਹੱਥ ਵੇਚਾਂਗਾ, ਅਤੇ ਮੈਂ ਉਸ ਦੇਸ ਅਤੇ ਉਸ ਦੀ ਭਰਪੂਰੀ ਨੂੰ ਓਪਰਿਆਂ ਦੇ ਹੱਥੋਂ ਉਜਾੜ ਦਿਆਂਗਾ, ਮੈਂ ਯਹੋਵਾਹ ਨੇ ਆਖਿਆ ਹੈ ।
13ਪ੍ਰਭੂ ਯਹੋਵਾਹ ਇਹ ਆਖਦਾ ਹੈ, ਮੈਂ ਬੁੱਤਾਂ ਨੂੰ ਨਸ਼ਟ ਕਰ ਦਿਆਂਗਾ, ਨੋਫ ਵਿੱਚੋਂ ਮੂਰਤੀਆਂ ਨੂੰ ਨਾਸ਼ ਕਰ ਦਿਆਂਗਾ, ਅੱਗੇ ਨੂੰ ਮਿਸਰ ਦੇਸ ਵਿੱਚੋਂ ਕੋਈ ਰਾਜਕੁਮਾਰ ਨਹੀਂ ਹੋਵੇਗਾ ਅਤੇ ਮੈਂ ਮਿਸਰ ਦੇਸ ਵਿੱਚ ਡਰ ਪਾ ਦਿਆਂਗਾ ।14ਫਤਰੋਸ ਨੂੰ ਉਜਾੜ ਦਿਆਂਗਾ, ਸੋਆਨ ਵਿੱਚ ਅੱਗ ਲਾਵਾਂਗਾ ਅਤੇ ਨੋ ਵਿੱਚ ਮੈਂ ਨਿਆਂ ਕਰਾਂਗਾ ।
15ਮੈਂ ਸੀਨ ਉੱਤੇ ਜੋ ਮਿਸਰ ਦਾ ਗੜ੍ਹ ਹੈ, ਆਪਣਾ ਕਹਿਰ ਭੇਜਾਂਗਾ ਅਤੇ ਨੋ ਦੀ ਭੀੜ ਨੂੰ ਵੱਢ ਸੁੱਟਾਂਗਾ ।16ਮੈਂ ਮਿਸਰ ਵਿੱਚ ਅੱਗ ਲਾਵਾਂਗਾ, ਸੀਨ ਨੂੰ ਕਰੜਾ ਦੁੱਖ ਹੋਵੇਗਾ, ਨੋ ਚੀਰਿਆ ਜਾਵੇਗਾ ਅਤੇ ਨੋਫ ਦਿਨੋ ਦਿਨ ਦੁੱਖੀ ਹੋਵੇਗਾ ।
17ਆਵਨ ਅਤੇ ਫੀ-ਬਸਥ ਦੇ ਗੱਭਰੂ ਤਲਵਾਰ ਨਾਲ ਡਿੱਗ ਪੈਣਗੇ ਅਤੇ ਔਰਤਾਂ ਗੁਲਾਮੀ ਵਿੱਚ ਜਾਣਗੀਆਂ ।18ਤਹਫਨਹੇਸ ਵਿੱਚ ਵੀ ਦਿਨ ਨੂੰ ਹਨ੍ਹੇਰਾ ਹੋ ਜਾਵੇਗਾ, ਜਦੋਂ ਮੈਂ ਉੱਥੇ ਮਿਸਰ ਦੇ ਜੂਲਿਆਂ ਨੂੰ ਤੋੜਾਂਗਾ ਅਤੇ ਉਹ ਦੇ ਵਿੱਚ ਸ਼ਕਤੀ ਦੀ ਵਡਿਆਈ ਨਾ ਰਹੇਗੀ ਅਤੇ ਬੱਦਲ ਇਹ ਨੂੰ ਢੱਕ ਲਵੇਗਾ, ਅਤੇ ਉਸ ਦੀਆਂ ਧੀਆਂ ਗੁਲਾਮੀ ਵਿੱਚ ਜਾਣਗੀਆਂ ।19ਮੈਂ ਮਿਸਰ ਵਿੱਚ ਨਿਆਂ ਕਰਾਂਗਾ, ਤਾਂ ਉਹ ਜਾਣਨਗੇ, ਕਿ ਮੈਂ ਯਹੋਵਾਹ ਹਾਂ !
ਮਿਸਰ ਦੇ ਰਾਜਾ ਦੀ ਟੁੱਟੀ ਹੋਈ ਸ਼ਕਤੀ

20ਅਜਿਹਾ ਹੋਇਆ ਕਿ ਬਾਰਵੇਂ ਸਾਲ ਦੇ ਪਹਿਲੇ ਮਹੀਨੇ ਦੀ ਸੱਤ ਤਾਰੀਖ਼ ਨੂੰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ21ਹੇ ਮਨੁੱਖ ਦੇ ਪੁੱਤਰ, ਮੈਂ ਮਿਸਰ ਦੇ ਰਾਜਾ ਫ਼ਿਰਊਨ ਦੀ ਬਾਂਹ ਭੰਨ ਦਿੱਤੀ ਹੈ ਅਤੇ ਵੇਖ, ਉਹ ਬੰਨ੍ਹੀ ਨਹੀਂ ਗਈ । ਦਵਾਈ ਲਾ ਕੇ ਉਸ ਤੇ ਪੱਟੀਆਂ ਨਹੀਂ ਕੀਤੀਆਂ ਗਈਆਂ, ਤਾਂ ਜੋ ਤਲਵਾਰ ਫੜਨ ਲਈ ਤਕੜੀ ਹੋਵੇ ।
22ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖ, ਮੈਂ ਮਿਸਰ ਦੇ ਰਾਜਾ ਫ਼ਿਰਊਨ ਦਾ ਵਿਰੋਧੀ ਹਾਂ ਅਤੇ ਉਹ ਦੀਆਂ ਬਾਂਹਾਂ ਨੂੰ ਭੰਨਾਂਗਾ ਅਰਥਾਤ ਪੱਕੀ ਅਤੇ ਟੁੱਟੀ ਹੋਈ ਦੋਨਾਂ ਨੂੰ ਭੰਨਾਂਗਾ ਅਤੇ ਤਲਵਾਰ ਉਹ ਦੇ ਹੱਥ ਵਿੱਚੋਂ ਡੇਗ ਦਿਆਂਗਾ ।23ਮੈਂ ਮਿਸਰੀਆਂ ਨੂੰ ਕੌਮਾਂ ਵਿੱਚ ਖਿਲਾਰ ਦਿਆਂਗਾ ਅਤੇ ਦੇਸਾਂ ਵਿੱਚ ਉਹਨਾਂ ਨੂੰ ਤਿੱਤਰ-ਬਿੱਤਰ ਕਰਾਂਗਾ ।24ਮੈਂ ਬਾਬਲ ਦੇ ਰਾਜਾ ਦੀਆਂ ਬਾਂਹਾਂ ਨੂੰ ਬਲ ਬਖ਼ਸ਼ਾਂਗਾ ਅਤੇ ਆਪਣੀ ਤਲਵਾਰ ਉਹ ਦੇ ਹੱਥ ਵਿੱਚ ਦਿਆਂਗਾ, ਪਰ ਫ਼ਿਰਊਨ ਦੀਆਂ ਬਾਂਹਾਂ ਨੂੰ ਭੰਨਾਂਗਾ ਅਤੇ ਉਹ ਉਹ ਦੇ ਅੱਗੇ ਉਸ ਫੱਟੜ ਵਾਂਗੂੰ ਜੋ ਮਰਨ ਵਾਲਾ ਹੋਵੇ, ਆਹਾਂ ਭਰੇਗਾ ।
25ਜਦ ਮੈਂ ਬਾਬਲ ਦੇ ਰਾਜਾ ਦੀਆਂ ਬਾਂਹਾਂ ਨੂੰ ਬਲ ਦਿਆਂਗਾ ਅਤੇ ਫ਼ਿਰਊਨ ਦੀਆਂ ਬਾਹਾਂ ਡਿੱਗ ਪੈਣਗੀਆਂ । ਜਦੋਂ ਮੈਂ ਆਪਣੀ ਤਲਵਾਰ ਬਾਬਲ ਦੇ ਰਾਜਾ ਦੇ ਹੱਥ ਵਿੱਚ ਦਿਆਂਗਾ ਅਤੇ ਉਹ ਉਸ ਨੂੰ ਮਿਸਰ ਦੇ ਦੇਸ ਤੇ ਖਿੱਚੇਗਾ, ਤਾਂ ਉਹ ਜਾਣਨਗੇ ਕਿ ਮੈਂ ਯਹੋਵਾਹ ਹਾਂ !26ਮੈਂ ਮਿਸਰੀਆਂ ਨੂੰ ਕੌਮਾਂ ਵਿੱਚ ਖਿਲਾਰ ਦਿਆਂਗਾ ਅਤੇ ਦੇਸਾਂ ਵਿੱਚ ਉਹਨਾਂ ਨੂੰ ਤਿੱਤਰ-ਬਿੱਤਰ ਕਰਾਂਗਾ, ਤਦ ਉਹ ਜਾਣਨਗੇ ਕਿ ਮੈਂ ਯਹੋਵਾਹ ਹਾਂ !

31
ਮਿਸਰ ਦੀ ਤੁਲਨਾ ਦੇਵਦਾਰ ਦੇ ਰੁੱਖ ਨਾਲ

1ਫੇਰ ਬਾਰਵੇਂ ਸਾਲ ਦੇ ਤੀਜੇ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ2ਹੇ ਮਨੁੱਖ ਦੇ ਪੁੱਤਰ, ਮਿਸਰ ਦੇ ਰਾਜਾ ਫ਼ਿਰਊਨ ਅਤੇ ਉਸ ਦੀ ਭੀੜ ਨੂੰ ਆਖ, ਤੁਸੀਂ ਆਪਣੀ ਵਡਿਆਈ ਵਿੱਚ ਕਿਹ ਦੇ ਵਰਗੇ ਹੋ ?

3ਵੇਖ, ਅੱਸ਼ੂਰੀ ਲਬਾਨੋਨ ਵਿੱਚ ਦਿਆਰ ਸੀ, ਜਿਸ ਦੀਆਂ ਟਹਿਣੀਆਂ ਸੁੰਦਰ ਸਨ ਅਤੇ ਸੰਘਣੀ ਛਾਂ ਵਾਲਾ ਸੀ, ਉਹ ਦਾ ਕੱਦ ਉੱਚਾ ਸੀ ਅਤੇ ਉਹ ਦੀ ਟੀਸੀ ਸੰਘਣੀਆਂ ਟਹਿਣੀਆਂ ਵਿਚਕਾਰ ਖੜੀ ਸੀ ।4ਪਾਣੀਆਂ ਨੇ ਉਹ ਨੂੰ ਵੱਡਾ ਕੀਤਾ, ਡੂੰਘਿਆਈ ਨੇ ਉਹ ਨੂੰ ਉੱਚਾ ਕੀਤਾ । ਉਹ ਦੇ ਉੱਗੇ ਹੋਏ ਥਾਂ ਦੇ ਦੁਆਲੇ ਨਹਿਰਾਂ ਵਗਦੀਆਂ ਸਨ ਅਤੇ ਉਹ ਦੀਆਂ ਨਾਲੀਆਂ ਖੇਤ ਦੇ ਸਾਰੇ ਰੁੱਖਾਂ ਤੱਕ ਪਹੁੰਚਦੀਆਂ ਸਨ ।
5ਇਸ ਲਈ ਪਾਣੀ ਬਹੁਤਾ ਫੁੱਟ ਨਿੱਕਲਣ ਕਰਕੇ ਉਸ ਦਾ ਕੱਦ ਖੇਤ ਦੇ ਸਾਰੇ ਰੁੱਖਾਂ ਨਾਲੋਂ ਉੱਚਾ ਹੋ ਗਿਆ ਅਤੇ ਉਸ ਦੀਆਂ ਟਹਿਣੀਆਂ ਬਹੁਤੀਆਂ ਤੇ ਲੰਮੀਆਂ ਹੋ ਗਈਆਂ ।6ਅਕਾਸ਼ ਦੇ ਸਾਰੇ ਪੰਛੀ ਉਹ ਦੀਆਂ ਟਹਿਣੀਆਂ ਤੇ ਆਪਣੇ ਆਲ੍ਹਣੇ ਬਣਾਉਂਦੇ ਸਨ ਅਤੇ ਉਹ ਦੀਆਂ ਡਾਲੀਆਂ ਦੇ ਹੇਠਾਂ, ਖੇਤ ਦੇ ਸਾਰੇ ਦਰਿੰਦੇ ਬੱਚਿਆਂ ਨੂੰ ਜਨਮ ਦਿੰਦੇ ਸਨ । ਸਾਰੀਆਂ ਵੱਡੀਆਂ ਕੌਮਾਂ ਉਸ ਦੇ ਪਰਛਾਵੇਂ ਵਿੱਚ ਵੱਸਦੀਆਂ ਸਨ ।7ਇਸ ਪ੍ਰਕਾਰ ਉਹ ਆਪਣੀ ਵਡਿਆਈ ਵਿੱਚ ਆਪਣੀਆਂ ਡਾਲੀਆਂ ਦੇ ਲੰਮੇ ਹੋਣ ਕਰਕੇ ਸੁੰਦਰ ਸੀ, ਕਿਉਂ ਜੋ ਉਹ ਦੀ ਜੜ੍ਹ ਪਾਣੀ ਦੇ ਬਹੁਤ ਨੇੜੇ ਸੀ ।
8ਪਰਮੇਸ਼ੁਰ ਦੇ ਬਾਗ਼ ਦੇ ਦਿਆਰ ਉਹ ਨੂੰ ਲੁਕਾ ਨਾ ਸਕੇ, ਸੂਰ ਉਹ ਦੀਆਂ ਟਹਿਣੀਆਂ ਅਤੇ ਅਰਮੋਨ ਦਾ ਰੁੱਖ, ਉਹ ਦੀਆਂ ਡਾਲੀਆਂ ਦੇ ਬਰਾਬਰ ਨਾ ਸਨ ਅਤੇ ਪਰਮੇਸ਼ੁਰ ਦੇ ਬਾਗ਼ ਦਾ ਕੋਈ ਰੁੱਖ, ਸੁੰਦਰਤਾ ਵਿੱਚ ਉਸ ਵਰਗਾ ਨਹੀਂ ਸੀ ।9ਮੈਂ ਉਹ ਨੂੰ ਬਹੁਤੀਆਂ ਡਾਲੀਆਂ ਦੇ ਕੇ ਸੁੰਦਰਤਾ ਬਖ਼ਸ਼ੀ, ਇੱਥੋਂ ਤੱਕ ਕਿ ਅਦਨ ਦੇ ਬਾਗ਼ ਦੇ ਸਾਰੇ ਰੁੱਖ ਜੋ ਪਰਮੇਸ਼ੁਰ ਦੇ ਬਾਗ਼ ਵਿੱਚ ਸਨ, ਉਸ ਨਾਲ ਖਾਰ ਕਰਦੇ ਸਨ ।
10ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਇਸ ਲਈ ਕਿ ਉਹ ਨੇ ਆਪਣੇ ਆਪ ਨੂੰ ਉੱਚਾ ਅਤੇ ਆਪਣੀ ਟੀਸੀ ਨੂੰ ਸੰਘਣੀਆਂ ਟਹਿਣੀਆਂ ਦੇ ਵਿੱਚ ਉੱਚਾ ਕੀਤਾ ਅਤੇ ਉਹ ਦੇ ਮਨ ਵਿੱਚ ਆਪਣੀ ਉਚਾਈ ਦਾ ਘਮੰਡ ਆਇਆ ।11ਇਸ ਲਈ ਮੈਂ ਉਹ ਨੂੰ ਕੌਮਾਂ ਵਿੱਚੋਂ ਇੱਕ ਜ਼ੋਰਾਵਰ ਦੇ ਹਵਾਲੇ ਕਰਾਂਗਾ । ਜ਼ਰੂਰ ਉਹ ਉਸ ਨਾਲ ਵਰਤੇਗਾ । ਮੈਂ ਉਹ ਦੀ ਦੁਸ਼ਟਤਾ ਦੇ ਕਾਰਨ ਉਹ ਨੂੰ ਕੱਢ ਦਿੱਤਾ ਹੈ ।
12ਓਪਰੇ ਲੋਕ ਜੋ ਕੌਮਾਂ ਵਿੱਚ ਭਿਆਨਕ ਹਨ, ਉਹ ਨੂੰ ਵੱਢ ਸੁੱਟਣਗੇ ਅਤੇ ਉਹ ਨੂੰ ਛੱਡ ਦੇਣਗੇ । ਪਹਾੜਾਂ ਅਤੇ ਸਾਰੀਆਂ ਵਾਦੀਆਂ ਵਿੱਚ ਉਹ ਦੀਆਂ ਟਹਿਣੀਆਂ ਡਿੱਗਣਗੀਆਂ ਅਤੇ ਧਰਤੀ ਦੀਆਂ ਸਾਰੀਆਂ ਨਹਿਰਾਂ ਦੇ ਵਿੱਚ ਉਹ ਦੀਆਂ ਡਾਲੀਆਂ ਭੰਨੀਆਂ ਜਾਣਗੀਆਂ । ਧਰਤੀ ਦੇ ਸਾਰੇ ਲੋਕ ਉਸ ਦੇ ਪਰਛਾਵੇਂ ਹੇਠੋਂ ਨਿੱਕਲ ਜਾਣਗੇ ਅਤੇ ਉਹ ਨੂੰ ਛੱਡ ਦੇਣਗੇ ।
13ਅਕਾਸ਼ ਦੇ ਸਾਰੇ ਪੰਛੀ ਉਸ ਟੁੱਟੇ ਹੋਏ ਉੱਤੇ ਵੱਸਣਗੇ ਅਤੇ ਸਾਰੇ ਖੇਤ ਦੇ ਸਾਰੇ ਦਰਿੰਦੇ ਉਹ ਦੀਆਂ ਟਹਿਣੀਆਂ ਉੱਤੇ ਹੋਣਗੇ,14ਤਾਂ ਜੋ ਪਾਣੀ ਦੇ ਸਾਰੇ ਰੁੱਖਾਂ ਵਿੱਚੋਂ ਕੋਈ ਆਪਣੀ ਉਚਾਈ ਉੱਤੇ ਆਕੜ ਨਾ ਕਰੇ ਅਤੇ ਆਪਣੀ ਟੀਸੀ ਸੰਘਣੀਆਂ ਟਹਿਣੀਆਂ ਦੇ ਵਿਚਕਾਰ ਨਾ ਰੱਖੇ । ਉਹਨਾਂ ਵਿੱਚੋਂ ਵੱਡੇ-ਵੱਡੇ ਅਤੇ ਸਾਰੇ ਪਾਣੀ ਪੀਣ ਵਾਲੇ ਰੁੱਖ ਸਿੱਧੇ ਨਾ ਖਲੋਣ, ਕਿਉਂ ਜੋ ਉਹ ਸਾਰੇ ਦੇ ਸਾਰੇ ਮੌਤ ਲਈ ਦਿੱਤੇ ਗਏ ਹਨ ਅਰਥਾਤ ਧਰਤੀ ਦੇ ਹੇਠ ਆਦਮ ਵੰਸੀਆਂ ਦੇ ਵਿਚਕਾਰ ਕਬਰ ਵਿੱਚ ਉਤਰਨਗੇ ।
15ਪ੍ਰਭੂ ਯਹੋਵਾਹ ਇਹ ਆਖਦਾ ਹੈ, ਜਿਸ ਦਿਨ ਉਹ ਪਤਾਲ ਵਿੱਚ ਉਤਰਨਗੇ, ਮੈਂ ਸੋਗ ਕਰਾਵਾਂਗਾ, ਮੈਂ ਉਸ ਦੇ ਲਈ ਡੂੰਘਿਆਈ ਨੂੰ ਲੁਕਾ ਦਿਆਂਗਾ ਅਤੇ ਉਹ ਦੀਆਂ ਨਹਿਰਾਂ ਨੂੰ ਰੋਕ ਦਿਆਂਗਾ ਅਤੇ ਬਹੁਤੇ ਪਾਣੀ ਰੁਕ ਜਾਣਗੇ, ਹਾਂ, ਮੈਂ ਲਬਾਨੋਨ ਤੋਂ ਉਹ ਦੇ ਲਈ ਵਿਰਲਾਪ ਕਰਾਵਾਂਗਾ ਅਤੇ ਉਹ ਦੇ ਲਈ ਖੇਤ ਦੇ ਸਾਰੇ ਰੁੱਖ ਗ਼ਸ਼ੀਆਂ ਖਾਣਗੇ ।
16ਜਿਸ ਵੇਲੇ ਮੈਂ ਉਹ ਨੂੰ ਉਹਨਾਂ ਸਾਰਿਆਂ ਦੇ ਨਾਲ ਜੋ ਕਬਰ ਵਿੱਚ ਡਿੱਗਦੇ ਹਨ ਪਤਾਲ ਵਿੱਚ ਧੱਕਾਂਗਾ, ਤਾਂ ਉਹ ਦੇ ਡਿੱਗਣ ਦੇ ਰੌਲ਼ੇ ਨਾਲ ਸਾਰੀਆਂ ਕੌਮਾਂ ਕੰਬਣਗੀਆਂ ਅਤੇ ਅਦਨ ਦੇ ਸਾਰੇ ਰੁੱਖ, ਲਬਾਨੋਨ ਦੇ ਚੁਣਵੇਂ ਚੰਗੇ ਰੁੱਖ, ਉਹ ਸਾਰੇ ਜੋ ਪਾਣੀ ਪੀਂਦੇ ਹਨ, ਧਰਤੀ ਦੇ ਪਤਾਲ ਵਿੱਚ ਸ਼ਾਂਤੀ ਪਾਉਣਗੇ ।
17ਉਹ ਵੀ ਉਹ ਦੇ ਨਾਲ ਉਹਨਾਂ ਤੱਕ ਜੋ ਤਲਵਾਰ ਨਾਲ ਵੱਢੇ ਗਏ, ਪਤਾਲ ਵਿੱਚ ਉਤਰ ਜਾਣਗੇ ਅਤੇ ਉਹ ਵੀ ਜਿਹੜੇ ਉਸ ਦੀ ਬਾਂਹ ਸਨ ਅਤੇ ਕੌਮਾਂ ਦੇ ਵਿੱਚ ਉਸ ਦੀ ਛਾਉਂ ਹੇਠਾਂ ਵੱਸਦੇ ਸਨ ।18ਤੂੰ ਪ੍ਰਤਾਪ ਤੇ ਡੂੰਘਿਆਈ ਵਿੱਚ ਅਦਨ ਦੇ ਰੁੱਖਾਂ ਵਿੱਚੋਂ ਕਿਹ ਦੇ ਵਰਗਾ ਹੈਂ ? ਪਰ ਤੂੰ ਅਦਨ ਦੇ ਰੁੱਖਾਂ ਦੇ ਨਾਲ ਧਰਤੀ ਦੇ ਪਤਾਲ ਵਿੱਚ ਧੱਕਿਆ ਜਾਵੇਂਗਾ, ਤੂੰ ਉਨਾਂ ਦੇ ਨਾਲ ਜੋ ਤਲਵਾਰ ਨਾਲ ਵੱਢੇ ਗਏ, ਬੇ-ਸੁੰਨਤਿਆਂ ਵਿੱਚ ਪਿਆ ਰਹੇਂਗਾ, ਇਹੀ ਫ਼ਿਰਊਨ ਅਤੇ ਉਸ ਦੀ ਸਾਰੀ ਭੀੜ ਹੈ, ਪ੍ਰਭੂ ਯਹੋਵਾਹ ਦਾ ਵਾਕ ਹੈ ।

32
ਮਿਸਰ ਦੇ ਰਾਜਾ ਦੀ ਤੁਲਨਾ ਮਗਰਮੱਛ ਨਾਲ

1ਬਾਰਵੇਂ ਸਾਲ ਦੇ ਬਾਰਵੇਂ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ2ਹੇ ਮਨੁੱਖ ਦੇ ਪੁੱਤਰ, ਮਿਸਰ ਦੇ ਰਾਜਾ ਫ਼ਿਰਊਨ ਉੱਤੇ ਵੈਣ ਪਾ ਅਤੇ ਤੂੰ ਉਹ ਨੂੰ ਆਖ, ਤੂੰ ਕੌਮਾਂ ਦੇ ਵਿੱਚ ਜੁਆਨ ਸ਼ੇਰ ਵਾਂਗੂੰ ਸੀ, ਪਰ ਤੂੰ ਸਮੁੰਦਰਾਂ ਵਿੱਚ ਜਲ ਜੰਤੂ ਵਰਗਾ ਹੈਂ, ਤੂੰ ਆਪਣੀਆਂ ਨਦੀਆਂ ਵਿੱਚੋਂ ਜ਼ੋਰ ਨਾਲ ਨਿੱਕਲ ਆਉਂਦਾ ਹੈਂ, ਤੂੰ ਆਪਣੇ ਪੈਰਾਂ ਨਾਲ ਪਾਣੀ ਨੂੰ ਘਚੋਲ ਸੁੱਟਿਆ ਹੈ ਅਤੇ ਉਹਨਾਂ ਦੀਆਂ ਨਦੀਆਂ ਨੂੰ ਗੰਦਾ ਕਰ ਦਿੱਤਾ ਹੈ ।

3ਪ੍ਰਭੂ ਯਹੋਵਾਹ ਇਹ ਆਖਦਾ ਹੈ, ਮੈਂ ਬਹੁਤਿਆਂ ਲੋਕਾਂ ਦੀ ਸਭਾ ਨਾਲ ਤੇਰੇ ਵਿੱਚ ਆਪਣਾ ਜਾਲ਼ ਵਿਛਾਵਾਂਗਾ ਅਤੇ ਉਹ ਤੈਨੂੰ ਮੇਰੇ ਹੀ ਜਾਲ਼ ਵਿੱਚ ਬਾਹਰ ਕੱਢਣਗੇ ।4ਤਦ ਮੈਂ ਤੈਨੂੰ ਧਰਤੀ ਤੇ ਛੱਡ ਦਿਆਂਗਾ ਅਤੇ ਖੁੱਲ੍ਹੇ ਖੇਤ ਵਿੱਚ ਤੈਨੂੰ ਸੁੱਟ ਦਿਆਂਗਾ । ਅਕਾਸ਼ ਦੇ ਸਾਰੇ ਪੰਛੀਆਂ ਨੂੰ ਤੇਰੇ ਉੱਤੇ ਬਿਠਾਵਾਂਗਾ ਅਤੇ ਸਾਰੀ ਧਰਤੀ ਦੇ ਦਰਿੰਦਿਆਂ ਨੂੰ ਤੇਰੇ ਨਾਲ ਰਜਾਵਾਂਗਾ ।
5ਤੇਰਾ ਮਾਸ ਪਹਾੜਾਂ ਉੱਤੇ ਸੁੱਟਾਂਗਾ ਅਤੇ ਵਾਦੀਆਂ ਨੂੰ ਤੇਰੀਆਂ ਲੋਥਾਂ ਨਾਲ ਭਰ ਦਿਆਂਗਾ ।6ਮੈਂ ਉਸ ਧਰਤੀ ਨੂੰ ਜਿਸ ਦੇ ਵਿੱਚ ਤੂੰ ਤੈਰਦਾ ਸੀ, ਪਹਾੜਾਂ ਤੱਕ ਤੇਰੇ ਲਹੂ ਨਾਲ ਸਿੰਜਾਂਗਾ ਅਤੇ ਨਹਿਰਾਂ ਤੇਰੇ ਨਾਲ ਭਰੀਆਂ ਹੋਣਗੀਆਂ ।
7ਜਦੋਂ ਮੈਂ ਤੈਨੂੰ ਮਿਟਾ ਦਿਆਂਗਾ ਤਾਂ ਅਕਾਸ਼ ਨੂੰ ਢੱਕਾਂਗਾ ਅਤੇ ਉਹ ਦੇ ਤਾਰਿਆਂ ਨੂੰ ਕਾਲਾ ਕਰ ਦਿਆਂਗਾ । ਸੂਰਜ ਨੂੰ ਬੱਦਲਾਂ ਹੇਠ ਲੁਕਾ ਦਿਆਂਗਾ ਅਤੇ ਚੰਨ ਆਪਣਾ ਚਾਨਣ ਨਾ ਦੇਵੇਗਾ ।8ਮੈਂ ਚਾਨਣ ਦੇਣ ਵਾਲੀਆਂ ਸਾਰੀਆਂ ਅਕਾਸ਼ੀ ਜੋਤਾਂ ਨੂੰ ਤੇਰੇ ਉੱਤੇ ਕਾਲਾ ਕਰ ਦਿਆਂਗਾ ਅਤੇ ਮੈਂ ਤੇਰੀ ਧਰਤੀ ਤੇ ਹਨ੍ਹੇਰਾ ਪਾ ਦਿਆਂਗਾ, ਪ੍ਰਭੂ ਯਹੋਵਾਹ ਦਾ ਵਾਕ ਹੈ ।
9ਜਦੋਂ ਮੈਂ ਤੇਰੀ ਬਰਬਾਦੀ ਕੌਮਾਂ ਦੇ ਵਿੱਚ ਉਹਨਾਂ ਦੇਸਾਂ ਉੱਤੇ ਲਿਆਵਾਂਗਾ, ਜਿਹਨਾਂ ਨੂੰ ਤੁਸੀਂ ਨਹੀਂ ਜਾਣਦੇ, ਤਾਂ ਬਹੁਤਿਆਂ ਲੋਕਾਂ ਦੇ ਦਿਲ ਮੈਂ ਦੁੱਖੀ ਕਰਾਂਗਾ ।10ਸਗੋਂ ਬਹੁਤ ਸਾਰਿਆਂ ਲੋਕਾਂ ਨੂੰ ਤੇਰੇ ਉੱਤੇ ਹੈਰਾਨ ਕਰਾਂਗਾ ਅਤੇ ਉਹਨਾਂ ਦੇ ਰਾਜਾ ਤੇਰੇ ਲਈ ਬਹੁਤ ਡਰਨਗੇ, ਜਦੋਂ ਮੈਂ ਉਹਨਾਂ ਦੇ ਸਾਹਮਣੇ ਆਪਣੀ ਤਲਵਾਰ ਚਮਕਾਵਾਂਗਾ, ਤਾਂ ਉਹਨਾਂ ਵਿੱਚੋਂ ਹਰੇਕ ਮਨੁੱਖ ਆਪਣੀ ਜਾਨ ਦੇ ਲਈ, ਤੇਰੇ ਡਿੱਗਣ ਦੇ ਦਿਨ ਤੋਂ ਹਰ ਘੜੀ ਕੰਬੇਗਾ ।
11ਕਿਉਂ ਜੋ ਪ੍ਰਭੂ ਯਹੋਵਾਹ ਇਹ ਆਖਦਾ ਹੈ, ਬਾਬਲ ਦੇ ਰਾਜਾ ਦੀ ਤਲਵਾਰ ਤੇਰੇ ਉੱਤੇ ਆਵੇਗੀ ।12ਮੈਂ ਤੇਰੀ ਭੀੜ ਨੂੰ ਜ਼ੋਰਾਵਰਾਂ ਦੀਆਂ ਤਲਵਾਰਾਂ ਨਾਲ ਡੇਗ ਦਿਆਂਗਾ, ਜਿਹੜੇ ਕੌਮਾਂ ਵਿੱਚੋਂ ਭਿਆਨਕ ਹਨ । ਉਹ ਮਿਸਰ ਦੀ ਮਗਰੂਰੀ ਨੂੰ ਨਸ਼ਟ ਕਰਨਗੇ ਅਤੇ ਉਸ ਦੀ ਸਾਰੀ ਭੀੜ ਦਾ ਨਾਸ਼ ਹੋਵੇਗਾ ।
13ਮੈਂ ਉਹ ਦੇ ਸਾਰੇ ਪਸ਼ੂਆਂ ਨੂੰ ਬਹੁਤੇ ਪਾਣੀਆਂ ਦੇ ਲਾਗਿਓਂ ਨਾਸ਼ ਕਰ ਦਿਆਂਗਾ ਅਤੇ ਅੱਗੇ ਨੂੰ ਨਾ ਹੀ ਮਨੁੱਖ ਦੇ ਪੈਰ ਉਹਨਾਂ ਨੂੰ ਗੰਦਾ ਕਰਨਗੇ, ਨਾ ਹੀ ਪਸ਼ੂਆਂ ਦੇ ਖੁਰ ਉਹਨਾਂ ਨੂੰ ਗੰਦਾ ਕਰਨਗੇ ।14ਤਦੋਂ ਮੈਂ ਉਹਨਾਂ ਦੇ ਪਾਣੀ ਸਾਫ਼ ਕਰ ਦਿਆਂਗਾ ਅਤੇ ਉਹਨਾਂ ਦੀਆਂ ਨਹਿਰਾਂ ਤੇਲ ਵਾਂਗੂੰ ਵਗਾਈਆਂ ਜਾਣਗੀਆਂ, ਪ੍ਰਭੂ ਯਹੋਵਾਹ ਦਾ ਵਾਕ ਹੈ ।
15ਜਦੋਂ ਮੈਂ ਮਿਸਰ ਦੇ ਦੇਸ ਨੂੰ ਉਜਾੜ ਦਿਆਂਗਾ ਅਤੇ ਦੇਸ ਦੀ ਭਰਪੂਰੀ ਨੂੰ ਵਿਰਾਨ ਕਰ ਦਿਆਂਗਾ, ਜਦੋਂ ਮੈਂ ਉਸ ਦੇ ਵਿੱਚ ਦੇ ਸਾਰੇ ਵਾਸੀਆਂ ਨੂੰ ਮਾਰਾਂਗਾ, ਤਦ ਉਹ ਜਾਣਨਗੇ ਕਿ ਮੈਂ ਯਹੋਵਾਹ ਹੈਂ ।16ਇਹ ਉਹ ਵੈਣ ਹੈ ਅਤੇ ਉਹ ਵੈਣ ਪਾਉਣਗੀਆਂ, ਕੌਮਾਂ ਦੀਆਂ ਧੀਆਂ ਇਸ ਨਾਲ ਵੈਣ ਪਾਉਣਗੀਆਂ, ਉਹ ਮਿਸਰ ਉੱਤੇ ਅਤੇ ਉਹ ਦੀ ਸਾਰੀ ਭੀੜ ਉੱਤੇ ਇਹੋ ਵੈਣ ਪਾਉਣਗੀਆਂ, ਪ੍ਰਭੂ ਯਹੋਵਾਹ ਦਾ ਵਾਕ ਹੈ ।
ਮੁਰਦਿਆਂ ਦਾ ਸੰਸਾਰ

17ਫੇਰ ਬਾਰਵੇਂ ਸਾਲ ਵਿੱਚ ਪਹਿਲੇ ਮਹੀਨੇ ਦੇ ਪੰਦਰਵੇਂ ਦਿਨ ਅਜਿਹਾ ਹੋਇਆ ਕਿ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ18ਕਿ ਹੇ ਮਨੁੱਖ ਦੇ ਪੁੱਤਰ, ਮਿਸਰ ਦੀ ਭੀੜ ਉੱਤੇ ਰੋਣਾ ਪਿੱਟਣਾ ਕਰ ਅਤੇ ਉਹ ਨੂੰ ਅਤੇ ਪ੍ਰਸਿੱਧ ਕੌਮਾਂ ਦੀਆਂ ਧੀਆਂ ਨੂੰ, ਕਬਰ ਵਿੱਚ ਉੱਤਰਿਆ ਹੋਇਆਂ ਨਾਲ ਧਰਤੀ ਦੇ ਹੇਠਲੇ ਹਿੱਸੇ ਵਿੱਚ ਲਾਹ ਦੇ ।
19ਤੂੰ ਸੁੰਦਰਤਾ ਵਿੱਚ ਕਿਹ ਦੇ ਨਾਲੋਂ ਵੱਧ ਕੇ ਸੀ ? ਹੇਠਾਂ ਉਤਰ ਜਾ ਅਤੇ ਬੇ-ਸੁੰਨਤਿਆਂ ਦੇ ਨਾਲ ਪਿਆ ਰਹਿ ।20ਉਹ ਉਹਨਾਂ ਦੇ ਵਿਚਕਾਰ ਡਿੱਗਣਗੇ, ਜਿਹੜੇ ਤਲਵਾਰ ਨਾਲ ਵੱਢੇ ਗਏ । ਉਹ ਤਲਵਾਰ ਦੇ ਹਵਾਲੇ ਕੀਤੀ ਗਈ । ਉਹ ਨੂੰ ਅਤੇ ਉਹ ਦੀ ਸਾਰੀ ਭੀੜ ਨੂੰ ਘਸੀਟ ਕੇ ਲੈ ਜਾ ।21ਉਹ ਜਿਹੜੇ ਜ਼ੋਰਾਵਰਾਂ ਵਿੱਚ ਤਕੜੇ ਹਨ, ਪਤਾਲ ਵਿੱਚ ਉਸ ਨਾਲ ਅਤੇ ਉਸ ਦੇ ਸਹਾਇਕਾਂ ਨਾਲ ਬੋਲਣਗੇ । ਉਹ ਹੇਠਾਂ ਉੱਤਰ ਗਏ ਅਤੇ ਉਹਨਾਂ ਬੇ-ਸੁੰਨਤਿਆਂ ਨਾਲ ਪਏ ਰਹਿੰਦੇ ਹਨ, ਜਿਹੜੇ ਤਲਵਾਰ ਨਾਲ ਵੱਢੇ ਗਏ ।
22ਅੱਸ਼ੂਰ ਅਤੇ ਉਹ ਦੀ ਸਾਰੀ ਸਭਾ ਉੱਥੇ ਹੈ, ਉਹ ਦੇ ਚੁਫੇਰੇ ਕਬਰਾਂ ਹਨ, ਸਾਰੇ ਦੇ ਸਾਰੇ ਤਲਵਾਰ ਨਾਲ ਵੱਢੇ ਹੋਏ ਤੇ ਡਿੱਗੇ ਹੋਏ ਹਨ ।23ਜਿਹਨਾਂ ਦੀਆਂ ਕਬਰਾਂ ਪਤਾਲ ਦੇ ਥੱਲੇ ਹਨ ਅਤੇ ਉਸ ਦੀ ਸਾਰੀ ਸਭਾ ਉਸ ਦੀ ਕਬਰ ਦੇ ਦੁਆਲੇ ਹੈ, ਸਾਰੇ ਦੇ ਸਾਰੇ ਤਲਵਾਰ ਨਾਲ ਵੱਢੇ ਤੇ ਡੇਗੇ ਗਏ, ਜਿਹੜੇ ਜੀਉਂਦਿਆਂ ਦੀ ਧਰਤੀ ਵਿੱਚ ਭੈ ਦਾ ਕਾਰਨ ਸਨ ।
24ਏਲਾਮ ਅਤੇ ਉਸ ਦੀ ਸਾਰੀ ਭੀੜ ਜੋ ਉਸ ਦੀ ਕਬਰ ਦੇ ਚੁਫੇਰੇ ਹੈ, ਉੱਥੇ ਹੈ, ਸਾਰੇ ਦੇ ਸਾਰੇ ਤਲਵਾਰ ਨਾਲ ਵੱਢੇ ਗਏ ਤੇ ਡੇਗੇ ਗਏ ਹਨ । ਉਹ ਧਰਤੀ ਦੇ ਪਾਤਾਲ ਵਿੱਚ ਬੇ-ਸੁੰਨਤੇ ਉੱਤਰ ਗਏ ਹਨ । ਉਹ ਧਰਤੀ ਦੇ ਪਾਤਾਲ ਵਿੱਚ ਬੇ-ਸੰਨਤੇ ਉੱਤਰ ਗਏ, ਜਿਹੜੇ ਜੀਉਂਦਿਆਂ ਦੀ ਧਰਤੀ ਵਿੱਚ ਭੈ ਦਾ ਕਾਰਨ ਸਨ ਅਤੇ ਉਹਨਾਂ ਨੇ ਕਬਰ ਵਿੱਚ ਉੱਤਰ ਜਾਣ ਵਾਲਿਆਂ ਨਾਲ ਆਪਣੀ ਨਮੋਸ਼ੀ ਉਠਾਈ ਹੈ ।25ਉਹਨਾਂ ਨੇ ਉਹ ਦੇ ਲਈ ਅਤੇ ਉਹ ਦੀ ਸਾਰੀ ਭੀੜ ਲਈ ਵੱਢੇ ਹੋਇਆਂ ਦੇ ਵਿੱਚ ਆਸਣ ਲਾਇਆ ਹੈ । ਉਹ ਦੀਆਂ ਕਬਰਾਂ ਉਹ ਦੇ ਚੁਫੇਰੇ ਹਨ । ਸਾਰੇ ਦੇ ਸਾਰੇ ਬੇ-ਸੁੰਨਤੇ ਤਲਵਾਰ ਨਾਲ ਵੱਢੇ ਗਏ ਹਨ । ਉਹ ਜੀਉਂਦਿਆਂ ਦੀ ਧਰਤੀ ਵਿੱਚ ਭੈ ਦਾ ਕਾਰਨ ਸਨ ਅਤੇ ਉਹਨਾਂ ਨੇ ਕਬਰ ਵਿੱਚ ਉੱਤਰ ਜਾਣ ਵਾਲਿਆਂ ਨਾਲ ਆਪਣੀ ਨਮੋਸ਼ੀ ਚੁੱਕ ਲਈ ਹੈ, ਉਹ ਵੱਢੇ ਹੋਇਆਂ ਵਿੱਚ ਰੱਖੇ ਗਏ ।
26ਮਸ਼ਕ, ਤੂਬਲ ਅਤੇ ਉਸ ਦੀ ਸਾਰੀ ਭੀੜ ਉੱਥੇ ਹੈ । ਉਹ ਦੀਆਂ ਕਬਰਾਂ ਉਹ ਦੇ ਚੁਫੇਰੇ ਹਨ, ਸਾਰੇ ਦੇ ਸਾਰੇ ਬੇ-ਸੁੰਨਤੇ ਅਤੇ ਤਲਵਾਰ ਦੇ ਵੱਢੇ ਹੋਏ ਹਨ, ਕਿਉਂ ਜੋ ਉਹ ਜੀਉਂਦਿਆਂ ਦੀ ਧਰਤੀ ਤੇ ਭੈ ਦਾ ਕਾਰਨ ਸਨ ।27ਕੀ ਉਹ ਉਹਨਾਂ ਸੂਰਮਿਆਂ ਦੇ ਨਾਲ ਜੋ ਬੇ-ਸੁੰਨਤਿਆਂ ਵਿੱਚੋਂ ਡਿੱਗ ਪਏ, ਜਿਹੜੇ ਆਪਣੇ ਜੰਗੀ ਸ਼ਸਤ੍ਰਾਂ ਸਣੇ ਪਤਾਲ ਵਿੱਚ ਉੱਤਰ ਗਏ, ਪਏ ਨਾ ਰਹਿਣਗੇ ? ਉਹਨਾਂ ਦੀਆਂ ਤਲਵਾਰਾਂ ਉਹਨਾਂ ਦੇ ਸਿਰਾਂ ਹੇਠਾਂ ਰੱਖੀਆਂ ਗਈਆਂ ਹਨ ਅਤੇ ਉਹਨਾਂ ਦੇ ਔਗੁਣ ਉਹਨਾਂ ਦੀਆਂ ਹੱਡੀਆਂ ਉੱਤੇ ਹਨ, ਕਿਉਂ ਜੋ ਉਹ ਜੀਉਂਦਿਆਂ ਦੀ ਧਰਤੀ ਵਿੱਚ ਸੂਰਮਿਆਂ ਦੇ ਲਈ ਭੈ ਦਾ ਕਾਰਨ ਸਨ ।
28ਬੇ-ਸੁੰਨਤਿਆਂ ਦੇ ਵਿਚਕਾਰ ਭੰਨਿਆ ਜਾਵੇਗਾ ਅਤੇ ਤਲਵਾਰ ਦੇ ਵੱਢੇ ਹੋਇਆਂ ਦੇ ਨਾਲ ਪਿਆ ਰਹੇਂਗਾ ।29ਉੱਥੇ ਅਦੋਮ ਵੀ ਹੈ । ਉਸ ਦੇ ਰਾਜੇ ਅਤੇ ਉਸ ਦੇ ਰਾਜਕੁਮਾਰ, ਜਿਹੜੇ ਆਪਣੀ ਸ਼ਕਤੀ ਹੁੰਦਿਆਂ ਤਲਵਾਰ ਦੇ ਵੱਢੇ ਹੋਇਆਂ ਵਿੱਚ ਰੱਖੇ ਗਏ ਹਨ, ਉਹ ਬੇ-ਸੁੰਨਤਿਆਂ ਅਤੇ ਕਬਰ ਵਿੱਚ ਉੱਤਰ ਜਾਣ ਵਾਲਿਆਂ ਦੇ ਨਾਲ ਪਏ ਰਹਿਣਗੇ ।
30ਉੱਤਰ ਦੇ ਸਾਰੇ ਰਾਜਕੁਮਾਰ ਅਤੇ ਸਾਰੇ ਸਿਦੋਨੀ ਜਿਹੜੇ ਵੱਢੇ ਹੋਇਆਂ ਨਾਲ ਹੇਠਾਂ ਉੱਤਰ ਗਏ, ਉਹ ਉੱਥੇ ਹਨ । ਜਿਹੜੇ ਆਪਣੇ ਜ਼ੋਰ ਦੇ ਕਾਰਨ ਭੈਮਾਨ ਸਨ, ਉਹ ਸ਼ਰਮਿੰਦੇ ਹਨ । ਉਹ ਤਲਵਾਰ ਦੇ ਵੱਢੇ ਹੋਇਆਂ ਦੇ ਨਾਲ ਬੇ-ਸੁੰਨਤੇ ਪਏ ਰਹਿਣਗੇ ਅਤੇ ਕਬਰ ਵਿੱਚ ਉੱਤਰਿਆਂ ਹੋਇਆਂ ਨਾਲ ਆਪਣੀ ਨਮੋਸ਼ੀ ਉਠਾਉਣਗੇ ।
31ਫ਼ਿਰਊਨ ਉਹਨਾਂ ਨੂੰ ਵੇਖ ਕੇ ਆਪਣੀ ਸਾਰੀ ਭੀੜ ਉੱਤੇ ਸ਼ਾਂਤੀ ਪਾਵੇਗਾ, ਹਾਂ, ਫ਼ਿਰਊਨ ਅਤੇ ਉਹ ਦੀ ਸਾਰੀ ਫੌਜ ਜਿਹੜੇ ਤਲਵਾਰ ਨਾਲ ਵੱਢੇ ਗਏ, ਪ੍ਰਭੂ ਯਹੋਵਾਹ ਦਾ ਵਾਕ ਹੈ ।32ਕਿਉਂ ਜੋ ਮੈਂ ਜੀਉਂਦਿਆਂ ਦੀ ਧਰਤੀ ਵਿੱਚ ਉਸ ਦਾ ਭੈ ਪਾ ਦਿੱਤਾ ਅਤੇ ਉਹ ਤਲਵਾਰ ਦੇ ਵੱਢੇ ਹੋਇਆਂ ਦੇ ਨਾਲ ਬੇ-ਸੁੰਨਤਿਆਂ ਵਿੱਚ ਰਖਾਇਆ ਜਾਵੇਗਾ, ਹਾਂ, ਫ਼ਿਰਊਨ ਅਤੇ ਉਸ ਦੀ ਸਾਰੀ ਭੀੜ, ਪ੍ਰਭੂ ਯਹੋਵਾਹ ਦਾ ਵਾਕ ਹੈ ।

33
ਹਿਜ਼ਕੀਏਲ ਇਸਰਾਏਲ ਦਾ ਰਖਵਾਲਾ
(ਹਿਜ਼ਕੀਏਲ 3:16-21)

1ਫੇਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ2ਹੇ ਮਨੁੱਖ ਦੇ ਪੁੱਤਰ, ਤੂੰ ਆਪਣੇ ਲੋਕਾਂ ਦੇ ਪੁੱਤਰਾਂ ਨੂੰ ਬੋਲ ਅਤੇ ਤੂੰ ਉਹਨਾਂ ਨੂੰ ਆਖ, ਜਦੋਂ ਮੈਂ ਕਿਸੇ ਧਰਤੀ ਉੱਤੇ ਤਲਵਾਰ ਲਿਆਵਾਂ ਅਤੇ ਉੱਥੋਂ ਦੇ ਲੋਕੀ ਆਪਣੇ ਵਿੱਚੋਂ ਇੱਕ ਮਨੁੱਖ ਨੂੰ ਲੈਣ ਅਤੇ ਉਹ ਨੂੰ ਆਪਣਾ ਰਾਖਾ ਬਣਾਉਣ ।3ਉਹ ਤਲਵਾਰ ਨੂੰ ਆਪਣੀ ਧਰਤੀ ਤੇ ਆਉਂਦਾ ਵੇਖ ਕੇ ਨਰਸਿੰਗਾ ਫੂਕੇ ਅਤੇ ਲੋਕਾਂ ਨੂੰ ਚੌਕਸ ਕਰੇ ।4ਤਦ ਜਿਹੜਾ ਕੋਈ ਨਰਸਿੰਗੇ ਦੀ ਅਵਾਜ਼ ਸੁਣੇ ਅਤੇ ਚੌਕਸ ਨਾ ਹੋਵੇ । ਤਲਵਾਰ ਆਏ ਅਤੇ ਉਹ ਨੂੰ ਲੈ ਜਾਵੇ, ਤਾਂ ਉਹ ਦਾ ਖ਼ੂਨ ਉਹ ਦੇ ਆਪਣੇ ਸਿਰ ਤੇ ਹੋਵੇਗਾ ।

5ਉਹ ਨੇ ਨਰਸਿੰਗੇ ਦੀ ਅਵਾਜ਼ ਸੁਣੀ ਤੇ ਚੌਕਸ ਨਾ ਹੋਇਆ । ਉਹ ਦਾ ਖ਼ੂਨ ਉਸੇ ਉੱਤੇ ਹੋਵੇਗਾ ਪਰ ਜੇਕਰ ਉਹ ਖ਼ਬਰਦਾਰ ਹੁੰਦਾ, ਤਾਂ ਆਪਣੀ ਜਾਨ ਬਚਾਉਂਦਾ ।6ਪਰ ਜੇਕਰ ਰਾਖਾ ਤਲਵਾਰ ਨੂੰ ਆਉਂਦਾ ਵੇਖੇ, ਪਰ ਨਰਸਿੰਗੇ ਨਾ ਫੂਕੇ ਅਤੇ ਲੋਕ ਖ਼ਬਰਦਾਰ ਨਾ ਕੀਤੇ ਜਾਣ । ਤਲਵਾਰ ਆਵੇ ਅਤੇ ਉਹਨਾਂ ਵਿੱਚੋਂ ਕਿਸੇ ਦੇ ਪ੍ਰਾਣ ਲੈ ਜਾਵੇ, ਤਾਂ ਉਹ ਆਪਣੇ ਔਗੁਣ ਕਰਕੇ ਲਿਆ ਗਿਆ, ਪਰ ਮੈਂ ਉਹ ਦਾ ਖ਼ੂਨ ਰਾਖੇ ਦੇ ਹੱਥੋਂ ਮੰਗਾਂਗਾ ।
7ਇਸ ਲਈ ਤੂੰ ਹੇ ਮਨੁੱਖ ਦੇ ਪੁੱਤਰ, ਮੈਂ ਤੈਨੂੰ ਇਸਰਾਏਲ ਦੇ ਘਰਾਣੇ ਲਈ ਰਾਖਾ ਠਹਿਰਾਇਆ ਹੈ । ਮੇਰੇ ਮੂੰਹ ਦਾ ਵਾਕ ਸੁਣ ਅਤੇ ਮੇਰੀ ਵੱਲੋਂ ਉਹਨਾਂ ਨੂੰ ਚੌਕਸ ਕਰ ।8ਜਦੋਂ ਮੈਂ ਕਿਸੇ ਦੁਸ਼ਟ ਨੂੰ ਆਖਾਂ, ਦੁਸ਼ਟਾ ! ਤੂੰ ਜ਼ਰੂਰ ਮਰੇਂਗਾ, ਉਸ ਵੇਲੇ ਜੇਕਰ ਤੂੰ ਦੁਸ਼ਟ ਨੂੰ ਨਾ ਬੋਲੇਂ ਅਤੇ ਉਹ ਨੂੰ ਉਹ ਦੇ ਰਾਹ ਤੋਂ ਚੌਕਸ ਨਾ ਕਰੇਂ, ਤਾਂ ਉਹ ਦੁਸ਼ਟ ਤਾਂ ਆਪਣੇ ਔਗੁਣ ਵਿੱਚ ਮਰੇਗਾ, ਪਰ ਮੈਂ ਤੇਰੇ ਹੱਥੋਂ ਉਸ ਦੇ ਖ਼ੂਨ ਦੀ ਪੁੱਛ ਕਰਾਂਗਾ ।9ਪਰ ਜੇ ਤੂੰ ਉਸ ਦੁਸ਼ਟ ਨੂੰ ਚੌਕਸ ਕਰੇਂ ਕਿ ਉਹ ਆਪਣੀ ਰਾਹ ਤੋਂ ਮੁੜ ਆਵੇ ਅਤੇ ਜੇ ਉਹ ਆਪਣੀ ਰਾਹ ਤੋਂ ਨਾ ਮੁੜੇ, ਤਾਂ ਉਹ ਆਪਣੀ ਬਦੀ ਵਿੱਚ ਮਰੇਗਾ, ਪਰ ਤੂੰ ਆਪਣੀ ਜਾਨ ਛੁਡਾ ਲਈ ।
ਵਿਅਕਤੀਗਤ ਜ਼ਿੰਮੇਵਾਰੀ

10ਹੇ ਮਨੁੱਖ ਦੇ ਪੁੱਤਰ, ਤੂੰ ਇਸਰਾਏਲ ਦੇ ਘਰਾਣੇ ਨੂੰ ਆਖ, ਤੁਸੀਂ ਇਹ ਆਖਦੇ ਹੋ ਕਿ ਸਾਡੇ ਅਪਰਾਧ ਅਤੇ ਸਾਡੇ ਪਾਪ ਸਾਡੇ ਉੱਤੇ ਹਨ ਅਤੇ ਅਸੀਂ ਉਹਨਾਂ ਵਿੱਚ ਗਲਦੇ ਜਾਂਦੇ ਹਾਂ, ਇਸ ਲਈ ਅਸੀਂ ਕਿਵੇਂ ਜੀਉਂਦੇ ਰਹਾਂਗੇ ?11ਤੂੰ ਉਹਨਾਂ ਨੂੰ ਆਖ ਕਿ ਪ੍ਰਭੂ ਯਹੋਵਾਹ ਦਾ ਵਾਕ ਹੈ, ਮੈਨੂੰ ਆਪਣੀ ਜਾਨ ਦੀ ਸਹੁੰ, ਦੁਸ਼ਟ ਦੀ ਮੌਤ ਵਿੱਚ ਮੈਨੂੰ ਕੋਈ ਖੁਸ਼ੀ ਨਹੀਂ, ਸਗੋਂ ਇਸ ਵਿੱਚ ਮੈਂ ਖੁਸ਼ ਹੁੰਦਾ ਹਾਂ ਕਿ ਦੁਸ਼ਟ ਆਪਣੀ ਰਾਹ ਤੋਂ ਮੁੜੇ ਅਤੇ ਜੀਉਂਦਾ ਰਹੇ । ਹੇ ਇਸਰਾਏਲ ਦੇ ਘਰਾਣੇ, ਤੁਸੀਂ ਮੁੜੋ । ਤੁਸੀਂ ਆਪਣੇ ਭੈੜੇ ਰਾਹ ਤੋਂ ਮੁੜੋ ! ਤੁਸੀਂ ਕਿਉਂ ਮਰੋਗੇ ?
12ਹੇ ਮਨੁੱਖ ਦੇ ਪੁੱਤਰ, ਤੂੰ ਆਪਣੇ ਲੋਕਾਂ ਦੀ ਸੰਤਾਨ ਨੂੰ ਆਖ ਕਿ ਧਰਮੀ ਦਾ ਧਰਮ ਉਸ ਦੇ ਅਪਰਾਧ ਦੇ ਦਿਨ ਉਹ ਨੂੰ ਨਾ ਛੁਡਾਵੇਗਾ ਅਤੇ ਦੁਸ਼ਟ ਦੀ ਦੁਸ਼ਟਤਾ, ਜਿਸ ਦਿਨ ਉਹ ਦੁਸ਼ਟਤਾ ਤੋਂ ਮੁੜ ਆਵੇ ਤਾਂ ਉਹ ਦੇ ਵਿੱਚ ਨਹੀਂ ਡਿੱਗੇਗਾ ਅਤੇ ਧਰਮੀ ਜਦੋਂ ਪਾਪ ਕਰੇ, ਤਾਂ ਉਹ ਦੇ ਕਾਰਨ ਜੀਉਂਦਾ ਨਾ ਰਹਿ ਸਕੇਗਾ ।13ਜਦੋਂ ਮੈਂ ਧਰਮੀ ਨੂੰ ਆਖਾਂ ਕਿ ਤੂੰ ਜ਼ਰੂਰ ਜੀਉਂਦਾ ਰਹੇਂਗਾ, ਜੇਕਰ ਉਹ ਆਪਣੇ ਧਰਮ ਤੇ ਭਰੋਸਾ ਕਰ ਕੇ ਕੁਕਰਮ ਕਰੇ, ਤਾਂ ਉਹ ਦੇ ਸਾਰੇ ਧਰਮ ਦੇ ਕੰਮ ਚੇਤੇ ਨਾ ਕੀਤੇ ਜਾਣਗੇ ਅਤੇ ਉਹ ਉਹਨਾਂ ਦੋਸ਼ਾਂ ਦੇ ਕਾਰਨ ਜੋ ਉਹ ਨੇ ਕੀਤੇ ਹਨ, ਮਰੇਗਾ ।
14ਜਦੋਂ ਮੈਂ ਦੁਸ਼ਟ ਨੂੰ ਆਖਾਂ, ਤੂੰ ਜ਼ਰੂਰ ਮਰੇਂਗਾ, ਜੇਕਰ ਉਹ ਆਪਣੇ ਪਾਪ ਤੋਂ ਮੁੜੇ ਅਤੇ ਉਹੀ ਕਰੇ ਜੋ ਨਿਆਂ ਤੇ ਧਰਮ ਹੈ ।15ਜੇਕਰ ਉਹ ਦੁਸ਼ਟ ਗਹਿਣੇ ਰੱਖਿਆ ਮਾਲ ਮੋੜ ਦੇਵੇ ਅਤੇ ਲੁੱਟ ਜੋ ਉਸ ਲੁੱਟੀ ਹੈ, ਵਾਪਸ ਦੇਵੇ ਅਤੇ ਜੀਵਨ ਦੀਆਂ ਬਿਧੀਆਂ ਵਿੱਚ ਤੁਰੇ । ਫਿਰ ਬਦੀ ਨਾ ਕਰੇ, ਤਾਂ ਉਹ ਜ਼ਰੂਰ ਜੀਉਂਦਾ ਰਹੇਗਾ, ਉਹ ਨਹੀਂ ਮਰੇਗਾ ।16ਤਦ ਸਾਰੇ ਪਾਪ ਜੋ ਉਹ ਨੇ ਕੀਤੇ ਹਨ, ਉਸ ਦੇ ਵਿਰੁੱਧ ਚੇਤੇ ਨਹੀਂ ਕੀਤੇ ਜਾਣਗੇ । ਉਸ ਨੇ ਉਹੀ ਕੀਤਾ ਜੋ ਨਿਆਂ ਅਤੇ ਧਰਮ ਹੈ, ਉਹ ਜ਼ਰੂਰ ਜੀਉਂਦਾ ਰਹੇਗਾ ।
17ਪਰ ਤੇਰੇ ਲੋਕਾਂ ਦੀ ਸੰਤਾਨ ਆਖਦੀ ਹੈ ਕਿ ਪ੍ਰਭੂ ਦਾ ਰਾਹ ਇੱਕੋ ਜਿਹਾ ਨਹੀਂ ਹੈ, ਪਰ ਉਹਨਾਂ ਦਾ ਆਪਣਾ ਹੀ ਰਾਹ ਇੱਕੋ ਜਿਹਾ ਨਹੀਂ ਹੈ ।18ਜੇਕਰ ਧਰਮੀ ਆਪਣੇ ਧਰਮ ਤੋਂ ਮੁੜੇ ਅਤੇ ਬਦੀ ਕਰੇ, ਤਾਂ ਉਹ ਉਸ ਦੇ ਵਿੱਚ ਮਰੇਗਾ ।19ਜੇਕਰ ਦੁਸ਼ਟ ਆਪਣੇ ਦੁਸ਼ਟਤਾ ਤੋਂ ਮੁੜੇ ਅਤੇ ਉਹੀ ਕਰੇ ਜੋ ਨਿਆਂ ਅਤੇ ਧਰਮ ਹੈ, ਤਾਂ ਉਸ ਦੇ ਕਾਰਨ ਜੀਉਂਦਾ ਰਹੇਗਾ ।20ਫੇਰ ਵੀ ਤੁਸੀਂ ਆਖਦੇ ਹੋ ਕਿ ਪ੍ਰਭੂ ਦਾ ਰਾਹ ਇੱਕੋ ਜਿਹਾ ਨਹੀਂ ਹੈ ! ਹੇ ਇਸਰਾਏਲ ਦੇ ਘਰਾਣੇ, ਮੈਂ ਤੁਹਾਡੇ ਵਿੱਚੋਂ ਹਰੇਕ ਦੇ ਚਾਲ-ਚੱਲਣ ਅਨੁਸਾਰ ਤੁਹਾਡਾ ਨਿਆਂ ਕਰਾਂਗਾ ।
ਯਰੂਸ਼ਲਮ ਦੇ ਪਤਨ ਦੀ ਖ਼ਬਰ

21ਸਾਡੀ ਗੁਲਾਮੀ ਦੇ ਬਾਰਵੇਂ ਸਾਲ ਦੇ ਦਸਵੇਂ ਮਹੀਨੇ ਦੀ ਪੰਜ ਤਾਰੀਖ਼ ਨੂੰ ਅਜਿਹਾ ਹੋਇਆ ਕਿ ਇੱਕ ਜਿਹੜਾ ਯਰੂਸ਼ਲਮ ਵਿੱਚੋਂ ਬਚ ਨਿੱਕਲਿਆ ਸੀ, ਮੇਰੇ ਕੋਲ ਆਇਆ ਅਤੇ ਆਖਣ ਲੱਗਾ ਕਿ ਸ਼ਹਿਰ ਮਾਰਿਆ ਗਿਆ ਹੈ !22ਸ਼ਾਮ ਦੇ ਵੇਲੇ ਉਸ ਬਚੇ ਹੋਏ ਦੇ ਪਹੁੰਚਣ ਤੋਂ ਪਹਿਲਾਂ ਯਹੋਵਾਹ ਦਾ ਹੱਥ ਮੇਰੇ ਉੱਪਰ ਸੀ ਅਤੇ ਉਸ ਦੇ ਸਵੇਰੇ ਮੇਰੇ ਕੋਲ ਆਉਣ ਤੱਕ, ਉਹ ਨੇ ਮੇਰਾ ਮੂੰਹ ਖੋਲ੍ਹ ਦਿੱਤਾ । ਮੇਰਾ ਮੂੰਹ ਖੁੱਲ੍ਹਾ ਸੀ ਅਤੇ ਫੇਰ ਮੈਂ ਗੂੰਗਾ ਨਾ ਰਿਹਾ ।
ਲੋਕਾਂ ਦੇ ਪਾਪ

23ਤਦ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ24ਹੇ ਮਨੁੱਖ ਦੇ ਪੁੱਤਰ, ਇਸਰਾਏਲ ਦੀ ਭੂਮੀ ਦੇ ਉਜਾੜਾਂ ਦੇ ਵਾਸੀ ਇਹ ਆਖਦੇ ਹਨ ਕਿ ਅਬਰਾਹਮ ਇੱਕੋ ਹੀ ਸੀ ਅਤੇ ਉਹ ਇਸ ਦੇਸ ਦਾ ਵਾਰਸ ਹੋਇਆ, ਪਰ ਅਸੀਂ ਤਾਂ ਬਹੁਤ ਸਾਰੇ ਹਾਂ, ਦੇਸ ਸਾਨੂੰ ਵਿਰਸੇ ਵਿੱਚ ਦਿੱਤਾ ਗਿਆ ਹੈ ।
25ਇਸ ਲਈ ਉਹਨਾਂ ਨੂੰ ਆਖ ਦੇ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਤੁਸੀਂ ਲਹੂ ਸਮੇਤ ਖਾਂਦੇ, ਆਪਣੀਆਂ ਅੱਖਾਂ ਮੂਰਤੀਆਂ ਵੱਲ ਚੁੱਕਦੇ ਹੋ ਅਤੇ ਲਹੂ ਵਗਾਉਂਦੇ ਹੋ ! ਕੀ ਤੁਸੀਂ ਦੇਸ ਤੇ ਕਬਜਾ ਕਰੋਗੇ ?26ਤੁਸੀਂ ਆਪਣੀ ਤਲਵਾਰ ਤੇ ਭਰੋਸਾ ਕਰਦੇ ਹੋ, ਤੁਸੀਂ ਘਿਣਾਉਣੇ ਕੰਮ ਕਰਦੇ ਹੋ ਅਤੇ ਤੁਹਾਡੇ ਵਿੱਚੋਂ ਹਰੇਕ ਆਪਣੇ ਗੁਆਂਢੀ ਦੀ ਵਹੁਟੀ ਨੂੰ ਭ੍ਰਿਸ਼ਟ ਕਰਦਾ ਹੈ ! ਕੀ ਤੁਸੀਂ ਦੇਸ ਤੇ ਕਬਜਾ ਕਰੋਗੇ ?
27ਤੂੰ ਉਹਨਾਂ ਨੂੰ ਇਹ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਮੈਨੂੰ ਆਪਣੀ ਜਾਨ ਦੀ ਸਹੁੰ, ਉਹ ਜਿਹੜੇ ਉਜਾੜਾਂ ਵਿੱਚ ਹਨ ਤਲਵਾਰ ਨਾਲ ਡਿੱਗ ਪੈਣਗੇ ਅਤੇ ਉਹ ਜਿਹੜਾ ਖੁੱਲ੍ਹੇ ਖੇਤ ਵਿੱਚ ਹੈ, ਦਰਿੰਦਿਆਂ ਦੇ ਖਾਣ ਨੂੰ ਦਿੱਤਾ ਜਾਵੇਗਾ ਅਤੇ ਜਿਹੜੇ ਗੜ੍ਹਾਂ ਅਤੇ ਗੁਫਾਂ ਵਿੱਚ ਹਨ, ਬਵਾ ਨਾਲ ਮਰਨਗੇ ।28ਮੈਂ ਇਸ ਦੇਸ ਨੂੰ ਉਜਾੜ ਕੇ ਅਚਰਜਤਾ ਦਾ ਕਾਰਨ ਬਣਾਵਾਂਗਾ, ਇਸ ਦੀ ਸ਼ਕਤੀ ਦਾ ਘਮੰਡ ਟੁੱਟ ਜਾਵੇਗਾ ਅਤੇ ਇਸਰਾਏਲ ਦੇ ਪਹਾੜ ਉੱਜੜ ਜਾਣਗੇ, ਇੱਥੋਂ ਤੱਕ ਕਿ ਕੋਈ ਉਹਨਾਂ ਤੋਂ ਨਹੀਂ ਲੰਘੇਗਾ ।29ਜਦੋਂ ਮੈਂ ਉਹਨਾਂ ਦੇ ਸਾਰੇ ਘਿਣਾਉਣੇ ਕੰਮਾਂ ਦੇ ਕਾਰਨ ਜੋ ਉਹਨਾਂ ਕੀਤੇ ਹਨ, ਦੇਸ ਨੂੰ ਉਜਾੜ ਕੇ ਅਚਰਜਤਾ ਦਾ ਕਾਰਨ ਬਣਾਵਾਂਗਾ, ਤਾਂ ਉਹ ਜਾਣਨਗੇ ਕਿ ਮੈਂ ਯਹੋਵਾਹ ਹਾਂ !
ਨਬੀ ਦੇ ਸੰਦੇਸ਼ ਦਾ ਫਲ

30ਪਰ ਤੂੰ ਹੇ ਮਨੁੱਖ ਦੇ ਪੁੱਤਰ, ਤੇਰੇ ਲੋਕਾਂ ਦੀ ਸੰਤਾਨ ਕੰਧਾਂ ਦੇ ਨੇੜੇ ਅਤੇ ਘਰਾਂ ਦੇ ਬੂਹਿਆਂ ਵਿੱਚ ਤੇਰੇ ਬਾਰੇ ਗੱਲਾਂ ਕਰਦੀ ਹੈ । ਇੱਕ ਦੂਜੇ ਨੂੰ ਬੋਲਦੇ ਹਨ, ਹਾਂ, ਹਰ ਇੱਕ ਆਪਣੇ ਭਰਾਵਾਂ ਨੂੰ ਇਹ ਆਖਦਾ ਹੈ, ਚੱਲੋ, ਉਹ ਵਾਕ ਸੁਣੀਏ ਜੋ ਯਹੋਵਾਹ ਵੱਲੋਂ ਆਉਂਦਾ ਹੈ ।31ਜਿਵੇਂ ਲੋਕ ਆਉਂਦੇ ਹਨ, ਉਹ ਤੇਰੇ ਕੋਲ ਆਉਂਦੇ ਅਤੇ ਮੇਰੇ ਲੋਕਾਂ ਵਾਂਗੂੰ ਤੇਰੇ ਅੱਗੇ ਬਹਿੰਦੇ ਅਤੇ ਤੇਰੀਆਂ ਗੱਲਾਂ ਸੁਣਦੇ ਹਨ, ਪਰ ਉਹਨਾਂ ਉੱਤੇ ਚੱਲਦੇ ਨਹੀਂ, ਕਿਉਂ ਜੋ ਉਹ ਆਪਣੇ ਮੂੰਹ ਤੋਂ ਤਾਂ ਬਹੁਤ ਪਿਆਰ ਦੱਸਦੇ ਹਨ, ਪਰ ਉਹਨਾਂ ਦਾ ਮਨ ਲੋਭ ਵੱਲ ਭੱਜਦਾ ਹੈ ।
32ਵੇਖ, ਤੂੰ ਉਹਨਾਂ ਦੇ ਲਈ ਇੱਕ ਪਿਆਰੇ ਰਾਗ ਵਰਗਾ ਹੈਂ, ਜਿਹੜਾ ਰਸੀਲੀ ਅਵਾਜ਼ ਵਾਲਾ ਅਤੇ ਸਾਜ਼ ਬਜਾਉਣ ਵਿੱਚ ਚੰਗਾ ਹੋਵੇ, ਕਿਉਂ ਜੋ ਉਹ ਤੇਰੀਆਂ ਗੱਲਾਂ ਸੁਣਦੇ ਹਨ ਪਰ ਉਹਨਾਂ ਉੱਤੇ ਚੱਲਦੇ ਨਹੀਂ ਹਨ ।33ਜਦੋਂ ਇਹ ਗੱਲਾਂ ਹੋਣਗੀਆਂ, ਵੇਖ ! ਇਹ ਵਾਪਰਨ ਵਾਲੀਆਂ ਹਨ, ਤਦ ਉਹ ਜਾਣਨਗੇ ਕਿ ਉਹਨਾਂ ਦੇ ਵਿੱਚ ਇੱਕ ਨਬੀ ਸੀ !

34
ਇਸਰਾਏਲ ਦੇ ਚਰਵਾਹੇ

1ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ2ਹੇ ਮਨੁੱਖ ਦੇ ਪੁੱਤਰ, ਭਵਿੱਖਬਾਣੀ ਕਰ, ਇਸਰਾਏਲੀ ਆਜੜੀਆਂ ਦੇ ਵਿਰੁੱਧ ਭਵਿੱਖਬਾਣੀ ਕਰ ਅਤੇ ਤੂੰ ਉਹਨਾਂ ਨੂੰ ਆਖ, ਪ੍ਰਭੂ ਯਹੋਵਾਹ ਆਜੜੀਆਂ ਨੂੰ ਇਹ ਆਖਦਾ ਹੈ, ਇਸਰਾਏਲੀ ਆਜੜੀਆਂ ਤੇ ਅਫ਼ਸੋਸ ! ਜਿਹੜੇ ਆਪਣੇ ਆਪ ਨੂੰ ਪਾਲਦੇ ਹਨ, ਕੀ ਆਜੜੀਆਂ ਨੂੰ ਨਹੀਂ ਚਾਹੀਦਾ ਕਿ ਭੇਡਾਂ ਚਾਰਨ ?3ਤੁਸੀਂ ਚਰਬੀ ਖਾਂਦੇ, ਉੱਨ ਪਹਿਨਦੇ ਹੋ ਅਤੇ ਮੋਟੀਆਂ ਨੂੰ ਕੱਟਦੇ ਹੋ, ਪਰ ਇੱਜੜ ਨਹੀਂ ਚਾਰਦੇ ਹੋ ।

4ਤੁਸੀਂ ਲਿੱਸੀਆਂ ਨੂੰ ਤਕੜਾ ਨਹੀਂ ਕੀਤਾ, ਬੀਮਾਰਾਂ ਨੂੰ ਨਰੋਆ ਨਹੀਂ ਕੀਤਾ, ਟੁੱਟੇ ਹੋਏ ਨੂੰ ਨਹੀਂ ਬੰਨ੍ਹਿਆ ਅਤੇ ਜਿਹੜੀਆਂ ਕੱਢ ਦਿੱਤੀਆਂ ਗਈਆਂ, ਉਹਨਾਂ ਨੂੰ ਮੋੜ ਕੇ ਨਹੀਂ ਲਿਆਂਦਾ ਅਤੇ ਗਵਾਚੀਆਂ ਹੋਈਆਂ ਨੂੰ ਨਹੀਂ ਲੱਭਿਆ, ਸਗੋਂ ਜ਼ੋਰ ਅਤੇ ਧੱਕੇ ਨਾਲ ਉਹਨਾਂ ਤੇ ਰਾਜ ਕੀਤਾ ।5ਉਹ ਖਿੱਲਰ ਗਏ, ਕਿਉਂ ਜੋ ਕੋਈ ਆਜੜੀ ਨਹੀਂ ਸੀ ਅਤੇ ਉਹ ਖੇਤ ਦੇ ਸਾਰੇ ਦਰਿੰਦਿਆਂ ਦਾ ਖਾਣਾ ਬਣੀਆਂ ਅਤੇ ਖਿੱਲਰ ਗਈਆਂ ।6ਮੇਰੀਆਂ ਭੇਡਾਂ ਸਾਰੇ ਪਹਾੜਾਂ ਉੱਤੇ ਅਤੇ ਹਰੇਕ ਉੱਚੇ ਟਿੱਬੇ ਤੇ ਭਟਕਦੀਆਂ ਸਨ । ਹਾਂ, ਮੇਰੀਆਂ ਭੇਡਾਂ ਸਾਰੀ ਧਰਤੀ ਤੇ ਖਿੱਲਰ ਗਈਆਂ ਅਤੇ ਕਿਸੇ ਨੇ ਨਾ ਉਹਨਾਂ ਨੂੰ ਲੱਭਿਆ, ਨਾ ਉਹਨਾਂ ਦੀ ਭਾਲ ਕੀਤੀ ।
7ਇਸ ਲਈ ਹੇ ਆਜੜੀਓ, ਯਹੋਵਾਹ ਦਾ ਬਚਨ ਸੁਣੋ !8ਪ੍ਰਭੂ ਯਹੋਵਾਹ ਦਾ ਵਾਕ ਹੈ, ਮੈਨੂੰ ਆਪਣੀ ਜਾਨ ਦੀ ਸਹੁੰ, ਮੇਰੀਆਂ ਭੇਡਾਂ ਸ਼ਿਕਾਰ ਬਣ ਗਈਆਂ, ਹਾਂ, ਮੇਰੀਆਂ ਭੇਡਾਂ ਹਰੇਕ ਖੇਤ ਦੇ ਸਾਰੇ ਦਰਿੰਦਿਆਂ ਦਾ ਖਾਣਾ ਬਣੀਆਂ, ਕਿਉਂ ਜੋ ਕੋਈ ਆਜੜੀ ਨਾ ਸੀ ਅਤੇ ਮੇਰੇ ਆਜੜੀਆਂ ਨੇ ਮੇਰੀਆਂ ਭੇਡਾਂ ਦੀ ਭਾਲ ਨਾ ਕੀਤੀ, ਸਗੋਂ ਆਜੜੀਆਂ ਨੇ ਆਪਣਾ ਢਿੱਡ ਭਰਿਆ ਅਤੇ ਮੇਰੀਆਂ ਭੇਡਾਂ ਨੂੰ ਨਹੀਂ ਚਾਰਿਆ ।
9ਇਸ ਲਈ ਹੇ ਆਜੜੀਓ, ਯਹੋਵਾਹ ਦਾ ਬਚਨ ਸੁਣੋ !10ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖੋ, ਮੈਂ ਆਜੜੀਆਂ ਦਾ ਵਿਰੋਧੀ ਹਾਂ, ਮੈਂ ਆਪਣਾ ਇੱਜੜ ਉਹਨਾਂ ਦੇ ਹੱਥੋਂ ਮੰਗਾਂਗਾ । ਉਹਨਾਂ ਨੂੰ ਇੱਜੜ ਚੁਰਾਉਣ ਤੋਂ ਹਟਾ ਦਿਆਂਗਾ ਅਤੇ ਆਜੜੀ ਅੱਗੇ ਲਈ ਆਪਣਾ ਢਿੱਡ ਨਾ ਭਰ ਸਕਣਗੇ, ਕਿਉਂ ਜੋ ਮੈਂ ਆਪਣਾ ਇੱਜੜ ਉਹਨਾਂ ਦੇ ਮੂੰਹੋਂ ਛੁਡਾ ਲਵਾਂਗਾ, ਤਾਂ ਜੋ ਉਹ ਉਹਨਾਂ ਦਾ ਖਾਣਾ ਨਾ ਹੋਣ ।
ਚੰਗਾ ਚਰਵਾਹਾ

11ਕਿਉਂ ਜੋ ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖ, ਮੈਂ ਆਪ ਆਪਣੀਆਂ ਭੇਡਾਂ ਦੀ ਭਾਲ ਕਰਾਂਗਾ ਅਤੇ ਉਹਨਾਂ ਨੂੰ ਲੱਭ ਲਵਾਂਗਾ ।12ਜਿਵੇਂ ਆਜੜੀ ਆਪਣੇ ਇੱਜੜ ਨੂੰ ਲੱਭਦਾ ਹੈ, ਜਿਸ ਦਿਨ ਕਿ ਉਹ ਆਪਣੇ ਇੱਜੜ ਦੇ ਵਿੱਚ ਹੋਵੇ ਅਤੇ ਉਹ ਦੀਆਂ ਭੇਡਾਂ ਖਿੱਲਰ ਗਈਆਂ ਹੋਣ । ਓਵੇਂ ਹੀ ਮੈਂ ਆਪਣੀਆਂ ਭੇਡਾਂ ਨੂੰ ਲੱਭਾਂਗਾ ਅਤੇ ਉਹਨਾਂ ਨੂੰ ਹਰ ਥਾਂ ਤੋਂ ਜਿੱਥੇ ਉਹ ਬੱਦਲ ਅਤੇ ਹਨੇਰੇ ਦੇ ਦਿਨ ਖਿੱਲਰ ਗਈਆਂ ਸਨ, ਛੁਡਾ ਲਿਆਵਾਂਗਾ ।13ਮੈਂ ਉਹਨਾਂ ਨੂੰ ਲੋਕਾਂ ਵਿੱਚੋਂ ਮੋੜ ਲਿਆਵਾਂਗਾ ਅਤੇ ਸਾਰੇ ਦੇਸ ਵਿੱਚੋਂ ਇਕੱਠਾ ਕਰਾਂਗਾ । ਉਹਨਾਂ ਨੂੰ ਉਹਨਾਂ ਦੀ ਭੂਮੀ ਵਿੱਚ ਲਿਆਵਾਂਗਾ ਅਤੇ ਇਸਰਾਏਲ ਦੇ ਪਹਾੜਾਂ ਤੇ ਨਹਿਰਾਂ ਦੇ ਉੱਤੇ ਅਤੇ ਦੇਸ ਦੇ ਸਾਰੇ ਵੱਸਦੇ ਸਥਾਨਾਂ ਵਿੱਚ ਚਾਰਾਂਗਾ ।
14ਮੈਂ ਉਹਨਾਂ ਨੂੰ ਚੰਗੀ ਜੂਹ ਵਿੱਚ ਚਰਾਵਾਂਗਾ ਅਤੇ ਉਹਨਾਂ ਦੇ ਵਾੜੇ ਇਸਰਾਏਲ ਦੇ ਉੱਚੇ ਪਹਾੜਾਂ ਉੱਤੇ ਹੋਣਗੇ, ਉੱਥੇ ਉਹ ਚੰਗੇ ਵਾੜਿਆਂ ਵਿੱਚ ਲੇਟਣਗੀਆਂ ਅਤੇ ਹਰੀ ਜੂਹ ਵਿੱਚ ਇਸਰਾਏਲ ਦੇ ਪਹਾੜਾਂ ਉੱਤੇ ਚਰਨਗੀਆਂ ।15ਮੈਂ ਹੀ ਆਪਣੇ ਇੱਜੜ ਨੂੰ ਚਾਰਾਂਗਾ ਅਤੇ ਮੈਂ ਹੀ ਉਹਨਾਂ ਨੂੰ ਲੇਟਾਵਾਂਗਾ, ਪ੍ਰਭੂ ਯਹੋਵਾਹ ਦਾ ਵਾਕ ਹੈ ।16ਮੈਂ ਗਵਾਚੀਆਂ ਹੋਈਆਂ ਭੇਡਾਂ ਦੀ ਭਾਲ ਕਰਾਂਗਾ ਅਤੇ ਕੱਢੀਆਂ ਹੋਈਆਂ ਨੂੰ ਮੋੜ ਲਿਆਵਾਂਗਾ । ਟੁੱਟੀਆਂ ਨੂੰ ਬੰਨ੍ਹਾਂਗਾ ਅਤੇ ਲਿੱਸੀਆਂ ਨੂੰ ਤਕੜਾ ਕਰਾਂਗਾ, ਪਰ ਮੋਟੀਆਂ ਅਤੇ ਜ਼ੋਰਾਵਰਾਂ ਨੂੰ ਮਾਰਾਂਗਾ, ਮੈਂ ਉਹਨਾਂ ਨੂੰ ਨਿਆਂ ਨਾਲ ਚਾਰਾਂਗਾ ।
17ਹੇ ਮੇਰੀਓ ਭੇਡੋ, ਤੁਹਾਡੇ ਵਿਖੇ ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖੋ, ਮੈਂ ਭੇਡ ਅਤੇ ਭੇਡ ਵਿੱਚ, ਦੁੰਬਿਆਂ ਅਤੇ ਬੱਕਰਿਆਂ ਵਿੱਚ ਨਿਆਂ ਕਰਾਂਗਾ ।18ਕੀ ਇਹ ਗੱਲ ਤੁਹਾਨੂੰ ਨਿੱਕੀ ਜਿਹੀ ਜਾਪੀ ਕਿ ਤੁਸੀਂ ਚੰਗੀ ਚਰਾਂਦ ਚਰ ਲਓ ਅਤੇ ਬਾਕੀ ਚਰਾਂਦ ਪੈਰਾਂ ਹੇਠਾਂ ਮਿੱਧ ਦਿਓ ? ਅਤੇ ਸਾਫ਼ ਪਾਣੀ ਪੀਵੋ ਅਤੇ ਬਾਕੀ ਦੇ ਪਾਣੀ ਨੂੰ ਪੈਰਾਂ ਨਾਲ ਘਚੋਲ ਦਿਓ ?19ਮੇਰੀਆਂ ਭੇਡਾਂ ਨੂੰ ਤੁਹਾਡੇ ਪੈਰਾਂ ਹੇਠਾਂ ਮਿੱਧੇ ਹੋਏ ਨੂੰ ਚਰਨਾਂ ਅਤੇ ਤੁਹਾਡੇ ਪੈਰਾਂ ਨਾਲ ਘਚੋਲੇ ਹੋਏ ਪਾਣੀ ਨੂੰ ਪੀਣਾ ਪੈਂਦਾ ਹੈ !
20ਇਸ ਲਈ ਪ੍ਰਭੂ ਯਹੋਵਾਹ ਉਹਨਾਂ ਨੂੰ ਇਹ ਆਖਦਾ ਹੈ, ਵੇਖੋ, ਮੈਂ, ਹਾਂ, ਮੈਂ ਹੀ ਮੋਟੀਆਂ ਅਤੇ ਲਿੱਸੀਆਂ ਭੇਡਾਂ ਵਿਚਕਾਰ ਨਿਆਂ ਕਰਾਂਗਾ ।21ਕਿਉਂ ਜੋ ਤੁਸੀਂ ਉਹਨਾਂ ਨੂੰ ਪਾਸੇ ਉੱਤੇ ਮੋਢੇ ਮਾਰ ਕੇ ਧੱਕਿਆ ਹੈ ਅਤੇ ਸਾਰੀਆਂ ਲਿੱਸੀਆਂ ਨੂੰ ਆਪਣੇ ਸਿੰਗਾਂ ਨਾਲ ਧੱਕਿਆ ਹੈ, ਇੱਥੋਂ ਤੱਕ ਕਿ ਉਹ ਖਿੱਲਰ ਗਈਆਂ ।
22ਇਸ ਲਈ ਮੈਂ ਆਪਣੇ ਇੱਜੜ ਨੂੰ ਬਚਾਵਾਂਗਾ, ਉਹ ਫੇਰ ਕਦੇ ਸ਼ਿਕਾਰ ਨਾ ਬਣਨਗੀਆਂ ਅਤੇ ਮੈਂ ਭੇਡਾਂ ਵਿੱਚ ਨਿਆਂ ਕਰਾਂਗਾ ।23ਮੈਂ ਉਹਨਾਂ ਲਈ ਇੱਕ ਆਜੜੀ ਕਾਇਮ ਕਰਾਂਗਾ ਅਤੇ ਉਹ ਉਹਨਾਂ ਨੂੰ ਚਾਰੇਗਾ ਅਰਥਾਤ ਮੇਰਾ ਦਾਸ ਦਾਊਦ, ਉਹ ਹੀ ਉਹਨਾਂ ਨੂੰ ਚਾਰੇਗਾ ਅਤੇ ਉਹੀ ਉਹਨਾਂ ਦਾ ਆਜੜੀ ਹੋਵੇਗਾ ।24ਮੈਂ ਯਹੋਵਾਹ ਉਹਨਾਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਮੇਰਾ ਦਾਸ ਦਾਊਦ ਉਹਨਾਂ ਦੇ ਵਿਚਕਾਰ ਰਾਜਕੁਮਾਰ ਹੋਵੇਗਾ । ਮੈਂ ਯਹੋਵਾਹ ਨੇ ਆਖਿਆ ਹੈ ।
25ਮੈਂ ਉਹਨਾਂ ਨਾਲ ਸ਼ਾਂਤੀ ਦਾ ਨੇਮ ਬੰਨ੍ਹਾਂਗਾ ਅਤੇ ਬੁਰੇ ਦਰਿੰਦਿਆਂ ਨੂੰ ਦੇਸ ਵਿੱਚੋਂ ਮੁਕਾ ਦਿਆਂਗਾ । ਉਹ ਉਜਾੜ ਵਿੱਚ ਸੁੱਖ ਨਾਲ ਵੱਸਣਗੇ ਅਤੇ ਜੰਗਲਾਂ ਵਿੱਚ ਸੌਣਗੇ ।26ਮੈਂ ਉਹਨਾਂ ਨੂੰ ਅਤੇ ਉਹਨਾਂ ਸਥਾਨਾਂ ਨੂੰ ਜੋ ਮੇਰੇ ਪਹਾੜ ਦੇ ਆਲੇ-ਦੁਆਲੇ ਹਨ, ਬਰਕਤ ਦਾ ਕਾਰਨ ਬਣਾਵਾਂਗਾ ਅਤੇ ਸਮੇਂ ਸਿਰ ਮੀਂਹ ਵਰ੍ਹਾਵਾਂਗਾ । ਬਰਕਤ ਦੀ ਵਰਖਾ ਵਰ੍ਹੇਗੀ ।27ਖੇਤ ਦੇ ਰੁੱਖ ਆਪਣਾ ਮੇਵਾ ਦੇਣਗੇ ਅਤੇ ਧਰਤੀ ਆਪਣੀ ਪੈਦਾਵਾਰ ਦੇਵੇਗੀ । ਉਹ ਸੁੱਖ ਨਾਲ ਆਪਣੀ ਭੂਮੀ ਵਿੱਚ ਵੱਸਣਗੇ ਅਤੇ ਜਦੋਂ ਮੈਂ ਉਹਨਾਂ ਦੀ ਪੰਜਾਲੀ ਦੀ ਰੱਸੀ ਖੋਲ੍ਹਾਂਗਾ । ਉਹਨਾਂ ਦੇ ਹੱਥੋਂ ਜਿਹੜੇ ਉਹਨਾਂ ਨੂੰ ਗੁਲਾਮ ਬਣਾਉਂਦੇ ਸਨ, ਛੁਡਾਵਾਂਗਾ, ਤਾਂ ਉਹ ਜਾਣਨਗੇ ਕਿ ਮੈਂ ਯਹੋਵਾਹ ਹਾਂ !
28ਉਹ ਅੱਗੇ ਲਈ ਕੌਮਾਂ ਦਾ ਸ਼ਿਕਾਰ ਨਾ ਬਣਨਗੇ ਅਤੇ ਧਰਤੀ ਦੇ ਦਰਿੰਦੇ ਉਹਨਾਂ ਨੂੰ ਹੜੱਪ ਨਾ ਸਕਣਗੇ, ਸਗੋਂ ਉਹ ਸੁੱਖ ਨਾਲ ਵੱਸਣਗੇ ਅਤੇ ਉਹਨਾਂ ਨੂੰ ਕੋਈ ਨਾ ਡਰਾਵੇਗਾ ।29ਮੈਂ ਉਹਨਾਂ ਦੇ ਲਈ ਇੱਕ ਚਾਰਗਾਹ ਉਗਾਵਾਂਗਾ ਅਤੇ ਉਹ ਫੇਰ ਕਦੇ ਆਪਣੇ ਦੇਸ ਵਿੱਚ ਭੁੱਖ ਨਾਲ ਨਹੀਂ ਮਰਨਗੇ ਅਤੇ ਅੱਗੇ ਨੂੰ ਕੌਮਾਂ ਦੀ ਸ਼ਰਮਿੰਦਗੀ ਨਾ ਸਹਿਣਗੇ ।
30ਉਹ ਜਾਣਨਗੇ ਕਿ ਮੈਂ ਯਹੋਵਾਹ ਉਹਨਾਂ ਦਾ ਪਰਮੇਸ਼ੁਰ ਉਹਨਾਂ ਦੇ ਨਾਲ ਹਾਂ ਅਤੇ ਉਹ ਅਰਥਾਤ ਇਸਰਾਏਲ ਦਾ ਘਰਾਣਾ ਮੇਰੀ ਪਰਜਾ ਹਨ, ਪ੍ਰਭੂ ਯਹੋਵਾਹ ਦਾ ਵਾਕ ਹੈ ।31ਤੁਸੀਂ, ਹੇ ਮੇਰੀ ਭੇਡੋ, ਮੇਰੀ ਜੂਹ ਦੀਓ ਭੇਡੋ, ਤੁਸੀਂ ਮਨੁੱਖ ਹੋ ਅਤੇ ਮੈਂ ਤੁਹਾਡਾ ਪਰਮੇਸ਼ੁਰ ਹਾਂ, ਪ੍ਰਭੂ ਯਹੋਵਾਹ ਦਾ ਵਾਕ ਹੈ ।

35
ਅਦੋਮ ਨੂੰ ਪਰਮੇਸ਼ੁਰ ਦੀ ਸਜ਼ਾ

1ਫੇਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ2ਹੇ ਮਨੁੱਖ ਦੇ ਪੁੱਤਰ, ਸ਼ਈਰ ਪਹਾੜ ਵੱਲ ਆਪਣਾ ਮੂੰਹ ਕਰ ਕੇ ਉਹ ਦੇ ਵਿਰੁੱਧ ਭਵਿੱਖਬਾਣੀ ਕਰ ।3ਤੂੰ ਉਹ ਨੂੰ ਆਖ, ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ ਵੇਖ, ਹੇ ਸ਼ਈਰ ਪਹਾੜ ! ਮੈਂ ਤੇਰਾ ਵਿਰੋਧੀ ਹਾਂ, ਮੈਂ ਆਪਣਾ ਹੱਥ ਤੇਰੇ ਵਿਰੁੱਧ ਪਸਾਰਾਂਗਾ ਅਤੇ ਮੈਂ ਤੈਨੂੰ ਵਿਰਾਨਾ ਅਤੇ ਡਰ ਦਾ ਕਾਰਨ ਬਣਾਵਾਂਗਾ ।

4ਮੈਂ ਤੇਰੇ ਨਗਰਾਂ ਨੂੰ ਉਜਾੜਾਂਗਾ, ਤੂੰ ਉੱਜੜ ਜਾਵੇਂਗਾ ਅਤੇ ਤੂੰ ਜਾਣੇਂਗਾ ਕਿ ਯਹੋਵਾਹ ਮੈਂ ਹਾਂ !5ਕਿਉਂ ਜੋ ਤੂੰ ਸਦਾ ਤੋਂ ਵੈਰ ਰੱਖਦਾ ਹੈਂ ਅਤੇ ਤੂੰ ਇਸਰਾਏਲੀਆਂ ਨੂੰ ਉਹਨਾਂ ਦੀ ਬਿਪਤਾ ਦੇ ਦਿਨ, ਉਹਨਾਂ ਦੀ ਬਦੀ ਦੇ ਅੰਤ ਸਮੇਂ ਵਿੱਚ ਤਲਵਾਰ ਦੀ ਧਾਰ ਦੇ ਹਵਾਲੇ ਕੀਤਾ ਹੈ ।6ਇਸ ਲਈ ਪ੍ਰਭੂ ਯਹੋਵਾਹ ਦਾ ਵਾਕ ਹੈ ਕਿ ਮੈਨੂੰ ਆਪਣੀ ਜਾਨ ਦੀ ਸਹੁੰ, ਮੈਂ ਤੈਨੂੰ ਲਹੂ ਦੇ ਲਈ ਤਿਆਰ ਕਰਾਂਗਾ ਅਤੇ ਲਹੂ ਤੇਰਾ ਪਿੱਛਾ ਕਰੇਗਾ, ਕਿਉਂ ਜੋ ਤੂੰ ਲਹੂ ਤੋਂ ਘ੍ਰਿਣਾ ਨਾ ਕੀਤੀ, ਇਸ ਲਈ ਲਹੂ ਤੇਰਾ ਪਿੱਛਾ ਕਰੇਗਾ ।
7ਇਸ ਤਰ੍ਹਾਂ ਮੈਂ ਸ਼ਈਰ ਪਹਾੜ ਨੂੰ ਉਜਾੜਾਂਗਾ ਅਤੇ ਬਰਬਾਦ ਕਰਾਂਗਾ । ਉਹ ਦੇ ਵਿੱਚੋਂ ਦੀ ਲੰਘਣ ਵਾਲੇ ਨੂੰ ਅਤੇ ਮੁੜ ਕੇ ਆਉਣ ਵਾਲੇ ਨੂੰ ਮੈਂ ਕੱਟ ਸੁੱਟਾਂਗਾ ।8ਉਹ ਦੇ ਪਹਾੜਾਂ ਨੂੰ ਉਹ ਦੇ ਵੱਢਿਆ ਹੋਇਆਂ ਨਾਲ ਭਰ ਦਿਆਂਗਾ, ਤਲਵਾਰ ਦੇ ਵੱਢੇ ਹੋਏ ਤੇਰਿਆਂ ਟਿੱਲਿਆਂ, ਤੇਰੀਆਂ ਵਾਦੀਆਂ ਅਤੇ ਤੇਰੀਆਂ ਸਾਰੀਆਂ ਨਦੀਆਂ ਵਿੱਚ ਡਿੱਗਣਗੇ ।9ਮੈਂ ਤੈਨੂੰ ਸਦਾ ਲਈ ਉਜਾੜ ਰੱਖਾਂਗਾ, ਤੇਰੇ ਸ਼ਹਿਰ ਫੇਰ ਨਾ ਵੱਸਣਗੇ ਅਤੇ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਹਾਂ !
10ਤੂੰ ਆਖਿਆ ਕਿ ਇਹ ਦੋਵੇਂ ਕੌਮਾਂ ਅਤੇ ਇਹ ਦੋਵੇਂ ਦੇਸ ਮੇਰੇ ਹੋਣਗੇ ਅਤੇ ਅਸੀਂ ਉਹਨਾਂ ਤੇ ਕਬਜਾ ਕਰਾਂਗੇ, ਭਾਵੇਂ ਯਹੋਵਾਹ ਉੱਥੇ ਸੀ ।11ਇਸ ਲਈ ਪ੍ਰਭੂ ਯਹੋਵਾਹ ਦਾ ਵਾਕ ਹੈ, ਮੈਨੂੰ ਆਪਣੀ ਜਾਨ ਦੀ ਸਹੁੰ, ਮੈਂ ਤੇਰੇ ਕਹਿਰ ਅਤੇ ਤੇਰੀ ਅਣਖ ਦੇ ਅਨੁਸਾਰ ਜੋ ਤੂੰ ਆਪਣੀ ਘਿਰਣਾ ਕਰਕੇ ਉਹਨਾਂ ਦੇ ਵਿਰੁੱਧ ਕੀਤੀ, ਤੇਰੇ ਨਾਲ ਵਰਤਾਰਾ ਕਰਾਂਗਾ ਅਤੇ ਜਦੋਂ ਮੈਂ ਤੇਰੇ ਬਾਰੇ ਨਿਆਂ ਕਰਾਂਗਾ, ਤਾਂ ਉਹਨਾਂ ਦੇ ਵਿਚਕਾਰ ਮੈਂ ਜਾਣਿਆ ਜਾਂਵਾਂਗਾ ।
12ਤੂੰ ਜਾਣੇਂਗਾ ਕਿ ਮੈਂ ਯਹੋਵਾਹ ਨੇ ਤੇਰੀ ਸਾਰੀ ਨਿੰਦਿਆ ਦੀਆਂ ਗੱਲਾਂ, ਜੋ ਤੂੰ ਇਸਰਾਏਲ ਦੇ ਪਹਾੜਾਂ ਦੇ ਵਿਰੁੱਧ ਆਖੀਆਂ ਕਿ ਉਹ ਉੱਜੜ ਗਏ ਅਤੇ ਸਾਡੇ ਹੜੱਪ ਕਰਨ ਲਈ ਸਾਨੂੰ ਦਿੱਤੇ ਗਏ, ਸੁਣੀਆਂ ਹਨ ।13ਇਸ ਤਰ੍ਹਾਂ ਤੁਸੀਂ ਮੇਰੇ ਵਿਰੁੱਧ ਆਪਣੇ ਮੂੰਹ ਤੋਂ ਆਪਣੀ ਵਡਿਆਈ ਕੀਤੀ ਅਤੇ ਤੁਸੀਂ ਮੇਰੇ ਵਿਰੁੱਧ ਬਹੁਤ ਗੱਲਾਂ ਕੀਤੀਆਂ ਹਨ, ਜੋ ਮੈਂ ਸੁਣ ਚੁੱਕਿਆ ਹਾਂ ।
14ਪ੍ਰਭੂ ਯਹੋਵਾਹ ਇਹ ਆਖਦਾ ਹੈ, ਜਦੋਂ ਸਾਰਾ ਦੇਸ ਅਨੰਦ ਕਰੇਗਾ, ਮੈਂ ਤੈਨੂੰ ਉਜਾੜਾਂਗਾ ।15ਜਿਵੇਂ ਤੂੰ ਇਸਰਾਏਲ ਦੇ ਘਰਾਣੇ ਦੀ ਵਿਰਾਸਤ ਦੇ ਉਜਾੜ ਹੋਣ ਕਰਨ ਅਨੰਦ ਕੀਤਾ, ਉਸੇ ਤਰ੍ਹਾਂ ਹੀ ਮੈਂ ਤੇਰੇ ਨਾਲ ਕਰਾਂਗਾ । ਹੇ ਸ਼ਈਰ ਪਹਾੜ, ਤੂੰ ਅਤੇ ਸਾਰਾ ਅਦੋਮ ਪੂਰੀ ਤਰ੍ਹਾਂ ਨਾਲ ਵੀਰਾਨ ਹੋਵੋਗੇ ਅਤੇ ਉਹ ਜਾਣਨਗੇ ਕਿ ਮੈਂ ਯਹੋਵਾਹ ਹਾਂ !

36
ਇਸਰਾਏਲ ਉੱਤੇ ਪਰਮੇਸ਼ੁਰ ਦੀ ਅਸੀਸ

1ਹੇ ਮਨੁੱਖ ਦੇ ਪੁੱਤਰ, ਇਸਰਾਏਲ ਦੇ ਪਹਾੜਾਂ ਲਈ ਭਵਿੱਖਬਾਣੀ ਕਰ ਅਤੇ ਤੂੰ ਆਖ ਕਿ ਇਸਰਾਏਲ ਦੇ ਪਹਾੜੋ, ਯਹੋਵਾਹ ਦਾ ਬਚਨ ਸੁਣੋ !2ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੈਰੀ ਨੇ ਤੁਹਾਡੇ ਵਿਰੁੱਧ ਆਖਿਆ ਹੈ, ਆਹਾ ! ਉੱਚੇ ਉੱਚੇ ਪੁਰਾਣੇ ਸਥਾਨ ਸਾਡੇ ਕਬਜ਼ੇ ਲਈ ਹੋ ਗਏ ਹਨ ।3ਇਸ ਲਈ ਭਵਿੱਖਬਾਣੀ ਕਰ ਅਤੇ ਤੂੰ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਇਸ ਕਰਕੇ, ਹਾਂ, ਇਸੇ ਕਾਰਨ, ਕਿ ਉਹਨਾਂ ਨੇ ਤੁਹਾਨੂੰ ਉਜਾੜਿਆ, ਹਰੇਕ ਪਾਸਿਓਂ ਤੁਹਾਨੂੰ ਹੜੱਪ ਲਿਆ ਅਤੇ ਚਰਚਾ ਕਰਨ ਵਾਲਿਆਂ ਦੇ ਬੁੱਲ੍ਹਾਂ ਵਿੱਚ ਤੁਸੀਂ ਆ ਗਏ ਹੋ ਅਤੇ ਤੁਸੀਂ ਲੋਕਾਂ ਲਈ ਝੂਠੀ ਖਬਰ ਹੋ ।

4ਇਸ ਲਈ ਹੇ ਇਸਰਾਏਲ ਦੇ ਪਹਾੜੋ, ਪ੍ਰਭੂ ਯਹੋਵਾਹ ਦਾ ਬਚਨ ਸੁਣੋ ! ਪ੍ਰਭੂ ਯਹੋਵਾਹ ਪਹਾੜਾਂ ਅਤੇ ਟਿੱਲਿਆਂ, ਨਦੀਆਂ ਅਤੇ ਵਾਦੀਆਂ, ਉੱਜੜੀਆਂ ਵਿਰਾਨੀਆਂ ਅਤੇ ਛੱਡੇ ਹੋਏ ਸ਼ਹਿਰਾਂ ਨੂੰ ਜਿਹੜੇ ਆਲੇ-ਦੁਆਲੇ ਦੀਆਂ ਬਾਕੀ ਕੌਮਾਂ ਦੇ ਲਈ ਲੁੱਟ ਅਤੇ ਮਖੌਲ ਹੋਏ ਹਨ, ਇਹ ਆਖਦਾ ਹੈ ।5ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਜ਼ਰੂਰ ਮੈਂ ਆਪਣੀ ਅਣਖ ਦੀ ਅੱਗ ਵਿੱਚ ਕੌਮਾਂ ਦੇ ਬਚੇ ਹੋਏ ਲੋਕਾਂ ਦੇ ਅਤੇ ਸਾਰੇ ਅਦੋਮ ਦੇ ਵਿਰੁੱਧ ਬੋਲਿਆ ਹਾਂ, ਜਿਹਨਾਂ ਨੇ ਆਪਣੇ ਸਾਰੇ ਦਿਲ ਦੇ ਅਨੰਦ ਨਾਲ ਅਤੇ ਜਾਨ ਦੇ ਵੈਰ ਨਾਲ ਆਪਣੇ ਆਪ ਨੂੰ ਮੇਰੀ ਧਰਤੀ ਦੇ ਕਬਜ਼ੇ ਲਈ ਠਹਿਰਾਇਆ, ਭਈ ਉਹ ਨੂੰ ਲੁੱਟ ਦੇ ਸ਼ਿਕਾਰ ਲਈ ਕੱਢਣ ।6ਇਸ ਲਈ ਤੂੰ ਇਸਰਾਏਲ ਦੀ ਭੂਮੀ ਦੇ ਵਿਰੁੱਧ ਭਵਿੱਖਬਾਣੀ ਕਰ ਅਤੇ ਤੂੰ ਪਹਾੜਾਂ, ਟਿੱਲਿਆਂ, ਨਦੀਆਂ ਅਤੇ ਵਾਦੀਆਂ ਨੂੰ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖੋ, ਮੈਂ ਆਪਣੀ ਅਣਖ ਅਤੇ ਆਪਣੇ ਕ੍ਰੋਧ ਵਿੱਚ ਬਚਨ ਕੀਤਾ, ਇਸ ਲਈ ਕਿ ਤੁਸੀਂ ਕੌਮਾਂ ਦੀ ਨਮੋਸ਼ੀ ਚੁੱਕੀ ਹੈ ।
7ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਮੈਂ ਸਹੁੰ ਖਾਧੀ ਹੈ ਕਿ ਜ਼ਰੂਰ ਤੁਹਾਡੇ ਆਲੇ-ਦੁਆਲੇ ਦੀਆਂ ਕੌਮਾਂ ਆਪ ਹੀ ਸ਼ਰਮਿੰਦਗੀ ਉਠਾਉਣਗੀਆਂ ।
8ਪਰ ਤੁਸੀਂ ਹੇ ਇਸਰਾਏਲ ਦੇ ਪਹਾੜੋ, ਤੁਸੀਂ ਆਪਣੀਆਂ ਟਹਿਣੀਆਂ ਕੱਢੋਗੇ ਅਤੇ ਮੇਰੀ ਪਰਜਾ ਇਸਰਾਏਲ ਦੇ ਲਈ ਫਲ ਦੇਵੋਗੇ, ਕਿਉਂ ਜੋ ਉਹ ਛੇਤੀ ਆਉਣ ਵਾਲੇ ਹਨ ।9ਇਸ ਲਈ ਵੇਖੋ, ਮੈਂ ਤੁਹਾਡੇ ਵੱਲ ਹਾਂ, ਮੈਂ ਆਪਣਾ ਮੂੰਹ ਤੁਹਾਡੇ ਵੱਲ ਕਰਾਂਗਾ ਅਤੇ ਤੁਸੀਂ ਵਾਹੇ ਜਾਓਗੇ ਅਤੇ ਤੁਹਾਡੇ ਉੱਤੇ ਬੀਜਿਆ ਜਾਵੇਗਾ ।
10ਮੈਂ ਆਦਮੀਆਂ ਨੂੰ ਹਾਂ, ਇਸਰਾਏਲ ਦੇ ਸਾਰੇ ਘਰਾਣੇ ਨੂੰ ਤੁਹਾਡੇ ਉੱਤੇ ਬਹੁਤ ਵਧਾ ਦਿਆਂਗਾ । ਸ਼ਹਿਰ ਵਸਾਏ ਜਾਣਗੇ ਅਤੇ ਉਜਾੜ ਸਥਾਨ ਫੇਰ ਬਣਾਏ ਜਾਣਗੇ ।11ਮੈਂ ਤੁਹਾਡੇ ਉੱਤੇ ਆਦਮੀਆਂ ਅਤੇ ਪਸ਼ੂਆਂ ਨੂੰ ਵਧਾਵਾਂਗਾ । ਉਹ ਬਹੁਤ ਹੋਣਗੇ ਅਤੇ ਫਲਣਗੇ ਅਤੇ ਮੈਂ ਤੁਹਾਨੂੰ ਅਜਿਹਾ ਵਸਾਵਾਂਗਾ ਜਿਹੋ ਜਿਹੇ ਤੁਸੀਂ ਪਹਿਲਾਂ ਸੀ । ਤੁਹਾਡੇ ਉੱਤੇ ਤੁਹਾਡੇ ਸ਼ੁਰੂ ਦੇ ਦਿਨਾਂ ਤੋਂ ਵਧੇਰੇ ਉਪਕਾਰ ਕਰਾਂਗਾ ਅਤੇ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਹਾਂ !12ਹਾਂ, ਮੈਂ ਅਜਿਹਾ ਕਰਾਂਗਾ ਕਿ ਮਨੁੱਖ ਅਰਥਾਤ ਮੇਰੀ ਇਸਰਾਏਲ ਦੀ ਪਰਜਾ ਤੁਹਾਡੇ ਉੱਤੇ ਤੁਰੇ ਫਿਰੇਗੀ ਅਤੇ ਉਹ ਤੁਹਾਡੇ ਉੱਤੇ ਕਬਜਾ ਕਰਨਗੇ । ਤੁਸੀਂ ਉਹਨਾਂ ਦੀ ਵਿਰਾਸਤ ਹੋਵੋਗੇ ਅਤੇ ਫੇਰ ਉਹਨਾਂ ਨੂੰ ਤੁਸੀਂ ਬੇ-ਔਲਾਦ ਨਾ ਕਰੋਗੇ ।
13ਪ੍ਰਭੂ ਯਹੋਵਾਹ ਇਹ ਆਖਦਾ ਹੈ, ਉਹ ਤੁਹਾਨੂੰ ਆਖਦੇ ਹਨ ਕਿ ਤੁਸੀਂ ਆਦਮੀਆਂ ਨੂੰ ਹੜੱਪ ਕਰਦੇ ਹੋ ਅਤੇ ਤੁਸੀਂ ਆਪਣੀ ਕੌਮ ਨੂੰ ਬੇ-ਔਲਾਦ ਕੀਤਾ ।14ਇਸ ਲਈ ਅੱਗੇ ਨੂੰ ਤੁਸੀਂ ਨਾ ਆਦਮੀਆਂ ਨੂੰ ਹੜੱਪ ਕਰੋਗੇ, ਨਾ ਅੱਗੇ ਨੂੰ ਆਪਣੀ ਕੌਮ ਨੂੰ ਬੇ-ਔਲਾਦ ਕਰੋਗੇ, ਪ੍ਰਭੂ ਯਹੋਵਾਹ ਦਾ ਵਾਕ ਹੈ ।15ਮੈਂ ਤੁਹਾਨੂੰ ਕੌਮਾਂ ਦੇ ਮੇਹਣੇ ਸੁਣਨ ਨਾ ਦਿਆਂਗਾ, ਨਾ ਤੁਸੀਂ ਕੌਮਾਂ ਦੀ ਸ਼ਰਮਿੰਦਗੀ ਫੇਰ ਅੱਗੇ ਨੂੰ ਚੁੱਕੋਗੇ ਅਤੇ ਨਾ ਤੁਸੀਂ ਆਪਣੀ ਕੌਮ ਨੂੰ ਠੋਕਰ ਖਿਲਾਓਗੇ, ਪ੍ਰਭੂ ਯਹੋਵਾਹ ਦਾ ਵਾਕ ਹੈ ।
ਇਸਰਾਏਲ ਦਾ ਨਵਾਂ ਜੀਵਨ

16ਫੇਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਅਤੇ ਆਖਿਆ ਕਿ17ਹੇ ਮਨੁੱਖ ਦੇ ਪੁੱਤਰ, ਜਦੋਂ ਇਸਰਾਏਲ ਦਾ ਘਰਾਣਾ ਆਪਣੀ ਭੂਮੀ ਉੱਤੇ ਵੱਸਦਾ ਸੀ, ਉਹਨਾਂ ਨੇ ਉਹ ਨੂੰ ਆਪਣੇ ਚਾਲ-ਚੱਲਣ ਨਾਲ ਅਤੇ ਆਪਣੇ ਕੰਮਾਂ ਨਾਲ ਭ੍ਰਿਸ਼ਟ ਕੀਤਾ, ਉਹਨਾਂ ਦਾ ਚਾਲ-ਚੱਲਣ ਮੇਰੇ ਅੱਗੇ ਅਲੱਗ ਕੀਤੀ ਹੋਈ ਭ੍ਰਿਸ਼ਟ ਔਰਤ ਵਰਗਾ ਸੀ ।18ਇਸ ਲਈ ਮੈਂ ਉਸ ਲਹੂ ਦੇ ਕਾਰਨ ਜੋ ਉਹਨਾਂ ਉਸ ਦੇਸ ਵਿੱਚ ਵਹਾਇਆ ਅਤੇ ਉਹਨਾਂ ਮੂਰਤੀਆਂ ਦੇ ਕਾਰਨ ਜਿਹਨਾਂ ਨਾਲ ਉਹਨਾਂ ਉਸ ਨੂੰ ਭ੍ਰਿਸ਼ਟ ਕੀਤਾ ਸੀ, ਆਪਣਾ ਕਹਿਰ ਉਹਨਾਂ ਤੇ ਵਹਾਇਆ ।
19ਮੈਂ ਉਹਨਾਂ ਨੂੰ ਕੌਮਾਂ ਵਿੱਚ ਖਿਲਾਰ ਦਿੱਤਾ ਅਤੇ ਉਹ ਦੇਸਾਂ ਵਿੱਚ ਖਿੱਲਰ ਗਏ । ਉਹਨਾਂ ਦੇ ਚਾਲ-ਚੱਲਣ ਅਤੇ ਉਹਨਾਂ ਦੇ ਕੰਮਾਂ ਅਨੁਸਾਰ, ਮੈਂ ਉਹਨਾਂ ਦਾ ਨਿਆਂ ਕੀਤਾ ।20ਜਦੋਂ ਉਹ ਕੌਮਾਂ ਦੇ ਵਿੱਚ ਜਿੱਥੇ ਜਿੱਥੇ ਉਹ ਗਏ ਸਨ ਪਹੁੰਚੇ, ਤਾਂ ਉਹਨਾਂ ਮੇਰੇ ਪਵਿੱਤਰ ਨਾਮ ਨੂੰ ਪਲੀਤ ਕੀਤਾ, ਜਦੋਂ ਉਹ ਉਹਨਾਂ ਦੇ ਬਾਰੇ ਆਖਦੇ ਸਨ ਕਿ ਇਹ ਯਹੋਵਾਹ ਦੀ ਪਰਜਾ ਹੈ ਅਤੇ ਉਹ ਦੇ ਦੇਸ ਵਿੱਚੋਂ ਨਿੱਕਲ ਕੇ ਆਏ ਹਨ ।21ਪਰ ਮੈਨੂੰ ਆਪਣੇ ਪਵਿੱਤਰ ਨਾਮ ਦੇ ਕਾਰਨ ਚਿੰਤਾ ਹੋਈ, ਜਿਹ ਨੂੰ ਇਸਰਾਏਲ ਦੇ ਘਰਾਣੇ ਨੇ ਕੌਮਾਂ ਵਿੱਚ ਜਿੱਥੇ ਉਹ ਗਏ ਪਲੀਤ ਕੀਤਾ ।
22ਇਸ ਲਈ ਤੂੰ ਇਸਰਾਏਲ ਦੇ ਘਰਾਣੇ ਨੂੰ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਹੇ ਇਸਰਾਏਲ ਦੇ ਘਰਾਣੇ, ਮੈਂ ਤੁਹਾਡੀ ਲਈ ਨਹੀਂ ਸਗੋਂ ਆਪਣੇ ਪਵਿੱਤਰ ਨਾਮ ਦੇ ਲਈ, ਜਿਸ ਨੂੰ ਤੁਸੀਂ ਉਹਨਾਂ ਕੌਮਾਂ ਦੇ ਵਿੱਚ ਜਿੱਥੇ ਤੁਸੀਂ ਗਏ ਸੀ, ਪਲੀਤ ਕੀਤਾ ਇਹ ਕਰਦਾ ਹਾਂ ।23ਮੈਂ ਆਪਣੇ ਵੱਡੇ ਨਾਮ ਨੂੰ ਜਿਹੜਾ ਕੌਮਾਂ ਦੇ ਵਿੱਚ ਪਲੀਤ ਕੀਤਾ ਗਿਆ, ਜਿਹ ਨੂੰ ਤੁਸੀਂ ਉਹਨਾਂ ਦੇ ਵਿੱਚ ਪਲੀਤ ਕੀਤਾ, ਪਵਿੱਤਰ ਕਰਾਂਗਾ ਅਤੇ ਜਦੋਂ ਮੈਂ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਤੁਹਾਡੇ ਵਿੱਚ ਪਵਿੱਤਰ ਹੋਵਾਂਗਾ, ਤਦ ਉਹ ਕੌਮਾਂ ਜਾਣਨਗੀਆਂ ਕਿ ਮੈਂ ਯਹੋਵਾਹ ਹਾਂ, ਪ੍ਰਭੂ ਯਹੋਵਾਹ ਦਾ ਵਾਕ ਹੈ ।
24ਕਿਉਂ ਜੋ ਮੈਂ ਤੁਹਾਨੂੰ ਕੌਮਾਂ ਵਿੱਚੋਂ ਲਵਾਂਗਾ, ਸਾਰੇ ਦੇਸਾਂ ਵਿੱਚੋਂ ਤੁਹਾਨੂੰ ਇਕੱਠੇ ਕਰਾਂਗਾ ਅਤੇ ਤੁਹਾਨੂੰ ਤੁਹਾਡੀ ਭੂਮੀ ਵਿੱਚ ਲਿਆਵਾਂਗਾ ।25ਤਦ ਤੁਹਾਡੇ ਉੱਤੇ ਨਿਰਮਲ ਜਲ ਛਿੜਕਾਂਗਾ, ਤੁਸੀਂ ਸ਼ੁੱਧ ਹੋਵੇਗੇ ਅਤੇ ਮੈਂ ਤੁਹਾਨੂੰ ਤੁਹਾਡੀ ਸਾਰੀ ਅਸ਼ੁੱਧਤਾਈ ਤੋਂ ਅਤੇ ਤੁਹਾਡੀਆਂ ਸਾਰੀਆਂ ਮੂਰਤੀਆਂ ਤੋਂ ਤੁਹਾਨੂੰ ਸ਼ੁੱਧ ਕਰਾਂਗਾ ।
26ਮੈਂ ਤੁਹਾਨੂੰ ਨਵਾਂ ਦਿਲ ਦਿਆਂਗਾ ਅਤੇ ਨਵਾਂ ਆਤਮਾ ਤੁਹਾਡੇ ਵਿੱਚ ਪਾਵਾਂਗਾ । ਤੁਹਾਡੇ ਮਾਸ ਵਿੱਚੋਂ ਪੱਥਰ ਦਾ ਦਿਲ ਕੱਢ ਲਵਾਂਗਾ ਅਤੇ ਮਾਸ ਦਾ ਦਿਲ ਤੁਹਾਨੂੰ ਬਖ਼ਸ਼ਾਂਗਾ ।27ਮੈਂ ਆਤਮਾ ਤੁਹਾਡੇ ਵਿੱਚ ਦਿਆਂਗਾ ਅਤੇ ਤੁਹਾਨੂੰ ਆਪਣੀਆਂ ਬਿਧੀਆਂ ਉੱਤੇ ਚਲਾਵਾਂਗਾ । ਤੁਸੀਂ ਮੇਰੇ ਨਿਆਵਾਂ ਦੀ ਪਾਲਣਾ ਕਰੋਗੇ ਅਤੇ ਉਹਨਾਂ ਤੇ ਅਮਲ ਕਰੋਗੇ ।28ਤੁਸੀਂ ਉਸ ਦੇਸ ਵਿੱਚ ਜਿਹੜਾ ਮੈਂ ਤੁਹਾਡੇ ਪਿਉ-ਦਾਦਿਆਂ ਨੂੰ ਦਿੱਤਾ ਵੱਸੋਗੇ, ਤੁਸੀਂ ਮੇਰੀ ਪਰਜਾ ਹੋਵੋਗੇ ਅਤੇ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ ।
29ਮੈਂ ਤੁਹਾਨੂੰ ਤੁਹਾਡੀ ਸਾਰੀ ਅਸ਼ੁੱਧਤਾਈ ਤੋਂ ਬਚਾਵਾਂਗਾ ਅਤੇ ਮੈਂ ਅੰਨ ਮੰਗਾਵਾਂਗਾ । ਮੈਂ ਉਹ ਨੂੰ ਵਧਾਵਾਂਗਾ ਅਤੇ ਤੁਹਾਡੇ ਉੱਤੇ ਕਾਲ ਨਾ ਪਾਵਾਂਗਾ ।30ਮੈਂ ਰੁੱਖਾਂ ਦੇ ਫਲਾਂ ਨੂੰ ਅਤੇ ਖੇਤ ਦੀ ਪੈਦਾਵਾਰ ਨੂੰ ਵਾਧਾ ਬਖ਼ਸ਼ਾਂਗਾ, ਇੱਥੋਂ ਤੱਕ ਕਿ ਤੁਸੀਂ ਅੱਗੇ ਲਈ ਕੌਮਾਂ ਦੇ ਵਿੱਚ ਕਾਲ ਦੇ ਕਾਰਨ ਨਮੋਸ਼ੀ ਨਾ ਉਠਾਵੋਗੇ ।31ਤਦ ਤੁਸੀਂ ਆਪਣਿਆ ਬੁਰਿਆਂ ਰਾਹਾਂ ਨੂੰ ਅਤੇ ਆਪਣਿਆਂ ਕੰਮਾਂ ਨੂੰ ਚੇਤੇ ਕਰੋਗੇ, ਭਈ ਉਹ ਚੰਗੇ ਨਹੀਂ ਸਨ ਅਤੇ ਤੁਸੀਂ ਆਪਣੇ ਪਾਪਾਂ ਉੱਤੇ ਅਤੇ ਆਪਣੇ ਘਿਣਾਉਣੇ ਕੰਮਾਂ ਕਾਰਨ, ਆਪਣੀ ਨਜ਼ਰ ਵਿੱਚ ਆਪਣੇ ਆਪ ਤੋਂ ਘਿਣ ਕਰੋਗੇ ।
32ਪ੍ਰਭੂ ਯਹੋਵਾਹ ਦਾ ਵਾਕ ਹੈ, ਤੁਸੀਂ ਜਾਣ ਲਓ ਕਿ ਮੈਂ ਤੁਹਾਡੇ ਲਈ ਨਹੀਂ ਕਰਦਾ ਹਾਂ, ਹੇ ਇਸਰਾਏਲ ਦੇ ਘਰਾਣੇ, ਤੁਸੀਂ ਆਪਣੇ ਰਾਹਾਂ ਦੇ ਕਾਰਨ ਸ਼ਰਮਿੰਦੇ ਹੋਵੋ ਅਤੇ ਲੱਜਿਆਵਾਨ ਹੋਵੋ ।33ਪ੍ਰਭੂ ਯਹੋਵਾਹ ਇਹ ਆਖਦਾ ਹੈ, ਜਿਸ ਦਿਨ ਮੈਂ ਤੁਹਾਨੂੰ ਤੁਹਾਡੇ ਸਾਰੇ ਪਾਪਾਂ ਤੋਂ ਸ਼ੁੱਧ ਕਰਾਂਗਾ, ਉਸੇ ਦਿਨ ਮੈਂ ਤੁਹਾਨੂੰ ਤੁਹਾਡੇ ਸ਼ਹਿਰਾਂ ਵਿੱਚ ਵਸਾਵਾਂਗਾ ਅਤੇ ਤੁਹਾਡੇ ਵਿਰਾਨ ਥਾਂ ਬਣਾਏ ਜਾਣਗੇ ।34ਉਹ ਵਿਰਾਨ ਧਰਤੀ ਜੋ ਸਾਰੇ ਰਾਹ ਲੰਘਦਿਆਂ ਦੀ ਨਜ਼ਰ ਵਿੱਚ ਵਿਰਾਨ ਪਈ ਸੀ, ਵਾਹੀ ਜਾਵੇਗੀ ।
35ਉਹ ਆਖਣਗੇ ਕਿ ਇਹ ਧਰਤੀ ਜਿਹੜੀ ਵਿਰਾਨ ਪਈ ਹੋਈ ਸੀ ਅਦਨ ਦੇ ਬਾਗ ਵਾਂਗੂੰ ਹੋ ਗਈ । ਬਰਬਾਦ, ਉੱਜੜੇ ਅਤੇ ਢਾਹੇ ਹੋਏ ਸ਼ਹਿਰ ਗੜ੍ਹਾਂ ਵਾਲੇ ਅਤੇ ਵੱਸਦੇ ਹੋ ਗਏ ।36ਤਦ ਕੌਮਾਂ ਜਿਹੜੀਆਂ ਤੁਹਾਡੇ ਆਲੇ-ਦੁਆਲੇ ਬਚੀਆਂ ਹੋਈਆਂ ਹਨ, ਜਾਣਨਗੀਆਂ ਕਿ ਮੈਂ ਯਹੋਵਾਹ ਨੇ ਢਾਹਿਆਂ ਥਾਵਾਂ ਨੂੰ ਬਣਾਇਆ ਹੈ ਅਤੇ ਉੱਜੜਿਆਂ ਵਿਰਾਨਾਂ ਨੂੰ ਫੇਰ ਲਗਾਇਆ ਹੈ । ਮੈਂ ਯਹੋਵਾਹ ਨੇ ਫ਼ਰਮਾਇਆ ਹੈ ਅਤੇ ਮੈਂ ਹੀ ਕਰਾਂਗਾ ।
37ਪ੍ਰਭੂ ਯਹੋਵਾਹ ਇਹ ਆਖਦਾ ਹੈ, ਇਸਰਾਏਲ ਦਾ ਘਰਾਣਾ ਮੇਰੇ ਕੋਲੋਂ ਫੇਰ ਇਹ ਪੁੱਛੇਗਾ ਭਈ ਮੈਂ ਉਹਨਾਂ ਲਈ ਇਹ ਕਰਾਂ ਕਿ ਉਹਨਾਂ ਦੇ ਆਦਮੀਆਂ ਨੂੰ ਇੱਜੜ ਵਾਂਗੂੰ ਵਾਧਾ ਦੇਵਾਂ ।38ਪਵਿੱਤਰ ਇੱਜੜ ਵਾਂਗੂੰ ਜਿਵੇਂ ਯਰੂਸ਼ਲਮ ਦਾ ਇੱਜੜ ਉਹ ਦੇ ਠਹਿਰਾਇਆਂ ਹੋਇਆਂ ਪਰਬਾਂ ਵਿੱਚ ਸੀ, ਉਸੇ ਤਰ੍ਹਾਂ ਹੀ ਉੱਜੜੇ ਸ਼ਹਿਰ ਆਦਮੀਆਂ ਦੇ ਜੱਥਿਆਂ ਨਾਲ ਭਰੇ ਹੋਣਗੇ ਅਤੇ ਉਹ ਜਾਣਨਗੇ ਕਿ ਮੈਂ ਯਹੋਵਾਹ ਹਾਂ !

37
ਸੁੱਕੀਆਂ ਹੱਡੀਆਂ ਦੀ ਵਾਦੀ

1ਯਹੋਵਾਹ ਦਾ ਹੱਥ ਮੇਰੇ ਉੱਤੇ ਸੀ, ਉਹ ਮੈਨੂੰ ਯਹੋਵਾਹ ਦੇ ਆਤਮਾ ਵਿੱਚ ਬਾਹਰ ਲੈ ਗਿਆ ਅਤੇ ਉਸ ਵਾਦੀ ਵਿੱਚ ਜਿਹੜੀ ਹੱਡੀਆਂ ਨਾਲ ਭਰੀ ਹੋਈ ਸੀ, ਮੈਨੂੰ ਉਤਾਰ ਦਿੱਤਾ ।2ਮੈਨੂੰ ਉਹਨਾਂ ਦੇ ਆਲੇ-ਦੁਆਲੇ ਚਾਰੇ ਪਾਸੇ ਘੁਮਾਇਆ ਅਤੇ ਵੇਖੋ, ਉਹ ਉਸ ਵਾਦੀ ਦੇ ਮੂੰਹ ਉੱਤੇ ਬਹੁਤ ਸਾਰੀਆਂ ਸਨ ਅਤੇ ਵੇਖੋ, ਉਹ ਬਹੁਤ ਸੁੱਕੀਆਂ ਹੋਈਆਂ ਸਨ ।3ਉਹ ਨੇ ਮੇਰੇ ਕੋਲੋਂ ਪੁੱਛਿਆ, ਹੇ ਮਨੁੱਖ ਦੇ ਪੁੱਤਰ, ਕੀ ਇਹ ਹੱਡੀਆਂ ਜੀਉਂਦੀਆਂ ਹੋ ਸਕਦੀਆਂ ਹਨ ? ਮੈਂ ਆਖਿਆ, ਹੇ ਪ੍ਰਭੂ ਯਹੋਵਾਹ, ਤੂੰ ਹੀ ਜਾਣਦਾ ਹੈ ।

4ਫੇਰ ਉਸ ਮੈਨੂੰ ਆਖਿਆ, ਤੂੰ ਇਹਨਾਂ ਹੱਡੀਆਂ ਉੱਤੇ ਭਵਿੱਖਬਾਣੀ ਕਰ ਅਤੇ ਇਹਨਾਂ ਨੂੰ ਆਖ, ਹੇ ਸੁੱਕੀ ਹੱਡੀਓ, ਯਹੋਵਾਹ ਦਾ ਬਚਨ ਸੁਣੋ !5ਪ੍ਰਭੂ ਯਹੋਵਾਹ ਇਹਨਾਂ ਹੱਡੀਆਂ ਨੂੰ ਇਹ ਆਖਦਾ ਹੈ, ਵੇਖੋ ! ਮੈਂ ਤੁਹਾਡੇ ਅੰਦਰ ਆਤਮਾ ਪਾਵਾਂਗਾ ਅਤੇ ਤੁਸੀਂ ਜੀਉਂਦੀਆਂ ਹੋ ਜਾਵੋਗੀਆਂ ।6ਮੈਂ ਤੁਹਾਡੇ ਉੱਤੇ ਨਾੜਾਂ ਦਿਆਂਗਾ, ਤੁਹਾਡੇ ਉੱਤੇ ਮਾਸ ਚੜ੍ਹਾਵਾਂਗਾ ਅਤੇ ਤੁਹਾਨੂੰ ਚੰਮ ਨਾਲ ਢੱਕਾਂਗਾ । ਤੁਹਾਡੇ ਵਿੱਚ ਆਤਮਾ ਪਾਵਾਂਗਾ, ਤੁਸੀਂ ਜੀ ਪਵੋਗੀਆਂ ਅਤੇ ਤੁਸੀਂ ਜਾਣੋਗੀਆਂ ਕਿ ਮੈਂ ਯਹੋਵਾਹ ਹਾਂ !
7ਇਸ ਲਈ ਮੈਂ ਹੁਕਮ ਅਨੁਸਾਰ ਭਵਿੱਖਬਾਣੀ ਕੀਤੀ ਅਤੇ ਜਿਸ ਵੇਲੇ ਮੈਂ ਭਵਿੱਖਬਾਣੀ ਕਰ ਰਿਹਾ ਸੀ, ਤਾਂ ਇੱਕ ਸ਼ੋਰ ਆਇਆ ਅਤੇ ਵੇਖੋ, ਇਹ ਭੂਚਾਲ ਸੀ ਅਤੇ ਹੱਡੀਆਂ ਇੱਕ ਦੂਜੀ ਨਾਲ ਜੁੜ ਗਈਆਂ, ਹਰੇਕ ਹੱਡੀ ਆਪਣੀ ਹੱਡੀ ਨਾਲ ।8ਮੈਂ ਵੇਖਿਆ ਤਾਂ ਕੀ ਵੇਖਦਾ ਹਾਂ, ਕਿ ਉਹਨਾਂ ਉੱਤੇ ਨਾੜਾਂ ਤੇ ਮਾਸ ਚੜ੍ਹ ਆਇਆ ਅਤੇ ਚੰਮ ਨੇ ਉਹਨਾਂ ਨੂੰ ਢੱਕ ਲਿਆ, ਪਰ ਉਹਨਾਂ ਵਿੱਚ ਆਤਮਾ ਨਹੀਂ ਸੀ ।
9ਤਦ ਉਹ ਨੇ ਮੈਨੂੰ ਆਖਿਆ ਕਿ ਆਤਮਾ ਲਈ ਭਵਿੱਖਬਾਣੀ ਕਰ, ਹੇ ਮਨੁੱਖ ਦੇ ਪੁੱਤਰ, ਭਵਿੱਖਬਾਣੀ ਕਰ ! ਤੂੰ ਆਤਮਾ ਨੂੰ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਹੇ ਆਤਮਾ, ਤੁਸੀਂ ਚਾਰੇ ਪਾਸੇ ਦੀਆਂ ਹਵਾਵਾਂ ਤੋਂ ਆਓ ਅਤੇ ਵੱਢਿਆਂ ਹੋਇਆਂ ਵਿੱਚ ਆਤਮਾ ਪਾਓ, ਤਾਂ ਕਿ ਉਹ ਜੀਉਂਦੀਆਂ ਹੋ ਜਾਣ ।10ਇਸ ਲਈ ਮੈਂ ਉਹ ਦੇ ਹੁਕਮ ਦੇ ਅਨੁਸਾਰ ਭਵਿੱਖਬਾਣੀ ਅਤੇ ਉਹਨਾਂ ਵਿੱਚ ਆਤਮਾ ਪੈ ਗਿਆ । ਉਹ ਜੀਉਂਦੀਆਂ ਹੋ ਕੇ ਆਪਣੇ ਪੈਰਾਂ ਉੱਤੇ ਖੜੀਆਂ ਹੋ ਗਈਆਂ, ਇੱਕ ਬਹੁਤ ਹੀ ਵੱਡੀ ਫੌਜ ਸੀ ।
11ਤਦ ਉਹ ਨੇ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ, ਇਹ ਹੱਡੀਆਂ ਇਸਰਾਏਲ ਦਾ ਸਾਰਾ ਘਰਾਣਾ ਹੈ । ਵੇਖ, ਇਹ ਆਖਦੇ ਹਨ, ਸਾਡੀਆਂ ਹੱਡੀਆਂ ਸੁੱਕ ਗਈਆਂ ਅਤੇ ਸਾਡੀ ਆਸ ਮੁੱਕ ਗਈ, ਅਸੀਂ ਤਾਂ ਪੂਰੀ ਤਰ੍ਹਾਂ ਨਾਲ ਕੱਟੇ ਗਏ ਹਾਂ !12ਇਸ ਲਈ ਤੂੰ ਭਵਿੱਖਬਾਣੀ ਕਰ ਅਤੇ ਇਹਨਾਂ ਨੂੰ ਆਖ, ਪ੍ਰਭੂ ਯਹੋਵਾਹ ਇਹ ਆਖਦਾ ਹੈ, ਹੇ ਮੇਰੇ ਲੋਕੋ, ਵੇਖੋ ! ਮੈਂ ਤੁਹਾਡੀਆਂ ਕਬਰਾਂ ਨੂੰ ਖੋਲ੍ਹਾਂਗਾ ਅਤੇ ਤੁਹਾਨੂੰ ਉਹਨਾਂ ਵਿੱਚੋਂ ਬਾਹਰ ਕੱਢਾਂਗਾ ਅਤੇ ਇਸਰਾਏਲ ਦੀ ਭੂਮੀ ਵਿੱਚ ਲਿਆਵਾਂਗਾ ।
13ਹੇ ਮੇਰੇ ਲੋਕੋ, ਜਦੋਂ ਮੈਂ ਤੁਹਾਡੀਆਂ ਕਬਰਾਂ ਨੂੰ ਖੋਲ੍ਹਾਂਗਾ ਅਤੇ ਤੁਹਾਨੂੰ ਤੁਹਾਡੀਆਂ ਕਬਰਾਂ ਵਿੱਚੋਂ ਬਾਹਰ ਕੱਢਾਂਗਾ, ਤਦ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਹਾਂ !14ਮੈਂ ਆਪਣਾ ਆਤਮਾ ਤੁਹਾਡੇ ਵਿੱਚ ਪਾਵਾਂਗਾ ਅਤੇ ਤੁਸੀਂ ਜੀਉਂਦੇ ਹੋ ਜਾਵੋਗੇ । ਮੈਂ ਤੁਹਾਨੂੰ ਤੁਹਾਡੀ ਭੂਮੀ ਉੱਤੇ ਵਸਾਵਾਂਗਾ, ਤਦ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਨੇ ਆਖਿਆ ਹੈ ਅਤੇ ਮੈਂ ਹੀ ਪੂਰਾ ਕੀਤਾ, ਯਹੋਵਾਹ ਦਾ ਵਾਕ ਹੈ ।
ਯਹੂਦਾਹ ਅਤੇ ਇਸਰਾਏਲ ਇੱਕ ਹੀ ਰਾਜ

15ਫੇਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਅਤੇ ਆਖਿਆ16ਹੇ ਮਨੁੱਖ ਦੇ ਪੁੱਤਰ, ਤੂੰ ਇੱਕ ਲੱਕੜੀ ਲੈ ਅਤੇ ਉਹ ਦੇ ਉੱਤੇ ਲਿਖ, "ਯਹੂਦਾਹ ਅਤੇ ਉਹ ਦੇ ਸਾਥੀ ਇਸਰਾਏਲੀਆਂ ਲਈ ।" ਫੇਰ ਇੱਕ ਹੋਰ ਲੱਕੜੀ ਲੈ ਅਤੇ ਉਸ ਉੱਤੇ ਲਿਖ, "ਯੂਸੁਫ਼ ਲਈ, ਅਫਰਈਮ ਦੀ ਲੱਕੜੀ, ਅਤੇ ਉਹ ਦੇ ਸਾਥੀ ਸਾਰੇ ਇਸਰਾਏਲ ਦੇ ਘਰਾਣੇ ਲਈ ।"17ਉਹਨਾਂ ਨੂੰ ਇੱਕ ਦੂਜੀ ਨਾਲ ਜੋੜ ਦੇ, ਤਾਂ ਕਿ ਤੇਰੇ ਲਈ ਇੱਕੋ ਲੱਕੜੀ ਬਣ ਜਾਵੇ ਅਤੇ ਉਹ ਤੇਰੇ ਹੱਥ ਵਿੱਚ ਇੱਕ ਹੋਣਗੀਆਂ ।
18ਜਦ ਤੇਰੇ ਲੋਕਾਂ ਦੀ ਸੰਤਾਨ ਤੈਨੂੰ ਆਖੇ ਕਿ ਇਹਨਾਂ ਤੋਂ ਤੇਰਾ ਕੀ ਭਾਵ ਹੈ ? ਕੀ ਤੂੰ ਸਾਨੂੰ ਨਹੀਂ ਦੱਸੇਂਗਾ ?19ਤਦ ਤੂੰ ਉਹਨਾਂ ਨੂੰ ਬੋਲ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖੋ, ਮੈਂ ਯੂਸੁਫ਼ ਦੀ ਲੱਕੜੀ ਨੂੰ ਜੋ ਅਫਰਈਮ ਦੇ ਹੱਥ ਵਿੱਚ ਹੈ ਅਤੇ ਇਸਰਾਏਲ ਦੇ ਗੋਤਾਂ ਨੂੰ ਉਹ ਦੇ ਸਾਥੀਆਂ ਨੂੰ ਲਵਾਂਗਾ । ਮੈਂ ਯਹੂਦਾਹ ਦੀ ਲੱਕੜੀ ਦੇ ਨਾਲ ਉਹ ਨੂੰ ਰੱਖਾਂਗਾ ਅਤੇ ਉਹਨਾਂ ਨੂੰ ਇੱਕੋ ਹੀ ਲੱਕੜੀ ਬਣਾਵਾਂਗਾ । ਉਹ ਮੇਰੇ ਹੱਥ ਵਿੱਚ ਇੱਕ ਹੋਣਗੀਆਂ ।20ਉਹ ਲੱਕੜੀਆਂ ਜਿਹਨਾਂ ਉੱਤੇ ਤੂੰ ਲਿਖਦਾ ਹੈਂ, ਉਹਨਾਂ ਦੀਆਂ ਅੱਖਾਂ ਸਾਹਮਣੇ ਤੇਰੇ ਹੱਥ ਵਿੱਚ ਹੋਣਗੀਆਂ ।
21ਤੂੰ ਉਹਨਾਂ ਨੂੰ ਬੋਲ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖੋ, ਮੈਂ ਇਸਰਾਏਲੀਆਂ ਨੂੰ ਕੌਮਾਂ ਦੇ ਵਿੱਚੋਂ ਜਿੱਥੇ ਜਿੱਥੇ ਉਹ ਗਏ ਹਨ, ਲਵਾਂਗਾ ਅਤੇ ਹਰ ਪਾਸਿਓਂ ਉਹਨਾਂ ਨੂੰ ਇਕੱਠਾ ਕਰਾਂਗਾ । ਮੈਂ ਉਹਨਾਂ ਨੂੰ ਉਹਨਾਂ ਦੀ ਭੂਮੀ ਵਿੱਚ ਲਿਆਵਾਂਗਾ ।22ਮੈਂ ਉਹਨਾਂ ਨੂੰ ਉਸ ਦੇਸ ਵਿੱਚ ਇਸਰਾਏਲ ਦੇ ਪਹਾੜਾਂ ਉੱਤੇ ਇੱਕੋ ਹੀ ਕੌਮ ਬਣਾਵਾਂਗਾ ਅਤੇ ਉਹਨਾਂ ਸਾਰਿਆਂ ਉੱਤੇ ਰਾਜ ਕਰਨ ਲਈ ਇੱਕੋ ਹੀ ਰਾਜਾ ਹੋਵੇਗਾ, ਉਹ ਅੱਗੇ ਲਈ ਨਾ ਦੋ ਕੌਮਾਂ ਹੋਣਗੀਆਂ ਅਤੇ ਨਾ ਹੀ ਅੱਗੇ ਨੂੰ ਦੋ ਰਾਜਾਂ ਵਿੱਚ ਵੰਡੇ ਜਾਣਗੇ ।23ਨਾ ਹੀ ਅੱਗੇ ਨੂੰ ਉਹ ਆਪਣੀਆਂ ਮੂਰਤੀਆਂ ਨਾਲ, ਨਾ ਹੀ ਆਪਣੀਆਂ ਘਿਣਾਉਣੀਆਂ ਵਸਤੂਆਂ ਨਾਲ ਅਤੇ ਨਾ ਹੀ ਆਪਣਿਆਂ ਸਾਰਿਆਂ ਅਪਰਾਧਾਂ ਨਾਲ ਆਪਣੇ ਆਪ ਨੂੰ ਭ੍ਰਿਸ਼ਟ ਕਰਨਗੇ, ਸਗੋਂ ਮੈਂ ਉਹਨਾਂ ਨੂੰ ਉਹਨਾਂ ਦੇ ਸਾਰਿਆਂ ਵੱਸੇਬਿਆਂ ਵਿੱਚੋਂ ਜਿੱਥੇ ਉਹਨਾਂ ਨੇ ਪਾਪ ਕੀਤਾ ਹੈ, ਬਚਾਵਾਂਗਾ ਅਤੇ ਉਹਨਾਂ ਨੂੰ ਸ਼ੁੱਧ ਕਰਾਂਗਾ, ਇਸ ਲਈ ਉਹ ਮੇਰੀ ਪਰਜਾ ਹੋਣਗੇ ਅਤੇ ਮੈਂ ਉਹਨਾਂ ਦਾ ਪਰਮੇਸ਼ੁਰ ਹੋਵਾਂਗਾ ।
24ਮੇਰਾ ਦਾਸ ਦਾਊਦ ਉਹਨਾਂ ਉੱਤੇ ਰਾਜਾ ਹੋਵੇਗਾ ਅਤੇ ਉਹਨਾਂ ਸਾਰਿਆਂ ਦਾ ਇੱਕੋ ਹੀ ਆਜੜੀ ਹੋਵੇਗਾ । ਉਹ ਮੇਰੇ ਹੁਕਮਾਂ ਵਿੱਚ ਚੱਲਣਗੇ ਅਤੇ ਮੇਰੀਆਂ ਬਿਧੀਆਂ ਨੂੰ ਮੰਨ ਕੇ ਉਹਨਾਂ ਦੀ ਪਾਲਣਾ ਕਰਨਗੇ ।25ਉਹ ਉਸ ਦੇਸ ਵਿੱਚ ਜਿਹੜਾ ਮੈਂ ਆਪਣੇ ਦਾਸ ਯਾਕੂਬ ਨੂੰ ਦਿੱਤਾ ਸੀ, ਜਿਸ ਵਿੱਚ ਤੁਹਾਡੇ ਪਿਉ-ਦਾਦੇ ਵੱਸਦੇ ਸਨ, ਵੱਸਣਗੇ ਅਤੇ ਉਹ, ਉਹਨਾਂ ਦੀ ਸੰਤਾਨ ਅਤੇ ਉਹਨਾਂ ਦੀ ਸੰਤਾਨ ਦੀ ਸੰਤਾਨ ਸਦਾ ਤੱਕ ਉਸ ਵਿੱਚ ਸਦਾ ਲਈ ਵੱਸਣਗੇ । ਮੇਰਾ ਦਾਸ ਦਾਊਦ ਸਦਾ ਲਈ ਉਹਨਾਂ ਦਾ ਰਾਜਕੁਮਾਰ ਹੋਵੇਗਾ ।
26ਮੈਂ ਉਹਨਾਂ ਦੇ ਨਾਲ ਸ਼ਾਂਤੀ ਦਾ ਨੇਮ ਅਰਥਾਤ ਸਦਾ ਦਾ ਨੇਮ ਬੰਨ੍ਹਾਂਗਾ, ਮੈਂ ਉਹਨਾਂ ਨੂੰ ਵਸਾਵਾਂਗਾ ਅਤੇ ਉਹਨਾਂ ਨੂੰ ਵਧਾਵਾਂਗਾ । ਉਹਨਾਂ ਦੇ ਵਿਚਕਾਰ ਆਪਣੇ ਪਵਿੱਤਰ ਸਥਾਨ ਨੂੰ ਸਦਾ ਲਈ ਕਾਇਮ ਕਰਾਂਗਾ ।27ਮੇਰਾ ਡੇਰਾ ਵੀ ਉਹਨਾਂ ਦੇ ਵਿੱਚ ਹੋਵੇਗਾ, ਮੈਂ ਉਹਨਾਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰੀ ਪਰਜਾ ਹੋਣਗੇ ।28ਮੇਰਾ ਪਵਿੱਤਰ ਸਥਾਨ ਸਦਾ ਲਈ ਉਹਨਾਂ ਦੇ ਵਿਚਕਾਰ ਹੋਵੇਗਾ, ਤਾਂ ਕੌਮਾਂ ਜਾਣਨਗੀਆਂ ਕਿ ਮੈਂ ਯਹੋਵਾਹ ਹਾਂ, ਜਿਹੜਾ ਇਸਰਾਏਲ ਨੂੰ ਪਵਿੱਤਰ ਕਰਦਾ ਹਾਂ !

38
ਗੋਗ ਦੇ ਵਿਰੁੱਧ

1ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਅਤੇ ਆਖਿਆ2ਹੇ ਮਨੁੱਖ ਦੇ ਪੁੱਤਰ, ਗੋਗ ਜਿਹੜਾ ਮਾਗੋਗ ਦੀ ਧਰਤੀ ਦਾ ਹੈ ਅਤੇ ਰੋਸ਼, ਮਸ਼ਕ ਅਤੇ ਤੂਬਲ ਦਾ ਰਾਜਕੁਮਾਰ ਹੈ, ਉਹ ਦੀ ਵੱਲ ਮੂੰਹ ਕਰ ਕੇ ਉਹ ਦੇ ਵਿਰੁੱਧ ਭਵਿੱਖਬਾਣੀ ਕਰ ।3ਤੂੰ ਆਖ, ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖ, ਹੇ ਗੋਗ, ਰੋਸ਼, ਮਸ਼ਕ ਤੇ ਤੂਬਲ ਦੇ ਰਾਜਕੁਮਾਰ, ਮੈਂ ਤੇਰਾ ਵਿਰੋਧੀ ਹਾਂ !

4ਮੈਂ ਤੈਨੂੰ ਉਲਟਾ ਦਿਆਂਗਾ ਅਤੇ ਤੇਰੇ ਜਬਾੜਿਆਂ ਵਿੱਚ ਕੰਡਿਆਲਾ ਪਾ ਕੇ ਤੈਨੂੰ, ਤੇਰੀ ਸਾਰੀ ਫੌਜ ਨੂੰ, ਘੋੜਿਆਂ ਅਤੇ ਸਵਾਰਾਂ ਨੂੰ, ਜਿਹੜੇ ਸਾਰੇ ਸ਼ਸਤਰ ਧਾਰੀ ਹਨ ਅਤੇ ਵੱਡੀ ਸਭਾ ਜਿਹੜੀ ਬਰਛੀਆਂ ਤੇ ਢਾਲਾਂ ਲਈ ਖਲੋਤੀ ਹੈ ਅਤੇ ਉਹਨਾਂ ਸਾਰਿਆਂ ਨੇ ਤਲਵਾਰਾਂ ਫੜੀਆਂ ਹੋਈਆਂ ਹਨ, ਖਿੱਚ ਕੇ ਕੱਢ ਲਵਾਂਗਾ ।5ਉਹਨਾਂ ਦੇ ਨਾਲ ਫਾਰਸ, ਕੂਸ਼ ਅਤੇ ਪਤੂ ਜਿਹੜੇ ਸਾਰੇ ਦੇ ਸਾਰੇ ਢਾਲ਼ ਤੇ ਲੋਹੇ ਦੇ ਟੋਪ ਨਾਲ ਹਨ,6ਗੋਮਰ, ਉਸ ਦੇ ਸਾਰੇ ਲੋਕ ਅਤੇ ਉੱਤਰ ਦੇ ਦੁਰੇਡੇ ਪਾਸਿਆਂ ਦਾ ਤੋਗ਼ਰਮਾ ਦੇ ਘਰਾਣੇ ਅਤੇ ਉਹ ਦੇ ਸਾਰੇ ਲੋਕ ਅਰਥਾਤ ਬਹੁਤ ਸਾਰੇ ਲੋਕੀ ਤੇਰੇ ਨਾਲ ।
7ਤੂੰ ਤਿਆਰ ਹੋ ਅਤੇ ਆਪਣੀ ਤਿਆਰੀ ਕਰ, ਤੂੰ ਅਤੇ ਤੇਰੀ ਸਾਰੀ ਸਭਾ ਜਿਹੜੀ ਤੇਰੇ ਕੋਲ ਇਕੱਠੀ ਹੋਈ ਹੈ ਅਤੇ ਤੂੰ ਉਹਨਾਂ ਦਾ ਆਗੂ ਬਣ ।8ਬਹੁਤ ਦਿਨਾਂ ਬਾਅਦ ਤੂੰ ਵੇਖਿਆ ਜਾਵੇਂਗਾ ਅਤੇ ਅਖੀਰੀ ਸਾਲ ਵਿੱਚ ਉਸ ਭੂਮੀ ਤੇ ਜਿਹੜੀ ਤਲਵਾਰ ਤੋਂ ਛੁਡਾਈ ਗਈ ਹੈ, ਜਿੱਥੇ ਬਹੁਤ ਲੋਕ ਇਕੱਠੇ ਕੀਤੇ ਗਏ ਹਨ, ਇਸਰਾਏਲ ਦੇ ਪਹਾੜਾਂ ਤੇ ਜਿਹੜੇ ਪੁਰਾਣੇ ਸਮੇਂ ਤੋਂ ਉਜਾੜ ਸਨ ਅਤੇ ਉਹ ਲੋਕਾਂ ਵਿੱਚੋਂ ਬਾਹਰ ਲਿਆਂਦੀ ਗਈ ਅਤੇ ਉਹ ਸਾਰੇ ਦੇ ਸਾਰੇ ਨਿਸ਼ਚਿੰਤ ਹੋ ਕੇ ਵੱਸਣਗੇ ।9ਤੂੰ ਚੜ੍ਹਾਈ ਕਰੇਂਗਾ ਅਤੇ ਅਨ੍ਹੇਰੀ ਵਾਂਗੂੰ ਆਵੇਂਗਾ, ਤੂੰ ਬੱਦਲ ਵਾਂਗੂੰ ਧਰਤੀ ਨੂੰ ਲੁਕਾ ਲਵੇਂਗਾ, ਤੂੰ ਅਤੇ ਤੇਰੇ ਸਾਰੇ ਲੋਕ ਅਤੇ ਬਹੁਤ ਸਾਰੇ ਲੋਕੀ ਤੇਰੇ ਨਾਲ ।
10ਪ੍ਰਭੂ ਯਹੋਵਾਹ ਇਹ ਆਖਦਾ ਹੈ, ਉਸ ਸਮੇਂ ਗੱਲਾਂ ਤੇਰੇ ਮਨ ਵਿੱਚ ਆਉਣਗੀਆਂ ਅਤੇ ਤੂੰ ਬੁਰੀ ਜੁਗਤੀ ਸੋਚੇਂਗਾ ।11ਤੂੰ ਆਖੇਂਗਾ, ਮੈਂ ਬਿਨ੍ਹਾਂ ਸ਼ਹਿਰ ਪਨਾਹ ਵਾਲੇ ਪਿੰਡਾਂ ਦੇ ਦੇਸ ਉੱਤੇ ਹਮਲਾ ਕਰਾਂਗਾ । ਮੈਂ ਉਹਨਾਂ ਉੱਤੇ ਹਮਲਾ ਕਰਾਂਗਾ, ਜਿਹੜੇ ਅਰਾਮ ਤੇ ਬੇਫਿਕਰੀ ਨਾਲ ਵੱਸਦੇ ਹਨ, ਉਹ ਸਾਰੇ ਦੇ ਸਾਰੇ ਜੋ ਬਿਨਾਂ ਕੰਧਾਂ ਦੇ ਵੱਸਦੇ ਹਨ, ਨਾ ਹੀ ਖਾਈਆਂ ਅਤੇ ਨਾ ਦਰਵਾਜ਼ੇ ਹਨ ।12ਤਦ ਜੋ ਤੂੰ ਲੁੱਟੇ ਅਤੇ ਲੁੱਟ ਦਾ ਮਾਲ ਖੋਹ ਲਵੇਂ ਅਤੇ ਉਹਨਾਂ ਉੱਜੜਿਆਂ ਥਾਵਾਂ ਤੇ ਜਿਹੜੀਆਂ ਹੁਣ ਆਬਾਦ ਹਨ ਅਤੇ ਉਹਨਾਂ ਲੋਕਾਂ ਤੇ ਜਿਹੜੇ ਸਾਰੀਆਂ ਕੌਮਾਂ ਵਿੱਚੋਂ ਇਕੱਠੇ ਹੋਏ ਹਨ ਆਪਣਾ ਹੱਥ ਚਲਾਵੇਂ, ਜਿਹਨਾਂ ਪਸ਼ੂਆਂ ਤੇ ਮਾਲ ਨੂੰ ਪ੍ਰਾਪਤ ਕੀਤਾ ਹੈ ਅਤੇ ਧਰਤੀ ਦੀ ਧੁੰਨੀ ਤੇ ਵੱਸਦੇ ਹਨ ।
13ਸ਼ਬਾ, ਦਦਾਨ ਅਤੇ ਤਰਸ਼ੀਸ਼ ਦੇ ਵਪਾਰੀ ਅਤੇ ਉਹਨਾਂ ਦੇ ਸਾਰੇ ਜੁਆਨ ਸ਼ੇਰ ਤੈਨੂੰ ਆਖਣਗੇ, ਕੀ ਤੂੰ ਲੁੱਟਣ ਲਈ ਆਇਆ ਹੈਂ ? ਕੀ ਤੂੰ ਆਪਣੀ ਸਭਾ ਦੇਸ ਲਈ ਇਕੱਠੀ ਕੀਤੀ ਹੈ ਕਿ ਮਾਲ ਖੋਹ ਲਵੇਂ ? ਚਾਂਦੀ ਸੋਨਾ ਲੁੱਟੇਂ, ਡੰਗਰ ਪਸ਼ੂ ਲੈ ਜਾਵੇਂ ਅਤੇ ਲੁੱਟ ਦਾ ਬਹੁਤਾ ਮਾਲ ਪਰਾਪਤ ਕਰੇ ? ।
14ਇਸ ਲਈ ਹੇ ਮਨੁੱਖ ਦੇ ਪੁੱਤਰ, ਭਵਿੱਖਬਾਣੀ ਕਰ ਅਤੇ ਗੋਗ ਨੂੰ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਜਦੋਂ ਮੇਰੀ ਪਰਜਾ ਇਸਰਾਏਲ ਨਿਸ਼ਚਿੰਤ ਵੱਸੇਗੀ, ਕੀ ਤੂੰ ਨਾ ਜਾਣੇਂਗਾ ?15ਤੂੰ ਆਪਣੇ ਸਥਾਨ ਤੋਂ ਉੱਤਰ ਵੱਲੋਂ ਦੁਰੇਡਿਓਂ ਆਵੇਂਗਾ ਅਤੇ ਬਹੁਤ ਸਾਰੇ ਲੋਕ ਤੇਰੇ ਨਾਲ ਹੋਣਗੇ ਜਿਹੜੇ ਸਾਰੇ ਦੇ ਸਾਰੇ ਘੋੜਿਆਂ ਤੇ ਸਵਾਰ ਹੋਣਗੇ, ਇੱਕ ਵੱਡੀ ਸਭਾ ਅਤੇ ਬਹੁਤੀ ਫੌਜ ।16ਤੂੰ ਮੇਰੀ ਪਰਜਾ ਇਸਰਾਏਲ ਤੇ ਚੜ੍ਹਾਈ ਕਰੇਂਗਾ ਅਤੇ ਧਰਤੀ ਨੂੰ ਬੱਦਲ ਵਾਂਗੂੰ ਲੁਕਾ ਲਵੇਂਗਾ, ਇਹ ਅਖੀਰੀ ਦਿਨਾਂ ਵਿੱਚ ਹੋਵੇਗਾ ਅਤੇ ਮੈਂ ਤੈਨੂੰ ਆਪਣੇ ਦੇਸ ਤੇ ਚੜ੍ਹਾ ਲਿਆਵਾਂਗਾ, ਤਾਂ ਜੋ ਕੌਮਾਂ ਮੈਨੂੰ ਜਾਣਨ, ਜਦੋਂ ਮੈਂ, ਹੇ ਗੋਗ, ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਤੇਰੇ ਵਿੱਚ ਆਪਣੇ ਆਪ ਨੂੰ ਪਵਿੱਤਰ ਠਹਿਰਾਵਾਂਗਾ ।
ਗੋਗ ਨੂੰ ਪਰਮੇਸ਼ੁਰ ਦੀ ਸਜ਼ਾ

17ਪ੍ਰਭੂ ਯਹੋਵਾਹ ਇਹ ਆਖਦਾ ਹੈ, ਕੀ ਤੂੰ ਹੀ ਨਹੀਂ ਜਿਹ ਦੇ ਬਾਰੇ ਮੈਂ ਪੁਰਾਣੇ ਸਮੇਂ ਵਿੱਚ ਆਪਣੇ ਸੇਵਕਾਂ, ਇਸਰਾਏਲੀ ਨਬੀਆਂ ਦੇ ਰਾਹੀਂ ਜਿਹਨਾਂ ਨੇ ਉਹਨਾਂ ਦਿਨਾਂ ਵਿੱਚ ਕਈ ਸਾਲ ਭਵਿੱਖਬਾਣੀ ਕਰ ਕੇ ਆਖਿਆ ਕਿ ਮੈਂ ਤੈਨੂੰ ਉਹਨਾਂ ਉੱਤੇ ਚੜ੍ਹਾ ਲਿਆਵਾਂਗਾ ।18ਉਸ ਦਿਨ ਅਜਿਹਾ ਹੋਵੇਗਾ ਕਿ ਜਦੋਂ ਗੋਗ ਇਸਰਾਏਲ ਦੀ ਭੂਮੀ ਉੱਤੇ ਚੜ੍ਹਾਈ ਕਰੇਗਾ ਤਾਂ ਮੇਰਾ ਗੁੱਸਾ ਜ਼ੋਰ ਨਾਲ ਚੜ੍ਹੇਗਾ, ਪ੍ਰਭੂ ਯਹੋਵਾਹ ਦਾ ਵਾਕ ਹੈ ।
19ਕਿਉਂ ਜੋ ਮੈਂ ਆਪਣੀ ਅਣਖ ਅਤੇ ਕਹਿਰ ਦੀ ਅੱਗ ਵਿੱਚ ਬੋਲਿਆ ਹਾਂ, ਕਿ ਜ਼ਰੂਰ ਉਸ ਦਿਨ ਇਸਰਾਏਲ ਦੀ ਭੂਮੀ ਤੇ ਵੱਡਾ ਭੂਚਾਲ ਆਵੇਗਾ ।20ਇੱਥੋਂ ਤੱਕ ਕਿ ਸਾਗਰ ਦੀਆਂ ਮੱਛੀਆਂ, ਅਕਾਸ਼ ਦੇ ਪੰਛੀ, ਰੜ ਦੇ ਦਰਿੰਦੇ, ਸਾਰੇ ਘਿੱਸਰਨ ਵਾਲੇ ਜਿਹੜੇ ਭੂਮੀ ਤੇ ਘਿੱਸਰਦੇ ਹਨ ਅਤੇ ਸਾਰੇ ਮਨੁੱਖ ਜਿਹੜੇ ਭੂਮੀ ਤੇ ਹਨ, ਮੇਰੇ ਸਾਹਮਣੇ ਥਰ-ਥਰ ਕੰਬਣਗੇ ਅਤੇ ਪਹਾੜ ਡੇਗੇ ਜਾਣਗੇ ਅਤੇ ਢਲਾਨਾਂ ਡੇਗੀਆਂ ਜਾਣਗੀਆਂ ਅਤੇ ਹਰੇਕ ਕੰਧ ਧਰਤੀ ਤੇ ਡਿੱਗ ਪਏਗੀ ।
21ਮੈਂ ਆਪਣੇ ਸਾਰੇ ਪਹਾੜਾਂ ਤੇ ਉਹ ਦੇ ਵਿਰੁੱਧ ਤਲਵਾਰ ਨੂੰ ਸੱਦਾਂਗਾ, ਪ੍ਰਭੂ ਯਹੋਵਾਹ ਦਾ ਵਾਕ ਹੈ । ਹਰੇਕ ਮਨੁੱਖ ਦੀ ਤਲਵਾਰ ਉਹ ਦੇ ਭਰਾ ਦੇ ਵਿਰੁੱਧ ਹੋਵੇਗੀ ।22ਮੈਂ ਮਰੀ ਭੇਜ ਕੇ ਅਤੇ ਲਹੂ ਵਗਾ ਕੇ ਉਹ ਦਾ ਨਿਆਂ ਕਰਾਂਗਾ । ਉਹ ਦੇ ਉੱਤੇ, ਉਹ ਦੇ ਲੋਕਾਂ ਉੱਤੇ ਅਤੇ ਉਹਨਾਂ ਬਹੁਤ ਸਾਰੇ ਲੋਕਾਂ ਉੱਤੇ ਜਿਹੜੇ ਉਹ ਦੇ ਨਾਲ ਹਨ, ਜ਼ੋਰ ਦੀ ਵਰਖਾ, ਵੱਡੇ-ਵੱਡੇ ਗੜੇ ਅਤੇ ਅੱਗ ਤੇ ਗੰਧਕ ਵਰ੍ਹਾਵਾਂਗਾ ।23ਮੈਂ ਆਪਣੀ ਮਹਿਮਾ ਅਤੇ ਆਪਣੀ ਪਵਿੱਤਰਤਾ ਕਰਾਵਾਂਗਾ । ਬਹੁਤ ਸਾਰੀਆਂ ਕੌਮਾਂ ਦੀਆਂ ਨਜ਼ਰਾਂ ਵਿੱਚ ਜਾਣਿਆ ਜਾਂਵਾਂਗਾ ਅਤੇ ਉਹ ਜਾਣਨਗੇ ਕਿ ਮੈਂ ਯਹੋਵਾਹ ਹਾਂ !

39
ਗੋਗ ਦੀ ਹਾਰ

1ਇਸ ਲਈ ਹੇ ਮਨੁੱਖ ਦੇ ਪੁੱਤਰ, ਤੂੰ ਗੋਗ ਦੇ ਵਿਰੁੱਧ ਭਵਿੱਖਬਾਣੀ ਕਰ ਅਤੇ ਤੂੰ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖੋ, ਹੇ ਗੋਗ, ਰੋਸ਼ ਅਤੇ ਮਸ਼ਕ ਅਤੇ ਤੂਬਲ ਦੇ ਰਾਜਕੁਮਾਰ, ਮੈਂ ਤੇਰਾ ਵਿਰੋਧੀ ਹਾਂ !2ਮੈਂ ਤੈਨੂੰ ਉਲਟਾ ਦੇਵਾਂਗਾ ਅਤੇ ਤੈਨੂੰ ਏਧਰ ਓਧਰ ਲਈ ਫਿਰਾਂਗਾ । ਉਤਰ ਵੱਲੋਂ ਦੂਰੋਂ ਚੜ੍ਹਾ ਲਿਆਵਾਂਗਾ ਅਤੇ ਤੈਨੂੰ ਇਸਰਾਏਲ ਦੇ ਪਹਾੜਾਂ ਉੱਤੇ ਲਿਆਵਾਂਗਾ ।3ਤੇਰੀ ਧਣੁਖ ਤੇਰੇ ਖੱਬੇ ਹੱਥ ਵਿੱਚੋਂ ਛੁਡਾ ਦਿਆਂਗਾ ਅਤੇ ਤੇਰੇ ਬਾਣ ਤੇਰੇ ਸੱਜੇ ਹੱਥ ਵਿੱਚੋਂ ਡੇਗੇ ਜਾਣਗੇ ।

4ਤੂੰ ਇਸਰਾਏਲ ਦੇ ਪਹਾੜਾਂ ਉੱਤੇ ਆਪਣੇ ਸਾਰੇ ਲੋਕਾਂ ਸਮੇਤ, ਜਿਹੜੇ ਤੇਰੇ ਨਾਲ ਹੋਣਗੇ ਡਿੱਗ ਜਾਏਂਗਾ ਅਤੇ ਮੈਂ ਤੈਨੂੰ ਹਰ ਪ੍ਰਕਾਰ ਦੇ ਸ਼ਿਕਾਰੀ ਪੰਛੀਆਂ ਅਤੇ ਰੜ ਦੇ ਦਰਿੰਦਿਆਂ ਲਈ ਖਾਣ ਨੂੰ ਦਿਆਂਗਾ ।5ਤੂੰ ਖੁਲ੍ਹੇ ਖੇਤ ਵਿੱਚ ਡਿੱਗੇਗਾ, ਕਿਉਂ ਜੋ ਮੈਂ ਹੀ ਬੋਲਿਆ ਹਾਂ, ਪ੍ਰਭੂ ਯਹੋਵਾਹ ਦਾ ਵਾਕ ਹੈ ।6ਮੈਂ ਮਾਗੋਗ ਤੇ ਸਾਗਰੀ ਟਾਪੂਆਂ ਦੇ ਵਾਸੀਆਂ ਤੇ ਜਿਹੜੇ ਨਿਸ਼ਚਿੰਤ ਵੱਸਦੇ ਹਨ, ਅੱਗ ਭੇਜਾਂਗਾ ਅਤੇ ਉਹ ਜਾਣਨਗੇ ਕਿ ਮੈਂ ਯਹੋਵਾਹ ਹਾਂ !
7ਮੈਂ ਆਪਣੇ ਪਵਿੱਤਰ ਨਾਮ ਨੂੰ ਆਪਣੀ ਪਰਜਾ ਇਸਰਾਏਲ ਤੇ ਪਰਗਟ ਕਰਾਂਗਾ ਅਤੇ ਫੇਰ ਆਪਣੇ ਪਵਿੱਤਰ ਨਾਮ ਦੀ ਨਿਰਾਦਰੀ ਨਾ ਹੋਣ ਦਿਆਂਗਾ । ਕੌਮਾਂ ਜਾਣਨਗੀਆਂ ਕਿ ਮੈਂ ਯਹੋਵਾਹ ਇਸਰਾਏਲ ਦਾ ਪਵਿੱਤਰ ਪੁਰਖ ਹਾਂ ।8ਵੇਖ, ਉਹ ਆਉਂਦਾ ਹੈ ਅਤੇ ਹੋ ਕੇ ਰਹੇਗਾ, ਪ੍ਰਭੂ ਯਹੋਵਾਹ ਦਾ ਵਾਕ ਹੈ । ਇਹ ਉਹੀ ਦਿਨ ਹੈ ਜਿਸ ਦੇ ਵਿਖੇ ਮੈਂ ਆਖਿਆ ਸੀ ।
9ਤਦ ਇਸਰਾਏਲ ਦੇ ਸ਼ਹਿਰਾਂ ਦੇ ਵਾਸੀ ਨਿੱਕਲਣਗੇ ਅਤੇ ਅੱਗ ਲਾ ਕੇ ਸ਼ਸਤ੍ਰਾਂ ਨੂੰ ਜਲਾਉਣਗੇ ਅਰਥਾਤ ਢਾਲਾਂ ਅਤੇ ਬਰਛੀਆਂ ਨੂੰ, ਧਣੁਖਾਂ ਅਤੇ ਬਾਣਾਂ ਨੂੰ ਅਤੇ ਕਟਾਰਾਂ ਨੂੰ ਅਤੇ ਨੇਜ਼ਿਆਂ ਨੂੰ ਅਤੇ ਉਹ ਸੱਤ ਸਾਲ ਤੱਕ ਉਹਨਾਂ ਨੂੰ ਜਲਾਉਂਦੇ ਰਹਿਣਗੇ ।10ਇੱਥੋਂ ਤੱਕ ਕਿ ਉਹ ਨਾ ਖੇਤ ਵਿੱਚੋਂ ਲੱਕੜੀ ਚੁੱਕਣਗੇ, ਨਾ ਜੰਗਲਾਂ ਵਿੱਚੋਂ ਵੱਢਣਗੇ, ਕਿਉਂ ਜੋ ਉਹ ਸ਼ਸਤ੍ਰ ਹੀ ਫੂਕਣਗੇ ਅਤੇ ਉਹ ਆਪਣੇ ਲੁੱਟਣ ਵਾਲਿਆਂ ਨੂੰ ਲੁੱਟਣਗੇ ਅਤੇ ਆਪਣੇ ਲੈਣ ਵਾਲਿਆਂ ਕੋਲੋਂ ਲੈਣਗੇ, ਪ੍ਰਭੂ ਯਹੋਵਾਹ ਦਾ ਵਾਕ ਹੈ ।
ਗੋਗ ਨੂੰ ਦਫ਼ਨਾਇਆ ਜਾਣਾ

11ਉਸ ਦਿਨ ਅਜਿਹਾ ਹੋਵੇਗਾ ਕਿ ਮੈਂ ਉੱਥੇ ਇਸਰਾਏਲ ਵਿੱਚ ਗੋਗ ਨੂੰ ਇੱਕ ਕਬਰਿਸਤਾਨ ਦਿਆਂਗਾ ਅਰਥਾਤ ਰਾਹ ਲੰਘਦਿਆਂ ਦੀ ਵਾਦੀ ਜਿਹੜੀ ਸਾਗਰ ਦੇ ਪੂਰਬ ਵਿੱਚ ਹੈ । ਉਸ ਤੋਂ ਰਾਹ ਲੰਘਣ ਵਾਲਿਆਂ ਦਾ ਰਾਹ ਬੰਦ ਹੋਵੇਗਾ ਅਤੇ ਉੱਥੇ ਗੋਗ ਨੂੰ ਅਤੇ ਉਹ ਦੀ ਸਾਰੀ ਭੀੜ ਨੂੰ ਦੱਬਣਗੇ ਅਤੇ "ਗੋਗ ਦੀ ਭੀੜ ਦੀ ਵਾਦੀ" ਉਹ ਦਾ ਨਾਮ ਰੱਖਣਗੇ ।
12ਸੱਤ ਮਹੀਨੇ ਤੱਕ ਇਸਰਾਏਲ ਦਾ ਘਰਾਣਾ ਉਹਨਾਂ ਨੂੰ ਦਬਾਉਂਦਾ ਰਹੇਗਾ, ਤਾਂ ਜੋ ਦੇਸ ਨੂੰ ਪਾਕ ਕਰੇ ।13ਹਾਂ, ਦੇਸ ਦੇ ਸਾਰੇ ਲੋਕ ਉਹਨਾਂ ਨੂੰ ਦਬਾਉਣਗੇ, ਇਹ ਉਹਨਾਂ ਲਈ ਯਾਦਗਰੀ ਦਾ ਦਿਨ ਹੋਵੇਗਾ, ਜਿਸ ਦਿਨ ਮੇਰੀ ਉਸਤਤ ਹੋਵੇਗੀ, ਪ੍ਰਭੂ ਯਹੋਵਾਹ ਦਾ ਵਾਕ ਹੈ ।
14ਉਹ ਸਦਾ ਲਈ ਆਦਮੀਆਂ ਨੂੰ ਅੱਡ ਕਰਨਗੇ ਜੋ ਦੇਸ ਵਿੱਚ ਲੰਘਣਗੇ ਭਈ ਉਹ ਮੁਸਾਫਰਾਂ ਨੂੰ ਜੋ ਧਰਤੀ ਦੇ ਉੱਤੇ ਰਹਿੰਦੇ ਹਨ ਦੱਬਣ. ਤਾਂ ਕਿ ਉਹ ਸਾਫ਼ ਹੋਵੇ । ਉਹ ਸੱਤਾਂ ਮਹੀਨਿਆਂ ਦੇ ਆਖਰ ਵਿੱਚ ਲੱਭਣਗੇ ।15ਜਦੋਂ ਉਹ ਦੇਸ ਵਿੱਚੋਂ ਲੰਘਣ ਅਤੇ ਉਹਨਾਂ ਵਿੱਚੋਂ ਕੋਈ ਕਿਸੇ ਮਨੁੱਖ ਦੀ ਹੱਡੀ ਵੇਖੇ, ਤਾਂ ਉਹ ਦੇ ਕੋਲ ਇੱਕ ਨਿਸ਼ਾਨ ਬਣਾ ਦੇਵੇਗਾ, ਜਦੋਂ ਤੱਕ ਦਬਾਉਣ ਵਾਲੇ ਗੋਗ ਦੀ ਭੀੜ ਦੀ ਵਾਦੀ ਵਿੱਚ ਉਹ ਨੂੰ ਨਾ ਦਬਾਉਣ ।16ਸ਼ਹਿਰ ਦਾ ਨਾਮ ਵੀ ਹਮੋਨ ਹੋਵੇਗਾ । ਇਸ ਤਰ੍ਹਾਂ ਉਹ ਧਰਤੀ ਨੂੰ ਪਾਕ ਕਰਨਗੇ ।
17ਹੇ ਮਨੁੱਖ ਦੇ ਪੁੱਤਰ, ਪ੍ਰਭੂ ਯਹੋਵਾਹ ਇਹ ਆਖਦਾ ਹੈ, ਹਰੇਕ ਪ੍ਰਕਾਰ ਦੇ ਪੰਛੀ, ਅਤੇ ਰੜ ਦੇ ਹਰੇਕ ਦਰਿੰਦੇ ਨੂੰ ਆਖ, ਇਕੱਠੇ ਹੋ ਕੇ ਆਓ, ਆਲੇ ਦੁਆਲਿਓਂ ਮੇਰੀ ਬਲੀ ਕੋਲ ਇਕੱਠੇ ਹੋ ਜਾਓ ਜਿੱਥੇ ਮੈਂ ਤੁਹਾਡੇ ਲਈ ਬਲੀ ਦਿੰਦਾ ਹਾਂ । ਹਾਂ, ਇਸਰਾਏਲ ਦੇ ਪਹਾੜਾਂ ਉੱਤੇ ਇੱਕ ਵੱਡੀ ਬਲੀ ਕੋਲ, ਤਾਂ ਜੋ ਤੁਸੀਂ ਮਾਸ ਖਾਓ ਅਤੇ ਲਹੂ ਪੀਓ ।18ਤੁਸੀਂ ਸੂਰਮਿਆਂ ਦਾ ਮਾਸ ਖਾਓਗੇ ਅਤੇ ਧਰਤੀ ਦੇ ਰਾਜਕੁਮਾਰਾਂ ਦਾ ਲਹੂ ਪੀਓਗੇ, ਹਾਂ, ਦੁੰਬਿਆਂ, ਲੇਲਿਆਂ, ਬੱਕਰਿਆਂ ਅਤੇ ਬਲਦਾਂ ਦਾ, ਉਹ ਸਾਰੇ ਦੇ ਸਾਰੇ ਬਾਸ਼ਾਨ ਦੇ ਮੋਟੇ ਤੇ ਪਲੇ ਹੋਏ ਹਨ ।
19ਤੁਸੀਂ ਮੇਰੀ ਬਲੀ ਤੋਂ ਜੋ ਮੈਂ ਤੁਹਾਡੇ ਲਈ ਕੱਟੀ ਐਨੀ ਚਰਬੀ ਖਾਓਗੇ ਕਿ ਰੱਜ ਜਾਓਗੇ ਅਤੇ ਐਨਾ ਲਹੂ ਪੀਓਗੇ ਕਿ ਮਸਤ ਹੋ ਜਾਓਗੇ ।20ਤੁਸੀਂ ਮੇਰੇ ਲੰਗਾਰ ਵਿੱਚੋਂ ਘੋੜਿਆਂ ਅਤੇ ਸਵਾਰਾਂ ਨਾਲ ਅਤੇ ਸੂਰਮਿਆਂ ਅਤੇ ਜੋਧਿਆਂ ਨਾਲ ਰੱਜੋਗੇ, ਪ੍ਰਭੂ ਯਹੋਵਾਹ ਦਾ ਵਾਕ ਹੈ ।
ਇਸਰਾਏਲ ਦੀ ਦੁਬਾਰਾ ਸਥਾਪਨਾ

21ਮੈਂ ਕੌਮਾਂ ਵਿਚਕਾਰ ਆਪਣੀ ਮਹਿਮਾ ਕਾਇਮ ਕਰਾਂਗਾ ਅਤੇ ਸਾਰੀਆਂ ਕੌਮਾਂ ਮੇਰੇ ਨਿਆਂ ਨੂੰ ਅਤੇ ਮੇਰੇ ਹੱਥ ਨੂੰ ਜਿਹੜਾ ਮੈਂ ਉਹਨਾਂ ਨੂੰ ਪਾਇਆ, ਵੇਖਣਗੀਆਂ ।22ਇਸਰਾਏਲ ਦਾ ਘਰਾਣਾ ਜਾਣੇਗਾ ਕਿ ਉਸ ਦਿਨ ਤੋਂ ਲੈ ਕੇ ਅੱਗੇ ਨੂੰ ਮੈਂ ਹੀ ਯਹੋਵਾਹ ਉਹਨਾਂ ਦਾ ਪਰਮੇਸ਼ੁਰ ਹਾਂ !
23ਕੌਮਾਂ ਜਾਣਨਗੀਆਂ ਕਿ ਇਸਰਾਏਲ ਦਾ ਘਰਾਣਾ ਆਪਣੇ ਪਾਪਾਂ ਦੇ ਕਾਰਨ ਗੁਲਾਮੀ ਵਿੱਚ ਪਿਆ, ਕਿਉਂ ਜੋ ਉਹ ਮੇਰੇ ਤੋਂ ਆਕੀ ਹੋਇਆ, ਇਸ ਲਈ ਮੈਂ ਉਹਨਾਂ ਕੋਲੋਂ ਆਪਣਾ ਮੂੰਹ ਲੁਕਾ ਲਿਆ ਅਤੇ ਉਹਨਾਂ ਨੂੰ ਉਹਨਾਂ ਦੇ ਵਿਰੋਧਤਾ ਦੇ ਹੱਥ ਵਿੱਚ ਦੇ ਦਿੱਤਾ । ਤਾਂ ਉਹ ਸਾਰੇ ਦੇ ਸਾਰੇ ਤਲਵਾਰ ਨਾਲ ਡਿੱਗ ਪਏ ।24ਉਹਨਾਂ ਦੀ ਅਸ਼ੁੱਧਤਾਈ ਅਤੇ ਅਪਰਾਧਾਂ ਦੇ ਅਨੁਸਾਰ ਮੈਂ ਉਹਨਾਂ ਨਾਲ ਵਰਤਾਰਾ ਕੀਤਾ । ਮੈਂ ਉਹਨਾਂ ਕੋਲੋਂ ਆਪਣਾ ਮੂੰਹ ਲੁਕਾਇਆ ।
25ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਹੁਣ ਮੈਂ ਯਾਕੂਬ ਨੂੰ ਗੁਲਾਮੀ ਤੋਂ ਫੇਰ ਲਿਆਵਾਂਗਾ ਅਤੇ ਇਸਰਾਏਲ ਦੇ ਸਾਰੇ ਘਰਾਣੇ ਤੇ ਤਰਸ ਖਾਵਾਂਗਾ । ਮੈਂ ਆਪਣੇ ਪਵਿੱਤਰ ਨਾਮ ਦੇ ਲਈ ਅਣਖੀ ਹੋਵਾਂਗਾ ।26ਉਹ ਆਪਣੀ ਨਮੋਸ਼ੀ ਅਤੇ ਸਾਰੇ ਛਲ ਜਿਹਨਾਂ ਕਰਕੇ ਉਹ ਮੇਰੇ ਅਪਰਾਧੀ ਹੋਏ, ਚੁੱਕਣਗੇ, ਜਦੋਂ ਉਹ ਆਪਣੀ ਭੂਮੀ ਉੱਤੇ ਨਿਸ਼ਚਿੰਤ ਵੱਸਣਗੇ, ਤਾਂ ਕੋਈ ਉਹਨਾਂ ਨੂੰ ਨਾ ਡਰਾਵੇਗਾ ।27ਜਦੋਂ ਮੈਂ ਉਹਨਾਂ ਨੂੰ ਉਮਤਾਂ ਵਿੱਚੋਂ ਮੋੜ ਲਿਆਇਆ, ਉਹਨਾਂ ਨੂੰ ਵੈਰੀਆਂ ਦੇ ਦੇਸਾਂ ਵਿੱਚੋਂ ਇਕੱਠੇ ਕੀਤਾ, ਅਤੇ ਬਹੁਤ ਸਾਰੀਆਂ ਕੌਮਾਂ ਦੀਆਂ ਅੱਖਾਂ ਵਿੱਚ ਮੈਂ ਪਵਿੱਤਰ ਠਹਿਰਾਇਆ ਗਿਆ ।
28ਤਦ ਉਹ ਜਾਣਨਗੇ ਕਿ ਮੈਂ ਯਹੋਵਾਹ ਉਹਨਾਂ ਦਾ ਪਰਮੇਸ਼ੁਰ ਹਾਂ ! ਇਸ ਲਈ ਕਿ ਮੈਂ ਉਹਨਾਂ ਨੂੰ ਕੌਮਾਂ ਦੇ ਵਿਚਕਾਰ ਗੁਲਾਮੀ ਵਿੱਚ ਭੇਜਿਆ ਅਤੇ ਮੈਂ ਹੀ ਉਹਨਾਂ ਨੂੰ ਉਹਨਾਂ ਦੀ ਭੂਮੀ ਵਿੱਚ ਇਕੱਠਾ ਕੀਤਾ । ਉਹਨਾਂ ਵਿੱਚੋਂ ਇੱਕ ਵੀ ਉੱਥੇ ਨਾ ਛੱਡਾਂਗਾ ।29ਮੈਂ ਫੇਰ ਕਦੀ ਉਹਨਾਂ ਤੋਂ ਆਪਣਾ ਮੂੰਹ ਨਾ ਲੁਕਵਾਂਗਾ ਜਦ ਮੈਂ ਆਪਣਾ ਆਤਮਾ ਇਸਰਾਏਲ ਦੇ ਘਰਾਣੇ ਉੱਤੇ ਵਹਾਵਾਂਗਾ, ਪ੍ਰਭੂ ਯਹੋਵਾਹ ਦਾ ਵਾਕ ਹੈ ।

40
ਭਵਿੱਖਤ ਹੈਕਲ ਦਾ ਦਰਸ਼ਣ
(40:1 – 48:35)
ਹਿਜ਼ਕੀਏਲ ਨੂੰ ਯਰੂਸ਼ਲਮ ਦੇ ਵਿੱਚ ਪਹੁੰਚਾਇਆ ਜਾਣਾ

1ਸਾਡੀ ਗੁਲਾਮੀ ਦੇ ਪੱਚੀਵੇਂ ਸਾਲ ਦੇ ਸ਼ੁਰੂ ਵਿੱਚ ਅਤੇ ਮਹੀਨੇ ਦੀ ਦਸ ਤਾਰੀਖ਼ ਨੂੰ ਜੋ ਸ਼ਹਿਰ ਦੇ ਮਾਰੇ ਜਾਣ ਦਾ ਉਹ ਚੌਦਵਾਂ ਸਾਲ ਸੀ, ਉਸ ਦਿਨ ਯਹੋਵਾਹ ਦਾ ਹੱਥ ਮੇਰੇ ਉੱਤੇ ਸੀ ਅਤੇ ਉਹ ਮੈਨੂੰ ਉੱਥੇ ਲੈ ਗਿਆ ।2ਉਹ ਮੈਨੂੰ ਪਰਮੇਸ਼ੁਰ ਦੇ ਦਰਸ਼ਣਾਂ ਵਿੱਚ ਇਸਰਾਏਲ ਦੇ ਦੇਸ ਵਿੱਚ ਲੈ ਆਇਆ ਅਤੇ ਉਹ ਨੇ ਮੈਨੂੰ ਇੱਕ ਵੱਡੇ ਉੱਚੇ ਪਹਾੜ ਉੱਤੇ ਉਤਾਰਿਆ । ਉਸੇ ਉੱਤੇ ਦੱਖਣ ਵੱਲ ਜਾਣੋ ਇੱਕ ਸ਼ਹਿਰ ਦਾ ਅਕਾਰ ਸੀ ।

3ਉਹ ਮੈਨੂੰ ਉੱਥੇ ਲੈ ਗਿਆ ਤਾਂ ਵੇਖੋ, ਇੱਕ ਮਨੁੱਖ ਸੀ ਜਿਸ ਦਾ ਰੂਪ ਪਿੱਤਲ ਵਰਗਾ ਸੀ ਅਤੇ ਉਹ ਸਣ ਦੀ ਰੱਸੀ ਅਤੇ ਮਿਣਨ ਵਾਲਾ ਕਾਨਾ ਹੱਥ ਵਿੱਚ ਲਈ ਫਾਟਕ ਵਿੱਚ ਖੜਾ ਸੀ ।4ਉਸ ਮਨੁੱਖ ਨੇ ਮੇਰੇ ਨਾਲ ਇਸ ਤਰ੍ਹਾਂ ਗੱਲ ਕੀਤੀ, ਹੇ ਮਨੁੱਖ ਦੇ ਪੁੱਤਰ, ਆਪਣੀਆਂ ਅੱਖਾਂ ਨਾਲ ਵੇਖ ਅਤੇ ਕੰਨਾਂ ਨਾਲ ਸੁਣ ਅਤੇ ਜਿਹੜਾ ਕੁੱਝ ਮੈਂ ਤੈਨੂੰ ਵਿਖਾਵਾਂ ਉਸ ਸਾਰੇ ਤੇ ਦਿਲ ਲਾ, ਕਿਉਂ ਜੋ ਤੂੰ ਇਸ ਦੇ ਵੇਖਣ ਲਈ ਇੱਥੇ ਲਿਆਂਦਾ ਗਿਆ ਹੈਂ ਕਿ ਮੈਂ ਇਹ ਸਾਰਾ ਕੁੱਝ ਤੈਨੂੰ ਵਿਖਾਵਾਂ, ਇਸ ਲਈ ਜੋ ਕੁੱਝ ਤੂੰ ਵੇਖਦਾ ਹੈਂ ਇਸਰਾਏਲ ਦੇ ਘਰਾਣੇ ਨੂੰ ਦੱਸ ।
ਪੂਰਬੀ ਫਾਟਕ

5ਤਾਂ ਵੇਖੋ, ਭਵਨ ਦੇ ਵਿਹੜੇ ਦੇ ਚਾਰ ਚੁਫੇਰੇ ਕੰਧ ਸੀ ਅਤੇ ਉਸ ਮਨੁੱਖ ਦੇ ਹੱਥ ਵਿੱਚ ਮਿਣਨ ਵਾਲਾ ਕਾਨਾ ਸੀ, ਜਿਹੜਾ ਛੇ ਹੱਥ ਲੰਮਾ ਅਤੇ ਹਰੇਕ ਹੱਥ ਪੂਰੇ ਹੱਥ ਤੋਂ ਚਾਰ ਉਂਗਲਾਂ ਵੱਡਾ ਸੀ, ਇਸ ਲਈ ਉਸ ਨੇ ਉਸ ਘਰ ਦੀ ਚੌੜਾਈ ਮਿਣੀ, ਉਹ ਇੱਕ ਕਾਨਾ ਹੋਈ ਅਤੇ ਉਚਾਈ ਇੱਕ ਕਾਨਾ ।6ਤਦ ਉਹ ਪੂਰਬੀ ਦਰਵਾਜ਼ੇ ਤੇ ਆਇਆ ਅਤੇ ਉਹ ਦੀ ਪੌੜੀ ਤੇ ਚੜ੍ਹਿਆ । ਉਸ ਦਰਵਾਜ਼ੇ ਦੀ ਸਰਦਲ ਨੂੰ ਮਿਣਿਆ ਜੋ ਇੱਕ ਕਾਨਾ ਚੌੜੀ ਸੀ ਅਤੇ ਦੂਜੇ ਦਰਵਾਜ਼ੇ ਦੀ ਸਰਦਲ ਦੀ ਚੌੜਾਈ ਵੀ ਇੱਕ ਕਾਨਾ ਸੀ ।7ਹਰ ਇੱਕ ਕੋਠੜੀ ਇੱਕ ਕਾਨਾ ਲੰਮੀ ਤੇ ਇੱਕ ਕਾਨਾ ਚੌੜੀ ਸੀ । ਕੋਠੜੀਆਂ ਦੇ ਵਿਚਾਲੇ ਪੰਜ ਪੰਜ ਹੱਥ ਦਾ ਫਾਸਲਾ ਸੀ ਅਤੇ ਦਰਵਾਜ਼ੇ ਦੀ ਡਿਉੜ੍ਹੀ ਦੇ ਨੇੜੇ ਅੰਦਰ ਵੱਲ ਦਰਵਾਜ਼ੇ ਦੀ ਸਰਦਲ ਇੱਕ ਕਾਨਾ ਸੀ ।
8ਉਹ ਨੇ ਦਰਵਾਜ਼ੇ ਦੀ ਡਿਉੜ੍ਹੀ ਘਰ ਵੱਲੋਂ ਇੱਕ ਕਾਨਾ ਮਿਣੀ ।9ਤਦ ਉਹ ਨੇ ਦਰਵਾਜ਼ੇ ਦੀ ਡਿਉੜ੍ਹੀ ਅੱਠ ਹੱਥ ਮਿਣੀ, ਉਹ ਦੇ ਥੰਮ੍ਹ ਦੋ ਹੱਥ ਸਨ ਅਤੇ ਦਰਵਾਜ਼ੇ ਦੀ ਡਿਉੜ੍ਹੀ ਘਰ ਵੱਲ ਸੀ ।10ਪੂਰਬ ਵੱਲ ਦੇ ਦਰਵਾਜ਼ੇ ਦੀਆਂ ਕੋਠੜੀਆਂ ਤਿੰਨ ਇਧਰ ਅਤੇ ਤਿੰਨ ਓਧਰ ਸਨ, ਇਹ ਤਿੰਨੇ ਮਿਣਤੀ ਵਿੱਚ ਇੱਕੋ ਜਿੰਨੀਆਂ ਸਨ ਅਤੇ ਇਧਰ ਓਧਰ ਦੇ ਥੰਮਾਂ ਦਾ ਇੱਕੋ ਹੀ ਨਾਪ ਸੀ ।
11ਉਹ ਨੇ ਫਾਟਕ ਦੇ ਦਰਵਾਜ਼ੇ ਦੀ ਚੌੜਾਈ ਦਸ ਹੱਥ ਤੇ ਫਾਟਕ ਦੀ ਲੰਬਾਈ ਤੇਰਾਂ ਹੱਥ ਮਿਣੀ ।12ਕੋਠੜੀਆਂ ਦੇ ਅੱਗੇ ਦਾ ਥਾਂ ਇੱਕ ਹੱਥ ਇਧਰ ਅਤੇ ਇੱਕ ਹੱਥ ਓਧਰ ਸੀ ਅਤੇ ਕੋਠੜੀਆਂ ਛੇ ਹੱਥ ਇਧਰ ਤੇ ਛੇ ਹੱਥ ਓਧਰ ਸਨ ।13ਤਦ ਉਹ ਨੇ ਦਰਵਾਜ਼ੇ ਨੂੰ ਇੱਕ ਕੋਠੜੀ ਦੀ ਛੱਤ ਤੋਂ ਦੂਜੀ ਦੀ ਛੱਤ ਤੱਕ ਪੱਚੀ ਹੱਥ ਚੌੜਾ ਮਿਣਿਆ, ਦਰਵਾਜ਼ੇ ਦੇ ਸਾਹਮਣੇ ਦਰਵਾਜ਼ਾ ।
14ਉਹ ਨੇ ਥੰਮ੍ਹ ਸੱਠ ਹੱਥ ਮਿਣੇ ਅਤੇ ਵੇਹੜੇ ਦੇ ਥੰਮ੍ਹ ਫਾਟਕ ਦੇ ਚਾਰ ਚੁਫੇਰੇ ਸਨ ।15ਲਾਂਘੇ ਦੇ ਫਾਟਕ ਦੇ ਸਾਹਮਣੇ ਤੋਂ ਲੈ ਕੇ ਅੰਦਰਲੇ ਫਾਟਕ ਦੀ ਡਿਉੜ੍ਹੀ ਦੇ ਸਾਹਮਣੇ ਤੱਕ, ਪੰਜਾਹ ਹੱਥਾਂ ਦਾ ਫਾਸਲਾ ਸੀ ।16ਕੋਠੜੀਆਂ ਵਿੱਚ ਅਤੇ ਉਹਨਾਂ ਦੇ ਥੰਮਾਂ ਵਿੱਚ ਫਾਟਕ ਦੇ ਅੰਦਰ ਚੁਫੇਰੇ ਝਰੋਖੇ ਸਨ, ਉਸੇ ਤਰ੍ਹਾਂ ਹੀ ਡਿਉੜ੍ਹੀ ਦੇ ਅੰਦਰ ਵੀ ਚੁਫੇਰੇ ਝਰੋਖੇ ਸਨ ਅਤੇ ਥੰਮਾਂ ਤੇ ਖਜ਼ੂਰ ਦੀਆਂ ਮੂਰਤਾਂ ਸਨ ।
ਬਾਹਰੀ ਵੇਹੜਾ

17ਫੇਰ ਉਹ ਮੈਨੂੰ ਬਾਹਰ ਦੇ ਵੇਹੜੇ ਵਿੱਚ ਲੈ ਗਿਆ ਅਤੇ ਵੇਖੋ, ਕੋਠੜੀਆਂ ਸਨ ਅਤੇ ਚਾਰੇ ਪਾਸੇ ਵੇਹੜੇ ਵਿੱਚ ਫਰਸ਼ ਲੱਗਾ ਹੋਇਆ ਸੀ । ਉਸ ਫਰਸ਼ ਉੱਤੇ ਤੀਹ ਕੋਠੜੀਆਂ ਸਨ ।18ਉਹ ਫਰਸ਼ ਅਥਵਾ ਥੱਲੇ ਦਾ ਫਰਸ਼ ਫਾਟਕਾਂ ਦੇ ਨਾਲ-ਨਾਲ ਬਰਾਬਰ ਲੱਗਾ ਹੋਇਆ ਸੀ ।19ਤਦ ਉਸ ਨੇ ਉਹ ਦੀ ਚੌੜਾਈ ਹੇਠਾਂ ਦੇ ਫਾਟਕਾਂ ਦੇ ਸਾਹਮਣੇ ਤੋਂ ਅੰਦਰ ਦੇ ਵੇਹੜੇ ਦੇ ਅੱਗੇ ਪੂਰਬ ਅਤੇ ਉੱਤਰ ਵਾਲੇ ਪਾਸੇ ਬਾਹਰ ਬਾਹਰ ਸੌ ਹੱਥ ਮਿਣੀ ।
ਉੱਤਰੀ ਫਾਟਕ

20ਫੇਰ ਉਸ ਨੇ ਬਾਹਰ ਦੇ ਵੇਹੜੇ ਦੇ ਉਤਰ ਵੱਲ ਮੂੰਹ ਵਾਲੇ ਫਾਟਕ ਦੀ ਲੰਬਾਈ ਤੇ ਚੌੜਾਈ ਮਿਣੀ ।21ਉਹ ਦੀਆਂ ਕੋਠੜੀਆਂ ਤਿੰਨ ਇਸ ਪਾਸੇ ਅਤੇ ਤਿੰਨ ਉਸ ਪਾਸੇ ਸਨ ਅਤੇ ਉਹ ਦੇ ਥੰਮ੍ਹ ਤੇ ਡਾਟਾਂ ਪਹਿਲੇ ਫਾਟਕ ਦੇ ਮੇਚੇ ਦੇ ਅਨੁਸਾਰ ਸਨ । ਉਹ ਦੀ ਲੰਬਾਈ ਪੰਜਾਹ ਹੱਥ ਅਤੇ ਚੌੜਾਈ ਪੱਚੀ ਹੱਥ ਸੀ ।
22ਉਹ ਦੀਆਂ ਖਿੜਕੀਆਂ, ਡਿਉੜ੍ਹੀ ਅਤੇ ਖਜ਼ੂਰ ਦੇ ਰੁੱਖ ਪੂਰਬ ਵੱਲ ਮੂੰਹ ਵਾਲੇ ਫਾਟਕ ਦੇ ਮੇਚੇ ਦੇ ਅਨੁਸਾਰ ਸਨ ਅਤੇ ਉੱਪਰ ਜਾਣ ਲਈ ਸੱਤ ਪੌੜੀਆਂ ਸਨ, ਉਹ ਦੀ ਡਿਉੜ੍ਹੀ ਉਹਨਾਂ ਦੇ ਅੱਗੇ ਸੀ ।23ਅੰਦਰ ਦੇ ਵੇਹੜੇ ਦਾ ਫਾਟਕ ਉਤਰ ਵੱਲ ਮੂੰਹ ਵਾਲੇ ਅਤੇ ਪੂਰਬ ਵੱਲ ਮੂੰਹ ਵਾਲੇ ਫਾਟਕਾਂ ਦੇ ਸਾਹਮਣੇ ਸੀ ਅਤੇ ਉਹ ਨੇ ਫਾਟਕ ਤੋਂ ਫਾਟਕ ਤੱਕ ਸੌ ਹੱਥ ਮਿਣਿਆ ।
ਦੱਖਣੀ ਫਾਟਕ

24ਉਹ ਮੈਨੂੰ ਦੱਖਣ ਵੱਲ ਲੈ ਗਿਆ ਅਤੇ ਕੀ ਵੇਖਦਾਂ ਹਾਂ ਕਿ ਦੱਖਣ ਵੱਲ ਇੱਕ ਫਾਟਕ ਹੈ । ਉਹ ਨੇ ਉਸ ਦੇ ਥੰਮਾਂ ਅਤੇ ਉਸ ਦੀ ਡਿਉੜ੍ਹੀ ਨੂੰ ਇਹਨਾਂ ਹੀ ਨਾਪਾਂ ਦੇ ਅਨੁਸਾਰ ਮਿਣਿਆ ।25ਉਹ ਦੇ ਵਿੱਚ ਅਤੇ ਉਹ ਦੀ ਡਿਉੜ੍ਹੀ ਵਿੱਚ ਚਾਰ ਚੁਫੇਰੇ ਉਹਨਾਂ ਖਿੜਕੀਆਂ ਵਾਂਗੂੰ ਖਿੜਕੀਆਂ ਸਨ । ਲੰਮਾਈ ਪੰਜਾਹ ਹੱਥ ਅਤੇ ਚੌੜਾਈ ਪੱਚੀ ਹੱਥ ਸੀ ।
26ਉਹ ਦੇ ਉੱਤੇ ਚੜ੍ਹਨ ਲਈ ਸੱਤ ਪੌੜੀਆਂ ਸਨ ਅਤੇ ਉਹ ਦੀ ਡਿਉੜ੍ਹੀ ਉਹਨਾਂ ਦੇ ਅੱਗੇ ਸੀ । ਉਹ ਦੇ ਥੰਮਾਂ ਤੇ ਖਜ਼ੂਰ ਦੇ ਰੁੱਖ ਦੀਆਂ ਮੂਰਤਾਂ ਸਨ, ਇੱਕ ਇਸ ਪਾਸੇ ਅਤੇ ਇੱਕ ਓਸ ਪਾਸੇ ।27ਦੱਖਣ ਵੱਲ ਅੰਦਰਲੇ ਵੇਹੜੇ ਦਾ ਫਾਟਕ ਸੀ ਅਤੇ ਉਹ ਨੇ ਦੱਖਣ ਦੀ ਵੱਲ ਫਾਟਕ ਤੋਂ ਫਾਟਕ ਤੱਕ ਸੌ ਹੱਥ ਮਿਣਿਆ ।
ਅੰਦਰਲਾ ਵੇਹੜਾ: ਦੱਖਣੀ ਫਾਟਕ

28ਤਦ ਉਹ ਮੈਨੂੰ ਦੱਖਣੀ ਫਾਟਕ ਦੇ ਰਾਹ ਅੰਦਰ ਵੇਹੜੇ ਵਿੱਚ ਲਿਆਇਆ ਅਤੇ ਇਹਨਾਂ ਹੀ ਮੇਚਿਆਂ ਦੇ ਅਨੁਸਾਰ ਉਹ ਨੇ ਦੱਖਣੀ ਫਾਟਕ ਨੂੰ ਮਿਣਿਆ ।29ਉਹ ਦੀਆਂ ਕੋਠੜੀਆਂ, ਉਹ ਦੇ ਥੰਮਾਂ ਅਤੇ ਉਹ ਦੀ ਡਿਉੜ੍ਹੀ ਨੂੰ ਇਹਨਾਂ ਹੀ ਮੇਚਿਆਂ ਦੇ ਅਨੁਸਾਰ ਵੇਖਿਆ ਅਤੇ ਉਸ ਵਿੱਚ ਅਤੇ ਉਹ ਦੀ ਡਿਉੜ੍ਹੀ ਵਿੱਚ ਚੁਫੇਰੇ ਖਿੜਕੀਆਂ ਸਨ । ਲੰਬਾਈ ਪੰਜਾਹ ਹੱਥ ਤੇ ਚੌੜਾਈ ਪੱਚੀ ਹੱਥ ਸੀ ।30ਡਿਉੜ੍ਹੀ ਚਾਰ ਚੁਫੇਰਿਓਂ ਪੱਚੀ ਹੱਥ ਲੰਮੀ ਅਤੇ ਪੱਚੀ ਹੱਥ ਚੌੜੀ ਸੀ ।31ਉਹ ਦੀ ਡਿਉੜ੍ਹੀ ਬਾਹਰਲੇ ਵੇਹੜੇ ਵੱਲ ਸੀ ਅਤੇ ਉਹ ਦੇ ਥੰਮਾਂ ਉੱਤੇ ਖਜ਼ੂਰ ਦੇ ਰੁੱਖਾਂ ਦੀਆਂ ਮੂਰਤਾਂ ਸਨ ਅਤੇ ਉੱਤੇ ਚੜ੍ਹਨ ਲਈ ਅੱਠ ਪੌੜੀਆਂ ਸਨ ।
ਅੰਦਰਲਾ ਵੇਹੜਾ: ਪੂਰਬੀ ਫਾਟਕ

32ਉਹ ਮੈਨੂੰ ਪੂਰਬ ਵੱਲ ਅੰਦਰਲੇ ਵੇਹੜੇ ਵਿੱਚ ਲੈ ਆਇਆ ਅਤੇ ਇਹਨਾਂ ਹੀ ਮੇਚਿਆਂ ਦੇ ਅਨੁਸਾਰ ਫਾਟਕ ਨੂੰ ਵੇਖਿਆ ।33ਉਹ ਦੀਆਂ ਕੋਠੜੀਆਂ, ਥੰਮਾਂ ਅਤੇ ਡਿਉੜ੍ਹੀ ਨੂੰ ਇਹਨਾਂ ਹੀ ਮੇਚਿਆਂ ਦੇ ਅਨੁਸਾਰ ਵੇਖਿਆ ਅਤੇ ਉਹ ਦੇ ਵਿੱਚ ਅਤੇ ਉਹ ਦੀ ਡਿਉੜ੍ਹੀ ਵਿੱਚ ਚੁਫੇਰੇ ਖਿੜਕੀਆਂ ਸਨ । ਲੰਮਾਈ ਪੰਜਾਹ ਹੱਥ ਅਤੇ ਚੌੜਾਈ ਪੱਚੀ ਹੱਥ ਸੀ ।34ਉਹ ਦੀ ਡਿਉੜ੍ਹੀ ਬਾਹਰਲੇ ਵੇਹੜੇ ਵੱਲ ਸੀ ਅਤੇ ਉਹ ਦੇ ਥੰਮਾਂ ਉੱਤੇ ਇਧਰ ਓਧਰ ਖਜ਼ੂਰ ਦੇ ਰੁੱਖਾਂ ਦੀਆਂ ਮੂਰਤਾਂ ਸਨ ਅਤੇ ਉੱਤੇ ਜਾਣ ਲਈ ਅੱਠ ਪੌੜੀਆਂ ਸਨ ।
ਅੰਦਰਲਾ ਵੇਹੜਾ: ਉੱਤਰੀ ਫਾਟਕ

35ਉਹ ਮੈਨੂੰ ਉਤਰੀ ਫਾਟਕ ਵੱਲ ਲੈ ਗਿਆ ਅਤੇ ਇਹਨਾਂ ਹੀ ਮੇਚਿਆਂ ਦੇ ਅਨੁਸਾਰ ਉਹ ਨੂੰ ਵੇਖਿਆ ।36ਉਹ ਦੀਆਂ ਕੋਠੜੀਆਂ, ਉਹ ਦੇ ਥੰਮਾਂ ਅਤੇ ਉਹ ਦੀ ਡਿਉੜ੍ਹੀ ਜਿਹਨਾਂ ਵਿੱਚ ਚੁਫੇਰੇ ਖਿੜਕੀਆਂ ਸਨ, ਦੀ ਲੰਬਾਈ ਪੰਜਾਹ ਹੱਥ ਤੇ ਚੌੜਾਈ ਪੱਚੀ ਹੱਥ ਸੀ ।37ਉਹ ਦੇ ਥੰਮ੍ਹ ਬਾਹਰਲੇ ਵੇਹੜੇ ਵੱਲ ਸਨ ਅਤੇ ਉਹ ਦੇ ਥੰਮਾਂ ਤੇ ਇਧਰ ਓਧਰ ਖਜ਼ੂਰਾਂ ਦੇ ਰੁੱਖ ਦੀਆਂ ਮੂਰਤਾਂ ਸਨ ਅਤੇ ਉੱਤੇ ਚੜ੍ਹਨ ਲਈ ਅੱਠ ਪੌੜੀਆਂ ਸਨ ।
ਉਤਰੀ ਫਾਟਕ ਦੇ ਨੇੜੇ ਸਥਿਤ ਕੋਠੜੀਆਂ

38ਫਾਟਕਾਂ ਦੇ ਥੰਮਾਂ ਦੇ ਕੋਲ ਦਰਵਾਜ਼ੇ ਵਾਲੀ ਕੋਠੜੀ ਸੀ, ਜਿੱਥੇ ਹੋਮ ਦੀ ਬਲੀ ਧੋਂਦੇ ਸਨ ।39ਦਰਵਾਜ਼ੇ ਦੀ ਡਿਉੜ੍ਹੀ ਵਿੱਚ ਦੋ ਮੇਜ਼ਾਂ ਇਸ ਪਾਸੇ ਤੇ ਦੋ ਉਸ ਪਾਸੇ ਸਨ, ਤਾਂ ਕਿ ਉਹਨਾਂ ਉੱਤੇ ਹੋਮ ਦੀ ਬਲੀ, ਪਾਪ ਦੀ ਬਲੀ ਅਤੇ ਦੋਸ਼ ਦੀ ਬਲੀ ਕੱਟੀਆਂ ਜਾਣ ।
40ਬਾਹਰ ਵੱਲ ਉਤਰੀ ਫਾਟਕ ਦੇ ਲਾਂਘੇ ਦੇ ਨੇੜੇ ਦੋ ਮੇਜ਼ਾਂ ਸਨ ਅਤੇ ਫਾਟਕ ਦੀ ਡਿਉੜ੍ਹੀ ਦੇ ਦੂਜੇ ਪਾਸੇ ਦੋ ਮੇਜਾਂ ਸਨ ।41ਫਾਟਕ ਦੇ ਨੇੜੇ ਚਾਰ ਮੇਜ਼ਾਂ ਇਸ ਪਾਸੇ ਅਤੇ ਚਾਰ ਉਸ ਪਾਸੇ ਸਨ, ਅਰਥਾਤ ਅੱਠ ਮੇਜ਼ਾਂ ਕੱਟਣ ਲਈ ਸਨ ।
42ਹੋਮ ਦੀ ਬਲੀ ਲਈ ਘੜੇ ਹੋਏ ਪੱਥਰਾਂ ਦੀਆਂ ਚਾਰ ਮੇਜ਼ਾਂ ਸਨ, ਜਿਹੜੀਆਂ ਡੇਢ ਹੱਥ ਲੰਮੀਆਂ, ਡੇਢ ਹੱਥ ਚੌੜੀਆਂ ਅਤੇ ਇੱਕ ਹੱਥ ਉੱਚੀਆਂ ਸਨ, ਜਿਹਨਾਂ ਉੱਤੇ ਉਹ ਹੋਮ ਦੀ ਭੇਟ ਅਤੇ ਬਲੀ ਨੂੰ ਕੱਟਣ ਵਾਲੇ ਹਥਿਆਰ ਰੱਖੇ ਸਨ ।43ਉਹ ਦੇ ਚੁਫੇਰੇ ਚਾਰ ਉਂਗਲਾਂ ਲੰਮੇ ਕੁੰਡੇ ਲੱਗੇ ਸਨ ਅਤੇ ਬਲੀ ਦਾ ਮਾਸ ਮੇਜ਼ਾਂ ਤੇ ਸੀ ।
44ਅੰਦਰਲੇ ਫਾਟਕ ਤੋਂ ਬਾਹਰ ਅੰਦਰਲੇ ਵੇਹੜੇ ਵਿੱਚ ਜੋ ਉਤਰੀ ਫਾਟਕ ਵੱਲ ਸੀ, ਗਾਉਣ ਵਾਲਿਆਂ ਦੀਆਂ ਕੋਠੜੀਆਂ ਸਨ ਅਤੇ ਉਹਨਾਂ ਦਾ ਮੂੰਹ ਦੱਖਣ ਵੱਲ ਸੀ । ਇੱਕ ਕੋਠੜੀ ਪੂਰਬੀ ਫਾਟਕ ਵੱਲ ਸੀ, ਜਿਸ ਦਾ ਮੂੰਹ ਉਤਰ ਵੱਲ ਸੀ ।45ਉਹ ਨੇ ਮੈਨੂੰ ਆਖਿਆ ਕਿ ਇਹ ਕੋਠੜੀ ਜਿਸ ਦਾ ਮੂੰਹ ਦੱਖਣ ਵੱਲ ਹੈ ਉਹਨਾਂ ਜਾਜਕਾਂ ਦੇ ਲਈ ਹੈ, ਜਿਹੜੇ ਡੇਹਰੇ ਦੀ ਰਾਖੀ ਕਰਦੇ ਹਨ ।
46ਉਹ ਕੋਠੜੀ ਜਿਸ ਦਾ ਮੂੰਹ ਉਤਰ ਵੱਲ ਹੈ ਉਹਨਾਂ ਜਾਜਕਾਂ ਲਈ ਹੈ, ਜਿਹੜੇ ਜਗਵੇਦੀ ਦੀ ਰਾਖੀ ਲਈ ਹਨ । ਇਹ ਸਦੋਕ ਦੀ ਵੰਸ਼ ਵਿੱਚੋਂ ਹਨ ਜੋ ਲੇਵੀਆਂ ਵਿੱਚੋਂ ਯਹੋਵਾਹ ਦੇ ਹਜ਼ੂਰ ਉਹ ਦੀ ਉਪਾਸਨਾ ਕਰਨ ਲਈ ਆਉਂਦੇ ਹਨ ।
ਅੰਦਰਲਾ ਵੇਹੜਾ ਅਤੇ ਹੈਕਲ ਦਾ ਭਵਨ

47ਉਹ ਨੇ ਵੇਹੜੇ ਨੂੰ ਸੌ ਹੱਥ ਲੰਬਾ ਤੇ ਸੌ ਹੱਥ ਚੌੜਾ ਵਰਗਾਕਾਰ ਮਿਣਿਆ ਅਤੇ ਜਗਵੇਦੀ ਭਵਨ ਦੇ ਸਾਹਮਣੇ ਸੀ ।
48ਫੇਰ ਉਹ ਮੈਨੂੰ ਭਵਨ ਦੀ ਡਿਉੜ੍ਹੀ ਵਿੱਚ ਲੈ ਆਇਆ ਅਤੇ ਡਿਉੜ੍ਹੀ ਨੂੰ ਮਿਣਿਆ, ਪੰਜ ਹੱਥ ਇਧਰ ਅਤੇ ਪੰਜ ਹੱਥ ਓਧਰ ਅਤੇ ਫਾਟਕ ਦੀ ਚੌੜਾਈ ਤਿੰਨ ਹੱਥ ਇਸ ਪਾਸੇ ਸੀ ਅਤੇ ਤਿੰਨ ਹੱਥ ਉਸ ਪਾਸੇ ।49ਡਿਉੜ੍ਹੀ ਦੀ ਲੰਮਾਈ ਵੀਹ ਹੱਥ ਅਤੇ ਚੌੜਾਈ ਬਾਰਾਂ ਹੱਥ ਸੀ । ਉਸ ਪੌੜੀ ਦੇ ਡੰਡੇ ਕੋਲ ਜਿਹਨਾਂ ਤੋਂ ਉਸ ਉੱਤੇ ਚੜ੍ਹਦੇ ਸਨ ਅਤੇ ਥੰਮਾਂ ਦੇ ਨਾਲ ਪੀਲ ਪਾਏ ਸਨ, ਇੱਕ ਇਸ ਪਾਸੇ ਅਤੇ ਇੱਕ ਉਸ ਪਾਸੇ ।

41

1ਉਹ ਮੈਨੂੰ ਹੈਕਲ ਵਿੱਚ ਲਿਆਇਆ ਅਤੇ ਥੰਮਾਂ ਨੂੰ ਮਿਣਿਆ, ਛੇ ਹੱਥ ਦੀ ਚੌੜਾਈ ਇੱਕ ਪਾਸੇ ਅਤੇ ਛੇ ਹੱਥ ਦੀ ਚੌੜਾਈ ਦੂਜੇ ਪਾਸੇ, ਇਹੀ ਡੇਹਰੇ ਦੀ ਚੌੜਾਈ ਸੀ ।2ਦਰਵਾਜ਼ੇ ਦੀ ਚੌੜਾਈ ਦਸ ਹੱਥ ਸੀ । ਉਹ ਦਾ ਇੱਕ ਪਾਸਾ ਪੰਜ ਹੱਥ ਦਾ ਸੀ ਅਤੇ ਦੂਜਾ ਵੀ ਪੰਜ ਹੱਥ ਦਾ ਸੀ ਅਤੇ ਉਸ ਨੇ ਉਹ ਦੀ ਲੰਮਾਈ ਚਾਲੀ ਹੱਥ ਅਤੇ ਚੌੜਾਈ ਵੀਹ ਹੱਥ ਮਿਣੀ ।

3ਤਦ ਉਹ ਅੰਦਰ ਗਿਆ ਅਤੇ ਦਰਵਾਜ਼ੇ ਦੇ ਹਰੇਕ ਥੰਮ੍ਹ ਨੂੰ, ਦੋ ਹੱਥ, ਮਿਣਿਆ ਅਤੇ ਦਰਵਾਜ਼ੇ ਨੂੰ, ਛੇ ਹੱਥ ਅਤੇ ਦਰਵਾਜ਼ੇ ਦੀ ਚੌੜਾਈ ਸੱਤ ਹੱਥ ਸੀ ।4ਉਸ ਨੇ ਹੈਕਲ ਦੇ ਸਾਹਮਣੇ ਦੀ ਲੰਮਾਈ ਨੂੰ ਵੀਹ ਹੱਥ ਅਤੇ ਚੌੜਾਈ ਨੂੰ ਵੀਹ ਹੱਥ ਮਿਣਿਆ ਅਤੇ ਮੈਨੂੰ ਆਖਿਆ ਕਿ ਇਹੀ ਅੱਤ ਪਵਿੱਤਰ ਸਥਾਨ ਹੈ ।
ਹੈਕਲ ਦੀਆਂ ਕੋਠੜੀਆਂ

5ਉਹ ਨੇ ਭਵਨ ਦੀ ਕੰਧ ਛੇ ਹੱਥ ਮਿਣੀ ਅਤੇ ਪਾਸੇ ਦੀ ਹਰੇਕ ਕੋਠੜੀ ਦੀ ਚੌੜਾਈ ਭਵਨ ਦੇ ਚੁਫੇਰੇ ਚਾਰ ਹੱਥ ਸੀ ।6ਪਾਸੇ ਦੀਆਂ ਕੋਠੜੀਆਂ ਤਿੰਨ ਮੰਜਲਾਂ ਵਾਲੀਆਂ ਸਨ, ਕੋਠੜੀ ਦੇ ਉੱਤੇ ਕੋਠੜੀ, ਪਾਲਾਂ ਵਿੱਚ ਤੀਹ ਅਤੇ ਉਹ ਉਸ ਕੰਧ ਵਿੱਚ ਜੋ ਭਵਨ ਦੇ ਚੁਫੇਰੇ ਦੀਆਂ ਕੋਠੜੀਆਂ ਦੇ ਲਈ ਸੀ, ਅੰਦਰ ਬਣਾਈਆਂ ਗਈਆਂ ਸਨ, ਤਾਂ ਜੋ ਪੱਕੀਆਂ ਹੋਣ, ਪਰ ਉਹ ਭਵਨ ਦੀ ਕੰਧ ਨਾਲ ਮਿਲੀਆਂ ਹੋਈਆਂ ਨਾ ਸਨ ।7ਉਹ ਪਾਸੇ ਵੱਲ ਦੀਆਂ ਕੋਠੜੀਆਂ ਉੱਤੇ ਤੱਕ ਚਾਰੇ ਪਾਸੇ ਬਹੁਤੀਆਂ ਖੁੱਲ੍ਹੀਆਂ ਹੁੰਦੀਆਂ ਜਾਂਦੀਆਂ ਸਨ, ਕਿਉਂ ਜੋ ਭਵਨ ਚੁਫੇਰਿਓਂ ਉੱਚਾ ਹੁੰਦਾ ਚਲਾ ਜਾਂਦਾ ਸੀ, ਭਵਨ ਦੀ ਚੌੜਾਈ ਉੱਤੇ ਤੱਕ ਇੱਕੋ ਜਿੰਨੀ ਸੀ ਅਤੇ ਉੱਪਰ ਦੀਆਂ ਕੋਠੜੀਆਂ ਦਾ ਰਾਹ ਵਿਚਕਾਰਲੀਆਂ ਕੋਠੜੀਆਂ ਦੇ ਵਿੱਚੋਂ ਦੀ ਸੀ ।
8ਮੈਂ ਭਵਨ ਦੇ ਚੁਫੇਰੇ ਉੱਚਾ ਥੜਾ ਵੇਖਿਆ । ਪਾਸੇ ਦੀਆਂ ਕੋਠੜੀਆਂ ਦੀ ਨੀਂਹ ਛੇ ਵੱਡੇ ਹੱਥ ਦੇ ਪੂਰੇ ਕਾਨੇ ਜਿੰਨੀ ਸੀ ।9ਪਾਸੇ ਦੀਆਂ ਕੋਠੜੀਆਂ ਦੀ ਬਾਹਰਲੀ ਕੰਧ ਦੀ ਚੌੜਾਈ ਪੰਜ ਹੱਥ ਸੀ ਅਤੇ ਜਿਹੜੀ ਥਾਂ ਬਾਕੀ ਰਹੀ ਉਹ ਭਵਨ ਦੇ ਪਾਸੇ ਵੱਲ ਦੀਆਂ ਕੋਠੜੀਆਂ ਵਿਚਕਾਰ ਸੀ ।
10ਕੋਠੜੀਆਂ ਦੇ ਵਿਚਕਾਰ ਭਵਨ ਦੇ ਚੁਫੇਰੇ ਵੀਹ ਹੱਥ ਦਾ ਫਾਸਲਾ ਸੀ ।11ਪਾਸੇ ਦੀਆਂ ਕੋਠੜੀਆਂ ਦੇ ਦਰਵਾਜ਼ੇ ਉਸ ਖਾਲੀ ਥਾਂ ਵੱਲ ਸਨ । ਇੱਕ ਦਰਵਾਜ਼ਾ ਉਤਰ ਵੱਲ ਦੇ ਰਾਹ ਵੱਲ ਅਤੇ ਇੱਕ ਦੱਖਣ ਵੱਲ ਅਤੇ ਖਾਲੀ ਥਾਂ ਦੀ ਚੌੜਾਈ ਚਾਰੇ ਪਾਸੇ ਪੰਜ ਹੱਥ ਸੀ ।
ਪੱਛਮ ਵੱਲ ਦਾ ਭਵਨ

12ਉਹ ਮਕਾਨ ਜਿਹੜਾ ਵੱਖਰੀ ਥਾਂ ਦੇ ਸਾਹਮਣੇ ਪੱਛਮ ਵੱਲ ਸੀ, ਉਹ ਦੀ ਚੌੜਾਈ ਸੱਤਰ ਹੱਥ ਸੀ ਅਤੇ ਉਸ ਮਕਾਨ ਦੀ ਕੰਧ ਚਾਰੋਂ ਪਾਸੇ ਪੰਜ ਹੱਥ ਮੋਟੀ ਅਤੇ ਨੱਬੇ ਹੱਥ ਲੰਮੀ ਸੀ ।
ਹੈਕਲ ਦਾ ਸੰਪੂਰਨ ਮਾਪ

13ਇਸ ਲਈ ਉਹ ਨੇ ਭਵਨ ਨੂੰ ਸੌ ਹੱਥ ਲੰਮਾ ਮਿਣਿਆ ਅਤੇ ਵੱਖਰੀ ਥਾਂ ਅਤੇ ਮਕਾਨ ਉਸ ਦੀਆਂ ਕੰਧਾਂ ਸਮੇਤ ਸੌ ਹੱਥ ਲੰਮਾ ਸੀ ।14ਭਵਨ ਦੇ ਸਾਹਮਣੇ ਦੀ ਅਤੇ ਉਸ ਪੂਰਬ ਵੱਲ ਦੀ ਵੱਖਰੀ ਥਾਂ ਦੀ ਚੌੜਾਈ ਸੌ ਹੱਥ ਸੀ ।
15ਵੱਖਰੀ ਥਾਂ ਦੇ ਸਾਹਮਣੇ ਦੇ ਮਕਾਨ ਦੀ ਲੰਮਾਈ ਨੂੰ ਜੋ ਉਹ ਦੇ ਪਿੱਛੇ ਸੀ ਅਤੇ ਉਸ ਵੱਲ ਦੇ ਬਰਾਂਡੇ ਇਸ ਪਾਸਿਓਂ ਅਤੇ ਉਸ ਪਾਸਿਓਂ ਅਤੇ ਅੰਦਰ ਵੱਲ ਹੈਕਲ ਨੂੰ ਅਤੇ ਵੇਹੜੇ ਦੀ ਡਿਉੜ੍ਹੀ ਨੂੰ ਉਸ ਨੇ ਸੌ ਹੱਥ ਮਿਣਿਆ ।
ਹੈਕਲ ਦੀ ਸਜਾਵਟ

16ਸਰਦਲਾਂ, ਝਰੋਖਿਆਂ ਅਤੇ ਚੁਫੇਰੇ ਦੇ ਬਰਾਂਡਿਆਂ ਨੂੰ ਜਿਹੜੇ ਤਿੰਨ ਮੰਜਲੇ ਅਤੇ ਸਰਦਲਾਂ ਦੇ ਸਾਹਮਣੇ ਸਨ ਅਤੇ ਚੁਫੇਰਿਓਂ ਧਰਤੀ ਤੋਂ ਖਿੜਕੀਆਂ ਤੱਕ ਲੱਕੜੀ ਨਾਲ ਮੜ੍ਹੇ ਹੋਏ ਸਨ ਅਤੇ ਖਿੜਕੀਆਂ ਵੀ ਮੜ੍ਹੀਆਂ ਹੋਈਆਂ ਸਨ ।17ਦਰਵਾਜ਼ੇ ਦੇ ਉੱਪਰ ਤੱਕ ਅਤੇ ਅੰਦਰਲੇ ਭਵਨ ਤੱਕ ਅਤੇ ਉਹ ਦੇ ਬਾਹਰ ਵੀ ਚੁਫੇਰੇ ਦੀ ਸਾਰੀ ਕੰਧ ਤੱਕ ਅੰਦਰ-ਬਾਹਰ ਸਭ ਠੀਕ ਹਿਸਾਬ ਨਾਲ ਬਣੇ ਹੋਏ ਸਨ ।
18ਕਰੂਬੀਆਂ ਅਤੇ ਖਜ਼ੂਰਾਂ ਦੀਆਂ ਮੂਰਤਾਂ ਬਣੀਆਂ ਹੋਈਆਂ ਸਨ ਅਤੇ ਇੱਕ ਖਜ਼ੂਰ ਦੋ ਕਰੂਬੀਆਂ ਦੇ ਵਿਚਕਾਰ ਸੀ ਅਤੇ ਹਰੇਕ ਕਰੂਬੀ ਦੇ ਦੋ ਚਿਹਰੇ ਬਣੇ ਹੋਏ ਸਨ ।19ਸੋ ਇੱਕ ਪਾਸੇ ਖਜ਼ੂਰ ਵੱਲ ਦਾ ਚਿਹਰਾ ਮਨੁੱਖ ਵਰਗਾ ਸੀ ਅਤੇ ਦੂਜੇ ਪਾਸੇ ਜੁਆਨ ਬੱਬਰ ਸ਼ੇਰ ਵਰਗਾ ਚਿਹਰਾ ਵੀ ਖਜ਼ੂਰ ਵੱਲ ਸੀ, ਭਵਨ ਦੇ ਚੁਫੇਰੇ ਇਸੇ ਪ੍ਰਕਾਰ ਕੰਮ ਕੀਤਾ ਹੋਇਆ ਸੀ ।20ਧਰਤੀ ਤੋਂ ਦਰਵਾਜ਼ੇ ਦੇ ਉੱਪਰ ਤੱਕ ਅਤੇ ਹੈਕਲ ਦੀ ਕੰਧ ਤੇ ਕਰੂਬੀ ਅਤੇ ਖਜ਼ੂਰ ਦੇ ਰੁੱਖ ਬਣੇ ਹੋਏ ਸਨ ।
ਲੱਕੜੀ ਦੀ ਵੇਦੀ

21ਹੈਕਲ ਦੀ ਚੁਗਾਠ ਚਾਰ ਨੁੱਕਰੀ ਸੀ ਅਤੇ ਪਵਿੱਤਰ ਸਥਾਨ ਦੇ ਸਾਹਮਣੇ ਦੀ ਸ਼ਕਲ ਵੀ ਇਹੋ ਜਿਹੀ ਸੀ ।22ਜਗਵੇਦੀ ਲੱਕੜੀ ਦੀ ਸੀ, ਉਹ ਦੀ ਉਚਾਈ ਤਿੰਨ ਹੱਥ ਅਤੇ ਲੰਮਾਈ ਦੋ ਹੱਥ ਸੀ ਅਤੇ ਉਸ ਦੇ ਕੋਨੇ, ਉਹ ਦੀ ਕੁਰਸੀ ਅਤੇ ਉਹ ਦੀਆਂ ਕੰਧਾਂ ਲੱਕੜ ਦੀਆਂ ਸਨ ਅਤੇ ਉਹ ਮੈਨੂੰ ਬੋਲਿਆ ਕਿ ਇਹ ਯਹੋਵਾਹ ਦੇ ਸਾਹਮਣੇ ਦੀ ਮੇਜ਼ ਹੈ ।
ਪਵਿੱਤਰ ਸਥਾਨ ਦੇ ਦਰਵਾਜ਼ੇ

23ਹੈਕਲ ਅਤੇ ਪਵਿੱਤਰ ਸਥਾਨ ਦੇ ਦੋ ਦਰਵਾਜ਼ੇ ਸਨ ।24ਦਰਵਾਜ਼ਿਆਂ ਦੇ ਦੋ-ਦੋ ਤਾਕ ਸਨ ਜਿਹੜੇ ਮੁੜ ਸਕਦੇ ਸਨ, ਦੋ ਤਾਕ ਇੱਕ ਦਰਵਾਜ਼ੇ ਲਈ ਅਤੇ ਦੋ ਦੂਜੇ ਲਈ ।
25ਉਹਨਾਂ ਤੇ ਅਰਥਾਤ ਹੈਕਲ ਦੇ ਦਰਵਾਜ਼ਿਆਂ ਤੇ ਕਰੂਬੀਆਂ ਅਤੇ ਖਜ਼ੂਰਾਂ ਦੀਆਂ ਮੂਰਤਾਂ ਬਣੀਆਂ ਹੋਈਆਂ ਸਨ, ਜਿਵੇਂ ਕਿ ਕੰਧ ਤੇ ਬਣੀਆਂ ਹੋਈਆਂ ਸਨ ਅਤੇ ਬਾਹਰ ਦੀ ਡਿਉੜ੍ਹੀ ਦੇ ਸਾਹਮਣੇ ਵੱਲ ਲੱਕੜੀ ਦੇ ਫੱਟੇ ਲੱਗੇ ਹੋਏ ਸਨ ।26ਡਿਉੜ੍ਹੀ ਦੇ ਅੰਦਰਲੇ ਅਤੇ ਬਾਹਰਲੇ ਪਾਸੇ ਵੱਖੀ ਵਿੱਚ ਝਰੋਖੇ ਤੇ ਖਜ਼ੂਰ ਦੇ ਰੁੱਖ ਬਣੇ ਸਨ ਅਤੇ ਭਵਨ ਦੀ ਵੱਖੀ ਦੀਆਂ ਕੋਠੜੀਆਂ ਅਤੇ ਫੱਟੇ ਲਗਾਉਣ ਦੀ ਇਹੋ ਸ਼ਕਲ ਸੀ ।

42
ਹੈਕਲ ਦੇ ਨੇੜੇ ਸਥਿਤ ਦੋ ਕੋਠੜੀਆਂ

1ਫਿਰ ਉਹ ਮੈਨੂੰ ਉਤਰੀ ਰਾਹ ਵਿੱਚੋਂ ਬਾਹਰਲੇ ਵੇਹੜੇ ਵਿੱਚ ਲੈ ਗਿਆ ਅਤੇ ਉਸ ਕੋਠੜੀ ਵਿੱਚ ਜਿਹੜੀ ਵੱਖਰੀ ਥਾਂ ਅਤੇ ਮਕਾਨ ਦੇ ਸਾਹਮਣੇ ਉਤਰ ਵੱਲ ਸੀ, ਲੈ ਆਇਆ ।2ਸੌ ਹੱਥ ਲੰਮੇ ਥਾਂ ਦੇ ਸਾਹਮਣੇ ਉਤਰੀ ਦਰਵਾਜ਼ਾ ਸੀ, ਉਸ ਥਾਂ ਦੀ ਚੌੜਾਈ ਪੰਜਾਹ ਹੱਥ ਸੀ ।3ਅੰਦਰਲੇ ਵੇਹੜੇ ਦੇ ਵੀਹ ਹੱਥ ਦੇ ਫਾਸਲੇ ਦੇ ਸਾਹਮਣੇ, ਬਾਹਰਲੇ ਵੇਹੜੇ ਦੇ ਫਰਸ਼ ਦੇ ਸਾਹਮਣੇ ਕੋਠੜੀਆਂ ਦੀਆਂ ਤਿੰਨ ਛੱਤਾਂ ਇੱਕ ਦੂਜੀ ਦੇ ਸਾਹਮਣੇ ਸਨ ।

4ਕੋਠੜੀਆਂ ਦੇ ਸਾਹਮਣੇ ਅੰਦਰ ਵੱਲ ਦਸ ਹੱਥ ਚੌੜਾ ਰਾਹ ਸੀ ਅਤੇ ਇੱਕ ਰਸਤਾ ਇੱਕ ਹੱਥ ਦਾ ਅਤੇ ਉਹਨਾਂ ਦੇ ਦਰਵਾਜ਼ੇ ਉਤਰ ਵੱਲ ਸਨ ।5ਉੱਪਰ ਦੀਆਂ ਕੋਠੜੀਆਂ ਛੋਟੀਆਂ ਸਨ, ਕਿਉਂ ਜੋ ਉਹਨਾਂ ਦੇ ਬਰਾਂਡਿਆਂ ਇਮਾਰਤ ਦੀ ਹੇਠਲੀ ਤੇ ਉੱਪਰਲੀ ਮੰਜ਼ਲ ਦੇ ਟਾਕਰੇ ਵਿੱਚ ਇਹਨਾਂ ਤੋਂ ਵਧੇਰੀ ਥਾਂ ਰੋਕ ਰੱਖੀ ਸੀ ।6ਕਿਉਂ ਜੋ ਉਹ ਤਿੰਨ ਮੰਜ਼ਲੀਆਂ ਸਨ, ਪਰ ਉਹਨਾਂ ਦੇ ਥੰਮ੍ਹ ਵੇਹੜੇ ਦੇ ਥੰਮਾਂ ਵਾਂਗੂੰ ਨਹੀਂ ਸਨ, ਇਸ ਕਰਕੇ ਉਹ ਹੇਠਲੀ ਅਤੇ ਵਿਚਕਾਰਲੀ ਮੰਜ਼ਲ ਤੋਂ ਧਰਤੀ ਉੱਤੋਂ ਤੰਗ ਸਨ ।
7ਕੋਠੜੀਆਂ ਦੇ ਨੇੜੇ ਦੀ, ਬਾਹਰਲੇ ਵੇਹੜੇ ਵੱਲ ਦੀ, ਕੋਠੜੀਆਂ ਦੇ ਸਾਹਮਣੇ ਦੀ ਬਾਹਰਲੀ ਕੰਧ ਪੰਜਾਹ ਹੱਥ ਲੰਬੀ ਸੀ ।8ਕਿਉਂ ਜੋ ਬਾਹਰਲੇ ਵੇਹੜੇ ਦੀਆਂ ਕੋਠੜੀਆਂ ਦੀ ਲੰਬਾਈ ਪੰਜਾਹ ਹੱਥ ਸੀ ਅਤੇ ਹੈਕਲ ਦੇ ਸਾਹਮਣੇ ਸੌ ਹੱਥ ਦੀ ਲੰਮਾਈ ਸੀ ।9ਉਹਨਾਂ ਕੋਠੜੀਆਂ ਦੇ ਹੇਠਾਂ ਪੂਰਬ ਵੱਲ ਉਹ ਲਾਂਘਾ ਸੀ, ਜਿਸ ਵਿੱਚੋਂ ਬਾਹਰਲੇ ਵੇਹੜੇ ਵਿੱਚੋਂ ਅੰਦਰ ਆਉਂਦੇ ਸਨ ।
10ਪੂਰਬੀ ਵੇਹੜੇ ਦੀ ਚੌੜੀ ਕੰਧ ਵਿੱਚ ਅਤੇ ਉਸ ਮੰਦਰ ਦੇ ਸਾਹਮਣੇ ਕੋਠੜੀਆਂ ਸਨ ।11ਉਹਨਾਂ ਦੇ ਸਾਹਮਣੇ ਇੱਕ ਅਜਿਹਾ ਰਾਹ ਸੀ, ਜਿਹਾ ਉਤਰੀ ਕੋਠੜੀਆਂ ਦੇ ਅੱਗੇ ਸੀ, ਉਹਨਾਂ ਦੀ ਲੰਮਾਈ ਅਤੇ ਚੌੜਾਈ ਬਰਾਬਰ ਸੀ ਅਤੇ ਉਹਨਾਂ ਦੇ ਸਾਰੇ ਲਾਂਘੇ ਉਹਨਾਂ ਦੀ ਤਰਤੀਬ ਅਤੇ ਉਹਨਾਂ ਦੇ ਦਰਵਾਜ਼ਿਆਂ ਦੇ ਅਨੁਸਾਰ ਸਨ ।12ਦੱਖਣ ਵੱਲ ਦੀਆਂ ਕੋਠੜੀਆਂ ਦੇ ਦਰਵਾਜ਼ਿਆਂ ਦੇ ਅਨੁਸਾਰ ਇੱਕ ਦਰਵਾਜ਼ਾ ਰਾਹ ਦੇ ਸਿਰੇ ਤੇ ਸੀ, ਅਰਥਾਤ ਸਿੱਧੀ ਕੰਧ ਦੇ ਰਾਹ ਤੇ ਪੂਰਬ ਦੀ ਵੱਲ ਜਿੱਥੋਂ ਉਹਨਾਂ ਵਿੱਚ ਵੜਦੇ ਸਨ ।
13ਤਦ ਉਹ ਨੇ ਮੈਨੂੰ ਆਖਿਆ, ਉਤਰੀ ਅਤੇ ਦੱਖਣੀ ਕੋਠੜੀਆਂ ਜੋ ਵੱਖਰੀ ਥਾਂ ਦੇ ਅੱਗੇ ਹਨ, ਪਵਿੱਤਰ ਕੋਠੜੀਆਂ ਹਨ ਜਿੱਥੇ ਜਾਜਕ ਜਿਹੜੇ ਯਹੋਵਾਹ ਦੇ ਨੇੜੇ ਜਾਂਦੇ ਹਨ ਪਵਿੱਤਰ ਚੀਜ਼ਾਂ ਖਾਣਗੇ । ਪਵਿੱਤਰ ਚੀਜ਼ਾਂ, ਮੈਦੇ ਦੀ ਭੇਂਟ, ਪਾਪਾਂ ਦੀ ਬਲੀ ਅਤੇ ਦੋਸ਼ ਦੀ ਬਲੀ ਉੱਥੇ ਰੱਖਣਗੇ, ਕਿਉਂ ਜੋ ਉਹ ਸਥਾਨ ਪਵਿੱਤਰ ਹੈ ।14ਜਦੋਂ ਜਾਜਕ ਅੰਦਰ ਜਾਣ ਤਾਂ ਉਹ ਪਵਿੱਤਰ ਸਥਾਨ ਤੋਂ ਬਾਹਰਲੇ ਵੇਹੜੇ ਵਿੱਚ ਨਾ ਜਾਣ, ਸਗੋਂ ਆਪਣੇ ਸੇਵਾ ਕਰਨ ਸਮੇਂ ਦੇ ਬਸਤਰ ਉੱਥੇ ਹੀ ਲਾਹ ਦੇਣ, ਕਿਉਂ ਜੋ ਉਹ ਪਵਿੱਤਰ ਹਨ ਅਤੇ ਉਹ ਦੂਜੇ ਬਸਤਰ ਪਾ ਕੇ ਲੋਕਾਂ ਦੇ ਥਾਵਾਂ ਵਿੱਚ ਜਾਣ ।
ਹੈਕਲ ਦੇ ਖੇਤਰ ਦਾ ਮਾਪ

15ਸੋ ਜਦੋਂ ਉਹ ਅੰਦਰਲੇ ਭਵਨ ਨੂੰ ਮਿਣ ਚੁੱਕਿਆ, ਤਾਂ ਮੈਨੂੰ ਉਸ ਫਾਟਕ ਦੇ ਰਾਹ ਵਿੱਚ ਲਿਆਇਆ, ਜਿਸ ਦਾ ਮੂੰਹ ਪੂਰਬ ਵੱਲ ਸੀ ਅਤੇ ਉਸ ਨੂੰ ਚਾਰੇ ਪਾਸਿਓਂ ਮਿਣਿਆ ।
16ਉਸ ਨੇ ਮਿਣਤੀ ਦੇ ਕਾਨੇ ਨਾਲ ਪੂਰਬ ਵੱਲ ਚੁਫੇਰੇ ਪੰਜ ਸੌ ਕਾਨੇ ਮਿਣੇ ।17ਉਸ ਨੇ ਮਿਣਤੀ ਦੇ ਕਾਨੇ ਨਾਲ ਉਤਰ ਵੱਲ ਚੁਫੇਰੇ ਪੰਜ ਸੌ ਕਾਨੇ ਮਿਣੇ ।18ਉਸ ਨੇ ਮਿਣਤੀ ਦੇ ਕਾਨੇ ਨਾਲ ਦੱਖਣ ਵੱਲ ਵੀ ਪੰਜ ਸੌ ਕਾਨੇ ਮਿਣੇ ।19ਉਸ ਨੇ ਪੱਛਮ ਵੱਲ ਮੁੜ ਕੇ ਮਿਣਤੀ ਦੇ ਕਾਨੇ ਨਾਲ ਪੰਜ ਸੌ ਕਾਨੇ ਮਿਣੇ ।
20ਉਸ ਨੇ ਉਹ ਨੂੰ ਚੁਫੇਰਿਓਂ ਮਿਣਿਆ । ਉਹ ਦੇ ਚਾਰੇ ਪਾਸੇ ਇੱਕ ਕੰਧ ਪੰਜ ਸੌ ਕਾਨੇ ਲੰਮੀ ਅਤੇ ਪੰਜ ਸੌ ਕਾਨੇ ਚੌੜੀ ਸੀ, ਤਾਂ ਜੋ ਪਵਿੱਤਰ ਸਥਾਨ ਨੂੰ ਸਧਾਰਨ ਥਾਂ ਤੋਂ ਵੱਖਰਾ ਕਰੇ ।

43
ਭਵਨ ਦੇ ਵਿੱਚ ਪਰਮੇਸ਼ੁਰ ਦੀ ਮਹਿਮਾ

1ਫੇਰ ਉਹ ਮੈਨੂੰ ਫਾਟਕ ਤੇ ਲੈ ਆਇਆ, ਅਰਥਾਤ ਉਸ ਫਾਟਕ ਤੇ ਜਿਸ ਦਾ ਮੂੰਹ ਪੂਰਬ ਵੱਲ ਸੀ ।2ਵੇਖੋ, ਇਸਰਾਏਲ ਦੇ ਪਰਮੇਸ਼ੁਰ ਦਾ ਪਰਤਾਪ ਪੂਰਬ ਦੇ ਰਾਹ ਵੱਲੋਂ ਆਇਆ ਅਤੇ ਉਹ ਦੀ ਅਵਾਜ਼ ਵੱਡੇ ਪਾਣੀਆਂ ਵਾਂਗੂੰ ਸੀ । ਧਰਤੀ ਉਹ ਦੇ ਪਰਤਾਪ ਨਾਲ ਚਮਕ ਉੱਠੀ ।

3ਇਹ ਉਸ ਦਰਸ਼ਣ ਦੇ ਅਨੁਸਾਰ ਸੀ ਜੋ ਮੈਂ ਵੇਖਿਆ ਸੀ, ਹਾਂ, ਉਸ ਦਰਸ਼ਣ ਦੇ ਅਨੁਸਾਰ ਜਿਹੜਾ ਮੈਂ ਉਸ ਵੇਲੇ ਵੇਖਿਆ ਸੀ, ਜਦੋਂ ਮੈਂ ਸ਼ਹਿਰ ਨੂੰ ਨਾਸ਼ ਕਰਨ ਲਈ ਆਇਆ ਸੀ ਅਤੇ ਇਹ ਦਰਸ਼ਣ ਉਸ ਦਰਸ਼ਣ ਦੇ ਵਾਂਗੂੰ ਸਨ, ਜਿਹੜੇ ਮੈਂ ਕਬਾਰ ਨਹਿਰ ਦੇ ਕੋਲ ਵੇਖੇ ਸਨ, ਤਦ ਮੈਂ ਮੂਧੇ ਮੂੰਹ ਡਿੱਗ ਪਿਆ ।4ਯਹੋਵਾਹ ਦਾ ਪਰਤਾਪ ਉਸ ਫਾਟਕ ਦੇ ਰਾਹ ਜਿਸ ਦਾ ਮੂੰਹ ਪੂਰਬ ਦੇ ਰਾਹ ਵੱਲ ਹੈ ਭਵਨ ਵਿੱਚ ਆਇਆ ।5ਆਤਮਾ ਨੇ ਮੈਨੂੰ ਚੁੱਕ ਕੇ ਅੰਦਰਲੇ ਵੇਹੜੇ ਵਿੱਚ ਪਹੁੰਚਾ ਦਿੱਤਾ ਅਤੇ ਵੇਖੋ, ਭਵਨ ਯਹੋਵਾਹ ਦੇ ਪਰਤਾਪ ਨਾਲ ਭਰਿਆ ਹੋਇਆ ਸੀ ।
6ਮੈਂ ਕਿਸੇ ਨੂੰ ਸੁਣਿਆ ਜਿਹੜਾ ਭਵਨ ਵਿੱਚੋਂ ਮੇਰੇ ਨਾਲ ਗੱਲਾਂ ਕਰਦਾ ਸੀ ਅਤੇ ਇੱਕ ਮਨੁੱਖ ਮੇਰੇ ਕੋਲ ਖੜਾ ਸੀ ।7ਉਹ ਨੇ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ, ਇਹ ਮੇਰੇ ਸਿੰਘਾਸਣ ਦਾ ਥਾਂ ਹੈ ਅਤੇ ਮੇਰੇ ਪੈਰਾਂ ਦੀ ਕੁਰਸੀ ਹੈ, ਜਿੱਥੇ ਮੈਂ ਇਸਰਾਏਲੀਆਂ ਦੇ ਵਿਚਕਾਰ ਸਦਾ ਲਈ ਵੱਸਾਂਗਾ ਅਤੇ ਇਸਰਾਏਲ ਦਾ ਘਰਾਣਾ ਅਤੇ ਉਹਨਾਂ ਦੇ ਰਾਜਾ ਫੇਰ ਕਦੇ ਮੇਰੇ ਪਵਿੱਤਰ ਨਾਮ ਨੂੰ ਆਪਣੇ ਵਿਭਚਾਰ ਨਾਲ ਅਤੇ ਆਪਣੇ ਰਾਜਿਆਂ ਦੀਆਂ ਲਾਸ਼ਾਂ ਨਾਲ, ਉਹਨਾਂ ਦੀਆਂ ਉੱਚਿਆਈਆਂ ਵਿੱਚ ਭ੍ਰਿਸ਼ਟ ਨਾ ਕਰਨਗੇ ।8ਕਿਉਂ ਜੋ ਉਹਨਾਂ ਦੀ ਸਰਦਲ ਮੇਰੀ ਸਰਦਲ ਦੇ ਕੋਲ ਅਤੇ ਉਹਨਾਂ ਦੀ ਚੁਗਾਠ ਮੇਰੀ ਚੁਗਾਠ ਦੇ ਨਾਲ ਲਗਵੀਂ ਸੀ ਅਤੇ ਮੇਰੇ ਅਤੇ ਉਹਨਾਂ ਦੇ ਵਿਚਾਲੇ ਇੱਕ ਕੰਧ ਸੀ । ਉਹਨਾਂ ਆਪਣੇ ਘਿਣਾਉਣੇ ਕੰਮਾਂ ਕਰਕੇ ਜਿਹੜੇ ਉਹਨਾਂ ਕੀਤੇ ਮੇਰੇ ਪਵਿੱਤਰ ਨਾਮ ਨੂੰ ਪਲੀਤ ਕੀਤਾ, ਇਸ ਲਈ ਮੈਂ ਆਪਣੇ ਸ਼ਹਿਰ ਵਿੱਚ ਉਹਨਾਂ ਨੂੰ ਖਾ ਲਿਆ ।
9ਸੋ ਹੁਣ ਉਹ ਆਪਣੇ ਵਿਭਚਾਰਾਂ ਨੂੰ ਅਤੇ ਆਪਣੇ ਰਾਜਿਆਂ ਦੀਆਂ ਲਾਸ਼ਾਂ ਨੂੰ ਮੇਰੇ ਤੋਂ ਦੂਰ ਕਰ ਦੇਣ, ਤਾਂ ਮੈਂ ਸਦਾ ਤੱਕ ਉਹਨਾਂ ਦੇ ਵਿਚਕਾਰ ਵੱਸਾਂਗਾ ।
10ਹੇ ਮਨੁੱਖ ਦੇ ਪੁੱਤਰ, ਤੂੰ ਇਸਰਾਏਲ ਦੇ ਘਰਾਣੇ ਨੂੰ ਇਹ ਭਵਨ ਵਿਖਾ, ਤਾਂ ਜੋ ਉਹ ਆਪਣੇ ਪਾਪਾਂ ਤੋਂ ਸ਼ਰਮਿੰਦੇ ਹੋਣ ਅਤੇ ਇਸ ਨਮੂਨੇ ਨੂੰ ਮਿਣਨ ।11ਜੇ ਉਹ ਇਹਨਾਂ ਸਾਰਿਆਂ ਕੰਮਾਂ ਤੋਂ ਸ਼ਰਮਿੰਦੇ ਹੋਣ, ਜਿਹੜੇ ਉਹਨਾਂ ਨੇ ਕੀਤੇ ਅਤੇ ਇਸ ਭਵਨ ਦਾ ਨਕਸ਼ਾ, ਇਹ ਦੀ ਬਣਾਵਟ, ਉਹ ਦਾ ਅੰਦਰ-ਬਾਹਰ ਆਉਣ ਦਾ ਰਾਹ, ਸਾਰਾ ਨਕਸ਼ਾ, ਸਾਰੀਆਂ ਬਿਧੀਆਂ, ਸਾਰੇ ਕਾਨੂੰਨ ਅਤੇ ਸਾਰੀ ਬਿਵਸਥਾ ਉਹਨਾਂ ਨੂੰ ਜਤਾ ਤੇ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਲਿਖ, ਤਾਂ ਕਿ ਉਹ ਉਸ ਦੇ ਸਾਰੇ ਨਕਸ਼ੇ ਨੂੰ ਅਤੇ ਸਾਰੀਆਂ ਬਿਧੀਆਂ ਨੂੰ ਮੰਨ ਕੇ ਉਹਨਾਂ ਉੱਤੇ ਅਮਲ ਕਰਨ ।
12ਇਸ ਭਵਨ ਦੀ ਬਿਵਸਥਾ ਇਹ ਹੈ ਕਿ ਇਹ ਦੀਆਂ ਸਾਰੀਆਂ ਹੱਦਾਂ ਪਹਾੜ ਦੀ ਚੋਟੀ ਉੱਤੇ ਅਤੇ ਉਹ ਦੇ ਚੁਫੇਰੇ ਅੱਤ ਪਵਿੱਤਰ ਹੋਣਗੀਆਂ ! ਵੇਖ ! ਇਹੀ ਇਸ ਭਵਨ ਦੀ ਬਿਵਸਥਾ ਹੈ ।
ਵੇਦੀ ਦੀ ਬਣਾਵਟ

13ਹੱਥ ਦੇ ਮੇਚੇ ਅਨੁਸਾਰ ਜਗਵੇਦੀ ਦੀ ਇਹ ਮਿਣਤੀ ਹੈ ਅਤੇ ਇਸ ਹੱਥ ਦੀ ਲੰਮਾਈ ਇੱਕ ਹੱਥ ਚਾਰ ਉਂਗਲਾਂ ਹੈ । ਤਹਿ ਇੱਕ ਹੱਥ ਦੀ ਹੋਵੇਗੀ ਅਤੇ ਚੌੜਾਈ ਇੱਕ ਹੱਥ ਅਤੇ ਉਸ ਦੇ ਚੁਫੇਰੇ ਇੱਕ ਗਿੱਠ ਚੌੜਾ ਫੱਟਾ, ਅਤੇ ਜਗਵੇਦੀ ਦੀ ਨੀਂਹ ਇਹੀ ਹੈ ।14ਧਰਤੀ ਉੱਤੇ ਦੀ ਇਸ ਤਹਿ ਤੋਂ ਲੈ ਕੇ ਥੱਲੇ ਦੀ ਕੁਰਸੀ ਤੱਕ ਦੋ ਹੱਥ ਅਤੇ ਉਸ ਦੀ ਚੌੜਾਈ ਇੱਕ ਹੱਥ ਅਤੇ ਨਿੱਕੀ ਕੁਰਸੀ ਤੋਂ ਵੱਡੀ ਕੁਰਸੀ ਤੱਕ ਚਾਰ ਹੱਥ ਅਤੇ ਚੌੜਾਈ ਇੱਕ ਹੱਥ
15ਅਤੇ ਉੱਪਰਲਾ ਹਿੱਸਾ ਜਗਵੇਦੀ ਦਾ ਚਾਰ ਹੱਥ ਹੋਵੇਗਾ ਅਤੇ ਜਗਵੇਦੀ ਦੇ ਚੁਲ੍ਹੇ ਦੇ ਉੱਪਰ ਚਾਰ ਸਿੰਗ ਹੋਣਗੇ ।16ਜਗਵੇਦੀ ਬਾਰਾਂ ਹੱਥ ਲੰਮੀ ਹੋਵੇਗੀ ਅਤੇ ਬਾਰਾਂ ਹੱਥ ਚੌੜੀ, ਅਥਵਾ, ਵਰਗਾਕਾਰ ਹੋਵੇਗੀ ।17ਕੁਰਸੀ ਚੌਦਾਂ ਹੱਥ ਲੰਮੀ ਅਤੇ ਚੌਦਾਂ ਚੌੜੀ ਵਰਗਾਕਾਰ ਅਤੇ ਦੁਆਲੇ ਉਸ ਦਾ ਕੰਢਾ ਅੱਧਾ ਹੱਥ ਅਤੇ ਉਸ ਦੀ ਤਹਿ ਚੁਫੇਰੇ ਇੱਕ ਹੱਥ ਅਤੇ ਉਸ ਦੀ ਪੌੜੀ ਪੂਰਬ ਵੱਲ ਹੋਵੇਗੀ ।
ਵੇਦੀ ਨੂੰ ਅਰਪਣ ਕਰਨਾ

18ਤਦ ਉਸ ਨੇ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ, ਪ੍ਰਭੂ ਯਹੋਵਾਹ ਇਹ ਆਖਦਾ ਹੈ, ਜਗਵੇਦੀ ਦੀਆਂ ਇਹ ਬਿਧੀਆਂ ਉਸ ਦਿਨ ਚਾਲੂ ਹੋਣਗੀਆਂ ਜਦੋਂ ਉਹ ਉਸ ਨੂੰ ਬਣਾਉਣਗੇ, ਤਾਂ ਜੋ ਉਸ ਤੇ ਹੋਮ ਦੀਆਂ ਬਲੀਆਂ ਚੜ੍ਹਾਉਣ ਅਤੇ ਉਸ ਤੇ ਲਹੂ ਛਿੜਕਣ ।19ਤੂੰ ਲੇਵੀ ਜਾਜਕਾਂ ਲਈ ਜਿਹੜੇ ਸਦੇਕ ਦੀ ਵੰਸ਼ ਵਿੱਚੋਂ ਹਨ ਅਤੇ ਜਿਹੜੇ ਮੇਰੀ ਸੇਵਾ ਲਈ ਮੇਰੇ ਨੇੜੇ ਆਉਂਦੇ ਹਨ, ਪਾਪ ਦੀ ਬਲੀ ਲਈ ਵੱਛਾ ਦੇ, ਪ੍ਰਭੂ ਯਹੋਵਾਹ ਦਾ ਵਾਕ ਹੈ ।
20ਤੂੰ ਉਹ ਦੇ ਲਹੂ ਵਿੱਚੋਂ ਲੈਣਾ ਅਤੇ ਉਸ ਦੇ ਚਾਰੇ ਸਿੰਗਾਂ ਤੇ ਉਸ ਦੀ ਕੁਰਸੀ ਦੇ ਚਾਰੇ ਕੋਣਿਆਂ ਤੇ ਅਤੇ ਉਸ ਦੇ ਦੁਆਲੇ ਦੇ ਫੱਟੇ ਤੇ ਲਾਉਣਾ, ਇਸੇ ਤਰ੍ਹਾਂ ਤੂੰ ਉਸ ਦੇ ਲਈ ਪ੍ਰਾਸਚਿਤ ਕਰੇਂ ਅਤੇ ਉਸ ਨੂੰ ਸ਼ੁੱਧ ਕਰੇਂ ।21ਪਾਪ ਦੀ ਬਲੀ ਲਈ ਵੱਛਾ ਲੈਣਾ ਅਤੇ ਉਹ ਭਵਨ ਦੇ ਨਿਰਧਾਰਤ ਥਾਂ ਵਿੱਚ ਪਵਿੱਤਰ ਸਥਾਨ ਦੇ ਬਾਹਰ ਜਾਲਿਆ ਜਾਵੇਗਾ ।
22ਤੂੰ ਦੂਜੇ ਦਿਨ ਇੱਕ ਬੇਕਜ ਬੱਕਰਾ ਪਾਪ ਦੀ ਬਲੀ ਲਈ ਚੜ੍ਹਾਈਂ ਅਤੇ ਉਹ ਉਸ ਜਗਵੇਦੀ ਨੂੰ ਉਸੇ ਤਰ੍ਹਾਂ ਸ਼ੁੱਧ ਕਰਨਗੇ, ਜਿਵੇਂ ਵੱਛੇ ਨਾਲ ਸ਼ੁੱਧ ਕੀਤਾ ਸੀ ।23ਜਦੋਂ ਤੂੰ ਉਸ ਨੂੰ ਸ਼ੁੱਧ ਕਰ ਲਵੇਂ ਤਾਂ ਇੱਕ ਬੇਕਜ ਵੱਛਾ ਅਤੇ ਇੱਜੜ ਵਿੱਚੋਂ ਇੱਕ ਬੇਕਜ ਦੁੰਬਾ ਚੜ੍ਹਾਵੀਂ ।24ਤੂੰ ਉਹਨਾਂ ਨੂੰ ਯਹੋਵਾਹ ਦੇ ਸਨਮੁਖ ਲਿਆਵੀਂ ਅਤੇ ਜਾਜਕ ਉਹਨਾਂ ਤੇ ਲੂਣ ਛਿੜਕਣ ਅਤੇ ਉਹਨਾਂ ਨੂੰ ਹੋਮ ਦੀ ਬਲੀ ਕਰਕੇ ਯਹੋਵਾਹ ਲਈ ਚੜ੍ਹਾਉਣ ।
25ਤੂੰ ਸੱਤ ਦਿਨ ਤੱਕ ਹਰ ਦਿਨ ਇੱਕ ਬੱਕਰਾ ਪਾਪ ਦੀ ਬਲੀ ਲਈ ਤਿਆਰ ਕਰ ਰੱਖੀਂ ਅਤੇ ਇੱਕ ਬੇਕਜ ਵੱਛਾ ਅਤੇ ਇੱਕ ਇੱਜੜ ਦਾ ਬੇਕਜ ਦੁੰਬਾ ਵੀ ਤਿਆਰ ਕਰ ਰੱਖੀਂ ।26ਸੱਤ ਦਿਨਾਂ ਤੱਕ ਉਹ ਜਗਵੇਦੀ ਨੂੰ ਪ੍ਰਾਸਚਿਤ ਕਰਕੇ ਸਾਫ਼ ਕਰਨਗੇ ਅਤੇ ਉਸ ਦੀ ਚੱਠ ਕਰਨਗੇ ।27ਜਦੋਂ ਇਹ ਦਿਨ ਪੂਰੇ ਹੋਣਗੇ, ਤਾਂ ਇਸ ਤਰ੍ਹਾਂ ਹੋਵੇਗਾ ਕਿ ਅੱਠਵੇਂ ਦਿਨ ਅਤੇ ਅੱਗੇ ਨੂੰ ਜਾਜਕ ਤੁਹਾਡੀਆਂ ਹੋਮ ਦੀਆਂ ਬਲੀਆਂ ਨੂੰ ਅਤੇ ਤੁਹਾਡੀਆਂ ਸੁੱਖ ਦੀਆਂ ਭੇਂਟਾ ਨੂੰ ਜਗਵੇਦੀ ਤੇ ਚੜ੍ਹਾਉਣਗੇ ਅਤੇ ਮੈਂ ਤੁਹਾਨੂੰ ਪਰਵਾਨ ਕਰਾਂਗਾ, ਪ੍ਰਭੂ ਯਹੋਵਾਹ ਦਾ ਵਾਕ ਹੈ ।

44
ਪੂਰਬੀ ਫਾਟਕ ਫਾਟਕ ਦਾ ਉਪਯੋਗ

1ਤਦ ਉਹ ਮੈਨੂੰ ਪਵਿੱਤਰ ਸਥਾਨ ਦੇ ਬਾਹਰਲੇ ਫਾਟਕ ਦੇ ਰਾਹ ਵਿੱਚੋਂ ਜਿਸ ਦਾ ਮੂੰਹ ਪੂਰਬ ਵੱਲ ਹੈ ਮੋੜ ਕੇ ਲਿਆਇਆ ਅਤੇ ਉਹ ਬੰਦ ਸੀ ।2ਯਹੋਵਾਹ ਨੇ ਮੈਨੂੰ ਆਖਿਆ ਕਿ ਇਹ ਫਾਟਕ ਬੰਦ ਰਹੇਗਾ ਅਤੇ ਖੋਲ੍ਹਿਆ ਨਹੀਂ ਜਾਵੇਗਾ, ਨਾ ਕੋਈ ਮਨੁੱਖ ਅੰਦਰ ਵੜੇਗਾ ਕਿਉਂ ਜੋ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਵਿੱਚੋਂ ਅੰਦਰ ਆਇਆ ਹੈ, ਇਸ ਲਈ ਇਹ ਬੰਦ ਰਹੇਗਾ ।3ਪਰ ਰਾਜਕੁਮਾਰ ਇਸ ਲਈ ਕਿ ਉਹ ਰਾਜਕੁਮਾਰ ਹੈ ਯਹੋਵਾਹ ਦੇ ਸਾਹਮਣੇ ਰੋਟੀ ਖਾਣ ਲਈ ਇਸ ਵਿੱਚ ਬੈਠੇਗਾ, ਉਹ ਇਹ ਫਾਟਕ ਦੀ ਡਿਉੜ੍ਹੀ ਦੇ ਰਾਹ ਅੰਦਰ ਆਵੇਗਾ ਅਤੇ ਇਸੇ ਰਾਹ ਵਿੱਚੋਂ ਬਾਹਰ ਜਾਵੇਗਾ ।

ਹੈਕਲ ਦੇ ਵਿੱਚ ਦਾਖਲ ਹੋਣ ਦੇ ਨਿਯਮ

4ਫੇਰ ਉਹ ਮੈਨੂੰ ਉਤਰੀ ਫਾਟਕ ਦੇ ਰਾਹ ਵਿੱਚੋਂ ਭਵਨ ਦੇ ਸਾਹਮਣੇ ਲਿਆਇਆ ਅਤੇ ਮੈਂ ਡਿੱਠਾ ਤਾਂ ਵੇਖੋ, ਯਹੋਵਾਹ ਦੇ ਪਰਤਾਪ ਨੇ ਯਹੋਵਾਹ ਦੇ ਭਵਨ ਨੂੰ ਭਰ ਦਿੱਤਾ ਅਤੇ ਮੈਂ ਮੂੰਹ ਭਾਰ ਡਿੱਗਿਆ ।5ਯਹੋਵਾਹ ਨੇ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ, ਆਪਣਾ ਦਿਲ ਲਾ ਅਤੇ ਆਪਣੀਆਂ ਅੱਖਾਂ ਨਾਲ ਵੇਖ ਅਤੇ ਜੋ ਕੁੱਝ ਯਹੋਵਾਹ ਦੇ ਭਵਨ ਦੀਆਂ ਸਾਰੀਆਂ ਬਿਧੀਆਂ ਅਤੇ ਉਸ ਦੀ ਸਾਰੀ ਬਿਵਸਥਾ ਲਈ, ਜੋ ਮੈਂ ਤੈਨੂੰ ਬੋਲਦਾ ਹਾਂ ਆਪਣੇ ਕੰਨਾਂ ਨਾਲ ਸੁਣ ਅਤੇ ਭਵਨ ਦੇ ਅੰਦਰ ਆਉਣ ਦੇ ਰਾਹ ਉੱਤੇ ਅਤੇ ਪਵਿੱਤਰ ਸਥਾਨ ਤੋਂ ਬਾਹਰ ਜਾਣ ਦੇ ਰਾਹ ਉੱਤੇ ਆਪਣਾ ਧਿਆਨ ਲਾ ।
6ਤੂੰ ਇਸਰਾਏਲ ਦੇ ਘਰਾਣੇ ਦੇ ਆਕੀਆਂ ਨੂੰ ਆਖਣਾ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਹੇ ਇਸਰਾਏਲ ਦੇ ਘਰਾਣੇ, ਤੂੰ ਆਪਣੇ ਸਾਰੇ ਘਿਣਾਉਣੇ ਕੰਮਾਂ ਨੂੰ ਆਪਣੇ ਲਈ ਕਾਫ਼ੀ ਸਮਝੀਂ ।7ਸੋ ਜਦ ਤੁਸੀਂ ਮੇਰੀ ਰੋਟੀ, ਚਰਬੀ ਅਤੇ ਲਹੂ ਚੜ੍ਹਾਉਂਦੇ ਹੋ, ਤਾਂ ਬੇਸੁੰਨਤੇ ਦਿਲ ਵਾਲੇ ਅਤੇ ਬੇਸੁੰਨਤੇ ਮਾਸ ਵਾਲੀ ਓਪਰੀ ਸੰਤਾਨ ਨੂੰ ਮੇਰੇ ਪਵਿੱਤਰ ਸਥਾਨ ਵਿੱਚ ਲਿਆਏ, ਤਾਂ ਜੋ ਉਹ ਮੇਰੇ ਭਵਨ ਨੂੰ ਵੀ ਪਲੀਤ ਕਰਨ ਅਤੇ ਉਹਨਾਂ ਨੇ ਤੁਹਾਡੇ ਸਾਰੇ ਘਿਣਾਉਣੇ ਕੰਮਾਂ ਦੇ ਕਾਰਨ ਮੇਰੇ ਨੇਮ ਨੂੰ ਤੋੜਿਆ ।
8ਤੁਸੀਂ ਮੇਰੀਆਂ ਪਵਿੱਤਰ ਚੀਜ਼ਾਂ ਦੀ ਰਾਖੀ ਨਾ ਕੀਤੀ ਸਗੋਂ ਤੁਸੀਂ ਓਪਰਿਆਂ ਨੂੰ ਆਪਣੀ ਵੱਲੋਂ ਮੇਰੇ ਪਵਿੱਤਰ ਸਥਾਨ ਦਾ ਰਾਖਾ ਥਾਪ ਦਿੱਤਾ ।9ਪ੍ਰਭੂ ਯਹੋਵਾਹ ਇਹ ਆਖਦਾ ਹੈ, ਸਾਰੀ ਓਪਰੀ ਸੰਤਾਨ ਵਿੱਚੋਂ ਜਿਹੜੇ ਓਪਰੀ ਸੰਤਾਨ ਦੇ ਇਸਰਾਏਲੀਆਂ ਦੇ ਵਿੱਚ ਹਨ, ਕੋਈ ਦਿਲ ਦਾ ਬੇਸੁੰਨਤਾ ਜਾਂ ਮਾਸ ਦਾ ਬੇਸੁੰਨਤਾ ਮੇਰੇ ਪਵਿੱਤਰ ਸਥਾਨ ਵਿੱਚ ਨਾ ਵੜੇਗਾ ।
ਲੇਵੀ ਜਾਜਕ ਪਦ ਤੋਂ ਅਲੱਗ ਕੀਤੇ ਗਏ

10ਪਰ ਲੇਵੀ ਜੋ ਮੇਰੇ ਕੋਲੋਂ ਦੂਰ ਹੋ ਗਏ, ਜਦੋਂ ਇਸਰਾਏਲੀ ਕੁਰਾਹੇ ਪੈ ਗਏ, ਕਿਉਂ ਜੋ ਉਹ ਆਪਣੀ ਮੂਰਤੀਆਂ ਦੇ ਪਿੱਛੇ ਲੱਗ ਕੇ ਮੇਰੇ ਕੋਲੋਂ ਪਰੇ ਹਟੇ, ਉਹ ਆਪਣੀ ਬਦੀ ਨੂੰ ਚੁੱਕਣਗੇ ।11ਤਾਂ ਵੀ ਉਹ ਮੇਰੇ ਪਵਿੱਤਰ ਸਥਾਨ ਵਿੱਚ ਸੇਵਾਦਾਰ ਹੋਣਗੇ ਅਤੇ ਮੇਰੇ ਭਵਨ ਦੇ ਫਾਟਕਾਂ ਤੇ ਰਾਖੀ ਕਰਨਗੇ ਅਤੇ ਮੇਰੇ ਭਵਨ ਵਿੱਚ ਸੇਵਾ ਕਰਨਗੇ । ਉਹ ਲੋਕਾਂ ਦੇ ਲਈ ਹੋਮ ਦੀ ਭੇਟ ਅਤੇ ਬਲੀ ਨੂੰ ਕੱਟਣਗੇ ਅਤੇ ਉਹਨਾਂ ਦੇ ਸਾਹਮਣੇ ਉਹਨਾਂ ਦੀ ਸੇਵਾ ਦੇ ਲਈ ਖੜ੍ਹੇ ਰਹਿਣਗੇ ।12ਕਿਉਂ ਜੋ ਉਹਨਾਂ ਨੇ ਉਹਨਾਂ ਦੇ ਲਈ ਮੂਰਤੀਆਂ ਦੀ ਸੇਵਾ ਕੀਤੀ ਅਤੇ ਇਸਰਾਏਲ ਦੇ ਘਰਾਣੇ ਲਈ ਪਾਪਾਂ ਵਿੱਚ ਠੋਕਰ ਦਾ ਕਾਰਨ ਬਣੇ, ਇਸ ਲਈ ਮੈਂ ਉਹਨਾਂ ਉੱਤੇ ਆਪਣਾ ਹੱਥ ਚੁੱਕਿਆ ਅਤੇ ਉਹ ਆਪਣੀ ਬਦੀ ਨੂੰ ਚੁੱਕਣਗੇ, ਪ੍ਰਭੂ ਯਹੋਵਾਹ ਦਾ ਵਾਕ ਹੈ ।
13ਉਹ ਮੇਰੇ ਨੇੜੇ ਨਾ ਆ ਸਕਣਗੇ ਕਿ ਮੇਰੇ ਦਰਬਾਰ ਵਿੱਚ ਜਾਜਕ ਬਣਨ, ਨਾ ਉਹ ਮੇਰੀਆਂ ਪਵਿੱਤਰ ਵਸਤੂਆਂ ਦੇ ਨੇੜੇ ਆਉਣਗੇ ਅਰਥਾਤ ਅੱਤ ਪਵਿੱਤਰ ਵਸਤੂਆਂ ਦੇ ਕੋਲ ਸਗੋਂ ਉਹ ਆਪਣੀ ਨਮੋਸ਼ੀ ਉਠਾਉਣਗੇ ਅਤੇ ਆਪਣੇ ਘਿਣਾਉਣੇ ਕੰਮ ਜੋ ਉਹਨਾਂ ਕੀਤੇ ।14ਤਾਂ ਵੀ ਮੈਂ ਉਹਨਾਂ ਨੂੰ ਭਵਨ ਦੀ ਰਾਖੀ ਲਈ ਅਤੇ ਉਸ ਦੀ ਸਾਰੀ ਸੇਵਾ ਲਈ ਅਤੇ ਉਸ ਸਾਰੇ ਕੰਮ ਲਈ ਜੋ ਉਸ ਵਿੱਚ ਕੀਤਾ ਜਾਵੇਗਾ ਰਾਖੇ ਥਾਪਾਂਗਾ ।
ਜਾਜਕ

15ਪਰ ਲੇਵੀ ਜਾਜਕ ਅਰਥਾਤ ਸਦੋਕ ਦੀ ਵੰਸ਼ ਜੋ ਮੇਰੇ ਪਵਿੱਤਰ ਸਥਾਨ ਦੀ ਰਾਖੀ ਕਰਦੇ ਸਨ, ਜਦੋਂ ਇਸਰਾਏਲੀ ਮੇਰੇ ਕੋਲੋਂ ਬੇਮੁੱਖ ਹੋ ਗਏ, ਤਾਂ ਮੇਰੀ ਸੇਵਾ ਲਈ ਮੇਰੇ ਨੇੜੇ ਆਉਣਗੇ ਅਤੇ ਮੇਰੇ ਸਨਮੁੱਖ ਖਲੋਤੇ ਰਹਿਣਗੇ, ਤਾਂ ਜੋ ਮੇਰੇ ਸਾਹਮਣੇ ਚਰਬੀ ਅਤੇ ਲਹੂ ਚੜ੍ਹਾਉਣ, ਪ੍ਰਭੂ ਯਹੋਵਾਹ ਦਾ ਵਾਕ ਹੈ ।16ਉਹ ਮੇਰੇ ਪਵਿੱਤਰ ਸਥਾਨ ਵਿੱਚ ਵੜਨਗੇ ਅਤੇ ਉਹੀ ਸੇਵਾ ਲਈ ਮੇਰੀ ਮੇਜ਼ ਦੇ ਨੇੜੇ ਆਉਣਗੇ, ਭਈ ਮੇਰੀ ਸੇਵਾ ਕਰਨ ਅਤੇ ਉਹ ਮੇਰੇ ਫਰਜ਼ ਦੀ ਪਾਲਣਾ ਕਰਨਗੇ ।
17ਇਸ ਤਰ੍ਹਾਂ ਹੋਵੇਗਾ ਕਿ ਜਿਸ ਵੇਲੇ ਉਹ ਅੰਦਰਲੇ ਵੇਹੜੇ ਦੇ ਫਾਟਕਾਂ ਵਿੱਚੋਂ ਅੰਦਰ ਵੜਨਗੇ, ਤਾਂ ਕਤਾਨੀ ਕੱਪੜੇ ਪਹਿਨੇ ਹੋਣਗੇ ਅਤੇ ਜਿੰਨਾ ਚਿਰ ਤੱਕ ਅੰਦਰਲੇ ਵੇਹੜੇ ਅਤੇ ਭਵਨ ਵਿੱਚ ਸੇਵਾ ਕਰਨਗੇ, ਕੋਈ ਊਨੀ ਕੱਪੜਾ ਨਾ ਪਹਿਨਣਗੇ ।18ਉਹ ਆਪਣੇ ਸਿਰਾਂ ਉੱਤੇ ਕਤਾਨੀ ਅਮਾਮੇ ਅਤੇ ਲੱਕ ਤੇ ਕਤਾਨੀ ਪਜਾਮੇ ਪਹਿਨਣਗੇ । ਜਿਹੜੀ ਵਸਤੂ ਪਸੀਨੇ ਦਾ ਕਾਰਨ ਹੋਵੇ ਆਪਣੇ ਲੱਕ ਤੇ ਨਾ ਬੰਨ੍ਹਣ ।
19ਜਦੋਂ ਬਾਹਰਲੇ ਵੇਹੜੇ ਅਰਥਾਤ ਲੋਕਾਂ ਦੇ ਬਾਹਰਲੇ ਵੇਹੜੇ ਵਿੱਚ ਨਿੱਕਲ ਆਉਣ, ਤਾਂ ਆਪਣੇ ਸੇਵਾ ਸਮੇਂ ਦੇ ਲੀੜੇ ਲਾਹ ਕੇ ਪਵਿੱਤਰ ਕੋਠੜੀਆਂ ਵਿੱਚ ਰੱਖਣਗੇ ਅਤੇ ਦੂਜੇ ਲੀੜੇ ਪਾ ਲੈਣਗੇ, ਤਾਂ ਜੋ ਆਪਣੇ ਬਸਤਰਾਂ ਕਰਕੇ ਆਮ ਲੋਕਾਂ ਨੂੰ ਪਵਿੱਤਰ ਨਾ ਕਰਨ ।
20ਨਾ ਉਹ ਆਪਣਾ ਸਿਰ ਮੁਨਾਉਣਗੇ, ਨਾ ਵਾਲ਼ ਵਧਾਉਣਗੇ । ਉਹ ਕੇਵਲ ਆਪਣੇ ਸਿਰ ਦੇ ਵਾਲ਼ ਕਤਰਾਉਣਗੇ ।21ਜਦੋਂ ਅੰਦਰਲੇ ਵੇਹੜੇ ਵਿੱਚ ਆਉਣ ਤਾਂ ਕੋਈ ਜਾਜਕ ਮੈ ਨਾ ਪੀਵੇ ।22ਉਹ ਵਿਧਵਾ ਜਾਂ ਛੁੱਟੜ ਔਰਤ ਨਾਲ ਵਿਆਹ ਨਾ ਕਰਨਗੇ, ਸਗੋਂ ਇਸਰਾਏਲ ਦੇ ਘਰਾਣੇ ਦੀ ਨਸਲ ਦੀਆਂ ਕੁਆਰੀਆਂ ਕੁੜੀਆਂ ਨਾਲ, ਜਾਂ ਉਸ ਵਿਧਵਾ ਨਾਲ ਜੋ ਕਿਸੇ ਜਾਜਕ ਦੀ ਵਿਧਵਾ ਹੋਵੇ ਵਿਆਹ ਕਰਾਉਣਗੇ ।
23ਉਹ ਮੇਰੇ ਲੋਕਾਂ ਨੂੰ ਪਵਿੱਤਰ ਅਤੇ ਅਪਵਿੱਤਰ ਵਿੱਚ ਫਰਕ ਦੱਸਣਗੇ ਅਤੇ ਉਹਨਾਂ ਨੂੰ ਸ਼ੁੱਧ ਅਤੇ ਅਸ਼ੁੱਧ ਦੀ ਪਛਾਣ ਕਰਨਾ ਸਿਖਾਉਣਗੇ ।24ਉਹ ਝਗੜਿਆਂ ਦੇ ਨਿਆਂ ਕਰਨ ਲਈ ਖਲੋਣਗੇ ਅਤੇ ਮੇਰੇ ਨਿਆਵਾਂ ਦੇ ਅਨੁਸਾਰ ਨਿਆਂ ਕਰਨਗੇ । ਉਹ ਮੇਰੀ ਬਿਵਸਥਾ ਦੀ ਤੇ ਮੇਰੀਆਂ ਬਿਧੀਆਂ ਦੀ ਅਤੇ ਮੇਰੇ ਸਾਰੇ ਠਹਿਰਾਏ ਗਏ ਪਰਬਾਂ ਦੀ ਤੇ ਮੇਰੇ ਪਵਿੱਤਰ ਸਬਤਾਂ ਦੀ ਪਾਲਣਾ ਕਰਨਗੇ ।
25ਉਹ ਕਿਸੇ ਮੁਰਦੇ ਮਨੁੱਖ ਦੇ ਨੇੜੇ ਜਾ ਕੇ ਆਪਣੇ ਆਪ ਨੂੰ ਭ੍ਰਿਸ਼ਟ ਨਾ ਕਰਨਗੇ, ਪਰ ਕੇਵਲ ਪਿਤਾ, ਮਾਤਾ, ਪੁੱਤਰ, ਧੀ, ਭਰਾ ਜਾਂ ਭੈਣ ਜਿਹ ਦਾ ਮਨੁੱਖ ਨਾ ਹੋਵੇ, ਦੇ ਲਈ ਉਹ ਆਪਣੇ ਆਪ ਨੂੰ ਭ੍ਰਿਸ਼ਟ ਕਰਨ ।26ਉਹ ਉਸ ਦੇ ਪਾਕ ਹੋਣ ਦੇ ਮਗਰੋਂ ਉਹ ਦੇ ਲਈ ਹੋਰ ਸੱਤ ਦਿਨ ਗਿਣਨਗੇ ।27ਜਿਸ ਦਿਨ ਉਹ ਪਵਿੱਤਰ ਸਥਾਨ ਦੇ ਅੰਦਰ, ਅੰਦਰਲੇ ਵਿਹੜੇ ਵਿੱਚ ਸੇਵਾ ਕਰਨ ਲਈ ਜਾਵੇ, ਤਾਂ ਆਪਣੇ ਲਈ ਪਾਪ ਦੀ ਬਲੀ ਚੜ੍ਹਾਵੇਗਾ, ਪ੍ਰਭੂ ਯਹੋਵਾਹ ਦਾ ਵਾਕ ਹੈ ।
28ਉਹਨਾਂ ਦੇ ਲਈ ਇੱਕ ਮਿਰਾਸ ਹੋਵੇਗੀ, ਮੈਂ ਹੀ ਉਹਨਾਂ ਦੀ ਮਿਰਾਸ ਹਾਂ, ਅਤੇ ਤੁਸੀਂ ਇਸਰਾਏਲ ਵਿੱਚ ਉਹਨਾਂ ਨੂੰ ਕੋਈ ਮਿਲਖ ਨਾ ਦੇਣਾ, ਮੈਂ ਹੀ ਉਹਨਾਂ ਦੀ ਮਿਲਖ ਹਾਂ ।29ਉਹ ਮੈਦੇ ਦੀ ਭੇਟ, ਪਾਪ ਦੀ ਭੇਟ ਅਤੇ ਦੋਸ਼ ਦੀ ਭੇਟ ਖਾਣਗੇ ਅਤੇ ਹਰੇਕ ਵਸਤੂ ਜਿਹੜੀ ਇਸਰਾਏਲ ਵਿੱਚ ਅਰਪਣ ਕੀਤੀ ਜਾਵੇ, ਉਹਨਾਂ ਦੀ ਹੀ ਹੋਵੇਗੀ ।
30ਸਾਰੀਆਂ ਚੀਜ਼ਾਂ ਦੇ ਪਹਿਲੇ ਫਲਾਂ ਦਾ ਪਹਿਲਾ ਹਿੱਸਾ ਅਤੇ ਤੁਹਾਡੀਆਂ ਸਾਰੀਆਂ ਚੁੱਕਣ ਵਾਲੀਆਂ ਭੇਟਾਂ ਵਿੱਚੋਂ ਹਰ ਚੀਜ਼ ਦੀ ਭੇਟ ਜਾਜਕ ਦੇ ਲਈ ਹੋਵੇਗੀ । ਤੁਸੀਂ ਆਪਣੇ ਪਹਿਲੇ ਗੁੰਨ੍ਹੇ ਹੋਏ ਆਟੇ ਵਿੱਚੋਂ ਜਾਜਕ ਨੂੰ ਦੇਣਾ, ਤਾਂ ਜੋ ਤੇਰੇ ਘਰ ਵਿੱਚ ਬਰਕਤ ਹੋਵੇ ।31ਪਰ ਉਹ ਜਿਹੜਾ ਆਪ ਹੀ ਮਰ ਗਿਆ ਹੋਵੇ ਜਾਂ ਦਰਿੰਦਿਆਂ ਦਾ ਫਾੜਿਆ ਹੋਵੇ, ਕੀ ਪੰਛੀ, ਕੀ ਪਸ਼ੂ, ਜਾਜਕ ਉਹ ਨੂੰ ਨਾ ਖਾਣ ।

45
ਦੇਸ ਦੀ ਭੂਮੀ ਦੇ ਵਿੱਚ ਪਰਮੇਸ਼ੁਰ ਦਾ ਭਾਗ

1ਜਦੋਂ ਤੁਸੀਂ ਪਰਚੀਆਂ ਪਾ ਕੇ ਦੇਸ ਨੂੰ ਵਿਰਸੇ ਦੇ ਲਈ ਵੰਡੋ, ਤਾਂ ਉਸ ਦੇਸ ਵਿੱਚੋਂ ਇੱਕ ਪਵਿੱਤਰ ਭਾਗ ਯਹੋਵਾਹ ਲਈ ਭੇਟ ਚੜ੍ਹਾਉਣਾ । ਉਹ ਦੀ ਲੰਮਾਈ ਪੱਚੀ ਹਜ਼ਾਰ ਅਤੇ ਚੌੜਾਈ ਦਸ ਹਜ਼ਾਰ ਕਾਨੇ ਹੋਵੇਗੀ ਅਤੇ ਉਹ ਆਪਣੇ ਆਲੇ-ਦੁਆਲੇ ਦੀਆਂ ਸਾਰੀਆਂ ਹੱਦਾਂ ਵਿੱਚ ਪਵਿੱਤਰ ਹੋਵੇਗਾ ।2ਉਸ ਵਿੱਚੋਂ ਇੱਕ ਟੋਟਾ ਜਿਸ ਦੀ ਲੰਮਾਈ ਪੰਜ ਸੌ ਅਤੇ ਚੌੜਾਈ ਪੰਜ ਸੌ, ਜੋ ਚਾਰੋਂ ਪਾਸੇ ਚੌਰਸ ਹੈ ਪਵਿੱਤਰ ਸਥਾਨ ਲਈ ਹੋਵੇਗੀ ਅਤੇ ਉਹ ਦੀ ਸ਼ਾਮਲਾਤ ਲਈ ਚਾਰੇ ਪਾਸੇ ਪੰਜਾਹ-ਪੰਜਾਹ ਹੱਥ ਦੀ ਚੌੜਾਈ ਹੋਵੇਗੀ ।

3ਤੂੰ ਇਸ ਮਿਣਤੀ ਦੀ ਪੱਚੀ ਹਜ਼ਾਰ ਦੀ ਲੰਮਾਈ ਅਤੇ ਦਸ ਹਜ਼ਾਰ ਚੌੜਾਈ ਮਿਣੇਗਾ ਅਤੇ ਉਸ ਵਿੱਚ ਪਵਿੱਤਰ ਸਥਾਨ ਹੋਵੇਂਗਾ ਜੋ ਅੱਤ ਪਵਿੱਤਰ ਹੈ ।4ਦੇਸ ਦਾ ਇਹ ਪਵਿੱਤਰ ਭਾਗ ਉਹਨਾਂ ਜਾਜਕਾਂ ਦੇ ਲਈ ਹੋਵੇਗਾ ਜੋ ਪਵਿੱਤਰ ਸਥਾਨ ਦੇ ਸੇਵਾਦਾਰ ਹਨ ਅਤੇ ਯਹੋਵਾਹ ਦੇ ਨੇੜੇ ਸੇਵਾ ਕਰਨ ਲਈ ਆਉਂਦੇ ਹਨ । ਇਹ ਥਾਂ ਉਹਨਾਂ ਦੇ ਘਰਾਂ ਲਈ ਹੋਵੇਗਾ ਅਤੇ ਪਵਿੱਤਰ ਸਥਾਨ ਲਈ ਪਵਿੱਤਰ ਥਾਂ ਹੋਵੇਗਾ ।5ਪੱਚੀ ਹਜ਼ਾਰ ਲੰਮਾ ਅਤੇ ਦਸ ਹਜ਼ਾਰ ਚੌੜਾ ਲੇਵੀਆ ਲਈ ਹੋਵੇਗਾ, ਜਿਹੜੇ ਭਵਨ ਦੇ ਸੇਵਾਦਾਰ ਹਨ ।
6ਤੁਸੀਂ ਸ਼ਹਿਰ ਦਾ ਭਾਗ ਪੰਜ ਹਜ਼ਾਰ ਚੌੜਾ ਅਤੇ ਪੱਚੀ ਹਜ਼ਾਰ ਲੰਮਾ ਪਵਿੱਤਰ ਸਥਾਨ ਦੇ ਭੇਟਾਂ ਵਾਲੇ ਭਾਗ ਦੇ ਨੇੜੇ ਦੇਣਾ, ਇਹ ਸਾਰਾ ਇਸਰਾਏਲ ਦੇ ਘਰਾਣੇ ਦੇ ਲਈ ਹੋਵੇਗਾ ।
ਪ੍ਰਧਾਨ ਦੇ ਲਈ ਭੂਮੀ

7ਪਵਿੱਤਰ ਭੇਟਾਂ ਵਾਲੇ ਭਾਗ ਦੀ ਅਤੇ ਸ਼ਹਿਰ ਦੇ ਭਾਗ ਦੇ ਦੋਵੇਂ ਪਾਸੇ ਪਵਿੱਤਰ ਭੇਟਾਂ ਵਾਲੇ ਭਾਗ ਦੇ ਸਾਹਮਣੇ ਸ਼ਹਿਰ ਦੇ ਭਾਗ ਦੇ ਸਾਹਮਣੇ ਪੱਛਮੀ ਕੋਨਾ ਪੱਛਮ ਦੀ ਵੱਲ ਅਤੇ ਪੂਰਬੀ ਕੋਨਾ ਪੂਰਬ ਦੀ ਵੱਲ ਰਾਜਕੁਮਾਰ ਲਈ ਹੋਵੇਗਾ ਅਤੇ ਲੰਮਾਈ ਵਿੱਚ ਪੱਛਮੀ ਹੱਦ ਤੋਂ ਪੂਰਬੀ ਹੱਦ ਤੱਕ ਉਹਨਾਂ ਭਾਗਾਂ ਵਿੱਚੋਂ ਇੱਕ ਦੇ ਸਾਹਮਣੇ ਹੋਵੇਗਾ ।
8ਇਸਰਾਏਲ ਦੇ ਵਿੱਚ ਦੇਸ ਵਿੱਚੋਂ ਉਸ ਦਾ ਇਹੀ ਭਾਗ ਹੋਵੇਗਾ ਅਤੇ ਮੇਰੇ ਰਾਜਕੁਮਾਰ ਫੇਰ ਮੇਰੇ ਲੋਕਾਂ ਤੇ ਅੱਤਿਆਚਾਰ ਨਾ ਕਰਨਗੇ ਅਤੇ ਦੇਸ ਨੂੰ ਇਸਰਾਏਲ ਦੇ ਘਰਾਣੇ ਵਿੱਚ ਉਹਨਾਂ ਦੇ ਗੋਤਾਂ ਦੇ ਅਨੁਸਾਰ ਵੰਡਣਗੇ ।
ਪ੍ਰਧਾਨ ਦੇ ਲਈ ਨਿਯਮ

9ਪ੍ਰਭੂ ਯਹੋਵਾਹ ਇਹ ਆਖਦਾ ਹੈ, ਹੇ ਇਸਰਾਏਲ ਦੇ ਰਾਜਕੁਮਾਰੋ, ਤੁਹਾਡੇ ਲਈ ਇਹੀ ਬਹੁਤਾ ਹੈ । ਅੱਤਿਆਚਾਰ ਅਤੇ ਲੁੱਟ ਮਾਰ ਨੂੰ ਬੰਦ ਕਰੋ । ਨਿਆਂ ਅਤੇ ਧਰਮ ਦੀ ਵਰਤੋਂ ਕਰੋ ਅਤੇ ਮੇਰੀ ਪਰਜਾ ਤੋਂ ਆਪਣੇ ਜ਼ੋਰ ਤੇ ਧੱਕੇ ਨੂੰ ਬੰਦ ਕਰੋ, ਪ੍ਰਭੂ ਯਹੋਵਾਹ ਦਾ ਵਾਕ ਹੈ ।10ਤੁਸੀਂ ਧਰਮ ਦੀ ਤੱਕੜੀ ਅਤੇ ਧਰਮ ਦਾ ਏਫਾ ਅਤੇ ਧਰਮ ਦਾ ਬਥ ਰੱਖਿਆ ਕਰੋ ।11ਏਫਾ ਅਤੇ ਬਥ ਦੇ ਤੋਲ ਇੱਕੋ ਜਿੰਨੇ ਹੋਣ, ਤਾਂ ਜੋ ਬਥ ਵਿੱਚ ਹੋਮਰ ਦਾ ਦਸਵਾਂ ਭਾਗ ਹੋਵੇ ਅਤੇ ਏਫਾ ਵੀ ਹੋਮਰ ਦਾ ਦਸਵਾਂ ਭਾਗ ਹੋਵੇ, ਉਸ ਦਾ ਤੋਲ ਹੋਮਰ ਦੇ ਅਨੁਸਾਰ ਹੋਵੇ ।12ਸ਼ਕਲ ਵੀਹ ਗੇਰਾਹ ਦਾ ਹੋਵੇ ਅਤੇ ਵੀਹ ਸ਼ਕਲ, ਪੱਚੀ ਸ਼ਕਲ, ਪੰਦਰਾਂ ਸ਼ਕਲ ਦਾ ਤੁਹਾਡਾ ਮਾਨਹ ਹੋਵੇਗਾ ।
13ਭੇਟਾਂ ਜਿਹੜੀ ਤੁਸੀਂ ਚੜ੍ਹਾਓਗੇ ਉਹ ਇਹ ਹੈ - ਕਣਕ ਦੇ ਹੋਮਰ ਵਿੱਚੋਂ ਏਫਾ ਦਾ ਛੇਵਾਂ ਭਾਗ ਅਤੇ ਜੌਂ ਦੇ ਹੋਮਰ ਵਿੱਚੋਂ ਏਫਾ ਦਾ ਛੇਵਾਂ ਭਾਗ ਦੇਣਾ ।14ਤੇਲ ਅਰਥਾਤ ਤੇਲ ਦੇ ਬਥ ਦੇ ਬਾਰੇ ਇਹ ਬਿਧੀ ਹੈ ਕਿ ਤੁਸੀਂ ਕੋਰ ਵਿੱਚੋਂ ਜਿਹੜਾ ਦਸ ਬਥ ਦਾ ਹੋਮਰ ਹੈ, ਇੱਕ ਬਥ ਦਾ ਦਸਵਾਂ ਭਾਗ ਦੇਣਾ, ਕਿਉਂ ਜੋ ਹੋਮਰ ਵਿੱਚ ਦਸ ਬਥ ਹਨ ।15ਇੱਜੜ ਵਿੱਚੋਂ ਹਰ ਦੇ ਸੌ ਦੇ ਪਿੱਛੇ ਇਸਰਾਏਲ ਦੀ ਹਰੀ ਭਰੀ ਜੂਹ ਦਾ ਇੱਕ ਦੁੰਬਾ ਮੈਦੇ ਦੀ ਭੇਟ ਲਈ ਅਤੇ ਹੋਮ ਦੀ ਬਲੀ ਅਤੇ ਸੁੱਖ ਦੀ ਭੇਟ ਦੇ ਲਈ, ਤਾਂ ਜੋ ਉਹਨਾਂ ਦੇ ਲਈ ਪ੍ਰਾਸਚਿਤ ਹੋਵੇ, ਪ੍ਰਭੂ ਯਹੋਵਾਹ ਦਾ ਵਾਕ ਹੈ ।
16ਦੇਸ ਦੇ ਸਾਰੇ ਲੋਕ ਉਸ ਰਾਜਕੁਮਾਰ ਦੇ ਲਈ ਜਿਹੜਾ ਇਸਰਾਏਲ ਵਿੱਚ ਹੈ ਇਹੀ ਭੇਟਾਂ ਦੇਣਗੇ ।17ਰਾਜਕੁਮਾਰ ਹੋਮ ਦੀ ਬਲੀ, ਮੈਦੇ ਦੀ ਭੇਟ, ਪੀਣ ਦੀ ਭੇਟ, ਨਵੇਂ ਚੰਨ ਦੇ ਪਰਬਾਂ ਵਿੱਚ, ਸਬਤਾਂ ਵਿੱਚ ਅਤੇ ਇਸਰਾਏਲ ਦੇ ਘਰਾਣੇ ਦੇ ਸਾਰੇ ਠਹਿਰਾਏ ਹੋਏ ਪਰਬਾਂ ਉੱਤੇ ਦੇਵੇਗਾ । ਉਹ ਪਾਪ ਦੀ ਬਲੀ, ਮੈਦੇ ਦੀ ਭੇਟ, ਹੋਮ ਦੀ ਭੇਟ ਅਤੇ ਸੁੱਖ ਦੀ ਭੇਟ ਇਸਰਾਏਲ ਦੇ ਘਰਾਣੇ ਦੇ ਪ੍ਰਾਸਚਿਤ ਲਈ ਦੇਵੇਗਾ ।
ਪਰਬ
(ਕੂਚ 12:1-20; ਲੇਵੀਆਂ 23:33-43)

18ਪ੍ਰਭੂ ਯਹੋਵਾਹ ਇਹ ਆਖਦਾ ਹੈ, ਪਹਿਲੇ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਤੂੰ ਇੱਕ ਬੇਕਜ ਵੱਛਾ ਲੈਣਾ ਅਤੇ ਪਵਿੱਤਰ ਸਥਾਨ ਨੂੰ ਸਾਫ਼ ਕਰਨਾ ।19ਜਾਜਕ ਪਾਪ ਦੀ ਬਲੀ ਦੇ ਵੱਛੇ ਦਾ ਲਹੂ ਲਵੇਗਾ ਅਤੇ ਉਹ ਦੇ ਵਿੱਚੋਂ ਕੁੱਝ ਭਵਨ ਦੀਆਂ ਚੁਗਾਠਾਂ ਤੇ ਅਤੇ ਜਗਵੇਦੀ ਦੀ ਕੁਰਸੀ ਦੇ ਚਾਰੇ ਕੋਨਿਆਂ ਤੇ ਅਤੇ ਅੰਦਰਲੇ ਵੇਹੜੇ ਦੇ ਫਾਟਕਾਂ ਦੀਆਂ ਚੁਗਾਠਾਂ ਤੇ ਲਾਵੇਗਾ ।20ਤੂੰ ਮਹੀਨੇ ਦੀ ਸੱਤ ਤਾਰੀਖ਼ ਨੂੰ ਹਰੇਕ ਦੇ ਲਈ ਜਿਹੜਾ ਭੁੱਲ ਕਰੇ ਅਤੇ ਉਸ ਦੇ ਲਈ ਵੀ ਜਿਹੜਾ ਅਣਜਾਣ ਹੈ, ਅਜਿਹਾ ਹੀ ਕਰੇਂਗਾ, ਇਸੇ ਪ੍ਰਕਾਰ ਤੁਸੀਂ ਭਵਨ ਦਾ ਪ੍ਰਾਸਚਿਤ ਕਰੋਗੇ ।
21ਤੁਸੀਂ ਪਹਿਲੇ ਮਹੀਨੇ ਦੀ ਚੌਦਵੀਂ ਤਾਰੀਖ਼ ਨੂੰ ਪਸਹ ਦਾ ਪਰਬ ਮਨਾਉਣਾ, ਜਿਹੜਾ ਸੱਤ ਦਿਨਾਂ ਦਾ ਪਰਬ ਹੈ ਅਤੇ ਉਹ ਦੇ ਵਿੱਚ ਬੇਖ਼ਮੀਰੀ ਰੋਟੀ ਖਾਧੀ ਜਾਵੇਗੀ ।22ਉਸੇ ਦਿਨ ਰਾਜਕੁਮਾਰ ਆਪਣੇ ਲਈ ਅਤੇ ਦੇਸ ਦੇ ਸਾਰੇ ਲੋਕਾਂ ਲਈ ਪਾਪ ਦੀ ਬਲੀ ਦੇ ਲਈ ਇੱਕ ਵੱਛਾ ਤਿਆਰ ਕਰ ਰੱਖੇਗਾ ।
23ਪਰਬ ਦੇ ਸੱਤ ਦਿਨਾਂ ਵਿੱਚ ਉਹ ਹਰ ਦਿਨ ਅਥਵਾ ਸੱਤ ਦਿਨਾਂ ਤੱਕ ਸੱਤ ਬੇਕਜ ਵੱਛੇ ਅਤੇ ਸੱਤ ਬੇਕਜ ਦੁੰਬੇ ਲਿਆਵੇਗਾ, ਤਾਂ ਜੋ ਯਹੋਵਾਹ ਦੇ ਲਈ ਹੋਮ ਦੀ ਬਲੀ ਕੀਤੀ ਜਾਵੇ ਅਤੇ ਹਰ ਦਿਨ ਪਾਪ ਦੀ ਬਲੀ ਦੇ ਲਈ ਇੱਕ ਬੱਕਰਾ ।24ਉਹ ਹਰੇਕ ਵੱਛੇ ਦੇ ਲਈ ਇੱਕ ਏਫਾ ਭਰ ਮੈਦੇ ਦੀ ਭੇਟ ਅਤੇ ਹਰੇਕ ਦੁੰਬੇ ਲਈ ਇੱਕ ਏਫਾ ਅਤੇ ਪ੍ਰਤੀ ਏਫ਼ਾਹ ਇੱਕ ਹੀਨ ਤੇਲ ਤਿਆਰ ਕਰੇਗਾ ।
25ਸੱਤਵੇਂ ਮਹੀਨੇ ਦੀ ਪੰਦਰਾਂ ਤਾਰੀਖ਼ ਨੂੰ ਵੀ ਉਹ ਪਰਬ ਦੇ ਲਈ ਜਿਵੇਂ ਉਸ ਨੇ ਇਹਨਾਂ ਸੱਤ ਦਿਨਾਂ ਵਿੱਚ ਕੀਤਾ ਸੀ, ਤਿਆਰੀ ਕਰੇਗਾ, ਪਾਪ ਦੀ ਬਲੀ, ਹੋਮ ਦੀ ਭੇਟ, ਮੈਦੇ ਦੀ ਭੇਟ ਅਤੇ ਤੇਲ ਦੇ ਅਨੁਸਾਰ ।

46
ਪ੍ਰਧਾਨ ਅਤੇ ਪਰਬ

1ਪ੍ਰਭੂ ਯਹੋਵਾਹ ਇਹ ਆਖਦਾ ਹੈ ਕਿ ਅੰਦਰਲੇ ਵੇਹੜੇ ਦਾ ਫਾਟਕ ਜਿਸ ਦਾ ਮੂੰਹ ਪੂਰਬ ਵੱਲ ਹੈ, ਕੰਮ ਕਾਜ ਦੇ ਛੇ ਦਿਨ ਬੰਦ ਰਹੇਗਾ, ਪਰ ਸਬਤ ਦੇ ਦਿਨ ਖੋਲ੍ਹਿਆ ਜਾਵੇਗਾ ਅਤੇ ਨਵੇਂ ਚੰਨ ਦੇ ਦਿਨ ਵੀ ਖੋਲ੍ਹਿਆ ਜਾਵੇਗਾ ।2ਰਾਜਕੁਮਾਰ ਬਾਹਰਲੇ ਫਾਟਕ ਦੀ ਡਿਉੜ੍ਹੀ ਦੇ ਰਾਹ ਵਿੱਚੋਂ ਅੰਦਰ ਆਵੇਗਾ ਅਤੇ ਫਾਟਕ ਦੀ ਚੁਗਾਠ ਦੇ ਕੋਲ ਖਲੋਤਾ ਰਹੇਗਾ । ਜਾਜਕ ਉਸ ਦੀਆਂ ਹੋਮ ਦੀਆਂ ਬਲੀਆਂ ਅਤੇ ਸੁੱਖ ਦੀਆਂ ਭੇਟਾਂ ਚੜ੍ਹਾਉਣਗੇ ਅਤੇ ਉਹ ਫਾਟਕ ਦੀ ਸਰਦਲ ਤੇ ਮੱਥਾ ਟੇਕ ਕੇ ਬਾਹਰ ਨਿੱਕਲੇਗਾ, ਪਰ ਫਾਟਕ ਸ਼ਾਮ ਤੱਕ ਬੰਦ ਨਾ ਹੋਵੇਗਾ ।

3ਦੇਸ ਦੇ ਲੋਕ ਉਸ ਫਾਟਕ ਦੇ ਦਰਵਾਜ਼ੇ ਤੇ ਸਬਤਾਂ ਅਤੇ ਨਵੇਂ ਚੰਨ ਵਿੱਚ ਯਹੋਵਾਹ ਦੇ ਸਾਹਮਣੇ ਮੱਥਾ ਟੇਕਿਆ ਕਰਨਗੇ ।4ਹੋਮ ਦੀ ਬਲੀ ਜਿਹੜੀ ਰਾਜਕੁਮਾਰ ਸਬਤ ਦੇ ਦਿਨ ਯਹੋਵਾਹ ਦੇ ਕੋਲ ਚੜ੍ਹਾਵੇਗਾ ਇਹ ਹੈ, - ਛੇ ਬੇਕਜ ਲੇਲੇ ਅਤੇ ਇੱਕ ਬੇਕਜ ਦੁੰਬਾ ।5ਮੈਦੇ ਦੀ ਭੇਟ ਦੁੰਬੇ ਦੇ ਲਈ ਇੱਕ ਏਫ਼ਾਹ ਅਤੇ ਲੇਲਿਆਂ ਦੇ ਲਈ ਮੈਦੇ ਦੀ ਭੇਟ ਉਸ ਦੀ ਪਹੁੰਚ ਅਨੁਸਾਰ ਅਤੇ ਇੱਕ ਏਫਾ ਦੇ ਲਈ ਇੱਕ ਹੀਨ ਤੇਲ ।
6ਨਵੇਂ ਚੰਨ ਦੇ ਦਿਨ ਇੱਕ ਬੇਕਜ ਵੱਛਾ, ਛੇ ਬੇਕਜ ਵਹਿੜੇ ਅਤੇ ਇੱਕ ਬੇਕਜ ਦੁੰਬਾ ਹੋਣਗੇ ।7ਉਹ ਮੈਦੇ ਦੀ ਭੇਟ ਤਿਆਰ ਕਰੇਗਾ, ਅਰਥਾਤ ਵੱਛੇ ਦੇ ਲਈ ਇੱਕ ਏਫਾ ਅਤੇ ਦੁੰਬੇ ਦੇ ਲਈ ਇੱਕ ਏਫਾ ਅਤੇ ਲੇਲਿਆਂ ਦੇ ਲਈ ਉਸ ਦੀ ਪਹੁੰਚ ਦੇ ਅਨੁਸਾਰ ਅਤੇ ਹਰੇਕ ਏਫਾ ਦੇ ਲਈ ਇੱਕ ਹੀਨ ਤੇਲ ।8ਜਦੋਂ ਰਾਜਕੁਮਾਰ ਅੰਦਰ ਆਵੇ ਤਾਂ ਫਾਟਕ ਦੀ ਡਿਉੜ੍ਹੀ ਦੇ ਰਾਹ ਅੰਦਰ ਆਵੇਗਾ ਅਤੇ ਉਸੇ ਰਾਹ ਵਿੱਚੋਂ ਨਿੱਕਲੇਗਾ ।
9ਜਦੋਂ ਦੇਸ ਦੇ ਲੋਕ ਠਹਿਰਾਏ ਹੋਏ ਪਰਬਾਂ ਦੇ ਸਮੇਂ ਯਹੋਵਾਹ ਦੇ ਸਨਮੁੱਖ ਹਾਜ਼ਰ ਹੋਣਗੇ, ਤਾਂ ਜਿਹੜਾ ਉਤਰੀ ਫਾਟਕ ਦੇ ਰਸਤੇ ਮੱਥਾ ਟੇਕਣ ਲਈ ਆਵੇਗਾ ਉਹ ਦੱਖਣੀ ਫਾਟਕ ਦੇ ਰਸਤੇ ਬਾਹਰ ਜਾਵੇਗਾ ਅਤੇ ਜਿਹੜਾ ਦੱਖਣੀ ਫਾਟਕ ਦੇ ਰਸਤੇ ਅੰਦਰ ਆਉਂਦਾ ਹੈ ਉਹ ਉਤਰੀ ਫਾਟਕ ਦੇ ਰਸਤੇ ਬਾਹਰ ਜਾਵੇਗਾ । ਜਿਸ ਫਾਟਕ ਦੇ ਰਸਤੇ ਉਹ ਅੰਦਰ ਆਇਆ ਉਸ ਦੇ ਵਿੱਚੋਂ ਮੁੜ ਕੇ ਨਾ ਜਾਵੇਗਾ ਸਗੋਂ ਸਿੱਧਾ ਆਪਣੇ ਮੂਹਰੇ ਦੇ ਫਾਟਕ ਵਿੱਚੋਂ ਦੀ ਲੰਘ ਕੇ ਨਿੱਕਲ ਜਾਵੇਗਾ ।10ਜਦੋਂ ਉਹ ਅੰਦਰ ਜਾਣਗੇ ਤਾਂ ਰਾਜਕੁਮਾਰ ਵੀ ਉਹਨਾਂ ਦੇ ਵਿੱਚ ਮਿਲ ਕੇ ਜਾਵੇਗਾ ਅਤੇ ਜਦੋਂ ਉਹ ਬਾਹਰ ਨਿੱਕਲਣਗੇ ਤਾਂ ਸਾਰੇ ਇਕੱਠੇ ਜਾਣਗੇ ।
11ਠਹਿਰਾਏ ਹੋਏ ਪਰਬਾਂ ਉੱਤੇ ਮੈਦੇ ਦੀ ਭੇਟ ਵਹਿੜੇ ਦੇ ਲਈ ਇੱਕ ਏਫਾ ਅਤੇ ਦੁੰਬੇ ਦੇ ਲਈ ਇੱਕ ਏਫਾ ਹੋਵੇਗੀ ਅਤੇ ਲੇਲਿਆਂ ਦੇ ਲਈ ਉਸ ਦੀ ਪਹੁੰਚ ਦੇ ਅਨੁਸਾਰ ਅਤੇ ਹਰੇਕ ਏਫਾ ਦੇ ਲਈ ਇੱਕ ਹੀਨ ਤੇਲ ।12ਜਦੋਂ ਰਾਜਕੁਮਾਰ ਖੁਸ਼ੀ ਦੀ ਭੇਟ ਤਿਆਰ ਕਰੇ ਅਥਵਾ ਹੋਮ ਦੀ ਬਲੀ ਜਾਂ ਸੁੱਖ ਦੀ ਭੇਟ ਯਹੋਵਾਹ ਦੇ ਲਈ ਖੁਸ਼ੀ ਦੀ ਭੇਟ ਦੇ ਤੌਰ ਤੇ ਲਿਆਵੇ, ਤਾਂ ਉਹ ਫਾਟਕ ਜਿਸ ਦਾ ਮੂੰਹ ਪੂਰਬ ਵੱਲ ਹੈ ਉਹ ਦੇ ਲਈ ਖੋਲ੍ਹਿਆ ਜਾਵੇਗਾ, ਅਤੇ ਸਬਤ ਦੇ ਦਿਨ ਵਾਂਗੂੰ ਉਹ ਆਪਣੀ ਹੋਮ ਦੀ ਬਲੀ ਅਤੇ ਸੁੱਖ ਦੀ ਭੇਟ ਚੜ੍ਹਾਵੇਗਾ । ਤਦ ਉਹ ਬਾਹਰ ਨਿੱਕਲ ਆਵੇਗਾ ਅਤੇ ਨਿੱਕਲਣ ਦੇ ਮਗਰੋਂ ਫਾਟਕ ਬੰਦ ਕਰ ਦਿੱਤਾ ਜਾਵੇਗਾ ।
ਹਰ ਰੋਜ਼ ਦੀ ਭੇਂਟ

13ਤੂੰ ਹਰ ਦਿਨ ਯਹੋਵਾਹ ਦੇ ਲਈ ਪਹਿਲੇ ਸਾਲ ਦਾ ਇੱਕ ਬੇਕਜ ਲੇਲਾ ਹੋਮ ਦੀ ਬਲੀ ਲਈ ਚੜ੍ਹਾਵੇਂਗਾ, ਤੂੰ ਹਰ ਸਵੇਰ ਨੂੰ ਚੜ੍ਹਾਵੇਂਗਾ ।14ਤੂੰ ਉਹ ਦੇ ਨਾਲ ਹਰ ਸਵੇਰ ਨੂੰ ਮੈਦੇ ਦੀ ਭੇਟ ਚੜ੍ਹਾਵੇਂਗਾ, ਅਰਥਾਤ ਏਫਾ ਦਾ ਛੇਵਾਂ ਭਾਗ ਅਤੇ ਮੈਦੇ ਦੇ ਨਾਲ ਮਿਲਾਉਣ ਦੇ ਲਈ ਤੇਲ ਦੇ ਹੀਨ ਦਾ ਇੱਕ ਤਿਹਾਈ ਭਾਗ । ਸਦਾ ਦੀ ਬਿਧੀ ਦੇ ਅਨੁਸਾਰ ਸਦਾ ਦੇ ਲਈ ਯਹੋਵਾਹ ਦੇ ਲਈ ਇਹ ਮੈਦੇ ਦੀ ਭੇਟ ਹੋਵੇਗੀ ।15ਇਸ ਤਰ੍ਹਾਂ ਉਹ ਲੇਲਾ ਅਤੇ ਮੈਦੇ ਦੀ ਭੇਟ ਅਤੇ ਤੇਲ ਹਰ ਸਵੇਰੇ ਸਦਾ ਦੀ ਹੋਮ ਦੀ ਬਲੀ ਦੇ ਲਈ ਚੜ੍ਹਾਉਣਗੇ ।
ਪ੍ਰਧਾਨ ਅਤੇ ਭੂਮੀ ਦਾ ਭਾਗ

16ਪ੍ਰਭੂ ਯਹੋਵਾਹ ਇਹ ਆਖਦਾ ਹੈ, - ਜੇਕਰ ਰਾਜਕੁਮਾਰ ਆਪਣੇ ਪੁੱਤਰਾਂ ਵਿੱਚੋਂ ਕਿਸੇ ਨੂੰ ਕੋਈ ਸੁਗਾਤ ਦੇਵੇ, ਤਾਂ ਉਹ ਉਸ ਦੇ ਪੁੱਤਰਾਂ ਦੀ ਮਿਰਾਸ ਹੋਵੇਗੀ । ਉਹ ਉਹਨਾਂ ਦੀ ਜੱਦੀ ਮਿਰਾਸ ਹੈ ।17ਪਰ ਜੇਕਰ ਉਹ ਆਪਣੇ ਟਹਿਲੂਆਂ ਵਿੱਚੋਂ ਕਿਸੇ ਇੱਕ ਨੂੰ ਆਪਣੀ ਮਿਰਾਸ ਵਿੱਚੋਂ ਸੁਗਾਤ ਦੇਵੇਂ, ਤਾਂ ਉਹ ਅਜ਼ਾਦੀ ਦੇ ਸਾਲ ਤੱਕ ਉਸ ਦੀ ਹੋਵੇਗੀ । ਉਸ ਦੇ ਬਾਅਦ ਫੇਰ ਰਾਜਕੁਮਾਰ ਦੀ ਹੋ ਜਾਵੇਗੀ, ਪਰ ਉਸ ਦੀ ਆਪਣੀ ਮਿਰਾਸ ਉਹ ਦੇ ਪੁੱਤਰਾਂ ਲਈ ਹੋਵੇਗੀ ।18ਰਾਜਕੁਮਾਰ ਧੱਕਾ ਕਰ ਕੇ ਲੋਕਾਂ ਦੀ ਮਿਰਾਸ ਵਿੱਚੋਂ ਨਾ ਲਵੇਗਾ, ਤਾਂ ਜੋ ਉਹਨਾਂ ਨੂੰ ਉਹਨਾਂ ਦੇ ਕਬਜ਼ੇ ਤੋਂ ਬੇਦਖ਼ਲ ਕਰੇ, ਪਰ ਉਹ ਆਪਣੀ ਹੀ ਮਿਰਾਸ ਵਿੱਚੋਂ ਆਪਣੇ ਪੁੱਤਰਾਂ ਨੂੰ ਮਿਰਾਸ ਦੇਵੇਗਾ, ਤਾਂ ਜੋ ਲੋਕ ਆਪਣੇ-ਆਪਣੇ ਕਬਜ਼ੇ ਤੋਂ ਵਾਂਜੇ ਨਾ ਹੋ ਜਾਣ ।
ਹੈਕਲ ਦੇ ਰਸੋਈ ਘਰ

19ਫੇਰ ਉਹ ਮੈਨੂੰ ਉਸ ਦਰਵਾਜ਼ੇ ਦੇ ਰਾਹ ਜੋ ਫਾਟਕ ਦੇ ਇੱਕ ਪਾਸੇ ਸੀ, ਜਾਜਕਾਂ ਦੀਆਂ ਪਵਿੱਤਰ ਕੋਠੜੀਆਂ ਵਿੱਚ ਜਿਹਨਾਂ ਦਾ ਮੂੰਹ ਉਤਰ ਵੱਲ ਸੀ ਲੈ ਆਇਆ, ਅਤੇ ਵੇਖੋ, ਪੱਛਮ ਵੱਲ ਪਿੱਛੇ ਇੱਕ ਥਾਂ ਸੀ ।20ਤਦ ਉਹ ਨੇ ਮੈਨੂੰ ਆਖਿਆ, ਇਹ ਉਹ ਥਾਂ ਹੈ ਜਿਸ ਵਿੱਚ ਜਾਜਕ ਦੋਸ਼ ਦੀ ਬਲੀ ਅਤੇ ਪਾਪ ਦੀ ਬਲੀ ਨੂੰ ਉਬਾਲਣਗੇ, ਅਤੇ ਮੈਦੇ ਦੀ ਭੇਟ ਪਕਾਉਣਗੇ, ਕਿਤੇ ਉਹ ਉਹਨਾਂ ਨੂੰ ਬਾਹਰਲੇ ਵੇਹੜੇ ਵਿੱਚ ਲੈ ਜਾ ਕੇ ਲੋਕਾਂ ਨੂੰ ਪਵਿੱਤਰ ਕਰਨ ।
21ਫੇਰ ਉਹ ਮੈਨੂੰ ਬਾਹਰਲੇ ਵੇਹੜੇ ਵਿੱਚ ਲੈ ਆਇਆ ਅਤੇ ਵੇਹੜੇ ਦੇ ਚਾਰਾਂ ਖੂੰਜਿਆਂ ਵੱਲ ਮੈਨੂੰ ਲੈ ਗਿਆ, ਅਤੇ ਵੇਖੋ, ਵੇਹੜੇ ਦੇ ਹਰੇਕ ਖੂੰਜੇ ਵਿੱਚ ਇੱਕ ਹੋਰ ਵੇਹੜਾ ਸੀ ।22ਵੇਹੜੇ ਦੇ ਚਾਰਾਂ ਖੂੰਜਿਆਂ ਵਿੱਚ ਚਾਲੀ ਚਾਲੀ ਹੱਥ ਲੰਮੇ ਅਤੇ ਤੀਹ ਤੀਹ ਹੱਥ ਚੌੜੇ ਵੇਹੜੇ ਨਾਲ ਲਗਵੇਂ ਸਨ, ਇਹ ਚਾਰ ਕੋਨਿਆਂ ਵਾਲੇ ਇੱਕੋ ਹੀ ਮੇਚੇ ਦੇ ਸਨ ।23ਉਹਨਾਂ ਦੇ ਚੁਫੇਰੇ ਅਰਥਾਤ ਉਹਨਾਂ ਚਾਰਾਂ ਦੇ ਚੁਫੇਰੇ ਕੰਧ ਸੀ ਅਤੇ ਚੁਫੇਰੇ ਕੰਧ ਦੇ ਹੇਠਾਂ ਉਬਾਲਣ ਦੇ ਥਾਂ ਬਣੇ ਹੋਏ ਸਨ ।24ਤਦ ਉਹ ਨੇ ਮੈਨੂੰ ਆਖਿਆ ਕਿ ਇਹ ਉਬਾਲਣ ਦੇ ਘਰ ਹਨ, ਜਿੱਥੇ ਭਵਨ ਦੇ ਸੇਵਾਦਾਰ ਲੋਕਾਂ ਦੀਆਂ ਬਲੀਆਂ ਉਬਾਲਣਗੇ ।

47
ਹੈਕਲ ਦੇ ਵਿੱਚੋਂ ਵਹਿੰਦਾ ਹੋਇਆ ਸੋਤਾ

1ਫੇਰ ਉਹ ਮੈਨੂੰ ਭਵਨ ਦੇ ਦਰਵਾਜ਼ੇ ਤੇ ਮੋੜ ਲਿਆਇਆ ਅਤੇ ਵੇਖੋ, ਹੈਕਲ ਦੀ ਸਰਦਲ ਦੇ ਹੇਠੋਂ ਪਾਣੀ ਪੂਰਬ ਵੱਲ ਵਗ ਰਿਹਾ ਸੀ, ਕਿਉਂ ਜੋ ਭਵਨ ਦਾ ਮੂੰਹ ਪੂਰਬ ਵੱਲ ਸੀ ਅਤੇ ਪਾਣੀ ਭਵਨ ਦੇ ਸੱਜੇ ਪਾਸੇ ਦੇ ਹੇਠਾਂ ਤੋਂ ਜਗਵੇਦੀ ਦੇ ਦੱਖਣ ਵੱਲੋਂ ਵਗ ਕੇ ਜਾਂਦਾ ਸੀ ।2ਤਦ ਉਹ ਮੈਨੂੰ ਉਤਰੀ ਫਾਟਕ ਦੇ ਰਸਤੇ ਬਾਹਰ ਲੈ ਆਇਆ ਅਤੇ ਮੈਨੂੰ ਉਸ ਰਾਹ ਵਿੱਚੋਂ ਜਿਸ ਦਾ ਮੂੰਹ ਪੂਰਬ ਵੱਲ ਹੈ, ਬਾਹਰਲੇ ਫਾਟਕ ਤੇ ਮੋੜ ਲਿਆਇਆ ਅਰਥਾਤ ਚੜ੍ਹਦੇ ਵੱਲ ਮੂੰਹ ਵਾਲੇ ਫਾਟਕ ਤੇ ਅਤੇ ਵੇਖੋ, ਸੱਜੇ ਪਾਸਿਓਂ ਪਾਣੀ ਵਗ ਰਿਹਾ ਸੀ ।

3ਇਸ ਮਨੁੱਖ ਨੇ ਜਿਹ ਦੇ ਹੱਥ ਵਿੱਚ ਫੀਤਾ ਸੀ ਪੂਰਬ ਵੱਲ ਵੱਧ ਕੇ ਹਜ਼ਾਰ ਹੱਥ ਮਿਣਿਆ ਅਤੇ ਮੈਨੂੰ ਪਾਣੀ ਵਿੱਚੋਂ ਲੰਘਾਇਆ ਅਤੇ ਪਾਣੀ ਗਿੱਟਿਆਂ ਤੱਕ ਸੀ ।4ਫੇਰ ਉਸ ਨੇ ਹਜ਼ਾਰ ਹੱਥ ਹੋਰ ਮਿਣਿਆ ਅਤੇ ਮੈਨੂੰ ਪਾਣੀ ਵਿੱਚੋਂ ਲੰਘਾਇਆ ਅਤੇ ਪਾਣੀ ਗੋਡਿਆਂ ਤੱਕ ਸੀ । ਫੇਰ ਉਸ ਨੇ ਇੱਕ ਹਜ਼ਾਰ ਹੋਰ ਮਿਣਿਆ ਅਤੇ ਮੈਨੂੰ ਪਾਣੀ ਵਿੱਚੋਂ ਲੰਘਾਇਆ ਅਤੇ ਪਾਣੀ ਲੱਕ ਤੱਕ ਸੀ ।5ਫੇਰ ਉਹ ਨੇ ਇੱਕ ਹਜ਼ਾਰ ਹੋਰ ਮਿਣਿਆ ਅਤੇ ਉਹ ਅਜਿਹਾ ਨਾਲਾ ਸੀ ਕਿ ਮੈਂ ਉਹ ਨੂੰ ਪਾਰ ਨਹੀਂ ਕਰ ਸਕਦਾ ਸੀ, ਕਿਉਂ ਜੋ ਪਾਣੀ ਚੜ੍ਹ ਕੇ ਤਰਨ ਵਾਲਾ ਹੋ ਗਿਆ ਸੀ ਅਤੇ ਅਜਿਹਾ ਨਾਲਾ ਬਣ ਗਿਆ, ਜਿਹ ਨੂੰ ਪਾਰ ਕਰਨਾ ਅਸੰਭਵ ਸੀ ।
6ਤਦ ਉਹ ਨੇ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ, ਕੀ ਤੂੰ ਇਹ ਵੇਖਿਆ ? ਤਦ ਉਹ ਮੈਨੂੰ ਲੈ ਆਇਆ ਅਤੇ ਨਾਲੇ ਦੇ ਕੰਢੇ ਤੇ ਮੋੜ ਲਿਆਂਦਾ ।7ਜਦ ਮੈਂ ਮੁੜ ਕੇ ਪਹੁੰਚਿਆ ਤਾਂ ਵੇਖੋ, ਨਾਲੇ ਦੇ ਇਸ ਪਾਸੇ ਤੇ ਦੂਜੇ ਪਾਸੇ ਬਹੁਤ ਸਾਰੇ ਰੁੱਖ ਸਨ ।8ਤਦ ਉਹ ਨੇ ਮੈਨੂੰ ਆਖਿਆ ਕਿ ਇਹ ਪਾਣੀ ਪੂਰਬੀ ਇਲਾਕੇ ਵੱਲ ਵਗਦੇ ਹਨ ਅਤੇ ਅਰਾਬਾਹ ਵਿੱਚੋਂ ਵਗ ਕੇ ਹੇਠਾਂ ਸਾਗਰ ਵਿੱਚ ਜਾ ਪੈਂਦੇ ਹਨ ਅਤੇ ਸਾਗਰ ਵਿੱਚ ਮਿਲਦਿਆਂ ਹੀ ਉਹ ਦੇ ਪਾਣੀਆਂ ਨੂੰ ਤਾਜ਼ਾ ਕਰ ਦੇਣਗੇ ।
9ਅਜਿਹਾ ਹੋਵੇਗਾ ਕਿ ਜਿੱਥੇ ਇਹ ਨਾਲੇ ਜਾਣਗੇ ਹਰੇਕ ਜਲ ਜੰਤੂ ਜੋ ਬਹੁਤ ਸਾਰੇ ਹਨ, ਜੀਉਂਦਾ ਰਹੇਗਾ ਅਤੇ ਮੱਛੀਆਂ ਦਾ ਬਹੁਤ ਵਾਧਾ ਹੋਵੇਗਾ, ਕਿਉਂ ਜੋ ਇਹ ਪਾਣੀ ਉੱਥੇ ਪਹੁੰਚਿਆ ਅਤੇ ਉਹ ਤਾਜ਼ਾ ਹੋ ਗਿਆ । ਸੋ ਜਿੱਥੇ ਕਿਤੇ ਇਹ ਨਾਲੇ ਪਹੁੰਚਣਗੇ ਜੀਵਨ ਬਖ਼ਸ਼ਣਗੇ ।10ਅਜਿਹਾ ਹੋਵੇਗਾ ਕਿ ਮਾਛੀ ਉਹ ਦੇ ਕੰਢੇ ਤੇ ਖਲੋਤੇ ਰਹਿਣਗੇ । ਏਨ-ਗਦੀ ਤੋਂ ਲੈ ਕੇ ਏਨ-ਅਗਲਇਮ ਤੱਕ ਜਾਲ਼ ਸੁੱਟਣ ਦੇ ਘਾਟ ਹੋਣਗੇ । ਉਹ ਦੀਆਂ ਮੱਛੀਆਂ ਆਪਣੀ ਆਪਣੀ ਜਾਤੀ ਦੇ ਅਨੁਸਾਰ ਵੱਡੇ ਸਾਗਰ ਦੀਆਂ ਮੱਛੀਆਂ ਵਾਂਗੂੰ ਬਹੁਤ ਹੀ ਹੋਣਗੀਆਂ ।
11ਪਰ ਉਹ ਦੀਆਂ ਚਿੱਕੜ ਵਾਲੀਆਂ ਅਤੇ ਜਿਲਣ ਵਾਲੀਆਂ ਜਗ੍ਹਾਂ ਤਾਜ਼ੀਆਂ ਨਾ ਕੀਤੀਆਂ ਜਾਣਗੀਆਂ, ਉਹ ਲੂਣ ਵਾਲੀਆਂ ਹੀ ਰਹਿਣਗੀਆਂ ।12ਨਾਲੇ ਦੇ ਨੇੜੇ ਉਹ ਦੇ ਦੋਨਾਂ ਕੰਢਿਆਂ ਤੇ ਹਰ ਪ੍ਰਕਾਰ ਦੇ ਮੇਵੇ ਵਾਲੇ ਰੁੱਖ ਉੱਗਣਗੇ, ਜਿਹਨਾਂ ਦੇ ਪੱਤੇ ਕਦੇ ਨਾ ਸੁੱਕਣਗੇ ਅਤੇ ਜਿਹਨਾਂ ਦੇ ਮੇਵੇ ਕਦੇ ਨਾ ਮੁੱਕਣਗੇ । ਉਹਨਾਂ ਨੂੰ ਹਰ ਮਹੀਨੇ ਨਵੇਂ ਮੇਵੇ ਲੱਗਣਗੇ, ਕਿਉਂ ਜੋ ਉਹਨਾਂ ਨੂੰ ਉਹ ਪਾਣੀ ਲੱਗਦੇ ਹਨ, ਜਿਹੜੇ ਪਵਿੱਤਰ ਸਥਾਨ ਵਿੱਚੋਂ ਨਿੱਕਲਦੇ ਹਨ ਅਤੇ ਉਹਨਾਂ ਦੇ ਮੇਵੇ ਖਾਣ ਲਈ ਅਤੇ ਉਹਨਾਂ ਦੇ ਪੱਤੇ ਦਵਾਈ ਦੇ ਕੰਮ ਆਉਣਗੇ ।
ਦੇਸ ਦੀਆਂ ਸੀਮਾਵਾਂ

13ਪ੍ਰਭੂ ਯਹੋਵਾਹ ਇਹ ਆਖਦਾ ਹੈ, ਇਹ ਉਹ ਹੱਦ ਹੈ ਜਿਸ ਦੇ ਅਨੁਸਾਰ ਤੁਸੀਂ ਦੇਸ ਨੂੰ ਵੰਡੋਗੇ, ਤਾਂ ਜੋ ਇਸਰਾਏਲ ਦੇ ਬਾਰਾਂ ਗੋਤਾਂ ਦੀ ਮਿਰਾਸ ਹੋਵੇ । ਯੂਸੁਫ਼ ਦੇ ਘਰਾਣੇ ਦੇ ਲਈ ਦੁਗਣਾ ਭਾਗ ਹੋਵੇਗਾ ।14ਤੁਸੀਂ ਸਾਰੇ ਇੱਕੋ ਜਿੰਨਾ ਦੇਸ ਮਿਰਾਸ ਵਿੱਚ ਲਵੋਗੇ, ਜਿਸ ਦੇ ਬਾਰੇ ਮੈਂ ਸਹੁੰ ਖਾਧੀ ਕਿ ਤੁਹਾਡੇ ਪਿਉ-ਦਾਦਿਆਂ ਨੂੰ ਦੇਵਾਂ ਅਤੇ ਇਹ ਦੇਸ ਤੁਹਾਡੀ ਮਿਰਾਸ ਹੋਵੇਗਾ ।
15ਦੇਸ ਦੀ ਹੱਦ ਇਹ ਹੋਵੇਗੀ, - ਉਤਰ ਵੱਲ ਵੱਡੇ ਸਾਗਰ ਤੋਂ ਲੈ ਕੇ ਹਥਲੋਨ ਤੋਂ ਹੁੰਦੀ ਹੋਈ ਸਦਾਦ ਦੇ ਲਾਂਘੇ ਤੱਕ,16ਹਮਾਥ, ਬੇਰੋਥਾਹ, ਸਿਬਰਈਮ ਜੋ ਦੰਮਿਸਕ ਦੀ ਹੱਦ ਅਤੇ ਹਮਾਥ ਦੀ ਹੱਦ ਦੇ ਵਿਚਕਾਰ ਹੈ ਅਤੇ ਹਸੇਰ-ਹੱਤੀਕੋਨ ਜੋ ਹੌਰਾਨ ਦੀ ਹੱਦ ਤੇ ਹੈ ।17ਸਾਗਰ ਤੋਂ ਹੱਦ ਇਹ ਹੋਵੇਗੀ, ਅਰਥਾਤ ਹਸਰ-ਏਨੋਨ ਦੰਮਿਸਕ ਦੀ ਹੱਦ ਅਤੇ ਉਤਰ ਵੱਲ ਉੱਤਰੀ ਦਿਸ਼ਾ ਵੱਲ ਹਮਾਥ ਦੀ ਹੱਦ । ਉਤਰੀ ਦਿਸ਼ਾ ਇਹੀ ਹੈ ।
18ਪੂਰਬੀ ਹੱਦ ਹੌਰਾਨ ਤੇ ਦੰਮਿਸਕ ਅਤੇ ਗਿਲਆਦ ਦੇ ਵਿਚਕਾਰ ਤੋਂ ਅਤੇ ਇਸਰਾਏਲ ਦੀ ਧਰਤੀ ਦੇ ਵਿਚਕਾਰ ਤੋਂ ਯਰਦਨ ਉੱਤੇ ਹੋਵੇਗੀ, ਉਤਰੀ ਹੱਦ ਤੋਂ ਪੂਰਬੀ ਸਾਗਰ ਤੱਕ ਮਿਣਨਾ । ਇਹੀ ਪੂਰਬੀ ਹੱਦ ਹੈ ।19ਦੱਖਣੀ ਦਿਸ਼ਾ ਵੱਲ ਦੱਖਣੀ ਹੱਦ ਇਹੀ ਹੈ, ਅਰਥਾਤ ਤਾਮਰ ਤੋਂ ਮਰੀਥੋਥ-ਕਾਦੇਸ਼ ਦੇ ਪਾਣੀ ਤੱਕ ਅਤੇ ਮਿਸਰ ਨਦੀ ਤੋਂ ਹੋ ਕੇ ਵੱਡੇ ਸਾਗਰ ਤੱਕ ਦੱਖਣੀ ਦਿਸ਼ਾ ਇਹੀ ਹੈ ।20ਪੱਛਮੀ ਦਿਸ਼ਾ ਵੱਲ ਵੱਡਾ ਸਾਗਰ ਹੋਵੇਗਾ, ਦੱਖਣੀ ਹੱਦ ਤੋਂ ਲੈ ਕੇ ਹਮਾਥ ਦੇ ਦਰਵਾਜ਼ੇ ਤੱਕ । ਇਹੀ ਪੱਛਮੀ ਹੱਦ ਹੈ ।
21ਸੋ ਤੁਸੀਂ ਇਸ ਦੇਸ ਨੂੰ ਇਸਰਾਏਲ ਦੇ ਗੋਤਾਂ ਦੇ ਅਨੁਸਾਰ ਆਪਸ ਵਿੱਚ ਵੰਡ ਲੈਣਾ ।22ਅਜਿਹਾ ਹੋਵੇਗਾ ਕਿ ਤੁਸੀਂ ਆਪਣੇ ਅਤੇ ਉਹਨਾਂ ਓਪਰਿਆਂ ਦੇ ਵਿਚਕਾਰ ਜਿਹੜੇ ਤੁਹਾਡੇ ਨਾਲ ਵੱਸਦੇ ਹਨ ਅਤੇ ਜਿਹਨਾਂ ਦੀ ਅੰਸ ਤੁਹਾਡੇ ਵਿਚਕਾਰ ਜੰਮੇਗੀ, ਦੇਸ ਵੰਡਣ ਲਈ ਪਰਚੀਆਂ ਪਾਵੋਗੇ ਅਤੇ ਉਹ ਤੁਹਾਡੇ ਲਈ ਦੇਸੀ ਇਸਰਾਏਲੀਆਂ ਵਾਂਗੂੰ ਹੋਣਗੇ । ਉਹ ਤੁਹਾਡੇ ਨਾਲ ਇਸਰਾਏਲ ਦੇ ਗੋਤਾਂ ਦੇ ਵਿੱਚ ਮਿਰਾਸ ਪ੍ਰਾਪਤ ਕਰਨਗੇ ।23ਅਜਿਹਾ ਹੋਵੇਗਾ ਕਿ ਜਿਸ ਗੋਤ ਵਿੱਚ ਕੋਈ ਓਪਰਾ ਵੱਸਦਾ ਹੋਵੇਗਾ, ਉਸੇ ਵਿੱਚ ਤੁਸੀਂ ਉਹ ਨੂੰ ਮਿਰਾਸ ਦਿਓਗੇ, ਪ੍ਰਭੂ ਯਹੋਵਾਹ ਦਾ ਵਾਕ ਹੈ ।

48
ਗੋਤਾਂ ਦੇ ਵਿੱਚ ਭੂਮੀ ਦੀ ਵੰਡ

1ਗੋਤਾਂ ਦੇ ਨਾਮ ਇਹ ਹਨ - ਐਨ ਉੱਤਰ ਵਿੱਚ ਹਥਲੋਨ ਦੇ ਰਸਤੇ ਦੇ ਨਾਲ-ਨਾਲ ਹਮਾਥ ਦੇ ਦਰਵਾਜ਼ੇ ਤੱਕ, ਹਸਰ-ਏਨਾਨ ਤੱਕ ਜਿਹੜਾ ਦੰਮਿਸਕ ਦੀ ਉਤਰੀ ਹੱਦ ਤੇ ਹਮਾਥ ਦੇ ਕੋਲ ਹੈ । ਪੂਰਬ ਤੋਂ ਪੱਛਮ ਤੱਕ ਦਾਨ ਦੇ ਲਈ ਇੱਕ ਭਾਗ ।2ਦਾਨ ਦੀ ਹੱਦ ਦੇ ਨਾਲ ਲੱਗਦੀ ਪੂਰਬੀ ਹੱਦ ਤੋਂ ਪੱਛਮੀ ਹੱਦ ਤੱਕ ਆਸ਼ੇਰ ਦੇ ਲਈ ਇੱਕ ਭਾਗ ।3ਆਸ਼ੇਰ ਦੀ ਹੱਦ ਦੇ ਨਾਲ ਲੱਗਦੀ ਪੂਰਬੀ ਹੱਦ ਤੋਂ ਪੱਛਮੀ ਹੱਦ ਤੱਕ ਨਫਤਾਲੀ ਦੇ ਲਈ ਇੱਕ ਭਾਗ ।

4ਨਫਤਾਲੀ ਦੀ ਹੱਦ ਦੇ ਨਾਲ ਲੱਗਦੀ ਪੂਰਬੀ ਹੱਦ ਤੋਂ ਪੱਛਮੀ ਹੱਦ ਤੱਕ ਮਨੱਸ਼ਹ ਦੇ ਲਈ ਇੱਕ ਭਾਗ ।5ਮਨੱਸ਼ਹ ਦੀ ਹੱਦ ਦੇ ਨਾਲ ਲੱਗਦੀ ਪੂਰਬੀ ਹੱਦ ਤੋਂ ਪੱਛਮੀ ਹੱਦ ਤੱਕ ਅਫਰਾਈਮ ਦੇ ਲਈ ਇੱਕ ਭਾਗ ।6ਅਫਰਾਈਮ ਦੀ ਹੱਦ ਦੇ ਨਾਲ ਲੱਗਦੀ ਪੂਰਬੀ ਹੱਦ ਤੋਂ ਪੱਛਮੀ ਹੱਦ ਤੱਕ ਰਊਬੇਨ ਦੇ ਲਈ ਇੱਕ ਭਾਗ ।7ਰਊਬੇਨ ਦੀ ਹੱਦ ਦੇ ਨਾਲ ਲੱਗਦੀ ਪੂਰਬੀ ਹੱਦ ਤੋਂ ਪੱਛਮੀ ਹੱਦ ਤੱਕ ਯਹੂਦਾਹ ਦੇ ਲਈ ਇੱਕ ਭਾਗ ।
ਦੇਸ ਦੇ ਵਿਚਕਾਰ ਭੂਮੀ ਦਾ ਵਿਸ਼ੇਸ ਭਾਗ

8ਯਹੂਦਾਹ ਦੀ ਹੱਦ ਦੇ ਨਾਲ ਲੱਗਦੀ ਪੂਰਬੀ ਹੱਦ ਤੋਂ ਪੱਛਮੀ ਹੱਦ ਤੱਕ ਭੇਟਾਂ ਦਾ ਭਾਗ ਹੋਵੇਗਾ । ਉਹ ਦੀ ਚੌੜਾਈ ਪੱਚੀ ਹਜ਼ਾਰ ਅਤੇ ਲੰਮਾਈ ਰਹਿੰਦੇ ਭਾਗਾਂ ਵਿੱਚੋਂ ਇੱਕ ਦੇ ਬਰਾਬਰ ਪੂਰਬੀ ਹੱਦ ਤੋਂ ਪੱਛਮੀ ਹੱਦ ਤੱਕ ਅਤੇ ਪਵਿੱਤਰ ਸਥਾਨ ਉਹ ਦੇ ਵਿਚਕਾਰ ਹੋਵੇਗਾ ।9ਭੇਟਾਂ ਦਾ ਭਾਗ ਜਿਹੜਾ ਤੁਸੀਂ ਯਹੋਵਾਹ ਦੇ ਲਈ ਛੱਡੋਗੇ, ਪੱਚੀ ਹਜ਼ਾਰ ਲੰਮਾ ਅਤੇ ਦਸ ਹਜ਼ਾਰ ਚੌੜਾ ਹੋਵੇਗਾ ।
10ਇਹ ਪਵਿੱਤਰ ਭੇਟਾਂ ਦਾ ਭਾਗ ਉਹਨਾਂ ਦੇ ਲਈ, ਹਾਂ, ਜਾਜਕਾਂ ਦੇ ਲਈ ਹੋਵੇਗਾ । ਉਤਰ ਵੱਲ ਉਹ ਦੀ ਲੰਮਾਈ ਪੱਚੀ ਹਜ਼ਾਰ ਹੋਵੇਗੀ ਅਤੇ ਦਸ ਹਜ਼ਾਰ ਉਹ ਦੀ ਚੌੜਾਈ ਪੱਛਮ ਦੀ ਵੱਲ ਅਤੇ ਦਸ ਹਜ਼ਾਰ ਉਹ ਦੀ ਚੌੜਾਈ ਪੂਰਬ ਦੀ ਵੱਲ ਅਤੇ ਪੱਚੀ ਹਜ਼ਾਰ ਉਹ ਦੀ ਲੰਮਾਈ ਦੱਖਣ ਦੀ ਵੱਲ, ਅਤੇ ਯਹੋਵਾਹ ਦਾ ਪਵਿੱਤਰ ਸਥਾਨ ਉਹ ਦੇ ਵਿਚਕਾਰ ਹੋਵੇਗਾ ।11ਇਹ ਉਹਨਾਂ ਜਾਜਕਾਂ ਦੇ ਲਈ ਹੋਵੇਗਾ ਜਿਹੜੇ ਸਦੋਕ ਦੇ ਪੁੱਤਰਾਂ ਵਿੱਚੋਂ ਪਵਿੱਤਰ ਕੀਤੇ ਗਏ ਹਨ, ਜਿਹਨਾਂ ਨੇ ਮੇਰੇ ਫਰਜ਼ ਦੀ ਸੰਭਾਲ ਕੀਤੀ ਅਤੇ ਬੇਮੁੱਖ ਨਾ ਹੋਏ, ਜਦੋਂ ਇਸਰਾਏਲੀ ਬੇਮੁੱਖ ਹੋ ਗਏ, ਜਿਹਾ ਕਿ ਲੇਵੀ ਬੇਮੁੱਖ ਹੋ ਗਏ ।12ਦੇਸ ਦੀ ਭੇਟਾਂ ਵਿੱਚੋਂ ਲੇਵੀ ਦੇ ਭਾਗ ਦੀ ਹੱਦ ਕੋਲ ਇਹ ਉਹਨਾਂ ਦੇ ਲਈ ਭੇਟਾਂ ਹੋਵੇਗੀ, ਜਿਹੜੀ ਅੱਤ ਪਵਿੱਤਰ ਹੋਵੇਗੀ ।
13ਜਾਜਕਾਂ ਦੀ ਹੱਦ ਦੇ ਸਾਹਮਣੇ ਲੇਵੀ ਦੇ ਲਈ ਇੱਕ ਭਾਗ ਹੋਵੇਗਾ, ਪੱਚੀ ਹਜ਼ਾਰ ਲੰਮਾ ਅਤੇ ਦਸ ਹਜ਼ਾਰ ਚੌੜਾ । ਉਹ ਦੀ ਸਾਰੀ ਲੰਮਾਈ ਪੱਚੀ ਹਜ਼ਾਰ ਅਤੇ ਚੌੜਾਈ ਦਸ ਹਜ਼ਾਰ ਹੋਵੇਗੀ ।14ਉਹ ਉਸ ਵਿੱਚੋਂ ਨਾ ਵੇਚਣ, ਨਾ ਕਿਸੇ ਨਾਲ ਬਦਲਣ, ਅਤੇ ਨਾ ਦੇਸ ਦਾ ਪਹਿਲਾ ਫਲ ਆਪਣੇ ਕੋਲੋਂ ਜਾਣ ਦੇਣ, ਕਿਉਂ ਜੋ ਉਹ ਯਹੋਵਾਹ ਲਈ ਪਵਿੱਤਰ ਹੈ ।
15ਉਹ ਪੰਜ ਹਜ਼ਾਰ ਦੀ ਚੌੜਾਈ ਦਾ ਬਾਕੀ ਭਾਗ ਉਸ ਪੱਚੀ ਹਜ਼ਾਰ ਦੇ ਸਾਹਮਣੇ ਸ਼ਹਿਰ ਅਤੇ ਉਹ ਦੇ ਆਲੇ-ਦੁਆਲੇ ਦੇ ਲਈ ਸ਼ਾਮਲਾਤ ਹੋਵੇਗੀ ਅਤੇ ਸ਼ਹਿਰ ਉਹ ਦੇ ਵਿਚਕਾਰ ਹੋਵੇਗਾ ।16ਉਹ ਦੀ ਮਿਣਤੀ ਇਹ ਹੋਵੇਗੀ - ਉਤਰ ਵੱਲ ਚਾਰ ਹਜ਼ਾਰ ਪੰਜ ਸੌ, ਦੱਖਣ ਵੱਲ ਚਾਰ ਹਜ਼ਾਰ ਪੰਜ ਸੌ, ਤੇ ਪੂਰਬ ਵੱਲ ਚਾਰ ਹਜ਼ਾਰ ਪੰਜ ਸੌ ਅਤੇ ਪੱਛਮ ਵੱਲ ਚਾਰ ਹਜ਼ਾਰ ਪੰਜ ਸੌ ਹੱਥ ।
17ਸ਼ਹਿਰ ਦੀ ਸ਼ਾਮਲਾਤ ਉਤਰ ਵੱਲ ਦੋ ਸੌ ਪੰਜਾਹ, ਦੱਖਣ ਵੱਲ ਦੋ ਸੌ ਪੰਜਾਹ, ਪੂਰਬ ਵੱਲ ਦੋ ਸੌ ਪੰਜਾਹ ਅਤੇ ਪੱਛਮ ਵੱਲ ਦੋ ਸੌ ਪੰਜਾਹ ਹੱਥ ।18ਪਵਿੱਤਰ ਭੇਟਾਂ ਦੇ ਸਾਹਮਣੇ ਰਹਿੰਦੀ ਲੰਮਾਈ ਪੂਰਬ ਵੱਲ ਦਸ ਹਜ਼ਾਰ ਅਤੇ ਪੱਛਮ ਵੱਲ ਦਸ ਹਜ਼ਾਰ ਉਹ ਪਵਿੱਤਰ ਭੇਟਾਂ ਦੇ ਸਾਹਮਣੇ ਹੋਵੇਗੀ ਅਤੇ ਉਹ ਦਾ ਹਾਸਲ ਉਹਨਾਂ ਦੇ ਖਾਣ-ਪੀਣ ਲਈ ਹੋਵੇਗਾ, ਜਿਹੜੇ ਸ਼ਹਿਰ ਵਿੱਚ ਕੰਮ ਕਰਦੇ ਹਨ ।
19ਸ਼ਹਿਰ ਵਿੱਚ ਕੰਮ ਕਰਨ ਵਾਲੇ ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ ਉਸ ਦੀ ਸੇਵਾ ਕਰਨਗੇ ।20ਭੇਟਾਂ ਦੇ ਸਾਰੇ ਭਾਗ ਦੀ ਲੰਮਾਈ ਪੱਚੀ ਹਜ਼ਾਰ ਅਤੇ ਚੌੜਾਈ ਪੱਚੀ ਹਜ਼ਾਰ ਹੋਵੇਗੀ, ਤੁਸੀਂ ਪਵਿੱਤਰ ਭੇਟਾਂ ਦੇ ਭਾਗ ਨੂੰ ਵਰਗਾਕਾਰ ਦੀ ਸ਼ਕਲ ਵਿੱਚ ਸ਼ਹਿਰ ਦੀ ਮਿਰਾਸ ਦੇ ਨਾਲ ਛੱਡੋਗੇ ।
21ਰਹਿੰਦਾ ਜਿਹੜਾ ਪਵਿੱਤਰ ਭੇਟਾਂ ਦਾ ਭਾਗ ਅਤੇ ਸ਼ਹਿਰ ਦੀ ਮਿਰਾਸ ਦੇ ਦੋਵੇਂ ਪਾਸੇ ਰਾਜਕੁਮਾਰ ਲਈ ਹੋਣਗੇ ਅਤੇ ਜਿਹੜਾ ਭੇਟਾਂ ਦੇ ਭਾਗ ਦੇ ਪੱਚੀ ਹਜ਼ਾਰ ਦੇ ਸਾਹਮਣੇ ਪੂਰਬ ਵੱਲ ਅਤੇ ਪੱਚੀ ਹਜ਼ਾਰ ਦੇ ਸਾਹਮਣੇ ਪੱਛਮ ਵੱਲ ਰਾਜਕੁਮਾਰ ਦੇ ਭਾਗਾਂ ਦੇ ਸਾਹਮਣੇ ਹੈ, ਉਹ ਰਾਜਕੁਮਾਰ ਦੇ ਲਈ ਹੋਵੇਗਾ ਅਤੇ ਪਵਿੱਤਰ ਭੇਟਾਂ ਦਾ ਭਾਗ ਅਤੇ ਪਵਿੱਤਰ ਸਥਾਨ ਅਤੇ ਭਵਨ ਉਹ ਦੇ ਵਿਚਕਾਰ ਹੋਵੇਗਾ ।22ਲੇਵੀ ਦੀ ਮਿਰਾਸ ਵਿੱਚੋਂ ਅਤੇ ਸ਼ਹਿਰ ਦੀ ਮਿਰਾਸ ਵਿੱਚੋਂ ਜਿਹੜੀ ਰਾਜਕੁਮਾਰ ਦੀ ਮਿਰਾਸ ਦੇ ਵਿਚਕਾਰ ਹੈ, ਯਹੂਦਾਹ ਦੀ ਹੱਦ ਅਤੇ ਬਿਨਯਾਮੀਨ ਦੀ ਹੱਦ ਦੇ ਵਿਚਾਲੇ, ਰਾਜਕੁਮਾਰ ਦੇ ਲਈ ਹੋਵੇਗੀ ।
ਹੋਰ ਗੋਤਾਂ ਦੇ ਭਾਗ

23ਬਾਕੀ ਗੋਤਾਂ ਦੇ ਲਈ ਅਜਿਹਾ ਹੋਵੇਗਾ ਕਿ ਪੂਰਬੀ ਹੱਦ ਤੋਂ ਪੱਛਮੀ ਹੱਦ ਤੱਕ ਬਿਨਯਾਮੀਨ ਦੇ ਲਈ ਇੱਕ ਭਾਗ ਹੋਵੇਗਾ ।24ਬਿਨਯਾਮੀਨ ਦੀ ਹੱਦ ਦੇ ਨਾਲ ਲੱਗਵੀਂ ਪੂਰਬੀ ਹੱਦ ਤੋਂ ਪੱਛਮੀ ਹੱਦ ਤੱਕ ਸ਼ਿਮਓਨ ਦੇ ਲਈ ਇੱਕ ਭਾਗ ਹੋਵੇਗਾ ।25ਸ਼ਿਮਓਨ ਦੀ ਹੱਦ ਦੇ ਨਾਲ ਲੱਗਵੀਂ ਪੂਰਬੀ ਹੱਦ ਤੋਂ ਪੱਛਮੀ ਹੱਦ ਤੱਕ ਯਿੱਸਾਕਾਰ ਦੇ ਲਈ ਇੱਕ ਭਾਗ ਹੋਵੇਗਾ ।26ਯਿੱਸਾਕਾਰ ਦੀ ਹੱਦ ਦੇ ਨਾਲ ਲੱਗਵੀਂ ਪੂਰਬੀ ਹੱਦ ਤੋਂ ਪੱਛਮੀ ਹੱਦ ਤੱਕ ਜ਼ਬੂਲੁਨ ਦੇ ਲਈ ਇੱਕ ਭਾਗ ਹੋਵੇਗਾ ।
27ਜ਼ਬੂਲੁਨ ਦੀ ਹੱਦ ਦੇ ਨਾਲ ਲੱਗਵੀਂ ਪੂਰਬੀ ਹੱਦ ਤੋਂ ਪੱਛਮੀ ਹੱਦ ਤੱਕ ਗਾਦ ਦੇ ਲਈ ਇੱਕ ਭਾਗ ਹੋਵੇਗਾ ।28ਗਾਦ ਦੀ ਹੱਦ ਦੇ ਨਾਲ ਲੱਗਵੀਂ ਦੱਖਣ ਵੱਲ ਦੱਖਣੀ ਕੰਢੇ ਦੀ ਹੱਦ ਤਾਮਾਰ ਤੋਂ ਲੈ ਕੇ ਮਰੀਬੋਥ- ਕਾਦੇਸ਼ ਦੇ ਪਾਣੀ ਤੋਂ ਮਿਸਰ ਦੀ ਨਦੀ ਤੋਂ ਹੋ ਕੇ ਵੱਡੇ ਸਾਗਰ ਤੱਕ ਹੋਵੇਗੀ ।29ਇਹ ਉਹ ਦੇਸ ਹੈ ਜਿਹ ਨੂੰ ਤੁਸੀਂ ਮਿਰਾਸ ਦੇ ਲਈ ਪਰਚੀਆਂ ਪਾ ਕੇ ਇਸਰਾਏਲ ਦੇ ਗੋਤਾਂ ਦੇ ਵਿੱਚ ਵੰਡੋਗੇ ਅਤੇ ਇਹ ਉਹਨਾਂ ਦੇ ਭਾਗ ਹਨ, ਪ੍ਰਭੂ ਯਹੋਵਾਹ ਦਾ ਵਾਕ ਹੈ ।
ਨਗਰ ਦੇ ਦਰਵਾਜ਼ੇ

30ਸ਼ਹਿਰ ਤੋਂ ਬਾਹਰ ਜਾਣ ਵਾਲੇ ਰਾਹ ਇਹ ਹਨ - ਉਤਰ ਵੱਲ ਮਿਣਤੀ ਚਾਰ ਹਜ਼ਾਰ ਪੰਜ ਸੌ31ਅਤੇ ਸ਼ਹਿਰ ਦੇ ਫਾਟਕਾਂ ਦੇ ਨਾਮ ਇਸਰਾਏਲ ਗੋਤਾਂ ਦੇ ਨਾਵਾਂ ਤੇ ਰੱਖੇ ਜਾਣਗੇ । ਤਿੰਨ ਫਾਟਕ ਉੱਤਰ ਵੱਲ - ਇੱਕ ਫਾਟਕ ਰਊਬੇਨ ਦਾ, ਇੱਕ ਫਾਟਕ ਯਹੂਦਾਹ ਦਾ, ਇੱਕ ਫਾਟਕ ਲੇਵੀ ਦਾ ਹੋਵੇਗਾ ।32ਪੂਰਬ ਵੱਲ ਦੀ ਮਿਣਤੀ ਚਾਰ ਹਜ਼ਾਰ ਪੰਜ ਸੌ ਅਤੇ ਤਿੰਨ ਫਾਟਕ - ਇੱਕ ਫਾਟਕ ਯੂਸੁਫ਼ ਦਾ, ਇੱਕ ਫਾਟਕ ਬਿਨਯਾਮੀਨ ਦਾ, ਇੱਕ ਫਾਟਕ ਦਾਨ ਦਾ ਹੋਵੇਗਾ ।
33ਦੱਖਣ ਵੱਲ ਦੀ ਮਿਣਤੀ ਚਾਰ ਹਜ਼ਾਰ ਪੰਜ ਸੌ ਅਤੇ ਤਿੰਨ ਫਾਟਕ - ਇੱਕ ਫਾਟਕ ਸ਼ਿਮਓਨ ਦਾ, ਇੱਕ ਫਾਟਕ ਯਿੱਸਾਕਾਰ ਦਾ, ਅਤੇ ਇੱਕ ਫਾਟਕ ਜ਼ਬੂਲੁਨ ਦਾ ਹੋਵੇਗਾ ।34ਪੱਛਮ ਵੱਲ ਦੀ ਮਿਣਤੀ ਚਾਰ ਹਜ਼ਾਰ ਪੰਜ ਸੌ ਅਤੇ ਤਿੰਨ ਫਾਟਕ - ਇੱਕ ਫਾਟਕ ਗਾਦ ਦਾ, ਇੱਕ ਫਾਟਕ ਆਸ਼ੇਰ ਦਾ, ਇੱਕ ਫਾਟਕ ਨਫਤਾਲੀ ਦਾ ਹੋਵੇਗਾ ।35ਉਹ ਦਾ ਘੇਰਾ ਅਠਾਰਾਂ ਹਜ਼ਾਰ ਅਤੇ ਸ਼ਹਿਰ ਦਾ ਨਾਮ ਉਸੇ ਦਿਨ ਤੋਂ ਇਹ ਹੋਵੇਗਾ ਕਿ "ਯਹੋਵਾਹ ਉੱਥੇ ਹੈ" ।

ਦਾਨੀਏਲ

1
ਦਾਨੀਏਲ ਅਤੇ ਉਸ ਦੇ ਮਿੱਤਰ
(1:1 – 6:28)
ਨਬੂਕਦਨੱਸਰ ਦੀ ਰਾਜ ਸਭਾ ਵਿੱਚ ਚਾਰ ਜਵਾਨ

1ਯਹੂਦਾਹ ਦੇ ਰਾਜਾ ਯਹੋਯਾਕੀਮ ਦੇ ਰਾਜ ਕਾਲ ਦੇ ਤੀਜੇ ਸਾਲ ਵਿੱਚ, ਬਾਬਲ ਦੇ ਰਾਜਾ ਨਬੂਕਦਨੱਸਰ ਨੇ ਯਰੂਸ਼ਲਮ ਉੱਤੇ ਚੜ੍ਹਾਈ ਕਰ ਕੇ, ਉਸ ਨੂੰ ਘੇਰ ਲਿਆ ।2ਤਦ ਪਰਮੇਸ਼ੁਰ ਨੇ ਯਹੂਦਾਹ ਦੇ ਰਾਜਾ ਯਹੋਯਾਕੀਮ ਨੂੰ ਅਤੇ ਪਰਮੇਸ਼ੁਰ ਦੇ ਘਰ ਦੇ ਕੁਝ ਭਾਂਡਿਆਂ ਨੂੰ ਉਹ ਦੇ ਅਧਿਕਾਰ ਵਿੱਚ ਕਰ ਦਿੱਤਾ । ਉਹ ਉਹਨਾਂ ਨੂੰ ਸ਼ਿਨਆਰ ਦੀ ਧਰਤੀ ਵਿੱਚ ਆਪਣੇ ਦੇਵਤੇ ਦੇ ਘਰ ਵਿੱਚ ਲੈ ਗਿਆ ਅਤੇ ਉਹਨਾਂ ਭਾਂਡਿਆਂ ਨੂੰ ਆਪਣੇ ਦੇਵਤਿਆਂ ਦੇ ਭੰਡਾਰ ਵਿੱਚ ਰੱਖ ਦਿੱਤਾ ।

3ਰਾਜੇ ਨੇ ਖੁਸਰਿਆਂ ਦੇ ਪ੍ਰਧਾਨ ਅਸਪਨਜ਼ ਨੂੰ ਆਗਿਆ ਦਿੱਤੀ ਕਿ ਉਹ ਇਸਰਾਏਲੀਆਂ ਵਿੱਚੋਂ, ਰਾਜੇ ਦੀ ਅੰਸ ਵਿੱਚੋਂ ਅਤੇ ਕੁਲੀਨਾਂ ਵਿੱਚੋਂ ਲੋਕਾਂ ਨੂੰ ਚੁਣ ਕੇ ਪੇਸ਼ ਕਰੇ ।4ਉਹ ਨੌਜਵਾਨ ਬੇਦੋਸ਼, ਰੂਪਵੰਤ ਅਤੇ ਸਾਰੀ ਬੁੱਧ ਵਿੱਚ ਹੁਸ਼ਿਆਰ, ਗਿਆਨਵੰਤ ਤੇ ਵਿਦਵਾਨ ਹੋਣ, ਜਿਹਨਾਂ ਦੇ ਵਿੱਚ ਇਹ ਕਾਬਲੀਅਤ ਹੋਵੇ ਜੋ ਉਹ ਸ਼ਾਹੀ ਮਹਿਲ ਵਿੱਚ ਸੇਵਾਦਾਰ ਹੋਣ । ਅਸਪਨਜ਼ ਉਹਨਾਂ ਨੂੰ ਕਸਦੀਆਂ ਦੀ ਵਿੱਦਿਆ ਅਤੇ ਉਹਨਾਂ ਦੀ ਬੋਲੀ ਸਿਖਾਏ ।5ਰਾਜੇ ਨੇ ਉਹਨਾਂ ਦੇ ਲਈ ਆਪਣੇ ਸੁਆਦਲੇ ਭੋਜਨ ਵਿੱਚੋਂ ਅਤੇ ਆਪਣੇ ਪੀਣ ਦੀ ਸ਼ਰਾਬ ਵਿੱਚੋਂ ਰੋਜ਼ਾਨਾ ਦਾ ਹਿੱਸਾ ਠਹਿਰਾਇਆ ਕਿ ਤਿੰਨਾਂ ਸਾਲਾਂ ਤੱਕ ਉਹਨਾਂ ਦਾ ਪਾਲਣ ਪੋਸ਼ਣ ਹੋਵੇ, ਤਾਂ ਜੋ ਅਖੀਰ ਨੂੰ ਉਹ ਰਾਜੇ ਦੇ ਸਨਮੁੱਖ ਪੇਸ਼ ਕੀਤੇ ਜਾਣ ।
6ਉਹਨਾਂ ਵਿੱਚ ਯਹੂਦਾਹ ਦੇ ਵੰਸ ਵਿੱਚੋਂ ਦਾਨੀਏਲ, ਹਨਨਯਾਹ, ਮੀਸ਼ਾਏਲ ਅਤੇ ਅਜ਼ਰਯਾਹ ਸਨ ।7ਖੁਸਰਿਆਂ ਦੇ ਪ੍ਰਧਾਨ ਨੇ ਉਹਨਾਂ ਦੇ ਇਹ ਨਾਮ ਰੱਖੇ ਅਰਥਾਤ ਦਾਨੀਏਲ ਨੂੰ ਬੇਲਟਸ਼ੱਸਰ, ਹਨਨਯਾਹ ਨੂੰ ਸ਼ਦਰਕ, ਮੀਸ਼ਾਏਲ ਨੂੰ ਮੇਸ਼ਕ ਅਤੇ ਅਜ਼ਰਯਾਹ ਨੂੰ ਅਬੇਦਨਗੋ ਆਖਿਆ ।
8ਪਰ ਦਾਨੀਏਲ ਨੇ ਆਪਣੇ ਮਨ ਵਿੱਚ ਇਹ ਫ਼ੈਸਲਾ ਕੀਤਾ ਕਿ ਉਹ ਆਪਣੇ ਆਪ ਨੂੰ ਰਾਜੇ ਦੇ ਸੁਆਦਲੇ ਭੋਜਨ ਅਤੇ ਉਹ ਦੀ ਸ਼ਰਾਬ ਪੀ ਕੇ ਅਸ਼ੁੱਧ ਨਹੀਂ ਕਰੇਗਾ । ਇਸ ਲਈ ਉਸ ਨੇ ਖੁਸਰਿਆਂ ਦੇ ਪ੍ਰਧਾਨ ਦੇ ਅੱਗੇ ਬੇਨਤੀ ਕੀਤੀ ਜੋ ਉਹ ਨੂੰ ਆਪਣੇ ਆਪ ਨੂੰ ਅਸ਼ੁੱਧ ਕਰਨ ਤੋਂ ਮੁਆਫ਼ ਕੀਤਾ ਜਾਵੇ ।9ਪਰਮੇਸ਼ੁਰ ਨੇ ਅਜਿਹਾ ਕੀਤਾ ਕਿ ਖੁਸਰਿਆਂ ਦੇ ਪ੍ਰਧਾਨ ਦੀ ਕਿਰਪਾ ਤੇ ਪ੍ਰੇਮ ਦੀ ਨਿਗਾਹ ਦਾਨੀਏਲ ਉੱਤੇ ਹੋਈ ।10ਖੁਸਰਿਆਂ ਦੇ ਸਰਦਾਰ ਨੇ ਦਾਨੀਏਲ ਨੂੰ ਆਖਿਆ, ਮੈਂ ਆਪਣੇ ਸੁਆਮੀ ਰਾਜਾ ਤੋਂ ਡਰਦਾ ਹਾਂ ਜਿਸ ਨੇ ਤੁਹਾਡੇ ਖਾਣੇ ਪੀਣੇ ਨੂੰ ਠਹਿਰਾਇਆ ਕਿਤੇ ਅਜਿਹਾ ਨਾ ਹੋਵੇ ਕਿ ਉਹ ਤੇਰੇ ਨਾਲ ਦੇ ਜਵਾਨਾਂ ਨਾਲੋਂ ਤੇਰਾ ਮੂੰਹ ਉਦਾਸ ਅਤੇ ਮਾੜਾ ਦੇਖੇ ਅਤੇ ਇਉਂ ਤੁਸੀਂ ਮੇਰਾ ਸਿਰ ਰਾਜੇ ਦੇ ਹਜ਼ੂਰ ਵਿੱਚ ਦੋਸ਼ੀ ਪਾਓ ?
11ਤਦ ਦਾਨੀਏਲ ਨੇ ਦਰੋਗੇ ਨੂੰ, ਜਿਹ ਨੂੰ ਖੁਸਰਿਆਂ ਦੇ ਪ੍ਰਧਾਨ ਨੇ ਦਾਨੀਏਲ, ਹਨਨਯਾਹ, ਮੀਸ਼ਾਏਲ ਤੇ ਅਜ਼ਰਯਾਹ ਤੇ ਨਿਯੁਕਤ ਕੀਤਾ ਸੀ ਆਖਿਆ ।12ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੂੰ ਦਸ ਦਿਨ ਤੱਕ ਆਪਣੇ ਬੰਦਿਆਂ ਨੂੰ ਪਰਖ ਕੇ ਵੇਖ ਅਤੇ ਖਾਣ ਲਈ ਸਾਗ ਪਤ ਤੇ ਪੀਣ ਲਈ ਪਾਣੀ ਹੀ ਸਾਨੂੰ ਦਿੱਤਾ ਜਾਵੇ ।13ਤਦ ਸਾਡੇ ਮੂੰਹ ਅਤੇ ਉਹਨਾਂ ਜੁਆਨਾਂ ਦੇ ਮੂੰਹ, ਜਿਹੜੇ ਰਾਜੇ ਦਾ ਸੁਆਦਲਾ ਭੋਜਨ ਖਾਂਦੇ ਹਨ ਤੇਰੇ ਸਾਹਮਣੇ ਵੇਖੇ ਜਾਣ, ਫਿਰ ਆਪਣੇ ਬੰਦਿਆਂ ਨਾਲ ਜੋ ਤੂੰ ਠੀਕ ਸਮਝੇਂ ਕਰੀਂ ।
14ਉਸ ਨੇ ਉਹਨਾਂ ਦੀ ਇਹ ਗੱਲ ਮੰਨ ਲਈ ਅਤੇ ਦਸ ਦਿਨ ਤੱਕ ਉਹਨਾਂ ਨੂੰ ਪਰਖਿਆ ।15ਦਸ ਦਿਨਾਂ ਦੇ ਮਗਰੋਂ ਉਹਨਾਂ ਸਾਰਿਆਂ ਜੁਆਨਾਂ ਦੇ ਨਾਲੋਂ ਜਿਹੜੇ ਰਾਜੇ ਦਾ ਸੁਆਦਲਾ ਭੋਜਨ ਖਾਂਦੇ ਸਨ, ਉਹਨਾਂ ਦੇ ਮੂੰਹ ਵਧੇਰੇ ਸੁੰਦਰ ਅਤੇ ਸਰੀਰ ਮੋਟੇ ਦਿੱਸਦੇ ਸਨ ।16ਤਦ ਦਰੋਗੇ ਨੇ ਉਹਨਾਂ ਦਾ ਸੁਆਦਲਾ ਭੋਜਨ ਅਤੇ ਸ਼ਰਾਬ ਜਿਹੜੀ ਉਹਨਾਂ ਦੇ ਪੀਣ ਲਈ ਠਹਿਰਾਈ ਹੋਈ ਸੀ, ਬੰਦ ਕਰ ਦਿੱਤੀ ਅਤੇ ਉਹਨਾਂ ਨੂੰ ਸਾਗ ਪਤ ਹੀ ਖਾਣ ਨੂੰ ਦਿੱਤਾ ।
17ਪਰਮੇਸ਼ੁਰ ਨੇ ਉਹਨਾਂ ਚਾਰ ਜੁਆਨਾਂ ਨੂੰ ਸਭ ਪ੍ਰਕਾਰ ਦੀ ਸ਼ਾਸਤਰ ਅਤੇ ਸਾਰੀ ਵਿੱਦਿਆ ਵਿੱਚ ਬੁੱਧੀ ਅਤੇ ਨਿਪੁੰਨਤਾ ਦਿੱਤੀ ਅਤੇ ਦਾਨੀਏਲ ਵਿੱਚ ਹਰ ਤਰਾਂ ਦੇ ਦਰਸ਼ਣਾਂ ਤੇ ਸੁਫ਼ਨਿਆਂ ਦੀ ਸਮਝ ਸੀ ।18ਜਦ ਉਹ ਦਿਨ ਹੋ ਚੁੱਕੇ ਜਿਹਨਾਂ ਦੇ ਮਗਰੋਂ ਰਾਜੇ ਦੇ ਹੁਕਮ ਅਨੁਸਾਰ ਉਹਨਾਂ ਨੇ ਉਹ ਦੇ ਸਾਹਮਣੇ ਆਉਣਾ ਸੀ, ਤਦ ਖੁਸਰਿਆਂ ਦਾ ਪ੍ਰਧਾਨ ਉਹਨਾਂ ਨੂੰ ਨਬੂਕਦਨੱਸਰ ਦੇ ਦਰਬਾਰ ਲਿਆਇਆ ।
19ਰਾਜੇ ਨੇ ਉਹਨਾਂ ਦੇ ਨਾਲ ਗੱਲਾਂ ਕੀਤੀਆਂ ਅਤੇ ਉਹਨਾਂ ਵਿੱਚੋਂ ਦਾਨੀਏਲ, ਹਨਨਯਾਹ, ਮੀਸ਼ਾਏਲ ਤੇ ਅਜ਼ਰਯਾਹ ਦੇ ਵਾਂਗੂੰ ਕੋਈ ਨਹੀਂ ਸੀ, ਇਸ ਲਈ ਉਹ ਰਾਜੇ ਦੇ ਸਨਮੁੱਖ ਦਰਬਾਰੀ ਹੋਣ ਲਈ ਨਿਯੁਕਤ ਕੀਤਾ ਗਿਆ ।20ਬੁੱਧ ਤੇ ਸਮਝ ਦੇ ਵਿਖੇ ਜੋ ਕੁਝ ਰਾਜਾ ਉਹਨਾਂ ਨੂੰ ਪੁੱਛਦਾ ਸੀ, ਉਸ ਵਿੱਚ ਉਹ ਸਾਰੇ ਜਾਦੂਗਰਾਂ ਅਤੇ ਜੋਤਸ਼ੀਆਂ ਨਾਲੋਂ ਜਿਹੜੇ ਉਹ ਦੇ ਸਾਰੇ ਦੇਸ਼ ਵਿੱਚ ਸਨ, ਦਸ ਗੁਣਾਂ ਨਿਪੁੰਨ ਸਨ ।21ਦਾਨੀਏਲ ਖੋਰਸ ਰਾਜਾ ਦੇ ਪਹਿਲੇ ਸਾਲ ਤੱਕ ਦਰਬਾਰੀ ਰਿਹਾ ।

2
ਨਬੂਕਦਨੱਸਰ ਦਾ ਸੁਫ਼ਨਾ

1ਨਬੂਕਦਨੱਸਰ ਨੇ ਆਪਣੇ ਰਾਜ ਦੇ ਦੂਜੇ ਸਾਲ ਵਿੱਚ ਅਜਿਹੇ ਸੁਫ਼ਨੇ ਵੇਖੇ, ਜਿਸ ਕਾਰਨ ਉਸ ਦੀ ਜਾਨ ਘਬਰਾ ਗਈ ਅਤੇ ਉਹ ਦੀ ਨੀਂਦ ਜਾਂਦੀ ਰਹੀ ।2ਤਦ ਰਾਜੇ ਨੇ ਹੁਕਮ ਦਿੱਤਾ ਕਿ ਜਾਦੂਗਰਾਂ, ਜੋਤਸ਼ੀਆਂ, ਮੰਤਰੀਆਂ ਤੇ ਕਸਦੀਆਂ ਨੂੰ ਸੱਦੋ ਜੋ ਉਹ ਰਾਜੇ ਦਾ ਸੁਫ਼ਨਾ ਉਹ ਨੂੰ ਦੱਸਣ, ਇਸ ਲਈ ਉਹ ਆਏ ਅਤੇ ਰਾਜੇ ਦੇ ਦਰਬਾਰ ਪੇਸ਼ ਹੋਏ ।

3ਤਦ ਰਾਜੇ ਨੇ ਉਹਨਾਂ ਨੂੰ ਆਖਿਆ ਕਿ ਮੈਂ ਇੱਕ ਸੁਫ਼ਨਾ ਵੇਖਿਆ ਹੈ ਪਰ ਮੇਰਾ ਆਤਮਾ ਉਸ ਸੁਫ਼ਨੇ ਨੂੰ ਸਮਝਣ ਦੇ ਲਈ ਘਬਰਾਇਆ ਹੋਇਆ ਹੈ ।4ਅੱਗੋਂ ਕਸਦੀਆਂ ਨੇ ਰਾਜੇ ਦੇ ਅੱਗੇ ਅਰਾਮੀ ਭਾਸ਼ਾ ਵਿੱਚ ਬੇਨਤੀ ਕੀਤੀ, ਭਈ ਹੇ ਰਾਜਾ, ਤੁਸੀਂ ਲੰਮੀ ਉਮਰ ਜੀਉਂਦੇ ਰਹੋ ! ਆਪਣੇ ਬੰਦਿਆਂ ਨੂੰ ਸੁਫ਼ਨਾ ਸੁਣਾਓ ਅਤੇ ਅਸੀਂ ਉਸ ਦਾ ਅਰਥ ਦੱਸਾਂਗੇ ।
5ਰਾਜੇ ਨੇ ਕਸਦੀਆਂ ਨੂੰ ਉੱਤਰ ਦਿੱਤਾ ਕਿ ਗੱਲ ਮੇਰੇ ਮਨ ਵਿਚੋਂ ਜਾਂਦੀ ਰਹੀ ਹੈ । ਜੇ ਤੁਸੀਂ ਸੁਫ਼ਨਾ ਨਾ ਦੱਸੋ ਅਤੇ ਉਹ ਦਾ ਅਰਥ ਨਾ ਸੁਣਾਓ ਤਾਂ ਤੁਸੀਂ ਟੁਕੜੇ ਟੁਕੜੇ ਕੀਤੇ ਜਾਓਗੇ ਅਤੇ ਤੁਹਾਡੇ ਘਰ ਕੂੜੇ ਦੇ ਢੇਰ ਬਣਨਗੇ !6ਪਰ ਜੇ ਸੁਫ਼ਨਾ ਅਤੇ ਉਹਦਾ ਅਰਥ ਦੱਸੋ ਤਾਂ ਮੇਰੇ ਕੋਲੋਂ ਦਾਤਾਂ, ਇਨਾਮ ਤੇ ਬਹੁਤ ਆਦਰ ਪਾਓਗੇ, ਸੋ ਸੁਫ਼ਨਾ ਅਤੇ ਉਹ ਦਾ ਅਰਥ ਮੈਂਨੂੰ ਦੱਸੋ ।
7ਉਹਨਾਂ ਨੇ ਫੇਰ ਦੂਜੀ ਵਾਰੀ ਬੇਨਤੀ ਕਰ ਕੇ ਆਖਿਆ, ਰਾਜਾ ਆਪਣੇ ਬੰਦਿਆਂ ਨੂੰ ਸੁਫ਼ਨਾ ਸੁਣਾਵੇ ਤਾਂ ਅਸੀਂ ਉਹ ਦਾ ਅਰਥ ਦੱਸਾਂਗੇ ।8ਰਾਜੇ ਨੇ ਉੱਤਰ ਦਿੱਤਾ, ਮੈਂ ਯਕੀਨਨ ਜਾਣਦਾ ਹਾਂ ਕਿ ਤੁਸੀਂ ਟਾਲਣਾ ਚਾਹੁੰਦੇ ਹੋ ਕਿਉਂ ਜੋ ਤੁਸੀਂ ਜਾਣਦੇ ਹੋ ਕਿ ਉਹ ਗੱਲ ਮੇਰੇ ਮਨੋਂ ਜਾਂਦੀ ਰਹੀ ਹੈ ।9ਪਰ ਜੇ ਤੁਸੀਂ ਮੈਨੂੰ ਸੁਫ਼ਨਾ ਨਾ ਦੱਸੋਗੇ ਤਾਂ ਤੁਹਾਡੇ ਲਈ ਇੱਕੋ ਹੀ ਹੁਕਮ ਹੈ, ਕਿਉਂ ਜੋ ਤੁਸੀਂ ਝੂਠ ਤੇ ਵਿਗਾੜ ਦੀਆਂ ਗੱਲਾਂ ਬਣਾਈਆਂ ਤਾਂ ਜੋ ਮੇਰੇ ਅੱਗੇ ਸੁਣਾਓ ਕਿ ਸਮਾਂ ਟਲ ਜਾਵੇ । ਸੋ ਸੁਫ਼ਨਾ ਸੁਣਾਓ ਤਦ ਮੈਂ ਜਾਣ ਲਵਾਂਗਾ ਜੋ ਤੁਸੀਂ ਉਹ ਦਾ ਅਰਥ ਵੀ ਦੱਸ ਸਕਦੇ ਹੋ !
10ਕਸਦੀਆਂ ਨੇ ਰਾਜੇ ਨੂੰ ਉੱਤਰ ਦਿੱਤਾ ਕਿ ਧਰਤੀ ਉੱਤੇ ਕੋਈ ਅਜਿਹਾ ਮਨੁੱਖ ਨਹੀਂ ਜਿਹੜਾ ਰਾਜੇ ਦੇ ਮਨ ਦੀ ਗੱਲ ਦੱਸ ਸਕੇ, ਨਾ ਕੋਈ ਅਜਿਹਾ ਰਾਜਾ ਜਾਂ ਸਰਦਾਰ ਜਾਂ ਹਾਕਮ ਅਜਿਹਾ ਹੋਇਆ ਹੈ ਜਿਸ ਨੇ ਕਿਸੇ ਜਾਦੂਗਰ, ਜੋਤਸ਼ੀ ਜਾਂ ਕਸਦੀ ਕੋਲੋਂ ਅਜਿਹੀ ਗੱਲ ਪੁੱਛੀ ਹੋਵੇ !11ਜਿਹੜੀ ਗੱਲ ਰਾਜਾ ਪੁੱਛਦਾ ਹੈ ਬਹੁਤ ਅਨੋਖੀ ਹੈ ਅਤੇ ਦੇਵਤਿਆਂ ਬਿਨਾਂ ਜੋ ਦੇਹਧਾਰੀਆਂ ਨਾਲ ਨਹੀਂ ਵੱਸਦੇ, ਕੋਈ ਰਾਜੇ ਨੂੰ ਦੱਸ ਨਹੀਂ ਸਕਦਾ ।
12ਇਸ ਕਾਰਨ ਰਾਜਾ ਕ੍ਰੋਧਵਾਨ ਹੋ ਕੇ ਅੱਤ ਗਰਮ ਹੋਇਆ ਅਤੇ ਉਹ ਨੇ ਹੁਕਮ ਦਿੱਤਾ ਕਿ ਬਾਬਲ ਦੇ ਸਾਰੇ ਵਿਦਵਾਨਾਂ ਨੂੰ ਨਾਸ਼ ਕਰੋ !13ਇਸ ਲਈ ਇਹ ਹੁਕਮ ਨਿਕਲਿਆ ਅਤੇ ਵਿਦਵਾਨਾਂ ਨੇ ਮਾਰੇ ਜਾਣਾ ਸੀ ਤੇ ਉਹਨਾਂ ਨੇ ਦਾਨੀਏਲ ਤੇ ਉਸ ਦੇ ਸਾਥੀਆਂ ਨੂੰ ਮਾਰੇ ਜਾਣ ਲਈ ਲੱਭਿਆ ।
ਪਰਮੇਸ਼ੁਰ ਦੁਆਰਾ ਦਾਨੀਏਲ ਉੱਤੇ ਅਰਥ ਪਰਗਟ ਕਰਨਾ

14ਤਦ ਦਾਨੀਏਲ ਰਾਜੇ ਦੇ ਜਲਾਦਾਂ ਦੇ ਸਰਦਾਰ ਅਰਯੋਕ ਨੂੰ ਜਿਹੜਾ ਬਾਬਲ ਦੇ ਵਿਦਵਾਨਾਂ ਨੂੰ ਮਾਰਨ ਲਈ ਨਿੱਕਲਿਆ ਸੀ, ਸੋਚ ਵਿਚਾਰ ਅਤੇ ਬੁੱਧ ਨਾਲ ਬੋਲਿਆ ।15ਉਹ ਨੇ ਰਾਜੇ ਦੇ ਸੁਰੱਖਿਆ ਕਰਮੀਆਂ ਦੇ ਸਰਦਾਰ ਅਰਯੋਕ ਨੂੰ ਪੁੱਛਿਆ ਕਿ ਰਾਜੇ ਦੇ ਹੁਕਮ ਵਿੱਚ ਐਨੀ ਕਾਹਲੀ ਕਿਉਂ ਹੁੰਦੀ ਹੈ ? ਤਦ ਅਰਯੋਕ ਨੇ ਦਾਨੀਏਲ ਨੂੰ ਇਸ ਗੱਲ ਦਾ ਭੇਤ ਸੁਣਾਇਆ ।16ਤਦ ਦਾਨੀਏਲ ਨੇ ਅੰਦਰ ਜਾ ਕੇ ਰਾਜੇ ਅੱਗੇ ਬੇਨਤੀ ਕੀਤੀ ਕਿ ਮੈਨੂੰ ਵਕਤ ਦਿਓ ਅਤੇ ਮੈਂ ਰਾਜੇ ਨੂੰ ਅਰਥ ਦੱਸਾਂਗਾ ।
17ਤਦ ਦਾਨੀਏਲ ਨੇ ਘਰ ਜਾ ਕੇ ਹਨਨਯਾਹ, ਮੀਸ਼ਾਏਲ ਤੇ ਅਜ਼ਰਯਾਹ ਆਪਣੇ ਸਾਥੀਆਂ ਨੂੰ ਦੱਸਿਆ,18ਤਾਂ ਜੋ ਉਹ ਇਸ ਭੇਤ ਦੇ ਵਿਖੇ ਅਕਾਸ਼ ਦੇ ਪਰਮੇਸ਼ੁਰ ਤੋਂ ਦਯਾ ਮੰਗਣ ਕਿ ਦਾਨੀਏਲ ਤੇ ਉਹ ਦੇ ਸਾਥੀ ਬਾਬਲ ਦੇ ਦੂਜੇ ਵਿਦਵਾਨਾਂ ਦੇ ਨਾਲ ਨਾਸ਼ ਨਾ ਹੋਣ ।
19ਪਰ ਰਾਤ ਨੂੰ ਦਰਸ਼ਣ ਵਿੱਚ ਦਾਨੀਏਲ ਉੱਤੇ ਉਹ ਭੇਤ ਖੁੱਲ੍ਹ ਗਿਆ ਅਤੇ ਉਸ ਨੇ ਅਕਾਸ਼ ਦੇ ਪਰਮੇਸ਼ੁਰ ਦਾ ਧੰਨਵਾਦ ਕੀਤਾ ।20ਦਾਨੀਏਲ ਨੇ ਉੱਤਰ ਦੇ ਕੇ ਆਖਿਆ, ਪਰਮੇਸ਼ੁਰ ਦਾ ਨਾਮ ਸਦਾ ਤੱਕ ਮੁਬਾਰਕ ਹੋਵੇ, ਕਿਉਂ ਜੋ ਬੁੱਧ ਤੇ ਸ਼ਕਤੀ ਉਸ ਦੀ ਹੈ !
21ਉਹੀ ਸਮਿਆਂ ਤੇ ਵੇਲਿਆਂ ਨੂੰ ਬਦਲਦਾ ਹੈ, ਉਹੀ ਰਾਜਿਆਂ ਨੂੰ ਹਟਾਉਂਦਾ ਤੇ ਨਿਯੁਕਤ ਕਰਦਾ ਹੈ, ਉਹੀ ਬੁੱਧਵਾਨਾਂ ਨੂੰ ਬੁੱਧ ਤੇ ਵਿਦਵਾਨਾਂ ਨੂੰ ਗਿਆਨ ਦਿੰਦਾ ਹੈ ।22ਉਹੀ ਡੂੰਘੀਆਂ ਤੇ ਛਿਪੀਆਂ ਹੋਈਆਂ ਗੱਲਾਂ ਨੂੰ ਪਰਗਟ ਕਰਦਾ ਹੈ, ਅਤੇ ਜੋ ਕੁਝ ਅਨ੍ਹੇਰੇ ਵਿੱਚ ਹੈ ਉਹ ਨੂੰ ਜਾਣਦਾ ਹੈ, ਅਤੇ ਚਾਨਣ ਉਸੇ ਦੇ ਨਾਲ ਵੱਸਦਾ ਹੈ ।
23ਮੈਂ ਤੇਰਾ ਸ਼ੁਕਰ ਤੇ ਉਸਤਤ ਕਰਦਾ ਹਾਂ, ਹੇ ਮੇਰੇ ਪਿਉ-ਦਾਦਿਆਂ ਦੇ ਪਰਮੇਸ਼ੁਰ, ਜਿਸ ਨੇ ਮੈਨੂੰ ਬੁੱਧ ਤੇ ਸ਼ਕਤੀ ਦਿੱਤੀ, ਜੋ ਕੁਝ ਅਸੀਂ ਤੇਰੇ ਕੋਲੋਂ ਮੰਗਿਆ ਤੂੰ ਮੇਰੇ ਉੱਤੇ ਪਰਗਟ ਕੀਤਾ, ਕਿਉਂ ਜੋ ਤੂੰ ਰਾਜੇ ਦੀ ਗੱਲ ਸਾਡੇ ਉੱਤੇ ਪਰਗਟ ਕੀਤੀ ਹੈ ।
ਰਾਜੇ ਨੂੰ ਸੁਫ਼ਨਾ ਅਤੇ ਉਸ ਦਾ ਅਰਥ ਦੱਸਿਆ ਜਾਣਾ

24ਤਦ ਦਾਨੀਏਲ ਅਰਯੋਕ ਕੋਲ ਗਿਆ ਜਿਸ ਨੂੰ ਰਾਜੇ ਨੇ ਬਾਬਲ ਦੇ ਵਿਦਵਾਨਾਂ ਦੇ ਨਾਸ ਕਰਨ ਲਈ ਠਹਿਰਾਇਆ ਸੀ ਅਤੇ ਉਹ ਨੂੰ ਇਉਂ ਬੋਲਿਆ ਕਿ ਬਾਬਲ ਦੇ ਵਿਦਵਾਨਾਂ ਨੂੰ ਨਾਸ਼ ਨਾ ਕਰੀਂ । ਮੈਨੂੰ ਰਾਜੇ ਦੇ ਦਰਬਾਰ ਲੈ ਚੱਲ ਅਤੇ ਮੈਂ ਰਾਜੇ ਨੂੰ ਅਰਥ ਦੱਸਾਂਗਾ ।
25ਤਦ ਅਰਯੋਕ ਦਾਨੀਏਲ ਨੂੰ ਛੇਤੀ ਨਾਲ ਰਾਜੇ ਦੇ ਦਰਬਾਰ ਲੈ ਗਿਆ ਤੇ ਬੇਨਤੀ ਕੀਤੀ ਕਿ ਮੈਨੂੰ ਯਹੂਦਾਹ ਦੇ ਗੁਲਾਮਾਂ ਵਿਚੋਂ ਇੱਕ ਮਨੁੱਖ ਮਿਲਿਆ ਹੈ ਜਿਹੜਾ ਰਾਜੇ ਨੂੰ ਸੁਫ਼ਨੇ ਦਾ ਅਰਥ ਦੱਸੂਗਾ ।26ਰਾਜੇ ਨੇ ਦਾਨੀਏਲ ਤੋਂ ਜਿਹ ਦਾ ਨਾਮ ਬੇਲਟਸ਼ੱਸਰ ਸੀ ਪੁੱਛਿਆ, ਕੀ ਤੇਰੇ ਕੋਲ ਇਹ ਗੁਣ ਹੈ ਜੋ ਤੂੰ ਉਸ ਸੁਫ਼ਨੇ ਦਾ ਜੋ ਮੈਂ ਵੇਖਿਆ ਅਤੇ ਉਹ ਦਾ ਅਰਥ ਦੱਸ ਸਕਦਾ ਹੈਂ ?
27ਦਾਨੀਏਲ ਨੇ ਰਾਜੇ ਨੂੰ ਉੱਤਰ ਦੇ ਕੇ ਆਖਿਆ, ਉਹ ਭੇਤ ਜੋ ਰਾਜਾ ਪੁੱਛਦਾ ਹੈ ਨਾ ਤੇ ਗਿਆਨੀ ਨਾ ਜਾਦੂਗਰ ਨਾ ਮੰਤਰੀ ਨਾ ਅਗੰਮ ਜਾਣੀ ਰਾਜੇ ਨੂੰ ਦੱਸ ਸਕਦੇ ਹਨ,28ਪਰ ਅਕਾਸ਼ ਉੱਤੇ ਇੱਕ ਪਰਮੇਸ਼ੁਰ ਹੈ ਜਿਹੜਾ ਭੇਤਾਂ ਦੀਆਂ ਗੱਲਾਂ ਪਰਗਟ ਕਰਦਾ ਹੈ ਅਤੇ ਉਸ ਨੇ ਨਬੂਕਦਨੱਸਰ ਰਾਜੇ ਉੱਤੇ ਪਰਗਟ ਕੀਤਾ ਹੈ ਕਿ ਅੰਤ ਦੇ ਦਿਨਾਂ ਵਿੱਚ ਕੀ ਕੁਝ ਹੋ ਜਾਵੇਗਾ । ਤੁਹਾਡਾ ਸੁਫ਼ਨਾ ਤੇ ਦਰਸ਼ਣ ਜਿਹੜੇ ਤੁਸੀਂ ਆਪਣੇ ਪਲੰਘ ਉੱਤੇ ਵੇਖੇ ਇਹ ਹਨ ।
29ਹੇ ਰਾਜਾ, ਤੁਸੀਂ ਆਪਣੇ ਪਲੰਘ ਉੱਤੇ ਪਏ ਹੋਏ ਖਿਆਲ ਕੀਤਾ ਕਿ ਭਵਿੱਖ ਵਿੱਚ ਕੀ ਹੋਵੇਗਾ ? ਇਸ ਕਾਰਨ ਉਹ ਜਿਹੜਾ ਭੇਤਾਂ ਦਾ ਖੋਲ੍ਹਣ ਵਾਲਾ ਹੈ ਉਹ ਤੁਹਾਡੇ ਉੱਤੇ ਪਰਗਟ ਕਰਦਾ ਹੈ ਕਿ ਕੀ ਕੁਝ ਹੋਵੇਗਾ ।30ਇਸ ਭੇਤ ਦੇ ਮੇਰੇ ਉੱਤੇ ਪਰਗਟ ਹੋਣ ਦਾ ਕਾਰਨ ਇਹ ਨਹੀਂ ਕਿ ਮੇਰੇ ਵਿੱਚ ਕਿਸੇ ਹੋਰ ਜੀਵ ਨਾਲੋਂ ਵਧੇਰੀ ਬੁੱਧ ਹੈ ਸਗੋਂ ਇਹ ਕਿ ਇਸ ਦਾ ਅਰਥ ਮਹਾਰਾਜੇ ਨੂੰ ਦੱਸਿਆ ਜਾਵੇ ਅਤੇ ਤੁਸੀਂ ਆਪਣੇ ਦਿਲ ਦੇ ਖਿਆਲ ਪਛਾਣੋ ।
31ਹੇ ਰਾਜਾ, ਜਦ ਤੁਸੀਂ ਨਿਗਾਹ ਕੀਤੀ ਤਾਂ ਕੀ ਵੇਖਿਆ ਇੱਕ ਵੱਡੀ ਮੂਰਤੀ ਦਿਖਾਈ ਦਿੱਤੀ । ਉਹ ਮੂਰਤੀ ਜੋ ਤੁਹਾਡੇ ਸਾਹਮਣੇ ਖੜ੍ਹੀ ਸੀ ਉਹ ਬਲਵੰਤ ਸੀ ਜਿਹ ਦੀ ਚਮਕ ਅੱਤ ਉੱਤਮ ਸੀ ਅਤੇ ਉਹ ਦਾ ਰੂਪ ਭਿਆਨਕ ਸੀ ।32ਉਸ ਮੂਰਤੀ ਦਾ ਸਿਰ ਖ਼ਾਲਸ ਸੋਨੇ ਦਾ ਸੀ, ਉਹ ਦੀ ਛਾਤੀ ਤੇ ਉਹ ਦੀਆਂ ਬਾਂਹਾਂ ਚਾਂਦੀ ਦੀਆਂ, ਉਹ ਦਾ ਢਿੱਡ ਤੇ ਉਹ ਦੇ ਪੱਟ ਪਿੱਤਲ ਦੇ,33ਉਹ ਦੀਆਂ ਲੱਤਾਂ ਲੋਹੇ ਦੀਆਂ, ਉਹ ਦੇ ਪੈਰ ਕੁਝ ਲੋਹੇ ਦੇ ਕੁਝ ਮਿੱਟੀ ਦੇ ਸਨ ।
34ਤੁਸੀਂ ਉਹ ਨੂੰ ਵੇਖਦੇ ਰਹੇ ਇਥੋਂ ਤੱਕ ਜੋ ਇੱਕ ਪੱਥਰ ਬਿਨ੍ਹਾਂ ਹੱਥ ਲਾਏ ਵੱਢ ਕੇ ਕੱਢਿਆ ਗਿਆ, ਜਿਸਨੇ ਉਸ ਮੂਰਤ ਨੂੰ ਉਹ ਦੇ ਪੈਰਾਂ ਉੱਤੇ ਜਿਹੜੇ ਲੋਹੇ ਅਤੇ ਮਿੱਟੀ ਦੇ ਸਨ ਮਾਰਿਆ ਅਤੇ ਉਹ ਨੂੰ ਟੋਟੇ-ਟੋਟੇ ਕਰ ਦਿੱਤਾ ।35ਤਦ ਲੋਹਾ, ਮਿੱਟੀ, ਪਿੱਤਲ, ਚਾਂਦੀ ਤੇ ਸੋਨਾ ਸਾਰੇ ਟੋਟੇ-ਟੋਟੇ ਕਰ ਦਿੱਤੇ ਗਏ ਅਤੇ ਗਰਮੀ ਦੀ ਰੁੱਤ ਦੇ ਪਿੜ ਦੀ ਤੂੜੀ ਵਾਂਗੂੰ ਹੋ ਗਏ ਅਤੇ ਹਵਾ ਉਹਨਾਂ ਨੂੰ ਉਡਾ ਲੈ ਗਈ ਇੱਥੋਂ ਤੱਕ ਕਿ ਉਹਨਾਂ ਦੇ ਲਈ ਕੋਈ ਥਾਂ ਨਾ ਰਿਹਾ ਅਤੇ ਉਹੋ ਪੱਥਰ ਜਿਸ ਨੇ ਉਸ ਮੂਰਤੀ ਨੂੰ ਮਾਰਿਆ ਇੱਕ ਵੱਡਾ ਪਹਾੜ ਬਣ ਗਿਆ ਅਤੇ ਸਾਰੀ ਧਰਤੀ ਨੂੰ ਭਰ ਦਿੱਤਾ ।
36ਸੁਫ਼ਨਾ ਇਹੀ ਹੈ ਅਤੇ ਅਸੀਂ ਉਸ ਦਾ ਅਰਥ ਰਾਜੇ ਨੂੰ ਦੱਸਦੇ ਹਾਂ ।37ਹੇ ਰਾਜਾ, ਤੁਸੀਂ ਰਾਜਿਆਂ ਦੇ ਮਹਾਰਾਜੇ ਹੋ ਜਿਹ ਨੂੰ ਅਕਾਸ਼ ਦੇ ਪਰਮੇਸ਼ੁਰ ਨੇ ਰਾਜ, ਸ਼ਕਤੀ, ਬਲ ਤੇ ਪਰਤਾਪ ਦਿੱਤਾ ਹੈ ।38ਜਿੱਥੇ ਕਿਤੇ ਮਨੁੱਖ ਦੀ ਵੰਸ ਵੱਸਦੀ ਹੈ ਉਸ ਨੇ ਖੇਤ ਦੇ ਜਾਨਵਰ ਅਤੇ ਅਕਾਸ਼ ਦੇ ਪੰਛੀ ਤੁਹਾਡੇ ਹੱਥ ਵਿੱਚ ਕਰ ਕੇ ਤੁਹਾਨੂੰ ਉਨਾਂ ਸਭਨਾਂ ਦਾ ਅਧਿਕਾਰੀ ਬਣਾਇਆ ਹੈ । ਉਹੀ ਸੋਨੇ ਦਾ ਸਿਰ ਤੁਸੀਂ ਹੋ ।
39ਤੁਹਾਡੇ ਪਿੱਛੋਂ ਇੱਕ ਹੋਰ ਰਾਜ ਉੱਠ ਖੜਾ ਹੋਵੇਗਾ ਜਿਹੜਾ ਤੁਹਾਥੋਂ ਛੋਟਾ ਹੋਵੇਗਾ ਅਤੇ ਫਿਰ ਤੀਜਾ ਰਾਜ ਪਿੱਤਲ ਦਾ ਜਿਹੜਾ ਸਾਰੀ ਧਰਤੀ ਉੱਤੇ ਰਾਜ ਕਰੇਗਾ
40ਅਤੇ ਚੌਥਾ ਰਾਜ ਲੋਹੇ ਵਰਗਾ ਸਖ਼ਤ ਹੋਵੇਗਾ ਅਤੇ ਜਿਵੇਂ ਲੋਹਾ ਤੋੜ ਕੇ ਟੋਟੇ-ਟੋਟੇ ਕਰਦਾ ਤੇ ਸਾਰੀਆਂ ਚੀਜਾਂ ਨੂੰ ਜਿੱਤ ਲੈਂਦਾ ਹੈ, ਹਾਂ, ਜਿਵੇਂ ਲੋਹਾ ਇਹਨਾਂ ਸਭਨਾ ਨੂੰ ਕੁਚਲਦਾ ਤਿਵੇਂ ਉਹ ਤੋੜ ਕੇ ਚੂਰ-ਚੂਰ ਕਰੇਗਾ ਅਤੇ ਕੁਚਲ ਦੇਵੇਗਾ ।
41ਤੁਸੀਂ ਜੋ ਮੂਰਤੀ ਦੇ ਪੈਰ ਤੇ ਉਂਗਲੀਆਂ ਨੂੰ ਦੇਖਿਆ ਜੋ ਕੁਝ ਤਾਂ ਘੁਮਿਆਰਾਂ ਦੀ ਮਿੱਟੀ ਦੀਆਂ ਕੁਝ ਲੋਹੇ ਦੀਆਂ ਸਨ, ਇਸ ਲਈ ਉਸ ਰਾਜ ਵਿੱਚ ਵੰਡ ਪੈ ਜਾਵੇਗੀ ਅਤੇ ਪਰ ਉਸ ਵਿੱਚ ਲੋਹੇ ਦੀ ਤਕੜਾਈ ਹੋਵੇਗੀ, ਜਿਵੇਂ ਤੁਸੀਂ ਘੁਮਿਆਰ ਦੀ ਮਿੱਟੀ ਦੇ ਨਾਲ ਲੋਹਾ ਵੀ ਮਿਲਿਆ ਹੋਇਆ ਦੇਖਿਆ ਸੀ ।42ਜਿਵੇਂ ਪੈਰਾਂ ਦੀਆਂ ਉਂਗਲੀਆਂ ਕੁਝ ਲੋਹੇ ਦੀਆਂ ਤੇ ਕੁਝ ਮਿੱਟੀ ਦੀਆਂ ਸਨ ਉਸੇ ਤਰ੍ਹਾਂ ਰਾਜ ਕੁਝ ਤਕੜਾ ਅਤੇ ਕੁਝ ਕਮਜ਼ੋਰ ਹੋਵੇਗਾ ।43ਜਿਵੇਂ ਤੁਸੀਂ ਵੇਖਿਆ ਕਿ ਲੋਹਾ ਮਿੱਟੀ ਨਾਲ ਮਿਲਿਆ ਹੋਇਆ ਸੀ ਉਸੇ ਤਰ੍ਹਾਂ ਉਹ ਮਨੁੱਖ ਦੀ ਅੰਸ ਨਾਲ ਮਿਲਣਗੇ ਪਰ ਜਿਵੇਂ ਲੋਹਾ ਮਿੱਟੀ ਨਾਲ ਰਲਦਾ ਨਹੀਂ ਉਸੇ ਤਰ੍ਹਾਂ ਉਹਨਾਂ ਦਾ ਆਪੋ ਵਿੱਚ ਕੋਈ ਮੇਲ ਨਾ ਹੋਵੇਗਾ ।
44ਉਹਨਾਂ ਰਾਜਿਆਂ ਦੇ ਦਿਨਾਂ ਵਿੱਚ ਅਕਾਸ਼ ਦਾ ਪਰਮੇਸ਼ੁਰ ਇੱਕ ਰਾਜ ਖੜਾ ਕਰੇਗਾ ਜਿਹੜਾ ਸਦਾ ਤੱਕ ਨਾ ਖ਼ਤਮ ਹੋਵੇਗਾ ਅਤੇ ਉਸ ਦੀ ਹੁਕਮਰਾਨੀ ਦੂਜੇ ਲੋਕਾਂ ਲਈ ਛੱਡੀ ਨਾ ਜਾਵੇਗੀ ਸਗੋਂ ਉਹ ਇਹਨਾਂ ਸਾਰੀਆਂ ਪਾਤਸ਼ਾਹੀਆਂ ਨੂੰ ਚੂਰ-ਚੂਰ ਕਰ ਕੇ ਸੱਤਿਆ ਨਾਸ਼ ਕਰੇਗਾ ਪਰ ਆਪ ਸਦਾ ਤੱਕ ਕਾਇਮ ਰਹੇਗਾ ।45ਜਿਵੇਂ ਤੁਸੀਂ ਵੇਖਿਆ ਜੋ ਉਹ ਪੱਥਰ ਬਿਨ੍ਹਾਂ ਹੱਥ ਲਾਏ ਪਹਾੜ ਵਿੱਚੋਂ ਵੱਢ ਕੇ ਕੱਢਿਆ ਗਿਆ ਅਤੇ ਉਹ ਨੇ ਲੋਹੇ, ਪਿੱਤਲ, ਮਿੱਟੀ, ਚਾਂਦੀ ਤੇ ਸੋਨੇ ਨੂੰ ਚੂਰ-ਚੂਰ ਕੀਤਾ, ਉਸੇ ਤਰ੍ਹਾਂ ਮਹਾਨ ਪਰਮੇਸ਼ੁਰ ਨੇ ਰਾਜੇ ਨੂੰ ਵਿਖਾਇਆ ਹੈ ਕਿ ਇਸ ਤੋਂ ਮਗਰੋਂ ਕੀ ਕੁਝ ਹੋਣ ਵਾਲਾ ਹੈ, ਇਹ ਸੁਫ਼ਨਾ ਪੱਕਾ ਹੈ ਤੇ ਉਹ ਦਾ ਅਰਥ ਵੀ ਯਕੀਨਨ ਹੈ ।
ਰਾਜੇ ਦੁਆਰਾ ਦਾਨੀਏਲ ਦਾ ਸਨਮਾਨ

46ਤਦ ਨਬੂਕਦਨੱਸਰ ਰਾਜਾ ਨੇ ਮੂੰਹ ਦੇ ਭਾਰ ਡਿੱਗ ਕੇ ਦਾਨੀਏਲ ਨੂੰ ਮੱਥਾ ਟੇਕਿਆ ਅਤੇ ਆਗਿਆ ਦਿੱਤੀ ਕਿ ਉਹ ਨੂੰ ਚੜ੍ਹਾਵਾ ਦੇਣ ਤੇ ਉਹ ਦੇ ਅੱਗੇ ਧੂਪ ਧੁਖਾਉਣ ।47ਰਾਜੇ ਨੇ ਦਾਨੀਏਲ ਨੂੰ ਆਖਿਆ, ਯਕੀਨਨ ਤੇਰਾ ਪਰਮੇਸ਼ੁਰ ਦੇਵਤਿਆਂ ਦਾ ਦੇਵਤਾ ਅਤੇ ਰਾਜਿਆਂ ਦਾ ਰਾਜਾ ਅਤੇ ਭੇਤ ਖੋਲ੍ਹਣ ਵਾਲਾ ਹੈ ਕਿਉਂ ਜੋ ਤੂੰ ਇਸ ਭੇਤ ਨੂੰ ਖੋਲ੍ਹ ਸਕਿਆ !
48ਤਦ ਰਾਜੇ ਨੇ ਦਾਨੀਏਲ ਨੂੰ ਉੱਚਾ ਕੀਤਾ ਅਤੇ ਉਹ ਨੂੰ ਬਹੁਤ ਵੱਡੀਆਂ ਦਾਤਾਂ ਦਿੱਤੀਆਂ ਅਤੇ ਉਸ ਨੂੰ ਬਾਬਲ ਦੇ ਸਾਰੇ ਸੂਬੇ ਉੱਤੇ ਹੁਕਮਰਾਨੀ ਦਿੱਤੀ ਅਤੇ ਬਾਬਲ ਦੇ ਸਾਰੇ ਵਿਦਵਾਨਾਂ ਉੱਤੇ ਪ੍ਰਧਾਨ ਠਹਿਰਾਇਆ ।49ਤਦ ਦਾਨੀਏਲ ਨੇ ਰਾਜੇ ਅੱਗੇ ਬੇਨਤੀ ਕੀਤੀ ਅਤੇ ਉਹ ਨੇ ਸ਼ਦਰਕ, ਮੇਸ਼ਕ ਤੇ ਅਬਦ-ਨਗੋ ਨੂੰ ਬਾਬਲ ਦੇ ਸੂਬੇ ਦੇ ਵਿਹਾਰਾਂ ਉੱਤੇ ਨਿਯੁਕਤ ਕੀਤਾ ਪਰ ਦਾਨੀਏਲ ਰਾਜੇ ਦੇ ਦਰਬਾਰ ਵਿੱਚ ਹੀ ਰਿਹਾ ।

3
ਸੋਨੇ ਦੀ ਮੂਰਤੀ ਨੂੰ ਮੱਥਾ ਟੇਕਣ ਦਾ ਆਦੇਸ਼

1ਨਬੂਕਦਨੱਸਰ ਰਾਜਾ ਨੇ ਇੱਕ ਸੋਨੇ ਦੀ ਮੂਰਤੀ ਬਣਵਾਈ ਜਿਸ ਦੀ ਉੱਚਿਆਈ ਸੱਠ ਹੱਥ ਤੇ ਚੋੜਾਈ ਛੇ ਹੱਥ ਸੀ ਅਤੇ ਉਸ ਨੂੰ ਦੂਰਾ ਨਾਮਕ ਮੈਦਾਨ ਬਾਬਲ ਦੇ ਸੂਬੇ ਵਿੱਚ ਖੜਾ ਕੀਤਾ ।2ਤਦ ਨਬੂਕਦਨੱਸਰ ਰਾਜਾ ਨੇ ਲੋਕਾਂ ਨੂੰ ਭੇਜਿਆ ਕਿ ਸ਼ਜ਼ਾਦਿਆਂ, ਦੀਵਾਨਾਂ, ਸਰਦਾਰਾਂ, ਨਿਆਉਕਾਰਾਂ, ਭੰਡਾਰੀਆਂ, ਸਲਾਹਕਾਰਾਂ, ਕਪਤਾਨਾਂ ਤੇ ਸੂਬਿਆਂ ਦੇ ਸਭਨਾਂ ਹਾਕਮਾਂ ਨੂੰ ਇੱਕਠਾ ਕਰਨ ਤਾਂ ਜੋ ਉਹ ਉਸ ਮੂਰਤੀ ਦੀ ਸਥਾਪਨਾ ਵਿੱਚ ਸ਼ਾਮਿਲ ਹੋਣ ਜਿਹੜੀ ਨਬੂਕਦਨੱਸਰ ਰਾਜਾ ਨੇ ਖੜੀ ਕੀਤੀ ਸੀ ।

3ਤਦ ਸ਼ਜਾਦੇ, ਦੀਵਾਨ, ਸਰਦਾਰ, ਨਿਆਉਕਾਰ, ਭੰਡਾਰੀ, ਸਲਾਹਕਾਰ, ਕਪਤਾਨ ਤੇ ਸੂਬਿਆਂ ਦੇ ਸਾਰੇ ਹਾਕਮ ਉਸ ਮੂਰਤ ਦੀ ਚੱਠ ਲਈ ਜਿਹੜੀ ਨਬੂਕਦਨਸਰ ਨੇ ਖੜੀ ਕੀਤੀ ਇੱਕਠੇ ਹੋਏ । ਉਹ ਉਸ ਮੂਰਤ ਦੇ ਅੱਗੇ ਜਿਹੜੀ ਨਬੂਕਦਨੱਸਰ ਨੇ ਖੜੀ ਕੀਤੀ ਸੀ ਖੜ੍ਹੇ ਹੋਏ ।4ਤਦ ਇੱਕ ਢੰਡੋਰੀਏ ਨੇ ਉੱਚੀ ਹਾਕ ਦੇ ਕੇ ਪੁਕਾਰਿਆ, ਹੇ ਲੋਕੋ, ਹੇ ਕੌਮੋ, ਹੇ ਭਾਖਿਓ, ਤੁਹਾਨੂੰ ਇਹ ਹੁਕਮ ਹੈ ਭਈ5ਜਿਸ ਵੇਲੇ ਤੁਰ੍ਹੀ, ਬਾਂਸਰੀ, ਬੀਨਾ, ਸਾਰੰਗੀ, ਬਰਬਤ, ਬੀਨ ਤੇ ਹਰ ਤਰਾਂ ਦੇ ਵਾਜਿਆਂ ਦੀ ਆਵਾਜ਼ ਸੁਣੋ ਤਦ ਉਸ ਸੋਨੇ ਦੀ ਮੂਰਤ ਦੇ ਅੱਗੇ ਜਿਸ ਨੂੰ ਨਬੂਕਦਨੱਸਰ ਰਾਜਾ ਨੇ ਖੜਾ ਕੀਤਾ ਹੈ, ਝੁੱਕ ਕੇ ਮੱਥਾ ਟੇਕੋ !
6ਜੋ ਕੋਈ ਝੁੱਕ ਕੇ ਮੱਥਾ ਨਾ ਟੇਕੇ ਉਸੀ ਘੜੀ ਅੱਗ ਦੀ ਬਲਦੀ ਹੋਈ ਭੱਠੀ ਵਿੱਚ ਸੁੱਟਿਆ ਜਾਵੇਗਾ ।7ਇਸ ਲਈ ਜਿਸ ਵੇਲੇ ਸਭਨਾਂ ਲੋਕਾਂ ਨੇ ਤੁਰ੍ਹੀ, ਬਾਂਸਰੀ, ਬੀਨਾ, ਸਰੰਗੀ, ਬਰਬਤ ਅਤੇ ਹਰ ਪਰਕਾਰ ਦੇ ਵਾਜਿਆਂ ਦੀ ਅਵਾਜ਼ ਸੁਣੀ ਤਦ ਸਾਰੇ ਲੋਕਾਂ, ਕੋਮਾਂ ਤੇ ਭਾਖਿਆਂ ਨੇ ਝੁੱਕ ਕੇ ਉਸ ਸੋਨੇ ਦੀ ਮੂਰਤੀ ਦੇ ਅੱਗੇ ਜਿਹੜੀ ਨਬੂਕਦਨੱਸਰ ਰਾਜਾ ਨੇ ਖੜੀ ਕੀਤੀ ਸੀ ਮੱਥਾ ਟੇਕਿਆ ।
ਦਾਨੀਏਲ ਦੇ ਸਾਥੀਆਂ ਉੱਤੇ ਆਗਿਆ ਦਾ ਉਲੰਘਣ ਕਰਨ ਦਾ ਦੋਸ਼

8ਇਸ ਤੋਂ ਬਾਅਦ ਉਸ ਵੇਲੇ ਕਈ ਕਸਦੀਆਂ ਨੇ ਨੇੜੇ ਆ ਕੇ ਯਹੂਦੀਆਂ ਉੱਤੇ ਦੋਸ਼ ਲਾਇਆ ।9ਉਹਨਾਂ ਨੇ ਨਬੂਕਦਨੱਸਰ ਰਾਜਾ ਨੂੰ ਆਖਿਆ ਕਿ ਹੇ ਰਾਜਾ, ਸਦਾ ਤੱਕ ਜੀਉਂਦੇ ਰਹੋ !10ਹੇ ਰਾਜਾ, ਤੁਸੀਂ ਇੱਕ ਆਗਿਆ ਦਿੱਤੀ ਸੀ ਕਿ ਹਰ ਇੱਕ ਆਦਮੀ ਜੋ ਤੁਰ੍ਹੀ, ਬਾਂਸਰੀ, ਬੀਨਾ, ਸਰੰਗੀ, ਬਰਬਤ, ਬੀਨ ਤੇ ਹਰ ਪਰਕਾਰ ਦੇ ਵਾਜਿਆਂ ਦੀ ਆਵਾਜ਼ ਸੁਣੇ ਤਾਂ ਝੁੱਕ ਕੇ ਸੋਨੇ ਦੀ ਮੂਰਤੀ ਨੂੰ ਮੱਥਾ ਟੇਕੇ
11ਅਤੇ ਜੋ ਕੋਈ ਝੁੱਕ ਕੇ ਮੱਥਾ ਨਾ ਟੇਕੇ ਉਹ ਅੱਗ ਦੀ ਬਲਦੀ ਹੋਈ ਭੱਠੀ ਵਿੱਚ ਸੁੱਟਿਆ ਜਾਵੇਗਾ ।12ਹੁਣ ਕਈ ਯਹੂਦੀ ਹਨ ਜਿਹਨਾਂ ਨੂੰ ਤੁਸੀਂ ਬਾਬਲ ਦੇ ਸੂਬੇ ਦੇ ਵਿਹਾਰ ਉੱਤੇ ਨਿਯੁਕਤ ਕੀਤਾ ਅਰਥਾਤ ਸ਼ਦਰਕ, ਮੇਸ਼ਕ, ਤੇ ਅਬਦ-ਨਗੋ, ਇਹਨਾਂ ਮਨੁੱਖਾਂ ਨੇ, ਹੇ ਰਾਜਾ, ਤੁਹਾਡਾ ਆਦਰ ਨਹੀਂ ਕੀਤਾ । ਨਾ ਤਾਂ ਉਹ ਤੁਹਾਡੇ ਦੇਵਤਿਆਂ ਦੀ ਸੇਵਾ ਕਰਦੇ ਨਾ ਉਸ ਸੋਨੇ ਦੀ ਮੂਰਤ ਦੇ ਅੱਗੇ ਜਿਸ ਨੂੰ ਤੁਸੀਂ ਖੜ੍ਹਾ ਕੀਤਾ, ਮੱਥਾ ਟੇਕਦੇ ਹਨ ।
13ਤਦ ਨਬੂਕਦਨੱਸਰ ਨੇ ਵੱਡੇ ਕ੍ਰੋਧ ਅਤੇ ਗੁੱਸੇ ਨਾਲ ਆਗਿਆ ਕੀਤੀ ਕਿ ਸ਼ਦਰਕ, ਮੇਸ਼ਕ, ਤੇ ਅਬਦ-ਨਗੋ ਨੂੰ ਹਾਜ਼ਰ ਕਰੋ ! ਤਦ ਉਹਨਾਂ ਨੇ ਉਹਨਾਂ ਆਦਮੀਆਂ ਨੂੰ ਰਾਜੇ ਅੱਗੇ ਹਾਜ਼ਰ ਕੀਤਾ ।14ਨਬੂਕਦਨੱਸਰ ਨੇ ਉਹਨਾਂ ਨੂੰ ਆਖਿਆ, ਹੇ ਸ਼ਦਰਕ, ਮੇਸ਼ਕ ਤੇ ਅਬੇਦ-ਨਗੋ, ਕੀ ਇਹ ਸੱਚ ਹੈ ਕਿ ਤੁਸੀਂ ਮੇਰੇ ਦੇਵਤਾ ਦੀ ਸੇਵਾ ਨਹੀਂ ਕਰਦੇ ਹੋ ਅਤੇ ਨਾ ਉਸ ਸੋਨੇ ਦੀ ਮੂਰਤ ਨੂੰ ਜਿਹ ਨੂੰ ਮੈਂ ਖੜਾ ਕੀਤਾ ਮੱਥਾ ਟੇਕਦੇ ਹੋ ?
15ਹੁਣ ਜੇ ਤੁਸੀਂ ਤਿਆਰ ਹੋ ਕਿ ਜਿਸ ਵੇਲੇ ਤੁਸੀਂ ਤੁਰੀ, ਬਾਂਸਰੀ, ਬੀਨਾ, ਸਰੰਗੀ, ਬਰਬਤ, ਬੀਨ ਅਤੇ ਹਰ ਪ੍ਰਕਾਰ ਦੇ ਵਾਜਿਆਂ ਦੀ ਆਵਾਜ਼ ਸੁਣੋ ਤਾਂ ਤੁਸੀਂ ਝੁੱਕ ਕੇ ਮੂਰਤ ਨੂੰ ਜਿਸ ਨੂੰ ਮੈਂ ਖੜਾ ਕੀਤਾ ਹੈ ਮੱਥਾ ਟੇਕੋ ਤਾਂ ਚੰਗਾ, ਪਰ ਜੇਕਰ ਤੁਸੀਂ ਮੱਥਾ ਨਾ ਟੇਕੋ ਤਾਂ ਉਸੀ ਘੜੀ ਤੁਸੀਂ ਅੱਗ ਦੀ ਬਲਦੀ ਹੋਈ ਭੱਠੀ ਵਿੱਚ ਸੁੱਟੇ ਜਾਓਗੇ ਅਤੇ ਉਹ ਦੇਵਤਾ ਕਿਹੜਾ ਹੈ ਜਿਹੜਾ ਤੁਹਾਨੂੰ ਮੇਰੇ ਹੱਥੋਂ ਛੁਡਾ ਲਵੇ ?
16ਤਦ ਸ਼ਦਰਕ, ਮੇਸ਼ਕ, ਅਤੇ ਅਬੇਦ-ਨਗੋ ਨੇ ਰਾਜੇ ਨੂੰ ਉੱਤਰ ਦੇ ਕੇ ਆਖਿਆ, ਹੇ ਨਬੂਕਦਨੱਸਰ, ਅਸੀਂ ਇਸ ਗੱਲ ਵਿੱਚ ਤੁਹਾਨੂੰ ਉੱਤਰ ਦੇਣਾ ਜਰੂਰੀ ਨਹੀਂ ਸਮਝਦੇ ਹਾਂ ।17ਸਾਡਾ ਪਰਮੇਸ਼ੁਰ ਜਿਸ ਦੀ ਅਸੀਂ ਸੇਵਾ ਕਰਦੇ ਹਾਂ ਸਾਨੂੰ ਅੱਗ ਦੀ ਬਲਦੀ ਹੋਈ ਭੱਠੀ ਤੋਂ ਛੁਡਾਉਣ ਦੀ ਸ਼ਕਤੀ ਰੱਖਦਾ ਹੈ ਅਤੇ ਹੇ ਰਾਜਾ, ਓਹੀ ਸਾਨੂੰ ਤੁਹਾਡੇ ਹੱਥੋਂ ਛਡਾਵੇਗਾ,18ਨਹੀਂ ਤਾਂ ਹੇ ਰਾਜਾ, ਤੁਹਾਨੂੰ ਪਤਾ ਹੋਵੇ ਕਿ ਅਸੀਂ ਤੁਹਾਡੇ ਦੇਵਤਿਆਂ ਦੀ ਸੇਵਾ ਨਹੀਂ ਕਰਾਂਗੇ ਅਤੇ ਨਾ ਉਸ ਸੋਨੇ ਦੀ ਮੂਰਤ ਅੱਗੇ ਜਿਸ ਨੂੰ ਤੁਸੀਂ ਖੜ੍ਹਾ ਕੀਤਾ ਹੈ, ਮੱਥਾ ਟੇਕਾਂਗੇ ।
ਦਾਨੀਏਲ ਦੇ ਸਾਥੀਆਂ ਨੂੰ ਭੱਠੀ ਵਿੱਚ ਸੁੱਟਿਆ ਜਾਣਾ

19ਤਦ ਨਬੂਕਦਨੱਸਰ ਆਪਣੇ ਆਪ ਵਿੱਚ ਕ੍ਰੋਧ ਨਾਲ ਭਰ ਗਿਆ ਅਤੇ ਉਹ ਦੇ ਮੂੰਹ ਦਾ ਰੰਗ ਸ਼ਦਰਕ, ਮੇਸ਼ਕ, ਤੇ ਅਬਦ-ਨਗੋ ਉੱਤੇ ਬਦਲ ਗਿਆ । ਉਹ ਨੇ ਹੁਕਮ ਦਿੱਤਾ ਕਿ ਭੱਠੀ ਨੂੰ ਦਸਤੂਰ ਨਾਲੋਂ ਸੱਤ ਗੁਣਾ ਹੋਰ ਗਰਮਾ ਦਿਓ ।20ਫਿਰ ਉਸ ਨੇ ਆਪਣੀ ਫ਼ੌਜ ਵਿੱਚੋਂ ਤਕੜੇ ਪਹਿਲਵਾਨਾਂ ਨੂੰ ਹੁਕਮ ਕੀਤਾ ਕਿ ਸ਼ਦਰਕ, ਮੇਸ਼ਕ, ਤੇ ਅਬਦ-ਨਗੋ ਨੂੰ ਬੰਨ੍ਹ ਕੇ ਅੱਗ ਦੀ ਬਲਦੀ ਹੋਈ ਭੱਠੀ ਵਿੱਚ ਸੁੱਟ ਦੇਣ ।
21ਤਦ ਉਹ ਆਦਮੀ ਆਪਣੇ, ਘਟੁਨਿਆਂ, ਪੱਗਾਂ ਤੇ ਲੀੜਿਆਂ ਸਣੇ ਬੰਨ੍ਹੇ ਗਏ ਅਤੇ ਅੱਗ ਦੀ ਬਲਦੀ ਹੋਈ ਭੱਠੀ ਵਿੱਚ ਸੁੱਟੇ ਗਏ ।22ਕਿਉਂ ਜੋ ਰਾਜੇ ਦਾ ਹੁਕਮ ਸੀ ਇਸ ਕਾਰਨ ਭੱਠੀ ਦਾ ਤਾਇਆ ਜਾਣਾ ਅੱਤ ਵਧੀਕ ਸੀ, ਇਸੇ ਕਾਰਨ ਅੱਗ ਦੀ ਲੋ ਨੇ ਸ਼ਦਰਕ, ਮੇਸ਼ਕ, ਤੇ ਅਬਦ-ਨਗੋ ਦੇ ਚੁੱਕਣ ਵਾਲਿਆਂ ਨੂੰ ਸਾੜ ਸੁੱਟਿਆ ।23ਇਹ ਤਿੰਨੇ ਮਨੁੱਖ ਅਰਥਾਤ ਸ਼ਦਰਕ, ਮੇਸ਼ਕ, ਤੇ ਅਬਦ-ਨਗੋ ਬੱਧੇ ਹੋਏ ਅੱਗ ਦੀ ਬਲਦੀ ਭੱਠੀ ਵਿੱਚ ਸੁੱਟੇ ਗਏ ।
24ਤਦ ਨਬੂਕਦਨੱਸਰ ਰਾਜਾ ਹੱਕਾ-ਬੱਕਾ ਹੋ ਕੇ ਝੱਟ ਖੜ੍ਹਾ ਹੋਇਆ । ਉਹ ਆਪਣੇ ਸਲਾਹਕਾਰਾਂ ਨੂੰ ਆਖਣ ਲੱਗਾ, ਕੀ ਅਸੀਂ ਤਿੰਨ ਮਨੁੱਖਾਂ ਨੂੰ ਬੰਨ੍ਹ ਕੇ ਅੱਗ ਵਿੱਚ ਨਹੀਂ ਸੁੱਟਵਾਇਆ ? ਉਹਨਾਂ ਨੇ ਉੱਤਰ ਦਿੱਤਾ ਕਿ ਹਾਂ ਰਾਜਾ, ਇਹ ਸੱਚ ਹੈ ।25ਫਿਰ ਉਸ ਨੇ ਉੱਤਰ ਦੇ ਕੇ ਆਖਿਆ ਭਈ ਵੇਖੋ, ਮੈਂ ਚਾਰ ਮਨੁੱਖ ਅੱਗ ਵਿੱਚ ਖੁੱਲ੍ਹੇ ਫਿਰਦੇ ਵੇਖਦਾ ਹਾਂ ਅਤੇ ਉਹਨਾਂ ਨੂੰ ਕੁਝ ਦੁੱਖ ਨਹੀਂ ਹੈ ਅਤੇ ਚੌਥੇ ਦਾ ਸਰੂਪ ਪਰਮੇਸ਼ੁਰ ਦੇ ਪੁੱਤਰ ਜਿਹਾ ਹੈ !
ਦਾਨੀਏਲ ਦੇ ਸਾਥੀਆਂ ਦਾ ਸਨਮਾਨ

26ਫਿਰ ਨਬੂਕਦਨੱਸਰ ਅੱਗ ਦੀ ਬਲਦੀ ਹੋਈ ਭੱਠੀ ਦੇ ਬੂਹੇ ਦੇ ਨੇੜੇ ਆਇਆ । ਉਹ ਬੋਲਿਆ, ਹੇ ਸ਼ਦਰਕ, ਮੇਸ਼ਕ, ਤੇ ਅਬਦ-ਨਗੋ ਅੱਤ ਮਹਾਨ ਪਰਮੇਸ਼ੁਰ ਦੇ ਬੰਦਿਓ, ਬਾਹਰ ਨਿੱਕਲ ਕੇ ਐਧਰ ਆਓ ! ਤਦ ਸ਼ਦਰਕ, ਮੇਸ਼ਕ, ਤੇ ਅਬਦ-ਨਗੋ ਅੱਗ ਵਿੱਚੋਂ ਨਿੱਕਲ ਆਏ ।27ਸ਼ਜਾਦਿਆਂ, ਦੀਵਾਨਾਂ, ਸਰਦਾਰਾਂ ਤੇ ਰਾਜੇ ਦੇ ਸਲਾਹਕਾਰਾਂ ਨੇ ਇਕੱਠੇ ਹੋ ਕੇ ਉਹਨਾਂ ਮਨੁੱਖਾਂ ਨੂੰ ਡਿੱਠਾ ਕਿ ਅੱਗ ਦਾ ਉਹਨਾਂ ਦੇ ਸਰੀਰਾਂ ਉੱਤੇ ਕੁਝ ਵੱਸ ਨਹੀਂ ਸੀ ਚੱਲਿਆ, ਨਾ ਉਹਨਾਂ ਦੇ ਸਿਰ ਦੇ ਵਾਲ ਝੁਲਸੇ, ਨਾ ਉਹਨਾਂ ਦੇ ਝੱਗਿਆਂ ਵਿੱਚ ਕੁਝ ਫ਼ਰਕ ਪਿਆ ਅਤੇ ਨਾ ਉਹਨਾਂ ਤੋਂ ਅੱਗ ਦੇ ਜਲਣ ਦੀ ਬੋ ਆਉਂਦੀ ਸੀ ।
28ਨਬੂਕਦਨੱਸਰ ਨੇ ਪੁਕਾਰ ਕੇ ਆਖਿਆ ਕਿ ਸ਼ਦਰਕ, ਮੇਸ਼ਕ, ਤੇ ਅਬਦ-ਨਗੋ ਦਾ ਪਰਮੇਸ਼ੁਰ ਮੁਬਾਰਕ ਹੋਵੇ ਜਿਸ ਆਪਣੇ ਬੰਦਿਆਂ ਨੂੰ ਛੁਡਾ ਲਿਆ ਜਿਹਨਾਂ ਨੇ ਉਹ ਦੇ ਉੱਤੇ ਨਿਹਚਾ ਕੀਤੀ ਅਤੇ ਰਾਜੇ ਦੇ ਹੁਕਮ ਨੂੰ ਟਾਲ ਦਿੱਤਾ ਅਤੇ ਆਪਣੇ ਸਰੀਰਾਂ ਨੂੰ ਭੇਂਟ ਕੀਤਾ ਕਿ ਆਪਣੇ ਪਰਮੇਸ਼ੁਰ ਦੇ ਬਿਨ੍ਹਾਂ ਹੋਰ ਕਿਸੇ ਦੇਵਤੇ ਦੀ ਸੇਵਾ ਜਾਂ ਬੰਦਗੀ ਨਾ ਕਰਨ ।
29ਇਸ ਲਈ ਮੈਂ ਇਹ ਹੁਕਮ ਜਾਰੀ ਕਰਦਾ ਹਾਂ ਕਿ ਜੋ ਲੋਕ ਜਾਂ ਕੌਮਾਂ ਜਾਂ ਭਾਖਿਆਂ ਸ਼ਦਰਕ, ਮੇਸ਼ਕ, ਤੇ ਅਬਦ-ਨਗੋ ਦੇ ਪਰਮੇਸ਼ੁਰ ਦੇ ਵਿਰੁੱਧ ਕੋਈ ਬੁਰੀ ਗੱਲ ਆਖਣਗੀਆਂ ਤਾਂ ਉਹਨਾਂ ਦੇ ਟੁਕੜੇ ਟੁਕੜੇ ਕੀਤੇ ਜਾਣਗੇ ਅਤੇ ਉਹਨਾਂ ਦੇ ਘਰ ਕੂੜੇ ਦੇ ਢੇਰ ਹੋ ਜਾਣਗੇ, ਕਿਉਂ ਜੋ ਹੋਰ ਕੋਈ ਦੇਵਤਾ ਨਹੀਂ ਜਿਹੜਾ ਇਸ ਪਰਕਾਰ ਬਚਾ ਸਕੇ !30ਤਦ ਰਾਜੇ ਨੇ ਸ਼ਦਰਕ, ਮੇਸ਼ਕ, ਤੇ ਅਬਦ-ਨਗੋ ਨੂੰ ਬਾਬਲ ਦੇ ਸੂਬੇ ਵਿੱਚ ਉੱਚਾ ਕੀਤਾ ।

4
ਨਬੂਕਦਨੱਸਰ ਦਾ ਦੂਸਰਾ ਸੁਫ਼ਨਾ

1ਨਬੂਕਦਨੱਸਰ ਰਾਜਾ ਦੀ ਵੱਲੋਂ ਸਾਰੇ ਲੋਕਾਂ, ਕੌਮਾਂ ਤੇ ਭਾਖਿਆਂ ਨੂੰ ਜਿਹੜੀਆਂ ਕੁਲ ਧਰਤੀ ਵਿੱਚ ਵੱਸਦੀਆਂ ਹਨ, ਤੁਹਾਨੂੰ ਸ਼ਾਂਤੀ ਮਿਲੇ !2ਮੈਂ ਇਹ ਭਲਾ ਜਾਣਿਆ ਜੋ ਉਹਨਾਂ ਨਿਸ਼ਾਨੀਆਂ ਤੇ ਅਚੰਭਿਆਂ ਨੂੰ ਪਰਗਟ ਕਰਾਂ, ਜਿਹੜੇ ਅੱਤ ਮਹਾਨ ਪਰਮੇਸ਼ੁਰ ਨੇ ਮੇਰੇ ਨਾਲ ਕਰ ਕੇ ਵਿਖਾਏ ।3ਉਹ ਦੀਆਂ ਨਿਸ਼ਾਨੀਆਂ ਕਿਹੋ ਜਿਹੀਆਂ ਵੱਡੀਆਂ ਅਤੇ ਉਹ ਦੇ ਅਚੰਭੇ ਕਿਹੋ ਜਿਹੇ ਸ਼ਕਤੀਮਾਨ ਹਨ ! ਉਹ ਦਾ ਰਾਜ ਸਦੀਪਕ ਰਾਜ ਹੈ, ਅਤੇ ਉਹ ਦੀ ਪ੍ਰਭੂਤਾ ਪੀੜੀਓਂ ਪੀੜੀ ਤੱਕ !

4ਮੈਂ ਨਬੂਕਦਨੱਸਰ ਆਪਣੇ ਘਰ ਵਿੱਚ ਅਰਾਮ ਨਾਲ ਆਪਣੇ ਮਹਿਲ ਵਿੱਚ ਖ਼ੁਸ਼ਹਾਲ ਸੀ ।5ਮੈਂ ਇੱਕ ਅਜਿਹਾ ਸੁਫ਼ਨਾ ਵੇਖਿਆ ਜਿਸ ਦੇ ਕਾਰਨ ਮੈਂ ਡਰਿਆ ਅਤੇ ਉਹਨਾਂ ਖ਼ਿਆਲਾਂ ਦੇ ਕਾਰਨ ਜੋ ਮੈਂ ਆਪਣੇ ਪਲੰਘ ਉੱਤੇ ਕੀਤੇ ਅਤੇ ਜਿਹਨਾਂ ਗੱਲਾਂ ਨੂੰ ਮੈਂ ਦੇਖਿਆ ਉਸ ਕਾਰਨ ਮੈਂ ਘਬਰਾ ਗਿਆ ।6ਇਸ ਲਈ ਮੈਂ ਆਗਿਆ ਦਿੱਤੀ ਕਿ ਬਾਬਲ ਦੇ ਸਾਰੇ ਵਿਦਵਾਨ ਮੇਰੇ ਅੱਗੇ ਹਾਜ਼ਰ ਕੀਤੇ ਜਾਣ ਤਾਂ ਜੋ ਸੁਫ਼ਨੇ ਦਾ ਅਰਥ ਮੈਨੂੰ ਦੱਸਣ ।
7ਤਦ ਜਾਦੂਗਰ, ਜੋਤਸ਼ੀ, ਕਸਦੀ ਤੇ ਅਗੰਮ-ਵਾਚਕ ਹਾਜ਼ਰ ਹੋਏ ਤਾਂ ਮੈਂ ਸੁਫ਼ਨਾ ਉਹਨਾਂ ਦੇ ਅੱਗੇ ਸੁਣਾਇਆ ਪਰ ਉਹਨਾਂ ਨੇ ਮੈਨੂੰ ਉਹ ਦਾ ਅਰਥ ਨਾ ਦੱਸਿਆ ।8ਅਖੀਰ ਨੂੰ ਦਾਨੀਏਲ ਜਿਸ ਦਾ ਨਾਮ ਮੇਰੇ ਦੇਵਤੇ ਦੇ ਨਾਮ ਦੇ ਅਨੁਸਾਰ ਬੇਲਟਸ਼ਸੱਰ ਹੈ, ਮੇਰੇ ਹਜ਼ੂਰ ਆਇਆ ਅਤੇ ਉਸ ਵਿੱਚ ਪਵਿੱਤਰ ਦੇਵਤਿਆਂ ਦਾ ਆਤਮਾ ਹੈ, ਸੋ ਮੈਂ ਉਹ ਦੇ ਅੱਗੇ ਸੁਫ਼ਨਾ ਸੁਣਾਇਆ ਤੇ ਆਖਿਆ,9ਹੇ ਬੇਲਟਸ਼ਸੱਰ, ਜਾਦੂਗਰਾਂ ਦੇ ਪ੍ਰਧਾਨ, ਇਸ ਲਈ ਜੋ ਮੈਂ ਜਾਣਦਾ ਹਾਂ ਕਿ ਤੇਰੇ ਵਿੱਚ ਪਵਿੱਤਰ ਦੇਵਤਿਆਂ ਦਾ ਆਤਮਾ ਹੈ ਅਤੇ ਤੂੰ ਕਿਸੇ ਭੇਤ ਦੇ ਕਾਰਨ ਨਹੀਂ ਘਬਰਾਉਂਦਾ, ਤੂੰ ਮੇਰੇ ਸੁਫ਼ਨੇ ਨੂੰ ਜੋ ਮੈਂ ਵੇਖਿਆ ਅਤੇ ਉਹਨਾਂ ਦਾ ਅਰਥ ਮੈਨੂੰ ਦੱਸ ।
10ਜੋ ਦਰਸ਼ਣ ਮੈਂ ਆਪਣੇ ਪਲੰਘ ਉੱਤੇ ਦੇਖਿਆ ਇਸ ਤਰ੍ਹਾਂ ਹੈ, ਜਦ ਮੈਂ ਨਜ਼ਰ ਕੀਤੀ ਤਾਂ ਕੀ ਵੇਖਦਾ ਹਾਂ ਕਿ ਧਰਤੀ ਵਿਚਕਾਰ ਇੱਕ ਰੁੱਖ ਸੀ ਜਿਸ ਦੀ ਉੱਚਿਆਈ ਬਹੁਤ ਵੱਡੀ ਸੀ ।11ਉਹ ਰੁੱਖ ਵਧਿਆ ਤੇ ਤਕੜਾ ਹੋ ਗਿਆ ਅਤੇ ਉਹ ਦੀ ਚੋਟੀ ਅਕਾਸ਼ ਤੱਕ ਪਹੁੰਚ ਗਈ, ਉਹ ਧਰਤੀ ਦੇ ਕੰਢਿਆਂ ਤੱਕ ਵਿਖਾਈ ਦੇਣ ਲੱਗਾ ।12ਉਹ ਦੇ ਪੱਤੇ ਸੋਹਣੇ ਅਤੇ ਉਹ ਦਾ ਫਲ ਬਹੁਤਾ ਸੀ ਤੇ ਉਹ ਦੇ ਵਿੱਚ ਸਭਨਾਂ ਲਈ ਭੋਜਨ ਸੀ । ਜੰਗਲੀ ਜਾਨਵਰ ਉਹ ਦੀ ਛਾਂ ਵਿੱਚ ਅਤੇ ਅਕਾਸ਼ ਦੇ ਪੰਛੀ ਉਹ ਦੀਆਂ ਟਹਿਣੀਆਂ ਉੱਤੇ ਵਸੇਰਾ ਕਰਦੇ ਸਨ ਅਤੇ ਸਾਰੇ ਪ੍ਰਾਣੀ ਉਸ ਤੋਂ ਪਾਲੇ ਜਾਂਦੇ ਸਨ ।
13ਮੈਂ ਆਪਣੇ ਪਲੰਘ ਉੱਤੇ ਦਰਸ਼ਣ ਵਿੱਚ ਨਜ਼ਰ ਕੀਤੀ ਤਾਂ ਕੀ ਵੇਖਦਾ ਹਾਂ ਭਈ ਇੱਕ ਰਾਖਾ, ਹਾਂ, ਇੱਕ ਪਵਿੱਤਰ ਜਨ ਅਕਾਸ਼ੋਂ ਉੱਤਰਿਆ14ਉਹ ਨੇ ਉੱਚੀ ਹਾਕ ਮਾਰ ਕੇ ਇਉਂ ਆਖਿਆ ਕਿ ਰੁੱਖ ਨੂੰ ਕੱਟ ਕੇ ਢਾਹ ਦਿਓ ਅਤੇ ਉਹ ਦੀਆਂ ਟਹਿਣੀਆਂ ਛਾਂਗ ਸੁੱਟੋ ਅਤੇ ਉਹ ਦੇ ਪੱਤੇ ਝਾੜ ਲਓ ਅਤੇ ਉਹ ਦਾ ਫਲ ਖਿਲਾਰ ਦਿਓ ! ਜਾਨਵਰ ਉਹ ਦੇ ਹੇਠੋਂ ਤੇ ਪੰਛੀ ਉਹ ਦੀਆਂ ਟਹਿਣੀਆਂ ਦੇ ਉੱਤੋਂ ਚੱਲੇ ਜਾਣ ।
15ਪਰ ਉਹ ਦੀਆਂ ਜੜ੍ਹਾਂ ਦਾ ਮੁੱਢ ਜ਼ਮੀਨ ਵਿੱਚ ਛੱਡ ਦਿਓ ਸਗੋਂ ਲੋਹੇ ਤੇ ਪਿੱਤਲ ਦੇ ਸੰਮਾਂ ਨਾਲ ਬੰਨਿਆ ਹੋਇਆ ਜੰਗਲ ਦੇ ਹਰੇ ਘਾਹ ਵਿੱਚ ਰਹਿਣ ਦਿਓ ਅਤੇ ਉਹ ਅਕਾਸ਼ ਦੀ ਤ੍ਰੇਲ ਨਾਲ ਤਰ ਹੋਵੇ ਅਤੇ ਉਹ ਦਾ ਹਿੱਸਾ ਜ਼ਮੀਨ ਦੇ ਘਾਹ ਵਿੱਚ ਪਸ਼ੂਆਂ ਦੇ ਨਾਲ ਹੋਵੇ ।16ਉਹ ਦਾ ਮਨ ਬਦਲੇ ਅਤੇ ਮਨੁੱਖ ਜਿਹਾ ਨਾ ਰਹੇ ਸਗੋਂ ਉਹ ਪਸ਼ੂ ਜਿਹਾ ਹੋ ਜਾਵੇ ਅਤੇ ਉਸ ਉੱਤੇ ਸੱਤ ਸਾਲ ਬੀਤ ਜਾਣ ।
17ਇਹ ਹੁਕਮ ਰਾਖਿਆਂ ਦੇ ਫ਼ੈਸਲੇ ਤੋਂ ਹੈ ਅਤੇ ਪਵਿੱਤਰ ਜਨਾਂ ਦੇ ਬਚਨ ਤੋਂ ਹੈ ਤਾਂ ਜੋ ਸਾਰੇ ਜੀਵ ਜਾਣ ਲੈਣ ਕਿ ਅੱਤ ਮਹਾਨ ਮਨੁੱਖਾਂ ਦੇ ਰਾਜ ਵਿੱਚ ਪ੍ਰਭੂਤਾ ਕਰਦਾ ਹੈ ਅਤੇ ਜਿਸ ਕਿਸੇ ਨੂੰ ਚਾਹੁੰਦਾ, ਉਸ ਨੂੰ ਦਿੰਦਾ ਹੈ ਸਗੋਂ ਸਭਨਾਂ ਤੋਂ ਨੀਵੇਂ ਆਦਮੀ ਨੂੰ ਉਸ ਉੱਤੇ ਖੜਾ ਕਰਦਾ ਹੈ ।18ਮੈਂ ਨਬੂਕਦਨੱਸਰ ਰਾਜਾ ਨੇ ਇਹ ਸੁਫ਼ਨਾ ਵੇਖਿਆ ਹੈ । ਤੂੰ ਹੇ ਬੇਲਟਸ਼ਸੱਰ, ਉਹ ਦਾ ਅਰਥ ਦੱਸ ਕਿਉਂ ਜੋ ਮੇਰੇ ਰਾਜ ਦੇ ਸਭ ਵਿਦਵਾਨ ਮੈਨੂੰ ਇਹ ਦਾ ਅਰਥ ਦੱਸ ਨਹੀਂ ਸਕੇ ਪਰ ਤੂੰ ਦੱਸ ਸਕਦਾ ਹੈਂ ਕਿਉਂ ਜੋ ਪਵਿੱਤਰ ਦੇਵਤਿਆਂ ਦਾ ਆਤਮਾ ਤੇਰੇ ਵਿੱਚ ਹੈ !
ਦਾਨੀਏਲ ਦੁਆਰਾ ਸੁਫ਼ਨੇ ਦਾ ਅਰਥ ਦੱਸਿਆ ਜਾਣਾ

19ਤਦ ਦਾਨੀਏਲ ਜਿਸ ਦਾ ਨਾਮ ਬੇਲਟਸ਼ਸੱਰ ਵੀ ਸੀ ਕੁਝ ਦੇਰ ਤੱਕ ਚੁੱਪ ਰਿਹਾ ਅਤੇ ਆਪਣੇ ਖ਼ਿਆਲਾਂ ਤੋਂ ਘਬਰਾਇਆ । ਰਾਜੇ ਨੇ ਉੱਤਰ ਦੇ ਕੇ ਉਸ ਨੂੰ ਆਖਿਆ, ਹੇ ਬੇਲਟਸ਼ਸੱਰ ਸੁਫ਼ਨੇ ਤੋਂ ਤੇ ਉਹ ਦੇ ਅਰਥ ਤੋਂ ਨਾ ਘਬਰਾ ! ਬੇਲਟਸ਼ਸੱਰ ਨੇ ਉੱਤਰ ਦੇ ਕੇ ਆਖਿਆ, ਹੇ ਮੇਰੇ ਸਵਾਮੀ, ਇਹ ਸੁਫ਼ਨਾ ਤੇਰੇ ਨਾਲ ਵੈਰ ਰੱਖਣ ਵਾਲਿਆਂ ਦੇ ਲਈ ਤੇ ਉਹ ਦਾ ਅਰਥ ਤੇਰੇ ਵਿਰੋਧੀਆਂ ਲਈ ਹੋਵੇ !
20ਉਹ ਰੁੱਖ ਜੋ ਤੁਸੀਂ ਦੇਖਿਆ ਜੋ ਉਹ ਵਧਿਆ ਤੇ ਤਕੜਾ ਹੋਇਆ ਜਿਸ ਦੀ ਚੋਟੀ ਅਕਾਸ਼ ਤੱਕ ਪਹੁੰਚੀ ਤੇ ਉਹ ਧਰਤੀ ਦੇ ਕੰਢਿਆਂ ਤੱਕ ਵਿਖਾਈ ਦਿੰਦਾ ਸੀ ।21ਜਿਸ ਦੇ ਪੱਤੇ ਸੋਹਣੇ ਸਨ ਅਤੇ ਫਲ ਬਹੁਤਾ ਸੀ ਜਿਸ ਦੇ ਵਿੱਚ ਸਭਨਾਂ ਲਈ ਭੋਜਨ ਸੀ, ਜਿਸ ਦੇ ਹੇਠ ਜੰਗਲੀ ਜਾਨਵਰ ਬਹਿੰਦੇ ਅਤੇ ਜਿਹ ਦੀਆਂ ਟਹਿਣੀਆਂ ਵਿੱਚ ਅਕਾਸ਼ ਦੇ ਪੰਛੀ ਵਸੇਰਾ ਕਰਦੇ ਸਨ ।22ਹੇ ਰਾਜਾ, ਉਹ ਤੁਸੀਂ ਹੀ ਹੋ ਜਿਹੜੇ ਵਧੇ ਤੇ ਤਕੜੇ ਹੋਏ ਕਿਉਂ ਜੋ ਤੁਹਾਡੀ ਮਹਿਮਾ ਵਧੀ ਤੇ ਸਵਰਗ ਤੱਕ ਪਹੁੰਚ ਗਈ ਹੈ ਤੇ ਤੁਹਾਡਾ ਰਾਜ ਧਰਤੀ ਦੇ ਕੰਢਿਆਂ ਤੱਕ ਫੈਲਿਆ ਹੈ ।
23ਹੇ ਰਾਜਾ, ਤੁਸੀਂ ਜੋ ਇੱਕ ਰਾਖੇ ਨੂੰ, ਪਵਿੱਤਰ ਜਨ ਨੂੰ ਅਕਾਸ਼ੋਂ ਉਤਰਦੇ ਅਤੇ ਇਹ ਆਖਦੇ ਵੇਖਿਆ ਕਿ ਰੁੱਖ ਨੂੰ ਕੱਟ ਕੇ ਢਾਹ ਦਿਓ, ਉਹ ਦਾ ਸਤਿਆ ਨਾਸ਼ ਕਰ ਸੁੱਟੋ ਤਾਂ ਵੀ ਜ਼ਮੀਨ ਵਿੱਚ ਉਹ ਦੀਆਂ ਜੜ੍ਹਾਂ ਦਾ ਮੁੱਢ ਛੱਡ ਦਿਓ । ਸਗੋਂ ਉਹ ਨੂੰ ਲੋਹੇ ਤੇ ਪਿੱਤਲ ਦੇ ਸੰਮਾਂ ਨਾਲ ਬੰਨਿਆ ਹੋਇਆ ਜੰਗਲ ਦੇ ਹਰੇ ਘਾਹ ਵਿੱਚ ਰਹਿਣ ਦਿਓ ਕਿ ਉਹ ਅਕਾਸ਼ ਦੀ ਤ੍ਰੇਲ ਨਾਲ ਤਰ ਹੋਵੇ, ਜਦ ਤੱਕ ਸੱਤ ਜੁਗ ਉਹ ਦੇ ਉੱਤੇ ਨਾ ਬੀਤਣ, ਉਹ ਦਾ ਹਿੱਸਾ ਖੇਤ ਦੇ ਪਸ਼ੂਆਂ ਨਾਲ ਹੋਵੇ ।
24ਹੇ ਰਾਜਾ, ਉਹ ਦਾ ਅਰਥ ਜੋ ਅੱਤ ਮਹਾਨ ਨੇ ਠਹਿਰਾਇਆ ਹੈ ਕਿ ਰਾਜਾ ਨਾਲ ਘਟੇ, ਇਹੋ ਹੈ25ਭਈ ਤੁਸੀਂ ਮਨੁੱਖਾਂ ਵਿੱਚੋਂ ਹੱਕੇ ਜਾਓਗੇ, ਖੇਤ ਦੇ ਪਸ਼ੂਆਂ ਵਿੱਚ ਵੱਸੋਗੇ । ਤੁਹਾਨੂੰ ਘਾਹ ਖਵਾਇਆ ਜਾਵੇਗਾ ਜਿਵੇਂ ਬਲਦਾਂ ਨੂੰ ਖਵਾਈਦਾ ਹੈ, ਅਕਾਸ਼ ਦੀ ਤ੍ਰੇਲ ਨਾਲ ਤਰ ਕੀਤੇ ਜਾਓਗੇ । ਤੁਹਾਡੇ ਉੱਤੇ ਸੱਤ ਸਮੇਂ ਬੀਤ ਜਾਣਗੇ, ਤਦ ਤੁਸੀਂ ਜਾਣੋਗੇ ਕਿ ਅੱਤ ਮਹਾਨ ਮਨੁੱਖਾਂ ਦੇ ਰਾਜ ਵਿੱਚ ਪ੍ਰਭੂਤਾ ਕਰਦਾ ਹੈ, ਜਿਸ ਨੂੰ ਚਾਹੁੰਦਾ ਹੈ ਉਹ ਨੂੰ ਦਿੰਦਾ ਹੈ !
26ਅਤੇ ਇਹ ਜੋ ਉਹਨਾਂ ਨੇ ਹੁਕਮ ਕੀਤਾ ਕਿ ਰੁੱਖ ਦੀਆਂ ਜੜ੍ਹਾਂ ਦਾ ਮੁੱਢ ਛੱਡ ਦਿਓ, ਅਰਥ ਇਹ ਹੈ ਭਈ ਜਦੋਂ ਤੁਹਾਨੂੰ ਪਤਾ ਲੱਗੇਗਾ ਕਿ ਰਾਜ ਦਾ ਅਧਿਕਾਰ ਅਕਾਸ਼ੋਂ ਹੁੰਦਾ ਹੈ ਤਾਂ ਤੁਹਾਡਾ ਰਾਜ ਤੁਹਾਡੇ ਲਈ ਫੇਰ ਪੱਕਾ ਕੀਤਾ ਜਾਵੇਗਾ ।27ਇਸ ਕਾਰਨ ਹੇ ਰਾਜਾ, ਮੇਰੀ ਸਲਾਹ ਤੁਹਾਡੇ ਮਨ ਪਸੰਦ ਹੋਵੇ ! ਤੁਸੀਂ ਆਪਣੇਂ ਪਾਪਾਂ ਨੂੰ ਧਰਮ ਨਾਲ ਅਤੇ ਆਪਣੀਆਂ ਬਦੀਆਂ ਨੂੰ ਗਰੀਬਾਂ ਉੱਤੇ ਦਯਾ ਕਰਨ ਨਾਲ ਟਾਲ ਦਿਓ । ਸ਼ਾਇਦ ਅਜਿਹਾ ਹੋਵੇ ਕਿ ਤੁਹਾਡਾ ਸੁੱਖ ਚਿਰ ਤੱਕ ਕਾਇਮ ਰਹੇ ।
28ਇਹ ਸੱਭੋ ਕੁਝ ਨਬੂਕਦਨੱਸਰ ਰਾਜਾ ਉੱਤੇ ਬੀਤਿਆ ।29ਬਾਰਾਂ ਮਹੀਨਿਆਂ ਦੇ ਪਿੱਛੋਂ ਉਹ ਬਾਬਲ ਦੇ ਸ਼ਾਹੀ ਮਹਿਲ ਵਿੱਚ ਟਹਿਲ ਰਿਹਾ ਸੀ30ਤਦ ਰਾਜੇ ਨੇ ਆਖਿਆ, ਕੀ ਇਹ ਉਹ ਵੱਡਾ ਬਾਬਲ ਨਹੀਂ ਜਿਹ ਨੂੰ ਮੈਂ ਆਪਣੇ ਸ਼ਕਤੀ ਦੇ ਬਲ ਨਾਲ ਮਹਾਰਾਜ ਦੇ ਵਾਸ ਲਈ ਬਣਾਇਆ ਹੈ ਭਈ ਮੇਰੀ ਮਹਿਮਾ ਦੀ ਵਡਿਆਈ ਹੋਵੇ ?
31ਰਾਜਾ ਇਹ ਗੱਲ ਕਰ ਰਿਹਾ ਸੀ ਕਿ ਅਕਾਸ਼ੋਂ ਇੱਕ ਅਵਾਜ਼ ਆਈ ਕਿ ਹੇ ਨਬੂਕਦਨੱਸਰ ਰਾਜਾ, ਤੇਰੇ ਵਿਖੇ ਇਹ ਹੁਕਮ ਹੋ ਚੁੱਕਿਆ ਹੈ ਕਿ ਰਾਜ ਤੇਰੇ ਕੋਲੋਂ ਲੈ ਲਿਆ ਗਿਆ ਹੈ ।32ਤੂੰ ਮਨੁੱਖਾਂ ਵਿੱਚੋਂ ਛੇਕਿਆ ਜਾਵੇਂਗਾ ਤੇ ਤੇਰਾ ਵਾਸ ਖੇਤ ਦੇ ਪਸ਼ੂਆਂ ਨਾਲ ਹੋਵੇਗਾ ਤੇ ਤੈਨੂੰ ਘਾਹ ਖਵਾਇਆ ਜਾਵੇਗਾ ਜਿਵੇਂ ਬਲਦਾਂ ਨੂੰ ਖਵਾਈਦਾ ਹੈ ਤੇ ਸੱਤ ਸਮੇ ਤੇਰੇ ਉੱਤੇ ਬੀਤਣਗੇ ਤਾਂ ਤੈਨੂੰ ਪਤਾ ਲੱਗੇਗਾ ਕਿ ਅੱਤ ਮਹਾਨ ਮਨੁੱਖਾਂ ਦੇ ਰਾਜ ਵਿੱਚ ਪ੍ਰਭੂਤਾ ਕਰਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ ਉਹ ਨੂੰ ਦਿੰਦਾ ਹੈ !
33ਉਸੇ ਘੜੀ ਉਹ ਗੱਲ ਨਬੂਕਦਨੱਸਰ ਉੱਤੇ ਪੂਰੀ ਹੋਈ । ਉਹ ਮਨੁੱਖਾਂ ਵਿੱਚੋਂ ਛੇਕਿਆ ਗਿਆ ਤੇ ਬਲਦਾਂ ਵਾਂਗੂੰ ਘਾਹ ਖਾਣ ਲੱਗ ਪਿਆ ਅਤੇ ਉਹ ਦੀ ਦੇਹੀ ਅਕਾਸ਼ ਦੀ ਤ੍ਰੇਲ ਨਾਲ ਤਰ ਹੋਈ ਐਥੋਂ ਤੱਕ ਉਹ ਦੇ ਵਾਲ ਉਕਾਬਾਂ ਦੇ ਪਰਾਂ ਵਾਂਙੂ ਅਤੇ ਉਹ ਦੇ ਨੌਂਹ ਪੰਛੀਆਂ ਦੇ ਨੌਂਹਾਂ ਵਰਗੇ ਵੱਧ ਗਏ !
ਨਬੂਕਦਨੱਸਰ ਦੁਆਰਾ ਪਰਮੇਸ਼ੁਰ ਦੀ ਉਸਤਤ

34ਉਹਨਾਂ ਦਿਨਾਂ ਦੇ ਬੀਤਣ ਮਗਰੋਂ ਮੈਂ ਨਬੂਕਦਨੱਸਰ ਨੇ ਆਪਣੀਆਂ ਅੱਖੀਆਂ ਅਕਾਸ਼ ਵੱਲ ਚੁੱਕੀਆਂ ਅਤੇ ਮੇਰੀ ਸਮਝ ਫਿਰ ਮੇਰੇ ਵਿੱਚ ਮੁੜ ਆਈ ਤਾਂ ਮੈਂ ਅੱਤ ਮਹਾਨ ਦਾ ਧੰਨਵਾਦ ਕੀਤਾ ਅਤੇ ਉਹ ਦਾ ਜੋ ਸਦਾ ਜੀਉਂਦਾ ਹੈ ਵਡਿਆਈ ਤੇ ਆਦਰ ਕੀਤਾ । ਜਿਹ ਦੀ ਪ੍ਰਭੂਤਾ ਸਦਾ ਦੀ ਹੈ, ਅਤੇ ਜਿਹ ਦਾ ਰਾਜ ਪੀੜ੍ਹੀਓਂ ਪੀੜ੍ਹੀ ਤੱਕ ਹੈ !
35ਧਰਤੀ ਦੇ ਸਾਰੇ ਵਸਨੀਕ ਕੁਝ ਨਹੀਂ ਗਿਣੇ ਜਾਂਦੇ, ਅਤੇ ਉਹ ਸੁਰਗ ਦੀਆਂ ਫ਼ੌਜਾਂ ਵਿੱਚ ਅਤੇ ਜਗਤ ਦੇ ਸਾਰੇ ਵਸਨੀਕਾਂ ਨਾਲ ਜੋ ਕੁਝ ਚਾਹੁੰਦਾ ਹੈ ਕਰਦਾ ਹੈ, ਅਤੇ ਕੋਈ ਨਹੀਂ ਜੋ ਉਹ ਦੇ ਹੱਥ ਨੂੰ ਰੋਕ ਸਕੇ, ਜਾਂ ਉਹ ਨੂੰ ਆਖੇ ਕਿ ਤੂੰ ਕੀ ਕਰਦਾ ਹੈ ?
36ਉਸੇ ਵੇਲੇ ਮੇਰੀ ਸਮਝ ਮੇਰੇ ਵਿੱਚ ਫਿਰ ਮੁੜ ਆਈ, ਮੇਰੇ ਰਾਜ ਦੇ ਪਰਤਾਪ ਲਈ ਮੇਰਾ ਆਦਰ, ਮੇਰਾ ਦਬਕਾ ਫਿਰ ਮੇਰੇ ਵਿੱਚ ਆ ਗਿਆ, ਮੇਰੇ ਸਲਾਹਕਾਰਾਂ ਤੇ ਪਰਧਾਨਾਂ ਨੇ ਮੈਨੂੰ ਫਿਰ ਲੱਭ ਲਿਆ, ਮੈਂ ਆਪਣੇ ਰਾਜ ਵਿੱਚ ਕਾਇਮ ਹੋ ਗਿਆ ਅਤੇ ਚੰਗਾ ਪਰਤਾਪ ਮੈਨੂੰ ਮਿਲਦਾ ਜਾਂਦਾ ਸੀ ।37ਹੁਣ ਮੈਂ ਨਬੂਕਦਨੱਸਰ ਅਕਾਸ਼ ਦੇ ਮਹਾਰਾਜੇ ਦੀ ਵਡਿਆਈ, ਮਹਿਮਾ ਤੇ ਆਦਰ ਕਰਦਾ ਹਾਂ ਕਿਉਂ ਜੋ ਉਹ ਆਪਣੇ ਸਭਨਾਂ ਕੰਮਾਂ ਵਿੱਚ ਸੱਚਾ ਤੇ ਆਪਣੇ ਸਾਰੇ ਰਾਹਾਂ ਵਿੱਚ ਨਿਆਈਂ ਹੈ ਅਤੇ ਜਿਹੜੇ ਘਮੰਡ ਨਾਲ ਚੱਲਦੇ ਹਨ ਉਹਨਾਂ ਨੂੰ ਨੀਵਾਂ ਕਰ ਸਕਦਾ ਹੈ !

5
ਕੰਧ ਉੱਤੇ ਲਿਖਿਆ ਗਿਆ ਲੇਖ

1ਬੇਲਸ਼ੱਸਰ ਰਾਜਾ ਨੇ ਆਪਣੇ ਹਜ਼ਾਰ ਪਰਧਾਨਾਂ ਦੇ ਲਈ ਵੱਡੀ ਦਾਵਤ ਕੀਤੀ ਅਤੇ ਉਸ ਹਜ਼ਾਰ ਦੇ ਸਾਹਮਣੇ ਨਸ਼ਾ ਪੀਤਾ ।2ਬੇਲਸ਼ਸੱਰ ਨੇ ਨਸ਼ਾ ਚੱਖਦੇ ਹੋਏ ਆਗਿਆ ਦਿੱਤੀ ਕਿ ਸੋਨੇ ਤੇ ਚਾਂਦੀ ਦੇ ਭਾਂਡੇ ਜਿਹੜੇ ਨਬੂਕਦਨੱਸਰ ਉਹ ਦੇ ਪਿਤਾ ਨੇ ਯਰੂਸ਼ਲਮ ਦੀ ਹੈਕਲ ਵਿੱਚੋਂ ਕੱਢੇ ਸਨ, ਲਿਆਂਦੇ ਜਾਣ ਤਾਂ ਜੋ ਰਾਜਾ, ਉਹ ਦੇ ਪਰਧਾਨ, ਉਹ ਦੀਆਂ ਰਾਣੀਆਂ ਤੇ ਉਹ ਦੀਆਂ ਰਖੇਲਾਂ ਉਹਨਾਂ ਵਿੱਚੋਂ ਨਸ਼ਾ ਪੀਣ ।

3ਤਦ ਉਹ ਸੋਨੇ ਦੇ ਭਾਂਡਿਆਂ ਨੂੰ ਜਿਹੜੇ ਪਰਮੇਸ਼ੁਰ ਦੇ ਭਵਨ ਦੀ ਹੈਕਲ ਵਿੱਚੋਂ ਕੱਢੇ ਗਏ ਸਨ ਲਿਆਏ ਗਏ ਅਤੇ ਰਾਜਾ ਤੇ ਉਹ ਦੇ ਪਰਧਾਨਾਂ, ਉਹ ਦੀਆਂ ਰਾਣੀਆਂ ਤੇ ਉਹ ਦੀਆਂ ਰਖੇਲਾਂ ਨੇ ਉਹਨਾਂ ਵਿੱਚੋਂ ਪੀਤੀ ।4ਉਹਨਾਂ ਨੇ ਸ਼ਰਾਬ ਪੀਤੀ ਅਤੇ ਸੋਨੇ, ਚਾਂਦੀ, ਪਿੱਤਲ, ਲੋਹੇ, ਕਾਠ ਤੇ ਪੱਥਰ ਦੇ ਦੇਵਤਿਆਂ ਦੀ ਵਡਿਆਈ ਕੀਤੀ ।
5ਉਸੇ ਘੜੀ ਵਿੱਚ ਮਨੁੱਖ ਦੇ ਹੱਥ ਦੀਆਂ ਉਂਗਲੀਆਂ ਪਰਗਟ ਹੋਈਆਂ ਅਤੇ ਉਹਨਾਂ ਦੇ ਸ਼ਮਾਦਾਨ ਦੇ ਅੱਗੇ ਰਾਜੇ ਦੇ ਮਹਿਲ ਦੀ ਕੰਧ ਉੱਤੇ ਲਿਖਿਆ ਅਤੇ ਰਾਜੇ ਨੇ ਹੱਥ ਦਾ ਉਹ ਹਿੱਸਾ ਜੋ ਲਿਖਦਾ ਸੀ ਵੇਖਿਆ ।6ਤਦ ਰਾਜਾ ਘਬਰਾ ਗਿਆ ਅਤੇ ਉਹ ਦੀਆਂ ਚਿੰਤਾਂ ਨੇ ਉਹ ਨੂੰ ਪਰੇਸ਼ਾਨ ਕੀਤਾ ਐਥੋਂ ਤੱਕ ਕਿ ਉਹ ਦੇ ਲੱਕ ਦੇ ਜੋੜ ਢਿੱਲੇ ਪੈ ਗਏ ਤੇ ਉਹ ਦੇ ਗੋਡੇ ਇੱਕ ਦੂਜੇ ਨਾਲ ਟਕਰਾਉਣ ਲੱਗ ਪਏ ।
7ਰਾਜੇ ਨੇ ਉੱਚੀ ਅਵਾਜ਼ ਨਾਲ ਚਿੱਲਾ ਕੇ ਆਖਿਆ ਕਿ ਜੋਤਸ਼ੀਆਂ, ਕਸਦੀਆਂ ਤੇ ਅਗੰਮ ਵਿਦਵਾਨਾਂ ਨੂੰ ਲਿਆਓ ! ਰਾਜੇ ਨੇ ਬਾਬਲ ਦੇ ਵਿਦਵਾਨਾਂ ਨੂੰ ਆਖਿਆ ਕਿ ਜੋ ਕੋਈ ਇਸ ਲਿਖਤ ਨੂੰ ਪੜ੍ਹੇ ਅਤੇ ਇਹ ਦਾ ਅਰਥ ਮੈਨੂੰ ਦੱਸੇ ਉਹ ਨੂੰ ਕਿਰਮਚੀ ਰੰਗ ਦਾ ਚੋਗਾ ਪਹਿਨਾਇਆ ਜਾਏਗਾ, ਉਹ ਦੇ ਗਲ ਵਿੱਚ ਸੋਨੇ ਦਾ ਕੈਂਠਾ ਪਾਇਆ ਜਾਵੇਗਾ ਅਤੇ ਰਾਜ ਵਿੱਚ ਤੀਜੇ ਦਰਜੇ ਦਾ ਹਾਕਮ ਬਣੇਗਾ ।
8ਤਦ ਰਾਜੇ ਦੇ ਸਾਰੇ ਵਿਦਵਾਨ ਸਾਹਮਣੇ ਆਏ ਪਰ ਨਾ ਉਸ ਲਿਖਤ ਨੂੰ ਪੜ੍ਹ ਸਕੇ, ਨਾ ਰਾਜੇ ਨੂੰ ਉਹ ਦਾ ਅਰਥ ਦੱਸ ਸਕੇ ।9ਤਦ ਬੇਲਸ਼ਸੱਰ ਰਾਜਾ ਬਹੁਤ ਘਬਰਾ ਗਿਆ ਅਤੇ ਉਹ ਦਾ ਚਿਹਰਾ ਬਦਲ ਗਿਆ ਅਤੇ ਉਹ ਦੇ ਪਰਧਾਨ ਹੱਕੇ ਬੱਕੇ ਰਹਿ ਗਏ ।
10ਫਿਰ ਰਾਜੇ ਤੇ ਉਸ ਦੇ ਪਰਧਾਨਾਂ ਦੀਆਂ ਗੱਲਾਂ ਸੁਣ ਕੇ ਮਹਾਰਾਣੀ ਦਾਵਤ ਦੇ ਘਰ ਵਿੱਚ ਆਈ ਅਤੇ ਮਹਾਰਾਣੀ ਆਖਣ ਲੱਗੀ, ਹੇ ਰਾਜਾ, ਜੁੱਗੋ-ਜੁੱਗ ਜੀਉਂਦਾ ਰਹਿ ! ਤੇਰੀਆਂ ਚਿੰਤਾਂ ਤੈਨੂੰ ਹੱਕਾ-ਬੱਕਾ ਨਾ ਕਰਨ ਅਤੇ ਨਾ ਤੇਰਾ ਚਿਹਰਾ ਬਦਲੇ !
11ਤੇਰੇ ਰਾਜ ਵਿੱਚ ਇੱਕ ਮਨੁੱਖ ਹੈ, ਜਿਸ ਵਿੱਚ ਪਵਿੱਤਰ ਦੇਵਤਿਆਂ ਦਾ ਆਤਮਾ ਹੈ ਅਤੇ ਤੇਰੇ ਪਿਤਾ ਦੇ ਦਿਨਾਂ ਵਿੱਚ ਚਾਨਣ ਤੇ ਸਮਝ ਤੇ ਬੁੱਧ ਦੇਵਤਿਆਂ ਦੀ ਬੁੱਧ ਵਰਗੀ ਉਸ ਵਿੱਚ ਪਾਈ ਜਾਂਦੀ ਸੀ ਜਿਹ ਨੂੰ ਤੇਰੇ ਪਿਤਾ ਮਹਾਰਾਜਾ ਨਬੂਕਦਨੱਸਰ ਨੇ, ਹਾਂ, ਤੇਰੇ ਪਿਤਾ ਨੇ ਜਾਦੂਗਰਾਂ, ਜੋਤਸ਼ੀਆਂ,ਕਸਦੀਆਂ ਤੇ ਅਗੰਮ ਵਿਦਵਾਨਾਂ ਦਾ ਮੁਖੀਆ ਨਿਯੁਕਤ ਕੀਤਾ ਸੀ ।12ਕਿਉਂ ਜੋ ਉਸ ਵਿੱਚ ਇੱਕ ਚੰਗਾ ਆਤਮਾ, ਗਿਆਨ ਤੇ ਸਮਝ ਅਤੇ ਸੁਫ਼ਨਿਆਂ ਦੇ ਅਰਥ ਦੱਸਣ ਦੀ ਸ਼ਕਤੀ ਤੇ ਔਖੀਆਂ ਗੱਲਾਂ ਦਾ ਭੇਤ ਖੋਲ੍ਹਣ ਤੇ ਵਹਿਮਾਂ ਨੂੰ ਹੱਲ ਕਰਨ ਦੀ ਸਮਰੱਥਾ ਸੀ, ਉਸੇ ਦਾਨੀਏਲ ਜਿਸ ਦਾ ਨਾਮ ਰਾਜੇ ਨੇ ਬੇਲਟਸ਼ਸੱਰ ਰੱਖਿਆ ਸੀ । ਹੁਣ ਦਾਨੀਏਲ ਨੂੰ ਸਦਵਾ ਲੈ ਉਹ ਅਰਥ ਦੱਸੇਗਾ ।
ਲੇਖ ਦਾ ਅਰਥ ਦੱਸਣਾ

13ਤਦ ਦਾਨੀਏਲ ਰਾਜੇ ਦੇ ਅੱਗੇ ਲਿਆਂਦਾ ਗਿਆ । ਤਦ ਰਾਜੇ ਨੇ ਦਾਨੀਏਲ ਨੂੰ ਇਉਂ ਆਖਿਆ, ਕੀ ਤੂੰ ਉਹੀ ਦਾਨੀਏਲ ਹੈਂ ਜੋ ਯਹੂਦਾਹ ਦੇ ਕੈਦੀਆਂ ਵਿੱਚੋਂ ਹੈਂ ਜਿਹਨਾਂ ਨੂੰ ਮੇਰਾ ਪਿਤਾ ਯਹੂਦਾਹ ਤੋਂ ਲਿਆਇਆ ਸੀ ?14ਮੈਂ ਤੇਰੇ ਬਾਰੇ ਵਿੱਚ ਸੁਣਿਆ ਹੈ ਕਿ ਦੇਵਤਿਆਂ ਦਾ ਆਤਮਾ ਤੇਰੇ ਵਿੱਚ ਹੈ, ਚਾਨਣ ਤੇ ਸਮਝ ਤੇ ਚੰਗੀ ਬੁੱਧ ਤੇਰੇ ਵਿੱਚ ਹੈ ।
15ਅਤੇ ਹੁਣ ਵਿਦਵਾਨ ਤੇ ਜੋਤਸ਼ੀ ਮੇਰੇ ਸਾਹਮਣੇ ਲਿਆਏ ਗਏ ਸਨ ਇਸ ਕਰਕੇ ਜੋ ਉਸ ਲਿਖਤ ਨੂੰ ਪੜ੍ਹਨ ਅਤੇ ਉਹ ਦਾ ਅਰਥ ਮੇਰੇ ਉੱਤੇ ਪਰਗਟ ਕਰਨ, ਪਰ ਉਹ ਉਹ ਦਾ ਅਰਥ ਨਾ ਕਰ ਸਕੇ ।16ਮੈਂ ਤੇਰੇ ਬਾਰੇ ਵਿੱਚ ਸੁਣਿਆ ਹੈ ਜੋ ਤੂੰ ਅਰਥ ਦੱਸ ਸਕਦਾ ਹੈਂ ਅਤੇ ਭਰਮ ਹਟਾ ਦਿੰਦਾ ਹੈਂ । ਹੁਣ ਜੇ ਤੂੰ ਉਸ ਲਿਖਤ ਨੂੰ ਪੜ੍ਹੇ ਅਤੇ ਉਹ ਦਾ ਅਰਥ ਮੈਨੂੰ ਦੱਸੇ ਤਾਂ ਤੈਨੂੰ ਕਿਰਮਚੀ ਰੰਗ ਦਾ ਚੋਗਾ ਪਹਿਨਾਇਆ ਜਾਏਗਾ ਅਤੇ ਤੇਰੇ ਗਲ ਵਿੱਚ ਸੋਨੇ ਦਾ ਕੈਂਠਾ ਪਾਇਆ ਜਾਏਗਾ ਅਤੇ ਤੂੰ ਰਾਜ ਵਿੱਚ ਤੀਜੇ ਦਰਜੇ ਦਾ ਹਾਕਮ ਬਣਾਇਆ ਜਾਏਂਗਾ ।
17ਤਦ ਦਾਨੀਏਲ ਨੇ ਉੱਤਰ ਦੇ ਕੇ ਰਾਜੇ ਦੇ ਸਾਹਮਣੇ ਆਖਿਆ, ਤੇਰੇ ਇਨਾਮ ਤੇਰੇ ਹੀ ਕੋਲ ਰਹਿਣ ਅਤੇ ਆਪਣੀਆਂ ਦਾਤਾਂ ਕਿਸੇ ਹੋਰ ਨੂੰ ਦੇ ਤਾਂ ਵੀ ਮੈਂ ਰਾਜੇ ਦੇ ਲਈ ਇਸ ਲਿਖਤ ਨੂੰ ਪੜ੍ਹਾਂਗਾ ਅਤੇ ਉਹ ਦਾ ਅਰਥ ਦੱਸਾਂਗਾ ।18ਹੇ ਰਾਜਾ, ਅੱਤ ਮਹਾਨ ਪਰਮੇਸ਼ੁਰ ਨੇ ਨਬੂਕਦਨੱਸਰ ਤੇਰੇ ਪਿਤਾ ਨੂੰ ਰਾਜ, ਬਜ਼ੁਰਗੀ, ਮਹਿਮਾ ਤੇ ਪਰਤਾਪ ਦਿੱਤਾ19ਅਤੇ ਉਸ ਬਜ਼ੁਰਗੀ ਦੇ ਕਾਰਨ ਜੋ ਉਸ ਨੇ ਤੈਨੂੰ ਦਿੱਤੀ ਸਾਰੇ ਲੋਕ ਅਤੇ ਕੌਮਾਂ ਅਤੇ ਭਾਖਿਆਂ ਉਹ ਦੇ ਸਾਹਮਣੇ ਕੰਬੀਆਂ ਅਤੇ ਡਰੀਆਂ । ਜਿਸ ਨੂੰ ਚਾਹਿਆ ਉਹ ਨੂੰ ਉਸ ਨੇ ਮਾਰ ਸੁੱਟਿਆ ਅਤੇ ਜਿਸ ਨੂੰ ਚਾਹਿਆ ਉਹ ਨੂੰ ਉਸ ਨੇ ਜੀਉਂਦਾ ਛੱਡਿਆ । ਜਿਸ ਨੂੰ ਚਾਹਿਆ ਉਸ ਨੂੰ ਵਧਾਇਆ ਅਤੇ ਜਿਸ ਨੂੰ ਚਾਹਿਆ ਉਸ ਨੂੰ ਘਟਾਇਆ ।
20ਪਰ ਜਦੋਂ ਉਸ ਦਾ ਸੁਭਾਵ ਹੰਕਾਰੀ ਹੋ ਗਿਆ ਅਤੇ ਉਸ ਦਾ ਆਤਮਾ ਕਠੋਰ ਹੋਇਆ ਐਥੋਂ ਤੱਕ ਕਿ ਉਹ ਘਮੰਡ ਕਰਨ ਲੱਗਾ ਤਦ ਉਹ ਆਪਣੇ ਰਾਜ ਸਿੰਘਾਸਣ ਤੋਂ ਹਟਾਇਆ ਗਿਆ ਅਤੇ ਉਹ ਦੀ ਮਹਿਮਾ ਉਸ ਤੋਂ ਲੈ ਲਈ ਗਈ ।21ਉਹ ਮਨੁੱਖ ਵੰਸੀਆਂ ਵਿੱਚੋਂ ਛੇਕਿਆ ਗਿਆ ਅਤੇ ਉਸ ਦਾ ਮਨ ਪਸ਼ੂਆਂ ਜਿਹਾ ਬਣਿਆ ਅਤੇ ਉਜਾੜ ਦੇ ਗਧਿਆਂ ਨਾਲ ਵੱਸਦਾ ਸੀ ਅਤੇ ਉਹ ਨੂੰ ਬਲਦਾਂ ਵਾਂਙੂ ਘਾਹ ਚਰਾਉਂਦੇ ਸਨ ਅਤੇ ਉਹ ਦਾ ਸਰੀਰ ਅਕਾਸ਼ ਦੀ ਤ੍ਰੇਲ ਨਾਲ ਗਿੱਲਾ ਹੋਇਆ ਐਥੋਂ ਤੱਕ ਜੋ ਉਹ ਨੇ ਨਹੀਂ ਜਾਣਿਆ ਜੋ ਅੱਤ ਮਹਾਨ ਪਰਮੇਸ਼ੁਰ ਮਨੁੱਖਾਂ ਦੇ ਰਾਜ ਉੱਤੇ ਪ੍ਰਭੂਤਾ ਕਰਦਾ ਹੈ ਅਤੇ ਜਿਸ ਨੂੰ ਚਾਹੇ ਉਹ ਨੂੰ ਉਸ ਦੇ ਉੱਤੇ ਅੱਟਲ ਕਰਦਾ ਹੈ ।
22ਪਰ ਹੇ ਬੇਲਸ਼ਸੱਰ, ਤੂੰ ਜੋ ਉਹ ਦਾ ਪੁੱਤਰ ਹੈਂ ਭਾਵੇਂ ਜੇ ਤੂੰ ਇਸ ਸਾਰੀ ਗੱਲ ਨੂੰ ਜਾਣ ਵੀ ਲਿਆ ਤਦ ਵੀ ਤੂੰ ਆਪਣੇ ਮਨ ਨੂੰ ਨਿਮਾਣਾ ਨਾ ਕੀਤਾ ।23ਸਗੋਂ ਅਕਾਸ਼ਾਂ ਦੇ ਪ੍ਰਭੂ ਦੇ ਸਨਮੁਖ ਆਪਣੇ ਆਪ ਨੂੰ ਅਕੜਾਇਆ ਅਤੇ ਉਹ ਦੇ ਘਰ ਦੇ ਭਾਂਡੇ ਓਹ ਤੇਰੇ ਅੱਗੇ ਲਿਆਏ ਅਤੇ ਤੂੰ ਆਪਣੇ ਸਰਦਾਰਾਂ, ਆਪਣੀਆਂ ਰਾਣੀਆਂ ਅਤੇ ਆਪਣੀਆਂ ਰਖੇਲੀਆਂ ਦੇ ਨਾਲ ਉਹਨਾਂ ਵਿੱਚ ਨਸ਼ਾ ਪੀਤਾ ਅਤੇ ਤੂੰ ਚਾਂਦੀ ਅਤੇ ਸੋਨੇ ਅਤੇ ਪਿੱਤਲ, ਲੋਹੇ ਅਤੇ ਲੱਕੜੀ ਅਤੇ ਪੱਥਰ ਦੇ ਦੇਵਤਿਆਂ ਦੀ ਜੋ ਨਾ ਵੇਖਦੇ, ਨਾ ਹੀ ਸੁਣਦੇ ਅਤੇ ਨਾ ਜਾਣਦੇ ਹਨ ਉਹਨਾਂ ਦੀ ਵਡਿਆਈ ਕੀਤੀ ਅਤੇ ਉਸ ਪਰਮੇਸ਼ੁਰ ਦਾ ਜਿਹ ਦੇ ਹੱਥ ਵਿੱਚ ਤੇਰਾ ਦਮ ਅਤੇ ਤੇਰੇ ਸਾਰੇ ਰਾਹ ਹਨ ਉਹ ਦਾ ਆਦਰ ਨਾ ਕੀਤਾ ।24ਸੋ ਉਹ ਦੀ ਵੱਲੋਂ ਉਸ ਹੱਥ ਦਾ ਸਿਰਾ ਭੇਜਿਆ ਗਿਆ ਅਤੇ ਇਹ ਲਿਖ਼ਤ ਲਿਖੀ ਗਈ ।
25ਲਿਖ਼ਤ ਜੋ ਲਿਖੀ ਗਈ ਸੋ ਇਹ ਹੈ, "ਮਨੇ ਮਨੇ ਤਕੇਲ ਊਫਰਸੀਨ "26ਅਤੇ "ਮਨੇ " ਪਦ ਦਾ ਇਹ ਅਰਥ ਹੈ ਪਰਮੇਸ਼ੁਰ ਨੇ ਤੇਰੇ ਰਾਜ ਦਾ ਲੇਖਾ ਕੀਤਾ ਅਤੇ ਉਹ ਦਾ ਅੰਤ ਕਰ ਦਿੱਤਾ ਹੈ ।27" ਤਕੇਲ " ਦਾ ਇਹ ਅਰਥ ਹੈ ਜੋ ਤੂੰ ਤੱਕੜੀ ਵਿੱਚ ਤੋਲਿਆ ਗਿਆ ਅਤੇ ਘੱਟ ਨਿੱਕਲਿਆ ।28" ਪਰੇਸ " ਦਾ ਇਹ ਅਰਥ ਹੈ ਜੋ ਤੇਰਾ ਰਾਜ ਵੰਡਿਆ ਗਿਆ ਅਤੇ ਮਾਦੀਆਂ ਅਤੇ ਫਾਰਸੀਆਂ ਨੂੰ ਦਿੱਤਾ ਗਿਆ ।
29ਤਦ ਬੇਲਸ਼ਸੱਰ ਨੇ ਆਗਿਆ ਦਿੱਤੀ ਅਤੇ ਉਹਨਾਂ ਨੇ ਦਾਨੀਏਲ ਨੂੰ ਕਿਰਮਚੀ ਚੋਗਾ ਪਹਿਨਾਇਆ ਅਤੇ ਸੋਨੇ ਦਾ ਕੈਂਠਾ ਉਸ ਦੇ ਗਲ ਵਿੱਚ ਪਾਇਆ ਅਤੇ ਉਸ ਦੇ ਲਈ ਢੰਡੋਰਾ ਫਿਰਾਇਆ ਕਿ ਉਹ ਰਾਜ ਵਿੱਚ ਤੀਜੇ ਦਰਜੇ ਦਾ ਹਾਕਮ ਬਣਾਇਆ ਗਿਆ ਹੈ ।30ਉਸੇ ਰਾਤ ਨੂੰ ਬੇਲਸ਼ਸੱਰ ਜੋ ਕਸਦੀਆਂ ਦਾ ਰਾਜਾ ਸੀ ਵੱਢਿਆ ਗਿਆ31ਅਤੇ ਦਾਰਾ ਮਾਦੀ ਨੇ ਬਾਹਠ ਸਾਲ ਦੀ ਉਮਰ ਵਿੱਚ ਰਾਜ ਲੈ ਲਿਆ ।

6
ਦਾਨੀਏਲ ਸ਼ੇਰਾਂ ਦੀ ਗੁਫ਼ਾ ਵਿੱਚ

1ਦਾਰਾ ਨੂੰ ਚੰਗਾ ਲੱਗਾ ਜੋ ਉਸ ਰਾਜ ਉੱਤੇ ਇੱਕ ਸੌ ਵੀਹ ਰਾਜਪਾਲ ਠਹਿਰਾਏ, ਜੋ ਸਾਰੇ ਰਾਜ ਪਰਬੰਧ ਨੂੰ ਚਲਾਉਣ ।2ਉਹਨਾਂ ਉੱਤੇ ਤਿੰਨ ਪ੍ਰਮੁੱਖ ਅਧਿਕਾਰੀ ਨਿਯੁਕਤ ਕੀਤੇ ਜਿਹਨਾਂ ਵਿੱਚੋਂ ਇੱਕ ਦਾਨੀਏਲ ਸੀ ਇਸ ਕਰਕੇ ਜੋ ਰਾਜਪਾਲ ਉਹਨਾਂ ਨੂੰ ਲੇਖਾ ਦੇਣ ਤਾਂ ਜੋ ਰਾਜੇ ਨੂੰ ਘਾਟਾ ਨਾ ਪਵੇ ।3ਇੱਕ ਚੰਗਾ ਆਤਮਾ ਦਾਨੀਏਲ ਵਿੱਚ ਸੀ ਇਸੇ ਕਰਕੇ ਉਸ ਨੂੰ ਰਾਜਪਾਲਾਂ ਤੇ ਪ੍ਰਮੁੱਖ ਅਧਿਕਾਰੀਆਂ ਨਾਲੋਂ ਵਡਿਆਈ ਮਿਲੀ ਅਤੇ ਰਾਜੇ ਨੇ ਚਾਹਿਆ ਜੋ ਉਹ ਨੂੰ ਸਾਰੇ ਰਾਜ ਉੱਤੇ ਪ੍ਰਮੁੱਖ ਅਧਿਕਾਰੀ ਬਣਾਏ ।

4ਤਦ ਉਹਨਾਂ ਰਾਜਪਾਲਾਂ ਤੇ ਪਰਧਾਨਾਂ ਨੇ ਚਾਹਿਆ ਕਿ ਕਿਵੇਂ ਨਾ ਕਿਵੇਂ ਦਾਨੀਏਲ ਦੇ ਕੰਮ ਵਿੱਚ ਕੋਈ ਕਮੀ ਲੱਭੀਏ ਅਤੇ ਉਸ ਉੱਤੇ ਕੋਈ ਦੋਸ਼ ਲਾਈਏ ਪਰ ਉਹਨਾਂ ਨੂੰ ਕੋਈ ਦੋਸ਼ ਜਾਂ ਕੋਈ ਖੋਟ ਨਾ ਲੱਭਾ ਕਿਉਂ ਜੋ ਓਹ ਵਫ਼ਾਦਾਰ ਸੀ ।5ਤਦ ਉਹਨਾਂ ਮਨੁੱਖਾਂ ਨੇ ਆਖਿਆ ਕਿ ਅਸੀਂ ਇਸ ਦਾਨੀਏਲ ਨੂੰ ਉਹ ਦੇ ਪਰਮੇਸ਼ੁਰ ਦੀ ਬਿਵਸਥਾ ਦੇ ਬਿਨਾਂ ਹੋਰ ਕਿਸੇ ਗੱਲ ਵਿੱਚ ਦੋਸ਼ੀ ਨਾ ਲੱਭਾਂਗੇ ।
6ਤਦ ਇਹ ਪਰਧਾਨ ਤੇ ਰਾਜਪਾਲ ਇੱਕਠੇ ਹੋ ਕੇ ਰਾਜਾ ਕੋਲ ਆਏ ਅਤੇ ਉਹ ਨੂੰ ਇਉਂ ਆਖਿਆ, ਹੇ ਦਾਰਾ ਮਹਾਰਾਜ, ਜੁੱਗੋ-ਜੁੱਗ ਜੀਉਂਦੇ ਰਹੋ !7ਰਾਜ ਦੇ ਸਾਰੇ ਪ੍ਰਮੁੱਖ ਅਧਿਕਾਰੀਆਂ, ਦੀਵਾਨਾਂ, ਰਾਜਪਾਲਾਂ, ਸਲਾਹਕਾਰਾਂ ਤੇ ਸਰਦਾਰਾਂ ਨੇ ਆਪੋ ਵਿੱਚ ਸਲਾਹ ਕੀਤੀ ਕਿ ਇੱਕ ਸ਼ਾਹੀ ਬਿਧੀ ਠਹਿਰਾਈ ਜਾਵੇ ਅਤੇ ਮਨਾਹੀ ਦਾ ਇੱਕ ਪੱਕਾ ਕਾਨੂੰਨ ਬਣਾਇਆ ਜਾਵੇ ਭਈ ਜਿਹੜਾ ਕੋਈ ਤੀਹ ਦਿਨਾਂ ਤੱਕ ਤੁਹਾਡੇ ਤੋਂ ਇਲਾਵਾ, ਹੇ ਰਾਜਾ, ਕਿਸੇ ਦੇਵਤੇ ਜਾਂ ਮਨੁੱਖ ਅੱਗੇ ਬੇਨਤੀ ਕਰੇ, ਉਸ ਨੂੰ ਸ਼ੇਰਾਂ ਦੇ ਘੁਰੇ ਵਿੱਚ ਸੁੱਟਿਆ ਜਾਵੇ ।
8ਹੁਣ ਹੇ ਰਾਜਾ, ਇਹ ਹੁਕਮ ਦੇ ਕੇ ਇਸ ਉੱਤੇ ਆਪਣੇ ਦਸਖ਼ਤ ਕਰ ਦਿਓ, ਇਸ ਨੂੰ ਕੋਈ ਨਾ ਬਦਲੇ ਇਸ ਦੀ ਪਾਲਣਾ ਮਾਦੀਆਂ ਅਤੇ ਫਾਰਸੀਆਂ ਵਿੱਚ ਕੀਤੀ ਜਾਵੇ ।9ਸੋ ਦਾਰਾ ਰਾਜਾ ਨੇ ਉਸ ਲਿਖਤ ਅਤੇ ਹੁਕਮ ਉੱਤੇ ਦਸਖ਼ਤ ਕੀਤੇ ।
10ਜਦ ਦਾਨੀਏਲ ਨੂੰ ਪਤਾ ਲਗਿਆ ਕਿ ਉਸ ਲਿਖਤ ਉੱਤੇ ਦਸਖਤ ਹੋ ਗਏ ਹਨ ਤਦ ਉਹ ਆਪਣੇ ਘਰ ਵਿੱਚ ਆਇਆ ਅਤੇ ਆਪਣੀ ਕੋਠੜੀ ਦੀ ਬਾਰੀ ਖੋਲ੍ਹ ਕੇ ਜਿਹੜੀ ਯਰੂਸ਼ਲਮ ਵੱਲ ਸੀ, ਦਿਨ ਵਿੱਚ ਤਿੰਨ ਵਾਰੀ ਗੋਡੇ ਨਿਵਾ ਕੇ ਪਰਮੇਸ਼ੁਰ ਦੇ ਸਾਹਮਣੇ ਜਿਵੇਂ ਅੱਗੇ ਕਰਦਾ ਸੀ ਬੇਨਤੀ ਕੀਤੀ ਅਤੇ ਸ਼ੁਕਰ ਮਨਾਇਆ ।11ਤਦ ਇਹ ਲੋਕ ਇੱਕਠੇ ਹੋਏ ਅਤੇ ਦਾਨੀਏਲ ਨੂੰ ਆਪਣੇ ਪਰਮੇਸ਼ੁਰ ਦੇ ਸਾਹਮਣੇ ਬੇਨਤੀਆਂ ਅਤੇ ਤਰਲੇ ਕਰਦਿਆਂ ਪਾਇਆ ।
12ਫਿਰ ਉਹ ਨੇੜੇ ਆਏ ਅਤੇ ਰਾਜੇ ਦੇ ਸਾਹਮਣੇ ਰਾਜੇ ਦੇ ਪੱਕੇ ਕਾਨੂੰਨ ਲਈ ਆਖਿਆ ਭਈ ਹੇ ਰਾਜਾ, ਕੀ ਤੁਸੀਂ ਉਸ ਲਿਖਤ ਉੱਤੇ ਦਸਖਤ ਨਹੀਂ ਕੀਤੇ ਕਿ ਜਿਹੜਾ ਕੋਈ ਤੀਹ ਦਿਨਾਂ ਤੱਕ ਤੁਹਾਡੇ ਤੋਂ ਇਲਾਵਾ ਕਿਸੇ ਦੇਵਤੇ ਜਾਂ ਮਨੁੱਖ ਅੱਗੇ ਬੇਨਤੀ ਕਰੇ, ਉਹ ਸ਼ੇਰਾਂ ਦੇ ਘੁਰੇ ਵਿੱਚ ਸੁੱਟਿਆ ਜਾਵੇਗਾ ? ਰਾਜੇ ਨੇ ਉੱਤਰ ਦੇ ਕੇ ਆਖਿਆ ਕਿ ਇਹ ਗੱਲ ਸੱਚ ਹੈ, ਮਾਂਦੀਆਂ ਅਤੇ ਫਾਰਸੀਆਂ ਦੇ ਕਾਨੂੰਨ ਅਨੁਸਾਰ ਜੋ ਬਦਲਦੇ ਨਹੀਂ ।
13ਉਹਨਾਂ ਨੇ ਉੱਤਰ ਦਿੱਤਾ ਅਤੇ ਰਾਜੇ ਦੇ ਅੱਗੇ ਬੇਨਤੀ ਕੀਤੀ ਭਈ ਹੇ ਰਾਜਾ, ਉਹ ਦਾਨੀਏਲ ਜੋ ਯਹੂਦੀਆਂ ਦੇ ਗੁਲਾਮਾਂ ਵਿੱਚੋਂ ਹੈ ਉਹ ਤੁਹਾਨੂੰ ਨਹੀਂ ਮੰਨਦਾ ਅਤੇ ਨਾ ਹੀ ਉਸ ਕਾਨੂੰਨ ਨੂੰ ਜਿਹ ਦੇ ਉੱਤੇ ਤੁਸੀਂ ਦਸਖਤ ਕੀਤੇ ਹਨ, ਪਰ ਹਰ ਰੋਜ਼ ਤਿੰਨ ਵਾਰੀ ਬੇਨਤੀ ਕਰਦਾ ਹੈ ।14ਜਦ ਰਾਜੇ ਨੇ ਇਹ ਗੱਲ ਸੁਣੀ ਤਦ ਆਪਣੇ ਆਪ ਵਿੱਚ ਵੱਡਾ ਦੁੱਖੀ ਹੋਇਆ ਅਤੇ ਉਸ ਨੇ ਮਨ ਵਿੱਚ ਚਾਹਿਆ ਭਈ ਦਾਨੀਏਲ ਨੂੰ ਛੁਡਾਵੇ ਅਤੇ ਸੂਰਜ ਦੇ ਛਿਪਣ ਤੱਕ ਉਹ ਦੇ ਛੁਡਾਉਣ ਲਈ ਜਤਨ ਕਰਦਾ ਰਿਹਾ ।
15ਫਿਰ ਉਹ ਮਨੁੱਖ ਰਾਜੇ ਦੇ ਸਾਹਮਣੇ ਇਕਠੇ ਹੋਏ ਅਤੇ ਰਾਜੇ ਨੂੰ ਆਖਣ ਲੱਗੇ, ਹੇ ਰਾਜਾ, ਤੁਸੀਂ ਜਾਣ ਲਓ ਕਿ ਮਾਦੀਆਂ ਅਤੇ ਫਾਰਸੀਆਂ ਦਾ ਇਹ ਕਾਨੂੰਨ ਹੈ ਜੋ ਮਨਾਹੀ ਦਾ ਪੱਕਾ ਕਾਨੂੰਨ ਅਤੇ ਸ਼ਾਹੀ ਬਿਧੀ ਰਾਜਾ ਠਹਿਰਾਵੇ ਸੋ ਬਦਲੀ ਨਾ ਜਾਵੇ ।
16ਤਾਂ ਰਾਜੇ ਨੇ ਆਗਿਆ ਕੀਤੀ ਅਤੇ ਉਹ ਦਾਨੀਏਲ ਨੂੰ ਲੈ ਆਏ ਅਤੇ ਉਸ ਨੂੰ ਸ਼ੇਰਾਂ ਦੇ ਘੁਰੇ ਵਿੱਚ ਸੁੱਟ ਦਿੱਤਾ, ਪਰ ਰਾਜੇ ਨੇ ਦਾਨੀਏਲ ਨੂੰ ਆਖਿਆ ਸੀ ਕਿ ਤੇਰਾ ਪਰਮੇਸ਼ੁਰ ਜਿਹ ਦੀ ਉਪਾਸਨਾ ਤੂੰ ਸਦਾ ਕਰਦਾ ਹੈਂ ਉਹ ਤੈਨੂੰ ਛੁਡਾਉ !
17ਇੱਕ ਪੱਥਰ ਲਿਆਂਦਾ ਗਿਆ ਅਤੇ ਉਸ ਘੁਰੇ ਦੇ ਮੂੰਹ ਉੱਤੇ ਰੱਖਿਆ ਗਿਆ ਅਤੇ ਰਾਜੇ ਨੇ ਆਪਣੀ ਅਤੇ ਪ੍ਰਮੁੱਖ ਅਧਿਕਾਰੀਆਂ ਦੀ ਮੋਹਰ ਉਹ ਦੇ ਉੱਤੇ ਲਾ ਦਿੱਤੀ ਇਸ ਲਈ ਭਈ ਜੋ ਗੱਲ ਦਾਨੀਏਲ ਲਈ ਠਹਿਰਾਈ ਗਈ ਹੈ ਨਾ ਬਦਲੇ ।18ਤਦ ਰਾਜਾ ਆਪਣੇ ਮਹਿਲ ਵਿੱਚ ਗਿਆ ਅਤੇ ਉਸ ਨੇ ਸਾਰੀ ਰਾਤ ਵਰਤ ਰੱਖਿਆ ਅਤੇ ਉਸ ਦੇ ਅੱਗੇ ਕੋਈ ਮਨ ਪਰਚਾਵੇ ਵਾਲੀ ਚੀਜ਼ ਨਾ ਲਿਆਂਦੀ ਗਈ ਅਤੇ ਉਸ ਦੀ ਨੀਂਦ ਜਾਂਦੀ ਰਹੀ ।
19ਤਦ ਰਾਜਾ ਮੂੰਹ ਹਨੇਰੇ ਹੀ ਉੱਠਿਆ ਅਤੇ ਛੇਤੀ ਨਾਲ ਸ਼ੇਰਾਂ ਦੇ ਘੁਰੇ ਵੱਲ ਗਿਆ20ਅਤੇ ਜਦੋਂ ਉਹ ਘੁਰੇ ਮੁੱਢ ਦਾਨੀਏਲ ਕੋਲ ਜਾ ਪਹੁੰਚਿਆ ਤਾਂ ਚਿੰਤਾ ਦੀ ਅਵਾਜ਼ ਨਾਲ ਪੁਕਾਰਿਆ । ਰਾਜੇ ਨੇ ਦਾਨੀਏਲ ਨੂੰ ਆਖਿਆ, ਹੇ ਦਾਨੀਏਲ, ਜੀਉਂਦੇ ਪਰਮੇਸ਼ੁਰ ਦੇ ਉਪਾਸਕ, ਕੀ ਤੇਰਾ ਪਰਮੇਸ਼ੁਰ ਜਿਹ ਦੀ ਉਪਾਸਨਾ ਤੂੰ ਸਦਾ ਕਰਦਾ ਹੈਂ ਤੈਨੂੰ ਸ਼ੇਰਾਂ ਤੋਂ ਛੁਡਾਉਣ ਜੋਗ ਹੋਇਆ ?
21ਤਦ ਦਾਨੀਏਲ ਨੇ ਰਾਜੇ ਨੂੰ ਆਖਿਆ, ਹੇ ਰਾਜਾ, ਜੁੱਗੋ-ਜੁੱਗ ਜੀ ।22ਮੇਰੇ ਪਰਮੇਸ਼ੁਰ ਨੇ ਆਪਣੇ ਦੂਤ ਨੂੰ ਭੇਜਿਆ ਹੈ ਅਤੇ ਸ਼ੇਰਾਂ ਦੇ ਮੂੰਹ ਨੂੰ ਬੰਦ ਰੱਖਿਆ ਹੈ ਐਥੋਂ ਤੱਕ ਕਿ ਉਹਨਾਂ ਨੇ ਮੈਨੂੰ ਰਤੀ ਭਰ ਵੀ ਦੁੱਖ ਨਹੀਂ ਦਿੱਤਾ ਇਸ ਕਰਕੇ ਜੋ ਉਸ ਦੇ ਸਨਮੁਖ ਮੇਰੇ ਵਿੱਚ ਬੇਦੋਸ਼ੀ ਪਾਈ ਗਈ ਅਤੇ ਤੇਰੇ ਅੱਗੇ ਵੀ ਹੇ ਰਾਜਾ, ਮੈਂ ਦੋਸ਼ ਨਹੀਂ ਕੀਤਾ ।
23ਤਦ ਰਾਜਾ ਆਪਣੇ ਆਪ ਵਿੱਚ ਉਹ ਦੇ ਲਈ ਬਹੁਤ ਖੁਸ਼ ਹੋਇਆ ਅਤੇ ਆਗਿਆ ਦਿੱਤੀ ਕਿ ਦਾਨੀਏਲ ਨੂੰ ਉਸ ਘੁਰੇ ਤੋਂ ਕੱਢੋ, ਸੋ ਦਾਨੀਏਲ ਉਸ ਘੁਰੇ ਤੋਂ ਕੱਢਿਆ ਗਿਆ ਅਤੇ ਸ਼ੇਰਾਂ ਨੇ ਉਸਦਾ ਕੋਈ ਨੁਕਸਾਨ ਨਹੀਂ ਕੀਤਾ ਇਸ ਕਰਕੇ ਜੋ ਉਸ ਨੇ ਆਪਣੇ ਪਰਮੇਸ਼ੁਰ ਉੱਤੇ ਪਰਤੀਤ ਕੀਤੀ ।
24ਤਦ ਰਾਜੇ ਨੇ ਹੁਕਮ ਦਿੱਤਾ ਅਤੇ ਉਹ ਉਹਨਾਂ ਮਨੁੱਖਾਂ ਨੂੰ ਜਿਹਨਾਂ ਨੇ ਦਾਨੀਏਲ ਉੱਤੇ ਦੋਸ਼ ਲਾਇਆ ਸੀ ਲੈ ਆਏ ਅਤੇ ਉਹਨਾਂ ਨੂੰ ਉਹਨਾਂ ਦੇ ਬਾਲ ਬੱਚਿਆਂ ਅਤੇ ਔਰਤਾਂ ਸਣੇ ਸ਼ੇਰਾਂ ਦੇ ਘੁਰੇ ਵਿੱਚ ਸੁੱਟ ਦਿੱਤਾ ਤਾਂ ਸ਼ੇਰ ਉਹਨਾਂ ਉੱਤੇ ਬਲਵਾਨ ਹੋਏ ਅਤੇ ਘੁਰੇ ਦੇ ਥੱਲੇ ਤੱਕ ਪਹੁੰਚਣ ਤੋਂ ਪਹਿਲਾਂ ਹੀ ਸ਼ੇਰਾਂ ਨੇ ਉਹਨਾਂ ਦੀਆਂ ਹੱਡੀਆਂ ਤੋੜ ਤਾੜ ਸੁੱਟੀਆਂ ।25ਤਦ ਦਾਰਾ ਰਾਜਾ ਨੇ ਸਾਰਿਆਂ ਲੋਕਾਂ ਅਤੇ ਕੌਮਾਂ ਅਤੇ ਭਾਖਿਆਂ ਨੂੰ ਜੋ ਸਾਰੇ ਸੰਸਾਰ ਵਿੱਚ ਵੱਸਦੇ ਹਨ ਲਿਖਤ ਕਰ ਘੱਲੀ ਕਿ ਤੁਹਾਡੀ ਸੁੱਖ-ਸਾਂਦ ਵਧੇ:
26ਮੈਂ ਇਹ ਆਗਿਆ ਕਰਦਾ ਹਾਂ ਕਿ ਮੇਰੇ ਸਾਰੇ ਸ਼ਾਹੀ ਰਾਜ ਵਿੱਚ ਲੋਕ ਦਾਨੀਏਲ ਦੇ ਪਰਮੇਸ਼ੁਰ ਅੱਗੇ ਕੰਬਣ ਅਤੇ ਡਰਨ, ਉਹ ਜੀਉਂਦਾ ਪਰਮੇਸ਼ੁਰ ਹੈ, ਅਤੇ ਸਦਾ ਲਈ ਕਾਇਮ ਹੈ । ਉਸ ਦਾ ਰਾਜ ਅਟੱਲ ਹੈ, ਅਤੇ ਉਸ ਦੀ ਪਾਤਸ਼ਾਹੀ ਅਾਖ਼ਰ ਤਕ ਰਹੇਗੀ ।27ਉਹੋ ਹੀ ਛੁਡਾਉਂਦਾ ਅਤੇ ਬਚਾਉਂਦਾ ਹੈ, ਅਤੇ ਅਕਾਸ਼ ਅਤੇ ਧਰਤੀ ਵਿੱਚ ਉਹੋ ਹੀ ਨਿਸ਼ਾਨ ਅਤੇ ਅਚੰਭੇ ਕਰਦਾ ਹੈ, ਜਿਸ ਨੇ ਦਾਨੀਏਲ ਨੂੰ ਸ਼ੇਰਾਂ ਦੇ ਪੰਜਿਆਂ ਤੋਂ ਛੁਡਾਇਆ ਹੈ !
28ਇਸ ਲਈ ਦਾਨੀਏਲ, ਦਾਰਾ ਮਾਦੀ ਦੇ ਰਾਜ ਵੇਲੇ ਅਤੇ ਉਸ ਵੇਲੇ ਜਦੋਂ ਫਾਰਸੀ ਖੋਰਸ ਰਾਜਾ ਸੀ, ਸਫ਼ਲ ਹੋਇਆ ਸੀ ।

7
ਦਾਨੀਏਲ ਦੁਆਰਾ ਆਪਣੇ ਦਰਸ਼ਣਾ ਦਾ ਵਰਣਨ
(7:1-12:13)
ਚਾਰ ਪਸ਼ੂ

1ਬਾਬਲ ਦੇ ਰਾਜਾ ਬੇਲਸ਼ੱਸਰ ਦੇ ਪਹਿਲੇ ਸਾਲ ਵਿੱਚ ਦਾਨੀਏਲ ਨੇ ਆਪਣੇ ਪਲੰਘ ਉੱਤੇ ਇੱਕ ਦਰਸ਼ਣ ਦੇਖਿਆ, ਤਦ ਉਹ ਨੇ ਦਰਸ਼ਣ ਨੂੰ ਲਿਖਿਆ ਅਤੇ ਉਹਨਾਂ ਗੱਲਾਂ ਦਾ ਬਿਆਨ ਕੀਤਾ ।2ਦਾਨੀਏਲ ਨੇ ਆਖਿਆ ਕਿ ਰਾਤ ਨੂੰ ਮੈਂ ਇੱਕ ਦਰਸ਼ਣ ਦੇਖਿਆ ਅਤੇ ਕੀ ਵੇਖਦਾ ਹਾਂ ਜੋ ਅਕਾਸ਼ ਦੀਆਂ ਚਾਰੇ ਪੌਣਾਂ ਵੱਡੇ ਸਮੁੰਦਰ ਉੱਤੇ ਜ਼ੋਰ ਨਾਲ ਵਗੀਆਂ3ਅਤੇ ਸਮੁੰਦਰ ਵਿੱਚੋਂ ਚਾਰ ਵੱਡੇ-ਵੱਡੇ ਦਰਿੰਦੇ ਜੋ ਇੱਕ ਦੂਜੇ ਨਾਲੋਂ ਵੱਖੋ-ਵੱਖ ਸਨ ਨਿਕਲੇ ।

4ਪਹਿਲਾ ਸ਼ੇਰ ਬਬਰ ਵਰਗਾ ਸੀ ਅਤੇ ਉਕਾਬ ਜਿਹੇ ਖੰਭਾਂ ਵਾਲਾ ਸੀ ਅਤੇ ਮੈਂ ਵੇਖਦਾ ਰਿਹਾ ਜਦੋਂ ਤੱਕ ਉਹ ਦੇ ਖੰਭ ਨਾ ਪੁੱਟੇ ਗਏ ਅਤੇ ਉਹ ਧਰਤੀ ਉੱਤੋਂ ਚੁੱਕਿਆ ਗਿਆ ਅਤੇ ਮਨੁੱਖ ਵਾਂਗੂੰ ਪੈਰਾਂ ਦੇ ਭਾਰ ਖੜਾ ਕੀਤਾ ਗਿਆ ਅਤੇ ਮਨੁੱਖ ਦਾ ਦਿਲ ਉਸ ਨੂੰ ਦਿੱਤਾ ਗਿਆ5ਅਤੇ ਫਿਰ ਕੀ ਵੇਖਦਾ ਹਾਂ ਜੋ ਦੂਜਾ ਦਰਿੰਦਾ ਰਿੱਛ ਵਰਗਾ ਸੀ । ਉਹ ਇੱਕ ਪਾਸੇ ਵੱਲ ਖੜਾ ਹੋ ਗਿਆ ਅਤੇ ਉਹ ਦੇ ਮੂੰਹ ਵਿੱਚ ਉਹ ਦੇ ਦੰਦਾਂ ਦੇ ਵਿਚਕਾਰ ਤਿੰਨ ਪਸਲੀਆਂ ਸਨ । ਉਹਨਾਂ ਨੇ ਉਸ ਨੂੰ ਆਖਿਆ ਕਿ ਉੱਠ ਅਤੇ ਢੇਰ ਸਾਰਾ ਮਾਸ ਖਾਹ !
6ਉਹ ਦੇ ਪਿਛੋਂ ਮੈਂ ਡਿੱਠਾ ਅਤੇ ਕੀ ਵੇਖਦਾ ਹਾਂ ਕਿ ਇੱਕ ਹੋਰ ਦਰਿੰਦਾ ਚਿੱਤਰੇ ਵਰਗਾ ਉਠਿਆ ਜਿਸ ਉੱਤੇ ਪੰਛੀ ਜਿਹੇ ਚਾਰ ਖੰਭ ਸਨ ਅਤੇ ਉਸ ਦਰਿੰਦੇ ਦੇ ਚਾਰ ਸਿਰ ਸਨ ਅਤੇ ਉਹ ਨੂੰ ਰਾਜ ਦਿੱਤਾ ਗਿਆ ।7ਇਹ ਦੇ ਪਿੱਛੋਂ ਮੈਂ ਰਾਤ ਨੂੰ ਦਰਸ਼ਣ ਵਿੱਚ ਦੇਖਿਆ ਅਤੇ ਕੀ ਵੇਖਦਾ ਹਾਂ ਜੋ ਚੌਥਾ ਦਰਿੰਦਾ ਭਿਆਨਕ ਅਤੇ ਡਰਾਉਣਾ ਅਤੇ ਡਾਢਾ ਬਲਵਾਨ ਅਤੇ ਉਹ ਦੇ ਦੰਦ ਲੋਹੇ ਦੇ ਸਨ ਅਤੇ ਵੱਡੇ-ਵੱਡੇ ਸਨ । ਉਹ ਨਿਗਲੀ ਜਾਂਦਾ ਅਤੇ ਟੋਟੇ-ਟੋਟੇ ਕਰ ਦਿੰਦਾ ਅਤੇ ਵੱਧਦੇ ਨੂੰ ਆਪਣੇ ਪੈਰਾਂ ਹੇਠ ਲਤਾੜਦਾ ਸੀ ਅਤੇ ਇਹ ਉਹਨਾਂ ਸਭਨਾਂ ਦਰਿੰਦਿਆਂ ਨਾਲੋਂ ਜੋ ਉਸ ਦੇ ਪਹਿਲਾਂ ਸਨ ਵੱਖਰਾ ਸੀ, ਅਤੇ ਉਹ ਦੇ ਦਸ ਸਿੰਙ ਸਨ ।
8ਮੈਂ ਉਹਨਾਂ ਸਿੰਙਾਂ ਨੂੰ ਧਿਆਨ ਲਾ ਕੇ ਦੇਖਿਆ ਅਤੇ ਕੀ ਵੇਖਦਾ ਹਾਂ ਕਿ ਉਹਨਾਂ ਵਿੱਚੋਂ ਇੱਕ ਹੋਰ ਨਿੱਕਾ ਜਿਹਾ ਸਿੰਙ ਨਿੱਕਲਿਆ ਜਿਹ ਦੇ ਅੱਗੇ ਪਹਿਲਿਆਂ ਵਿੱਚੋਂ ਤਿੰਨ ਸਿੰਙ ਮੁੱਢੋਂ ਪੁੱਟੇ ਗਏ ਅਤੇ ਕੀ ਵੇਖਦਾ ਹਾਂ ਕਿ ਉਸ ਸਿੰਙ ਵਿੱਚ ਅੱਖਾਂ ਮਨੁੱਖ ਦੀਆਂ ਅੱਖਾਂ ਵਰਗੀਆਂ ਸਨ ਅਤੇ ਇੱਕ ਮੂੰਹ ਸੀ ਜੋ ਵੱਡੀਆਂ-ਵੱਡੀਆਂ ਗੱਲਾਂ ਬੋਲ ਰਿਹਾ ਸੀ ।
ਸਦੀਪਕ ਕਾਲ ਤੱਕ ਰਹਿਣ ਵਾਲੇ ਦਾ ਦਰਸ਼ਣ

9ਮੈਂ ਐਥੋਂ ਤੱਕ ਵੇਖਦਾ ਰਿਹਾ ਕਿ, ਸਿੰਘਾਸਣ ਰੱਖੇ ਗਏ, ਅਤੇ ਅੱਤ ਪਰਾਚੀਨ ਬੈਠ ਗਿਆ । ਉਹ ਦਾ ਬਸਤਰ ਬਰਫ਼ ਵਰਗਾ ਚਿੱਟਾ ਸੀ, ਅਤੇ ਉਹ ਦੇ ਸਿਰ ਦੇ ਵਾਲ ਉੱਨ ਵਾਂਗਰ ਸੁਥਰੇ, ਉਹ ਦਾ ਸ਼ਿਘਾਸਣ ਅੱਗ ਦੀ ਲਾਟ ਵਰਗਾ ਸੀ, ਅਤੇ ਉਹ ਦੇ ਪਹੀਏ ਬਲਦੀ ਅੱਗ ਵਰਗੇ ਸਨ ।
10ਇੱਕ ਅੱਗ ਵਾਲੀ ਨਦੀ ਨਿੱਕਲੀ, ਜੋ ਉਹ ਦੇ ਅੱਗੋਂ ਦੀ ਵਗਦੀ ਸੀ । ਹਜ਼ਾਰਾਂ ਹੀ ਹਜ਼ਾਰ ਉਹ ਦੀ ਸੇਵਾ ਕਰਦੇ ਸਨ, ਅਤੇ ਲੱਖਾਂ ਉਹ ਦੇ ਸਾਹਮਣੇ ਖੜੇ ਸਨ ! ਨਿਆਂ ਹੁੰਦਾ ਸੀ ਅਤੇ ਪੋਥੀਆਂ ਖੁੱਲੀਆਂ ਹੋਈਆਂ ਸਨ ।
11ਮੈਂ ਉਸ ਵੇਲੇ ਉਸ ਸਿੰਙ ਦੀ ਅਵਾਜ਼ ਦੇ ਕਾਰਨ ਜੋ ਵੱਡੀਆਂ ਹੰਕਾਰ ਦੀਆਂ ਗੱਲਾਂ ਬੋਲਦਾ ਸੀ ਡਿੱਠਾ, ਹਾਂ, ਮੈਂ ਐਥੋਂ ਤੱਕ ਵੇਖਦਾ ਰਿਹਾ ਕਿ ਉਹ ਦਰਿੰਦਾ ਮਾਰਿਆ ਗਿਆ ਅਤੇ ਉਹ ਦਾ ਸਰੀਰ ਨਾਸ਼ ਹੋ ਗਿਆ ਅਤੇ ਬਲਦੇ ਭਾਂਬੜ ਵਿੱਚ ਸੁੱਟਿਆ ਗਿਆ ।12ਬਾਕੀ ਦਰਿੰਦਿਆਂ ਦਾ ਰਾਜ ਵੀ ਉਹਨਾਂ ਤੋਂ ਲਿਆ ਗਿਆ ਪਰ ਇੱਕ ਵੇਲੇ ਅਤੇ ਇੱਕ ਸਮੇਂ ਤੋੜੀਂ ਉਹਨਾਂ ਨੂੰ ਜਿੰਦ ਦਿੱਤੀ ਗਈ ।
13ਮੈਂ ਰਾਤ ਦੇ ਇਸ ਦਰਸ਼ਣ ਵਿੱਚ ਦੇਖਿਆ ਅਤੇ ਵੇਖੋ, ਇੱਕ ਜਣਾ ਮਨੁੱਖ ਦੇ ਪੁੱਤਰ ਵਰਗਾ ਅਕਾਸ਼ ਦੇ ਬਦਲਾਂ ਸਣੇ ਆਇਆ, ਅਤੇ ਅੱਤ ਪ੍ਰਾਚੀਨ ਤੱਕ ਪਹੁੰਚਿਆ, ਅਤੇ ਉਹ ਉਹ ਨੂੰ ਉਸ ਦੇ ਅੱਗੇ ਲਿਆਏ ।14ਪਾਤਸ਼ਾਹੀ ਅਤੇ ਪਰਤਾਪ ਅਤੇ ਰਾਜ ਉਹ ਨੂੰ ਦਿੱਤਾ ਗਿਆ, ਜੋ ਸੱਭੇ ਕੌਮਾਂ ਅਤੇ ਲੋਕ ਅਤੇ ਬੋਲੀਆਂ ਉਹ ਦੀ ਸੇਵਾ ਕਰਨ । ਉਹ ਦਾ ਰਾਜ ਸਦਾ ਦਾ ਰਾਜ ਹੈ, ਜਿਹੜਾ ਮਿਟੇਗਾ ਨਾ, ਅਤੇ ਉਹ ਦਾ ਰਾਜ ਅਜਿਹਾ ਹੈ ਜੋ ਟਲੇਗਾ ਨਾ ।
ਪਸ਼ੂਆਂ ਦਾ ਅਰਥ

15ਮੈਂ ਦਾਨੀਏਲ ਆਪਣੇ ਆਤਮਾ ਵਿੱਚ ਉਦਾਸ ਹੋਇਆ ਅਤੇ ਮੇਰੇ ਇਸ ਦਰਸ਼ਣ ਨੇ ਮੈਨੂੰ ਘਬਰਾ ਦਿੱਤਾ ।16ਅਤੇ ਜਿਹੜੇ ਨੇੜੇ ਖੜ੍ਹੇ ਸਨ ਮੈਂ ਉਹਨਾਂ ਵਿਚੋਂ ਇੱਕ ਜਣੇ ਕੋਲ ਗਿਆ ਅਤੇ ਉਹ ਨੂੰ ਇਹਨਾਂ ਸਾਰੀਆਂ ਗੱਲਾਂ ਦੀ ਅਸਲੀਅਤ ਪੁੱਛੀ । ਉਸ ਨੇ ਮੈਨੂੰ ਦੱਸਿਆ ਅਤੇ ਇਹਨਾਂ ਗੱਲਾਂ ਦਾ ਅਰਥ ਮੈਨੂੰ ਸਮਝਾਇਆ ।
17ਇਹ ਚਾਰ ਵੱਡੇ ਦਰਿੰਦੇ ਚਾਰ ਰਾਜੇ ਹਨ ਜੋ ਧਰਤੀ ਉੱਤੇ ਉੱਠਣਗੇ ।18ਪਰ ਅੱਤ ਮਹਾਨ ਦੇ ਸੰਤ ਰਾਜ ਲੈ ਲੈਣਗੇ ਅਤੇ ਜੁੱਗਾਂ ਤੀਕ, ਹਾਂ, ਜੁੱਗੋ-ਜੁੱਗ ਤੀਕ ਉਸ ਰਾਜ ਦੇ ਮਾਲਕ ਹੋਣਗੇ ।
19ਤਦ ਮੈਂ ਚਾਹਿਆ ਕਿ ਚੌਥੇ ਦਰਿੰਦੇ ਦੀ ਵਾਰਤਾ ਵੀ ਜਾਣਾ ਜਿਹੜਾ ਉਹਨਾਂ ਸਭਨਾਂ ਨਾਲੋਂ ਵੱਖਰਾ ਸੀ, ਜੋ ਡਾਢਾ ਡਰਾਉਣਾ ਸੀ ਜਿਹ ਦੇ ਦੰਦ ਲੋਹੇ ਦੇ ਅਤੇ ਨਹੁੰ ਪਿੱਤਲ ਦੇ, ਜੋ ਨਿਗਲਦਾ ਅਤੇ ਟੋਟੇ-ਟੋਟੇ ਕਰਦਾ ਅਤੇ ਆਪਣੇ ਪੈਰਾਂ ਹੇਠ ਲਿਤਾੜਦਾ ਸੀ ।20ਅਤੇ ਦਸਾਂ ਸਿੰਙਾਂ ਦੀ, ਜੋ ਉਹ ਦੇ ਸਿਰ ਉੱਤੇ ਸਨ ਅਤੇ ਉਸ ਇੱਕ ਦੀ ਜੋ ਨਿੱਕਲਿਆ ਅਤੇ ਜਿਹ ਦੇ ਅੱਗੇ ਤਿੰਨ ਡਿਗ ਪਏ ਸਨ, ਹਾਂ, ਉਸ ਸਿੰਙ ਦੀ ਜਿਹ ਦੀਆਂ ਅੱਖਾਂ ਸਨ ਅਤੇ ਇੱਕ ਮੂੰਹ ਜੋ ਵੱਡੇ ਹੰਕਾਰ ਦੀਆਂ ਗੱਲਾਂ ਬੋਲਦਾ ਸੀ ਅਤੇ ਉਸ ਦੇ ਸਾਥੀਆਂ ਨਾਲੋਂ ਵੱਧ ਡਰਾਉਣਾ ਸੀ ।
21ਮੈਂ ਦੇਖਿਆ ਕਿ ਉਹੋ ਸਿੰਙ ਸੰਤਾਂ ਨਾਲ ਲੜਦਾ ਸੀ ਅਤੇ ਉਹਨਾਂ ਉੱਤੇ ਜਿੱਤ ਪਾ ਲੈਂਦਾ ਸੀ ।22ਜਦ ਤੱਕ ਅੱਤ ਪ੍ਰਾਚੀਨ ਨਾ ਆਇਆ ਅਤੇ ਅੱਤ ਮਹਾਨ ਦੇ ਸੰਤਾਂ ਦਾ ਨਿਆਂ ਨਾ ਦਿੱਤਾ ਗਿਆ ਅਤੇ ਵੇਲਾ ਨਾ ਆ ਪਹੁੰਚਿਆ ਕਿ ਸੰਤ ਰਾਜ ਵਾਲੇ ਹੋਣ ।
23ਉਹ ਇਉਂ ਬੋਲਿਆ ਕਿ ਚੌਥਾ ਦਰਿੰਦਾ ਚੌਥਾ ਰਾਜਾ ਹੈ ਜੋ ਧਰਤੀ ਵਿੱਚ ਹੋਵੇਗਾ । ਉਹ ਸਭਨਾਂ ਰਾਜਾਂ ਨਾਲੋਂ ਵੱਖਰਾ ਹੋਵੇਗਾ ਅਤੇ ਸਾਰੀ ਪ੍ਰਿਥਵੀ ਨੂੰ ਨਿਗਲ ਜਾਵੇਗਾ ਅਤੇ ਉਹ ਨੂੰ ਲਿਤਾੜੇਗਾ ਅਤੇ ਉਹ ਨੂੰ ਟੋਟੇ-ਟੋਟੇ ਕਰੇਗਾ ।24ਉਹ ਦਸ ਸਿੰਙ ਜੋ ਹਨ ਸੋ ਦਸ ਰਾਜੇ ਹਨ ਜੋ ਉਸ ਰਾਜ ਦੇ ਵਿੱਚ ਉੱਠਣਗੇ ਅਤੇ ਉਹਨਾਂ ਦੇ ਪਿੱਛੋਂ ਇੱਕ ਹੋਰ ਉੱਠੇਗਾ ਅਤੇ ਉਹ ਪਹਿਲਿਆਂ ਨਾਲੋਂ ਵੱਖਰਾ ਹੋਵੇਗਾ । ਉਹ ਤਿੰਨਾਂ ਰਾਜਿਆਂ ਉੱਤੇ ਜਿੱਤ ਪਾ ਲਵੇਗਾ ।
25ਉਹ ਅੱਤ ਮਹਾਨ ਦੇ ਵਿਰੁੱਧ ਹੰਕਾਰ ਦੀਆਂ ਗੱਲਾਂ ਬੋਲੇਗਾ ਅਤੇ ਅੱਤ ਮਹਾਨ ਦੇ ਸੰਤਾਂ ਨੂੰ ਦੁਖਾਵੇਗਾ ਅਤੇ ਚਾਹੇਗਾ ਕਿ ਮੁੱਕਰਰ ਸਮਿਆਂ ਅਤੇ ਬਿਵਸਥਾ ਨੂੰ ਬਦਲ ਦੇਵੇ ਅਤੇ ਉਹ ਇਹ ਦੇ ਹੱਥ ਵਿੱਚ ਦਿੱਤੇ ਜਾਣਗੇ ਐਥੋਂ ਤੱਕ ਇੱਕ ਸਮਾਂ ਅਤੇ ਸਮੇ ਅਤੇ ਅੱਧਾ ਸਮਾ ਲੰਘ ਜਾਏਗਾ ।26ਫਿਰ ਨਿਆਉਂ ਸਭਾ ਬੈਠੇਗੀ ਅਤੇ ਉਹ ਉਸ ਦਾ ਰਾਜ ਉਸ ਤੋਂ ਲੈ ਲਵੇਗੀ ਇਸ ਲਈ ਜੋ ਅਖੀਰ ਤੱਕ ਉਸ ਦਾ ਨਾਸ਼ ਕਰ ਸੁੱਟਣ ।
27ਸਾਰੇ ਅਕਾਸ਼ ਦੇ ਹੇਠਲੇ ਸਭਨਾਂ ਦੇਸ਼ਾਂ ਦੇ ਰਾਜਾਂ ਦਾ ਪਰਤਾਪ ਅਤੇ ਪਾਤਸ਼ਾਹੀ ਅਤੇ ਰਾਜ ਅੱਤ ਮਹਾਨ ਦੇ ਸੰਤਾਂ ਦੇ ਲੋਕਾਂ ਨੂੰ ਦਿੱਤੇ ਜਾਣਗੇ । ਉਹਦਾ ਰਾਜ ਇੱਕ ਸਦਾ ਦਾ ਰਾਜ ਹੈ ਅਤੇ ਸਾਰੀਆਂ ਪਾਤਸ਼ਾਹੀਆਂ ਉਹ ਦੀ ਉਪਾਸਨਾ ਕਰਨਗੀਆਂ ਅਤੇ ਆਗਿਆਕਾਰ ਹੋਣਗੀਆਂ ।28ਉਹ ਗੱਲ ਐਥੇ ਮੁੱਕ ਗਈ । ਮੈਂ ਜੋ ਦਾਨੀਏਲ ਹਾਂ, ਮੇਰੀਆਂ ਚਿੰਤਾ ਨੇ ਮੈਨੂੰ ਡਾਢਾ ਘਬਰਾ ਦਿੱਤਾ ਅਤੇ ਮੇਰੇ ਮੂੰਹ ਦਾ ਰੰਗ ਬਦਲ ਗਿਆ ਪਰ ਮੈਂ ਇਹ ਗੱਲਾਂ ਆਪਣੇ ਮਨ ਵਿੱਚ ਰੱਖੀਆਂ ।

8
ਮੇਢੇ ਅਤੇ ਬੱਕਰੇ ਦਾ ਦਰਸ਼ਣ

1ਬੇਲਸ਼ੱਸਰ ਰਾਜਾ ਦੇ ਰਾਜ ਦੇ ਤੀਜੇ ਸਾਲ ਵਿੱਚ ਮੈਨੂੰ, ਹਾਂ, ਮੈਂ ਦਾਨੀਏਲ ਨੇ ਜਿਹੜਾ ਪਹਿਲਾਂ ਦਰਸ਼ਣ ਵੇਖਿਆ ਸੀ ਉਹ ਦੇ ਪਿੱਛੋ ਇੱਕ ਹੋਰ ਦਰਸ਼ਣ ਵੇਖਿਆ ।2ਜਦ ਮੈਂ ਸ਼ੂਸ਼ਨ ਦੇ ਮਹਿਲ ਵਿੱਚ ਰਹਿੰਦਾ ਸੀ ਜਿਹੜਾ ਏਲਾਮ ਦੇ ਸੂਬੇ ਵਿੱਚ ਹੈ । ਫਿਰ ਮੈਂ ਦਰਸ਼ਣ ਵਿੱਚ ਵੇਖਿਆ ਕਿ ਮੈਂ ਉਲਾਈ ਨਦੀ ਦੇ ਕੰਢੇ ਉੱਤੇ ਹਾਂ ।

3ਤਦ ਮੈਂ ਆਪਣੀਆਂ ਅੱਖਾਂ ਚੁੱਕ ਕੇ ਦੇਖਿਆ ਤਾਂ ਵੇਖੋ, ਨਦੀ ਦੇ ਅੱਗੇ ਇੱਕ ਮੇਂਢਾ ਖੜ੍ਹਾ ਸੀ ਜਿਹ ਦੇ ਦੋ ਸਿੰਙ ਸਨ ਅਤੇ ਉਹ ਦੋਵੇਂ ਉੱਚੇ ਸਨ ਪਰ ਇਕ ਦੂਜੇ ਨਾਲੋਂ ਵੱਡਾ ਸੀ ਅਤੇ ਵੱਡਾ ਦੂਜੇ ਨਾਲੋਂ ਪਿੱਛੋਂ ਉੱਗਿਆ ਸੀ ।4ਮੈਂ ਉਸ ਮੇਂਢੇ ਨੂੰ ਦੇਖਿਆ ਜਿਹੜਾ ਪੱਛਮ, ਉੱਤਰ ਅਤੇ ਦੱਖਣ ਵੱਲ ਸਿੰਙ ਮਾਰਦਾ ਸੀ ਐਥੋਂ ਤੱਕ ਕੋਈ ਦਰਿੰਦਾ ਉਹ ਦੇ ਸਾਹਮਣੇ ਨਾ ਕਰ ਸਕਿਆ ਅਤੇ ਨਾ ਕੋਈ ਉਹ ਦੇ ਹੱਥੋਂ ਛੁਡਾ ਸਕਿਆ ਪਰ ਉਹ ਜੋ ਚਾਹੁੰਦਾ ਸੀ ਸੋ ਕਰਦਾ ਸੀ ਅਤੇ ਆਪ ਨੂੰ ਵੱਡਾ ਬਣਾਉਂਦਾ ਸੀ ।
5ਮੈਂ ਇਸ ਸੋਚ ਵਿੱਚ ਸੀ ਅਤੇ ਵੇਖੋ ਇੱਕ ਬੱਕਰਾ ਪੱਛਮ ਦੇ ਵੱਲੋਂ ਆਣ ਕੇ ਸਾਰੀ ਧਰਤੀ ਦੇ ਉੱਤੇ ਅਜਿਹਾ ਫਿਰਿਆ ਜੋ ਧਰਤੀ ਉੱਤੇ ਉਸ ਦਾ ਪੈਰ ਨਾ ਛੁਹਿਆ ਅਤੇ ਉਸ ਬੱਕਰੇ ਦੀਆਂ ਦੋਹਾਂ ਅੱਖਾਂ ਦੇ ਵਿਚਕਾਰ ਇੱਕ ਅਚਰਜ ਸਿੰਙ ਸੀ ।6ਉਹ ਉਸ ਦੋਹਾਂ ਸਿੰਙਾਂ ਵਾਲੇ ਮੇਂਢੇ ਦੇ ਕੋਲ ਜਿਹ ਨੂੰ ਮੈਂ ਨਦੀ ਦੇ ਸਾਹਮਣੇ ਖੜ੍ਹਾ ਵੇਖਿਆ ਸੀ, ਆਇਆ ਅਤੇ ਆਪਣੇ ਜ਼ੋਰ ਦੇ ਗੁੱਸੇ ਨਾਲ ਉਸ ਦੇ ਉੱਤੇ ਦੌੜ ਪਿਆ ।
7ਮੈਂ ਉਹ ਨੂੰ ਵੇਖਿਆ ਕਿ ਉਹ ਮੇਂਢੇ ਦੇ ਨੇੜੇ ਪੁੱਜਾ ਅਤੇ ਉਹ ਦਾ ਕ੍ਰੋਧ ਉਸ ਦੇ ਉੱਤੇ ਜਾਗਿਆ, ਮੇਂਢੇ ਨੂੰ ਮਾਰਿਆ ਅਤੇ ਉਸ ਦੇ ਦੋਵੇਂ ਸਿੰਙ ਭੰਨ ਸੁੱਟੇ । ਉਸ ਮੇਂਢੇ ਵਿੱਚ ਜ਼ੋਰ ਨਹੀਂ ਸੀ ਕਿ ਉਹ ਦਾ ਸਾਹਮਣਾ ਕਰੇ, ਇਸ ਲਈ ਉਹ ਨੇ ਉਸ ਨੂੰ ਧਰਤੀ ਉੱਤੇ ਢਾਹ ਲਿਆ ਅਤੇ ਉਸ ਨੂੰ ਕੁਚਲ ਸੁੱਟਿਆ ਅਤੇ ਕੋਈ ਨਹੀਂ ਸੀ ਜੋ ਮੇਂਢੇ ਨੂੰ ਉਹ ਦੇ ਹੱਥੋਂ ਛੁਡਾ ਸਕੇ ।8ਤਦ ਉਸ ਬੱਕਰੇ ਨੇ ਆਪਣੇ ਆਪ ਨੂੰ ਬਹੁਤ ਉੱਚਾ ਕੀਤਾ ਅਤੇ ਜਦ ਉਹ ਬਲਵਾਨ ਹੋਇਆ ਤਾਂ ਉਹ ਦਾ ਵੱਡਾ ਸਿੰਙ ਟੁੱਟ ਗਿਆ ਅਤੇ ਉਹ ਦੇ ਥਾਂ ਚਾਰ ਅਚਰਜ ਸਿੰਙ ਅਕਾਸ਼ ਦੀਆਂ ਚਾਰੇ ਦਿਸ਼ਾਵਾਂ ਵੱਲ ਨਿੱਕਲੇ ।
9ਉਹਨਾਂ ਵਿੱਚੋਂ ਇੱਕ ਹੋਰ ਨਿੱਕਾ ਸਿੰਙ ਨਿੱਕਲਿਆ ਜੋ ਦੱਖਣ, ਪੂਰਬ ਅਤੇ ਮਨਭਾਉਂਦੇ ਦੇਸ ਵੱਲ ਨਿਹਾਇਤ ਵੱਧ ਗਿਆ ।10ਉਹ ਅਕਾਸ਼ ਦੀ ਸੈਨਾਂ ਤੱਕ ਵੱਧ ਗਿਆ ਅਤੇ ਉਸ ਸੈਨਾ ਵਿੱਚੋਂ ਅਤੇ ਤਾਰਿਆਂ ਵਿੱਚੋਂ ਕਈਆਂ ਨੂੰ ਧਰਤੀ ਉੱਤੇ ਗਿਰਾ ਦਿੱਤਾ ਅਤੇ ਉਹਨਾਂ ਨੂੰ ਕੁਚਲ ਦਿੱਤਾ ।
11ਸਗੋਂ ਉਸ ਨੇ ਸੈਨਾ ਦੇ ਪ੍ਰਧਾਨ ਤੱਕ ਆਪਣੇ ਆਪ ਨੂੰ ਉੱਚਾ ਵਧਾਇਆ ਅਤੇ ਉਸ ਤੋਂ ਸਦਾ ਦੀ ਬਲੀ ਚੁੱਕੀ ਗਈ ਅਤੇ ਉਸ ਦਾ ਪਵਿਤਰ ਸਥਾਨ ਢਾਇਆ ਗਿਆ ।12ਸੋ ਉਹ ਸੈਨਾ ਸਦਾ ਦੀ ਹੋਮ ਦੀ ਭੇਂਟ ਨਾਲ ਅਪਰਾਧ ਕਰਨ ਕਰਕੇ ਉਸ ਨੂੰ ਦਿੱਤੀ ਗਈ ਅਤੇ ਉਸ ਨੇ ਸੱਚਿਆਈ ਨੂੰ ਧਰਤੀ ਉੱਤੇ ਸੁੱਟਿਆ । ਉਹ ਇਹ ਕਰਦਾ ਅਤੇ ਸਫ਼ਲ ਹੁੰਦਾ ਰਿਹਾ ।
13ਫਿਰ ਮੈਂ ਇੱਕ ਪਵਿੱਤਰ ਜਨ ਨੂੰ ਬੋਲਦਿਆਂ ਸੁਣਿਆ ਅਤੇ ਦੂਜੇ ਪਵਿੱਤਰ ਜਨ ਨੇ ਉਸ ਨੂੰ ਜੋ ਗੱਲਾਂ ਪਿਆ ਕਰਦਾ ਸੀ ਪੁੱਛਿਆ ਕਿ ਉਹ ਦਰਸ਼ਣ ਸਦਾ ਦੇ ਲਈ ਅਤੇ ਉਸ ਉਜਾੜਨ ਵਾਲੇ ਦੇ ਅਪਰਾਧ ਲਈ ਜੋ ਪਵਿੱਤਰ ਸਥਾਨ ਅਤੇ ਸੈਨਾ ਦੋਵੇਂ ਦਿੱਤੇ ਗਏ ਉਹਨਾਂ ਦਾ ਕੁਚਲਿਆ ਜਾਣਾ ਕਦੋਂ ਤੱਕ ਰਹੇ ?14ਉਸ ਨੇ ਮੈਨੂੰ ਆਖਿਆ ਕਿ ਦੋ ਹਜ਼ਾਰ ਤਿੰਨ ਸੌ ਸ਼ਾਮ ਅਤੇ ਸਵੇਰ ਤੱਕ ਹੈ ਫਿਰ ਪਵਿੱਤਰ ਸਥਾਨ ਸ਼ੁੱਧ ਕੀਤਾ ਜਾਵੇਗਾ ।
ਜ਼ਿਬਰਾਏਲ ਦੁਆਰਾ ਦਰਸ਼ਣ ਦਾ ਅਰਥ ਦੱਸਿਆ ਜਾਣਾ

15ਜਦ ਮੈਂ ਦਾਨੀਏਲ ਨੇ ਇਹ ਦਰਸ਼ਣ ਦੇਖਿਆ ਅਤੇ ਉਹ ਦਾ ਅਰਥ ਲੱਭਦਾ ਸੀ ਤਾਂ ਵੇਖੋ, ਮੇਰੇ ਸਾਹਮਣੇ ਕੋਈ ਖੜ੍ਹਾ ਸੀ ਜਿਸ ਦਾ ਰੂਪ ਮਨੁੱਖ ਜਿਹਾ ਸੀ ।16ਮੈਂ ਇੱਕ ਮਨੁੱਖ ਦੀ ਅਵਾਜ਼ ਸੁਣੀ ਜਿਸ ਨੇ ਊਲਾਈ ਦੇ ਵਿਚਕਾਰ ਪੁਕਾਰ ਕੇ ਆਖਿਆ ਕਿ ਹੇ ਜ਼ਿਬਰਾਏਲ, ਇਸ ਮਨੁੱਖ ਨੂੰ ਇਸ ਦਰਸ਼ਣ ਦਾ ਅਰਥ ਦੱਸ !17ਫਿਰ ਜਿਥੇ ਮੈਂ ਖੜ੍ਹਾ ਸੀ ਉੱਥੇ ਉਹ ਨੇੜੇ ਆਇਆ ਅਤੇ ਉਸ ਦੇ ਆਉਂਦੇ ਹੀ ਮੈਂ ਡਰ ਗਿਆ ਅਤੇ ਮੂੰਹ ਦੇ ਬਲ ਡਿੱਗ ਪਿਆ ਪਰ ਉਸ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ ਸਮਝ ਲੈ ਕਿਉਂ ਜੋ ਇਹ ਦਰਸ਼ਣ ਅੰਤ ਦੇ ਸਮੇਂ ਵਿੱਚ ਪੂਰਾ ਹੋਵੇਗਾ ।
18ਜਦ ਉਹ ਮੈਨੂੰ ਆਖਦਾ ਪਿਆ ਸੀ ਤਾਂ ਮੈਂ ਮੂੰਹ ਦੇ ਬਲ ਵੱਡੀ ਨੀਂਦ ਵਿੱਚ ਧਰਤੀ ਉੱਤੇ ਪਿਆ ਸੀ ਤਾਂ ਉਹ ਨੇ ਮੈਨੂੰ ਛੁਹਿਆ ਅਤੇ ਸਿੱਧਾ ਕਰ ਕੇ ਖੜਾ ਕੀਤਾ ।19ਤਦ ਉਸ ਨੇ ਆਖਿਆ, ਕ੍ਰੋਧ ਦੇ ਅੰਤ ਦੇ ਦਿਨਾਂ ਵਿੱਚ ਕੀ ਹੋਵੇਗਾ ਉਹ ਮੈਂ ਤੇਨੂੰ ਦੱਸਦਾ ਹਾਂ ਕਿਉਂ ਜੋ ਅੰਤ ਦੇ ਠਹਿਰਾਏ ਹੋਏ ਸਮੇਂ ਵਿੱਚ ਉਹ ਪੂਰਾ ਹੋ ਜਾਵੇਗਾ ।
20ਉਹ ਮੇਂਢਾ ਜਿਸ ਨੂੰ ਤੂੰ ਡਿੱਠਾ ਕਿ ਉਸ ਦੇ ਦੋ ਸਿੰਙ ਹਨ ਸੋ ਮਾਦਾ ਅਤੇ ਫ਼ਾਰਸ ਦੇ ਰਾਜੇ ਹਨ ।21ਉਹ ਬਲਵਾਨ ਬੱਕਰਾ ਯੂਨਾਨ ਦਾ ਰਾਜਾ ਅਤੇ ਉਹ ਵੱਡਾ ਸਿੰਙ ਜੋ ਉਸ ਦੀਆਂ ਅੱਖੀਆਂ ਦੇ ਵਿਚਕਾਰ ਹੈ ਸੋ ਉਹ ਪਹਿਲਾਂ ਰਾਜਾ ਹੈ ।
22ਇਸ ਕਰਕੇ ਉਹ ਦੇ ਟੁੱਟਣ ਦੇ ਪਿੱਛੋਂ ਉਹ ਦੇ ਥਾਂ ਵਿੱਚ ਚਾਰ ਹੋਰ ਨਿੱਕਲੇ ਸੋ ਇਹ ਚਾਰ ਰਾਜੇ ਹਨ ਜਿਹੜੇ ਉਸ ਦੇਸ਼ ਦੇ ਵਿਚਕਾਰ ਉੱਠਣਗੇ ਪਰ ਉਹਨਾਂ ਦਾ ਜ਼ੋਰ ਉਹ ਦੇ ਵਰਗਾ ਨਾ ਹੋਵੇਗਾ ।23ਉਹਨਾਂ ਦੇ ਰਾਜ ਦੇ ਅੰਤ ਦੇ ਸਮੇਂ ਵਿੱਚ ਜਿਸ ਵੇਲੇ ਅਪਰਾਧੀ ਤਾਂ ਇੱਕ ਰਾਜਾ ਕਠੋਰਤਾ ਵਾਲਾ ਮੂੰਹ ਅਤੇ ਭੇਤ ਦੀਆਂ ਗੱਲਾਂ ਬੁੱਝਣ ਵਾਲਾ ਉੱਠੇਗਾ ।
24ਉਸ ਦੀ ਸਮਰੱਥਾ ਵੱਡੀ ਹੋਵੇਗੀ ਪਰ ਉਸ ਦਾ ਜ਼ੋਰ ਉਸ ਦੇ ਬਲ ਉੱਤੇ ਨਾ ਹੋਵੇਗਾ ਅਤੇ ਉਹ ਅਚਰਜ ਰੀਤੀ ਨਾਲ ਮਾਰ ਸੁੱਟੇਗਾ ਅਤੇ ਸਫ਼ਲ ਹੋਵੇਗਾ ਅਤੇ ਕੰਮ ਕਰੇਗਾ ਅਤੇ ਜ਼ੋਰਾਵਰਾਂ ਨੂੰ ਅਤੇ ਪਵਿੱਤਰ ਲੋਕਾਂ ਨੂੰ ਨਾਸ਼ ਕਰ ਸੁੱਟੇਗਾ ।25ਉਸ ਦੀ ਚਤੁਰਾਈ ਦੇ ਕਾਰਨ ਉਸਦਾ ਧੋਖਾ ਸਫ਼ਲ ਹੋਵੇਗਾ, ਅਤੇ ਉਹ ਮਨ ਵਿੱਚ ਘਮੰਡੀ ਹੋ ਕੇ ਬਹੁਤਿਆਂ ਦਾ ਨਾਸ਼ ਕਰੇਗਾ । ਉਹ ਹਾਕਮਾਂ ਦੇ ਹਾਕਮ ਦੇ ਵਿਰੁੱਧ ਉੱਠ ਖੜ੍ਹਾ ਹੋਵੇਗਾ ਪਰ ਅੰਤ ਵਿੱਚ ਉਹ ਬਿਨ੍ਹਾਂ ਹੱਥ ਲਾਏ ਤੋੜਿਆ ਜਾਵੇਗਾ ।
26ਉਹ ਸ਼ਾਮ ਅਤੇ ਸਵੇਰ ਦਾ ਦਰਸ਼ਣ ਜੋ ਤੂੰ ਦੇਖਿਆ ਅਤੇ ਸੁਣਿਆ ਹੈ ਸੋ ਸੱਚ ਹੈ, ਪਰ ਤੂੰ ਉਸ ਦਰਸ਼ਣ ਨੂੰ ਬੰਦ ਕਰ ਛੱਡ ਕਿਉਂ ਜੋ ਇਹ ਦੇ ਵਿੱਚ ਪੂਰਾ ਹੋਣ ਵਿੱਚ ਬਹੁਤ ਸਮਾਂ ਬਾਕੀ ਹੈ ।
27ਮੈਨੂੰ, ਦਾਨੀਏਲ ਨੂੰ ਮੂਰਛਾ ਪੈ ਗਈ ਅਤੇ ਕਈਆਂ ਦਿਨਾਂ ਤੱਕ ਬਿਮਾਰ ਪਿਆ ਰਿਹਾ, ਫਿਰ ਉਹ ਦੇ ਪਿੱਛੋਂ ਮੈਂ ਉੱਠਿਆ ਅਤੇ ਰਾਜੇ ਦਾ ਕੰਮ-ਧੰਦਾ ਕਰਨ ਲੱਗਾ ਅਤੇ ਦਰਸ਼ਣ ਨਾਲ ਘਾਬਰਦਾ ਰਿਹਾ ਪਰ ਉਹ ਨੂੰ ਕਿਸੇ ਨੇ ਨਾ ਜਾਣਿਆ ।

9
ਦਾਨੀਏਲ ਆਪਣੇ ਲੋਕਾਂ ਲਈ ਪ੍ਰਾਰਥਨਾ ਕਰਦਾ ਹੈ

1ਅਹਸ਼ਵੇਰੋਸ਼ ਦੇ ਪੁੱਤਰ ਦਾਰਾ ਦੇ ਪਹਿਲੇ ਸਾਲ ਵਿੱਚ ਜੋ ਮਾਦੀ ਵੰਸ ਦਾ ਸੀ, ਅਤੇ ਕਸਦੀਆਂ ਦੇ ਰਾਜ ਉੱਤੇ ਰਾਜਾ ਠਹਿਰਾਇਆ ਹੋਇਆ ਸੀ ।2ਉਹ ਦੇ ਰਾਜ ਦੇ ਪਹਿਲੇ ਸਾਲ ਵਿੱਚ ਮੈਂ ਦਾਨੀਏਲ ਨੇ ਪੋਥੀਆਂ ਵਿੱਚੋਂ ਉਹਨਾਂ ਸਾਲਾਂ ਦਾ ਲੇਖਾ ਜਾਣਿਆ ਜਿਹਨਾਂ ਲਈ ਯਹੋਵਾਹ ਦੀ ਬਾਣੀ ਯਿਰਮਿਯਾਹ ਨਬੀ ਨੂੰ ਆਈ ਸੀ, ਜੋ ਉਹ ਯਰੂਸ਼ਲਮ ਦੇ ਉੱਜੜਨ ਦੇ ਸੱਤਰ ਸਾਲ ਪੂਰੇ ਹੋਣ ।

3ਮੈਂ ਆਪਣਾ ਮੂੰਹ ਪ੍ਰਭੂ ਪਰਮੇਸ਼ੁਰ ਵੱਲ ਕੀਤਾ ਅਤੇ ਬੇਨਤੀਆਂ ਤਰਲੇ ਕਰ ਕੇ ਵਰਤ ਰੱਖ ਕੇ, ਤੱਪੜ ਅਤੇ ਸੁਆਹ ਸਮੇਤ ਉਹ ਦੀ ਭਾਲ ਕੀਤੀ ।4ਮੈਂ ਯਹੋਵਾਹ ਆਪਣੇ ਪਰਮੇਸ਼ੁਰ ਅੱਗੇ ਬੇਨਤੀ ਕੀਤੀ, ਮੈਂ ਪਾਪ ਨੂੰ ਮੰਨ ਲਿਆ ਅਤੇ ਆਖਿਆ, ਹੇ ਪ੍ਰਭੂ, ਜੋ ਮਹਾਨ ਅਤੇ ਡਰ ਮੰਨਣ ਯੋਗ ਪਰਮੇਸ਼ੁਰ ਹੈ ਅਤੇ ਉਸ ਨੇਮ ਨੂੰ ਆਪਣੇ ਪਿਆਰਿਆਂ ਦੇ ਨਾਲ ਅਤੇ ਜਿਹੜੇ ਉਸ ਦੇ ਆਗਿਆਕਾਰੀ ਹਨ, ਉਹਨਾਂ ਦੇ ਨਾਲ ਚੇਤੇ ਰੱਖਦਾ ਹੈਂ ।
5ਅਸੀਂ ਪਾਪ ਕੀਤੇ, ਅਸੀਂ ਟੇਢੇ ਕੰਮ ਕੀਤੇ, ਅਸੀਂ ਬਦੀ ਕੀਤੀ, ਅਸੀਂ ਵਿਰੋਧ ਕੀਤਾ, ਅਸੀਂ ਤੇਰੇ ਹੁਕਮਾਂ ਅਤੇ ਤੇਰੇ ਨਿਯਮਾਂ ਤੋਂ ਫਿਰ ਗਏ ਹਾਂ !6ਅਸੀਂ ਤੇਰੇ ਸੇਵਕ ਨਬੀਆਂ ਨੂੰ ਨਾ ਮੰਨਿਆ ਜਿਹਨਾਂ ਨੇ ਤੇਰਾ ਨਾਮ ਲੈ ਕੇ ਸਾਡੇ ਰਾਜਿਆਂ, ਸਾਡੇ ਹਾਕਮਾਂ ਅਤੇ ਸਾਡੇ ਪਿਉ-ਦਾਦਿਆਂ ਅਤੇ ਸਾਡੇ ਦੇਸ਼ ਦੇ ਸਭਨਾਂ ਲੋਕਾਂ ਨੂੰ ਬਾਣੀ ਸੁਣਾਈ ।
7ਹੇ ਪ੍ਰਭੂ, ਤੂੰ ਧਰਮੀ ਹੈ, ਪਰ ਸਾਡੇ ਲਈ ਅੱਜ ਦੇ ਦਿਨ ਸ਼ਰਮਿੰਦਗੀ ਦੀ ਗੱਲ ਹੈ, ਯਹੂਦਾਹ ਦੇ ਲੋਕਾਂ ਦੇ ਅਤੇ ਯਰੂਸ਼ਲਮ ਦੇ ਵੱਸਣ ਵਾਲਿਆਂ ਦੇ ਅਤੇ ਸਭਨਾਂ ਇਸਰਾਏਲੀਆਂ ਦੇ ਲਈ ਜੋ ਨੇੜੇ ਹਨ ਅਤੇ ਜਿਹੜੇ ਦੂਰ ਹਨ, ਉਹਨਾਂ ਸਭਨਾਂ ਦੇਸਾਂ ਵਿੱਚ ਜਿੱਥੇ ਕਿੱਥੇ ਤੂੰ ਉਹਨਾਂ ਦੇ ਔਗੁਣਾਂ ਦੇ ਕਾਰਨ ਜੋ ਉਹਨਾਂ ਨੇ ਤੇਰੇ ਅੱਗੇ ਕੀਤੇ, ਤੂੰ ਉਹਨਾਂ ਨੂੰ ਖਿੰਡਾ ਦਿੱਤਾ ।8ਹੇ ਪ੍ਰਭੂ, ਅਸੀਂ ਸਾਡੇ ਰਾਜਿਆਂ ਅਤੇ ਹਾਕਮਾਂ ਅਤੇ ਸਾਡੇ ਪਿਉ-ਦਾਦਿਆਂ ਦੇ ਨਾਲ ਤੇਰੇ ਵਿਰੁੱਧ ਪਾਪ ਕੀਤਾ ਹੈ ਇਸ ਲਈ ਅਸੀਂ ਸ਼ਰਮਿੰਦੇ ਹਾਂ ।
9ਪ੍ਰਭੂ ਸਾਡੇ ਪਰਮੇਸ਼ੁਰ ਦੇ ਕੋਲ ਦਇਆ ਅਤੇ ਮਾਫ਼ੀ ਹੈ, ਅਸੀਂ ਭਾਵੇਂ ਉਹ ਦੇ ਅੱਗੇ ਵਿਰੋਧ ਕੀਤਾ ।10ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਦਾ ਕਹਿਣਾ ਨਾ ਮੰਨਿਆ ਜੋ ਉਹ ਦੇ ਕਾਨੂੰਨਾਂ ਉੱਤੇ ਚੱਲੀਏ ਜਿਸ ਨੂੰ ਉਸ ਨੇ ਆਪਣੇ ਸੇਵਕ ਨਬੀਆਂ ਦੇ ਰਾਹੀਂ ਸਾਡੇ ਅੱਗੇ ਰੱਖ ਦਿੱਤਾ ।11ਹਾਂ, ਸਾਰਾ ਇਸਰਾਏਲ ਤੇਰੀ ਬਿਵਸਥਾ ਤੋਂ ਫਿਰ ਗਿਆ ਅਤੇ ਮੁੜ ਗਿਆ ਹੈ ਜੋ ਤੇਰੇ ਆਖੇ ਨੂੰ ਨਾ ਮੰਨੇ ਸੋ ਇਸ ਕਰਕੇ ਉਹ ਫਿਟਕਾਰ ਸਾਡੇ ਉੱਤੇ ਆ ਪਈ ਅਤੇ ਉਹ ਸੌਂਹ ਵੀ ਜੋ ਪਰਮੇਸ਼ੁਰ ਦੇ ਸੇਵਕ ਮੂਸਾ ਦੀ ਬਿਵਸਥਾ ਵਿੱਚ ਲਿਖੀ ਹੋਈ ਹੈ, ਇਸ ਲਈ ਜੋ ਅਸੀਂ ਉਸ ਦੇ ਵਿਰੁੱਧ ਪਾਪ ਕੀਤਾ ।
12ਉਹ ਨੇ ਆਪਣੀਆ ਉਹ ਗੱਲਾਂ ਜੋ ਉਸ ਨੇ ਸਾਡੇ ਲੋਕਾਂ ਦੇ ਨਾਲ ਅਤੇ ਸਾਡੇ ਨਿਆਈਆਂ ਦੇ ਨਾਲ ਜਿਹੜੇ ਸਾਡਾ ਨਿਆਉਂ ਕਰਦੇ ਸਨ ਆਖੀਆਂ ਸਨ, ਸੋ ਪੂਰੀਆਂ ਕੀਤੀਆਂ ਜੋ ਉਹ ਨੇ ਸਾਡੇ ਉੱਤੇ ਵੱਡੀ ਬਿਪਤਾ ਪਾਈ ਕਿਉਂ ਜੋ ਸਾਰੇ ਅਕਾਸ਼ ਦੇ ਹੇਠ ਅਜਿਹੀ ਗੱਲ ਨਹੀਂ ਹੋਈ ਜਿਹੀ ਯਰੂਸ਼ਲਮ ਨਾਲ ਹੋਈ ਹੈ ।13ਜਿਸ ਤਰ੍ਹਾਂ ਮੂਸਾ ਦੀ ਬਿਵਸਥਾ ਵਿੱਚ ਲਿਖੀਆਂ ਹੋਈਆਂ ਹਨ, ਉਸੇ ਤਰਾਂ ਇਹ ਸਾਰੀਆਂ ਬਿਪਤਾਂ ਸਾਡੇ ਉੱਤੇ ਆਣ ਪਈਆਂ, ਤਦ ਵੀ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਬੇਨਤੀ ਨਾ ਕੀਤੀ ਜੋ ਅਸੀਂ ਆਪਣਿਆਂ ਟੇਢਿਆਂ ਕੰਮਾਂ ਤੋ ਹਟੀਏ ਅਤੇ ਤੇਰੀ ਸੱਚਿਆਈ ਵਿੱਚ ਸੁਚੇਤ ਹੋਈਏ ।14ਇਸ ਲਈ ਯਹੋਵਾਹ ਬਦੀ ਨੂੰ ਤੱਕਦਾ ਰਿਹਾ ਅਤੇ ਉਹ ਨੇ ਸਾਡੇ ਉੱਤੇ ਉਹ ਪਾ ਦਿੱਤੀ ਕਿਉਂ ਜੋ ਯਹੋਵਾਹ ਸਾਡਾ ਪਰਮੇਸ਼ੁਰ ਆਪਣਿਆਂ ਸਭਨਾਂ ਕੰਮਾਂ ਵਿੱਚ ਜੋ ਕਰਦਾ ਹੈ ਸੱਚਾ ਹੈ, ਪਰ ਅਸੀਂ ਉਹ ਦਾ ਕਹਿਣਾ ਨਾ ਮੰਨਿਆ ।
15ਹੁਣ ਹੇ ਪ੍ਰਭੂ ਸਾਡੇ ਪਰਮੇਸ਼ੁਰ, ਜਿਸ ਬਲਵੰਤ ਬਾਂਹ ਨਾਲ ਆਪਣੀ ਪਰਜਾ ਨੂੰ ਮਿਸਰ ਦੇ ਦੇਸ ਵਿੱਚੋਂ ਬਾਹਰ ਕੱਢ ਲਿਆਇਆ ਅਤੇ ਤੂੰ ਆਪਣਾ ਨਾਮ ਵੱਡਾ ਕੀਤਾ ਜਿਵੇਂ ਅੱਜ ਦੇ ਦਿਨ ਹੈ, ਅਸੀਂ ਪਾਪ ਕੀਤੇ, ਅਸੀਂ ਟੇਢੇ ਕੰਮ ਕੀਤੇ !16ਹੇ ਪ੍ਰਭੂ, ਤੂੰ ਆਪਣੇ ਸਾਰੇ ਧਰਮ ਅਨੁਸਾਰ ਆਪਣੇ ਗੁੱਸੇ ਅਤੇ ਕ੍ਰੋਧ ਜੋ ਤੇਰੇ ਹੀ ਸ਼ਹਿਰ ਯਰੂਸ਼ਲਮ ਉੱਤੇ ਹੈ ਜੋ ਪਵਿੱਤਰ ਪਹਾੜ ਹੈ ਮੂੰਹ ਮੋੜ ਕਿਉਂ ਜੋ ਸਾਡਿਆਂ ਪਾਪਾਂ ਦੇ ਅਤੇ ਸਾਡੇ ਪਿਉ-ਦਾਦਿਆਂ ਦੇ ਟੇਢਿਆਂ ਕੰਮਾਂ ਦੇ ਕਾਰਨ ਯਰੂਸ਼ਲਮ ਅਤੇ ਤੇਰੀ ਪਰਜਾ ਉਹਨਾਂ ਸਭਨਾਂ ਲੋਕਾਂ ਦੇ ਅੱਗੇ ਜੋ ਚੁਫ਼ੇਰੇ ਵੱਸਦੇ ਹਨ ਉਲਾਂਭਿਆਂ ਜੋਗ ਹੋਈ !
17ਹੁਣ ਹੇ ਸਾਡੇ ਪਰਮੇਸ਼ੁਰ, ਆਪਣੇ ਸੇਵਕ ਦੀ ਅਰਦਾਸ ਅਤੇ ਬੇਨਤੀ ਸੁਣ ਅਤੇ ਆਪਣੇ ਮੂੰਹ ਦੇ ਪ੍ਰਕਾਸ਼ ਨੂੰ ਪ੍ਰਭੂ ਦੇ ਲਈ ਆਪਣੇ ਪਵਿੱਤਰ ਥਾਂ ਉੱਤੇ ਜਿਹੜਾ ਉੱਜੜਿਆ ਪਿਆ ਹੈ ਚਮਕਾ ।18ਹੇ ਮੇਰੇ ਪਰਮੇਸ਼ੁਰ, ਆਪਣਾ ਕੰਨ ਲਾ ਕੇ ਸੁਣ, ਆਪਣੀਆਂ ਅੱਖੀਆਂ ਖੋਲ੍ਹ ਅਤੇ ਸਾਡੀਆਂ ਉਜਾੜਾਂ ਨੂੰ ਅਤੇ ਉਸ ਸ਼ਹਿਰ ਨੂੰ ਜਿਹੜਾ ਤੇਰੇ ਨਾਮ ਉੱਤੇ ਸਦਾਉਂਦਾ ਹੈ ਵੇਖ ਜੋ ਅਸੀਂ ਆਪਣੇ ਧਰਮਾਂ ਅਨੁਸਾਰ ਨਹੀਂ ਸਗੋਂ ਤੇਰੀ ਅਤਿਯੰਤ ਦਯਾ ਉੱਤੇ ਆਸ ਰੱਖ ਕੇ ਆਪਣੇ ਤਰਲੇ ਕਰਦੇ ਹਾਂ19ਹੇ ਪ੍ਰਭੂ, ਸੁਣ ! ਹੇ ਪ੍ਰਭੂ, ਬਖ਼ਸ਼ ਦੇਹ ! ਹੇ ਪ੍ਰਭੂ, ਸੁਣ ਲੈ ਅਤੇ ਕੰਮ ਕਰ ! ਹੇ ਮੇਰੇ ਪਰਮੇਸ਼ੁਰ, ਆਪਣੇ ਹੀ ਲਈ ਢਿੱਲ ਨਾ ਲਾ ਇਸ ਲਈ ਜੋ ਤੇਰਾ ਸ਼ਹਿਰ ਅਤੇ ਤੇਰੀ ਪਰਜਾ ਤੇਰੇ ਨਾਮ ਦੀ ਸਦਾਉਂਦੀ ਹੈ ।
ਜ਼ਿਬਰਾਏਲ ਭਵਿੱਖਬਾਣੀ ਨੂੰ ਸਮਝਾਉਂਦਾ ਹੈ

20ਮੈਂ ਇਹ ਕਹਿੰਦਾ ਹੋਇਆ ਬੇਨਤੀ ਕਰਦਾ ਸੀ ਅਤੇ ਆਪਣਿਆਂ ਪਾਪਾਂ, ਆਪਣੇ ਲੋਕਾਂ ਦੇ ਪਾਪਾਂ ਨੂੰ ਮੰਨਦਾ ਹੀ ਸੀ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਆਪਣੇ ਪਰਮੇਸ਼ੁਰ ਦੇ ਪਵਿੱਤਰ ਪਹਾੜ ਲਈ ਆਪਣੇ ਤਰਲੇ ਪਾਉਂਦਾ ਹੀ ਸੀ ।21ਹਾਂ, ਬੇਨਤੀ ਕਰਦੇ ਹੀ ਮੇਰੇ ਮੂੰਹੋਂ ਗੱਲਾਂ ਹੋ ਰਹੀਆਂ ਜਾਂ ਉਹ ਜਣਾ ਅਰਥਾਤ ਜ਼ਿਬਰਾਈਲ, ਜਿਹ ਨੂੰ ਮੈਂ ਪਹਿਲੋਂ ਪਹਿਲ ਦਰਸ਼ਣ ਵਿੱਚ ਡਿੱਠਾ ਸੀ ਆਗਿਆ ਦੇ ਅਨੁਸਾਰ ਛੇਤੀ ਉੱਡ ਕੇ ਆਇਆ ਅਤੇ ਮੈਨੂੰ ਛੋਹਿਆ । ਇਹ ਤ੍ਰਿਕਾਲਾਂ ਦੀ ਭੇਂਟ ਚੜਾਉਣ ਦੇ ਵੇਲੇ ਦੇ ਲਗਭਗ ਸੀ
22ਅਤੇ ਉਹ ਨੇ ਮੈਨੂੰ ਖ਼ਬਰ ਦਿੱਤੀ ਅਤੇ ਮੇਰੇ ਨਾਲ ਗੱਲਾਂ ਕੀਤੀਆਂ ਅਤੇ ਆਖਿਆ, ਹੇ ਦਾਨੀਏਲ, ਹੁਣ ਮੈਂ ਇਸ ਲਈ ਨਿੱਕਲ ਆਇਆ ਹਾਂ ਜੋ ਤੈਨੂੰ ਬੁੱਧਵਾਨ ਅਤੇ ਸਿਆਣਾ ਬਣਾਵਾਂ ।23ਜਿਸ ਵੇਲੇ ਤੂੰ ਬੇਨਤੀ ਕਰਨ ਲੱਗਾ ਉਸ ਵੇਲੇ ਇਹ ਆਗਿਆ ਨਿਕਲੀ ਅਤੇ ਮੈਂ ਆਇਆ ਜੋ ਤੈਨੂੰ ਵਿਖਾਵਾਂ ਕਿਉਂ ਜੋ ਤੂੰ ਵੱਡਾ ਪਿਆਰਾ ਹੈਂ, ਸੋ ਇਸ ਗੱਲ ਨੂੰ ਜਾਣ ਅਤੇ ਇਸ ਦਰਸ਼ਣ ਨੂੰ ਸਮਝ ।
24ਸੱਤਰ ਸਾਤੇ ਤੇਰੇ ਲੋਕਾਂ ਅਤੇ ਤੇਰੇ ਪਵਿੱਤਰ ਸ਼ਹਿਰ ਦੇ ਲਈ ਠਹਿਰਾਏ ਗਏ ਹਨ ਭਈ ਉਸ ਸਮੇਂ ਵਿੱਚ ਉਹ ਉਸ ਅਪਰਾਧ ਨੂੰ ਮੁਕਾਏ ਅਤੇ ਪਾਪਾਂ ਦਾ ਅੰਤ ਕਰੇ ਅਤੇ ਬੁਰਿਆਈ ਦਾ ਪਰਾਸਚਿਤ ਕਰੇ ਅਤੇ ਸਦਾ ਦਾ ਧਰਮ ਲਿਆਵੇ ਅਤੇ ਦਰਿਸ਼ਟ ਅਤੇ ਅਗੰਮ ਵਾਕ ਉੱਤੇ ਮੋਹਰ ਲਾਵੇ ਅਤੇ ਅੱਤ ਪਵਿੱਤਰ ਨੂੰ ਮਸਹ ਕਰੇ ।25ਇਸ ਲਈ ਤੂੰ ਜਾਣ ਅਤੇ ਸਮਝ ਲੈ ਕਿ ਜਿਸ ਵੇਲੇ ਤੋਂ ਯਰੂਸ਼ਲਮ ਦੇ ਦੂਜੀ ਵਾਰੀ ਉਸਾਰਨ ਦੀ ਆਗਿਆ ਨਿੱਕਲੇਗੀ ਮਸੀਹ ਰਾਜ ਪੁੱਤਰ ਤੱਕ ਸੱਤਰ ਸਾਤੇ ਹੋਣਗੇ ਅਤੇ ਬਾਹਠ ਸਾਤੇ ਉਹ ਬਜ਼ਾਰ ਧੂੜਕੋਟ ਸਣੇ ਬਣਾਇਆ ਜਾਵੇਗਾ ਪਰ ਔਖਿਆਈ ਦੇ ਦਿਨਾਂ ਵਿੱਚ
26ਅਤੇ ਬਾਹਠਾਂ ਸਾਤਿਆਂ ਦੇ ਪਿੱਛੋਂ ਮਸੀਹ ਵੱਢਿਆ ਜਾਏਗਾ ਅਤੇ ਉਹ ਦੇ ਕੋਲ ਕੁਝ ਨਹੀਂ ਹੋਵੇਗਾ । ਜਿਹੜਾ ਪਾਤਸ਼ਾਹ ਆਵੇਗਾ ਉਹ ਦੇ ਲੋਕ ਸ਼ਹਿਰ ਅਤੇ ਪਵਿੱਤਰ ਥਾਂ ਨੂੰ ਉਜਾੜਨਗੇ ਅਤੇ ਹੜ੍ਹ ਦੇ ਜ਼ੋਰ ਨਾਲ ਉਹ ਦਾ ਛੇਕੜ ਹੋਵੇਗਾ ਅਤੇ ਅੰਤ ਤੱਕ ਲੜਾਈ ਰਹੇਗੀ ਅਤੇ ਠਹਿਰਾਈਆਂ ਹੋਈਆਂ ਉਜਾੜਾਂ ਹੋਣਗੀਆਂ ।
27ਉਹ ਬਹੁਤਿਆਂ ਦੇ ਨਾਲ ਇੱਕ ਸਾਤੇ ਦੇ ਲਈ ਪੱਕਾ ਨੇਮ ਬੰਨ੍ਹੇਗਾ ਅਤੇ ਸਾਤੇ ਦੇ ਵਿਚਕਾਰ ਉਹ ਬਲੀਆਂ ਅਤੇ ਭੇਂਟਾ ਨੂੰ ਮੁਕਾ ਦੇਵੇਗਾ ਅਤੇ ਘਿਨਾਉਣੀਆਂ ਵਸਤਾਂ ਦੇ ਪਰ ਉੱਤੇ ਇੱਕ ਆਵੇਗਾ ਜੋ ਉਜਾੜਦਾ ਹੈ ਅਤੇ ਪੂਰੇ ਅਤੇ ਠਹਿਰਾਏ ਹੋਏ ਅੰਤ ਤੱਕ ਕ੍ਰੋਧ ਉੱਜੜੇ ਹੋਇਆਂ ਉੱਤੇ ਪਾਇਆ ਜਾਏਗਾ ।

10
ਦਾਨੀਏਲ ਨੂੰ ਨਦੀ ਕਿਨਾਰੇ ਮਿਲਿਆ ਦਰਸ਼ਣ

1ਫ਼ਾਰਸ ਦੇ ਪਾਤਸ਼ਾਹ ਖੋਰਸ ਦੇ ਤੀਜੇ ਸਾਲ ਵਿੱਚ ਦਾਨੀਏਲ ਨੂੰ ਜਿਹ ਦਾ ਨਾਮ ਬੇਲਟਸ਼ਸਰ ਕਹਿੰਦੇ ਸਨ, ਇੱਕ ਗੱਲ ਪ੍ਰਗਟ ਹੋਈ ਅਤੇ ਉਹ ਗੱਲ ਸੱਚ ਸੀ ਕਿ ਬਹੁਤ ਵੱਡੀ ਜੰਗ ਹੋਵੇਗੀ ਅਤੇ ਉਹ ਨੇ ਉਸ ਗੱਲ ਨੂੰ ਅਤੇ ਉਸ ਦਰਸ਼ਣ ਦੇ ਅਰਥ ਨੂੰ ਸਮਝ ਲਿਆ ।

2ਮੈਂ ਦਾਨੀਏਲ ਉਹਨਾਂ ਦਿਨਾਂ ਵਿੱਚ ਤਿੰਨ ਹਫਤਿਆਂ ਤੱਕ ਅਫ਼ਸੋਸ ਕਰਦਾ ਰਿਹਾ ।3ਮੈਂ ਸੁਆਦ ਦੀ ਰੋਟੀ ਨਾ ਖਾਧੀ ਅਤੇ ਮੇਰੇ ਮੂੰਹ ਵਿੱਚ ਮਾਸ ਅਤੇ ਸ਼ਰਾਬ ਨਾ ਪਏ ਅਤੇ ਮੈਂ ਆਪਣੇ ਉੱਤੇ ਤੇਲ ਨਾ ਮਲਿਆ ਜਦ ਤੱਕ ਉਹ ਤਿੰਨ ਹਫ਼ਤੇ ਪੂਰੇ ਨਾ ਹੋਏ ।
4ਪਹਿਲੇ ਮਹੀਨੇ ਦੇ ਚੌਵੀਮੇ ਦਿਨ ਵਿੱਚ ਮੈਂ ਵੱਡੇ ਦਰਿਆ ਦਜ਼ਲੇ ਦੇ ਕੰਢੇ ਉੱਤੇ ਸੀ ।5ਮੈਂ ਅੱਖਾਂ ਚੁੱਕ ਕੇ ਦੇਖਿਆ ਅਤੇ ਕੀ ਵੇਖਦਾ ਹਾਂ ਜੋ ਇੱਕ ਮਨੁੱਖ ਸੂਤੀ ਕੱਪੜੇ ਪਾਏ ਹੋਏ ਜਿਹ ਦੇ ਲੱਕ ਨਾਲ ਊਫ਼ਾਜ਼ ਦੇ ਕੁੰਦਨ ਸੋਨੇ ਦੀ ਪੇਟੀ ਬੰਨੀ ਹੋਈ ਖੜ੍ਹਾ ਹੈ ।6ਉਹ ਦਾ ਸਰੀਰ ਬੇਰੂਜ਼ ਵਰਗਾ ਅਤੇ ਉਹ ਦਾ ਮੂੰਹ ਬਿਜਲੀ ਜਿਹਾ ਸੀ ਅਤੇ ਉਹ ਦੀਆਂ ਅੱਖੀਆਂ ਦੋ ਜਗਦਿਆਂ ਦੀਵਿਆਂ ਵਰਗੀਆਂ ਸਨ । ਉਸ ਦੀਆਂ ਬਾਹਾਂ ਅਤੇ ਉਸ ਦੇ ਪੈਰ ਰੰਗਾਂ ਵਿੱਚ ਲਿਸ਼ਕਦੇ ਪਿੱਤਲ ਜਿਹੇ ਸਨ ਅਤੇ ਉਸ ਦੀਆਂ ਗੱਲਾਂ ਕਰਨ ਦੀ ਅਵਾਜ਼ ਇਹੋ ਜਿਹੀ ਸੀ ਜਿਵੇਂ ਭੀੜ ਦੀ ।
7ਮੈਂ ਦਾਨੀਏਲ ਨੇ ਇਕੱਲੇ ਨੇ ਇਹ ਦਰਸ਼ਣ ਦੇਖਿਆ ਕਿਉਂ ਜੋ ਜਿਹੜੇ ਮਨੁੱਖ ਮੇਰੇ ਨਾਲ ਸਨ ਉਹਨਾਂ ਨੇ ਇਸ ਦਰਸ਼ਣ ਨੂੰ ਨਾ ਦੇਖਿਆ ਪਰ ਉਹਨਾਂ ਨੂੰ ਅਜਿਹੀ ਕੰਬਣੀ ਛਿੜੀ ਜੋ ਆਪਣੇ ਆਪ ਨੂੰ ਲੁਕਾਉਣ ਲਈ ਦੌੜੇ ।8ਇਸ ਲਈ ਮੈਂ ਇਕੱਲਾ ਹੀ ਰਹਿ ਗਿਆ ਅਤੇ ਇਹ ਵੱਡਾ ਦਰਸ਼ਣ ਦੇਖਿਆ ਅਤੇ ਮੇਰੇ ਵਿੱਚ ਸਾਹ ਸੱਤ ਨਾ ਰਿਹਾ ਕਿਉਂ ਜੋ ਮੇਰਾ ਰੂਪ ਰੰਗ ਪਰੇਸ਼ਾਨ ਹੋ ਗਿਆ ਅਤੇ ਮੇਰੇ ਵਿੱਚ ਕੁਝ ਬਲ ਨਾ ਰਿਹਾ ।9ਪਰ ਮੈਂ ਉਸ ਦੀ ਅਵਾਜ਼ ਅਤੇ ਗੱਲਾਂ ਸੁਣੀਆਂ ਅਤੇ ਮੈਂ ਉਸ ਦੀ ਅਵਾਜ਼ ਅਤੇ ਗੱਲਾਂ ਸੁਣਨ ਦੇ ਵੇਲੇ ਘੂਕ ਨੀਂਦ ਵਿੱਚ ਮੂੰਹ ਦੇ ਬਲ ਪੈ ਗਿਆ ਅਤੇ ਮੇਰਾ ਮੂੰਹ ਧਰਤੀ ਵੱਲ ਸੀ ।
10ਵੇਖੋ, ਇੱਕ ਹੱਥ ਨੇ ਮੈਨੂੰ ਆ ਛੂਹਿਆ ਅਤੇ ਮੈਨੂੰ ਗੋਡਿਆਂ ਅਤੇ ਤਲੀਆਂ ਉੱਤੇ ਬਿਠਾਇਆ ।11ਉਸ ਨੇ ਮੈਨੂੰ ਆਖਿਆ, ਹੇ ਦਾਨੀਏਲ ਪਿਆਰੇ ਮਨੁੱਖ, ਜੋ ਮੈਂ ਤੈਨੂੰ ਆਖਦਾ ਹਾਂ ਉਹਨਾਂ ਗੱਲਾਂ ਨੂੰ ਸਮਝ ਲੈ ਅਤੇ ਸਿੱਧਾ ਖੜਾ ਹੋ ਜਾ ! ਕਿਉਂ ਜੋ ਮੈਂ ਤੇਰੇ ਕੋਲ ਹੁਣ ਭੇਜਿਆ ਗਿਆ ਹਾਂ ਅਤੇ ਜਦੋਂ ਉਸ ਨੇ ਮੈਨੂੰ ਇਹ ਗੱਲ ਕਹੀ ਤਾਂ ਮੈਂ ਕੰਬਦਾ-ਕੰਬਦਾ ਖੜਾ ਹੋ ਗਿਆ ।
12ਤਦ ਉਸ ਨੇ ਮੈਨੂੰ ਆਖਿਆ, ਹੇ ਦਾਨੀਏਲ, ਨਾ ਡਰ ਕਿਉਂ ਜੋ ਪਹਿਲੇ ਹੀ ਦਿਨ ਤੋਂ ਜਦ ਤੂੰ ਆਪਣਾ ਮਨ ਸਮਝਣ ਲਈ ਅਤੇ ਆਪਣੇ ਪਰਮੇਸ਼ੁਰ ਦੇ ਅੱਗੇ ਅਧੀਨਗੀ ਕਰਨ ਲਈ ਲਾਇਆ, ਸੋ ਤੇਰੀਆਂ ਗੱਲਾਂ ਸੁਣੀਆਂ ਗਈਆਂ ਅਤੇ ਤੇਰੀਆਂ ਗੱਲਾਂ ਦੇ ਲਈ ਹੀ ਮੈਂ ਆਇਆ ਹਾਂ ।13ਪਰ ਫ਼ਾਰਸ ਦੇ ਰਾਜ ਦੇ ਪਰਧਾਨ ਨੇ ਮੈਨੂੰ ਇੱਕੀਆਂ ਦਿਨਾਂ ਤੱਕ ਰੋਕ ਛੱਡਿਆ । ਵੇਖ, ਮੀਕਾਏਲ ਜੋ ਪਰਧਾਨਾਂ ਵਿੱਚੋਂ ਵੱਡਾ ਹੈ ਮੇਰੀ ਸਹਾਇਤਾ ਨੂੰ ਪਹੁੰਚਿਆ, ਇਸ ਲਈ ਮੈਂ ਉੱਥੇ ਫਾਰਸ ਦੇ ਰਾਜਿਆਂ ਨਾਲ ਰਿਹਾ ।
14ਹੁਣ ਜੋ ਕੁਝ ਤੇਰੇ ਲੋਕਾਂ ਉੱਤੇ ਆਖਰੀ ਦਿਨਾਂ ਵਿੱਚ ਬੀਤੇਗਾ, ਮੈਂ ਤੈਨੂੰ ਦੱਸਣ ਲਈ ਆਇਆ ਹਾਂ ਕਿਉਂ ਜੋ ਇਹ ਦਰਸ਼ਣ ਪੂਰਾ ਹੋਣ ਵਿੱਚ ਬਹੁਤ ਸਾਰੇ ਦਿਨ ਬਾਕੀ ਹਨ ।15ਜਦ ਉਸ ਨੇ ਇਹ ਗੱਲਾਂ ਮੈਨੂੰ ਆਖੀਆਂ ਮੈਂ ਆਪਣਾ ਮੂੰਹ ਧਰਤੀ ਵੱਲ ਝੁਕਾਇਆ ਅਤੇ ਗੂੰਗਾ ਹੋ ਗਿਆ ।
16ਵੇਖੋ, ਕਿਸੇ ਨੇ ਜੋ ਮਨੁੱਖ ਦੇ ਪੁੱਤਰਾਂ ਵਾਂਗ ਸੀ ਮੇਰੇ ਬੁਲ੍ਹਾਂ ਨੂੰ ਛੁਹਿਆ, ਤਦ ਮੈਂ ਆਪਣਾ ਮੂੰਹ ਖੋਲਿਆ ਅਤੇ ਬੋਲਿਆ ਜੋ ਮੇਰੇ ਸਾਹਮਣੇ ਖੜਾ ਸੀ ਉਸ ਨੂੰ ਆਖਿਆ, ਹੇ ਮੇਰੇ ਸੁਆਮੀ, ਉਸ ਦਰਸ਼ਣ ਦੇ ਕਾਰਨ ਮੇਰੇ ਦੁੱਖਾਂ ਨੇ ਮੇਰੇ ਉੱਤੇ ਹਮਲਾ ਕੀਤਾ ਹੈ ਅਤੇ ਮੇਰੇ ਵਿੱਚ ਕੁਝ ਵੀ ਬਲ ਨਹੀਂ ਰਿਹਾ ।17ਇਸ ਲਈ ਪ੍ਰਭੂ ਦਾ ਦਾਸ ਆਪਣੇ ਪ੍ਰਭੂ ਦੇ ਨਾਲ ਕਿਵੇਂ ਗੱਲਾਂ ਕਰ ਸਕਦਾ ਹੈ ? ਕਿਉਂ ਜੋ ਮੇਰੇ ਅੰਦਰ ਕੋਈ ਸ਼ਕਤੀ ਨਾ ਰਹੀ ਨਾ ਮੇਰੇ ਵਿੱਚ ਸਾਹ ਰਿਹਾ ।
18ਤਦ ਇੱਕ ਜਨ ਨੇ ਜਿਸ ਦਾ ਮੂੰਹ ਮਨੁੱਖ ਵਰਗਾ ਸੀ ਮੁੜ ਮੈਨੂੰ ਛੂਹਿਆ ਅਤੇ ਉਸ ਨੇ ਮੈਨੂੰ ਜ਼ੋਰ ਦਿੱਤਾ ।19ਅਤੇ ਉਹ ਬੋਲਿਆ, ਹੇ ਪਿਆਰੇ ਮਨੁੱਖ, ਨਾ ਡਰ, ਤੈਨੂੰ ਸੁੱਖ-ਸਾਂਦ ਹੋਵੇ ! ਜ਼ੋਰ ਫੜ, ਹਾਂ, ਬਲਵਾਨ ਹੋ ! ਜਦੋਂ ਉਸ ਨੇ ਮੈਨੂੰ ਇਹ ਆਖਿਆ ਮੈਂ ਜ਼ੋਰ ਪਾਇਆ ਅਤੇ ਬੋਲਿਆ, ਹੇ ਮੇਰੇ ਸੁਆਮੀ, ਹੁਣ ਦੱਸ ਕਿਉਂ ਜੋ ਤੂੰ ਹੀ ਮੈਨੂੰ ਜ਼ੋਰ ਦਿੱਤਾ ਹੈ !
20ਤਦ ਉਹ ਬੋਲਿਆ, ਕੀ ਤੂੰ ਜਾਣਦਾ ਹੈ ਜੋ ਮੈਂ ਤੇਰੇ ਕੋਲ ਕਿਸ ਲਈ ਆਇਆ ਹਾਂ ? ਮੈਂ ਹੁਣ ਫ਼ਾਰਸ ਦੇ ਪਰਧਾਨ ਨਾਲ ਲੜਨ ਨੂੰ ਫੇਰ ਜਾਂਵਾਂਗਾ ਅਤੇ ਜਦੋਂ ਮੈਂ ਚਲਿਆ ਜਾਂਵਾਂਗਾ ਤਾਂ ਵੇਖ, ਯੂਨਾਨ ਦਾ ਪਰਧਾਨ ਆਵੇਗਾ ।21ਜੋ ਕੁਝ ਸਚਿਆਈ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ ਮੈਂ ਤੇਨੂੰ ਦੱਸਦਾ ਹਾਂ; ਉਹਨਾਂ ਪ੍ਰਧਾਨਾਂ ਦੇ ਵਿਰੁੱਧ, ਤੁਹਾਡੇ ਪ੍ਰਧਾਨ ਮੀਕਾਏਲ ਤੋਂ ਬਿਨਾਂ ਮੇਰੇ ਨਾਲ ਸਥਿਰ ਰਹਿਣ ਵਾਲਾ ਕੋਈ ਨਹੀਂ ਹੈ ।

11

1ਦਾਰਾ ਮਾਦੀ ਦੇ ਰਾਜ ਦੇ ਪਹਿਲੇ ਸਾਲ ਵਿੱਚ ਮੈਂ ਹੀ ਸੀ ਜੋ ਖੜਾ ਸੀ, ਇਸ ਕਰਕੇ ਜੋ ਉਹ ਨੂੰ ਪੱਕਾ ਕਰਾਂ ਅਤੇ ਜ਼ੋਰ ਦੇਵਾਂ

ਮਿਸਰ ਅਤੇ ਸੀਰੀਆ ਦੇ ਰਾਜ

2ਅਤੇ ਹੁਣ ਮੈਂ ਤੈਨੂੰ ਸੱਚੀ ਗੱਲ ਦੱਸਾਂਗਾ । ਵੇਖ, ਫ਼ਾਰਸ ਵਿੱਚ ਤਿੰਨ ਰਾਜੇ ਹੋਰ ਵੀ ਉੱਠਣਗੇ ਅਤੇ ਚੌਥਾ ਸਭਨਾਂ ਨਾਲੋਂ ਵਧੀਕ ਧਨੀ ਹੋਵੇਗਾ ਅਤੇ ਜਦ ਉਹ ਆਪਣੇ ਧੰਨ ਕਰਕੇ ਜ਼ੋਰਾਵਰ ਹੋਵੇਗਾ, ਤਦ ਉਹ ਸਭਨਾਂ ਨੂੰ ਚੁੱਕੇਗਾ ਜੋ ਯੂਨਾਨ ਦੇ ਰਾਜ ਦਾ ਸਾਹਮਣਾ ਕਰਨ ।
3ਪਰ ਇੱਕ ਵੱਡਾ ਡਾਢਾ ਰਾਜਾ ਉੱਠੇਗਾ ਅਤੇ ਵੱਡੀ ਸਮਰੱਥਾ ਨਾਲ ਰਾਜ ਕਰੇਗਾ ਅਤੇ ਜੋ ਚਾਹੇਗਾ ਸੋਈ ਕਰੇਗਾ ।4ਜਦੋਂ ਉਹ ਉੱਠੇਗਾ ਤਦ ਉਹ ਦਾ ਰਾਜ ਟੁੱਟ ਪਏਗਾ ਅਤੇ ਅਕਾਸ਼ ਦੀਆਂ ਚਾਰ ਪੌਣਾਂ ਵੱਲ ਵੰਡਿਆ ਜਾਏਗਾ, ਪਰ ਉਸ ਦੇ ਵੰਸੀਆਂ ਕੋਲ ਨਾ ਜਾਏਗਾ । ਉਸ ਦੀ ਸਮਰੱਥਾ ਦੇ ਸਮਾਨ ਜਿਹ ਦੇ ਨਾਲ ਉਹ ਰਾਜ ਕਰਦਾ ਸੀ, ਕੋਈ ਵੀ ਨਾ ਹੋਵੇਗਾ ਕਿਉਂ ਜੋ ਉਹ ਦਾ ਰਾਜ ਮੁੱਢੋਂ ਪੁੱਟਿਆ ਜਾਏਗਾ ਅਤੇ ਜੋ ਉਸ ਤੋਂ ਵੱਖਰੇ ਹਨ, ਉਹਨਾਂ ਲਈ ਹੋਵੇਗਾ ।
5ਦੱਖਣ ਦਾ ਰਾਜਾ ਜਿੱਤ ਪਾਏਗਾ ਅਤੇ ਉਹ ਦੇ ਨਾਲੋਂ ਉਹ ਦੇ ਸਰਦਾਰਾਂ ਵਿੱਚੋਂ ਇੱਕ ਵਧੀਕ ਜ਼ੋਰਾਵਰ ਹੋਵੇਗਾ, ਸਮਰੱਥਾ ਪਾਏਗਾ ਅਤੇ ਉਸ ਦਾ ਰਾਜ ਇੱਕ ਵੱਡਾ ਰਾਜ ਹੋਵੇਗਾ ।6ਬਹੁਤ ਸਾਲਾਂ ਦੇ ਪਿੱਛੋਂ ਉਹ ਆਪਸ ਵਿੱਚ ਮੇਲ ਕਰਨਗੇ ਕਿਉਂ ਜੋ ਦੱਖਣ ਦੇ ਰਾਜੇ ਦੀ ਧੀ ਉੱਤਰ ਦੇ ਰਾਜੇ ਕੋਲ ਆਵੇਗੀ, ਤਾਂ ਜੋ ਏਕਤਾ ਕਰੇ ਪਰ ਉਹ ਆਪਣੇ ਬਾਹਾਂ ਦੇ ਜ਼ੋਰ ਨੂੰ ਨਾ ਰੱਖੇਗੀ, ਉਹ ਵੀ ਨਾ ਖੜਾ ਹੋਵੇਗਾ ਅਤੇ ਨਾ ਹੀ ਉਹ ਦੀ ਬਾਂਹ, ਸਗੋਂ ਜੋ ਉਸ ਨੂੰ ਲਿਆਏ ਸਨ ਉਹਨਾਂ ਸਣੇ, ਉਹਨਾਂ ਦੇ ਪਿਉ ਸਣੇ ਅਤੇ ਜਿਸ ਨੇ ਉਹਨਾਂ ਦਿਨਾਂ ਵਿੱਚ ਉਸ ਨੂੰ ਜ਼ੋਰ ਦਿੱਤਾ ਸੀ ਉਸ ਦੇ ਸਣੇ ਛੱਡ ਦਿੱਤੀ ਜਾਏਗੀ ।
7ਪਰ ਉਹ ਦੀਆਂ ਜੜਾਂ ਵਿੱਚੋਂ ਦੀ ਟਹਿਣੀ ਤੋਂ ਇੱਕ ਉਹ ਦੇ ਥਾਂ ਉਠੇਗਾ । ਉਹ ਇੱਕ ਫ਼ੌਜ ਨਾਲ ਆਵੇਗਾ ਅਤੇ ਉੱਤਰ ਦੇ ਰਾਜੇ ਦੇ ਗੜ੍ਹ ਵਿੱਚ ਵੜੇਗਾ ਅਤੇ ਹਮਲਾ ਕਰ ਕੇ ਉਹਨਾਂ ਨੂੰ ਹਰਾਵੇਗਾ ।8ਉਹ ਉਹਨਾਂ ਦੇ ਦੇਵਤਿਆਂ ਨੂੰ ਉਹਨਾਂ ਦੀਆਂ ਢਾਲੀਆਂ ਹੋਈਆਂ ਮੂਰਤਾਂ ਸਣੇ ਅਤੇ ਉਹਨਾਂ ਦੇ ਸੋਨੇ ਚਾਂਦੀ ਦੇ ਚੰਗੇ ਭਾਂਡਿਆਂ ਸਣੇ ਕੈਦ ਕਰ ਕੇ ਮਿਸਰ ਨੂੰ ਲੈ ਜਾਵੇਗਾ ਅਤੇ ਕਈਆਂ ਸਾਲਾਂ ਤੱਕ ਉਹ ਉੱਤਰ ਦੇ ਰਾਜੇ ਨੂੰ ਛੇੜਨ ਤੋਂ ਰਹੇਗਾ ।9ਫਿਰ ਉਹ ਦੱਖਣ ਦੇ ਪਾਤਸ਼ਾਹ ਦੇ ਰਾਜ ਵਿੱਚ ਵੜੇਗਾ ਪਰ ਆਪਣੇ ਦੇਸ ਵਿੱਚ ਮੁੜ ਆਵੇਗਾ ।
10ਉਹ ਦੇ ਪੁੱਤਰ ਜੁੱਧ ਕਰਨਗੇ ਅਤੇ ਇੱਕ ਵੱਡੀ ਭੀੜ ਵਾਲੀ ਫ਼ੌਜ ਇਕੱਠੀ ਕਰਨਗੇ ਜਿਹੜੀ ਵਗੀ ਆਏਗੀ, ਫੈਲੇਗੀ ਤੇ ਲੰਘੇਗੀ ਅਤੇ ਉਹ ਮੁੜਨਗੇ ਤੇ ਇਹ ਦੇ ਕੋਟ ਤੋੜੀ ਲੜਨਗੇ
11ਅਤੇ ਦੱਖਣ ਦੇ ਰਾਜੇ ਦਾ ਕ੍ਰੋਧ ਜਾਗੇਗਾ ਅਤੇ ਉਹ ਨਿੱਕਲ ਕੇ ਉਸ ਦੇ ਨਾਲ, ਹਾਂ, ਉੱਤਰ ਦੇ ਰਾਜੇ ਦੇ ਨਾਲ ਲੜਾਈ ਕਰੇਗਾ ਅਤੇ ਵੱਡਾ ਦਲ ਲੈ ਕੇ ਆਵੇਗਾ ਅਤੇ ਉਹ ਵੱਡਾ ਦਲ ਉਸ ਦੇ ਹੱਥ ਵਿੱਚ ਦਿੱਤਾ ਜਾਵੇਗਾ ।12ਭੀੜ ਚੁੱਕੀ ਜਾਏਗੀ ਅਤੇ ਉਹ ਦੇ ਦਿਲ ਵਿੱਚ ਹੰਕਾਰ ਹੋਵੇਗਾ ਅਤੇ ਉਹ ਦਸ ਹਜ਼ਾਰਾਂ ਨੂੰ ਡੇਗੇਗਾ ਪਰ ਉਹ ਨਾ ਜਿੱਤੇਗਾ ।
13ਉਹ ਉੱਤਰ ਦਾ ਰਾਜਾ ਮੁੜੇਗਾ ਅਤੇ ਇੱਕ ਦਲ ਨੂੰ ਜੋ ਪਹਿਲਾਂ ਨਾਲੋਂ ਡਾਢਾ ਹੋਵੇਗਾ ਇਕੱਠਿਆਂ ਕਰੇਗਾ ਅਤੇ ਕਈਆਂ ਸਾਲਾਂ ਪਿੱਛੋਂ ਉਹ ਆਪਣੀ ਵੱਡੀ ਫ਼ੌਜ ਅਤੇ ਢੇਰ ਸਾਰੇ ਮਾਲ ਸਣੇ ਆਵੇਗਾ ।
14ਉਹਨੀਂ ਦਿਨੀਂ ਬਥੇਰੇ ਦੱਖਣ ਦੇ ਰਾਜੇ ਦੇ ਵਿਰੁੱਧ ਉੱਠ ਖੜ੍ਹੇ ਹੋਣਗੇ ਅਤੇ ਤੇਰੇ ਲੋਕਾਂ ਦੇ ਧਾੜਵੀ ਵੀ ਉੱਠਣਗੇ ਜੋ ਉਸ ਦਰਸ਼ਣ ਨੂੰ ਪੂਰਾ ਕਰਨ ਪਰ ਉਹ ਡਿੱਗ ਪੈਣਗੇ ।
15ਕਿਉਂ ਜੋ ਉੱਤਰ ਦਾ ਰਾਜਾ ਆਵੇਗਾ, ਦਮਦਮਾ ਬਣਾਵੇਗਾ, ਪੱਕੇ-ਪੱਕੇ ਸ਼ਹਿਰਾਂ ਨੂੰ ਲੈ ਲਵੇਗਾ, ਦੱਖਣ ਦੀਆਂ ਬਾਹਾਂ ਨਾ ਅੜਨਗੀਆਂ ਅਤੇ ਨਾ ਹੀ ਉਹ ਦੇ ਚੁਣੇ ਹੋਏ ਲੋਕਾਂ ਵਿੱਚ ਅੜਨ ਦਾ ਜ਼ੋਰ ਹੋਵੇਗਾ ।16ਉਹ ਜੋ ਉਸ ਦੇ ਉੱਤੇ ਚੜ੍ਹ ਕੇ ਆਵੇਗਾ ਸੋ ਆਪਣੀ ਇੱਛਿਆ ਦੇ ਅਨੁਸਾਰ ਕੰਮ ਕਰੇਗਾ ਅਤੇ ਉਹ ਦਾ ਸਾਹਮਣਾ ਕੋਈ ਨਾ ਕਰ ਸਕੇਗਾ । ਉਹ ਉਸ ਪ੍ਰਤਾਪਵਾਨ ਦੇਸ ਵਿੱਚ ਖੜਾ ਜਾਵੇਗਾ ਅਤੇ ਉਹ ਦੇ ਹੱਥ ਵਿੱਚ ਨਾਸ਼ ਹੋਵੇਗਾ ।
17ਉਹ ਆਪਣੇ ਸਾਰੇ ਰਾਜ ਦੇ ਜ਼ੋਰ ਨਾਲ ਆਉਣ ਨੂੰ ਆਪਣਾ ਮੁਹਾਣਾ ਮੋੜੇਗਾ ਅਤੇ ਉਹ ਦੇ ਨਾਲ ਸਹੀ ਸ਼ਰਤਾਂ ਹੋਣਗੀਆਂ । ਉਹਨਾਂ ਨੂੰ ਪੂਰਾ ਕਰੇਗਾ ਅਤੇ ਉਹ ਉਸ ਨੂੰ ਤੀਵੀਆਂ ਦੀ ਧੀ ਦੇਵੇਗਾ ਭਈ ਉਹ ਉਸ ਨੂੰ ਵਿਗਾੜੇ ਪਰ ਉਹ ਨਾ ਤਾਂ ਖਲੋਵੇਗੀ ਨਾ ਉਹ ਉਸ ਦੇ ਲਈ ਹੋਵੇਗੀ ।18ਉਹ ਦੇ ਪਿੱਛੋਂ ਉਹ ਆਪਣਾ ਮੂੰਹ ਟਾਪੂਆਂ ਵੱਲ ਕਰੇਗਾ ਅਤੇ ਬਹੁਤਿਆਂ ਨੂੰ ਲੈ ਲਵੇਗਾ ਪਰ ਇੱਕ ਪਰਧਾਨ ਉਸ ਉਲਾਂਭੇ ਨੂੰ ਜੋ ਉਸ ਨੇ ਉਹ ਦੀ ਵੱਲੋਂ ਲਿਆ ਸੀ ਹਟਾ ਦੇਵੇਗਾ, ਸਗੋਂ ਉਸ ਉਲਾਂਭੇ ਨੂੰ ਉਸੇ ਉੱਤੇ ਫੇਰ ਦੇਵੇਗਾ ।19ਤਦ ਆਪਣੇ ਦੇਸ ਦੇ ਕੋਟਾਂ ਵੱਲ ਮੂੰਹ ਮੋੜੇਗਾ ਪਰ ਉਹ ਟੱਕਰ ਖਾਏਗਾ ਅਤੇ ਡਿੱਗ ਪਏਗਾ, ਫਿਰ ਉਹ ਲੱਭਿਆ ਨਾ ਜਾਏਗਾ ।
20ਉਹ ਦੇ ਥਾਂ ਉੱਤੇ ਇੱਕ ਹੋਰ ਉੱਠੇਗਾ ਜੋ ਉਸ ਸੋਹਣੇ ਰਾਜ ਦੇ ਵਿਚਕਾਰ ਚੁੰਗੀ ਨੂੰ ਭੇਜੇਗਾ ਪਰ ਉਹ ਥੋੜਿਆਂ ਦਿਨਾਂ ਵਿੱਚ ਹੀ ਨਸ਼ਟ ਹੋ ਜਾਏਗਾ, ਨਾ ਕ੍ਰੋਧ ਨਾਲ, ਨਾ ਹੀ ਲੜਾਈ ਨਾਲ ।
ਸੀਰੀਆ ਦਾ ਦੁਸ਼ਟ ਰਾਜਾ

21ਫਿਰ ਉਹ ਦੇ ਥਾਂ ਇੱਕ ਪਖੰਡੀ ਉੱਠੇਗਾ ਜਿਸ ਨੂੰ ਉਹ ਪਾਤਸ਼ਾਹ ਦੀ ਪਤ ਨਾ ਦੇਣਗੇ ਪਰ ਉਹ ਬਚਾਓ ਦੇ ਵੇਲੇ ਆਵੇਗਾ ਲੱਲੋ ਪੱਤੋ ਕਰ ਕੇ ਰਾਜ ਲੈ ਲਵੇਗਾ ।22ਦਬਾਉਣ ਵਾਲੀ ਫ਼ੌਜ ਉਸ ਦੇ ਅੱਗੇ ਦਬਾਈ ਜਾਏਗੀ ਅਤੇ ਤੋੜੀ ਜਾਏਗੀ, ਹਾਂ, ਨੇਮ ਦੇ ਸ਼ਹਿਜ਼ਾਦਾ ਵੀ ਨਾਲੇ ਹੀ
23ਅਤੇ ਜਦੋਂ ਉਸ ਦੇ ਨਾਲ ਤਕਰਾਰ ਕੀਤਾ ਜਾਵੇਗਾ ਤਾਂ ਉਹ ਅੱਗੋਂ ਢੁੱਚਰ ਡਾਹੇਗਾ ਕਿਉਂ ਜੋ ਉਹ ਚੜ੍ਹਾਈ ਕਰੇਗਾ ਅਤੇ ਥੋੜੇ ਜਿਹੇ ਲੋਕਾਂ ਦੀ ਸਹਾਇਤਾ ਦੇ ਨਾਲ ਵੱਡਾ ਬਣੇਗਾ ।24ਉਹ ਬਚਾਉ ਦੇ ਵੇਲੇ ਜ਼ਿਲ੍ਹੇ ਦੇ ਚੰਗਿਆਂ ਉੱਜਲਿਆਂ ਥਾਵਾਂ ਵਿੱਚ ਵੜੇਗਾ ਅਤੇ ਅਜਿਹਾ ਕੁਝ ਕਰੇਗਾ, ਜੋ ਉਸ ਦੇ ਪਿਉ-ਦਾਦਿਆਂ ਨੇ ਅਤੇ ਉਸ ਦੇ ਦਾਦਿਆਂ ਦੇ ਪੜਦਾਦਿਆਂ ਨੇ ਨਹੀਂ ਕੀਤਾ । ਉਹ ਲੁੱਟ ਪੁੱਟ ਦੇ ਮਾਲ ਨੂੰ ਉਹਨਾਂ ਵਿੱਚ ਵੰਡੇਗਾ ਅਤੇ ਕੁਝ ਚਿਰ ਤੱਕ ਪੱਕੀਆਂ ਕੋਟਾਂ ਦੇ ਵਿੱਰੁਧ ਆਪਣੀਆਂ ਚਤਰਾਈਆਂ ਵਰਤੇਗਾ ।
25ਉਹ ਆਪਣੇ ਜ਼ੋਰ ਨੂੰ ਅਤੇ ਆਪਣੇ ਹੌਂਸਲੇ ਨੂੰ ਅਜਿਹਾ ਚੁੱਕੇਗਾ ਜੋ ਵੱਡੀ ਫ਼ੌਜ ਲੈ ਕੇ ਦੱਖਣ ਦੇ ਰਾਜੇ ਉੱਤੇ ਚੜ੍ਹੇ ਅਤੇ ਦੱਖਣ ਦਾ ਰਾਜਾ ਵੀ ਅੱਤ ਵੱਡੀ ਅਤੇ ਜ਼ੋਰਾਵਰ ਫ਼ੌਜ ਨਾਲ ਜੁੱਧ ਵਿੱਚ ਲੜੇਗਾ ਪਰ ਉਹ ਨਾ ਠਹਿਰੇਗਾ ਕਿਉਂ ਜੋ ਉਹ ਉਸ ਦੇ ਵਿਰੁੱਧ ਉਪਾਉ ਕਰਨਗੇ ।26ਹਾਂ, ਓਹੋ ਜਿਹੜੇ ਉਸ ਦੀ ਸੁਆਦਲੀ ਰੋਟੀ ਵਿੱਚੋਂ ਖਾਂਦੇ ਹਨ ਉਹੋ ਉਸ ਨੂੰ ਨਾਸ਼ ਕਰ ਸੁੱਟਣਗੇ ਅਤੇ ਉਸ ਦੀ ਫ਼ੌਜ ਆਫਰੇਗੀ ਅਤੇ ਢੇਰ ਸਾਰੇ ਮਾਰੇ ਜਾਣਗੇ ।27ਉਹਨਾਂ ਦੋਹਾਂ ਰਾਜਿਆਂ ਦੇ ਦਿਲ ਬੁਰੇ ਕੰਮਾਂ ਵੱਲ ਹੋਣਗੇ ਅਤੇ ਉਹ ਇੱਕੋ ਪੰਗਤ ਵਿੱਚ ਬੈਠ ਕੇ ਝੂਠ ਬੋਲਣਗੇ, ਪਰ ਉਹ ਫਲੇਗਾ ਨਾ ਕਿਉਂ ਜੋ ਅੰਤ ਠਿਹਰਾਏ ਹੋਏ ਵੇਲੇ ਸਿਰ ਹੋਵੇਗਾ ।
28ਤਦ ਉਹ ਵੱਡੇ ਧੰਨ ਨਾਲ ਆਪਣੇ ਦੇਸ ਵਿੱਚ ਮੁੜ ਜਾਏਗਾ, ਉਸ ਦਾ ਮਨ ਪਵਿੱਤਰ ਨੇਮ ਦਾ ਸਾਹਮਣਾ ਕਰੇਗਾ ਅਤੇ ਉਹ ਆਪਣਾ ਕੰਮ ਕਰ ਕੇ ਆਪਣੇ ਦੇਸ ਵਿੱਚ ਮੁੜੇਗਾ ।
29ਠਹਿਰਾਏ ਹੋਏ ਵੇਲੇ ਸਿਰ ਉਹ ਮੁੜੇਗਾ ਅਤੇ ਦੱਖਣ ਵੱਲ ਆਵੇਗਾ ਪਰ ਉਸ ਵੇਲੇ ਅਜਿਹਾ ਹਾਲ ਨਾ ਹੋਵੇਗਾ ਜਿਹੋ ਜਿਹਾ ਪਹਿਲਾਂ ਸੀ ।30ਕਿਉਂ ਜੋ ਕਿੱਤੀਆਂ ਦੇ ਜਹਾਜ਼ ਉਸ ਦਾ ਸਾਹਮਣਾ ਕਰਨਗੇ ਸੋ ਉਹ ਉਦਾਸ ਹੋਵੇਗਾ ਅਤੇ ਮੁੜੇਗਾ ਅਤੇ ਪਵਿੱਤਰ ਨੇਮ ਉੱਤੇ ਉਸ ਦਾ ਕ੍ਰੋਧ ਜਾਗੇਗਾ ਅਤੇ ਉਸੇ ਦੇ ਅਨੁਸਾਰ ਉਹ ਕੰਮ ਕਰੇਗਾ ਸਗੋਂ ਉਹ ਮੁੜੇਗਾ ਅਤੇ ਜਿਹਨਾਂ ਲੋਕਾਂ ਨੇ ਪਵਿੱਤਰ ਨੇਮ ਛੱਡ ਦਿੱਤਾ ਹੈ ਉਹਨਾਂ ਲੋਕਾਂ ਨਾਲ ਮੇਲ ਕਰੇਗਾ ।
31ਜੱਥੇ ਉਸ ਦੀ ਵਲੋਂ ਉੱਠਣਗੇ ਅਤੇ ਉਹ ਪਵਿੱਤਰ ਥਾਂ ਅਰਥਾਤ ਕੋਟ ਨੂੰ ਭਰਿਸ਼ਟ ਕਰਨਗੇ ਅਤੇ ਉਹ ਸਦਾ ਦੀ ਹੋਮ ਦੀ ਬਲੀ ਨੂੰ ਹਟਾਉਣਗੇ ਅਤੇ ਵਿਗਾੜਨ ਵਾਲੀ ਘਿਣਾਉਣੀ ਵਸਤ ਨੂੰ ਉਸ ਦੇ ਵਿੱਚ ਰੱਖ ਦੇਣਗੇ ।32ਅਤੇ ਜਿਹੜੇ ਨੇਮ ਦੇ ਨਾਲ ਭੈੜੀ ਕਰਤੂਤ ਕਰਦੇ ਹਨ ਉਹਨਾਂ ਨੂੰ ਉਹ ਲੱਲੋ ਪੱਤੋ ਕਰ ਕੇ ਵਿਗਾੜੇਗਾ ਪਰ ਜਿਹੜੇ ਲੋਕ ਆਪਣੇ ਪਰਮੇਸ਼ੁਰ ਨੂੰ ਪਛਾਣਦੇ ਹਨ ਉਹ ਬਲਵਾਨ ਹੋਣਗੇ ਅਤੇ ਕੰਮ ਕਰਨਗੇ
33ਅਤੇ ਇਹ ਜੋ ਲੋਕਾਂ ਦੇ ਵਿਚਕਾਰ ਬੁੱਧਵਾਨ ਹਨ ਕਈਆਂ ਨੂੰ ਸਿਖਾਉਣਗੇ ਪਰ ਉਹ ਤਲਵਾਰ ਨਾਲ ਅਤੇ ਅੱਗ ਨਾਲ ਅਤੇ ਕੈਦ ਹੋਣ ਕਰਕੇ ਅਤੇ ਲੁੱਟੇ ਜਾਣ ਕਰਕੇ ਢੇਰ ਦਿਨਾਂ ਤੱਕ ਤਬਾਹ ਰਹਿਣਗੇ ।34ਜਦ ਉਹ ਤਬਾਹ ਹੋਣਗੇ ਤਦ ਉਹਨਾਂ ਦੀ ਥੋੜੀ ਜਿਹੀ ਸਹਾਇਤਾ ਹੋਵੇਗੀ ਪਰ ਬਹੁਤ ਸਾਰੇ ਲੱਲੋ ਪੱਤੋ ਕਰਕੇ ਉਹਨਾਂ ਨਾਲ ਰਲ ਜਾਣਗੇ ।35ਕਈ ਬੁੱਧਵਾਨ ਵੀ ਡਿੱਗ ਪੈਣਗੇ ਇਸ ਕਰਕੇ ਜੋ ਉਹ ਪਰਤਾਏ ਜਾਣ ਅਤੇ ਉਹ ਸਫ਼ਾ ਅਤੇ ਚਿੱਟੇ ਹੋ ਜਾਣ ਐਥੋਂ ਤੱਕ ਜੋ ਅਖੀਰੀ ਸਮਾਂ ਆਵੇ ਕਿਉਂ ਜੋ ਇਹ ਵੇਲੇ ਸਿਰ ਉੱਤੇ ਠਹਿਰਾਈ ਹੋਈ ਹੈ ।
36ਰਾਜਾ ਆਪਣੀ ਇੱਛਿਆ ਦੇ ਅਨੁਸਾਰ ਕੰਮ ਕਰੇਗਾ ਅਤੇ ਆਪ ਨੂੰ ਉੱਚਾ ਕਰੇਗਾ ਅਤੇ ਆਪਣੇ ਆਪ ਨੂੰ ਸਾਰਿਆਂ ਦੇਵਤਿਆਂ ਨਾਲੋਂ ਵੱਡਾ ਜਾਣੇਗਾ ਅਤੇ ਈਸ਼ਵਰਾਂ ਦੇ ਪਰਮੇਸ਼ੁਰ ਦੇ ਵਿਰੁੱਧ ਢੇਰ ਸਾਰੀਆਂ ਅਚਰਜ ਗੱਲਾਂ ਆਖੇਗਾ ਅਤੇ ਭਾਗਵਾਨ ਹੋਵੇਗਾ ਐਥੋਂ ਤੱਕ ਜੋ ਕ੍ਰੋਧ ਦੇ ਦਿਨ ਪੂਰੇ ਹੋਣ ਕਿਉਂਕਿ ਉਹ ਜੋ ਠਹਿਰਾਇਆ ਗਿਆ ਹੈ ਸੋ ਹੋਵੇਗਾ ।37ਉਹ ਆਪਣੇ ਪਿਉ-ਦਾਦਿਆਂ ਦੇ ਦੇਵਤਿਆਂ ਦੀ ਵੱਲ ਕੁਝ ਲੋੜ ਨਾ ਰਖੇਗਾ ਅਤੇ ਨਾ ਹੀ ਔਰਤਾਂ ਦੀ, ਨਾ ਹੀ ਕਿਸੇ ਦੇਵਤੇ ਨੂੰ ਮੰਨੇਗਾ ਸਗੋਂ ਆਪ ਨੂੰ ਸਭਨਾਂ ਨਾਲੋਂ ਵੱਡਾ ਜਾਣੇਗਾ ।
38ਪਰ ਉਸ ਦੇ ਥਾਂ ਤੇ ਕੋਟਾਂ ਦੇ ਦਿਓਤੇ ਦਾ ਆਦਰ ਕਰੇਗਾ ਅਤੇ ਉਸ ਦੇਵਤੇ ਦਾ ਜਿਹ ਨੂੰ ਉਸ ਦੇ ਪਿਉ-ਦਾਦੇ ਨਹੀਂ ਜਾਂਦੇ ਸਨ ਸੋਨੇ, ਚਾਂਦੀ, ਬਹੁਮੁੱਲੇ ਪੱਥਰ ਅਤੇ ਸੁਆਦ ਵਾਲੀਆਂ ਵਸਤਾਂ ਨਾਲ ਆਦਰ ਕਰੇਗਾ ।39ਉਹ ਸਾਰਿਆਂ ਨਾਲੋਂ ਪੱਕੀਆਂ ਕੋਟਾਂ ਦੇ ਵਿਰੁੱਧ ਪਰਾਏ ਦੇਵਤੇ ਦੀ ਸਹਾਇਤਾ ਨਾਲ ਕੰਮ ਕਰੇਗਾ, ਉਸ ਦੇ ਮੰਨਣ ਵਾਲਿਆਂ ਨੂੰ ਉਹ ਵੱਡਾ ਆਦਰ ਕਰੇਗਾ ਅਤੇ ਉਹਨਾਂ ਨੂੰ ਕਈਆਂ ਦਾ ਸਰਦਾਰ ਬਣਾਵੇਗਾ ਅਤੇ ਮੁੱਲ ਲਈ ਧਰਤੀ ਨੂੰ ਵੰਡੇਗਾ ।
40ਅਤੇ ਅਖੀਰ ਦੇ ਸਮੇਂ ਵਿੱਚ ਦੱਖਣ ਦਾ ਰਾਜਾ ਉਸ ਨੂੰ ਧੱਕ ਦੇਵੇਗਾ ਅਤੇ ਉੱਤਰ ਦਾ ਰਾਜਾ ਰੱਥ ਅਤੇ ਘੋੜ ਚੜ੍ਹੇ ਅਤੇ ਬਹੁਤੇ ਜਹਾਜ਼ ਲੈ ਕੇ ਵਾਵਰੋਲੇ ਵਾਂਗੂੰ ਉਸ ਦੇ ਉੱਤੇ ਚੜ੍ਹਾਈ ਕਰੇਗਾ ਅਤੇ ਉਹਨਾਂ ਦੇਸਾਂ ਵਿੱਚ ਵੜੇਗਾ ਅਤੇ ਆਫਰੇਗਾ ਅਤੇ ਲੰਘੇਗਾ ।41ਪ੍ਰਤਾਪਵਾਨ ਦੇਸ ਵਿੱਚ ਵੀ ਵੜੇਗਾ ਅਤੇ ਬਹੁਤ ਢਾਹੇ ਜਾਣਗੇ ਪਰ ਅਦੋਮ ਅਤੇ ਮੋਆਬ ਅਤੇ ਅਮੋਨੀਆਂ ਦਾ ਵੱਡਾ ਹਿੱਸਾ ਵੀ ਉਸ ਦੇ ਹੱਥੋਂ ਬਚ ਜਾਣਗੇ ।
42ਉਹ ਆਪਣਾ ਹੱਥ ਦੇਸਾਂ ਉੱਤੇ ਚਲਾਵੇਗਾ ਅਤੇ ਮਿਸਰ ਦੇਸ ਵੀ ਛੁਟਕਾਰਾ ਨਾ ਪਾਏਗਾ ।43ਪਰ ਉਹ ਸੋਨੇ, ਚਾਂਦੀ ਦੇ ਖਜਾਨਿਆਂ ਅਤੇ ਮਿਸਰ ਦੇਸ ਦਿਆਂ ਸਾਰਿਆਂ ਪਦਾਰਥਾਂ ਉੱਤੇ ਜ਼ੋਰ ਰਖੇਗਾ ਅਤੇ ਲੂਬੀ ਅਤੇ ਕੂਸ਼ੀ ਉਸ ਦੇ ਮਗਰ ਲੱਗਣਗੇ ।
44ਪਰ ਚੜ੍ਹਦੇ ਅਤੇ ਉੱਤਰ ਵੱਲ ਦੀਆਂ ਖਬਰਾਂ ਉਸ ਨੂੰ ਘਬਰਾਉਣਗੀਆਂ, ਇਸ ਲਈ ਉਹ ਵੱਡੇ ਕ੍ਰੋਧ ਨਾਲ ਨਿੱਕਲੇਗਾ ਜੋ ਬਹੁਤਿਆਂ ਦਾ ਨਾਸ ਕਰੇ ਅਤੇ ਉਹਨਾਂ ਨੂੰ ਮੂਲੋਂ ਮਿਟਾ ਸੁੱਟੇ ।45ਉਹ ਆਪਣੇ ਸ਼ਾਹੀ ਡੇਰੇ ਸਮੁੰਦਰ ਤੇ ਪ੍ਰਤਾਪਵਾਨ ਪਵਿੱਤਰ ਪਹਾੜ ਦੇ ਵਿਚਕਾਰ ਲਵੇਗਾ ਪਰ ਉਹ ਆਪਣੇ ਅੰਤ ਨੂੰ ਪੁੱਜ ਪਵੇਗਾ ਅਤੇ ਉਸ ਦਾ ਸਹਾਇਕ ਕੋਈ ਨਾ ਹੋਵੇਗਾ ।

12
ਅੰਤ ਦਾ ਸਮਾਂ

1ਉਸ ਵੇਲੇ ਮੀਕਾਏਲ ਉਹ ਵੱਡਾ ਪ੍ਰਧਾਨ ਜੋ ਤੇਰੇ ਲੋਕਾਂ ਦੇ ਬੱਚਿਆਂ ਦੀ ਸਹਾਇਤਾ ਲਈ ਖੜ੍ਹਾ ਰਹਿੰਦਾ ਹੈ ਉਹ ਉੱਠੇਗਾ ਤਦ ਅਜਿਹੀ ਬਿਪਤਾ ਦਾ ਵੇਲਾ ਹੋਵੇਗਾ ਜਿਹੋ ਜਿਹਾ ਕੌਮ ਦੇ ਮੁੱਢ ਤੋਂ ਲੈ ਕੇ ਉਸ ਵੇਲੇ ਤੱਕ ਕਦੀ ਨਹੀਂ ਹੋਇਆ ਹੋਵੇਗਾ, ਪਰ ਉਸ ਵੇਲੇ ਤੇਰਿਆਂ ਲੋਕਾਂ ਵਿੱਚੋਂ ਹਰ ਕੋਈ ਜਿਸ ਦਾ ਨਾਮ ਪੋਥੀ ਵਿੱਚ ਲਿਖਿਆ ਹੋਇਆ ਹੋਵੇਗਾ ਉਹੀ ਬਚ ਜਾਵੇਗਾ ।2ਉਹਨਾਂ ਵਿੱਚੋਂ ਢੇਰ ਸਾਰੇ ਜੋ ਧਰਤੀ ਦੇ ਹੇਠਾਂ ਸੁੱਤੇ ਪਏ ਹਨ ਜਾਗ ਉੱਠਣਗੇ, ਕਈ ਸਦੀਪਕ ਜੀਉਣ ਲਈ, ਕਈ ਸ਼ਰਮਿੰਦਗੀ ਅਤੇ ਸਦੀਪਕ ਨਿਰਾਦਰੀ ਲਈ ।

3ਪਰ ਉਹ ਜਿਹੜੇ ਬੁੱਧਵਾਨ ਹਨ ਅੰਬਰ ਦੇ ਪਰਕਾਸ਼ ਵਾਂਗੂੰ ਚਮਕਣਗੇ ਅਤੇ ਉਹ ਜਿਹਨਾਂ ਦੇ ਉੱਦਮ ਲ ਢੇਰ ਸਾਰੇ ਧਰਮੀ ਬਣ ਗਏ ਤਾਰਿਆਂ ਵਾਂਗੂੰ ਜੁੱਗੋ-ਜੁੱਗ ਤੱਕ ਚਮਕਣਗੇ ।4ਪਰ ਤੂੰ ਹੇ ਦਾਨੀਏਲ, ਇਹਨਾਂ ਗੱਲਾਂ ਨੂੰ ਅਤੇ ਪੋਥੀ ਉੱਤੇ ਅੰਤ ਸਮੇਂ ਤੱਕ ਮੋਹਰ ਲਾ ਕੇ ਬੰਦ ਰੱਖ । ਬਥੇਰੇ ਇਧਰ-ਉੱਧਰ ਭੱਜਣਗੇ ਅਤੇ ਗਿਆਨ ਵਧੇਗਾ ।
5ਤਦ ਮੈਂ ਦਾਨੀਏਲ ਨੇ ਦੇਖਿਆ ਅਤੇ ਕੀ ਵੇਖਦਾ ਹਾਂ, ਜੋ ਦੋ ਹੋਰ ਖੜੇ ਸਨ, ਇੱਕ ਦਰਿਆ ਦੇ ਕੰਢੇ ਦੇ ਉਰਲੇ ਪਾਸੇ, ਦੂਜਾ ਦਰਿਆ ਦੇ ਕੰਢੇ ਦੇ ਪਰਲੇ ਪਾਸੇ6ਅਤੇ ਇੱਕ ਨੇ ਉਸ ਮਨੁੱਖ ਨੂੰ ਜੋ ਸਾਫ਼ ਕੱਪੜੇ ਪਹਿਨੀ ਦਰਿਆ ਦੇ ਪਾਣੀਆਂ ਉੱਤੇ ਸੀ ਉਸ ਤੋਂ ਉਹਨਾਂ ਮਨੁੱਖਾਂ ਵਿਚੋਂ ਇੱਕ ਨੇ ਪੁੱਛਿਆ ਕਿ ਇਹ ਅਚਰਜ ਗੱਲਾਂ ਦਾ ਅੰਤ ਕਦੋਂ ਤੱਕ ਹੋਵੇਗਾ ?
7ਅਤੇ ਮੈਂ ਸੁਣਿਆ ਜੋ ਉਸ ਮਨੁੱਖ ਨੇ ਜਿਹੜਾ ਸਾਫ਼ ਕੱਪੜੇ ਪਹਿਨੀ ਅਤੇ ਦਰਿਆ ਦੇ ਪਾਣੀਆਂ ਉੱਤੇ ਸੀ ਉਸ ਨੇ ਆਪਣਾ ਸੱਜਾ ਅਤੇ ਆਪਣਾ ਖੱਬਾ ਹੱਥ ਅਕਾਸ਼ ਵੱਲ ਉੱਚਾ ਕਰ ਕੇ ਜੋ ਸਦਾ ਜੀਉਂਦਾ ਹੈ, ਉਸ ਦੀ ਸੌਂਹ ਚੁੱਕੀ ਅਤੇ ਆਖਿਆ ਜੋ ਇਹ ਹਾਲਾਤ ਸਾਢੇ ਤਿੰਨ ਕਾਲ ਤੱਕ ਰਹਿਣਗੀਆਂ ਅਤੇ ਜਦੋਂ ਉਹ ਪਵਿੱਤਰ ਲੋਕਾਂ ਦੇ ਜ਼ੋਰ ਨੂੰ ਮੂਲੋਂ ਤੋੜਨ ਦਾ ਕੰਮ ਪੂਰਾ ਕਰ ਚੁੱਕਣਗੇ ਤਦ ਇਹ ਸਭ ਗੱਲਾਂ ਪੂਰੀਆਂ ਹੋਣਗੀਆਂ ।
8ਮੈਂ ਸੁਣਿਆ ਤਾਂ ਸਹੀ ਪਰ ਸਮਝਿਆ ਨਾ । ਤਦ ਮੈਂ ਆਖਿਆ, ਹੇ ਮੇਰੇ ਸੁਆਮੀ, ਇਹਨਾਂ ਗੱਲਾਂ ਦਾ ਅੰਤ ਨਤੀਜਾ ਕੀ ਹੋਵੇਗਾ ?9ਉਸ ਨੇ ਆਖਿਆ, ਹੇ ਦਾਨੀਏਲ, ਤੂੰ ਆਪਣੇ ਰਾਹ ਚੱਲੀ ਜਾ ਕਿਉਂ ਜੋ ਇਹ ਗੱਲਾਂ ਅੰਤ ਦੇ ਵੇਲੇ ਤੱਕ ਬੰਦ ਕੀਤੀਆਂ ਅਤੇ ਮੋਹਰਾਂ ਲੱਗੀਆਂ ਹੋਈਆਂ ਹਨ ।
10ਬਥੇਰੇ ਆਪਣੇ ਆਪ ਨੂੰ ਪਵਿੱਤਰ ਕਰਨਗੇ ਅਤੇ ਆਪ ਨੂੰ ਚਿੱਟੇ ਬਣਾਉਣਗੇ ਅਤੇ ਪਰਤਾਏ ਜਾਣਗੇ ਪਰ ਦੁਸ਼ਟ ਬੁਰਿਆਈ ਕਰਦੇ ਰਹਿਣਗੇ ਅਤੇ ਦੁਸ਼ਟਾਂ ਵਿੱਚੋਂ ਕੋਈ ਨਾ ਸਮਝੇਗਾ, ਪਰ ਬੁੱਧਵਾਨ ਸਮਝਣਗੇ ।11ਜਿਸ ਵੇਲੇ ਤੋਂ ਸਦਾ ਦੀ ਹੋਮ ਦੀ ਬਲੀ ਹਟਾਈ ਜਾਵੇਗੀ ਅਤੇ ਉਹ ਉਜਾੜਨ ਵਾਲੀ ਘਿਣਾਉਣੀ ਵਸਤ ਖੜ੍ਹੀ ਕੀਤੀ ਜਾਏਗੀ ਇੱਕ ਹਜ਼ਾਰ ਦੋ ਸੌ ਨੱਬੇ ਦਿਨ ਹੋਣਗੇ ।
12ਧੰਨ ਉਹ ਹੈ ਜੋ ਉਡੀਕਦਾ ਹੈ ਅਤੇ ਇੱਕ ਹਜ਼ਾਰ ਤਿੰਨ ਸੌ ਪੈਂਤੀਆਂ ਦਿਨਾਂ ਦੇ ਅੰਤ ਤੱਕ ਪਹੁੰਚਦਾ ਹੈ ।13ਪਰ ਤੂੰ ਆਪਣੇ ਰਾਹ ਤੁਰਿਆ ਜਾਹ ਜਦੋਂ ਤੱਕ ਅੰਤ ਦਾ ਸਮਾਂ ਨਾ ਆਵੇ ਕਿਉਂ ਜੋ ਤੂੰ ਸੁੱਖ ਪਾਵੇਂਗਾ ਅਤੇ ਆਪਣੀ ਮਿਰਾਸ ਉੱਤੇ ਅੰਤ ਦੇ ਦਿਨਾਂ ਵਿੱਚ ਉੱਠ ਖੜ੍ਹਾ ਹੋਵੇਂਗਾ ।

ਹੋਸ਼ੇਆ

1

1ਇਹ ਯਹੋਵਾਹ ਦੀ ਉਹ ਬਾਣੀ ਹੈ, ਜਿਹੜੀ ਬਏਰੀ ਦੇ ਪੁੱਤਰ ਹੋਸ਼ੇਆ ਨੂੰ ਉਸ ਸਮੇਂ ਆਈ, ਜਦੋਂ ਯਹੂਦਾਹ ਦੇ ਉੱਤੇ ਰਾਜਾ ਊਜ਼ੀਯਾਹ, ਯੋਥਾਮ, ਆਹਾਜ਼ ਅਤੇ ਹਿਜ਼ਕੀਯਾਹ ਦਾ ਰਾਜ ਸੀ ਅਤੇ ਇਸਰਾਏਲ ਦੇ ਉੱਤੇ ਰਾਜਾ ਯੋਆਸ਼ ਦੇ ਪੁੱਤਰ ਯਾਰਾਬੁਆਮ ਦਾ ਰਾਜ ਸੀ ।

ਹੋਸ਼ੇਆ ਦੀ ਪਤਨੀ ਅਤੇ ਬੱਚੇ

2ਜਦ ਯਹੋਵਾਹ ਪਹਿਲਾਂ ਹੋਸ਼ੇਆ ਦੇ ਰਾਹੀਂ ਬੋਲਿਆ, ਤਾਂ ਯਹੋਵਾਹ ਨੇ ਹੋਸ਼ੇਆ ਨੂੰ ਆਖਿਆ, ਜਾ ਕੇ ਇੱਕ ਵੇਸਵਾ ਤੀਵੀਂ ਨਾਲ ਵਿਆਹ ਕਰ । ਉਹ ਵਿਭਚਾਰ ਦੇ ਬੱਚਿਆਂ ਨੂੰ ਜਨਮ ਦੇਵੇਗੀ । ਕਿਉਂ ਜੋ ਦੇਸ ਨੇ ਯਹੋਵਾਹ ਨੂੰ ਛੱਡ ਕੇ ਵੱਡਾ ਵਿਭਚਾਰ ਕੀਤਾ ਹੈ ।
3ਤਾਂ ਉਸ ਨੇ ਜਾ ਕੇ ਦਿਬਲਾਇਮ ਦੀ ਧੀ ਗੋਮਰ ਨੂੰ ਵਿਆਹ ਲਿਆ । ਉਹ ਗਰਭਵਤੀ ਹੋਈ ਅਤੇ ਉਹ ਦੇ ਲਈ ਪੁੱਤਰ ਨੂੰ ਜਨਮ ਦਿੱਤਾ ।

4ਯਹੋਵਾਹ ਨੇ ਉਹ ਨੂੰ ਆਖਿਆ, ਉਸ ਦਾ ਨਾਮ ਯਿਜ਼ਰਏਲ ਰੱਖ, ਕਿਉਂ ਜੋ ਥੋੜ੍ਹੇ ਸਮੇਂ ਵਿੱਚ ਮੈਂ ਯਿਜ਼ਰਏਲ ਦੇ ਖ਼ੂਨ ਦੀ ਸਜ਼ਾ ਯੇਹੂ ਦੇ ਘਰਾਣੇ ਉੱਤੇ ਲਿਆਵਾਂਗਾ ਅਤੇ ਇਸਰਾਏਲ ਦੇ ਘਰਾਣੇ ਦੇ ਰਾਜ ਨੂੰ ਖਤਮ ਕਰ ਦਿਆਂਗਾ ।5ਫਿਰ ਉਸੇ ਦਿਨ ਇਸ ਤਰ੍ਹਾਂ ਹੋਵੇਗਾ ਕਿ ਮੈਂ ਇਸਰਾਏਲ ਦਾ ਧਣੁਖ ਯਿਜ਼ਰਏਲ ਦੀ ਵਾਦੀ ਵਿੱਚ ਭੰਨ ਸੁੱਟਾਂਗਾ ।

6ਉਹ ਫੇਰ ਗਰਭਵਤੀ ਹੋਈ ਅਤੇ ਇੱਕ ਧੀ ਨੂੰ ਜਨਮ ਦਿੱਤਾ ਅਤੇ ਉਸ ਨੇ ਉਹ ਨੂੰ ਆਖਿਆ, ਇਸ ਦਾ ਨਾਮ ''ਲੋ-ਰੁਹਾਮਾਹ'' ਰੱਖ, ਕਿਉਂ ਜੋ ਮੈਂ ਫਿਰ ਇਸਰਾਏਲ ਦੇ ਘਰਾਣੇ ਉੱਤੇ ਹੋਰ ਰਹਿਮ ਨਹੀਂ ਕਰਾਂਗਾ ਅਤੇ ਉਹਨਾਂ ਨੂੰ ਕਦੇ ਵੀ ਮਾਫ਼ ਨਾ ਕਰਾਂਗਾ ।7ਪਰ ਮੈਂ ਯਹੂਦਾਹ ਦੇ ਘਰਾਣੇ ਉੱਤੇ ਰਹਿਮ ਕਰਾਂਗਾ ਅਤੇ ਮੈਂ ਉਹਨਾਂ ਨੂੰ ਧਣੁਖ, ਤਲਵਾਰ, ਲੜਾਈ, ਘੋੜਿਆਂ ਜਾਂ ਸਵਾਰਾਂ ਨਾਲ ਨਾ ਬਚਾਵਾਂਗਾ, ਸਗੋਂ ਯਹੋਵਾਹ ਉਹਨਾਂ ਦੇ ਪਰਮੇਸ਼ੁਰ ਦੇ ਦੁਆਰਾ ਬਚਾਵਾਂਗਾ ।

8ਲੋ-ਰੁਹਾਮਾਹ ਦਾ ਦੁੱਧ ਛੁਡਾਉਣ ਤੋਂ ਬਾਅਦ ਉਹ ਇਸਤਰੀ ਗਰਭਵਤੀ ਹੋਈ ਅਤੇ ਪੁੱਤਰ ਨੂੰ ਜਨਮ ਦਿੱਤਾ ।9ਤਾਂ ਉਸ ਨੂੰ ਆਖਿਆ, ਇਹ ਦਾ ਨਾਮ ''ਲੋ-ਅੰਮੀ'' ਰੱਖ, ਕਿਉਂ ਜੋ ਤੁਸੀਂ ਮੇਰੀ ਪਰਜਾ ਨਹੀਂ ਹੋ ਅਤੇ ਮੈਂ ਤੁਹਾਡਾ ਪਰਮੇਸ਼ੁਰ ਨਹੀਂ ਹਾਂ ।
ਇਸਰਾਏਲ ਦੀ ਪੁਨਰ ਸਥਾਪਨਾ

10ਇਸਰਾਏਲੀਆਂ ਦੀ ਗਿਣਤੀ ਸਮੁੰਦਰ ਦੀ ਰੇਤ ਵਾਂਗੂੰ ਹੋਵੇਗੀ, ਜਿਹੜੀ ਮਿਣੀ ਅਤੇ ਗਿਣੀ ਨਹੀਂ ਜਾ ਸਕਦੀ । ਇਸ ਤਰ੍ਹਾਂ ਹੋਵੇਗਾ ਕਿ ਜਿਸ ਥਾਂ ਉਹਨਾਂ ਨੂੰ ਕਿਹਾ ਗਿਆ ਸੀ, ''ਤੁਸੀਂ ਮੇਰੀ ਪਰਜਾ ਨਹੀਂ ਹੋ'' ਉੱਥੇ ਹੀ ਉਹਨਾਂ ਨੂੰ ਕਿਹਾ ਜਾਵੇਗਾ, ''ਤੁਸੀਂ ਜੀਉਂਦੇ ਪਰਮੇਸ਼ੁਰ ਦੇ ਪੁੱਤਰ ਹੋ ।''11ਯਹੂਦੀ ਅਤੇ ਇਸਰਾਏਲੀ ਫਿਰ ਇਕੱਠੇ ਹੋਣਗੇ ਅਤੇ ਉਹ ਆਪਣੇ ਲਈ ਇੱਕ ਆਗੂ ਠਹਿਰਾਉਣਗੇ । ਉਹ ਇਸ ਦੇਸ ਵਿੱਚੋਂ ਉਤਾਹਾਂ ਜਾਣਗੇ, ਕਿਉਂ ਜੋ ਯਿਜ਼ਰਏਲ ਦਾ ਦਿਨ ਮਹਾਨ ਹੋਵੇਗਾ ।

2
ਯਹੋਵਾਹ ਦੀ ਦੁਲਹਨ

1ਆਪਣੇ ਭਰਾਵਾਂ ਨੂੰ ''ਮੇਰੇ ਲੋਕ'' ਅਤੇ ਆਪਣੀਆਂ ਭੈਣਾਂ ਨੂੰ ''ਰਹਿਮ ਦੀਆਂ ਭਾਗਣਾਂ'' ਆਖੋ ।

ਵਿਸ਼ਵਾਸਘਾਤੀ ਗੋਮਰ-ਵਿਸ਼ਵਾਸਘਾਤੀ ਇਸਰਾਏਲ

2ਆਪਣੀ ਮਾਂ ਦੇ ਨਾਲ ਝਗੜਾ ਕਰੋ !
ਉਹ ਤਾਂ ਮੇਰੀ ਪਤਨੀ ਨਹੀਂ ਹੈ
ਅਤੇ ਨਾ ਮੈਂ ਉਹ ਦਾ ਪਤੀ ਹਾਂ ।
ਉਹ ਆਪਣੇ ਵਿਭਚਾਰ ਨੂੰ ਆਪਣੇ ਅੱਗਿਓਂ ਅਤੇ
ਆਪਣੀ ਬੇਵਫ਼ਾਈ ਨੂੰ ਆਪਣੀਆਂ ਛਾਤੀਆਂ ਵਿੱਚੋਂ ਦੂਰ ਕਰੇ !

3ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਮੈਂ ਉਹ ਨੂੰ ਨੰਗੀ ਕਰ ਦੇਵਾਂ,
ਜਿਵੇਂ ਉਹ ਆਪਣੇ ਜਨਮ ਦੇ ਦਿਨ ਸੀ ਉਸੇ ਤਰ੍ਹਾਂ ਫਿਰ ਕਰ ਦਿਆਂ,
ਉਹ ਨੂੰ ਉਜਾੜ ਵਾਂਗੂੰ ਬਣਾ ਦਿਆਂ,
ਉਹ ਨੂੰ ਇੱਕ ਸੁੱਕੀ ਧਰਤੀ ਵਾਂਗੂੰ ਠਹਿਰਾ ਦਿਆਂ
ਅਤੇ ਉਹ ਨੂੰ ਪਿਆਸ ਨਾਲ ਮਾਰ ਦਿਆਂ ।

4ਮੈਂ ਉਹ ਦੇ ਬੱਚਿਆਂ ਉੱਤੇ ਰਹਿਮ ਨਾ ਕਰਾਂਗਾ,
ਕਿਉਂ ਜੋ ਉਹ ਵਿਭਚਾਰ ਦੇ ਬੱਚੇ ਹਨ ।

5ਉਹਨਾਂ ਦੀ ਮਾਂ ਨੇ ਵਿਭਚਾਰ ਕੀਤਾ ਹੈ,
ਉਹਨਾਂ ਨੂੰ ਜਨਮ ਦੇਣ ਵਾਲੀ ਨੇ ਸ਼ਰਮ ਦਾ ਕੰਮ ਕੀਤਾ,
ਕਿਉਂ ਜੋ ਉਹ ਨੇ ਆਖਿਆ,
ਮੈਂ ਆਪਣੇ ਪ੍ਰੇਮੀਆਂ ਦੇ ਮਗਰ ਜਾਵਾਂਗੀ,
ਜਿਹੜੇ ਮੈਨੂੰ ਮੇਰੀ ਰੋਟੀ ਅਤੇ ਪਾਣੀ ਦਿੰਦੇ ਹਨ,
ਮੇਰੀ ਉੱਨ, ਮੇਰੀ ਕਤਾਨ, ਮੇਰਾ ਤੇਲ ਅਤੇ ਮੇਰਾ ਸ਼ਰਬਤ ਵੀ !

6ਇਸ ਲਈ ਵੇਖ, ਮੈਂ ਤੇਰਾ ਰਾਹ ਕੰਡਿਆਂ ਨਾਲ ਬੰਦ ਕਰ ਦਿਆਂਗਾ,
ਮੈਂ ਉਹ ਦੇ ਅੱਗੇ ਕੰਧ ਬਣਾ ਦਿਆਂਗਾ
ਤਾਂ ਕਿ ਉਸ ਨੂੰ ਆਪਣਾ ਰਾਹ ਨਾ ਮਿਲੇ ।

7ਉਹ ਆਪਣਿਆਂ ਪ੍ਰੇਮੀਆਂ ਦੇ ਪਿੱਛੇ ਜਾਵੇਗੀ,
ਪਰ ਉਹ ਉਹਨਾਂ ਨੂੰ ਨਾ ਪਾਵੇਗੀ,
ਉਹ ਉਹਨਾਂ ਨੂੰ ਭਾਲੇਗੀ ਪਰ ਪਾਵੇਗੀ ਨਾ,
ਤਾਂ ਉਹ ਆਖੇਗੀ, ਮੈਂ ਜਾਵਾਂਗੀ,
ਅਤੇ ਆਪਣੇ ਪਹਿਲੇ ਪਤੀ ਵੱਲ ਮੁੜਾਂਗੀ,
ਕਿਉਂ ਜੋ ਮੇਰਾ ਪਹਿਲਾ ਹਾਲ ਹੁਣ ਨਾਲੋਂ ਚੰਗਾ ਸੀ ।

8ਉਹ ਨੇ ਨਾ ਜਾਣਿਆ ਕਿ ਮੈਂ ਹੀ ਉਹ ਨੂੰ
ਅੰਨ, ਨਵੀਂ ਮੈਅ ਅਤੇ ਤੇਲ ਦਿੰਦਾ ਸੀ,
ਅਤੇ ਉਹ ਨੂੰ ਚਾਂਦੀ ਸੋਨਾ ਵਾਫਰ ਦਿੰਦਾ ਰਿਹਾ,
ਜਿਹੜਾ ਉਹਨਾਂ ਨੇ ਬਆਲ ਲਈ ਵਰਤਿਆ !

9ਇਸ ਲਈ ਮੈਂ ਮੁੜ ਕੇ ਸਮੇਂ ਉੱਤੇ ਆਪਣਾ ਅੰਨ ਲੈ ਲਵਾਂਗਾ,
ਅਤੇ ਨਵੀਂ ਮੈਅ ਵੀ ਉਸ ਦੀ ਰੁੱਤ ਸਿਰ,
ਮੈਂ ਆਪਣੀ ਉੱਨ ਅਤੇ ਆਪਣੀ ਕਤਾਨ ਚੁੱਕ ਲਵਾਂਗਾ,
ਜੋ ਉਹ ਦੇ ਨੰਗੇਜ਼ ਨੂੰ ਢੱਕਣ ਲਈ ਸੀ ।

10ਹੁਣ ਮੈਂ ਉਹ ਦੀ ਵਾਸ਼ਨਾ ਨੂੰ ਉਹ ਦੇ ਪ੍ਰੇਮੀਆਂ ਦੇ ਸਾਹਮਣੇ ਖੋਲ੍ਹ ਦਿਆਂਗਾ,
ਅਤੇ ਕੋਈ ਉਹ ਨੂੰ ਮੇਰੇ ਹੱਥੋਂ ਛੁਡਾਵੇਗਾ ਨਾ !

11ਮੈਂ ਉਹ ਦੀ ਸਾਰੀ ਖੁਸ਼ੀ ਨੂੰ ਖਤਮ ਕਰ ਦਿਆਂਗਾ,
ਉਹ ਦੇ ਪਰਬ, ਉਹ ਦੀਆਂ ਅਮੱਸਿਆ, ਉਹ ਦੇ ਸਬਤ,
ਅਤੇ ਉਹ ਦੇ ਸਭ ਮਿਥੇ ਹੋਏ ਪਰਬ ।

12ਮੈਂ ਉਹ ਦੀਆਂ ਅੰਗੂਰੀ ਵੇਲਾਂ ਅਤੇ ਹੰਜ਼ੀਰਾਂ ਨੂੰ ਵਿਰਾਨ ਕਰਾਂਗਾ,
ਜਿਨ੍ਹਾਂ ਦੇ ਬਾਰੇ ਉਸ ਨੇ ਆਖਿਆ, ਇਹ ਮੇਰੀ ਖਰਚੀ ਹੈ,
ਜਿਹ ਨੂੰ ਮੇਰੇ ਪ੍ਰੇਮੀਆਂ ਨੇ ਮੈਨੂੰ ਦਿੱਤਾ ਹੈ ।
ਮੈਂ ਉਨ੍ਹਾਂ ਨੂੰ ਜੰਗਲ ਬਣਾ ਦਿਆਂਗਾ,
ਅਤੇ ਜੰਗਲੀ ਜਾਨਵਰ ਉਨ੍ਹਾਂ ਨੂੰ ਖਾਣਗੇ ।

13ਮੈਂ ਉਹ ਦੇ ਉੱਤੇ ਬਆਲਾਂ ਦੇ ਦਿਨਾਂ ਦੀ ਸਜ਼ਾ ਲਿਆਵਾਂਗਾ,
ਜਿਨ੍ਹਾਂ ਦੇ ਲਈ ਉਸ ਨੇ ਧੂਫ਼ ਧੁਖਾਈ,
ਅਤੇ ਬਾਲੀਆਂ ਤੇ ਗਹਿਣਿਆਂ ਨਾਲ ਸੱਜ ਕੇ
ਉਹ ਆਪਣੇ ਪ੍ਰੇਮੀਆਂ ਦੇ ਪਿੱਛੇ ਗਈ,
ਪਰ ਮੈਨੂੰ ਭੁੱਲ ਗਈ, ਯਹੋਵਾਹ ਦਾ ਵਾਕ ਹੈ ।
ਆਪਣੇ ਲੋਕਾਂ ਦੇ ਲਈ ਪਰਮੇਸ਼ੁਰ ਦਾ ਪ੍ਰੇਮ

14ਇਸ ਲਈ ਵੇਖ, ਮੈਂ ਉਹ ਨੂੰ ਮੋਹ ਲਵਾਂਗਾ,
ਅਤੇ ਉਹ ਨੂੰ ਉਜਾੜ ਵਿੱਚ ਲੈ ਜਾਂਵਾਂਗਾ,
ਅਤੇ ਮੈਂ ਉਹ ਦੇ ਨਾਲ ਦਿਲ ਲੱਗੀ ਦੀਆਂ ਗੱਲਾਂ ਕਰਾਂਗਾ ।

15ਮੈਂ ਉਹ ਨੂੰ ਉੱਥੋਂ ਦੇ ਬਾਗ ਦਿਆਂਗਾ,
ਨਾਲੇ ਆਕੋਰ ਦੀ ਵਾਦੀ ਵੀ ਆਸਾ ਦੇ ਦਰਵਾਜ਼ੇ ਲਈ ।
ਉੱਥੇ ਉਹ ਉਸੇ ਤਰ੍ਹਾਂ ਉੱਤਰ ਦੇਵੇਗੀ, ਜਿਵੇਂ ਆਪਣੀ ਜੁਆਨੀ ਦੇ ਦਿਨ ਵਿੱਚ ਦਿੰਦੀ ਸੀ,
ਅਤੇ ਜਿਵੇਂ ਉਸ ਸਮੇਂ ਜਦ ਉਹ ਮਿਸਰ ਦੇਸ ਤੋਂ ਉਤਾਹਾਂ ਆਈ ।

16ਉਸ ਦਿਨ ਇਸ ਤਰ੍ਹਾਂ ਹੋਵੇਗਾ, ਯਹੋਵਾਹ ਦਾ ਵਾਕ ਹੈ,
ਕਿ ਤੂੰ ਮੈਨੂੰ ''ਮੇਰਾ ਪਤੀ'' ਆਖੇਂਗੀ,
ਅਤੇ ਫੇਰ ਮੈਨੂੰ "ਮੇਰਾ ਬਆਲ" ਨਾ ਆਖੇਂਗੀ ।

17ਮੈਂ ਤਾਂ ਉਹ ਦੇ ਮੂੰਹੋਂ ਬਆਲਾਂ ਦੇ ਨਾਮ ਦੂਰ ਕਰਾਂਗਾ,
ਅਤੇ ਉਹ ਫੇਰ ਆਪਣੇ ਨਾਮ ਦੇ ਨਾਲ ਯਾਦ ਨਾ ਕੀਤੇ ਜਾਣਗੇ ।

18ਮੈਂ ਉਸ ਦਿਨ ਜੰਗਲੀ ਜਾਨਵਰਾਂ,
ਅਕਾਸ਼ ਦੇ ਪੰਛੀਆਂ ਅਤੇ ਜ਼ਮੀਨ ਦੇ ਘਿਸਰਨ ਵਾਲਿਆਂ ਨਾਲ
ਉਹਨਾਂ ਲਈ ਇੱਕ ਨੇਮ ਬੰਨ੍ਹਾਂਗਾ,
ਅਤੇ ਮੈਂ ਧਣੁਖ, ਤਲਵਾਰ ਅਤੇ ਜੁੱਧ ਨੂੰ ਦੇਸ ਵਿੱਚੋਂ ਭੰਨ ਸੁੱਟਾਂਗਾ,
ਅਤੇ ਮੈਂ ਉਹਨਾਂ ਨੂੰ ਚੈਨ ਨਾਲ ਲੇਟਣ ਦਿਆਂਗਾ ।

19ਮੈਂ ਤੈਨੂੰ ਸਦਾ ਲਈ ਆਪਣੀ ਦੁਲਹਨ ਬਣਾ ਲਵਾਂਗਾ,
ਹਾਂ, ਧਰਮ, ਇਨਸਾਫ਼, ਦਯਾ ਅਤੇ ਰਹਿਮ ਨਾਲ
ਮੈਂ ਤੈਨੂੰ ਆਪਣੀ ਦੁਲਹਨ ਬਣਾਵਾਂਗਾ,

20ਮੈਂ ਤੈਨੂੰ ਵਫ਼ਾਦਾਰੀ ਨਾਲ ਆਪਣੀ ਦੁਲਹਨ ਬਣਾਵਾਂਗਾ,
ਅਤੇ ਤੂੰ ਯਹੋਵਾਹ ਨੂੰ ਜਾਣੇਂਗੀ ।

21ਉਸ ਦਿਨ ਇਸ ਤਰ੍ਹਾਂ ਹੋਵੇਗਾ ਕਿ ਮੈਂ ਉੱਤਰ ਦਿਆਂਗਾ,
ਯਹੋਵਾਹ ਦਾ ਵਾਕ ਹੈ,
ਮੈਂ ਅਕਾਸ਼ਾਂ ਨੂੰ ਉੱਤਰ ਦਿਆਂਗਾ,
ਅਤੇ ਉਹ ਧਰਤੀ ਨੂੰ ਉੱਤਰ ਦੇਣਗੇ ।

22ਧਰਤੀ ਅੰਨ, ਨਵੀਂ ਮੈਅ ਅਤੇ ਤੇਲ ਨੂੰ ਉੱਤਰ ਦੇਵੇਗੀ,
ਅਤੇ ਉਹ ਯਿਜ਼ਰਾਏਲ ਨੂੰ ਉੱਤਰ ਦੇਣਗੇ ।

23ਮੈਂ ਉਹ ਨੂੰ ਆਪਣੇ ਲਈ ਧਰਤੀ ਵਿੱਚ ਬੀਜਾਂਗਾ,
ਮੈਂ ਲੋ-ਰੁਹਾਮਾਹ ਉੱਤੇ ਰਹਿਮ ਕਰਾਂਗਾ,
ਅਤੇ ਲੋ-ਅੰਮੀ ਨੂੰ ਆਖਾਂਗਾ ਕਿ ਤੂੰ ਮੇਰੀ ਪਰਜਾ ਹੈਂ,
ਅਤੇ ਉਹ ਆਖੇਗਾ, ਮੇਰੇ ਪਰਮੇਸ਼ੁਰ !

3
ਹੋਸ਼ੇਆ ਅਤੇ ਵਿਭਚਾਰਣ ਔਰਤ

1ਯਹੋਵਾਹ ਨੇ ਮੈਨੂੰ ਆਖਿਆ, ਫੇਰ ਜਾ, ਇੱਕ ਔਰਤ ਨਾਲ ਪ੍ਰੀਤ ਲਾ ਜਿਹੜੀ ਆਪਣੇ ਯਾਰ ਦੀ ਪਿਆਰੀ ਹੈ, ਜਿਹੜੀ ਵਿਭਚਾਰਣ ਹੈ, ਜਿਵੇਂ ਯਹੋਵਾਹ ਵੀ ਇਸਰਾਏਲੀਆਂ ਨਾਲ ਪ੍ਰੇਮ ਕਰਦਾ ਹੈ, ਭਾਵੇਂ ਉਹ ਦੂਜੇ ਦੇਵਤਿਆਂ ਵੱਲ ਮੁੜਦੇ ਹਨ ਅਤੇ ਦਾਖਾਂ ਦੇ ਪੂੜਿਆਂ ਨੂੰ ਪਿਆਰ ਕਰਦੇ ਹਨ ।

2ਸੋ ਮੈਂ ਉਹ ਨੂੰ ਪੰਦਰਾਂ ਰੁਪਏ ਅਤੇ ਜੌਂ ਦਾ ਡੇਢ ਹੋਮਰ ਦੇ ਕੇ ਆਪਣੇ ਲਈ ਮੁੱਲ ਲਿਆ3ਅਤੇ ਮੈਂ ਉਹ ਨੂੰ ਆਖਿਆ, ਤੂੰ ਬਹੁਤ ਦਿਨਾਂ ਤੱਕ ਮੇਰੇ ਨਾਲ ਵੱਸੇਂਗੀ, ਤੂੰ ਨਾ ਵਿਭਚਾਰ ਕਰੇਂਗੀ, ਨਾ ਕਿਸੇ ਹੋਰ ਮਨੁੱਖ ਦੀ ਪਤਨੀ ਹੋਵੇਂਗੀ, ਅਤੇ ਮੈਂ ਵੀ ਤੇਰਾ ਹੀ ਹੋ ਕੇ ਰਹਾਂਗਾ ।
4ਇਸ ਤਰ੍ਹਾਂ ਇਸਰਾਏਲੀ ਵੀ ਬਹੁਤ ਦਿਨਾਂ ਤੱਕ ਬਿਨ੍ਹਾਂ ਰਾਜੇ ਤੇ ਹਾਕਮ ਦੇ, ਬਿਨ੍ਹਾਂ ਭੇਟ ਤੇ ਥੰਮ੍ਹ ਦੇ, ਬਿਨ੍ਹਾਂ ਏਫ਼ੋਦ ਤੇ ਤਰਾਫ਼ੀਮ ਦੇ ਰਹਿਣਗੇ ।5ਇਸ ਤੋਂ ਬਾਅਦ ਇਸਰਾਏਲੀ ਮੁੜਨਗੇ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਅਤੇ ਦਾਊਦ ਆਪਣੇ ਰਾਜਾ ਨੂੰ ਭਾਲਣਗੇ । ਆਖਰੀ ਦਿਨਾਂ ਵਿੱਚ ਯਹੋਵਾਹ ਅਤੇ ਉਹ ਦੀ ਭਲਿਆਈ ਵੱਲ ਭੈ ਮੰਨ ਕੇ ਮੁੜਨਗੇ ।

4
ਇਸਰਾਏਲ ਉੱਤੇ ਪਰਮੇਸ਼ੁਰ ਦਾ ਦੋਸ਼

1ਹੇ ਇਸਰਾਏਲੀਓ, ਯਹੋਵਾਹ ਦੀ ਬਾਣੀ ਸੁਣੋ,

ਇਸ ਦੇਸ ਦੇ ਵਾਸੀਆਂ ਨਾਲ ਤਾਂ ਯਹੋਵਾਹ ਦਾ ਝਗੜਾ ਹੈ,
ਕਿਉਂ ਜੋ ਦੇਸ ਵਿੱਚ ਨਾ ਵਫ਼ਾਦਾਰੀ, ਨਾ ਦਯਾ,
ਨਾ ਪਰਮੇਸ਼ੁਰ ਦਾ ਗਿਆਨ ਹੈ !

2ਗਾਲੀਆਂ, ਝੂਠ, ਖ਼ੂਨ ਖਰਾਬਾ, ਚੋਰੀ, ਜ਼ਨਾਹ ਹੁੰਦੇ ਹਨ,
ਉਹ ਫੁੱਟ ਨਿੱਕਲਦੇ ਹਨ ਅਤੇ ਖ਼ੂਨ ਤੇ ਖ਼ੂਨ ਹੁੰਦੇ ਹਨ !

3ਇਸ ਲਈ ਦੇਸ ਸੋਗ ਕਰੇਗਾ,
ਅਤੇ ਉਹ ਦੇ ਸਾਰੇ ਵਾਸੀ ਲਿੱਸੇ ਪੈ ਜਾਣਗੇ,
ਨਾਲੇ ਜੰਗਲੀ ਜਾਨਵਰ ਅਤੇ ਅਕਾਸ਼ ਦੇ ਪੰਛੀ, -
ਹਾਂ, ਸਮੁੰਦਰ ਦੀਆਂ ਮੱਛੀਆਂ ਵੀ ਖਤਮ ਹੋ ਜਾਣਗੀਆਂ !
ਜਾਜਕਾਂ ਦੇ ਉੱਤੇ ਪਰਮੇਸ਼ੁਰ ਦਾ ਦੋਸ਼

4ਪਰ ਕੋਈ ਝਗੜਾ ਨਾ ਕਰੇ, ਕੋਈ ਨਾ ਝਿੜਕੇ,
ਤੇਰੇ ਲੋਕ ਉਨ੍ਹਾਂ ਵਰਗੇ ਹਨ, ਜੋ ਜਾਜਕ ਨਾਲ ਝਗੜਦੇ ਹਨ ।

5ਦਿਨੇ ਤੂੰ ਠੋਕਰ ਖਾਵੇਂਗਾ,
ਅਤੇ ਰਾਤ ਨੂੰ ਨਬੀ ਤੇਰੇ ਨਾਲ ਠੋਕਰ ਖਾਵੇਗਾ,
ਅਤੇ ਮੈਂ ਤੇਰੀ ਮਾਤਾ ਦਾ ਨਾਸ਼ ਕਰਾਂਗਾ ।

6ਮੇਰੀ ਪਰਜਾ ਗਿਆਨ ਤੋਂ ਬਿਨ੍ਹਾਂ ਨਾਸ਼ ਹੁੰਦੀ ਹੈ, -
ਕਿਉਂ ਜੋ ਤੂੰ ਗਿਆਨ ਨੂੰ ਰੱਦ ਕੀਤਾ,
ਮੈਂ ਤੈਨੂੰ ਆਪਣਾ ਜਾਜਕ ਹੋਣ ਤੋਂ ਰੱਦ ਕਰਾਂਗਾ,
ਤੂੰ ਆਪਣੇ ਪਰਮੇਸ਼ੁਰ ਦੀ ਬਿਵਸਥਾ ਨੂੰ ਭੁੱਲ ਗਿਆ,
ਸੋ ਮੈਂ ਵੀ ਤੇਰੇ ਬੱਚਿਆਂ ਨੂੰ ਭੁੱਲ ਜਾਂਵਾਂਗਾ ।

7ਜਿਵੇਂ ਜਿਵੇਂ ਉਹ ਵਧੇ ਤਿਵੇਂ ਤਿਵੇਂ ਉਹਨਾਂ ਨੇ ਮੇਰਾ ਪਾਪ ਕੀਤਾ,
ਮੈਂ ਉਹਨਾਂ ਦੇ ਪਰਤਾਪ ਨੂੰ ਸ਼ਰਮਿੰਦਗੀ ਵਿੱਚ ਬਲਦ ਦਿਆਂਗਾ ।

8ਉਹ ਮੇਰੀ ਪਰਜਾ ਦੇ ਪਾਪ ਉੱਤੇ ਖਾਂਦੇ ਹਨ,
ਅਤੇ ਉਹਨਾਂ ਦੀ ਬਦੀ ਨੂੰ ਚਾਹੁੰਦੇ ਹਨ ।

9ਇਸ ਤਰ੍ਹਾਂ ਹੋਵੇਗਾ, ਜਿਵੇਂ ਲੋਕ ਤਿਵੇਂ ਜਾਜਕ, -
ਮੈਂ ਉਹਨਾਂ ਨੂੰ ਉਹਨਾਂ ਦੀਆਂ ਚਾਲਾਂ ਦੀ ਸਜ਼ਾ ਦਿਆਂਗਾ,
ਮੈਂ ਉਹਨਾਂ ਨੂੰ ਉਹਨਾਂ ਦੀਆਂ ਕਰਤੂਤਾਂ ਦਾ ਬਦਲਾ ਦਿਆਂਗਾ ।

10ਉਹ ਖਾਣਗੇ ਪਰ ਰੱਜਣਗੇ ਨਾ,
ਉਹ ਵਿਭਚਾਰ ਕਰਨਗੇ ਪਰ ਵਧਣਗੇ ਨਾ,
ਕਿਉਂ ਜੋ ਉਹਨਾਂ ਨੇ ਯਹੋਵਾਹ ਦਾ ਨਾਮ ਲੈਣਾ ਛੱਡ ਦਿੱਤਾ ।
ਪਰਮੇਸ਼ੁਰ ਦੇ ਦੁਆਰਾ ਮੂਰਤੀ ਪੂਜਾ ਦਾ ਵਿਰੋਧ

11ਵਿਭਚਾਰ, ਮਧ ਅਤੇ ਨਵੀਂ ਮੈਅ,
ਇਹ ਮੱਤ ਮਾਰ ਲੈਂਦੀਆਂ ਹਨ ।

12ਮੇਰੀ ਪਰਜਾ ਆਪਣੀ ਲੱਕੜੀ ਤੋਂ ਪੁੱਛਦੀ ਹੈ,
ਅਤੇ ਉਹਨਾਂ ਦੀ ਸੋਟੀ ਉਹਨਾਂ ਨੂੰ ਦੱਸਦੀ ਹੈ,
ਵਿਭਚਾਰ ਦੀ ਰੂਹ ਨੇ ਉਹਨਾਂ ਨੂੰ ਭਟਕਾਇਆ ਹੋਇਆ ਹੈ,
ਉਹ ਆਪਣੇ ਪਰਮੇਸ਼ੁਰ ਦੀ ਅਧੀਨਤਾਈ ਵਿੱਚੋਂ ਬਾਹਰ ਜਾ ਕੇ ਵਿਭਚਾਰ ਕਰਦੇ ਹਨ ।

13ਉਹ ਪਹਾੜਾਂ ਦੀਆਂ ਚੋਟੀਆਂ ਉੱਤੇ ਬਲੀਆਂ ਚੜ੍ਹਾਉਂਦੇ ਹਨ,
ਅਤੇ ਟਿੱਲਿਆਂ ਉੱਤੇ ਬਲੂਤ, ਪਿੱਪਲ ਅਤੇ ਚੀਲ ਦੇ ਹੇਠ
ਧੂਫ਼ ਧੁਖਾਉਂਦੇ ਹਨ, ਕਿਉਂ ਜੋ ਉਨ੍ਹਾਂ ਦੀ ਛਾਂ ਚੰਗੀ ਹੈ ।
ਇਸ ਲਈ ਤੁਹਾਡੀਆਂ ਧੀਆਂ ਵਿਭਚਾਰ ਕਰਦੀਆਂ ਹਨ,
ਇਸ ਲਈ ਤੁਹਾਡੀਆਂ ਵਹੁਟੀਆਂ ਹਰਾਮਕਾਰੀ ਕਰਦੀਆਂ ਹਨ ।

14ਮੈਂ ਤੁਹਾਡੀਆਂ ਧੀਆਂ ਨੂੰ ਸਜ਼ਾ ਨਾ ਦਿਆਂਗਾ,
ਜਦ ਉਹ ਵਿਭਚਾਰ ਕਰਨ,
ਨਾ ਤੁਹਾਡੀਆਂ ਵਹੁਟੀਆਂ ਨੂੰ,
ਜਦ ਉਹ ਹਰਾਮਕਾਰੀ ਕਰਨ,
ਕਿਉਂ ਜੋ ਉਹ ਵੇਸਵਾਂ ਦੇ ਨਾਲ ਇਕੱਲੇ ਜਾਂਦੇ ਹਨ,
ਅਤੇ ਦੇਵ ਦਾਸੀਆਂ ਨਾਲ ਬਲੀਆਂ ਚੜ੍ਹਾਉਂਦੇ ਹਨ !
ਸਮਝ ਹੀਣ ਲੋਕ ਬਰਬਾਦ ਹੋ ਜਾਣਗੇ ।

15ਭਾਵੇਂ, ਹੇ ਇਸਰਾਏਲ, ਤੂੰ ਜ਼ਨਾਹ ਕਰੇਂ,
ਪਰ ਯਹੂਦਾਹ ਦੋਸ਼ੀ ਨਾ ਬਣੇ ।
ਗਿਲਗਾਲ ਨੂੰ ਨਾ ਆਓ,
ਬੇਤ-ਆਵਨ ਨੂੰ ਨਾ ਚੜ੍ਹੋ,
ਨਾ ਜੀਉਂਦੇ ਯਹੋਵਾਹ ਦੀ ਸਹੁੰ ਖਾਓ ।

16ਜ਼ਿੱਦੀ ਵੱਛੇ ਵਾਂਗੂੰ ਇਸਰਾਏਲ ਜ਼ਿੱਦੀ ਹੈ,
ਹੁਣ ਯਹੋਵਾਹ ਉਹਨਾਂ ਨੂੰ ਲੇਲੇ ਵਾਂਗੂੰ ਖੁਲ੍ਹੀ ਜੂਹ ਵਿੱਚ ਚਰਾਵੇਗਾ ।

17ਅਫ਼ਰਾਈਮ ਬੁੱਤਾਂ ਨੂੰ ਜੱਫੀ ਪਾ ਬੈਠਾ ਹੈ,
ਉਹ ਨੂੰ ਛੱਡ ਦਿਓ !

18ਸ਼ਰਾਬੀਆਂ ਦਾ ਜੱਥਾ ਬਣਾ ਕੇ ਉਹ ਪੁੱਜ ਕੇ ਵਿਭਚਾਰ ਕਰਦੇ ਹਨ,
ਉਹ ਦੇ ਹਾਕਮ ਸ਼ਰਮਿੰਦਗੀ ਨਾਲ ਗੂੜ੍ਹਾ ਪ੍ਰੇਮ ਰੱਖਦੇ ਹਨ ।

19ਇੱਕ ਹਵਾ ਨੇ ਉਹ ਨੂੰ ਆਪਣੇ ਪਰਾਂ ਵਿੱਚ ਵਲ੍ਹੇਟਿਆ ਹੈ,
ਅਤੇ ਉਹ ਆਪਣੀਆਂ ਬਲੀਆਂ ਦੇ ਕਾਰਨ ਸ਼ਰਮ ਖਾਣਗੇ ।

5

1ਹੇ ਜਾਜਕੋ, ਇਹ ਨਾ ਸੁਣੋ !

ਹੇ ਇਸਰਾਏਲ ਦੇ ਘਰਾਣੇ ਵਾਲਿਓ, ਧਿਆਨ ਦਿਓ !
ਹੇ ਰਾਜਾ ਦੇ ਘਰਾਣੇ ਵਾਲਿਓ, ਕੰਨ ਲਾਓ !
ਕਿਉਂ ਜੋ ਤੁਹਾਡਾ ਨਿਆਂ ਆ ਗਿਆ ਹੈ,
ਤੂੰ ਮਿਸਪਾਹ ਲਈ ਫੰਦਾ ਹੋਇਆ ਹੈਂ,
ਅਤੇ ਤਾਬੋਰ ਉੱਤੇ ਇੱਕ ਵਿਛਾਇਆ ਹੋਇਆ ਜਾਲ ।

2ਬਾਗੀ ਵੱਢਣ ਟੁੱਕਣ ਵਿੱਚ ਨਾਸ਼ ਹੋ ਰਹੇ ਹਨ,
ਪਰ ਮੈਂ ਉਹਨਾਂ ਸਾਰਿਆਂ ਨੂੰ ਸੁਧਾਰਨ ਵਾਲਾ ਹਾਂ ।

3ਮੈਂ ਅਫ਼ਰਾਈਮ ਨੂੰ ਜਾਣਦਾ ਹਾਂ,
ਅਤੇ ਇਸਰਾਏਲ ਮੇਰੇ ਤੋਂ ਲੁਕਿਆ ਹੋਇਆ ਨਹੀਂ,
ਹੇ ਅਫ਼ਰਾਈਮ, ਤੂੰ ਹੁਣ ਵਿਭਚਾਰ ਕੀਤਾ,
ਇਸਰਾਏਲ ਪਲੀਤ ਹੋ ਗਈ ।
ਮੂਰਤੀ ਪੂਜਾ ਦੇ ਵਿਰੋਧ ਵਿੱਚ ਹੋਸ਼ੇਆ ਦੀ ਚੇਤਾਵਨੀ

4ਉਹਨਾਂ ਦੀਆਂ ਕਰਤੂਤਾਂ ਉਹਨਾਂ ਨੂੰ ਉਹਨਾਂ ਦੇ ਪਰਮੇਸ਼ੁਰ ਵੱਲ ਮੁੜਨ ਨਹੀਂ ਦਿੰਦੀਆਂ,
ਕਿਉਂ ਜੋ ਵਿਭਚਾਰ ਦੀ ਰੂਹ ਉਹਨਾਂ ਦੇ ਅੰਦਰ ਹੈ,
ਅਤੇ ਉਹ ਯਹੋਵਾਹ ਨੂੰ ਨਹੀਂ ਜਾਣਦੇ ।

5ਇਸਰਾਏਲ ਦਾ ਹੰਕਾਰ ਉਹ ਦੇ ਮੂੰਹ ਉੱਤੇ ਗਵਾਹੀ ਦਿੰਦਾ ਹੈ,
ਇਸਰਾਏਲ ਅਤੇ ਅਫ਼ਰਾਈਮ ਆਪਣੀ ਬਦੀ ਦੇ ਕਾਰਨ ਠੋਕਰ ਖਾਣਗੇ,
ਯਹੂਦਾਹ ਵੀ ਉਹਨਾਂ ਦੇ ਨਾਲ ਠੋਕਰ ਖਾਵੇਗਾ ।

6ਉਹ ਆਪਣੇ ਇੱਜੜਾਂ ਅਤੇ ਵੱਗਾਂ ਨਾਲ
ਯਹੋਵਾਹ ਨੂੰ ਭਾਲਣ ਲਈ ਨਿੱਕਲਣਗੇ,
ਪਰ ਉਹ ਉਹਨਾਂ ਨੂੰ ਨਾ ਲੱਭਣਗੇ,
ਉਹ ਉਹਨਾਂ ਤੋਂ ਦੂਰ ਹੋ ਗਿਆ ਹੈ ।

7ਉਹਨਾਂ ਨੇ ਯਹੋਵਾਹ ਨਾਲ ਧੋਖਾ ਕੀਤਾ ਹੈ,
ਕਿਉਂ ਜੋ ਉਹਨਾਂ ਤੋਂ ਨਜ਼ਾਇਜ ਬੱਚੇ ਜੰਮੇ,
ਹੁਣ ਨਵਾਂ ਚੰਦ ਉਹਨਾਂ ਨੂੰ ਉਹਨਾਂ ਦੇ ਖੇਤਾਂ ਦੇ ਨਾਲ ਖਾ ਜਾਵੇਗਾ ।
ਇਸਰਾਏਲ ਅਤੇ ਯਹੂਦਾਹ ਦੇ ਵਿੱਚ ਯੁੱਧ

8ਗਿਬਆਹ ਵਿੱਚ ਨਰਸਿੰਗਾ ਫੂਕੋ !
ਰਾਮਾਹ ਵਿੱਚ ਤੁਰ੍ਹੀ !
ਬੈਤ-ਆਵਨ ਵਿੱਚ ਢੋਲ ਵਜਾਓ, -
ਹੇ ਬਿਨਯਾਮੀਨ, ਪਿੱਛੇ ਵੇਖ !

9ਝਿੜਕ ਦੇ ਦਿਨ ਅਫ਼ਰਾਈਮ ਵਿਰਾਨ ਹੋ ਜਾਵੇਗਾ,
ਇਸਰਾਏਲ ਦੇ ਗੋਤਾਂ ਵਿੱਚ ਮੈਂ ਓਹੀ ਦੱਸਦਾ ਹਾਂ ਜੋ ਪੱਕਾ ਹੈ ।

10ਯਹੂਦਾਹ ਦੇ ਹਾਕਮ ਬਾੜਿਆਂ ਦੇ ਭੰਨਣ ਵਾਲਿਆਂ ਵਰਗੇ ਹੋ ਗਏ ਹਨ,
ਮੈਂ ਆਪਣਾ ਕਹਿਰ ਪਾਣੀ ਵਾਂਗੂੰ ਉਨ੍ਹਾਂ ਦੇ ਉੱਤੇ ਵਹਾਵਾਂਗਾ !

11ਅਫ਼ਰਾਈਮ ਦਬਾਇਆ ਗਿਆ ਹੈ,
ਉਹ ਨਿਆਂ ਨਾਲ ਚਿੱਥਿਆ ਗਿਆ ਹੈ,
ਕਿਉਂ ਜੋ ਉਹ ਜ਼ਿੱਦ ਨਾਲ ਵਿਅਰਥ ਬਿਧੀਆਂ ਦੇ ਪਿੱਛੇ ਲੱਗਾ ਰਿਹਾ ।

12ਇਸ ਲਈ ਮੈਂ ਅਫ਼ਰਾਈਮ ਲਈ ਨਾਸ਼ ਕਰਨ ਵਾਲੇ ਕੀੜੇ ਵਾਂਗੂੰ,
ਅਤੇ ਯਹੂਦਾਹ ਦੇ ਘਰਾਣੇ ਲਈ ਘੁਣ ਵਾਂਗੂੰ ਹਾਂ ।

13ਜਦ ਅਫ਼ਰਾਈਮ ਨੇ ਆਪਣਾ ਰੋਗ ਵੇਖਿਆ,
ਅਤੇ ਯਹੂਦਾਹ ਨੇ ਆਪਣੇ ਜ਼ਖਮ ਨੂੰ,
ਤਾਂ ਅਫ਼ਰਾਈਮ ਅੱਸ਼ੂਰ ਨੂੰ ਗਿਆ,
ਅਤੇ ਇੱਕ ਝਗੜਾਲੂ ਰਾਜੇ ਕੋਲ ਸੁਨੇਹਾ ਭੇਜਿਆ,
ਪਰ ਉਹ ਤੁਹਾਨੂੰ ਚੰਗਾ ਨਹੀਂ ਕਰ ਸਕਦਾ,
ਨਾ ਤੁਹਾਡੇ ਜ਼ਖਮ ਨੂੰ ਠੀਕ ਕਰ ਸਕਦਾ ਹੈ ।

14ਮੈਂ ਤਾਂ ਆਫਰਾਈਮ ਲਈ ਬੱਬਰ ਸ਼ੇਰ ਵਾਂਗੂੰ ਹੋਵਾਂਗਾ,
ਅਤੇ ਯਹੂਦਾਹ ਦੇ ਘਰਾਣੇ ਲਈ ਜੁਆਨ ਸ਼ੇਰ ਵਾਂਗੂੰ,
ਮੈਂ, ਹਾਂ, ਮੈਂ ਹੀ ਪਾੜਾਂਗਾ ਅਤੇ ਚਲਾ ਜਾਂਵਾਂਗਾ,
ਮੈਂ ਚੁੱਕ ਲੈ ਜਾਂਵਾਂਗਾ ਅਤੇ ਛੁਡਾਉਣ ਵਾਲਾ ਕੋਈ ਨਾ ਹੋਵੇਗਾ ।

15ਮੈਂ ਚਲਾ ਜਾਂਵਾਂਗਾ ਅਤੇ ਆਪਣੇ ਸਥਾਨ ਨੂੰ ਮੁੜਾਂਗਾ,
ਜਦ ਤੱਕ ਉਹ ਆਪਣੇ ਦੋਸ਼ ਨਾ ਮੰਨ ਲੈਣ,
ਅਤੇ ਮੇਰੇ ਦਰਸ਼ਨ ਦੇ ਖੋਜੀ ਨਾ ਹੋਣ ।
ਉਹ ਆਪਣੇ ਕਸ਼ਟ ਵਿੱਚ ਮੈਨੂੰ ਧਿਆਨ ਨਾਲ ਭਾਲਣਗੇ ।

6
ਪਛਤਾਵਾ ਕਰਨ ਦਾ ਦਿਖਾਵਾ

1ਆਓ, ਅਸੀਂ ਯਹੋਵਾਹ ਵੱਲ ਮੁੜੀਏ,

ਉਹ ਨੇ ਤਾਂ ਪਾੜਿਆ, ਉਹ ਸਾਨੂੰ ਚੰਗਾ ਕਰੇਗਾ,
ਉਹ ਨੇ ਮਾਰਿਆ, ਉਹ ਪੱਟੀ ਬੰਨ੍ਹੇਗਾ ।

2ਦੋ ਦਿਨਾਂ ਦੇ ਮਗਰੋਂ ਉਹ ਸਾਨੂੰ ਜਿਵਾਵੇਗਾ,
ਤੀਜੇ ਦਿਨ ਉਹ ਸਾਨੂੰ ਉਠਾਵੇਗਾ,
ਅਤੇ ਅਸੀਂ ਉਹ ਦੇ ਹਜ਼ੂਰ ਜੀਵਾਂਗੇ !

3ਅਸੀਂ ਜਾਣੀਏ, ਅਸੀਂ ਯਹੋਵਾਹ ਨੂੰ ਜਾਣਨ ਲਈ ਪਿੱਛੇ ਲੱਗੀਏ,
ਉਹ ਦਾ ਨਿੱਕਲਣਾ ਸਵੇਰ ਦੇ ਚਾਨਣ ਵਾਂਗੂੰ ਪੱਕਾ ਹੈ,
ਉਹ ਸਾਡੇ ਕੋਲ ਵਰਖਾ ਵਾਂਗੂੰ ਆਵੇਗਾ,
ਆਖਰੀ ਵਰਖਾ ਵਾਂਗੂੰ ਜਿਹੜੀ ਭੂਮੀ ਨੂੰ ਸਿੰਜਦੀ ਹੈ ।

4ਹੇ ਅਫ਼ਰਾਈਮ, ਮੈਂ ਤੇਰੇ ਨਾਲ ਕੀ ਕਰਾਂ ?
ਹੇ ਯਹੂਦਾਹ, ਮੈਂ ਤੇਰੇ ਨਾਲ ਕੀ ਕਰਾਂ ?
ਤੁਹਾਡੀ ਦਯਾ ਸਵੇਰ ਦੇ ਬੱਦਲ ਵਾਂਗੂੰ ਹੈ,
ਅਤੇ ਤ੍ਰੇਲ ਵਾਂਗੂੰ ਜਿਹੜੀ ਸਵੇਰੇ ਹੀ ਉੱਡ ਜਾਂਦੀ ਹੈ ।

5ਇਸ ਲਈ ਮੈਂ ਆਪਣਿਆਂ ਨਬੀਆਂ ਦੇ ਰਾਹੀਂ ਵੱਢ ਸੁੱਟਿਆ,
ਮੈਂ ਆਪਣੇ ਮੂੰਹ ਦੇ ਬਚਨਾਂ ਦੇ ਰਾਹੀਂ ਉਹਨਾਂ ਨੂੰ ਕਤਲ ਕੀਤਾ,
ਅਤੇ ਮੇਰੇ ਨਿਆਂ ਚਾਨਣ ਵਾਂਗੂੰ ਨਿੱਕਲਦੇ ਹਨ ।

6ਮੈਂ ਦਯਾ ਚਾਹੁੰਦਾ ਹਾਂ, ਨਾ ਕਿ ਬਲੀਦਾਨ,
ਅਤੇ ਪਰਮੇਸ਼ੁਰ ਦਾ ਗਿਆਨ ਹੋਮ ਬਲੀਆਂ ਨਾਲੋਂ ਵਧ ਕੇ ।

7ਉਹਨਾਂ ਨੇ ਆਦਮ ਵਾਂਗੂੰ ਨੇਮ ਦੀ ਉਲੰਘਣਾ ਕੀਤੀ,
ਉੱਥੇ ਉਹਨਾਂ ਨੇ ਮੇਰੇ ਨਾਲ ਧੋਖਾ ਕੀਤਾ ।

8ਗਿਲਆਦ ਕੁਕਰਮੀਆਂ ਦੀ ਨਗਰੀ ਹੈ,
ਉਹ ਖੂਨ ਨਾਲ ਲਿੱਬੜੀ ਹੋਈ ਹੈ ।

9ਜਿਵੇਂ ਡਾਕੂਆਂ ਦੇ ਜੱਥੇ ਕਿਸੇ ਮਨੁੱਖ ਦੀ ਘਾਤ ਵਿੱਚ ਬਹਿੰਦੇ ਹਨ,
ਤਿਵੇਂ ਜਾਜਕ ਇਕੱਠੇ ਹੋਏ ਹੋਏ ਹਨ,
ਉਹ ਸ਼ਕਮ ਦੇ ਰਾਹ ਵਿੱਚ ਕਤਲ ਕਰਦੇ ਹਨ,
ਹਾਂ, ਉਹ ਬਦਕਾਰੀ ਕਰਦੇ ਹਨ !

10ਇਸਰਾਏਲ ਦੇ ਘਰਾਣੇ ਵਿੱਚ ਮੈਂ ਇੱਕ ਭਿਆਨਕ ਚੀਜ਼ ਵੇਖੀ,
ਉੱਥੇ ਅਫ਼ਰਾਈਮ ਦਾ ਵਿਭਚਾਰ ਸੀ,
ਇਸਰਾਏਲ ਪਲੀਤ ਹੋ ਗਿਆ ਹੈ ।

11ਨਾਲੇ, ਹੇ ਯਹੂਦਾਹ, ਤੇਰੇ ਲਈ ਵਾਢੀ ਠਹਿਰਾਈ ਹੋਈ ਹੈ,
ਜਦ ਮੈਂ ਆਪਣੀ ਪਰਜਾ ਗੁਲਾਮੀ ਤੋਂ ਮੋੜ ਲਿਆਵਾਂਗਾ ।

7

1ਜਦ ਮੈਂ ਇਸਰਾਏਲ ਨੂੰ ਚੰਗਾ ਕਰਨ ਲੱਗਾ,

ਤਾਂ ਅਫ਼ਰਾਈਮ ਦੀ ਬਦੀ ਪਰਗਟ ਹੋ ਗਈ,
ਨਾਲੇ ਸਾਮਰਿਯਾ ਦੀ ਬੁਰਿਆਈ ਵੀ, -
ਕਿਉਂਕਿ ਉਹ ਝੂਠ ਮਾਰਦੇ ਹਨ,
ਚੋਰ ਅੰਦਰ ਆ ਵੜਦੇ ਹਨ,
ਡਾਕੂਆਂ ਦੇ ਜੱਥੇ ਬਾਹਰ ਲੁੱਟਦੇ ਹਨ ।

2ਉਹ ਆਪਣੇ ਦਿਲਾਂ ਵਿੱਚ ਨਹੀਂ ਸੋਚਦੇ
ਕਿ ਮੈਂ ਉਹਨਾਂ ਦੀ ਸਾਰੀ ਬਦੀ ਚੇਤੇ ਰੱਖਦਾ ਹਾਂ,
ਹੁਣ ਉਹਨਾਂ ਦੀਆਂ ਕਰਤੂਤਾਂ ਉਹਨਾਂ ਨੂੰ ਘੇਰਦੀਆਂ ਹਨ,
ਉਹ ਮੇਰੇ ਸਨਮੁਖ ਹਨ ।
ਰਾਜ ਮਹਿਲ ਦੇ ਵਿੱਚ ਬਗਾਵਤ ਦੀ ਸਾਜਿਸ਼

3ਉਹ ਆਪਣੀਆਂ ਬਦੀਆਂ ਨਾਲ ਰਾਜਾ ਨੂੰ
ਅਤੇ ਆਪਣਿਆਂ ਝੂਠਾਂ ਨਾਲ ਹਾਕਮਾਂ ਨੂੰ ਖੁਸ਼ ਕਰਦੇ ਹਨ ।

4ਉਹ ਸਾਰੇ ਦੇ ਸਾਰੇ ਵਿਭਚਾਰੀ ਹਨ,
ਉਹ ਉਸ ਤੰਦੂਰ ਵਾਂਗੂੰ ਹਨ ਜੋ ਭਠਿਆਰਾ ਗਰਮ ਕਰਦਾ ਹੈ,
ਆਟਾ ਗੁੰਨ੍ਹਣ ਤੋਂ ਖਮੀਰ ਹੋਣ ਤੱਕ,
ਉਹ ਅੱਗ ਭੜਕਾਉਣ ਤੋਂ ਰੁਕਿਆ ਰਹਿੰਦਾ ਹੈ ।

5ਸਾਡੇ ਰਾਜੇ ਦੇ ਦਿਨ
ਹਾਕਮ ਮੈਅ ਦੀ ਗਰਮੀ ਨਾਲ ਬੀਮਾਰ ਹੋ ਗਏ,
ਉਸ ਨੇ ਠੱਠਾ ਕਰਨ ਵਾਲਿਆਂ ਨਾਲ ਆਪਣਾ ਹੱਥ ਮਿਲਾਇਆ ।

6ਉਹਨਾਂ ਨੇ ਆਪਣੇ ਦਿਲਾਂ ਨੂੰ ਤੰਦੂਰ ਵਾਂਗੂੰ ਤਿਆਰ ਕੀਤਾ,
ਜਦ ਉਹ ਘਾਤ ਵਿੱਚ ਬਹਿੰਦੇ ਹਨ,
ਉਹਨਾਂ ਦਾ ਕ੍ਰੋਧ ਸਾਰੀ ਰਾਤ ਸੁੱਤਾ ਰਹਿੰਦਾ ਹੈ,
ਸਵੇਰ ਨੂੰ ਉਹ ਭਾਂਬੜ ਵਾਲੀ ਅੱਗ ਵਾਂਗੂੰ ਬਲ ਉੱਠਦਾ ਹੈ ।

7ਉਹ ਸਾਰੇ ਦੇ ਸਾਰੇ ਤੰਦੂਰ ਵਾਂਗੂੰ ਤੱਤੇ ਹਨ,
ਅਤੇ ਉਹ ਆਪਣੇ ਨਿਆਈਆਂ ਨੂੰ ਖਾ ਜਾਂਦੇ ਹਨ,
ਉਹਨਾਂ ਦੇ ਸਾਰੇ ਰਾਜੇ ਡਿੱਗ ਪਏ,
ਉਹਨਾਂ ਦੇ ਵਿੱਚ ਕੋਈ ਨਹੀਂ ਜੋ ਮੈਨੂੰ ਪੁਕਾਰਦਾ ਹੈ ।
ਇਸਰਾਏਲ ਅਤੇ ਹੋਰ ਜਾਤੀਆਂ

8ਅਫ਼ਰਾਈਮ ਆਪਣੇ ਆਪ ਨੂੰ ਲੋਕਾਂ ਨਾਲ ਰਲਾਉਂਦਾ ਹੈ,
ਅਫ਼ਰਾਈਮ ਇੱਕ ਚਪਾਤੀ ਹੈ ਜੋ ਉਲਟਾਈ ਨਾ ਗਈ !

9ਓਪਰੇ ਉਸ ਦੀ ਸ਼ਕਤੀ ਨੂੰ ਖਾ ਗਏ,
ਅਤੇ ਉਹ ਇਹ ਨਹੀਂ ਜਾਣਦਾ ।
ਉਹ ਦੇ ਧੌਲੇ ਆਉਣ ਲੱਗ ਪਏ ਹਨ,
ਅਤੇ ਉਹ ਇਹ ਨਹੀਂ ਜਾਣਦਾ ।

10ਇਸਰਾਏਲ ਦਾ ਹੰਕਾਰ ਉਹ ਦੇ ਮੂੰਹ ਉੱਤੇ ਗਵਾਹੀ ਦਿੰਦਾ ਹੈ,
ਪਰ ਉਹ ਯਹੋਵਾਹ ਆਪਣੇ ਪਰਮੇਸ਼ੁਰ ਵੱਲ ਨਹੀਂ ਮੁੜਦੇ,
ਇਹ ਸਾਰੇ ਦੇ ਹੁੰਦਿਆਂ ਤੇ ਵੀ ਉਹ ਉਸ ਦੇ ਖੋਜੀ ਨਾ ਹੋਏ ।

11ਅਫ਼ਰਾਈਮ ਇੱਕ ਭੋਲੀ ਤੇ ਬੁੱਧਹੀਣ ਘੁੱਗੀ ਵਰਗਾ ਹੈ,
ਉਹ ਮਿਸਰ ਨੂੰ ਪੁਕਾਰਦੇ ਹਨ, ਅੱਸ਼ੂਰ ਨੂੰ ਜਾਂਦੇ ਹਨ !

12ਜਦ ਉਹ ਜਾਂਦੇ ਹਨ ਮੈਂ ਆਪਣਾ ਜਾਲ ਉਹਨਾਂ ਦੇ ਉੱਤੇ ਵਿਛਾਵਾਂਗਾ,
ਅਕਾਸ਼ ਦੇ ਪੰਛੀ ਵਾਂਗੂੰ ਮੈਂ ਉਹਨਾਂ ਨੂੰ ਹੇਠਾਂ ਲਾਹਵਾਂਗਾ,
ਉਹਨਾਂ ਦੀ ਮੰਡਲੀ ਦੇ ਸੁਣਨ ਅਨੁਸਾਰ ਮੈਂ ਉਹਨਾਂ ਨੂੰ ਤਾੜਾਂਗਾ ।

13ਹਾਇ ਉਹਨਾਂ ਨੂੰ ! ਉਹ ਜੋ ਮੇਰੇ ਤੋਂ ਭਟਕ ਗਏ ।
ਬਰਬਾਦੀ ਉਹਨਾਂ ਲਈ ! ਉਹ ਜੋ ਮੇਰੇ ਅਪਰਾਧੀ ਹੋ ਗਏ ।
ਮੈਂ ਉਹਨਾਂ ਦਾ ਛੁਟਕਾਰਾ ਕਰਨਾ ਚਾਹੁੰਦਾ ਸੀ,
ਪਰ ਉਹ ਮੇਰੇ ਵਿਰੁੱਧ ਝੂਠ ਬੱਕਦੇ ਸਨ ।

14ਉਹਨਾਂ ਨੇ ਆਪਣੇ ਦਿਲਾਂ ਤੋਂ ਮੇਰੀ ਦੁਹਾਈ ਨਹੀਂ ਦਿੱਤੀ,
ਪਰ ਉਹ ਆਪਣਿਆਂ ਬਿਸਤਰਿਆਂ ਉੱਤੇ ਚਿੱਲਾਉਂਦੇ ਹਨ ।
ਉਹ ਅੰਨ ਅਤੇ ਨਵੀਂ ਮੈਅ ਲਈ ਇਕੱਠੇ ਹੋ ਜਾਂਦੇ ਹਨ,
ਪਰ ਮੇਰੇ ਤੋਂ ਬਾਗੀ ਰਹਿੰਦੇ ਹਨ ।

15ਮੈਂ ਉਹਨਾਂ ਦੀ ਬਾਂਹ ਨੂੰ ਸਿਖਾਇਆ ਤੇ ਤਕੜਾ ਕੀਤਾ,
ਪਰ ਉਹ ਮੇਰੇ ਵਿਰੁੱਧ ਬੁਰਿਆਈ ਸੋਚਦੇ ਹਨ ।

16ਉਹ ਮੁੜ ਜਾਂਦੇ ਹਨ ਪਰ ਅੱਤ ਮਹਾਨ ਵੱਲ ਨਹੀਂ,
ਉਹ ਨਕਲੀ ਧਣੁਖ ਵਰਗੇ ਹਨ ।
ਉਹਨਾਂ ਦੇ ਹਾਕਮ ਤਲਵਾਰ ਨਾਲ,
ਉਹਨਾਂ ਦੀ ਜ਼ਬਾਨ ਦੀ ਕਾਹਲੀ ਦੇ ਕਾਰਨ ਡਿੱਗ ਪੈਣਗੇ, -
ਇਹ ਮਿਸਰ ਦੇਸ ਵਿੱਚ ਉਹਨਾਂ ਦਾ ਠੱਠਾ ਹੋਵੇਗਾ ।

8
ਮੂਰਤੀ ਪੂਜਾ ਦੇ ਲਈ ਇਸਰਾਏਲ ਦਾ ਵਿਰੋਧ

1ਆਪਣੇ ਬੁੱਲ੍ਹਾਂ ਨੂੰ ਤੁਰ੍ਹੀ ਲਾ !

ਉਹ ਉਕਾਬ ਵਾਂਗੂੰ ਯਹੋਵਾਹ ਦੇ ਭਵਨ ਉੱਤੇ ਹਨ,
ਕਿਉਂ ਜੋ ਉਹਨਾਂ ਨੇ ਮੇਰੇ ਨੇਮ ਦੀ ਉਲੰਘਣਾ ਕੀਤੀ,
ਮੇਰੀ ਬਿਵਸਥਾ ਦੇ ਵਿਰੁੱਧ ਅਪਰਾਧ ਕੀਤਾ ।

2ਉਹ ਮੇਰੀ ਦੁਹਾਈ ਦਿੰਦੇ ਹਨ, -
ਹੇ ਸਾਡੇ ਪਰਮੇਸ਼ੁਰ, ਅਸੀਂ ਜੋ ਇਸਰਾਏਲੀ ਹਾਂ, ਤੈਨੂੰ ਜਾਣਦੇ ਹਾਂ !

3ਇਸਰਾਏਲ ਨੇ ਭਲਿਆਈ ਨੂੰ ਰੱਦ ਕੀਤਾ,
ਵੈਰੀ ਉਹ ਦਾ ਪਿੱਛਾ ਕਰੇਗਾ ।

4ਉਹਨਾਂ ਨੇ ਰਾਜੇ ਬਣਾਏ, ਪਰ ਮੇਰੀ ਵੱਲੋਂ ਨਹੀਂ,
ਉਹਨਾਂ ਨੇ ਹਾਕਮ ਠਹਿਰਾਏ, ਪਰ ਮੈਂ ਨਹੀਂ ਜਾਣਿਆ ।
ਉਹਨਾਂ ਨੇ ਆਪਣੀ ਚਾਂਦੀ ਤੇ ਆਪਣੇ ਸੋਨੇ ਨਾਲ ਬੁੱਤ ਬਣਾਏ,
ਤਾਂ ਕਿ ਉਹ ਮਿਟਾਏ ਜਾਣ ।

5ਉਹ ਨੇ ਤੇਰਾ ਵੱਛਾ ਰੱਦ ਕੀਤਾ, ਹੇ ਸਾਮਰਿਯਾ !
ਮੇਰਾ ਕ੍ਰੋਧ ਉਹਨਾਂ ਉੱਤੇ ਭੜਕਿਆ ।
ਉਹ ਕਦੋਂ ਸ਼ੁੱਧਤਾਈ ਤੱਕ ਪਹੁੰਚਣਗੇ ?

6ਇਸਰਾਏਲ ਤੋਂ ਇਹ ਤਾਂ ਹੈ
ਕਾਰੀਗਰ ਨੇ ਉਹ ਨੂੰ ਬਣਾਇਆ,
ਅਤੇ ਉਹ ਪਰਮੇਸ਼ੁਰ ਨਹੀਂ ਹੈ,
ਹਾਂ ਸਾਮਰਿਯਾ ਦਾ ਵੱਛਾ ਟੁੱਕੜੇ-ਟੁੱਕੜੇ ਕੀਤਾ ਜਾਵੇਗਾ ।

7ਉਹ ਹਵਾ ਬੀਜਦੇ ਹਨ ਅਤੇ ਵਾਵਰੋਲੇ ਵੱਢਦੇ ਹਨ !
ਕੋਈ ਖੜ੍ਹੀ ਫ਼ਸਲ ਨਹੀਂ,
ਸਿੱਟਾ ਆਟਾ ਨਹੀਂ ਦੇਵੇਗਾ,
ਜੇ, ਦੇਵੇ ਵੀ ਤਾਂ ਓਪਰੇ ਉਹ ਨੂੰ ਨਿਗਲ ਲੈਣਗੇ !

8ਇਸਰਾਏਲ ਨਿਗਲਿਆ ਗਿਆ,
ਹੁਣ ਉਹ ਕੌਮਾਂ ਦੇ ਵਿੱਚ ਨਾ-ਪਸੰਦ ਬਰਤਨ ਵਰਗਾ ਹੈ ।

9ਕਿਉਂ ਜੋ ਉਹ ਅੱਸ਼ੂਰ ਨੂੰ ਚੱਲੇ ਗਏ ਹਨ,
ਜਿਵੇਂ ਇੱਕ ਜੰਗਲੀ ਖੋਤਾ ਇਕੱਲਾ ਅਵਾਰਾ ਹੋਵੇ ।
ਅਫ਼ਰਾਈਮ ਨੇ ਕਿਰਾਏ ਉੱਤੇ ਯਾਰ ਲਏ ਹਨ ।

10ਭਾਵੇਂ ਉਹ ਕੌਮਾਂ ਵਿੱਚ ਕਿਰਾਇਆ ਦੇਣ,
ਮੈਂ ਉਹਨਾਂ ਨੂੰ ਹੁਣ ਇਕੱਠਾ ਕਰਾਂਗਾ ।
ਉਹ ਰਾਜੇ ਅਤੇ ਹਾਕਮਾਂ ਦੇ ਭਾਰ ਤੋਂ ਘੱਟ ਹੋਣ ਲੱਗੇ ।

11ਇਸ ਲਈ ਕਿ ਅਫ਼ਰਾਈਮ ਨੇ ਪਾਪ ਕਰਨ ਲਈ ਬਹੁਤੀਆਂ ਜਗਵੇਦੀਆਂ ਬਣਾਈਆਂ,
ਉਹ ਉਸ ਦੇ ਲਈ ਪਾਪ ਕਰਨ ਦੀਆਂ ਜਗਵੇਦੀਆਂ ਹੋ ਗਈਆਂ ।

12ਮੈਂ ਉਸ ਦੇ ਲਈ ਆਪਣੀ ਬਿਵਸਥਾ ਤੋਂ ਹਜ਼ਾਰਾਂ ਗੱਲਾਂ ਲਿਖੀਆਂ,
ਪਰ ਉਹ ਓਪਰੀਆਂ ਜਿਹੀਆਂ ਸਮਝੀਆਂ ਗਈਆਂ ।

13ਮੇਰੇ ਚੜ੍ਹਾਵੇ ਦੀਆਂ ਬਲੀਆਂ ਲਈ
ਉਹ ਮਾਸ ਚੜ੍ਹਾਉਂਦੇ ਹਨ ਅਤੇ ਖਾਂਦੇ ਹਨ,
ਪਰ ਯਹੋਵਾਹ ਉਨ੍ਹਾਂ ਨੂੰ ਪਸੰਦ ਨਹੀਂ ਕਰਦਾ ।
ਹੁਣ ਉਹ ਉਹਨਾਂ ਦੀਆਂ ਬਦੀਆਂ ਚੇਤੇ ਕਰੇਗਾ,
ਅਤੇ ਉਹਨਾਂ ਦੇ ਪਾਪਾਂ ਦੀ ਖ਼ਬਰ ਲਵੇਗਾ, -
ਉਹ ਮਿਸਰ ਨੂੰ ਮੁੜ ਜਾਣਗੇ ।

14ਇਸਰਾਏਲ ਆਪਣੇ ਸਿਰਜਣਹਾਰ ਨੂੰ ਭੁੱਲ ਗਿਆ ਹੈ,
ਅਤੇ ਮਹਿਲ ਬਣਾਏ,
ਯਹੂਦਾਹ ਨੇ ਗੜ੍ਹ ਵਾਲੇ ਸ਼ਹਿਰ ਬਹੁਤ ਸਾਰੇ ਬਣਾਏ,
ਪਰ ਮੈਂ ਅੱਗ ਉਸ ਦੇ ਸ਼ਹਿਰਾਂ ਵਿੱਚ ਭੇਜਾਂਗਾ,
ਅਤੇ ਉਹ ਉਸ ਦੇ ਕਿਲਿਆਂ ਨੂੰ ਭਸਮ ਕਰ ਦੇਵੇਗੀ ।

9
ਇਸਰਾਏਲ ਲਈ ਸਜ਼ਾ ਦੀ ਘੋਸ਼ਣਾ

1ਹੇ ਇਸਰਾਏਲ, ਅਨੰਦ ਨਾ ਹੋ,

ਉੱਮਤਾਂ ਵਾਂਗੂੰ ਖੁਸ਼ੀ ਨਾ ਮਨਾ !
ਤੂੰ ਆਪਣੇ ਪਰਮੇਸ਼ੁਰ ਨੂੰ ਛੱਡ ਕੇ ਵਿਭਚਾਰ ਕੀਤਾ,
ਅੰਨ ਦੇ ਹਰ ਇੱਕ ਪਿੜ ਉੱਤੇ
ਤੂੰ ਆਪਣੀ ਵੇਸਵਾਗਿਰੀ ਦੀ ਕਮਾਈ ਨੂੰ ਪਿਆਰ ਕੀਤਾ ਹੈ !

2ਪਿੜ ਅਤੇ ਚੁਬੱਚਾ ਉਹਨਾਂ ਨੂੰ ਨਾ ਪਾਲੇਗਾ,
ਅਤੇ ਨਵੀਂ ਮੈਅ ਉਸ ਤੋਂ ਥੁੜ ਜਾਵੇਗੀ ।

3ਉਹ ਯਹੋਵਾਹ ਦੇ ਦੇਸ ਵਿੱਚ ਨਾ ਵੱਸਣਗੇ,
ਪਰ ਅਫ਼ਰਾਈਮ ਮਿਸਰ ਨੂੰ ਮੁੜੇਗਾ,
ਅਤੇ ਉਹ ਅੱਸ਼ੂਰ ਵਿੱਚ ਅਸ਼ੁੱਧ ਚੀਜ਼ਾਂ ਖਾਣਗੇ ।

4ਉਹ ਯਹੋਵਾਹ ਲਈ ਮੈਅ ਨਾ ਡੋਹਲਣਗੇ,
ਉਹ ਉਸ ਨੂੰ ਪਸੰਦ ਨਾ ਆਉਣਗੇ,
ਉਹਨਾਂ ਦੇ ਚੜ੍ਹਾਵੇ ਉਹਨਾਂ ਦੇ ਲਈ ਸੋਗ ਵਾਲੀ ਰੋਟੀ ਵਾਂਗੂੰ ਹੋਣਗੇ,
ਸਾਰੇ ਉਹ ਦੇ ਖਾਣ ਵਾਲੇ ਪਲੀਤ ਹੋਣਗੇ,
ਕਿਉਂ ਜੋ ਉਹਨਾਂ ਦੀ ਰੋਟੀ ਉਹਨਾਂ ਦੀ ਭੁੱਖ ਲਈ ਹੋਵੇਗੀ,
ਉਹ ਯਹੋਵਾਹ ਦੇ ਭਵਨ ਵਿੱਚ ਨਾ ਆਵੇਗੀ ।

5ਤੁਸੀਂ ਪਰਬਾਂ ਦੇ ਦਿਨ ਲਈ,
ਅਤੇ ਯਹੋਵਾਹ ਦੇ ਪਰਬ ਦੇ ਦਿਨ ਲਈ ਕੀ ਕਰੋਗੇ ?

6ਵੇਖੋ ਤਾਂ, ਉਹ ਬਰਬਾਦੀ ਤੋਂ ਚੱਲੇ ਗਏ,
ਪਰ ਮਿਸਰ ਉਹਨਾਂ ਨੂੰ ਇਕੱਠਾ ਕਰੇਗਾ,
ਮੋਫ਼ ਉਹਨਾਂ ਨੂੰ ਦਫਨ ਕਰੇਗਾ,
ਉਹਨਾਂ ਦੀ ਚਾਂਦੀ ਦੀਆਂ ਕੀਮਤੀ ਚੀਜ਼ਾਂ ਨੂੰ,
ਬਿੱਛੂ ਬੂਟੀ ਉਨ੍ਹਾਂ ਉੱਤੇ ਕਬਜ਼ਾ ਕਰ ਲਵੇਗੀ,
ਕੰਡੇ ਉਹਨਾਂ ਦੇ ਤੰਬੂਆਂ ਵਿੱਚ ਹੋਣਗੇ ।

7ਸਜ਼ਾ ਦੇ ਦਿਨ ਆ ਗਏ,
ਬਦਲੇ ਦੇ ਦਿਨ ਆ ਗਏ,
ਇਸਰਾਏਲ ਇਹ ਨੂੰ ਜਾਣੇਗਾ,
ਨਬੀ ਮੂਰਖ ਹੈ, ਰੂਹ ਵਾਲਾ ਬੰਦਾ ਪਾਗਲ ਹੈ,
ਤੇਰੀ ਬਦੀ ਦੀ ਵਾਫ਼ਰੀ ਦੇ ਕਾਰਨ,
ਤੇਰੀ ਦੁਸ਼ਮਣੀ ਦੇ ਵਾਧੇ ਦੇ ਕਾਰਨ ।

8ਅਫ਼ਰਾਈਮ ਮੇਰੇ ਪਰਮੇਸ਼ੁਰ ਨਾਲ ਪਹਿਰੇਦਾਰ ਹੈ,
ਹੁਣ ਰਿਹਾ ਨਬੀ, - ਉਹ ਦੇ ਸਾਰੇ ਰਾਹਾਂ ਉੱਤੇ ਚਿੜੀਮਾਰ ਦਾ ਜਾਲ ਹੈ,
ਅਤੇ ਉਹ ਦੇ ਪਰਮੇਸ਼ੁਰ ਦੇ ਘਰ ਵਿੱਚ ਦੁਸ਼ਮਣੀ ਹੈ ।

9ਉਹਨਾਂ ਨੇ ਆਪਣੇ ਆਪ ਨੂੰ ਪੁੱਜ ਕੇ ਖਰਾਬ ਕਰ ਲਿਆ,
ਜਿਵੇਂ ਗਿਬਆਹ ਦੇ ਦਿਨਾਂ ਵਿੱਚ,
ਉਹ ਉਹਨਾਂ ਦੀ ਬਦੀ ਨੂੰ ਚੇਤੇ ਕਰੇਗਾ
ਉਹ ਉਹਨਾਂ ਦੇ ਪਾਪਾਂ ਦੀ ਖਬਰ ਲਵੇਗਾ ।
ਇਸਰਾਏਲ ਦਾ ਪਾਪ ਅਤੇ ਉਸ ਦਾ ਫਲ

10ਮੈਂ ਇਸਰਾਏਲ ਨੂੰ ਉਜਾੜ ਵਿੱਚ ਅੰਗੂਰਾਂ ਵਾਂਗੂੰ ਪਾਇਆ,
ਮੈਂ ਤੁਹਾਡੇ ਪਿਉ-ਦਾਦਿਆਂ ਨੂੰ ਹੰਜ਼ੀਰ ਦੇ ਪਹਿਲੇ ਫਲ ਵਾਂਗੂੰ ਉਹ ਦੀ ਪਹਿਲੀ ਰੁੱਤ ਵਿੱਚ ਵੇਖਿਆ,
ਉਹ ਬਆਲ - ਪਓਰ ਨੂੰ ਗਏ,
ਅਤੇ ਉਹਨਾਂ ਨੇ ਆਪਣੇ ਆਪ ਨੂੰ ਸ਼ਰਮ ਲਈ ਅਰਪਣ ਕੀਤਾ,
ਅਤੇ ਆਪਣੇ ਮਨ ਮੋਹਣੇ ਵਾਂਗੂੰ ਘਿਣਾਉਣੇ ਹੋ ਗਏ ।

11ਅਫ਼ਰਾਈਮ ਦਾ ਪਰਤਾਪ ਪੰਛੀ ਵਾਂਗੂੰ ਉੱਡ ਜਾਵੇਗਾ, -
ਨਾ ਜਣਨ, ਨਾ ਹਮਲ, ਨਾ ਗਰਭ !

12ਭਾਵੇਂ ਉਹ ਬੱਚੇ ਪਾਲਣ,
ਮੈਂ ਓਹਨਾਂ ਨੂੰ ਔਂਤਰਾ ਕਰਾਂਗਾ, ਇੱਥੋਂ ਤੱਕ ਕਿ ਕੋਈ ਆਦਮੀ ਨਾ ਰਹੇ,
ਅਤੇ ਹਾਇ ਉਹਨਾਂ ਨੂੰ ਜਦ ਮੈਂ ਉਹਨਾਂ ਤੋਂ ਦੂਰ ਹੋ ਜਾਂਵਾਂਗਾ !

13ਅਫ਼ਰਾਈਮ, ਜਿਵੇਂ ਮੈਂ ਸੂਰ ਨੂੰ ਵੇਖਿਆ,
ਚੰਗੇ ਥਾਂ ਲਾਇਆ ਗਿਆ ਹੈ,
ਪਰ ਅਫ਼ਰਾਈਮ ਆਪਣੇ ਪੁੱਤਰਾਂ ਨੂੰ ਵੱਢਣ ਵਾਲੇ ਲਈ ਬਾਹਰ ਲੈ ਜਾਵੇਗਾ !

14ਹੇ ਯਹੋਵਾਹ, ਉਹਨਾਂ ਨੂੰ ਦੇ !
ਤੂੰ ਕੀ ਦੇਵੇਂਗਾ ?
ਉਹਨਾਂ ਨੂੰ ਗਰਭਪਾਤ ਵਾਲੀ ਕੁੱਖ ਅਤੇ ਸੁੱਕੀਆਂ ਛਾਤੀਆਂ ਦੇ !
ਇਸਰਾਏਲ ਦਾ ਨਿਆਂ

15ਉਹਨਾਂ ਦੀ ਸਾਰੀ ਬੁਰਿਆਈ ਗਿਲਗਾਲ ਵਿੱਚ ਹੈ,
ਉੱਥੇ ਮੈਂ ਉਹਨਾਂ ਨਾਲ ਘਿਣ ਕੀਤੀ,
ਉਹਨਾਂ ਦੀਆਂ ਬੁਰੀਆਂ ਕਰਤੂਤਾਂ ਦੇ ਕਾਰਨ
ਮੈਂ ਉਹਨਾਂ ਨੂੰ ਆਪਣੇ ਭਵਨ ਤੋਂ ਧੱਕ ਦਿਆਂਗਾ,
ਮੈਂ ਉਹਨਾਂ ਨਾਲ ਫੇਰ ਪਿਆਰ ਨਾ ਕਰਾਂਗਾ,
ਉਹਨਾਂ ਦੇ ਸਾਰੇ ਹਾਕਮ ਬਾਗੀ ਹਨ ।

16ਅਫ਼ਰਾਈਮ ਮਾਰਿਆ ਗਿਆ,
ਉਹ ਦੀ ਜੜ੍ਹ ਸੁੱਕ ਗਈ, ਉਹ ਫਲ ਨਾ ਦੇਵੇਗੀ,
ਜੇ ਉਹ ਜਣਨ ਵੀ, ਮੈਂ ਉਹਨਾਂ ਦੀਆਂ ਕੁੱਖਾਂ ਦੇ ਲਾਡਲਿਆਂ ਨੂੰ ਮਾਰ ਦਿਆਂਗਾ ।
ਇਸਰਾਏਲ ਦੇ ਬਾਰੇ ਨਬੀ ਦੀ ਚੇਤਾਵਨੀ

17ਮੇਰਾ ਪਰਮੇਸ਼ੁਰ ਉਹਨਾਂ ਨੂੰ ਰੱਦ ਕਰ ਦੇਵੇਗਾ,
ਕਿਉਂ ਜੋ ਉਹ ਉਸ ਦੀ ਨਹੀਂ ਸੁਣਦੇ,
ਅਤੇ ਉਹ ਕੌਮਾਂ ਵਿੱਚ ਅਵਾਰਾ ਫਿਰਨਗੇ ।

10

1ਇਸਰਾਏਲ ਹਰੀ ਭਰੀ ਬੇਲ ਹੈ,

ਜੋ ਫਲ ਦਿੰਦੀ ਹੈ ।
ਜਿੰਨਾ ਉਹ ਦਾ ਫਲ ਵਧਿਆ,
ਓਨੀਆਂ ਉਸ ਨੇ ਜਗਵੇਦੀਆਂ ਵਧਾਈਆਂ,
ਜਿਵੇਂ ਉਹ ਦਾ ਦੇਸ ਚੰਗਾ ਹੋ ਗਿਆ,
ਤਿਵੇਂ ਉਹਨਾਂ ਨੇ ਥੰਮ੍ਹ ਚੰਗੇ ਬਣਾਏ ।

2ਉਹ ਦੋ ਦਿਲੇ ਹਨ, ਹੁਣ ਉਹ ਦੋਸ਼ੀ ਠਹਿਰਨਗੇ,
ਉਹ ਉਹਨਾਂ ਦੀਆਂ ਜਗਵੇਦੀਆਂ ਨੂੰ ਢਾਹ ਸੁੱਟੇਗਾ,
ਉਹ ਉਹਨਾਂ ਦੇ ਥੰਮ੍ਹਾਂ ਨੂੰ ਤੋੜ ਛੱਡੇਗਾ ।

3ਹੁਣ ਉਹ ਤਾਂ ਆਖਣਗੇ, ਸਾਡਾ ਰਾਜਾ ਨਹੀਂ,
ਕਿਉਂ ਜੋ ਅਸੀਂ ਯਹੋਵਾਹ ਤੋਂ ਨਹੀਂ ਡਰਦੇ,
ਅਤੇ ਰਾਜਾ ਸਾਡੇ ਲਈ ਕੀ ਕਰੇਗਾ ?

4ਉਹਨਾਂ ਦੀਆਂ ਗੱਲਾਂ ਹੀ ਗੱਲਾਂ ਹਨ,
ਉਹ ਝੂਠੀਆਂ ਸੌਹਾਂ ਨਾਲ ਨੇਮ ਬੰਨ੍ਹਦੇ ਹਨ,
ਸੋ ਨਿਆਂ ਜ਼ਹਿਰੀਲੇ ਪੌਦਿਆਂ ਵਾਂਗੂੰ
ਖੇਤ ਦੀਆਂ ਕਿਆਰੀਆਂ ਵਿੱਚ ਉੱਗ ਪੈਂਦਾ ਹੈ ।

5ਸਾਮਰਿਯਾ ਦੇ ਵਾਸੀ ਬੈਤ-ਆਵਨ ਦੀਆਂ ਵੱਛੀਆਂ ਲਈ ਕੰਬਣਗੇ,
ਕਿਉਂ ਜੋ ਉਸ ਦੇ ਲੋਕ ਉਸ ਉੱਤੇ ਸੋਗ ਕਰਨਗੇ,
ਨਾਲੇ ਉਸ ਦੇ ਪੁਜਾਰੀ ਵੀ ਜਿਹੜੇ ਉਸ ਉੱਤੇ ਖੁਸ਼ੀ ਮਨਾਉਂਦੇ ਸਨ,
ਉਸ ਦੇ ਪਰਤਾਪ ਦੇ ਕਾਰਨ ਜੋ ਉਸ ਤੋਂ ਜਾਂਦਾ ਰਿਹਾ ।

6ਨਾਲੇ ਉਹ ਅੱਸ਼ੂਰ ਨੂੰ ਲੈ ਜਾਇਆ ਜਾਵੇਗਾ,
ਉਹ ਝਗੜਾਲੂ ਰਾਜੇ ਲਈ ਨਜ਼ਰਾਨਾ ਹੋਵੇਗਾ,
ਅਫ਼ਰਾਈਮ ਸ਼ਰਮ ਖਾਵੇਗਾ,
ਅਤੇ ਇਸਰਾਏਲ ਆਪਣੀ ਯੋਜਨਾ ਤੋਂ ਸ਼ਰਮਿੰਦਾ ਹੋਵੇਗਾ ।

7ਸਾਮਰਿਯਾ ਦਾ ਰਾਜਾ ਇਸ ਤਰ੍ਹਾਂ ਕੱਟਿਆ ਜਾਵੇਗਾ,
ਜਿਵੇਂ ਪਾਣੀ ਦੇ ਉੱਤੇ ਬੁਲਬੁਲੇ ਹੁੰਦੇ ਹਨ ।

8ਆਵਨ ਦੇ ਉੱਚੇ ਸਥਾਨ, ਇਸਰਾਏਲ ਦਾ ਪਾਪ, ਨਾਸ਼ ਕੀਤੇ ਜਾਣਗੇ,
ਉਹ ਦੀਆਂ ਜਗਵੇਦੀਆਂ ਉੱਤੇ ਕੰਡੇ ਤੇ ਕੰਡਿਆਲੇ ਚੜ੍ਹਨਗੇ,
ਉਹ ਪਹਾੜਾਂ ਨੂੰ ਆਖਣਗੇ, ਸਾਨੂੰ ਢੱਕ ਲਓ !
ਅਤੇ ਟਿੱਲਿਆਂ ਨੂੰ ਸਾਡੇ ਉੱਤੇ ਡਿੱਗ ਪਓ ।
ਪਰਮੇਸ਼ੁਰ ਵੱਲੋਂ ਇਸਰਾਏਲ ਦੇ ਉੱਤੇ ਸਜ਼ਾ ਦੀ ਘੋਸ਼ਣਾ

9ਹੇ ਇਸਰਾਏਲ, ਤੂੰ ਗਿਬਆਹ ਦੇ ਦਿਨਾਂ ਤੋਂ ਪਾਪ ਕਰਦਾ ਆਇਆ ਹੈਂ,
ਉਹ ਉੱਥੇ ਹੀ ਲੱਗੇ ਰਹੇ, -
ਭਲਾ, ਲੜਾਈ ਗਿਬਆਹ ਵਿੱਚ
ਕੁਪੱਤੇ ਪੁੱਤਰਾਂ ਉੱਤੇ ਨਾ ਆ ਪਵੇਗੀ ?

10ਜਦ ਮੈਂ ਚਾਹਾਂ ਮੈਂ ਉਹਨਾਂ ਨੂੰ ਤਾੜਾਂਗਾ,
ਅਤੇ ਉੱਮਤਾਂ ਉਹਨਾਂ ਦੇ ਵਿਰੁੱਧ ਇਕੱਠੀਆਂ ਕੀਤੀਆਂ ਜਾਣਗੀਆਂ,
ਜਦ ਉਹ ਆਪਣੀਆਂ ਦੋ ਬੁਰਿਆਈਆਂ ਲਈ ਗੁਲਾਮ ਕੀਤੇ ਜਾਣਗੇ ।

11ਅਫ਼ਰਾਈਮ ਸਿਖਾਈ ਹੋਈ ਵੱਛੀ ਹੈ,
ਜਿਹੜੀ ਗਾਹ ਨੂੰ ਪਸੰਦ ਕਰਦੀ ਹੈ,
ਅਤੇ ਮੈਂ ਉਹ ਦੀ ਸੋਹਣੀ ਧੌਣ ਦਾ ਸਰਫਾ ਕੀਤਾ,
ਮੈਂ ਅਫ਼ਰਾਈਮ ਨੂੰ ਜੋਤਾਂਗਾ,
ਯਹੂਦਾਹ ਹਲ ਵਾਹੇਗਾ,
ਯਾਕੂਬ ਉਹ ਦੇ ਲਈ ਢੀਮਾ ਭੰਨੇਗਾ ।

12ਆਪਣੇ ਲਈ ਧਰਮ ਬੀਜੋ,
ਦਯਾ ਅਨੁਸਾਰ ਫ਼ਸਲ ਵੱਢੋ,
ਆਪਣੀ ਪਈ ਹੋਈ ਜ਼ਮੀਨ ਵਿੱਚ ਹਲ ਚਲਾਓ,
ਇਹ ਯਹੋਵਾਹ ਨੂੰ ਖੋਜਣ ਦਾ ਸਮਾਂ ਹੈ,
ਜਦ ਤੱਕ ਉਹ ਨਾ ਆਵੇ ਅਤੇ ਤੁਹਾਡੇ ਉੱਤੇ ਧਰਮ ਨਾ ਵਰ੍ਹਾਵੇ ।

13ਤੁਸੀਂ ਦੁਸ਼ਟਪੁਣੇ ਦੀ ਵਾਹੀ ਕੀਤੀ,
ਤੁਸੀਂ ਬੁਰਿਆਈ ਵੱਢੀ,
ਤੁਸੀਂ ਝੂਠ ਦਾ ਫਲ ਖਾਧਾ,
ਕਿਉਂ ਜੋ ਤੂੰ ਆਪਣੇ ਰਾਹ ਉੱਤੇ,
ਆਪਣਿਆਂ ਸੂਰਮਿਆਂ ਦੀ ਵਾਫ਼ਰੀ ਉੱਤੇ ਭਰੋਸਾ ਕੀਤਾ ।

14ਰੌਲਾ ਤੇਰੇ ਲੋਕਾਂ ਵਿੱਚ ਉੱਠੇਗਾ,
ਅਤੇ ਤੇਰੇ ਸਾਰੇ ਗੜ੍ਹ ਬਰਬਾਦ ਕੀਤੇ ਜਾਣਗੇ,
ਜਿਵੇਂ ਸ਼ਲਮਨ ਨੇ ਜੁੱਧ ਦੇ ਦਿਨ ਬੈਤ-ਅਰਬੇਲ ਨੂੰ ਬਰਬਾਦ ਕੀਤਾ,
ਮਾਂ ਬੱਚਿਆਂ ਸਣੇ ਪਟਕਾਈ ਗਈ ।

15ਇਸ ਲਈ ਬੈਤਏਲ ਤੁਹਾਡੀ ਵੱਡੀ ਬਦੀ ਦੇ ਕਾਰਨ ਤੁਹਾਡੇ ਨਾਲ ਇਸੇ ਤਰ੍ਹਾਂ ਕਰੇਗਾ,
ਸਵੇਰ ਨੂੰ ਇਸਰਾਏਲ ਦਾ ਰਾਜਾ ਪੂਰੀ ਤਰ੍ਹਾਂ ਹੀ ਮਿਟਾਇਆ ਜਾਵੇਗਾ !

11
ਬਾਗੀ ਇਸਰਾਏਲ ਦੇ ਲਈ ਪਰਮੇਸ਼ੁਰ ਦਾ ਪ੍ਰੇਮ

1ਜਦ ਇਸਰਾਏਲ ਬੱਚਾ ਸੀ ਮੈਂ ਉਹ ਨੂੰ ਪਿਆਰ ਕੀਤਾ,

ਅਤੇ ਆਪਣੇ ਪੁੱਤਰ ਨੂੰ ਮਿਸਰ ਵਿੱਚੋਂ ਬੁਲਾਇਆ ।

2ਜਿੰਨਾ ਉਨ੍ਹਾਂ ਨੇ ਉਹਨਾਂ ਨੂੰ ਬੁਲਾਇਆ,
ਉੱਨੀ ਦੂਰ ਉਹ ਉਨ੍ਹਾਂ ਤੋਂ ਚੱਲੇ ਗਏ,
ਉਹਨਾਂ ਨੇ ਬਆਲਾਂ ਲਈ ਬਲੀਆਂ ਚੜ੍ਹਾਈਆਂ,
ਅਤੇ ਮੂਰਤੀਆਂ ਲਈ ਧੂਫ਼ ਧੁਖਾਈ ।

3ਮੈਂ ਅਫ਼ਰਾਈਮ ਨੂੰ ਤੁਰਨਾ ਸਿਖਾਇਆ,
ਮੈਂ ਉਹਨਾਂ ਨੂੰ ਆਪਣੀਆਂ ਬਾਹਾਂ ਉੱਤੇ ਚੁੱਕ ਲਿਆ,
ਪਰ ਉਹਨਾਂ ਨਾ ਜਾਣਿਆ ਕਿ ਮੈਂ ਉਹਨਾਂ ਨੂੰ ਚੰਗਾ ਕੀਤਾ ।

4ਮੈਂ ਉਹਨਾਂ ਨੂੰ ਆਦਮੀ ਦੇ ਰੱਸਿਆਂ ਨਾਲ
ਅਤੇ ਪ੍ਰੇਮ ਦੇ ਬੰਧਨਾਂ ਨਾਲ ਖਿੱਚਿਆ ।
ਮੈਂ ਉਹਨਾਂ ਲਈ ਉਹ ਬਣਿਆ
ਜੋ ਉਹਨਾਂ ਦੇ ਜਬਾੜਿਆਂ ਉੱਤੋਂ ਲਗਾਮ ਖੋਲ੍ਹਦਾ ਹੈ,
ਮੈਂ ਉਹਨਾਂ ਦੀ ਵੱਲ ਝੁਕ ਕੇ ਖੁਆਇਆ ।

5ਉਹ ਮਿਸਰ ਦੇਸ ਵਿੱਚ ਨਾ ਮੁੜਨਗੇ,
ਪਰ ਅੱਸ਼ੂਰ ਉਹਨਾਂ ਦਾ ਰਾਜਾ ਹੋਵੇਗਾ,
ਕਿਉਂ ਜੋ ਉਹਨਾਂ ਨੇ ਮੁੜਨ ਦਾ ਇਨਕਾਰ ਕੀਤਾ ।

6ਤਲਵਾਰ ਉਹਨਾਂ ਦੇ ਸ਼ਹਿਰਾਂ ਉੱਤੇ ਆ ਪਵੇਗੀ,
ਅਤੇ ਉਹਨਾਂ ਦੇ ਅਰਲਾਂ ਨੂੰ ਮੁਕਾ ਦੇਵੇਗੀ,
ਅਤੇ ਉਹਨਾਂ ਦੀਆਂ ਯੋਜਨਾਵਾਂ ਦੇ ਕਾਰਨ ਉਹਨਾਂ ਨੂੰ ਖਾ ਲਵੇਗੀ ।

7ਮੇਰੇ ਲੋਕ ਮੇਰੇ ਤੋਂ ਫਿਰ ਜਾਣ ਲਈ ਦ੍ਰਿੜ ਹਨ,
ਉਹ ਅੱਤ ਮਹਾਨ ਨੂੰ ਪੁਕਾਰਦੇ ਹਨ,
ਪਰ ਉਹ ਮਿਲ ਕੇ ਉਹ ਨੂੰ ਨਾ ਵਡਿਆਉਣਗੇ ।

8ਹੇ ਅਫ਼ਰਾਈਮ, ਮੈਂ ਤੈਨੂੰ ਕਿਵੇਂ ਛੱਡਾਂ ?
ਹੇ ਇਸਰਾਏਲ, ਮੈਂ ਤੈਨੂੰ ਕਿਵੇਂ ਤਿਆਗ ਦਿਆਂ ?
ਮੈਂ ਤੈਨੂੰ ਕਿਵੇਂ ਅਦਮਾਹ ਵਾਂਗੂੰ ਕਰਾਂ ?
ਮੈਂ ਤੇਰੇ ਨਾਲ ਕਿਵੇਂ ਸਬੋਈਮ ਵਾਂਗੂੰ ਵਰਤਾਵ ਕਰਾਂ ?
ਮੇਰਾ ਦਿਲ ਮੇਰੇ ਅੰਦਰ ਬਦਲ ਗਿਆ,
ਮੇਰਾ ਤਰਸ ਪੂਰੀ ਤਰ੍ਹਾਂ ਗਰਮ ਅਤੇ ਨਰਮ ਹੋ ਗਿਆ ।

9ਮੈਂ ਆਪਣੇ ਤੇਜ਼ ਕ੍ਰੋਧ ਅਨੁਸਾਰ ਵਿਹਾਰ ਨਹੀਂ ਕਰਾਂਗਾ,
ਮੈਂ ਅਫ਼ਰਾਈਮ ਦੇ ਨਾਸ਼ ਕਰਨ ਲਈ ਨਹੀਂ ਮੁੜਾਂਗਾ ।
ਮੈਂ ਪਰਮੇਸ਼ੁਰ ਹਾਂ, ਇਨਸਾਨ ਨਹੀਂ,
ਮੈਂ ਤੇਰੇ ਵਿਚਕਾਰ ਪਵਿੱਤਰ ਪੁਰਖ ਹਾਂ,
ਮੈਂ ਕ੍ਰੋਧ ਨਾਲ ਨਹੀਂ ਆਵਾਂਗਾ ।

10ਉਹ ਯਹੋਵਾਹ ਦੇ ਪਿੱਛੇ ਚੱਲਣਗੇ,
ਉਹ ਬਬਰ ਸ਼ੇਰ ਵਾਂਗੂੰ ਗੱਜੇਗਾ,
ਜਦ ਉਹ ਗੱਜੇਗਾ, ਉਹ ਦੇ ਪੁੱਤਰ ਕੰਬਦੇ ਹੋਏ ਪੱਛਮ ਵੱਲੋਂ ਆਉਣਗੇ ।

11ਉਹ ਮਿਸਰ ਵਿੱਚੋਂ ਪੰਛੀ ਵਾਂਗੂੰ,
ਅਤੇ ਅੱਸ਼ੂਰ ਦੇ ਦੇਸ ਵਿੱਚੋਂ ਘੁੱਗੀ ਵਾਂਗੂੰ ਕੰਬਦੇ ਹੋਏ ਆਉਣਗੇ,
ਅਤੇ ਮੈਂ ਉਹਨਾਂ ਨੂੰ ਉਹਨਾਂ ਦੇ ਘਰਾਂ ਵਿੱਚ ਵਸਾਵਾਂਗਾ,
ਯਹੋਵਾਹ ਦਾ ਵਾਕ ਹੈ ।
ਇਸਰਾਏਲ ਅਤੇ ਯਹੂਦਾਹ ਦਾ ਵਿਰੋਧ

12ਅਫ਼ਰਾਈਮ ਨੇ ਮੈਨੂੰ ਝੂਠ ਨਾਲ,
ਅਤੇ ਇਸਰਾਏਲ ਦੇ ਘਰਾਣੇ ਨੇ ਮੈਨੂੰ ਧੋਖੇ ਨਾਲ ਘੇਰ ਲਿਆ ਹੈ ।
ਪਰ ਯਹੂਦਾਹ ਹੁਣ ਤੱਕ ਪਰਮੇਸ਼ੁਰ ਨਾਲ ਚੱਲਦਾ ਰਿਹਾ,
ਅਤੇ ਪਵਿੱਤਰ ਪੁਰਖ ਦਾ ਵਫ਼ਾਦਾਰ ਰਿਹਾ ਹੈ ।

12

1ਅਫ਼ਰਾਈਮ ਹਵਾ ਖਾਂਦਾ ਹੈ,

ਅਤੇ ਪੂਰਬੀ ਹਵਾ ਦਾ ਪਿੱਛਾ ਕਰਦਾ ਹੈ,
ਉਹ ਸਾਰਾ ਦਿਨ ਝੂਠ ਤੇ ਲੁੱਟ ਮਾਰ ਵਧਾਉਂਦੇ ਹਨ,
ਉਹ ਅੱਸ਼ੂਰ ਨਾਲ ਨੇਮ ਬੰਨ੍ਹਦਾ ਹੈ,
ਅਤੇ ਮਿਸਰ ਨੂੰ ਤੇਲ ਲੈ ਜਾਇਆ ਜਾਂਦਾ ਹੈ ।

2ਯਹੋਵਾਹ ਦਾ ਯਹੂਦਾਹ ਨਾਲ ਝਗੜਾ ਹੈ,
ਉਹ ਯਾਕੂਬ ਨੂੰ ਉਸ ਦੀਆਂ ਚਾਲਾਂ ਅਨੁਸਾਰ ਸਜ਼ਾ ਦੇਵੇਗਾ,
ਉਹ ਉਸ ਦੀਆਂ ਕਰਨੀਆਂ ਅਨੁਸਾਰ ਉਸ ਨੂੰ ਬਦਲਾ ਦੇਵੇਗਾ ।

3ਉਸ ਨੇ ਕੁੱਖ ਵਿੱਚ ਆਪਣੇ ਭਰਾ ਦੀ ਅੱਡੀ ਫੜੀ,
ਅਤੇ ਆਪਣੀ ਜੁਆਨੀ ਵਿੱਚ ਪਰਮੇਸ਼ੁਰ ਨਾਲ ਘੋਲ ਕੀਤਾ,

4ਹਾਂ, ਉਸ ਨੇ ਦੂਤ ਨਾਲ ਘੋਲ ਕੀਤਾ ਅਤੇ ਪਰਬਲ ਪੈ ਗਿਆ,
ਉਸ ਨੇ ਰੋ ਕੇ ਉਹ ਦੀ ਦਯਾ ਮੰਗੀ,
ਉਸ ਨੇ ਉਹ ਨੂੰ ਬੈਤਏਲ ਵਿੱਚ ਲੱਭਾ,
ਅਤੇ ਉੱਥੇ ਉਹ ਸਾਡੇ ਨਾਲ ਬੋਲਿਆ,

5ਯਹੋਵਾਹ, ਸੈਨਾਂ ਦਾ ਪਰਮੇਸ਼ੁਰ,
ਯਹੋਵਾਹ ਉਸ ਦਾ ਯਾਦਗਾਰੀ ਨਾਮ ਹੈ !

6ਤੂੰ ਆਪਣੇ ਪਰਮੇਸ਼ੁਰ ਵੱਲ ਮੁੜ,
ਦਯਾ ਅਤੇ ਨਿਆਂ ਦੀ ਪਾਲਨਾ ਕਰ,
ਅਤੇ ਸਦਾ ਆਪਣੇ ਪਰਮੇਸ਼ੁਰ ਦੀ ਉਡੀਕ ਕਰ ।

7ਉਹ ਵਪਾਰੀ ਹੈ, ਉਹ ਦੇ ਹੱਥ ਵਿੱਚ ਧੋਖੇ ਦੀ ਤੱਕੜੀ ਹੈ,
ਉਹ ਧੱਕੇ ਖੋਰੀ ਨੂੰ ਪਿਆਰ ਕਰਦਾ ਹੈ ।

8ਅਫ਼ਰਾਈਮ ਕਹਿੰਦਾ ਹੈ, ਮੈਂ ਸੱਚ-ਮੁੱਚ ਧਨੀ ਹੋ ਗਿਆ ਹਾਂ,
ਮੈਂ ਆਪਣੇ ਲਈ ਧਨ ਜੋੜਿਆ ਹੈ,
ਮੇਰੀ ਸਾਰੀ ਕਮਾਈ ਵਿੱਚ ਉਹ ਮੇਰੇ ਵਿੱਚ ਕੋਈ ਬਦੀ
ਜਿਹੜੀ ਪਾਪ ਹੈ, ਨਾ ਪਾਉਣਗੇ ।

9ਪਰ ਮੈਂ ਮਿਸਰ ਦੇਸ ਤੋਂ ਯਹੋਵਾਹ ਤੇਰਾ ਪਰਮੇਸ਼ੁਰ ਰਿਹਾ ਹਾਂ,
ਮੈਂ ਤੈਨੂੰ ਤੰਬੂਆਂ ਵਿੱਚ ਫੇਰ ਵਸਾਵਾਂਗਾ,
ਜਿਵੇਂ ਮਿਥੇ ਹੋਏ ਪਰਬਾਂ ਦੇ ਦਿਨਾਂ ਵਿੱਚ ।

10ਮੈਂ ਨਬੀਆਂ ਨਾਲ ਗੱਲ ਕੀਤੀ,
ਮੈਂ ਦਰਸ਼ਣ ਤੇ ਦਰਸ਼ਣ ਦਿੱਤਾ,
ਅਤੇ ਨਬੀਆਂ ਦੇ ਰਾਹੀਂ ਦ੍ਰਿਸ਼ਟਾਂਤ ਵਰਤੇ ।

11ਜੇ ਗਿਲਆਦ ਵਿੱਚ ਬੁਰਿਆਈ ਹੈ,
ਉਹ ਜ਼ਰੂਰ ਨਿਕੰਮੇ ਹੋ ਜਾਣਗੇ,
ਉਹ ਗਿਲਗਾਲ ਵਿੱਚ ਵਹਿੜਕੇ ਕੱਟਦੇ ਹਨ,
ਪਰ ਉਹਨਾਂ ਦੀਆਂ ਜਗਵੇਦੀਆਂ,
ਖੇਤ ਦੇ ਸਿਆੜਾਂ ਉੱਤੇ ਢੇਰਾਂ ਵਰਗੀਆਂ ਹਨ ।

12ਯਾਕੂਬ ਅਰਾਮ ਦੇ ਰੜ ਨੂੰ ਭੱਜ ਗਿਆ,
ਇਸਰਾਏਲ ਨੇ ਔਰਤ ਲਈ ਟਹਿਲ ਸੇਵਾ ਕੀਤੀ,
ਅਤੇ ਤੀਵੀਂ ਲਈ ਭੇਡਾਂ ਦੀ ਰਾਖੀ ਕੀਤੀ ।

13ਯਹੋਵਾਹ ਨਬੀ ਦੇ ਰਾਹੀਂ ਇਸਰਾਏਲ ਨੂੰ ਮਿਸਰੋਂ ਕੱਢ ਲੈ ਆਇਆ,
ਅਤੇ ਨਬੀ ਦੇ ਰਾਹੀਂ ਉਹ ਸੰਭਾਲੇ ਗਏ ।

14ਅਫ਼ਰਾਈਮ ਨੇ ਕੌੜਾ ਕ੍ਰੋਧ ਚੜ੍ਹਾਇਆ,
ਸੋ ਉਹ ਦੇ ਖ਼ੂਨ ਉਹ ਦੇ ਉੱਤੇ ਰੱਖੇ ਜਾਣਗੇ,
ਅਤੇ ਉਹ ਦੀ ਨਿੰਦਿਆ ਉਹ ਦਾ ਪ੍ਰਭੂ ਉਹ ਦੇ ਉੱਤੇ ਹੀ ਮੋੜੇਗਾ !

13
ਇਸਰਾਏਲ ਦਾ ਅੰਤਿਮ ਨਿਆਂ

1ਜਦ ਅਫ਼ਰਾਈਮ ਬੋਲਦਾ ਸੀ, ਤਾਂ ਕਾਂਬਾ ਆ ਪੈਂਦਾ ਸੀ,

ਉਹ ਇਸਰਾਏਲ ਵਿੱਚ ਉੱਚਾ ਕੀਤਾ ਗਿਆ,
ਪਰ ਉਸ ਨੇ ਬਆਲ ਦੇ ਕਾਰਨ ਦੋਸ਼ ਕਮਾਇਆ ਅਤੇ ਮਰ ਗਿਆ ।

2ਹੁਣ ਉਹ ਪਾਪ ਉੱਤੇ ਪਾਪ ਕਰਦੇ ਹਨ,
ਅਤੇ ਆਪਣੇ ਲਈ ਢਾਲੀਆਂ ਹੋਈਆਂ ਮੂਰਤਾਂ ਆਪਣੀ ਚਾਂਦੀ ਤੋਂ ਬਣਾਉਂਦੇ ਹਨ,
ਆਪਣੀ ਸਮਝ ਦੇ ਅਨੁਸਾਰ ਬੁੱਤ,
ਜਿਹੜੇ ਸਾਰੇ ਦੇ ਸਾਰੇ ਕਾਰੀਗਰਾਂ ਦਾ ਕੰਮ ਹਨ,
ਉਹ ਉਨ੍ਹਾਂ ਦੇ ਬਾਰੇ ਆਖਦੇ ਹਨ,
ਆਦਮੀ ਦੇ ਕੱਟਣ ਵਾਲੇ ਇਹਨਾਂ ਵੱਛਿਆਂ ਨੂੰ ਚੁੰਮਣ !

3ਇਸ ਲਈ ਉਹ ਸਵੇਰ ਦੇ ਬੱਦਲ ਵਾਂਗੂੰ ਹੋਣਗੇ,
ਅਤੇ ਤ੍ਰੇਲ ਵਾਂਗੂੰ ਜਿਹੜੀ ਛੇਤੀ ਉੱਡ ਜਾਂਦੀ ਹੈ,
ਤੂੜੀ ਵਾਂਗੂੰ ਜਿਹ ਨੂੰ ਵਾਵਰੋਲਾ ਪਿੜ ਵਿੱਚੋਂ ਉਡਾ ਲੈ ਜਾਂਦਾ ਹੈ,
ਧੂੰਏਂ ਵਾਂਗੂੰ ਜਿਹੜਾ ਮੋਘ ਵਿੱਚੋਂ ਨਿੱਕਲਦਾ ਹੈ ।

4ਮੈਂ ਮਿਸਰ ਤੋਂ ਯਹੋਵਾਹ ਤੇਰਾ ਪਰਮੇਸ਼ੁਰ ਰਿਹਾ ਹਾਂ,
ਤੂੰ ਮੇਰੇ ਤੋਂ ਛੁੱਟ ਕੋਈ ਪਰਮੇਸ਼ੁਰ ਨਾ ਜਾਣ,
ਅਤੇ ਮੇਰੇ ਤੋਂ ਬਿਨ੍ਹਾਂ ਕੋਈ ਬਚਾਉਣ ਵਾਲਾ ਨਹੀਂ ।

5ਮੈਂ ਤੈਨੂੰ ਉਜਾੜ ਵਿੱਚ,
ਔੜ ਦੀ ਧਰਤੀ ਵਿੱਚ ਜਾਣਿਆ ਸੀ ।

6ਉਹ ਆਪਣੀਆਂ ਚਾਰਗਾਹਾਂ ਦੇ ਵਿਤ ਅਨੁਸਾਰ ਰੱਜ ਗਏ,
ਉਹ ਰੱਜ ਗਏ ਅਤੇ ਉਹਨਾਂ ਦਾ ਦਿਲ ਉੱਚਾ ਹੋ ਗਿਆ,
ਇਸ ਲਈ ਉਹ ਮੈਨੂੰ ਭੁੱਲ ਗਏ ।

7ਸੋ ਮੈਂ ਉਹਨਾਂ ਲਈ ਬਬਰ ਸ਼ੇਰ ਵਰਗਾ ਹੋਵਾਂਗਾ,
ਮੈਂ ਚੀਤੇ ਵਾਂਗੂੰ ਰਾਹ ਉੱਤੇ ਘਾਤ ਵਿੱਚ ਬੈਠਾਂਗਾ,

8ਮੈਂ ਰਿੱਛਣੀ ਵਾਂਗੂੰ ਜਿਹ ਦੇ ਬੱਚੇ ਗੁਆਚ ਗਏ ਹੋਣ
ਉਹਨਾਂ ਦੇ ਦਿਲ ਦਾ ਪੜਦਾ ਪਾੜ ਸੁੱਟਾਂਗਾ,
ਮੈਂ ਸ਼ੇਰਨੀ ਵਾਂਗੂੰ ਉੱਥੇ ਉਹਨਾਂ ਨੂੰ ਖਾ ਜਾਂਵਾਂਗਾ,
ਰੜ ਦੇ ਦਰਿੰਦੇ ਉਹਨਾਂ ਨੂੰ ਨੋਚ ਲੈਣਗੇ ।

9ਹੇ ਇਸਰਾਏਲ, ਇਹ ਤੇਰੀ ਬਰਬਾਦੀ ਹੈ
ਕਿ ਤੂੰ ਮੇਰੇ ਵਿਰੁੱਧ ਹੋਇਆ, ਆਪਣੇ ਸਹਾਇਕ ਦੇ ਵਿਰੁੱਧ ।

10ਹੁਣ ਤੇਰਾ ਰਾਜਾ ਕਿੱਥੇ ਹੈ,
ਕਿ ਉਹ ਤੈਨੂੰ ਤੇਰੇ ਸਾਰੇ ਸ਼ਹਿਰਾਂ ਵਿੱਚ ਬਚਾਵੇ ?
ਅਤੇ ਤੇਰੇ ਨਿਆਂਕਾਰ, ਜਿਨ੍ਹਾਂ ਦੇ ਬਾਰੇ ਤੂੰ ਆਖਿਆ,
ਮੈਨੂੰ ਰਾਜਾ ਅਤੇ ਹਾਕਮ ਦੇ ?

11ਮੈਂ ਤੈਨੂੰ ਆਪਣੇ ਕ੍ਰੋਧ ਵਿੱਚ ਰਾਜਾ ਦਿੱਤਾ,
ਅਤੇ ਆਪਣੇ ਕਹਿਰ ਵਿੱਚ ਉਹ ਨੂੰ ਲੈ ਲਿਆ ।

12ਅਫ਼ਰਾਈਮ ਦੀ ਬਦੀ ਬੰਨ੍ਹੀ ਹੋਈ ਹੈ,
ਉਹ ਦਾ ਪਾਪ ਰੱਖਿਆ ਹੋਇਆ ਹੈ ।

13ਜਣਨ ਦੀਆਂ ਪੀੜਾਂ ਉਹ ਦੇ ਉੱਤੇ ਆ ਪਈਆਂ ਹਨ,
ਉਹ ਬੁੱਧਹੀਣ ਪੁੱਤਰ ਹੈ,
ਕਿਉਂ ਜੋ ਉਹ ਵੇਲੇ ਸਿਰ ਕੁੱਖ ਦੇ ਮੂੰਹ ਅੱਗੇ ਨਹੀਂ ਆਉਂਦਾ ।

14ਕੀ ਮੈਂ ਪਤਾਲ ਦੇ ਕਾਬੂ ਤੋਂ ਉਹਨਾਂ ਦੇ ਛੁਟਕਾਰੇ ਦਾ ਮੁੱਲ ਭਰਾਂਗਾ ?
ਕੀ ਮੈਂ ਮੌਤ ਤੋਂ ਉਹਨਾਂ ਦਾ ਛੁਟਕਾਰਾ ਦਿਆਂਗਾ ?
ਹੇ ਮੌਤ, ਤੇਰੀਆਂ ਬਵਾਂ ਕਿੱਥੇ ਹਨ ?
ਹੇ ਪਤਾਲ, ਤੇਰੀ ਤਬਾਹੀ ਕਿੱਥੇ ਹੈ ?
ਤਰਸ ਮੇਰੀਆਂ ਅੱਖਾਂ ਤੋਂ ਲੁਕਿਆ ਰਹੇਗਾ !

15ਭਾਵੇਂ ਉਹ ਆਪਣੇ ਭਰਾਵਾਂ ਵਿੱਚ ਫਲਦਾਰ ਹੋਵੇ,
ਤਾਂ ਵੀ ਪੂਰਬੀ ਹਵਾ,
ਹਾਂ, ਯਹੋਵਾਹ ਦੀ ਪੌਣ ਉਜਾੜ ਤੋਂ ਆਵੇਗੀ,
ਤਾਂ ਉਹ ਦਾ ਸੋਤਾ ਸੁੱਕ ਜਾਵੇਗਾ,
ਅਤੇ ਉਹ ਦਾ ਚਸ਼ਮਾ ਖੁਸ਼ਕ ਹੋ ਜਾਵੇਗਾ,
ਉਹ ਉਸ ਦੇ ਖ਼ਜ਼ਾਨੇ ਤੋਂ ਸਾਰੇ ਸੋਹਣੇ ਭਾਂਡੇ ਲੁੱਟ ਲਵੇਗੀ ।

16ਸਾਮਰਿਯਾ ਆਪਣਾ ਦੋਸ਼ ਚੁੱਕੇਗਾ,
ਕਿਉਂ ਜੋ ਉਹ ਆਪਣੇ ਪਰਮੇਸ਼ੁਰ ਤੋਂ ਬਾਗੀ ਹੋ ਗਿਆ ਹੈ,
ਉਹ ਤਲਵਾਰ ਨਾਲ ਡਿੱਗਣਗੇ,
ਉਹਨਾਂ ਦੇ ਨਿਆਣੇ ਪਟਕਾ ਦਿੱਤੇ ਜਾਣਗੇ,
ਅਤੇ ਉਹਨਾਂ ਦੀਆਂ ਗਰਭਵਤੀਆਂ ਚੀਰੀਆਂ ਜਾਣਗੀਆਂ !

14
ਹੋਸ਼ੇਆ ਦੀ ਇਸਰਾਏਲ ਨੂੰ ਬੇਨਤੀ

1ਹੇ ਇਸਰਾਏਲ, ਯਹੋਵਾਹ ਆਪਣੇ ਪਰਮੇਸ਼ੁਰ ਵੱਲ ਮੁੜ,

ਕਿਉਂ ਜੋ ਤੂੰ ਆਪਣੀ ਬਦੀ ਦੇ ਕਾਰਨ ਠੋਕਰ ਖਾਧੀ ।

2ਆਪਣੇ ਨਾਲ ਬਚਨਾਂ ਨੂੰ ਲੈ ਕੇ
ਯਹੋਵਾਹ ਵੱਲ ਮੁੜੋ,
ਉਹ ਨੂੰ ਆਖੋ,
ਸਾਰੀ ਬਦੀ ਨੂੰ ਚੁੱਕ ਅਤੇ ਨੇਕੀ ਨੂੰ ਕਬੂਲ ਕਰ,
ਅਤੇ ਅਸੀਂ ਵਹਿੜਕਿਆਂ ਦੇ ਥਾਂ ਆਪਣਿਆਂ ਬੁੱਲ੍ਹਾਂ ਨੂੰ ਭੇਟ ਚੜ੍ਹਾਵਾਂਗੇ ।

3ਅੱਸ਼ੂਰ ਸਾਨੂੰ ਨਹੀਂ ਬਚਾਵੇਗਾ,
ਅਸੀਂ ਘੋੜਿਆਂ ਦੇ ਉੱਤੇ ਨਹੀਂ ਚੜ੍ਹਾਂਗੇ,
ਅਤੇ ਅਸੀਂ ਫੇਰ ਆਪਣੇ ਹੱਥਾਂ ਦੇ ਕੰਮ ਨੂੰ ''ਸਾਡਾ ਪਰਮੇਸ਼ੁਰ'' ਨਹੀਂ ਮੰਨਾਂਗੇ ।
ਤੇਰੇ ਕੋਲੋਂ ਯਤੀਮ ਰਹਿਮ ਨੂੰ ਪ੍ਰਾਪਤ ਕਰਦਾ ਹੈ ।
ਪਰਮੇਸ਼ੁਰ ਵੱਲੋਂ ਇਸਰਾਏਲ ਦੇ ਲਈ ਨਵੇਂ ਜੀਵਨ ਦਾ ਵਾਅਦਾ

4ਮੈਂ ਉਹਨਾਂ ਦੇ ਫਿਰ ਜਾਣ ਦਾ ਇਲਾਜ ਕਰਾਂਗਾ,
ਮੈਂ ਖੁੱਲ੍ਹੇ ਦਿਲ ਨਾਲ ਉਹਨਾਂ ਨੂੰ ਪਿਆਰ ਕਰਾਂਗਾ,
ਕਿਉਂਕਿ ਮੇਰਾ ਕ੍ਰੋਧ ਉਹਨਾਂ ਤੋਂ ਹੱਟ ਗਿਆ ਹੈ ।

5ਮੈਂ ਇਸਰਾਏਲ ਲਈ ਤ੍ਰੇਲ ਵਾਂਗੂੰ ਹੋਵਾਂਗਾ,
ਉਹ ਸੋਸਨ ਵਾਂਗੂੰ ਹਰਾ-ਭਰਾ ਹੋਵੇਗਾ,
ਅਤੇ ਲਬਾਨੋਨ ਵਾਂਗੂੰ ਆਪਣੀ ਜੜ੍ਹ ਫੜੇਗਾ ।

6ਉਹ ਦੀਆਂ ਟਹਿਣੀਆਂ ਫੈਲਣਗੀਆਂ,
ਉਹ ਦਾ ਸੁਹੱਪਣ ਜ਼ੈਤੂਨ ਦੇ ਰੁੱਖ ਵਾਂਗੂੰ ਹੋਵੇਗਾ,
ਅਤੇ ਉਹ ਦੀ ਖੁਸ਼ਬੋ ਲਬਾਨੋਨ ਵਾਂਗੂੰ ।

7ਉਹ ਦੇ ਸਾਏ ਦੇ ਵਸਨੀਕ ਮੁੜਨਗੇ,
ਉਹ ਕਣਕ ਵਾਂਗੂੰ ਜੀਉਣਗੇ,
ਅਤੇ ਅੰਗੂਰੀ ਬੇਲ ਵਾਂਗੂੰ ਹਰੇ ਭਰੇ ਹੋ ਜਾਣਗੇ,
ਉਨ੍ਹਾਂ ਦੀ ਮਸ਼ਹੂਰੀ ਲਬਾਨੋਨ ਦੀ ਮੈਅ ਵਰਗੀ ਹੋਵੇਗੀ ।

8ਹੇ ਅਫ਼ਰਾਈਮ, ਫੇਰ ਬੁੱਤਾਂ ਦੇ ਨਾਲ ਮੇਰਾ ਕੀ ਕੰਮ ?
ਮੈਂ ਹੀ ਉੱਤਰ ਦਿੱਤਾ, ਅਤੇ ਉਸ ਤੇ ਧਿਆਨ ਲਾਵਾਂਗਾ,
ਮੈਂ ਹਰੇ ਸਰੂ ਵਾਂਗੂੰ ਹਾਂ,
ਤੇਰਾ ਫਲ ਮੇਰੇ ਤੋਂ ਹੀ ਮਿਲਦਾ ਹੈ ।
ਸਾਰ

9ਕੌਣ ਬੁੱਧਵਾਨ ਹੈ ਕਿ ਉਹ ਇਹਨਾਂ ਗੱਲਾਂ ਨੂੰ ਸਮਝੇ ?
ਅਤੇ ਸਮਝ ਵਾਲਾ ਕਿਹੜਾ ਜੋ ਇਹਨਾਂ ਨੂੰ ਜਾਣੇ ?
ਯਹੋਵਾਹ ਦੇ ਮਾਰਗ ਤਾਂ ਸਿੱਧੇ ਹਨ,
ਅਤੇ ਧਰਮੀ ਉਹਨਾਂ ਦੇ ਵਿੱਚ ਚੱਲਣਗੇ,
ਪਰ ਅਪਰਾਧੀ ਉਹਨਾਂ ਦੇ ਵਿੱਚ ਠੋਕਰ ਖਾਣਗੇ ।

ਯੋਏਲ

1

1ਯਹੋਵਾਹ ਦੀ ਬਾਣੀ ਜਿਹੜੀ ਪਥੂਏਲ ਦੇ ਪੁੱਤਰ ਯੋਏਲ ਨੂੰ ਆਈ, -

ਟਿੱਡੀਆਂ ਦੁਆਰਾ ਵਿਨਾਸ਼

2ਹੇ ਬਜ਼ੁਰਗੋ, ਇਹ ਸੁਣੋ, ਦੇਸ਼ ਦੇ ਸਾਰੇ ਵਾਸੀਓ, ਕੰਨ ਲਾਓ ! ਕੀ ਤੁਹਾਡੇ ਦਿਨਾਂ ਵਿੱਚ, ਜਾਂ ਤੁਹਾਡੇ ਪਿਉ-ਦਾਦਿਆਂ ਦੇ ਦਿਨਾਂ ਵਿੱਚ ਅਜਿਹਾ ਹੋਇਆ ?3ਇਹ ਦੇ ਵਿਖੇ ਤੁਸੀਂ ਆਪਣੇ ਪੁੱਤਰਾਂ ਨੂੰ ਅਤੇ ਤੁਹਾਡੇ ਪੁੱਤਰ ਆਪਣੇ ਪੁੱਤਰਾਂ ਨੂੰ, ਉਹਨਾਂ ਦੇ ਪੁੱਤਰ ਆਪਣੀ ਅਗਲੀ ਪੀੜ੍ਹੀ ਨੂੰ ਖੋਲ੍ਹ ਕੇ ਦੱਸਣ ।

4ਜੋ ਛੋਟੀ ਟਿੱਡੀ ਤੋਂ ਬਚਿਆ, ਉਹ ਵੱਡੀ ਟਿੱਡੀ ਖਾ ਗਈ, ਜੋ ਵੱਡੀ ਟਿੱਡੀ ਤੋਂ ਬਚਿਆ, ਉਹ ਟਪੂਸੀ ਮਾਰ ਟਿੱਡੀ ਖਾ ਗਈ, ਜੋ ਟਪੂਸੀ ਮਾਰ ਟਿੱਡੀ ਤੋਂ ਬਚਿਆ, ਉਹ ਹੂੰਝਾ ਫੇਰ ਟਿੱਡੀ ਖਾ ਗਈ !
5ਹੇ ਮਤਵਾਲਿਓ, ਜਾਗੋ ਅਤੇ ਰੋਵੋ ! ਤੁਸੀਂ ਸਾਰੇ ਜੋ ਮਧ ਦੇ ਪਿਆਕੜ ਹੋ, ਨਵੀਂ ਮਧ ਦੇ ਕਾਰਨ ਭੁੱਬਾਂ ਮਾਰੋ, ਉਹ ਤਾਂ ਤੁਹਾਡੇ ਮੂੰਹ ਤੋਂ ਦੂਰ ਕਰ ਦਿੱਤੀ ਗਈ ਹੈ !

6ਕਿਉਂ ਜੋ ਮੇਰੇ ਦੇਸ਼ ਉੱਤੇ ਇੱਕ ਕੌਮ ਚੜ੍ਹ ਆਈ ਹੈ, ਉਹ ਬਲਵੰਤ ਅਤੇ ਅਣਗਿਣਤ ਹੈ, ਉਹ ਦੇ ਦੰਦ ਬਬਰ ਸ਼ੇਰ ਦੇ ਦੰਦ ਹਨ, ਉਹ ਦੀਆਂ ਦਾੜ੍ਹਾਂ ਸ਼ੇਰਨੀ ਦੀਆਂ ਹਨ ।7ਉਸ ਨੇ ਮੇਰੇ ਅੰਗੂਰੀ ਬਾਗ ਨੂੰ ਉਜਾੜ ਕੇ ਰੱਖ ਦਿੱਤਾ, ਉਸ ਨੇ ਮੇਰੇ ਹੰਜ਼ੀਰ ਦੇ ਰੁੱਖਾਂ ਨੂੰ ਤੋੜ ਸੁੱਟਿਆ, ਉਸ ਨੇ ਉਹ ਦੀ ਛਿੱਲ ਲਾਹ ਕੇ ਸੁੱਟ ਦਿੱਤੀ, ਉਹ ਦੀਆਂ ਟਹਿਣੀਆਂ ਚਿੱਟੀਆਂ ਨਿੱਕਲ ਆਈਆਂ ਹਨ ।

8ਉਸ ਕੁਆਰੀ ਵਾਂਗੂੰ ਜੋ ਲੱਕ ਉੱਤੇ ਟਾਟ ਬੰਨ੍ਹ ਕੇ ਆਪਣੀ ਜੁਆਨੀ ਦੇ ਪਤੀ ਲਈ ਰੋਂਦੀ ਹੈ, ਤੂੰ ਵੀ ਉਸੇ ਤਰ੍ਹਾਂ ਰੋ !9ਮੈਦੇ ਦੀਆਂ ਭੇਟਾਂ ਅਤੇ ਪੀਣ ਦੀਆਂ ਭੇਟਾਂ ਯਹੋਵਾਹ ਦੇ ਭਵਨ ਵਿੱਚ ਆਉਣੀਆਂ ਬੰਦ ਹੋ ਗਈਆਂ ਹਨ, ਯਹੋਵਾਹ ਦੇ ਜਾਜਕ ਅਤੇ ਸੇਵਕ ਵਿਰਲਾਪ ਕਰਦੇ ਹਨ ।10ਖੇਤ ਉਜੜ ਗਏ, ਜ਼ਮੀਨ ਵਿਰਲਾਪ ਕਰਦੀ ਹੈ, ਕਿਉਂ ਜੋ ਅੰਨ ਉਜੜ ਗਿਆ ਹੈ, ਨਵੀਂ ਮਧ ਮੁੱਕ ਗਈ ਅਤੇ ਤੇਲ ਜਾਂਦਾ ਰਿਹਾ ।

11ਹੇ ਹਾਲੀਓ, ਸ਼ਰਮਿੰਦੇ ਹੋਵੋ ! ਹੇ ਬਾਗਬਾਨੋ, ਕਣਕ ਅਤੇ ਜੌਂ ਦੇ ਕਾਰਨ ਧਾਹਾਂ ਮਾਰੋ, ਕਿਉਂ ਜੋ ਖੇਤ ਦੀ ਫ਼ਸਲ ਨਾਸ਼ ਹੋ ਗਈ ਹੈ !12ਅੰਗੂਰ ਦੀ ਵਾੜੀ ਸੁੱਕਦੀ ਜਾਂਦੀ ਹੈ, ਹੰਜ਼ੀਰ ਦਾ ਰੁੱਖ ਮੁਰਝਾ ਗਿਆ ਹੈ, ਅਨਾਰ, ਖ਼ਜੂਰ, ਸੇਬ ਸਗੋਂ ਖੇਤ ਦੇ ਸਾਰੇ ਰੁੱਖ ਸੁੱਕ ਗਏ ਹਨ, ਅਤੇ ਖੁਸ਼ੀ ਨੇ ਆਦਮ ਵੰਸ਼ ਨੂੰ ਤਿਆਗ ਦਿੱਤਾ ਹੈ !

13ਹੇ ਜਾਜਕੋ, ਆਪਣੇ ਲੱਕ ਉੱਤੇ ਟਾਟ ਬੰਨ੍ਹੋ ਅਤੇ ਵਿਰਲਾਪ ਕਰੋ, ਹੇ ਜਗਵੇਦੀ ਦੇ ਸੇਵਕੋ, ਧਾਹਾਂ ਮਾਰੋ, ਹੇ ਮੇਰੇ ਪਰਮੇਸ਼ੁਰ ਦੇ ਸੇਵਕੋ, ਅੰਦਰ ਜਾਓ ਅਤੇ ਟਾਟ ਵਿੱਚ ਰਾਤ ਕੱਟੋ, ਕਿਉਂ ਜੋ ਤੁਹਾਡੇ ਪਰਮੇਸ਼ੁਰ ਦੇ ਭਵਨ ਵਿੱਚ ਮੈਦੇ ਦੀ ਭੇਟ ਅਤੇ ਪੀਣ ਦੀ ਭੇਟ ਆਉਣੀ ਬੰਦ ਹੋ ਗਈ ਹੈ !

14ਪਵਿੱਤਰ ਵਰਤ ਰੱਖੋ, ਮਹਾਂ-ਸਭਾ ਬੁਲਾਓ, ਬਜ਼ੁਰਗਾਂ ਨੂੰ ਅਤੇ ਦੇਸ਼ ਦੇ ਸਾਰੇ ਵਾਸੀਆਂ ਨੂੰ, ਯਹੋਵਾਹ ਆਪਣੇ ਪਰਮੇਸ਼ੁਰ ਦੇ ਭਵਨ ਵਿੱਚ ਇਕੱਠਾ ਕਰੋ ਅਤੇ ਯਹੋਵਾਹ ਦੇ ਅੱਗੇ ਦੁਹਾਈ ਦਿਓ !

15ਹਾਇ ਉਸ ਦਿਨ ਨੂੰ ! ਕਿਉਂ ਜੋ ਯਹੋਵਾਹ ਦਾ ਦਿਨ ਤਾਂ ਨੇੜੇ ਹੈ, ਉਹ ਸਰਬ ਸ਼ਕਤੀਮਾਨ ਵੱਲੋਂ ਬਰਬਾਦੀ ਵਾਂਗੂੰ ਆ ਰਿਹਾ ਹੈ !16ਕੀ ਸਾਡੇ ਵੇਖਦਿਆਂ ਭੋਜਨ ਵਸਤਾਂ ਨਾਸ਼ ਨਹੀਂ ਹੋ ਗਈਆਂ, ਅਤੇ ਅਨੰਦ ਅਤੇ ਖੁਸ਼ੀ ਸਾਡੇ ਪਰਮੇਸ਼ੁਰ ਦੇ ਭਵਨ ਤੋਂ ਮੁੱਕ ਨਹੀਂ ਗਿਆ ?

17ਬੀਜ ਮਿੱਟੀ ਦੇ ਢੇਲਿਆਂ ਦੇ ਹੇਠ ਸੜਦੇ ਜਾਂਦੇ ਹਨ, ਖੱਤੇ ਵਿਰਾਨ ਪਏ ਹਨ, ਭੰਡਾਰ ਘਰ ਟੁੱਟੇ ਪਏ ਹਨ, ਕਿਉਂ ਜੋ ਫ਼ਸਲ ਸੁੱਕ ਗਈ ਹੈ ।
18ਪਸ਼ੂ ਕਿਵੇਂ ਅੜਿੰਗਦੇ ਹਨ ! ਬਲਦਾਂ ਦੇ ਵੱਗ ਕਿਵੇਂ ਬੇਚੈਨ ਹੋਏ ਪਏ ਹਨ ! ਕਿਉਂ ਜੋ ਉਹਨਾਂ ਦੇ ਲਈ ਕੋਈ ਚਾਰਗਾਹ ਨਹੀਂ ਹੈ, ਹਾਂ, ਭੇਡਾਂ ਦੇ ਇੱਜੜ ਵੀ ਦੁਖੀ ਹਨ ।

19ਹੇ ਯਹੋਵਾਹ, ਮੈਂ ਤੇਰੇ ਅੱਗੇ ਪੁਕਾਰਦਾ ਹਾਂ, ਕਿਉਂ ਜੋ ਅੱਗ ਨੇ ਉਜਾੜ ਦੀਆਂ ਚਾਰਗਾਹਾਂ ਨੂੰ ਖਾ ਲਿਆ ਹੈ, ਲੰਬ ਨੇ ਖੇਤ ਦੇ ਸਾਰੇ ਰੁੱਖਾਂ ਨੂੰ ਸਾੜ ਦਿੱਤਾ ਹੈ ।20ਖੇਤ ਦੇ ਪਸ਼ੂ ਤੇਰੇ ਵੱਲ ਹੌਂਕਦੇ ਹਨ, ਕਿਉਂ ਜੋ ਨਦੀਆਂ ਦਾ ਪਾਣੀ ਸੁੱਕ ਗਿਆ, ਅਤੇ ਅੱਗ ਨੇ ਉਜਾੜ ਦੀਆਂ ਚਰਗਾਹਾਂ ਨੂੰ ਭਸਮ ਕਰ ਦਿੱਤਾ ਹੈ ।

2
ਟਿੱਡੀਆਂ ਪ੍ਰਭੂ ਦੇ ਦਿਨ ਦੀ ਚੇਤਾਵਨੀ ਦੇ ਰੂਪ ਵਿੱਚ

1ਸੀਯੋਨ ਵਿੱਚ ਤੁਰ੍ਹੀ ਫੂਕੋ ! ਮੇਰੇ ਪਵਿੱਤਰ ਪਹਾੜ ਉੱਤੇ ਸਾਂਹ ਖਿੱਚ ਦੇ ਫੂਕੋ ! ਦੇਸ਼ ਦੇ ਸਾਰੇ ਵਾਸੀ ਕੰਬਣ, ਕਿਉਂ ਜੋ ਯਹੋਵਾਹ ਦਾ ਦਿਨ ਆ ਰਿਹਾ ਹੈ, ਸਗੋਂ ਨੇੜੇ ਹੀ ਹੈ !2ਉਹ ਹਨੇਰੇ ਅਤੇ ਅੰਧਕਾਰ ਦਾ ਦਿਨ, ਸਗੋਂ ਬੱਦਲ ਅਤੇ ਘੁੱਪ ਹਨੇਰੇ ਦਾ ਦਿਨ ਹੈ ! ਜਿਵੇਂ ਸਵੇਰ ਦੀ ਰੋਸ਼ਨੀ ਫੈਲਦੀ ਹੈ, ਉਸੇ ਤਰ੍ਹਾਂ ਪਹਾੜਾਂ ਉੱਤੇ ਇੱਕ ਵੱਡੀ ਅਤੇ ਤਕੜੀ ਕੌਮ ਫੈਲੀ ਹੋਈ ਹੈ, ਉਹਨਾਂ ਵਰਗੇ ਸਨਾਤਨ ਕਾਲ ਤੋਂ ਨਹੀਂ ਹੋਏ, ਫੇਰ ਅੱਗੇ ਨੂੰ ਪੀੜ੍ਹੀਓਂ ਪੀੜ੍ਹੀ ਸਾਲਾਂ ਤੱਕ ਨਹੀਂ ਹੋਣਗੇ !

3ਉਹਨਾਂ ਦੇ ਅੱਗੇ-ਅੱਗੇ ਅੱਗ ਭਸਮ ਕਰਦੀ ਜਾਂਦੀ ਹੈ, ਉਹਨਾਂ ਦੇ ਪਿੱਛੇ ਲੰਬ ਸਾੜਦੀ ਜਾਂਦੀ ਹੈ । ਉਹਨਾਂ ਦੇ ਅੱਗੇ ਦਾ ਦੇਸ਼ ਅਦਨ ਦੇ ਬਾਗ ਵਰਗਾ ਹੈ, ਪਰ ਉਹਨਾਂ ਦੇ ਪਿੱਛੇ ਵਿਰਾਨ ਉਜਾੜ ਹੈ ! ਉਹਨਾਂ ਤੋਂ ਕੁਝ ਵੀ ਨਹੀਂ ਬਚਦਾ ।

4ਉਹਨਾਂ ਦਾ ਰੂਪ ਘੋੜਿਆਂ ਦੇ ਰੂਪ ਵਰਗਾ ਹੈ, ਉਹ ਜੰਗੀ ਘੋੜਿਆਂ ਵਾਂਗੂੰ ਦੌੜਦੇ ਹਨ ।5ਉਹ ਪਹਾੜਾਂ ਦੀਆਂ ਚੋਟੀਆਂ ਉੱਤੇ ਰਥਾਂ ਦੇ ਚੱਲਣ ਦੇ ਸ਼ੋਰ ਵਾਂਗੂੰ ਕੁੱਦਦੇ ਹਨ ਅਤੇ ਅੱਗ ਦੀ ਲੰਬ ਵਾਂਗੂੰ ਹਨ, ਜਿਹੜੀ ਪਰਾਲੀ ਨੂੰ ਭਸਮ ਕਰਦੀ ਹੈ, ਜਿਵੇਂ ਬਲਵੰਤ ਲੋਕ ਲੜਾਈ ਲਈ ਕਤਾਰਾਂ ਬੰਨ੍ਹਦੇ ਹਨ !

6ਉਹਨਾਂ ਦੇ ਅੱਗੇ ਲੋਕ ਤੜਫ਼ ਉੱਠਦੇ ਹਨ, ਸਾਰੇ ਮੂੰਹ ਪੀਲੇ ਪੈ ਜਾਂਦੇ ਹਨ ।7ਉਹ ਸੂਰਮਿਆਂ ਵਾਂਗੂੰ ਦੌੜਦੇ ਹਨ, ਉਹ ਯੋਧਿਆਂ ਵਾਂਗੂੰ ਸ਼ਹਿਰਪਨਾਹ ਉੱਤੇ ਚੜ੍ਹਦੇ ਹਨ, ਉਹ ਆਪੋ ਆਪਣੇ ਰਾਹ ਉੱਤੇ ਤੁਰਦੇ ਹਨ, ਉਹਨਾਂ ਵਿੱਚੋਂ ਕੋਈ ਆਪਣੀ ਕਤਾਰ ਤੋਂ ਬਾਹਰ ਨਹੀਂ ਤੁਰਦਾ ।
8ਕੋਈ ਆਪਣੇ ਸਾਥੀ ਨੂੰ ਨਹੀਂ ਧੱਕਦਾ, ਹਰੇਕ ਆਪਣੇ ਰਾਹ ਉੱਤੇ ਤੁਰਦਾ ਹੈ, ਉਹ ਸ਼ਸਤਰਾਂ ਨੂੰ ਚੀਰ ਕੇ ਲੰਘ ਜਾਂਦੇ ਹਨ, ਅਤੇ ਉਹਨਾਂ ਦੀ ਕਤਾਰ ਨਹੀਂ ਟੁੱਟਦੀ ।9ਉਹ ਸ਼ਹਿਰ ਉੱਤੇ ਟੁੱਟ ਪੈਂਦੇ ਹਨ, ਉਹ ਸ਼ਹਿਰਪਨਾਹ ਉੱਤੇ ਦੌੜਦੇ ਹਨ, ਉਹ ਚੋਰਾਂ ਵਾਂਗੂੰ ਖਿੜਕੀਆਂ ਰਾਹੀਂ ਘਰਾਂ ਵਿੱਚ ਵੜ ਜਾਂਦੇ ਹਨ !

10ਉਹਨਾਂ ਦੇ ਅੱਗੇ ਧਰਤੀ ਹਿੱਲਦੀ ਹੈ, ਅਕਾਸ਼ ਕੰਬਦਾ ਹੈ । ਸੂਰਜ ਤੇ ਚੰਦ ਕਾਲੇ ਹੋ ਜਾਂਦੇ ਹਨ ਅਤੇ ਤਾਰੇ ਆਪਣੀ ਚਮਕ ਦੇਣੀ ਬੰਦ ਕਰ ਦਿੰਦੇ ਹਨ ।11ਯਹੋਵਾਹ ਆਪਣੀ ਅਵਾਜ਼ ਆਪਣੀ ਫੌਜ ਦੇ ਸਾਹਮਣੇ ਗਜਾਉਂਦਾ ਹੈ, ਕਿਉਂ ਜੋ ਉਹ ਦੀ ਛਾਉਣੀ ਬਹੁਤ ਹੀ ਵੱਡੀ ਹੈ, ਜੋ ਉਹ ਦਾ ਹੁਕਮ ਮੰਨਦਾ ਹੈ ਉਹ ਬਲਵਾਨ ਹੈ, ਕਿਉਂ ਜੋ ਯਹੋਵਾਹ ਦਾ ਦਿਨ ਮਹਾਨ ਅਤੇ ਭਿਆਨਕ ਹੈ ! ਕੌਣ ਉਸ ਨੂੰ ਸਹਿ ਸਕਦਾ ਹੈ ?
ਤੋਬਾ ਕਰਨ ਲਈ ਬੁਲਾਹਟ

12ਪਰ ਹੁਣ ਵੀ, ਯਹੋਵਾਹ ਦਾ ਵਾਕ ਹੈ, ਵਰਤ ਰੱਖ ਕੇ ਰੋਂਦੇ ਹੋਏ ਅਤੇ ਛਾਤੀ ਪਿੱਟਦੇ ਹੋਏ ਆਪਣੇ ਸਾਰੇ ਦਿਲ ਨਾਲ ਮੇਰੇ ਵੱਲ ਮੁੜੋ ।13ਆਪਣੇ ਬਸਤਰ ਨਹੀਂ ਸਗੋਂ ਆਪਣੇ ਦਿਲਾਂ ਨੂੰ ਪਾੜ ਕੇ ਯਹੋਵਾਹ ਆਪਣੇ ਪਰਮੇਸ਼ੁਰ ਵੱਲ ਮੁੜੋ, ਉਹ ਤਾਂ ਦਿਆਲੂ ਅਤੇ ਕਿਰਪਾਲੂ ਹੈ, ਕ੍ਰੋਧ ਵਿੱਚ ਧੀਰਜੀ, ਭਲਿਆਈ ਨਾਲ ਭਰਪੂਰ ਅਤੇ ਦੁੱਖ ਦੇਣ ਤੋਂ ਪਛਤਾਉਂਦਾ ਹੈ ।
14ਕੀ ਜਾਣੀਏ ਭਈ ਉਹ ਮੁੜੇ ਅਤੇ ਪਛਤਾਵੇ ਅਤੇ ਆਪਣੇ ਪਿੱਛੇ ਬਰਕਤ ਛੱਡ ਜਾਵੇ, ਤਾਂ ਜੋ ਮੈਦੇ ਦੀ ਭੇਟ ਅਤੇ ਪੀਣ ਦੀ ਭੇਟ ਤੁਹਾਡੇ ਪਰਮੇਸ਼ੁਰ ਯਹੋਵਾਹ ਲਈ ਹੋਣ ?

15ਸੀਯੋਨ ਵਿੱਚ ਤੁਰ੍ਹੀ ਫੂਕੋ ! ਪਵਿੱਤਰ ਵਰਤ ਰੱਖੋ, ਮਹਾਂ-ਸਭਾ ਬੁਲਾਓ !16ਲੋਕਾਂ ਨੂੰ ਇਕੱਠਾ ਕਰੋ, ਸਭਾ ਨੂੰ ਪਵਿੱਤਰ ਕਰੋ, ਬਜ਼ੁਰਗਾਂ ਨੂੰ ਸੱਦੋ, ਨਿਆਣਿਆਂ ਨੂੰ, ਸਗੋਂ ਦੁੱਧ ਚੁੰਘਦਿਆਂ ਬੱਚਿਆਂ ਨੂੰ ਇਕੱਠੇ ਕਰੋ, ਲਾੜਾ ਆਪਣੀ ਕੋਠੜੀ ਵਿੱਚੋਂ, ਲਾੜੀ ਆਪਣੇ ਕਮਰੇ ਵਿੱਚੋਂ ਬਾਹਰ ਨਿੱਕਲ ਆਵੇ !

17ਡਿਉੜ੍ਹੀ ਅਤੇ ਜਗਵੇਦੀ ਦੇ ਵਿਚਕਾਰ ਜਾਜਕ, ਯਹੋਵਾਹ ਦੇ ਸੇਵਕ ਰੋਣ ਅਤੇ ਆਖਣ, ਹੇ ਯਹੋਵਾਹ, ਆਪਣੀ ਪਰਜਾ ਨੂੰ ਬਚਾ, ਆਪਣੇ ਨਿੱਜ-ਭਾਗ ਦੀ ਨਿੰਦਿਆ ਨਾ ਹੋਣ ਦੇ ਕਿ ਕੌਮਾਂ ਉਹਨਾਂ ਦੇ ਉੱਤੇ ਰਾਜ ਕਰਨ । ਦੇਸ਼-ਦੇਸ਼ ਦੇ ਲੋਕ ਇਹ ਕਿਉਂ ਆਖਣ, ਉਹਨਾਂ ਦਾ ਪਰਮੇਸ਼ੁਰ ਕਿੱਥੇ ਹੈ ?
ਪਰਮੇਸ਼ੁਰ ਦੀ ਦਯਾ

18ਤਦ ਯਹੋਵਾਹ ਆਪਣੇ ਦੇਸ਼ ਲਈ ਅਣਖੀ ਹੋਇਆ ਅਤੇ ਆਪਣੀ ਪਰਜਾ ਉੱਤੇ ਤਰਸ ਖਾਧਾ ।19ਯਹੋਵਾਹ ਨੇ ਉੱਤਰ ਦੇ ਕੇ ਆਪਣੀ ਪਰਜਾ ਨੂੰ ਆਖਿਆ, ਵੇਖੋ, ਮੈਂ ਤੁਹਾਡੇ ਲਈ ਅੰਨ, ਨਵੀਂ ਮਧ ਅਤੇ ਤੇਲ ਭੇਜਾਂਗਾ ਅਤੇ ਤੁਸੀਂ ਉਸ ਤੋਂ ਰੱਜੋਗੇ, ਮੈਂ ਕੌਮਾਂ ਵਿੱਚ ਤੁਹਾਨੂੰ ਫੇਰ ਨਿੰਦਿਆ ਦਾ ਕਾਰਨ ਨਹੀਂ ਬਣਾਵਾਂਗਾ ।

20ਮੈਂ ਉੱਤਰ ਤੋਂ ਆਈ ਹੋਈ ਫ਼ੌਜ ਨੂੰ ਤੁਹਾਡੇ ਤੋਂ ਦੂਰ ਧੱਕ ਦਿਆਂਗਾ, ਅਤੇ ਉਹ ਨੂੰ ਇੱਕ ਸੁੱਕੇ ਅਤੇ ਵਿਰਾਨ ਦੇਸ਼ ਵਿੱਚ ਭਜਾ ਦਿਆਂਗਾ, ਉਹ ਦਾ ਅਗਲਾ ਹਿੱਸਾ ਪੂਰਬ ਵਿੱਚ ਸਮੁੰਦਰ ਵੱਲ ਅਤੇ ਉਹ ਦਾ ਪਿੱਛਲਾ ਹਿੱਸਾ ਪੱਛਮ ਵੱਲ ਸਮੁੰਦਰ ਵਿੱਚ ਹੋਵੇਗਾ । ਉਹ ਦੇ ਵਿੱਚੋਂ ਬਦਬੂ ਉੱਠੇਗੀ ਅਤੇ ਸੜ੍ਹਿਆਂਦ ਆਵੇਗੀ, ਕਿਉਂ ਜੋ ਉਸ ਨੇ ਬਹੁਤ ਭੈੜਾ ਕੰਮ ਕੀਤਾ ਹੈ ।

21ਹੇ ਦੇਸ਼, ਨਾ ਡਰ ! ਖੁਸ਼ੀ ਮਨਾ ਤੇ ਅਨੰਦ ਹੋ, ਕਿਉਂ ਜੋ ਯਹੋਵਾਹ ਨੇ ਵੱਡੇ-ਵੱਡੇ ਕੰਮ ਕੀਤੇ !22ਹੇ ਮੈਦਾਨ ਦੇ ਪਸ਼ੂਓ, ਨਾ ਡਰੋ ! ਕਿਉਂ ਜੋ ਉਜਾੜ ਦੀਆਂ ਚਾਰਗਾਹਾਂ ਹਰੀਆਂ ਹੋ ਗਈਆਂ ਹਨ, ਰੁੱਖ ਆਪਣੇ ਫਲ ਦਿੰਦੇ ਹਨ, ਹੰਜ਼ੀਰ ਅਤੇ ਅੰਗੂਰੀ ਵੇਲਾਂ ਆਪਣਾ ਪੂਰਾ ਬਲ ਵਿਖਾਉਂਦੀਆਂ ਹਨ ।

23ਹੇ ਸੀਯੋਨ ਦੇ ਲੋਕੋ, ਯਹੋਵਾਹ ਆਪਣੇ ਪਰਮੇਸ਼ੁਰ ਵਿੱਚ ਖੁਸ਼ੀ ਮਨਾਓ ਅਤੇ ਅਨੰਦ ਹੋਵੋ ! ਕਿਉਂ ਜੋ ਉਹ ਨੇ ਤੁਹਾਡੇ ਸੁੱਖ ਲਈ ਪਹਿਲੀ ਵਰਖਾ ਦਿੱਤੀ ਹੈ, ਉਹ ਨੇ ਤੁਹਾਡੇ ਲਈ ਪਹਿਲੀ ਅਤੇ ਪਿੱਛਲੀ ਵਰਖਾ ਵਰ੍ਹਾਈ ਹੈ, ਜਿਵੇਂ ਪਹਿਲਾਂ ਹੁੰਦਾ ਸੀ ।

24ਪਿੜ ਅੰਨ ਨਾਲ ਭਰ ਜਾਣਗੇ ਅਤੇ ਹੌਦਾਂ ਮਧ ਅਤੇ ਤੇਲ ਨਾਲ ਉੱਛਲਣਗੀਆਂ ।25ਜਿੰਨੇ ਸਾਲਾਂ ਦੀ ਫ਼ਸਲ ਨੂੰ ਛੋਟੀ ਟਿੱਡੀਆਂ, ਵੱਡੀ ਟਿੱਡੀਆਂ, ਹੂੰਝਾ ਫੇਰ ਅਤੇ ਟਪੂਸੀ ਮਾਰ ਟਿੱਡੀਆਂ ਨੇ ਅਰਥਾਤ ਮੇਰੀ ਵੱਡੀ ਫੌਜ ਨੇ ਜਿਹੜੀ ਮੈਂ ਤੁਹਾਡੇ ਉੱਤੇ ਘੱਲੀ ਸੀ, ਖਾ ਲਿਆ ਸੀ, ਉਹ ਮੈਂ ਤੁਹਾਨੂੰ ਮੋੜ ਦਿਆਂਗਾ ।

26ਤੁਸੀਂ ਢਿੱਡ ਭਰ ਕੇ ਖਾਓਗੇ ਅਤੇ ਰੱਜ ਜਾਓਗੇ । ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਨਾਮ ਦੀ ਉਸਤੱਤ ਕਰੋਗੇ, ਜਿਸ ਨੇ ਤੁਹਾਡੇ ਲਈ ਅਚਰਜ ਕੰਮ ਕੀਤੇ ਹਨ, ਮੇਰੀ ਪਰਜਾ ਫੇਰ ਕਦੇ ਲੱਜਿਆਵਾਨ ਨਾ ਹੋਵੇਗੀ ।27ਤਦ ਤੁਸੀਂ ਜਾਣੋਗੇ ਕਿ ਮੈਂ ਇਸਰਾਏਲ ਦੇ ਵਿਚਕਾਰ ਹਾਂ ਅਤੇ ਮੈਂ ਹੀ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ, ਅਤੇ ਕੋਈ ਹੋਰ ਨਹੀਂ, ਸੋ ਮੇਰੀ ਪਰਜਾ ਫੇਰ ਕਦੇ ਲੱਜਿਆਵਾਨ ਨਾ ਹੋਵੇਗੀ ।
ਆਤਮਾ ਦਾ ਵਹਾਇਆ ਜਾਣਾ

28ਇਸ ਤੋਂ ਬਾਅਦ ਅਜਿਹਾ ਹੋਵੇਗਾ, ਕਿ ਮੈਂ ਆਪਣਾ ਆਤਮਾ ਸਾਰੇ ਸਰੀਰਾਂ ਉੱਤੇ ਵਹਾਵਾਂਗਾ, ਤੁਹਾਡੇ ਪੁੱਤਰ ਅਤੇ ਤੁਹਾਡੀਆਂ ਧੀਆਂ ਭਵਿੱਖਬਾਣੀ ਕਰਨਗੇ, ਤੁਹਾਡੇ ਬਜ਼ੁਰਗ ਸੁਫ਼ਨੇ ਵੇਖਣਗੇ ਅਤੇ ਤੁਹਾਡੇ ਜੁਆਨ ਦਰਸ਼ਨ ਵੇਖਣਗੇ ।29ਸਗੋਂ ਮੈਂ ਤੁਹਾਡੇ ਦਾਸਾਂ ਅਤੇ ਦਾਸੀਆਂ ਉੱਤੇ ਵੀ, ਉਨ੍ਹਾਂ ਦਿਨਾਂ ਵਿੱਚ ਆਪਣਾ ਆਤਮਾ ਵਹਾਵਾਂਗਾ ।

30ਮੈਂ ਅਕਾਸ਼ ਅਤੇ ਧਰਤੀ ਵਿੱਚ ਅਚੰਭੇ ਵਿਖਾਵਾਂਗਾ ਅਰਥਾਤ ਲਹੂ, ਅੱਗ ਅਤੇ ਧੂੰਏਂ ਦਾ ਥੰਮ੍ਹ ।31ਯਹੋਵਾਹ ਦੇ ਉਸ ਵੱਡੇ ਤੇ ਭਿਆਨਕ ਦਿਨ ਦੇ ਆਉਣ ਤੋਂ ਪਹਿਲਾਂ ਸੂਰਜ ਹਨੇਰਾ ਅਤੇ ਚੰਨ ਲਹੂ ਵਰਗਾ ਹੋ ਜਾਵੇਗਾ !
32ਉਸ ਵੇਲੇ ਜੋ ਕੋਈ ਯਹੋਵਾਹ ਦਾ ਨਾਮ ਲੈ ਕੇ ਪੁਕਾਰੇਗਾ, ਉਹ ਬਚਾਇਆ ਜਾਵੇਗਾ, ਕਿਉਂ ਜੋ ਯਹੋਵਾਹ ਦੇ ਬਚਨ ਅਨੁਸਾਰ ਸੀਯੋਨ ਦੇ ਪਹਾੜ ਵਿੱਚ ਅਤੇ ਯਰੂਸ਼ਲਮ ਵਿੱਚ ਛੁਟਕਾਰਾ ਹੋਵੇਗਾ, ਅਤੇ ਜਿਨ੍ਹਾਂ ਨੂੰ ਯਹੋਵਾਹ ਬੁਲਾਵੇ ਉਹ ਬਚਾਏ ਜਾਣਗੇ ।

3
ਪਰਮੇਸ਼ੁਰ ਕੌਮਾਂ ਦਾ ਨਿਆਂ ਕਰੇਗਾ

1ਕਿਉਂ ਜੋ ਵੇਖੋ, ਉਹਨਾਂ ਦਿਨਾਂ ਅਤੇ ਉਸ ਸਮੇਂ ਵਿੱਚ, ਜਦ ਮੈਂ ਯਹੂਦਾਹ ਅਤੇ ਯਰੂਸ਼ਲਮ ਦੀ ਗੁਲਾਮੀ ਨੂੰ ਮੁਕਾ ਦਿਆਂਗਾ2ਉਸ ਸਮੇਂ ਮੈਂ ਸਾਰੀਆਂ ਕੌਮਾਂ ਨੂੰ ਇਕੱਠਿਆਂ ਕਰਾਂਗਾ ਅਤੇ ਉਹਨਾਂ ਨੂੰ ਯਹੋਸ਼ਾਫਾਟ ਦੀ ਘਾਟੀ ਵਿੱਚ ਉਤਾਰ ਲਿਆਵਾਂਗਾ, ਅਤੇ ਉੱਥੇ ਮੈਂ ਆਪਣੀ ਪਰਜਾ ਅਤੇ ਆਪਣੇ ਨਿੱਜ-ਭਾਗ ਇਸਰਾਏਲ ਦੇ ਕਾਰਨ ਉਹਨਾਂ ਦਾ ਨਿਆਂ ਕਰਾਂਗਾ, ਕਿਉਂ ਜੋ ਉਹਨਾਂ ਨੇ ਉਨ੍ਹਾਂ ਨੂੰ ਕੌਮਾਂ ਵਿੱਚ ਖਿਲਾਰ ਦਿੱਤਾ ਅਤੇ ਮੇਰੇ ਦੇਸ਼ ਨੂੰ ਵੰਡ ਲਿਆ,3ਅਤੇ ਮੇਰੀ ਪਰਜਾ ਉੱਤੇ ਪਰਚੀਆਂ ਪਾਈਆਂ ਅਤੇ ਇੱਕ ਮੁੰਡਾ ਵੇਸਵਾ ਦੇ ਬਦਲੇ ਵਿੱਚ ਦੇ ਦਿੱਤਾ ਅਤੇ ਮਧ ਪੀਣ ਲਈ ਇੱਕ ਕੁੜੀ ਵੇਚ ਦਿੱਤੀ !

4ਹੇ ਸੂਰ ਅਤੇ ਸੀਦੋਨ ਅਤੇ ਫ਼ਲਿਸਤ ਦੇ ਸਾਰੇ ਇਲਾਕਿਓ, ਤੁਹਾਡਾ ਮੇਰੇ ਨਾਲ ਕੀ ਕੰਮ ? ਕੀ ਤੁਸੀਂ ਮੈਨੂੰ ਬਦਲਾ ਦਿਓਗੇ ? ਜੇਕਰ ਤੁਸੀਂ ਮੈਨੂੰ ਬਦਲਾ ਵੀ ਦਿਓ, ਤਾਂ ਮੈਂ ਝੱਟ ਹੀ ਤੁਹਾਡੇ ਸਿਰ ਉੱਤੇ ਤੁਹਾਡਾ ਬਦਲਾ ਮੋੜ ਦਿਆਂਗਾ !5ਕਿਉਂ ਜੋ ਤੁਸੀਂ ਮੇਰੀ ਚਾਂਦੀ ਅਤੇ ਮੇਰਾ ਸੋਨਾ ਲੈ ਲਿਆ ਅਤੇ ਮੇਰੇ ਮਨਭਾਉਂਦੇ ਪਦਾਰਥ ਆਪਣੇ ਮੰਦਰਾਂ ਵਿੱਚ ਲੈ ਗਏ6ਅਤੇ ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਨੂੰ ਯੂਨਾਨੀਆਂ ਕੋਲ ਇਸ ਲਈ ਵੇਚ ਦਿੱਤਾ ਤਾਂ ਜੋ ਤੁਸੀਂ ਉਹਨਾਂ ਨੂੰ ਉਹਨਾਂ ਦੀ ਹੱਦ ਤੋਂ ਦੂਰ ਕਰੋ ।
7ਇਸ ਲਈ ਵੇਖੋ, ਮੈਂ ਉਹਨਾਂ ਨੂੰ ਉਸ ਥਾਂ ਤੋਂ ਜਿੱਥੇ ਤੁਸੀਂ ਉਹਨਾਂ ਨੂੰ ਵੇਚ ਦਿੱਤਾ, ਉਠਾਵਾਂਗਾ ਅਤੇ ਤੁਹਾਡਾ ਬਦਲਾ ਤੁਹਾਡੇ ਸਿਰਾਂ ਉੱਤੇ ਮੋੜ ਦਿਆਂਗਾ8ਅਤੇ ਮੈਂ ਤੁਹਾਡੇ ਪੁੱਤਰਾਂ ਅਤੇ ਤੁਹਾਡੀਆਂ ਧੀਆਂ ਨੂੰ ਯਹੂਦੀਆਂ ਦੇ ਹੱਥ ਵੇਚਾਂਗਾ ਅਤੇ ਉਹ ਉਹਨਾਂ ਨੂੰ ਸ਼ਬਾਈਆਂ ਕੋਲ ਜੋ ਇੱਕ ਦੂਰ ਦੇਸ਼ ਦੀ ਕੌਮ ਹੈ, ਵੇਚਣਗੇ ਕਿਉਂ ਜੋ ਯਹੋਵਾਹ ਨੇ ਇਹ ਆਖਿਆ ਹੈ !

9ਕੌਮਾਂ ਵਿੱਚ ਇਸ ਗੱਲ ਦੀ ਘੋਸ਼ਣਾ ਕਰੋ, ਲੜਾਈ ਦੀ ਤਿਆਰੀ ਕਰੋ, ਸੂਰਮਿਆਂ ਨੂੰ ਪਰੇਰੋ, ਤਾਂ ਜੋ ਸਾਰੇ ਯੋਧੇ ਨੇੜੇ ਆਉਣ, ਉਹ ਉਤਾਹਾਂ ਆਉਣ !10ਤੁਸੀਂ ਆਪਣਿਆਂ ਹਲਾਂ ਦੀ ਫਾਲ ਨੂੰ ਕੁੱਟ ਕੇ ਤਲਵਾਰਾਂ ਅਤੇ ਆਪਣਿਆਂ ਦਾਤਰਿਆਂ ਨੂੰ ਬਰਛੀਆਂ ਬਣਾਓ ! ਅਤੇ ਜੋ ਕਮਜ਼ੋਰ ਹੈ, ਉਹ ਆਖੇ, ਮੈਂ ਸੂਰਬੀਰ ਹਾਂ !

11ਹੇ ਆਲੇ-ਦੁਆਲੇ ਦੀਓ ਸਾਰੀਓ ਕੌਮੋ, ਛੇਤੀ ਨਾਲ ਆਓ ਅਤੇ ਇਕੱਠਿਆਂ ਹੋ ਜਾਓ ! ਹੇ ਯਹੋਵਾਹ, ਉੱਥੇ ਆਪਣੇ ਸੂਰਬੀਰਾਂ ਨੂੰ ਉਤਾਰ ਦੇ ।
12ਕੌਮਾਂ ਆਪਣੇ ਆਪ ਨੂੰ ਉਕਸਾਉਣ ਅਤੇ ਯਹੋਸ਼ਾਫਾਟ ਦੀ ਘਾਟੀ ਵਿੱਚ ਜਾਣ, ਕਿਉਂ ਜੋ ਮੈਂ ਉੱਥੇ ਬੈਠ ਕੇ ਆਲੇ-ਦੁਆਲੇ ਦੀਆਂ ਸਾਰੀਆਂ ਕੌਮਾਂ ਦਾ ਨਿਆਂ ਕਰਾਂਗਾ ।

13ਦਾਤੀ ਚਲਾਓ ਕਿਉਂ ਜੋ ਫ਼ਸਲ ਪੱਕ ਗਈ ਹੈ । ਆਓ, ਦਾਖਾਂ ਨੂੰ ਮਿੱਧੋ ਕਿਉਂਕਿ ਹੌਦ ਭਰ ਗਈ ਹੈ, ਮਟਕੇ ਭਰ-ਭਰ ਉੱਛਲਦੇ ਹਨ, ਕਿਉਂ ਜੋ ਉਹਨਾਂ ਦੀ ਬੁਰਿਆਈ ਬਹੁਤ ਵੱਡੀ ਹੈ ।

14ਨਬੇੜੇ ਦੀ ਘਾਟੀ ਵਿੱਚ ਭੀੜਾਂ ਦੀਆਂ ਭੀੜਾਂ ! ਕਿਉਂ ਜੋ ਨਬੇੜੇ ਦੀ ਘਾਟੀ ਵਿੱਚ ਯਹੋਵਾਹ ਦਾ ਦਿਨ ਨੇੜੇ ਹੈ !15ਸੂਰਜ ਅਤੇ ਚੰਦ ਕਾਲੇ ਹੋ ਗਏ ਹਨ, ਤਾਰੇ ਆਪਣੀ ਚਮਕ ਨਹੀਂ ਦਿੰਦੇ !
ਪਰਮੇਸ਼ੁਰ ਆਪਣੇ ਲੋਕਾਂ ਨੂੰ ਬਰਕਤ ਦੇਵੇਗਾ

16ਯਹੋਵਾਹ ਸੀਯੋਨ ਤੋਂ ਗੱਜੇਗਾ ਅਤੇ ਯਰੂਸ਼ਲਮ ਤੋਂ ਆਪਣੀ ਵੱਡੀ ਅਵਾਜ਼ ਸੁਣਾਵੇਗਾ, ਅਕਾਸ਼ ਅਤੇ ਧਰਤੀ ਕੰਬਣਗੇ ਪਰ ਯਹੋਵਾਹ ਆਪਣੀ ਪਰਜਾ ਲਈ ਪਨਾਹ ਅਤੇ ਇਸਰਾਏਲੀਆਂ ਲਈ ਗੜ੍ਹ ਹੋਵੇਗਾ ।

17ਤਦ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ, ਜੋ ਆਪਣੇ ਪਵਿੱਤਰ ਪਹਾੜ ਸੀਯੋਨ ਵਿੱਚ ਵੱਸਦਾ ਹਾਂ, ਯਰੂਸ਼ਲਮ ਪਵਿੱਤਰ ਹੋਵੇਗਾ, ਅਤੇ ਓਪਰੇ ਉਸ ਦੇ ਵਿੱਚੋਂ ਫੇਰ ਕਦੇ ਨਾ ਲੰਘਣਗੇ ।

18ਉਸ ਦਿਨ ਅਜਿਹਾ ਹੋਵੇਗਾ ਕਿ ਪਹਾੜਾਂ ਤੋਂ ਮਿੱਠੀ ਮਧ ਚੋਵੇਗੀ ਅਤੇ ਟਿੱਲਿਆਂ ਤੋਂ ਦੁੱਧ ਵਗੇਗਾ, ਯਹੂਦਾਹ ਦੀਆਂ ਸਾਰੀਆਂ ਨਦੀਆਂ ਵਿੱਚ ਪਾਣੀ ਵਗੇਗਾ, ਯਹੋਵਾਹ ਦੇ ਭਵਨ ਤੋਂ ਇੱਕ ਚਸ਼ਮਾ ਨਿੱਕਲੇਗਾ ਅਤੇ ਸ਼ਿੱਟੀਮ ਦੀ ਵਾਦੀ ਨੂੰ ਸਿੰਜੇਗਾ ।

19ਯਹੂਦਾਹ ਦੇ ਵੰਸ਼ ਉੱਤੇ ਜ਼ੁਲਮ ਕਰਨ ਦੇ ਕਾਰਨ, ਮਿਸਰ ਵਿਰਾਨ ਹੋ ਜਾਵੇਗਾ ਅਤੇ ਅਦੋਮ ਇੱਕ ਸੁੰਨਸਾਨ ਉਜਾੜ ਹੋ ਜਾਵੇਗਾ, ਕਿਉਂ ਜੋ ਉਹਨਾਂ ਨੇ ਉਹਨਾਂ ਦੇ ਦੇਸ਼ ਵਿੱਚ ਨਿਰਦੋਸ਼ ਲਹੂ ਵਹਾਇਆ ।
20ਪਰ ਯਹੂਦਾਹ ਸਦਾ ਲਈ ਅਤੇ ਯਰੂਸ਼ਲਮ ਪੀੜ੍ਹੀਓਂ ਪੀੜ੍ਹੀ ਵੱਸਿਆ ਰਹੇਗਾ ।21ਮੈਂ ਉਹਨਾਂ ਨੂੰ ਖ਼ੂਨ ਦੇ ਦੋਸ਼ ਤੋਂ ਨਿਰਦੋਸ਼ ਠਹਿਰਾਵਾਂਗਾ, ਜਿਹੜਾ ਮੈਂ ਹੁਣ ਤੱਕ ਨਿਰਦੋਸ਼ ਨਹੀਂ ਠਹਿਰਾਇਆ ਸੀ, ਕਿਉਂ ਜੋ ਯਹੋਵਾਹ ਸੀਯੋਨ ਵਿੱਚ ਵੱਸਦਾ ਹੈ ।

ਆਮੋਸ

1

1ਆਮੋਸ ਦੇ ਬਚਨ, ਜਿਹੜੀ ਤਕੋਆ ਦੇ ਚਰਵਾਹਿਆਂ ਵਿੱਚੋਂ ਸੀ, ਜਿਸ ਦਾ ਉਸ ਨੇ ਇਸਰਾਏਲ ਦੇ ਵਿਖੇ ਦਰਸ਼ਣ ਪਾਇਆ । ਇਹ ਯਹੂਦਾਹ ਦੇ ਰਾਜੇ ਊਜ਼ੀਯਾਹ ਦੇ ਦਿਨਾਂ ਵਿੱਚ ਅਤੇ ਯੋਆਸ਼ ਦੇ ਪੁੱਤਰ ਯਾਰਾਬੁਆਮ, ਇਸਰਾਏਲ ਦੇ ਰਾਜੇ ਦੇ ਦਿਨਾਂ ਵਿੱਚ ਭੁਚਾਲ ਤੋਂ ਦੋ ਸਾਲ ਪਹਿਲਾਂ ਹੋਇਆ ।

2ਉਸ ਨੇ ਕਿਹਾ, "ਯਹੋਵਾਹ ਸੀਯੋਨ ਤੋਂ ਗੱਜੇਗਾ ਅਤੇ ਯਰੂਸ਼ਲਮ ਤੋਂ ਆਪਣਾ ਸ਼ਬਦ ਸੁਣਾਵੇਗਾ, ਤਾਂ ਚਰਵਾਹਿਆਂ ਦੀਆਂ ਚਾਰਗਾਹਾਂ ਸੋਗ ਕਰਨਗੀਆਂ ਅਤੇ ਕਰਮਲ ਦੀ ਚੋਟੀ ਸੁੱਕ ਜਾਵੇਗੀ ।"
ਇਸਰਾਏਲ ਦੇ ਗੁਆਂਢੀ ਰਾਜਾਂ ਦਾ ਨਿਆਂ
ਅਰਾਮ

3ਯਹੋਵਾਹ ਇਹ ਫ਼ਰਮਾਉਂਦਾ ਹੈ, "ਦੰਮਿਸਕ ਦੇ ਤਿੰਨ ਅਪਰਾਧਾਂ ਦੇ ਕਾਰਨ, ਸਗੋਂ ਚਾਰ ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ, ਕਿਉਂ ਜੋ ਉਨ੍ਹਾਂ ਨੇ ਗਿਲਆਦ ਨੂੰ ਲੋਹੇ ਦੇ ਸੰਦਾਂ ਨਾਲ ਕੁਚਲਿਆ ਹੈ ।4ਇਸ ਲਈ ਮੈਂ ਹਜ਼ਾਏਲ ਦੇ ਮਹਿਲ ਵਿੱਚ ਅੱਗ ਭੇਜਾਂਗਾ ਅਤੇ ਉਹ ਬਨ-ਹਦਦ ਦੇ ਗੜ੍ਹਾਂ ਨੂੰ ਵੀ ਭਸਮ ਕਰੇਗੀ ।
5ਮੈਂ ਦੰਮਿਸਕ ਦੇ ਅਰਲਾਂ ਨੂੰ ਤੋੜ ਦਿਆਂਗਾ ਅਤੇ ਮੈਂ ਆਵਨ ਦੀ ਘਾਟੀ ਦੇ ਵਾਸੀਆਂ ਨੂੰ ਅਤੇ ਅਦਨ ਦੇ ਘਰਾਣੇ ਤੋਂ ਸ਼ਾਹੀ ਆੱਸਾ ਫੜਨ ਵਾਲੇ ਨੂੰ ਨਾਸ਼ ਕਰਾਂਗਾ ਅਤੇ ਅਰਾਮ ਦੇ ਲੋਕ ਗ਼ੁਲਾਮ ਹੋ ਕੇ ਕੀਰ ਨੂੰ ਜਾਣਗੇ", ਯਹੋਵਾਹ ਦੀ ਇਹੋ ਬਾਣੀ ਹੈ ।
ਫ਼ਲਿਸਤ

6ਯਹੋਵਾਹ ਇਹ ਫ਼ਰਮਾਉਂਦਾ ਹੈ, "ਅੱਜ਼ਾਹ ਦੇ ਤਿੰਨ ਅਪਰਾਧਾਂ ਦੇ ਕਾਰਨ, ਸਗੋਂ ਚਾਰ ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ, ਕਿਉਂ ਜੋ ਉਹ ਇੱਕ ਪੂਰੀ ਕੌਮ ਨੂੰ ਗ਼ੁਲਾਮੀ ਵਿੱਚ ਲੈ ਗਏ ਤਾਂ ਜੋ ਉਨ੍ਹਾਂ ਨੂੰ ਅਦੋਮ ਦੇ ਹਵਾਲੇ ਕਰਨ ।7ਇਸ ਲਈ ਮੈਂ ਅੱਜ਼ਾਹ ਦੀ ਸ਼ਹਿਰਪਨਾਹ ਉੱਤੇ ਅੱਗ ਭੇਜਾਂਗਾ ਅਤੇ ਉਹ ਉਸ ਦੇ ਗੜ੍ਹਾਂ ਨੂੰ ਭਸਮ ਕਰੇਗੀ ।
8ਮੈਂ ਅਸ਼ਦੋਦ ਦੇ ਵਾਸੀਆਂ ਨੂੰ ਅਤੇ ਅਸ਼ਕਲੋਨ ਤੋਂ ਸ਼ਾਹੀ ਆੱਸਾ ਫੜਨ ਵਾਲੇ ਨੂੰ ਨਾਸ਼ ਕਰਾਂਗਾ, ਮੈਂ ਅਕਰੋਨ ਦੇ ਵਿਰੁੱਧ ਆਪਣਾ ਹੱਥ ਚਲਾਵਾਂਗਾ ਅਤੇ ਫ਼ਲਿਸਤੀਆਂ ਦੇ ਬਚੇ ਹੋਏ ਲੋਕ ਨਾਸ਼ ਹੋ ਜਾਣਗੇ", ਪ੍ਰਭੂ ਯਹੋਵਾਹ ਦੀ ਇਹੋ ਬਾਣੀ ਹੈ ।
ਸੂਰ

9ਯਹੋਵਾਹ ਇਹ ਫ਼ਰਮਾਉਂਦਾ ਹੈ, "ਸੂਰ ਦੇ ਤਿੰਨ ਅਪਰਾਧਾਂ ਦੇ ਕਾਰਨ, ਸਗੋਂ ਚਾਰ ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ ਕਿਉਂ ਜੋ ਉਨ੍ਹਾਂ ਨੇ ਇੱਕ ਪੂਰੀ ਕੌਮ ਨੂੰ ਅਦੋਮ ਦੇ ਹਵਾਲੇ ਕਰ ਦਿੱਤਾ ਅਤੇ ਭਾਈਚਾਰੇ ਦਾ ਨੇਮ ਯਾਦ ਨਾ ਰੱਖਿਆ ।10ਇਸ ਲਈ ਮੈਂ ਸੂਰ ਦੀ ਸ਼ਹਿਰਪਨਾਹ ਉੱਤੇ ਅੱਗ ਭੇਜਾਂਗਾ ਅਤੇ ਉਹ ਉਸ ਦੇ ਗੜ੍ਹਾਂ ਨੂੰ ਭਸਮ ਕਰੇਗੀ ।"
ਅਦੋਮ

11ਯਹੋਵਾਹ ਇਹ ਫ਼ਰਮਾਉਂਦਾ ਹੈ, "ਅਦੋਮ ਦੇ ਤਿੰਨ ਅਪਰਾਧਾਂ ਦੇ ਕਾਰਨ, ਸਗੋਂ ਚਾਰ ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ, ਕਿਉਂ ਜੋ ਉਸ ਨੇ ਤਲਵਾਰ ਨਾਲ ਆਪਣੇ ਭਰਾ ਦਾ ਪਿੱਛਾ ਕੀਤਾ ਅਤੇ ਆਪਣੀ ਦਯਾ ਨੂੰ ਛੱਡ ਦਿੱਤਾ, ਉਸ ਦਾ ਕ੍ਰੋਧ ਸਦਾ ਭੜਕਿਆ ਹੀ ਰਿਹਾ, ਅਤੇ ਉਸ ਨੇ ਆਪਣਾ ਕਹਿਰ ਸਦਾ ਲਈ ਰੱਖ ਛੱਡਿਆ ।12ਇਸ ਲਈ ਮੈਂ ਤੇਮਾਨ ਉੱਤੇ ਅੱਗ ਭੇਜਾਂਗਾ ਅਤੇ ਉਹ ਬਾਸਰਾਹ ਦੇ ਗੜ੍ਹਾਂ ਨੂੰ ਭਸਮ ਕਰੇਗੀ ।"
ਅੰਮੋਨ

13ਯਹੋਵਾਹ ਇਹ ਫ਼ਰਮਾਉਂਦਾ ਹੈ, "ਅੰਮੋਨੀਆਂ ਦੇ ਤਿੰਨ ਅਪਰਾਧਾਂ ਦੇ ਕਾਰਨ, ਸਗੋਂ ਚਾਰ ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ, ਕਿਉਂ ਜੋ ਉਨ੍ਹਾਂ ਨੇ ਆਪਣੀ ਹੱਦ ਵਧਾਉਣ ਲਈ ਗਿਲਆਦ ਦੀਆਂ ਗਰਭਵਤੀਆਂ ਨੂੰ ਚੀਰ ਦਿੱਤਾ ।
14ਮੈਂ ਰੱਬਾਹ ਦੀ ਸ਼ਹਿਰਪਨਾਹ ਵਿੱਚ ਅੱਗ ਲਾਵਾਂਗਾ ਅਤੇ ਉਹ ਉਸ ਦੇ ਗੜ੍ਹਾਂ ਨੂੰ ਭਸਮ ਕਰੇਗੀ । ਯੁੱਧ ਦੇ ਦਿਨ ਲਲਕਾਰ ਹੋਵੇਗੀ ਸਗੋਂ ਵਾਵਰੋਲੇ ਅਤੇ ਤੂਫ਼ਾਨ ਦਾ ਇੱਕ ਦਿਨ ਹੋਵੇਗਾ ।15ਉਨ੍ਹਾਂ ਦਾ ਰਾਜਾ ਆਪਣੇ ਹਾਕਮਾਂ ਸਮੇਤ ਗ਼ੁਲਾਮੀ ਵਿੱਚ ਜਾਵੇਗਾ, ਯਹੋਵਾਹ ਦੀ ਇਹੋ ਬਾਣੀ ਹੈ ।"

2
ਮੋਆਬ

1ਯਹੋਵਾਹ ਇਹ ਫ਼ਰਮਾਉਂਦਾ ਹੈ, "ਮੋਆਬ ਦੇ ਤਿੰਨ ਅਪਰਾਧਾਂ ਦੇ ਕਾਰਨ, ਸਗੋਂ ਚਾਰ ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ, ਕਿਉਂ ਜੋ ਉਹ ਨੇ ਆਦੋਮ ਦੇ ਰਾਜੇ ਦੀਆਂ ਹੱਡੀਆਂ ਨੂੰ ਸਾੜ ਕੇ ਚੂਨਾ ਕਰ ਦਿੱਤਾ ।

2ਇਸ ਲਈ ਮੈਂ ਮੋਆਬ ਉੱਤੇ ਅੱਗ ਭੇਜਾਂਗਾ ਅਤੇ ਉਹ ਕਰੀਯੋਥ ਦੇ ਗੜ੍ਹਾਂ ਨੂੰ ਭਸਮ ਕਰੇਗੀ ਅਤੇ ਮੋਆਬ ਚੀਕ-ਚਿਹਾੜੇ ਨਾਲ ਅਤੇ ਯੁੱਧ ਦੀ ਲਲਕਾਰ ਅਤੇ ਤੁਰ੍ਹੀ ਦੀ ਵੱਡੀ ਅਵਾਜ਼ ਨਾਲ ਮਰ ਜਾਵੇਗਾ ।3ਮੈਂ ਉਹ ਦੇ ਵਿੱਚੋਂ ਨਿਆਈ ਵੱਢ ਸੁੱਟਾਂਗਾ ਅਤੇ ਉਸ ਦੇ ਨਾਲ ਉਹ ਦੇ ਸਾਰੇ ਹਾਕਮਾਂ ਨੂੰ ਵੀ ਕਤਲ ਕਰਾਂਗਾ", ਯਹੋਵਾਹ ਦੀ ਇਹੋ ਬਾਣੀ ਹੈ ।
ਯਹੂਦਾਹ

4ਯਹੋਵਾਹ ਇਹ ਫ਼ਰਮਾਉਂਦਾ ਹੈ, "ਯਹੂਦਾਹ ਦੇ ਤਿੰਨ ਅਪਰਾਧਾਂ ਦੇ ਕਾਰਨ, ਸਗੋਂ ਚਾਰ ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ, ਕਿਉਂ ਜੋ ਉਹਨਾਂ ਨੇ ਯਹੋਵਾਹ ਦੀ ਬਿਵਸਥਾ ਨੂੰ ਤੁੱਛ ਜਾਣਿਆ ਅਤੇ ਉਸ ਦੀਆਂ ਬਿਧੀਆਂ ਦੀ ਪਾਲਨਾ ਨਹੀਂ ਕੀਤੀ ਅਤੇ ਉਹਨਾਂ ਦੇ ਝੂਠੇ ਦੇਵਤਿਆਂ ਨੇ ਉਹਨਾਂ ਨੂੰ ਭਟਕਾ ਦਿੱਤਾ, ਜਿਨ੍ਹਾਂ ਦੇ ਪਿੱਛੇ ਉਹਨਾਂ ਦੇ ਪਿਉ-ਦਾਦੇ ਵੀ ਚਲਦੇ ਸਨ ।5ਮੈਂ ਯਹੂਦਾਹ ਉੱਤੇ ਅੱਗ ਭੇਜਾਂਗਾ ਜੋ ਯਰੂਸ਼ਲਮ ਦੇ ਗੜ੍ਹਾਂ ਨੂੰ ਭਸਮ ਕਰੇਗੀ ।"
ਇਸਰਾਏਲ ਦਾ ਨਿਆਂ

6ਯਹੋਵਾਹ ਇਹ ਫ਼ਰਮਾਉਂਦਾ ਹੈ, "ਇਸਰਾਏਲ ਦੇ ਤਿੰਨ ਅਪਰਾਧਾਂ ਦੇ ਕਾਰਨ, ਸਗੋਂ ਚਾਰ ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ, ਕਿਉਂ ਜੋ ਉਹਨਾਂ ਨੇ ਧਰਮੀ ਨੂੰ ਚਾਂਦੀ ਲਈ ਅਤੇ ਕੰਗਾਲ ਨੂੰ ਜੁੱਤੀਆਂ ਦੇ ਇੱਕ ਜੋੜੇ ਲਈ ਵੇਚ ਦਿੱਤਾ ।
7ਉਹ ਗਰੀਬਾਂ ਦੇ ਸਿਰ ਦੀ ਸਿੱਕਰੀ ਦਾ ਵੀ ਲਾਲਚ ਕਰਦੇ ਹਨ ਅਤੇ ਉਹ ਕੁਚਲੇ ਹੋਇਆਂ ਨੂੰ ਰਾਹ ਤੋਂ ਹਟਾ ਦਿੰਦੇ ਹਨ, ਪਿਉ ਅਤੇ ਪੁੱਤਰ ਇੱਕੋ ਹੀ ਕੁੜੀ ਦੇ ਕੋਲ ਜਾਂਦੇ ਹਨ, ਤਾਂ ਜੋ ਉਹ ਮੇਰੇ ਪਵਿੱਤਰ ਨਾਮ ਨੂੰ ਭ੍ਰਿਸ਼ਟ ਕਰਨ ।8ਉਹ ਹਰ ਜਗਵੇਦੀ ਕੋਲ ਗਿਰਵੀ ਰੱਖੇ ਹੋਏ ਬਸਤਰਾਂ ਉੱਤੇ ਲੇਟਦੇ ਹਨ ਅਤੇ ਜੁਰਮਾਨੇ ਦੇ ਪੈਸਿਆਂ ਨਾਲ ਖਰੀਦੀ ਹੋਈ ਮਧ ਆਪਣੇ ਦੇਵਤਿਆਂ ਦੇ ਭਵਨ ਵਿੱਚ ਪੀਂਦੇ ਹਨ ।

9ਮੈਂ ਅਮੋਰੀਆਂ ਨੂੰ ਉਹਨਾਂ ਦੇ ਸਾਹਮਣੇ ਬਰਬਾਦ ਕੀਤਾ, ਜਿਨ੍ਹਾਂ ਦਾ ਕੱਦ ਦਿਆਰਾਂ ਦੇ ਕੱਦ ਵਰਗਾ ਸੀ ਅਤੇ ਜਿਹੜੇ ਬਲੂਤਾਂ ਵਾਂਗੂੰ ਬਲਵਾਨ ਸਨ, ਫਿਰ ਵੀ ਮੈਂ ਉੱਪਰੋਂ ਉਨ੍ਹਾਂ ਦਾ ਫਲ ਅਤੇ ਹੇਠੋਂ ਉਨ੍ਹਾਂ ਦੀਆਂ ਜੜ੍ਹਾਂ ਨੂੰ ਨਾਸ਼ ਕੀਤਾ ।10ਮੈਂ ਤੁਹਾਨੂੰ ਮਿਸਰ ਦੇਸ਼ ਤੋਂ ਕੱਢ ਲਿਆਇਆ ਅਤੇ ਚਾਲ੍ਹੀ ਸਾਲਾਂ ਤੱਕ ਜੰਗਲ ਵਿੱਚ ਲਈ ਫਿਰਿਆ ਤਾਂ ਜੋ ਤੁਸੀਂ ਅਮੋਰੀਆਂ ਦੇ ਦੇਸ਼ ਦੇ ਅਧਿਕਾਰੀ ਹੋ ਜਾਓ ।
11ਮੈਂ ਤੁਹਾਡੇ ਪੁੱਤਰਾਂ ਵਿੱਚੋਂ ਨਬੀ ਅਤੇ ਤੁਹਾਡੇ ਜਵਾਨਾਂ ਵਿੱਚੋਂ ਨਜ਼ੀਰ ਠਹਿਰਾਏ । ਹੇ ਇਸਰਾਏਲੀਓ, ਕੀ ਇਹ ਸੱਚ ਨਹੀਂ ਹੈ ? " ਯਹੋਵਾਹ ਦੀ ਇਹੋ ਬਾਣੀ ਹੈ ।

12ਪਰ ਤੁਸੀਂ ਨਜ਼ੀਰਾਂ ਨੂੰ ਮਧ ਪਿਲਾਈ ਅਤੇ ਨਬੀਆਂ ਨੂੰ ਹੁਕਮ ਦਿੱਤਾ, ਭਵਿੱਖਬਾਣੀ ਨਾ ਕਰੋ !

13"ਵੇਖੋ, ਮੈਂ ਤੁਹਾਨੂੰ ਅਜਿਹਾ ਦਬਾਵਾਂਗਾ, ਜਿਵੇਂ ਪੂਲਿਆਂ ਨਾਲ ਭਰਿਆ ਹੋਇਆ ਗੱਡਾ ਦੱਬ ਜਾਂਦਾ ਹੈ ।14ਤੇਜ਼ ਦੌੜਨ ਵਾਲਿਆਂ ਨੂੰ ਭੱਜਣ ਲਈ ਸਥਾਨ ਨਾ ਮਿਲੇਗਾ ਅਤੇ ਬਲਵਾਨ ਦਾ ਬਲ ਕਾਇਮ ਨਾ ਰਹੇਗਾ ਅਤੇ ਸੂਰਮਾ ਆਪਣੀ ਜਾਨ ਨਾ ਬਚਾ ਸਕੇਗਾ ।
15ਧਣੁੱਖਧਾਰੀ ਖੜ੍ਹਾ ਨਾ ਰਹਿ ਸਕੇਗਾ, ਤੇਜ਼ ਦੌੜਨ ਵਾਲਾ ਨਾ ਬਚ ਸਕੇਗਾ, ਨਾ ਹੀ ਘੋੜ ਸਵਾਰ ਆਪਣੀ ਜਾਨ ਬਚਾ ਸਕੇਗਾ ।16ਸੂਰਮਿਆਂ ਵਿੱਚੋਂ ਸਭ ਤੋਂ ਦਲੇਰ ਉਸ ਦਿਨ ਨੰਗਾ ਭੱਜ ਜਾਵੇਗਾ", ਯਹੋਵਾਹ ਦੀ ਇਹੋ ਬਾਣੀ ਹੈ ।

3

1ਹੇ ਇਸਰਾਏਲੀਓ, ਇਹ ਬਚਨ ਸੁਣੋ ਜਿਹੜਾ ਯਹੋਵਾਹ ਨੇ ਤੁਹਾਡੇ ਵਿਰੁੱਧ ਅਰਥਾਤ ਉਸ ਸਾਰੇ ਘਰਾਣੇ ਦੇ ਵਿਰੁੱਧ ਬੋਲਿਆ ਹੈ ਜਿਸ ਨੂੰ ਮੈਂ ਮਿਸਰ ਦੇਸ਼ ਤੋਂ ਕੱਢ ਲਿਆਇਆ,2"ਧਰਤੀ ਦੇ ਸਾਰੇ ਘਰਾਣਿਆਂ ਵਿੱਚੋਂ ਮੈਂ ਸਿਰਫ਼ ਤੁਹਾਨੂੰ ਹੀ ਚੁਣਿਆ ਹੈ, ਇਸ ਲਈ ਮੈਂ ਤੁਹਾਡੇ ਸਾਰੇ ਅਪਰਾਧਾਂ ਦੀ ਸਜ਼ਾ ਤੁਹਾਡੇ ਉੱਤੇ ਲਿਆਵਾਂਗਾ !"

ਨਬੀ ਦਾ ਕੰਮ

3"ਭਲਾ, ਦੋ ਮਨੁੱਖ ਇਕੱਠੇ ਚੱਲ ਸਕਦੇ ਹਨ, ਜੇ ਉਹ ਸਹਿਮਤ ਨਾ ਹੋਣ ?4ਕੀ ਬੱਬਰ ਸ਼ੇਰ ਬਿਨ੍ਹਾਂ ਕੋਈ ਸ਼ਿਕਾਰ ਮਿਲੇ ਜੰਗਲ ਵਿੱਚ ਗੱਜੇਗਾ ? ਕੀ ਜੁਆਨ ਸ਼ੇਰ ਬਿਨ੍ਹਾਂ ਕੁਝ ਫੜ੍ਹੇ ਆਪਣੀ ਗੁਫ਼ਾ ਵਿੱਚੋਂ ਅਵਾਜ਼ ਕੱਢੇਗਾ ?
5ਭਲਾ, ਪੰਛੀ ਧਰਤੀ ਉੱਤੇ ਬਿਨ੍ਹਾਂ ਜਾਲ ਵਿਛਾਏ ਉਸ ਵਿੱਚ ਫਸੇਗਾ ? ਕੀ ਬਿਨ੍ਹਾਂ ਕੁਝ ਫੜ੍ਹੇ ਜਾਲ ਧਰਤੀ ਉੱਤੋਂ ਉੱਛਲੇਗਾ ?6ਭਲਾ, ਸ਼ਹਿਰ ਵਿੱਚ ਤੁਰ੍ਹੀ ਫੂਕੀ ਜਾਵੇ ਅਤੇ ਲੋਕ ਨਾ ਡਰਨ ? ਭਲਾ, ਜੇ ਯਹੋਵਾਹ ਨਾ ਭੇਜੇ ਤਾਂ ਕੀ ਕੋਈ ਬਿਪਤਾ ਕਿਸੇ ਸ਼ਹਿਰ ਉੱਤੇ ਆਵੇਗੀ ?
7ਸੱਚ-ਮੁੱਚ ਪ੍ਰਭੂ ਯਹੋਵਾਹ ਆਪਣੇ ਸੇਵਕ ਨਬੀਆਂ ਉੱਤੇ ਆਪਣਾ ਭੇਤ ਪਰਗਟ ਕੀਤੇ ਬਿਨ੍ਹਾਂ ਕੋਈ ਕੰਮ ਨਹੀਂ ਕਰੇਗਾ ।8ਬੱਬਰ ਸ਼ੇਰ ਗੱਜਿਆ ਹੈ, ਕੌਣ ਨਾ ਡਰੇਗਾ ? ਪ੍ਰਭੂ ਯਹੋਵਾਹ ਬੋਲਿਆ, ਕੌਣ ਭਵਿੱਖਬਾਣੀ ਨਾ ਕਰੇਗਾ ? "
ਸਾਮਰਿਯਾ ਦਾ ਵਿਨਾਸ਼

9ਅਸ਼ਦੋਦ ਦੇ ਗੜ੍ਹਾਂ ਨੂੰ ਅਤੇ ਮਿਸਰ ਦੇਸ਼ ਦੇ ਸ਼ਾਹੀ ਮਹਿਲਾਂ ਨੂੰ ਪ੍ਰਚਾਰ ਕਰਕੇ ਆਖੋ, "ਸਾਮਰਿਯਾ ਦੇ ਪਹਾੜਾਂ ਉੱਤੇ ਇਕੱਠੇ ਹੋ ਜਾਓ ਅਤੇ ਵੇਖੋ ਕਿ ਉਸ ਵਿੱਚ ਕਿੰਨਾਂ ਰੌਲਾ ਹੈ ਅਤੇ ਉਸ ਦੇ ਵਿਚਕਾਰ ਕਿੰਨਾਂ ਜ਼ੁਲਮ ਹੈ !"10ਯਹੋਵਾਹ ਦਾ ਬਚਨ ਹੈ, "ਜਿਹੜੇ ਆਪਣੇ ਗੜ੍ਹਾਂ ਵਿੱਚ ਹਨੇਰ ਅਤੇ ਲੁੱਟ ਦਾ ਮਾਲ ਜਮ੍ਹਾਂ ਕਰਦੇ ਹਨ, ਉਹ ਨੇਕੀ ਕਰਨਾ ਨਹੀਂ ਜਾਣਦੇ ।"
11ਇਸ ਲਈ ਪ੍ਰਭੂ ਯਹੋਵਾਹ ਇਹ ਫ਼ਰਮਾਉਂਦਾ ਹੈ, "ਇੱਕ ਵਿਰੋਧੀ ਦੇਸ਼ ਨੂੰ ਘੇਰ ਲਵੇਗਾ ਅਤੇ ਤੇਰੀ ਸ਼ਕਤੀ ਤੇਰੇ ਤੋਂ ਖੋਹ ਲਵੇਗਾ ਅਤੇ ਤੇਰੇ ਗੜ੍ਹ ਲੁੱਟੇ ਜਾਣਗੇ ।"

12ਯਹੋਵਾਹ ਇਹ ਫ਼ਰਮਾਉਂਦਾ ਹੈ, "ਜਿਵੇਂ ਅਯਾਲੀ ਬੱਬਰ ਸ਼ੇਰ ਦੇ ਮੂੰਹੋਂ ਦੋ ਲੱਤਾਂ ਜਾਂ ਕੰਨ ਦਾ ਟੁੱਕੜਾ ਛੁਡਾ ਲੈਂਦਾ ਹੈ, ਉਸੇ ਤਰ੍ਹਾਂ ਹੀ ਇਸਰਾਏਲੀ ਜਿਹੜੇ ਸਾਮਰਿਯਾ ਵਿੱਚ ਮੰਜੀਆਂ ਦੇ ਸਿਰ੍ਹਿਆਂ ਉੱਤੇ ਅਤੇ ਪਲੰਘਾਂ ਦੇ ਰੇਸ਼ਮੀ ਗੱਦਿਆਂ ਉੱਤੇ ਬੈਠਦੇ ਹਨ, ਉਹ ਵੀ ਛੁਡਾਏ ਜਾਣਗੇ ।"

13ਸੈਨਾਂ ਦੇ ਪਰਮੇਸ਼ੁਰ, ਪ੍ਰਭੂ ਯਹੋਵਾਹ ਦਾ ਵਾਕ ਹੈ, "ਸੁਣੋ ਅਤੇ ਯਾਕੂਬ ਦੇ ਘਰਾਣੇ ਦੇ ਵਿਰੁੱਧ ਇਹ ਗਵਾਹੀ ਦਿਓ,14ਜਿਸ ਦਿਨ ਮੈਂ ਇਸਰਾਏਲ ਦੇ ਅਪਰਾਧਾਂ ਦੀ ਸਜ਼ਾ ਉਸ ਉੱਤੇ ਲਿਆਵਾਂਗਾ, ਉਸੇ ਦਿਨ ਮੈਂ ਬੈਤਏਲ ਦੀਆਂ ਜਗਵੇਦੀਆਂ ਨੂੰ ਵੀ ਨਾਸ਼ ਕਰਾਂਗਾ ਅਤੇ ਜਗਵੇਦੀ ਦੇ ਸਿੰਗ ਕੱਟੇ ਜਾਣਗੇ ਅਤੇ ਉਹ ਧਰਤੀ ਉੱਤੇ ਡਿੱਗ ਪੈਣਗੇ ।
15ਮੈਂ ਸਰਦੀ ਦੇ ਮਹਿਲਾਂ ਅਤੇ ਗਰਮੀ ਦੇ ਮਹਿਲਾਂ ਨੂੰ ਢਾਹ ਦਿਆਂਗਾ, ਹਾਥੀ ਦੰਦ ਨਾਲ ਬਣਾਏ ਹੋਏ ਮਹਿਲ ਵੀ ਬਰਬਾਦ ਹੋ ਜਾਣਗੇ ਅਤੇ ਵੱਡੇ-ਵੱਡੇ ਭਵਨ ਵੀ ਨਾਸ਼ ਹੋਣਗੇ !" ਪ੍ਰਭੂ ਯਹੋਵਾਹ ਦਾ ਵਾਕ ਹੈ ।

4

1"ਹੇ ਬਾਸ਼ਾਨ ਦੀਓ ਗਊਓ, ਇਹ ਬਚਨ ਸੁਣੋ ! ਜਿਹੜੀਆਂ ਸਾਮਰਿਯਾ ਦੇ ਪਹਾੜ ਉੱਤੇ ਹੋ, ਤੁਸੀਂ ਗਰੀਬਾਂ ਨੂੰ ਸਤਾਉਂਦੀਆਂ ਹੋ, ਕੰਗਾਲਾਂ ਨੂੰ ਕੁਚਲਦਿਆਂ ਹੋ ਅਤੇ ਆਪਣੇ ਸੁਆਮੀਆਂ ਨੂੰ ਆਖਦੀਆਂ ਹੋ, 'ਮਧ ਲਿਆਓ ਤਾਂ ਜੋ ਅਸੀਂ ਪੀ ਲਈਏ !'2ਪ੍ਰਭੂ ਯਹੋਵਾਹ ਨੇ ਆਪਣੀ ਪਵਿੱਤਰਤਾਈ ਦੀ ਸੌਂਹ ਖਾਧੀ ਹੈ, "ਵੇਖੋ, ਉਹ ਦਿਨ ਤੁਹਾਡੇ ਉੱਤੇ ਆ ਰਹੇ ਹਨ ਕਿ ਉਹ ਤੁਹਾਨੂੰ ਕੁੰਡੀਆਂ ਨਾਲ, ਸਗੋਂ ਤੁਹਾਡੇ ਬਚੇ ਹੋਇਆਂ ਨੂੰ ਮੱਛੀਆਂ ਦੀਆਂ ਕੁੰਡੀਆਂ ਨਾਲ ਖਿੱਚ ਕੇ ਲੈ ਜਾਣਗੇ !

3ਤੁਸੀਂ ਵਾੜੇ ਦੀਆਂ ਦਰਾਰਾਂ ਵਿੱਚੋਂ ਸਿੱਧੀਆਂ ਨਿੱਕਲ ਜਾਓਗੀਆਂ, ਅਤੇ ਤੁਸੀਂ ਹਰਮੋਨ ਵਿੱਚ ਸੁੱਟੀਆਂ ਜਾਓਗੀਆਂ", ਪ੍ਰਭੂ ਯਹੋਵਾਹ ਦਾ ਵਾਕ ਹੈ ।
ਇਸਰਾਏਲ ਸੁਧਰਣ ਵਿੱਚ ਅਸਫ਼ਲ

4"ਬੈਤਏਲ ਨੂੰ ਆਓ ਅਤੇ ਅਪਰਾਧ ਕਰੋ, ਗਿਲਗਾਲ ਨੂੰ ਆ ਕੇ ਹੋਰ ਅਪਰਾਧ ਕਰੋ ! ਸਵੇਰ ਨੂੰ ਆਪਣੀਆਂ ਬਲੀਆਂ ਅਤੇ ਤੀਜੇ ਦਿਨ ਆਪਣੇ ਦਸਵੰਧ ਲੈ ਆਓ ।5ਧੰਨਵਾਦ ਦੀ ਭੇਟ ਖ਼ਮੀਰ ਮਿਲਾ ਕੇ ਚੜ੍ਹਾਓ ਅਤੇ ਖੁਸ਼ੀ ਦੀਆਂ ਭੇਟਾਂ ਲਈ ਹੋਕਾ ਦਿਓ, ਅਤੇ ਉਨ੍ਹਾਂ ਦਾ ਪ੍ਰਚਾਰ ਕਰੋ ! ਕਿਉਂ ਜੋ, ਹੇ ਇਸਰਾਏਲੀਓ, ਅਜਿਹਾ ਕਰਨਾ ਤੁਹਾਨੂੰ ਪਸੰਦ ਹੈ", ਪ੍ਰਭੂ ਯਹੋਵਾਹ ਦਾ ਵਾਕ ਹੈ ।

6"ਮੈਂ ਤਾਂ ਤੁਹਾਡੇ ਸਾਰੇ ਸ਼ਹਿਰਾਂ ਵਿੱਚ ਦੰਦਾਂ ਦੀ ਸਫ਼ਾਈ ਦਿੱਤੀ ਅਤੇ ਤੁਹਾਡੇ ਸਾਰੇ ਸਥਾਨਾਂ ਵਿੱਚ ਰੋਟੀ ਦੀ ਘਾਟ ਹੈ, ਤਾਂ ਵੀ ਤੁਸੀਂ ਮੇਰੀ ਵੱਲ ਨਾ ਮੁੜੇ", ਪ੍ਰਭੂ ਯਹੋਵਾਹ ਦਾ ਵਾਕ ਹੈ ।

7"ਸੋ ਮੈਂ ਵੀ ਤੁਹਾਡੇ ਤੋਂ ਮੀਂਹ ਨੂੰ ਰੋਕ ਰੱਖਿਆ, ਜਦ ਕਿ ਵਾਢੀ ਦੇ ਤਿੰਨ ਮਹੀਨੇ ਰਹਿ ਗਏ ਸਨ, ਮੈਂ ਇੱਕ ਸ਼ਹਿਰ ਉੱਤੇ ਮੀਂਹ ਵਰ੍ਹਾਇਆ ਅਤੇ ਦੂਜੇ ਸ਼ਹਿਰ ਉੱਤੇ ਨਾ ਵਰ੍ਹਾਇਆ, ਇੱਕ ਖੇਤ ਉੱਤੇ ਵਰਖਾ ਪਈ ਅਤੇ ਜਿਸ ਖੇਤ ਉੱਤੇ ਵਰਖਾ ਨਾ ਪਈ ਉਹ ਸੁੱਕ ਗਿਆ ।
8ਇਸ ਲਈ ਦੋ ਤਿੰਨ ਸ਼ਹਿਰਾਂ ਦੇ ਲੋਕ ਇੱਕ ਸ਼ਹਿਰ ਵਿੱਚ ਪਾਣੀ ਪੀਣ ਲਈ ਆਏ, ਪਰ ਉਨ੍ਹਾਂ ਦੀ ਪਿਆਸ ਨਾ ਬੁੱਝੀ, ਪਰ ਫੇਰ ਵੀ ਤੁਸੀਂ ਮੇਰੀ ਵੱਲ ਨਾ ਮੁੜੇ", ਪ੍ਰਭੂ ਯਹੋਵਾਹ ਦਾ ਵਾਕ ਹੈ ।

9"ਮੈਂ ਤੁਹਾਡੇ ਬਹੁਤ ਸਾਰੇ ਬਾਗਾਂ ਅਤੇ ਤੁਹਾਡੇ ਅੰਗੂਰੀ ਬਾਗਾਂ ਨੂੰ ਸੋਕੇ ਅਤੇ ਉੱਲੀ ਨਾਲ ਮਾਰਿਆ ਅਤੇ ਤੁਹਾਡੇ ਹੰਜੀਰ ਦੇ ਰੁੱਖਾਂ ਅਤੇ ਤੁਹਾਡੇ ਜ਼ੈਤੂਨ ਦੇ ਰੁੱਖਾਂ ਨੂੰ ਟਿੱਡੀਆਂ ਨੇ ਖਾ ਲਿਆ, ਪਰ ਫਿਰ ਵੀ ਤੁਸੀਂ ਮੇਰੀ ਵੱਲ ਨਹੀਂ ਮੁੜੇ", ਪ੍ਰਭੂ ਯਹੋਵਾਹ ਦਾ ਵਾਕ ਹੈ ।
10ਮੈਂ ਤੁਹਾਡੇ ਉੱਤੇ ਮਿਸਰ ਦੇਸ਼ ਜਿਹੀ ਬਵਾ ਭੇਜੀ, ਮੈਂ ਤੁਹਾਡੇ ਜੁਆਨਾਂ ਨੂੰ ਤਲਵਾਰ ਨਾਲ ਵੱਢਿਆ ਅਤੇ ਤੁਹਾਡੇ ਘੋੜਿਆਂ ਨੂੰ ਖੋਹ ਲਿਆ, ਮੈਂ ਤੁਹਾਡੀਆਂ ਛਾਉਣੀਆਂ ਦੀ ਦੁਰਗੰਧ ਤੁਹਾਡੀਆਂ ਨਾਸਾਂ ਵਿੱਚ ਪਹੁੰਚਾਈ, ਪਰ ਫੇਰ ਵੀ ਤੁਸੀਂ ਮੇਰੀ ਵੱਲ ਨਾ ਮੁੜੇ", ਪ੍ਰਭੂ ਯਹੋਵਾਹ ਦਾ ਵਾਕ ਹੈ ।

11"ਮੈਂ ਤੁਹਾਡੇ ਵਿੱਚੋਂ ਕਈਆਂ ਨੂੰ ਉਲਟਾਅ ਦਿੱਤਾ ਜਿਵੇਂ ਪਰਮੇਸ਼ੁਰ ਨੇ ਸਦੂਮ ਅਤੇ ਅਮੂਰਾਹ ਨੂੰ ਉਲਟਾਅ ਦਿੱਤਾ ਸੀ ਅਤੇ ਤੁਸੀਂ ਅੱਗ ਵਿੱਚੋਂ ਕੱਢੀ ਹੋਈ ਲੱਕੜੀ ਵਾਂਗੂੰ ਸੀ, ਤਾਂ ਵੀ ਤੁਸੀਂ ਮੇਰੀ ਵੱਲ ਨਹੀਂ ਮੁੜੇ", ਪ੍ਰਭੂ ਯਹੋਵਾਹ ਦਾ ਵਾਕ ਹੈ ।

12"ਇਸ ਲਈ ਹੇ ਇਸਰਾਏਲ ! ਮੈਂ ਤੇਰੇ ਨਾਲ ਅਜਿਹਾ ਕਰਾਂਗਾ, ਅਤੇ ਇਸ ਲਈ ਕਿ ਮੈਂ ਤੇਰੇ ਨਾਲ ਅਜਿਹਾ ਕਰਾਂਗਾ, ਹੇ ਇਸਰਾਏਲ, ਆਪਣੇ ਪਰਮੇਸ਼ੁਰ ਨੂੰ ਮਿਲਣ ਲਈ ਤਿਆਰ ਹੋ ਜਾ !"

13ਵੇਖ, ਪਹਾੜਾਂ ਨੂੰ ਸਿਰਜਣ ਵਾਲਾ ਅਤੇ ਪੌਣ ਦਾ ਕਰਤਾ, ਜੋ ਮਨੁੱਖ ਨੂੰ ਉਸ ਦੇ ਮਨ ਦੇ ਵਿਚਾਰ ਦੱਸਦਾ ਹੈ ਅਤੇ ਸਵੇਰ ਨੂੰ ਹਨੇਰਾ ਕਰਨ ਵਾਲਾ ਅਤੇ ਜੋ ਧਰਤੀ ਦੀਆਂ ਉੱਚਿਆਈਆਂ ਉੱਤੇ ਚੱਲਦਾ ਹੈ, - ਯਹੋਵਾਹ, ਸੈਨਾਂ ਦਾ ਪਰਮੇਸ਼ੁਰ ਉਸ ਦਾ ਨਾਮ ਹੈ !

5
ਤੋਬਾ ਕਰਨ ਲਈ ਬੁਲਾਹਟ

1ਹੇ ਇਸਰਾਏਲ ਦੇ ਘਰਾਣੇ, ਇਨ੍ਹਾਂ ਬਚਨਾਂ ਨੂੰ ਸੁਣੋ, ਜਿਹੜੇ ਮੈਂ ਤੁਹਾਡੇ ਲਈ ਵਿਰਲਾਪ ਕਰਕੇ ਕਹਿੰਦਾ ਹਾਂ,2"ਇਸਰਾਏਲ ਦੀ ਕੁਆਰੀ ਡਿੱਗ ਪਈ, ਉਹ ਫੇਰ ਨਾ ਉੱਠ ਸਕੇਗੀ, ਉਹ ਆਪਣੀ ਭੂਮੀ ਉੱਤੇ ਤਿਆਗ ਦਿੱਤੀ ਗਈ ਹੈ, ਉਸ ਨੂੰ ਚੁੱਕਣ ਵਾਲਾ ਕੋਈ ਨਹੀਂ ।"

3ਪ੍ਰਭੂ ਯਹੋਵਾਹ ਇਹ ਫ਼ਰਮਾਉਂਦਾ ਹੈ, "ਜਿਸ ਸ਼ਹਿਰ ਵਿੱਚੋਂ ਹਜ਼ਾਰ ਨਿੱਕਲਦੇ ਸਨ, ਉੱਥੇ ਇਸਰਾਏਲ ਦੇ ਘਰਾਣੇ ਦੇ ਸੌ ਰਹਿ ਜਾਣਗੇ, ਅਤੇ ਜਿਸ ਵਿੱਚੋਂ ਸੌ ਨਿੱਕਲਦੇ ਸਨ, ਉੱਥੇ ਦਸ ਹੀ ਰਹਿ ਜਾਣਗੇ ।"

4ਯਹੋਵਾਹ ਇਸਰਾਏਲ ਦੇ ਘਰਾਣੇ ਨੂੰ ਇਹ ਆਖਦਾ ਹੈ, ਮੇਰੀ ਖੋਜ ਕਰੋ ਤਾਂ ਜੀਉਂਦੇ ਰਹੋਗੇ !5ਪਰ ਬੈਤਏਲ ਦੀ ਖੋਜ਼ ਨਾ ਕਰੋ, ਨਾ ਗਿਲਗਾਲ ਵਿੱਚ ਵੜੋ, ਨਾ ਬਏਰ-ਸ਼ਬਾ ਨੂੰ ਜਾਓ, ਕਿਉਂ ਜੋ ਗਿਲਗਾਲ ਜ਼ਰੂਰ ਹੀ ਗ਼ੁਲਾਮੀ ਵਿੱਚ ਜਾਵੇਗਾ ਅਤੇ ਬੈਤਏਲ ਮੁੱਕ ਜਾਵੇਗਾ ।

6ਯਹੋਵਾਹ ਦੀ ਖੋਜ ਕਰੋ ਤਾਂ ਤੁਸੀਂ ਜੀਉਂਦੇ ਰਹੋਗੇ ! ਕਿਤੇ ਉਹ ਅੱਗ ਵਾਂਗੂੰ ਯੂਸੁਫ਼ ਦੇ ਘਰਾਣੇ ਉੱਤੇ ਭੜਕ ਉੱਠੇ ਅਤੇ ਉਸ ਨੂੰ ਭਸਮ ਕਰੇ ਅਤੇ ਬੈਤਏਲ ਵਿੱਚ ਕੋਈ ਉਸ ਨੂੰ ਬੁਝਾਉਣ ਵਾਲਾ ਨਾ ਹੋਵੇਗਾ ।7ਤੁਸੀਂ ਜਿਹੜੇ ਨਿਆਂ ਨੂੰ ਕੁੜੱਤਣ ਵਿੱਚ ਬਦਲਦੇ ਹੋ ਅਤੇ ਧਰਮ ਨੂੰ ਮਿੱਟੀ ਵਿੱਚ ਮਿਲਾਉਂਦੇ ਹੋ !

8ਉਹ ਜੋ ਕੱਚ ਪਚਿਆ ਅਤੇ ਤਾਰਾ-ਮੰਡਲ ਦਾ ਬਣਾਉਣ ਵਾਲਾ ਹੈ, ਜੋ ਘਣਘੋਰ ਹਨੇਰੇ ਨੂੰ ਪ੍ਰਭਾਤ ਦੇ ਚਾਨਣ ਵਿੱਚ ਬਦਲ ਦਿੰਦਾ ਹੈ ਅਤੇ ਦਿਨ ਨੂੰ ਹਨੇਰੀ ਰਾਤ ਬਣਾ ਦਿੰਦਾ ਹੈ, ਜੋ ਸਮੁੰਦਰ ਦੇ ਪਾਣੀਆਂ ਨੂੰ ਬੁਲਾਉਂਦਾ ਹੈ ਅਤੇ ਉਹਨਾਂ ਨੂੰ ਧਰਤੀ ਉੱਤੇ ਵਹਾਉਂਦਾ ਹੈ, ਉਸਦਾ ਨਾਮ ਯਹੋਵਾਹ ਹੈ !9ਜਿਹੜਾ ਛੇਤੀ ਨਾਲ ਬਲਵਾਨ ਦਾ ਵਿਨਾਸ਼ ਕਰ ਦਿੰਦਾ ਹੈ ਅਤੇ ਗੜ੍ਹਾਂ ਨੂੰ ਵੀ ਤਬਾਹ ਕਰ ਦਿੰਦਾ ਹੈ !

10ਜੋ ਫਾਟਕ ਵਿੱਚ ਤਾੜਨਾ ਦਿੰਦਾ ਹੈ, ਉਸ ਨਾਲ ਉਹ ਵੈਰ ਰੱਖਦੇ ਹਨ ਅਤੇ ਜੋ ਸੱਚ ਬੋਲਦਾ ਹੈ, ਉਸ ਤੋਂ ਉਹ ਘਿਰਣਾ ਕਰਦੇ ਹਨ ।11ਤੁਸੀਂ ਜੋ ਗਰੀਬ ਨੂੰ ਕੁਚਲਦੇ ਹੋ ਅਤੇ ਉਸ ਤੋਂ ਕਣਕ ਦੀ ਵਸੂਲੀ ਜ਼ਬਰਦਸਤੀ ਕਰਦੇ ਹੋ, ਇਸ ਲਈ ਜਿਹੜੇ ਘਰ ਤੁਸੀਂ ਘੜ੍ਹੇ ਹੋਏ ਪੱਥਰਾਂ ਨਾਲ ਬਣਾਏ ਹਨ, ਉਨ੍ਹਾਂ ਵਿੱਚ ਵੱਸ ਨਾ ਸਕੋਗੇ ! ਅਤੇ ਜੋ ਸੁਹਾਵਣੇ ਅੰਗੂਰੀ ਬਾਗ ਤੁਸੀਂ ਲਾਏ ਹਨ, ਉਨ੍ਹਾਂ ਦੀ ਮਧ ਨਾ ਪੀ ਸਕੋਗੇ !
12ਕਿਉਂ ਜੋ ਮੈਂ ਤੁਹਾਡੇ ਬਹੁਤਿਆਂ ਅਪਰਾਧਾਂ ਨੂੰ ਅਤੇ ਤੁਹਾਡੇ ਵੱਡੇ ਪਾਪਾਂ ਨੂੰ ਜਾਣਦਾ ਹਾਂ, ਤੁਸੀਂ ਧਰਮੀ ਨੂੰ ਸਤਾਉਂਦੇ ਹੋ ਅਤੇ ਰਿਸ਼ਵਤ ਲੈਂਦੇ ਹੋ, ਅਤੇ ਫਾਟਕ ਵਿੱਚ ਕੰਗਾਲਾਂ ਦਾ ਹੱਕ ਮਾਰਦੇ ਹੋ !13ਇਸ ਲਈ ਜੋ ਸਮਝਦਾਰ ਹੈ, ਉਹ ਅਜਿਹੇ ਸਮੇਂ ਵਿੱਚ ਚੁੱਪ-ਚਾਪ ਰਹੇ, ਕਿਉਂ ਜੋ ਇਹ ਸਮਾਂ ਬੁਰਾ ਹੈ !

14ਹੇ ਲੋਕੋ, ਭਲਿਆਈ ਦੀ ਖੋਜ ਕਰੋ, ਬੁਰਿਆਈ ਦੀ ਨਹੀਂ, ਤਾਂ ਜੋ ਤੁਸੀਂ ਜੀਉਂਦੇ ਰਹੋ, ਫਿਰ ਜਿਵੇਂ ਤੁਸੀਂ ਕਹਿੰਦੇ ਹੋ ਉਸੇ ਤਰ੍ਹਾਂ ਯਹੋਵਾਹ ਸੈਨਾਂ ਦਾ ਪਰਮੇਸ਼ੁਰ ਤੁਹਾਡੇ ਅੰਗ-ਸੰਗ ਹੋਵੇਗਾ ।15ਬੁਰਿਆਈ ਤੋਂ ਘਿਰਣਾ ਕਰੋ ਅਤੇ ਭਲਿਆਈ ਨੂੰ ਪਿਆਰ ਕਰੋ, ਫਾਟਕ ਵਿੱਚ ਨਿਆਂ ਨੂੰ ਸਥਾਪਤ ਕਰੋ, ਕੀ ਜਾਣੀਏ ਸੈਨਾਂ ਦਾ ਪਰਮੇਸ਼ੁਰ ਯਹੋਵਾਹ ਯੂਸੁਫ਼ ਦੇ ਬਚੇ ਹੋਇਆਂ ਉੱਤੇ ਮਿਹਰ ਕਰੇ ।

16ਇਸ ਲਈ ਸੈਨਾਂ ਦਾ ਪਰਮੇਸ਼ੁਰ ਪ੍ਰਭੂ ਯਹੋਵਾਹ ਇਹ ਫ਼ਰਮਾਉਂਦਾ ਹੈ, "ਸਾਰੇ ਚੌਕਾਂ ਵਿੱਚ ਰੋਣਾ-ਪਿੱਟਣਾ ਹੋਵੇਗਾ ਅਤੇ ਸਾਰੀਆਂ ਗਲੀਆਂ ਵਿੱਚ ਲੋਕ ਹਾਇ ਹਾਇ ! ਕਰਨਗੇ, ਉਹ ਕਿਸਾਨ ਨੂੰ ਸੋਗ ਕਰਨ ਲਈ ਅਤੇ ਵਿਰਲਾਪ ਕਰਨ ਦੇ ਮਾਹਿਰਾਂ ਨੂੰ ਰੋਣ-ਪਿੱਟਣ ਲਈ ਸੱਦਣਗੇ ।17ਸਾਰੇ ਅੰਗੂਰੀ ਬਾਗਾਂ ਵਿੱਚ ਰੋਣਾ-ਪਿੱਟਣਾ ਹੋਵੇਗਾ, ਕਿਉਂਕਿ ਮੈਂ ਤੁਹਾਡੇ ਵਿੱਚੋਂ ਦੀ ਲੰਘਾਂਗਾ", ਯਹੋਵਾਹ ਦਾ ਇਹੋ ਬਚਨ ਹੈ ।

18ਹਾਇ ਤੁਹਾਡੇ ਉੱਤੇ ਜੋ ਯਹੋਵਾਹ ਦੇ ਦਿਨ ਨੂੰ ਲੋਚਦੇ ਹੋ ! ਤੁਸੀਂ ਯਹੋਵਾਹ ਦਾ ਦਿਨ ਕਿਉਂ ਚਾਹੁੰਦੇ ਹੋ ? ਉਹ ਹਨੇਰੇ ਦਾ ਦਿਨ ਹੈ, ਚਾਨਣ ਦਾ ਨਹੀਂ !19ਜਿਵੇਂ ਕੋਈ ਮਨੁੱਖ ਬੱਬਰ ਸ਼ੇਰ ਦੇ ਅੱਗਿਓਂ ਭੱਜੇ ਅਤੇ ਰਿੱਛ ਉਸ ਨੂੰ ਟੱਕਰੇ, ਜਾਂ ਉਹ ਘਰ ਵਿੱਚ ਆ ਕੇ ਆਪਣਾ ਹੱਥ ਕੰਧ ਉੱਤੇ ਰੱਖੇ ਅਤੇ ਸੱਪ ਉਸ ਨੂੰ ਡੱਸ ਲਵੇ !20ਕੀ ਇਹ ਸੱਚ ਨਹੀਂ ਕਿ ਯਹੋਵਾਹ ਦਾ ਦਿਨ ਹਨੇਰਾ ਹੋਵੇਗਾ, ਨਾ ਕਿ ਚਾਨਣ ? ਅਤੇ ਘੁੱਪ ਹਨੇਰਾ, ਜਿਸ ਦੇ ਵਿੱਚ ਕੋਈ ਚਮਕ ਨਾ ਹੋਵੇਗੀ ?

21"ਮੈਂ ਤੁਹਾਡੇ ਪਰਬਾਂ ਤੋਂ ਵੈਰ ਰੱਖਦਾ ਅਤੇ ਘਿਰਣਾ ਕਰਦਾ ਹਾਂ ਅਤੇ ਤੁਹਾਡੀਆਂ ਮਹਾਂਸਭਾਵਾਂ ਨੂੰ ਪਸੰਦ ਨਹੀਂ ਕਰਦਾ !22ਭਾਵੇਂ ਤੁਸੀਂ ਮੈਨੂੰ ਹੋਮ ਬਲੀਆਂ ਅਤੇ ਮੈਦੇ ਦੀਆਂ ਭੇਟਾਂ ਚੜ੍ਹਾਓ, ਤਾਂ ਵੀ ਮੈਂ ਉਹਨਾਂ ਨੂੰ ਕਬੂਲ ਨਹੀਂ ਕਰਾਂਗਾ ਅਤੇ ਤੁਹਾਡੇ ਪਲੇ ਹੋਏ ਪਸ਼ੂਆਂ ਦੀਆਂ ਸੁਖ-ਸਾਂਦ ਦੀਆਂ ਬਲੀਆਂ ਉੱਤੇ ਮੈਂ ਧਿਆਨ ਨਹੀਂ ਦੇਵਾਂਗਾ ।
23ਆਪਣੇ ਗੀਤਾਂ ਦਾ ਰੌਲਾ ਮੇਰੇ ਤੋਂ ਦੂਰ ਕਰੋ, ਤੁਹਾਡੇ ਰਬਾਬਾਂ ਦਾ ਸੁਰ ਮੈਂ ਨਹੀਂ ਸੁਣਾਂਗਾ !24ਪਰ ਨਿਆਂ ਨੂੰ ਨਦੀ ਦੀ ਤਰ੍ਹਾਂ ਅਤੇ ਧਰਮ ਨੂੰ ਬਾਰ੍ਹਾਂ-ਮਾਸੀ ਨਦੀ ਦੀ ਤਰ੍ਹਾਂ ਵਗਣ ਦਿਓ !

25ਹੇ ਇਸਰਾਏਲ ਦੇ ਘਰਾਣੇ, ਕੀ ਤੁਸੀਂ ਜੰਗਲ ਵਿੱਚ ਚਾਲ੍ਹੀ ਸਾਲ ਤੱਕ ਬਲੀਆਂ ਅਤੇ ਭੇਟਾਂ ਮੈਨੂੰ ਹੀ ਚੜ੍ਹਾਉਂਦੇ ਰਹੇ ਹੋ ?26ਨਹੀਂ, ਤੁਸੀਂ ਤਾਂ ਆਪਣੇ ਰਾਜਾ ਦੇ ਡੇਰੇ ਨੂੰ ਅਤੇ ਆਪਣੇ ਬੁੱਤਾਂ ਦੀ ਚੌਂਕੀ ਨੂੰ ਅਤੇ ਆਪਣੇ ਦੇਵਤੇ ਦੇ ਤਾਰੇ ਨੂੰ ਚੁੱਕ ਕੇ ਫਿਰਦੇ ਰਹੇ, ਜਿਸ ਨੂੰ ਤੁਸੀਂ ਆਪਣੇ ਲਈ ਬਣਾਇਆ !
27ਇਸ ਲਈ ਮੈਂ ਤੁਹਾਨੂੰ ਦੰਮਿਸਕ ਤੋਂ ਪਰੇ ਗ਼ੁਲਾਮੀ ਵਿੱਚ ਲੈ ਜਾਂਵਾਂਗਾ, ਯਹੋਵਾਹ ਦਾ ਇਹੋ ਬਚਨ ਹੈ, ਜਿਸ ਦਾ ਨਾਮ ਸੈਨਾਂ ਦਾ ਪਰਮੇਸ਼ੁਰ ਹੈ !

6
ਇਸਰਾਏਲ ਦਾ ਵਿਨਾਸ਼

1"ਹਾਇ ਉਹਨਾਂ ਉੱਤੇ ਜੋ ਸੀਯੋਨ ਵਿੱਚ ਅਰਾਮ ਨਾਲ ਰਹਿੰਦੇ ਹਨ ! ਅਤੇ ਉਹਨਾਂ ਉੱਤੇ ਜਿਹੜੇ ਸਾਮਰਿਯਾ ਦੇ ਪਹਾੜ ਉੱਤੇ ਚੈਨ ਨਾਲ ਰਹਿੰਦੇ ਹਨ ! ਜਿਹੜੇ ਖ਼ਾਸ ਕੌਮਾਂ ਵਿੱਚ ਪ੍ਰਸਿੱਧ ਹਨ, ਜਿਨ੍ਹਾਂ ਦੇ ਕੋਲ ਇਸਰਾਏਲ ਦਾ ਘਰਾਣਾ ਆਉਂਦਾ ਹੈ ।2ਕਲਨਹ ਨਗਰ ਨੂੰ ਜਾਓ ਅਤੇ ਵੇਖੋ, ਅਤੇ ਉੱਥੋਂ ਮਹਾਨ ਨਗਰ ਹਮਾਥ ਨੂੰ ਜਾਓ, ਫੇਰ ਫ਼ਲਿਸਤੀਆਂ ਦੇ ਗਥ ਨਗਰ ਨੂੰ ਜਾਓ, ਭਲਾ, ਉਹ ਇਹਨਾਂ ਰਾਜਾਂ ਨਾਲੋਂ ਚੰਗੇ ਹਨ ? ਕੀ ਉਹਨਾਂ ਦੀ ਹੱਦ ਤੁਹਾਡੇ ਦੇਸ਼ ਦੀ ਹੱਦ ਨਾਲੋਂ ਵੱਡੀ ਹੈ ?

3ਤੁਸੀਂ ਜੋ ਬਿਪਤਾ ਦਾ ਦਿਨ ਦੂਰ ਕਰਦੇ ਹੋ ਅਤੇ ਜ਼ੁਲਮ ਦੀ ਗੱਦੀ ਨੂੰ ਨੇੜੇ ਲੈ ਆਉਂਦੇ ਹੋ !

4ਤੁਸੀਂ ਜੋ ਹਾਥੀ ਦੰਦ ਦੇ ਪਲੰਘਾਂ ਉੱਤੇ ਲੇਟਦੇ ਹੋ ਅਤੇ ਆਪਣੇ ਵਿਛਾਉਣਿਆਂ ਉੱਤੇ ਲੰਮੇ ਪੈਂਦੇ ਹੋ ਅਤੇ ਇੱਜੜ ਦੇ ਲੇਲੇ ਅਤੇ ਚੌਣੇ ਵਿੱਚੋਂ ਵੱਛੇ ਖਾਂਦੇ ਹੋ !
5ਤੁਸੀਂ ਰਬਾਬ ਨਾਲ ਬੇਸੁਰੇ ਗੀਤ ਗਾਉਂਦੇ ਅਤੇ ਦਾਊਦ ਦੀ ਤਰ੍ਹਾਂ ਆਪਣੇ ਲਈ ਵਜਾਉਣ ਦੇ ਸਾਜ਼ ਕੱਢਦੇ ਹੋ,6ਤੁਸੀਂ ਪਿਆਲਿਆਂ ਵਿੱਚ ਮਧ ਪੀਂਦੇ ਅਤੇ ਆਪਣੇ ਆਪ ਨੂੰ ਖ਼ਾਲਸ ਤੇਲ ਨਾਲ ਮਲਦੇ ਹੋ, ਪਰ ਯੂਸੁਫ਼ ਦੀ ਤਬਾਹੀ ਉੱਤੇ ਅਫ਼ਸੋਸ ਨਹੀਂ ਕਰਦੇ !
7ਇਸ ਲਈ ਹੁਣ ਉਹ ਗ਼ੁਲਾਮੀ ਵਿੱਚ ਪਹਿਲਾਂ ਜਾਣਗੇ ਅਤੇ ਜੋ ਲੰਮੇ ਪੈ ਕੇ ਸੋਂਦੇ ਸਨ, ਉਨ੍ਹਾਂ ਦਾ ਭੋਗ-ਵਿਲਾਸ ਮੁੱਕ ਜਾਵੇਗਾ ।"

8ਪ੍ਰਭੂ ਯਹੋਵਾਹ ਨੇ ਆਪਣੀ ਹੀ ਸੌਂਹ ਖਾਧੀ ਹੈ, ਸੈਨਾਂ ਦਾ ਪਰਮੇਸ਼ੁਰ ਯਹੋਵਾਹ ਫ਼ਰਮਾਉਂਦਾ ਹੈ, "ਮੈਂ ਯਾਕੂਬ ਦੇ ਹੰਕਾਰ ਤੋਂ ਘਿਰਣਾ ਕਰਦਾ ਹਾਂ ਅਤੇ ਉਸ ਦੇ ਗੜ੍ਹਾਂ ਤੋਂ ਵੈਰ ਰੱਖਦਾ ਹਾਂ, ਇਸ ਲਈ ਮੈਂ ਸ਼ਹਿਰ ਅਤੇ ਜੋ ਕੁਝ ਉਸ ਵਿੱਚ ਹੈ, ਸਭ ਵੈਰੀ ਦੇ ਹਵਾਲੇ ਕਰ ਦਿਆਂਗਾ ।"

9ਜੇਕਰ ਇੱਕ ਘਰ ਵਿੱਚ ਦਸ ਮਨੁੱਖ ਬਾਕੀ ਰਹਿ ਜਾਣ, ਤਾਂ ਉਹ ਵੀ ਮਰ ਜਾਣਗੇ,10ਫਿਰ ਜਦ ਉਸ ਦਾ ਰਿਸ਼ਤੇਦਾਰ ਜੋ ਉਸ ਨੂੰ ਸਾੜਨ ਵਾਲਾ ਹੈ, ਉਸ ਨੂੰ ਚੁੱਕਣ ਲਈ ਆਵੇ ਤਾਂ ਜੋ ਉਸ ਦੀਆਂ ਹੱਡੀਆਂ ਨੂੰ ਘਰ ਤੋਂ ਬਾਹਰ ਲੈ ਜਾਵੇ ਅਤੇ ਉਸ ਨੂੰ ਜੋ ਘਰ ਦੇ ਅੰਦਰਲੇ ਹਿੱਸੇ ਵਿੱਚ ਹੈ ਪੁੱਛੇ, 'ਕੀ ਤੇਰੇ ਨਾਲ ਕੋਈ ਹੋਰ ਵੀ ਹੈ ? ' ਅਤੇ ਉਹ ਆਖੇ, ਨਹੀਂ, ਤਾਂ ਉਹ ਆਖੇਗਾ, 'ਚੁੱਪ ਰਹਿ ! ਕਿਉਂ ਜੋ ਸਾਨੂੰ ਯਹੋਵਾਹ ਦੇ ਨਾਮ ਦਾ ਜ਼ਿਕਰ ਨਹੀਂ ਕਰਨਾ ਚਾਹੀਦਾ !'

11ਕਿਉਂਕਿ ਯਹੋਵਾਹ ਨੇ ਹੁਕਮ ਦਿੱਤਾ ਹੈ, ਵੱਡਾ ਘਰ ਛੇਕਾਂ ਨਾਲ ਅਤੇ ਛੋਟਾ ਘਰ ਦਰਾਰਾਂ ਨਾਲ ਮਾਰਿਆ ਜਾਵੇਗਾ ।
12ਭਲਾ, ਘੋੜੇ ਚੱਟਾਨਾਂ ਉੱਤੇ ਦੌੜਦੇ ਹਨ ? ਕੀ ਲੋਕ ਬਲ਼ਦਾਂ ਨਾਲ ਉੱਥੇ ਹਲ ਵਾਹੁੰਦੇ ਹਨ ? ਪਰ ਤੁਸੀਂ ਨਿਆਂ ਨੂੰ ਜ਼ਹਿਰ ਨਾਲ ਅਤੇ ਧਰਮ ਦੇ ਫਲ ਨੂੰ ਕੁੜੱਤਣ ਨਾਲ ਬਦਲ ਦਿੱਤਾ !13ਤੁਸੀਂ ਜੋ ਖ਼ਿਆਲੀ ਗੱਲਾਂ ਉੱਤੇ ਅਨੰਦ ਹੁੰਦੇ ਹੋ ਅਤੇ ਕਹਿੰਦੇ ਹੋ, 'ਕੀ ਅਸੀਂ ਆਪਣੇ ਹੀ ਬਲ ਨਾਲ ਸ਼ਕਤੀਸ਼ਾਲੀ ਨਹੀਂ ਹੋ ਗਏ ? '
14ਇਸ ਕਾਰਨ, ਸੈਨਾਂ ਦੇ ਪਰਮੇਸ਼ੁਰ ਯਹੋਵਾਹ ਦਾ ਵਾਕ ਹੈ, 'ਵੇਖ, ਹੇ ਇਸਰਾਏਲ ਦੇ ਘਰਾਣੇ, ਮੈਂ ਤੁਹਾਡੇ ਵਿਰੁੱਧ ਇੱਕ ਕੌਮ ਨੂੰ ਉਠਾਵਾਂਗਾ ਜਿਹੜੀ ਹਮਾਥ ਦੇ ਪ੍ਰਵੇਸ਼ ਤੋਂ ਲੈ ਕੇ ਅਰਾਬਾਹ ਦੀ ਨਦੀ ਤੱਕ ਤੁਹਾਨੂੰ ਸਤਾਏਗੀ ।"

7
ਵਿਨਾਸ਼ ਦੇ ਤਿੰਨ ਦਰਸ਼ਣ
ਟਿੱਡੀਆਂ

1ਪ੍ਰਭੂ ਯਹੋਵਾਹ ਨੇ ਮੈਨੂੰ ਇਹ ਵਿਖਾਇਆ ਅਤੇ ਵੇਖੋ, ਉਹ ਨੇ ਹਾੜੀ ਦੀ ਫ਼ਸਲ ਦੇ ਉੱਗਣ ਦੇ ਅਰੰਭ ਵਿੱਚ ਟਿੱਡੀਆਂ ਪੈਦਾ ਕੀਤੀਆਂ, ਜਦ ਰਾਜਾ ਦੇ ਹਿੱਸੇ ਦੀ ਕਟਾਈ ਹੋ ਚੁੱਕੀ ਸੀ ਅਤੇ ਦੂਜੀ ਫ਼ਸਲ ਤਿਆਰ ਹੋ ਰਹੀ ਸੀ ।2ਜਦ ਉਹ ਦੇਸ਼ ਦਾ ਘਾਹ ਖਾ ਚੁੱਕੀਆਂ, ਤਦ ਮੈਂ ਕਿਹਾ, "ਹੇ ਪ੍ਰਭੂ ਯਹੋਵਾਹ, ਮੁਆਫ ਕਰ ! ਯਾਕੂਬ ਕਿਵੇਂ ਸਥਿਰ ਰਹੇਗਾ, ਉਹ ਬਹੁਤ ਕਮਜ਼ੋਰ ਹੈ ? "3ਇਸ ਦੇ ਵਿਖੇ ਯਹੋਵਾਹ ਪਛਤਾਇਆ ਅਤੇ ਉਸਨੇ ਕਿਹਾ, "ਅਜਿਹਾ ਨਹੀਂ ਹੋਵੇਗਾ ।"

ਅੱਗ

4ਪ੍ਰਭੂ ਯਹੋਵਾਹ ਨੇ ਮੈਨੂੰ ਇਹ ਵਿਖਾਇਆ ਅਤੇ ਵੇਖੋ, ਪ੍ਰਭੂ ਯਹੋਵਾਹ ਨੇ ਅੱਗ ਨਾਲ ਫ਼ੈਸਲਾ ਕਰਨਾ ਚਾਹਿਆ ਅਤੇ ਉਸ ਅੱਗ ਨੇ ਵੱਡੇ ਸਾਗਰ ਨੂੰ ਸੁਕਾ ਦਿੱਤਾ ਅਤੇ ਧਰਤੀ ਵੀ ਭਸਮ ਹੋਣ ਲੱਗੀ ।5ਤਦ ਮੈਂ ਕਿਹਾ, "ਹੇ ਪ੍ਰਭੂ ਯਹੋਵਾਹ, ਮੈਂ ਬੇਨਤੀ ਕਰਦਾ ਹਾਂ, ਰੁੱਕ ਜਾ ! ਨਹੀਂ ਤਾਂ ਯਾਕੂਬ ਕਿਵੇਂ ਸਥਿਰ ਰਹੇਗਾ ? ਉਹ ਬਹੁਤ ਕਮਜ਼ੋਰ ਹੈ ? "6ਇਸ ਦੇ ਵਿਖੇ ਵੀ ਯਹੋਵਾਹ ਪਛਤਾਇਆ ਅਤੇ ਪ੍ਰਭੂ ਯਹੋਵਾਹ ਨੇ ਕਿਹਾ, "ਇਹ ਵੀ ਨਹੀਂ ਹੋਵੇਗਾ ।"
ਸਾਹਲ

7ਉਸ ਨੇ ਮੈਨੂੰ ਇਹ ਵਿਖਾਇਆ ਅਤੇ ਵੇਖੋ, ਪ੍ਰਭੂ ਸਾਹਲ ਨਾਲ ਬਣੀ ਹੋਈ ਇੱਕ ਕੰਧ ਉੱਤੇ ਖੜ੍ਹਾ ਸੀ ਅਤੇ ਉਸ ਦੇ ਹੱਥ ਵਿੱਚ ਸਾਹਲ ਸੀ ।8ਤਦ ਯਹੋਵਾਹ ਨੇ ਮੈਨੂੰ ਪੁੱਛਿਆ, "ਆਮੋਸ, ਤੂੰ ਕੀ ਵੇਖਦਾ ਹੈਂ ? " ਮੈਂ ਉੱਤਰ ਦਿੱਤਾ, "ਇੱਕ ਸਾਹਲ ।" ਤਦ ਪ੍ਰਭੂ ਨੇ ਕਿਹਾ, "ਵੇਖ, ਮੈਂ ਆਪਣੀ ਪਰਜਾ ਇਸਰਾਏਲ ਦੇ ਵਿਚਕਾਰ ਸਾਹਲ ਲਾਵਾਂਗਾ, ਮੈਂ ਹੁਣ ਉਨ੍ਹਾਂ ਨੂੰ ਹੋਰ ਨਹੀਂ ਬਖਸ਼ਾਂਗਾ ।
9ਇਸਹਾਕ ਦੇ ਉੱਚੇ ਸਥਾਨ ਉਜਾੜ ਕੀਤੇ ਜਾਣਗੇ ਅਤੇ ਇਸਰਾਏਲ ਦੇ ਪਵਿੱਤਰ ਸਥਾਨ ਵਿਰਾਨ ਹੋ ਜਾਣਗੇ ਅਤੇ ਮੈਂ ਯਾਰਾਬੁਆਮ ਦੇ ਘਰਾਣੇ ਦੇ ਵਿਰੁੱਧ ਆਪਣੀ ਤਲਵਾਰ ਲੈ ਕੇ ਉੱਠਾਂਗਾ ।"
ਆਮੋਸ ਅਤੇ ਅਮਸਯਾਹ

10ਤਦ ਬੈਤਏਲ ਦੇ ਜਾਜਕ ਅਮਸਯਾਹ ਨੇ ਇਸਰਾਏਲ ਦੇ ਰਾਜਾ ਯਾਰਾਬੁਆਮ ਨੂੰ ਸੰਦੇਸ਼ ਭੇਜਿਆ, "ਆਮੋਸ ਨੇ ਇਸਰਾਏਲ ਦੇ ਘਰਾਣੇ ਦੇ ਵਿੱਚ ਤੇਰੇ ਵਿਰੁੱਧ ਸਾਜ਼ਿਸ਼ ਕੀਤੀ ਹੈ, ਦੇਸ਼ ਉਸ ਦੇ ਸਾਰੇ ਬਚਨਾਂ ਨੂੰ ਨਹੀਂ ਝੱਲ ਸਕਦਾ,11ਕਿਉਂਕਿ ਆਮੋਸ ਇਹ ਕਹਿੰਦਾ ਹੈ, ਯਾਰਾਬੁਆਮ ਤਲਵਾਰ ਨਾਲ ਮਾਰਿਆ ਜਾਵੇਗਾ ਅਤੇ ਇਸਰਾਏਲ ਆਪਣੇ ਦੇਸ਼ ਤੋਂ ਜ਼ਰੂਰ ਗ਼ੁਲਾਮੀ ਵਿੱਚ ਚਲਿਆ ਜਾਵੇਗਾ ।"

12ਤਦ ਅਮਸਯਾਹ ਨੇ ਆਮੋਸ ਨੂੰ ਕਿਹਾ, "ਹੇ ਦਰਸ਼ਨ ਵੇਖਣ ਵਾਲੇ, ਜਾ, ਇੱਥੋਂ ਨਿੱਕਲ ਕੇ ਯਹੂਦਾਹ ਦੇ ਦੇਸ਼ ਨੂੰ ਭੱਜ ਜਾ ! ਉੱਥੇ ਹੀ ਰੋਟੀ ਖਾ ਅਤੇ ਉੱਥੇ ਹੀ ਭਵਿੱਖਬਾਣੀ ਕਰ13ਪਰ ਬੈਤਏਲ ਵਿੱਚ ਫੇਰ ਕਦੇ ਭਵਿੱਖਬਾਣੀ ਨਾ ਕਰੀਂ ਕਿਉਂ ਜੋ ਇਹ ਰਾਜੇ ਦਾ ਪਵਿੱਤਰ ਸਥਾਨ ਅਤੇ ਸ਼ਾਹੀ-ਨਗਰ ਹੈ ।"
14ਆਮੋਸ ਨੇ ਅਮਸਯਾਹ ਨੂੰ ਉੱਤਰ ਦਿੱਤਾ, "ਨਾ ਤਾਂ ਮੈਂ ਨਬੀ ਸੀ ਅਤੇ ਨਾ ਹੀ ਨਬੀ ਦਾ ਪੁੱਤਰ, ਪਰ ਮੈਂ ਤਾਂ ਇੱਕ ਅਯਾਲੀ ਸੀ ਅਤੇ ਗੁੱਲਰਾਂ ਦੇ ਰੁੱਖਾਂ ਨੂੰ ਛਾਂਗਣ ਵਾਲਾ ਸੀ,15ਅਤੇ ਯਹੋਵਾਹ ਨੇ ਮੈਨੂੰ ਇੱਜੜ ਦੇ ਪਿੱਛੇ ਫਿਰਨ ਤੋਂ ਲਿਆ ਅਤੇ ਮੈਨੂੰ ਕਿਹਾ, 'ਜਾ, ਮੇਰੀ ਪਰਜਾ ਇਸਰਾਏਲ ਤੇ ਭਵਿੱਖਬਾਣੀ ਕਰ !'
16ਇਸ ਲਈ ਹੁਣ ਯਹੋਵਾਹ ਦਾ ਬਚਨ ਸੁਣ, ਤੂੰ ਕਹਿੰਦਾ ਹੈਂ, 'ਇਸਰਾਏਲ ਦੇ ਵਿਰੁੱਧ ਭਵਿੱਖਬਾਣੀ ਨਾ ਕਰ ਅਤੇ ਇਸਹਾਕ ਦੇ ਘਰਾਣੇ ਦੇ ਵਿਰੁੱਧ ਪ੍ਰਚਾਰ ਕਰਨਾ ਬੰਦ ਕਰ !'17ਇਸ ਲਈ ਲਈ ਯਹੋਵਾਹ ਇਹ ਫ਼ਰਮਾਉਂਦਾ ਹੈ, 'ਤੇਰੀ ਪਤਨੀ ਸ਼ਹਿਰ ਵਿੱਚ ਵੇਸਵਾ ਬਣ ਜਾਵੇਗੀ ਅਤੇ ਤੇਰੇ ਪੁੱਤਰ ਅਤੇ ਧੀਆਂ ਤਲਵਾਰ ਨਾਲ ਮਾਰੇ ਜਾਣਗੇ ਅਤੇ ਤੇਰੀ ਭੂਮੀ ਮਾਪ ਕੇ ਵੰਡ ਲਈ ਜਾਵੇਗੀ ਅਤੇ ਤੂੰ ਆਪ ਇੱਕ ਅਸ਼ੁੱਧ ਦੇਸ਼ ਵਿੱਚ ਮਰੇਂਗਾ ਅਤੇ ਇਸਰਾਏਲ ਆਪਣੇ ਦੇਸ਼ ਤੋਂ ਜ਼ਰੂਰ ਹੀ ਗ਼ੁਲਾਮੀ ਵਿੱਚ ਜਾਵੇਗਾ !' "

8
ਫਲਾਂ ਨਾਲ ਭਰੀ ਹੋਈ ਟੋਕਰੀ ਦਾ ਦਰਸ਼ਣ

1ਪ੍ਰਭੂ ਯਹੋਵਾਹ ਨੇ ਮੈਨੂੰ ਇਹ ਵਿਖਾਇਆ ਅਤੇ ਵੇਖੋ, ਗਰਮੀ ਦੇ ਫਲਾਂ ਨਾਲ ਭਰੀ ਹੋਈ ਇੱਕ ਟੋਕਰੀ ਸੀ ।2ਉਸਨੇ ਪੁੱਛਿਆ, "ਆਮੋਸ ਤੂੰ ਕੀ ਵੇਖਦਾ ਹੈਂ ? " ਮੈਂ ਉੱਤਰ ਦਿੱਤਾ, "ਗਰਮੀ ਦੇ ਫਲਾਂ ਨਾਲ ਭਰੀ ਹੋਈ ਇੱਕ ਟੋਕਰੀ ।" ਤਦ ਯਹੋਵਾਹ ਨੇ ਮੈਨੂੰ ਕਿਹਾ, "ਮੇਰੀ ਪਰਜਾ ਇਸਰਾਏਲ ਦਾ ਅੰਤ ਆ ਗਿਆ ਹੈ ! ਮੈਂ ਹੁਣ ਉਨ੍ਹਾਂ ਨੂੰ ਹੋਰ ਨਹੀਂ ਬਖ਼ਸ਼ਾਂਗਾ ।3ਪ੍ਰਭੂ ਯਹੋਵਾਹ ਦਾ ਵਾਕ ਹੈ, "ਉਸ ਦਿਨ ਮੰਦਰ ਦੇ ਗੀਤ ਵਿਰਲਾਪ ਵਿੱਚ ਬਦਲ ਜਾਣਗੇ, ਲਾਸ਼ਾਂ ਦਾ ਵੱਡਾ ਢੇਰ ਲੱਗੇਗਾ ਅਤੇ ਉਹ ਹਰੇਕ ਸਥਾਨ ਉੱਤੇ ਚੁੱਪ-ਚਾਪ ਸੁੱਟ ਦਿੱਤੀਆਂ ਜਾਣਗੀਆਂ !"

ਇਸਰਾਏਲ ਦਾ ਪਤਨ

4"ਤੁਸੀਂ ਜੋ ਕੰਗਾਲਾਂ ਨੂੰ ਨਿਗਲਣਾ ਚਾਹੁੰਦੇ ਹੋ ਅਤੇ ਦੇਸ਼ ਦੇ ਨਿਮਰ ਲੋਕਾਂ ਨੂੰ ਨਾਸ਼ ਕਰਨਾ ਚਾਹੁੰਦੇ ਹੋ", ਸੁਣੋ !5ਤੁਸੀਂ ਕਹਿੰਦੇ ਹੋ, "ਅਮੱਸਿਆ ਕਦੋਂ ਬੀਤੇਗੀ, ਤਾਂ ਜੋ ਅਸੀਂ ਅੰਨ ਵੇਚੀਏ ? ਅਤੇ ਸਬਤ ਕਦੋਂ ਖਤਮ ਹੋਵੇਗਾ ਤਾਂ ਜੋ ਅਸੀਂ ਕਣਕ ਦੇ ਖੱਤੇ ਖੋਲ੍ਹੀਏ ਕਿ ਅਸੀਂ ਏਫਾਹ ਨੂੰ ਛੋਟਾ ਅਤੇ ਸ਼ਕੇਲ ਨੂੰ ਵੱਡਾ ਬਣਾਈਏ ਅਤੇ ਛਲ਼ ਨਾਲ ਡੰਡੀ ਮਾਰੀਏ,6ਤਾਂ ਜੋ ਅਸੀਂ ਗਰੀਬਾਂ ਨੂੰ ਚਾਂਦੀ ਨਾਲ ਅਤੇ ਕੰਗਾਲਾਂ ਨੂੰ ਜੁੱਤੀਆਂ ਦੇ ਇੱਕ ਜੋੜੇ ਨਾਲ ਮੁੱਲ ਲੈ ਲਈਏ ਅਤੇ ਕਣਕ ਦਾ ਕੂੜਾ ਵੇਚੀਏ !"

7ਯਹੋਵਾਹ, ਜਿਸ ਤੇ ਯਾਕੂਬ ਨੂੰ ਘਮੰਡ ਕਰਨਾ ਚਾਹੀਦਾ ਹੈ, ਉਸ ਨੇ ਆਪਣੀ ਸੌਂਹ ਖਾਧੀ ਹੈ, "ਮੈਂ ਉਹਨਾਂ ਦੀਆਂ ਸਾਰੀਆਂ ਕਰਤੂਤਾਂ ਨੂੰ ਕਦੇ ਨਾ ਭੁੱਲਾਂਗਾ !8ਕੀ ਦੇਸ਼ ਇਸ ਦੇ ਕਾਰਨ ਨਾ ਕੰਬੇਗਾ ? ਕੀ ਉਸ ਦੇ ਸਾਰੇ ਵਾਸੀ ਸੋਗ ਨਾ ਕਰਨਗੇ ? ਹਾਂ, ਇਹ ਸਾਰਾ ਦੇਸ਼ ਨਦੀ ਦੀ ਤਰ੍ਹਾਂ ਚੜ੍ਹੇਗਾ, ਜੋ ਉੱਛਲਦੀ ਹੈ ਅਤੇ ਫੇਰ ਉਤਰ ਜਾਂਦੀ ਹੈ ? ਮਿਸਰ ਦੀ ਨੀਲ ਨਦੀ ਦੀ ਤਰ੍ਹਾਂ !"

9ਪ੍ਰਭੂ ਯਹੋਵਾਹ ਦਾ ਵਾਕ ਹੈ, "ਉਸ ਦਿਨ ਮੈਂ ਸੂਰਜ ਨੂੰ ਭਰੀ ਦੁਪਹਿਰ ਨੂੰ ਲਾਹ ਦਿਆਂਗਾ ਅਤੇ ਦਿਨ-ਦਿਹਾੜੇ ਧਰਤੀ ਨੂੰ ਹਨੇਰਾ ਕਰ ਦਿਆਂਗਾ ।10ਮੈਂ ਤੁਹਾਡੇ ਪਰਬਾਂ ਨੂੰ ਸੋਗ ਵਿੱਚ ਅਤੇ ਤੁਹਾਡੇ ਸਾਰੇ ਗੀਤਾਂ ਨੂੰ ਵਿਰਲਾਪ ਵਿੱਚ ਬਦਲ ਦਿਆਂਗਾ । ਮੈਂ ਸਾਰਿਆਂ ਲੱਕਾਂ ਉੱਤੇ ਟਾਟ ਬੰਨ੍ਹਾਵਾਂਗਾ ਅਤੇ ਹਰੇਕ ਸਿਰ ਨੂੰ ਗੰਜਾ ਕਰਾਂਗਾ । ਮੈਂ ਉਸ ਦਿਨ ਅਜਿਹਾ ਵਿਰਲਾਪ ਕਰਾਵਾਂਗਾ ਜਿਵੇਂ ਇਕਲੌਤੇ ਲਈ ਹੁੰਦਾ ਹੈ ਅਤੇ ਉਸ ਦਾ ਅੰਤ ਭੈੜੇ ਦਿਨ ਜਿਹਾ ਹੋਵੇਗਾ ।"

11ਪ੍ਰਭੂ ਯਹੋਵਾਹ ਦਾ ਵਾਕ ਹੈ, ਵੇਖ, ਉਹ ਦਿਨ ਆਉਂਦੇ ਹਨ ਜਦ ਮੈਂ ਇਸ ਦੇਸ਼ ਵਿੱਚ ਕਾਲ ਭੇਜਾਂਗਾ, ਰੋਟੀ ਦਾ ਕਾਲ ਨਹੀਂ ਅਤੇ ਨਾ ਹੀ ਪਾਣੀ ਦੀ ਪਿਆਸ ਦਾ, ਸਗੋਂ ਯਹੋਵਾਹ ਦੀ ਬਾਣੀ ਦੇ ਸੁਣਨ ਦਾ ਕਾਲ ਹੋਵੇਗਾ ।12ਲੋਕ ਸਮੁੰਦਰ ਤੋਂ ਸਮੁੰਦਰ ਤੱਕ ਅਤੇ ਉੱਤਰ ਤੋਂ ਪੂਰਬ ਤੱਕ ਭਟਕਦੇ ਫਿਰਨਗੇ, ਉਹ ਯਹੋਵਾਹ ਦੀ ਬਾਣੀ ਨੂੰ ਭਾਲਣ ਲਈ ਇੱਧਰ-ਉੱਧਰ ਮਾਰੇ ਮਾਰੇ ਫਿਰਨਗੇ, ਪਰ ਉਸ ਨੂੰ ਨਾ ਪਾਉਣਗੇ ।

13ਉਸ ਦਿਨ ਸੋਹਣੀਆਂ ਕੁਆਰੀਆਂ ਅਤੇ ਤਗੜੇ ਜੁਆਨ ਪਿਆਸ ਦੇ ਕਾਰਨ ਬੇਸੁਰਤ ਹੋ ਜਾਣਗੇ !14ਉਹ ਲੋਕ ਜੋ ਸਾਮਰਿਯਾ ਦੀ ਅਸ਼ਮਾਹ ਦੀ ਸਹੁੰ ਖਾਂਦੇ ਹਨ ਅਤੇ ਕਹਿੰਦੇ ਹਨ, 'ਹੇ ਦਾਨ, ਤੇਰੇ ਜੀਵਨ ਦੀ ਸਹੁੰ' ਅਤੇ 'ਬਅੇਰ-ਸ਼ਬਾ ਦੇ ਰਾਹ ਦੀ ਸਹੁੰ', ਉਹ ਸਾਰੇ ਡਿੱਗ ਪੈਣਗੇ ਅਤੇ ਫੇਰ ਕਦੇ ਨਾ ਉੱਠਣਗੇ !"

9
ਪਰਮੇਸ਼ੁਰ ਦਾ ਨਿਆਂ

1ਮੈਂ ਪ੍ਰਭੂ ਨੂੰ ਜਗਵੇਦੀ ਦੇ ਕੋਲ ਖੜ੍ਹਾ ਹੋਇਆ ਵੇਖਿਆ ਅਤੇ ਉਸ ਨੇ ਕਿਹਾ, "ਥੰਮ੍ਹਾਂ ਦੇ ਸਿਖਰਾਂ ਨੂੰ ਮਾਰ ਤਾਂ ਜੋ ਚੌਖਟਾਂ ਹਿੱਲਣ ਅਤੇ ਉਨ੍ਹਾਂ ਨੂੰ ਸਾਰੇ ਲੋਕਾਂ ਦੇ ਸਿਰਾਂ ਉੱਤੇ ਡੇਗ ਕੇ ਭੰਨ ਸੁੱਟ ! ਅਤੇ ਜੋ ਬਚ ਜਾਣ ਉਨ੍ਹਾਂ ਨੂੰ ਮੈਂ ਤਲਵਾਰ ਨਾਲ ਵੱਢਾਂਗਾ, ਉਨ੍ਹਾਂ ਵਿੱਚੋਂ ਕੋਈ ਵੀ ਭੱਜ ਨਾ ਸਕੇਗਾ ਅਤੇ ਕੋਈ ਵੀ ਨਾ ਬਚੇਗਾ ।

2ਭਾਵੇਂ ਉਹ ਪਤਾਲ ਤੱਕ ਟੋਇਆ ਪੁੱਟ ਲੈਣ, ਉੱਥੋਂ ਵੀ ਮੇਰਾ ਹੱਥ ਉਨ੍ਹਾਂ ਨੂੰ ਖਿੱਚ ਲਵੇਗਾ, ਭਾਵੇਂ ਉਹ ਅਕਾਸ਼ ਤੱਕ ਚੜ੍ਹ ਜਾਣ, ਤਾਂ ਵੀ ਉੱਥੋਂ ਮੈਂ ਉਨ੍ਹਾਂ ਨੂੰ ਉਤਾਰ ਲਿਆਵਾਂਗਾ !
3ਭਾਵੇਂ ਉਹ ਕਰਮਲ ਦੀ ਚੋਟੀ ਉੱਤੇ ਲੁੱਕ ਜਾਣ, ਉੱਥੋਂ ਵੀ ਮੈਂ ਉਨ੍ਹਾਂ ਨੂੰ ਲੱਭ ਕੇ ਫੜ੍ਹ ਲਵਾਂਗਾ, ਭਾਵੇਂ ਉਹ ਮੇਰੀ ਨਜ਼ਰ ਤੋਂ ਸਮੁੰਦਰ ਦੇ ਥੱਲੇ ਲੁੱਕ ਜਾਣ, ਉੱਥੇ ਵੀ ਮੈਂ ਸੱਪ ਨੂੰ ਹੁਕਮ ਦਿਆਂਗਾ ਅਤੇ ਉਹ ਉਨ੍ਹਾਂ ਨੂੰ ਡੱਸੇਗਾ !4ਭਾਵੇਂ ਵੈਰੀ ਉਨ੍ਹਾਂ ਨੂੰ ਹੱਕ ਕੇ ਗ਼ੁਲਾਮੀ ਵਿੱਚ ਲੈ ਜਾਣ, ਉੱਥੇ ਵੀ ਮੈਂ ਤਲਵਾਰ ਨੂੰ ਹੁਕਮ ਦਿਆਂਗਾ ਅਤੇ ਉਹ ਉਨ੍ਹਾਂ ਨੂੰ ਵੱਢੇਗੀ ! ਮੈਂ ਆਪਣੀਆਂ ਅੱਖਾਂ ਨੂੰ ਉਨ੍ਹਾਂ ਉੱਤੇ ਭਲਿਆਈ ਲਈ ਨਹੀਂ ਸਗੋਂ ਬੁਰਿਆਈ ਲਈ ਹੀ ਰੱਖਾਂਗਾ ।"

5ਸੈਨਾਂ ਦਾ ਪ੍ਰਭੂ ਯਹੋਵਾਹ ਉਹ ਹੈ, ਜੋ ਧਰਤੀ ਨੂੰ ਛੂੰਹਦਾ ਹੈ ਤਾਂ ਉਹ ਪਿਘਲ ਜਾਂਦੀ ਹੈ ਅਤੇ ਉਸ ਦੇ ਸਾਰੇ ਵਾਸੀ ਸੋਗ ਕਰਦੇ ਹਨ ਅਤੇ ਸਾਰਾ ਦੇਸ਼ ਮਿਸਰ ਦੀ ਨੀਲ ਨਦੀ ਦੀ ਤਰ੍ਹਾਂ ਚੜ੍ਹਦਾ ਹੈ, ਜੋ ਉੱਛਲਦੀ ਹੈ ਅਤੇ ਫੇਰ ਉਤਰ ਜਾਂਦੀ ਹੈ ।6ਜੋ ਅਕਾਸ਼ ਉੱਤੇ ਆਪਣੇ ਚੁਬਾਰੇ ਬਣਾਉਂਦਾ ਹੈ ਅਤੇ ਧਰਤੀ ਉੱਤੇ ਆਪਣੇ ਅਕਾਸ਼ ਮੰਡਲ ਦੀ ਨੀਂਹ ਰੱਖਦਾ ਹੈ ਅਤੇ ਜੋ ਸਮੁੰਦਰ ਦੇ ਪਾਣੀਆਂ ਨੂੰ ਸੱਦਦਾ ਹੈ ਅਤੇ ਉਨ੍ਹਾਂ ਨੂੰ ਧਰਤੀ ਦੀ ਪਰਤ ਉੱਤੇ ਵਹਾ ਦਿੰਦਾ ਹੈ, ਉਸ ਦਾ ਨਾਮ ਯਹੋਵਾਹ ਹੈ !

7"ਹੇ ਇਸਰਾਏਲੀਓ, ਕੀ ਤੁਸੀਂ ਮੇਰੇ ਲਈ ਕੂਸ਼ੀਆਂ ਵਰਗੇ ਨਹੀਂ ? " ਪ੍ਰਭੂ ਯਹੋਵਾਹ ਦਾ ਵਾਕ ਹੈ । "ਕੀ ਮੈਂ ਇਸਰਾਏਲੀਆਂ ਨੂੰ ਮਿਸਰ ਦੇਸ਼ ਵਿੱਚੋਂ, ਫ਼ਲਿਸਤੀਆਂ ਨੂੰ ਕਫ਼ਤੋਰ ਵਿੱਚੋਂ ਅਤੇ ਅਰਾਮੀਆਂ ਨੂੰ ਕੀਰ ਵਿੱਚੋਂ ਕੱਢ ਕੇ ਨਹੀਂ ਲੈ ਆਇਆ ?8ਵੇਖੋ, ਪ੍ਰਭੂ ਯਹੋਵਾਹ ਦੀਆਂ ਅੱਖਾਂ ਇਸ ਪਾਪੀ ਰਾਜ ਉੱਤੇ ਲੱਗੀਆਂ ਹਨ ਅਤੇ ਮੈਂ ਇਸ ਨੂੰ ਧਰਤੀ ਉੱਤੋਂ ਨਾਸ਼ ਕਰਾਂਗਾ । ਤਾਂ ਵੀ ਮੈਂ ਯਾਕੂਬ ਦੇ ਘਰਾਣੇ ਨੂੰ ਪੂਰੀ ਤਰ੍ਹਾਂ ਨਾਸ਼ ਨਹੀਂ ਕਰਾਂਗਾ", ਪ੍ਰਭੂ ਯਹੋਵਾਹ ਦਾ ਵਾਕ ਹੈ ।

9"ਵੇਖੋ, ਮੈਂ ਹੁਕਮ ਦਿਆਂਗਾ ਅਤੇ ਮੈਂ ਇਸਰਾਏਲ ਦੇ ਘਰਾਣੇ ਨੂੰ ਸਾਰੀਆਂ ਕੌਮਾਂ ਵਿੱਚੋਂ ਐਵੇਂ ਛਾਣ ਸੁੱਟਾਂਗਾ, ਜਿਵੇਂ ਅੰਨ ਛਾਨਣੀ ਵਿੱਚ ਛਾਣੀਦਾ ਹੈ ਅਤੇ ਇੱਕ ਦਾਣਾ ਵੀ ਧਰਤੀ ਤੇ ਨਾ ਡਿੱਗੇਗਾ ।10ਮੇਰੀ ਪਰਜਾ ਦੇ ਸਾਰੇ ਪਾਪੀ ਤਲਵਾਰ ਨਾਲ ਮਰਨਗੇ, ਜੋ ਕਹਿੰਦੇ ਹਨ, ਇਹ ਬਿਪਤਾ ਸਾਡੇ ਉੱਤੇ ਨਹੀਂ ਪਵੇਗੀ, ਨਾ ਸਾਨੂੰ ਮਿਲੇਗੀ !
ਇਸਰਾਏਲ ਦੀ ਬਹਾਲੀ

11ਉਸ ਦਿਨ ਮੈਂ ਦਾਊਦ ਦੇ ਡਿੱਗੇ ਹੋਏ ਡੇਰੇ ਨੂੰ ਖੜ੍ਹਾ ਕਰਾਂਗਾ ਅਤੇ ਉਸ ਦੀਆਂ ਤੇੜਾਂ ਨੂੰ ਬੰਦ ਕਰਾਂਗਾ, ਮੈਂ ਉਸ ਦੇ ਖੰਡਰਾਂ ਨੂੰ ਫੇਰ ਬਣਾਵਾਂਗਾ ਅਤੇ ਉਸ ਨੂੰ ਪੁਰਾਣੇ ਸਮਿਆਂ ਵਰਗਾ ਬਣਾ ਦਿਆਂਗਾ,12ਤਾਂ ਜੋ ਉਹ ਅਦੋਮ ਦੇ ਬਚੇ ਹੋਇਆਂ ਉੱਤੇ, ਸਗੋਂ ਸਾਰੀਆਂ ਕੌਮਾਂ ਉੱਤੇ ਕਾਬੂ ਪਾ ਲੈਣ, ਜਿਹੜੀਆਂ ਮੇਰੇ ਨਾਮ ਤੋਂ ਪੁਕਾਰੀਆਂ ਜਾਂਦੀਆਂ ਹਨ", ਪ੍ਰਭੂ ਯਹੋਵਾਹ ਦਾ ਵਾਕ ਹੈ, ਜੋ ਇਹ ਕੰਮ ਪੂਰਾ ਕਰਦਾ ਹੈ ।

13ਪ੍ਰਭੂ ਯਹੋਵਾਹ ਦਾ ਵਾਕ ਹੈ, "ਵੇਖੋ, ਉਹ ਦਿਨ ਆਉਂਦੇ ਹਨ, ਜਦ ਹਲ਼ ਚਲਾਉਣ ਵਾਲਾ ਵਾਢੀ ਕਰਨ ਵਾਲੇ ਨੂੰ ਅਤੇ ਅੰਗੂਰਾਂ ਦਾ ਮਿੱਧਣ ਵਾਲਾ, ਬੀਜ ਬੀਜਣ ਵਾਲੇ ਨੂੰ ਜਾ ਲਵੇਗਾ ਅਤੇ ਪਹਾੜਾਂ ਤੋਂ ਨਵੀਂ ਮਧ ਚੋਵੇਗੀ ਅਤੇ ਸਾਰੇ ਟਿੱਲਿਆਂ ਤੋਂ ਵਗੇਗੀ !
14ਮੈਂ ਆਪਣੀ ਪਰਜਾ ਇਸਰਾਏਲ ਨੂੰ ਗ਼ੁਲਾਮੀ ਤੋਂ ਵਾਪਿਸ ਲੈ ਆਵਾਂਗਾ, ਉਹ ਉੱਜੜੇ ਹੋਏ ਸ਼ਹਿਰਾਂ ਨੂੰ ਉਸਾਰਨਗੇ ਅਤੇ ਉਨ੍ਹਾਂ ਵਿੱਚ ਵੱਸਣਗੇ, ਉਹ ਅੰਗੂਰੀ ਬਾਗ ਲਾਉਣਗੇ ਅਤੇ ਉਨ੍ਹਾਂ ਦੀ ਮਧ ਪੀਣਗੇ, ਉਹ ਬਾਗ ਲਾਉਣਗੇ ਅਤੇ ਉਹਨਾਂ ਦਾ ਫਲ ਖਾਣਗੇ ।15ਮੈਂ ਉਨ੍ਹਾਂ ਨੂੰ ਉਨ੍ਹਾਂ ਦੀ ਜ਼ਮੀਨ ਵਿੱਚ ਲਾਵਾਂਗਾ ਅਤੇ ਉਹ ਆਪਣੀ ਭੂਮੀ ਤੋਂ ਜਿਹੜੀ ਮੈਂ ਉਨ੍ਹਾਂ ਨੂੰ ਦਿੱਤੀ ਹੈ, ਫੇਰ ਕਦੇ ਪੁੱਟੇ ਨਾ ਜਾਣਗੇ", ਤੁਹਾਡਾ ਪਰਮੇਸ਼ੁਰ ਯਹੋਵਾਹ ਫ਼ਰਮਾਉਂਦਾ ਹੈ ।

ਓਬਦਯਾਹ

1
ਅਦੋਮ ਨੂੰ ਸਜ਼ਾ

1ਓਬਦਯਾਹ ਲਈ ਦਰਸ਼ਨ, - ਪ੍ਰਭੂ ਯਹੋਵਾਹ ਅਦੋਮ ਦੇ ਵਿਖੇ ਇਹ ਫ਼ਰਮਾਉਂਦਾ ਹੈ, - ਅਸੀਂ ਯਹੋਵਾਹ ਵੱਲੋਂ ਖ਼ਬਰ ਸੁਣੀ, ਅਤੇ ਇੱਕ ਦੂਤ ਕੌਮਾਂ ਵਿੱਚ ਇਹ ਆਖਣ ਲਈ ਭੇਜਿਆ ਗਿਆ, ਉੱਠ ! ਅਸੀਂ ਉਸ ਨਾਲ ਲੜਨ ਲਈ ਉੱਠ ਖੜ੍ਹੇ ਹੋਈਏ !2ਵੇਖ, ਮੈਂ ਤੈਨੂੰ ਕੌਮਾਂ ਵਿੱਚ ਛੋਟਾ ਕਰ ਦਿੱਤਾ ਹੈ, ਤੇਰੇ ਤੋਂ ਡਾਢੀ ਘਿਣ ਕੀਤੀ ਗਈ ਹੈ !

3ਹੇ ਚੱਟਾਨਾਂ ਦੀਆਂ ਦਰਾਰਾਂ ਵਿੱਚ ਵੱਸਣ ਵਾਲੇ ! ਜਿਸ ਦਾ ਠਿਕਾਣਾ ਉੱਚਿਆਈ ਵਿੱਚ ਹੈ, ਤੇਰੇ ਮਨ ਦੇ ਹੰਕਾਰ ਨੇ ਤੈਨੂੰ ਧੋਖਾ ਦਿੱਤਾ ਹੈ, ਤੂੰ ਜੋ ਆਪਣੇ ਮਨ ਵਿੱਚ ਆਖਦਾ ਹੈ, ਕੌਣ ਮੈਨੂੰ ਧਰਤੀ ਉੱਤੇ ਲਾਹੇਗਾ ?4ਭਾਵੇਂ ਤੂੰ ਉਕਾਬ ਵਾਂਗੂੰ ਉੱਚਾ ਚੜ੍ਹ ਜਾਵੇਂ, ਭਾਵੇਂ ਤੇਰਾ ਆਲ੍ਹਣਾ ਤਾਰਿਆਂ ਵਿੱਚ ਰੱਖਿਆ ਹੋਇਆ ਹੋਵੇ, ਉੱਥੋਂ ਵੀ ਮੈਂ ਤੈਨੂੰ ਲਾਹ ਲਵਾਂਗਾ, ਯਹੋਵਾਹ ਦਾ ਵਾਕ ਹੈ ।

5ਜੇਕਰ ਰਾਤ ਨੂੰ ਤੇਰੇ ਕੋਲ ਚੋਰ ਅਤੇ ਡਾਕੂ ਵੀ ਆਉਣ (ਤੂੰ ਕਿਵੇਂ ਬਰਬਾਦ ਕੀਤਾ ਗਿਆ !) ਕੀ ਉਹ ਆਪਣੀ ਲੋੜ ਪੂਰੀ ਕਰਨ ਲਈ ਹੀ ਨਹੀਂ ਲੁੱਟਣਗੇ ? ਜੇ ਅੰਗੂਰ ਤੋੜਨ ਵਾਲੇ ਤੇਰੇ ਕੋਲ ਆਉਣ, ਕੀ ਉਹ ਕੁਝ ਦਾਣੇ ਨਹੀਂ ਛੱਡਣਗੇ ?6ਪਰ ਏਸਾਓ ਦਾ ਮਾਲ ਕਿਵੇਂ ਭਾਲ ਕੇ ਲੁੱਟਿਆ ਗਿਆ ਹੈ ਅਤੇ ਉਹ ਦਾ ਦੱਬਿਆ ਹੋਇਆ ਖ਼ਜ਼ਾਨਾ ਕਿਵੇਂ ਖੋਜ ਕਰਕੇ ਕੱਢਿਆ ਗਿਆ ਹੈ !
7ਤੇਰੇ ਨਾਲ ਨੇਮ ਬੰਨ੍ਹਣ ਵਾਲੇ ਸਾਰੇ ਸਾਥੀਆਂ ਨੇ ਤੈਨੂੰ ਤੇਰੀ ਹੱਦ ਤੱਕ ਧੱਕ ਦਿੱਤਾ ਅਤੇ ਤੇਰੇ ਸੁੱਖ ਦੇ ਸਾਰੇ ਮੇਲੀਆਂ ਨੇ ਤੈਨੂੰ ਧੋਖਾ ਦਿੱਤਾ ਅਤੇ ਤੇਰੇ ਉੱਤੇ ਪ੍ਰਬਲ ਹੋ ਗਏ, ਜੋ ਤੇਰੀ ਰੋਟੀ ਖਾਂਦੇ ਹਨ ਉਹ ਤੇਰੇ ਹੇਠ ਫੰਦਾ ਲਾਉਂਦੇ ਹਨ, ਉਹ ਦੇ ਵਿੱਚ ਕੋਈ ਸਮਝ ਨਹੀਂ ਹੈ ।8ਯਹੋਵਾਹ ਦਾ ਵਾਕ ਹੈ, "ਕੀ ਮੈਂ ਉਸ ਦਿਨ ਅਦੋਮ ਵਿੱਚੋਂ ਬੁੱਧਵਾਨਾਂ ਨੂੰ ਅਤੇ ਸਮਝ ਨੂੰ ਏਸਾਓ ਦੇ ਪਹਾੜ ਵਿੱਚੋਂ ਮਿਟਾ ਨਾ ਦਿਆਂਗਾ ।"9ਹੇ ਤੇਮਾਨ, ਤੇਰੇ ਸੂਰਮੇ ਘਬਰਾ ਜਾਣਗੇ, ਇੱਥੋਂ ਤੱਕ ਕਿ ਏਸਾਓ ਦੇ ਪਹਾੜ ਵਿੱਚੋਂ ਹਰੇਕ ਮਨੁੱਖ ਕਤਲ ਹੋ ਕੇ ਵੱਢਿਆ ਜਾਵੇਗਾ !
ਅਦੋਮ ਨੂੰ ਸਜ਼ਾ ਦੇਣ ਦਾ ਕਾਰਨ

10ਤੇਰੇ ਜ਼ੁਲਮ ਦੇ ਕਾਰਨ ਜਿਹੜਾ ਤੂੰ ਆਪਣੇ ਭਰਾ ਯਾਕੂਬ ਨਾਲ ਕੀਤਾ, ਸ਼ਰਮਿੰਦਗੀ ਤੈਨੂੰ ਢੱਕ ਲਵੇਗੀ, ਤੂੰ ਸਦਾ ਲਈ ਨਾਸ਼ ਹੋ ਜਾਵੇਂਗਾ ।11ਉਸ ਦਿਨ ਤੂੰ ਦੂਰ ਖੜ੍ਹਾ ਸੀ, ਜਿਸ ਦਿਨ ਪਰਾਏ ਉਹ ਦਾ ਮਾਲ-ਧਨ ਲੁੱਟ ਕੇ ਲੈ ਗਏ ਅਤੇ ਓਪਰੇ ਉਹ ਦੇ ਫਾਟਕਾਂ ਰਾਹੀਂ ਅੰਦਰ ਵੜ ਕੇ ਯਰੂਸ਼ਲਮ ਉੱਤੇ ਪਰਚੀਆਂ ਪਾਉਣ ਲੱਗੇ, ਉਸ ਦਿਨ ਤੂੰ ਵੀ ਉਨ੍ਹਾਂ ਵਿੱਚੋਂ ਇੱਕ ਵਰਗਾ ਸੀ !
12ਪਰ ਤੇਰੇ ਲਈ ਇਹ ਠੀਕ ਨਹੀਂ ਸੀ ਕਿ ਤੂੰ ਆਪਣੇ ਭਰਾ ਨੂੰ ਉਸ ਦੀ ਹਾਨੀ ਦੇ ਦਿਨ ਵੇਖਦਾ ਰਹਿੰਦਾ ! ਤੈਨੂੰ ਯਾਕੂਬ ਦੀ ਅੰਸ ਦੇ ਨਾਸ਼ ਹੋਣ ਦੇ ਦਿਨ ਅਨੰਦ ਨਹੀਂ ਸੀ ਹੋਣਾ ਚਾਹੀਦਾ ! ਅਤੇ ਤੈਨੂੰ ਉਨ੍ਹਾਂ ਦੇ ਦੁੱਖ ਦੇ ਦਿਨ ਵੱਡੇ ਬੋਲ ਨਹੀਂ ਬੋਲਣੇ ਚਾਹੀਦੇ ਸਨ !13ਤੈਨੂੰ ਮੇਰੀ ਪਰਜਾ ਦੀ ਬਿਪਤਾ ਦੇ ਦਿਨ, ਉਨ੍ਹਾਂ ਦੇ ਫਾਟਕਾਂ ਵਿੱਚ ਨਹੀਂ ਸੀ ਵੜਨਾ ਚਾਹੀਦਾ ! ਤੈਨੂੰ ਉਨ੍ਹਾਂ ਦੀ ਬਿਪਤਾ ਦੇ ਦਿਨ, ਉਨ੍ਹਾਂ ਦੇ ਕਲੇਸ਼ ਵੱਲ ਨਹੀਂ ਸੀ ਤੱਕਣਾ ਚਾਹੀਦਾ ! ਤੈਨੂੰ ਉਨ੍ਹਾਂ ਦੀ ਬਿਪਤਾ ਦੇ ਦਿਨ, ਉਨ੍ਹਾਂ ਦਾ ਮਾਲ ਨਹੀਂ ਸੀ ਲੁੱਟਣਾ ਚਾਹੀਦਾ !14ਤੈਨੂੰ ਚੁਰਾਹਿਆਂ ਉੱਤੇ ਖੜ੍ਹੇ ਨਹੀਂ ਹੋਣਾ ਚਾਹੀਦਾ ਸੀ ਕਿ ਉਸ ਦੇ ਭੱਜਣ ਵਾਲਿਆਂ ਨੂੰ ਮਾਰੇਂ ਅਤੇ ਸੰਕਟ ਦੇ ਦਿਨ ਉਸ ਦੇ ਬਚੇ ਹੋਇਆਂ ਨੂੰ ਫੜਾਉਣਾ ਨਹੀਂ ਸੀ ਚਾਹੀਦਾ !
ਪਰਮੇਸ਼ੁਰ ਕੌਮਾਂ ਦਾ ਨਿਆਂ ਕਰੇਗਾ

15ਯਹੋਵਾਹ ਦਾ ਦਿਨ ਤਾਂ ਸਾਰੀਆਂ ਕੌਮਾਂ ਉੱਤੇ ਨੇੜੇ ਆ ਪਹੁੰਚਿਆ ਹੈ, ਜਿਵੇਂ ਤੂੰ ਕੀਤਾ, ਉਸੇ ਤਰ੍ਹਾਂ ਹੀ ਤੇਰੇ ਨਾਲ ਕੀਤਾ ਜਾਵੇਗਾ, ਤੇਰੀ ਕਰਨੀ ਮੁੜ ਕੇ ਤੇਰੇ ਸਿਰ ਪਵੇਗੀ ।16ਜਿਵੇਂ ਤੁਸੀਂ ਮੇਰੇ ਪਵਿੱਤਰ ਪਹਾੜ ਉੱਤੇ ਪੀਤਾ, ਉਸੇ ਤਰ੍ਹਾਂ ਸਾਰੀਆਂ ਕੌਮਾਂ ਨਿੱਤ ਪੀਣਗੀਆਂ, ਉਹ ਪੀਣਗੀਆਂ ਅਤੇ ਪੀਂਦੀਆਂ ਹੀ ਜਾਣਗੀਆਂ ਅਤੇ ਅਜਿਹੀਆਂ ਹੋ ਜਾਣਗੀਆਂ ਜਿਵੇਂ ਉਹ ਹੋਈਆਂ ਹੀ ਨਹੀਂ !
ਇਸਰਾਏਲ ਦੀ ਜਿੱਤ

17ਪਰ ਬਚੇ ਹੋਏ ਸੀਯੋਨ ਪਹਾੜ ਵਿੱਚ ਹੋਣਗੇ ਅਤੇ ਉਹ ਪਵਿੱਤਰ ਹੋਵੇਗਾ, ਯਾਕੂਬ ਦਾ ਘਰਾਣਾ ਆਪਣੀ ਵਿਰਾਸਤ ਨੂੰ ਅਧਿਕਾਰ ਵਿੱਚ ਕਰੇਗਾ ।18ਤਦ ਯਾਕੂਬ ਦਾ ਘਰਾਣਾ ਅੱਗ, ਯੂਸੁਫ਼ ਦਾ ਘਰਾਣਾ ਲੰਬ ਅਤੇ ਏਸਾਓ ਦਾ ਘਰਾਣਾ ਘਾਹ-ਫੂਸ ਵਰਗਾ ਹੋਵੇਗਾ । ਉਹ ਉਨ੍ਹਾਂ ਨੂੰ ਸਾੜਨਗੇ ਅਤੇ ਭਸਮ ਕਰਨਗੇ ਅਤੇ ਏਸਾਓ ਦੇ ਘਰਾਣੇ ਲਈ ਕੋਈ ਬਾਕੀ ਨਾ ਹੋਵੇਗਾ, ਕਿਉਂ ਜੋ ਯਹੋਵਾਹ ਨੇ ਇਹ ਫ਼ਰਮਾਇਆ ਹੈ ।

19ਦੱਖਣ ਦੇ ਲੋਕ ਏਸਾਓ ਦੇ ਪਹਾੜ ਉੱਤੇ ਅਤੇ ਮੈਦਾਨ ਦੇ ਲੋਕ ਫ਼ਲਿਸਤੀਆਂ ਉੱਤੇ ਕਬਜ਼ਾ ਕਰਨਗੇ । ਉਹ ਅਫ਼ਰਾਈਮ ਦੇ ਮੈਦਾਨ ਅਤੇ ਸਾਮਰਿਯਾ ਦੇ ਮੈਦਾਨ ਉੱਤੇ ਕਬਜ਼ਾ ਕਰਨਗੇ । ਬਿਨਯਾਮੀਨ ਗਿਲਆਦ ਉੱਤੇ ਕਬਜ਼ਾ ਕਰੇਗਾ ।
20ਇਸਰਾਏਲੀਆਂ ਦੀ ਫੌਜ ਦੇ ਗੁਲਾਮਾਂ ਵਿੱਚੋਂ, ਜਿਹੜੇ ਕਨਾਨੀਆਂ ਵਿੱਚ ਰਹਿੰਦੇ ਹਨ, ਉਹ ਸਾਰਫਥ ਤੱਕ ਅਤੇ ਯਰੂਸ਼ਲਮ ਦੇ ਗੁਲਾਮ ਜਿਹੜੇ ਸਫ਼ਾਰਦ ਵਿੱਚ ਰਹਿੰਦੇ ਹਨ, ਉਹ ਦੱਖਣ ਦੇ ਸ਼ਹਿਰਾਂ ਉੱਤੇ ਕਬਜ਼ਾ ਕਰਨਗੇ ।21ਬਚਾਉਣ ਵਾਲੇ ਸਿਯੋਨ ਪਰਬਤ ਉੱਤੇ ਜਾਣਗੇ, ਤਾਂ ਜੋ ਉਹ ਏਸਾਓ ਦੇ ਪਹਾੜ ਦਾ ਨਿਆਂ ਕਰਨ ਅਤੇ ਰਾਜ ਯਹੋਵਾਹ ਦਾ ਹੋਵੇਗਾ ।

ਯੂਨਾਹ

1
ਪਰਮੇਸ਼ੁਰ ਦੀ ਆਗਿਆ ਦਾ ਉਲੰਘਣ ਕਰਨਾ

1ਯਹੋਵਾਹ ਦਾ ਬਚਨ ਅਮਿੱਤਈ ਦੇ ਪੁੱਤਰ ਯੂਨਾਹ ਨੂੰ ਆਇਆ,2"ਉੱਠ ! ਉਸ ਵੱਡੇ ਸ਼ਹਿਰ ਨੀਨਵਾਹ ਨੂੰ ਜਾ ਅਤੇ ਉਸ ਦੇ ਵਿਰੁੱਧ ਪੁਕਾਰ ਕਿਉਂਕਿ ਉਹਨਾਂ ਦੀ ਬੁਰਿਆਈ ਮੇਰੇ ਸਨਮੁਖ ਬਹੁਤ ਵੱਧ ਗਈ ਹੈ ।"3ਪਰ ਯੂਨਾਹ ਯਹੋਵਾਹ ਦੇ ਹਜ਼ੂਰੋਂ ਤਰਸ਼ੀਸ਼ ਨੂੰ ਭੱਜਣ ਲਈ ਉੱਠਿਆ ਅਤੇ ਉਹ ਯਾਫ਼ਾ ਵੱਲ ਚਲਾ ਗਿਆ, ਉੱਥੇ ਉਸ ਨੂੰ ਇੱਕ ਜਹਾਜ਼ ਮਿਲਿਆ ਜੋ ਤਰਸ਼ੀਸ਼ ਨੂੰ ਜਾਣ ਵਾਲਾ ਸੀ । ਤਦ ਯੂਨਾਹ ਉਸ ਦਾ ਭਾੜਾ ਦੇ ਕੇ ਜਹਾਜ਼ ਉੱਤੇ ਚੜ੍ਹ ਗਿਆ ਤਾਂ ਜੋ ਯਹੋਵਾਹ ਦੇ ਹਜ਼ੂਰੋਂ ਉਨ੍ਹਾਂ ਦੇ ਨਾਲ ਤਰਸ਼ੀਸ਼ ਨੂੰ ਭੱਜ ਜਾਵੇ ।

4ਪਰ ਯਹੋਵਾਹ ਨੇ ਸਮੁੰਦਰ ਉੱਤੇ ਇੱਕ ਪ੍ਰਚੰਡ ਹਨੇਰੀ ਵਗਾਈ ਅਤੇ ਸਮੁੰਦਰ ਵਿੱਚ ਵੱਡਾ ਤੁਫ਼ਾਨ ਆ ਗਿਆ, ਅਜਿਹਾ ਕਿ ਜਹਾਜ਼ ਟੁੱਟਣ ਵਾਲਾ ਸੀ ।5ਤਦ ਮਲਾਹ ਡਰ ਗਏ ਅਤੇ ਹਰੇਕ ਆਪੋ ਆਪਣੇ ਦੇਵਤੇ ਦੇ ਅੱਗੇ ਦੁਹਾਈ ਦੇਣ ਲੱਗਾ । ਉਨ੍ਹਾਂ ਨੇ ਵਪਾਰ ਦੇ ਸਮਾਨ ਨੂੰ ਜੋ ਜਹਾਜ਼ ਵਿੱਚ ਸੀ, ਸਮੁੰਦਰ ਵਿੱਚ ਸੁੱਟ ਦਿੱਤਾ ਤਾਂ ਜੋ ਜਹਾਜ਼ ਨੂੰ ਹਲਕਾ ਕਰ ਦੇਣ । ਪਰ ਯੂਨਾਹ ਜਹਾਜ਼ ਦੇ ਹੇਠਲੇ ਹਿੱਸੇ ਵਿੱਚ ਜਾ ਕੇ ਸੌਂ ਗਿਆ ਅਤੇ ਗੂੜ੍ਹੀ ਨੀਂਦ ਵਿੱਚ ਸੁੱਤਾ ਪਿਆ ਸੀ ।
6ਤਦ ਕਪਤਾਨ ਯੂਨਾਹ ਦੇ ਕੋਲ ਗਿਆ ਅਤੇ ਉਸ ਨੂੰ ਕਿਹਾ, "ਤੂੰ ਕਿਸ ਤਰ੍ਹਾਂ ਗੂੜ੍ਹੀ ਨੀਂਦ ਵਿੱਚ ਸੌਂ ਸੱਕਦਾ ਹੈਂ ? ਉੱਠ ! ਆਪਣੇ ਦੇਵਤੇ ਨੂੰ ਪੁਕਾਰ ! ਸ਼ਾਇਦ ਤੇਰਾ ਦੇਵਤਾ ਸਾਨੂੰ ਯਾਦ ਕਰੇ ਅਤੇ ਅਸੀਂ ਨਾਸ਼ ਨਾ ਹੋਈਏ !"

7ਤਦ ਉਹ ਇੱਕ ਦੂਜੇ ਨੂੰ ਕਹਿਣ ਲੱਗੇ, "ਆਓ, ਅਸੀਂ ਪਰਚੀਆਂ ਪਾ ਕੇ ਪਤਾ ਕਰੀਏ ਕਿ ਇਹ ਬਿਪਤਾ ਕਿਸ ਦੇ ਕਾਰਨ ਸਾਡੇ ਉੱਤੇ ਆਣ ਪਈ ਹੈ ।" ਤਦ ਉਨ੍ਹਾਂ ਨੇ ਪਰਚੀਆਂ ਪਾਈਆਂ ਅਤੇ ਪਰਚੀ ਯੂਨਾਹ ਦੇ ਨਾਮ ਦੀ ਨਿੱਕਲੀ ।
8ਤਦ ਉਨ੍ਹਾਂ ਨੇ ਉਸ ਨੂੰ ਕਿਹਾ, "ਤੂੰ ਸਾਨੂੰ ਦੱਸ ਕਿ ਇਹ ਬਿਪਤਾ ਕਿਸ ਦੇ ਕਾਰਨ ਸਾਡੇ ਉੱਤੇ ਆਣ ਪਈ ਹੈ ? ਤੂੰ ਕੀ ਕੰਮ ਕਰਦਾ ਹੈਂ ਅਤੇ ਤੂੰ ਕਿੱਥੋਂ ਆਇਆ ਹੈਂ ? ਤੂੰ ਕਿਹੜੇ ਦੇਸ਼ ਦਾ ਹੈਂ ਅਤੇ ਤੂੰ ਕਿਹੜਿਆਂ ਲੋਕਾਂ ਵਿੱਚੋਂ ਹੈਂ ? "9ਯੂਨਾਹ ਨੇ ਉਨ੍ਹਾਂ ਨੂੰ ਕਿਹਾ, "ਮੈਂ ਇਬਰਾਨੀ ਹਾਂ ਅਤੇ ਅਕਾਸ਼ ਦੇ ਪਰਮੇਸ਼ੁਰ ਯਹੋਵਾਹ, ਜਿਸ ਨੇ ਸਮੁੰਦਰ ਅਤੇ ਧਰਤੀ ਦੋਹਾਂ ਨੂੰ ਬਣਾਇਆ ਹੈ, ਉਸੇ ਤੋਂ ਡਰਦਾ ਹਾਂ ।"10ਤਦ ਉਹ ਮਨੁੱਖ ਬਹੁਤ ਹੀ ਡਰ ਗਏ ਅਤੇ ਕਹਿਣ ਲੱਗੇ, "ਤੂੰ ਇਹ ਕੀ ਕੀਤਾ ? " ਉਹ ਮਨੁੱਖ ਜਾਣ ਗਏ ਸਨ ਕਿ ਯੂਨਾਹ ਯਹੋਵਾਹ ਦੇ ਹਜ਼ੂਰੋਂ ਭੱਜ ਰਿਹਾ ਸੀ, ਕਿਉਂਕਿ ਉਸ ਨੇ ਆਪ ਹੀ ਇਹ ਗੱਲ ਉਨ੍ਹਾਂ ਨੂੰ ਦੱਸ ਦਿੱਤੀ ਸੀ ।

11ਤਦ ਉਨ੍ਹਾਂ ਨੇ ਕਿਹਾ, "ਅਸੀਂ ਤੇਰੇ ਨਾਲ ਕੀ ਕਰੀਏ ਤਾਂ ਜੋ ਸਮੁੰਦਰ ਸਾਡੇ ਲਈ ਸ਼ਾਂਤ ਹੋ ਜਾਵੇ ? " ਕਿਉਂ ਜੋ ਸਮੁੰਦਰ ਦੀਆਂ ਲਹਿਰਾਂ ਵੱਧਦੀਆਂ ਹੀ ਜਾਂਦੀਆਂ ਸਨ ।12ਤਦ ਉਸ ਨੇ ਉਨ੍ਹਾਂ ਨੂੰ ਕਿਹਾ, "ਤੁਸੀਂ ਮੈਨੂੰ ਚੁੱਕ ਕੇ ਸਮੁੰਦਰ ਵਿੱਚ ਸੁੱਟ ਦਿਉ, ਫੇਰ ਸਮੁੰਦਰ ਤੁਹਾਡੇ ਲਈ ਸ਼ਾਂਤ ਹੋ ਜਾਵੇਗਾ ਕਿਉਂਕਿ ਮੈਂ ਜਾਣਦਾ ਹਾਂ ਕਿ ਮੇਰੇ ਹੀ ਕਾਰਨ ਇਹ ਵੱਡਾ ਤੁਫ਼ਾਨ ਤੁਹਾਡੇ ਉੱਤੇ ਆਇਆ ਹੈ ।"13ਫੇਰ ਵੀ ਉਹ ਵੱਡੇ ਜ਼ੋਰ ਨਾਲ ਚੱਪੇ ਲਾਉਂਦੇ ਰਹੇ ਤਾਂ ਜੋ ਜਹਾਜ਼ ਕੰਢੇ ਲੱਗ ਜਾਵੇ ਪਰ ਉਹ ਲਾ ਨਾ ਸਕੇ, ਕਿਉਂ ਜੋ ਸਮੁੰਦਰ ਦੀਆਂ ਲਹਿਰਾਂ ਉਨ੍ਹਾਂ ਦੇ ਵਿਰੁੱਧ ਵੱਧਦੀਆਂ ਜਾਂਦੀਆਂ ਸਨ ।
14ਤਦ ਉਨ੍ਹਾਂ ਨੇ ਯਹੋਵਾਹ ਨੂੰ ਪੁਕਾਰਿਆ ਅਤੇ ਕਿਹਾ, ਹੇ ਯਹੋਵਾਹ, ਅਸੀਂ ਤੇਰੇ ਅੱਗੇ ਮਿੰਨਤ ਕਰਦੇ ਹਾਂ ਕਿ ਅਸੀਂ ਇਸ ਮਨੁੱਖ ਦੀ ਜਾਨ ਦੇ ਕਾਰਨ ਨਾਸ਼ ਨਾ ਹੋਈਏ ਅਤੇ ਤੂੰ ਬੇਦੋਸ਼ ਦਾ ਖੂਨ ਸਾਡੇ ਉੱਤੇ ਨਾ ਪਾ ਕਿਉਂਕਿ ਹੇ ਯਹੋਵਾਹ, ਜੋ ਕੁਝ ਤੂੰ ਚਾਹਿਆ, ਤੂੰ ਉਹੋ ਕੀਤਾ ਹੈ !15ਫਿਰ ਉਨ੍ਹਾਂ ਨੇ ਯੂਨਾਹ ਨੂੰ ਚੁੱਕ ਕੇ ਸਮੁੰਦਰ ਵਿੱਚ ਸੁੱਟ ਦਿੱਤਾ ਅਤੇ ਸਮੁੰਦਰ ਦਾ ਜ਼ੋਰ ਬੰਦ ਹੋ ਗਿਆ ।16ਤਦ ਉਨ੍ਹਾਂ ਮਨੁੱਖਾਂ ਨੇ ਯਹੋਵਾਹ ਦਾ ਬਹੁਤ ਭੈ ਮੰਨਿਆ ਅਤੇ ਉਨ੍ਹਾਂ ਨੇ ਯਹੋਵਾਹ ਦੇ ਅੱਗੇ ਇੱਕ ਬਲੀ ਚੜ੍ਹਾਈ ਅਤੇ ਸੁੱਖਣਾ ਸੁੱਖੀਆਂ ।

17ਪਰ ਯਹੋਵਾਹ ਨੇ ਇੱਕ ਵੱਡੀ ਮੱਛੀ ਠਹਿਰਾਈ ਸੀ, ਜੋ ਯੂਨਾਹ ਨੂੰ ਨਿਗਲ ਜਾਵੇ, ਅਤੇ ਯੂਨਾਹ ਤਿੰਨ ਦਿਨ ਅਤੇ ਤਿੰਨ ਰਾਤ ਉਸ ਮੱਛੀ ਦੇ ਢਿੱਡ ਵਿੱਚ ਰਿਹਾ ।

2
ਯੂਨਾਹ ਦੀ ਪ੍ਰਾਰਥਨਾ

1ਤਦ ਯੂਨਾਹ ਨੇ ਮੱਛੀ ਦੇ ਢਿੱਡ ਵਿੱਚੋਂ ਯਹੋਵਾਹ ਆਪਣੇ ਪਰਮੇਸ਼ੁਰ ਕੋਲ ਇਸ ਤਰ੍ਹਾਂ ਪ੍ਰਾਰਥਨਾ ਕੀਤੀ, -

2"ਮੈਂ ਆਪਣੇ ਔਖੇ ਸਮੇਂ ਵਿੱਚ ਯਹੋਵਾਹ ਨੂੰ ਪੁਕਾਰਿਆ
ਅਤੇ ਉਸ ਨੇ ਮੈਨੂੰ ਉੱਤਰ ਦਿੱਤਾ,
ਮੈਂ ਪਤਾਲ ਦੇ ਢਿੱਡ ਵਿੱਚੋਂ ਦੁਹਾਈ ਦਿੱਤੀ,
ਤੂੰ ਮੇਰੀ ਅਵਾਜ਼ ਸੁਣੀ ।

3ਤੂੰ ਮੈਨੂੰ ਡੂੰਘਿਆਈ ਵਿੱਚ, ਸਮੁੰਦਰ ਦੀ ਤਹਿ ਵਿੱਚ ਸੁੱਟ ਦਿੱਤਾ,
ਅਤੇ ਹੜ੍ਹਾਂ ਨੇ ਮੈਨੂੰ ਘੇਰ ਲਿਆ,
ਤੇਰੀਆਂ ਸਾਰੀਆਂ ਲਹਿਰਾਂ ਅਤੇ ਤਰੰਗਾਂ ਮੇਰੇ ਉੱਤੋਂ ਲੰਘ ਗਈਆਂ ।

4ਤਦ ਮੈਂ ਕਿਹਾ, ਮੈਂ ਤੇਰੀਆਂ ਅੱਖਾਂ ਤੋਂ ਦੂਰ ਸੁੱਟਿਆ ਗਿਆ ਹਾਂ,
ਤਾਂ ਵੀ ਮੈਂ ਫੇਰ ਤੇਰੇ ਪਵਿੱਤਰ ਮੰਦਰ ਵੱਲ ਤੱਕਾਂਗਾ ।

5ਪਾਣੀਆਂ ਨੇ ਮੈਨੂੰ ਜਾਨ ਤੱਕ ਘੁੱਟ ਲਿਆ,
ਡੁੰਘਿਆਈ ਨੇ ਚੁਫ਼ੇਰਿਓਂ ਮੈਨੂੰ ਘੇਰ ਲਿਆ,
ਸਾਗਰੀ ਜਾਲਾ ਮੇਰੇ ਸਿਰ ਉੱਤੇ ਲਪੇਟਿਆ ਗਿਆ !

6ਮੈਂ ਪਹਾੜਾਂ ਦੇ ਮੁੱਢਾਂ ਤੱਕ ਡੁੱਬ ਗਿਆ,
ਧਰਤੀ ਦੀਆਂ ਪਰਤਾਂ ਨੇ ਸਦਾ ਦੇ ਲਈ ਮੈਨੂੰ ਢੱਕ ਲਿਆ,
ਪਰ ਹੇ ਯਹੋਵਾਹ ! ਮੇਰੇ ਪਰਮੇਸ਼ੁਰ ਤੂੰ ਮੇਰੀ ਜਾਨ ਨੂੰ ਟੋਭੇ ਵਿੱਚੋਂ ਉੱਪਰ ਲਿਆਇਆ ।

7ਜਿਸ ਵੇਲੇ ਮੇਰਾ ਮਨ ਮੇਰੇ ਵਿੱਚ ਡੁੱਬ ਗਿਆ,
ਤਦ ਮੈਂ ਯਹੋਵਾਹ ਨੂੰ ਯਾਦ ਕੀਤਾ,
ਅਤੇ ਮੇਰੀ ਪ੍ਰਾਰਥਨਾ ਤੇਰੇ ਕੋਲ ਤੇਰੇ ਪਵਿੱਤਰ ਮੰਦਰ ਵਿੱਚ ਪਹੁੰਚ ਗਈ ।

8ਜਿਹੜੇ ਵਿਅਰਥ ਵਸਤੂਆਂ ਨੂੰ ਮੰਨਦੇ ਹਨ,
ਉਹ ਪਰਮੇਸ਼ੁਰ ਦੀ ਦਯਾ ਨੂੰ ਛੱਡ ਬੈਠੇ ਹਨ ।

9ਪਰ ਮੈਂ ਉੱਚੀ ਆਵਾਜ਼ ਨਾਲ ਧੰਨਵਾਦ ਕਰਦੇ ਹੋਏ ਤੇਰੇ ਅੱਗੇ ਬਲੀ ਚੜ੍ਹਾਵਾਂਗਾ,
ਮੈਂ ਜੋ ਕੁਝ ਸੁੱਖਣਾ ਸੁੱਖੀ ਉਸ ਨੂੰ ਪੂਰੀ ਕਰਾਂਗਾ,
ਬਚਾਉ ਯਹੋਵਾਹ ਵੱਲੋਂ ਹੀ ਹੈ ।"

10ਤਦ ਯਹੋਵਾਹ ਨੇ ਮੱਛੀ ਨੂੰ ਆਗਿਆ ਦਿੱਤੀ ਅਤੇ ਉਸ ਨੇ ਯੂਨਾਹ ਨੂੰ ਸਮੁੰਦਰ ਦੇ ਕੰਢੇ ਉੱਤੇ ਉਗਲ ਦਿੱਤਾ ।

3
ਆਗਿਆ ਮੰਨਣਾ

1ਤਦ ਯਹੋਵਾਹ ਦਾ ਬਚਨ ਦੂਸਰੀ ਵਾਰ ਯੂਨਾਹ ਕੋਲ ਆਇਆ,2"ਉੱਠ ! ਉਸ ਵੱਡੇ ਸ਼ਹਿਰ ਨੀਨਵਾਹ ਨੂੰ ਜਾ ਅਤੇ ਉੱਥੇ ਇਸ ਗੱਲ ਦਾ ਪ੍ਰਚਾਰ ਕਰ, ਜਿਹੜੀ ਮੈਂ ਤੈਨੂੰ ਦੱਸਦਾ ਹਾਂ !"3ਤਦ ਯੂਨਾਹ ਯਹੋਵਾਹ ਦੇ ਬਚਨ ਅਨੁਸਾਰ ਉੱਠ ਕੇ ਨੀਨਵਾਹ ਨੂੰ ਗਿਆ । ਨੀਨਵਾਹ ਇੱਕ ਬਹੁਤ ਹੀ ਵੱਡਾ ਸ਼ਹਿਰ ਸੀ, ਜਿਸ ਵਿੱਚ ਘੁੰਮਣ ਲਈ ਤਿੰਨ ਦਿਨਾਂ ਦਾ ਸਫ਼ਰ ਕਰਨਾ ਪੈਂਦਾ ਸੀ ।

4ਯੂਨਾਹ ਨੇ ਸ਼ਹਿਰ ਵਿੱਚ ਪ੍ਰਵੇਸ਼ ਕੀਤਾ ਅਤੇ ਇੱਕ ਦਿਨ ਦਾ ਸਫ਼ਰ ਪੂਰਾ ਕੀਤਾ, ਤਦ ਉਸ ਨੇ ਪੁਕਾਰ ਕੇ ਕਿਹਾ, "ਹੁਣ ਤੋਂ ਚਾਲ੍ਹੀ ਦਿਨ ਹੋਰ ਅਤੇ ਫੇਰ ਨੀਨਵਾਹ ਢਾਹਿਆ ਜਾਵੇਗਾ !"5ਤਦ ਨੀਨਵਾਹ ਦੇ ਲੋਕਾਂ ਨੇ ਪਰਮੇਸ਼ੁਰ ਦੇ ਬਚਨ ਉੱਤੇ ਵਿਸ਼ਵਾਸ ਕੀਤਾ ਅਤੇ ਵਰਤ ਰੱਖਣ ਦੀ ਮੁਨਾਦੀ ਕੀਤੀ ਅਤੇ ਵੱਡਿਆਂ ਤੋਂ ਲੈ ਕੇ ਛੋਟਿਆਂ ਤੱਕ ਸਭ ਨੇ ਤੱਪੜ ਪਾ ਲਏ ।

6ਜਦ ਇਹ ਖ਼ਬਰ ਨੀਨਵਾਹ ਦੇ ਰਾਜੇ ਕੋਲ ਪਹੁੰਚੀ ਤਾਂ ਉਹ ਆਪਣੀ ਰਾਜ ਗੱਦੀ ਤੋਂ ਉੱਠਿਆ, ਆਪਣਾ ਸ਼ਾਹੀ ਬਸਤਰ ਲਾਹ ਸੁੱਟਿਆ ਅਤੇ ਤੱਪੜ ਪਾ ਕੇ ਰਾਖ਼ ਵਿੱਚ ਬੈਠ ਗਿਆ ।7ਤਦ ਉਸ ਨੇ ਇਹ ਮੁਨਾਦੀ ਕਰਵਾਈ ਅਤੇ ਨੀਨਵਾਹ ਵਿੱਚ ਇਹ ਪ੍ਰਚਾਰ ਕੀਤਾ, ਰਾਜਾ ਅਤੇ ਉਸ ਦੇ ਸਰਦਾਰਾਂ ਦਾ ਫ਼ਰਮਾਨ - "ਨਾ ਆਦਮੀ, ਨਾ ਪਸ਼ੂ, ਨਾ ਵਗ, ਨਾ ਇੱਜੜ ਕੁਝ ਚੱਖਣ, ਉਹ ਨਾ ਤਾਂ ਕੁਝ ਖਾਣ ਅਤੇ ਨਾ ਹੀ ਪਾਣੀ ਪੀਣ,
8ਪਰ ਹਰੇਕ ਮਨੁੱਖ ਅਤੇ ਪਸ਼ੂ ਤੱਪੜ ਨਾਲ ਆਪਣੇ ਆਪ ਨੂੰ ਢੱਕਣ ਅਤੇ ਪਰਮੇਸ਼ੁਰ ਦੇ ਅੱਗੇ ਜ਼ੋਰ ਲਾ ਕੇ ਤਰਲੇ ਕਰਨ ! ਹਰੇਕ ਆਪੋ ਆਪਣੇ ਭੈੜੇ ਰਾਹ ਤੋਂ ਫਿਰੇ ਅਤੇ ਉਸ ਜ਼ੁਲਮ ਤੋਂ ਜੋ ਉਹ ਕਰ ਰਹੇ ਹਨ, ਮੂੰਹ ਮੋੜੇ !9ਹੋ ਸਕਦਾ ਹੈ ਕਿ ਪਰਮੇਸ਼ੁਰ ਦਯਾ ਕਰੇ ਅਤੇ ਫੇਰ ਵਿਚਾਰ ਕਰੇ ਅਤੇ ਉਸ ਦਾ ਭੜਕਿਆ ਹੋਇਆ ਕ੍ਰੋਧ ਸ਼ਾਂਤ ਹੋ ਜਾਵੇ ਅਤੇ ਅਸੀਂ ਨਾਸ਼ ਨਾ ਹੋਈਏ ?

10ਜਦ ਪਰਮੇਸ਼ੁਰ ਨੇ ਉਹਨਾਂ ਦੇ ਕੰਮਾਂ ਨੂੰ ਵੇਖਿਆ ਕਿ ਉਹ ਆਪਣੇ ਭੈੜੇ ਰਾਹ ਤੋਂ ਮੁੜ ਗਏ ਹਨ, ਤਦ ਪਰਮੇਸ਼ੁਰ ਉਸ ਬੁਰਿਆਈ ਤੋਂ ਪਛਤਾਇਆ; ਜੋ ਉਸ ਨੇ ਕਿਹਾ ਸੀ ਕਿ ਉਹ ਉਹਨਾਂ ਨਾਲ ਕਰੇਗਾ, ਅਤੇ ਉਸ ਨੇ ਉਹ ਨਹੀਂ ਕੀਤੀ ।

4
ਯੂਨਾਹ ਦਾ ਕ੍ਰੋਧ ਅਤੇ ਪਰਮੇਸ਼ੁਰ ਦੀ ਦਯਾ

1ਇਹ ਗੱਲ ਯੂਨਾਹ ਨੂੰ ਬਹੁਤ ਹੀ ਬੁਰੀ ਲੱਗੀ ਅਤੇ ਉਹ ਬਹੁਤ ਹੀ ਗੁੱਸੇ ਹੋ ਗਿਆ ।2ਉਸ ਨੇ ਯਹੋਵਾਹ ਦੇ ਅੱਗੇ ਇਹ ਕਹਿ ਕੇ ਪ੍ਰਾਰਥਨਾ ਕੀਤੀ, "ਹੇ ਯਹੋਵਾਹ ! ਜਦ ਮੈਂ ਆਪਣੇ ਦੇਸ਼ ਵਿੱਚ ਹੀ ਸੀ, ਤਾਂ ਕੀ ਮੈਂ ਇਹੋ ਗੱਲ ਨਹੀਂ ਸੀ ਕਹਿੰਦਾ ? ਇਸੇ ਕਾਰਨ ਹੀ ਮੈਂ ਤੇਰੀ ਆਗਿਆ ਸੁਣਦੇ ਸਾਰ ਹੀ ਛੇਤੀ ਨਾਲ ਤਰਸ਼ੀਸ਼ ਨੂੰ ਭੱਜਿਆ ਕਿਉਂ ਜੋ ਮੈਂ ਜਾਣਦਾ ਸੀ ਕਿ ਤੂੰ ਕਿਰਪਾਲੂ ਅਤੇ ਦਯਾਲੂ ਪਰਮੇਸ਼ੁਰ ਹੈ, ਜੋ ਕ੍ਰੋਧ ਵਿੱਚ ਧੀਰਜ ਕਰਨ ਵਾਲਾ ਅਤੇ ਕਿਰਪਾਵਾਨ ਹੈਂ ਅਤੇ ਦੁੱਖ ਦੇਣ ਨਾਲ ਪ੍ਰਸੰਨ ਨਹੀਂ ਹੁੰਦਾ ।3ਇਸ ਲਈ ਹੁਣ ਹੇ ਯਹੋਵਾਹ, ਮੇਰੀ ਜਾਨ ਮੇਰੇ ਵਿੱਚੋਂ ਲੈ ਲੈ, ਕਿਉਂਕਿ ਮੇਰੇ ਲਈ ਮਰਨਾ ਜੀਉਣ ਨਾਲੋਂ ਚੰਗਾ ਹੈ ।"

4ਤਦ ਯਹੋਵਾਹ ਨੇ ਕਿਹਾ, "ਕੀ ਤੇਰਾ ਕ੍ਰੋਧ ਕਰਨਾ ਚੰਗਾ ਹੈ ? "5ਤਦ ਯੂਨਾਹ ਬਾਹਰ ਨਿੱਕਲ ਕੇ ਸ਼ਹਿਰ ਦੇ ਪੂਰਬ ਵੱਲ ਜਾ ਕੇ ਬੈਠ ਗਿਆ, ਅਤੇ ਉੱਥੇ ਆਪਣੇ ਲਈ ਇੱਕ ਛੱਪਰ ਪਾ ਲਿਆ ਅਤੇ ਉਸ ਦੇ ਹੇਠ ਛਾਂ ਵਿੱਚ ਬੈਠ ਗਿਆ ਤਾਂ ਜੋ ਵੇਖੇ ਕਿ ਸ਼ਹਿਰ ਦਾ ਕੀ ਹਾਲ ਹੋਵੇਗਾ ?

6ਯਹੋਵਾਹ ਪਰਮੇਸ਼ੁਰ ਨੇ ਇੱਕ ਬੂਟਾ ਉਗਾ ਕੇ ਵਧਾਇਆ ਅਤੇ ਉਸ ਨੂੰ ਯੂਨਾਹ ਦੇ ਉੱਤੇ ਕੀਤਾ, ਤਾਂ ਜੋ ਉਸ ਦੇ ਸਿਰ ਉੱਤੇ ਛਾਂ ਕਰੇ ਅਤੇ ਉਸ ਨੂੰ ਪਰੇਸ਼ਾਨੀ ਨਾ ਹੋਵੇ, ਅਤੇ ਯੂਨਾਹ ਉਸ ਬੂਟੇ ਦੇ ਕਾਰਨ ਬਹੁਤ ਅਨੰਦ ਹੋਇਆ ।7ਪਰ ਦੂਜੇ ਦਿਨ ਸਵੇਰੇ ਹੀ ਪਰਮੇਸ਼ਰ ਨੇ ਇੱਕ ਕੀੜੇ ਨੂੰ ਠਹਿਰਾਇਆ ਜਿਸ ਨੇ ਉਸ ਬੂਟੇ ਨੂੰ ਅਜਿਹਾ ਡੰਗਿਆ ਕਿ ਉਹ ਸੁੱਕ ਗਿਆ ।
8ਜਦ ਸੂਰਜ ਚੜ੍ਹਿਆ ਤਾਂ ਅਜਿਹਾ ਹੋਇਆ ਕਿ ਪਰਮੇਸ਼ੁਰ ਨੇ ਪੂਰਬੀ ਲੂ ਵਗਾਈ ਅਤੇ ਜਦ ਸੂਰਜ ਦੀ ਧੁੱਪ ਯੂਨਾਹ ਦੇ ਸਿਰ ਉੱਤੇ ਲੱਗੀ ਤਾਂ ਉਹ ਬੇਹੋਸ਼ ਹੋਣ ਲੱਗਾ ਅਤੇ ਇਹ ਕਹਿ ਕੇ ਆਪਣੇ ਲਈ ਮੌਤ ਮੰਗਣ ਲੱਗਾ ਕਿ "ਮੇਰੇ ਲਈ ਮਰਨਾ, ਮੇਰੇ ਜੀਉਣ ਨਾਲੋਂ ਚੰਗਾ ਹੈ !"9ਤਦ ਪਰਮੇਸ਼ੁਰ ਨੇ ਯੂਨਾਹ ਨੂੰ ਕਿਹਾ, "ਤੇਰਾ ਕ੍ਰੋਧ ਜੋ ਉਸ ਬੂਟੇ ਦੇ ਕਾਰਨ ਹੈ, ਕੀ ਉਹ ਚੰਗਾ ਹੈ ? " ਅੱਗੋਂ ਯੂਨਾਹ ਨੇ ਕਿਹਾ, "ਹਾਂ, ਸਗੋਂ ਕ੍ਰੋਧ ਦੇ ਕਾਰਨ ਮਰਨ ਤੱਕ ਚੰਗਾ ਹੈ !"
10ਫੇਰ ਯਹੋਵਾਹ ਨੇ ਕਿਹਾ, "ਤੈਨੂੰ ਉਸ ਬੂਟੇ ਉੱਤੇ ਤਰਸ ਆਇਆ, ਜਿਸ ਦੇ ਲਈ ਤੂੰ ਨਾ ਤਾਂ ਕੁਝ ਮਿਹਨਤ ਕੀਤੀ ਅਤੇ ਨਾ ਹੀ ਉਸ ਨੂੰ ਉਗਾਇਆ, ਜਿਹੜਾ ਇੱਕ ਹੀ ਰਾਤ ਵਿੱਚ ਉੱਗਿਆ ਅਤੇ ਇੱਕ ਹੀ ਰਾਤ ਵਿੱਚ ਸੁੱਕ ਗਿਆ ।11ਤਦ ਕੀ ਇਸ ਵੱਡੇ ਸ਼ਹਿਰ ਨੀਨਵਾਹ ਉੱਤੇ ਜਿਸ ਦੇ ਵਿੱਚ ਇੱਕ ਲੱਖ ਵੀਹ ਹਜ਼ਾਰ ਤੋਂ ਵੱਧ ਲੋਕ ਹਨ, ਜਿਹੜੇ ਆਪਣੇ ਸੱਜੇ ਖੱਬੇ ਹੱਥ ਦਾ ਭੇਤ ਵੀ ਨਹੀਂ ਪਛਾਣ ਸਕਦੇ ਅਤੇ ਬਹੁਤ ਸਾਰੇ ਪਸ਼ੂ ਵੀ ਹਨ, ਮੈਨੂੰ ਤਰਸ ਨਹੀਂ ਆਉਣਾ ਚਾਹੀਦਾ ? "

ਮੀਕਾਹ

1

1ਯਹੋਵਾਹ ਦੀ ਬਾਣੀ ਜਿਹੜੀ ਮੋਰਸ਼ਤੀ ਮੀਕਾਹ ਕੋਲ ਯਹੂਦਾਹ ਦੇ ਰਾਜਿਆਂ ਯੋਥਾਮ ਅਤੇ ਹਿਜ਼ਕੀਯਾਹ ਦੇ ਦਿਨਾਂ ਵਿੱਚ ਆਈ, - ਉਹ ਦਰਸ਼ਨ ਜਿਹੜਾ ਉਹ ਨੇ ਸਾਮਰਿਯਾ ਅਤੇ ਯਰੂਸ਼ਲਮ ਦੇ ਵਿਖੇ ਵੇਖਿਆ ।

ਸਾਮਰਿਯਾ ਅਤੇ ਯਰੂਸ਼ਲਮ ਦੇ ਲਈ ਵਿਰਲਾਪ

2ਹੇ ਸਾਰੀਓ ਕੌਮੋ, ਸੁਣੋ, ਧਿਆਨ ਲਾਓ,
ਹੇ ਧਰਤੀ ਅਤੇ ਉਸ ਦੀ ਭਰਪੂਰੀ !
ਪ੍ਰਭੂ ਯਹੋਵਾਹ ਤੁਹਾਡੇ ਵਿਰੁੱਧ ਗਵਾਹ ਹੋਵੇ,
ਹਾਂ, ਪ੍ਰਭੂ ਆਪਣੀ ਪਵਿੱਤਰ ਹੈਕਲ ਤੋਂ ।
3ਵੇਖੋ, ਯਹੋਵਾਹ ਆਪਣੇ ਪਵਿੱਤਰ ਸਥਾਨ ਤੋਂ ਬਾਹਰ ਆਉਂਦਾ ਹੈ,
ਉਹ ਹੇਠਾਂ ਆ ਕੇ ਧਰਤੀ ਦੀਆਂ ਉੱਚਿਆਈਆਂ ਉੱਤੇ ਤੁਰੇਗਾ ।
4ਪਹਾੜ ਉਹ ਦੇ ਹੇਠੋਂ ਪਿਘਲ ਜਾਣਗੇ,
ਵਾਦੀਆਂ ਇਸ ਤਰ੍ਹਾਂ ਚੀਰੀਆਂ ਜਾਣਗੀਆਂ,
ਜਿਵੇਂ ਅੱਗ ਦੇ ਅੱਗੇ ਮੋਮ
ਅਤੇ ਘਾਟ ਦੇ ਉੱਤੋਂ ਵਗਦਾ ਹੋਇਆ ਪਾਣੀ ।
5ਇਹ ਸਭ ਯਾਕੂਬ ਦੇ ਅਪਰਾਧ
ਅਤੇ ਇਸਰਾਏਲ ਦੇ ਘਰਾਣੇ ਦੇ ਪਾਪਾਂ ਦੇ ਕਾਰਨ ਹੁੰਦਾ ਹੈ ।
ਯਾਕੂਬ ਦਾ ਅਪਰਾਧ ਕੀ ਹੈ ?
ਕੀ ਉਹ ਸਾਮਰਿਯਾ ਨਹੀਂ ? ਯਹੂਦਾਹ ਦੇ ਉੱਚੇ ਸਥਾਨ ਕੀ ਹਨ ?
ਕੀ ਉਹ ਯਰੂਸ਼ਲਮ ਨਹੀਂ ?
6ਇਸ ਲਈ ਮੈਂ ਸਾਮਰਿਯਾ ਨੂੰ ਮੈਦਾਨ ਵਿੱਚ ਮਲਬੇ ਦਾ ਢੇਰ ਬਣਾਵਾਂਗਾ,
ਅੰਗੂਰੀ ਬਾਗ ਲਾਉਣ ਦੇ ਲਈ,
ਮੈਂ ਉਸ ਦੇ ਪੱਥਰਾਂ ਨੂੰ ਵਾਦੀ ਵਿੱਚ ਰੇੜ੍ਹ ਦਿਆਂਗਾ,
ਅਤੇ ਉਸ ਦੀਆਂ ਨੀਹਾਂ ਨੂੰ ਨੰਗਾ ਕਰਾਂਗਾ ।
7ਉਸ ਦੀਆਂ ਸਾਰੀਆਂ ਮੂਰਤੀਆਂ ਚੂਰ-ਚੂਰ ਕੀਤੀਆਂ ਜਾਣਗੀਆਂ,
ਅਤੇ ਜੋ ਕੁਝ ਉਸ ਦੇ ਵੇਸ਼ਵਾਗਿਰੀ ਨਾਲ ਕਮਾਇਆ ਹੈ,
ਉਹ ਅੱਗ ਵਿੱਚ ਸਾੜਿਆ ਜਾਵੇਗਾ,
ਅਤੇ ਉਸ ਦੇ ਸਾਰੇ ਬੁੱਤ ਮੈਂ ਬਰਬਾਦ ਕਰਾਂਗਾ,
ਕਿਉਂ ਜੋ ਉਸ ਨੇ ਉਨ੍ਹਾਂ ਨੂੰ ਵੇਸ਼ਵਾਗਿਰੀ ਤੋਂ ਜਮਾ ਕੀਤਾ ਹੈ,
ਅਤੇ ਉਹ ਫੇਰ ਵੇਸ਼ਵਾਗਿਰੀ ਵਿੱਚ ਮੁੜ ਜਾਣਗੇ !

8ਇਸ ਦੇ ਕਾਰਨ ਮੈਂ ਵਿਰਲਾਪ ਕਰਾਂਗਾ ਅਤੇ ਧਾਹਾਂ ਮਾਰਾਂਗਾ,
ਮੈਂ ਕੱਪੜਾ ਉਤਾਰ ਕੇ ਨੰਗਾ ਫਿਰਾਂਗਾ,
ਮੈਂ ਗਿੱਦੜਾਂ ਵਾਂਗੂੰ ਸਿਆਪਾ ਕਰਾਂਗਾ
ਅਤੇ ਸ਼ੁਤਰ-ਮੁਰਗਾਂ ਵਾਂਗੂੰ ਸੋਗ ਕਰਾਂਗਾ ।
9ਉਸ ਦਾ ਫੱਟ ਅਸਾਧ ਹੈ,
ਬਿਪਤਾ ਤਾਂ ਯਹੂਦਾਹ ਤੱਕ ਆ ਗਈ ਹੈ,
ਉਹ ਮੇਰੀ ਪਰਜਾ ਦੇ ਫਾਟਕ ਤੱਕ,
ਸਗੋਂ ਯਰੂਸ਼ਲਮ ਤੱਕ ਪਹੁੰਚੀ ਹੈ ।
ਦੁਸ਼ਮਣ ਦਾ ਯਰੂਸ਼ਲਮ ਦੇ ਵੱਲ ਵਧਣਾ

10ਗਥ ਵਿੱਚ ਇਸ ਦੀ ਚਰਚਾ ਨਾ ਕਰੋ,
ਅਤੇ ਬਿਲਕੁਲ ਨਾ ਰੋਵੋ,
ਬੈਤ-ਲ-ਅਫਰਾਹ ਵਿੱਚ ਧੂੜ ਵਿੱਚ ਲੇਟੋ ।
11ਹੇ ਸ਼ਾਫੀਰ ਦੀਏ ਵਾਸਣੇ, ਨੰਗੀ ਅਤੇ ਨਿਰਲੱਜ ਲੰਘ ਜਾ !
ਸਅਨਾਨ ਦੀ ਵਾਸਣ ਨਹੀਂ ਨਿੱਕਲਦੀ,
ਬੈਤ-ਏਸਲ ਦੇ ਰੋਣ-ਪਿੱਟਣ ਦੇ ਕਾਰਨ ਉਸ ਦੀ ਪਨਾਹ ਤੁਹਾਡੇ ਕੋਲੋਂ ਲੈ ਲਈ ਜਾਵੇਗੀ ।
12ਮਾਰੋਥ ਦੀ ਵਾਸਣ ਨੇਕੀ ਲਈ ਤੜਫ਼ਦੀ ਹੈ,
ਕਿਉਂ ਜੋ ਯਹੋਵਾਹ ਵੱਲੋਂ ਬਿਪਤਾ, ਯਰੂਸ਼ਲਮ ਦੇ ਫਾਟਕ ਤੱਕ ਆਣ ਪਈ ਹੈ ।
13ਹੇ ਲਾਕੀਸ਼ ਦੀਏ ਵਾਸਣੇ, ਤੇਜ਼ ਘੋੜੇ ਨੂੰ ਆਪਣੇ ਰਥ ਅੱਗੇ ਜੋਤ,
ਤੈਥੋਂ ਹੀ ਸੀਯੋਨ ਦੀ ਧੀ ਦੇ ਪਾਪ ਦਾ ਅਰੰਭ ਹੋਇਆ,
ਕਿਉਂ ਜੋ ਇਸਰਾਏਲ ਦੇ ਅਪਰਾਧ ਤੇਰੇ ਵਿੱਚ ਪਾਏ ਗਏ ।
14ਇਸ ਲਈ ਤੂੰ ਮੋਰਸਥ-ਗਥ ਨੂੰ ਵਿਦਾਏਗੀ ਦੀ ਸੁਗਾਤ ਦੇ,
ਇਸਰਾਏਲ ਦੇ ਰਾਜਿਆਂ ਨੂੰ ਅਕਜ਼ੀਬ ਦੇ ਘਰ ਤੋਂ ਧੋਖੇ ਹੀ ਮਿਲਣਗੇ ।
15ਹੇ ਮਾਰੇਸ਼ਾਹ ਦੀਏ ਵਾਸਣੇ, ਮੈਂ ਤੇਰੇ ਉੱਤੇ ਇੱਕ ਕਬਜ਼ਾ ਕਰਨ ਵਾਲਾ ਫੇਰ ਲਿਆਵਾਂਗਾ,
ਇਸਰਾਏਲ ਦਾ ਪ੍ਰਤਾਪ ਅਦੁੱਲਾਮ ਤੱਕ ਆਵੇਗਾ ।
16ਆਪਣੇ ਲਾਡਲੇ ਬੱਚਿਆਂ ਦੇ ਲਈ ਆਪਣੇ ਵਾਲ ਕੱਟ ਕੇ ਸਿਰ ਮੁਨਾ,
ਸਗੋਂ ਆਪਣੇ ਸਿਰ ਨੂੰ ਉਕਾਬ ਦੇ ਵਾਂਗੂੰ ਗੰਜਾ ਕਰ,
ਕਿਉਂ ਜੋ ਉਹ ਤੇਰੇ ਕੋਲੋਂ ਗੁਲਾਮੀ ਵਿੱਚ ਚਲੇ ਜਾਣਗੇ ।

2
ਗਰੀਬਾਂ ਉੱਤੇ ਜ਼ੁਲਮ ਕਰਨ ਵਾਲਿਆਂ ਦੀ ਨਿੰਦਿਆ

1ਹਾਇ ਉਹਨਾਂ ਉੱਤੇ ਜੋ ਆਪਣੇ ਵਿਛਾਉਣਿਆਂ ਉੱਤੇ ਬਦੀ ਸੋਚਦੇ

ਅਤੇ ਦੁਸ਼ਟਪੁਣਾ ਕਰਦੇ ਹਨ !
ਅਤੇ ਸਵੇਰ ਦਾ ਚਾਨਣ ਹੁੰਦਿਆਂ ਹੀ ਉਹ ਇਸ ਨੂੰ ਪੂਰਾ ਕਰਦੇ ਹਨ,
ਕਿਉਂਕਿ ਅਜਿਹਾ ਕਰਨ ਦਾ ਬਲ ਉਹਨਾਂ ਦੇ ਹੱਥਾਂ ਵਿੱਚ ਹੈ ।
2ਉਹ ਖੇਤਾਂ ਦਾ ਲੋਭ ਕਰਦੇ ਹਨ ਅਤੇ ਉਹਨਾਂ ਨੂੰ ਖੋਹ ਲੈਂਦੇ ਹਨ,
ਨਾਲੇ ਘਰਾਂ ਦਾ ਲੋਭ ਕਰਕੇ ਉਹਨਾਂ ਨੂੰ ਵੀ ਲੈ ਲੈਂਦੇ ਹਨ ।
ਉਹ ਪੁਰਖ ਅਤੇ ਉਸ ਦੇ ਘਰਾਣੇ ਨੂੰ ਸਤਾਉਂਦੇ ਹਨ,
ਸਗੋਂ ਪੁਰਖ ਅਤੇ ਉਸ ਦੀ ਵਿਰਾਸਤ ਉੱਤੇ ਅਨ੍ਹੇਰ ਕਰਦੇ ਹਨ ।
3ਇਸ ਲਈ ਯਹੋਵਾਹ ਇਹ ਫ਼ਰਮਾਉਂਦਾ ਹੈ, -
ਵੇਖੋ, ਮੈਂ ਇਸ ਘਰਾਣੇ ਉੱਤੇ ਅਜਿਹੀ ਬਿਪਤਾ ਸੋਚਦਾ ਹਾਂ,
ਜਿਸ ਤੋਂ ਤੁਸੀਂ ਆਪਣੀਆਂ ਧੌਣਾਂ ਨੂੰ ਨਾ ਕੱਢ ਸਕੋਗੇ,
ਨਾ ਤੁਸੀਂ ਹੰਕਾਰ ਨਾਲ ਤੁਰੋਗੇ,
ਕਿਉਂ ਜੋ ਉਹ ਸਮਾਂ ਭੈੜਾ ਹੋਵੇਗਾ !
4ਉਸ ਦਿਨ ਉਹ ਤੁਹਾਡੇ ਬਾਰੇ ਕਹਾਉਤ ਆਖਣਗੇ,
ਅਤੇ ਰੋਂਦੇ-ਪਿੱਟਦੇ ਹੋਏ ਵਿਰਲਾਪ ਕਰਨਗੇ ਅਤੇ ਆਖਣਗੇ,
ਸਾਡਾ ਸੱਤਿਆ ਨਾਸ਼ ਹੋ ਗਿਆ !
ਉਹ ਮੇਰੇ ਲੋਕਾਂ ਦੇ ਭਾਗ ਨੂੰ ਬਦਲਦਾ ਹੈ,
ਉਹ ਉਸ ਨੂੰ ਮੇਰੇ ਤੋਂ ਕਿਵੇਂ ਦੂਰ ਕਰਦਾ ਹੈ,
ਉਹ ਸਾਡੇ ਖੇਤਾਂ ਨੂੰ ਵਿਸ਼ਵਾਸਘਾਤੀਆਂ ਵਿੱਚ ਵੰਡਦਾ ਹੈ !
5ਸੋ ਤੇਰੇ ਲਈ ਯਹੋਵਾਹ ਦੀ ਸਭਾ ਵਿੱਚ ਕੋਈ ਵੀ ਨਹੀਂ ਹੋਵੇਗਾ ਜੋ ਪਰਚੀਆਂ ਪਾ ਜ਼ਮੀਨ ਨੂੰ ਵੰਡ ਲਵੇ ।

6ਉਹ ਇਹ ਭਵਿੱਖਬਾਣੀ ਕਰਦੇ ਹਨ
ਕਿ ਭਵਿੱਖਬਾਣੀ ਨਾ ਕਰੋ,
ਇਹਨਾਂ ਗੱਲਾਂ ਬਾਰੇ ਭਵਿੱਖਬਾਣੀ ਨਾ ਕਰੋ,
ਸਾਡੇ ਉੱਤੇ ਇਹ ਅਪਮਾਨ ਨਹੀਂ ਆਵੇਗਾ ।
7ਹੇ ਯਾਕੂਬ ਦੇ ਘਰਾਣੇ, ਕੀ ਇਹ ਆਖਿਆ ਜਾਵੇ ?
ਕੀ ਯਹੋਵਾਹ ਦਾ ਆਤਮਾ ਬੇਸਬਰ ਹੈ ?
ਭਲਾ, ਇਹ ਉਹ ਦੇ ਕੰਮ ਹਨ ?
ਕੀ ਮੇਰੇ ਬਚਨ ਸਿੱਧੇ ਚਾਲ-ਚੱਲਣ ਵਾਲੇ ਦੀ ਭਲਿਆਈ ਨਹੀਂ ਕਰਦੇ ?
8ਪਰ ਕੱਲ ਦੀ ਗੱਲ ਹੈ ਕਿ ਮੇਰੀ ਪਰਜਾ ਵੈਰੀ ਬਣ ਕੇ ਮੇਰੇ ਵਿਰੁੱਧ ਉੱਠੀ ਹੈ,
ਤੁਸੀਂ ਉਸ ਮਨੁੱਖ ਦੇ ਉੱਤੋਂ ਕੱਪੜੇ ਅਤੇ ਚੱਦਰ ਖਿੱਚ ਲੈਂਦੇ ਹੋ,
ਜੋ ਚੈਨ ਨਾਲ ਲੜਾਈ ਦੇ ਖਿਆਲ ਤੋਂ ਵੀ ਦੂਰ ਰਹਿ ਕੇ ਲੰਘਦਾ ਹੈ ।
9ਤੁਸੀਂ ਮੇਰੀ ਪਰਜਾ ਦੀਆਂ ਇਸਤਰੀਆਂ ਨੂੰ, ਉਹਨਾਂ ਦੇ ਸੋਹਣਿਆਂ ਘਰਾਂ ਤੋਂ ਕੱਢਦੇ ਹੋ,
ਤੁਸੀਂ ਉਹਨਾਂ ਦੇ ਨਿਆਣਿਆਂ ਤੋਂ ਮੇਰੀਆਂ ਦਿੱਤੀਆਂ ਹੋਈਆਂ ਬਰਕਤਾਂ ਸਦਾ ਲਈ ਖੋਹ ਲੈਂਦੇ ਹੋ ।
10ਉੱਠੋ, ਚੱਲੇ ਜਾਓ !
ਇਹ ਤੁਹਾਡਾ ਕੋਈ ਵਿਸ਼ਰਾਮ ਸਥਾਨ ਨਹੀਂ ਹੈ ।
ਇਸ ਦਾ ਕਾਰਨ ਤੁਹਾਡੀ ਉਹ ਅਸ਼ੁੱਧਤਾ ਹੈ,
ਜਿਸ ਨਾਲ ਤੁਸੀਂ ਇਸ ਸਥਾਨ ਦਾ ਨਾਸ਼ ਕਰ ਦਿੱਤਾ ਹੈ ।
11ਜੇਕਰ ਇੱਕ ਝੂਠੀ ਆਤਮਾ ਵਿੱਚ ਚੱਲਦਾ ਹੋਇਆ, ਝੂਠੀ ਅਤੇ ਵਿਅਰਥ ਗੱਲ ਬਕੇ ਅਤੇ ਆਖੇ, -
''ਮੈਂ ਤੇਰੇ ਲਈ ਮਧ ਅਤੇ ਸ਼ਰਾਬ ਦੀ ਭਵਿੱਖਬਾਣੀ ਕਰਾਂਗਾ'',
ਤਾਂ ਉਹ ਇਸ ਪਰਜਾ ਦਾ ਨਬੀ ਹੁੰਦਾ ਹੈ !

12ਹੇ ਯਾਕੂਬ, ਮੈਂ ਜ਼ਰੂਰ ਹੀ ਤੁਹਾਨੂੰ ਸਾਰਿਆਂ ਨੂੰ ਇਕੱਠੇ ਕਰਾਂਗਾ,
ਮੈਂ ਇਸਰਾਏਲ ਦੇ ਬਚੇ ਹੋਇਆਂ ਨੂੰ ਜ਼ਰੂਰ ਹੀ ਜਮਾ ਕਰਾਂਗਾ,
ਮੈਂ ਉਹਨਾਂ ਨੂੰ ਬਾਸਰਾਹ ਦੀਆਂ ਭੇਡਾਂ ਵਾਂਗੂੰ ਰਲਾ ਕੇ ਰੱਖਾਂਗਾ,
ਇੱਕ ਇੱਜੜ ਵਾਂਗੂੰ ਜੋ ਚੰਗੀ ਜੂਹ ਵਿੱਚ ਹੈ,
ਮਨੁੱਖਾਂ ਦੀ ਬਹੁਤਾਇਤ ਦੇ ਕਾਰਨ ਧਰਤੀ ਫੇਰ ਭਰ ਜਾਵੇਗੀ ।
13ਰਾਹ ਬਣਾਉਣ ਵਾਲਾ ਉਹਨਾਂ ਦੇ ਅੱਗੇ-ਅੱਗੇ ਉਤਾਹਾਂ ਜਾਵੇਗਾ,
ਉਹ ਭੱਜ ਕੇ ਨਿੱਕਲਣਗੇ ਅਤੇ ਫਾਟਕ ਦੇ ਵਿੱਚੋਂ ਦੀ ਲੰਘਣਗੇ,
ਉਹਨਾਂ ਦਾ ਰਾਜਾ ਉਹਨਾਂ ਦੇ ਅੱਗੇ-ਅੱਗੇ ਚੱਲੇਗਾ,
ਅਤੇ ਯਹੋਵਾਹ ਉਹਨਾਂ ਦੇ ਸਿਰ ਤੇ ਹੋਵੇਗਾ ।

3
ਇਸਰਾਏਲ ਦੇ ਆਗੂਆਂ ਦੀ ਨਿੰਦਿਆ

1ਮੈਂ ਆਖਿਆ,

ਹੇ ਯਾਕੂਬ ਦੇ ਮੁਖੀਓ,
ਅਤੇ ਹੇ ਇਸਰਾਏਲ ਦੇ ਘਰਾਣੇ ਦੇ ਆਗੂਓ, ਸੁਣੋ !
ਕੀ ਨਿਆਂ ਨੂੰ ਜਾਣਨਾ ਤੁਹਾਡਾ ਕੰਮ ਨਹੀਂ ?
2ਤੁਸੀਂ ਜੋ ਨੇਕੀ ਦੇ ਵੈਰੀ ਅਤੇ ਬਦੀ ਦੇ ਪ੍ਰੇਮੀ ਹੋ,
ਤੁਸੀਂ ਜੋ ਉਹਨਾਂ ਦੇ ਸਰੀਰਾਂ ਤੋਂ ਉਹਨਾਂ ਦੀ ਖੱਲ,
ਅਤੇ ਉਹਨਾਂ ਦੀ ਹੱਡੀਆਂ ਤੋਂ ਉਹਨਾਂ ਦਾ ਮਾਸ ਨੋਚਦੇ ਹੋ,
3ਤੁਸੀਂ ਜੋ ਮੇਰੀ ਪਰਜਾ ਦਾ ਮਾਸ ਖਾਂਦੇ ਹੋ,
ਅਤੇ ਉਹਨਾਂ ਦੀ ਖੱਲ ਉਹਨਾਂ ਦੇ ਉੱਤੋਂ ਲਾਹੁੰਦੇ ਹੋ,
ਤੁਸੀਂ ਉਹਨਾਂ ਦੀਆਂ ਹੱਡੀਆਂ ਨੂੰ ਪਕਾਉਣ ਲਈ ਭਾਂਡੇ ਵਿੱਚ ਭੰਨ ਸੁੱਟਦੇ ਹੋ,
ਅਤੇ ਉਹਨਾਂ ਦੇ ਮਾਸ ਨੂੰ ਪਕਾਉਣ ਲਈ ਕੜਾਹੀ ਵਿੱਚ ਟੁੱਕੜੇ-ਟੁੱਕੜੇ ਕਰਦੇ ਹੋ !
4ਤਦ ਉਹ ਯਹੋਵਾਹ ਅੱਗੇ ਦੁਹਾਈ ਦੇਣਗੇ,
ਪਰ ਉਹ ਉਹਨਾਂ ਨੂੰ ਉੱਤਰ ਨਾ ਦੇਵੇਗਾ,
ਸਗੋਂ ਉਸ ਸਮੇਂ ਉਹ ਆਪਣਾ ਮੂੰਹ ਉਹਨਾਂ ਤੋਂ ਲੁਕਾ ਲਵੇਗਾ,
ਕਿਉਂ ਜੋ ਉਹਨਾਂ ਨੇ ਭੈੜੇ ਕੰਮ ਕੀਤੇ ਹਨ ।

5ਉਨ੍ਹਾਂ ਨਬੀਆਂ ਦੇ ਵਿਖੇ ਜਿਹੜੇ ਮੇਰੀ ਪਰਜਾ ਨੂੰ ਕੁਰਾਹੇ ਪਾਉਂਦੇ ਹਨ, ਯਹੋਵਾਹ ਇਹ ਫ਼ਰਮਾਉਂਦਾ ਹੈ, ਜਦ ਲੋਕ ਉਹਨਾਂ ਦਾ ਮੂੰਹ ਭਰ ਦਿੰਦੇ ਹਨ, ਤਾਂ ਉਹ ਉਨ੍ਹਾਂ ਲਈ ''ਸ਼ਾਂਤੀ'' ਦੀ ਘੋਸ਼ਣਾ ਕਰਦੇ ਹਨ, ਪਰ ਜੋ ਉਹਨਾਂ ਦੇ ਮੂੰਹਾਂ ਵਿੱਚ ਕੁਝ ਨਹੀਂ ਦਿੰਦਾ, ਉਸ ਦੇ ਵਿਰੁੱਧ ਉਹ ਲੜਾਈ ਦੀ ਤਿਆਰੀ ਕਰਦੇ ਹਨ:
6ਇਸ ਕਾਰਨ ਤੁਹਾਡੇ ਉੱਤੇ ਬਿਨ੍ਹਾਂ ਦਰਸ਼ਨ ਦੀ ਰਾਤ ਆਵੇਗੀ,
ਅਤੇ ਅਜਿਹਾ ਹਨੇਰਾ ਆਵੇਗਾ ਕਿ ਤੁਸੀਂ ਭਵਿੱਖ ਨਾ ਦੱਸ ਸਕੋਗੇ,
ਨਬੀਆਂ ਲਈ ਸੂਰਜ ਅਸਤ ਹੋ ਜਾਵੇਗਾ,
ਅਤੇ ਦਿਨ ਉਹਨਾਂ ਦੇ ਉੱਤੇ ਹਨੇਰਾ ਹੋ ਜਾਵੇਗਾ ।
7ਦਰਸ਼ੀ ਸ਼ਰਮਿੰਦੇ ਹੋ ਜਾਣਗੇ,
ਅਤੇ ਭਵਿੱਖ ਦੱਸਣ ਵਾਲਿਆਂ ਦੇ ਮੂੰਹ ਕਾਲੇ ਹੋ ਜਾਣਗੇ,
ਹਾਂ, ਉਹ ਸਾਰੇ ਦੇ ਸਾਰੇ ਆਪਣੇ ਬੁੱਲ੍ਹਾਂ ਨੂੰ ਢੱਕਣਗੇ,
ਕਿਉਂ ਜੋ ਪਰਮੇਸ਼ੁਰ ਵੱਲੋਂ ਕੋਈ ਉੱਤਰ ਨਹੀਂ ਮਿਲੇਗਾ ।
8ਪਰ ਮੈਂ ਤਾਂ ਯਹੋਵਾਹ ਦੇ ਆਤਮਾ ਦੇ ਰਾਹੀਂ,
ਬਲ, ਨਿਆਂ ਅਤੇ ਸ਼ਕਤੀ ਨਾਲ ਭਰਪੂਰ ਹਾਂ,
ਤਾਂ ਜੋ ਮੈਂ ਯਾਕੂਬ ਨੂੰ ਉਹ ਦਾ ਅਪਰਾਧ,
ਅਤੇ ਇਸਰਾਏਲ ਨੂੰ ਉਹ ਦਾ ਪਾਪ ਦੱਸਾਂ ।

9ਹੇ ਯਾਕੂਬ ਦੇ ਘਰਾਣੇ ਦੇ ਮੁਖਿਓ,
ਹੇ ਇਸਰਾਏਲ ਦੇ ਘਰਾਣੇ ਦੇ ਆਗੂਓ, ਇਹ ਸੁਣੋ !
ਤੁਸੀਂ ਜੋ ਇਨਸਾਫ਼ ਤੋਂ ਘਿਣ ਕਰਦੇ ਹੋ,
ਅਤੇ ਸਾਰੀ ਸਿਧਿਆਈ ਨੂੰ ਮਰੋੜਦੇ ਹੋ,
10ਤੁਸੀਂ ਜੋ ਸੀਯੋਨ ਨੂੰ ਲਹੂ ਨਾਲ ਉਸਾਰਦੇ ਹੋ,
ਅਤੇ ਯਰੂਸ਼ਲਮ ਨੂੰ ਬਦੀ ਨਾਲ ।
11ਉਸ ਦੇ ਆਗੂ ਰਿਸ਼ਵਤ ਲੈ ਕੇ ਨਿਆਂ ਕਰਦੇ ਹਨ,
ਉਸ ਦੇ ਜਾਜਕ ਭਾੜਾ ਲੈ ਕੇ ਸਿਖਾਉਂਦੇ ਹਨ,
ਉਸ ਦੇ ਨਬੀ ਧਨ ਲਈ ਭਵਿੱਖ ਦੱਸਦੇ ਹਨ,
ਤਾਂ ਵੀ ਉਹ ਇਹ ਆਖ ਕੇ ਯਹੋਵਾਹ ਦਾ ਸਹਾਰਾ ਲੈਂਦੇ ਹਨ,
ਭਲਾ, ਯਹੋਵਾਹ ਸਾਡੇ ਵਿੱਚ ਨਹੀਂ ਹੈ ?
ਕੋਈ ਬਿਪਤਾ ਸਾਡੇ ਉੱਤੇ ਨਹੀਂ ਪਵੇਗੀ !
12ਇਸ ਲਈ ਤੁਹਾਡੇ ਕਾਰਨ ਸੀਯੋਨ ਖੇਤ ਵਾਂਗੂੰ ਵਾਹਿਆ ਜਾਵੇਗਾ,
ਯਰੂਸ਼ਲਮ ਮਲਬੇ ਦਾ ਢੇਰ ਹੋ ਜਾਵੇਗਾ,
ਅਤੇ ਭਵਨ ਦਾ ਪਰਬਤ ਇੱਕ ਜੰਗਲੀ ਉੱਚਿਆਈ ਵਰਗਾ ਹੋ ਜਾਵੇਗਾ ।

4
ਸ਼ਾਂਤੀ ਦਾ ਰਾਜ
(ਯਸਾਯਾਹ 2:1-4)

1ਆਖਰੀ ਦਿਨਾਂ ਵਿੱਚ ਅਜਿਹਾ ਹੋਵੇਗਾ,

ਕਿ ਯਹੋਵਾਹ ਦੇ ਭਵਨ ਦਾ ਪਰਬਤ ਸਾਰਿਆਂ ਪਹਾੜਾਂ ਦੇ ਸਿਰਾਂ ਉੱਤੇ ਕਾਇਮ ਕੀਤਾ ਜਾਵੇਗਾ,
ਅਤੇ ਉਹ ਸਭ ਪਹਾੜੀਆਂ ਤੋਂ ਉੱਚਾ ਕੀਤਾ ਜਾਵੇਗਾ,
ਅਤੇ ਸਭ ਕੌਮਾਂ ਉਸ ਦੇ ਵੱਲ ਸੋਤੇ ਵਾਂਗੂੰ ਵਗਣਗੀਆਂ ।
2ਬਹੁਤੀਆਂ ਕੌਮਾਂ ਆਉਣਗੀਆਂ ਅਤੇ ਆਖਣਗੀਆਂ,
"ਆਓ, ਅਸੀਂ ਯਹੋਵਾਹ ਦੇ ਪਰਬਤ ਉੱਤੇ ਚੜ੍ਹੀਏ,
ਅਤੇ ਯਾਕੂਬ ਦੇ ਪਰਮੇਸ਼ੁਰ ਦੇ ਭਵਨ ਨੂੰ ਜਾਈਏ,
ਤਾਂ ਜੋ ਉਹ ਸਾਨੂੰ ਆਪਣੇ ਰਾਹ ਵਿਖਾਵੇ,
ਅਤੇ ਅਸੀਂ ਉਹ ਦੇ ਮਾਰਗਾਂ ਵਿੱਚ ਚੱਲੀਏ",
ਕਿਉਂ ਜੋ ਬਿਵਸਥਾ ਸੀਯੋਨ ਤੋਂ,
ਅਤੇ ਯਹੋਵਾਹ ਦਾ ਬਚਨ ਯਰੂਸ਼ਲਮ ਤੋਂ ਨਿੱਕਲੇਗਾ ।
3ਉਹ ਬਹੁਤੀਆਂ ਉੱਮਤਾਂ ਦਾ ਨਿਆਂ ਕਰੇਗਾ,
ਅਤੇ ਦੂਰ-ਦੂਰ ਦੀਆਂ ਤਕੜੀਆਂ ਕੌਮਾਂ ਦਾ ਫ਼ੈਸਲਾ ਕਰੇਗਾ,
ਉਹ ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਹੱਲ ਦੇ ਫਾਲੇ ਬਣਾਉਣਗੇ,
ਅਤੇ ਆਪਣੇ ਬਰਛੀਆਂ ਨੂੰ ਦਾਤ ।
ਕੌਮ, ਕੌਮ ਉੱਤੇ ਤਲਵਾਰ ਨਹੀਂ ਚੁੱਕੇਗੀ,
ਅਤੇ ਉਹ ਫੇਰ ਕਦੀ ਵੀ ਲੜਾਈ ਨਾ ਸਿੱਖਣਗੇ ।
4ਪਰ ਉਹ ਆਪੋ ਆਪਣੀਆਂ ਅੰਗੂਰੀ ਬੇਲਾਂ ਅਤੇ ਹੰਜ਼ੀਰ ਦੇ ਰੁੱਖਾਂ ਹੇਠ ਬੈਠਣਗੇ,
ਅਤੇ ਕੋਈ ਉਹਨਾਂ ਨੂੰ ਨਹੀਂ ਡਰਾਵੇਗਾ,
ਕਿਉਂ ਜੋ ਸੈਨਾਂ ਦੇ ਯਹੋਵਾਹ ਦੇ ਮੂੰਹ ਦਾ ਵਾਕ ਹੈ ।

5ਸਾਰੀਆਂ ਉੱਮਤਾਂ ਆਪੋ ਆਪਣੇ ਦੇਵਤਿਆਂ ਦੇ ਨਾਮ ਲੈ ਕੇ ਚੱਲਦੀਆਂ ਹਨ,
ਪਰ ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦਾ ਨਾਮ ਲੈ ਕੇ ਸਦੀਪਕਾਲ ਤੱਕ ਚੱਲਾਂਗੇ ।
ਗੁਲਾਮੀ ਤੋਂ ਇਸਰਾਏਲ ਦੀ ਵਾਪਸੀ

6ਯਹੋਵਾਹ ਦਾ ਵਾਕ ਹੈ,
"ਉਸ ਦਿਨ ਮੈਂ ਪਰਜਾ ਦੇ ਲੰਗੜਿਆਂ ਨੂੰ ਇੱਕਠਾ ਕਰਾਂਗਾ,
ਅਤੇ ਕੱਢੇ ਹੋਇਆਂ ਨੂੰ ਜਮਾ ਕਰਾਂਗਾ,
ਨਾਲੇ ਉਹਨਾਂ ਨੂੰ ਜਿਨ੍ਹਾਂ ਨੂੰ ਮੈਂ ਦੁੱਖ ਦਿੱਤਾ ।
7ਮੈਂ ਲੰਗੜਿਆਂ ਨੂੰ ਇੱਕ ਬਕੀਆ ਬਣਾ ਦਿਆਂਗਾ,
ਅਤੇ ਦੂਰ ਕੱਢੇ ਹੋਇਆਂ ਨੂੰ ਇੱਕ ਤਕੜੀ ਕੌਮ,
ਅਤੇ ਯਹੋਵਾਹ ਸੀਯੋਨ ਪਹਾੜ ਉੱਤੋਂ ਉਹਨਾਂ ਉੱਤੇ ਰਾਜ ਕਰੇਗਾ, - ਹਾਂ, ਹੁਣ ਤੋਂ ਲੈ ਕੇ ਸਦਾ ਤੱਕ ।"

8ਤੂੰ, ਹੇ ਏਦਰ ਦੇ ਬੁਰਜ, ਹੇ ਸੀਯੋਨ ਦੀ ਧੀ ਦੇ ਪਰਬਤ,
ਪਹਿਲੀ ਹਕੂਮਤ ਤੇਰੇ ਕੋਲ ਉਹ ਆਵੇਗੀ,
ਹਾਂ, ਯਰੂਸ਼ਲਮ ਦੀ ਧੀ ਦਾ ਰਾਜ ਆਵੇਗਾ ।

9ਹੁਣ ਤੂੰ ਕਿਉਂ ਚਿੱਲਾਉਂਦੀ ਹੈਂ ?
ਕੀ ਤੇਰੇ ਵਿੱਚ ਕੋਈ ਰਾਜਾ ਨਹੀਂ ?
ਕੀ ਤੇਰਾ ਸਲਾਹਕਾਰ ਨਾਸ਼ ਹੋ ਗਿਆ,
ਜੋ ਜਣਨ ਵਾਲੀ ਵਾਂਗੂੰ ਪੀੜਾਂ ਤੈਨੂੰ ਲੱਗੀਆਂ ਹਨ ?
10ਹੇ ਸੀਯੋਨ ਦੀਏ ਧੀਏ, ਪੀੜਾਂ ਨਾਲ ਜਣਨ ਵਾਲੀ ਵਾਂਗੂੰ ਜਨਮ ਦੇ !
ਹੁਣ ਤਾਂ ਤੂੰ ਨਗਰ ਤੋਂ ਬਾਹਰ ਜਾਵੇਂਗੀ,
ਅਤੇ ਮੈਦਾਨ ਵਿੱਚ ਵੱਸੇਂਗੀ,
ਤੂੰ ਬਾਬਲ ਨੂੰ ਜਾਵੇਂਗੀ,
ਉੱਥੋਂ ਹੀ ਤੂੰ ਛੁਡਾਈ ਜਾਵੇਂਗੀ,
ਉੱਥੇ ਯਹੋਵਾਹ ਤੈਨੂੰ ਤੇਰੇ ਵੈਰੀਆਂ ਦੇ ਹੱਥੋਂ ਛੁਟਕਾਰਾ ਦੇਵੇਗਾ ।

11ਹੁਣ ਬਹੁਤੀਆਂ ਕੌਮਾਂ ਤੇਰੇ ਵਿਰੁੱਧ ਇਕੱਠੀਆਂ ਹੋ ਗਈਆਂ ਹਨ, ਉਹ ਕਹਿੰਦੀਆਂ ਹਨ,
"ਉਹ ਭ੍ਰਿਸ਼ਟ ਕੀਤੀ ਜਾਵੇ,
ਅਤੇ ਸਾਡੀਆਂ ਅੱਖਾਂ ਸੀਯੋਨ ਨੂੰ ਘੂਰਦੀਆਂ ਰਹਿਣ !"
12ਪਰ ਉਹ ਯਹੋਵਾਹ ਦੀਆਂ ਸੋਚਾਂ ਨਹੀਂ ਜਾਣਦੇ,
ਨਾ ਉਸ ਦੀ ਯੋਜਨਾ ਸਮਝਦੇ ਹਨ,
ਕਿਉਂ ਜੋ ਉਸ ਨੇ ਉਹਨਾਂ ਨੂੰ ਪੂਲਿਆਂ ਵਾਂਗੂੰ ਪਿੜ ਵਿੱਚ ਇਕੱਠਾ ਕੀਤਾ ਹੈ ।
13ਹੇ ਸੀਯੋਨ ਦੀਏ ਧੀਏ, ਉੱਠ ਅਤੇ ਗਾਹ !
ਮੈਂ ਤੇਰੇ ਸਿੰਗ ਲੋਹੇ ਦੇ, ਅਤੇ ਤੇਰੇ ਖੁਰ ਪਿੱਤਲ ਦੇ ਬਣਾਵਾਂਗਾ ।
ਤੂੰ ਬਹੁਤੀਆਂ ਕੌਮਾਂ ਨੂੰ ਚੂਰ-ਚੂਰ ਕਰੇਂਗੀ,
ਅਤੇ ਉਹਨਾਂ ਦੀ ਧੋਖੇ ਨਾਲ ਕੀਤੀ ਹੋਈ ਕਮਾਈ ਯਹੋਵਾਹ ਲਈ,
ਅਤੇ ਉਹਨਾਂ ਦਾ ਮਾਲ-ਧਨ ਸਾਰੀ ਧਰਤੀ ਦੇ ਪ੍ਰਭੂ ਲਈ ਅਰਪਣ ਕਰੇਂਗੀ ।

5

1ਹੁਣ ਹੇ ਜੱਥਿਆਂ ਦੀਏ ਧੀਏ,

ਤੂੰ ਆਪਣਿਆਂ ਜੱਥਿਆਂ ਨੂੰ ਇਕੱਠਿਆਂ ਕਰ,
ਉਸ ਨੇ ਸਾਡੇ ਵਿਰੁੱਧ ਘੇਰਾ ਪਾਇਆ ਹੈ,
ਉਹ ਇਸਰਾਏਲ ਦੇ ਨਿਆਈ ਨੂੰ ਡੰਡੇ ਨਾਲ ਗੱਲ੍ਹ ਤੇ ਮਾਰਨਗੇ ।
ਬੈਤਲਹਮ ਵਿੱਚੋਂ ਇੱਕ ਰਾਜੇ ਦੇ ਆਉਣ ਦਾ ਵਾਅਦਾ

2ਪਰ ਹੇ ਬੈਤਲਹਮ ਅਫ਼ਰਾਥਾਹ,
ਭਾਵੇਂ ਤੂੰ ਯਹੂਦਾਹ ਦੇ ਹਜ਼ਾਰਾਂ ਵਿੱਚ ਛੋਟਾ ਹੈਂ,
ਤਾਂ ਵੀ ਤੇਰੇ ਵਿੱਚੋਂ ਮੇਰੇ ਲਈ ਇੱਕ ਪੁਰਖ ਨਿੱਕਲੇਗਾ, ਜੋ ਇਸਰਾਏਲ ਵਿੱਚ ਹਾਕਮ ਹੋਵੇਗਾ,
ਜਿਸ ਦਾ ਨਿੱਕਲਣਾ ਪ੍ਰਾਚੀਨ ਸਮੇਂ ਤੋਂ, ਸਗੋਂ ਅਨਾਦ ਤੋਂ ਹੈ ।
3ਇਸ ਲਈ ਉਹ ਉਹਨਾਂ ਨੂੰ ਉਸ ਸਮੇਂ ਤੱਕ ਛੱਡ ਦੇਵੇਗਾ, ਜਦ ਤੱਕ ਜਣਨ ਵਾਲੀ ਜਨਮ ਨਾ ਦੇਵੇ,
ਤਦ ਉਹ ਦੇ ਭਰਾਵਾਂ ਵਿੱਚੋਂ ਬਚੇ ਹੋਏ ਇਸਰਾਏਲੀਆਂ ਕੋਲ ਮੁੜ ਜਾਣਗੇ ।
4ਉਹ ਖੜ੍ਹਾ ਹੋ ਕੇ ਯਹੋਵਾਹ ਦੇ ਬਲ ਵਿੱਚ,
ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਨਾਮ ਦੇ ਪਰਤਾਪ ਵਿੱਚ ਆਪਣਾ ਇੱਜੜ ਚਾਰੇਗਾ,
ਅਤੇ ਉਹ ਸੁਰੱਖਿਅਤ ਰਹਿਣਗੇ, ਕਿਉਂ ਜੋ ਉਹ ਧਰਤੀ ਦੀਆਂ ਹੱਦਾਂ ਤੱਕ ਮਹਾਨ ਹੋਵੇਗਾ ।
5ਉਹ ਸਾਡੀ ਸ਼ਾਂਤੀ ਹੋਵੇਗਾ ।
ਛੁਟਕਾਰਾ ਅਤੇ ਸਜ਼ਾ

ਜਦ ਅੱਸ਼ੂਰੀ ਸਾਡੇ ਦੇਸ਼ ਉੱਤੇ ਚੜ੍ਹਾਈ ਕਰਨਗੇ,

ਜਦ ਉਹ ਸਾਡੇ ਗੜ੍ਹਾਂ ਵਿੱਚ ਫਿਰਨਗੇ,
ਤਦ ਅਸੀਂ ਉਹਨਾਂ ਦੇ ਵਿਰੁੱਧ ਸੱਤ ਅਯਾਲੀ,
ਸਗੋਂ ਮਨੁੱਖਾਂ ਵਿੱਚੋਂ ਅੱਠ ਪ੍ਰਧਾਨ ਖੜ੍ਹੇ ਕਰਾਂਗੇ ।

6ਉਹ ਅੱਸ਼ੂਰ ਦੇ ਦੇਸ਼ ਨੂੰ ਤਲਵਾਰ ਨਾਲ ਵਿਰਾਨ ਕਰ ਸੁੱਟਣਗੇ,
ਅਤੇ ਨਿਮਰੋਦ ਦੇ ਦੇਸ਼ ਨੂੰ ਉਹ ਦੇ ਲਾਂਘਿਆਂ ਤੱਕ,
ਜਦ ਉਹ ਸਾਡੇ ਦੇਸ਼ ਵਿੱਚ ਆਉਣਗੇ,
ਅਤੇ ਜਦ ਉਹ ਸਾਡੀਆਂ ਹੱਦਾਂ ਵਿੱਚ ਫਿਰਨਗੇ,
ਤਦ ਉਹ ਸਾਨੂੰ ਅੱਸ਼ੂਰੀਆਂ ਤੋਂ ਛੁਡਾਉਣਗੇ ।
7ਤਦ ਯਾਕੂਬ ਦੇ ਬਚੇ ਹੋਏ ਲੋਕ ਕੌਮਾਂ ਦੇ ਵਿਚਕਾਰ,
ਤ੍ਰੇਲ ਵਾਂਗੂੰ ਹੋਣਗੇ ਜਿਹੜੀ ਯਹੋਵਾਹ ਵੱਲੋਂ ਪੈਂਦੀ ਹੈ,
ਅਤੇ ਫੁਹਾਰਾਂ ਵਾਂਗੂੰ,
ਜਿਹੜੀਆਂ ਘਾਹ ਤੇ ਪੈ ਕੇ ਮਨੁੱਖ ਲਈ ਨਹੀਂ ਠਹਿਰਦੀਆਂ,
ਨਾ ਹੀ ਆਦਮ-ਵੰਸ਼ ਲਈ ਉਡੀਕ ਕਰਦੀਆਂ ਹਨ ।
8ਯਾਕੂਬ ਦੇ ਬਚੇ ਹੋਏ ਲੋਕ ਕੌਮਾਂ ਦੇ ਵਿੱਚ,
ਸਗੋਂ ਬਹੁਤੀਆਂ ਉੱਮਤਾਂ ਦੇ ਵਿਚਕਾਰ ਅਜਿਹੇ ਹੋਣਗੇ,
ਜਿਵੇਂ ਜੰਗਲੀ ਜਾਨਵਰਾਂ ਦੇ ਵਿਚਕਾਰ ਬੱਬਰ ਸ਼ੇਰ,
ਜਾਂ ਜਿਵੇਂ ਭੇਡਾਂ ਦੀਆਂ ਇੱਜੜਾਂ ਵਿੱਚ ਜੁਆਨ ਸ਼ੇਰ ਹੁੰਦਾ ਹੈ,
ਜੋ ਵਿੱਚੋਂ ਦੀ ਲੰਘ ਕੇ ਲਤਾੜਦਾ ਤੇ ਪਾੜਦਾ ਹੈ,
ਅਤੇ ਕੋਈ ਛੁਡਾਉਣ ਵਾਲਾ ਨਹੀਂ ਹੁੰਦਾ !
9ਤੇਰਾ ਹੱਥ ਤੇਰੇ ਵਿਰੋਧੀਆਂ ਦੇ ਵਿਰੁੱਧ ਉੱਠਿਆ ਰਹੇਗਾ,
ਅਤੇ ਤੇਰੇ ਸਾਰੇ ਵੈਰੀ ਵੱਢੇ ਜਾਣਗੇ ।

10"ਉਸ ਦਿਨ ਅਜਿਹਾ ਹੋਵੇਗਾ", ਯਹੋਵਾਹ ਦਾ ਵਾਕ ਹੈ,
"ਕਿ ਮੈਂ ਤੇਰੇ ਘੋੜਿਆਂ ਨੂੰ ਤੇਰੇ ਵਿਚਕਾਰੋਂ ਵੱਢ ਸੁੱਟਾਂਗਾ,
ਅਤੇ ਤੇਰੇ ਰਥਾਂ ਨੂੰ ਬਰਬਾਦ ਕਰਾਂਗਾ ।
11ਮੈਂ ਤੇਰੇ ਦੇਸ਼ ਦੇ ਸ਼ਹਿਰਾਂ ਨੂੰ ਨਾਸ਼ ਕਰਾਂਗਾ,
ਅਤੇ ਤੇਰੇ ਸਾਰੇ ਗੜ੍ਹਾਂ ਨੂੰ ਢਾਹ ਸੁੱਟਾਂਗਾ ।
12ਮੈਂ ਤੇਰੇ ਹੱਥਾਂ ਦੇ ਜਾਦੂ-ਮੰਤਰਾਂ ਨੂੰ ਬਰਬਾਦ ਕਰਾਂਗਾ,
ਅਤੇ ਤੇਰੇ ਲਈ ਮਹੂਰਤ ਵੇਖਣ ਵਾਲੇ ਨਾ ਹੋਣਗੇ ।
13ਮੈਂ ਤੇਰੀਆਂ ਮੂਰਤਾਂ ਨੂੰ ਅਤੇ ਤੇਰੇ ਥੰਮ੍ਹਾਂ ਨੂੰ ਤੇਰੇ ਵਿਚਕਾਰੋਂ ਵੱਢ ਸੁੱਟਾਂਗਾ,
ਅਤੇ ਤੂੰ ਫੇਰ ਆਪਣੇ ਹੱਥਾਂ ਦੇ ਕੰਮ ਨੂੰ ਮੱਥਾ ਨਾ ਟੇਕੇਂਗਾ ।
14ਮੈਂ ਤੇਰੇ ਅਸੇਰਾਹ ਦੇ ਥੰਮ੍ਹਾਂ ਨੂੰ ਤੇਰੇ ਵਿਚਕਾਰੋਂ ਪੁੱਟ ਸੁੱਟਾਂਗਾ,
ਅਤੇ ਤੇਰੇ ਸ਼ਹਿਰਾਂ ਨੂੰ ਬਰਬਾਦ ਕਰਾਂਗਾ ।
15ਮੈਂ ਕ੍ਰੋਧ ਅਤੇ ਗੁੱਸੇ ਨਾਲ ਉਹਨਾਂ ਕੌਮਾਂ ਤੋਂ ਬਦਲਾ ਲਵਾਂਗਾ,
ਜਿਨ੍ਹਾਂ ਨੇ ਮੇਰਾ ਹੁਕਮ ਨਹੀਂ ਮੰਨਿਆ !"

6
ਇਸਰਾਏਲ ਦੇ ਵਿਰੁੱਧ ਪਰਮੇਸ਼ੁਰ ਦਾ ਆਰੋਪ

1ਸੁਣੋ ਕਿ ਹੁਣ ਯਹੋਵਾਹ ਕੀ ਆਖਦਾ ਹੈ,

ਉੱਠ, ਪਹਾੜਾਂ ਦੇ ਅੱਗੇ ਮੁਕੱਦਮਾ ਲੜ,
ਅਤੇ ਟਿੱਲੇ ਤੇਰੀ ਅਵਾਜ਼ ਸੁਣਨ !
2ਹੇ ਪਹਾੜੋ, ਯਹੋਵਾਹ ਦਾ ਮੁਕੱਦਮਾ ਸੁਣੋ,
ਤੁਸੀਂ ਵੀ, ਹੇ ਧਰਤੀ ਦੀਓ ਅਟੱਲ ਨੀਂਹੋ !
ਕਿਉਂ ਜੋ ਯਹੋਵਾਹ ਦਾ ਮੁਕੱਦਮਾ ਆਪਣੀ ਪਰਜਾ ਦੇ ਨਾਲ ਹੈ,
ਅਤੇ ਉਹ ਇਸਰਾਏਲ ਨਾਲ ਝਗੜੇਗਾ ।

3ਹੇ ਮੇਰੀ ਪਰਜਾ, ਮੈਂ ਤੇਰਾ ਕੀ ਵਿਗਾੜਿਆ ਹੈ ?
ਮੈਂ ਕਿਵੇਂ ਤੈਨੂੰ ਥਕਾ ਦਿੱਤਾ ਹੈ ?
ਮੈਨੂੰ ਉੱਤਰ ਦੇ !
4ਮੈਂ ਤਾਂ ਤੈਨੂੰ ਮਿਸਰ ਦੇਸ਼ ਵਿੱਚੋਂ ਕੱਢ ਲਿਆਇਆ,
ਅਤੇ ਤੈਨੂੰ ਗੁਲਾਮੀ ਦੇ ਘਰ ਤੋਂ ਛੁਡਾ ਲਿਆ,
ਮੈਂ ਤੇਰੇ ਅੱਗੇ ਮੂਸਾ, ਹਾਰੂਨ ਅਤੇ ਮਿਰਯਮ ਨੂੰ ਭੇਜਿਆ ।
5ਹੇ ਮੇਰੀ ਪਰਜਾ, ਯਾਦ ਕਰ ਕਿ ਮੋਆਬ ਦੇ ਰਾਜੇ ਬਾਲਾਕ ਨੇ ਤੇਰੇ ਵਿਰੁੱਧ ਕੀ ਜੁਗਤੀ ਕੀਤੀ,
ਅਤੇ ਬਓਰ ਦੇ ਪੁੱਤਰ ਬਿਲਆਮ ਨੇ ਉਹ ਨੂੰ ਕੀ ਉੱਤਰ ਦਿੱਤਾ, ਸ਼ਿੱਟੀਮ ਤੋਂ ਲੈ ਕੇ ਗਿਲਗਾਲ ਤੱਕ ਕੀ ਹੋਇਆ,
ਤਾਂ ਜੋ ਤੁਸੀਂ ਯਹੋਵਾਹ ਦੇ ਧਰਮ ਦੇ ਕੰਮਾਂ ਨੂੰ ਜਾਣੋ !
ਪਰਮੇਸ਼ੁਰ ਕੀ ਚਾਹੁੰਦਾ ਹੈ

6ਮੈਂ ਕੀ ਲੈ ਕੇ ਯਹੋਵਾਹ ਦੇ ਹਜ਼ੂਰ ਆਵਾਂ,
ਅਤੇ ਮਹਾਨ ਪਰਮੇਸ਼ੁਰ ਦੇ ਅੱਗੇ ਝੁਕਾਂ ?
ਕੀ ਮੈਂ ਹੋਮ ਬਲੀਆਂ ਲਈ ਇੱਕ-ਇੱਕ ਸਾਲ ਦੇ ਵੱਛੇ ਲੈ ਕੇ ਉਹ ਦੇ ਹਜ਼ੂਰ ਆਵਾਂ ?
7ਭਲਾ, ਯਹੋਵਾਹ ਹਜ਼ਾਰਾਂ ਭੇਡੂਆਂ ਨਾਲ,
ਜਾਂ ਤੇਲ ਦੀਆਂ ਲੱਖਾਂ ਨਦੀਆਂ ਨਾਲ ਖੁਸ਼ ਹੋਵੇਗਾ ?
ਕੀ ਮੈਂ ਆਪਣੇ ਪਹਿਲੌਠੇ ਨੂੰ ਆਪਣੇ ਅਪਰਾਧ ਦੇ ਬਦਲੇ ਦਿਆਂ,
ਅਤੇ ਮੇਰੇ ਸਰੀਰ ਦੇ ਫਲ ਨੂੰ ਮੇਰੇ ਮਨ ਦੇ ਪਾਪ ਲਈ ?
8ਹੇ ਮਨੁੱਖ, ਉਹ ਨੇ ਤੈਨੂੰ ਦੱਸਿਆ ਕਿ ਭਲਾ ਕੀ ਹੈ,
ਅਤੇ ਯਹੋਵਾਹ ਤੈਥੋਂ ਹੋਰ ਕੀ ਮੰਗਦਾ ਹੈ, ਸਿਰਫ਼ ਇਹ ਕਿ ਤੂੰ ਇਨਸਾਫ਼ ਕਰ,
ਦਯਾ ਨਾਲ ਪ੍ਰੇਮ ਰੱਖ, ਅਤੇ ਅਧੀਨ ਹੋ ਕੇ ਆਪਣੇ ਪਰਮੇਸ਼ੁਰ ਨਾਲ ਚੱਲ ?

9ਯਹੋਵਾਹ ਦੀ ਅਵਾਜ਼ ਸ਼ਹਿਰ ਨੂੰ ਪੁਕਾਰਦੀ ਹੈ,
ਅਤੇ ਬੁੱਧ ਤੇਰੇ ਨਾਮ ਦਾ ਭੈ ਮੰਨੇਗੀ,
ਰਾਜ-ਡੰਡੇ ਦੀ ਅਤੇ ਉਹ ਦੀ ਜਿਸ ਨੇ ਉਸ ਨੂੰ ਠਹਿਰਾਇਆ, ਸੁਣੋ !
10ਕੀ ਦੁਸ਼ਟ ਦੇ ਘਰ ਵਿੱਚ ਹੁਣ ਤੱਕ ਦੁਸ਼ਟਪੁਣੇ ਦੇ ਖ਼ਜ਼ਾਨੇ ਹਨ ?
ਨਾਲੇ ਏਫ਼ਾਹ ਦੇ ਘੱਟ ਨਾਪ ਜੋ ਸਰਾਪੀ ਹਨ ?
11ਭਲਾ, ਮੈਂ ਪਵਿੱਤਰ ਠਹਿਰ ਸਕਦਾ ਹਾਂ, ਜਦ ਮੇਰੇ ਕੋਲ ਕਾਣੀ ਡੰਡੀ,
ਅਤੇ ਮੇਰੀ ਥੈਲੀ ਵਿੱਚ ਖੋਟੇ ਵੱਟੇ ਹਨ ?
12ਉਸ ਦੇ ਧਨੀ ਲੋਕ ਅਨ੍ਹੇਰ ਨਾਲ ਭਰੇ ਹੋਏ ਹਨ,
ਉਸ ਦੇ ਵਾਸੀ ਝੂਠ ਬੋਲਦੇ ਹਨ,
ਅਤੇ ਉਨ੍ਹਾਂ ਦੀ ਜੀਭ ਫ਼ਰੇਬ ਦੀਆਂ ਗੱਲਾਂ ਬਕਦੀ ਹੈ ।
13ਇਸ ਲਈ ਮੈਂ ਤੈਨੂੰ ਦੁੱਖਦਾਈ ਜ਼ਖਮਾਂ ਨਾਲ ਮਾਰਿਆ ਹੈ,
ਅਤੇ ਤੈਨੂੰ ਤੇਰੇ ਪਾਪਾਂ ਦੇ ਕਾਰਨ ਵਿਰਾਨ ਕੀਤਾ ਹੈ ।
14ਤੂੰ ਖਾਵੇਂਗਾ ਪਰ ਰੱਜੇਂਗਾ ਨਹੀਂ,
ਅਤੇ ਤੇਰੇ ਅੰਦਰ ਭੁੱਖ ਰਹੇਗੀ,
ਤੂੰ ਜਮਾ ਤਾਂ ਕਰੇਂਗਾ ਪਰ ਬਚਾਵੇਂਗਾ ਨਹੀਂ,
ਅਤੇ ਜੋ ਤੂੰ ਬਚਾਵੇਂ ਉਹ ਮੈਂ ਤਲਵਾਰ ਨੂੰ ਦੇ ਦਿਆਂਗਾ ।
15ਤੂੰ ਬੀਜੇਂਗਾ ਪਰ ਵੱਢੇਂਗਾ ਨਹੀਂ,
ਤੂੰ ਜ਼ੈਤੂਨ ਦਾ ਤੇਲ ਕੱਢੇਂਗਾ ਪਰ ਉਸ ਨੂੰ ਮਲੇਂਗਾ ਨਹੀਂ,
ਤੂੰ ਅੰਗੂਰ ਮਿੱਧੇਂਗਾ ਪਰ ਦਾਖਰਸ ਨਾ ਪੀਵੇਂਗਾ ।
16ਕਿਉਂ ਜੋ ਆਮਰੀ ਦੀਆਂ ਬਿਧੀਆਂ ਮਨਾਈਆਂ ਜਾਂਦੀਆਂ ਹਨ,
ਨਾਲੇ ਅਹਾਬ ਦੇ ਘਰਾਣੇ ਦੇ ਸਾਰੇ ਕੰਮ,
ਅਤੇ ਤੁਸੀਂ ਉਨ੍ਹਾਂ ਦੀਆਂ ਮੱਤਾਂ ਅਨੁਸਾਰ ਚੱਲਦੇ ਹੋ,
ਇਸ ਲਈ ਮੈਂ ਤੈਨੂੰ ਵਿਰਾਨ ਕਰ ਦਿਆਂਗਾ,
ਅਤੇ ਉਸ ਦੇ ਵਾਸੀਆਂ ਨੂੰ ਮਖੌਲ ਦਾ ਕਾਰਨ ਬਣਾਵਾਂਗਾ,
ਅਤੇ ਤੁਸੀਂ ਮੇਰੀ ਪਰਜਾ ਦੀ ਨਿੰਦਿਆ ਚੁੱਕੋਗੇ ।

7
ਇਸਰਾਏਲ ਦਾ ਨੈਤਿਕ ਪਤਨ

1ਹਾਇ ਮੈਨੂੰ ! ਮੈਂ ਤਾਂ ਅਜਿਹਾ ਹੋ ਗਿਆ,

ਜਿਵੇਂ ਕੋਈ ਗਰਮ ਰੁੱਤ ਦੇ ਇਕੱਠੇ ਕਰੇ ਜਾਂ ਬਚੇ ਹੋਏ ਅੰਗੂਰੀ ਦਾਣੇ ਚੁੱਗਦਾ ਹੈ,
ਖਾਣ ਲਈ ਕੋਈ ਗੁੱਛਾ ਨਹੀਂ,
ਹੰਜ਼ੀਰ ਦਾ ਪਹਿਲਾ ਫਲ ਨਹੀਂ ਜਿਸ ਦੇ ਲਈ ਮੇਰਾ ਜੀ ਲੋਚਦਾ ਹੈ ।
2ਭਗਤ ਲੋਕ ਧਰਤੀ ਤੋਂ ਨਾਸ਼ ਹੋ ਗਏ,
ਮਨੁੱਖਾਂ ਵਿੱਚ ਕੋਈ ਵੀ ਸਿੱਧਾ ਨਹੀਂ,
ਉਹ ਸਭ ਖ਼ੂਨ ਕਰਨ ਲਈ ਘਾਤ ਵਿੱਚ ਬਹਿੰਦੇ ਹਨ,
ਹਰੇਕ ਮਨੁੱਖ ਜਾਲ ਵਿਛਾ ਕੇ ਆਪਣੇ ਭਰਾ ਦਾ ਸ਼ਿਕਾਰ ਕਰਦਾ ਹੈ ।
3ਉਹ ਮਨ ਲਗਾ ਕੇ ਆਪਣੇ ਹੱਥ ਬਦੀ ਕਰਨ ਲਈ ਪਾਉਂਦੇ ਹਨ,
ਹਾਕਮ ਅਤੇ ਨਿਆਈ ਰਿਸ਼ਵਤ ਮੰਗਦੇ ਹਨ,
ਵੱਡਾ ਆਦਮੀ ਆਪਣੇ ਜੀ ਦਾ ਲੋਭ ਦੱਸਦਾ ਹੈ,
ਇਸ ਤਰ੍ਹਾਂ ਉਹ ਜਾਲਸਾਜ਼ੀ ਕਰਦੇ ਹਨ ।
4ਉਹਨਾਂ ਵਿੱਚੋਂ ਸਭ ਤੋਂ ਉੱਤਮ ਪੁਰਖ ਕੰਡਿਆਲੀ ਝਾੜੀ ਵਰਗਾ ਹੈ,
ਅਤੇ ਸਭ ਤੋਂ ਸਿੱਧਾ ਮਨੁੱਖ ਕੰਡੇਦਾਰ ਬਾੜੇ ਨਾਲੋਂ ਭੈੜਾ ਹੈ,
ਤੇਰੇ ਰਾਖਿਆਂ ਦਾ ਦਿਨ,
ਸਗੋਂ ਤੇਰੀ ਖ਼ਬਰ ਲੈਣ ਦਾ ਦਿਨ ਆ ਗਿਆ ਹੈ,
ਹੁਣ ਉਹਨਾਂ ਦੀ ਹੈਰਾਨਗੀ ਦਾ ਵੇਲਾ ਹੈ !
5ਗੁਆਂਢੀ ਉੱਤੇ ਵਿਸ਼ਵਾਸ ਨਾ ਕਰੋ,
ਮਿੱਤਰ ਉੱਤੇ ਵੀ ਭਰੋਸਾ ਨਾ ਰੱਖੋ,
ਸਗੋਂ ਜੋ ਤੇਰੀ ਹਿੱਕ ਉੱਤੇ ਲੇਟਦੀ ਹੈ,
ਉਸ ਦੇ ਅੱਗੇ ਵੀ ਸੋਚ-ਸਮਝ ਕੇ ਆਪਣਾ ਮੂੰਹ ਖੋਲ੍ਹੀਂ ।
6ਪੁੱਤਰ ਤਾਂ ਪਿਤਾ ਦਾ ਠੱਠਾ ਉਡਾਉਂਦਾ ਹੈ,
ਧੀ ਮਾਤਾ ਦੇ ਵਿਰੁੱਧ ਉੱਠਦੀ ਹੈ,
ਅਤੇ ਨੂੰਹ ਆਪਣੀ ਸੱਸ ਦੇ ਵਿਰੁੱਧ,
ਮਨੁੱਖ ਦੇ ਵੈਰੀ ਉਸ ਦੇ ਆਪਣੇ ਹੀ ਘਰਾਣੇ ਦੇ ਲੋਕ ਹਨ ।
7ਪਰ ਮੈਂ ਯਹੋਵਾਹ ਨੂੰ ਤੱਕਾਂਗਾ,
ਮੈਂ ਆਪਣੇ ਮੁਕਤੀਦਾਤੇ ਪਰਮੇਸ਼ੁਰ ਦੀ ਉਡੀਕ ਕਰਾਂਗਾ,
ਮੇਰਾ ਪਰਮੇਸ਼ੁਰ ਮੇਰੀ ਸੁਣੇਗਾ ।
ਛੁਟਕਾਰਾ ਪਰਮੇਸ਼ੁਰ ਵੱਲੋਂ ਹੀ

8ਹੇ ਮੇਰੇ ਵੈਰੀ, ਮੇਰੇ ਉੱਤੇ ਖੁਸ਼ੀ ਨਾ ਮਨਾ,
ਜਦ ਮੈਂ ਡਿੱਗ ਪਵਾਂ ਤਾਂ ਮੈਂ ਫੇਰ ਉੱਠਾਂਗਾ,
ਜਦ ਮੈਂ ਹਨੇਰੇ ਵਿੱਚ ਬੈਠਾਂ ਤਾਂ ਯਹੋਵਾਹ ਮੇਰਾ ਚਾਨਣ ਹੋਵੇਗਾ ।
9ਮੈਂ ਯਹੋਵਾਹ ਦੇ ਵਿਰੁੱਧ ਪਾਪ ਕੀਤਾ ਹੈ,
ਇਸ ਲਈ ਮੈਂ ਉਹ ਦਾ ਕ੍ਰੋਧ ਸਹਿ ਲਵਾਂਗਾ,
ਜਦ ਤੱਕ ਕਿ ਉਹ ਮੇਰਾ ਮੁੱਕਦਮਾ ਨਾ ਲੜੇ,
ਅਤੇ ਮੇਰਾ ਇਨਸਾਫ਼ ਨਾ ਕਰੇ ।
ਉਹ ਮੈਨੂੰ ਚਾਨਣ ਵਿੱਚ ਲੈ ਜਾਵੇਗਾ,
ਮੈਂ ਉਹ ਦਾ ਧਰਮ ਵੇਖਾਂਗਾ ।
10ਮੇਰੀ ਵੈਰਨ ਵੇਖੇਗੀ, ਅਤੇ ਸ਼ਰਮ ਉਸ ਨੂੰ ਢੱਕ ਲਵੇਗੀ,
ਜਿਸ ਨੇ ਮੈਨੂੰ ਆਖਿਆ, ਯਹੋਵਾਹ ਤੇਰਾ ਪਰਮੇਸ਼ੁਰ ਕਿੱਥੇ ਹੈ ?
ਮੈਂ ਆਪਣੀਆਂ ਅੱਖਾਂ ਨਾਲ ਉਸ ਨੂੰ ਵੇਖਾਂਗਾ,
ਤਦ ਉਹ ਗਲੀਆਂ ਦੇ ਚਿੱਕੜ ਵਾਂਗੂੰ ਮਿੱਧੀ ਜਾਵੇਗੀ !

11ਤੇਰੀਆਂ ਕੰਧਾਂ ਬਣਾਉਣ ਦੇ ਦਿਨ !
ਉਸ ਦਿਨ ਤੇਰੀ ਹੱਦ ਦੂਰ ਤੱਕ ਵਧਾਈ ਜਾਵੇਗੀ ।
12ਉਸ ਦਿਨ ਉਹ ਅੱਸ਼ੂਰ ਤੋਂ, ਮਿਸਰ ਦੇ ਸ਼ਹਿਰਾਂ ਤੋਂ,
ਮਿਸਰ ਤੋਂ ਦਰਿਆ ਤੱਕ,
ਸਮੁੰਦਰ ਤੋਂ ਸਮੁੰਦਰ ਤੱਕ,
ਅਤੇ ਪਹਾੜ ਤੋਂ ਪਹਾੜ ਤੱਕ ਤੇਰੇ ਕੋਲ ਆਉਣਗੇ,
13ਧਰਤੀ ਉਸ ਦੇ ਵਾਸੀਆਂ ਦੇ ਕਾਰਨ ਵਿਰਾਨ ਹੋਵੇਗੀ,
ਉਹਨਾਂ ਦੀਆਂ ਕਰਤੂਤਾਂ ਦੇ ਫਲ ਦੇ ਕਾਰਨ ।
ਇਸਰਾਏਲ ਉੱਤੇ ਪਰਮੇਸ਼ੁਰ ਦੀ ਦਯਾ

14ਤੂੰ ਆਪਣਾ ਢਾਂਗਾ ਲੈ ਕੇ ਆਪਣੀ ਪਰਜਾ ਨੂੰ ਚਾਰ,
ਆਪਣੀ ਵਿਰਾਸਤ ਦੇ ਇੱਜੜ ਨੂੰ,
ਜਿਹੜੇ ਕਰਮਲ ਦੇ ਜੰਗਲ ਵਿੱਚ ਇਕੱਲੇ ਬੈਠਦੇ ਹਨ,
ਉਹ ਬਾਸ਼ਾਨ ਅਤੇ ਗਿਲਆਦ ਵਿੱਚ ਚਰਨ, ਜਿਵੇਂ ਪ੍ਰਾਚੀਨ ਦਿਨਾਂ ਵਿੱਚ ਚਰਦੇ ਸਨ ।

15ਮਿਸਰ ਦੇਸ਼ ਤੋਂ ਤੇਰੇ ਨਿੱਕਲਣ ਦੇ ਸਮੇਂ ਵਾਂਗੂੰ,
ਮੈਂ ਉਹਨਾਂ ਨੂੰ ਅਚੰਭੇ ਵਿਖਾਵਾਂਗਾ ।
16ਕੌਮਾਂ ਵੇਖਣਗੀਆਂ ਅਤੇ ਆਪਣੇ ਬਲ ਦੇ ਸਾਰੇ ਕੰਮਾਂ ਤੋਂ ਸ਼ਰਮਿੰਦਾ ਹੋਣਗੀਆਂ,
ਉਹ ਆਪਣੇ ਹੱਥ ਆਪਣੇ ਮੂੰਹਾਂ ਉੱਤੇ ਰੱਖਣਗੀਆਂ,
ਉਹਨਾਂ ਦੇ ਕੰਨ ਬੋਲੇ ਹੋ ਜਾਣਗੇ ।
17ਉਹ ਨਾਗ ਵਾਂਗੂੰ ਧੂੜ ਚੱਟਣਗੀਆਂ,
ਧਰਤੀ ਦੇ ਘਿੱਸਰਨ ਵਾਲਿਆਂ ਵਾਂਗੂੰ ਉਹ ਆਪਣੀਆਂ ਖੁੱਡਾਂ ਵਿੱਚੋਂ ਥਰ-ਥਰਾਉਂਦੇ ਹੋਏ ਨਿੱਕਲਣਗੀਆਂ,
ਉਹ ਭੈ ਨਾਲ ਯਹੋਵਾਹ ਸਾਡੇ ਪਰਮੇਸ਼ੁਰ ਕੋਲ ਆਉਣਗੀਆਂ,
ਅਤੇ ਤੇਰੇ ਕੋਲੋਂ ਡਰਨਗੀਆਂ ।

18ਤੇਰੇ ਵਰਗਾ ਹੋਰ ਕਿਹੜਾ ਪਰਮੇਸ਼ੁਰ ਹੈ ? ਜੋ ਅਪਰਾਧ ਨੂੰ ਮੁਆਫ਼ ਕਰੇ,
ਜੋ ਆਪਣੀ ਨਿੱਜ-ਭਾਗ ਦੇ ਬਚੇ ਹੋਏ ਲੋਕਾਂ ਦੀ ਬਦੀ ਨੂੰ ਢੱਕ ਦੇਵੇ,
ਉਹ ਆਪਣਾ ਕ੍ਰੋਧ ਸਦਾ ਤੱਕ ਨਹੀਂ ਰੱਖਦਾ,
ਕਿਉਂ ਜੋ ਉਹ ਦਯਾ ਕਰਨ ਤੋਂ ਪ੍ਰਸੰਨ ਹੁੰਦਾ ਹੈ ।
19ਉਹ ਫੇਰ ਸਾਡੇ ਉੱਤੇ ਦਯਾ ਕਰੇਗਾ,
ਉਹ ਸਾਡੇ ਅਪਰਾਧਾਂ ਨੂੰ ਪੈਰਾਂ ਹੇਠ ਲਤਾੜੇਗਾ ।
ਤੂੰ ਉਹਨਾਂ ਦੇ ਸਾਰੇ ਪਾਪਾਂ ਨੂੰ ਸਮੁੰਦਰ ਦੀ ਤਹਿ ਵਿੱਚ ਸੁੱਟ ਦੇਵੇਂਗਾ ।
20ਤੂੰ ਯਾਕੂਬ ਨੂੰ ਵਫ਼ਾਦਾਰੀ,
ਅਤੇ ਅਬਰਾਹਾਮ ਨੂੰ ਦਯਾ ਵਿਖਾਵੇਂਗਾ,
ਜਿਵੇਂ ਤੂੰ ਸਾਡੇ ਪਿਉ-ਦਾਦਿਆਂ ਨਾਲ ਪ੍ਰਾਚੀਨ ਸਮਿਆਂ ਵਿੱਚ ਸਹੁੰ ਖਾਧੀ ਸੀ ।

ਨਹੂਮ

1
ਨੀਨਵਾਹ ਦੇ ਵਿਰੁੱਧ ਅਗੰਮ ਵਾਕ

1ਨੀਨਵਾਹ ਦੇ ਵਿਖੇ ਅਗੰਮ ਵਾਕ । ਅਲਕੋਸ਼ੀ ਨਹੂਮ ਦੇ ਦਰਸ਼ਣ ਦੀ ਪੋਥੀ ।

2ਯਹੋਵਾਹ ਅਣਖੀ ਅਤੇ ਬਦਲਾ ਲੈਣ ਵਾਲਾ ਪਰਮੇਸ਼ੁਰ ਹੈ, ਯਹੋਵਾਹ ਬਦਲਾ ਲੈਣ ਵਾਲਾ ਅਤੇ ਕ੍ਰੋਧ ਕਰਨ ਵਾਲਾ ਹੈ, ਯਹੋਵਾਹ ਆਪਣੇ ਵਿਰੋਧੀਆਂ ਤੋਂ ਬਦਲਾ ਲੈਣ ਵਾਲਾ ਹੈ ਅਤੇ ਆਪਣੇ ਵੈਰੀਆਂ ਲਈ ਕ੍ਰੋਧ ਰੱਖਦਾ ਹੈ !3ਯਹੋਵਾਹ ਕ੍ਰੋਧ ਵਿੱਚ ਧੀਰਜਵਾਨ ਅਤੇ ਬਲ ਵਿੱਚ ਮਹਾਨ ਹੈ ਅਤੇ ਦੋਸ਼ੀ ਨੂੰ ਕਦੇ ਵੀ ਨਿਰਦੋਸ਼ ਨਾ ਠਹਿਰਾਵੇਗਾ । ਯਹੋਵਾਹ ਦਾ ਰਾਹ ਵਾਵਰੋਲੇ ਅਤੇ ਤੂਫ਼ਾਨ ਵਿੱਚ ਹੈ ਅਤੇ ਬੱਦਲ ਉਹ ਦੇ ਚਰਨਾਂ ਦੀ ਧੂੜ ਹਨ ।
4ਉਹ ਸਮੁੰਦਰ ਨੂੰ ਝਿੜਕ ਕੇ ਉਸ ਨੂੰ ਸੁਕਾ ਦਿੰਦਾ ਹੈ, ਉਹ ਸਾਰੀਆਂ ਨਦੀਆਂ ਨੂੰ ਸੁਕਾ ਦਿੰਦਾ ਹੈ, ਬਾਸ਼ਾਨ ਅਤੇ ਕਰਮਲ ਕੁਮਲਾ ਜਾਂਦੇ ਹਨ ਅਤੇ ਲਬਾਨੋਨ ਦਾ ਫੁੱਲ ਮੁਰਝਾ ਜਾਂਦਾ ਹੈ ।5ਪਹਾੜ ਉਹ ਦੇ ਅੱਗੇ ਕੰਬਦੇ ਹਨ, ਟਿੱਲੇ ਪਿਘਲ ਜਾਂਦੇ ਹਨ, ਧਰਤੀ ਉਹ ਦੇ ਅੱਗੇ ਕੰਬ ਜਾਂਦੀ ਹੈ, ਜਗਤ ਅਤੇ ਉਸ ਦੇ ਸਾਰੇ ਵਾਸੀ ਵੀ ਉਸ ਦੇ ਅੱਗੇ ਕੰਬ ਜਾਂਦੇ ਹਨ ।
6ਉਹ ਦੇ ਕਹਿਰ ਦੇ ਸਾਹਮਣੇ ਕੌਣ ਖੜ੍ਹਾ ਹੋ ਸਕਦਾ ਹੈ ? ਉਹ ਦੇ ਕ੍ਰੋਧ ਦੀ ਤੇਜੀ ਨੂੰ ਕੌਣ ਝੱਲ ਸਕਦਾ ਹੈ ? ਉਹ ਦਾ ਗੁੱਸਾ ਅੱਗ ਵਾਂਗੂੰ ਵਹਾਇਆ ਜਾਂਦਾ ਹੈ ਅਤੇ ਚਟਾਨਾਂ ਉਸ ਤੋਂ ਚੀਰੀਆਂ ਜਾਂਦੀਆਂ ਹਨ !
7ਯਹੋਵਾਹ ਭਲਾ ਹੈ, ਦੁੱਖ ਦੇ ਦਿਨ ਵਿੱਚ ਇੱਕ ਗੜ੍ਹ ਹੈ ਅਤੇ ਉਹ ਆਪਣੇ ਵਿੱਚ ਪਨਾਹ ਲੈਣ ਵਾਲਿਆਂ ਨੂੰ ਜਾਣਦਾ ਹੈ ।8ਪਰ ਉੱਛਲਦੇ ਹੜ੍ਹ ਨਾਲ ਉਹ ਉਸ ਸਥਾਨ ਦਾ ਪੂਰਾ ਅੰਤ ਕਰ ਦੇਵੇਗਾ ਅਤੇ ਹਨੇਰੇ ਵਿੱਚ ਆਪਣੇ ਵੈਰੀਆਂ ਦਾ ਪਿੱਛਾ ਕਰੇਗਾ ।
9ਤੁਸੀਂ ਯਹੋਵਾਹ ਦੇ ਵਿਰੁੱਧ ਕਿਹੜੀ ਯੋਜਨਾ ਬਣਾਉਂਦੇ ਹੋ ? ਉਹ ਉਸਦਾ ਪੂਰਾ ਅੰਤ ਕਰ ਦੇਵੇਗਾ, ਬਿਪਤਾ ਦੂਜੀ ਵਾਰੀ ਨਾ ਉੱਠੇਗੀ !10ਉਹ ਤਾਂ ਕੰਡਿਆਂ ਦੇ ਵਿੱਚ ਫਸੇ ਹੋਏ, ਮਸਤ ਹੋ ਕੇ ਜਿਵੇਂ ਆਪਣੀ ਸ਼ਰਾਬ ਨਾਲ ਅਤੇ ਸੁੱਕੇ ਭੱਠੇ ਵਾਂਗੂੰ ਪੂਰੀ ਤਰ੍ਹਾਂ ਭਸਮ ਹੁੰਦੇ ਹਨ ।11ਤੇਰੇ ਵਿੱਚੋਂ ਇੱਕ ਨਿੱਕਲਿਆ ਜੋ ਯਹੋਵਾਹ ਦੇ ਵਿਰੁੱਧ ਬਦੀ ਸੋਚਦਾ ਹੈ, ਜੋ ਸ਼ਤਾਨੀ ਸਿੱਖਿਆ ਦਿੰਦਾ ਹੈ ।
12ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਭਾਵੇਂ ਉਹ ਤਕੜੇ ਹੋਣ ਅਤੇ ਕਿੰਨੇ ਵੀ ਹੋਣ, ਤਾਂ ਵੀ ਉਹ ਵੱਢੇ ਜਾਣਗੇ ਅਤੇ ਉਹ ਲੰਘ ਜਾਵੇਗਾ, ਭਾਵੇਂ ਮੈਂ ਤੈਨੂੰ ਦੁੱਖ ਦਿੱਤਾ, ਮੈਂ ਤੈਨੂੰ ਦੁੱਖ ਫਿਰ ਨਾ ਦਿਆਂਗਾ ।13ਹੁਣ ਮੈਂ ਉਸ ਦੇ ਜੂਲੇ ਨੂੰ ਤੇਰੇ ਉੱਤੋਂ ਭੰਨ ਸੁੱਟਾਂਗਾ ਅਤੇ ਤੇਰੀਆਂ ਜੋਤਾਂ ਨੂੰ ਤੋੜ ਸੁੱਟਾਂਗਾ ।
14ਯਹੋਵਾਹ ਨੇ ਤੇਰੇ ਬਾਰੇ ਹੁਕਮ ਦਿੱਤਾ, ਕਿ ਤੇਰੇ ਨਾਮ ਦਾ ਵੰਸ਼ ਫੇਰ ਨਾ ਰਹੇਗਾ, ਤੇਰੇ ਦੇਵਤਿਆਂ ਦੇ ਮੰਦਰ ਤੋਂ ਮੈਂ ਉੱਕਰੀ ਹੋਈ ਮੂਰਤ ਅਤੇ ਢਾਲ਼ੇ ਹੋਏ ਬੁੱਤ ਕੱਟ ਸੁੱਟਾਂਗਾ, ਮੈਂ ਤੇਰੀ ਕਬਰ ਪੁੱਟਾਂਗਾ, ਕਿਉਂ ਜੋ ਤੂੰ ਘਿਣਾਉਣਾ ਹੈਂ !
15ਵੇਖੋ, ਪਹਾੜਾਂ ਉੱਤੇ ਖੁਸ਼ਖਬਰੀ ਦੇ ਪ੍ਰਚਾਰਕ, ਸ਼ਾਂਤੀ ਦੇ ਸੁਣਾਉਣ ਵਾਲੇ ਦੇ ਪੈਰ ! ਹੇ ਯਹੂਦਾਹ, ਆਪਣੇ ਪਰਬਾਂ ਨੂੰ ਮਨਾ, ਆਪਣੀਆਂ ਸੁੱਖਣਾਂ ਨੂੰ ਪੂਰਾ ਕਰ, ਕਿਉਂ ਜੋ ਦੁਸ਼ਟ ਤੇਰੇ ਵਿਰੁੱਧ ਫੇਰ ਕਦੇ ਨਹੀਂ ਲੰਘੇਗਾ, ਉਹ ਪੂਰੀ ਤਰ੍ਹਾਂ ਕੱਟਿਆ ਗਿਆ ਹੈ !

2
ਨੀਨਵਾਹ ਦਾ ਪਤਨ

1ਭੰਨਣ ਵਾਲਾ ਤੇਰੇ ਵਿਰੁੱਧ ਚੜ੍ਹ ਆਇਆ ਹੈ, ਗੜ੍ਹ ਦੀ ਰਾਖੀ ਕਰ, ਰਾਹ ਦੀ ਚੌਕਸੀ ਕਰ, ਕਮਰ ਕੱਸ ਅਤੇ ਆਪਣਾ ਬਲ ਬਹੁਤ ਵਧਾ !2ਯਹੋਵਾਹ ਤਾਂ ਯਾਕੂਬ ਦੀ ਉੱਤਮਤਾਈ ਨੂੰ ਇਸਰਾਏਲ ਦੀ ਉੱਤਮਤਾਈ ਵਾਂਗੂੰ ਮੋੜ ਦੇਵੇਗਾ, ਕਿਉਂ ਜੋ ਲੁਟੇਰਿਆਂ ਨੇ ਉਹਨਾਂ ਨੂੰ ਖਾਲੀ ਕੀਤਾ ਅਤੇ ਉਹਨਾਂ ਦੀਆਂ ਦਾਖਾਂ ਦੀਆਂ ਟਹਿਣੀਆਂ ਦਾ ਨਾਸ ਕੀਤਾ ।

3ਉਹ ਦੇ ਸੂਰਬੀਰਾਂ ਦੀਆਂ ਢਾਲਾਂ ਲਾਲ ਕੀਤੀਆਂ ਹੋਈਆਂ ਹਨ, ਫੌਜੀ ਕਿਰਮਚੀ ਵਰਦੀ ਪਹਿਨੇ ਹੋਏ ਹਨ, ਰੱਥ ਦਾ ਲੋਹਾ ਅੱਗ ਵਾਂਗੂੰ ਚਮਕਦਾ ਹੈ ਅਤੇ ਉਹ ਦੀ ਤਿਆਰੀ ਦੇ ਦਿਨ ਵਿੱਚ ਸਰੂ ਦੇ ਬਰਛੇ ਝੁਲਾਏ ਜਾਂਦੇ ਹਨ ।4ਰੱਥ ਸੜਕਾਂ ਵਿੱਚ ਸਿਰ ਤੋੜ ਭੱਜਦੇ ਹਨ, ਉਹ ਚੌਂਕਾਂ ਵਿੱਚ ਇੱਧਰ-ਉੱਧਰ ਭੱਜੇ ਜਾਂਦੇ ਹਨ, ਵੇਖਣ ਵਿੱਚ ਉਹ ਮਸ਼ਾਲਾਂ ਵਰਗੇ ਹਨ ਅਤੇ ਇਹ ਬਿਜਲੀ ਵਾਂਗੂੰ ਦੌੜਦੇ ਹਨ !
5ਉਹ ਆਪਣੇ ਸੂਰਬੀਰਾਂ ਨੂੰ ਯਾਦ ਕਰਦਾ ਹੈ, ਉਹ ਜਾਂਦੇ-ਜਾਂਦੇ ਠੇਡਾ ਖਾਂਦੇ ਹਨ, ਉਹ ਉਸ ਦੀ ਚਾਰ ਦੀਵਾਰੀ ਵੱਲ ਨੱਸਦੇ ਹਨ ਅਤੇ ਲੱਕੜ ਦਾ ਸਹਾਰਾ ਖੜ੍ਹਾ ਕੀਤਾ ਜਾਂਦਾ ਹੈ ।
6ਨਦੀਆਂ ਦੇ ਫਾਟਕ ਖੋਲ੍ਹੇ ਜਾਂਦੇ ਹਨ ਅਤੇ ਮਹਿਲ ਗਲ਼ ਜਾਂਦਾ ਹੈ ।7ਫੈਸਲਾ ਹੋ ਗਿਆ, ਉਹ ਬੇਪੜਦ ਕੀਤੀ ਗਈ ਹੈ, ਉਹ ਲਿਜਾਈ ਜਾਂਦੀ ਹੈ, ਉਹ ਦੀਆਂ ਟਹਿਲਣਾਂ ਘੁੱਗੀਆਂ ਦੀ ਅਵਾਜ਼ ਵਾਂਗੂੰ ਗੁਟਕਦੀਆਂ ਹਨ ਅਤੇ ਆਪਣੀਆਂ ਛਾਤੀਆਂ ਪਿੱਟਦੀਆਂ ਹਨ ।
8ਨੀਨਵਾਹ ਆਦ ਤੋਂ ਪਾਣੀ ਦੇ ਕੁੰਡ ਵਾਂਗੂੰ ਹੈ, ਉਹ ਵਗ ਜਾਂਦੇ ਹਨ, "ਠਹਿਰੋ, ਠਹਿਰੋ !" ਉਹ ਪੁਕਾਰਦੇ ਹਨ, ਪਰ ਉਹ ਨਹੀਂ ਮੁੜਦੇ !9ਚਾਂਦੀ ਲੁੱਟੋ ! ਸੋਨਾ ਲੁੱਟੋ ! ਰੱਖੀਆਂ ਹੋਈਆਂ ਚੀਜ਼ਾਂ ਬੇਅੰਤ ਹਨ, ਸਾਰੇ ਪਦਾਰਥਾਂ ਦਾ ਮਾਲ ਧਨ ਵੀ !10ਉਹ ਖਾਲੀ, ਸੁੰਞੀ ਅਤੇ ਵਿਰਾਨ ਹੈ, ਦਿਲ ਪਿਘਲ ਜਾਂਦਾ ਹੈ, ਗੋਡੇ ਭਿੜਦੇ ਹਨ, ਕਸ਼ਟ ਸਾਰਿਆਂ ਦੇ ਲੱਕਾਂ ਵਿੱਚ ਹੈ, ਸਾਰਿਆਂ ਦੇ ਚਿਹਰੇ ਪੀਲੇ ਹੋ ਜਾਂਦੇ ਹਨ !
11ਬੱਬਰ ਸ਼ੇਰਨੀਆਂ ਦਾ ਟਿਕਾਣਾ ਕਿੱਥੇ ਹੈ ਅਤੇ ਜੁਆਨ ਬੱਬਰ ਸ਼ੇਰਾਂ ਦੇ ਖਾਣ ਦਾ ਥਾਂ ਕਿੱਥੇ ਹੈ, ਜਿੱਥੇ ਬੱਬਰ ਸ਼ੇਰ ਅਤੇ ਸ਼ੇਰਨੀ ਆਪਣੇ ਬੱਚਿਆਂ ਨਾਲ ਫਿਰਦੇ ਸਨ, ਅਤੇ ਕੋਈ ਉਹਨਾਂ ਨੂੰ ਨਹੀਂ ਛੇੜਦਾ ਸੀ ?12ਬੱਬਰ ਸ਼ੇਰ ਨੇ ਆਪਣੇ ਬੱਚਿਆਂ ਲਈ ਬਹੁਤ ਕੁਝ ਪਾੜਿਆ, ਆਪਣੀਆਂ ਸ਼ੇਰਨੀਆਂ ਲਈ ਸ਼ਿਕਾਰ ਦਾ ਗਲ਼ ਘੁੱਟਿਆ, ਆਪਣੀਆਂ ਖੁੰਧਰਾ ਨੂੰ ਸ਼ਿਕਾਰ ਨਾਲ ਭਰ ਲਿਆ ਹੈ ਅਤੇ ਆਪਣੇ ਟਿਕਾਣਿਆਂ ਨੂੰ ਪਾੜੇ ਹੋਏ ਮਾਸ ਨਾਲ ।
13ਵੇਖ, ਮੈਂ ਤੇਰੇ ਵਿਰੁੱਧ ਹਾਂ, ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਮੈਂ ਉਹ ਦੇ ਰੱਥਾਂ ਨੂੰ ਧੂੰਏਂ ਵਿੱਚ ਸਾੜ ਦਿਆਂਗਾ, ਤਲਵਾਰ ਤੇਰੇ ਜੁਆਨ ਸ਼ੇਰਾਂ ਨੂੰ ਖਾਵੇਗੀ, ਮੈਂ ਤੇਰੇ ਸ਼ਿਕਾਰ ਨੂੰ ਧਰਤੀ ਤੋਂ ਵੱਢ ਸੁੱਟਾਂਗਾ ਅਤੇ ਤੇਰੇ ਦੂਤਾਂ ਦੀ ਅਵਾਜ਼ ਫੇਰ ਸੁਣਾਈ ਨਾ ਦੇਵੇਗੀ ।

3

1ਖੂਨੀ ਸ਼ਹਿਰ ਉੱਤੇ ਹਾਏ ਹਾਏ ! ਸਾਰੇ ਦਾ ਸਾਰਾ ਝੂਠ ਅਤੇ ਲੁੱਟ ਨਾਲ ਭਰਿਆ ਹੋਇਆ ਹੈ, ਸ਼ਿਕਾਰ ਅਣਮੁੱਕ ਹੈ !2ਕੋਟਲੇ ਦਾ ਖੜਾਕ, ਪਹੀਏ ਦੀ ਗੂੰਜ, ਸਰਪੱਟ ਦੌੜਨ ਵਾਲਾ ਘੋੜਾ ਅਤੇ ਉੱਛਲਦਾ ਰੱਥ !

3ਘੋੜ ਸਵਾਰ ਚੜ੍ਹਾਈ ਕਰਦੇ, ਤਲਵਾਰ ਚਮਕਦੀ ਅਤੇ ਬਰਛੀ ਲਸ਼ਕਦੀ ਹੈ ! ਵੱਢੇ ਹੋਇਆਂ ਦੀ ਭੀੜ, ਲਾਸ਼ਾਂ ਦੇ ਢੇਰ, ਲੋਥਾਂ ਬੇਅੰਤ ਹਨ ਅਤੇ ਉਹ ਲੋਥਾਂ ਉੱਤੇ ਠੋਕਰ ਖਾਂਦੇ ਹਨ !4ਇਹ ਦਾ ਕਾਰਨ ਉਸ ਵਿਭਚਾਰਨ ਦੇ ਬਹੁਤੇ ਜ਼ਨਾਹ ਹਨ, ਜਿਹੜੀ ਸੋਹਣੀ ਅਤੇ ਰੂਪਵੰਤ ਹੈ, ਜਾਦੂਗਰੀਆਂ ਦੀ ਮਲਿਕਾ, ਜਿਹੜੀ ਕੌਮਾਂ ਨੂੰ ਆਪਣੀਆਂ ਜ਼ਨਾਹਕਾਰੀਆਂ ਨਾਲ ਵੇਚਦੀ ਹੈ ਅਤੇ ਘਰਾਣਿਆਂ ਨੂੰ ਆਪਣੀਆਂ ਜਾਦੂਗਰੀਆਂ ਨਾਲ ।
5ਵੇਖ, ਮੈਂ ਤੇਰੇ ਵਿਰੁੱਧ ਹਾਂ, ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਮੈਂ ਤੇਰਾ ਲਹਿੰਗਾ ਤੇਰੇ ਮੂੰਹ ਉੱਤੇ ਚੁੱਕ ਮਾਰਾਂਗਾ, ਮੈਂ ਕੌਮਾਂ ਨੂੰ ਤੇਰਾ ਨੰਗੇਜ਼ ਵਿਖਾਵਾਂਗਾ ਅਤੇ ਪਾਤਸ਼ਾਹੀਆਂ ਨੂੰ ਤੇਰੀ ਸ਼ਰਮ !6ਮੈਂ ਤੇਰੇ ਉੱਤੇ ਗੰਦਗੀ ਸੁੱਟਾਂਗਾ, ਤੇਰਾ ਮਖੌਲ ਉਡਾਵਾਂਗਾ ਅਤੇ ਤੈਨੂੰ ਤਮਾਸ਼ਾ ਬਣਾਵਾਂਗਾ !7ਇਸ ਤਰਾਂ ਹੋਵੇਗਾ ਕਿ ਜਿੰਨੇ ਤੈਨੂੰ ਵੇਖਣਗੇ, ਤੇਰੇ ਕੋਲੋਂ ਭੱਜਣਗੇ ਅਤੇ ਕਹਿਣਗੇ, ਨੀਨਵਾਹ ਬਰਬਾਦ ਹੋਇਆ, ਕੌਣ ਉਹ ਦਾ ਸੋਗ ਕਰੇਗਾ ? ਮੈਂ ਤੇਰੇ ਲਈ ਤਸੱਲੀ ਦੇਣ ਵਾਲੇ ਕਿੱਥੋਂ ਲੱਭਾਂ ?
8ਕੀ ਤੂੰ ਨੋ-ਆਮੋਨ ਤੋਂ ਚੰਗਾ ਹੈਂ, ਜੋ ਨਹਿਰਾਂ ਦੇ ਵਿੱਚ ਵੱਸਿਆ ਹੋਇਆ ਸੀ, ਜਿਹ ਦੇ ਆਲੇ-ਦੁਆਲੇ ਪਾਣੀ ਸੀ, ਜਿਹ ਦੀ ਸ਼ਹਿਰਪਨਾਹ ਸਮੁੰਦਰ ਅਤੇ ਉਹ ਦੀ ਕੰਧ ਪਾਣੀ ਸੀ ?9ਕੂਸ਼ ਅਤੇ ਮਿਸਰ ਉਹ ਦਾ ਬਲ ਸੀ, ਉਹ ਬੇਅੰਤ ਸੀ, ਪੂਟ ਅਤੇ ਲੂਬੀਮ ਤੇਰੇ ਸਹਾਇਕ ਸਨ ।
10ਤਾਂ ਵੀ ਉਹ ਲੈ ਲਿਆ ਗਿਆ, ਉਹ ਗੁਲਾਮੀ ਵਿੱਚ ਗਿਆ, ਉਹ ਦੇ ਨਿਆਣੇ ਸਾਰੀਆਂ ਗਲੀਆਂ ਦੇ ਸਿਰਿਆਂ ਉੱਤੇ ਪਟਕ ਦਿੱਤੇ ਗਏ, ਉਹ ਦੇ ਪਤਵੰਤਾਂ ਲਈ ਪਰਚੀਆਂ ਪਾਈਆਂ ਗਈਆਂ ਅਤੇ ਉਹ ਦੇ ਸਾਰੇ ਵੱਡੇ ਲੋਕ ਸੰਗਲਾਂ ਨਾਲ ਬੰਨ੍ਹੇ ਗਏ ਸਨ ।11ਤੂੰ ਵੀ ਮਸਤ ਹੋਵੇਂਗਾ, ਤੂੰ ਗਸ਼ ਖਾਵੇਂਗਾ ਅਤੇ ਤੂੰ ਵੀ ਵੈਰੀ ਤੋਂ ਬਚਾ ਲੱਭੇਂਗਾ !
12ਤੇਰੇ ਸਭ ਗੜ੍ਹ ਹੰਜੀਰ ਦੇ ਦਰੱਖਤਾਂ ਵਾਂਗੂੰ ਹੋਣਗੇ, ਜਦੋਂ ਹੰਜੀਰਾਂ ਪਹਿਲਾਂ ਪੱਕਦੀਆਂ ਹਨ, ਜੇ ਉਹ ਹਿਲਾਏ ਜਾਣ ਤਾਂ ਉਹ ਖਾਣ ਵਾਲੇ ਦੇ ਮੂੰਹ ਵਿੱਚ ਡਿੱਗਣਗੀਆਂ ।13ਵੇਖ, ਤੇਰੇ ਲੋਕ ਤੇਰੇ ਵਿੱਚ ਔਰਤਾਂ ਹੀ ਹਨ, ਤੇਰੇ ਦੇਸ ਦੇ ਫਾਟਕ ਤੇਰੇ ਵੈਰੀਆਂ ਲਈ ਖੁਲ੍ਹੇ ਪਏ ਹਨ ਅਤੇ ਅੱਗ ਨੇ ਤੇਰੇ ਦਰਵਾਜ਼ਿਆਂ ਦੀਆਂ ਕੁੰਡੀਆਂ ਨੂੰ ਭਸਮ ਕੀਤਾ ਹੈ ।
14ਘੇਰੇ ਲਈ ਪਾਣੀ ਭਰ ਲੈ, ਆਪਣੇ ਗੜ੍ਹਾਂ ਨੂੰ ਤਕੜਾ ਕਰ, ਮਿੱਟੀ ਵਿੱਚ ਜਾ, ਗਾਰਾ ਲਤਾੜ ਅਤੇ ਭੱਠੇ ਨੂੰ ਤਕੜਾ ਕਰ !15ਉੱਥੇ ਅੱਗ ਤੈਨੂੰ ਭਸਮ ਕਰੇਗੀ, ਤਲਵਾਰ ਤੈਨੂੰ ਵੱਢੇਗੀ ਅਤੇ ਸਲਾ ਵਾਂਗੂੰ ਤੈਨੂੰ ਖਾਵੇਗੀ, ਆਪਣੇ ਆਪ ਨੂੰ ਸਲਾ ਵਾਂਗੂੰ ਵਧਾ ਅਤੇ ਆਪਣੇ ਆਪ ਨੂੰ ਟਿੱਡੀ ਵਾਂਗੂੰ ਵਧਾ !
16ਤੂੰ ਆਪਣੇ ਵਪਾਰੀਆਂ ਨੂੰ ਅਕਾਸ਼ ਦੇ ਤਾਰਿਆਂ ਨਾਲੋਂ ਵਧਾਇਆ, ਸਲਾ ਨੰਗਾ ਕਰਦੀ ਅਤੇ ਫੇਰ ਉੱਡ ਜਾਂਦੀ ਹੈ ।17ਤੇਰੇ ਸ਼ਾਹੀ ਲੋਕ ਟਿੱਡੀਆਂ ਵਾਂਗੂੰ ਹਨ, ਤੇਰੇ ਸੈਨਾਪਤੀ ਸਲਾ ਦੇ ਦਲਾਂ ਵਾਂਗੂੰ ਹਨ, ਜੋ ਸਿਆਲ ਦੇ ਦਿਨਾਂ ਵਿੱਚ ਬਾੜਾਂ ਦੇ ਉੱਤੇ ਟਿਕਦੀਆਂ ਹਨ, ਜਦ ਸੂਰਜ ਚੜ੍ਹਦਾ ਉਹ ਉੱਡ ਜਾਂਦੀ ਹੈ ਅਤੇ ਕੋਈ ਨਹੀਂ ਜਾਣਦਾ ਕਿ ਉਹ ਕਿੱਥੇ ਹਨ ।
18ਹੇ ਅੱਸ਼ੂਰ ਦੇ ਰਾਜਾ, ਤੇਰੇ ਅਯਾਲੀ ਸੁੱਤੇ ਪਏ ਹਨ, ਤੇਰੇ ਸ਼ਰੀਫ ਲੰਮੇ ਪਏ ਹਨ, ਤੇਰੇ ਲੋਕ ਪਹਾੜਾਂ ਉੱਤੇ ਖਿਲਰੇ ਹੋਏ ਹਨ, ਕੋਈ ਇਕੱਠੇ ਕਰਨ ਵਾਲਾ ਨਹੀਂ ਹੈ ।19ਤੇਰਾ ਕੋਈ ਇਲਾਜ਼ ਨਹੀਂ, ਤੇਰਾ ਜ਼ਖਮ ਸਖ਼ਤ ਹੈ । ਤੇਰੀ ਖ਼ਬਰ ਦੇ ਸਭ ਸੁਣਨ ਵਾਲੇ ਤੇਰੇ ਉੱਤੇ ਤਾੜੀਆਂ ਵਜਾਉਂਦੇ ਹਨ, ਕਿਉਂਕਿ ਕੌਣ ਹੈ ਜਿਹ ਦੇ ਉੱਤੇ ਤੇਰੀ ਬਦੀ ਰੋਜ਼ ਰੋਜ਼ ਨਾ ਆਈ ਹੋਵੇ ?

ਹਬੱਕੂਕ

1

1ਉਹ ਦਰਸ਼ਨ ਜਿਹੜਾ ਹਬੱਕੂਕ ਨਬੀ ਨੇ ਵੇਖਿਆ:

ਅਨਿਆਂ ਦੇ ਵਿਰੁੱਧ ਸ਼ਿਕਾਇਤ ਕਰਨਾ

2ਹੇ ਯਹੋਵਾਹ, ਮੈਂ ਕਦ ਤੱਕ ਤੇਰੀ ਦੁਹਾਈ ਦੇਵਾਂ ਅਤੇ ਤੂੰ ਨਾ ਸੁਣੇਂਗਾ ? ਜਾਂ ਮੈਂ ਕਦ ਤੱਕ ਤੇਰੇ ਅੱਗੇ ''ਜ਼ੁਲਮ, ਜ਼ੁਲਮ'' ਚਿੱਲਾਵਾਂ, ਅਤੇ ਤੂੰ ਨਾ ਬਚਾਵੇਂਗਾ ?
3ਤੂੰ ਮੈਨੂੰ ਬੁਰਿਆਈ ਕਿਉਂ ਵਿਖਾਉਂਦਾ ਹੈਂ ਅਤੇ ਕਸ਼ਟ ਉੱਤੇ ਮੇਰਾ ਧਿਆਨ ਲਵਾਉਂਦਾ ਹੈਂ ? ਬਰਬਾਦੀ ਅਤੇ ਜ਼ੁਲਮ ਮੇਰੇ ਅੱਗੇ ਹਨ, ਝਗੜੇ ਹੁੰਦੇ ਹਨ ਅਤੇ ਵਿਵਾਦ ਉੱਠਦੇ ਹਨ ।4ਇਸ ਲਈ ਬਿਵਸਥਾ ਢਿੱਲੀ ਪੈ ਜਾਂਦੀ ਹੈ ਅਤੇ ਨਿਆਂ ਕਦੇ ਵੀ ਨਹੀਂ ਜਿੱਤਦਾ, ਕਿਉਂ ਜੋ ਦੁਸ਼ਟ ਧਰਮੀ ਨੂੰ ਘੇਰ ਲੈਂਦਾ ਹੈ, ਇਸੇ ਕਾਰਨ ਨਿਆਂ ਵਿਗੜ ਜਾਂਦਾ ਹੈ ।
ਪਰਮੇਸ਼ੁਰ ਦਾ ਉੱਤਰ

5ਕੌਮਾਂ ਵਿੱਚ ਵੇਖੋ ਅਤੇ ਧਿਆਨ ਕਰੋ, ਅਚਰਜ ਮੰਨੋ ਅਤੇ ਹੈਰਾਨ ਹੋਵੋ ! ਕਿਉਂ ਜੋ ਤੁਹਾਡੇ ਦਿਨਾਂ ਵਿੱਚ ਮੈਂ ਅਜਿਹਾ ਕੰਮ ਕਰ ਰਿਹਾ ਹਾਂ, ਜਿਸ ਦੀ ਪਰਤੀਤ ਤੁਸੀਂ ਨਹੀਂ ਕਰੋਗੇ, ਭਾਵੇਂ ਉਹ ਤੁਹਾਨੂੰ ਦੱਸਿਆ ਵੀ ਜਾਵੇ !6ਇਸ ਲਈ ਵੇਖੋ, ਮੈਂ ਕਸਦੀਆਂ ਨੂੰ ਉਠਾ ਰਿਹਾ ਹਾਂ ਅਰਥਾਤ ਉਸ ਨਿਰਦਈ ਅਤੇ ਜਲਦਬਾਜ਼ੀ ਕਰਨ ਵਾਲੀ ਕੌਮ ਨੂੰ, ਜਿਹੜੇ ਧਰਤੀ ਦੀ ਚੌੜਾਈ ਵਿੱਚ ਤੁਰ ਪੈਂਦੇ ਹਨ, ਤਾਂ ਜੋ ਉਨ੍ਹਾਂ ਵਸੇਬਿਆਂ ਉੱਤੇ ਕਬਜ਼ਾ ਕਰਨ, ਜਿਹੜੇ ਉਹਨਾਂ ਦੇ ਆਪਣੇ ਨਹੀਂ ਹਨ ।7ਉਹ ਭਿਆਨਕ ਅਤੇ ਡਰਾਉਣੇ ਹਨ, ਉਹ ਉਹਨਾਂ ਦਾ ਨਿਆਂ ਅਤੇ ਆਦਰ ਉਹਨਾਂ ਦੇ ਆਪਣੇ ਵੱਲੋਂ ਹੀ ਨਿੱਕਲਦਾ ਹੈ ।
8ਉਹਨਾਂ ਦੇ ਘੋੜੇ ਚੀਤਿਆਂ ਨਾਲੋਂ ਤੇਜ਼ ਹਨ ਅਤੇ ਸ਼ਾਮ ਨੂੰ ਸ਼ਿਕਾਰ ਕਰਨ ਵਾਲੇ ਬਘਿਆੜਾਂ ਨਾਲੋਂ ਜ਼ਿਆਦਾ ਖ਼ਤਰਨਾਕ ਹਨ, ਉਹਨਾਂ ਦੇ ਸਵਾਰ ਕੁੱਦਦੇ-ਟੱਪਦੇ ਅੱਗੇ ਵੱਧਦੇ ਹਨ, ਹਾਂ, ਉਹਨਾਂ ਦੇ ਸਵਾਰ ਦੂਰੋਂ ਆਉਂਦੇ ਹਨ, ਉਹ ਉਕਾਬ ਦੇ ਵਾਂਗੂੰ ਉੱਡਦੇ ਹਨ, ਜੋ ਆਪਣੇ ਸ਼ਿਕਾਰ ਉੱਤੇ ਝਪਟਦਾ ਹੈ !9ਉਹ ਸਾਰੇ ਦੇ ਸਾਰੇ ਜ਼ੁਲਮ ਕਰਨ ਲਈ ਆਉਂਦੇ ਹਨ, ਉਹ ਸਾਹਮਣੇ ਵੱਲ ਮੂੰਹ ਕਰਦੇ ਅੱਗੇ ਵੱਧਦੇ ਜਾਂਦੇ ਹਨ, ਉਹ ਕੈਦੀਆਂ ਨੂੰ ਰੇਤ ਦੀ ਤਰ੍ਹਾਂ ਜਮਾ ਕਰਦੇ ਹਨ ।
10ਉਹ ਰਾਜਿਆਂ ਉੱਤੇ ਠੱਠਾ ਮਾਰਦੇ ਹਨ ਅਤੇ ਹਾਕਮਾਂ ਉੱਤੇ ਹੱਸਦੇ ਹਨ, ਉਹ ਹਰੇਕ ਗੜ੍ਹ ਨੂੰ ਤੁੱਛ ਜਾਣਦੇ ਹਨ, ਉਹ ਮੋਰਚਾ ਬੰਨ੍ਹ ਕੇ ਉਸ ਨੂੰ ਜਿੱਤ ਲੈਂਦੇ ਹਨ ।11ਤਦ ਉਹ ਹਵਾ ਵਾਂਗੂੰ ਚੱਲਦੇ ਅਤੇ ਲੰਘ ਜਾਂਦੇ ਹਨ । ਉਹ ਦੋਸ਼ੀ ਹੋ ਜਾਵੇਗਾ, - ਜਿਸ ਦਾ ਬਲ ਉਹ ਦਾ ਦੇਵਤਾ ਹੈ ।
ਹਬੱਕੂਕ ਦਾ ਦੁਬਾਰਾ ਸ਼ਿਕਾਇਤ ਕਰਨਾ

12ਹੇ ਮੇਰੇ ਪ੍ਰਭੂ ਯਹੋਵਾਹ, ਹੇ ਮੇਰੇ ਪਵਿੱਤਰ ਪਰਮੇਸ਼ੁਰ, ਕੀ ਤੂੰ ਸਦੀਪਕ ਕਾਲ ਤੋਂ ਨਹੀਂ ਹੈਂ ? ਇਸ ਕਾਰਨ ਅਸੀਂ ਨਹੀਂ ਮਰਾਂਗੇ । ਹੇ ਯਹੋਵਾਹ, ਤੂੰ ਉਹਨਾਂ ਨੂੰ ਨਿਆਂ ਕਰਨ ਲਈ ਠਹਿਰਾਇਆ ਹੈ ਅਤੇ ਹੇ ਚੱਟਾਨ, ਤੂੰ ਉਹਨਾਂ ਨੂੰ ਸਜ਼ਾ ਦੇਣ ਲਈ ਨਿਯੁਕਤ ਕੀਤਾ ਹੈ ।
13ਤੂੰ ਜਿਸ ਦੀਆਂ ਅੱਖਾਂ ਅਜਿਹੀਆਂ ਸ਼ੁੱਧ ਹਨ ਕਿ ਤੂੰ ਬਦੀ ਨੂੰ ਵੇਖ ਹੀ ਨਹੀਂ ਸਕਦਾ ਅਤੇ ਅਨ੍ਹੇਰ ਨੂੰ ਵੇਖ ਕੇ ਚੁੱਪ ਨਹੀਂ ਰਹਿ ਸਕਦਾ, ਫੇਰ ਤੂੰ ਧੋਖੇਬਾਜਾਂ ਨੂੰ ਕਿਉਂ ਵੇਖਦਾ ਰਹਿੰਦਾ ਹੈਂ ? ਜਦ ਦੁਸ਼ਟ ਧਰਮੀ ਨੂੰ ਨਿਗਲ ਲੈਂਦਾ ਹੈ, ਤਾਂ ਤੂੰ ਕਿਉਂ ਚੁੱਪ ਰਹਿੰਦਾ ਹੈਂ,14ਤੂੰ ਕਿਉਂ ਮਨੁੱਖਾਂ ਨੂੰ ਸਮੁੰਦਰ ਦੀਆਂ ਮੱਛੀਆਂ ਵਾਂਗੂੰ ਅਤੇ ਘਿੱਸਰਨ ਵਾਲੇ ਪ੍ਰਾਣੀਆਂ ਵਾਂਗੂੰ ਬਣਾਉਂਦਾ ਹੈਂ, ਜਿਨ੍ਹਾਂ ਦਾ ਕੋਈ ਹਾਕਮ ਨਹੀਂ ।
15ਉਹ ਉਹਨਾਂ ਸਭਨਾਂ ਨੂੰ ਕੁੰਡੀ ਨਾਲ ਉਤਾਹਾਂ ਲੈ ਆਉਂਦਾ ਹੈ, ਉਹ ਉਹਨਾਂ ਨੂੰ ਆਪਣੇ ਜਾਲ ਵਿੱਚ ਖਿੱਚ ਲੈ ਜਾਂਦਾ ਹੈ, ਉਹ ਉਹਨਾਂ ਨੂੰ ਆਪਣੇ ਮਹਾਂ ਜਾਲ ਵਿੱਚ ਇੱਕਠਾ ਕਰਦਾ ਹੈ, ਤਦ ਉਹ ਅਨੰਦ ਹੁੰਦਾ ਅਤੇ ਖੁਸ਼ੀ ਮਨਾਉਂਦਾ ਹੈ ।16ਇਸ ਲਈ ਉਹ ਆਪਣੇ ਜਾਲ ਲਈ ਬਲੀ ਚੜ੍ਹਾਉਂਦਾ ਹੈ ਅਤੇ ਆਪਣੇ ਮਹਾਂ ਜਾਲ ਲਈ ਧੂਪ ਧੁਖਾਉਂਦਾ ਹੈ ! ਕਿਉਂ ਜੋ ਉਨ੍ਹਾਂ ਦੇ ਕਾਰਨ ਹੀ ਉਹ ਦਾ ਹਿੱਸਾ ਰਿਸ਼ਟ-ਪੁਸ਼ਟ ਅਤੇ ਉਹ ਦਾ ਭੋਜਨ ਚਿਕਨਾ ਹੁੰਦਾ ਹੈ ।17ਕੀ ਉਹ ਆਪਣੇ ਜਾਲ ਨੂੰ ਖਾਲੀ ਕਰਦਾ ਰਹੇਗਾ, ਅਤੇ ਨਿਰਦਈ ਹੋ ਕੇ ਕੌਮਾਂ ਨੂੰ ਨਿੱਤ ਵੱਢਣ ਤੋਂ ਨਹੀਂ ਹਟੇਗਾ ?

2
ਹਬੱਕੂਕ ਨੂੰ ਪਰਮੇਸ਼ੁਰ ਦਾ ਉੱਤਰ

1ਮੈਂ ਆਪਣੇ ਪਹਿਰੇ ਉੱਤੇ ਖਲੋਵਾਂਗਾ ਅਤੇ ਬੁਰਜ ਉੱਤੇ ਖੜ੍ਹਾ ਰਹਾਂਗਾ ਅਤੇ ਵੇਖਾਂਗਾ ਤਾਂ ਜੋ ਮੈਂ ਜਾਣਾ ਕਿ ਉਹ ਮੈਨੂੰ ਕੀ ਆਖੇਗਾ ਅਤੇ ਮੈਂ ਆਪਣੇ ਉਲਾਹਮੇ ਦਾ ਕੀ ਉੱਤਰ ਦੇਵਾਂ ।

2ਯਹੋਵਾਹ ਨੇ ਮੈਨੂੰ ਉੱਤਰ ਦਿੱਤਾ ਅਤੇ ਆਖਿਆ, ਦਰਸ਼ਨ ਦੀਆਂ ਗੱਲਾਂ ਨੂੰ ਲਿਖ, ਸਗੋਂ ਪੱਟੀਆਂ ਉੱਤੇ ਸਾਫ਼-ਸਾਫ਼ ਲਿਖ, ਤਾਂ ਜੋ ਕੋਈ ਦੌੜਦਾ-ਦੌੜਦਾ ਵੀ ਉਸ ਨੂੰ ਪੜ੍ਹ ਸਕੇ ।3ਕਿਉਂ ਜੋ ਵੇਖ, ਇਸ ਦਰਸ਼ਨ ਦੀ ਗੱਲ ਤਾਂ ਇੱਕ ਠਹਿਰਾਏ ਹੋਏ ਸਮੇਂ ਤੇ ਪੂਰੀ ਹੋਣ ਵਾਲੀ ਹੈ, ਸਗੋਂ ਉਸ ਦੇ ਪੂਰੇ ਹੋਣ ਦਾ ਸਮਾਂ ਤੇਜ਼ੀ ਨਾਲ ਆਉਂਦਾ ਹੈ, ਇਸ ਵਿੱਚ ਧੋਖਾ ਨਹੀਂ ਹੋਵੇਗਾ, ਭਾਵੇਂ ਉਹ ਠਹਿਰਿਆ ਰਹੇ, ਤਾਂ ਵੀ ਉਹ ਦੀ ਉਡੀਕ ਕਰ, ਉਹ ਜ਼ਰੂਰ ਆਵੇਗਾ, ਉਹ ਚਿਰ ਨਾ ਲਾਵੇਗਾ ।
4ਵੇਖ, ਉਹ ਮਨ ਵਿੱਚ ਫੁੱਲਿਆ ਹੋਇਆ ਹੈ, ਉਹ ਦਾ ਮਨ ਸਿੱਧਾ ਨਹੀਂ ਹੈ, ਪਰ ਧਰਮੀ ਆਪਣੇ ਵਿਸ਼ਵਾਸ ਦੇ ਕਾਰਨ ਜੀਉਂਦਾ ਰਹੇਗਾ ।5ਮਧ ਧੋਖਾ ਦੇਣ ਵਾਲੀ ਹੈ, ਹੰਕਾਰੀ ਪੁਰਖ ਘਰ ਵਿੱਚ ਨਹੀਂ ਰਹਿੰਦਾ, ਉਹ ਪਤਾਲ ਵਾਂਗੂੰ ਆਪਣੀ ਲਾਲਸਾ ਵਧਾਉਂਦਾ ਹੈ ਅਤੇ ਉਹ ਮੌਤ ਵਰਗਾ ਹੈ ਅਤੇ ਉਹ ਕਦੇ ਨਹੀਂ ਰੱਜਦਾ, ਉਹ ਆਪਣੇ ਲਈ ਸਾਰੀਆਂ ਕੌਮਾਂ ਨੂੰ ਇੱਕਠਿਆਂ ਕਰਦਾ ਹੈ ਅਤੇ ਆਪਣੇ ਲਈ ਸਾਰੀਆਂ ਉੱਮਤਾਂ ਦੇ ਢੇਰ ਲਾਉਂਦਾ ਹੈ ।
ਦੁਸ਼ਟ ਦਾ ਵਿਨਾਸ਼ ਜ਼ਰੂਰ ਹੋਵੇਗਾ

6ਕੀ ਇਹ ਸਾਰੇ ਉਹ ਦੇ ਵਿਰੁੱਧ ਇੱਕ ਦ੍ਰਿਸ਼ਟਾਂਤ ਅਤੇ ਉਹ ਦੇ ਵਿਰੁੱਧ ਇੱਕ ਮਿਹਣਾ ਨਹੀਂ ਦੇਣਗੇ ? ਉਹ ਆਖਣਗੇ, "ਹਾਇ ਉਸ ਨੂੰ, ਜੋ ਪਰਾਇਆ ਧਨ ਲੁੱਟ ਕੇ ਆਪਣੇ ਲਈ ਉਸ ਨੂੰ ਵਧਾਉਂਦਾ ਹੈ ! ਜੋ ਪਰਾਏ ਮਾਲ ਦਾ ਭਾਰ ਆਪਣੇ ਉੱਤੇ ਲੱਦਦਾ ਹੈ ! ਪਰ ਕਦ ਤੱਕ ? "7ਕੀ ਤੇਰੇ ਦੇਣਦਾਰ ਅਚਾਨਕ ਨਾ ਉੱਠਣਗੇ ਅਤੇ ਉਹ ਜੋ ਤੈਨੂੰ ਮੁਸੀਬਤ ਵਿੱਚ ਪਾਉਣਗੇ, ਉਹ ਨਾ ਜਾਗਣਗੇ ? ਕੀ ਤੂੰ ਉਹਨਾਂ ਲਈ ਲੁੱਟ ਦਾ ਮਾਲ ਨਾ ਹੋਵੇਂਗਾ ?8ਕਿਉਂ ਜੋ ਤੂੰ ਬਹੁਤੀਆਂ ਕੌਮਾਂ ਨੂੰ ਲੁੱਟ ਲਿਆ, ਇਸ ਲਈ ਉੱਮਤਾਂ ਦੇ ਬਚੇ ਹੋਏ ਲੋਕ ਤੈਨੂੰ ਵੀ ਲੁੱਟ ਲੈਣਗੇ, ਇਸ ਦਾ ਕਾਰਨ ਮਨੁੱਖਾਂ ਦਾ ਖ਼ੂਨ ਅਤੇ ਉਹ ਜ਼ੁਲਮ ਹੈ, ਜਿਹੜਾ ਤੂੰ ਇਸ ਦੇਸ਼, ਸ਼ਹਿਰ ਅਤੇ ਉਸ ਦੇ ਸਾਰੇ ਵਾਸੀਆਂ ਉੱਤੇ ਕੀਤਾ ਹੈ ।

9ਹਾਇ ਉਸ ਨੂੰ, ਜੋ ਆਪਣੇ ਘਰਾਣੇ ਲਈ ਬੁਰਾ ਲਾਭ ਪ੍ਰਾਪਤ ਕਰੇ, ਤਾਂ ਜੋ ਉਹ ਆਪਣਾ ਆਲ੍ਹਣਾ ਉੱਚੇ ਸਥਾਨ ਤੇ ਰੱਖੇ, ਕਿ ਉਹ ਬਿਪਤਾ ਤੋਂ ਛੁਡਾਇਆ ਜਾਵੇ !10ਕਿਉਂ ਜੋ ਤੂੰ ਬਹੁਤੀਆਂ ਉੱਮਤਾਂ ਨੂੰ ਵੱਢ ਕੇ ਆਪਣੇ ਘਰਾਣੇ ਲਈ ਸ਼ਰਮਿੰਦਗੀ ਦੀ ਯੋਜਨਾ ਬਣਾਈ, ਤੂੰ ਆਪਣੀ ਹੀ ਜਾਨ ਦਾ ਪਾਪ ਕੀਤਾ ਹੈ !11ਇਸ ਲਈ ਪੱਥਰ ਕੰਧ ਤੋਂ ਦੁਹਾਈ ਦੇਵੇਗਾ ਅਤੇ ਲੱਕੜੀ ਤੋਂ ਸ਼ਤੀਰ ਉੱਤਰ ਦੇਵੇਗਾ ।

12ਹਾਇ ਉਸ ਨੂੰ, ਜੋ ਖ਼ੂਨ ਨਾਲ ਸ਼ਹਿਰ ਨੂੰ ਬਣਾਉਂਦਾ ਹੈ ਅਤੇ ਬੁਰਿਆਈ ਨਾਲ ਨਗਰ ਨੂੰ ਕਾਇਮ ਕਰਦਾ ਹੈ !13ਵੇਖੋ, ਕੀ ਇਹ ਸੈਨਾਂ ਦੇ ਯਹੋਵਾਹ ਵੱਲੋਂ ਨਹੀਂ ਹੁੰਦਾ ਹੈ ਕਿ ਲੋਕ ਮਿਹਨਤ ਤਾਂ ਕਰਦੇ ਹਨ,ਪਰ ਉਹ ਅੱਗ ਦਾ ਬਾਲਣ ਹੀ ਹੁੰਦੀ ਹੈ ਅਤੇ ਉੱਮਤਾਂ ਵਿਅਰਥ ਲਈ ਮਿਹਨਤ ਕਰਕੇ ਥੱਕ ਜਾਂਦੀਆਂ ਹਨ ?14ਧਰਤੀ ਤਾਂ ਯਹੋਵਾਹ ਦੇ ਪਰਤਾਪ ਦੇ ਗਿਆਨ ਨਾਲ ਭਰ ਜਾਵੇਗੀ, ਜਿਵੇਂ ਸਮੁੰਦਰ ਪਾਣੀ ਨਾਲ ਭਰਪੂਰ ਹੈ ।

15ਹਾਇ ਉਸ ਨੂੰ, ਜੋ ਆਪਣੇ ਗੁਆਂਢੀ ਨੂੰ ਮਧ ਦੇ ਕਟੋਰੇ ਤੋਂ ਪਿਲਾਉਂਦਾ ਹੈ ਅਤੇ ਉਸ ਨੂੰ ਵੀ ਮਤਵਾਲਾ ਕਰ ਦਿੰਦਾ ਹੈ, ਤਾਂ ਜੋ ਤੂੰ ਉਹਨਾਂ ਦੇ ਨੰਗੇਜ਼ ਨੂੰ ਵੇਖੇਂ !16ਤੂੰ ਅਨਾਦਰ ਨਾਲ ਰੱਜੇਂਗਾ, ਪਰਤਾਪ ਨਾਲ ਨਹੀਂ, ਤੂੰ ਪੀ ਅਤੇ ਬੇਸੁੰਨਤ ਹੋ, ਯਹੋਵਾਹ ਦੇ ਸੱਜੇ ਹੱਥ ਦਾ ਕਟੋਰਾ ਘੁੰਮ ਕੇ ਤੇਰੇ ਉੱਤੇ ਆ ਪਵੇਗਾ ਅਤੇ ਅਨਾਦਰ ਤੇਰੇ ਪਰਤਾਪ ਨੂੰ ਢੱਕ ਲਵੇਗਾ,
17ਕਿਉਂ ਜੋ ਉਹ ਜ਼ੁਲਮ ਜਿਹੜਾ ਤੂੰ ਲਬਾਨੋਂਨ ਨਾਲ ਕੀਤਾ, ਤੈਨੂੰ ਢੱਕ ਲਵੇਗਾ ਅਤੇ ਉੱਥੋਂ ਦੇ ਪਸ਼ੂਆਂ ਉੱਤੇ ਕੀਤੀ ਹੋਈ ਬਰਬਾਦੀ, ਜਿਸਨੇ ਉਨ੍ਹਾਂ ਨੂੰ ਡਰਾਇਆ ਤੇਰੇ ਉੱਤੇ ਆ ਪਵੇਗੀ, ਇਹ ਮਨੁੱਖਾਂ ਦਾ ਲਹੂ ਵਹਾਉਣ ਅਤੇ ਉਸ ਜ਼ੁਲਮ ਦੇ ਕਾਰਨ ਹੋਵੇਗਾ, ਜਿਹੜਾ ਇਸ ਦੇਸ਼, ਸ਼ਹਿਰ ਅਤੇ ਉਸ ਦੇ ਸਾਰੇ ਵਾਸੀਆਂ ਉੱਤੇ ਹੋਇਆ ।

18ਘੜੇ ਹੋਏ ਬੁੱਤ ਦਾ ਕੀ ਲਾਭ ਹੈ, ਜੋ ਉਸ ਦੇ ਬਣਾਉਣ ਵਾਲੇ ਨੇ ਉਸ ਨੂੰ ਘੜਿਆ ਹੈ ? ਫੇਰ ਝੂਠ ਸਿਖਾਉਣ ਵਾਲੀ ਅਤੇ ਢਲੀ ਹੋਈ ਮੂਰਤ ਵਿੱਚ ਕੀ ਲਾਭ ਵੇਖ ਕੇ ਉਸ ਨੂੰ ਬਣਾਉਣ ਵਾਲਾ ਉਸ ਉੱਤੇ ਭਰੋਸਾ ਰੱਖਦਾ ਹੈ ਕਿ ਉਹ ਗੁੰਗੇ ਬੁੱਤ ਬਣਾਵੇ ?19ਹਾਇ ਉਹ ਨੂੰ ਜੋ ਲੱਕੜੀ ਨੂੰ ਆਖਦਾ ਹੈ, ਜਾਗ ! ਗੁੰਗੇ ਪੱਥਰ ਨੂੰ, ਉੱਠ ! ਭਲਾ, ਇਹ ਸਲਾਹ ਦੇ ਸਕਦਾ ਹੈ ? ਵੇਖੋ, ਉਹ ਸੋਨੇ ਚਾਂਦੀ ਨਾਲ ਮੜ੍ਹਿਆ ਹੋਇਆ ਹੈ, ਪਰ ਉਸ ਦੇ ਵਿੱਚ ਕੋਈ ਸਾਹ ਨਹੀਂ ।

20ਪਰ ਯਹੋਵਾਹ ਆਪਣੀ ਪਵਿੱਤਰ ਹੈਕਲ ਵਿੱਚ ਹੈ, ਸਾਰੀ ਧਰਤੀ ਉਸ ਦੇ ਅੱਗੇ ਚੁੱਪ-ਚਾਪ ਰਹੇ ।

3
ਹਬੱਕੂਕ ਦੀ ਪ੍ਰਾਰਥਨਾ

1ਸ਼ਿਗਯੋਨੋਥ ਉੱਤੇ ਹਬੱਕੂਕ ਨਬੀ ਦੀ ਪ੍ਰਾਰਥਨਾ ।2ਹੇ ਯਹੋਵਾਹ, ਮੈਂ ਤੇਰੀ ਪ੍ਰਸਿੱਧੀ ਦੇ ਵਿਖੇ ਸੁਣਿਆ, ਅਤੇ ਡਰ ਗਿਆ ।

ਹੇ ਯਹੋਵਾਹ, ਵਰਤਮਾਨ ਸਮਿਆਂ ਵਿੱਚ ਆਪਣਾ ਕੰਮ ਬਹਾਲ ਕਰ,
ਸਾਡੇ ਸਮੇਂ ਵਿੱਚ ਉਹ ਨੂੰ ਪ੍ਰਗਟ ਕਰ,
ਆਪਣੇ ਕ੍ਰੋਧ ਵਿੱਚ ਵੀ ਦਯਾ ਨੂੰ ਯਾਦ ਰੱਖ !
3ਪਰਮੇਸ਼ੁਰ ਤੇਮਾਨ ਤੋਂ ਆਇਆ,
ਪਵਿੱਤਰ ਪ੍ਰਭੂ ਪਰਾਨ ਦੇ ਪਰਬਤ ਤੋਂ ॥ ਸਲਹ ॥
ਉਹ ਦੀ ਮਹਿਮਾ ਨੇ ਅਕਾਸ਼ ਨੂੰ ਢੱਕਿਆ ਹੋਇਆ ਹੈ,
ਅਤੇ ਧਰਤੀ ਉਹ ਦੀ ਉਸਤਤ ਨਾਲ ਭਰਪੂਰ ਹੋਈ ।

4ਉਹ ਦੀ ਸ਼ੋਭਾ ਸੂਰਜ ਦੀ ਰੋਸ਼ਨੀ ਵਰਗੀ ਸੀ,
ਉਸ ਦੇ ਹੱਥਾਂ ਵਿੱਚੋਂ ਕਿਰਨਾਂ ਚਮਕਦੀਆਂ ਸਨ,
ਅਤੇ ਉੱਥੇ ਉਸ ਦੀ ਸਮਰੱਥਾ ਲੁਕੀ ਹੋਈ ਸੀ ।
5ਉਹ ਦੇ ਅੱਗੇ-ਅੱਗੇ ਬਵਾ ਚੱਲਦੀ ਸੀ,
ਅਤੇ ਮਹਾਮਾਰੀ ਉਹ ਦੇ ਪੈਰਾਂ ਦੇ ਪਿੱਛੇ-ਪਿੱਛੇ ਚੱਲਦੀ ਸੀ !
6ਉਹ ਖੜ੍ਹਾ ਹੋ ਗਿਆ ਅਤੇ ਧਰਤੀ ਦਾ ਮਾਪ ਲਿਆ,
ਉਸ ਨੇ ਵੇਖਿਆ ਅਤੇ ਕੌਮਾਂ ਕੰਬ ਉੱਠੀਆਂ,
ਸਨਾਤਨ ਪਹਾੜ ਢਹਿ ਗਏ,
ਅਨਾਦੀ ਟਿੱਲੇ ਝੁੱਕ ਗਏ,
ਉਹ ਦੇ ਮਾਰਗ ਸਦੀਪਕਾਲ ਦੇ ਹਨ ।
7ਮੈਂ ਕੂਸ਼ ਦੇ ਤੰਬੂ ਕਸ਼ਟ ਹੇਠ ਵੇਖੇ,
ਮਿਦਯਾਨ ਦੇ ਵਸੇਬੇ ਥਰਥਰਾ ਗਏ ।
8ਹੇ ਯਹੋਵਾਹ, ਕੀ ਤੂੰ ਨਦੀਆਂ ਤੋਂ ਗੁੱਸੇ ਹੋਇਆ ?
ਕੀ ਤੇਰਾ ਕ੍ਰੋਧ ਨਦੀਆਂ ਉੱਤੇ ਭੜਕਿਆ,
ਜਾਂ ਤੇਰਾ ਕਹਿਰ ਸਮੁੰਦਰ ਉੱਤੇ ਸੀ,
ਜਦ ਤੂੰ ਆਪਣੇ ਘੋੜਿਆਂ ਉੱਤੇ, ਅਤੇ ਆਪਣੇ ਛੁਡਾਉਣ ਵਾਲੇ ਰਥਾਂ ਉੱਤੇ ਸਵਾਰ ਸੀ ?
9ਤੇਰਾ ਧਣੁਖ ਖੋਲ ਵਿੱਚੋਂ ਕੱਢਿਆ ਗਿਆ,
ਤੂੰ ਆਪਣੇ ਦੰਡ ਦੇ ਤੀਰਾਂ ਨੂੰ ਸਹੁੰ ਦੇ ਕੇ ਬੁਲਾਇਆ ॥ ਸਲਹ ॥
ਤੂੰ ਧਰਤੀ ਨੂੰ ਨਦੀਆਂ ਨਾਲ ਚੀਰ ਦਿੱਤਾ ।

10ਪਹਾੜਾਂ ਨੇ ਤੈਨੂੰ ਵੇਖਿਆ, ਉਹ ਘਬਰਾ ਗਏ,
ਜ਼ੋਰ ਦਾ ਹੜ੍ਹ ਲੰਘ ਗਿਆ,
ਡੁੰਘਿਆਈ ਗਰਜ਼ ਉੱਠੀ ਅਤੇ ਆਪਣੇ ਹੱਥ ਉਤਾਹਾਂ ਉਠਾਏ ।
11ਤੇਰੇ ਤੀਰਾਂ ਦੀ ਚਮਕ ਦੇ ਕਾਰਨ ਜਦ ਉਹ ਚੱਲਦੇ ਸਨ,
ਤੇਰੇ ਚਮਕਦਾਰ ਬਰਛੇ ਦੀ ਲਸ਼ਕ ਦੇ ਕਾਰਨ,
ਸੂਰਜ ਅਤੇ ਚੰਦ ਆਪਣੇ ਸਥਾਨ ਤੇ ਠਹਿਰ ਗਏ ।
12ਤੂੰ ਕਹਿਰ ਵਿੱਚ ਧਰਤੀ ਉੱਤੋਂ ਲੰਘਿਆ,
ਤੂੰ ਕੌਮਾਂ ਨੂੰ ਕ੍ਰੋਧ ਵਿੱਚ ਕੁਚਲ ਦਿੱਤਾ ।
13ਤੂੰ ਆਪਣੀ ਪਰਜਾ ਦੇ ਬਚਾਓ ਲਈ ਨਿਕਲਿਆ,
ਆਪਣੇ ਮਸਹ ਕੀਤੇ ਹੋਏ ਦੇ ਬਚਾਓ ਲਈ ।
ਤੂੰ ਦੁਸ਼ਟ ਦੇ ਘਰਾਣੇ ਦੇ ਮੁਖੀਏ ਨੂੰ ਵੱਢ ਸੁੱਟਿਆ,
ਤੂੰ ਗਲੇ ਤੱਕ ਉਸ ਦੀ ਨੀਂਹ ਨੂੰ ਨੰਗਾ ਕੀਤਾ ॥ ਸਲਹ ॥

14ਤੂੰ ਉਸ ਦੇ ਸੂਰਮਿਆਂ ਦੇ ਸਿਰਾਂ ਨੂੰ ਉਨ੍ਹਾਂ ਦੀਆਂ ਆਪਣੀਆਂ ਬਰਛੀਆਂ ਨਾਲ ਹੀ ਵਿੰਨ੍ਹ ਦਿੱਤਾ,
ਉਹ ਤੂਫ਼ਾਨ ਵਾਂਗੂੰ ਮੈਨੂੰ ਉਡਾਉਣ ਲਈ ਆਏ,
ਅਤੇ ਉਨ੍ਹਾਂ ਦੀ ਤਰ੍ਹਾਂ ਅਨੰਦ ਹੋਏ ਜਿਹੜੇ ਚੁੱਪ-ਚੁਪੀਤੇ ਦੀਨ ਲੋਕਾਂ ਨੂੰ ਨਾਸ਼ ਕਰਨ ਲਈ ਘਾਤ ਲਗਾਉਂਦੇ ਹਨ ।
15ਤੂੰ ਆਪਣੇ ਘੋੜਿਆਂ ਨਾਲ ਸਮੁੰਦਰ ਨੂੰ ਲਤਾੜਿਆ,
ਅਤੇ ਵੱਡੇ ਪਾਣੀ ਉੱਛਲ ਪਏ ।
16ਮੈਂ ਸੁਣਿਆ ਅਤੇ ਮੇਰਾ ਕਾਲਜਾ ਕੰਬਣ ਲੱਗਾ,
ਉਸ ਦੀ ਅਵਾਜ਼ ਤੋਂ ਮੇਰੇ ਬੁੱਲ੍ਹ ਥਰਥਰਾ ਗਏ,
ਮੇਰੀਆਂ ਹੱਡੀਆਂ ਸੜਨ ਲੱਗੀਆਂ,
ਮੈਂ ਆਪਣੇ ਸਥਾਨ ਤੇ ਖੜ੍ਹਾ-ਖੜ੍ਹਾ ਕੰਬਣ ਲੱਗਾ,
ਇਸ ਲਈ ਮੈਂ ਅਰਾਮ ਨਾਲ ਬਿਪਤਾ ਦੇ ਦਿਨ ਨੂੰ ਉਡੀਕਾਂਗਾ,
ਭਈ ਉਹ ਉਹਨਾਂ ਲੋਕਾਂ ਉੱਤੇ ਆਵੇ, ਜੋ ਸਾਡੇ ਉੱਤੇ ਚੜ੍ਹਾਈ ਕਰਦੇ ਹਨ ।
17ਭਾਵੇਂ ਹੰਜ਼ੀਰ ਦੇ ਰੁੱਖ ਨਾ ਫਲਣ,
ਨਾ ਅੰਗੂਰੀ ਵੇਲਾਂ ਉੱਤੇ ਫਲ ਹੋਵੇ,
ਭਾਵੇਂ ਜੈਤੂਨ ਦੇ ਰੁੱਖ ਦੀ ਪੈਦਾਵਾਰ ਘਟੇ,
ਅਤੇ ਖੇਤਾਂ ਵਿੱਚ ਅੰਨ ਨਾ ਉਪਜੇ,
ਭਾਵੇਂ ਇੱਜੜ ਵਾੜੇ ਵਿੱਚੋਂ ਘੱਟ ਜਾਣ,
ਅਤੇ ਖੁਰਲੀਆਂ ਉੱਤੇ ਵੱਗ ਨਾ ਹੋਣ,
18ਤਾਂ ਵੀ ਮੈਂ ਯਹੋਵਾਹ ਵਿੱਚ ਅਨੰਦ ਅਤੇ ਮਗਨ ਹੋਵਾਂਗਾ,
ਮੈਂ ਆਪਣੇ ਮੁਕਤੀਦਾਤੇ ਪਰਮੇਸ਼ੁਰ ਵਿੱਚ ਖੁਸ਼ੀ ਮਨਾਵਾਂਗਾ ।
19ਪ੍ਰਭੂ ਯਹੋਵਾਹ ਮੇਰਾ ਬਲ ਹੈ,
ਉਹ ਮੇਰੇ ਪੈਰ ਹਰਨੀਆਂ ਵਰਗੇ ਬਣਾਉਂਦਾ ਹੈ,
ਅਤੇ ਮੈਨੂੰ ਉੱਚਿਆਈਆਂ ਉੱਤੇ ਤੋਰਦਾ ਹੈ !

(ਸਾਜ ਵਜਾਉਣ ਵਾਲੇ ਲਈ ਮੇਰੇ ਤਾਰ ਵਾਲੇ ਵਾਜਿਆਂ ਉੱਤੇ)

ਸਫ਼ਨਯਾਹ

1

1ਯਹੂਦਾਹ ਦੇ ਰਾਜਾ ਅਮੋਨ ਦੇ ਪੁੱਤਰ ਯੋਸ਼ੀਯਾਹ ਦੇ ਦਿਨਾਂ ਵਿੱਚ ਯਹੋਵਾਹ ਦੀ ਬਾਣੀ ਜੋ ਸਫ਼ਨਯਾਹ ਦੇ ਕੋਲ ਆਈ, ਜੋ ਕੂਸ਼ੀ ਦਾ ਪੁੱਤਰ, ਗਦਲਯਾਹ ਦਾ ਪੋਤਰਾ, ਅਮਰਯਾਹ ਦਾ ਪੜਪੋਤਾ ਸੀ, ਜੋ ਹਿਜ਼ਕੀਯਾਹ ਦਾ ਪੁੱਤਰ ਸੀ ।

ਪਰਮੇਸ਼ੁਰ ਦੇ ਨਿਆਂ ਦਾ ਦਿਨ

2ਮੈਂ ਧਰਤੀ ਦੇ ਉੱਤੋਂ ਸਭ ਕੁਝ ਪੂਰੀ ਤਰ੍ਹਾਂ ਨਾਲ ਮਿਟਾ ਦਿਆਂਗਾ, ਯਹੋਵਾਹ ਦਾ ਵਾਕ ਹੈ ।3ਮੈਂ ਮਨੁੱਖ ਅਤੇ ਪਸ਼ੂਆਂ ਨੂੰ ਮਿਟਾ ਦਿਆਂਗਾ, ਮੈਂ ਅਕਾਸ਼ ਦੇ ਪੰਛੀਆਂ ਨੂੰ ਅਤੇ ਸਮੁੰਦਰ ਦੀਆਂ ਮੱਛੀਆਂ ਨੂੰ, ਅਤੇ ਦੁਸ਼ਟਾਂ ਨੂੰ ਉਨ੍ਹਾਂ ਦੀਆਂ ਰੱਖੀਆਂ ਹੋਈਆਂ ਠੋਕਰਾਂ ਸਮੇਤ ਮਿਟਾ ਦਿਆਂਗਾ । ਮੈਂ ਮਨੁੱਖਾਂ ਨੂੰ ਧਰਤੀ ਉੱਤੋਂ ਨਾਸ਼ ਕਰ ਸੁੱਟਾਂਗਾ, ਯਹੋਵਾਹ ਦਾ ਵਾਕ ਹੈ ।
4ਮੈਂ ਆਪਣਾ ਹੱਥ ਯਹੂਦਾਹ ਉੱਤੇ ਅਤੇ ਯਰੂਸ਼ਲਮ ਦੇ ਸਾਰੇ ਵਾਸੀਆਂ ਦੇ ਵਿਰੁੱਧ ਚੁੱਕਾਂਗਾ, ਅਤੇ ਇਸ ਸਥਾਨ ਤੋਂ ਬਆਲ ਦੇ ਬਚੇ ਹੋਇਆਂ ਨੂੰ ਅਤੇ ਜਾਜਕਾਂ ਸਮੇਤ ਦੇਵਤਿਆਂ ਦੇ ਪੁਜਾਰੀਆਂ ਦੇ ਨਾਮ ਨੂੰ ਨਾਸ਼ ਕਰ ਦਿਆਂਗਾ,5ਉਹਨਾਂ ਨੂੰ ਵੀ ਜੋ ਆਪਣੇ ਘਰਾਂ ਦੀਆਂ ਛੱਤਾਂ ਉੱਤੇ ਅਕਾਸ਼ ਦੀ ਸੈਨਾ ਅੱਗੇ ਮੱਥਾ ਟੇਕਦੇ ਹਨ, ਜੋ ਯਹੋਵਾਹ ਅੱਗੇ ਮੱਥਾ ਟੇਕਦੇ ਅਤੇ ਸਹੁੰ ਖਾਂਦੇ ਹਨ, ਨਾਲੇ ਮਲਕਾਮ ਦੀ ਵੀ ਸਹੁੰ ਖਾਂਦੇ ਹਨ,6ਅਤੇ ਉਹਨਾਂ ਨੂੰ ਵੀ ਜੋ ਯਹੋਵਾਹ ਦੇ ਪਿੱਛੇ ਚੱਲਣ ਤੋਂ ਫਿਰ ਗਏ ਅਤੇ ਜੋ ਨਾ ਤਾਂ ਯਹੋਵਾਹ ਦੀ ਭਾਲ ਕਰਦੇ ਹਨ ਅਤੇ ਨਾ ਉਹ ਦੀ ਸਲਾਹ ਪੁੱਛਦੇ ਹਨ, ਨਾਸ਼ ਕਰ ਦਿਆਂਗਾ ।

7ਪ੍ਰਭੂ ਯਹੋਵਾਹ ਦੇ ਹਜ਼ੂਰ ਚੁੱਪ ਰਹਿ ਕਿਉਂ ਕੋ ਯਹੋਵਾਹ ਦਾ ਦਿਨ ਨੇੜੇ ਹੈ, ਯਹੋਵਾਹ ਨੇ ਇੱਕ ਬਲੀ ਤਿਆਰ ਕੀਤੀ ਹੈ, ਉਹ ਨੇ ਆਪਣੇ ਪਰਾਹੁਣਿਆਂ ਨੂੰ ਪਵਿੱਤਰ ਕੀਤਾ ਹੈ ।8ਯਹੋਵਾਹ ਦੀ ਬਲੀ ਦੇ ਦਿਨ ਅਜਿਹਾ ਹੋਵੇਗਾ ਕਿ ਮੈਂ ਹਾਕਮਾਂ ਨੂੰ, ਰਾਜੇ ਦੇ ਪੁੱਤਰਾਂ ਨੂੰ ਅਤੇ ਉਨ੍ਹਾਂ ਸਾਰਿਆਂ ਨੂੰ ਜਿਨ੍ਹਾਂ ਨੇ ਪਰਦੇਸੀ ਕੱਪੜੇ ਪਹਿਨੇ ਹੋਏ ਹਨ, ਸਜ਼ਾ ਦਿਆਂਗਾ ।9ਉਸ ਦਿਨ ਮੈਂ ਉਹਨਾਂ ਸਾਰਿਆਂ ਨੂੰ ਸਜ਼ਾ ਦਿਆਂਗਾ, ਜੋ ਚੌਖਟ ਦੇ ਉੱਤੋਂ ਟੱਪਦੇ ਹਨ, ਜੋ ਆਪਣੇ ਮਾਲਕ ਦੇ ਘਰ ਨੂੰ ਅਨ੍ਹੇਰ ਅਤੇ ਛਲ ਨਾਲ ਭਰ ਦਿੰਦੇ ਹਨ ।

10ਉਸ ਦਿਨ ਅਜਿਹਾ ਹੋਵੇਗਾ, ਯਹੋਵਾਹ ਦਾ ਵਾਕ ਹੈ, ਮੱਛੀ-ਫਾਟਕ ਤੋਂ ਦੁਹਾਈ ਦੀ ਅਵਾਜ਼ ਹੋਵੇਗੀ, ਦੂਜੇ ਮੁਹੱਲੇ ਵਿੱਚ ਵਿਰਲਾਪ ਅਤੇ ਟਿੱਲਿਆਂ ਤੋਂ ਵੱਡਾ ਧੜਾਕਾ ਹੋਵੇਗਾ ।11ਹੇ ਮਕਤੇਸ਼ ਦੇ ਵਾਸੀਓ, ਵਿਰਲਾਪ ਕਰੋ ! ਕਿਉਂ ਜੋ ਸਾਰੇ ਵਪਾਰੀ ਮੁੱਕ ਗਏ, ਸਾਰੇ ਜੋ ਚਾਂਦੀ ਨਾਲ ਲੱਦੇ ਹੋਏ ਸਨ, ਵੱਢੇ ਗਏ ।
12ਉਸ ਸਮੇਂ ਮੈਂ ਦੀਵੇ ਲੈ ਕੇ ਯਰੂਸ਼ਲਮ ਦੀ ਤਲਾਸ਼ੀ ਲਵਾਂਗਾ ਅਤੇ ਉਹਨਾਂ ਮਨੁੱਖਾਂ ਨੂੰ ਸਜ਼ਾ ਦਿਆਂਗਾ, ਜੋ ਮਧ ਦੇ ਮੈਲ ਦੀ ਤਰ੍ਹਾਂ ਹਨ, ਜਿਹੜੀ ਥੱਲੇ ਬੈਠ ਜਾਂਦੀ ਹੈ ਅਤੇ ਆਪਣੇ ਮਨਾਂ ਵਿੱਚ ਕਹਿੰਦੇ ਹਨ, "ਯਹੋਵਾਹ ਨਾ ਭਲਿਆਈ ਕਰੇਗਾ, ਨਾ ਬੁਰਿਆਈ ।"13ਉਹਨਾਂ ਦਾ ਧਨ ਲੁੱਟ ਦਾ ਮਾਲ ਹੋ ਜਾਵੇਗਾ, ਉਹਨਾਂ ਦੇ ਘਰ ਵਿਰਾਨ ਹੋ ਜਾਣਗੇ । ਉਹ ਘਰ ਤਾਂ ਉਸਾਰਨਗੇ ਪਰ ਉਨ੍ਹਾਂ ਵਿੱਚ ਵੱਸਣਗੇ ਨਹੀਂ, ਉਹ ਅੰਗੂਰੀ ਬਾਗ ਲਾਉਣਗੇ ਪਰ ਉਨ੍ਹਾਂ ਦਾ ਦਾਖਰਸ ਨਾ ਪੀਣਗੇ ।

14ਯਹੋਵਾਹ ਦਾ ਮਹਾਨ ਦਿਨ ਨੇੜੇ ਹੈ, ਉਹ ਨੇੜੇ ਹੈ ਅਤੇ ਬਹੁਤ ਛੇਤੀ ਨਾਲ ਆਉਂਦਾ ਹੈ, ਹਾਂ, ਯਹੋਵਾਹ ਦੇ ਦਿਨ ਦੀ ਅਵਾਜ਼ ਸੁਣਾਈ ਦਿੰਦੀ ਹੈ । ਉੱਥੇ ਸੂਰਮਾ ਕੁੜੱਤਣ ਨਾਲ ਚਿੱਲਾਵੇਗਾ !15ਉਹ ਦਿਨ ਕਹਿਰ ਦਾ ਦਿਨ ਹੈ, ਦੁੱਖ ਅਤੇ ਕਸ਼ਟ ਦਾ ਦਿਨ, ਬਰਬਾਦੀ ਅਤੇ ਵਿਰਾਨੀ ਦਾ ਦਿਨ, ਹਨੇਰੇ ਅਤੇ ਅੰਧਕਾਰ ਦਾ ਦਿਨ, ਬੱਦਲ ਅਤੇ ਕਾਲੀਆਂ ਘਟਾਂ ਦਾ ਦਿਨ !16ਉਹ ਗੜ੍ਹਾਂ ਵਾਲੇ ਸ਼ਹਿਰਾਂ ਅਤੇ ਉੱਚੇ ਬੁਰਜਾਂ ਦੇ ਵਿਰੁੱਧ ਤੁਰ੍ਹੀ ਫੂਕਣ ਅਤੇ ਲਲਕਾਰ ਦਾ ਦਿਨ ਹੋਵੇਗਾ ।
17ਮੈਂ ਮਨੁੱਖਾਂ ਉੱਤੇ ਬਿਪਤਾ ਲਿਆਵਾਗਾਂ ਅਤੇ ਉਹ ਅੰਨ੍ਹਿਆਂ ਵਾਂਗੂੰ ਤੁਰਨਗੇ, ਕਿਉਂ ਜੋ ਉਨ੍ਹਾਂ ਨੇ ਯਹੋਵਾਹ ਦੇ ਵਿਰੁੱਧ ਪਾਪ ਕੀਤਾ ਹੈ, ਅਤੇ ਉਨ੍ਹਾਂ ਦਾ ਲਹੂ ਧੂੜ ਵਾਗੂੰ ਅਤੇ ਉਨ੍ਹਾਂ ਦਾ ਮਾਸ ਬਿਸ਼ਟੇ ਵਾਂਗੂੰ ਸੁੱਟਿਆ ਜਾਵੇਗਾ ।18ਯਹੋਵਾਹ ਦੇ ਕਹਿਰ ਦੇ ਦਿਨ ਵਿੱਚ ਨਾ ਉਹਨਾਂ ਦਾ ਸੋਨਾ, ਨਾ ਉਹਨਾਂ ਦੀ ਚਾਂਦੀ, ਉਹਨਾਂ ਨੂੰ ਛੁਡਾਵੇਗੀ, ਪਰ ਉਹ ਦੀ ਅਣਖ ਦੀ ਅੱਗ ਨਾਲ ਸਾਰੀ ਧਰਤੀ ਭਸਮ ਹੋ ਜਾਵੇਗੀ, ਕਿਉਂ ਜੋ ਉਹ ਪੂਰਾ ਅੰਤ ਕਰੇਗਾ, ਹਾਂ ਧਰਤੀ ਦੇ ਸਭ ਵਾਸੀਆਂ ਦਾ ਅਚਾਨਕ ਅੰਤ ਕਰ ਦੇਵੇਗਾ !

2
ਤੋਬਾ ਲਈ ਬੁਲਾਹਟ

1ਹੇ ਨਿਰਲੱਜ ਕੌਮ, ਆਪਣੇ ਆਪ ਨੂੰ ਇਕੱਠੇ ਕਰੋ, ਹਾਂ, ਇੱਕਠੇ ਹੋ ਜਾਓ,2ਇਸ ਤੋਂ ਪਹਿਲਾਂ ਕਿ ਦੰਡ ਦਾ ਹੁਕਮ ਕਾਇਮ ਹੋਵੇ ਅਤੇ ਦਿਨ ਤੂੜੀ ਵਾਂਗੂੰ ਲੰਘ ਜਾਵੇ, ਇਸ ਤੋਂ ਪਹਿਲਾਂ ਕਿ ਯਹੋਵਾਹ ਦਾ ਭੜਕਿਆ ਹੋਇਆ ਕ੍ਰੋਧ ਤੁਹਾਡੇ ਉੱਤੇ ਆਵੇ, ਇਸ ਤੋਂ ਪਹਿਲਾਂ ਕਿ ਯਹੋਵਾਹ ਦੇ ਕ੍ਰੋਧ ਦਾ ਦਿਨ ਤੁਹਾਡੇ ਉੱਤੇ ਆ ਪਵੇ !3ਹੇ ਧਰਤੀ ਦੇ ਸਾਰੇ ਦੀਨ ਲੋਕੋ, ਤੁਸੀਂ ਯਹੋਵਾਹ ਨੂੰ ਭਾਲੋ, ਤੁਸੀਂ ਜਿਨ੍ਹਾਂ ਨੇ ਉਹ ਦੇ ਨਿਯਮਾਂ ਨੂੰ ਮੰਨਿਆ ਹੈ, ਧਰਮ ਨੂੰ ਭਾਲੋ, ਦੀਨਤਾ ਨੂੰ ਭਾਲੋ, ਸ਼ਾਇਦ ਤੁਸੀਂ ਯਹੋਵਾਹ ਦੇ ਕ੍ਰੋਧ ਦੇ ਦਿਨ ਵਿੱਚ ਲੁਕੇ ਰਹੋ !

ਇਸਰਾਏਲ ਦੇ ਗੁਆਂਢੀ ਰਾਜਾਂ ਦਾ ਪਤਨ

4ਅੱਜ਼ਾਹ ਤਾਂ ਤਿਆਗਿਆ ਜਾਵੇਗਾ, ਅਤੇ ਅਸ਼ਕਲੋਨ ਵਿਰਾਨ ਹੋ ਜਾਵੇਗਾ, ਉਹ ਦਿਨ-ਦੁਪਹਿਰੇ ਅਸ਼ਦੋਦ ਨੂੰ ਧੱਕ ਦੇਣਗੇ ਅਤੇ ਅਕਰੋਨ ਪੁੱਟਿਆ ਜਾਵੇਗਾ ।

5ਸਮੁੰਦਰੀ ਕੰਢੇ ਦੇ ਵਾਸੀਆਂ ਉੱਤੇ ਹਾਇ, ਕਰੇਥੀਆਂ ਦੀ ਕੌਮ ਉੱਤੇ ਹਾਇ ! ਹੇ ਕਨਾਨ, ਫ਼ਲਿਸਤੀਆਂ ਦੇ ਦੇਸ਼, ਯਹੋਵਾਹ ਦਾ ਬਚਨ ਤੇਰੇ ਵਿਰੁੱਧ ਹੈ, ਮੈਂ ਤੈਨੂੰ ਅਜਿਹਾ ਨਾਸ਼ ਕਰਾਂਗਾ ਕਿ ਤੇਰਾ ਕੋਈ ਵਾਸੀ ਨਾ ਬਚੇਗਾ !
6ਸਮੁੰਦਰੀ ਕੰਢਾ ਚਾਰਗਾਹ ਹੋਵੇਗਾ, ਜਿੱਥੇ ਅਯਾਲੀਆਂ ਦੇ ਨਿਵਾਸ ਅਤੇ ਇੱਜੜਾਂ ਦੇ ਵਾੜੇ ਹੋਣਗੇ ।7ਉਹੋ ਕੰਢਾ ਯਹੂਦਾਹ ਦੇ ਘਰਾਣੇ ਦੇ ਬਚੇ ਹੋਏ ਲੋਕਾਂ ਲਈ ਹੋਵੇਗਾ, ਉਹ ਆਪਣੇ ਇੱਜੜਾਂ ਨੂੰ ਉੱਥੇ ਚਾਰਨਗੇ, ਉਹ ਅਸ਼ਕਲੋਨ ਦੇ ਘਰਾਂ ਵਿੱਚ ਸ਼ਾਮ ਨੂੰ ਲੇਟਣਗੇ, ਕਿਉਂ ਜੋ ਯਹੋਵਾਹ ਉਹਨਾਂ ਦਾ ਪਰਮੇਸ਼ੁਰ ਉਹਨਾਂ ਦੀ ਸੁੱਧ ਲਵੇਗਾ ਅਤੇ ਉਹਨਾਂ ਨੂੰ ਗੁਲਾਮੀ ਤੋਂ ਮੋੜ ਲਿਆਵੇਗਾ ।

8ਮੈਂ ਮੋਆਬ ਦਾ ਉਲਾਹਮਾ ਅਤੇ ਅੰਮੋਨੀਆਂ ਦੀ ਨਿੰਦਾ ਨੂੰ ਸੁਣਿਆ ਹੈ ਕਿ ਉਹ ਮੇਰੀ ਪਰਜਾ ਨੂੰ ਕਿਵੇਂ ਉਲਾਹਮੇ ਦਿੰਦੇ ਹਨ ਅਤੇ ਉਹਨਾਂ ਦੀਆਂ ਹੱਦਾਂ ਉੱਤੇ ਸ਼ੇਖੀ ਮਾਰਦੇ ਹਨ ।9ਮੇਰੇ ਜੀਵਨ ਦੀ ਸਹੁੰ ! ਇਸਰਾਏਲ ਦੇ ਪਰਮੇਸ਼ੁਰ, ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਮੋਆਬ ਜ਼ਰੂਰ ਸਦੋਮ ਵਰਗਾ ਹੋ ਜਾਵੇਗਾ ਅਤੇ ਅੰਮੋਨੀ ਅਮੂਰਾਹ ਵਰਗੇ, ਉਹ ਬਿੱਛੂ ਬੂਟੀਆਂ ਅਤੇ ਲੂਣ ਦੇ ਟੋਇਆਂ ਦੀ ਖਾਣ ਬਣ ਜਾਣਗੇ ਅਤੇ ਸਦਾ ਵਿਰਾਨ ਰਹਿਣਗੇ, - ਮੇਰੀ ਪਰਜਾ ਦੇ ਬਚੇ ਹੋਏ ਲੋਕ ਉਹਨਾਂ ਨੂੰ ਲੁੱਟਣਗੇ ਅਤੇ ਮੇਰੀ ਕੌਮ ਦੇ ਬਚੇ ਹੋਏ ਉਹਨਾਂ ਉੱਤੇ ਕਬਜ਼ਾ ਕਰਨਗੇ ।
10ਇਹ ਉਹਨਾਂ ਦੇ ਹੰਕਾਰ ਦਾ ਬਦਲਾ ਹੋਵੇਗਾ, ਕਿਉਂ ਜੋ ਉਹਨਾਂ ਨੇ ਸੈਨਾਂ ਦੇ ਯਹੋਵਾਹ ਦੀ ਪਰਜਾ ਨੂੰ ਉਲਾਹਮਾ ਦਿੱਤਾ ਅਤੇ ਉਹਨਾਂ ਦੇ ਅੱਗੇ ਆਪਣੀ ਵਡਿਆਈ ਕੀਤੀ ।11ਯਹੋਵਾਹ ਉਹਨਾਂ ਦੇ ਵਿਰੁੱਧ ਭਿਆਨਕ ਹੋਵੇਗਾ, ਜਦ ਉਹ ਧਰਤੀ ਦੇ ਸਾਰੇ ਦੇਵਤਿਆਂ ਨੂੰ ਭੁੱਖਾ ਮਾਰੇਗਾ ਅਤੇ ਮਨੁੱਖ ਆਪੋ ਆਪਣੇ ਸਥਾਨਾਂ ਤੋਂ ਉਹ ਦੇ ਅੱਗੇ ਮੱਥਾ ਟੇਕਣਗੇ, ਹਾਂ, ਸਾਰੀਆਂ ਕੌਮਾਂ ਦੇ ਟਾਪੂ ਵੀ ।

12ਹੇ ਕੂਸ਼ੀਓ, ਤੁਸੀਂ ਵੀ ਮੇਰੀ ਤਲਵਾਰ ਨਾਲ ਵੱਢੇ ਜਾਓਗੇ,13ਉਹ ਆਪਣਾ ਹੱਥ ਉੱਤਰ ਵੱਲ ਵੀ ਚੁੱਕੇਗਾ ਅਤੇ ਅੱਸ਼ੂਰ ਨੂੰ ਬਰਬਾਦ ਕਰੇਗਾ ਅਤੇ ਨੀਨਵਾਹ ਨੂੰ ਵਿਰਾਨ ਬਣਾਵੇਗਾ ਅਤੇ ਉਜਾੜ ਵਾਂਗੂੰ ਸੁਕਾ ਦੇਵੇਗਾ ।14ਵੱਗ ਉਸ ਦੇ ਵਿੱਚ ਲੇਟਣਗੇ, ਸਾਰੀਆਂ ਪ੍ਰਜਾਤੀਆਂ ਦੇ ਜੰਗਲੀ ਜਾਨਵਰ ਉੱਥੇ ਝੁੰਡ ਬਣਾ ਕੇ ਬੈਠਣਗੇ, ਲੰਮਢੀਂਗ ਅਤੇ ਕੰਡੈਲਾ ਉਸ ਦੇ ਥੰਮ੍ਹਾਂ ਦੀਆਂ ਦਰਾਰਾਂ ਵਿੱਚ ਟਿਕਣਗੇ, ਉਹ ਦੀਆਂ ਖਿੜਕੀਆਂ ਵਿੱਚ ਉਨ੍ਹਾਂ ਦੀ ਅਵਾਜ਼ ਗੂੰਜੇਗੀ, ਉਹ ਦੀਆਂ ਚੌਖਟਾਂ ਤਬਾਹ ਹੋ ਜਾਣਗੀਆਂ, ਕਿਉਂਕਿ ਦਿਆਰ ਦੀ ਲੱਕੜੀ ਨੰਗੀ ਹੋ ਜਾਵੇਗੀ ।
15ਇਹ ਉਹੋ ਮਗਨ ਰਹਿਣ ਵਾਲਾ ਸ਼ਹਿਰ ਹੈ, ਜਿਹੜਾ ਨਿਸ਼ਚਿੰਤ ਰਿਹਾ, ਜਿਸ ਨੇ ਆਪਣੇ ਮਨ ਵਿੱਚ ਆਖਿਆ, ਮੈਂ ਹੀ ਹਾਂ ਅਤੇ ਮੇਰੇ ਬਿਨ੍ਹਾਂ ਹੋਰ ਕੋਈ ਹੈ ਹੀ ਨਹੀਂ, - ਉਹ ਕਿਵੇਂ ਵਿਰਾਨ ਹੋ ਗਿਆ, ਉਹ ਜੰਗਲੀ ਜਾਨਵਰਾਂ ਦੇ ਬੈਠਣ ਦਾ ਸਥਾਨ ਬਣ ਗਿਆ ! ਜੋ ਕੋਈ ਉਸ ਦੇ ਕੋਲੋਂ ਲੰਘੇਗਾ, ਉਹ ਉਸ ਦਾ ਮਖੌਲ ਉਡਾਵੇਗਾ ਅਤੇ ਉਸ ਵੱਲ ਉਂਗਲ ਕਰੇਗਾ ।

3
ਯਰੂਸ਼ਲਮ ਦਾ ਪਾਪ ਅਤੇ ਉਸ ਦਾ ਛੁਟਕਾਰਾ

1ਹਾਇ ਉਸ ਨਗਰੀ ਨੂੰ ਜੋ ਵਿਦਰੋਹੀ ਅਤੇ ਪਲੀਤ ਹੈ, ਅਤੇ ਅਨ੍ਹੇਰ ਨਾਲ ਭਰੀ ਹੋਈ ਹੈ !2ਉਸ ਨੇ ਮੇਰੀ ਅਵਾਜ਼ ਨਹੀਂ ਸੁਣੀ, ਨਾ ਮੇਰੀ ਤਾੜਨਾ ਨੂੰ ਮੰਨਿਆ, ਉਸ ਨੇ ਯਹੋਵਾਹ ਉੱਤੇ ਭਰੋਸਾ ਨਹੀਂ ਰੱਖਿਆ, ਨਾ ਉਹ ਆਪਣੇ ਪਰਮੇਸ਼ੁਰ ਦੇ ਨੇੜੇ ਆਈ ।

3ਉਸ ਦੇ ਹਾਕਮ ਉਸ ਦੇ ਵਿੱਚ ਗੱਜਦੇ ਬਬਰ ਸ਼ੇਰ ਵਾਂਗੂੰ ਹਨ, ਉਸ ਦੇ ਨਿਆਈ ਸ਼ਾਮ ਨੂੰ ਸ਼ਿਕਾਰ ਕਰਨ ਵਾਲੇ ਬਘਿਆੜ ਹਨ, ਜੋ ਸਵੇਰ ਤੱਕ ਕੁਝ ਨਹੀਂ ਛੱਡਦੇ !4ਉਸ ਦੇ ਨਬੀ ਧੋਖੇਬਾਜ਼ ਅਤੇ ਬੇਈਮਾਨ ਹਨ, ਉਸ ਦੇ ਜਾਜਕਾਂ ਨੇ ਪਵਿੱਤਰ ਸਥਾਨ ਨੂੰ ਭ੍ਰਿਸ਼ਟ ਕੀਤਾ ਹੈ ਅਤੇ ਬਿਵਸਥਾ ਨੂੰ ਮਰੋੜ ਦਿੱਤਾ ਹੈ,
5ਯਹੋਵਾਹ ਜੋ ਉਸ ਵਿੱਚ ਹੈ, ਉਹ ਧਰਮੀ ਹੈ, ਉਹ ਬਦੀ ਨਹੀਂ ਕਰਦਾ, ਹਰੇਕ ਸਵੇਰ ਨੂੰ ਉਹ ਆਪਣਾ ਨਿਆਂ ਪਰਗਟ ਕਰਦਾ ਹੈ, ਉਹ ਮੁੱਕਰਦਾ ਨਹੀਂ, ਪਰ ਬੁਰਿਆਰ ਸ਼ਰਮ ਕਰਨਾ ਨਹੀਂ ਜਾਣਦਾ ।
6ਮੈਂ ਕੌਮਾਂ ਨੂੰ ਵੱਢ ਸੁੱਟਿਆ, ਉਹਨਾਂ ਦੇ ਸਿਰਿਆਂ ਵਾਲੇ ਬੁਰਜ ਵਿਰਾਨ ਹਨ, ਮੈਂ ਉਹਨਾਂ ਦੀਆਂ ਗਲੀਆਂ ਨੂੰ ਬਰਬਾਦ ਕਰ ਦਿੱਤਾ ਹੈ ਕਿ ਕੋਈ ਉਨ੍ਹਾਂ ਵਿੱਚੋਂ ਨਹੀਂ ਲੰਘਦਾ, ਉਹਨਾਂ ਦੇ ਸ਼ਹਿਰ ਨਾਸ਼ ਹੋ ਗਏ ਕਿ ਉੱਥੇ ਕੋਈ ਮਨੁੱਖ ਸਗੋਂ ਕੋਈ ਵਾਸੀ ਨਹੀਂ ਵੱਸਦਾ ।7ਮੈਂ ਨਗਰੀ ਨੂੰ ਆਖਿਆ, "ਸਿਰਫ਼ ਮੈਥੋਂ ਡਰ ਅਤੇ ਤਾੜਨਾ ਨੂੰ ਮੰਨ, ਤਾਂ ਉਸ ਦਾ ਵਸੇਬਾ ਨਾਸ਼ ਨਹੀਂ ਕੀਤਾ ਜਾਵੇਗਾ, ਜਿਵੇਂ ਮੈਂ ਉਸ ਦੇ ਲਈ ਠਹਿਰਾਇਆ ਹੈ", ਪਰ ਉਹਨਾਂ ਨੇ ਜਤਨ ਕਰ ਕੇ ਆਪਣੇ ਸਾਰੇ ਕੰਮਾਂ ਨੂੰ ਵਿਗਾੜਿਆ ਹੈ ।

8ਇਸ ਲਈ ਯਹੋਵਾਹ ਦਾ ਵਾਕ ਹੈ, "ਮੇਰੇ ਲਈ ਠਹਿਰੇ ਰਹੋ, ਉਸ ਦਿਨ ਤੱਕ ਜਦ ਕਿ ਮੈਂ ਲੁੱਟ ਲਈ ਉੱਠਾਂ, ਕਿਉਂ ਜੋ ਮੈਂ ਠਾਣ ਲਿਆ ਕਿ ਕੌਮਾਂ ਨੂੰ ਇੱਕਠਿਆਂ ਕਰਾਂ ਅਤੇ ਰਾਜਾਂ ਨੂੰ ਜਮਾ ਕਰਾਂ, ਤਾਂ ਜੋ ਮੈਂ ਉਨ੍ਹਾਂ ਦੇ ਉੱਤੇ ਆਪਣਾ ਕਹਿਰ, ਅਤੇ ਆਪਣਾ ਸਾਰਾ ਭੜਕਿਆ ਹੋਇਆ ਕ੍ਰੋਧ ਡੋਲ੍ਹ ਦਿਆਂ, ਕਿਉਂ ਜੋ ਸਾਰੀ ਧਰਤੀ ਮੇਰੀ ਅਣਖ ਦੀ ਅੱਗ ਵਿੱਚ ਭਸਮ ਕੀਤੀ ਜਾਵੇਗੀ ।

9ਤਦ ਮੈਂ ਲੋਕਾਂ ਦੇ ਬੁੱਲ੍ਹਾਂ ਨੂੰ ਸ਼ੁੱਧ ਕਰਾਂਗਾ, ਤਾਂ ਜੋ ਉਹ ਸਾਰੇ ਦੇ ਸਾਰੇ ਯਹੋਵਾਹ ਦੇ ਨਾਮ ਨੂੰ ਪੁਕਾਰਨ, ਅਤੇ ਇੱਕ ਮਨ ਹੋ ਕੇ ਉਹ ਦੀ ਉਪਾਸਨਾ ਕਰਨ ।10ਕੂਸ਼ ਦੀਆਂ ਨਦੀਆਂ ਤੋਂ ਪਾਰ ਮੇਰੇ ਉਪਾਸਕ, ਸਗੋਂ ਮੇਰੇ ਖਿਲਰੇ ਹੋਏ ਲੋਕਾਂ ਦੀਆਂ ਧੀਆਂ, ਮੇਰੇ ਲਈ ਭੇਟ ਲਿਆਉਣਗੀਆਂ ।

11ਉਸ ਦਿਨ ਤੂੰ ਆਪਣੇ ਸਾਰੇ ਕੰਮਾਂ ਦੇ ਕਾਰਨ ਸ਼ਰਮਿੰਦਾ ਨਾ ਹੋਵੇਂਗੀ, ਜਿਨ੍ਹਾਂ ਦੇ ਨਾਲ ਤੂੰ ਮੇਰੇ ਵਿਰੁੱਧ ਅਪਰਾਧ ਕੀਤਾ, ਕਿਉਂ ਜੋ ਮੈਂ ਉਸ ਵੇਲੇ ਤੇਰੇ ਵਿੱਚੋਂ ਹਰੇਕ ਹੰਕਾਰੀ ਅਭਿਮਾਨੀਆਂ ਨੂੰ ਕੱਢ ਦਿਆਂਗਾ, ਤਾਂ ਜੋ ਤੂੰ ਮੇਰੇ ਪਵਿੱਤਰ ਪਹਾੜ ਵਿੱਚ ਫੇਰ ਘਮੰਡ ਨਾ ਕਰੇਂ ।
12ਕਿਉਂ ਜੋ ਮੈਂ ਤੇਰੇ ਵਿੱਚ ਕੰਗਾਲ ਅਤੇ ਗਰੀਬ ਲੋਕਾਂ ਨੂੰ ਬਚਾ ਕੇ ਰੱਖਾਂਗਾ ਅਤੇ ਉਹ ਯਹੋਵਾਹ ਦੇ ਨਾਮ ਵਿੱਚ ਪਨਾਹ ਲੈਣਗੇ ।13ਇਸਰਾਏਲ ਦੇ ਬਚੇ ਹੋਏ ਲੋਕ ਬਦੀ ਨਾ ਕਰਨਗੇ, ਨਾ ਝੂਠ ਬੋਲਣਗੇ ਅਤੇ ਨਾ ਉਹਨਾਂ ਦੇ ਮੂੰਹ ਵਿੱਚ ਫਰੇਬ ਦੀਆਂ ਗੱਲਾਂ ਨਿੱਕਲਣਗੀਆਂ, ਕਿਉਂ ਜੋ ਉਹ ਚਰਨਗੇ ਅਤੇ ਲੰਮੇ ਪੈਣਗੇ ਅਤੇ ਕੋਈ ਉਹਨਾਂ ਨੂੰ ਨਾ ਡਰਾਵੇਗਾ ।"
ਅਨੰਦ ਦਾ ਗੀਤ

14ਹੇ ਸੀਯੋਨ ਦੀਏ ਧੀਏ, ਉੱਚੀ ਅਵਾਜ਼ ਨਾਲ ਗਾ, ਹੇ ਇਸਰਾਏਲ, ਜੈਕਾਰਾ ਗਜਾ, ਹੇ ਯਰੂਸ਼ਲਮ ਦੀਏ ਧੀਏ, ਸਾਰੇ ਦਿਲ ਨਾਲ ਅਨੰਦ ਕਰ ਅਤੇ ਮਗਨ ਹੋ !15ਯਹੋਵਾਹ ਨੇ ਤੇਰੇ ਦੰਡ ਨੂੰ ਦੂਰ ਕੀਤਾ ਹੈ, ਉਹ ਨੇ ਤੇਰੇ ਵੈਰੀ ਨੂੰ ਕੱਢ ਦਿੱਤਾ ਹੈ, ਇਸਰਾਏਲ ਦਾ ਰਾਜਾ, ਹਾਂ, ਯਹੋਵਾਹ ਤੇਰੇ ਵਿਚਕਾਰ ਹੈ, ਤੂੰ ਫੇਰ ਬਿਪਤਾ ਤੋਂ ਨਾ ਡਰੇਂਗੀ ।16ਉਸ ਦਿਨ ਯਰੂਸ਼ਲਮ ਨੂੰ ਆਖਿਆ ਜਾਵੇਗਾ, "ਹੇ ਸੀਯੋਨ ! ਨਾ ਡਰ, ਤੇਰੇ ਹੱਥ ਢਿੱਲੇ ਨਾ ਪੈ ਜਾਣ !"
17ਯਹੋਵਾਹ ਤੇਰਾ ਪਰਮੇਸ਼ੁਰ ਤੇਰੇ ਵਿਚਕਾਰ ਹੈ, ਉਹ ਬਚਾਉਣ ਵਿੱਚ ਸਮਰੱਥੀ ਹੈ, ਉਹ ਅਨੰਦ ਨਾਲ ਤੇਰੇ ਉੱਤੇ ਖੁਸ਼ ਹੋਵੇਗਾ, ਉਹ ਆਪਣੇ ਪ੍ਰੇਮ ਨੂੰ ਤਾਜ਼ਾ ਕਰੇਗਾ, ਉਹ ਉੱਚੀ ਅਵਾਜ਼ ਨਾਲ ਗਾਉਂਦਾ ਹੋਇਆ ਤੇਰੇ ਕਾਰਨ ਮਗਨ ਹੋਵੇਗਾ ।

18ਮੈਂ ਉਹਨਾਂ ਨੂੰ ਜੋ ਨਿਯੁਕਤ ਕੀਤੇ ਹੋਏ ਪਰਬਾਂ ਵਿੱਚ ਸ਼ਾਮਿਲ ਨਾ ਹੋਣ ਦੇ ਕਾਰਨ ਸੋਗ ਕਰਦੇ ਹਨ, ਉਨ੍ਹਾਂ ਨੂੰ ਮੈਂ ਇਕੱਠਾ ਕਰਾਂਗਾ, ਕਿਉਂ ਜੋ ਉਹ ਤੇਰੇ ਹਨ, ਅਤੇ ਤੇਰਾ ਉਲਾਹਮਾ ਉਨ੍ਹਾਂ ਦੇ ਉੱਤੇ ਇੱਕ ਭਾਰ ਸੀ ।
19ਵੇਖੋ, ਮੈਂ ਉਸ ਸਮੇਂ ਤੇਰੇ ਸਭ ਦੁੱਖ ਦੇਣ ਵਾਲਿਆਂ ਨਾਲ ਨਜਿੱਠਾਂਗਾ, ਮੈਂ ਲੰਗੜਿਆਂ ਨੂੰ ਬਚਾਵਾਂਗਾ ਅਤੇ ਹੱਕੇ ਹੋਇਆਂ ਨੂੰ ਇਕੱਠਾ ਕਰਾਂਗਾ, ਅਤੇ ਜਿਨ੍ਹਾਂ ਦੀ ਸ਼ਰਮਿੰਦਗੀ ਦੀ ਚਰਚਾ ਸਾਰੀ ਧਰਤੀ ਵਿੱਚ ਫੈਲੀ ਹੋਈ ਸੀ, ਉਹਨਾਂ ਦੀ ਵਡਿਆਈ ਅਤੇ ਆਦਰ ਮਾਣ ਵਧਾਵਾਂਗਾ ।20ਉਸ ਸਮੇਂ ਮੈਂ ਤੁਹਾਨੂੰ ਅੰਦਰ ਲਿਆਵਾਂਗਾ ਅਤੇ ਉਸ ਸਮੇਂ ਮੈਂ ਤੁਹਾਨੂੰ ਇਕੱਠਾ ਕਰਾਂਗਾ, ਜਦ ਮੈਂ ਤੁਹਾਡੇ ਗੁਲਾਮਾਂ ਨੂੰ ਤੁਹਾਡੀਆਂ ਅੱਖਾਂ ਦੇ ਸਾਹਮਣੇ ਮੋੜ ਲਿਆਵਾਂਗਾ, ਤਦ ਮੈਂ ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਵਿੱਚ ਵਡਿਆਈ ਅਤੇ ਆਦਰ ਮਾਣ ਦੇਵਾਂਗਾ, ਯਹੋਵਾਹ ਦਾ ਵਾਕ ਹੈ ।

ਹੱਜਈ

1
ਯਹੋਵਾਹ ਦੇ ਭਵਨ ਦੇ ਬਣਾਉਣ ਦੀ ਲੋੜ

1ਦਾਰਾ ਰਾਜੇ ਦੇ ਦੂਜੇ ਸਾਲ ਦੇ ਛੇਵੇਂ ਮਹੀਨੇ ਦੀ ਪਹਿਲੀ ਤਾਰੀਖ਼ ਨੂੰ, ਯਹੂਦਾਹ ਦੇ ਹਾਕਮ ਸ਼ਅਲਤੀਏਲ ਦੇ ਪੁੱਤਰ ਜ਼ਰੁੱਬਾਬਲ ਕੋਲ ਅਤੇ ਯਹੋਸਾਦਾਕ ਦੇ ਪੁੱਤਰ ਯਹੋਸ਼ੁਆ ਮਹਾਂ ਜਾਜਕ ਕੋਲ ਯਹੋਵਾਹ ਦੀ ਬਾਣੀ ਹੱਜਈ ਨਬੀ ਦੇ ਰਾਹੀਂ ਆਈ,2ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ - ਇਹ ਲੋਕ ਕਹਿੰਦੇ ਹਨ ਕਿ ਅਜੇ ਯਹੋਵਾਹ ਦੇ ਭਵਨ ਨੂੰ ਬਣਾਉਣ ਦਾ ਸਮਾਂ ਨਹੀਂ ਆਇਆ ।

3ਯਹੋਵਾਹ ਦੀ ਬਾਣੀ ਹੱਜਈ ਨਬੀ ਦੇ ਰਾਹੀਂ ਆਈ ਕਿ4ਕੀ, ਇਹ ਕੋਈ ਸਮਾਂ ਹੈ ਕਿ ਤੁਸੀਂ ਆਪ ਆਪਣੇ ਬਣਾਏ ਹੋਏ ਘਰਾਂ ਵਿੱਚ ਰਹੋ, ਜਦ ਕਿ ਇਹ ਭਵਨ ਬਰਬਾਦ ਪਿਆ ਹੈ ?5ਹੁਣ ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਤੁਸੀਂ ਆਪਣੇ ਚਾਲ-ਚੱਲਣ ਉੱਤੇ ਧਿਆਨ ਦਿਓ ।6ਤੁਸੀਂ ਬਹੁਤ ਬੀਜਿਆ ਪਰ ਥੋੜ੍ਹਾ ਵੱਢਿਆ, ਤੁਸੀਂ ਖਾਂਦੇ ਹੋ ਪਰ ਰੱਜਦੇ ਨਹੀਂ, ਤੁਸੀਂ ਪੀਂਦੇ ਹੋ ਪਰ ਤੁਹਾਡੀ ਪਿਆਸ ਨਹੀਂ ਬੁੱਝਦੀ, ਤੁਸੀਂ ਕੱਪੜੇ ਪਾਉਂਦੇ ਹੋ ਪਰ ਗਰਮ ਨਹੀਂ ਹੁੰਦੇ ਅਤੇ ਮਜ਼ਦੂਰ ਆਪਣੀ ਕਮਾਈ ਛੇਕ ਵਾਲੀ ਥੈਲੀ ਵਿੱਚ ਰੱਖਦਾ ਹੈ ।
7ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਤੁਸੀਂ ਆਪਣੇ ਚਾਲ-ਚੱਲਣ ਤੇ ਧਿਆਨ ਦਿਓ ।8ਪਹਾੜ ਉੱਤੇ ਚੜ੍ਹੋ, ਲੱਕੜੀ ਲਿਆਓ, ਇਸ ਭਵਨ ਨੂੰ ਬਣਾਓ ਕਿ ਮੈਂ ਉਸ ਤੋਂ ਪਰਸੰਨ ਹੋਵਾਂ ਅਤੇ ਮੇਰੀ ਵਡਿਆਈ ਹੋਵੇ, ਯਹੋਵਾਹ ਦਾ ਵਾਕ ਹੈ ।9ਤੁਸੀਂ ਬਹੁਤੇ ਦੀ ਆਸ ਰੱਖੀ ਪਰ ਵੇਖੋ, ਤੁਹਾਨੂੰ ਥੋੜ੍ਹਾ ਮਿਲਿਆ ਅਤੇ ਜਦੋਂ ਤੁਸੀਂ ਉਸ ਨੂੰ ਆਪਣੇ ਘਰ ਲਿਆਏ, ਤਾਂ ਮੈਂ ਉਸ ਨੂੰ ਵੀ ਉਡਾ ਦਿੱਤਾ । ਕਿਉਂ ? ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਇਸ ਲਈ ਜੋ ਮੇਰਾ ਭਵਨ ਬਰਬਾਦ ਪਿਆ ਹੈ ਅਤੇ ਤੁਸੀਂ ਆਪੋ ਆਪਣੇ ਘਰਾਂ ਨੂੰ ਭੱਜ ਜਾਂਦੇ ਹੋ ।
10ਇਸ ਕਾਰਨ ਹੀ ਅਕਾਸ਼ ਨੇ ਤੁਹਾਡੇ ਲਈ ਤ੍ਰੇਲ ਰੋਕੀ ਅਤੇ ਧਰਤੀ ਨੇ ਆਪਣੀ ਉਪਜਾਊ ਸ਼ਕਤੀ ਨੂੰ ਰੋਕਿਆ ਹੈ11ਅਤੇ ਮੈਂ ਧਰਤੀ, ਪਹਾੜਾਂ, ਅੰਨ, ਨਵੀਂ ਮੈਅ, ਤੇਲ ਅਤੇ ਜ਼ਮੀਨ ਦੀ ਸਾਰੀ ਪੈਦਾਵਰ ਉੱਤੇ ਅਤੇ ਆਦਮੀਆਂ, ਪਸ਼ੂਆਂ ਅਤੇ ਹੱਥਾਂ ਦੇ ਸਾਰੇ ਕੰਮ ਉੱਤੇ ਵੀ ਕਾਲ ਨੂੰ ਪਾ ਦਿੱਤਾ ਹੈ ।
ਲੋਕਾਂ ਦੁਆਰਾ ਪਰਮੇਸ਼ੁਰ ਦੀ ਆਗਿਆ ਮੰਨਣਾ

12ਤਦ ਸ਼ਅਲਤੀਏਲ ਦੇ ਪੁੱਤਰ ਜ਼ਰੁੱਬਾਬਲ, ਯਹੋਸਾਦਾਕ ਦੇ ਪੁੱਤਰ ਯਹੋਸ਼ੁਆ ਮਹਾਂ ਜਾਜਕ ਅਤੇ ਬਚੇ ਹੋਏ ਸਾਰੇ ਲੋਕਾਂ ਨੇ ਆਪਣੇ ਪਰਮੇਸ਼ੁਰ ਯਹੋਵਾਹ ਦੀ ਅਵਾਜ਼ ਨੂੰ ਧਿਆਨ ਨਾਲ ਸੁਣਿਆ । ਪਰਮੇਸ਼ੁਰ ਯਹੋਵਾਹ ਦੇ ਭੇਜੇ ਹੋਏ ਨਬੀ ਹੱਜਈ ਦੀਆਂ ਗੱਲਾਂ ਨੂੰ ਵੀ ਧਿਆਨ ਨਾਲ ਸੁਣਿਆ ਅਤੇ ਲੋਕ ਯਹੋਵਾਹ ਤੋਂ ਡਰੇ ।13ਤਦ ਯਹੋਵਾਹ ਦੇ ਦੂਤ ਹੱਜਈ ਨੇ ਯਹੋਵਾਹ ਦਾ ਸੰਦੇਸ਼ ਲੋਕਾਂ ਨੂੰ ਦੇ ਕੇ ਆਖਿਆ, ਯਹੋਵਾਹ ਦਾ ਵਾਕ ਹੈ ਕਿ ਮੈਂ ਤੁਹਾਡੇ ਨਾਲ ਹਾਂ ।
14ਫੇਰ ਯਹੋਵਾਹ ਨੇ ਯਹੂਦਾਹ ਦੇ ਹਾਕਮ ਸ਼ਅਲਤੀਏਲ ਦੇ ਪੁੱਤਰ ਜ਼ਰੁੱਬਾਬਲ, ਯਹੋਸਾਦਾਕ ਦੇ ਪੁੱਤਰ ਯਹੋਸ਼ੁਆ ਮਹਾਂ ਜਾਜਕ ਅਤੇ ਸਾਰੇ ਬਾਕੀ ਲੋਕਾਂ ਦੇ ਆਤਮਾ ਨੂੰ ਪਰੇਰਿਆ, ਤਾਂ ਉਹ ਆਏ ਅਤੇ ਆਪਣੇ ਪਰਮੇਸ਼ੁਰ ਸੈਨਾਂ ਦੇ ਯਹੋਵਾਹ ਦੇ ਭਵਨ ਉੱਤੇ ਕੰਮ ਕਰਨ ਲੱਗੇ ।15ਇਹ ਦਾਰਾ ਰਾਜੇ ਦੇ ਦੂਜੇ ਸਾਲ ਦੇ ਛੇਵੇਂ ਮਹੀਨੇ ਦੀ ਚੌਵੀ ਤਾਰੀਖ਼ ਨੂੰ ਹੋਇਆ ।

2
ਹੈਕਲ ਦੇ ਬਣਾਉਣ ਵਾਲਿਆਂ ਨੂੰ ਤਕੜਾ ਕਰਨਾ

1ਸੱਤਵੇਂ ਮਹੀਨੇ ਦੀ ਇੱਕੀ ਤਾਰੀਖ਼ ਨੂੰ ਯਹੋਵਾਹ ਦਾ ਬਚਨ ਹੱਜਈ ਨਬੀ ਦੇ ਰਾਹੀਂ ਆਇਆ ਕਿ2ਯਹੂਦਾਹ ਦੇ ਹਾਕਮ ਸ਼ਅਲਤੀਏਲ ਦੇ ਪੁੱਤਰ ਜ਼ਰੁੱਬਾਬਲ, ਯਹੋਸਾਦਾਕ ਦੇ ਪੁੱਤਰ ਯਹੋਸ਼ੁਆ ਮਹਾਂ ਜਾਜਕ ਅਤੇ ਬਾਕੀ ਲੋਕਾਂ ਨੂੰ ਇਸ ਤਰ੍ਹਾਂ ਆਖ,

3"ਤੁਹਾਡੇ ਵਿੱਚੋਂ ਕੌਣ ਬਾਕੀ ਹੈ ਜਿਸ ਨੇ ਇਸ ਭਵਨ ਦੀ ਪਹਿਲੀ ਸ਼ਾਨ ਨੂੰ ਵੇਖਿਆ ਹੈ ? ਅਤੇ ਹੁਣ ਤੁਸੀਂ ਕੀ ਵੇਖਦੇ ਹੋ ? ਕੀ ਉਹ ਤੁਹਾਡੀਆਂ ਅੱਖਾਂ ਵਿੱਚ ਕੁਝ ਵੀ ਨਹੀਂ ਹੈ ? "4ਪਰ ਹੇ ਜ਼ਰੁੱਬਾਬਲ, ਤਕੜਾ ਹੋ ! ਯਹੋਵਾਹ ਦਾ ਵਾਕ ਹੈ ਅਤੇ ਹੇ ਯਹੋਸਾਦਾਕ ਦੇ ਪੁੱਤਰ ਯਹੋਸ਼ੁਆ ਮਹਾਂ ਜਾਜਕ, ਤਕੜਾ ਹੋ ! ਅਤੇ ਹੇ ਦੇਸ ਦੇ ਲੋਕੋ, ਤਕੜੇ ਹੋਵੋ ! ਯਹੋਵਾਹ ਦਾ ਵਾਕ ਹੈ ਅਤੇ ਕੰਮ ਕਰੋ ਕਿਉਂ ਜੋ ਮੈਂ ਤੁਹਾਡੇ ਨਾਲ ਹਾਂ, ਸੈਨਾਂ ਦੇ ਯਹੋਵਾਹ ਦਾ ਵਾਕ ਹੈ ।5ਉਸ ਨੇਮ ਅਨੁਸਾਰ ਜਿਹੜਾ ਮੈਂ ਤੁਹਾਡੇ ਨਾਲ ਮਿਸਰ ਦੇ ਵਿੱਚੋਂ ਨਿੱਕਲਣ ਦੇ ਸਮੇਂ ਬੰਨ੍ਹਿਆ, ਮੇਰਾ ਆਤਮਾ ਤੁਹਾਡੇ ਵਿੱਚ ਰਹਿੰਦਾ ਹੈ, ਇਸ ਲਈ ਡਰੋ ਨਾ !
6ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਮੈਂ ਫੇਰ ਅਕਾਸ਼, ਧਰਤੀ ਅਤੇ ਜਲ-ਥਲ ਨੂੰ ਹਿਲਾ ਦਿਆਂਗਾ ।7ਮੈਂ ਸਾਰੀਆਂ ਕੌਮਾਂ ਨੂੰ ਹਿਲਾ ਦਿਆਂਗਾ ਅਤੇ ਸਾਰਿਆਂ ਕੌਮਾਂ ਦੇ ਪਦਾਰਥ ਆਉਣਗੇ ਤਾਂ ਮੈਂ ਇਸ ਭਵਨ ਨੂੰ ਪਰਤਾਪ ਨਾਲ ਭਰ ਦਿਆਂਗਾ, ਸੈਨਾਂ ਦੇ ਯਹੋਵਾਹ ਦਾ ਵਾਕ ਹੈ ।
8ਚਾਂਦੀ ਮੇਰੀ ਹੈ ਅਤੇ ਸੋਨਾ ਵੀ ਮੇਰਾ ਹੈ, ਯਹੋਵਾਹ ਦਾ ਵਾਕ ਹੈ ।9ਇਸ ਭਵਨ ਦੀ ਪਿਛਲੀ ਸ਼ਾਨ ਪਹਿਲੀ ਨਾਲੋਂ ਵਧੀਕ ਹੋਵੇਗੀ, ਸੈਨਾਂ ਦਾ ਯਹੋਵਾਹ ਆਖਦਾ ਹੈ । ਮੈਂ ਇਸ ਸਥਾਨ ਨੂੰ ਸ਼ਾਂਤੀ ਦਿਆਂਗਾ, ਸੈਨਾਂ ਦੇ ਯਹੋਵਾਹ ਦਾ ਵਾਕ ਹੈ ।
ਨਬੀ ਦੁਆਰਾ ਜਾਜਕਾਂ ਦੇ ਨਾਲ ਸਲਾਹ ਕਰਨਾ

10ਦਾਰਾ ਰਾਜੇ ਦੇ ਦੂਜੇ ਸਾਲ ਦੇ ਨੌਵੇਂ ਮਹੀਨੇ ਦੀ ਚੌਵੀ ਤਾਰੀਖ਼ ਨੂੰ ਯਹੋਵਾਹ ਦੀ ਬਾਣੀ ਹੱਜਈ ਨਬੀ ਦੇ ਰਾਹੀਂ ਆਈ ਕਿ11ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਬਿਵਸਥਾ ਦੇ ਬਾਰੇ ਜਾਜਕਾਂ ਤੋਂ ਪੁੱਛ12ਕਿ ਜੇ ਕੋਈ ਮਨੁੱਖ ਪਵਿੱਤਰ ਮਾਸ ਨੂੰ ਆਪਣੇ ਕੁੜਤੇ ਦੀ ਝੋਲੀ ਵਿੱਚ ਪਾ ਕੇ ਲਈ ਜਾਂਦਾ ਹੋਵੇ ਅਤੇ ਉਹ ਦੀ ਝੋਲੀ ਰੋਟੀ, ਦਾਲ, ਮੈਅ, ਤੇਲ ਜਾਂ ਹੋਰ ਕਿਸੇ ਖਾਣ ਦੀ ਚੀਜ਼ ਨੂੰ ਛੂਹ ਜਾਵੇ, ਤਾਂ ਕੀ, ਉਹ ਚੀਜ਼ ਪਵਿੱਤਰ ਹੋ ਜਾਵੇਗੀ, ਤਾਂ ਜਾਜਕਾਂ ਨੇ ਉੱਤਰ ਦਿੱਤਾ, ਨਹੀਂ ।
13ਫੇਰ ਹੱਜਈ ਨੇ ਪੁੱਛਿਆ, ਜੇ ਕੋਈ ਮਨੁੱਖ ਜੋ ਲਾਸ਼ ਦੇ ਕਾਰਨ ਅਸ਼ੁੱਧ ਹੋ ਗਿਆ ਹੋਵੇ, ਇਨ੍ਹਾਂ ਚੀਜ਼ਾਂ ਦੇ ਵਿੱਚੋਂ ਕਿਸੇ ਚੀਜ਼ ਨੂੰ ਛੂਹ ਦੇਵੇ ਤਾਂ ਕੀ ਉਹ ਚੀਜ਼ ਅਸ਼ੁੱਧ ਹੋ ਜਾਵੇਗੀ ? ਤਾਂ ਜਾਜਕਾਂ ਨੇ ਉੱਤਰ ਦਿੱਤਾ, ਉਹ ਅਸ਼ੁੱਧ ਹੋਵੇਗੀ ।14ਫੇਰ ਹੱਜਈ ਨੇ ਉੱਤਰ ਦੇ ਕੇ ਆਖਿਆ ਕਿ ਮੇਰੇ ਅੱਗੇ ਇਸ ਪਰਜਾ ਅਤੇ ਇਸ ਕੌਮ ਦਾ ਇਹੋ ਹਾਲ ਹੈ, ਯਹੋਵਾਹ ਦਾ ਵਾਕ ਹੈ ਅਤੇ ਇਸੇ ਤਰ੍ਹਾਂ ਉਹਨਾਂ ਦੇ ਹੱਥਾਂ ਦਾ ਸਾਰਾ ਕੰਮ ਹੈ ਅਤੇ ਜੋ ਕੁਝ ਉਹ ਉੱਥੇ ਚੜ੍ਹਾਉਂਦੇ ਹਨ, ਉਹ ਵੀ ਅਸ਼ੁੱਧ ਹੈ ।
ਬਰਕਤ ਦਾ ਵਾਅਦਾ

15ਹੁਣ ਅੱਜ ਦੇ ਦਿਨ ਤੋਂ ਅੱਗੇ ਨੂੰ ਸੋਚ ਵਿਚਾਰ ਕਰੋ । ਇਸ ਤੋਂ ਪਹਿਲਾਂ ਕਿ ਯਹੋਵਾਹ ਦੀ ਹੈਕਲ ਵਿੱਚ ਪੱਥਰ ਉੱਤੇ ਪੱਥਰ ਰੱਖਿਆ ਗਿਆ ।16ਜਦੋਂ ਕੋਈ ਵੀਹ ਪੈਮਾਨਿਆਂ ਦੀ ਢੇਰੀ ਕੋਲ ਆਉਂਦਾ ਸੀ, ਤਾਂ ਦਸ ਹੀ ਹੁੰਦੇ ਸਨ । ਜਦ ਕੋਈ ਮੈਅ ਦੇ ਪੀਪੇ ਵਿੱਚੋਂ ਪੰਜਾਹ ਪੈਮਾਨੇ ਕੱਢਣ ਲਈ ਜਾਂਦਾ ਸੀ, ਤਾਂ ਵੀਹ ਹੀ ਹੁੰਦੇ ਸਨ ।17ਮੈਂ ਤੁਹਾਨੂੰ ਅਤੇ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਨੂੰ ਲੂ, ਉੱਲੀ ਅਤੇ ਗੜਿਆਂ ਨਾਲ ਮਾਰਿਆ ਪਰ ਤੁਸੀਂ ਮੇਰੀ ਵੱਲ ਨਾ ਮੁੜੇ, ਯਹੋਵਾਹ ਦਾ ਵਾਕ ਹੈ ।
18ਅੱਜ ਦੇ ਦਿਨ ਤੋਂ ਅੱਗੇ ਨੂੰ ਸੋਚ ਵਿਚਾਰ ਕਰੋ, ਨੌਵੇਂ ਮਹੀਨੇ ਦੀ ਚੌਵੀ ਤਾਰੀਖ਼ ਤੋਂ ਜਿਸ ਦਿਨ ਤੋਂ ਯਹੋਵਾਹ ਦੀ ਹੈਕਲ ਦੀ ਨੀਂਹ ਰੱਖੀ ਗਈ, ਸੋਚ ਵਿਚਾਰ ਕਰੋ ।19ਕੀ ਬੀਜ ਅਜੇ ਕੋਠੇ ਵਿੱਚ ਹੈ ? ਕੀ ਅੰਗੂਰੀ ਬਾਗ, ਹੰਜ਼ੀਰ, ਅਨਾਰ ਅਤੇ ਜ਼ੈਤੂਨ ਦੇ ਦਰੱਖਤ ਅਜੇ ਫਲ ਨਹੀਂ ਦਿੰਦੇ ? ਅੱਜ ਤੋਂ ਮੈਂ ਤੁਹਾਨੂੰ ਬਰਕਤ ਦਿਆਂਗਾ ।
ਜ਼ਰੁੱਬਾਬਲ ਨਾਲ ਪਰਮੇਸ਼ੁਰ ਦਾ ਵਾਅਦਾ

20ਮਹੀਨੇ ਦੀ ਚੌਵੀ ਤਾਰੀਖ਼ ਨੂੰ ਯਹੋਵਾਹ ਦਾ ਬਚਨ ਹੱਜਈ ਨਬੀ ਕੋਲ ਦੂਜੀ ਵਾਰ ਆਇਆ ਕਿ21ਯਹੂਦਾਹ ਦੇ ਹਾਕਮ ਜ਼ਰੁੱਬਾਬਲ ਨੂੰ ਆਖ ਕਿ ਮੈਂ ਅਕਾਸ਼ ਅਤੇ ਧਰਤੀ ਨੂੰ ਹਿਲਾਵਾਂਗਾ,22ਮੈਂ ਰਾਜਾਂ ਦੀਆਂ ਗੱਦੀਆਂ ਨੂੰ ਉਲੱਦ ਦਿਆਂਗਾ, ਮੈਂ ਕੌਮਾਂ ਦੇ ਰਾਜਾਂ ਦੇ ਬਲ ਨੂੰ ਤੋੜ ਦਿਆਂਗਾ, ਰਥਾਂ ਨੂੰ ਸਵਾਰਾਂ ਸਮੇਤ ਉਲੱਦ ਦਿਆਂਗਾ ਅਤੇ ਘੋੜੇ ਅਤੇ ਉਹਨਾਂ ਦੇ ਸਵਾਰ ਡਿੱਗ ਪੈਣਗੇ, ਹਾਂ, ਹਰੇਕ ਮਨੁੱਖ ਆਪਣੇ ਭਰਾ ਦੀ ਤਲਵਾਰ ਨਾਲ ਡਿੱਗ ਪਵੇਗਾ ।
23ਉਸ ਦਿਨ, ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਹੇ ਮੇਰੇ ਦਾਸ ਜ਼ਰੁੱਬਾਬਲ ਸ਼ਅਲਤੀਏਲ ਦੇ ਪੁੱਤਰ, ਮੈਂ ਤੈਨੂੰ ਲਵਾਂਗਾ, ਯਹੋਵਾਹ ਦਾ ਵਾਕ ਹੈ ਅਤੇ ਮੈਂ ਤੈਨੂੰ ਆਪਣੀ ਮੋਹਰ ਦੀ ਅੰਗੂਠੀ ਵਾਂਗੂੰ ਰੱਖਾਂਗਾ ਕਿਉਂ ਜੋ ਮੈਂ ਤੈਨੂੰ ਚੁਣਿਆ ਹੈ, ਸੈਨਾਂ ਦੇ ਯਹੋਵਾਹ ਦਾ ਵਾਕ ਹੈ ।

ਜ਼ਕਰਯਾਹ

1
ਪਰਮੇਸ਼ੁਰ ਦੇ ਵੱਲ ਮੁੜਨ ਦੇ ਲਈ ਇੱਕ ਪੁਕਾਰ

1ਦਾਰਾ ਦੇ ਦੂਜੇ ਸਾਲ ਦੇ ਅੱਠਵੇਂ ਮਹੀਨੇ ਵਿੱਚ ਯਹੋਵਾਹ ਦੀ ਬਾਣੀ ਬਰਕਯਾਹ ਦੇ ਪੁੱਤਰ ਇੱਦੋ ਦੇ ਪੋਤੇ ਜ਼ਕਰਯਾਹ ਨਬੀ ਨੂੰ ਆਈ ਕਿ2ਯਹੋਵਾਹ ਤੁਹਾਡੇ ਪਿਉ-ਦਾਦਿਆਂ ਉੱਤੇ ਬਹੁਤ ਕ੍ਰੋਧਵਾਨ ਰਿਹਾ,3ਤੂੰ ਉਨ੍ਹਾਂ ਨੂੰ ਆਖ ਕਿ ਸੈਨਾ ਦਾ ਯਹੋਵਾਹ ਇਸ ਤਰ੍ਹਾਂ ਫਰਮਾਉਂਦਾ ਹੈ, 'ਤੁਸੀਂ ਮੇਰੀ ਵੱਲ ਮੁੜੋ' ਸੈਨਾ ਦੇ ਯਹੋਵਾਹ ਦਾ ਵਾਕ ਹੈ, 'ਤਾਂ ਮੈਂ ਤੁਹਾਡੀ ਵੱਲ ਮੁੜਾਂਗਾ' ਸੈਨਾ ਦਾ ਯਹੋਵਾਹ ਆਖਦਾ ਹੈ ।

4ਤੁਸੀਂ ਆਪਣੇ ਪਿਉ-ਦਾਦਿਆਂ ਵਰਗੇ ਨਾ ਹੋਵੋ, ਜਿਨ੍ਹਾਂ ਨੂੰ ਪਹਿਲੇ ਨਬੀਆਂ ਨੇ ਉੱਚੀ ਦੇ ਕੇ ਕਿਹਾ ਕਿ ਸੈਨਾ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ, "ਤੁਸੀਂ ਆਪਣੇ ਬੁਰਿਆਂ ਰਾਹਾਂ ਤੋਂ ਅਤੇ ਬੁਰਿਆਂ ਕੰਮਾਂ ਤੋਂ ਮੁੜੋ !" ਪਰ ਉਨ੍ਹਾਂ ਨਾ ਸੁਣਿਆ ਅਤੇ ਨਾ ਮੇਰੀ ਵੱਲ ਧਿਆਨ ਕੀਤਾ, ਯਹੋਵਾਹ ਦਾ ਵਾਕ ਹੈ ।5ਤੁਹਾਡੇ ਪਿਉ-ਦਾਦੇ, ਉਹ ਕਿੱਥੇ ਹਨ ? ਅਤੇ ਕੀ ਨਬੀ ਸਦਾ ਤੱਕ ਜੀਉਂਦੇ ਰਹਿਣਗੇ ?6ਪਰ ਮੇਰੇ ਬਚਨ ਅਤੇ ਮੇਰੀਆਂ ਬਿਧੀਆਂ, ਜਿਨ੍ਹਾਂ ਦਾ ਮੈਂ ਆਪਣੇ ਸੇਵਾਦਾਰ ਨਬੀਆਂ ਨੂੰ ਹੁਕਮ ਦਿੱਤਾ ਸੀ, ਕੀ ਉਹ ਤੁਹਾਡੇ ਪਿਉ-ਦਾਦਿਆਂ ਉਤੇ ਪੂਰੀਆਂ ਨਹੀਂ ਹੋਈਆਂ ? ਸਗੋਂ ਉਹ ਮੁੜੇ ਅਤੇ ਕਿਹਾ ਕਿ ਸੈਨਾ ਦੇ ਯਹੋਵਾਹ ਨੇ ਜਿਵੇਂ ਸਾਡੇ ਨਾਲ ਵਰਤਣਾ ਚਾਹਿਆ, ਉਸੇ ਤਰ੍ਹਾਂ ਸਾਡੇ ਰਾਹਾਂ ਅਤੇ ਸਾਡੇ ਕੰਮਾਂ ਦੇ ਅਨੁਸਾਰ ਸਾਡੇ ਨਾਲ ਵਰਤਾਓ ਕੀਤਾ ।
ਘੋੜਿਆਂ ਦੇ ਸੰਬੰਧਿਤ ਦਰਸ਼ਣ

7ਦਾਰਾ ਦੇ ਦੂਜੇ ਸਾਲ ਦੇ ਗਿਆਰਵੇਂ ਮਹੀਨੇ ਦੀ ਚੌਵੀ ਤਾਰੀਖ਼ ਨੂੰ ਜੋ ਉਹ ਸ਼ਬਾਟ ਦਾ ਮਹੀਨਾ ਸੀ, ਯਹੋਵਾਹ ਦਾ ਬਚਨ ਬਰਕਯਾਹ ਦੇ ਪੁੱਤਰ ਇੱਦੋ ਦੇ ਪੋਤੇ ਜ਼ਕਰਯਾਹ ਨਬੀ ਨੂੰ ਆਇਆ ਕਿ8ਮੈਂ ਰਾਤ ਨੂੰ ਦੇਖਿਆ ਤਾਂ ਵੇਖੋ, ਇੱਕ ਮਨੁੱਖ ਲਾਲ ਘੋੜੇ ਉੱਤੇ ਸਵਾਰ ਮਹਿੰਦੀ ਦੇ ਬੂਟਿਆਂ ਵਿੱਚ ਜਿਹੜੇ ਨੀਵੇਂ ਥਾਂ ਉੱਤੇ ਸਨ ਖੜ੍ਹਾ ਸੀ । ਉਸ ਦੇ ਮਗਰ ਲਾਲ, ਭੂਰੇ ਅਤੇ ਚਿੱਟੇ ਘੋੜੇ ਸਨ,9ਤਾਂ ਮੈਂ ਕਿਹਾ, ਹੇ ਪ੍ਰਭੂ, ਇਹ ਕੀ ਹਨ ? ਉਸ ਦੂਤ ਨੇ ਜਿਹੜਾ ਮੇਰੇ ਨਾਲ ਗੱਲਾਂ ਕਰਦਾ ਸੀ ਮੈਨੂੰ ਕਿਹਾ, "ਮੈਂ ਤੈਨੂੰ ਵਿਖਾਵਾਂਗਾ ਕਿ ਇਹ ਕੀ ਹਨ ।"
10ਸੋ ਉਸ ਮਨੁੱਖ ਨੇ ਜਿਹੜਾ ਮਹਿੰਦੀ ਦੇ ਬੂਟਿਆਂ ਵਿੱਚ ਖੜ੍ਹਾ ਸੀ ਉੱਤਰ ਦੇ ਕੇ ਕਿਹਾ, "ਇਹ ਉਹ ਹਨ ਜਿਨ੍ਹਾਂ ਨੂੰ ਯਹੋਵਾਹ ਨੇ ਧਰਤੀ ਵਿੱਚ ਘੁੰਮਣ ਲਈ ਭੇਜਿਆ ਹੈ ।11ਉਹਨਾਂ ਨੇ ਯਹੋਵਾਹ ਦੇ ਦੂਤ ਨੂੰ ਜਿਹੜਾ ਮਹਿੰਦੀ ਦੇ ਬੂਟਿਆਂ ਵਿੱਚ ਖੜ੍ਹਾ ਸੀ ਉੱਤਰ ਦੇ ਕੇ ਕਿਹਾ ਕਿ ਅਸੀਂ ਧਰਤੀ ਦਾ ਆਪ ਦੌਰਾ ਕੀਤਾ ਹੈ ਅਤੇ ਵੇਖੋ, ਸਾਰੀ ਧਰਤੀ ਅਮਨ ਨਾਲ ਵੱਸਦੀ ਹੈ ।
12ਅੱਗੋਂ ਯਹੋਵਾਹ ਦੇ ਦੂਤ ਨੇ ਉੱਤਰ ਦੇ ਕੇ ਕਿਹਾ, "ਹੇ ਸੈਨਾ ਦੇ ਯਹੋਵਾਹ, ਤੂੰ ਕਦੋਂ ਤੱਕ ਯਰੂਸ਼ਲਮ ਅਤੇ ਯਹੂਦਾਹ ਦੇ ਸ਼ਹਿਰਾਂ ਉੱਤੇ ਰਹਮ ਨਾ ਕਰੇਂਗਾ, ਜਿਨ੍ਹਾਂ ਉੱਤੇ ਤੂੰ ਇਹ ਸੱਤਰ ਸਾਲ ਕ੍ਰੋਧਵਾਨ ਰਿਹਾ ਹੈ ?13ਤਦ ਯਹੋਵਾਹ ਨੇ ਉਸ ਦੂਤ ਨੂੰ ਜਿਹੜਾ ਮੇਰੇ ਨਾਲ ਗੱਲਾਂ ਕਰਦਾ ਸੀ, ਚੰਗੇ ਅਤੇ ਦਿਲਾਸੇ ਦੇ ਸ਼ਬਦਾਂ ਵਿੱਚ ਉੱਤਰ ਦਿੱਤਾ ।
14ਫੇਰ ਉਸ ਦੂਤ ਨੇ ਜਿਹੜਾ ਮੇਰੇ ਨਾਲ ਗੱਲਾਂ ਕਰਦਾ ਸੀ ਮੈਨੂੰ ਕਿਹਾ, ਪੁਕਾਰ ਕੇ ਕਹਿ ਕਿ ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਯਰੂਸ਼ਲਮ ਲਈ ਮੈਨੂੰ ਅਣਖ ਹੈ ਅਤੇ ਸੀਯੋਨ ਲਈ ਵੱਡੀ ਅਣਖ ਹੈ,15ਮੈਂ ਇਹਨਾਂ ਕੌਮਾਂ ਨਾਲ ਅੱਤ ਵੱਡਾ ਕ੍ਰੋਧਵਾਨ ਰਿਹਾ ਜਿਹੜੀਆਂ ਅਰਾਮ ਵਿੱਚ ਸਨ, ਕਿਉਂ ਜੋ ਮੇਰਾ ਕ੍ਰੋਧ ਥੋੜ੍ਹਾ ਜਿਹਾ ਸੀ ਪਰ ਉਹਨਾਂ ਨੇ ਉਨ੍ਹਾਂ ਬਿਪਤਾਵਾਂ ਨੂੰ ਵਧਾ ਦਿੱਤਾ ।
16ਇਸ ਲਈ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਮੈਂ ਰਹਮ ਨਾਲ ਯਰੂਸ਼ਲਮ ਨੂੰ ਮੁੜ ਆਇਆ ਹਾਂ । ਮੇਰਾ ਭਵਨ ਇਸ ਵਿੱਚ ਉਸਾਰਿਆ ਜਾਵੇਗਾ, ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਅਤੇ ਯਰੂਸ਼ਲਮ ਦੇ ਉੱਤੇ ਨਾਪ ਦੀ ਰੱਸੀ ਖਿੱਚੀ ਜਾਵੇਗੀ ।17ਫੇਰ ਪੁਕਾਰ ਕੇ ਇਹ ਵੀ ਕਹਿ ਕਿ ਸੈਨਾ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ, "ਮੇਰੇ ਨਗਰ ਫੇਰ ਪਦਾਰਥਾਂ ਨਾਲ ਉੱਛਲਣਗੇ, ਯਹੋਵਾਹ ਫੇਰ ਸੀਯੋਨ ਨੂੰ ਤਸੱਲੀ ਦੇਵੇਗਾ ਅਤੇ ਯਰੂਸ਼ਲਮ ਨੂੰ ਫੇਰ ਚੁਣੇਗਾ ।"
ਸਿੰਙ ਦੇ ਸੰਬੰਧਿਤ ਦਰਸ਼ਣ

18ਮੈਂ ਅੱਖਾਂ ਚੁੱਕ ਕੇ ਦੇਖਿਆ, ਤਾਂ ਵੇਖੋ, ਚਾਰ ਸਿੰਙ ਸਨ,19ਤਾਂ ਮੈਂ ਉਸ ਦੂਤ ਨੂੰ ਜਿਹੜਾ ਮੇਰੇ ਨਾਲ ਗੱਲਾਂ ਕਰਦਾ ਸੀ ਕਿਹਾ, ਇਹ ਕੀ ਹਨ ? ਉਸ ਨੇ ਮੈਨੂੰ ਕਿਹਾ ਕਿ ਇਹ ਚਾਰ ਸਿੰਙ ਹਨ ਜਿਨ੍ਹਾਂ ਨੇ ਯਹੂਦਾਹ, ਇਸਰਾਏਲ ਅਤੇ ਯਰੂਸ਼ਲਮ ਨੂੰ ਤਿੱਤਰ-ਬਿੱਤਰ ਕਰ ਦਿੱਤਾ ਹੈ ।
20ਫਿਰ ਯਹੋਵਾਹ ਨੇ ਮੈਨੂੰ ਚਾਰ ਲੁਹਾਰ ਵਿਖਾਏ21ਤਾਂ ਮੈਂ ਕਿਹਾ, ਇਹ ਕੀ ਕਰਨ ਆਏ ਹਨ ? ਉਸ ਨੇ ਕਿਹਾ ਕਿ ਇਹ ਉਹ ਸਿੰਙ ਹਨ ਜਿਨ੍ਹਾਂ ਨੇ ਯਹੂਦਾਹ ਨੂੰ ਇਸ ਤਰ੍ਹਾਂ ਤਿੱਤਰ-ਬਿੱਤਰ ਕੀਤਾ ਕਿ ਕੋਈ ਮਨੁੱਖ ਸਿਰ ਨਾ ਚੁੱਕ ਸਕੇ । ਪਰ ਇਹ ਉਹਨਾਂ ਨੂੰ ਡਰਾਉਣ ਅਤੇ ਉਹਨਾਂ ਕੌਮਾਂ ਦੇ ਸਿੰਙਾਂ ਨੂੰ ਕੱਟਣ ਦੇ ਲਈ ਆਏ ਹਨ, ਜਿਨ੍ਹਾਂ ਨੇ ਯਹੂਦਾਹ ਦੇ ਦੇਸ ਨੂੰ ਤਿੱਤਰ-ਬਿੱਤਰ ਕਰਨ ਲਈ ਸਿੰਙ ਚੁੱਕਿਆ ਹੈ ।

2
ਨਾਪਣ ਵਾਲੀ ਡੋਰੀ ਦੇ ਨਾਲ ਸੰਬੰਧਿਤ ਦਰਸ਼ਣ

1ਫੇਰ ਮੈਂ ਅੱਖਾਂ ਚੁੱਕ ਕੇ ਦੇਖਿਆ ਤਾਂ ਵੇਖੋ, ਇੱਕ ਮਨੁੱਖ ਦੇ ਹੱਥ ਵਿੱਚ ਨਾਪਣ ਵਾਲੀ ਰੱਸੀ ਸੀ ।2ਮੈਂ ਕਿਹਾ, ਤੂੰ ਕਿੱਥੇ ਜਾਂਦਾ ਹੈਂ ? ਉਸ ਮੈਨੂੰ ਕਿਹਾ, ਯਰੂਸ਼ਲਮ ਨੂੰ ਨਾਪਣ ਲਈ ਜਾਂਦਾ ਹਾਂ, ਤਾਂ ਕਿ ਵੇਖਾਂ ਉਹ ਕਿੰਨਾ ਚੌੜਾ ਹੈ ਅਤੇ ਕਿੰਨਾ ਲੰਮਾ ਹੈ ।

3ਤਾਂ ਵੇਖੋ, ਜਿਹੜਾ ਦੂਤ ਮੇਰੇ ਨਾਲ ਗੱਲਾਂ ਕਰਦਾ ਸੀ, ਉਹ ਚੱਲਿਆ ਗਿਆ ਅਤੇ ਦੂਜਾ ਦੂਤ ਉਸ ਨੂੰ ਮਿਲਣ ਲਈ ਆਇਆ ।4ਉਸ ਨੇ ਉਹ ਨੂੰ ਕਿਹਾ, ਦੌੜ ਕੇ ਉਸ ਜੁਆਨ ਨੂੰ ਕਹਿ ਕਿ ਯਰੂਸ਼ਲਮ ਆਦਮੀਆਂ ਅਤੇ ਆਪਣੇ ਵਿੱਚ ਦੇ ਪਸ਼ੂਆਂ ਦੇ ਵਾਧੇ ਦੇ ਕਾਰਨ, ਬਿਨ੍ਹਾਂ ਸ਼ਹਿਰ ਪਨਾਹ ਵਾਲੇ ਪਿੰਡਾਂ ਵਾਂਗੂੰ ਵੱਸੇਗਾ ।5ਮੈਂ ਉਸ ਦੇ ਦੁਆਲੇ ਉਸ ਦੇ ਲਈ ਅੱਗ ਦੀ ਸ਼ਹਿਰ ਪਨਾਹ ਹੋਵਾਂਗਾ ਅਤੇ ਉਸ ਦੇ ਵਿੱਚ ਪਰਤਾਪ ਲਈ ਹੋਵਾਂਗਾ, ਯਹੋਵਾਹ ਦਾ ਵਾਕ ਹੈ ।
ਗੁਲਾਮੀ ਵਿੱਚ ਗਏ ਲੋਕਾਂ ਨੂੰ ਬੁਲਾਉਣਾ

6ਓਏ, ਓਏ ਉਤਰ ਦੇਸ ਵਿੱਚੋਂ ਨੱਸੋ, ਯਹੋਵਾਹ ਦਾ ਵਾਕ ਹੈ, ਕਿਉਂ ਜੋ ਮੈਂ ਅਕਾਸ਼ ਦੀਆਂ ਚਾਰੇ ਹਵਾਵਾਂ ਵਾਂਗੂੰ ਤੁਹਾਨੂੰ ਖਿਲਾਰ ਛੱਡਿਆ ਹੈ, ਯਹੋਵਾਹ ਦਾ ਵਾਕ ਹੈ ।7ਓਏ ਸੀਯੋਨਾ, ਭੱਜ ਜਾ, ਤੂੰ ਜੋ ਬਾਬਲ ਦੀ ਧੀ ਦੇ ਨਾਲ ਵੱਸਦਾ ਹੈਂ ।
8ਸੈਨਾਂ ਦਾ ਯਹੋਵਾਹ ਤਾਂ ਇਸ ਤਰ੍ਹਾਂ ਆਖਦਾ ਹੈ, ਉਸ ਨੇ ਮੈਨੂੰ ਪਰਤਾਪ ਦੇ ਪਿੱਛੇ ਉਹਨਾਂ ਕੌਮਾਂ ਕੋਲ ਭੇਜਿਆ ਹੈ ਜਿਨ੍ਹਾਂ ਤੁਹਾਨੂੰ ਲੁੱਟ ਪੁੱਟ ਲਿਆ ਹੈ, ਕਿਉਂ ਜੋ ਜਿਹੜਾ ਤੁਹਾਨੂੰ ਛੂਹੰਦਾ ਹੈ ਉਹ ਉਸ ਦੀ ਅੱਖ ਦੀ ਪੁਤਲੀ ਨੂੰ ਛੂਹੰਦਾ ਹੈ ।9ਇਸ ਲਈ ਵੇਖੋ, ਮੈਂ ਉਹਨਾਂ ਉੱਤੇ ਆਪਣਾ ਹੱਥ ਉਠਾਵਾਂਗਾ ਕਿ ਉਹ ਆਪਣੇ ਦਾਸਾਂ ਲਈ ਲੁੱਟ ਦਾ ਮਾਲ ਹੋਣ, ਫੇਰ ਤੁਸੀਂ ਜਾਣੋਗੇ ਕਿ ਸੈਨਾਂ ਦੇ ਯਹੋਵਾਹ ਨੇ ਮੈਨੂੰ ਭੇਜਿਆ ਹੈ ।
10ਹੇ ਸੀਯੋਨ ਦੀਏ ਧੀਏ, ਜੈਕਾਰਾ ਗਜਾ ਅਤੇ ਅਨੰਦ ਹੋ ਕਿਉਂ ਜੋ ਦੇਖ, ਮੈਂ ਆ ਕੇ ਤੇਰੇ ਵਿੱਚ ਵੱਸਾਂਗਾ, ਯਹੋਵਾਹ ਦਾ ਵਾਕ ਹੈ ।11ਉਸ ਸਮੇਂ ਬਹੁਤ ਸਾਰੀਆਂ ਕੌਮਾਂ ਯਹੋਵਾਹ ਨਾਲ ਮੇਲ ਕਰ ਲੈਣਗੀਆਂ ਅਤੇ ਉਹ ਮੇਰੀ ਪਰਜਾ ਹੋਣਗੀਆਂ, ਮੈਂ ਉਹਨਾਂ ਦੇ ਵਿੱਚ ਵੱਸਾਂਗਾ, ਤਦ ਤੂੰ ਜਾਣੇਂਗੀ ਕਿ ਸੈਨਾਂ ਦੇ ਯਹੋਵਾਹ ਨੇ ਮੈਨੂੰ ਤੇਰੇ ਕੋਲ ਭੇਜਿਆ ਹੈ ।
12ਯਹੋਵਾਹ ਯਹੂਦਾਹ ਨੂੰ ਪਵਿੱਤਰ ਭੂਮੀ ਉੱਤੇ ਆਪਣੀ ਮਿਲਖ ਦਾ ਹਿੱਸਾ ਠਹਿਰਾਵੇਗਾ ਅਤੇ ਯਰੂਸ਼ਲਮ ਨੂੰ ਫੇਰ ਚੁਣੇਗਾ ।13ਹੇ ਸਾਰੇ ਮਨੁੱਖੋ, ਯਹੋਵਾਹ ਦੇ ਅੱਗੇ ਚੁੱਪ ਹੋ ਜਾਓ, ਕਿਉਂ ਜੋ ਉਹ ਆਪਣੇ ਪਵਿੱਤਰ ਸਥਾਨ ਤੋਂ ਜਾਗ ਉੱਠਿਆ ਹੈ ।

3
ਮਹਾਂ ਜਾਜਕ ਦੇ ਨਾਲ ਸੰਬੰਧਿਤ ਦਰਸ਼ਣ

1ਫੇਰ ਉਸ ਨੇ ਮੈਨੂੰ ਦਿਖਾਇਆ ਕਿ ਪ੍ਰਧਾਨ ਜਾਜਕ ਯਹੋਸ਼ੁਆ ਯਹੋਵਾਹ ਦੇ ਦੂਤ ਦੇ ਸਨਮੁਖ ਖੜ੍ਹਾ ਹੈ ਅਤੇ ਸ਼ੈਤਾਨ ਉਸ ਨਾਲ ਵਿਰੋਧ ਕਰਨ ਦੇ ਲਈ ਉਸ ਦੇ ਸੱਜੇ ਪਾਸੇ ਖੜ੍ਹਾ ਹੈ ।2ਤਦ ਯਹੋਵਾਹ ਨੇ ਸ਼ੈਤਾਨ ਨੂੰ ਕਿਹਾ, ਹੇ ਸ਼ੈਤਾਨ, ਯਹੋਵਾਹ ਤੈਨੂੰ ਝਿੜਕੇ, ਹਾਂ, ਯਹੋਵਾਹ ਜਿਸ ਨੇ ਯਰੂਸ਼ਲਮ ਨੂੰ ਚੁਣ ਲਿਆ ਹੈ ਤੈਨੂੰ ਝਿੜਕੇ ! ਕੀ ਇਹ ਉਹ ਅੱਧ ਜਲੀ ਲੱਕੜੀ ਨਹੀਂ ਜਿਹੜੀ ਅੱਗ ਵਿੱਚੋਂ ਧੂਈ ਗਈ ਹੈ ?3ਯਹੋਸ਼ੁਆ ਮੈਲ਼ੇ ਕੱਪੜਿਆਂ ਨਾਲ ਦੂਤ ਦੇ ਸਨਮੁਖ ਖੜ੍ਹਾ ਸੀ ।

4ਤਾਂ ਉਸ ਨੇ ਉਹਨਾਂ ਨੂੰ ਜਿਹੜੇ ਸਾਹਮਣੇ ਖੜੇ ਸਨ, ਉੱਤਰ ਦੇ ਕੇ ਕਿਹਾ ਕਿ ਇਸ ਤੋਂ ਮੈਲ਼ੇ ਕੱਪੜੇ ਲਾਹ ਲਓ ! ਅਤੇ ਉਹ ਨੇ ਉਸ ਨੂੰ ਕਿਹਾ, ਵੇਖ, ਮੈਂ ਤੇਰੀ ਬੁਰਿਆਈ ਤੇਰੇ ਕੋਲੋਂ ਦੂਰ ਕਰ ਦਿੱਤੀ ਹੈ ਅਤੇ ਤੈਨੂੰ ਕੀਮਤੀ ਬਸਤਰ ਪਹਿਨਾਵਾਂਗਾ ।5ਮੈਂ ਕਿਹਾ, ਇਸ ਦੇ ਸਿਰ ਉੱਤੇ ਉਹ ਸਾਫ਼ ਪੱਗੜੀ ਰੱਖਣ ! ਤਾਂ ਉਹਨਾਂ ਨੇ ਉਸ ਦੇ ਸਿਰ ਉੱਤੇ ਸਾਫ਼ ਪੱਗੜੀ ਰੱਖੀ ਅਤੇ ਕੱਪੜੇ ਪੁਆਏ, ਯਹੋਵਾਹ ਦਾ ਦੂਤ ਕੋਲ ਖੜ੍ਹਾ ਰਿਹਾ ।
6ਯਹੋਵਾਹ ਦੇ ਦੂਤ ਨੇ ਯਹੋਸ਼ੁਆ ਨੂੰ ਹੁਕਮ ਦਿੱਤਾ ਕਿ7ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਕਹਿੰਦਾ ਹੈ ਕਿ ਜੇ ਤੂੰ ਮੇਰਿਆਂ ਮਾਰਗਾਂ ਵਿੱਚ ਚੱਲੇਂਗਾ, ਜੇ ਤੂੰ ਮੇਰੇ ਹੁਕਮਾਂ ਦੀ ਪਾਲਨਾ ਕਰੇਂਗਾ, ਤਾਂ ਤੂੰ ਮੇਰੇ ਭਵਨ ਉੱਤੇ ਹਕੂਮਤ ਕਰੇਂਗਾ, ਮੇਰੇ ਵਿਹੜਿਆਂ ਦੀ ਰਾਖੀ ਕਰੇਂਗਾ ਅਤੇ ਮੈਂ ਤੈਨੂੰ ਜਿਹੜੇ ਖੜੇ ਹਨ ਉਹਨਾਂ ਵਿੱਚ ਆਉਣ ਜਾਣ ਦਾ ਹੱਕ ਦਿਆਂਗਾ ।
8ਹੇ ਯਹੋਸ਼ੁਆ, ਪ੍ਰਧਾਨ ਜਾਜਕ, ਸੁਣ, ਤੂੰ ਅਤੇ ਤੇਰੇ ਸਾਥੀ ਜਿਹੜੇ ਤੇਰੇ ਸਨਮੁਖ ਬੈਠੇ ਹਨ, ਇਹ ਆਉਣ ਵਾਲੀਆਂ ਚੀਜ਼ਾਂ ਦੇ ਨਿਸ਼ਾਨ ਦੇ ਲਈ ਹਨ । ਵੇਖੋ, ਮੈਂ ਆਪਣੇ ਦਾਸ ਅਰਥਾਤ ਸ਼ਾਖ ਨੂੰ ਲੈ ਆਵਾਂਗਾ ।9ਕਿਉਂ ਜੋ ਉਸ ਪੱਥਰ ਨੂੰ ਦੇਖ ਜਿਹੜਾ ਮੈਂ ਯਹੋਸ਼ੁਆ ਦੇ ਅੱਗੇ ਰੱਖਿਆ ਹੈ । ਉਸ ਇੱਕੋ ਪੱਥਰ ਉੱਤੇ ਸੱਤ ਅੱਖਾਂ ਹਨ । ਵੇਖ, ਮੈਂ ਇਸ ਉੱਤੇ ਇਹ ਲਿਖਤ ਉੱਕਰਾਂਗਾ, ਸੈਨਾਂ ਦੇ ਯਹੋਵਾਹ ਦਾ ਵਾਕ ਹੈ ਅਤੇ ਮੈਂ ਇੱਕੋ ਦਿਨ ਵਿੱਚ ਇਸ ਦੇਸ ਦੀ ਬੁਰਿਆਈ ਨੂੰ ਦੂਰ ਕਰ ਦਿਆਂਗਾ ।
10ਉਸ ਦਿਨ ਤੁਹਾਡੇ ਵਿੱਚੋਂ ਹਰ ਮਨੁੱਖ ਆਪਣੇ ਗੁਆਂਢੀ ਨੂੰ ਆਪਣੀ ਹੰਜੀਰ ਦੇ ਦਰੱਖਤ ਹੇਠ ਅਤੇ ਆਪਣੀ ਅੰਗੂਰੀ ਬੇਲ ਦੇ ਹੇਠ ਬੁਲਾਵੇਗਾ, ਸੈਨਾਂ ਦੇ ਯਹੋਵਾਹ ਦਾ ਵਾਕ ਹੈ ।

4
ਦੀਵਟ ਅਤੇ ਜੈਤੂਨ ਦੇ ਰੁੱਖਾਂ ਦੇ ਨਾਲ ਸੰਬੰਧਿਤ ਦਰਸ਼ਣ

1ਉਹ ਦੂਤ ਜਿਹੜਾ ਮੇਰੇ ਨਾਲ ਗੱਲਾਂ ਕਰਦਾ ਸੀ ਫੇਰ ਮੁੜਿਆ ਅਤੇ ਉਹ ਨੇ ਮੈਨੂੰ ਉਸ ਮਨੁੱਖ ਵਾਂਗੂੰ ਜਗਾਇਆ ਜਿਹੜਾ ਆਪਣੀ ਨੀਂਦ ਤੋਂ ਜਾਗਦਾ ਹੈ ।2ਉਸ ਮੈਨੂੰ ਕਿਹਾ, ਤੂੰ ਕੀ ਦੇਖਦਾ ਹੈਂ ? ਮੈਂ ਕਿਹਾ, ਮੈਂ ਦੇਖਿਆ ਤਾਂ ਵੇਖੋ, ਇੱਕ ਸ਼ਮਾਦਾਨ ਸੰਪੂਰਣ ਸੋਨੇ ਦਾ ਸੀ, ਉਹ ਦੇ ਸਿਰ ਉੱਤੇ ਇੱਕ ਕਟੋਰਾ ਸੀ, ਉਸ ਉੱਤੇ ਸੱਤ ਦੀਵੇ ਸਨ ਅਤੇ ਉਹਨਾਂ ਦੀਵਿਆਂ ਲਈ ਸੱਤ-ਸੱਤ ਨਾਲੀਆਂ ਸਨ, ਜਿਹੜੀਆਂ ਉਸ ਦੇ ਸਿਰ ਉੱਤੇ ਸਨ ।3ਉਸ ਦੇ ਕੋਲ ਜ਼ੈਤੂਨ ਦੇ ਦੋ ਦਰੱਖਤ ਸ਼ਮਾਦਾਨ ਦੇ ਸੱਜੇ ਅਤੇ ਖੱਬੇ ਪਾਸੇ ਸਨ ।

4ਫੇਰ ਮੈਂ ਦੂਤ ਨੂੰ ਜਿਹੜਾ ਮੇਰੇ ਨਾਲ ਗੱਲਾਂ ਕਰਦਾ ਸੀ ਕਿਹਾ, ਕਿ ਹੇ ਮਾਲਕ, ਇਹ ਕੀ ਹਨ ?5ਉਸ ਦੂਤ ਨੇ ਜਿਹੜਾ ਮੇਰੇ ਨਾਲ ਗੱਲਾਂ ਕਰਦਾ ਸੀ ਕਿਹਾ, ਕੀ ਤੂੰ ਨਹੀਂ ਜਾਣਦਾ ਕਿ ਇਹ ਕੀ ਹਨ ? ਮੈਂ ਕਿਹਾ, ਨਹੀਂ, ਮੇਰੇ ਪ੍ਰਭੂ ।
6ਉਸ ਫੇਰ ਮੈਨੂੰ ਕਿਹਾ ਕਿ ਇਹ ਜ਼ਰੁੱਬਾਬਲ ਲਈ ਯਹੋਵਾਹ ਦਾ ਬਚਨ ਹੈ ਕਿ ਨਾ ਸ਼ਕਤੀ ਨਾਲ, ਨਾ ਬਲ ਨਾਲ, ਸਗੋਂ ਮੇਰੇ ਆਤਮਾ ਨਾਲ, ਸੈਨਾਂ ਦੇ ਯਹੋਵਾਹ ਦਾ ਫ਼ਰਮਾਨ ਹੈ ।7ਹੇ ਵੱਡੇ ਪਹਾੜ, ਤੂੰ ਕੀ ਹੈਂ ? ਤੂੰ ਜ਼ਰੁੱਬਾਬਲ ਦੇ ਅੱਗੇ ਮਦਾਨ ਹੋ ਜਾਵੇਂਗਾ ਅਤੇ ਉਹ ਚੋਟੀ ਦਾ ਪੱਥਰ ਪੁਕਾਰਦੇ ਹੋਏ ਬਾਹਰ ਲੈ ਆਵੇਗਾ ਕਿ ਇਹ ਦੇ ਲਈ ਕਿਰਪਾ ਹੋਵੇ, ਕਿਰਪਾ !।
8ਤਾਂ ਯਹੋਵਾਹ ਦਾ ਬਚਨ ਮੈਨੂੰ ਆਇਆ ਕਿ9ਜ਼ਰੁੱਬਾਬਲ ਦੇ ਹੱਥਾਂ ਨੇ ਇਸ ਭਵਨ ਦੀ ਨੀਂਹ ਰੱਖੀ ਅਤੇ ਉਸੇ ਦੇ ਹੱਥ ਇਸ ਨੂੰ ਪੂਰਾ ਵੀ ਕਰਨਗੇ, ਤਦ ਤੂੰ ਜਾਣੇਗਾ ਕਿ ਸੈਨਾਂ ਦੇ ਯਹੋਵਾਹ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ ।10ਉਹ ਕੌਣ ਹੈ ਜਿਸ ਨੇ ਛੋਟੀਆਂ ਗੱਲਾਂ ਦੇ ਦਿਨ ਦੀ ਨਿਰਾਦਰੀ ਕੀਤੀ ਹੋਵੇ ? ਉਹ ਅਨੰਦ ਹੋਣਗੇ ਅਤੇ ਜ਼ਰੁੱਬਾਬਲ ਦੇ ਹੱਥ ਵਿੱਚ ਸਾਹਲ ਨੂੰ ਵੇਖਣਗੇ, ਇਹ ਯਹੋਵਾਹ ਦੀਆਂ ਸੱਤ ਅੱਖਾਂ ਹਨ, ਜਿਹੜੀਆਂ ਸਾਰੀ ਧਰਤੀ ਵਿੱਚ ਨੱਠੀਆਂ ਫਿਰਦੀਆਂ ਹਨ ।11ਤਦ ਮੈਂ ਉਸ ਨੂੰ ਕਿਹਾ ਕਿ ਇਹ ਦੋ ਜ਼ੈਤੂਨ ਦੇ ਦਰੱਖਤ ਜਿਹੜੇ ਸ਼ਮਾਦਾਨ ਦੇ ਸੱਜੇ ਅਤੇ ਖੱਬੇ ਪਾਸੇ ਉੱਤੇ ਹਨ ਕੀ ਹਨ ?
12ਫੇਰ ਦੂਜੀ ਵਾਰ ਮੈਂ ਉਸ ਨੂੰ ਕਿਹਾ ਕਿ ਜ਼ੈਤੂਨ ਦੀਆਂ ਇਹ ਦੋ ਟਹਿਣੀਆਂ ਕੀ ਹਨ, ਜਿਹੜੀਆਂ ਸੋਨੇ ਦੀਆਂ ਦੋਹਾਂ ਨਾਲੀਆਂ ਦੇ ਬਰਾਬਰ ਤੇ ਹਨ ਜਿਨ੍ਹਾਂ ਦੇ ਰਾਹੀਂ ਸੁਨਹਿਲਾ ਤੇਲ ਨਿੱਕਲਦਾ ਹੈ ?13ਉਸ ਮੈਨੂੰ ਕਿਹਾ, ਕੀ ਤੂੰ ਨਹੀਂ ਜਾਣਦਾ ਕਿ ਇਹ ਕੀ ਹਨ ? ਮੈਂ ਕਿਹਾ, ਹੇ ਮੇਰੇ ਪ੍ਰਭੂ, ਨਹੀਂ
14ਉਸ ਕਿਹਾ, ਇਹ ਤੇਲ ਨਾਲ ਮਸਹ ਹੋਏ ਦੋ ਪੁਰਖ ਹਨ, ਜੋ ਸਾਰੀ ਧਰਤੀ ਦੇ ਮਾਲਕ ਦੇ ਹਜ਼ੂਰ ਖੜੇ ਰਹਿੰਦੇ ਹਨ ।

5
ਉੱਡਦੇ ਹੋਏ ਪੱਤਰ ਦੇ ਨਾਲ ਸੰਬੰਧਿਤ ਦਰਸ਼ਣ

1ਮੈਂ ਮੁੜ ਕੇ ਅੱਖਾਂ ਚੁੱਕ ਕੇ ਦੇਖਿਆ ਤਾਂ ਵੇਖੋ, ਇੱਕ ਉੱਡਦੀ ਹੋਈ ਲਪੇਟਵੀਂ ਪੱਤ੍ਰੀ ਸੀ ।2ਉਸ ਨੇ ਮੈਨੂੰ ਕਿਹਾ, ਤੂੰ ਕੀ ਦੇਖਦਾ ਹੈਂ ? ਮੈਂ ਕਿਹਾ, ਮੈਂ ਇੱਕ ਉੱਡਦੀ ਹੋਈ ਲਪੇਟਵੀਂ ਪੱਤ੍ਰੀ ਦੇਖਦਾ ਹਾਂ, ਜਿਸ ਦੀ ਲੰਬਾਈ ਵੀਹ ਹੱਥ ਅਤੇ ਚੌੜਾਈ ਦਸ ਹੱਥ ਹੈ ।

3ਫੇਰ ਉਸ ਮੈਨੂੰ ਕਿਹਾ, ਇਹ ਉਹ ਸਰਾਪ ਹੈ ਜਿਹੜਾ ਸਾਰੇ ਦੇਸ ਦੀ ਪਰਤ ਉੱਤੇ ਆਉਣ ਵਾਲਾ ਹੈ, ਕਿਉਂ ਜੋ ਹਰੇਕ ਚੋਰੀ ਕਰਦਾ ਹੈ, ਹੁਣ ਤੋਂ ਉਹ ਇਸ ਦੇ ਅਨੁਸਾਰ ਕੱਟਿਆ ਜਾਵੇਗਾ ਅਤੇ ਹਰੇਕ ਜੋ ਸਹੁੰ ਖਾਂਦਾ ਹੈ, ਉਹ ਇਸ ਦੇ ਅਨੁਸਾਰ ਹੁਣ ਤੋਂ ਕੱਟਿਆ ਜਾਵੇਗਾ ।4ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਮੈਂ ਉਸ ਨੂੰ ਬਾਹਰ ਲਿਆਵਾਂਗਾ । ਉਹ ਚੋਰ ਦੇ ਘਰ ਵਿੱਚ ਅਤੇ ਮੇਰੇ ਨਾਮ ਦੀ ਝੂਠੀ ਸਹੁੰ ਖਾਣ ਵਾਲੇ ਦੇ ਘਰ ਵਿੱਚ ਵੜੇਗਾ, ਉਹ ਉਸ ਦੇ ਘਰ ਦੇ ਅੰਦਰ ਟਿਕੇਗਾ ਅਤੇ ਉਸ ਨੂੰ ਲੱਕੜੀ ਅਤੇ ਪੱਥਰ ਸਮੇਤ ਨਾਸ ਕਰੇਗਾ ।
ਏਫਾਹ ਵਿੱਚ ਬੈਠੀ ਹੋਈ ਔਰਤ ਦੇ ਨਾਲ ਸੰਬੰਧਿਤ ਦਰਸ਼ਣ

5ਤਦ ਉਹ ਦੂਤ ਜਿਹੜਾ ਮੇਰੇ ਨਾਲ ਗੱਲਾਂ ਕਰਦਾ ਸੀ, ਬਾਹਰ ਆਇਆ ਅਤੇ ਉਸ ਨੇ ਮੈਨੂੰ ਕਿਹਾ, ਤੂੰ ਆਪਣੀਆਂ ਅੱਖਾਂ ਚੁੱਕ ਕੇ ਦੇਖ ! ਉਹ ਕੀ ਹੈ ਜੋ ਬਾਹਰ ਨੂੰ ਨਿੱਕਲਦਾ ਹੈ ?6ਮੈਂ ਕਿਹਾ, ਇਹ ਕੀ ਹੈ ? ਉਸ ਨੇ ਕਿਹਾ ਕਿ ਉਹ ਇੱਕ ਏਫਾਹ ਬਾਹਰ ਨੂੰ ਨਿੱਕਲ ਰਿਹਾ ਹੈ । ਉਸ ਨੇ ਕਿਹਾ, ਸਾਰੇ ਦੇਸ ਵਿੱਚ ਉਹਨਾਂ ਦੀ ਇਹ ਬਦੀ ਹੈ ।7ਤਾਂ ਵੇਖੋ, ਸਿੱਕੇ ਦਾ ਇੱਕ ਢੱਕਣ ਉੱਪਰ ਚੁੱਕਿਆ ਗਿਆ ਅਤੇ ਇੱਕ ਔਰਤ ਏਫਾਹ ਦੇ ਵਿੱਚ ਬੈਠੀ ਹੋਈ ਸੀ ।
8ਉਸ ਕਿਹਾ ਕਿ ਇਹ ਦੁਸ਼ਟਪੁਣਾ ਹੈ । ਉਸ ਨੇ ਔਰਤ ਨੂੰ ਏਫਾਹ ਵਿੱਚ ਧੱਕ ਦਿੱਤਾ ਅਤੇ ਉਸ ਸਿੱਕੇ ਦੇ ਢੱਕਣ ਨੂੰ ਏਫਾਹ ਦੇ ਮੂੰਹ ਉੱਤੇ ਸੁੱਟ ਦਿੱਤਾ ।9ਫੇਰ ਮੈਂ ਆਪਣੀਆਂ ਅੱਖਾਂ ਚੁੱਕ ਕੇ ਦੇਖਿਆ ਤਾਂ ਵੇਖੋ, ਦੋ ਇਸਤਰੀਆਂ ਬਾਹਰ ਨਿੱਕਲੀਆਂ ਅਤੇ ਹਵਾ ਉਹਨਾਂ ਦੇ ਖੰਭਾਂ ਦੇ ਵਿੱਚ ਸੀ, ਕਿਉਂ ਜੋ ਉਹਨਾਂ ਦੇ ਖੰਭ ਲਮਢੀਂਗ ਦੇ ਖੰਭਾਂ ਵਰਗੇ ਸਨ । ਉਹਨਾਂ ਨੇ ਏਫਾਹ ਨੂੰ ਧਰਤੀ ਅਤੇ ਅਕਾਸ਼ ਦੇ ਵਿੱਚ ਵਿਚਾਲੇ ਤੱਕ ਚੁੱਕਿਆ
10ਤਾਂ ਮੈਂ ਉਸ ਦੂਤ ਨੂੰ ਜਿਹੜਾ ਮੇਰੇ ਨਾਲ ਗੱਲਾਂ ਕਰਦਾ ਸੀ ਕਿਹਾ, ਇਹ ਏਫਾਹ ਨੂੰ ਕਿੱਥੇ ਲੈ ਚੱਲੀਆਂ ਹਨ ?11ਉਸ ਮੈਨੂੰ ਕਿਹਾ ਕਿ ਸ਼ਿਨਆਰ ਦੇਸ ਵਿੱਚ ਉਸ ਦਾ ਇੱਕ ਘਰ ਬਣਾਉਣਾ ਹੈ । ਜਦ ਉਹ ਤਿਆਰ ਹੋ ਜਾਵੇ ਤਾਂ ਉਹ ਦੇ ਅੱਡੇ ਉੱਤੇ ਉਹ ਰੱਖਿਆ ਜਾਵੇਗਾ ।

6
ਚਾਰ ਰੱਥਾਂ ਦੇ ਨਾਲ ਸੰਬੰਧਿਤ ਦਰਸ਼ਣ

1ਮੈਂ ਫਿਰ ਅੱਖਾਂ ਚੁੱਕ ਕੇ ਦੇਖਿਆ ਤਾਂ ਵੇਖੋ, ਦੋ ਪਹਾੜਾਂ ਦੇ ਵਿਚੋਂ ਚਾਰ ਰਥ ਬਾਹਰ ਨੂੰ ਨਿੱਕਲ ਰਹੇ ਸਨ ਅਤੇ ਉਹ ਪਹਾੜ ਪਿੱਤਲ ਦੇ ਪਹਾੜ ਸਨ ।2ਪਹਿਲੇ ਰਥ ਦੇ ਘੋੜੇ ਲਾਲ, ਦੂਜੇ ਰਥ ਦੇ ਘੋੜੇ ਕਾਲੇ,3ਤੀਜੇ ਰਥ ਦੇ ਘੋੜੇ ਚਿੱਟੇ ਅਤੇ ਚੌਥੇ ਰਥ ਦੇ ਘੋੜੇ ਡੱਬੇ ਅਤੇ ਤੇਜ ਸਨ ।4ਫੇਰ ਮੈਂ ਉਸ ਦੂਤ ਨੂੰ ਜਿਹੜਾ ਮੇਰੇ ਨਾਲ ਗੱਲਾਂ ਕਰਦਾ ਸੀ, ਉੱਤਰ ਦੇ ਕੇ ਕਿਹਾ ਕਿ ਹੇ ਮੇਰੇ ਪ੍ਰਭੂ, ਇਹ ਕੀ ਹਨ ?

5ਤਾਂ ਉਸ ਦੂਤ ਨੇ ਉੱਤਰ ਦੇ ਕੇ ਮੈਨੂੰ ਕਿਹਾ ਕਿ ਇਹ ਅਕਾਸ਼ ਦੀਆਂ ਚਾਰ ਹਵਾਵਾਂ ਹਨ ਜੋ ਨਿੱਕਲਦੀਆਂ ਹਨ, ਜਦ ਉਹ ਸਾਰੀ ਧਰਤੀ ਦੇ ਪ੍ਰਭੂ ਦੇ ਹਜ਼ੂਰ ਖੜੀਆਂ ਹੋਣ ।6ਜਿਹ ਦੇ ਵਿੱਚ ਕਾਲੇ ਘੋੜੇ ਹਨ ਉਹ ਉੱਤਰ ਦੇਸ ਨੂੰ ਨਿੱਕਲ ਕੇ ਜਾਂਦਾ ਹੈ, ਚਿੱਟੇ ਘੋੜਿਆਂ ਵਾਲਾ ਉਹ ਦੇ ਪਿੱਛੇ ਨਿੱਕਲ ਕੇ ਜਾਂਦਾ ਹੈ ਅਤੇ ਡੱਬੇ ਘੋੜਿਆਂ ਵਾਲਾ ਦੱਖਣ ਦੇਸ ਨੂੰ ਨਿੱਕਲ ਕੇ ਜਾਂਦਾ ਹੈ ।
7ਜਦ ਇਹ ਤੇਜ ਘੋੜੇ ਨਿੱਕਲੇ, ਤਾਂ ਉਹਨਾਂ ਨੇ ਧਰਤੀ ਉੱਤੇ ਘੁੰਮਣ ਦੇ ਲਈ ਜਾਣਾ ਚਾਹਿਆ । ਉਸ ਨੇ ਕਿਹਾ, ਚੱਲੋ ਅਤੇ ਧਰਤੀ ਵਿੱਚ ਘੁੰਮੋ, ਸੋ ਉਹਨਾਂ ਨੇ ਧਰਤੀ ਵਿੱਚ ਦੌਰਾ ਕੀਤਾ ।8ਤਦ ਉਸ ਨੇ ਅਵਾਜ਼ ਮਾਰ ਕੇ ਮੈਨੂੰ ਕਿਹਾ, ਵੇਖ, ਜਿਹੜੇ ਉੱਤਰ ਦੇਸ ਨੂੰ ਜਾਂਦੇ ਹਨ, ਉਹਨਾਂ ਨੇ ਉੱਤਰ ਦੇਸ ਵਿੱਚ ਮੇਰੇ ਆਤਮਾ ਨੂੰ ਸ਼ਾਂਤ ਕੀਤਾ ਹੈ ।
ਯਹੋਸ਼ੁਆ ਦਾ ਰਾਜ ਅਭਿਸ਼ੇਕ

9ਤਦ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ10ਤੂੰ ਗੁਲਾਮਾਂ ਵਿੱਚੋਂ ਹਲਦੀ, ਟੋਬੀਯਾਹ ਅਤੇ ਯਦਅਯਾਹ ਨੂੰ ਲੈ ਅਤੇ ਤੂੰ ਅੱਜ ਦੇ ਹੀ ਦਿਨ ਆ ਕੇ ਸਫ਼ਨਯਾਹ ਦੇ ਪੁੱਤਰ ਯੋਸ਼ੀਯਾਹ ਦੇ ਘਰ ਜਾ, ਜਿੱਥੇ ਉਹ ਬਾਬਲ ਤੋਂ ਆਏ ਹਨ11ਅਤੇ ਚਾਂਦੀ ਸੋਨਾ ਲੈ ਕੇ ਤਾਜ ਬਣਾ ਅਤੇ ਪ੍ਰਧਾਨ ਜਾਜਕ ਯਹੋਸਾਦਾਕ ਦੇ ਪੁੱਤਰ ਯਹੋਸ਼ੁਆ ਦੇ ਸਿਰ ਉੱਤੇ ਰੱਖ
12ਅਤੇ ਤੂੰ ਉਹ ਨੂੰ ਆਖ ਕਿ ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਕਹਿੰਦਾ ਹੈ ਕਿ ਦੇਖੋ, ਇੱਕ ਪੁਰਖ ਜਿਹ ਦਾ ਨਾਮ ਸ਼ਾਖ ਹੈ, ਉਹ ਆਪਣੇ ਥਾਂ ਤੋਂ ਸ਼ਾਖਾਂ ਦੇਵੇਗਾ ਅਤੇ ਯਹੋਵਾਹ ਦੀ ਹੈਕਲ ਨੂੰ ਬਣਾਵੇਗਾ ।13ਉਹੀ ਯਹੋਵਾਹ ਦੀ ਹੈਕਲ ਨੂੰ ਬਣਾਵੇਗਾ । ਉਹ ਸ਼ਾਨ ਵਾਲਾ ਹੋਵੇਗਾ ਅਤੇ ਉਹ ਆਪਣੇ ਸਿੰਘਾਸਣ ਉੱਤੇ ਬੈਠ ਕੇ ਹਕੂਮਤ ਕਰੇਗਾ । ਇੱਕ ਜਾਜਕ ਵੀ ਆਪਣੇ ਸਿੰਘਾਸਣ ਉੱਤੇ ਹੋਵੇਗਾ ਅਤੇ ਦੋਹਾਂ ਦੇ ਵਿੱਚ ਸ਼ਾਂਤੀ ਦੀਆਂ ਯੋਜਨਾਵਾਂ ਹੋਣਗੀਆਂ ।
14ਉਹ ਤਾਜ ਹੇਲਮ ਲਈ, ਟੋਬੀਯਾਹ ਲਈ, ਯਦਅਯਾਹ ਲਈ ਅਤੇ ਸਫਨਯਾਹ ਦੇ ਪੁੱਤਰ ਹੇਨ ਲਈ ਯਹੋਵਾਹ ਦੀ ਹੈਕਲ ਵਿੱਚ ਯਾਦਗਿਰੀ ਲਈ ਹੋਵੇਗਾ ।15ਤਾਂ ਦੂਰ-ਦੂਰ ਦੇ ਲੋਕ ਆਉਣਗੇ ਅਤੇ ਯਹੋਵਾਹ ਦੀ ਹੈਕਲ ਨੂੰ ਬਣਾਉਣਗੇ । ਤਦ ਤੁਸੀਂ ਜਾਣੋਗੇ ਕਿ ਸੈਨਾਂ ਦੇ ਯਹੋਵਾਹ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ । ਜੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨੂੰ ਦਿਲ ਲਾ ਕੇ ਸੁਣੋਗੇ ਤਾਂ ਇਹ ਹੋ ਜਾਵੇਗਾ ।

7
ਵਰਤ ਦੇ ਬਾਰੇ

1ਦਾਰਾ ਪਾਤਸ਼ਾਹ ਦੇ ਚੌਥੇ ਸਾਲ ਵਿੱਚ ਇਸ ਤਰ੍ਹਾਂ ਹੋਇਆ ਕਿ ਯਹੋਵਾਹ ਦੀ ਬਾਣੀ ਨੌਵੇਂ ਮਹੀਨੇ ਦੀ ਚੌਥੀ ਤਾਰੀਖ਼ ਨੂੰ ਅਰਥਾਤ ਕਿਸਲੇਵ ਮਹੀਨੇ ਵਿੱਚ ਜ਼ਕਰਯਾਹ ਨੂੰ ਆਈ ।2ਤਾਂ ਬੈਤਏਲ ਵਾਲਿਆਂ ਨੇ ਸ਼ਰਾਸਰ, ਰਗਮ ਮਲਕ ਅਤੇ ਉਸ ਦੇ ਮਨੁੱਖਾਂ ਨੂੰ ਭੇਜਿਆ ਕਿ ਯਹੋਵਾਹ ਦੇ ਅੱਗੇ ਬੇਨਤੀ ਕਰਨ3ਅਤੇ ਜਾਜ਼ਕਾਂ ਨੂੰ ਜਿਹੜੇ ਸੈਨਾਂ ਦੇ ਯਹੋਵਾਹ ਦੇ ਭਵਨ ਲਈ ਸਨ ਅਤੇ ਨਬੀਆਂ ਨੂੰ ਆਖਣ, ਕਿ ਮੈਂ ਪੰਜਵੇਂ ਮਹੀਨੇ ਵਿੱਚ ਵਰਤ ਰੱਖਾਂ ਅਤੇ ਸੋਗ ਕਰਨ, ਜਿਵੇਂ ਮੈਂ ਕਈ ਸਾਲਾਂ ਤੋਂ ਕਰਦਾ ਰਿਹਾ ਹਾਂ ?

4ਫੇਰ ਸੈਨਾਂ ਦੇ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ5ਦੇਸ ਦੇ ਸਾਰੇ ਲੋਕਾਂ ਨੂੰ ਅਤੇ ਜਾਜ਼ਕਾਂ ਨੂੰ ਆਖ ਕਿ ਜਦ ਤੁਸੀਂ ਇਹਨਾਂ ਸੱਤਰ ਸਾਲਾਂ ਤੋਂ ਪੰਜਵੇਂ ਅਤੇ ਸੱਤਵੇਂ ਮਹੀਨੇ ਵਿਚ ਵਰਤ ਰੱਖਦੇ ਅਤੇ ਸੋਗ ਕਰਦੇ ਸੀ, ਕੀ ਤੁਸੀਂ ਕਦੀ ਮੇਰੇ ਲਈ ਵਰਤ ਰੱਖਿਆ ?6ਜਦ ਤੁਸੀਂ ਖਾਂਦੇ-ਪੀਂਦੇ ਹੋ, ਤਾਂ ਕੀ ਆਪਣੇ ਲਈ ਹੀ ਨਹੀਂ ਖਾਂਦੇ ਅਤੇ ਆਪਣੇ ਲਈ ਹੀ ਨਹੀਂ ਪੀਂਦੇ ਹੋ ?7ਕੀ ਇਹ ਉਹ ਗੱਲਾਂ ਨਹੀਂ ਹਨ ਜਿਹੜੀਆਂ ਯਹੋਵਾਹ ਨੇ ਪਹਿਲੇ ਨਬੀਆਂ ਦੇ ਰਾਹੀਂ ਪੁਕਾਰ ਕੇ ਆਖੀਆਂ ਸਨ, ਜਦੋਂ ਯਰੂਸ਼ਲਮ ਸੁੱਖ ਅਤੇ ਚੈਨ ਦੇ ਨਾਲ ਵੱਸਦਾ ਸੀ ਅਤੇ ਉਹ ਦੇ ਆਲੇ-ਦੁਆਲੇ ਦੇ ਨਗਰ, ਦੱਖਣ ਅਤੇ ਹੇਠਾਂ ਵਾਲੇ ਨਗਰ ਵੀ ਵੱਸਦੇ ਸਨ ?
ਗੁਲਾਮੀ ਦੇ ਵਿੱਚ ਜਾਣ ਦਾ ਕਾਰਨ ਆਗਿਆ ਨਾ ਮੰਨਣਾ

8ਫੇਰ ਯਹੋਵਾਹ ਦਾ ਬਚਨ ਜ਼ਕਰਯਾਹ ਨੂੰ ਆਇਆ ਕਿ9ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਸਚਿਆਈ ਨਾਲ ਨਿਆਂ ਕਰੋ ਅਤੇ ਹਰੇਕ ਮਨੁੱਖ ਆਪਣੇ ਭਰਾ ਉੱਤੇ ਦਯਾ ਅਤੇ ਤਰਸ ਕਰੇ ।10ਵਿਧਵਾ, ਯਤੀਮ, ਪਰਦੇਸੀ ਅਤੇ ਗਰੀਬ ਨੂੰ ਨਾ ਸਤਾਓ ਅਤੇ ਨਾ ਤੁਹਾਡੇ ਵਿੱਚੋਂ ਕੋਈ ਆਪਣੇ ਭਰਾ ਦੇ ਵਿਰੁੱਧ ਆਪਣੇ ਮਨ ਵਿੱਚ ਬੁਰਿਆਈ ਸੋਚੇ ।
11ਪਰ ਉਹ ਇਸ ਵੱਲ ਧਿਆਨ ਦੇਣ ਲਈ ਸਹਿਮਤ ਨਾ ਹੋਏ । ਉਹਨਾਂ ਨੇ ਆਪਣੀਆਂ ਪਿੱਠਾਂ ਮੋੜ ਲਈਆਂ ਅਤੇ ਉਹਨਾਂ ਨੇ ਆਪਣੇ ਕੰਨ ਬੰਦ ਕਰ ਲਏ ਕਿ ਨਾ ਸੁਣਨ12ਅਤੇ ਉਹਨਾਂ ਨੇ ਆਪਣੇ ਦਿਲਾਂ ਨੂੰ ਅਲਮਸ ਪੱਥਰ ਵਾਂਗੂੰ ਕਠੋਰ ਕਰ ਲਿਆ, ਤਾਂ ਕਿ ਬਿਵਸਥਾ ਨੂੰ ਅਤੇ ਉਹਨਾਂ ਗੱਲਾਂ ਨੂੰ ਨਾ ਸੁਣਨ ਜਿਹੜੀਆਂ ਸੈਨਾਂ ਦੇ ਯਹੋਵਾਹ ਨੇ ਆਪਣੇ ਆਤਮਾ ਦੇ ਰਾਹੀਂ ਨਬੀਆਂ ਦੇ ਹੱਥੀਂ ਭੇਜੀਆਂ ਸਨ । ਤਾਂ ਸੈਨਾਂ ਦੇ ਯਹੋਵਾਹ ਵੱਲੋਂ ਵੱਡਾ ਕੋਪ ਹੋਇਆ ।
13ਤਦ ਜਿਵੇਂ ਉਹ ਨੇ ਪੁਕਾਰਿਆ ਅਤੇ ਉਹਨਾਂ ਨੇ ਨਾ ਸੁਣਿਆ, ਉਸੇ ਤਰ੍ਹਾਂ ਹੀ ਉਹ ਪੁਕਾਰਨਗੇ ਅਤੇ ਮੈਂ ਨਾ ਸੁਣਾਂਗਾ, ਸੈਨਾਂ ਦੇ ਯਹੋਵਾਹ ਦਾ ਵਾਕ ਹੈ ।14ਸਗੋਂ ਮੈਂ ਉਹਨਾਂ ਨੂੰ ਵਾਵਰੋਲੇ ਨਾਲ ਸਾਰੀਆਂ ਕੌਮਾਂ ਦੇ ਵਿੱਚ ਖਿਲਾਰ ਦਿਆਂਗਾ, ਜਿਨ੍ਹਾਂ ਨੂੰ ਉਹ ਜਾਣਦੇ ਵੀ ਨਹੀਂ ਹਨ ਅਤੇ ਸੋ ਉਹਨਾਂ ਦਾ ਦੇਸ ਉਹਨਾਂ ਦੇ ਮਗਰੋਂ ਉਜਾੜ ਹੋ ਗਿਆ ਕਿ ਉਹ ਦੇ ਵਿੱਚ ਦੀ ਕੋਈ ਆਉਂਦਾ ਜਾਂਦਾ ਨਹੀਂ ਸੀ । ਉਹਨਾਂ ਨੇ ਉਸ ਮਨ ਮੋਹਣੇ ਦੇਸ ਨੂੰ ਉਜਾੜ ਕਰ ਦਿੱਤਾ ।

8
ਯਰੂਸ਼ਲਮ ਦੇ ਦੁਬਾਰਾ ਨਿਰਮਾਣ ਦਾ ਵਾਅਦਾ

1ਤਦ ਸੈਨਾਂ ਦੇ ਯਹੋਵਾਹ ਦਾ ਬਚਨ ਮੈਨੂੰ ਆਇਆ ਕਿ2ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਮੈਂ ਸੀਯੋਨ ਲਈ ਵੱਡੀ ਅਣਖ ਨਾਲ ਅਣਖੀ ਹਾਂ, ਸਗੋਂ ਮੈਂ ਉਹ ਦੇ ਲਈ ਵੱਡੇ ਕ੍ਰੋਧ ਨਾਲ ਅਣਖੀ ਹਾਂ ।3ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਮੈਂ ਸੀਯੋਨ ਵੱਲ ਵਾਪਸ ਆ ਕੇ ਯਰੂਸ਼ਲਮ ਦੇ ਵਿਚਕਾਰ ਵੱਸਾਂਗਾ ਅਤੇ ਯਰੂਸ਼ਲਮ "ਵਫ਼ਾਦਾਰ ਨਗਰੀ" ਅਤੇ ਸੈਨਾਂ ਦੇ ਯਹੋਵਾਹ ਦਾ ਪਹਾੜ "ਪਵਿੱਤਰ ਪਹਾੜ" ਕਹਾਵੇਗਾ ।

4ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਫੇਰ ਬੁੱਢੇ ਅਤੇ ਬੁੱਢੀਆਂ ਵੱਡੀ ਉਮਰ ਦੇ ਕਾਰਨ ਆਪਣੇ ਹੱਥ ਵਿੱਚ ਡੰਗੋਰੀ ਲੈ ਕੇ ਯਰੂਸ਼ਲਮ ਦੇ ਚੌਂਕਾਂ ਵਿੱਚ ਬੈਠਣਗੇ5ਅਤੇ ਸ਼ਹਿਰ ਦੇ ਚੌਂਕ, ਚੌਂਕਾਂ ਵਿੱਚ ਖੇਡਣ ਵਾਲੇ ਮੁੰਡੇ ਕੁੜੀਆਂ ਦੇ ਨਾਲ ਭਰੇ ਹੋਏ ਹੋਣਗੇ ।
6ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਭਾਵੇਂ ਉਹਨਾਂ ਦਿਨਾਂ ਵਿੱਚ ਇਸ ਪਰਜਾ ਦੇ ਬਚੇ ਹੋਏ ਲੋਕਾਂ ਦੀਆਂ ਅੱਖਾਂ ਵਿੱਚ ਇਹ ਅਨੋਖਾ ਹੋਵੇ, ਪਰ ਕੀ ਮੇਰੀਆਂ ਅੱਖਾਂ ਵਿੱਚ ਵੀ ਅਨੋਖਾ ਹੋਵੇਗਾ ? ਸੈਨਾਂ ਦੇ ਯਹੋਵਾਹ ਦਾ ਵਾਕ ਹੈ7ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਦੇਖ, ਮੈਂ ਆਪਣੀ ਪਰਜਾ ਨੂੰ ਪੂਰਬੀ ਦੇਸ ਤੋਂ ਅਤੇ ਪੱਛਮੀ ਦੇਸ ਬਚਾਵਾਂਗਾ ।8ਮੈਂ ਉਹਨਾਂ ਨੂੰ ਲਿਆਵਾਂਗਾ, ਉਹ ਯਰੂਸ਼ਲਮ ਦੇ ਵਿਚਕਾਰ ਵੱਸਣਗੇ, ਉਹ ਮੇਰੀ ਪਰਜਾ ਹੋਣਗੇ ਅਤੇ ਮੈਂ ਵਫ਼ਾਦਾਰੀ ਅਤੇ ਧਰਮ ਵਿੱਚ ਉਹਨਾਂ ਦਾ ਪਰਮੇਸ਼ੁਰ ਹੋਵਾਂਗਾ ।
9ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਤੁਹਾਡੇ ਹੱਥ ਤਕੜੇ ਹੋਣ, ਤੁਸੀਂ ਜੋ ਇਹ ਬਚਨ ਇਹਨਾਂ ਦਿਨਾਂ ਵਿੱਚ ਸੁਣਦੇ ਹੋ, ਜਿਹੜੇ ਸੈਨਾਂ ਦੇ ਯਹੋਵਾਹ ਦੇ ਭਵਨ ਦੀ ਨੀਂਹ ਰੱਖਣ ਦੇ ਸਮੇਂ ਵਿੱਚ ਨਬੀਆਂ ਦੇ ਮੂੰਹੋਂ ਨਿੱਕਲੇ ਸਨ ਅਰਥਾਤ ਹੈਕਲ ਦੀ ਉਸਾਰੀ ਲਈ ।10ਕਿਉਂ ਜੋ ਉਹਨਾਂ ਦਿਨਾਂ ਤੋਂ ਪਹਿਲਾਂ ਨਾ ਆਦਮੀ ਲਈ ਮਜ਼ਦੂਰੀ ਸੀ, ਨਾ ਪਸ਼ੂ ਲਈ ਕੋਈ ਭਾੜਾ ਸੀ ਅਤੇ ਵੈਰੀ ਦੇ ਕਾਰਨ ਕੋਈ ਬਾਹਰ ਜਾਣ ਵਾਲਾ ਅਤੇ ਅੰਦਰ ਆਉਣ ਵਾਲਾ ਸੁਖੀ ਨਹੀਂ ਸੀ । ਮੈਂ ਹਰੇਕ ਆਦਮੀ ਨੂੰ ਉਸ ਦੇ ਗੁਆਂਢੀ ਦੇ ਵਿਰੁੱਧ ਕਰ ਦਿੱਤਾ ਸੀ ।
11ਪਰ ਮੈਂ ਹੁਣ ਇਸ ਪਰਜਾ ਦੇ ਬਚੇ ਹੋਏ ਲੋਕਾਂ ਲਈ ਪਹਿਲਿਆਂ ਦਿਨਾਂ ਵਾਂਗੂੰ ਨਹੀਂ ਕਰਾਂਗਾ, ਸੈਨਾਂ ਦੇ ਯਹੋਵਾਹ ਦਾ ਵਾਕ ਹੈ ।12ਕਿਉਂ ਜੋ ਬੀ ਸ਼ਾਂਤੀ ਦਾ ਹੋਵੇਗਾ, ਅੰਗੂਰੀ ਬੇਲ ਆਪਣਾ ਫਲ ਦੇਵੇਗੀ, ਧਰਤੀ ਆਪਣੀ ਪੈਦਾਵਾਰ ਦੇਵੇਗੀ ਅਤੇ ਅਕਾਸ਼ ਆਪਣੀ ਤ੍ਰੇਲ ਦੇਵੇਗਾ । ਮੈਂ ਇਸ ਪਰਜਾ ਦੇ ਬਕੀਏ ਨੂੰ ਇਹਨਾਂ ਸਾਰੀਆਂ ਵਸਤਾਂ ਦਾ ਅਧਿਕਾਰੀ ਬਣਾਵਾਂਗਾ ।
13ਇਸ ਤਰ੍ਹਾਂ ਹੋਵੇਗਾ, ਹੇ ਯਹੂਦਾਹ ਦੇ ਘਰਾਣੇ ਅਤੇ ਇਸਰਾਏਲ ਦੇ ਘਰਾਣੇ, ਜਿਵੇਂ ਤੁਸੀਂ ਕੌਮਾਂ ਵਿੱਚ ਸਰਾਪ ਦਾ ਕਾਰਨ ਸੀ, ਉਸੇ ਤਰ੍ਹਾਂ ਮੈਂ ਤੁਹਾਨੂੰ ਬਚਾਵਾਂਗਾ ਅਤੇ ਤੁਸੀਂ ਬਰਕਤ ਦਾ ਕਾਰਨ ਹੋਵੋਗੇ । ਤੁਸੀਂ ਨਾ ਡਰੋ ਅਤੇ ਤੁਹਾਡੇ ਹੱਥ ਤਕੜੇ ਹੋਣ !14ਕਿਉਂ ਜੋ ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਜਿਸ ਤਰ੍ਹਾਂ ਮੈਂ ਉਸ ਸਮੇਂ ਤੁਹਾਡੇ ਨਾਲ ਬੁਰਿਆਈ ਕਰਨੀ ਠਾਣ ਲਈ ਸੀ, ਜਦੋਂ ਤੁਹਾਡੇ ਪਿਉ-ਦਾਦਿਆਂ ਨੇ ਮੈਨੂੰ ਕ੍ਰੋਧਵਾਨ ਕੀਤਾ ਅਤੇ ਮੈਂ ਨਾ ਪਛਤਾਇਆ, ਸੈਨਾਂ ਦੇ ਯਹੋਵਾਹ ਨੇ ਕਿਹਾ,15ਉਸੇ ਤਰ੍ਹਾਂ ਮੈਂ ਫੇਰ ਠਾਣ ਲਿਆ ਹੈ ਕਿ ਇਹਨਾਂ ਦਿਨਾਂ ਵਿੱਚ ਯਰੂਸ਼ਲਮ ਨਾਲ ਅਤੇ ਯਹੂਦਾਹ ਦੇ ਘਰਾਣੇ ਨਾਲ ਭਲਿਆਈ ਕਰਾਂ । ਤੁਸੀਂ ਨਾ ਡਰੋਂ !
16ਇਹ ਗੱਲਾਂ ਹਨ ਜਿਹੜੀਆਂ ਤੁਸੀਂ ਕਰਨੀਆਂ ਹਨ; ਤੁਹਾਡੇ ਵਿੱਚੋਂ ਹਰੇਕ ਆਪਣੇ ਗੁਆਂਢੀ ਨਾਲ ਸੱਚ ਬੋਲੇ, ਤੁਸੀਂ ਆਪਣੇ ਫਾਟਕਾਂ ਵਿੱਚ ਸਚਿਆਈ ਅਤੇ ਸ਼ਾਤੀ ਦਾ ਨਿਆਂ ਕਰੋ ।17ਤੁਹਾਡੇ ਵਿੱਚੋਂ ਕੋਈ ਆਪਣੇ ਗੁਆਂਢੀ ਦੇ ਵਿਰੁੱਧ ਆਪਣੇ ਮਨ ਵਿੱਚ ਬੁਰਿਆਈ ਕਰਨ ਦੀ ਯੋਜਨਾ ਨਾ ਬਣਾਵੇ ਅਤੇ ਨਾ ਕੋਈ ਝੂਠੀ ਸਹੁੰ ਨਾਲ ਪਿਆਰ ਕਰੇ, ਕਿਉਂ ਜੋ ਇਹਨਾਂ ਸਾਰੀਆਂ ਗੱਲਾਂ ਤੋਂ ਮੈਂ ਘਿਣ ਕਰਦਾ ਹਾਂ, ਯਹੋਵਾਹ ਦਾ ਵਾਕ ਹੈ ।
18ਤਦ ਸੈਨਾਂ ਦੇ ਯਹੋਵਾਹ ਦਾ ਬਚਨ ਮੈਨੂੰ ਆਇਆ ਕਿ19ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਕਹਿੰਦਾ ਹੈ ਕਿ ਚੌਥੇ, ਪੰਜਵੇ, ਸੱਤਵੇਂ ਅਤੇ ਦੱਸਵੇਂ ਮਹੀਨੇ ਦੇ ਵਰਤ ਯਹੂਦਾਹ ਦੇ ਘਰਾਣੇ ਲਈ ਖੁਸ਼ੀ ਅਤੇ ਅਮਨ ਚੈਨ ਦੇ ਪਰਬ ਹੋਣਗੇ । ਤੁਸੀਂ ਸਚਿਆਈ, ਵਫ਼ਾਦਾਰੀ ਅਤੇ ਸ਼ਾਤੀ ਨਾਲ ਪਿਆਰ ਕਰੋ ।
20ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਕਹਿੰਦਾ ਹੈ ਕਿ ਫੇਰ ਕੌਮਾਂ ਅਤੇ ਬਹੁਤਿਆਂ ਨਗਰਾਂ ਦੇ ਵਸਨੀਕ ਆਉਣਗੇ21ਤਾਂ ਇੱਕ ਨਗਰ ਦੇ ਵਾਸੀ ਦੂਜੇ ਦੇ ਕੋਲ ਜਾਣਗੇ ਅਤੇ ਆਖਣਗੇ ਕਿ ਆਓ, ਛੇਤੀ ਚੱਲੀਏ, ਯਹੋਵਾਹ ਦੇ ਅੱਗੇ ਬੇਨਤੀ ਕਰੀਏ ਅਤੇ ਸੈਨਾਂ ਦੇ ਯਹੋਵਾਹ ਨੂੰ ਭਾਲੀਏ, ਅਤੇ ਮੈਂ ਵੀ ਚੱਲਾਂਗਾ ।22ਬਹੁਤ ਸਾਰੇ ਲੋਕ ਅਤੇ ਸੂਰਬੀਰ ਕੌਮਾਂ ਸੈਨਾਂ ਦੇ ਯਹੋਵਾਹ ਨੂੰ ਭਾਲਣ ਲਈ ਯਰੂਸ਼ਲਮ ਵਿੱਚ ਆਉਣਗੀਆਂ ਅਤੇ ਯਹੋਵਾਹ ਦੇ ਅੱਗੇ ਬੇਨਤੀ ਕਰਨਗੀਆਂ ।
23ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਕਹਿੰਦਾ ਹੈ ਕਿ ਉਹਨਾਂ ਦਿਨਾਂ ਵਿੱਚ ਅਲੱਗ-ਅਲੱਗ ਬੋਲੀ ਦੇ ਬੋਲਣ ਵਾਲੀਆਂ ਕੌਮਾਂ ਦੇ ਦਸ ਮਨੁੱਖ ਇੱਕ ਯਹੂਦੀ ਦਾ ਪੱਲਾ ਫੜਨਗੇ ਅਤੇ ਆਖਣਗੇ ਕਿ ਅਸੀਂ ਤੁਹਾਡੇ ਨਾਲ ਚੱਲਾਂਗੇ, ਕਿਉਂ ਜੋ ਅਸੀਂ ਸੁਣਿਆ ਹੈ ਕਿ ਪਰਮੇਸ਼ੁਰ ਤੁਹਾਡੇ ਨਾਲ ਹੈ ।

9
ਗੁਆਂਢੀ ਰਾਜਾ ਦਾ ਨਿਆਂ

1ਯਹੋਵਾਹ ਦਾ ਬਚਨ ਇਦਰਾਕ ਦੇਸ ਦੇ ਵਿਰੁੱਧ ਅਤੇ ਜਿਹੜਾ ਦੰਮਿਸਕ ਉੱਤੇ ਵੀ ਪਵੇਗਾ । ਕਿਉਂ ਜੋ ਆਦਮ ਵੰਸ ਦੀਆਂ ਅਤੇ ਇਸਰਾਏਲ ਦੇ ਸਾਰਿਆਂ ਗੋਤਾਂ ਦੀਆਂ ਅੱਖਾਂ ਯਹੋਵਾਹ ਵੱਲ ਹਨ ।2ਅਤੇ ਹਮਾਥ ਵੱਲ ਜਿਹੜਾ ਉਸ ਦੇ ਨੇੜੇ ਹੈ ਅਤੇ ਸੂਰ ਅਤੇ ਸੀਦੋਨ ਵੱਲ ਵੀ ਕਿਉਂ ਜੋ ਉਹ ਬਹੁਤ ਬੁੱਧਵਾਨ ਹਨ ।

3ਸੂਰ ਨੇ ਆਪਣੇ ਲਈ ਗੜ੍ਹ ਬਣਾਇਆ, ਚਾਂਦੀ ਦੇ ਢੇਰ ਧੂੜ ਵਾਂਗੂੰ ਅਤੇ ਸੋਨੇ ਦੇ ਗਲੀਆਂ ਦੇ ਚਿੱਕੜ ਵਾਂਗੂੰ ਢੇਰਾਂ ਦੇ ਢੇਰ ਲਾ ਲਏ ।4ਵੇਖੋ, ਪ੍ਰਭੂ ਉਸ ਦੀ ਮਿਲਖ ਨੂੰ ਖੋਹ ਲਵੇਗਾ, ਉਸ ਦੀ ਸ਼ਕਤੀ ਨੂੰ ਸਮੁੰਦਰ ਵਿੱਚ ਸੁੱਟ ਦੇਵੇਗਾ ਅਤੇ ਉਹ ਅੱਗ ਨਾਲ ਖਾਧਾ ਜਾਵੇਗਾ ।
5ਅਸ਼ਕਲੋਨ ਵੇਖੇਗਾ ਅਤੇ ਡਰ ਜਾਵੇਗਾ, ਅੱਜ਼ਾਹ ਵੀ ਕਿਉਂ ਜੋ ਉਹ ਨੂੰ ਡਾਢੀ ਪੀੜ ਲੱਗੇਗੀ ਅਤੇ ਅਕਰੋਨ ਵੀ ਕਿਉਂ ਜੋ ਉਹ ਦਾ ਭਰੋਸਾ ਟੁੱਟ ਜਾਵੇਗਾ, ਅੱਜ਼ਾਹ ਵਿੱਚੋਂ ਰਾਜਾ ਮਿਟ ਜਾਵੇਗਾ, ਅਸ਼ਕਲੋਨ ਉਜਾੜ ਹੋ ਜਾਵੇਗਾ ।6ਦੋਗਲੇ ਅਸ਼ਦੋਦ ਵਿੱਚ ਵੱਸਣਗੇ, ਮੈਂ ਫ਼ਲਿਸਤੀਆਂ ਦੇ ਘਮੰਡ ਨੂੰ ਮੁਕਾ ਦਿਆਂਗਾ ।7ਮੈਂ ਉਸ ਦਾ ਲਹੂ ਉਸ ਦੇ ਮੂੰਹ ਤੋਂ ਅਤੇ ਉਸ ਦੀਆਂ ਘਿਣਾਉਣੀਆਂ ਵਸਤਾਂ ਉਸ ਦੇ ਦੰਦਾ ਵਿੱਚੋਂ ਕੱਢ ਲਵਾਂਗਾ, ਇਹ ਵੀ ਸਾਡੇ ਪਰਮੇਸ਼ੁਰ ਲਈ ਇੱਕ ਬਕੀਆ ਹੋਵੇਗਾ, ਯਹੂਦਾਹ ਵਿੱਚ ਇੱਕੋ ਹਾਕਮ ਵਾਂਗੂੰ ਹੋਵੇਗਾ ਅਤੇ ਅਕਰੋਨ ਯਬੂਸੀਆਂ ਵਾਂਗੂੰ ਹੋਵੇਗਾ ।
8ਮੈਂ ਆਪਣੇ ਘਰ ਦੀ ਰਾਖੀ ਲਈ ਡੇਰਾ ਲਾਵਾਂਗਾ ਕਿ ਕੋਈ ਆ ਜਾ ਨਾ ਸਕੇ, ਫੇਰ ਕੋਈ ਦੁੱਖ ਦੇਣ ਵਾਲਾ ਉਹਨਾਂ ਦੇ ਵਿਰੁੱਧ ਨਾ ਲੰਘੇਗਾ, ਕਿਉਂ ਜੋ ਹੁਣ ਤਾਂ ਮੈਂ ਆਪਣੀਆਂ ਅੱਖਾਂ ਦੇ ਨਾਲ ਦੇਖ ਲਿਆ ਹੈ ।
ਸੀਯੋਨ ਦਾ ਆਉਣ ਵਾਲਾ ਰਾਜਾ

9ਹੇ ਸੀਯੋਨ ਦੀਏ ਧੀਏ, ਬਹੁਤ ਖੁਸ਼ ਹੋ, ਹੇ ਯਰੂਸ਼ਲਮ ਦੀਏ ਧੀਏ, ਲਲਕਾਰ ! ਦੇਖ, ਤੇਰਾ ਪਾਤਸ਼ਾਹ ਤੇਰੇ ਕੋਲ ਆਉਂਦਾ ਹੈ, ਉਹ ਧਰਮੀ ਅਤੇ ਮੁਕਤੀਦਾਤਾ ਹੈ, ਉਹ ਦੀਨ ਹੈ ਅਤੇ ਗਧੇ ਦੇ ਜੁਆਨ ਬੱਚੇ ਉੱਤੇ ਸਵਾਰ ਹੈ ।10ਮੈਂ ਅਫਰਾਈਮ ਤੋਂ ਰਥ ਨੂੰ ਅਤੇ ਯਰੂਸ਼ਲਮ ਤੋਂ ਘੋੜੇ ਨੂੰ ਵੱਢ ਸੁੱਟਾਂਗਾ, ਲੜਾਈ ਦਾ ਧਣੁਖ ਤੋੜਿਆ ਜਾਵੇਗਾ । ਉਹ ਕੌਮਾਂ ਲਈ ਸ਼ਾਂਤੀ ਦੀਆਂ ਗੱਲਾਂ ਕਰੇਗਾ, ਉਹ ਦੀ ਹਕੂਮਤ ਸਮੁੰਦਰ ਤੋਂ ਸਮੁੰਦਰ ਤੱਕ ਅਤੇ ਦਰਿਆ ਤੋਂ ਧਰਤੀ ਦੀਆਂ ਹੱਦਾਂ ਤੱਕ ਹੋਵੇਗੀ ।
11ਤੈਨੂੰ ਵੀ ਤੇਰੇ ਨੇਮ ਦੇ ਲਹੂ ਦੇ ਕਾਰਨ, ਮੈਂ ਤੇਰੇ ਗੁਲਾਮਾਂ ਨੂੰ ਬਿਨ ਪਾਣੀ ਦੇ ਟੋਏ ਤੋਂ ਕੱਢ ਲਵਾਂਗਾ ।12ਹੇ ਆਸਵੰਦ ਗੁਲਾਮੋ, ਗੜ੍ਹ ਨੂੰ ਮੁੜ ਜਾਓ ! ਮੈਂ ਅੱਜ ਦੱਸਦਾ ਹਾਂ, ਮੈਂ ਤੈਨੂੰ ਦੁਗਣਾ ਮੋੜਾਂਗਾ ।13ਮੈਂ ਯਹੂਦਾਹ ਨੂੰ ਆਪਣੇ ਲਈ ਧਣੁਖ ਵਾਂਗੂੰ ਝੁਕਾਇਆ ਹੈ ਅਤੇ ਅਫ਼ਰਾਈਮ ਨੂੰ ਉਹ ਦਾ ਬਾਣ ਬਣਾਉਂਦਾ ਹਾਂ, ਹੇ ਸੀਯੋਨ ਮੈਂ ਤੇਰੇ ਪੁੱਤਰਾਂ ਨੂੰ ਭੜਕਾਵਾਂਗਾ, ਹਾਂ ਤੇਰੇ ਪੁੱਤ੍ਰਾਂ ਦੇ ਵਿਰੁੱਧ, ਹੇ ਯਾਵਾਨ, ਤੈਨੂੰ ਇੱਕ ਸੂਰਮੇ ਦੀ ਤਲਵਾਰ ਵਾਂਗੂੰ ਬਣਾਵਾਂਗਾ ।
14ਯਹੋਵਾਹ ਉਹਨਾਂ ਉੱਤੇ ਵਿਖਾਈ ਦੇਵੇਗਾ, ਉਸ ਦਾ ਤੀਰ ਬਿਜਲੀ ਵਾਂਗੂੰ ਬਾਹਰ ਨਿੱਕਲੇਗਾ, ਪ੍ਰਭੂ ਯਹੋਵਾਹ ਤੁਰ੍ਹੀ ਫੂਕੇਗਾ, ਅਤੇ ਦੱਖਣੀ ਵਾਵਰੋਲੇ ਵਿੱਚ ਚੱਲੇਗਾ ।15ਸੈਨਾਂ ਦਾ ਯਹੋਵਾਹ ਉਹਨਾਂ ਨੂੰ ਢੱਕ ਲਵੇਗਾ, ਉਹ ਖਾਣਗੇ ਅਤੇ ਗੁਲੇਲ ਦੇ ਪੱਥਰਾਂ ਨੂੰ ਮਿੱਧਣਗੇ, ਉਹ ਪੀਣਗੇ ਅਤੇ ਸ਼ਰਾਬੀਆਂ ਵਾਂਗੂੰ ਰੌਲ਼ਾ ਪਾਉਣਗੇ, ਉਹ ਕਟੋਰਿਆਂ ਵਾਂਗੂੰ ਅਤੇ ਜਗਵੇਦੀ ਦੇ ਖੂੰਜਿਆ ਵਾਂਗੂੰ ਭਰ ਜਾਣਗੇ ।
16ਉਸ ਦਿਨ ਯਹੋਵਾਹ ਉਹਨਾਂ ਦਾ ਪਰਮੇਸ਼ੁਰ ਉਹਨਾਂ ਨੂੰ ਬਚਾਵੇਗਾ, ਆਪਣੀ ਪਰਜਾ ਦੇ ਇੱਜੜ ਵਾਂਗੂੰ, ਉਹ ਮੁਕਟ ਦੇ ਜਵਾਹਰ ਵਾਂਗੂੰ ਹੋਣਗੇ, ਉਹ ਉਸ ਦੀ ਭੂਮੀ ਉੱਤੇ ਚਮਕਣਗੇ, ਕਿਉਂ ਜੋ ਉਸ ਦੀ ਭਲਿਆਈ ਕਿੰਨੀ ਹੀ ਵੱਡੀ ਹੈ ।17ਉਸ ਦੀ ਸੁੰਦਰਤਾ ਵੀ ਕਿੰਨੀ ਵੱਡੀ ਹੈ ! ਅੰਨ ਜੁਆਨਾਂ ਨੂੰ, ਨਵੀਂ ਮੈਂ ਕੁਆਰੀਆਂ ਨੂੰ ਰਿਸ਼ਟ-ਪੁਸ਼ਟ ਕਰੇਗੀ ।

10
ਛੁਟਕਾਰੇ ਦਾ ਵਾਅਦਾ

1ਯਹੋਵਾਹ ਤੋਂ ਮੀਂਹ ਮੰਗੋ, ਬਹਾਰ ਦੀ ਰੁੱਤ ਦਾ ਮੀਂਹ, ਯਹੋਵਾਹ ਬਿਜਲੀ ਚਮਕਾਉਂਦਾ ਹੈ, ਉਹ ਉਹਨਾਂ ਨੂੰ ਵਾਛੜ ਵਾਲਾ ਮੀਂਹ ਅਤੇ ਹਰੇਕ ਨੂੰ ਖੇਤ ਵਿੱਚ ਸਾਗ ਪੱਤ ਦੇਵੇਗਾ ।2ਤਰਾਫੀਮ ਤਾਂ ਖੋਖਲੀਆਂ ਗੱਲਾਂ ਕਰਦੇ ਹਨ, ਪੁੱਛਾਂ ਦੇਣ ਵਾਲੇ ਝੂਠ ਵੇਖਦੇ ਹਨ, ਸੁਫਨੇ ਦੇਖਣ ਵਾਲੇ ਵਿਅਰਥ ਗੱਲਾਂ ਕਰਦੇ ਹਨ ਅਤੇ ਖਾਲੀ ਤਸੱਲੀ ਦਿੰਦੇ ਹਨ, ਇਸ ਲਈ ਉਹ ਭੇਡਾਂ ਵਾਂਗੂੰ ਭਟਕਦੇ ਫਿਰਦੇ ਹਨ ਅਤੇ ਉਹ ਦੁੱਖ ਪਾਉਂਦੇ ਹਨ ਕਿਉਂ ਜੋ ਅਯਾਲੀ ਕੋਈ ਨਹੀਂ ਹੈ ।

3ਅਯਾਲੀਆਂ ਉੱਤੇ ਮੇਰਾ ਕ੍ਰੋਧ ਭੜਕਿਆ ਹੈ ਅਤੇ ਮੈਂ ਆਗੂਆਂ ਨੂੰ ਸਜ਼ਾ ਦੇਵਾਂਗਾ, ਕਿਉਂ ਜੋ ਸੈਨਾਂ ਦੇ ਯਹੋਵਾਹ ਦੇ ਇੱਜੜ ਵੱਲ ਅਰਥਾਤ ਯਹੂਦਾਹ ਦੇ ਘਰਾਣੇ ਵੱਲ ਧਿਆਨ ਕੀਤਾ ਹੈ ਅਤੇ ਉਹ ਉਹਨਾਂ ਨੂੰ ਆਪਣੇ ਸੋਹਣੇ ਜੰਗੀ ਘੋੜੇ ਵਾਂਗੂੰ ਬਣਾਵੇਗਾ ।
4ਉਹਨਾਂ ਵਿੱਚੋਂ ਖੂੰਜੇ ਦਾ ਪੱਥਰ, ਉਹਨਾਂ ਵਿੱਚੋਂ ਹੀ ਕੀਲੇ, ਉਹਨਾਂ ਵਿੱਚੋਂ ਜੰਗੀ ਧਣੁਖ ਅਤੇ ਉਹਨਾਂ ਵਿੱਚੋਂ ਹੀ ਸਾਰੇ ਹਾਕਮ ਨਿੱਕਲਣਗੇ ।5ਉਹ ਸੂਰਬੀਰਾਂ ਵਾਂਗੂੰ ਹੋਣਗੇ, ਉਹ ਲੜਾਈ ਦੇ ਦੌਰਾਨ ਆਪਣੇ ਵੈਰੀਆਂ ਨੂੰ ਗਲੀਆਂ ਦੇ ਚਿੱਕੜ ਵਿੱਚ ਮਿੱਧਣਗੇ, ਉਹ ਲੜਨਗੇ ਕਿਉਂ ਜੋ ਯਹੋਵਾਹ ਉਹਨਾਂ ਦੇ ਨਾਲ ਹੋਵੇਗਾ ਅਤੇ ਉਹ ਘੋੜ ਸਵਾਰਾਂ ਨੂੰ ਸ਼ਰਮਿੰਦਾ ਕਰਨਗੇ ।
6ਮੈਂ ਯਹੂਦਾਹ ਦੇ ਘਰਾਣੇ ਨੂੰ ਬਲਵੰਤ ਬਣਾਵਾਂਗਾ, ਮੈਂ ਯੂਸੁਫ਼ ਦੇ ਘਰਾਣੇ ਨੂੰ ਬਚਾਵਾਂਗਾ, ਮੈਂ ਉਹਨਾਂ ਨੂੰ ਮੋੜ ਲਿਆਵਾਂਗਾ ਕਿਉਂ ਜੋ ਮੈਂ ਉਹਨਾਂ ਉੱਤੇ ਰਹਮ ਕੀਤਾ ਹੈ, ਉਹ ਇਸ ਤਰ੍ਹਾਂ ਹੋਣਗੇ ਜਿਵੇਂ ਮੈਂ ਉਹਨਾਂ ਨੂੰ ਕਦੇ ਛੱਡਿਆ ਹੀ ਨਹੀਂ, ਕਿਉਂ ਜੋ ਮੈਂ ਯਹੋਵਾਹ ਉਹਨਾਂ ਦਾ ਪਰਮੇਸ਼ੁਰ ਹਾਂ ਅਤੇ ਮੈਂ ਉਹਨਾਂ ਨੂੰ ਉੱਤਰ ਦਿਆਂਗਾ ।7ਅਫਰਾਈਮ ਸੂਰਬੀਰ ਵਾਂਗੂੰ ਹੋਵੇਗਾ, ਉਹਨਾਂ ਦੇ ਦਿਲ ਅਨੰਦ ਹੋਣਗੇ ਜਿਵੇਂ ਮੈਅ ਦੇ ਨਾਲ, ਉਹਨਾਂ ਦੇ ਪੁੱਤਰ ਵੇਖਣਗੇ ਅਤੇ ਅਨੰਦ ਹੋਣਗੇ ਅਤੇ ਉਹਨਾਂ ਦੇ ਦਿਲ ਯਹੋਵਾਹ ਵਿੱਚ ਖੁਸ਼ ਹੋਣਗੇ ।
8ਮੈਂ ਸੀਟੀ ਵਜਾਵਾਂਗਾ ਅਤੇ ਮੈਂ ਉਹਨਾਂ ਨੂੰ ਇਕੱਠਾ ਕਰਾਂਗਾ, ਕਿਉਂਕਿ ਮੈਂ ਉਹਨਾਂ ਨੂੰ ਛੁਟਕਾਰਾ ਦਿੱਤਾ ਹੈ, ਉਹ ਵਧ ਜਾਣਗੇ ਜਿਵੇਂ ਪਹਿਲਾਂ ਵਧੇ ਹੋਏ ਸਨ ।9ਭਾਵੇਂ ਮੈਂ ਉਹਨਾਂ ਨੂੰ ਕੌਮਾਂ ਵਿੱਚ ਖਿਲਾਰ ਦਿੱਤਾ ਪਰ ਉਹ ਦੂਰ ਦੇ ਦੇਸਾਂ ਵਿੱਚ ਮੈਨੂੰ ਚੇਤੇ ਕਰਨਗੇ, ਉਹ ਆਪਣੇ ਬੱਚਿਆਂ ਸਮੇਤ ਜੀਉਂਦੇ ਰਹਿਣਗੇ ਅਤੇ ਵਾਪਸ ਆ ਜਾਣਗੇ ।10ਮੈਂ ਉਹਨਾਂ ਨੂੰ ਮਿਸਰ ਦੇਸ ਵਿਚੋਂ ਮੋੜ ਲਿਆਵਾਂਗਾ, ਮੈਂ ਅੱਸ਼ੂਰ ਵਿਚੋਂ ਉਹਨਾਂ ਨੂੰ ਇਕੱਠੇ ਕਰਾਂਗਾ, ਮੈਂ ਓਹਨਾਂ ਨੂੰ ਗਿਲਆਦ ਦੇ ਦੇਸ ਅਤੇ ਲਬਾਨੋਨ ਵਿੱਚ ਲਿਆਵਾਂਗਾ, - ਉਹ ਸਮਾ ਨਾ ਸਕਣਗੇ ।
11ਉਹ ਬਿਪਤਾ ਦੇ ਸਮੁੰਦਰ ਵਿਚੋਂ ਲੰਘ ਜਾਵੇਗਾ, ਉਹ ਸਮੁੰਦਰ ਦੀਆਂ ਲਹਿਰਾਂ ਨੂੰ ਮਾਰੇਗਾ, ਨੀਲ ਦਰਿਆ ਸਾਰੇ ਦਾ ਸਾਰਾ ਸੁੱਕ ਜਾਵੇਗਾ, ਅੱਸ਼ੂਰ ਦਾ ਘਮੰਡ ਨੀਵਾਂ ਕੀਤਾ ਜਾਵੇਗਾ ਅਤੇ ਮਿਸਰ ਦਾ ਰਾਜ ਡੰਡਾ ਜਾਂਦਾ ਰਹੇਗਾ ।12ਮੈਂ ਉਹਨਾਂ ਨੂੰ ਯਹੋਵਾਹ ਵਿੱਚ ਬਲਵੰਤ ਕਰਾਂਗਾ, ਉਹ ਉਸ ਦੇ ਨਾਮ ਵਿੱਚ ਤੁਰਨ ਫਿਰਨਗੇ, ਯਹੋਵਾਹ ਦਾ ਵਾਕ ਹੈ ।

11
ਅੱਤਿਆਚਾਰੀਆਂ ਦਾ ਪਤਨ

1ਹੇ ਲਬਾਨੋਨ, ਆਪਣੇ ਦਰਵਾਜ਼ੇ ਖੋਲ੍ਹ ਕਿ ਅੱਗ ਤੇਰੇ ਦਿਆਰਾਂ ਨੂੰ ਖਾ ਜਾਵੇ !2ਹੇ ਸੂਰ, ਸੋਗ ਕਰ ਕਿਉਂ ਜੋ ਦਿਆਰ ਡਿੱਗ ਪਿਆ, ਸ਼ਾਨ ਵਾਲੇ ਨਾਸ ਹੋ ਗਏ ! ਬਾਸ਼ਾਨ ਦੇ ਬਲੂਤੋ, ਸੋਗ ਕਰੋ, ਕਿਉਂ ਜੋ ਗੜ੍ਹ ਵਾਲਾ ਜੰਗਲ ਢਹਿ ਪਿਆ ਹੈ ।3ਅਯਾਲੀਆਂ ਦੇ ਸਿਆਪੇ ਦੀ ਆਵਾਜ਼, ਕਿਉਂ ਜੋ ਉਹਨਾਂ ਦੀ ਸ਼ਾਨ ਨਾਸ ਹੋ ਗਈ, ਜੁਆਨ ਬਬਰ ਸ਼ੇਰਾਂ ਦੇ ਗੱਜਣ ਦੀ ਅਵਾਜ਼ ਅਤੇ ਯਰਦਨ ਦਾ ਜੰਗਲ ਨਾਸ ਹੋ ਗਿਆ ।

ਦੋ ਚਰਵਾਹੇ

4ਯਹੋਵਾਹ ਮੇਰੇ ਪਰਮੇਸ਼ੁਰ ਨੇ ਇਸ ਤਰ੍ਹਾਂ ਕਿਹਾ, ਉਹਨਾਂ ਭੇਡਾਂ ਨੂੰ ਚਰਾ ਜੋ ਵੱਢੀਆਂ ਜਾਣ ਵਾਲੀਆਂ ਹਨ ।5ਜਿਹੜੇ ਉਹਨਾਂ ਨੂੰ ਖਰੀਦਦੇ ਹਨ, ਉਹ ਉਹਨਾਂ ਨੂੰ ਵੱਢਣਗੇ ਅਤੇ ਸਜ਼ਾ ਨਾ ਪਾਉਣਗੇ ਅਤੇ ਉਹਨਾਂ ਦੇ ਵੇਚਣ ਵਾਲੇ ਆਖਣਗੇ, ਯਹੋਵਾਹ ਮੁਬਾਰਕ ਹੋਵੇ, ਕਿਉਂਕਿ ਮੈਂ ਧਨੀ ਹੋ ਗਿਆ ਹਾਂ ! ਉਹਨਾਂ ਦੇ ਅਯਾਲੀ ਉਹਨਾਂ ਉੱਤੇ ਤਰਸ ਨਹੀਂ ਖਾਂਦੇ ਹਨ ।6ਮੈਂ ਫੇਰ ਇਸ ਦੇਸ ਦੇ ਵਾਸੀਆਂ ਉੱਤੇ ਤਰਸ ਨਹੀਂ ਖਾਵਾਂਗਾ, ਯਹੋਵਾਹ ਦਾ ਵਾਕ ਹੈ, ਵੇਖੋ, ਮੈਂ ਹਰ ਆਦਮੀ ਨੂੰ ਉਸ ਦੇ ਗੁਆਂਢੀ ਦੇ ਅਤੇ ਉਸ ਦੇ ਰਾਜੇ ਦੇ ਹੱਥ ਵਿਚ ਦੇ ਦਿਆਂਗਾ । ਉਹ ਇਸ ਦੇਸ ਨੂੰ ਮਾਰਨਗੇ, ― ਮੈਂ ਉਹਨਾਂ ਦੇ ਹੱਥੋਂ ਨਹੀਂ ਛੁਡਾਵਾਂਗਾ ।
7ਮੈਂ ਵੱਢੀਆਂ ਜਾਣ ਵਾਲੀਆਂ ਅਤੇ ਕਮਜ਼ੋਰ ਭੇਡਾਂ ਦਾ ਅਯਾਲੀ ਬਣਿਆ । ਮੈਂ ਆਪਣੇ ਲਈ ਦੋ ਲਾਠੀਆਂ ਲਈਆਂ, ਇੱਕ ਨੂੰ "ਮਨੋਹਰਤਾ" ਅਤੇ ਦੂਜੀ ਨੂੰ "ਮਿਲਾਪ" ਕਿਹਾ ਅਤੇ ਮੈਂ ਭੇਡਾਂ ਨੂੰ ਚਰਾਇਆ ।8ਮੈਂ ਇੱਕ ਮਹੀਨੇ ਵਿੱਚ ਤਿੰਨਾਂ ਅਯਾਲੀਆਂ ਨੂੰ ਵੱਢ ਸੁੱਟਿਆ, ਜਿਨ੍ਹਾਂ ਤੋਂ ਮੇਰੀ ਜਾਨ ਦੁਖੀ ਸੀ ਅਤੇ ਉਹਨਾਂ ਦੀ ਜਾਨ ਵੀ ਮੇਰੇ ਤੋਂ ਨਫ਼ਰਤ ਕਰਦੀ ਸੀ ।9ਤਦ ਮੈਂ ਕਿਹਾ, ਮੈਂ ਤੁਹਾਨੂੰ ਨਹੀਂ ਚਰਾਵਾਂਗਾ, ਮਰਨ ਵਾਲਾ ਮਰ ਜਾਵੇ ਅਤੇ ਨਾਸ ਹੋ ਜਾਣ ਵਾਲਾ ਨਾਸ ਹੋ ਜਾਵੇ ਅਤੇ ਜਿਹੜੇ ਬਾਕੀ ਰਹਿਣ ਉਹ ਇੱਕ ਦੂਜਾ ਆਪਣੇ ਗੁਆਂਢੀ ਦਾ ਮਾਸ ਖਾਵੇ ।
10ਤਾਂ ਮੈਂ ਆਪਣੀ "ਮਨੋਹਰਤਾ" ਲਾਠੀ ਲਈ ਅਤੇ ਉਹ ਦੇ ਟੁਕੜੇ ਕਰ ਦਿੱਤੇ, ਤਾਂ ਕਿ ਮੈਂ ਆਪਣੇ ਨੇਮ ਨੂੰ ਜਿਹੜਾ ਮੈਂ ਸਾਰੀਆਂ ਕੌਮਾਂ ਨਾਲ ਬੰਨ੍ਹਿਆ ਹੋਇਆ ਸੀ, ਤੋੜ ਲਵਾਂ ।11ਇਹ ਉਸ ਦਿਨ ਟੁੱਟ ਗਿਆ ਜਦ ਕਮਜ਼ੋਰ ਭੇਡਾਂ ਨੇ ਜਾਣ ਲਿਆ ਜਿਹੜੀਆਂ ਮੇਰੀਆਂ ਰੱਖੀਆਂ ਹੋਈਆਂ ਸਨ, ਕਿ ਇਹ ਯਹੋਵਾਹ ਦਾ ਬਚਨ ਹੈ ।12ਤਦ ਮੈਂ ਉਹਨਾਂ ਨੂੰ ਕਿਹਾ, ਜੇ ਤੁਹਾਡੀ ਨਿਗਾਹ ਵਿੱਚ ਚੰਗਾ ਹੋਵੇ ਤਾਂ ਮੇਰੀ ਮਜ਼ਦੂਰੀ ਮੈਨੂੰ ਦਿਓ, ਨਹੀਂ ਤਾਂ, ਨਾ ਸਹੀ । ਉਹਨਾਂ ਨੇ ਤੋਲ ਕੇ ਤੀਹ ਰੁਪਏ ਮੇਰੀ ਮਜ਼ਦੂਰੀ ਦੇ ਮੈਨੂੰ ਦਿੱਤੇ ।
13ਯਹੋਵਾਹ ਨੇ ਮੈਨੂੰ ਕਿਹਾ ਕਿ ਇਨ੍ਹਾਂ ਨੂੰ ਘੁਮ੍ਹਿਆਰ ਦੇ ਅੱਗੇ ਸੁੱਟ ਦੇ, ਉਸ ਵੱਡੇ ਮੁੱਲ ਨੂੰ ਜਿਹੜਾ ਜਿਹੜਾ ਉਹਨਾਂ ਨੇ ਮੇਰਾ ਪਾਇਆ ਸੀ । ਮੈਂ ਉਹ ਤੀਹ ਰੁਪਏ ਲੈ ਕੇ ਯਹੋਵਾਹ ਦੇ ਭਵਨ ਵਿੱਚ ਘੁਮ੍ਹਿਆਰ ਦੇ ਅੱਗੇ ਸੁੱਟ ਦਿੱਤੇ ।14ਤਾਂ ਮੈਂ ਆਪਣੀ ਦੂਜੀ ਲਾਠੀ ਜਿਸ ਦਾ ਮਿਲਾਪ ਹੈ, ਉਸ ਦੇ ਟੁੱਕੜੇ-ਟੁੱਕੜੇ ਕਰ ਦਿੱਤੇ, ਤਾਂ ਜੋ ਮੈਂ ਉਸ ਭਾਈਚਾਰੇ ਦੇ ਰਿਸ਼ਤੇ ਨੂੰ ਤੋੜ ਦੇਵਾਂ ਜੋ ਯਹੂਦਾਹ ਅਤੇ ਇਸਰਾਏਲ ਦੇ ਵਿੱਚ ਹੈ ।
15ਤਦ ਯਹੋਵਾਹ ਨੇ ਮੈਨੂੰ ਕਿਹਾ ਕਿ ਫੇਰ ਮੂਰਖ ਅਯਾਲੀ ਦਾ ਸਮਾਨ ਲੈ16ਕਿਉਂ ਜੋ ਵੇਖ, ਮੈਂ ਦੇਸ ਵਿੱਚ ਅਜਿਹੇ ਅਯਾਲੀ ਨੂੰ ਕਾਇਮ ਕਰਨ ਵਾਲਾ ਹਾਂ ਜਿਹੜਾ ਨਾਸ ਹੋਣ ਵਾਲਿਆਂ ਦੀ ਖ਼ਬਰ ਨਾ ਲਵੇਗਾ, ਭਟਕਿਆਂ ਹੋਇਆ ਨੂੰ ਨਾ ਭਾਲੇਗਾ, ਜ਼ਖਮੀ ਦਾ ਇਲਾਜ ਨਾ ਕਰੇਗਾ ਅਤੇ ਚੰਗੇ ਭਲੇ ਨੂੰ ਨਾ ਚਰਾਵੇਗਾ ਪਰ ਮੋਟਿਆਂ ਦਾ ਮਾਸ ਖਾਵੇਗਾ ਅਤੇ ਉਹਨਾਂ ਦੇ ਖੁਰ ਚੀਰ ਸੁੱਟੇਗਾ ।
17ਹਾਏ ਉਸ ਮੇਰੇ ਮੂਰਖ ਅਯਾਲੀ ਲਈ ! ਜਿਹੜਾ ਭੇਡਾਂ ਨੂੰ ਛੱਡ ਜਾਂਦਾ ਹੈ, ਤਲਵਾਰ ਉਸ ਦੀ ਬਾਂਹ ਉੱਤੇ ਅਤੇ ਉਸ ਦੀ ਸੱਜੀ ਅੱਖ ਉੱਤੇ ਆ ਪਵੇਗੀ, ਉਸ ਦੀ ਬਾਂਹ ਪੂਰੀ ਤਰ੍ਹਾਂ ਨਾਲ ਸੁੱਕ ਜਾਵੇਗੀ ਅਤੇ ਉਸ ਦੀ ਸੱਜੀ ਅੱਖ ਪੂਰੀ ਤਰ੍ਹਾਂ ਦੇ ਨਾਲ ਫੁੱਟ ਜਾਵੇਗੀ !

12
ਭਵਿੱਖ ਦੇ ਵਿੱਚ ਯਰੂਸ਼ਲਮ ਦਾ ਛੁਟਕਾਰਾ

1ਇਸਰਾਏਲ ਦੇ ਬਾਰੇ ਯਹੋਵਾਹ ਦਾ ਬਚਨ । ਯਹੋਵਾਹ ਦਾ ਵਾਕ ਹੈ, ਜਿਹੜਾ ਆਕਾਸ਼ ਨੂੰ ਤਾਣਦਾ, ਧਰਤੀ ਦੀ ਨੀਂਹ ਰੱਖਦਾ ਅਤੇ ਮਨੁੱਖ ਦਾ ਆਤਮਾ ਉਸ ਦੇ ਅੰਦਰ ਰਚਦਾ ਹੈ ।2ਵੇਖ, ਮੈਂ ਯਰੂਸ਼ਲਮ ਨੂੰ ਆਲੇ-ਦੁਆਲੇ ਦੇ ਸਾਰੇ ਲੋਕਾਂ ਲਈ ਲੁੜਕਣ ਦਾ ਕਟੋਰਾ ਠਹਿਰਾਉਂਦਾ ਹਾਂ ਅਤੇ ਇਹ ਯਹੂਦਾਹ ਦੇ ਵਿਰੁੱਧ ਵੀ ਹੋਵੇਗਾ ਜਦ ਯਰੂਸ਼ਲਮ ਦੇ ਵਿਰੁੱਧ ਘੇਰਾ ਪਾਇਆ ਜਾਵੇਗਾ ।3ਮੈਂ ਉਸ ਦਿਨ ਯਰੂਸ਼ਲਮ ਨੂੰ ਸਾਰਿਆਂ ਲੋਕਾਂ ਲਈ ਇੱਕ ਭਾਰੀ ਪੱਥਰ ਠਹਿਰਾਵਾਂਗਾ । ਸਾਰੇ ਉਸ ਦੇ ਚੁੱਕਣ ਵਾਲੇ ਜ਼ਖਮੀ ਕੀਤੇ ਜਾਣਗੇ ਅਤੇ ਧਰਤੀ ਦੀਆਂ ਸਾਰੀਆਂ ਕੌਮਾਂ ਉਸ ਦੇ ਵਿਰੁੱਧ ਇਕੱਠੀਆਂ ਹੋਣਗੀਆਂ ।

4ਯਹੋਵਾਹ ਦਾ ਵਾਕ ਹੈ, ਉਸ ਦਿਨ ਮੈਂ ਹਰੇਕ ਘੋੜੇ ਨੂੰ ਘਬਰਾਹਟ ਨਾਲ ਅਤੇ ਉਸ ਦੇ ਸਵਾਰ ਨੂੰ ਪਾਗਲਪਣ ਨਾਲ ਮਾਰਾਂਗਾ, ਯਹੂਦਾਹ ਦੇ ਘਰਾਣੇ ਉੱਤੇ ਮੈਂ ਆਪਣੀਆਂ ਅੱਖਾਂ ਖੁੱਲ੍ਹੀਆਂ ਰੱਖਾਂਗਾ ਅਤੇ ਕੌਮਾਂ ਦੇ ਸਾਰਿਆਂ ਘੋੜਿਆਂ ਨੂੰ ਅੰਨ੍ਹਾ ਕਰ ਕੇ ਮਾਰਾਂਗਾ ।5ਤਦ ਯਹੂਦਾਹ ਦੇ ਸਰਦਾਰ ਆਪਣੇ ਦਿਲ ਵਿੱਚ ਆਖਣਗੇ ਕਿ ਯਰੂਸ਼ਲਮ ਦੇ ਵਾਸੀ ਮੇਰੇ ਲਈ ਆਪਣੇ ਪਰਮੇਸ਼ੁਰ ਸੈਨਾਂ ਦੇ ਯਹੋਵਾਹ ਵਿੱਚ ਬਲ ਹਨ ।
6ਉਸ ਦਿਨ ਮੈਂ ਯਹੂਦੀਆਂ ਦੇ ਸਰਦਾਰਾਂ ਨੂੰ ਲੱਕੜੀਆਂ ਵਿੱਚ ਅੱਗ ਦੀ ਅੰਗੀਠੀ ਵਾਂਗੂੰ ਅਤੇ ਪੂਲ੍ਹੀਆਂ ਵਿੱਚ ਅੱਗ ਦੀ ਮਸਾਲ ਵਾਂਗੂੰ ਠਹਿਰਾਵਾਂਗਾ । ਉਹ ਸੱਜੇ ਖੱਬੇ ਅਤੇ ਆਲੇ-ਦੁਆਲੇ ਦੇ ਸਾਰੇ ਲੋਕਾਂ ਨੂੰ ਖਾ ਜਾਣਗੇ ਅਤੇ ਯਰੂਸ਼ਲਮ ਦੇ ਵਾਸੀ ਫੇਰ ਯਰੂਸ਼ਲਮ ਵਿੱਚ ਆਪਣੇ ਥਾਂ ਹੀ ਵੱਸਣਗੇ ।
7ਯਹੋਵਾਹ ਪਹਿਲਾਂ ਯਹੂਦਾਹ ਦੇ ਤੰਬੂਆਂ ਨੂੰ ਬਚਾਵੇਗਾ ਕਿਉਂਕਿ ਦਾਊਦ ਦੇ ਘਰਾਣੇ ਦਾ ਪਰਤਾਪ ਅਤੇ ਯਰੂਸ਼ਲਮ ਦੇ ਵਾਸੀਆਂ ਦਾ ਪਰਤਾਪ, ਯਹੂਦਾਹ ਤੋਂ ਉੱਚਾ ਨਾ ਹੋਵੇ ।8ਉਸ ਦਿਨ ਯਹੋਵਾਹ ਯਰੂਸ਼ਲਮ ਦੇ ਵਾਸੀਆਂ ਦੇ ਆਲੇ-ਦੁਆਲੇ ਇੱਕ ਢਾਲ਼ ਹੋਵੇਗਾ, ਉਸ ਦਿਨ ਉਹਨਾਂ ਵਿੱਚੋਂ ਕਮਜ਼ੋਰ ਤੋਂ ਕਮਜ਼ੋਰ ਦਾਊਦ ਵਰਗਾ ਹੋਵੇਗਾ, ਦਾਊਦ ਦਾ ਘਰਾਣਾ ਪਰਮੇਸ਼ੁਰ ਅਤੇ ਯਹੋਵਾਹ ਦੇ ਦੂਤ ਵਰਗਾ ਹੋਵੇਗਾ, ਜਿਹੜਾ ਉਹਨਾਂ ਦੇ ਅੱਗੇ ਸੀ ।9ਉਸ ਦਿਨ ਮੈਂ ਯਰੂਸ਼ਲਮ ਦੇ ਵਿਰੁੱਧ ਆਉਣ ਵਾਲੀਆਂ ਸਾਰੀਆਂ ਕੌਮਾਂ ਨੂੰ ਨਾਸ ਕਰਨ ਲਈ ਜਤਨ ਕਰਾਂਗਾ ।
10ਮੈਂ ਦਾਊਦ ਦੇ ਘਰਾਣੇ ਅਤੇ ਯਰੂਸ਼ਲਮ ਦੇ ਵਾਸੀਆਂ ਉੱਤੇ ਕਿਰਪਾ ਅਤੇ ਦਯਾ ਦਾ ਆਤਮਾ ਵਹਾਵਾਂਗਾ, ਉਹ ਮੇਰੀ ਵੱਲ ਜਿਸ ਨੂੰ ਉਹਨਾਂ ਨੇ ਵਿੰਨ੍ਹਿਆ ਸੀ ਤੱਕਣਗੇ ਅਤੇ ਉਸ ਦੇ ਲਈ ਸੋਗ ਕਰਨਗੇ ਜਿਵੇਂ ਕੋਈ ਆਪਣੇ ਇਕਲੌਤੇ ਦੇ ਲਈ ਸੋਗ ਕਰਦਾ ਹੈ ਅਤੇ ਉਹ ਉਸ ਦੇ ਲਈ ਪਿੱਟਣਗੇ ਜਿਵੇਂ ਕੋਈ ਆਪਣੇ ਜੇਠੇ ਪੁੱਤਰ ਲਈ ਪਿੱਟਦਾ ਹੈ ।11ਉਸ ਦਿਨ ਯਰੂਸ਼ਲਮ ਵਿੱਚ ਹਦਦਰਮੋਨ ਦੇ ਸੋਗ ਵਰਗਾ ਵੱਡਾ ਸੋਗ ਹੋਵੇਗਾ, ਜਿਹੜਾ ਮਗਿੱਦੋ ਦੀ ਘਾਟੀ ਵਿੱਚ ਹੋਇਆ ਸੀ ।
12ਦੇਸ ਸੋਗ ਕਰੇਗਾ, ਪਰਿਵਾਰਾਂ ਦੇ ਪਰਿਵਾਰ ਅਲੱਗ-ਅਲੱਗ, ਦਾਊਦ ਦੇ ਘਰਾਣੇ ਦਾ ਪਰਿਵਾਰ ਅਲੱਗ ਅਤੇ ਉਹਨਾਂ ਦੀਆਂ ਪਤਨੀਆਂ ਅਲੱਗ, ਨਾਥਾਨ ਦੇ ਘਰਾਣੇ ਦਾ ਪਰਿਵਾਰ ਅਲੱਗ ਅਤੇ ਉਹਨਾਂ ਦੀਆਂ ਪਤਨੀਆਂ ਅਲੱਗ,13ਲੇਵੀ ਦੇ ਘਰਾਣੇ ਦਾ ਪਰਿਵਾਰ ਅਲੱਗ ਅਤੇ ਉਹਨਾਂ ਦੀਆਂ ਪਤਨੀਆਂ ਅਲੱਗ ਅਤੇ ਸ਼ਿਮਈ ਦਾ ਪਰਿਵਾਰ ਅਲੱਗ ਅਤੇ ਉਹਨਾਂ ਦੀਆਂ ਪਤਨੀਆਂ ਅਲੱਗ14ਸਾਰੇ ਬਾਕੀ ਪਰਿਵਾਰ, ਪਰਿਵਾਰਾਂ ਦੇ ਪਰਿਵਾਰ ਅਲੱਗ ਅਤੇ ਉਹਨਾਂ ਦੀਆਂ ਪਤਨੀਆਂ ਅਲੱਗ ।

13

1ਉਸ ਦਿਨ ਪਾਪ ਅਤੇ ਅਸ਼ੁੱਧਤਾਈ ਦੇ ਕਾਰਨ ਇੱਕ ਸੁੰਬ ਦਾਊਦ ਦੇ ਘਰਾਣੇ ਅਤੇ ਯਰੂਸ਼ਲਮ ਦੇ ਵਾਸੀਆਂ ਲਈ ਖੋਲ੍ਹਿਆ ਜਾਵੇਗਾ ।2ਉਸ ਦਿਨ ਇਸ ਤਰ੍ਹਾਂ ਹੋਵੇਗਾ, ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਮੈਂ ਦੇਸ ਵਿੱਚੋਂ ਬੁੱਤਾਂ ਦਾ ਨਾਮ ਕੱਟ ਦਿਆਂਗਾ, ਉਹ ਫੇਰ ਚੇਤੇ ਨਾ ਕੀਤੇ ਜਾਣਗੇ ਅਤੇ ਨਬੀਆਂ ਅਤੇ ਪਲੀਤ ਆਤਮਾਂ ਨੂੰ ਉਸ ਦੇਸ ਤੋਂ ਕੱਢ ਦਿਆਂਗਾ ।

3ਤਾਂ ਇਸ ਤਰ੍ਹਾਂ ਹੋਵੇਗਾ ਕਿ ਜਦ ਕੋਈ ਮਨੁੱਖ ਅਗੰਮ ਵਾਚੇਗਾ ਤਾਂ ਉਸ ਦੇ ਮਾਪੇ ਜਿਨ੍ਹਾਂ ਤੋਂ ਉਹ ਜੰਮਿਆ ਸੀ, ਉਹ ਨੂੰ ਆਖਣਗੇ ਕਿ ਤੂੰ ਜੀਉਂਦਾ ਨਾ ਰਹੇਂਗਾ ਕਿਉਂ ਜੋ ਤੂੰ ਯਹੋਵਾਹ ਦਾ ਨਾਮ ਲੈ ਕੇ ਝੂਠ ਬੋਲਦਾ ਹੈਂ ! ਤਾਂ ਉਸ ਦੇ ਮਾਪੇ ਜਿਨ੍ਹਾਂ ਤੋਂ ਉਹ ਜੰਮਿਆ ਸੀ ਜਦ ਉਹ ਅਗੰਮ ਵਾਚੇਗਾ ਉਹ ਨੂੰ ਵਿੰਨ੍ਹ ਸੁੱਟਣਗੇ ।
4ਉਸ ਦਿਨ ਇਸ ਤਰ੍ਹਾਂ ਹੋਵੇਗਾ ਕਿ ਹਰੇਕ ਨਬੀ ਜਦ ਉਹ ਅਗੰਮ ਵਾਚੇਗਾ, ਆਪਣੇ ਦਰਸ਼ਣ ਤੋਂ ਸ਼ਰਮਿੰਦਾ ਹੋਵੇਗਾ ਅਤੇ ਉਹ ਧੋਖਾ ਦੇਣ ਲਈ ਉੱਨ ਦਾ ਚੋਲਾ ਨਾ ਪਾਉਣਗੇ ।5ਸਗੋਂ ਉਹ ਆਖੇਗਾ, ਮੈਂ ਨਬੀ ਨਹੀਂ ਹਾਂ, ਮੈਂ ਤਾਂ ਜ਼ਮੀਨ ਦਾ ਵਾਹੁਣ ਵਾਲਾ ਹਾਂ, ਕਿਉਂ ਜੋ ਜੁਆਨੀ ਤੋਂ ਜ਼ਮੀਨ ਮੇਰੇ ਕਬਜ਼ੇ ਵਿੱਚ ਰਹੀ ਹੈ ।6ਜੇ ਉਹ ਨੂੰ ਕੋਈ ਆਖੇਗਾ ਕਿ ਤੇਰੇ ਹੱਥਾਂ ਦੇ ਵਿੱਚ ਇਹ ਜ਼ਖਮ ਕੀ ਹਨ ? ਤਾਂ ਉਹ ਆਖੇਗਾ ਕਿ ਇਹ ਉਹੋ ਹੀ ਹਨ ਜਿਨ੍ਹਾਂ ਨਾਲ ਮੈਂ ਆਪਣੇ ਸੱਜਣਾਂ ਦੇ ਘਰ ਜ਼ਖਮੀ ਕੀਤਾ ਗਿਆ ।
ਪ੍ਰਭੂ ਦੇ ਚਰਵਾਹੇ ਨੂੰ ਮਾਰ ਸੁੱਟਣ ਦੀ ਆਗਿਆ

7ਹੇ ਤਲਵਾਰ, ਮੇਰੇ ਅਯਾਲੀ ਦੇ ਵਿਰੁੱਧ ਜਾਗ, ਉਸ ਪੁਰਖ ਦੇ ਵਿਰੁੱਧ ਜਿਹੜਾ ਮੇਰਾ ਸਾਥੀ ਹੈ ! ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਅਯਾਲੀ ਨੂੰ ਮਾਰ ਕਿ ਭੇਡਾਂ ਖਿੱਲਰ ਜਾਣ,
8ਇਸ ਤਰ੍ਹਾਂ ਹੋਵੇਗਾ, ਯਹੋਵਾਹ ਦਾ ਵਾਕ ਹੈ, ਕਿ ਉਸ ਸਾਰੇ ਦੇਸ ਵਿੱਚ ਦੋ ਤਿਹਾਈ ਕੱਢੇ ਜਾਣਗੇ ਅਤੇ ਨਾਸ ਹੋ ਜਾਣਗੇ, ਇੱਕ ਤਿਹਾਈ ਉਸ ਵਿੱਚ ਬਚ ਰਹੇਗੀ ।9ਮੈਂ ਇੱਕ ਤਿਹਾਈ ਨੂੰ ਅੱਗ ਵਿੱਚ ਪਾਵਾਂਗਾ, ਮੈਂ ਉਹ ਨੂੰ ਤਾਵਾਂਗਾ ਜਿਵੇਂ ਚਾਂਦੀ ਤਾਈ ਜਾਂਦੀ ਹੈ, ਮੈਂ ਉਹ ਨੂੰ ਪਰਖਾਂਗਾ ਜਿਵੇਂ ਸੋਨਾ ਪਰਖੀਦਾ ਹੈ, ਉਹ ਮੇਰਾ ਨਾਮ ਲੈ ਕੇ ਪੁਕਾਰਨਗੇ ਅਤੇ ਮੈਂ ਉਹਨਾਂ ਨੂੰ ਉੱਤਰ ਦਿਆਂਗਾ, ਮੈਂ ਆਖਾਂਗਾ, ਇਹ ਮੇਰੀ ਪਰਜਾ ਹੈ ਅਤੇ ਉਹ ਆਖਣਗੇ ਯਹੋਵਾਹ ਮੇਰਾ ਪਰਮੇਸ਼ੁਰ ਹੈ ।

14
ਯਰੂਸ਼ਲਮ ਅਤੇ ਹੋਰ ਕੌਮਾਂ

1ਵੇਖ, ਯਹੋਵਾਹ ਦਾ ਦਿਨ ਆਉਂਦਾ ਹੈ ਕਿ ਤੇਰੀ ਲੁੱਟ ਤੇਰੇ ਅੰਦਰ ਵੰਡੀ ਜਾਵੇਗੀ ।2ਮੈਂ ਸਾਰੀਆਂ ਕੌਮਾਂ ਨੂੰ ਇਕੱਠਾ ਕਰਾਂਗਾ ਕਿ ਯਰੂਸ਼ਲਮ ਨਾਲ ਲੜਾਈ ਕਰਨ ਅਤੇ ਸ਼ਹਿਰ ਉੱਤੇ ਕਬਜ਼ਾ ਕਰ ਲਿਆ ਜਾਵੇਗਾ, ਇਸਤਰੀਆਂ ਦੀ ਬੇ-ਪਤੀ ਹੋਵੇਗੀ ਅਤੇ ਅੱਧਾ ਸ਼ਹਿਰ ਗੁਲਾਮੀ ਵਿੱਚ ਜਾਵੇਗਾ ਪਰ ਬਾਕੀ ਲੋਕ ਸ਼ਹਿਰ ਤੋਂ ਵੱਢੇ ਜਾਣਗੇ ।

3ਤਾਂ ਯਹੋਵਾਹ ਨਿੱਕਲੇਗਾ ਅਤੇ ਉਹਨਾਂ ਕੌਮਾਂ ਨਾਲ ਯੁੱਧ ਕਰੇਗਾ, ਜਿਵੇਂ ਯੁੱਧ ਦੇ ਦਿਨ ਲੜਦਾ ਸੀ ।4ਉਸ ਦਿਨ ਉਸ ਦੇ ਪੈਰ ਜ਼ੈਤੂਨ ਦੇ ਪਹਾੜ ਉੱਤੇ ਖੜੇ ਹੋਣਗੇ, ਜਿਹੜਾ ਯਰੂਸ਼ਲਮ ਦੇ ਅੱਗੇ ਪੂਰਬ ਵੱਲ ਹੈ ਅਤੇ ਜ਼ੈਤੂਨ ਦਾ ਪਹਾੜ ਪੂਰਬ ਤੋਂ ਪੱਛਮ ਤੱਕ ਵਿੱਚੋਂ ਪਾਟ ਜਾਵੇਗਾ ਅਤੇ ਇੱਕ ਬਹੁਤ ਵੱਡੀ ਘਾਟੀ ਹੋ ਜਾਵੇਗੀ, ਅੱਧਾ ਪਹਾੜ ਉੱਤਰ ਨੂੰ ਅਤੇ ਅੱਧਾ ਦੱਖਣ ਨੂੰ ਸਰਕ ਜਾਵੇਗਾ ।
5ਤੁਸੀਂ ਮੇਰੇ ਪਹਾੜ ਦੀ ਘਾਟੀ ਦੇ ਵਿੱਚ ਦੀ ਭੱਜੋਗੇ, ਜਿਵੇਂ ਯਹੂਦਾਹ ਦੇ ਪਾਤਸ਼ਾਹ ਉਜ਼ੀਯਾਹ ਦੇ ਦਿਨਾਂ ਵਿੱਚ ਭੂਚਾਲ ਦੇ ਅੱਗੇ ਭੱਜੇ ਸੀ, ਤਦ ਯਹੋਵਾਹ ਮੇਰਾ ਪਰਮੇਸ਼ੁਰ ਆਵੇਗਾ ਅਤੇ ਸਾਰੇ ਸੰਤ ਜਨ ਤੇਰੇ ਨਾਲ ।
6ਇਸ ਤਰ੍ਹਾਂ ਹੋਵੇਗਾ ਕਿ ਉਸ ਦਿਨ ਚਾਨਣ ਨਾ ਹੋਵੇਗਾ, ਅਕਾਸ਼ ਦੇ ਤਾਰੇ ਮੱਧਮ ਪੈ ਜਾਣਗੇ ।7ਪਰ ਇੱਕ ਦਿਨ ਹੋਵੇਗਾ ਜਿਹ ਨੂੰ ਯਹੋਵਾਹ ਹੀ ਜਾਣਦਾ ਹੈ, ਨਾ ਦਿਨ ਹੋਵੇਗਾ ਨਾ ਰਾਤ ਪਰ ਸ਼ਾਮ ਦੇ ਵੇਲੇ ਚਾਨਣ ਹੋਵੇਗਾ ।8ਉਸ ਦਿਨ ਇਸ ਤਰ੍ਹਾਂ ਹੋਵੇਗਾ ਕਿ ਯਰੂਸ਼ਲਮ ਤੋਂ ਅੰਮ੍ਰਿਤ ਜਲ ਨਿੱਕਲੇਗਾ, ਜਿਸ ਦਾ ਅੱਧ ਪੂਰਬ ਵਾਲੇ ਪਾਸੇ ਦੇ ਸਮੁੰਦਰ ਵਿੱਚ ਅਤੇ ਉਸ ਦਾ ਅੱਧ ਪੱਛਮ ਵਾਲੇ ਪਾਸੇ ਦੇ ਸਮੁੰਦਰ ਵਿੱਚ ਹੈ । ਇਹ ਗਰਮੀ ਅਤੇ ਸਰਦੀ ਵਿੱਚ ਰਹੇਗਾ ।
9ਸਾਰੀ ਧਰਤੀ ਉੱਤੇ ਯਹੋਵਾਹ ਹੀ ਪਾਤਸ਼ਾਹ ਹੋਵੇਗਾ, ਉਸ ਦਿਨ ਯਹੋਵਾਹ ਇੱਕੋ ਹੀ ਹੋਵੇਗਾ ਅਤੇ ਉਸ ਦਾ ਨਾਮ ਇੱਕ ਹੀ ਹੋਵੇਗਾ ।10ਗਬਾ ਤੋਂ ਰਿੰਮੀਨ ਤੱਕ ਸਾਰੀ ਧਰਤੀ ਯਰੂਸ਼ਲਮ ਦੇ ਦੱਖਣ ਵੱਲ ਅਰਾਬਾਹ ਵਾਂਗੂੰ ਹੋ ਜਾਵੇਗੀ ਪਰ ਉਹ ਉੱਚਾ ਕੀਤਾ ਜਾਵੇਗਾ ਅਤੇ ਆਪਣੇ ਸਥਾਨ ਉੱਤੇ ਵੱਸੇਗਾ । ਬਿਨਯਾਮੀਨ ਦੇ ਫਾਟਕ ਤੋਂ ਪਹਿਲੇ ਫਾਟਕ ਦੇ ਥਾਂ ਅਰਥਾਤ ਕੋਨੇ ਦੇ ਫਾਟਕ ਤੱਕ ਅਤੇ ਹਨਨਏਲ ਦੇ ਬੁਰਜ ਤੋਂ ਪਾਤਸ਼ਾਹ ਦੇ ਅੰਗੂਰੀ ਚੁਬੱਚਿਆਂ ਤੱਕ ਹੋਵੇਗਾ ।11ਉਸ ਵਿੱਚ ਉਹ ਵੱਸਣਗੇ ਅਤੇ ਫੇਰ ਸਰਾਪ ਨਾ ਹੋਵੇਗਾ, ਯਰੂਸ਼ਲਮ ਸੁੱਖ ਵਿੱਚ ਵੱਸੇਗਾ ।
12ਉਹ ਮਹਾਂਮਾਰੀ ਹੋਵੇਗਾ ਜਿਹ ਦੇ ਨਾਲ ਯਹੋਵਾਹ ਉਹਨਾਂ ਸਾਰੀਆਂ ਕੌਮਾਂ ਨੂੰ ਮਾਰੇਗਾ, ਜਿਹੜੀਆਂ ਯਰੂਸ਼ਲਮ ਨਾਲ ਲੜਦੀਆਂ ਹਨ । ਉਹਨਾਂ ਦਾ ਮਾਸ ਖੜੇ ਖੜੇ ਗਲ਼ ਜਾਵੇਗਾ ਅਤੇ ਉਹਨਾਂ ਦੀਆਂ ਅੱਖਾਂ ਗਲ਼ ਜਾਣਗੀਆਂ ਅਤੇ ਉਹਨਾਂ ਦੀ ਜੀਭ ਉਹਨਾਂ ਦੇ ਮੂੰਹ ਵਿੱਚ ਗਲ਼ ਜਾਵੇਗੀ ।13ਅਤੇ ਇਸ ਤਰ੍ਹਾਂ ਹੋਵੇਗਾ ਕਿ ਉਸ ਦਿਨ ਯਹੋਵਾਹ ਦੀ ਵੱਲੋਂ ਉਹਨਾਂ ਵਿੱਚ ਵੱਡੀ ਹੱਲ ਚੱਲ ਹੋਵੇਗੀ, ਉਹ ਆਪੋ ਆਪਣੇ ਗੁਆਂਢੀ ਦਾ ਹੱਥ ਫੜਨਗੇ ਅਤੇ ਉਹਨਾਂ ਦੇ ਹੱਥ ਉਹਨਾਂ ਦੇ ਗੁਆਂਢੀਆਂ ਦੇ ਉੱਤੇ ਚੁੱਕੇ ਜਾਣਗੇ ।
14ਯਹੂਦਾਹ ਵੀ ਯਰੂਸ਼ਲਮ ਨਾਲ ਲੜੇਗਾ ਅਤੇ ਆਲੇ-ਦੁਆਲੇ ਦੀਆਂ ਸਾਰੀਆਂ ਕੌਮਾਂ ਦਾ ਧਨ ਇਕੱਠਾ ਕੀਤਾ ਜਾਵੇਗਾ ਅਰਥਾਤ ਸੋਨਾ ਚਾਂਦੀ ਅਤੇ ਬਸਤਰ ਢੇਰਾਂ ਦੇ ਢੇਰ ।15ਇਸ ਮਹਾਂਮਾਰੀ ਵਾਂਗੂੰ ਇੱਕ ਮਹਾਂਮਾਰੀ ਘੋੜਿਆਂ, ਖੱਚਰਾਂ, ਊਠਾਂ, ਗਧਿਆਂ ਅਤੇ ਸਾਰੇ ਪਸ਼ੂਆਂ ਉੱਤੇ ਪਵੇਗੀ, ਜਿਹੜੇ ਡੇਰਿਆਂ ਵਿੱਚ ਹੋਣਗੇ ।
16ਇਸ ਤਰ੍ਹਾਂ ਹੋਵੇਗਾ ਕਿ ਜੋ ਸਾਰੀਆਂ ਕੌਮਾਂ ਵਿੱਚੋਂ ਜਿਹੜੀਆਂ ਯਰੂਸ਼ਲਮ ਦੇ ਵਿਰੁੱਧ ਆਈਆਂ ਹਨ ਬਾਕੀ ਰਹਿ ਜਾਣਗੀਆਂ, ਉਹ ਹਰ ਸਾਲ ਸੈਨਾਂ ਦੇ ਯਹੋਵਾਹ ਪਾਤਸ਼ਾਹ ਨੂੰ ਮੱਥਾ ਟੇਕਣ ਲਈ ਅਤੇ ਡੇਰਿਆਂ ਦਾ ਪਰਬ ਮਨਾਉਣ ਲਈ ਉਤਾਂਹਾਂ ਨੂੰ ਜਾਣਗੀਆਂ ।17ਅਤੇ ਇਸ ਤਰ੍ਹਾਂ ਹੋਵੇਗਾ ਜਿਹੜਾ ਧਰਤੀ ਦੇ ਪਰਿਵਾਰਾਂ ਵਿੱਚੋਂ ਸੈਨਾਂ ਦੇ ਯਹੋਵਾਹ ਪਾਤਸ਼ਾਹ ਨੂੰ ਮੱਥਾ ਟੇਕਣ ਲਈ ਯਰੂਸ਼ਲਮ ਨੂੰ ਨਾ ਆਵੇਗਾ ਉਹ ਦੇ ਉੱਤੇ ਮੀਂਹ ਨਾ ਪਵੇਗਾ ।18ਜੇ ਮਿਸਰ ਦਾ ਪਰਿਵਾਰ ਨਾ ਚੜ੍ਹੇਗਾ ਅਤੇ ਨਾ ਆਵੇਗਾ ਤਾਂ ਉਹ ਦੇ ਉੱਤੇ ਮੀਂਹ ਨਾ ਪਵੇਗਾ ਸਗੋਂ ਉਹ ਮਹਾਂਮਾਰੀ ਪਵੇਗੀ, ਜਿਹ ਦੇ ਨਾਲ ਯਹੋਵਾਹ ਉਹਨਾਂ ਕੌਮਾਂ ਨੂੰ ਮਾਰੇਗਾ ਜਿਹੜੀਆਂ ਡੇਰਿਆਂ ਦੇ ਪਰਬ ਨੂੰ ਮਨਾਉਣ ਲਈ ਉਤਾਹਾਂ ਨਹੀਂ ਚੜਦੀਆਂ ਹਨ ।
19ਇਹ ਮਿਸਰ ਦੀ ਸਜ਼ਾ ਹੋਵੇਗੀ ਅਤੇ ਉਹਨਾਂ ਸਾਰੀਆਂ ਕੌਮਾਂ ਦੀ ਸਜ਼ਾ ਜਿਹੜੀਆਂ ਡੇਰਿਆਂ ਦਾ ਪਰਬ ਮਨਾਉਣ ਲਈ ਉਤਾਹਾਂ ਨਾ ਜਾਣਗੀਆਂ ।
20ਉਸ ਦਿਨ ਘੋੜਿਆਂ ਦੀਆਂ ਘੰਟੀਆਂ ਉੱਤੇ ਇਹ ਲਿਖਿਆ ਹੋਵੇਗਾ, "ਯਹੋਵਾਹ ਲਈ ਪਵਿੱਤਰ" ਅਤੇ ਯਹੋਵਾਹ ਦੇ ਭਵਨ ਦੀਆਂ ਦੇਗਾਂ ਉਹਨਾਂ ਕਟੋਰਿਆਂ ਵਾਂਗੂੰ ਹੋਣਗੀਆਂ ਜਿਹੜੀਆਂ ਜਗਵੇਦੀ ਦੇ ਅੱਗੇ ਹਨ ।21ਸਗੋਂ ਯਰੂਸ਼ਲਮ ਵਿੱਚ ਅਤੇ ਯਹੂਦਾਹ ਵਿੱਚ ਹਰੇਕ ਦੇਗ ਸੈਨਾਂ ਦੇ ਯਹੋਵਾਹ ਲਈ ਪਵਿੱਤਰ ਹੋਵੇਗੀ । ਸਾਰੇ ਚੜਾਵਾ ਚੜਾਉਣ ਵਾਲੇ ਆਉਣਗੇ ਅਤੇ ਉਹਨਾਂ ਨੂੰ ਲੈ ਕੇ ਉਹਨਾਂ ਵਿੱਚ ਪਕਾਉਣਗੇ । ਉਸ ਦਿਨ ਕੋਈ ਵਪਾਰੀ ਫੇਰ ਸੈਨਾਂ ਦੇ ਯਹੋਵਾਹ ਦੇ ਭਵਨ ਵਿੱਚ ਨਾ ਹੋਵੇਗਾ ।

ਮਲਾਕੀ

1

1ਮਲਾਕੀ ਦੇ ਰਾਹੀਂ ਇਸਰਾਏਲ ਲਈ ਯਹੋਵਾਹ ਦੀ ਬਾਣੀ ਦਾ ਅਗੰਮ ਵਾਕ ।

ਇਸਰਾਏਲ ਦੇ ਲਈ ਪਰਮੇਸ਼ੁਰ ਦਾ ਪ੍ਰੇਮ

2ਯਹੋਵਾਹ ਆਖਦਾ ਹੈ ਕਿ ਮੈਂ ਤੁਹਾਡੇ ਨਾਲ ਪਿਆਰ ਕੀਤਾ । ਤੁਸੀਂ ਪੁੱਛਦੇ ਹੋ ਕਿ ਤੂੰ ਕਿਵੇਂ ਸਾਡੇ ਨਾਲ ਪਿਆਰ ਕੀਤਾ ? ਕੀ ਏਸਾਓ ਯਾਕੂਬ ਦਾ ਭਰਾ ਨਹੀਂ ਸੀ ? ਯਹੋਵਾਹ ਦਾ ਵਾਕ ਹੈ, ਮੈਂ ਯਾਕੂਬ ਨੂੰ ਪਿਆਰ ਕੀਤਾ3ਪਰ ਏਸਾਓ ਨਾਲ ਵੈਰ ਰੱਖਿਆ, ਮੈਂ ਉਸ ਦੇ ਪਹਾੜ ਨੂੰ ਵਿਰਾਨ ਕਰ ਛੱਡਿਆ ਹੈ ਅਤੇ ਉਸ ਦੀ ਮਿਲਖ ਉਜਾੜ ਦੇ ਗਿੱਦੜਾਂ ਨੂੰ ਦੇ ਦਿੱਤੀ ਹੈ ।
4ਭਾਵੇਂ ਅਦੋਮ ਆਖੇ ਕਿ ਅਸੀਂ ਭੰਨੇ ਤੋੜੇ ਤਾਂ ਗਏ ਪਰ ਉੱਜੜੇ ਹੋਏ ਸਥਾਨਾਂ ਨੂੰ ਮੁੜ ਕੇ ਉਸਾਰਾਂਗੇ । ਪਰ ਸੈਨਾਂ ਦਾ ਯਹੋਵਾਹ ਆਖਦਾ ਹੈ ਕਿ ਉਹ ਉਸਾਰਨਗੇ ਪਰ ਮੈਂ ਢਾਹ ਦੇਵਾਂਗਾ ਅਤੇ ਲੋਕ ਉਹ ਨੂੰ "ਦੁਸ਼ਟ ਦੇਸ" ਪੁਕਾਰਨਗੇ ਅਤੇ "ਉਹ ਪਰਜਾ ਜਿਹ ਦੇ ਉੱਤੇ ਯਹੋਵਾਹ ਦਾ ਕਹਿਰ ਸਦਾ ਲਈ ਰਿਹਾ ਹੈ ।"5ਤੁਹਾਡੀਆਂ ਅੱਖਾਂ ਵੇਖਣਗੀਆਂ ਅਤੇ ਤੁਸੀਂ ਆਖੋਗੇ, ਯਹੋਵਾਹ ਦੀ ਵਡਿਆਈ ਇਸਰਾਏਲ ਦੀਆਂ ਹੱਦਾਂ ਤੋਂ ਅੱਗੇ ਤੱਕ ਹੋਵੇ !
ਜਾਜਕਾਂ ਨੂੰ ਪ੍ਰਭੂ ਦੀ ਫਟਕਾਰ

6ਪੁੱਤਰ ਆਪਣੇ ਪਿਤਾ ਦਾ ਅਤੇ ਦਾਸ ਆਪਣੇ ਸੁਆਮੀ ਦਾ ਆਦਰ ਕਰਦਾ ਹੈ । ਜੇ ਮੈਂ ਪਿਤਾ ਹਾਂ ਤਾਂ ਮੇਰਾ ਆਦਰ ਕਿੱਥੇ ਹੈ ਅਤੇ ਜੇ ਮੈਂ ਸੁਆਮੀ ਹਾਂ ਤਾਂ ਮੇਰਾ ਭੈ ਕਿੱਥੇ ਹੈ ? ਸੈਨਾਂ ਦਾ ਯਹੋਵਾਹ ਤੁਹਾਨੂੰ ਆਖਦਾ ਹੈ, ਮੇਰੇ ਨਾਮ ਦਾ ਨਿਰਾਦਰ ਕਰਨ ਵਾਲੇ ਜਾਜਕੋ ! ਪਰ ਤੁਸੀਂ ਆਖਦੇ ਹੋ ਅਸੀਂ ਕਿਹੜੀ ਗੱਲ ਵਿੱਚ ਤੇਰੇ ਨਾਮ ਦਾ ਨਿਰਾਦਰ ਕੀਤਾ ?7ਤੁਸੀਂ ਮੇਰੀ ਜਗਵੇਦੀ ਉੱਤੇ ਭ੍ਰਿਸ਼ਟ ਰੋਟੀਆਂ ਚੜ੍ਹਾਉਂਦੇ ਹੋ ਅਤੇ ਤੁਸੀਂ ਆਖਦੇ ਹੋ, ਅਸੀਂ ਕਿਵੇਂ ਤੈਨੂੰ ਭ੍ਰਿਸ਼ਟ ਕੀਤਾ ? ਤੁਹਾਡੇ ਇਹ ਆਖਣ ਵਿੱਚ ਕਿ ਯਹੋਵਾਹ ਦੀ ਮੇਜ਼ ਤਾਂ ਤੁੱਛ ਹੈ
8ਜਦ ਤੁਸੀਂ ਅੰਨ੍ਹੇ ਪਸ਼ੂ ਦਾ ਚੜ੍ਹਾਵਾ ਚੜ੍ਹਾਉਂਦੇ ਹੋ ਤਾਂ "ਕੁੱਝ ਬੁਰਿਆਈ ਨਹੀਂ," ਜਦ ਲੰਗੜੇ ਜਾਂ ਬਿਮਾਰ ਪਸ਼ੂ ਦਾ ਚੜ੍ਹਾਵਾ ਚੜ੍ਹਾਉਂਦੇ ਹੋ ਤਾਂ ਕੁੱਝ ਬੁਰਿਆਈ ਨਹੀਂ !" ਜ਼ਰਾ ਤੂੰ ਆਪਣੇ ਹਾਕਮ ਨੂੰ ਏਹੋ ਹੀ ਚੜ੍ਹਾ, - ਕੀ ਉਹ ਤੇਰੇ ਕੋਲੋਂ ਖੁਸ਼ ਹੋਵੇਗਾ ਜਾਂ ਕੀ ਉਹ ਤੈਨੂੰ ਆਦਰ ਦੇਵੇਗਾ ? ਸੈਨਾਂ ਦੇ ਯਹੋਵਾਹ ਦਾ ਵਾਕ ਹੈ ।9ਹੁਣ ਜ਼ਰਾ ਪਰਮੇਸ਼ੁਰ ਅੱਗੇ ਬੇਨਤੀ ਕਰੋ ਕਿ ਉਹ ਸਾਡੇ ਉੱਤੇ ਦਯਾ ਕਰੇ । ਜਦ ਤੁਹਾਡੇ ਹੀ ਹੱਥੋਂ ਇਹ ਹੋਇਆ ਤਾਂ ਕੀ ਉਹ ਤੁਹਾਨੂੰ ਆਦਰ ਦੇਵੇਗਾ ? ਸੈਨਾਂ ਦਾ ਯਹੋਵਾਹ ਆਖਦਾ ਹੈ ।
10ਕਾਸ਼ ਕਿ ਤੁਹਾਡੇ ਵਿੱਚੋਂ ਕੋਈ ਬੂਹਾ ਬੰਦ ਕਰਦਾ ਅਤੇ ਤੁਸੀਂ ਮੇਰੀ ਜਗਵੇਦੀ ਉੱਤੇ ਵਿਅਰਥ ਅੱਗ ਨਾ ਬਾਲਦੇ ! ਸੈਨਾਂ ਦਾ ਯਹੋਵਾਹ ਆਖਦਾ ਹੈ, ਮੈਂ ਤੁਹਾਡੇ ਤੋਂ ਪ੍ਰਸੰਨ ਨਹੀਂ ਹਾਂ ਅਤੇ ਤੁਹਾਡੇ ਹੱਥਾਂ ਦਾ ਚੜ੍ਹਾਵਾ ਕਬੂਲ ਨਹੀਂ ਕਰਾਂਗਾ ।11ਕਿਉਂਕਿ ਸੂਰਜ ਦੇ ਚੜ੍ਹਦੇ ਤੋਂ ਲਹਿੰਦੇ ਤੱਕ ਕੌਮਾਂ ਵਿੱਚ ਮੇਰਾ ਨਾਮ ਮਹਾਨ ਹੈ, ਹਰ ਥਾਂ ਉੱਤੇ ਮੇਰੇ ਨਾਮ ਲਈ ਧੂਫ਼ ਧੁਖਾਉਣਗੇ ਅਤੇ ਸ਼ੁੱਧ ਚੜ੍ਹਾਵਾ ਚੜ੍ਹਾਉਣਗੇ, ਕਿਉਂ ਜੋ ਕੌਮਾਂ ਵਿੱਚ ਮੇਰਾ ਨਾਮ ਮਹਾਨ ਹੈ, ਸੈਨਾਂ ਦਾ ਯਹੋਵਾਹ ਆਖਦਾ ਹੈ ।12ਪਰ ਤੁਸੀਂ ਇਹ ਆਖ ਕੇ ਉਸ ਨੂੰ ਭ੍ਰਿਸ਼ਟ ਕਰਦੇ ਹੋ ਕਿ ਪ੍ਰਭੂ ਦੀ ਮੇਜ਼ ਭ੍ਰਿਸ਼ਟ ਹੈ ਅਤੇ ਉਸ ਦਾ ਫਲ ਅਰਥਾਤ ਭੋਜਨ ਤੁੱਛ ਹੈ
13ਅਤੇ ਤੁਸੀਂ ਆਖਿਆ, ਇਹ ਸਾਨੂੰ ਕੀ ਅਕੇਵਾਂ ਲਾ ਛੱਡਿਆ ਹੈ ! ਅਤੇ ਉਸ ਉੱਤੇ ਨੱਕ ਚੜ੍ਹਾਉਂਦੇ ਹੋ, ਸੈਨਾਂ ਦਾ ਯਹੋਵਾਹ ਆਖਦਾ ਹੈ, ਫੇਰ ਤੁਸੀਂ ਲੁੱਟ ਦਾ ਮਾਲ ਲਿਆਉਂਦੇ ਹੋ ! ਲੰਗੜੇ ਨੂੰ ਜਾਂ ਬਿਮਾਰ ਨੂੰ, ਇਹ ਭੇਟ ਤੁਸੀਂ ਲਿਆਉਂਦੇ ਹੋ ! ਕੀ ਮੈਂ ਇਹ ਤੁਹਾਡੇ ਹੱਥੋਂ ਕਬੂਲ ਕਰਾਂਗਾ ? ਯਹੋਵਾਹ ਆਖਦਾ ਹੈ14ਫਿਟਕਾਰ ਉਸ ਛਲੀਏ ਉੱਤੇ ਜਿਸ ਦੇ ਇੱਜੜ ਵਿੱਚ ਨਰ ਪਸ਼ੂ ਤਾਂ ਹੈ ਜਿਹ ਦੀ ਉਹ ਸੁੱਖਣਾ ਸੁੱਖਦਾ ਹੈ ਪਰ ਪ੍ਰਭੂ ਦੇ ਲਈ ਬੱਜ ਵਾਲਾ ਚੜ੍ਹਾਵਾ ਚੜ੍ਹਾਉਂਦਾ ਹੈ, ਕਿਉਂ ਜੋ ਮੈਂ ਮਹਾਰਾਜਾ ਹਾਂ, ਸੈਨਾਂ ਦਾ ਯਹੋਵਾਹ ਫ਼ਰਮਾਉਂਦਾ ਹੈ, ਕੌਮਾਂ ਵਿੱਚ ਮੇਰਾ ਨਾਮ ਭੈ ਦਾਇਕ ਹੈ !

2

1ਹੁਣ ਹੇ ਜਾਜਕੋ, ਤੁਹਾਡੇ ਲਈ ਇਹ ਹੁਕਮ ਹੈ2ਜੇ ਤੁਸੀਂ ਨਾ ਸੁਣੋਗੇ ਅਤੇ ਮੇਰੇ ਨਾਮ ਦੇ ਆਦਰ ਨੂੰ ਮਨ ਵਿੱਚ ਨਾ ਰੱਖੋਗੇ, ਤਾਂ ਮੈਂ ਤੁਹਾਨੂੰ ਅਤੇ ਤੁਹਾਡੀਆਂ ਬਰਕਤਾਂ ਨੂੰ ਸਰਾਪ ਦਿਆਂਗਾ ਸਗੋਂ ਇਸ ਲਈ ਜੋ ਤੁਸੀਂ ਉਸ ਨੂੰ ਮਨ ਵਿੱਚ ਨਾ ਰੱਖਿਆ ਮੈਂ ਸਰਾਪ ਦੇ ਚੁੱਕਾ ਹਾਂ, ਸੈਨਾਂ ਦਾ ਯਹੋਵਾਹ ਆਖਦਾ ਹੈ ।

3ਵੇਖੋ, ਮੈਂ ਤੁਹਾਡੇ ਬੀ ਨੂੰ ਝਿੜਕਾਂਗਾ ਅਤੇ ਤੁਹਾਡੇ ਮੂੰਹਾਂ ਉੱਤੇ ਗੰਦ ਅਰਥਾਤ ਤੁਹਾਡਿਆਂ ਪਰਬਾਂ ਦਾ ਗੰਦ ਸੁੱਟਾਂਗਾ ਅਤੇ ਤੁਸੀਂ ਵੀ ਉਸ ਦੇ ਨਾਲ ਸੁੱਟੇ ਜਾਓਗੇ ।4ਤੁਸੀਂ ਜਾਣ ਲਓਗੇ ਕਿ ਮੈਂ ਇਹ ਹੁਕਮ ਤੁਹਾਨੂੰ ਇਸ ਲਈ ਦਿੱਤਾ ਸੀ, ਕਿ ਮੇਰਾ ਨੇਮ ਲੇਵੀ ਦੇ ਨਾਲ ਕਾਇਮ ਰਹੇ, ਸੈਨਾਂ ਦਾ ਯਹੋਵਾਹ ਆਖਦਾ ਹੈ ।
5ਉਸ ਦੇ ਨਾਲ ਮੇਰਾ ਨੇਮ ਜੀਵਨ ਅਤੇ ਸ਼ਾਂਤੀ ਦਾ ਸੀ, ਮੈਂ ਉਸ ਨੂੰ ਇਹ ਦਿੱਤਾ ਕਿ ਉਹ ਡਰਦਾ ਰਹੇ । ਉਹ ਮੇਰੇ ਕੋਲੋਂ ਡਰਦਾ ਵੀ ਰਿਹਾ, ਉਹ ਮੇਰੇ ਨਾਮ ਤੋਂ ਭੈ ਖਾਂਦਾ ਰਿਹਾ ।6ਸਚਿਆਈ ਦੀ ਬਿਵਸਥਾ ਉਸ ਦੇ ਮੂੰਹ ਵਿੱਚ ਸੀ ਅਤੇ ਕੁਧਰਮ ਉਸ ਦੇ ਬੁੱਲ੍ਹਾਂ ਵਿੱਚ ਨਾ ਪਾਇਆ ਗਿਆ । ਉਹ ਸ਼ਾਂਤੀ ਅਤੇ ਸਿਧਿਆਈ ਵਿੱਚ ਮੇਰੇ ਨਾਲ-ਨਾਲ ਚੱਲਦਾ ਰਿਹਾ ਅਤੇ ਬਹੁਤਿਆਂ ਨੂੰ ਬੁਰਿਆਈ ਤੋਂ ਮੋੜ ਲੈ ਆਇਆ ।7ਜਾਜਕ ਦੇ ਬੁੱਲ੍ਹ ਤਾਂ ਗਿਆਨ ਦੀ ਰਾਖੀ ਕਰਨ ਅਤੇ ਲੋਕ ਉਸ ਦੇ ਮੂੰਹ ਤੋਂ ਬਿਵਸਥਾ ਨੂੰ ਭਾਲਣ, ਕਿਉਂ ਜੋ ਉਹ ਸੈਨਾਂ ਦੇ ਯਹੋਵਾਹ ਦਾ ਦੂਤ ਹੈ ।
8ਪਰ ਤੁਸੀਂ ਰਾਹ ਤੋਂ ਇੱਕ ਪਾਸੇ ਵੱਲ ਮੁੜ ਗਏ ਅਤੇ ਬਿਵਸਥਾ ਵਿੱਚ ਬਹੁਤਿਆਂ ਨੂੰ ਠੋਕਰ ਖੁਆਈ ਅਤੇ ਤੁਸੀਂ ਲੇਵੀ ਦੇ ਨੇਮ ਨੂੰ ਖ਼ਰਾਬ ਕੀਤਾ, ਸੈਨਾਂ ਦਾ ਯਹੋਵਾਹ ਆਖਦਾ ਹੈ ।9ਸੋ ਮੈਂ ਵੀ ਤੁਹਾਨੂੰ ਸਾਰਿਆਂ ਲੋਕਾਂ ਦੇ ਅੱਗੇ ਨਖਿੱਧ ਅਤੇ ਖੱਜਲ ਕੀਤਾ, ਕਿਉਂ ਜੋ ਤੁਸੀਂ ਮੇਰੇ ਰਾਹਾਂ ਦੀ ਪਾਲਣਾ ਨਾ ਕੀਤੀ ਸਗੋਂ ਤੁਸੀਂ ਬਿਵਸਥਾ ਵਿੱਚ ਪੱਖਪਾਤ ਕੀਤਾ ।
ਪਰਮੇਸ਼ੁਰ ਦੇ ਨਾਲ ਲੋਕਾਂ ਦੀ ਬੇਵਫਾਈ

10ਕੀ ਸਾਡਾ ਸਾਰਿਆਂ ਦਾ ਇੱਕੋ ਹੀ ਪਿਤਾ ਨਹੀਂ ਅਤੇ ਕੀ ਇੱਕੋ ਹੀ ਪਰਮੇਸ਼ੁਰ ਨੇ ਸਾਨੂੰ ਨਹੀਂ ਸਿਰਜਿਆ ? ਫੇਰ ਕਿਉਂ ਅਸੀਂ ਆਪਣੇ ਭਰਾਵਾਂ ਤੋਂ ਬੇਪਰਤੀਤੇ ਹੋ ਕੇ ਆਪਣੇ ਪਿਉ-ਦਾਦਿਆਂ ਦੇ ਨੇਮ ਨੂੰ ਭਰਿਸ਼ਟ ਕਰਦੇ ਹਾਂ ?11ਯਹੂਦਾਹ ਨੇ ਬੇਪਰਤੀਤੀ ਕੀਤੀ ਅਤੇ ਇਸਰਾਏਲ ਵਿੱਚ ਅਤੇ ਯਰੂਸ਼ਲਮ ਵਿੱਚ ਘਿਣਾਉਣਾ ਕੰਮ ਕੀਤਾ ਗਿਆ ਕਿਉਂ ਜੋ ਯਹੂਦਾਹ ਨੇ ਯਹੋਵਾਹ ਦੀ ਪਵਿੱਤਰਤਾਈ ਨੂੰ ਜਿਹੜੀ ਉਸ ਨੂੰ ਪਿਆਰੀ ਸੀ, ਪਲੀਤ ਕੀਤਾ ਅਤੇ ਓਪਰੇ ਦੇਵਤੇ ਦੀ ਧੀ ਨੂੰ ਵਿਆਹ ਲਿਆਇਆ ।12ਯਹੋਵਾਹ ਹਰੇਕ ਨੂੰ ਜਿਹੜਾ ਇਹ ਕੰਮ ਕਰਦਾ ਰਹੇ, ਜਾਗਦੇ ਨੂੰ ਅਤੇ ਉੱਤਰ ਦੇਣ ਵਾਲੇ ਨੂੰ ਯਾਕੂਬ ਦੇ ਤੰਬੂਆਂ ਤੋਂ ਕੱਟ ਦੇਵੇ, ਨਾਲੇ ਸੈਨਾਂ ਦੇ ਯਹੋਵਾਹ ਨੂੰ ਭੇਟ ਚੜ੍ਹਾਉਣ ਵਾਲੇ ਨੂੰ !
13ਫੇਰ ਤੁਸੀਂ ਇਹ ਵੀ ਕਰਦੇ ਹੋ ਕਿ ਤੁਸੀਂ ਯਹੋਵਾਹ ਦੀ ਜਗਵੇਦੀ ਨੂੰ ਹੰਝੂਆਂ ਨਾਲ ਅਤੇ ਹੂੰਗਿਆਂ ਨਾਲ ਢੱਕ ਦਿੱਤਾ, ਕਿਉਂ ਜੋ ਉਹ ਫੇਰ ਤੁਹਾਡੀ ਭੇਟ ਨੂੰ ਨਹੀਂ ਵੇਖਦਾ ਅਤੇ ਨਾ ਤੁਹਾਡੇ ਹੱਥੋਂ ਖੁਸ਼ ਹੋ ਕੇ ਲੈਂਦਾ ਹੈ ।
14ਤੁਸੀਂ ਆਖਦੇ ਹੋ, ਕਿਉਂ ? ਕਿਉਂਕਿ ਯਹੋਵਾਹ ਤੇਰੇ ਵਿੱਚ ਅਤੇ ਤੇਰੀ ਜੁਆਨੀ ਦੀ ਪਤਨੀ ਵਿੱਚ ਗਵਾਹ ਹੈ, ਕਿਉਂ ਜੋ ਤੂੰ ਉਸ ਦੇ ਨਾਲ ਵਿਸ਼ਵਾਸਘਾਤ ਕੀਤਾ, ਭਾਵੇਂ ਉਹ ਤੇਰੀ ਸਾਥਣ ਅਤੇ ਤੇਰੇ ਨੇਮ ਦੀ ਔਰਤ ਹੈ ।15ਕੀ ਉਸ ਨੇ ਇੱਕ ਨੂੰ ਹੀ ਨਹੀਂ ਰਚਿਆ ? ਕੀ ਉਸ ਲਈ ਰੂਹ ਬਾਕੀ ਨਹੀਂ ਸੀ ? ਫੇਰ ਇੱਕ ਨੂੰ ਹੀ ਕਿਉਂ ? ਉਹ ਪਰਮੇਸ਼ੁਰ ਦੀ ਨਸਲ ਚਾਹੁੰਦਾ ਸੀ, ਇਸ ਲਈ ਤੁਸੀਂ ਆਪਣਿਆਂ ਆਤਮਾਵਾਂ ਵਿੱਚ ਚੌਕਸ ਰਹੋ ਅਤੇ ਤੂੰ ਆਪਣੀ ਜੁਆਨੀ ਦੀ ਪਤਨੀ ਨਾਲ ਧੋਖਾ ਨਾ ਕਰ16ਕਿਉਂ ਜੋ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ, ਮੈਨੂੰ ਤਲਾਕਨਾਮੇ ਤੋਂ ਘਿਣ ਆਉਂਦੀ ਹੈ ਅਤੇ ਉਸ ਤੋਂ ਜੋ ਆਪਣਾ ਬਸਤਰ ਜ਼ੁਲਮ ਨਾਲ ਢੱਕ ਲੈਂਦਾ ਹੈ, ਸੈਨਾਂ ਦਾ ਯਹੋਵਾਹ ਆਖਦਾ ਹੈ । ਤੁਸੀਂ ਆਪਣਿਆਂ ਆਤਮਾਵਾਂ ਵਿੱਚ ਚੌਕਸ ਰਹੋ ਅਤੇ ਵਿਸ਼ਵਾਸਘਾਤ ਨਾ ਕਰੋ ।
ਨਿਆਂ ਦਾ ਦਿਨ ਨੇੜੇ ਹੈ

17ਤੁਸੀਂ ਆਪਣੀਆਂ ਗੱਲਾਂ ਨਾਲ ਯਹੋਵਾਹ ਨੂੰ ਅਕਾ ਦਿੱਤਾ ਹੈ ਤਾਂ ਵੀ ਤੁਸੀਂ ਆਖਦੇ ਹੋ, ਕਾਹਦੇ ਵਿੱਚ ਅਸੀਂ ਉਹ ਨੂੰ ਅਕਾ ਦਿੱਤਾ ? ਇਸ ਆਖਣ ਵਿੱਚ ਕਿ ਜਦ ਹਰੇਕ ਬੁਰਿਆਈ ਕਰਦਾ ਹੈ ਤਾਂ ਇਹ ਯਹੋਵਾਹ ਦੀ ਨਿਗਾਹ ਵਿੱਚ ਭਲਾ ਹੈ ਅਤੇ ਉਹ ਉਹਨਾਂ ਤੋਂ ਖੁਸ਼ ਹੈ, ਜਾਂ ਇਹ ਕਿ ਨਿਆਂ ਦਾ ਪਰਮੇਸ਼ੁਰ ਕਿੱਥੇ ਹੈ ?

3

1ਵੇਖੋ, ਮੈਂ ਆਪਣੇ ਦੂਤ ਨੂੰ ਭੇਜਦਾ ਹਾਂ, ਉਹ ਮੇਰੇ ਅੱਗੇ ਰਾਹ ਨੂੰ ਤਿਆਰ ਕਰੇਗਾ ਅਤੇ ਪ੍ਰਭੂ ਜਿਹ ਨੂੰ ਤੁਸੀਂ ਭਾਲਦੇ ਹੋ ਅਚਾਨਕ ਆਪਣੀ ਹੈਕਲ ਵਿੱਚ ਆ ਜਾਵੇਗਾ, ਹਾਂ, ਨੇਮ ਦਾ ਦੂਤ ਜਿਸ ਤੋਂ ਤੁਸੀਂ ਖੁਸ਼ ਹੋ, - ਵੇਖੋ, ਉਹ ਆਉਂਦਾ ਹੈ, ਸੈਨਾਂ ਦਾ ਯਹੋਵਾਹ ਆਖਦਾ ਹੈ ।2ਪਰ ਉਸ ਦੇ ਆਉਣ ਦੇ ਦਿਨ ਨੂੰ ਕੌਣ ਸਹਾਰ ਸਕਦਾ ਹੈ ਅਤੇ ਜਦ ਉਹ ਪਰਗਟ ਹੋਵੇਗਾ ਤਦ ਕੌਣ ਖੜ੍ਹਾ ਰਹਿ ਸਕੇਗਾ ? ਕਿਉਂ ਜੋ ਉਹ ਸੁਨਿਆਰੇ ਦੀ ਅੱਗ ਅਤੇ ਧੋਬੀ ਦੇ ਸਾਬਣ ਵਰਗਾ ਹੈ ।3ਉਹ ਚਾਂਦੀ ਨੂੰ ਤਾਉਣ ਅਤੇ ਸਾਫ਼ ਕਰਨ ਲਈ ਬੈਠੇਗਾ, ਉਹ ਲੇਵੀਆਂ ਨੂੰ ਚਾਂਦੀ ਵਾਂਗੂੰ ਸਾਫ਼ ਕਰੇਗਾ, ਉਹਨਾਂ ਨੂੰ ਸੋਨੇ ਵਾਂਗੂੰ ਅਤੇ ਚਾਂਦੀ ਵਾਂਗੂੰ ਤਾਵੇਗਾ ਅਤੇ ਉਹ ਧਰਮ ਨਾਲ ਯਹੋਵਾਹ ਲਈ ਭੇਟ ਚੜ੍ਹਾਉਣਗੇ ।

4ਤਦ ਯਹੂਦਾਹ ਅਤੇ ਯਰੂਸ਼ਲਮ ਦੀ ਭੇਟ ਯਹੋਵਾਹ ਨੂੰ ਪਸੰਦ ਆਵੇਗੀ, ਜਿਵੇਂ ਪ੍ਰਾਚੀਨ ਦਿਨਾਂ ਵਿੱਚ ਅਤੇ ਜਿਵੇਂ ਪਿੱਛਲਿਆਂ ਸਾਲਾਂ ਵਿੱਚ ਪਸੰਦ ਆਉਂਦੀ ਸੀ ।5ਮੈਂ ਨਿਆਂ ਕਰਨ ਲਈ ਤੁਹਾਡੇ ਨੇੜੇ ਆਵਾਂਗਾ, ਮੈਂ ਚੁਸਤ ਗਵਾਹ ਹੋਵਾਗਾਂ, ਜਾਦੂਗਰਾਂ, ਵਿਭਚਾਰੀਆਂ ਅਤੇ ਝੂਠੀ ਸਹੁੰ ਖਾਣ ਵਾਲਿਆਂ ਦੇ ਵਿਰੁੱਧ, ਮਜ਼ਦੂਰ ਨੂੰ ਮਜ਼ਦੂਰੀ ਲਈ ਦੁੱਖ ਦੇਣ ਵਾਲਿਆਂ ਦੇ ਵਿਰੁੱਧ, ਵਿਧਵਾ ਅਤੇ ਅਨਾਥ ਨੂੰ ਦੁੱਖ ਦੇਣ ਵਾਲਿਆਂ ਦੇ ਵਿਰੁੱਧ ਜੋ ਪਰਦੇਸੀ ਨੂੰ ਮੋੜ ਦਿੰਦੇ ਹਨ ਅਤੇ ਮੇਰੇ ਕੋਲੋਂ ਨਹੀਂ ਡਰਦੇ ਉਨ੍ਹਾਂ ਦੇ ਵਿਰੁੱਧ ਛੇਤੀ ਨਾਲ ਗਵਾਹੀ ਦੇਵਾਂਗਾ, ਸੈਨਾਂ ਦਾ ਯਹੋਵਾਹ ਆਖਦਾ ਹੈ ।
ਦਸਵੰਧ ਦੀ ਚੋਰੀ

6ਕਿਉਂ ਜੋ ਮੈਂ ਯਹੋਵਾਹ ਅਟੱਲ ਹਾਂ । ਇਸੇ ਕਾਰਨ, ਹੇ ਯਾਕੂਬ ਦੇ ਪੁੱਤਰੋ, ਤੁਸੀਂ ਨਾਸ਼ ਨਹੀਂ ਹੋਏ ।7ਆਪਣੇ ਪਿਉ-ਦਾਦਿਆਂ ਦੇ ਦਿਨਾਂ ਤੋਂ ਮੇਰੀਆਂ ਬਿਧੀਆਂ ਤੋਂ ਬੇਮੁੱਖ ਹੁੰਦੇ ਆਏ ਹੋ ਅਤੇ ਤੁਸੀਂ ਉਹਨਾਂ ਦੀ ਪਾਲਣਾ ਨਹੀਂ ਕੀਤੀ । ਤੁਸੀਂ ਮੇਰੀ ਵੱਲ ਮੁੜੋ ਤਾਂ ਮੈਂ ਤੁਹਾਡੀ ਵੱਲ ਮੁੜਾਂਗਾ, ਸੈਨਾਂ ਦਾ ਯਹੋਵਾਹ ਆਖਦਾ ਹੈ, ਪਰ ਤੁਸੀਂ ਆਖਦੇ ਹੋ, ਅਸੀਂ ਕਿਹੜੀ ਗੱਲ ਵਿੱਚ ਮੁੜੀਏ ?
8ਕੀ ਕੋਈ ਆਦਮੀ ਪਰਮੇਸ਼ੁਰ ਨੂੰ ਠੱਗੇਗਾ ? ਪਰ ਤੁਸੀਂ ਮੈਨੂੰ ਠੱਗ ਲਿਆ ਅਤੇ ਤੁਸੀਂ ਆਖਦੇ ਹੋ, ਕਿਹੜੀ ਗੱਲ ਵਿੱਚ ਅਸੀਂ ਤੈਨੂੰ ਠੱਗ ਲਿਆ ? ਦਸਵੰਧਾਂ ਅਤੇ ਭੇਟਾਂ ਵਿੱਚ !9ਤੁਸੀਂ ਸਰਾਪੀਆਂ ਦੇ ਸਰਾਪੀ ਹੋਏ ! ਤੁਸੀਂ ਮੈਨੂੰ ਠੱਗਦੇ ਹੋ, ਸਗੋਂ ਸਾਰੀ ਕੌਮ ਵੀ ਅਜਿਹਾ ਕਰਦੀ ਹੈ ।
10ਸਾਰੇ ਦਸਵੰਧ ਮੇਰੇ ਮੋਦੀ ਖ਼ਾਨੇ ਵਿੱਚ ਲਿਆਓ ਤਾਂ ਜੋ ਮੇਰੇ ਭਵਨ ਵਿੱਚ ਭੋਜਨ ਹੋਵੇ ਅਤੇ ਉਸੇ ਨਾਲ ਮੈਨੂੰ ਜ਼ਰਾ ਪਰਖੋ, ਸੈਨਾਂ ਦਾ ਯਹੋਵਾਹ ਆਖਦਾ ਹੈ, ਕੀ ਮੈਂ ਤੁਹਾਡੇ ਲਈ ਅਕਾਸ਼ ਦੀਆਂ ਖਿੜਕੀਆਂ ਖੋਲਦਾ ਹਾਂ ਕਿ ਨਹੀਂ, ਤਾਂ ਕਿ ਤੁਹਾਡੇ ਲਈ ਬਰਕਤ ਵਰ੍ਹਾਵਾਂ ਇੱਥੋਂ ਤੱਕ ਕਿ ਉਹ ਦੇ ਲਈ ਥਾਂ ਨਾ ਹੋਵੇਗਾ !11ਮੈਂ ਤੁਹਾਡੇ ਲਈ ਖਾਣ ਵਾਲੇ ਨੂੰ ਝਿੜਕਾਂਗਾ ਕਿ ਉਹ ਤੁਹਾਡੀ ਜ਼ਮੀਨ ਦੇ ਫਲਾਂ ਨੂੰ ਨਾਸ਼ ਨਾ ਕਰੇ ਅਤੇ ਤੁਹਾਡੇ ਅੰਗੂਰੀ ਪੈਲੀ ਵਿੱਚ ਸਮੇਂ ਤੋਂ ਪਹਿਲਾਂ ਫਲ ਨਾ ਡਿੱਗਣਗੇ, ਸੈਨਾਂ ਦਾ ਯਹੋਵਾਹ ਆਖਦਾ ਹਾਂ ।12ਤਦ ਸਾਰੀਆਂ ਕੌਮਾਂ ਤੁਹਾਨੂੰ ਧੰਨ ਆਖਣਗੀਆਂ ਅਤੇ ਤੁਸੀਂ ਖੁਸ਼ੀ ਦਾ ਦੇਸ ਹੋਵੋਗੇ, ਸੈਨਾਂ ਦਾ ਯਹੋਵਾਹ ਆਖਦਾ ਹੈ
13ਤੁਹਾਡੀਆਂ ਗੱਲਾਂ ਮੇਰੇ ਵਿਰੁੱਧ ਕਰੜੀਆਂ ਹਨ, ਯਹੋਵਾਹ ਆਖਦਾ ਹੈ, ਤਦ ਵੀ ਤੁਸੀਂ ਆਖਦੇ ਹੋ, ਤੇਰੇ ਵਿਰੁੱਧ ਸਾਡੇ ਕੋਲੋਂ ਕੀ ਬੋਲਿਆ ਗਿਆ ?14ਤੁਸੀਂ ਆਖਿਆ, ਪਰਮੇਸ਼ੁਰ ਦੀ ਸੇਵਾ ਵਿਅਰਥ ਹੈ ਅਤੇ ਕੀ ਲਾਭ ਹੈ ਕਿ ਅਸੀਂ ਉਹ ਦੇ ਹੁਕਮਾਂ ਦੀ ਪਾਲਨਾ ਕਰੀਏ ਅਤੇ ਸੈਨਾਂ ਦੇ ਯਹੋਵਾਹ ਦੇ ਸਨਮੁਖ ਸਿਆਪਾ ਕਰਦੇ ਹੋਏੇ ਚੱਲੀਏ ?15ਹੁਣ ਤਾਂ ਅਸੀਂ ਆਕੜ ਬਾਜ਼ਾਂ ਨੂੰ ਧੰਨ ਆਖਦੇ ਹਾਂ ਅਤੇ ਦੁਸ਼ਟ ਸਫ਼ਲ ਹੀ ਹੁੰਦੇ ਹਨ । ਉਹ ਪਰਮੇਸ਼ੁਰ ਨੂੰ ਪਰਤਾ ਕੇ ਵੀ ਛੁਟਕਾਰਾ ਪਾਉਂਦੇ ਹਨ ।
ਦਯਾ ਦਾ ਵਾਅਦਾ

16ਤਦ ਯਹੋਵਾਹ ਦਾ ਭੈ ਮੰਨਣ ਵਾਲਿਆਂ ਨੇ ਇੱਕ ਦੂਜੇ ਨਾਲ ਗੱਲਾਂ ਕੀਤੀਆਂ ਅਤੇ ਯਹੋਵਾਹ ਨੇ ਧਿਆਨ ਦੇ ਕੇ ਸੁਣੀਆਂ ਤਾਂ ਯਹੋਵਾਹ ਤੋਂ ਡਰਨ ਵਾਲਿਆਂ ਲਈ ਅਤੇ ਉਸ ਦੇ ਨਾਮ ਦਾ ਵਿਚਾਰ ਕਰਨ ਵਾਲਿਆਂ ਲਈ ਉਸ ਦੇ ਸਨਮੁਖ ਯਾਦਗਿਰੀ ਦੀ ਪੁਸਤਕ ਲਿਖੀ ਗਈ ।
17ਸੈਨਾਂ ਦਾ ਯਹੋਵਾਹ ਆਖਦਾ ਹੈ, ਉਹ ਮੇਰੇ ਲਈ ਹੋਣਗੇ ਅਰਥਾਤ ਮੇਰੀ ਖ਼ਾਸ ਮਲਕੀਅਤ, ਜਿਸ ਦਿਨ ਮੈਂ ਇਹ ਕਰਾਂ, ਮੈਂ ਉਹਨਾਂ ਨੂੰ ਬਖ਼ਸ਼ ਦਿਆਂਗਾ ਜਿਵੇਂ ਕੋਈ ਮਨੁੱਖ ਆਪਣੀ ਸੇਵਾ ਕਰਨ ਵਾਲੇ ਪੁੱਤਰ ਨੂੰ ਬਖ਼ਸ਼ ਦਿੰਦਾ ਹੈ ।18ਤਦ ਤੁਸੀਂ ਮੁੜੋਗੇ ਅਤੇ ਧਰਮੀ ਅਤੇ ਦੁਸ਼ਟ ਵਿੱਚ ਅਤੇ ਪਰਮੇਸ਼ੁਰ ਦੀ ਸੇਵਾ ਕਰਨ ਵਾਲੇ ਵਿੱਚ ਅਤੇ ਜਿਹੜਾ ਸੇਵਾ ਨਹੀਂ ਕਰਦਾ ਉਹ ਦੇ ਵਿੱਚ ਪਰਖ ਕਰੋਗੇ ।

4
ਪ੍ਰਭੂ ਦੇ ਦਿਨ ਦਾ ਆਉਣਾ

1ਵੇਖੋ, ਉਹ ਦਿਨ ਆਉਂਦਾ ਹੈ, ਜੋ ਤੰਦੂਰ ਵਾਂਗੂੰ ਸਾੜਨ ਵਾਲਾ ਹੈ । ਸਾਰੇ ਆਕੜ ਬਾਜ਼ ਅਤੇ ਸਾਰੇ ਦੁਸ਼ਟ ਸੜ੍ਹ ਜਾਣਗੇ । ਉਹ ਦਿਨ ਉਹਨਾਂ ਨੂੰ ਸਾੜਨ ਲਈ ਆਉਂਦਾ ਹੈ, ਸੈਨਾਂ ਦਾ ਯਹੋਵਾਹ ਆਖਦਾ ਹੈ, ਉਹ ਉਹਨਾਂ ਲਈ ਟੁੰਡ-ਮੁੰਡ ਨਾ ਛੱਡੇਗਾ ।2ਪਰ ਤੁਹਾਡੇ ਲਈ ਜਿਹੜੇ ਮੇਰੇ ਨਾਮ ਦਾ ਭੈ ਮੰਨਦੇ ਹੋ, ਧਰਮ ਦਾ ਸੂਰਜ ਚੜ੍ਹੇਗਾ ਅਤੇ ਉਹ ਦੀਆਂ ਕਿਰਨਾਂ ਵਿੱਚ ਚੰਗਿਆਈ ਹੋਵੇਗੀ । ਤੁਸੀਂ ਵਾੜੇ ਦੇ ਵੱਛਿਆਂ ਵਾਂਗੂੰ ਬਾਹਰ ਨਿੱਕਲੋਗੇ ਅਤੇ ਕੁੱਦੋਗੇ ।3ਤੁਸੀਂ ਦੁਸ਼ਟਾਂ ਨੂੰ ਮਿੱਧੋਗੇ, ਉਹ ਤੁਹਾਡੇ ਪੈਰਾਂ ਦੀਆਂ ਤਲੀਆਂ ਦੇ ਹੇਠ ਦੀ ਸੁਆਹ ਹੋਣਗੇ ਉਸ ਦਿਨ ਜਦ ਮੈਂ ਇਹ ਕੰਮ ਕਰਾਂਗਾ, ਸੈਨਾਂ ਦਾ ਯਹੋਵਾਹ ਆਖਦਾ ਹੈ ।

4ਤੁਸੀਂ ਮੇਰੇ ਦਾਸ ਮੂਸਾ ਦੀ ਬਿਵਸਥਾ ਨੂੰ ਚੇਤੇ ਰੱਖੋ ਅਤੇ ਉਨ੍ਹਾਂ ਬਿਧੀਆਂ ਅਤੇ ਨਿਆਵਾਂ ਨੂੰ ਜਿਨ੍ਹਾਂ ਦਾ ਮੈਂ ਸਾਰੇ ਇਸਰਾਏਲ ਲਈ ਹੋਰੇਬ ਵਿੱਚ ਹੁਕਮ ਦਿੱਤਾ ।5ਵੇਖੋ, ਮੈਂ ਏਲੀਯਾਹ ਨਬੀ ਨੂੰ ਤੁਹਾਡੇ ਲਈ ਭੇਜਾਂਗਾ ਇਸ ਤੋਂ ਪਹਿਲਾਂ ਕਿ ਯਹੋਵਾਹ ਦਾ ਵੱਡਾ ਅਤੇ ਭੈ ਦਾਇਕ ਦਿਨ ਆਵੇ6ਉਹ ਪਿਤਾਵਾਂ ਦੇ ਦਿਲ ਬਾਲਕਾਂ ਵੱਲ ਅਤੇ ਬਾਲਕਾਂ ਦੇ ਦਿਲ ਪਿਤਾਵਾਂ ਵੱਲ ਮੋੜੇਗਾ ਅਤੇ ਅਜਿਹਾ ਨਾ ਹੋਵੇ ਕਿ ਮੈਂ ਆਵਾਂ ਅਤੇ ਧਰਤੀ ਦਾ ਸੱਤਿਆ ਨਾਸ਼ ਕਰਾਂ !

ਮੱਤੀ ਦੀ ਇੰਜੀਲ

1
ਯਿਸੂ ਦੀ ਵੰਸ਼ਾਵਲੀ
(ਲੂਕਾ 2:23-38)

1ਯਿਸੂ ਮਸੀਹ ਦੀ ਵੰਸ਼ਾਵਲੀ, ਜਿਹੜਾ ਅਬਰਾਹਾਮ ਦੇ ਵੰਸ਼ ਵਿੱਚੋਂ ਦਾਊਦ ਦਾ ਪੁੱਤਰ ਸੀ ।2ਅਬਰਾਹਾਮ ਤੋਂ ਇਸਹਾਕ ਜੰਮਿਆ ਅਤੇ ਇਸਹਾਕ ਤੋਂ ਯਾਕੂਬ ਜੰਮਿਆ ਅਤੇ ਯਾਕੂਬ ਤੋਂ ਯਹੂਦਾਹ ਤੇ ਉਸ ਦੇ ਭਰਾ ਜੰਮੇ ।3ਯਹੂਦਾਹ ਤੋਂ ਫ਼ਰਸ ਅਤੇ ਜ਼ਰਾ ਤਾਮਾਰ ਦੀ ਕੁੱਖੋਂ ਜੰਮੇ ਅਤੇ ਫ਼ਰਸ ਤੋਂ ਹਸਰੋਨ ਜੰਮਿਆ ਅਤੇ ਹਸਰੋਨ ਤੋਂ ਰਾਮ ਜੰਮਿਆ ।

4ਰਾਮ ਤੋਂ ਅੰਮੀਨਾਦਾਬ ਜੰਮਿਆ ਅਤੇ ਅੰਮੀਨਾਦਾਬ ਤੋਂ ਨਹਸ਼ੋਨ ਜੰਮਿਆ ਅਤੇ ਨਹਸ਼ੋਨ ਤੋਂ ਸਲਮੋਨ ਜੰਮਿਆ ।5ਸਲਮੋਨ ਤੋਂ ਬੋਅਜ਼ ਰਾਹਾਬ ਦੀ ਕੁੱਖੋਂ ਜੰਮਿਆ ਅਤੇ ਬੋਅਜ਼ ਤੋਂ ਓਬੇਦ ਰੂਥ ਦੀ ਕੁੱਖੋਂ ਜੰਮਿਆ ਅਤੇ ਓਬੇਦ ਤੋਂ ਯੱਸੀ ਜੰਮਿਆ ।6ਯੱਸੀ ਤੋਂ ਦਾਊਦ ਰਾਜਾ ਜੰਮਿਆ ਅਤੇ ਦਾਊਦ ਰਾਜਾ ਤੋਂ ਸੁਲੇਮਾਨ ਊਰੀਯਾਹ ਦੀ ਔਰਤ ਦੀ ਕੁੱਖੋਂ ਜੰਮਿਆ ।
7ਸੁਲੇਮਾਨ ਤੋਂ ਰਹਬੁਆਮ ਜੰਮਿਆ ਅਤੇ ਰਹਬੁਆਮ ਤੋਂ ਅਬੀਯਾਹ ਜੰਮਿਆ ਅਤੇ ਅਬੀਯਾਹ ਤੋਂ ਆਸਾ ਜੰਮਿਆ ।8ਆਸਾ ਤੋਂ ਯਹੋਸ਼ਾਫ਼ਾਤ ਜੰਮਿਆ ਅਤੇ ਯਹੋਸ਼ਾਫ਼ਾਤ ਤੋਂ ਯੋਰਾਮ ਜੰਮਿਆ ਅਤੇ ਯੋਰਾਮ ਤੋਂ ਉੱਜ਼ੀਯਾਹ ਜੰਮਿਆ ।
9ਉੱਜ਼ੀਯਾਹ ਤੋਂ ਯੋਥਾਮ ਜੰਮਿਆ ਅਤੇ ਯੋਥਾਮ ਤੋਂ ਆਹਾਜ਼ ਜੰਮਿਆ ਅਤੇ ਆਹਾਜ਼ ਤੋਂ ਹਿਜ਼ਕੀਯਾਹ ਜੰਮਿਆ ।10ਹਿਜ਼ਕੀਯਾਹ ਤੋਂ ਮਨੱਸ਼ਹ ਜੰਮਿਆ ਅਤੇ ਮਨੱਸ਼ਹ ਤੋਂ ਆਮੋਨ ਜੰਮਿਆ ਅਤੇ ਆਮੋਨ ਤੋਂ ਯੋਸ਼ੀਯਾਹ ਜੰਮਿਆ ।11ਯੋਸ਼ੀਯਾਹ ਤੋਂ ਯਕਾਨਯਾਹ ਅਤੇ ਉਹ ਦੇ ਭਰਾ ਬਾਬੁਲ ਵੱਲ ਜਾਣ ਦੇ ਸਮੇਂ ਜੰਮੇ ।

12ਬਾਬੁਲ ਵੱਲ ਜਾਣ ਤੋਂ ਬਾਅਦ ਯਕਾਨਯਾਹ ਤੋਂ ਸ਼ਅਲਤੀਏਲ ਜੰਮਿਆ ਅਤੇ ਸ਼ਅਲਤੀਏਲ ਤੋਂ ਜ਼ਰੁੱਬਾਬਲ ਜੰਮਿਆ ।13ਜ਼ਰੁੱਬਾਬਲ ਤੋਂ ਅਬੀਹੂਦ ਜੰਮਿਆ ਅਤੇ ਅਬੀਹੂਦ ਤੋਂ ਅਲਯਾਕੀਮ ਜੰਮਿਆ ਅਤੇ ਅਲਯਾਕੀਮ ਤੋਂ ਅੱਜ਼ੋਰ ਜੰਮਿਆ ।14ਅੱਜ਼ੋਰ ਤੋਂ ਸਾਦੋਕ ਜੰਮਿਆ ਅਤੇ ਸਾਦੋਕ ਤੋਂ ਯਾਕੀਨ ਜੰਮਿਆ ਅਤੇ ਯਾਕੀਨ ਤੋਂ ਅਲੀਹੂਦ ਜੰਮਿਆ ।
15ਅਲੀਹੂਦ ਤੋਂ ਅਲਾਜ਼ਾਰ ਜੰਮਿਆ ਅਤੇ ਅਲਾਜ਼ਾਰ ਤੋਂ ਮੱਥਾਨ ਜੰਮਿਆ ਅਤੇ ਮੱਥਾਨ ਤੋਂ ਯਾਕੂਬ ਜੰਮਿਆ ।16ਅਤੇ ਯਾਕੂਬ ਤੋਂ ਯੂਸੁਫ਼ ਜੰਮਿਆ । ਉਹ ਮਰਿਯਮ ਦਾ ਪਤੀ ਸੀ ਜਿਸ ਦੀ ਕੁੱਖੋਂ ਯਿਸੂ ਨੇ ਜਨਮ ਲਿਆ, ਜਿਹੜਾ ਮਸੀਹ ਅਖਵਾਉਂਦਾ ਹੈ ।

17ਸੋ ਅਬਰਾਹਾਮ ਤੋਂ ਲੈ ਕੇ ਦਾਊਦ ਤੱਕ ਕੁੱਲ ਚੌਦਾਂ ਪੀੜ੍ਹੀਆਂ ਹਨ ਅਤੇ ਦਾਊਦ ਤੋਂ ਲੈ ਕੇ ਬਾਬੁਲ ਵੱਲ ਜਾਣ ਤੱਕ ਚੌਦਾਂ ਪੀੜ੍ਹੀਆਂ ਹਨ ਅਤੇ ਬਾਬੁਲ ਵੱਲ ਜਾਣ ਤੋਂ ਲੈ ਕੇ ਮਸੀਹ ਤੱਕ ਚੌਦਾਂ ਪੀੜ੍ਹੀਆਂ ਹਨ ।
ਯਿਸੂ ਦਾ ਜਨਮ
(ਲੂਕਾ 1:26-38, 2:1-7)

18ਯਿਸੂ ਮਸੀਹ ਦਾ ਜਨਮ ਇਸ ਤਰ੍ਹਾਂ ਹੋਇਆ, ਕਿ ਜਦ ਉਹ ਦੀ ਮਾਤਾ ਮਰਿਯਮ ਦੀ ਯੂਸੁਫ਼ ਨਾਲ ਮੰਗਣੀ ਹੋਈ ਸੀ ਤਦ ਉਨ੍ਹਾਂ ਦੇ ਵਿਆਹ ਹੋਣ ਤੋਂ ਪਹਿਲਾਂ ਉਹ ਪਵਿੱਤਰ ਆਤਮਾ ਤੋਂ ਗਰਭਵਤੀ ਪਾਈ ਗਈ ।19ਤਦ ਉਸ ਦੇ ਪਤੀ ਯੂਸੁਫ਼ ਨੇ, ਜਿਹੜਾ ਧਰਮੀ ਪੁਰਖ ਸੀ ਅਤੇ ਨਹੀਂ ਸੀ ਚਾਹੁੰਦਾ ਕਿ ਉਸ ਨੂੰ ਬਦਨਾਮ ਕਰੇ, ਇਹ ਸੋਚਿਆ ਕਿ ਉਹ ਨੂੰ ਚੁੱਪ-ਚਾਪ ਤਿਆਗ ਦੇਵੇ ।
20ਪਰ ਜਦੋਂ ਉਹ ਇਨ੍ਹਾਂ ਗੱਲਾਂ ਦੀ ਚਿੰਤਾ ਵਿੱਚ ਪਿਆ ਸੀ ਤਾਂ ਵੇਖੋ, ਪ੍ਰਭੂ ਦੇ ਇੱਕ ਦੂਤ ਨੇ ਸੁਫ਼ਨੇ ਵਿੱਚ ਉਹ ਨੂੰ ਦਰਸ਼ਨ ਦੇ ਕੇ ਕਿਹਾ, ਹੇ ਯੂਸੁਫ਼ ਦਾਊਦ ਦੇ ਪੁੱਤਰ ਤੂੰ ਆਪਣੀ ਪਤਨੀ ਮਰਿਯਮ ਨੂੰ ਆਪਣੇ ਘਰ ਲਿਆਉਣ ਤੋਂ ਨਾ ਡਰ ਕਿਉਂਕਿ ਜਿਹੜਾ ਉਹ ਦੀ ਕੁੱਖ ਵਿੱਚ ਹੈ, ਉਹ ਪਵਿੱਤਰ ਆਤਮਾ ਤੋਂ ਹੈ ।21ਉਹ ਪੁੱਤਰ ਨੂੰ ਜਨਮ ਦੇਵੇਗੀ ਅਤੇ ਤੂੰ ਉਸ ਦਾ ਨਾਮ ਯਿਸੂ ਰੱਖੀਂ, ਕਿਉਂ ਜੋ ਉਹ ਆਪਣੇ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਤੋਂ ਛੁਟਕਾਰਾ ਦੇਵੇਗਾ ।
22ਇਹ ਸਭ ਕੁੱਝ ਇਸ ਲਈ ਹੋਇਆ ਕਿ ਜਿਹੜੀ ਗੱਲ ਪ੍ਰਭੂ ਨੇ ਨਬੀ ਦੇ ਦੁਆਰਾ ਆਖੀ ਸੀ ਉਹ ਪੂਰੀ ਹੋਵੇ,23ਵੇਖੋ ਕੁਆਰੀ ਗਰਭਵਤੀ ਹੋਵੇਗੀ ਅਤੇ ਪੁੱਤਰ ਨੂੰ ਜਨਮ ਦੇਵੇਗੀ, ਅਤੇ ਉਹ ਉਸ ਦਾ ਨਾਮ ਇੰਮਾਨੂਏਲ ਰੱਖਣਗੇ । ਜਿਹ ਦਾ ਅਰਥ ਹੈ “ਪਰਮੇਸ਼ੁਰ ਸਾਡੇ ਨਾਲ” ।
24ਫਿਰ ਯੂਸੁਫ਼ ਨੇ ਨੀਂਦ ਤੋਂ ਉੱਠ ਕੇ ਜਿਵੇਂ ਪ੍ਰਭੂ ਦੇ ਦੂਤ ਨੇ ਉਹ ਨੂੰ ਆਗਿਆ ਦਿੱਤੀ ਸੀ, ਤਿਵੇਂ ਹੀ ਕੀਤਾ ਅਤੇ ਆਪਣੀ ਪਤਨੀ ਨੂੰ ਆਪਣੇ ਘਰ ਲੈ ਆਇਆ ।25ਯੂਸੁਫ਼ ਉਸ ਦੇ ਨੇੜੇ ਨਹੀਂ ਗਿਆ, ਜਿੰਨਾਂ ਚਿਰ ਉਹ ਨੇ ਪੁੱਤਰ ਨੂੰ ਜਨਮ ਨਹੀਂ ਦਿੱਤਾ ਅਤੇ ਉਹ ਦਾ ਨਾਮ ਯਿਸੂ ਰੱਖਿਆ ।

2
ਖੋਜੀਆਂ ਦਾ ਆਉਣਾ

1ਰਾਜਾ ਹੇਰੋਦੇਸ ਦੇ ਦਿਨਾਂ ਵਿੱਚ ਯਹੂਦਿਯਾ ਦੇ ਬੈਤਲਹਮ ਵਿੱਚ, ਜਦ ਯਿਸੂ ਦਾ ਜਨਮ ਹੋਇਆ ਤਾਂ ਵੇਖੋ, ਕਈ ਵਿਦਵਾਨ ਖੋਜੀ ਪੂਰਬ ਵੱਲੋਂ ਯਰੂਸ਼ਲਮ ਵਿੱਚ ਆ ਕੇ ਪੁੱਛਣ ਲੱਗੇ,2ਜਿਹੜਾ ਯਹੂਦੀਆਂ ਦਾ ਰਾਜਾ ਜੰਮਿਆ ਹੈ, ਉਹ ਕਿੱਥੇ ਹੈ ? ਕਿਉਂ ਜੋ ਅਸੀਂ ਪੂਰਬ ਵੱਲ ਉਹ ਦਾ ਤਾਰਾ ਵੇਖਿਆ ਹੈ, ਅਤੇ ਉਹ ਨੂੰ ਮੱਥਾ ਟੇਕਣ ਆਏ ਹਾਂ ।3ਇਹ ਗੱਲ ਸੁਣ ਕੇ ਰਾਜਾ ਹੇਰੋਦੇਸ ਸਾਰੇ ਯਰੂਸ਼ਲਮ ਸਮੇਤ ਘਬਰਾ ਗਿਆ ।

4ਅਤੇ ਉਸ ਨੇ ਸਾਰੇ ਮੁੱਖ ਜਾਜਕਾਂ ਅਤੇ ਉਪਦੇਸ਼ਕਾਂ ਨੂੰ ਇਕੱਠਿਆਂ ਕਰ ਕੇ ਉਨ੍ਹਾਂ ਨੂੰ ਪੁੱਛਿਆ ਜੋ ਮਸੀਹ ਕਿੱਥੇ ਜੰਮੇਗਾ ?5ਉਨ੍ਹਾਂ ਨੇ ਉਸ ਨੂੰ ਕਿਹਾ, ਯਹੂਦਿਯਾ ਦੇ ਬੈਤਲਹਮ ਵਿੱਚ ਕਿਉਂ ਜੋ ਨਬੀ ਦੇ ਰਾਹੀਂ ਅਜਿਹਾ ਲਿਖਿਆ ਹੋਇਆ ਹੈ ਕਿ,

6ਹੇ ਬੈਤਲਹਮ, ਤੂੰ ਜੋ ਯਹੂਦਾਹ ਦੇ ਦੇਸ ਵਿੱਚੋਂ ਹੈਂ, ਹਾਕਮਾਂ ਵਿੱਚੋਂ ਕਿਸੇ ਨਾਲੋਂ ਛੋਟਾ ਨਹੀਂ, ਕਿਉਂ ਜੋ ਤੇਰੇ ਵਿੱਚੋਂ ਇੱਕ ਹਾਕਮ ਨਿੱਕਲੇਗਾ ਜਿਹੜਾ ਮੇਰੀ ਪਰਜਾ ਇਸਰਾਏਲ ਦੀ ਚਰਵਾਹੀ ਕਰੇਗਾ ।

7ਤਦ ਹੇਰੋਦੇਸ ਨੇ ਵਿਦਵਾਨ ਖੋਜੀਆਂ ਨੂੰ ਗੁਪਤ ਵਿੱਚ ਬੁਲਾ ਕੇ ਉਨ੍ਹਾਂ ਕੋਲੋਂ ਸਹੀ ਜਾਣਕਾਰੀ ਪ੍ਰਾਪਤ ਕੀਤੀ ਕਿ ਤਾਰਾ ਕਦੋਂ ਵਿਖਾਈ ਦਿੱਤਾ ।8ਅਤੇ ਉਸ ਨੇ ਉਨ੍ਹਾਂ ਨੂੰ ਬੈਤਲਹਮ ਵੱਲ ਇਹ ਆਖ ਕੇ ਭੇਜਿਆ ਕਿ ਜਾਓ ਅਤੇ ਧਿਆਨ ਨਾਲ ਉਸ ਬਾਲਕ ਦੀ ਖ਼ੋਜ ਕਰੋ, ਜਦ ਉਹ ਮਿਲ ਜਾਵੇ, ਤਦ ਵਾਪਸ ਆ ਕੇ ਮੈਨੂੰ ਖ਼ਬਰ ਦਿਓ ਤਾਂ ਜੋ ਮੈਂ ਵੀ ਜਾ ਕੇ ਉਹ ਨੂੰ ਮੱਥਾ ਟੇਕਾਂ ।
9ਉਹ ਰਾਜੇ ਦੀ ਗੱਲ ਸੁਣ ਕੇ ਤੁਰ ਪਏ, ਅਤੇ ਵੇਖੋ, ਉਹ ਤਾਰਾ ਜਿਹੜਾ ਉਨ੍ਹਾਂ ਨੇ ਪੂਰਬ ਵੱਲ ਵੇਖਿਆ ਸੀ, ਉਨ੍ਹਾਂ ਦੇ ਅੱਗੇ-ਅੱਗੇ ਚੱਲਿਆ ਅਤੇ ਉਸ ਥਾਂ ਜਾ ਟਿਕਿਆ ਜਿੱਥੇ ਉਹ ਬਾਲਕ ਸੀ ।10ਤਾਰੇ ਨੂੰ ਵੇਖ ਕੇ ਉਹ ਬਹੁਤ ਹੀ ਅਨੰਦ ਹੋਏ ।
11ਅਤੇ ਉਨ੍ਹਾਂ ਨੇ ਉਸ ਘਰ ਵਿੱਚ ਜਾ ਕੇ ਬਾਲਕ ਨੂੰ ਉਹ ਦੀ ਮਾਤਾ ਮਰਿਯਮ ਦੇ ਨਾਲ ਵੇਖਿਆ, ਅਤੇ ਪੈਰੀਂ ਪੈ ਕੇ ਉਹ ਨੂੰ ਮੱਥਾ ਟੇਕਿਆ ਅਤੇ ਆਪਣੀਆਂ ਥੈਲੀਆਂ ਖੋਲ੍ਹ ਕੇ ਸੋਨਾ, ਲੁਬਾਨ ਅਤੇ ਗੰਧਰਸ ਦੀ ਭੇਂਟ ਚੜਾਈ ।12ਅਤੇ ਸੁਫ਼ਨੇ ਵਿੱਚ ਖ਼ਬਰ ਪਾ ਕੇ, ਜੋ ਉਹ ਹੇਰੋਦੇਸ ਦੇ ਕੋਲ ਫਿਰ ਨਾ ਜਾਣ, ਉਹ ਹੋਰ ਰਸਤੇ ਆਪਣੇ ਦੇਸ ਨੂੰ ਮੁੜ ਗਏ ।
ਮਿਸਰ ਦੇਸ ਨੂੰ ਜਾਣਾ

13ਜਦ ਉਹ ਚਲੇ ਗਏ ਤਾਂ ਵੇਖੋ, ਪ੍ਰਭੂ ਦੇ ਇੱਕ ਦੂਤ ਨੇ ਯੂਸੁਫ਼ ਨੂੰ ਸੁਫ਼ਨੇ ਵਿੱਚ ਦਰਸ਼ਨ ਦੇ ਕੇ ਆਖਿਆ, ਉੱਠ ! ਬਾਲਕ ਅਤੇ ਉਹ ਦੀ ਮਾਤਾ ਨੂੰ ਲੈ ਕੇ ਮਿਸਰ ਦੇਸ ਨੂੰ ਭੱਜ ਜਾ, ਅਤੇ ਜਦੋਂ ਤੱਕ ਮੈਂ ਤੈਨੂੰ ਨਾ ਆਖਾਂ ਉੱਥੇ ਹੀ ਰਹੀਂ ਕਿਉਂ ਜੋ ਹੇਰੋਦੇਸ, ਇਸ ਬਾਲਕ ਨੂੰ ਮਾਰਨ ਲਈ ਲੱਭੇਗਾ ।14ਤਦ ਯੂਸੁਫ਼ ਉੱਠ ਕੇ ਰਾਤੋਂ ਰਾਤ ਬਾਲਕ ਅਤੇ ਉਹ ਦੀ ਮਾਤਾ ਨੂੰ ਨਾਲ ਲੈ ਕੇ ਮਿਸਰ ਵੱਲ ਤੁਰ ਪਿਆ ।15ਅਤੇ ਹੇਰੋਦੇਸ ਦੀ ਮੌਤ ਤੱਕ ਉੱਥੇ ਰਿਹਾ l ਇਸ ਲਈ ਕਿ ਜਿਹੜਾ ਬਚਨ ਪ੍ਰਭੂ ਨੇ ਨਬੀ ਦੀ ਜ਼ਬਾਨੀ ਆਖਿਆ ਸੀ ਪੂਰਾ ਹੋਵੇ ਕਿ, ਮੈਂ ਆਪਣੇ ਪੁੱਤਰ ਨੂੰ ਮਿਸਰ ਵਿੱਚੋਂ ਸੱਦਿਆ ।

16ਜਦ ਹੇਰੋਦੇਸ ਨੇ ਵੇਖਿਆ ਕਿ ਵਿਦਵਾਨ ਖੋਜੀਆਂ ਨੇ ਮੇਰੇ ਨਾਲ ਚਲਾਕੀ ਕੀਤੀ, ਤਦ ਉਸ ਨੂੰ ਬਹੁਤ ਗੁੱਸਾ ਆਇਆ ਅਤੇ ਸਿਪਾਹੀਆਂ ਨੂੰ ਭੇਜ ਕੇ ਬੈਤਲਹਮ ਅਤੇ ਉਹ ਦੇ ਆਲੇ-ਦੁਆਲੇ ਦੇ ਸਭਨਾਂ ਬਾਲਕਾਂ ਨੂੰ ਮਰਵਾ ਦਿੱਤਾ, ਜਿਹੜੇ ਦੋ ਸਾਲਾਂ ਦੇ ਅਤੇ ਜੋ ਇਸ ਤੋਂ ਛੋਟੇ ਸਨ, ਉਸ ਸਮੇਂ ਦੇ ਅਨੁਸਾਰ ਜਿਹੜਾ ਵਿਦਵਾਨ ਖੋਜੀਆਂ ਤੋਂ ਠੀਕ ਪਤਾ ਪ੍ਰਾਪਤ ਕੀਤਾ ਸੀ ।
17ਤਦ ਉਹ ਬਚਨ ਜਿਹੜਾ ਯਿਰਮਿਯਾਹ ਨਬੀ ਨੇ ਆਖਿਆ ਸੀ ਪੂਰਾ ਹੋਇਆ ਕਿ18ਰਾਮਾਹ ਵਿੱਚ ਇੱਕ ਅਵਾਜ਼ ਸੁਣਾਈ ਦਿੱਤੀ, ਰੋਣਾ ਅਤੇ ਵੱਡਾ ਵਿਰਲਾਪ । ਰਾਖ਼ੇਲ ਆਪਣੇ ਬਾਲ ਬੱਚਿਆਂ ਨੂੰ ਰੋਂਦੀ ਹੈ, ਅਤੇ ਤਸੱਲੀ ਨਹੀਂ ਚਾਹੁੰਦੀ, ਇਸ ਲਈ ਜੋ ਉਹ ਨਹੀਂ ਹਨ ।
ਮਿਸਰ ਦੇਸ ਤੋਂ ਵਾਪਸ ਆਉਣਾ

19ਜਦ ਹੇਰੋਦੇਸ ਮਰ ਗਿਆ ਤਾਂ ਵੇਖੋ ਪ੍ਰਭੂ ਦੇ ਇੱਕ ਦੂਤ ਨੇ ਮਿਸਰ ਵਿੱਚ ਯੂਸੁਫ਼ ਨੂੰ ਸੁਫ਼ਨੇ ਵਿੱਚ ਦਰਸ਼ਨ ਦੇ ਕੇ ਆਖਿਆ,20ਉੱਠ, ਬਾਲਕ ਅਤੇ ਉਹ ਦੀ ਮਾਤਾ ਨੂੰ ਨਾਲ ਲੈ ਕੇ ਇਸਰਾਏਲ ਦੇ ਦੇਸ ਨੂੰ ਜਾ, ਕਿਉਂਕਿ ਜਿਹੜੇ ਬਾਲਕ ਦੀ ਜਾਨ ਦੇ ਵੈਰੀ ਸਨ, ਉਹ ਮਰ ਗਏ ਹਨ ।21ਤਦ ਯੂਸੁਫ਼ ਉੱਠਿਆ, ਬਾਲਕ ਅਤੇ ਉਹ ਦੀ ਮਾਤਾ ਨੂੰ ਨਾਲ ਲੈ ਕੇ ਇਸਰਾਏਲ ਦੇ ਦੇਸ ਵਿੱਚ ਆਇਆ ।
22ਪਰ ਜਦ ਸੁਣਿਆ ਜੋ ਅਰਕਿਲਾਊਸ ਯਹੂਦਿਯਾ ਵਿੱਚ ਆਪਣੇ ਪਿਤਾ ਹੇਰੋਦੇਸ ਦੇ ਥਾਂ ਰਾਜ ਕਰਦਾ ਹੈ ਤਾਂ ਉੱਥੇ ਜਾਣ ਤੋਂ ਡਰਿਆ, ਪਰ ਸੁਫ਼ਨੇ ਵਿੱਚ ਚਿਤਾਵਨੀ ਪਾ ਕੇ ਗਲੀਲ ਦੇ ਇਲਾਕੇ ਵਿੱਚ ਚੱਲਿਆ ਗਿਆ ।23ਅਤੇ ਨਾਸਰਤ ਨਗਰ ਵਿੱਚ ਜਾ ਕੇ ਰਹਿਣ ਲੱਗ ਪਿਆ ਤਾਂ ਜੋ ਜਿਹੜਾ ਬਚਨ ਨਬੀਆਂ ਦੀ ਜ਼ਬਾਨੀ ਆਖਿਆ ਗਿਆ ਸੀ ਪੂਰਾ ਹੋਵੇ, ਜੋ ਉਹ ਨਾਸਰੀ ਅਖਵਾਵੇਗਾ ।

3
ਯੂਹੰਨਾ ਬਪਤਿਸਮਾ ਦੇਣ ਵਾਲਾ
(ਮਰਕੁਸ 1:1-8; ਲੂਕਾ 3:1-18; ਯੂਹੰਨਾ 1:6-8; 15-34)

1ਉਹਨਾਂ ਦਿਨਾਂ ਵਿੱਚ ਯੂਹੰਨਾ ਬਪਤਿਸਮਾ ਦੇਣ ਵਾਲਾ, ਯਹੂਦਿਯਾ ਦੇ ਉਜਾੜ ਵਿੱਚ ਪਰਚਾਰ ਕਰਦੇ ਹੋਏ ਆਖਣ ਲੱਗਾ,2ਤੋਬਾ ਕਰੋ, ਕਿਉਂ ਜੋ ਸਵਰਗ ਰਾਜ ਨੇੜੇ ਹੈ ।3ਇਹ ਉਹੀ ਹੈ ਜਿਹ ਦੇ ਬਾਰੇ ਯਸਾਯਾਹ ਨਬੀ ਨੇ ਆਖਿਆ ਸੀ, ਉਜਾੜ ਵਿੱਚ ਪੁਕਾਰਨ ਵਾਲੇ ਦੀ ਅਵਾਜ਼, ਕਿ ਪ੍ਰਭੂ ਦੇ ਰਸਤੇ ਨੂੰ ਤਿਆਰ ਕਰੋ, ਉਹ ਦੇ ਰਾਹਾਂ ਨੂੰ ਸਿੱਧੇ ਕਰੋ ।

4ਯੂਹੰਨਾ ਦੇ ਬਸਤਰ ਊਠ ਦੇ ਵਾਲਾਂ ਦੇ ਸਨ, ਚਮੜੇ ਦੀ ਪੇਟੀ ਉਸ ਦੇ ਲੱਕ ਨਾਲ ਬੰਨ੍ਹੀ ਹੋਈ ਸੀ, ਅਤੇ ਉਹ ਦਾ ਭੋਜਨ ਟਿੱਡੀਆਂ ਅਤੇ ਜੰਗਲੀ ਸ਼ਹਿਦ ਸੀ l5ਤਦ ਯਰੂਸ਼ਲਮ ਅਤੇ ਸਾਰੇ ਯਹੂਦਿਯਾ ਅਤੇ ਯਰਦਨ ਦੇ ਆਲੇ-ਦੁਆਲੇ ਦੇ ਰਹਿਣ ਵਾਲੇ ਸਾਰੇ ਲੋਕ ਉਹ ਦੇ ਕੋਲ ਆਉਂਦੇ ਸਨ ।6ਅਤੇ ਆਪਣੇ ਪਾਪਾਂ ਨੂੰ ਮੰਨ ਕੇ ਯਰਦਨ ਨਦੀ ਵਿੱਚ ਉਹ ਦੇ ਹੱਥੋਂ ਬਪਤਿਸਮਾ ਲੈਂਦੇ ਸਨ ।
7ਪਰ ਜਦ ਉਹ ਨੇ ਵੇਖਿਆ ਜੋ ਫ਼ਰੀਸੀਆਂ ਅਤੇ ਸਦੂਕੀਆਂ ਵਿੱਚੋਂ ਬਹੁਤ ਸਾਰੇ ਉਸ ਤੋਂ ਬਪਤਿਸਮਾ ਲੈਣ ਨੂੰ ਆਉਂਦੇ ਹਨ, ਤਾਂ ਉਨ੍ਹਾਂ ਨੂੰ ਆਖਿਆ, "ਹੇ ਸੱਪਾਂ ਦੇ ਬੱਚਿਓ ! ਤੁਹਾਨੂੰ ਆਉਣ ਵਾਲੇ ਕਹਿਰ ਤੋਂ ਭੱਜਣ ਲਈ ਕਿਸ ਨੇ ਚਿਤਾਵਨੀ ਦਿੱਤੀ ?"8ਸੋ ਤੁਸੀਂ ਤੋਬਾ ਦੇ ਯੋਗ ਫਲ ਲਿਆਓ ।9ਅਤੇ ਆਪਣੇ ਮਨ ਵਿੱਚ ਇਹ ਨਾ ਸੋਚੋ ਕਿ ਅਬਰਾਹਾਮ ਸਾਡਾ ਪਿਤਾ ਹੈ, ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਕਿ ਪਰਮੇਸ਼ੁਰ ਅਬਰਾਹਾਮ ਦੇ ਲਈ ਇਨ੍ਹਾਂ ਪੱਥਰਾਂ ਵਿੱਚੋਂ ਵੀ ਸੰਤਾਨ ਪੈਦਾ ਕਰ ਸਕਦਾ ਹੈ ।
10ਅਤੇ ਹੁਣ ਕੁਹਾੜਾ ਰੁੱਖਾਂ ਦੀ ਜੜ੍ਹ ਉੱਤੇ ਰੱਖਿਆ ਹੋਇਆ ਹੈ, ਸੋ ਹਰੇਕ ਰੁੱਖ ਜਿਹੜਾ ਚੰਗਾ ਫਲ ਨਹੀਂ ਦਿੰਦਾ, ਵੱਢਿਆ ਅਤੇ ਅੱਗ ਵਿੱਚ ਸੁੱਟਿਆ ਜਾਂਦਾ ਹੈ ।11ਮੈਂ ਤਾਂ ਤੁਹਾਨੂੰ ਮਨ ਫ਼ਿਰਾਉਣ ਦੇ ਲਈ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ, ਪਰ ਜਿਹੜਾ ਮੇਰੇ ਮਗਰੋਂ ਆਉਣ ਵਾਲਾ ਹੈ ਉਹ ਮੇਰੇ ਤੋਂ ਵੀ ਬਲਵੰਤ ਹੈ, ਮੈਂ ਉਹ ਦੀ ਜੁੱਤੀ ਦਾ ਤਸਮਾ ਖੋਲ੍ਹਣ ਦੇ ਯੋਗ ਨਹੀਂ ਹਾਂ, ਉਹ ਤੁਹਾਨੂੰ ਪਵਿੱਤਰ ਆਤਮਾ ਅਤੇ ਅੱਗ ਨਾਲ ਬਪਤਿਸਮਾ ਦੇਵੇਗਾ ।12ਉਹ ਦੀ ਤੰਗੁਲੀ ਉਹ ਦੇ ਹੱਥ ਵਿੱਚ ਹੈ ਅਤੇ ਉਹ ਆਪਣੇ ਪਿੜ ਨੂੰ ਚੰਗੀ ਤਰ੍ਹਾਂ ਸਾਫ਼ ਕਰੇਗਾ ਅਤੇ ਆਪਣੀ ਕਣਕ ਨੂੰ ਗੋਦਾਮ ਵਿੱਚ ਜਮਾਂ ਕਰੇਗਾ, ਪਰ ਤੂੜੀ ਨੂੰ ਉਸ ਅੱਗ ਵਿੱਚ ਸਾੜੇਗਾ ਜਿਹੜੀ ਕਦੇ ਬੁਝਦੀ ਨਹੀਂ ।
ਯੂਹੰਨਾ ਦੁਆਰਾ ਯਿਸੂ ਦਾ ਬਪਤਿਸਮਾ
(ਮਰਕੁਸ 1:9-11, ਲੂਕਾ 3:21-22, ਯੂਹੰਨਾ 1:31-34)

13ਤਦ ਯਿਸੂ ਗਲੀਲ ਤੋਂ ਯਰਦਨ ਦੇ ਕੰਢੇ, ਯੂਹੰਨਾ ਕੋਲ ਉਸ ਦੇ ਹੱਥੋਂ ਬਪਤਿਸਮਾ ਲੈਣ ਨੂੰ ਆਇਆ ।14ਪਰ ਯੂਹੰਨਾ ਨੇ ਇਹ ਕਹਿ ਕਿ ਉਸ ਨੂੰ ਰੋਕਿਆ, ਕਿ ਮੈਨੂੰ ਤਾਂ ਤੇਰੇ ਕੋਲੋਂ ਬਪਤਿਸਮਾ ਲੈਣ ਦੀ ਜ਼ਰੂਰਤ ਹੈ ਪਰ ਤੂੰ ਮੇਰੇ ਕੋਲ ਆਇਆ ਹੈਂ ?15ਪਰ ਯਿਸੂ ਨੇ ਉਸ ਨੂੰ ਉੱਤਰ ਦਿੱਤਾ, ਹੁਣ ਅਜਿਹਾ ਹੋਣਾ ਯੋਗ ਹੈ ਜੋ ਸਾਰੀ ਧਾਰਮਿਕਤਾ ਨੂੰ ਇਸੇ ਤਰ੍ਹਾਂ ਪੂਰਾ ਕਰੀਏ । ਤਦ ਉਸ ਨੇ ਅਜਿਹਾ ਹੋਣ ਦਿੱਤਾ ।
16ਜਦ ਯਿਸੂ ਬਪਤਿਸਮਾ ਲੈਣ ਤੋਂ ਬਾਅਦ ਪਾਣੀ ਤੋਂ ਉੱਪਰ ਆਇਆ ਅਤੇ ਵੇਖੋ, ਅਕਾਸ਼ ਉਹ ਦੇ ਲਈ ਖੁੱਲ੍ਹ ਗਿਆ ਅਤੇ ਉਹ ਨੇ ਪਰਮੇਸ਼ੁਰ ਦਾ ਆਤਮਾ ਘੁੱਗੀ ਵਾਂਗੂੰ ਉੱਤਰਦਿਆਂ ਅਤੇ ਆਪਣੇ ਉੱਤੇ ਆਉਂਦਿਆਂ ਦੇਖਿਆ ।17ਅਤੇ ਵੇਖੋ ਇਹ ਸਵਰਗੀ ਬਾਣੀ ਆਈ ਕਿ ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਬਹੁਤ ਖੁਸ਼ ਹਾਂ ।

4
ਯਿਸੂ ਦਾ ਪਰਤਾਇਆ ਜਾਣਾ
(ਮਰਕੁਸ 1:12-13, ਲੂਕਾ 4:1-13)

1ਤਦ ਯਿਸੂ ਆਤਮਾ ਦੀ ਅਗਵਾਈ ਨਾਲ ਉਜਾੜ ਵਿੱਚ ਗਿਆ ਕਿ ਸ਼ੈਤਾਨ ਕੋਲੋਂ ਉਸ ਨੂੰ ਪਰਤਾਇਆ ਜਾਵੇ ।2ਜਦ ਉਸ ਨੇ ਚਾਲ੍ਹੀ ਦਿਨ ਅਤੇ ਰਾਤ ਵਰਤ ਰੱਖਿਆ ਤਾਂ ਅੰਤ ਵਿੱਚ ਉਹ ਨੂੰ ਭੁੱਖ ਲੱਗੀ ।3ਤਦ ਸ਼ੈਤਾਨ ਨੇ ਆ ਕੇ ਉਸ ਨੂੰ ਆਖਿਆ, ਜੇ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ ਤਾਂ ਆਖ ਜੋ ਇਹ ਪੱਥਰ ਰੋਟੀਆਂ ਬਣ ਜਾਣ ।4ਪਰ ਉਹ ਨੇ ਉੱਤਰ ਦਿੱਤਾ, ਜੋ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੈ ਕਿ ਇਨਸਾਨ ਸਿਰਫ਼ ਰੋਟੀ ਨਾਲ ਹੀ ਜਿਉਂਦਾ ਨਹੀਂ ਰਹੇਗਾ, ਪਰ ਹਰੇਕ ਬਚਨ ਨਾਲ ਜਿਹੜਾ ਪਰਮੇਸ਼ੁਰ ਦੇ ਮੁਖੋਂ ਨਿੱਕਲਦਾ ਹੈ ।

5ਫਿਰ ਸ਼ੈਤਾਨ, ਉਹ ਨੂੰ ਪਵਿੱਤਰ ਸ਼ਹਿਰ ਵਿੱਚ ਲੈ ਗਿਆ ਅਤੇ ਹੈਕਲ ਦੇ ਸਿਖ਼ਰ ਉੱਤੇ ਖੜ੍ਹਾ ਕਰ ਕੇ ਉਹ ਨੂੰ ਕਿਹਾ,6ਜੇ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ ਤਾਂ ਆਪਣੇ ਆਪ ਨੂੰ ਹੇਠਾਂ ਡੇਗ ਦੇ ਕਿਉਂ ਜੋ ਲਿਖਿਆ ਹੈ, ਉਹ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ, ਉਹ ਤੈਨੂੰ ਹੱਥਾਂ ਉੱਤੇ ਚੁੱਕ ਲੈਣਗੇ, ਕਿਤੇ ਅਜਿਹਾ ਨਾ ਹੋਵੇ ਕਿ ਪੱਥਰ ਨਾਲ ਤੇਰੇ ਪੈਰਾਂ ਨੂੰ ਸੱਟ ਲੱਗੇ ।

7ਯਿਸੂ ਨੇ ਉਸ ਨੂੰ ਆਖਿਆ, ਇਹ ਵੀ ਲਿਖਿਆ ਹੈ ਜੋ ਤੂੰ ਪ੍ਰਭੂ ਆਪਣੇ ਪਰਮੇਸ਼ੁਰ ਦਾ ਪਰਤਾਵਾ ਨਾ ਲੈ ।8ਫਿਰ ਸ਼ੈਤਾਨ ਉਹ ਨੂੰ ਇੱਕ ਪਹਾੜ ਦੀ ਚੋਟੀ ਉੱਤੇ ਲੈ ਗਿਆ ਅਤੇ ਸੰਸਾਰ ਦੀਆਂ ਸਾਰੀਆਂ ਪਾਤਸ਼ਾਹੀਆਂ ਅਤੇ ਉਨ੍ਹਾਂ ਦਾ ਪ੍ਰਤਾਪ ਉਹ ਨੂੰ ਵਿਖਾਇਆ9ਅਤੇ ਉਹ ਨੂੰ ਕਿਹਾ, ਜੇ ਤੂੰ ਝੁੱਕ ਕੇ ਮੈਨੂੰ ਮੱਥਾ ਟੇਕੇਂ ਤਾਂ ਇਹ ਸਭ ਕੁੱਝ ਮੈਂ ਤੈਨੂੰ ਦੇ ਦਿਆਂਗਾ ।
10ਤਦ ਯਿਸੂ ਨੇ ਉਸ ਨੂੰ ਕਿਹਾ, ਹੇ ਸ਼ੈਤਾਨ ਦੂਰ ਹੋ ਜਾ ! ਕਿਉਂ ਜੋ ਲਿਖਿਆ ਹੈ ਕਿ ਤੂੰ ਪ੍ਰਭੂ ਆਪਣੇ ਪਰਮੇਸ਼ੁਰ ਨੂੰ ਮੱਥਾ ਟੇਕ ਅਤੇ ਉਸੇ ਇਕੱਲੇ ਦੀ ਬੰਦਗੀ ਕਰ ।11ਤਦ ਸ਼ੈਤਾਨ ਉਹ ਦੇ ਕੋਲੋਂ ਚਲਿਆ ਗਿਆ ਅਤੇ ਵੇਖੋ ਸਵਰਗ ਦੂਤ ਕੋਲ ਆ ਕੇ ਉਹ ਦੀ ਸੇਵਾ ਟਹਿਲ ਕਰਨ ਲੱਗੇ ।
ਯਿਸੂ ਦੀ ਸੇਵਕਾਈ ਦਾ ਗਲੀਲ ਵਿੱਚ ਅਰੰਭ
(ਮਰਕੁਸ 1:14, 15 ਲੂਕਾ 4:14, 15, 31)

12ਜਦੋਂ ਯਿਸੂ ਨੇ ਸੁਣਿਆ ਕਿ ਯੂਹੰਨਾ ਫੜ੍ਹਿਆ ਗਿਆ ਤਦ ਉਹ ਗਲੀਲ ਨੂੰ ਤੁਰ ਪਿਆ ।13ਅਤੇ ਨਾਸਰਤ ਨੂੰ ਛੱਡ ਕੇ ਕਫ਼ਰਨਾਹੂਮ ਵਿੱਚ ਰਹਿਣ ਲੱਗਿਆ, ਜਿਹੜਾ ਝੀਲ ਦੇ ਕੰਢੇ ਜ਼ਬੂਲੂਨ ਅਤੇ ਨਫ਼ਥਾਲੀ ਦੇ ਇਲਾਕੇ ਵਿੱਚ ਹੈ ।
14ਕਿ ਯਸਾਯਾਹ ਨਬੀ ਦਾ ਵਾਕ ਪੂਰਾ ਹੋਵੇ ਕਿ15ਜ਼ਬੂਲੁਨ ਦੀ ਧਰਤੀ ਅਤੇ ਨਫ਼ਥਾਲੀ ਦੀ ਧਰਤੀ, ਸਮੁੰਦਰ ਦੀ ਰਾਹ, ਯਰਦਨੋਂ ਪਾਰ, ਪਰਾਈਆਂ ਕੌਮਾਂ ਦੀ ਗਲੀਲ16ਜਿਹੜੇ ਲੋਕ ਅੰਧਕਾਰ ਵਿੱਚ ਬੈਠੇ ਹੋਏ ਸਨ, ਉਨ੍ਹਾਂ ਨੇ ਵੱਡਾ ਚਾਨਣ ਵੇਖਿਆ, ਅਤੇ ਜਿਹੜੇ ਮੌਤ ਦੇ ਦੇਸ ਅਤੇ ਸਾਯੇ ਵਿੱਚ ਬੈਠੇ ਹੋਏ ਸਨ, ਉਨ੍ਹਾਂ ਲਈ ਚਾਨਣ ਪਰਗਟ ਹੋਇਆ ।

17ਉਸੇ ਵੇਲੇ ਤੋਂ ਯਿਸੂ ਪਰਚਾਰ ਕਰਨ ਅਤੇ ਕਹਿਣ ਲੱਗਾ, ਤੋਬਾ ਕਰੋ ਕਿਉਂ ਜੋ ਸਵਰਗ ਰਾਜ ਨੇੜੇ ਆਇਆ ਹੈ ।
ਪਹਿਲੇ ਚੇਲਿਆਂ ਨੂੰ ਬੁਲਾਉਣਾ
(ਮਰਕੁਸ 1:16-20, ਲੂਕਾ 5:1-11, ਯੂਹੰਨਾ 1:35-42)

18ਗਲੀਲ ਦੀ ਝੀਲ ਦੇ ਕੰਢੇ ਫਿਰਦਿਆਂ ਹੋਇਆਂ ਉਸ ਨੇ ਦੋ ਭਰਾਵਾਂ ਅਰਥਾਤ ਸ਼ਮਊਨ ਨੂੰ ਜਿਹੜਾ ਪਤਰਸ ਅਖਵਾਉਂਦਾ ਹੈ ਅਤੇ ਉਹ ਦੇ ਭਰਾ ਅੰਦ੍ਰਿਯਾਸ ਨੂੰ ਝੀਲ ਵਿੱਚ ਜਾਲ਼ ਪਾਉਂਦਿਆਂ ਵੇਖਿਆ ਕਿਉਂ ਜੋ ਉਹ ਮਛਵਾਰੇ ਸਨ ।19ਅਤੇ ਉਨ੍ਹਾਂ ਨੂੰ ਆਖਿਆ, ਮੇਰੇ ਪਿੱਛੇ ਆਓ ਅਤੇ ਮੈਂ ਤੁਹਾਨੂੰ ਮਨੁੱਖਾਂ ਦੇ ਮਛਵਾਰੇ ਬਣਾਵਾਂਗਾ ।20ਉਹ ਉਸੇ ਵੇਲੇ ਜਾਲ਼ਾਂ ਨੂੰ ਛੱਡ ਕੇ ਉਹ ਦੇ ਮਗਰ ਹੋ ਤੁਰੇ ।
21ਅਤੇ ਉੱਥੋਂ ਅੱਗੇ ਜਾ ਕੇ ਉਹ ਨੇ ਹੋਰ ਦੋ ਭਰਾਵਾਂ ਅਰਥਾਤ ਜ਼ਬਦੀ ਦੇ ਪੁੱਤਰ ਯਾਕੂਬ ਨੂੰ ਅਤੇ ਉਹ ਦੇ ਭਰਾ ਯੂਹੰਨਾ ਨੂੰ ਵੇਖਿਆ ਜਿਹੜੇ ਆਪਣੇ ਪਿਤਾ ਦੇ ਨਾਲ ਬੇੜੀ ਉੱਤੇ ਆਪਣਿਆਂ ਜਾਲ੍ਹਾਂ ਨੂੰ ਸਾਫ਼ ਕਰਦੇ ਸਨ ਅਤੇ ਉਨ੍ਹਾਂ ਨੂੰ ਸੱਦਿਆ ।22ਤਦ ਉਹ ਉਸੇ ਵੇਲੇ ਆਪਣਾ ਸਭ ਕੁੱਝ ਛੱਡ ਕੇ ਉਹ ਦੇ ਮਗਰ ਹੋ ਤੁਰੇ ।
ਯਿਸੂ ਰੋਗੀਆਂ ਨੂੰ ਚੰਗਾ ਕਰਦਾ ਹੈ ।
(ਲੂਕਾ 6:17-19)

23ਯਿਸੂ ਸਾਰੇ ਗਲੀਲ ਵਿੱਚ ਫਿਰਦਾ ਹੋਇਆ ਉਨ੍ਹਾਂ ਦੇ ਪ੍ਰਾਰਥਨਾ ਘਰਾਂ ਵਿੱਚ ਉਪਦੇਸ਼ ਦਿੰਦਾ ਅਤੇ ਰਾਜ ਦੀ ਖੁਸ਼ਖਬਰੀ ਦਾ ਪਰਚਾਰ ਕਰਦਾ ਅਤੇ ਲੋਕਾਂ ਵਿੱਚੋਂ ਸਾਰੇ ਰੋਗ ਅਤੇ ਸਾਰੀ ਮਾਂਦਗੀ ਨੂੰ ਹਟਾਉਂਦਾ ਸੀ ।24ਅਤੇ ਸਾਰੇ ਸੀਰੀਯਾ ਦੇਸ ਵਿੱਚ ਉਹ ਦੀ ਚਰਚਾ ਹੋਣ ਲੱਗ ਪਈ ਅਤੇ ਉਨ੍ਹਾਂ ਸਭਨਾਂ ਰੋਗੀਆਂ ਨੂੰ ਜਿਹੜੇ ਕਈ ਪਰਕਾਰ ਦੇ ਰੋਗਾਂ ਅਤੇ ਦੁੱਖਾਂ ਵਿੱਚ ਫਸੇ ਹੋਏ ਸਨ ਅਤੇ ਜਿਨ੍ਹਾਂ ਨੂੰ ਭੂਤ ਚਿੰਬੜੇ ਹੋਏ ਸਨ ਅਤੇ ਮਿਰਗੀ ਵਾਲਿਆਂ ਅਤੇ ਅਧਰੰਗੀਆਂ ਨੂੰ ਉਹ ਦੇ ਕੋਲ ਲਿਆਏ ਅਤੇ ਉਸ ਨੇ ਉਨ੍ਹਾਂ ਨੂੰ ਨਰੋਇਆ ਕੀਤਾ ।25ਅਤੇ ਵੱਡੀਆਂ ਭੀੜਾਂ ਗਲੀਲ, ਦਿਕਾਪੁਲਿਸ, ਯਰੂਸ਼ਲਮ, ਯਹੂਦਿਯਾ ਅਤੇ ਯਰਦਨ ਦੇ ਪਾਰੋਂ ਉਹ ਦੇ ਮਗਰ ਹੋ ਤੁਰੀਆਂ ।

5
ਪਹਾੜੀ ਉਪਦੇਸ਼

1ਭੀੜ ਨੂੰ ਵੇਖ ਕੇ ਯਿਸੂ ਪਹਾੜ ਉੱਤੇ ਚੜ੍ਹ ਗਿਆ ਅਤੇ ਜਦ ਬੈਠ ਗਿਆ ਤਦ ਚੇਲੇ ਉਸ ਦੇ ਕੋਲ ਆਏ ।2ਉਹ ਚੇਲਿਆਂ ਨੂੰ ਇਹ ਉਪਦੇਸ਼ ਦੇਣ ਲੱਗਾ :

ਧੰਨ ਵਚਨ
(ਲੂਕਾ 6:20-23)

3ਉਹ ਧੰਨ ਹਨ ਜਿਹੜੇ ਦਿਲ ਦੇ ਗ਼ਰੀਬ ਹਨ, ਕਿਉਂ ਜੋ ਸਵਰਗ ਰਾਜ ਉਨ੍ਹਾਂ ਦਾ ਹੈ ।4ਉਹ ਧੰਨ ਹਨ ਜਿਹੜੇ ਸੋਗ ਕਰਦੇ ਹਨ, ਕਿਉਂ ਜੋ ਉਹ ਸ਼ਾਂਤ ਕੀਤੇ ਜਾਣਗੇ ।
5ਉਹ ਧੰਨ ਹਨ ਜਿਹੜੇ ਹਲੀਮ ਹਨ, ਕਿਉਂ ਜੋ ਉਹ ਧਰਤੀ ਦੇ ਵਾਰਸ ਹੋਣਗੇ ।6ਉਹ ਧੰਨ ਹਨ ਜਿਹੜੇ ਧਾਰਮਿਕਤਾ ਦੇ ਭੁੱਖੇ ਤੇ ਪਿਆਸੇ ਹਨ, ਕਿਉਂ ਜੋ ਉਹ ਰਜਾਏ ਜਾਣਗੇ ।7ਉਹ ਧੰਨ ਹਨ ਜਿਹੜੇ ਦਿਆਲੂ ਹਨ, ਕਿਉਂ ਜੋ ਉਨ੍ਹਾਂ ਉੱਤੇ ਦਯਾ ਕੀਤੀ ਜਾਵੇਗੀ ।8ਉਹ ਧੰਨ ਹਨ ਜਿਹਨਾਂ ਦੇ ਮਨ ਸ਼ੁੱਧ ਹਨ, ਕਿਉਂ ਜੋ ਉਹ ਪਰਮੇਸ਼ੁਰ ਨੂੰ ਵੇਖਣਗੇ ।
9ਉਹ ਧੰਨ ਹਨ ਜਿਹੜੇ ਮੇਲ-ਮਿਲਾਪ ਕਰਾਉਂਦੇ ਹਨ, ਕਿਉਂ ਜੋ ਉਹ ਪਰਮੇਸ਼ੁਰ ਦੇ ਪੁੱਤਰ ਅਖਵਾਉਣਗੇ ।10ਉਹ ਧੰਨ ਹਨ ਜਿਹੜੇ ਧਾਰਮਿਕਤਾ ਦੇ ਕਾਰਨ ਸਤਾਏ ਜਾਂਦੇ ਹਨ, ਕਿਉਂ ਜੋ ਸਵਰਗ ਰਾਜ ਉਨ੍ਹਾਂ ਦਾ ਹੈ ।
11ਧੰਨ ਹੋ ਤੁਸੀਂ, ਜਦੋਂ ਲੋਕ ਮੇਰੇ ਕਾਰਨ ਤੁਹਾਨੂੰ ਬੇਇੱਜ਼ਤ ਕਰਨ, ਸਤਾਉਣ ਅਤੇ ਤੁਹਾਡੇ ਵਿਰੁੱਧ ਬੁਰੀਆਂ ਗੱਲਾਂ ਬੋਲਣ ਅਤੇ ਝੂਠੇ ਦੋਸ਼ ਲਾਉਣ ।12ਖੁਸ਼ ਹੋਵੋ ਅਤੇ ਅਨੰਦ ਮਨਾਓ, ਕਿਉਂ ਜੋ ਤੁਹਾਡਾ ਫਲ ਸਵਰਗ ਵਿੱਚ ਵੱਡਾ ਹੈ, ਕਿਉਂ ਜੋ ਉਨ੍ਹਾਂ ਨੇ ਤੁਹਾਡੇ ਤੋਂ ਪਹਿਲੇ ਨਬੀਆਂ ਨੂੰ ਵੀ ਇਸੇ ਤਰ੍ਹਾਂ ਸਤਾਇਆ ਸੀ ।
ਲੂਣ ਅਤੇ ਚਾਨਣ
(ਮਰਕੁਸ 9:50, ਲੂਕਾ 14:34, 35)

13ਤੁਸੀਂ ਧਰਤੀ ਦੇ ਲੂਣ ਹੋ ! ਪਰ ਜੇ ਲੂਣ ਬੇਸੁਆਦ ਹੋ ਜਾਵੇ ਤਾਂ ਫਿਰ ਕਿਵੇਂ ਸਲੂਣਾ ਕੀਤਾ ਜਾਵੇਗਾ ? ਉਹ ਫਿਰ ਬੇਕਾਰ ਹੈ, ਕਿ ਬਾਹਰ ਸੁੱਟਿਆ ਅਤੇ ਮਨੁੱਖਾਂ ਦੇ ਪੈਰਾਂ ਹੇਠ ਮਿੱਧਿਆ ਜਾਵੇ ।14ਤੁਸੀਂ ਸੰਸਾਰ ਦੇ ਚਾਨਣ ਹੋ । ਜਿਹੜਾ ਨਗਰ ਪਹਾੜ ਉੱਤੇ ਵੱਸਦਾ ਹੈ ਉਹ ਲੁਕਿਆ ਨਹੀਂ ਰਹਿ ਸਕਦਾ ।
15ਲੋਕ ਦੀਵਾ ਬਾਲ ਕੇ ਟੋਕਰੇ ਹੇਠਾਂ ਨਹੀਂ ਰੱਖਦੇ ਸਗੋਂ ਦੀਵਟ ਉੱਤੇ ਰੱਖਦੇ ਹਨ ਤਾਂ ਜੋ ਜਿਹੜੇ ਘਰ ਵਿੱਚ ਹਨ ਉਹਨਾਂ ਨੂੰ ਚਾਨਣ ਦੇਵੇ ।16ਤੁਹਾਡਾ ਚਾਨਣ ਲੋਕਾਂ ਦੇ ਸਾਹਮਣੇ ਅਜਿਹਾ ਚਮਕੇ ਕਿ ਉਹ ਤੁਹਾਡੇ ਚੰਗੇ ਕੰਮਾਂ ਨੂੰ ਵੇਖ ਕੇ ਤੁਹਾਡੇ ਪਿਤਾ ਦੀ ਵਡਿਆਈ ਕਰਨ, ਜਿਹੜਾ ਸਵਰਗ ਵਿੱਚ ਹੈ ।
ਬਿਵਸਥਾ ਦੀ ਸਿੱਖਿਆ

17ਇਹ ਨਾ ਸੋਚੋ ਕਿ ਮੈਂ ਮੂਸਾ ਦੀ ਬਿਵਸਥਾ ਜਾਂ ਨਬੀਆਂ ਦੇ ਉਪਦੇਸ਼ ਨੂੰ ਰੱਦ ਕਰਨ ਆਇਆ ਹਾਂ । ਮੈਂ ਰੱਦ ਕਰਨ ਨਹੀਂ ਸਗੋਂ ਪੂਰਾ ਕਰਨ ਆਇਆ ਹਾਂ ।18ਕਿਉਂ ਜੋ ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਦੋਂ ਤੱਕ ਅਕਾਸ਼ ਅਤੇ ਧਰਤੀ ਟਲ ਨਾ ਜਾਣ, ਬਿਵਸਥਾ ਵਿੱਚੋਂ ਇੱਕ ਅੱਖਰ ਜਾਂ ਇੱਕ ਬਿੰਦੀ ਵੀ ਨਾ ਟਲੇਗੀ, ਜਦ ਤੱਕ ਸਭ ਕੁੱਝ ਪੂਰਾ ਨਾ ਹੋਵੇ ।
19ਸੋ ਜੋ ਕੋਈ ਇਨ੍ਹਾਂ ਸਭਨਾਂ ਤੋਂ ਛੋਟਿਆਂ ਹੁਕਮਾਂ ਵਿੱਚੋਂ ਇੱਕ ਦੀ ਵੀ ਉਲੰਘਣਾ ਕਰੇ ਅਤੇ ਇਸੇ ਤਰ੍ਹਾਂ ਦੂਜਿਆਂ ਨੂੰ ਸਿਖਾਵੇ ਸੋ ਸਵਰਗ ਰਾਜ ਵਿੱਚ ਸਭਨਾਂ ਨਾਲੋਂ ਛੋਟਾ ਕਹਾਵੇਗਾ ਪਰ ਜਿਹੜਾ ਉਨ੍ਹਾਂ ਦੀ ਪਾਲਨਾ ਕਰੇ ਅਤੇ ਸਿਖਾਵੇ ਉਹ ਸਵਰਗ ਰਾਜ ਵਿੱਚ ਮਹਾਨ ਕਹਾਵੇਗਾ ।20ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਕਿ ਜੇ ਤੁਹਾਡੀ ਧਾਰਮਿਕਤਾ, ਉਪਦੇਸ਼ਕਾਂ ਅਤੇ ਫ਼ਰੀਸੀਆਂ ਦੇ ਨਾਲੋਂ ਵੱਧ ਨਾ ਹੋਵੇ ਤਾਂ ਤੁਸੀਂ ਸਵਰਗ ਰਾਜ ਵਿੱਚ ਕਿਸੇ ਵੀ ਤਰ੍ਹਾਂ ਨਾ ਵੜੋਂਗੇ ।
ਕ੍ਰੋਧ ਅਤੇ ਹੱਤਿਆ

21ਤੁਸੀਂ ਸੁਣਿਆ ਹੈ ਕਿ ਬਹੁਤ ਚਿਰ ਪਹਿਲਾਂ ਇਹ ਕਿਹਾ ਗਿਆ ਸੀ, ਤੂੰ ਕਿਸੇ ਮਨੁੱਖ ਦਾ ਖ਼ੂਨ ਨਾ ਕਰ ਅਤੇ ਜੇ ਕੋਈ ਖ਼ੂਨ ਕਰੇ ਸੋ ਅਦਾਲਤ ਵਿੱਚ ਸਜ਼ਾ ਦੇ ਯੋਗ ਹੋਵੇਗਾ ।22ਪਰ ਮੈਂ ਤੁਹਾਨੂੰ ਆਖਦਾ ਹਾਂ ਹਰੇਕ ਜੋ ਆਪਣੇ ਭਰਾ ਉੱਤੇ ਕ੍ਰੋਧ ਕਰੇ ਉਹ ਅਦਾਲਤ ਵਿੱਚ ਸਜ਼ਾ ਪਾਵੇਗਾ ਅਤੇ ਜਿਹੜਾ ਆਪਣੇ ਭਰਾ ਨੂੰ ਗਾਲ ਕੱਢੇ ਉਹ ਸਭਾ ਵਿੱਚ ਸਜ਼ਾ ਪਾਵੇਗਾ ਪਰ ਜਿਹੜਾ ਆਪਣੇ ਭਰਾ ਨੂੰ “ਮੂਰਖ” ਕਹੇ, ਉਹ ਨਰਕ ਦੀ ਅੱਗ ਦੀ ਸਜ਼ਾ ਪਾਵੇਗਾ ।
23ਸੋ ਜਦੋਂ ਤੂੰ ਜਗਵੇਦੀ ਉੱਤੇ ਆਪਣੀ ਭੇਟ ਚੜ੍ਹਾਉਣ ਲੱਗੇਂ ਅਤੇ ਤੈਨੂੰ ਯਾਦ ਆਵੇ ਜੋ ਤੇਰੇ ਭਰਾ ਦੇ ਮਨ ਵਿੱਚ ਤੇਰੇ ਲਈ ਕੁੱਝ ਗੁੱਸਾ ਹੈ,24ਤਾਂ ਉੱਥੇ ਆਪਣੀ ਭੇਟ ਜਗਵੇਦੀ ਦੇ ਸਾਹਮਣੇ ਛੱਡ ਕੇ ਚੱਲਿਆ ਜਾ ਅਤੇ ਪਹਿਲਾਂ ਆਪਣੇ ਭਰਾ ਨਾਲ ਮੇਲ-ਮਿਲਾਪ ਕਰ । ਫਿਰ ਆ ਕੇ ਆਪਣੀ ਭੇਟ ਚੜ੍ਹਾ ।
25ਜੇ ਤੇਰਾ ਵਿਰੋਧੀ ਤੈਨੂੰ ਅਦਾਲਤ ਲਿਜਾ ਰਿਹਾ ਹੋਵੇ ਤਾਂ ਰਸਤੇ ਵਿੱਚ ਹੀ ਛੇਤੀ ਉਹ ਦੇ ਨਾਲ ਮਿਲਾਪ ਕਰ, ਇਸ ਤਰ੍ਹਾਂ ਨਾ ਹੋਵੇ ਜੋ ਵਿਰੋਧੀ ਤੈਨੂੰ ਹਾਕਮ ਦੇ ਹਵਾਲੇ ਕਰੇ ਅਤੇ ਹਾਕਮ ਤੈਨੂੰ ਸਿਪਾਹੀ ਦੇ ਹਵਾਲੇ ਕਰੇ ਅਤੇ ਤੂੰ ਕੈਦ ਵਿੱਚ ਪੈ ਜਾਵੇਂ ।26ਮੈਂ ਤੈਨੂੰ ਸੱਚ ਆਖਦਾ ਹਾਂ ਕਿ ਜਦ ਤੱਕ ਤੂੰ ਸਭ ਕੁੱਝ ਨਾ ਭਰ ਦੇਵੇਂ ਉੱਥੋਂ ਕਿਸੇ ਵੀ ਤਰ੍ਹਾਂ ਨਾ ਛੁੱਟੇਂਗਾ ।
ਵਿਭਚਾਰ

27ਤੁਸੀਂ ਸੁਣਿਆ ਹੈ ਜੋ ਇਹ ਕਿਹਾ ਗਿਆ ਸੀ ਕਿ ਤੂੰ ਵਿਭਚਾਰ ਨਾ ਕਰ ।28ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਜੇ ਕੋਈ ਕਿਸੇ ਔਰਤ ਨੂੰ ਬੁਰੀ ਕਾਮਨਾ ਨਾਲ ਵੇਖਦਾ ਹੈ, ਉਹ ਓਸੇ ਵੇਲੇ ਹੀ ਆਪਣੇ ਮਨੋਂ ਉਹ ਦੇ ਨਾਲ ਵਿਭਚਾਰ ਕਰ ਚੁੱਕਿਆ ।
29ਜੇ ਤੇਰੀ ਸੱਜੀ ਅੱਖ ਪਾਪ ਕਰਾਵੇ ਤਾਂ ਉਸ ਨੂੰ ਕੱਢ ਕੇ ਸੁੱਟ ਦੇ, ਕਿਉਂ ਜੋ ਤੇਰੇ ਲਈ ਇਹੋ ਚੰਗਾ ਹੈ ਕਿ ਤੇਰੇ ਅੰਗਾਂ ਵਿੱਚੋਂ ਇੱਕ ਦਾ ਨਾਸ ਹੋਵੇ ਪਰ ਤੇਰਾ ਸਾਰਾ ਸਰੀਰ ਨਰਕ ਵਿੱਚ ਸੁੱਟਿਆ ਨਾ ਜਾਵੇ ।30ਅਤੇ ਜੇ ਤੇਰਾ ਸੱਜਾ ਹੱਥ ਤੇਰੇ ਕੋਲੋਂ ਪਾਪ ਕਰਾਵੇ ਤਾਂ ਉਸ ਨੂੰ ਵੱਢ ਕੇ ਸੁੱਟ ਦੇ, ਕਿਉਂ ਜੋ ਤੇਰੇ ਲਈ ਇਹੋ ਚੰਗਾ ਹੈ ਕਿ ਤੇਰੇ ਅੰਗਾਂ ਵਿੱਚੋਂ ਇੱਕ ਦਾ ਨਾਸ ਹੋਵੇ ਪਰ ਤੇਰਾ ਸਾਰਾ ਸਰੀਰ ਨਰਕ ਵਿੱਚ ਸੁੱਟਿਆ ਨਾ ਜਾਵੇ ।
ਤਲਾਕ

31ਇਹ ਵੀ ਆਖਿਆ ਗਿਆ ਸੀ ਕਿ ਜਿਹੜਾ ਆਪਣੀ ਪਤਨੀ ਨੂੰ ਤਲਾਕ ਦੇਵੇ, ਉਹ ਉਸ ਨੂੰ ਤਲਾਕ ਨਾਮਾ ਲਿਖ ਕੇ ਦੇਵੇ ।32ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਜਿਹੜਾ ਆਪਣੀ ਪਤਨੀ ਨੂੰ ਹਰਾਮਕਾਰੀ ਤੋਂ ਇਲਾਵਾ ਕਿਸੇ ਹੋਰ ਕਾਰਨ ਤਿਆਗੇ, ਉਹ ਉਸ ਕੋਲੋਂ ਵਿਭਚਾਰ ਕਰਾਉਂਦਾ ਹੈ ਅਤੇ ਜੋ ਕੋਈ ਉਸ ਤਿਆਗੀ ਹੋਈ ਨਾਲ ਵਿਆਹ ਕਰੇ ਸੋ ਵਿਭਚਾਰ ਕਰਦਾ ਹੈ ।
ਸਹੁੰ

33ਤੁਸੀਂ ਸੁਣਿਆ ਹੈ ਜੋ ਪੁਰਖਿਆਂ ਨੂੰ ਕਿਹਾ ਗਿਆ ਸੀ ਕਿ ਤੁਸੀਂ ਝੂਠੀ ਸਹੁੰ ਨਾ ਖਾਣਾ ਪਰ ਪ੍ਰਭੂ ਦੇ ਲਈ ਆਪਣੇ ਵਾਅਦਿਆਂ ਨੂੰ ਪੂਰਾ ਕਰਨਾ ।34ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਕਦੇ ਵੀ ਸਹੁੰ ਨਾ ਖਾਓ, ਨਾ ਸਵਰਗ ਦੀ ਕਿਉਂ ਜੋ ਉਹ ਪਰਮੇਸ਼ੁਰ ਦਾ ਸਿੰਘਾਸਣ ਹੈ ।35ਨਾ ਧਰਤੀ ਦੀ ਕਿਉਂ ਜੋ ਉਹ ਪਰਮੇਸ਼ੁਰ ਦੇ ਚਰਨਾਂ ਦੀ ਚੌਂਕੀ ਹੈ ਅਤੇ ਨਾ ਯਰੂਸ਼ਲਮ ਦੀ ਕਿਉਂ ਜੋ ਉਹ ਪਰਮੇਸ਼ੁਰ ਦਾ ਸ਼ਹਿਰ ਹੈ ।
36ਅਤੇ ਨਾ ਆਪਣੇ ਸਿਰ ਦੀ ਸਹੁੰ ਖਾਹ ਕਿਉਂ ਜੋ ਤੂੰ ਇੱਕ ਵਾਲ਼ ਨੂੰ ਸਫ਼ੇਦ ਜਾਂ ਕਾਲਾ ਨਹੀਂ ਕਰ ਸਕਦਾ ।37ਪਰ ਤੁਹਾਡੀ ਗੱਲਬਾਤ ਹਾਂ ਦੀ ਹਾਂ ਅਤੇ ਨਾਂਹ ਦੀ ਨਾਂਹ ਹੋਵੇ ਅਤੇ ਜੋ ਇਸ ਤੋਂ ਵੱਧ ਹੈ ਸੋ ਦੁਸ਼ਟ ਵੱਲੋਂ ਹੁੰਦਾ ਹੈ ।
ਬਦਲਾ

38ਤੁਸੀਂ ਸੁਣਿਆ ਹੈ ਜੋ ਕਿਹਾ ਗਿਆ ਸੀ ਕਿ ਅੱਖ ਦੇ ਬਦਲੇ ਅੱਖ ਅਤੇ ਦੰਦ ਦੇ ਬਦਲੇ ਦੰਦ ।39ਮੈਂ ਤੁਹਾਨੂੰ ਆਖਦਾ ਹਾਂ ਜੋ ਦੁਸ਼ਟ ਦਾ ਸਾਹਮਣਾ ਨਾ ਕਰਨਾ ਸਗੋਂ ਜੇ ਕੋਈ ਤੇਰੀ ਸੱਜੀ ਗੱਲ੍ਹ ਉੱਤੇ ਚਪੇੜ ਮਾਰੇ ਤਾਂ ਤੂੰ ਦੂਜੀ ਵੀ ਉਸ ਦੇ ਵੱਲ ਕਰ ਦੇ ।
40ਅਤੇ ਜੇ ਕੋਈ ਤੇਰੇ ਉੱਤੇ ਮੁਕੱਦਮਾ ਕਰ ਕੇ ਤੇਰਾ ਕੁੜਤਾ ਲੈਣਾ ਚਾਹੇ ਤਾਂ ਉਹ ਨੂੰ ਚੋਗਾ ਵੀ ਦੇ ਦਿਓ ।41ਅਤੇ ਜੋ ਕੋਈ ਤੈਨੂੰ ਬੇਗ਼ਾਰੀ ਵਿੱਚ ਇੱਕ ਮੀਲ ਲੈ ਜਾਵੇ ਤਾਂ ਉਹ ਦੇ ਨਾਲ ਦੋ ਮੀਲ ਚੱਲਿਆ ਜਾ ।42ਜਿਹੜਾ ਤੇਰੇ ਕੋਲੋਂ ਮੰਗੇ ਉਹ ਨੂੰ ਦੇ ਅਤੇ ਜੋ ਤੇਰੇ ਕੋਲੋਂ ਉਧਾਰ ਮੰਗੇ ਤਾਂ ਉਸ ਤੋਂ ਮੂੰਹ ਨਾ ਮੋੜ ।
ਵੈਰੀਆਂ ਦੇ ਨਾਲ ਪਿਆਰ
(ਲੂਕਾ 6:27, 28, 32-36)

43ਤੁਸੀਂ ਸੁਣਿਆ ਹੈ ਜੋ ਇਹ ਕਿਹਾ ਗਿਆ ਸੀ ਕਿ ਤੂੰ ਆਪਣੇ ਗੁਆਂਢੀ ਨਾਲ ਪਿਆਰ ਕਰ ਅਤੇ ਆਪਣੇ ਵੈਰੀ ਨਾਲ ਵੈਰ ਰੱਖ ।44ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਆਪਣੇ ਵੈਰੀਆਂ ਨਾਲ ਪਿਆਰ ਕਰੋ । ਅਤੇ ਜੋ ਤੁਹਾਨੂੰ ਸਤਾਉਣ ਉਨ੍ਹਾਂ ਲਈ ਪ੍ਰਾਰਥਨਾ ਕਰੋ ।45ਤਾਂ ਜੋ ਤੁਸੀਂ ਆਪਣੇ ਸਵਰਗੀ ਪਿਤਾ ਦੀ ਸੰਤਾਨ ਹੋਵੋ ਕਿਉਂ ਜੋ ਉਹ ਆਪਣਾ ਸੂਰਜ, ਬੁਰਿਆਂ ਅਤੇ ਭਲਿਆਂ ਲਈ ਚੜ੍ਹਾਉਂਦਾ ਹੈ ! ਧਰਮੀਆਂ ਅਤੇ ਕੁਧਰਮੀਆਂ ਉੱਤੇ ਮੀਂਹ ਵਰਸਾਉਂਦਾ ਹੈ ।
46ਜੇ ਤੁਸੀਂ ਉਨ੍ਹਾਂ ਨਾਲ ਹੀ ਪਿਆਰ ਕਰੋ ਜਿਹੜੇ ਤੁਹਾਡੇ ਨਾਲ ਪਿਆਰ ਕਰਦੇ ਹਨ, ਤਾਂ ਤੁਹਾਨੂੰ ਕੀ ਫਲ ਮਿਲੇਗਾ ? ਭਲਾ, ਚੁੰਗੀ ਲੈਣ ਵਾਲੇ ਵੀ ਇਹੋ ਨਹੀਂ ਕਰਦੇ ?47ਅਤੇ ਜੇਕਰ ਤੁਸੀਂ ਸਿਰਫ਼ ਆਪਣੇ ਭਰਾਵਾਂ ਨੂੰ ਹੀ ਪ੍ਰਣਾਮ ਕਰੋ, ਤਾਂ ਤੁਸੀਂ ਕੀ ਵੱਧ ਕਰਦੇ ਹੋ ? ਕੀ, ਪਰਾਈ ਕੌਮ ਦੇ ਲੋਕ ਵੀ ਇਹੋ ਨਹੀਂ ਕਰਦੇ ?48ਸੋ ਜਿਵੇਂ ਤੁਹਾਡਾ ਸਵਰਗੀ ਪਿਤਾ ਸੰਪੂਰਨ ਹੈ, ਤਿਵੇਂ ਤੁਸੀਂ ਵੀ ਸੰਪੂਰਨ ਹੋਵੋ ।

6
ਦਾਨ

1ਸਾਵਧਾਨ, ਤੁਸੀਂ ਆਪਣੇ ਧਾਰਮਿਕਤਾ ਦੇ ਕੰਮ ਮਨੁੱਖਾਂ ਦੇ ਸਾਹਮਣੇ ਦਿਖਾਵੇ ਲਈ ਨਾ ਕਰੋ, ਨਹੀਂ ਤਾਂ ਤੁਸੀਂ ਆਪਣੇ ਪਿਤਾ ਕੋਲੋਂ ਜਿਹੜਾ ਸਵਰਗ ਵਿੱਚ ਹੈ, ਕੁੱਝ ਵੀ ਫਲ ਪ੍ਰਾਪਤ ਨਾ ਕਰੋਗੇ ।

2ਇਸ ਲਈ ਜਦ ਤੁਸੀਂ ਦਾਨ ਕਰੋਂ, ਜਿਸ ਤਰ੍ਹਾਂ ਕਪਟੀ ਪ੍ਰਾਰਥਨਾ ਘਰਾਂ ਅਤੇ ਰਸਤਿਆਂ ਵਿੱਚ ਆਪਣੇ ਅੱਗੇ ਚਰਚਾ ਕਰਵਾਉਂਦੇ ਹਨ ਕਿ ਲੋਕ ਉਨ੍ਹਾਂ ਦੀ ਵਡਿਆਈ ਕਰਨ, ਤੁਸੀਂ ਅਜਿਹਾ ਨਾ ਕਰੋ । ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਉਹ ਆਪਣਾ ਫਲ ਪਾ ਚੁੱਕੇ ।
3ਪਰ ਜਦੋਂ ਤੂੰ ਦਾਨ ਦੇਵੇਂ ਤਾਂ ਜੋ ਕੁੱਝ ਤੂੰ ਸੱਜੇ ਹੱਥ ਨਾਲ ਦਿੰਦਾ ਤੇਰਾ ਖੱਬਾ ਹੱਥ ਨਾ ਜਾਣੇ,4ਤੇਰਾ ਦਾਨ ਗੁਪਤ ਵਿੱਚ ਹੋਵੇ, ਤਾਂ ਜੋ ਤੇਰਾ ਪਿਤਾ ਜਿਹੜਾ ਗੁਪਤ ਵਿੱਚ ਵੇਖਦਾ ਹੈ, ਤੈਨੂੰ ਫਲ ਦੇਵੇ ।
ਪ੍ਰਾਰਥਨਾ
(ਲੂਕਾ 11:2-4)

5ਜਦੋਂ ਤੁਸੀਂ ਪ੍ਰਾਰਥਨਾ ਕਰੋ ਤਾਂ ਕਪਟੀਆਂ ਦੀ ਤਰ੍ਹਾਂ ਨਾ ਕਰੋ ਕਿਉਂਕਿ ਉਹ ਪ੍ਰਾਰਥਨਾ ਘਰਾਂ ਅਤੇ ਚੌਕਾਂ ਵਿੱਚ ਖੜ੍ਹੇ ਹੋ ਕੇ ਪ੍ਰਾਰਥਨਾ ਕਰਨੀ ਪਸੰਦ ਕਰਦੇ ਹਨ, ਤਾਂ ਜੋ ਮਨੁੱਖ ਉਨ੍ਹਾਂ ਨੂੰ ਵੇਖਣ । ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਉਹ ਆਪਣਾ ਫਲ ਪਾ ਚੁੱਕੇ ਹਨ ।6ਪਰ ਜਦੋਂ ਤੁਸੀਂ ਪ੍ਰਾਰਥਨਾ ਕਰੋ ਤਾਂ ਆਪਣੇ ਕਮਰੇ ਵਿੱਚ ਜਾਓ ਅਤੇ ਦਰਵਾਜ਼ਾ ਬੰਦ ਕਰ ਕੇ, ਆਪਣੇ ਪਿਤਾ ਅੱਗੇ ਜਿਹੜਾ ਗੁਪਤ ਹੈ ਪ੍ਰਾਰਥਨਾ ਕਰੋ ! ਅਤੇ ਤੇਰਾ ਪਿਤਾ ਜਿਹੜਾ ਗੁਪਤ ਵਿੱਚ ਵੇਖਦਾ ਹੈ, ਉਹ ਤੈਨੂੰ ਫਲ ਦੇਵੇਗਾ ।7ਜਦੋਂ ਤੁਸੀਂ ਪ੍ਰਾਰਥਨਾ ਕਰੋ, ਤਾਂ ਪਰਾਈਆਂ ਕੌਮਾਂ ਦੇ ਲੋਕਾਂ ਵਾਂਗੂੰ ਨਾ ਕਰੋ, ਕਿਉਂਕਿ ਉਹ ਸਮਝਦੇ ਹਨ ਕਿ ਸਾਡੇ ਜ਼ਿਆਦਾ ਬੋਲਣ ਨਾਲ ਸਾਡੀ ਸੁਣੀ ਜਾਵੇਗੀ ।
8ਇਸ ਲਈ ਤੁਸੀਂ ਉਨ੍ਹਾਂ ਵਰਗੇ ਨਾ ਹੋਵੋ, ਕਿਉਂਕਿ ਤੁਹਾਡਾ ਪਿਤਾ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਤੁਹਾਡੀਆਂ ਜ਼ਰੂਰਤਾਂ ਨੂੰ ਜਾਣਦਾ ਹੈ ।9ਤੁਸੀਂ ਇਸ ਤਰ੍ਹਾਂ ਪ੍ਰਾਰਥਨਾ ਕਰੋ, ਹੇ ਸਾਡੇ ਪਿਤਾ, ਜਿਹੜਾ ਸਵਰਗ ਵਿੱਚ ਹੈਂ, ਤੇਰਾ ਨਾਮ ਪਵਿੱਤਰ ਮੰਨਿਆ ਜਾਵੇ,10ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਵੇਂ ਸਵਰਗ ਵਿੱਚ ਪੂਰੀ ਹੁੰਦੀ ਹੈ ਧਰਤੀ ਉੱਤੇ ਵੀ ਹੋਵੇ ।
11ਸਾਡੀ ਰੋਜ਼ ਦੀ ਰੋਟੀ ਅੱਜ ਸਾਨੂੰ ਦੇ,12ਅਤੇ ਸਾਡੇ ਗੁਨਾਹ ਸਾਨੂੰ ਮਾਫ਼ ਕਰ, ਜਿਵੇਂ ਅਸੀਂ ਵੀ ਆਪਣੇ ਗੁਨਾਹਗਾਰਾਂ ਨੂੰ ਮਾਫ਼ ਕੀਤਾ ਹੈ,13ਅਤੇ ਸਾਨੂੰ ਪਰਤਾਵੇ ਵਿੱਚ ਨਾ ਲਿਆ, ਸਗੋਂ ਬੁਰਿਆਈ ਤੋਂ ਬਚਾ । ਕਿਉਂਕਿ ਕੁਦਰਤ, ਜਲਾਲ ਅਤੇ ਪਾਤਸ਼ਾਹੀ ਸਦਾ ਤੁਹਾਡੇ ਹਨ । ਆਮੀਨ ।

14ਜੇਕਰ ਤੁਸੀਂ ਮਨੁੱਖਾਂ ਨੂੰ ਉਨ੍ਹਾਂ ਦੇ ਅਪਰਾਧ ਮਾਫ਼ ਕਰ ਦੇਵੋ, ਤਾਂ ਤੁਹਾਡਾ ਸਵਰਗੀ ਪਿਤਾ ਤੁਹਾਨੂੰ ਵੀ ਮਾਫ਼ ਕਰ ਦੇਵੇਗਾ ।15ਪਰ ਜੇ ਤੁਸੀਂ ਮਨੁੱਖਾਂ ਨੂੰ ਉਨ੍ਹਾਂ ਦੇ ਅਪਰਾਧ ਮਾਫ਼ ਨਾ ਕਰੋ, ਤਾਂ ਤੁਹਾਡਾ ਪਿਤਾ ਵੀ ਤੁਹਾਡੇ ਅਪਰਾਧ ਮਾਫ਼ ਨਾ ਕਰੇਗਾ ।
ਵਰਤ

16ਜਦੋਂ ਤੁਸੀਂ ਵਰਤ ਰੱਖੋ ਤਾਂ ਕਪਟੀਆਂ ਦੀ ਤਰ੍ਹਾਂ ਉਦਾਸੀ ਵਾਲਾ ਚਿਹਰਾ ਨਾ ਬਣਾਓ, ਕਿਉਂ ਜੋ ਉਹ ਆਪਣੇ ਮੂੰਹ ਇਸ ਲਈ ਵਿਗਾੜਦੇ ਹਨ, ਕਿ ਲੋਕ ਜਾਨਣ ਜੋ ਉਹਨਾਂ ਨੇ ਵਰਤ ਰੱਖਿਆ ਹੈ । ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਉਹ ਆਪਣਾ ਫਲ ਪਾ ਚੁੱਕੇ ਹਨ ।17ਪਰ ਜਦੋਂ ਤੂੰ ਵਰਤ ਰੱਖੇਂ ਤਾਂ ਆਪਣੇ ਸਿਰ ਉੱਤੇ ਤੇਲ ਲਾ ਅਤੇ ਆਪਣਾ ਮੂੰਹ ਧੋ ।18ਤੂੰ ਮਨੁੱਖਾਂ ਨੂੰ ਨਹੀਂ ਪਰ ਆਪਣੇ ਪਿਤਾ ਨੂੰ ਜਿਹੜਾ ਗੁਪਤ ਹੈ ਵਰਤੀ ਮਲੂਮ ਹੋਵੇਂ ਅਤੇ ਤੇਰਾ ਪਿਤਾ ਜਿਹੜਾ ਗੁਪਤ ਵਿੱਚ ਵੇਖਦਾ ਹੈ ਤੈਨੂੰ ਫਲ ਦੇਵੇਗਾ ।
ਸਵਰਗ ਵਿੱਚ ਧਨ
(ਲੂਕਾ 13:33, 34)

19ਆਪਣੇ ਲਈ ਧਰਤੀ ਉੱਤੇ ਧਨ ਇਕੱਠਾ ਨਾ ਕਰੋ, ਜਿੱਥੇ ਕੀੜਾ ਅਤੇ ਜੰਗਾਲ ਇਸ ਨੂੰ ਵਿਗਾੜਦਾ ਹੈ ਅਤੇ ਚੋਰ ਸੰਨ੍ਹ ਮਾਰ ਕੇ ਇਸ ਨੂੰ ਚੁਰਾਉਂਦੇ ਹਨ ।20ਪਰ ਸਵਰਗ ਵਿੱਚ ਆਪਣੇ ਲਈ ਧਨ ਜੋੜੋ, ਜਿੱਥੇ ਨਾ ਕੋਈ ਕੀੜਾ ਨਾ ਜੰਗਾਲ ਇਸ ਨੂੰ ਵਿਗਾੜਦਾ ਹੈ ਅਤੇ ਨਾ ਹੀ ਚੋਰ ਸੰਨ੍ਹ ਮਾਰ ਕੇ ਚੁਰਾਉਂਦੇ ਹਨ ।21ਕਿਉਂਕਿ ਜਿੱਥੇ ਤੁਹਾਡਾ ਧਨ ਹੋਵੇਗਾ, ਤੁਹਾਡਾ ਮਨ ਵੀ ਉੱਥੇ ਹੀ ਹੋਵੇਗਾ ।
ਸਰੀਰ ਦਾ ਦੀਵਾ
(ਲੂਕਾ 11:34-36)

22ਸਰੀਰ ਦਾ ਦੀਵਾ ਅੱਖ ਹੈ, ਜੇਕਰ ਤੁਹਾਡੀ ਅੱਖ ਨਿਰਮਲ ਹੋਵੇ ਤਾਂ ਤੁਹਾਡਾ ਸਾਰਾ ਸਰੀਰ ਚਾਨਣ ਨਾਲ ਭਰਪੂਰ ਹੋਵੇਗਾ ।23ਪਰ ਜੇ ਤੁਹਾਡੀ ਅੱਖ ਵਿੱਚ ਬੁਰਾਈ ਹੋਵੇ ਤਾਂ ਤੁਹਾਡਾ ਸਾਰਾ ਸਰੀਰ ਹਨ੍ਹੇਰੇ ਨਾਲ ਭਰਿਆ ਹੋਵੇਗਾ । ਸੋ ਜੇ ਤੁਹਾਡੇ ਅੰਦਰ ਦਾ ਚਾਨਣ ਹੀ ਹਨ੍ਹੇਰਾ ਹੈ ਤਾਂ ਉਹ ਹਨ੍ਹੇਰਾ ਕਿੰਨ੍ਹਾਂ ਵਧੇਰੇ ਹੋਵੇਗਾ ।
ਪਰਮੇਸ਼ੁਰ ਅਤੇ ਧਨ
(ਲੂਕਾ 16:13; 12: 22-31)

24ਕੋਈ ਮਨੁੱਖ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ, ਉਹ ਇੱਕ ਨਾਲ ਵੈਰ ਅਤੇ ਦੂਜੇ ਨਾਲ ਪਿਆਰ ਰੱਖੇਗਾ ਜਾਂ ਇੱਕ ਨਾਲ ਮਿਲਿਆ ਰਹੇਗਾ ਅਤੇ ਦੂਜੇ ਨੂੰ ਤੁੱਛ ਜਾਣੇਗਾ । ਤੁਸੀਂ ਪਰਮੇਸ਼ੁਰ ਅਤੇ ਧਨ ਦੋਵਾਂ ਦੀ ਸੇਵਾ ਨਹੀਂ ਕਰ ਸਕਦੇ ।
25ਇਸ ਕਰ ਕੇ ਮੈਂ ਤੁਹਾਨੂੰ ਆਖਦਾ ਹਾਂ ਜੋ ਆਪਣੀ ਜਿੰਦਗੀ ਦੇ ਲਈ ਚਿੰਤਾ ਨਾ ਕਰੋ, ਕਿ ਅਸੀਂ ਕੀ ਖਾਵਾਂਗੇ ਜਾਂ ਕੀ ਪੀਵਾਂਗੇ ਅਤੇ ਨਾ ਆਪਣੇ ਸਰੀਰ ਦੇ ਲਈ ਜੋ ਕੀ ਪਹਿਨਾਂਗੇ ? ਕੀ ਜਿੰਦਗੀ ਭੋਜਨ ਨਾਲੋਂ ਅਤੇ ਸਰੀਰ ਬਸਤਰ ਨਾਲੋਂ ਵੱਧ ਮਹੱਤਵਪੂਰਣ ਨਹੀਂ ?26ਅਕਾਸ਼ ਦੇ ਪੰਛੀਆਂ ਵੱਲ ਧਿਆਨ ਕਰੋ ! ਨਾ ਤਾਂ ਉਹ ਬੀਜਦੇ ਹਨ ਤੇ ਨਾ ਹੀ ਵੱਢਦੇ ਹਨ ਅਤੇ ਨਾ ਭੜੋਲਿਆਂ ਵਿੱਚ ਇਕੱਠਿਆਂ ਕਰਦੇ ਹਨ ! ਪਰ ਤੁਹਾਡਾ ਸਵਰਗੀ ਪਿਤਾ ਉਨ੍ਹਾਂ ਦੀ ਦੇਖਭਾਲ ਕਰਦਾ ਹੈ । ਕੀ ਤੁਸੀਂ ਉਨ੍ਹਾਂ ਨਾਲੋਂ ਉੱਤਮ ਨਹੀਂ ਹੋ ?
27ਤੁਹਾਡੇ ਵਿੱਚੋਂ ਉਹ ਕਿਹੜਾ ਮਨੁੱਖ ਹੈ ਜਿਹੜਾ ਚਿੰਤਾ ਕਰ ਕੇ ਆਪਣੀ ਉਮਰ ਇੱਕ ਪਲ ਵਧਾ ਸਕਦਾ ਹੈ ?28ਅਤੇ ਪਹਿਰਾਵੇ ਲਈ ਕਿਉਂ ਚਿੰਤਾ ਕਰਦੇ ਹੋ ? ਜੰਗਲੀ ਫੁੱਲਾਂ ਨੂੰ ਵੇਖੋ ਕਿ ਉਹ ਕਿਵੇਂ ਵੱਧਦੇ ਹਨ । ਉਹ ਨਾ ਮਿਹਨਤ ਕਰਦੇ ਨਾ ਕੱਤਦੇ ਹਨ ।29ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਸੁਲੇਮਾਨ ਵੀ ਆਪਣੀ ਸਾਰੀ ਸ਼ਾਨੋ ਸ਼ੌਕਤ ਵਿੱਚ ਇਨ੍ਹਾਂ ਵਿੱਚੋਂ ਇੱਕ ਦੇ ਸਮਾਨ ਬਸਤਰ ਪਹਿਨਿਆ ਹੋਇਆ ਨਹੀਂ ਸੀ ।
30ਪਰਮੇਸ਼ੁਰ ਜੰਗਲੀ ਘਾਹ ਨੂੰ ਜਿਹੜੀ ਅੱਜ ਹੈ ਅਤੇ ਕੱਲ੍ਹ ਅੱਗ ਵਿੱਚ ਝੋਕਿਆ ਜਾਂਦਾ ਹੈ, ਅਜਿਹਾ ਪਹਿਰਾਵਾ ਪਹਿਨਾਉਂਦਾ ਹੈ ਤਾਂ ਹੇ ਥੋੜ੍ਹੇ ਵਿਸ਼ਵਾਸ ਵਾਲਿਓ, ਕੀ ਉਹ ਤੁਹਾਨੂੰ ਉਸ ਤੋਂ ਵੱਧ ਨਾ ਪਹਿਨਾਵੇਗਾ ?31ਇਸ ਲਈ ਤੁਸੀਂ ਚਿੰਤਾ ਕਰ ਕੇ ਇਹ ਨਾ ਆਖੋ ਕਿ ਅਸੀਂ ਕੀ ਖਾਵਾਂਗੇ ? ਜਾਂ ਕੀ ਪੀਵਾਂਗੇ ? ਜਾਂ ਕੀ ਪਹਿਨਾਂਗੇ ?
32ਪਰਾਈਆਂ ਕੌਮਾਂ ਦੇ ਲੋਕ ਤਾਂ ਇਨ੍ਹਾਂ ਸਭਨਾਂ ਵਸਤਾਂ ਦੀ ਭਾਲ ਵਿੱਚ ਲੱਗੇ ਰਹਿੰਦੇ ਹਨ, ਪਰ ਤੁਸੀਂ ਚਿੰਤਾ ਨਾ ਕਰੋ ਕਿਉਂ ਜੋ ਤੁਹਾਡਾ ਸਵਰਗੀ ਪਿਤਾ ਜਾਣਦਾ ਹੈ ਕਿ ਤੁਹਾਨੂੰ ਇਨ੍ਹਾਂ ਸਭਨਾਂ ਵਸਤਾਂ ਦੀ ਲੋੜ ਹੈ ।33ਪਰ ਸਭ ਤੋਂ ਪਹਿਲਾਂ, ਪਰਮੇਸ਼ੁਰ ਦੇ ਰਾਜ ਅਤੇ ਉਸ ਦੀ ਧਾਰਮਿਕਤਾ ਦੀ ਖੋਜ ਕਰੋ ਫਿਰ ਇਹ ਸਾਰੀਆਂ ਵਸਤਾਂ ਵੀ ਤੁਹਾਨੂੰ ਦਿੱਤੀਆਂ ਜਾਣਗੀਆਂ ।34ਇਸ ਲਈ ਤੁਸੀਂ ਕੱਲ ਦੀ ਚਿੰਤਾ ਨਾ ਕਰੋ ਕਿਉਂ ਜੋ ਕੱਲ ਆਪਣੇ ਲਈ ਆਪੇ ਚਿੰਤਾ ਕਰੇਗਾ । ਅੱਜ ਦੇ ਲਈ ਅੱਜ ਦਾ ਹੀ ਦੁੱਖ ਬਥੇਰਾ ਹੈ ।

7
ਦੂਸਰਿਆਂ ਉੱਤੇ ਦੋਸ਼ ਨਾ ਲਗਾਓ
(ਲੂਕਾ 6:37, 38, 41, 42)

1ਦੋਸ਼ ਨਾ ਲਾਓ ਤਾਂ ਜੋ ਤੁਹਾਡੇ ਉੱਤੇ ਵੀ ਦੋਸ਼ ਨਾ ਲਾਇਆ ਜਾਵੇ ।2ਕਿਉਂਕਿ ਜਿਸ ਤਰ੍ਹਾਂ ਤੁਸੀਂ ਦੋਸ਼ ਲਾਉਂਦੇ ਹੋ, ਉਸੇ ਤਰ੍ਹਾਂ ਤੁਹਾਡੇ ਉੱਤੇ ਵੀ ਦੋਸ਼ ਲਾਇਆ ਜਾਵੇਗਾ ਅਤੇ ਜਿਸ ਮਾਪ ਨਾਲ ਤੁਸੀਂ ਮਿਣਦੇ ਹੋ ਉਸੇ ਨਾਲ ਤੁਹਾਡੇ ਲਈ ਵੀ ਮਿਣਿਆ ਜਾਵੇਗਾ ।

3ਤੂੰ ਉਸ ਕੱਖ ਨੂੰ ਜਿਹੜਾ ਤੇਰੇ ਭਰਾ ਦੀ ਅੱਖ ਵਿੱਚ ਹੈ, ਕਿਉਂ ਵੇਖਦਾ ਹੈਂ ? ਪਰ ਸ਼ਤੀਰ ਜੋ ਤੇਰੀ ਆਪਣੀ ਅੱਖ ਵਿੱਚ ਹੈ ਉਸ ਵੱਲ ਧਿਆਨ ਨਹੀਂ ਦਿੰਦਾ !4ਪਰ ਤੂੰ ਕਿਵੇਂ ਆਪਣੇ ਭਰਾ ਨੂੰ ਆਖ ਸਕਦਾ ਹੈਂ ਕਿ ਲਿਆ ਤੇਰੀ ਅੱਖ ਵਿੱਚੋਂ ਕੱਖ ਕੱਢ ਦਿਆਂ, ਜਦ ਕਿ ਤੇਰੀ ਆਪਣੀ ਅੱਖ ਵਿੱਚ ਸ਼ਤੀਰ ਹੈ !5ਹੇ ਕਪਟੀ ਪਹਿਲਾਂ ਉਸ ਸ਼ਤੀਰ ਨੂੰ ਆਪਣੀ ਅੱਖ ਵਿੱਚੋਂ ਕੱਢ ਤਾਂ ਤੂੰ ਚੰਗੀ ਤਰ੍ਹਾਂ ਵੇਖ ਕੇ, ਉਸ ਕੱਖ ਨੂੰ ਆਪਣੇ ਭਰਾ ਦੀ ਅੱਖ ਵਿੱਚੋਂ ਕੱਢ ਸਕੇਂਗਾ ।

6ਪਵਿੱਤਰ ਵਸਤੂ ਕੁੱਤਿਆਂ ਨੂੰ ਨਾ ਪਾਓ ਅਤੇ ਆਪਣੇ ਮੋਤੀ ਸੂਰਾਂ ਅੱਗੇ ਨਾ ਸੁੱਟੋ, ਕਿਤੇ ਅਜਿਹਾ ਨਾ ਹੋਵੇ ਜੋ ਉਹ ਉਨ੍ਹਾਂ ਨੂੰ ਆਪਣੇ ਪੈਰਾਂ ਹੇਠ ਮਿੱਧ ਦੇਣ ਅਤੇ ਮੁੜ ਕੇ ਤੁਹਾਨੂੰ ਪਾੜਨ ।
ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ
(ਲੂਕਾ 11:9-13)

7ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ । ਲੱਭੋ ਤਾਂ ਤੁਹਾਨੂੰ ਲੱਭ ਜਾਵੇਗਾ । ਖੜਕਾਓ ਤਾਂ ਤੁਹਾਡੇ ਲਈ ਦਰਵਾਜ਼ਾ ਖੋਲ੍ਹਿਆ ਜਾਵੇਗਾ ।8ਕਿਉਂਕਿ ਹਰੇਕ ਮੰਗਣ ਵਾਲਾ ਪਾ ਲੈਂਦਾ ਹੈ, ਲੱਭਣ ਵਾਲੇ ਨੂੰ ਲੱਭ ਜਾਂਦਾ ਹੈ ਅਤੇ ਖੜਕਾਉਣ ਵਾਲੇ ਲਈ ਦਰਵਾਜ਼ਾ ਖੋਲ੍ਹਿਆ ਜਾਂਦਾ ਹੈ ।9ਜਾਂ ਤੁਹਾਡੇ ਵਿੱਚੋਂ ਕੌਣ ਅਜਿਹਾ ਹੈ, ਕਿ ਜਦੋਂ ਉਸ ਦਾ ਪੁੱਤਰ ਉਸ ਤੋਂ ਰੋਟੀ ਮੰਗੇ ਤਾਂ ਉਹ ਉਸ ਨੂੰ ਪੱਥਰ ਦੇਵੇ ?10ਅਤੇ ਜਦੋਂ ਮੱਛੀ ਮੰਗੇ ਤਾਂ ਉਹ ਉਸ ਨੂੰ ਸੱਪ ਦੇਵੇ ?
11ਜਦੋਂ ਤੁਸੀਂ ਬੁਰੇ ਹੋ ਕੇ, ਆਪਣਿਆਂ ਬੱਚਿਆਂ ਨੂੰ ਚੰਗੀਆਂ ਚੀਜ਼ਾਂ ਦੇਣੀਆਂ ਜਾਣਦੇ ਹੋ ਤਾਂ ਤੁਹਾਡਾ ਸਵਰਗੀ ਪਿਤਾ ਆਪਣੇ ਮੰਗਣ ਵਾਲਿਆਂ ਨੂੰ ਕਿੰਨੀਆਂ ਵਧੇਰੇ ਚੰਗੀਆਂ ਵਸਤੂਆਂ ਕਿਉਂ ਨਾ ਦੇਵੇਗਾ ?12ਇਸ ਲਈ ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੇ ਨਾਲ ਕਰਨ, ਤੁਸੀਂ ਵੀ ਉਨ੍ਹਾਂ ਨਾਲ ਉਸੇ ਤਰ੍ਹਾਂ ਹੀ ਕਰੋ ! ਕਿਉਂਕਿ ਮੂਸਾ ਦੀ ਬਿਵਸਥਾ ਅਤੇ ਨਬੀਆਂ ਦੇ ਉਪਦੇਸ਼ ਦਾ ਇਹੋ ਹੀ ਅਰਥ ਹੈ ।
ਭੀੜਾ ਅਤੇ ਖੁੱਲ੍ਹਾ ਫਾਟਕ
(ਲੂਕਾ 13:24)

13ਭੀੜੇ ਫਾਟਕ ਤੋਂ ਵੜੋ, ਕਿਉਂ ਜੋ ਉਹ ਖੁੱਲ੍ਹਾ ਹੈ ਉਹ ਫਾਟਕ ਅਤੇ ਸੁਖਾਲਾ ਹੈ ਉਹ ਰਾਹ ਜਿਹੜਾ ਨਾਸ ਨੂੰ ਜਾਂਦਾ ਹੈ ਅਤੇ ਬਹੁਤੇ ਹਨ ਜਿਹੜੇ ਉਸ ਤੋਂ ਜਾਂਦੇ ਹਨ ।14ਅਤੇ ਉਹ ਫਾਟਕ ਭੀੜਾ ਹੈ ਅਤੇ ਉਹ ਰਾਹ ਔਖਾ ਹੈ, ਜਿਹੜਾ ਸੱਚੇ ਜੀਵਨ ਵੱਲ ਜਾਂਦਾ ਹੈ ਅਤੇ ਬਹੁਤ ਥੋੜ੍ਹੇ ਹਨ ਜੋ ਉਸ ਨੂੰ ਲੱਭਦੇ ਹਨ ।
ਸੱਚੇ ਅਤੇ ਝੂਠੇ ਨਬੀ
(ਲੂਕਾ 6:43, 44, 46; 13:25-27)

15ਝੂਠੇ ਨਬੀਆਂ ਤੋਂ ਸਾਵਧਾਨ ਰਹੋ, ਜਿਹੜੇ ਤੁਹਾਡੇ ਕੋਲ ਭੇਡਾਂ ਦੇ ਭੇਸ ਵਿੱਚ ਆਉਂਦੇ ਹਨ ਪਰ ਅੰਦਰੋਂ ਉਹ ਪਾੜਨ ਵਾਲੇ ਬਘਿਆੜ ਹਨ ।16ਤੁਸੀਂ ਉਨ੍ਹਾਂ ਦੇ ਫਲਾਂ ਤੋਂ ਉਨ੍ਹਾਂ ਨੂੰ ਪਛਾਣੋਗੇ । ਕੀ, ਕੰਡਿਆਲੀਆਂ ਝਾੜੀਆਂ ਨੂੰ ਦਾਖਾਂ ਜਾਂ ਭਖੜੇ ਨੂੰ ਹੰਜ਼ੀਰ ਲੱਗਦੇ ਹਨ ?17ਜਿਸ ਤਰ੍ਹਾਂ ਹਰੇਕ ਚੰਗੇ ਰੁੱਖ ਨੂੰ ਚੰਗੇ ਫਲ ਲੱਗਦੇ ਹਨ, ਪਰ ਮਾੜੇ ਰੁੱਖ ਨੂੰ ਬੁਰੇ ਫਲ ਲੱਗਦੇ ਹਨ ।
18ਚੰਗਾ ਰੁੱਖ ਬੁਰਾ ਫਲ ਨਹੀਂ ਦੇ ਸਕਦਾ ਅਤੇ ਨਾ ਮਾੜਾ ਰੁੱਖ ਚੰਗਾ ਫਲ ਦੇ ਸਕਦਾ ਹੈ ।19ਹਰੇਕ ਰੁੱਖ ਜਿਹੜਾ ਚੰਗਾ ਫਲ ਨਹੀਂ ਦਿੰਦਾ ਵੱਢਿਆ ਅਤੇ ਅੱਗ ਵਿੱਚ ਸੁੱਟਿਆ ਜਾਂਦਾ ਹੈ ।20ਇਸ ਲਈ ਤੁਸੀਂ ਉਨ੍ਹਾਂ ਦੇ ਫਲਾਂ ਤੋਂ ਉਨ੍ਹਾਂ ਨੂੰ ਪਛਾਣੋਗੇ ।
21ਹਰ ਕੋਈ ਮੈਨੂੰ ਪ੍ਰਭੂ ! ਪ੍ਰਭੂ ! ਕਹਿਣ ਵਾਲਾ ਸਵਰਗ ਰਾਜ ਵਿੱਚ ਨਹੀਂ ਵੜੇਗਾ ਪਰ ਉਹ ਹੀ ਵੜੇਗਾ ਜੋ ਮੇਰੇ ਸਵਰਗੀ ਪਿਤਾ ਦੀ ਮਰਜ਼ੀ ਉੱਤੇ ਚੱਲਦਾ ਹੈ ।22ਉਸ ਦਿਨ ਬਹੁਤੇ ਮੈਨੂੰ ਆਖਣਗੇ, ਹੇ ਪ੍ਰਭੂ ! ਹੇ ਪ੍ਰਭੂ ! ਕੀ ਅਸੀਂ ਤੇਰਾ ਨਾਮ ਲੈ ਕੇ ਅਗੰਮ ਵਾਕ ਨਹੀਂ ਕੀਤੇ ? ਅਤੇ ਤੇਰਾ ਨਾਮ ਲੈ ਕੇ ਭੂਤ ਨਹੀਂ ਕੱਢੇ ? ਅਤੇ ਤੇਰਾ ਨਾਮ ਲੈ ਕੇ ਬਹੁਤ ਅਚਰਜ ਕੰਮ ਨਹੀਂ ਕੀਤੇ ?23ਤਦ ਮੈਂ ਉਨ੍ਹਾਂ ਨੂੰ ਸਪੱਸ਼ਟ ਆਖਾਂਗਾ, ਕਿ ਮੈਂ ਤੁਹਾਨੂੰ ਕਦੇ ਵੀ ਨਹੀਂ ਜਾਣਿਆ । ਹੇ ਸਭ ਕੁਧਰਮੀਓ, ਮੇਰੇ ਕੋਲੋਂ ਦੂਰ ਹੋ ਜਾਓ !
ਘਰ ਬਣਾਉਣ ਵਾਲੇ ਦੋ ਮਨੁੱਖ: ਬੁੱਧੀਮਾਨ ਅਤੇ ਮੂਰਖ
(ਲੂਕਾ 6:47-49)

24ਇਸ ਲਈ ਜਿਹੜਾ ਮੇਰੇ ਇਹ ਬਚਨ ਸੁਣਦਾ ਅਤੇ ਉਨ੍ਹਾਂ ਉੱਤੇ ਚੱਲਦਾ ਹੈ, ਉਹ ਉਸ ਬੁੱਧਵਾਨ ਵਰਗਾ ਹੈ ਜਿਸ ਨੇ ਆਪਣਾ ਘਰ ਪੱਥਰ ਉੱਤੇ ਬਣਾਇਆ ।25ਮੀਂਹ ਵਰ੍ਹਿਆ, ਹੜ੍ਹ ਆਏ ਅਤੇ ਹਨੇਰੀਆਂ ਵਗੀਆਂ ਅਤੇ ਉਸ ਘਰ ਨੂੰ ਧੱਕਾ ਮਾਰਿਆ; ਪਰ ਉਹ ਨਾ ਡਿੱਗਿਆ, ਕਿਉਂਕਿ ਉਸ ਦੀ ਨੀਂਹ ਪੱਥਰ ਉੱਤੇ ਧਰੀ ਹੋਈ ਸੀ ।
26ਅਤੇ ਹਰ ਕੋਈ ਜਿਹੜਾ ਮੇਰੇ ਇਹ ਬਚਨ ਸੁਣਦਾ ਅਤੇ ਉਨ੍ਹਾਂ ਉੱਤੇ ਨਹੀਂ ਚੱਲਦਾ ਉਹ ਉਸ ਮੂਰਖ ਵਰਗਾ ਹੈ ਜਿਸ ਨੇ ਆਪਣਾ ਘਰ ਰੇਤ ਉੱਤੇ ਬਣਾਇਆ ।27ਮੀਂਹ ਵਰ੍ਹਿਆ, ਹੜ੍ਹ ਆਏ ਅਤੇ ਹਨੇਰੀਆਂ ਵਗੀਆਂ ਅਤੇ ਉਸ ਘਰ ਨੂੰ ਧੱਕਾ ਮਾਰਿਆ; ਅਤੇ ਉਹ ਘਰ ਡਿੱਗ ਗਿਆ ਅਤੇ ਉਸ ਦਾ ਵੱਡਾ ਨਾਸ ਹੋਇਆ ।

28ਅਤੇ ਇਸ ਤਰ੍ਹਾਂ ਹੋਇਆ ਕਿ ਜਦੋਂ ਯਿਸੂ ਇਹ ਗੱਲਾਂ ਕਰ ਹੱਟਿਆ ਤਾਂ ਭੀੜ ਉਹ ਦੇ ਉਪਦੇਸ਼ ਤੋਂ ਹੈਰਾਨ ਹੋਈ ।29ਕਿਉਂਕਿ ਉਸ ਨੇ ਉਨ੍ਹਾਂ ਨੂੰ ਉਪਦੇਸ਼ਕਾਂ ਵਾਂਗੂੰ ਉਪਦੇਸ਼ ਨਹੀਂ ਦਿੱਤਾ, ਸਗੋਂ ਇੱਕ ਅਧਿਕਾਰ ਨਾਲ ਉਪਦੇਸ਼ ਦਿੱਤਾ ।

8
ਕੋੜ੍ਹੀ ਨੂੰ ਚੰਗਾ ਕਰਨਾ
(ਮਰਕੁਸ 1:40-45, ਲੂਕਾ 5:12-16)

1ਜਦੋਂ ਉਹ ਪਹਾੜ ਉੱਤੋਂ ਉੱਤਰਿਆ ਤਾਂ ਵੱਡੀ ਭੀੜ ਉਹ ਦੇ ਮਗਰ ਆਈ ।2ਅਤੇ ਵੇਖੋ ਇੱਕ ਕੋੜ੍ਹੀ ਨੇ ਯਿਸੂ ਕੋਲ ਆ ਕੇ ਉਸ ਅੱਗੇ ਮੱਥਾ ਟੇਕਿਆ ਅਤੇ ਕਿਹਾ, ਪ੍ਰਭੂ ਜੀ ਜੇ ਤੁਸੀਂ ਚਾਹੋਂ ਤਾਂ ਮੈਨੂੰ ਸ਼ੁੱਧ ਕਰ ਸਕਦੇ ਹੋ ।3ਫਿਰ ਉਸ ਨੇ ਹੱਥ ਵਧਾ ਕੇ ਉਸ ਨੂੰ ਛੂਹਿਆ ਅਤੇ ਆਖਿਆ, ਮੈਂ ਚਾਹੁੰਦਾ ਹਾਂ, ਤੂੰ ਸ਼ੁੱਧ ਹੋ ਜਾ ਅਤੇ ਉਸੇ ਵੇਲੇ ਉਹ ਕੋੜ੍ਹੀ ਸ਼ੁੱਧ ਹੋ ਗਿਆ ।

4ਫਿਰ ਯਿਸੂ ਨੇ ਉਸ ਨੂੰ ਆਖਿਆ, ਖ਼ਬਰਦਾਰ ! ਕਿਸੇ ਨੂੰ ਨਾ ਦੱਸੀਂ ਪਰ ਜਾ ਕੇ ਆਪਣੇ ਆਪ ਨੂੰ ਜਾਜਕ ਨੂੰ ਵਿਖਾ ਅਤੇ ਜਿਹੜੀ ਭੇਟ ਮੂਸਾ ਨੇ ਠਹਿਰਾਈ, ਚੜ੍ਹਾ ਕਿ ਉਨ੍ਹਾਂ ਲਈ ਗਵਾਹੀ ਹੋਵੇ ।
ਇੱਕ ਸੂਬੇਦਾਰ ਦਾ ਵਿਸ਼ਵਾਸ
(ਲੂਕਾ 7:1-10)

5ਜਦੋਂ ਉਹ ਕਫ਼ਰਨਾਹੂਮ ਵਿੱਚ ਗਿਆ, ਇੱਕ ਸੂਬੇਦਾਰ ਉਸ ਕੋਲ ਆਇਆ ਅਤੇ ਉਸ ਅੱਗੇ ਬੇਨਤੀ ਕੀਤੀ,6ਕਿ ਪ੍ਰਭੂ ਜੀ, ਮੇਰਾ ਨੌਕਰ ਅਧਰੰਗ ਦਾ ਮਾਰਿਆ, ਘਰ ਵਿੱਚ ਪਿਆ ਦਰਦ ਨਾਲ ਤੜਫ਼ ਰਿਹਾ ਹੈ ।7ਪ੍ਰਭੂ ਨੇ ਉਸ ਨੂੰ ਆਖਿਆ, ਮੈਂ ਆ ਕੇ ਉਹ ਨੂੰ ਚੰਗਾ ਕਰ ਦਿਆਂਗਾ ।
8ਪਰ ਸੂਬੇਦਾਰ ਨੇ ਉੱਤਰ ਦਿੱਤਾ, ਪ੍ਰਭੂ ਜੀ ਮੈਂ ਇਸ ਯੋਗ ਨਹੀਂ ਜੋ ਤੁਸੀਂ ਮੇਰੀ ਛੱਤ ਦੇ ਹੇਠ ਆਓ, ਪਰ ਸਿਰਫ਼ ਬਚਨ ਹੀ ਕਰ ਦੇਵੋ ਤਾਂ ਮੇਰਾ ਨੌਕਰ ਚੰਗਾ ਹੋ ਜਾਵੇਗਾ ।9ਕਿਉਂ ਜੋ ਮੈਂ ਵੀ ਦੂਜਿਆਂ ਦੇ ਅਧੀਨ ਇੱਕ ਮਨੁੱਖ ਹਾਂ ਅਤੇ ਸਿਪਾਹੀਆਂ ਨੂੰ ਆਪਣੇ ਅਧੀਨ ਰੱਖਦਾ ਹਾਂ ਅਤੇ ਜੇ ਕਿਸੇ ਨੂੰ ਆਖਦਾ ਹਾਂ, ਜਾ ! ਤਾਂ ਉਹ ਜਾਂਦਾ ਹੈ ਅਤੇ ਜੇ ਕਿਸੇ ਨੂੰ ਆਖਦਾ ਹਾਂ, ਆ ! ਤਾਂ ਉਹ ਆਉਂਦਾ ਹੈ ਅਤੇ ਜੇ ਆਪਣੇ ਨੌਕਰ ਨੂੰ ਆਖਦਾ ਹਾਂ, ਇਹ ਕਰ ! ਤਾਂ ਉਹ ਕਰਦਾ ਹੈ ।10ਯਿਸੂ ਇਹ ਸੁਣ ਕੇ ਹੈਰਾਨ ਹੋਇਆ ਅਤੇ ਆਪਣੇ ਪਿੱਛੇ ਆਉਣ ਵਾਲਿਆਂ ਨੂੰ ਕਿਹਾ ਕਿ, “ਮੈਂ ਤੁਹਾਨੂੰ ਸੱਚ ਆਖਦਾ ਹਾਂ, ਕਿ ਮੈਂ ਇਸ ਤਰ੍ਹਾਂ ਦਾ ਵਿਸ਼ਵਾਸ ਇਸਰਾਏਲ ਵਿੱਚ ਵੀ ਨਹੀਂ ਵੇਖਿਆ !
11ਅਤੇ ਮੈਂ ਤੁਹਾਨੂੰ ਆਖਦਾ ਹਾਂ ਜੋ ਬਹੁਤ ਸਾਰੇ ਪੂਰਬ ਅਤੇ ਪੱਛਮ ਤੋਂ ਆਉਣਗੇ ਅਤੇ ਪਰਮੇਸ਼ੁਰ ਦੇ ਰਾਜ ਵਿੱਚ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਬੈਠਣਗੇ ।12ਪਰ ਰਾਜ ਦੇ ਪੁੱਤਰ ਬਾਹਰ ਦੇ ਅੰਧਕਾਰ ਵਿੱਚ ਸੁੱਟੇ ਜਾਣਗੇ, ਉੱਥੇ ਰੋਣਾ ਅਤੇ ਦੰਦਾਂ ਦਾ ਪੀਸਣਾ ਹੋਵੇਗਾ ।13ਫਿਰ ਯਿਸੂ ਨੇ ਸੂਬੇਦਾਰ ਨੂੰ ਕਿਹਾ, ਜਾ ਜਿਸ ਤਰ੍ਹਾਂ ਤੂੰ ਵਿਸ਼ਵਾਸ ਕੀਤਾ ਤੇਰੇ ਲਈ ਉਸੇ ਤਰ੍ਹਾਂ ਹੋਵੇ ਅਤੇ ਉਹ ਨੌਕਰ ਉਸੇ ਵੇਲੇ ਚੰਗਾ ਹੋ ਗਿਆ ।”
ਬਹੁਤ ਸਾਰੇ ਰੋਗੀਆਂ ਨੂੰ ਚੰਗਾ ਕਰਨਾ
(ਮਰਕੁਸ 1:29-34, ਲੂਕਾ 4:38-41)

14ਯਿਸੂ ਨੇ ਪਤਰਸ ਦੇ ਘਰ ਵਿੱਚ ਆ ਕੇ ਉਸ ਦੀ ਸੱਸ ਨੂੰ ਬੁਖ਼ਾਰ ਨਾਲ ਬਿਮਾਰ ਪਈ ਵੇਖਿਆ ।15ਅਤੇ ਉਸ ਨੇ ਉਹ ਦਾ ਹੱਥ ਛੂਹਿਆ ਅਤੇ ਉਹ ਦਾ ਬੁਖ਼ਾਰ ਉਤਰ ਗਿਆ ਅਤੇ ਉਹ ਨੇ ਉੱਠ ਕੇ ਉਸ ਦੀ ਸੇਵਾ ਕੀਤੀ ।
16ਅਤੇ ਜਦੋਂ ਸ਼ਾਮ ਹੋਈ, ਉਸ ਦੇ ਕੋਲ ਬਹੁਤਿਆਂ ਨੂੰ ਲਿਆਏ ਜਿਨ੍ਹਾਂ ਨੂੰ ਭੂਤ ਚਿੰਬੜੇ ਹੋਏ ਸਨ; ਅਤੇ ਉਸ ਨੇ ਬਚਨ ਨਾਲ ਭੂਤਾਂ ਨੂੰ ਕੱਢ ਦਿੱਤਾ ਅਤੇ ਸਾਰੇ ਰੋਗੀਆਂ ਨੂੰ ਚੰਗਾ ਕੀਤਾ ।17ਤਾਂ ਜੋ ਯਸਾਯਾਹ ਨਬੀ ਦਾ ਉਹ ਬਚਨ ਪੂਰਾ ਹੋਵੇ ਕਿ ਉਹ ਨੇ ਆਪ ਸਾਡੀਆਂ ਮਾਂਦਗੀਆਂ ਲੈ ਲਈਆਂ ਅਤੇ ਰੋਗਾਂ ਨੂੰ ਚੁੱਕ ਲਿਆ ।
ਯਿਸੂ ਦੇ ਚੇਲੇ ਬਣਨ ਦਾ ਮੁੱਲ
(ਲੂਕਾ 9:57-62)

18ਫਿਰ ਯਿਸੂ ਨੇ ਵੱਡੀ ਭੀੜ ਆਪਣੇ ਆਲੇ-ਦੁਆਲੇ ਵੇਖ ਕੇ ਝੀਲ ਦੇ ਉਸ ਪਾਰ ਚੱਲਣ ਦੀ ਆਗਿਆ ਦਿੱਤੀ ।19ਅਤੇ ਇੱਕ ਧਰਮ ਦੇ ਉਪਦੇਸ਼ਕ ਨੇ ਕੋਲ ਆ ਕੇ ਉਹ ਨੂੰ ਕਿਹਾ, ਗੁਰੂ ਜੀ, ਜਿੱਥੇ ਤੁਸੀਂ ਜਾਓਗੇ ਮੈਂ ਤੁਹਾਡੇ ਪਿੱਛੇ ਚੱਲਾਂਗਾ ।20ਅਤੇ ਯਿਸੂ ਨੇ ਉਹ ਨੂੰ ਆਖਿਆ ਕਿ ਲੂੰਬੜੀਆਂ ਦੇ ਘੁਰਨੇ ਅਤੇ ਅਕਾਸ਼ ਦੇ ਪੰਛੀਆਂ ਦੇ ਆਲ੍ਹਣੇ ਹਨ, ਪਰ ਮਨੁੱਖ ਦੇ ਪੁੱਤਰ ਦੇ ਸਿਰ ਰੱਖਣ ਲਈ ਥਾਂ ਨਹੀਂ ਹੈ ।
21ਅਤੇ ਚੇਲਿਆਂ ਵਿੱਚੋਂ ਕਿਸੇ ਨੇ ਉਹ ਨੂੰ ਆਖਿਆ, ਪ੍ਰਭੂ ਜੀ ਮੈਨੂੰ ਆਗਿਆ ਦਿਓ ਕਿ ਪਹਿਲਾਂ ਜਾ ਕੇ ਆਪਣੇ ਪਿਤਾ ਨੂੰ ਦੱਬਾਂ ।22ਪਰ ਯਿਸੂ ਨੇ ਉਸ ਨੂੰ ਕਿਹਾ, ਤੂੰ ਮੇਰੇ ਪਿੱਛੇ ਚੱਲਿਆ ਆ ਅਤੇ ਮੁਰਦਿਆਂ ਨੂੰ ਆਪਣੇ ਮੁਰਦੇ ਦੱਬਣ ਦੇ ।
ਤੂਫਾਨ ਨੂੰ ਸ਼ਾਂਤ ਕਰਨਾ
(ਮਰਕੁਸ 4:35-41, ਲੂਕਾ 8:22-25)

23ਜਦੋਂ ਉਹ ਬੇੜੀ ਉੱਤੇ ਚੜ੍ਹਿਆ ਤਾਂ ਉਸ ਦੇ ਚੇਲੇ ਉਹ ਦੇ ਮਗਰ ਆਏ ।24ਅਤੇ ਵੇਖੋ ਝੀਲ ਵਿੱਚ ਵੱਡਾ ਤੂਫ਼ਾਨ ਆਇਆ ਜੋ ਬੇੜੀ ਲਹਿਰਾਂ ਵਿੱਚ ਡੁੱਬਦੀ ਜਾਂਦੀ ਸੀ ਪਰ ਉਹ ਸੁੱਤਾ ਪਿਆ ਸੀ ।25ਅਤੇ ਉਨ੍ਹਾਂ ਨੇ ਕੋਲ ਆ ਕੇ ਉਸ ਨੂੰ ਜਗਾਇਆ, ਅਤੇ ਕਿਹਾ, ਪ੍ਰਭੂ ਜੀ ਬਚਾਓ ! ਅਸੀਂ ਤਾਂ ਮਰ ਚੱਲੇ ਹਾਂ !
26ਉਹ ਨੇ ਉਨ੍ਹਾਂ ਨੂੰ ਆਖਿਆ, ਹੇ ਥੋੜ੍ਹੇ ਵਿਸ਼ਵਾਸ ਵਾਲਿਓ ਤੁਸੀਂ ਕਿਉਂ ਡਰਦੇ ਹੋ ? ਫਿਰ ਉਸ ਨੇ ਉੱਠ ਕੇ ਤੂਫ਼ਾਨ ਅਤੇ ਝੀਲ ਨੂੰ ਝਿੜਕਿਆ ਅਤੇ ਵੱਡੀ ਸ਼ਾਂਤੀ ਹੋ ਗਈ ।27ਉਹ ਹੈਰਾਨ ਹੋ ਕੇ ਬੋਲੇ ਜੋ ਇਹ ਕਿਹੋ ਜਿਹਾ ਮਨੁੱਖ ਹੈ ਕਿ ਤੂਫ਼ਾਨ ਅਤੇ ਝੀਲ ਵੀ ਉਹ ਦੀ ਮੰਨਦੇ ਹਨ ? !
ਦੁਸ਼ਟ-ਆਤਮਾ ਦੇ ਜਕੜੇ ਹੋਏ ਮਨੁੱਖਾਂ ਨੂੰ ਚੰਗਾ ਕਰਨਾ
(ਮਰਕੁਸ 5:1-20, ਲੂਕਾ 8:26-39)

28ਜਦੋਂ ਉਹ ਪਾਰ ਗਦਰੀਨੀਆਂ ਦੇ ਦੇਸ ਵਿੱਚ ਪਹੁੰਚਿਆ, ਤਾਂ ਦੋ ਮਨੁੱਖ ਜਿਨ੍ਹਾਂ ਨੂੰ ਭੂਤ ਚਿੰਬੜੇ ਹੋਏ ਸਨ ਕਬਰਾਂ ਵਿੱਚੋਂ ਨਿੱਕਲ ਕੇ ਉਸ ਕੋਲ ਆਏ ਅਤੇ ਉਹ ਇੰਨੇ ਖ਼ਤਰਨਾਕ ਸਨ ਜੋ ਉਸ ਰਸਤੇ ਤੋਂ ਕੋਈ ਲੰਘ ਨਹੀਂ ਸਕਦਾ ਸੀ ।29ਅਤੇ ਵੇਖੋ, ਉਨ੍ਹਾਂ ਨੇ ਪੁਕਾਰ ਕੇ ਆਖਿਆ, ਹੇ ਪਰਮੇਸ਼ੁਰ ਦੇ ਪੁੱਤਰ ਤੇਰਾ ਸਾਡੇ ਨਾਲ ਕੀ ਕੰਮ ? ਕੀ ਤੂੰ ਸਮੇਂ ਤੋਂ ਪਹਿਲਾਂ ਸਾਨੂੰ ਦੁੱਖ ਦੇਣ ਆਇਆ ਹੈਂ ?
30ਉਨ੍ਹਾਂ ਤੋਂ ਕੁੱਝ ਦੂਰ ਸੂਰਾਂ ਦਾ ਇੱਜੜ ਚੁਗਦਾ ਸੀ ।31ਅਤੇ ਭੂਤਾਂ ਨੇ ਉਹ ਦੀਆਂ ਮਿੰਨਤਾਂ ਕਰ ਕੇ ਆਖਿਆ ਕਿ ਜੇ ਤੂੰ ਸਾਨੂੰ ਕੱਢਦਾ ਹੈਂ ਤਾਂ ਸਾਨੂੰ ਸੂਰਾਂ ਦੇ ਇੱਜੜ ਵਿੱਚ ਭੇਜ ਦੇ ।32ਉਸ ਨੇ ਉਨ੍ਹਾਂ ਨੂੰ ਆਖਿਆ, ਜਾਓ ! ਤਾਂ ਉਹ ਨਿੱਕਲ ਕੇ ਸੂਰਾਂ ਵਿੱਚ ਜਾ ਵੜੇ ਅਤੇ ਵੇਖੋ ਕਿ ਸਾਰਾ ਇੱਜੜ ਭੱਜ ਕੇ ਝੀਲ ਵਿੱਚ ਜਾ ਪਿਆ ਅਤੇ ਪਾਣੀ ਵਿੱਚ ਡੁੱਬ ਕੇ ਮਰ ਗਿਆ ।
33ਤਦ ਚੁਗਾਉਣ ਵਾਲਿਆਂ ਨੇ ਭੱਜ ਕੇ ਨਗਰ ਵਿੱਚ ਜਾ ਕੇ ਸਾਰੀ ਘਟਨਾ ਅਤੇ ਭੂਤਾਂ ਵਾਲਿਆਂ ਦੀ ਵਿਥਿਆ ਸੁਣਾ ਦਿੱਤੀ ।34ਅਤੇ ਵੇਖੋ ਸਾਰਾ ਨਗਰ ਯਿਸੂ ਦੇ ਮਿਲਣ ਨੂੰ ਬਾਹਰ ਨਿੱਕਲਿਆ ਅਤੇ ਜਦੋਂ ਉਹ ਨੂੰ ਵੇਖਿਆ ਤਾਂ ਉਹ ਦੀਆਂ ਮਿੰਨਤਾਂ ਕੀਤੀਆਂ ਜੋ ਸਾਡੀ ਹੱਦੋਂ ਬਾਹਰ ਨਿੱਕਲ ਜਾਓ ।

9
ਅਧਰੰਗੀ ਨੂੰ ਚੰਗਾ ਕਰਨਾ
(ਮਰਕੁਸ 2:1-12, ਲੂਕਾ 5:17-26)

1ਉਹ ਬੇੜੀ ਉੱਤੇ ਚੜ੍ਹ ਕੇ ਪਾਰ ਲੰਘਿਆ ਅਤੇ ਆਪਣੇ ਨਗਰ ਵੱਲ ਆਇਆ ।2ਅਤੇ ਵੇਖੋ ਕੁੱਝ ਲੋਕ ਇੱਕ ਅਧਰੰਗੀ ਨੂੰ ਮੰਜੀ ਉੱਤੇ ਪਾ ਕੇ ਉਸ ਕੋਲ ਲਿਆਏ ਅਤੇ ਯਿਸੂ ਨੇ ਉਨ੍ਹਾਂ ਦੇ ਵਿਸ਼ਵਾਸ ਨੂੰ ਵੇਖ ਕੇ ਉਸ ਅਧਰੰਗੀ ਨੂੰ ਆਖਿਆ, ਹੇ ਪੁੱਤਰ ਹੌਂਸਲਾ ਰੱਖ ! ਤੇਰੇ ਪਾਪ ਮਾਫ਼ ਹੋਏ ।

3ਅਤੇ ਵੇਖੋ ਕਈ ਧਰਮ ਦੇ ਉਪਦੇਸ਼ਕਾਂ ਨੇ ਆਪਣੇ ਮਨ ਵਿੱਚ ਕਿਹਾ ਜੋ ਇਹ ਪਰਮੇਸ਼ੁਰ ਦੀ ਨਿੰਦਿਆ ਕਰਦਾ ਹੈ ।4ਤਾਂ ਯਿਸੂ ਨੇ ਉਨ੍ਹਾਂ ਦੇ ਮਨਾਂ ਦੇ ਵਿਚਾਰ ਜਾਣ ਕੇ ਆਖਿਆ, ਤੁਸੀਂ ਕਿਉਂ ਆਪਣੇ ਮਨਾਂ ਵਿੱਚ ਬੁਰੇ ਵਿਚਾਰ ਕਰਦੇ ਹੋ ?5ਭਲਾ, ਕਿਹੜੀ ਗੱਲ ਸੌਖੀ ਹੈ, ਇਹ ਆਖਣਾ ਜੋ ਤੇਰੇ ਪਾਪ ਮਾਫ਼ ਹੋਏ ਜਾਂ ਇਹ ਆਖਣਾ ਕਿ ਉੱਠ ਅਤੇ ਤੁਰ ?6ਪਰ ਇਸ ਲਈ ਜੋ ਤੁਸੀਂ ਜਾਣੋ ਜੋ ਮਨੁੱਖ ਦੇ ਪੁੱਤਰ ਨੂੰ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਅਧਿਕਾਰ ਹੈ, ਫਿਰ ਉਸ ਨੇ ਅਧਰੰਗੀ ਨੂੰ ਕਿਹਾ, ਉੱਠ ਆਪਣੀ ਮੰਜੀ ਚੁੱਕ ਕੇ ਘਰ ਚੱਲਿਆ ਜਾ ।
7ਤਾਂ ਉਹ ਉੱਠ ਕੇ ਆਪਣੇ ਘਰ ਨੂੰ ਤੁਰ ਗਿਆ ।8ਭੀੜ ਇਹ ਵੇਖ ਕੇ ਡਰ ਗਈ ਅਤੇ ਪਰਮੇਸ਼ੁਰ ਦੀ ਵਡਿਆਈ ਕੀਤੀ ਜੋ ਉਹ ਨੇ ਮਨੁੱਖਾਂ ਨੂੰ ਅਜਿਹਾ ਅਧਿਕਾਰ ਦਿੱਤਾ ।
ਮੱਤੀ ਨੂੰ ਬੁਲਾਉਣਾ
(ਮਰਕੁਸ 2:13-17, ਲੂਕਾ 5:27-32)

9ਯਿਸੂ ਨੇ ਉੱਥੋਂ ਅੱਗੇ ਜਾ ਕੇ, ਮੱਤੀ ਨਾਮ ਦੇ ਇੱਕ ਮਨੁੱਖ ਨੂੰ ਚੁੰਗੀ ਦੀ ਚੌਂਕੀ ਉੱਤੇ ਬੈਠੇ ਵੇਖਿਆ, ਅਤੇ ਉਹ ਨੂੰ ਕਿਹਾ, “ਮੇਰੇ ਪਿੱਛੇ ਹੋ ਤੁਰ”, ਅਤੇ ਉਹ ਉੱਠ ਕੇ ਉਹ ਦੇ ਪਿੱਛੇ ਤੁਰ ਪਿਆ ।

10ਫਿਰ ਇਸ ਤਰ੍ਹਾਂ ਹੋਇਆ ਜਦੋਂ ਉਹ ਘਰ ਵਿੱਚ ਰੋਟੀ ਖਾਣ ਬੈਠਾ ਸੀ, ਤਾਂ ਵੇਖੋ ਬਹੁਤ ਸਾਰੇ ਚੁੰਗੀ ਲੈਣ ਵਾਲੇ ਅਤੇ ਪਾਪੀ ਆ ਕੇ ਯਿਸੂ ਅਤੇ ਉਹ ਦੇ ਚੇਲਿਆਂ ਨਾਲ ਬੈਠ ਗਏ ।11ਅਤੇ ਫ਼ਰੀਸੀਆਂ ਨੇ ਇਹ ਵੇਖ ਕੇ ਉਹ ਦੇ ਚੇਲਿਆਂ ਨੂੰ ਆਖਿਆ, ਤੁਹਾਡਾ ਗੁਰੂ ਚੁੰਗੀ ਲੈਣ ਵਾਲਿਆਂ ਅਤੇ ਪਾਪੀਆਂ ਦੇ ਨਾਲ ਕਿਉਂ ਖਾਂਦਾ ਹੈ ?
12ਪਰ ਯਿਸੂ ਨੇ ਇਹ ਸੁਣ ਕੇ ਕਿਹਾ, ਨਵੇਂ ਨਰੋਇਆਂ ਨੂੰ ਨਹੀਂ ਸਗੋਂ ਰੋਗੀਆਂ ਨੂੰ ਹਕੀਮ ਦੀ ਲੋੜ ਹੈ ।13ਪਰ ਤੁਸੀਂ ਜਾ ਕੇ ਇਹ ਦਾ ਅਰਥ ਸਿੱਖੋ ਕਿ ਮੈਂ ਬਲੀਦਾਨ ਨੂੰ ਨਹੀਂ ਪਰ ਦਯਾ ਨੂੰ ਚਾਹੁੰਦਾ ਹਾਂ, ਕਿਉਂ ਜੋ ਮੈਂ ਧਰਮੀਆਂ ਨੂੰ ਨਹੀਂ ਸਗੋਂ ਪਾਪੀਆਂ ਨੂੰ ਬੁਲਾਉਣ ਆਇਆ ਹਾਂ ।
ਵਰਤ ਦੇ ਬਾਰੇ ਪ੍ਰਸ਼ਨ
(ਮਰਕੁਸ 2:18-22, ਲੂਕਾ 5:33-39)

14ਫਿਰ ਯੂਹੰਨਾ ਦੇ ਚੇਲਿਆਂ ਨੇ ਉਹ ਦੇ ਕੋਲ ਆ ਕੇ ਕਿਹਾ, “ਜੋ ਇਹ ਦਾ ਕੀ ਕਾਰਨ ਹੈ ਕਿ ਅਸੀਂ ਅਤੇ ਫ਼ਰੀਸੀ ਵਰਤ ਰੱਖਦੇ ਹਾਂ, ਪਰ ਤੇਰੇ ਚੇਲੇ ਵਰਤ ਨਹੀਂ ਰੱਖਦੇ ? ”15ਯਿਸੂ ਨੇ ਉਨ੍ਹਾਂ ਨੂੰ ਆਖਿਆ, “ਜਿੰਨਾਂ ਚਿਰ ਲਾੜਾ ਬਰਾਤੀਆਂ ਦੇ ਨਾਲ ਹੈ ਕੀ ਉਹ ਸੋਗ ਕਰ ਸਕਦੇ ਹਨ ? ਪਰ ਉਹ ਦਿਨ ਆਉਣਗੇ ਜਦ ਲਾੜਾ ਉਨ੍ਹਾਂ ਤੋਂ ਅਲੱਗ ਕੀਤਾ ਜਾਵੇਗਾ, ਫਿਰ ਉਹ ਵਰਤ ਰੱਖਣਗੇ ।
16ਪੁਰਾਣੇ ਕੱਪੜੇ ਨੂੰ ਨਵੇਂ ਕੱਪੜੇ ਦੀ ਟਾਕੀ ਕੋਈ ਨਹੀਂ ਲਾਉਂਦਾ, ਕਿਉਂ ਜੋ ਉਹ ਟਾਕੀ ਜਿਹੜੀ ਲਾਈ ਹੈ ਉਸ ਕੱਪੜੇ ਨੂੰ ਖਿੱਚ ਲੈਂਦੀ ਹੈ ਅਤੇ ਉਹ ਵੱਧ ਫੱਟ ਜਾਂਦਾ ਹੈ ।
17ਅਤੇ ਨਾ ਨਵੀਂ ਮੈਅ ਨੂੰ ਪੁਰਾਣੀਆਂ ਮਸ਼ਕਾਂ ਵਿੱਚ ਭਰਦੇ ਹਨ ਨਹੀਂ ਤਾਂ ਮਸ਼ਕਾਂ ਪਾਟ ਜਾਂਦੀਆਂ ਅਤੇ ਮੈਅ ਵਗ ਜਾਂਦੀ ਅਤੇ ਮਸ਼ਕਾਂ ਦਾ ਨਾਸ ਹੋ ਜਾਂਦਾ ਹੈ । ਪਰ ਨਵੀਂ ਮੈਅ ਨਵੀਆਂ ਮਸ਼ਕਾਂ ਵਿੱਚ ਭਰਦੇ ਹਨ ਸੋ ਉਹ ਦੋਵੇਂ ਬਚੀਆਂ ਰਹਿੰਦੀਆਂ ਹਨ” ।
ਮਰੀ ਹੋਈ ਕੁੜੀ ਅਤੇ ਬਾਰਾਂ ਸਾਲਾਂ ਤੋਂ ਬਿਮਾਰ ਔਰਤ
(ਮਰਕੁਸ 5:21-43, ਲੂਕਾ 8:40-56)

18ਜਦੋਂ ਉਹ ਉਨ੍ਹਾਂ ਨੂੰ ਇਹ ਗੱਲਾਂ ਕਹਿ ਰਿਹਾ ਸੀ ਵੇਖੋ ਇੱਕ ਹਾਕਮ ਨੇ ਆ ਕੇ ਉਹ ਦੇ ਅੱਗੇ ਮੱਥਾ ਟੇਕਿਆ ਅਤੇ ਆਖਿਆ, ਮੇਰੀ ਬੇਟੀ ਹੁਣੇ ਮਰੀ ਹੈ, ਪਰ ਤੂੰ ਆ ਕੇ ਆਪਣਾ ਹੱਥ ਉਸ ਉੱਤੇ ਰੱਖ ਤਾਂ ਉਹ ਜਿਉਂਦੀ ਹੋ ਜਾਵੇਗੀ ।19ਫਿਰ ਯਿਸੂ ਉੱਠ ਕੇ ਉਹ ਦੇ ਪਿੱਛੇ ਤੁਰ ਪਿਆ, ਅਤੇ ਉਸ ਦੇ ਚੇਲੇ ਵੀ ਉਸ ਦੇ ਨਾਲ ਤੁਰ ਪਏ ।
20ਅਤੇ ਵੇਖੋ, ਇੱਕ ਔਰਤ ਨੇ ਜਿਸ ਨੂੰ ਬਾਰਾਂ ਸਾਲਾਂ ਤੋਂ ਲਹੂ ਵਹਿਣ ਦੀ ਬਿਮਾਰੀ ਸੀ, ਪਿੱਛੋਂ ਆ ਕੇ ਉਹ ਦੇ ਕੱਪੜੇ ਦਾ ਪੱਲਾ ਛੂਹਿਆ ।21ਕਿਉਂ ਜੋ ਉਹ ਆਪਣੇ ਮਨ ਵਿੱਚ ਆਖਦੀ ਸੀ, ਜੇ ਮੈਂ ਕੇਵਲ ਉਹ ਦੇ ਕੱਪੜੇ ਨੂੰ ਛੂਹ ਲਵਾਂ ਤਾਂ ਚੰਗੀ ਹੋ ਜਾਂਵਾਂਗੀ ।22ਤਦ ਯਿਸੂ ਨੇ ਪਿੱਛੇ ਮੁੜ ਕੇ ਉਹ ਨੂੰ ਵੇਖਿਆ ਅਤੇ ਆਖਿਆ, ਬੇਟੀ ਹੌਂਸਲਾ ਰੱਖ ! ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ । ਉਹ ਔਰਤ ਉਸੇ ਵੇਲੇ ਚੰਗੀ ਹੋ ਗਈ ।
23ਫਿਰ ਯਿਸੂ ਹਾਕਮ ਦੇ ਘਰ ਵਿੱਚ ਗਿਆ ਅਤੇ ਬੰਸਰੀ ਵਜਾਉਣ ਵਾਲਿਆਂ ਨੂੰ ਅਤੇ ਭੀੜ ਨੂੰ ਰੌਲ਼ਾ ਪਾਉਂਦਿਆਂ ਵੇਖ ਕੇ ਆਖਿਆ,24ਪਰੇ ਹੋ ਜਾਵੋ ਕਿਉਂ ਜੋ ਕੁੜੀ ਮਰੀ ਨਹੀਂ ਪਰ ਸੁੱਤੀ ਪਈ ਹੈ, ਪਰ ਉਹ ਉਸ ਉੱਤੇ ਹੱਸੇ ।
25ਜਦੋਂ ਭੀੜ ਬਾਹਰ ਕੱਢੀ ਗਈ, ਤਾਂ ਉਸ ਨੇ ਅੰਦਰ ਜਾ ਕੇ ਉਹ ਦਾ ਹੱਥ ਫੜਿਆ ਅਤੇ ਕੁੜੀ ਉੱਠ ਖੜੀ ਹੋਈ ।26ਅਤੇ ਇਹ ਖ਼ਬਰ ਉਸ ਸਾਰੇ ਦੇਸ ਵਿੱਚ ਫੈਲ ਗਈ ।
ਦੋ ਅੰਨ੍ਹਿਆਂ ਨੂੰ ਚੰਗਾ ਕਰਨਾ

27ਜਦੋਂ ਯਿਸੂ ਉੱਥੋਂ ਤੁਰਿਆ ਤਾਂ ਦੋ ਅੰਨ੍ਹੇ ਉਹ ਦੇ ਮਗਰ ਅਵਾਜ਼ਾਂ ਮਾਰਦੇ ਆਏ ਅਤੇ ਬੋਲੇ, ਹੇ ਦਾਊਦ ਦੇ ਪੁੱਤਰ, ਸਾਡੇ ਉੱਤੇ ਦਯਾ ਕਰ !28ਅਤੇ ਜਦੋਂ ਉਹ ਘਰ ਵਿੱਚ ਗਿਆ ਤਾਂ ਉਹ ਅੰਨ੍ਹੇ ਉਹ ਦੇ ਕੋਲ ਆਏ ਅਤੇ ਯਿਸੂ ਨੇ ਉਨ੍ਹਾਂ ਨੂੰ ਕਿਹਾ, ਭਲਾ, ਤੁਹਾਨੂੰ ਵਿਸ਼ਵਾਸ ਹੈ ਜੋ ਮੈਂ ਇਹ ਕੰਮ ਕਰ ਸਕਦਾ ਹਾਂ ? ਉਨ੍ਹਾਂ ਉਸ ਨੂੰ ਆਖਿਆ, ਹਾਂ, ਪ੍ਰਭੂ ਜੀ ।
29ਤਦ ਉਹ ਉਨ੍ਹਾਂ ਦੀਆਂ ਅੱਖਾਂ ਨੂੰ ਛੂਹ ਕੇ ਬੋਲਿਆ, ਜਿਸ ਤਰ੍ਹਾਂ ਤੁਹਾਡਾ ਵਿਸ਼ਵਾਸ ਹੈ ਤੁਹਾਡੇ ਲਈ ਓਸੇ ਤਰ੍ਹਾਂ ਹੋਵੇ ।30ਅਤੇ ਉਨ੍ਹਾਂ ਦੀਆਂ ਅੱਖਾਂ ਖੁੱਲ੍ਹ ਗਈਆਂ ਤਾਂ ਯਿਸੂ ਨੇ ਤਗੀਦ ਨਾਲ ਉਨ੍ਹਾਂ ਨੂੰ ਆਖਿਆ, ਖ਼ਬਰਦਾਰ, ਕੋਈ ਨਾ ਜਾਣੇ !31ਪਰ ਉਨ੍ਹਾਂ ਨੇ ਜਾ ਕੇ ਉਸ ਸਾਰੇ ਦੇਸ ਵਿੱਚ ਉਸ ਦੀ ਚਰਚਾ ਕੀਤੀ ।
ਇੱਕ ਗੂੰਗੇ ਨੂੰ ਚੰਗਾ ਕਰਨਾ

32ਫਿਰ ਉਨ੍ਹਾਂ ਦੇ ਬਾਹਰ ਨਿੱਕਲਦਿਆਂ ਹੀ, ਲੋਕ ਇੱਕ ਗੂੰਗੇ ਨੂੰ ਜਿਸ ਨੂੰ ਭੂਤ ਚਿੰਬੜਿਆ ਹੋਇਆ ਸੀ, ਯਿਸੂ ਦੇ ਕੋਲ ਲਿਆਏ ।33ਅਤੇ ਜਦੋਂ ਭੂਤ ਕੱਢਿਆ ਗਿਆ ਤਦ ਗੂੰਗਾ ਬੋਲਣ ਲੱਗ ਪਿਆ ਅਤੇ ਭੀੜ ਅਚਰਜ ਮੰਨ ਕੇ ਆਖਣ ਲੱਗੀ ਕਿ ਇਸਰਾਏਲ ਵਿੱਚ ਇਸ ਤਰ੍ਹਾਂ ਕਦੀ ਨਹੀਂ ਵੇਖਿਆ ।34ਪਰ ਫ਼ਰੀਸੀਆਂ ਨੇ ਕਿਹਾ, ਉਹ ਤਾਂ ਭੂਤਾਂ ਦੇ ਸਰਦਾਰ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹੈ ।
ਮਜ਼ਦੂਰ ਥੋੜੇ ਹਨ

35ਯਿਸੂ ਉਨ੍ਹਾਂ ਦੇ ਪ੍ਰਾਰਥਨਾ ਘਰਾਂ ਵਿੱਚ ਉਪਦੇਸ਼ ਦਿੰਦਾ ਅਤੇ ਰਾਜ ਦੀ ਖੁਸ਼ਖਬਰੀ ਦਾ ਪਰਚਾਰ ਕਰਦਾ ਹੋਇਆ ਅਤੇ ਸਾਰੇ ਰੋਗ ਅਤੇ ਸਾਰੀ ਮਾਂਦਗੀ ਦੂਰ ਕਰਦਾ ਹੋਇਆ ਸਾਰੇ ਨਗਰਾਂ ਅਤੇ ਪਿੰਡਾਂ ਵਿੱਚ ਫਿਰਿਆ ।36ਅਤੇ ਜਦੋਂ ਉਸ ਨੇ ਵੱਡੀ ਭੀੜ ਵੇਖੀ ਤਾਂ ਉਸ ਨੂੰ ਉਨ੍ਹਾਂ ਉੱਤੇ ਤਰਸ ਆਇਆ, ਕਿਉਂ ਜੋ ਉਨ੍ਹਾਂ ਭੇਡਾਂ ਵਾਂਗੂੰ ਜਿਨ੍ਹਾਂ ਦਾ ਚਰਵਾਹਾ ਨਾ ਹੋਵੇ, ਉਹ ਲੋਕ ਮਾੜੇ ਹਾਲ ਅਤੇ ਡਾਵਾਂ ਡੋਲ ਫਿਰਦੇ ਸਨ ।
37ਤਦ ਉਹ ਨੇ ਆਪਣੇ ਚੇਲਿਆਂ ਨੂੰ ਆਖਿਆ, ਫ਼ਸਲ ਪੱਕੀ ਹੋਈ ਤਾਂ ਬਹੁਤ ਹੈ ਪਰ ਮਜ਼ਦੂਰ ਥੋੜ੍ਹੇ ਹਨ ।38ਇਸ ਲਈ ਤੁਸੀਂ ਖੇਤ ਦੇ ਮਾਲਕ ਦੇ ਅੱਗੇ ਬੇਨਤੀ ਕਰੋ ਜੋ ਉਹ ਆਪਣੀ ਫ਼ਸਲ ਵੱਢਣ ਲਈ ਮਜ਼ਦੂਰ ਭੇਜੇ ।

10
ਯਿਸੂ ਦੇ ਬਾਰਾਂ ਚੇਲੇ
(ਮਰਕੁਸ 3:13-19, ਲੂਕਾ 6:12-16)

1ਉਸ ਨੇ ਆਪਣੇ ਬਾਰਾਂ ਚੇਲਿਆਂ ਨੂੰ ਕੋਲ ਬੁਲਾ ਕੇ ਉਨ੍ਹਾਂ ਨੂੰ ਅਸ਼ੁੱਧ ਆਤਮਾਵਾਂ ਉੱਤੇ ਅਧਿਕਾਰ ਦਿੱਤਾ, ਕਿ ਉਹਨਾਂ ਨੂੰ ਕੱਢਣ ਅਤੇ ਸਾਰੇ ਰੋਗ ਅਤੇ ਸਾਰੀ ਮਾਂਦਗੀ ਨੂੰ ਦੂਰ ਕਰਨ ।

2ਬਾਰਾਂ ਰਸੂਲਾਂ ਦੇ ਇਹ ਨਾਮ ਹਨ, ਪਹਿਲਾ ਸ਼ਮਊਨ ਜਿਹੜਾ ਪਤਰਸ ਅਖਵਾਉਂਦਾ ਹੈ ਅਤੇ ਉਸ ਦਾ ਭਰਾ ਅੰਦ੍ਰਿਯਾਸ, ਜ਼ਬਦੀ ਦਾ ਪੁੱਤਰ ਯਾਕੂਬ ਅਤੇ ਉਸ ਦਾ ਭਰਾ ਯੂਹੰਨਾ,3ਫ਼ਿਲਿੱਪੁਸ, ਬਰਥੁਲਮਈ, ਥੋਮਾ ਅਤੇ ਮੱਤੀ ਚੁੰਗੀ ਲੈਣ ਵਾਲਾ, ਹਲਫ਼ਈ ਦਾ ਪੁੱਤਰ ਯਾਕੂਬ ਅਤੇ ਥੱਦਈ,4ਸ਼ਮਊਨ ਕਨਾਨੀ ਅਤੇ ਯਹੂਦਾ ਇਸਕਰਿਯੋਤੀ, ਜਿਸ ਨੇ ਉਹ ਨੂੰ ਫੜਵਾ ਵੀ ਦਿੱਤਾ ।
ਬਾਰਾਂ ਚੇਲਿਆਂ ਦੀ ਸੇਵਾ
(ਮਰਕੁਸ 6:7-13, ਲੂਕਾ 9:1-16, 10:4-12)

5ਇਨ੍ਹਾਂ ਬਾਰਾਂ ਨੂੰ ਯਿਸੂ ਨੇ ਭੇਜਿਆ ਅਤੇ ਉਨ੍ਹਾਂ ਨੂੰ ਇਹ ਆਗਿਆ ਦਿੱਤੀ: “ਤੁਸੀਂ ਪਰਾਈਆਂ ਕੌਮਾਂ ਦੇ ਰਾਹ ਨਾ ਜਾਣਾ ਅਤੇ ਸਾਮਰਿਯਾ ਦੇ ਕਿਸੇ ਨਗਰ ਵਿੱਚ ਨਾ ਵੜਨਾ” ।6ਸਗੋਂ ਇਸਰਾਏਲ ਦੇ ਘਰਾਣੇ ਦੀਆਂ ਗੁਆਚੀਆਂ ਹੋਈਆਂ ਭੇਡਾਂ ਕੋਲ ਜਾਓ ।7ਅਤੇ ਜਾਂਦਿਆਂ ਹੋਇਆਂ ਇਹ ਪਰਚਾਰ ਕਰ ਕੇ ਆਖੋ, ਕਿ ਸਵਰਗ ਰਾਜ ਨੇੜੇ ਆਇਆ ਹੈ ।
8ਰੋਗੀਆਂ ਨੂੰ ਚੰਗਾ ਕਰੋ, ਮੁਰਦਿਆਂ ਨੂੰ ਜਿਉਂਦੇ ਕਰੋ, ਕੋੜ੍ਹੀਆਂ ਨੂੰ ਸ਼ੁੱਧ ਕਰੋ, ਭੂਤਾਂ ਨੂੰ ਕੱਢੋ । ਤੁਸੀਂ ਮੁਫ਼ਤ ਲਿਆ ਹੈ, ਮੁਫ਼ਤ ਹੀ ਦਿਓ ।9ਸੋਨਾ, ਚਾਂਦੀ ਅਤੇ ਤਾਂਬਾ ਆਪਣੇ ਕਮਰ ਕੱਸੇ ਵਿੱਚ ਨਾ ਲਓ ।10ਅਤੇ ਨਾ ਰਾਹ ਦੇ ਲਈ ਝੋਲਾ ਨਾ ਦੋ ਕੁੜਤੇ ਨਾ ਜੁੱਤੀ ਅਤੇ ਨਾ ਲਾਠੀ ਲਓ ਕਿਉਂ ਜੋ ਕਾਮਾ ਆਪਣੇ ਭੋਜਨ ਦਾ ਹੱਕਦਾਰ ਹੈ ।
11ਅਤੇ ਜਿਸ ਕਿਸੇ ਨਗਰ ਜਾਂ ਪਿੰਡ ਵਿੱਚ ਵੜੋ ਪੁੱਛੋ ਕਿ ਇੱਥੇ ਕੌਣ ਯੋਗ ਹੈ, ਜਿੰਨਾਂ ਚਿਰ ਨਾ ਉੱਥੋਂ ਨਾ ਤੁਰੋ, ਉੱਥੇ ਹੀ ਠਹਿਰੇ ਰਹੋ l12ਅਤੇ ਘਰ ਵਿੱਚ ਵੜਦਿਆਂ ਉਹ ਦੀ ਸੁੱਖ ਮੰਗੋ ।13ਅਤੇ ਜੇ ਘਰ ਯੋਗ ਹੋਵੇ ਤਾਂ ਤੁਹਾਡੀ ਸ਼ਾਂਤੀ ਉਹ ਨੂੰ ਮਿਲੇ, ਪਰ ਜੇ ਯੋਗ ਨਾ ਹੋਵੇ ਤਾਂ ਤੁਹਾਡੀ ਸ਼ਾਂਤੀ ਤੁਹਾਨੂੰ ਮੁੜ ਆਵੇ ।
14ਅਤੇ ਜੇ ਕੋਈ ਤੁਹਾਨੂੰ ਕਬੂਲ ਨਾ ਕਰੇ ਨਾ ਤੁਹਾਡੀਆਂ ਗੱਲਾਂ ਸੁਣੇ, ਤਾਂ ਤੁਸੀਂ ਉਸ ਘਰ ਜਾਂ ਨਗਰ ਤੋਂ ਬਾਹਰ ਨਿੱਕਲ ਕੇ ਆਪਣੇ ਪੈਰਾਂ ਦੀ ਧੂੜ ਝਾੜ ਸੁੱਟੋ ।15ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਨਿਆਂ ਦੇ ਦਿਨ ਉਸ ਨਗਰ ਨਾਲੋਂ ਸਦੂਮ ਅਤੇ ਅਮੂਰਾਹ ਦੇ ਦੇਸ ਦਾ ਹਾਲ ਝੱਲਣ ਯੋਗ ਹੋਵੇਗਾ ।
ਆਉਣ ਵਾਲਾ ਕਸ਼ਟ
(ਮਰਕੁਸ 13:9-13, ਲੂਕਾ 21:12-17)

16ਵੇਖੋ ਮੈਂ ਤੁਹਾਨੂੰ ਭੇਡਾਂ ਵਾਂਗੂੰ ਬਘਿਆੜਾਂ ਵਿੱਚ ਭੇਜਦਾ ਹਾਂ, ਇਸ ਲਈ ਤੁਸੀਂ ਸੱਪਾਂ ਵਰਗੇ ਹੁਸ਼ਿਆਰ ਅਤੇ ਕਬੂਤਰਾਂ ਵਰਗੇ ਭੋਲੇ ਹੋਵੋ ।17ਪਰ ਮਨੁੱਖਾਂ ਤੋਂ ਚੌਕਸ ਰਹੋ ਕਿਉਂ ਜੋ ਉਹ ਤੁਹਾਨੂੰ ਅਦਾਲਤਾਂ ਦੇ ਹਵਾਲੇ ਕਰਨਗੇ ਅਤੇ ਆਪਣੀਆਂ ਪ੍ਰਾਰਥਨਾ ਘਰਾਂ ਵਿੱਚ ਤੁਹਾਨੂੰ ਕੋਰੜੇ ਮਾਰਨਗੇ ।18ਅਤੇ ਤੁਸੀਂ ਮੇਰੇ ਕਾਰਨ ਹਾਕਮਾਂ ਅਤੇ ਰਾਜਿਆਂ ਦੇ ਅੱਗੇ ਪੇਸ਼ ਕੀਤੇ ਜਾਓਗੇ ਜੋ ਉਨ੍ਹਾਂ ਲਈ ਅਤੇ ਪਰਾਈਆਂ ਕੌਮਾਂ ਲਈ ਗਵਾਹੀ ਹੋਵੇ ।
19ਪਰ ਜਦੋਂ ਉਹ ਤੁਹਾਨੂੰ ਫੜਵਾਉਣ ਤਾਂ ਚਿੰਤਾ ਨਾ ਕਰੋ, ਕਿ ਅਸੀਂ ਕਿਵੇਂ ਜਾਂ ਕੀ ਬੋਲੀਏ, ਕਿਉਂਕਿ ਜਿਹੜੀ ਗੱਲ ਤੁਸੀਂ ਬੋਲਣੀ ਹੈ ਉਹ ਤੁਹਾਨੂੰ ਉਸੇ ਵੇਲੇ ਬਖ਼ਸ਼ੀ ਜਾਵੇਗੀ ।20ਬੋਲਣ ਵਾਲੇ ਤੁਸੀਂ ਨਹੀਂ, ਪਰ ਤੁਹਾਡੇ ਪਿਤਾ ਦਾ ਆਤਮਾ ਜਿਹੜਾ ਤੁਹਾਡੇ ਵਿੱਚ ਬੋਲਦਾ ਹੈ ।
21ਅਤੇ ਭਰਾ ਭਰਾ ਨੂੰ ਅਤੇ ਪਿਤਾ ਪੁੱਤਰ ਨੂੰ ਮੌਤ ਲਈ ਫੜਵਾਏਗਾ ਅਤੇ ਬੱਚੇ ਆਪਣੇ ਮਾਪਿਆਂ ਦੇ ਵਿਰੁੱਧ ਉੱਠ ਖੜ੍ਹੇ ਹੋਣਗੇ ਅਤੇ ਉਨ੍ਹਾਂ ਨੂੰ ਮਰਵਾ ਸੁੱਟਣਗੇ ।22ਅਤੇ ਮੇਰੇ ਨਾਮ ਕਰਕੇ ਸਭ ਲੋਕ ਤੁਹਾਡੇ ਨਾਲ ਵੈਰ ਰੱਖਣਗੇ, ਪਰ ਜਿਹੜਾ ਅੰਤ ਤੱਕ ਸਹੇਗਾ ਉਹੀ ਬਚਾਇਆ ਜਾਵੇਗਾ ।23ਪਰ ਜਦੋਂ ਲੋਕ ਤੁਹਾਨੂੰ ਇੱਕ ਨਗਰ ਵਿੱਚ ਸਤਾਉਣ ਫਿਰ ਦੂਜੇ ਨੂੰ ਭੱਜ ਜਾਓ ਕਿਉਂ ਜੋ ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਤੁਸੀਂ ਜਦੋਂ ਤੱਕ ਇਸਰਾਏਲ ਦੇ ਸਾਰਿਆਂ ਨਗਰਾਂ ਵਿੱਚ ਨਾ ਫਿਰ ਲਵੋ, ਤਾਂ ਕਿ ਮਨੁੱਖ ਦਾ ਪੁੱਤਰ ਆ ਜਾਵੇ ।

24ਚੇਲਾ ਆਪਣੇ ਗੁਰੂ ਨਾਲੋਂ ਵੱਡਾ ਨਹੀਂ, ਨਾ ਨੌਕਰ ਆਪਣੇ ਮਾਲਕ ਨਾਲੋਂ ।25ਇਹ ਹੀ ਬਹੁਤ ਹੈ, ਕਿ ਚੇਲਾ ਆਪਣੇ ਗੁਰੂ ਜਿਹਾ ਅਤੇ ਨੌਕਰ ਆਪਣੇ ਮਾਲਕ ਜਿਹਾ ਹੋਵੇ । ਜਦੋਂ ਉਨ੍ਹਾਂ ਘਰ ਦੇ ਮਾਲਕ ਨੂੰ ( ਮੂਲ ਭਾਸ਼ਾ ਵਿੱਚ ਬਾਲਜਬੂਲ) ਸ਼ੈਤਾਨ ਆਖਿਆ, ਤਾਂ ਕਿੰਨ੍ਹਾਂ ਵਧੇਰੇ ਉਹ ਦੇ ਘਰ ਵਾਲਿਆਂ ਨੂੰ ਆਖਣਗੇ ।
ਕਿਸ ਤੋਂ ਡਰਨਾ ਚਾਹੀਦਾ ਹੈ ?
(ਲੂਕਾ 12:2-7)

26ਸੋ ਤੁਸੀਂ ਉਨ੍ਹਾਂ ਕੋਲੋਂ ਨਾ ਡਰੋ, ਕਿਉਂਕਿ ਕੋਈ ਚੀਜ਼ ਲੁਕੀ ਨਹੀਂ ਹੈ ਜਿਹੜੀ ਪ੍ਰਗਟ ਨਾ ਕੀਤੀ ਜਾਵੇਗੀ, ਨਾ ਕੁੱਝ ਗੁਪਤ ਹੈ ਜੋ ਜਾਣਿਆ ਨਾ ਜਾਵੇਗਾ ।27ਜੋ ਕੁੱਝ ਵੀ ਮੈਂ ਤੁਹਾਨੂੰ ਹਨ੍ਹੇਰੇ ਵਿੱਚ ਆਖਦਾ ਹਾਂ ਤੁਸੀਂ ਉਹ ਨੂੰ ਚਾਨਣ ਵਿੱਚ ਆਖੋ, ਅਤੇ ਜੋ ਕੁੱਝ ਵੀ ਤੁਸੀਂ ਕੰਨਾਂ ਨਾਲ ਸੁਣਦੇ ਹੋ ਕੋਠਿਆਂ ਉੱਤੇ ਉਹ ਦਾ ਪ੍ਰਚਾਰ ਕਰੋ ।
28ਅਤੇ ਉਨ੍ਹਾਂ ਕੋਲੋਂ ਨਾ ਡਰੋ ਜਿਹੜੇ ਸਰੀਰ ਨੂੰ ਮਾਰ ਸੁੱਟਦੇ ਹਨ ਪਰ ਆਤਮਾ ਨੂੰ ਨਹੀਂ ਮਾਰ ਸਕਦੇ, ਪਰ ਉਸ ਕੋਲੋਂ ਡਰੋ ਜਿਹੜਾ ਸਰੀਰ ਅਤੇ ਆਤਮਾ ਦੋਵਾਂ ਦਾ ਨਰਕ ਵਿੱਚ ਨਾਸ ਕਰ ਸਕਦਾ ਹੈ ।29ਕੀ, ਇੱਕ ਪੈਸੇ ਨੂੰ ਦੋ ਚਿੜੀਆਂ ਨਹੀਂ ਵਿਕਦੀਆਂ ? ਫਿਰ ਵੀ ਉਨ੍ਹਾਂ ਵਿੱਚੋਂ ਇੱਕ ਵੀ ਤੁਹਾਡੇ ਪਿਤਾ ਦੀ ਮਰਜ਼ੀ ਬਿਨ੍ਹਾਂ ਜ਼ਮੀਨ ਉੱਤੇ ਨਹੀਂ ਡਿੱਗਦੀ ।30ਪਰ ਤੁਹਾਡੇ ਸਿਰ ਦੇ ਵਾਲ਼ ਵੀ ਗਿਣੇ ਹੋਏ ਹਨ ।31ਇਸ ਲਈ ਨਾ ਡਰੋ । ਤੁਸੀਂ ਚਿੜੀਆਂ ਨਾਲੋਂ ਉੱਤਮ ਹੋ ।
ਯਿਸੂ ਦਾ ਇਕਰਾਰ ਜਾਂ ਇਨਕਾਰ ਕਰਨਾ
(ਲੂਕਾ 12:8, 9)

32ਇਸ ਲਈ, ਜੇ ਕੋਈ ਮਨੁੱਖਾਂ ਦੇ ਅੱਗੇ ਮੇਰਾ ਇਕਰਾਰ ਕਰੇਗਾ ਤਾਂ ਮੈਂ ਵੀ ਆਪਣੇ ਪਿਤਾ ਅੱਗੇ ਜਿਹੜਾ ਸਵਰਗ ਵਿੱਚ ਹੈ, ਉਹ ਦਾ ਇਕਰਾਰ ਕਰਾਂਗਾ ।33ਪਰ ਜੇ ਕੋਈ ਮਨੁੱਖਾਂ ਦੇ ਅੱਗੇ ਮੇਰਾ ਇਨਕਾਰ ਕਰੇਗਾ ਤਾਂ ਮੈਂ ਵੀ ਆਪਣੇ ਪਿਤਾ ਦੇ ਅੱਗੇ ਜਿਹੜਾ ਸਵਰਗ ਵਿੱਚ ਹੈ, ਉਹ ਦਾ ਇਨਕਾਰ ਕਰਾਂਗਾ ।
ਯਿਸੂ ਦੇ ਆਉਣ ਦਾ ਸਬੂਤ
(ਲੂਕਾ 12:51-53, 4:26, 27)

34ਇਹ ਨਾ ਸਮਝੋ ਕਿ ਮੈਂ ਧਰਤੀ ਉੱਤੇ ਮੇਲ ਕਰਾਉਣ ਆਇਆ ਹਾਂ । ਮੈਂ ਮੇਲ ਕਰਾਉਣ ਨਹੀਂ ਸਗੋਂ ਤਲਵਾਰ ਚਲਾਉਣ ਆਇਆ ਹਾਂ ।35ਕਿਉਂਕਿ ਮੈਂ ਪੁੱਤਰ ਨੂੰ ਉਹ ਦੇ ਪਿਓ ਤੋਂ, ਧੀ ਨੂੰ ਉਹ ਦੀ ਮਾਂ ਤੋਂ ਅਤੇ ਨੂਹ ਨੂੰ ਉਹ ਦੀ ਸੱਸ ਤੋਂ ਅਲੱਗ ਕਰਨ ਆਇਆ ਹਾਂ ।36ਅਤੇ ਮਨੁੱਖ ਦੇ ਵੈਰੀ ਉਹ ਦੇ ਘਰ ਵਾਲੇ ਹੀ ਹੋਣਗੇ ।
37ਜੇ ਕੋਈ ਪਿਤਾ ਜਾਂ ਮਾਤਾ ਨੂੰ ਮੇਰੇ ਨਾਲੋਂ ਵੱਧ ਪਿਆਰ ਕਰਦਾ ਹੈ, ਉਹ ਮੇਰੇ ਯੋਗ ਨਹੀਂ ।38ਅਤੇ ਜੇ ਕੋਈ ਆਪਣੀ ਸਲੀਬ ਚੁੱਕ ਕੇ ਮੇਰੇ ਮਗਰ ਨਾ ਚੱਲੇ, ਉਹ ਮੇਰੇ ਯੋਗ ਨਹੀਂ ।39ਜਿਸ ਕਿਸੇ ਨੇ ਆਪਣੀ ਜਾਨ ਲੱਭ ਲਈ, ਉਹ ਉਸ ਨੂੰ ਗੁਆਵੇਗਾ ਅਤੇ ਜਿਸ ਕਿਸੇ ਨੇ ਮੇਰੇ ਲਈ ਆਪਣੀ ਜਾਨ ਗੁਆਈ ਹੈ, ਉਹ ਉਸ ਨੂੰ ਲੱਭ ਲਵੇਗਾ ।
ਪ੍ਰਤੀਫਲ
(ਮਰਕੁਸ 9:41)

40ਜਿਹੜਾ ਤੁਹਾਨੂੰ ਕਬੂਲ ਕਰੇ ਉਹ ਮੈਨੂੰ ਕਬੂਲ ਕਰਦਾ ਹੈ ਅਤੇ ਜਿਹੜਾ ਮੈਨੂੰ ਕਬੂਲ ਕਰੇ ਉਹ ਮੇਰੇ ਭੇਜਣ ਵਾਲੇ ਨੂੰ ਕਬੂਲ ਕਰਦਾ ਹੈ ।41ਜੇਕਰ ਕੋਈ ਕਿਸੇ ਨੂੰ ਨਬੀ ਹੋਣ ਦੇ ਕਾਰਨ ਕਬੂਲ ਕਰੇ, ਉਹ ਨਬੀ ਦਾ ਫਲ ਪ੍ਰਾਪਤ ਕਰੇਗਾ ਅਤੇ ਜੇਕਰ ਕੋਈ ਕਿਸੇ ਨੂੰ ਧਰਮੀ ਹੋਣ ਦੇ ਕਾਰਨ ਕਬੂਲ ਕਰੇ ਉਹ ਧਰਮੀ ਦਾ ਫਲ ਪਾਵੇਗਾ ।
42ਜੇ ਕੋਈ ਇਨ੍ਹਾਂ ਛੋਟਿਆਂ ਵਿੱਚੋਂ ਇੱਕ ਚੇਲੇ ਨੂੰ ਸਿਰਫ਼ ਇੱਕ ਗਿਲਾਸ ਠੰਡਾ ਪਾਣੀ ਪਿਆਵੇ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਉਹ ਆਪਣਾ ਫਲ ਕਦੀ ਨਹੀਂ ਗੁਆਵੇਗਾ ।

11
ਯਿਸੂ ਅਤੇ ਯੂਹੰਨਾ ਬਪਤਿਸਮਾ ਦੇਣ ਵਾਲਾ
(ਲੂਕਾ 7:18-35)

1ਇਸ ਤਰ੍ਹਾਂ ਹੋਇਆ ਕਿ ਜਦੋਂ ਯਿਸੂ ਆਪਣੇ ਬਾਰਾਂ ਚੇਲਿਆਂ ਨੂੰ ਆਗਿਆ ਦੇਣ ਤੋਂ ਬਾਅਦ, ਉੱਥੋਂ ਉਨ੍ਹਾਂ ਦੇ ਨਗਰਾਂ ਵਿੱਚ ਉਪਦੇਸ਼ ਦੇਣ ਅਤੇ ਪ੍ਰਚਾਰ ਕਰਨ ਚੱਲਿਆ ਗਿਆ ।

2ਯੂਹੰਨਾ ਨੇ ਕੈਦਖ਼ਾਨੇ ਵਿੱਚ ਮਸੀਹ ਦੇ ਕੰਮਾਂ ਦੀ ਚਰਚਾ ਸੁਣੀ, ਤਦ ਆਪਣੇ ਚੇਲਿਆਂ ਨੂੰ ਇਹ ਪੁੱਛਣ ਲਈ ਭੇਜਿਆ,3ਕਿ ਜਿਹੜਾ ਆਉਣ ਵਾਲਾ ਸੀ ਉਹ ਤੂੰ ਹੀ ਹੈਂ ਜਾਂ ਅਸੀਂ ਕਿਸੇ ਹੋਰ ਦੀ ਉਡੀਕ ਕਰੀਏ ?
4ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਜੋ ਕੁੱਝ ਤੁਸੀਂ ਸੁਣਦੇ ਅਤੇ ਵੇਖਦੇ ਹੋ ਜਾ ਕੇ ਯੂਹੰਨਾ ਨੂੰ ਇਹ ਖ਼ਬਰ ਦੇ ਦੇਵੋ,5ਕਿ ਅੰਨ੍ਹੇ ਸੁਜਾਖੇ ਹੁੰਦੇ ਹਨ, ਲੰਗੜੇ ਚਲਦੇ ਹਨ, ਕੋੜ੍ਹੀ ਸ਼ੁੱਧ ਕੀਤੇ ਜਾਂਦੇ ਹਨ, ਬੋਲੇ ਸੁਣਦੇ ਹਨ, ਮੁਰਦੇ ਜਿਵਾਏ ਜਾਂਦੇ ਹਨ ਅਤੇ ਗਰੀਬਾਂ ਨੂੰ ਖੁਸ਼ਖਬਰੀ ਸੁਣਾਈ ਜਾਂਦੀ ਹੈ ।6ਅਤੇ ਧੰਨ ਹੈ ਉਹ ਜੋ ਮੇਰੇ ਕਾਰਨ ਠੋਕਰ ਨਾ ਖਾਵੇ ।

7ਜਦੋਂ ਉਹ ਚਲੇ ਗਏ ਤਾਂ ਯਿਸੂ ਯੂਹੰਨਾ ਦੇ ਵਿਖੇ ਲੋਕਾਂ ਨੂੰ ਕਹਿਣ ਲੱਗਾ, ਤੁਸੀਂ ਉਜਾੜ ਵਿੱਚ ਕੀ ਵੇਖਣ ਗਏ ਸੀ ? ਕੀ ਇੱਕ ਕਾਨੇ ਨੂੰ ਜਿਹੜਾ ਹਵਾ ਨਾਲ ਹਿੱਲਦਾ ਹੈ ?8ਫੇਰ ਤੁਸੀਂ ਕੀ ਵੇਖਣ ਗਏ ਸੀ ? ਕੀ ਮਹੀਨ ਬਸਤਰ ਪਹਿਨੇ ਹੋਏ ਇੱਕ ਮਨੁੱਖ ਨੂੰ ? ਵੇਖੋ ਉਹ ਜਿਹੜੇ ਕੋਮਲ ਬਸਤਰ ਪਹਿਨਦੇ ਹਨ ਰਾਜਿਆਂ ਦੇ ਮਹਿਲਾਂ ਵਿੱਚ ਹਨ ।
9ਫੇਰ ਤੁਸੀਂ ਕੀ ਵੇਖਣ ਗਏ ਸੀ ? ਕੀ ਨਬੀ ਨੂੰ ਵੇਖਣ ? ਹਾਂ, ਮੈਂ ਤੁਹਾਨੂੰ ਆਖਦਾ ਹਾਂ ਸਗੋਂ ਨਬੀ ਨਾਲੋਂ ਵੀ ਵੱਡਾ ।10ਇਹ ਉਹੋ ਹੈ ਜਿਹ ਦੇ ਬਾਰੇ ਲਿਖਿਆ ਹੋਇਆ ਹੈ; ਵੇਖ ਮੈਂ ਆਪਣਾ ਸੰਦੇਸ਼ਵਾਹਕ ਤੇਰੇ ਅੱਗੇ ਭੇਜਦਾ ਹਾਂ ਜਿਹੜਾ ਤੇਰੇ ਅੱਗੇ ਤੇਰਾ ਰਾਹ ਤਿਆਰ ਕਰੇਗਾ ।

11ਮੈਂ ਤੁਹਾਨੂੰ ਸੱਚ ਆਖਦਾ ਹਾਂ; ਜਿਹੜੇ ਔਰਤਾਂ ਤੋਂ ਜੰਮੇ ਉਨ੍ਹਾਂ ਵਿੱਚੋਂ ਯੂਹੰਨਾ ਬਪਤਿਸਮਾ ਦੇਣ ਵਾਲੇ ਨਾਲੋਂ ਵੱਡਾ ਕੋਈ ਵੀ ਨਹੀਂ ਹੋਇਆ, ਪਰ ਜਿਹੜਾ ਸਵਰਗ ਰਾਜ ਵਿੱਚ ਛੋਟਾ ਹੈ ਉਹ ਉਸ ਤੋਂ ਵੱਡਾ ਹੈ ।12ਅਤੇ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਦਿਨਾਂ ਤੋਂ ਹੁਣ ਤੱਕ ਸਵਰਗ ਰਾਜ ਉੱਤੇ ਜ਼ੋਰ ਮਾਰਿਆ ਜਾਂਦਾ ਹੈ ਅਤੇ ਜ਼ੋਰ ਮਾਰਨ ਵਾਲੇ ਉਸ ਨੂੰ ਪ੍ਰਾਪਤ ਕਰ ਲੈਂਦੇ ਹਨ ।
13ਕਿਉਂ ਜੋ ਸਾਰੇ ਨਬੀ ਅਤੇ ਮੂਸਾ ਦੀ ਬਿਵਸਥਾ ਯੂਹੰਨਾ ਦੇ ਆਉਣ ਤੱਕ ਅਗੰਮ ਵਾਕ ਕਰਦੇ ਰਹੇ ।14ਜੇਕਰ ਤੁਸੀਂ ਇਸ ਨੂੰ ਮੰਨਣਾ ਚਾਹੁੰਦੇ ਹੋ, ਤਾਂ ਆਉਣ ਵਾਲਾ ਏਲੀਯਾਹ ਇਹੋ ਹੈ ।15ਜਿਸ ਦੇ ਸੁਣਨ ਵਾਲੇ ਕੰਨ ਹੋਣ ਉਹ ਸੁਣੇ ।
16ਪਰ ਮੈਂ ਇਸ ਪੀੜ੍ਹੀ ਦੇ ਲੋਕਾਂ ਦੀ ਤੁਲਨਾ ਕਿਸ ਨਾਲ ਕਰਾਂ ? ਇਹ ਉਨ੍ਹਾਂ ਬੱਚਿਆਂ ਵਰਗੇ ਹਨ, ਜਿਹੜੇ ਬਜ਼ਾਰਾਂ ਵਿੱਚ ਬੈਠ ਕੇ ਆਪਣੇ ਸਾਥੀਆਂ ਨੂੰ ਅਵਾਜ਼ ਮਾਰ ਕੇ ਆਖਦੇ ਹਨ,17ਅਸੀਂ ਤੁਹਾਡੇ ਲਈ ਬੰਸਰੀ ਵਜਾਈ, ਪਰ ਤੁਸੀਂ ਨਾ ਨੱਚੇ । ਅਸੀਂ ਸਿਆਪਾ ਕੀਤਾ, ਪਰ ਤੁਸੀਂ ਵਿਰਲਾਪ ਨਾ ਕੀਤਾ ।

18ਕਿਉਂਕਿ ਯੂਹੰਨਾ ਨਾ ਤਾਂ ਰੋਟੀ ਖਾਂਦਾ ਅਤੇ ਨਾ ਮੈਅ ਪੀਂਦਾ ਆਇਆ, ਅਤੇ ਉਹ ਆਖਦੇ ਹਨ ਜੋ ਉਹ ਦੇ ਵਿੱਚ ਇੱਕ ਭੂਤ ਹੈ ।19ਮਨੁੱਖ ਦਾ ਪੁੱਤਰ ਖਾਂਦਾ ਪੀਂਦਾ ਆਇਆ ਅਤੇ ਉਹ ਆਖਦੇ ਹਨ, ਵੇਖੋ ਇੱਕ ਪੇਟੂ ਅਤੇ ਸ਼ਰਾਬੀ, ਚੁੰਗੀ ਲੈਣ ਵਾਲਿਆਂ ਅਤੇ ਪਾਪੀਆਂ ਦਾ ਯਾਰ । ਸੋ ਗਿਆਨ ਆਪਣੇ ਕੰਮਾਂ ਤੋਂ ਸੱਚਾ ਠਹਿਰਿਆ !
ਉਨ੍ਹਾਂ ਨਗਰਾਂ ਉੱਤੇ ਹਾਏ ਜਿਨ੍ਹਾਂ ਨੇ ਤੋਬਾ ਨਹੀਂ ਕੀਤੀ
(ਲੂਕਾ 10:13-15)

20ਫਿਰ ਉਹ ਉਨ੍ਹਾਂ ਨਗਰਾਂ ਨੂੰ ਜਿਨ੍ਹਾਂ ਵਿੱਚ ਉਸ ਨੇ ਬਹੁਤ ਅਚਰਜ ਕੰਮ ਕੀਤੇ ਸਨ ਉਲਾਂਭਾ ਦੇਣ ਲੱਗਾ, ਕਿਉਂਕਿ ਉਨ੍ਹਾਂ ਨੇ ਤੋਬਾ ਨਹੀਂ ਕੀਤੀ ਸੀ ।21ਹੇ ਖ਼ੁਰਾਜ਼ੀਨ, ਤੇਰੇ ਉੱਤੇ ਹਾਏ ! ਹੇ ਬੈਤਸੈਦਾ, ਤੇਰੇ ਉੱਤੇ ਅਫ਼ਸੋਸ ! ਕਿਉਂਕਿ ਜਿਹੜੇ ਅਚਰਜ ਕੰਮ ਤੁਹਾਡੇ ਵਿੱਚ ਕੀਤੇ ਗਏ ਹਨ ਜੇ ਸੂਰ ਅਤੇ ਸੈਦਾ ਵਿੱਚ ਵਿਖਾਏ ਜਾਂਦੇ ਤਾਂ ਉਹ ਤੱਪੜ ਪਹਿਨ ਕੇ ਅਤੇ ਸੁਆਹ ਵਿੱਚ ਬੈਠ ਕੇ ਕਦੋਂ ਦੇ ਤੋਬਾ ਕਰ ਲੈਂਦੇ !22ਫਿਰ ਵੀ ਮੈਂ ਤੁਹਾਨੂੰ ਆਖਦਾ ਹਾਂ ਕਿ ਨਿਆਂ ਦੇ ਦਿਨ ਤੁਹਾਡੇ ਨਾਲੋਂ ਸੂਰ ਅਤੇ ਸੈਦਾ ਦਾ ਹਾਲ ਝੱਲਣ ਯੋਗ ਹੋਵੇਗਾ ।
23ਅਤੇ ਹੇ ਕਫ਼ਰਨਾਹੂਮ, ਕੀ ਤੂੰ ਅਕਾਸ਼ ਤੱਕ ਉੱਚਾ ਕੀਤਾ ਜਾਵੇਂਗਾ ? ਤੂੰ ਸਗੋਂ ਪਤਾਲ ਵਿੱਚ ਸੁੱਟਿਆ ਜਾਏਂਗਾ ਕਿਉਂਕਿ ਜਿਹੜੇ ਅਚਰਜ ਕੰਮ ਤੇਰੇ ਵਿੱਚ ਵਿਖਾਏ ਗਏ ਹਨ ਜੇ ਉਹ ਸਦੂਮ ਵਿੱਚ ਵਿਖਾਏ ਜਾਂਦੇ ਤਾਂ ਉਹ ਅੱਜ ਤੱਕ ਬਣਿਆ ਰਹਿੰਦਾ ।24ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਨਿਆਂ ਦੇ ਦਿਨ ਤੇਰੇ ਨਾਲੋਂ ਸਦੂਮ ਦੇਸ ਦਾ ਹਾਲ ਝੱਲਣ ਯੋਗ ਹੋਵੇਗਾ ।
ਪਿਤਾ ਪੁੱਤਰ ਵਿੱਚ ਪ੍ਰਗਟ ਹੋਇਆ

25ਉਸ ਵੇਲੇ ਯਿਸੂ ਨੇ ਆਖਿਆ, ਹੇ ਪਿਤਾ ਅਕਾਸ਼ ਅਤੇ ਧਰਤੀ ਦੇ ਮਾਲਕ, ਮੈਂ ਤੇਰੀ ਵਡਿਆਈ ਕਰਦਾ ਹਾਂ ਜੋ ਤੂੰ ਇਨ੍ਹਾਂ ਗੱਲਾਂ ਨੂੰ ਗਿਆਨੀਆਂ ਅਤੇ ਬੁੱਧਵਾਨਾਂ ਤੋਂ ਗੁਪਤ ਰੱਖਿਆ, ਪਰ ਉਨ੍ਹਾਂ ਨੂੰ ਬੱਚਿਆਂ ਉੱਤੇ ਪਰਗਟ ਕੀਤਾ ।26ਹਾਂ, ਹੇ ਪਿਤਾ, ਕਿਉਂ ਜੋ ਤੈਨੂੰ ਇਹੋ ਚੰਗਾ ਲੱਗਿਆ ।27ਸਭ ਕੁੱਝ ਮੇਰੇ ਪਿਤਾ ਨੇ ਮੈਨੂੰ ਸੌਂਪਿਆ ਹੋਇਆ ਹੈ ! ਪਿਤਾ ਤੋਂ ਇਲਾਵਾ ਪੁੱਤਰ ਨੂੰ ਕੋਈ ਨਹੀਂ ਜਾਣਦਾ ਅਤੇ ਨਾ ਕੋਈ ਪੁੱਤਰ ਤੋਂ ਇਲਾਵਾ ਪਿਤਾ ਨੂੰ ਜਾਣਦਾ ਹੈ ਅਤੇ ਹੁਣ ਪੁੱਤਰ ਹੀ ਹੈ, ਜਿਸ ਉੱਤੇ ਉਹ ਨੂੰ ਪਰਗਟ ਕਰਨਾ ਚਾਹੇ ।
28ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ ।29ਮੇਰਾ ਜੂਲਾ ਆਪਣੇ ਉੱਤੇ ਲੈ ਲਵੋ ਅਤੇ ਮੇਰੇ ਕੋਲੋਂ ਸਿੱਖੋ ਕਿਉਂ ਜੋ ਮੈਂ ਕੋਮਲ ਅਤੇ ਮਨ ਦਾ ਗਰੀਬ ਹਾਂ ਅਤੇ ਤੁਸੀਂ ਆਪਣੀਆਂ ਜ਼ਿੰਦਗੀਆਂ ਵਿੱਚ ਅਰਾਮ ਪਾਓਗੇ ।30ਕਿਉਂਕਿ ਮੇਰਾ ਜੂਲਾ ਸੁਖਾਲਾ ਅਤੇ ਮੇਰਾ ਭਾਰ ਹਲਕਾ ਹੈ ।

12
ਸਬਤ ਦਾ ਪ੍ਰਭੂ
(ਮਰਕੁਸ 2:23-28, ਲੂਕਾ 6:1-5)

1ਉਸ ਵੇਲੇ ਯਿਸੂ ਸਬਤ ਦੇ ਦਿਨ ਖੇਤਾਂ ਵਿੱਚੋਂ ਦੀ ਲੰਘਿਆ, ਅਤੇ ਉਹ ਦੇ ਚੇਲਿਆਂ ਨੂੰ ਭੁੱਖ ਲੱਗੀ, ਉਹ ਸਿੱਟੇ ਤੋੜ ਕੇ ਖਾਣ ਲੱਗੇ ।2ਅਤੇ ਫ਼ਰੀਸੀਆਂ ਨੇ ਵੇਖ ਕੇ ਉਹ ਨੂੰ ਕਿਹਾ, ਵੇਖ, ਤੇਰੇ ਚੇਲੇ ਉਹ ਕੰਮ ਕਰਦੇ ਹਨ, ਜਿਹੜਾ ਸਬਤ ਦੇ ਦਿਨ ਕਰਨਾ ਯੋਗ ਨਹੀਂ ।

3ਪਰ ਉਸ ਨੇ ਉਨ੍ਹਾਂ ਨੂੰ ਆਖਿਆ, ਭਲਾ, ਤੁਸੀਂ ਇਹ ਨਹੀਂ ਪੜ੍ਹਿਆ ਕਿ ਦਾਊਦ ਨੇ ਕੀ ਕੀਤਾ ਜਦ ਉਹ ਅਤੇ ਉਹ ਦੇ ਸਾਥੀ ਭੁੱਖੇ ਸਨ ?4ਜੋ ਉਹ ਕਿਵੇਂ ਪਰਮੇਸ਼ੁਰ ਦੇ ਘਰ ਗਿਆ ਅਤੇ ਚੜ੍ਹਾਵੇ ਦੀਆਂ ਰੋਟੀਆਂ ਖਾਧੀਆਂ, ਜਿਹੜੀਆਂ ਉਹ ਨੂੰ ਅਤੇ ਉਹ ਦੇ ਸਾਥੀਆਂ ਲਈ ਖਾਣੀਆਂ ਯੋਗ ਨਹੀਂ ਸਨ ਪਰ ਕੇਵਲ ਜਾਜਕਾਂ ਨੂੰ ।
5ਜਾਂ ਤੁਸੀਂ ਮੂਸਾ ਦੀ ਬਿਵਸਥਾ ਵਿੱਚ ਇਹ ਨਹੀਂ ਪੜ੍ਹਿਆ ਕਿ ਜਾਜਕ ਸਬਤ ਦੇ ਦਿਨ ਹੈਕਲ ਵਿੱਚ ਸਬਤ ਦਾ ਅਪਮਾਨ ਕਰ ਕੇ ਵੀ ਨਿਰਦੋਸ਼ ਹਨ ?6ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਇੱਥੇ ਹੈਕਲ ਨਾਲੋਂ ਵੀ ਇੱਕ ਵੱਡਾ ਹੈ ।
7ਪਰ ਜੇ ਤੁਸੀਂ ਇਸ ਦਾ ਅਰਥ ਜਾਣਦੇ ਕਿ ਮੈਂ ਬਲੀਦਾਨ ਨੂੰ ਨਹੀਂ ਸਗੋਂ ਦਯਾ ਨੂੰ ਚਾਹੁੰਦਾ ਹਾਂ, ਤਦ ਤੁਸੀਂ ਨਿਰਦੋਸ਼ੀਆਂ ਨੂੰ ਦੋਸ਼ੀ ਨਾ ਠਹਿਰਾਉਂਦੇ ।8ਕਿਉਂਕਿ ਮਨੁੱਖ ਦਾ ਪੁੱਤਰ ਸਬਤ ਦੇ ਦਿਨ ਦਾ ਮਾਲਕ ਹੈ ।
ਸੁੱਕੇ ਹੱਥ ਵਾਲੇ ਮਨੁੱਖ ਨੂੰ ਚੰਗਾ ਕਰਨਾ
(ਮਰਕੁਸ 3:1-6, ਲੂਕਾ 6:6-11)

9ਫਿਰ ਉੱਥੋਂ ਤੁਰ ਕੇ ਉਹ ਪ੍ਰਾਰਥਨਾ ਘਰ ਵਿੱਚ ਗਿਆ ।10ਅਤੇ ਵੇਖੋ ਉੱਥੇ ਸੁੱਕੇ ਹੱਥ ਵਾਲਾ ਇੱਕ ਮਨੁੱਖ ਸੀ ਅਤੇ ਉਨ੍ਹਾਂ ਨੇ ਯਿਸੂ ਤੇ ਦੋਸ਼ ਲਾਉਣ ਲਈ ਇਹ ਕਹਿ ਕੇ ਪੁੱਛਿਆ, ਭਲਾ, ਸਬਤ ਦੇ ਦਿਨ ਚੰਗਾ ਕਰਨਾ ਯੋਗ ਹੈ ?
11ਉਹ ਨੇ ਉਨ੍ਹਾਂ ਨੂੰ ਕਿਹਾ, ਕਿ ਤੁਹਾਡੇ ਵਿੱਚੋਂ ਇਹੋ ਜਿਹਾ ਕਿਹੜਾ ਮਨੁੱਖ ਹੈ ਜਿਹ ਦੇ ਕੋਲ ਇੱਕ ਭੇਡ ਹੋਵੇ ਅਤੇ ਜੇ ਉਹ ਸਬਤ ਦੇ ਦਿਨ ਟੋਏ ਵਿੱਚ ਡਿੱਗ ਪਵੇ ਤਾਂ ਉਹ ਉਸ ਨੂੰ ਫੜ੍ਹ ਕੇ ਨਾ ਕੱਢੇ ?12ਸੋ ਮਨੁੱਖ ਭੇਡ ਨਾਲੋਂ ਕਿੰਨ੍ਹਾਂ ਹੀ ਉੱਤਮ ਹੈ ! ਇਸ ਲਈ ਸਬਤ ਦੇ ਦਿਨ ਭਲਾ ਕਰਨਾ ਯੋਗ ਹੈ ।
13ਤਦ ਉਹ ਨੇ ਉਸ ਮਨੁੱਖ ਨੂੰ ਆਖਿਆ, ਆਪਣਾ ਹੱਥ ਵਧਾ ਅਤੇ ਉਸ ਨੇ ਲੰਮਾ ਕੀਤਾ ਤਾਂ ਉਹ ਦੂਜੇ ਹੱਥ ਵਰਗਾ ਫੇਰ ਚੰਗਾ ਹੋ ਗਿਆ ।14ਤਦ ਫ਼ਰੀਸੀਆਂ ਨੇ ਬਾਹਰ ਜਾ ਕੇ ਉਹ ਦੇ ਵਿਰੁੱਧ ਯੋਜਨਾ ਬਣਾਈ ਕਿ ਕਿਵੇਂ ਉਹ ਦਾ ਨਾਸ ਕਰੀਏ ।
ਪਰਮੇਸ਼ੁਰ ਦਾ ਚੁਣਿਆ ਹੋਇਆ ਸੇਵਕ

15ਪਰ ਯਿਸੂ ਇਹ ਜਾਣ ਕੇ ਉੱਥੋਂ ਤੁਰ ਪਿਆ ਅਤੇ ਬਹੁਤ ਸਾਰੇ ਲੋਕ ਉਹ ਦੇ ਮਗਰ ਤੁਰ ਪਏ ਅਤੇ ਉਸ ਨੇ ਉਨ੍ਹਾਂ ਸਭਨਾਂ ਨੂੰ ਚੰਗਾ ਕੀਤਾ ।16ਅਤੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਕਿ ਮੈਨੂੰ ਉਜਾਗਰ ਨਾ ਕਰਨਾ ।17ਤਾਂ ਜੋ ਉਹ ਬਚਨ ਜਿਹੜਾ ਯਸਾਯਾਹ ਨਬੀ ਨੇ ਆਖਿਆ ਸੀ ਪੂਰਾ ਹੋਵੇ:
18ਵੇਖੋ ਮੇਰਾ ਸੇਵਕ ਜਿਸ ਨੂੰ ਮੈਂ ਚੁਣਿਆ ਹੈ, ਮੇਰਾ ਪਿਆਰਾ ਜਿਸ ਤੋਂ ਮੇਰਾ ਜੀਅ ਪਰਸੰਨ ਹੈ । ਮੈਂ ਆਪਣਾ ਆਤਮਾ ਉਹ ਦੇ ਉੱਤੇ ਰੱਖਾਂਗਾ, ਅਤੇ ਉਹ ਪਰਾਈਆਂ ਕੌਮਾਂ ਨੂੰ ਨਿਆਂ ਦੀ ਖ਼ਬਰ ਕਰੇਗਾ ।
19ਉਹ ਨਾ ਝਗੜਾ ਕਰੇਗਾ, ਨਾ ਉੱਚੀ ਬੋਲੇਗਾ, ਨਾ ਚੌਕਾਂ ਵਿੱਚ ਕੋਈ ਉਹ ਦੀ ਅਵਾਜ਼ ਸੁਣੇਗਾ ।20ਉਹ ਮਿੱਧੇ ਹੋਏ ਕਾਨੇ ਨੂੰ ਨਾ ਤੋੜੇਗਾ, ਨਾ ਧੁਖਦੀ ਹੋਈ ਬੱਤੀ ਨੂੰ ਬੁਝਾਵੇਗਾ, ਜਦ ਤੱਕ ਨਿਆਂ ਦੀ ਜਿੱਤ ਨਾ ਕਰਾ ਦੇਵੇ,21ਅਤੇ ਉਹ ਦੇ ਨਾਮ ਉੱਤੇ ਪਰਾਈਆਂ ਕੌਮਾਂ ਆਸ ਰੱਖਣਗੀਆਂ ।
ਯਿਸੂ ਅਤੇ ਸ਼ੈਤਾਨ
(ਮਰਕੁਸ 3:20-30, ਲੂਕਾ 11:14-23)

22ਤਦ ਲੋਕ ਇੱਕ ਅੰਨ੍ਹੇ ਅਤੇ ਗੂੰਗੇ ਮਨੁੱਖ ਨੂੰ ਜਿਸ ਨੂੰ ਭੂਤ ਚਿੰਬੜਿਆ ਹੋਇਆ ਸੀ, ਉਹ ਦੇ ਕੋਲ ਲਿਆਏ ਅਤੇ ਉਸ ਨੇ ਉਹ ਨੂੰ ਅਜਿਹਾ ਚੰਗਾ ਕੀਤਾ ਕਿ ਉਹ ਬੋਲਣ ਤੇ ਵੇਖਣ ਲੱਗਾ ।23ਅਤੇ ਸਾਰੇ ਲੋਕ ਹੈਰਾਨ ਹੋ ਕੇ ਬੋਲੇ, ਕੀ, ਇਹ ਦਾਊਦ ਦਾ ਪੁੱਤਰ ਨਹੀਂ ਹੈ ?
24ਪਰ ਫ਼ਰੀਸੀਆਂ ਨੇ ਇਹ ਸੁਣ ਕੇ ਕਿਹਾ, ਕਿ ਇਹ ਭੂਤਾਂ ਦੇ ਸਰਦਾਰ ਸ਼ੈਤਾਨ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹੈ ।25ਪਰ ਉਸ ਨੇ ਉਨ੍ਹਾਂ ਦੀ ਸੋਚ ਵਿਚਾਰ ਜਾਣ ਕੇ, ਉਨ੍ਹਾਂ ਨੂੰ ਆਖਿਆ ਕਿ ਜਿਸ ਕਿਸੇ ਰਾਜ ਵਿੱਚ ਫੁੱਟ ਪੈਂਦੀ ਹੈ, ਉਹ ਵਿਰਾਨ ਹੋ ਜਾਂਦਾ ਹੈ ਅਤੇ ਜਿਸ ਕਿਸੇ ਨਗਰ ਜਾਂ ਘਰ ਵਿੱਚ ਫੁੱਟ ਪੈਂਦੀ ਹੈ ਉਹ ਬਣਿਆ ਨਾ ਰਹੇਗਾ ।
26ਅਤੇ ਜੇ ਸ਼ੈਤਾਨ ਹੀ ਸ਼ੈਤਾਨ ਨੂੰ ਕੱਢਦਾ ਹੈ ਤਾਂ ਉਹ ਦੇ ਆਪਣੇ ਆਪ ਵਿੱਚ ਹੀ ਫੁੱਟ ਪੈ ਗਈ ਹੈ । ਫੇਰ ਉਹ ਦਾ ਰਾਜ ਕਿਵੇਂ ਬਣਿਆ ਰਹਿ ਸਕਦਾ ਹੈ ?27ਅਤੇ ਜੇ ਮੈਂ ਸ਼ੈਤਾਨ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹਾਂ, ਤਾਂ ਤੁਹਾਡੇ ਪੁੱਤਰ ਕਿਸ ਦੀ ਸਹਾਇਤਾ ਨਾਲ ਕੱਢਦੇ ਹਨ ? ਇਸ ਲਈ ਤੁਹਾਡਾ ਨਿਆਂ ਕਰਨ ਵਾਲੇ ਉਹ ਹੀ ਹੋਣਗੇ ।
28ਪਰ ਜੇ ਮੈਂ ਪਰਮੇਸ਼ੁਰ ਦੇ ਆਤਮਾ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹਾਂ, ਤਾਂ ਪਰਮੇਸ਼ੁਰ ਦਾ ਰਾਜ ਤੁਹਾਡੇ ਉੱਤੇ ਆ ਚੁੱਕਿਆ ਹੈ ।29ਅਥਵਾ ਕੋਈ ਕਿਸੇ ਜ਼ੋਰਾਵਰ ਦੇ ਘਰ ਵਿੱਚ ਵੜ ਕੇ, ਜੇ ਪਹਿਲਾਂ ਉਸ ਜੋਰਾਵਰ ਨੂੰ ਬੰਨ੍ਹ ਨਾ ਲਵੇ ਤਾਂ ਉਸ ਦਾ ਮਾਲ ਕਿਵੇਂ ਲੁੱਟ ਸਕਦਾ ਹੈ ? ਪਹਿਲਾਂ ਉਸ ਨੂੰ ਬੰਨ ਕੇ ਫਿਰ ਉਸ ਦਾ ਘਰ ਲੁੱਟੇਗਾ ।30ਜਿਹੜਾ ਮੇਰੇ ਨਾਲ ਨਹੀਂ ਉਹ ਮੇਰੇ ਵਿਰੁੱਧ ਹੈ, ਅਤੇ ਜਿਹੜਾ ਮੇਰੇ ਨਾਲ ਇਕੱਠਾ ਨਹੀਂ ਕਰਦਾ ਉਹ ਖਿਲਾਰਦਾ ਹੈ ।
31ਇਸ ਲਈ ਮੈਂ ਤੁਹਾਨੂੰ ਆਖਦਾ ਹਾਂ, ਹਰੇਕ ਪਾਪ ਅਤੇ ਨਿੰਦਿਆ ਮਨੁੱਖਾਂ ਨੂੰ ਮਾਫ਼ ਕੀਤਾ ਜਾਵੇਗਾ, ਪਰ ਜਿਹੜਾ ਪਵਿੱਤਰ ਆਤਮਾ ਦੇ ਵਿਰੁੱਧ ਕੁਫ਼ਰ ਬੋਲੇ, ਉਹ ਮਾਫ਼ ਨਹੀਂ ਕੀਤਾ ਜਾਵੇਗਾ ।32ਅਤੇ ਜੇ ਕੋਈ ਮਨੁੱਖ ਦੇ ਪੁੱਤਰ ਦੇ ਵਿਰੁੱਧ ਗੱਲ ਕਰੇ, ਉਸ ਨੂੰ ਮਾਫ਼ ਕੀਤਾ ਜਾਵੇਗਾ ਪਰ ਜੋ ਕੋਈ ਪਵਿੱਤਰ ਆਤਮਾ ਦੇ ਵਿਰੁੱਧ ਕੁਫ਼ਰ ਬੋਲੇ, ਉਸ ਨੂੰ ਨਾ ਇਸ ਜੁੱਗ ਵਿੱਚ ਅਤੇ ਨਾ ਹੀ ਆਉਣ ਵਾਲੇ ਜੁੱਗ ਵਿੱਚ ਮਾਫ਼ ਕੀਤਾ ਜਾਵੇਗਾ ।
ਦਰੱਖਤ ਅਤੇ ਉਸ ਦਾ ਫਲ
(ਲੂਕਾ 6:43-45)

33ਜੇ ਰੁੱਖ ਨੂੰ ਚੰਗਾ ਆਖੋ, ਤਾਂ ਉਸ ਦੇ ਫਲ ਨੂੰ ਵੀ ਚੰਗਾ ਆਖੋ ਜਾਂ ਰੁੱਖ ਨੂੰ ਬੁਰਾ ਆਖੋ ਤਾਂ ਉਸ ਦੇ ਫਲ ਨੂੰ ਵੀ ਬੁਰਾ ਆਖੋ, ਕਿਉਂਕਿ ਰੁੱਖ ਆਪਣੇ ਫਲਾਂ ਤੋਂ ਹੀ ਪਛਾਣਿਆ ਜਾਂਦਾ ਹੈ ।34ਹੇ ਸੱਪਾਂ ਦੇ ਬੱਚਿਓ ! ਤੁਸੀਂ ਬੁਰੇ ਹੋ ਕੇ ਚੰਗੀਆਂ ਗੱਲਾਂ ਕਿਵੇਂ ਕਰ ਸਕਦੇ ਹੋ ? ਕਿਉਂਕਿ ਜੋ ਮਨ ਵਿੱਚ ਭਰਿਆ ਹੋਇਆ ਹੈ ਉਹੀ ਮੂੰਹ ਵਿੱਚੋਂ ਨਿੱਕਲਦਾ ਹੈ ।35ਭਲਾ ਮਨੁੱਖ ਮਨ ਦੇ ਭਲੇ ਖ਼ਜ਼ਾਨੇ ਵਿੱਚੋਂ ਭਲੀਆਂ ਗੱਲਾਂ ਕੱਢਦਾ ਹੈ ਅਤੇ ਬੁਰਾ ਮਨੁੱਖ ਬੁਰੇ ਖ਼ਜ਼ਾਨੇ ਵਿੱਚੋਂ ਬੁਰੀਆਂ ਗੱਲਾਂ ਕੱਢਦਾ ਹੈ ।
36ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਮਨੁੱਖ ਹਰੇਕ ਵਿਅਰਥ ਗੱਲ ਦਾ ਜੋ ਉਹ ਬੋਲਣ, ਨਿਆਂ ਦੇ ਦਿਨ ਉਹ ਦਾ ਹਿਸਾਬ ਦੇਣਗੇ ।37ਇਸ ਲਈ ਜੋ ਤੂੰ ਆਪਣੀਆਂ ਗੱਲਾਂ ਦੇ ਕਾਰਨ ਨਿਰਦੋਸ਼ ਅਤੇ ਆਪਣੀਆਂ ਗੱਲਾਂ ਦੇ ਕਾਰਨ ਦੋਸ਼ੀ ਠਹਿਰਾਇਆ ਜਾਵੇਂਗਾ ।
ਸਵਰਗ ਤੋਂ ਨਿਸ਼ਾਨ ਦੀ ਮੰਗ
(ਮਰਕੁਸ 8: 11, 12, ਲੂਕਾ 11:29-32)

38ਫਿਰ ਕੁੱਝ ਉਪਦੇਸ਼ਕਾਂ ਅਤੇ ਫ਼ਰੀਸੀਆਂ ਨੇ ਆਖਿਆ, ਗੁਰੂ ਜੀ ਅਸੀਂ ਕੋਈ ਨਿਸ਼ਾਨ ਵੇਖਣਾ ਚਾਹੁੰਦੇ ਹਾਂ ।39ਪਰ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਕਿ ਬੁਰੀ ਅਤੇ ਹਰਾਮਕਾਰ ਪੀੜ੍ਹੀ ਨਿਸ਼ਾਨ ਚਾਹੁੰਦੀ ਹੈ ਪਰ ਯੂਨਾਹ ਨਬੀ ਦੇ ਨਿਸ਼ਾਨ ਤੋਂ ਇਲਾਵਾ, ਉਨ੍ਹਾਂ ਨੂੰ ਕੋਈ ਹੋਰ ਨਿਸ਼ਾਨ ਨਹੀਂ ਦਿੱਤਾ ਜਾਵੇਗਾ ।40ਕਿਉਂਕਿ ਜਿਸ ਤਰ੍ਹਾਂ ਯੂਨਾਹ ਤਿੰਨ ਦਿਨ ਅਤੇ ਤਿੰਨ ਰਾਤਾਂ ਮੱਛੀ ਦੇ ਪੇਟ ਵਿੱਚ ਰਿਹਾ ਉਸੇ ਤਰ੍ਹਾਂ ਮਨੁੱਖ ਦਾ ਪੁੱਤਰ ਤਿੰਨ ਦਿਨ ਅਤੇ ਤਿੰਨ ਰਾਤਾਂ ਧਰਤੀ ਦੇ ਅੰਦਰ ਰਹੇਗਾ ।
41ਨੀਨਵਾਹ ਦੇ ਲੋਕ ਨਿਆਂ ਦੇ ਦਿਨ, ਇਸ ਪੀੜ੍ਹੀ ਦੇ ਲੋਕਾਂ ਨਾਲ ਉੱਠਣਗੇ ਅਤੇ ਇਨ੍ਹਾਂ ਨੂੰ ਦੋਸ਼ੀ ਠਹਿਰਾਉਣਗੇ ਕਿਉਂਕਿ ਉਨ੍ਹਾਂ ਨੇ ਯੂਨਾਹ ਦਾ ਪਰਚਾਰ ਸੁਣ ਕੇ ਤੌਬਾ ਕੀਤੀ ਅਤੇ ਵੇਖੋ, ਇੱਥੇ ਉਹ ਹੈ ਜੋ ਯੂਨਾਹ ਨਾਲੋਂ ਵੀ ਵੱਡਾ ਹੈ ।
42ਦੱਖਣ ਦੀ ਰਾਣੀ ਨਿਆਂ ਵਾਲੇ ਦਿਨ, ਇਸ ਪੀੜ੍ਹੀ ਦੇ ਲੋਕਾਂ ਨਾਲ ਉੱਠੇਗੀ ਅਤੇ ਇਨ੍ਹਾਂ ਨੂੰ ਦੋਸ਼ੀ ਠਹਿਰਾਵੇਗੀ ਕਿਉਂਕਿ ਉਹ ਧਰਤੀ ਦੀ ਹੱਦ ਤੋਂ ਸੁਲੇਮਾਨ ਦਾ ਗਿਆਨ ਸੁਣਨ ਆਈ ਅਤੇ ਵੇਖੋ, ਇੱਥੇ ਉਹ ਹੈ ਜੋ ਸੁਲੇਮਾਨ ਨਾਲੋਂ ਵੀ ਵੱਡਾ ਹੈ ।
ਅਧੂਰੇ ਸੁਧਾਰ ਦੀ ਸਮੱਸਿਆ
(ਲੂਕਾ 11:24-26)

43ਪਰ ਜਦੋਂ ਅਸ਼ੁੱਧ ਆਤਮਾਵਾਂ ਮਨੁੱਖ ਵਿੱਚੋਂ ਨਿੱਕਲ ਗਿਆ ਹੋਵੇ ਤਾਂ ਸੁੱਕਿਆਂ ਥਾਵਾਂ ਵਿੱਚ ਅਰਾਮ ਲੱਭਦਾ ਫ਼ਿਰਦਾ ਹੈ, ਪਰ ਉਸ ਨੂੰ ਲੱਭਦਾ ਨਹੀਂ ।44ਫਿਰ ਉਹ ਆਖਦਾ ਹੈ ਕਿ ਮੈਂ ਆਪਣੇ ਘਰ ਜਿੱਥੋਂ ਮੈਂ ਨਿੱਕਲਿਆ ਸੀ, ਵਾਪਸ ਜਾਂਵਾਂਗਾ ਅਤੇ ਆ ਕੇ ਉਹ ਨੂੰ ਵਿਹਲਾ ਅਤੇ ਝਾੜਿਆ ਸੁਆਰਿਆ ਹੋਇਆ ਵੇਖਦਾ ਹੈ ।45ਤਦ ਉਹ ਜਾ ਕੇ ਆਪਣੇ ਨਾਲੋਂ ਸੱਤ ਹੋਰ ਬੁਰੇ ਆਤਮੇ ਨਾਲ ਲਿਆਉਂਦਾ ਹੈ ਅਤੇ ਉਹ ਉਸ ਆਦਮੀ ਵਿੱਚ ਰਹਿਣ ਲੱਗ ਪੈਂਦੇ ਹਨ ਅਤੇ ਉਸ ਆਦਮੀ ਦਾ ਬਾਅਦ ਵਾਲਾ ਹਾਲ ਪਹਿਲੇ ਨਾਲੋਂ ਬੁਰਾ ਹੋ ਜਾਂਦਾ ਹੈ । ਇਸ ਬੁਰੀ ਪੀੜ੍ਹੀ ਦੇ ਲੋਕਾਂ ਦਾ ਹਾਲ ਵੀ ਇਹੋ ਜਿਹਾ ਹੀ ਹੋਵੇਗਾ ।
ਯਿਸੂ ਦੀ ਮਾਤਾ ਅਤੇ ਭਰਾ
(ਮਰਕੁਸ 3:31-35, ਲੂਕਾ 8:19-21)

46ਜਦੋਂ ਉਹ ਲੋਕਾਂ ਨਾਲ ਗੱਲਾਂ ਕਰ ਰਿਹਾ ਸੀ, ਉਸ ਸਮੇਂ ਉਸ ਦੀ ਮਾਤਾ ਅਤੇ ਭਰਾ ਬਾਹਰ ਖੜ੍ਹੇ ਸਨ ਅਤੇ ਉਸ ਨਾਲ ਗੱਲ ਕਰਨੀ ਚਾਹੁੰਦੇ ਸਨ ।47ਤਦ ਕਿਸੇ ਨੇ ਉਸ ਨੂੰ ਆਖਿਆ, ਵੇਖ ਤੇਰੀ ਮਾਤਾ ਅਤੇ ਤੇਰੇ ਭਰਾ ਬਾਹਰ ਖੜ੍ਹੇ ਹਨ ਅਤੇ ਤੇਰੇ ਨਾਲ ਗੱਲ ਕਰਨੀ ਚਾਹੁੰਦੇ ਹਨ ।
48ਪਰ ਉਸ ਨੇ ਆਖਣ ਵਾਲੇ ਨੂੰ ਉੱਤਰ ਦਿੱਤਾ, ਕੌਣ ਹੈ ਮੇਰੀ ਮਾਤਾ ਅਤੇ ਕੌਣ ਹਨ ਮੇਰੇ ਭਰਾ ?49ਅਤੇ ਆਪਣੇ ਚੇਲਿਆਂ ਵੱਲ ਹੱਥ ਪਸਾਰ ਕੇ ਕਿਹਾ, ਵੇਖੋ ਮੇਰੀ ਮਾਤਾ ਅਤੇ ਮੇਰੇ ਭਰਾ ਇਹ ਹਨ ।50ਕਿਉਂਕਿ ਜੋ ਕੋਈ ਮੇਰੇ ਸਵਰਗੀ ਪਿਤਾ ਦੀ ਮਰਜ਼ੀ ਉੱਤੇ ਚੱਲਦਾ ਹੈ, ਉਹੀ ਮੇਰਾ ਭਰਾ, ਮੇਰੀ ਭੈਣ ਅਤੇ ਮਾਤਾ ਹੈ ।

13
ਬੀਜ ਬੀਜਣ ਵਾਲੇ ਦਾ ਦ੍ਰਿਸ਼ਟਾਂਤ
(ਮਰਕੁਸ 4:1-9, ਲੂਕਾ 8:4-8)

1ਉਸੇ ਦਿਨ ਯਿਸੂ ਘਰੋਂ ਨਿੱਕਲ ਕੇ ਝੀਲ ਦੇ ਨੇੜੇ ਜਾ ਬੈਠਾ ।2ਅਤੇ ਬਹੁਤ ਵੱਡੀ ਭੀੜ ਉਹ ਦੇ ਕੋਲ ਇਕੱਠੀ ਹੋ ਗਈ, ਸੋ ਉਹ ਬੇੜੀ ਤੇ ਚੜ੍ਹ ਕੇ ਬੈਠ ਗਿਆ ਅਤੇ ਸਾਰੀ ਭੀੜ ਕੰਢੇ ਉੱਤੇ ਖੜੀ ਰਹੀ ।

3ਉਸ ਨੇ ਉਨ੍ਹਾਂ ਨੂੰ ਬਹੁਤ ਸਾਰੀਆਂ ਗੱਲਾਂ ਦ੍ਰਿਸ਼ਟਾਂਤਾਂ ਵਿੱਚ ਆਖੀਆਂ ਕਿ ਵੇਖੋ ਇੱਕ ਬੀਜ ਬੀਜਣ ਵਾਲਾ, ਬੀਜਣ ਨੂੰ ਨਿੱਕਲਿਆ ।4ਅਤੇ ਬੀਜਦੇ ਸਮੇਂ ਕੁੱਝ ਬੀਜ ਰਾਹ ਦੇ ਕੰਢੇ ਵੱਲ ਡਿੱਗਿਆ ਅਤੇ ਪੰਛੀ ਆ ਕੇ ਉਸ ਨੂੰ ਚੁਗ ਲੈ ਗਏ5ਅਤੇ ਕੁੱਝ ਪਥਰੀਲੀ ਜ਼ਮੀਨ ਵਿੱਚ ਡਿੱਗਿਆ ਜਿੱਥੇ ਉਸ ਨੂੰ ਬਹੁਤੀ ਮਿੱਟੀ ਨਾ ਮਿਲੀ ਅਤੇ ਡੂੰਘੀ ਮਿੱਟੀ ਨਾ ਮਿਲਣ ਦੇ ਕਾਰਨ ਉਹ ਛੇਤੀ ਉੱਗ ਪਿਆ ।6ਪਰ ਜਦੋਂ ਸੂਰਜ ਚੜ੍ਹਿਆ ਤਾਂ ਮੁਰਝਾ ਗਿਆ ਅਤੇ ਜੜ੍ਹ ਨਾ ਫੜਨ ਦੇ ਕਾਰਨ ਸੁੱਕ ਗਿਆ ।
7ਅਤੇ ਕੁੱਝ ਕੰਡਿਆਲੀਆਂ ਝਾੜੀਆਂ ਵਿੱਚ ਡਿੱਗਿਆ ਅਤੇ ਝਾੜੀਆਂ ਨੇ ਵਧ ਕੇ ਉਸ ਨੂੰ ਦਬਾ ਲਿਆ ।8ਅਤੇ ਕੁੱਝ ਬੀਜ ਚੰਗੀ ਜ਼ਮੀਨ ਵਿੱਚ ਡਿੱਗਿਆ ਅਤੇ ਫਲ ਲਿਆਇਆ, ਕੁੱਝ ਸੌ ਗੁਣਾ ਕੁੱਝ ਸੱਠ ਗੁਣਾ ਕੁੱਝ ਤੀਹ ਗੁਣਾ ।9ਜਿਸ ਦੇ ਕੰਨ ਹੋਣ ਉਹ ਸੁਣੇ ।
ਦ੍ਰਿਸ਼ਟਾਂਤਾਂ ਦਾ ਮਕਸਦ
(ਮਰਕੁਸ 4:10-12, ਲੂਕਾ 8:9, 10)

10ਚੇਲਿਆਂ ਨੇ ਕੋਲ ਆ ਕੇ ਉਸ ਨੂੰ ਕਿਹਾ, ਤੂੰ ਉਨ੍ਹਾਂ ਨਾਲ ਦ੍ਰਿਸ਼ਟਾਂਤਾਂ ਵਿੱਚ ਕਿਉਂ ਗੱਲਾਂ ਕਰਦਾ ਹੈਂ ?11ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਕਿ ਸਵਰਗ ਰਾਜ ਦੇ ਭੇਤਾਂ ਦੀ ਸਮਝ ਤੁਹਾਨੂੰ ਦਿੱਤੀ ਗਈ ਹੈ ਪਰ ਉਨ੍ਹਾਂ ਨੂੰ ਨਹੀਂ ਦਿੱਤੀ ਗਈ ਹੈ ।12ਕਿਉਂਕਿ ਜਿਸ ਦੇ ਕੋਲ ਹੈ, ਉਹ ਨੂੰ ਦਿੱਤਾ ਜਾਵੇਗਾ ਅਤੇ ਉਹ ਦਾ ਵਾਧਾ ਹੋਵੇਗਾ; ਪਰ ਜਿਸ ਦੇ ਕੋਲ ਨਹੀਂ ਹੈ, ਉਸ ਤੋਂ ਜੋ ਕੁੱਝ ਉਸ ਦੇ ਕੋਲ ਹੈ ਉਹ ਵੀ ਲੈ ਲਿਆ ਜਾਵੇਗਾ ।
13ਇਸ ਲਈ ਮੈਂ ਉਨ੍ਹਾਂ ਨਾਲ ਦ੍ਰਿਸ਼ਟਾਤਾਂ ਵਿੱਚ ਗੱਲਾਂ ਕਰਦਾ ਹਾਂ, ਕਿਉਂਕਿ ਉਹ ਵੇਖਦੇ ਹੋਏ ਵੀ ਨਹੀਂ ਵੇਖਦੇ ਅਤੇ ਸੁਣਦੇ ਹੋਏ ਵੀ ਨਹੀਂ ਸੁਣਦੇ, ਅਤੇ ਨਾ ਸਮਝਦੇ ਹਨ ।14ਉਨ੍ਹਾਂ ਉੱਤੇ ਯਸਾਯਾਹ ਦਾ ਇਹ ਅਗੰਮ ਵਾਕ ਪੂਰਾ ਹੋਇਆ ਕਿ, ਤੁਸੀਂ ਸੁਣੋਗੇ ਪਰ ਸਮਝੋਂਗੇ ਨਹੀਂ, ਅਤੇ ਤੁਸੀਂ ਵੇਖੋਗੇ ਪਰ ਬੁਝੋਗੇ ਨਹੀਂ,
15ਕਿਉਂ ਜੋ ਇਸ ਪਰਜਾ ਦਾ ਮਨ ਮੋਟਾ ਹੋ ਗਿਆ ਹੈ, ਅਤੇ ਉਹ ਕੰਨਾਂ ਨਾਲ ਉੱਚਾ ਸੁਣਦੇ ਹਨ, ਇਹਨਾਂ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਹਨ, ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਉਹ ਅੱਖਾਂ ਨਾਲ ਵੇਖਣ ਅਤੇ ਕੰਨਾਂ ਨਾਲ ਸੁਣਨ, ਅਤੇ ਮਨ ਨਾਲ ਸਮਝਣ ਅਤੇ ਮੁੜ ਆਉਣ, ਅਤੇ ਮੈਂ ਇਹਨਾਂ ਨੂੰ ਚੰਗਾ ਕਰਾਂ ।

16ਪਰ ਧੰਨ ਹਨ ਤੁਹਾਡੀਆਂ ਅੱਖਾਂ ਜੋ ਉਹ ਵੇਖਦੀਆਂ ਹਨ ਅਤੇ ਤੁਹਾਡੇ ਕੰਨ ਜੋ ਉਹ ਸੁਣਦੇ ਹਨ ।17ਕਿਉਂਕਿ ਮੈਂ ਤੁਹਾਨੂੰ ਸੱਚ ਆਖਦਾ ਹਾਂ, ਕਿ ਬਹੁਤ ਸਾਰੇ ਨਬੀ ਅਤੇ ਧਰਮੀ ਚਾਹੁੰਦੇ ਸਨ ਕਿ ਜੋ ਕੁੱਝ ਤੁਸੀਂ ਵੇਖਦੇ ਹੋ ਉਹ ਵੀ ਵੇਖਣ ਪਰ ਨਾ ਵੇਖ ਸਕੇ ਅਤੇ ਜੋ ਕੁੱਝ ਤੁਸੀਂ ਸੁਣਦੇ ਹੋ ਉਹਨਾਂ ਨੇ ਨਾ ਸੁਣਿਆ ।
ਬੀਜ ਬੀਜਣ ਵਾਲੇ ਦੇ ਦ੍ਰਿਸ਼ਟਾਂਤ ਦੀ ਵਿਆਖਿਆ
(ਮਰਕੁਸ 4:13-20, ਲੂਕਾ 8:11-15)

18ਹੁਣ ਤੁਸੀਂ ਬੀਜਣ ਵਾਲੇ ਦਾ ਦ੍ਰਿਸ਼ਟਾਂਤ ਸੁਣੋ ।19ਹਰ ਕੋਈ ਜਿਹੜਾ ਰਾਜ ਦਾ ਬਚਨ ਸੁਣਦਾ ਹੈ ਪਰ ਨਹੀਂ ਸਮਝਦਾ, ਦੁਸ਼ਟ ਆ ਕੇ ਜੋ ਕੁੱਝ ਉਸ ਦੇ ਮਨ ਵਿੱਚ ਬੀਜਿਆ ਹੈ ਉਸ ਨੂੰ ਖੋਹ ਲੈਂਦਾ ਹੈ । ਇਹ ਉਹ ਹੈ ਜਿਹੜਾ ਬੀਜ ਰਾਹ ਦੇ ਕੰਢੇ ਵੱਲ ਡਿੱਗਿਆ ਸੀ ।
20ਅਤੇ ਜਿਹੜਾ ਪਥਰੀਲੀ ਜ਼ਮੀਨ ਵਿੱਚ ਡਿੱਗਿਆ, ਸੋ ਉਹ ਹੈ ਜੋ ਬਚਨ ਸੁਣ ਕੇ ਝੱਟ ਖੁਸ਼ੀ ਨਾਲ ਉਹ ਨੂੰ ਮੰਨ ਲੈਂਦਾ ਹੈ ।21ਪਰ ਆਪਣੇ ਵਿੱਚ ਡੂੰਘੀ ਜੜ੍ਹ ਨਹੀਂ ਰੱਖਦਾ, ਪਰ ਥੋੜ੍ਹਾ ਸਮਾਂ ਰਹਿੰਦਾ ਹੈ ਪਰ ਜਦੋਂ ਬਚਨ ਦੇ ਕਾਰਨ ਦੁੱਖ ਜਾਂ ਜ਼ੁਲਮ ਹੁੰਦਾ ਹੈ, ਤਾਂ ਉਹ ਝੱਟ ਠੋਕਰ ਖਾਂਦਾ ਹੈ ।
22ਅਤੇ ਜਿਹੜਾ ਕੰਡਿਆਲੀਆਂ ਝਾੜੀਆਂ ਵਿੱਚ ਡਿੱਗਿਆ, ਉਹ ਹੈ ਜੋ ਬਚਨ ਨੂੰ ਸੁਣਦਾ ਹੈ ਪਰ ਇਸ ਸੰਸਾਰ ਦੀ ਚਿੰਤਾ ਅਤੇ ਧਨ ਦਾ ਧੋਖਾ, ਬਚਨ ਨੂੰ ਦਬਾ ਲੈਂਦਾ ਹੈ ਅਤੇ ਉਹ ਕੁੱਝ ਵੀ ਫਲ ਨਹੀਂ ਦਿੰਦਾ ।23ਪਰ ਜਿਹੜਾ ਚੰਗੀ ਜ਼ਮੀਨ ਵਿੱਚ ਬੀਜਿਆ ਗਿਆ, ਉਹ ਹੈ ਜੋ ਬਚਨ ਨੂੰ ਸੁਣਦਾ ਅਤੇ ਸਮਝਦਾ ਹੈ । ਉਹ ਜ਼ਰੂਰ ਫਲ ਦਿੰਦਾ ਹੈ ਅਤੇ ਕੋਈ ਸੌ ਗੁਣਾ ਕੋਈ ਸੱਠ ਗੁਣਾ ਕੋਈ ਤੀਹ ਗੁਣਾ ਫਲ ਦਿੰਦਾ ਹੈ ।
ਜੰਗਲੀ ਬੂਟੀ ਦਾ ਦ੍ਰਿਸ਼ਟਾਂਤ

24ਉਸ ਨੇ ਉਨ੍ਹਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਦਿੱਤਾ ਕਿ ਸਵਰਗ ਰਾਜ ਇੱਕ ਮਨੁੱਖ ਵਰਗਾ ਹੈ ਜਿਸ ਨੇ ਆਪਣੇ ਖੇਤ ਵਿੱਚ ਚੰਗਾ ਬੀ ਬੀਜਿਆ ।25ਪਰ ਜਦੋਂ ਲੋਕ ਸੌਂ ਰਹੇ ਸਨ ਤਦ ਵੈਰੀ ਆਇਆ ਅਤੇ ਉਹ ਦੀ ਕਣਕ ਵਿੱਚ ਜੰਗਲੀ ਬੂਟੀ ਬੀਜ ਗਿਆ ।26ਅਤੇ ਜਦੋਂ ਬੂਰ ਪਿਆ ਅਤੇ ਸਿੱਟੇ ਲੱਗੇ ਤਦ ਜੰਗਲੀ ਬੂਟੀ ਵੀ ਦਿੱਖ ਪਈ ।
27ਤਾਂ ਨੌਕਰਾਂ ਨੇ ਆ ਕੇ ਮਾਲਕ ਨੂੰ ਆਖਿਆ, ਭਲਾ, ਸੁਆਮੀ ਜੀ, ਤੁਸੀਂ ਆਪਣੇ ਖੇਤ ਵਿੱਚ ਚੰਗਾ ਬੀਜ ਨਹੀਂ ਸੀ ਬੀਜਿਆ ? ਫੇਰ ਜੰਗਲੀ ਬੂਟੀ ਕਿੱਥੋਂ ਆਈ ?28ਉਸ ਨੇ ਉਨ੍ਹਾਂ ਨੂੰ ਆਖਿਆ, ਇਹ ਕਿਸੇ ਵੈਰੀ ਦਾ ਕੰਮ ਹੈ । ਤਾਂ ਨੌਕਰਾਂ ਨੇ ਉਹ ਨੂੰ ਆਖਿਆ, ਜੇ ਤੁਹਾਡੀ ਮਰਜ਼ੀ ਹੋਵੇ ਤਾਂ ਅਸੀਂ ਜਾ ਕੇ ਉਸ ਨੂੰ ਪੁੱਟ ਦੇਈਏ ?
29ਪਰ ਉਹ ਨੇ ਕਿਹਾ, ਨਾ, ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਤੁਸੀਂ ਜੰਗਲੀ ਬੂਟੀ ਨੂੰ ਪੁੱਟ ਦਿਆਂ ਕਣਕ ਨੂੰ ਵੀ ਨਾਲ ਹੀ ਪੁੱਟ ਲਓ ।30ਵਾਢੀ ਤੱਕ ਦੋਹਾਂ ਨੂੰ ਇਕੱਠੇ ਵਧਣ ਦਿਓ ਅਤੇ ਮੈਂ ਵਾਢੀ ਦੇ ਵੇਲੇ ਵੱਢਣ ਵਾਲਿਆਂ ਨੂੰ ਆਖਾਂਗਾ ਕਿ ਪਹਿਲਾਂ ਜੰਗਲੀ ਬੂਟੀ ਨੂੰ ਇਕੱਠਾ ਕਰੋ ਅਤੇ ਫੂਕਣ ਲਈ ਉਹ ਦੀਆਂ ਪੂਲੀਆਂ ਬੰਨ ਲਵੋ, ਪਰ ਕਣਕ ਨੂੰ ਮੇਰੇ ਗੋਦਾਮ ਵਿੱਚ ਜਮਾਂ ਕਰੋ ।
ਸਰੋਂ ਦੇ ਬੀਜ ਦਾ ਦ੍ਰਿਸ਼ਟਾਂਤ
(ਮਰਕੁਸ 4:30-32, ਲੂਕਾ 13:18, 19)

31ਉਸ ਨੇ ਉਨ੍ਹਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਦਿੱਤਾ ਕਿ ਸਵਰਗ ਰਾਜ ਸਰੋਂ ਦੇ ਇੱਕ ਬੀਜ ਵਰਗਾ ਹੈ ਜਿਸ ਨੂੰ ਕਿਸੇ ਮਨੁੱਖ ਨੇ ਆਪਣੇ ਖੇਤ ਵਿੱਚ ਬੀਜਿਆ ।32ਉਹ ਤਾਂ ਸਭ ਬੀਜਾਂ ਨਾਲੋਂ ਛੋਟਾ ਹੈ ਪਰ ਜਦੋਂ ਉਗਦਾ ਹੈ ਤਾਂ ਪੋਦਿਆਂ ਨਾਲੋਂ ਵੱਡਾ ਹੁੰਦਾ ਹੈ ਅਤੇ ਰੁੱਖ ਵਰਗਾ ਹੋ ਜਾਂਦਾ ਹੈ, ਕਿ ਅਕਾਸ਼ ਦੇ ਪੰਛੀ ਆ ਕੇ ਉਹ ਦੀਆਂ ਟਹਿਣੀਆਂ ਉੱਤੇ ਵਸੇਰਾ ਕਰਦੇ ਹਨ ।
ਖ਼ਮੀਰ ਦਾ ਦ੍ਰਿਸ਼ਟਾਂਤ
(ਲੂਕਾ 13:20, 21)

33ਉਸ ਨੇ ਉਨ੍ਹਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਦਿੱਤਾ ਕਿ ਸਵਰਗ ਰਾਜ ਖ਼ਮੀਰ ਵਰਗਾ ਹੈ, ਜਿਸ ਨੂੰ ਇੱਕ ਔਰਤ ਨੇ ਤਿੰਨ ਕਿੱਲੋ ਆਟੇ ਵਿੱਚ ਮਿਲਾਇਆ ਅਤੇ ਸਾਰਾ ਆਟਾ ਖ਼ਮੀਰਾ ਹੋ ਗਿਆ ।
ਦ੍ਰਿਸ਼ਟਾਂਤਾਂ ਦਾ ਇਸਤੇਮਾਲ
(ਮਰਕੁਸ 4:33, 34)

34ਇਹ ਸਾਰੀਆਂ ਗੱਲਾਂ ਯਿਸੂ ਨੇ ਲੋਕਾਂ ਨੂੰ ਦ੍ਰਿਸ਼ਟਾਂਤਾਂ ਵਿੱਚ ਸੁਣਾਈਆਂ, ਅਤੇ ਬਿਨ੍ਹਾਂ ਦ੍ਰਿਸ਼ਟਾਂਤ ਉਹ ਉਨ੍ਹਾਂ ਨਾਲ ਕੁੱਝ ਵੀ ਨਹੀਂ ਬੋਲਦਾ ਸੀ ।35ਤਾਂ ਜਿਹੜਾ ਬਚਨ ਨਬੀ ਨੇ ਆਖਿਆ ਸੀ ਉਹ ਪੂਰਾ ਹੋਵੇ ਕਿ ਮੈਂ ਦ੍ਰਿਸ਼ਟਾਤਾਂ ਵਿੱਚ ਆਪਣਾ ਮੂੰਹ ਖੋਲ੍ਹਾਂਗਾ, ਮੈਂ ਉਨ੍ਹਾਂ ਗੱਲਾਂ ਨੂੰ ਬੋਲਾਂਗਾ ਜਿਹੜੀਆਂ ਜਗਤ ਦੇ ਮੁੱਢੋਂ ਗੁਪਤ ਰਹੀਆਂ ਹਨ ।
ਜੰਗਲੀ ਬੂਟੀ ਦੇ ਦ੍ਰਿਸ਼ਟਾਂਤ ਦੀ ਵਿਆਖਿਆ

36ਫਿਰ ਉਹ ਭੀੜ ਨੂੰ ਭੇਜ ਕੇ, ਘਰ ਵਿੱਚ ਆਇਆ ਅਤੇ ਉਹ ਦੇ ਚੇਲਿਆਂ ਨੇ ਉਸ ਕੋਲ ਆ ਕੇ ਕਿਹਾ ਕਿ ਖੇਤ ਦੀ ਜੰਗਲੀ ਬੂਟੀ ਦਾ ਦ੍ਰਿਸ਼ਟਾਂਤ ਸਾਨੂੰ ਸਮਝਾ ਦਿਓ ।37ਉਸ ਨੇ ਉੱਤਰ ਦਿੱਤਾ, ਜਿਹੜਾ ਚੰਗਾ ਬੀਜ ਬੀਜਦਾ ਹੈ ਉਹ ਮਨੁੱਖ ਦਾ ਪੁੱਤਰ ਹੈ ।38ਖੇਤ ਸੰਸਾਰ ਹੈ, ਚੰਗਾ ਬੀਜ ਰਾਜ ਦੇ ਪੁੱਤਰ ਅਤੇ ਜੰਗਲੀ ਬੂਟੀ ਦੁਸ਼ਟ ਦੇ ਪੁੱਤਰ ਹਨ ।39ਅਤੇ ਉਹ ਜਿਸ ਵੈਰੀ ਨੇ ਉਸ ਨੂੰ ਬੀਜਿਆ, ਉਹ ਸ਼ੈਤਾਨ ਹੈ । ਵਾਢੀ ਦਾ ਵੇਲਾ ਸੰਸਾਰ ਦਾ ਅੰਤ ਹੈ ਅਤੇ ਵੱਢਣ ਵਾਲੇ ਸਵਰਗ ਦੂਤ ਹਨ ।
40ਇਸ ਲਈ ਜਿਵੇਂ ਜੰਗਲੀ ਬੂਟੀ ਇਕੱਠੀ ਕੀਤੀ ਅਤੇ ਅੱਗ ਵਿੱਚ ਫ਼ੂਕੀ ਜਾਂਦੀ ਹੈ ਉਸੇ ਤਰ੍ਹਾਂ ਇਹ ਜੁੱਗ ਦੇ ਅੰਤ ਦੇ ਸਮੇਂ ਹੋਵੇਗਾ ।41ਮਨੁੱਖ ਦਾ ਪੁੱਤਰ ਆਪਣੇ ਸਵਰਗ ਦੂਤਾਂ ਨੂੰ ਭੇਜੇਗਾ ਅਤੇ ਉਹ ਉਸ ਦੇ ਰਾਜ ਵਿੱਚੋਂ ਸਾਰੀਆਂ ਠੋਕਰ ਖੁਆਉਣ ਵਾਲੀਆਂ ਚੀਜ਼ਾਂ ਅਤੇ ਕੁਧਰਮੀਆਂ ਨੂੰ ਇਕੱਠਿਆਂ ਕਰਨਗੇ ।42ਅਤੇ ਉਨ੍ਹਾਂ ਨੂੰ ਅੱਗ ਦੇ ਭੱਠੇ ਵਿੱਚ ਸੁੱਟ ਦੇਣਗੇ । ਉੱਥੇ ਰੋਣਾ ਅਤੇ ਕਚੀਚੀਆਂ ਵੱਟਣਾ ਹੋਵੇਗਾ ।43ਤਦ ਧਰਮੀ ਆਪਣੇ ਪਿਤਾ ਦੇ ਰਾਜ ਵਿੱਚ ਸੂਰਜ ਵਾਂਗੂੰ ਚਮਕਣਗੇ । ਜਿਹ ਦੇ ਕੰਨ ਹੋਣ ਸੋ ਸੁਣੇ ।
ਲੁਕੇ ਹੋਏ ਧਨ ਦਾ ਦ੍ਰਿਸ਼ਟਾਂਤ

44ਸਵਰਗ ਰਾਜ ਖੇਤ ਵਿੱਚ ਲੁਕੇ ਹੋਏ ਧਨ ਵਰਗਾ ਹੈ, ਜਿਸ ਨੂੰ ਇੱਕ ਮਨੁੱਖ ਨੇ ਲੱਭ ਕੇ ਫਿਰ ਲੁਕਾ ਦਿੱਤਾ ਅਤੇ ਖੁਸ਼ੀ ਦੇ ਕਾਰਨ ਉਹ ਨੇ ਜਾ ਕੇ ਆਪਣਾ ਸਭ ਕੁੱਝ ਵੇਚ ਦਿੱਤਾ ਅਤੇ ਉਸ ਖੇਤ ਨੂੰ ਖ਼ਰੀਦ ਲਿਆ ।
ਚੰਗੇ ਮੋਤੀਆਂ ਦਾ ਦ੍ਰਿਸ਼ਟਾਂਤ

45ਫੇਰ ਸਵਰਗ ਰਾਜ ਇੱਕ ਚੰਗੇ ਮੋਤੀਆਂ ਨੂੰ ਲੱਭਣ ਵਾਲੇ ਵਪਾਰੀ ਵਰਗਾ ਹੈ ।46ਜਦੋਂ ਉਸ ਨੂੰ ਇੱਕ ਮੋਤੀ ਬਹੁਤ ਮਹਿੰਗੇ ਮੁੱਲ ਦਾ ਮਿਲਿਆ, ਤਾਂ ਉਸ ਨੇ ਆਪਣਾ ਸਭ ਕੁੱਝ ਵੇਚ ਕੇ ਉਸ ਨੂੰ ਖਰੀਦ ਲਿਆ ।
ਜਾਲ਼ ਦਾ ਦ੍ਰਿਸ਼ਟਾਂਤ

47ਫੇਰ ਸਵਰਗ ਰਾਜ ਇੱਕ ਜਾਲ਼ ਵਰਗਾ ਵੀ ਹੈ ਜਿਹੜਾ ਝੀਲ ਵਿੱਚ ਸੁੱਟਿਆ ਗਿਆ ਅਤੇ ਹਰ ਪ੍ਰਕਾਰ ਦੀਆਂ ਮੱਛੀਆਂ ਇਕੱਠੀਆਂ ਕਰ ਲਿਆਇਆ ।48ਜਦੋਂ ਉਹ ਭਰ ਗਿਆ ਤਾਂ ਲੋਕ ਉਸ ਨੂੰ ਖਿੱਚ ਕੇ ਕੰਢੇ ਉੱਤੇ ਲੈ ਆਏ ਅਤੇ ਬੈਠ ਕੇ ਚੰਗੀਆਂ ਮੱਛੀਆਂ ਨੂੰ ਟੋਕਰੀਆਂ ਵਿੱਚ ਜਮਾਂ ਕੀਤਾ ਅਤੇ ਨਿਕੰਮੀਆਂ ਨੂੰ ਸੁੱਟ ਦਿੱਤਾ ।
49ਸੋ ਸੰਸਾਰ ਦੇ ਅੰਤ ਸਮੇਂ ਅਜਿਹਾ ਹੀ ਹੋਵੇਗਾ । ਦੂਤ ਆ ਕੇ, ਧਰਮੀਆਂ ਵਿੱਚੋਂ ਦੁਸ਼ਟਾਂ ਨੂੰ ਅੱਡ ਕਰਨਗੇ ।50ਅਤੇ ਉਹਨਾਂ ਨੂੰ ਅੱਗ ਦੇ ਭੱਠੇ ਵਿੱਚ ਸੁੱਟ ਦੇਣਗੇ । ਉੱਥੇ ਰੋਣਾ ਅਤੇ ਕਚੀਚੀਆਂ ਦਾ ਵੱਟਣਾ ਹੋਵੇਗਾ ।
ਪੁਰਾਣੀ ਅਤੇ ਨਵੀਂ ਸਿੱਖਿਆ ਦਾ ਮਹੱਤਵ

51ਕੀ ਤੁਸੀਂ ਇਹ ਸਾਰੀਆਂ ਗੱਲਾਂ ਸਮਝ ਚੁੱਕੇ ਹੋ ? ਉਨ੍ਹਾਂ ਉਸ ਨੂੰ ਆਖਿਆ, ਹਾਂ ਜੀ ।52ਤਦ ਉਸ ਨੇ ਉਨ੍ਹਾਂ ਨੂੰ ਕਿਹਾ, ਇਸ ਲਈ ਹਰੇਕ ਉਪਦੇਸ਼ਕ ਜੋ ਸਵਰਗ ਰਾਜ ਦਾ ਚੇਲਾ ਬਣ ਗਿਆ ਹੈ, ਉਸ ਘਰ ਦੇ ਮਾਲਕ ਵਰਗਾ ਹੈ ਜਿਹੜਾ ਆਪਣੇ ਖ਼ਜ਼ਾਨੇ ਵਿੱਚੋਂ ਨਵੀਆਂ ਅਤੇ ਪੁਰਾਣੀਆਂ ਚੀਜ਼ਾਂ ਬਾਹਰ ਕੱਢਦਾ ਹੈ ।
ਨਾਸਰਤ ਵਿੱਚ ਯਿਸੂ ਦਾ ਨਿਰਾਦਰ
(ਮਰਕੁਸ 6:1-6, ਲੂਕਾ 4:16-30)

53ਅਤੇ ਇਸ ਤਰ੍ਹਾਂ ਹੋਇਆ ਕਿ ਜਦੋਂ ਯਿਸੂ ਨੇ ਇਹਨਾਂ ਦ੍ਰਿਸ਼ਟਾਂਤਾਂ ਨੂੰ ਪੂਰਾ ਕੀਤਾ, ਤਾਂ ਉੱਥੋਂ ਤੁਰ ਪਿਆ ।
54ਅਤੇ ਆਪਣੇ ਦੇਸ ਵਿੱਚ ਆ ਕੇ ਉਨ੍ਹਾਂ ਦੇ ਪ੍ਰਾਰਥਨਾ ਘਰ ਵਿੱਚ ਉਨ੍ਹਾਂ ਨੂੰ ਅਜਿਹਾ ਉਪਦੇਸ਼ ਦਿੰਦਾ ਸੀ ਕਿ ਉਹ ਹੈਰਾਨ ਹੋ ਕੇ ਕਹਿਣ ਲੱਗੇ, ਕਿ ਇਸ ਮਨੁੱਖ ਨੂੰ ਇਹ ਗਿਆਨ ਅਤੇ ਇਹ ਅਚਰਜ ਸ਼ਕਤੀ ਕਿੱਥੋਂ ਪ੍ਰਾਪਤ ਹੋਈ ?55ਕੀ, ਇਹ ਤਰਖਾਣ ਦਾ ਪੁੱਤਰ ਨਹੀਂ ਅਤੇ ਇਹ ਦੀ ਮਾਂ ਮਰਿਯਮ ਨਹੀਂ ਕਹਾਉਂਦੀ ਅਤੇ ਇਹ ਦੇ ਭਰਾ ਯਾਕੂਬ, ਯੂਸੁਫ਼, ਸ਼ਮਊਨ ਅਤੇ ਯਹੂਦਾ ਨਹੀਂ ਹਨ ?56ਅਤੇ ਉਹ ਦੀਆਂ ਸਾਰੀਆਂ ਭੈਣਾਂ ਸਾਡੇ ਕੋਲ ਨਹੀਂ ਹਨ ? ਫੇਰ ਉਹ ਨੂੰ ਇਹ ਸਭ ਕੁੱਝ ਕਿੱਥੋਂ ਮਿਲਿਆ ?
57ਇਸ ਤਰ੍ਹਾਂ ਉਨ੍ਹਾਂ ਉਸ ਤੋਂ ਠੋਕਰ ਖਾਧੀ । ਪਰ ਯਿਸੂ ਨੇ ਉਨ੍ਹਾਂ ਨੂੰ ਆਖਿਆ, ਨਬੀ ਦਾ ਆਪਣੇ ਦੇਸ ਅਤੇ ਆਪਣੇ ਪਰਿਵਾਰ ਤੋਂ ਇਲਾਵਾ ਹਰੇਕ ਜਗ੍ਹਾ ਆਦਰ ਹੁੰਦਾ ਹੈ ।58ਅਤੇ ਉਸ ਨੇ ਉਨ੍ਹਾਂ ਦੇ ਅਵਿਸ਼ਵਾਸ ਦੇ ਕਾਰਨ ਉੱਥੇ ਬਹੁਤ ਅਚਰਜ ਕੰਮ ਨਹੀਂ ਕੀਤੇ ।

14
ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਹੱਤਿਆ
(ਮਰਕੁਸ 6:14-29, ਲੂਕਾ 9:7-9)

1ਉਸ ਸਮੇਂ ਰਾਜਾ ਹੇਰੋਦੇਸ ਨੇ ਯਿਸੂ ਦੀ ਖ਼ਬਰ ਸੁਣੀ ।2ਅਤੇ ਆਪਣੇ ਨੌਕਰਾਂ ਨੂੰ ਆਖਿਆ, ਇਹ ਯੂਹੰਨਾ ਬਪਤਿਸਮਾ ਦੇਣ ਵਾਲਾ ਹੈ । ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਅਤੇ ਇਸੇ ਲਈ ਉਹ ਦੇ ਵਿੱਚ ਇਹ ਸ਼ਕਤੀਆਂ ਕੰਮ ਕਰਦੀਆਂ ਹਨ !

3ਹੇਰੋਦੇਸ ਨੇ ਆਪਣੇ ਭਰਾ ਫ਼ਿਲਿੱਪੁਸ ਦੀ ਪਤਨੀ ਹੇਰੋਦਿਯਾਸ ਦੇ ਕਾਰਨ ਯੂਹੰਨਾ ਨੂੰ ਫੜਿਆ ਅਤੇ ਕੈਦ ਵਿੱਚ ਪਾ ਦਿੱਤਾ ਸੀ ।4ਇਸ ਲਈ ਜੋ ਯੂਹੰਨਾ ਨੇ ਉਸ ਨੂੰ ਆਖਿਆ ਸੀ ਕਿ ਉਹ ਦਾ ਰੱਖਣਾ ਤੁਹਾਨੂੰ ਯੋਗ ਨਹੀਂ ।5ਉਹ ਉਸ ਨੂੰ ਮਾਰ ਸੁੱਟਣਾ ਚਾਹੁੰਦਾ ਸੀ ਪਰ ਲੋਕਾਂ ਤੋਂ ਡਰਿਆ ਕਿਉਂ ਜੋ ਉਹ ਉਸ ਨੂੰ ਨਬੀ ਮੰਨਦੇ ਸਨ ।
6ਪਰ ਜਦੋਂ ਹੇਰੋਦੇਸ ਦਾ ਜਨਮ ਦਿਨ ਆਇਆ ਤਦ ਹੇਰੋਦਿਯਾਸ ਦੀ ਧੀ ਨੇ ਨੱਚ ਕੇ ਹੇਰੋਦੇਸ ਨੂੰ ਖੁਸ਼ ਕੀਤਾ ।7ਤਾਂ ਹੇਰੋਦੇਸ ਨੇ ਸਹੁੰ ਖਾਧੀ ਕਿ ਜੋ ਕੁੱਝ ਉਹ ਮੰਗੇ, ਮੈਂ ਉਸ ਨੂੰ ਦੇਵਾਂਗਾ ।
8ਤਾਂ ਉਸ ਨੇ ਆਪਣੀ ਮਾਂ ਦੁਆਰਾ ਉਕਸਾਏ ਜਾਣ ਕਰਕੇ ਕਿਹਾ ਕਿ, “ਹੁਣੇ ਇੱਥੇ, ਮੈਨੂੰ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਥਾਲ ਵਿੱਚ ਰੱਖ ਕੇ ਦਿਓ” ।9ਤਦ ਰਾਜਾ ਬਹੁਤ ਉਦਾਸ ਹੋਇਆ, ਪਰ ਆਪਣੀ ਸਹੁੰ ਅਤੇ ਉਨ੍ਹਾਂ ਲੋਕਾਂ ਦੇ ਕਾਰਨ ਜਿਹੜੇ ਉਹ ਦੇ ਨਾਲ ਬੈਠੇ ਸਨ, ਉਸ ਨੇ ਇਸ ਦਾ ਹੁਕਮ ਕਰ ਦਿੱਤਾ ।
10ਅਤੇ ਮਨੁੱਖ ਭੇਜ ਕੇ ਕੈਦਖ਼ਾਨੇ ਵਿੱਚ ਯੂਹੰਨਾ ਦਾ ਸਿਰ ਵਢਵਾ ਸੁੱਟਿਆ ।11ਅਤੇ ਉਹ ਦਾ ਸਿਰ ਥਾਲ ਵਿੱਚ ਲਿਆਂਦਾ ਅਤੇ ਕੁੜੀ ਨੂੰ ਦਿੱਤਾ ਗਿਆ ਅਤੇ ਉਹ ਆਪਣੀ ਮਾਂ ਦੇ ਕੋਲ ਲੈ ਗਈ ।12ਅਤੇ ਉਹ ਦੇ ਚੇਲਿਆਂ ਨੇ ਉੱਥੇ ਜਾ ਕੇ ਲਾਸ਼ ਚੁੱਕੀ, ਉਸ ਨੂੰ ਦਫ਼ਨਾਇਆ ਅਤੇ ਆਣ ਕੇ ਯਿਸੂ ਨੂੰ ਖ਼ਬਰ ਦਿੱਤੀ ।
ਪੰਜ ਹਜ਼ਾਰ ਨੂੰ ਰਜਾਉਣਾ
(ਮਰਕੁਸ 6:30-44, ਲੂਕਾ 9:10-17, ਯੂਹੰਨਾ 6:1-14)

13ਜਦੋਂ ਯਿਸੂ ਨੇ ਇਹ ਸੁਣਿਆ, ਉਹ ਉੱਥੋਂ ਬੇੜ੍ਹੀ ਉੱਤੇ ਚੜ੍ਹ ਕੇ ਇੱਕ ਉਜਾੜ ਥਾਂ ਵਿੱਚ ਅਲੱਗ ਚੱਲਿਆ ਗਿਆ ਅਤੇ ਲੋਕ ਇਹ ਸੁਣ ਕੇ ਨਗਰਾਂ ਤੋਂ ਉਸ ਦੇ ਪਿੱਛੇ ਪੈਦਲ ਤੁਰ ਪਏ ।14ਜਦੋਂ ਉਹ ਬੇੜੀ ਵਿੱਚੋਂ ਉਤਰਿਆ ਤਾਂ ਉਸ ਨੇ ਵੱਡੀ ਭੀੜ ਵੇਖੀ ਅਤੇ ਉਨ੍ਹਾਂ ਉੱਤੇ ਤਰਸ ਖਾ ਕੇ ਉਨ੍ਹਾਂ ਦੇ ਰੋਗੀਆਂ ਨੂੰ ਚੰਗਾ ਕੀਤਾ ।
15ਅਤੇ ਜਦ ਸ਼ਾਮ ਹੋਈ ਤਾਂ ਚੇਲਿਆਂ ਨੇ ਉਸ ਦੇ ਕੋਲ ਆ ਕੇ ਕਿਹਾ, ਇਹ ਥਾਂ ਉਜਾੜ ਹੈ ਅਤੇ ਹੁਣ ਦਿਨ ਬਹੁਤ ਢੱਲ਼ ਗਿਆ ਹੈ । ਲੋਕਾਂ ਨੂੰ ਵਿਦਾ ਕਰ ਤਾਂ ਜੋ ਪਿੰਡਾਂ ਵਿੱਚ ਜਾ ਕੇ ਆਪਣੇ ਲਈ ਖਾਣਾ ਮੁੱਲ ਲੈਣ ।
16ਪਰ ਯਿਸੂ ਨੇ ਉਨ੍ਹਾਂ ਨੂੰ ਆਖਿਆ, ਉਨ੍ਹਾਂ ਨੂੰ ਜਾਣ ਦੀ ਜ਼ਰੂਰਤ ਨਹੀਂ । ਤੁਸੀਂ ਉਨ੍ਹਾਂ ਦੇ ਲਈ ਭੋਜਨ ਦਾ ਪ੍ਰਬੰਧ ਕਰੋ ।17ਪਰ ਉਨ੍ਹਾਂ ਉਸ ਨੂੰ ਕਿਹਾ, ਇੱਥੇ ਸਾਡੇ ਕੋਲ ਸਿਰਫ਼ ਪੰਜ ਰੋਟੀਆਂ ਅਤੇ ਦੋ ਮੱਛੀਆਂ ਹਨ ।18ਤਾਂ ਉਹ ਬੋਲਿਆ, ਉਨ੍ਹਾਂ ਨੂੰ ਇੱਥੇ ਮੇਰੇ ਕੋਲ ਲਿਆਓ ।
19ਅਤੇ ਯਿਸੂ ਨੇ ਲੋਕਾਂ ਨੂੰ ਘਾਹ ਉੱਤੇ ਬੈਠਣ ਦਾ ਹੁਕਮ ਦਿੱਤਾ । ਤਦ ਉਸ ਨੇ ਪੰਜ ਰੋਟੀਆਂ ਅਤੇ ਦੋ ਮੱਛੀਆਂ ਨੂੰ ਲੈ ਕੇ, ਅਕਾਸ਼ ਵੱਲ ਵੇਖ ਕੇ ਬਰਕਤ ਦਿੱਤੀ ਅਤੇ ਰੋਟੀਆਂ ਤੋੜ ਕੇ ਚੇਲਿਆਂ ਨੂੰ ਦਿੱਤੀਆਂ ਅਤੇ ਚੇਲਿਆਂ ਨੇ ਲੋਕਾਂ ਨੂੰ ਵੰਡੀਆਂ ।20ਅਤੇ ਸਭ ਲੋਕਾਂ ਦੇ ਰੱਜ ਕੇ ਖਾਣ ਤੋਂ ਬਾਅਦ, ਚੇਲਿਆਂ ਨੇ ਬਚੇ ਹੋਏ ਟੁਕੜਿਆਂ ਨਾਲ ਭਰੀਆਂ ਬਾਰਾਂ ਟੋਕਰੀਆਂ ਚੁੱਕੀਆਂ ।21ਅਤੇ ਖਾਣ ਵਾਲੇ ਔਰਤਾਂ ਅਤੇ ਬੱਚਿਆਂ ਤੋਂ ਬਿਨ੍ਹਾਂ ਪੰਜ ਹਜ਼ਾਰ ਮਰਦ ਸਨ ।
ਯਿਸੂ ਦਾ ਪਾਣੀ ਉੱਤੇ ਚੱਲਣਾ
(ਮਰਕੁਸ 6:45-52, ਯੂਹੰਨਾ 6:15-21)

22ਉਹ ਨੇ ਉਸੇ ਵੇਲੇ ਚੇਲਿਆਂ ਨੂੰ ਆਗਿਆ ਦਿੱਤੀ ਕਿ ਜਦ ਤੱਕ ਮੈਂ ਭੀੜ ਨੂੰ ਵਿਦਾ ਨਾ ਕਰਾਂ ਤੁਸੀਂ ਬੇੜੀ ਉੱਤੇ ਚੜ੍ਹ ਕੇ ਮੇਰੇ ਨਾਲੋਂ ਪਹਿਲਾਂ ਪਾਰ ਲੰਘ ਜਾਓ ।23ਅਤੇ ਉਹ ਭੀੜ ਨੂੰ ਵਿਦਾ ਕਰ ਕੇ ਪ੍ਰਾਰਥਨਾ ਕਰਨ ਲਈ ਬਿਲਕੁਲ ਇਕੱਲਾ ਪਹਾੜ ਤੇ ਚੜ੍ਹ ਗਿਆ ਅਤੇ ਜਦੋਂ ਸ਼ਾਮ ਹੋਈ ਤਾਂ ਉਹ ਉੱਥੇ ਇਕੱਲਾ ਹੀ ਸੀ ।24ਪਰ ਉਸ ਵੇਲੇ ਬੇੜੀ ਝੀਲ ਵਿੱਚ ਲਹਿਰਾਂ ਦੀ ਮਾਰੀ ਡੋਲਦੀ ਸੀ ਕਿਉਂਕਿ ਹਵਾ ਉਲਟੀ ਦਿਸ਼ਾ ਤੋਂ ਚੱਲ ਰਹੀ ਸੀ ।
25ਅਤੇ ਰਾਤ ਦੇ ਚੌਥੇ ਪਹਿਰ ਯਿਸੂ ਝੀਲ ਦੇ ਉੱਤੇ ਤੁਰਦਾ ਹੋਇਆ, ਉਨ੍ਹਾਂ ਵੱਲ ਆਇਆ ।26ਅਤੇ ਜਦੋਂ ਚੇਲਿਆਂ ਨੇ ਉਹ ਨੂੰ ਝੀਲ ਉੱਤੇ ਤੁਰਦਿਆਂ ਵੇਖਿਆ ਤਾਂ ਘਬਰਾ ਕੇ ਆਖਣ ਲੱਗੇ, ਇਹ ਭੂਤ ਹੈ ! ਅਤੇ ਡਰ ਨਾਲ ਚੀਕਾਂ ਮਾਰਨ ਲੱਗੇ ।27ਪਰ ਯਿਸੂ ਨੇ ਤੁਰੰਤ ਉਨ੍ਹਾਂ ਨੂੰ ਆਖਿਆ, ਹੌਂਸਲਾ ਰੱਖੋ ! ਮੈਂ ਹਾਂ, ਨਾ ਡਰੋ ।
28ਪਤਰਸ ਨੇ ਉਹ ਨੂੰ ਉੱਤਰ ਦਿੱਤਾ, ਪ੍ਰਭੂ ਜੀ, ਜੇ ਤੂੰ ਹੈਂ ਤਾਂ ਮੈਨੂੰ ਪਾਣੀ ਦੇ ਉੱਤੋਂ ਦੀ ਆਪਣੇ ਕੋਲ ਆਉਣ ਦੀ ਆਗਿਆ ਦੇ ।29ਉਸ ਨੇ ਆਖਿਆ, ਆ, ਅਤੇ ਪਤਰਸ ਬੇੜੀਓਂ ਉੱਤਰ ਕੇ ਯਿਸੂ ਦੇ ਕੋਲ ਜਾਣ ਲਈ ਪਾਣੀ ਉੱਤੇ ਤੁਰਨ ਲੱਗਾ ।30ਪਰ ਹਵਾ ਨੂੰ ਵੇਖ ਕੇ ਡਰਿਆ ਅਤੇ ਜਦੋਂ ਡੁੱਬਣ ਲੱਗਾ ਤਾਂ ਚੀਕ ਮਾਰ ਕੇ ਬੋਲਿਆ, ਪ੍ਰਭੂ ਜੀ, ਮੈਨੂੰ ਬਚਾ ਲੈ !
31ਅਤੇ ਤੁਰੰਤ ਯਿਸੂ ਨੇ ਹੱਥ ਵਧਾ ਕੇ ਉਹ ਨੂੰ ਫੜ ਲਿਆ ਅਤੇ ਉਹ ਨੂੰ ਆਖਿਆ, ਹੇ ਥੋੜ੍ਹੇ ਵਿਸ਼ਵਾਸ ਵਾਲਿਆ, ਤੂੰ ਕਿਉਂ ਸ਼ੱਕ ਕੀਤਾ ?32ਅਤੇ ਜਦੋਂ ਉਹ ਬੇੜੀ ਉੱਤੇ ਚੜ੍ਹ ਗਏ ਤਾਂ ਹਵਾ ਰੁਕ ਗਈ ।33ਫੇਰ ਜਿਹੜੇ ਲੋਕ ਬੇੜੀ ਉੱਤੇ ਸਨ ਉਹਨਾਂ ਨੇ ਉਸ ਦੇ ਅੱਗੇ ਮੱਥਾ ਟੇਕਿਆ ਅਤੇ ਕਿਹਾ ਕਿ, ਤੂੰ ਸੱਚ-ਮੁੱਚ ਪਰਮੇਸ਼ੁਰ ਦਾ ਪੁੱਤਰ ਹੈਂ ।
ਗੰਨੇਸਰਤ ਵਿੱਚ ਰੋਗੀਆਂ ਨੂੰ ਚੰਗਾ ਕਰਨਾ
(ਮਰਕੁਸ 6:53-56)

34ਉਹ ਪਾਰ ਲੰਘ ਕੇ ਗੰਨੇਸਰਤ ਦੀ ਧਰਤੀ ਉੱਤੇ ਉੱਤਰੇ ।35ਅਤੇ ਜਦੋਂ ਉੱਥੋਂ ਦੇ ਲੋਕਾਂ ਨੇ ਉਹ ਨੂੰ ਪਛਾਣਿਆ, ਤਾਂ ਉਸ ਸਾਰੇ ਇਲਾਕੇ ਵਿੱਚ ਖ਼ਬਰ ਭੇਜ ਕੇ ਸਾਰਿਆਂ ਰੋਗੀਆਂ ਨੂੰ ਉਸ ਦੇ ਕੋਲ ਲਿਆਏ ।36ਅਤੇ ਉਹ ਦੀ ਮਿੰਨਤ ਕੀਤੀ ਜੋ ਉਨ੍ਹਾਂ ਨੂੰ ਸਿਰਫ਼ ਆਪਣੇ ਕੱਪੜੇ ਦਾ ਪੱਲਾ ਛੂਹਣ ਦੇ ਅਤੇ ਜਿੰਨਿਆਂ ਨੇ ਛੂਹਿਆ ਉਹ ਚੰਗੇ ਹੋ ਗਏ ।

15
ਰੀਤ ਦੀ ਪਾਲਣਾ ਕਰਨ ਦਾ ਪ੍ਰਸ਼ਨ
(ਮਰਕੁਸ 7:1-13)

1ਤਦ ਯਰੂਸ਼ਲਮ ਤੋਂ ਫ਼ਰੀਸੀਆਂ ਅਤੇ ਉਪਦੇਸ਼ਕਾਂ ਨੇ ਯਿਸੂ ਦੇ ਕੋਲ ਆ ਕੇ ਕਿਹਾ,2ਤੇਰੇ ਚੇਲੇ ਪੁਰਖਿਆਂ ਦੀ ਰੀਤ ਦੀ ਉਲੰਘਣਾ ਕਿਉਂ ਕਰਦੇ ਹਨ, ਕਿ ਰੋਟੀ ਖਾਣ ਦੇ ਵੇਲੇ ਹੱਥ ਨਹੀਂ ਧੋਂਦੇ ?3ਪਰ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਕਿਉਂ ਤੁਸੀਂ ਵੀ ਆਪਣੀ ਰੀਤ ਨਾਲ ਪਰਮੇਸ਼ੁਰ ਦੇ ਹੁਕਮ ਦੀ ਉਲੰਘਣਾ ਕਰਦੇ ਹੋ ?

4ਕਿਉਂ ਜੋ ਪਰਮੇਸ਼ੁਰ ਨੇ ਕਿਹਾ ਹੈ, ਕਿ ਆਪਣੇ ਮਾਤਾ-ਪਿਤਾ ਦਾ ਆਦਰ ਕਰ ਅਤੇ ਜਿਹੜਾ ਪਿਤਾ ਜਾਂ ਮਾਤਾ ਨੂੰ ਬੁਰਾ ਬੋਲੇ ਉਹ ਜਾਨੋਂ ਮਾਰਿਆ ਜਾਵੇ ।5ਪਰ ਤੁਸੀਂ ਆਖਦੇ ਹੋ ਕਿ ਜੇਕਰ ਕੋਈ ਆਪਣੇ ਮਾਤਾ-ਪਿਤਾ ਨੂੰ ਕਹੇ, “ਮੇਰੇ ਵੱਲੋਂ ਤਹਾਨੂੰ ਜੋ ਕੁੱਝ ਲਾਭ ਹੋ ਸਕਦਾ ਸੀ, ਉਹ ਪਰਮੇਸ਼ੁਰ ਨੂੰ ਭੇਟ ਚੜ੍ਹਾਇਆ ਗਿਆ ।” ਉਹ ਆਪਣੇ ਪਿਤਾ ਜਾਂ ਮਾਤਾ ਦਾ ਆਦਰ ਨਾ ਕਰੇ ।6ਇਸ ਤਰ੍ਹਾਂ ਤੁਸੀਂ ਆਪਣੀ ਰੀਤ ਨਾਲ ਪਰਮੇਸ਼ੁਰ ਦੇ ਬਚਨ ਨੂੰ ਟਾਲ਼ ਦਿੱਤਾ ।
7ਹੇ ਕਪਟੀਓ ! ਯਸਾਯਾਹ ਨੇ ਤੁਹਾਡੇ ਵਿਖੇ ਠੀਕ ਅਗੰਮ ਵਾਕ ਕੀਤਾ ਹੈ ਕਿ8ਇਹ ਲੋਕ ਆਪਣੇ ਬੁੱਲ੍ਹਾਂ ਨਾਲ ਮੇਰਾ ਆਦਰ ਕਰਦੇ ਹਨ, ਪਰ ਇਨ੍ਹਾਂ ਦਾ ਦਿਲ ਮੇਰੇ ਤੋਂ ਦੂਰ ਹੈ ।9ਉਹ ਵਿਅਰਥ ਮੇਰੀ ਬੰਦਗੀ ਕਰਦੇ ਹਨ, ਉਹ ਮਨੁੱਖਾਂ ਦੇ ਹੁਕਮਾਂ ਦੀ ਸਿੱਖਿਆ ਦਿੰਦੇ ਹਨ ।
ਕੀ ਮਨੁੱਖ ਨੂੰ ਅਸ਼ੁੱਧ ਕਰਦਾ ਹੈ ?
(ਮਰਕੁਸ 7:14-23)

10ਉਸ ਨੇ ਲੋਕਾਂ ਨੂੰ ਕੋਲ ਬੁਲਾ ਕੇ ਉਨ੍ਹਾਂ ਨੂੰ ਆਖਿਆ, ਸੁਣੋ ਅਤੇ ਸਮਝੋ ।11ਕਿ ਜੋ ਕੁੱਝ ਮੂੰਹ ਵਿੱਚ ਜਾਂਦਾ ਹੈ, ਉਹ ਮਨੁੱਖ ਨੂੰ ਅਸ਼ੁੱਧ ਨਹੀਂ ਕਰਦਾ ਪਰ ਜੋ ਮੂੰਹ ਵਿੱਚੋਂ ਨਿੱਕਲਦਾ ਹੈ, ਉਹ ਮਨੁੱਖ ਨੂੰ ਅਸ਼ੁੱਧ ਕਰਦਾ ਹੈ ।
12ਤਦ ਚੇਲਿਆਂ ਨੇ ਕੋਲ ਆ ਕੇ ਉਸ ਨੂੰ ਆਖਿਆ, ਕੀ, ਤੁਸੀਂ ਜਾਣਦੇ ਹੋ ਕਿ ਫ਼ਰੀਸੀਆਂ ਨੇ ਇਹ ਗੱਲ ਸੁਣ ਕੇ ਠੋਕਰ ਖਾਧੀ ਹੈ ?13ਉਸ ਨੇ ਉੱਤਰ ਦਿੱਤਾ ਕਿ ਹਰੇਕ ਬੂਟਾ ਜੋ ਮੇਰੇ ਸਵਰਗੀ ਪਿਤਾ ਨੇ ਨਹੀਂ ਲਾਇਆ, ਸੋ ਜੜ੍ਹੋਂ ਪੁੱਟਿਆ ਜਾਵੇਗਾ ।14ਉਨ੍ਹਾਂ ਨੂੰ ਜਾਣ ਦਿਓ, ਉਹ ਅੰਨ੍ਹੇ ਆਗੂ ਹਨ ਅਤੇ ਜੇ ਅੰਨ੍ਹਾ ਅੰਨ੍ਹੇ ਦਾ ਆਗੂ ਹੋਵੇ ਤਾਂ ਦੋਵੇਂ ਟੋਏ ਵਿੱਚ ਡਿੱਗਣਗੇ ।
15ਤਦ ਪਤਰਸ ਨੇ ਉਸ ਨੂੰ ਆਖਿਆ ਕਿ ਇਸ ਦ੍ਰਿਸ਼ਟਾਂਤ ਦਾ ਅਰਥ ਸਾਨੂੰ ਦੱਸ ।16ਉਸ ਨੇ ਕਿਹਾ, ਭਲਾ, ਤੁਸੀਂ ਵੀ ਅਜੇ ਨਿਰਬੁੱਧ ਹੋ ?17ਕੀ ਤੁਸੀਂ ਨਹੀਂ ਸਮਝਦੇ, ਕਿ ਸਭ ਕੁੱਝ ਜੋ ਮੂੰਹ ਵਿੱਚ ਜਾਂਦਾ ਹੈ ਸੋ ਪੇਟ ਵਿੱਚ ਪੈਂਦਾ ਅਤੇ ਬਾਹਰ ਕੱਢਿਆ ਜਾਂਦਾ ਹੈ ?
18ਪਰ ਜਿਹੜੀਆਂ ਗੱਲਾਂ ਮੂੰਹ ਵਿੱਚੋਂ ਨਿੱਕਲਦੀਆਂ ਹਨ ਉਹ ਦਿਲ ਵਿੱਚੋਂ ਆਉਂਦੀਆਂ ਹਨ ਅਤੇ ਉਹੀ ਮਨੁੱਖ ਨੂੰ ਅਸ਼ੁੱਧ ਕਰਦੀਆਂ ਹਨ ।19ਕਿਉਂਕਿ ਬੁਰੇ ਖ਼ਿਆਲ, ਖੂਨ, ਹਰਾਮਕਾਰੀ, ਵਿਭਚਾਰ, ਚੋਰੀਆਂ, ਝੂਠੀਆਂ ਗਵਾਹੀਆਂ ਅਤੇ ਨਿੰਦਿਆ ਦਿਲ ਵਿੱਚੋਂ ਨਿੱਕਲਦੇ ਹਨ ।20ਇਹੋ ਗੱਲਾਂ ਹਨ ਜਿਹੜੀਆਂ ਮਨੁੱਖ ਨੂੰ ਅਸ਼ੁੱਧ ਕਰਦੀਆਂ ਹਨ, ਪਰ ਹੱਥ ਧੋਤੇ ਬਿਨ੍ਹਾਂ ਰੋਟੀ ਖਾਣੀ ਮਨੁੱਖ ਨੂੰ ਅਸ਼ੁੱਧ ਨਹੀਂ ਕਰਦੀ ।
ਕਨਾਨੀ ਔਰਤ ਦਾ ਵਿਸ਼ਵਾਸ
(ਮਰਕੁਸ 7:24-30)

21ਯਿਸੂ ਉੱਥੋਂ ਚੱਲ ਕੇ ਸੂਰ ਅਤੇ ਸੈਦਾ ਦੇ ਇਲਾਕੇ ਵਿੱਚ ਗਿਆ ।22ਅਤੇ ਵੇਖੋ ਉਸ ਇਲਾਕੇ ਵਿੱਚੋਂ ਇੱਕ ਕਨਾਨੀ ਔਰਤ ਆਈ ਅਤੇ ਉੱਚੀ-ਉੱਚੀ ਕਹਿਣ ਲੱਗੀ, ਕਿ ਹੇ ਪ੍ਰਭੂ ਦਾਊਦ ਦੇ ਪੁੱਤਰ ਮੇਰੇ ਉੱਤੇ ਦਯਾ ਕਰੋ ! ਮੇਰੀ ਧੀ ਦਾ ਬੁਰੀ ਆਤਮਾ ਨੇ ਬਹੁਤ ਬੁਰਾ ਹਾਲ ਕੀਤਾ ਹੈ ।23ਪਰ ਯਿਸੂ ਨੇ ਉਸ ਨੂੰ ਕੋਈ ਉੱਤਰ ਨਾ ਦਿੱਤਾ ! ਤਦ ਉਹ ਦੇ ਚੇਲਿਆਂ ਨੇ ਕੋਲ ਆ ਕੇ ਉਹ ਦੇ ਅੱਗੇ ਬੇਨਤੀ ਕੀਤੀ ਕਿ, ਉਸ ਨੂੰ ਵਿਦਾ ਕਰ ਕਿਉਂ ਜੋ ਉਹ ਸਾਡੇ ਮਗਰ ਰੌਲ਼ਾ ਪਾਉਂਦੀ ਆਉਂਦੀ ਹੈ ।
24ਉਹ ਨੇ ਉੱਤਰ ਦਿੱਤਾ, ਮੈਂ ਇਸਰਾਏਲ ਦੇ ਘਰਾਣੇ ਦੀਆਂ ਗੁਆਚੀਆਂ ਹੋਈਆਂ ਭੇਡਾਂ ਦੇ ਬਿਨ੍ਹਾਂ, ਮੈਂ ਕਿਸੇ ਹੋਰ ਕੋਲ ਨਹੀਂ ਭੇਜਿਆ ਗਿਆ ।25ਪਰ ਉਹ ਔਰਤ ਆਈ ਅਤੇ ਉਹ ਦੇ ਅੱਗੇ ਮੱਥਾ ਟੇਕ ਕੇ ਬੋਲੀ, ਪ੍ਰਭੂ ਜੀ ਮੇਰੀ ਸਹਾਇਤਾ ਕਰੋ ।26ਤਾਂ ਉਹ ਨੇ ਉੱਤਰ ਦਿੱਤਾ ਕਿ ਬੱਚਿਆਂ ਦੀ ਰੋਟੀ ਕਤੂਰਿਆਂ ਨੂੰ ਪਾਉਣੀ ਚੰਗੀ ਨਹੀਂ ਹੈ ।
27ਉਹ ਬੋਲੀ ਠੀਕ ਪ੍ਰਭੂ ਜੀ ਪਰ ਕਤੂਰੇ ਵੀ ਉਹ ਚੂਰੇ-ਭੂਰੇ ਖਾਂਦੇ ਹਨ ਜਿਹੜੇ ਉਨ੍ਹਾਂ ਦੇ ਮਾਲਕਾਂ ਦੇ ਮੇਜ਼ ਉੱਤੋਂ ਡਿੱਗਦੇ ਹਨ ।28ਤਦ ਯਿਸੂ ਨੇ ਉਸ ਨੂੰ ਉੱਤਰ ਦਿੱਤਾ, ਹੇ ਬੀਬੀ ਤੇਰਾ ਵਿਸ਼ਵਾਸ ਵੱਡਾ ਹੈ । ਜਿਵੇਂ ਤੂੰ ਚਾਹੁੰਦੀ ਹੈਂ ਤੇਰੇ ਲਈ ਓਵੇਂ ਹੀ ਹੋਵੇ ਅਤੇ ਉਸ ਦੀ ਧੀ ਉਸੇ ਸਮੇਂ ਚੰਗੀ ਹੋ ਗਈ ।
ਬਹੁਤ ਸਾਰੇ ਰੋਗੀਆਂ ਨੂੰ ਚੰਗਾ ਕਰਨਾ

29ਯਿਸੂ ਉੱਥੋਂ ਤੁਰ ਕੇ ਗਲੀਲ ਦੀ ਝੀਲ ਦੇ ਨੇੜੇ ਆਇਆ ਅਤੇ ਪਹਾੜ ਉੱਤੇ ਚੜ੍ਹ ਕੇ ਉੱਥੇ ਬੈਠ ਗਿਆ ।30ਬਹੁਤ ਵੱਡੀ ਭੀੜ ਉਹ ਦੇ ਕੋਲ ਆਈ ਅਤੇ ਆਪਣੇ ਨਾਲ ਲੰਗੜਿਆਂ, ਅੰਨ੍ਹਿਆਂ, ਗੂੰਗਿਆਂ, ਟੁੰਡਿਆਂ ਅਤੇ ਹੋਰ ਬਥੇਰਿਆਂ ਨੂੰ ਉਹ ਦੇ ਕੋਲ ਲਿਆਏ ਅਤੇ ਉਨ੍ਹਾਂ ਨੂੰ ਉਹ ਦੇ ਚਰਨਾਂ ਉੱਤੇ ਪਾਇਆ ਅਤੇ ਯਿਸੂ ਨੇ ਉਨ੍ਹਾਂ ਨੂੰ ਚੰਗਾ ਕੀਤਾ ।31ਜਦੋਂ ਲੋਕਾਂ ਨੇ ਵੇਖਿਆ ਕਿ ਗੂੰਗੇ ਬੋਲਦੇ, ਟੁੰਡੇ ਚੰਗੇ ਹੁੰਦੇ, ਲੰਗੜੇ ਤੁਰਦੇ ਅਤੇ ਅੰਨ੍ਹੇ ਵੇਖਦੇ ਹਨ ਤਾਂ ਹੈਰਾਨ ਹੋਏ ਅਤੇ ਇਸਰਾਏਲ ਦੇ ਪਰਮੇਸ਼ੁਰ ਦੀ ਉਸਤਤ ਕੀਤੀ ।
ਚਾਰ ਹਜ਼ਾਰ ਨੂੰ ਰਜਾਉਣਾ
(ਮਰਕੁਸ 8:1-10)

32ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਕੋਲ ਬੁਲਾ ਕੇ ਆਖਿਆ , ਮੈਨੂੰ ਲੋਕਾਂ ਉੱਤੇ ਤਰਸ ਆਉਂਦਾ ਹੈ ਕਿਉਂ ਜੋ ਉਹ ਤਿੰਨਾਂ ਦਿਨਾਂ ਤੋਂ ਮੇਰੇ ਨਾਲ ਹਨ ਅਤੇ ਉਨ੍ਹਾਂ ਦੇ ਕੋਲ ਖਾਣ ਨੂੰ ਕੁੱਝ ਨਹੀਂ, ਮੈਂ ਨਹੀਂ ਚਾਹੁੰਦਾ ਜੋ ਉਨ੍ਹਾਂ ਨੂੰ ਭੁੱਖਿਆਂ ਵਿਦਾ ਕਰਾਂ ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਉਹ ਰਸਤੇ ਵਿੱਚ ਥੱਕ ਜਾਣ ।33ਤਾਂ ਚੇਲਿਆਂ ਨੇ ਉਹ ਨੂੰ ਕਿਹਾ ਕਿ ਉਜਾੜ ਵਿੱਚ ਅਸੀਂ ਐੱਨੀਆਂ ਰੋਟੀਆਂ ਕਿੱਥੋਂ ਲਿਆਈਏ ਜੋ ਐਡੀ ਭੀੜ ਨੂੰ ਰਜਾਈਏ ?34ਤਦ ਯਿਸੂ ਨੇ ਉਨ੍ਹਾਂ ਨੂੰ ਆਖਿਆ, ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ ? ਉਹ ਬੋਲੇ, ਸੱਤ ਅਤੇ ਥੋੜੀਆਂ ਜਿਹਿਆਂ ਨਿੱਕੀਆਂ ਮੱਛੀਆਂ ਹਨ ।35ਤਦ ਉਸ ਨੇ ਭੀੜ ਨੂੰ ਜ਼ਮੀਨ ਤੇ ਬੈਠ ਜਾਣ ਲਈ ਆਖਿਆ ।
36ਤਾਂ ਉਸ ਨੇ ਉਹ ਸੱਤ ਰੋਟੀਆਂ ਅਤੇ ਮੱਛੀਆਂ ਲਈਆਂ ਅਤੇ ਧੰਨਵਾਦ ਕਰ ਕੇ ਤੋੜੀਆਂ ਅਤੇ ਚੇਲਿਆਂ ਨੂੰ ਦਿੱਤੀਆਂ ਅਤੇ ਚੇਲਿਆਂ ਨੇ ਲੋਕਾਂ ਨੂੰ ਵੰਡੀਆਂ ।37ਅਤੇ ਉਹ ਸਾਰੇ ਖਾ ਕੇ ਰੱਜ ਗਏ ਅਤੇ ਚੇਲਿਆਂ ਨੇ ਬਚੇ ਹੋਏ ਟੁਕੜਿਆਂ ਨਾਲ ਭਰੇ ਸੱਤ ਟੋਕਰੇ ਚੁੱਕ ਲਏ ।38ਅਤੇ ਖਾਣ ਵਾਲੇ ਔਰਤਾਂ ਅਤੇ ਬੱਚਿਆਂ ਬਿਨ੍ਹਾਂ ਚਾਰ ਹਜ਼ਾਰ ਮਰਦ ਸਨ ।39ਫੇਰ ਲੋਕਾਂ ਨੂੰ ਵਿਦਾ ਕਰ ਕੇ ਉਹ ਬੇੜੀ ਉੱਤੇ ਚੜ੍ਹ ਗਿਆ ਅਤੇ ਮਗਦਾਨ ਦੇ ਇਲਾਕੇ ਵਿੱਚ ਆਇਆ ।

16
ਨਿਸ਼ਾਨ ਦੀ ਮੰਗ
(ਮਰਕੁਸ 8:1-13, ਲੂਕਾ 12:54-56)

1ਫ਼ਰੀਸੀਆਂ ਅਤੇ ਸਦੂਕੀਆਂ ਨੇ ਕੋਲ ਆ ਕੇ ਯਿਸੂ ਨੂੰ ਪਰਖਣ ਲਈ ਉਸ ਅੱਗੇ ਬੇਨਤੀ ਕੀਤੀ ਜੋ ਸਵਰਗ ਵੱਲੋਂ ਕੋਈ ਨਿਸ਼ਾਨ ਵਿਖਾ ।2ਪਰ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਜਦੋਂ ਸ਼ਾਮ ਹੁੰਦੀ ਹੈ ਤਾਂ ਤੁਸੀਂ ਕਹਿੰਦੇ ਹੋ ਜੋ ਭਲਕੇ ਮੌਸਮ ਸਾਫ਼ ਰਹੇਗਾ, ਕਿਉਂਕਿ ਅਕਾਸ਼ ਲਾਲ ਹੈ ।

3ਅਤੇ ਸਵੇਰ ਨੂੰ ਆਖਦੇ ਹੋ, ਅੱਜ ਹਨੇਰੀ ਵਗੇਗੀ ਕਿਉਂਕਿ ਅਕਾਸ਼ ਲਾਲ ਅਤੇ ਗਹਿਰਾ ਹੈ । ਅਕਾਸ਼ ਦੇ ਚਿੰਨ੍ਹਾਂ ਦੀ ਜਾਚ ਕਰਨੀ ਤੁਹਾਨੂੰ ਆਉਂਦੀ ਹੈ, ਪਰ ਸਮਿਆਂ ਦੇ ਨਿਸ਼ਾਨ ਪਹਿਚਾਣ ਨਹੀਂ ਸਕਦੇ ।4ਇਸ ਪੀੜ੍ਹੀ ਦੇ ਬੁਰੇ ਅਤੇ ਹਰਾਮਕਾਰ ਲੋਕ ਨਿਸ਼ਾਨ ਚਾਹੁੰਦੇ ਹਨ, ਪਰ ਯੂਨਾਹ ਦੇ ਨਿਸ਼ਾਨ ਬਿਨ੍ਹਾਂ ਉਨ੍ਹਾਂ ਨੂੰ ਹੋਰ ਕੋਈ ਨਿਸ਼ਾਨ ਨਾ ਦਿੱਤਾ ਜਾਵੇਗਾ ਅਤੇ ਉਹ ਉਨ੍ਹਾਂ ਨੂੰ ਛੱਡ ਕੇ ਚੱਲਿਆ ਗਿਆ ।
ਫ਼ਰੀਸੀਆਂ ਅਤੇ ਸਦੂਕੀਆਂ ਦੀ ਸਿੱਖਿਆ ਦਾ ਖ਼ਮੀਰ
(ਮਰਕੁਸ 8:14-21)

5ਚੇਲੇ ਪਾਰ ਪਹੁੰਚੇ ਪਰ ਰੋਟੀ ਲੈਣੀ ਭੁੱਲ ਗਏ ਸਨ ।6ਤਦ ਯਿਸੂ ਨੇ ਉਨ੍ਹਾਂ ਨੂੰ ਆਖਿਆ, ਖ਼ਬਰਦਾਰ, ਫ਼ਰੀਸੀਆਂ ਅਤੇ ਸਦੂਕੀਆਂ ਦੇ ਖ਼ਮੀਰ ਤੋਂ ਬਚੋ ।7ਅਤੇ ਉਹ ਆਪਸ ਵਿੱਚ ਵਿਚਾਰ ਕਰ ਕੇ ਆਖਣ ਲੱਗੇ ਕਿ ਅਸੀਂ ਜੋ ਰੋਟੀ ਨਹੀਂ ਲਿਆਏ, ਇਸ ਲਈ ਉਹ ਅਜਿਹਾ ਆਖਦਾ ਹੈ ।8ਪਰ ਯਿਸੂ ਨੇ ਇਹ ਜਾਣ ਕੇ ਕਿਹਾ, ਹੇ ਥੋੜ੍ਹੇ ਵਿਸ਼ਵਾਸ ਵਾਲਿਓ ਤੁਸੀਂ ਆਪਸ ਵਿੱਚ ਕਿਉਂ ਵਿਚਾਰ ਕਰਦੇ ਹੋ ਜੋ ਸਾਡੇ ਕੋਲ ਰੋਟੀ ਨਹੀਂ ?
9ਭਲਾ, ਤੁਹਾਨੂੰ ਹੁਣ ਵੀ ਸਮਝ ਨਹੀਂ ਆਈ ਅਤੇ ਤੁਹਾਨੂੰ ਯਾਦ ਨਹੀਂ ਮੈਂ ਪੰਜ ਰੋਟੀਆਂ ਨਾਲ ਪੰਜ ਹਜ਼ਾਰ ਲੋਕਾਂ ਦੀ ਭੁੱਖ ਮਿਟਾਈ ਸੀ ਅਤੇ ਤੁਸੀਂ ਬਚੇ ਹੋਏ ਭੋਜਨ ਨਾਲ ਭਰੀਆਂ ਕਿੰਨੀਆਂ ਟੋਕਰੀਆਂ ਚੁੱਕੀਆਂ ਸਨ ?10ਅਤੇ ਕੀ ਤੁਹਾਨੂੰ ਯਾਦ ਨਹੀਂ ਮੈਂ ਸੱਤ ਰੋਟੀਆਂ ਨਾਲ ਚਾਰ ਹਜ਼ਾਰ ਲੋਕਾਂ ਦੀ ਭੁੱਖ ਮਿਟਾਈ ਸੀ, ਅਤੇ ਤੁਸੀਂ ਬਚੇ ਹੋਏ ਭੋਜਨ ਨਾਲ ਭਰੀਆਂ ਕਿੰਨੀਆਂ ਟੋਕਰੀਆਂ ਚੁੱਕੀਆਂ ਸਨ ?
11ਤੁਸੀਂ ਕਿਉਂ ਨਹੀਂ ਸਮਝਦੇ ਕਿ ਮੈਂ ਤੁਹਾਨੂੰ ਰੋਟੀਆਂ ਦੀ ਗੱਲ ਨਹੀਂ ਆਖੀ ਪਰ ਇਹ ਕਿ ਫ਼ਰੀਸੀਆਂ ਅਤੇ ਸਦੂਕੀਆਂ ਦੇ ਖ਼ਮੀਰ ਤੋਂ ਬਚੋ ?12ਤਦ ਉਹ ਸਮਝੇ ਕਿ ਉਸ ਨੇ ਰੋਟੀ ਦੇ ਖ਼ਮੀਰ ਤੋਂ ਨਹੀਂ ਸਗੋਂ ਫ਼ਰੀਸੀਆਂ ਅਤੇ ਸਦੂਕੀਆਂ ਦੀ ਸਿੱਖਿਆ ਤੋਂ ਹੁਸ਼ਿਆਰ ਰਹਿਣ ਨੂੰ ਆਖਿਆ ਸੀ ।
ਪਤਰਸ ਕਬੂਲ ਕਰਦਾ ਹੈ ਕਿ ਯਿਸੂ ਹੀ “ਮਸੀਹ” ਹੈ
(ਮਰਕੁਸ 8:27-30, ਲੂਕਾ 9:18-21)

13ਯਿਸੂ ਨੇ ਕੈਸਰਿਯਾ ਫ਼ਿਲਿੱਪੀ ਦੇ ਇਲਾਕੇ ਵਿੱਚ ਆ ਕੇ ਆਪਣੇ ਚੇਲਿਆਂ ਨੂੰ ਇਹ ਪੁੱਛਿਆ ਜੋ ਲੋਕ ਮਨੁੱਖ ਦੇ ਪੁੱਤਰ ਨੂੰ ਕੀ ਆਖਦੇ ਹਨ ?14ਉਹ ਬੋਲੇ, ਕਈ ਤਾਂ ਯੂਹੰਨਾ ਬਪਤਿਸਮਾ ਦੇਣ ਵਾਲਾ ਕਹਿੰਦੇ ਹਨ ਅਤੇ ਕਈ ਏਲੀਯਾਹ ਅਤੇ ਕਈ ਯਿਰਮਿਯਾਹ ਜਾਂ ਨਬੀਆਂ ਵਿੱਚੋਂ ਕੋਈ ।15ਉਸ ਨੇ ਉਨ੍ਹਾਂ ਨੂੰ ਕਿਹਾ, ਪਰ ਤੁਸੀਂ ਮੈਨੂੰ ਕੀ ਕਹਿੰਦੇ ਹੋ ਜੋ ਮੈਂ ਕੌਣ ਹਾਂ ?16ਸ਼ਮਊਨ ਪਤਰਸ ਨੇ ਉੱਤਰ ਦਿੱਤਾ, ਤੂੰ ਮਸੀਹ ਜਿਉਂਦੇ ਪਰਮੇਸ਼ੁਰ ਦਾ ਪੁੱਤਰ ਹੈਂ ।
17ਯਿਸੂ ਨੇ ਉਹ ਨੂੰ ਉੱਤਰ ਦਿੱਤਾ, ਧੰਨ ਹੈ ਤੂੰ ਸ਼ਮਊਨ, ਯੋਨਾਹ ਦੇ ਪੁੱਤਰ, ਕਿਉਂ ਜੋ ਸਰੀਰ ਅਤੇ ਲਹੂ ਨੇ ਨਹੀਂ ਸਗੋਂ ਮੇਰੇ ਪਿਤਾ ਨੇ ਜਿਹੜਾ ਸਵਰਗ ਵਿੱਚ ਹੈ, ਇਹ ਗੱਲ ਤੇਰੇ ਉੱਤੇ ਪ੍ਰਗਟ ਕੀਤੀ ।18ਅਤੇ ਮੈਂ ਵੀ ਤੈਨੂੰ ਆਖਦਾ ਹਾਂ ਜੋ ਤੂੰ ਪਤਰਸ ਹੈਂ ਅਤੇ ਮੈਂ ਇਸ ਪੱਥਰ ਉੱਤੇ ਆਪਣੀ ਕਲੀਸਿਯਾ ਬਣਾਵਾਂਗਾ ਅਤੇ ਪਤਾਲ ਦੇ ਫਾਟਕਾਂ ਦਾ ਉਹ ਦੇ ਉੱਤੇ ਕੁੱਝ ਵੱਸ ਨਾ ਚੱਲੇਗਾ ।
19ਮੈਂ ਸਵਰਗ ਰਾਜ ਦੀਆਂ ਕੁੰਜੀਆਂ ਤੈਨੂੰ ਦਿਆਂਗਾ ਅਤੇ ਜੋ ਕੁੱਝ ਤੂੰ ਧਰਤੀ ਉੱਤੇ ਬੰਨ੍ਹੇਗਾ ਸਵਰਗ ਵਿੱਚ ਬੰਨ੍ਹਿਆ ਜਾਵੇਗਾ ਅਤੇ ਜੋ ਕੁੱਝ ਤੂੰ ਧਰਤੀ ਉੱਤੇ ਖੋਲ੍ਹੇਗਾ ਸਵਰਗ ਵਿੱਚ ਖੋਲ੍ਹਿਆ ਜਾਵੇਗਾ ।20ਤਦ ਉਹ ਨੇ ਚੇਲਿਆਂ ਨੂੰ ਆਗਿਆ ਦਿੱਤੀ ਕਿ ਕਿਸੇ ਨੂੰ ਨਾ ਦੱਸਣ, ਜੋ ਮੈਂ ਮਸੀਹ ਹਾਂ ।
ਆਪਣੀ ਮੌਤ ਦੇ ਬਾਰੇ ਯਿਸੂ ਦੀ ਭਵਿੱਖਬਾਣੀ
(ਮਰਕੁਸ 8:31-33, ਲੂਕਾ 9:22)

21ਉਸ ਵੇਲੇ ਤੋਂ ਯਿਸੂ ਆਪਣੇ ਚੇਲਿਆਂ ਨੂੰ ਖੁੱਲ੍ਹ ਕੇ ਦੱਸਣ ਲੱਗਾ, ਇਹ ਜ਼ਰੂਰੀ ਹੈ ਜੋ ਮੈਂ ਯਰੂਸ਼ਲਮ ਨੂੰ ਜਾਂਵਾਂ ਅਤੇ ਬਜ਼ੁਰਗਾਂ, ਮੁੱਖ ਜਾਜਕਾਂ ਅਤੇ ਉਪਦੇਸ਼ਕਾਂ ਦੇ ਹੱਥੋਂ ਬਹੁਤ ਦੁੱਖ ਝੱਲਾਂ ਅਤੇ ਮਾਰ ਦਿੱਤਾ ਜਾਂਵਾਂ ਅਤੇ ਤੀਜੇ ਦਿਨ ਜੀ ਉੱਠਾਂ ।22ਤਦ ਪਤਰਸ ਨੇ ਉਹ ਨੂੰ ਇੱਕ ਪਾਸੇ ਕਰ ਕੇ ਕਿਹਾ, ਪ੍ਰਭੂ ਜੀ, ਪਰਮੇਸ਼ੁਰ ਇਹ ਨਾ ਕਰੇ ! ਤੇਰੇ ਲਈ ਇਹ ਕਦੇ ਨਾ ਹੋਵੇਗਾ !23ਪਰ ਉਹ ਨੇ ਮੁੜ ਕੇ ਪਤਰਸ ਨੂੰ ਆਖਿਆ, ਹੇ ਸ਼ੈਤਾਨ ਮੇਰੇ ਤੋਂ ਪਿੱਛੇ ਹੱਟ ! ਤੂੰ ਮੇਰੇ ਲਈ ਠੋਕਰ ਹੈਂ ਕਿਉਂ ਜੋ ਤੂੰ ਪਰਮੇਸ਼ੁਰ ਦੀਆਂ ਨਹੀਂ, ਪਰ ਮਨੁੱਖਾਂ ਦੀਆਂ ਗੱਲਾਂ ਉੱਤੇ ਧਿਆਨ ਰੱਖਦਾ ਹੈਂ ।
ਯਿਸੂ ਦੇ ਪਿੱਛੇ ਚੱਲਣ ਦਾ ਅਰਥ
(ਮਰਕੁਸ 8:34-9:1, ਲੂਕਾ 9:23-27)

24ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਉਹ ਆਪਣੇ ਆਪ ਦਾ ਇਨਕਾਰ ਕਰੇ ਅਤੇ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ ।25ਕਿਉਂਕਿ ਜਿਹੜਾ ਆਪਣੀ ਜਾਨ ਬਚਾਉਣੀ ਚਾਹੇ, ਉਹ ਉਸ ਨੂੰ ਗੁਆ ਦੇਵੇਗਾ ਪਰ ਜਿਹੜਾ ਮੇਰੇ ਲਈ ਆਪਣੀ ਜਾਨ ਗੁਆਏ ਉਹ ਉਸ ਨੂੰ ਲੱਭ ਲਵੇਗਾ ।26ਕਿਉਂਕਿ ਮਨੁੱਖ ਨੂੰ ਕੀ ਲਾਭ ਜੇ ਸਾਰੀ ਦੁਨੀਆਂ ਨੂੰ ਜਿੱਤ ਲਵੇ, ਪਰ ਆਪਣੀ ਜਾਨ ਨੂੰ ਗੁਆ ਲਵੇ ? ਅਥਵਾ ਮਨੁੱਖ ਆਪਣੀ ਜਾਨ ਦੇ ਬਦਲੇ ਕੀ ਦੇਵੇਗਾ ?
27ਕਿਉਂ ਜੋ ਮਨੁੱਖ ਦਾ ਪੁੱਤਰ ਆਪਣੇ ਦੂਤਾਂ ਸਮੇਤ ਆਪਣੇ ਪਿਤਾ ਦੀ ਮਹਿਮਾ ਨਾਲ ਮੁੜ ਆਵੇਗਾ ਅਤੇ ਉਸ ਸਮੇਂ ਉਹ ਹਰੇਕ ਨੂੰ ਉਹ ਦੀ ਕਰਨੀ ਦਾ ਫਲ ਦੇਵੇਗਾ ।28ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜੋ ਕਈ ਇਹਨਾਂ ਵਿੱਚੋਂ ਜਿਹੜੇ ਐਥੇ ਖੜ੍ਹੇ ਹਨ, ਮੌਤ ਦਾ ਸੁਆਦ ਨਾ ਚੱਖਣਗੇ ਜਦ ਤੱਕ ਮਨੁੱਖ ਦੇ ਪੁੱਤਰ ਨੂੰ ਆਪਣੇ ਰਾਜ ਵਿੱਚ ਆਉਂਦਾ ਨਾ ਵੇਖਣ ।

17
ਯਿਸੂ ਦੇ ਰੂਪ ਦਾ ਜਲਾਲੀ ਹੋ ਜਾਣਾ
(ਮਰਕੁਸ 9:2-13, ਲੂਕਾ 9:28-36)

1ਯਿਸੂ ਛੇ ਦਿਨਾਂ ਤੋਂ ਬਾਅਦ ਪਤਰਸ, ਯਾਕੂਬ ਅਤੇ ਉਹ ਦੇ ਭਰਾ ਯੂਹੰਨਾ ਨੂੰ ਇੱਕ ਉੱਚੇ ਪਹਾੜ ਉੱਤੇ ਵੱਖਰਾ ਲੈ ਗਿਆ ।2ਅਤੇ ਉਹ ਦਾ ਰੂਪ ਉਨ੍ਹਾਂ ਦੇ ਸਾਹਮਣੇ ਬਦਲ ਗਿਆ । ਉਹ ਦਾ ਚਿਹਰਾ ਸੂਰਜ ਵਾਂਗੂੰ ਚਮਕਿਆ ਅਤੇ ਉਹ ਦੇ ਕੱਪੜੇ ਚਾਨਣ ਜਿਹੇ ਚਿੱਟੇ ਹੋ ਗਏ ।

3ਅਤੇ ਵੇਖੋ ਜੋ ਮੂਸਾ ਅਤੇ ਏਲੀਯਾਹ ਉਸ ਨਾਲ ਗੱਲਾਂ ਕਰਦੇ ਉਨ੍ਹਾਂ ਨੂੰ ਦਿਖਾਈ ਦਿੱਤੇ ।4ਤਦ ਪਤਰਸ ਨੇ ਅੱਗੋਂ ਯਿਸੂ ਨੂੰ ਆਖਿਆ, ਪ੍ਰਭੂ ਜੀ ਸਾਡਾ ਇੱਥੇ ਰਹਿਣਾ ਚੰਗਾ ਹੈ । ਜੇ ਤੂੰ ਚਾਹੇਂ ਤਾਂ ਇੱਥੇ ਤਿੰਨ ਡੇਰੇ ਬਣਾਵਾਂ, ਇੱਕ ਤੇਰੇ ਲਈ, ਇੱਕ ਮੂਸਾ ਲਈ ਅਤੇ ਇੱਕ ਏਲੀਯਾਹ ਲਈ ।
5ਉਹ ਬੋਲ ਹੀ ਰਿਹਾ ਸੀ ਕਿ ਵੇਖੋ ਇੱਕ ਚਮਕਦੇ ਬੱਦਲ ਨੇ ਉਨ੍ਹਾਂ ਉੱਤੇ ਛਾਂ ਕੀਤੀ ਅਤੇ ਵੇਖੋ ਉਸ ਬੱਦਲ ਵਿੱਚੋਂ ਇੱਕ ਅਵਾਜ਼ ਇਹ ਕਹਿੰਦੀ ਆਈ, ਇਹ ਮੇਰਾ ਪਿਆਰਾ ਪੁੱਤਰ ਹੈ, ਜਿਸ ਤੋਂ ਮੈਂ ਪ੍ਰਸੰਨ ਹਾਂ । ਉਹ ਦੀ ਸੁਣੋ !6ਅਤੇ ਚੇਲੇ ਇਹ ਸੁਣ ਕੇ ਮੂੰਹ ਦੇ ਭਾਰ ਡਿੱਗ ਪਏ ਅਤੇ ਬਹੁਤ ਡਰ ਗਏ ।7ਪਰ ਯਿਸੂ ਨੇ ਨੇੜੇ ਆ ਕੇ ਉਨ੍ਹਾਂ ਨੂੰ ਛੂਹਿਆ ਅਤੇ ਕਿਹਾ, ਉੱਠੋ ਅਤੇ ਨਾ ਡਰੋ ।8ਤਦ ਉਨ੍ਹਾਂ ਨੇ ਆਪਣੀਆਂ ਅੱਖੀਆਂ ਚੁੱਕ ਕੇ ਹੋਰ ਕਿਸੇ ਨੂੰ ਨਹੀਂ ਪਰ ਇਕੱਲੇ ਯਿਸੂ ਨੂੰ ਦੇਖਿਆ ।

9ਜਦੋਂ ਉਹ ਪਹਾੜ ਤੋਂ ਉਤਰ ਰਹੇ ਸਨ ਤਾਂ ਯਿਸੂ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਜਦ ਤੱਕ ਮਨੁੱਖ ਦਾ ਪੁੱਤਰ ਮੁਰਦਿਆਂ ਵਿੱਚੋਂ ਨਾ ਜੀ ਉੱਠੇ, ਇਸ ਦਰਸ਼ਣ ਦੀ ਗੱਲ ਕਿਸੇ ਨੂੰ ਨਾ ਦੱਸਿਓ ।10ਤਦ ਉਹ ਦੇ ਚੇਲਿਆਂ ਨੇ ਉਸ ਨੂੰ ਪੁੱਛਿਆ, ਫੇਰ ਉਪਦੇਸ਼ਕ ਕਿਉਂ ਆਖਦੇ ਹਨ ਜੋ ਏਲੀਯਾਹ ਦਾ ਪਹਿਲਾਂ ਆਉਣਾ ਜ਼ਰੂਰੀ ਹੈ ?
11ਉਸ ਨੇ ਉੱਤਰ ਦਿੱਤਾ ਕਿ ਸੱਚ-ਮੁੱਚ ਏਲੀਯਾਹ ਠੀਕ ਪਹਿਲਾਂ ਆਉਂਦਾ ਹੈ ਅਤੇ ਸਭ ਕੁੱਝ ਬਹਾਲ ਕਰੇਗਾ ।12ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਏਲੀਯਾਹ ਤਾਂ ਆ ਚੁੱਕਿਆ ਅਤੇ ਉਨ੍ਹਾਂ ਨੇ ਉਸ ਨੂੰ ਨਾ ਪਛਾਣਿਆ ਪਰ ਜੋ ਕੁੱਝ ਉਨ੍ਹਾਂ ਨੇ ਚਾਹਿਆ ਸੋ ਉਸ ਨਾਲ ਕੀਤਾ । ਇਸੇ ਤਰ੍ਹਾਂ ਮਨੁੱਖ ਦਾ ਪੁੱਤਰ ਵੀ ਉਨ੍ਹਾਂ ਦੇ ਹੱਥੋਂ ਦੁੱਖ ਪਾਵੇਗਾ ।13ਤਦ ਚੇਲਿਆਂ ਨੇ ਸਮਝਿਆ ਜੋ ਉਹ ਨੇ ਸਾਡੇ ਨਾਲ ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਗੱਲ ਕੀਤੀ ਹੈ ।
ਦੁਸ਼ਟ-ਆਤਮਾ ਦੇ ਜਕੜੇ ਹੋਏ ਬਾਲਕ ਨੂੰ ਚੰਗਾ ਕਰਨਾ
(ਮਰਕੁਸ 9:14-29, ਲੂਕਾ 9:37-43)

14ਜਦ ਉਹ ਭੀੜ ਦੇ ਕੋਲ ਪਹੁੰਚੇ, ਤਦ ਇੱਕ ਮਨੁੱਖ ਉਹ ਦੇ ਕੋਲ ਆਇਆ ਅਤੇ ਉਹ ਦੇ ਅੱਗੇ ਗੋਡੇ ਨਿਵਾ ਕੇ ਬੋਲਿਆ,15ਪ੍ਰਭੂ ਜੀ ਮੇਰੇ ਪੁੱਤਰ ਉੱਤੇ ਦਯਾ ਕਰੋ ! ਕਿਉਂ ਜੋ ਉਹ ਮਿਰਗੀ ਦੀ ਬਿਮਾਰੀ ਕਾਰਨ ਬਹੁਤ ਦੁੱਖੀ ਹੈ, ਉਹ ਤਾਂ ਬਹੁਤ ਵਾਰੀ ਅੱਗ ਅਤੇ ਪਾਣੀ ਵਿੱਚ ਡਿੱਗ ਪੈਂਦਾ ਹੈ ।16ਅਤੇ ਮੈਂ ਉਸ ਨੂੰ ਤੁਹਾਡੇ ਚੇਲਿਆਂ ਕੋਲ ਲਿਆਇਆ ਸੀ, ਪਰ ਉਹ ਉਸ ਨੂੰ ਚੰਗਾ ਨਾ ਕਰ ਸਕੇ ।
17ਤਦ ਯਿਸੂ ਨੇ ਉੱਤਰ ਦਿੱਤਾ, ਹੇ ਅਵਿਸ਼ਵਾਸੀ ਅਤੇ ਬੁਰੀ ਪੀੜ੍ਹੀ ਕਦੋਂ ਤੱਕ ਮੈਂ ਤੁਹਾਡੇ ਨਾਲ ਰਹਾਂਗਾ ? ਕਦੋਂ ਤੱਕ ਤੁਹਾਡੀ ਸਹਾਂਗਾ ? ਉਹ ਨੂੰ ਇੱਥੇ ਮੇਰੇ ਕੋਲ ਲਿਆਓ ।18ਯਿਸੂ ਨੇ ਉਹ ਨੂੰ ਝਿੜਕਿਆ ਅਤੇ ਭੂਤ ਉਸ ਵਿੱਚੋਂ ਨਿੱਕਲ ਗਿਆ ਅਤੇ ਮੁੰਡਾ ਉਸੇ ਵੇਲੇ ਚੰਗਾ ਹੋ ਗਿਆ ।
19ਤਦ ਚੇਲਿਆਂ ਨੇ ਇਕਾਂਤ ਵਿੱਚ ਯਿਸੂ ਦੇ ਕੋਲ ਆ ਕੇ ਆਖਿਆ ਕਿ ਅਸੀਂ ਉਹ ਨੂੰ ਕਿਉਂ ਨਾ ਕੱਢ ਸਕੇ ?20ਉਸ ਨੇ ਉਨ੍ਹਾਂ ਨੂੰ ਕਿਹਾ, ਆਪਣੀ ਥੋੜ੍ਹੇ ਵਿਸ਼ਵਾਸ ਦੇ ਕਾਰਨ ਕਿਉਂ ਜੋ ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜੇ ਤੁਹਾਡੇ ਵਿੱਚ ਇੱਕ ਰਾਈ ਦੇ ਦਾਣੇ ਸਮਾਨ ਵਿਸ਼ਵਾਸ ਹੋਵੇ ਤਾਂ ਤੁਸੀਂ ਇਸ ਪਹਾੜ ਨੂੰ ਕਹੋਗੇ, ਜੋ ਇੱਥੋਂ ਹੱਟ ਕੇ ਉਸ ਥਾਂ ਚੱਲਿਆ ਜਾ ਅਤੇ ਉਹ ਚੱਲਿਆ ਜਾਵੇਗਾ ਅਤੇ ਤੁਹਾਡੇ ਲਈ ਕੋਈ ਵੀ ਕੰਮ ਮੁਸ਼ਕਿਲ ਨਾ ਹੋਵੇਗਾ ।21ਪਰ ਇਹ ਜਾਤੀ ਵਰਤ ਅਤੇ ਪ੍ਰਾਰਥਨਾ ਤੋਂ ਬਿਨ੍ਹਾਂ ਨਹੀਂ ਨਿੱਕਲਦੀ ।
ਦੂਸਰੀ ਵਾਰ ਯਿਸੂ ਦੀ ਆਪਣੀ ਮੌਤ ਦੇ ਬਾਰੇ ਭਵਿੱਖਬਾਣੀ
(ਮਰਕੁਸ 9:30-32, ਲੂਕਾ 9:43-45)

22ਜਦ ਉਹ ਗਲੀਲ ਵਿੱਚ ਇਕੱਠੇ ਹੋਏ, ਯਿਸੂ ਨੇ ਉਨ੍ਹਾਂ ਨੂੰ ਕਿਹਾ ਮਨੁੱਖ ਦਾ ਪੁੱਤਰ ਮਨੁੱਖਾਂ ਦੇ ਹੱਥੀਂ ਫੜਵਾਇਆ ਜਾਵੇਗਾ ।23ਅਤੇ ਉਹ ਉਸ ਨੂੰ ਮਾਰ ਸੁੱਟਣਗੇ ਅਤੇ ਉਹ ਤੀਜੇ ਦਿਨ ਜੀ ਉੱਠੇਗਾ । ਤਦ ਉਹ ਬਹੁਤ ਉਦਾਸ ਹੋਏ ।
ਹੈਕਲ ਦਾ ਕਰ

24ਜਦੋਂ ਉਹ ਕਫ਼ਰਨਾਹੂਮ ਵਿੱਚ ਆਏ ਤਾਂ ਹੈਕਲ ਦੀ ਚੁੰਗੀ ਉਗਰਾਹੁਣ ਵਾਲਿਆਂ ਨੇ ਪਤਰਸ ਦੇ ਕੋਲ ਆ ਕੇ ਕਿਹਾ, ਕੀ ਤੁਹਾਡਾ ਗੁਰੂ ਚੁੰਗੀ ਨਹੀਂ ਦਿੰਦਾ ਹੈ ? ਉਹ ਨੇ ਕਿਹਾ, ਹਾਂ ਦਿੰਦਾ ਹੈ ।25ਜਦ ਉਹ ਘਰ ਵਿੱਚ ਆਇਆ ਤਦ ਯਿਸੂ ਨੇ ਅੱਗੋਂ ਹੀ ਉਸ ਨੂੰ ਕਿਹਾ, ਸ਼ਮਊਨ ਤੂੰ ਕੀ ਸਮਝਦਾ ਹੈਂ ਜੋ ਧਰਤੀ ਦੇ ਰਾਜੇ ਕਿਸ ਤੋਂ ਕਰ ਜਾਂ ਮਸੂਲ ਲੈਂਦੇ ਹਨ, ਆਪਣੇ ਪੁੱਤਰਾਂ ਤੋਂ ਜਾਂ ਪਰਾਇਆਂ ਤੋਂ ?
26ਤਦ ਉਹ ਬੋਲਿਆ, ਪਰਾਇਆਂ ਤੋਂ, ਤਦ ਯਿਸੂ ਨੇ ਉਹ ਨੂੰ ਆਖਿਆ, ਫੇਰ ਪੁੱਤਰ ਤਾਂ ਮਾਫ਼ ਹੋਏ ।27ਪਰ ਇਸ ਲਈ ਜੋ ਅਸੀਂ ਉਨ੍ਹਾਂ ਲਈ ਠੋਕਰ ਦਾ ਕਾਰਨ ਨਾ ਬਣੀਏ, ਤੂੰ ਜਾ ਕੇ ਝੀਲ ਵਿੱਚ ਕੁੰਡੀ ਸੁੱਟ ਅਤੇ ਜੋ ਮੱਛੀ ਪਹਿਲਾਂ ਨਿੱਕਲੇ ਉਹ ਨੂੰ ਚੁੱਕ ਅਤੇ ਤੂੰ ਉਹ ਦਾ ਮੂੰਹ ਖੋਲ੍ਹ ਕੇ ਇੱਕ ਸਿੱਕਾ ਪਾਏਂਗਾ, ਸੋ ਉਹ ਨੂੰ ਲੈ ਕੇ ਮੇਰੇ ਅਤੇ ਆਪਣੇ ਬਦਲੇ ਉਨ੍ਹਾਂ ਨੂੰ ਦੇ ਦੇਵੀਂ ।

18
ਸਵਰਗ ਰਾਜ ਵਿੱਚ ਵੱਡਾ ਕੌਣ ?
(ਮਰਕੁਸ 9:33-37, ਲੂਕਾ 9:46-48)

1ਉਸੇ ਵੇਲੇ ਚੇਲੇ ਯਿਸੂ ਕੋਲ ਆਣ ਕੇ ਪੁੱਛਣ ਲੱਗੇ, ਸਵਰਗ ਰਾਜ ਵਿੱਚ ਵੱਡਾ ਕੌਣ ਹੈ ?2ਤਦ ਉਸ ਨੇ ਇੱਕ ਛੋਟੇ ਬਾਲਕ ਨੂੰ ਕੋਲ ਸੱਦ ਕੇ, ਉਸ ਨੂੰ ਉਨ੍ਹਾਂ ਦੇ ਵਿਚਕਾਰ ਖੜ੍ਹਾ ਕੀਤਾ3ਅਤੇ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜੇ ਤੁਸੀਂ ਨਾ ਮੁੜੋ ਅਤੇ ਛੋਟੇ ਬੱਚਿਆਂ ਦੀ ਤਰ੍ਹਾਂ ਨਾ ਬਣੋ ਤਾਂ ਸਵਰਗ ਰਾਜ ਵਿੱਚ ਕਦੀ ਨਾ ਵੜੋਂਗੇ ।

4ਉਪਰੰਤ ਜੋ ਕੋਈ ਵੀ ਆਪਣੇ ਆਪ ਨੂੰ ਇਸ ਬਾਲਕ ਦੀ ਤਰ੍ਹਾਂ ਛੋਟਾ ਸਮਝੇ, ਉਹ ਸਵਰਗ ਰਾਜ ਵਿੱਚ ਵੱਡਾ ਹੈ ।5ਅਤੇ ਜੋ ਕੋਈ ਮੇਰੇ ਨਾਮ ਵਿੱਚ ਅਜਿਹੇ ਇੱਕ ਬਾਲਕ ਨੂੰ ਕਬੂਲ ਕਰੇ, ਉਹ ਮੈਨੂੰ ਕਬੂਲ ਕਰਦਾ ਹੈ ।
ਠੋਕਰ ਖੁਆਉਣਾ
(ਮਰਕੁਸ 9:42-48, ਲੂਕਾ 17:1, 2)

6ਪਰ ਜੋ ਕੋਈ ਇਨ੍ਹਾਂ ਛੋਟਿਆਂ ਵਿੱਚੋਂ ਜਿਹੜੇ ਮੇਰੇ ਉੱਤੇ ਵਿਸ਼ਵਾਸ ਕਰਦੇ ਹਨ, ਇੱਕ ਨੂੰ ਵੀ ਠੋਕਰ ਖੁਆਵੇ ਤਾਂ ਚੰਗਾ ਹੁੰਦਾ ਕਿ ਉਸ ਦੇ ਗਲ਼ ਵਿੱਚ ਚੱਕੀ ਦਾ ਪੁੜ ਪਾ ਕੇ ਸਮੁੰਦਰ ਦੀ ਗਹਿਰਾਈ ਵਿੱਚ ਡੋਬਿਆ ਜਾਂਦਾ ।
7ਠੋਕਰਾਂ ਦੇ ਕਾਰਨ ਸੰਸਾਰ ਉੱਤੇ ਹਾਏ ! ਕਿਉਂ ਜੋ ਠੋਕਰਾਂ ਦਾ ਲੱਗਣਾ ਤਾਂ ਜ਼ਰੂਰੀ ਹੈ, ਪਰ ਹਾਏ ਉਸ ਮਨੁੱਖ ਉੱਤੇ ਜਿਸ ਕਰਕੇ ਠੋਕਰ ਲੱਗਦੀ ਹੈ !8ਪਰ ਜੇ ਤੇਰਾ ਹੱਥ ਜਾਂ ਤੇਰਾ ਪੈਰ ਤੈਨੂੰ ਠੋਕਰ ਖੁਆਵੇ, ਤਾਂ ਉਹ ਨੂੰ ਵੱਢ ਕੇ ਸੁੱਟ ਦੇ । ਟੁੰਡਾ ਜਾਂ ਲੰਗੜਾ ਹੋ ਕੇ ਸਦੀਪਕ ਜੀਵਨ ਵਿੱਚ ਵੜਨਾ ਤੇਰੇ ਲਈ ਇਸ ਨਾਲੋਂ ਭਲਾ ਹੈ, ਜੋ ਦੋ ਹੱਥ ਜਾਂ ਦੋ ਪੈਰ ਹੁੰਦਿਆਂ ਤੂੰ ਸਦੀਪਕ ਅੱਗ ਵਿੱਚ ਸੁੱਟਿਆ ਜਾਵੇਂ ।
9ਅਤੇ ਜੇ ਤੇਰੀ ਅੱਖ ਤੈਨੂੰ ਠੋਕਰ ਖੁਆਵੇ ਤਾਂ ਉਹ ਨੂੰ ਕੱਢ ਕੇ ਸੁੱਟ ਦੇ । ਕਾਣਾ ਹੋ ਕੇ ਸਦੀਪਕ ਜੀਵਨ ਵਿੱਚ ਵੜਨਾ ਤੇਰੇ ਲਈ ਇਸ ਨਾਲੋਂ ਭਲਾ ਹੈ, ਜੋ ਦੋ ਅੱਖਾਂ ਹੁੰਦਿਆਂ ਤੂੰ ਨਰਕ ਦੀ ਅੱਗ ਵਿੱਚ ਸੁੱਟਿਆ ਜਾਵੇਂ ।
ਗੁਆਚੀ ਹੋਈ ਭੇਡ ਦਾ ਦ੍ਰਿਸ਼ਟਾਂਤ
(ਲੂਕਾ 15:3-7)

10ਵੇਖੋ, ਤੁਸੀਂ ਇਨ੍ਹਾਂ ਛੋਟੇ ਬੱਚਿਆਂ ਵਿੱਚੋਂ ਕਿਸੇ ਨੂੰ ਤੁਛ ਨਾ ਜਾਣੋ, ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਕਿ ਸਵਰਗ ਵਿੱਚ ਉਨ੍ਹਾਂ ਦੇ ਦੂਤ ਮੇਰੇ ਪਿਤਾ ਦਾ ਜਿਹੜਾ ਸਵਰਗ ਵਿੱਚ ਹੈ ਮੂੰਹ ਸਦਾ ਵੇਖਦੇ ਹਨ ।11ਕਿਉਂਕਿ ਮਨੁੱਖ ਦਾ ਪੁੱਤਰ ਗੁਆਚੇ ਹੋਇਆਂ ਨੂੰ ਬਚਾਉਣ ਆਇਆ ਹੈ ।
12ਤੁਸੀਂ ਕੀ ਸੋਚਦੇ ਹੋ ? ਜੇ ਕਿਸੇ ਮਨੁੱਖ ਕੋਲ ਸੌ ਭੇਡਾਂ ਹੋਣ ਅਤੇ ਉਨ੍ਹਾਂ ਵਿੱਚੋਂ ਇੱਕ ਗੁਆਚ ਜਾਵੇ, ਤਾਂ ਕੀ ਉਹ ਨੜਿੰਨਵਿਆਂ ਨੂੰ ਪਹਾੜ ਉੱਤੇ ਛੱਡ ਕੇ ਉਸ ਗੁਆਚੀ ਹੋਈ ਨੂੰ ਭਾਲਦਾ ਨਾ ਫਿਰੇਗਾ ?13ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜੇ ਅਜਿਹਾ ਹੋਵੇ ਜੋ ਉਹ ਨੂੰ ਮਿਲ ਜਾਵੇ ਤਾਂ ਉਹ ਉਸ ਦੇ ਕਾਰਨ ਉਨ੍ਹਾਂ ਨੜਿੰਨਵਿਆਂ ਨਾਲੋਂ ਜਿਹੜੀਆਂ ਗੁਆਚੀਆਂ ਨਹੀਂ ਸਨ, ਬਹੁਤ ਅਨੰਦ ਹੋਵੇਗਾ ।14ਇਸੇ ਤਰ੍ਹਾਂ ਤੁਹਾਡੇ ਪਿਤਾ ਦੀ ਜਿਹੜਾ ਸਵਰਗ ਵਿੱਚ ਹੈ, ਇਹ ਮਰਜ਼ੀ ਨਹੀਂ ਜੋ ਇਨ੍ਹਾਂ ਛੋਟਿਆਂ ਵਿੱਚੋਂ ਇੱਕ ਦਾ ਵੀ ਨਾਸ ਹੋ ਜਾਵੇ ।
ਅਪਰਾਧੀਆਂ ਦੇ ਪ੍ਰਤੀ ਵਿਵਹਾਰ

15ਜੇ ਤੇਰਾ ਭਰਾ ਪਾਪ ਕਰੇ ਤਾਂ ਉਸ ਨੂੰ ਇਕੱਲੇ ਵਿੱਚ ਸਮਝਾ, ਜੇ ਉਹ ਤੇਰੀ ਸੁਣੇ ਤਾਂ ਤੂੰ ਆਪਣੇ ਭਰਾ ਨੂੰ ਬਚਾ ਲਿਆ ।16ਪਰ ਜੇ ਨਾ ਸੁਣੇ ਤਾਂ ਤੂੰ ਆਪਣੇ ਨਾਲ ਇੱਕ ਜਾਂ ਦੋ ਲੋਕਾਂ ਨੂੰ ਹੋਰ ਲੈ ਤਾਂ ਜੋ ਹਰੇਕ ਗੱਲ ਦੋ ਜਾਂ ਤਿੰਨ ਗਵਾਹਾਂ ਦੇ ਮੂੰਹੋਂ ਸਾਬਤ ਹੋ ਜਾਵੇ ।
17ਅਤੇ ਜੇ ਉਹ ਉਨ੍ਹਾਂ ਦੀ ਵੀ ਨਾ ਸੁਣੇ ਤਾਂ ਕਲੀਸਿਯਾ ਨੂੰ ਦੱਸ ਦੇ । ਫੇਰ ਜੇ ਉਹ ਕਲੀਸਿਯਾ ਦੀ ਵੀ ਨਾ ਸੁਣੇ, ਤਾਂ ਉਹ ਤੇਰੇ ਲਈ ਪਰਾਈ ਕੌਮ ਵਾਲੇ ਅਤੇ ਚੁੰਗੀ ਲੈਣ ਵਾਲੇ ਵਰਗਾ ਹੋਵੇ ।
18ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜੋ ਕੁੱਝ ਤੁਸੀਂ ਧਰਤੀ ਉੱਤੇ ਬੰਨ੍ਹੋਗੇ ਸੋ ਸਵਰਗ ਵਿੱਚ ਬੰਨ੍ਹਿਆ ਜਾਵੇਗਾ ਅਤੇ ਜੋ ਕੁੱਝ ਤੁਸੀਂ ਧਰਤੀ ਉੱਤੇ ਖੋਲ੍ਹੋਗੇ ਸੋ ਸਵਰਗ ਵਿੱਚ ਖੋਲ੍ਹਿਆ ਜਾਵੇਗਾ ।19ਫੇਰ ਮੈਂ ਤੁਹਾਨੂੰ ਆਖਦਾ ਹਾਂ, ਜੇ ਤੁਹਾਡੇ ਵਿੱਚੋਂ ਦੋ ਜਣੇ ਧਰਤੀ ਉੱਤੇ ਕਿਸੇ ਕੰਮ ਲਈ ਮਿਲ ਕੇ ਬੇਨਤੀ ਕਰਨ ਤਾਂ ਮੇਰੇ ਪਿਤਾ ਵੱਲੋਂ ਜਿਹੜਾ ਸਵਰਗ ਵਿੱਚ ਹੈ ਉਹ ਬੇਨਤੀ ਪੂਰੀ ਹੋ ਜਾਵੇਗੀ ।20ਕਿਉਂਕਿ ਜਿੱਥੇ ਦੋ ਜਾਂ ਤਿੰਨ ਮੇਰੇ ਨਾਮ ਵਿੱਚ ਇਕੱਠੇ ਹੋਣ, ਉੱਥੇ ਮੈਂ ਉਨ੍ਹਾਂ ਦੇ ਵਿਚਕਾਰ ਹਾਂ ।
ਨਿਰਦਈ ਨੌਕਰ ਦਾ ਦ੍ਰਿਸ਼ਟਾਂਤ

21ਤਦ ਪਤਰਸ ਨੇ ਉਹ ਨੂੰ ਆਖਿਆ, ਪ੍ਰਭੂ ਜੀ, ਮੇਰਾ ਭਰਾ ਕਿੰਨੀ ਵਾਰੀ ਮੇਰੇ ਵਿਰੁੱਧ ਪਾਪ ਕਰਦਾ ਰਹੇ ਅਤੇ ਮੈਂ ਉਹ ਨੂੰ ਮਾਫ਼ ਕਰਾਂ ? ਕੀ ਸੱਤ ਵਾਰ ?22ਯਿਸੂ ਨੇ ਉਹ ਨੂੰ ਕਿਹਾ, ਮੈਂ ਤੈਨੂੰ ਇਹ ਨਹੀਂ ਕਹਿੰਦਾ ਕਿ ਸੱਤ ਵਾਰ ਪਰ ਸੱਤ ਦੇ ਸੱਤਰ ਗੁਣਾ ਤੱਕ ।
23ਇਸ ਲਈ ਸਵਰਗ ਰਾਜ ਇੱਕ ਰਾਜੇ ਵਰਗਾ ਹੈ ਜਿਸ ਨੇ ਆਪਣੇ ਨੌਕਰਾਂ ਤੋਂ ਲੇਖਾ ਲੈਣਾ ਚਾਹਿਆ ।24ਅਤੇ ਜਦ ਉਹ ਹਿਸਾਬ ਲੈਣ ਲੱਗਾ ਤਾਂ ਇੱਕ ਮਨੁੱਖ ਨੂੰ ਉਸ ਕੋਲ ਲਿਆਏ ਜਿਸ ਨੇ ਦਸ ਹਜ਼ਾਰ ਤੋੜੇ ਦਾ ਕਰਜ਼ਾ ਦੇਣਾ ਸੀ ।25ਪਰ ਉਹ ਦੇ ਕੋਲ ਦੇਣ ਨੂੰ ਕੁੱਝ ਨਹੀਂ ਸੀ, ਉਹ ਦੇ ਮਾਲਕ ਨੇ ਹੁਕਮ ਦਿੱਤਾ ਜੋ ਉਹ ਅਤੇ ਉਹ ਦੀ ਪਤਨੀ, ਬਾਲ ਬੱਚੇ ਅਤੇ ਸਭ ਕੁੱਝ ਜੋ ਉਹ ਦਾ ਹੈ ਵੇਚਿਆ ਜਾਵੇ ਅਤੇ ਕਰਜ਼ ਭਰ ਲਿਆ ਜਾਵੇ ।
26ਤਦ ਉਸ ਨੌਕਰ ਨੇ ਪੈਰਾਂ ਤੇ ਡਿੱਗ ਕੇ ਕਿਹਾ, ਸੁਆਮੀ ਜੀ, ਮੇਰੇ ਉੱਤੇ ਧੀਰਜ ਰੱਖੋ, ਮੈਂ ਤੁਹਾਡਾ ਸਾਰਾ ਕਰਜ਼ ਮੋੜ ਦਿਆਂਗਾ ।27ਤਦ ਉਸ ਨੌਕਰ ਦੇ ਮਾਲਕ ਨੇ, ਤਰਸ ਖਾ ਕੇ ਉਹ ਨੂੰ ਛੱਡ ਦਿੱਤਾ ਅਤੇ ਸਾਰਾ ਕਰਜ਼ ਉਹ ਨੂੰ ਮਾਫ਼ ਕਰ ਦਿੱਤਾ ।
28ਜਦੋਂ ਉਹ ਨੌਕਰ ਬਾਹਰ ਨਿੱਕਲਿਆ, ਤਦ ਉਹ ਨੂੰ ਆਪਣੇ ਨਾਲ ਦੇ ਨੌਕਰਾਂ ਵਿੱਚੋਂ ਇੱਕ ਮਿਲਿਆ ਜਿਸ ਤੋਂ ਉਹ ਨੇ ਸੋ ਦੀਨਾਰ (ਇੱਕ ਦੀਨਾਰ ਇੱਕ ਦਿਨ ਦੀ ਮਜ਼ਦੂਰੀ ਦੇ ਬਰਾਬਰ ) ਲੈਣੇ ਸਨ, ਉਸ ਨੇ ਉਹ ਨੂੰ ਗਲੇ ਤੋਂ ਫੜ੍ਹ ਕੇ ਆਖਿਆ, ਜੋ ਮੇਰਾ ਤੂੰ ਦੇਣਾ ਹੈ ਸੋ ਦੇ !29ਤਦ ਉਹ ਦੇ ਨਾਲ ਦਾ ਨੌਕਰ ਉਹ ਦੇ ਪੈਰੀਂ ਪਿਆ ਅਤੇ ਮਿੰਨਤ ਕਰ ਕੇ ਕਿਹਾ, ਮੇਰੇ ਉੱਤੇ ਧੀਰਜ ਕਰ ਤਾਂ ਮੈਂ ਤੇਰਾ ਕਰਜ਼ ਮੋੜ ਦਿਆਂਗਾ ।
30ਪਰ ਉਹ ਨੇ ਉਸ ਦੀ ਨਾ ਸੁਣੀ ਸਗੋਂ ਜਾ ਕੇ ਉਸ ਨੂੰ ਉਸ ਸਮੇਂ ਤੱਕ ਕੈਦ ਵਿੱਚ ਪਾ ਦਿੱਤਾ ਜਦੋਂ ਤੱਕ ਉਹ ਕਰਜ਼ ਨਾ ਮੋੜ ਦੇਵੇ ।31ਪਰ ਜਦੋਂ ਉਹ ਦੇ ਨਾਲ ਦੇ ਨੌਕਰਾਂ ਨੇ ਇਹ ਸਭ ਦੇਖਿਆ ਤਾਂ ਉਹ ਬਹੁਤ ਉਦਾਸ ਹੋਏ ਅਤੇ ਜਾ ਕੇ ਆਪਣੇ ਮਾਲਕ ਨੂੰ ਸਾਰਾ ਹਾਲ ਦੱਸ ਦਿੱਤਾ ।
32ਤਦ ਉਹ ਦੇ ਮਾਲਕ ਨੇ ਉਹ ਨੂੰ ਆਪਣੇ ਕੋਲ ਸੱਦ ਕੇ ਕਿਹਾ, ਓਏ ਦੁਸ਼ਟ ਨੌਕਰ ! ਮੈਂ ਤੈਨੂੰ ਉਹ ਸਾਰਾ ਕਰਜ਼ ਮਾਫ਼ ਕਰ ਦਿੱਤਾ ਕਿਉਂਕਿ ਤੂੰ ਮੇਰੀ ਮਿੰਨਤ ਕੀਤੀ ਸੀ ।33ਫੇਰ ਜਿਸ ਤਰ੍ਹਾਂ ਮੈਂ ਤੇਰੇ ਉੱਤੇ ਦਯਾ ਕੀਤੀ ਕੀ ਤੈਨੂੰ ਆਪਣੇ ਨਾਲ ਦੇ ਨੌਕਰ ਉੱਤੇ ਵੀ ਉਸੇ ਤਰ੍ਹਾਂ ਦਯਾ ਨਹੀਂ ਕਰਨੀ ਚਾਹੀਦੀ ਸੀ ?
34ਉਸ ਦੇ ਮਾਲਕ ਨੇ ਕ੍ਰੋਧੀ ਹੋ ਕੇ ਉਹ ਨੂੰ ਦੁੱਖ ਦੇਣ ਵਾਲਿਆਂ ਦੇ ਹਵਾਲੇ ਕੀਤਾ, ਜਿੰਨਾਂ ਚਿਰ ਉਹ ਸਾਰਾ ਕਰਜ਼ ਭਰ ਨਾ ਦੇਵੇ ?35ਇਸੇ ਤਰ੍ਹਾਂ ਮੇਰਾ ਸਵਰਗੀ ਪਿਤਾ ਵੀ ਤੁਹਾਡੇ ਨਾਲ ਕਰੇਗਾ ਜੇ ਤੁਸੀਂ ਆਪਣੇ ਭਰਾਵਾਂ ਨੂੰ ਦਿਲੋਂ ਮਾਫ਼ ਨਾ ਕਰੋ ।

19
ਤਲਾਕ ਦੇ ਬਾਰੇ ਯਿਸੂ ਦੀ ਸਿੱਖਿਆ
(ਮਰਕੁਸ 10:1-12)

1ਫਿਰ ਅਜਿਹਾ ਹੋਇਆ ਕਿ ਜਦੋਂ ਯਿਸੂ ਇਹ ਗੱਲਾਂ ਕਰ ਹਟਿਆ ਤਾਂ ਗਲੀਲ ਤੋਂ ਚੱਲਿਆ ਗਿਆ ਅਤੇ ਯਰਦਨ ਪਾਰ ਯਹੂਦਿਯਾ ਦੇ ਇਲਾਕੇ ਵਿੱਚ ਆਇਆ ।2ਅਤੇ ਬਹੁਤ ਸਾਰੇ ਲੋਕ ਉਹ ਦੇ ਮਗਰ ਤੁਰ ਪਏ, ਅਤੇ ਉਸ ਨੇ ਉੱਥੇ ਉਨ੍ਹਾਂ ਨੂੰ ਚੰਗਾ ਕੀਤਾ ।

3ਫ਼ਰੀਸੀ ਉਸ ਦੀ ਪ੍ਰੀਖਿਆ ਲੈਣ ਲਈ ਉਹ ਦੇ ਕੋਲ ਆ ਕੇ ਬੋਲੇ, ਕੀ ਮਨੁੱਖ ਨੂੰ ਇਹ ਯੋਗ ਹੈ ਕਿ ਉਹ ਕਿਸੇ ਗੱਲ ਕਾਰਨ ਆਪਣੀ ਪਤਨੀ ਨੂੰ ਤਲਾਕ ਦੇਵੇ ?4ਉਸ ਨੇ ਉੱਤਰ ਦਿੱਤਾ, ਕੀ ਤੁਸੀਂ ਇਹ ਨਹੀਂ ਪੜ੍ਹਿਆ ਕਿ ਜਿਸ ਨੇ ਉਨ੍ਹਾਂ ਨੂੰ ਬਣਾਇਆ ਉਹ ਨੇ ਮੁੱਢੋਂ ਉਨ੍ਹਾਂ ਨੂੰ ਨਰ ਅਤੇ ਨਾਰੀ ਬਣਾਇਆ ?
5ਅਤੇ ਕਿਹਾ ਜੋ ਇਸ ਲਈ ਆਦਮੀ ਆਪਣੇ ਮਾਪੇ ਛੱਡ ਕੇ ਆਪਣੀ ਪਤਨੀ ਨਾਲ ਮਿਲਿਆ ਰਹੇਗਾ ਅਤੇ ਉਹ ਦੋਵੇਂ ਇੱਕ ਸਰੀਰ ਹੋਣਗੇ ।6ਇਸ ਲਈ ਹੁਣ ਉਹ ਦੋ ਨਹੀਂ ਪਰ ਇੱਕ ਸਰੀਰ ਹਨ । ਸੋ ਜੋ ਕੁੱਝ ਪਰਮੇਸ਼ੁਰ ਨੇ ਜੋੜ ਦਿੱਤਾ ਹੈ, ਉਹ ਨੂੰ ਮਨੁੱਖ ਵੱਖ ਨਾ ਕਰੇ ।
7ਉਨ੍ਹਾਂ ਨੇ ਉਸ ਨੂੰ ਆਖਿਆ, ਫੇਰ ਮੂਸਾ ਨੇ ਤਿਆਗ ਪੱਤਰ ਰਾਹੀਂ ਤਲਾਕ ਦੇਣ ਦੀ ਆਗਿਆ ਕਿਉਂ ਦਿੱਤੀ ?8ਯਿਸੂ ਨੇ ਉੱਤਰ ਦਿੱਤਾ, ਮੂਸਾ ਨੇ ਤੁਹਾਡੀ ਸਖ਼ਤ ਦਿਲੀ ਕਰਕੇ ਤੁਹਾਨੂੰ ਆਪਣੀਆਂ ਪਤਨੀਆਂ ਨੂੰ ਤਿਆਗਣ ਦੀ ਪਰਵਾਨਗੀ ਦਿੱਤੀ ਪਰ ਮੁੱਢੋਂ ਅਜਿਹਾ ਨਾ ਸੀ ।9ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਜੇ ਕੋਈ ਹਰਾਮਕਾਰੀ ਤੋਂ ਇਲਾਵਾ ਆਪਣੀ ਪਤਨੀ ਨੂੰ ਕਿਸੇ ਹੋਰ ਕਾਰਨ ਤਿਆਗ ਦੇਵੇ ਅਤੇ ਦੂਜੀ ਨਾਲ ਵਿਆਹ ਕਰੇ ਉਹ ਵਿਭਚਾਰ ਕਰਦਾ ਹੈ।
10ਚੇਲਿਆਂ ਨੇ ਉਹ ਨੂੰ ਕਿਹਾ, ਜੇਕਰ ਆਦਮੀ ਅਤੇ ਔਰਤ ਵਿਚਕਾਰ ਇਹ ਹਾਲਾਤ ਹਨ, ਤਾਂ ਵਿਆਹ ਕਰਵਾਉਣਾ ਹੀ ਚੰਗਾ ਨਹੀਂ ।11ਪਰ ਉਸ ਨੇ ਉਨ੍ਹਾਂ ਨੂੰ ਆਖਿਆ, ਇਹ ਗੱਲ ਸਾਰਿਆਂ ਲਈ ਨਹੀਂ, ਸਿਰਫ਼ ਉਹਨਾਂ ਲਈ ਜਿਨ੍ਹਾਂ ਨੂੰ ਬਖ਼ਸ਼ਿਆ ਗਿਆ ਹੈ ।12ਕਿਉਂਕਿ ਅਜਿਹੇ ਖੁਸਰੇ ਹਨ, ਜਿਹੜੇ ਮਾਂ ਦੀ ਕੁੱਖੋਂ ਇਸੇ ਤਰ੍ਹਾਂ ਜੰਮੇ ਅਤੇ ਕੁੱਝ ਖੁਸਰੇ ਅਜਿਹੇ ਹਨ ਜਿਹੜੇ ਮਨੁੱਖਾਂ ਦੇ ਦੁਆਰਾ ਖੁਸਰੇ ਕੀਤੇ ਹੋਏ ਹਨ ਅਤੇ ਅਜਿਹੇ ਖੁਸਰੇ ਵੀ ਹਨ ਕਿ ਜਿਨ੍ਹਾਂ ਨੇ ਸਵਰਗ ਰਾਜ ਦੇ ਕਾਰਨ ਆਪਣੇ ਆਪ ਨੂੰ ਖੁਸਰੇ ਕੀਤਾ ਹੈ, ਜਿਹੜਾ ਕਬੂਲ ਕਰ ਸਕਦਾ ਹੈ ਉਹ ਕਬੂਲ ਕਰੇ ।
ਬਾਲਕਾਂ ਨੂੰ ਬਰਕਤ
(ਮਰਕੁਸ 10:13-16, ਲੂਕਾ 18:15-17)

13ਤਦ ਲੋਕ ਛੋਟੇ ਬੱਚਿਆਂ ਨੂੰ ਉਹ ਦੇ ਕੋਲ ਲਿਆਏ ਤਾਂ ਜੋ ਉਹ ਉਨ੍ਹਾਂ ਉੱਤੇ ਹੱਥ ਰੱਖ ਕੇ ਪ੍ਰਾਰਥਨਾ ਕਰੇ, ਪਰ ਚੇਲਿਆਂ ਨੇ ਉਨ੍ਹਾਂ ਨੂੰ ਝਿੜਕਿਆ ।14ਤਦ ਯਿਸੂ ਨੇ ਆਖਿਆ, ਬੱਚਿਆਂ ਨੂੰ ਕੁੱਝ ਨਾ ਆਖੋ ਅਤੇ ਉਨ੍ਹਾਂ ਨੂੰ ਮੇਰੇ ਕੋਲ ਆਉਣ ਤੋਂ ਨਾ ਰੋਕੋ ਕਿਉਂ ਜੋ ਸਵਰਗ ਰਾਜ ਇਹੋ ਜਿਹਿਆਂ ਦਾ ਹੈ ।15ਅਤੇ ਉਹ ਉਨ੍ਹਾਂ ਉੱਤੇ ਹੱਥ ਰੱਖ ਕੇ ਉੱਥੋਂ ਚੱਲਿਆ ਗਿਆ ।
ਧਨੀ ਮਨੁੱਖ ਅਤੇ ਸਦੀਪਕ ਜੀਵਨ
(ਮਰਕੁਸ 10:17-31, ਲੂਕਾ 18:18-30)

16ਤਾਂ ਵੇਖੋ ਇੱਕ ਮਨੁੱਖ ਨੇ ਉਹ ਦੇ ਕੋਲ ਆ ਕੇ ਕਿਹਾ, ਗੁਰੂ ਜੀ ਮੈਂ ਕਿਹੜਾ ਭਲਾ ਕੰਮ ਕਰਾਂ ਜੋ ਮੈਨੂੰ ਸਦੀਪਕ ਜੀਵਨ ਮਿਲੇ ?17ਉਸ ਨੇ ਉਹ ਨੂੰ ਆਖਿਆ, ਤੂੰ ਭਲਿਆਈ ਦੇ ਬਾਰੇ ਮੈਨੂੰ ਕਿਉਂ ਪੁੱਛਦਾ ਹੈਂ ? ਭਲਾ ਤਾਂ ਇੱਕੋ ਹੀ ਹੈ । ਪਰ ਜੇ ਤੂੰ ਸਦੀਪਕ ਜੀਵਨ ਵਿੱਚ ਦਾਖਲ ਹੋਣਾ ਚਾਹੁੰਦਾ ਹੈਂ ਤਾਂ ਹੁਕਮਾਂ ਨੂੰ ਮੰਨ ।
18ਉਸ ਨੇ ਉਹ ਨੂੰ ਆਖਿਆ, ਕਿਹੜੇ ਹੁਕਮ ? ਤਦ ਯਿਸੂ ਨੇ ਕਿਹਾ, ਖ਼ੂਨ ਨਾ ਕਰ, ਵਿਭਚਾਰ ਨਾ ਕਰ, ਚੋਰੀ ਨਾ ਕਰ, ਝੂਠੀ ਗਵਾਹੀ ਨਾ ਦੇ ।19ਆਪਣੇ ਮਾਂ ਪਿਉ ਦਾ ਆਦਰ ਕਰ ਅਤੇ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ ।
20ਉਸ ਜਵਾਨ ਨੇ ਉਹ ਨੂੰ ਆਖਿਆ, ਮੈਂ ਤਾਂ ਇਨ੍ਹਾਂ ਸਾਰੇ ਹੁਕਮਾਂ ਦੀ ਪਾਲਣਾ ਕਰਦਾ ਰਿਹਾ ਹਾਂ । ਹੁਣ ਮੇਰੇ ਵਿੱਚ ਕੀ ਕਮੀ ਹੈ ?21ਯਿਸੂ ਨੇ ਉਹ ਨੂੰ ਕਿਹਾ, ਜੇ ਤੂੰ ਸਿੱਧ ਹੋਣਾ ਚਾਹੁੰਦਾ ਹੈਂ ਤਾਂ ਜਾ ਕੇ ਆਪਣੀ ਜਾਇਦਾਦ ਵੇਚ ਅਤੇ ਕੰਗਾਲਾਂ ਵਿੱਚ ਵੰਡ ਦੇ ਤਾਂ ਤੈਨੂੰ ਸਵਰਗ ਵਿੱਚ ਖ਼ਜ਼ਾਨਾ ਮਿਲੇਗਾ ਅਤੇ ਆ, ਮੇਰੇ ਮਗਰ ਹੋ ਤੁਰ ।22ਪਰ ਉਸ ਜਵਾਨ ਨੇ ਜਦ ਇਹ ਗੱਲ ਸੁਣੀ ਤਾਂ ਉਦਾਸ ਹੋ ਕੇ ਚੱਲਿਆ ਗਿਆ, ਕਿਉਂ ਜੋ ਉਹ ਵੱਡਾ ਧਨਵਾਨ ਸੀ ।

23ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਧਨਵਾਨ ਦਾ ਸਵਰਗ ਰਾਜ ਵਿੱਚ ਦਾਖਲ ਹੋਣਾ ਔਖਾ ਹੈ ।24ਫੇਰ ਮੈਂ ਤੁਹਾਨੂੰ ਆਖਦਾ ਹਾਂ ਕਿ ਕਿਸੇ ਧਨਵਾਨ ਦੇ ਸਵਰਗ ਰਾਜ ਵਿੱਚ ਦਾਖਲ ਹੋਣ ਨਾਲੋਂ, ਊਠ ਦਾ ਸੂਈ ਦੇ ਨੱਕੇ ਦੇ ਵਿੱਚੋਂ ਦੀ ਲੰਘਣਾ ਸੁਖਾਲਾ ਹੈ ।
25ਅਤੇ ਚੇਲੇ ਇਹ ਸੁਣ ਕੇ ਬਹੁਤ ਹੈਰਾਨ ਹੋਏ ਅਤੇ ਬੋਲੇ, ਤਾਂ ਫਿਰ ਕੌਣ ਮੁਕਤੀ ਪਾ ਸਕਦਾ ਹੈ ?26ਤਦ ਯਿਸੂ ਨੇ ਉਨ੍ਹਾਂ ਵੱਲ ਵੇਖ ਕੇ ਉਨ੍ਹਾਂ ਨੂੰ ਕਿਹਾ, ਇਹ ਮਨੁੱਖ ਤੋਂ ਅਣਹੋਣਾ ਹੈ, ਪਰ ਪਰਮੇਸ਼ੁਰ ਤੋਂ ਸੱਭੋ ਕੁੱਝ ਹੋ ਸਕਦਾ ਹੈ ।27ਤਦ ਪਤਰਸ ਨੇ ਉਹ ਨੂੰ ਉੱਤਰ ਦਿੱਤਾ, ਵੇਖ ਅਸੀਂ ਸੱਭੋ ਕੁੱਝ ਛੱਡ ਕੇ ਤੇਰੇ ਪਿੱਛੇ ਹੋ ਤੁਰੇ ਹਾਂ, ਫੇਰ ਸਾਨੂੰ ਕੀ ਮਿਲੇਗਾ ?
28ਯਿਸੂ ਨੇ ਉਨ੍ਹਾਂ ਨੂੰ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਦ ਮਨੁੱਖ ਦਾ ਪੁੱਤਰ ਨਵੀਂ ਸਰਿਸ਼ਟੀ ਵਿੱਚ ਆਪਣੇ ਮਹਿਮਾ ਦੇ ਸਿੰਘਾਸਣ ਉੱਤੇ ਬੈਠੇਗਾ ਤਦ ਤੁਸੀਂ ਵੀ ਮੇਰੇ ਨਾਲ ਬਾਰਾਂ ਸਿੰਘਾਸਣਾਂ ਉੱਤੇ ਬੈਠੋਗੇ ਅਤੇ ਇਸਰਾਏਲ ਦੇ ਬਾਰਾਂ ਗੋਤਾਂ ਦਾ ਨਿਆਂ ਕਰੋਗੇ ।
29ਅਤੇ ਹਰ ਕੋਈ ਜਿਸ ਨੇ ਆਪਣੇ ਘਰ, ਭਰਾਵਾਂ, ਭੈਣਾਂ, ਮਾਤਾ-ਪਿਤਾ, ਬਾਲ ਬੱਚਿਆਂ ਜਾਂ ਜਾਇਦਾਦ ਨੂੰ ਮੇਰੇ ਨਾਮ ਦੇ ਕਾਰਨ ਛੱਡਿਆ ਹੈ ਉਹ ਸੌ ਗੁਣਾ ਫਲ ਪਾਵੇਗਾ ਅਤੇ ਸਦੀਪਕ ਜੀਵਨ ਦਾ ਵਾਰਸ ਹੋਵੇਗਾ ।30ਪਰ ਬਹੁਤ ਜੋ ਪਹਿਲੇ ਹਨ ਪਿਛਲੇ ਅਤੇ ਜੋ ਪਿਛਲੇ ਹਨ ਉਹ ਪਹਿਲੇ ਹੋਣਗੇ ।

20
ਅੰਗੂਰੀ ਬਾਗ ਦੇ ਮਜ਼ਦੂਰਾਂ ਦਾ ਦ੍ਰਿਸ਼ਟਾਂਤ

1ਸਵਰਗ ਰਾਜ ਇੱਕ ਘਰ ਦੇ ਮਾਲਕ ਵਰਗਾ ਹੈ ਜਿਹੜਾ ਸਵੇਰੇ ਘਰੋਂ ਨਿੱਕਲਿਆ ਤਾਂ ਕਿ ਆਪਣੇ ਅੰਗੂਰੀ ਬਾਗ਼ ਵਿੱਚ ਮਜ਼ਦੂਰ ਲਾਵੇ ।2ਅਤੇ ਜਦ ਉਹ ਨੇ ਮਜ਼ਦੂਰਾਂ ਨਾਲ ਇੱਕ ਦੀਨਾਰ ਦਿਹਾੜੀ ( ਇੱਕ ਦੀਨਾਰ ਇੱਕ ਦਿਨ ਦੀ ਮਜ਼ਦੂਰੀ ਦੇ ਬਰਾਬਰ ) ਦਾ ਵਾਅਦਾ ਕੀਤਾ ਅਤੇ ਉਨ੍ਹਾਂ ਨੂੰ ਆਪਣੇ ਬਾਗ਼ ਵਿੱਚ ਭੇਜ ਦਿੱਤਾ ।

3ਅਤੇ ਪਹਿਰ ਕੁ ਦਿਨ ਚੜੇ ਬਾਹਰ ਜਾ ਕੇ ਉਹ ਨੇ ਹੋਰ ਲੋਕਾਂ ਨੂੰ ਬਜਾਰ ਵਿੱਚ ਵਿਹਲੇ ਖੜ੍ਹੇ ਵੇਖਿਆ ।4ਅਤੇ ਉਨ੍ਹਾਂ ਨੂੰ ਆਖਿਆ, ਤੁਸੀਂ ਵੀ ਬਾਗ਼ ਵਿੱਚ ਜਾਓ ਅਤੇ ਜੋ ਹੱਕ ਹੋਵੇਗਾ ਉਹ ਮੈਂ ਤੁਹਾਨੂੰ ਦਿਆਂਗਾ, ਅਤੇ ਉਹ ਗਏ ।
5ਅਤੇ ਦਿਨ ਦੇ ਤੀਜੇ ਪਹਿਰ ਦੇ ਬਾਹਰ ਜਾ ਕੇ ਉਹ ਨੇ ਉਸੇ ਤਰ੍ਹਾਂ ਕੀਤਾ ।6ਅਤੇ ਘੰਟਾ ਕੁ ਦਿਨ ਰਹਿੰਦੇ ਬਾਹਰ ਜਾ ਕੇ ਉਹ ਨੇ ਹੋਰਨਾਂ ਨੂੰ ਖੜ੍ਹੇ ਵੇਖਿਆ ਅਤੇ ਉਨ੍ਹਾਂ ਨੂੰ ਕਿਹਾ, ਤੁਸੀਂ ਇੱਥੇ ਸਾਰਾ ਦਿਨ ਵਿਹਲੇ ਕਿਉਂ ਖੜ੍ਹੇ ਰਹੇ ?7ਉਨ੍ਹਾਂ ਨੇ ਉਸ ਨੂੰ ਕਿਹਾ, ਕਿਉਂਕਿ ਕਿਸੇ ਸਾਨੂੰ ਦਿਹਾੜੀ ਨਹੀਂ ਲਾਇਆ । ਉਸ ਨੇ ਉਨ੍ਹਾਂ ਨੂੰ ਕਿਹਾ, ਤੁਸੀਂ ਵੀ ਬਾਗ਼ ਵਿੱਚ ਜਾਓ ।
8ਅਤੇ ਜਦੋਂ ਸ਼ਾਮ ਹੋਈ ਬਾਗ਼ ਦੇ ਮਾਲਕ ਨੇ ਆਪਣੇ ਭੰਡਾਰੀ ਨੂੰ ਆਖਿਆ ਕਿ ਮਜ਼ਦੂਰਾਂ ਨੂੰ ਸੱਦ ਅਤੇ ਪਿੱਛਲਿਆਂ ਤੋਂ ਲੈ ਕੇ ਪਹਿਲਿਆਂ ਤੱਕ ਉਨ੍ਹਾਂ ਨੂੰ ਮਜ਼ਦੂਰੀ ਦੇ ।9ਅਤੇ ਜਦੋਂ ਉਹ ਆਏ ਜਿਹੜੇ ਘੰਟਾ ਦਿਨ ਰਹਿੰਦੇ ਕੰਮ ਲੱਗੇ ਸਨ ਤਾਂ ਉਨ੍ਹਾਂ ਨੂੰ ਵੀ ਇੱਕ ਦੀਨਾਰ ( ਇੱਕ ਦੀਨਾਰ ਇੱਕ ਦਿਨ ਦੀ ਮਜ਼ਦੂਰੀ ਦੇ ਬਰਾਬਰ)ਮਿਲਿਆ ।10ਅਤੇ ਜੋ ਪਹਿਲੇ ਆਏ ਉਨ੍ਹਾਂ ਇਹ ਸਮਝਿਆ ਕਿ ਸਾਨੂੰ ਕੁੱਝ ਵੱਧ ਮਿਲੇਗਾ ਅਤੇ ਉਨ੍ਹਾਂ ਨੂੰ ਵੀ ਇੱਕ ਦੀਨਾਰ ਹੀ ਮਿਲਿਆ ।
11ਪਰ ਉਹ ਇੱਕ ਦੀਨਾਰ ਲੈ ਕੇ ਘਰ ਦੇ ਮਾਲਕ ਦੇ ਉੱਤੇ ਕੁੜ੍ਹਨ ਲੱਗੇ ।12ਅਤੇ ਬੋਲੇ ਜੋ ਅੰਤ ਵਿੱਚ ਆਏ ਉਹਨਾਂ ਨੇ ਇੱਕੋ ਘੜੀ ਕੰਮ ਕੀਤਾ ਅਤੇ ਤੂੰ ਇਨ੍ਹਾਂ ਨੂੰ ਵੀ ਸਾਡੇ ਬਰਾਬਰ ਕਰ ਦਿੱਤਾ ਜਿਨ੍ਹਾਂ ਸਾਰੇ ਦਿਨ ਦਾ ਭਾਰ ਅਤੇ ਧੁੱਪ ਸਹੀ ।
13ਤਦ ਉਸ ਨੇ ਉਨ੍ਹਾਂ ਵਿੱਚੋਂ ਇੱਕ ਨੂੰ ਉੱਤਰ ਦਿੱਤਾ ਕਿ ਮੈਂ ਤੇਰੇ ਨਾਲ ਕੁੱਝ ਬੇਇਨਸਾਫ਼ੀ ਨਹੀਂ ਕਰਦਾ । ਕੀ, ਤੂੰ ਮੇਰੇ ਨਾਲ ਇੱਕ ਦੀਨਾਰ (ਇੱਕ ਦੀਨਾਰ ਇੱਕ ਦਿਨ ਦੀ ਮਜ਼ਦੂਰੀ ਦੇ ਬਰਾਬਰ ) ਦੀ ਗੱਲ ਪੱਕੀ ਨਹੀਂ ਕੀਤੀ ਸੀ ?14ਤੂੰ ਆਪਣਾ ਹਿਸਾਬ ਲੈ ਕੇ ਚੱਲਿਆ ਜਾ ਪਰ ਮੇਰੀ ਮਰਜ਼ੀ ਹੈ ਕਿ ਜਿੰਨਾਂ ਤੈਨੂੰ ਦਿੱਤਾ ਉੱਨਾ ਹੀ ਇਸ ਪਿੱਛਲੇ ਨੂੰ ਵੀ ਦਿਆਂ ।
15ਭਲਾ, ਮੈਨੂੰ ਅਧਿਕਾਰ ਨਹੀਂ ਕਿ ਆਪਣੇ ਮਾਲ ਨਾਲ ਜੋ ਚਾਹਾਂ ਸੋ ਕਰਾਂ ? ਕੀ ਤੂੰ ਇਸੇ ਲਈ ਬੁਰੀ ਨਜ਼ਰ ਵੇਖਦਾ ਹੈਂ ਜੋ ਮੈਂ ਭਲਾ ਹਾਂ ?16ਇਸੇ ਤਰ੍ਹਾਂ ਜੋ ਪਹਿਲਾਂ ਵਾਲੇ ਪਿਛਲੇ ਅਤੇ ਪਿਛਲੇ ਵਾਲੇ ਪਹਿਲਾਂ ਹੋਣਗੇ ।
ਆਪਣੀ ਮੌਤ ਦੇ ਬਾਰੇ ਯਿਸੂ ਦੀ ਤੀਸਰੇ ਭਵਿੱਖਬਾਣੀ
(ਮਰਕੁਸ 10:32-34, ਲੂਕਾ 18:31-34)

17ਜਦੋਂ ਯਿਸੂ ਯਰੂਸ਼ਲਮ ਨੂੰ ਜਾਂਦਾ ਸੀ ਤਾਂ ਬਾਰਾਂ ਚੇਲਿਆਂ ਨੂੰ ਅਲੱਗ ਕਰ ਕੇ ਰਾਹ ਵਿੱਚ ਉਨ੍ਹਾਂ ਨੂੰ ਆਖਿਆ,18ਵੇਖੋ ਅਸੀਂ ਯਰੂਸ਼ਲਮ ਨੂੰ ਜਾਂਦੇ ਹਾਂ ਅਤੇ ਮਨੁੱਖ ਦਾ ਪੁੱਤਰ ਮੁੱਖ ਜਾਜਕਾਂ ਅਤੇ ਉਪਦੇਸ਼ਕਾਂ ਦੇ ਹੱਥ ਫੜਵਾਇਆ ਜਾਵੇਗਾ ਅਤੇ ਉਹ ਉਸ ਨੂੰ ਮਾਰ ਸੁੱਟਣ ਦਾ ਹੁਕਮ ਦੇਣਗੇ ।19ਅਤੇ ਉਸ ਨੂੰ ਠੱਠਾ ਕਰਨ, ਕੋਰੜੇ ਮਾਰਨ ਅਤੇ ਸਲੀਬ ਉੱਤੇ ਚੜ੍ਹਾਉਣ ਲਈ ਪਰਾਈਆਂ ਕੌਮਾਂ ਦੇ ਹੱਥ ਫੜਵਾ ਦੇਣਗੇ ਅਤੇ ਉਹ ਤੀਜੇ ਦਿਨ ਫੇਰ ਜਿਵਾਇਆ ਜਾਵੇਗਾ ।
ਇੱਕ ਮਾਂ ਦੀ ਬੇਨਤੀ
(ਮਰਕੁਸ 10:35-45)

20ਤਦ ਜ਼ਬਦੀ ਦੇ ਪੁੱਤਰਾਂ ਦੀ ਮਾਤਾ ਆਪਣੇ ਪੁੱਤਰਾਂ ਨੂੰ ਉਸ ਦੇ ਕੋਲ ਲਿਆਈ ਅਤੇ ਮੱਥਾ ਟੇਕ ਕੇ ਉਸ ਅੱਗੇ ਇੱਕ ਬੇਨਤੀ ਕਰਨ ਲੱਗੀ ।21ਸੋ ਉਸ ਨੇ ਉਹ ਨੂੰ ਆਖਿਆ, ਤੂੰ ਕੀ ਚਾਹੁੰਦੀ ਹੈਂ ? ਉਹ ਨੇ ਉਸ ਨੂੰ ਕਿਹਾ, ਆਗਿਆ ਕਰ ਜੋ ਤੇਰੇ ਰਾਜ ਵਿੱਚ ਮੇਰੇ ਇਹ ਦੋਵੇਂ ਪੁੱਤਰ ਇੱਕ ਤੇਰੇ ਸੱਜੇ ਅਤੇ ਇੱਕ ਤੇਰੇ ਖੱਬੇ ਹੱਥ ਬੈਠਣ ।
22ਪਰ ਯਿਸੂ ਨੇ ਉੱਤਰ ਦਿੱਤਾ, ਤੁਸੀਂ ਨਹੀਂ ਜਾਣਦੇ ਜੋ ਕੀ ਮੰਗਦੇ ਹੋ । ਉਹ ਪਿਆਲਾ ਜਿਹੜਾ ਮੈਂ ਪੀਣ ਨੂੰ ਤਿਆਰ ਹਾਂ ਕੀ ਤੁਸੀਂ ਪੀ ਸਕਦੇ ਹੋ ? ਉਨ੍ਹਾਂ ਉਸ ਨੂੰ ਆਖਿਆ, ਅਸੀਂ ਪੀ ਸਕਦੇ ਹਾਂ ।23ਉਸ ਨੇ ਉਨ੍ਹਾਂ ਨੂੰ ਕਿਹਾ, ਤੁਸੀਂ ਮੇਰਾ ਪਿਆਲਾ ਤਾਂ ਜ਼ਰੂਰ ਪੀਓਗੇ, ਪਰ ਸੱਜੇ ਖੱਬੇ ਬਿਠਾਉਣਾ ਮੇਰਾ ਕੰਮ ਨਹੀਂ, ਪਰ ਉਨ੍ਹਾਂ ਲਈ ਹੈ ਜਿਨ੍ਹਾਂ ਲਈ ਮੇਰੇ ਪਿਤਾ ਨੇ ਉਹ ਨੂੰ ਤਿਆਰ ਕੀਤਾ ਹੈ ।24ਅਤੇ ਜਦ ਦਸਾਂ ਨੇ ਇਹ ਸੁਣਿਆ ਤਾਂ ਉਨ੍ਹਾਂ ਦੋਹਾਂ ਭਰਾਵਾਂ ਉੱਤੇ ਖਿਝ ਗਏ ।
25ਤਦ ਯਿਸੂ ਨੇ ਉਨ੍ਹਾਂ ਨੂੰ ਕੋਲ ਸੱਦ ਕੇ ਆਖਿਆ, ਤੁਸੀਂ ਜਾਣਦੇ ਹੋ ਜੋ ਪਰਾਈਆਂ ਕੌਮਾਂ ਦੇ ਅਧਿਕਾਰੀ ਉਨ੍ਹਾਂ ਉੱਤੇ ਹੁਕਮ ਚਲਾਉਂਦੇ ਹਨ ਅਤੇ ਉਹ ਜਿਹੜੇ ਵੱਡੇ ਹਨ, ਉਨ੍ਹਾਂ ਉੱਤੇ ਅਧਿਕਾਰ ਜਮਾਉਂਦੇ ਹਨ ।26ਤੁਹਾਡੇ ਵਿੱਚ ਅਜਿਹਾ ਨਾ ਹੋਵੇ ਪਰ ਜੋ ਕੋਈ ਤੁਹਾਡੇ ਵਿੱਚੋਂ ਕੋਈ ਵੱਡਾ ਹੋਣਾ ਚਾਹੇ, ਸੋ ਤੁਹਾਡਾ ਸੇਵਾਦਾਰ ਹੋਵੇ ।27ਅਤੇ ਜੋ ਕੋਈ ਤੁਹਾਡੇ ਵਿੱਚੋਂ ਅਧਿਕਾਰੀ ਬਣਨਾ ਚਾਹੁੰਦਾ ਹੋਵੇ, ਉਹ ਤੁਹਾਡਾ ਕਾਮਾ ਹੋਵੇ ।28ਜਿਵੇਂ ਮਨੁੱਖ ਦਾ ਪੁੱਤਰ ਆਪਣੀ ਸੇਵਾ ਟਹਿਲ ਕਰਾਉਣ ਨਹੀਂ ਸਗੋਂ ਸੇਵਾ ਟਹਿਲ ਕਰਨ ਅਤੇ ਬਹੁਤਿਆਂ ਦੇ ਥਾਂ ਪ੍ਰਾਸਚਿੱਤ ਦਾ ਮੁੱਲ ਭਰਨ ਲਈ ਆਪਣੀ ਜਾਨ ਦੇਣ ਆਇਆ ।
ਦੋ ਅੰਨ੍ਹਿਆਂ ਨੂੰ ਚੰਗਾ ਕਰਨਾ
(ਮਰਕੁਸ 10:46-52, ਲੂਕਾ 18:35-43)

29ਜਦ ਉਹ ਯਰੀਹੋ ਤੋਂ ਨਿੱਕਲਦੇ ਸਨ, ਤਦ ਵੱਡੀ ਭੀੜ ਉਹ ਦੇ ਮਗਰ ਹੋ ਤੁਰੀ ।30ਅਤੇ ਵੇਖੋ ਕਿ ਦੋ ਅੰਨ੍ਹੇ ਜਿਹੜੇ ਸੜਕ ਦੇ ਕੰਢੇ ਬੈਠੇ ਸਨ, ਜਦ ਇਹ ਸੁਣਿਆ ਜੋ ਯਿਸੂ ਲੰਘਿਆ ਜਾਂਦਾ ਹੈ ਉੱਚੀ ਅਵਾਜ਼ ਵਿੱਚ ਬੋਲੇ, ਹੇ ਪ੍ਰਭੂ, ਦਾਊਦ ਦੇ ਪੁੱਤਰ, ਸਾਡੇ ਉੱਤੇ ਦਯਾ ਕਰ !31ਅਤੇ ਭੀੜ ਨੇ ਉਨ੍ਹਾਂ ਨੂੰ ਝਿੜਕਿਆ ਕਿ ਚੁੱਪ ਕਰ ਜਾਣ ਪਰ ਉਹ ਹੋਰ ਵੀ ਉੱਚੀ ਦੇ ਕੇ ਬੋਲੇ, ਹੇ ਪ੍ਰਭੂ ਦਾਊਦ ਦੇ ਪੁੱਤਰ, ਸਾਡੇ ਉੱਤੇ ਦਯਾ ਕਰ !
32ਤਦ ਯਿਸੂ ਨੇ ਖੜ੍ਹੇ ਹੋ ਕੇ ਉਨ੍ਹਾਂ ਨੂੰ ਸੱਦਿਆ ਅਤੇ ਕਿਹਾ, ਤੁਸੀਂ ਕੀ ਚਾਹੁੰਦੇ ਹੋ ਜੋ ਮੈਂ ਤੁਹਾਡੇ ਲਈ ਕਰਾਂ ?33ਉਨ੍ਹਾਂ ਉਸ ਨੂੰ ਆਖਿਆ, ਪ੍ਰਭੂ ਜੀ, ਸਾਡੀਆਂ ਅੱਖਾਂ ਖੁੱਲ੍ਹ ਜਾਣ !34ਅਤੇ ਯਿਸੂ ਨੇ ਤਰਸ ਖਾ ਕੇ ਉਨ੍ਹਾਂ ਦੀਆਂ ਅੱਖਾਂ ਨੂੰ ਛੂਹਿਆ ਅਤੇ ਉਹ ਓਸੇ ਵੇਲੇ ਸੁਜਾਖੇ ਹੋ ਗਏ ਅਤੇ ਉਹ ਦੇ ਮਗਰ ਤੁਰ ਪਏ ।

21
ਯਿਸੂ ਯਰੂਸ਼ਲਮ ਵਿੱਚ ਇੱਕ ਰਾਜਾ ਦੀ ਤਰ੍ਹਾਂ ਆਇਆ
(ਮਰਕੁਸ 11:1-11, ਲੂਕਾ 19:28-40, ਯੂਹੰਨਾ 12:12-19)

1ਜਦ ਉਹ ਯਰੂਸ਼ਲਮ ਦੇ ਨੇੜੇ ਆਏ ਅਤੇ ਜ਼ੈਤੂਨ ਦੇ ਪਹਾੜ ਉੱਤੇ ਬੈਤਫ਼ਗਾ ਕੋਲ ਪਹੁੰਚੇ ਤਾਂ ਯਿਸੂ ਨੇ ਆਪਣੇ ਦੋ ਚੇਲਿਆਂ ਨੂੰ ਭੇਜਿਆ ਅਤੇ ਉਨ੍ਹਾਂ ਨੂੰ ਕਿਹਾ,2ਉਸ ਪਿੰਡ ਨੂੰ ਜਿਹੜਾ ਤੁਹਾਡੇ ਸਾਹਮਣੇ ਹੈ ਜਾਓ ਅਤੇ ਪਿੰਡ ਵਿੱਚ ਵੜਦੇ ਹੀ ਤੁਸੀਂ ਇੱਕ ਗਧੀ ਬੰਨ੍ਹੀ ਹੋਈ ਅਤੇ ਉਹ ਦੇ ਨਾਲ ਬੱਚੇ ਨੂੰ ਪਾਓਗੇ, ਉਸ ਨੂੰ ਖੋਲ੍ਹ ਕੇ ਮੇਰੇ ਕੋਲ ਲਿਆਓ ।3ਅਤੇ ਜੇ ਕੋਈ ਤੁਹਾਨੂੰ ਕੁੱਝ ਕਹੇ ਤਾਂ ਆਖਣਾ ਕਿ ਪ੍ਰਭੂ ਨੂੰ ਇਨ੍ਹਾਂ ਦੀ ਜ਼ਰੂਰਤ ਹੈ, ਫੇਰ ਉਹ ਉਸੇ ਵੇਲੇ ਉਨ੍ਹਾਂ ਨੂੰ ਭੇਜ ਦੇਵੇਗਾ ।

4ਸੋ ਇਹ ਇਸ ਲਈ ਹੋਇਆ ਕਿ ਨਬੀ ਦਾ ਇਹ ਬਚਨ ਪੂਰਾ ਹੋਵੇ,

5ਸੀਯੋਨ ਦੀ ਧੀ ਨੂੰ ਆਖੋ, ਵੇਖ ਤੇਰਾ ਰਾਜਾ ਅਧੀਨਗੀ ਨਾਲ, ਗਧੀ ਉੱਤੇ ਸਗੋਂ ਗਧੀ ਦੇ ਬੱਚੇ ਉੱਤੇ, ਸਵਾਰ ਹੋ ਕੇ ਤੇਰੇ ਕੋਲ ਆਉਂਦਾ ਹੈ ।
6ਤਦ ਚੇਲਿਆਂ ਨੇ ਜਾ ਕੇ ਜਿਵੇਂ ਯਿਸੂ ਨੇ ਹੁਕਮ ਦਿੱਤਾ ਸੀ ਉਸੇ ਤਰ੍ਹਾਂ ਹੀ ਕੀਤਾ ।7ਅਤੇ ਗਧੀ ਨੂੰ ਬੱਚੇ ਸਣੇ ਲਿਆਏ ਅਤੇ ਆਪਣੇ ਕੱਪੜੇ ਉਨ੍ਹਾਂ ਦੇ ਉੱਤੇ ਪਾ ਦਿੱਤੇ ਅਤੇ ਉਹ ਤੇ ਚੜ੍ਹ ਬੈਠਾ ।8ਅਤੇ ਭੀੜ ਦੇ ਬਹੁਤਿਆਂ ਲੋਕਾਂ ਨੇ ਆਪਣੇ ਕੱਪੜੇ ਰਾਹ ਵਿੱਚ ਵਿਛਾਏ ਪਰ ਹੋਰਨਾਂ ਨੇ ਦਰਖ਼ਤਾਂ ਦੀਆਂ ਡਾਲੀਆਂ ਵੱਢ ਕੇ ਰਾਹ ਵਿੱਚ ਵਿਛਾ ਦਿੱਤੀਆਂ ।
9ਅਤੇ ਭੀੜ ਜਿਹੜੀ ਉਹ ਦੇ ਅੱਗੇ ਪਿੱਛੇ ਜਾ ਰਹੀ ਸੀ, ਉੱਚੀ ਅਵਾਜ਼ ਨਾਲ ਆਖਣ ਲੱਗੀ, ਹੋਸੰਨਾ ਦਾਊਦ ਦੇ ਪੁੱਤਰ ਨੂੰ ! ਮੁਬਾਰਕ ਉਹ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ ! ਪਰਮ ਧਾਮ ਵਿੱਚ ਹੋਸੰਨਾ !10ਅਤੇ ਜਦ ਉਹ ਯਰੂਸ਼ਲਮ ਵਿੱਚ ਵੜਿਆ ਤਾਂ ਸਾਰਾ ਸ਼ਹਿਰ ਇਹ ਆਖ ਕੇ ਹਿੱਲ ਗਿਆ ਕਿ ਇਹ ਕੌਣ ਹੈ ?11ਤਾਂ ਲੋਕਾਂ ਨੇ ਆਖਿਆ, ਇਹ ਯਿਸੂ ਗਲੀਲ ਦੇ ਨਾਸਰਤ ਦਾ ਨਬੀ ਹੈ ।
ਹੈਕਲ ਵਿੱਚੋਂ ਵਪਾਰੀਆਂ ਨੂੰ ਕੱਢਣਾ
(ਮਰਕੁਸ 11:15-19, ਲੂਕਾ 19:45-48, ਯੂਹੰਨਾ 2:13-22)

12ਫੇਰ ਯਿਸੂ ਪਰਮੇਸ਼ੁਰ ਦੀ ਹੈਕਲ ਵਿੱਚ ਗਿਆ ਅਤੇ ਉਨ੍ਹਾਂ ਸਭਨਾਂ ਨੂੰ ਬਾਹਰ ਕੱਢ ਦਿੱਤਾ ਜਿਹੜੇ ਹੈਕਲ ਵਿੱਚ ਵੇਚਦੇ ਤੇ ਖਰੀਦਦੇ ਸਨ ਅਤੇ ਸਰਾਫ਼ਾਂ ਦੇ ਤਖ਼ਤਪੋਸ਼ ਅਤੇ ਕਬੂਤਰ ਵੇਚਣ ਵਾਲਿਆਂ ਦੀਆਂ ਚੌਂਕੀਆਂ ਉਲਟਾ ਸੁੱਟੀਆਂ ।13ਅਤੇ ਉਨ੍ਹਾਂ ਨੂੰ ਕਿਹਾ ਕਿ ਲਿਖਿਆ ਹੈ ਜੋ ਮੇਰਾ ਘਰ ਪ੍ਰਾਰਥਨਾ ਦਾ ਘਰ ਕਹਾਵੇਗਾ ਪਰ ਤੁਸੀਂ ਉਹ ਨੂੰ ਡਾਕੂਆਂ ਦਾ ਅੱਡਾ ਬਣਾਉਂਦੇ ਹੋ ।14ਅਤੇ ਹੈਕਲ ਵਿੱਚ ਅੰਨ੍ਹੇ ਅਤੇ ਲੰਗੜੇ ਉਹ ਦੇ ਕੋਲ ਆਏ ਅਤੇ ਉਸ ਨੇ ਉਨ੍ਹਾਂ ਨੂੰ ਚੰਗਾ ਕੀਤਾ ।
15ਜਦ ਮੁੱਖ ਜਾਜਕਾਂ ਅਤੇ ਉਪਦੇਸ਼ਕਾਂ ਨੇ ਉਨ੍ਹਾਂ ਅਚਰਜ ਕੰਮਾਂ ਨੂੰ ਵੇਖਿਆ ਜਿਹੜੇ ਉਸ ਨੇ ਕੀਤੇ ਸਨ ਅਤੇ ਬੱਚਿਆਂ ਨੂੰ ਹੈਕਲ ਵਿੱਚ ਉੱਚੀ ਅਵਾਜ਼ ਨਾਲ ਬੋਲਦੇ ਅਤੇ ਦਾਊਦ ਦੇ ਪੁੱਤਰ ਨੂੰ “ਹੋਸੰਨਾ” ਆਖਦੇ ਵੇਖਿਆ, ਤਾਂ ਉਹ ਖਿਝ ਗਏ ।16ਅਤੇ ਉਹ ਨੂੰ ਕਿਹਾ, ਕੀ ਤੂੰ ਸੁਣਦਾ ਹੈਂ ਜੋ ਇਹ ਕੀ ਆਖਦੇ ਹਨ ? ਯਿਸੂ ਨੇ ਉਨ੍ਹਾਂ ਨੂੰ ਕਿਹਾ, ਹਾਂ, ਕੀ ਤੁਸੀਂ ਕਦੀ ਇਹ ਨਹੀਂ ਪੜ੍ਹਿਆ ਜੋ ਬੱਚਿਆਂ ਅਤੇ ਦੁੱਧ ਚੁੰਘਣ ਵਾਲਿਆਂ ਦੇ ਮੂੰਹੋਂ ਤੂੰ ਉਸਤਤ ਪੂਰੀ ਕਰਵਾਈ ?17ਤਾਂ ਉਹ ਉਨ੍ਹਾਂ ਨੂੰ ਛੱਡ ਕੇ ਸ਼ਹਿਰੋਂ ਬਾਹਰ ਨਿੱਕਲਿਆ ਅਤੇ ਬੈਤਅਨੀਆ ਵਿੱਚ ਆ ਕੇ ਉੱਥੇ ਰਾਤ ਕੱਟੀ ।
ਯਿਸੂ ਇੱਕ ਹੰਜ਼ੀਰ ਦੇ ਦਰਖ਼ੱਤ ਨੂੰ ਸਰਾਪ ਦਿੰਦਾ ਹੈ
(ਮਰਕੁਸ 11:12-14, 20-24)

18ਜਦ ਤੜਕੇ ਉਹ ਸ਼ਹਿਰ ਨੂੰ ਮੁੜਿਆ ਜਾਂਦਾ ਸੀ, ਤਾਂ ਉਸ ਨੂੰ ਭੁੱਖ ਲੱਗੀ ।19ਅਤੇ ਰਸਤੇ ਕੋਲ ਹੰਜ਼ੀਰ ਦਾ ਇੱਕ ਰੁੱਖ ਵੇਖ ਕੇ ਉਸ ਦੇ ਨੇੜੇ ਗਿਆ ਪਰ ਪੱਤਿਆਂ ਬਿਨ੍ਹਾਂ ਉਸ ਉੱਤੇ ਹੋਰ ਕੁੱਝ ਨਾ ਲੱਭਿਆ ਅਤੇ ਉਸ ਨੇ ਉਸ ਨੂੰ ਆਖਿਆ ਕਿ ਅੱਜ ਤੋਂ ਬਾਅਦ ਤੈਨੂੰ ਕਦੀ ਫਲ ਨਾ ਲੱਗੇ ਅਤੇ ਹੰਜ਼ੀਰ ਦਾ ਦਰਖ਼ੱਤ ਸੁੱਕ ਗਿਆ ।
20ਅਤੇ ਚੇਲੇ ਇਹ ਵੇਖ ਕੇ ਹੈਰਾਨ ਹੋਏ ਅਤੇ ਬੋਲੇ ਕਿ ਹੰਜ਼ੀਰ ਦਾ ਰੁੱਖ਼ ਐਨੀ ਜਲਦੀ ਕਿਵੇਂ ਸੁੱਕ ਗਿਆ ?21ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜੇ ਤੁਹਾਨੂੰ ਵਿਸ਼ਵਾਸ ਹੋਵੇ ਅਤੇ ਤੁਸੀਂ ਭਰਮ ਨਾ ਕਰੋ ਤਾਂ ਤੁਸੀਂ ਕੇਵਲ ਇਹੋ ਨਹੀਂ ਕਰੋਗੇ ਜੋ ਹੰਜ਼ੀਰ ਦੇ ਦਰਖ਼ਤ ਨਾਲ ਹੋਇਆ ਸਗੋਂ ਜੇ ਤੁਸੀਂ ਇਸ ਪਹਾੜ ਨੂੰ ਆਖੋ ਜੋ ਉੱਠ ਅਤੇ ਸਮੁੰਦਰ ਵਿੱਚ ਜਾ ਕੇ ਡਿੱਗ ਜਾ, ਤਾਂ ਅਜਿਹਾ ਹੋ ਜਾਵੇਗਾ ।22ਅਤੇ ਸਭ ਕੁੱਝ ਜੋ ਤੁਸੀਂ ਵਿਸ਼ਵਾਸ ਨਾਲ ਪ੍ਰਾਰਥਨਾ ਕਰ ਕੇ ਮੰਗੋ ਸੋ ਪਾਓਗੇ ।
ਯਿਸੂ ਦੇ ਅਧਿਕਾਰ ਦੇ ਬਾਰੇ ਪ੍ਰਸ਼ਨ
(ਮਰਕੁਸ 11:27-33, ਲੂਕਾ 20:1-8)

23ਜਦ ਉਹ ਹੈਕਲ ਵਿੱਚ ਆ ਕੇ ਉਪਦੇਸ਼ ਦਿੰਦਾ ਸੀ ਤਦ ਮੁੱਖ ਜਾਜਕ ਅਤੇ ਲੋਕਾਂ ਦੇ ਬਜ਼ੁਰਗ ਉਹ ਦੇ ਕੋਲ ਆਏ ਅਤੇ ਬੋਲੇ, ਤੂੰ ਕਿਹੜੇ ਅਧਿਕਾਰ ਨਾਲ ਇਹ ਕੰਮ ਕਰਦਾ ਹੈਂ ਅਤੇ ਇਹ ਅਧਿਕਾਰ ਕਿਸ ਨੇ ਤੈਨੂੰ ਦਿੱਤਾ ?24ਪਰ ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਮੈਂ ਵੀ ਤੁਹਾਡੇ ਤੋਂ ਇੱਕ ਗੱਲ ਪੁੱਛਦਾ ਹਾਂ ਸੋ ਜੇ ਤੁਸੀਂ ਮੈਨੂੰ ਦੱਸੋ ਤਾਂ ਮੈਂ ਵੀ ਤੁਹਾਨੂੰ ਦੱਸਾਂਗਾ ਕਿ ਮੈਂ ਕਿਹੜੇ ਅਧਿਕਾਰ ਨਾਲ ਇਹ ਕੰਮ ਕਰਦਾ ਹਾਂ ।
25ਯੂਹੰਨਾ ਦਾ ਬਪਤਿਸਮਾ ਕਿੱਥੋਂ ਸੀ, ਸਵਰਗ ਵੱਲੋਂ ਜਾਂ ਮਨੁੱਖਾਂ ਵੱਲੋਂ ? ਅਤੇ ਉਹ ਆਪਸ ਵਿੱਚ ਵਿਚਾਰ ਕਰ ਕੇ ਕਹਿਣ ਲੱਗੇ, ਜੇ ਆਖੀਏ, “ਸਵਰਗ ਵੱਲੋਂ” ਤਾਂ ਉਹ ਸਾਨੂੰ ਕਹੇਗਾ, ਫੇਰ ਤੁਸੀਂ ਉਸ ਉੱਤੇ ਵਿਸ਼ਵਾਸ ਕਿਉਂ ਨਹੀਂ ਕੀਤਾ ?26ਅਤੇ ਜੇ ਆਖੀਏ, “ਮਨੁੱਖਾਂ ਵੱਲੋਂ” ਤਾਂ ਲੋਕਾਂ ਤੋਂ ਡਰਦੇ ਹਾਂ ਕਿਉਂ ਜੋ ਸਾਰੇ ਯੂਹੰਨਾ ਨੂੰ ਨਬੀ ਮੰਨਦੇ ਹਨ ।27ਤਦ ਉਨ੍ਹਾਂ ਨੇ ਯਿਸੂ ਨੂੰ ਉੱਤਰ ਦਿੱਤਾ, ਅਸੀਂ ਨਹੀਂ ਜਾਣਦੇ । ਉਸ ਨੇ ਵੀ ਉਨ੍ਹਾਂ ਨੂੰ ਆਖਿਆ, ਮੈਂ ਵੀ ਤੁਹਾਨੂੰ ਨਹੀਂ ਦੱਸਦਾ ਜੋ ਕਿਹੜੇ ਅਧਿਕਾਰ ਨਾਲ ਮੈਂ ਇਹ ਕੰਮ ਕਰਦਾ ਹਾਂ ।
ਦੋ ਪੁੱਤਰਾਂ ਦਾ ਦ੍ਰਿਸ਼ਟਾਂਤ

28ਪਰ ਤੁਸੀਂ ਕੀ ਸਮਝਦੇ ਹੋ ? ਇੱਕ ਮਨੁੱਖ ਦੇ ਦੋ ਪੁੱਤਰ ਸਨ ਅਤੇ ਉਹ ਪਹਿਲੇ ਦੇ ਕੋਲ ਆ ਕੇ ਬੋਲਿਆ, ਪੁੱਤਰ ਜਾ । ਅੱਜ ਅੰਗੂਰੀ ਬਾਗ਼ ਵਿੱਚ ਕੰਮ ਕਰ ।29ਅਤੇ ਉਸ ਨੇ ਉੱਤਰ ਦਿੱਤਾ, ਮੇਰਾ ਜੀ ਨਹੀਂ ਕਰਦਾ ਪਰ ਬਾਅਦ ਵਿੱਚ ਪਛਤਾਇਆ ਅਤੇ ਚਲਾ ਗਿਆ ।30ਫੇਰ ਦੂਜੇ ਦੇ ਕੋਲ ਆ ਕੇ ਇਹੋ ਹੀ ਕਿਹਾ ਅਤੇ ਉਸ ਨੇ ਉੱਤਰ ਦਿੱਤਾ, ਠੀਕ ਹੈ ਜੀ, ਪਰ ਨਾ ਗਿਆ ।
31ਸੋ ਇਨ੍ਹਾਂ ਦੋਹਾਂ ਵਿੱਚੋਂ ਕਿਸ ਨੇ ਪਿਤਾ ਦੀ ਮਰਜ਼ੀ ਪੂਰੀ ਕੀਤੀ ? ਉਨ੍ਹਾਂ ਆਖਿਆ ਪਹਿਲੇ ਨੇ । ਯਿਸੂ ਨੇ ਉਨ੍ਹਾਂ ਨੂੰ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਚੁੰਗੀ ਲੈਣ ਵਾਲੇ ਅਤੇ ਵੇਸਵਾ ਤੁਹਾਡੇ ਨਾਲੋਂ ਪਹਿਲਾਂ ਪਰਮੇਸ਼ੁਰ ਦੇ ਰਾਜ ਵਿੱਚ ਵੜਨਗੇ ।32ਕਿਉਂ ਜੋ ਯੂਹੰਨਾ ਧਾਰਮਿਕਤਾ ਦੇ ਰਾਹੀਂ ਤੁਹਾਡੇ ਕੋਲ ਆਇਆ ਅਤੇ ਤੁਸੀਂ ਉਸ ਉੱਤੇ ਵਿਸ਼ਵਾਸ ਨਾ ਕੀਤਾ ਪਰ ਮਸੂਲੀਆਂ ਅਤੇ ਕੰਜਰੀਆਂ ਨੇ ਉਸ ਉੱਤੇ ਵਿਸ਼ਵਾਸ ਕੀਤਾ ਅਤੇ ਤੁਸੀਂ ਇਹ ਵੇਖ ਕੇ ਬਾਅਦ ਵਿੱਚ ਵੀ ਨਾ ਪਛਤਾਏ ਕਿ ਉਸ ਉੱਤੇ ਵਿਸ਼ਵਾਸ ਕਰਦੇ ।
ਦੁਸ਼ਟ ਮਾਲੀਆਂ ਦਾ ਦ੍ਰਿਸ਼ਟਾਂਤ
(ਮਰਕੁਸ 12:1-12, ਲੂਕਾ 20:9-19)

33ਇੱਕ ਹੋਰ ਦ੍ਰਿਸ਼ਟਾਂਤ ਸੁਣੋ ਜੋ ਇੱਕ ਘਰ ਦਾ ਮਾਲਕ ਸੀ ਜਿਸ ਨੇ ਅੰਗੂਰੀ ਬਾਗ਼ ਲਾਇਆ ਅਤੇ ਉਹ ਦੇ ਚੁਫ਼ੇਰੇ ਵਾੜ ਕੀਤੀ ਅਤੇ ਉਸ ਵਿੱਚ ਰਸ ਲਈ ਇੱਕ ਚੁਬੱਚਾ ਕੱਢਿਆ ਅਤੇ ਬੁਰਜ ਉਸਾਰਿਆ ਅਤੇ ਉਹ ਨੂੰ ਮਾਲੀਆਂ ਦੇ ਹੱਥ ਸੌਂਪ ਕੇ ਪਰਦੇਸ ਚੱਲਿਆ ਗਿਆ ।34ਜਦੋਂ ਫਲਾਂ ਦੀ ਰੁੱਤ ਨੇੜੇ ਆਈ ਤਾਂ ਉਹ ਨੇ ਆਪਣੇ ਨੌਕਰ ਮਾਲੀਆਂ ਦੇ ਕੋਲ ਆਪਣੇ ਫਲ ਲੈਣ ਲਈ ਭੇਜੇ ।
35ਅਤੇ ਮਾਲੀਆਂ ਨੇ ਉਹ ਦੇ ਨੌਕਰਾਂ ਨੂੰ ਫੜ੍ਹ ਕੇ ਕਿਸੇ ਨੂੰ ਕੁੱਟਿਆ, ਕਿਸੇ ਨੂੰ ਮਾਰ ਸੁੱਟਿਆ ਅਤੇ ਕਿਸੇ ਨੂੰ ਪਥਰਾਉ ਕੀਤਾ ।36ਫੇਰ ਉਸ ਨੇ ਪਹਿਲਾਂ ਨਾਲੋਂ ਵੱਧ ਨੌਕਰਾਂ ਨੂੰ ਭੇਜਿਆ ਅਤੇ ਉਨ੍ਹਾਂ ਨੇ ਇਨ੍ਹਾਂ ਨਾਲ ਵੀ ਉਸੇ ਤਰ੍ਹਾਂ ਕੀਤਾ ।37ਅੰਤ ਉਸ ਨੇ ਆਪਣੇ ਪੁੱਤਰ ਨੂੰ ਉਨ੍ਹਾਂ ਦੇ ਕੋਲ ਇਹ ਕਹਿ ਕੇ ਭੇਜਿਆ ਕਿ ਉਹ ਮੇਰੇ ਪੁੱਤਰ ਦਾ ਆਦਰ ਕਰਨਗੇ ।
38ਪਰ ਮਾਲੀਆਂ ਨੇ ਜਦ ਉਹ ਦੇ ਪੁੱਤਰ ਨੂੰ ਵੇਖਿਆ ਤਾਂ ਆਪਸ ਵਿੱਚ ਕਿਹਾ, ਵਾਰਸ ਇਹੋ ਹੈ, ਆਓ ਇਹ ਨੂੰ ਮਾਰ ਸੁੱਟੀਏ ਅਤੇ ਉਹ ਦਾ ਵਿਰਸਾ ਸਾਂਭ ਲਈਏ ।39ਅਤੇ ਉਨ੍ਹਾਂ ਉਸ ਨੂੰ ਫੜਿਆ ਅਤੇ ਬਾਗੋਂ ਬਾਹਰ ਕੱਢ ਕੇ ਮਾਰ ਸੁੱਟਿਆ ।
40ਸੋ ਜਦ ਬਾਗ਼ ਦਾ ਮਾਲਕ ਆਵੇਗਾ ਤਦ ਉਨ੍ਹਾਂ ਮਾਲੀਆਂ ਨਾਲ ਕੀ ਕਰੇਗਾ ?41ਉਨ੍ਹਾਂ ਨੇ ਉਸ ਨੂੰ ਆਖਿਆ ਕਿ ਉਨ੍ਹਾਂ ਬੁਰਿਆਂ ਦਾ ਬੁਰੀ ਤਰ੍ਹਾਂ ਨਾਸ ਕਰੇਗਾ ਅਤੇ ਅੰਗੂਰੀ ਬਾਗ਼ ਹੋਰਨਾਂ ਮਾਲੀਆਂ ਨੂੰ ਸੌਂਪੇਗਾ ਜੋ ਰੁੱਤ ਸਿਰ ਉਸ ਨੂੰ ਫਲ ਪਹੁੰਚਾਉਣਗੇ ।
42ਯਿਸੂ ਨੇ ਉਨ੍ਹਾਂ ਨੂੰ ਆਖਿਆ, ਕੀ ਤੁਸੀਂ ਪਵਿੱਤਰ ਗ੍ਰੰਥਾਂ ਵਿੱਚ ਕਦੇ ਨਹੀਂ ਪੜ੍ਹਿਆ ਜਿਸ ਪੱਥਰ ਨੂੰ ਰਾਜ ਮਿਸਤਰੀਆਂ ਨੇ ਰੱਦਿਆ, ਸੋਈ ਖੂੰਜੇ ਦਾ ਸਿਰਾ ਹੋ ਗਿਆ । ਇਹ ਪ੍ਰਭੂ ਦੀ ਵੱਲੋਂ ਹੋਇਆ, ਅਤੇ ਸਾਡੀ ਨਜ਼ਰ ਵਿੱਚ ਅਚਰਜ ਹੈ ।
43ਇਸ ਕਰਕੇ ਮੈਂ ਤੁਹਾਨੂੰ ਆਖਦਾ ਹਾਂ ਜੋ ਪਰਮੇਸ਼ੁਰ ਦਾ ਰਾਜ ਤੁਹਾਡੇ ਕੋਲੋਂ ਖੋਹਿਆ ਅਤੇ ਪਰਾਈ ਕੌਮ ਨੂੰ ਦਿੱਤਾ ਜਾਵੇਗਾ, ਜਿਹੜੀ ਉਹ ਦੇ ਫਲ ਦੇਵੇ ।44ਅਤੇ ਜੋ ਕੋਈ ਇਸ ਪੱਥਰ ਉੱਤੇ ਡਿੱਗੇਗਾ ਸੋ ਚੂਰ-ਚੂਰ ਹੋ ਜਾਵੇਗਾ ਪਰ ਜਿਹ ਦੇ ਉੱਤੇ ਉਹ ਡਿੱਗੇ ਉਹ ਨੂੰ ਪੀਹ ਸੁੱਟੇਗਾ ।
45ਜਦ ਮੁੱਖ ਜਾਜਕਾਂ ਅਤੇ ਫ਼ਰੀਸੀਆਂ ਨੇ ਉਹ ਦੇ ਦ੍ਰਿਸ਼ਟਾਂਤ ਸੁਣੇ ਤਾਂ ਸਮਝਿਆ ਜੋ ਉਹ ਸਾਡੇ ਹੀ ਬਾਰੇ ਵਿੱਚ ਆਖਦਾ ਹੈ ।46ਅਤੇ ਜਦ ਉਹ ਉਸ ਨੂੰ ਫੜ੍ਹਨਾ ਚਾਹੁੰਦੇ ਸਨ ਤਾਂ ਲੋਕਾਂ ਤੋਂ ਡਰੇ, ਕਿਉਂਕਿ ਲੋਕ ਉਸ ਨੂੰ ਨਬੀ ਮੰਨਦੇ ਸਨ ।

22
ਵਿਆਹ ਦੇ ਭੋਜ ਦਾ ਦ੍ਰਿਸ਼ਟਾਂਤ
(ਲੂਕਾ 14:15-24)

1ਯਿਸੂ ਨੇ ਉਨ੍ਹਾਂ ਦੇ ਨਾਲ ਫਿਰ ਦ੍ਰਿਸ਼ਟਾਤਾਂ ਵਿੱਚ ਕਿਹਾ,2ਸਵਰਗ ਰਾਜ ਕਿਸੇ ਰਾਜੇ ਵਰਗਾ ਹੈ ਜਿਸ ਨੇ ਆਪਣੇ ਪੁੱਤਰ ਦਾ ਵਿਆਹ ਕੀਤਾ ।3ਅਤੇ ਉਸ ਨੇ ਸੱਦੇ ਹੋਇਆਂ ਨੂੰ ਵਿਆਹ ਵਿੱਚ ਸੱਦਣ ਲਈ ਆਪਣੇ ਨੌਕਰਾਂ ਨੂੰ ਭੇਜਿਆ ਪਰ ਉਹ ਆਉਣ ਲਈ ਤਿਆਰ ਨਾ ਹੋਏ ।

4ਫਿਰ ਉਹ ਨੇ ਹੋਰਨਾਂ ਨੌਕਰਾਂ ਨੂੰ ਇਹ ਕਹਿ ਕੇ ਭੇਜਿਆ ਜੋ ਸੱਦੇ ਹੋਇਆਂ ਨੂੰ ਆਖੋ ਕਿ ਵੇਖੋ ਮੈਂ ਭੋਜਨ ਤਿਆਰ ਕੀਤਾ ਹੈ ਅਤੇ ਮੇਰੇ ਬੈਲ ਤੇ ਮੋਟੇ-ਮੋਟੇ ਜਾਨਵਰ ਵੱਢੇ ਗਏ ਹਨ ਅਤੇ ਸਭ ਕੁੱਝ ਤਿਆਰ ਹੈ । ਤੁਸੀਂ ਵਿਆਹ ਵਿੱਚ ਆਓ ।
5ਪਰ ਉਹਨਾਂ ਨੇ ਕੋਈ ਪਰਵਾਹ ਨਾ ਕੀਤੀ ਅਤੇ ਚੱਲੇ ਗਏ, ਕੋਈ ਆਪਣੇ ਖੇਤ ਨੂੰ ਅਤੇ ਕੋਈ ਆਪਣੇ ਵਣਜ-ਵਪਾਰ ਨੂੰ,6ਅਤੇ ਕਈਆਂ ਨੇ ਉਹ ਦੇ ਨੌਕਰਾਂ ਨੂੰ ਫੜ੍ਹ ਕੇ ਉਨ੍ਹਾਂ ਦੀ ਬੇਇੱਜ਼ਤੀ ਕੀਤੀ ਅਤੇ ਮਾਰ ਸੁੱਟਿਆ ।7ਤਦ ਰਾਜੇ ਨੂੰ ਕ੍ਰੋਧ ਆਇਆ ਅਤੇ ਉਸ ਨੇ ਆਪਣੀਆਂ ਫ਼ੌਜਾਂ ਭੇਜ ਕੇ ਉਨ੍ਹਾਂ ਖ਼ੂਨੀਆਂ ਦਾ ਨਾਸ ਕਰ ਦਿੱਤਾ ਅਤੇ ਉਨ੍ਹਾਂ ਦਾ ਸ਼ਹਿਰ ਫੂਕ ਸੁੱਟਿਆ ।
8ਤਦ ਉਸ ਨੇ ਆਪਣੇ ਨੌਕਰਾਂ ਨੂੰ ਆਖਿਆ, ਵਿਆਹ ਦਾ ਸਮਾਨ ਤਾਂ ਤਿਆਰ ਹੈ ਪਰ ਸੱਦੇ ਹੋਏ ਯੋਗ ਨਹੀਂ ਹਨ ।9ਸੋ ਤੁਸੀਂ ਚੌਕਾਂ ਵਿੱਚ ਜਾਓ ਅਤੇ ਜਿੰਨੇ ਤੁਹਾਨੂੰ ਮਿਲਣ ਵਿਆਹ ਵਿੱਚ ਸੱਦ ਲਿਆਓ ।10ਤਦ ਉਹ ਨੌਕਰ ਰਸਤਿਆਂ ਉੱਤੇ ਬਾਹਰ ਜਾ ਕੇ ਬੁਰੇ ਭਲੇ ਜਿੰਨੇ ਮਿਲੇ ਸਭਨਾਂ ਨੂੰ ਇਕੱਠੇ ਕਰ ਲਿਆਏ ਅਤੇ ਵਿਆਹ ਵਾਲਾ ਘਰ ਮਹਿਮਾਨਾਂ ਨਾਲ ਭਰ ਗਿਆ ।
11ਪਰ ਜਦ ਰਾਜਾ ਮਹਿਮਾਨਾਂ ਨੂੰ ਵੇਖਣ ਅੰਦਰ ਆਇਆ ਤਦ ਉੱਥੇ ਇੱਕ ਮਨੁੱਖ ਨੂੰ ਦੇਖਿਆ ਜਿਸ ਨੇ ਵਿਆਹ ਵਾਲੇ ਕੱਪੜੇ ਨਹੀਂ ਪਹਿਨੇ ਹੋਏ ਸਨ ।12ਅਤੇ ਉਹ ਨੂੰ ਕਿਹਾ, ਭਾਈ, ਤੂੰ ਇੱਥੇ ਵਿਆਹ ਵਾਲੇ ਕੱਪੜਿਆਂ ਬਿਨ੍ਹਾਂ ਕਿਵੇਂ ਅੰਦਰ ਆਇਆ ? ਪਰ ਉਹ ਚੁੱਪ ਹੀ ਰਿਹਾ ।
13ਤਦ ਰਾਜੇ ਨੇ ਸੇਵਾਦਾਰਾਂ ਨੂੰ ਆਖਿਆ, ਇਹ ਦੇ ਹੱਥ-ਪੈਰ ਬੰਨ੍ਹ ਕੇ ਇਹ ਨੂੰ ਬਾਹਰ ਦੇ ਅੰਧਘੋਰ ਵਿੱਚ ਸੁੱਟ ਦਿਓ ! ਉੱਥੇ ਰੋਣਾ ਅਤੇ ਕਚੀਚੀਆਂ ਵੱਟਣਾ ਹੋਵੇਗਾ ।14ਕਿਉਂ ਜੋ ਸੱਦੇ ਹੋਏ ਤਾਂ ਬਹੁਤ ਹਨ ਪਰ ਚੁਣੇ ਹੋਏ ਥੋੜ੍ਹੇ ।
ਕੈਸਰ ਨੂੰ ਕਰ ਦੇਣਾ
(ਮਰਕੁਸ 12:13-17, ਲੂਕਾ 20:20-26)

15ਤਦ ਫ਼ਰੀਸੀਆਂ ਨੇ ਯੋਜਨਾ ਬਣਾਈ ਜੋ ਉਹ ਨੂੰ ਕਿਸ ਤਰ੍ਹਾਂ ਗੱਲਾਂ ਵਿੱਚ ਫਸਾਈਏ ।16ਅਤੇ ਉਨ੍ਹਾਂ ਆਪਣੇ ਚੇਲਿਆਂ ਨੂੰ ਹੇਰੋਦੀਆਂ ਦੇ ਨਾਲ ਉਸ ਦੇ ਕੋਲ ਭੇਜਿਆ ਕਿ ਉਸ ਨੂੰ ਆਖਣ, ਗੁਰੂ ਜੀ, ਅਸੀਂ ਜਾਣਦੇ ਹਾਂ ਜੋ ਤੂੰ ਸੱਚਾ ਹੈਂ ਅਤੇ ਸਚਿਆਈ ਨਾਲ ਪਰਮੇਸ਼ੁਰ ਦਾ ਰਾਹ ਦੱਸਦਾ ਹੈਂ ਅਤੇ ਤੈਨੂੰ ਕਿਸੇ ਦੀ ਪਰਵਾਹ ਨਹੀਂ ਕਿਉਂ ਜੋ ਤੂੰ ਮਨੁੱਖਾਂ ਦਾ ਪੱਖਪਾਤ ਨਹੀਂ ਕਰਦਾ ।17ਸੋ ਸਾਨੂੰ ਦੱਸ, ਤੂੰ ਕੀ ਸਮਝਦਾ ਹੈਂ ਜੋ ਕੈਸਰ ਨੂੰ ਕਰ ਦੇਣਾ ਯੋਗ ਹੈ ਜਾਂ ਨਹੀਂ ?
18ਪਰ ਯਿਸੂ ਨੇ ਉਨ੍ਹਾਂ ਦੀ ਚਲਾਕੀ ਸਮਝ ਕੇ ਆਖਿਆ, ਹੇ ਕਪਟੀਓ ਕਿਉਂ ਮੈਨੂੰ ਪਰਖਦੇ ਹੋ ?19ਕਰ ਦਾ ਸਿੱਕਾ ਮੈਨੂੰ ਵਿਖਾਓ । ਤਦ ਉਹ ਇੱਕ ਅੱਠਿਆਨੀ ਉਸ ਕੋਲ ਲਿਆਏ ।
20ਅਤੇ ਉਸ ਨੇ ਉਨ੍ਹਾਂ ਨੂੰ ਕਿਹਾ, ਇਹ ਮੂਰਤ ਅਤੇ ਲਿਖਤ ਕਿਸ ਦੀ ਹੈ ?21ਉਨ੍ਹਾਂ ਉਸ ਨੂੰ ਕਿਹਾ, ਕੈਸਰ ਦੀ । ਤਦ ਯਿਸੂ ਨੇ ਉਨ੍ਹਾਂ ਨੂੰ ਆਖਿਆ, ਫੇਰ ਜਿਹੜੀਆਂ ਚੀਜ਼ਾਂ ਕੈਸਰ ਦੀਆਂ ਹਨ ਉਹ ਕੈਸਰ ਨੂੰ ਅਤੇ ਜਿਹੜੀਆਂ ਪਰਮੇਸ਼ੁਰ ਦੀਆਂ ਹਨ ਉਹ ਪਰਮੇਸ਼ੁਰ ਨੂੰ ਦਿਓ ।22ਅਤੇ ਉਨ੍ਹਾਂ ਨੇ ਇਹ ਸੁਣ ਕੇ ਹੈਰਾਨ ਹੋਏ ਅਤੇ ਉਸ ਨੂੰ ਛੱਡ ਕੇ ਚੱਲੇ ਗਏ ।
ਜੀ ਉੱਠਣਾ ਅਤੇ ਵਿਆਹ
(ਮਰਕੁਸ 12:18-27, ਲੂਕਾ 20:27-40)

23ਉਸੇ ਦਿਨ ਸਦੂਕੀ ਜਿਹੜੇ ਆਖਦੇ ਹਨ ਜੋ ਮੁਰਦਿਆਂ ਦਾ ਜੀ ਉੱਠਣਾ ਨਹੀਂ ਹੈ ਉਹ ਦੇ ਕੋਲ ਆਏ ਅਤੇ ਉਸ ਤੋਂ ਸਵਾਲ ਪੁੱਛਿਆ24ਕਿ ਗੁਰੂ ਜੀ ਮੂਸਾ ਨੇ ਆਖਿਆ ਸੀ ਕਿ ਜੇ ਕੋਈ ਬੇ-ਔਲਾਦ ਮਰ ਜਾਵੇ ਤਾਂ ਉਹ ਦਾ ਭਰਾ ਉਹ ਦੀ ਪਤਨੀ ਨਾਲ ਵਿਆਹ ਕਰ ਲਵੇ ਅਤੇ ਆਪਣੇ ਭਰਾ ਲਈ ਸੰਤਾਨ ਉਤਪੰਨ ਕਰੇ ।
25ਸੋ ਸਾਡੇ ਵਿੱਚ ਸੱਤ ਭਰਾ ਸਨ ਅਤੇ ਪਹਿਲਾ ਵਿਆਹ ਕਰ ਕੇ ਮਰ ਗਿਆ ਅਤੇ ਬੇ-ਔਲਾਦਾ ਹੋਣ ਕਰਕੇ ਆਪਣੇ ਭਰਾ ਦੇ ਲਈ ਆਪਣੀ ਪਤਨੀ ਛੱਡ ਗਿਆ ।26ਇਸੇ ਤਰ੍ਹਾਂ ਦੂਜਾ ਵੀ ਅਤੇ ਤੀਜਾ ਵੀ, ਇਸੇ ਤਰ੍ਹਾਂ ਸੱਤਵੇਂ ਤੱਕ ।27ਅਤੇ ਸਾਰਿਆਂ ਦੇ ਬਾਅਦ ਉਹ ਔਰਤ ਵੀ ਮਰ ਗਈ ।28ਉਪਰੰਤ ਮੁਰਦਿਆਂ ਦੇ ਜੀ ਉੱਠਣ ਦੇ ਦਿਨ ਨੂੰ ਉਹ ਉਨ੍ਹਾਂ ਸੱਤਾਂ ਵਿੱਚੋਂ ਕਿਸ ਦੀ ਪਤਨੀ ਹੋਵੇਗੀ ਕਿਉਂਕਿ ਉਹ ਸਭਨਾਂ ਦੀ ਪਤਨੀ ਬਣੀ ਸੀ ?
29ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਤੁਸੀਂ ਪਵਿੱਤਰ ਗ੍ਰੰਥਾਂ ਅਤੇ ਪਰਮੇਸ਼ੁਰ ਦੀ ਸਮਰੱਥਾ ਨੂੰ ਨਹੀਂ ਜਾਣਦੇ, ਇਸੇ ਲਈ ਗਲਤੀ ਕਰਦੇ ਹੋ ।30ਕਿਉਂ ਜੋ ਜੀ ਉੱਠਣ ਵਾਲੇ ਦਿਨ ਵਿੱਚ ਨਾ ਵਿਆਹ ਕਰਦੇ ਅਤੇ ਨਾ ਵਿਆਹੇ ਜਾਂਦੇ ਹਨ ਪਰ ਸਵਰਗ ਵਿੱਚ ਦੂਤਾਂ ਵਰਗੇ ਹਨ ।
31ਪਰ ਮੁਰਦਿਆਂ ਦੇ ਜੀ ਉੱਠਣ ਦਿਨ ਦੇ ਵਿਖੇ ਕੀ ਤੁਸੀਂ ਉਹ ਨਹੀਂ ਪੜ੍ਹਿਆ ਜੋ ਪਰਮੇਸ਼ੁਰ ਨੇ ਤੁਹਾਨੂੰ ਆਖਿਆ32ਕਿ ਮੈਂ ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ਹਾਂ ? ਉਹ ਮੁਰਦਿਆਂ ਦਾ ਪਰਮੇਸ਼ੁਰ ਨਹੀਂ ਪਰ ਜਿਉਂਦਿਆਂ ਦਾ ਹੈ ।33ਅਤੇ ਲੋਕ ਇਹ ਸੁਣ ਕੇ ਉਹ ਦੇ ਉਪਦੇਸ਼ ਤੋਂ ਹੈਰਾਨ ਹੋਏ ।
ਸਭ ਤੋਂ ਵੱਡੀ ਆਗਿਆ
(ਮਰਕੁਸ 12:28-34, ਲੂਕਾ 10:25-28)

34ਪਰ ਜਦ ਫ਼ਰੀਸੀਆਂ ਨੇ ਸੁਣਿਆ ਜੋ ਉਹ ਨੇ ਸਦੂਕੀਆਂ ਦਾ ਮੂੰਹ ਬੰਦ ਕਰ ਦਿੱਤਾ, ਤਦ ਉਹ ਇੱਕ ਥਾਂ ਇਕੱਠੇ ਹੋਏ ।35ਅਤੇ ਉਨ੍ਹਾਂ ਵਿੱਚੋਂ ਇੱਕ ਨੇ ਜਿਹੜਾ ਉਪਦੇਸ਼ਕ ਸੀ ਉਹ ਦੇ ਪਰਖਣ ਲਈ ਸਵਾਲ ਕੀਤਾ36ਕਿ ਗੁਰੂ ਜੀ, ਮੂਸਾ ਦੀ ਬਿਵਸਥਾ ਵਿੱਚ ਵੱਡਾ ਹੁਕਮ ਕਿਹੜਾ ਹੈ ?
37ਅਤੇ ਉਹ ਨੇ ਉਸ ਨੂੰ ਕਿਹਾ, ਤੂੰ ਪ੍ਰਭੂ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ, ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਪਿਆਰ ਕਰ ।38ਵੱਡਾ ਅਤੇ ਪਹਿਲਾ ਹੁਕਮ ਇਹੋ ਹੈ ।
39ਅਤੇ ਦੂਜਾ ਇਸ ਤਰ੍ਹਾਂ ਹੈ ਕਿ ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ ।40ਇਨ੍ਹਾਂ ਦੋਹਾਂ ਹੁਕਮਾਂ ਉੱਤੇ ਮੂਸਾ ਦੀ ਸਾਰੀ ਬਿਵਸਥਾ ਅਤੇ ਨਬੀਆਂ ਦੇ ਬਚਨ ਟਿਕੇ ਹੋਏ ਹਨ ।
ਮਸੀਹ ਕਿਸ ਦਾ ਪੁੱਤਰ ਹੈ ?
(ਮਰਕੁਸ 12:35-37, ਲੂਕਾ 20:41-44)

41ਜਿਸ ਵੇਲੇ ਫ਼ਰੀਸੀ ਇਕੱਠੇ ਸਨ ਯਿਸੂ ਨੇ ਉਨ੍ਹਾਂ ਨੂੰ ਪੁੱਛਿਆ42ਮਸੀਹ ਦੇ ਬਾਰੇ ਤੁਸੀਂ ਕੀ ਸਮਝਦੇ ਹੋ, ਉਹ ਕਿਹ ਦਾ ਪੁੱਤਰ ਹੈ ? ਉਨ੍ਹਾਂ ਉਸ ਨੂੰ ਆਖਿਆ, ਦਾਊਦ ਦਾ ।
43ਉਸ ਨੇ ਉਨ੍ਹਾਂ ਨੂੰ ਕਿਹਾ, ਫੇਰ ਦਾਊਦ ਆਤਮਾ ਦੀ ਰਾਹੀਂ ਕਿਵੇਂ ਉਹ ਨੂੰ ਪ੍ਰਭੂ ਆਖਦਾ ਹੈ ? ਕਿ44ਪ੍ਰਭੂ ਨੇ ਮੇਰੇ ਪ੍ਰਭੂ ਨੂੰ ਆਖਿਆ, ਤੂੰ ਮੇਰੇ ਸੱਜੇ ਪਾਸੇ ਬੈਠ, ਜਦ ਤੱਕ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰਾਂ ਹੇਠ ਨਾ ਕਰ ਦੇਵਾਂ ।

45ਸੋ ਜਦ ਦਾਊਦ ਉਹ ਨੂੰ ਪ੍ਰਭੂ ਆਖਦਾ ਹੈ ਤਾਂ ਉਹ ਉਸ ਦਾ ਪੁੱਤਰ ਕਿਸ ਤਰ੍ਹਾਂ ਹੋਇਆ ?46ਅਤੇ ਕੋਈ ਉਹ ਨੂੰ ਜਵਾਬ ਵਿੱਚ ਇੱਕ ਬਚਨ ਵੀ ਨਾ ਕਹਿ ਸਕਿਆ, ਨਾ ਉਸ ਦਿਨ ਤੋਂ ਕਿਸੇ ਦੀ ਹਿੰਮਤ ਹੋਈ ਜੋ ਉਸ ਅੱਗੇ ਕੋਈ ਪ੍ਰਸ਼ਨ ਕਰੇ ।

23
ਉਪਦੇਸ਼ਕਾਂ ਅਤੇ ਫ਼ਰੀਸੀਆਂ ਤੋਂ ਸਾਵਧਾਨ ਰਹੋ
(ਮਰਕੁਸ 13:38, 39, ਲੂਕਾ 11:43, 46; 20:45, 46 )

1ਤਦ ਯਿਸੂ ਨੇ ਲੋਕਾਂ ਨੂੰ ਅਤੇ ਆਪਣੇ ਚੇਲਿਆਂ ਨੂੰ ਕਿਹਾ,2ਉਪਦੇਸ਼ਕ ਅਤੇ ਫ਼ਰੀਸੀ ਮੂਸਾ ਦੀ ਗੱਦੀ ਉੱਤੇ ਬੈਠੇ ਹਨ ।3ਇਸ ਲਈ ਸਭ ਕੁੱਝ ਜੋ ਉਹ ਤੁਹਾਨੂੰ ਕਹਿਣ ਤੁਸੀਂ ਮੰਨ ਲੈਣਾ ਅਤੇ ਉਹ ਦੀ ਪਾਲਣਾ ਕਰਨੀ ਪਰ ਉਨ੍ਹਾਂ ਵਰਗੇ ਕੰਮ ਨਾ ਕਰਨਾ ਕਿਉਂਕਿ ਜੋ ਉਹ ਕਹਿੰਦੇ ਹਨ ਸੋ ਉਹ ਕਰਦੇ ਨਹੀਂ ।

4ਉਹ ਭਾਰੇ ਬੋਝ ਜਿਨ੍ਹਾਂ ਦਾ ਚੁੱਕਣਾ ਔਖਾ ਹੈ, ਬੰਨ੍ਹ ਕੇ ਮਨੁੱਖਾਂ ਦਿਆਂ ਮੋਢਿਆਂ ਉੱਤੇ ਰੱਖਦੇ ਹਨ ਉਹ ਆਪ ਉਨ੍ਹਾਂ ਨੂੰ ਉਂਗਲ ਨਾਲ ਖਿਸਕਾਉਣਾ ਵੀ ਨਹੀਂ ਚਾਹੁੰਦੇ ।5ਉਹ ਆਪਣੇ ਸਭ ਕੰਮ ਲੋਕਾਂ ਨੂੰ ਵਿਖਾਉਣ ਲਈ ਕਰਦੇ ਹਨ ਕਿਉਂ ਜੋ ਉਹ ਆਪਣੇ ਪੋਥੀਆਂ ਵਾਲੇ ਥੈਲੇ ਚੌੜੇ ਕਰਦੇ ਅਤੇ ਆਪਣੀਆਂ ਝਾਲਰਾਂ ਵਧਾਉਂਦੇ ਹਨ ।
6ਅਤੇ ਦਾਵਤ ਵਿੱਚ ਖ਼ਾਸ ਥਾਵਾਂ ਅਤੇ ਪ੍ਰਾਰਥਨਾ ਘਰ ਵਿੱਚ ਅਗਲੀਆਂ ਕੁਰਸੀਆਂ ।7ਅਤੇ ਬਜ਼ਾਰਾਂ ਵਿੱਚ ਸਲਾਮ ਲੈਣ ਅਤੇ ਮਨੁੱਖਾਂ ਕੋਲੋਂ ਗੁਰੂ ਜੀ ਅਖਵਾਉਣ ਦੇ ਭੁੱਖੇ ਹਨ ।
8ਪਰ ਤੁਸੀਂ ਗੁਰੂ ਨਾ ਅਖਵਾਓ, ਕਿਉਂ ਜੋ ਤੁਹਾਡਾ ਗੁਰੂ ਇੱਕੋ ਹੈ ਅਤੇ ਤੁਸੀਂ ਸਾਰੇ ਭਾਈ ਹੋ ।9ਧਰਤੀ ਉੱਤੇ ਕਿਸੇ ਨੂੰ ਆਪਣਾ ਪਿਤਾ ਨਾ ਆਖੋ ਕਿਉਂ ਜੋ ਤੁਹਾਡਾ ਪਿਤਾ ਇੱਕੋ ਹੈ, ਜਿਹੜਾ ਸਵਰਗ ਵਿੱਚ ਹੈ ।10ਅਤੇ ਨਾ ਤੁਸੀਂ ਮਾਲਕ ਅਖਵਾਓ, ਕਿਉਂ ਜੋ ਤੁਹਾਡਾ ਮਾਲਕ ਇੱਕੋ ਹੈ ਅਰਥਾਤ ਮਸੀਹ ।
11ਪਰ ਉਹ ਜਿਹੜਾ ਤੁਹਾਡੇ ਵਿੱਚੋਂ ਹੋਰਨਾਂ ਨਾਲੋਂ ਵੱਡਾ ਹੈ, ਉਹ ਤੁਹਾਡਾ ਸੇਵਾਦਾਰ ਹੋਵੇ ।12ਅਤੇ ਜੋ ਕੋਈ ਆਪਣੇ ਆਪ ਨੂੰ ਉੱਚਾ ਕਰੇਗਾ, ਉਹ ਨੀਵਾਂ ਕੀਤਾ ਜਾਵੇਗਾ ਅਤੇ ਜੋ ਕੋਈ ਆਪਣੇ ਆਪ ਨੂੰ ਨੀਵਾਂ ਕਰੇਗਾ. ਉਹ ਉੱਚਾ ਕੀਤਾ ਜਾਵੇਗਾ ।
ਉਪਦੇਸ਼ਕਾਂ ਅਤੇ ਫ਼ਰੀਸੀਆਂ ਉੱਤੇ ਸੱਤ ਹਾਏ
(ਮਰਕੁਸ 12:40, ਲੂਕਾ 11:39-42, 44,52; 20:47)

13ਪਰ ਹੇ ਕਪਟੀ ਉਪਦੇਸ਼ਕੋ ਅਤੇ ਫ਼ਰੀਸੀਓ ਤੁਹਾਡੇ ਉੱਤੇ ਹਾਏ ! ਇਸ ਲਈ ਜੋ ਤੁਸੀਂ ਸਵਰਗ ਰਾਜ ਨੂੰ ਮਨੁੱਖਾਂ ਦੇ ਅੱਗੇ ਬੰਦ ਕਰਦੇ ਹੋ, ਕਿਉਂ ਜੋ ਉਸ ਵਿੱਚ ਨਾ ਆਪ ਵੜਦੇ ਨਾ ਵੜਨ ਵਾਲਿਆਂ ਨੂੰ ਵੜਨ ਦਿੰਦੇ ਹੋ ।14ਕਪਟੀ ਉਪਦੇਸ਼ਕੋ ਅਤੇ ਫ਼ਰੀਸੀਓ ਤੁਹਾਡੇ ਉੱਤੇ ਹਾਏ ! ਕਿਉਂਕਿ ਤੁਸੀਂ ਵਿਖਾਵੇ ਲਈ ਲੰਮੀਆਂ ਲੰਮੀਆਂ ਪ੍ਰਾਰਥਨਾ ਕਰਦੇ ਹੋ, ਪਰ ਵਿਧਵਾਵਾਂ ਦੇ ਘਰ ਨੂੰ ਲੁੱਟ ਲੈਂਦੇ ਹੋ । ਤੁਹਾਨੂੰ ਵੱਡੀ ਸਜ਼ਾ ਮਿਲੇਗੀ ।

15ਹੇ ਕਪਟੀ ਉਪਦੇਸ਼ਕੋ ਅਤੇ ਫ਼ਰੀਸੀਓ ਤੁਹਾਡੇ ਉੱਤੇ ਹਾਏ ! ਕਿਉਂ ਜੋ ਤੁਸੀਂ ਇੱਕ ਮਨੁੱਖ ਨੂੰ ਆਪਣੇ ਪੰਥ ਵਿੱਚ ਰਲਾਉਣ ਲਈ ਜਲ-ਥਲ ਗਾਹੁੰਦੇ ਹੋ ਅਤੇ ਜਦ ਉਹ ਤੁਹਾਡੇ ਪੰਥ ਵਿੱਚ ਰਲ ਜਾਂਦਾ ਹੈ ਤਾਂ ਤੁਸੀਂ ਉਸ ਨੂੰ ਆਪਣੇ ਨਾਲੋਂ ਦੁਗਣਾ ਨਰਕ ਦਾ ਪੁੱਤਰ ਬਣਾਉਂਦੇ ਹੋ ।

16ਹੇ ਅੰਨ੍ਹੇ ਆਗੂਓ, ਤੁਹਾਡੇ ਉੱਤੇ ਹਾਏ ! ਜਿਹੜੇ ਆਖਦੇ ਹੋ ਕਿ ਜੇ ਕੋਈ ਹੈਕਲ ਦੀ ਸਹੁੰ ਖਾਵੇ ਤਾਂ ਕੁੱਝ ਗੱਲ ਨਹੀਂ ਪਰ ਜੇ ਕੋਈ ਹੈਕਲ ਦੇ ਸੋਨੇ ਦੀ ਸਹੁੰ ਖਾਵੇ ਤਾਂ ਉਹ ਪੂਰੀ ਕਰਨੀ ਪਵੇਗੀ ।17ਹੇ ਮੂਰਖੋ ਅਤੇ ਅੰਨ੍ਹਿਓ ਕਿਹੜਾ ਵੱਡਾ ਹੈ ਸੋਨਾ ਜਾਂ ਹੈਕਲ, ਜਿਸ ਨੇ ਸੋਨੇ ਨੂੰ ਪਵਿੱਤਰ ਕੀਤਾ ਹੈ ?
18ਅਤੇ ਇਹ ਆਖਦੇ ਹੋ ਕਿ ਜੇ ਕੋਈ ਜਗਵੇਦੀ ਦੀ ਸਹੁੰ ਖਾਵੇ ਤਾਂ ਕੁੱਝ ਗੱਲ ਨਹੀਂ, ਪਰ ਜਿਹੜੀ ਉਸ ਭੇਂਟ ਦੀ ਜੋ ਉਸ ਉੱਤੇ ਹੈ ਸਹੁੰ ਖਾਵੇ ਤਾਂ ਉਹ ਨੂੰ ਪੂਰੀ ਕਰਨੀ ਪਵੇਗੀ ।19ਹੇ ਅੰਨ੍ਹਿਓ ਕਿਹੜੀ ਵੱਡੀ ਹੈ ਭੇਂਟ ਜਾਂ ਜਗਵੇਦੀ, ਜਿਹੜੀ ਭੇਟ ਨੂੰ ਪਵਿੱਤਰ ਕਰਦੀ ਹੈ ?
20ਇਸ ਲਈ ਜੋ ਕੋਈ ਜਗਵੇਦੀ ਦੀ ਸਹੁੰ ਖਾਂਦਾ ਹੈ, ਸੋ ਉਹ ਦੀ ਅਤੇ ਸਭ ਚੀਜ਼ਾਂ ਦੀ ਸਹੁੰ ਖਾਂਦਾ ਹੈ ਜਿਹੜੀਆਂ ਉਸ ਉੱਤੇ ਹਨ ।21ਅਤੇ ਜੋ ਕੋਈ ਹੈਕਲ ਦੀ ਸਹੁੰ ਖਾਂਦਾ ਹੈ, ਸੋ ਉਸ ਦੀ ਅਤੇ ਉਸ ਦੇ ਵਿੱਚ ਰਹਿਣ ਵਾਲੇ ਦੀ ਵੀ ਸਹੁੰ ਖਾਂਦਾ ਹੈ ।22ਅਤੇ ਜੋ ਕੋਈ ਸਵਰਗ ਦੀ ਸਹੁੰ ਖਾਂਦਾ ਹੈ, ਸੋ ਪਰਮੇਸ਼ੁਰ ਦੇ ਸਿੰਘਾਸਣ ਦੀ ਅਤੇ ਉਸ ਉੱਪਰ ਬੈਠਣ ਵਾਲੇ ਦੀ ਸਹੁੰ ਖਾਂਦਾ ਹੈ ।

23ਹੇ ਕਪਟੀ ਉਪਦੇਸ਼ਕੋ ਅਤੇ ਫ਼ਰੀਸੀਓ ਤੁਹਾਡੇ ਉੱਤੇ ਹਾਏ ! ਕਿਉਂ ਜੋ ਤੁਸੀਂ ਪੂਦੀਨੇ, ਸੌਂਫ਼ ਅਤੇ ਜੀਰੇ ਦਾ ਦਸਵੰਧ ਦਿੰਦੇ ਹੋ, ਪਰ ਮੂਸਾ ਦੀ ਬਿਵਸਥਾ ਵੱਡੇ ਹੁਕਮਾਂ ਨੂੰ ਅਰਥਾਤ ਨਿਆਂ, ਦਯਾ ਅਤੇ ਵਿਸ਼ਵਾਸ ਨੂੰ ਛੱਡ ਦਿੱਤਾ ਹੈ । ਪਰ ਚਾਹੀਦਾ ਸੀ ਜੋ ਇਨ੍ਹਾਂ ਨੂੰ ਕਰਦੇ ਅਤੇ ਉਨ੍ਹਾਂ ਨੂੰ ਵੀ ਨਾ ਛੱਡਦੇ ।24ਹੇ ਅੰਨ੍ਹੇ ਆਗੂਓ, ਜਿਹੜੇ ਮੱਛਰ ਪੁਣ ਲੈਂਦੇ ਅਤੇ ਊਠ ਨਿਗਲ ਜਾਂਦੇ ਹੋ !

25ਹੇ ਕਪਟੀ ਉਪਦੇਸ਼ਕੋ ਅਤੇ ਫ਼ਰੀਸੀਓ ਤੁਹਾਡੇ ਉੱਤੇ ਹਾਏ ! ਕਿਉਂ ਜੋ ਤੁਸੀਂ ਕਟੋਰੇ ਅਤੇ ਥਾਲੀ ਨੂੰ ਬਾਹਰੋਂ ਸਾਫ਼ ਕਰਦੇ ਹੋ ਪਰ ਅੰਦਰੋਂ ਉਹ ਲੁੱਟ ਅਤੇ ਬਦ-ਪਰਹੇਜ਼ੀ ਨਾਲ ਭਰੇ ਹੋਏ ਹਨ ।26ਹੇ ਅੰਨ੍ਹੇ ਫ਼ਰੀਸੀਓ ! ਪਹਿਲਾਂ ਕਟੋਰੇ ਅਤੇ ਥਾਲੀ ਦੇ ਅੰਦਰ ਨੂੰ ਸਾਫ਼ ਕਰੋ ਤਾਂ ਉਹ ਬਾਹਰੋਂ ਵੀ ਸਾਫ਼ ਹੋਣਗੇ ।

27ਹੇ ਕਪਟੀ ਉਪਦੇਸ਼ਕੋ ਅਤੇ ਫ਼ਰੀਸੀਓ ਤੁਹਾਡੇ ਉੱਤੇ ਹਾਏ ! ਕਿਉਂ ਜੋ ਤੁਸੀਂ ਰੰਗ ਕੀਤੀਆਂ ਕਬਰਾਂ ਵਰਗੇ ਹੋ, ਜਿਹੜੀਆਂ ਬਾਹਰੋਂ ਤਾਂ ਸੋਹਣੀਆਂ ਦਿਸਦੀਆਂ ਹਨ ਪਰ ਅੰਦਰੋਂ ਮੁਰਦਿਆਂ ਦੀਆਂ ਹੱਡੀਆਂ ਅਤੇ ਹਰ ਪਰਕਾਰ ਦੀ ਅਸ਼ੁੱਧਤਾ ਨਾਲ ਭਰੀਆਂ ਹੋਈਆਂ ਹਨ ।28ਇਸੇ ਤਰ੍ਹਾਂ ਤੁਸੀਂ ਵੀ ਬਾਹਰੋਂ ਮਨੁੱਖਾਂ ਨੂੰ ਧਰਮੀ ਵਿਖਾਈ ਦਿੰਦੇ ਹੋ ਪਰ ਅੰਦਰੋਂ ਕਪਟ ਅਤੇ ਕੁਧਰਮ ਨਾਲ ਭਰੇ ਹੋਏ ਹੋ ।
ਉਪਦੇਸ਼ਕਾਂ ਅਤੇ ਫ਼ਰੀਸੀਆਂ ਉੱਤੇ ਸਜ਼ਾ ਦੀ ਭਵਿੱਖਬਾਣੀ
(ਲੂਕਾ 11:47-51)

29ਹੇ ਕਪਟੀ ਉਪਦੇਸ਼ਕੋ ਅਤੇ ਫ਼ਰੀਸੀਓ ਤੁਹਾਡੇ ਉੱਤੇ ਹਾਏ ! ਕਿਉਂ ਜੋ ਤੁਸੀਂ ਨਬੀਆਂ ਦੀਆਂ ਕਬਰਾਂ ਬਣਾਉਂਦੇ ਹੋ ਅਤੇ ਧਰਮੀਆਂ ਦੀਆਂ ਸਮਾਧਾਂ ਸੁਆਰਦੇ ਹੋ ।30ਅਤੇ ਆਖਦੇ ਹੋ ਜੇ ਅਸੀਂ ਆਪਣੇ ਪਿਉ-ਦਾਦਿਆਂ ਦੇ ਦਿਨਾਂ ਵਿੱਚ ਹੁੰਦੇ ਤਾਂ ਉਨ੍ਹਾਂ ਨਾਲ ਨਬੀਆਂ ਦੇ ਖੂਨ ਵਿੱਚ ਸਾਂਝੀ ਨਾ ਹੁੰਦੇ ।31ਸੋ ਤੁਸੀਂ ਆਪਣੇ ਉੱਤੇ ਗਵਾਹੀ ਦਿੰਦੇ ਹੋ ਜੋ ਅਸੀਂ ਨਬੀਆਂ ਦੇ ਖ਼ੂਨੀਆਂ ਦੇ ਪੁੱਤਰ ਹਾਂ ।
32ਸੋ ਤੁਸੀਂ ਆਪਣੇ ਪਿਉ-ਦਾਦਿਆਂ ਦੇ ਪਾਪ ਦੇ ਘੜੇ ਨੂੰ ਭਰੀ ਜਾਓ ।33ਹੇ ਸੱਪੋ, ਹੇ ਨਾਗਾਂ ਦੇ ਬੱਚਿਓ ! ਤੁਸੀਂ ਨਰਕ ਦੀ ਸਜ਼ਾ ਤੋਂ ਕਿਸ ਤਰ੍ਹਾਂ ਬਚੋਗੇ ?
34ਇਸ ਲਈ ਵੇਖੋ ਮੈਂ ਨਬੀਆਂ ਅਤੇ ਗਿਆਨੀਆਂ ਅਤੇ ਉਪਦੇਸ਼ਕਾਂ ਨੂੰ ਤੁਹਾਡੇ ਕੋਲ ਭੇਜਦਾ ਹਾਂ । ਤੁਸੀਂ ਉਨ੍ਹਾਂ ਵਿੱਚੋਂ ਕਈਆਂ ਨੂੰ ਮਾਰ ਸੁੱਟੋਗੇ ਅਤੇ ਸਲੀਬ ਉੱਤੇ ਚੜ੍ਹਾਓਗੇ ਅਤੇ ਕਈਆਂ ਨੂੰ ਆਪਣੇ ਪ੍ਰਾਰਥਨਾ ਘਰਾਂ ਵਿੱਚ ਕੋਰੜੇ ਮਾਰੋਗੇ ਅਤੇ ਸ਼ਹਿਰ ਸ਼ਹਿਰ ਉਨ੍ਹਾਂ ਦੇ ਮਗਰ ਪਓਗੇ ।35ਤਾਂ ਕਿ ਧਰਮੀਆਂ ਦਾ ਜਿੰਨਾਂ ਲਹੂ ਧਰਤੀ ਉੱਤੇ ਵਹਾਇਆ ਗਿਆ ਸੱਭੋ ਤੁਹਾਡੇ ਜੁੰਮੇ ਆਵੇ, ਹਾਬਲ ਧਰਮੀ ਦੇ ਲਹੂ ਤੋਂ ਲੈ ਕੇ ਬਕਰਯਾਹ ਦੇ ਪੁੱਤਰ ਜ਼ਕਰਯਾਹ ਦੇ ਲਹੂ ਤੱਕ ਜਿਸ ਨੂੰ ਤੁਸੀਂ ਪਵਿੱਤਰ ਸਥਾਨ ਅਤੇ ਜਗਵੇਦੀ ਦੇ ਵਿਚਕਾਰ ਮਾਰ ਦਿੱਤਾ ।36ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਇਹ ਸਭ ਕੁੱਝ ਇਸ ਪੀੜ੍ਹੀ ਦੇ ਲੋਕਾਂ ਦੇ ਜੁੰਮੇ ਆਵੇਗਾ ।
ਯਰੂਸ਼ਲਮ ਦੇ ਲਈ ਵਿਰਲਾਪ
(ਲੂਕਾ 13:34, 35)

37ਹੇ ਯਰੂਸ਼ਲਮ, ਯਰੂਸ਼ਲਮ ! ਤੂੰ ਜੋ ਨਬੀਆਂ ਨੂੰ ਕਤਲ ਕਰਦਾ ਹੈਂ ਅਤੇ ਉਨ੍ਹਾਂ ਨੂੰ ਜਿਹੜੇ ਤੇਰੇ ਕੋਲ ਭੇਜੇ ਗਏ ਪਥਰਾਉ ਕਰਦਾ ਹੈਂ, ਮੈਂ ਕਿੰਨੀ ਵਾਰੀ ਚਾਹਿਆ ਜੋ ਤੇਰੇ ਬੱਚਿਆਂ ਨੂੰ ਉਸੇ ਤਰ੍ਹਾਂ ਇਕੱਠੇ ਕਰਾਂ ਜਿਸ ਤਰ੍ਹਾਂ ਮੁਰਗੀ ਆਪਣੇ ਬੱਚਿਆਂ ਨੂੰ ਖੰਭਾਂ ਦੇ ਹੇਠ ਇਕੱਠੇ ਕਰਦੀ ਹੈ, ਪਰ ਤੁਸੀਂ ਨਾ ਚਾਹਿਆ ।38ਵੇਖੋ ਤੁਹਾਡਾ ਘਰ ਤੁਹਾਡੇ ਲਈ ਉਜਾੜ ਛੱਡਿਆ ਜਾਂਦਾ ਹੈ ।39ਕਿਉਂਕਿ ਮੈਂ ਤੁਹਾਨੂੰ ਆਖਦਾ ਹਾਂ ਜੋ ਤੁਸੀਂ ਮੈਨੂੰ ਇਸ ਤੋਂ ਬਾਅਦ ਨਾ ਵੇਖੋਗੇ ਜਦ ਤੱਕ ਇਹ ਨਾ ਕਹੋਗੇ ਕਿ ਮੁਬਾਰਕ ਹੈ ਉਹ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ ।

24
ਹੈਕਲ ਦੇ ਵਿਨਾਸ਼ ਦੀ ਭਵਿੱਖਬਾਣੀ
(ਮਰਕੁਸ 13:1, 2, ਲੂਕਾ 21:5, 6)

1ਯਿਸੂ ਹੈਕਲ ਵਿੱਚੋਂ ਬਾਹਰ ਨਿੱਕਲ ਕੇ ਜਾ ਰਿਹਾ ਸੀ ਕਿ ਉਹ ਦੇ ਚੇਲੇ ਉਸ ਕੋਲ ਆਏ ਤਾਂ ਕਿ ਹੈਕਲ ਦੀਆਂ ਇਮਾਰਤਾਂ ਉਸ ਨੂੰ ਵਿਖਾਲਣ ।2ਪਰ ਉਸ ਨੇ ਅੱਗੋਂ ਉਨ੍ਹਾਂ ਨੂੰ ਕਿਹਾ, ਕੀ ਤੁਸੀਂ ਇਨ੍ਹਾਂ ਸਭਨਾਂ ਚੀਜ਼ਾਂ ਨੂੰ ਨਹੀਂ ਵੇਖਦੇ ? ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਇੱਥੇ ਪੱਥਰ ਉੱਤੇ ਪੱਥਰ ਛੱਡਿਆ ਨਾ ਜਾਵੇਗਾ ਜੋ ਡੇਗਿਆ ਨਾ ਜਾਵੇ ।

ਸੰਕਟ ਅਤੇ ਕਲੇਸ਼
(ਮਰਕੁਸ 13:3-13, ਲੂਕਾ 21:7-19)

3ਜਦ ਉਹ ਜ਼ੈਤੂਨ ਦੇ ਪਹਾੜ ਉੱਤੇ ਬੈਠਾ ਹੋਇਆ ਸੀ ਤਾਂ ਉਹ ਦੇ ਚੇਲੇ ਉਹ ਦੇ ਕੋਲ ਇਕਾਂਤ ਵਿੱਚ ਆਏ ਅਤੇ ਪੁੱਛਿਆ, ਸਾਨੂੰ ਦੱਸ ਜੋ ਇਹ ਗੱਲਾਂ ਕਦੋਂ ਹੋਣਗੀਆਂ ਅਤੇ ਤੇਰੇ ਆਉਣ ਤੇ ਜੁੱਗ ਦੇ ਅੰਤ ਦਾ ਕੀ ਨਿਸ਼ਾਨ ਹੋਵੇਗਾ ?4ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਚੌਕਸ ਰਹੋ ਕਿ ਤੁਹਾਨੂੰ ਕੋਈ ਧੋਖਾ ਨਾ ਦੇਵੇ ।5ਕਿਉਂਕਿ ਬਹੁਤ ਲੋਕ ਮੇਰੇ ਨਾਮ ਤੇ ਤੁਹਾਡੇ ਕੋਲ ਆਉਣਗੇ ਅਤੇ ਕਹਿਣਗੇ ਕਿ ਮੈਂ ਮਸੀਹ ਹਾਂ ਅਤੇ ਬਹੁਤਿਆਂ ਨੂੰ ਭਰਮਾ ਲੈਣਗੇ ।
6ਤੁਸੀਂ ਲੜਾਈਆਂ ਤੇ ਲੜਾਈਆਂ ਦੀਆਂ ਖ਼ਬਰਾਂ ਸੁਣੋਗੇ । ਸਾਵਧਾਨ ! ਕਿਤੇ ਘਬਰਾ ਨਾ ਜਾਣਾ ਕਿਉਂ ਜੋ ਇਹ ਗੱਲਾਂ ਤਾਂ ਹੋਣੀਆਂ ਹੀ ਹਨ ਪਰ ਅਜੇ ਅੰਤ ਨਹੀਂ ।7ਕੌਮ-ਕੌਮ ਉੱਤੇ ਅਤੇ ਪਾਤਸ਼ਾਹੀ ਪਾਤਸ਼ਾਹੀ ਉੱਤੇ ਚੜ੍ਹਾਈ ਕਰੇਗੀ ਅਤੇ ਥਾਂ-ਥਾਂ ਕਾਲ ਪੈਣਗੇ ਅਤੇ ਭੂਚਾਲ ਆਉਣਗੇ ।8ਪਰ ਇਹ ਸਭ ਕੁੱਝ ਪੀੜਾਂ ਦਾ ਅਰੰਭ ਹੈ ।
9ਤਦ ਉਹ ਤੁਹਾਨੂੰ ਬਿਪਤਾ ਲਈ ਫੜਵਾ ਦੇਣਗੇ ਅਤੇ ਤੁਹਾਨੂੰ ਮਾਰ ਦੇਣਗੇ ਅਤੇ ਮੇਰੇ ਨਾਮ ਦੇ ਕਾਰਨ ਸਾਰੀਆਂ ਕੌਮਾਂ ਤੁਹਾਡੇ ਨਾਲ ਵੈਰ ਰੱਖਣਗੀਆਂ ।10ਅਤੇ ਉਸ ਸਮੇਂ ਬਹੁਤ ਲੋਕ ਠੋਕਰ ਖਾਣਗੇ ਅਤੇ ਇੱਕ ਦੂਜੇ ਨੂੰ ਫੜ੍ਹਵਾਉਣਗੇ ਅਤੇ ਇੱਕ ਦੂਜੇ ਨਾਲ ਵੈਰ ਰੱਖਣਗੇ ।11ਅਤੇ ਬਹੁਤ ਸਾਰੇ ਝੂਠੇ ਨਬੀ ਉੱਠਣਗੇ ਅਤੇ ਬਹੁਤਿਆਂ ਨੂੰ ਭਰਮਾ ਲੈਣਗੇ ।
12ਅਤੇ ਕੁਧਰਮ ਦੇ ਵਧਣ ਕਾਰਨ ਬਹੁਤਿਆਂ ਦੀ ਪ੍ਰੀਤ ਠੰਡੀ ਹੋ ਜਾਵੇਗੀ ।13ਪਰ ਜਿਹੜਾ ਅੰਤ ਤੱਕ ਸਹਿਣ ਕਰੇਗਾ ਉਹੀ ਬਚਾਇਆ ਜਾਵੇਗਾ ।14ਅਤੇ ਰਾਜ ਦੀ ਇਸ ਖੁਸ਼ਖਬਰੀ ਦਾ ਪਰਚਾਰ ਸਾਰੀ ਦੁਨੀਆਂ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਗਵਾਹੀ ਹੋਵੇ, ਤਦ ਅੰਤ ਆਵੇਗਾ ।
ਮਹਾਂ ਸੰਕਟ ਦਾ ਅਰੰਭ
(ਮਰਕੁਸ 13:14-23, ਲੂਕਾ 21:20-24)

15ਉਪਰੰਤ ਜਦ ਤੁਸੀਂ ਉਸ ਉਜਾੜਨ ਵਾਲੀ ਘਿਣਾਉਣੀ ਚੀਜ਼ ਨੂੰ ਜਿਸ ਦੀ ਖ਼ਬਰ ਦਾਨੀਏਲ ਨਬੀ ਨੇ ਦਿੱਤੀ ਪਵਿੱਤਰ ਥਾਂ ਵਿੱਚ ਖੜ੍ਹੀ ਵੇਖੋਗੇ ( ਪੜ੍ਹਨ ਵਾਲਾ ਸਮਝ ਲਵੇ )16ਤਦ ਉਹ ਜਿਹੜੇ ਯਹੂਦਿਯਾ ਵਿੱਚ ਹੋਣ ਪਹਾੜਾਂ ਉੱਤੇ ਭੱਜ ਜਾਣ ।17ਜਿਹੜਾ ਛੱਤ ਉੱਤੇ ਹੋਵੇ ਉਹ ਆਪਣੇ ਘਰ ਵਿੱਚੋਂ ਸਮਾਨ ਲੈਣ ਨੂੰ ਹੇਠਾਂ ਨਾ ਉੱਤਰੇ ।18ਅਤੇ ਜਿਹੜਾ ਖੇਤ ਵਿੱਚ ਹੋਵੇ ਆਪਣੇ ਕੱਪੜੇ ਲੈਣ ਨੂੰ ਪਿੱਛੇ ਨਾ ਮੁੜੇ ।
19ਪਰ ਅਫ਼ਸੋਸ ਉਨ੍ਹਾਂ ਉੱਤੇ ਜਿਹੜੀਆਂ ਉਨ੍ਹੀਂ ਦਿਨੀਂ ਗਰਭਣੀਆਂ ਅਤੇ ਦੁੱਧ ਚੁੰਘਾਉਣ ਵਾਲੀਆਂ ਹੋਣ !20ਪਰ ਤੁਸੀਂ ਪ੍ਰਾਰਥਨਾ ਕਰੋ ਜੋ ਤੁਹਾਡਾ ਭੱਜਣਾ ਸਿਆਲ ਵਿੱਚ ਜਾਂ ਸਬਤ ਦੇ ਦਿਨ ਨਾ ਹੋਵੇ ।21ਕਿਉਂ ਜੋ ਉਸ ਸਮੇਂ ਅਜਿਹਾ ਵੱਡਾ ਕਸ਼ਟ ਹੋਵੇਗਾ ਜੋ ਜਗਤ ਦੇ ਮੁੱਢੋਂ ਲੈ ਕੇ ਨਾ ਹੁਣ ਤੱਕ ਹੋਇਆ ਅਤੇ ਨਾ ਕਦੇ ਹੋਵੇਗਾ ।22ਅਤੇ ਜੇ ਉਹ ਦਿਨ ਘਟਾਏ ਨਾ ਜਾਂਦੇ ਤਾਂ ਕੋਈ ਮਨੁੱਖ ਨਾ ਬਚਦਾ ਪਰ ਉਹ ਦਿਨ ਚੁਣਿਆਂ ਹੋਇਆਂ ਦੀ ਖ਼ਾਤਰ ਘਟਾਏ ਜਾਣਗੇ ।
23ਤਦ ਜੇ ਕੋਈ ਤੁਹਾਨੂੰ ਆਖੇ, ਵੇਖੋ ਮਸੀਹ ਇੱਥੇ ਜਾਂ ਉੱਥੇ ਹੈ ਤਾਂ ਸੱਚ ਨਾ ਮੰਨਣਾ ।24ਕਿਉਂਕਿ ਝੂਠੇ ਮਸੀਹ ਅਤੇ ਝੂਠੇ ਨਬੀ ਉੱਠਣਗੇ ਅਤੇ ਅਜਿਹੇ ਵੱਡੇ ਨਿਸ਼ਾਨ ਅਤੇ ਅਚਰਜ ਕੰਮ ਵਿਖਾਉਣਗੇ ਕਿ ਜੇ ਹੋ ਸਕਦਾ ਤਾਂ ਉਹ ਚੁਣਿਆ ਹੋਇਆਂ ਨੂੰ ਵੀ ਭਰਮਾ ਲੈਂਦੇ ।25ਵੇਖੋ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ।
26ਇਸ ਲਈ ਜੇ ਉਹ ਤੁਹਾਨੂੰ ਆਖਣ, ਵੇਖੋ ਉਹ ਉਜਾੜ ਵਿੱਚ ਹੈ ਤਾਂ ਬਾਹਰ ਨਾ ਜਾਣਾ । ਵੇਖੋ ਮਸੀਹ ਅੰਦਰਲੀਆਂ ਕੋਠੜੀਆਂ ਵਿੱਚ ਹੈ ਤਾਂ ਸੱਚ ਨਾ ਮੰਨਣਾ ।27ਕਿਉਂਕਿ ਜਿਸ ਤਰ੍ਹਾਂ ਬਿਜਲੀ ਚੜ੍ਹਦਿਓਂ ਚਮਕਾਰਾ ਮਾਰ ਕੇ ਲਹਿੰਦੇ ਤੱਕ ਦਿਸਦੀ ਹੈ, ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦਾ ਆਉਣਾ ਹੋਵੇਗਾ ।28ਜਿੱਥੇ ਲੋਥ ਹੈ, ਉੱਥੇ ਗਿਰਝਾਂ ਇਕੱਠੀਆਂ ਹੋਣਗੀਆਂ ।
ਮਨੁੱਖ ਦੇ ਪੁੱਤਰ ਦਾ ਦੁਬਾਰਾ ਆਉਣਾ
(ਮਰਕੁਸ 13:24-27, ਲੂਕਾ 21:25-28)

29ਉਨ੍ਹਾਂ ਦਿਨਾਂ ਦੇ ਕਸ਼ਟ ਤੋਂ ਬਾਅਦ ਸੂਰਜ ਝੱਟ ਹਨ੍ਹੇਰਾ ਹੋ ਜਾਵੇਗਾ ਅਤੇ ਚੰਦ ਆਪਣੀ ਚਾਨਣੀ ਨਾ ਦੇਵੇਗਾ ਅਤੇ ਤਾਰੇ ਅਕਾਸ਼ ਤੋਂ ਡਿੱਗ ਪੈਣਗੇ ਅਤੇ ਅਕਾਸ਼ ਦੀਆਂ ਸ਼ਕਤੀਆਂ ਹਿਲਾਈਆਂ ਜਾਣਗੀਆਂ ।
30ਤਦ ਮਨੁੱਖ ਦੇ ਪੁੱਤਰ ਦਾ ਨਿਸ਼ਾਨ ਅਕਾਸ਼ ਵਿੱਚ ਪਰਗਟ ਹੋਵੇਗਾ ਅਤੇ ਤਦੋਂ ਧਰਤੀ ਦੀਆਂ ਸਾਰੀਆਂ ਕੌਮਾਂ ਛਾਤੀ ਪਿੱਟਣਗੀਆਂ ਅਤੇ ਮਨੁੱਖ ਦੇ ਪੁੱਤਰ ਨੂੰ ਵੱਡੀ ਸਮਰੱਥਾ ਅਤੇ ਮਹਿਮਾ ਨਾਲ ਅਕਾਸ਼ ਦੇ ਬੱਦਲਾਂ ਉੱਤੇ ਆਉਂਦਿਆਂ ਵੇਖਣਗੀਆਂ ।31ਅਤੇ ਉਹ ਤੁਰ੍ਹੀ ਦੀ ਵੱਡੀ ਅਵਾਜ਼ ਨਾਲ ਆਪਣੇ ਦੂਤਾਂ ਨੂੰ ਭੇਜੇਗਾ ਅਤੇ ਉਹ ਚਾਰੇ ਪਾਸਿਓਂ ਚੌਹਾਂ ਕੂੰਟਾਂ ਤੋਂ ਅਕਾਸ਼ ਦੇ ਉਸ ਸਿਰੇ ਤੋਂ ਲੈ ਕੇ ਇਸ ਸਿਰੇ ਤੱਕ ਉਹ ਦੇ ਚੁਣਿਆਂ ਹੋਇਆਂ ਨੂੰ ਇਕੱਠਿਆਂ ਕਰਨਗੇ ।
ਹੰਜ਼ੀਰ ਦੇ ਦਰੱਖਤ ਦੀ ਉਦਾਹਰਣ
(ਮਰਕੁਸ 13:28-31, ਲੂਕਾ 21:29-33)

32ਫੇਰ ਹੰਜ਼ੀਰ ਦੇ ਦਰਖ਼ਤ ਤੋਂ ਇੱਕ ਦ੍ਰਿਸ਼ਟਾਂਤ ਸਿੱਖੋ । ਜਦ ਉਹ ਦੀ ਟਹਿਣੀ ਨਰਮ ਹੁੰਦੀ ਅਤੇ ਪੱਤੇ ਫੁੱਟਦੇ ਹਨ ਤਦ ਸਮਝ ਜਾਂਦੇ ਹਨ ਕਿ ਗਰਮੀ ਦੀ ਰੁੱਤ ਨੇੜੇ ਹੈ ।33ਇਸੇ ਤਰ੍ਹਾਂ ਤੁਸੀਂ ਵੀ ਜਾਂ ਇਹ ਸਭ ਕੁੱਝ ਵੇਖੋ ਤਾਂ ਜਾਣ ਲਓ ਜੋ ਉਹ ਨੇੜੇ ਸਗੋਂ ਬੂਹੇ ਉੱਤੇ ਹੈ ।
34ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਦ ਤੱਕ ਇਹ ਸਭ ਗੱਲਾਂ ਨਾ ਹੋ ਲੈਣ, ਇਸ ਪੀੜ੍ਹੀ ਦਾ ਅੰਤ ਨਾ ਹੋਵੇਗਾ ।35ਅਕਾਸ਼ ਅਤੇ ਧਰਤੀ ਟਲ ਜਾਣਗੇ ਪਰ ਮੇਰੇ ਬਚਨ ਕਦੀ ਨਾ ਟਲਣਗੇ ।
ਜਾਗਦੇ ਰਹੋ
(ਮਰਕੁਸ 13:32-37, ਲੂਕਾ 17:26-30, 34-36)

36ਪਰ ਉਸ ਦਿਨ ਅਤੇ ਸਮੇਂ ਨੂੰ ਕੋਈ ਨਹੀਂ ਜਾਣਦਾ, ਨਾ ਸਵਰਗ ਦੇ ਦੂਤ ਨਾ ਪੁੱਤਰ ਪਰ ਕੇਵਲ ਪਿਤਾ ।
37ਅਤੇ ਜਿਸ ਤਰ੍ਹਾਂ ਨੂਹ ਦੇ ਦਿਨ ਸਨ, ਮਨੁੱਖ ਦੇ ਪੁੱਤਰ ਦਾ ਆਉਣਾ ਉਸੇ ਤਰ੍ਹਾਂ ਹੋਵੇਗਾ ।38ਕਿਉਂਕਿ ਜਿਸ ਤਰ੍ਹਾਂ ਪਰਲੋ ਤੋਂ ਪਹਿਲਾਂ ਦੇ ਦਿਨਾਂ ਵਿੱਚ ਲੋਕ ਖਾਂਦੇ-ਪੀਂਦੇ ਵਿਆਹ ਕਰਦੇ ਅਤੇ ਕਰਾਉਂਦੇ ਸਨ, ਉਸ ਦਿਨ ਤੱਕ ਜਦ ਤੱਕ ਨੂਹ ਕਿਸ਼ਤੀ ਉੱਤੇ ਚੜ੍ਹਿਆ ।39ਅਤੇ ਉਹ ਨਹੀਂ ਜਾਣਦੇ ਸਨ ਜਦ ਤੱਕ ਪਰਲੋ ਨਾ ਆਈ ਅਤੇ ਸਭਨਾਂ ਨੂੰ ਰੋੜ੍ਹ ਕੇ ਲੈ ਗਈ, ਇਸੇ ਤਰ੍ਹਾਂ ਮਨੁੱਖ ਦੇ ਪੁੱਤਰ ਦਾ ਆਉਣਾ ਹੋਵੇਗਾ ।
40ਤਦ ਦੋ ਜਣੇ ਖੇਤ ਵਿੱਚ ਹੋਣਗੇ, ਇੱਕ ਲੈ ਲਿਆ ਜਾਵੇਗਾ ਅਤੇ ਇੱਕ ਛੱਡਿਆ ਜਾਵੇਗਾ ।41ਦੋ ਔਰਤਾਂ ਚੱਕੀ ਪੀਂਹਦੀਆਂ ਹੋਣਗੀਆਂ, ਇੱਕ ਲੈ ਲਈ ਜਾਵੇਗੀ ਅਤੇ ਇੱਕ ਛੱਡੀ ਜਾਵੇਗੀ ।42ਸੋ ਜਾਗਦੇ ਰਹੋ ਕਿਉਂਕਿ ਤੁਸੀਂ ਨਹੀਂ ਜਾਣਦੇ ਜੋ ਤੁਹਾਡਾ ਪ੍ਰਭੂ ਕਿਹੜੇ ਦਿਨ ਆਉਂਦਾ ਹੈ ।
43ਪਰ ਇਹ ਜਾਣੋ ਕਿ ਜੇ ਘਰ ਦੇ ਮਾਲਕ ਨੂੰ ਪਤਾ ਹੁੰਦਾ ਕਿ ਚੋਰ ਕਿਸ ਪਹਿਰ ਆਵੇਗਾ ਤਾਂ ਜਾਗਦਾ ਰਹਿੰਦਾ ਅਤੇ ਆਪਣੇ ਘਰ ਚੋਰੀ ਨਾ ਹੋਣ ਦਿੰਦਾ ।44ਇਸ ਲਈ ਤੁਸੀਂ ਵੀ ਤਿਆਰ ਰਹੋ ਕਿਉਂਕਿ ਜਿਸ ਸਮੇਂ ਤੁਹਾਨੂੰ ਖਿਆਲ ਵੀ ਨਾ ਹੋਵੇ, ਉਸੇ ਸਮੇਂ ਮਨੁੱਖ ਦਾ ਪੁੱਤਰ ਆ ਜਾਵੇਗਾ ।
ਵਫ਼ਾਦਾਰ ਅਤੇ ਦੁਸ਼ਟ ਨੌਕਰ
(ਲੂਕਾ 12:41-48)

45ਉਪਰੰਤ ਉਹ ਵਫ਼ਾਦਾਰ ਅਤੇ ਬੁੱਧਵਾਨ ਨੌਕਰ ਕੌਣ ਹੈ, ਜਿਸ ਨੂੰ ਮਾਲਕ ਨੇ ਆਪਣੇ ਨੌਕਰਾਂ ਉੱਤੇ ਪ੍ਰਧਾਨ ਠਹਿਰਾਇਆ ਕਿ ਵੇਲੇ ਸਿਰ ਉਨ੍ਹਾਂ ਨੂੰ ਭੋਜਣ ਦੇਵੇ ?46ਧੰਨ ਉਹ ਨੌਕਰ ਜਿਹ ਨੂੰ ਉਸ ਦਾ ਮਾਲਕ ਜਦ ਆਵੇ, ਅਜਿਹਾ ਹੀ ਕਰਦਿਆਂ ਵੇਖੇ ।47ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਉਹ ਉਸ ਨੂੰ ਆਪਣੇ ਸਾਰੇ ਮਾਲ ਉੱਤੇ ਅਧਿਕਾਰੀ ਠਹਿਰਾਵੇਗਾ ।
48ਪਰ ਜੇ ਉਹ ਦੁਸ਼ਟ ਨੌਕਰ ਆਪਣੇ ਮਨ ਵਿੱਚ ਆਖੇ, ਜੋ ਮੇਰਾ ਮਾਲਕ ਚਿਰ ਲਾਉਂਦਾ ਹੈ49ਅਤੇ ਆਪਣੇ ਨਾਲ ਦੇ ਨੌਕਰਾਂ ਨੂੰ ਮਾਰਨ ਲੱਗੇ ਅਤੇ ਸ਼ਰਾਬੀਆਂ ਨਾਲ ਖਾਏ ਪੀਏ ।50ਤਾਂ ਜਿਸ ਦਿਨ ਉਹ ਉਡੀਕ ਨਹੀਂ ਕਰਦਾ ਅਤੇ ਜਿਸ ਘੜੀ ਉਹ ਨਹੀਂ ਜਾਣਦਾ, ਉਸ ਨੌਕਰ ਦਾ ਮਾਲਕ ਆਵੇਗਾ ।51ਅਤੇ ਉਹ ਨੂੰ ਦੋ ਟੁੱਕੜੇ ਕਰ ਦੇਵੇਗਾ ਅਤੇ ਕਪਟੀਆਂ ਨਾਲ ਉਹ ਦਾ ਹਿੱਸਾ ਠਹਿਰਾਵੇਗਾ । ਉੱਥੇ ਰੋਣਾ ਅਤੇ ਕਚੀਚੀਆਂ ਵੱਟਣਾ ਹੋਵੇਗਾ ।

25
ਦਸ ਕੁਆਰੀਆਂ ਦਾ ਦ੍ਰਿਸ਼ਟਾਂਤ

1ਉਸ ਵੇਲੇ ਸਵਰਗ ਰਾਜ ਦਸਾਂ ਕੁਆਰੀਆਂ ਵਰਗਾ ਹੋਵੇਗਾ ਜਿਹੜੀਆਂ ਆਪਣੀਆਂ ਮਸ਼ਾਲਾਂ ਲੈ ਕੇ ਲਾੜੇ ਦੇ ਮਿਲਣ ਨੂੰ ਨਿੱਕਲੀਆਂ ।2ਅਤੇ ਉਨ੍ਹਾਂ ਵਿੱਚੋਂ ਪੰਜ ਤਾਂ ਮੂਰਖ ਅਤੇ ਪੰਜ ਸਮਝਦਾਰ ਸਨ ।3ਕਿਉਂਕਿ ਜਿਹੜੀਆਂ ਮੂਰਖ ਸਨ ਉਨ੍ਹਾਂ ਨੇ ਆਪਣੀਆਂ ਮਸ਼ਾਲਾਂ ਤਾਂ ਲੈ ਲਈਆਂ ਪਰ ਤੇਲ ਆਪਣੇ ਨਾਲ ਨਾ ਲਿਆ ।4ਪਰ ਸਮਝਦਾਰਾਂ ਨੇ ਆਪਣੇ ਭਾਂਡਿਆਂ ਵਿੱਚ ਤੇਲ ਆਪਣੀਆਂ ਮਸ਼ਾਲਾਂ ਨਾਲ ਲੈ ਲਿਆ ।

5ਅਤੇ ਜਦ ਲਾੜੇ ਦੇ ਆਉਣ ਵਿੱਚ ਦੇਰ ਹੋਈ ਤਾਂ ਉਹ ਸਭ ਊਂਘ ਪਈਆਂ ਅਤੇ ਸੌਂ ਗਈਆਂ ।6ਅਤੇ ਅੱਧੀ ਰਾਤ ਨੂੰ ਧੁੰਮ ਪਈ, ਔਹ ਲਾੜਾ ਆਇਆ, ਉਹ ਦੇ ਮਿਲਣ ਨੂੰ ਨਿੱਕਲੋ !
7ਤਦ ਉਨ੍ਹਾਂ ਸਭਨਾਂ ਕੁਆਰੀਆਂ ਨੇ ਉੱਠ ਕੇ ਆਪਣੀਆਂ ਮਸ਼ਾਲਾਂ ਤਿਆਰ ਕੀਤੀਆਂ ।8ਅਤੇ ਮੂਰਖਾਂ ਨੇ ਸਮਝਦਾਰਾਂ ਨੂੰ ਕਿਹਾ ਕਿ ਆਪਣੇ ਤੇਲ ਵਿੱਚੋਂ ਕੁੱਝ ਸਾਨੂੰ ਦਿਓ, ਕਿਉਂ ਜੋ ਸਾਡੀਆਂ ਮਸ਼ਾਲਾਂ ਬੁਝਦੀਆਂ ਜਾਂਦੀਆਂ ਹਨ ।9ਪਰ ਸਮਝਦਾਰਾਂ ਨੇ ਉੱਤਰ ਦਿੱਤਾ, ਨਾ, ਕਿਤੇ ਸਾਡੇ ਅਤੇ ਤੁਹਾਡੇ ਲਈ ਥੁੜ ਨਾ ਜਾਏ ਪਰ ਤੁਸੀਂ ਵੇਚਣ ਵਾਲਿਆਂ ਦੇ ਕੋਲ ਜਾ ਕੇ ਆਪਣੇ ਲਈ ਮੁੱਲ ਲਓ ।
10ਅਤੇ ਜਦ ਉਹ ਮੁੱਲ ਲੈਣ ਗਈਆਂ ਤਾਂ ਲਾੜਾ ਆ ਪਹੁੰਚਿਆ ਅਤੇ ਜਿਹੜੀਆਂ ਤਿਆਰ ਸਨ ਉਹ ਦੇ ਨਾਲ ਵਿਆਹ ਵਿੱਚ ਜਾ ਵੜੀਆਂ ਅਤੇ ਦਰਵਾਜ਼ਾ ਬੰਦ ਕੀਤਾ ਗਿਆ ।11ਅਤੇ ਬਾਅਦ ਵਿੱਚ ਦੂਜੀਆਂ ਕੁਆਰੀਆਂ ਵੀ ਆਈਆਂ ਅਤੇ ਬੋਲੀਆਂ, ਹੇ ਮਹਾਰਾਜ, ਹੇ ਮਹਾਰਾਜ ! ਸਾਡੇ ਲਈ ਦਰਵਾਜ਼ਾ ਖੋਲ੍ਹ ਦਿਓ !12ਪਰ ਉਹ ਨੇ ਉੱਤਰ ਦਿੱਤਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਮੈਂ ਤੁਹਾਨੂੰ ਨਹੀਂ ਪਛਾਣਦਾ ।13ਇਸ ਕਰਕੇ ਜਾਗਦੇ ਰਹੋ ਕਿਉਂ ਜੋ ਤੁਸੀਂ ਨਾ ਉਸ ਦਿਨ, ਨਾ ਉਸ ਘੜੀ ਨੂੰ ਜਾਣਦੇ ਹੋ ।
ਤੋੜਿਆਂ ਦਾ ਦ੍ਰਿਸ਼ਟਾਂਤ
(ਲੂਕਾ 19:11-27)

14ਇਹ ਗੱਲ ਤਾਂ ਉਸ ਮਨੁੱਖ ਵਰਗੀ ਹੈ ਜਿਸ ਨੇ ਪਰਦੇਸ ਨੂੰ ਜਾਣ ਲੱਗਿਆਂ ਆਪਣੇ ਨੌਕਰਾਂ ਨੂੰ ਸੱਦ ਕੇ ਆਪਣਾ ਮਾਲ ਉਨ੍ਹਾਂ ਨੂੰ ਸੌਂਪਿਆ ।15ਅਤੇ ਇੱਕ ਨੂੰ ਪੰਜ ਤੋੜੇ, ਦੂਜੇ ਨੂੰ ਦੋ ਅਤੇ ਤੀਜੇ ਨੂੰ ਇੱਕ, ਹਰੇਕ ਨੂੰ ਉਹ ਦੀ ਯੋਗਤਾ ਦੇ ਅਨੁਸਾਰ ਦਿੱਤਾ ਤਾਂ ਪਰਦੇਸ ਨੂੰ ਚੱਲਿਆ ਗਿਆ ।16ਜਿਸ ਨੇ ਪੰਜ ਤੋੜੇ ਲਏ ਸਨ ਉਹ ਨੇ ਝੱਟ ਜਾ ਕੇ ਉਨ੍ਹਾਂ ਨਾਲ ਬਣਜ ਵਪਾਰ ਕੀਤਾ ਅਤੇ ਹੋਰ ਪੰਜ ਤੋੜੇ ਕਮਾਏ ।
17ਇਸੇ ਤਰ੍ਹਾਂ ਜਿਸ ਨੇ ਦੋ ਲਏ ਸਨ ਉਹ ਨੇ ਵੀ ਹੋਰ ਦੋ ਕਮਾ ਲਏ ।18ਪਰ ਜਿਸ ਨੇ ਇੱਕੋ ਲਿਆ ਸੀ ਉਹ ਨੇ ਜਾ ਕੇ ਧਰਤੀ ਪੁੱਟੀ ਅਤੇ ਆਪਣੇ ਮਾਲਕ ਦੇ ਤੋੜੇ ਨੂੰ ਲੁਕਾ ਦਿੱਤਾ ।
19ਬਹੁਤ ਸਮੇਂ ਬਾਅਦ, ਉਨ੍ਹਾਂ ਨੌਕਰਾਂ ਦਾ ਮਾਲਕ ਆਇਆ ਅਤੇ ਉਨ੍ਹਾਂ ਤੋਂ ਲੇਖਾ ਲੈਣ ਲੱਗਾ ।20ਸੋ ਜਿਸ ਨੇ ਪੰਜ ਤੋੜੇ ਲਏ ਸਨ ਉਹ ਨੇ ਕੋਲ ਆ ਕੇ ਹੋਰ ਪੰਜ ਤੋੜੇ ਉਹ ਦੇ ਅੱਗੇ ਰੱਖੇ ਅਤੇ ਕਿਹਾ, ਸੁਆਮੀ ਜੀ ਤੁਸੀਂ ਮੈਨੂੰ ਪੰਜ ਤੋੜੇ ਸੌਂਪੇ ਸਨ । ਵੇਖੋ ਮੈਂ ਪੰਜ ਤੋੜੇ ਹੋਰ ਵੀ ਕਮਾਏ ।21ਉਹ ਦੇ ਮਾਲਕ ਨੇ ਉਸ ਨੂੰ ਕਿਹਾ, ਹੇ ਚੰਗੇ ਅਤੇ ਵਫ਼ਾਦਾਰ ਨੌਕਰ ਸ਼ਾਬਾਸ਼ ! ਤੂੰ ਤਾਂ ਥੋੜ੍ਹੇ ਜਿਹੇ ਵਿੱਚ ਵਫ਼ਾਦਾਰ ਰਿਹਾ, ਮੈਂ ਤੈਨੂੰ ਬਹੁਤ ਸਾਰੇ ਉੱਤੇ ਅਧਿਕਾਰ ਦੇਵਾਂਗਾ । ਤੂੰ ਆਪਣੇ ਮਾਲਕ ਦੀ ਖੁਸ਼ੀ ਵਿੱਚ ਸ਼ਾਮਿਲ ਹੋ ।
22ਅਤੇ ਜਿਸ ਨੇ ਦੋ ਤੋੜੇ ਲਏ ਸਨ ਉਹ ਵੀ ਕੋਲ ਆ ਕੇ ਬੋਲਿਆ, ਸੁਆਮੀ ਜੀ ਤੁਸੀਂ ਮੈਨੂੰ ਦੋ ਤੋੜੇ ਸੌਂਪੇ ਸਨ । ਵੇਖੋ ਮੈਂ ਦੋ ਤੋੜੇ ਹੋਰ ਵੀ ਕਮਾਏ ।23ਉਹ ਦੇ ਮਾਲਕ ਨੇ ਉਸ ਨੂੰ ਕਿਹਾ, ਹੇ ਚੰਗੇ ਅਤੇ ਵਫ਼ਾਦਾਰ ਨੌਕਰ ਸ਼ਾਬਾਸ਼ ! ਤੂੰ ਥੋੜ੍ਹੇ ਜਿਹੇ ਵਿੱਚ ਵਫ਼ਾਦਾਰ ਰਿਹਾ, ਮੈਂ ਤੈਨੂੰ ਬਹੁਤ ਸਾਰੇ ਉੱਤੇ ਅਧਿਕਾਰ ਦੇਵਾਂਗਾ । ਤੂੰ ਆਪਣੇ ਮਾਲਕ ਦੀ ਖੁਸ਼ੀ ਵਿੱਚ ਸ਼ਾਮਿਲ ਹੋ ।
24ਫੇਰ ਜਿਸ ਨੇ ਇੱਕ ਤੋੜਾ ਲਿਆ ਸੀ ਉਹ ਵੀ ਕੋਲ ਆ ਕੇ ਬੋਲਿਆ, ਸੁਆਮੀ ਜੀ ਮੈਂ ਤੁਹਾਨੂੰ ਜਾਣਦਾ ਹਾਂ ਜੋ ਤੁਸੀਂ ਕਰੜੇ ਆਦਮੀ ਹੋ ਕਿ ਜਿੱਥੇ ਤੁਸੀਂ ਨਹੀਂ ਬੀਜਿਆ ਉੱਥੋਂ ਵੱਢਦੇ ਹੋ ਅਤੇ ਜਿੱਥੇ ਨਹੀਂ ਖਿੰਡਾਇਆ ਉੱਥੋਂ ਇਕੱਠਾ ਕਰਦੇ ਹੋ ।25ਸੋ ਮੈਂ ਡਰਿਆ ਅਤੇ ਜਾ ਕੇ ਤੁਹਾਡੇ ਤੋੜੇ ਨੂੰ ਧਰਤੀ ਵਿੱਚ ਲੁਕਾ ਦਿੱਤਾ । ਇਹ ਆਪਣਾ ਤੋੜਾ ਵਾਪਸ ਲੈ ਲਵੋ ।
26ਉਸ ਦੇ ਮਾਲਕ ਨੇ ਉਸ ਨੂੰ ਉੱਤਰ ਦਿੱਤਾ, ਓਏ ਦੁਸ਼ਟ ਅਤੇ ਆਲਸੀ ਨੌਕਰ ! ਕੀ ਤੂੰ ਜਾਣਦਾ ਹੈਂ ਕਿ ਜਿੱਥੇ ਮੈਂ ਨਹੀਂ ਬੀਜਿਆ ਉੱਥੋਂ ਵੱਢਦਾ ਹਾਂ ਅਤੇ ਜਿੱਥੇ ਮੈਂ ਨਹੀਂ ਖਿੰਡਾਇਆ ਉੱਥੋਂ ਇਕੱਠਾ ਕਰਦਾ ਹਾਂ ?27ਇਸ ਲਈ ਤੈਨੂੰ ਚਾਹੀਦਾ ਸੀ ਜੋ ਮੇਰੇ ਰੁਪਏ ਸ਼ਾਹੂਕਾਰਾਂ ਨੂੰ ਦਿੰਦਾ ਤਾਂ ਮੈਂ ਆ ਕੇ ਆਪਣਾ ਮਾਲ ਵਿਆਜ ਸਮੇਤ ਲੈਂਦਾ ।
28ਸੋ ਉਹ ਤੋੜਾ ਉਸ ਕੋਲੋਂ ਲੈ ਲਓ ਅਤੇ ਜਿਸ ਦੇ ਕੋਲ ਦਸ ਤੋੜੇ ਹਨ ਉਹ ਨੂੰ ਦਿਓ ।29ਕਿਉਂਕਿ ਜਿਸ ਕਿਸੇ ਕੋਲ ਕੁੱਝ ਹੈ ਉਹ ਨੂੰ ਦਿੱਤਾ ਜਾਵੇਗਾ ਅਤੇ ਉਹ ਦਾ ਵਾਧਾ ਹੋਵੇਗਾ ਪਰ ਜਿਸ ਦੇ ਕੋਲ ਨਹੀਂ ਉਸ ਕੋਲੋਂ ਜੋ ਉਹ ਦਾ ਹੈ ਉਹ ਵੀ ਲੈ ਲਿਆ ਜਾਵੇਗਾ ।30ਇਸ ਨਿਕੰਮੇ ਨੌਕਰ ਨੂੰ ਬਾਹਰ ਅੰਧਘੋਰ ਵਿੱਚ ਸੁੱਟ ਦਿਓ । ਉੱਥੇ ਰੋਣਾ ਅਤੇ ਕਚੀਚੀਆਂ ਵੱਟਣਾ ਹੋਵੇਗਾ ।
ਨਿਆਂ ਦਾ ਦਿਨ

31ਜਦ ਮਨੁੱਖ ਦਾ ਪੁੱਤਰ ਆਪਣੀ ਮਹਿਮਾ ਨਾਲ ਸਾਰੇ ਦੂਤਾਂ ਨਾਲ ਆਵੇਗਾ ਤਦ ਉਹ ਆਪਣੇ ਤੇਜ ਦੇ ਸਿੰਘਾਸਣ ਉੱਤੇ ਬੈਠੇਗਾ ।32ਅਤੇ ਸਭ ਕੌਮਾਂ ਉਹ ਦੇ ਅੱਗੇ ਇਕੱਠੀਆਂ ਕੀਤੀਆਂ ਜਾਣਗੀਆਂ ਅਤੇ ਜਿਸ ਤਰ੍ਹਾਂ ਅਯਾਲੀ ਭੇਡਾਂ ਨੂੰ ਬੱਕਰੀਆਂ ਵਿੱਚੋਂ ਅਲੱਗ ਕਰਦਾ ਹੈ, ਉਸੇ ਤਰ੍ਹਾਂ ਉਹ ਉਨ੍ਹਾਂ ਨੂੰ ਇੱਕ ਦੂਜੇ ਤੋਂ ਅਲੱਗ ਕਰੇਗਾ ।33ਅਤੇ ਉਹ ਭੇਡਾਂ ਨੂੰ ਆਪਣੇ ਸੱਜੇ ਪਾਸੇ ਅਤੇ ਬੱਕਰੀਆਂ ਨੂੰ ਖੱਬੇ ਪਾਸੇ ਖੜ੍ਹਾ ਕਰੇਗਾ ।
34ਤਦ ਰਾਜਾ ਉਨ੍ਹਾਂ ਨੂੰ ਜਿਹੜੇ ਉਹ ਦੇ ਸੱਜੇ ਪਾਸੇ ਹੋਣ ਆਖੇਗਾ, ਹੇ ਮੇਰੇ ਪਿਤਾ ਦੇ ਮੁਬਾਰਕ ਲੋਕੋ ਆਓ ! ਜਿਹੜਾ ਰਾਜ ਜਗਤ ਦੇ ਮੁੱਢੋਂ ਤੁਹਾਡੇ ਲਈ ਤਿਆਰ ਕੀਤਾ ਹੋਇਆ ਹੈ, ਉਹ ਦੇ ਵਾਰਸ ਹੋਵੋ ।35ਕਿਉਂ ਜੋ ਮੈਂ ਭੁੱਖਾ ਸੀ ਅਤੇ ਤੁਸੀਂ ਮੈਨੂੰ ਖਾਣ ਨੂੰ ਦਿੱਤਾ, ਮੈਂ ਤਿਹਾਇਆ ਸੀ ਅਤੇ ਤੁਸੀਂ ਮੈਨੂੰ ਪੀਣ ਨੂੰ ਦਿੱਤਾ, ਮੈਂ ਪਰਦੇਸੀ ਸੀ ਅਤੇ ਤੁਸੀਂ ਮੈਨੂੰ ਆਪਣੇ ਘਰ ਉਤਾਰਿਆ,36ਨੰਗਾ ਸੀ ਅਤੇ ਤੁਸੀਂ ਮੈਨੂੰ ਕੱਪੜੇ ਪਹਿਨਾਏ, ਮੈਂ ਰੋਗੀ ਸੀ ਅਤੇ ਤੁਸੀਂ ਮੇਰੀ ਖ਼ਬਰ ਲਈ, ਮੈਂ ਕੈਦ ਵਿੱਚ ਸੀ ਅਤੇ ਤੁਸੀਂ ਮੇਰੇ ਕੋਲ ਆਏ ।
37ਤਦ ਧਰਮੀ ਲੋਕ ਉਹ ਨੂੰ ਇਹ ਉੱਤਰ ਦੇਣਗੇ, ਪ੍ਰਭੂ ਜੀ ਅਸੀਂ ਕਦੋਂ ਤੈਨੂੰ ਭੁੱਖਾ ਵੇਖਿਆ ਤੇ ਤੈਨੂੰ ਖੁਆਇਆ ਜਾਂ ਤਿਹਾਇਆ ਦੇਖਿਆ ਤੇ ਤੈਨੂੰ ਪਿਲਾਇਆ ?38ਕਦੋਂ ਅਸੀਂ ਤੈਨੂੰ ਪਰਦੇਸੀ ਵੇਖਿਆ ਤੇ ਤੈਨੂੰ ਆਪਣੇ ਘਰ ਉਤਾਰਿਆ ਜਾਂ ਨੰਗਾ ਵੇਖਿਆ ਤੇ ਤੈਨੂੰ ਕੱਪੜੇ ਪਹਿਨਾਏ ?39ਕਦੋਂ ਅਸੀਂ ਤੈਨੂੰ ਰੋਗੀ ਜਾਂ ਕੈਦੀ ਵੇਖਿਆ ਤੇ ਤੇਰੇ ਕੋਲ ਆਏ ?40ਰਾਜਾ ਉਨ੍ਹਾਂ ਨੂੰ ਉੱਤਰ ਦੇਵੇਗਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਦ ਤੁਸੀਂ ਮੇਰੇ ਇਨ੍ਹਾਂ ਸਭਨਾਂ ਛੋਟੇ ਭਰਾਵਾਂ ਵਿੱਚੋਂ ਇੱਕ ਨਾਲ ਇਹ ਕੀਤਾ ਤਾਂ ਮੇਰੇ ਨਾਲ ਕੀਤਾ ।
41ਤਦ ਜਿਹੜੇ ਖੱਬੇ ਪਾਸੇ ਹੋਣ ਉਨ੍ਹਾਂ ਨੂੰ ਵੀ ਉਹ ਕਹੇਗਾ, ਹੇ ਸਰਾਪੇ ਹੋਇਓ, ਮੇਰੇ ਕੋਲੋਂ ਉਸ ਸਦੀਪਕ ਅੱਗ ਵਿੱਚ ਚੱਲੇ ਜਾਓ ਜਿਹੜੀ ਸ਼ੈਤਾਨ ਅਤੇ ਉਹ ਦੇ ਦੂਤਾਂ ਲਈ ਤਿਆਰ ਕੀਤੀ ਹੋਈ ਹੈ ।42ਕਿਉਂ ਜੋ ਮੈਂ ਭੁੱਖਾ ਸੀ ਤੇ ਤੁਸੀਂ ਮੈਨੂੰ ਨਾ ਖੁਆਇਆ, ਮੈਂ ਤਿਹਾਇਆ ਸੀ ਤੇ ਤੁਸੀਂ ਮੈਨੂੰ ਨਾ ਪਿਆਇਆ ।43ਮੈਂ ਪਰਦੇਸੀ ਸੀ ਤੇ ਤੁਸੀਂ ਮੈਨੂੰ ਆਪਣੇ ਘਰ ਨਾ ਉਤਾਰਿਆ, ਨੰਗਾ ਸੀ ਤੇ ਤੁਸੀਂ ਮੈਨੂੰ ਕੱਪੜੇ ਨਾ ਪਹਿਨਾਏ, ਰੋਗੀ ਅਤੇ ਕੈਦੀ ਸੀ ਤੇ ਤੁਸੀਂ ਮੇਰੀ ਖ਼ਬਰ ਨਾ ਲਈ ।
44ਤਦ ਉਹ ਵੀ ਉੱਤਰ ਦੇਣਗੇ, ਪ੍ਰਭੂ ਜੀ ਕਦੋਂ ਅਸੀਂ ਤੈਨੂੰ ਭੁੱਖਾ ਜਾਂ ਤਿਹਾਇਆ ਜਾਂ ਪਰਦੇਸੀ ਜਾਂ ਨੰਗਾ ਜਾਂ ਰੋਗੀ ਜਾਂ ਕੈਦੀ ਵੇਖਿਆ ਅਤੇ ਤੇਰੀ ਟਹਿਲ ਸੇਵਾ ਨਾ ਕੀਤੀ ?45ਤਦ ਉਹ ਉਨ੍ਹਾਂ ਨੂੰ ਇਹ ਉੱਤਰ ਦੇਵੇਗਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਦ ਤੁਸੀਂ ਇਨ੍ਹਾਂ ਸਭਨਾਂ ਤੋਂ ਛੋਟਿਆਂ ਵਿੱਚੋਂ ਇੱਕ ਨਾਲ ਇਹ ਨਾ ਕੀਤਾ ਤਾਂ ਮੇਰੇ ਨਾਲ ਨਾ ਕੀਤਾ ।46ਅਤੇ ਇਹ ਸਦੀਪਕ ਸਜ਼ਾ ਵਿੱਚ ਜਾਣਗੇ, ਪਰ ਧਰਮੀ ਸਦੀਪਕ ਜੀਵਨ ਵਿੱਚ ।

26
ਯਿਸੂ ਦੇ ਵਿਰੁੱਧ ਸਾਜਿਸ਼
(ਮਰਕੁਸ 14:1, 2, ਲੂਕਾ 22:1, 2, ਯੂਹੰਨਾ 11:45-53 )

1ਇਸ ਤਰ੍ਹਾਂ ਹੋਇਆ ਕਿ ਜਦ ਯਿਸੂ ਇਹ ਸਾਰੀਆਂ ਗੱਲਾਂ ਕਰ ਹਟਿਆ ਤਾਂ ਆਪਣੇ ਚੇਲਿਆਂ ਨੂੰ ਆਖਿਆ,2ਤੁਸੀਂ ਜਾਣਦੇ ਹੋ ਜੋ ਦੋ ਦਿਨਾਂ ਦੇ ਬਾਅਦ ਪਸਾਹ ਦਾ ਤਿਉਹਾਰ ਹੋਵੇਗਾ ਅਤੇ ਮਨੁੱਖ ਦਾ ਪੁੱਤਰ ਸਲੀਬ ਦਿੱਤੇ ਜਾਣ ਲਈ ਫੜਵਾਇਆ ਜਾਵੇਗਾ ।

3ਤਦ ਮੁੱਖ ਜਾਜਕ ਅਤੇ ਲੋਕਾਂ ਦੇ ਬਜ਼ੁਰਗ ਕਯਾਫ਼ਾ ਨਾਮ ਦੇ ਪ੍ਰਧਾਨ ਜਾਜਕ ਦੇ ਵਿਹੜੇ ਵਿੱਚ ਇਕੱਠੇ ਹੋਏ ।4ਅਤੇ ਯੋਜਨਾ ਬਣਾਈ ਜੋ ਯਿਸੂ ਨੂੰ ਧੋਖੇ ਨਾਲ ਫੜ੍ਹ ਕੇ ਮਾਰ ਸੁੱਟੀਏ ।5ਪਰ ਉਨ੍ਹਾਂ ਆਖਿਆ ਜੋ ਤਿਉਹਾਰ ਦੇ ਦਿਨ ਨਹੀਂ, ਕਿਤੇ ਲੋਕਾਂ ਵਿੱਚ ਹੰਗਾਮਾ ਨਾ ਹੋ ਜਾਵੇ ।
ਬੈਤਅਨੀਆ ਵਿੱਚ ਯਿਸੂ ਦਾ ਮਸਹ
(ਮਰਕੁਸ 14: 3-9, ਯੂਹੰਨਾ 12:1-8 )

6ਅਤੇ ਜਦ ਯਿਸੂ ਬੈਤਅਨੀਆ ਵਿੱਚ ਸ਼ਮਊਨ ਕੋੜ੍ਹੀ ਦੇ ਘਰ ਸੀ ।7ਤਾਂ ਇੱਕ ਔਰਤ ਮਹਿੰਗੇ ਮੁੱਲ ਦਾ ਅਤਰ ਸ਼ੀਸ਼ੀ ਵਿੱਚ ਉਹ ਦੇ ਕੋਲ ਲਿਆਈ ਅਤੇ ਜਿਸ ਵੇਲੇ ਉਹ ਰੋਟੀ ਖਾਣ ਬੈਠਾ ਹੋਇਆ ਸੀ ਉਹ ਦੇ ਸਿਰ ਉੱਤੇ ਡੋਲ੍ਹ ਦਿੱਤਾ ।8ਪਰ ਚੇਲੇ ਇਹ ਵੇਖ ਕੇ ਖਿਝ ਗਏ ਅਤੇ ਬੋਲੇ, ਇਹ ਨੁਕਸਾਨ ਕਿਉਂ ਹੋਇਆ ?9ਕਿਉਂਕਿ ਹੋ ਸਕਦਾ ਸੀ ਜੋ ਇਹ ਵੱਡੇ ਮੁੱਲ ਵਿਕਦਾ ਅਤੇ ਕੰਗਾਲਾਂ ਨੂੰ ਦਿੱਤਾ ਜਾਂਦਾ ।
10ਪਰ ਯਿਸੂ ਨੇ ਇਹ ਜਾਣ ਕੇ ਉਨ੍ਹਾਂ ਨੂੰ ਆਖਿਆ, ਇਸ ਔਰਤ ਨੂੰ ਕਿਉਂ ਪਰੇਸ਼ਾਨ ਕਰਦੇ ਹੋ ? ਕਿਉਂ ਜੋ ਉਹ ਨੇ ਮੇਰੇ ਨਾਲ ਚੰਗਾ ਵਰਤਾਵਾ ਕੀਤਾ ਹੈ ।11ਕੰਗਾਲ ਤਾਂ ਸਦਾ ਤੁਹਾਡੇ ਨਾਲ ਹਨ, ਪਰ ਮੈਂ ਸਦਾ ਤੁਹਾਡੇ ਨਾਲ ਨਹੀਂ ਹਾਂ ।
12ਇਹ ਅਤਰ ਜੋ ਉਸ ਨੇ ਮੇਰੀ ਦੇਹੀ ਉੱਤੇ ਪਾਇਆ ਸੋ ਮੇਰੇ ਦਫ਼ਨਾਉਣ ਲਈ ਕੀਤਾ ਹੈ ।13ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਸਾਰੇ ਸੰਸਾਰ ਵਿੱਚ ਜਿੱਥੇ ਵੀ ਇਸ ਖੁਸ਼ਖਬਰੀ ਦਾ ਪਰਚਾਰ ਹੋਵੇਗਾ, ਉੱਥੇ ਉਹ ਦੀ ਯਾਦਗਾਰੀ ਲਈ ਜੋ ਉਸ ਨੇ ਕੀਤਾ ਹੈ, ਉਹ ਆਖਿਆ ਜਾਵੇਗਾ ।
ਯਹੂਦਾ ਇਸਕਰਿਯੋਤੀ ਦਾ ਵਿਸ਼ਵਾਸਘਾਤ
(ਮਰਕੁਸ 14:10, 11, ਲੂਕਾ 22:3-6)

14ਤਦ ਉਨ੍ਹਾਂ ਬਾਰਾਂ ਵਿੱਚੋਂ ਇੱਕ ਨੇ ਜਿਸ ਦਾ ਨਾਮ ਯਹੂਦਾ ਇਸਕਰਿਯੋਤੀ ਸੀ, ਮੁੱਖ ਜਾਜਕਾਂ ਕੋਲ ਜਾ ਕੇ ਆਖਿਆ15ਜੇ ਮੈਂ ਉਹ ਨੂੰ ਤੁਹਾਡੇ ਹੱਥ ਫੜਵਾ ਦਿਆਂ ਤਾਂ ਮੈਨੂੰ ਕੀ ਦਿਓਗੇ ? ਤਦ ਉਨ੍ਹਾਂ ਉਸ ਨੂੰ ਤੀਹ ਚਾਂਦੀ ਦੇ ਸਿੱਕੇ ਤੋਲ ਦਿੱਤੇ ।16ਅਤੇ ਉਹ ਉਸੇ ਸਮੇਂ ਤੋਂ ਉਸ ਨੂੰ ਫੜਵਾਉਣ ਦਾ ਮੌਕਾ ਲੱਭਣ ਲੱਗਾ ।
ਚੇਲਿਆਂ ਦੇ ਨਾਲ ਪਸਾਹ ਦਾ ਆਖਰੀ ਭੋਜ
(ਮਰਕੁਸ 14:12-21, ਲੂਕਾ 22:7-13, 21-23, ਯੂਹੰਨਾ 13:21-30)

17ਅਖ਼ਮੀਰੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ ਚੇਲਿਆਂ ਨੇ ਯਿਸੂ ਕੋਲ ਆ ਕੇ ਆਖਿਆ, ਤੂੰ ਕਿੱਥੇ ਚਾਹੁੰਦਾ ਹੈਂ, ਜੋ ਅਸੀਂ ਤੇਰੇ ਖਾਣ ਲਈ ਪਸਾਹ ਤਿਆਰ ਕਰੀਏ ?18ਤਦ ਉਹ ਨੇ ਕਿਹਾ, ਸ਼ਹਿਰ ਵਿੱਚ ਫਲ਼ਾਣੇ ਕੋਲ ਜਾ ਕੇ ਉਹ ਨੂੰ ਆਖੋ ਕਿ ਗੁਰੂ ਆਖਦਾ ਹੈ, ਮੇਰਾ ਸਮਾਂ ਨੇੜੇ ਆ ਗਿਆ । ਮੈਂ ਆਪਣੇ ਚੇਲਿਆਂ ਨਾਲ ਤੇਰੇ ਘਰ ਪਸਾਹ ਦਾ ਤਿਉਹਾਰ ਮਨਾਵਾਂਗਾ ।19ਚੇਲਿਆਂ ਨੇ ਜਿਸ ਤਰ੍ਹਾਂ ਯਿਸੂ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਸੀ, ਉਸੇ ਤਰ੍ਹਾਂ ਕੀਤਾ ਅਤੇ ਪਸਾਹ ਤਿਆਰ ਕੀਤਾ ।
20ਜਦ ਸ਼ਾਮ ਹੋਈ ਤਾਂ ਉਹ ਬਾਰਾਂ ਚੇਲਿਆਂ ਨਾਲ ਬੈਠਾ ਖਾਂਦਾ ਸੀ ।21ਅਤੇ ਜਦ ਉਹ ਖਾ ਰਹੇ ਸਨ ਉਸ ਨੇ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਤੁਹਾਡੇ ਵਿੱਚੋਂ ਇੱਕ ਮੈਨੂੰ ਫੜਵਾਏਗਾ ।22ਤਾਂ ਉਹ ਬਹੁਤ ਉਦਾਸ ਹੋਏ ਅਤੇ ਹਰੇਕ ਉਹ ਨੂੰ ਆਖਣ ਲੱਗਾ, ਪ੍ਰਭੂ ਜੀ ਕੀ ਉਹ ਮੈਂ ਹਾਂ ?
23ਉਹ ਨੇ ਉੱਤਰ ਦਿੱਤਾ, ਜਿਸ ਨੇ ਮੇਰੇ ਨਾਲ ਕਟੋਰੇ ਵਿੱਚ ਹੱਥ ਪਾਇਆ ਹੈ, ਉਹੋ ਮੈਨੂੰ ਫੜਵਾਏਗਾ ।24ਮਨੁੱਖ ਦਾ ਪੁੱਤਰ ਤਾਂ ਉਸ ਤਰ੍ਹਾਂ ਜਾਂਦਾ ਹੈ, ਜਿਵੇਂ ਉਹ ਦੇ ਬਾਰੇ ਲਿਖਿਆ ਹੈ, ਪਰ ਹਾਏ ਉਸ ਮਨੁੱਖ ਉੱਤੇ ਜਿਸ ਦੇ ਰਾਹੀਂ ਮਨੁੱਖ ਦਾ ਪੁੱਤਰ ਫੜਵਾਇਆ ਜਾਂਦਾ ! ਉਸ ਮਨੁੱਖ ਦੇ ਲਈ ਚੰਗਾ ਹੁੰਦਾ ਜੇ ਉਹ ਨਾ ਜੰਮਦਾ ।25ਤਦ ਯਹੂਦਾ, ਜਿਸ ਨੇ ਉਹ ਨੂੰ ਫੜਵਾਇਆ ਅੱਗੋਂ ਬੋਲਿਆ, ਗੁਰੂ ਜੀ, ਕੀ ਉਹ ਮੈਂ ਹਾਂ ? ਉਸ ਨੇ ਉਹ ਨੂੰ ਆਖਿਆ, ਤੂੰ ਆਪ ਹੀ ਆਖ ਦਿੱਤਾ ।
ਪ੍ਰਭੂ ਭੋਜ
(ਮਰਕੁਸ 14:22-26, ਲੂਕਾ 22:14-20, 1 ਕੁਰਿੰਥੀਆਂ 11:23-25)

26ਜਦ ਉਹ ਖਾ ਰਹੇ ਸਨ, ਤਦ ਯਿਸੂ ਨੇ ਰੋਟੀ ਲਈ ਅਤੇ ਬਰਕਤ ਦੇ ਕੇ ਤੋੜੀ ਅਤੇ ਚੇਲਿਆਂ ਨੂੰ ਦੇ ਕੇ ਆਖਿਆ, ਲਓ ਖਾਓ, ਇਹ ਮੇਰਾ ਸਰੀਰ ਹੈ ।
27ਫੇਰ ਉਹ ਨੇ ਪਿਆਲਾ ਲੈ ਕੇ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਦੇ ਕੇ ਆਖਿਆ, ਤੁਸੀਂ ਸਾਰੇ ਇਸ ਵਿੱਚੋਂ ਪੀਓ ।28ਕਿਉਂ ਜੋ ਨੇਮ ਦਾ ਇਹ ਮੇਰਾ ਉਹ ਲਹੂ ਹੈ, ਜਿਹੜਾ ਬਹੁਤਿਆਂ ਦੇ ਪਾਪਾਂ ਦੀ ਮਾਫ਼ੀ ਲਈ ਵਹਾਇਆ ਜਾਂਦਾ ਹੈ ।29ਅਤੇ ਮੈਂ ਤੁਹਾਨੂੰ ਆਖਦਾ ਹਾਂ, ਜੋ ਇਸ ਤੋਂ ਬਾਅਦ ਮੈਂ ਇਸ ਅੰਗੂਰ ਦੇ ਰਸ ਨੂੰ ਕਦੇ ਨਾ ਪੀਵਾਂਗਾ ਜਿਸ ਦਿਨ ਤੱਕ ਤੁਹਾਡੇ ਨਾਲ ਆਪਣੇ ਪਿਤਾ ਦੇ ਰਾਜ ਵਿੱਚ ਉਹ ਨਵਾਂ ਨਾ ਪੀਵਾਂ ।
30ਫੇਰ ਉਹ ਭਜਨ ਗਾ ਕੇ ਜ਼ੈਤੂਨ ਦੇ ਪਹਾੜ ਨੂੰ ਨਿੱਕਲ ਗਏ ।
ਪਤਰਸ ਦੇ ਇਨਕਾਰ ਦੀ ਭਵਿੱਖਬਾਣੀ
(ਮਰਕੁਸ 14:27-31, ਲੂਕਾ 22:31-34, ਯੂਹੰਨਾ 13:36-38)

31ਤਦ ਯਿਸੂ ਨੇ ਉਨ੍ਹਾਂ ਨੂੰ ਆਖਿਆ, ਅੱਜ ਰਾਤ ਤੁਸੀਂ ਸੱਭੇ ਮੇਰੇ ਕਾਰਨ ਠੋਕਰ ਖਾਵੋਗੇ ਕਿਉਂਕਿ ਇਹ ਲਿਖਿਆ ਹੈ ਜੋ ਮੈਂ ਅਯਾਲੀ ਨੂੰ ਮਾਰਾਂਗਾ ਅਤੇ ਇੱਜੜ ਦੀਆਂ ਭੇਡਾਂ ਖਿੱਲਰ ਜਾਣਗੀਆਂ ।32ਪਰ ਮੈਂ ਆਪਣੇ ਜੀ ਉੱਠਣ ਦੇ ਪਿੱਛੋਂ ਤੁਹਾਡੇ ਤੋਂ ਪਹਿਲਾਂ ਗਲੀਲ ਨੂੰ ਜਾਂਵਾਂਗਾ l
33ਤਦ ਪਤਰਸ ਨੇ ਉਹ ਨੂੰ ਉੱਤਰ ਦਿੱਤਾ, ਭਾਵੇਂ ਤੇਰੇ ਕਾਰਨ ਸੱਭੇ ਠੋਕਰ ਖਾਣ ਪਰ ਮੈਂ ਠੋਕਰ ਕਦੇ ਨਾ ਖਾਵਾਂਗਾ ।34ਯਿਸੂ ਨੇ ਉਹ ਨੂੰ ਕਿਹਾ, ਮੈਂ ਤੈਨੂੰ ਸੱਚ ਆਖਦਾ ਹਾਂ ਜੋ ਅੱਜ ਰਾਤ ਮੁਰਗੇ ਦੇ ਬਾਂਗ ਦੇਣ ਤੋਂ ਪਹਿਲਾਂ ਤਿੰਨ ਵਾਰੀ ਤੂੰ ਮੇਰਾ ਇਨਕਾਰ ਕਰੇਂਗਾ ।35ਪਤਰਸ ਨੇ ਉਹ ਨੂੰ ਕਿਹਾ, ਭਾਵੇਂ ਤੇਰੇ ਨਾਲ ਮੈਨੂੰ ਮਰਨਾ ਵੀ ਪਵੇ ਤਾਂ ਵੀ ਮੈਂ ਤੇਰਾ ਇਨਕਾਰ ਕਦੀ ਨਾ ਕਰਾਂਗਾ ਅਤੇ ਸਾਰੇ ਚੇਲੇ ਇਸੇ ਤਰ੍ਹਾਂ ਆਖਣ ਲੱਗੇ ।
ਗਥਸਮਨੀ ਵਿੱਚ ਪ੍ਰਾਰਥਨਾ
(ਮਰਕੁਸ 14:32-42, ਲੂਕਾ 22:39-46)

36ਤਦ ਯਿਸੂ ਉਨ੍ਹਾਂ ਦੇ ਨਾਲ ਗਥਸਮਨੀ ਨਾਮ ਦੇ ਇੱਕ ਥਾਂ ਆਇਆ ਅਤੇ ਆਪਣੇ ਚੇਲਿਆਂ ਨੂੰ ਕਿਹਾ, ਤੁਸੀਂ ਇੱਥੇ ਬੈਠੋ, ਜਿੰਨਾਂ ਚਿਰ ਮੈਂ ਉੱਥੇ ਜਾ ਕੇ ਪ੍ਰਾਰਥਨਾ ਕਰਾਂ ।37ਅਤੇ ਪਤਰਸ ਅਤੇ ਜ਼ਬਦੀ ਦੇ ਦੋਵੇਂ ਪੁੱਤਰਾਂ ਨੂੰ ਨਾਲ ਲੈ ਕੇ ਉਹ ਉਦਾਸ ਅਤੇ ਬਹੁਤ ਦੁੱਖੀ ਹੋਣ ਲੱਗਾ ।38ਫੇਰ ਉਸ ਨੇ ਉਨ੍ਹਾਂ ਨੂੰ ਆਖਿਆ, ਮੇਰਾ ਮਨ ਬਹੁਤ ਉਦਾਸ ਹੈ, ਸਗੋਂ ਮਰਨ ਦੇ ਦਰਜੇ ਤੱਕ । ਤੁਸੀਂ ਇੱਥੇ ਠਹਿਰੋ ਅਤੇ ਮੇਰੇ ਨਾਲ ਜਾਗਦੇ ਰਹੋ ।
39ਅਤੇ ਥੋੜ੍ਹਾ ਅੱਗੇ ਵਧ ਕੇ ਮੂੰਹ ਭਾਰ ਪੈ ਗਿਆ ਅਤੇ ਪ੍ਰਾਰਥਨਾ ਕਰਦਿਆਂ ਆਖਿਆ, ਹੇ ਪਿਤਾ, ਜੇ ਹੋ ਸਕੇ ਤਾਂ ਇਹ ਪਿਆਲਾ ਮੇਰੇ ਕੋਲੋਂ ਟਲ ਜਾਵੇ, ਪਰ ਉਹ ਨਾ ਹੋਵੇ ਜੋ ਮੈਂ ਚਾਹੁੰਦਾ ਹਾਂ ਪਰ ਉਹ ਜੋ ਤੂੰ ਚਾਹੁੰਦਾ ਹੈਂ ।40ਅਤੇ ਚੇਲਿਆਂ ਦੇ ਕੋਲ ਆ ਕੇ ਉਨ੍ਹਾਂ ਨੂੰ ਸੁੱਤੇ ਹੋਏ ਵੇਖਿਆ ਅਤੇ ਪਤਰਸ ਨੂੰ ਆਖਿਆ, ਇਹ ਕੀ, ਤੁਸੀਂ ਮੇਰੇ ਨਾਲ ਇੱਕ ਘੜੀ ਵੀ ਨਾ ਜਾਗ ਸਕੇ ?41ਜਾਗੋ ਅਤੇ ਪ੍ਰਾਰਥਨਾ ਕਰੋ ਤਾਂ ਜੋ ਤੁਸੀਂ ਪਰਤਾਵੇ ਵਿੱਚ ਨਾ ਪਓ । ਆਤਮਾ ਤਾਂ ਤਿਆਰ ਹੈ, ਪਰ ਸਰੀਰ ਕਮਜ਼ੋਰ ਹੈ ।
42ਫੇਰ ਉਹ ਦੂਜੀ ਵਾਰ ਗਿਆ ਅਤੇ ਇਹ ਕਹਿ ਕੇ ਉਹ ਨੇ ਪ੍ਰਾਰਥਨਾ ਕੀਤੀ, ਹੇ ਮੇਰੇ ਪਿਤਾ, ਜੇ ਇਹ ਮੇਰੇ ਪੀਣ ਬਿਨ੍ਹਾਂ ਨਹੀਂ ਟਲ ਸਕਦਾ ਤਾਂ ਤੇਰੀ ਮਰਜ਼ੀ ਪੂਰੀ ਹੋਵੇ ।43ਅਤੇ ਉਸ ਨੇ ਆ ਕੇ ਉਨ੍ਹਾਂ ਨੂੰ ਫੇਰ ਸੁੱਤੇ ਹੋਏ ਵੇਖਿਆ ਕਿਉਂ ਜੋ ਉਨ੍ਹਾਂ ਦੀਆਂ ਅੱਖਾਂ ਨੀਂਦ ਨਾਲ ਭਰੀਆਂ ਹੋਈਆਂ ਸਨ ।44ਅਤੇ ਉਨ੍ਹਾਂ ਨੂੰ ਫੇਰ ਛੱਡ ਕੇ ਗਿਆ ਅਤੇ ਉਹੋ ਗੱਲ ਕਹਿ ਕੇ ਤੀਜੀ ਵਾਰੀ ਪ੍ਰਾਰਥਨਾ ਕੀਤੀ
45ਫੇਰ ਚੇਲਿਆਂ ਕੋਲ ਆ ਕੇ ਉਨ੍ਹਾਂ ਨੂੰ ਆਖਿਆ, ਹੁਣ ਤੁਸੀਂ ਸੁੱਤੇ ਰਹੋ ਅਤੇ ਆਰਾਮ ਕਰੋ । ਵੇਖੋ, ਸਮਾਂ ਆ ਗਿਆ ਹੈ ਅਤੇ ਮਨੁੱਖ ਦਾ ਪੁੱਤਰ ਪਾਪੀਆਂ ਦੇ ਹੱਥਾਂ ਵਿੱਚ ਫੜਵਾਇਆ ਜਾਂਦਾ ਹੈ ।46ਉੱਠੋ, ਚੱਲੀਏ । ਵੇਖੋ, ਮੇਰਾ ਫੜਵਾਉਣ ਵਾਲਾ ਨੇੜੇ ਆ ਗਿਆ ਹੈ ।
ਯਿਸੂ ਦਾ ਫੜਿਆ ਜਾਣਾ
(ਮਰਕੁਸ 14:43-50, ਲੂਕਾ 22:47-53, ਯੂਹੰਨਾ 18:3-12)

47ਉਹ ਅਜੇ ਬੋਲਦਾ ਹੀ ਸੀ ਕਿ ਵੇਖੋ ਯਹੂਦਾ ਜਿਹੜਾ ਉਨ੍ਹਾਂ ਬਾਰਾਂ ਵਿੱਚੋਂ ਇੱਕ ਸੀ ਆ ਪਹੁੰਚਿਆ ਅਤੇ ਮੁੱਖ ਜਾਜਕਾਂ ਅਤੇ ਲੋਕਾਂ ਦੇ ਬਜ਼ੁਰਗਾਂ ਦੀ ਵੱਲੋਂ ਇੱਕ ਵੱਡੀ ਭੀੜ ਤਲਵਾਰਾਂ ਅਤੇ ਡਾਂਗਾਂ ਫੜੀ ਉਹ ਦੇ ਨਾਲ ਸੀ ।48ਉਹ ਦੇ ਫੜਵਾਉਣ ਵਾਲੇ ਨੇ ਉਨ੍ਹਾਂ ਨੂੰ ਇਹ ਕਿਹਾ ਸੀ ਕਿ ਜਿਸ ਨੂੰ ਮੈਂ ਚੁੰਮਾਂ ਉਹੀ ਹੈ, ਉਸ ਨੂੰ ਫੜ ਲੈਣਾ ।
49ਅਤੇ ਝੱਟ ਯਿਸੂ ਕੋਲ ਆ ਕੇ ਉਹ ਨੇ ਗੁਰੂ ਜੀ ਨਮਸਕਾਰ ਆਖਿਆ ! ਅਤੇ ਉਹ ਨੂੰ ਚੁੰਮਿਆ ।50ਤਾਂ ਯਿਸੂ ਨੇ ਉਹ ਨੂੰ ਆਖਿਆ, ਮਿੱਤਰਾ ਕਿਵੇਂ ਆਇਆ ? ਤਦ ਉਨ੍ਹਾਂ ਨੇ ਕੋਲ ਆ ਕੇ ਯਿਸੂ ਉੱਤੇ ਹੱਥ ਪਾਏ ਅਤੇ ਉਹ ਨੂੰ ਫੜ੍ਹ ਲਿਆ ।
51ਅਤੇ ਵੇਖੋ, ਯਿਸੂ ਨੇ ਨਾਲ ਦਿਆਂ ਵਿੱਚੋਂ ਇੱਕ ਨੇ ਹੱਥ ਵਧਾ ਕੇ ਆਪਣੀ ਤਲਵਾਰ ਖਿੱਚ ਲਈ ਅਤੇ ਪ੍ਰਧਾਨ ਜਾਜਕ ਦੇ ਨੌਕਰ ਨੂੰ ਮਾਰ ਕੇ ਉਹ ਦਾ ਕੰਨ ਉਡਾ ਦਿੱਤਾ ।52ਤਦ ਯਿਸੂ ਨੇ ਉਹ ਨੂੰ ਆਖਿਆ, ਆਪਣੀ ਤਲਵਾਰ ਮਿਆਨ ਵਿੱਚ ਪਾ ਕਿਉਂਕਿ ਸਭ ਜੋ ਤਲਵਾਰ ਖਿੱਚਦੇ ਹਨ, ਤਲਵਾਰ ਨਾਲ ਮਾਰੇ ਜਾਣਗੇ ।53ਕੀ ਤੂੰ ਇਹ ਸਮਝਦਾ ਹੈਂ ਕਿ ਮੈਂ ਆਪਣੇ ਪਿਤਾ ਕੋਲੋਂ ਬੇਨਤੀ ਨਹੀਂ ਕਰ ਸਕਦਾ ਅਤੇ ਉਹ ਹੁਣੇ ਦੂਤਾਂ ਦੀਆਂ ਬਾਰਾਂ ਫੌਜਾਂ ਤੋਂ ਵੱਧ ਮੇਰੇ ਕੋਲ ਹਾਜ਼ਰ ਨਾ ਕਰੇਗਾ ?54ਫੇਰ ਉਹ ਪਵਿੱਤਰ ਗ੍ਰੰਥ ਦੀਆਂ ਲਿਖਤਾਂ ਕਿਵੇਂ ਪੂਰੀਆਂ ਹੋਣਗੀਆਂ, ਜਿਹਨਾਂ ਵਿੱਚ ਲਿਖਿਆ ਕਿ ਇਹ ਹੋਣਾ ਜ਼ਰੂਰੀ ਹੈ ?
55ਉਸੇ ਵੇਲੇ ਯਿਸੂ ਨੇ ਉਸ ਭੀੜ ਨੂੰ ਆਖਿਆ, ਤਲਵਾਰਾਂ ਅਤੇ ਡਾਂਗਾਂ ਫੜ੍ਹ ਕੇ ਤੁਸੀਂ ਮੈਨੂੰ ਡਾਕੂ ਵਾਂਗੂੰ ਫੜ੍ਹਨ ਨੂੰ ਨਿੱਕਲੇ ਹੋ ? ਮੈਂ ਹਰ ਰੋਜ਼ ਹੈਕਲ ਵਿੱਚ ਬੈਠ ਕੇ ਉਪਦੇਸ਼ ਦਿੰਦਾ ਸੀ ਅਤੇ ਤੁਸੀਂ ਮੈਨੂੰ ਨਾ ਫੜ੍ਹਿਆ ।56ਪਰ ਇਹ ਸੱਭੋ ਕੁੱਝ ਇਸ ਲਈ ਹੋਇਆ ਜੋ ਨਬੀਆਂ ਦੀਆਂ ਲਿਖਤਾਂ ਪੂਰੀਆਂ ਹੋਣ । ਤਦ ਸਾਰੇ ਚੇਲੇ ਉਹ ਨੂੰ ਛੱਡ ਕੇ ਭੱਜ ਗਏ ।
ਯਿਸੂ ਨੂੰ ਮਹਾਂ ਸਭਾ ਦੇ ਸਾਹਮਣੇ ਪੇਸ਼ ਕੀਤਾ ਜਾਣਾ
(ਮਰਕੁਸ 14:53-65, ਲੂਕਾ 22:54, 55, 63-71, ਯੂਹੰਨਾ 18:13, 14, 19-24)

57ਜਿਨ੍ਹਾਂ ਨੇ ਯਿਸੂ ਨੂੰ ਫੜਿਆ ਸੀ ਸੋ ਪ੍ਰਧਾਨ ਜਾਜਕ ਕਯਾਫ਼ਾ ਦੇ ਕੋਲ ਜਿੱਥੇ ਉਪਦੇਸ਼ਕ ਅਤੇ ਬਜ਼ੁਰਗ ਇਕੱਠੇ ਹੋਏ ਸਨ, ਉਹ ਨੂੰ ਲੈ ਗਏ ।58ਅਤੇ ਪਤਰਸ ਕੁੱਝ ਦੂਰੀ ਤੇ ਉਹ ਦੇ ਪਿੱਛੇ-ਪਿੱਛੇ ਪ੍ਰਧਾਨ ਜਾਜਕ ਦੇ ਵਿਹੜੇ ਤੱਕ ਚੱਲਿਆ ਗਿਆ ਅਤੇ ਅੰਦਰ ਜਾ ਕੇ ਸਿਪਾਹੀਆਂ ਨਾਲ ਬੈਠਾ, ਕਿ ਅੰਤ ਨੂੰ ਵੇਖੇ ।
59ਮੁੱਖ ਜਾਜਕ ਅਤੇ ਸਾਰੀ ਮਹਾਂ ਸਭਾ ਯਿਸੂ ਨੂੰ ਜਾਨੋਂ ਮਾਰਨ ਲਈ ਉਸ ਦੇ ਵਿਰੁੱਧ ਗਵਾਹੀ ਲੱਭਦੀ ਸੀ ।60ਪਰ ਨਾ ਲੱਭੀ ਭਾਵੇਂ ਝੂਠੇ ਗਵਾਹ ਬਹੁਤ ਆਏ । ਪਰ ਆਖਿਰ ਨੂੰ ਦੋ ਜਣੇ ਅੱਗੇ ਆ ਕੇ ਬੋਲੇ,61ਇਹ ਨੇ ਆਖਿਆ ਹੈ, ਮੈਂ ਪਰਮੇਸ਼ੁਰ ਦੀ ਹੈਕਲ ਨੂੰ ਢਾਹ ਕੇ ਤਿੰਨਾਂ ਦਿਨਾਂ ਵਿੱਚ ਉਹ ਨੂੰ ਬਣਾ ਸਕਦਾ ਹਾਂ ।
62ਅਤੇ ਪ੍ਰਧਾਨ ਜਾਜਕ ਨੇ ਖੜ੍ਹੇ ਹੋ ਕੇ ਉਹ ਨੂੰ ਆਖਿਆ, ਕੀ ਤੂੰ ਜ਼ਵਾਬ ਨਹੀਂ ਦਿੰਦਾ ? ਇਹ ਤੇਰੇ ਵਿਰੁੱਧ ਕੀ ਗਵਾਹੀ ਦਿੰਦੇ ਹਨ ?63ਪਰ ਯਿਸੂ ਚੁੱਪ ਹੀ ਰਿਹਾ ਅਤੇ ਪ੍ਰਧਾਨ ਜਾਜਕ ਨੇ ਉਹ ਨੂੰ ਆਖਿਆ, ਮੈਂ ਤੈਨੂੰ ਜਿਉਂਦੇ ਪਰਮੇਸ਼ੁਰ ਦੀ ਸਹੁੰ ਦਿੰਦਾ ਹਾਂ ਕਿ ਜੇ ਤੂੰ ਮਸੀਹ ਪਰਮੇਸ਼ੁਰ ਦਾ ਪੁੱਤਰ ਹੈਂ ਤਾਂ ਸਾਨੂੰ ਦੱਸ ।64ਯਿਸੂ ਨੇ ਉਹ ਨੂੰ ਕਿਹਾ, ਤੂੰ ਸੱਚ ਆਖ ਦਿੱਤਾ ਹੈ, ਪਰ ਮੈਂ ਤੁਹਾਨੂੰ ਆਖਦਾ ਹਾਂ ਜੋ ਇਸ ਤੋਂ ਬਾਅਦ ਤੁਸੀਂ ਮਨੁੱਖ ਦੇ ਪੁੱਤਰ ਨੂੰ ਸਰਬ ਸ਼ਕਤੀਮਾਨ ਦੇ ਸੱਜੇ ਹੱਥ ਬਿਰਾਜਮਾਨ ਹੋਇਆ ਅਤੇ ਅਕਾਸ਼ ਦੇ ਬੱਦਲਾਂ ਉੱਤੇ ਆਉਂਦਾ ਵੇਖੋਗੇ ।
65ਤਦ ਪ੍ਰਧਾਨ ਜਾਜਕ ਨੇ ਆਪਣੇ ਕੱਪੜੇ ਪਾੜ ਕੇ ਆਖਿਆ, ਇਸ ਨੇ ਨਿੰਦਿਆ ਕੀਤੀ ਹੈ, ਹੁਣ ਸਾਨੂੰ ਹੋਰ ਗਵਾਹਾਂ ਦੀ ਕੀ ਲੋੜ ਹੈ ? ਵੇਖੋ ਹੁਣੇ ਤੁਸੀਂ ਇਹ ਨਿੰਦਿਆ ਸੁਣੀ ਹੈ l ਤੁਹਾਡੀ ਕੀ ਸਲਾਹ ਹੈ ?66ਉਨ੍ਹਾਂ ਉੱਤਰ ਦਿੱਤਾ, ਇਹ ਮਾਰੇ ਜਾਣ ਦੇ ਯੋਗ ਹੈ ।
67ਤਦ ਉਨ੍ਹਾਂ ਨੇ ਉਹ ਦੇ ਮੂੰਹ ਉੱਤੇ ਥੁੱਕਿਆ ਅਤੇ ਉਹ ਨੂੰ ਮੁੱਕੇ ਮਾਰੇ ਅਤੇ ਹੋਰਨਾਂ ਨੇ ਚਪੇੜਾਂ ਮਾਰ ਕੇ ਕਿਹਾ,68ਹੇ ਮਸੀਹ, ਸਾਨੂੰ ਅਗੰਮ ਭਵਿੱਖਬਾਣੀ ਨਾਲ ਦੱਸ, ਤੈਨੂੰ ਕਿਸ ਨੇ ਮਾਰਿਆ ?
ਪਤਰਸ ਦੁਆਰਾ ਇਨਕਾਰ ਕੀਤਾ ਜਾਣਾ
(ਮਰਕੁਸ 14:66-72, ਲੂਕਾ 22:56-62, ਯੂਹੰਨਾ 18:15-18, 25-27)

69ਅਤੇ ਪਤਰਸ ਬਾਹਰ ਵਿਹੜੇ ਵਿੱਚ ਬੈਠਾ ਸੀ ਅਤੇ ਇੱਕ ਦਾਸੀ ਉਹ ਦੇ ਕੋਲ ਆ ਕੇ ਬੋਲੀ, ਯਿਸੂ ਗਲੀਲੀ ਦੇ ਨਾਲ ਤੂੰ ਵੀ ਸੀ ।70ਪਰ ਉਹ ਨੇ ਸਭਨਾਂ ਦੇ ਸਾਹਮਣੇ ਮੁੱਕਰ ਕੇ ਆਖਿਆ, ਮੈਂ ਨਹੀਂ ਜਾਣਦਾ ਤੂੰ ਕੀ ਬੋਲਦੀ ਹੈਂ ।
71ਜਦ ਉਹ ਬਾਹਰ ਡਿਉੜੀ ਵਿੱਚ ਗਿਆ, ਤਾਂ ਦੂਜੀ ਨੇ ਉਹ ਨੂੰ ਵੇਖ ਕੇ ਉਨ੍ਹਾਂ ਨੂੰ ਜਿਹੜੇ ਉੱਥੇ ਸਨ ਆਖਿਆ, ਇਹ ਵੀ ਯਿਸੂ ਨਾਸਰੀ ਦੇ ਨਾਲ ਸੀ ।72ਅਤੇ ਉਹ ਸਹੁੰ ਖਾ ਕੇ ਫੇਰ ਮੁੱਕਰ ਗਿਆ ਕਿ ਮੈਂ ਉਸ ਮਨੁੱਖ ਨੂੰ ਜਾਣਦਾ ਹੀ ਨਹੀਂ ।
73ਅਤੇ ਥੋੜ੍ਹੇ ਸਮੇਂ ਪਿੱਛੋਂ ਜਿਹੜੇ ਉੱਥੇ ਖੜ੍ਹੇ ਸਨ ਉਨ੍ਹਾਂ ਦੇ ਕੋਲ ਆ ਕੇ ਪਤਰਸ ਨੂੰ ਕਿਹਾ, ਸੱਚੀ ਮੁੱਚੀ ਤੂੰ ਵੀ ਉਨ੍ਹਾਂ ਵਿੱਚੋਂ ਹੈਂ, ਤੇਰੀ ਬੋਲੀ ਦੱਸਦੀ ਹੈ ।74ਤਦ ਉਹ ਸਰਾਪ ਦੇਣ ਅਤੇ ਸਹੁੰ ਖਾਣ ਲੱਗਾ ਕਿ ਮੈਂ ਉਸ ਮਨੁੱਖ ਨੂੰ ਜਾਣਦਾ ਹੀ ਨਹੀਂ । ਅਤੇ ਉਸੇ ਵੇਲੇ ਮੁਰਗੇ ਨੇ ਬਾਂਗ ਦਿੱਤੀ ।75ਤਦੋਂ ਪਤਰਸ ਨੂੰ ਉਹ ਗੱਲ ਯਾਦ ਆਈ ਜਿਹੜੀ ਯਿਸੂ ਨੇ ਆਖੀ ਸੀ ਕਿ ਮੁਰਗੇ ਦੇ ਬਾਂਗ ਦੇਣ ਤੋਂ ਪਹਿਲਾਂ ਤਿੰਨ ਵਾਰੀ ਤੂੰ ਮੇਰਾ ਇਨਕਾਰ ਕਰੇਂਗਾ ਅਤੇ ਉਹ ਬਾਹਰ ਗਿਆ ਅਤੇ ਭੁੱਬਾਂ ਮਾਰ ਕੇ ਰੋਇਆ ।

27
ਯਿਸੂ ਨੂੰ ਪਿਲਾਤੁਸ ਦੇ ਅੱਗੇ ਪੇਸ਼ ਕੀਤਾ ਜਾਣਾ
(ਮਰਕੁਸ 15:1, ਲੂਕਾ 23:1, 2, ਯੂਹੰਨਾ 18:28-32)

1ਜਦ ਸਵੇਰ ਹੋਈ ਤਾਂ ਸਾਰੇ ਮੁੱਖ ਜਾਜਕਾਂ ਅਤੇ ਲੋਕਾਂ ਦੇ ਬਜ਼ੁਰਗਾਂ ਨੇ ਯਿਸੂ ਦੇ ਵਿਰੁੱਧ ਯੋਜਨਾਂ ਬਣਾਈ ਜੋ ਉਹ ਨੂੰ ਜਾਨੋਂ ਮਾਰ ਸੁੱਟਣ ।2ਅਤੇ ਉਹ ਨੂੰ ਬੰਨ੍ਹ ਕੇ ਲੈ ਗਏ ਅਤੇ ਪਿਲਾਤੁਸ ਹਾਕਮ ਦੇ ਹਵਾਲੇ ਕੀਤਾ ।

ਯਹੂਦਾ ਦੁਆਰਾ ਆਤਮ ਹੱਤਿਆ
(ਰਸੂਲਾਂ ਦੇ ਕਰਤੱਬ 1:18, 19)

3ਤਦ ਯਹੂਦਾ ਜਿਸ ਨੇ ਉਸ ਨੂੰ ਫੜ੍ਹਵਾਇਆ ਸੀ, ਜਦੋਂ ਉਹ ਨੇ ਇਹ ਵੇਖਿਆ ਕਿ ਉਸ ਉੱਤੇ ਸਜ਼ਾ ਦਾ ਹੁਕਮ ਹੋ ਗਿਆ ਹੈ, ਤਾਂ ਉਹ ਪਛਤਾਇਆ ਅਤੇ ਉਹ ਤੀਹ ਚਾਂਦੀ ਦੇ ਸਿੱਕੇ ਮੁੱਖ ਜਾਜਕਾਂ ਅਤੇ ਬਜ਼ੁਰਗਾਂ ਕੋਲ ਮੋੜ ਲਿਆਇਆ4ਅਤੇ ਬੋਲਿਆ, ਮੈਂ ਪਾਪ ਕੀਤਾ, ਜੋ ਨਿਰਦੋਸ਼ ਜਾਨ ਨੂੰ ਫੜ੍ਹਵਾ ਦਿੱਤਾ । ਪਰ ਉਹ ਬੋਲੇ, ਸਾਨੂੰ ਕੀ ? ਤੂੰ ਹੀ ਜਾਣ ।5ਅਤੇ ਉਹ ਉਨ੍ਹਾਂ ਰੁਪਿਆਂ ਨੂੰ ਹੈਕਲ ਵਿੱਚ ਸੁੱਟ ਕੇ ਚੱਲਿਆ ਗਿਆ ਅਤੇ ਜਾ ਕੇ ਫਾਹਾ ਲੈ ਲਿਆ ।
6ਅਤੇ ਮੁੱਖ ਜਾਜਕਾਂ ਨੇ ਰੁਪਏ ਲੈ ਕੇ ਆਖਿਆ ਜੋ ਇਨ੍ਹਾਂ ਨੂੰ ਖ਼ਜ਼ਾਨੇ ਵਿੱਚ ਪਾਉਣਾਂ ਯੋਗ ਨਹੀਂ ਕਿਉਂਕਿ ਇਹ ਲਹੂ ਦਾ ਮੁੱਲ ਹੈ ।7ਤਾਂ ਉਨ੍ਹਾਂ ਨੇ ਯੋਜਨਾਂ ਬਣਾ ਕੇ ਉਨ੍ਹਾਂ ਨਾਲ ਇੱਕ ਘੁਮਿਆਰ ਦਾ ਖੇਤ ਪਰਦੇਸੀਆਂ ਦੇ ਦੱਬਣ ਲਈ ਮੁੱਲ ਲਿਆ ।8ਇਸ ਕਾਰਨ ਉਹ ਖੇਤ ਅੱਜ ਤੱਕ ਲਹੂ ਦਾ ਖੇਤ ਅਖਵਾਉਂਦਾ ਹੈ ।
9ਤਦ ਜਿਹੜਾ ਬਚਨ ਯਿਰਮਿਯਾਹ ਨਬੀ ਦੀ ਰਾਹੀਂ ਕਿਹਾ ਗਿਆ ਸੀ ਪੂਰਾ ਹੋਇਆ, ਕਿ ਉਨ੍ਹਾਂ ਨੇ ਤੀਹ ਰੁਪਏ ਲਏ ਅਰਥਾਤ ਉਸ ਦਾ ਮੁੱਲ ਜਿਹ ਦਾ ਇਸਰਾਏਲ ਦੇ ਵੰਸ਼ ਵਿੱਚੋਂ ਕਈਆਂ ਨੇ ਮੁੱਲ ਠਹਿਰਾਇਆ ।10ਅਤੇ ਉਨ੍ਹਾਂ ਨੂੰ ਘੁਮਿਆਰ ਦੇ ਖੇਤ ਦੇ ਬਦਲੇ ਦਿੱਤਾ ਜਿਵੇਂ ਪ੍ਰਭੂ ਨੇ ਮੈਨੂੰ ਆਗਿਆ ਕੀਤੀ ।
ਪਿਲਾਤੁਸ ਦੇ ਪ੍ਰਸ਼ਨ
(ਮਰਕੁਸ 15:2-5, ਲੂਕਾ 23:3-5, ਯੂਹੰਨਾ 18:33-38)

11ਯਿਸੂ ਹਾਕਮ ਦੇ ਸਾਹਮਣੇ ਖੜ੍ਹਾ ਸੀ ਅਤੇ ਹਾਕਮ ਨੇ ਉਸ ਤੋਂ ਇਹ ਪੁੱਛਿਆ, ਕੀ, ਯਹੂਦੀਆਂ ਦਾ ਪਾਤਸ਼ਾਹ ਤੂੰ ਹੈਂ ? ਯਿਸੂ ਨੇ ਉਹ ਨੂੰ ਆਖਿਆ, ਤੂੰ ਸੱਚ ਆਖਿਆ ਹੈ ।12ਜਦ ਮੁੱਖ ਜਾਜਕ ਅਤੇ ਬਜ਼ੁਰਗ ਉਸ ਉੱਤੇ ਦੋਸ਼ ਲਾਉਂਦੇ ਸਨ, ਉਹ ਕੁੱਝ ਜ਼ਵਾਬ ਨਹੀਂ ਸੀ ਦਿੰਦਾ ।13ਤਦ ਪਿਲਾਤੁਸ ਨੇ ਉਹ ਨੂੰ ਕਿਹਾ, ਤੂੰ ਸੁਣਦਾ ਨਹੀਂ, ਜੋ ਇਹ ਤੇਰੇ ਵਿਰੁੱਧ ਕਿੰਨੀਆਂ ਗਵਾਹੀਆਂ ਦਿੰਦੇ ਹਨ ?14ਪਰ ਉਸ ਨੇ ਉਹ ਨੂੰ ਇੱਕ ਗੱਲ ਦਾ ਵੀ ਜ਼ਵਾਬ ਨਾ ਦਿੱਤਾ, ਇੱਥੋਂ ਤੱਕ ਕਿ ਹਾਕਮ ਬਹੁਤ ਹੈਰਾਨ ਹੋਇਆ ।
ਮੌਤ ਦੀ ਸਜ਼ਾ ਦੀ ਆਗਿਆ
(ਮਰਕੁਸ 14:6-15, ਲੂਕਾ 23:13-25, ਯੂਹੰਨਾ 18:39-19:16)

15ਅਤੇ ਹਾਕਮ ਦਾ ਇਹ ਰਿਵਾਜ਼ ਸੀ ਜੋ ਉਸ ਤਿਉਹਾਰ ਤੇ ਲੋਕਾਂ ਦੇ ਲਈ ਇੱਕ ਕੈਦੀ ਨੂੰ ਛੱਡਦਾ ਹੁੰਦਾ ਸੀ, ਜਿਸ ਨੂੰ ਉਹ ਚਾਹੁੰਦੇ ਸਨ ।16ਅਤੇ ਉਸ ਵੇਲੇ ਉਨ੍ਹਾਂ ਦਾ ਬਰੱਬਾ ਕਰਕੇ ਇੱਕ ਨਾਮੀ ਕੈਦੀ ਸੀ ।
17ਸੋ ਜਦ ਉਹ ਇਕੱਠੇ ਹੋਏ ਤਾਂ ਪਿਲਾਤੁਸ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਕਿਸਨੂੰ ਚਾਹੁੰਦੇ ਹੋ ਜੋ ਮੈਂ ਤੁਹਾਡੇ ਲਈ ਛੱਡ ਦਿਆਂ, ਬਰੱਬਾ ਨੂੰ ਜਾਂ ਯਿਸੂ ਨੂੰ ਜਿਹੜਾ ਮਸੀਹ ਅਖਵਾਉਂਦਾ ਹੈ ?18ਕਿਉਂਕਿ ਉਹ ਜਾਣਦਾ ਸੀ ਕਿ ਉਨ੍ਹਾਂ ਉਸ ਨੂੰ ਈਰਖਾ ਦੇ ਕਾਰਨ ਹਵਾਲੇ ਕੀਤਾ ਸੀ ।19ਜਦ ਉਹ ਅਦਾਲਤ ਦੀ ਗੱਦੀ ਉੱਤੇ ਬੈਠਾ ਹੋਇਆ ਸੀ, ਉਹ ਦੀ ਪਤਨੀ ਨੇ ਉਹ ਨੂੰ ਸੁਨੇਹਾ ਭੇਜਿਆ ਜੋ ਤੂੰ ਉਸ ਧਰਮੀ ਨਾਲ ਕੁੱਝ ਵਾਸਤਾ ਨਾ ਰੱਖ ਕਿਉਂ ਜੋ ਮੈਂ ਅੱਜ ਸੁਫ਼ਨੇ ਵਿੱਚ ਉਸ ਦੇ ਕਾਰਨ ਵੱਡਾ ਦੁੱਖ ਦੇਖਿਆ ।
20ਪਰ ਮੁੱਖ ਜਾਜਕਾਂ ਅਤੇ ਬਜ਼ੁਰਗਾਂ ਨੇ ਲੋਕਾਂ ਨੂੰ ਭੜਕਾਇਆ ਜੋ ਬਰੱਬਾ ਨੂੰ ਮੰਗੋ ਅਤੇ ਯਿਸੂ ਦਾ ਨਾਸ ਕਰੋ ।21ਫੇਰ ਹਾਕਮ ਨੇ ਅੱਗੋਂ ਉਨ੍ਹਾਂ ਨੂੰ ਆਖਿਆ, ਤੁਸੀਂ ਦੋਹਾਂ ਵਿੱਚੋਂ ਕਿਸਨੂੰ ਚਾਹੁੰਦੇ ਹੋ ਜੋ ਮੈਂ ਤੁਹਾਡੇ ਲਈ ਛੱਡ ਦਿਆਂ ? ਉਹ ਬੋਲੇ, ਬਰੱਬਾ ਨੂੰ !22ਪਿਲਾਤੁਸ ਨੇ ਉਨ੍ਹਾਂ ਨੂੰ ਕਿਹਾ, ਫੇਰ ਯਿਸੂ ਨੂੰ ਜਿਹੜਾ ਮਸੀਹ ਅਖਵਾਉਂਦਾ ਹੈ, ਮੈਂ ਕੀ ਕਰਾਂ ? ਉਹ ਸਭ ਬੋਲੇ, ਸਲੀਬ ਤੇ ਚੜ੍ਹਾ ਦਿਓ !
23ਪਰ ਉਸ ਨੇ ਆਖਿਆ, ਉਹ ਨੇ ਕੀ ਬੁਰਿਆਈ ਕੀਤੀ ਹੈ ? ਪਰ ਉਨ੍ਹਾਂ ਨੇ ਹੋਰ ਵੀ ਰੌਲ਼ਾ ਪਾ ਕੇ ਆਖਿਆ, ਇਸ ਨੂੰ ਸਲੀਬ ਤੇ ਚੜ੍ਹਾ ਦਿਓ !24ਜਦ ਪਿਲਾਤੁਸ ਨੇ ਵੇਖਿਆ ਜੋ ਕੁੱਝ ਨਹੀਂ ਬਣਦਾ, ਸਗੋਂ ਹੋਰ ਵੀ ਰੌਲ਼ਾ ਪੈਂਦਾ ਜਾਂਦਾ ਹੈ, ਤਦ ਉਹ ਨੇ ਪਾਣੀ ਲੈ ਕੇ ਲੋਕਾਂ ਦੇ ਸਾਹਮਣੇ ਹੱਥ ਧੋਤੇ ਅਤੇ ਕਿਹਾ, ਮੈਂ ਇਸ ਦੇ ਲਹੂ ਤੋਂ ਨਿਰਦੋਸ਼ ਹਾਂ ! ਤੁਸੀਂ ਜਾਣੋ ।
25ਅਤੇ ਸਾਰੇ ਲੋਕਾਂ ਨੇ ਉੱਤਰ ਦਿੱਤਾ, ਉਹ ਦਾ ਲਹੂ ਸਾਡੇ ਉੱਤੇ ਅਤੇ ਸਾਡੀ ਔਲਾਦ ਉੱਤੇ ਹੋਵੇ !26ਤਦ ਉਸ ਨੇ ਬਰੱਬਾ ਨੂੰ ਉਨ੍ਹਾਂ ਦੇ ਲਈ ਛੱਡ ਦਿੱਤਾ, ਪਰ ਯਿਸੂ ਨੂੰ ਕੋਰੜੇ ਮਾਰ ਕੇ ਸਲੀਬ ਉੱਤੇ ਚੜ੍ਹਾਉਣ ਲਈ ਹਵਾਲੇ ਕੀਤਾ ।
ਸਿਪਾਹੀਆਂ ਦੁਆਰਾ ਯਿਸੂ ਦਾ ਅਪਮਾਨ
(ਮਰਕੁਸ 15:16-20, ਯੂਹੰਨਾ 19:2, 3)

27ਤਦ ਹਾਕਮ ਦੇ ਸਿਪਾਹੀਆਂ ਨੇ ਯਿਸੂ ਨੂੰ ਦੀਵਾਨਖ਼ਾਨੇ ਵਿੱਚ ਲੈ ਜਾ ਕੇ, ਸਾਰੇ ਲੋਕ ਉਹ ਦੇ ਕੋਲ ਇਕੱਠੇ ਕੀਤੇ ।28ਅਤੇ ਉਹ ਦੇ ਕੱਪੜੇ ਲਾਹ ਕੇ ਕਿਰਮਚੀ ਚੋਗਾ ਉਹ ਨੂੰ ਪੁਆਇਆ ।29ਅਤੇ ਉਨ੍ਹਾਂ ਨੇ ਕੰਡਿਆਂ ਦਾ ਤਾਜ ਗੁੰਦਕੇ ਉਹ ਦੇ ਸਿਰ ਉੱਤੇ ਰੱਖਿਆ ਅਤੇ ਇੱਕ ਕਾਨਾ ਉਹ ਦੇ ਸੱਜੇ ਹੱਥ ਵਿੱਚ ਦਿੱਤਾ ਅਤੇ ਉਹ ਦੇ ਸਾਹਮਣੇ ਗੋਡੇ ਨਿਵਾਏ ਅਤੇ ਉਹ ਨੂੰ ਮਖੌਲ ਕਰ ਕੇ ਆਖਿਆ, ਹੇ ਯਹੂਦੀਆਂ ਦੇ ਰਾਜਾ, ਨਮਸਕਾਰ !
30ਅਤੇ ਉਨ੍ਹਾਂ ਨੇ ਉਸ ਉੱਤੇ ਥੁੱਕਿਆ ਅਤੇ ਉਹ ਕਾਨਾ ਲੈ ਕੇ ਉਹ ਦੇ ਸਿਰ ਉੱਤੇ ਮਾਰਿਆ ।31ਜਦ ਉਹ ਮਖੌਲ ਕਰ ਹਟੇ ਤਦ ਉਨ੍ਹਾਂ ਨੇ ਉਹ ਚੋਗਾ ਉਹ ਦੇ ਉੱਤੋਂ ਲਾਹ ਲਿਆ ਅਤੇ ਉਸੇ ਦੇ ਕੱਪੜੇ ਉਹ ਨੂੰ ਪੁਆਏ ਅਤੇ ਸਲੀਬ ਉੱਤੇ ਚੜ੍ਹਾਉਣ ਲਈ ਉਹ ਨੂੰ ਲੈ ਗਏ ।
ਯਿਸੂ ਨੂੰ ਸਲੀਬ ਉੱਤੇ ਚੜਾਇਆ ਜਾਣਾ
(ਮਰਕੁਸ 15:21-32, ਲੂਕਾ 23:26-43, ਯੂਹੰਨਾ 19:17-27)

32ਜਦ ਉਹ ਬਾਹਰ ਜਾਂਦੇ ਸਨ ਉਨ੍ਹਾਂ ਨੇ ਸ਼ਮਊਨ ਨਾਮ ਦੇ ਇੱਕ ਕੁਰੇਨੀ ਮਨੁੱਖ ਨੂੰ ਵੇਖਿਆ । ਉਹਨਾਂ ਨੇ ਉਸ ਨੂੰ ਯਿਸੂ ਦੀ ਸਲੀਬ ਚੁੱਕ ਕੇ ਲੈ ਜਾਣ ਲਈ ਮਜ਼ਬੂਰ ਕੀਤਾ ।33ਅਤੇ ਜਦ ਉਸ ਥਾਂ ਵਿੱਚ ਆਏ ਜਿਹ ਦਾ ਨਾਮ ਗਲਗਥਾ ਅਰਥਾਤ ਖੋਪੜੀ ਦੀ ਥਾਂ ਸੀ ।34ਤਾਂ ਉਨ੍ਹਾਂ ਨੇ ਪਿੱਤ ਨਾਲ ਮਿਲਾਈ ਹੋਈ ਦਾਖ਼ਰਸ ਉਹ ਨੂੰ ਪੀਣ ਲਈ ਦਿੱਤੀ ਪਰ ਉਸ ਨੇ ਚੱਖ ਕੇ ਉਹ ਨੂੰ ਪੀਣਾ ਨਾ ਚਾਹਿਆ ।
35ਤਦ ਉਨ੍ਹਾਂ ਨੇ ਉਹ ਨੂੰ ਸਲੀਬ ਉੱਤੇ ਚੜ੍ਹਾਇਆ ਅਤੇ ਗੁਣੇ ਪਾ ਕੇ ਉਹ ਦੇ ਕੱਪੜੇ ਵੰਡ ਲਏ ।36ਅਤੇ ਬੈਠ ਕੇ ਉਹ ਦੀ ਰਾਖੀ ਕਰਨ ਲੱਗੇ ।37ਉਨ੍ਹਾਂ ਨੇ ਉਹ ਦੇ ਸਿਰ ਦੇ ਉਤਾਹਾਂ ਕਰ ਕੇ ਉਹ ਦੀ ਦੋਸ਼ ਪੱਤ੍ਰੀ ਲਾਈ, “ਇਹ ਯਿਸੂ ਯਹੂਦੀਆਂ ਦਾ ਰਾਜਾ ਹੈ” ।
38ਉਸ ਵੇਲੇ ਉਹ ਦੇ ਨਾਲ ਦੋ ਡਾਕੂ ਸਲੀਬ ਉੱਤੇ ਚੜ੍ਹਾਏ ਗਏ, ਇੱਕ ਸੱਜੇ ਅਤੇ ਦੂਜਾ ਖੱਬੇ ਪਾਸੇ ।39ਅਤੇ ਆਉਣ ਜਾਣ ਵਾਲੇ ਉਸ ਦਾ ਅਪਮਾਨ ਕਰ ਕੇ ਅਤੇ ਸਿਰ ਹਿਲਾ ਕੇ ਕਹਿਣ ਲੱਗੇ,40ਤੂੰ ਜਿਹੜਾ ਹੈਕਲ ਨੂੰ ਢਾਹ ਕੇ ਤਿੰਨਾਂ ਦਿਨਾਂ ਵਿੱਚ ਬਣਾਉਂਦਾ ਸੀ ਆਪਣੇ ਆਪ ਨੂੰ ਬਚਾ ਲੈ ! ਜੇ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ ਤਾਂ ਸਲੀਬ ਉੱਤੋਂ ਉੱਤਰ ਆ !
41ਅਤੇ ਇਸੇ ਤਰ੍ਹਾਂ ਮੁੱਖ ਜਾਜਕਾਂ ਨੇ ਵੀ ਉਪਦੇਸ਼ਕਾਂ ਅਤੇ ਬਜ਼ੁਰਗਾਂ ਦੇ ਨਾਲ ਮਿਲ ਕੇ ਮਖੌਲ ਕੀਤਾ ਅਤੇ ਕਿਹਾ,42ਉਸ ਨੇ ਹੋਰਨਾਂ ਨੂੰ ਬਚਾਇਆ, ਆਪਣੇ ਆਪ ਨੂੰ ਨਹੀਂ ਬਚਾ ਸਕਦਾ ! ਇਹ ਇਸਰਾਏਲ ਦਾ ਪਾਤਸ਼ਾਹ ਹੈ ! ਹੁਣ ਸਲੀਬ ਤੋਂ ਉੱਤਰ ਆਵੇ ਤਾਂ ਅਸੀਂ ਉਹ ਦੇ ਉੱਤੇ ਵਿਸ਼ਵਾਸ ਕਰਾਂਗੇ ।
43ਉਹ ਨੇ ਪਰਮੇਸ਼ੁਰ ਉੱਤੇ ਭਰੋਸਾ ਰੱਖਿਆ ਸੀ । ਜੇ ਉਹ ਉਸ ਨੂੰ ਚਾਹੁੰਦਾ ਹੈ ਤਾਂ ਹੁਣ ਉਸ ਨੂੰ ਛੁਡਾਵੇ ਕਿਉਂ ਜੋ ਉਹ ਨੇ ਆਖਿਆ ਸੀ, ਮੈਂ ਪਰਮੇਸ਼ੁਰ ਦਾ ਪੁੱਤਰ ਹਾਂ ।44ਅਤੇ ਉਹ ਡਾਕੂ ਜਿਹੜੇ ਉਹ ਦੇ ਨਾਲ ਸਲੀਬ ਉੱਤੇ ਚੜ੍ਹਾਏ ਗਏ, ਇਸੇ ਤਰ੍ਹਾਂ ਉਹ ਨੂੰ ਤਾਅਨੇ ਮਾਰਦੇ ਸਨ ।
ਯਿਸੂ ਦੀ ਮੌਤ
(ਮਰਕੁਸ 15:33-41, ਲੂਕਾ 23:44-49, ਯੂਹੰਨਾ 19:28-30)

45ਦੁਪਹਿਰ ਤੋਂ ਲੈ ਕੇ ਤੀਜੇ ਪਹਿਰ ਤੱਕ ਸਾਰੀ ਧਰਤੀ ਉੱਤੇ ਹਨ੍ਹੇਰਾ ਰਿਹਾ ।46ਅਤੇ ਤੀਜੇ ਪਹਿਰ ਯਿਸੂ ਨੇ ਉੱਚੀ ਅਵਾਜ਼ ਨਾਲ ਪੁਕਾਰਿਆ ਕਿ “ਏਲੀ ਏਲੀ ਲਮਾ ਸਬਕਤਨੀ” ਜਿਸ ਦਾ ਅਰਥ ਇਹ ਹੈ, ਹੇ ਮੇਰੇ ਪਰਮੇਸ਼ੁਰ, ਹੇ ਮੇਰੇ ਪਰਮੇਸ਼ੁਰ, ਤੂੰ ਮੈਨੂੰ ਕਿਉਂ ਛੱਡ ਦਿੱਤਾ ?47ਅਤੇ ਕਈ ਉਨ੍ਹਾਂ ਵਿੱਚੋਂ ਜਿਹੜੇ ਉੱਥੇ ਖੜ੍ਹੇ ਸਨ ਸੁਣ ਕੇ ਬੋਲੇ, ਇਹ ਏਲੀਯਾਹ ਨੂੰ ਅਵਾਜ਼ ਮਾਰਦਾ ਹੈ ।
48ਅਤੇ ਉਸੇ ਵੇਲੇ ਉਨ੍ਹਾਂ ਵਿੱਚੋਂ ਇੱਕ ਦੌੜ ਕੇ ਸਪੰਜ ਲਿਆਇਆ ਅਤੇ ਸਿਰਕੇ ਨਾਲ ਗਿੱਲਾ ਕਰਕੇ ਅਤੇ ਕਾਨੇ ਉੱਤੇ ਬੰਨ੍ਹ ਕੇ ਉਹ ਨੂੰ ਚੁਸਾਇਆ ।49ਹੋਰਨਾਂ ਆਖਿਆ, ਰਹਿਣ ਦੇ । ਅਸੀਂ ਵੇਖੀਏ ਭਲਾ, ਏਲੀਯਾਹ ਉਹ ਦੇ ਬਚਾਉਣ ਨੂੰ ਆਉਂਦਾ ਹੈ ਕਿ ਨਹੀਂ ?50ਯਿਸੂ ਨੇ ਫੇਰ ਉੱਚੀ ਅਵਾਜ਼ ਨਾਲ ਪੁਕਾਰ ਕੇ ਜਾਨ ਦੇ ਦਿੱਤੀ ।
51ਅਤੇ ਵੇਖੋ, ਹੈਕਲ ਦਾ ਪਰਦਾ ਉੱਪਰੋਂ ਲੈ ਕੇ ਹੇਠਾਂ ਤੱਕ ਪਾਟ ਕੇ ਦੋ ਹੋ ਗਿਆ ਅਤੇ ਧਰਤੀ ਕੰਬੀ ਅਤੇ ਪੱਥਰ ਤਿੜਕ ਗਏ ।52ਅਤੇ ਕਬਰਾਂ ਖੁੱਲ੍ਹ ਗਈਆਂ ਅਤੇ ਸੁੱਤੇ ਹੋਏ ਸੰਤਾਂ ਦੀਆਂ ਬਹੁਤ ਲੋਥਾਂ ਉੱਠਾਈਆਂ ਗਈਆਂ ।53ਜੀ ਉੱਠਣ ਦੇ ਬਾਅਦ ਉਹ ਕਬਰਾਂ ਵਿੱਚੋਂ ਨਿੱਕਲ ਕੇ ਪਵਿੱਤਰ ਸ਼ਹਿਰ ਦੇ ਅੰਦਰ ਚੱਲੇ ਗਏ ਅਤੇ ਬਹੁਤਿਆਂ ਨੂੰ ਵਿਖਾਈ ਦਿੱਤੇ ।
54ਸੂਬੇਦਾਰ ਅਤੇ ਜਿਹੜੇ ਉਹ ਦੇ ਨਾਲ ਯਿਸੂ ਦੀ ਰਾਖੀ ਕਰਦੇ ਸਨ ਭੂਚਾਲ ਅਤੇ ਸਾਰੀ ਵਾਰਤਾ ਵੇਖ ਕੇ ਬਹੁਤ ਡਰੇ ਅਤੇ ਬੋਲੇ, ਇਹ ਸੱਚ-ਮੁੱਚ ਪਰਮੇਸ਼ੁਰ ਦਾ ਪੁੱਤਰ ਸੀ !55ਉੱਥੇ ਬਹੁਤ ਔਰਤਾਂ ਦੂਰੋਂ ਵੇਖ ਰਹੀਆਂ ਸਨ, ਜਿਹੜੀਆਂ ਯਿਸੂ ਨੇ ਨਾਲ ਗਲੀਲ ਤੋਂ ਉਹ ਦੀ ਟਹਿਲ ਸੇਵਾ ਕਰਦੀਆਂ ਆਈਆਂ ਸਨ ।56ਉਨ੍ਹਾਂ ਵਿੱਚ ਮਰਿਯਮ ਮਗਦਲੀਨੀ, ਯਾਕੂਬ ਤੇ ਯੋਸੇਸ ਦੀ ਮਾਤਾ ਮਰਿਯਮ ਅਤੇ ਜ਼ਬਦੀ ਦੇ ਪੁੱਤਰਾਂ ਦੀ ਮਾਤਾ ਸੀ ।
ਯਿਸੂ ਨੂੰ ਦਫ਼ਨਾਇਆ ਜਾਣਾ
(ਮਰਕੁਸ 15:42-47, ਲੂਕਾ 23:50-56, ਯੂਹੰਨਾ 19:38-42)

57ਜਦ ਸ਼ਾਮ ਹੋਈ ਤਾਂ ਯੂਸੁਫ਼ ਨਾਮ ਦਾ ਅਰਿਮਥੇਆ ਦਾ ਇੱਕ ਧਨੀ ਮਨੁੱਖ ਆਇਆ ਜਿਹੜਾ ਆਪ ਵੀ ਯਿਸੂ ਦਾ ਚੇਲਾ ਸੀ ।58ਉਹ ਨੇ ਪਿਲਾਤੁਸ ਕੋਲ ਜਾ ਕੇ ਯਿਸੂ ਦੀ ਲੋਥ ਮੰਗੀ । ਤਦ ਪਿਲਾਤੁਸ ਨੇ ਲੋਥ ਦੇਣ ਦਾ ਹੁਕਮ ਕੀਤਾ ।
59ਅਤੇ ਯੂਸੁਫ਼ ਨੇ ਲੋਥ ਨੂੰ ਲੈ ਕੇ ਸਾਫ਼ ਮਹੀਨ ਕੱਪੜੇ ਵਿੱਚ ਵਲ੍ਹੇਟਿਆ60ਅਤੇ ਆਪਣੀ ਨਵੀਂ ਕਬਰ ਦੇ ਅੰਦਰ ਰੱਖਿਆ, ਜਿਹੜੀ ਉਸ ਨੇ ਪੱਥਰ ਵਿੱਚ ਖੁਦਵਾਈ ਸੀ ਅਤੇ ਭਾਰਾ ਪੱਥਰ ਕਬਰ ਦੇ ਮੂੰਹ ਉੱਤੇ ਰੋੜ੍ਹ ਕੇ ਚੱਲਿਆ ਗਿਆ ।61ਅਤੇ ਮਰਿਯਮ ਮਗਦਲੀਨੀ ਅਤੇ ਦੂਜੀ ਮਰਿਯਮ ਉੱਥੇ ਕਬਰ ਦੇ ਸਾਹਮਣੇ ਬੈਠੀਆਂ ਸਨ ।
ਕਬਰ ਉੱਤੇ ਪਹਿਰਾ

62ਅਗਲੇ ਦਿਨ ਜਿਹੜਾ ਤਿਆਰੀ ਦੇ ਦਿਨ ਤੋਂ ਬਾਅਦ ਸੀ ਮੁੱਖ ਜਾਜਕ ਅਤੇ ਫ਼ਰੀਸੀ ਇਕੱਠੇ ਹੋ ਕੇ ਪਿਲਾਤੁਸ ਦੇ ਕੋਲ ਆਏ ਅਤੇ ਬੋਲੇ,63ਮਹਾਰਾਜ, ਸਾਨੂੰ ਯਾਦ ਹੈ ਕਿ ਉਹ ਧੋਖ਼ੇਬਾਜ ਆਪਣੇ ਜਿਉਂਦੇ ਜੀ ਕਹਿ ਗਿਆ ਸੀ, ਜੋ ਮੈਂ ਤਿੰਨਾਂ ਦਿਨਾਂ ਬਾਅਦ ਜੀ ਉੱਠਾਂਗਾ ।64ਇਸ ਲਈ ਹੁਕਮ ਕਰੋ ਜੋ ਤੀਜੇ ਦਿਨ ਤੱਕ ਕਬਰ ਦੀ ਰਾਖੀ ਕੀਤੀ ਜਾਏ, ਕਿਤੇ ਉਹ ਦੇ ਚੇਲੇ ਆ ਕੇ ਉਹ ਨੂੰ ਚੁਰਾ ਨਾ ਲੈ ਜਾਣ ਅਤੇ ਲੋਕਾਂ ਨੂੰ ਆਖਣ ਕਿ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ, ਸੋ ਇਹ ਗਲਤੀ ਪਹਿਲੀ ਨਾਲੋਂ ਬੁਰੀ ਹੋਵੇਗੀ ।
65ਪਿਲਾਤੁਸ ਨੇ ਉਨ੍ਹਾਂ ਨੂੰ ਆਖਿਆ, ਰੱਖਿਅਕ ਤੁਹਾਡੇ ਕੋਲ ਹਨ । ਜਾਓ, ਜਿਸ ਤਰ੍ਹਾਂ ਸਮਝੋ ਉਹ ਦੀ ਰਾਖੀ ਕਰੋ ।66ਸੋ ਉਹ ਗਏ ਅਤੇ ਪੱਥਰ ਉੱਤੇ ਮੋਹਰ ਲਾ ਕੇ, ਪਹਿਰੇ ਵਾਲਿਆਂ ਕੋਲੋਂ ਕਬਰ ਦੀ ਰਾਖੀ ਕਰਵਾਈ ।

28
ਯਿਸੂ ਦਾ ਜੀ ਉੱਠਣਾ
(ਮਰਕੁਸ 16:1-10, ਲੂਕਾ 24:1-12, ਯੂਹੰਨਾ 20:1-10)

1ਜਦ ਸਬਤ ਦਾ ਦਿਨ ਬੀਤ ਗਿਆ ਤਾਂ ਹਫ਼ਤੇ ਦੇ ਪਹਿਲੇ ਦਿਨ ਸਵੇਰ ਵੇਲੇ ਮਰਿਯਮ ਮਗਦਲੀਨੀ ਅਤੇ ਦੂਜੀ ਮਰਿਯਮ ਕਬਰ ਨੂੰ ਵੇਖਣ ਆਈਆਂ ।2ਅਤੇ ਵੇਖੋ ਇੱਕ ਵੱਡਾ ਭੂਚਾਲ ਆਇਆ, ਇਸ ਲਈ ਜੋ ਪ੍ਰਭੂ ਦਾ ਦੂਤ ਅਕਾਸ਼ੋਂ ਉਤਰਿਆ ਅਤੇ ਨੇੜੇ ਆ ਕੇ ਉਸ ਪੱਥਰ ਨੂੰ ਰੇੜ੍ਹ ਕੇ ਇੱਕ ਪਾਸੇ ਕਰ ਦਿੱਤਾ ਅਤੇ ਉਸ ਉੱਤੇ ਬੈਠ ਗਿਆ ।

3ਉਹ ਦਾ ਰੂਪ ਬਿਜਲੀ ਵਰਗਾ ਅਤੇ ਉਹ ਦਾ ਬਸਤਰ ਬਰਫ਼ ਦੀ ਤਰ੍ਹਾਂ ਚਿੱਟਾ ਸੀ ।4ਅਤੇ ਉਹ ਦੇ ਡਰ ਦੇ ਕਾਰਨ ਰਖਵਾਲੇ ਕੰਬ ਉੱਠੇ ਅਤੇ ਮੁਰਦਿਆਂ ਵਾਂਗੂੰ ਹੋ ਗਏ ।
5ਪਰ ਦੂਤ ਨੇ ਔਰਤਾਂ ਨੂੰ ਕਿਹਾ, ਤੁਸੀਂ ਨਾ ਡਰੋ ਕਿਉਂਕਿ ਮੈਂ ਜਾਣਦਾ ਹਾਂ ਜੋ ਤੁਸੀਂ ਯਿਸੂ ਨੂੰ ਜਿਹੜਾ ਸਲੀਬ ਉੱਤੇ ਚੜ੍ਹਾਇਆ ਗਿਆ ਸੀ, ਲੱਭਦੀਆਂ ਹੋ ।6ਉਹ ਐਥੇ ਨਹੀਂ ਹੈ, ਕਿਉਂਕਿ ਜਿਵੇਂ ਉਸ ਨੇ ਕਿਹਾ ਸੀ ਉਹ ਜੀ ਉੱਠਿਆ ਹੈ । ਆਓ ਇਹ ਥਾਂ ਵੇਖੋ ਜਿੱਥੇ ਪ੍ਰਭੂ ਪਿਆ ਹੋਇਆ ਸੀ ।7ਅਤੇ ਜਲਦੀ ਜਾ ਕੇ ਉਹ ਦੇ ਚੇਲਿਆਂ ਨੂੰ ਆਖੋ ਕਿ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਅਤੇ ਵੇਖੋ ਉਹ ਤੁਹਾਡੇ ਤੋਂ ਪਹਿਲਾਂ ਗਲੀਲ ਨੂੰ ਜਾਂਦਾ ਹੈ, ਉਹ ਨੂੰ ਤੁਸੀਂ ਉੱਥੇ ਵੇਖੋਗੇ । ਲਓ ਮੈਂ ਤੁਹਾਨੂੰ ਦੱਸ ਦਿੱਤਾ ।
8ਅਤੇ ਉਹ ਡਰ ਅਤੇ ਵੱਡੀ ਖੁਸ਼ੀ ਨਾਲ ਕਬਰ ਕੋਲੋਂ ਜਲਦੀ ਚੱਲ ਕੇ ਉਹ ਦੇ ਚੇਲਿਆਂ ਨੂੰ ਖ਼ਬਰ ਦੇਣ ਲਈ ਦੌੜੀਆਂ ਗਈਆਂ ।9ਅਤੇ ਵੇਖੋ ਯਿਸੂ ਉਨ੍ਹਾਂ ਨੂੰ ਮਿਲਿਆ ਅਤੇ ਬੋਲਿਆ, ਸੁਖੀ ਰਹੋ ! ਅਤੇ ਉਨ੍ਹਾਂ ਨੇ ਕੋਲ ਆ ਕੇ ਯਿਸੂ ਦੇ ਚਰਨ ਫੜੇ ਅਤੇ ਉਸ ਨੂੰ ਮੱਥਾ ਟੇਕਿਆ ।10ਤਾਂ ਯਿਸੂ ਨੇ ਉਨ੍ਹਾਂ ਨੂੰ ਆਖਿਆ, ਡਰੋ ਨਾ, ਜਾਓ, ਮੇਰੇ ਭਾਈਆਂ ਨੂੰ ਆਖੋ ਜੋ ਗਲੀਲ ਨੂੰ ਜਾਣ ਅਤੇ ਉਹ ਉੱਥੇ ਮੈਨੂੰ ਵੇਖਣਗੇ ।
ਪਹਿਰੇਦਾਰਾਂ ਦੀ ਸੂਚਨਾ

11ਜਿਸ ਵੇਲੇ ਉਹ ਜਾ ਰਹੀਆਂ ਸਨ ਤਾਂ ਵੇਖੋ ਪਹਿਰੇ ਵਾਲਿਆਂ ਵਿੱਚੋਂ ਕਈਆਂ ਨੇ ਸ਼ਹਿਰ ਜਾ ਕੇ ਸਾਰੀ ਘਟਨਾ ਮੁੱਖ ਜਾਜਕਾਂ ਨੂੰ ਦੱਸ ਦਿੱਤੀ ।12ਅਤੇ ਉਹ ਬਜ਼ੁਰਗਾਂ ਦੇ ਨਾਲ ਇਕੱਠੇ ਹੋਏ ਅਤੇ ਯੋਜਨਾਂ ਬਣਾ ਕੇ ਸਿਪਾਹੀਆਂ ਨੂੰ ਬਹੁਤ ਰੁਪਏ ਦਿੱਤੇ13ਅਤੇ ਬੋਲੇ, ਤੁਸੀਂ ਇਹ ਆਖਣਾ ਕਿ ਜਦ ਅਸੀਂ ਸੁੱਤੇ ਹੋਏ ਸੀ, ਉਹ ਦੇ ਚੇਲੇ ਰਾਤ ਨੂੰ ਆ ਕੇ ਉਹ ਨੂੰ ਚੁਰਾ ਲੈ ਗਏ
14ਅਤੇ ਜੇ ਇਹ ਗੱਲ ਹਾਕਮ ਦੇ ਕੰਨਾਂ ਤੱਕ ਪਹੁੰਚੇ ਤਾਂ ਅਸੀਂ ਉਹ ਨੂੰ ਮਨਾ ਕੇ ਤੁਹਾਨੂੰ ਬਰੀ ਕਰ ਦਿਆਂਗੇ ।15ਸੋ ਉਨ੍ਹਾਂ ਨੇ ਰੁਪਏ ਲੈ ਕੇ ਉਸੇ ਤਰ੍ਹਾਂ ਕੀਤਾ ਜਿਸ ਤਰ੍ਹਾਂ ਸਿਖਾਏ ਗਏ ਸਨ ਅਤੇ ਇਹ ਗੱਲ ਅੱਜ ਤੱਕ ਯਹੂਦੀਆਂ ਵਿੱਚ ਪ੍ਰਚਲਿਤ ਹੈ ।
ਯਿਸੂ ਦਾ ਦਿਖਾਈ ਦੇਣਾ ਅਤੇ ਅੰਤਿਮ ਹੁਕਮ
(ਮਰਕੁਸ 16:14-18, ਲੂਕਾ 24:36-49, ਯੂਹੰਨਾ 20:19-23, ਰਸੂਲਾਂ ਦੇ ਕਰਤੱਬ 1:6-8)

16ਫੇਰ ਉਹ ਗਿਆਰ੍ਹਾਂ ਚੇਲੇ ਗਲੀਲ ਵਿੱਚ ਉਸ ਪਹਾੜ ਉੱਤੇ ਗਏ ਜਿਹੜਾ ਯਿਸੂ ਨੇ ਉਨ੍ਹਾਂ ਲਈ ਠਹਿਰਾਇਆ ਹੋਇਆ ਸੀ ।17ਅਤੇ ਉਨ੍ਹਾਂ ਨੇ ਉਸ ਨੂੰ ਵੇਖ ਕੇ ਮੱਥਾ ਟੇਕਿਆ, ਪਰ ਕਈਆਂ ਨੇ ਸ਼ੱਕ ਕੀਤਾ ।
18ਅਤੇ ਯਿਸੂ ਨੇ ਕੋਲ ਆ ਕੇ ਉਨ੍ਹਾਂ ਨਾਲ ਗੱਲਾਂ ਕੀਤੀਆਂ ਅਤੇ ਆਖਿਆ, ਸਵਰਗ ਅਤੇ ਧਰਤੀ ਦਾ ਸਾਰਾ ਅਧਿਕਾਰ ਮੈਨੂੰ ਦਿੱਤਾ ਗਿਆ ਹੈ ।19ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ ।
20ਅਤੇ ਉਨ੍ਹਾਂ ਨੂੰ ਸਿਖਾਓ ਕਿ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ ਅਤੇ ਵੇਖੋ ਮੈਂ ਜੁੱਗ ਦੇ ਅੰਤ ਤੱਕ ਹਰ ਵੇਲੇ ਤੁਹਾਡੇ ਨਾਲ ਹਾਂ ।

ਮਰਕੁਸ ਦੀ ਇੰਜੀਲ

1
ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਪ੍ਰਚਾਰ
(ਮੱਤੀ 3:1-12, ਲੂਕਾ 3:1-18, ਯੂਹੰਨਾ 1:19-28)

1ਪਰਮੇਸ਼ੁਰ ਦੇ ਪੁੱਤਰ ਯਿਸੂ ਮਸੀਹ ਦੀ ਖੁਸ਼ਖਬਰੀ ਦਾ ਅਰੰਭ ।2ਜਿਵੇਂ ਯਸਾਯਾਹ ਨਬੀ ਦੀ ਪੁਸਤਕ ਵਿੱਚ ਲਿਖਿਆ ਹੋਇਆ ਹੈ, ਵੇਖ, ਮੈਂ ਆਪਣੇ ਸੰਦੇਸ਼ਵਾਹਕ ਨੂੰ ਤੇਰੇ ਅੱਗੇ ਭੇਜਦਾ ਹਾਂ ਜੋ ਤੇਰੇ ਲਈ ਰਸਤਾ ਤਿਆਰ ਕਰੇਗਾ,3ਉਜਾੜ ਵਿੱਚ ਇੱਕ ਪੁਕਾਰਨ ਵਾਲੇ ਦੀ ਅਵਾਜ਼, ਕਿ ਪ੍ਰਭੂ ਦੇ ਰਸਤੇ ਨੂੰ ਤਿਆਰ ਕਰੋ, ਅਤੇ ਉਹ ਦੇ ਰਾਹਾਂ ਨੂੰ ਸਿੱਧੇ ਕਰੋ ।

4ਯੂਹੰਨਾ ਆਇਆ, ਜਿਹੜਾ ਉਜਾੜ ਵਿੱਚ ਬਪਤਿਸਮਾ ਦਿੰਦਾ ਅਤੇ ਪਾਪਾਂ ਦੀ ਮਾਫ਼ੀ ਲਈ ਤੋਬਾ ਦੇ ਬਪਤਿਸਮੇ ਦਾ ਪਰਚਾਰ ਕਰਦਾ ਸੀ ।5ਸਾਰੇ ਯਹੂਦਿਯਾ ਦੇਸ ਅਤੇ ਯਰੂਸ਼ਲਮ ਦੇ ਸਾਰੇ ਰਹਿਣ ਵਾਲੇ ਨਿੱਕਲ ਕੇ ਉਹ ਦੇ ਕੋਲ ਆਉਂਦੇ, ਅਤੇ ਆਪਣਿਆਂ ਪਾਪਾਂ ਨੂੰ ਮੰਨ ਕੇ ਯਰਦਨ ਨਦੀ ਵਿੱਚ ਉਹ ਦੇ ਹੱਥੋਂ ਬਪਤਿਸਮਾ ਲੈਂਦੇ ਸਨ ।6ਯੂਹੰਨਾ ਦੇ ਬਸਤਰ ਊਠ ਦੇ ਵਾਲਾਂ ਦੇ ਸੀ ਅਤੇ ਚਮੜੇ ਦੀ ਪੇਟੀ ਉਸ ਦੇ ਲੱਕ ਨਾਲ ਬੰਨ੍ਹੀ ਹੋਈ ਸੀ, ਉਹ ਟਿੱਡੀਆਂ ਅਤੇ ਜੰਗਲੀ ਸ਼ਹਿਦ ਖਾਂਦਾ ਹੁੰਦਾ ਸੀ ।
7ਅਤੇ ਉਸ ਨੇ ਪਰਚਾਰ ਕੀਤਾ ਕਿ ਮੇਰੇ ਪਿਛੋਂ ਉਹ ਆਉਂਦਾ ਹੈ, ਜੋ ਮੇਰੇ ਨਾਲੋਂ ਬਲਵੰਤ ਹੈ ਅਤੇ ਮੈਂ ਇਸ ਲਾਇਕ ਨਹੀਂ ਜੋ ਝੁੱਕ ਕੇ ਉਸ ਦੀ ਜੁੱਤੀ ਦਾ ਤਸਮਾ ਖੋਲ੍ਹਾਂ ।8ਮੈਂ ਤਾਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ ਪਰ ਉਹ ਤੁਹਾਨੂੰ ਪਵਿੱਤਰ ਆਤਮਾ ਨਾਲ ਬਪਤਿਸਮਾ ਦੇਵੇਗਾ ।
ਯਿਸੂ ਦਾ ਬਪਤਿਸਮਾ ਅਤੇ ਪਰਤਾਵਾ
(ਮੱਤੀ 3:13-4:11, ਲੂਕਾ 3:21, 22; 4:1-13)

9ਉਨ੍ਹਾਂ ਦਿਨਾਂ ਵਿੱਚ ਅਜਿਹਾ ਹੋਇਆ ਜੋ ਯਿਸੂ ਨੇ ਗਲੀਲ ਦੇ ਨਾਸਰਤ ਤੋਂ ਆਣ ਕੇ ਯਰਦਨ ਨਦੀ ਵਿੱਚ ਯੂਹੰਨਾ ਦੇ ਹੱਥੋਂ ਬਪਤਿਸਮਾ ਲਿਆ ।10ਅਤੇ ਪਾਣੀ ਵਿੱਚੋਂ ਨਿੱਕਲਦੇ ਸਾਰ ਉਸ ਨੇ ਅਕਾਸ਼ ਨੂੰ ਖੁੱਲਦਿਆਂ ਅਤੇ ਪਵਿੱਤਰ ਆਤਮਾ ਨੂੰ ਆਪਣੇ ਉੱਤੇ ਘੁੱਗੀ ਵਾਂਗੂੰ ਉੱਤਰਦਿਆਂ ਵੇਖਿਆ ।11ਅਤੇ ਇੱਕ ਸਵਰਗੀ ਬਾਣੀ ਆਈ ਜੋ ਤੂੰ ਮੇਰਾ ਪਿਆਰਾ ਪੁੱਤਰ ਹੈਂ, ਤੇਰੇ ਤੋਂ ਮੈਂ ਖੁਸ਼ ਹਾਂ ।

12ਤਦ ਪਵਿੱਤਰ ਆਤਮਾ ਉਸੇ ਸਮੇਂ ਉਸ ਨੂੰ ਉਜਾੜ ਵਿੱਚ ਲੈ ਗਿਆ ।13ਅਤੇ ਉਜਾੜ ਵਿੱਚ ਚਾਲ੍ਹੀ ਦਿਨਾਂ ਤੱਕ ਸ਼ੈਤਾਨ ਨੇ ਉਸ ਨੂੰ ਪਰਤਾਇਆ ਅਤੇ ਉਹ ਜੰਗਲੀ ਜਾਨਵਰਾਂ ਦੇ ਨਾਲ ਰਿਹਾ ਅਤੇ ਸਵਰਗ ਦੂਤ ਉਸ ਦੀ ਸੇਵਾ ਟਹਿਲ ਕਰਦੇ ਰਹੇ ।
ਯਿਸੂ ਦੀ ਸੇਵਕਾਈ ਦੀ ਸ਼ੁਰੂਆਤ
(ਮੱਤੀ 4:18-22, ਲੂਕਾ 4:14, 15)

14ਉਪਰੰਤ ਯੂਹੰਨਾ ਦੇ ਫੜਵਾਏ ਜਾਣ ਦੇ ਪਿੱਛੋਂ ਯਿਸੂ ਗਲੀਲ ਵਿੱਚ ਆਇਆ ਅਤੇ ਉਸ ਨੇ ਪਰਮੇਸ਼ੁਰ ਦੇ ਰਾਜ ਦੀ ਖੁਸ਼ਖਬਰੀ ਦਾ ਪਰਚਾਰ ਕਰ ਕੇ ਆਖਿਆ,15ਸਮਾਂ ਪੂਰਾ ਹੋਇਆ ਅਤੇ ਪਰਮੇਸ਼ੁਰ ਦਾ ਰਾਜ ਨੇੜੇ ਆ ਗਿਆ ਹੈ । ਤੋਬਾ ਕਰੋ ਅਤੇ ਖੁਸ਼ਖਬਰੀ ਉੱਤੇ ਵਿਸ਼ਵਾਸ ਕਰੋ ।
ਯਿਸੂ ਆਪਣੇ ਪਹਿਲੇ ਚੇਲਿਆਂ ਨੂੰ ਬੁਲਾਉਂਦਾ ਹੈ
(ਮੱਤੀ 4:18-22, ਲੂਕਾ 5:1-11)

16ਗਲੀਲ ਦੀ ਝੀਲ ਦੇ ਕੰਢੇ ਉੱਤੇ ਫਿਰਦਿਆਂ ਉਸ ਨੇ ਸ਼ਮਊਨ ਅਤੇ ਉਸ ਦੇ ਭਰਾ ਅੰਦ੍ਰਿਯਾਸ ਨੂੰ ਝੀਲ ਵਿੱਚ ਜਾਲ਼ ਪਾਉਂਦਿਆਂ ਵੇਖਿਆ, ਕਿਉਂ ਜੋ ਉਹ ਮਛਵਾਰੇ ਸਨ ।17ਯਿਸੂ ਨੇ ਉਨ੍ਹਾਂ ਨੂੰ ਆਖਿਆ, ਮੇਰੇ ਪਿੱਛੇ ਆਓ ਤਾਂ ਮੈਂ ਤੁਹਾਨੂੰ ਮਨੁੱਖਾਂ ਦੇ ਮਛਵਾਰੇ ਬਣਾਵਾਂਗਾ ।18ਅਤੇ ਉਹ ਉਸੇ ਵੇਲੇ ਆਪਣੇ ਜਾਲ਼ਾਂ ਨੂੰ ਛੱਡ ਕੇ ਉਸ ਦੇ ਮਗਰ ਤੁਰ ਪਏ ।
19ਅਤੇ ਥੋੜੀ ਦੂਰ ਅੱਗੇ ਵੱਧ ਕੇ ਉਹ ਨੇ ਜ਼ਬਦੀ ਦੇ ਪੁੱਤਰ ਯਾਕੂਬ ਅਤੇ ਉਸ ਦੇ ਭਰਾ ਯੂਹੰਨਾ ਨੂੰ ਵੇਖਿਆ ਜੋ ਬੇੜੀ ਉੱਤੇ ਆਪਣੇ ਜਾਲ਼ਾਂ ਨੂੰ ਸਾਫ਼ ਕਰਦੇ ਸਨ ।20ਅਤੇ ਉਸ ਨੇ ਤੁਰੰਤ ਉਨ੍ਹਾਂ ਨੂੰ ਸੱਦਿਆ ਅਤੇ ਉਹ ਆਪਣੇ ਪਿਤਾ ਜ਼ਬਦੀ ਨੂੰ ਮਜ਼ਦੂਰਾਂ ਨਾਲ ਬੇੜੀ ਵਿੱਚ ਛੱਡ ਕੇ ਉਸ ਦੇ ਮਗਰ ਤੁਰ ਪਏ ।
ਦੁਸ਼ਟ ਆਤਮਾ ਦੇ ਜਕੜੇ ਹੋਏ ਵਿਅਕਤੀ ਨੂੰ ਚੰਗਾ ਕਰਨਾ
(ਲੂਕਾ 4:31-37)

21ਫੇਰ ਉਹ ਕਫ਼ਰਨਾਹੂਮ ਵਿੱਚ ਆਏ ਅਤੇ ਸਬਤ ਦੇ ਦਿਨ ਉਹ ਤੁਰੰਤ ਪ੍ਰਾਰਥਨਾ ਘਰ ਵਿੱਚ ਜਾ ਕੇ ਉਪਦੇਸ਼ ਦੇਣ ਲੱਗਾ ।22ਅਤੇ ਉਹ ਉਸ ਦੇ ਉਪਦੇਸ਼ ਤੋਂ ਹੈਰਾਨ ਹੋਏ ਕਿਉਂ ਜੋ ਉਹ ਉਨ੍ਹਾਂ ਦੇ ਉਪਦੇਸ਼ਕਾਂ ਵਾਂਗੂੰ ਨਹੀਂ ਪਰ ਅਧਿਕਾਰ ਵਾਲੇ ਵਾਂਗੂੰ ਉਨ੍ਹਾਂ ਨੂੰ ਉਪਦੇਸ਼ ਦਿੰਦਾ ਸੀ ।
23ਅਤੇ ਉਸ ਵੇਲੇ ਉਨ੍ਹਾਂ ਦੇ ਪ੍ਰਾਰਥਨਾ ਘਰ ਵਿੱਚ ਇੱਕ ਮਨੁੱਖ ਸੀ ਜਿਸ ਨੂੰ ਅਸ਼ੁੱਧ ਆਤਮਾ ਚਿੰਬੜਿਆ ਹੋਇਆ ਸੀ, ਅਤੇ ਉਹ ਉੱਚੀ ਅਵਾਜ਼ ਨਾਲ ਬੋਲਿਆ,24ਹੇ ਯਿਸੂ ਨਾਸਰੀ ਤੇਰਾ ਸਾਡੇ ਨਾਲ ਕੀ ਕੰਮ ? ਕੀ ਤੂੰ ਸਾਨੂੰ ਨਾਸ ਕਰਨ ਆਇਆ ਹੈਂ ? ਮੈਂ ਤੈਨੂੰ ਜਾਣਦਾ ਹਾਂ ਜੋ ਤੂੰ ਕੌਣ ਹੈਂ । ਤੂੰ ਪਰਮੇਸ਼ੁਰ ਦਾ ਪਵਿੱਤਰ ਜਨ ਹੈਂ !25ਤਾਂ ਯਿਸੂ ਨੇ ਉਹ ਨੂੰ ਝਿੜਕ ਕੇ ਕਿਹਾ, ਚੁੱਪ ਕਰ ਅਤੇ ਇਸ ਵਿੱਚੋਂ ਨਿੱਕਲ ਜਾ !26ਸੋ ਉਹ ਅਸ਼ੁੱਧ ਆਤਮਾ ਉਸ ਨੂੰ ਮਰੋੜ ਕੇ ਵੱਡੀ ਅਵਾਜ਼ ਨਾਲ ਚੀਕਾਂ ਮਾਰਦਾ ਹੋਇਆ ਉਸ ਵਿੱਚੋਂ ਨਿੱਕਲ ਗਿਆ ।
27ਅਤੇ ਉਹ ਸਾਰੇ ਲੋਕ ਇਸ ਗੱਲ ਤੋਂ ਹੈਰਾਨ ਹੋਏ ਕਿ ਆਪਸ ਵਿੱਚ ਚਰਚਾ ਕਰਨ ਲੱਗੇ ਜੋ ਇਹ ਕੀ ਗੱਲ ਹੈ ? ਇਹ ਤਾਂ ਕੋਈ ਨਵੀਂ ਸਿੱਖਿਆ ਹੈ ! ਉਹ ਤਾਂ ਅਸ਼ੁੱਧ ਆਤਮਾਵਾਂ ਨੂੰ ਅਧਿਕਾਰ ਨਾਲ ਹੁਕਮ ਦਿੰਦਾ ਹੈ, ਅਤੇ ਉਹ ਉਸ ਦੀ ਮੰਨ ਲੈਂਦੇ ਹਨ ।28ਅਤੇ ਗਲੀਲ ਦੇ ਸਾਰੇ ਇਲਾਕੇ ਵਿੱਚ ਉਹ ਦਾ ਨਾਮ ਫੈਲ ਗਿਆ ।
ਬਹੁਤ ਸਾਰੇ ਬਿਮਾਰਾਂ ਨੂੰ ਚੰਗਾ ਕਰਨਾ
(ਮੱਤੀ 8:14-17, ਲੂਕਾ 4:38-41)

29ਉਹ ਤੁਰੰਤ ਪ੍ਰਾਰਥਨਾ ਘਰ ਵਿੱਚੋਂ ਬਾਹਰ ਨਿੱਕਲ ਕੇ, ਯਾਕੂਬ ਅਤੇ ਯੂਹੰਨਾ ਸਣੇ ਸ਼ਮਊਨ ਤੇ ਅੰਦ੍ਰਿਯਾਸ ਦੇ ਘਰ ਆਏ ।30ਅਤੇ ਸ਼ਮਊਨ ਦੀ ਸੱਸ ਬੁਖ਼ਾਰ ਨਾਲ ਦੁਖੀ ਪਈ ਸੀ ਤਦ ਉਨ੍ਹਾਂ ਨੇ ਉਸੇ ਵੇਲੇ ਯਿਸੂ ਨੂੰ ਖ਼ਬਰ ਦਿੱਤੀ ।31ਤਦ ਉਹ ਉਸ ਕੋਲ ਆਇਆ ਅਤੇ ਉਸ ਦਾ ਹੱਥ ਫੜ੍ਹ ਕੇ ਉੱਠਾਇਆ ਤਾਂ ਉਹ ਦਾ ਬੁਖ਼ਾਰ ਉਤਰ ਗਿਆ ਅਤੇ ਉਸ ਨੇ ਉਨ੍ਹਾਂ ਦੀ ਸੇਵਾ ਕੀਤੀ ।

32ਅਤੇ ਸ਼ਾਮ ਨੂੰ ਜਦੋਂ ਸੂਰਜ ਡੁੱਬ ਗਿਆ ਤਾਂ ਲੋਕ ਸਾਰੇ ਰੋਗੀਆਂ ਅਤੇ ਜਿਨ੍ਹਾਂ ਨੂੰ ਭੂਤ ਚਿੰਬੜੇ ਹੋਏ ਸਨ, ਉਸ ਕੋਲ ਲਿਆਏ ।33ਅਤੇ ਸਾਰਾ ਨਗਰ ਦਰਵਾਜ਼ੇ ਉੱਤੇ ਇਕੱਠਾ ਹੋਇਆ ।34ਅਤੇ ਉਸ ਨੇ ਬਹੁਤਿਆਂ ਨੂੰ ਜਿਹੜੇ ਭਾਂਤ-ਭਾਂਤ ਦੇ ਰੋਗੀ ਸਨ, ਚੰਗਾ ਕੀਤਾ ਅਤੇ ਬਹੁਤ ਸਾਰੇ ਭੂਤਾਂ ਨੂੰ ਕੱਢ ਦਿੱਤਾ ਅਤੇ ਭੂਤਾਂ ਨੂੰ ਬੋਲਣ ਨਾ ਦਿੱਤਾ ਕਿਉਂ ਜੋ ਉਹ ਉਸ ਨੂੰ ਪਛਾਣਦੀਆਂ ਸਨ ।
ਯਿਸੂ ਉਜਾੜ ਵਿੱਚ ਪ੍ਰਾਰਥਨਾ ਕਰਦਾ ਹੈ
(ਲੂਕਾ 4:42-44)

35ਉਹ ਵੱਡੇ ਤੜਕੇ ਦਿਨ, ਨਿੱਕਲਣ ਤੋਂ ਬਹੁਤ ਪਹਿਲਾਂ ਉੱਠ ਕੇ ਬਾਹਰ ਨਿੱਕਲਿਆ ਅਤੇ ਇੱਕ ਉਜਾੜ ਥਾਂ ਵਿੱਚ ਜਾ ਕੇ ਉੱਥੇ ਪ੍ਰਾਰਥਨਾ ਕੀਤੀ ।36ਅਤੇ ਸ਼ਮਊਨ ਅਤੇ ਉਹ ਦੇ ਸਾਥੀ ਉਸ ਦੇ ਪਿੱਛੇ ਗਏ ।37ਅਤੇ ਜਦੋਂ ਉਨ੍ਹਾਂ ਨੇ ਉਸ ਨੂੰ ਲੱਭ ਲਿਆ ਤਾਂ ਉਸ ਨੂੰ ਕਿਹਾ, ਤੁਹਾਨੂੰ ਸਭ ਲੱਭਦੇ ਹਨ ।
38ਉਸ ਨੇ ਉਨ੍ਹਾਂ ਨੂੰ ਕਿਹਾ, ਆਓ, ਕਿਸੇ ਹੋਰ ਪਾਸੇ ਨੇੜੇ ਦੇ ਨਗਰਾਂ ਵਿੱਚ ਚੱਲੀਏ ਤਾਂ ਜੋ ਮੈਂ ਉੱਥੇ ਵੀ ਪਰਚਾਰ ਕਰਾਂ ਕਿਉਂਕਿ ਮੈਂ ਇਸੇ ਲਈ ਨਿੱਕਲਿਆ ਹਾਂ ।39ਉਹ ਸਾਰੇ ਗਲੀਲ ਵਿੱਚ ਉਨ੍ਹਾਂ ਦੇ ਪ੍ਰਾਰਥਨਾ ਘਰਾਂ ਵਿੱਚ ਜਾ ਕੇ ਪਰਚਾਰ ਕਰਦਾ ਅਤੇ ਭੂਤਾਂ ਨੂੰ ਕੱਢਦਾ ਰਿਹਾ ।
ਕੋੜ੍ਹੀ ਨੂੰ ਚੰਗਾ ਕਰਨਾ
(ਮੱਤੀ 8:1-4, ਲੂਕਾ 5:12-16)

40ਅਤੇ ਇੱਕ ਕੋੜ੍ਹੀ ਨੇ ਪ੍ਰਭੂ ਯਿਸੂ ਦੇ ਕੋਲ ਆ ਕੇ ਉਸ ਦੀ ਮਿੰਨਤ ਕੀਤੀ, ਅਤੇ ਉਸ ਦੇ ਅੱਗੇ ਗੋਡੇ ਟੇਕ ਕੇ ਉਸ ਨੂੰ ਕਿਹਾ, ਜੇ ਤੁਸੀਂ ਚਾਹੋਂ ਤਾਂ ਮੈਨੂੰ ਸ਼ੁੱਧ ਕਰ ਸਕਦੇ ਹੋ ।41ਅਤੇ ਉਸ ਨੇ ਤਰਸ ਖਾ ਕੇ ਆਪਣਾ ਹੱਥ ਵਧਾਇਆ ਅਤੇ ਉਹ ਨੂੰ ਛੂਹ ਕੇ ਕਿਹਾ, ਮੈਂ ਚਾਹੁੰਦਾ ਹਾਂ, ਤੂੰ ਸ਼ੁੱਧ ਹੋ ਜਾ ।42ਤਾਂ ਉਸੇ ਵੇਲੇ ਉਹ ਦਾ ਕੋੜ੍ਹ ਜਾਂਦਾ ਰਿਹਾ ਅਤੇ ਉਹ ਸ਼ੁੱਧ ਹੋ ਗਿਆ !
43ਤਦ ਉਸ ਨੇ ਉਹ ਨੂੰ ਚਿਤਾਵਨੀ ਦੇ ਕੇ ਉਸੇ ਸਮੇਂ ਭੇਜ ਦਿੱਤਾ ।44ਅਤੇ ਉਹ ਨੂੰ ਇਹ ਕਿਹਾ, ਵੇਖ ਕਿਸੇ ਨੂੰ ਕੁੱਝ ਨਾ ਦੱਸੀਂ ਪਰ ਜਾ ਕੇ ਆਪਣੇ ਆਪ ਨੂੰ ਜਾਜਕ ਨੂੰ ਵਿਖਾ ਅਤੇ ਆਪਣੇ ਸ਼ੁੱਧ ਹੋਣ ਦੇ ਕਾਰਨ ਜਿਹੜੀ ਭੇਟ ਮੂਸਾ ਨੇ ਠਹਿਰਾਈ ਚੜ੍ਹਾ ਤਾਂ ਜੋ ਉਨ੍ਹਾਂ ਲਈ ਗਵਾਹੀ ਹੋਵੇ ।
45ਪਰ ਉਹ ਬਾਹਰ ਜਾ ਕੇ ਬਹੁਤ ਚਰਚਾ ਕਰਨ ਲੱਗਾ ਅਤੇ ਇਸ ਗੱਲ ਨੂੰ ਉਜਾਗਰ ਕੀਤਾ ਜੋ ਪ੍ਰਭੂ ਯਿਸੂ ਫੇਰ ਨਗਰ ਵਿੱਚ ਖੁੱਲਮ-ਖੁੱਲ੍ਹਾ ਨਾ ਵੜ ਸਕਿਆ ਪਰ ਬਾਹਰ ਉਜਾੜ ਥਾਵਾਂ ਵਿੱਚ ਰਿਹਾ ਅਤੇ ਲੋਕ ਚੁਫ਼ੇਰਿਓਂ ਉਹ ਦੇ ਕੋਲ ਆਉਂਦੇ ਜਾਂਦੇ ਸਨ ।

2
ਅਧਰੰਗੀ ਨੂੰ ਚੰਗਾ ਕਰਨਾ
(ਮੱਤੀ 9:1-8, ਲੂਕਾ 5:17-26)

1ਕਈ ਦਿਨਾਂ ਦੇ ਪਿੱਛੋਂ ਜਦੋਂ ਉਹ ਕਫ਼ਰਨਾਹੂਮ ਵਿੱਚ ਦੁਬਾਰਾ ਆਇਆ ਤਾਂ ਇਹ ਸੁਣਿਆ ਗਿਆ ਜੋ ਉਹ ਘਰੇ ਹੀ ਹੈ ।2ਤਾਂ ਐਨੇ ਲੋਕ ਇਕੱਠੇ ਹੋਏ ਜੋ ਦਰਵਾਜ਼ੇ ਦੇ ਅੱਗੇ ਵੀ ਥਾਂ ਨਾ ਰਿਹਾ ਅਤੇ ਉਸ ਨੇ ਉਨ੍ਹਾਂ ਨੂੰ ਬਚਨ ਸੁਣਾਇਆ ।

3ਅਤੇ ਲੋਕ ਇੱਕ ਅਧਰੰਗੀ ਨੂੰ ਚਾਰ ਮਨੁੱਖਾਂ ਕੋਲੋਂ ਚੁਕਵਾ ਕੇ ਉਸ ਦੇ ਕੋਲ ਲਿਆਏ ।4ਅਤੇ ਜਦੋਂ ਉਹ ਭੀੜ ਕਰਕੇ ਉਹ ਦੇ ਨੇੜੇ ਨਾ ਆ ਸਕੇ ਤਾਂ ਉਨ੍ਹਾਂ ਨੇ ਉਸ ਛੱਤ ਨੂੰ ਜਿੱਥੇ ਉਹ ਸੀ ਉਧੇੜਿਆ ਅਤੇ ਉਸ ਮੰਜੀ ਨੂੰ ਜਿਸ ਦੇ ਉੱਤੇ ਉਹ ਅਧਰੰਗੀ ਪਿਆ ਸੀ, ਹੇਠਾਂ ਉਸ ਦੇ ਕੋਲ ਉਤਾਰ ਦਿੱਤਾ ।
5ਅਤੇ ਯਿਸੂ ਨੇ ਉਨ੍ਹਾਂ ਦਾ ਵਿਸ਼ਵਾਸ ਵੇਖ ਕੇ ਉਸ ਅਧਰੰਗੀ ਨੂੰ ਕਿਹਾ, ਹੇ ਪੁੱਤਰ ਤੇਰੇ ਪਾਪ ਮਾਫ਼ ਹੋਏ ।6ਪਰ ਕਈ ਉਪਦੇਸ਼ਕ ਉੱਥੇ ਬੈਠੇ ਆਪਣੇ ਮਨਾਂ ਵਿੱਚ ਵਿਚਾਰ ਕਰਨ ਲੱਗੇ7ਜੋ ਇਹ ਮਨੁੱਖ ਕਿਉਂ ਇਸ ਤਰ੍ਹਾਂ ਬੋਲਦਾ ਹੈ ? ਇਹ ਤਾਂ ਪਰਮੇਸ਼ੁਰ ਦੀ ਨਿੰਦਿਆ ਕਰਦਾ ਹੈ । ਇੱਕ ਪਰਮੇਸ਼ੁਰ ਤੋਂ ਬਿਨ੍ਹਾਂ ਹੋਰ ਕੌਣ ਪਾਪ ਮਾਫ਼ ਕਰ ਸਕਦਾ ਹੈ ?
8ਅਤੇ ਯਿਸੂ ਨੇ ਆਪਣੇ ਆਤਮਾ ਨਾਲ ਇਹ ਜਾਣ ਕੇ ਜੋ ਉਹ ਆਪਣੇ ਮਨਾਂ ਵਿੱਚ ਕੀ ਵਿਚਾਰ ਕਰਦੇ ਹਨ ਉਨ੍ਹਾਂ ਨੂੰ ਕਿਹਾ, ਤੁਸੀਂ ਕਿਉਂ ਆਪਣੇ ਮਨਾਂ ਵਿੱਚ ਅਜਿਹੇ ਵਿਚਾਰ ਕਰਦੇ ਹੋ ?9ਕਿਹੜੀ ਗੱਲ ਸੌਖੀ ਹੈ, ਇਸ ਅਧਰੰਗੀ ਨੂੰ ਇਹ ਆਖਣਾ ਜੋ ਤੇਰੇ ਪਾਪ ਮਾਫ਼ ਹੋਏ ਜਾਂ ਇਹ ਆਖਣਾ ਕਿ ਉੱਠ ਅਤੇ ਆਪਣੀ ਮੰਜੀ ਚੁੱਕ ਕੇ ਤੁਰ ਫਿਰ ।
10ਪਰ ਇਸ ਲਈ ਜੋ ਤੁਸੀਂ ਜਾਣੋ ਜੋ ਮਨੁੱਖ ਦੇ ਪੁੱਤਰ ਨੂੰ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਅਧਿਕਾਰ ਹੈ ; ਫਿਰ ਉਸ ਨੇ ਅਧਰੰਗੀ ਨੂੰ ਕਿਹਾ,11ਮੈਂ ਤੈਨੂੰ ਕਹਿੰਦਾ ਹਾਂ, ਉੱਠ, ਆਪਣੀ ਮੰਜੀ ਚੁੱਕ ਕੇ ਘਰ ਚੱਲਿਆ ਜਾ ।12ਤਾਂ ਉਹ ਉੱਠਿਆ ਅਤੇ ਉਸੇ ਸਮੇਂ ਆਪਣੀ ਮੰਜੀ ਚੁੱਕ ਕੇ ਉਨ੍ਹਾਂ ਸਭਨਾਂ ਦੇ ਸਾਹਮਣੇ ਨਿੱਕਲ ਗਿਆ ! ਤਦ ਉਹ ਸੱਭੇ ਹੈਰਾਨ ਹੋ ਗਏ ਅਤੇ ਇਹ ਕਹਿ ਕੇ ਪਰਮੇਸ਼ੁਰ ਦੀ ਵਡਿਆਈ ਕੀਤੀ ਕਿ ਅਸੀਂ ਇਸ ਤਰ੍ਹਾਂ ਦੀ ਗੱਲ ਕਦੇ ਨਹੀਂ ਵੇਖੀ !
ਲੇਵੀ ਨੂੰ ਬੁਲਾਉਣਾ
(ਮੱਤੀ 9:9-13, ਲੂਕਾ 5:27-32)

13ਉਹ ਫੇਰ ਬਾਹਰ ਝੀਲ ਦੇ ਕਿਨਾਰੇ ਉੱਤੇ ਗਿਆ ਅਤੇ ਸਾਰੀ ਭੀੜ ਉਹ ਦੇ ਕੋਲ ਆਈ ਅਤੇ ਉਸ ਨੇ ਉਨ੍ਹਾਂ ਨੂੰ ਉਪਦੇਸ਼ ਦਿੱਤਾ ।14ਅਤੇ ਜਾਂਦੇ ਹੋਏ ਉਹ ਨੇ ਹਲਫ਼ਾ ਦੇ ਪੁੱਤਰ ਲੇਵੀ ਨੂੰ ਚੂੰਗੀ ਦੀ ਚੌਂਕੀ ਉੱਤੇ ਬੈਠੇ ਵੇਖਿਆ ਅਤੇ ਉਸ ਨੂੰ ਕਿਹਾ, ਮੇਰੇ ਪਿੱਛੇ ਹੋ ਤੁਰ । ਸੋ ਉਹ ਉੱਠ ਕੇ ਉਹ ਦੇ ਪਿੱਛੇ ਤੁਰ ਪਿਆ ।
15ਤਾਂ ਇਸ ਤਰ੍ਹਾਂ ਹੋਇਆ ਕਿ ਜਦੋਂ ਪ੍ਰਭੂ ਯਿਸੂ ਉਸ ਦੇ ਘਰ ਵਿੱਚ ਰੋਟੀ ਖਾਣ ਬੈਠੇ ਅਤੇ ਬਹੁਤ ਸਾਰੇ ਚੁੰਗੀ ਲੈਣ ਵਾਲੇ ਅਤੇ ਪਾਪੀ ਯਿਸੂ ਅਤੇ ਉਨ੍ਹਾ ਦੇ ਚੇਲਿਆਂ ਨਾਲ ਬੈਠ ਗਏ ਕਿਉਂਕਿ ਉਹ ਬਹੁਤ ਸਾਰੇ ਸਨ ਜੋ ਉਹ ਦੇ ਮਗਰ ਤੁਰ ਪਏ ਸਨ ।16ਅਤੇ ਜਦੋਂ ਫ਼ਰੀਸੀਆਂ ਦੇ ਉਪਦੇਸ਼ਕਾਂ ਨੇ ਉਹ ਨੂੰ ਪਾਪੀਆਂ ਅਤੇ ਚੂੰਗੀ ਲੈਣ ਵਾਲਿਆਂ ਦੇ ਨਾਲ ਰੋਟੀ ਖਾਂਦਿਆਂ ਵੇਖਿਆ ਤਾਂ ਉਸ ਦੇ ਚੇਲਿਆਂ ਨੂੰ ਕਿਹਾ, ਉਹ ਚੂੰਗੀ ਲੈਣ ਵਾਲੇ ਅਤੇ ਪਾਪੀਆਂ ਦੇ ਨਾਲ ਕਿਉਂ ਖਾਂਦਾ ਹੈ ?
17ਯਿਸੂ ਨੇ ਇਹ ਸੁਣ ਕੇ ਉਨ੍ਹਾਂ ਨੂੰ ਆਖਿਆ, ਨਰੋਇਆਂ ਨੂੰ ਨਹੀਂ ਸਗੋਂ ਰੋਗੀਆਂ ਨੂੰ ਹਕੀਮ ਦੀ ਲੋੜ ਹੁੰਦੀ ਹੈ । ਮੈਂ ਧਰਮੀਆਂ ਨੂੰ ਨਹੀਂ ਪਰ ਪਾਪੀਆਂ ਨੂੰ ਬੁਲਾਉਣ ਲਈ ਆਇਆ ਹਾਂ ।
ਵਰਤ ਦੇ ਬਾਰੇ ਪ੍ਰਸ਼ਨ
(ਮੱਤੀ 9:14-17, ਲੂਕਾ 5:33-39)

18ਯੂਹੰਨਾ ਦੇ ਚੇਲੇ ਅਤੇ ਫ਼ਰੀਸੀ ਵਰਤ ਰੱਖਦੇ ਸਨ, ਅਤੇ ਉਨ੍ਹਾਂ ਨੇ ਆਣ ਕੇ ਉਸ ਨੂੰ ਕਿਹਾ, ਇਹ ਦਾ ਕੀ ਕਾਰਨ ਹੈ ਜੋ ਯੂਹੰਨਾ ਦੇ ਚੇਲੇ ਅਤੇ ਫ਼ਰੀਸੀਆਂ ਦੇ ਚੇਲੇ ਵਰਤ ਰੱਖਦੇ ਹਨ ਪਰ ਤੇਰੇ ਚੇਲੇ ਵਰਤ ਨਹੀਂ ਰੱਖਦੇ ?19ਤਾਂ ਯਿਸੂ ਨੇ ਉਨ੍ਹਾਂ ਨੂੰ ਆਖਿਆ, ਜਦ ਤੱਕ ਲਾੜਾ ਬਰਾਤੀਆਂ ਦੇ ਨਾਲ ਹੈ ਭਲਾ, ਉਹ ਵਰਤ ਰੱਖ ਸਕਦੇ ਹਨ ? ਜਿੰਨਾਂ ਚਿਰ ਲਾੜਾ ਉਨ੍ਹਾਂ ਦੇ ਨਾਲ ਹੈ ਉਹ ਵਰਤ ਨਹੀਂ ਰੱਖ ਸਕਦੇ ।
20ਪਰ ਉਹ ਦਿਨ ਆਉਣਗੇ ਜਦ ਲਾੜਾ ਉਨ੍ਹਾਂ ਤੋਂ ਅਲੱਗ ਕੀਤਾ ਜਾਵੇਗਾ ਤਦ ਉਸ ਦਿਨ ਉਹ ਵਰਤ ਰੱਖਣਗੇ ।21ਪੁਰਾਣੇ ਕੱਪੜੇ ਨੂੰ ਨਵੇਂ ਕੱਪੜੇ ਦੀ ਟਾਕੀ ਕੋਈ ਨਹੀਂ ਲਾਉਂਦਾ, ਨਹੀਂ ਤਾਂ ਉਹ ਟਾਕੀ ਉਸ ਵਿੱਚੋਂ ਕੁੱਝ ਕੱਪੜਾ ਖਿੱਚ ਲੈਂਦੀ ਹੈ ਅਤੇ ਉਹ ਹੋਰ ਫਟ ਜਾਂਦਾ ਹੈ ।
22ਅਤੇ ਨਵੀਂ ਮੈਅ ਨੂੰ ਪੁਰਾਣੀਆਂ ਮਸ਼ਕਾਂ ਵਿੱਚ ਕੋਈ ਨਹੀਂ ਭਰਦਾ, ਨਹੀਂ ਤਾਂ ਮੈਅ ਮਸ਼ਕਾਂ ਨੂੰ ਪਾੜ ਦੇਵੇਗਾ ਅਤੇ ਮੈਅ ਅਤੇ ਮਸ਼ਕਾਂ ਦੋਵੇਂ ਖ਼ਰਾਬ ਹੋ ਜਾਣਗੀਆਂ, ਪਰ ਨਵੀਂ ਮੈਅ ਨਵੀਆਂ ਮਸ਼ਕਾਂ ਵਿੱਚ ਭਰੀ ਜਾਂਦੀ ਹੈ ।
ਸਬਤ ਦਾ ਪ੍ਰਭੂ
(ਮੱਤੀ 12:1-8, ਲੂਕਾ 6:1-5)

23ਤਾਂ ਐਉਂ ਹੋਇਆ ਜੋ ਉਹ ਸਬਤ ਦੇ ਦਿਨ ਖੇਤਾਂ ਵਿੱਚੋਂ ਦੀ ਲੰਘਦਾ ਸੀ ਅਤੇ ਉਹ ਦੇ ਚੇਲੇ ਰਾਹ ਵਿੱਚ ਚੱਲਦੇ ਹੋਏ ਸਿੱਟੇ ਤੋੜਨ ਲੱਗੇ ।24ਅਤੇ ਫ਼ਰੀਸੀਆਂ ਨੇ ਉਹ ਨੂੰ ਕਿਹਾ, ਵੇਖ ਇਹ ਸਬਤ ਦੇ ਦਿਨ ਉਹ ਕੰਮ ਕਿਉਂ ਕਰਦੇ ਹਨ ਜਿਹੜਾ ਕਰਨਾ ਯੋਗ ਨਹੀਂ ਹੈ ?
25ਉਸ ਨੇ ਉਨ੍ਹਾਂ ਨੂੰ ਕਿਹਾ, ਭਲਾ, ਤੁਸੀਂ ਕਦੇ ਇਹ ਨਹੀਂ ਪੜ੍ਹਿਆ ਕਿ ਦਾਊਦ ਨੇ ਕੀ ਕੀਤਾ ਜਦ ਉਸ ਨੂੰ ਲੋੜ ਸੀ ਅਤੇ ਉਹ ਤੇ ਉਸ ਦੇ ਸਾਥੀ ਭੁੱਖੇ ਸਨ ?26ਜੋ ਉਹ ਕਿਵੇਂ ਪ੍ਰਧਾਨ ਜਾਜਕ ਅਬਯਾਥਾਰ ਦੇ ਸਮੇਂ ਪਰਮੇਸ਼ੁਰ ਦੇ ਘਰ ਵਿੱਚ ਗਿਆ ਅਤੇ ਚੜ੍ਹਾਵੇ ਦੀਆਂ ਰੋਟੀਆਂ ਖਾਧੀਆਂ ਜਿਨ੍ਹਾਂ ਦਾ ਖਾਣਾ ਜਾਜਕਾਂ ਦੇ ਬਿਨ੍ਹਾਂ ਹੋਰ ਕਿਸੇ ਨੂੰ ਯੋਗ ਨਹੀਂ ਸੀ ਅਤੇ ਆਪਣੇ ਸਾਥੀਆਂ ਨੂੰ ਵੀ ਦਿੱਤੀਆਂ ?
27ਉਸ ਨੇ ਉਨ੍ਹਾਂ ਨੂੰ ਆਖਿਆ, ਸਬਤ ਦਾ ਦਿਨ ਮਨੁੱਖ ਦੇ ਲਈ ਬਣਿਆ ਹੈ, ਨਾ ਕਿ ਮਨੁੱਖ ਸਬਤ ਦੇ ਲਈ ।28ਇਸ ਲਈ ਮਨੁੱਖ ਦਾ ਪੁੱਤਰ ਸਬਤ ਦੇ ਦਿਨ ਦਾ ਵੀ ਮਾਲਕ ਹੈ ।

3
ਸੁੱਕੇ ਹੱਥ ਵਾਲੇ ਮਨੁੱਖ ਨੂੰ ਚੰਗਾ ਕਰਨਾ
(ਮੱਤੀ 12:9-14, ਲੂਕਾ 6:6-11)

1ਯਿਸੂ ਫੇਰ ਉਨ੍ਹਾਂ ਦੇ ਪ੍ਰਾਰਥਨਾ ਘਰਾਂ ਵਿੱਚ ਗਿਆ ਅਤੇ ਉੱਥੇ ਇੱਕ ਮਨੁੱਖ ਸੀ, ਜਿਸ ਦਾ ਹੱਥ ਸੁੱਕਿਆ ਹੋਇਆ ਸੀ ।2ਅਤੇ ਉਹ ਉਸ ਦੀ ਤੱਕ ਵਿੱਚ ਲੱਗੇ ਹੋਏ ਸਨ, ਕਿ ਵੇਖੀਏ ਉਹ ਸਬਤ ਦੇ ਦਿਨ ਉਸ ਨੂੰ ਚੰਗਾ ਕਰਦਾ ਹੈ ਕਿ ਨਹੀਂ ਤਾਂ ਕਿ ਉਹ ਦੇ ਜੁੰਮੇ ਦੋਸ਼ ਲਾਉਣ ।

3ਉਹ ਨੇ ਉਸ ਸੁੱਕੇ ਹੱਥ ਵਾਲੇ ਮਨੁੱਖ ਨੂੰ ਕਿਹਾ, ਵਿਚਕਾਰ ਖੜ੍ਹਾ ਹੋ ।4ਫੇਰ ਉਹ ਨੇ ਉਨ੍ਹਾਂ ਤੋਂ ਪੁੱਛਿਆ ਕਿ ਸਬਤ ਦੇ ਦਿਨ ਭਲਾ ਕਰਨਾ ਯੋਗ ਹੈ ਜਾਂ ਬੁਰਾ ਕਰਨਾ ? ਜਾਨ ਬਚਾਉਣੀ ਜਾਂ ਜਾਨ ਨੂੰ ਮਾਰਨਾ ? ਪਰ ਉਹ ਚੁੱਪ ਹੀ ਰਹੇ ।
5ਤਦ ਉਹ ਨੇ ਉਨ੍ਹਾਂ ਦੀ ਸਖ਼ਤ ਦਿਲੀ ਦੇ ਕਾਰਨ ਉਦਾਸ ਹੋ ਕੇ ਉਨ੍ਹਾਂ ਵੱਲ ਗੁੱਸੇ ਨਾਲ ਚਾਰੇ - ਪਾਸੇ ਨਜ਼ਰ ਕੀਤੀ ਅਤੇ ਉਸ ਮਨੁੱਖ ਨੂੰ ਕਿਹਾ, ਆਪਣਾ ਹੱਥ ਵਧਾ । ਤਾਂ ਉਸ ਨੇ ਵਧਾਇਆ ਅਤੇ ਉਸ ਦਾ ਹੱਥ ਫੇਰ ਚੰਗਾ ਹੋ ਗਿਆ ।6ਤਦ ਫ਼ਰੀਸੀਆਂ ਨੇ ਨਿੱਕਲ ਕੇ ਉਸ ਵੇਲੇ ਹੇਰੋਦੀਆਂ ਨਾਲ ਉਹ ਦੇ ਵਿਰੁੱਧ ਯੋਜਨਾ ਬਣਾਉਣ ਲੱਗੇ ਜੋ ਕਿਸ ਤਰ੍ਹਾਂ ਉਹ ਦਾ ਨਾਸ ਕਰੀਏ ।
ਭੀੜ ਯਿਸੂ ਦੇ ਪਿੱਛੇ ਚੱਲਦੀ ਹੈ

7ਯਿਸੂ ਆਪਣੇ ਚੇਲਿਆਂ ਸਣੇ ਝੀਲ ਵੱਲ ਚੱਲਿਆ ਗਿਆ ਅਤੇ ਗਲੀਲ ਤੋਂ ਲੋਕਾਂ ਦੀ ਵੱਡੀ ਭੀੜ ਉਸ ਦੇ ਪਿੱਛੇ ਤੁਰ ਪਈ ।8ਯਹੂਦਿਯਾ, ਯਰੂਸ਼ਲਮ, ਅਦੂਮ ਅਤੇ ਯਰਦਨ ਦੇ ਪਾਰੋਂ ਅਤੇ ਸੂਰ ਅਤੇ ਸੈਦਾ ਦੇ ਆਲੇ ਦੁਆਲਿਓਂ ਇੱਕ ਵੱਡੀ ਭੀੜ ਇਹ ਸੁਣ ਕੇ ਜੋ ਉਹ ਕਿੰਨੇ ਵੱਡੇ-ਵੱਡੇ ਕੰਮ ਕਰਦਾ ਹੈ, ਉਹ ਦੇ ਕੋਲ ਆਈ ।
9ਤਾਂ ਉਹ ਨੇ ਆਪਣੇ ਚੇਲਿਆਂ ਨੂੰ ਕਿਹਾ, ਭੀੜ ਦੇ ਕਾਰਨ ਇੱਕ ਕਿਸ਼ਤੀ ਮੇਰੇ ਲਈ ਤਿਆਰ ਕਰੋ ਤਾਂ ਕਿ ਲੋਕ ਮੈਨੂੰ ਦਬਾ ਨਾ ਲੈਣ ।10ਕਿਉਂਕਿ ਉਹ ਨੇ ਬਹੁਤਿਆਂ ਨੂੰ ਚੰਗਾ ਕੀਤਾ ਸੀ ਐਥੋਂ ਤੱਕ ਕਿ ਜਿੰਨੇ ਰੋਗੀ ਸਨ, ਉਹ ਉਸ ਨੂੰ ਛੋਹਣ ਲਈ ਉਸ ਉੱਤੇ ਡਿੱਗਦੇ ਜਾਂਦੇ ਸਨ ।
11ਅਤੇ ਜਿਹਨਾਂ ਵਿੱਚ ਅਸ਼ੁੱਧ ਆਤਮਾਵਾਂ ਸਨ ਜਦੋਂ ਉਹ ਨੂੰ ਵੇਖਿਆ ਤਾਂ ਉਹ ਦੇ ਅੱਗੇ ਡਿੱਗ ਪਏ ਅਤੇ ਚੀਕਾਂ ਮਾਰ ਕੇ ਬੋਲੇ, ਤੂੰ ਪਰਮੇਸ਼ੁਰ ਦਾ ਪੁੱਤਰ ਹੈਂ !12ਤਦ ਉਸ ਨੇ ਉਨ੍ਹਾਂ ਨੂੰ ਚਿਤਾਵਨੀ ਦੇ ਕੇ ਕਿਹਾ ਜੋ ਮੈਨੂੰ ਉਜਾਗਰ ਨਾ ਕਰੋ ! ।
ਬਾਰਾਂ ਚੇਲਿਆਂ ਦੀ ਨਿਯੁਕਤੀ
(ਮੱਤੀ 10:1-4, ਲੂਕਾ 6:12-16)

13ਫੇਰ ਉਹ ਪਹਾੜ ਉੱਤੇ ਚੜ੍ਹ ਕੇ ਜਿਨ੍ਹਾਂ ਨੂੰ ਉਹ ਆਪ ਚਾਹੁੰਦਾ ਸੀ, ਉਨ੍ਹਾਂ ਨੂੰ ਕੋਲ ਸੱਦਿਆ ਅਤੇ ਉਹ ਉਸ ਦੇ ਕੋਲ ਆਏ ।14ਅਤੇ ਉਹ ਨੇ ਬਾਰਾਂ ਪੁਰਸ਼ ਠਹਿਰਾਏ (ਉਹਨਾਂ ਨੂੰ ਉਸਨੇ ਰਸੂਲ ਆਖਿਆ) ਜੋ ਉਹ ਦੇ ਨਾਲ ਰਹਿਣ ਅਤੇ ਉਹ ਉਨ੍ਹਾਂ ਨੂੰ ਭੇਜੇ, ਜੋ ਪਰਚਾਰ ਕਰਨ ।15ਉਨ੍ਹਾਂ ਨੂੰ ਬਿਮਾਰਾਂ ਨੂੰ ਚੰਗੇ ਕਰਨ ਅਤੇ ਭੂਤਾਂ ਨੂੰ ਕੱਢਣ ਦਾ ਅਧਿਕਾਰ ਦਿੱਤਾ ।16ਅਤੇ ਉਹ ਇਹ ਹਨ, ਸ਼ਮਊਨ ਜਿਸ ਦਾ ਨਾਮ ਉਹ ਨੇ ਪਤਰਸ ਰੱਖਿਆ,
17ਅਤੇ ਜ਼ਬਦੀ ਦਾ ਪੁੱਤਰ ਯਾਕੂਬ ਅਤੇ ਯਾਕੂਬ ਦਾ ਭਰਾ ਯੂਹੰਨਾ ਜਿਨ੍ਹਾਂ ਦੋਵਾਂ ਦਾ ਨਾਮ ਉਹ ਨੇ ਬਨੀ-ਰੋਗਿਜ਼ ਰੱਖਿਆ ਅਰਥਾਤ ਗਰਜਣ ਦੇ ਪੁੱਤਰ18ਅਤੇ ਅੰਦ੍ਰਿਯਾਸ ਅਤੇ ਫ਼ਿਲਿੱਪੁਸ ਅਤੇ ਬਰਥੁਲਮਈ ਅਤੇ ਮੱਤੀ ਅਤੇ ਥੋਮਾ ਅਤੇ ਹਲਫ਼ਾ ਦਾ ਪੁੱਤਰ ਯਾਕੂਬ ਅਤੇ ਥੱਦਈ ਅਤੇ ਸ਼ਮਊਨ ਕਨਾਨੀ19ਅਤੇ ਯਹੂਦਾ ਇਸਕਰਿਯੋਤੀ, ਜਿਸ ਨੇ ਉਸ ਨੂੰ ਫੜਵਾ ਵੀ ਦਿੱਤਾ ਸੀ ।
ਯਿਸੂ ਅਤੇ ਬਆਲਜ਼ਬੂਲ
(ਮੱਤੀ 12:22-32, ਲੂਕਾ 11:14-23, 12:10)

20ਯਿਸੂ ਆਪਣੇ ਘਰ ਆਇਆ ਅਤੇ ਫੇਰ ਐਨੀ ਵੱਡੀ ਭੀੜ ਇਕੱਠੀ ਹੋ ਗਈ, ਜੋ ਉਹ ਰੋਟੀ ਵੀ ਨਾ ਖਾ ਸਕੇ ।21ਜਦੋਂ ਉਹ ਦੇ ਰਿਸ਼ਤੇਦਾਰਾਂ ਨੇ ਇਹ ਸੁਣਿਆ ਤਾਂ ਉਹ ਉਸ ਨੂੰ ਫੜਨ ਲਈ ਨਿੱਕਲੇ ਕਿਉਂ ਜੋ ਉਨ੍ਹਾਂ ਨੇ ਆਖਿਆ, ਉਹ ਆਪਣੇ ਆਪ ਤੋਂ ਬਾਹਰ ਹੋ ਗਿਆ ਹੈ ।22ਅਤੇ ਉਪਦੇਸ਼ਕਾਂ ਨੇ ਜਿਹੜੇ ਯਰੂਸ਼ਲਮ ਤੋਂ ਆਏ ਸਨ ਇਹ ਕਿਹਾ ਕਿ ਉਹ ਸ਼ੈਤਾਨ( ਮੂਲ ਭਾਸ਼ਾ ਵਿੱਚ ਬਾਲਜਬੂਲ) ਨਾਲ ਮਿਲਿਆ ਹੋਇਆ ਹੈ ਅਤੇ ਭੂਤਾਂ ਦੇ ਸਰਦਾਰ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹੈ ।
23ਤਾਂ ਉਸ ਨੇ ਉਨ੍ਹਾਂ ਨੂੰ ਆਪਣੇ ਕੋਲ ਬੁਲਾ ਕੇ ਦ੍ਰਿਸ਼ਟਾਂਤਾਂ ਵਿੱਚ ਉਨ੍ਹਾਂ ਨੂੰ ਕਿਹਾ ਕਿ ਸ਼ੈਤਾਨ ਨੂੰ ਸ਼ੈਤਾਨ ਕਿਸ ਤਰ੍ਹਾਂ ਕੱਢ ਸਕਦਾ ਹੈ ?24ਜੇ ਕਿਸੇ ਰਾਜ ਵਿੱਚ ਫੁੱਟ ਪੈ ਜਾਵੇ ਤਾਂ ਉਹ ਰਾਜ ਠਹਿਰ ਨਹੀਂ ਸਕਦਾ ।25ਅਤੇ ਜੇ ਕਿਸੇ ਘਰ ਵਿੱਚ ਫੁੱਟ ਪੈ ਜਾਵੇ ਤਾਂ ਉਹ ਘਰ ਬਣਿਆ ਨਹੀਂ ਰਹਿੰਦਾ ।
26ਜੇ ਸ਼ੈਤਾਨ ਆਪਣੇ ਹੀ ਵਿਰੁੱਧ ਉੱਠੇ ਅਤੇ ਉਸ ਵਿੱਚ ਫੁੱਟ ਪੈ ਜਾਵੇ ਤਾਂ ਉਹ ਠਹਿਰ ਨਹੀਂ ਸਕਦਾ ਸਗੋਂ ਉਹ ਦਾ ਅੰਤ ਹੀ ਹੋ ਜਾਵੇਗਾ ।27ਪਰ ਕੋਈ ਕਿਸੇ ਜ਼ੋਰਾਵਰ ਦੇ ਘਰ ਵਿੱਚ ਵੜ ਕੇ ਉਹ ਦਾ ਮਾਲ ਨਹੀਂ ਲੁੱਟ ਸਕਦਾ ਜੇ ਪਹਿਲਾਂ ਉਸ ਨੂੰ ਬੰਨ੍ਹ ਨਾ ਲਵੇ, ਤਦ ਉਹ ਉਸ ਦਾ ਘਰ ਲੁੱਟ ਸਕੇਗਾ ।
28ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਮਨੁੱਖਾਂ ਦੇ ਪੁੱਤਰਾਂ ਦੇ ਸਾਰੇ ਪਾਪ ਅਤੇ ਨਿੰਦਿਆ ਜਿੰਨੇ ਉਹ ਕਰਨ, ਮਾਫ਼ ਕੀਤੇ ਜਾ ਸਕਦੇ ਹਨ ।29ਪਰ ਜੋ ਕੋਈ ਪਵਿੱਤਰ ਆਤਮਾ ਦੇ ਵਿਰੁੱਧ ਕੁਫ਼ਰ ਬੋਲੇ ਉਹ ਨੂੰ ਕਦੇ ਵੀ ਮਾਫ਼ੀ ਨਹੀਂ ਮਿਲੇਗੀ ਪਰ ਉਹ ਸਦਾ ਦੇ ਪਾਪ ਦੇ ਵੱਸ ਵਿੱਚ ਆ ਕੇ ਦੋਸ਼ੀ ਠਹਿਰੇਗਾ ।30ਕਿਉਂ ਜੋ ਉਨ੍ਹਾਂ ਨੇ ਆਖਿਆ ਸੀ ਜੋ ਉਹ ਦੇ ਵਿੱਚ ਅਸ਼ੁੱਧ ਆਤਮਾ ਹੈ ।
ਯਿਸੂ ਦੀ ਮਾਤਾ ਅਤੇ ਭਰਾ
(ਮੱਤੀ 12:46-50, ਲੂਕਾ 8:19-21)

31ਤਦ ਉਹ ਦੀ ਮਾਤਾ ਅਤੇ ਉਹ ਦੇ ਭਰਾ ਆਏ ਅਤੇ ਬਾਹਰ ਖੜੇ ਹੋ ਕੇ ਉਹ ਨੂੰ ਬੁਲਾਵਾ ਭੇਜਿਆ ।32ਅਤੇ ਬਹੁਤ ਲੋਕ ਉਹ ਦੇ ਚੁਫ਼ੇਰੇ ਬੈਠੇ ਸਨ ਸੋ ਉਹ ਨੂੰ ਕਹਿਣ ਲੱਗੇ, ਵੇਖੋ ਤੁਹਾਡੀ ਮਾਤਾ ਅਤੇ ਤੁਹਾਡੇ ਭਰਾ ਬਾਹਰ ਖੜ੍ਹੇ ਹਨ ।
33ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਕੌਣ ਹੈ ਮੇਰੀ ਮਾਤਾ ਅਤੇ ਮੇਰੇ ਭਰਾ ?34ਅਤੇ ਉਸ ਨੇ ਉਨ੍ਹਾਂ ਵੱਲ ਜਿਹੜੇ ਉਸ ਦੇ ਆਲੇ-ਦੁਆਲੇ ਬੈਠੇ ਸਨ, ਚਾਰੇ ਪਾਸੇ ਵੇਖ ਕੇ ਕਿਹਾ, ਇਹ ਵੇਖੋ ਮੇਰੀ ਮਾਤਾ ਅਤੇ ਮੇਰੇ ਭਰਾ ਇਹ ਹਨ ।35ਕਿਉਂਕਿ ਜੋ ਕੋਈ ਪਰਮੇਸ਼ੁਰ ਦੀ ਮਰਜ਼ੀ ਉੱਤੇ ਚੱਲਦਾ ਹੈ, ਉਹੀ ਮੇਰਾ ਭਰਾ ਅਤੇ ਭੈਣ ਅਤੇ ਮਾਤਾ ਹੈ ।

4
ਬੀਜ ਬੀਜਣ ਵਾਲੇ ਦਾ ਦ੍ਰਿਸ਼ਟਾਂਤ
(ਮੱਤੀ 13:1-9, ਲੂਕਾ 8:4-8)

1ਉਹ ਫੇਰ ਝੀਲ ਦੇ ਕਿਨਾਰੇ ਉੱਤੇ ਲੋਕਾਂ ਨੂੰ ਉਪਦੇਸ਼ ਦੇਣ ਲੱਗਾ ਅਤੇ ਐਨੀ ਵੱਡੀ ਭੀੜ ਉਹ ਦੇ ਕੋਲ ਇਕੱਠੀ ਹੋਈ ਜੋ ਉਹ ਝੀਲ ਵਿੱਚ ਇੱਕ ਬੇੜੀ ਉੱਤੇ ਚੜ੍ਹ ਬੈਠਾ ਅਤੇ ਸਾਰੀ ਭੀੜ ਝੀਲ ਦੇ ਕਿਨਾਰੇ ਧਰਤੀ ਉੱਤੇ ਰਹੀ ।2ਤੇ ਉਸ ਨੇ ਉਨ੍ਹਾਂ ਨੂੰ ਦ੍ਰਿਸ਼ਟਾਂਤਾਂ ਵਿੱਚ ਬਹੁਤ ਸਾਰੀਆਂ ਗੱਲਾਂ ਦਾ ਉਪਦੇਸ਼ ਦਿੱਤਾ ਅਤੇ ਆਪਣੇ ਉਪਦੇਸ਼ ਵਿੱਚ ਉਨ੍ਹਾਂ ਨੂੰ ਕਿਹਾ,

3ਸੁਣੋ ! ਵੇਖੋ, ਇੱਕ ਬੀਜਣ ਵਾਲਾ ਬੀਜ ਬੀਜਣ ਨੂੰ ਨਿੱਕਲਿਆ ।4ਅਤੇ ਇਸ ਤਰ੍ਹਾਂ ਹੋਇਆ ਕਿ ਉਹ ਦੇ ਬੀਜਦਿਆਂ ਕੁੱਝ ਰਾਹ ਦੇ ਕੰਡੇ ਡਿੱਗ ਪਏ ਅਤੇ ਪੰਛੀ ਆਣ ਕੇ ਉਹ ਨੂੰ ਚੁਗ ਗਏ ।5ਅਤੇ ਕੁੱਝ ਪਥਰੀਲੀ ਜ਼ਮੀਨ ਵਿੱਚ ਡਿੱਗਿਆ ਜਿੱਥੇ ਉਹ ਨੂੰ ਬਹੁਤੀ ਮਿੱਟੀ ਨਾ ਮਿਲੀ ਅਤੇ ਡੂੰਘੀ ਮਿੱਟੀ ਨਾ ਮਿਲਣ ਦੇ ਕਰਕੇ ਉਹ ਛੇਤੀ ਉੱਗ ਪਿਆ ।
6ਅਤੇ ਜਦੋਂ ਸੂਰਜ ਚੜ੍ਹਿਆ ਤਾਂ ਕੁਮਲਾ ਗਿਆ ਤੇ ਜੜ੍ਹ ਨਾ ਫੜਨ ਦੇ ਕਾਰਨ ਸੁੱਕ ਗਿਆ ।7ਅਤੇ ਕੁੱਝ ਕੰਡਿਆਲੀਆਂ ਝਾੜੀਆਂ ਵਿੱਚ ਡਿੱਗਿਆ ਅਤੇ ਝਾੜੀਆਂ ਨੇ ਵਧ ਕੇ ਉਹ ਨੂੰ ਦਬਾ ਲਿਆ ਅਤੇ ਉਹ ਨਾ ਫਲਿਆ ।
8ਪਰ ਜਿਹੜਾ ਚੰਗੀ ਜ਼ਮੀਨ ਵਿੱਚ ਡਿੱਗਿਆ ਉਹ ਉੱਗਦਿਆਂ ਸਾਰ ਵਧਿਆ ਅਤੇ ਫਲਿਆ, ਕੁੱਝ ਤੀਹ ਗੁਣਾ, ਕੁੱਝ ਸੱਠ ਗੁਣਾ, ਕੁੱਝ ਸੌ ਗੁਣਾ ਫੱਲ ਦਿੱਤਾ ।9ਫੇਰ ਉਹ ਨੇ ਕਿਹਾ, ਜਿਹ ਦੇ ਸੁਣਨ ਦੇ ਕੰਨ ਹੋਣ ਉਹ ਸੁਣੇ ।
ਦ੍ਰਿਸ਼ਟਾਂਤਾਂ ਦਾ ਮਕਸਦ
(ਮੱਤੀ 13:10-17, ਲੂਕਾ 8:9, 10)

10ਜਦੋਂ ਉਹ ਇਕਾਂਤ ਵਿੱਚ ਸੀ ਜਿਹੜੇ ਉਹ ਦੇ ਕੋਲ ਸਨ ਉਨ੍ਹਾਂ ਨੇ ਬਾਰਾਂ ਚੇਲਿਆਂ ਨਾਲ ਮਿਲ ਕੇ ਦ੍ਰਿਸ਼ਟਾਂਤਾਂ ਦਾ ਅਰਥ ਉਹ ਨੂੰ ਪੁੱਛਿਆ ।11ਉਸ ਨੇ ਉਨ੍ਹਾਂ ਨੂੰ ਕਿਹਾ, ਪਰਮੇਸ਼ੁਰ ਦੇ ਰਾਜ ਦਾ ਭੇਤ ਤੁਹਾਨੂੰ ਦਿੱਤਾ ਗਿਆ ਹੈ ਪਰ ਜਿਹੜੇ ਬਾਹਰਲੇ ਹਨ ਉਨ੍ਹਾਂ ਲਈ ਸਾਰੀਆਂ ਗੱਲਾਂ ਦ੍ਰਿਸ਼ਟਾਂਤਾਂ ਵਿੱਚ ਹੁੰਦੀਆਂ ਹਨ ਕਿ,

12ਉਹ ਵੇਖਦੇ ਹੋਏ ਤਾਂ ਵੇਖਣ ਪਰ ਬੁੱਝਣ ਨਾ, ਅਤੇ ਸੁਣਦੇ ਹੋਏ ਸੁਣਨ ਪਰ ਸਮਝਣ ਨਾ, ਕਿਤੇ ਇੰਝ ਨਾ ਹੋਵੇ ਜੋ ਉਹ ਮੁੜ ਆਉਣ, ਅਤੇ ਉਨ੍ਹਾ ਨੂੰ ਮਾਫ਼ੀ ਮਿਲੇ ।
ਬੀਜ ਬੀਜਣ ਵਾਲੇ ਦੇ ਦ੍ਰਿਸ਼ਟਾਂਤ ਦੀ ਵਿਆਖਿਆ
(ਮੱਤੀ 13:18-23, ਲੂਕਾ 8:11-15)

13ਫੇਰ ਉਸ ਨੇ ਉਨ੍ਹਾਂ ਨੂੰ ਕਿਹਾ, ਕੀ ਤੁਸੀਂ ਇਸ ਦ੍ਰਿਸ਼ਟਾਂਤ ਦੀ ਉਦਾਹਰਣ ਨੂੰ ਨਹੀਂ ਸਮਝਦੇ ? ਤਾਂ ਸਾਰਿਆਂ ਦ੍ਰਿਸ਼ਟਾਂਤਾਂ ਨੂੰ ਕਿਵੇਂ ਸਮਝੋਂਗੇ ?14ਬੀਜਣ ਵਾਲਾ ਪਰਮੇਸ਼ੁਰ ਦਾ ਬਚਨ ਬੀਜਦਾ ਹੈ ।15ਅਤੇ ਰਾਹ ਦੇ ਕਿਨਾਰੇ ਵਾਲੇ ਉਹ ਹਨ ਜਿਹਨਾਂ ਨੇ ਸੁਣਿਆ, ਤਾਂ ਸ਼ੈਤਾਨ ਆਣ ਕੇ ਉਸ ਬਚਨ ਨੂੰ ਉਨ੍ਹਾ ਦੇ ਹਿਰਦਿਆਂ ਵਿੱਚੋਂ ਕੱਢ ਲੈ ਜਾਂਦਾ ਹੈ ।
16ਅਤੇ ਇਸੇ ਤਰ੍ਹਾਂ ਜਿਹੜੇ ਪਥਰੀਲੀ ਜ਼ਮੀਨ ਵਿੱਚ ਬੀਜੇ ਜਾਂਦੇ ਹਨ ਸੋ ਉਹ ਹਨ ਜਿਹੜੇ ਬਚਨ ਨੂੰ ਸੁਣਦਿਆਂ ਸਾਰ ਖੁਸ਼ੀ ਨਾਲ ਉਹ ਨੂੰ ਮੰਨ ਲੈਂਦੇ ਹਨ ।17ਅਤੇ ਆਪਣੇ ਵਿੱਚ ਜੜ੍ਹ ਨਹੀਂ ਰੱਖਦੇ ਹਨ ਪਰ ਥੋੜ੍ਹਾ ਸਮਾਂ ਰਹਿੰਦੇ ਹਨ ਅਤੇ ਜਦੋਂ ਬਚਨ ਦੇ ਕਾਰਨ ਦੁੱਖ ਵਿੱਚ ਪੈਂਦੇ ਜਾਂ ਸਤਾਏ ਜਾਂਦੇ ਹਨ ਤਾਂ ਝੱਟ ਠੋਕਰ ਖਾਂਦੇ ਹਨ ।
18ਅਤੇ ਹੋਰ ਉਹ ਹਨ ਜਿਹੜੇ ਝਾੜੀਆਂ ਵਿੱਚ ਬੀਜੇ ਜਾਂਦੇ । ਇਹ ਉਹ ਹਨ ਜਿਨ੍ਹਾਂ ਨੇ ਬਚਨ ਨੂੰ ਸੁਣਿਆ19ਅਤੇ ਦੁਨੀਆਂ ਦੀ ਚਿੰਤਾ ਤੇ ਧਨ ਦਾ ਧੋਖਾ ਅਤੇ ਹੋਰਨਾਂ ਚੀਜ਼ਾਂ ਦਾ ਲੋਭ ਆਣ ਕੇ ਬਚਨ ਨੂੰ ਦਬਾ ਲੈਂਦਾ ਹੈ ਅਤੇ ਉਹ ਬੇਫੱਲ ਰਹਿ ਜਾਂਦਾ ਹੈ ।20ਅਤੇ ਜਿਹੜੇ ਚੰਗੀ ਜ਼ਮੀਨ ਵਿੱਚ ਬੀਜੇ ਗਏ ਸਨ ਸੋ ਉਹ ਲੋਕ ਹਨ ਜਿਹੜੇ ਬਚਨ ਨੂੰ ਸੁਣ ਕੇ ਮੰਨ ਲੈਂਦੇ ਅਤੇ ਫਲ ਦਿੰਦੇ ਹਨ, ਕੁੱਝ ਤੀਹ ਗੁਣਾ ਕੁੱਝ ਸੱਠ ਗੁਣਾ ਕੁੱਝ ਸੌ ਗੁਣਾ ।
ਦੀਵੇ ਦਾ ਦ੍ਰਿਸ਼ਟਾਂਤ
(ਲੂਕਾ 8:16-18)

21ਉਸ ਨੇ ਉਨ੍ਹਾਂ ਨੂੰ ਆਖਿਆ, ਕੀ ਦੀਵਾ ਇਸ ਲਈ ਲਿਆਉਂਦੇ ਹਨ ਕਿ ਟੋਕਰੇ ਜਾਂ ਮੰਜੇ ਥੱਲੇ ਰੱਖਿਆ ਜਾਵੇ, ਕੀ ਇਸ ਲਈ ਨਹੀਂ ਕੀ ਉਹ ਦੀਵਟ ਉੱਤੇ ਰੱਖਿਆ ਜਾਵੇ ?22ਕੋਈ ਚੀਜ਼ ਗੁਪਤ ਨਹੀਂ ਪਰ ਇਸ ਲਈ ਜੋ ਉਹ ਪਰਗਟ ਕੀਤੀ ਜਾਏ ਅਤੇ ਨਾ ਕੋਈ ਵਸਤੂ ਛਿਪਾਈ ਗਈ ਪਰ ਇਸ ਲਈ ਜੋ ਉਹ ਉਜਾਗਰ ਹੋਵੇ ।23ਜੇ ਕਿਸੇ ਦੇ ਸੁਣਨ ਦੇ ਕੰਨ ਹੋਣ ਤਾਂ ਉਹ ਸੁਣੇ ।
24ਫੇਰ ਉਸ ਨੇ ਉਨ੍ਹਾਂ ਨੂੰ ਕਿਹਾ, ਚੌਕਸ ਰਹੋ ਜੋ ਕੀ ਸੁਣਦੇ ਹੋ ! ਜਿਸ ਮਾਪ ਨਾਲ ਤੁਸੀਂ ਮਿਣਦੇ ਹੋ ਉਸੇ ਨਾਲ ਤੁਹਾਡੇ ਲਈ ਮਿਣਿਆ ਜਾਵੇਗਾ ਅਤੇ ਤੁਹਾਨੂੰ ਵਧੀਕ ਦਿੱਤਾ ਜਾਵੇਗਾ ।25ਕਿਉਂਕਿ ਜਿਹ ਦੇ ਕੋਲ ਕੁੱਝ ਹੈ ਉਹ ਨੂੰ ਦਿੱਤਾ ਜਾਵੇਗਾ ਅਤੇ ਜਿਸ ਦੇ ਕੋਲ ਨਹੀਂ ਉਸ ਤੋਂ ਜੋ ਕੁੱਝ ਹੈ ਸੋ ਵੀ ਲੈ ਲਿਆ ਜਾਵੇਗਾ ।
ਉੱਗਣ ਵਾਲੇ ਬੀਜ ਦਾ ਦ੍ਰਿਸ਼ਟਾਂਤ

26ਫੇਰ ਉਹ ਨੇ ਕਿਹਾ, ਪਰਮੇਸ਼ੁਰ ਦਾ ਰਾਜ ਇਹੋ ਜਿਹਾ ਹੈ ਜਿਵੇਂ ਕੋਈ ਮਨੁੱਖ ਜ਼ਮੀਨ ਵਿੱਚ ਬੀਜ ਬੀਜੇ ।27ਅਤੇ ਬੀਜ ਬੀਜਣ ਵਾਲਾ ਰਾਤ ਨੂੰ ਸੌਂਦਾ ਅਤੇ ਦਿਨ ਵੇਲੇ ਜਾਗਦਾ, ਪਰ ਉਹ ਨਹੀਂ ਜਾਣਦਾ ਕਿ ਬੀਜ ਕਿਵੇਂ ਉਗ ਪਿਆ ।28ਜ਼ਮੀਨ ਤਾਂ ਆਪਣੇ ਆਪ ਫਲ ਲਿਆਉਂਦੀ ਹੈ, ਪਹਿਲਾਂ ਅੰਕੂਰ, ਫੇਰ ਸਿੱਟਾ, ਫੇਰ ਸਿੱਟੇ ਵਿੱਚ ਸਾਬਤ ਦਾਣੇ ।29ਅਤੇ ਜਦੋਂ ਫ਼ਸਲ ਪੱਕ ਜਾਂਦੀ ਹੈ ਤਾਂ ਉਹ ਝੱਟ ਦਾਤੀ ਲਾਉਂਦਾ ਹੈ ਕਿਉਂ ਜੋ ਵਾਢੀ ਦਾ ਵੇਲਾ ਆ ਗਿਆ ।
ਰਾਈ ਦੇ ਦਾਣੇ ਦਾ ਦ੍ਰਿਸ਼ਟਾਂਤ
(ਮੱਤੀ 13:31, 32, 34, ਲੂਕਾ 13:18, 19)

30ਫੇਰ ਉਹ ਨੇ ਕਿਹਾ, ਅਸੀਂ ਪਰਮੇਸ਼ੁਰ ਦੇ ਰਾਜ ਨੂੰ ਕਿਹ ਦੇ ਵਰਗਾ ਦੱਸੀਏ ਜਾਂ ਉਹ ਦੇ ਲਈ ਕਿਹੜਾ ਦ੍ਰਿਸ਼ਟਾਂਤ ਦੇਈਏ ?31ਉਹ ਇੱਕ ਰਾਈ ਦੇ ਦਾਣੇ ਵਰਗਾ ਹੈ ਕਿ ਜਦ ਜ਼ਮੀਨ ਵਿੱਚ ਬੀਜਿਆ ਜਾਂਦਾ ਹੈ ਤਾਂ ਜ਼ਮੀਨ ਦੇ ਸਭਨਾਂ ਬੀਜਾਂ ਨਾਲੋਂ ਛੋਟਾ ਹੈ ।32ਪਰ ਜਦ ਬੀਜਿਆ ਗਿਆ ਤਦ ਉੱਗਦਾ ਹੈ ਅਤੇ ਸਾਰਿਆਂ ਪੋਦਿਆਂ ਨਾਲੋਂ ਵੱਡਾ ਹੋ ਜਾਂਦਾ ਹੈ ਅਤੇ ਅਜਿਹੀਆਂ ਵੱਡੀਆਂ ਟਹਿਣੀਆਂ ਫੁੱਟਦੀਆਂ ਹਨ ਜੋ ਅਕਾਸ਼ ਦੇ ਪੰਛੀ ਉਹ ਦੀ ਛਾਇਆ ਵਿੱਚ ਵਸੇਰਾ ਕਰ ਸਕਦੇ ਹਨ ।

33ਉਹ ਇਹੋ ਜਿਹਿਆਂ ਬਹੁਤ ਦ੍ਰਿਸ਼ਟਾਂਤਾਂ ਵਿੱਚ ਉਨ੍ਹਾਂ ਨਾਲ ਬਚਨ ਕਰਦਾ ਸੀ ਜਿਸ ਤਰ੍ਹਾਂ ਉਹ ਸਮਝ ਸਕਦੇ ਸਨ ।34ਅਤੇ ਬਿਨ੍ਹਾਂ ਦ੍ਰਿਸ਼ਟਾਂਤ ਤੋਂ ਉਹ ਉਨ੍ਹਾਂ ਨਾਲ ਨਹੀਂ ਸੀ ਬੋਲਦਾ ਪਰ ਇਕਾਂਤ ਵਿੱਚ ਉਹ ਆਪਣੇ ਹੀ ਚੇਲਿਆਂ ਨੂੰ ਸਭ ਕੁੱਝ ਖੋਲ੍ਹ ਕੇ ਦੱਸਦਾ ਸੀ ।
ਤੂਫਾਨ ਨੂੰ ਸ਼ਾਂਤ ਕਰਨਾ
(ਮੱਤੀ 8:23-27, ਲੂਕਾ 8:22-25)

35ਉਸੇ ਦਿਨ ਜਦੋਂ ਸ਼ਾਮ ਹੋਈ ਤਾਂ ਉਸ ਨੇ ਉਨ੍ਹਾਂ ਨੂੰ ਕਿਹਾ, ਆਓ ਅਸੀਂ ਉਸ ਪਾਰ ਚੱਲੀਏ ।36ਅਤੇ ਉਹ ਭੀੜ ਨੂੰ ਛੱਡ ਕੇ ਜਿਵੇਂ ਉਹ ਬੇੜੀ ਉੱਤੇ ਸੀ ਤਿਵੇਂ ਹੀ ਉਹ ਨੂੰ ਲੈ ਚੱਲੇ ਅਤੇ ਹੋਰ ਬੇੜੀਆਂ ਵੀ ਉਹ ਦੇ ਨਾਲ ਸਨ ।37ਤਦ ਇੱਕ ਵੱਡਾ ਤੂਫ਼ਾਨ ਆਇਆ, ਅਨ੍ਹੇਰੀ ਵਗੀ ਅਤੇ ਲਹਿਰਾਂ ਬੇੜੀ ਉੱਤੇ ਐਥੋਂ ਤੱਕ ਪਹੁੰਚ ਗਈਆਂ ਜੋ ਬੇੜੀ ਪਾਣੀ ਨਾਲ ਭਰ ਚੱਲੀ ਸੀ ।
38ਅਤੇ ਯਿਸੂ ਆਪ ਬੇੜੀ ਦੇ ਪਿਛਲੇ ਸਿਰੇ ਵੱਲ ਇੱਕ ਸਿਰਾਹਣਾ ਰੱਖ ਕੇ ਸੁੱਤੇ ਪਏ ਸਨ । ਤਦ ਉਨ੍ਹਾਂ ਨੇ ਉਹ ਨੂੰ ਜਗਾਇਆ ਅਤੇ ਉਹ ਨੂੰ ਆਖਿਆ, ਗੁਰੂ ਜੀ ਤੁਹਾਨੂੰ ਸਾਡਾ ਕੋਈ ਫ਼ਿਕਰ ਨਹੀਂ ਜੋ ਅਸੀਂ ਡੁੱਬ ਚੱਲੇ ਹਾਂ ?39ਤਦ ਉਸ ਨੇ ਉੱਠ ਕੇ ਤੂਫ਼ਾਨ ਨੂੰ ਝਿੜਕਿਆ ਅਤੇ ਝੀਲ ਨੂੰ ਕਿਹਾ, ਚੁੱਪ ਕਰ ਥੰਮ੍ਹ ਜਾ ! ਅਤੇ ਤੂਫ਼ਾਨ ਥੰਮ੍ਹ ਗਿਆ ਅਤੇ ਵੱਡਾ ਚੈਨ ਹੋ ਗਿਆ ।
40ਉਸ ਨੇ ਉਨ੍ਹਾਂ ਨੂੰ ਕਿਹਾ, ਤੁਸੀਂ ਕਿਉਂ ਡਰਦੇ ਹੋ ? ਅਜੇ ਤੱਕ ਤੁਹਾਨੂੰ ਵਿਸ਼ਵਾਸ ਨਹੀਂ ਆਇਆ ?41ਤਾਂ ਉਹ ਬਹੁਤ ਡਰ ਗਏ ਅਤੇ ਆਪਸ ਵਿੱਚ ਕਹਿਣ ਲੱਗੇ, ਇਹ ਕੌਣ ਹੈ ਕਿ ਤੂਫ਼ਾਨ ਅਤੇ ਝੀਲ ਵੀ ਉਹ ਦੀ ਗੱਲ ਮੰਨ ਲੈਂਦੇ ਹਨ ?

5
ਦੁਸ਼ਟ-ਆਤਮਾ ਦੇ ਜਕੜੇ ਹੋਏ ਵਿਅਕਤੀ ਨੂੰ ਚੰਗਾ ਕਰਨਾ
(ਮੱਤੀ 8:28-34, ਲੂਕਾ 8:26-39)

1ਉਹ ਝੀਲ ਦੇ ਪਾਰ ਗਿਰਸੇਨੀਆਂ ਦੇ ਦੇਸ ਵਿੱਚ ਪਹੁੰਚੇ ।2ਅਤੇ ਜਦੋਂ ਉਹ ਬੇੜੀ ਤੋਂ ਉਤਰਿਆ ਤਾਂ ਉਸੇ ਵੇਲੇ ਇੱਕ ਮਨੁੱਖ ਜਿਸ ਵਿੱਚ ਅਸ਼ੁੱਧ ਆਤਮਾ ਸੀ ਕਬਰਾਂ ਵਿੱਚੋਂ ਨਿੱਕਲ ਕੇ ਉਹ ਨੂੰ ਆ ਮਿਲਿਆ ।

3ਉਹ ਕਬਰਾਂ ਵਿੱਚ ਰਹਿੰਦਾ ਸੀ ਅਤੇ ਕੋਈ ਉਹ ਨੂੰ ਸੰਗਲਾਂ ਨਾਲ ਵੀ ਜਕੜ ਨਹੀਂ ਸੀ ਸਕਦਾ ।4ਉਹ ਤਾਂ ਕਈ ਵਾਰੀ ਬੇੜੀਆਂ ਅਤੇ ਸੰਗਲਾਂ ਨਾਲ ਜਕੜਿਆ ਗਿਆ ਸੀ ਪਰ ਉਹ ਨੇ ਸੰਗਲ ਤੋੜ ਸੁੱਟੇ ਅਤੇ ਬੇੜੀਆਂ ਦੇ ਟੋਟੇ-ਟੋਟੇ ਕਰ ਦਿੱਤੇ ਸਨ ਅਤੇ ਕੋਈ ਵੀ ਉਹ ਨੂੰ ਕਾਬੂ ਨਹੀਂ ਕਰ ਸਕਦਾ ਸੀ ।
5ਉਹ ਰਾਤ-ਦਿਨ ਨਿੱਤ ਕਬਰਾਂ ਅਤੇ ਪਹਾੜਾਂ ਵਿੱਚ ਚੀਕਾਂ ਮਾਰਦਾ ਅਤੇ ਆਪਣੇ ਆਪ ਨੂੰ ਪੱਥਰਾਂ ਨਾਲ ਜ਼ਖਮੀ ਕਰਦਾ ਹੁੰਦਾ ਸੀ ।6ਜਦੋਂ ਉਸ ਨੇ ਯਿਸੂ ਨੂੰ ਦੂਰੋਂ ਵੇਖਿਆ ਤਾਂ ਦੌੜ ਕੇ ਆਇਆ ਅਤੇ ਉਹ ਨੂੰ ਮੱਥਾ ਟੇਕਿਆ ।
7ਅਤੇ ਉੱਚੀ ਅਵਾਜ਼ ਨਾਲ ਪੁਕਾਰ ਕੇ ਬੋਲਿਆ, ਹੇ ਯਿਸੂ ਅੱਤ ਮਹਾਨ ਪਰਮੇਸ਼ੁਰ ਦੇ ਪੁੱਤਰ, ਤੇਰਾ ਮੇਰੇ ਨਾਲ ਕੀ ਕੰਮ ? ਮੈਂ ਤੈਨੂੰ ਪਰਮੇਸ਼ੁਰ ਦੀ ਸਹੁੰ ਦਿੰਦਾ ਹਾਂ, ਮੈਨੂੰ ਦੁੱਖ ਨਾ ਦੇ !8ਕਿਉਂ ਜੋ ਉਸ ਨੇ ਉਹ ਨੂੰ ਕਿਹਾ ਸੀ ਕਿ ਹੇ ਅਸ਼ੁੱਧ ਆਤਮਾ, ਇਸ ਮਨੁੱਖ ਵਿੱਚੋਂ ਨਿੱਕਲ ਜਾ !
9ਫਿਰ ਯਿਸੂ ਨੇ ਉਹ ਨੂੰ ਪੁੱਛਿਆ, ਤੇਰਾ ਕੀ ਨਾਮ ਹੈ ? ਉਹ ਨੇ ਉਸ ਨੂੰ ਕਿਹਾ, ਮੇਰਾ ਨਾਮ ਲਸ਼ਕਰ ਅਰਥਾਤ ਸੈਨਾਂ ਹੈ ਕਿਉਂ ਜੋ ਅਸੀਂ ਬਹੁਤ ਸਾਰੇ ਹਾਂ ।10ਅਤੇ ਉਹ ਨੇ ਉਸ ਦੀਆਂ ਬਹੁਤ ਮਿੰਨਤ ਕੀਤੀ ਕਿ ਸਾਨੂੰ ਇਸ ਦੇਸ ਵਿੱਚੋਂ ਨਾ ਕੱਢ !
11ਉੱਥੇ ਪਹਾੜ ਦੇ ਨੇੜੇ ਸੂਰਾਂ ਦਾ ਇੱਕ ਵੱਡਾ ਇੱਜੜ ਚੁੱਗਦਾ ਸੀ ।12ਅਤੇ ਉਨ੍ਹਾਂ ਨੇ ਉਸ ਦੀ ਮਿੰਨਤ ਕੀਤੀ ਕਿ ਸਾਨੂੰ ਸੂਰਾਂ ਵਿੱਚ ਭੇਜ ਦੇ ਤਾਂ ਜੋ ਅਸੀਂ ਉਨ੍ਹਾਂ ਵਿੱਚ ਜਾ ਵੜੀਏ ।13ਅਤੇ ਉਸ ਨੇ ਉਨ੍ਹਾਂ ਨੂੰ ਆਗਿਆ ਦਿੱਤੀ । ਤਦ ਅਸ਼ੁੱਧ ਆਤਮਾਵਾਂ ਨਿੱਕਲ ਕੇ ਸੂਰਾਂ ਵਿੱਚ ਜਾ ਵੜੇ ਅਤੇ ਸਾਰਾ ਇੱਜੜ ਭੱਜ ਕੇ ਝੀਲ ਵਿੱਚ ਜਾ ਪਿਆ । ਉਹ ਗਿਣਤੀ ਵਿੱਚ ਲੱਗਭੱਗ ਦੋ ਹਜ਼ਾਰ ਸਨ ਅਤੇ ਉਹ ਝੀਲ ਵਿੱਚ ਡੁੱਬ ਕੇ ਮਰ ਗਏ ।
14ਤਦ ਉਨ੍ਹਾਂ ਦੇ ਚੁਗਾਉਣ ਵਾਲਿਆਂ ਨੇ ਭੱਜ ਕੇ ਨਗਰ ਅਤੇ ਪਿੰਡਾਂ ਵਿੱਚ ਖ਼ਬਰ ਪੁਚਾਈ ਅਤੇ ਲੋਕ ਇਹ ਵੇਖਣ ਲਈ ਨਿੱਕਲੇ ਜੋ ਕੀ ਹੋਇਆ ਹੈ ।15ਅਤੇ ਯਿਸੂ ਦੇ ਕੋਲ ਆਣ ਕੇ ਉਸ ਭੂਤ ਵਾਲੇ ਨੂੰ ਜਿਸ ਉੱਤੇ ਲਸ਼ਕਰ ਦਾ ਸਾਯਾ ਸੀ ਕੱਪੜੇ ਪਹਿਨੀ ਅਤੇ ਸੁਰਤ ਸੰਭਾਲੀ ਬੈਠਾ ਵੇਖਿਆ ਅਤੇ ਉਹ ਡਰ ਗਏ ।
16ਤਾਂ ਵੇਖਣ ਵਾਲਿਆਂ ਨੇ ਉਸ ਦੁਸ਼ਟ ਆਤਮਾ ਵਾਲੇ ਦਾ ਅਤੇ ਸੂਰਾਂ ਦਾ ਸਾਰਾ ਹਾਲ ਉਨ੍ਹਾਂ ਨੂੰ ਦੱਸਿਆ ।17ਤਦ ਉਹ ਯਿਸੂ ਦੀ ਮਿੰਨਤ ਕਰਨ ਲੱਗੇ ਜੋ ਸਾਡੀ ਹੱਦੋਂ ਬਾਹਰ ਨਿੱਕਲ ਜਾਓ ।
18ਅਤੇ ਜਦੋਂ ਉਹ ਬੇੜੀ ਉੱਤੇ ਚੜ੍ਹਨ ਲੱਗਾ ਤਾਂ ਉਸ ਭੂਤ ਵਾਲੇ ਨੇ ਉਸ ਦੇ ਨਾਲ ਰਹਿਣ ਲਈ ਬੇਨਤੀ ਕੀਤੀ ।19ਪਰ ਉਸ ਨੇ ਉਹ ਨੂੰ ਆਗਿਆ ਨਾ ਦਿੱਤੀ ਪਰ ਉਹ ਨੂੰ ਆਖਿਆ, ਆਪਣੇ ਘਰ ਅਤੇ ਆਪਣੇ ਲੋਕਾਂ ਕੋਲ ਜਾ ਅਤੇ ਉਨ੍ਹਾਂ ਨੂੰ ਦੱਸ ਜੋ ਪ੍ਰਭੂ ਨੇ ਤੇਰੇ ਲਈ ਕਿੰਨੇ ਵੱਡੇ ਕੰਮ ਕੀਤੇ ਹਨ ਅਤੇ ਤੇਰੇ ਉੱਤੇ ਦਯਾ ਕੀਤੀ ।20ਤਾਂ ਉਹ ਚੱਲਿਆ ਗਿਆ ਅਤੇ ਦਿਕਾਪੁਲਿਸ ਵਿੱਚ ਦੱਸਣ ਲੱਗਾ ਜੋ ਯਿਸੂ ਨੇ ਮੇਰੇ ਲਈ ਕਿੰਨੇ ਵੱਡੇ ਕੰਮ ਕੀਤੇ ਤਾਂ ਸਾਰੇ ਲੋਕ ਹੈਰਾਨ ਹੋਏ ।
ਯਿਸੂ ਇੱਕ ਮਰੀ ਹੋਈ ਕੁੜੀ ਨੂੰ ਜਿਵਾਉਂਦਾ ਹੈ ਅਤੇ ਇੱਕ ਬਿਮਾਰ ਔਰਤ ਨੂੰ ਚੰਗਾ ਕਰਦਾ ਹੈ
(ਮੱਤੀ 9:18-26, ਲੂਕਾ 8:40-56)

21ਜਦ ਯਿਸੂ ਬੇੜੀ ਉੱਤੇ ਫੇਰ ਪਾਰ ਲੰਘਿਆ ਤਾਂ ਇੱਕ ਵੱਡੀ ਭੀੜ ਉਸ ਕੋਲ ਇਕੱਠੀ ਹੋਈ ਅਤੇ ਉਹ ਝੀਲ ਦੇ ਕਿਨਾਰੇ ਉੱਤੇ ਸੀ ।22ਅਤੇ ਪ੍ਰਾਰਥਨਾ ਘਰ ਦੇ ਸਰਦਾਰਾਂ ਵਿੱਚੋਂ ਜੈਰੁਸ ਨਾਮ ਦਾ ਇੱਕ ਮਨੁੱਖ ਆਇਆ ਅਤੇ ਉਹ ਨੂੰ ਵੇਖ ਕੇ ਉਹ ਦੇ ਪੈਰੀਂ ਪੈ ਗਿਆ ।23ਅਤੇ ਉਹ ਦੀ ਬਹੁਤ ਮਿੰਨਤ ਕੀਤੀ ਜੋ ਮੇਰੀ ਛੋਟੀ ਬੇਟੀ ਬਿਮਾਰੀ ਦੇ ਕਾਰਨ ਮਰਨ ਵਾਲੀ ਹੈ, ਤੁਸੀਂ ਚੱਲ ਕੇ ਉਹ ਦੇ ਉੱਤੇ ਆਪਣੇ ਹੱਥ ਰੱਖੋਂ ਤਾਂ ਜੋ ਉਹ ਚੰਗੀ ਹੋ ਜਾਵੇ ਅਤੇ ਜਿਉਂਦੀ ਰਹੇ ।24ਤਦ ਉਹ ਉਸ ਦੇ ਨਾਲ ਗਿਆ ਅਤੇ ਵੱਡੀ ਭੀੜ ਉਹ ਦੇ ਮਗਰ ਤੁਰ ਪਈ ਅਤੇ ਉਹ ਨੂੰ ਦਬਾਈ ਜਾਂਦੀ ਸੀ ।

25ਤਦ ਇੱਕ ਔਰਤ ਜਿਸ ਨੂੰ ਬਾਰਾਂ ਸਾਲਾਂ ਤੋਂ ਲਹੂ ਵਹਿਣ ਦਾ ਰੋਗ ਸੀ26ਅਤੇ ਜਿਹਨੇ ਬਹੁਤ ਹਕੀਮਾਂ ਦੇ ਹੱਥੋਂ ਵੱਡਾ ਦੁੱਖ ਪਾਇਆ ਅਤੇ ਆਪਣਾ ਸਭ ਕੁੱਝ ਖ਼ਰਚ ਕਰ ਦਿੱਤਾ ਸੀ ਪਰ ਕੁੱਝ ਵੀ ਅਰਾਮ ਨਾ ਪਾਇਆ ਸਗੋਂ ਉਹ ਦਾ ਹੋਰ ਵੀ ਮਾੜਾ ਹਾਲ ਹੋ ਗਿਆ ਸੀ,27ਉਹ ਯਿਸੂ ਦੀ ਖ਼ਬਰ ਸੁਣ ਕੇ ਭੀੜ ਵਿੱਚ ਪਿੱਛੋਂ ਦੀ ਹੋ ਕੇ ਆਈ ਅਤੇ ਉਹ ਦੇ ਕੱਪੜੇ ਦਾ ਪੱਲਾ ਛੂਹ ਲਿਆ ।
28ਕਿਉਂ ਜੋ ਉਹ ਆਪਣੇ ਮਨ ਵਿੱਚ ਆਖਦੀ ਸੀ, ਜੇ ਮੈਂ ਕੇਵਲ ਉਹ ਦੇ ਕੱਪੜੇ ਨੂੰ ਹੀ ਛੂਹ ਲਵਾਂ ਤਾਂ ਚੰਗੀ ਹੋ ਜਾਂਵਾਂਗੀ ।29ਅਤੇ ਤੁਰੰਤ ਉਸ ਦੇ ਲਹੂ ਦਾ ਵਹਿਣਾ ਬੰਦ ਹੋ ਗਿਆ ਅਤੇ ਉਸ ਨੇ ਆਪਣੇ ਸਰੀਰ ਵਿੱਚ ਮਲੂਮ ਕਰ ਲਿਆ ਜੋ ਮੈਂ ਇਸ ਬਿਮਾਰੀ ਤੋਂ ਚੰਗੀ ਹੋ ਗਈ ।
30ਅਤੇ ਯਿਸੂ ਨੇ ਉਸ ਸਮੇਂ ਆਪਣੇ ਮਨ ਵਿੱਚ ਜਾਣ ਕੇ ਜੋ ਮੇਰੇ ਵਿੱਚੋਂ ਸਮਰੱਥਾ ਨਿੱਕਲੀ ਹੈ ਉਸ ਭੀੜ ਦੀ ਵੱਲ ਮੁੜ ਕੇ ਕਿਹਾ, ਮੇਰੇ ਕੱਪੜੇ ਨੂੰ ਕਿਸ ਨੇ ਛੂਹਿਆ ?31ਉਹ ਦੇ ਚੇਲਿਆਂ ਨੇ ਉਹ ਨੂੰ ਆਖਿਆ, ਤੁਸੀਂ ਵੇਖਦੇ ਹੀ ਹੋ ਜੋ ਲੋਕ ਤੁਹਾਡੇ ਉੱਤੇ ਡਿੱਗਦੇ ਜਾਂਦੇ ਹਨ, ਅਤੇ ਤੁਸੀਂ ਆਖਦੇ ਹੋ, ਮੈਨੂੰ ਕਿਸ ਨੇ ਛੂਹਿਆ ?32ਅਤੇ ਉਸ ਨੇ ਇੱਧਰ-ਉੱਧਰ ਨਿਗਾਹ ਕੀਤੀ ਇਸ ਕੰਮ ਕੇ ਕਰਨ ਵਾਲੇ ਨੂੰ ਵੇਖੇ ।
33ਤਦ ਉਹ ਔਰਤ ਜੋ ਕੁੱਝ ਉਸ ਉੱਤੇ ਬੀਤਿਆ ਸੀ ਜਾਣ ਕੇ ਕੰਬਦੀ ਹੋਈ ਆਈ ਅਤੇ ਉਹ ਦੇ ਚਰਨਾਂ ਉੱਤੇ ਡਿੱਗ ਕੇ ਸਾਰੀ ਵਾਰਤਾ ਉਹ ਨੂੰ ਦੱਸ ਦਿੱਤੀ ।34ਤਾਂ ਉਹ ਨੇ ਉਸ ਨੂੰ ਆਖਿਆ, ਹੇ ਬੇਟੀ ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ, ਸ਼ਾਂਤੀ ਨਾਲ ਚਲੀ ਜਾ ਅਤੇ ਆਪਣੀ ਬਿਮਾਰੀ ਤੋਂ ਬਚੀ ਰਹ ।

35ਉਹ ਇਹ ਗੱਲ ਕਰ ਹੀ ਰਿਹਾ ਸੀ ਕਿ ਪ੍ਰਾਰਥਨਾ ਘਰ ਦੇ ਸਰਦਾਰ ਦੇ ਘਰੋਂ ਲੋਕਾਂ ਨੇ ਆਣ ਕੇ ਆਖਿਆ, ਤੇਰੀ ਧੀ ਮਰ ਗਈ, ਗੁਰੂ ਜੀ ਨੂੰ ਕਿਉਂ ਖੇਚਲ ਪਾਉਂਦਾ ਹੈਂ ?
36ਪਰ ਯਿਸੂ ਨੇ ਉਸ ਗੱਲ ਦੀ ਜੋ ਉਹ ਆਖਦੇ ਸਨ ਪਰਵਾਹ ਨਾ ਕਰ ਕੇ ਪ੍ਰਾਰਥਨਾ ਘਰ ਦੇ ਸਰਦਾਰ ਨੂੰ ਆਖਿਆ, ਨਾ ਡਰ ਕੇਵਲ ਵਿਸ਼ਵਾਸ ਕਰ ।37ਤਾਂ ਉਸ ਨੇ ਪਤਰਸ ਅਤੇ ਯਾਕੂਬ ਅਤੇ ਯਾਕੂਬ ਦੇ ਭਰਾ ਯੂਹੰਨਾ ਦੇ ਬਿਨ੍ਹਾਂ ਹੋਰ ਕਿਸੇ ਨੂੰ ਆਪਣੇ ਨਾਲ ਆਉਣ ਨਾ ਦਿੱਤਾ ।38ਅਤੇ ਜਦ ਉਹ ਪ੍ਰਾਰਥਨਾ ਘਰ ਦੇ ਸਰਦਾਰ ਦੇ ਘਰ ਪਹੁੰਚੇ ਤਦ ਉਸ ਨੇ ਰੌਲ਼ਾ ਪਾਉਂਦੇ ਹੋਏ ਅਤੇ ਲੋਕਾਂ ਨੂੰ ਬਹੁਤ ਰੋਂਦੇ ਕੁਰਲਾਉਂਦੇ ਹੋਏ ਵੇਖਿਆ ।
39ਅਤੇ ਅੰਦਰ ਜਾ ਕੇ ਉਨ੍ਹਾਂ ਨੂੰ ਆਖਿਆ, ਤੁਸੀਂ ਕਿਉਂ ਰੌਲ਼ਾ ਪਾਉਂਦੇ ਅਤੇ ਰੋਂਦੇ ਹੋ ? ਕੁੜੀ ਮਰੀ ਨਹੀਂ ਪਰ ਸੁੱਤੀ ਪਈ ਹੈ ।40ਤਾਂ ਉਹ ਉਸ ਉੱਤੇ ਹੱਸੇ । ਪਰ ਉਹ ਸਭਨਾਂ ਨੂੰ ਬਾਹਰ ਕੱਢ ਕੇ ਕੁੜੀ ਦੇ ਮਾਂ ਪਿਉ ਅਤੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਜਿੱਥੇ ਕੁੜੀ ਸੀ ਉੱਥੇ ਅੰਦਰ ਗਿਆ ।
41ਅਤੇ ਉਸ ਨੇ ਕੁੜੀ ਦਾ ਹੱਥ ਫੜ੍ਹ ਕੇ ਉਹ ਨੂੰ ਕਿਹਾ “ਤਲੀਥਾ ਕੂਮੀ” ਜਿਹ ਦਾ ਅਰਥ ਇਹ ਹੈ ਕਿ ਹੇ ਕੰਨਿਆ, ਮੈਂ ਤੈਨੂੰ ਆਖਦਾ ਹਾਂ, ਉੱਠ !42ਉਹ ਕੁੜੀ ਉਸੇ ਵੇਲੇ ਉੱਠ ਖੜੀ ਹੋਈ ਅਤੇ ਤੁਰਨ ਫਿਰਨ ਲੱਗੀ ਕਿਉਂ ਜੋ ਉਹ ਬਾਰਾਂ ਸਾਲਾਂ ਦੀ ਸੀ ਅਤੇ ਇਸ ਗੱਲ ਤੋਂ ਲੋਕ ਵੱਡੇ ਅਚੰਭੇ ਵਿੱਚ ਆਣ ਕੇ ਹੈਰਾਨ ਹੋ ਗਏ ।43ਅਤੇ ਉਸ ਨੇ ਉਨ੍ਹਾਂ ਨੂੰ ਹੁਕਮ ਕੀਤਾ, ਕੋਈ ਇਹ ਗੱਲ ਨਾ ਜਾਣੇ ਅਤੇ ਆਖਿਆ ਕਿ ਉਸ ਨੂੰ ਕੁੱਝ ਖਾਣ ਲਈ ਦਿੱਤਾ ਜਾਏ ।

6
ਨਾਸਰਤ ਵਿੱਚ ਯਿਸੂ ਦਾ ਨਿਰਾਦਰ
(ਮੱਤੀ 13:53-58, ਲੂਕਾ 4:16-30)

1ਫਿਰ ਪ੍ਰਭੂ ਯਿਸੂ ਉੱਥੋਂ ਤੁਰ ਕੇ ਆਪਣੇ ਦੇਸ ਵਿੱਚ ਆਏ ਅਤੇ ਉਹ ਦੇ ਚੇਲੇ ਉਹ ਦੇ ਪਿੱਛੇ ਹੋ ਤੁਰੇ ।2ਜਦੋਂ ਸਬਤ ਦਾ ਦਿਨ ਆਇਆ ਤਾਂ ਪ੍ਰਭੂ ਪ੍ਰਾਰਥਨਾ ਘਰ ਵਿੱਚ ਉਪਦੇਸ਼ ਦੇਣ ਲੱਗੇ ਅਤੇ ਬਹੁਤੇ ਸੁਣ ਕੇ ਹੈਰਾਨ ਹੋਏ ਅਤੇ ਬੋਲੇ ਕਿ ਇਹ ਗੱਲਾਂ ਇਸ ਨੂੰ ਕਿੱਥੋਂ ਆਈਆਂ ? ਅਤੇ ਇਹ ਕਿਹੋ ਜਿਹਾ ਗਿਆਨ ਹੈ ਜੋ ਇਸ ਨੂੰ ਦਿੱਤਾ ਗਿਆ ? ਅਤੇ ਇਹ ਕਿਹੋ ਜਿਹੇ ਚਮਤਕਾਰ ਹਨ ਜੋ ਉਹ ਦੇ ਹੱਥੋਂ ਹੁੰਦੇ ਹਨ ?3ਭਲਾ, ਇਹ ਤਰਖਾਣ ਨਹੀਂ ਹੈ, ਮਰਿਯਮ ਦਾ ਪੁੱਤਰ ਅਤੇ ਯਾਕੂਬ, ਯੋਸੇਸ, ਯਹੂਦਾਹ ਅਤੇ ਸ਼ਮਊਨ ਦਾ ਭਰਾ ਅਤੇ ਉਹ ਦੀਆਂ ਭੈਣਾਂ ਇੱਥੇ ਸਾਡੇ ਕੋਲ ਨਹੀਂ ਹਨ ? ਸੋ ਉਨ੍ਹਾਂ ਨੇ ਇਸ ਗੱਲ ਤੋਂ ਠੋਕਰ ਖਾਧੀ ।

4ਪ੍ਰਭੂ ਯਿਸੂ ਮਸੀਹ ਨੇ ਉਨ੍ਹਾਂ ਨੂੰ ਆਖਿਆ, ਨਬੀ ਦਾ ਆਪਣੇ ਦੇਸ ਅਤੇ ਆਪਣੇ ਪਰਿਵਾਰ ਤੋਂ ਇਲਾਵਾ ਹਰੇਕ ਜਗ੍ਹਾ ਤੇ ਆਦਰ ਹੁੰਦਾ ਹੈ ।5ਅਤੇ ਉਹ ਉੱਥੇ ਕੋਈ ਚਮਤਕਾਰ ਨਾ ਵਿਖਾ ਸਕਿਆ ਪਰ ਥੋੜ੍ਹੇ ਜਿਹੇ ਰੋਗੀਆਂ ਉੱਤੇ ਹੱਥ ਰੱਖ ਕੇ ਉਨ੍ਹਾਂ ਨੂੰ ਚੰਗਾ ਕੀਤਾ ।6ਅਤੇ ਪ੍ਰਭੂ ਉਨ੍ਹਾਂ ਦੇ ਅਵਿਸ਼ਵਾਸ ਉੱਤੇ ਹੈਰਾਨ ਹੋਇਆ ਅਤੇ ਉਹ ਆਲੇ-ਦੁਆਲੇ ਦੇ ਪਿੰਡਾਂ ਵਿੱਚ ਉਪਦੇਸ਼ ਦਿੰਦਾ ਰਿਹਾ ।
ਬਾਰਾਂ ਚੇਲਿਆਂ ਨੂੰ ਭੇਜਣਾ
(ਮੱਤੀ 10:5-15, ਲੂਕਾ 9:1-6)

7ਫੇਰ ਪ੍ਰਭੂ ਯਿਸੂ ਨੇ ਉਨ੍ਹਾਂ ਬਾਰਾਂ ਚੇਲਿਆਂ ਨੂੰ ਕੋਲ ਬੁਲਾ ਕੇ ਉਨ੍ਹਾਂ ਨੂੰ ਦੋ-ਦੋ ਕਰ ਕੇ ਭੇਜਿਆ ਅਤੇ ਉਸ ਨੇ ਉਨ੍ਹਾਂ ਨੂੰ ਅਸ਼ੁੱਧ ਆਤਮਾਵਾਂ ਉੱਤੇ ਅਧਿਕਾਰ ਦਿੱਤਾ ।8ਅਤੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਰਾਹ ਦੇ ਲਈ ਲਾਠੀ ਤੋਂ ਬਿਨ੍ਹਾਂ ਹੋਰ ਕੁੱਝ ਨਾ ਲਓ, ਨਾ ਰੋਟੀ, ਨਾ ਝੋਲਾ, ਅਤੇ ਨਾ ਜੇਬ ਵਿੱਚ ਪੈਸੇ9ਪਰ ਜੁੱਤੀ ਪਾਓ ਅਤੇ ਦੋ ਕੁੜਤੇ ਨਾ ਲਵੋਂ ।
10ਉਸ ਨੇ ਉਨ੍ਹਾਂ ਨੂੰ ਆਖਿਆ ਕਿ ਜਿੱਥੇ ਕਿਤੇ ਤੁਸੀਂ ਕਿਸੇ ਘਰ ਵਿੱਚ ਜਾਓ ਤਾਂ ਜਿੰਨਾਂ ਚਿਰ ਉੱਥੋਂ ਨਾ ਤੁਰੋ, ਉੱਥੇ ਹੀ ਟਿਕੋ ।11ਪਰ ਜਿਸ ਨਗਰ ਦੇ ਲੋਕ ਤੁਹਾਨੂੰ ਕਬੂਲ ਨਾ ਕਰਨ ਅਤੇ ਤੁਹਾਡੀ ਨਾ ਸੁਣਨ ਤਾਂ ਉੱਥੋਂ ਨਿੱਕਲ ਕੇ ਉਨ੍ਹਾਂ ਉੱਤੇ ਗਵਾਹੀ ਲਈ ਆਪਣੇ ਪੈਰਾਂ ਦੀ ਧੂੜ ਝਾੜ ਸੁੱਟੋ ।
12ਤਾਂ ਉਹ ਬਾਹਰ ਜਾ ਕੇ ਪਰਚਾਰ ਕਰਨ ਲੱਗੇ ਜੋ ਆਪਣਿਆਂ ਪਾਪਾਂ ਤੋਂ ਤੋਬਾ ਕਰੋ ।13ਅਤੇ ਬਹੁਤ ਸਾਰਿਆਂ ਭੂਤਾਂ ਨੂੰ ਕੱਢ ਦਿੱਤਾ ਅਤੇ ਬਹੁਤ ਸਾਰੇ ਰੋਗੀਆਂ ਉੱਤੇ ਤੇਲ ਮਲ ਕੇ ਉਨ੍ਹਾਂ ਨੂੰ ਚੰਗਾ ਕੀਤਾ ।
ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਹੱਤਿਆ
(ਮੱਤੀ 14: 1-12, ਲੂਕਾ 9:7-9)

14ਅਤੇ ਜਦੋਂ ਰਾਜਾ ਹੇਰੋਦੇਸ ਨੇ ਪ੍ਰਭੂ ਯਿਸੂ ਦੀ ਚਰਚਾ ਸੁਣੀ, ਕਿਉਂ ਜੋ ਉਹ ਦਾ ਨਾਮ ਬਹੁਤ ਫੈਲ ਗਿਆ ਸੀ । ਤਾਂ ਉਸ ਨੇ ਆਖਿਆ, ਯੂਹੰਨਾ ਬਪਤਿਸਮਾ ਦੇਣ ਵਾਲਾ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਅਤੇ ਇਸੇ ਲਈ ਇਹ ਸ਼ਕਤੀਆਂ ਉਹ ਦੇ ਵਿੱਚ ਕੰਮ ਕਰ ਰਹੀਆਂ ਹਨ !15ਪਰ ਕਈਆਂ ਨੇ ਆਖਿਆ ਉਹ ਏਲੀਯਾਹ ਹੈ, ਅਤੇ ਦੂਜਿਆਂ ਨੇ ਕਿਹਾ ਕਿ ਇਹ ਇੱਕ ਨਬੀ ਹੈ, ਪਰ ਕਈਆਂ ਨੇ ਆਖਿਆ ਨਬੀਆਂ ਵਰਗਾ ।
16ਪਰ ਹੇਰੋਦੇਸ ਨੇ ਸੁਣ ਕੇ ਕਿਹਾ, ਯੂਹੰਨਾ ਜਿਸ ਦਾ ਸਿਰ ਮੈਂ ਵਢਵਾਇਆ ਸੀ ਉਹੋ ਜੀ ਉੱਠਿਆ ਹੈ ।17ਕਿਉਂਕਿ ਹੇਰੋਦੇਸ ਨੇ ਆਪਣੇ ਭਾਈ ਫ਼ਿਲਿੱਪੁਸ ਦੀ ਪਤਨੀ ਹੇਰੋਦਿਯਾਸ ਦੇ ਕਾਰਨ ਜਿਹ ਨੂੰ ਉਸ ਨੇ ਵਿਆਹ ਲਿਆ ਸੀ ਆਪੇ ਲੋਕਾਂ ਨੂੰ ਭੇਜ ਨੇ ਯੂਹੰਨਾ ਨੂੰ ਫੜਵਾਇਆ ਅਤੇ ਉਹ ਨੂੰ ਕੈਦਖ਼ਾਨੇ ਵਿੱਚ ਬੰਦ ਕੀਤਾ ।
18ਇਸ ਲਈ ਜੋ ਯੂਹੰਨਾ ਨੇ ਹੇਰੋਦੇਸ ਨੂੰ ਆਖਿਆ ਸੀ ਕਿ ਆਪਣੇ ਭਰਾ ਦੀ ਪਤਨੀ ਦਾ ਰੱਖਣਾ ਤੇਰੇ ਲਈ ਠੀਕ ਨਹੀਂ ।19ਤਾਂ ਹੇਰੋਦਿਯਾਸ ਉਸ ਨਾਲ ਵੈਰ ਰੱਖਦੀ ਸੀ ਅਤੇ ਉਸ ਨੂੰ ਮਾਰ ਸੁੱਟਣਾ ਚਾਹੁੰਦੀ ਸੀ ਪਰ ਉਸਦਾ ਵੱਸ ਨਹੀਂ ਸੀ ਚੱਲਦਾ ।20ਕਿਉਂ ਜੋ ਹੇਰੋਦੇਸ ਯੂਹੰਨਾ ਨੂੰ ਧਰਮੀ ਅਤੇ ਪਵਿੱਤਰ ਪੁਰਖ ਜਾਣ ਕੇ ਉਸ ਕੋਲੋਂ ਡਰਦਾ ਅਤੇ ਉਸ ਨੂੰ ਬਚਾਈ ਰੱਖਦਾ ਸੀ ਅਤੇ ਉਹ ਦੀ ਸੁਣ ਕੇ ਬਹੁਤ ਦੁਬਧਾ ਵਿੱਚ ਪੈਂਦਾ ਜਾਂਦਾ ਪਰ ਖੁਸ਼ੀ ਨਾਲ ਉਸ ਦੀ ਸੁਣਦਾ ਸੀ ।
21ਅਤੇ ਦਾਵਤ ਦਾ ਦਿਨ ਆ ਪਹੁੰਚਿਆ ਜਦੋਂ ਹੇਰੋਦੇਸ ਨੇ ਆਪਣੇ ਜਨਮ ਦਿਨ ਉੱਤੇ ਆਪਣੇ ਅਮੀਰਾਂ ਅਤੇ ਫ਼ੌਜ ਦੇ ਸਰਦਾਰਾਂ ਅਤੇ ਗਲੀਲ ਦੇ ਰਹੀਸਾਂ ਲਈ ਦਾਵਤ ਕੀਤੀ ।22ਅਤੇ ਜਦ ਹੇਰੋਦਿਯਾਸ ਦੀ ਧੀ ਆਪ ਅੰਦਰ ਆਣ ਕੇ ਨੱਚੀ ਅਤੇ ਹੇਰੋਦੇਸ ਤੇ ਉਹ ਦੇ ਨਾਲ ਬੈਠਣ ਵਾਲਿਆਂ ਨੂੰ ਖੁਸ਼ ਕੀਤਾ ਤਦ ਰਾਜਾ ਨੇ ਉਸ ਕੁੜੀ ਨੂੰ ਕਿਹਾ, ਜੋ ਤੂੰ ਚਾਹੇਂ ਸੋ ਮੇਰੇ ਕੋਲੋਂ ਮੰਗ ਤਾਂ ਮੈਂ ਤੈਨੂੰ ਦਿਆਂਗਾ ।
23ਅਤੇ ਉਹ ਦੇ ਅੱਗੇ ਸਹੁੰ ਖਾਧੀ ਕਿ ਜੋ ਕੁੱਝ ਤੂੰ ਮੇਰੇ ਕੋਲੋਂ ਮੰਗੇਂ ਮੈਂ ਆਪਣੇ ਅੱਧੇ ਰਾਜ ਤੱਕ ਵੀ ਤੈਨੂੰ ਦਿਆਂਗਾ ।24ਤਦ ਉਸ ਨੇ ਬਾਹਰ ਜਾ ਕੇ ਆਪਣੀ ਮਾਂ ਨੂੰ ਕਿਹਾ, ਮੈਂ ਕੀ ਮੰਗਾਂ ? ਉਹ ਬੋਲੀ, ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ !25ਤਦ ਉਹ ਫੁਰਤੀ ਨਾਲ ਉਸੇ ਸਮੇਂ ਰਾਜਾ ਦੇ ਕੋਲ ਫੇਰ ਅੰਦਰ ਗਈ ਅਤੇ ਅਰਜ਼ ਕਰ ਕੇ ਕਿਹਾ, ਮੈਂ ਇਹ ਚਾਹੁੰਦੀ ਹਾਂ ਜੋ ਤੁਸੀਂ ਇੱਕ ਥਾਲ ਵਿੱਚ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਮੈਨੂੰ ਹੁਣੇ ਦਿਓ !
26ਤਦ ਰਾਜਾ ਬਹੁਤ ਉਦਾਸ ਹੋਇਆ ਪਰ ਉਹ ਨੇ ਆਪਣੀ ਸਹੁੰ ਅਤੇ ਨਾਲ ਬੈਠਣ ਵਾਲਿਆਂ ਦੀ ਖ਼ਾਤਰ ਉਸ ਨੂੰ ਨਾਂਹ ਕਰਨੀ ਨਾ ਚਾਹੀ ।27ਤਾਂ ਰਾਜੇ ਨੇ ਝੱਟ ਇੱਕ ਸਿਪਾਹੀ ਨੂੰ ਹੁਕਮ ਦੇ ਕੇ ਭੇਜਿਆ ਜੋ ਯੂਹੰਨਾ ਦਾ ਸਿਰ ਲਿਆਏ । ਤਦ ਉਹ ਨੇ ਜਾ ਕੇ ਉਹ ਦਾ ਸਿਰ ਕੈਦਖ਼ਾਨੇ ਵਿੱਚ ਵੱਢਿਆ ।28ਅਤੇ ਇੱਕ ਥਾਲ ਵਿੱਚ ਰੱਖ ਕੇ ਲਿਆਂਦਾ ਅਤੇ ਕੁੜੀ ਨੂੰ ਦੇ ਦਿੱਤਾ ਅਤੇ ਕੁੜੀ ਨੇ ਉਹ ਆਪਣੀ ਮਾਂ ਨੂੰ ਦੇ ਦਿੱਤਾ ।29ਅਤੇ ਉਹ ਦੇ ਚੇਲੇ ਇਹ ਸੁਣ ਕੇ ਆਏ ਅਤੇ ਉਹ ਦੀ ਲੋਥ ਨੂੰ ਚੁੱਕ ਕੇ ਉਸ ਨੂੰ ਕਬਰ ਵਿੱਚ ਰੱਖਿਆ ।
ਯਿਸੂ ਪੰਜ ਹਜ਼ਾਰ ਨੂੰ ਰਜਾਉਂਦਾ ਹੈ
(ਮੱਤੀ 14:15-21, ਲੂਕਾ 9:11-17, ਯੂਹੰਨਾ 6:1-14)

30ਫੇਰ ਰਸੂਲ ਯਿਸੂ ਦੇ ਕੋਲ ਇਕੱਠੇ ਹੋਏ ਅਤੇ ਜੋ ਕੁੱਝ ਉਨ੍ਹਾਂ ਨੇ ਕੀਤਾ ਅਤੇ ਜੋ ਉਪਦੇਸ਼ ਦਿੱਤਾ ਸੀ ਸਭ ਉਸ ਨੂੰ ਦੱਸਿਆ ।31ਤਾਂ ਯਿਸੂ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਆਪ ਕਿਸੇ ਉਜਾੜ ਥਾਂ ਵਿੱਚ ਜਾ ਕੇ ਅਲੱਗ ਚਲੇ ਜਾਓ ਅਤੇ ਥੋੜ੍ਹਾ ਜਿਹਾ ਆਰਾਮ ਕਰ ਲਵੋ; ਕਿਉਂਕਿ ਬਹੁਤ ਲੋਕ ਆਉਂਦੇ ਜਾਂਦੇ ਸਨ ਅਤੇ ਉਨ੍ਹਾਂ ਕੋਲ ਰੋਟੀ ਖਾਣ ਦਾ ਵੀ ਸਮਾਂ ਨਹੀਂ ਸੀ ਹੁੰਦਾ ।32ਸੋ ਉਹ ਬੇੜੀ ਉੱਤੇ ਇੱਕ ਉਜਾੜ ਥਾਂ ਵਿੱਚ ਅਲੱਗ ਚਲੇ ਗਏ ।
33ਪਰ ਲੋਕਾਂ ਨੇ ਉਨ੍ਹਾਂ ਨੂੰ ਜਾਂਦੇ ਵੇਖਿਆ ਅਤੇ ਬਹੁਤਿਆਂ ਨੇ ਉਨ੍ਹਾਂ ਨੂੰ ਪਛਾਣ ਲਿਆ ਅਤੇ ਸਾਰਿਆਂ ਨਗਰਾਂ ਤੋਂ ਪੈਦਲ ਉੱਧਰ ਨੂੰ ਇਕੱਠੇ ਦੌੜੇ ਅਤੇ ਉਨ੍ਹਾਂ ਤੋਂ ਪਹਿਲਾਂ ਹੀ ਜਾ ਪਹੁੰਚੇ ।34ਤਾਂ ਉਸ ਨੇ ਨਿੱਕਲ ਕੇ ਇੱਕ ਵੱਡੀ ਭੀੜ ਵੇਖੀ ਅਤੇ ਉਨ੍ਹਾਂ ਤੇ ਤਰਸ ਖਾਧਾ ਇਸ ਲਈ ਜੋ ਉਹ ਉਨ੍ਹਾਂ ਭੇਡਾਂ ਵਾਗੂੰ ਸਨ ਜਿਨ੍ਹਾਂ ਦਾ ਚਰਵਾਹਾ ਨਾ ਹੋਵੇ । ਉਹ ਉਨ੍ਹਾਂ ਨੂੰ ਬਹੁਤ ਗੱਲਾਂ ਦਾ ਉਪਦੇਸ਼ ਦੇਣ ਲੱਗਾ ।
35ਅਤੇ ਜਦੋਂ ਦਿਨ ਬਹੁਤ ਢੱਲ਼ ਗਿਆ ਤਾਂ ਉਹ ਦੇ ਚੇਲਿਆਂ ਨੇ ਉਸ ਕੋਲ ਆਣ ਕੇ ਕਿਹਾ, ਇਹ ਥਾਂ ਉਜਾੜ ਹੈ ਅਤੇ ਦਿਨ ਹੁਣ ਬਹੁਤ ਢੱਲ਼ ਗਿਆ ।36ਇਨ੍ਹਾਂ ਨੂੰ ਵਿਦਿਆ ਕਰ ਤਾਂ ਜੋ ਉਹ ਆਲੇ-ਦੁਆਲੇ ਦਿਆਂ ਨਗਰਾਂ ਅਤੇ ਪਿੰਡਾਂ ਵਿੱਚ ਜਾ ਕੇ ਆਪਣੇ ਲਈ ਖਾਣ ਨੂੰ ਕੁੱਝ ਮੁੱਲ ਲੈ ਆਉਣ ।
37ਪਰ ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਤੁਸੀਂ ਹੀ ਉਨ੍ਹਾਂ ਨੂੰ ਖਾਣ ਲਈ ਦਿਓ ਪਰ ਉਨ੍ਹਾਂ ਨੇ ਉਸ ਨੂੰ ਆਖਿਆ, ਭਲਾ, ਅਸੀਂ ਜਾ ਕੇ ਸੌ ਦੀਨਾਰ (ਇੱਕ ਦੀਨਾਰ ਇੱਕ ਦਿਨ ਦੀ ਮਜ਼ਦੂਰੀ ਦੇ ਬਰਾਬਰ) ਦੀਆਂ ਰੋਟੀਆਂ ਮੁੱਲ ਲੈ ਕੇ ਇਨ੍ਹਾਂ ਨੂੰ ਖੁਆਈਏ ?38ਉਸ ਨੇ ਉਨ੍ਹਾਂ ਨੂੰ ਆਖਿਆ, ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ ? ਜਾਓ ਵੇਖੋ । ਤਾਂ ਉਨ੍ਹਾਂ ਨੇ ਪਤਾ ਕਰ ਕੇ ਕਿਹਾ ਕਿ ਪੰਜ ਰੋਟੀਆਂ ਅਤੇ ਦੋ ਮੱਛੀਆਂ ਹਨ ।
39ਤਾਂ ਉਸ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਸਭਨਾਂ ਨੂੰ ਹਰੇ ਘਾਹ ਉੱਤੇ ਇੱਕ ਸਾਰ ਬਿਠਾ ਦਿਉ ।40ਅਤੇ ਉਹ ਸੌ-ਸੌ ਅਤੇ ਪੰਜਾਹ-ਪੰਜਾਹ ਕਰ ਕੇ ਬੈਠ ਗਏ ।41ਤਾਂ ਪ੍ਰਭੂ ਯਿਸੂ ਨੇ ਉਹ ਪੰਜ ਰੋਟੀਆਂ ਅਤੇ ਦੋ ਮੱਛੀਆਂ ਲੈ ਕੇ ਅਕਾਸ਼ ਵੱਲ ਵੇਖਿਆ ਅਤੇ ਬਰਕਤ ਦੇ ਕੇ ਰੋਟੀਆਂ ਤੋੜੀਆਂ ਅਤੇ ਲੋਕਾਂ ਦੇ ਅੱਗੇ ਰੱਖਣ ਲਈ ਚੇਲਿਆਂ ਨੂੰ ਦਿੰਦੇ ਗਏ ਕਿ ਉਹ ਲੋਕਾਂ ਨੂੰ ਪਰੋਸਣ ਅਤੇ ਦੋਵੇਂ ਮੱਛੀਆਂ ਵੀ ਉਨ੍ਹਾਂ ਨੇ ਸਭਨਾਂ ਵਿੱਚ ਵੰਡੀਆਂ ।
42ਤਾਂ ਉਹ ਸਾਰੇ ਖਾ ਕੇ ਰੱਜ ਗਏ ।43ਅਤੇ ਉਨ੍ਹਾਂ ਦੇ ਟੁਕੜਿਆਂ ਦੀਆਂ ਬਾਰਾਂ ਟੋਕਰੀਆਂ ਭਰੀਆਂ ਹੋਈਆਂ ਉੱਠਾਈਆਂ ਅਤੇ ਕੁੱਝ ਮੱਛੀਆਂ ਵਿੱਚੋਂ ਵੀ ਉੱਠਾਈਆਂ ।44ਅਤੇ ਰੋਟੀਆਂ ਦੇ ਖਾਣ ਵਾਲੇ ਪੰਜ ਹਜ਼ਾਰ ਮਰਦ ਸਨ ।
ਯਿਸੂ ਪਾਣੀ ਉੱਤੇ ਚੱਲਦਾ ਹੈ
(ਮੱਤੀ 14:22-33, ਲੂਕਾ 6:15-21)

45ਫੇਰ ਉਹ ਨੇ ਉਸੇ ਵੇਲੇ ਆਪਣੇ ਚੇਲਿਆਂ ਨੂੰ ਤਗੀਦ ਕੀਤੀ ਕਿ ਜਦ ਤੱਕ ਮੈਂ ਭੀੜ ਨੂੰ ਵਿਦਿਆ ਕਰਾਂ ਤੁਸੀਂ ਬੇੜੀ ਉੱਤੇ ਚੜ੍ਹ ਕੇ ਮੇਰੇ ਤੋਂ ਪਹਿਲਾਂ ਉਸ ਪਾਰ ਬੈਤਸੈਦਾ ਨੂੰ ਚਲੇ ਜਾਵੋ ।46ਅਤੇ ਉਨ੍ਹਾਂ ਨੂੰ ਤੋਰ ਕੇ ਉਹ ਆਪ ਪ੍ਰਾਰਥਨਾ ਕਰਨ ਲਈ ਪਹਾੜ ਉੱਤੇ ਚੱਲਿਆ ਗਿਆ ।47ਅਤੇ ਜਦੋਂ ਸ਼ਾਮ ਹੋਈ ਤਾਂ ਬੇੜੀ ਝੀਲ ਦੇ ਵਿਚਾਲੇ ਸੀ, ਅਤੇ ਉਹ ਇਕੱਲਾ ਹੀ ਕਿਨਾਰੇ ਉੱਤੇ ਸੀ ।
48ਜਦੋਂ ਉਸ ਨੇ ਉਨ੍ਹਾਂ ਨੂੰ ਬੇੜੀ ਸੰਭਾਲਣ ਵਿੱਚ ਔਖੇ ਵੇਖਿਆ, ਕਿਉਂ ਜੋ ਹਵਾ ਉਨ੍ਹਾਂ ਦੇ ਵਿਰੋਧ ਵਿੱਚ ਸੀ, ਤਾਂ ਰਾਤ ਦੇ ਚੋਥੇ ਪਹਿਰ ਦੇ ਨੇੜੇ, ਉਹ ਆਪ ਝੀਲ ਦੇ ਉੱਤੇ ਤੁਰਦਿਆਂ ਉਨ੍ਹਾਂ ਦੀ ਵੱਲ ਆਇਆ ਅਤੇ ਉਨ੍ਹਾਂ ਤੋਂ ਅੱਗੇ ਵਧਣਾ ਚਾਹੁੰਦਾ ਸੀ ।49ਪਰ ਜਦੋਂ ਉਨ੍ਹਾਂ ਨੇ ਯਿਸੂ ਨੂੰ ਝੀਲ ਉੱਤੇ ਤੁਰਦਿਆਂ ਵੇਖਿਆ ਤਾਂ ਉਸ ਨੂੰ ਭੂਤ ਸਮਝ ਕੇ ਉੱਚੀ ਅਵਾਜ਼ ਨਾਲ ਚਿੱਲਾ ਉੱਠੇ ।50ਕਿਉਂਕਿ ਉਹ ਸਭ ਉਸ ਨੂੰ ਵੇਖ ਕੇ ਘਬਰਾ ਗਏ ਸਨ ਅਤੇ ਉਸ ਨੇ ਤੁਰੰਤ ਉਨ੍ਹਾਂ ਦੇ ਨਾਲ ਗੱਲਾਂ ਕਰ ਕੇ ਉਨ੍ਹਾਂ ਨੂੰ ਕਿਹਾ, ਹੌਂਸਲਾ ਰੱਖੋ, ਮੈਂ ਹਾਂ, ਨਾ ਡਰੋ !
51ਤਦ ਪ੍ਰਭੂ ਯਿਸੂ ਬੇੜੀ ਉੱਤੇ ਉਨ੍ਹਾਂ ਕੋਲ ਆਏ ਅਤੇ ਤੂਫ਼ਾਨ ਉਸੇ ਵੇਲੇ ਥੰਮ੍ਹ ਗਿਆ । ਤਦ ਉਹ ਆਪਣੇ ਆਪ ਵਿੱਚ ਬੜੇ ਹੈਰਾਨ ਹੋਏ ।52ਕਿਉਂ ਜੋ ਉਨ੍ਹਾਂ ਨੇ ਉਨ੍ਹਾਂ ਰੋਟੀਆਂ ਦੀ ਗੱਲ ਨਹੀਂ ਸੀ ਸਮਝੀ ਪਰ ਉਨ੍ਹਾਂ ਦੇ ਮਨ ਕਠੋਰ ਹੋ ਗਏ ਸਨ ।
ਗਨੇਸਰਤ ਵਿੱਚ ਰੋਗੀਆਂ ਨੂੰ ਚੰਗਾ ਕਰਨਾ
(ਮੱਤੀ 14:34-36)

53ਫੇਰ ਉਹ ਪਾਰ ਲੰਘ ਕੇ ਗਨੇਸਰਤ ਦੀ ਧਰਤੀ ਉੱਤੇ ਉੱਤਰੇ ਅਤੇ ਬੇੜੀ ਨੂੰ ਘਾਟ ਤੇ ਬੰਨ੍ਹਿਆ ।54ਜਦੋਂ ਉਹ ਬੇੜੀ ਉੱਤੋਂ ਉੱਤਰੇ ਤਾਂ ਲੋਕਾਂ ਨੇ ਪ੍ਰਭੂ ਯਿਸੂ ਨੂੰ ਝੱਟ ਸਿਆਣ ਲਿਆ ।55ਤਾਂ ਉਹ ਸਾਰੇ ਲੋਕ ਆਲੇ-ਦੁਆਲੇ ਦੇ ਨਗਰਾਂ ਵਿੱਚ ਦੌੜੇ ਅਤੇ ਜਦੋਂ ਉਨ੍ਹਾਂ ਨੇ ਸੁਣਿਆ ਕਿ ਪ੍ਰਭੂ ਯਿਸੂ ਉੱਥੇ ਹੈ, ਰੋਗੀਆਂ ਨੂੰ ਉਸ ਦੇ ਕੋਲ ਮੰਜੀਆਂ ਤੇ ਪਾ ਕੇ ਲੈ ਜਾਣ ਲੱਗੇ ।
56ਅਤੇ ਪ੍ਰਭੂ ਯਿਸੂ ਜਿੱਥੇ ਕਿਤੇ ਪਿੰਡਾਂ, ਨਗਰਾਂ ਜਾਂ ਬਸਤੀਆਂ ਵਿੱਚ ਜਾਂਦੇ ਸਨ, ਅਤੇ ਲੋਕ ਉੱਥੇ ਹੀ ਬਿਮਾਰਾਂ ਨੂੰ ਬਜ਼ਾਰਾਂ ਵਿੱਚ ਲਿਆ ਕੇ ਰੱਖ ਦਿੰਦੇ ਸਨ ਅਤੇ ਉਹ ਦੀ ਮਿੰਨਤ ਕਰਦੇ ਸਨ ਕਿ ਉਹ ਆਪਣੇ ਕੱਪੜੇ ਦਾ ਪੱਲਾ ਹੀ ਉਨ੍ਹਾ ਨੂੰ ਛੂਹਣ ਦੇਵੇ ਅਤੇ ਜਿੰਨਿਆਂ ਨੇ ਉਸ ਨੂੰ ਛੂਹਿਆ ਸੋ ਚੰਗੇ ਹੋ ਗਏ ।

7
ਰੀਤ ਦੀ ਪਾਲਨਾ ਕਰਨ ਦੇ ਬਾਰੇ ਪ੍ਰਸ਼ਨ
(ਮੱਤੀ 15:1-9)

1ਫ਼ਰੀਸੀ ਅਤੇ ਕਈ ਉਪਦੇਸ਼ਕ ਯਰੂਸ਼ਲਮ ਤੋਂ ਆ ਕੇ ਪ੍ਰਭੂ ਯਿਸੂ ਦੇ ਕੋਲ ਇਕੱਠੇ ਹੋਏ ।

2ਅਤੇ ਉਨ੍ਹਾਂ ਨੇ ਉਹ ਦੇ ਕਿੰਨਿਆਂ ਚੇਲਿਆਂ ਨੂੰ ਅਸ਼ੁੱਧ ਅਰਥਾਤ ਬਿਨ੍ਹਾਂ ਹੱਥ ਧੋਤੇ ਰੋਟੀ ਖਾਂਦੇ ਵੇਖਿਆ ਸੀ ।3( ਕਿਉਂ ਜੋ ਫ਼ਰੀਸੀ ਅਤੇ ਸਾਰੇ ਯਹੂਦੀ ਬਜੁਰਗਾਂ ਦੀ ਰੀਤ ਅਨੁਸਾਰ ਜਦੋਂ ਤੱਕ ਉਹ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਧੋ ਨਾ ਲੈਣ ਉਦੋਂ ਤੱਕ ਰੋਟੀ ਨਹੀਂ ਸੀ ਖਾਂਦੇ ।4ਅਤੇ ਬਜਾਰੋਂ ਆਣ ਕੇ ਨਹੀਂ ਖਾਂਦੇ ਜਿੰਨਾਂ ਚਿਰ ਨਹਾ ਨਾ ਲੈਣ ਅਤੇ ਹੋਰ ਬਥੇਰੀਆਂ ਗੱਲਾਂ ਹਨ ਜਿਹੜੀਆਂ ਉਨ੍ਹਾਂ ਨੇ ਮੰਨਣ ਲਈ ਕਬੂਲ ਕੀਤੀਆਂ ਹਨ ਜਿਵੇਂ ਕਟੋਰਿਆਂ ਅਤੇ ਗੜਵਿਆਂ ਅਤੇ ਪਿੱਤਲ ਦੇ ਭਾਂਡਿਆਂ ਨੂੰ ਧੋਣਾ )
5ਤਦ ਫ਼ਰੀਸੀਆਂ ਅਤੇ ਉਪਦੇਸ਼ਕਾਂ ਨੇ ਉਹ ਨੂੰ ਪੁੱਛਿਆ, ਤੇਰੇ ਚੇਲੇ ਵੱਡਿਆਂ-ਬਜ਼ੁਰਗਾਂ ਦੀ ਰੀਤ ਉੱਤੇ ਕਿਉਂ ਨਹੀਂ ਚੱਲਦੇ ਅਤੇ ਬਿਨ੍ਹਾਂ ਹੱਥ ਧੋਤੇ ਰੋਟੀ ਕਿਉਂ ਖਾਂਦੇ ਹਨ ?
6ਉਸ ਨੇ ਉਨ੍ਹਾਂ ਨੂੰ ਕਿਹਾ, ਤੁਸੀਂ ਕਪਟੀਆਂ ਦੇ ਵਿਖੇ; ਯਸਾਯਾਹ ਨੇ ਠੀਕ ਭਵਿੱਖਬਾਣੀ ਕੀਤੀ, ਜਿਵੇਂ ਲਿਖਿਆ ਹੋਇਆ ਹੈ ਕਿ ਇਹ ਲੋਕ ਆਪਣੇ ਬੁੱਲ੍ਹਾਂ ਨਾਲ ਤਾਂ ਮੇਰਾ ਆਦਰ ਕਰਦੇ ਹਨ, ਪਰ ਇਨ੍ਹਾਂ ਦੇ ਦਿਲ ਮੇਰੇ ਤੋਂ ਦੂਰ ਹਨ ।

7ਉਹ ਵਿਅਰਥ ਮੇਰੀ ਬੰਦਗੀ ਕਰਦੇ ਹਨ, ਉਹ ਮਨੁੱਖਾਂ ਦੇ ਹੁਕਮਾਂ ਦੀ ਸਿੱਖਿਆ ਦਿੰਦੇ ਹਨ ।
8ਤੁਸੀਂ ਪਰਮੇਸ਼ੁਰ ਦੇ ਹੁਕਮ ਨੂੰ ਛੱਡ ਨੇ ਮਨੁੱਖਾਂ ਦੀ ਰੀਤ ਨੂੰ ਮੰਨ ਲੈਂਦੇ ਹੋ ।9ਅਤੇ ਉਸ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਪਰਮੇਸ਼ੁਰ ਦੇ ਹੁਕਮ ਨੂੰ ਚੰਗੀ ਤਰ੍ਹਾਂ ਟਾਲ ਦਿੰਦੇ ਹੋ ਤਾਂ ਜੋ ਆਪਣੀ ਰੀਤ ਨੂੰ ਕਾਇਮ ਰੱਖੋ ।10ਕਿਉਂਕਿ ਮੂਸਾ ਨੇ ਕਿਹਾ ਸੀ ਕਿ ਆਪਣੇ ਪਿਤਾ ਅਤੇ ਆਪਣੀ ਮਾਤਾ ਦਾ ਆਦਰ ਕਰ ਅਤੇ ਜਿਹੜਾ ਪਿਤਾ ਜਾਂ ਮਾਤਾ ਨੂੰ ਬੁਰਾ ਬੋਲੇ ਉਹ ਜਾਨੋਂ ਮਾਰਿਆ ਜਾਵੇ ।
11ਪਰ ਤੁਸੀਂ ਆਖਦੇ ਹੋ, ਜੇ ਕੋਈ ਮਨੁੱਖ ਪਿਤਾ ਜਾਂ ਮਾਤਾ ਨੂੰ ਕਹੇ ਭਈ ਜੋ ਕੁੱਝ ਮੇਰੇ ਕੋਲੋਂ ਤੈਨੂੰ ਲਾਭ ਹੋ ਸਕਦਾ ਸੀ ਸੋ ਕੁਰਬਾਨ ਅਰਥਾਤ ਭੇਂਟ ਚੜ੍ਹਾ ਦਿੱਤਾ ਹੈ ।12ਤੁਸੀਂ ਫੇਰ ਉਹ ਨੂੰ ਉਹ ਦੇ ਪਿਤਾ ਜਾਂ ਮਾਤਾ ਦੇ ਲਈ ਕੁੱਝ ਨਹੀਂ ਕਰਨ ਦਿੰਦੇ ।13ਇਸ ਤਰ੍ਹਾਂ ਤੁਸੀਂ ਪਰਮੇਸ਼ੁਰ ਦੇ ਬਚਨ ਨੂੰ ਆਪਣੀ ਰੀਤ ਨਾਲ ਜਿਹੜੀ ਤੁਸੀਂ ਚਲਾਈ ਹੈ, ਟਾਲ ਦਿੰਦੇ ਹੋ ਅਤੇ ਹੋਰ ਬਥੇਰੇ ਏਹੋ ਜਿਹੇ ਕੰਮ ਤੁਸੀਂ ਕਰਦੇ ਹੋ ।
ਮਨੁੱਖ ਨੂੰ ਕੀ ਅਸ਼ੁੱਧ ਕਰਦਾ ਹੈ ?
(ਮੱਤੀ 15:10-20)

14ਉਸ ਨੇ ਲੋਕਾਂ ਨੂੰ ਫੇਰ ਕੋਲ ਬੁਲਾ ਕੇ ਉਨ੍ਹਾਂ ਨੂੰ ਆਖਿਆ, ਤੁਸੀਂ ਸਾਰੇ ਮੇਰੀ ਸੁਣੋ ਅਤੇ ਸਮਝੋ ।15ਇਹੋ ਜਿਹੀ ਕੋਈ ਚੀਜ਼ ਨਹੀਂ ਹੈ ਜਿਹੜੀ ਮਨੁੱਖ ਦੇ ਬਾਹਰੋਂ ਉਹ ਦੇ ਅੰਦਰ ਜਾ ਕੇ ਉਹ ਨੂੰ ਅਸ਼ੁੱਧ ਕਰ ਸਕੇ ।16ਪਰ ਜਿਹੜੀਆਂ ਚੀਜ਼ਾਂ ਉਹ ਦੇ ਅੰਦਰੋਂ ਨਿੱਕਲਦੀਆਂ ਹਨ ਓਹੋ ਮਨੁੱਖ ਨੂੰ ਅਸ਼ੁੱਧ ਕਰਦੀਆਂ ਹਨ । ਜੇ ਕਿਸੇ ਦੇ ਸੁਣਨ ਦੇ ਕੰਨ ਹੋਣ ਤਾਂ ਉਹ ਸੁਣ ਲਵੇ ।

17ਜਦੋਂ ਉਹ ਲੋਕਾਂ ਦੇ ਕੋਲੋਂ ਘਰ ਵਿੱਚ ਗਿਆ ਤਾਂ ਉਸ ਦੇ ਚੇਲਿਆਂ ਨੇ ਉਸ ਗੱਲ ਦਾ ਅਰਥ ਉਸ ਤੋਂ ਪੁੱਛਿਆ ।18ਤਾਂ ਉਸ ਨੇ ਉਨ੍ਹਾਂ ਨੂੰ ਕਿਹਾ, ਭਲਾ, ਤੁਸੀਂ ਵੀ ਅਜਿਹੇ ਨਿਰਬੁੱਧ ਹੋ ? ਕੀ ਤੁਸੀਂ ਨਹੀਂ ਸਮਝਦੇ ਕਿ ਜੋ ਕੁੱਝ ਬਾਹਰੋਂ ਮਨੁੱਖ ਦੇ ਅੰਦਰ ਜਾਂਦਾ ਹੈ ਸੋ ਉਹ ਨੂੰ ਅਸ਼ੁੱਧ ਨਹੀਂ ਕਰ ਸਕਦਾ ?19ਕਿਉਂਕਿ ਉਹ ਉਸ ਦੇ ਦਿਲ ਵਿੱਚ ਨਹੀਂ ਪਰ ਢਿੱਡ ਵਿੱਚ ਜਾਂਦਾ ਹੈ ਅਤੇ ਪਖਾਨੇ ਰਾਹੀਂ ਨਿੱਕਲ ਜਾਂਦਾ ਹੈ । ਇਹ ਕਹਿ ਕੇ ਉਸ ਨੇ ਸਾਰੇ ਭੋਜਨ ਸ਼ੁੱਧ ਠਹਿਰਾਏ ।
20ਫੇਰ ਉਸ ਨੇ ਆਖਿਆ, ਜੋ ਮਨੁੱਖ ਦੇ ਅੰਦਰੋਂ ਨਿੱਕਲਦਾ ਹੈ ਸੋਈ ਮਨੁੱਖ ਨੂੰ ਅਸ਼ੁੱਧ ਕਰਦਾ ਹੈ ।21ਕਿਉਂਕਿ ਅੰਦਰੋਂ ਮਨੁੱਖ ਦੇ ਦਿਲ ਵਿੱਚੋਂ ਬੁਰੇ ਖ਼ਿਆਲ, ਹਰਾਮਕਾਰੀ,22ਚੋਰੀਆਂ, ਖੂਨ, ਵਿਭਚਾਰ, ਲੋਭ, ਬਦੀਆਂ, ਛਲ, ਬਦਮਸਤੀ, ਬੁਰੀ ਨਜ਼ਰ, ਨਿੰਦਿਆ, ਹੰਕਾਰ, ਮੂਰਖਤਾਈ ਨਿੱਕਲਦੀ ਹੈ ।23ਇਹ ਸਾਰੀਆਂ ਬੁਰੀਆਂ ਗੱਲਾਂ ਅੰਦਰੋਂ ਨਿੱਕਲਦੀਆਂ ਅਤੇ ਮਨੁੱਖ ਨੂੰ ਅਸ਼ੁੱਧ ਕਰਦੀਆਂ ਹਨ ।
ਸੂਰੁਫੈਨੀ ਜਾਤੀ ਦੀ ਔਰਤ ਦਾ ਵਿਸ਼ਵਾਸ
(ਮੱਤੀ 15:21-28)

24ਫੇਰ ਪ੍ਰਭੂ ਯਿਸੂ ਉੱਥੋਂ ਉੱਠ ਕੇ ਸੂਰ ਅਤੇ ਸੈਦਾ ਦੇ ਇਲਾਕੇ ਵਿੱਚ ਆਏ ਅਤੇ ਇੱਕ ਘਰ ਵਿੱਚ ਗਏ ਅਤੇ ਚਾਹੁੰਦੇ ਸਨ ਕਿ ਕਿਸੇ ਨੂੰ ਖ਼ਬਰ ਨਾ ਹੋਵੇ, ਪਰ ਉਹ ਲੁਕੇ ਨਾ ਰਹਿ ਸਕੇ ।25ਕਿਉਂ ਜੋ ਉਸੇ ਵੇਲੇ ਇੱਕ ਔਰਤ ਜਿਹ ਦੀ ਛੋਟੀ ਬੇਟੀ ਨੂੰ ਅਸ਼ੁੱਧ ਆਤਮਾ ਚਿੰਬੜਿਆ ਹੋਇਆ ਸੀ ਉਹ ਦੀ ਖ਼ਬਰ ਸੁਣ ਕੇ ਆਈ ਅਤੇ ਉਸ ਦੇ ਪੈਰੀਂ ਪਈ ।26ਉਹ ਔਰਤ ਯੂਨਾਨੀ ਅਤੇ ਜਨਮ ਦੀ ਸੂਰੁਫੈਨੀ ਸੀ । ਉਸ ਨੇ ਉਹ ਦੇ ਅੱਗੇ ਅਰਜ਼ ਕੀਤੀ ਜੋ ਤੁਸੀਂ ਮੇਰੀ ਬੇਟੀ ਵਿੱਚੋਂ ਭੂਤ ਕੱਢ ਦਿਓ ।
27ਪਰ ਉਹ ਨੇ ਉਸ ਨੂੰ ਕਿਹਾ, ਪਹਿਲਾਂ ਬਾਲਕਾਂ ਨੂੰ ਰੱਜ ਕੇ ਖਾਣ ਦੇ ਕਿਉਂ ਜੋ ਬਾਲਕਾਂ ਦੀ ਰੋਟੀ ਲੈ ਕੇ ਕਤੂਰਿਆਂ ਨੂੰ ਪਾਉਣੀ ਚੰਗੀ ਨਹੀਂ ਹੈ ।28ਉਸ ਨੇ ਉਹ ਨੂੰ ਉੱਤਰ ਦਿੱਤਾ, ਠੀਕ ਹੈ ਪ੍ਰਭੂ ਜੀ, ਕਤੂਰੇ ਵੀ ਤਾਂ ਮੇਜ਼ ਦੇ ਹੇਠ ਬਾਲਕਾਂ ਦੇ ਚੂਰੇ-ਭੂਰੇ ਖਾਂਦੇ ਹਨ ।
29ਤਦ ਉਹ ਨੇ ਉਸ ਨੂੰ ਆਖਿਆ, ਇਸ ਗੱਲ ਦੇ ਕਾਰਨ ਚੱਲੀ ਜਾ । ਭੂਤ ਤੇਰੀ ਬੇਟੀ ਵਿੱਚੋਂ ਨਿੱਕਲ ਗਿਆ ਹੈ ।30ਅਤੇ ਉਸ ਨੇ ਆਪਣੇ ਘਰ ਜਾ ਕੇ ਵੇਖਿਆ ਜੋ ਲੜਕੀ ਮੰਜੇ ਉੱਤੇ ਲੰਮੀ ਪਈ ਹੋਈ ਹੈ ਅਤੇ ਭੂਤ ਉਸ ਵਿੱਚੋਂ ਨਿੱਕਲ ਗਿਆ ਹੈ ।
ਬੋਲੇ ਅਤੇ ਗੂੰਗੇ ਵਿਅਕਤੀ ਨੂੰ ਚੰਗਾ ਕਰਨਾ

31ਉਹ ਫੇਰ ਸੂਰ ਦੀਆਂ ਹੱਦਾਂ ਤੋਂ ਨਿੱਕਲ ਕੇ ਸੈਦਾ ਦੇ ਰਾਹ ਦਿਕਾਪੁਲਿਸ ਦੀਆਂ ਹੱਦਾਂ ਵਿੱਚੋਂ ਦੀ ਹੋ ਕੇ ਗਲੀਲ ਦੀ ਝੀਲ ਨੂੰ ਗਿਆ ।32ਅਤੇ ਲੋਕਾਂ ਨੇ ਇੱਕ ਬੋਲੇ ਨੂੰ ਜਿਹੜਾ ਥਥਲਾ ਵੀ ਸੀ ਉਸ ਦੇ ਕੋਲ ਲਿਆ ਕੇ ਉਸ ਦੀ ਮਿੰਨਤ ਕੀਤੀ ਜੋ ਉਸ ਉੱਤੇ ਆਪਣਾ ਹੱਥ ਰੱਖੇ ।
33ਉਹ ਉਸ ਨੂੰ ਭੀੜ ਤੋਂ ਅਲੱਗ ਲੈ ਗਿਆ ਅਤੇ ਆਪਣੀਆਂ ਉਂਗਲੀਆਂ ਉਹ ਦੇ ਕੰਨਾਂ ਵਿੱਚ ਦਿੱਤੀਆਂ ਅਤੇ ਥੁੱਕ ਕੇ ਉਹ ਦੀ ਜੀਭ ਛੂਹੀ ।34ਅਤੇ ਅਕਾਸ਼ ਵੱਲ ਵੇਖ ਕੇ ਹਾਉਕਾ ਭਰਿਆ ਅਤੇ ਉਹ ਨੂੰ ਆਖਿਆ “ਇੱਫਤਾ” ਅਰਥਾਤ “ਖੁੱਲ੍ਹ ਜਾ” ।35ਅਤੇ ਉਹ ਦੇ ਕੰਨ ਖੁੱਲ੍ਹ ਗਏ ਅਤੇ ਉਹ ਦੀ ਜੀਭ ਦਾ ਅਟਕਣਾ ਜਾਂਦਾ ਰਿਹਾ ਅਤੇ ਉਹ ਸਾਫ਼ ਬੋਲਣ ਲੱਗ ਪਿਆ ।
36ਤਦ ਉਸ ਨੇ ਉਨ੍ਹਾਂ ਨੂੰ ਤਗੀਦ ਨਾਲ ਆਖਿਆ ਜੋ ਕਿਸੇ ਕੋਲ ਨਾ ਆਖਣਾ ! ਪਰ ਜਿੰਨੀ ਉਸ ਨੇ ਉਨ੍ਹਾਂ ਨੂੰ ਤਗੀਦ ਕੀਤੀ ਉਹ ਉਨ੍ਹਾਂ ਹੀ ਉਸ ਗੱਲ ਨੂੰ ਹੋਰ ਵੀ ਬਹੁਤ ਉਜਾਗਰ ਕਰਦੇ ਰਹੇ ।37ਅਤੇ ਲੋਕ ਬਹੁਤ ਹੈਰਾਨ ਹੋ ਕੇ ਬੋਲੇ ਕਿ ਉਹ ਨੇ ਸੱਭੋ ਕੁੱਝ ਚੰਗਾ ਕੀਤਾ ਹੈ ! ਉਹ ਬੋਲ਼ਿਆਂ ਨੂੰ ਸੁਣਨ ਅਤੇ ਗੂੰਗਿਆਂ ਨੂੰ ਬੋਲਣ ਦੀ ਸ਼ਕਤੀ ਦਿੰਦਾ ਹੈ !

8
ਚਾਰ ਹਜ਼ਾਰ ਲੋਕਾਂ ਨੂੰ ਰਜਾਉਣਾ
(ਮੱਤੀ 15:32-39)

1ਉਨ੍ਹਾਂ ਦਿਨਾਂ ਵਿੱਚ, ਜਦੋਂ ਫੇਰ ਵੱਡੀ ਭੀੜ ਹੋ ਗਈ ਅਤੇ ਉਨ੍ਹਾਂ ਕੋਲ ਖਾਣ ਨੂੰ ਕੁੱਝ ਨਾ ਸੀ, ਤਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਕੋਲ ਬੁਲਾ ਕੇ ਉਨ੍ਹਾਂ ਨੂੰ ਆਖਿਆ,2ਮੈਨੂੰ ਲੋਕਾਂ ਉੱਤੇ ਤਰਸ ਆਉਂਦਾ ਹੈ, ਕਿਉਂ ਜੋ ਉਹ ਤਿੰਨਾਂ ਦਿਨਾਂ ਤੋਂ ਮੇਰੇ ਨਾਲ ਰਹੇ ਹਨ, ਅਤੇ ਉਨ੍ਹਾਂ ਦੇ ਕੋਲ ਖਾਣ ਨੂੰ ਕੁੱਝ ਨਹੀਂ ।3ਜੇ ਮੈਂ ਉਨ੍ਹਾਂ ਨੂੰ ਘਰ ਵੱਲ ਭੁੱਖਿਆਂ ਹੀ ਤੋਰ ਦੇਵਾਂ ਤਾਂ ਉਹ ਰਸਤੇ ਵਿੱਚ ਥੱਕ-ਹਾਰ ਜਾਣਗੇ ਅਤੇ ਕਈ ਉਨ੍ਹਾਂ ਵਿੱਚੋਂ ਦੂਰੋਂ ਆਏ ਹਨ ।4ਉਸ ਦੇ ਚੇਲਿਆਂ ਨੇ ਉਸ ਨੂੰ ਉੱਤਰ ਦਿੱਤਾ ਕਿ ਇਸ ਉਜਾੜ ਵਿੱਚ ਕੋਈ ਐਨੀਆਂ ਰੋਟੀਆਂ ਕਿੱਥੋਂ ਲਿਆਵੇ ਕਿ ਉਹ ਸਭ ਖਾ ਕੇ ਤ੍ਰਿਪਤ ਹੋਣ ?

5ਯਿਸੂ ਨੇ ਉਨ੍ਹਾਂ ਨੂੰ ਪੁੱਛਿਆ, ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ ? ਉਹ ਬੋਲੇ, ਸੱਤ ।6ਫੇਰ ਉਸ ਨੇ ਲੋਕਾਂ ਨੂੰ ਆਗਿਆ ਦਿੱਤੀ ਕਿ ਉਹ ਹੇਠਾਂ ਬੈਠ ਜਾਣ, ਤਾਂ ਉਸ ਨੇ ਉਹ ਸੱਤ ਰੋਟੀਆਂ ਲਈਆਂ ਅਤੇ ਧੰਨਵਾਦ ਕਰ ਕੇ ਤੋੜੀਆਂ ਅਤੇ ਆਪਣੇ ਚੇਲਿਆਂ ਨੂੰ ਦਿੱਤੀਆਂ ਤਾਂ ਜੋ ਉਨ੍ਹਾਂ ਦੇ ਅੱਗੇ ਰੱਖਣ ਸੋ ਉਨ੍ਹਾਂ ਨੇ ਲੋਕਾਂ ਦੇ ਅੱਗੇ ਰੱਖ ਦਿੱਤੀਆਂ ।
7ਉਨ੍ਹਾਂ ਦੇ ਕੋਲ ਥੋੜੀਆਂ ਜਿਹੀਆਂ ਛੋਟੀਆਂ ਮੱਛੀਆਂ ਵੀ ਸਨ, ਸੋ ਉਸ ਨੇ ਉਨ੍ਹਾਂ ਉੱਤੇ ਬਰਕਤ ਦੇ ਕੇ ਕਿਹਾ, ਇਹ ਵੀ ਉਨ੍ਹਾਂ ਦੇ ਅੱਗੇ ਰੱਖੋ ।8ਉਹ ਖਾ ਕੇ ਰੱਜ ਗਏ ਅਤੇ ਬਚਿਆਂ ਹੋਇਆਂ ਟੁਕੜਿਆਂ ਦੇ ਉਨ੍ਹਾਂ ਨੇ ਸੱਤ ਟੋਕਰੇ ਭਰ ਕੇ ਚੁੱਕੇ ।9ਅਤੇ ਲੋਕ ਲੱਗਭਗ ਚਾਰ ਹਜ਼ਾਰ ਸਨ, ਫੇਰ ਉਸ ਨੇ ਉਨ੍ਹਾਂ ਨੂੰ ਵਿਦਿਆ ਕੀਤਾ ।10ਅਤੇ ਉਸੇ ਵੇਲੇ ਉਹ ਆਪਣੇ ਚੇਲਿਆਂ ਸਣੇ ਬੇੜੀ ਉੱਤੇ ਚੜ੍ਹ ਕੇ ਦਲਮਨੂਥਾ ਦੇ ਇਲਾਕੇ ਵਿੱਚ ਆਇਆ ।
ਫ਼ਰੀਸੀ ਸਵਰਗੀ ਚਿੰਨ੍ਹ ਦੀ ਮੰਗ ਕਰਦੇ ਹਨ
(ਮੱਤੀ 16:1-4)

11ਤਦ ਫ਼ਰੀਸੀ ਨਿੱਕਲੇ ਅਤੇ ਉਸ ਦੇ ਪਰਤਾਉਣ ਲਈ ਸਵਰਗ ਵੱਲੋਂ ਕੋਈ ਨਿਸ਼ਾਨ ਉਸ ਤੋਂ ਮੰਗ ਕੇ ਉਸ ਦੇ ਨਾਲ ਵਾਦ-ਵਿਵਾਦ ਕਰਨ ਲੱਗੇ ।12ਅਤੇ ਉਸ ਨੇ ਆਪਣੇ ਆਤਮਾ ਵਿੱਚ ਹਾਉਂਕਾ ਭਰ ਕੇ ਕਿਹਾ, ਇਸ ਪੀੜ੍ਹੀ ਦੇ ਲੋਕ ਕਿਉਂ ਨਿਸ਼ਾਨ ਚਾਹੁੰਦੇ ਹਨ ? ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਇਸ ਪੀੜ੍ਹੀ ਦੇ ਲੋਕਾਂ ਨੂੰ ਕੋਈ ਨਿਸ਼ਾਨ ਨਹੀਂ ਦਿੱਤਾ ਜਾਵੇਗਾ ।13ਅਤੇ ਉਹ ਉਨ੍ਹਾਂ ਨੂੰ ਛੱਡ ਕੇ ਫੇਰ ਬੇੜੀ ਉੱਤੇ ਚੜੇ ਅਤੇ ਪਾਰ ਚਲੇ ਗਏ ।
ਫ਼ਰੀਸੀਆਂ ਅਤੇ ਹੇਰੋਦੇਸ ਦਾ ਖ਼ਮੀਰ
(ਮੱਤੀ 16:5-12)

14ਉਹ ਰੋਟੀ ਲੈਣੀ ਭੁੱਲ ਗਏ ਸਨ ਅਤੇ ਬੇੜੀ ਵਿੱਚ ਉਨ੍ਹਾਂ ਕੋਲ ਇੱਕੋ ਹੀ ਰੋਟੀ ਸੀ, ਬਿਨ੍ਹਾਂ ਇਸ ਦੇ ਉਨ੍ਹਾਂ ਕੋਲ ਹੋਰ ਕੁੱਝ ਵੀ ਨਾ ਸੀ ।15ਉਸ ਨੇ ਉਨ੍ਹਾਂ ਨੂੰ ਚਿਤਾਵਨੀ ਨਾਲ ਆਖਿਆ ਕਿ ਫ਼ਰੀਸੀਆਂ ਦੇ ਖ਼ਮੀਰ ਅਤੇ ਹੇਰੋਦੇਸ ਦੇ ਖ਼ਮੀਰ ਤੋਂ ਚੌਕਸ ਰਹੋ !
16ਤਦ ਉਹ ਆਪਸ ਵਿੱਚ ਵਿਚਾਰ ਕਰ ਕੇ ਆਖਣ ਲੱਗੇ ਕਿ ਸਾਡੇ ਕੋਲ ਰੋਟੀ ਨਹੀਂ ਹੈ ।17ਯਿਸੂ ਨੇ ਇਹ ਜਾਣ ਕੇ ਉਨ੍ਹਾਂ ਨੂੰ ਆਖਿਆ, ਤੁਸੀਂ ਕਿਉਂ ਵਿਚਾਰ ਕਰਦੇ ਹੋ ਜੋ ਸਾਡੇ ਕੋਲ ਰੋਟੀ ਨਹੀਂ ? ਭਲਾ, ਤੁਸੀਂ ਅਜੇ ਨਹੀਂ ਜਾਣਦੇ ਅਤੇ ਨਹੀਂ ਸਮਝਦੇ ? ਕੀ ਤੁਹਾਡਾ ਮਨ ਕਠੋਰ ਹੋ ਗਿਆ ਹੈ ?
18ਅੱਖਾਂ ਦੇ ਹੁੰਦੇ ਹੋਏ ਵੀ, ਕੀ ਤੁਸੀਂ ਨਹੀਂ ਵੇਖਦੇ ਅਤੇ ਕੰਨਾਂ ਦੇ ਹੁੰਦਿਆਂ ਹੋਇਆ ਵੀ ਕੀ ਤੁਸੀਂ ਨਹੀਂ ਸੁਣਦੇ ਅਤੇ ਚੇਤੇ ਨਹੀਂ ਰੱਖਦੇ ?19ਕਿ ਜਦੋਂ ਮੈਂ ਉਹ ਪੰਜ ਰੋਟੀਆਂ ਪੰਜਾਂ ਹਜ਼ਾਰਾਂ ਲਈ ਤੋੜੀਆਂ ਤਦ ਤੁਸੀਂ ਟੁਕੜਿਆਂ ਦੀਆਂ ਕਿੰਨੀਆਂ ਟੋਕਰੀਆਂ ਭਰੀਆਂ ਹੋਈਆਂ ਚੁੱਕੀਆਂ ? ਉਨ੍ਹਾਂ ਨੇ ਉਸ ਨੂੰ ਆਖਿਆ, ਬਾਰਾਂ ।
20ਅਤੇ ਜਦ ਸੱਤ ਰੋਟੀਆਂ ਚਾਰ ਹਜ਼ਾਰ ਲਈ ਤੋੜੀਆਂ ਤਦ ਤੁਸੀਂ ਟੁਕੜਿਆਂ ਦੇ ਕਿੰਨੇ ਟੋਕਰੇ ਭਰੇ ਹੋਏ ਚੁੱਕੇ ? ਫੇਰ ਉਨ੍ਹਾਂ ਨੇ ਉਸ ਨੂੰ ਆਖਿਆ, ਸੱਤ ।21ਤਦ ਉਸ ਨੇ ਉਨ੍ਹਾਂ ਨੂੰ ਕਿਹਾ, ਤੁਹਾਨੂੰ ਅਜੇ ਤੱਕ ਸਮਝ ਨਹੀਂ ਆਈ ?
ਬੈਤਸੈਦਾ ਦੇ ਇੱਕ ਅੰਨ੍ਹੇ ਨੂੰ ਚੰਗਾ ਕਰਨਾ

22ਫੇਰ ਉਹ ਬੈਤਸੈਦਾ ਵਿੱਚ ਆਏ, ਅਤੇ ਲੋਕ ਇੱਕ ਅੰਨ੍ਹੇ ਨੂੰ ਉਹ ਦੇ ਕੋਲ ਲਿਆਏ ਅਤੇ ਉਹ ਦੀ ਮਿੰਨਤ ਕੀਤੀ ਜੋ ਉਹ ਉਸ ਨੂੰ ਛੂਹੇ ।23ਉਹ ਉਸ ਅੰਨ੍ਹੇ ਦਾ ਹੱਥ ਫੜ੍ਹ ਕੇ ਉਸ ਨੂੰ ਪਿੰਡੋਂ ਬਾਹਰ ਲੈ ਗਿਆ ਅਤੇ ਉਸ ਦੀਆਂ ਅੱਖਾਂ ਵਿੱਚ ਥੁੱਕ ਕੇ ਉਸ ਉੱਤੇ ਹੱਥ ਰੱਖੇ ਅਤੇ ਉਸ ਨੂੰ ਪੁੱਛਿਆ, ਤੈਨੂੰ ਕੁੱਝ ਦਿਸਦਾ ਹੈ ?
24ਉਸ ਨੇ ਨਜ਼ਰਾਂ ਚੁੱਕ ਕੇ ਵੇਖਿਆ ਅਤੇ ਕਿਹਾ, ਮੈਂ ਮਨੁੱਖਾਂ ਨੂੰ ਵੇਖਦਾ ਹਾਂ ਪਰ ਉਹ ਤੁਰਦੇ ਫਿਰਦੇ ਮੈਨੂੰ ਰੁੱਖਾਂ ਵਾਂਗੂੰ ਦਿਸਦੇ ਹਨ ।25ਤਦ ਉਹ ਨੇ ਫੇਰ ਉਸ ਦੀਆਂ ਅੱਖਾਂ ਉੱਤੇ ਹੱਥ ਰੱਖੇ ਅਤੇ ਉਸ ਨੇ ਨਜ਼ਰ ਟਿਕਾ ਕੇ ਵੇਖਿਆ ਤਾਂ ਉਹ ਸੁਜਾਖਾ ਹੋ ਕੇ ਸਭ ਕੁੱਝ ਸਾਫ਼ ਸਾਫ਼ ਵੇਖਣ ਲੱਗਾ ।26ਉਹ ਨੇ ਇਹ ਕਹਿ ਕੇ ਉਸ ਨੂੰ ਘਰ ਭੇਜਿਆ ਕਿ ਇਸ ਪਿੰਡ ਵਿੱਚ ਹੁਣ ਪੈਰ ਵੀ ਨਾ ਰੱਖੀ ।
ਪਤਰਸ ਸਵੀਕਾਰ ਕਰਦਾ ਹੈ ਕਿ ਯਿਸੂ ਹੀ ਮਸੀਹ ਹੈ
(ਮੱਤੀ 16:13-20, ਲੂਕਾ 9:18-21)

27ਤਦ ਯਿਸੂ ਅਤੇ ਉਹ ਦੇ ਚੇਲੇ ਕੈਸਰਿਯਾ ਫ਼ਿਲਿੱਪੀ ਦੇ ਪਿੰਡਾਂ ਵਿੱਚ ਗਏ, ਅਤੇ ਰਾਹ ਵਿੱਚ ਉਹ ਨੇ ਆਪਣੇ ਚੇਲਿਆਂ ਕੋਲੋਂ ਪੁੱਛਿਆ, ਲੋਕ ਮੈਨੂੰ ਕੀ ਕਹਿੰਦੇ ਹਨ ਜੋ ਮੈਂ ਕੌਣ ਹਾਂ ?28ਉਹਨਾਂ ਉਸ ਨੂੰ ਆਖਿਆ, ਯੂਹੰਨਾ ਬਪਤਿਸਮਾ ਦੇਣ ਵਾਲਾ, ਕਈ ਏਲੀਯਾਹ, ਅਤੇ ਕਈ ਨਬੀਆਂ ਵਿੱਚੋਂ ਕੋਈ ।
29ਤਾਂ ਉਸ ਨੇ ਉਨ੍ਹਾਂ ਨੂੰ ਪੁੱਛਿਆ, ਪਰ ਤੁਸੀਂ ਕੀ ਆਖਦੇ ਹੋ ਜੋ ਮੈਂ ਕੌਣ ਹਾਂ ? ਪਤਰਸ ਨੇ ਉਹ ਨੂੰ ਉੱਤਰ ਦਿੱਤਾ, ਤੁਸੀਂ ਮਸੀਹ ਹੋ !30ਤਦ ਉਸ ਨੇ ਉਨ੍ਹਾਂ ਨੂੰ ਚਿਤਾਵਨੀ ਦੇ ਕੇ ਆਖਿਆ ਜੋ ਮੇਰੇ ਵਿਖੇ ਕਿਸੇ ਨੂੰ ਨਾ ਦੱਸੋ !
ਯਿਸੂ ਆਪਣੀ ਮੌਤ ਦੇ ਬਾਰੇ ਭਵਿੱਖਬਾਣੀ ਕਰਦਾ ਹੈ
(ਮੱਤੀ 16:21-23, ਲੂਕਾ 9:22)

31ਫੇਰ ਉਹ ਉਨ੍ਹਾਂ ਨੂੰ ਸਿਖਾਉਣ ਲੱਗਾ ਕਿ ਜ਼ਰੂਰ ਹੈ ਜੋ ਮਨੁੱਖ ਦਾ ਪੁੱਤਰ ਬਹੁਤ ਦੁੱਖ ਝੱਲੇ ਅਤੇ ਬਜ਼ੁਰਗਾਂ ਅਤੇ ਮੁੱਖ ਜਾਜਕਾਂ ਅਤੇ ਉਪਦੇਸ਼ਕਾਂ ਦੁਆਰਾ ਤੁੱਛ ਸਮਝ ਕੇ ਜਾਨੋਂ ਮਾਰਿਆ ਜਾਏ ਅਤੇ ਤਿੰਨਾਂ ਦਿਨਾਂ ਪਿੱਛੋਂ ਫ਼ੇਰ ਜੀ ਉੱਠੇ ।32ਅਤੇ ਉਹ ਨੇ ਇਹ ਗੱਲ ਖੋਲ੍ਹ ਕੇ ਕਹਿ ਦਿੱਤੀ । ਤਦ ਪਤਰਸ ਉਹ ਨੂੰ ਇੱਕ ਪਾਸੇ ਕਰ ਕੇ ਝਿੜਕਣ ਲੱਗਾ ।
33ਪਰ ਉਹ ਨੇ ਮੂੰਹ ਫੇਰ ਲਿਆ ਅਤੇ ਆਪਣੇ ਚੇਲਿਆਂ ਵੱਲ ਵੇਖ ਕੇ ਪਤਰਸ ਨੂੰ ਝਿੜਕਿਆ ਅਤੇ ਕਿਹਾ, ਹੇ ਸ਼ੈਤਾਨ ਮੇਰੇ ਕੋਲੋਂ ਦੂਰ ਹੋ ਜਾ ! ਕਿਉਂ ਜੋ ਤੂੰ ਪਰਮੇਸ਼ੁਰ ਦੀਆਂ ਨਹੀਂ, ਪਰ ਮਨੁੱਖਾਂ ਦੀਆਂ ਗੱਲਾਂ ਉੱਤੇ ਧਿਆਨ ਰੱਖਦਾ ਹੈਂ ।
ਯਿਸੂ ਦੇ ਪਿੱਛੇ ਚੱਲਣ ਦਾ ਅਰਥ
(ਮੱਤੀ 16:24-28, ਲੂਕਾ 9:23-27)

34ਤਦ ਪ੍ਰਭੂ ਯਿਸੂ ਨੇ ਭੀੜ ਨੂੰ ਆਪਣੇ ਚੇਲਿਆਂ ਸਣੇ ਕੋਲ ਬੁਲਾ ਕੇ ਉਨ੍ਹਾਂ ਨੂੰ ਆਖਿਆ, ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਉਹ ਆਪਣੇ ਆਪ ਦਾ ਇਨਕਾਰ ਕਰੇ ਅਤੇ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ ।
35ਕਿਉਂਕਿ ਜਿਹੜਾ ਆਪਣੀ ਜਾਨ ਬਚਾਉਣੀ ਚਾਹੇ ਉਹ ਉਸ ਨੂੰ ਗੁਆਵੇਗਾ ਪਰ ਜਿਹੜਾ ਮੇਰੇ ਅਤੇ ਖੁਸ਼ਖਬਰੀ ਦੇ ਲਈ ਆਪਣੀ ਜਾਨ ਗੁਆਵੇ ਉਹ ਉਸ ਨੂੰ ਬਚਾਵੇਗਾ ।36ਭਾਵੇਂ ਮਨੁੱਖ ਸਾਰੇ ਸੰਸਾਰ ਨੂੰ ਕਮਾ ਲਵੇ, ਅਤੇ ਆਪਣੀ ਹੀ ਜਾਨ ਨੂੰ ਗੁਆ ਲਵੇ ਤਾਂ ਉਸ ਨੂੰ ਕੀ ਲਾਭ ਹੋਵੇਗਾ ?37ਤਾਂ ਮਨੁੱਖ ਆਪਣੀ ਜਾਨ ਦੇ ਬਦਲੇ ਕੀ ਦੇਵੇ ?
38ਕਿਉਂਕਿ ਜੋ ਕੋਈ ਇਸ ਹਰਾਮਕਾਰ ਅਤੇ ਪਾਪੀ ਪੀਹੜੀ ਦੇ ਲੋਕਾਂ ਵਿੱਚ ਮੇਰੇ ਕੋਲੋਂ ਅਤੇ ਮੇਰਿਆਂ ਬਚਨਾਂ ਤੋਂ ਸ਼ਰਮਾਏਗਾ ਮਨੁੱਖ ਦਾ ਪੁੱਤਰ ਵੀ ਉਸ ਤੋਂ ਸ਼ਰਮਾਏਗਾ ਜਿਸ ਵੇਲੇ ਉਹ ਆਪਣੇ ਪਿਤਾ ਦੀ ਮਹਿਮਾ ਨਾਲ ਪਵਿੱਤਰ ਦੂਤਾਂ ਸਣੇ ਆਵੇਗਾ ।

9

1ਫੇਰ ਉਸ ਨੇ ਉਨ੍ਹਾਂ ਨੂੰ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਇਹਨਾਂ ਵਿੱਚੋਂ ਜਿਹੜੇ ਐਥੇ ਖੜ੍ਹੇ ਹਨ ਕਈ ਹਨ ਕਿ ਜਦ ਤੱਕ ਪਰਮੇਸ਼ੁਰ ਦੇ ਰਾਜ ਨੂੰ ਸਮਰੱਥਾ ਨਾਲ ਆਇਆ ਹੋਇਆ ਨਾ ਵੇਖ ਲੈਣ, ਤਦ ਤੱਕ ਮੌਤ ਦਾ ਸੁਆਦ ਨਾ ਚੱਖਣਗੇ ।

ਯਿਸੂ ਦੇ ਰੂਪ ਦਾ ਜਲਾਲੀ ਹੋ ਜਾਣਾ
(ਮੱਤੀ 17:1-13, ਲੂਕਾ 9:28-36)

2ਅਤੇ ਛੇ ਦਿਨਾਂ ਪਿੱਛੋਂ ਯਿਸੂ ਨੇ ਪਤਰਸ, ਯਾਕੂਬ ਅਤੇ ਯੂਹੰਨਾ ਨੂੰ ਨਾਲ ਲਿਆ ਅਤੇ ਉਨ੍ਹਾਂ ਨੂੰ ਇੱਕ ਉੱਚੇ ਪਹਾੜ ਉੱਤੇ ਇਕਾਂਤ ਵਿੱਚ ਅਲੱਗ ਲੈ ਗਿਆ ਅਤੇ ਉਸ ਦਾ ਰੂਪ ਉਨ੍ਹਾਂ ਦੇ ਸਾਹਮਣੇ ਬਦਲ ਗਿਆ ।3ਅਤੇ ਉਹ ਦੇ ਕੱਪੜੇ ਚਮਕਣ ਲੱਗੇ ਅਤੇ ਅਜਿਹੇ ਚਿੱਟੇ ਹੋ ਗਏ ਕਿ ਸੰਸਾਰ ਵਿੱਚ ਕੋਈ ਵੀ ਧੋਬੀ ਓਹੋ ਜਿਹੇ ਚਿੱਟੇ ਨਹੀਂ ਕਰ ਸਕਦਾ ।
4ਅਤੇ ਮੂਸਾ ਦੇ ਨਾਲ ਏਲੀਯਾਹ ਉਨ੍ਹਾਂ ਨੂੰ ਵਿਖਾਈ ਦਿੱਤਾ ਅਤੇ ਉਹ ਯਿਸੂ ਨਾਲ ਗੱਲਾਂ ਕਰਦੇ ਸਨ ।5ਪਤਰਸ ਨੇ ਯਿਸੂ ਨੂੰ ਅੱਗੋਂ ਆਖਿਆ, ਗੁਰੂ ਜੀ, ਸਾਡਾ ਐਥੇ ਰਹਿਣਾ ਚੰਗਾ ਹੈ, ਇਸ ਲਈ ਅਸੀਂ ਤਿੰਨ ਡੇਰੇ ਬਣਾਈਏ, ਇੱਕ ਤੁਹਾਡੇ ਲਈ, ਇੱਕ ਮੂਸਾ ਦੇ ਲਈ ਅਤੇ ਇੱਕ ਏਲੀਯਾਹ ਲਈ ।6ਕਿਉਂ ਜੋ ਉਹ ਨਹੀਂ ਜਾਣਦਾ ਸੀ ਜੋ ਕੀ ਉੱਤਰ ਦੇਵੇ, ਇਸ ਲਈ ਜੋ ਉਹ ਬਹੁਤ ਡਰ ਗਏ ਸਨ ।
7ਤਾਂ ਇੱਕ ਬੱਦਲ ਨੇ ਉਨ੍ਹਾਂ ਉੱਤੇ ਛਾਂ ਕੀਤੀ ਅਤੇ ਉਸ ਬੱਦਲ ਵਿੱਚੋਂ ਇੱਕ ਅਵਾਜ਼ ਆਈ ਕਿ ਇਹ ਮੇਰਾ ਪਿਆਰਾ ਪੁੱਤਰ ਹੈ, ਉਹ ਦੀ ਸੁਣੋ ।8ਅਤੇ ਉਨ੍ਹਾਂ ਨੇ ਅਚਾਨਕ ਚੁਫ਼ੇਰੇ ਨਜ਼ਰ ਕੀਤੀ, ਫੇਰ ਹੋਰ ਕਿਸੇ ਨੂੰ ਨਹੀਂ ਪਰ ਪ੍ਰਭੂ ਯਿਸੂ ਨੂੰ ਇਕੱਲਾ ਹੀ ਆਪਣੇ ਨਾਲ ਵੇਖਿਆ ।

9ਜਦੋਂ ਉਹ ਪਹਾੜੋਂ ਉੱਤਰੇ ਆਉਂਦੇ ਸਨ ਤਾਂ ਉਸ ਨੇ ਉਨ੍ਹਾਂ ਨੂੰ ਹੁਕਮ ਕੀਤਾ ਕਿ ਜਦ ਤੱਕ ਮਨੁੱਖ ਦਾ ਪੁੱਤਰ ਮੁਰਦਿਆਂ ਵਿੱਚੋਂ ਨਾ ਜੀ ਉੱਠੇ, ਤਦ ਤੱਕ ਜੋ ਕੁੱਝ ਤੁਸੀਂ ਵੇਖਿਆ ਕਿਸੇ ਨੂੰ ਨਾ ਦੱਸਣਾ ।10ਅਤੇ ਉਹ ਉਸ ਗੱਲ ਨੂੰ ਆਪਣੇ ਹੀ ਵਿੱਚ ਰੱਖ ਕੇ ਇੱਕ ਦੂਜੇ ਨਾਲ ਚਰਚਾ ਕਰਨ ਲੱਗੇ ਜੋ ਮੁਰਦਿਆਂ ਵਿੱਚੋਂ ਜੀ ਉੱਠਣ ਦਾ ਕੀ ਅਰਥ ਹੈ ?
11ਅਤੇ ਉਨ੍ਹਾਂ ਨੇ ਉਸ ਅੱਗੇ ਅਰਜ਼ ਕੀਤੀ ਕਿ ਉਪਦੇਸ਼ਕ ਕਿਉਂ ਆਖਦੇ ਹਨ ਕਿ ਏਲੀਯਾਹ ਦਾ ਪਹਿਲਾਂ ਆਉਣਾ ਜ਼ਰੂਰੀ ਹੈ ?12ਉਸ ਨੇ ਉਨ੍ਹਾਂ ਨੂੰ ਉਤਰ ਦਿੱਤਾ ਕਿ ਏਲੀਯਾਹ ਤਾਂ ਠੀਕ ਪਹਿਲਾਂ ਆਣ ਕੇ ਸਭ ਕੁੱਝ ਬਹਾਲ ਕਰੇਗਾ, ਪਰ ਮਨੁੱਖ ਦੇ ਪੁੱਤਰ ਦੇ ਹੱਕ ਵਿੱਚ ਇਹ ਕਿਉਂ ਲਿਖਿਆ ਹੈ ਜੋ ਉਹ ਬਹੁਤ ਦੁੱਖ ਝੱਲੇਗਾ ਅਤੇ ਤੁੱਛ ਗਿਣਿਆ ਜਾਵੇਗਾ ?13ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਏਲੀਯਾਹ ਤਾਂ ਆ ਚੁੱਕਿਆ, ਨਾਲੇ ਜਿਵੇਂ ਉਹ ਦੇ ਹੱਕ ਵਿੱਚ ਲਿਖਿਆ ਹੈ, ਉਨ੍ਹਾਂ ਨੇ ਉਹ ਦੇ ਨਾਲ ਜੋ ਚਾਹਿਆ ਸੋਈ ਕੀਤਾ ।
ਦੁਸ਼ਟ-ਆਤਮਾ ਦੇ ਜਕੜੇ ਹੋਏ ਮੁੰਡੇ ਨੂੰ ਚੰਗਾ ਕਰਨਾ
(ਮੱਤੀ 17:14-21, ਲੂਕਾ 9:37-43)

14ਜਦੋਂ ਪ੍ਰਭੂ ਯਿਸੂ ਚੇਲਿਆਂ ਦੇ ਕੋਲ ਆਏ ਤਾਂ ਉਨ੍ਹਾਂ ਦੇ ਚੁਫ਼ੇਰੇ ਵੱਡੀ ਭੀੜ ਅਤੇ ਉਨ੍ਹਾਂ ਨਾਲ ਉਪਦੇਸ਼ਕਾਂ ਨੂੰ ਵਾਦ-ਵਿਵਾਦ ਕਰਦੇ ਵੇਖਿਆ ।15ਅਤੇ ਝੱਟ ਸਾਰੀ ਭੀੜ ਉਹ ਨੂੰ ਵੇਖ ਕੇ ਹੈਰਾਨ ਹੋਈ ਅਤੇ ਲੋਕ ਉਸ ਦੇ ਕੋਲ ਭੱਜੇ ਅਤੇ ਉਸਦਾ ਸਵਾਗਤ ਕੀਤਾ ।16ਤਦ ਉਸ ਨੇ ਉਨ੍ਹਾਂ ਨੂੰ ਪੁੱਛਿਆ, ਤੁਸੀਂ ਇਨ੍ਹਾਂ ਨਾਲ ਕੀ ਸਵਾਲ-ਜ਼ਵਾਬ ਕਰਦੇ ਹੋ ?
17ਤਾਂ ਭੀੜ ਵਿੱਚੋਂ ਇੱਕ ਨੇ ਉਹ ਨੂੰ ਉੱਤਰ ਦਿੱਤਾ, ਗੁਰੂ ਜੀ ਮੈਂ ਆਪਣਾ ਪੁੱਤਰ ਜਿਹ ਨੂੰ ਗੂੰਗੀ ਆਤਮਾ ਚਿੰਬੜੀ ਹੋਈ ਹੈ, ਤੇਰੇ ਕੋਲ ਲਿਆਇਆ ਹਾਂ ।18ਅਤੇ ਉਹ ਜਿੱਥੇ ਕਿਤੇ ਉਸ ਨੂੰ ਫੜਦੀ ਹੈ ਉਸ ਨੂੰ ਪਟਕਾ ਦਿੰਦੀ ਹੈ ਅਤੇ ਉਹ ਝੱਗ ਛੱਡਦਾ ਅਤੇ ਦੰਦ ਪੀਂਹਦਾ ਅਤੇ ਕਮਜ਼ੋਰ ਹੁੰਦਾ ਜਾਂਦਾ ਹੈ, ਅਤੇ ਮੈਂ ਤੇਰੇ ਚੇਲਿਆਂ ਨੂੰ ਕਿਹਾ ਸੀ ਜੋ ਉਹ ਨੂੰ ਕੱਢ ਦੇਣ ਪਰ ਉਹ ਨਾ ਕੱਢ ਸਕੇ ।19ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਹੇ ਅਵਿਸ਼ਵਾਸੀ ਲੋਕੋ, ਮੈਂ ਕਦ ਤੱਕ ਤੁਹਾਡੇ ਨਾਲ ਰਹਾਂਗਾ ? ਅਤੇ ਕਦ ਤੱਕ ਤੁਹਾਡੀ ਸਹਾਂਗਾ ? ਉਹ ਨੂੰ ਮੇਰੇ ਕੋਲ ਲਿਆਓ !
20ਉਹ ਉਸ ਨੂੰ ਪ੍ਰਭੂ ਯਿਸੂ ਦੇ ਕੋਲ ਲਿਆਏ ਅਤੇ ਜਦੋਂ ਉਸ ਨੇ ਉਹ ਨੂੰ ਵੇਖਿਆ ਤਾਂ ਦੁਸ਼ਟ ਆਤਮਾ ਨੇ ਉਸੇ ਸਮੇਂ ਉਹ ਨੂੰ ਬਹੁਤ ਮਰੋੜਿਆ ਅਤੇ ਉਹ ਉਸੇ ਸਮੇਂ ਡਿੱਗ ਪਿਆ ਅਤੇ ਝੱਗ ਛੱਡਦਾ ਹੋਇਆ ਲੇਟਣ ਲੱਗਾ ।21ਉਸ ਨੇ ਉਹ ਦੇ ਪਿਤਾ ਨੂੰ ਪੁੱਛਿਆ, ਇਸ ਦਾ ਇਹ ਹਾਲ ਕਦੋਂ ਤੋਂ ਹੈ ? ਉਹ ਬੋਲਿਆ, ਛੋਟੇ ਹੁੰਦਿਆਂ ਹੀ ਤੋਂ ।22ਅਤੇ ਕਈ ਵਾਰੀ ਉਸ ਨੇ ਇਹ ਨੂੰ ਅੱਗ ਵਿੱਚ ਅਤੇ ਪਾਣੀ ਵਿੱਚ ਵੀ ਸੁੱਟਿਆ ਹੈ ਜੋ ਇਹ ਦਾ ਨਾਸ ਕਰੇ ਪਰ ਜੇ ਤੁਸੀਂ ਕੁੱਝ ਕਰ ਸਕਦੇ ਹੋ, ਤਾਂ ਸਾਡੇ ਉੱਤੇ ਤਰਸ ਖਾ ਕੇ ਸਾਡੀ ਸਹਾਇਤਾ ਕਰੋ ।
23ਯਿਸੂ ਨੇ ਉਹ ਨੂੰ ਆਖਿਆ, ਜੇ ਤੁਸੀਂ ਕਰ ਸਕਦੇ ਹੋ ਇਹ ਕੀ ਗੱਲ ਹੈ ! ਵਿਸ਼ਵਾਸ ਕਰਨ ਵਾਲਿਆ ਦੇ ਲਈ ਸੱਭੋ ਕੁੱਝ ਹੋ ਸਕਦਾ ਹੈ ।24ਉਸੇ ਵੇਲੇ ਉਸ ਬਾਲਕ ਦਾ ਪਿਤਾ ਉੱਚੀ ਅਵਾਜ਼ ਨਾਲ ਕਹਿਣ ਲੱਗਾ, ਮੈਂ ਵਿਸ਼ਵਾਸ ਕਰਦਾ ਹਾਂ, ਤੁਸੀਂ ਮੇਰੇ ਅਵਿਸ਼ਵਾਸ ਦਾ ਹੱਲ ਕਰੋ !25ਜਦੋਂ ਯਿਸੂ ਨੇ ਵੇਖਿਆ ਕਿ ਲੋਕ ਦੌੜ ਕੇ ਇਕੱਠੇ ਹੁੰਦੇ ਜਾਂਦੇ ਹਨ ਤਦ ਉਹ ਨੇ ਅਸ਼ੁੱਧ ਆਤਮਾ ਨੂੰ ਝਿੜਕਿਆ ਅਤੇ ਉਸ ਨੂੰ ਕਿਹਾ, ਹੇ ਗੂੰਗੀ ਬੋਲੀ ਆਤਮਾ ਮੈਂ ਮੈਨੂੰ ਹੁਕਮ ਦਿੰਦਾ ਹਾਂ ਜੋ ਇਸ ਵਿੱਚੋਂ ਨਿੱਕਲ ਜਾ ਅਤੇ ਫੇਰ ਕਦੇ ਇਸ ਵਿੱਚ ਨਾ ਵੜੀਂ !
26ਤਾਂ ਉਹ ਚੀਕ ਮਾਰ ਕੇ ਅਤੇ ਉਹ ਨੂੰ ਬਹੁਤ ਮਰੋੜ ਮਰਾੜ ਕੇ ਉਸ ਵਿੱਚੋਂ ਨਿੱਕਲ ਗਈ ਅਤੇ ਉਹ ਬਾਲਕ ਮੁਰਦਾ ਜਿਹਾ ਹੋ ਗਿਆ, ਐਥੋਂ ਤੱਕ ਜੋ ਬਹੁਤਿਆਂ ਨੇ ਕਿਹਾ, ਉਹ ਮਰ ਗਿਆ !27ਪਰ ਯਿਸੂ ਨੇ ਉਹ ਦਾ ਹੱਥ ਫੜ੍ਹ ਕੇ ਉਹ ਨੂੰ ਉੱਠਾ ਲਿਆ ਅਤੇ ਉਹ ਉੱਠ ਖੜ੍ਹਾ ਹੋਇਆ ।
28ਜਦੋਂ ਪ੍ਰਭੂ ਯਿਸੂ ਘਰ ਵਿੱਚ ਆਏ ਤਾਂ ਉਹ ਦੇ ਚੇਲਿਆਂ ਨੇ ਇਕਾਂਤ ਵਿੱਚ ਉਹ ਦੇ ਕੋਲ ਅਰਜ਼ ਕੀਤੀ ਕਿ ਅਸੀਂ ਉਹ ਨੂੰ ਕਿਉਂ ਨਾ ਕੱਢ ਸਕੇ ?29ਉਸ ਨੇ ਉਨ੍ਹਾਂ ਨੂੰ ਕਿਹਾ ਕਿ ਅਜਿਹੀ ਕਿਸਮ ਦੇ ਬੁਰੇ ਆਤਮੇ, ਪ੍ਰਾਰਥਨਾ ਅਤੇ ਵਰਤ ਤੋਂ ਬਿਨ੍ਹਾਂ ਨਹੀਂ ਨਿੱਕਲ ਸਕਦੇ ।
ਯਿਸੂ ਦੂਸਰੀ ਬਾਰ ਆਪਣੀ ਮੌਤ ਦੇ ਬਾਰੇ ਭਵਿੱਖਬਾਣੀ ਕਰਦਾ ਹੈ
(ਮੱਤੀ 17:22, 23, ਲੂਕਾ 9:43-45)

30ਫੇਰ ਉਹ ਉੱਥੋਂ ਤੁਰ ਪਏ, ਅਤੇ ਗਲੀਲ ਵਿੱਚੋਂ ਦੀ ਲੰਘ ਗਏ ਅਤੇ ਉਹ ਨਹੀਂ ਚਾਹੁੰਦਾ ਸੀ ਜੋ ਕਿਸੇ ਨੂੰ ਖ਼ਬਰ ਹੋਵੇ ।31ਇਸ ਲਈ ਕਿ ਉਹ ਆਪਣੇ ਚੇਲਿਆਂ ਨੂੰ ਸਿਖਾਉਂਦਾ ਅਤੇ ਉਨ੍ਹਾਂ ਨੂੰ ਕਹਿੰਦਾ ਸੀ ਕਿ ਮਨੁੱਖ ਦਾ ਪੁੱਤਰ ਮਨੁੱਖਾਂ ਦੇ ਹੱਥੀਂ ਫੜਵਾਇਆ ਜਾਵੇਗਾ, ਅਤੇ ਉਹ ਉਸ ਨੂੰ ਮਾਰ ਸੁੱਟਣਗੇ ਅਤੇ ਮਾਰੇ ਜਾਣ ਤੋਂ ਤਿੰਨ ਦਿਨ ਪਿੱਛੋਂ ਉਹ ਫਿਰ ਜੀ ਉੱਠੇਗਾ ।32ਉਨ੍ਹਾਂ ਨੇ ਇਹ ਗੱਲ ਨਾ ਸਮਝੀ ਪਰ ਉਹ ਦੇ ਪੁੱਛਣ ਤੋਂ ਡਰਦੇ ਸਨ ।
ਸਭ ਤੋਂ ਵੱਡਾ ਕੌਣ ਹੈ ?
(ਮੱਤੀ 18:1-5, ਲੂਕਾ 9:46-48)

33ਫੇਰ ਉਹ ਕਫ਼ਰਨਾਹੂਮ ਵਿੱਚ ਆਏ ਅਤੇ ਜਦੋਂ ਉਹ ਘਰ ਵਿੱਚ ਸੀ ਤਾਂ ਉਸ ਨੇ ਉਨ੍ਹਾਂ ਨੂੰ ਪੁੱਛਿਆ, ਤੁਸੀਂ ਰਾਹ ਵਿੱਚ ਕੀ ਗੱਲਬਾਤ ਕਰਦੇ ਸੀ ?34ਪਰ ਉਹ ਚੁੱਪ ਹੀ ਰਹੇ ਇਸ ਲਈ ਜੋ ਉਨ੍ਹਾਂ ਨੇ ਰਾਹ ਵਿੱਚ ਇੱਕ ਦੂਜੇ ਨਾਲ ਇਹ ਬਹਿਸ ਕੀਤੀ ਸੀ, ਜੋ ਸਾਡੇ ਵਿੱਚੋਂ ਵੱਡਾ ਕੌਣ ਹੈ ?35ਫੇਰ ਉਹ ਨੇ ਬੈਠ ਕੇ ਉਨ੍ਹਾਂ ਬਾਰਾਂ ਨੂੰ ਸੱਦਿਆ ਅਤੇ ਉਨ੍ਹਾਂ ਨੂੰ ਕਿਹਾ, ਜੇ ਕੋਈ ਵੱਡਾ ਹੋਣਾ ਚਾਹੇ ਤਾਂ ਉਹ ਸਭਨਾਂ ਤੋਂ ਛੋਟਾ ਅਤੇ ਸਭਨਾਂ ਦਾ ਸੇਵਕ ਬਣੇ ।
36ਅਤੇ ਇੱਕ ਛੋਟੇ ਬਾਲਕ ਨੂੰ ਲੈ ਕੇ ਉਸ ਨੂੰ ਉਨ੍ਹਾਂ ਦੇ ਵਿਚਕਾਰ ਖੜ੍ਹਾ ਕੀਤਾ । ਫੇਰ ਉਸ ਨੂੰ ਗੋਦੀ ਚੁੱਕ ਕੇ ਉਨ੍ਹਾਂ ਨੂੰ ਕਿਹਾ,37ਜੋ ਕੋਈ ਮੇਰੇ ਨਾਮ ਕਰ ਕੇ ਅਜਿਹੀਆਂ ਬਾਲਕ ਵਿੱਚੋਂ ਇੱਕ ਨੂੰ ਕਬੂਲ ਕਰੇ ਸੋ ਮੈਨੂੰ ਕਬੂਲ ਕਰਦਾ ਹੈ ਅਤੇ ਜੋ ਕੋਈ ਮੈਨੂੰ ਕਬੂਲ ਕਰੇ ਸੋ ਮੈਨੂੰ ਨਹੀਂ ਸਗੋਂ ਮੇਰੇ ਭੇਜਣ ਵਾਲੇ ਨੂੰ ਕਬੂਲ ਕਰਦਾ ਹੈ ।
ਜਿਹੜਾ ਵਿਰੋਧ ਵਿੱਚ ਨਹੀਂ ਉਹ ਨਾਲ ਹੈ
(ਲੂਕਾ 9:49, 50)

38ਯੂਹੰਨਾ ਨੇ ਉਸ ਨੂੰ ਆਖਿਆ, ਗੁਰੂ ਜੀ, ਅਸੀਂ ਇੱਕ ਮਨੁੱਖ ਨੂੰ ਤੇਰੇ ਨਾਮ ਨਾਲ ਭੂਤ ਕੱਢਦੇ ਵੇਖਿਆ ਅਤੇ ਉਹ ਨੂੰ ਰੋਕਿਆ ਕਿਉਂਕਿ ਉਹ ਸਾਡੇ ਪਿੱਛੇ ਨਹੀਂ ਚੱਲਦਾ ।39ਪਰ ਯਿਸੂ ਨੇ ਉਨ੍ਹਾ ਨੂੰ ਕਿਹਾ, ਉਹ ਨੂੰ ਨਾ ਰੋਕੋ ਕਿਉਂਕਿ ਅਜਿਹਾ ਕੋਈ ਨਹੀਂ ਜੋ ਮੇਰਾ ਨਾਮ ਲੈ ਕੇ ਚਮਤਕਾਰ ਕਰੇ ਅਤੇ ਛੇਤੀ ਮੈਨੂੰ ਬੁਰਾ ਕਹਿ ਸਕੇ ।
40ਜਿਹੜਾ ਸਾਡੇ ਵਿਰੁੱਧ ਨਹੀਂ ਉਹ ਸਾਡੀ ਵੱਲ ਹੈ ।41ਇਸ ਲਈ ਕਿ ਜਿਹੜਾ ਤੁਹਾਨੂੰ ਇੱਕ ਗਿਲਾਸ ਪਾਣੀ ਦਾ ਪੀਣ ਨੂੰ ਦੇਵੇ ਇਸ ਕਰ ਕੇ ਜੋ ਤੁਸੀਂ ਮਸੀਹ ਦੇ ਹੋ, ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਉਹ ਆਪਣਾ ਫਲ ਪਾਏ ਬਿਨ੍ਹਾਂ ਕਦੇ ਨਾ ਰਹੇਗਾ ।
ਠੋਕਰ ਦਾ ਕਾਰਨ ਬਣਨਾ
(ਮੱਤੀ 18:6-9, ਲੂਕਾ 17:1, 2)

42ਅਤੇ ਜੋ ਕੋਈ ਇਹਨਾਂ ਛੋਟਿਆਂ ਵਿੱਚੋਂ ਜਿਹੜੇ ਮੇਰੇ ਉੱਤੇ ਵਿਸ਼ਵਾਸ ਕਰਦੇ ਹਨ ਇੱਕ ਨੂੰ ਠੋਕਰ ਖੁਆਵੇ ਉਹ ਦੇ ਲਈ ਭਲਾ ਹੁੰਦਾ ਜੋ ਚੱਕੀ ਦਾ ਪੁੜ ਉਹ ਦੇ ਗਲ਼ ਵਿੱਚ ਬੰਨ੍ਹਿਆ ਜਾਂਦਾ ਅਤੇ ਉਹ ਸਮੁੰਦਰ ਵਿੱਚ ਸੁੱਟਿਆ ਜਾਂਦਾ !43ਅਤੇ ਜੇ ਤੇਰਾ ਹੱਥ ਤੇਰੇ ਕੋਲੋਂ ਪਾਪ ਕਰਾਵੇ ਤਾਂ ਉਸ ਨੂੰ ਵੱਢ ਕੇ ਸੁੱਟ ਦੇ । ਟੁੰਡਾ ਹੋ ਕੇ ਜੀਉਣ ਵਿੱਚ ਵੜਨਾ, ਤੇਰੇ ਲਈ ਇਸ ਨਾਲੋਂ ਚੰਗਾ ਹੈ ਜੋ ਦੋ ਹੱਥ ਹੁੰਦਿਆਂ ਤੂੰ ਨਰਕ ਵਿੱਚ ਉਸ ਅੱਗ ਵਿੱਚ ਜਾਵੇਂ, ਜਿਹੜੀ ਬੁਝਣ ਵਾਲੀ ਨਹੀਂ ।44ਉੱਥੋਂ ਦਾ ਕੀੜਾ ਕਦੇ ਨਹੀਂ ਮਰਦਾ ਅਤੇ ਉੱਥੋਂ ਦੀ ਅੱਗ ਕਦੇ ਨਹੀਂ ਬੁਝਦੀ ।
45ਅਤੇ ਜੇ ਤੇਰਾ ਪੈਰ ਤੈਨੂੰ ਠੋਕਰ ਖੁਆਵੇ ਤਾਂ ਉਹ ਨੂੰ ਵੱਢ ਕੇ ਸੁੱਟ ਦੇ । ਲੰਗੜਾ ਹੋ ਕੇ ਜੀਉਣ ਵਿੱਚ ਵੜਨਾ ਤੇਰੇ ਲਈ ਇਸ ਨਾਲੋਂ ਚੰਗਾ ਹੈ ਜੋ ਦੋ ਪੈਰ ਹੁੰਦਿਆਂ ਤੂੰ ਨਰਕ ਵਿੱਚ ਸੁੱਟਿਆ ਜਾਵੇਂ ।46ਉੱਥੋਂ ਦਾ ਕੀੜਾ ਕਦੇ ਨਹੀਂ ਮਰਦਾ ਅਤੇ ਉੱਥੋਂ ਦੀ ਅੱਗ ਕਦੇ ਨਹੀਂ ਬੁਝਦੀ ।
47ਅਤੇ ਜੇ ਤੇਰੀ ਅੱਖ ਤੇਰੇ ਤੋਂ ਪਾਪ ਕਰਾਵੇ ਤਾਂ ਉਸ ਨੂੰ ਕੱਢ ਕੇ ਸੁੱਟ ਦੇ । ਇੱਕ ਅੱਖ ਨਾਲ ਪਰਮੇਸ਼ੁਰ ਦੇ ਰਾਜ ਵਿੱਚ ਵੜਨਾ ਤੇਰੇ ਲਈ ਇਸ ਨਾਲੋਂ ਚੰਗਾ ਹੈ, ਜੋ ਦੋ ਅੱਖਾਂ ਹੁੰਦਿਆਂ ਤੂੰ ਨਰਕ ਵਿੱਚ ਸੁੱਟਿਆ ਜਾਵੇਂ ।48ਉੱਥੋਂ ਦਾ ਕੀੜਾ ਕਦੇ ਨਹੀਂ ਮਰਦਾ ਅਤੇ ਉੱਥੋਂ ਦੀ ਅੱਗ ਕਦੇ ਨਹੀਂ ਬੁਝਦੀ ।
49ਕਿਉਂਕਿ ਹਰ ਇੱਕ ਜਨ ਅੱਗ ਨਾਲ ਸਲੂਣਾ ਕੀਤਾ ਜਾਵੇਗਾ ।50ਲੂਣ ਚੰਗਾ ਹੈ, ਪਰ ਜੇ ਲੂਣ ਬੇਸੁਆਦ ਜੋ ਜਾਏ ਤਾਂ ਤੁਸੀਂ ਉਹ ਨੂੰ ਕਿਵੇਂ ਸਲੂਣਾ ਕਰੋਗੇ ? ਇਸ ਲਈ ਆਪਣੇ ਵਿੱਚ ਲੂਣ ਰੱਖੋ ਅਤੇ ਇੱਕ ਦੂਜੇ ਨਾਲ ਮਿਲੇ ਰਹੋ ।

10
ਤਲਾਕ ਦੇ ਬਾਰੇ ਯਿਸੂ ਦੀ ਸਿੱਖਿਆ
(ਮੱਤੀ 19:1-12, ਲੂਕਾ 16:18)

1ਫੇਰ ਪ੍ਰਭੂ ਯਿਸੂ ਉੱਥੋਂ ਉੱਠ ਕੇ ਯਹੂਦਿਯਾ ਦੀਆਂ ਹੱਦਾਂ ਵਿੱਚ ਅਤੇ ਯਰਦਨ ਦੇ ਪਾਰ ਪਹੁੰਚੇ ਅਤੇ ਬਹੁਤ ਲੋਕ ਉਨ੍ਹਾ ਦੇ ਕੋਲ ਫੇਰ ਆਣ ਇਕੱਠੇ ਹੋਏ ਅਤੇ ਉਹ ਆਪਣੇ ਦਸਤੂਰ ਅਨੁਸਾਰ ਫੇਰ ਉਨ੍ਹਾਂ ਨੂੰ ਉਪਦੇਸ਼ ਦੇਣ ਲੱਗਾ ।2ਫ਼ਰੀਸੀਆਂ ਨੇ ਕੋਲ ਆ ਕੇ ਉਸ ਦੀ ਪ੍ਰੀਖਿਆ ਲੈਣ ਲਈ ਉਹ ਨੂੰ ਪੁੱਛਿਆ, ਭਲਾ, ਇਹ ਯੋਗ ਹੈ ਜੋ ਆਦਮੀ ਆਪਣੀ ਪਤਨੀ ਨੂੰ ਤਿਆਗ ਦੇਵੇ ?3ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਮੂਸਾ ਨੇ ਤੁਹਾਨੂੰ ਇਸ ਬਾਰੇ ਕੀ ਹੁਕਮ ਦਿੱਤਾ ?4ਉਹ ਬੋਲੇ, ਮੂਸਾ ਨੇ ਤਾਂ ਸਾਨੂੰ ਇਜ਼ਾਜਤ ਦਿੱਤੀ ਹੈ, ਜੋ ਆਦਮੀ ਤਿਆਗ ਪੱਤਰ ਲਿਖ ਕੇ ਤਿਆਗ ਦੇਵੇ ।

5ਪ੍ਰਭੂ ਯਿਸੂ ਨੇ ਉਨ੍ਹਾਂ ਨੂੰ ਆਖਿਆ, ਉਹ ਨੇ ਤੁਹਾਡੀ ਸਖ਼ਤ ਦਿਲੀ ਦੇ ਕਾਰਨ ਤੁਹਾਡੇ ਲਈ ਇਹ ਹੁਕਮ ਲਿਖਿਆ ।6ਪਰ ਸ੍ਰਿਸ਼ਟੀ ਦੇ ਮੁੱਢੋਂ ਪਰਮੇਸ਼ੁਰ ਨੇ ਉਨ੍ਹਾਂ ਨੂੰ ਨਰ ਅਤੇ ਨਾਰੀ ਬਣਾਇਆ ਸੀ ।
7ਇਸ ਕਾਰਨ ਮਰਦ ਆਪਣੇ ਮਾਪੇ ਛੱਡ ਕੇ ਆਪਣੀ ਪਤਨੀ ਨਾਲ ਮਿਲਿਆ ਰਹੇਗਾ ਅਤੇ ਉਹ ਦੋਵੇਂ ਇੱਕ ਸਰੀਰ ਹੋਣਗੇ ।8ਸੋ ਉਹ ਹੁਣ ਦੋ ਨਹੀਂ ਪਰ ਇੱਕੋ ਹੀ ਸਰੀਰ ਹਨ ।9ਇਸ ਲਈ ਜਿਹਨਾਂ ਨੂੰ ਪਰਮੇਸ਼ੁਰ ਨੇ ਜੋੜਿਆ ਹੈ, ਮਨੁੱਖ ਉਸ ਨੂੰ ਵੱਖ ਨਾ ਕਰੇ ।
10ਫੇਰ ਘਰ ਵਿੱਚ ਚੇਲਿਆਂ ਨੇ ਇਸ ਗੱਲ ਦੇ ਬਾਰੇ ਪ੍ਰਭੂ ਨੂੰ ਫਿਰ ਪੁੱਛਿਆ ।11ਤਾਂ ਉਸ ਨੇ ਉਨ੍ਹਾਂ ਨੂੰ ਆਖਿਆ, ਜੋ ਕੋਈ ਆਪਣੀ ਪਤਨੀ ਨੂੰ ਤਿਆਗ ਦੇਵੇ ਅਤੇ ਦੂਸਰੀ ਨਾਲ ਵਿਆਹ ਕਰੇ ਉਹ ਉਸ ਨੇ ਵਿਰੁੱਧ ਵਿਭਚਾਰ ਕਰਦਾ ਹੈ ।12ਅਤੇ ਜੇ ਪਤਨੀ ਆਪਣੇ ਪਤੀ ਨੂੰ ਤਿਆਗ ਕੇ ਦੂਜੇ ਨਾਲ ਵਿਆਹ ਕਰੇ ਤਾਂ ਉਹ ਵੀ ਵਿਭਚਾਰ ਕਰਦੀ ਹੈ ।
ਛੋਟੇ ਬੱਚੇ ਅਤੇ ਯਿਸੂ
(ਮੱਤੀ 19:13-15, ਲੂਕਾ 18-15-17)

13ਫੇਰ ਲੋਕ ਆਪਣੇ ਛੋਟੇ ਬੱਚਿਆਂ ਨੂੰ ਉਹ ਦੇ ਕੋਲ ਲਿਆਏ ਤਾਂ ਜੋ ਉਹ ਉਨ੍ਹਾਂ ਉੱਤੇ ਹੱਥ ਰੱਖੇ, ਪਰ ਚੇਲਿਆਂ ਨੇ ਉਨ੍ਹਾਂ ਨੂੰ ਝਿੜਕਿਆ ।14ਤਾਂ ਪ੍ਰਭੂ ਯਿਸੂ ਇਹ ਵੇਖ ਕੇ ਬਹੁਤ ਨਰਾਜ਼ ਹੋਏ ਅਤੇ ਉਨ੍ਹਾਂ ਨੂੰ ਆਖਿਆ, ਛੋਟਿਆਂ ਬੱਚਿਆਂ ਨੂੰ ਮੇਰੇ ਕੋਲ ਆਉਣ ਦਿਓ । ਅਤੇ ਉਨ੍ਹਾਂ ਨੂੰ ਨਾ ਰੋਕੋ, ਕਿਉਂ ਜੋ ਪਰਮੇਸ਼ੁਰ ਦਾ ਰਾਜ ਇਹੋ ਜਿਹਿਆਂ ਦਾ ਹੀ ਹੈ ।
15ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜੋ ਕੋਈ ਪਰਮੇਸ਼ੁਰ ਦੇ ਰਾਜ ਨੂੰ ਛੋਟੇ ਬੱਚੇ ਦੀ ਤਰ੍ਹਾਂ ਕਬੂਲ ਨਾ ਕਰੇ ਉਹ ਉਸ ਵਿੱਚ ਕਦੇ ਨਾ ਵੜੇਗਾ ।16ਅਤੇ ਉਸ ਨੇ ਉਨ੍ਹਾਂ ਨੂੰ ਗੋਦ ਵਿੱਚ ਲਿਆ ਅਤੇ ਉਨ੍ਹਾਂ ਉੱਤੇ ਹੱਥ ਰੱਖ ਕੇ ਉਨ੍ਹਾਂ ਨੂੰ ਬਰਕਤ ਦਿੱਤੀ ।
ਧਨੀ ਜੁਆਨ ਅਤੇ ਸਦੀਪਕ ਜੀਵਨ
(ਮੱਤੀ 19:16-30, ਲੂਕਾ 18:18-30)

17ਜਦ ਪ੍ਰਭੂ ਯਿਸੂ ਬਾਹਰ ਨਿੱਕਲ ਕੇ ਰਾਹ ਵੱਲ ਚਲੇ ਜਾਂਦੇ ਸਨ, ਤਾਂ ਇੱਕ ਮਨੁੱਖ ਉਹ ਦੇ ਕੋਲ ਦੌੜਿਆ ਆਇਆ ਅਤੇ ਉਹ ਦੇ ਅੱਗੇ ਗੋਡੇ ਟੇਕ ਕੇ ਉਹ ਨੂੰ ਪੁੱਛਿਆ, ਹੇ ਉੱਤਮ ਗੁਰੂ, ਮੈਂ ਅਜਿਹਾ ਕੀ ਕਰਾਂ ਜੋ ਸਦੀਪਕ ਜੀਵਨ ਦਾ ਅਧਿਕਾਰੀ ਹੋਵਾਂ ?18ਯਿਸੂ ਨੇ ਉਹ ਨੂੰ ਆਖਿਆ, ਤੂੰ ਮੈਨੂੰ ਉੱਤਮ ਕਿਉਂ ਕਹਿੰਦਾ ਹੈਂ ? ਉੱਤਮ ਕੋਈ ਨਹੀਂ, ਪਰ ਕੇਵਲ ਇੱਕੋ ਪਰਮੇਸ਼ੁਰ ।19ਤੂੰ ਹੁਕਮਾਂ ਨੂੰ ਜਾਣਦਾ ਹੈਂ ਕਿ ਖੂਨ ਨਾ ਕਰ, ਵਿਭਚਾਰ ਨਾ ਕਰ, ਚੋਰੀ ਨਾ ਕਰ, ਝੂਠੀ ਗਵਾਹੀ ਨਾ ਦੇ, ਠੱਗੀ ਨਾ ਕਰ, ਆਪਣੇ ਮਾਤਾ-ਪਿਤਾ ਦਾ ਆਦਰ ਕਰ ।
20ਉਸ ਨੇ ਉਹ ਨੂੰ ਕਿਹਾ, ਗੁਰੂ ਜੀ, ਮੈਂ ਆਪਣੇ ਬਚਪਨ ਤੋਂ ਇਨ੍ਹਾਂ ਸਭਨਾਂ ਨੂੰ ਮੰਨਦਾ ਆਇਆ ਹਾਂ ।21ਯਿਸੂ ਨੇ ਉਹ ਦੀ ਵੱਲ ਵੇਖ ਕੇ ਉਹ ਨੂੰ ਪਿਆਰ ਕੀਤਾ ਅਤੇ ਉਹ ਨੂੰ ਕਿਹਾ, ਤੇਰੇ ਵਿੱਚ ਇੱਕ ਗੱਲ ਦੀ ਕਮੀ ਹੈ । ਜਾ ਅਤੇ ਜੋ ਕੁੱਝ ਤੇਰਾ ਹੈ, ਸੋ ਵੇਚ ਅਤੇ ਕੰਗਾਲਾਂ ਨੂੰ ਵੰਡ ਦੇ ਤਾਂ ਤੈਨੂੰ ਸਵਰਗ ਵਿੱਚ ਧਨ ਮਿਲੇਗਾ ਅਤੇ ਆ, ਮੇਰੇ ਪਿੱਛੇ ਹੋ ਤੁਰ ।22ਪਰ ਇਸ ਗੱਲ ਤੋਂ ਉਸ ਦੇ ਚਿਹਰੇ ਤੇ ਉਦਾਸੀ ਛਾ ਗਈ ਅਤੇ ਉਹ ਉਦਾਸ ਹੋ ਕੇ ਚੱਲਿਆ ਗਿਆ ਕਿਉਂ ਜੋ ਉਹ ਵੱਡਾ ਧਨਵਾਨ ਸੀ ।
23ਤਦ ਯਿਸੂ ਨੇ ਚੁਫ਼ੇਰੇ ਨਿਗਾਹ ਕਰ ਕੇ ਆਪਣੇ ਚੇਲਿਆਂ ਨੂੰ ਕਿਹਾ, ਅਮੀਰਾਂ ਦਾ ਪਰਮੇਸ਼ੁਰ ਦੇ ਰਾਜ ਵਿੱਚ ਵੜਨਾ ਕਿੰਨ੍ਹਾਂ ਹੀ ਔਖਾ ਹੋਵੇਗਾ !24ਚੇਲੇ ਉਹ ਦੀਆਂ ਗੱਲਾਂ ਤੋਂ ਹੈਰਾਨ ਹੋਏ, ਪਰ ਯਿਸੂ ਨੇ ਉਨ੍ਹਾਂ ਨੂੰ ਫੇਰ ਕਿਹਾ, ਹੇ ਬਾਲਕੋ, ਜਿਹੜੇ ਧਨ ਉੱਤੇ ਭਰੋਸਾ ਰੱਖਦੇ ਹਨ ਉਨ੍ਹਾਂ ਲਈ ਪਰਮੇਸ਼ੁਰ ਦੇ ਰਾਜ ਵਿੱਚ ਵੜਨਾ ਕਿੰਨ੍ਹਾਂ ਹੀ ਔਖਾ ਹੈ !25ਪਰਮੇਸ਼ੁਰ ਦੇ ਰਾਜ ਵਿੱਚ ਧਨਵਾਨ ਦੇ ਵੜਨ ਨਾਲੋਂ ਊਠ ਦਾ ਸੂਈ ਦੇ ਨੱਕੇ ਵਿੱਚੋਂ ਦੀ ਲੰਘਣਾ ਸੌਖਾ ਹੈ ।
26ਉਹ ਬਹੁਤ ਹੀ ਹੈਰਾਨ ਹੋ ਕੇ ਆਪੋ ਵਿੱਚ ਕਹਿਣ ਲੱਗੇ, ਤਾਂ ਫਿਰ ਕੌਣ ਮੁਕਤੀ ਪਾ ਸਕਦਾ ਹੈ ?27ਯਿਸੂ ਨੇ ਉਨ੍ਹਾਂ ਵੱਲ ਵੇਖ ਕੇ ਆਖਿਆ, ਮਨੁੱਖਾਂ ਕੋਲੋਂ ਇਹ ਅਣਹੋਣਾ ਹੈ ਪਰ ਪਰਮੇਸ਼ੁਰ ਕੋਲੋਂ ਨਹੀਂ ਕਿਉਂਕਿ ਪਰਮੇਸ਼ੁਰ ਕੋਲੋਂ ਸਭ ਕੁੱਝ ਹੋ ਸਕਦਾ ਹੈ ।28ਤਦ ਪਤਰਸ ਨੇ ਪ੍ਰਭੂ ਯਿਸੂ ਨੂੰ ਆਖਿਆ, ਵੇਖੋ ਅਸੀਂ ਸੱਭੋ ਕੁੱਝ ਛੱਡ ਕੇ ਤੇਰੇ ਪਿੱਛੇ ਹੋ ਤੁਰੇ ਹਾਂ ।
29ਯਿਸੂ ਨੇ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਹਾਂ ਅਜਿਹਾ ਕੋਈ ਨਹੀਂ ਜਿਸ ਨੇ ਘਰ, ਭਾਈਆਂ, ਭੈਣਾਂ, ਮਾਤਾ, ਪਿਤਾ, ਬਾਲ ਬੱਚਿਆਂ ਜਾਂ ਜ਼ਮੀਨਾਂ ਨੂੰ ਮੇਰੇ ਅਤੇ ਮੇਰੀ ਖੁਸ਼ਖਬਰੀ ਦੇ ਲਈ ਛੱਡਿਆ ਹੋਵੇ ।30ਅਤੇ ਹੁਣ ਇਸ ਸਮੇਂ ਵਿੱਚ ਸੌ ਗੁਣਾ ਨਾ ਪਾਵੇ, ਘਰ ਅਤੇ ਭਾਈ ਭੈਣਾਂ ਅਤੇ ਮਾਵਾਂ ਅਤੇ ਬਾਲ ਬੱਚੇ ਅਤੇ ਜ਼ਮੀਨਾਂ ਨੂੰ ਪਰ ਦੁੱਖਾਂ ਨਾਲ ਅਤੇ ਅਗਲੇ ਯੁੱਗ ਵਿੱਚ ਸਦੀਪਕ ਜੀਵਨ ।31ਪਰ ਬਥੇਰੇ ਜੋ ਪਹਿਲੇ ਹਨ ਸੋ ਪਿਛਲੇ ਹੋਣਗੇ ਅਤੇ ਪਿਛਲੇ, ਪਹਿਲੇ ।
ਯਿਸੂ ਆਪਣੀ ਮੌਤ ਦੇ ਬਾਰੇ ਤੀਸਰੀ ਵਾਰ ਭਵਿੱਖਬਾਣੀ ਕਰਦਾ ਹੈ
(ਮੱਤੀ 20:17-19, ਲੂਕਾ 18:31-34)

32ਉਹ ਯਰੂਸ਼ਲਮ ਨੂੰ ਜਾਣ ਵਾਲੇ ਰਾਹ ਉੱਤੇ ਸਨ ਅਤੇ ਪ੍ਰਭੂ ਯਿਸੂ ਉਨ੍ਹਾਂ ਦੇ ਅੱਗੇ-ਅੱਗੇ ਤੁਰਿਆ ਜਾਂਦਾ ਸੀ ਅਤੇ ਉਹ ਹੈਰਾਨ ਹੋਏ ਅਤੇ ਜੋ ਉਨ੍ਹਾ ਦੇ ਪਿੱਛੇ-ਪਿੱਛੇ ਚੱਲਦੇ ਸਨ ਉਹ ਡਰਨ ਲੱਗੇ ਅਤੇ ਫੇਰ ਉਹ ਉਨ੍ਹਾਂ ਬਾਰਾਂ ਨੂੰ ਲੈ ਕੇ ਜੋ ਕੁੱਝ ਉਸ ਉੱਤੇ ਬੀਤਣਾ ਸੀ ਉਨ੍ਹਾਂ ਨੂੰ ਦੱਸਣ ਲੱਗਾ ।33ਕਿ ਵੇਖੋ ਅਸੀਂ ਯਰੂਸ਼ਲਮ ਨੂੰ ਜਾਂਦੇ ਹਾਂ ਅਤੇ ਮਨੁੱਖ ਦਾ ਪੁੱਤਰ ਮੁੱਖ ਜਾਜਕਾਂ ਅਤੇ ਉਪਦੇਸ਼ਕਾਂ ਦੇ ਹੱਥ ਫੜਵਾਇਆ ਜਾਵੇਗਾ ਅਤੇ ਉਹ ਉਸ ਨੂੰ ਮਾਰ ਸੁੱਟਣ ਦਾ ਹੁਕਮ ਦੇਣਗੇ ਅਤੇ ਉਸ ਨੂੰ ਪਰਾਈਆਂ ਕੌਮਾਂ ਦੇ ਹਵਾਲੇ ਕਰਨਗੇ ।34ਉਹ ਉਸ ਨੂੰ ਬੇਇੱਜ਼ਤ ਕਰਨਗੇ ਅਤੇ ਉਸ ਉੱਤੇ ਥੁੱਕਣਗੇ ਅਤੇ ਕੋਰੜੇ ਮਾਰਨਗੇ ਅਤੇ ਮਾਰ ਸੁੱਟਣਗੇ ਪਰ ਉਹ ਤਿੰਨਾਂ ਦਿਨਾਂ ਪਿੱਛੋਂ ਫੇਰ ਜੀ ਉੱਠੇਗਾ ।
ਯਾਕੂਬ ਅਤੇ ਯੂਹੰਨਾ ਦੀ ਬੇਨਤੀ
(ਮੱਤੀ 20:20-28)

35ਤਦ ਜ਼ਬਦੀ ਦੇ ਪੁੱਤਰ ਯਾਕੂਬ ਅਤੇ ਯੂਹੰਨਾ ਉਸ ਦੇ ਕੋਲ ਆਣ ਕੇ ਉਹ ਨੂੰ ਕਹਿਣ ਲੱਗੇ, ਗੁਰੂ ਜੀ, ਅਸੀਂ ਚਾਹੁੰਦੇ ਹਾਂ ਕਿ ਜੋ ਕੁੱਝ ਅਸੀਂ ਤੇਰੇ ਕੋਲੋਂ ਮੰਗੀਏ ਤੂੰ ਸੋਈ ਸਾਡੇ ਲਈ ਕਰੇਂ ।36ਉਸ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਕੀ ਚਾਹੁੰਦੇ ਹੋ ਜੋ ਮੈਂ ਤੁਹਾਡੇ ਲਈ ਕਰਾਂ ?37ਉਨ੍ਹਾਂ ਨੇ ਉਸ ਨੂੰ ਕਿਹਾ, ਸਾਨੂੰ ਇਹ ਬਖ਼ਸ਼ ਕਿ ਅਸੀਂ ਤੇਰੀ ਮਹਿਮਾ ਵਿੱਚ ਇੱਕ ਤੇਰੇ ਸੱਜੇ ਅਤੇ ਇੱਕ ਤੇਰੇ ਖੱਬੇ ਬੈਠੀਏ ।
38ਯਿਸੂ ਨੇ ਉਨ੍ਹਾਂ ਨੂੰ ਕਿਹਾ, ਤੁਸੀਂ ਨਹੀਂ ਜਾਣਦੇ ਜੋ ਕੀ ਮੰਗਦੇ ਹੋ । ਭਲਾ, ਉਹ ਪਿਆਲਾ ਜਿਹੜਾ ਮੈਂ ਪੀਣਾ ਹੈ ਤੁਸੀਂ ਪੀ ਸਕਦੇ ਹੋ ਜਾਂ ਉਹ ਬਪਤਿਸਮਾ ਜਿਹੜਾ ਮੈਂ ਲੈਣਾ ਹੈ ਤੁਸੀਂ ਲੈ ਸਕਦੇ ਹੋ ?39ਉਨ੍ਹਾਂ ਉਸ ਨੂੰ ਆਖਿਆ, ਸਾਡੇ ਤੋਂ ਹੋ ਸਕਦਾ ਹੈ । ਯਿਸੂ ਨੇ ਉਨ੍ਹਾਂ ਨੂੰ ਕਿਹਾ, ਉਹ ਪਿਆਲਾ ਜਿਹੜਾ ਮੈਂ ਪੀਣਾ ਹੈ ਤੁਸੀਂ ਤਾਂ ਪੀਓਗੇ ਅਤੇ ਉਹ ਬਪਤਿਸਮਾ ਜਿਹੜਾ ਮੈਂ ਲੈਣਾ ਹੈ ਤੁਸੀਂ ਲਵੋਗੇ ।40ਪਰ ਸੱਜੇ ਖੱਬੇ ਬਿਠਾਉਣਾ ਮੇਰਾ ਕੰਮ ਨਹੀਂ ਪਰ ਉਨ੍ਹਾਂ ਲਈ ਹੈ ਜਿਨ੍ਹਾਂ ਲਈ ਤਿਆਰ ਕੀਤਾ ਗਿਆ ਹੈ ।
41ਜਦੋਂ ਬਾਕੀ ਦਸ ਚੇਲਿਆਂ ਨੇ ਇਹ ਸੁਣਿਆ ਤਾਂ ਉਹ ਯਾਕੂਬ ਅਤੇ ਯੂਹੰਨਾ ਉੱਤੇ ਖਿਝਣ ਲੱਗੇ ।42ਤਦੋਂ ਯਿਸੂ ਨੇ ਉਨ੍ਹਾਂ ਨੂੰ ਆਪਣੇ ਕੋਲ ਸੱਦਿਆ ਅਤੇ ਉਨ੍ਹਾਂ ਨੂੰ ਆਖਿਆ, ਤੁਸੀਂ ਜਾਣਦੇ ਹੋ ਕਿ ਜਿਹੜੇ ਪਰਾਈਆਂ ਕੌਮਾਂ ਦੇ ਵਿੱਚ ਹਾਕਮ ਗਿਣੇ ਜਾਂਦੇ ਹਨ ਉਹ ਉਨ੍ਹਾਂ ਉੱਤੇ ਹੁਕਮ ਚਲਾਉਂਦੇ ਹਨ ਅਤੇ ਉਨ੍ਹਾਂ ਦੇ ਸਰਦਾਰ ਉਨ੍ਹਾਂ ਉੱਤੇ ਇਖ਼ਤਿਆਰ ਰੱਖਦੇ ਹਨ ।
43ਪਰ ਤੁਹਾਡੇ ਵਿੱਚ ਅਜਿਹਾ ਨਾ ਹੋਵੇ ਸਗੋਂ ਜੋ ਕੋਈ ਤੁਹਾਡੇ ਵਿੱਚੋਂ ਵੱਡਾ ਹੋਣਾ ਚਾਹੇ ਸੋ ਤੁਹਾਡਾ ਸੇਵਕ ਹੋਵੇ ।44ਅਤੇ ਜੋ ਕੋਈ ਤੁਹਾਡੇ ਵਿੱਚੋਂ ਅਧਿਕਾਰੀ ਬਣਨਾ ਚਾਹੇ ਉਹ ਸਭ ਦਾ ਨੌਕਰ ਹੋਵੇ ।45ਕਿਉਂਕਿ ਮਨੁੱਖ ਦਾ ਪੁੱਤਰ ਵੀ ਆਪਣੀ ਸੇਵਾ ਕਰਾਉਣ ਲਈ ਨਹੀਂ, ਸਗੋਂ ਸੇਵਾ ਕਰਨ ਲਈ ਆਇਆ ਹੈ, ਅਤੇ ਬਹੁਤਿਆਂ ਦੇ ਪ੍ਰਾਸਚਿੱਤ ਦਾ ਮੁੱਲ ਭਰਨ ਨੂੰ ਆਪਣੀ ਜਾਨ ਦੇਣ ਲਈ ਆਇਆ ਹੈ ।
ਅੰਨ੍ਹੇ ਬਰਤਿਮਈ ਨੂੰ ਸੁਜਾਖਾ ਕਰਨਾ
(ਮੱਤੀ 20:29-34, ਲੂਕਾ 18:35-43)

46ਉਹ ਯਰੀਹੋ ਵਿੱਚ ਆਏ ਅਤੇ ਜਦ ਉਹ ਅਤੇ ਉਹ ਦੇ ਚੇਲੇ ਅਤੇ ਬਹੁਤ ਲੋਕ ਯਰੀਹੋ ਤੋਂ ਨਿੱਕਲ ਰਹੇ ਸਨ, ਤਾਂ ਤਿਮਈ ਦਾ ਪੁੱਤਰ ਬਰਤਿਮਈ ਇੱਕ ਅੰਨ੍ਹਾ ਭਿਖਾਰੀ ਸੜਕ ਦੇ ਕਿਨਾਰੇ ਬੈਠਾ ਸੀ ।47ਜਦ ਉਸ ਨੇ ਇਹ ਸੁਣਿਆ ਕੇ ਯਿਸੂ ਨਾਸਰੀ ਹੈ, ਤਾਂ ਉੱਚੀ ਅਵਾਜ਼ ਨਾਲ ਕਹਿਣ ਲੱਗਾ, ਹੇ ਦਾਊਦ ਦੇ ਪੁੱਤਰ, ਹੇ ਯਿਸੂ ਨਾਸਰੀ ਮੇਰੇ ਉੱਤੇ ਦਯਾ ਕਰ !48ਬਹੁਤਿਆਂ ਨੇ ਉਹ ਨੂੰ ਝਿੜਕਿਆ ਕਿ ਚੁੱਪ ਰਹਿ ਪਰ ਉਹ ਹੋਰ ਵੀ ਉੱਚੀ ਅਵਾਜ਼ ਨਾਲ ਬੋਲਿਆ, ਹੇ ਦਾਊਦ ਦੇ ਪੁੱਤਰ, ਮੇਰੇ ਉੱਤੇ ਦਯਾ ਕਰ !
49ਤਦ ਯਿਸੂ ਨੇ ਖਲੋ ਕੇ ਕਿਹਾ, ਉਹ ਨੂੰ ਬੁਲਾ ਲਿਆਓ । ਸੋ ਉਨ੍ਹਾਂ ਨੇ ਉਸ ਅੰਨ੍ਹੇ ਨੂੰ ਇਹ ਕਹਿ ਕੇ ਬੁਲਾਇਆ ਕਿ ਹੌਂਸਲਾ ਰੱਖ, ਉੱਠ, ਉਹ ਤੈਨੂੰ ਬੁਲਾਉਂਦਾ ਹੈ ।50ਤਾਂ ਉਹ ਆਪਣਾ ਕੱਪੜਾ ਸੁੱਟ ਕੇ ਉੱਠ ਖੜ੍ਹਾ ਹੋਇਆ ਅਤੇ ਯਿਸੂ ਕੋਲ ਆਇਆ ।
51ਪ੍ਰਭੂ ਯਿਸੂ ਨੇ ਉਹ ਨੂੰ ਆਖਿਆ, ਤੂੰ ਕੀ ਚਾਹੁੰਦਾ ਹੈਂ ਜੋ ਮੈਂ ਤੇਰੇ ਲਈ ਕਰਾਂ ? ਅੰਨ੍ਹੇ ਨੇ ਉਹ ਨੂੰ ਕਿਹਾ, ਪ੍ਰਭੂ ਜੀ ਮੈਂ ਸੁਜਾਖਾ ਹੋ ਜਾਂਵਾਂ !52ਪ੍ਰਭੂ ਯਿਸੂ ਨੇ ਉਹ ਨੂੰ ਕਿਹਾ, ਜਾ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ, ਅਤੇ ਉਸੇ ਵੇਲੇ ਉਹ ਵੇਖਣ ਲੱਗਾ, ਅਤੇ ਉਸ ਰਾਹ ਵਿੱਚ ਉਹ ਦੇ ਮਗਰ ਤੁਰ ਪਿਆ ।

11
ਯਿਸੂ ਯਰੂਸ਼ਲਮ ਵਿੱਚ ਇੱਕ ਰਾਜਾ ਦੀ ਤਰ੍ਹਾਂ ਆਉਂਦਾ ਹੈ
(ਮੱਤੀ 21:1-11, ਲੂਕਾ 19:28-40, ਯੂਹੰਨਾ 12:12-29)

1ਜਦੋਂ ਉਹ ਯਰੂਸ਼ਲਮ ਦੇ ਨੇੜੇ ਜ਼ੈਤੂਨ ਦੇ ਪਹਾੜ ਕੋਲ ਬੈਤਫ਼ਗਾ ਅਤੇ ਬੈਤਅਨੀਆ ਦੇ ਕੋਲ ਪਹੁੰਚੇ, ਤਾਂ ਉਹ ਨੇ ਆਪਣੇ ਚੇਲਿਆਂ ਵਿੱਚੋਂ ਦੋ ਨੂੰ ਇਹ ਕਹਿ ਕੇ ਭੇਜਿਆ,2ਕਿ ਉਸ ਪਿੰਡ ਨੂੰ ਜਿਹੜਾ ਤੁਹਾਡੇ ਸਾਹਮਣੇ ਹੈ ਜਾਓ ਅਤੇ ਉਸ ਵਿੱਚ ਵੜਦੇ ਸਾਰ ਇੱਕ ਗਧੀ ਦਾ ਬੱਚਾ ਬੰਨ੍ਹਿਆ ਹੋਇਆ ਵੇਖੋਗੇ, ਜਿਸ ਦੇ ਉੱਤੇ ਕਦੇ ਕੋਈ ਸਵਾਰ ਨਹੀਂ ਹੋਇਆ, ਉਹ ਨੂੰ ਖੋਲ੍ਹ ਲਿਆਓ ।3ਅਤੇ ਜੇ ਕੋਈ ਤੁਹਾਨੂੰ ਪੁੱਛੇ ਜੋ ਤੁਸੀਂ ਇਹ ਕਿਉਂ ਕਰਦੇ ਹੋ ? ਤਾਂ ਆਖਣਾ ਜੋ ਪ੍ਰਭੂ ਨੂੰ ਇਹ ਦੀ ਲੋੜ ਹੈ ਤਾਂ ਉਹ ਝੱਟ ਉਸ ਨੂੰ ਇੱਧਰ ਭੇਜ ਦੇਵੇਗਾ ।

4ਉਹ ਗਏ ਅਤੇ ਗਧੀ ਦੇ ਬੱਚੇ ਨੂੰ ਦਰਵਾਜ਼ੇ ਦੇ ਕੋਲ ਬਾਹਰਲੇ ਪਾਸੇ ਚੌਂਕ ਵਿੱਚ ਬੰਨ੍ਹਿਆ ਹੋਇਆ ਵੇਖਿਆ ਅਤੇ ਉਹ ਨੂੰ ਖੋਲ੍ਹਿਆ ।5ਅਤੇ ਕਈ ਉਨ੍ਹਾਂ ਵਿੱਚੋਂ ਜਿਹੜੇ ਉੱਥੇ ਖੜੇ ਸਨ ਉਨ੍ਹਾਂ ਨੂੰ ਕਹਿਣ ਲੱਗੇ, ਇਹ ਕੀ ਕਰਦੇ ਹੋ ਜੋ ਗਧੀ ਦੇ ਬੱਚੇ ਨੂੰ ਖੋਲ੍ਹਦੇ ਹੋ ?6ਤਾਂ ਉਨ੍ਹਾਂ ਨੇ ਜਿਵੇਂ ਯਿਸੂ ਨੇ ਆਖਿਆ ਸੀ ਉਨ੍ਹਾਂ ਨੂੰ ਕਹਿ ਦਿੱਤਾ, ਤਦ ਉਨ੍ਹਾਂ ਨੇ ਇਨ੍ਹਾਂ ਨੂੰ ਜਾਣ ਦਿੱਤਾ ।
7ਉਹ ਉਸ ਗਧੀ ਦੇ ਬੱਚੇ ਨੂੰ ਪ੍ਰਭੂ ਯਿਸੂ ਕੋਲ ਲਿਆਏ ਅਤੇ ਆਪਣੇ ਕੱਪੜੇ ਉਸ ਉੱਤੇ ਪਾ ਦਿੱਤੇ ਅਤੇ ਉਹ ਉਸ ਉੱਤੇ ਸਵਾਰ ਹੋਇਆ ।8ਤਾਂ ਬਹੁਤਿਆਂ ਨੇ ਆਪਣੇ ਕੱਪੜੇ ਰਾਹ ਵਿੱਚ ਵਿਛਾਏ ਅਤੇ ਕਈਆਂ ਨੇ ਖੇਤਾਂ ਵਿੱਚੋਂ ਹਰੀਆਂ ਟਹਿਣੀਆਂ ਵੱਢ ਕੇ ਵਿਛਾ ਦਿੱਤੀਆਂ ।9ਅਤੇ ਉਹ ਜਿਹੜੇ ਅੱਗੇ ਪਿੱਛੇ ਚੱਲੇ ਜਾਂਦੇ ਸਨ ਉੱਚੀ ਅਵਾਜ਼ ਨਾਲ ਕਹਿੰਦੇ ਸਨ, ਹੋਸੰਨਾ ! ਮੁਬਾਰਕ ਉਹ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ !

10ਮੁਬਾਰਕ ਸਾਡੇ ਪਿਤਾ ਦਾਊਦ ਦਾ ਰਾਜ ਜਿਹੜਾ ਆਉਂਦਾ ਹੈ ! ਪਰਮ ਧਾਮ ਵਿੱਚ ਹੋਸੰਨਾ !

11ਅਤੇ ਪ੍ਰਭੂ ਯਿਸੂ ਯਰੂਸ਼ਲਮ ਪਹੁੰਚ ਕੇ ਹੈਕਲ ਵਿੱਚ ਆਏ ਅਤੇ ਜਦ ਉਸ ਨੇ ਚਾਰ ਚੁਫ਼ੇਰੇ ਸਭ ਪਾਸੇ ਉੱਤੇ ਨਿਗਾਹ ਮਾਰ ਲਈ ਤਦ ਉਨ੍ਹਾਂ ਬਾਰਾਂ ਦੇ ਨਾਲ ਨਿੱਕਲ ਕੇ ਬੈਤਅਨੀਆ ਨੂੰ ਗਏ ਕਿਉਂ ਜੋ ਸ਼ਾਮ ਹੋ ਗਈ ਸੀ ।
ਫਲ ਤੋਂ ਬਿਨ੍ਹਾਂ ਹੰਜ਼ੀਰ ਦਾ ਰੁੱਖ
(ਮੱਤੀ 21:18, 19)

12ਅਗਲੇ ਦਿਨ ਜਦੋਂ ਉਹ ਬੈਤਅਨੀਆ ਤੋਂ ਬਾਹਰ ਆਏ ਤਾਂ ਉਸ ਨੂੰ ਭੁੱਖ ਲੱਗੀ ।
13ਅਤੇ ਉਹ ਦੂਰੋਂ ਹੰਜ਼ੀਰ ਦਾ ਇੱਕ ਹਰਾ-ਭਰਾ ਰੁੱਖ਼ ਵੇਖ ਕੇ ਉਹ ਦੇ ਨੇੜੇ ਗਏ, ਕੀ ਜਾਣੀਏ ਜੋ ਉਸ ਤੋਂ ਕੁੱਝ ਲੱਭੇ ਪਰ ਜਦੋਂ ਉਹ ਉਸ ਨੇੜੇ ਆਇਆ ਤਾਂ ਪੱਤਿਆਂ ਤੋਂ ਬਿਨ੍ਹਾਂ ਹੋਰ ਕੁੱਝ ਨਾ ਪਾਇਆ ਕਿਉਂਕਿ ਹੰਜ਼ੀਰ ਦੀ ਰੁੱਤ ਨਹੀਂ ਸੀ ।14ਇਸ ਗੱਲ ਦੇ ਕਾਰਨ ਉਸ ਨੇ ਰੁੱਖ਼ ਨੂੰ ਆਖਿਆ, ਕੋਈ ਤੇਰਾ ਫਲ ਫੇਰ ਕਦੇ ਨਾ ਖਾਵੇ ਅਤੇ ਉਹ ਦੇ ਚੇਲਿਆਂ ਨੇ ਇਹ ਸੁਣਿਆ ।
ਹੈਕਲ ਵਿੱਚੋਂ ਵਪਾਰੀਆਂ ਨੂੰ ਕੱਢਣਾ
(ਮੱਤੀ 21:12-17, ਲੂਕਾ 19:45-48, ਯੂਹੰਨਾ 2:13-22)

15ਉਹ ਯਰੂਸ਼ਲਮ ਵਿੱਚ ਆਏ ਅਤੇ ਉਹ ਹੈਕਲ ਵਿੱਚ ਜਾ ਕੇ ਉਨ੍ਹਾਂ ਨੂੰ ਜਿਹੜੇ ਹੈਕਲ ਵਿੱਚ ਵੇਚਦੇ ਅਤੇ ਮੁੱਲ ਲੈਂਦੇ ਸਨ ਉਨ੍ਹਾ ਨੂੰ ਬਾਹਰ ਕੱਢਣ ਲੱਗਾ ਅਤੇ ਸਰਾਫ਼ਾਂ ਦੇ ਤਖ਼ਤਪੋਸ਼ ਅਤੇ ਕਬੂਤਰ ਵੇਚਣ ਵਾਲਿਆਂ ਦੀਆਂ ਚੌਂਕੀਆਂ ਉਲਟਾ ਦਿੱਤੀਆਂ ।16ਅਤੇ ਕਿਸੇ ਨੂੰ ਹੈਕਲ ਵਿੱਚੋਂ ਦੀ ਬਰਤਨ ਲੈ ਕੇ ਲੰਘਣ ਨਾ ਦਿੱਤਾ ।
17ਅਤੇ ਉਨ੍ਹਾਂ ਨੂੰ ਇਹ ਕਹਿ ਕੇ ਉਪਦੇਸ਼ ਦਿੱਤਾ, ਕੀ ਇਹ ਨਹੀਂ ਲਿਖਿਆ ਹੈ ਜੋ ਮੇਰਾ ਘਰ ਸਾਰੀਆਂ ਕੌਮਾਂ ਲਈ ਪ੍ਰਾਰਥਨਾ ਦਾ ਘਰ ਕਹਾਵੇਗਾ ? ਪਰ ਤੁਸੀਂ ਉਹ ਨੂੰ ਡਾਕੂਆਂ ਦਾ ਅੱਡਾ ਬਣਾ ਛੱਡਿਆ ਹੈ !18ਮੁੱਖ ਜਾਜਕ ਅਤੇ ਉਪਦੇਸ਼ਕ ਇਹ ਸੁਣ ਕੇ ਇਸ ਗੱਲ ਦੇ ਪਿੱਛੇ ਲੱਗੇ ਕਿ ਉਹ ਦਾ ਕਿਵੇਂ ਨਾਸ ਕਰੀਏ ਕਿਉਂਕਿ ਉਹ ਉਸ ਤੋਂ ਡਰਦੇ ਸਨ ਇਸ ਲਈ ਜੋ ਸਭ ਲੋਕ ਉਸ ਦੇ ਉਪਦੇਸ਼ ਤੋਂ ਹੈਰਾਨ ਰਹਿ ਗਏ ਸਨ ।19ਅਤੇ ਹਰ ਦਿਨ, ਸ਼ਾਮ ਹੁੰਦਿਆਂ ਹੀ ਪ੍ਰਭੂ ਯਿਸੂ ਨਗਰੋਂ ਬਾਹਰ ਜਾਂਦੇ ਹੁੰਦੇ ਸਨ ।
ਸੁੱਕੇ ਹੰਜ਼ੀਰ ਦੇ ਰੁੱਖ ਤੋਂ ਸਿੱਖਿਆ
(ਮੱਤੀ 21:20-22)

20ਸਵੇਰ ਨੂੰ ਜਦੋਂ ਉਹ ਉੱਧਰ ਦੀ ਲੰਘੇ ਤਾਂ ਉਨ੍ਹਾ ਨੇ ਵੇਖਿਆ ਜੋ ਉਹ ਹੰਜ਼ੀਰ ਦਾ ਰੁੱਖ਼ ਜੜ੍ਹੋਂ ਸੁੱਕ ਗਿਆ ਹੈ ।21ਤਦ ਪਤਰਸ ਨੇ ਚੇਤੇ ਕਰ ਕੇ ਉਹ ਨੂੰ ਆਖਿਆ, ਗੁਰੂ ਜੀ ਵੇਖ, ਇਹ ਹੰਜ਼ੀਰ ਦਾ ਰੁੱਖ਼ ਜਿਹ ਨੂੰ ਤੁਸੀਂ ਸਰਾਪ ਦਿੱਤਾ ਸੀ, ਸੁੱਕ ਗਿਆ ਹੈ !
22ਪ੍ਰਭੂ ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਪਰਮੇਸ਼ੁਰ ਉੱਤੇ ਵਿਸ਼ਵਾਸ ਰੱਖੋ ।23ਮੈਂ ਤੁਹਾਨੂੰ ਸੱਚ ਕਿਹਾ ਹਾਂ ਕਿ ਜੋ ਕੋਈ ਇਸ ਪਹਾੜ ਨੂੰ ਕਹੇ, ਉੱਠ ਅਤੇ ਸਮੁੰਦਰ ਵਿੱਚ ਜਾ ਪਉ ਅਤੇ ਆਪਣੇ ਮਨ ਵਿੱਚ ਭਰਮ ਨਾ ਕਰੇ ਪਰ ਵਿਸ਼ਵਾਸ ਕਰੇ, ਕਿ ਜਿਹੜੀਆਂ ਗੱਲਾਂ ਮੈਂ ਕਿਹਾ ਹਾਂ ਉਹ ਹੁੰਦੀਆਂ ਹਨ, ਤਾਂ ਉਹ ਦੇ ਲਈ ਹੋ ਜਾਵੇਗਾ ।
24ਇਸ ਲਈ ਮੈਂ ਤੁਹਾਨੂੰ ਆਖਦਾ ਹਾਂ ਕਿ ਸਭ ਕੁੱਝ ਤੁਸੀਂ ਪ੍ਰਾਰਥਨਾ ਕਰ ਕੇ ਮੰਗੋ ਵਿਸ਼ਵਾਸ ਕਰੋ ਜੋ ਸਾਨੂੰ ਮਿਲ ਗਿਆ, ਤਾਂ ਤੁਹਾਨੂੰ ਮਿਲੇਗਾ ।25ਜਦ ਕਦੇ ਤੁਸੀਂ ਖੜ੍ਹ ਕੇ ਪ੍ਰਾਰਥਨਾ ਕਰਦੇ ਹੋ, ਜੇ ਤੁਹਾਡਾ ਕਿਸੇ ਨਾਲ ਵਿਰੋਧ ਹੋਵੇ ਤਾਂ ਉਹ ਨੂੰ ਮਾਫ਼ ਕਰੋ ਤਾਂ ਜੋ ਤੁਹਾਡਾ ਪਿਤਾ ਵੀ ਜਿਹੜਾ ਸਵਰਗ ਵਿੱਚ ਹੈ, ਤੁਹਾਡਿਆਂ ਅਪਰਾਧਾਂ ਨੂੰ ਮਾਫ਼ ਕਰੇ ।26ਪਰ ਜੇ ਤੁਸੀਂ ਮਾਫ਼ ਨਾ ਕਰੋ, ਤਾਂ ਤੁਹਾਡਾ ਪਿਤਾ ਵੀ ਜੋ ਸਵਰਗ ਵਿੱਚ ਹੈ, ਤੁਹਾਡੇ ਅਪਰਾਧ ਮਾਫ਼ ਨਹੀਂ ਕਰੇਗਾ ।
ਯਿਸੂ ਦੇ ਅਧਿਕਾਰ ਦੇ ਬਾਰੇ ਪ੍ਰਸ਼ਨ
(ਮੱਤੀ 21:23-27, ਲੂਕਾ 20:1-18)

27ਉਹ ਫੇਰ ਯਰੂਸ਼ਲਮ ਵਿੱਚ ਆਏ ਅਤੇ ਜਦ ਪ੍ਰਭੂ ਯਿਸੂ ਹੈਕਲ ਵਿੱਚ ਟਹਿਲ ਰਹੇ ਸਨ, ਤਦ ਮੁੱਖ ਜਾਜਕ ਅਤੇ ਉਪਦੇਸ਼ਕ ਅਤੇ ਬਜ਼ੁਰਗ ਉਹ ਦੇ ਕੋਲ ਆਏ ।28ਅਤੇ ਉਸ ਨੂੰ ਕਿਹਾ, ਤੂੰ ਕਿਹੜੇ ਅਧਿਕਾਰ ਨਾਲ ਇਹ ਕੰਮ ਕਰਦਾ ਹੈਂ ? ਜਾਂ ਇਹ ਕੰਮ ਕਰਨ ਦਾ ਕਿਸ ਨੇ ਤੈਨੂੰ ਅਧਿਕਾਰ ਦਿੱਤਾ ?
29ਯਿਸੂ ਨੇ ਉਨ੍ਹਾਂ ਨੂੰ ਆਖਿਆ, ਮੈਂ ਵੀ ਤੁਹਾਨੂੰ ਇੱਕ ਗੱਲ ਪੁੱਛਦਾ ਹਾਂ । ਤੁਸੀਂ ਮੈਨੂੰ ਉੱਤਰ ਦਿਓ ਤਾਂ ਮੈਂ ਤੁਹਾਨੂੰ ਦੱਸਾਂਗਾ ਜੋ ਕਿਹੜੇ ਅਧਿਕਾਰ ਨਾਲ ਇਹ ਕੰਮ ਕਰਦਾ ਹਾਂ ।30ਯੂਹੰਨਾ ਦਾ ਬਪਤਿਸਮਾ ਸਵਰਗ ਵੱਲੋਂ ਸੀ ਜਾਂ ਮਨੁੱਖਾਂ ਵੱਲੋਂ ? ਮੈਨੂੰ ਉੱਤਰ ਦਿਓ !
31ਤਦ ਉਨ੍ਹਾਂ ਆਪੋ ਵਿੱਚ ਵਿਚਾਰ ਕਰ ਕੇ ਕਿਹਾ, ਜੇ ਅਸੀਂ ਆਖੀਏ ਸਵਰਗ ਵੱਲੋਂ ਤਾਂ ਉਹ ਕਹੇਗਾ ਫੇਰ ਤੁਸੀਂ ਉਸ ਉੱਤੇ ਵਿਸ਼ਵਾਸ ਕਿਉਂ ਨਾ ਕੀਤਾ ?32ਪਰ ਜੇ ਅਸੀਂ ਆਖੀਏ ਮਨੁੱਖਾਂ ਵੱਲੋਂ ਤਾਂ ਉਹ ਲੋਕਾਂ ਕੋਲੋਂ ਡਰਦੇ ਸਨ, ਕਿਉਂ ਜੋ ਸਾਰੇ ਯੂਹੰਨਾ ਨੂੰ ਮੰਨਦੇ ਸਨ ਜੋ ਉਹ ਸੱਚ-ਮੁੱਚ ਨਬੀ ਹੈ ।33ਤਦ ਉਨ੍ਹਾਂ ਨੇ ਯਿਸੂ ਨੂੰ ਉੱਤਰ ਦਿੱਤਾ, ਅਸੀਂ ਨਹੀਂ ਜਾਣਦੇ । ਫੇਰ ਯਿਸੂ ਨੇ ਉਨ੍ਹਾਂ ਨੂੰ ਕਿਹਾ, ਮੈਂ ਵੀ ਤੁਹਾਨੂੰ ਨਹੀਂ ਦੱਸਾਂਗਾ ਜੋ ਕਿਹੜੇ ਅਧਿਕਾਰ ਨਾਲ ਮੈਂ ਇਹ ਕੰਮ ਕਰਦਾ ਹਾਂ ।

12
ਦੁਸ਼ਟ ਕਿਸਾਨਾਂ ਦਾ ਦ੍ਰਿਸ਼ਟਾਂਤ
(ਮੱਤੀ 21:33-46, ਲੂਕਾ 20:9-19)

1ਫੇਰ ਪ੍ਰਭੂ ਯਿਸੂ ਨੇ ਉਨ੍ਹਾਂ ਨੂੰ ਇੱਕ ਦ੍ਰਿਸ਼ਟਾਂਤ ਦਿੱਤਾ, ਕਿ ਇੱਕ ਮਨੁੱਖ ਨੇ ਅੰਗੂਰਾਂ ਦਾ ਬਾਗ ਲਾਇਆ ਅਤੇ ਉਹ ਦੇ ਚੁਫ਼ੇਰੇ ਵਾੜ ਦਿੱਤੀ ਅਤੇ ਰਸ ਲਈ ਇੱਕ ਹੋਦ ਬਣਾਇਆ ਅਤੇ ਇੱਕ ਬੁਰਜ ਉਸਾਰਿਆ ਅਤੇ ਉਹ ਨੂੰ ਮਾਲੀਆਂ ਦੇ ਹੱਥ ਸੌਂਪ ਕੇ ਆਪ ਪਰਦੇਸ ਚੱਲਿਆ ਗਿਆ ।2ਅਤੇ ਉਸ ਨੇ ਰੁੱਤ ਸਿਰ ਇੱਕ ਨੌਕਰ ਨੂੰ ਮਾਲੀਆਂ ਕੋਲ ਭੇਜਿਆ ਜੋ ਉਹ ਮਾਲੀਆਂ ਤੋਂ ਬਾਗ ਦੇ ਫਲ ਵਿੱਚੋਂ ਕੁੱਝ ਲੈ ਕੇ ਆਵੇ ।3ਅਤੇ ਉਨ੍ਹਾਂ ਨੇ ਉਸ ਨੂੰ ਫੜ੍ਹ ਕੇ ਕੁੱਟਿਆ ਅਤੇ ਖਾਲੀ ਹੱਥੀਂ ਮੋੜ ਦਿੱਤਾ ।

4ਉਸ ਨੇ ਇੱਕ ਹੋਰ ਨੌਕਰ ਉਨ੍ਹਾਂ ਦੇ ਕੋਲ ਭੇਜਿਆ ਅਤੇ ਉਨ੍ਹਾਂ ਨੇ ਉਹ ਦਾ ਸਿਰ ਭੰਨਿਆ ਅਤੇ ਉਹ ਨੂੰ ਬੇਇੱਜ਼ਤ ਕੀਤਾ ।5ਫੇਰ ਉਸ ਨੇ ਇੱਕ ਹੋਰ ਭੇਜਿਆ ਅਤੇ ਉਨ੍ਹਾਂ ਨੇ ਉਹ ਨੂੰ ਵੀ ਮਾਰ ਸੁੱਟਿਆ ਅਤੇ ਉਸ ਨੇ ਹੋਰ ਬਹੁਤ ਸਾਰੇ ਭੇਜੇ ਅਤੇ ਉਨ੍ਹਾਂ ਨੇ ਕਈਆਂ ਨੂੰ ਕੁੱਟਿਆ ਅਤੇ ਕਈਆਂ ਨੂੰ ਮਾਰ ਦਿੱਤਾ ।
6ਅਜੇ ਉਸ ਦੇ ਕੋਲ ਇੱਕ ਰਹਿੰਦਾ ਸੀ, ਉਸ ਦਾ ਪਿਆਰਾ ਪੁੱਤਰ । ਆਖੀਰ ਉਸ ਨੇ ਉਹ ਨੂੰ ਵੀ ਉਨ੍ਹਾਂ ਕੋਲ ਇਹ ਕਹਿ ਕੇ ਭੇਜਿਆ ਜੋ ਉਹ ਮੇਰੇ ਪੁੱਤਰ ਦਾ ਮਾਣ ਰੱਖਣਗੇ ।7ਅਤੇ ਉਨ੍ਹਾਂ ਮਾਲੀਆਂ ਨੇ ਆਪੋ ਵਿੱਚ ਕਿਹਾ, ਵਾਰਸ ਇਹੋ ਹੈ । ਆਓ ਇਹ ਨੂੰ ਮਾਰ ਸੁੱਟੀਏ ਤਾਂ ਵਿਰਾਸਤ ਸਾਡੀ ਹੋ ਜਾਵੇਗੀ ।
8ਅਤੇ ਉਨ੍ਹਾਂ ਨੇ ਉਹ ਨੂੰ ਫੜ੍ਹ ਕੇ ਮਾਰ ਦਿੱਤਾ ਅਤੇ ਉਹ ਨੂੰ ਬਾਗੋਂ ਬਾਹਰ ਸੁੱਟਿਆ ।9ਸੋ ਬਾਗ ਦਾ ਮਾਲਕ ਹੁਣ ਕੀ ਕਰੇਗਾ ? ਉਹ ਆਵੇਗਾ ਅਤੇ ਮਾਲੀਆਂ ਦਾ ਨਾਸ ਕਰੇਗਾ ਅਤੇ ਅੰਗੂਰਾਂ ਦਾ ਬਾਗ ਹੋਰਨਾਂ ਨੂੰ ਸੌਂਪੇਗਾ ।
10ਕੀ ਤੁਸੀਂ ਇਹ ਲਿਖਤ ਵੀ ਨਹੀਂ ਪੜ੍ਹੀ ? ਕਿ ਜਿਸ ਪੱਥਰ ਨੂੰ ਰਾਜ ਮਿਸਤਰੀਆਂ ਨੇ ਰੱਦਿਆ, ਸੋਈ ਖੂੰਜੇ ਦਾ ਸਿਰਾ ਹੋ ਗਿਆ ।11ਇਹ ਪ੍ਰਭੂ ਦੀ ਵੱਲੋਂ ਹੋਇਆ, ਅਤੇ ਸਾਡੀ ਨਜ਼ਰ ਵਿੱਚ ਅਨੋਖਾ ਹੈ ।

12ਤਦ ਉਨ੍ਹਾਂ ਨੇ ਚਾਹਿਆ ਜੋ ਉਹ ਨੂੰ ਫੜ ਲੈਣ ਪਰ ਲੋਕਾਂ ਤੋਂ ਡਰੇ ਕਿਉਂ ਜੋ ਉਨ੍ਹਾਂ ਨੇ ਜਾਣ ਲਿਆ ਭਈ ਉਸ ਨੇ ਸਾਡੇ ਉੱਤੇ ਇਹ ਦ੍ਰਿਸ਼ਟਾਂਤ ਦਿੱਤਾ ਹੈ, ਅਤੇ ਉਹ ਉਸ ਨੂੰ ਛੱਡ ਕੇ ਚਲੇ ਗਏ ।
ਕੈਸਰ ਨੂੰ ਕਰ ਦੇਣਾ
(ਮੱਤੀ 22:15-22, ਲੂਕਾ 20:20-26)

13ਫੇਰ ਉਨ੍ਹਾਂ ਨੇ ਫ਼ਰੀਸੀਆਂ ਅਤੇ ਹੇਰੋਦੀਆਂ ਵਿੱਚੋਂ ਕਈਆਂ ਨੂੰ ਉਹ ਦੇ ਕੋਲ ਭੇਜਿਆ ਜੋ ਉਹ ਨੂੰ ਉਹ ਦੀਆਂ ਗੱਲਾਂ ਵਿੱਚ ਫਸਾਉਣ ।14ਸੋ ਉਨ੍ਹਾਂ ਨੇ ਆਣ ਕੇ ਉਸ ਨੂੰ ਕਿਹਾ, ਗੁਰੂ ਜੀ ਅਸੀਂ ਜਾਣਦੇ ਹਾਂ ਜੋ ਤੂੰ ਸੱਚਾ ਹੈਂ ਅਤੇ ਤੈਨੂੰ ਕਿਸੇ ਦੀ ਪਰਵਾਹ ਨਹੀਂ ਕਿਉਂ ਜੋ ਤੂੰ ਮਨੁੱਖਾਂ ਦਾ ਪੱਖਪਾਤ ਨਹੀਂ ਕਰਦਾ ਸਗੋਂ ਸਚਿਆਈ ਨਾਲ ਪਰਮੇਸ਼ੁਰ ਦਾ ਰਾਹ ਦੱਸਦਾ ਹੈਂ ! ਕੈਸਰ ਨੂੰ “ਕਰ” ਦੇਣਾ ਯੋਗ ਹੈ ਕਿ ਨਹੀਂ ? ਅਸੀਂ ਦੇਈਏ ਕਿ ਨਾ ਦੇਈਏ ?15ਪਰ ਉਸ ਨੇ ਉਨ੍ਹਾਂ ਦਾ ਕਪਟ ਜਾਣ ਕੇ ਉਨ੍ਹਾਂ ਨੂੰ ਆਖਿਆ, ਤੁਸੀਂ ਮੈਨੂੰ ਕਿਉਂ ਪਰਤਾਉਂਦੇ ਹੋ ? ਇੱਕ ਸਿੱਕਾ ਮੇਰੇ ਕੋਲ ਲਿਆਓ ਤਾਂ ਵੇਖਾਂ ।
16ਸੋ ਓਹ ਲਿਆਏ । ਤਦ ਉਸ ਨੇ ਉਨ੍ਹਾਂ ਨੂੰ ਕਿਹਾ, ਇਹ ਮੂਰਤ ਅਤੇ ਲਿਖਤ ਕਿਸ ਦੀ ਹੈ ? ਉਨ੍ਹਾਂ ਉਸ ਨੂੰ ਆਖਿਆ, ਕੈਸਰ ਦੀ ।17ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ, ਜਿਹੜੀਆਂ ਚੀਜ਼ਾਂ ਕੈਸਰ ਦੀਆਂ ਹਨ, ਸੋ ਕੈਸਰ ਨੂੰ ਦਿਓ ਅਤੇ ਜਿਹੜੀਆਂ ਚੀਜ਼ਾਂ ਪਰਮੇਸ਼ੁਰ ਦੀਆਂ ਹਨ, ਉਹ ਪਰਮੇਸ਼ੁਰ ਨੂੰ ਦਿਓ ਤਾਂ ਉਹ ਉਸ ਤੋਂ ਬਹੁਤ ਹੈਰਾਨ ਹੋਏ ।
ਪੁਨਰ ਉੱਥਾਨ ਅਤੇ ਵਿਆਹ
(ਮੱਤੀ 22:23-33, ਲੂਕਾ 20:27-40)

18ਫੇਰ ਸਦੂਕੀ ਜਿਹੜੇ ਆਖਦੇ ਹਨ ਕਿ ਮੁਰਦਿਆਂ ਦਾ ਜੀ ਉੱਠਣਾ ਨਹੀਂ ਹੈ l ਉਸ ਕੋਲ ਆਏ ਅਤੇ ਉਸ ਨੂੰ ਇਹ ਸਵਾਲ ਕੀਤਾ19ਗੁਰੂ ਜੀ, ਸਾਡੇ ਲਈ ਮੂਸਾ ਨੇ ਲਿਖਿਆ ਹੈ ਕਿ ਜੇ ਕਿਸੇ ਦਾ ਭਰਾ ਮਰ ਜਾਵੇ ਅਤੇ ਉਹ ਦੀ ਪਤਨੀ ਰਹਿ ਜਾਵੇ ਅਤੇ ਕੋਈ ਉਲਾਦ ਨਾ ਛੱਡ ਗਿਆ ਹੋਵੇ ਤਾਂ ਉਹ ਦਾ ਭਰਾ ਉਹ ਦੀ ਪਤਨੀ ਨੂੰ ਵਿਆਹ ਲਵੇ ਅਤੇ ਆਪਣੇ ਭਰਾ ਲਈ ਵੰਸ਼ ਉਤਪੰਨ ਕਰੇ ।
20ਸੱਤ ਭਰਾ ਸਨ ਅਤੇ ਪਹਿਲੇ ਨੇ ਵਿਆਹ ਕਰਾਇਆ ਅਤੇ ਬੇ-ਔਲਾਦ ਹੀ ਮਰ ਗਿਆ ।21ਤਦ ਦੂਸਰੇ ਭਰਾ ਨੇ ਉਹ ਨੂੰ ਵਿਆਹ ਲਿਆ ਅਤੇ ਉਹ ਵੀ ਬੇ-ਔਲਾਦ ਹੀ ਮਰ ਗਿਆ, ਅਤੇ ਇਸੇ ਤਰ੍ਹਾਂ ਤੀਜੇ ਨੇ ਵੀ ਅਤੇ ਸੱਤੇ ਬੇ-ਔਲਾਦ ਹੀ ਮਰ ਗਏ ।22ਸਾਰਿਆਂ ਦੇ ਪਿੱਛੋਂ ਉਹ ਔਰਤ ਵੀ ਮਰ ਗਈ ।23ਸੋ ਹੁਣ ਜੀ ਉੱਠਣ ਤੋਂ ਬਾਅਦ ਉਹ ਉਨ੍ਹਾਂ ਵਿੱਚੋਂ ਕਿਸ ਦੀ ਪਤਨੀ ਹੋਵੇਗੀ, ਕਿਉਂ ਜੋ ਓਹ ਹੁਣ ਸੱਤਾਂ ਦੀ ਪਤਨੀ ਹੋ ਗਈ ਸੀ ?
24ਯਿਸੂ ਨੇ ਉਨ੍ਹਾਂ ਨੂੰ ਕਿਹਾ, ਕੀ ਤੁਸੀਂ ਇਸ ਕਰ ਕੇ ਤਾਂ ਭੁੱਲ ਵਿੱਚ ਨਹੀਂ ਪਏ ਹੋ, ਕਿ ਤੁਸੀਂ ਨਾ ਪਵਿੱਤਰ ਗ੍ਰੰਥਾਂ ਨੂੰ, ਅਤੇ ਨਾ ਪਰਮੇਸ਼ੁਰ ਦੀ ਸਮਰੱਥਾ ਨੂੰ ਜਾਣਦੇ ਹੋ ?25ਕਿਉਂਕਿ ਜਦ ਮੁਰਦਿਆਂ ਵਿੱਚੋਂ ਜੀ ਉੱਠਦੇ ਹਨ ਤਾਂ ਉਹ ਨਾ ਵਿਆਹ ਕਰਦੇ ਹਨ, ਅਤੇ ਨਾ ਵਿਆਹੇ ਜਾਂਦੇ ਹਨ, ਪਰ ਸਵਰਗ ਵਿੱਚ ਦੂਤਾਂ ਵਰਗੇ ਹੋਣਗੇ ।
26ਪਰ ਮੁਰਦਿਆਂ ਦੇ ਜੀ ਉੱਠਣ ਦੇ ਬਾਰੇ ਵਿੱਚ ਕੀ ਤੁਸੀਂ ਮੂਸਾ ਦੀ ਪੋਥੀ ਵਿੱਚੋਂ ਝਾੜੀ ਦੀ ਕਥਾ ਨੂੰ ਨਹੀਂ ਪੜ੍ਹਿਆ, ਜੋ ਪਰਮੇਸ਼ੁਰ ਨੇ ਉਹ ਨੂੰ ਕਿਹਾ ਕਿ ਮੈਂ ਅਬਰਾਹਾਮ ਦਾ ਪਰਮੇਸ਼ੁਰ ਅਤੇ ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ਹਾਂ ?27ਉਹ ਮੁਰਦਿਆਂ ਦਾ ਪਰਮੇਸ਼ੁਰ ਤਾਂ ਨਹੀਂ ਸਗੋਂ ਜਿਉਂਦਿਆਂ ਦਾ ਪਰਮੇਸ਼ੁਰ ਹੈ । ਤੁਸੀਂ ਵੱਡੀ ਭੁੱਲ ਵਿੱਚ ਪਏ ਹੋਏ ਹੋ ।
ਸਭ ਤੋਂ ਵੱਡਾ ਹੁਕਮ
(ਮੱਤੀ 22:34-40, ਲੂਕਾ 10:25-28)

28ਉਪਦੇਸ਼ਕਾਂ ਵਿੱਚੋਂ ਇੱਕ ਨੇ ਕੋਲ ਆਣ ਕੇ ਉਨ੍ਹਾਂ ਨਾਲ ਦਾ ਸਵਾਲ-ਜ਼ਵਾਬ ਸੁਣਿਆ ਅਤੇ ਇਹ ਸਮਝ ਕੇ ਜੋ ਉਸ ਨੇ ਉਨ੍ਹਾਂ ਨੂੰ ਚੰਗਾ ਜ਼ਵਾਬ ਦਿੱਤਾ ਹੈ ਉਹ ਨੂੰ ਪੁੱਛਿਆ, ਸਭਨਾਂ ਹੁਕਮਾਂ ਵਿੱਚੋਂ ਵੱਡਾ ਹੁਕਮ ਕਿਹੜਾ ਹੈ ?29ਪ੍ਰਭੂ ਯਿਸੂ ਨੇ ਉਸ ਨੂੰ ਜ਼ਵਾਬ ਦਿੱਤਾ, ਕਿ ਮੁੱਖ ਇਹ ਹੈ ਕਿ ਹੇ ਇਸਰਾਏਲ, ਸੁਣ,ਪ੍ਰਭੂ ਸਾਡਾ ਪਰਮੇਸ਼ੁਰ ਇੱਕੋ ਪ੍ਰਭੂ ਹੈ ।30ਅਤੇ ਤੂੰ ਪ੍ਰਭੂ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਅਤੇ ਆਪਣੀ ਸਾਰੀ ਸ਼ਕਤੀ ਨਾਲ ਪਿਆਰ ਕਰ ।31ਦੂਜਾ ਇਹ ਹੈ ਕਿ ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ । ਇਨ੍ਹਾਂ ਤੋਂ ਵੱਡਾ ਹੋਰ ਕੋਈ ਹੁਕਮ ਨਹੀਂ ਹੈ ।
32ਤਦ ਉਸ ਉਪਦੇਸ਼ਕ ਨੇ ਉਹ ਨੂੰ ਕਿਹਾ, ਠੀਕ ਗੁਰੂ ਜੀ, ਤੁਸੀਂ ਸੱਚ ਆਖਿਆ ਭਈ ਉਹ ਇੱਕੋ ਹੀ ਹੈ, ਅਤੇ ਉਹ ਦੇ ਬਿਨ੍ਹਾਂ ਹੋਰ ਕੋਈ ਨਹੀਂ ।33ਅਤੇ ਸਾਰੇ ਦਿਲ ਨਾਲ ਅਤੇ ਸਾਰੀ ਸਮਝ ਨਾਲ ਅਤੇ ਸਾਰੀ ਸ਼ਕਤੀ ਨਾਲ ਉਹ ਨੂੰ ਪਿਆਰ ਕਰਨਾ ਅਤੇ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰਨਾ ਸਾਰੇ ਹੋਮਾਂ ਅਤੇ ਬਲੀਦਾਨਾਂ ਨਾਲੋਂ ਵੱਧਕੇ ਹੈ ।34ਜਦੋਂ ਪ੍ਰਭੂ ਯਿਸੂ ਨੇ ਵੇਖਿਆ ਕਿ ਉਹ ਨੇ ਸਮਝ ਨਾਲ ਉੱਤਰ ਦਿੱਤਾ ਤਾਂ ਉਹ ਨੂੰ ਕਿਹਾ, ਤੂੰ ਪਰਮੇਸ਼ੁਰ ਦੇ ਰਾਜ ਤੋਂ ਦੂਰ ਨਹੀਂ ਹੈਂ, ਅਤੇ ਉਸ ਤੋਂ ਬਾਅਦ ਕਿਸੇ ਦਾ ਹੌਂਸਲਾ ਨਾ ਪਿਆ ਕਿ ਉਸ ਕੋਲੋਂ ਕੁੱਝ ਸਵਾਲ ਕਰੇ ।
ਮਸੀਹ ਕਿਸ ਦਾ ਪੁੱਤਰ ਹੈ ?
(ਮੱਤੀ 22:42-46, ਲੂਕਾ 20:41-44)

35ਫੇਰ ਯਿਸੂ ਨੇ ਹੈਕਲ ਵਿੱਚ ਉਪਦੇਸ਼ ਕਰਦੇ ਹੋਏ ਇਹ ਕਿਹਾ ਉਪਦੇਸ਼ਕ ਕਿਉਂ ਕਹਿੰਦੇ ਹਨ ਕਿ ਮਸੀਹ ਦਾਊਦ ਦਾ ਪੁੱਤਰ ਹੈ ?36ਦਾਊਦ ਨੇ ਪਵਿੱਤਰ ਆਤਮਾ ਦੀ ਰਾਹੀਂ ਆਪੇ ਕਿਹਾ ਹੈ ਕਿ ਪ੍ਰਭੂ ਨੇ ਮੇਰੇ ਪ੍ਰਭੂ ਨੂੰ ਕਿਹਾ, ਤੂੰ ਮੇਰੇ ਸੱਜੇ ਪਾਸੇ ਬੈਠ, ਜਦ ਤੱਕ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰਾਂ ਹੇਠ ਨਾ ਕਰ ਦੇਵਾਂ l37ਦਾਊਦ ਤਾਂ ਆਪੇ ਉਹ ਨੂੰ ਪ੍ਰਭੂ ਆਖਦਾ ਹੈ ਫੇਰ ਉਹ ਉਸ ਦਾ ਪੁੱਤਰ ਕਿਵੇਂ ਹੋਇਆ ? ਅਤੇ ਵੱਡੀ ਭੀੜ ਖੁਸ਼ੀ ਨਾਲ ਉਹ ਦੀ ਸੁਣਦੀ ਸੀ ।
ਉਪਦੇਸ਼ਕਾਂ ਤੋਂ ਸਾਵਧਾਨ
(ਮੱਤੀ 23:1-36, ਲੂਕਾ 20: 45-47)

38ਉਸ ਨੇ ਆਪਣੇ ਉਪਦੇਸ਼ ਵਿੱਚ ਕਿਹਾ, ਉਪਦੇਸ਼ਕਾਂ ਤੋਂ ਚੌਕਸ ਰਹੋ ਜਿਹੜੇ ਲੰਮੇ ਬਸਤਰ ਪਹਿਨ ਕੇ ਤੁਰਨਾਂ ਫਿਰਨਾ ਅਤੇ ਬਜ਼ਾਰਾਂ ਵਿੱਚ ਸਲਾਮ ਲੈਣ ।39ਅਤੇ ਪ੍ਰਾਰਥਨਾ ਘਰਾਂ ਵਿੱਚ ਅਗਲੀਆਂ ਕੁਰਸੀਆਂ ਅਤੇ ਦਾਵਤਾਂ ਵਿੱਚ ਉੱਚੀਆਂ ਥਾਵਾਂ ਨੂੰ ਭਾਲਦੇ ਹੋ ।40ਉਹ ਵਿਧਵਾਵਾਂ ਦੇ ਘਰਾਂ ਨੂੰ ਖਾ ਜਾਂਦੇ ਹਨ ਅਤੇ ਵਿਖਾਵੇ ਲਈ ਲੰਮੀਆਂ ਲੰਮੀਆਂ ਪ੍ਰਾਰਥਨਾ ਕਰਦੇ ਹਨ, ਉਨ੍ਹਾਂ ਨੂੰ ਵਧੇਰੇ ਸਜ਼ਾ ਮਿਲੇਗੀ ।
ਕੰਗਾਲ ਵਿਧਵਾ ਦਾ ਦਾਨ
(ਲੂਕਾ 21:1-4)

41ਉਹ ਦਾਨ ਪਾਤਰ ਦੇ ਸਾਹਮਣੇ ਬੈਠ ਕੇ ਵੇਖ ਰਿਹਾ ਸੀ ਜੋ ਲੋਕ ਦਾਨ ਪਾਤਰ ਵਿੱਚ ਕਿਸ ਤਰ੍ਹਾਂ ਦਾਨ ਪਾਉਂਦੇ ਹਨ ਅਤੇ ਬਥੇਰੇ ਧਨਵਾਨਾਂ ਨੇ ਬਹੁਤ ਕੁੱਝ ਪਾਇਆ ।42ਅਤੇ ਇੱਕ ਕੰਗਾਲ ਵਿਧਵਾ ਨੇ ਆ ਕੇ ਦੋ ਦਮੜੀਆਂ ਪਾਈਆਂ ।
43ਤਾਂ ਉਹ ਨੇ ਆਪਣੇ ਚੇਲਿਆਂ ਨੂੰ ਕੋਲ ਬੁਲਾ ਕੇ ਉਨ੍ਹਾਂ ਨੂੰ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਿਹੜੇ ਦਾਨ ਪਾਤਰ ਵਿੱਚ ਪਾਉਂਦੇ ਹਨ ਉਨ੍ਹਾਂ ਸਭ ਨਾਲੋਂ ਇਸ ਕੰਗਾਲ ਵਿਧਵਾ ਨੇ ਜਿਆਦਾ ਪਾਇਆ ।44ਕਿਉਂ ਜੋ ਸਭਨਾਂ ਨੇ ਆਪਣੇ ਬਹੁਤੇ ਮਾਲ ਵਿੱਚੋਂ ਕੁੱਝ ਪਾਇਆ ਪਰ ਇਸ ਨੇ ਆਪਣੀ ਥੁੜ ਵਿੱਚੋਂ ਜੋ ਕੁੱਝ ਇਹ ਦਾ ਸੀ ਅਰਥਾਤ ਆਪਣੀ ਸਾਰੀ ਪੂੰਜੀ ਪਾ ਦਿੱਤੀ ।

13
ਹੈਕਲ ਦੇ ਵਿਨਾਸ਼ ਦੀ ਭਵਿੱਖਬਾਣੀ
(ਮੱਤੀ 24:1, 2 ਲੂਕਾ 21:5, 6)

1ਜਦੋਂ ਪ੍ਰਭੂ ਯਿਸੂ ਹੈਕਲ ਵਿੱਚੋਂ ਬਾਹਰ ਜਾ ਰਿਹਾ ਸੀ, ਤਾਂ ਉਹ ਦੇ ਚੇਲਿਆਂ ਵਿੱਚੋਂ ਇੱਕ ਨੇ ਉਹ ਨੂੰ ਆਖਿਆ, ਗੁਰੂ ਜੀ ਇਹਨਾਂ ਪੱਥਰਾਂ ਅਤੇ ਇਮਾਰਤਾਂ ਨੂੰ ਵੇਖੋ ਕਿਹੋ ਜਿਹੇ ਹਨ !2ਤਾਂ ਯਿਸੂ ਨੇ ਉਹ ਨੂੰ ਕਿਹਾ, ਕੀ ਤੂੰ ਇਹਨਾਂ ਵੱਡੀਆਂ-ਵੱਡੀਆਂ ਇਮਾਰਤਾਂ ਨੂੰ ਵੇਖਦਾ ਹੈਂ ? ਐਥੇ ਪੱਥਰ ਉੱਤੇ ਪੱਥਰ ਵੀ ਛੱਡਿਆ ਨਾ ਜਾਵੇਗਾ ਜਿਹੜਾ ਗਿਰਾਇਆ ਨਾ ਜਾਏ ।

ਸੰਕਟ ਅਤੇ ਕਲੇਸ਼
(ਮੱਤੀ 24:3-14, ਲੂਕਾ 21:7-19)

3ਜਦੋਂ ਉਹ ਜ਼ੈਤੂਨ ਦੇ ਪਹਾੜ ਉੱਤੇ ਹੈਕਲ ਦੇ ਸਾਹਮਣੇ ਬੈਠਾ ਸੀ, ਤਦ ਪਤਰਸ, ਯਾਕੂਬ, ਯੂਹੰਨਾ ਅਤੇ ਅੰਦ੍ਰਿਯਾਸ ਨੇ ਇਕਾਂਤ ਵਿੱਚ ਉਹ ਦੇ ਅੱਗੇ ਅਰਜ਼ ਕੀਤੀ,4ਜੋ ਸਾਨੂੰ ਦੱਸੋ, ਇਹ ਗੱਲਾਂ ਕਦੋਂ ਹੋਣਗੀਆਂ ਅਤੇ ਉਸ ਸਮੇਂ ਦਾ ਕੀ ਨਿਸ਼ਾਨ ਹੋਵੇਗਾ, ਜਦੋਂ ਇਹ ਸਭ ਪੂਰੀਆਂ ਹੋਣ ਲੱਗਣਗੀਆਂ ?
5ਯਿਸੂ ਨੇ ਉਨ੍ਹਾਂ ਨੂੰ ਆਖਿਆ, ਚੌਕਸ ਰਹੋ ਕਿ ਕੋਈ ਤੁਹਾਨੂੰ ਧੋਖੇ ਵਿੱਚ ਨਾ ਪਾਵੇ ।6ਮੇਰਾ ਨਾਮ ਲੈ ਕੇ ਬਥੇਰੇ ਇਹ ਕਹਿੰਦੇ ਆਉਣਗੇ ਜੋ ਮੈਂ ਮਸੀਹ ਹਾਂ ਅਤੇ ਬਹੁਤਿਆਂ ਨੂੰ ਭੁਲਾਵੇ ਵਿੱਚ ਪਾ ਦੇਣਗੇ ।
7ਜਦੋਂ ਤੁਸੀਂ ਲੜਾਈਆਂ ਅਤੇ ਲੜਾਈਆਂ ਦੀ ਖ਼ਬਰਾਂ ਨੂੰ ਸੁਣੋ ਤਾਂ ਘਬਰਾ ਨਾ ਜਾਣਾ । ਕਿਉਂਕਿ ਇਨ੍ਹਾਂ ਦਾ ਹੋਣਾ ਜ਼ਰੂਰ ਹੈ ਪਰ ਅਜੇ ਅੰਤ ਨਹੀਂ ਹੋਵੇਗਾ ।8ਕਿਉਂ ਜੋ ਕੌਮ-ਕੌਮ ਉੱਤੇ ਅਤੇ ਰਾਜ ਰਾਜ ਉੱਤੇ ਚੜ੍ਹਾਈ ਕਰੇਗਾ । ਥਾਂ-ਥਾਂ ਭੂਚਾਲ ਆਉਣਗੇ, ਅਤੇ ਕਾਲ ਪੈਣਗੇ । ਇਹ ਤਾਂ ਅਜੇ ਦੁੱਖਾਂ ਦੀ ਸ਼ੁਰੂਆਤ ਹੀ ਹੈ ! ।

9ਪਰ ਤੁਸੀਂ ਚੌਕਸ ਰਹੋ ਕਿਉਂ ਜੋ ਲੋਕ ਤੁਹਾਨੂੰ ਅਦਾਲਤਾਂ ਦੇ ਹਵਾਲੇ ਕਰਨਗੇ ਅਤੇ ਤੁਸੀਂ ਪ੍ਰਾਰਥਨਾ ਘਰਾਂ ਵਿੱਚ ਮਾਰ ਖਾਓਗੇ ਅਤੇ ਹਾਕਮਾਂ ਅਤੇ ਰਾਜਿਆਂ ਦੇ ਅੱਗੇ ਮੇਰੇ ਕਾਰਨ ਖੜੇ ਕੀਤੇ ਜਾਓਗੇ ਤਾਂ ਜੋ ਉਨ੍ਹਾਂ ਉੱਤੇ ਗਵਾਹੀ ਹੋਵੇ ।10ਅਤੇ ਜ਼ਰੂਰ ਹੈ ਜੋ ਪਹਿਲਾਂ ਸਾਰੀਆਂ ਕੌਮਾਂ ਦੇ ਵਿੱਚ ਖੁਸ਼ਖਬਰੀ ਦਾ ਪਰਚਾਰ ਕੀਤਾ ਜਾਏ ।
11ਪਰ ਜਦੋਂ ਤੁਹਾਨੂੰ ਲੈ ਜਾ ਕੇ ਉਨ੍ਹਾ ਦੇ ਹਵਾਲੇ ਕਰਨ, ਤਾਂ ਪਹਿਲਾਂ ਹੀ ਚਿੰਤਾ ਨਾ ਕਰਨੀ ਕਿ ਅਸੀਂ ਕੀ ਆਖਾਂਗੇ, ਪਰ ਜੋ ਕੁੱਝ ਉਸ ਘੜੀ ਤੁਹਾਨੂੰ ਬਖ਼ਸ਼ਿਆ ਜਾਵੇ ਸੋਈ ਆਖਣਾ ਕਿਉਂਕਿ ਬੋਲਣ ਵਾਲੇ ਤੁਸੀਂ ਨਹੀਂ ਹੋ, ਪਰ ਪਵਿੱਤਰ ਆਤਮਾ ਹੈ ।12ਅਤੇ ਭਾਈ-ਭਾਈ ਨੂੰ ਅਤੇ ਪਿਤਾ ਪੁੱਤਰ ਨੂੰ ਮਰਵਾਉਣ ਲਈ ਫੜਵਾਏਗਾ ਅਤੇ ਬੱਚੇ ਮਾਪਿਆਂ ਦੇ ਵਿਰੁੱਧ ਖੜੇ ਹੋ ਕੇ ਉਨ੍ਹਾਂ ਨੂੰ ਮਰਵਾ ਸੁੱਟਣਗੇ ।13ਅਤੇ ਮੇਰੇ ਨਾਮ ਦੇ ਕਾਰਣ ਸਭ ਲੋਕ ਤੁਹਾਡੇ ਨਾਲ ਵੈਰ ਰੱਖਣਗੇ, ਪਰ ਜਿਹੜਾ ਅੰਤ ਤੱਕ ਸਹੇਗਾ ਉਹੀ ਬਚਾਇਆ ਜਾਵੇਗਾ ।
ਮਹਾਂ ਕਲੇਸ਼ ਦਾ ਸਮਾਂ
(ਮੱਤੀ 24:15-28, ਲੂਕਾ 21:20-24)

14ਸੋ ਜਦ ਤੁਸੀਂ ਉਸ ਉਜਾੜਨ ਵਾਲੀ ਘਿਣਾਉਣੀ ਚੀਜ਼ ਨੂੰ ਜਿਸ ਥਾਂ ਨਹੀਂ ਹੋਣਾ ਚਾਹੀਦਾ, ਉੱਥੇ ਖੜੀ ਵੇਖੋ ( ਪੜ੍ਹਨ ਵਾਲਾ ਸਮਝ ਲਵੇ ) ਤਦ ਜਿਹੜੇ ਯਹੂਦਿਯਾ ਵਿੱਚ ਹੋਣ ਉਹ ਪਹਾੜਾਂ ਉੱਤੇ ਭੱਜ ਜਾਣ ।15ਅਤੇ ਜਿਹੜਾ ਕੋਠੇ ਉੱਤੇ ਹੋਵੇ ਉਹ ਹੇਠਾਂ ਨਾ ਉੱਤਰੇ ਅਤੇ ਆਪਣੇ ਘਰੋਂ ਕੁੱਝ ਲੈਣ ਲਈ ਅੰਦਰ ਨਾ ਵੜੇ ।16ਅਤੇ ਜਿਹੜਾ ਖੇਤ ਵਿੱਚ ਹੋਵੇ ਉਹ ਆਪਣੇ ਕੱਪੜੇ ਲੈਣ ਨੂੰ ਪਿੱਛੇ ਨਾ ਮੁੜੇ ।
17ਅਤੇ ਅਫ਼ਸੋਸ ਉਨ੍ਹਾਂ ਉੱਤੇ ਜਿਹੜੀਆਂ ਉਨ੍ਹਾਂ ਦਿਨਾਂ ਵਿੱਚ ਗਰਭਵਤੀਆਂ ਅਤੇ ਦੁੱਧ ਚੁੰਘਾਉਣ ਵਾਲੀਆਂ ਹੋਣ !18ਪਰ ਤੁਸੀਂ ਪ੍ਰਾਰਥਨਾ ਕਰੋ ਜੋ ਇਹ ਸਿਆਲ ਵਿੱਚ ਨਾ ਹੋਵੇ ।19ਕਿਉਂਕਿ ਉਨ੍ਹਾ ਦਿਨਾਂ ਵਿੱਚ ਐਡਾ ਕਸ਼ਟ ਹੋਵੇਗਾ, ਜੋ ਸ੍ਰਿਸ਼ਟੀ ਨੂੰ ਪਰਮੇਸ਼ੁਰ ਨੇ ਚੁਣਿਆ ਹੈ, ਪ੍ਰਭੂ ਨੇ ਉਨ੍ਹਾਂ ਦਿਨਾਂ ਨੂੰ ਘਟਾਇਆ ।20ਅਤੇ ਜੇ ਪ੍ਰਭੂ ਉਹਨਾਂ ਦਿਨਾਂ ਨੂੰ ਨਾ ਘਟਾਉਂਦਾ ਤਾਂ ਕੋਈ ਪ੍ਰਾਣੀ ਨਾ ਬਚਦਾ ਪਰ ਉਹਨਾਂ ਚੁਣਿਆ ਹੋਇਆਂ ਦੀ ਖਾਤਰ, ਜਿਹਨਾਂ ਨੂੰ ਉਸ ਨੇ ਚੁਣਿਆ ਹੈ ਉਸ ਨੇ ਉਹਨਾਂ ਦਿਨਾਂ ਨੂੰ ਘਟਾਇਆ
21ਅਤੇ ਉਸ ਸਮੇਂ ਜੇ ਕੋਈ ਤੁਹਾਨੂੰ ਆਖੇ ਕਿ ਵੇਖੋ ਮਸੀਹ ਐਥੇ ਹੈ ! ਜਾਂ ਵੇਖੋ ਉੱਥੇ ਹੈ ! ਤਾਂ ਸੱਚ ਨਾ ਮੰਨਣਾ ।22ਕਿਉਂਕਿ ਝੂਠੇ ਮਸੀਹ ਅਤੇ ਝੂਠੇ ਨਬੀ ਉੱਠਣਗੇ ਅਤੇ ਨਿਸ਼ਾਨ ਅਤੇ ਅਨੋਖੇ ਕੰਮ ਵਿਖਾਲਣਗੇ ਜੇ ਹੋ ਸਕੇ ਤਾਂ ਉਹ ਚੁਣਿਆਂ ਹੋਇਆਂ ਨੂੰ ਵੀ ਭੁਲਾਵੇ ਵਿੱਚ ਪਾ ਦੇਣ ।23ਪਰ ਤੁਸੀਂ ਚੌਕਸ ਰਹੋ, ਵੇਖੋ ਮੈਂ ਤੁਹਾਨੂੰ ਪਹਿਲਾਂ ਹੀ ਸੱਭੋ ਕੁੱਝ ਦੱਸ ਦਿੱਤਾ ।
ਮਨੁੱਖ ਦੇ ਪੁੱਤਰ ਦਾ ਦੁਬਾਰਾ ਆਉਣਾ
(ਮੱਤੀ 24:29-31, ਲੂਕਾ 21:25-28)

24ਉਨ੍ਹਾ ਦਿਨਾਂ ਵਿੱਚ ਕਸ਼ਟ ਦੇ ਪਿੱਛੋਂ ਸੂਰਜ ਅਨ੍ਹੇਰਾ ਹੋ ਜਾਵੇਗਾ, ਅਤੇ ਚੰਦ ਆਪਣੀ ਚਾਨਣੀ ਨਾ ਦੇਵੇਗਾ ।25ਅਤੇ ਤਾਰੇ ਅਕਾਸ਼ ਤੋਂ ਡਿੱਗ ਪੈਣਗੇ ਅਤੇ ਅਕਾਸ਼ ਦੀਆਂ ਸ਼ਕਤੀਆਂ ਅਕਾਸ਼ ਹਿਲਾਈਆਂ ਜਾਣਗੀਆਂ ।26ਤਦ ਲੋਕ ਮਨੁੱਖ ਦੇ ਪੁੱਤਰ ਨੂੰ ਵੱਡੀ ਸਮਰੱਥਾ ਅਤੇ ਮਹਿਮਾ ਨਾਲ ਬੱਦਲਾਂ ਉੱਤੇ ਆਉਂਦੇ ਵੇਖਣਗੇ ।27ਉਸ ਵੇਲੇ ਉਹ ਆਪਣੇ ਦੂਤਾਂ ਨੂੰ ਭੇਜੇਗਾ, ਅਤੇ ਉਹ ਧਰਤੀ ਦੀ ਹੱਦੋਂ ਅਕਾਸ਼ ਦੀ ਹੱਦ ਤੱਕ ਚਾਰੇ ਪਾਸਿਓਂ ਆਪਣੇ ਚੁਣਿਆ ਹੋਇਆਂ ਨੂੰ ਇਕੱਠਿਆਂ ਕਰੇਗਾ ।
ਹੰਜ਼ੀਰ ਦੇ ਰੁੱਖ ਦਾ ਉਦਾਹਰਣ
(ਮੱਤੀ 24:32-35, ਲੂਕਾ 21:29-33)

28ਹੰਜ਼ੀਰ ਦੇ ਰੁੱਖ ਤੋਂ ਇੱਕ ਦ੍ਰਿਸ਼ਟਾਂਤ ਸਿੱਖੋ । ਜਦ ਉਹ ਦੀਆਂ ਟਹਿਣੀਆਂ ਨਰਮ ਹੁੰਦੀਆਂ ਹਨ, ਅਤੇ ਪੱਤੇ ਫੁੱਟਦੇ ਹਨ ਤਾਂ ਤੁਸੀਂ ਜਾਣ ਲੈਂਦੇ ਹੋ ਜੋ ਗਰਮੀ ਦੀ ਰੁੱਤ ਨੇੜੇ ਆ ਗਈ ਹੈ ।29ਇਸੇ ਤਰ੍ਹਾਂ ਜਦੋਂ ਤੁਸੀਂ ਵੀ ਵੇਖੋ ਕਿ ਇਹ ਗੱਲਾਂ ਹੁੰਦੀਆਂ ਹਨ, ਤਾਂ ਜਾਣ ਲੈਂਣਾ ਕਿ ਉਹ ਨੇੜੇ ਹੈ ਸਗੋਂ ਬੂਹੇ ਉੱਤੇ ਹੈ ।
30ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਦੋਂ ਤੱਕ ਇਹ ਸਭ ਗੱਲਾਂ ਨਾ ਹੋ ਲੈਣ ਇਹ ਪੀਹੜੀ ਬੀਤ ਨਾ ਜਾਵੇਗੀ ।31ਅਕਾਸ਼ ਅਤੇ ਧਰਤੀ ਟਲ ਜਾਣਗੇ, ਪਰ ਮੇਰੇ ਬਚਨ ਕਦੀ ਨਾ ਟਲਣਗੇ ।
ਜਾਗਦੇ ਰਹੋ
(ਮੱਤੀ 24:36-44)

32ਪਰ ਉਸ ਦਿਨ ਜਾਂ ਉਸ ਸਮੇਂ ਦੇ ਬਾਰੇ ਕੋਈ ਨਹੀਂ ਜਾਣਦਾ, ਨਾ ਸਵਰਗ ਦੇ ਦੂਤ, ਨਾ ਪੁੱਤਰ ਪਰ ਕੇਵਲ ਪਿਤਾ ।
33ਖ਼ਬਰਦਾਰ, ਜਾਗਦੇ ਅਤੇ ਪ੍ਰਾਰਥਨਾ ਕਰਦੇ ਰਹੋ ਕਿਉਂਕਿ ਤੁਸੀਂ ਨਹੀਂ ਜਾਣਦੇ ਜੋ ਉਹ ਸਮਾਂ ਕਦੋਂ ਹੋਵੇਗਾ ।34ਇਹ ਇੱਕ ਪ੍ਰਦੇਸ ਗਏ ਹੋਏ ਮਨੁੱਖ ਵਰਗਾ ਹੈ ਜਿਸ ਨੇ ਘਰੋਂ ਜਾਂਦੇ ਸਮੇਂ ਆਪਣੇ ਨੌਕਰਾਂ ਨੂੰ ਅਧਿਕਾਰ ਅਤੇ ਹਰੇਕ ਨੂੰ ਉਹ ਦਾ ਕੰਮ ਦਿੱਤਾ ਅਤੇ ਦਰਬਾਨ ਨੂੰ ਹੁਕਮ ਦਿੱਤਾ ਕਿ ਜਾਗਦਾ ਰਹਿ ।
35ਸੋ ਜਾਗਦੇ ਰਹੋ ਕਿਉਂ ਜੋ ਤੁਸੀਂ ਨਹੀਂ ਜਾਣਦੇ ਜੋ ਘਰ ਦਾ ਮਾਲਕ ਕਦ ਆਵੇਗਾ, ਸ਼ਾਮ ਨੂੰ ਜਾਂ ਅੱਧੀ ਰਾਤ ਨੂੰ ਜਾਂ ਕੁੱਕੜ ਦੇ ਬਾਂਗ ਦੇਣ ਦੇ ਵੇਲੇ ਜਾਂ ਤੜਕੇ ਨੂੰ ।36ਕਿਤੇ ਅਜਿਹਾ ਨਾ ਹੋਵੇ ਜੋ ਉਹ ਅਚਾਨਕ ਆਣ ਕੇ ਤੁਹਾਨੂੰ ਸੁੱਤੇ ਪਏ ਵੇਖੇ ।37ਅਤੇ ਜੋ ਮੈਂ ਤੁਹਾਨੂੰ ਆਖਦਾ ਹਾਂ, ਉਹ ਹੀ ਸਾਰਿਆਂ ਨੂੰ ਆਖਦਾ ਹਾਂ ਕਿ ਜਾਗਦੇ ਰਹੋ !

14
ਯਿਸੂ ਦੇ ਵਿਰੁੱਧ ਸਾਜਿਸ਼
(ਮੱਤੀ 26:1-5, ਲੂਕਾ 22:1,2 ਯੂਹੰਨਾ 11:45-53)

1ਦੋ ਦਿਨਾਂ ਦੇ ਬਾਅਦ ਪਸਾਹ ਅਤੇ ਅਖ਼ਮੀਰੀ ਰੋਟੀ ਦਾ ਤਿਉਹਾਰ ਹੋਣ ਵਾਲਾ ਸੀ, ਮੁੱਖ ਜਾਜਕ ਅਤੇ ਉਪਦੇਸ਼ਕ ਇਸ ਗੱਲ ਦੇ ਪਿੱਛੇ ਲੱਗੇ ਹੋਏ ਸਨ ਜੋ ਉਹ ਨੂੰ ਕਿਵੇਂ ਧੋਖੇ ਨਾਲ ਫੜ੍ਹ ਕੇ ਮਾਰ ਸੁੱਟੀਏ ?2ਪਰ ਉਨ੍ਹਾਂ ਨੇ ਆਖਿਆ, ਤਿਉਹਾਰ ਦੇ ਦਿਨ ਨਹੀਂ ਕਿਤੇ ਲੋਕਾਂ ਵਿੱਚ ਹੰਗਾਮਾ ਨਾ ਹੋਵੇ ।

ਬੈਤਅਨੀਆ ਵਿੱਚ ਯਿਸੂ ਦਾ ਮਸਹ
(ਮੱਤੀ 26:6-13, ਯੂਹੰਨਾ 12:1-8)

3ਜਦੋਂ ਉਹ ਬੈਤਅਨੀਆ ਵਿੱਚ ਸ਼ਮਊਨ ਕੋੜ੍ਹੀ ਦੇ ਘਰ ਰੋਟੀ ਖਾਣ ਬੈਠਾ ਸੀ, ਤਦ ਇੱਕ ਔਰਤ ਬਹਮੁੱਲਾ ਜਟਾਮਾਂਸੀ ਦਾ ਖਰਾ ਅਤਰ ਸ਼ੀਸ਼ੀ ਵਿੱਚ ਲਿਆਈ ਅਤੇ ਸ਼ੀਸ਼ੀ ਨੂੰ ਤੋੜ ਕੇ ਉਸ ਦੇ ਸਿਰ ਉੱਤੇ ਡੋਹਲ ਦਿੱਤਾ ।4ਤਦ ਕਈਆਂ ਨੇ ਆਪਣੇ ਮਨ ਵਿੱਚ ਖਿਝ ਕੇ ਆਖਿਆ ਜੋ ਇਸ ਅਤਰ ਦਾ ਇਹ ਨੁਕਸਾਨ ਕਿਉਂ ਕੀਤਾ ਗਿਆ ?5ਕਿਉਂਕਿ ਇਹ ਅਤਰ ਤਿੰਨ ਸੋ ਦਿਨ ਦੀ ਮਜ਼ਦੂਰੀ ਦੀ ਕੀਮਤ ਤੋਂ (ਤਿੰਨ ਸੋ ਦੀਨਾਰ) ਵੀ ਵੱਧ ਨੂੰ ਵੇਚ ਕੇ ਕੰਗਾਲਾਂ ਨੂੰ ਵੰਡਿਆ ਜਾ ਸਕਦਾ ਸੀ, ਸੋ ਉਹ ਉਸ ਔਰਤ ਨੂੰ ਝਿੜਕਣ ਲੱਗੇ ।
6ਪਰ ਯਿਸੂ ਨੇ ਆਖਿਆ, ਇਸ ਨੂੰ ਛੱਡ ਦਿਓ, ਕਿਉਂ ਇਸ ਨੂੰ ਸਤਾਉਂਦੇ ਹੋ ? ਉਸ ਨੇ ਤਾਂ ਮੇਰੇ ਨਾਲ ਚੰਗਾ ਵਰਤਾਵਾ ਕੀਤਾ ਹੈ ।7ਕਿਉਂ ਜੋ ਕੰਗਾਲ ਤਾਂ ਸਦਾ ਤੁਹਾਡੇ ਨਾਲ ਰਹਿੰਦੇ ਹਨ, ਅਤੇ ਤੁਸੀਂ ਜਦੋਂ ਚਾਹੋ ਉਦੋਂ ਉਨ੍ਹਾਂ ਦਾ ਭਲਾ ਕਰ ਸਕਦੇ ਹੋ ਪਰ ਮੈਂ ਸਦਾ ਤੁਹਾਡੇ ਨਾਲ ਨਹੀਂ ਹਾਂ ।8ਜੋ ਉਹ ਕਰ ਸਕਦੀ ਸੀ ਉਸ ਨੇ ਕੀਤਾ । ਉਸ ਨੇ ਪਹਿਲਾਂ ਹੀ ਮੇਰੇ ਸਰੀਰ ਨੂੰ ਦਫ਼ਨਾਉਣ ਦੀ ਤਿਆਰੀ ਲਈ ਅਤਰ ਮਲਿਆ ।9ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਸਾਰੇ ਸੰਸਾਰ ਵਿੱਚ ਜਿੱਥੇ ਵੀ ਖੁਸ਼ਖਬਰੀ ਦਾ ਪਰਚਾਰ ਕੀਤਾ ਜਾਵੇਗਾ ਉੱਥੇ ਇਹ ਵੀ ਜੋ ਇਸ ਨੇ ਕੀਤਾ ਹੈ ਉਸ ਦੀ ਯਾਦਗੀਰੀ ਲਈ ਕਿਹਾ ਜਾਵੇਗਾ ।
ਯਹੂਦਾ ਦਾ ਵਿਸ਼ਵਾਸਘਾਤ
(ਮੱਤੀ 10:14-26, ਲੂਕਾ 22:3-6)

10ਯਹੂਦਾ ਇਸਕਰਿਯੋਤੀ ਜਿਹੜਾ ਉਨ੍ਹਾਂ ਬਾਰਾਂ ਵਿੱਚੋਂ ਇੱਕ ਸੀ ਮੁੱਖ ਜਾਜਕਾਂ ਕੋਲ ਚੱਲਿਆ ਗਿਆ ਕਿ ਉਸ ਨੂੰ ਉਨ੍ਹਾਂ ਦੇ ਹੱਥ ਫੜਵਾ ਦੇਵੇ ।11ਅਤੇ ਉਹ ਇਹ ਸੁਣ ਕੇ ਅਨੰਦ ਹੋਏ ਅਤੇ ਉਸ ਨੂੰ ਰੁਪਏ ਦੇਣ ਦਾ ਕਰਾਰ ਕੀਤਾ । ਤਦ ਉਹ ਇਸ ਗੱਲ ਦੇ ਪਿੱਛੇ ਲੱਗਾ ਜੋ ਕਿਸ ਤਰ੍ਹਾਂ ਮੌਕਾ ਪਾ ਕੇ ਉਹ ਨੂੰ ਫੜਵਾ ਦੇਵੇ ।
ਚੇਲਿਆਂ ਦੇ ਨਾਲ ਪਸਾਹ ਦਾ ਆਖਰੀ ਭੋਜ
(ਮੱਤੀ 26:17-25, ਲੂਕਾ 22:7-14, 21-23, ਯੂਹੰਨਾ 13:21-30)

12ਅਖ਼ਮੀਰੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ ਜਾਂ ਪਸਾਹ ਦੇ ਲਈ ਬਲੀਦਾਨ ਕਰਦੇ ਹੁੰਦੇ ਸਨ ਤਾਂ ਉਹ ਦੇ ਚੇਲਿਆਂ ਨੇ ਉਹ ਨੂੰ ਕਿਹਾ, ਤੂੰ ਕਿੱਥੇ ਚਾਹੁੰਦਾ ਹੈਂ ਜੋ ਅਸੀਂ ਜਾ ਕੇ ਤੇਰੇ ਪਸਾਹ ਖਾਣ ਲਈ ਤਿਆਰੀ ਕਰੀਏ ?13ਤਦ ਉਹ ਨੇ ਆਪਣੇ ਚੇਲਿਆਂ ਵਿੱਚੋਂ ਦੋ ਨੂੰ ਭੇਜਿਆ ਅਤੇ ਉਨ੍ਹਾਂ ਨੂੰ ਆਖਿਆ, ਸ਼ਹਿਰ ਵਿੱਚ ਜਾਓ ਅਤੇ ਇੱਕ ਮਨੁੱਖ ਪਾਣੀ ਦਾ ਘੜਾ ਚੁੱਕੀ ਤੁਹਾਨੂੰ ਮਿਲੇਗਾ । ਉਹ ਦੇ ਮਗਰ ਤੁਰ ਪਓ ।14ਅਤੇ ਜਿਸ ਘਰ ਵਿੱਚ ਉਹ ਜਾਵੇ ਤੁਸੀਂ ਘਰ ਦੇ ਮਾਲਕ ਨੂੰ ਕਹੋ ਜੋ ਗੁਰੂ ਆਖਦਾ ਹੈ ਮੇਰਾ ਉਤਾਰੇ ਦਾ ਥਾਂ ਕਿੱਥੇ ਹੈ ਜਿੱਥੇ ਮੈਂ ਆਪਣੇ ਚੇਲਿਆਂ ਦੇ ਨਾਲ ਪਸਾਹ ਖਾਵਾਂ ?
15ਉਹ ਤੁਹਾਨੂੰ ਤਿਆਰ ਕੀਤਾ ਹੋਇਆ ਅਤੇ ਸਜਾਇਆ ਹੋਇਆ ਇੱਕ ਵੱਡਾ ਚੁਬਾਰਾ ਵਿਖਾਵੇਗਾ ਅਤੇ ਉੱਥੇ ਜਾ ਕੇ ਤੁਸੀਂ ਤਿਆਰੀ ਕਰੋ ।16ਤਾਂ ਚੇਲੇ ਚੱਲੇ ਗਏ ਅਤੇ ਸ਼ਹਿਰ ਵਿੱਚ ਜਾ ਕੇ ਜਿਹਾ ਉਸ ਨੇ ਉਨ੍ਹਾਂ ਨੂੰ ਦੱਸਿਆ ਸੀ ਉਸੇ ਤਰ੍ਹਾਂ ਵੇਖਿਆ ਅਤੇ ਪਸਾਹ ਦੀ ਤਿਆਰੀ ਕੀਤੀ ।

17ਜਦ ਸ਼ਾਮ ਪਈ ਉਹ ਉਨ੍ਹਾਂ ਬਾਰਾਂ ਦੇ ਨਾਲ ਆਇਆ ।18ਅਤੇ ਜਦ ਉਹ ਬੈਠੇ ਖਾਂਦੇ ਸਨ ਤਦ ਯਿਸੂ ਨੇ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਤੁਹਾਡੇ ਵਿੱਚੋਂ ਇੱਕ ਜੋ ਮੇਰੇ ਨਾਲ ਖਾਂਦਾ ਹੈ ਮੈਨੂੰ ਫੜਵਾਏਗਾ ।19ਤਦ ਉਹ ਉਦਾਸ ਹੋਏ ਅਤੇ ਇੱਕ-ਇੱਕ ਕਰ ਕੇ ਉਹ ਨੂੰ ਕਹਿਣ ਲੱਗੇ, ਕੀ ਉਹ ਮੈਂ ਹਾਂ ?
20ਉਸ ਨੇ ਉਨ੍ਹਾਂ ਨੂੰ ਆਖਿਆ, ਬਾਰਾਂ ਵਿੱਚੋਂ ਇੱਕ ਜਣਾ ਜਿਹੜਾ ਮੇਰੇ ਨਾਲ ਕਟੋਰੇ ਵਿੱਚ ਹੱਥ ਡੋਬਦਾ ਹੈ ਉਹ ਹੀ ਹੈ ।21ਮਨੁੱਖ ਦਾ ਪੁੱਤਰ ਤਾਂ ਜਾਂਦਾ ਹੈ ਜਿਵੇਂ ਉਹ ਦੇ ਹੱਕ ਵਿੱਚ ਲਿਖਿਆ ਹੈ ਪਰ ਅਫ਼ਸੋਸ ਉਸ ਮਨੁੱਖ ਉੱਤੇ ਜਿਹ ਦੇ ਰਾਹੀਂ ਮਨੁੱਖ ਦਾ ਪੁੱਤਰ ਫੜਵਾਇਆ ਜਾਂਦਾ ! ਉਸ ਮਨੁੱਖ ਦੇ ਲਈ ਭਲਾ ਹੁੰਦਾ ਜੇ ਉਹ ਨਾ ਜੰਮਦਾ ।
ਪ੍ਰਭੂ ਭੋਜ
(ਮੱਤੀ 26:26-30, ਲੂਕਾ 22:14-20, 1 ਕੁਰਿੰਥੀਆਂ 11:23-25)

22ਜਦ ਉਹ ਖਾ ਰਹੇ ਸਨ ਤਦ ਉਹ ਨੇ ਰੋਟੀ ਲਈ ਅਤੇ ਬਰਕਤ ਦੇ ਕੇ ਤੋੜੀ ਅਤੇ ਉਨ੍ਹਾਂ ਨੂੰ ਦੇ ਕੇ ਆਖਿਆ, ਲਓ ਇਹ ਮੇਰਾ ਸਰੀਰ ਹੈ ।23ਫੇਰ ਉਹ ਨੇ ਪਿਆਲਾ ਲੈ ਕੇ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਦਿੱਤਾ ਅਤੇ ਸਭਨਾਂ ਨੇ ਉਸ ਵਿੱਚੋਂ ਪੀਤਾ ।24ਅਤੇ ਉਹ ਨੇ ਉਨ੍ਹਾਂ ਨੂੰ ਆਖਿਆ, ਇਹ ਮੇਰਾ ਲਹੂ ਹੈ ਅਰਥਾਤ ਨੇਮ ਦਾ ਲਹੂ ਜਿਹੜਾ ਬਹੁਤਿਆਂ ਦੇ ਲਈ ਵਹਾਇਆ ਜਾਂਦਾ ਹੈ ।25ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਮੈਂ ਫੇਰ ਕਦੇ ਅੰਗੂਰ ਦਾ ਰਸ ਨਾ ਪੀਵਾਂਗਾ ਜਿਸ ਦਿਨ ਤੱਕ ਪਰਮੇਸ਼ੁਰ ਦੇ ਰਾਜ ਵਿੱਚ ਉਹ ਨਵਾਂ ਨਾ ਪੀਵਾਂ ।

26ਫੇਰ ਉਹ ਭਜਨ ਗਾ ਕੇ ਜ਼ੈਤੂਨ ਦੇ ਪਹਾੜ ਨੂੰ ਨਿੱਕਲ ਗਏ ।
ਪਤਰਸ ਦੇ ਇਨਕਾਰ ਦੀ ਭਵਿੱਖਬਾਣੀ
(ਮੱਤੀ 26:31-35, ਲੂਕਾ 22:31-34, ਯੂਹੰਨਾ 13:36-38)

27ਤਾਂ ਯਿਸੂ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਸੱਭੇ ਠੋਕਰ ਖਾਓਗੇ ਕਿਉਂ ਜੋ ਇਹ ਲਿਖਿਆ ਹੈ ਕਿ ਮੈਂ ਅਯਾਲੀ ਨੂੰ ਮਰਾਂਗਾ ਅਤੇ ਭੇਡਾਂ ਖਿੱਲਰ ਜਾਣਗੀਆਂ ।
28ਪਰ ਮੈਂ ਆਪਣੇ ਜੀ ਉੱਠਣ ਦੇ ਪਿੱਛੋਂ ਤੁਹਾਡੇ ਤੋਂ ਪਹਿਲਾਂ ਗਲੀਲ ਨੂੰ ਜਾਂਵਾਂਗਾ ।29ਤਦ ਪਤਰਸ ਨੇ ਉਹ ਨੂੰ ਆਖਿਆ, ਭਾਵੇਂ ਸੱਭੇ ਠੋਕਰ ਖਾਣ ਪਰ ਮੈਂ ਨਹੀਂ ਖਾਵਾਂਗਾ !
30ਅਤੇ ਯਿਸੂ ਨੇ ਉਹ ਨੂੰ ਕਿਹਾ, ਮੈਂ ਤੈਨੂੰ ਸੱਚ ਆਖਦਾ ਹਾਂ ਜੋ ਤੂੰ ਅੱਜ ਇਸੇ ਰਾਤ ਮੁਰਗੇ ਦੇ ਦੋ ਵਾਰ ਬਾਂਗ ਦੇਣ ਤੋਂ ਪਹਿਲਾਂ ਤੂੰ ਤਿੰਨ ਵਾਰ ਮੇਰਾ ਇਨਕਾਰ ਕਰੇਂਗਾ ।31ਪਰ ਉਹ ਨੇ ਜੋਰ ਦੇ ਕੇ ਕਿਹਾ, ਜੇ ਤੇਰੇ ਨਾਲ ਮੈਨੂੰ ਮਰਨਾ ਵੀ ਪਵੇ ਤਾਂ ਵੀ ਮੈਂ ਤੇਰਾ ਇਨਕਾਰ ਕਦੀ ਨਾ ਕਰਾਂਗਾ ਅਤੇ ਸੱਭੇ ਇਸੇ ਤਰ੍ਹਾਂ ਬੋਲੇ ।
ਗਥਸਮਨੀ ਵਿੱਚ ਪ੍ਰਾਰਥਨਾ
(ਮੱਤੀ 26:36-40, ਲੂਕਾ 22:39-46)

32ਫੇਰ ਉਹ ਗਥਸਮਨੀ ਨਾਮੇ ਇੱਕ ਥਾਂ ਆਏ ਅਤੇ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ, ਜਦ ਤੱਕ ਮੈਂ ਪ੍ਰਾਰਥਨਾ ਕਰਦਾ ਹਾਂ ਤੁਸੀਂ ਐਥੇ ਬੈਠੋ ।33ਉਸ ਨੇ ਪਤਰਸ, ਯਾਕੂਬ ਅਤੇ ਯੂਹੰਨਾ ਨੂੰ ਆਪਣੇ ਨਾਲ ਲਿਆ ਅਤੇ ਪਰੇਸ਼ਾਨ ਅਤੇ ਬਹੁਤ ਦੁੱਖੀ ਹੋਣ ਲੱਗਾ ।34ਉਸ ਨੇ ਉਨ੍ਹਾਂ ਨੂੰ ਆਖਿਆ, ਮੇਰਾ ਜੀ ਬਹੁਤ ਉਦਾਸ ਹੈ ਸਗੋਂ ਮਰਨ ਦੇ ਦਰਜੇ ਤੱਕ । ਤੁਸੀਂ ਐਥੇ ਠਹਿਰੋ ਅਤੇ ਜਾਗਦੇ ਰਹੋ ।
35ਅਤੇ ਉਹ ਥੋੜ੍ਹਾ ਅੱਗੇ ਵੱਧ ਕੇ ਜ਼ਮੀਨ ਭੁੰਜੇ ਡਿੱਗ ਪਿਆ ਅਤੇ ਪ੍ਰਾਰਥਨਾ ਕੀਤੀ ਕਿ ਜੇ ਹੋ ਸਕੇ ਤਾਂ ਇਹ ਘੜੀ ਮੇਰੇ ਤੋਂ ਟਲ ਜਾਏ ।36ਅਤੇ ਉਸ ਨੇ ਆਖਿਆ, ਅੱਬਾ, ਹੇ ਪਿਤਾ, ਤੇਰੇ ਕੋਲੋਂ ਸੱਭੋ ਕੁੱਝ ਹੋ ਸਕਦਾ ਹੈ । ਇਹ ਪਿਆਲਾ ਮੇਰੇ ਕੋਲੋਂ ਹਟਾ ਦੇ ਤਾਂ ਵੀ ਉਹ ਨਾ ਹੋਵੇ ਜਿਹੜਾ ਮੈਂ ਚਾਹੁੰਦਾ ਹਾਂ ਪਰ ਉਹ ਜਿਹੜਾ ਤੂੰ ਚਾਹੁੰਦਾ ਹੈਂ ।
37ਫੇਰ ਉਹ ਨੇ ਆਣ ਕੇ ਉਨ੍ਹਾਂ ਨੂੰ ਸੁੱਤੇ ਹੋਏ ਵੇਖਿਆ ਅਤੇ ਪਤਰਸ ਨੂੰ ਆਖਿਆ, ਹੇ ਸ਼ਮਊਨ, ਤੂੰ ਸੌਂਦਾ ਹੈਂ ? ਕੀ ਤੇਰੇ ਕੋਲੋਂ ਇੱਕ ਘੜੀ ਵੀ ਨਾ ਜਾਗ ਹੋਇਆ ?38ਜਾਗਦੇ ਰਹੋ ਅਤੇ ਪ੍ਰਾਰਥਨਾ ਕਰੋ ਕਿ ਤੁਸੀਂ ਪਰਤਾਵੇ ਵਿੱਚ ਨਾ ਪਓ, ਆਤਮਾ ਤਾਂ ਤਿਆਰ ਹੈ ਪਰ ਸਰੀਰ ਕਮਜ਼ੋਰ ਹੈ ।39ਤਾਂ ਉਹ ਫੇਰ ਗਿਆ ਅਤੇ ਉਸੇ ਤਰ੍ਹਾਂ ਪ੍ਰਾਰਥਨਾ ਕੀਤੀ ।
40ਅਤੇ ਫੇਰ ਆਣ ਕੇ ਉਸ ਨੇ ਉਨ੍ਹਾਂ ਨੂੰ ਸੁੱਤੇ ਹੋਏ ਵੇਖਿਆ ਕਿਉਂ ਜੋ ਉਨ੍ਹਾਂ ਦੀਆਂ ਅੱਖਾਂ ਨੀਂਦਰ ਨਾਲ ਭਾਰੀਆਂ ਹੋਈਆਂ ਹੋਈਆਂ ਸਨ ਅਤੇ ਉਹ ਨਹੀਂ ਜਾਣਦੇ ਸਨ ਜੋ ਉਸ ਨੂੰ ਕੀ ਉੱਤਰ ਦੇਣ ।41ਅਤੇ ਉਸ ਨੇ ਤੀਜੀ ਵਾਰ ਆ ਕੇ ਉਨ੍ਹਾਂ ਨੂੰ ਕਿਹਾ, ਹੁਣ ਤੁਸੀਂ ਸੁੱਤੇ ਰਹੋ ਅਤੇ ਅਰਾਮ ਕਰੋ । ਹੁਣ ਉਹ ਘੜੀ ਆ ਪਹੁੰਚੀ ਹੈ । ਵੇਖੋ ਮਨੁੱਖ ਦਾ ਪੁੱਤਰ ਪਾਪੀਆਂ ਦੇ ਹੱਥਾਂ ਵਿੱਚ ਫੜਵਾਇਆ ਜਾਂਦਾ ਹੈ ।42ਉੱਠੋ, ਚੱਲੀਏ, ਵੇਖੋ ਮੇਰਾ ਫੜਵਾਉਣ ਵਾਲਾ ਨੇੜੇ ਆ ਗਿਆ ਹੈ ।
ਯਿਸੂ ਦਾ ਫੜਿਆ ਜਾਣਾ
(ਮੱਤੀ 26:47-56, ਲੂਕਾ 22:47-53, ਯੂਹੰਨਾ 18:3-12)

43ਉਹ ਅਜੇ ਬੋਲਦਾ ਹੀ ਸੀ ਕਿ ਉਸੇ ਵੇਲੇ ਯਹੂਦਾ ਜਿਹੜਾ ਉਨ੍ਹਾਂ ਬਾਰਾਂ ਵਿੱਚੋਂ ਇੱਕ ਸੀ ਆਇਆ ਅਤੇ ਮੁੱਖ ਜਾਜਕਾਂ ਅਤੇ ਉਪਦੇਸ਼ਕਾਂ ਅਤੇ ਬਜ਼ੁਰਗਾਂ ਦੀ ਵੱਲੋਂ ਇੱਕ ਭੀੜ ਤਲਵਾਰਾਂ ਅਤੇ ਡਾਂਗਾਂ ਫੜੀ ਉਹ ਦੇ ਨਾਲ ਸੀ ।44ਉਹ ਦੇ ਫੜਵਾਉਣ ਵਾਲੇ ਨੇ ਉਨ੍ਹਾਂ ਨੂੰ ਇਹ ਕਹਿ ਕੇ ਪਤਾ ਦਿੱਤਾ ਸੀ, ਕਿ ਜਿਸ ਨੂੰ ਮੈਂ ਚੁੰਮਾਂ ਉਹੀ ਹੈ । ਉਹ ਨੂੰ ਫੜ੍ਹ ਕੇ ਤਕੜਾਈ ਨਾਲ ਲੈ ਜਾਣਾ !45ਸੋ ਜਦ ਉਹ ਆ ਗਿਆ ਝੱਟ ਉਹ ਦੇ ਕੋਲ ਜਾ ਕੇ ਉਸ ਨੇ ਕਿਹਾ, ਗੁਰੂ ਜੀ ! ਅਤੇ ਉਹ ਨੂੰ ਚੁੰਮਿਆ ।46ਤਦ ਉਨ੍ਹਾਂ ਉਸ ਤੇ ਹੱਥ ਪਾਏ ਅਤੇ ਉਹ ਨੂੰ ਫੜ ਲਿਆ ।
47ਅਤੇ ਜਿਹੜੇ ਉੱਥੇ ਖੜੇ ਸਨ ਉਨ੍ਹਾਂ ਵਿੱਚੋਂ ਇੱਕ ਨੇ ਤਲਵਾਰ ਕੱਢ ਲਈ ਅਤੇ ਪ੍ਰਧਾਨ ਜਾਜਕ ਦੇ ਨੌਕਰ ਨੂੰ ਮਾਰ ਕੇ ਉਹ ਦਾ ਕੰਨ ਉਡਾ ਦਿੱਤਾ ।48ਤਦ ਯਿਸੂ ਨੇ ਉਨ੍ਹਾਂ ਨੂੰ ਅੱਗੋਂ ਆਖਿਆ ਕਿ ਤਲਵਾਰਾਂ ਅਤੇ ਡਾਂਗਾਂ ਫੜ੍ਹੀ ਕੀ ਤੁਸੀਂ ਮੈਨੂੰ ਡਾਕੂ ਵਾਂਗੂੰ ਫੜ੍ਹਨ ਨੂੰ ਨਿੱਕਲੇ ਹੋ ?49ਮੈਂ ਰੋਜ਼ ਹੈਕਲ ਵਿੱਚ ਤੁਹਾਡੇ ਕੋਲ ਹੁੰਦਾ ਅਤੇ ਉਪਦੇਸ਼ ਦਿੰਦਾ ਸੀ ਅਤੇ ਤੁਸੀਂ ਮੈਨੂੰ ਨਾ ਫੜ੍ਹਿਆ, ਪਰ ਇਹ ਇਸ ਲਈ ਹੋਇਆ ਜੋ ਪਵਿੱਤਰ ਗ੍ਰੰਥ ਦੀਆਂ ਲਿਖਤਾਂ ਪੂਰੀਆਂ ਹੋਣ ।50ਅਤੇ ਸੱਭੇ ਚੇਲੇ ਉਹ ਨੂੰ ਛੱਡ ਕੇ ਭੱਜ ਗਏ ।
51ਇੱਕ ਜੁਆਨ ਜਿਸ ਨੇ ਚਾਦਰ ਆਪਣੇ ਨੰਗੇ ਪਿੰਡੇ ਉੱਤੇ ਪਾਈ ਹੋਈ ਸੀ, ਉਹ ਦੇ ਮਗਰ ਤੁਰਿਆ ਅਤੇ ਲੋਕਾਂ ਨੇ ਉਸ ਨੂੰ ਫੜ ਲਿਆ ।52ਪਰ ਉਹ ਕੱਪੜਾ ਛੱਡ ਕੇ ਨੰਗਾ ਭੱਜ ਗਿਆ ।
ਯਿਸੂ ਨੂੰ ਮਹਾਂ ਸਭਾ ਦੇ ਸਾਹਮਣੇ ਪੇਸ਼ ਕਰਨਾ
(ਮੱਤੀ 26:57-68, ਲੂਕਾ 22:54,55, 63-71, ਯੂਹੰਨਾ 18:13, 14, 19-24)

53ਤਦ ਉਹ ਯਿਸੂ ਨੂੰ ਪ੍ਰਧਾਨ ਜਾਜਕ ਕੋਲ ਲੈ ਗਏ ਅਤੇ ਉਹ ਦੇ ਕੋਲ ਸਾਰੇ ਮੁੱਖ ਜਾਜਕ ਅਤੇ ਬਜ਼ੁਰਗ ਅਤੇ ਉਪਦੇਸ਼ਕ ਇਕੱਠੇ ਹੋਏ ।54ਅਤੇ ਪਤਰਸ ਕੁੱਝ ਦੂਰੀ ਤੇ ਉਹ ਦੇ ਪਿੱਛੇ-ਪਿੱਛੇ ਪ੍ਰਧਾਨ ਜਾਜਕ ਦੇ ਵੇਹੜੇ ਦੇ ਅੰਦਰ ਤੱਕ ਚੱਲਿਆ ਗਿਆ ਅਤੇ ਸਿਪਾਹੀਆਂ ਦੇ ਨਾਲ ਬੈਠ ਕੇ ਅੱਗ ਸੇਕਣ ਲੱਗਾ ।
55ਤਦ ਮੁੱਖ ਜਾਜਕਾਂ ਅਤੇ ਸਾਰੀ ਮਹਾਂ ਸਭਾ ਨੇ ਯਿਸੂ ਦੇ ਵਿਰੁੱਧ ਉਹ ਨੂੰ ਜਾਨੋਂ ਮਾਰਨ ਲਈ ਗਵਾਹੀ ਭਾਲੀ, ਪਰ ਨਾ ਲੱਭੀ ।56ਬਹੁਤਿਆਂ ਨੇ ਉਹ ਦੇ ਵਿਰੁੱਧ ਝੂਠੀ ਗਵਾਹੀ ਤਾਂ ਦਿੱਤੀ ਪਰ ਉਨ੍ਹਾਂ ਦੀ ਗਵਾਹੀ ਇੱਕੋ ਜਿਹੀ ਨਾ ਸੀ ।
57ਤਦ ਕਈਆਂ ਨੇ ਉੱਠ ਕੇ ਉਹ ਦੇ ਵਿਰੁੱਧ ਇਹ ਕਹਿ ਕੇ ਝੂਠੀ ਗਵਾਹੀ ਦਿੱਤੀ58ਜੋ ਅਸੀਂ ਉਹ ਨੂੰ ਇਹ ਆਖਦੇ ਸੁਣਿਆ ਜੋ ਮੈਂ ਇਸ ਹੈਕਲ ਨੂੰ ਜਿਹੜੀ ਹੱਥਾਂ ਨਾਲ ਬਣਾਈ ਹੋਈ ਹੈ ਢਾਹ ਦਿਆਂਗਾ ਅਤੇ ਤਿੰਨਾਂ ਦਿਨਾਂ ਵਿੱਚ ਇੱਕ ਹੋਰ ਨੂੰ ਬਿਨ੍ਹਾਂ ਹੱਥ ਲਾਏ ਬਣਾਵਾਂਗਾ ।59ਤਾਂ ਵੀ ਉਨ੍ਹਾਂ ਦੀ ਗਵਾਹੀ ਇੱਕੋ ਜਿਹੀ ਨਾ ਸੀ ।
60ਤਦ ਪ੍ਰਧਾਨ ਜਾਜਕ ਵਿਚਾਲੇ ਖੜ੍ਹਾ ਹੋਇਆ ਅਤੇ ਯਿਸੂ ਨੂੰ ਪੁੱਛਿਆ, ਕੀ ਤੂੰ ਕੁੱਝ ਜ਼ਵਾਬ ਨਹੀਂ ਦਿੰਦਾ ? ਇਹ ਤੇਰੇ ਵਿਰੁੱਧ ਕੀ ਗਵਾਹੀ ਦਿੰਦੇ ਹਨ ?61ਪਰ ਉਹ ਚੁੱਪ ਹੀ ਰਿਹਾ ਅਤੇ ਕੁੱਝ ਜ਼ਵਾਬ ਨਾ ਦਿੱਤਾ ਤਾਂ ਪ੍ਰਧਾਨ ਜਾਜਕ ਨੇ ਫੇਰ ਉਹ ਨੂੰ ਪੁੱਛਿਆ, ਕੀ ਤੂੰ ਮਸੀਹ ਮੁਬਾਰਕ ਪਰਮੇਸ਼ੁਰ ਦਾ ਪੁੱਤਰ ਹੈਂ ?62ਯਿਸੂ ਨੇ ਆਖਿਆ, ਮੈਂ ਹਾਂ ਅਤੇ ਤੁਸੀਂ ਮਨੁੱਖ ਦੇ ਪੁੱਤਰ ਨੂੰ ਸਰਬ ਸ਼ਕਤੀਮਾਨ ਦੇ ਸੱਜੇ ਹੱਥ ਬਿਰਾਜਮਾਨ ਹੋਇਆ ਅਤੇ ਅਕਾਸ਼ ਦੇ ਬੱਦਲਾਂ ਨਾਲ ਆਉਂਦਾ ਵੇਖੋਗੇ ।
63ਤਦ ਪ੍ਰਧਾਨ ਜਾਜਕ ਨੇ ਆਪਣੇ ਕੱਪੜੇ ਪਾੜ ਕੇ ਆਖਿਆ, ਹੁਣ ਸਾਨੂੰ ਗਵਾਹਾਂ ਦੀ ਹੋਰ ਕੀ ਲੋੜ ਹੈ ?64ਤੁਸੀਂ ਇਹ ਕੁਫ਼ਰ ਸੁਣਿਆ, ਤੁਹਾਡੀ ਕੀ ਸਲਾਹ ਹੈ ? ਤਦ ਉਨ੍ਹਾਂ ਸਭਨਾਂ ਨੇ ਉਹ ਨੂੰ ਮਾਰੇ ਜਾਣ ਦੇ ਲਾਇਕ ਠਹਿਰਾਇਆ ।65ਅਤੇ ਬਹੁਤ ਉਸ ਉੱਤੇ ਥੁੱਕਣ ਅਤੇ ਉਹ ਦਾ ਮੂੰਹ ਢੱਕਣ ਅਤੇ ਉਹ ਨੂੰ ਮੁੱਕੇ ਮਾਰਨ ਅਤੇ ਕਹਿਣ ਲੱਗੇ, ਭਵਿੱਖਬਾਣੀ ਕਰਕੇ ਵਿਖਾ ! ਅਤੇ ਸਿਪਾਹੀਆਂ ਨੇ ਉਹ ਨੂੰ ਲੈ ਕੇ ਚਪੇੜਾਂ ਮਾਰੀਆਂ ।
ਪਤਰਸ ਦਾ ਇਨਕਾਰ
(ਮੱਤੀ 26:69-75, ਲੂਕਾ 22:56-62, ਯੂਹੰਨਾ 18:15-18, 25-27)

66ਜਾਂ ਪਤਰਸ ਹੇਠਾਂ ਵਿਹੜੇ ਵਿੱਚ ਸੀ ਪ੍ਰਧਾਨ ਜਾਜਕ ਦੀਆਂ ਗੋਲੀਆਂ ਵਿੱਚੋਂ ਇੱਕ ਆਈ ।67ਅਤੇ ਪਤਰਸ ਨੂੰ ਅੱਗ ਸੇਕਦਾ ਵੇਖ ਕੇ ਉਹ ਦੀ ਵੱਲ ਨਿਗਾਹ ਕਰ ਕੇ ਬੋਲੀ, ਤੂੰ ਵੀ ਯਿਸੂ ਨਾਸਰੀ ਦੇ ਨਾਲ ਸੀ ।68ਪਰ ਉਹ ਮੁੱਕਰ ਨੇ ਬੋਲਿਆ, ਨਾ ਮੈਂ ਜਾਣਦਾ, ਨਾ ਮੇਰੀ ਸਮਝ ਵਿੱਚ ਆਉਂਦਾ ਹੈ ਜੋ ਤੂੰ ਕੀ ਆਖਦੀ ਹਾਂ, ਅਤੇ ਉਹ ਬਾਹਰ ਡਿਉੜੀ ਵਿੱਚ ਚੱਲਿਆ ਗਿਆ ।
69ਤਾਂ ਗੋਲੀ ਉਹ ਨੂੰ ਵੇਖ ਕੇ ਫੇਰ ਉਨ੍ਹਾਂ ਨੂੰ ਜਿਹੜੇ ਉੱਥੇ ਖੜੇ ਸਨ ਆਖਣ ਲੱਗੀ, ਇਹ ਉਨ੍ਹਾਂ ਵਿੱਚੋਂ ਇੱਕ ਹੈ ।70ਪਰ ਉਹ ਫੇਰ ਮੁੱਕਰ ਗਿਆ ਅਤੇ ਥੋੜ੍ਹੇ ਚਿਰ ਪਿੱਛੋਂ ਫੇਰ ਉਨ੍ਹਾਂ ਨੇ ਜਿਹੜੇ ਉੱਥੇ ਖੜੇ ਸਨ ਪਤਰਸ ਨੂੰ ਕਿਹਾ, ਸੱਚ-ਮੁੱਚ ਤੂੰ ਉਨ੍ਹਾਂ ਵਿੱਚੋਂ ਹੈਂ ਕਿਉਂ ਜੋ ਤੂੰ ਗਲੀਲੀ ਹੈਂ ।
71ਪਰ ਉਹ ਸਰਾਪ ਦੇਣ ਅਤੇ ਸਹੁੰ ਖਾਣ ਲੱਗਾ ਕਿ ਮੈਂ ਉਸ ਮਨੁੱਖ ਨੂੰ ਜਿਹ ਦੀ ਤੁਸੀਂ ਗੱਲ ਕਰਦੇ ਹੋ ਜਾਣਦਾ ਹੀ ਨਹੀਂ ।72ਅਤੇ ਝੱਟ ਦੂਜੀ ਵਾਰ ਮੁਰਗੇ ਨੇ ਬਾਂਗ ਦਿੱਤੀ ਅਤੇ ਪਤਰਸ ਨੂੰ ਉਹ ਗੱਲ ਚੇਤੇ ਆਈ ਜਿਹੜੀ ਯਿਸੂ ਨੇ ਉਹ ਨੂੰ ਆਖੀ ਸੀ ਜੋ ਮੁਰਗੇ ਦੇ ਦੋ ਵਾਰ ਬਾਂਗ ਦੇਣ ਤੋਂ ਪਹਿਲਾਂ ਤੂੰ ਤਿੰਨ ਵਾਰ ਮੇਰਾ ਇਨਕਾਰ ਕਰੇਂਗਾ ਅਤੇ ਉਹ ਉਸ ਗੱਲ ਨੂੰ ਸੋਚ ਕੇ ਰੋਣ ਲੱਗਾ ।

15
ਯਿਸੂ ਨੂੰ ਪਿਲਾਤੁਸ ਦੇ ਸਾਹਮਣੇ ਪੇਸ਼ ਕਰਨਾ
(ਮੱਤੀ 27: 1, 2, 11-14, ਲੂਕਾ 23:1-5, ਯੂਹੰਨਾ 18:28-38)

1ਸਵੇਰ ਹੁੰਦਿਆਂ ਹੀ ਮੁੱਖ ਜਾਜਕਾਂ ਨੇ ਬਜ਼ੁਰਗਾਂ ਅਤੇ ਉਪਦੇਸ਼ਕਾਂ ਸਣੇ ਅਤੇ ਸਾਰੀ ਮਹਾਂ ਸਭਾ ਨੇ ਸਲਾਹ ਕਰ ਕੇ ਯਿਸੂ ਨੂੰ ਬੰਨ੍ਹਿਆ ਅਤੇ ਲੈ ਜਾ ਕੇ ਪਿਲਾਤੁਸ ਦੇ ਹਵਾਲੇ ਕੀਤਾ ।2ਪਿਲਾਤੁਸ ਨੇ ਉਸ ਤੋਂ ਪੁੱਛਿਆ, ਭਲਾ, ਤੂੰ ਯਹੂਦੀਆਂ ਦਾ ਪਾਤਸ਼ਾਹ ਹੈਂ ? ਉਸ ਨੇ ਉਹ ਨੂੰ ਉੱਤਰ ਦਿੱਤਾ, ਤੂੰ ਸੱਚ ਆਖਿਆ ਹੈ ।3ਤਾਂ ਮੁੱਖ ਜਾਜਕਾਂ ਨੇ ਉਸ ਉੱਤੇ ਬਹੁਤ ਦੋਸ਼ ਲਾਏ ।

4ਪਿਲਾਤੁਸ ਨੇ ਉਸ ਤੋਂ ਫਿਰ ਪੁੱਛਿਆ, ਤੂੰ ਕੁੱਝ ਜ਼ਵਾਬ ਨਹੀਂ ਦਿੰਦਾ ? ਵੇਖ ਉਹ ਤੇਰੇ ਉੱਤੇ ਕਿੰਨੀਆਂ ਗੱਲਾਂ ਦਾ ਦੋਸ਼ ਲਾਉਂਦੇ ਹਨ !5ਪਰ ਯਿਸੂ ਨੇ ਫੇਰ ਕੁੱਝ ਜ਼ਵਾਬ ਨਾ ਦਿੱਤਾ ਐਥੋਂ ਤੱਕ ਜੋ ਪਿਲਾਤੁਸ ਹੈਰਾਨ ਹੋਇਆ ।
ਮੌਤ ਦੀ ਸਜ਼ਾ ਦੀ ਆਗਿਆ
(ਮੱਤੀ 27:15-26, ਲੂਕਾ 23:13-25, ਯੂਹੰਨਾ 18:39-19:16)

6ਉਹ ਉਸ ਤਿਉਹਾਰ ਉੱਤੇ ਇੱਕ ਕੈਦੀ ਜਿਸ ਦੇ ਲਈ ਲੋਕ ਅਰਜ਼ ਕਰਦੇ ਸਨ ਉਨ੍ਹਾਂ ਦੀ ਖ਼ਾਤਰ ਛੱਡਦਾ ਹੁੰਦਾ ਸੀ ।7ਬਰੱਬਾ ਨਾਮ ਦਾ ਇੱਕ ਮਨੁੱਖ ਸੀ ਜਿਹੜਾ ਉਨ੍ਹਾਂ ਫਸਾਦੀਆਂ ਦੇ ਨਾਲ ਸੀ ਜਿਨ੍ਹਾਂ ਫਸਾਦ ਵਿੱਚ ਖੂਨ ਕੀਤਾ ਕੈਦ ਵਿੱਚ ਪਿਆ ਹੋਇਆ ਸੀ ।8ਅਤੇ ਲੋਕ ਨੇੜੇ ਜਾ ਕੇ ਅਰਜ਼ ਕਰਨ ਲੱਗੇ ਜੋ ਦਸਤੂਰ ਅਨੁਸਾਰ ਸਾਡੇ ਲਈ ਕਰੋ ।
9ਪਿਲਾਤੁਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਕੀ ਤੁਸੀਂ ਚਾਹੁੰਦੇ ਹੋ ਜੋ ਮੈਂ ਤੁਹਾਡੇ ਲਈ ਯਹੂਦੀਆਂ ਦੇ ਰਾਜੇ ਨੂੰ ਛੱਡ ਦੇਵਾਂ ?10ਕਿਉਂ ਜੋ ਉਹ ਨੇ ਮਲੂਮ ਕੀਤਾ ਸੀ ਜੋ ਮੁੱਖ ਜਾਜਕਾਂ ਨੇ ਖਾਰ ਦੇ ਮਾਰੇ ਉਹ ਨੂੰ ਹਵਾਲੇ ਕੀਤਾ ਹੈ ।11ਪਰ ਮੁੱਖ ਜਾਜਕਾਂ ਨੇ ਭੀੜ ਨੂੰ ਚੁੱਕਿਆ ਜੋ ਉਹ ਬਰੱਬਾ ਹੀ ਉਨ੍ਹਾਂ ਦੀ ਖ਼ਾਤਰ ਛੱਡ ਦੇਵੇ ।
12ਪਿਲਾਤੁਸ ਨੇ ਅੱਗੋਂ ਉਨ੍ਹਾਂ ਨੂੰ ਫਿਰ ਆਖਿਆ, ਤਾਂ ਜਿਹ ਨੂੰ ਤੁਸੀਂ ਯਹੂਦੀਆਂ ਦਾ ਪਾਤਸ਼ਾਹ ਕਹਿੰਦੇ ਹੋ ਮੈਂ ਉਸ ਨਾਲ ਕੀ ਕਰਾਂ ?13ਉਹ ਫੇਰ ਰੌਲ਼ਾ ਪਾ ਕੇ ਬੋਲੇ, ਉਹ ਨੂੰ ਸਲੀਬ ਦਿਓ !
14ਪਿਲਾਤੁਸ ਨੇ ਉਨ੍ਹਾਂ ਨੂੰ ਆਖਿਆ, ਕਿਉਂ ? ਇਸ ਨੇ ਕੀ ਬੁਰਿਆਈ ਕੀਤੀ ਹੈ ? ਪਰ ਉਹ ਹੋਰ ਵੀ ਰੌਲ਼ਾ ਪਾ ਕੇ ਬੋਲੇ, ਉਹ ਨੂੰ ਸਲੀਬ ਦਿਓ !15ਤਦ ਪਿਲਾਤੁਸ ਨੇ ਲੋਕਾਂ ਨੂੰ ਰਾਜ਼ੀ ਕਰਨ ਦੀ ਮਨਸ਼ਾ ਨਾਲ ਉਨ੍ਹਾਂ ਦੇ ਲਈ ਬਰੱਬਾ ਨੂੰ ਛੱਡ ਦਿੱਤਾ ਅਤੇ ਯਿਸੂ ਨੂੰ ਕੋਰੜੇ ਮਾਰ ਕੇ ਹਵਾਲੇ ਕੀਤਾ ਜੋ ਸਲੀਬ ਦਿੱਤਾ ਜਾਏ ।
ਸਿਪਾਹੀਆਂ ਦੇ ਦੁਆਰਾ ਯਿਸੂ ਦਾ ਅਪਮਾਨ
(ਮੱਤੀ 27:27-31, ਯੂਹੰਨਾ 19:2, 3)

16ਤਾਂ ਸਿਪਾਹੀ ਉਹ ਨੂੰ ਉਸ ਵਿਹੜੇ ਵਿੱਚ ਜਿੱਥੇ ਹਾਕਮ ਦੀ ਕਚਹਿਰੀ ਸੀ ਲੈ ਗਏ ਅਤੇ ਸਾਰੇ ਜੱਥੇ ਨੂੰ ਇਕੱਠਾ ਬੁਲਾ ਲਿਆ ।17ਅਤੇ ਉਨ੍ਹਾਂ ਨੇ ਉਸ ਨੂੰ ਬੈਂਗਣੀ ਕੱਪੜੇ ਪਹਿਨਾਏ ਅਤੇ ਕੰਡਿਆਂ ਵਾਲਾ ਤਾਜ ਗੁੰਦਕੇ ਉਹ ਦੇ ਸਿਰ ਉੱਤੇ ਰੱਖਿਆ ।18ਅਤੇ ਉਹ ਨੂੰ ਵਧਾਈਆਂ ਦੇਣ ਲੱਗੇ ਕਿ ਹੇ ਯਹੂਦੀਆਂ ਦੇ ਪਾਤਸ਼ਾਹ, ਨਮਸਕਾਰ !
19ਅਤੇ ਉਹ ਦੇ ਸਿਰ ਉੱਤੇ ਕਾਨੇ ਮਾਰਦੇ ਅਤੇ ਉਸ ਉੱਤੇ ਥੁੱਕਦੇ ਅਤੇ ਗੋਡੇ ਟੇਕ ਕੇ ਉਹ ਨੂੰ ਮੱਥਾ ਟੇਕਦੇ ਸਨ ।20ਜਦੋਂ ਉਸ ਨਾਲ ਮਖੌਲ ਕਰ ਹਟੇ ਤਾਂ ਉਸ ਦੇ ਉੱਤੋਂ ਬੈਂਗਣੀ ਬਸਤਰ ਲਾਹ ਲਿਆ ਅਤੇ ਉਹ ਦੇ ਆਪਣੇ ਬਸਤਰ ਉਹ ਨੂੰ ਪਹਿਨਾ ਕੇ ਸਲੀਬ ਉੱਤੇ ਚੜ੍ਹਾਉਣ ਲਈ ਬਾਹਰ ਲੈ ਗਏ ।
ਯਿਸੂ ਨੂੰ ਸਲੀਬ ਉੱਤੇ ਚੜਾਇਆ ਜਾਣਾ
(ਮੱਤੀ 27:32-44, ਲੂਕਾ 23:26-43, ਯੂਹੰਨਾ 19:17-27)

21ਉਨ੍ਹਾਂ ਨੇ ਸਿਕੰਦਰ ਅਤੇ ਰੂਫ਼ੁਸ ਦੇ ਪਿਤਾ ਸ਼ਮਊਨ ਨਾਮੇ ਇੱਕ ਕੁਰੇਨੀ ਮਨੁੱਖ ਨੂੰ ਜਿਹੜਾ ਪਿੰਡੋਂ ਆਉਂਦਿਆਂ ਉੱਥੋਂ ਦੀ ਲੰਘਦਾ ਸੀ ਵਗਾਰੇ ਫੜਿਆ ਜੋ ਉਹ ਦੀ ਸਲੀਬ ਚੁੱਕ ਕੇ ਲੈ ਚੱਲੇ ।
22ਅਤੇ ਉਹ ਉਸ ਨੂੰ ਗਲਗਥਾ ਵਿੱਚ ਜਿਹ ਦਾ ਅਰਥ “ਖੋਪੜੀ ਦਾ ਥਾਂ ਹੈ” ਲਿਆਏ ।23ਅਤੇ ਮੈਂ ਵਿੱਚ ਗੰਧਰਸ ਮਿਲਾ ਕੇ ਉਸ ਨੂੰ ਦੇਣ ਲੱਗੇ ਪਰ ਉਸ ਨੇ ਨਾ ਲਈ ।24ਤਾਂ ਉਨ੍ਹਾਂ ਉਹ ਨੂੰ ਸਲੀਬ ਉੱਤੇ ਚੜ੍ਹਾ ਕੇ ਉਹ ਦੇ ਕੱਪੜੇ ਵੰਡਣ ਲਈ ਗੁਣੇ ਪਾਏ ਜੋ ਕਿਹੜਾ ਕਿਹ ਦੇ ਹਿੱਸੇ ਆਵੇ ।
25ਪਹਿਰ ਦਿਨ ਚੜ੍ਹਿਆ ਸੀ ਜਦ ਉਨ੍ਹਾਂ ਉਹ ਨੂੰ ਸਲੀਬ ਉੱਤੇ ਚੜ੍ਹਾਇਆ ।26ਅਤੇ ਉਹ ਦੀ ਇਹ ਦੋਸ਼ ਪੱਤ੍ਰੀ ਉੱਪਰ ਲਿਖੀ ਹੋਈ ਸੀ, ਕਿ ਇਹ “ਯਹੂਦੀਆਂ ਦਾ ਰਾਜਾ ਹੈ” ।27ਉਨ੍ਹਾਂ ਨੇ ਉਹ ਦੇ ਨਾਲ ਦੋ ਡਾਕੂਆਂ ਨੂੰ ਇੱਕ ਉਹ ਦੇ ਸੱਜੇ ਤੇ ਦੂਜਾ ਉਹ ਦੇ ਖੱਬੇ ਸਲੀਬ ਉੱਤੇ ਚੜ੍ਹਾਇਆ ।28ਅਤੇ ਲਿਖਤ ਪੂਰੀ ਹੋਈ ਜੋ ਆਖਦੀ ਹੈ, “ਉਸ ਦੀ ਗਿਣਤੀ ਪਾਪੀਆਂ ਵਿੱਚ ਹੋਈ ।”
29ਅਤੇ ਆਉਣ ਜਾਣ ਵਾਲੇ ਉਸ ਦਾ ਅਪਮਾਨ ਕਰਨ ਅਤੇ ਸਿਰ ਹਿਲਾ ਕੇ ਕਹਿਣ ਲੱਗੇ,30ਵਾਹ ਤੂੰ ਜਿਹੜਾ ਹੈਕਲ ਨੂੰ ਢਾਹ ਕੇ ਤਿੰਨਾਂ ਦਿਨਾਂ ਵਿੱਚ ਬਣਾਉਂਦਾ ਸੀ ! ਸਲੀਬੋਂ ਉੱਤਰ ਕੇ ਆਪਣੇ ਆਪ ਨੂੰ ਬਚਾ ਲੈ ।
31ਇਸੇ ਤਰ੍ਹਾਂ ਮੁੱਖ ਜਾਜਕਾਂ ਨੇ ਵੀ ਆਪੋ ਵਿੱਚ ਉਪਦੇਸ਼ਕਾਂ ਨਾਲ ਮਿਲ ਕੇ ਮਖੌਲ ਕੀਤਾ ਅਤੇ ਕਿਹਾ, ਇਸ ਨੇ ਹੋਰਨਾਂ ਨੂੰ ਬਚਾਇਆ, ਆਪਣੇ ਆਪ ਨੂੰ ਨਹੀਂ ਬਚਾ ਸਕਦਾ !32ਇਸਰਾਏਲ ਦਾ ਰਾਜਾ ਮਸੀਹ ਹੁਣ ਸਲੀਬੋਂ ਉੱਤਰ ਆਵੇ ਤਾਂ ਅਸੀਂ ਵੇਖੀਏ ਅਤੇ ਵਿਸ਼ਵਾਸ ਕਰੀਏ ! ਅਤੇ ਜਿਹੜੇ ਉਹ ਦੇ ਨਾਲ ਸਲੀਬ ਉੱਤੇ ਚੜ੍ਹਾਏ ਗਏ ਉਹ ਵੀ ਉਸ ਨੂੰ ਤਾਅਨੇ ਮਾਰਦੇ ਸਨ ।
ਯਿਸੂ ਦੀ ਮੌਤ
(ਮੱਤੀ 27:45-56, ਲੂਕਾ 23:44-49, ਯੂਹੰਨਾ 19:28-30)

33ਜਦ ਦੁਪਹਿਰ ਹੋਈ ਤਾਂ ਸਾਰੀ ਧਰਤੀ ਉੱਤੇ ਹਨ੍ਹੇਰਾ ਛਾ ਗਿਆ ਅਤੇ ਤੀਜੇ ਪਹਿਰ ਤੱਕ ਰਿਹਾ ।34ਅਤੇ ਤੀਜੇ ਪਹਿਰ ਯਿਸੂ ਉੱਚੀ ਅਵਾਜ਼ ਨਾਲ ਬੋਲਿਆ “ਏਲੋਈ ਏਲੋਈ ਲਮਾ ਸਬਕਤਨੀ” ਜਿਹ ਦਾ ਅਰਥ ਇਹ ਹੈ, ਹੇ ਮੇਰੇ ਪਰਮੇਸ਼ੁਰ, ਹੇ ਮੇਰੇ ਪਰਮੇਸ਼ੁਰ, ਤੁਸੀਂ ਮੈਨੂੰ ਕਿਉਂ ਛੱਡ ਦਿੱਤਾ ?35ਤਾਂ ਉਨ੍ਹਾਂ ਵਿੱਚੋਂ ਜਿਹੜੇ ਉੱਥੇ ਖੜੇ ਸਨ ਇਹ ਸੁਣ ਕੇ ਬੋਲੇ, ਵੇਖੋ ਇਹ ਏਲੀਯਾਹ ਨੂੰ ਅਵਾਜ਼ ਮਾਰਦਾ ਹੈ !
36ਕਿਸੇ ਨੇ ਦੌੜ ਕੇ ਸਪੰਜ ਨੂੰ ਸਿਰਕੇ ਨਾਲ ਭੇਂਵਿਆ ਅਤੇ ਕਾਨੇ ਉੱਤੇ ਬੰਨ੍ਹ ਕੇ ਉਹ ਨੂੰ ਚੂਸਣ ਲਈ ਦਿੱਤਾ ਅਤੇ ਆਖਿਆ, ਰਹਿਣ ਦਿਓ, ਅਸੀਂ ਵੇਖੀਏ, ਭਲਾ ਏਲੀਯਾਹ ਉਹ ਨੂੰ ਉਤਾਰਨ ਨੂੰ ਆਉਂਦਾ ਹੈ ?37ਤਦ ਯਿਸੂ ਨੇ ਉੱਚੀ ਅਵਾਜ਼ ਨਾਲ ਪੁਕਾਰ ਕੇ ਸਾਹ ਛੱਡ ਦਿੱਤਾ ।38ਅਤੇ ਹੈਕਲ ਦਾ ਪੜਦਾ ਉੱਪਰੋਂ ਲੈ ਕੇ ਹੇਠਾਂ ਤੱਕ ਫਟ ਕੇ ਦੋ ਹੋ ਗਿਆ ।
39ਜਦ ਉਸ ਸੂਬੇਦਾਰ ਨੇ ਜਿਹੜਾ ਉਹ ਦੇ ਸਾਹਮਣੇ ਖੜ੍ਹਾ ਸੀ ਇਹ ਵੇਖਿਆ ਜੋ ਉਹ ਨੇ ਇਉਂ ਸਾਹ ਛੱਡ ਦਿੱਤਾ ਤਾਂ ਬੋਲਿਆ, ਇਹ ਪੁਰਖ ਸੱਚ-ਮੁੱਚ ਪਰਮੇਸ਼ੁਰ ਦਾ ਪੁੱਤਰ ਸੀ !

40ਕਈ ਔਰਤਾਂ ਦੂਰੋਂ ਵੇਖ ਰਹੀਆਂ ਸਨ । ਉਨ੍ਹਾਂ ਵਿੱਚੋਂ ਮਰਿਯਮ ਮਗਦਲੀਨੀ ਅਤੇ ਛੋਟੇ ਯਾਕੂਬ ਅਤੇ ਯੋਸੇਸ ਦੀ ਮਾਤਾ ਮਰਿਯਮ ਅਤੇ ਸਲੋਮੀ ਸੀ ।41ਜਿਸ ਵੇਲੇ ਉਹ ਗਲੀਲ ਵਿੱਚ ਸੀ ਉਸ ਵੇਲੇ ਓਹ ਉਸ ਦੇ ਨਾਲ ਰਹਿੰਦੀਆਂ ਅਤੇ ਉਸ ਦੀ ਟਹਿਲ ਸੇਵਾ ਕਰਦੀਆਂ ਹੁੰਦੀਆਂ ਸਨ ਅਤੇ ਹੋਰ ਵੀ ਬਹੁਤ ਸਾਰੀਆਂ ਸਨ ਜੋ ਉਹ ਦੇ ਨਾਲ ਯਰੂਸ਼ਲਮ ਨੂੰ ਆਈਆਂ ਸਨ ।
ਯਿਸੂ ਨੂੰ ਦਫ਼ਨਾਉਣਾ
(ਮੱਤੀ 27:57-61, ਲੂਕਾ 23:50-56, ਯੂਹੰਨਾ 19:38-42)

42ਜਦ ਸੰਝ ਹੋਈ ਇਸ ਲਈ ਜੋ ਉਹ ਤਿਆਰੀ ਦਾ ਦਿਨ ਸੀ ਅਰਥਾਤ ਉਹ ਜਿਹੜਾ ਸਬਤ ਤੋਂ ਇੱਕ ਦਿਨ ਪਹਿਲਾਂ ਹੁੰਦਾ ਹੈ ।43ਅਰਿਮਥੇਆ ਦਾ ਯੂਸੁਫ਼ ਇੱਕ ਮਾਨਯੋਗ ਸਲਾਹਕਾਰ ਜਿਹੜਾ ਆਪ ਵੀ ਪਰਮੇਸ਼ੁਰ ਦੇ ਰਾਜ ਦੀ ਉਡੀਕ ਵਿੱਚ ਸੀ ਆਇਆ ਅਤੇ ਬੇਧੜਕ ਪਿਲਾਤੁਸ ਕੋਲ ਅੰਦਰ ਜਾ ਕੇ ਯਿਸੂ ਦੀ ਲੋਥ ਮੰਗੀ ।44ਪਰ ਪਿਲਾਤੁਸ ਨੇ ਅਚਰਜ ਮੰਨਿਆ ਜੋ ਐਡੀ ਛੇਤੀ ਉਹ ਕਿਵੇਂ ਮਰ ਗਿਆ ਅਤੇ ਸੂਬੇਦਾਰ ਨੂੰ ਕੋਲ ਬੁਲਾ ਕੇ ਉਸ ਤੋਂ ਪੁੱਛਿਆ ਕੀ ਉਹ ਨੂੰ ਮਰੇ ਕੁੱਝ ਚਿਰ ਹੋ ਗਿਆ ਹੈ ?
45ਅਤੇ ਸੂਬੇਦਾਰ ਤੋਂ ਮਲੂਮ ਕਰ ਕੇ ਲੋਥ ਯੂਸੁਫ਼ ਨੂੰ ਦੁਆ ਦਿੱਤੀ ।46ਤਾਂ ਉਹ ਨੇ ਮਹੀਨ ਕੱਪੜਾ ਮੁੱਲ ਲਿਆ ਅਤੇ ਲੋਥ ਨੂੰ ਉਤਰ ਕੇ ਉਸ ਕੱਪੜੇ ਵਿੱਚ ਵਲੇਟਿਆ ਅਤੇ ਉਹ ਨੂੰ ਇੱਕ ਕਬਰ ਦੇ ਅੰਦਰ ਰੱਖਿਆ ਜਿਹੜੀ ਪੱਥਰ ਵਿੱਚ ਖੋਦੀ ਗਈ ਸੀ ਅਤੇ ਉਸ ਕਬਰ ਦੇ ਮੂੰਹ ਉੱਤੇ ਇੱਕ ਪੱਥਰ ਰੇੜ੍ਹ ਦਿੱਤਾ ।47ਅਤੇ ਮਰਿਯਮ ਮਗਦਲੀਨੀ ਅਤੇ ਯੋਸੇਸ ਦੀ ਮਾਤਾ ਮਰਿਯਮ ਉਸ ਥਾਂ ਨੂੰ ਜਿੱਥੇ ਉਹ ਰੱਖਿਆ ਗਿਆ ਸੀ ਵੇਖ ਰਹੀਆਂ ਸਨ ।

16
ਯਿਸੂ ਦਾ ਜੀ ਉੱਠਣਾ
(ਮੱਤੀ 28:1-8, ਲੂਕਾ 24:1-12, ਯੂਹੰਨਾ 20:1-10)

1ਜਦ ਸਬਤ ਦਾ ਦਿਨ ਬੀਤ ਗਿਆ ਤਾਂ ਮਰਿਯਮ ਮਗਦਲੀਨੀ ਅਤੇ ਯਾਕੂਬ ਦੀ ਮਾਤਾ ਮਰਿਯਮ ਅਤੇ ਸਲੋਮੀ ਨੇ ਸੁਗੰਧਾਂ ਮੁੱਲ ਲਈਆਂ ਕਿ ਜਾ ਕੇ ਉਸ ਉੱਤੇ ਮਲਣ ।2ਅਤੇ ਹਫ਼ਤੇ ਦੇ ਪਹਿਲੇ ਦਿਨ ਬਹੁਤ ਤੜਕੇ ਸੂਰਜ ਚੜ੍ਹਦੇ ਹੀ ਉਹ ਕਬਰ ਉੱਤੇ ਆਈਆਂ ।

3ਅਤੇ ਆਪੋ ਵਿੱਚ ਕਹਿਣ ਲੱਗੀਆਂ ਜੋ ਸਾਡੇ ਲਈ ਪੱਥਰ ਨੂੰ ਕਬਰ ਦੇ ਮੂੰਹੋਂ ਕੌਣ ਰੇੜ੍ਹ ਕੇ ਪਾਸੇ ਕਰੂ ?4ਜਦ ਉਹਨਾਂ ਨੇ ਨਿਗਾਹ ਕੀਤੀ ਤਾਂ ਵੇਖਿਆ ਜੋ ਪੱਥਰ ਲਾਂਭੇ ਰਿੜ੍ਹਿਆ ਪਿਆ ਹੈ ਕਿਉਂ ਜੋ ਉਹ ਬਹੁਤ ਭਾਰਾ ਸੀ ।
5ਅਤੇ ਕਬਰ ਵਿੱਚ ਜਾ ਕੇ ਉਨ੍ਹਾਂ ਇੱਕ ਜੁਆਨ ਨੂੰ ਚਿੱਟਾ ਬਸਤ੍ਰ ਪਹਿਨੀ ਸੱਜੇ ਪਾਸੇ ਬੈਠਾ ਵੇਖਿਆ ਅਤੇ ਉਹ ਹੈਰਾਨ ਹੋਈਆਂ ।6ਉਸ ਨੇ ਉਨ੍ਹਾਂ ਨੂੰ ਆਖਿਆ, ਹੈਰਾਨ ਨਾ ਹੋਵੋ, ਤੁਸੀਂ ਯਿਸੂ ਨਾਸਰੀ ਨੂੰ ਲੱਭਦੀਆ ਹੋ ਜਿਹੜਾ ਸਲੀਬ ਉੱਤੇ ਚੜ੍ਹਾਇਆ ਗਿਆ ਸੀ । ਉਹ ਤਾਂ ਜੀ ਉੱਠਿਆ ਹੈ, ਉਹ ਐਥੇ ਨਹੀਂ ਹੈ । ਇਹ ਥਾਂ ਹੈ ਜਿੱਥੇ ਉਨ੍ਹਾਂ ਉਸ ਨੂੰ ਰੱਖਿਆ ਸੀ ।7ਪਰ ਜਾਓ, ਉਸ ਦੇ ਚੇਲਿਆਂ ਅਤੇ ਪਤਰਸ ਨੂੰ ਆਖੋ ਜੋ ਉਹ ਤੁਹਾਡੇ ਤੋਂ ਅੱਗੇ ਹੀ ਗਲੀਲ ਨੂੰ ਜਾਂਦਾ ਹੈਂ । ਤੁਸੀਂ ਉਹ ਨੂੰ ਉੱਥੇ ਵੇਖੋਗੇ ਜਿਵੇਂ ਉਹ ਨੇ ਤੁਹਾਨੂੰ ਆਖਿਆ ਸੀ ।
8ਅਤੇ ਉਹ ਨਿੱਕਲ ਕੇ ਕਬਰ ਪਾਸੋਂ ਨੱਸੀਆਂ ਕਿਉਂ ਜੋ ਉਹ ਕੰਬਦੀਆਂ ਅਤੇ ਘਬਰਾਉਂਦੀਆਂ ਸਨ, ਅਤੇ ਡਰ ਦੀਆਂ ਮਾਰੀਆਂ ਕਿਸੇ ਨਾਲ ਕੁੱਝ ਨਾ ਬੋਲੀਆਂ ।
ਮਰਿਯਮ ਮਗਦਲੀਨੀ ਨੂੰ ਯਿਸੂ ਦਿਖਾਈ ਦਿੰਦਾ ਹੈ
(ਮੱਤੀ 28:9, 10, ਯੂਹੰਨਾ 20:11-18)

9ਹਫ਼ਤੇ ਦੇ ਪਹਿਲੇ ਦਿਨ ਉਹ ਨੇ ਤੜਕੇ ਜੀ ਉੱਠ ਕੇ ਪਹਿਲਾਂ ਮਰਿਯਮ ਮਗਦਲੀਨੀ ਨੂੰ ਜਿਹ ਦੇ ਵਿੱਚੋਂ ਉਹ ਨੇ ਸੱਤ ਭੂਤ ਕੱਢੇ ਸਨ, ਦਿਖਾਈ ਦਿੱਤਾ ।10ਉਸ ਨੇ ਜਾ ਕੇ ਉਹ ਦੇ ਸਾਥੀਆਂ ਨੂੰ ਜਿਹੜੇ ਸੋਗ ਕਰਦੇ ਅਤੇ ਰੋਂਦੇ ਸਨ ਖ਼ਬਰ ਦਿੱਤੀ ।11ਪਰ ਉਨ੍ਹਾਂ ਨੇ ਇਹ ਸੁਣ ਕੇ ਜੋ ਉਹ ਜਿਉਂਦਾ ਹੈ ਅਤੇ ਉਸ ਨੂੰ ਦਿਖਾਈ ਦਿੱਤਾ ਸੱਚ ਨਾ ਮੰਨਿਆ ।
ਯਿਸੂ ਦੋ ਚੇਲਿਆਂ ਨੂੰ ਦਿਖਾਈ ਦਿੰਦਾ ਹੈ
(ਲੂਕਾ 24:13-35)

12ਇਹ ਦੇ ਪਿੱਛੋਂ ਉਹ ਨੇ ਹੋਰ ਰੂਪ ਵਿੱਚ ਹੋ ਕੇ ਉਨ੍ਹਾਂ ਵਿੱਚੋਂ ਦੋ ਜਣਿਆਂ ਨੂੰ ਜਦ ਉਹ ਚੱਲਦੇ ਅਤੇ ਪਿੰਡ ਦੀ ਵੱਲ ਤੁਰੇ ਜਾਂਦੇ ਸਨ ਦਿਖਾਈ ਦਿੱਤਾ ।13ਅਤੇ ਇਨ੍ਹਾਂ ਨੇ ਜਾ ਕੇ ਬਾਕੀ ਦਿਆਂ ਨੂੰ ਖ਼ਬਰ ਦਿੱਤੀ ਪਰ ਉਨ੍ਹਾਂ ਨੇ ਵੀ ਵਿਸ਼ਵਾਸ ਨਾ ਕੀਤਾ ।
ਯਿਸੂ ਗਿਆਰ੍ਹਾਂ ਚੇਲਿਆਂ ਨੂੰ ਦਿਖਾਈ ਦਿੰਦਾ ਹੈ
(ਮੱਤੀ 28:16-20, ਲੂਕਾ 24:36-49, ਯੂਹੰਨਾ 20:19-23, ਰਸੂਲਾਂ ਦੇ ਕਰਤੱਬ 1:6-8)

14ਇਹ ਦੇ ਮਗਰੋਂ ਉਸ ਨੇ ਉਨ੍ਹਾਂ ਗਿਆਰ੍ਹਾਂ ਨੂੰ ਜਦ ਉਹ ਖਾਣ ਬੈਠੇ ਸਨ ਦਿਖਾਈ ਦਿੱਤਾ ਉਨ੍ਹਾਂ ਦੀ ਅਵਿਸ਼ਵਾਸ ਅਤੇ ਸਖ਼ਤ ਦਿਲੀ ਦਾ ਉਲਾਂਭਾ ਦਿੱਤਾ ਕਿਉਂਕਿ ਜਿਨ੍ਹਾਂ ਉਸ ਨੂੰ ਜੀ ਉੱਠਿਆ ਹੋਇਆ ਵੇਖਿਆ ਸੀ ਉਨ੍ਹਾਂ ਦਾ ਵਿਸ਼ਵਾਸ ਨਾ ਕੀਤਾ ।15ਉਸ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਸਾਰੇ ਸੰਸਾਰ ਵਿੱਚ ਜਾ ਕੇ ਸਰਬੱਤ ਸ੍ਰਿਸ਼ਟੀ ਦੇ ਸਾਹਮਣੇ ਖੁਸ਼ਖਬਰੀ ਦਾ ਪਰਚਾਰ ਕਰੋ ।16ਜਿਹੜਾ ਵਿਸ਼ਵਾਸ ਕਰੇ ਅਤੇ ਬਪਤਿਸਮਾ ਲਵੇ ਉਹ ਬਚਾਇਆ ਜਾਵੇਗਾ ਪਰ ਜਿਹੜਾ ਪਰਤੀਤ ਨਾ ਕਰੇ ਉਸ ਉੱਤੇ ਸਜ਼ਾ ਦਾ ਹੁਕਮ ਕੀਤਾ ਜਾਵੇਗਾ ।
17ਅਤੇ ਵਿਸ਼ਵਾਸ ਕਰਨ ਵਾਲਿਆਂ ਦੇ ਨਾਲ-ਨਾਲ ਇਹ ਨਿਸ਼ਾਨ ਹੋਣਗੇ ਜੋ ਉਹ ਮੇਰਾ ਨਾਮ ਲੈ ਕੇ ਭੂਤਾਂ ਨੂੰ ਕੱਢਣਗੇ, ਉਹ ਨਵੀਆਂ ਨਵੀਆਂ ਭਾਸ਼ਾ ਬੋਲਣਗੇ,18ਉਹ ਸੱਪਾਂ ਨੂੰ ਚੁੱਕ ਲੈਣਗੇ ਅਤੇ ਜੇ ਕੋਈ ਜ਼ਹਿਰ ਵਾਲੀ ਚੀਜ਼ ਪੀ ਲੈਣ ਤਾਂ ਉਨ੍ਹਾਂ ਦਾ ਕੁੱਝ ਨਹੀਂ ਵਿਗੜੇਗਾ । ਉਹ ਬਿਮਾਰਾਂ ਉੱਤੇ ਹੱਥ ਰੱਖਣਗੇ ਤਾਂ ਉਹ ਚੰਗੇ ਹੋ ਜਾਣਗੇ ।
ਯਿਸੂ ਦਾ ਸਵਰਗ ਤੇ ਉਠਾਇਆ ਜਾਣਾ
(ਲੂਕਾ 24:50-53, ਰਸੂਲਾਂ ਦੇ ਕਰਤੱਬ 1:9-11)

19ਫੇਰ ਪ੍ਰਭੂ ਯਿਸੂ ਜਦ ਉਨ੍ਹਾਂ ਨਾਲ ਬਚਨ ਕਰ ਹਟਿਆ, ਤਾਂ ਸਵਰਗ ਵਿੱਚ ਉੱਠਾਇਆ ਗਿਆ ਅਤੇ ਪਰਮੇਸ਼ੁਰ ਦੇ ਸੱਜੇ ਹੱਥ ਜਾ ਬੈਠਾ ।20ਅਤੇ ਉਨ੍ਹਾਂ ਨੇ ਬਾਹਰ ਜਾ ਕੇ ਹਰ ਥਾਂ ਪਰਚਾਰ ਕੀਤਾ ਅਤੇ ਪ੍ਰਭੂ ਉਨ੍ਹਾਂ ਦੇ ਨਾਲ ਹੋ ਕੇ ਕੰਮ ਕਰਦਾ ਸੀ ਅਤੇ ਬਚਨ ਨੂੰ ਉਨ੍ਹਾਂ ਚਮਤਕਾਰਾਂ ਦੇ ਰਾਹੀਂ ਜਿਹੜੇ ਨਾਲ-ਨਾਲ ਹੁੰਦੇ ਸਨ ਸਾਬਤ ਕਰਦਾ ਸੀ ।

ਲੂਕਾ ਦੀ ਇੰਜੀਲ

1
ਜਾਣ-ਪਛਾਣ

1ਇਸ ਲਈ ਬਹੁਤਿਆਂ ਲੋਕਾਂ ਨੇ, ਉਨ੍ਹਾਂ ਗੱਲਾਂ ਦਾ ਇਤਹਾਸ ਲਿਖਣ ਦਾ ਫੈਸਲਾ ਕੀਤਾ ਜੋ ਸਾਡੇ ਵਿੱਚ ਪੂਰੀਆਂ ਹੋਈਆਂ ਹਨ ।2ਜਿਵੇਂ ਉਨ੍ਹਾਂ ਨੇ ਸਾਨੂੰ ਦੱਸਿਆ ਜਿਹੜੇ ਸ਼ੁਰੂਆਤ ਤੋਂ ਚਸ਼ਮਦੀਦ ਗਵਾਹ ਅਤੇ ਬਚਨ ਦੇ ਸੇਵਕ ਸਨ ।3ਹੇ ਆਦਰਯੋਗ ਥਿਉਫ਼ਿਲੁਸ ਮੈਂ ਵੀ ਪੂਰੇ ਯਤਨ ਨਾਲ ਖੋਜ ਕਰਕੇ ਇਸ ਗੱਲ ਨੂੰ ਚੰਗਾ ਸਮਝਿਆ ਜੋ ਤੇਰੇ ਲਈ ਸਾਰੀ ਵਾਰਤਾ ਜਿਵੇਂ ਹੋਈ, ਉਸੇ ਤਰ੍ਹਾਂ ਲਿਖਾਂ ।4ਕਿ ਤੂੰ ਉਨ੍ਹਾਂ ਗੱਲਾਂ ਦੀ ਸਚਿਆਈ ਨੂੰ ਜਾਣ ਲਵੇਂ ਜਿਨ੍ਹਾਂ ਦੀ ਤੂੰ ਸਿੱਖਿਆ ਪਾਈ ।

ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਜਨਮ ਦੀ ਘੋਸ਼ਣਾ

5ਯਹੂਦਿਯਾ ਦੇ ਰਾਜਾ ਹੇਰੋਦੇਸ ਦੇ ਸਮੇਂ ਅਬੀਯਾਹ ਦੇ ਦਲ ਵਿੱਚੋਂ, ਜ਼ਕਰਯਾਹ ਨਾਮ ਦਾ ਇੱਕ ਜਾਜਕ ਸੀ ਅਤੇ ਉਸ ਦੀ ਪਤਨੀ ਇਲੀਸਬਤ ਹਾਰੂਨ ਦੇ ਘਰਾਣੇ ਦੀ ਸੀ ।6ਉਹ ਦੋਵੇਂ ਪਰਮੇਸ਼ੁਰ ਦੇ ਅੱਗੇ ਧਰਮੀ ਅਤੇ ਉਸ ਦੇ ਸਾਰੇ ਹੁਕਮਾਂ ਅਤੇ ਬਿਧੀਆਂ ਤੇ ਨਿਰਦੋਸ਼ ਚੱਲਦੇ ਸਨ ।7ਉਨ੍ਹਾਂ ਦੇ ਔਲਾਦ ਨਹੀਂ ਸੀ ਕਿਉਂਕਿ ਇਲੀਸਬਤ ਬਾਂਝ ਸੀ ਅਤੇ ਦੋਵੇਂ ਬਜ਼ੁਰਗ ਸਨ ।
8ਇਸ ਤਰ੍ਹਾਂ ਹੋਇਆ ਕਿ ਜਦ ਉਹ ਪਰਮੇਸ਼ੁਰ ਦੇ ਹਜ਼ੂਰ ਆਪਣੀ ਵਾਰੀ ਸਿਰ ਜਾਜਕ ਦਾ ਕੰਮ ਕਰ ਰਿਹਾ ਸੀ ।9ਤਦ ਜਾਜਕ ਦੀ ਰੀਤ ਦੇ ਅਨੁਸਾਰ ਉਸ ਦੇ ਨਾਮ ਦੀ ਪਰਚੀ ਨਿੱਕਲੀ, ਜੋ ਪ੍ਰਭੂ ਦੀ ਹੈਕਲ ਵਿੱਚ ਜਾ ਕੇ ਧੂਪ ਧੁਖਾਵੇ ।10ਧੂਪ ਧੁਖਾਉਣ ਸਮੇਂ ਸਾਰੀ ਸੰਗਤ ਬਾਹਰ ਪ੍ਰਾਰਥਨਾ ਕਰ ਰਹੀ ਸੀ ।
11ਤਦ ਉਸ ਨੂੰ ਪ੍ਰਭੂ ਦਾ ਇੱਕ ਦੂਤ ਧੂਪ ਦੀ ਵੇਦੀ ਦੇ ਸੱਜੇ ਪਾਸੇ ਖੜ੍ਹਾ ਨਜ਼ਰ ਆਇਆ ।12ਅਤੇ ਜ਼ਕਰਯਾਹ ਇਹ ਵੇਖ ਕੇ ਡਰ ਗਿਆ ਤੇ ਘਬਰਾ ਗਿਆ ।13ਤਦ ਦੂਤ ਨੇ ਆਖਿਆ, ਹੇ ਜ਼ਕਰਯਾਹ ਨਾ ਡਰ ਕਿਉਂ ਜੋ ਤੇਰੀ ਪ੍ਰਾਰਥਨਾ ਸੁਣੀ ਗਈ ਹੈ, ਤੇਰੀ ਪਤਨੀ ਇਲੀਸਬਤ ਤੇਰੇ ਲਈ ਇੱਕ ਪੁੱਤਰ ਨੂੰ ਜਨਮ ਦੇਵੇਗੀ ਅਤੇ ਤੂੰ ਉਸ ਦਾ ਨਾਮ ਯੂਹੰਨਾ ਰੱਖੀਂ ।
14ਅਤੇ ਤੈਨੂੰ ਖੁਸ਼ੀ ਅਤੇ ਅਨੰਦ ਹੋਵੇਗਾ ਅਤੇ ਉਸ ਦੇ ਜਨਮ ਤੋਂ ਬਹੁਤ ਲੋਕ ਖੁਸ਼ ਹੋਣਗੇ ।15ਕਿਉਂਕਿ ਉਹ ਪਰਮੇਸ਼ੁਰ ਸਾਹਮਣੇ ਮਹਾਨ ਹੋਵੇਗਾ ਅਤੇ ਨਾ ਮੈਅ, ਨਾ ਮਧ ਪੀਵੇਗਾ ਅਤੇ ਆਪਣੀ ਮਾਤਾ ਦੇ ਗਰਭ ਤੋਂ ਹੀ ਪਵਿੱਤਰ ਆਤਮਾ ਨਾਲ ਭਰਪੂਰ ਹੋਵੇਗਾ ।
16ਅਤੇ ਇਸਰਾਏਲ ਦੀ ਸੰਤਾਨ ਵਿੱਚੋਂ ਬਹੁਤਿਆਂ ਨੂੰ ਪ੍ਰਭੂ ਪਰਮੇਸ਼ੁਰ ਦੀ ਵੱਲ ਮੋੜ ਲਿਆਵੇਗਾ ।17ਉਹ ਉਨ੍ਹਾਂ ਦੇ ਅੱਗੇ-ਅੱਗੇ ਏਲੀਯਾਹ ਦੇ ਆਤਮਾ ਅਤੇ ਸਮਰੱਥਾ ਨਾਲ ਚੱਲੇਗਾ ਤਾਂ ਜੋ ਪਿਤਾਵਾਂ ਦੇ ਦਿਲਾਂ ਨੂੰ ਬੱਚਿਆਂ ਦੀ ਵੱਲ ਅਤੇ ਆਗਿਆ ਨਾ ਮੰਨਣ ਵਾਲਿਆ ਨੂੰ ਧਰਮੀਆਂ ਦੀ ਸਮਝ ਵੱਲ ਮੋੜੇ, ਜੋ ਪ੍ਰਭੂ ਦੇ ਯੋਗ ਕੌਮ ਨੂੰ ਤਿਆਰ ਕਰੇ ।
18ਤਦ ਜ਼ਕਰਯਾਹ ਨੇ ਸਵਰਗ ਦੂਤ ਨੂੰ ਆਖਿਆ, ਮੈਂ ਇਹ ਕਿਵੇਂ ਵਿਸ਼ਵਾਸ ਕਰਾਂ ਕਿਉਂਕਿ ਮੈਂ ਵੱਡੀ ਉਮਰ ਦਾ ਹਾਂ ਅਤੇ ਮੇਰੀ ਪਤਨੀ ਬਜ਼ੁਰਗ ਹੈ ?19ਸਵਰਗ ਦੂਤ ਨੇ ਉਸ ਨੂੰ ਉੱਤਰ ਦਿੱਤਾ, ਮੈਂ ਜਿਬਰਾਏਲ ਹਾਂ, ਜੋ ਪਰਮੇਸ਼ੁਰ ਦੇ ਸਾਹਮਣੇ ਹਾਜ਼ਰ ਰਹਿੰਦਾ ਹਾਂ ਅਤੇ ਤੇਰੇ ਨਾਲ ਗੱਲਾਂ ਕਰਨ ਅਤੇ ਖੁਸ਼ੀ ਦੀ ਖ਼ਬਰ ਦੱਸਣ ਵਾਸਤੇ ਭੇਜਿਆ ਗਿਆ ਹਾਂ ।20ਵੇਖ ਜਦ ਤੱਕ ਇਹ ਗੱਲਾਂ ਪੂਰੀਆਂ ਨਾ ਹੋਣ ਤੂੰ ਗੂੰਗਾ ਰਹੇਂਗਾ ਅਤੇ ਬੋਲ ਨਾ ਸਕੇਂਗਾ, ਇਸ ਕਾਰਨ ਜੋ ਤੂੰ ਮੇਰੀਆਂ ਗੱਲਾਂ ਨੂੰ ਸੱਚ ਨਹੀਂ ਮੰਨਿਆ ਜਿਹੜੀਆਂ ਆਪਣੇ ਸਮੇਂ ਤੇ ਪੂਰੀਆਂ ਹੋਣਗੀਆਂ ।
21ਅਤੇ ਲੋਕ ਜ਼ਕਰਯਾਹ ਦੀ ਉਡੀਕ ਕਰ ਰਹੇ ਸਨ ਅਤੇ ਹੈਕਲ ਭਵਨ ਵਿੱਚ ਉਸ ਦੇ ਵੱਧ ਸਮਾਂ ਲਾਉਣ ਕਰਕੇ ਹੈਰਾਨ ਹੁੰਦੇ ਸਨ ।22ਪਰ ਜਦ ਉਹ ਬਾਹਰ ਆਇਆ ਤਾਂ ਉਨ੍ਹਾਂ ਨਾਲ ਬੋਲ ਨਾ ਸਕਿਆ ਅਤੇ ਉਨ੍ਹਾਂ ਜਾਣਿਆ ਜੋ ਉਸ ਨੇ ਹੈਕਲ ਵਿੱਚ ਕੋਈ ਦਰਸ਼ਣ ਵੇਖਿਆ ਹੈ ਅਤੇ ਉਹ ਉਨ੍ਹਾਂ ਨੂੰ ਇਸ਼ਾਰਿਆ ਨਾਲ ਦੱਸਦਾ ਸੀ ਅਤੇ ਗੂੰਗਾ ਹੋ ਗਿਆ ।23ਤਾਂ ਇਹ ਹੋਇਆ ਕਿ ਭਵਨ ਵਿੱਚ ਆਪਣੀ ਸੇਵਾ ਦੇ ਦਿਨ ਪੂਰੇ ਕਰਕੇ ਉਹ ਆਪਣੇ ਘਰ ਵਾਪਸ ਚੱਲਿਆ ਗਿਆ ।
24ਫਿਰ ਉਨ੍ਹਾਂ ਦਿਨਾਂ ਪਿੱਛੋਂ ਉਸ ਦੀ ਪਤਨੀ ਇਲੀਸਬਤ ਗਰਭਵਤੀ ਹੋਈ ਅਤੇ ਪੰਜ ਮਹੀਨਿਆਂ ਤੱਕ ਆਪਣੇ ਆਪ ਨੂੰ ਇਹ ਕਹਿ ਕੇ ਛੁਪਾਇਆ,25“ਕਿ ਪ੍ਰਭੂ ਨੇ ਇਹਨਾਂ ਦਿਨਾਂ ਵਿੱਚ ਮੇਰੇ ਉੱਤੇ ਨਿਗਾਹ ਕੀਤੀ ਅਤੇ ਮੇਰੇ ਨਾਲ ਇਹ ਕੀਤਾ ਹੈ ਜੋ ਲੋਕਾਂ ਵਿੱਚੋਂ ਮੇਰੀ ਸ਼ਰਮਿੰਦਗੀ ਨੂੰ ਖ਼ਤਮ ਕਰ ਦੇਵੇ ।”
ਯਿਸੂ ਦੇ ਜਨਮ ਦੀ ਘੋਸ਼ਣਾ

26ਛੇਵੇਂ ਮਹੀਨੇ ਪਰਮੇਸ਼ੁਰ ਨੇ ਜਿਬਰਾਏਲ ਦੂਤ ਨੂੰ ਨਾਸਰਤ ਨਾਮ ਦੇ ਗਲੀਲ ਦੇ ਇੱਕ ਨਗਰ ਵਿੱਚ27ਇੱਕ ਕੁਆਰੀ ਦੇ ਕੋਲ ਭੇਜਿਆ ਜਿਸ ਦੀ ਮੰਗਣੀ ਦਾਊਦ ਦੇ ਵੰਸ਼ ਦੇ ਯੂਸਫ਼ ਨਾਲ ਹੋਈ ਸੀ, ਉਸ ਕੁਆਰੀ ਦਾ ਨਾਮ ਮਰਿਯਮ ਸੀ ।28ਅਤੇ ਸਵਰਗ ਦੂਤ ਨੇ ਉਸ ਦੇ ਕੋਲ ਅੰਦਰ ਆ ਕੇ ਆਖਿਆ, ਅਨੰਦ ਅਤੇ ਜੈ ਤੇਰੀ ਹੋਵੇ, ਜਿਸ ਉੱਤੇ ਕਿਰਪਾ ਹੋਈ ! ਪ੍ਰਭੂ ਤੇਰੇ ਨਾਲ ਹੈ ।29ਪਰ ਉਹ ਇਸ ਬਚਨ ਤੋਂ ਬਹੁਤ ਘਬਰਾਈ ਅਤੇ ਸੋਚਣ ਲੱਗੀ ਜੋ ਇਹ ਕਿਹੋ ਜਿਹੀ ਵਧਾਈ ਹੈ ?
30ਦੂਤ ਨੇ ਉਸ ਨੂੰ ਆਖਿਆ, ਹੇ ਮਰਿਯਮ ਨਾ ਡਰ, ਕਿਉਂ ਜੋ ਤੇਰੇ ਉੱਤੇ ਪਰਮੇਸ਼ੁਰ ਦੀ ਕਿਰਪਾ ਹੋਈ31ਅਤੇ ਵੇਖ ਤੂੰ ਗਰਭਵਤੀ ਹੋਵੇਂਗੀ, ਇੱਕ ਪੁੱਤਰ ਨੂੰ ਜਨਮ ਦੇਵੇਂਗੀ ਅਤੇ ਤੂੰ ਉਸ ਦਾ ਨਾਮ ਯਿਸੂ ਰੱਖੀ ।32ਉਹ ਮਹਾਨ ਹੋਵੇਗਾ, ਅੱਤ ਮਹਾਨ ਦਾ ਪੁੱਤਰ ਕਹਾਵੇਗਾ ਅਤੇ ਪ੍ਰਭੂ ਪਰਮੇਸ਼ੁਰ ਉਸ ਦੇ ਪਿਤਾ ਦਾਊਦ ਦਾ ਸਿੰਘਾਸਣ ਉਸ ਨੂੰ ਦੇਵੇਗਾ ।33ਉਹ ਸਦੀਪਕ ਕਾਲ ਤੱਕ ਯਾਕੂਬ ਦੇ ਘਰਾਣੇ ਉੱਤੇ ਰਾਜ ਕਰੇਗਾ ਅਤੇ ਉਸ ਦੇ ਰਾਜ ਦਾ ਅੰਤ ਨਾ ਹੋਵੇਗਾ ।
34ਤਦ ਮਰਿਯਮ ਨੇ ਦੂਤ ਨੂੰ ਆਖਿਆ, ਇਹ ਕਿਵੇਂ ਹੋਵੇਗਾ ਜਦ ਕਿ ਮੈਂ ਪੁਰਸ਼ ਨੂੰ ਜਾਣਦੀ ਹੀ ਨਹੀਂ ।35ਦੂਤ ਨੇ ਉਸ ਨੂੰ ਉੱਤਰ ਦਿੱਤਾ ਕਿ ਪਵਿੱਤਰ ਆਤਮਾ ਤੇਰੇ ਉੱਪਰ ਆਵੇਗਾ ਅਤੇ ਅੱਤ ਮਹਾਨ ਦੀ ਸਮਰੱਥਾ ਤੇਰੇ ਉੱਤੇ ਛਾਇਆ ਕਰੇਗੀ, ਇਸ ਕਰਕੇ ਜਿਹੜਾ ਜਨਮ ਲਵੇਗਾ ਉਹ ਪਵਿੱਤਰ ਅਤੇ ਪਰਮੇਸ਼ੁਰ ਦਾ ਪੁੱਤਰ ਕਹਾਵੇਗਾ ।
36ਅਤੇ ਵੇਖ ਤੇਰੀ ਰਿਸ਼ਤੇਦਾਰ ਇਲੀਸਬਤ, ਜਿਹੜੀ ਬਾਂਝ ਕਹਾਉਂਦੀ ਸੀ, ਉਸ ਦੇ ਵੀ ਬੁਢਾਪੇ ਵਿੱਚ ਪੁੱਤਰ ਹੋਣ ਵਾਲਾ ਹੈ ਉਸ ਦਾ ਇਹ ਛੇਵਾਂ ਮਹੀਨਾ ਹੈ ।37ਕਿਉਂਕਿ ਕੋਈ ਬਚਨ ਪਰਮੇਸ਼ੁਰ ਦੀ ਵੱਲੋਂ ਸ਼ਕਤੀਹੀਣ ਨਾ ਹੋਵੇਗਾ ।38ਤਾਂ ਮਰਿਯਮ ਨੇ ਕਿਹਾ, ਵੇਖ ਮੈਂ ਪ੍ਰਭੂ ਦੀ ਦਾਸੀ ਹਾਂ, ਮੇਰੇ ਨਾਲ ਤੇਰੀ ਗੱਲ ਦੇ ਅਨੁਸਾਰ ਹੋਵੇ । ਤਦ ਦੂਤ ਉਸ ਦੇ ਕੋਲੋਂ ਚੱਲਿਆ ਗਿਆ ।
ਮਰਿਯਮ ਇਲੀਸਬਤ ਨੂੰ ਮਿਲਦੀ ਹੈ

39ਉਨ੍ਹੀਂ ਦਿਨੀਂ ਮਰਿਯਮ ਛੇਤੀ ਨਾਲ ਉੱਠ ਕੇ ਪਹਾੜੀ ਦੇਸ ਵਿੱਚ ਯਹੂਦਾਹ ਦੇ ਇੱਕ ਨਗਰ ਨੂੰ ਗਈ ।40ਅਤੇ ਜ਼ਕਰਯਾਹ ਦੇ ਘਰ ਵਿੱਚ ਜਾ ਕੇ ਇਲੀਸਬਤ ਨੂੰ ਨਮਸਕਾਰ ਕੀਤਾ ।41ਤਾਂ ਇਸ ਤਰ੍ਹਾਂ ਹੋਇਆ, ਕਿ ਜਦ ਇਲੀਸਬਤ ਨੇ ਮਰਿਯਮ ਦਾ ਨਮਸਕਾਰ ਸੁਣਿਆ ਤਾਂ ਬੱਚਾ ਉਸ ਦੀ ਕੁੱਖ ਵਿੱਚ ਉੱਛਲ ਪਿਆ ਅਤੇ ਇਲੀਸਬਤ ਪਵਿੱਤਰ ਆਤਮਾ ਨਾਲ ਭਰ ਗਈ ।
42ਅਤੇ ਉਹ ਉੱਚੀ ਅਵਾਜ਼ ਨਾਲ ਬੋਲੀ, ਤੂੰ ਔਰਤਾਂ ਵਿੱਚੋਂ ਧੰਨ ਹੈਂ ਅਤੇ ਧੰਨ ਹੈ ਤੇਰੀ ਕੁੱਖ ਦਾ ਫਲ ।43ਮੇਰੇ ਉੱਤੇ ਇਹ ਕਿਰਪਾ ਕਿਵੇਂ ਹੋਈ ਜੋ ਮੇਰੇ ਪ੍ਰਭੂ ਦੀ ਮਾਤਾ ਮੇਰੇ ਕੋਲ ਆਈ ?44ਵੇਖ, ਤੇਰੇ ਨਮਸਕਾਰ ਦੀ ਅਵਾਜ਼ ਮੇਰੇ ਕੰਨ ਵਿੱਚ ਪੈਂਦਿਆਂ ਹੀ, ਬੱਚਾ ਮੇਰੀ ਕੁੱਖ ਵਿੱਚ ਅਨੰਦ ਦੇ ਕਾਰਨ ਉੱਛਲ ਪਿਆ ।45ਅਤੇ ਧੰਨ ਹੈ ਉਹ ਜਿਸ ਨੇ ਵਿਸ਼ਵਾਸ ਕੀਤਾ ਕਿ ਜਿਹੜੀਆਂ ਗੱਲਾਂ ਪ੍ਰਭੂ ਦੇ ਵੱਲੋਂ ਉਸ ਨੂੰ ਆਖੀਆਂ ਗਈਆਂ, ਉਹ ਪੂਰੀਆਂ ਹੋਣਗੀਆਂ ।
ਮਰਿਯਮ ਦੁਆਰਾ ਸਤੂਤੀ ਗੀਤ

46ਤਦ ਮਰਿਯਮ ਨੇ ਆਖਿਆ, “ਮੇਰੀ ਜਾਨ ਪ੍ਰਭੂ ਦੀ ਵਡਿਆਈ ਕਰਦੀ ਹੈ,47ਅਤੇ ਮੇਰੀ ਆਤਮਾ ਮੇਰੇ ਮੁਕਤੀਦਾਤੇ ਪਰਮੇਸ਼ੁਰ ਵਿੱਚ ਅਨੰਦ ਹੋਈ,
48ਕਿਉਂ ਜੋ ਉਸ ਨੇ ਆਪਣੀ ਦਾਸੀ ਦੀ ਅਧੀਨਗੀ ਉੱਤੇ ਨਿਗਾਹ ਕੀਤੀ” । ਵੇਖੋ ਤਾਂ, ਹੁਣ ਤੋਂ ਸਾਰੀਆਂ ਪੀੜ੍ਹੀਆਂ ਮੈਨੂੰ ਧੰਨ ਆਖਣਗੀਆਂ,49ਕਿਉਂ ਜੋ ਉਸ ਸ਼ਕਤੀਮਾਨ ਨੇ ਮੇਰੇ ਲਈ ਵੱਡੇ ਕੰਮ ਕੀਤੇ ਹਨ ਅਤੇ ਉਸ ਦਾ ਨਾਮ ਪਵਿੱਤਰ ਹੈ ।
50ਜਿਹੜੇ ਉਸ ਦਾ ਡਰ ਰੱਖਦੇ ਹਨ, ਉਨ੍ਹਾਂ ਉੱਤੇ ਉਸ ਦੀ ਦਯਾ ਪੀੜ੍ਹੀਓਂ ਪੀੜ੍ਹੀ ਬਣੀ ਰਹਿੰਦੀ ਹੈ ।51ਉਸ ਨੇ ਆਪਣੀ ਬਾਂਹ ਦਾ ਜ਼ੋਰ ਵਿਖਾਇਆ ਅਤੇ ਉਨ੍ਹਾਂ ਨੂੰ ਤਿੱਤਰ-ਬਿੱਤਰ ਕਰ ਦਿੱਤਾ, ਜਿਹੜੇ ਆਪਣੇ ਮਨ ਦੇ ਖਿਆਲਾਂ ਵਿੱਚ ਹੰਕਾਰੀ ਸਨ ।
52ਉਸ ਨੇ ਬਲਵੰਤਾਂ ਨੂੰ ਸਿੰਘਾਸਣ ਤੋਂ ਗਿਰਾ ਦਿੱਤਾ, ਅਤੇ ਕਮਜ਼ੋਰਾਂ ਨੂੰ ਉੱਚਿਆਂ ਕੀਤਾ ।53ਉਸ ਨੇ ਭੁੱਖਿਆਂ ਨੂੰ ਚੰਗੀਆਂ ਚੀਜ਼ਾਂ ਨਾਲ ਰਜਾਇਆ, ਅਤੇ ਧਨੀਆਂ ਨੂੰ ਖਾਲੀ ਹੱਥ ਕੱਢ ਦਿੱਤਾ ।
54ਉਸ ਨੇ ਆਪਣੇ ਦਾਸ ਇਸਰਾਏਲ ਦੀ ਸਹਾਇਤਾ ਕੀਤੀ ਤਾਂ ਕਿ ਉਹ ਆਪਣੇ ਰਹਿਮ ਨੂੰ ਯਾਦ ਕਰੇ,55ਜੋ ਅਬਰਾਹਾਮ ਤੇ ਉਸ ਦੇ ਅੰਸ ਨਾਲ ਸਦੀਪਕ ਕਾਲ ਤੱਕ ਰਹੇਗਾ, ਜਿਵੇਂ ਉਸ ਨੇ ਸਾਡੇ ਪਿਉ-ਦਾਦਿਆਂ ਨਾਲ ਬਚਨ ਕੀਤਾ ਸੀ ।
56ਤਦ ਮਰਿਯਮ ਤਿੰਨ ਮਹੀਨੇ ਉਸ ਦੇ ਨਾਲ ਰਹਿ ਕੇ ਆਪਣੇ ਘਰ ਨੂੰ ਮੁੜ ਗਈ ।
ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਜਨਮ

57ਹੁਣ ਇਲੀਸਬਤ ਦੇ ਜਨਮ ਦੇਣ ਦਾ ਸਮਾਂ ਆ ਪੁੱਜਾ ਅਤੇ ਉਸ ਨੇ ਪੁੱਤਰ ਨੂੰ ਜਨਮ ਦਿੱਤਾ ।58ਅਤੇ ਉਸ ਦੇ ਗੁਆਂਢੀਆਂ ਅਤੇ ਰਿਸ਼ਤੇਦਾਰਾਂ ਨੇ ਇਹ ਸੁਣ ਕੇ ਜੋ ਪ੍ਰਭੂ ਨੇ ਉਸ ਉੱਤੇ ਵੱਡੀ ਦਯਾ ਕੀਤੀ ਉਸ ਦੇ ਨਾਲ ਖੁਸ਼ੀ ਮਨਾਈ ।
59ਤਦ ਉਹ ਅੱਠਵੇਂ ਦਿਨ ਬਾਲਕ ਦੀ ਸੁੰਨਤ ਲਈ ਆਏ ਅਤੇ ਉਸ ਦਾ ਨਾਮ ਜ਼ਕਰਯਾਹ ਰੱਖਣ ਲੱਗੇ ਜਿਹੜਾ ਉਸ ਦੇ ਪਿਤਾ ਦਾ ਨਾਮ ਸੀ ।60ਪਰ ਉਸ ਦੀ ਮਾਤਾ ਨੇ ਅੱਗੋਂ ਆਖਿਆ, ਨਹੀਂ ਪਰ ਉਸਦਾ ਨਾਮ ਯੂਹੰਨਾ ਰੱਖਾਂਗੇ ।61ਉਨ੍ਹਾਂ ਉਸ ਨੂੰ ਕਿਹਾ ਕਿ ਤੇਰੇ ਰਿਸ਼ਤੇਦਾਰਾਂ ਵਿੱਚੋਂ ਕੋਈ ਨਹੀਂ ਜੋ ਇਸ ਨਾਮ ਤੋਂ ਬੁਲਾਇਆ ਜਾਂਦਾ ਹੈ ।
62ਤਦ ਉਨ੍ਹਾਂ ਨੇ ਉਸ ਦੇ ਪਿਤਾ ਨੂੰ ਇਸ਼ਾਰਾ ਕਰ ਕੇ ਪੁੱਛਿਆ, ਉਹ ਉਸ ਦਾ ਕੀ ਨਾਮ ਰੱਖਣਾ ਚਾਹੁੰਦਾ ਹੈ ।63ਅਤੇ ਉਸ ਨੇ ਪੱਟੀ ਮੰਗਾ ਕੇ ਲਿਖਿਆ ਕਿ ਉਸ ਦਾ ਨਾਮ ਯੂਹੰਨਾ ਹੈ ਤਾਂ ਸਭ ਹੈਰਾਨ ਰਹਿ ਗਏ ।
64ਉਸੇ ਸਮੇਂ ਉਸ ਦਾ ਮੂੰਹ ਅਤੇ ਉਸ ਦੀ ਜੀਭ ਖੁੱਲ੍ਹ ਗਈ, ਉਹ ਬੋਲਣ ਲੱਗ ਪਿਆ ਅਤੇ ਪਰਮੇਸ਼ੁਰ ਦੀ ਵਡਿਆਈ ਕਰਨ ਲੱਗਾ ।65ਤਦ ਆਲੇ-ਦੁਆਲੇ ਦੇ ਸਾਰੇ ਰਹਿਣ ਵਾਲੇ ਡਰ ਗਏ ਅਤੇ ਯਹੂਦਿਯਾ ਦੇ ਸਾਰੇ ਪਹਾੜੀ ਦੇਸ ਵਿੱਚ ਇਨ੍ਹਾਂ ਸਭ ਗੱਲਾਂ ਦੀ ਚਰਚਾ ਫੈਲ ਗਈ ।66ਅਤੇ ਸਭ ਸੁਣਨ ਵਾਲਿਆਂ ਨੇ ਆਪਣੇ ਮਨ ਵਿੱਚ ਇਨ੍ਹਾਂ ਗੱਲਾਂ ਦਾ ਵਿਚਾਰ ਕੀਤਾ ਅਤੇ ਕਿਹਾ, ਭਲਾ, ਇਹ ਬਾਲਕ ਕਿਹੋ ਜਿਹਾ ਹੋਵੇਗਾ ? ਕਿਉਂ ਜੋ ਪ੍ਰਭੂ ਦਾ ਹੱਥ ਉਸ ਦੇ ਨਾਲ ਸੀ ।
ਜ਼ਕਰਯਾਹ ਦੁਆਰਾ ਸਤੂਤੀ ਗੀਤ

67ਤਦ ਉਸ ਦਾ ਪਿਤਾ ਜ਼ਕਰਯਾਹ ਪਵਿੱਤਰ ਆਤਮਾ ਨਾਲ ਭਰ ਗਿਆ ਅਤੇ ਭਵਿੱਖਬਾਣੀ ਕਰ ਕੇ ਆਖਣ ਲੱਗਾ -68ਧੰਨ ਹੈ ਪ੍ਰਭੂ ਇਸਰਾਏਲ ਦਾ ਪਰਮੇਸ਼ੁਰ, ਕਿਉਂ ਜੋ ਉਸ ਨੇ ਆਪਣੀ ਪਰਜਾ ਉੱਤੇ ਨਿਗਾਹ ਕੀਤੀ, ਅਤੇ ਉਨ੍ਹਾਂ ਨੂੰ ਛੁਟਕਾਰਾ ਦਿੱਤਾ ਹੈ,
69ਅਤੇ ਸਾਡੇ ਲਈ ਆਪਣੇ ਦਾਸ ਦਾਊਦ ਦੇ ਵੰਸ਼ ਵਿੱਚ ਮੁਕਤੀ ਦਾ ਸਿੰਗ ਖੜ੍ਹਾ ਕੀਤਾ,70ਜਿਵੇਂ ਉਸ ਨੇ ਆਪਣੇ ਪਵਿੱਤਰ ਨਬੀਆਂ ਦੀ ਜ਼ਬਾਨੀ ਪਹਿਲਾਂ ਤੋਂ ਹੀ ਅਖਵਾਇਆ ਸੀ ।71ਅਤੇ ਉਹ ਸਾਨੂੰ ਸਾਡੇ ਵੈਰੀਆਂ ਤੋਂ ਅਤੇ ਉਨ੍ਹਾਂ ਸਭਨਾਂ ਦੇ ਹੱਥੋਂ ਜੋ ਸਾਡੇ ਨਾਲ ਵੈਰ ਰੱਖਦੇ ਹਨ ਛੁਟਕਾਰਾ ਦੇਵੇ,
72ਨਾਲੇ ਉਹ ਸਾਡੇ ਪਿਉ-ਦਾਦਿਆਂ ਉੱਤੇ ਦਯਾ ਕਰੇ, ਅਤੇ ਆਪਣੇ ਪਵਿੱਤਰ ਨੇਮ ਨੂੰ ਯਾਦ ਰੱਖੇ,73ਅਰਥਾਤ ਉਸ ਸਹੁੰ ਨੂੰ ਜਿਹੜੀ ਉਸ ਨੇ ਸਾਡੇ ਪਿਤਾ ਅਬਰਾਹਾਮ ਨਾਲ ਖਾਧੀ,74ਜੋ ਉਹ ਸਾਨੂੰ ਇਹ ਬਖਸ਼ੇ ਜੋ ਅਸੀਂ ਆਪਣੇ ਵੈਰੀਆਂ ਦੇ ਹੱਥੋਂ ਛੁੱਟ ਕੇ75ਜੀਵਨ ਭਰ ਉਸ ਦੇ ਅੱਗੇ ਪਵਿੱਤਰਤਾਈ ਤੇ ਧਰਮ ਨਾਲ ਨਿਡਰ ਹੋ ਕੇ ਉਸ ਦੀ ਬੰਦਗੀ ਕਰੀਏ ।
76ਅਤੇ ਤੂੰ, ਹੇ ਬਾਲਕ, ਅੱਤ ਮਹਾਨ ਦਾ ਨਬੀ ਅਖਵਾਵੇਗਾ, ਕਿਉਂ ਜੋ ਤੂੰ ਪ੍ਰਭੂ ਦੇ ਰਾਹਾਂ ਨੂੰ ਤਿਆਰ ਕਰਨ ਲਈ ਉਸ ਦੇ ਅੱਗੇ-ਅੱਗੇ ਚੱਲੇਂਗਾ,77ਕਿ ਉਸ ਦੇ ਲੋਕਾਂ ਨੂੰ ਮੁਕਤੀ ਦਾ ਗਿਆਨ ਦੇਵੇਂ ਜਿਹੜੀ ਉਨ੍ਹਾਂ ਨੂੰ ਪਾਪਾਂ ਦੀ ਮਾਫ਼ੀ ਤੋਂ,
78ਸਾਡੇ ਪਰਮੇਸ਼ੁਰ ਦੀ ਵੱਡੀ ਦਯਾ ਦੇ ਕਾਰਨ ਮਿਲੇਗੀ ਜਦ ਸਵੇਰ ਦਾ ਚਾਨਣ ਸਵਰਗ ਤੋਂ ਸਾਡੇ ਉੱਤੇ ਚਮਕੇਗਾ,79ਅਤੇ ਉਨ੍ਹਾਂ ਨੂੰ ਜੋ ਹਨ੍ਹੇਰੇ ਅਤੇ ਮੌਤ ਦੇ ਸਾਏ ਵਿੱਚ ਬੈਠੇ ਹਨ ਚਾਨਣ ਦੇਵੇ, ਅਤੇ ਸਾਡੇ ਕਦਮਾਂ ਨੂੰ ਸ਼ਾਂਤੀ ਦੇ ਰਾਹ ਬਖਸ਼ੇ ।
80ਅਤੇ ਉਹ ਬਾਲਕ ਵੱਧਦਾ ਅਤੇ ਆਤਮਾ ਵਿੱਚ ਬਲਵੰਤ ਹੁੰਦਾ ਗਿਆ ਅਤੇ ਇਸਰਾਏਲ ਉੱਤੇ ਆਪਣੇ ਪਰਗਟ ਹੋਣ ਦੇ ਦਿਨ ਤੱਕ ਜੰਗਲ ਵਿੱਚ ਰਿਹਾ ।

2
ਯਿਸੂ ਦਾ ਜਨਮ
(ਮੱਤੀ 1:18-25)

1ਉਨ੍ਹਾਂ ਦਿਨਾਂ ਵਿੱਚ ਇਹ ਹੋਇਆ ਕਿ ਕੈਸਰ ਔਗੁਸਤੁਸ ਨੇ ਹੁਕਮ ਦਿੱਤਾ, ਜੋ ਸਾਰੀ ਦੁਨੀਆਂ ਦੇ ਲੋਕਾਂ ਦੇ ਨਾਮ ਲਿਖੇ ਜਾਣ ।2ਇਹ ਪਹਿਲੀ ਨਾਮ ਲਿਖਾਈ ਸੀ ਜੋ ਸੀਰੀਯਾ ਦੇ ਹਾਕਮ ਕੁਰੇਨਿਯੁਸ ਦੇ ਸਮੇਂ ਵਿੱਚ ਕੀਤੀ ਗਈ ।3ਅਤੇ ਸਭ ਲੋਕ ਆਪਣੇ ਨਾਮ ਲਿਖਾਉਣ ਲਈ ਆਪੋ ਆਪਣੇ ਨਗਰ ਨੂੰ ਗਏ ।

4ਅਤੇ ਯੂਸੁਫ਼ ਵੀ ਇਸ ਲਈ ਜੋ ਉਹ ਦਾਊਦ ਦੇ ਘਰਾਣੇ ਅਤੇ ਵੰਸ਼ ਵਿੱਚੋਂ ਸੀ, ਗਲੀਲ ਦੇ ਨਾਸਰਤ ਸ਼ਹਿਰ ਤੋਂ ਯਹੂਦਿਯਾ ਵਿੱਚ ਦਾਊਦ ਦੇ ਸ਼ਹਿਰ ਨੂੰ ਗਿਆ, ਜੋ ਬੈਤਲਹਮ ਅਖਵਾਉਂਦਾ ਹੈ ।5ਕਿ ਆਪਣੀ ਮੰਗੇਤਰ ਮਰਿਯਮ ਨਾਲ ਜੋ ਗਰਭਵਤੀ ਸੀ ਆਪਣਾ ਨਾਮ ਲਿਖਾਵੇ ।
6ਅਤੇ ਇਸ ਤਰ੍ਹਾਂ ਹੋਇਆ ਕਿ ਉਨ੍ਹਾਂ ਦੇ ਉੱਥੇ ਹੁੰਦਿਆਂ ਮਰਿਯਮ ਦੇ ਜਨਮ ਦੇਣ ਦੇ ਦਿਨ ਪੂਰੇ ਹੋ ਗਏ ।7ਅਤੇ ਉਸ ਨੇ ਆਪਣੇ ਇਕਲੌਤੇ ਪੁੱਤਰ ਨੂੰ ਜਨਮ ਦਿੱਤਾ ਅਤੇ ਉਸ ਨੂੰ ਕੱਪੜੇ ਵਿੱਚ ਲਪੇਟ ਕੇ ਖੁਰਲੀ ਵਿੱਚ ਰੱਖਿਆ, ਕਿਉਂ ਜੋ ਉਨ੍ਹਾਂ ਨੂੰ ਸਰਾਂ ਵਿੱਚ ਸਥਾਨ ਨਾ ਮਿਲਿਆ ।
ਸਵਰਗ ਦੂਤਾਂ ਦੁਆਰਾ ਚਰਵਾਹਿਆਂ ਨੂੰ ਸੰਦੇਸ਼

8ਉਸ ਦੇਸ ਵਿੱਚ ਕੁੱਝ ਚਰਵਾਹੇ ਸਨ, ਜੋ ਰਾਤ ਨੂੰ ਖੇਤਾਂ ਵਿੱਚ ਰਹਿ ਕੇ ਆਪਣੇ ਇੱਜੜ ਦੀ ਰਖਵਾਲੀ ਕਰ ਰਹੇ ਸਨ ।9ਪ੍ਰਭੂ ਦਾ ਦੂਤ ਉਨ੍ਹਾਂ ਦੇ ਸਾਹਮਣੇ ਅਤੇ ਪ੍ਰਭੂ ਦਾ ਤੇਜ ਉਨ੍ਹਾਂ ਦੇ ਚਾਰੋਂ ਪਾਸੇ ਚਮਕਿਆ ਅਤੇ ਉਹ ਬਹੁਤ ਡਰ ਗਏ ।
10ਤਦ ਦੂਤ ਨੇ ਉਨ੍ਹਾਂ ਨੂੰ ਆਖਿਆ, ਨਾ ਡਰੋ, ਕਿਉਂਕਿ ਵੇਖੋ, ਮੈਂ ਤੁਹਾਨੂੰ ਵੱਡੀ ਖੁਸ਼ੀ ਦੀ ਖ਼ਬਰ ਸੁਣਾਉਂਦਾ ਹਾਂ ਜੋ ਸਾਰੀ ਦੁਨੀਆਂ ਦੇ ਲਈ ਹੋਵੇਗੀ11ਕਿ ਦਾਊਦ ਦੇ ਸ਼ਹਿਰ ਵਿੱਚ ਅੱਜ ਤੁਹਾਡੇ ਲਈ ਇੱਕ ਮੁਕਤੀਦਾਤਾ ਪੈਦਾ ਹੋਇਆ ਹੈ, ਜਿਹੜਾ ਮਸੀਹ ਪ੍ਰਭੂ ਹੈ ।12ਅਤੇ ਤੁਹਾਡੇ ਲਈ ਇਹ ਚਿੰਨ੍ਹ ਹੋਵੇਗਾ ਕਿ ਤੁਸੀਂ ਇੱਕ ਬਾਲਕ ਨੂੰ ਕੱਪੜੇ ਵਿੱਚ ਲਪੇਟਿਆ ਅਤੇ ਖੁਰਲੀ ਵਿੱਚ ਪਿਆ ਹੋਇਆ ਵੇਖੋਗੇ ।
13ਤਦ ਇੱਕ ਦਮ ਸਵਰਗ ਦੀ ਫ਼ੌਜ ਦਾ ਇੱਕ ਦਲ ਉਸ ਦੂਤ ਦੇ ਨਾਲ ਹੋ ਕੇ ਪਰਮੇਸ਼ੁਰ ਦੀ ਵਡਿਆਈ ਕਰਦਾ ਅਤੇ ਇਹ ਕਹਿੰਦਾ ਸੀ l14ਸਵਰਗ ਵਿੱਚ ਪਰਮੇਸ਼ੁਰ ਦੀ ਵਡਿਆਈ, ਅਤੇ ਧਰਤੀ ਤੇ ਉਨ੍ਹਾਂ ਲੋਕਾਂ ਵਿੱਚ ਸ਼ਾਂਤੀ ਜਿਨ੍ਹਾਂ ਨਾਲ ਉਹ ਖੁਸ਼ ਹੈ ।
15ਜਦ ਦੂਤ ਉਨ੍ਹਾਂ ਦੇ ਕੋਲੋਂ ਸਵਰਗ ਨੂੰ ਚਲੇ ਗਏ ਤਦ ਚਰਵਾਹਿਆਂ ਨੇ ਆਪਸ ਵਿੱਚ ਆਖਿਆ, ਆਉ ਹੁਣ ਬੈਤਲਹਮ ਵੱਲ ਚੱਲੀਏ ਅਤੇ ਇਸ ਗੱਲ ਨੂੰ ਜੋ ਹੋਈ ਹੈ, ਵੇਖੀਏ, ਜਿਸ ਦੀ ਖ਼ਬਰ ਪ੍ਰਭੂ ਨੇ ਦਿੱਤੀ ਹੈ ।16ਤਦ ਉਨ੍ਹਾਂ ਨੇ ਛੇਤੀ ਨਾਲ ਆ ਕੇ ਮਰਿਯਮ ਅਤੇ ਯੂਸੁਫ਼ ਨੂੰ ਅਤੇ ਉਸ ਬਾਲਕ ਨੂੰ ਖੁਰਲੀ ਵਿੱਚ ਪਿਆ ਵੇਖਿਆ ।
17ਅਤੇ ਉਨ੍ਹਾਂ ਨੇ ਉਸ ਬਚਨ ਨੂੰ ਜਿਹੜਾ ਇਸ ਬਾਲਕ ਦੇ ਬਾਰੇ ਸਵਰਗ ਦੂਤਾਂ ਨੇ ਦੱਸਿਆ ਸੀ, ਸੁਣਾਇਆ ।18ਅਤੇ ਚਰਵਾਹਿਆਂ ਦੀਆਂ ਗੱਲਾਂ ਸੁਣ ਕੇ ਸਾਰੇ ਹੈਰਾਨ ਹੋਏ ।19ਪਰ ਮਰਿਯਮ ਨੇ ਇਨ੍ਹਾਂ ਸਾਰੀਆਂ ਗੱਲਾਂ ਨੂੰ ਆਪਣੇ ਦਿਲ ਵਿੱਚ ਧਿਆਨ ਨਾਲ ਰੱਖਿਆ ।20ਅਤੇ ਚਰਵਾਹਿਆਂ ਨੇ ਇਨ੍ਹਾਂ ਸਾਰੀਆਂ ਗੱਲਾਂ ਦੇ ਵਿਖੇ ਜਿਸ ਤਰ੍ਹਾਂ ਉਨ੍ਹਾਂ ਨੂੰ ਦੱਸੀਆਂ ਗਈਆਂ ਸਨ, ਉਸੇ ਤਰ੍ਹਾਂ ਸੁਣ ਅਤੇ ਵੇਖ ਕੇ ਪਰਮੇਸ਼ੁਰ ਦੀ ਵਡਿਆਈ ਅਤੇ ਉਸਤਤ ਕਰਦੇ ਹੋਏ ਵਾਪਸ ਚਲੇ ਗਏ ।
ਯਿਸੂ ਦਾ ਨਾਮ ਰੱਖਣਾ

21ਜਦ ਅੱਠ ਦਿਨ ਪੂਰੇ ਹੋਏ, ਕਿ ਉਸ ਦੀ ਸੁੰਨਤ ਹੋਵੇ ਤਦ ਉਸ ਦਾ ਨਾਮ ਯਿਸੂ ਰੱਖਿਆ ਗਿਆ, ਜੋ ਮਰਿਯਮ ਦੇ ਗਰਭ ਵਿੱਚ ਆਉਣ ਤੋਂ ਪਹਿਲਾਂ ਦੂਤ ਨੇ ਰੱਖਿਆ ਸੀ ।
ਹੈਕਲ ਵਿੱਚ ਯਿਸੂ ਦਾ ਅਰਪਣ

22ਜਦ ਮੂਸਾ ਦੀ ਬਿਵਸਥਾ ਦੇ ਅਨੁਸਾਰ ਸ਼ੁੱਧ ਹੋਣ ਦੇ ਦਿਨ ਪੂਰੇ ਹੋਏ ਤਾਂ ਉਸ ਨੂੰ ਪ੍ਰਭੂ ਦੇ ਅੱਗੇ ਸਮਰਪਤ ਕਰਨ ਲਈ ਯਰੂਸ਼ਲਮ ਵਿੱਚ ਲਿਆਏ ।23ਜਿਵੇਂ ਪ੍ਰਭੂ ਦੀ ਬਿਵਸਥਾ ਵਿੱਚ ਲਿਖਿਆ ਹੋਇਆ ਹੈ, ਜੋ ਹਰੇਕ ਪਹਿਲੌਠਾ ਪ੍ਰਭੂ ਦੇ ਲਈ ਪਵਿੱਤਰ ਕਹਾਵੇਗਾ ।24ਅਤੇ ਉਸ ਗੱਲ ਅਨੁਸਾਰ ਜੋ ਪ੍ਰਭੂ ਦੀ ਬਿਵਸਥਾ ਵਿੱਚ ਲਿਖੀ ਹੋਈ ਹੈ ਅਰਥਾਤ ਘੁੱਗੀਆਂ ਦਾ ਇੱਕ ਜੋੜਾ ਜਾਂ ਕਬੂਤਰ ਦੇ ਦੋ ਬੱਚੇ ਬਲੀਦਾਨ ਕਰਨ ।
ਸ਼ਿਮਉਨ ਦਾ ਗੀਤ

25ਯਰੂਸ਼ਲਮ ਵਿੱਚ ਸ਼ਿਮਉਨ ਨਾਮ ਦਾ ਇੱਕ ਮਨੁੱਖ ਸੀ, ਉਹ ਧਰਮੀ ਅਤੇ ਭਗਤ ਸੀ ਅਤੇ ਇਸਰਾਏਲ ਦੀ ਸ਼ਾਂਤੀ ਦੀ ਉਡੀਕ ਵਿੱਚ ਸੀ ਅਤੇ ਉਹ ਪਵਿੱਤਰ ਆਤਮਾ ਨਾਲ ਭਰਪੂਰ ਸੀ ।26ਅਤੇ ਪਵਿੱਤਰ ਆਤਮਾ ਨੇ ਉਸ ਉੱਤੇ ਪਰਗਟ ਕੀਤਾ ਕਿ ਜਦ ਤੱਕ ਤੂੰ ਪ੍ਰਭੂ ਦੇ ਮਸੀਹ ਨੂੰ ਨਾ ਵੇਖੇਂ ਤੂੰ ਨਾ ਮਰੇਂਗਾ ।
27ਉਹ ਆਤਮਾ ਦੀ ਅਗਵਾਈ ਨਾਲ ਹੈਕਲ ਵਿੱਚ ਆਇਆ ਅਤੇ ਜਦ ਮਾਤਾ-ਪਿਤਾ ਉਸ ਬਾਲਕ ਯਿਸੂ ਨੂੰ ਅੰਦਰ ਲਿਆਏ, ਤਾਂ ਜੋ ਬਿਵਸਥਾ ਦੀ ਵਿਧੀ ਨੂੰ ਪੂਰਾ ਕਰਨ ।28ਉਸ ਨੇ ਉਸ ਨੂੰ ਬਾਹਾਂ ਵਿੱਚ ਲਿਆ ਅਤੇ ਪਰਮੇਸ਼ੁਰ ਦਾ ਧੰਨਵਾਦ ਕਰਕੇ ਆਖਿਆ,29ਹੇ ਮਾਲਕ, ਹੁਣ ਤੂੰ ਆਪਣੇ ਦਾਸ ਨੂੰ ਆਪਣੇ ਬਚਨ ਅਨੁਸਾਰ ਸ਼ਾਂਤੀ ਨਾਲ ਵਿਦਿਆ ਕਰ,
30ਕਿਉਂਕਿ ਮੇਰੀਆਂ ਅੱਖਾਂ ਨੇ ਤੇਰੀ ਮੁਕਤੀ ਨੂੰ ਵੇਖ ਲਿਆ ਹੈ,31ਜਿਸ ਨੂੰ ਤੂੰ ਸਾਰੇ ਦੇਸਾਂ ਦੇ ਲੋਕਾਂ ਅੱਗੇ ਤਿਆਰ ਕੀਤਾ ਹੈ,32ਕਿ ਪਰਾਈਆਂ ਕੌਮਾਂ ਨੂੰ ਪ੍ਰਕਾਸ਼ ਦੇਣ ਲਈ ਜੋਤ, ਅਤੇ ਆਪਣੀ ਪਰਜਾ ਇਸਰਾਏਲ ਦੇ ਲਈ ਤੇਜ ਹੋਵੇ ।
33ਉਸ ਦੇ ਪਿਤਾ ਅਤੇ ਮਾਤਾ ਉਨ੍ਹਾਂ ਗੱਲਾਂ ਤੋਂ ਜੋ ਉਸ ਦੇ ਬਾਰੇ ਆਖੀਆਂ ਗਈਆਂ ਸਨ, ਸੁਣ ਕੇ ਹੈਰਾਨ ਹੁੰਦੇ ਸਨ ।34ਤਦ ਸ਼ਿਮਉਨ ਨੇ ਉਨ੍ਹਾਂ ਨੂੰ ਬਰਕਤ ਦਿੱਤੀ ਅਤੇ ਉਸ ਦੀ ਮਾਤਾ ਮਰਿਯਮ ਨੂੰ ਆਖਿਆ, ਵੇਖ ਇਹ ਬਾਲਕ ਇਸਰਾਏਲ ਵਿੱਚ ਬਹੁਤਿਆਂ ਦੇ ਡਿੱਗਣ ਅਤੇ ਉੱਠਣ ਲਈ ਇੱਕ ਨਿਸ਼ਾਨ ਠਹਿਰਾਇਆ ਹੋਇਆ ਹੈ, ਜਿਸ ਦੇ ਵਿਰੁੱਧ ਗੱਲਾਂ ਹੋਣਗੀਆਂ ।35ਸਗੋਂ ਤਲਵਾਰ ਵੀ ਤੇਰੇ ਦਿਲ ਵਿੱਚ ਖੁੱਭ ਜਾਵੇਗੀ ਤਾਂ ਜੋ ਬਹੁਤਿਆਂ ਦੇ ਮਨਾਂ ਦੀਆਂ ਗੱਲਾਂ ਪਰਗਟ ਹੋ ਜਾਣ ।
ਆੱਨਾ ਦੀ ਗਵਾਹੀ

36ਅਤੇ ਅਸ਼ੇਰ ਦੇ ਘਰਾਣੇ ਵਿੱਚੋਂ ਆੱਨਾ ਨਾਮ ਦੀ ਇੱਕ ਨਬੀਆ ਫ਼ਨੂਏਲ ਦੀ ਧੀ ਸੀ । ਉਹ ਬਜ਼ੁਰਗ ਸੀ ਅਤੇ ਆਪਣੇ ਵਿਆਹ ਹੋਣ ਤੋਂ ਬਾਅਦ ਸੱਤ ਸਾਲਾਂ ਤੱਕ ਹੀ ਆਪਣੇ ਪਤੀ ਨਾਲ ਰਹਿ ਸਕੀ ਸੀ ।37ਅਤੇ ਉਹ ਚੁਰਾਸੀਆਂ ਸਾਲਾਂ ਤੋਂ ਵਿਧਵਾ ਸੀ ਅਤੇ ਹੈਕਲ ਨੂੰ ਨਹੀਂ ਛੱਡਦੀ ਸੀ, ਪਰ ਵਰਤ ਰੱਖਣ ਅਤੇ ਬੇਨਤੀ ਕਰਨ ਨਾਲ ਰਾਤ-ਦਿਨ ਬੰਦਗੀ ਕਰਦੀ ਰਹਿੰਦੀ ਸੀ ।38ਉਸ ਨੇ ਉਸੇ ਸਮੇਂ ਉੱਥੇ ਆਣ ਕੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਉਸ ਦਾ ਜ਼ਿਕਰ ਉਨ੍ਹਾਂ ਸਭਨਾਂ ਨਾਲ ਕੀਤਾ ਜਿਹੜੇ ਯਰੂਸ਼ਲਮ ਦੇ ਛੁਟਕਾਰੇ ਦੀ ਉਡੀਕ ਵਿੱਚ ਸਨ ।
ਨਾਸਰਤ ਨੂੰ ਵਾਪਸ ਆਉਣਾ

39ਅਤੇ ਜਦ ਉਹ ਪ੍ਰਭੂ ਦੀ ਬਿਵਸਥਾ ਦੇ ਅਨੁਸਾਰ ਸਭ ਕੁੱਝ ਪੂਰਾ ਕਰ ਚੁੱਕੇ ਤਾਂ ਗਲੀਲ ਵੱਲ ਆਪਣੇ ਸ਼ਹਿਰ ਨਾਸਰਤ ਨੂੰ ਵਾਪਸ ਮੁੜੇ ।40ਉਹ ਬਾਲਕ ਵਧਦਾ ਅਤੇ ਗਿਆਨ ਨਾਲ ਭਰਪੂਰ ਹੋ ਕੇ ਜ਼ੋਰ ਫੜਦਾ ਗਿਆ, ਅਤੇ ਪਰਮੇਸ਼ੁਰ ਦੀ ਕਿਰਪਾ ਉਸ ਉੱਤੇ ਸੀ ।
ਬਾਲਕ ਯਿਸੂ ਹੈਕਲ ਵਿੱਚ

41ਉਸ ਦੇ ਮਾਤਾ-ਪਿਤਾ ਹਰ ਸਾਲ ਪਸਾਹ ਦੇ ਤਿਉਹਾਰ ਉੱਤੇ ਯਰੂਸ਼ਲਮ ਨੂੰ ਜਾਂਦੇ ਹੁੰਦੇ ਸਨ ।42ਜਦ ਯਿਸੂ ਬਾਰਾਂ ਸਾਲਾਂ ਦਾ ਹੋਇਆ ਤਾਂ ਉਹ ਤਿਉਹਾਰ ਦੀ ਰੀਤ ਅਨੁਸਾਰ ਯਰੂਸ਼ਲਮ ਗਏ ।43ਤਿਉਹਾਰ ਮਨਾਉਣ ਮਗਰੋਂ ਜਦ ਉਹ ਮੁੜਨ ਲੱਗੇ ਤਦ ਬਾਲਕ ਯਿਸੂ ਯਰੂਸ਼ਲਮ ਵਿੱਚ ਰਹਿ ਗਿਆ ਪਰ ਉਸ ਦੇ ਮਾਪਿਆਂ ਨੂੰ ਪਤਾ ਨਹੀਂ ਸੀ ।44ਪਰ ਇਹ ਸੋਚ ਕੇ ਕਿ ਉਹ ਕਾਫ਼ਲੇ ਵਿੱਚ ਹੋਵੇਗਾ ਉਹਨਾਂ ਨੇ ਇੱਕ ਦਿਨ ਦਾ ਸਫ਼ਰ ਪੂਰਾ ਕੀਤਾ ਅਤੇ ਤਦ ਉਸ ਨੂੰ ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲਿਆਂ ਵਿੱਚ ਲੱਭਿਆ ।
45ਅਤੇ ਜਦ ਉਹ ਨਾ ਲੱਭਾ ਤਦ ਉਸ ਦੀ ਖੋਜ ਵਿੱਚ ਯਰੂਸ਼ਲਮ ਨੂੰ ਮੁੜੇ ।46ਅਤੇ ਇਸ ਤਰ੍ਹਾਂ ਹੋਇਆ ਜੋ ਉਨ੍ਹਾਂ ਨੇ ਤਿੰਨਾਂ ਦਿਨਾਂ ਪਿੱਛੋਂ ਉਸ ਨੂੰ ਹੈਕਲ ਵਿੱਚ ਉਪਦੇਸ਼ਕਾਂ ਦੇ ਵਿਚਕਾਰ ਬੈਠਿਆਂ, ਉਨ੍ਹਾਂ ਨੂੰ ਸੁਣਦਿਆਂ ਅਤੇ ਉਨ੍ਹਾਂ ਤੋਂ ਪ੍ਰਸ਼ਨ ਪੁੱਛਦਿਆਂ ਵੇਖਿਆ ।47ਅਤੇ ਸਾਰੇ ਸੁਣਨ ਵਾਲੇ ਉਸ ਦੀ ਸਮਝ ਅਤੇ ਸਵਾਲ-ਜ਼ਵਾਬ ਤੋਂ ਹੈਰਾਨ ਹੋਏ ।
48ਤਦ ਉਸ ਦੇ ਮਾਤਾ-ਪਿਤਾ ਉਸ ਨੂੰ ਵੇਖ ਕੇ ਹੈਰਾਨ ਹੋਏ ਅਤੇ ਉਸ ਦੀ ਮਾਤਾ ਨੇ ਉਸ ਨੂੰ ਆਖਿਆ, ਪੁੱਤਰ ਤੂੰ ਸਾਡੇ ਨਾਲ ਇਹ ਕੀ ਕੀਤਾ ? ਵੇਖ ਅਸੀਂ ਫਿਕਰਮੰਦ ਹੋਏ ਤੈਨੂੰ ਲੱਭ ਰਹੇ ਸੀ ।49ਯਿਸੂ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਮੈਨੂੰ ਕਿਉਂ ਲੱਭਦੇ ਸੀ ? ਕੀ ਤੁਸੀਂ ਨਹੀਂ ਜਾਣਦੇ ਜੋ ਮੇਰੇ ਲਈ ਜ਼ਰੂਰੀ ਹੈ ਕਿ ਮੈਂ ਆਪਣੇ ਪਿਤਾ ਦੇ ਘਰ ਵਿੱਚ ਰਹਾਂ ?50ਪਰ ਉਨ੍ਹਾਂ ਇਸ ਗੱਲ ਨੂੰ ਜਿਹੜੀ ਉਸ ਨੇ ਉਨ੍ਹਾਂ ਨੂੰ ਆਖੀ, ਨਹੀਂ ਸਮਝਿਆ ।
51ਤਦ ਉਹ ਉਨ੍ਹਾਂ ਦੇ ਨਾਲ ਨਾਸਰਤ ਨੂੰ ਆਇਆ ਅਤੇ ਉਨ੍ਹਾਂ ਦੇ ਅਧੀਨ ਰਿਹਾ, ਅਤੇ ਉਸ ਦੀ ਮਾਤਾ ਨੇ ਇਨ੍ਹਾਂ ਸਾਰੀਆਂ ਗੱਲਾਂ ਨੂੰ ਆਪਣੇ ਦਿਲ ਵਿੱਚ ਰੱਖਿਆ ।52ਅਤੇ ਯਿਸੂ ਬੁੱਧ, ਕੱਦ ਅਤੇ ਪਰਮੇਸ਼ੁਰ ਤੇ ਮਨੁੱਖਾਂ ਦੀ ਕਿਰਪਾ ਵਿੱਚ ਵੱਧਦਾ ਗਿਆ ।

3
ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸੰਦੇਸ਼
(ਮੱਤੀ 3:1-12, ਮਰਕੁਸ 1:1-8, ਯੂਹੰਨਾ 1:19-28)

1ਫੇਰ ਤਿਬਿਰਿਯੁਸ ਕੈਸਰ ਦੇ ਰਾਜ ਦੇ ਪੰਦਰਵੇਂ ਸਾਲ ਜਦ ਪੁੰਤਿਯੁਸ ਪਿਲਾਤੁਸ ਯਹੂਦਿਯਾ ਦਾ ਹਾਕਮ ਸੀ, ਅਤੇ ਹੇਰੋਦੇਸ ਗਲੀਲ ਦਾ ਰਾਜਾ ਅਤੇ ਉਸ ਦਾ ਭਰਾ ਫਿਲਿੱਪੁਸ ਇਤੂਰਿਯਾ ਅਤੇ ਤਰਖੋਨੀਤਿਸ ਦੇਸ ਦਾ ਰਾਜਾ ਅਤੇ ਲੁਸਾਨਿਯੁਸ ਅਬਿਲੇਨੇ ਦਾ ਰਾਜਾ ਸੀ ।2ਹੱਨਾ ਅਤੇ ਕਾਇਫਾ ਸਰਦਾਰ ਜਾਜਕਾਂ ਦੇ ਸਮੇਂ, ਪਰਮੇਸ਼ੁਰ ਦਾ ਬਚਨ ਉਜਾੜ ਵਿੱਚ ਜ਼ਕਰਯਾਹ ਦੇ ਪੁੱਤਰ ਯੂਹੰਨਾ ਨੂੰ ਪਹੁੰਚਿਆ ।

3ਅਤੇ ਉਹ ਯਰਦਨ ਦੇ ਸਾਰੇ ਆਲੇ-ਦੁਆਲੇ ਦੇ ਖੇਤਰ ਵਿੱਚ ਗਿਆ ਅਤੇ ਪਾਪਾਂ ਦੀ ਮਾਫ਼ੀ ਲਈ ਤੋਬਾ ਦੇ ਬਪਤਿਸਮੇ ਦਾ ਪਰਚਾਰ ਕਰਦਾ ਰਿਹਾ ।
4ਜਿਸ ਤਰ੍ਹਾਂ ਯਸਾਯਾਹ ਨਬੀ ਦੀ ਪੁਸਤਕ ਵਿੱਚ ਲਿਖਿਆ ਹੋਇਆ ਹੈ, ਉਜਾੜ ਵਿੱਚ ਇੱਕ ਪੁਕਾਰਨ ਵਾਲੇ ਦੀ ਅਵਾਜ਼, “ਪ੍ਰਭੂ ਦੇ ਰਸਤੇ ਨੂੰ ਤਿਆਰ ਕਰੋ, ਉਸ ਦੇ ਰਾਹਾਂ ਨੂੰ ਸਿੱਧੇ ਕਰੋ” ।
5ਹਰੇਕ ਖੱਡ ਭਰੀ ਜਾਵੇਗੀ, ਅਤੇ ਹਰੇਕ ਪਹਾੜ ਤੇ ਟਿੱਬਾ ਨੀਵਾਂ ਕੀਤਾ ਜਾਵੇਗਾ, ਅਤੇ ਟੇਡੇ ਮੇਢੇ ਅਤੇ ਖੁਰਦਲੇ ਰਸਤੇ ਸਿੱਧੇ ਅਤੇ ਪੱਧਰੇ ਹੋ ਜਾਣਗੇ,6ਅਤੇ ਸਭ ਲੋਕ ਪਰਮੇਸ਼ੁਰ ਦੀ ਮੁਕਤੀ ਵੇਖਣਗੇ ।
7ਤਦ ਉਸ ਨੇ ਉਸ ਭੀੜ ਨੂੰ ਜੋ ਉਸ ਤੋਂ ਬਪਤਿਸਮਾ ਲੈਣ ਲਈ ਆਉਂਦੇ ਸਨ, ਆਖਿਆ, “ਹੇ ਸੱਪਾਂ ਦੇ ਬੱਚਿਓ ! ਤੁਹਾਨੂੰ ਆਉਣ ਵਾਲੇ ਕਹਿਰ ਤੋਂ ਭੱਜਣ ਲਈ ਕਿਸ ਨੇ ਚਿਤਾਵਨੀ ਦਿੱਤੀ ? ”
8ਸੋ ਤੁਸੀਂ ਤੋਬਾ ਦੇ ਯੋਗ ਫਲ ਲਿਆਓ ਅਤੇ ਆਪਣੇ ਮਨ ਵਿੱਚ ਇਹ ਨਾ ਸੋਚੋ ਕਿ ਅਬਰਾਹਾਮ ਸਾਡਾ ਪਿਤਾ ਹੈ ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਕਿ ਪਰਮੇਸ਼ੁਰ ਅਬਰਾਹਾਮ ਦੇ ਲਈ ਇਨ੍ਹਾਂ ਪੱਥਰਾਂ ਵਿੱਚੋਂ ਵੀ ਸੰਤਾਨ ਪੈਦਾ ਕਰ ਸਕਦਾ ਹੈ ।
9ਹੁਣ ਕੁਹਾੜਾ ਰੁੱਖਾਂ ਦੀ ਜੜ੍ਹ ਉੱਤੇ ਰੱਖਿਆ ਹੋਇਆ ਹੈ । ਸੋ ਹਰੇਕ ਰੁੱਖ ਜਿਹੜਾ ਚੰਗਾ ਫਲ ਨਹੀਂ ਦਿੰਦਾ ਉਹ ਵੱਢਿਆ ਅਤੇ ਅੱਗ ਵਿੱਚ ਸੁੱਟਿਆ ਜਾਂਦਾ ਹੈ ।
10ਤਦ ਲੋਕਾਂ ਨੇ ਉਸ ਤੋਂ ਪੁੱਛਿਆ, ਫੇਰ ਅਸੀਂ ਕੀ ਕਰੀਏ ?11ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਕਿ ਜਿਸ ਦੇ ਕੋਲ ਦੋ ਕੁੜਤੇ ਹੋਣ, ਉਹ ਉਸ ਨੂੰ ਦੇ ਦੇਵੇ ਜਿਸ ਦੇ ਕੋਲ ਨਹੀਂ ਹੈ ਅਤੇ ਜਿਸ ਦੇ ਕੋਲ ਖਾਣ ਨੂੰ ਹੋਵੇ ਉਹ ਵੀ ਇਸੇ ਤਰ੍ਹਾਂ ਕਰੇ ।
12ਤਦ ਚੁੰਗੀ ਲੈਣ ਵਾਲੇ ਵੀ ਉਸ ਕੋਲ ਬਪਤਿਸਮਾ ਲੈਣ ਲਈ ਆਏ ਅਤੇ ਉਸ ਨੂੰ ਕਿਹਾ, ਗੁਰੂ ਜੀ ਅਸੀਂ ਕੀ ਕਰੀਏ ?13ਉਸ ਨੇ ਉਨ੍ਹਾਂ ਨੂੰ ਆਖਿਆ, ਤੁਹਾਡੇ ਲਈ ਜੋ ਠਹਿਰਾਇਆ ਹੋਇਆ ਹੈ ਉਸ ਨਾਲੋਂ ਵੱਧ ਵਸੂਲ ਨਾ ਕਰੋ ।
14ਸਿਪਾਹੀਆਂ ਨੇ ਵੀ ਉਸ ਤੋਂ ਪੁੱਛਿਆ ਕਿ “ਅਸੀਂ ਕੀ ਕਰੀਏ” ? ਉਸ ਨੇ ਉਨ੍ਹਾਂ ਨੂੰ ਆਖਿਆ, ਕਿਸੇ ਉੱਤੇ ਜ਼ੁਲਮ ਨਾ ਕਰੋ, ਨਾ ਕਿਸੇ ਉੱਤੇ ਝੂਠਾ ਦੋਸ਼ ਲਾਓ ਪਰ ਆਪਣੀ ਤਨਖਾਹ ਉੱਤੇ ਸੰਤੋਖ ਕਰੋ ।
15ਜਦ ਲੋਕ ਮਸੀਹ ਦੇ ਆਉਣ ਦੀ ਉਡੀਕ ਵਿੱਚ ਸਨ ਅਤੇ ਸਾਰੇ ਆਪਣੇ ਮਨ ਵਿੱਚ ਯੂਹੰਨਾ ਦੇ ਬਾਰੇ ਵਿਚਾਰ ਕਰਦੇ ਸਨ ਕਿ ਕਿਤੇ ਇਹੋ ਤਾਂ ਮਸੀਹ ਨਹੀਂ ਹੈ ?16ਤਦ ਯੂਹੰਨਾ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਤੇ ਕਿਹਾ ਕਿ ਮੈਂ ਤਾਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ, ਪਰ ਇੱਕ ਬਲਵੰਤ ਮੇਰੇ ਮਗਰੋਂ ਆਉਂਦਾ ਹੈ, ਜਿਸ ਦੀ ਜੁੱਤੀ ਦਾ ਤਸਮਾ ਖੋਲ੍ਹਣ ਦੇ ਵੀ ਮੈਂ ਯੋਗ ਨਹੀਂ ਹਾਂ, ਉਹ ਤੁਹਾਨੂੰ ਪਵਿੱਤਰ ਆਤਮਾ ਅਤੇ ਅੱਗ ਨਾਲ ਬਪਤਿਸਮਾ ਦੇਵੇਗਾ ।
17ਉਹ ਦੀ ਤੰਗੁਲੀ ਉਹ ਦੇ ਹੱਥ ਵਿੱਚ ਹੈ ਕਿ ਉਹ ਆਪਣੇ ਪਿੜ ਨੂੰ ਚੰਗੀ ਤਰ੍ਹਾਂ ਸਾਫ਼ ਕਰੇਗਾ ਅਤੇ ਕਣਕ ਨੂੰ ਆਪਣੇ ਗੋਦਾਮ ਵਿੱਚ ਜਮਾਂ ਕਰੇਗਾ ਪਰ ਉਹ ਤੂੜੀ ਨੂੰ ਉਸ ਅੱਗ ਵਿੱਚ ਸਾੜੇਗਾ ਜਿਹੜੀ ਕਦੇ ਬੁਝਦੀ ਨਹੀਂ ।
18ਫੇਰ ਉਹ ਹੋਰ ਬਥੇਰੀਆਂ ਗੱਲਾਂ ਨਾਲ ਲੋਕਾਂ ਨੂੰ ਉਪਦੇਸ਼਼ ਕਰਦਾ ਅਤੇ ਖੁਸ਼ਖਬਰੀ ਸੁਣਾਉਂਦਾ ਰਿਹਾ ।19ਪਰ ਰਾਜਾ ਹੇਰੋਦੇਸ ਨੇ ਆਪਣੇ ਭਰਾ ਦੀ ਪਤਨੀ ਹੇਰੋਦਿਯਾਸ ਦੇ ਕਾਰਨ ਅਤੇ ਸਾਰੀਆਂ ਬੁਰਾਈਆਂ ਦੇ ਕਾਰਨ ਜਿਹੜੀਆਂ ਹੇਰੋਦੇਸ ਨੇ ਕੀਤੀਆਂ ਸਨ ਉਸ ਦੇ ਕੋਲੋਂ ਬੇਇੱਜ਼ਤ ਹੋ ਕੇ20ਸਭ ਤੋਂ ਵੱਧ ਇਹ ਵੀ ਕੀਤਾ ਜੋ ਯੂਹੰਨਾ ਨੂੰ ਕੈਦ ਕਰ ਦਿੱਤਾ ।
ਯਿਸੂ ਦਾ ਬਪਤਿਸਮਾ
(ਮੱਤੀ 3:3-17, ਮਰਕੁਸ 1:9-11)

21ਜਦ ਸਭ ਲੋਕ ਬਪਤਿਸਮਾ ਲੈ ਹਟੇ ਅਤੇ ਯਿਸੂ ਵੀ ਬਪਤਿਸਮਾ ਲੈ ਕੇ ਪ੍ਰਾਰਥਨਾ ਕਰ ਰਿਹਾ ਸੀ ਤਾਂ ਅਜਿਹਾ ਹੋਇਆ ਕਿ ਅਕਾਸ਼ ਖੁੱਲ੍ਹ ਗਿਆ22ਅਤੇ ਪਵਿੱਤਰ ਆਤਮਾ ਦੇਹ ਦਾ ਰੂਪ ਧਾਰ ਕੇ ਘੁੱਗੀ ਵਾਂਗੂੰ ਉਸ ਉੱਤੇ ਉੱਤਰਿਆ ਅਤੇ ਇੱਕ ਸਵਰਗੀ ਬਾਣੀ ਆਈ, ਤੂੰ ਮੇਰਾ ਪਿਆਰਾ ਪੁੱਤਰ ਹੈਂ, ਤੇਰੇ ਤੋਂ ਮੈਂ ਖੁਸ਼ ਹਾਂ ।
ਯਿਸੂ ਦੀ ਵੰਸ਼ਾਵਲੀ
(ਮੱਤੀ 1:1-17)

23ਯਿਸੂ ਆਪ ਜਦ ਉਪਦੇਸ਼਼ ਦੇਣ ਲੱਗਾ ਤਾਂ ਤੀਹਾਂ ਕੁ ਸਾਲਾਂ ਦਾ ਸੀ ਅਤੇ ਜਿਵੇਂ ਲੋਕ ਸਮਝਦੇ ਸਨ ਉਹ ਯੂਸੁਫ਼ ਦਾ ਪੁੱਤਰ ਸੀ ਜਿਹੜਾ ਏਲੀ ਦਾ ਸੀ ।24ਉਹ ਮੱਥਾਤ ਦਾ, ਉਹ ਲੇਵੀ ਦਾ, ਉਹ ਮਲਕੀ ਦਾ, ਉਹ ਯੰਨਾਈ ਦਾ, ਉਹ ਯੂਸੁਫ਼ ਦਾ,
25ਉਹ ਮੱਤਿਥਯਾਹ ਦਾ, ਉਹ ਆਮੋਸ ਦਾ, ਉਹ ਨਹੂਮ ਦਾ, ਉਹ ਹਸਲੀ ਦਾ, ਉਹ ਨੱਗਈ ਦਾ,26ਉਹ ਮਾਹਥ ਦਾ, ਉਹ ਮੱਤਿਥਯਾਹ ਦਾ, ਉਹ ਸ਼ਿਮਈ ਦਾ, ਉਹ ਯੋਸੇਕ ਦਾ, ਉਹ ਯਹੂਦਾਹ ਦਾ,
27ਉਹ ਯੋਹਾਨਾਨ ਦਾ, ਉਹ ਰੇਸਹ ਦਾ, ਉਹ ਜ਼ਰੁੱਬਾਬਲ ਦਾ, ਉਹ ਸ਼ਅਲਤੀਏਲ ਦਾ, ਉਹ ਨੇਰੀ ਦਾ,28ਉਹ ਮਲਕੀ ਦਾ, ਉਹ ਅੱਦੀ ਦਾ, ਉਹ ਕੋਸਾਮ ਦਾ, ਉਹ ਅਲਮੋਦਾਮ ਦਾ, ਉਹ ਏਰ ਦਾ,29ਉਹ ਯੋਸੇ ਦਾ, ਉਹ ਮੱਤਾਥ ਦਾ, ਉਹ ਲੇਵੀ ਦਾ,
30ਉਹ ਸ਼ਿਮਉਨ ਦਾ, ਉਹ ਯਹੂਦਾਹ ਦਾ, ਉਹ ਯੂਸੁਫ਼ ਦਾ, ਉਹ ਯੋਨਾਨ ਦਾ, ਉਹ ਅਲਯਾਕੀਮ ਦਾ,31ਉਹ ਮਲਯੇ ਦਾ, ਉਹ ਮੇਨਾਨ ਦਾ, ਉਹ ਮੱਤਥੇ ਦਾ, ਉਹ ਨਾਥਾਨ ਦਾ, ਉਹ ਦਾਊਦ ਦਾ,32ਉਹ ਯੱਸੀ ਦਾ, ਉਹ ਓਬੇਦ ਦਾ, ਉਹ ਬੋਅਜ਼ ਦਾ, ਉਹ ਸਲਮੋਨ ਦਾ, ਉਹ ਨਹਸ਼ੋਨ ਦਾ,
33ਉਹ ਅੰਮੀਨਾਦਾਬ ਦਾ, ਉਹ ਅਰਨੀ ਦਾ, ਉਹ ਹਸਰੋਨ ਦਾ, ਉਹ ਪਰਸ ਦਾ, ਉਹ ਯਹੂਦਾਹ ਦਾ,34ਉਹ ਯਾਕੂਬ ਦਾ, ਉਹ ਇਸਹਾਕ ਦਾ, ਉਹ ਅਬਰਾਹਾਮ ਦਾ, ਉਹ ਤਾਰਹ ਦਾ, ਉਹ ਨਹੋਰ ਦਾ,35ਉਹ ਸਰੂਗ ਦਾ, ਉਹ ਰਊ ਦਾ, ਉਹ ਪਲਗ ਦਾ, ਉਹ ਏਬਰ ਦਾ, ਉਹ ਸ਼ਲਹ ਦਾ,
36ਉਹ ਕੇਨਾਨ ਦਾ, ਉਹ ਅਰਪਕਸ਼ਾਦ ਦਾ, ਉਹ ਸ਼ੇਮ ਦਾ, ਉਹ ਨੂਹ ਦਾ, ਉਹ ਲਾਮਕ ਦਾ,37ਉਹ ਮਥੂਸਲਹ ਦਾ, ਉਹ ਹਨੋਕ ਦਾ, ਉਹ ਯਰਦ ਦਾ, ਉਹ ਮਹਲਲੇਲ ਦਾ, ਉਹ ਕੇਨਾਨ ਦਾ,38ਉਹ ਅਨੋਸ਼ ਦਾ, ਉਹ ਸੇਥ ਦਾ, ਉਹ ਆਦਮ ਦਾ, ਉਹ ਪਰਮੇਸ਼ੁਰ ਦਾ ਪੁੱਤਰ ਸੀ ।

4
ਯਿਸੂ ਦਾ ਪਰਤਾਵਾ
(ਮੱਤੀ 4:1-11, ਮਰਕੁਸ 1:12, 13)

1ਤਦ ਯਿਸੂ ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ, ਯਰਦਨ ਨਦੀ ਤੋਂ ਮੁੜਿਆ ਅਤੇ ਆਤਮਾ ਦੀ ਅਗਵਾਈ ਨਾਲ2ਚਾਲ੍ਹੀ ਦਿਨਾਂ ਤੱਕ ਉਜਾੜ ਵਿੱਚ ਫਿਰਦਾ ਰਿਹਾ ਅਤੇ ਸ਼ੈਤਾਨ ਉਸ ਨੂੰ ਪਰਤਾਉਂਦਾ ਸੀ ਅਤੇ ਉਨ੍ਹਾਂ ਦਿਨਾਂ ਵਿੱਚ ਉਸ ਨੇ ਵਰਤ ਰੱਖਿਆ ਅਤੇ ਜਦ ਉਹ ਦਿਨ ਪੂਰੇ ਹੋ ਗਏ ਤਾਂ ਉਸ ਨੂੰ ਭੁੱਖ ਲੱਗੀ ।

3ਤਦ ਸ਼ੈਤਾਨ ਨੇ ਉਸ ਨੂੰ ਆਖਿਆ, ਜੇ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ ਤਾਂ ਇਸ ਪੱਥਰ ਨੂੰ ਆਖ ਕਿ ਰੋਟੀ ਬਣ ਜਾਏ ।4ਯਿਸੂ ਨੇ ਉਸ ਨੂੰ ਉੱਤਰ ਦਿੱਤਾ ਕਿ ਲਿਖਿਆ ਹੈ ਕਿ ਇਨਸਾਨ ਸਿਰਫ਼ ਰੋਟੀ ਨਾਲ ਹੀ ਜਿਉਂਦਾ ਨਹੀਂ ਰਹੇਗਾ ।
5ਤਾਂ ਸ਼ੈਤਾਨ ਉਸ ਨੂੰ ਪਹਾੜ ਦੀ ਚੋਟੀ ਉੱਤੇ ਲੈ ਗਿਆ ਅਤੇ ਉਸ ਨੂੰ ਸੰਸਾਰ ਦੀਆਂ ਸਾਰੀਆਂ ਪਾਤਸ਼ਾਹੀਆਂ ਇੱਕ ਪੱਲ ਵਿੱਚ ਵਿਖਾ ਕੇ,6ਉਸ ਨੂੰ ਆਖਿਆ, ਮੈਂ ਇਹ ਸਾਰਾ ਅਧਿਕਾਰ ਅਤੇ ਉਨ੍ਹਾਂ ਦਾ ਪ੍ਰਤਾਪ ਤੈਨੂੰ ਦਿਆਂਗਾ ਕਿਉਂ ਜੋ ਇਹ ਮੇਰੇ ਵੱਸ ਵਿੱਚ ਕੀਤਾ ਹੋਇਆ ਹੈ ਅਤੇ ਜਿਸ ਨੂੰ ਚਾਹੁੰਦਾ, ਉਸ ਨੂੰ ਦਿੰਦਾ ਹਾਂ ।7ਇਸ ਲਈ ਜੇ ਤੂੰ ਝੁੱਕ ਕੇ ਮੈਨੂੰ ਮੱਥਾ ਟੇਕੇਂ ਤਾਂ ਇਹ ਸਭ ਕੁੱਝ ਤੇਰਾ ਹੋਵੇਗਾ ।
8ਯਿਸੂ ਨੇ ਉਸ ਨੂੰ ਉੱਤਰ ਦਿੱਤਾ ਇਹ ਲਿਖਿਆ ਹੈ ਕਿ ਤੂੰ ਪ੍ਰਭੂ ਆਪਣੇ ਪਰਮੇਸ਼ੁਰ ਦੀ ਬੰਦਗੀ ਕਰ ਅਤੇ ਉਸ ਇਕੱਲੇ ਦੀ ਸੇਵਾ ਹੀ ਕਰ ।
9ਤਦ ਸ਼ੈਤਾਨ ਉਸ ਨੂੰ ਯਰੂਸ਼ਲਮ ਵਿੱਚ ਲੈ ਜਾ ਕੇ ਹੈਕਲ ਦੀ ਚੋਟੀ ਉੱਤੇ ਖੜ੍ਹਾ ਕੀਤਾ ਅਤੇ ਉਸ ਨੂੰ ਆਖਿਆ, “ਜੇ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ, ਤਾਂ ਆਪਣੇ ਆਪ ਨੂੰ ਐਥੋਂ ਹੇਠਾਂ ਡੇਗ ਦੇ” ।10ਕਿਉਂਕਿ ਇਹ ਲਿਖਿਆ ਹੈ, ਉਹ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ, ਜੋ ਤੇਰੀ ਸੁਰੱਖਿਆ ਕਰਨ,11ਅਤੇ ਉਹ ਤੈਨੂੰ ਹੱਥਾਂ ਉੱਤੇ ਚੁੱਕ ਲੈਣਗੇ, ਤਾਂ ਜੋ ਪੱਥਰ ਨਾਲ ਤੇਰੇ ਪੈਰ ਨੂੰ ਸੱਟ ਨਾ ਲੱਗੇ ।
12ਯਿਸੂ ਨੇ ਉਸ ਨੂੰ ਉੱਤਰ ਦਿੱਤਾ ਕਿ ਇਹ ਵੀ ਆਖਿਆ ਗਿਆ ਹੈ ਜੋ ਤੂੰ ਪ੍ਰਭੂ ਆਪਣੇ ਪਰਮੇਸ਼ੁਰ ਦੀ ਪ੍ਰੀਖਿਆ ਨਾ ਲੈ ।13ਜਦੋਂ ਸ਼ੈਤਾਨ ਉਸ ਨੂੰ ਪਰਖ ਚੁੱਕਿਆ ਤਾਂ ਕੁੱਝ ਸਮੇਂ ਤੱਕ ਉਸ ਕੋਲੋਂ ਦੂਰ ਰਿਹਾ ।
ਯਿਸੂ ਦੀ ਸੇਵਾ ਦੀ ਸ਼ੁਰੂਆਤ
(ਮੱਤੀ 4:12-17, ਮਰਕੁਸ 1:14, 15)

14ਫਿਰ ਯਿਸੂ ਆਤਮਾ ਦੀ ਸਮਰੱਥਾ ਵਿੱਚ ਗਲੀਲ ਨੂੰ ਮੁੜਿਆ ਅਤੇ ਉਹ ਸਾਰੇ ਇਲਾਕੇ ਵਿੱਚ ਪ੍ਰਸਿੱਧ ਹੋ ਗਿਆ ।15ਅਤੇ ਉਹ ਉਨ੍ਹਾਂ ਦੇ ਪ੍ਰਾਰਥਨਾ ਘਰਾਂ ਵਿੱਚ ਉਪਦੇਸ਼ ਦਿੰਦਾ ਰਿਹਾ ਅਤੇ ਸਾਰੇ ਉਸ ਦੀ ਵਡਿਆਈ ਕਰਦੇ ਸਨ ।
ਨਾਸਰਤ ਵਿੱਚ ਯਿਸੂ ਦਾ ਨਿਰਾਦਰ
(ਮੱਤੀ 13:53 - 58, ਮਰਕੁਸ 6:1-6)

16ਫੇਰ ਉਹ ਨਾਸਰਤ ਨੂੰ ਆਇਆ ਜਿੱਥੇ ਉਸਦਾ ਪਾਲਣ ਪੋਸ਼ਣ ਹੋਇਆ ਸੀ ਅਤੇ ਆਪਣੇ ਨੇਮ ਅਨੁਸਾਰ ਸਬਤ ਦੇ ਦਿਨ ਪ੍ਰਾਰਥਨਾ ਘਰ ਵਿੱਚ ਪੜ੍ਹਨ ਲਈ ਖੜ੍ਹਾ ਹੋਇਆ ।17ਅਤੇ ਯਸਾਯਾਹ ਨਬੀ ਦੀ ਪੁਸਤਕ ਉਸ ਨੂੰ ਦਿੱਤੀ ਗਈ ਅਤੇ ਉਸ ਨੇ ਪੁਸਤਕ ਖੋਲ੍ਹ ਕੇ ਉਸ ਪਾਠ ਤੋਂ ਪੜ੍ਹਿਆ ਜਿੱਥੇ ਇਹ ਲਿਖਿਆ ਹੋਇਆ ਸੀ -
18ਪ੍ਰਭੂ ਦਾ ਆਤਮਾ ਮੇਰੇ ਉੱਤੇ ਹੈ, ਇਸ ਲਈ ਜੋ ਉਸ ਨੇ ਮੈਨੂੰ ਮਸਹ ਕੀਤਾ ਤਾਂ ਜੋ ਗਰੀਬਾਂ ਨੂੰ ਖੁਸ਼ਖਬਰੀ ਸੁਣਾਵਾਂ । ਉਸ ਨੇ ਮੈਨੂੰ ਭੇਜਿਆ ਹੈ ਕਿ ਬੰਧੂਆਂ ਨੂੰ ਛੁਟਕਾਰੇ ਅਤੇ ਅੰਨ੍ਹਿਆਂ ਨੂੰ ਵੇਖਣ ਦਾ ਪਰਚਾਰ ਕਰਾਂ ਅਤੇ ਦੱਬੇ - ਕੁਚਲੇ ਹੋਇਆਂ ਨੂੰ ਛੁਡਾਵਾਂ ।19ਅਤੇ ਪ੍ਰਭੂ ਦੇ ਮਨਭਾਉਂਦੇ ਸਾਲ ਦਾ ਪਰਚਾਰ ਕਰਾਂ ।
20ਉਸ ਨੇ ਪੁਸਤਕ ਬੰਦ ਕਰ ਕੇ ਸੇਵਕ ਨੂੰ ਦਿੱਤੀ ਅਤੇ ਬੈਠ ਗਿਆ ਅਤੇ ਪ੍ਰਾਰਥਨਾ ਘਰ ਵਿੱਚ ਹਾਜ਼ਰ ਲੋਕਾਂ ਦੀਆਂ ਅੱਖਾਂ ਉਸ ਤੇ ਲੱਗੀਆਂ ਹੋਈਆਂ ਸਨ ।21ਤਦ ਉਸ ਨੇ ਉਨ੍ਹਾਂ ਨੂੰ ਆਖਿਆ ਕਿ ਇਹ ਲਿਖਤ ਅੱਜ ਤੁਹਾਡੇ ਸਾਹਮਣੇ ਪੂਰੀ ਹੋਈ ਹੈ ।22ਅਤੇ ਸਭ ਲੋਕਾਂ ਨੇ ਉਸ ਬਾਰੇ ਗਵਾਹੀ ਦਿੱਤੀ ਅਤੇ ਕਿਰਪਾ ਦੀਆਂ ਉਹਨਾਂ ਗੱਲਾਂ ਤੋਂ ਜੋ ਉਸ ਦੇ ਮੂੰਹੋਂ ਨਿੱਕਲਦੀਆਂ ਸਨ ਹੈਰਾਨ ਹੋ ਕੇ ਆਖਿਆ, ਕੀ ਇਹ ਯੂਸੁਫ਼ ਦਾ ਪੁੱਤਰ ਨਹੀਂ ?
23ਯਿਸੂ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਜ਼ਰੂਰ ਇਹ ਕਹਾਉਤ ਮੈਨੂੰ ਕਹੋਗੇ ਕਿ ਹੇ ਵੈਦ, ਆਪਣੇ ਆਪ ਨੂੰ ਚੰਗਾ ਕਰ । ਜੋ ਕੁੱਝ ਅਸੀਂ ਕਫ਼ਰਨਾਹੂਮ ਵਿੱਚ ਹੁੰਦਾ ਸੁਣਿਆ ਹੈ ਐਥੇ ਆਪਣੇ ਦੇਸ ਵਿੱਚ ਵੀ ਕਰ ।24ਉਸ ਨੇ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਕੋਈ ਨਬੀ ਆਪਣੇ ਦੇਸ ਵਿੱਚ ਆਦਰ ਨਹੀਂ ਪਾਉਂਦਾ ।
25ਪਰ ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਏਲੀਯਾਹ ਦੇ ਦਿਨਾਂ ਵਿੱਚ ਜਦੋਂ ਸਾਢੇ ਤਿੰਨ ਸਾਲਾਂ ਤੱਕ ਮੀਂਹ ਨਾ ਪਿਆ ਅਤੇ ਸਾਰੇ ਦੇਸ ਵਿੱਚ ਵੱਡਾ ਅਕਾਲ ਪਿਆ । ਇਸਰਾਏਲ ਵਿੱਚ ਬਹੁਤ ਸਾਰੀਆਂ ਵਿਧਵਾਵਾਂ ਸਨ ।26ਪਰ ਏਲੀਯਾਹ ਸੈਦਾ ਦੇਸ ਦੇ ਸਾਰਪਥ ਦੀ ਇੱਕ ਵਿਧਵਾ ਤੋਂ ਬਿਨ੍ਹਾਂ ਕਿਸੇ ਹੋਰ ਕੋਲ ਨਹੀਂ ਭੇਜਿਆ ਗਿਆ ।27ਅਤੇ ਅਲੀਸ਼ਾ ਨਬੀ ਦੇ ਸਮੇਂ ਇਸਰਾਏਲ ਵਿੱਚ ਬਹੁਤ ਸਾਰੇ ਕੋੜ੍ਹੀ ਸਨ ਪਰ ਉਨ੍ਹਾਂ ਵਿੱਚੋਂ ਸੀਰੀਯਾ ਦਾ, ਸਿਰਫ਼ ਨਾਮਾਨ ਹੀ ਸ਼ੁੱਧ ਕੀਤਾ ਗਿਆ ।
28ਸੋ ਜਿਹੜੇ ਪ੍ਰਾਰਥਨਾ ਘਰ ਵਿੱਚ ਸਨ, ਇਹ ਗੱਲਾਂ ਸੁਣਦੇ ਹੀ ਕ੍ਰੋਧ ਨਾਲ ਭਰ ਗਏ ।29ਅਤੇ ਉਹਨਾਂ ਨੇ ਉੱਠ ਕੇ ਉਸ ਨੂੰ ਸ਼ਹਿਰੋਂ ਬਾਹਰ ਕੱਢਿਆ ਅਤੇ ਉਸ ਪਹਾੜ ਦੀ ਚੋਟੀ, ਜਿਸ ਉੱਤੇ ਉਨ੍ਹਾਂ ਦਾ ਸ਼ਹਿਰ ਬਣਿਆ ਹੋਇਆ ਸੀ ਲੈ ਗਏ ਤਾਂ ਜੋ ਉਸ ਨੂੰ ਸਿਰ ਪਰਨੇ ਸੁੱਟ ਦੇਣ ।30ਪਰ ਉਹ ਉਨ੍ਹਾਂ ਦੇ ਵਿੱਚੋਂ ਦੀ ਲੰਘ ਕੇ ਆਪਣੇ ਰਸਤੇ ਚੱਲਿਆ ਗਿਆ ।
ਦੁਸ਼ਟ-ਆਤਮਾ ਦੇ ਜਕੜੇ ਹੋਏ ਵਿਅਕਤੀ ਨੂੰ ਚੰਗਾ ਕਰਨਾ
(ਮਰਕੁਸ 1:21-28)

31ਉਹ ਗਲੀਲ ਦੇ ਇੱਕ ਨਗਰ ਕਫ਼ਰਨਾਹੂਮ ਵਿੱਚ ਆ ਕੇ ਸਬਤ ਦੇ ਦਿਨ ਉਨ੍ਹਾਂ ਨੂੰ ਸਭਾ ਘਰ ਵਿੱਚ ਉਪਦੇਸ਼ ਦੇਣ ਲੱਗਾ ।32ਉਹ ਉਸ ਦੇ ਉਪਦੇਸ਼ ਨੂੰ ਸੁਣ ਕੇ ਹੈਰਾਨ ਹੋਏ ਕਿਉਂ ਜੋ ਉਹ ਅਧਿਕਾਰ ਨਾਲ ਬਚਨ ਬੋਲਦਾ ਸੀ ।
33ਪ੍ਰਾਰਥਨਾ ਘਰ ਵਿੱਚ ਇੱਕ ਮਨੁੱਖ ਸੀ ਜਿਸ ਨੂੰ ਅਸ਼ੁੱਧ ਆਤਮਾ ਚਿੰਬੜਿਆ ਹੋਇਆ ਸੀ ਅਤੇ ਉਹ ਉੱਚੀ ਅਵਾਜ਼ ਨਾਲ ਬੋਲਿਆ,34ਹੇ ਯਿਸੂ ਨਾਸਰੀ ! ਤੇਰਾ ਸਾਡੇ ਨਾਲ ਕੀ ਕੰਮ ? ਕੀ ਤੂੰ ਸਾਨੂੰ ਨਾਸ ਕਰਨ ਆਇਆ ਹੈਂ ? ਮੈਂ ਤੈਨੂੰ ਜਾਣਦਾ ਹਾਂ ਜੋ ਤੂੰ ਕੌਣ ਹੈਂ । ਤੂੰ ਪਰਮੇਸ਼ੁਰ ਦਾ ਪਵਿੱਤਰ ਪੁਰਖ ਹੈਂ ।
35ਤਦ ਯਿਸੂ ਨੇ ਉਸ ਨੂੰ ਝਿੱੜਕ ਕੇ ਕਿਹਾ, ਚੁੱਪ ਕਰ ਅਤੇ ਇਸ ਵਿੱਚੋਂ ਨਿੱਕਲ ਜਾ ! ਤਦ ਭੂਤ ਉਸ ਨੂੰ ਵਿਚਕਾਰ ਪਟਕ ਕੇ ਬਿਨ੍ਹਾਂ ਸੱਟ ਲਾਏ ਉਸ ਵਿੱਚੋਂ ਨਿੱਕਲ ਗਿਆ ।36ਉਹ ਹੈਰਾਨ ਹੋ ਕੇ ਇੱਕ ਦੂਜੇ ਨੂੰ ਆਖਣ ਲੱਗੇ ਜੋ ਇਹ ਕੀ ਗੱਲ ਹੈ ? ਕਿਉਂਕਿ ਉਹ ਅਧਿਕਾਰ ਅਤੇ ਸਮਰੱਥਾ ਨਾਲ ਅਸ਼ੁੱਧ ਆਤਮਾਵਾਂ ਨੂੰ ਹੁਕਮ ਦਿੰਦਾ ਹੈ ਅਤੇ ਉਹ ਨਿੱਕਲ ਜਾਂਦੇ ਹਨ ।37ਅਤੇ ਉਸ ਇਲਾਕੇ ਦੇ ਸਭ ਥਾਵਾਂ ਵਿੱਚ ਉਸ ਦੀ ਚਰਚਾ ਫੈਲ ਗਈ ।
ਪਤਰਸ ਦੀ ਸੱਸ ਅਤੇ ਹੋਰ ਲੋਕਾਂ ਨੂੰ ਚੰਗਾ ਕਰਨਾ
(ਮੱਤੀ 8:14-17, ਮਰਕੁਸ 1:29-34)

38ਫੇਰ ਉਹ ਪ੍ਰਾਰਥਨਾ ਘਰ ਤੋਂ ਉੱਠ ਕੇ ਸ਼ਮਊਨ ਦੇ ਘਰ ਗਿਆ । ਸ਼ਮਊਨ ਦੀ ਸੱਸ ਨੂੰ ਜ਼ੋਰ ਦਾ ਬੁਖ਼ਾਰ ਚੜ੍ਹਿਆ ਹੋਇਆ ਸੀ ਅਤੇ ਉਨ੍ਹਾਂ ਯਿਸੂ ਦੇ ਅੱਗੇ ਉਸ ਦੇ ਲਈ ਬੇਨਤੀ ਕੀਤੀ ।39ਤਦ ਯਿਸੂ ਨੇ ਬੁਖ਼ਾਰ ਨੂੰ ਝਿੱੜਕਿਆ ਅਤੇ ਬੁਖ਼ਾਰ ਉਤਰ ਗਿਆ ਤਦ ਉਸ ਨੇ ਉੱਠ ਕੇ ਉਨ੍ਹਾਂ ਦੀ ਸੇਵਾ ਕੀਤੀ ।
40ਫਿਰ ਸ਼ਾਮ ਦੇ ਸਮੇਂ ਲੋਕ ਬਿਮਾਰਾਂ ਨੂੰ ਉਸ ਦੇ ਕੋਲ ਲਿਆਏ । ਉਸ ਨੇ ਹਰੇਕ ਉੱਤੇ ਹੱਥ ਰੱਖ ਕੇ ਉਨ੍ਹਾਂ ਨੂੰ ਚੰਗਾ ਕੀਤਾ ।41ਅਤੇ ਬਹੁਤਿਆਂ ਵਿੱਚੋਂ ਭੂਤਾਂ ਚੀਕਾਂ ਮਾਰਦੇ ਅਤੇ ਇਹ ਆਖਦੇ ਨਿੱਕਲ ਗਈਆਂ ਕਿ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ ! ਪਰ ਉਸ ਨੇ ਉਨ੍ਹਾਂ ਨੂੰ ਝਿੜਕ ਕੇ ਬੋਲਣ ਨਾ ਦਿੱਤਾ ਕਿਉਂ ਜੋ ਉਹ ਪਛਾਣਦੇ ਸਨ ਜੋ ਇਹ ਮਸੀਹ ਹੈ ।
ਪ੍ਰਾਰਥਨਾ ਘਰਾਂ ਵਿੱਚ ਪ੍ਰਚਾਰ ਕਰਨਾ
(ਮਰਕੁਸ 1:35-39)

42ਅਗਲੇ ਦਿਨ ਸਵੇਰ ਦੇ ਸਮੇਂ ਉਹ ਨਿੱਕਲ ਕੇ ਇੱਕ ਉਜਾੜ ਵਿੱਚ ਗਿਆ ਅਤੇ ਭੀੜਾਂ ਉਸ ਨੂੰ ਲੱਭਦੀਆਂ-ਲੱਭਦੀਆਂ ਉਸ ਕੋਲ ਆਈਆਂ ਅਤੇ ਰੁਕਣ ਲਈ ਬੇਨਤੀ ਕੀਤੀ ।43ਯਿਸੂ ਨੇ ਉਨ੍ਹਾਂ ਨੂੰ ਆਖਿਆ ਕਿ ਮੇਰੇ ਲਈ ਜ਼ਰੂਰੀ ਹੈ ਜੋ ਹੋਰ ਸ਼ਹਿਰਾਂ ਵਿੱਚ ਵੀ ਪਰਮੇਸ਼ੁਰ ਦੇ ਰਾਜ ਦੀ ਖੁਸ਼ਖਬਰੀ ਦਾ ਪਰਚਾਰ ਕਰਾਂ । ਕਿਉਂਕਿ ਮੈਂ ਇਸ ਲਈ ਹੀ ਭੇਜਿਆ ਗਿਆ ਹਾਂ ।44ਤਦ ਉਹ ਗਲੀਲ ਦੇ ਪ੍ਰਾਰਥਨਾ ਘਰਾਂ ਵਿੱਚ ਪਰਚਾਰ ਕਰਦਾ ਰਿਹਾ ।

5
ਪਹਿਲੇ ਚੇਲਿਆਂ ਨੂੰ ਬੁਲਾਉਣਾ
(ਮੱਤੀ 4:18-22, ਮਰਕੁਸ 1:16-20)

1ਇਹ ਹੋਇਆ ਕਿ ਜਦ ਲੋਕ ਉਸ ਦੇ ਉੱਤੇ ਡਿੱਗਦੇ ਅਤੇ ਪਰਮੇਸ਼ੁਰ ਦਾ ਬਚਨ ਸੁਣਦੇ ਸਨ, ਉਸ ਸਮੇਂ ਉਹ ਗਨੇਸਰਤ ਦੀ ਝੀਲ ਦੇ ਕੰਢੇ ਖੜ੍ਹਾ ਸੀ ।2ਅਤੇ ਉਸ ਨੇ ਝੀਲ ਦੇ ਕੰਢੇ ਦੋ ਬੇੜੀਆਂ ਲੱਗੀਆਂ ਹੋਈਆਂ ਵੇਖੀਆਂ, ਪਰ ਮਾਛੀ ਉਨ੍ਹਾਂ ਵਿੱਚੋਂ ਨਿੱਕਲ ਕੇ ਆਪਣੇ ਜਾਲ਼ਾਂ ਨੂੰ ਧੋ ਰਹੇ ਸਨ ।3ਉਸ ਨੇ ਉਨ੍ਹਾਂ ਬੇੜੀਆਂ ਵਿੱਚੋਂ ਇੱਕ ਉੱਤੇ ਜੋ ਸ਼ਮਊਨ ਦੀ ਸੀ ਚੜ੍ਹ ਕੇ ਬੇਨਤੀ ਕੀਤੀ ਜੋ ਕੰਡੇ ਤੋਂ ਥੋੜ੍ਹਾ ਜਿਹਾ ਹਟਾ ਲੈ ਤਦ ਉਹ ਬੇੜੀ ਉੱਤੇ ਬੈਠ ਕੇ ਲੋਕਾਂ ਨੂੰ ਬਚਨ ਸੁਣਾਉਣ ਲੱਗਾ ।

4ਜਦ ਉਹ ਉਪਦੇਸ਼ ਦੇ ਚੁੱਕਿਆ ਤਾਂ ਸ਼ਮਊਨ ਨੂੰ ਕਿਹਾ ਕਿ ਡੂੰਘੇ ਪਾਣੀ ਵਿੱਚ ਲੈ ਚੱਲੋ ਅਤੇ ਮੱਛੀਆਂ ਫੜਣ ਲਈ ਆਪਣੇ ਜਾਲ਼ ਪਾਓ ।5ਸ਼ਮਊਨ ਨੇ ਉੱਤਰ ਦਿੱਤਾ ਸੁਆਮੀ ਜੀ, ਅਸੀਂ ਸਾਰੀ ਰਾਤ ਮਿਹਨਤ ਕੀਤੀ ਪਰ ਕੁੱਝ ਨਾ ਫੜਿਆ ਫਿਰ ਵੀ ਤੇਰੇ ਕਹਿਣ ਨਾਲ ਜਾਲ਼ ਪਾਵਾਂਗਾ ।6ਜਦ ਉਨ੍ਹਾਂ ਨੇ ਇਹ ਕੀਤਾ ਤਾਂ ਬਹੁਤ ਸਾਰੀਆਂ ਮੱਛੀਆਂ ਫੜ ਲਈਆਂ ਅਤੇ ਉਨ੍ਹਾਂ ਦੇ ਜਾਲ਼ ਫੱਟਣ ਲੱਗੇ ।7ਤਦ ਉਨ੍ਹਾਂ ਨੇ ਆਪਣੇ ਸਾਥੀਆਂ ਨੂੰ ਜਿਹੜੇ ਦੂਜੀ ਬੇੜੀ ਉੱਤੇ ਸਨ, ਇਸ਼ਾਰਾ ਕੀਤਾ ਕਿ ਆ ਕੇ ਸਾਡੀ ਮਦਦ ਕਰੋ । ਸੋ ਉਹ ਆਏ ਅਤੇ ਦੋਵੇਂ ਬੇੜੀਆਂ ਅਜਿਹੀਆਂ ਭਰ ਗਈਆਂ ਕਿ ਉਹ ਡੁੱਬਣ ਲੱਗੀਆਂ ।
8ਸ਼ਮਊਨ ਪਤਰਸ ਇਹ ਵੇਖ ਕੇ ਯਿਸੂ ਦੇ ਪੈਰੀਂ ਡਿੱਗ ਪਿਆ ਅਤੇ ਬੋਲਿਆ, ਪ੍ਰਭੂ ਜੀ ਮੇਰੇ ਕੋਲੋਂ ਚਲੇ ਜਾਓ ਕਿਉਂ ਜੋ ਮੈਂ ਪਾਪੀ ਬੰਦਾ ਹਾਂ ।9ਐਨੀਆਂ ਮੱਛੀਆਂ ਫੜਨ ਕਰਕੇ ਉਹ ਅਤੇ ਉਸ ਦੇ ਨਾਲ ਦੇ ਸਾਰੇ ਹੈਰਾਨ ਹੋਏ ।10ਅਤੇ ਇਸੇ ਤਰ੍ਹਾਂ ਜ਼ਬਦੀ ਦੇ ਪੁੱਤਰ ਯਾਕੂਬ ਅਤੇ ਯੂਹੰਨਾ ਵੀ ਜੋ ਸ਼ਮਊਨ ਦੇ ਸਾਥੀ ਸਨ, ਹੈਰਾਨ ਹੋਏ । ਤਦ ਯਿਸੂ ਨੇ ਸ਼ਮਊਨ ਨੂੰ ਆਖਿਆ, ਨਾ ਡਰ, ਹੁਣ ਤੋਂ ਤੂੰ ਮਨੁੱਖਾਂ ਨੂੰ ਫੜ੍ਹਨ ਵਾਲਾ ਮਛਵਾਰਾ ਹੋਵੇਂਗਾ ।11ਤਦ ਉਹ ਆਪਣੀਆਂ ਬੇੜੀਆਂ ਕੰਢੇ ਤੇ ਲਿਆਏ ਅਤੇ ਸਭ ਕੁੱਝ ਛੱਡ ਕੇ ਉਸ ਦੇ ਮਗਰ ਹੋ ਤੁਰੇ ।
ਕੋੜ੍ਹੀ ਨੂੰ ਚੰਗਾ ਕਰਨਾ
(ਮੱਤ 8:1-14, ਮਰਕੁਸ 1:40-45)

12ਜਦੋਂ ਯਿਸੂ ਇੱਕ ਨਗਰ ਵਿੱਚ ਸੀ ਤਾਂ ਵੇਖੋ ਇੱਕ ਮਨੁੱਖ ਕੋੜ੍ਹ ਦਾ ਭਰਿਆ ਹੋਇਆ ਉਸ ਦੇ ਕੋਲ ਆਇਆ ਅਤੇ ਉਹ ਯਿਸੂ ਨੂੰ ਵੇਖ ਕੇ ਮੂੰਹ ਦੇ ਭਾਰ ਡਿੱਗਿਆ ਅਤੇ ਉਸ ਦੇ ਅੱਗੇ ਬੇਨਤੀ ਕਰ ਕੇ ਕਿਹਾ, ਪ੍ਰਭੂ ਜੀ ਜੇ ਤੁਸੀਂ ਚਾਹੋਂ ਤਾਂ ਮੈਨੂੰ ਸ਼ੁੱਧ ਕਰ ਸਕਦੇ ਹੋ ।13ਤਾਂ ਉਸ ਨੇ ਹੱਥ ਵਧਾ ਕੇ ਉਸ ਨੂੰ ਛੂਹਿਆ ਅਤੇ ਆਖਿਆ, ਮੈਂ ਚਾਹੁੰਦਾ ਹਾਂ, ਤੂੰ ਸ਼ੁੱਧ ਹੋ ਜਾ ਅਤੇ ਉਸੇ ਵੇਲੇ ਉਸ ਦਾ ਕੋੜ੍ਹ ਚੰਗਾ ਹੋ ਗਿਆ ।
14ਤਦ ਉਸ ਨੇ ਹੁਕਮ ਕੀਤਾ ਕਿ ਕਿਸੇ ਨੂੰ ਨਾ ਦੱਸੀਂ ਪਰ ਜਾ ਕੇ ਆਪਣੇ ਆਪ ਨੂੰ ਜਾਜਕ ਨੂੰ ਵਿਖਾ ਅਤੇ ਆਪਣੇ ਸ਼ੁੱਧ ਹੋਣ ਦੀ ਭੇਟ ਚੜ੍ਹਾ ਜਿਵੇਂ ਮੂਸਾ ਨੇ ਠਹਿਰਾਇਆ ਹੈ ਤਾਂ ਜੋ ਉਨ੍ਹਾਂ ਲਈ ਗਵਾਹੀ ਹੋਵੇ ।
15ਪਰ ਉਸ ਦੀ ਚਰਚਾ ਬਹੁਤ ਫੈਲ ਗਈ ਅਤੇ ਵੱਡੀ ਭੀੜ ਉਸ ਦੀਆਂ ਗੱਲਾਂ ਸੁਣਨ ਅਤੇ ਬਿਮਾਰੀਆਂ ਤੋਂ ਚੰਗੇ ਹੋਣ ਲਈ ਇਕੱਠੀ ਹੋਈ ।16ਪਰ ਉਹ ਆਪ ਜੰਗਲਾਂ ਵਿੱਚ ਜਾਂਦਾ ਅਤੇ ਪ੍ਰਾਰਥਨਾ ਕਰਦਾ ਹੁੰਦਾ ਸੀ ।
ਅਧਰੰਗੀ ਨੂੰ ਚੰਗਾ ਕਰਨਾ
(ਮੱਤੀ 9:1-18, ਮਰਕੁਸ 2:1-12)

17ਇੱਕ ਦਿਨ ਇਹ ਹੋਇਆ ਕਿ ਜਿਸ ਸਮੇਂ ਉਹ ਉਪਦੇਸ਼ ਦਿੰਦਾ ਸੀ ਤਾਂ ਕਈ ਫ਼ਰੀਸੀ ਅਤੇ ਬਿਵਸਥਾ ਦੇ ਪੜ੍ਹਾਉਣ ਵਾਲੇ ਉੱਥੇ ਬੈਠੇ ਸਨ, ਜਿਹੜੇ ਗਲੀਲ ਦੇ ਹਰੇਕ ਪਿੰਡ ਅਤੇ ਯਹੂਦਿਯਾ ਅਤੇ ਯਰੂਸ਼ਲਮ ਤੋਂ ਆਏ ਸਨ ਅਤੇ ਪ੍ਰਭੂ ਦੀ ਸਮਰੱਥਾ ਚੰਗਾ ਕਰਨ ਲਈ ਉਸ ਦੇ ਨਾਲ ਸੀ ।
18ਉਸ ਸਮੇਂ ਕਈ ਲੋਕ ਇੱਕ ਮਨੁੱਖ ਨੂੰ ਜਿਹੜਾ ਅਧਰੰਗੀ ਸੀ, ਮੰਜੀ ਉੱਤੇ ਲਿਆਏ ਅਤੇ ਚਾਹਿਆ ਜੋ ਉਸ ਨੂੰ ਅੰਦਰ ਲੈ ਜਾ ਕੇ ਯਿਸੂ ਦੇ ਅੱਗੇ ਰੱਖਣ ।19ਅਤੇ ਜਦੋਂ ਭੀੜ ਦੇ ਕਾਰਨ ਉਸ ਨੂੰ ਅੰਦਰ ਲੈ ਜਾਣ ਦਾ ਕੋਈ ਤਰੀਕਾ ਨਾ ਲੱਭਿਆ ਤਾਂ ਛੱਤ ਉੱਤੇ ਚੜ੍ਹ ਗਏ ਅਤੇ ਟਾਇਲਾਂ ਦੇ ਵਿੱਚੋਂ ਦੀ ਉਸ ਨੂੰ ਮੰਜੀ ਸਣੇ ਯਿਸੂ ਦੇ ਅੱਗੇ ਉਤਾਰ ਦਿੱਤਾ ।
20ਅਤੇ ਉਸ ਨੇ ਉਨ੍ਹਾਂ ਦਾ ਵਿਸ਼ਵਾਸ ਵੇਖ ਕੇ ਕਿਹਾ, ਮਨੁੱਖਾ ਤੇਰੇ ਪਾਪ ਮਾਫ਼ ਹੋਏ ।21ਤਦ ਉਪਦੇਸ਼ਕ ਅਤੇ ਫ਼ਰੀਸੀ ਵਿਵਾਦ ਕਰਨ ਲੱਗੇ ਕਿ ਇਹ ਕੌਣ ਹੈ ਜੋ ਪਰਮੇਸ਼ੁਰ ਦੀ ਨਿੰਦਿਆ ਕਰਦਾ ਹੈ ? ਪਰਮੇਸ਼ੁਰ ਤੋਂ ਬਿਨ੍ਹਾਂ ਹੋਰ ਕੌਣ ਪਾਪ ਨੂੰ ਮਾਫ਼ ਕਰ ਸਕਦਾ ਹੈ ?
22ਤਦ ਯਿਸੂ ਨੇ ਉਨ੍ਹਾਂ ਦੀਆਂ ਸੋਚਾਂ ਨੂੰ ਜਾਣ ਕੇ ਅੱਗੋਂ ਉਨ੍ਹਾਂ ਨੂੰ ਆਖਿਆ, ਤੁਸੀਂ ਆਪਣੇ ਮਨਾਂ ਵਿੱਚ ਕੀ ਵਿਚਾਰ ਕਰਦੇ ਹੋ ?23ਕਿਹੜੀ ਗੱਲ ਸੌਖੀ ਹੈ, ਇਹ ਆਖਣਾ ਜੋ ਤੇਰੇ ਪਾਪ ਮਾਫ਼ ਹੋਏ ਜਾਂ ਇਹ ਆਖਣਾ ਕਿ ਉੱਠ ਅਤੇ ਤੁਰ ?24ਪਰ ਇਸ ਲਈ ਜੋ ਤੁਸੀਂ ਜਾਣੋ ਕਿ ਮਨੁੱਖ ਦੇ ਪੁੱਤਰ ਨੂੰ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਅਧਿਕਾਰ ਹੈ, ਫਿਰ ਯਿਸੂ ਨੇ ਉਸ ਅਧਰੰਗੀ ਨੂੰ ਕਿਹਾ, ਮੈਂ ਤੈਨੂੰ ਆਖਦਾ ਹਾਂ, ਉੱਠ ਅਤੇ ਆਪਣੀ ਮੰਜੀ ਚੁੱਕ ਕੇ ਘਰ ਚੱਲਿਆ ਜਾ ।
25ਤਾਂ ਉਹ ਝੱਟ ਉਨ੍ਹਾਂ ਦੇ ਸਾਹਮਣੇ ਉੱਠਿਆ ਅਤੇ ਮੰਜੀ ਚੁੱਕ ਕੇ ਪਰਮੇਸ਼ੁਰ ਦੀ ਮਹਿਮਾ ਕਰਦਾ ਹੋਇਆ ਆਪਣੇ ਘਰ ਚੱਲਿਆ ਗਿਆ ।26ਅਤੇ ਉਹ ਸਾਰੇ ਬਹੁਤ ਹੈਰਾਨ ਹੋ ਕੇ ਪਰਮੇਸ਼ੁਰ ਦੀ ਮਹਿਮਾ ਕਰਨ ਲੱਗੇ ਅਤੇ ਡਰ ਨਾਲ ਭਰ ਗਏ ਤੇ ਕਹਿਣ ਲੱਗੇ, ਅਸੀਂ ਅੱਜ ਅਚਰਜ ਗੱਲਾਂ ਵੇਖੀਆਂ ਹਨ ! ।
ਲੇਵੀ ਨੂੰ ਬੁਲਾਉਣਾ
(ਮੱਤੀ 9:9-13, ਮਰਕੁਸ 2:13-17)

27ਇਸ ਤੋਂ ਬਾਅਦ ਉਹ ਬਾਹਰ ਗਿਆ ਅਤੇ ਲੇਵੀ ਨਾਮ ਦੇ ਇੱਕ ਚੁੰਗੀ ਲੈਣ ਵਾਲੇ ਨੂੰ ਮਸੂਲ ਦੀ ਚੌਂਕੀ ਉੱਤੇ ਬੈਠੇ ਵੇਖਿਆ ਅਤੇ ਉਸ ਨੂੰ ਆਖਿਆ ਕਿ ਮੇਰੇ ਪਿੱਛੇ ਹੋ ਤੁਰ ।28ਤਦ ਉਹ ਸਭ ਕੁੱਝ ਛੱਡ ਕੇ ਉੱਠਿਆ ਅਤੇ ਉਸ ਦੇ ਪਿੱਛੇ ਤੁਰ ਪਿਆ ।
29ਫਿਰ ਲੇਵੀ ਨੇ ਆਪਣੇ ਘਰ ਉਸ ਦੇ ਲਈ ਵੱਡੀ ਦਾਵਤ ਕੀਤੀ ਅਤੇ ਉੱਥੇ ਚੁੰਗੀ ਲੈਣ ਵਾਲੇ ਅਤੇ ਹੋਰਾਂ ਦੀ ਜੋ ਉਨ੍ਹਾਂ ਦੇ ਨਾਲ ਖਾਣ ਬੈਠੇ ਸਨ ਵੱਡੀ ਭੀੜ ਸੀ ।30ਫ਼ਰੀਸੀ ਅਤੇ ਉਪਦੇਸ਼ਕ ਉਸ ਦੇ ਚੇਲਿਆਂ ਉੱਤੇ ਬੁੜਬੁੜਾ ਕੇ ਕਹਿਣ ਲੱਗੇ ਕਿ ਤੁਸੀਂ ਕਿਉਂ ਚੁੰਗੀ ਲੈਣ ਵਾਲਿਆਂ ਅਤੇ ਪਾਪੀਆਂ ਨਾਲ ਖਾਂਦੇ-ਪੀਂਦੇ ਹੋ ?31ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਕਿ ਨਰੋਇਆਂ ਨੂੰ ਨਹੀਂ ਪਰ ਰੋਗੀਆਂ ਨੂੰ ਹਕੀਮ ਦੀ ਲੋੜ ਹੈ ।32ਮੈਂ ਧਰਮੀਆਂ ਨੂੰ ਨਹੀਂ ਸਗੋਂ ਪਾਪੀਆਂ ਨੂੰ ਤੋਬਾ ਦੇ ਲਈ ਬੁਲਾਉਣ ਆਇਆ ਹਾਂ ।
ਵਰਤ ਦੇ ਬਾਰੇ ਪ੍ਰਸ਼ਨ
(ਮੱਤੀ 9:14-17, ਮਰਕੁਸ 2:18-22)

33ਉਨ੍ਹਾਂ ਨੇ ਯਿਸੂ ਨੂੰ ਆਖਿਆ, ਯੂਹੰਨਾ ਦੇ ਚੇਲੇ ਬਹੁਤ ਵਰਤ ਰੱਖਦੇ ਅਤੇ ਪ੍ਰਾਰਥਨਾ ਕਰਦੇ ਹਨ ਅਤੇ ਉਸੇ ਤਰ੍ਹਾਂ ਨਾਲ ਫ਼ਰੀਸੀਆਂ ਦੇ ਵੀ ਪਰ ਤੇਰੇ ਚੇਲੇ ਤਾਂ ਖਾਂਦੇ-ਪੀਂਦੇ ਹਨ ।34ਯਿਸੂ ਨੇ ਉਨ੍ਹਾਂ ਨੂੰ ਆਖਿਆ, ਜਦ ਤੱਕ ਲਾੜਾ ਬਰਾਤੀਆਂ ਦੇ ਨਾਲ ਹੈ, ਭਲਾ ਤੁਸੀਂ ਉਨ੍ਹਾਂ ਤੋਂ ਵਰਤ ਰਖਾ ਸਕਦੇ ਹੋ ?35ਪਰ ਉਹ ਦਿਨ ਆਉਣਗੇ ਜਦ ਲਾੜਾ ਉਨ੍ਹਾਂ ਕੋਲੋਂ ਅਲੱਗ ਕੀਤਾ ਜਾਵੇਗਾ ਤਦ ਉਨ੍ਹੀਂ ਦਿਨੀਂ ਉਹ ਵਰਤ ਰੱਖਣਗੇ ।
36ਅਤੇ ਉਸ ਨੇ ਉਨ੍ਹਾਂ ਨੂੰ ਇੱਕ ਦ੍ਰਿਸ਼ਟਾਂਤ ਵਿੱਚ ਆਖਿਆ, ਕਿ ਨਵੇਂ ਕੱਪੜੇ ਵਿੱਚੋਂ ਟਾਕੀ ਪਾੜ ਕੇ ਪੁਰਾਣੇ ਕੱਪੜੇ ਨੂੰ ਕੋਈ ਨਹੀਂ ਲਾਉਂਦਾ ਨਹੀਂ ਤਾਂ ਉਹ ਨਵੇਂ ਕੱਪੜੇ ਨੂੰ ਪਾੜ ਦੇਵੇਗੀ ਅਤੇ ਨਵੇਂ ਦੀ ਟਾਕੀ ਪੁਰਾਣੇ ਨਾਲ ਸੱਜਣੀ ਵੀ ਨਹੀਂ ।
37ਅਤੇ ਨਵੀਂ ਮੈਅ ਨੂੰ ਪੁਰਾਣੀਆਂ ਮਸ਼ਕਾਂ ਵਿੱਚ ਕੋਈ ਨਹੀਂ ਭਰਦਾ ਨਹੀਂ ਤਾਂ ਨਵੀਂ ਮੈਅ ਮਸ਼ਕਾਂ ਨੂੰ ਪਾੜ ਕੇ ਆਪ ਵਗ ਜਾਵੇਗੀ ਅਤੇ ਮਸ਼ਕਾਂ ਦਾ ਵੀ ਨਾਸ ਹੋ ਜਾਵੇਗਾ ।38ਪਰ ਨਵੀਂ ਮੈਅ ਨਵੀਆਂ ਮਸ਼ਕਾਂ ਵਿੱਚ ਭਰਨੀ ਚਾਹੀਦੀ ਹੈ ।39ਅਤੇ ਪੁਰਾਣੀ ਮੈਅ ਪੀ ਕੇ ਨਵੀਂ ਕੋਈ ਨਹੀਂ ਚਾਹੁੰਦਾ ਕਿਉਂ ਜੋ ਉਹ ਕਹਿੰਦਾ ਹੈ ਕਿ ਪੁਰਾਣੀ ਮੈਅ ਚੰਗੀ ਹੈ ।

6
ਸਬਤ ਦਾ ਪ੍ਰਭੂ
(ਮੱਤੀ 12:1-18, ਮਰਕੁਸ 2:23-28)

1ਇੱਕ ਸਬਤ ਦੇ ਦਿਨ ਇਹ ਹੋਇਆ ਜਦੋਂ ਉਹ ਖੇਤਾਂ ਵਿੱਚੋਂ ਦੀ ਜਾ ਰਿਹਾ ਸੀ, ਅਤੇ ਉਸ ਦੇ ਚੇਲੇ ਸਿੱਟੇ ਤੋੜ ਕੇ ਖਾਂਦੇ ਜਾਂਦੇ ਸਨ ।2ਤਦ ਫ਼ਰੀਸੀਆਂ ਵਿੱਚੋਂ ਕਈਆਂ ਨੇ ਆਖਿਆ, ਤੁਸੀਂ ਉਹ ਕੰਮ ਕਿਉਂ ਕਰਦੇ ਹੋ ਜਿਹੜਾ ਸਬਤ ਦੇ ਦਿਨ ਕਰਨਾ ਯੋਗ ਨਹੀਂ ਹੈ ?

3ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਕੀ ਤੁਸੀਂ ਇਹ ਨਹੀਂ ਪੜ੍ਹਿਆ ਕਿ ਦਾਊਦ ਨੇ ਕੀ ਕੀਤਾ ਜਦ ਉਹ ਅਤੇ ਉਸ ਦੇ ਸਾਥੀ ਭੁੱਖੇ ਸਨ ?4ਉਹ ਕਿਵੇਂ ਪਰਮੇਸ਼ੁਰ ਦੇ ਘਰ ਗਿਆ ਅਤੇ ਚੜ੍ਹਾਵੇ ਦੀਆਂ ਰੋਟੀਆਂ ਲੈ ਕੇ ਖਾਧੀਆਂ, ਜਿਨ੍ਹਾਂ ਦਾ ਖਾਣਾ ਜਾਜਕਾਂ ਤੋਂ ਬਿਨ੍ਹਾਂ ਹੋਰ ਕਿਸੇ ਨੂੰ ਯੋਗ ਨਹੀਂ ਅਤੇ ਆਪਣੇ ਸਾਥੀਆਂ ਨੂੰ ਵੀ ਦਿੱਤੀਆਂ ?5ਫੇਰ ਉਸ ਨੇ ਉਨ੍ਹਾਂ ਨੂੰ ਆਖਿਆ ਕਿ ਮਨੁੱਖ ਦਾ ਪੁੱਤਰ ਸਬਤ ਦੇ ਦਿਨ ਦਾ ਮਾਲਕ ਹੈ ।
ਸੁੱਕੇ ਹੱਥ ਵਾਲੇ ਮਨੁੱਖ ਨੂੰ ਚੰਗਾ ਕਰਨਾ
(ਮੱਤੀ 12:9-14, ਮਰਕੁਸ 3:1-6)

6ਇੱਕ ਹੋਰ ਸਬਤ ਦੇ ਦਿਨ ਅਜਿਹਾ ਹੋਇਆ ਕਿ ਉਹ ਪ੍ਰਾਰਥਨਾ ਘਰ ਵਿੱਚ ਜਾ ਕੇ ਉਪਦੇਸ਼ ਦੇਣ ਲੱਗਾ, ਉੱਥੇ ਇੱਕ ਮਨੁੱਖ ਸੀ ਜਿਸ ਦਾ ਸੱਜਾ ਹੱਥ ਸੁੱਕਿਆ ਹੋਇਆ ਸੀ ।7ਉਪਦੇਸ਼ਕ ਅਤੇ ਫ਼ਰੀਸੀ ਉਸ ਦੀ ਤਾੜ ਵਿੱਚ ਲੱਗੇ ਹੋਏ ਸਨ ਕਿ ਭਲਾ ਵੇਖੀਏ ਉਹ ਸਬਤ ਦੇ ਦਿਨ ਚੰਗਾ ਕਰੇਗਾ ਕਿ ਨਹੀਂ ? ਇਸ ਲਈ ਜੋ ਉਹਨਾਂ ਨੂੰ ਯਿਸੂ ਉੱਤੇ ਦੋਸ਼ ਲਾਉਣ ਦਾ ਮੌਕਾ ਮਿਲੇ ।8ਤਦ ਉਸ ਨੇ ਉਨ੍ਹਾਂ ਦੇ ਵਿਚਾਰਾਂ ਨੂੰ ਜਾਣ ਕੇ ਉਸ ਸੁੱਕੇ ਹੱਥ ਵਾਲੇ ਮਨੁੱਖ ਨੂੰ ਆਖਿਆ, ਉੱਠ ਅਤੇ ਸਾਹਮਣੇ ਆ ਕੇ ਖੜ੍ਹਾ ਹੋ ਜਾ ਅਤੇ ਉਹ ਉੱਠ ਖੜ੍ਹਾ ਹੋਇਆ ।
9ਫੇਰ ਯਿਸੂ ਨੇ ਉਨ੍ਹਾਂ ਨੂੰ ਆਖਿਆ, ਮੈਂ ਤੁਹਾਡੇ ਤੋਂ ਪੁੱਛਦਾ ਹਾਂ ਕਿ ਸਬਤ ਦੇ ਦਿਨ ਭਲਾ ਕਰਨਾ ਯੋਗ ਹੈ ਜਾਂ ਬੁਰਾ ਕਰਨਾ ? ਜਾਨ ਬਚਾਉਣੀ ਜਾਂ ਨਾਸ ਕਰਨੀ ? ।10ਤਦ ਯਿਸੂ ਨੇ ਉਨ੍ਹਾਂ ਸਭਨਾਂ ਵੱਲ ਚਾਰੋਂ ਪਾਸੇ ਵੇਖ ਕੇ ਆਖਿਆ, “ਆਪਣਾ ਹੱਥ ਵਧਾ” । ਤਦ ਉਸ ਨੇ ਆਪਣਾ ਹੱਥ ਵਧਾਇਆ ਅਤੇ ਉਸ ਦਾ ਹੱਥ ਚੰਗਾ ਹੋ ਗਿਆ ।11ਪਰ ਉਹ ਗੁੱਸੇ ਨਾਲ ਭਰ ਗਏ ਅਤੇ ਆਪਸ ਵਿੱਚ ਗੱਲਾਂ ਕਰਨ ਲੱਗੇ ਕਿ ਅਸੀਂ ਯਿਸੂ ਨਾਲ ਕੀ ਕਰੀਏ ? ।
ਬਾਰਾਂ ਚੇਲਿਆਂ ਦੀ ਨਿਯੁਕਤੀ
(ਮੱਤੀ 10:1-4, ਮਰਕੁਸ 3:13-19)

12ਉਨ੍ਹਾਂ ਦਿਨਾਂ ਵਿੱਚ ਇਹ ਹੋਇਆ ਕਿ ਉਹ ਪ੍ਰਾਰਥਨਾ ਕਰਨ ਲਈ ਪਹਾੜ ਉੱਤੇ ਗਿਆ ਅਤੇ ਪਰਮੇਸ਼ੁਰ ਅੱਗੇ ਸਾਰੀ ਰਾਤ ਪ੍ਰਾਰਥਨਾ ਕਰਦਾ ਰਿਹਾ ।13ਅਤੇ ਜਦ ਦਿਨ ਚੜ੍ਹਿਆ ਤਾਂ ਉਸ ਨੇ ਆਪਣਿਆਂ ਚੇਲਿਆਂ ਨੂੰ ਕੋਲ ਬੁਲਾਇਆ ਅਤੇ ਉਨ੍ਹਾਂ ਵਿੱਚੋਂ ਬਾਰਾਂ ਨੂੰ ਚੁਣ ਕੇ ਉਨ੍ਹਾਂ ਨੂੰ ਰਸੂਲ ਕਹਿ ਕੇ ਸੱਦਿਆ ਅਰਥਾਤ
14ਸ਼ਮਊਨ ਜਿਸ ਦਾ ਨਾਮ ਉਸ ਨੇ ਪਤਰਸ ਵੀ ਰੱਖਿਆ ਅਤੇ ਉਸ ਦਾ ਭਰਾ ਅੰਦ੍ਰਿਯਾਸ ਅਤੇ ਯਾਕੂਬ ਅਤੇ ਯੂਹੰਨਾ ਅਤੇ ਫ਼ਿਲਿੱਪੁਸ ਅਤੇ ਬਰਥੁਲਮਈ15ਅਤੇ ਮੱਤੀ ਅਤੇ ਥੋਮਾ ਅਤੇ ਹਲਫ਼ਈ ਦਾ ਪੁੱਤਰ ਯਾਕੂਬ ਅਤੇ ਸ਼ਮਊਨ ਜਿਹੜਾ ਦੇਲੋਤੇਸ ਅਖਵਾਉਂਦਾ ਹੈ16ਯਾਕੂਬ ਦਾ ਪੁੱਤਰ ਯਹੂਦਾ ਅਤੇ ਯਹੂਦਾ ਇਸਕਰਿਯੋਤੀ ਜਿਹੜਾ ਉਸ ਦਾ ਫੜਵਾਉਣ ਵਾਲਾ ਵੀ ਸੀ ।
ਸਿਖਾਉਣਾ ਅਤੇ ਚੰਗਾ ਕਰਨਾ
(ਮੱਤੀ 4:23-25)

17ਅਤੇ ਉਹ ਉਨ੍ਹਾਂ ਨਾਲ ਉਤਰ ਕੇ ਪੱਧਰੇ ਥਾਂ ਖੜ੍ਹਾ ਹੋਇਆ, ਉਸ ਦੇ ਨਾਲ ਚੇਲਿਆਂ ਦੀ ਵੱਡੀ ਮੰਡਲੀ ਅਤੇ ਲੋਕਾਂ ਦੀ ਵੱਡੀ ਭੀੜ ਜਿਹੜੇ ਸਾਰੇ ਯਹੂਦਿਯਾ, ਯਰੂਸ਼ਲਮ, ਸੂਰ ਅਤੇ ਸੈਦਾ ਦੇ ਸਮੁੰਦਰ ਦੇ ਕੰਢਿਓਂ ਉਸ ਦੀ ਸੁਣਨ ਲਈ ਅਤੇ ਆਪਣਿਆਂ ਰੋਗਾਂ ਤੋਂ ਚੰਗੇ ਹੋਣ ਲਈ ਆਏ ਸਨ ।18ਅਤੇ ਜਿਹੜੇ ਅਸ਼ੁੱਧ ਆਤਮਾਵਾਂ ਤੋਂ ਦੁੱਖੀ ਸਨ ਉਹ ਚੰਗੇ ਕੀਤੇ ਗਏ ।19ਅਤੇ ਸਾਰੇ ਲੋਕ ਉਸ ਨੂੰ ਛੂਹਣਾ ਚਾਹੁੰਦੇ ਸਨ ਇਸ ਲਈ ਜੋ ਸਮਰੱਥਾ ਉਸ ਤੋਂ ਨਿੱਕਲ ਕੇ ਸਭਨਾਂ ਨੂੰ ਚੰਗਾ ਕਰਦੀ ਸੀ ।
ਬਰਕਤ ਅਤੇ ਹਾਏ
(ਮੱਤੀ 5:1-12)

20ਤਦ ਉਸ ਨੇ ਆਪਣਿਆਂ ਚੇਲਿਆਂ ਉੱਤੇ ਨਿਗਾਹ ਕਰ ਕੇ ਆਖਿਆ, ਧੰਨ ਹੋ ਤੁਸੀਂ ਜਿਹੜੇ ਗਰੀਬ ਹੋ ਕਿਉਂ ਜੋ ਸਵਰਗ ਰਾਜ ਤੁਹਾਡਾ ਹੈ ।21ਧੰਨ ਹੋ ਤੁਸੀਂ ਜਿਹੜੇ ਹੁਣ ਭੁੱਖੇ ਹੋ ਕਿਉਂ ਜੋ ਤੁਸੀਂ ਰਜਾਏ ਜਾਓਗੇ । ਧੰਨ ਹੋ ਤੁਸੀਂ ਜਿਹੜੇ ਹੁਣ ਰੋਂਦੇ ਹੋ ਕਿਉਂ ਜੋ ਹੱਸੋਗੇ ।
22ਧੰਨ ਹੋ ਤੁਸੀਂ ਜਦ ਮਨੁੱਖ ਦੇ ਪੁੱਤਰ ਦੇ ਕਾਰਨ ਮਨੁੱਖ ਤੁਹਾਡੇ ਨਾਲ ਵੈਰ ਰੱਖਣਗੇ ਅਤੇ ਤੁਹਾਨੂੰ ਛੱਡ ਦੇਣਗੇ, ਮੰਦਾ ਆਖਣਗੇ ਅਤੇ ਤੁਹਾਡਾ ਨਾਮ ਬੁਰਾ ਜਾਣ ਕੇ ਕੱਢ ਸੁੱਟਣਗੇ ।23ਉਸ ਦਿਨ ਅਨੰਦ ਮਨਾਉਣਾ ਤੇ ਖੁਸ਼ੀ ਨਾਲ ਉੱਛਲਣਾ ਕਿਉਂ ਜੋ ਵੇਖੋ ਤੁਹਾਡਾ ਫਲ ਸਵਰਗ ਵਿੱਚ ਵੱਡਾ ਹੈ, ਕਿਉਂ ਜੋ ਉਨ੍ਹਾਂ ਦੇ ਪਿਉ-ਦਾਦਿਆਂ ਨੇ ਵੀ ਨਬੀਆਂ ਨਾਲ ਵੀ ਇਸੇ ਤਰ੍ਹਾਂ ਕੀਤਾ ਸੀ ।
24ਪਰ ਹਾਏ ਤੁਹਾਡੇ ਉੱਤੇ ਜਿਹੜੇ ਧਨਵਾਨ ਹੋ ਕਿਉਂ ਜੋ ਤੁਸੀਂ ਆਪਣੀ ਤਸੱਲੀ ਲੈ ਚੁੱਕੇ ।25ਹਾਏ ਤੁਹਾਡੇ ਉੱਤੇ ਜਿਹੜੇ ਹੁਣ ਰੱਜੇ ਹੋਏ ਹੋ ਕਿਉਂ ਜੋ ਤੁਸੀਂ ਭੁੱਖੇ ਹੋਵੋਗੇ । ਹਾਏ ਤੁਹਾਡੇ ਉੱਤੇ ਜਿਹੜੇ ਹੁਣ ਹੱਸਦੇ ਹੋ ਕਿਉਂ ਜੋ ਤੁਸੀਂ ਸੋਗ ਕਰੋਗੇ ਅਤੇ ਰੋਵੋਗੇ ।
26ਹਾਏ ਤੁਹਾਡੇ ਉੱਤੇ ਜਦ ਸਭ ਲੋਕ ਤੁਹਾਡੀ ਪ੍ਰਸੰਸਾ ਕਰਨ ਕਿਉਂ ਜੋ ਉਨ੍ਹਾਂ ਦੇ ਪਿਉ-ਦਾਦਿਆਂ ਨੇ ਝੂਠੇ ਨਬੀਆਂ ਨਾਲ ਇਸੇ ਤਰ੍ਹਾਂ ਕੀਤਾ ।
ਵੈਰੀਆਂ ਦੇ ਨਾਲ ਪਿਆਰ
(ਮੱਤੀ 5:38-48, 7:12)

27ਪਰ ਮੈਂ ਤੁਹਾਨੂੰ ਜੋ ਸੁਣਦੇ ਹੋ ਆਖਦਾ ਹਾਂ ਕਿ ਆਪਣੇ ਵੈਰੀਆਂ ਨਾਲ ਪਿਆਰ ਕਰੋ । ਜੋ ਤੁਹਾਡੇ ਨਾਲ ਵੈਰ ਰੱਖਣ ਉਨ੍ਹਾਂ ਦਾ ਭਲਾ ਕਰੋ ।28ਜੋ ਤੁਹਾਨੂੰ ਸਰਾਪ ਦੇਣ ਉਨ੍ਹਾਂ ਨੂੰ ਬਰਕਤ ਦਿਉ । ਜੋ ਤੁਹਾਡੇ ਨਾਲ ਈਰਖਾ ਰੱਖਣ, ਉਨ੍ਹਾਂ ਲਈ ਪ੍ਰਾਰਥਨਾ ਕਰੋ ।
29ਜੋ ਤੇਰੀ ਇੱਕ ਗੱਲ੍ਹ ਉੱਤੇ ਚਪੇੜ ਮਾਰੇ ਤਾਂ ਤੂੰ ਦੂਜੀ ਵੀ ਉਸ ਦੇ ਵੱਲ ਕਰ ਦੇ ਅਤੇ ਜੋ ਤੇਰੀ ਚਾਦਰ ਖੋਹ ਲਵੇ ਤਾਂ ਉਸ ਨੂੰ ਕੁੜਤਾ ਲੈਣ ਤੋਂ ਵੀ ਮਨ੍ਹਾ ਨਾ ਕਰ ।30ਜੋ ਕੋਈ ਤੇਰੇ ਕੋਲੋਂ ਮੰਗੇ ਉਸ ਨੂੰ ਦਿਹ ਅਤੇ ਜੋ ਤੇਰੀਆਂ ਵਸਤਾਂ ਖੋਹ ਲਵੇ ਉਸ ਤੋਂ ਮੁੜ ਨਾ ਮੰਗ ।
31ਅਤੇ ਜਿਹੋ ਜਿਹਾ ਤੁਸੀਂ ਚਾਹੁੰਦੇ ਹੋ ਜੋ ਲੋਕ ਤੁਹਾਡੇ ਨਾਲ ਕਰਨ ਤੁਸੀਂ ਵੀ ਉਨ੍ਹਾਂ ਨਾਲ ਉਸੇ ਤਰ੍ਹਾਂ ਹੀ ਕਰੋ ।32ਜੇ ਤੁਸੀਂ ਉਨ੍ਹਾਂ ਨਾਲ ਹੀ ਪਿਆਰ ਕਰੋ ਜਿਹੜੇ ਤੁਹਾਡੇ ਨਾਲ ਪਿਆਰ ਕਰਦੇ ਹਨ ਤਾਂ ਤੁਹਾਡੀ ਕੀ ਭਲਿਆਈ ਹੈ ਕਿਉਂ ਜੋ ਪਾਪੀ ਲੋਕ ਵੀ ਆਪਣੇ ਪਿਆਰ ਕਰਨ ਵਾਲਿਆਂ ਨਾਲ ਪਿਆਰ ਕਰਦੇ ਹਨ ?33ਅਤੇ ਜੇਕਰ ਤੁਸੀਂ ਸਿਰਫ਼ ਉਹਨਾਂ ਦਾ ਹੀ ਭਲਾ ਕਰੋ ਜਿਹੜੇ ਤੁਹਾਡਾ ਭਲਾ ਕਰਦੇ ਹਨ ਤਾਂ ਤੁਹਾਡੀ ਕੀ ਵਡਿਆਈ ਹੈ ਕਿਉਂ ਜੋ ਪਾਪੀ ਲੋਕ ਵੀ ਇਸੇ ਤਰ੍ਹਾਂ ਕਰਦੇ ਹਨ ?34ਜੇ ਤੁਸੀਂ ਉਨ੍ਹਾਂ ਹੀ ਨੂੰ ਉਧਾਰ ਦਿੰਦੇ ਹੋ ਜਿਨ੍ਹਾਂ ਕੋਲੋਂ ਲੈਣ ਦੀ ਆਸ ਹੋਵੇ ਤਾਂ ਤੁਹਾਡੀ ਕੀ ਭਲਿਆਈ ਹੈ ? ਪਾਪੀ ਲੋਕ ਵੀ ਪਾਪੀਆਂ ਨੂੰ ਉਧਾਰ ਦਿੰਦੇ ਹਨ ਕਿ ਮੁੜ ਕੇ ਉਨ੍ਹਾਂ ਤੋਂ ਉਹਨਾਂ ਹੀ ਵਾਪਸ ਲੈ ਲੈਣ ।
35ਪਰ ਤੁਸੀਂ ਆਪਣੇ ਵੈਰੀਆਂ ਨਾਲ ਪਿਆਰ ਕਰੋ ਅਤੇ ਉਨ੍ਹਾਂ ਦਾ ਭਲਾ ਕਰੋ । ਨਿਰਾਸ਼ ਨਾ ਹੋ ਕੇ ਉਧਾਰ ਦੇਵੋ ਤਾਂ ਤੁਹਾਡਾ ਫਲ ਬਹੁਤ ਹੋਵੇਗਾ ਅਤੇ ਤੁਸੀਂ ਅੱਤ ਮਹਾਨ ਪਰਮੇਸ਼ੁਰ ਦੇ ਪੁੱਤਰ ਹੋਵੋਗੇ ਕਿ ਉਹ ਨਾਸ਼ੁਕਰਿਆਂ ਅਤੇ ਦੁਸ਼ਟਾਂ ਉੱਤੇ ਕਿਰਪਾਲੂ ਹੈ ।36ਦਿਆਲੂ ਬਣੋ ਜਿਵੇਂ ਕਿ ਤੁਹਾਡਾ ਪਿਤਾ ਦਿਆਲੂ ਹੈ ।
ਦੋਸ਼ ਨਾ ਲਗਾਓ
(ਮੱਤੀ 7:1-4)

37ਦੋਸ਼ ਨਾ ਲਾਓ ਤਾਂ ਤੁਹਾਡੇ ਉੱਤੇ ਦੋਸ਼ ਲਾਇਆ ਨਾ ਜਾਵੇਗਾ, ਅਤੇ ਅਪਰਾਧੀ ਨਾ ਠਹਿਰਾਓ ਤਾਂ ਤੁਸੀਂ ਅਪਰਾਧੀ ਨਾ ਠਹਿਰਾਏ ਜਾਓਗੇ । ਮਾਫ਼ ਕਰੋ ਤਾਂ ਤੁਸੀਂ ਮਾਫ਼ ਕੀਤੇ ਜਾਓਗੇ ।
38ਦਿਓ ਤਾਂ ਤੁਹਾਨੂੰ ਦਿੱਤਾ ਜਾਵੇਗਾ, ਪੂਰਾ ਮਾਪ ਦੱਬ ਦੱਬ ਕੇ ਹਿਲਾ ਹਿਲਾ ਕੇ ਅਤੇ ਡੁਲ੍ਹਦਾ ਹੋਇਆ ਤੁਹਾਡੇ ਪੱਲੇ ਪਾਉਣਗੇ ਕਿਉਂਕਿ ਜਿਸ ਮਾਪ ਨਾਲ ਤੁਸੀਂ ਮਿਣਦੇ ਹੋ ਉਸੇ ਨਾਲ ਤੁਹਾਡੇ ਲਈ ਮੁੜ ਮਿਣਿਆ ਜਾਵੇਗਾ ।
39ਤਦ ਉਸ ਨੇ ਉਨ੍ਹਾਂ ਨੂੰ ਇੱਕ ਦ੍ਰਿਸ਼ਟਾਂਤ ਦੇ ਕੇ ਕਿਹਾ, ਕੀ ਅੰਨ੍ਹਾ ਅੰਨ੍ਹੇ ਦਾ ਆਗੂ ਹੋ ਸਕਦਾ ਹੈ ? ਕੀ ਉਹ ਦੋਵੇਂ ਟੋਏ ਵਿੱਚ ਨਾ ਡਿੱਗਣਗੇ ?40ਚੇਲਾ ਗੁਰੂ ਨਾਲੋਂ ਵੱਡਾ ਨਹੀਂ ਪਰ ਜੋ ਕੋਈ ਸਿੱਧ ਹੋਵੇਗਾ, ਉਹ ਆਪਣੇ ਗੁਰੂ ਵਰਗਾ ਹੋਵੇਗਾ ।
41ਤੂੰ ਉਸ ਕੱਖ ਨੂੰ ਜਿਹੜਾ ਤੇਰੇ ਭਰਾ ਦੀ ਅੱਖ ਵਿੱਚ ਹੈ ਕਿਉਂ ਵੇਖਦਾ ਹੈਂ ਪਰ ਉਹ ਸ਼ਤੀਰ ਜੋ ਤੇਰੀ ਆਪਣੀ ਅੱਖ ਵਿੱਚ ਹੈ ਧਿਆਨ ਨਹੀਂ ਦਿੰਦਾ ?42ਤੂੰ ਕਿਵੇਂ ਆਪਣੇ ਭਰਾ ਨੂੰ ਆਖ ਸਕਦਾ ਹੈਂ, ਕਿ ਲਿਆ ! ਉਸ ਕੱਖ ਨੂੰ ਜੋ ਤੇਰੀ ਅੱਖ ਵਿੱਚ ਹੈ ਕੱਢ ਦਿਆਂ ? ਪਰ ਤੂੰ ਉਸ ਸ਼ਤੀਰ ਨੂੰ ਜਿਹੜਾ ਤੇਰੀ ਆਪਣੀ ਅੱਖ ਵਿੱਚ ਹੈ ਨਹੀਂ ਵੇਖਦਾ । ਹੇ ਕਪਟੀ, ਪਹਿਲਾਂ ਉਸ ਸ਼ਤੀਰ ਨੂੰ ਆਪਣੀ ਅੱਖ ਵਿੱਚੋਂ ਕੱਢ ਤਾਂ ਚੰਗੀ ਤਰ੍ਹਾਂ ਵੇਖ ਕੇ ਤੂੰ ਉਸ ਕੱਖ ਨੂੰ ਜੋ ਤੇਰੇ ਭਰਾ ਦੀ ਅੱਖ ਵਿੱਚ ਹੈ ਕੱਢ ਸਕੇਂਗਾ ।
ਜਿਸ ਤਰ੍ਹਾਂ ਦਾ ਰੁੱਖ ਉਸੇ ਤਰ੍ਹਾਂ ਦਾ ਫਲ
(ਮੱਤੀ 7:16-20, 12:33-35)

43ਕੋਈ ਚੰਗਾ ਰੁੱਖ ਨਹੀਂ ਹੈ ਜਿਹੜਾ ਮਾੜਾ ਫਲ ਦੇਵੇ ਅਤੇ ਫੇਰ ਕੋਈ ਮਾੜਾ ਰੁੱਖ ਨਹੀਂ ਹੈ ਜਿਹੜਾ ਚੰਗਾ ਫਲ ਦੇਵੇ ।44ਹਰੇਕ ਰੁੱਖ ਆਪਣੇ ਫਲਾਂ ਤੋਂ ਪਛਾਣਿਆਂ ਜਾਂਦਾ ਹੈ । ਕਿਉਂ ਜੋ ਲੋਕ ਕੰਡਿਆਲੀਆਂ ਤੋਂ ਹੰਜ਼ੀਰ ਨਹੀਂ ਤੋੜਦੇ, ਅਤੇ ਨਾ ਹੀ ਝਾੜੀਆਂ ਤੋਂ ਦਾਖ ਤੋੜਦੇ ਹਨ ।
45ਭਲਾ ਮਨੁੱਖ ਆਪਣੇ ਮਨ ਦੇ ਚੰਗੇ ਖ਼ਜ਼ਾਨੇ ਵਿੱਚੋਂ ਭਲੀਆਂ ਗੱਲਾਂ ਕੱਢਦਾ ਹੈ ਅਤੇ ਬੁਰਾ ਆਦਮੀ ਬੁਰੇ ਖ਼ਜ਼ਾਨੇ ਵਿੱਚੋਂ ਬੁਰੀ ਗੱਲ ਕੱਢਦਾ ਹੈ ਕਿਉਂਕਿ ਜੋ ਮਨ ਵਿੱਚ ਭਰਿਆ ਹੋਇਆ ਹੈ ਉਸ ਦੇ ਮੂੰਹ ਉੱਤੇ ਉਹੋ ਆਉਂਦਾ ਹੈ ।
ਘਰ ਬਣਾਉਣ ਵਾਲੇ ਦੋ ਮਨੁੱਖ
(ਮੱਤੀ 7:24-27)

46ਤੁਸੀਂ ਮੈਨੂੰ “ਪ੍ਰਭੂ, ਪ੍ਰਭੂ” ਕਰਕੇ ਕਿਉਂ ਪੁਕਾਰਦੇ ਹੋ ਪਰ ਜੋ ਮੈਂ ਕਹਿੰਦਾ ਹਾਂ ਸੋ ਨਹੀਂ ਕਰਦੇ ?47ਹਰੇਕ ਜੋ ਮੇਰੇ ਕੋਲ ਆਉਂਦਾ ਹੈ ਅਤੇ ਮੇਰੇ ਬਚਨ ਸੁਣ ਕੇ ਉਨ੍ਹਾਂ ਨੂੰ ਮੰਨਦਾ ਹੈ ਮੈਂ ਤੁਹਾਨੂੰ ਦੱਸਦਾ ਹਾਂ ਕਿ ਉਹ ਕਿਸ ਵਰਗਾ ਹੈ ।48ਉਹ ਉਸ ਮਨੁੱਖ ਵਰਗਾ ਹੈ ਜਿਸ ਨੇ ਘਰ ਬਣਾਉਣ ਵੇਲੇ ਧਰਤੀ ਡੂੰਘੀ ਪੁੱਟ ਕੇ ਪੱਥਰ ਉੱਤੇ ਨੀਂਹ ਰੱਖੀ ਅਤੇ ਜਦ ਹੜ੍ਹ ਆਇਆ ਤਾਂ ਲਹਿਰ ਨੇ ਉਸ ਘਰ ਉੱਤੇ ਜ਼ੋਰ ਮਾਰਿਆ ਪਰ ਉਸ ਨੂੰ ਹਿਲਾ ਨਾ ਸਕੀ ਇਸ ਲਈ ਜੋ ਉਹ ਚੰਗੀ ਤਰ੍ਹਾਂ ਬਣਾਇਆ ਹੋਇਆ ਸੀ ।
49ਪਰ ਜਿਹੜਾ ਸੁਣ ਕੇ ਨਹੀਂ ਮੰਨਦਾ ਉਹ ਉਸ ਮਨੁੱਖ ਵਰਗਾ ਹੈ, ਜਿਸ ਨੇ ਨੀਂਹ ਬਿਨ੍ਹਾਂ ਧਰਤੀ ਉੱਤੇ ਘਰ ਬਣਾਇਆ ਜਿਸ ਉੱਤੇ ਲਹਿਰ ਨੇ ਜ਼ੋਰ ਮਾਰਿਆ ਅਤੇ ਉਹ ਝੱਟ ਡਿੱਗ ਪਿਆ ਅਤੇ ਉਸ ਘਰ ਦਾ ਸੱਤਿਆਨਾਸ ਹੋ ਗਿਆ ।

7
ਇੱਕ ਸੂਬੇਦਾਰ ਦਾ ਵਿਸ਼ਵਾਸ
(ਮੱਤੀ 8:5-13)

1ਜਦ ਉਹ ਆਪਣੀਆਂ ਸਾਰੀਆਂ ਗੱਲਾਂ ਲੋਕਾਂ ਨੂੰ ਕਹਿ ਚੁੱਕਿਆ ਤਾਂ ਕਫ਼ਰਨਾਹੂਮ ਵਿੱਚ ਆਇਆ ।

2ਅਤੇ ਕਿਸੇ ਸੂਬੇਦਾਰ ਦਾ ਨੌਕਰ ਜਿਹੜਾ ਉਸ ਦਾ ਬਹੁਤ ਪਿਆਰਾ ਸੀ ਰੋਗ ਨਾਲ ਮਰਨ ਵਾਲਾ ਸੀ ।3ਉਸ ਨੇ ਯਿਸੂ ਦੀ ਖ਼ਬਰ ਸੁਣ ਕੇ ਯਹੂਦੀਆਂ ਦੇ ਕਈਆਂ ਬਜ਼ੁਰਗਾਂ ਨੂੰ ਉਸ ਦੇ ਕੋਲ ਭੇਜਿਆ ਅਤੇ ਉਸ ਅੱਗੇ ਬੇਨਤੀ ਕੀਤੀ ਜੋ ਆ ਕੇ ਮੇਰੇ ਨੌਕਰ ਨੂੰ ਚੰਗਾ ਕਰੇ ।4ਉਹ ਯਿਸੂ ਦੇ ਕੋਲ ਆਏ ਅਤੇ ਬੜੀ ਨਿਮਰਤਾ ਨਾਲ ਉਸ ਨੂੰ ਬੇਨਤੀ ਕਰ ਕੇ ਆਖਿਆ ਕਿ ਉਹ ਇਸ ਲਾਇਕ ਹੈ ਜੋ ਤੂੰ ਉਸ ਦੇ ਲਈ ਇਹ ਕੰਮ ਕਰੇਂ ।5ਕਿਉਂਕਿ ਉਹ ਸਾਡੀ ਕੌਮ ਨੂੰ ਪਿਆਰ ਕਰਦਾ ਹੈ ਨਾਲੇ ਉਸ ਨੇ ਆਪ ਸਾਡੇ ਲਈ ਪ੍ਰਾਰਥਨਾ ਘਰ ਬਣਵਾਇਆ ਹੈ ।
6ਯਿਸੂ ਉਨ੍ਹਾਂ ਦੇ ਨਾਲ ਚੱਲਿਆ ਗਿਆ ਅਤੇ ਜਦ ਉਹ ਘਰ ਦੇ ਨੇੜੇ ਆਇਆ ਤਾਂ ਸੂਬੇਦਾਰ ਨੇ ਮਿੱਤਰਾਂ ਦੇ ਰਾਹੀਂ ਉਸ ਨੂੰ ਸੁਨੇਹਾ ਭੇਜਿਆ ਕਿ ਪ੍ਰਭੂ ਜੀ ਖੇਚਲ ਨਾ ਕਰ ਕਿਉਂਕਿ ਮੈਂ ਇਸ ਯੋਗ ਨਹੀਂ ਕਿ ਤੁਸੀਂ ਮੇਰੇ ਘਰ ਆਓ ।7ਇਸੇ ਕਾਰਨ ਮੈਂ ਆਪਣੇ ਆਪ ਨੂੰ ਤੇਰੇ ਕੋਲ ਆਉਣ ਦੇ ਵੀ ਯੋਗ ਨਾ ਸਮਝਿਆ ਜੇਕਰ ਤੂੰ ਇੱਕ ਸ਼ਬਦ ਹੀ ਕਹਿ ਦੇਵੇਂਗਾ ਤਾਂ ਮੇਰਾ ਸੇਵਕ ਚੰਗਾ ਹੋ ਜਾਵੇਗਾ ।8ਮੈਂ ਆਪ ਵੀ ਅਧਿਕਾਰੀਆਂ ਦੇ ਅਧੀਨ ਹਾਂ ਅਤੇ ਮੇਰੇ ਅਧਿਕਾਰ ਵਿੱਚ ਵੀ ਸਿਪਾਹੀ ਹਨ । ਜਿਸ ਸਿਪਾਹੀ ਨੂੰ ਮੈਂ ਹੁਕਮ ਦਿੰਦਾ ਹਾਂ, “ਜਾ” ਤਾਂ ਉਹ ਜਾਂਦਾ ਹੈ ਅਤੇ ਦੂਜੇ ਨੂੰ ਬੁਲਾਵਾਂ “ਆ” ਤਾਂ ਉਹ ਆਉਂਦਾ ਹੈ ਅਤੇ ਇਸੇ ਤਰ੍ਹਾਂ ਆਪਣੇ ਨੌਕਰ ਨੂੰ ਕਹਿੰਦਾਂ ਹਾਂ “ਇਹ ਕਰ”, ਤਾਂ ਉਹ ਕਰਦਾ ਹੈ ।
9ਯਿਸੂ ਇਹ ਗੱਲਾਂ ਸੁਣ ਕੇ ਹੈਰਾਨ ਹੋਇਆ ਅਤੇ ਉਸ ਭੀੜ ਦੀ ਵੱਲ ਜੋ ਉਸ ਦੇ ਮਗਰ ਚੱਲੀ ਆਉਂਦੀ ਸੀ ਮੁੜ ਕੇ ਕਿਹਾ, ਮੈਂ ਤੁਹਾਨੂੰ ਆਖਦਾ ਹਾਂ ਮੈਂ ਇਸ ਤਰ੍ਹਾਂ ਦਾ ਵਿਸ਼ਵਾਸ ਇਸਰਾਏਲ ਵਿੱਚ ਵੀ ਨਹੀਂ ਵੇਖਿਆ !10ਜੋ ਭੇਜੇ ਗਏ ਸਨ ਉਨ੍ਹਾਂ ਘਰ ਮੁੜ ਕੇ ਉਸ ਨੌਕਰ ਨੂੰ ਚੰਗਾ ਹੋਇਆ ਵੇਖਿਆ ।
ਵਿਧਵਾ ਦੇ ਪੁੱਤਰ ਨੂੰ ਜਿਵਾਉਣਾ

11ਇਸ ਦੇ ਪਿੱਛੋਂ ਇਹ ਹੋਇਆ ਯਿਸੂ ਨਾਈਨ ਨਾਮ ਦੇ ਇੱਕ ਨਗਰ ਨੂੰ ਗਿਆ ਅਤੇ ਉਸ ਦੇ ਚੇਲੇ ਅਤੇ ਵੱਡੀ ਭੀੜ ਉਸ ਦੇ ਨਾਲ ਤੁਰੀ ਜਾਂਦੀ ਸੀ ।12ਅਤੇ ਜਿਸ ਵੇਲੇ ਉਹ ਨਗਰ ਦੇ ਫਾਟਕ ਦੇ ਨੇੜੇ ਪੁੱਜਿਆ ਤਾਂ ਵੇਖੋ ਲੋਕ ਇੱਕ ਮੁਰਦੇ ਨੂੰ ਬਾਹਰ ਲਈ ਜਾਂਦੇ ਸਨ ਜੋ ਆਪਣੀ ਮਾਂ ਦਾ ਇਕਲੌਤਾ ਪੁੱਤਰ ਸੀ ਅਤੇ ਉਹ ਵਿਧਵਾ ਸੀ, ਨਗਰ ਦੀ ਵੱਡੀ ਭੀੜ ਉਸ ਦੇ ਨਾਲ ਸੀ ।13ਪ੍ਰਭੂ ਨੇ ਵੇਖ ਕੇ ਉਸ ਉੱਤੇ ਤਰਸ ਖਾਧਾ ਅਤੇ ਉਸ ਨੂੰ ਆਖਿਆ, ਨਾ ਰੋ ।14ਅਤੇ ਨੇੜੇ ਆ ਕੇ ਅਰਥੀ ਨੂੰ ਛੂਹਿਆ ਅਤੇ ਚੁੱਕਣ ਵਾਲੇ ਰੁੱਕ ਗਏ । ਤਦ ਉਸ ਨੇ ਕਿਹਾ, ਹੇ ਜਵਾਨ ਮੈਂ ਤੈਨੂੰ ਕਹਿੰਦਾ ਹਾਂ, ਉੱਠ !15ਤਦ ਉਹ ਮੁਰਦਾ ਉੱਠ ਕੇ ਬੈਠ ਗਿਆ ਅਤੇ ਬੋਲਣ ਲੱਗ ਪਿਆ ਅਤੇ ਯਿਸੂ ਨੇ ਉਸ ਨੂੰ ਉਸ ਦੀ ਮਾਂ ਨੂੰ ਸੌਂਪ ਦਿੱਤਾ ।
16ਤਦ ਸਭ ਦੇ ਸਭ ਡਰ ਗਏ ਅਤੇ ਪਰਮੇਸ਼ੁਰ ਦੀ ਵਡਿਆਈ ਕਰ ਕੇ ਬੋਲੇ ਕਿ ਸਾਡੇ ਵਿੱਚ ਇੱਕ ਮਹਾਨ ਨਬੀ ਉੱਠਿਆ ਹੈ, ਅਤੇ ਪਰਮੇਸ਼ੁਰ ਨੇ ਆਪਣੀ ਪਰਜਾ ਉੱਤੇ ਨਿਗਾਹ ਕੀਤੀ ਹੈ ।17ਅਤੇ ਉਸ ਦੇ ਬਾਰੇ ਇਹ ਗੱਲ ਸਾਰੇ ਯਹੂਦਿਯਾ ਅਤੇ ਉਸ ਪੂਰੇ ਇਲਾਕੇ ਵਿੱਚ ਫੈਲ ਗਈ ।
ਯਿਸੂ ਬਪਤਿਸਮਾ ਦੇਣ ਵਾਲੇ ਦਾ ਪ੍ਰਸ਼ਨ
(ਮੱਤੀ 11:2-19)

18ਯੂਹੰਨਾ ਦੇ ਚੇਲਿਆਂ ਨੇ ਉਸ ਨੂੰ ਇਨ੍ਹਾਂ ਸਾਰਿਆਂ ਕੰਮਾਂ ਦੀ ਖ਼ਬਰ ਦਿੱਤੀ ।19ਤਦ ਯੂਹੰਨਾ ਨੇ ਆਪਣੇ ਚੇਲਿਆਂ ਵਿੱਚੋਂ ਦੋ ਚੇਲਿਆਂ ਨੂੰ ਬੁਲਾਇਆ ਅਤੇ ਪ੍ਰਭੂ ਕੋਲ ਇਹ ਪੁੱਛਣ ਲਈ ਭੇਜਿਆ ਕਿ ਆਉਣ ਵਾਲਾ ਮਸੀਹ ਤੂੰ ਹੀ ਹੈਂ ਜਾਂ ਅਸੀਂ ਕਿਸੇ ਹੋਰ ਨੂੰ ਉਡੀਕੀਏ ।20ਉਹ ਦੋਨੋਂ ਚੇਲੇ ਯਿਸੂ ਕੋਲ ਆਏ ਅਤੇ ਉਸ ਤੋਂ ਪੁੱਛਿਆ ਕਿ ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਸਾਨੂੰ ਇਹ ਪੁੱਛਣ ਲਈ ਭੇਜਿਆ ਹੈ ਕਿ ਆਉਣ ਵਾਲਾ ਮਸੀਹ ਤੂੰ ਹੀ ਹੈਂ ਜਾਂ ਅਸੀਂ ਕਿਸੇ ਹੋਰ ਨੂੰ ਉਡੀਕੀਏ ?
21ਉਸ ਨੇ ਉਸ ਸਮੇਂ ਬਹੁਤਿਆਂ ਨੂੰ ਰੋਗਾਂ ਅਤੇ ਕਮਜ਼ੋਰੀਆਂ ਅਤੇ ਦੁਸ਼ਟ ਆਤਮਾਵਾਂ ਤੋਂ ਚੰਗਾ ਕੀਤਾ ਅਤੇ ਬਹੁਤ ਸਾਰੇ ਅੰਨ੍ਹਿਆਂ ਨੂੰ ਸੁਜਾਖਾ ਕੀਤਾ ।22ਤਦ ਯਿਸੂ ਨੇ ਉੱਤਰ ਦਿੱਤਾ ਕਿ ਜੋ ਕੁੱਝ ਤੁਸੀਂ ਵੇਖਿਆ ਅਤੇ ਸੁਣਿਆ ਹੈ ਯੂਹੰਨਾ ਨੂੰ ਜਾ ਕੇ ਦੱਸੋ ਕਿ ਅੰਨ੍ਹੇ ਵੇਖਦੇ, ਲੰਗੜੇ ਤੁਰਦੇ, ਕੋੜ੍ਹੀ ਸ਼ੁੱਧ ਹੁੰਦੇ, ਬੋਲੇ ਸੁਣਦੇ ਅਤੇ ਮੁਰਦੇ ਜਿਵਾਲੇ ਜਾਂਦੇ ਹਨ ਅਤੇ ਗਰੀਬਾਂ ਨੂੰ ਖੁਸ਼ਖਬਰੀ ਸੁਣਾਈ ਜਾਂਦੀ ਹੈ ।23ਅਤੇ ਧੰਨ ਹੈ ਉਹ ਜੋ ਮੇਰੇ ਕਾਰਨ ਠੋਕਰ ਨਾ ਖਾਵੇ ।
24ਜਦ ਯੂਹੰਨਾ ਦੇ ਸੰਦੇਸ਼ਵਾਹਕ ਵਾਪਸ ਚੱਲੇ ਗਏ ਤਾਂ ਉਹ ਯੂਹੰਨਾ ਦੇ ਬਾਰੇ ਲੋਕਾਂ ਨੂੰ ਕਹਿਣ ਲੱਗਾ ਕਿ ਤੁਸੀਂ ਉਜਾੜ ਵਿੱਚ ਕੀ ਵੇਖਣ ਗਏ ਸੀ ? ਭਲਾ, ਇੱਕ ਕਾਨੇ ਨੂੰ ਜਿਹੜਾ ਹਵਾ ਨਾਲ ਹਿੱਲਦਾ ਹੈ ?25ਫੇਰ ਤੁਸੀਂ ਕੀ ਵੇਖਣ ਗਏ ਸੀ ? ਕੀ ਇੱਕ ਮਨੁੱਖ ਨੂੰ ਜੋ ਮਹੀਨ ਬਸਤਰ ਪਹਿਨੇ ਹੋਏ ਸੀ ? ਵੇਖੋ, ਉਹ ਜੋ ਸੋਹਣੀ ਪੁਸ਼ਾਕ ਪਹਿਨਦੇ ਅਤੇ ਐਸ਼ ਕਰਦੇ ਹਨ ਸੋ ਰਾਜਿਆਂ ਦੇ ਮਹਿਲਾਂ ਵਿੱਚ ਰਹਿੰਦੇ ਹਨ ।26ਫੇਰ ਤੁਸੀਂ ਕੀ ਵੇਖਣ ਗਏ ਸੀ ? ਕੀ ਨਬੀ ਨੂੰ ? ਹਾਂ, ਮੈਂ ਤੁਹਾਨੂੰ ਆਖਦਾ ਹਾਂ ਸਗੋਂ ਨਬੀ ਨਾਲੋਂ ਵੀ ਵੱਡਾ ।
27ਇਹ ਉਹ ਹੈ ਜਿਸ ਦੇ ਬਾਰੇ ਵਿੱਚ ਲਿਖਿਆ ਹੈ, ਵੇਖ, ਮੈਂ ਆਪਣਾ ਸੰਦੇਸ਼ਵਾਹਕ ਤੇਰੇ ਅੱਗੇ ਭੇਜਦਾ ਹਾਂ, ਜਿਹੜਾ ਤੇਰੇ ਅੱਗੇ ਤੇਰਾ ਰਾਹ ਤਿਆਰ ਕਰੇਗਾ ।28ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਜਿਹੜੇ ਔਰਤਾਂ ਤੋਂ ਪੈਦਾ ਹੋਏ ਹਨ ਉਨ੍ਹਾਂ ਵਿੱਚੋਂ ਯੂਹੰਨਾ ਨਾਲੋਂ ਵੱਡਾ ਕੋਈ ਨਹੀਂ, ਪਰ ਜੋ ਪਰਮੇਸ਼ੁਰ ਦੇ ਰਾਜ ਵਿੱਚ ਛੋਟਾ ਹੈ ਉਹ ਉਸ ਤੋਂ ਵੱਡਾ ਹੈ ।
29ਜਦ ਮਸੂਲੀਆਂ ਅਤੇ ਸਭ ਲੋਕਾਂ ਨੇ ਇਹ ਸੁਣਿਆ ਤਾਂ ਯੂਹੰਨਾ ਦਾ ਬਪਤਿਸਮਾ ਲੈ ਕੇ ਪਰਮੇਸ਼ੁਰ ਨੂੰ ਸੱਚਾ ਮੰਨਿਆ ।30ਪਰ ਫ਼ਰੀਸੀਆਂ ਅਤੇ ਉਪਦੇਸ਼ਕਾਂ ਨੇ ਉਸ ਕੋਲੋਂ ਬਪਤਿਸਮਾ ਨਾ ਲੈ ਕੇ ਆਪਣੇ ਲਈ ਪਰਮੇਸ਼ੁਰ ਦੀ ਇੱਛਾ ਨੂੰ ਟਾਲ ਦਿੱਤਾ ।
31ਮੈਂ ਇਸ ਪੀੜ੍ਹੀ ਦੇ ਲੋਕਾਂ ਦੀ ਤੁਲਨਾ ਕਿਸ ਨਾਲ ਕਰਾਂ ਅਤੇ ਉਹ ਕਿਸ ਦੇ ਸਮਾਨ ਹਨ ?32ਉਹ ਉਨ੍ਹਾਂ ਬੱਚਿਆਂ ਵਰਗੇ ਹਨ ਜਿਹੜੇ ਬਜ਼ਾਰ ਵਿੱਚ ਬੈਠੇ ਹਨ ਅਤੇ ਇੱਕ ਦੂਜੇ ਨੂੰ ਅਵਾਜ਼ ਮਾਰਦੇ ਤੇ ਆਖਦੇ ਹਨ ਕਿ ਅਸੀਂ ਤੁਹਾਡੇ ਲਈ ਬੰਸਰੀ ਵਜਾਈ ਪਰ ਤੁਸੀਂ ਨਾ ਨੱਚੇ । ਅਸੀਂ ਵਿਰਲਾਪ ਕੀਤਾ ਪਰ ਤੁਸੀਂ ਨਾ ਰੋਏ ।
33ਯੂਹੰਨਾ ਬਪਤਿਸਮਾ ਦੇਣ ਵਾਲਾ ਤੁਹਾਡੇ ਕੋਲ ਆਇਆ, ਉਹ ਨਾ ਤਾਂ ਰੋਟੀ ਖਾਂਦਾ ਅਤੇ ਨਾ ਮੈਅ ਪੀਂਦਾ ਸੀ ਅਤੇ ਤੁਸੀਂ ਆਖਦੇ ਹੋ ਕਿ ਉਹ ਦੇ ਵਿੱਚ ਇੱਕ ਭੂਤ ਹੈ ।34ਮਨੁੱਖ ਦਾ ਪੁੱਤਰ ਖਾਂਦਾ ਪੀਂਦਾ ਆਇਆ ਹੈ ਅਤੇ ਤੁਸੀਂ ਉਸ ਬਾਰੇ ਕਹਿੰਦੇ ਹੋ, ਵੇਖੋ ਇੱਕ ਪੇਟੂ ਅਤੇ ਸ਼ਰਾਬੀ ਮਨੁੱਖ, ਚੁੰਗੀ ਲੈਣ ਵਾਲਿਆਂ ਅਤੇ ਪਾਪੀਆਂ ਦਾ ਮਿੱਤਰ !35ਸੋ ਗਿਆਨ ਆਪਣੇ ਸਾਰੇ ਬੱਚਿਆਂ ਦੁਆਰਾ ਸੱਚਾ ਠਹਿਰਿਆ ! ।
ਫ਼ਰੀਸੀ ਦੇ ਘਰ ਵਿੱਚ ਪਾਪੀ ਔਰਤ ਨੂੰ ਮਾਫ਼ੀ

36ਫੇਰ ਇੱਕ ਫ਼ਰੀਸੀ ਨੇ ਉਸ ਨੂੰ ਬੇਨਤੀ ਕੀਤੀ ਜੋ ਮੇਰੇ ਨਾਲ ਭੋਜਨ ਕਰ । ਤਦ ਉਹ ਫ਼ਰੀਸੀ ਦੇ ਘਰ ਜਾ ਕੇ ਖਾਣ ਬੈਠ ਗਿਆ ।37ਉਸ ਸ਼ਹਿਰ ਵਿੱਚ ਇੱਕ ਪਾਪੀ ਔਰਤ ਰਹਿੰਦੀ ਸੀ । ਜਦੋਂ ਉਸ ਨੂੰ ਪਤਾ ਲੱਗਾ ਕਿ ਯਿਸੂ ਫ਼ਰੀਸੀ ਦੇ ਘਰ ਭੋਜਨ ਕਰ ਰਿਹਾ ਹੈ ਤਾਂ ਉਹ ਸੰਗਮਰਮਰ ਦੀ ਅਤਰਦਾਨੀ ਵਿੱਚ ਅਤਰ ਲੈ ਕੇ ਆਈ ।38ਅਤੇ ਉਹ ਉਸ ਦੇ ਚਰਨਾਂ ਦੇ ਕੋਲ ਖਲੋ ਕੇ ਰੋਂਦੀ-ਰੋਂਦੀ ਹੰਝੂਆਂ ਨਾਲ ਉਸ ਦੇ ਪੈਰ ਧੋਣ ਲੱਗੀ ਅਤੇ ਆਪਣੇ ਸਿਰ ਦੇ ਵਾਲਾਂ ਨਾਲ ਪੂੰਝ ਕੇ ਉਸ ਦੇ ਪੈਰਾਂ ਨੂੰ ਚੁੰਮਿਆ ਅਤੇ ਅਤਰ ਮਲਿਆ ।
39ਅਤੇ ਇਹ ਵੇਖ ਕੇ ਉਹ ਫ਼ਰੀਸੀ ਜਿਸ ਨੇ ਉਸ ਨੂੰ ਭੋਜਨ ਤੇ ਬੁਲਾਇਆ ਸੀ ਆਪਣੇ ਮਨ ਵਿੱਚ ਕਹਿਣ ਲੱਗਾ ਕਿ ਇਹ ਮਨੁੱਖ ਜੇਕਰ ਨਬੀ ਹੁੰਦਾ ਤਾਂ ਜਾਣ ਲੈਂਦਾ ਕਿ ਇਹ ਔਰਤ ਜੋ ਉਸ ਨੂੰ ਛੂੰਹਦੀ ਹੈ ਕੌਣ ਅਤੇ ਕਿਹੋ ਜਿਹੀ ਹੈ ਕਿਉਂ ਜੋ ਉਹ ਪਾਪਣ ਹੈ ।40ਯਿਸੂ ਨੇ ਉਸ ਦੇ ਵਿਚਾਰਾਂ ਨੂੰ ਜਾਣ ਕੇ ਕਿਹਾ, ਸ਼ਮਊਨ, ਮੈਂ ਤੈਨੂੰ ਕੁੱਝ ਆਖਣਾ ਹੈ । ਤਾਂ ਉਹ ਬੋਲਿਆ, ਗੁਰੂ ਜੀ ਦੱਸੋ ।
41ਯਿਸੂ ਨੇ ਕਿਹਾ, “ਕਿਸੇ ਸ਼ਾਹੂਕਾਰ ਦੇ ਦੋ ਕਰਜ਼ਾਈ ਸਨ, ਇੱਕ ਢਾਈ ਸੌ ਰੁਪਏ ਦਾ ਅਤੇ ਦੂਜਾ ਪੰਜਾਹਾਂ ਦਾ ।”42ਜਦ ਉਨ੍ਹਾਂ ਦੇ ਕੋਲ ਵਾਪਸ ਕਰਨ ਲਈ ਕੁੱਝ ਨਾ ਸੀ ਤਾਂ ਉਸ ਨੇ ਦੋਵਾਂ ਦਾ ਕਰਜ਼ ਮਾਫ਼ ਕਰ ਦਿੱਤਾ ਸੀ । ਮੈਨੂੰ ਦੱਸ ਉਨ੍ਹਾਂ ਵਿੱਚੋਂ ਉਸ ਨਾਲ ਜ਼ਿਆਦਾ ਪਿਆਰ ਕੌਣ ਕਰੇਗਾ ?43ਸ਼ਮਊਨ ਨੇ ਉੱਤਰ ਦਿੱਤਾ, ਮੇਰੀ ਸਮਝ ਵਿੱਚ ਉਹ ਜਿਸ ਨੂੰ ਉਸ ਨੇ ਜ਼ਿਆਦਾ ਮਾਫ਼ ਕੀਤਾ । ਤਾਂ ਉਸ ਨੇ ਉਸ ਨੂੰ ਆਖਿਆ, ਤੂੰ ਠੀਕ ਫ਼ੈਸਲਾ ਕੀਤਾ ।
44ਫਿਰ ਉਸ ਨੇ ਔਰਤ ਵੱਲ ਮੂੰਹ ਫੇਰ ਕੇ ਸ਼ਮਊਨ ਨੂੰ ਕਿਹਾ, ਤੂੰ ਇਸ ਔਰਤ ਨੂੰ ਵੇਖਦਾ ਹੈਂ ? ਮੈਂ ਤੇਰੇ ਘਰ ਆਇਆ ਪਰ ਤੂੰ ਮੇਰੇ ਪੈਰ ਧੋਣ ਲਈ ਪਾਣੀ ਨਾ ਦਿੱਤਾ ਪਰ ਇਸ ਨੇ ਮੇਰੇ ਪੈਰ ਹੰਝੂਆਂ ਨਾਲ ਧੋਤੇ ਅਤੇ ਆਪਣੇ ਵਾਲਾਂ ਨਾਲ ਪੂੰਝੇ ਹਨ ।45ਤੂੰ ਮੈਨੂੰ ਨਹੀਂ ਚੁੰਮਿਆ ਪਰ ਜਦੋਂ ਦਾ ਮੈਂ ਇੱਥੇ ਆਇਆ ਹਾਂ ਇਹ ਮੇਰੇ ਪੈਰ ਚੁੰਮਣ ਤੋਂ ਨਹੀਂ ਰੁਕੀ ।
46ਤੂੰ ਮੇਰੇ ਸਿਰ ਤੇ ਤੇਲ ਨਹੀਂ ਲਾਇਆ ਪਰ ਇਸ ਨੇ ਮੇਰੇ ਪੈਰਾਂ ਨੂੰ ਅਤਰ ਮਲਿਆ ਹੈ ।47ਇਸ ਕਾਰਨ ਮੈਂ ਤੈਨੂੰ ਆਖਦਾ ਹਾਂ ਕਿ ਇਸ ਦੇ ਪਾਪ ਜੋ ਬਹੁਤੇ ਸਨ ਸੋ ਮਾਫ਼ ਕੀਤੇ ਗਏ ਕਿਉਂਕਿ ਇਸ ਨੇ ਬਹੁਤ ਪਿਆਰ ਕੀਤਾ, ਪਰ ਜਿਸ ਨੂੰ ਥੋੜ੍ਹਾ ਮਾਫ਼ ਕੀਤਾ ਗਿਆ ਸੋ ਥੋੜ੍ਹਾ ਪਿਆਰ ਕਰਦਾ ਹੈ ।
48ਫਿਰ ਯਿਸੂ ਨੇ ਉਸ ਔਰਤ ਨੂੰ ਆਖਿਆ, ਤੇਰੇ ਪਾਪ ਮਾਫ਼ ਕੀਤੇ ਗਏ ।49ਅਤੇ ਜਿਹੜੇ ਉਸ ਦੇ ਨਾਲ ਭੋਜਨ ਕਰ ਰਹੇ ਸਨ ਆਪਣੇ ਮਨਾਂ ਵਿੱਚ ਕਹਿਣ ਲੱਗੇ ਜੋ ਇਹ ਕੌਣ ਹੈ, ਜੋ ਪਾਪ ਵੀ ਮਾਫ਼ ਕਰਦਾ ਹੈ ?50ਅਤੇ ਉਸ ਨੇ ਉਸ ਔਰਤ ਨੂੰ ਆਖਿਆ, ਤੇਰੇ ਵਿਸ਼ਵਾਸ ਨੇ ਤੈਨੂੰ ਬਚਾਇਆ ਹੈ, ਸ਼ਾਂਤੀ ਨਾਲ ਚਲੀ ਜਾ ।

8
ਯਿਸੂ ਦੀਆਂ ਸਿੱਖਿਆਂਵਾਂ

1ਕੁੱਝ ਸਮੇਂ ਬਾਅਦ ਇਸ ਤਰ੍ਹਾਂ ਹੋਇਆ ਕਿ ਯਿਸੂ ਆਪਣੇ ਬਾਰਾਂ ਚੇਲਿਆਂ ਨਾਲ ਨਗਰਾਂ ਅਤੇ ਪਿੰਡਾਂ ਵਿੱਚ ਫਿਰਦਾ ਹੋਇਆ ਪਰਚਾਰ ਕਰਦਾ ਅਤੇ ਪਰਮੇਸ਼ੁਰ ਦੇ ਰਾਜ ਦੀ ਖੁਸ਼ਖਬਰੀ ਸੁਣਾਉਂਦਾ ਸੀ ।2ਅਤੇ ਕਈ ਔਰਤਾਂ ਵੀ ਜਿਹੜੀਆਂ ਦੁਸ਼ਟ ਆਤਮਾਵਾਂ ਤੋਂ ਚੰਗੀਆਂ ਕੀਤੀਆਂ ਗਈਆਂ ਸਨ ਅਰਥਾਤ ਮਰਿਯਮ ਜਿਸ ਨੂੰ ਮਗਦਲੀਨੀ ਆਖਦੇ ਸਨ । ਜਿਸ ਦੇ ਵਿੱਚੋਂ ਸੱਤ ਭੂਤਾਂ ਨਿੱਕਲੀਆਂ ਸਨ ।3ਅਤੇ ਯੋਆਨਾ ਜੋ ਹੇਰੋਦੇਸ ਦੇ ਦਰਬਾਰੀ ਖੂਜ਼ਾਹ ਦੀ ਪਤਨੀ ਅਤੇ ਸੁਸੰਨਾ ਅਤੇ ਹੋਰ ਬਹੁਤ ਸਾਰੀਆਂ ਔਰਤਾਂ ਸਨ ਜੋ ਆਪਣੀ ਸੰਪਤੀ ਨਾਲ ਉਨ੍ਹਾਂ ਦੀ ਟਹਿਲ ਸੇਵਾ ਕਰਦੀਆਂ ਸਨ ।

ਬੀਜ ਬੀਜਣ ਵਾਲੇ ਦਾ ਦ੍ਰਿਸ਼ਟਾਂਤ
(ਮੱਤੀ 13:1-9, ਮਰਕੁਸ 4:1-9)

4ਜਦ ਵੱਡੀ ਭੀੜ ਇਕੱਠੀ ਸੀ ਅਤੇ ਨਗਰਾਂ ਦੇ ਲੋਕ ਉਸ ਦੇ ਕੋਲ ਆਉਂਦੇ ਸਨ, ਤਾਂ ਉਸ ਨੇ ਦ੍ਰਿਸ਼ਟਾਂਤ ਨਾਲ ਆਖਿਆ5ਕਿ ਇੱਕ ਬੀਜਣ ਵਾਲਾ ਬੀਜ ਬੀਜਣ ਨੂੰ ਨਿੱਕਲਿਆ ਅਤੇ ਬੀਜਦੇ ਹੋਏ ਕੁੱਝ ਬੀਜ ਸੜਕ ਦੇ ਕੰਡੇ ਜਾ ਡਿੱਗੇ ਅਤੇ ਮਿੱਧੇ ਗਏ ਅਤੇ ਅਕਾਸ਼ ਦੇ ਪੰਛੀਆਂ ਨੇ ਉਸ ਨੂੰ ਚੁਗ ਲਿਆ ।6ਅਤੇ ਕੁੱਝ ਪਥਰੀਲੀ ਜ਼ਮੀਨ ਵਿੱਚ ਡਿੱਗਿਆ ਜੋ ਉੱਗਦਿਆਂ ਹੀ ਸੁੱਕ ਗਏ ਕਿਉਂ ਜੋ ਉਹਨਾਂ ਨੂੰ ਪਾਣੀ ਨਾ ਮਿਲਿਆ ।
7ਅਤੇ ਕੁੱਝ ਕੰਡਿਆਲੀਆਂ ਝਾੜੀਆਂ ਵਿੱਚ ਡਿੱਗੇ ਅਤੇ ਕੰਡਿਆਲੀਆਂ ਝਾੜੀਆਂ ਨੇ ਨਾਲ ਹੀ ਵੱਧ ਕੇ ਉਹਨਾਂ ਨੂੰ ਦਬਾ ਲਿਆ ।8ਅਤੇ ਕੁੱਝ ਚੰਗੀ ਜ਼ਮੀਨ ਵਿੱਚ ਡਿੱਗਿਆ ਅਤੇ ਉੱਗ ਕੇ ਸੌ ਗੁਣਾ ਫਲ ਦਿੱਤਾ । ਉਹ ਇਹ ਗੱਲਾਂ ਕਹਿ ਕਿ ਉੱਚੀ ਆਵਾਜ਼ ਵਿੱਚ ਬੋਲਿਆ ਕਿ ਜਿਸ ਦੇ ਸੁਣਨ ਦੇ ਕੰਨ ਹੋਣ ਉਹ ਸੁਣੇ !
ਦ੍ਰਿਸ਼ਟਾਂਤਾਂ ਦਾ ਮਕਸਦ
(ਮੱਤੀ 13:10-17, ਮਰਕੁਸ 4:10-12)

9ਉਸ ਦੇ ਚੇਲਿਆਂ ਨੇ ਉਸ ਤੋਂ ਪੁੱਛਿਆ, ਇਸ ਦ੍ਰਿਸ਼ਟਾਂਤ ਦਾ ਅਰਥ ਕੀ ਹੈ ?10ਅਤੇ ਉਸ ਨੇ ਕਿਹਾ, ਪਰਮੇਸ਼ੁਰ ਦੇ ਰਾਜ ਦੇ ਭੇਤਾਂ ਦੀ ਸਮਝ ਤੁਹਾਨੂੰ ਦਿੱਤੀ ਗਈ ਹੈ, ਪਰ ਹੋਰਨਾਂ ਨੂੰ ਦ੍ਰਿਸ਼ਟਾਂਤਾਂ ਵਿੱਚ ਦੱਸਿਆ ਜਾਂਦਾ ਹੈ ਤਾਂ ਕਿ ਉਹ ਵੇਖਦੇ ਹੋਏ ਨਾ ਵੇਖਣ ਅਤੇ ਸੁਣਦੇ ਹੋਏ ਨਾ ਸਮਝਣ ।
ਬੀਜ ਬੀਜਣ ਵਾਲੇ ਦੇ ਦ੍ਰਿਸ਼ਟਾਂਤ ਦਾ ਅਰਥ
(ਮੱਤੀ 13:18-23, ਮਰਕੁਸ 4:13-20)

11ਇਸ ਦ੍ਰਿਸ਼ਟਾਂਤ ਦਾ ਅਰਥ ਇਹ ਹੈ ਕਿ ਬੀਜ ਪਰਮੇਸ਼ੁਰ ਦਾ ਬਚਨ ਹੈ ।12ਅਤੇ ਸੜਕ ਦੇ ਕੰਢੇ ਵਾਲੇ ਉਹ ਹਨ ਜਿਨ੍ਹਾਂ ਬਚਨ ਨੂੰ ਸੁਣਿਆ, ਤਦ ਸ਼ੈਤਾਨ ਆ ਕੇ ਉਸ ਬਚਨ ਨੂੰ ਉਨ੍ਹਾਂ ਦੇ ਦਿਲਾਂ ਵਿੱਚੋਂ ਕੱਢ ਕੇ ਲੈ ਜਾਂਦਾ ਹੈ ਕਿ ਅਜਿਹਾ ਨਾ ਹੋਵੇ ਜੋ ਉਹ ਵਿਸ਼ਵਾਸ ਕਰ ਕੇ ਮੁਕਤੀ ਪਾਉਣ ।13ਅਤੇ ਜੋ ਪਥਰੀਲੀ ਜ਼ਮੀਨ ਉੱਤੇ ਡਿੱਗੇ ਸੋ ਉਹ ਹਨ, ਜਿਹੜੇ ਬਚਨ ਸੁਣ ਕੇ ਖੁਸ਼ੀ ਨਾਲ ਮੰਨ ਲੈਂਦੇ ਹਨ ਅਤੇ ਜੜ੍ਹ ਨਾ ਫੜ੍ਹਨ ਕਰਕੇ ਥੋੜ੍ਹਾ ਸਮਾਂ ਹੀ ਵਿਸ਼ਵਾਸ ਕਰਦੇ ਹਨ ਅਤੇ ਪਰਤਾਵਾ ਪੈਣ ਤੇ ਵਿਸ਼ਵਾਸ ਤੋਂ ਪਿੱਛੇ ਹੱਟ ਜਾਂਦੇ ਹਨ ।
14ਜੋ ਕੰਡਿਆਲੀਆਂ ਝਾੜੀਆਂ ਵਿੱਚ ਡਿੱਗੇ ਸਨ, ਸੋ ਉਹ ਹਨ ਜਿਨ੍ਹਾਂ ਬਚਨ ਸੁਣਿਆ ਅਤੇ ਆਪਣੇ ਜੀਵਨ ਦੀਆਂ ਚਿੰਤਾਵਾਂ, ਧਨ ਦਾ ਲੋਭ ਅਤੇ ਭੋਗ ਬਿਲਾਸ ਵਿੱਚ ਪੈ ਕੇ ਸੁਣੇ ਹੋਏ ਬਚਨ ਅਨੁਸਾਰ ਫਲਦਾਇਕ ਨਹੀਂ ਹੁੰਦੇ ਹਨ ।15ਪਰ ਜੋ ਚੰਗੀ ਜ਼ਮੀਨ ਵਿੱਚ ਡਿੱਗਿਆ ਸੋ ਉਹ ਹਨ ਜਿਹੜੇ ਬਚਨ ਨੂੰ ਸੁਣ ਕੇ ਚੰਗੇ ਅਤੇ ਖਰੇ ਦਿਲ ਵਿੱਚ ਸਾਂਭ ਰੱਖਦੇ ਹਨ ਅਤੇ ਧੀਰਜ ਨਾਲ ਫਲ ਦਿੰਦੇ ਹਨ ॥
ਦੀਵੇ ਦਾ ਦ੍ਰਿਸ਼ਟਾਂਤ
(ਮਰਕੁਸ 4:21-25)

16ਕੋਈ ਮਨੁੱਖ ਦੀਵਾ ਬਾਲ ਕੇ ਉਸ ਨੂੰ ਕਟੋਰੇ ਜਾਂ ਮੰਜੇ ਦੇ ਹੇਠ ਨਹੀਂ ਰੱਖਦਾ ਹੈ ਪਰ ਦੀਵਟ ਉੱਤੇ ਰੱਖਦਾ ਹੈ ਤਾਂ ਜੋ ਅੰਦਰ ਆਉਣ ਵਾਲੇ ਚਾਨਣ ਵੇਖਣ ।17ਕੁੱਝ ਛੁੱਪਿਆ ਨਹੀਂ ਜੋ ਪਰਗਟ ? ਨਾ ਹੋਵੇਗਾ ਅਤੇ ਕੁੱਝ ਗੁਪਤ ਨਹੀਂ ਜੋ ਜਾਣਿਆ ਨਾ ਜਾਵੇ ਅਤੇ ਉਜਾਗਰ ਨਾ ਹੋਵੇ ।18ਇਸ ਕਰਕੇ ਸੁਚੇਤ ਰਹੋ ਜੋ ਕਿਸ ਤਰ੍ਹਾਂ ਸੁਣਦੇ ਹੋ ਕਿਉਂਕਿ ਜਿਸ ਦੇ ਕੋਲ ਕੁੱਝ ਹੋਵੇ ਉਸ ਨੂੰ ਦਿੱਤਾ ਜਾਵੇਗਾ ਅਤੇ ਜਿਸ ਦੇ ਕੋਲ ਨਾ ਹੋਵੇ ਉਸ ਤੋਂ ਉਹ ਵੀ ਲੈ ਲਿਆ ਜਾਵੇਗਾ ਜਿਸ ਨੂੰ ਉਹ ਆਪਣਾ ਸਮਝਦਾ ਹੈ ।
ਯਿਸੂ ਦੀ ਮਾਂ ਅਤੇ ਭਰਾ
(ਮੱਤੀ 12:46-50, ਮਰਕੁਸ 3:31-35)

19ਯਿਸੂ ਦੀ ਮਾਤਾ ਅਤੇ ਭਰਾ ਉਸ ਕੋਲ ਆਏ ਪਰ ਭੀੜ ਦੇ ਕਾਰਨ ਉਸ ਦੇ ਨੇੜੇ ਨਾ ਪਹੁੰਚ ਸਕੇ ।20ਉਸ ਨੂੰ ਖ਼ਬਰ ਦਿੱਤੀ ਗਈ ਕਿ ਤੇਰੀ ਮਾਤਾ ਅਤੇ ਤੇਰੇ ਭਰਾ ਬਾਹਰ ਖੜ੍ਹੇ ਤੈਨੂੰ ਮਿਲਣਾ ਚਾਹੁੰਦੇ ਹਨ ।21ਪਰ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਕਿ ਮੇਰੀ ਮਾਤਾ ਅਤੇ ਭਰਾ ਇਹ ਹਨ ਜੋ ਪਰਮੇਸ਼ੁਰ ਦਾ ਬਚਨ ਸੁਣਦੇ ਅਤੇ ਮੰਨਦੇ ਹਨ ।
ਤੂਫਾਨ ਨੂੰ ਸ਼ਾਂਤ ਕਰਨਾ
(ਮੱਤੀ 8:23-27, ਮਰਕੁਸ 4:35-41)

22ਫਿਰ ਇੱਕ ਦਿਨ ਯਿਸੂ ਅਤੇ ਉਸ ਦੇ ਚੇਲੇ ਬੇੜੀ ਉੱਤੇ ਚੜ੍ਹੇ ਅਤੇ ਉਸ ਨੇ ਉਨ੍ਹਾਂ ਨੂੰ ਆਖਿਆ, ਆਓ, ਅਸੀਂ ਝੀਲ ਦੇ ਉਸ ਪਾਰ ਚੱਲੀਏ, ਤਾਂ ਉਨ੍ਹਾਂ ਨੇ ਬੇੜੀ ਖੋਲ੍ਹ ਦਿੱਤੀ ।23ਪਰ ਜਦ ਉਹ ਬੇੜੀ ਵਿੱਚ ਜਾ ਰਹੇ ਸਨ ਤਾਂ ਯਿਸੂ ਸੌਂ ਗਿਆ ਅਤੇ ਝੀਲ ਵਿੱਚ ਤੂਫ਼ਾਨ ਆਇਆ ਅਤੇ ਬੇੜੀ ਪਾਣੀ ਨਾਲ ਭਰਦੀ ਜਾਂਦੀ ਸੀ । ਇਸ ਲਈ ਉਹ ਖ਼ਤਰੇ ਵਿੱਚ ਸਨ ।
24ਤਦ ਚੇਲਿਆਂ ਨੇ ਆ ਕੇ ਯਿਸੂ ਨੂੰ ਜਗਾਇਆ ਅਤੇ ਕਿਹਾ, ਸੁਆਮੀ ਜੀ, ਸੁਆਮੀ ਜੀ ! ਅਸੀਂ ਤਾਂ ਮਰ ਚੱਲੇ ਹਾਂ ! ਤਦ ਉਸ ਨੇ ਉੱਠ ਕੇ ਤੂਫ਼ਾਨ ਅਤੇ ਪਾਣੀ ਦੀਆਂ ਲਹਿਰਾਂ ਨੂੰ ਝਿੜਕਿਆ ਅਤੇ ਉਹ ਸ਼ਾਂਤ ਹੋ ਗਈਆਂ ।25ਫੇਰ ਉਸ ਨੇ ਉਨ੍ਹਾਂ ਨੂੰ ਪੁੱਛਿਆ, ਤੁਹਾਡਾ ਵਿਸ਼ਵਾਸ ਕਿੱਥੇ ਹੈ ? ਅਤੇ ਉਹ ਡਰ ਗਏ ਅਤੇ ਹੈਰਾਨ ਹੋ ਕੇ ਆਪਸ ਵਿੱਚ ਕਹਿਣ ਲੱਗੇ, ਇਹ ਕੌਣ ਹੈ ਕਿ ਤੂਫ਼ਾਨ ਅਤੇ ਪਾਣੀ ਨੂੰ ਵੀ ਹੁਕਮ ਦਿੰਦਾ ਹੈ ਅਤੇ ਉਹ ਉਸ ਦੀ ਗੱਲ ਮੰਨਦੇ ਹਨ ? ।
ਦੁਸ਼ਟ-ਆਤਮਾ ਦੇ ਜਕੜੇ ਹੋਏ ਨੂੰ ਚੰਗਾ ਕਰਨਾ
(ਮੱਤੀ 8:28-34, ਮਰਕੁਸ 5:1-20)

26ਉਹ ਗਿਰਸੇਨੀਆਂ ਦੇ ਦੇਸ ਵਿੱਚ ਪਹੁੰਚੇ ਜੋ ਗਲੀਲ ਦੇ ਸਾਹਮਣੇ ਉਸ ਪਾਰ ਹੈ ।27ਅਤੇ ਜਦ ਉਹ ਕੰਢੇ ਤੇ ਉੱਤਰਿਆ ਤਾਂ ਉਸ ਨਗਰ ਵਿੱਚੋਂ ਇੱਕ ਆਦਮੀ ਉਸ ਨੂੰ ਮਿਲਿਆ ਜਿਸ ਵਿੱਚ ਦੁਸ਼ਟ ਆਤਮਾਵਾਂ ਸਨ ਅਤੇ ਉਹ ਬਹੁਤ ਸਮੇਂ ਤੋਂ ਕੱਪੜੇ ਨਹੀਂ ਪਹਿਨਦਾ ਸੀ ਅਤੇ ਘਰ ਨਹੀਂ ਸਗੋਂ ਕਬਰਾਂ ਵਿੱਚ ਰਹਿੰਦਾ ਸੀ ।
28ਅਤੇ ਉਹ ਯਿਸੂ ਨੂੰ ਵੇਖਦਿਆਂ ਹੀ ਚੀਕ ਉੱਠਿਆ ਅਤੇ ਉਸ ਦੇ ਅੱਗੇ ਡਿੱਗ ਪਿਆ ਅਤੇ ਉੱਚੀ ਅਵਾਜ਼ ਨਾਲ ਬੋਲਿਆ, ਹੇ ਮਹਾਂ ਪਰਮੇਸ਼ੁਰ ਦੇ ਪੁੱਤਰ ਯਿਸੂ, ਤੁਹਾਡਾ ਮੇਰੇ ਨਾਲ ਕੀ ਕੰਮ ? ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਜੋ ਮੈਨੂੰ ਦੁੱਖ ਨਾ ਦਿਓ !29ਕਿਉਂਕਿ ਉਹ ਅਸ਼ੁੱਧ ਆਤਮਾ ਨੂੰ ਉਸ ਆਦਮੀ ਵਿੱਚੋਂ ਨਿੱਕਲਣ ਦਾ ਹੁਕਮ ਦੇ ਰਿਹਾ ਸੀ, ਇਸ ਲਈ ਜੋ ਦੁਸ਼ਟ-ਆਤਮਾ ਬਾਰ-ਬਾਰ ਉਸ ਵਿੱਚ ਆਉਂਦਾ ਸੀ । ਬਹੁਤ ਬਾਰ ਲੋਕ ਉਸ ਨੂੰ ਸੰਗਲਾਂ ਅਤੇ ਬੇੜੀਆਂ ਨਾਲ ਜਕੜ ਕੇ ਪਹਿਰੇ ਵਿੱਚ ਰੱਖਦੇ ਸਨ ਪਰ ਉਹ ਬੰਧਨਾਂ ਨੂੰ ਤੋੜ ਦਿੰਦਾ ਸੀ । ਦੁਸ਼ਟ-ਆਤਮਾ ਉਸ ਨੂੰ ਉਜਾੜਾਂ ਵਿੱਚ ਭਜਾਈ ਫਿਰਦਾ ਸੀ ।
30ਫਿਰ ਯਿਸੂ ਨੇ ਉਸ ਨੂੰ ਪੁੱਛਿਆ, ਤੇਰਾ ਕੀ ਨਾਮ ਹੈ ? ਉਹ ਬੋਲਿਆ, ਲਸ਼ਕਰ, ਕਿਉਂ ਜੋ ਬਹੁਤ ਸਾਰੀਆਂ ਦੁਸ਼ਟ ਆਤਮਾਵਾਂ ਉਸ ਵਿੱਚ ਸਨ ।31ਅਤੇ ਉਨ੍ਹਾਂ ਯਿਸੂ ਦੀ ਮਿੰਨਤ ਕੀਤੀ ਕਿ ਸਾਨੂੰ ਅਥਾਹ ਕੁੰਡ ਵਿੱਚ ਜਾਣ ਦਾ ਹੁਕਮ ਨਾ ਕਰ !
32ਨੇੜੇ ਪਹਾੜ ਉੱਤੇ ਸੂਰਾਂ ਦਾ ਇੱਕ ਵੱਡਾ ਇੱਜੜ ਚੁਗਦਾ ਸੀ ਅਤੇ ਉਨ੍ਹਾਂ ਉਸ ਦੀ ਮਿੰਨਤ ਕੀਤੀ ਕਿ ਸਾਨੂੰ ਆਗਿਆ ਦਿਓ ਜੋ ਅਸੀਂ ਉਨ੍ਹਾਂ ਸੂਰਾਂ ਵਿੱਚ ਜਾ ਵੜੀਏ ਤਾਂ ਉਸ ਨੇ ਉਨ੍ਹਾਂ ਨੂੰ ਆਗਿਆ ਦਿੱਤੀ ।33ਅਤੇ ਦੁਸ਼ਟ ਆਤਮਾਵਾਂ ਉਸ ਮਨੁੱਖ ਵਿੱਚੋਂ ਨਿੱਕਲ ਕੇ ਸੂਰਾਂ ਵਿੱਚ ਜਾ ਵੜੀਆਂ ਅਤੇ ਸਾਰਾ ਇੱਜੜ ਪਹਾੜ ਦੀ ਢਲਾਣ ਤੋਂ ਤੇਜ ਭੱਜ ਕੇ ਝੀਲ ਵਿੱਚ ਡੁੱਬ ਕੇ ਮਰ ਗਿਆ ।
34ਤਦ ਉਹਨਾਂ ਦੇ ਚੁਗਾਉਣ ਵਾਲੇ ਇਹ ਸਭ ਵੇਖ ਕੇ ਭੱਜੇ ਅਤੇ ਨਗਰ ਅਤੇ ਪਿੰਡਾਂ ਵਿੱਚ ਇਸ ਦੀ ਖ਼ਬਰ ਪਹੁੰਚਾਈ ।35ਤਾਂ ਲੋਕ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਇਹ ਸਭ ਜੋ ਵਾਪਰਿਆ ਸੀ, ਵੇਖਣ ਨੂੰ ਨਿੱਕਲੇ ਅਤੇ ਯਿਸੂ ਦੇ ਕੋਲ ਆ ਕੇ ਉਸ ਆਦਮੀ ਨੂੰ ਜਿਸ ਵਿੱਚੋਂ ਦੁਸ਼ਟ ਆਤਮਾਵਾਂ ਨਿੱਕਲੀਆਂ ਸਨ ਕੱਪੜੇ ਪਹਿਨੀ ਅਤੇ ਸੁਰਤ ਸੰਭਾਲੀ ਯਿਸੂ ਦੇ ਚਰਨਾਂ ਲਾਗੇ ਬੈਠਾ ਵੇਖਿਆ ਅਤੇ ਉਹ ਡਰ ਗਏ ।
36ਵੇਖਣ ਵਾਲਿਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਜਿਸ ਦੇ ਵਿੱਚ ਦੁਸ਼ਟ ਆਤਮਾਵਾਂ ਸਨ ਕਿਸ ਪ੍ਰਕਾਰ ਚੰਗਾ ਹੋ ਗਿਆ ।37ਤਦ ਗਿਰਸੇਨੀਆਂ ਦੇ ਇਲਾਕੇ ਦੇ ਸਾਰੇ ਲੋਕਾਂ ਨੇ ਯਿਸੂ ਦੇ ਅੱਗੇ ਬੇਨਤੀ ਕੀਤੀ ਜੋ ਸਾਡੇ ਕੋਲੋਂ ਚਲੇ ਜਾਓ ਕਿਉਂ ਜੋ ਉਹ ਬਹੁਤ ਹੀ ਡਰ ਗਏ ਸਨ । ਸੋ ਉਹ ਬੇੜੀ ਉੱਤੇ ਚੜ੍ਹ ਕੇ ਵਾਪਸ ਚੱਲਿਆ ਗਿਆ ।
38ਅਤੇ ਉਸ ਆਦਮੀ ਨੇ ਜਿਸ ਦੇ ਵਿੱਚੋਂ ਭੂਤਾਂ ਨਿੱਕਲੀਆਂ ਸਨ, ਉਸ ਦੇ ਨਾਲ ਰਹਿਣ ਲਈ ਬੇਨਤੀ ਕੀਤੀ ਪਰ ਯਿਸੂ ਨੇ ਇਹ ਕਹਿ ਕੇ ਉਸ ਨੂੰ ਵਿਦਿਆ ਕੀਤਾ39ਜੋ ਆਪਣੇ ਘਰ ਨੂੰ ਮੁੜ ਜਾ ਅਤੇ ਉਨ੍ਹਾਂ ਨੂੰ ਦੱਸ ਜੋ ਪਰਮੇਸ਼ੁਰ ਨੇ ਤੇਰੇ ਲਈ ਕਿੰਨੇ ਵੱਡੇ ਕੰਮ ਕੀਤੇ ਹਨ । ਤਾਂ ਉਹ ਸਾਰੇ ਨਗਰ ਵਿੱਚ ਲੋਕਾਂ ਨੂੰ ਦੱਸਣ ਲੱਗਾ ਜੋ ਯਿਸੂ ਨੇ ਉਸ ਦੇ ਲਈ ਕਿੰਨੇ ਵੱਡੇ ਕੰਮ ਕੀਤੇ ।
ਯਿਸੂ ਇੱਕ ਮਰੀ ਹੋਈ ਲੜਕੀ ਨੂੰ ਜਿਉਂਦਾ ਕਰਦਾ ਹੈ ਅਤੇ ਇੱਕ ਬਿਮਾਰ ਔਰਤ ਨੂੰ ਚੰਗਾ ਕਰਦਾ ਹੈ
(ਮੱਤੀ 9:18-26, ਮਰਕੁਸ 5:21-43)

40ਜਦ ਯਿਸੂ ਵਾਪਸ ਮੁੜ ਆਇਆ ਤਾਂ ਲੋਕਾਂ ਨੇ ਉਸ ਨੂੰ ਖੁਸ਼ੀ ਨਾਲ ਕਬੂਲ ਕੀਤਾ ਕਿਉਂ ਜੋ ਉਹ ਸਭ ਉਸ ਦੀ ਉਡੀਕ ਕਰ ਰਹੇ ਸਨ ।41ਉਸੇ ਸਮੇਂ ਜੈਰੁਸ ਨਾਮ ਦਾ ਇੱਕ ਮਨੁੱਖ ਆਇਆ ਜਿਹੜਾ ਪ੍ਰਾਰਥਨਾ ਘਰ ਦਾ ਸਰਦਾਰ ਸੀ ਅਤੇ ਉਸ ਨੇ ਯਿਸੂ ਦੇ ਚਰਨਾਂ ਵਿੱਚ ਡਿੱਗ ਕੇ ਉਸ ਦੀ ਮਿੰਨਤ ਕੀਤੀ ਜੋ ਮੇਰੇ ਘਰ ਚੱਲੋ ।42ਕਿਉਂ ਜੋ ਉਸ ਦੀ ਬਾਰਾਂ ਸਾਲਾਂ ਦੀ ਇਕਲੌਤੀ ਧੀ ਮਰਨ ਵਾਲੀ ਸੀ ਅਤੇ ਜਦੋਂ ਉਹ ਜਾ ਰਿਹਾ ਸੀ ਭੀੜ ਉਸ ਨੂੰ ਦਬਾਈ ਜਾਂਦੀ ਸੀ ।
43ਤਦ ਇੱਕ ਔਰਤ ਨੇ ਜਿਸ ਨੂੰ ਬਾਰਾਂ ਸਾਲਾਂ ਤੋਂ ਲਹੂ ਵਹਿਣ ਦੀ ਬਿਮਾਰੀ ਸੀ ਅਤੇ ਉਹ ਆਪਣੀ ਸਾਰੀ ਕਮਾਈ ਹਕੀਮਾਂ ਨੂੰ ਦੇ ਚੁੱਕੀ ਸੀ ਪਰ ਕੋਈ ਵੀ ਹਕੀਮ ਉਸ ਨੂੰ ਠੀਕ ਨਾ ਕਰ ਸਕਿਆ ।44ਉਸ ਨੇ ਪਿੱਛੋਂ ਦੀ ਆ ਕੇ ਯਿਸੂ ਦੇ ਕੱਪੜੇ ਦਾ ਪੱਲਾ ਛੂਹਿਆ ਅਤੇ ਉਸੇ ਸਮੇਂ ਉਸ ਦੇ ਲਹੂ ਵਹਿਣਾ ਬੰਦ ਹੋ ਗਿਆ ।
45ਤਦ ਯਿਸੂ ਨੇ ਕਿਹਾ, ਮੈਨੂੰ ਕਿਸ ਨੇ ਛੂਹਿਆ ਹੈ ? ਜਦ ਸਾਰਿਆਂ ਨੇ ਨਾ ਕੀਤੀ ਤਾਂ ਪਤਰਸ ਅਤੇ ਉਸ ਦੇ ਨਾਲ ਦਿਆਂ ਨੇ ਆਖਿਆ, ਸੁਆਮੀ ਜੀ, ਭੀੜ ਤੁਹਾਡੇ ਉੱਤੇ ਡਿੱਗਦੀ ਹੈ ।46ਪਰ ਯਿਸੂ ਨੇ ਆਖਿਆ, ਕਿਸੇ ਨੇ ਮੈਨੂੰ ਜ਼ਰੂਰ ਛੂਹਿਆ ਹੈ ਕਿਉਂ ਜੋ ਮੈਂ ਮਹਿਸੂਸ ਕੀਤਾ ਕਿ ਮੇਰੇ ਵਿੱਚੋਂ ਸਮਰੱਥਾ ਨਿੱਕਲੀ ਹੈ ।
47ਜਦ ਉਸ ਔਰਤ ਨੇ ਵੇਖਿਆ ਜੋ ਮੈਂ ਲੁੱਕ ਨਹੀਂ ਸਕਦੀ ਤਾਂ ਕੰਬਦੀ-ਕੰਬਦੀ ਯਿਸੂ ਕੋਲ ਆਈ ਅਤੇ ਉਸ ਦੇ ਚਰਨਾਂ ਵਿੱਚ ਡਿੱਗ ਕੇ ਸਾਰੇ ਲੋਕਾਂ ਦੇ ਸਾਹਮਣੇ ਆਪਣਾ ਹਾਲ ਦੱਸਿਆ ਜੋ ਕਿਸ ਕਾਰਨ ਉਸ ਨੂੰ ਛੂਹਿਆ ਅਤੇ ਕਿਸ ਤਰ੍ਹਾਂ ਇਕਦਮ ਚੰਗੀ ਹੋ ਗਈ ।48ਯਿਸੂ ਨੇ ਉਸ ਨੂੰ ਆਖਿਆ, ਬੇਟੀ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ, ਸ਼ਾਂਤੀ ਨਾਲ ਚਲੀ ਜਾ ।
49ਉਹ ਬੋਲ ਹੀ ਰਿਹਾ ਸੀ ਕਿ ਪ੍ਰਾਰਥਨਾ ਘਰ ਦੇ ਸਰਦਾਰ ਦੇ ਘਰੋਂ ਕਿਸੇ ਨੇ ਆ ਕੇ ਕਿਹਾ ਤੇਰੀ ਧੀ ਮਰ ਗਈ, ਗੁਰੂ ਜੀ ਨੂੰ ਖੇਚਲ ਨਾ ਦੇ ।50ਪਰ ਯਿਸੂ ਨੇ ਸੁਣ ਕੇ ਜੈਰੁਸ ਨੂੰ ਆਖਿਆ, ਨਾ ਡਰ, ਕੇਵਲ ਵਿਸ਼ਵਾਸ ਕਰ ਤਾਂ ਉਹ ਬਚ ਜਾਵੇਗੀ ।
51ਉਸ ਨੇ ਘਰ ਪਹੁੰਚ ਕੇ ਪਤਰਸ, ਯੂਹੰਨਾ ਅਤੇ ਯਾਕੂਬ ਅਤੇ ਕੁੜੀ ਦੇ ਮਾਪਿਆਂ ਤੋਂ ਬਿਨ੍ਹਾਂ ਹੋਰ ਕਿਸੇ ਨੂੰ ਆਪਣੇ ਨਾਲ ਅੰਦਰ ਵੜਨ ਨਾ ਦਿੱਤਾ ।52ਅਤੇ ਸਭ ਲੋਕ ਉਸ ਕੁੜੀ ਲਈ ਰੋਂਦੇ ਅਤੇ ਪਿੱਟਦੇ ਸਨ ਪਰ ਯਿਸੂ ਨੇ ਆਖਿਆ, ਨਾ ਰੋਵੋ ਕਿਉਂ ਜੋ ਉਹ ਮਰੀ ਨਹੀਂ ਪਰ ਸੁੱਤੀ ਪਈ ਹੈ ।53ਤਾਂ ਉਹ ਉਸ ਉੱਤੇ ਹੱਸਣ ਲੱਗੇ ਕਿਉਂ ਜੋ ਜਾਣਦੇ ਸਨ ਕਿ ਉਹ ਮਰੀ ਹੋਈ ਹੈ ।
54ਪਰ ਯਿਸੂ ਨੇ ਉਸ ਦਾ ਹੱਥ ਫੜ੍ਹ ਕੇ ਉੱਚੀ ਅਵਾਜ਼ ਨਾਲ ਕਿਹਾ, ਬੇਟੀ, ਉੱਠ !55ਅਤੇ ਉਸ ਦਾ ਆਤਮਾ ਮੁੜ ਆਇਆ ਅਤੇ ਉਹ ਝੱਟ ਉੱਠ ਖੜ੍ਹੀ ਹੋਈ, ਅਤੇ ਉਸ ਨੇ ਹੁਕਮ ਦਿੱਤਾ ਜੋ ਉਸ ਨੂੰ ਕੁੱਝ ਖਾਣ ਲਈ ਦਿੱਤਾ ਜਾਏ ।56ਉਸ ਦੇ ਮਾਪੇ ਹੈਰਾਨ ਰਹਿ ਗਏ, ਅਤੇ ਯਿਸੂ ਨੇ ਉਨ੍ਹਾਂ ਨੂੰ ਕਿਹਾ ਕਿ ਇਸ ਘਟਨਾ ਦੇ ਬਾਰੇ ਕਿਸੇ ਨੂੰ ਕੁੱਝ ਨਾ ਦੱਸਣ ।

9
ਬਾਰਾਂ ਚੇਲਿਆਂ ਨੂੰ ਭੇਜਣਾ
(ਮੱਤੀ 10:5-15, ਮਰਕੁਸ 6:7-13)

1ਤਦ ਉਸ ਨੇ ਬਾਰਾਂ ਚੇਲਿਆਂ ਨੂੰ ਇਕੱਠੇ ਬੁਲਾ ਕੇ ਉਨ੍ਹਾਂ ਨੂੰ ਸਾਰੀਆਂ ਭੂਤਾਂ ਉੱਤੇ ਅਤੇ ਰੋਗਾਂ ਨੂੰ ਦੂਰ ਕਰਨ ਦੀ ਸਮਰੱਥਾ ਦਾ ਅਧਿਕਾਰ ਦਿੱਤਾ ।2ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਦਾ ਪਰਚਾਰ ਕਰਨ ਅਤੇ ਰੋਗੀਆਂ ਨੂੰ ਚੰਗੇ ਕਰਨ ਲਈ ਭੇਜਿਆ ।

3ਉਸ ਨੇ ਉਨ੍ਹਾਂ ਨੂੰ ਆਖਿਆ ਕਿ ਤੁਸੀਂ ਰਾਹ ਦੇ ਲਈ ਕੁੱਝ ਨਾ ਲਓ, ਨਾ ਲਾਠੀ, ਨਾ ਝੋਲਾ, ਨਾ ਰੋਟੀ, ਨਾ ਰੁਪਿਆ ਅਤੇ ਨਾ ਦੋ ਕੁੜਤੇ ਰੱਖੋ ।4ਜਿਸ ਘਰ ਵਿੱਚ ਜਾਓ ਉੱਥੇ ਹੀ ਠਹਿਰੋ ਅਤੇ ਉੱਥੋਂ ਹੀ ਤੁਰੋ ।
5ਅਤੇ ਜਿਸ ਨਗਰ ਵਿੱਚ ਤੁਹਾਡਾ ਆਦਰ ਨਾ ਹੋਵੇ, ਉਸ ਨਗਰ ਨੂੰ ਛੱਡਦੇ ਸਮੇਂ ਆਪਣੇ ਪੈਰਾਂ ਦੀ ਮਿੱਟੀ ਵੀ ਉਸ ਨਗਰ ਦੇ ਲੋਕਾਂ ਉੱਤੇ ਗਵਾਹੀ ਲਈ ਝਾੜ ਦਿਓ ।6ਤਦ ਉਹ ਬਾਹਰ ਨਿੱਕਲ ਕੇ ਪਿੰਡ-ਪਿੰਡ ਜਾ ਕੇ ਖੁਸ਼ਖਬਰੀ ਸੁਣਾਉਂਦੇ ਅਤੇ ਰੋਗਾਂ ਨੂੰ ਦੂਰ ਕਰਦੇ ਫਿਰੇ ।
ਹੇਰੋਦੇਸ ਦੀ ਉਲਝਣ
(ਮੱਤੀ 14:1-12, ਮਰਕੁਸ 6:14-29)

7ਸਭ ਕੁੱਝ ਜੋ ਹੋ ਰਿਹਾ ਸੀ, ਰਾਜਾ ਹੇਰੋਦੇਸ ਉਸ ਬਾਰੇ ਸੁਣ ਕੇ ਪਰੇਸ਼ਾਨੀ ਵਿੱਚ ਪੈ ਗਿਆ ਕਿਉਂਕਿ ਕਈ ਲੋਕ ਆਖਦੇ ਸਨ ਕਿ ਯੂਹੰਨਾ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ।8ਪਰ ਕਈਆਂ ਨੇ ਕਿਹਾ ਜੋ ਏਲੀਯਾਹ ਪਰਗਟ ਹੋਇਆ ਅਤੇ ਕਈ ਆਖਦੇ ਸਨ ਜੋ ਪਹਿਲਿਆਂ ਨਬੀਆਂ ਵਿੱਚੋਂ ਕੋਈ ਨਬੀ ਜੀ ਉੱਠਿਆ ਹੈ ।9ਹੇਰੋਦੇਸ ਨੇ ਕਿਹਾ ਕਿ ਯੂਹੰਨਾ ਦਾ ਸਿਰ ਤਾਂ ਮੈਂ ਵਢਾ ਦਿੱਤਾ ਸੀ, ਪਰ ਇਹ ਕੌਣ ਹੈ ਜਿਸ ਦੇ ਬਾਰੇ ਵਿੱਚ ਮੈਂ ਇਹੋ ਜਿਹੀਆਂ ਗੱਲਾਂ ਸੁਣਦਾ ਹਾਂ ? ਤਦ ਉਸ ਨੇ ਉਸ ਨੂੰ ਵੇਖਣ ਦਾ ਮਨ ਬਣਾਇਆ ।
ਪੰਜ ਹਜ਼ਾਰ ਲੋਕਾਂ ਨੂੰ ਰਜਾਉਣਾ
(ਮੱਤੀ 14:13-21, ਮਰਕੁਸ 6:30-44, ਯੂਹੰਨਾ 6:1-14)

10ਰਸੂਲਾਂ ਨੇ ਵਾਪਸ ਆ ਕੇ ਜੋ ਕੁੱਝ ਉਨ੍ਹਾਂ ਕੀਤਾ ਸੀ ਸੋ ਯਿਸੂ ਨੂੰ ਦੱਸਿਆ ਅਤੇ ਉਹ ਉਨ੍ਹਾਂ ਨੂੰ ਬੇਤਸੈਦਾ ਨਗਰ ਵਿੱਚ ਅਲੱਗ ਲੈ ਗਿਆ ।11ਪਰ ਲੋਕ ਇਹ ਜਾਣ ਕੇ ਉਸ ਦੇ ਮਗਰ ਤੁਰ ਪਏ ਅਤੇ ਉਸ ਨੇ ਉਨ੍ਹਾਂ ਨੂੰ ਕਬੂਲ ਕਰਕੇ ਪਰਮੇਸ਼ੁਰ ਦੇ ਰਾਜ ਬਾਰੇ ਦੱਸਿਆ ਅਤੇ ਜੋ ਬਿਮਾਰ ਸਨ ਉਨ੍ਹਾਂ ਨੂੰ ਚੰਗੇ ਕੀਤਾ ।
12ਜਦ ਦਿਨ ਢੱਲ਼ਣ ਲੱਗਾ ਤਾਂ ਉਨ੍ਹਾਂ ਬਾਰਾਂ ਨੇ ਕੋਲ ਆਣ ਕੇ ਉਸ ਨੂੰ ਆਖਿਆ ਕਿ ਭੀੜ ਨੂੰ ਵਿਦਾ ਕਰ ਜੋ ਉਹ ਆਸ-ਪਾਸ ਦਿਆਂ ਪਿੰਡਾਂ ਅਤੇ ਰਹਿਣ ਬਸੇਰਿਆਂ ਵਿੱਚ ਜਾ ਕੇ ਰਾਤ ਕੱਟਣ ਅਤੇ ਕੁੱਝ ਲੈ ਕੇ ਖਾਣ ਕਿਉਂ ਜੋ ਅਸੀਂ ਐਥੇ ਉਜਾੜ ਥਾਂ ਵਿੱਚ ਹਾਂ ।13ਪਰ ਯਿਸੂ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਹੀ ਉਨ੍ਹਾਂ ਨੂੰ ਖਾਣ ਲਈ ਦਿਓ । ਉਹ ਬੋਲੇ, ਸਾਡੇ ਕੋਲ ਪੰਜ ਰੋਟੀਆਂ ਅਤੇ ਦੋ ਮੱਛੀਆਂ ਤੋਂ ਬਿਨ੍ਹਾਂ ਹੋਰ ਕੁੱਝ ਨਹੀਂ ਹੈ । ਇਹ ਹੋ ਸਕਦਾ ਜੋ ਅਸੀਂ ਜਾ ਕੇ ਇਨ੍ਹਾਂ ਸਭ ਲੋਕਾਂ ਦੇ ਲਈ ਭੋਜਨ ਮੁੱਲ ਲਿਆਈਏ । ਕਿਉਂਕਿ ਉਹ ਪੰਜ ਕੁ ਹਜ਼ਾਰ ਮਰਦ ਸਨ ।14ਉਸ ਨੇ ਆਪਣੇ ਚੇਲਿਆਂ ਨੂੰ ਆਖਿਆ ਜੋ ਉਨ੍ਹਾਂ ਨੂੰ ਪੰਜਾਹਾਂ-ਪੰਜਾਹਾਂ ਦੀ ਟੋਲੀ ਕਰ ਕੇ ਬਿਠਾ ਦਿਓ ।
15ਤਾਂ ਉਨ੍ਹਾਂ ਉਸ ਤਰੀਕੇ ਨਾਲ ਸਭ ਨੂੰ ਬਿਠਾ ਦਿੱਤਾ ।16ਉਸ ਨੇ ਉਹਨਾਂ ਪੰਜ ਰੋਟੀਆਂ ਅਤੇ ਦੋ ਮੱਛੀਆਂ ਨੂੰ ਲਿਆ ਅਤੇ ਉਤਾਂਹ ਸਵਰਗ ਵੱਲ ਵੇਖ ਕੇ ਉਹਨਾਂ ਉੱਤੇ ਬਰਕਤ ਮੰਗੀ ਅਤੇ ਉਹ ਤੋੜ ਕੇ ਚੇਲਿਆਂ ਨੂੰ ਦਿੰਦਾ ਗਿਆ ਜੋ ਲੋਕਾਂ ਅੱਗੇ ਰੱਖਣ ।17ਜਦ ਉਹ ਸਾਰੇ ਖਾ ਕੇ ਰੱਜ ਗਏ ਅਤੇ ਉਹਨਾਂ ਦਿਆਂ ਬਚਿਆਂ ਹੋਇਆਂ ਟੁਕੜਿਆਂ ਦੀਆਂ ਬਾਰਾਂ ਟੋਕਰੀਆਂ ਭਰ ਕੇ ਚੁੱਕੀਆਂ ਗਈਆਂ ।
ਪਤਰਸ ਯਿਸੂ ਨੂੰ “ਮਸੀਹ” ਸਵੀਕਾਰ ਕਰਦਾ ਹੈ
(ਮੱਤੀ 16:13-20, ਮਰਕੁਸ 8:27-30)

18ਫੇਰ ਇਸ ਪ੍ਰਕਾਰ ਹੋਇਆ ਕਿ ਜਦ ਯਿਸੂ ਇਕਾਂਤ ਵਿੱਚ ਆਪਣੇ ਚੇਲਿਆਂ ਨਾਲ ਪ੍ਰਾਰਥਨਾ ਕਰਦਾ ਸੀ । ਉਸ ਨੇ ਇਹ ਗੱਲ ਉਹਨਾਂ ਤੋਂ ਪੁੱਛੀ ਕਿ ਲੋਕ ਕੀ ਕਹਿੰਦੇ ਹਨ ਜੋ ਮੈਂ ਕੌਣ ਹਾਂ ?19ਤਾਂ ਉਨ੍ਹਾਂ ਨੇ ਉੱਤਰ ਦਿੱਤਾ ਕਿ ਕੁੱਝ ਲੋਕ ਯੂਹੰਨਾ ਬਪਤਿਸਮਾ ਦੇਣ ਵਾਲਾ, ਕਈ ਏਲੀਯਾਹ ਅਤੇ ਕਈ ਪਹਿਲਿਆਂ ਨਬੀਆਂ ਵਿੱਚੋਂ ਜਿੰਦਾ ਹੋਇਆ ਨਬੀ ।
20ਤਾਂ ਉਸ ਨੇ ਉਨ੍ਹਾਂ ਨੂੰ ਪੁੱਛਿਆ, ਪਰ ਤੁਸੀਂ ਕੀ ਆਖਦੇ ਹੋ ਜੋ ਮੈਂ ਕੌਣ ਹਾਂ ? ਪਤਰਸ ਨੇ ਉੱਤਰ ਦਿੱਤਾ ਕਿ ਪਰਮੇਸ਼ੁਰ ਦੇ ਮਸੀਹ !21ਤਾਂ ਉਸ ਨੇ ਉਨ੍ਹਾਂ ਨੂੰ ਆਗਿਆ ਦਿੱਤੀ ਜੋ ਕਿਸੇ ਨੂੰ ਨਾ ਦੱਸਿਓ !
ਯਿਸੂ ਆਪਣੀ ਮੌਤ ਦੇ ਬਾਰੇ ਭਵਿੱਖਬਾਣੀ ਕਰਦਾ ਹੈ
(ਮੱਤੀ 16:21-23, ਮਰਕੁਸ 8:31-33)

22ਤਦ ਯਿਸੂ ਨੇ ਉਹਨਾਂ ਨੂੰ ਆਖਿਆ ਇਹ ਜ਼ਰੂਰੀ ਹੈ ਕਿ ਮਨੁੱਖ ਦਾ ਪੁੱਤਰ ਬਹੁਤ ਦੁੱਖ ਝੱਲੇ ਅਤੇ ਬਜ਼ੁਰਗਾਂ, ਮੁੱਖ ਜਾਜਕਾਂ ਅਤੇ ਉਪਦੇਸ਼ਕਾਂ ਦੁਆਰਾ ਰੱਦਿਆ ਜਾਏ ਅਤੇ ਮਾਰ ਸੁੱਟਿਆ ਜਾਏ ਅਤੇ ਤੀਜੇ ਦਿਨ ਜੀ ਉੱਠੇ ।
ਯਿਸੂ ਦੇ ਪਿੱਛੇ ਚੱਲਣਾ
(ਮੱਤੀ 16:24-28, ਮਰਕੁਸ 8:34-9:1)

23ਉਸ ਨੇ ਸਭਨਾਂ ਨੂੰ ਆਖਿਆ ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਆਪਣੇ ਆਪ ਦਾ ਇਨਕਾਰ ਕਰੇ ਅਤੇ ਹਰ ਰੋਜ਼ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ ।24ਕਿਉਂਕਿ ਜਿਹੜਾ ਆਪਣੀ ਜਾਨ ਬਚਾਉਣੀ ਚਾਹੇ ਉਹ ਉਸ ਨੂੰ ਗੁਆਵੇਗਾ ਪਰ ਜਿਹੜਾ ਮੇਰੇ ਲਈ ਆਪਣੀ ਜਾਨ ਗੁਆਵੇ ਉਹ ਉਸ ਨੂੰ ਬਚਾਵੇਗਾ ।25ਆਦਮੀ ਨੂੰ ਕੀ ਲਾਭ ਹੈ ਜੇ ਸਾਰਾ ਸੰਸਾਰ ਕਮਾਵੇ ਪਰ ਆਪਣੀ ਜਾਨ ਦਾ ਨਾਸ ਕਰੇ ਜਾਂ ਆਪ ਨੂੰ ਗੁਆਵੇ ?
26ਜੋ ਕੋਈ ਮੇਰੇ ਕੋਲੋਂ ਅਤੇ ਮੇਰਿਆਂ ਬਚਨਾਂ ਤੋਂ ਸ਼ਰਮਾਏਗਾ ਤਾਂ ਮਨੁੱਖ ਦਾ ਪੁੱਤਰ ਵੀ, ਜਿਸ ਵੇਲੇ ਆਪਣੇ ਅਤੇ ਪਿਤਾ ਦੇ ਅਤੇ ਪਵਿੱਤਰ ਦੂਤਾਂ ਦੀ ਮਹਿਮਾ ਨਾਲ ਆਵੇਗਾ ਤਾਂ ਉਸ ਤੋਂ ਸ਼ਰਮਾਏਗਾ l27ਪਰ ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਕਈ ਇਹਨਾਂ ਵਿੱਚੋਂ ਜਿਹੜੇ ਐਥੇ ਖੜ੍ਹੇ ਹਨ, ਜਦ ਤੱਕ ਪਰਮੇਸ਼ੁਰ ਦੇ ਰਾਜ ਨੂੰ ਨਾ ਵੇਖਣ, ਮੌਤ ਦਾ ਸੁਆਦ ਨਹੀਂ ਚੱਖਣਗੇ ।
ਯਿਸੂ ਦੇ ਰੂਪ ਦਾ ਜਲਾਲੀ ਹੋਣਾ
(ਮੱਤੀ 17:1-8, ਮਰਕੁਸ 9:2-8)

28ਇਨ੍ਹਾਂ ਗੱਲਾਂ ਦੇ ਅੱਠ ਕੁ ਦਿਨਾਂ ਦੇ ਬਾਅਦ ਇਸ ਤਰ੍ਹਾਂ ਹੋਇਆ ਜੋ ਉਹ ਪਤਰਸ, ਯੂਹੰਨਾ ਅਤੇ ਯਾਕੂਬ ਨੂੰ ਨਾਲ ਲੈ ਕੇ ਪਹਾੜ ਉੱਤੇ ਪ੍ਰਾਰਥਨਾ ਕਰਨ ਲਈ ਚੜ੍ਹਿਆ ।29ਅਤੇ ਉਸ ਦੇ ਪ੍ਰਾਰਥਨਾ ਕਰਦਿਆਂ ਉਸ ਦਾ ਚਿਹਰਾ ਬਦਲ ਗਿਆ ਅਤੇ ਉਸ ਦੀ ਪੁਸ਼ਾਕ ਚਿੱਟੀ ਅਤੇ ਚਮਕਣ ਲੱਗੀ ।
30ਅਤੇ ਵੇਖੋ, ਦੋ ਮਨੁੱਖ ਅਰਥਾਤ ਮੂਸਾ ਅਤੇ ਏਲੀਯਾਹ ਉਸ ਨਾਲ ਗੱਲਾਂ ਕਰਦੇ ਸਨ ।31ਉਹ ਮਹਿਮਾ ਨਾਲ ਭਰਪੂਰ ਸਨ ਅਤੇ ਉਸ ਦੇ ਕੂਚ ਦੀਆਂ ਗੱਲਾਂ ਕਰਦੇ ਸਨ ਜੋ ਉਸ ਨੇ ਯਰੂਸ਼ਲਮ ਵਿੱਚ ਸੰਪੂਰਨ ਕਰਨਾ ਸੀ ।
32ਪਤਰਸ ਅਤੇ ਉਸ ਦੇ ਸਾਥੀ ਨੀਂਦਰ ਨਾਲ ਭਰੇ ਹੋਏ ਸਨ ਅਤੇ ਜਦ ਉਹ ਜਾਗੇ ਤਾਂ ਉਸ ਦੇ ਤੇਜ ਨੂੰ ਅਤੇ ਉਨ੍ਹਾਂ ਦੋਨਾਂ ਜਣਿਆਂ ਨੂੰ ਜਿਹੜੇ ਉਸ ਦੇ ਨਾਲ ਖੜੇ ਸਨ, ਵੇਖਿਆ ।33ਅਤੇ ਇਹ ਹੋਇਆ ਕਿ ਜਦ ਉਹ ਉਸ ਦੇ ਕੋਲੋਂ ਜਾਣ ਲੱਗੇ ਤਾਂ ਪਤਰਸ ਨੇ ਯਿਸੂ ਨੂੰ ਆਖਿਆ, ਸੁਆਮੀ ਜੀ ਸਾਡਾ ਐਥੇ ਰਹਿਣਾ ਚੰਗਾ ਹੈ ਸੋ ਅਸੀਂ ਤਿੰਨ ਡੇਰੇ ਬਣਾਈਏ, ਇੱਕ ਤੁਹਾਡੇ ਲਈ, ਇੱਕ ਮੂਸਾ ਲਈ ਅਤੇ ਇੱਕ ਏਲੀਯਾਹ ਲਈ, ਪਰ ਉਹ ਨਹੀਂ ਸੀ ਜਾਣਦਾ ਜੋ ਕੀ ਕਹਿੰਦਾ ਹੈ ।
34ਉਹ ਇਹ ਗੱਲ ਕਰ ਹੀ ਰਿਹਾ ਹੀ ਸੀ ਕਿ ਬੱਦਲ ਨੇ ਆਣ ਕੇ ਉਨ੍ਹਾਂ ਉੱਤੇ ਛਾਂ ਕੀਤੀ ਅਤੇ ਉਹ ਬੱਦਲ ਵਿੱਚ ਵੜਦੇ ਹੀ ਡਰ ਗਏ ।35ਉਸ ਬੱਦਲ ਵਿੱਚੋਂ ਇੱਕ ਅਵਾਜ਼ ਆਈ ਕਿ ਇਹ ਮੇਰਾ ਚੁਣਿਆ ਹੋਇਆ ਪੁੱਤਰ ਹੈ, ਉਹ ਦੀ ਸੁਣੋ ।36ਅਤੇ ਇਹ ਅਵਾਜ਼ ਹੁੰਦੇ ਹੀ ਯਿਸੂ ਇਕੱਲਾ ਪਾਇਆ ਗਿਆ ਅਤੇ ਉਹ ਚੁੱਪ ਰਹੇ ਅਤੇ ਜਿਹੜੀਆਂ ਗੱਲਾਂ ਵੇਖੀਆਂ ਸਨ ਉਨ੍ਹਾਂ ਦਿਨਾਂ ਵਿੱਚ ਕਿਸੇ ਨੂੰ ਕੁੱਝ ਨਾ ਦੱਸਿਆ ।
ਦੁਸ਼ਟ-ਆਤਮਾ ਦੇ ਜਕੜੇ ਹੋਏ ਬਾਲਕ ਨੂੰ ਚੰਗਾ ਕਰਨਾ
(ਮੱਤੀ 17:14-18, ਮਰਕੁਸ 9:14-27)

37ਅਗਲੇ ਦਿਨ ਇਹ ਹੋਇਆ ਕਿ ਜਦ ਉਹ ਪਹਾੜੋਂ ਉਤਰੇ ਤਾਂ ਵੱਡੀ ਭੀੜ ਉਨ੍ਹਾਂ ਨੂੰ ਆ ਮਿਲੀ ।38ਅਤੇ ਵੇਖੋ ਭੀੜ ਵਿੱਚੋਂ ਇੱਕ ਆਦਮੀ ਨੇ ਉੱਚੀ ਅਵਾਜ਼ ਦੇ ਕੇ ਕਿਹਾ, ਗੁਰੂ ਜੀ, ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਜੋ ਮੇਰੇ ਪੁੱਤਰ ਉੱਤੇ ਕਿਰਪਾ ਕਰੋ ਕਿਉਂਕਿ ਉਹ ਮੇਰਾ ਇੱਕਲੌਤਾ ਹੈ ।39ਅਤੇ ਵੇਖੋ ਕਿ ਇੱਕ ਦੁਸ਼ਟ ਆਤਮਾ ਉਸ ਨੂੰ ਫੜ੍ਹਦੀ ਹੈ ਅਤੇ ਉਹ ਇਕਦਮ ਚੀਕਣ ਲੱਗ ਜਾਂਦਾ ਹੈ, ਉਹ ਉਸ ਨੂੰ ਅਜਿਹਾ ਘੁੱਟਦੀ ਹੈ ਜੋ ਉਸ ਦੇ ਮੂੰਹ ਵਿੱਚੋਂ ਝੱਗ ਆ ਜਾਂਦੀ ਅਤੇ ਉਸ ਨੂੰ ਤੋੜ ਮਰੋੜ ਕੇ ਮੁਸ਼ਕਿਲ ਨਾਲ ਛੱਡਦੀ ਹੈ ।40ਮੈਂ ਤੇਰੇ ਚੇਲਿਆਂ ਦੇ ਅੱਗੇ ਬੇਨਤੀ ਕੀਤੀ ਜੋ ਉਸ ਨੂੰ ਕੱਢ ਦੇਣ ਪਰ ਉਹ ਕੱਢ ਨਾ ਸਕੇ ।
41ਤਦ ਯਿਸੂ ਨੇ ਉੱਤਰ ਦਿੱਤਾ, ਹੇ ਅਵਿਸ਼ਵਾਸੀ ਅਤੇ ਬੁਰੀ ਪੀੜ੍ਹੀ, ਕਦੋਂ ਤੱਕ ਮੈਂ ਤੁਹਾਡੇ ਨਾਲ ਰਹਾਂਗਾ ਅਤੇ ਤੁਹਾਡੀ ਸਹਾਂਗਾ ? ਆਪਣੇ ਪੁੱਤਰ ਨੂੰ ਮੇਰੇ ਕੋਲ ਲਿਆ ।42ਉਹ ਅਜੇ ਆਉਂਦਾ ਹੀ ਸੀ ਕਿ ਭੂਤ ਨੇ ਉਸ ਨੂੰ ਪਟਕ ਦਿੱਤਾ ਅਤੇ ਵੱਡਾ ਮਰੋੜਿਆ ਪਰ ਯਿਸੂ ਨੇ ਉਸ ਅਸ਼ੁੱਧ ਆਤਮਾ ਨੂੰ ਝਿੜਕਿਆ ਅਤੇ ਬਾਲਕ ਨੂੰ ਚੰਗਾ ਕੀਤਾ ਅਤੇ ਉਸ ਨੂੰ ਉਹ ਦੇ ਪਿਤਾ ਨੂੰ ਸੌਂਪ ਦਿੱਤਾ ।
ਯਿਸੂ ਦੂਸਰੀ ਬਾਰ ਆਪਣੀ ਮੌਤ ਦੇ ਬਾਰੇ ਭਵਿੱਖਬਾਣੀ ਕਰਦਾ ਹੈ
(ਮੱਤੀ 17:22, 23 ਮਰਕੁਸ 9:30-32)

43ਅਤੇ ਸਭ ਪਰਮੇਸ਼ੁਰ ਦੀ ਵੱਡੀ ਸਮਰੱਥ ਤੋਂ ਹੈਰਾਨ ਹੋਏ ਅਤੇ ਉਨ੍ਹਾਂ ਸਾਰਿਆਂ ਕੰਮਾਂ ਤੋਂ ਜੋ ਉਸ ਨੇ ਕੀਤੇ ਅਚਰਜ ਮੰਨਦੇ ਸਨ, ਤਾਂ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ,44ਇਨ੍ਹਾਂ ਗੱਲਾਂ ਨੂੰ ਆਪਣੇ ਕੰਨਾਂ ਨਾਲ ਸੁਣ ਲਓ ਕਿਉਂ ਜੋ ਮਨੁੱਖ ਦਾ ਪੁੱਤਰ ਮਨੁੱਖਾਂ ਦੇ ਹੱਥੀਂ ਫੜ੍ਹਵਾਇਆ ਜਾਵੇਗਾ ।45ਪਰ ਉਨ੍ਹਾਂ ਇਸ ਗੱਲ ਨੂੰ ਨਾ ਸਮਝਿਆ ਅਤੇ ਇਹ ਗੱਲ ਉਨ੍ਹਾਂ ਤੋਂ ਛੁਪੀ ਰਹੀ ਜੋ ਇਸ ਨੂੰ ਜਾਣ ਨਾ ਸਕਣ ਅਤੇ ਇਸ ਗੱਲ ਦੇ ਬਾਰੇ ਉਸ ਨੂੰ ਪੁੱਛਣ ਤੋਂ ਡਰਦੇ ਸਨ ।
ਸਭ ਤੋਂ ਵੱਡਾ ਕੌਣ ?
(ਮੱਤੀ 18:1-5, ਮਰਕੁਸ 9:33-37)

46ਉਨ੍ਹਾਂ ਵਿੱਚ ਇਹ ਬਹਿਸ ਹੋਣ ਲੱਗੀ ਜੋ ਸਾਡੇ ਵਿੱਚੋਂ ਵੱਡਾ ਕੌਣ ਹੈ ?47ਪਰ ਯਿਸੂ ਨੇ ਉਨ੍ਹਾਂ ਦੇ ਮਨਾਂ ਦੀ ਸੋਚ ਜਾਣ ਕੇ ਇੱਕ ਛੋਟੇ ਬਾਲਕ ਨੂੰ ਲਿਆ ਅਤੇ ਉਸ ਨੂੰ ਆਪਣੇ ਕੋਲ ਖੜ੍ਹਾ ਕੀਤਾ ।48ਅਤੇ ਉਨ੍ਹਾਂ ਨੂੰ ਆਖਿਆ ਕਿ ਜੋ ਕੋਈ ਮੇਰੇ ਨਾਮ ਕਰਕੇ ਇਸ ਬਾਲਕ ਨੂੰ ਸਵੀਕਾਰ ਕਰੇ ਸੋ ਮੈਨੂੰ ਸਵੀਕਾਰ ਕਰਦਾ ਹੈ ਅਤੇ ਜੋ ਕੋਈ ਮੈਨੂੰ ਸਵੀਕਾਰ ਕਰੇ ਸੋ ਉਸ ਨੂੰ ਜਿਸ ਨੇ ਮੈਨੂੰ ਭੇਜਿਆ ਹੈ ਸਵੀਕਾਰ ਕਰਦਾ ਹੈ ਕਿਉਂਕਿ ਜੋ ਕੋਈ ਤੁਹਾਡੇ ਸਭਨਾਂ ਵਿੱਚੋਂ ਦੂਜਿਆਂ ਨਾਲੋਂ ਛੋਟਾ ਹੈ, ਉਹ ਹੀ ਵੱਡਾ ਹੈ ।
ਜਿਹੜਾ ਵਿਰੋਧ ਵਿੱਚ ਨਹੀਂ ਉਹ ਨਾਲ ਹੈ
(ਮਰਕੁਸ 9:39-40)

49ਯੂਹੰਨਾ ਨੇ ਉਸ ਨੂੰ ਆਖਿਆ, ਸੁਆਮੀ ਜੀ ਅਸੀਂ ਇੱਕ ਮਨੁੱਖ ਨੂੰ ਤੇਰੇ ਨਾਮ ਵਿੱਚ ਭੂਤ ਨੂੰ ਕੱਢਦੇ ਵੇਖਿਆ ਅਤੇ ਉਹ ਨੂੰ ਰੋਕਿਆ ਇਸ ਲਈ ਜੋ ਉਹ ਸਾਡੇ ਨਾਲ ਤੇਰੇ ਮਗਰ ਨਹੀਂ ਚੱਲਦਾ ।50ਪਰ ਯਿਸੂ ਨੇ ਉਸ ਨੂੰ ਆਖਿਆ, ਕਿ ਉਸ ਨੂੰ ਨਾ ਰੋਕੋ ਕਿਉਂਕਿ ਜਿਹੜਾ ਤੁਹਾਡੇ ਵਿਰੁੱਧ ਨਹੀਂ ਉਹ ਤੁਹਾਡੇ ਨਾਲ ਹੈ ।
ਸਾਮਰਿਯਾ ਦੇ ਲੋਕਾਂ ਦੁਆਰਾ ਯਿਸੂ ਦਾ ਵਿਰੋਧ

51ਇਹ ਹੋਇਆ ਕਿ ਜਦ ਉਸ ਦੇ ਸਵਰਗ ਉੱਠਾਏ ਜਾਣ ਦੇ ਦਿਨ ਸੰਪੂਰਨ ਹੋਣ ਲੱਗੇ ਤਾਂ ਉਸ ਨੇ ਯਰੂਸ਼ਲਮ ਨੂੰ ਜਾਣ ਲਈ ਆਪਣਾ ਪੂਰਾ ਮਨ ਬਣਾਇਆ ।52ਅਤੇ ਆਪਣੇ ਅੱਗੇ ਸੰਦੇਸ਼ਵਾਹਕ ਭੇਜੇ ਅਤੇ ਉਹ ਤੁਰ ਦੇ ਸਾਮਰਿਯਾ ਦੇ ਇੱਕ ਪਿੰਡ ਵਿੱਚ ਪਹੁੰਚੇ ਤਾਂ ਜੋ ਉਸ ਦੇ ਲਈ ਤਿਆਰੀ ਕਰਨ ।53ਪਰ ਉਨ੍ਹਾਂ ਨੇ ਉਸ ਨੂੰ ਸਵੀਕਾਰ ਨਾ ਕੀਤਾ ਇਸ ਲਈ ਜੋ ਉਹ ਯਰੂਸ਼ਲਮ ਦੀ ਵੱਲ ਜਾਣ ਨੂੰ ਸੀ ।
54ਅਤੇ ਉਸ ਦੇ ਚੇਲੇ ਯਾਕੂਬ ਅਤੇ ਯੂਹੰਨਾ ਨੇ ਇਹ ਵੇਖ ਕੇ ਕਿਹਾ, ਪ੍ਰਭੂ ਜੀ ਜੇਕਰ ਤੇਰੀ ਮਰਜ਼ੀ ਹੈ ਤਾਂ ਕਿ ਅਸੀਂ ਹੁਕਮ ਕਰੀਏ ਜੋ ਅਕਾਸ਼ ਤੋਂ ਅੱਗ ਬਰਸੇ ਅਤੇ ਇਨ੍ਹਾਂ ਦਾ ਨਾਸ ਕਰੇ ?55ਪਰ ਉਸ ਨੇ ਮੁੜ ਕੇ ਉਨ੍ਹਾਂ ਨੂੰ ਝਿੜਕਿਆ ।56ਅਤੇ ਉਹ ਕਿਸੇ ਹੋਰ ਪਿੰਡ ਨੂੰ ਚੱਲੇ ਗਏ ।
ਯਿਸੂ ਦਾ ਚੇਲਾ ਬਣਨ ਦੀ ਕੀਮਤ
(ਮੱਤੀ 8:19-22)

57ਜਦ ਉਹ ਰਸਤੇ ਵਿੱਚ ਚੱਲੇ ਜਾਂਦੇ ਸਨ ਤਾਂ ਕਿਸੇ ਨੇ ਉਸ ਨੂੰ ਆਖਿਆ ਕਿ ਜਿੱਥੇ ਕਿਤੇ ਤੁਸੀਂ ਜਾਓਗੇ ਮੈਂ ਤੁਹਾਡੇ ਪਿੱਛੇ ਚੱਲਾਂਗਾ ।58ਯਿਸੂ ਨੇ ਉਸ ਨੂੰ ਕਿਹਾ, ਲੂੰਬੜੀਆਂ ਦੇ ਘੁਰਨੇ ਅਤੇ ਅਕਾਸ਼ ਦੇ ਪੰਛੀਆਂ ਦੇ ਆਲ੍ਹਣੇ ਹਨ ਪਰ ਮਨੁੱਖ ਦੇ ਪੁੱਤਰ ਦੇ ਸਿਰ ਰੱਖਣ ਨੂੰ ਵੀ ਥਾਂ ਨਹੀਂ ।
59ਉਸ ਨੇ ਹੋਰ ਦੂਸਰੇ ਨੂੰ ਆਖਿਆ ਕਿ ਮੇਰੇ ਮਗਰ ਚੱਲਿਆ ਆ ਪਰ ਉਸ ਨੇ ਕਿਹਾ, ਪ੍ਰਭੂ ਜੀ ਮੈਨੂੰ ਆਗਿਆ ਦਿਓ ਜੋ ਪਹਿਲਾਂ ਜਾ ਕੇ ਆਪਣੇ ਪਿਤਾ ਨੂੰ ਦੱਬਾਂ ।60ਉਸ ਨੇ ਉਸ ਨੂੰ ਆਖਿਆ, ਮੁਰਦਿਆਂ ਨੂੰ ਆਪਣੇ ਮੁਰਦੇ ਦੱਬਣ ਦੇ ਪਰ ਤੂੰ ਜਾ ਕੇ ਪਰਮੇਸ਼ੁਰ ਦੇ ਰਾਜ ਦਾ ਪਰਚਾਰ ਕਰ ।
61ਅਤੇ ਇੱਕ ਹੋਰ ਨੇ ਆਖਿਆ, ਪ੍ਰਭੂ ਜੀ, ਮੈਂ ਤੁਹਾਡੇ ਪਿਛੇ ਚੱਲਾਂਗਾ ਪਰ ਪਹਿਲਾਂ ਮੈਨੂੰ ਆਗਿਆ ਦਿਓ ਜੋ ਆਪਣੇ ਘਰ ਦਿਆਂ ਲੋਕਾਂ ਤੋਂ ਵਿਦਾ ਹੋ ਆਵਾਂ ।62ਪਰ ਯਿਸੂ ਨੇ ਉਸ ਨੂੰ ਆਖਿਆ, ਜੇ ਕੋਈ ਆਪਣਾ ਹੱਥ ਹਲ ਤੇ ਰੱਖ ਕੇ ਪਿਛਾਹਾਂ ਨੂੰ ਵੇਖੇ ਤਾਂ ਉਹ ਪਰਮੇਸ਼ੁਰ ਦੇ ਰਾਜ ਦੇ ਯੋਗ ਨਹੀਂ ।

10
ਸੱਤਰ ਚੇਲਿਆਂ ਨੂੰ ਭੇਜਣਾ

1ਇਨ੍ਹਾਂ ਗੱਲਾਂ ਤੋਂ ਬਾਅਦ ਪ੍ਰਭੂ ਨੇ ਸੱਤਰ ਹੋਰ ਮਨੁੱਖ ਵੀ ਠਹਿਰਾਏ ਅਤੇ ਹਰ ਨਗਰ ਅਤੇ ਹਰ ਥਾਂ ਜਿੱਥੇ ਆਪ ਜਾਣ ਵਾਲਾ ਸੀ ਉਨ੍ਹਾਂ ਨੂੰ ਦੋ-ਦੋ ਕਰਕੇ ਆਪਣੇ ਅੱਗੇ ਭੇਜਿਆ ।2ਤਾਂ ਉਸ ਨੇ ਉਨ੍ਹਾਂ ਨੂੰ ਆਖਿਆ, ਫ਼ਸਲ ਤਾਂ ਬਹੁਤ ਹੈ ਪਰ ਮਜ਼ਦੂਰ ਥੋੜ੍ਹੇ ਹਨ, ਇਸ ਲਈ ਤੁਸੀਂ ਖੇਤ ਦੇ ਮਾਲਕ ਅੱਗੇ ਬੇਨਤੀ ਕਰੋ ਜੋ ਉਹ ਆਪਣੀ ਫ਼ਸਲ ਵੱਢਣ ਲਈ ਮਜ਼ਦੂਰ ਭੇਜੇ ।

3ਜਾਓ ਵੇਖੋ, ਮੈਂ ਤੁਹਾਨੂੰ ਲੇਲਿਆਂ ਵਾਂਗੂੰ ਬਘਿਆੜਾਂ ਦੇ ਵਿੱਚ ਭੇਜਦਾ ਹਾਂ ।4ਇਸ ਲਈ ਨਾ ਬਟੂਆ, ਨਾ ਝੋਲਾ, ਨਾ ਜੁੱਤੀਆਂ ਲਓ, ਨਾ ਰਸਤੇ ਵਿੱਚ ਕਿਸੇ ਨੂੰ ਪਰਨਾਮ ਕਰੋ ।
5ਤੁਸੀਂ ਜਿਸ ਘਰ ਵਿੱਚ ਜਾਓ ਪਹਿਲਾਂ ਉਸ ਘਰ ਦੀ ਸ਼ਾਂਤੀ ਮੰਗੋ ।6ਅਤੇ ਜੇ ਕੋਈ ਸ਼ਾਂਤੀ ਦੇ ਯੋਗ ਉੱਥੇ ਹੋਵੇ ਤਾਂ ਤੁਹਾਡੀ ਸ਼ਾਂਤੀ ਉਸ ਉੱਤੇ ਠਹਿਰੇਗੀ, ਨਹੀਂ ਤਾਂ ਉਹ ਤੁਹਾਡੇ ਕੋਲ ਮੁੜ ਆਵੇਗੀ ।7ਅਤੇ ਉਸੇ ਘਰ ਵਿੱਚ ਠਹਿਰੋ ਅਤੇ ਜੋ ਕੁੱਝ ਭੋਜਨ ਉਹ ਦੇਣ, ਖਾਓ ਪੀਓ ਕਿਉਂ ਜੋ ਮਜ਼ਦੂਰ ਆਪਣੀ ਮਜ਼ਦੂਰੀ ਦਾ ਹੱਕਦਾਰ ਹੈ । ਘਰ ਘਰ ਨਾ ਫਿਰੋ ।
8ਅਤੇ ਜਿਸ ਨਗਰ ਵਿੱਚ ਤੁਸੀਂ ਪਹੁੰਚੋ ਅਤੇ ਉਹ ਤੁਹਾਨੂੰ ਕਬੂਲ ਕਰਨ ਤਦ ਜੋ ਕੁੱਝ ਤੁਹਾਡੇ ਅੱਗੇ ਖਾਣ ਲਈ ਰੱਖਣ, ਸੋ ਖਾਓ ।9ਅਤੇ ਉਸ ਨਗਰ ਦੇ ਰੋਗੀਆਂ ਨੂੰ ਚੰਗਾ ਕਰੋ ਅਤੇ ਉਨ੍ਹਾਂ ਨੂੰ ਦੱਸੋ ਕਿ ਪਰਮੇਸ਼ੁਰ ਦਾ ਰਾਜ ਤੁਹਾਡੇ ਨੇੜੇ ਆ ਗਿਆ ਹੈ ।
10ਪਰ ਜਿਸ ਨਗਰ ਵਿੱਚ ਤੁਸੀਂ ਪਹੁੰਚੋ ਅਤੇ ਉਹ ਤੁਹਾਨੂੰ ਸਵੀਕਾਰ ਨਾ ਕਰਨ ਤਾਂ ਉਹ ਦੇ ਚੌਕਾਂ ਵਿੱਚ ਜਾ ਕੇ ਕਹੋ11ਅਸੀਂ ਤੁਹਾਡੇ ਨਗਰ ਦੀ ਧੂੜ ਵੀ ਜਿਹੜੀ ਸਾਡੇ ਪੈਰਾਂ ਉੱਪਰ ਪਈ ਹੈ ਤੁਹਾਡੇ ਸਾਹਮਣੇ ਝਾੜ ਸੁੱਟਦੇ ਹਾਂ ਪਰ ਤੁਸੀਂ ਇਹ ਜਾਣ ਲਵੋ ਕਿ ਪਰਮੇਸ਼ੁਰ ਦਾ ਰਾਜ ਨੇੜੇ ਆਇਆ ਹੈ ।12ਮੈਂ ਤੁਹਾਨੂੰ ਆਖਦਾ ਹਾਂ ਕਿ ਉਹ ਦਿਨ ਉਸ ਨਗਰ ਨਾਲੋਂ ਸਦੂਮ ਦਾ ਹਾਲ ਸਹਿਣ ਯੋਗ ਹੋਵੇਗਾ ।
ਅਵਿਸ਼ਵਾਸੀ ਨਗਰਾਂ ਉੱਤੇ ਹਾਏ
(ਮੱਤੀ 11:20-24)

13ਹਾਏ ਖੁਰਾਜ਼ੀਨ ! ਹਾਏ ਬੈਤਸੈਦਾ ! ਕਿਉਂਕਿ ਜਿਹੜੇ ਅਚਰਜ ਕੰਮ ਤੁਹਾਡੇ ਵਿੱਚ ਕੀਤੇ ਗਏ ਹਨ ਜੇ ਸੂਰ ਅਤੇ ਸੈਦਾ ਵਿੱਚ ਕੀਤੇ ਜਾਂਦੇ ਤਾਂ ਉਹ ਤੱਪੜ ਪਹਿਨ ਕੇ ਅਤੇ ਸੁਆਹ ਵਿੱਚ ਬੈਠ ਕੇ ਕਦੋਂ ਦੇ ਤੋਬਾ ਕਰ ਲੈਂਦੇ ।14ਪਰ ਨਿਆਂ ਦੇ ਦਿਨ ਤੁਹਾਡੇ ਨਾਲੋਂ ਸੂਰ ਅਤੇ ਸੈਦਾ ਦਾ ਹਾਲ ਸਹਿਣ ਯੋਗ ਹੋਵੇਗਾ ।15ਅਤੇ ਹੇ ਕਫ਼ਰਨਾਹੂਮ, ਕੀ ਤੂੰ ਅਕਾਸ਼ ਤੱਕ ਉੱਚਾ ਕੀਤਾ ਜਾਏਂਗਾ ? ਤੂੰ ਤਾਂ ਸਗੋਂ ਪਤਾਲ ਵਿੱਚ ਸੁੱਟਿਆ ਜਾਏਂਗਾ !
16ਜੋ ਕੋਈ ਤੁਹਾਡੀ ਸੁਣਦਾ ਹੈ ਉਹ ਮੇਰੀ ਸੁਣਦਾ ਹੈ ਅਤੇ ਜੋ ਕੋਈ ਤੁਹਾਨੂੰ ਤੁਛ ਜਾਣਦਾ ਹੈ ਉਹ ਮੈਨੂੰ ਤੁਛ ਜਾਣਦਾ ਹੈ ਅਤੇ ਜੋ ਕੋਈ ਮੈਨੂੰ ਤੁਛ ਜਾਣਦਾ ਹੈ ਉਹ ਮੇਰੇ ਭੇਜਣ ਵਾਲੇ ਨੂੰ ਤੁਛ ਜਾਣਦਾ ਹੈ ।
ਸੱਤਰ ਚੇਲਿਆਂ ਦਾ ਵਾਪਸ ਆਉਣਾ

17ਉਹ ਸੱਤਰ ਅਨੰਦ ਨਾਲ ਮੁੜੇ ਅਤੇ ਬੋਲੇ ਕਿ ਪ੍ਰਭੂ ਜੀ ਤੇਰੇ ਨਾਮ ਕਰਕੇ ਭੂਤ ਵੀ ਸਾਡੇ ਵੱਸ ਵਿੱਚ ਹਨ !18ਉਸ ਨੇ ਉਨ੍ਹਾਂ ਨੂੰ ਆਖਿਆ, ਮੈਂ ਸ਼ੈਤਾਨ ਨੂੰ ਬਿਜਲੀ ਵਾਂਗੂੰ ਅਕਾਸ਼ ਤੋਂ ਡਿੱਗਾ ਹੋਇਆ ਵੇਖਿਆ ।19ਵੇਖੋ ਮੈਂ ਤੁਹਾਨੂੰ ਸੱਪਾਂ ਅਤੇ ਬਿਛੂਆਂ ਨੂੰ ਕੁਚਲਣ ਦਾ ਅਤੇ ਵੈਰੀ ਦੀ ਸਾਰੀ ਸਮਰੱਥਾ ਉੱਤੇ ਅਧਿਕਾਰ ਦਿੱਤਾ ਹੈ ਅਤੇ ਕੋਈ ਵੀ ਚੀਜ਼ ਤੁਹਾਡਾ ਨੁਕਸਾਨ ਨਾ ਕਰੇਗੀ ।20ਪਰ ਇਸ ਤੋਂ ਹੀ ਅਨੰਦ ਨਾ ਹੋਵੋ ਕਿ ਰੂਹਾਂ ਤੁਹਾਡੇ ਵੱਸ ਵਿੱਚ ਹਨ ਪਰ ਇਸ ਤੋਂ ਅਨੰਦ ਹੋਵੋ ਕਿ ਤੁਹਾਡੇ ਨਾਮ ਸਵਰਗ ਵਿੱਚ ਲਿਖੇ ਹੋਏ ਹਨ ।
ਯਿਸੂ ਖੁਸ਼ ਹੁੰਦਾ ਹੈ
(ਮੱਤੀ 11:25-27, 13:16, 17)

21ਉਸੇ ਸਮੇਂ ਉਹ ਪਵਿੱਤਰ ਆਤਮਾ ਵਿੱਚ ਬਹੁਤ ਮਗਨ ਹੋ ਕੇ ਬੋਲਿਆ, ਹੇ ਪਿਤਾ, ਅਕਾਸ਼ ਅਤੇ ਧਰਤੀ ਦੇ ਮਾਲਕ, ਮੈਂ ਤੇਰੀ ਵਡਿਆਈ ਕਰਦਾ ਹਾਂ ਜੋ ਤੁਸੀਂ ਇਨ੍ਹਾਂ ਗੱਲਾਂ ਨੂੰ ਗਿਆਨੀਆਂ ਤੋਂ ਲੁਕਾਇਆ ਅਤੇ ਬੱਚਿਆਂ ਉੱਤੇ ਪਰਗਟ ਕੀਤਾ । ਹਾਂ, ਪਿਤਾ, ਕਿਉਂ ਜੋ ਇਹੋ ਤੁਹਾਨੂੰ ਚੰਗਾ ਲੱਗਾ ।
22ਮੇਰੇ ਪਿਤਾ ਨੇ ਸਭ ਕੁੱਝ ਮੈਨੂੰ ਸੌਂਪਿਆ ਹੋਇਆ ਹੈ ਅਤੇ ਕੋਈ ਨਹੀਂ ਜਾਣਦਾ ਜੋ ਪੁੱਤਰ ਕੌਣ ਹੈ ਪਰ ਪਿਤਾ ਜਾਣਦਾ ਹੈ ਅਤੇ ਪਿਤਾ ਕੌਣ ਹੈ ਉਹ ਪੁੱਤਰ ਜਾਣਦਾ ਹੈ ਅਤੇ ਉਹ ਜਿਸ ਉੱਤੇ ਪੁੱਤਰ ਉਸ ਨੂੰ ਪਰਗਟ ਕਰਨਾ ਚਾਹੇ ।
23ਅਤੇ ਉਸ ਨੇ ਚੇਲਿਆਂ ਦੀ ਵੱਲ ਮੁੜ ਕੇ ਖ਼ਾਸ ਕਰਕੇ ਉਹਨਾਂ ਨੂੰ ਕਿਹਾ ਕਿ ਧੰਨ ਉਹ ਅੱਖਾਂ ਹਨ ਜੋ ਇਹ ਵੇਖਦੀਆਂ ਹਨ ਜੋ ਤੁਸੀਂ ਵੇਖਦੇ ਹੋ ।24ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਕਿ ਬਹੁਤ ਸਾਰੇ ਨਬੀਆਂ ਅਤੇ ਰਾਜਿਆਂ ਨੇ ਇਹ ਇੱਛਾ ਕੀਤੀ ਕਿ ਜੋ ਕੁੱਝ ਤੁਸੀਂ ਵੇਖਦੇ ਹੋ ਸੋ ਵੇਖਣ ਪਰ ਨਾ ਵੇਖ ਸਕੇ ਅਤੇ ਜੋ ਕੁੱਝ ਤੁਸੀਂ ਸੁਣਦੇ ਹੋ ਸੋ ਸੁਣਨ ਪਰ ਨਾ ਸੁਣਿਆ ।
ਦਿਆਲੂ ਸਾਮਰੀ ਦਾ ਦ੍ਰਿਸ਼ਟਾਂਤ

25ਤਾਂ ਵੇਖੋ ਇੱਕ ਉਪਦੇਸ਼ਕ ਨੇ ਉਸ ਨੂੰ ਪਰਤਾਉਣ ਲਈ ਖਲੋ ਕੇ ਕਿਹਾ, ਗੁਰੂ ਜੀ, ਮੈਂ ਕੀ ਕਰਾਂ ਜੋ ਸਦੀਪਕ ਜੀਵਨ ਦਾ ਅਧਿਕਾਰੀ ਹੋਵਾਂ ?26ਯਿਸੂ ਨੇ ਉਸ ਨੂੰ ਆਖਿਆ ਕਿ ਬਿਵਸਥਾ ਵਿੱਚ ਕੀ ਲਿਖਿਆ ਹੋਇਆ ਹੈ ? ਤੂੰ ਕਿਸ ਪ੍ਰਕਾਰ ਇਸ ਨੂੰ ਪੜ੍ਹਦਾ ਹੈਂ ?27ਤਾਂ ਉਸ ਨੇ ਉੱਤਰ ਦਿੱਤਾ ਕਿ ਤੂੰ ਪ੍ਰਭੂ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਸ਼ਕਤੀ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਪਿਆਰ ਕਰ ਅਤੇ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ ।28ਯਿਸੂ ਨੇ ਉਸ ਨੂੰ ਆਖਿਆ, ਤੂੰ ਠੀਕ ਉੱਤਰ ਦਿੱਤਾ, ਇਹੋ ਕਰ ਤਾਂ ਤੂੰ ਜੀਵੇਂਗਾ ।
29ਪਰ ਉਹ ਚਾਹੁੰਦਾ ਸੀ ਕਿ ਆਪਣੇ ਆਪ ਨੂੰ ਸੱਚਾ ਠਹਿਰਾਵੇ ਤਾਂ ਉਸ ਨੇ ਯਿਸੂ ਨੂੰ ਕਿਹਾ, ਫੇਰ ਕੌਣ ਹੈ ਮੇਰਾ ਗੁਆਂਢੀ ?30ਯਿਸੂ ਨੇ ਉੱਤਰ ਦਿੱਤਾ ਕਿ ਇੱਕ ਆਦਮੀ ਯਰੂਸ਼ਲਮ ਤੋਂ ਯਰੀਹੋ ਨੂੰ ਜਾ ਰਿਹਾ ਸੀ ਅਤੇ ਡਾਕੂਆਂ ਨੇ ਉਸ ਨੂੰ ਘੇਰਿਆ ਅਤੇ ਉਸ ਨੂੰ ਨੰਗਾ ਕਰ ਕੇ ਮਾਰਿਆ ਅਤੇ ਅਧਮੋਇਆ ਛੱਡ ਕੇ ਚੱਲੇ ਗਏ ।
31ਸੰਜੋਗ ਨਾਲ ਇੱਕ ਜਾਜਕ ਉਸ ਰਸਤੇ ਤੋਂ ਲੰਘਿਆ ਜਾਂਦਾ ਸੀ ਅਤੇ ਉਸ ਨੂੰ ਵੇਖ ਕੇ ਪਾਸਾ ਵੱਟ ਕੇ ਲੰਘ ਗਿਆ ।32ਇਸੇ ਤਰ੍ਹਾਂ ਇੱਕ ਲੇਵੀ ਵੀ ਉੱਥੇ ਪਹੁੰਚਿਆ ਅਤੇ ਉਸ ਨੂੰ ਵੇਖ ਕੇ ਪਾਸਾ ਵੱਟ ਕੇ ਲੰਘ ਗਿਆ ।
33ਪਰ ਇੱਕ ਸਾਮਰੀ ਸਫ਼ਰ ਕਰਦਾ ਹੋਇਆ ਉੱਥੇ ਪਹੁੰਚਿਆ ।34ਅਤੇ ਜਦੋਂ ਉਸ ਨੂੰ ਵੇਖਿਆ ਤਾਂ ਤਰਸ ਖਾ ਕੇ ਉਸ ਦੇ ਕੋਲ ਗਿਆ ਅਤੇ ਤੇਲ ਅਤੇ ਮੈਅ ਲਾ ਕੇ ਉਸ ਦੇ ਜ਼ਖਮਾਂ ਨੂੰ ਬੰਨ੍ਹਿਆ ਅਤੇ ਆਪਣੀ ਸਵਾਰੀ ਤੇ ਉਸ ਨੂੰ ਬਿਠਾ ਕੇ ਸਰਾਂ ਵਿੱਚ ਲਿਆਂਦਾ ਅਤੇ ਉਸ ਦੀ ਮਰਹਮ ਪੱਟੀ ਕੀਤੀ ।35ਫੇਰ ਸਵੇਰ ਨੂੰ ਦੋ ਦੀਨਾਰ ਕੱਢ ਕੇ ਦੇਖਭਾਲ ਕਰਨ ਵਾਲੇ ਨੂੰ ਦਿੱਤੇ ਅਤੇ ਆਖਿਆ ਜੋ ਇਸ ਦੀ ਮਹਰਮ ਪੱਟੀ ਕਰਦਾ ਰਹੀਂ, ਅਤੇ ਜੋ ਕੁੱਝ ਤੇਰਾ ਹੋਰ ਲੱਗੂ ਸੋ ਮੈਂ ਜਦ ਮੁੜ ਆਵਾਂ, ਤੇਰਾ ਭਰ ਦਿਆਂਗਾ ।
36ਸੋ ਉਸ ਆਦਮੀ ਦਾ ਜੋ ਡਾਕੂਆਂ ਦੇ ਹੱਥ ਪੈ ਗਿਆ ਸੀ, ਉਨ੍ਹਾਂ ਤਿੰਨਾਂ ਵਿੱਚੋਂ ਕਿਹੜਾ ਤੈਨੂੰ ਗੁਆਂਢੀ ਜਾਪਦਾ ਹੈ ?37ਉਹ ਬੋਲਿਆ, ਜਿਸ ਨੇ ਉਸ ਉੱਤੇ ਦਯਾ ਕੀਤੀ । ਫੇਰ ਯਿਸੂ ਨੇ ਉਸ ਨੂੰ ਆਖਿਆ, ਤੂੰ ਵੀ ਜਾ ਕੇ ਇਸੇ ਤਰ੍ਹਾਂ ਹੀ ਕਰ ।
ਮਾਰਥਾ ਅਤੇ ਮਰਿਯਮ ਦੇ ਘਰ ਵਿੱਚ ਯਿਸੂ

38ਫੇਰ ਜਦ ਉਹ ਚੱਲੇ ਜਾਂਦੇ ਸਨ ਤਾਂ ਉਹ ਇੱਕ ਪਿੰਡ ਵਿੱਚ ਪਹੁੰਚੇ ਅਤੇ ਮਾਰਥਾ ਨਾਮ ਦੀ ਇੱਕ ਔਰਤ ਨੇ ਉਸ ਨੂੰ ਆਪਣੇ ਘਰ ਉਤਾਰਿਆ ।39ਅਤੇ ਮਰਿਯਮ ਨਾਮਕ ਉਸ ਦੀ ਇੱਕ ਭੈਣ ਸੀ ਜਿਹੜੀ ਪ੍ਰਭੂ ਦੇ ਚਰਨਾਂ ਕੋਲ ਬੈਠ ਕੇ ਉਸ ਦਾ ਬਚਨ ਸੁਣਦੀ ਸੀ ।
40ਪਰ ਮਾਰਥਾ ਸੇਵਾ ਕਰਦੀ-ਕਰਦੀ ਘਬਰਾ ਗਈ ਅਤੇ ਉਸ ਦੇ ਕੋਲ ਆਣ ਕੇ ਕਿਹਾ, ਪ੍ਰਭੂ ਜੀ ਤੁਹਾਨੂੰ ਮੇਰੀ ਕੋਈ ਚਿੰਤਾ ਨਹੀਂ ਜੋ ਮੇਰੀ ਭੈਣ ਸੇਵਾ ਵਿੱਚ ਮੇਰੀ ਸਹਾਇਤਾ ਨਹੀਂ ਕਰਦੀ ? ਮੇਰੀ ਸਹਾਇਤਾ ਲਈ ਉਸ ਨੂੰ ਕਹੋ ।41ਪਰ ਪ੍ਰਭੂ ਨੇ ਉਸ ਨੂੰ ਉੱਤਰ ਦਿੱਤਾ, ਮਾਰਥਾ ਮਾਰਥਾ, ਤੂੰ ਬਹੁਤੀਆਂ ਵਸਤਾਂ ਦੀ ਚਿੰਤਾ ਕਰਦੀ ਅਤੇ ਘਬਰਾਉਂਦੀ ਹੈਂ ।42ਪਰ ਇੱਕ ਗੱਲ ਦੀ ਲੋੜ ਹੈ । ਮਰਿਯਮ ਨੇ ਤਾਂ ਉਹ ਚੰਗਾ ਹਿੱਸਾ ਪਸੰਦ ਕੀਤਾ ਹੈ ਜੋ ਉਸ ਤੋਂ ਖੋਹਿਆ ਨਾ ਜਾਵੇਗਾ ।

11
ਚੇਲਿਆਂ ਨੂੰ ਪ੍ਰਾਰਥਨਾ ਕਰਨਾ ਸਿਖਾਉਣਾ
(ਮੱਤੀ 6:9-13)

1ਫਿਰ ਇਸ ਤਰ੍ਹਾਂ ਹੋਇਆ ਕਿ ਯਿਸੂ ਕਿਸੇ ਥਾਂ ਪ੍ਰਾਰਥਨਾ ਕਰਦਾ ਸੀ ਅਤੇ ਜਦ ਪ੍ਰਾਰਥਨਾ ਕਰ ਚੁੱਕਿਆ ਤਾਂ ਉਸ ਦੇ ਚੇਲਿਆਂ ਵਿੱਚੋਂ ਇੱਕ ਨੇ ਉਸ ਨੂੰ ਆਖਿਆ, ਪ੍ਰਭੂ ਜੀ ਸਾਨੂੰ ਪ੍ਰਾਰਥਨਾ ਕਰਨੀ ਸਿਖਾ ਜਿਸ ਤਰ੍ਹਾਂ ਯੂਹੰਨਾ ਨੇ ਵੀ ਆਪਣੇ ਚੇਲਿਆਂ ਨੂੰ ਸਿਖਾਈ ਹੈ ।

2ਫੇਰ ਉਸ ਨੇ ਉਨ੍ਹਾਂ ਨੂੰ ਕਿਹਾ, ਤੁਸੀਂ ਇਸ ਤਰ੍ਹਾਂ ਪ੍ਰਾਰਥਨਾ ਕਰੋ, ਹੇ ਪਿਤਾ, ਤੇਰਾ ਨਾਮ ਪਵਿੱਤਰ ਮੰਨਿਆ ਜਾਵੇ, ਤੇਰਾ ਰਾਜ ਆਵੇ,
3ਸਾਡੀ ਰੋਜ਼ ਦੀ ਰੋਟੀ ਸਾਨੂੰ ਦਿਓ ।4ਸਾਡੇ ਪਾਪ ਸਾਨੂੰ ਮਾਫ਼ ਕਰੋ, ਜਿਵੇਂ ਅਸੀਂ ਵੀ ਆਪਣੇ ਗੁਨਾਹਗਾਰਾਂ ਨੂੰ ਮਾਫ਼ ਕਰਦੇ ਹਾਂ, ਅਤੇ ਸਾਨੂੰ ਪਰਤਾਵੇ ਵਿੱਚ ਨਾ ਲਿਆ ।
ਯਿਸੂ ਪ੍ਰਾਰਥਨਾ ਦੇ ਬਾਰੇ ਸਿਖਾਉਂਦਾ ਹੈ
(ਮੱਤੀ 7:7-11)

5ਫਿਰ ਯਿਸੂ ਨੇ ਉਨ੍ਹਾਂ ਨੂੰ ਆਖਿਆ ਕਿ ਤੁਹਾਡੇ ਵਿੱਚੋਂ ਕੌਣ ਹੈ ਜਿਸ ਦਾ ਇੱਕ ਮਿੱਤਰ ਹੋਵੇ ਅਤੇ ਅੱਧੀ ਰਾਤ ਨੂੰ ਉਸ ਦੇ ਕੋਲ ਜਾ ਕੇ ਉਸ ਨੂੰ ਕਹੇ, ਮਿਤੱਰ ਮੈਨੂੰ ਤਿੰਨ ਰੋਟੀਆਂ ਉਧਾਰ ਦੇ ।6ਕਿਉਂ ਜੋ ਮੇਰਾ ਇੱਕ ਮਿੱਤਰ ਦੂਰੋਂ ਸਫ਼ਰ ਕਰ ਕੇ ਮੇਰੇ ਕੋਲ ਆਇਆ ਹੈ ਅਤੇ ਮੇਰੇ ਕੋਲ ਉਸ ਨੂੰ ਭੋਜਨ ਕਰਾਉਣ ਵਾਸਤੇ ਕੁੱਝ ਵੀ ਨਹੀਂ ਹੈ ।7ਅਤੇ ਉਹ ਅੰਦਰੋਂ ਉੱਤਰ ਦੇਵੇ ਕਿ ਮੈਨੂੰ ਤੰਗ ਨਾ ਕਰ, ਮੈਂ ਬੂਹਾ ਬੰਦ ਕਰ ਚੁੱਕਾ ਹਾਂ ਅਤੇ ਮੇਰੇ ਬੱਚੇ ਮੇਰੇ ਨਾਲ ਬਿਸਤਰੇ ਉੱਤੇ ਸੁੱਤੇ ਪਏ ਹਨ, ਮੈਂ ਉੱਠ ਕੇ ਤੈਨੂੰ ਕੁੱਝ ਨਹੀਂ ਦੇ ਸਕਦਾ ।8ਮੈਂ ਤੁਹਾਨੂੰ ਆਖਦਾ ਹਾਂ ਕਿ ਭਾਵੇਂ ਉਸ ਦਾ ਮਿੱਤਰ ਹੋਣ ਕਰਕੇ, ਉਹ ਉੱਠ ਕੇ ਉਸ ਨੂੰ ਕੁੱਝ ਨਾ ਦੇਵੇ ਪਰ ਉਸ ਦੀ ਜਿੱਦ ਦੇ ਕਾਰਨ ਉਹ ਉੱਠੇਗਾ ਅਤੇ ਉਸ ਦੀ ਲੋੜ ਦੇ ਅਨੁਸਾਰ ਉਸ ਨੂੰ ਰੋਟੀਆਂ ਦੇਵੇਗਾ ।
9ਇਸ ਲਈ ਮੈਂ ਤੁਹਾਨੂੰ ਆਖਦਾ ਹਾਂ, ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ, ਲੱਭੋ ਤਾਂ ਤੁਹਾਨੂੰ ਲੱਭੇਗਾ, ਖੜਕਾਓ ਤਾਂ ਤੁਹਾਡੇ ਲਈ ਖੋਲ੍ਹਿਆ ਜਾਵੇਗਾ ।10ਕਿਉਂਕਿ ਹਰੇਕ ਜਿਹੜਾ ਮੰਗਦਾ ਹੈ, ਉਸ ਨੂੰ ਦਿੱਤਾ ਜਾਂਦਾ ਹੈ ਅਤੇ ਜਿਹੜਾ ਲੱਭਦਾ ਹੈ ਉਸ ਨੂੰ ਮਿਲਦਾ ਹੈ ਅਤੇ ਜਿਹੜਾ ਖੜਕਾਉਂਦਾ ਹੈ ਉਸ ਲਈ ਖੋਲ੍ਹਿਆ ਜਾਂਦਾ ਹੈ ।
11ਪਰ ਤੁਹਾਡੇ ਵਿੱਚੋਂ ਉਹ ਕਿਹੜਾ ਪਿਤਾ ਹੈ ਜਦ ਉਸ ਦਾ ਪੁੱਤਰ ਮੱਛੀ ਮੰਗੇ ਤਾਂ ਉਸ ਨੂੰ ਮੱਛੀ ਦੀ ਥਾਂ ਸੱਪ ਦੇਵੇਗਾ ?12ਜੇਕਰ ਅੰਡਾ ਮੰਗੇ ਤਾਂ ਕਿ ਉਹ ਆਪਣੇ ਪੁੱਤਰ ਨੂੰ ਬਿੱਛੂ ਦੇਵੇਗਾ ?13ਜਦੋਂ ਕਿ ਤੁਸੀਂ ਬੁਰੇ ਹੋ ਕੇ ਵੀ ਆਪਣਿਆਂ ਬੱਚਿਆਂ ਨੂੰ ਚੰਗੀਆਂ ਚੀਜ਼ਾਂ ਦੇਣੀਆਂ ਜਾਣਦੇ ਹੋ ਤਾਂ ਉਹ ਸਵਰਗੀ ਪਿਤਾ ਆਪਣੇ ਮੰਗਣ ਵਾਲਿਆਂ ਨੂੰ ਪਵਿੱਤਰ ਆਤਮਾ ਕਿਉਂ ਨਾ ਦੇਵੇਗਾ ! ।
ਯਿਸੂ ਅਤੇ ਬਆਲਜ਼ਬੂਲ
(ਮੱਤੀ 12:22-30, ਮਰਕੁਸ 3:20-27)

14ਫਿਰ ਯਿਸੂ ਨੇ ਇੱਕ ਗੁੰਗੇ ਭੂਤ ਨੂੰ ਕੱਢਿਆ ਅਤੇ ਇਹ ਹੋਇਆ ਕਿ ਜਦ ਉਹ ਭੂਤ ਨਿੱਕਲ ਗਿਆ ਤਾਂ ਉਹ ਗੂੰਗਾ ਬੋਲਣ ਲੱਗ ਪਿਆ ਅਤੇ ਲੋਕ ਹੈਰਾਨ ਹੋਏ ।15ਪਰ ਉਨ੍ਹਾਂ ਵਿੱਚੋਂ ਕਈਆਂ ਨੇ ਆਖਿਆ ਕਿ ਉਹ ਭੂਤਾਂ ਦੇ ਸਰਦਾਰ ਸ਼ੈਤਾਨ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹੈ ।
16ਅਤੇ ਕਈਆਂ ਨੇ ਉਸ ਨੂੰ ਪਰਖਣ ਲਈ ਅਕਾਸ਼ ਵੱਲੋਂ ਇੱਕ ਨਿਸ਼ਾਨ ਉਸ ਤੋਂ ਮੰਗਿਆ ।17ਪਰ ਯਿਸੂ ਨੇ ਉਨ੍ਹਾਂ ਦੇ ਮਨ ਦੀਆਂ ਗੱਲਾਂ ਜਾਣ ਕੇ ਉਨ੍ਹਾਂ ਨੂੰ ਆਖਿਆ ਕਿ ਜਿਸ ਕਿਸੇ ਰਾਜ ਵਿੱਚ ਫੁੱਟ ਪੈਂਦੀ ਹੈ ਉਹ ਉੱਜੜ ਜਾਂਦਾ ਹੈ ਅਤੇ ਇਸੇ ਤਰ੍ਹਾਂ ਜਿਸ ਘਰ ਵਿੱਚ ਫੁੱਟ ਪੈ ਜਾਵੇ ਉਹ ਵੀ ਨਾਸ਼ ਹੋ ਜਾਂਦਾ ਹੈ ।
18ਇਸ ਲਈ ਜੇਕਰ ਸ਼ੈਤਾਨ ਆਪਣੇ ਹੀ ਵਿਰੁੱਧ ਉੱਠੇ ਤਾਂ ਉਸ ਦਾ ਰਾਜ ਕਿਸ ਤਰ੍ਹਾਂ ਕਾਇਮ ਰਹੇਗਾ । ਤੁਸੀਂ ਆਖਦੇ ਹੋ ਕਿ ਮੈਂ ਸ਼ੈਤਾਨ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹਾਂ ।19ਅਤੇ ਜੇ ਮੈਂ ਸ਼ੈਤਾਨ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹਾਂ ਤਾਂ ਤੁਹਾਡੇ ਪੁੱਤਰ ਕਿਸ ਦੀ ਸਹਾਇਤਾ ਨਾਲ ਕੱਢਦੇ ਹਨ ? ਬਸ, ਤੁਹਾਡਾ ਨਿਆਂ ਕਰਨ ਵਾਲੇ ਉਹ ਹੀ ਹੋਣਗੇ ।20ਪਰ ਜੇ ਮੈਂ ਪਰਮੇਸ਼ੁਰ ਦੀ ਸ਼ਕਤੀ ਨਾਲ ਭੂਤਾਂ ਨੂੰ ਕੱਢਦਾ ਹਾਂ ਤਾਂ ਪਰਮੇਸ਼ੁਰ ਦਾ ਰਾਜ ਤੁਹਾਡੇ ਕੋਲ ਆ ਗਿਆ ਹੈ ।
21ਜਦ ਕੋਈ ਜ਼ੋਰਾਵਰ ਆਦਮੀ ਹਥਿਆਰ ਬੰਨ੍ਹੀਂ ਆਪਣੇ ਘਰ ਦੀ ਰਖਵਾਲੀ ਕਰਦਾ ਹੈ ਤਾਂ ਉਸ ਦਾ ਮਾਲ ਬਚਿਆ ਰਹਿੰਦਾ ਹੈ ।22ਪਰ ਜੇਕਰ ਕੋਈ ਉਸ ਨਾਲੋਂ ਜ਼ੋਰਾਵਰ ਆਣ ਕੇ ਉਸ ਨੂੰ ਜਿੱਤ ਲਵੇ ਅਤੇ ਉਸ ਦੇ ਸਾਰੇ ਹਥਿਆਰ ਜਿਨ੍ਹਾਂ ਉੱਤੇ ਉਸ ਨੂੰ ਭਰੋਸਾ ਸੀ, ਖੋਹ ਲੈਂਦਾ ਹੈ ਅਤੇ ਉਸ ਦਾ ਮਾਲ ਲੁੱਟ ਲੈਂਦਾ ਹੈ ।23ਜੋ ਮੇਰੇ ਨਾਲ ਨਹੀਂ ਸੋ ਮੇਰੇ ਵਿਰੁੱਧ ਹੈ ਅਤੇ ਜੋ ਮੇਰੇ ਨਾਲ ਇਕੱਠਾ ਨਹੀਂ ਕਰਦਾ ਉਹ ਖਿਲਾਰਦਾ ਹੈ ।
ਅਧੂਰੇ ਸੁਧਾਰ ਦੀ ਸਮੱਸਿਆ
(ਮੱਤੀ 12:43-45)

24ਪਰ ਜਦੋਂ ਅਸ਼ੁੱਧ ਆਤਮਾ ਮਨੁੱਖ ਵਿੱਚੋਂ ਨਿੱਕਲ ਗਿਆ ਹੋਵੇ ਤਾਂ ਸੁੱਕਿਆਂ ਥਾਵਾਂ ਵਿੱਚ ਅਰਾਮ ਲੱਭਦਾ ਫ਼ਿਰਦਾ ਹੈ, ਪਰ ਉਸ ਨੂੰ ਲੱਭਦਾ ਨਹੀਂ । ਫਿਰ ਉਹ ਆਖਦਾ ਹੈ ਕਿ ਮੈਂ ਆਪਣੇ ਘਰ ਜਿੱਥੋਂ ਮੈਂ ਨਿੱਕਲਿਆ ਸੀ, ਵਾਪਸ ਜਾਂਵਾਂਗਾ ਅਤੇ ਆ ਕੇ ਉਹ ਨੂੰ ਵਿਹਲਾ ਅਤੇ ਝਾੜਿਆ ਸੁਆਰਿਆ ਹੋਇਆ ਵੇਖਦਾ ਹੈ ।25ਅਤੇ ਆਣ ਕੇ ਉਸ ਘਰ ਨੂੰ ਸਾਫ਼ ਸੁਥਰਾ ਵੇਖਦਾ ਹੈ ।26ਤਦ ਉਹ ਜਾ ਕੇ ਆਪਣੇ ਨਾਲੋਂ ਸੱਤ ਹੋਰ ਬੁਰੇ ਆਤਮੇ ਨਾਲ ਲਿਆਉਂਦਾ ਹੈ ਅਤੇ ਉਹ ਉਸ ਆਦਮੀ ਵਿੱਚ ਰਹਿਣ ਲੱਗ ਪੈਂਦਾ ਹਨ ਅਤੇ ਉਸ ਆਦਮੀ ਦਾ ਬਾਅਦ ਵਾਲਾ ਹਾਲ ਪਹਿਲੇ ਨਾਲੋਂ ਬੁਰਾ ਹੁੰਦਾ ਹੈ ।
ਧੰਨ ਕੌਣ ਹੈ ?

27ਅਤੇ ਇਹ ਹੋਇਆ ਕਿ ਜਦ ਯਿਸੂ ਇਹ ਗੱਲਾਂ ਕਰ ਰਹੇ ਸਨ ਤਾਂ ਭੀੜ ਵਿੱਚੋਂ ਇੱਕ ਔਰਤ ਨੇ ਪੁਕਾਰ ਕੇ ਕਿਹਾ, ਕਿ ਧੰਨ ਹੈ ਉਹ ਮਾਂ ਜਿਸ ਨੇ ਤੈਨੂੰ ਜਨਮ ਦਿੱਤਾ ਅਤੇ ਉਹ ਛਾਤੀਆਂ ਜਿਨ੍ਹਾਂ ਨੇ ਤੈਨੂੰ ਚੁੰਘਾਇਆ ਹੈ !28ਤਾਂ ਯਿਸੂ ਨੇ ਉਨ੍ਹਾਂ ਨੂੰ ਆਖਿਆ, ਪਰ ਧੰਨ ਹਨ ਉਹ ਲੋਕ ਜਿਹੜੇ ਪਰਮੇਸ਼ੁਰ ਦਾ ਬਚਨ ਸੁਣਦੇ ਅਤੇ ਉਸ ਨੂੰ ਮੰਨਦੇ ਹਨ ।
ਸਵਰਗ ਤੋਂ ਚਿੰਨ੍ਹ ਦੀ ਮੰਗ
(ਮੱਤੀ 12:38-42)

29ਜਦ ਬਹੁਤ ਲੋਕ ਉਸ ਦੇ ਕੋਲ ਇਕੱਠੇ ਹੁੰਦੇ ਜਾਂਦੇ ਸਨ ਤਾਂ ਉਹ ਕਹਿਣ ਲੱਗਾ ਕਿ ਇਸ ਪੀੜ੍ਹੀ ਦੇ ਲੋਕ ਕਿੰਨ੍ਹੇ ਬੁਰੇ ਹਨ । ਇਹ ਨਿਸ਼ਾਨ ਦੇ ਰੂਪ ਵਿੱਚ ਕੋਈ ਚਮਤਕਾਰ ਦੇਖਣਾ ਚਾਹੁੰਦੇ ਹਨ ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਯੂਨਾਹ ਦੇ ਨਿਸ਼ਾਨ ਬਿਨ੍ਹਾਂ ਕੋਈ ਹੋਰ ਨਿਸ਼ਾਨ ਇਨ੍ਹਾਂ ਨੂੰ ਦਿੱਤਾ ਨਾ ਜਾਵੇਗਾ ।30ਜਿਸ ਤਰ੍ਹਾਂ ਯੂਨਾਹ ਨੀਨਵਾਹ ਦੇ ਲੋਕਾਂ ਲਈ ਨਿਸ਼ਾਨ ਠਹਿਰਿਆ ਉਸੇ ਤਰ੍ਹਾਂ ਮਨੁੱਖ ਦਾ ਪੁੱਤਰ ਵੀ ਇਸ ਪੀੜ੍ਹੀ ਦੇ ਲੋਕਾਂ ਲਈ ਠਹਿਰੇਗਾ ।
31ਦੱਖਣ ਦੀ ਰਾਣੀ ਨਿਆਂ ਵਾਲੇ ਦਿਨ ਇਸ ਪੀੜ੍ਹੀ ਦੇ ਲੋਕਾਂ ਨਾਲ ਉੱਠੇਗੀ ਅਤੇ ਇਨ੍ਹਾਂ ਨੂੰ ਦੋਸ਼ੀ ਠਹਿਰਾਵੇਗੀ ਕਿਉਂ ਜੋ ਉਹ ਧਰਤੀ ਦੀ ਹੱਦ ਤੋਂ ਸੁਲੇਮਾਨ ਦਾ ਗਿਆਨ ਸੁਣਨ ਲਈ ਆਈ ਅਤੇ ਵੇਖੋ ਇੱਥੇ ਸੁਲੇਮਾਨ ਨਾਲੋਂ ਵੀ ਵੱਡਾ ਹੈ ।
32ਨੀਨਵਾਹ ਦੇ ਲੋਕ ਨਿਆਂ ਵਾਲੇ ਦਿਨ ਇਸ ਪੀੜ੍ਹੀ ਦੇ ਲੋਕਾਂ ਨਾਲ ਉੱਠ ਖੜ੍ਹੇ ਹੋਣਗੇ ਅਤੇ ਇਨ੍ਹਾਂ ਨੂੰ ਦੋਸ਼ੀ ਠਹਿਰਾਉਣਗੇ ਕਿਉਂ ਜੋ ਉਨ੍ਹਾਂ ਨੇ ਯੂਨਾਹ ਦਾ ਪਰਚਾਰ ਸੁਣ ਕੇ ਤੌਬਾ ਕੀਤੀ ਅਤੇ ਵੇਖੋ ਏਥੇ ਯੂਨਾਹ ਨਾਲੋਂ ਵੀ ਇੱਕ ਵੱਡਾ ਹੈ ।
ਸਰੀਰ ਦਾ ਦੀਵਾ
(ਮੱਤੀ 5:15, 6:22, 23)

33ਕੋਈ ਦੀਵਾ ਬਾਲ ਕੇ ਕਟੋਰੇ ਦੇ ਥੱਲੇ ਜਾਂ ਟੋਕਰੇ ਦੇ ਹੇਠ ਨਹੀਂ ਰੱਖਦਾ ਸਗੋਂ ਦੀਵਟ ਉੱਤੇ ਰੱਖਦਾ ਹੈ ਕਿ ਅੰਦਰ ਆਉਣ ਵਾਲੇ ਨੂੰ ਚਾਨਣ ਮਿਲੇ ।34ਤੇਰੇ ਸਰੀਰ ਦਾ ਦੀਵਾ ਤੇਰੀ ਅੱਖ ਹੈ । ਜੇਕਰ ਤੇਰੀ ਅੱਖ ਨਿਰਮਲ ਹੈ ਤਾਂ ਤੇਰਾ ਸਾਰਾ ਸਰੀਰ ਵੀ ਚਾਨਣਾ ਹੈ ਪਰ ਜੇਕਰ ਤੇਰੀ ਅੱਖ ਬੁਰੀ ਹੈ ਤਾਂ ਤੇਰਾ ਸਰੀਰ ਵੀ ਹਨ੍ਹੇਰਾ ਹੈ ।35ਇਸ ਲਈ ਸੁਚੇਤ ਰਹਿ ਕਿ ਸਾਰਾ ਸਰੀਰ ਅੰਧਕਾਰ ਵਿੱਚ ਨਾ ਬਦਲ ਜਾਵੇ ।36ਜੇਕਰ ਤੇਰਾ ਸਾਰਾ ਸਰੀਰ ਚਾਨਣ ਹੋਵੇ ਅਤੇ ਉਸ ਦਾ ਕੋਈ ਅੰਗ ਹਨ੍ਹੇਰਾ ਨਾ ਹੋਵੇ ਤਾਂ ਸਾਰਾ ਹੀ ਚਾਨਣ ਹੋਵੇਗਾ ਜਿਸ ਤਰ੍ਹਾਂ ਦੀਵਾ ਆਪਣੀ ਜੋਤ ਨਾਲ ਤੈਨੂੰ ਚਾਨਣ ਦਿੰਦਾ ਹੈ ।
ਫ਼ਰੀਸੀਆਂ ਅਤੇ ਉਪਦੇਸ਼ਕਾਂ ਉੱਤੇ ਹਾਏ
(ਮੱਤੀ 23:1-36, ਮਰਕੁਸ 12:38-40)

37ਜਦ ਯਿਸੂ ਗੱਲ ਕਰ ਹੀ ਰਿਹਾ ਸੀ ਤਾਂ ਇੱਕ ਫ਼ਰੀਸੀ ਨੇ ਉਸ ਅੱਗੇ ਬੇਨਤੀ ਕੀਤੀ ਕਿ ਮੇਰੇ ਘਰ ਭੋਜਨ ਕਰਨ ਲਈ ਚੱਲੋ । ਤਦ ਯਿਸੂ ਉਨ੍ਹਾਂ ਨਾਲ ਭੋਜਨ ਕਰਨ ਬੈਠਾ ।38ਉਸ ਫ਼ਰੀਸੀ ਆਦਮੀ ਨੂੰ ਇਹ ਦੇਖ ਕੇ ਬੜੀ ਹੈਰਾਨੀ ਹੋਈ ਕਿ ਯਿਸੂ ਨੇ ਭੋਜਨ ਕਰਨ ਤੋਂ ਪਹਿਲਾਂ ਰੀਤ ਅਨੁਸਾਰ ਆਪਣੇ ਹੱਥ-ਪੈਰ ਨਹੀਂ ਧੋਤੇ ।
39ਤਦ ਪ੍ਰਭੂ ਨੇ ਉਸ ਨੂੰ ਆਖਿਆ, ਤੁਸੀਂ ਫ਼ਰੀਸੀ ਲੋਕ ਥਾਲੀਆਂ ਅਤੇ ਪਿਆਲਿਆਂ ਨੂੰ ਬਾਹਰੋਂ ਤਾਂ ਚੰਗੀ ਤਰ੍ਹਾਂ ਸਾਫ਼ ਕਰਦੇ ਹੋ, ਪਰ ਤੁਹਾਡੇ ਸਰੀਰ ਦੇ ਅੰਦਰ ਲੋਭ ਅਤੇ ਬੁਰਿਆਈ ਭਰੀ ਹੋਈ ਹੈ ।40ਹੇ ਮੂਰਖੋ, ਜਿਸ ਪਰਮੇਸ਼ੁਰ ਨੇ ਬਾਹਰ ਦੇ ਹਿੱਸੇ ਨੂੰ ਬਣਾਇਆ ਭਲਾ ਉਸ ਨੇ ਅੰਦਰ ਦੇ ਭਾਗ ਨੂੰ ਨਹੀਂ ਬਣਾਇਆ ?41ਅੰਦਰਲੀਆਂ ਚੀਜ਼ਾਂ ਨੂੰ ਸ਼ੁੱਧ ਕਰੋ ਤਾਂ ਵੇਖੋ ਸਭ ਕੁੱਝ ਤੁਹਾਡੇ ਲਈ ਸ਼ੁੱਧ ਹੋ ਜਾਵੇਗਾ ।
42ਪਰ ਹੇ ਫ਼ਰੀਸੀਓ ਤੁਹਾਡੇ ਉੱਤੇ ਹਾਏ ! ਕਿਉਂ ਜੋ ਤੁਸੀਂ ਪੂਦੀਨੇ ਅਤੇ ਹਰਮਲ ਅਤੇ ਹਰੇਕ ਸਾਗ ਪਾਤ ਦਾ ਦਸਵਾਂ ਹਿੱਸਾ ਪਰਮੇਸ਼ੁਰ ਨੂੰ ਦਿੰਦੇ ਹੋ ਪਰ ਪਰਮੇਸ਼ੁਰ ਦੇ ਪਿਆਰ ਅਤੇ ਨਿਆਂ ਦੀ ਉਲੰਘਣਾ ਕਰਦੇ ਹੋ ਪਰ ਚੰਗਾ ਹੁੰਦਾ ਕਿ ਇਨ੍ਹਾਂ ਗੱਲਾਂ ਨੂੰ ਵੀ ਮੰਨਦੇ ।
43ਤੁਸੀਂ ਫ਼ਰੀਸੀਆਂ ਉੱਤੇ ਹਾਏ ! ਕਿਉਂ ਜੋ ਤੁਸੀਂ ਪ੍ਰਾਰਥਨਾ ਘਰ ਵਿੱਚ ਮੁੱਖ ਥਾਵਾਂ ਉੱਤੇ ਬੈਠਣਾ ਪਸੰਦ ਕਰਦੇ ਹੋ ਅਤੇ ਬਜ਼ਾਰਾਂ ਵਿੱਚ ਸਲਾਮ ਲੈਣ ਦੇ ਭੁੱਖੇ ਹੋ ।44ਤੁਹਾਡੇ ਉੱਤੇ ਹਾਏ ! ਕਿਉਂਕਿ ਤੁਸੀਂ ਉਨ੍ਹਾਂ ਕਬਰਾਂ ਵਰਗੇ ਹੋ ਜੋ ਦਿਖਾਈ ਨਹੀਂ ਦਿੰਦੀਆਂ ਅਤੇ ਲੋਕੀ ਉਨ੍ਹਾਂ ਉੱਤੋਂ ਅਣਜਾਣੇ ਚੱਲਦੇ ਫਿਰਦੇ ਹਨ ।
45ਉਪਦੇਸ਼ਕਾਂ ਵਿੱਚੋਂ ਇੱਕ ਨੇ ਉਸ ਨੂੰ ਉੱਤਰ ਦਿੱਤਾ, ਗੁਰੂ ਜੀ ਇਹ ਬੋਲ ਕੇ ਤੁਸੀਂ ਸਾਡੀ ਨਿੰਦਿਆ ਕਰਦੇ ਹੋ ।46ਪਰ ਉਸ ਨੇ ਆਖਿਆ, ਉਪਦੇਸ਼ਕਾਂ ਉੱਤੇ ਵੀ ਹਾਏ ! ਕਿਉਂ ਜੋ ਤੁਸੀਂ ਮਨੁੱਖਾਂ ਉੱਤੇ ਅਜਿਹੇ ਭਾਰ ਰੱਖਦੇ ਹੋ ਜਿਨ੍ਹਾਂ ਦਾ ਚੁੱਕਣਾ ਔਖਾ ਹੈ ਪਰ ਤੁਸੀਂ ਆਪ ਆਪਣੀ ਇੱਕ ਉਂਗਲ ਵੀ ਉਸ ਭਾਰ ਨੂੰ ਚੁੱਕਣ ਵਾਸਤੇ ਨਹੀਂ ਲਾਉਂਦੇ ਹੋ ।
47ਹਾਏ ਤੁਹਾਡੇ ਉੱਤੇ ! ਕਿਉਂ ਜੋ ਤੁਸੀਂ ਨਬੀਆਂ ਦੀਆਂ ਕਬਰਾਂ ਬਣਾਉਂਦੇ ਹੋ ਅਤੇ ਤੁਹਾਡਿਆਂ ਪਿਉ-ਦਾਦਿਆਂ ਨੇ ਉਨ੍ਹਾਂ ਨੂੰ ਮਾਰ ਸੁੱਟਿਆ ਸੀ ।48ਸੋ ਤੁਸੀਂ ਗਵਾਹ ਹੋ ਅਤੇ ਤੁਹਾਡੇ ਪਿਉ-ਦਾਦਿਆਂ ਦੇ ਕੰਮ ਤੁਹਾਨੂੰ ਚੰਗੇ ਲੱਗਦੇ ਹਨ, ਇਸ ਲਈ ਜੋ ਉਨ੍ਹਾਂ ਨੇ ਨਬੀਆਂ ਨੂੰ ਮਾਰ ਸੁੱਟਿਆ ਅਤੇ ਤੁਸੀਂ ਉਹਨਾਂ ਦੀਆਂ ਕਬਰਾਂ ਬਣਾਉਂਦੇ ਹੋ ।
49ਇਸ ਲਈ ਪਰਮੇਸ਼ੁਰ ਦੇ ਗਿਆਨ ਨੇ ਵੀ ਆਖਿਆ ਕਿ ਮੈਂ ਉਨ੍ਹਾਂ ਦੇ ਕੋਲ ਨਬੀਆਂ ਅਤੇ ਰਸੂਲਾਂ ਨੂੰ ਭੇਜਾਂਗਾ ਅਤੇ ਉਹ ਉਹਨਾਂ ਵਿੱਚੋਂ ਕਈਆਂ ਨੂੰ ਮਾਰ ਸੁੱਟਣਗੇ ਅਤੇ ਅੱਤਿਆਚਾਰ ਕਰਨਗੇ ।50ਸਭਨਾਂ ਨਬੀਆਂ ਦਾ ਖੂਨ ਜੋ ਜਗਤ ਦੀ ਉਤਪਤੀ ਤੋਂ ਵਹਾਇਆ ਗਿਆ ਹੈ, ਉਹਨਾਂ ਸਭਨਾਂ ਦਾ ਬਦਲਾ ਇਸ ਪੀੜ੍ਹੀ ਦੇ ਲੋਕਾਂ ਤੋਂ ਲਿਆ ਜਾਵੇਗਾ ।51ਹਾਬਲ ਦੇ ਖੂਨ ਤੋਂ ਲੈ ਕੇ ਜ਼ਕਰਯਾਹ ਦੇ ਖੂਨ ਤੱਕ ਜੋ ਜਗਵੇਦੀ ਅਤੇ ਹੈਕਲ ਦੇ ਵਿਚਕਾਰ ਕਤਲ ਕੀਤਾ ਗਿਆ ਸੀ । ਮੈਂ ਤੁਹਾਨੂੰ ਸੱਚ ਆਖਦਾ, ਉਸ ਦਾ ਬਦਲਾ ਇਸ ਪੀੜ੍ਹੀ ਤੋਂ ਲਿਆ ਜਾਵੇਗਾ । ਹਾਂ, ਮੈਂ ਤੁਹਾਨੂੰ ਆਖਦਾ ਹਾਂ, ਇਸੇ ਪੀੜ੍ਹੀ ਤੋਂ ਲਿਆ ਜਾਵੇਗਾ ।
52ਉਪਦੇਸ਼ਕਾਂ ਉੱਤੇ ਹਾਏ ! ਕਿਉਂ ਜੋ ਤੁਸੀਂ ਗਿਆਨ ਦੀ ਕੁੰਜੀ ਤਾਂ ਪ੍ਰਾਪਤ ਕੀਤੀ ਹੈ । ਨਾ ਤੁਸੀਂ ਆਪ ਵੜੇ ਅਤੇ ਸਗੋਂ ਵੜਨ ਵਾਲਿਆਂ ਨੂੰ ਵੀ ਰੋਕ ਦਿੱਤਾ ।
53ਜਦੋਂ ਉਹ ਉੱਥੋਂ ਨਿੱਕਲਿਆ ਤਾਂ ਉਪਦੇਸ਼ਕ ਅਤੇ ਫ਼ਰੀਸੀ ਜ਼ੋਰ ਪਾਉਣ ਲੱਗੇ ਅਤੇ ਉਸ ਤੋਂ ਬਹੁਤੀਆਂ ਗੱਲਾਂ ਅਖਵਾਉਣ ਲੱਗੇ ।54ਅਤੇ ਤਾੜ ਵਿੱਚ ਸਨ ਜੋ ਉਸ ਦੇ ਮੂੰਹ ਦੀ ਕੋਈ ਗੱਲ ਫੜਨ ।

12
ਪਾਖੰਡ ਦੇ ਵਿਰੁੱਧ ਚਿਤਾਵਨੀ
(ਮੱਤੀ 10:26, 27)

1ਜਦ ਹਜ਼ਾਰਾਂ ਦੀ ਭੀੜ ਇਕੱਠੀ ਹੋਈ ਕਿ ਲੋਕ ਇੱਕ ਦੂਜੇ ਉੱਤੇ ਡਿੱਗਦੇ ਪੈਂਦੇ ਸਨ ਤਾਂ ਯਿਸੂ ਨੇ ਪਹਿਲਾਂ ਆਪਣੇ ਚੇਲਿਆਂ ਨੂੰ ਕਿਹਾ ਕਿ ਫ਼ਰੀਸੀਆਂ ਦੇ ਖ਼ਮੀਰ ਤੋਂ ਜੋ ਕਪਟ ਹੈ ਹੁਸ਼ਿਆਰ ਰਹੋ ।

2ਪਰ ਕੋਈ ਚੀਜ਼ ਲੁੱਕੀ ਨਹੀਂ ਹੈ, ਜਿਹੜੀ ਪਰਗਟ ਨਾ ਹੋਵੇਗੀ ਅਤੇ ਗੁਪਤ ਨਹੀਂ ਜਿਹੜੀ ਜਾਣੀ ਨਾ ਜਾਵੇਗੀ ।3ਇਸ ਲਈ ਜੋ ਕੁੱਝ ਤੁਸੀਂ ਹਨ੍ਹੇਰੇ ਵਿੱਚ ਕਿਹਾ ਹੈ, ਸੋ ਚਾਨਣ ਵਿੱਚ ਸੁਣਾਇਆ ਜਾਵੇਗਾ ਅਤੇ ਜੋ ਕੁੱਝ ਤੁਸੀਂ ਕੋਠੜੀਆਂ ਵਿੱਚ ਕੰਨਾਂ ਵਿੱਚ ਆਖਿਆ ਹੈ ਸੋ ਕੋਠਿਆਂ ਉੱਤੇ ਉਸ ਦਾ ਪ੍ਰਚਾਰ ਕੀਤਾ ਜਾਵੇਗਾ ।
ਕਿਸ ਤੋਂ ਡਰੀਏ ?
(ਮੱਤੀ 10:28-31)

4ਮੈਂ ਤੁਹਾਨੂੰ ਜੋ ਮੇਰੇ ਮਿੱਤਰ ਹੋ ਆਖਦਾ ਹਾਂ ਕਿ ਉਨ੍ਹਾਂ ਕੋਲੋਂ ਨਾ ਡਰੋ ਜਿਹੜੇ ਸਰੀਰ ਨੂੰ ਮਾਰਦੇ ਹਨ ਅਤੇ ਇਸ ਤੋਂ ਵੱਧ ਕੇ ਹੋਰ ਕੁੱਝ ਨਹੀਂ ਕਰ ਸਕਦੇ ।5ਪਰ ਮੈਂ ਤੁਹਾਨੂੰ ਦੱਸਦਾ ਹਾਂ ਜੋ ਤੁਹਾਨੂੰ ਕਿਸ ਦੇ ਕੋਲੋਂ ਡਰਨਾ ਚਾਹੀਦਾ ਹੈ ? ਪਰਮੇਸ਼ੁਰ ਤੋਂ ਡਰੋ ਜੋ ਮਾਰਨ ਦੇ ਪਿੱਛੋਂ ਨਰਕ ਵਿੱਚ ਸੁੱਟਣ ਦਾ ਅਧਿਕਾਰ ਵੀ ਰੱਖਦਾ ਹੈ । ਹਾਂ ਮੈਂ ਤੁਹਾਨੂੰ ਆਖਦਾ ਹਾਂ ਜੋ ਉਸੇ ਤੋਂ ਡਰੋ ।
6ਭਲਾ, ਦੋ ਪੈਸਿਆਂ ਨੂੰ ਪੰਜ ਚਿੜੀਆਂ ਨਹੀਂ ਵਿਕਦੀਆਂ ? ਪਰ ਇਨ੍ਹਾਂ ਵਿੱਚੋਂ ਇੱਕ ਵੀ ਪਰਮੇਸ਼ੁਰ ਤੋਂ ਭੁੱਲੀ ਹੋਈ ਨਹੀਂ ।7ਤੁਹਾਡੇ ਸਿਰ ਦੇ ਵਾਲ਼ ਵੀ ਗਿਣੇ ਹੋਏ ਹਨ । ਇਸ ਲਈ ਨਾ ਡਰੋ, ਤੁਸੀਂ ਬਹੁਤੀਆਂ ਚਿੜੀਆਂ ਨਾਲੋਂ ਉੱਤਮ ਹੋ ।
ਯਿਸੂ ਨੂੰ ਸਵੀਕਾਰ ਜਾਂ ਅਸਵੀਕਾਰ ਕਰਨਾ
(ਮੱਤੀ 10:32, 33; 12:32; 10:19, 20)

8ਮੈਂ ਤੁਹਾਨੂੰ ਆਖਦਾ ਹਾਂ ਕਿ ਜੋ ਕੋਈ ਮਨੁੱਖਾਂ ਸਾਹਮਣੇ ਮੈਨੂੰ ਪ੍ਰਭੂ ਕਰਕੇ ਮੰਨਦਾ ਹੈ ਤਾਂ ਮਨੁੱਖ ਦਾ ਪੁੱਤਰ ਵੀ ਪਰਮੇਸ਼ੁਰ ਦੇ ਦੂਤਾਂ ਦੇ ਸਾਹਮਣੇ ਉਸ ਨੂੰ ਆਪਣਾ ਮੰਨੇਗਾ ।9ਪਰ ਜੋ ਮਨੁੱਖਾਂ ਦੇ ਸਾਹਮਣੇ ਮੇਰਾ ਇਨਕਾਰ ਕਰੇ ਤਾਂ ਪਰਮੇਸ਼ੁਰ ਦੇ ਦੂਤਾਂ ਦੇ ਸਾਹਮਣੇ ਉਸ ਦਾ ਵੀ ਇਨਕਾਰ ਕੀਤਾ ਜਾਵੇਗਾ ।10ਅਤੇ ਜੋ ਕੋਈ ਮਨੁੱਖ ਦੇ ਪੁੱਤਰ ਦੀ ਨਿੰਦਿਆ ਕਰੇ ਉਸ ਨੂੰ ਮਾਫ਼ ਕੀਤਾ ਜਾਵੇਗਾ ਪਰ ਜੋ ਪਵਿੱਤਰ ਆਤਮਾ ਦੇ ਵਿਰੁੱਧ ਕੁਫ਼ਰ ਬੋਲੇ ਉਸ ਨੂੰ ਕਦੀ ਮਾਫ਼ ਨਹੀਂ ਕੀਤਾ ਜਾਵੇਗਾ ।
11ਜਦ ਉਹ ਤੁਹਾਨੂੰ ਪ੍ਰਾਰਥਨਾ ਘਰਾਂ , ਅਧਿਕਾਰੀਆਂ ਅਤੇ ਹਾਕਮਾਂ ਦੇ ਅੱਗੇ ਲੈ ਜਾਣ ਤਾਂ ਚਿੰਤਾ ਨਾ ਕਰੋ ਜੋ ਅਸੀਂ ਕੀ ਉੱਤਰ ਦੇਈਏ ਜਾ ਕੀ ਆਖੀਏ ?12ਕਿਉਂਕਿ ਉਸੇ ਸਮੇਂ ਪਵਿੱਤਰ ਆਤਮਾ ਤੁਹਾਨੂੰ ਸਿਖਾਵੇਗਾ ਜੋ ਕੀ ਆਖਣਾ ਚਾਹੀਦਾ ਹੈ ।
ਇੱਕ ਧਨੀ ਮੂਰਖ ਦਾ ਦ੍ਰਿਸ਼ਟਾਂਤ

13ਭੀੜ ਵਿੱਚੋਂ ਕਿਸੇ ਨੇ ਉਸ ਨੂੰ ਆਖਿਆ, ਗੁਰੂ ਜੀ ਮੇਰੇ ਭਰਾ ਨੂੰ ਆਖੋ ਜੋ ਉਹ ਜਾਇਦਾਦ ਮੇਰੇ ਨਾਲ ਵੰਡ ਲਵੇ ।14ਪਰ ਯਿਸੂ ਨੇ ਉਸ ਨੂੰ ਕਿਹਾ, ਮਨੁੱਖਾ, ਕਿਸ ਨੇ ਮੈਨੂੰ ਤੁਹਾਡੇ ਉੱਪਰ ਨਿਆਈਂ ਜਾਂ ਵੰਡਣ ਵਾਲਾ ਠਹਿਰਾਇਆ ਹੈ ?15ਉਸ ਨੇ ਉਨ੍ਹਾਂ ਨੂੰ ਆਖਿਆ ਸੁਚੇਤ ਰਹੋ ਅਤੇ ਸਾਰੇ ਲੋਭ ਤੋਂ ਬਚੇ ਰਹੋ, ਕਿਉਂ ਜੋ ਕਿਸੇ ਦਾ ਜੀਵਨ ਉਸ ਦੇ ਮਾਲ ਦੇ ਵਾਧੇ ਨਾਲ ਨਹੀਂ ਹੈ ।
16ਤਾਂ ਉਸ ਨੇ ਉਨ੍ਹਾਂ ਨੂੰ ਇੱਕ ਦ੍ਰਿਸ਼ਟਾਂਤ ਦੇ ਕਿ ਕਿਹਾ ਕਿ ਕਿਸੇ ਧਨਵਾਨ ਦੇ ਖੇਤ ਵਿੱਚ ਬਹੁਤ ਫਸਲ ਹੋਈ ।17ਅਤੇ ਉਸ ਨੇ ਆਪਣੇ ਮਨ ਵਿੱਚ ਸੋਚ ਕੇ ਕਿਹਾ ਕਿ ਮੈਂ ਕੀ ਕਰਾਂ ਕਿਉਂ ਜੋ ਮੇਰੇ ਕੋਲ ਕੋਈ ਥਾਂ ਨਹੀਂ ਜਿੱਥੇ ਆਪਣੀ ਫਸਲ ਨੂੰ ਜਮ੍ਹਾ ਰੱਖਾਂ ?18ਤਾਂ ਉਹ ਨੇ ਆਖਿਆ, ਮੈਂ ਇਹ ਕਰਾਂਗਾ, ਮੈਂ ਆਪਣੇ ਕੋਠਿਆਂ ਨੂੰ ਢਾਹ ਕੇ ਅੱਗੇ ਨਾਲੋਂ ਵੱਡੇ ਬਣਾਵਾਂਗਾ ਅਤੇ ਉੱਥੇ ਆਪਣਾ ਸਾਰਾ ਅੰਨ ਅਤੇ ਆਪਣਾ ਧਨ ਜਮਾਂ ਕਰਾਂਗਾ ।19ਅਤੇ ਮੈਂ ਆਪਣੀ ਜਾਨ ਨੂੰ ਆਖਾਂਗਾ, ਹੇ ਜਾਨ ਤੇਰੇ ਕੋਲ ਬਹੁਤ ਸਾਲਾਂ ਦੇ ਲਈ ਧਨ ਜਮਾਂ ਪਿਆ ਹੈ । ਸੁੱਖ ਮਨਾ, ਖਾ ਪੀ ਅਤੇ ਮੌਜ ਕਰ ।
20ਤਦ ਪਰਮੇਸ਼ੁਰ ਨੇ ਉਸ ਨੂੰ ਆਖਿਆ, ਹੇ ਮੂਰਖ, ਜੇਕਰ ਅੱਜ ਰਾਤ ਤੇਰੀ ਜਾਨ ਨਿੱਕਲ ਜਾਵੇ, ਫੇਰ ਜਿਹੜੀਆਂ ਚੀਜ਼ਾਂ ਜੋ ਤੂੰ ਤਿਆਰ ਕੀਤੀਆਂ ਹਨ ਉਹ ਕਿਸ ਦੀਆਂ ਹੋਣਗੀਆਂ ?21ਇਸੇ ਤਰ੍ਹਾਂ ਉਹ ਮਨੁੱਖ ਵੀ ਹੈ ਜੋ ਆਪਣੇ ਲਈ ਧਨ ਜੋੜਦਾ ਹੈ ਪਰ ਪਰਮੇਸ਼ੁਰ ਦੇ ਅੱਗੇ ਧਨਵਾਨ ਨਹੀਂ ਹੈ ।
ਪਰਮੇਸ਼ੁਰ ਉੱਤੇ ਭਰੋਸਾ ਰੱਖੋ
(ਮੱਤੀ 6:25-34)

22ਫੇਰ ਯਿਸੂ ਨੇ ਆਪਣੇ ਚੇਲਿਆਂ ਨੂੰ ਆਖਿਆ, ਮੈਂ ਇਸ ਲਈ ਤੁਹਾਨੂੰ ਆਖਦਾ ਹਾਂ ਕਿ ਆਪਣੀ ਜ਼ਿੰਦਗੀ ਦੀ ਚਿੰਤਾ ਨਾ ਕਰੋ ਕਿ ਅਸੀਂ ਕੀ ਖਾਵਾਂਗੇ, ਨਾ ਆਪਣੇ ਸਰੀਰ ਲਈ ਕਿ ਅਸੀਂ ਕੀ ਪਹਿਨਾਂਗੇ ।23ਕਿਉਂਕਿ ਜ਼ਿੰਦਗੀ ਪ੍ਰਾਣ ਭੋਜਨ ਨਾਲੋਂ ਅਤੇ ਸਰੀਰ ਬਸਤਰ ਨਾਲੋਂ ਵੱਧ ਕੇ ਨਹੀਂ ਹੈ ।
24ਪੰਛੀਆਂ ਵੱਲ ਧਿਆਨ ਕਰੋ, ਉਹ ਨਾ ਤਾਂ ਬੀਜਦੇ ਹਨ ਅਤੇ ਨਾ ਵੱਢਦੇ ਹਨ । ਉਹਨਾਂ ਕੋਲ ਨਾ ਤਾਂ ਭੰਡਾਰ ਹਨ ਅਤੇ ਨਾ ਹੀ ਖੇਤ ਹਨ । ਅਤੇ ਫੇਰ ਵੀ ਪਰਮੇਸ਼ੁਰ ਉਹਨਾਂ ਨੂੰ ਖਿਲਾਉਂਦਾ ਹੈ । ਤੁਸੀਂ ਪੰਛੀਆਂ ਨਾਲੋਂ ਵੱਧ ਕੇ ਉੱਤਮ ਹੋ !25ਤੁਹਾਡੇ ਵਿੱਚੋਂ ਉਹ ਕਿਹੜਾ ਮਨੁੱਖ ਹੈ ਜਿਹੜਾ ਚਿੰਤਾ ਕਰ ਕੇ ਆਪਣੀ ਉਮਰ ਇੱਕ ਪਲ ਵਧਾ ਸਕਦਾ ਹੈ ?26ਇਸ ਲਈ ਜਦ ਤੁਸੀਂ ਛੋਟੇ ਤੋਂ ਛੋਟਾ ਕੰਮ ਨਹੀਂ ਕਰ ਸਕਦੇ ਤਾਂ ਹੋਰਾਂ ਗੱਲਾਂ ਲਈ ਕਿਉਂ ਚਿੰਤਾ ਕਰਦੇ ਹੋ ?
27ਸੋਸਨ ਦੇ ਫੁੱਲਾਂ ਵੱਲ ਧਿਆਨ ਦਿਓ ਕਿ ਉਹ ਕਿਸ ਤਰ੍ਹਾਂ ਵਧਦੇ ਹਨ । ਉਹ ਨਾ ਮਿਹਨਤ ਕਰਦੇ, ਨਾ ਕੱਤਦੇ ਹਨ ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਸੁਲੇਮਾਨ ਵੀ ਆਪਣੀ ਸਾਰੀ ਸ਼ਾਨੋ ਸ਼ੌਕਤ ਵਿੱਚ ਇਨ੍ਹਾਂ ਵਿੱਚੋਂ ਇੱਕ ਦੇ ਸਮਾਨ ਬਸਤਰ ਪਹਿਨਿਆ ਹੋਇਆ ਨਹੀਂ ਸੀ ।28ਜਦ ਪਰਮੇਸ਼ੁਰ ਜੰਗਲੀ ਘਾਹ ਨੂੰ ਜਿਹੜੀ ਅੱਜ ਹੈ ਅਤੇ ਕੱਲ ਭੱਠੀ ਵਿੱਚ ਝੋਕੀ ਜਾਂਦੀ ਹੈ ਨੂੰ ਇਹੋ ਜਿਹਾ ਪਹਿਨਾਉਂਦਾ ਹੈ ਤਾਂ ਹੇ ਥੋੜ੍ਹੇ ਵਿਸ਼ਵਾਸ ਵਾਲਿਓ, ਉਹ ਕਿੰਨਾਂ ਵੱਧ ਕੇ ਤੁਹਾਨੂੰ ਪਹਿਨਾਵੇਗਾ !
29ਤੁਸੀਂ ਇਸ ਗੱਲ ਦੀ ਭਾਲ ਨਾ ਕਰੋ ਜੋ ਕੀ ਖਾਵਾਂਗੇ, ਕੀ ਪੀਵਾਂਗੇ ? ਅਤੇ ਚਿੰਤਾ ਨਾ ਕਰੋ ।30ਕਿਉਂ ਜੋ ਸੰਸਾਰ ਦੀਆਂ ਪਰਾਈਆਂ ਕੌਮਾਂ ਦੇ ਲੋਕ ਵੀ ਇਨ੍ਹਾਂ ਸਭ ਵਸਤੂਆਂ ਨੂੰ ਲੱਭਦੇ ਹਨ ਅਤੇ ਤੁਹਾਡਾ ਪਿਤਾ ਜਾਣਦਾ ਹੈ ਕਿ ਤੁਹਾਨੂੰ ਇਨ੍ਹਾਂ ਵਸਤੂਆਂ ਦੀ ਲੋੜ ਹੈ ।
31ਪਰ ਤੁਸੀਂ ਉਸ ਦੇ ਰਾਜ ਦੀ ਖੋਜ ਕਰੋ ਤਾਂ ਤੁਹਾਨੂੰ ਇਹ ਵਸਤੂਆਂ ਵੀ ਦਿੱਤੀਆਂ ਜਾਣਗੀਆਂ ।
ਸਵਰਗੀ ਧਨ
(ਮੱਤੀ 6:19-21)

32ਹੇ ਛੋਟੇ ਝੁੰਡ, ਨਾ ਡਰ ਕਿਉਂ ਜੋ ਤੁਹਾਡੇ ਪਿਤਾ ਨੂੰ ਪਸੰਦ ਆਇਆ ਹੈ ਕਿ ਰਾਜ ਤੁਹਾਨੂੰ ਦੇਵੇ ।
33ਆਪਣਾ ਮਾਲ ਵੇਚ ਕੇ ਦਾਨ ਕਰੋ ਅਤੇ ਆਪਣੇ ਲਈ ਇਹੋ ਜਿਹੇ ਬਟੂਏ ਬਣਾਓ ਜੋ ਪੁਰਾਣੇ ਨਹੀਂ ਹੁੰਦੇ ਅਤੇ ਸਵਰਗ ਵਿੱਚ ਧਨ ਜਮਾਂ ਕਰੋ, ਜੋ ਘੱਟਦਾ ਨਹੀਂ ਅਤੇ ਜਿੱਥੇ ਨਾ ਚੋਰ ਨੇੜੇ ਆਉਂਦਾ, ਨਾ ਕੀੜਾ ਨਾਸ ਕਰਦਾ ਹੈ ।34ਕਿਉਂਕਿ ਜਿੱਥੇ ਤੁਹਾਡਾ ਧਨ ਹੈ ਉੱਥੇ ਤੁਹਾਡਾ ਮਨ ਵੀ ਉੱਥੇ ਹੀ ਹੋਵੇਗਾ ।
35ਤੁਹਾਡੇ ਲੱਕ ਬੰਨ੍ਹੇ ਅਤੇ ਦੀਵੇ ਬਲਦੇ ਰਹਿਣ ।
ਜਾਗਦੇ ਰਹੋ

36ਅਤੇ ਤੁਸੀਂ ਉਨ੍ਹਾਂ ਮਨੁੱਖਾਂ ਵਰਗੇ ਬਣੋ ਜਿਹੜੇ ਆਪਣੇ ਮਾਲਕ ਦੀ ਉਡੀਕ ਕਰਦੇ ਹਨ ਕਿ ਉਹ ਵਿਆਹ ਤੋਂ ਕਦ ਮੁੜ ਆਵੇਗਾ ਅਤੇ ਜਿਸ ਵੇਲੇ ਉਹ ਆਵੇ ਅਤੇ ਬੂਹਾ ਖੜਕਾਵੇ ਤਾਂ ਜੋ ਉਹ ਝੱਟ ਉਸ ਦੇ ਲਈ ਖੋਲ੍ਹਣ ।
37ਧੰਨ ਹੈ ਉਹ ਦਾਸ ਜਿਨ੍ਹਾਂ ਨੂੰ ਮਾਲਕ ਜਦ ਆਵੇ ਤਾਂ ਜਾਗਦਿਆਂ ਪਾਵੇ । ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਉਹ ਲੱਕ ਬੰਨ੍ਹ ਕੇ ਉਨ੍ਹਾਂ ਨੂੰ ਖਾਣ ਲਈ ਬਿਠਾਵੇਗਾ ਅਤੇ ਕੋਲ ਆ ਕੇ ਉਨ੍ਹਾਂ ਦੀ ਸੇਵਾ ਕਰੇਗਾ ।38ਜੇਕਰ ਉਹ ਰਾਤ ਦੇ ਦੂਸਰੇ ਜਾ ਤੀਸਰੇ ਪਹਿਰ ਨੂੰ ਆਵੇ ਅਤੇ ਇਹੋ ਜਿਹਾ ਵੇਖੇ ਤਾਂ ਧੰਨ ਹੈ ਉਹ ਦਾਸ ।
39ਪਰ ਇਹ ਜਾਣੋ ਕਿ ਜੇ ਘਰ ਦੇ ਮਾਲਕ ਨੂੰ ਖ਼ਬਰ ਹੁੰਦੀ ਜੋ ਚੋਰ ਕਿਸ ਵੇਲੇ ਆਵੇਗਾ ਤਾਂ ਉਹ ਜਾਗਦਾ ਰਹਿੰਦਾ ਹੈ ਅਤੇ ਆਪਣੇ ਘਰ ਚੋਰੀ ਨਾ ਹੋਣ ਦਿੰਦਾ ।40ਤੁਸੀਂ ਵੀ ਤਿਆਰ ਰਹੋ ਕਿਉਂਕਿ ਜਿਸ ਸਮੇਂ ਤੁਹਾਨੂੰ ਖਿਆਲ ਵੀ ਨਾ ਹੋਵੇ ਉਸੇ ਸਮੇਂ ਮਨੁੱਖ ਦਾ ਪੁੱਤਰ ਆ ਜਾਵੇਗਾ ।
ਵਫਾਦਾਰ ਜਾਂ ਬੇਵਫ਼ਾ ਦਾਸ
(ਮੱਤੀ 24:45-51)

41ਤਦ ਪਤਰਸ ਨੇ ਕਿਹਾ, ਪ੍ਰਭੂ ਜੀ ਕਿ ਤੁਸੀਂ ਇਹ ਦ੍ਰਿਸ਼ਟਾਂਤ ਸਾਨੂੰ ਹੀ ਆਖਦੇ ਹੋ ਜਾਂ ਸਾਰਿਆਂ ਨੂੰ ?42ਪ੍ਰਭੂ ਨੇ ਉੱਤਰ ਦਿੱਤਾ ਕਿ ਉਹ ਵਿਸ਼ਵਾਸਯੋਗ ਅਤੇ ਬੁੱਧਵਾਨ ਮੁਖ਼ਤਿਆਰ ਕੌਣ ਹੈ ਜਿਸ ਨੂੰ ਮਾਲਕ ਆਪਣੇ ਨੌਕਰਾਂ-ਚਾਕਰਾਂ ਉੱਤੇ ਠਹਿਰਾਵੇ ਜੋ ਸਮੇਂ ਸਿਰ ਉਨ੍ਹਾਂ ਨੂੰ ਭੋਜਣ ਦੇਵੇ ?43ਧੰਨ ਹੈ ਉਹ ਨੌਕਰ ਜਿਸ ਨੂੰ ਉਸ ਦਾ ਮਾਲਕ ਜਦ ਆਵੇ ਅਜਿਹਾ ਹੀ ਕਰਦਿਆਂ ਵੇਖੇ ।44ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਉਹ ਉਸ ਨੂੰ ਆਪਣੇ ਸਾਰੇ ਮਾਲ ਉੱਤੇ ਅਧਿਕਾਰੀ ਠਹਿਰਾਵੇਗਾ ।
45ਪਰ ਜੇ ਉਹ ਨੌਕਰ ਆਪਣੇ ਮਨ ਵਿੱਚ ਆਖੇ ਜੋ ਮੇਰਾ ਮਾਲਕ ਆਉਣ ਵਿੱਚ ਦੇਰ ਲਾਉਂਦਾ ਹੈ ਅਤੇ ਦਾਸ-ਦਾਸੀਆਂ ਨੂੰ ਮਾਰੇ ਅਤੇ ਖਾਣ-ਪੀਣ ਅਤੇ ਮਤਵਾਲਾ ਹੋਣ ਲੱਗੇ ।46ਤਾਂ ਉਸ ਨੌਕਰ ਦਾ ਮਾਲਕ ਜਿਸ ਦਿਨ ਉਹ ਉਡੀਕ ਨਹੀਂ ਕਰਦਾ ਅਤੇ ਜਿਸ ਸਮੇਂ ਉਹ ਨਹੀਂ ਜਾਣਦਾ ਆਵੇਗਾ ਅਤੇ ਉਸ ਨੂੰ ਟੁੱਕੜੇ-ਟੁੱਕੜੇ ਕਰ ਕੇ ਬੇਈਮਾਨਾਂ ਨਾਲ ਉਸ ਦਾ ਹਿੱਸਾ ਠਹਿਰਾਵੇਗਾ ।
47ਉਹ ਨੌਕਰ ਜਿਹੜਾ ਆਪਣੇ ਮਾਲਕ ਦੀ ਮਰਜ਼ੀ ਜਾਣਦਾ ਸੀ ਪਰ ਤਿਆਰੀ ਨਾ ਕੀਤੀ ਅਤੇ ਉਸ ਦੀ ਮਰਜ਼ੀ ਅਨੁਸਾਰ ਕੰਮ ਨਾ ਕੀਤਾ ਬਹੁਤ ਮਾਰ ਖਾਵੇਗਾ ।48ਪਰ ਜਿਹੜਾ ਨਹੀਂ ਸੀ ਜਾਣਦਾ ਅਤੇ ਮਾਰ ਖਾਣ ਦੇ ਯੋਗ ਕੰਮ ਕੀਤਾ ਉਹ ਥੋੜੀ ਮਾਰ ਖਾਵੇਗਾ ਅਤੇ ਜਿਸ ਕਿਸੇ ਨੂੰ ਬਹੁਤਾ ਦਿੱਤਾ ਗਿਆ ਹੈ ਉਸ ਤੋਂ ਬਹੁਤੇ ਦਾ ਹਿਸਾਬ ਲਿਆ ਜਾਵੇਗਾ ਅਤੇ ਜਿਸ ਨੂੰ ਲੋਕਾਂ ਨੇ ਬਹੁਤ ਸੌਂਪਿਆ ਹੈ ਉਸ ਤੋਂ ਜ਼ਿਆਦਾ ਮੰਗਣਗੇ ।
ਯਿਸੂ ਦੇ ਆਉਣ ਦੇ ਚਿੰਨ੍ਹ
(ਮੱਤੀ 10:34-36)

49ਮੈਂ ਧਰਤੀ ਉੱਤੇ ਅੱਗ ਲਾਉਣ ਆਇਆ ਹਾਂ ਅਤੇ ਕਾਸ਼ ਕਿ ਉਹ ਹੁਣ ਤੱਕ ਲੱਗ ਚੁੱਕੀ ਹੁੰਦੀ !50ਪਰ ਮੈਂ ਇੱਕ ਬਪਤਿਸਮਾ ਲੈਣਾ ਹੈ ਅਤੇ ਜਦ ਤੱਕ ਉਹ ਸੰਪੂਰਨ ਨਹੀਂ ਹੁੰਦਾ, ਤਦ ਤੱਕ ਮੈਂ ਬਹੁਤ ਔਖਾ ਰਹਾਂਗਾ !
51ਕੀ ਤੁਸੀਂ ਸਮਝਦੇ ਹੋ ਕਿ ਮੈਂ ਧਰਤੀ ਉੱਤੇ ਮੇਲ ਕਰਾਉਣ ਆਇਆ ਹਾਂ ? ਨਹੀਂ, ਸਗੋਂ ਜੁਦਾਈ ਪਾਉਣ ।52ਕਿਉਂਕਿ ਇਸ ਤੋਂ ਬਾਅਦ ਇੱਕ ਘਰ ਦੇ ਪੰਜਾਂ ਵਿੱਚ ਜੁਦਾਈ ਹੋਵੇਗੀ, ਤਿੰਨ ਦੋ ਦੇ ਅਤੇ ਦੋ ਤਿੰਨਾਂ ਦੇ ਵਿਰੁੱਧ ਹੋਣਗੇ ।53ਉਹ ਵੱਖਰੇ ਹੋਣਗੇ ਅਰਥਾਤ ਪਿਤਾ ਪੁੱਤਰ ਦੇ ਵਿਰੁੱਧ ਅਤੇ ਪੁੱਤਰ ਪਿਤਾ ਦੇ ਵਿਰੁੱਧ, ਮਾਂ ਧੀ ਦੇ ਵਿਰੁੱਧ ਅਤੇ ਧੀ ਮਾਂ ਦੇ ਵਿਰੁੱਧ, ਸੱਸ ਆਪਣੀ ਨੂੰਹ ਦੇ ਵਿਰੁੱਧ ਅਤੇ ਨੂੰਹ ਸੱਸ ਦੇ ਵਿਰੁੱਧ ।
ਸਮੇਂ ਦੇ ਚਿੰਨ੍ਹ
(ਮੱਤੀ 16:2, 3)

54ਫੇਰ ਉਸ ਨੇ ਭੀੜ ਨੂੰ ਵੀ ਕਿਹਾ, ਜਦ ਪੱਛਮ ਪਾਸੇ ਬੱਦਲ ਉੱਠਦਾ ਹੈ ਤਾਂ ਤੁਸੀਂ ਛੇਤੀ ਆਖਦੇ ਹੋ, ਮੀਂਹ ਆਉਂਦਾ ਹੈ ਅਤੇ ਉਸੇ ਤਰ੍ਹਾਂ ਹੁੰਦਾ ਵੀ ਹੈ ।55ਅਤੇ ਜਦ ਦੱਖਣ ਦੀ ਹਨੇਰੀ ਵਗਦੀ ਹੈ ਤਦ ਆਖਦੇ ਹੋ ਕਿ ਗਰਮੀ ਹੋਵੇਗੀ ਅਤੇ ਉਹ ਹੁੰਦੀ ਹੈ ।56ਹੇ ਕਪਟੀਓ ! ਧਰਤੀ ਅਤੇ ਅਕਾਸ਼ ਦੇ ਚਿੰਨ੍ਹਾਂ ਦੀ ਜਾਚ ਕਰਨੀ ਤੁਹਾਨੂੰ ਆਉਂਦੀ ਹੈ ਪਰ ਇਸ ਸਮੇਂ ਦੀ ਜਾਚ ਕਰਨੀ ਤੁਹਾਨੂੰ ਕਿਉਂ ਨਹੀਂ ਆਉਂਦੀ ?
ਆਪਣੇ ਵਿਰੋਧੀ ਦੇ ਨਾਲ ਸਮਝੌਤਾ
(ਮੱਤੀ 5:25, 26)

57ਜੋ ਠੀਕ ਹੈ ਉਸ ਬਾਰੇ ਤੁਸੀਂ ਆਪੇ ਵਿਚਾਰ ਕਿਉਂ ਨਹੀਂ ਕਰਦੇ ਹੋ ?58ਜਦ ਤੂੰ ਆਪਣੇ ਵਿਰੋਧੀ ਨਾਲ ਹਾਕਮ ਦੇ ਸਾਹਮਣੇ ਜਾਂਦਾ ਹੈਂ ਤਾਂ ਰਸਤੇ ਵਿੱਚ ਉਸ ਨਾਲ ਸੁਲਾਹ ਕਰ । ਇਹ ਨਾ ਹੋਵੇ ਕਿ ਉਹ ਤੈਨੂੰ ਹਾਕਮ ਦੇ ਕੋਲ ਪੇਸ਼ ਕਰੇ ਅਤੇ ਹਾਕਮ ਤੈਨੂੰ ਸਿਪਾਹੀ ਦੇ ਹਵਾਲੇ ਕਰੇ ਅਤੇ ਸਿਪਾਹੀ ਤੈਨੂੰ ਕੈਦ ਵਿੱਚ ਪਾਵੇ ।59ਮੈਂ ਤੈਨੂੰ ਆਖਦਾ ਹਾਂ ਜੋ ਤੂੰ ਉੱਥੇ ਕਿਸੇ ਵੀ ਤਰ੍ਹਾਂ ਨਾ ਛੁੱਟੇਂਗਾ, ਜਿੰਨਾਂ ਚਿਰ ਸਭ ਕੁੱਝ ਨਾ ਭਰ ਦੇਵੇਂ ।

13
ਤੋਬਾ ਕਰੋ ਜਾਂ ਨਾਸ ਹੋਵੋ

1ਉਸ ਸਮੇਂ ਕਈ ਲੋਕ ਉੱਥੇ ਆ ਪਹੁੰਚੇ ਜਿਹੜੇ ਯਿਸੂ ਨੂੰ ਉਨ੍ਹਾਂ ਗਲੀਲੀਆਂ ਦਾ ਹਾਲ ਦੱਸਣ ਲੱਗੇ, ਜਿਨ੍ਹਾਂ ਦਾ ਖੂਨ ਪਿਲਾਤੁਸ ਨੇ ਉਨ੍ਹਾਂ ਦੇ ਬਲੀਦਾਨਾਂ ਨਾਲ ਮਿਲਾਇਆ ਸੀ ।2ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਕੀ, ਤੁਸੀਂ ਸਮਝਦੇ ਹੋ ਜੋ ਇਹ ਗਲੀਲੀ ਸਭਨਾਂ ਗਲੀਲੀਆਂ ਨਾਲੋਂ ਬਹੁਤ ਪਾਪੀ ਸਨ ਜੋ ਉਨ੍ਹਾਂ ਨੇ ਇਹ ਦੁੱਖ ਸਹਿਣ ਕੀਤਾ ?3ਮੈਂ ਤੁਹਾਨੂੰ ਆਖਦਾ ਹਾਂ, ਨਹੀਂ, ਪਰ ਜੇ ਤੁਸੀਂ ਤੋਬਾ ਨਾ ਕਰੋ ਤਾਂ ਤੁਹਾਡਾ ਵੀ ਇਸੇ ਤਰ੍ਹਾਂ ਨਾਸ ਹੋ ਜਾਵੇਗਾ ।

4ਜਾ ਉਹ ਅਠਾਰਾਂ ਜਿਨ੍ਹਾਂ ਉੱਤੇ ਸਿਲੋਆਮ ਦਾ ਬੁਰਜ ਡਿੱਗਾ ਅਤੇ ਉਹ ਮਰ ਗਏ ਸਨ, ਭਲਾ, ਤੁਸੀਂ ਇਹ ਸਮਝਦੇ ਹੋ ਜੋ ਉਹ ਯਰੂਸ਼ਲਮ ਦੇ ਸਭ ਰਹਿਣ ਵਾਲਿਆਂ ਨਾਲੋਂ ਵੱਡੇ ਪਾਪੀ ਸਨ ?5ਮੈਂ ਤੁਹਾਨੂੰ ਆਖਦਾ ਹਾਂ, ਨਹੀਂ ਪਰ ਜੇ ਤੁਸੀਂ ਤੌਬਾ ਨਾ ਕਰੋ ਤਾਂ ਤੁਹਾਡਾ ਵੀ ਇਸੇ ਤਰ੍ਹਾਂ ਨਾਸ਼ ਹੋ ਜਾਵੇਗਾ ।
ਫਲ ਤੋਂ ਬਿਨ੍ਹਾਂ ਹੰਜ਼ੀਰ ਦੇ ਰੁੱਖ ਦਾ ਦ੍ਰਿਸ਼ਟਾਂਤ

6ਯਿਸੂ ਨੇ ਉਨ੍ਹਾਂ ਨੂੰ ਇਹ ਦ੍ਰਿਸ਼ਟਾਂਤ ਦਿੱਤਾ ਜੋ ਕਿਸੇ ਮਨੁੱਖ ਦੇ ਅੰਗੂਰੀ ਬਾਗ ਵਿੱਚ ਇੱਕ ਹੰਜ਼ੀਰ ਦਾ ਰੁੱਖ ਲੱਗਿਆ ਹੋਇਆ ਸੀ ਅਤੇ ਉਹ ਉਸ ਦਾ ਫ਼ਲ ਲੈਣ ਆਇਆ ਪਰ ਨਹੀਂ ਲੱਭਾ ।7ਤਦ ਉਸ ਨੇ ਬਾਗਵਾਨ ਨੂੰ ਆਖਿਆ, ਵੇਖ ਮੈਂ ਇਸ ਹੰਜ਼ੀਰ ਦੇ ਰੁੱਖ ਦੇ ਫ਼ਲ ਲੈਣ ਨੂੰ ਤਿੰਨਾਂ ਸਾਲਾਂ ਤੋਂ ਆਉਂਦਾ ਹਾਂ ਪਰ ਨਹੀਂ ਲੱਭਦਾ । ਇਸ ਨੂੰ ਵੱਢ ਸੁੱਟ । ਇਹ ਕਦ ਤੱਕ ਐਂਵੇਂ ਹੀ ਜ਼ਮੀਨ ਘੇਰੀਂ ਰੱਖੇਗਾ ?
8ਪਰ ਉਸ ਨੇ ਉਹ ਨੂੰ ਉੱਤਰ ਦਿੱਤਾ, ਸੁਆਮੀ ਜੀ ਇਸ ਵਾਰ ਇਸ ਨੂੰ ਰਹਿਣ ਦਿਓ । ਮੈਂ ਇਸ ਦੇ ਆਲੇ-ਦੁਆਲੇ ਖਾਲ੍ਹ ਪੁਟਾਂਗਾਂ ਅਤੇ ਖਾਦ ਪਾਵਾਂਗਾ ।9ਸ਼ਾਇਦ ਅਗਲੇ ਸਾਲ ਫਲ ਲੱਗੇ । ਨਹੀਂ ਤਾਂ ਇਸ ਨੂੰ ਵਢਾ ਦੇਣਾ ।
ਸਬਤ ਦੇ ਦਿਨ ਕੁੱਬੀ ਔਰਤ ਨੂੰ ਚੰਗਾ ਕਰਨਾ

10ਯਿਸੂ ਸਬਤ ਦੇ ਦਿਨ ਕਿਸੇ ਪ੍ਰਾਰਥਨਾ ਘਰ ਵਿੱਚ ਉਪਦੇਸ਼ ਦਿੰਦਾ ਸੀ ।11ਅਤੇ ਉੱਥੇ ਇੱਕ ਔਰਤ ਸੀ ਜਿਸ ਨੂੰ ਅਠਾਰਾਂ ਸਾਲਾਂ ਤੋਂ ਕਮਜ਼ੋਰੀ ਦਾ ਆਤਮਾ ਚਿੰਬੜਿਆ ਹੋਇਆ ਸੀ ਅਤੇ ਉਹ ਕੁੱਬੀ ਸੀ ਅਤੇ ਕਿਸੇ ਤਰ੍ਹਾਂ ਸਿੱਧੀ ਨਹੀਂ ਸੀ ਹੋ ਸਕਦੀ ।
12ਯਿਸੂ ਨੇ ਉਸ ਨੂੰ ਵੇਖ ਕੇ ਕੋਲ ਬੁਲਾਇਆ ਅਤੇ ਉਸ ਨੂੰ ਕਿਹਾ, ਹੇ ਔਰਤ ਤੂੰ ਆਪਣੀ ਕਮਜ਼ੋਰੀ ਤੋਂ ਛੁੱਟ ਗਈ ਹੈਂ ।13ਯਿਸੂ ਨੇ ਉਸ ਉੱਤੇ ਹੱਥ ਰੱਖੇ ਤਾਂ ਉਸੇ ਸਮੇਂ ਉਹ ਸਿੱਧੀ ਖੜ੍ਹੀ ਹੋ ਗਈ ਅਤੇ ਪਰਮੇਸ਼ੁਰ ਦੀ ਵਡਿਆਈ ਕਰਨ ਲੱਗੀ ।14ਪਰ ਪ੍ਰਾਰਥਨਾ ਘਰ ਦੇ ਸਰਦਾਰ ਨੇ ਇਸ ਲਈ ਜੋ ਯਿਸੂ ਨੇ ਸਬਤ ਦੇ ਦਿਨ ਚੰਗਿਆਈ ਦਿੱਤੀ, ਗੁੱਸੇ ਹੋ ਕੇ ਅੱਗੋਂ ਸਭਾ ਨੂੰ ਆਖਿਆ ਕਿ ਛੇ ਦਿਨ ਹਨ ਜਿਨ੍ਹਾਂ ਵਿੱਚ ਕੰਮ ਕਰਨਾ ਚਾਹੀਦਾ ਹੈ ਸੋ ਇਨ੍ਹਾਂ ਵਿੱਚ ਆਣ ਕੇ ਚੰਗੇ ਹੋਵੋ ਨਾ ਕਿ ਸਬਤ ਦੇ ਦਿਨ ।
15ਪਰ ਪ੍ਰਭੂ ਯਿਸੂ ਨੇ ਉਨ੍ਹਾਂ ਨੂੰ ਉੱਤਰ ਦੇ ਕਿ ਆਖਿਆ, ਹੇ ਕਪਟੀਓ ਕੀ ਤੁਹਾਡੇ ਵਿੱਚੋਂ ਹਰ ਕੋਈ ਸਬਤ ਦੇ ਦਿਨ ਆਪਣੇ ਬਲਦ ਜਾਂ ਗਧੇ ਨੂੰ ਖੁਰਲੀ ਤੋਂ ਖੋਲ੍ਹ ਕੇ ਪਾਣੀ ਪਿਲਾਉਣ ਨੂੰ ਨਹੀਂ ਲੈ ਜਾਂਦਾ ?16ਫੇਰ ਭਲਾ, ਇਹ ਔਰਤ ਜੋ ਅਬਰਾਹਾਮ ਦੀ ਸੰਤਾਨ ਵਿੱਚੋਂ ਹੈ, ਜਿਸ ਨੂੰ ਸ਼ੈਤਾਨ ਨੇ ਵੇਖੋ ਅਠਾਰਾਂ ਸਾਲਾਂ ਤੋਂ ਬੰਨ੍ਹ ਰੱਖਿਆ ਸੀ, ਇਸ ਨੂੰ ਸਬਤ ਦੇ ਦਿਨ ਇਸ ਬੰਧਨ ਤੋਂ ਛੁਡਾਉਣਾ ਯੋਗ ਨਹੀਂ ਸੀ ?
17ਜਦ ਉਹ ਇਹ ਗੱਲਾਂ ਕਰਦਾ ਹੀ ਸੀ ਤਾਂ ਉਸ ਦੇ ਸਭ ਵਿਰੋਧੀ ਸ਼ਰਮਿੰਦੇ ਹੋ ਗਏ ਅਤੇ ਸਾਰੀ ਭੀੜ ਉਨ੍ਹਾਂ ਸਭਨਾਂ ਪਰਤਾਪ ਵਾਲੇ ਕੰਮਾਂ ਤੋਂ ਜੋ ਉਸ ਨੇ ਕੀਤੇ ਸਨ ਅਨੰਦ ਹੋਈ ।
ਰਾਈ ਦੇ ਦਾਣੇ ਦਾ ਦ੍ਰਿਸ਼ਟਾਂਤ
(ਮੱਤੀ 13:31, 32 ਮਰਕੁਸ 4:30-32)

18ਯਿਸੂ ਨੇ ਉਸ ਨੂੰ ਆਖਿਆ ਕਿ ਪਰਮੇਸ਼ੁਰ ਦਾ ਰਾਜ ਕਿਸ ਵਰਗਾ ਹੈ ਅਤੇ ਇਸ ਦੀ ਤੁਲਨਾ ਮੈਂ ਕਿਸ ਤਰ੍ਹਾਂ ਕਰਾਂ ?19ਉਹ ਰਾਈ ਦੇ ਦਾਣੇ ਵਰਗਾ ਹੈ ਜਿਸ ਨੂੰ ਇੱਕ ਮਨੁੱਖ ਨੇ ਲੈ ਕੇ ਆਪਣੇ ਬਾਗ ਵਿੱਚ ਬੀਜਿਆ ਅਤੇ ਉਹ ਉੱਗਿਆ ਅਤੇ ਰੁੱਖ ਬਣ ਗਿਆ ਅਤੇ ਅਕਾਸ਼ ਦੇ ਪੰਛੀਆਂ ਨੇ ਉਸ ਦੀਆਂ ਟਹਿਣੀਆਂ ਉੱਤੇ ਆਲ੍ਹਣੇ ਪਾਏ ।
ਖ਼ਮੀਰ ਦਾ ਦ੍ਰਿਸ਼ਟਾਂਤ
(ਮੱਤੀ 13:33)

20ਉਸ ਨੇ ਫੇਰ ਆਖਿਆ, ਮੈਂ ਪਰਮੇਸ਼ੁਰ ਦੇ ਰਾਜ ਦੀ ਤੁਲਨਾ ਕਿਸ ਨਾਲ ਕਰਾਂ ?21ਪਰਮੇਸ਼ੁਰ ਦਾ ਰਾਜ ਖ਼ਮੀਰ ਵਰਗਾ ਹੈ ਜਿਸ ਨੂੰ ਇੱਕ ਔਰਤ ਨੇ ਲੈ ਕੇ ਤਿੰਨ ਕਿੱਲੋ ਆਟੇ ਵਿੱਚ ਗੁਨਿਆਂ ਸੋ ਸਾਰਾ ਆਟਾ ਖ਼ਮੀਰਾ ਹੋ ਗਿਆ ।
ਭੀੜਾ ਫਾਟਕ
(ਮੱਤੀ 7:13, 14, 21-23)

22ਉਹ ਉਪਦੇਸ਼ ਦਿੰਦਾ ਹੋਇਆ ਨਗਰੋਂ ਨਗਰ ਅਤੇ ਪਿੰਡੋਂ ਪਿੰਡ ਹੋ ਕੇ ਯਰੂਸ਼ਲਮ ਦੀ ਵੱਲ ਜਾ ਰਿਹਾ ਸੀ ।23ਤਦ ਇੱਕ ਨੇ ਉਸ ਨੂੰ ਆਖਿਆ, ਪ੍ਰਭੂ ਜੀ ਕੀ ਮੁਕਤੀ ਪਾਉਂਣ ਵਾਲੇ ਥੋੜ੍ਹੇ ਹੀ ਹਨ ?24ਯਿਸੂ ਨੇ ਉੱਤਰ ਦਿੱਤਾ, ਤੁਸੀਂ ਭੀੜੇ ਫਾਟਕ ਤੋਂ ਵੜਨ ਦਾ ਵੱਡਾ ਯਤਨ ਕਰੋ, ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਕਿ ਬਹੁਤੇ ਵੜਨ ਨੂੰ ਤਾਂ ਚਾਹੁਣਗੇ ਪਰ ਵੜ ਨਾ ਸਕਣਗੇ ।
25ਜਦੋਂ ਘਰ ਦਾ ਮਾਲਕ ਉੱਠ ਕੇ ਦਰਵਾਜ਼ਾ ਬੰਦ ਕਰ ਦੇਵੇ ਅਤੇ ਤੁਸੀਂ ਬਾਹਰ ਖੜ੍ਹੇ ਇਹ ਕਹਿ ਕੇ ਦਰਵਾਜ਼ਾ ਖੜ੍ਹਕਾਉਣ ਲੱਗੋਗੇ ਕਿ ਹੇ ਪ੍ਰਭੂ, ਸਾਡੇ ਲਈ ਖੋਲ੍ਹੋ ! ਅਤੇ ਉਹ ਤੁਹਾਨੂੰ ਉੱਤਰ ਦੇਵੇਗਾ ਜੋ ਮੈਂ ਤੁਹਾਨੂੰ ਨਹੀਂ ਜਾਣਦਾ ਜੋ ਤੁਸੀਂ ਕੌਣ ਹੋ ।26ਤਦ ਤੁਸੀਂ ਆਖਣ ਲੱਗੋਗੇ ਕਿ ਅਸੀਂ ਤੁਹਾਡੇ ਨਾਲ ਖਾਧਾ ਪੀਤਾ ਅਤੇ ਤੁਸੀਂ ਸਾਡੇ ਚੌਕਾਂ ਵਿੱਚ ਉਪਦੇਸ਼ ਦਿੱਤਾ ਹੈ ।27ਫੇਰ ਉਹ ਬੋਲੇਗਾ, ਮੈਂ ਤੁਹਾਨੂੰ ਆਖਦਾ ਹਾਂ ਕਿ ਮੈਂ ਨਹੀਂ ਜਾਣਦਾ ਜੋ ਤੁਸੀਂ ਕੌਣ ਹੋ । ਹੇ ਸਭ ਕੁਧਰਮੀਓ, ਮੇਰੇ ਕੋਲੋਂ ਦੂਰ ਹੋ ਜਾਓ !
28ਉੱਥੇ ਰੋਣਾ ਅਤੇ ਦੰਦਾਂ ਦਾ ਪੀਸਣਾ ਹੋਵੇਗਾ । ਜਦ ਤੁਸੀਂ ਅਬਰਾਹਾਮ, ਇਸਹਾਕ, ਯਾਕੂਬ ਅਤੇ ਸਾਰੇ ਨਬੀਆਂ ਨੂੰ ਪਰਮੇਸ਼ੁਰ ਦੇ ਰਾਜ ਵਿੱਚ ਅਤੇ ਆਪਣੇ ਆਪ ਨੂੰ ਬਾਹਰ ਕੱਢੇ ਹੋਏ ਵੇਖੋਗੇ !29ਅਤੇ ਲੋਕ ਪੂਰਬ, ਪੱਛਮ, ਉੱਤਰ ਅਤੇ ਦੱਖਣ ਤੋਂ ਆਣ ਕੇ ਪਰਮੇਸ਼ੁਰ ਦੇ ਰਾਜ ਦੇ ਭੋਜ ਵਿੱਚ ਬੈਠਣਗੇ ।30ਉਸ ਸਮੇਂ ਬਹੁਤ ਸਾਰੇ ਜੋ ਪਿਛਲੇ ਹਨ ਪਹਿਲੇ ਹੋਣਗੇ ਅਤੇ ਜੋ ਪਹਿਲੇ ਹਨ ਪਿਛਲੇ ਹੋਣਗੇ ।
ਹੇਰੋਦੇਸ ਦੀ ਦੁਸ਼ਮਣੀ

31ਉਸੇ ਸਮੇਂ ਕਈ ਫ਼ਰੀਸੀਆਂ ਨੇ ਉਸ ਕੋਲ ਆਣ ਕੇ ਕਿਹਾ ਕਿ ਐਥੋਂ ਨਿੱਕਲ ਕੇ ਚੱਲਿਆ ਜਾ ਕਿਉਂ ਜੋ ਹੇਰੋਦੇਸ ਤੈਨੂੰ ਮਾਰਨਾ ਚਾਹੁੰਦਾ ਹੈ ।32ਯਿਸੂ ਨੇ ਉਨ੍ਹਾਂ ਨੂੰ ਆਖਿਆ ਤੁਸੀਂ ਜਾ ਕੇ ਉਸ ਲੂੰਬੜੀ ਨੂੰ ਕਹੋ ਜੋ ਵੇਖ ਮੈਂ ਅੱਜ ਅਤੇ ਕੱਲ ਭੂਤਾਂ ਨੂੰ ਕੱਢਦਾ ਅਤੇ ਰੋਗੀਆਂ ਨੂੰ ਚੰਗਾ ਕਰਦਾ ਹਾਂ ਅਤੇ ਤੀਜੇ ਦਿਨ ਪੂਰਾ ਹੋ ਜਾਂਵਾਂਗਾ ।33ਪਰ ਮੈਨੂੰ ਚਾਹੀਦਾ ਹੈ ਜੋ ਅੱਜ, ਕੱਲ ਅਤੇ ਪਰਸੋਂ ਫਿਰਦਾ ਰਹਾਂ ਕਿਉਂਕਿ ਇਹ ਸੰਭਵ ਨਹੀਂ ਜੋ ਯਰੂਸ਼ਲਮ ਤੋਂ ਬਾਹਰ ਕੋਈ ਨਬੀ ਮਾਰਿਆ ਜਾਵੇ ।
ਯਰੂਸ਼ਲਮ ਦੇ ਲਈ ਵਿਰਲਾਪ
(ਮੱਤੀ 23:37-39)

34ਹੇ ਯਰੂਸ਼ਲਮ, ਯਰੂਸ਼ਲਮ ! ਤੂੰ ਜੋ ਨਬੀਆਂ ਨੂੰ ਕਤਲ ਕਰਦਾ ਹੈਂ ਅਤੇ ਉਨ੍ਹਾਂ ਨੂੰ ਜਿਹੜੇ ਤੇਰੇ ਕੋਲ ਭੇਜੇ ਹੋਏ ਹਨ ਪਥਰਾਉ ਕਰਦਾ ਹੈਂ, ਮੈਂ ਕਿੰਨੀ ਵਾਰੀ ਚਾਹਿਆ ਜੋ ਤੇਰੇ ਬੱਚਿਆਂ ਨੂੰ ਉਸੇ ਤਰ੍ਹਾਂ ਇਕੱਠੇ ਕਰਾਂ ਜਿਸ ਤਰ੍ਹਾਂ ਮੁਰਗੀ ਆਪਣੇ ਬੱਚਿਆਂ ਨੂੰ ਖੰਭਾਂ ਹੇਠ ਇਕੱਠੇ ਕਰਦੀ ਹੈ, ਪਰ ਤੁਸੀਂ ਨਾ ਚਾਹਿਆ ।35ਵੇਖੋ, ਤੁਹਾਡਾ ਘਰ ਤੁਹਾਡੇ ਲਈ ਉਜਾੜ ਛੱਡਿਆ ਜਾਂਦਾ ਹੈ ਅਤੇ ਮੈਂ ਤੁਹਾਨੂੰ ਆਖਦਾ ਹਾਂ ਜੋ ਤੁਸੀਂ ਮੈਨੂੰ ਨਾ ਵੇਖੋਗੇ, ਜਦ ਤੱਕ ਇਹ ਨਾ ਕਹੋਗੇ ਕਿ ਮੁਬਾਰਕ ਹੈ ਉਹ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ ! ।

14
ਫ਼ਰੀਸੀ ਦੇ ਘਰ ਯਿਸੂ

1ਸਬਤ ਦੇ ਦਿਨ ਉਹ ਫ਼ਰੀਸੀ ਸਰਦਾਰਾਂ ਵਿੱਚੋਂ ਕਿਸੇ ਦੇ ਘਰ ਭੋਜਨ ਕਰਨ ਲਈ ਗਿਆ ਤਦ ਉਹ ਉਸ ਤੇ ਨਜ਼ਰ ਰੱਖੇ ਹੋਏ ਸਨ ।2ਅਤੇ ਵੇਖੋ ਇੱਕ ਮਨੁੱਖ ਸੀ ਜਿਸ ਨੂੰ ਜਲੋਧਰੀ ਦੀ ਬਿਮਾਰੀ ਸੀ ।3ਯਿਸੂ ਨੇ ਬਿਵਸਥਾ ਦੇ ਉਪਦੇਸ਼ਕਾਂ ਅਤੇ ਫ਼ਰੀਸੀਆਂ ਨੂੰ ਪੁੱਛਿਆ, ਭਲਾ, ਸਬਤ ਦੇ ਦਿਨ ਚੰਗਾ ਕਰਨਾ ਯੋਗ ਹੈ ਕਿ ਨਹੀਂ ?

4ਪਰ ਉਹਨਾਂ ਕੁੱਝ ਉੱਤਰ ਨਾ ਦਿੱਤਾ । ਤਾਂ ਯਿਸੂ ਨੇ ਉਸ ਨੂੰ ਛੂਹ ਕੇ ਚੰਗਾ ਕੀਤਾ ਅਤੇ ਤੋਰ ਦਿੱਤਾ ।5ਅਤੇ ਉਨ੍ਹਾਂ ਨੂੰ ਆਖਿਆ ਤੁਹਾਡੇ ਵਿੱਚੋਂ ਕੌਣ ਹੈ ਜੇਕਰ ਉਸ ਦਾ ਗਧਾ ਜਾਂ ਬੈਲ ਖੂਹ ਵਿੱਚ ਡਿੱਗ ਪਵੇ ਤਾਂ ਉਹ ਝੱਟ ਸਬਤ ਦੇ ਦਿਨ ਉਸ ਨੂੰ ਬਾਹਰ ਨਾ ਕੱਢੇਗਾ ।6ਅਤੇ ਉਹ ਯਿਸੂ ਨੂੰ ਇਸ ਦਾ ਉੱਤਰ ਨਾ ਦੇ ਸਕੇ ।
ਨਿਮਰਤਾ ਅਤੇ ਪ੍ਰਾਹੁਣਚਾਰੀ

7ਜਦ ਉਸ ਨੇ ਵੇਖਿਆ ਜੋ ਮਹਿਮਾਨ ਕਿਸ ਤਰ੍ਹਾਂ ਉੱਚੀਆਂ ਥਾਵਾਂ ਨੂੰ ਪਸੰਦ ਕਰਦੇ ਹਨ ਤਾਂ ਉਨ੍ਹਾਂ ਨੂੰ ਇਹ ਦ੍ਰਿਸ਼ਟਾਂਤ ਦੇ ਕੇ ਕਿਹਾ8ਕਿ ਜਦ ਕੋਈ ਤੈਨੂੰ ਵਿਆਹ ਵਿੱਚ ਬੁਲਾਵੇ ਤਾਂ ਮੁੱਖ ਸਥਾਨ ਤੇ ਨਾ ਬੈਠ । ਕੀ ਜਾਣੀਏ ਕਿ ਉਸ ਨੇ ਤੇਰੇ ਨਾਲੋਂ ਕਿਸੇ ਆਦਰ ਵਾਲੇ ਨੂੰ ਬੁਲਾਇਆ ਹੋਵੇ ।9ਅਤੇ ਜਿਸ ਨੇ ਤੈਨੂੰ ਅਤੇ ਉਸ ਨੂੰ ਬੁਲਾਇਆ ਹੈ ਤੇਰੇ ਕੋਲ ਆਣ ਕੇ ਆਖੇ ਕਿ ਇਹ ਜਗ੍ਹਾ ਛੱਡ ਅਤੇ ਤੈਨੂੰ ਸ਼ਰਮਿੰਦਗੀ ਨਾਲ ਸਭ ਤੋਂ ਮਗਰ ਬੈਠਣਾ ਪਵੇ ।
10ਪਰ ਜਦ ਤੈਨੂੰ ਬੁਲਇਆ ਜਾਵੇ ਤਾਂ ਸਭ ਤੋਂ ਪਿਛੇ ਬੈਠ, ਫੇਰ ਜਿਸ ਨੇ ਤੈਨੂੰ ਬੁਲਾਇਆ ਹੈ ਜਦ ਆਵੇ ਤਦ ਤੈਨੂੰ ਆਖੇ, “ਮਿੱਤਰਾ, ਅੱਗੇ ਆ ਜਾ” ਤਾਂ ਉਨ੍ਹਾਂ ਸਭਨਾਂ ਦੇ ਸਾਹਮਣੇ ਜੋ ਤੇਰੇ ਨਾਲ ਖਾਣ ਬੈਠੇ ਹਨ ਤੇਰਾ ਆਦਰ ਹੋਵੇਗਾ ।11ਕਿਉਂਕਿ ਹਰੇਕ ਜੋ ਆਪਣੇ ਆਪ ਨੂੰ ਉੱਚਾ ਕਰਦਾ ਹੈ ਸੋ ਨੀਵਾਂ ਕੀਤਾ ਜਾਵੇਗਾ ਅਤੇ ਜੋ ਆਪਣੇ ਆਪ ਨੂੰ ਨੀਵਾਂ ਕਰਦਾ ਹੈ ਸੋ ਉੱਚਾ ਕੀਤਾ ਜਾਵੇਗਾ ।
12ਜਿਸ ਨੇ ਉਸ ਨੂੰ ਬੁਲਾਇਆ ਸੀ ਉਸ ਨੇ ਉਹ ਨੂੰ ਵੀ ਕਿਹਾ ਕਿ ਜਾਂ ਤੂੰ ਦਿਨ ਜਾਂ ਰਾਤ ਦੀ ਦਾਵਤ ਕਰੇਂ ਤਾਂ ਆਪਣਿਆਂ ਮਿੱਤਰਾਂ, ਆਪਣਿਆਂ ਭਾਈਆਂ, ਆਪਣਿਆਂ ਸਾਕਾਂ ਅਤੇ ਧਨਵਾਨ ਗੁਆਂਢੀਆਂ ਨੂੰ ਨਾ ਬੁਲਾ, ਅਜਿਹਾ ਨਾ ਹੋਵੇ ਜੋ ਉਹ ਫੇਰ ਤੈਨੂੰ ਵੀ ਬੁਲਾਉਣ ਅਤੇ ਤੇਰਾ ਬਦਲਾ ਹੋ ਜਾਵੇ ।
13ਪਰ ਜਦ ਤੂੰ ਦਾਵਤ ਕਰੇਂ ਤਾਂ ਕੰਗਾਲਾਂ, ਟੁੰਡਿਆਂ, ਲੰਗੜਿਆਂ, ਅੰਨ੍ਹਿਆਂ ਨੂੰ ਬੁਲਾ ।14ਅਤੇ ਤੂੰ ਧੰਨ ਹੋਵੇਂਗਾ ਕਿਉਂ ਜੋ ਤੇਰਾ ਬਦਲਾ ਚੁਕਾਉਣ ਲਈ ਉਨ੍ਹਾਂ ਕੋਲ ਕੁੱਝ ਨਹੀਂ ਹੈ । ਇਸ ਦਾ ਬਦਲਾ ਤੈਨੂੰ ਧਰਮੀਆਂ ਦੇ ਜੀ ਉੱਠਣ ਵਾਲੇ ਦਿਨ ਵਿੱਚ ਦਿੱਤਾ ਜਾਵੇਗਾ ।
ਵੱਡੇ ਭੋਜ ਦਾ ਦ੍ਰਿਸ਼ਟਾਂਤ
(ਮੱਤੀ 22:1-10)

15ਉਸ ਦੇ ਨਾਲ ਬੈਠਣ ਵਾਲਿਆਂ ਵਿੱਚੋਂ ਇੱਕ ਨੇ ਇਨ੍ਹਾਂ ਗੱਲਾਂ ਨੂੰ ਸੁਣ ਕੇ ਯਿਸੂ ਨੂੰ ਕਿਹਾ ਕਿ ਧੰਨ ਉਹ ਹੈ ਜਿਹੜਾ ਪਰਮੇਸ਼ੁਰ ਦੇ ਰਾਜ ਵਿੱਚ ਭੋਜਨ ਕਰੇਗਾ ।16ਪਰ ਉਸ ਨੇ ਉਹ ਨੂੰ ਆਖਿਆ, ਕਿਸੇ ਮਨੁੱਖ ਨੇ ਇੱਕ ਵੱਡੀ ਦਾਵਤ ਕੀਤੀ ਅਤੇ ਬਹੁਤ ਸਾਰੇ ਲੋਕਾਂ ਨੂੰ ਬੁਲਾਇਆ ।17ਅਤੇ ਉਸ ਨੇ ਭੋਜਨ ਦੇ ਸਮੇਂ ਆਪਣੇ ਨੌਕਰ ਨੂੰ ਭੇਜਿਆ ਜੋ ਉਹ ਸੱਦੇ ਹੋਇਆਂ ਨੂੰ ਆਖੇ ਕਿ ਆਓ ਕਿਉਂ ਜੋ ਹੁਣ ਸਭ ਕੁੱਝ ਤਿਆਰ ਹੈ
18ਤਾਂ ਉਹ ਸੱਭੇ ਇੱਕ ਮੱਤ ਹੋ ਕੇ ਬਹਾਨੇ ਬਣਾਉਣ ਲੱਗੇ । ਪਹਿਲੇ ਨੇ ਉਸ ਨੂੰ ਕਿਹਾ, ਮੈਂ ਇੱਕ ਖੇਤ ਮੁੱਲ ਲਿਆ ਹੈ ਅਤੇ ਜ਼ਰੂਰ ਹੈ ਜੋ ਮੈਂ ਜਾ ਕੇ ਉਸ ਨੂੰ ਵੇਖਾਂ । ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਜੋ ਮੈਨੂੰ ਮਾਫ਼ ਕਰੀਂ ।19ਅਤੇ ਦੂਜੇ ਨੇ ਆਖਿਆ, ਮੈਂ ਬਲ਼ਦਾਂ ਦੀਆਂ ਪੰਜ ਜੋੜੀਆਂ ਮੁੱਲ ਲਈਆਂ ਹਨ ਅਤੇ ਉਨ੍ਹਾਂ ਦੇ ਪਰਖਣ ਲਈ ਜਾਂਦਾ ਹਾਂ । ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਜੋ ਮੈਨੂੰ ਮਾਫ਼ ਕਰੀਂ ।20ਅਤੇ ਹੋਰ ਨੇ ਆਖਿਆ, ਮੇਰਾ ਵਿਆਹ ਹੋਇਆ ਹੈ, ਇਸ ਲਈ ਮੈਂ ਨਹੀਂ ਆ ਸਕਦਾ ।
21ਤਦ ਉਸ ਨੌਕਰ ਨੇ ਆਣ ਕੇ ਆਪਣੇ ਮਾਲਕ ਨੂੰ ਇਹ ਗੱਲਾਂ ਦੱਸੀਆਂ । ਤਾਂ ਉਸ ਘਰ ਦੇ ਮਾਲਕ ਨੇ ਗੁੱਸੇ ਹੋ ਕੇ ਆਪਣੇ ਨੌਕਰ ਨੂੰ ਆਖਿਆ ਜਲਦੀ ਨਿੱਕਲ ਕੇ ਸ਼ਹਿਰ ਦੇ ਚੌਕਾਂ ਅਤੇ ਗਲੀਆਂ ਵਿੱਚ ਜਾ ਅਤੇ ਕੰਗਾਲਾਂ, ਟੁੰਡਿਆਂ, ਅੰਨ੍ਹਿਆਂ ਅਤੇ ਲੰਗੜਿਆਂ ਨੂੰ ਇੱਥੇ ਅੰਦਰ ਲਿਆ ।22ਉਸ ਨੌਕਰ ਨੇ ਆਖਿਆ, ਸੁਆਮੀ ਜੀ ਜਿਵੇਂ ਤੁਸੀਂ ਹੁਕਮ ਦਿੱਤਾ ਸੀ । ਉਸੇ ਤਰ੍ਹਾਂ ਹੀ ਹੋਇਆ ਹੈ ਪਰ ਅਜੇ ਜਗ੍ਹਾ ਖਾਲੀ ਹੈ ।
23ਮਾਲਕ ਨੇ ਨੌਕਰ ਨੂੰ ਕਿਹਾ ਕਿ ਨਿੱਕਲ ਕੇ ਸੜਕਾਂ ਅਤੇ ਪੈਲੀ ਬੰਨ੍ਹਿਆ ਵੱਲ ਜਾ ਅਤੇ ਵੱਡੀ ਤਗੀਦ ਕਰ ਕੇ ਲੋਕਾਂ ਨੂੰ ਅੰਦਰ ਲਿਆ ਤਾਂ ਜੋ ਮੇਰਾ ਘਰ ਮਹਿਮਾਨਾਂ ਨਾਲ ਭਰ ਜਾਵੇ ।24ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਕਿ ਉਨ੍ਹਾਂ ਮਨੁੱਖਾਂ ਵਿੱਚੋਂ ਜਿਹੜੇ ਬੁਲਾਏ ਗਏ ਸਨ ਇੱਕ ਵੀ ਮੇਰੇ ਭੋਜ ਵਿੱਚ ਸ਼ਾਮਲ ਨਹੀਂ ਹੋਵੇਗਾ ।
ਚੇਲਾ ਬਣਨ ਦੀ ਕੀਮਤ
(ਮੱਤੀ 10:37, 38)

25ਵੱਡੀ ਭੀੜ ਯਿਸੂ ਦੇ ਨਾਲ ਚੱਲੀ ਜਾਂਦੀ ਸੀ ਅਤੇ ਉਸ ਨੇ ਮੁੜ ਕੇ ਉਨ੍ਹਾਂ ਨੂੰ ਆਖਿਆ,26ਜੇ ਕੋਈ ਮੇਰੇ ਕੋਲ ਆਵੇ ਅਤੇ ਆਪਣੇ ਪਿਤਾ, ਮਾਤਾ, ਪਤਨੀ, ਬਾਲ ਬੱਚਿਆਂ, ਭਾਈਆਂ ਅਤੇ ਭੈਣਾਂ ਨਾਲ ਸਗੋਂ ਆਪਣੀ ਜਾਨ ਨੂੰ ਮੇਰੇ ਨਾਲੋਂ ਵੱਧ ਪਿਆਰ ਕਰੇ ਤਾਂ ਉਹ ਮੇਰਾ ਚੇਲਾ ਨਹੀਂ ਹੋ ਸਕਦਾ ।27ਜੋ ਕੋਈ ਆਪਣੀ ਸਲੀਬ ਚੁੱਕ ਕੇ ਮੇਰੇ ਮਗਰ ਨਾ ਚੱਲੇ ਤਾਂ ਉਹ ਮੇਰਾ ਚੇਲਾ ਨਹੀਂ ਹੋ ਸਕਦਾ ।
28ਤੁਹਾਡੇ ਵਿੱਚੋਂ ਕੌਣ ਹੈ ਜਿਸ ਦੀ ਬੁਰਜ ਬਣਾਉਣ ਦੀ ਯੋਜਨਾ ਹੋਵੇ ਤਾਂ ਪਹਿਲਾਂ ਬੈਠ ਕੇ ਖ਼ਰਚ ਦਾ ਹਿਸਾਬ ਨਾ ਕਰੇ ਜੋ ਮੇਰੇ ਕੋਲ ਉਸ ਦੇ ਪੂਰਾ ਕਰਨ ਯੋਗ ਧਨ ਹੈ ਕਿ ਨਹੀਂ ?29ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਜਦ ਉਸ ਨੇ ਨੀਂਹ ਰੱਖੀ ਅਤੇ ਪੂਰਾ ਨਾ ਕਰ ਸਕਿਆ ਤਾਂ ਸਭ ਵੇਖਣ ਵਾਲੇ ਇਹ ਕਹਿ ਕੇ ਉਸਦਾ ਮਜ਼ਾਕ ਉਡਾਉਣ30ਕਿ ਇਸ ਆਦਮੀ ਨੇ ਸ਼ੁਰੂ ਤਾਂ ਕੀਤਾ ਪਰ ਪੂਰਾ ਨਾ ਕਰ ਸਕਿਆ !
31ਜਾਂ ਕਿਹੜਾ ਰਾਜਾ ਹੈ ਕਿ ਜਦ ਦੂਜੇ ਰਾਜੇ ਨਾਲ ਲੜਨ ਲਈ ਨਿੱਕਲੇ ਤਾਂ ਪਹਿਲਾਂ ਬੈਠ ਕੇ ਸਲਾਹ ਨਾ ਕਰੇ, ਕੀ ਮੈਂ ਦਸ ਹਜ਼ਾਰ ਸੈਨਿਕਾਂ ਨਾਲ ਉਹ ਦਾ ਸਾਹਮਣਾ ਕਰ ਸਕਦਾ ਹਾਂ, ਜਿਸ ਨੇ ਵੀਹ ਹਜ਼ਾਰ ਸੈਨਿਕ ਨਾਲ ਮੇਰੇ ਉੱਤੇ ਚੜ੍ਹਾਈ ਕੀਤੀ ਹੈ ?32ਜੇ ਨਹੀਂ ਤਾਂ ਹਮਲਾਵਰ ਦੇ ਅਜੇ ਦੂਰ ਹੁੰਦਿਆਂ ਉਹ ਆਪਣਾ ਦੂਤ ਭੇਜ ਕੇ ਮੇਲ-ਮਿਲਾਪ ਦੀਆਂ ਸ਼ਰਤਾਂ ਪੁੱਛਦਾ ਹੈ ।33ਸੋ ਇਸੇ ਤਰ੍ਹਾਂ ਤੁਹਾਡੇ ਵਿੱਚੋਂ ਹਰੇਕ ਜੋ ਆਪਣਾ ਸਭ ਕੁੱਝ ? ਨਾ ਤਿਆਗੇ ਉਹ ਮੇਰਾ ਚੇਲਾ ਨਹੀਂ ਹੋ ਸਕਦਾ ।
ਬੇਸੁਆਦ ਨਮਕ
(ਮੱਤੀ 5:13, ਮਰਕੁਸ 9:50)

34ਲੂਣ ਤਾਂ ਚੰਗਾ ਹੈ ਪਰ ਜੇ ਲੂਣ ਬੇਸੁਆਦ ਹੋ ਜਾਵੇ ਤਾਂ ਕਿਵੇਂ ਸਲੂਣਾ ਕੀਤਾ ਜਾਵੇ ?35ਉਹ ਨਾ ਖੇਤ, ਨਾ ਖਾਦ ਦੇ ਕੰਮ ਦਾ ਹੈ । ਲੋਕ ਉਸ ਨੂੰ ਬਾਹਰ ਸੁੱਟ ਦਿੰਦੇ ਹਨ । ਜਿਸ ਦੇ ਸੁਣਨ ਵਾਲੇ ਕੰਨ ਹੋਣ ਉਹ ਸੁਣੇ ।

15
ਗੁਆਚੀ ਹੋਈ ਭੇਡ ਦਾ ਦ੍ਰਿਸ਼ਟਾਂਤ
(ਮੱਤੀ 18:12-14)

1ਬਹੁਤ ਸਾਰੇ ਚੁੰਗੀ ਲੈਣ ਵਾਲੇ ਅਤੇ ਪਾਪੀ, ਯਿਸੂ ਦੀ ਸੁਣਨ ਲਈ ਉਸ ਦੇ ਕੋਲ ਆਉਂਦੇ ਸਨ ।2ਫ਼ਰੀਸੀ ਅਤੇ ਉਪਦੇਸ਼ਕ ਕੁੜ੍ਹਨ ਲੱਗੇ ਅਤੇ ਕਿਹਾ ਜੋ ਇਹ ਤਾਂ ਪਾਪੀਆਂ ਨੂੰ ਕਬੂਲ ਕਰਦਾ ਅਤੇ ਉਨ੍ਹਾਂ ਨਾਲ ਖਾਂਦਾ ਹੈ !

3ਫਿਰ ਯਿਸੂ ਨੇ ਉਨ੍ਹਾਂ ਨੂੰ ਇਹ ਦ੍ਰਿਸ਼ਟਾਂਤ ਦੇ ਕੇ ਆਖਿਆ,4ਤੁਹਾਡੇ ਵਿੱਚੋਂ ਉਹ ਕਿਹੜਾ ਮਨੁੱਖ ਹੈ ਜਿਸ ਦੇ ਕੋਲ ਸੌ ਭੇਡਾਂ ਹੋਣ ਅਤੇ ਜੇ ਉਨ੍ਹਾਂ ਵਿੱਚੋਂ ਇੱਕ ਗੁਆਚ ਜਾਵੇ ਤਾਂ ਉਹ ਨੜਿੰਨਵਿਆਂ ਨੂੰ ਉਜਾੜ ਵਿੱਚ ਛੱਡ ਕੇ ਉਸ ਗੁਆਚੀ ਹੋਈ ਦੀ ਭੇਡ ਦੀ ਖ਼ੋਜ ਵਿੱਚ ਨਾ ਜਾਵੇ ਜਦ ਤੱਕ ਉਹ ਉਸ ਨੂੰ ਨਾ ਲੱਭੇ ?5ਅਤੇ ਜਦ ਲੱਭ ਪਵੇ ਤਾਂ ਉਹ ਖੁਸ਼ੀ ਨਾਲ ਉਸ ਨੂੰ ਆਪਣਿਆਂ ਮੋਢਿਆਂ ਉੱਤੇ ਚੁੱਕ ਲੈਂਦਾ ਹੈ,
6ਅਤੇ ਘਰ ਜਾ ਕੇ ਆਪਣੇ ਮਿੱਤਰਾਂ ਅਤੇ ਗੁਆਂਢੀਆਂ ਨੂੰ ਬੁਲਾਉਂਦਾ ਅਤੇ ਉਨ੍ਹਾਂ ਨੂੰ ਆਖਦਾ ਹੈ ਕਿ ਮੇਰੇ ਨਾਲ ਖੁਸ਼ੀ ਮਨਾਓ ਕਿਉਂ ਜੋ ਮੈਨੂੰ ਆਪਣੀ ਗੁਆਚੀ ਹੋਈ ਭੇਡ ਲੱਭ ਗਈ ਹੈ ।7ਮੈਂ ਤੁਹਾਨੂੰ ਆਖਦਾ ਹਾਂ ਜੋ ਇਸੇ ਤਰ੍ਹਾਂ ਸਵਰਗ ਵਿੱਚ ਵੀ ਇੱਕ ਤੋਬਾ ਕਰਨ ਵਾਲੇ ਪਾਪੀ ਕੇ ਕਾਰਨ ਬਹੁਤ ਖੁਸ਼ੀ ਹੋਵੇਗੀ, ਜਿੰਨੀ ਕਿ ਉਨ੍ਹਾਂ ਨੜਿੰਨਵਿਆਂ ਧਰਮੀਆਂ ਦੇ ਕਾਰਨ ਨਹੀਂ ਜਿਨ੍ਹਾਂ ਨੂੰ ਤੋਬਾ ਕਰਨ ਦੀ ਲੋੜ ਨਹੀਂ ਹੈ ।
ਗੁਆਚੇ ਹੋਏ ਸਿੱਕੇ ਦਾ ਦ੍ਰਿਸ਼ਟਾਂਤ

8ਜਾਂ ਕਿਹੜੀ ਔਰਤ ਹੈ ਜਿਹ ਦੇ ਕੋਲ ਦੱਸ ਸਿੱਕੇ ਹੋਣ ਅਤੇ ਜੇ ਇੱਕ ਸਿੱਕਾ ਗੁਆਚ ਜਾਵੇ ਤਾਂ ਉਹ ਦੀਵਾ ਜਗ੍ਹਾ ਕੇ ਅਤੇ ਘਰ ਦੀ ਸਾਫ਼ ਸਫ਼ਾਈ ਕਰ ਕੇ ਉਹ ਨੂੰ ਯਤਨ ਨਾਲ ਲੱਭਦੀ ਹੈ, ਜਦ ਤੱਕ ਉਸ ਨੂੰ ਨਾ ਲੱਭੇ ?9ਅਤੇ ਜਦ ਲੱਭ ਲਏ ਤਾਂ ਆਪਣੀਆਂ ਸਹੇਲੀਆਂ ਅਤੇ ਗੁਆਂਢਣਾ ਨੂੰ ਬੁਲਾ ਕੇ ਆਖਦੀ ਹੈ, ਮੇਰੇ ਨਾਲ ਖੁਸ਼ੀ ਮਨਾਓ ਕਿਉਂ ਜੋ ਮੈਂ ਆਪਣਾ ਗੁਆਚਿਆ ਹੋਇਆ ਸਿੱਕਾ ਲੱਭ ਲਿਆ ਹੈ ।10ਮੈਂ ਤੁਹਾਨੂੰ ਆਖਦਾ ਹਾਂ ਜੋ ਇੱਕ ਤੋਬਾ ਕਰਨ ਵਾਲੇ ਪਾਪੀ ਦੇ ਕਾਰਨ ਇਸੇ ਤਰ੍ਹਾਂ ਪਰਮੇਸ਼ੁਰ ਦਿਆਂ ਦੂਤਾਂ ਦੇ ਅੱਗੇ ਖੁਸ਼ੀ ਹੁੰਦੀ ਹੈ ।
ਉਜਾੜੂ ਪੁੱਤਰ ਦਾ ਦ੍ਰਿਸ਼ਟਾਂਤ

11ਫਿਰ ਯਿਸੂ ਨੇ ਕਿਹਾ ਕਿ ਇੱਕ ਆਦਮੀ ਦੇ ਦੋ ਪੁੱਤਰ ਸਨ ।12ਅਤੇ ਉਨ੍ਹਾਂ ਵਿੱਚੋਂ ਛੋਟੇ ਨੇ ਪਿਤਾ ਨੂੰ ਆਖਿਆ, ਪਿਤਾ ਜੀ ਜਾਇਦਾਦ ਦਾ ਜੋ ਮੇਰਾ ਹਿੱਸਾ ਬਣਦਾ ਹੈ ਸੋ ਮੈਨੂੰ ਦੇ ਦਿਓ । ਤਾਂ ਉਸ ਨੇ ਉਨ੍ਹਾਂ ਨੂੰ ਜਾਇਦਾਦ ਵੰਡ ਦਿੱਤੀ ।
13ਕੁੱਝ ਦਿਨਾਂ ਬਾਅਦ ਛੋਟਾ ਪੁੱਤਰ ਸੱਭੋ ਕੁੱਝ ਇਕੱਠਾ ਕਰ ਕੇ ਦੂਰ ਦੇਸ ਨੂੰ ਚੱਲਿਆ ਗਿਆ ਅਤੇ ਉੱਥੇ ਆਪਣਾ ਸਾਰਾ ਧਨ ਬੁਰੇ ਕੰਮਾਂ ਵਿੱਚ ਉਡਾ ਦਿੱਤਾ ।14ਜਦ ਉਹ ਸਭ ਖ਼ਰਚ ਕਰ ਚੁੱਕਿਆ ਤਾਂ ਉਸ ਦੇਸ ਵਿੱਚ ਵੱਡਾ ਕਾਲ ਪੈ ਗਿਆ ਅਤੇ ਉਹ ਮੁਹਤਾਜ ਹੋਣ ਲੱਗਾ ।
15ਤਦ ਉਹ ਉਸ ਦੇਸ ਦੇ ਕਿਸੇ ਵਸਨੀਕ ਦੇ ਕੋਲ ਚਲਾ ਗਿਆ ਅਤੇ ਉਸ ਨੇ ਉਹ ਨੂੰ ਆਪਣੇ ਖੇਤਾਂ ਵਿੱਚ ਸੂਰਾਂ ਨੂੰ ਚਾਰਨ ਲਈ ਭੇਜਿਆ ।16ਅਤੇ ਉਹ ਉਨ੍ਹਾਂ ਛਿੱਲਕਿਆਂ ਨਾਲ ਜੋ ਸੂਰ ਖਾਂਦੇ ਸਨ, ਆਪਣਾ ਪੇਟ ਭਰਨਾ ਚਾਹੁੰਦਾ ਸੀ ਪਰ ਕਿਸੇ ਨੇ ਉਸ ਨੂੰ ਕੁੱਝ ਨਾ ਦਿੱਤਾ ।
17ਤਦ ਉਸ ਨੇ ਆਪਣੀ ਹੋਸ਼ ਵਿੱਚ ਆ ਕੇ ਕਿਹਾ ਜੋ ਮੇਰੇ ਪਿਤਾ ਦੇ ਕਿੰਨੇ ਹੀ ਨੌਕਰਾਂ ਲਈ ਵਾਧੂ ਭੋਜਨ ਹੈ, ਪਰ ਮੈਂ ਐਥੇ ਭੁੱਖਾ ਮਰਦਾ ਹਾਂ ।18ਮੈਂ ਆਪਣੇ ਪਿਤਾ ਕੋਲ ਜਾਂਵਾਂਗਾ ਅਤੇ ਉਸ ਨੂੰ ਆਖਾਂਗਾ, ਪਿਤਾ ਜੀ ਮੈਂ ਸਵਰਗ ਦੇ ਵਿਰੁੱਧ ਅਤੇ ਤੁਹਾਡੇ ਅੱਗੇ ਪਾਪ ਕੀਤਾ ਹੈ ।19ਹੁਣ ਮੈਂ ਇਸ ਲਾਇਕ ਨਹੀਂ ਜੋ ਫੇਰ ਤੁਹਾਡਾ ਪੁੱਤਰ ਸਦਾਵਾਂ । ਮੈਨੂੰ ਆਪਣੇ ਨੌਕਰਾਂ ਵਿੱਚੋਂ ਇੱਕ ਜਿਹਾ ਰੱਖ ਲਓ ।
20ਸੋ ਉਹ ਉੱਠ ਕੇ ਆਪਣੇ ਪਿਤਾ ਕੋਲ ਗਿਆ ਪਰ ਉਹ ਅਜੇ ਦੂਰ ਹੀ ਸੀ ਕਿ ਉਹ ਦੇ ਪਿਤਾ ਨੇ ਉਸ ਨੂੰ ਵੇਖਿਆ ਅਤੇ ਤਰਸ ਨਾਲ ਭਰ ਗਿਆ ਅਤੇ ਦੌੜ ਕੇ ਉਸ ਨੂੰ ਗਲੇ ਲਾ ਲਿਆ ਅਤੇ ਉਸ ਨੂੰ ਚੁੰਮਿਆ ।21ਅਤੇ ਪੁੱਤਰ ਨੇ ਉਸ ਨੂੰ ਆਖਿਆ, ਪਿਤਾ ਜੀ ਮੈਂ ਸਵਰਗ ਦੇ ਵਿਰੁੱਧ ਅਤੇ ਤੁਹਾਡੇ ਅੱਗੇ ਪਾਪ ਕੀਤਾ ਹੈ । ਹੁਣ ਮੈਂ ਇਸ ਲਾਇਕ ਨਹੀਂ ਜੋ ਫੇਰ ਤੁਹਾਡਾ ਪੁੱਤਰ ਸਦਾਵਾਂ ।
22ਪਰ ਪਿਤਾ ਨੇ ਆਪਣੇ ਨੌਕਰਾਂ ਨੂੰ ਕਿਹਾ ਕਿ ਛੇਤੀ ਨਾਲ ਸਭ ਤੋਂ ਚੰਗੇ ਬਸਤਰ ਕੱਢ ਕੇ ਇਸ ਨੂੰ ਪਹਿਨਾਓ ਅਤੇ ਇਸ ਦੇ ਹੱਥ ਵਿੱਚ ਅੰਗੂਠੀ ਅਤੇ ਪੈਰੀਂ ਜੁੱਤੀ ਪਾਓ ।23ਅਤੇ ਪਲਿਆ ਹੋਇਆ ਵੱਛਾ ਲਿਆ ਕੇ ਦਾਵਤ ਤਿਆਰ ਕਰੋ ਤਾਂ ਜੋ ਅਸੀਂ ਖੁਸ਼ੀ ਮਨਾਈਏ ।24ਕਿਉਂ ਜੋ ਮੇਰਾ ਇਹ ਪੁੱਤਰ ਮਰ ਗਿਆ ਸੀ ਅਤੇ ਫਿਰ ਜੀ ਪਿਆ ਹੈ, ਗੁਆਚ ਗਿਆ ਸੀ ਅਤੇ ਫਿਰ ਲੱਭ ਪਿਆ ਹੈ । ਸੋ ਉਹ ਖੁਸ਼ੀ ਕਰਨ ਲੱਗੇ ।
25ਪਰ ਉਸ ਦਾ ਵੱਡਾ ਪੁੱਤਰ ਖੇਤ ਵਿੱਚ ਸੀ ਅਤੇ ਜਦ ਉਹ ਵਾਪਸ ਆਣ ਕੇ ਘਰ ਦੇ ਨੇੜੇ ਪੁੱਜਿਆ ਤਾਂ ਗਾਉਣ ਵਜਾਉਣ ਅਤੇ ਨੱਚਣ ਦੀ ਅਵਾਜ਼ ਸੁਣੀ ।26ਤਦ ਇੱਕ ਨੌਕਰ ਨੂੰ ਆਪਣੇ ਕੋਲ ਬੁਲਾ ਕੇ ਪੁੱਛਿਆ ਜੋ ਇਹ ਕੀ ਹੋ ਰਿਹਾ ਹੈ ?27ਨੌਕਰ ਨੇ ਉਸ ਨੂੰ ਦੱਸਿਆ, ਤੁਹਾਡਾ ਭਰਾ ਆਇਆ ਹੈ ਅਤੇ ਤੁਹਾਡੇ ਪਿਤਾ ਨੇ ਪਲਿਆ ਹੋਇਆ ਵੱਛਾ ਕੱਟਿਆ ਹੈ, ਇਸ ਲਈ ਜੋ ਉਸ ਨੂੰ ਭਲਾ ਚੰਗਾ ਪਾਇਆ ।
28ਇਹ ਸੁਣ ਕੇ ਉਹ ਗੁੱਸੇ ਹੋਇਆ ਅਤੇ ਅੰਦਰ ਜਾਣ ਨੂੰ ਉਸ ਦਾ ਮਨ ਨਾ ਕੀਤਾ । ਸੋ ਉਸ ਦਾ ਪਿਤਾ ਬਾਹਰ ਆ ਕੇ ਉਸ ਨੂੰ ਮਨਾਉਣ ਲੱਗਾ ।29ਪਰ ਪੁੱਤਰ ਨੇ ਆਪਣੇ ਪਿਤਾ ਨੂੰ ਉੱਤਰ ਦਿੱਤਾ, ਵੇਖ ਮੈਂ ਐਨੇ ਸਾਲਾਂ ਤੋਂ ਤੁਹਾਡੀ ਸੇਵਾ ਕਰਦਾ ਆ ਰਿਹਾ ਹਾਂ ਅਤੇ ਕਦੇ ਤੁਹਾਡਾ ਹੁਕਮ ਨਹੀਂ ਮੋੜਿਆ ਪਰ ਤੁਸੀਂ ਮੈਨੂੰ ਕਦੇ ਇੱਕ ਬੱਕਰੀ ਦਾ ਬੱਚਾ ਵੀ ਨਾ ਦਿੱਤਾ ਜੋ ਮੈਂ ਆਪਣੇ ਮਿੱਤਰਾਂ ਨਾਲ ਖੁਸ਼ੀ ਕਰਾਂ ।30ਪਰ ਜਦ ਤੁਹਾਡਾ ਇਹ ਪੁੱਤਰ ਆਇਆ ਜਿਸ ਨੇ ਤੁਹਾਡੀ ਸਾਰੀ ਪੂੰਜੀ ਵੇਸਵਾਂਵਾ ਉੱਤੇ ਉਡਾ ਦਿੱਤੀ ਤਾਂ ਤੁਸੀਂ ਉਸ ਦੇ ਲਈ ਪਲਿਆ ਹੋਇਆ ਵੱਛਾ ਕੱਟਿਆ ।
31ਪਰ ਪਿਤਾ ਉਸ ਨੂੰ ਆਖਿਆ, ਬੇਟਾ ਤੂੰ ਸਦਾ ਮੇਰੇ ਨਾਲ ਹੈਂ ਅਤੇ ਮੇਰਾ ਸਭ ਕੁੱਝ ਤੇਰਾ ਹੀ ਹੈ ।32ਪਰ ਖੁਸ਼ੀ ਕਰਨੀ ਅਤੇ ਅਨੰਦ ਹੋਣਾ ਚਾਹੀਦਾ ਸੀ ਕਿਉਂਕਿ ਤੇਰਾ ਇਹ ਭਰਾ ਜੋ ਮਰ ਗਿਆ ਸੀ ਅਤੇ ਫੇਰ ਜੀ ਪਿਆ ਹੈ ਅਤੇ ਗੁਆਚ ਗਿਆ ਸੀ ਅਤੇ ਹੁਣ ਲੱਭ ਪਿਆ ਹੈ ।

16
ਚਲਾਕ ਭੰਡਾਰੀ

1ਯਿਸੂ ਨੇ ਚੇਲਿਆਂ ਨੂੰ ਆਖਿਆ ਕਿ ਇੱਕ ਧਨਵਾਨ ਆਦਮੀ ਸੀ ਜਿਸ ਦਾ ਇੱਕ ਭੰਡਾਰੀ ਸੀ ਅਤੇ ਉਸ ਦੀ ਸ਼ਿਕਾਇਤ ਧਨਵਾਨ ਕੋਲ ਕੀਤੀ ਗਈ ਕਿ ਉਹ ਤੇਰਾ ਮਾਲ ਉਡਾਉਂਦਾ ਹੈ ।2ਤਦ ਉਸ ਧਨਵਾਨ ਨੇ ਉਸ ਨੂੰ ਬੁਲਾ ਕੇ ਆਖਿਆ, ਇਹ ਕੀ ਹੈ ਜੋ ਮੈਂ ਤੇਰੇ ਬਾਰੇ ਸੁਣਦਾ ਹਾਂ ? ਆਪਣੇ ਭੰਡਾਰ ਦਾ ਹਿਸਾਬ ਦੇ ਕਿਉਂ ਜੋ ਤੂੰ ਅੱਗੇ ਨੂੰ ਭੰਡਾਰੀ ਨਹੀਂ ਰਹਿ ਸਕਦਾ ।

3ਉਸ ਭੰਡਾਰੀ ਨੇ ਆਪਣੇ ਮਨ ਵਿੱਚ ਕਿਹਾ, ਮੈਂ ਕੀ ਕਰਾਂ ਕਿਉਂ ਜੋ ਮੇਰਾ ਮਾਲਕ ਭੰਡਾਰ ਦੀ ਜਿੰਮੇਵਾਰੀ ਮੇਰੇ ਤੋਂ ਖ਼ੋਹਣ ਲੱਗਾ ਹੈ ? ਕੀ ਮੈਂ ਚਲਾ ਨਹੀਂ ਸਕਦਾ ਅਤੇ ਭੀਖ ਮੰਗਣ ਤੋਂ ਮੈਨੂੰ ਸ਼ਰਮ ਆਉਂਦੀ ਹੈ ।4ਮੈਂ ਸਮਝ ਗਿਆ ਜੋ ਮੈਂ ਕੀ ਕਰਾਂਗਾ ਤਾਂ ਜਿਸ ਵੇਲੇ ਮੈਂ ਭੰਡਾਰ ਦੀ ਜਿੰਮੇਵਾਰੀ ਤੋਂ ਹਟਾਇਆ ਜਾਂਵਾਂ ਤਾਂ ਲੋਕ ਮੈਨੂੰ ਆਪਣਿਆਂ ਘਰਾਂ ਵਿੱਚ ਕਬੂਲ ਕਰਨ ।
5ਤਦ ਉਸ ਨੇ ਆਪਣੇ ਮਾਲਕ ਦੇ ਕਰਜ਼ਾਈਆਂ ਨੂੰ ਇੱਕ-ਇੱਕ ਕਰਕੇ ਕੋਲ ਬੁਲਾਇਆ ਅਤੇ ਪਹਿਲੇ ਨੂੰ ਕਿਹਾ, ਤੂੰ ਮੇਰੇ ਮਾਲਕ ਦਾ ਕਿੰਨ੍ਹਾਂ ਕਰਜ਼ਾਈ ਹੈ ?6ਉਸ ਨੇ ਉੱਤਰ ਦਿੱਤਾ ਸੌ ਮਣ ਤੇਲ, ਫਿਰ ਉਸ ਨੇ ਆਖਿਆ ਜੋ ਆਪਣਾ ਖਾਤਾ ਲੈ ਅਤੇ ਬੈਠ ਕੇ ਛੇਤੀ ਪੰਜਾਹ ਮਣ ਲਿਖ ।7ਫਿਰ ਦੂਜੇ ਨੂੰ ਪੁੱਛਿਆ, ਤੂੰ ਕਿੰਨ੍ਹਾਂ ਦੇਣਾ ਹੈ ? ਉਸ ਨੇ ਆਖਿਆ, ਸੌ ਮਣ ਕਣਕ । ਉਸ ਨੇ ਉਸ ਨੂੰ ਆਖਿਆ ਜੋ ਆਪਣਾ ਖਾਤਾ ਲੈ ਅਤੇ ਅੱਸੀ ਮਣ ਲਿਖ ।
8ਤਦ ਮਾਲਕ ਨੇ ਉਸ ਬੇਈਮਾਨ ਭੰਡਾਰੀ ਦੀ ਵਡਿਆਈ ਕੀਤੀ ਇਸ ਲਈ ਜੋ ਉਸ ਨੇ ਚਲਾਕੀ ਕੀਤੀ ਸੀ, ਕਿਉਂ ਜੋ ਇਸ ਜੁੱਗ ਦੇ ਪੁੱਤਰ ਆਪਣੀ ਪੀੜ੍ਹੀ ਵਿੱਚ ਚਾਨਣ ਦੇ ਪੁੱਤਰਾਂ ਨਾਲੋਂ ਚਲਾਕ ਹਨ ।9ਮੈਂ ਤੁਹਾਨੂੰ ਆਖਦਾ ਹਾਂ ਜੋ ਕੁਧਰਮ ਦੇ ਧਨ ਨਾਲ ਆਪਣੇ ਲਈ ਮਿੱਤਰ ਬਣਾਓ ਤਾਂ ਜਿਸ ਵੇਲੇ ਉਹ ਜਾਂਦਾ ਰਹੇ ਤਾਂ ਉਹ ਤੁਹਾਨੂੰ ਸਦੀਪਕ ਕਾਲ ਦੇ ਰਹਿਣ ਵਾਲੇ ਡੇਰਿਆਂ ਵਿੱਚ ਕਬੂਲ ਕਰਨ ।
10ਜੋ ਥੋੜ੍ਹੇ ਤੋਂ ਥੋੜ੍ਹੇ ਵਿੱਚ ਇਮਾਨਦਾਰ ਹੈ ਸੋ ਬਹੁਤ ਵਿੱਚ ਵੀ ਇਮਾਨਦਾਰ ਹੈ, ਅਤੇ ਜੋ ਥੋੜ੍ਹੇ ਤੋਂ ਥੋੜ੍ਹੇ ਵਿੱਚ ਬੇਈਮਾਨ ਹੈ ਸੋ ਬਹੁਤ ਵਿੱਚ ਵੀ ਬੇਈਮਾਨ ਹੈ ।11ਸੋ ਜੇ ਤੁਸੀਂ ਕੁਧਰਮ ਦੇ ਧਨ ਵਿੱਚ ਇਮਾਨਦਾਰ ਨਾ ਹੋਏ ਤਾਂ ਸੱਚਾ ਧਨ ਤੁਹਾਨੂੰ ਕੌਣ ਸੌਂਪੇਗਾ ? ।12ਅਤੇ ਜੇ ਤੁਸੀਂ ਪਰਾਏ ਧਨ ਵਿੱਚ ਇਮਾਨਦਾਰ ਨਾ ਹੋਏ ਤਾਂ ਤੁਹਾਡਾ ਆਪਣਾ ਹੀ ਕੌਣ ਤੁਹਾਨੂੰ ਦੇਵੇਗਾ ?
13ਕੋਈ ਨੌਕਰ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ, ਉਹ ਇੱਕ ਨਾਲ ਵੈਰ ਅਤੇ ਦੂਜੇ ਨਾਲ ਪਿਆਰ ਰੱਖੇਗਾ, ਜਾਂ ਇੱਕ ਨਾਲ ਮਿਲਿਆ ਰਹੇਗਾ ਅਤੇ ਦੂਜੇ ਨੂੰ ਤੁੱਛ ਜਾਣੇਗਾ । ਤੁਸੀਂ ਪਰਮੇਸ਼ੁਰ ਅਤੇ ਧਨ ਦੋਵਾਂ ਦੀ ਸੇਵਾ ਨਹੀਂ ਕਰ ਸਕਦੇ ।
ਯਿਸੂ ਦੇ ਕੁੱਝ ਉਪਦੇਸ਼
(ਮੱਤੀ 11:12, 13; 5:31, 32; ਮਰਕੁਸ 10:11, 12)

14ਫ਼ਰੀਸੀ ਜੋ ਲਾਲਚੀ ਸਨ ਇਹ ਗੱਲਾਂ ਸੁਣ ਕੇ ਉਸ ਨੂੰ ਮਖੌਲ ਕਰਨ ਲੱਗੇ ।15ਯਿਸੂ ਨੇ ਉਨ੍ਹਾਂ ਨੂੰ ਆਖਿਆ ਕਿ ਤੁਸੀਂ ਉਹੋ ਹੋ ਜਿਹੜੇ ਮਨੁੱਖਾਂ ਅੱਗੇ ਆਪਣੇ ਆਪ ਨੂੰ ਧਰਮੀ ਠਹਿਰਾਉਂਦੇ ਹੋ ਪਰ ਪਰਮੇਸ਼ੁਰ ਤੁਹਾਡੇ ਦਿਲਾਂ ਨੂੰ ਜਾਣਦਾ ਹੈ ਕਿਉਂਕਿ ਜੋ ਮਨੁੱਖਾਂ ਦੀ ਨਜ਼ਰ ਵਿੱਚ ਉੱਤਮ ਹੈ ਸੋ ਪਰਮੇਸ਼ੁਰ ਦੀ ਨਜ਼ਰ ਵਿੱਚ ਘਿਣਾਉਣੀ ਹੈ ।
16ਬਿਵਸਥਾ ਅਤੇ ਨਬੀ ਯੂਹੰਨਾ ਤੱਕ ਸਨ । ਉਸ ਸਮੇਂ ਤੋਂ ਪਰਮੇਸ਼ੁਰ ਦੇ ਰਾਜ ਦੀ ਖੁਸ਼ਖਬਰੀ ਸੁਣਾਈ ਜਾਂਦੀ ਹੈ ਅਤੇ ਹਰ ਕੋਈ ਜ਼ੋਰ ਮਾਰ ਕੇ ਉਸ ਵਿੱਚ ਵੜਦਾ ਹੈ ।17ਪਰ ਅਕਾਸ਼ ਅਤੇ ਧਰਤੀ ਦਾ ਟਲ ਜਾਣਾ ਬਿਵਸਥਾ ਦੀ ਇੱਕ ਬਿੰਦੀ ਦੇ ਮਿਟ ਜਾਣ ਨਾਲੋਂ ਅਸਾਨ ਹੈ ।
18ਹਰੇਕ ਜੋ ਆਪਣੀ ਪਤਨੀ ਨੂੰ ਤਿਆਗ ਕੇ ਦੂਜੀ ਨਾਲ ਵਿਆਹ ਕਰੇ ਸੋ ਵਿਭਚਾਰ ਕਰਦਾ ਹੈ ਅਤੇ ਜਿਹੜਾ ਪਤੀ ਦੀ ਤਿਆਗੀ ਹੋਈ ਔਰਤ ਨੂੰ ਵਿਆਹੇ ਉਹ ਵੀ ਵਿਭਚਾਰ ਕਰਦਾ ਹੈ ।
ਧਨੀ ਅਤੇ ਲਾਜ਼ਰ

19ਇੱਕ ਧਨਵਾਨ ਆਦਮੀ ਸੀ ਜੋ ਬੈਂਗਣੀ ਅਤੇ ਮਲਮਲ ਕੱਪੜਾ ਪਹਿਨਦਾ ਅਤੇ ਸਦਾ ਭੋਗ ਬਿਲਾਸ ਕਰਦਾ ਅਤੇ ਸ਼ਾਨ ਨਾਲ ਰਹਿੰਦਾ ਸੀ ।20ਅਤੇ ਲਾਜ਼ਰ ਨਾਂ ਦਾ ਇੱਕ ਗਰੀਬ, ਫੋੜਿਆਂ ਨਾਲ ਭਰਿਆ ਹੋਇਆ ਉਸ ਦੇ ਦਰਵਾਜ਼ੇ ਦੇ ਅੱਗੇ ਸੁੱਟਿਆ ਪਿਆ ਹੁੰਦਾ ਸੀ ।21ਅਤੇ ਜੋ ਟੁੱਕੜੇ ਉਸ ਧਨਵਾਨ ਦੀ ਮੇਜ਼ ਦੇ ਉੱਤੋਂ ਡਿੱਗਦੇ ਸਨ ਉਹ ਉਨ੍ਹਾਂ ਨਾਲ ਆਪਣਾ ਢਿੱਡ ਭਰਨਾ ਚਾਹੁੰਦਾ ਸੀ, ਸਗੋਂ ਕੁੱਤੇ ਵੀ ਆਣ ਕੇ ਉਸ ਦੇ ਫੋੜਿਆਂ ਨੂੰ ਚੱਟਦੇ ਸਨ ।
22ਅਤੇ ਕੁੱਝ ਸਮੇਂ ਬਾਅਦ ਉਹ ਗਰੀਬ ਮਰ ਗਿਆ ਅਤੇ ਦੂਤਾਂ ਨੇ ਉਸ ਨੂੰ ਅਬਰਾਹਾਮ ਦੀ ਗੋਦ ਵਿੱਚ ਲੈ ਜਾ ਰੱਖਿਆ, ਅਤੇ ਉਹ ਧਨਵਾਨ ਵੀ ਮਰਿਆ ਅਤੇ ਦੱਬਿਆ ਗਿਆ ।23ਅਤੇ ਪਤਾਲ ਵਿੱਚ ਦੁੱਖੀ ਹੋ ਕੇ ਉਸ ਨੇ ਆਪਣੀਆਂ ਅੱਖਾਂ ਚੁੱਕੀਆਂ ਅਤੇ ਦੂਰੋਂ ਲਾਜ਼ਰ ਨੂੰ ਅਬਰਾਹਾਮ ਦੀ ਗੋਦ ਵਿੱਚ ਵੇਖਿਆ ।
24ਤਦ ਉਸ ਨੇ ਅਵਾਜ਼ ਮਾਰ ਕੇ ਕਿਹਾ, ਹੇ ਪਿਤਾ ਅਬਰਾਹਾਮ ਮੇਰੇ ਉੱਤੇ ਦਯਾ ਕਰ ਅਤੇ ਲਾਜ਼ਰ ਨੂੰ ਭੇਜ ਜੋ ਆਪਣੀ ਉਂਗਲ ਦਾ ਪੋਟਾ ਪਾਣੀ ਵਿੱਚ ਡੁਬੋ ਕੇ ਮੇਰੀ ਜੀਭ ਠੰਡੀ ਕਰੇ ਕਿਉਂ ਜੋ ਮੈਂ ਇਸ ਅੱਗ ਵਿੱਚ ਤੜਫ਼ਦਾ ਹਾਂ !
25ਪਰ ਅਬਰਾਹਾਮ ਨੇ ਉੱਤਰ ਦਿੱਤਾ, ਬੇਟਾ ਯਾਦ ਕਰ ਜੋ ਤੂੰ ਆਪਣੇ ਜੀਵਨਕਾਲ ਵਿੱਚ ਆਪਣੀਆਂ ਚੰਗੀਆਂ ਚੀਜ਼ਾਂ ਪਾ ਚੁੱਕਾ ਅਤੇ ਇਸੇ ਤਰ੍ਹਾਂ ਲਾਜ਼ਰ ਮੰਦੀਆਂ ਚੀਜ਼ਾਂ, ਪਰ ਹੁਣ ਉਹ ਇੱਥੇ ਸ਼ਾਂਤੀ ਪਾਉਂਦਾ ਅਤੇ ਤੂੰ ਤੜਫਦਾ ਹੈਂ ।26ਅਤੇ ਇਸ ਤੋਂ ਇਲਾਵਾ ਸਾਡੇ ਅਤੇ ਤੁਹਾਡੇ ਵਿੱਚ ਇੱਕ ਵੱਡੀ ਖੱਡ ਪਈ ਹੈ ਤਾਂ ਜੋ ਉਹ ਜਿਹੜੇ ਐਥੋਂ ਤੁਹਾਡੇ ਕੋਲ ਪਾਰ ਜਾਣਾ ਚਾਹੁਣ ਉਹ ਨਾ ਜਾ ਸਕਣ, ਨਾ ਉਧਰੋਂ ਕੋਈ ਸਾਡੇ ਕੋਲ ਇਸ ਪਾਸੇ ਆ ਸਕੇ ।
27ਤਾਂ ਉਸ ਨੇ ਆਖਿਆ, ਹੇ ਪਿਤਾ ਤਦ ਮੈਂ ਤੁਹਾਡੀ ਮਿੰਨਤ ਕਰਦਾ ਹਾਂ ਜੋ ਤੁਸੀਂ ਲਾਜ਼ਰ ਨੂੰ ਮੇਰੇ ਪਿਤਾ ਦੇ ਘਰ ਭੇਜੋ ।28ਕਿਉਂਕਿ ਮੇਰੇ ਪੰਜ ਭਰਾ ਹਨ ਤਾਂ ਜੋ ਉਹ ਉਨ੍ਹਾਂ ਦੇ ਅੱਗੇ ਗਵਾਹੀ ਦੇਵੇ ਤਾਂ ਕਿ ਉਹ ਵੀ ਇਸ ਦੁੱਖ ਦੇ ਥਾਂ ਵਿੱਚ ਨਾ ਆਉਣ ।
29ਪਰ ਅਬਰਾਹਾਮ ਨੇ ਆਖਿਆ ਕਿ ਉਨ੍ਹਾਂ ਦੇ ਕੋਲ ਮੂਸਾ ਅਤੇ ਨਬੀ ਹਨ, ਉਹ ਉਨ੍ਹਾਂ ਦੀ ਸੁਣਨ ।30ਉਸ ਨੇ ਆਖਿਆ, ਨਾ ਜੀ, ਹੇ ਪਿਤਾ ਅਬਰਾਹਾਮ ਜੇਕਰ ਕੋਈ ਮੁਰਦਿਆਂ ਵਿੱਚੋਂ ਉਨ੍ਹਾਂ ਦੇ ਕੋਲ ਜਾਵੇ ਤਾਂ ਉਹ ਤੋਬਾ ਕਰਨਗੇ ।31ਤਦ ਅਬਰਾਹਾਮ ਨੇ ਉਸ ਨੂੰ ਕਿਹਾ, ਜੇ ਉਹ ਮੂਸਾ ਅਤੇ ਨਬੀਆਂ ਦੀ ਨਹੀਂ ਸੁਣਦੇ ਤਾਂ ਭਾਵੇਂ ਮੁਰਦਿਆਂ ਵਿੱਚੋਂ ਵੀ ਕੋਈ ਜੀ ਉੱਠੇ ਤਾਂ ਵੀ ਉਹ ਨਾ ਮੰਨਣਗੇ ।

17
ਠੋਕਰ ਖਾਣ ਦਾ ਕਾਰਨ ਬਣਨਾ
(ਮੱਤੀ 18:6,7,21,22 ਮਰਕੁਸ 9:42)

1ਯਿਸੂ ਨੇ ਆਪਣੇ ਚੇਲਿਆਂ ਨੂੰ ਆਖਿਆ, ਠੋਕਰਾਂ ਦਾ ਨਾ ਲੱਗਣਾ ਅਣਹੋਣਾ ਹੈ ਪਰ ਅਫ਼ਸੋਸ ਉਸ ਆਦਮੀ ਉੱਤੇ ਜਿਸ ਕਰਕੇ ਉਹ ਲੱਗਦੀਆਂ ਹਨ !2ਉਹ ਜੋ ਇਨ੍ਹਾਂ ਛੋਟਿਆਂ ਵਿੱਚੋਂ ਇੱਕ ਨੂੰ ਠੋਕਰ ਖੁਆਵੇ ਤਾਂ ਉਸ ਦੇ ਲਈ ਇਸ ਨਾਲੋਂ ਚੰਗਾ ਸੀ ਜੋ ਚੱਕੀ ਦਾ ਪੁੜ ਉਸ ਦੇ ਗਲ਼ ਵਿੱਚ ਬੰਨ੍ਹਿਆ ਜਾਂਦਾ ਅਤੇ ਉਹ ਸਮੁੰਦਰ ਵਿੱਚ ਸੁੱਟਿਆ ਜਾਂਦਾ ।

3ਸਾਵਧਾਨ ਰਹੋ ! ਜੇ ਤੇਰਾ ਭਰਾ ਪਾਪ ਕਰੇ ਤਾਂ ਉਸ ਨੂੰ ਸਮਝਾ ਦੇ ਅਤੇ ਜੇ ਤੋਬਾ ਕਰੇ ਤਾਂ ਉਸ ਨੂੰ ਮਾਫ਼ ਕਰ ।4ਜੇ ਉਹ ਇੱਕ ਦਿਨ ਵਿੱਚ ਸੱਤ ਵਾਰੀ ਤੇਰਾ ਪਾਪ ਕਰੇ ਅਤੇ ਸੱਤ ਵਾਰ ਤੇਰੇ ਕੋਲ ਆ ਕੇ ਕਹੇ, ਮੈਂ ਤੋਬਾ ਕਰਦਾ ਹਾਂ, ਤਾਂ ਉਸ ਨੂੰ ਮਾਫ਼ ਕਰ ।
ਵਿਸ਼ਵਾਸ

5ਤਦ ਰਸੂਲਾਂ ਨੇ ਪ੍ਰਭੂ ਨੂੰ ਕਿਹਾ, ਸਾਡਾ ਵਿਸ਼ਵਾਸ ਵਧਾਓ ।6ਪਰ ਪ੍ਰਭੂ ਨੇ ਆਖਿਆ, ਜੇ ਤੁਹਾਡੇ ਵਿੱਚ ਰਾਈ ਦੇ ਦਾਣੇ ਸਮਾਨ ਵਿਸ਼ਵਾਸ ਹੁੰਦਾ ਤਾਂ ਤੁਸੀਂ ਇਸ ਤੂਤ ਦੇ ਰੁੱਖ ਨੂੰ ਕਹਿ ਦਿੰਦੇ ਜੋ ਉੱਖੜ ਜਾ ਅਤੇ ਸਮੁੰਦਰ ਵਿੱਚ ਲੱਗ ਜਾ ਤਾਂ ਉਹ ਤੁਹਾਡੀ ਮੰਨ ਲੈਂਦਾ ।
ਇੱਕ ਦਾਸ ਦੀ ਜ਼ਿੰਮੇਵਾਰੀ

7ਤੁਹਾਡੇ ਵਿੱਚੋਂ ਕੌਣ ਹੈ ਜੇ ਉਸ ਦਾ ਨੌਕਰ ਹਲ ਵਾਹੁੰਦਾ ਜਾ ਭੇਡਾਂ ਚਾਰਦਾ ਹੋਵੇ ਅਤੇ ਜਿਸ ਵੇਲੇ ਉਹ ਖੇਤੋਂ ਵਾਪਸ ਆਵੇ ਤਾਂ ਉਸ ਨੂੰ ਆਖੇਗਾ ਕਿ ਛੇਤੀ ਆ ਕੇ ਖਾਣ ਨੂੰ ਬੈਠ ?8ਸਗੋਂ ਉਸ ਨੂੰ ਇਹ ਨਾ ਆਖੇਗਾ, ਕਿ ਕੁੱਝ ਖਾਣ ਨੂੰ ਤਿਆਰ ਕਰ ਜੋ ਮੈਂ ਖਾਵਾਂ ਅਤੇ ਲੱਕ ਬੰਨ੍ਹ ਕੇ ਮੇਰੀ ਸੇਵਾ ਕਰ ਜਦ ਤੱਕ ਮੈਂ ਖਾ ਪੀ ਨਾ ਲਵਾਂ ਅਤੇ ਇਸ ਦੇ ਬਾਅਦ ਤੂੰ ਖਾਵੀਂ ਪੀਵੀਂ ?
9ਭਲਾ, ਉਹ ਉਸ ਨੌਕਰ ਦਾ ਅਹਿਸਾਨ ਮੰਨਦਾ ਹੈ ਇਸ ਲਈ ਜੋ ਉਸ ਦੇ ਹੁਕਮ ਅਨੁਸਾਰ ਕੰਮ ਕੀਤੇ ?10ਇਸੇ ਤਰ੍ਹਾਂ ਤੁਸੀਂ ਵੀ ਉਨ੍ਹਾਂ ਸਾਰੇ ਕੰਮਾਂ ਦਾ ਜਿਨ੍ਹਾਂ ਦਾ ਤੁਹਾਨੂੰ ਹੁਕਮ ਦਿੱਤਾ ਗਿਆ ਸੀ ਪੂਰੇ ਕਰ ਚੁੱਕੋ ਤਾਂ ਕਹੋ ਕਿ ਅਸੀਂ ਨਿਕੰਮੇ ਬੰਦੇ ਹਾਂ ਜੋ ਕੁੱਝ ਸਾਨੂੰ ਕਰਨਾ ਉੱਚਿਤ ਸੀ ਅਸੀਂ ਉਹ ਹੀ ਕੀਤਾ ।
ਦਸ ਕੋੜ੍ਹੀਆਂ ਨੂੰ ਚੰਗਾ ਕਰਨਾ

11ਜਦ ਯਿਸੂ ਯਰੂਸ਼ਲਮ ਨੂੰ ਚੱਲਿਆ ਜਾਂਦਾ ਸੀ ਤਾਂ ਉਹ ਸਾਮਰਿਯਾ ਅਤੇ ਗਲੀਲ ਦੇ ਵਿੱਚੋਂ ਦੀ ਲੰਘਿਆ ।12ਅਤੇ ਕਿਸੇ ਪਿੰਡ ਵਿੱਚ ਵੜਦਿਆਂ ਸਮੇਂ ਉਸ ਨੂੰ ਦਸ ਕੋੜ੍ਹੀ ਮਿਲੇ ਜਿਹੜੇ ਉਸ ਤੋਂ ਦੂਰ ਖੜੇ ਰਹੇ ।13ਅਤੇ ਉਨ੍ਹਾਂ ਨੇ ਉੱਚੀ ਅਵਾਜ਼ ਦੇ ਕੇ ਕਿਹਾ, ਹੇ ਯਿਸੂ ਮਹਾਰਾਜ, ਸਾਡੇ ਉੱਤੇ ਦਯਾ ਕਰ !
14ਤਦ ਯਿਸੂ ਨੇ ਵੇਖ ਕੇ ਉਨ੍ਹਾਂ ਨੂੰ ਆਖਿਆ, ਜਾਓ ਅਤੇ ਆਪਣੇ ਆਪ ਨੂੰ ਜਾਜਕਾਂ ਨੂੰ ਵਿਖਾਓ, ਅਤੇ ਇਹ ਹੋਇਆ ਕਿ ਉਹ ਜਾਂਦੇ-ਜਾਂਦੇ ਹੀ ਸ਼ੁੱਧ ਹੋ ਗਏ ।15ਤਦ ਉਨ੍ਹਾਂ ਕੋੜ੍ਹੀਆਂ ਵਿੱਚੋਂ ਇੱਕ ਕੋੜ੍ਹੀ ਇਹ ਵੇਖ ਕੇ ਜੋ ਮੈਂ ਚੰਗਾ ਹੋਇਆ ਹਾਂ, ਵੱਡੀ ਅਵਾਜ਼ ਨਾਲ ਪਰਮੇਸ਼ੁਰ ਦੀ ਵਡਿਆਈ ਕਰਦਾ ਹੋਇਆ ਮੁੜ ਆਇਆ ।16ਅਤੇ ਮੂੰਹ ਦੇ ਭਾਰ ਯਿਸੂ ਦੇ ਚਰਨਾਂ ਵਿੱਚ ਡਿੱਗ ਕੇ ਉਸ ਦਾ ਸ਼ੁਕਰ ਕੀਤਾ, ਅਤੇ ਉਹ ਸਾਮਰੀ ਸੀ ।
17ਯਿਸੂ ਨੇ ਉਸ ਨੂੰ ਪੁੱਛਿਆ ਕਿ ਭਲਾ, ਦਸੇ ਸ਼ੁੱਧ ਨਹੀਂ ਹੋਏ ਸਨ ? ਤਾਂ ਬਾਕੀ ਨੌ ਕਿੱਥੇ ਹਨ ?18ਇਸ ਇਕੱਲੇ ਨੂੰ ਛੱਡ ਹੋਰ ਕੋਈ ਨਾ ਮੁੜਿਆ ਜੋ ਮੁੜ ਕੇ ਪਰਮੇਸ਼ੁਰ ਦੀ ਵਡਿਆਈ ਕਰਦਾ ?19ਯਿਸੂ ਨੇ ਉਸ ਨੂੰ ਕਿਹਾ, ਉੱਠ ਕੇ ਚੱਲਿਆ ਜਾ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ ।
ਪਰਮੇਸ਼ੁਰ ਦੇ ਰਾਜ ਦਾ ਆਉਣਾ

20ਜਦ ਫ਼ਰੀਸੀਆਂ ਨੇ ਯਿਸੂ ਨੂੰ ਪੁੱਛਿਆ ਕਿ ਪਰਮੇਸ਼ੁਰ ਦਾ ਰਾਜ ਕਦ ਆਵੇਗਾ ? ਤਾਂ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਪਰਮੇਸ਼ੁਰ ਦਾ ਰਾਜ ਪ੍ਰਗਟ ਰੂਪ ਵਿੱਚ ਨਹੀਂ ਆਉਂਦਾ ।21ਅਤੇ ਲੋਕ ਇਹ ਨਾ ਕਹਿਣਗੇ ਕਿ ਵੇਖੋ ਇੱਥੇ ਜਾ ਉੱਥੇ ਹੈ, ਕਿਉਂਕਿ ਵੇਖੋ, ਪਰਮੇਸ਼ੁਰ ਦਾ ਰਾਜ ਤੁਹਾਡੇ ਵਿੱਚ ਹੈ ।
22ਉਸ ਨੇ ਚੇਲਿਆਂ ਨੂੰ ਆਖਿਆ, ਉਹ ਦਿਨ ਵੀ ਆਉਣਗੇ ਜਦ ਤੁਸੀਂ ਮਨੁੱਖ ਦੇ ਪੁੱਤਰ ਦੇ ਦਿਨਾਂ ਵਿੱਚੋਂ ਇੱਕ ਦਿਨ ਨੂੰ ਵੇਖਣਾ ਚਾਹੋਗੇ ਪਰ ਨਾ ਵੇਖੋਗੇ ।23ਅਤੇ ਲੋਕ ਤੁਹਾਨੂੰ ਕਹਿਣਗੇ, ਵੇਖੋ, ਉਹ ਉੱਥੇ ਹੈ ਜਾਂ ਇੱਥੇ ਹੈ ! ਤੁਸੀਂ ਨਾ ਜਾਣਾ ਅਤੇ ਉਨ੍ਹਾਂ ਮਗਰ ਨਾ ਲੱਗਣਾ ।24ਕਿਉਂਕਿ ਜਿਸ ਤਰ੍ਹਾਂ ਬਿਜਲੀ ਅਕਾਸ਼ ਦੇ ਹੇਠ ਇੱਕ ਪਾਸੇ ਲਿਸ਼ਕਦੀ ਹੈ ਅਤੇ ਅਕਾਸ਼ ਦੇ ਹੇਠ ਦੂਜੇ ਪਾਸੇ ਤੱਕ ਚਮਕਦੀ ਹੈ ਉਸੇ ਤਰ੍ਹਾਂ ਮਨੁੱਖ ਦਾ ਪੁੱਤਰ ਆਪਣੇ ਦਿਨ ਵਿੱਚ ਹੋਵੇਗਾ ।
25ਪਰ ਪਹਿਲਾਂ ਉਸ ਦੇ ਲਈ ਇਹ ਜ਼ਰੂਰੀ ਹੈ ਜੋ ਉਹ ਬਹੁਤ ਦੁੱਖ ਭੋਗੇ ਅਤੇ ਇਸ ਪੀੜ੍ਹੀ ਦੇ ਲੋਕ ਉਸ ਨੂੰ ਠੁਕਰਾਉਣ ।26ਅਤੇ ਜਿਸ ਤਰ੍ਹਾਂ ਨੂਹ ਨਬੀ ਦੇ ਦਿਨਾਂ ਵਿੱਚ ਹੋਇਆ ਸੀ, ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦੇ ਦਿਨਾਂ ਵਿੱਚ ਵੀ ਹੋਵੇਗਾ ।27ਜਿਸ ਦਿਨ ਤੱਕ ਨੂਹ ਨਬੀ ਕਿਸ਼ਤੀ ਉੱਤੇ ਨਾ ਚੜ੍ਹਿਆ, ਉਹ ਖਾਂਦੇ-ਪੀਂਦੇ ਸਨ, ਵਿਆਹ ਕਰਦੇ ਅਤੇ ਵਿਆਹੇ ਜਾਂਦੇ ਸਨ ਅਤੇ ਜਦ ਜਲ ਪਰਲੋ ਆਈ ਅਤੇ ਸਾਰਿਆਂ ਦਾ ਨਾਸ ਕੀਤਾ ।
28ਅਤੇ ਜਿਸ ਤਰ੍ਹਾਂ ਲੂਤ ਦੇ ਦਿਨਾਂ ਵਿੱਚ ਹੋਇਆ ਸੀ, ਲੋਕ ਖਾਂਦੇ-ਪੀਂਦੇ, ਮੁੱਲ ਲੈਂਦੇ, ਵੇਚਦੇ, ਬੀਜਦੇ ਅਤੇ ਘਰ ਬਣਾਉਂਦੇ ਸਨ ।29ਅਤੇ ਜਿਸ ਦਿਨ ਲੂਤ ਸਦੂਮ ਤੋਂ ਨਿੱਕਲਿਆ ਤਾਂ ਅਕਾਸ਼ ਤੋਂ ਅੱਗ ਅਤੇ ਗੰਧਕ ਬਰਸੀ ਅਤੇ ਸਭ ਦਾ ਨਾਸ ਕੀਤਾ ।
30ਇਸੇ ਤਰ੍ਹਾਂ ਉਸ ਦਿਨ ਵੀ ਹੋਵੇਗਾ ਜਦ ਮਨੁੱਖ ਦਾ ਪੁੱਤਰ ਪਰਗਟ ਹੋਵੇਗਾ ।31ਉਸ ਦਿਨ ਜਿਹੜਾ ਛੱਤ ਉੱਤੇ ਹੋਵੇ ਅਤੇ ਉਸ ਦਾ ਸਮਾਨ ਘਰ ਵਿੱਚ ਹੋਵੇ ਤਾਂ ਉਸ ਨੂੰ ਲੈਣ ਥੱਲੇ ਨਾ ਉੱਤਰੇ ਅਤੇ ਜਿਹੜਾ ਖੇਤ ਵਿੱਚ ਹੋਵੇ ਉਹ ਵਾਪਸ ਨਾ ਮੁੜੇ ।
32ਲੂਤ ਦੀ ਪਤਨੀ ਨੂੰ ਯਾਦ ਰੱਖੋ ।33ਜੋ ਆਪਣੀ ਜਾਨ ਬਚਾਉਣਾ ਚਾਹੁੰਦਾ ਹੈ ਉਹ ਉਸ ਨੂੰ ਗੁਆ ਬੈਠੇਗਾ ਪਰ ਜੋ ਉਸ ਨੂੰ ਗੁਆਵੇ ਸੋ ਉਸ ਨੂੰ ਜਿਉਂਦਿਆਂ ਰੱਖੇਗਾ ।
34ਮੈਂ ਤੁਹਾਨੂੰ ਆਖਦਾ ਹਾਂ ਕਿ ਉਸ ਰਾਤ ਦੋ ਜਣੇ ਇੱਕ ਮੰਜੇ ਉੱਤੇ ਹੋਣਗੇ, ਇੱਕ ਲੈ ਲਿਆ ਜਾਵੇਗਾ ਅਤੇ ਦੂਜਾ ਛੱਡ ਦਿੱਤਾ ਜਾਵੇਗਾ ।35ਦੋ ਔਰਤਾਂ ਇਕੱਠੀਆਂ ਚੱਕੀ ਪੀਂਹਦੀਆਂ ਹੋਣਗੀਆਂ, ਇੱਕ ਲੈ ਲਈ ਜਾਵੇਗੀ ਅਤੇ ਦੂਜੀ ਛੱਡ ਦਿੱਤੀ ਜਾਵੇਗੀ ।36ਦੋ ਜਣੇ ਖੇਤ ਵਿੱਚ ਹੋਣਗੇ, ਇੱਕ ਲੈ ਲਿਆ ਜਾਵੇਗਾ ਅਤੇ ਦੂਜਾ ਛੱਡ ਦਿੱਤਾ ਜਾਵੇਗਾ ।37ਤਦ ਉਨ੍ਹਾਂ ਨੇ ਉਸ ਨੂੰ ਪੁੱਛਿਆ, ਪ੍ਰਭੂ ਜੀ ਇਹ ਸਭ ਕਿੱਥੇ ਹੋਵੇਗਾ ? ਯਿਸੂ ਨੇ ਉਨ੍ਹਾਂ ਨੂੰ ਕਿਹਾ, ਜਿੱਥੇ ਲੋਥ ਹੈ ਉੱਥੇ ਗਿਰਝਾਂ ਵੀ ਇਕੱਠੀਆਂ ਹੋਣਗੀਆਂ ।

18
ਕੁਧਰਮੀ ਨਿਆਈਂ ਅਤੇ ਵਿਧਵਾ ਦਾ ਦ੍ਰਿਸ਼ਟਾਂਤ

1ਫਿਰ ਯਿਸੂ ਉਨ੍ਹਾਂ ਨਾਲ ਦ੍ਰਿਸ਼ਟਾਂਤ ਵਿੱਚ ਗੱਲਾਂ ਕਰ ਕੇ ਕਹਿਣ ਲੱਗਾ ਕਿ ਸਦਾ ਪ੍ਰਾਰਥਨਾ ਵਿੱਚ ਲੱਗੇ ਰਹੋ ਅਤੇ ਹਿੰਮਤ ਨਾ ਹਾਰੋ ।2ਕਿਸੇ ਨਗਰ ਵਿੱਚ ਇੱਕ ਹਾਕਮ ਰਹਿੰਦਾ ਸੀ, ਜਿਸ ਨੂੰ ਨਾ ਪਰਮੇਸ਼ੁਰ ਦਾ ਡਰ ਸੀ ਅਤੇ ਨਾ ਕਿਸੇ ਮਨੁੱਖ ਦੀ ਪਰਵਾਹ ।

3ਅਤੇ ਉਸੇ ਨਗਰ ਵਿੱਚ ਇੱਕ ਵਿਧਵਾ ਰਹਿੰਦੀ ਸੀ ਜੋ ਉਸ ਦੇ ਕੋਲ ਇਹ ਕਹਿੰਦੀ ਆਉਂਦੀ ਸੀ ਕਿ ਮੇਰੇ ਵੈਰੀ ਤੋਂ ਮੇਰਾ ਬਦਲਾ ਲੈ ਦਿਹ ।4ਕਾਫੀ ਸਮੇਂ ਤੱਕ ਹਾਕਮ ਨੇ ਉਸ ਵਿਧਵਾ ਦੀ ਗੱਲ ਨਾ ਸੁਣੀ ਪਰ ਪਿੱਛੋਂ ਆਪਣੇ ਮਨ ਵਿੱਚ ਸੋਚਣ ਲੱਗਾ ਕਿ ਮੈਂ ਨਾ ਤਾਂ ਪਰਮੇਸ਼ੁਰ ਦਾ ਡਰ ਮੰਨਦਾ ਹਾਂ ਅਤੇ ਨਾ ਮਨੁੱਖ ਦੀ ਪਰਵਾਹ ਕਰਦਾ ਹਾਂ ।5ਤਾਂ ਵੀ ਇਹ ਵਿਧਵਾ ਮੈਨੂੰ ਸ਼ਿਕਾਇਤ ਕਰਦੀ ਹੈ ਇਸ ਲਈ ਮੈਂ ਉਸ ਦਾ ਬਦਲਾ ਉਸ ਨੂੰ ਲੈ ਦਿਆਂਗਾ, ਇਹ ਨਾ ਹੋਵੇ ਜੋ ਉਹ ਵਾਰ ਵਾਰ ਆ ਕੇ ਮੈਨੂੰ ਤੰਗ ਕਰੇ ।
6ਪ੍ਰਭੂ ਨੇ ਆਖਿਆ, ਸੁਣੋ ਕਿ ਇਹ ਬੇਇਨਸਾਫ਼ ਹਾਕਮ ਕੀ ਕਹਿੰਦਾ ਹੈ ।7ਫੇਰ ਭਲਾ, ਪਰਮੇਸ਼ੁਰ ਆਪਣੇ ਚੁਣਿਆਂ ਹੋਇਆਂ ਦਾ ਬਦਲਾ ਨਾ ਲਵੇਗਾ, ਜਿਹੜੇ ਰਾਤ-ਦਿਨ ਉਸ ਦੀ ਦੁਹਾਈ ਦਿੰਦੇ ਹਨ, ਭਾਵੇਂ ਉਹ ਉਹਨਾਂ ਦੇ ਨਿਆਂ ਵਿੱਚ ਦੇਰੀ ਕਰੇ ?8ਮੈਂ ਤੁਹਾਨੂੰ ਆਖਦਾ ਹਾਂ ਜੋ ਉਹ ਛੇਤੀ ਹੀ ਉਨ੍ਹਾਂ ਦਾ ਬਦਲਾ ਲਵੇਗਾ । ਪਰ ਜਦ ਮਨੁੱਖ ਦਾ ਪੁੱਤਰ ਆਵੇਗਾ ਤਦ ਕੀ ਉਹ ਧਰਤੀ ਉੱਤੇ ਵਿਸ਼ਵਾਸ ਪਾਵੇਗਾ ? ।
ਫ਼ਰੀਸੀ ਅਤੇ ਚੁੰਗੀ ਲੈਣ ਵਾਲੇ ਦਾ ਦ੍ਰਿਸ਼ਟਾਂਤ

9ਉਸ ਨੇ ਬਹੁਤਿਆਂ ਨੂੰ ਜਿਹੜੇ ਆਪਣੇ ਉੱਤੇ ਭਰੋਸਾ ਰੱਖਦੇ ਸਨ ਕਿ ਅਸੀਂ ਧਰਮੀ ਹਾਂ ਅਤੇ ਦੂਸਰਿਆਂ ਨੂੰ ਤੁੱਛ ਜਾਣਦੇ ਸਨ, ਇਹ ਦ੍ਰਿਸ਼ਟਾਂਤ ਵੀ ਦਿੱਤਾ,10ਕਿ ਦੋ ਆਦਮੀ ਪ੍ਰਾਰਥਨਾ ਕਰਨ ਲਈ ਹੈਕਲ ਭਵਨ ਵਿੱਚ ਗਏ, ਇੱਕ ਫ਼ਰੀਸੀ ਅਤੇ ਦੂਜਾ ਚੂੰਗੀ ਲੈਣ ਵਾਲਾ ਸੀ ।
11ਫ਼ਰੀਸੀ ਨੇ ਖੜ੍ਹ ਕੇ ਆਪਣੇ ਮਨ ਵਿੱਚ ਇਹ ਪ੍ਰਾਰਥਨਾ ਕੀਤੀ ਕਿ ਹੇ ਪਰਮੇਸ਼ੁਰ ! ਮੈਂ ਤੇਰਾ ਸ਼ੁਕਰ ਕਰਦਾ ਹਾਂ ਕਿ ਮੈਂ ਦੂਸਰਿਆਂ ਵਰਗਾ ਨਹੀਂ ਹਾਂ ਜੋ ਲੁਟੇਰੇ, ਕੁਧਰਮੀ ਅਤੇ ਵਿਭਚਾਰੀ ਹਨ ਅਤੇ ਨਾ ਇਸ ਚੁੰਗੀ ਲੈਣ ਵਾਲੇ ਵਰਗਾ ਹਾਂ !12ਮੈਂ ਹਫ਼ਤੇ ਵਿੱਚ ਦੋ ਵਾਰੀ ਵਰਤ ਰੱਖਦਾ ਹਾਂ ਅਤੇ ਆਪਣੀ ਸਾਰੀ ਕਮਾਈ ਵਿੱਚੋਂ ਦਸਵੰਧ ਦਿੰਦਾ ਹਾਂ ।
13ਪਰ ਉਸ ਚੁੰਗੀ ਲੈਣ ਵਾਲੇ ਨੇ ਕੁੱਝ ਦੂਰ ਖੜ੍ਹੇ ਹੋ ਕੇ ਇਹ ਵੀ ਨਾ ਚਾਹਿਆ ਜੋ ਆਪਣੀਆਂ ਅੱਖਾਂ ਅਕਾਸ਼ ਦੇ ਵੱਲ ਚੁੱਕੇ, ਸਗੋਂ ਆਪਣੀ ਛਾਤੀ ਪਿੱਟਦਾ ਅਤੇ ਇਹ ਕਹਿੰਦਾ ਸੀ ਕਿ ਹੇ ਪਰਮੇਸ਼ੁਰ ! ਮੈਂ ਪਾਪੀ ਹਾਂ । ਮੇਰੇ ਉੱਤੇ ਦਯਾ ਕਰ !14ਮੈਂ ਤੁਹਾਨੂੰ ਆਖਦਾ ਹਾਂ ਜੋ ਉਹ ਫ਼ਰੀਸੀ ਨਹੀਂ ਪਰ ਇਹ ਚੁੰਗੀ ਲੈਣ ਵਾਲਾ ਧਰਮੀ ਠਹਿਰ ਕੇ ਆਪਣੇ ਘਰ ਗਿਆ ਕਿਉਂਕਿ ਹਰੇਕ ਜੋ ਆਪਣੇ ਆਪ ਨੂੰ ਉੱਚਾ ਕਰਦਾ ਹੈ ਸੋ ਨੀਵਾਂ ਕੀਤਾ ਜਾਵੇਗਾ ਪਰ ਜੋ ਆਪਣੇ ਆਪ ਨੂੰ ਨੀਵਾਂ ਕਰਦਾ ਹੈ ਸੋ ਉੱਚਾ ਕੀਤਾ ਜਾਵੇਗਾ ।
ਬੱਚਿਆਂ ਨੂੰ ਬਰਕਤ
(ਮੱਤੀ 19:13-15, ਮਰਕੁਸ 10:13-16)

15ਫਿਰ ਲੋਕ ਆਪਣੇ ਬੱਚਿਆਂ ਨੂੰ ਵੀ ਯਿਸੂ ਦੇ ਕੋਲ ਲਿਆਏ ਤਾਂ ਜੋ ਉਹ ਉਨ੍ਹਾਂ ਉੱਤੇ ਹੱਥ ਰੱਖੇ ਪਰ ਚੇਲਿਆਂ ਨੇ ਇਹ ਵੇਖ ਕੇ ਉਨ੍ਹਾਂ ਨੂੰ ਝਿੜਕਿਆ ।16ਪਰ ਯਿਸੂ ਨੇ ਉਨ੍ਹਾਂ ਨੂੰ ਆਪਣੇ ਕੋਲ ਬੁਲਾ ਕੇ ਕਿਹਾ, ਛੋਟਿਆਂ ਬੱਚਿਆਂ ਨੂੰ ਮੇਰੇ ਕੋਲ ਆਉਣ ਦਿਓ ਅਤੇ ਉਨ੍ਹਾਂ ਨੂੰ ਮਨ੍ਹਾ ਨਾ ਕਰੋ, ਕਿਉਂ ਜੋ ਪਰਮੇਸ਼ੁਰ ਦਾ ਰਾਜ ਇਹੋ ਜਿਹਿਆਂ ਦਾ ਹੈ ।17ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜੋ ਕੋਈ ਪਰਮੇਸ਼ੁਰ ਦੇ ਰਾਜ ਨੂੰ ਛੋਟੇ ਬੱਚੇ ਦੀ ਤਰ੍ਹਾਂ ਕਬੂਲ ਨਾ ਕਰੇ ਉਹ ਉਸ ਵਿੱਚ ਕਦੇ ਨਾ ਵੜੇਗਾ ।
ਧਨੀ ਵਿਅਕਤੀ ਅਤੇ ਸਦੀਪਕ ਜੀਵਨ
(ਮੱਤੀ 19:16-30, ਮਰਕੁਸ 10:17-31)

18ਇੱਕ ਅਧਿਕਾਰੀ ਨੇ ਉਸ ਅੱਗੇ ਬੇਨਤੀ ਕਰ ਕੇ ਆਖਿਆ, ਉੱਤਮ ਗੁਰੂ ਜੀ, ਮੈਂ ਕੀ ਕਰਾਂ ਜੋ ਸਦੀਪਕ ਜੀਵਨ ਦਾ ਅਧਿਕਾਰੀ ਹੋਵਾਂ ?19ਯਿਸੂ ਨੇ ਉਸ ਨੂੰ ਕਿਹਾ, ਤੂੰ ਮੈਨੂੰ ਉੱਤਮ ਕਿਉਂ ਆਖਦਾ ਹੈਂ ? ਉੱਤਮ ਕੋਈ ਨਹੀਂ ਪਰ ਕੇਵਲ ਇੱਕੋ ਪਰਮੇਸ਼ੁਰ ।20ਤੂੰ ਹੁਕਮਾਂ ਨੂੰ ਜਾਣਦਾ ਹੈਂ, ਵਿਭਚਾਰ ਨਾ ਕਰ, ਖੂਨ ਨਾ ਕਰ, ਚੋਰੀ ਨਾ ਕਰ, ਝੂਠੀ ਗਵਾਹੀ ਨਾ ਦੇ, ਆਪਣੇ ਮਾਤਾ-ਪਿਤਾ ਦਾ ਆਦਰ ਕਰ ।21ਉਸ ਨੇ ਯਿਸੂ ਨੂੰ ਉੱਤਰ ਦਿੱਤਾ, ਮੈਂ ਆਪਣੇ ਬਚਪਨ ਤੋਂ ਹੀ ਇਨ੍ਹਾਂ ਸਭ ਗੱਲਾਂ ਨੂੰ ਮੰਨਦਾ ਆਇਆ ਹਾਂ ।
22ਯਿਸੂ ਨੇ ਸੁਣ ਕੇ ਉਸ ਨੂੰ ਆਖਿਆ, ਅਜੇ ਤੇਰੇ ਵਿੱਚ ਇੱਕ ਗੱਲ ਦੀ ਕਮੀ ਹੈ । ਜੋ ਕੁੱਝ ਤੇਰਾ ਹੈ ਵੇਚ ਅਤੇ ਕੰਗਾਲਾਂ ਨੂੰ ਦੇ, ਤਾਂ ਤੈਨੂੰ ਸਵਰਗ ਵਿੱਚ ਧਨ ਮਿਲੇਗਾ ਅਤੇ ਆ ਕੇ ਮੇਰੇ ਪਿੱਛੇ ਹੋ ਤੁਰ ।23ਪਰ ਉਹ ਇਹ ਸੁਣ ਕੇ ਬਹੁਤ ਉਦਾਸ ਹੋਇਆ ਕਿਉਂ ਜੋ ਉਹ ਵੱਡਾ ਧਨਵਾਨ ਆਦਮੀ ਸੀ ।
24ਯਿਸੂ ਨੇ ਉਸ ਨੂੰ ਵੇਖ ਕੇ ਆਖਿਆ ਜੋ ਧਨਵਾਨ ਹਨ ਉਨ੍ਹਾਂ ਦਾ ਪਰਮੇਸ਼ੁਰ ਦੇ ਰਾਜ ਵਿੱਚ ਵੜਨਾ ਬਹੁਤ ਔਖਾ ਹੋਵੇਗਾ !25ਕਿਉਂ ਜੋ ਸੂਈ ਦੇ ਨੱਕੇ ਵਿੱਚੋਂ ਦੀ ਊਠ ਦਾ ਵੜਨਾ, ਧਨਵਾਨ ਦਾ ਪਰਮੇਸ਼ੁਰ ਦੇ ਰਾਜ ਵਿੱਚ ਵੜਨ ਨਾਲੋਂ ਸੌਖਾ ਹੈ ।
26ਤਾਂ ਸੁਣਨ ਵਾਲਿਆਂ ਨੇ ਕਿਹਾ, ਤਾਂ ਫਿਰ ਕੌਣ ਮੁਕਤੀ ਪਾ ਸਕਦਾ ਹੈ ?27ਤਾਂ ਉਸ ਨੇ ਆਖਿਆ ਕਿ ਜਿਹੜੀਆਂ ਗੱਲਾਂ ਮਨੁੱਖਾਂ ਤੋਂ ਨਹੀਂ ਹੋ ਸਕਦੀਆਂ ਹਨ ਉਹ ਪਰਮੇਸ਼ੁਰ ਤੋਂ ਹੋ ਸਕਦੀਆਂ ਹਨ ।
28ਤਦ ਪਤਰਸ ਨੇ ਕਿਹਾ, ਵੇਖ, ਅਸੀਂ ਆਪਣਾ ਸਭ ਕੁੱਝ ਛੱਡ ਕੇ ਤੇਰੇ ਪਿੱਛੇ ਹੋ ਤੁਰੇ ਹਾਂ ।29ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਅਜਿਹਾ ਕੋਈ ਨਹੀਂ ਕਿ ਜਿਸ ਨੇ ਘਰ, ਪਤਨੀ, ਭਰਾਵਾਂ, ਮਾਤਾ-ਪਿਤਾ ਬਾਲ ਬੱਚਿਆਂ ਨੂੰ ਪਰਮੇਸ਼ੁਰ ਦੇ ਰਾਜ ਦੇ ਲਈ ਛੱਡਿਆ ਹੈ,30ਜੋ ਇਸ ਸਮੇਂ ਬਹੁਤ ਗੁਣਾ ਅਤੇ ਆਉਣ ਵਾਲੇ ਜੁੱਗ ਵਿੱਚ ਸਦੀਪਕ ਜੀਵਨ ਨਾ ਪਾਵੇ l
ਆਪਣੀ ਮੌਤ ਦੇ ਬਾਰੇ ਯਿਸੂ ਤੀਸਰੀ ਬਾਰ ਭਵਿੱਖਬਾਣੀ ਕਰਦਾ ਹੈ
(ਮੱਤੀ 20:17-19, ਮਰਕੁਸ 10:32-34)

31ਉਸ ਨੇ ਬਾਰਾਂ ਚੇਲਿਆਂ ਨੂੰ ਲੈ ਕੇ ਉਨ੍ਹਾਂ ਨੂੰ ਆਖਿਆ, ਵੇਖੋ ਅਸੀਂ ਯਰੂਸ਼ਲਮ ਨੂੰ ਜਾਂਦੇ ਹਾਂ ਅਤੇ ਸਭ ਜੋ ਕੁੱਝ ਨਬੀਆਂ ਦੇ ਰਾਹੀਂ ਲਿਖਿਆ ਹੋਇਆ ਹੈ, ਉਹ ਮਨੁੱਖ ਦੇ ਪੁੱਤਰ ਦੇ ਹੱਕ ਵਿੱਚ ਪੂਰਾ ਕੀਤਾ ਜਾਵੇਗਾ ।32ਕਿਉਂਕਿ ਉਹ ਪਰਾਈਆਂ ਕੌਮਾਂ ਦੇ ਹੱਥ ਫੜਵਾਇਆ ਜਾਵੇਗਾ ਅਤੇ ਉਹ ਉਸ ਦਾ ਮਜ਼ਾਕ ਉਡਾਣਗੇ ਅਤੇ ਉਸ ਦੀ ਬੇਇੱਜ਼ਤੀ ਕੀਤੀ ਜਾਵੇਗੀ ਅਤੇ ਉਸ ਉੱਪਰ ਥੁੱਕਿਆ ਜਾਵੇਗਾ ।33ਅਤੇ ਉਸ ਨੂੰ ਕੋਰੜੇ ਮਾਰਨਗੇ, ਨਾਲੇ ਉਸ ਨੂੰ ਮਾਰ ਸੁੱਟਣਗੇ ਅਤੇ ਉਹ ਤੀਜੇ ਦਿਨ ਫੇਰ ਜੀ ਉੱਠੇਗਾ ।
34ਉਨ੍ਹਾਂ ਨੇ ਇਨ੍ਹਾਂ ਗੱਲਾਂ ਵਿੱਚੋਂ ਕੁੱਝ ਨਾ ਸਮਝਿਆ ਅਤੇ ਇਹ ਗੱਲ ਉਨ੍ਹਾਂ ਤੋਂ ਗੁਪਤ ਰਹੀ ਅਤੇ ਜਿਹੜੀਆਂ ਗੱਲਾਂ ਦੱਸੀਆਂ ਜਾਂਦੀਆਂ ਸਨ, ਉਹ ਉਨ੍ਹਾਂ ਨੂੰ ਸਮਝ ਨਾ ਸਕੇ ।
ਅੰਨ੍ਹੇ ਭਿਖਾਰੀ ਨੂੰ ਚੰਗਾ ਕਰਨਾ
(ਮੱਤੀ 20:29-34, ਮਰਕੁਸ 10:46-52)

35ਇਸ ਤਰ੍ਹਾਂ ਹੋਇਆ ਕਿ ਜਦ ਯਿਸੂ ਯਰੀਹੋ ਦੇ ਨੇੜੇ ਪਹੁੰਚਿਆ ਤਾਂ ਇੱਕ ਅੰਨ੍ਹਾ ਸੜਕ ਦੇ ਕਿਨਾਰੇ ਬੈਠਾ ਭੀਖ ਮੰਗਦਾ ਸੀ ।36ਅਤੇ ਉਸ ਨੇ ਭੀੜ ਲੰਘਦੀ ਸੁਣ ਕੇ ਪੁੱਛਿਆ ਕਿ ਇਹ ਕੀ ਹੋ ਰਿਹਾ ਹੈ ?37ਲੋਕਾਂ ਨੇ ਉਸ ਨੂੰ ਦੱਸਿਆ ਜੋ ਯਿਸੂ ਨਾਸਰੀ ਇੱਥੋਂ ਲੰਘ ਰਿਹਾ ਹੈ ।
38ਤਦ ਉਸ ਨੇ ਪੁਕਾਰ ਕੇ ਕਿਹਾ, ਹੇ ਯਿਸੂ ਦਾਊਦ ਦੇ ਪੁੱਤਰ, ਮੇਰੇ ਉੱਤੇ ਦਯਾ ਕਰੋ ।39ਜਿਹੜੇ ਅੱਗੇ ਜਾਂਦੇ ਸਨ, ਉਨ੍ਹਾਂ ਨੇ ਉਸ ਨੂੰ ਝਿੜਕਿਆ ਕਿ ਚੁੱਪ ਕਰ, ਪਰ ਉਹ ਸਗੋਂ ਹੋਰ ਵੀ ਉੱਚੀ ਅਵਾਜ਼ ਦੇ ਕੇ ਬੋਲਿਆ, ਹੇ ਦਾਊਦ ਦੇ ਪੁੱਤਰ, ਮੇਰੇ ਉੱਤੇ ਦਯਾ ਕਰੋ !
40ਤਦ ਯਿਸੂ ਨੇ ਰੁੱਕ ਕੇ ਉਸ ਨੂੰ ਆਪਣੇ ਕੋਲ ਲਿਆਉਣ ਦੀ ਆਗਿਆ ਦਿੱਤੀ ਅਤੇ ਜਦ ਉਹ ਉਸ ਕੋਲ ਆਇਆ ਤਾਂ ਉਸ ਨੂੰ ਪੁੱਛਿਆ,41ਤੂੰ ਕੀ ਚਾਹੁੰਦਾ ਹੈਂ ਜੋ ਮੈਂ ਤੇਰੇ ਲਈ ਕਰਾਂ ? ਉਸ ਨੇ ਕਿਹਾ, ਪ੍ਰਭੂ ਜੀ ਕੀ ਮੈਂ ਵੇਖਣ ਲੱਗ ਜਾਂਵਾਂ !
42ਤਦ ਯਿਸੂ ਨੇ ਉਸ ਨੂੰ ਕਿਹਾ, ਸੁਜਾਖਾ ਹੋ ਜਾ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ ।43ਅਤੇ ਉਸੇ ਸਮੇਂ ਉਹ ਵੇਖਣ ਲੱਗ ਪਿਆ ਅਤੇ ਪਰਮੇਸ਼ੁਰ ਦੀ ਵਡਿਆਈ ਕਰਦਾ ਹੋਇਆ ਉਸ ਦੇ ਮਗਰ ਤੁਰ ਪਿਆ ਅਤੇ ਸਭ ਲੋਕਾਂ ਨੇ ਵੇਖ ਕੇ ਪਰਮੇਸ਼ੁਰ ਦੀ ਉਸਤਤ ਕੀਤੀ ।

19
ਚੁੰਗੀ ਲੈਣ ਵਾਲਾ ਜ਼ੱਕੀ

1ਯਿਸੂ ਯਰੀਹੋ ਦੇ ਵਿੱਚੋਂ ਦੀ ਨਿੱਕਲ ਰਿਹਾ ਸੀ ।2ਵੇਖੋ ਜ਼ੱਕੀ ਨਾਮ ਦਾ ਇੱਕ ਆਦਮੀ ਸੀ, ਜਿਹੜਾ ਚੁੰਗੀ ਲੈਣ ਵਾਲਿਆਂ ਦਾ ਸਰਦਾਰ ਅਤੇ ਧਨਵਾਨ ਸੀ ।

3ਅਤੇ ਉਸ ਨੇ ਯਿਸੂ ਨੂੰ ਵੇਖਣ ਦਾ ਯਤਨ ਕੀਤਾ ਜੋ ਉਹ ਕੌਣ ਹੈ ਪਰ ਭੀੜ ਦੇ ਕਾਰਨ ਵੇਖ ਨਾ ਸਕਿਆ ਕਿਉਂ ਜੋ ਉਸ ਦਾ ਕੱਦ ਮਧਰਾ ਸੀ ।4ਸੋ ਉਹ ਅੱਗੇ ਦੌੜ ਕੇ ਇੱਕ ਗੁੱਲਰ ਦੇ ਰੁੱਖ ਉੱਤੇ ਚੜ੍ਹ ਗਿਆ ਜੋ ਯਿਸੂ ਨੂੰ ਵੇਖ ਸਕੇ ਕਿਉਂ ਜੋ ਉਸ ਨੇ ਉਸੇ ਰਸਤੇ ਲੰਘਣਾ ਸੀ ।
5ਜਦ ਯਿਸੂ ਉਸ ਜਗਾ ਆਇਆ ਤਾਂ ਉੱਪਰ ਨਜ਼ਰ ਮਾਰ ਕੇ ਉਸ ਨੂੰ ਆਖਿਆ, ਹੇ ਜ਼ੱਕੀ ਛੇਤੀ ਨਾਲ ਉੱਤਰ ਆ ਕਿਉਂਕਿ ਅੱਜ ਮੈਂ ਤੇਰੇ ਹੀ ਘਰ ਠਹਿਰਣਾ ਹੈ ।6ਤਾਂ ਉਹ ਛੇਤੀ ਉੱਤਰ ਆਇਆ ਅਤੇ ਖੁਸ਼ੀ ਨਾਲ ਉਸ ਨੂੰ ਆਦਰ-ਸਤਿਕਾਰ ਨਾਲ ਘਰ ਲੈ ਗਿਆ ।7ਤਾਂ ਸਭ ਵੇਖ ਕੇ ਕੁੜ੍ਹਨ ਲੱਗੇ ਅਤੇ ਬੋਲੇ ਜੋ ਉਹ ਇੱਕ ਪਾਪੀ ਆਦਮੀ ਦੇ ਘਰ ਜਾ ਠਹਿਰਿਆ ਹੈ ।
8ਤਦ ਜ਼ੱਕੀ ਨੇ ਖੜ੍ਹੇ ਹੋ ਕੇ ਪ੍ਰਭੂ ਨੂੰ ਕਿਹਾ, ਪ੍ਰਭੂ ਜੀ ਮੈਂ ਆਪਣੀ ਅੱਧੀ ਜਾਇਦਾਦ ਗਰੀਬਾਂ ਨੂੰ ਵੰਡ ਦਿੰਦਾ ਹਾਂ ਅਤੇ ਜੇ ਮੈਂ ਕਿਸੇ ਕੋਲੋਂ ਧੋਖੇ ਨਾਲ ਲਿਆ ਹੈ, ਤਾਂ ਚਾਰ ਗੁਣਾ ਮੋੜ ਦਿਆਂਗਾ ।9ਯਿਸੂ ਨੇ ਉਸ ਨੂੰ ਆਖਿਆ, ਅੱਜ ਇਸ ਘਰ ਵਿੱਚ ਮੁਕਤੀ ਆਈ ਹੈ, ਜੋ ਇਹ ਵੀ ਅਬਰਾਹਾਮ ਦਾ ਪੁੱਤਰ ਹੈ ।10ਕਿਉਂ ਜੋ ਮਨੁੱਖ ਦਾ ਪੁੱਤਰ ਗੁਆਚੇ ਹੋਏ ਨੂੰ ਲੱਭਣ ਅਤੇ ਬਚਾਉਣ ਆਇਆ ਹੈ ।
ਦਸ ਅਸ਼ਰਫ਼ੀਆਂ ਦਾ ਦ੍ਰਿਸ਼ਟਾਂਤ
(ਮੱਤੀ 25:14-30)

11ਜਦ ਉਹ ਇਹ ਗੱਲਾਂ ਨੂੰ ਸੁਣਦੇ ਸਨ ਤਾਂ ਯਿਸੂ ਨੇ ਹੋਰ ਇੱਕ ਦ੍ਰਿਸ਼ਟਾਂਤ ਦਿੱਤਾ, ਇਸ ਲਈ ਜੋ ਉਹ ਯਰੂਸ਼ਲਮ ਦੇ ਨੇੜੇ ਸੀ ਅਤੇ ਉਹ ਸਮਝੇ ਸਨ ਕਿ ਪਰਮੇਸ਼ੁਰ ਦਾ ਰਾਜ ਹੁਣੇ ਪਰਗਟ ਹੋਣ ਵਾਲਾ ਹੈ ।12ਉਸ ਨੇ ਆਖਿਆ ਕਿ ਇੱਕ ਅਮੀਰ ਦੂਰ ਦੇਸ ਨੂੰ ਗਿਆ, ਜੋ ਆਪਣੇ ਲਈ ਪਾਤਸ਼ਾਹੀ ਲੈ ਕੇ ਮੁੜ ਆਵੇ ।
13ਅਤੇ ਉਸ ਨੇ ਆਪਣੇ ਦਸ ਨੌਕਰਾਂ ਨੂੰ ਬੁਲਾ ਕੇ ਉਨ੍ਹਾਂ ਨੂੰ ਦਸ ਅਸ਼ਰਫ਼ੀਆਂ ਦਿੱਤੀਆਂ ਅਤੇ ਉਨ੍ਹਾਂ ਨੂੰ ਕਿਹਾ, ਜਦ ਤੱਕ ਮੈਂ ਨਾ ਆਵਾਂ ਤੁਸੀਂ ਇਨ੍ਹਾਂ ਰੁਪਿਆਂ ਨਾਲ ਵਪਾਰ ਕਰੋ ।14ਪਰ ਉਸ ਸ਼ਹਿਰ ਦੇ ਰਹਿਣ ਵਾਲੇ ਉਸ ਨਾਲ ਵੈਰ ਰੱਖਦੇ ਸਨ ਅਤੇ ਉਸ ਦੇ ਪਿੱਛੇ ਦਾਸਾਂ ਦੁਆਰਾ ਸੁਨੇਹਾ ਭੇਜਿਆ ਕਿ ਅਸੀਂ ਨਹੀਂ ਚਾਹੁੰਦੇ ਜੋ ਇਹ ਸਾਡੇ ਉੱਤੇ ਰਾਜ ਕਰੇ ।15ਇਹ ਹੋਇਆ ਕਿ ਜਦ ਉਹ ਪਾਤਸ਼ਾਹੀ ਲੈ ਕੇ ਮੁੜ ਆਇਆ ਤਾਂ ਉਹਨਾਂ ਨੌਕਰਾਂ ਨੂੰ ਜਿਨ੍ਹਾਂ ਨੂੰ ਉਸ ਨੇ ਰੁਪਏ ਦਿੱਤੇ ਸਨ ਬੁਲਾਵਾ ਭੇਜਿਆ ਤਾਂ ਜੋ ਪਤਾ ਕਰੇ ਜੋ ਉਨ੍ਹਾਂ ਨੇ ਵਪਾਰ ਵਿੱਚ ਕੀ ਕਮਾਇਆ ਹੈ ।
16ਤਦ ਪਹਿਲੇ ਨੇ ਆਣ ਕੇ ਕਿਹਾ, ਸੁਆਮੀ ਜੀ, ਮੈਂ ਤੁਹਾਡੀ ਅਸ਼ਰਫ਼ੀ ਦੇ ਨਾਲ ਦਸ ਅਸ਼ਰਫ਼ੀਆਂ ਹੋਰ ਕਮਾਈਆਂ ਹਨ ।17ਤਾਂ ਉਸ ਨੇ ਦਾਸ ਨੂੰ ਆਖਿਆ, ਹੇ ਚੰਗੇ ਨੌਕਰ ਸ਼ਾਬਾਸ਼ ! ਇਸ ਲਈ ਜੋ ਤੂੰ ਬਹੁਤ ਥੋੜ੍ਹੇ ਵਿੱਚ ਇਮਾਨਦਾਰ ਨਿੱਕਲਿਆ, ਤੂੰ ਦਸਾਂ ਨਗਰਾਂ ਉੱਤੇ ਅਧਿਕਾਰ ਰੱਖ ।
18ਅਤੇ ਦੂਜੇ ਨੇ ਆਣ ਕੇ ਕਿਹਾ, ਸੁਆਮੀ ਜੀ, ਤੁਹਾਡੀ ਅਸ਼ਰਫ਼ੀ ਨਾਲ ਮੈਂ ਪੰਜ ਅਸ਼ਰਫ਼ੀਆਂ ਹੋਰ ਕਮਾਈਆਂ ਹਨ ।19ਤਾਂ ਉਸ ਨੇ ਦੂਜੇ ਦਾਸ ਨੂੰ ਵੀ ਆਖਿਆ ਕਿ ਤੂੰ ਵੀ ਪੰਜਾਂ ਨਗਰਾਂ ਉੱਤੇ ਅਧਿਕਾਰ ਰੱਖ ।
20ਅਤੇ ਹੋਰ ਨੇ ਆਣ ਕੇ ਕਿਹਾ, ਸੁਆਮੀ ਜੀ ਵੇਖੋ, ਇਹ ਤੁਹਾਡੀ ਅਸ਼ਰਫ਼ੀ ਹੈ ਜਿਸ ਨੂੰ ਮੈਂ ਰੁਮਾਲ ਵਿੱਚ ਰੱਖ ਛੱਡਿਆ ਹੈ ।21ਇਸ ਲਈ ਜੋ ਮੈਂ ਤੁਹਾਡੇ ਕੋਲੋਂ ਡਰਿਆ ਕਿਉਂ ਜੋ ਤੁਸੀਂ ਸਖ਼ਤ ਸੁਭਾਅ ਵਾਲੇ ਆਦਮੀ ਹੋ । ਜੋ ਤੁਸੀਂ ਨਹੀਂ ਰੱਖਿਆ ਉੱਥੋਂ ਚੁੱਕਦੇ ਹੋ ਅਤੇ ਜਿੱਥੇ ਨਹੀਂ ਬੀਜਿਆ ਉੱਥੋਂ ਵੱਢਦੇ ਹੋ ।
22ਉਸ ਨੇ ਆਪਣੇ ਦਾਸ ਨੂੰ ਆਖਿਆ, ਹੇ ਦੁਸ਼ਟ ਨੌਕਰ ! ਤੇਰੇ ਹੀ ਮੂੰਹੋਂ ਮੈਂ ਤੈਨੂੰ ਦੋਸ਼ੀ ਠਹਿਰਾਉਂਦਾ ਹਾਂ । ਤੂੰ ਮੈਨੂੰ ਜਾਣਿਆ ਜੋ ਮੈਂ ਸਖ਼ਤ ਸੁਭਾਅ ਵਾਲਾ ਆਦਮੀ ਹਾਂ ਅਤੇ ਜਿੱਥੇ ਮੈਂ ਨਹੀਂ ਰੱਖਿਆ ਉੱਥੋਂ ਮੈਂ ਚੁੱਕਦਾ ਹਾਂ ਅਤੇ ਜਿੱਥੇ ਮੈਂ ਨਹੀਂ ਬੀਜਿਆ ਉੱਥੋਂ ਮੈਂ ਵੱਢਦਾ ਹਾਂ ।23ਫੇਰ ਤੂੰ ਮੇਰੇ ਰੁਪਏ ਸ਼ਾਹੂਕਾਰ ਦੇ ਕੋਲ ਕਿਉਂ ਨਾ ਰੱਖੇ, ਜੋ ਮੈਂ ਆਣ ਕੇ ਉਨ੍ਹਾਂ ਨੂੰ ਵਿਆਜ ਸਮੇਤ ਵਸੂਲ ਕਰ ਲੈਂਦਾ ?
24ਅਤੇ ਉਸ ਨੇ ਉਨ੍ਹਾਂ ਨੌਕਰਾਂ ਨੂੰ ਜਿਹੜੇ ਕੋਲ ਖੜ੍ਹੇ ਸਨ ਆਖਿਆ, ਅਸ਼ਰਫ਼ੀ ਉਸ ਦੁਸ਼ਟ ਦਾਸ ਕੋਲੋਂ ਲੈ ਲਓ ਅਤੇ ਜਿਸ ਦੇ ਕੋਲ ਦਸ ਅਸ਼ਰਫ਼ੀਆਂ ਹਨ, ਉਸ ਨੂੰ ਦਿਉ ।25ਤਾਂ ਉਨ੍ਹਾਂ ਨੇ ਉਸ ਨੂੰ ਕਿਹਾ, ਸੁਆਮੀ ਜੀ ਉਸ ਦੇ ਕੋਲ ਦਸ ਅਸ਼ਰਫ਼ੀਆਂ ਹਨ ।
26ਮੈਂ ਤੁਹਾਨੂੰ ਆਖਦਾ ਹਾਂ ਕਿ ਜਿਸ ਕਿਸੇ ਕੋਲ ਕੁੱਝ ਹੈ ਉਸ ਨੂੰ ਹੋਰ ਦਿੱਤਾ ਜਾਵੇਗਾ ਪਰ ਜਿਸ ਦੇ ਕੋਲ ਨਹੀਂ ਹੈ ਉਸ ਕੋਲੋਂ ਜੋ ਹੈ ਉਹ ਵੀ ਲੈ ਲਿਆ ਜਾਵੇਗਾ ।27ਮੇਰੇ ਇਨ੍ਹਾਂ ਵੈਰੀਆਂ ਨੂੰ ਜਿਹੜੇ ਨਹੀਂ ਚਾਹੁੰਦੇ ਸਨ ਕਿ ਮੈਂ ਉਨ੍ਹਾਂ ਉੱਤੇ ਰਾਜ ਕਰਾਂ ਇੱਥੇ ਲਿਆਓ ਅਤੇ ਮੇਰੇ ਸਾਹਮਣੇ ਮਾਰ ਸੁੱਟੋ !
ਯਿਸੂ ਯਰੂਸ਼ਲਮ ਵਿੱਚ ਇੱਕ ਰਾਜਾ ਦੇ ਰੂਪ ਵਿੱਚ ਆਉਂਦਾ ਹੈ
(ਮੱਤੀ 21:1-11, ਮਰਕੁਸ 11:1-11, ਯੂਹੰਨਾ 12:12-19)

28ਇਹ ਗੱਲਾਂ ਕਰ ਕੇ ਯਿਸੂ ਯਰੂਸ਼ਲਮ ਨੂੰ ਜਾਂਦਿਆਂ ਹੋਇਆਂ ਅੱਗੇ-ਅੱਗੇ ਤੁਰਿਆ ਜਾਂਦਾ ਸੀ ।
29ਅਤੇ ਇਹ ਹੋਇਆ ਕਿ ਜਦ ਉਹ ਉਸ ਪਹਾੜ ਕੋਲ ਜਿਹੜਾ ਜ਼ੈਤੂਨ ਅਖਵਾਉਂਦਾ ਹੈ, ਬੈਤਫ਼ਗਾ ਅਤੇ ਬੈਤਅਨੀਆ ਦੇ ਨੇੜੇ ਪਹੁੰਚਿਆ ਤਾਂ ਉਸ ਨੇ ਚੇਲਿਆਂ ਵਿੱਚੋਂ ਦੋ ਨੂੰ ਇਹ ਕਹਿ ਕੇ ਭੇਜਿਆ30ਕਿ ਸਾਹਮਣੇ ਪਿੰਡ ਨੂੰ ਜਾਓ ਅਤੇ ਉੱਥੇ ਪਹੁੰਚ ਕੇ ਤੁਸੀਂ ਇੱਕ ਗਧੀ ਦਾ ਬੱਚਾ ਬੰਨ੍ਹਿਆ ਹੋਇਆ ਵੇਖੋਗੇ ਜਿਸ ਦੇ ਉੱਤੇ ਕਦੇ ਕੋਈ ਸਵਾਰ ਨਹੀਂ ਹੋਇਆ, ਉਸ ਨੂੰ ਖੋਲ੍ਹ ਲਿਆਓ ।31ਅਤੇ ਜੇ ਕੋਈ ਤੁਹਾਨੂੰ ਪੁੱਛੇ ਕਿ ਤੁਸੀਂ ਇਸ ਨੂੰ ਕਿਉਂ ਖੋਲ੍ਹਦੇ ਹੋ ? ਤਾਂ ਇਹ ਆਖਣਾ ਜੋ ਪ੍ਰਭੂ ਨੂੰ ਇਸ ਦੀ ਲੋੜ ਹੈ ।
32ਸੋ ਜਿਹੜੇ ਭੇਜੇ ਗਏ ਸਨ ਉਨ੍ਹਾਂ ਨੇ ਉਸ ਪਿੰਡ ਵਿੱਚ ਜਾ ਕੇ ਜਿਸ ਤਰ੍ਹਾਂ ਉਨ੍ਹਾਂ ਨੂੰ ਕਿਹਾ ਸੀ ਉਸੇ ਤਰ੍ਹਾਂ ਵੇਖਿਆ ।33ਅਤੇ ਜਦ ਉਸ ਗਧੀ ਦੇ ਬੱਚੇ ਨੂੰ ਖੋਲ੍ਹਦੇ ਸਨ, ਤਾਂ ਉਸ ਦੇ ਮਾਲਕਾਂ ਨੇ ਉਨ੍ਹਾਂ ਨੂੰ ਕਿਹਾ, ਤੁਸੀਂ ਬੱਚੇ ਨੂੰ ਕਿਉਂ ਖੋਲ੍ਹਦੇ ਹੋ ?34ਫੇਰ ਉਨ੍ਹਾਂ ਨੇ ਉੱਤਰ ਦਿੱਤਾ ਕਿ ਪ੍ਰਭੂ ਨੂੰ ਇਸ ਦੀ ਲੋੜ ਹੈ ।35ਉਹ ਉਸ ਨੂੰ ਯਿਸੂ ਦੇ ਕੋਲ ਲਿਆਏ ਅਤੇ ਆਪਣੇ ਕੱਪੜੇ ਗਧੀ ਦੇ ਬੱਚੇ ਤੇ ਪਾ ਕੇ ਯਿਸੂ ਨੂੰ ਉਸ ਉੱਪਰ ਬਿਠਾ ਦਿੱਤਾ ।36ਜਿਸ ਸਮੇਂ ਉਹ ਅੱਗੇ ਵਧਿਆ ਜਾਂਦਾ ਸੀ ਤਾਂ ਲੋਕੀ ਆਪਣੇ ਕੱਪੜੇ ਉਸ ਦੀ ਰਾਹ ਵਿੱਚ ਵਿਛਾਉਂਦੇ ਸਨ ।
37ਅਤੇ ਜਦ ਉਹ ਜ਼ੈਤੂਨ ਦੀ ਉਤਰਾਈ ਤੇ ਪਹੁੰਚਿਆ ਤਾਂ ਚੇਲਿਆਂ ਦੀ ਸਾਰੀ ਟੋਲੀ ਅਨੰਦ ਨਾਲ ਭਰ ਕੇ ਉਨ੍ਹਾਂ ਸਭ ਚਮਤਕਾਰਾਂ ਦੇ ਲਈ ਜੋ ਉਨ੍ਹਾਂ ਨੇ ਵੇਖੇ ਸਨ, ਉੱਚੀ ਅਵਾਜ਼ ਨਾਲ ਇਹ ਕਹਿ ਕੇ ਪਰਮੇਸ਼ੁਰ ਦੀ ਉਸਤਤ ਕਰਨ ਲੱਗੀ38ਕਿ ਮੁਬਾਰਕ ਉਹ ਪਾਤਸ਼ਾਹ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ ! ਸਵਰਗ ਵਿੱਚ ਸ਼ਾਂਤੀ ਅਤੇ ਅਕਾਸ਼ ਵਿੱਚ ਵਡਿਆਈ ਹੋਵੇ !
39ਤਦ ਭੀੜ ਵਿੱਚ ਕਿੰਨਿਆਂ ਫ਼ਰੀਸੀਆਂ ਨੇ ਉਸ ਨੂੰ ਕਿਹਾ, ਗੁਰੂ ਜੀ ਆਪਣਿਆਂ ਚੇਲਿਆਂ ਨੂੰ ਚੁੱਪ ਕਰਾ !40ਯਿਸੂ ਨੇ ਉੱਤਰ ਦਿੱਤਾ, ਮੈਂ ਤੁਹਾਨੂੰ ਆਖਦਾ ਹਾਂ ਕਿ ਜੇ ਇਹ ਚੁੱਪ ਕਰ ਜਾਣ ਤਾਂ ਪੱਥਰ ਬੋਲ ਉੱਠਣਗੇ !
ਯਰੂਸ਼ਲਮ ਦੇ ਲਈ ਵਿਰਲਾਪ

41ਜਦ ਉਹ ਨੇੜੇ ਆਇਆ ਤਾਂ ਸ਼ਹਿਰ ਨੂੰ ਵੇਖ ਕੇ ਉਸ ਉੱਤੇ ਰੋਇਆ42ਅਤੇ ਆਖਿਆ, ਕਾਸ਼ ਕਿ ਤੂੰ ਅੱਜ ਸ਼ਾਂਤੀ ਦੀਆਂ ਗੱਲਾਂ ਨੂੰ ਜਾਣਦਾ, ਪਰ ਹੁਣ ਉਹ ਤੇਰੀਆਂ ਅੱਖਾਂ ਤੋਂ ਲੁੱਕੀਆਂ ਹੋਈਆਂ ਹਨ ।
43ਕਿਉਂਕਿ ਉਹ ਦਿਨ ਤੇਰੇ ਉੱਤੇ ਆਉਣਗੇ ਜਦ ਤੇਰੇ ਵੈਰੀ ਤੇਰੇ ਵਿਰੁੱਧ ਮੋਰਚਾ ਬੰਨ੍ਹਣਗੇ ਅਤੇ ਤੈਨੂੰ ਘੇਰ ਲੈਣਗੇ ਅਤੇ ਚਾਰੋਂ ਪਾਸੋਂ ਤੈਨੂੰ ਦੱਬਣਗੇ,44ਅਤੇ ਤੇਰੇ ਬੱਚਿਆਂ ਸਮੇਤ ਜੋ ਤੇਰੇ ਵਿੱਚ ਹਨ ਤੈਨੂੰ ਧਰਤੀ ਉੱਤੇ ਪਟਕਾ ਦੇਣਗੇ ਅਤੇ ਤੇਰੇ ਵਿੱਚ ਪੱਥਰ ਉੱਤੇ ਪੱਥਰ ਨਾ ਛੱਡਣਗੇ, ਕਿਉਂ ਜੋ ਤੂੰ ਆਪਣੀ ਭਲਾਈ ਦੇ ਮੌਕੇ ਨੂੰ ਨਾ ਜਾਣਿਆ ।
45ਫਿਰ ਉਹ ਹੈਕਲ ਵਿੱਚ ਜਾ ਕੇ ਉਨ੍ਹਾਂ ਨੂੰ ਜਿਹੜੇ ਵੇਚਦੇ ਸਨ ਬਾਹਰ ਕੱਢਣ ਲੱਗਾ ।
ਹੈਕਲ ਵਿੱਚੋਂ ਵਪਾਰੀਆਂ ਨੂੰ ਕੱਢਣਾ
(ਮੱਤੀ 21:12-17, ਮਰਕੁਸ 11:15-19, ਯੂਹੰਨਾ 2:13-22)

46ਉਨ੍ਹਾਂ ਨੂੰ ਆਖਿਆ ਕਿ ਲਿਖਿਆ ਹੈ ਕਿ ਮੇਰਾ ਘਰ ਪ੍ਰਾਰਥਨਾ ਦਾ ਘਰ ਹੋਵੇਗਾ ਪਰ ਤੁਸੀਂ ਉਸ ਨੂੰ ਡਾਕੂਆਂ ਦਾ ਅੱਡਾ ਬਣਾ ਦਿੱਤਾ ਹੈ ।
47ਉਹ ਹੈਕਲ ਵਿੱਚ ਹਰ ਰੋਜ਼ ਉਪਦੇਸ਼ ਕਰਦਾ ਸੀ, ਪਰ ਮੁੱਖ ਜਾਜਕ ਅਤੇ ਉਪਦੇਸ਼ਕ ਅਤੇ ਲੋਕਾਂ ਦੇ ਸਰਦਾਰ ਉਸ ਦਾ ਨਾਸ ਕਰਨ ਦੀ ਖੋਜ ਵਿੱਚ ਸਨ ।48ਪਰ ਇਹ ਕਰਨ ਦਾ ਕੋਈ ਤਰੀਕਾ ਨਾ ਲੱਭਿਆ ਕਿਉਂ ਜੋ ਸਭ ਲੋਕ ਉਸ ਦੀ ਸੁਣਨ ਵਿੱਚ ਲੀਨ ਸਨ ।

20
ਯਿਸੂ ਦੇ ਅਧਿਕਾਰ ਦੇ ਬਾਰੇ ਪ੍ਰਸ਼ਨ
(ਮੱਤੀ 21:23-27, ਮਰਕੁਸ 11:27-33)

1ਇੱਕ ਦਿਨ ਇਹ ਹੋਇਆ ਕਿ ਜਦ ਉਹ ਹੈਕਲ ਪ੍ਰਾਰਥਨਾ ਘਰ ਵਿੱਚ ਲੋਕਾਂ ਨੂੰ ਉਪਦੇਸ਼ ਕਰਦਾ ਅਤੇ ਖੁਸ਼ਖਬਰੀ ਸੁਣਾਉਂਦਾ ਸੀ, ਤਦ ਮੁੱਖ ਜਾਜਕ ਅਤੇ ਉਪਦੇਸ਼ਕ ਬਜ਼ੁਰਗਾਂ ਦੇ ਨਾਲ ਚੜ੍ਹ ਆਏ ।2ਅਤੇ ਉਸ ਨੂੰ ਕਹਿਣ ਲੱਗੇ ਕਿ ਸਾਨੂੰ ਦੱਸ, ਤੂੰ ਕਿਸ ਦੇ ਅਧਿਕਾਰ ਨਾਲ ਇਹ ਕੰਮ ਕਰਦਾ ਹੈਂ ਜਾ ਉਹ ਕੌਣ ਹੈ ਜਿਸ ਨੇ ਤੈਨੂੰ ਇਹ ਅਧਿਕਾਰ ਦਿੱਤਾ ?

3ਪਰ ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਮੈਂ ਵੀ ਤੁਹਾਨੂੰ ਇੱਕ ਗੱਲ ਪੁੱਛਦਾ ਹਾਂ ਸੋ ਮੈਨੂੰ ਦੱਸੋ ।4ਯੂਹੰਨਾ ਦਾ ਬਪਤਿਸਮਾ ਸਵਰਗ ਵੱਲੋਂ ਸੀ ਜਾਂ ਮਨੁੱਖਾਂ ਵੱਲੋਂ ?
5ਉਨ੍ਹਾਂ ਨੇ ਆਪਸ ਵਿੱਚ ਵਿਚਾਰ ਕਰ ਕੇ ਕਿਹਾ, ਜੇ ਆਖੀਏ ਸਵਰਗ ਵੱਲੋਂ ਤਾਂ ਉਹ ਸਾਨੂੰ ਕਹੇਗਾ, ਫਿਰ ਤੁਸੀਂ ਉਸ ਉੱਤੇ ਵਿਸ਼ਵਾਸ ਕਿਉਂ ਨਾ ਕੀਤਾ ?6ਅਤੇ ਜੇ ਅਸੀਂ ਆਖੀਏ ਮਨੁੱਖਾਂ ਵੱਲੋਂ ਤਾਂ ਸਭ ਲੋਕ ਸਾਨੂੰ ਪਥਰਾਓ ਕਰਨਗੇ ਕਿਉਂਕਿ ਉਹ ਯਕੀਨ ਨਾਲ ਜਾਣਦੇ ਹਨ, ਜੋ ਯੂਹੰਨਾ ਨਬੀ ਸੀ ।
7ਤਦ ਉਨ੍ਹਾਂ ਨੇ ਉੱਤਰ ਦਿੱਤਾ, ਅਸੀਂ ਨਹੀਂ ਜਾਣਦੇ ਕਿ ਕਿੱਥੋਂ ਸੀ ।8ਯਿਸੂ ਨੇ ਉਨ੍ਹਾਂ ਨੂੰ ਆਖਿਆ, ਮੈਂ ਵੀ ਤੁਹਾਨੂੰ ਨਹੀਂ ਦੱਸਦਾ ਜੋ ਕਿਸ ਦੇ ਅਧਿਕਾਰ ਨਾਲ ਇਹ ਕੰਮ ਕਰਦਾ ਹਾਂ ।
ਦੁਸ਼ਟ ਕਿਸਾਨਾਂ ਦਾ ਦ੍ਰਿਸ਼ਟਾਂਤ
(ਮੱਤੀ 21:33-46, ਮਰਕੁਸ 12:1-12)

9ਤਦ ਉਹ ਲੋਕਾਂ ਨੂੰ ਇਹ ਦ੍ਰਿਸ਼ਟਾਂਤ ਸੁਣਾਉਣ ਲੱਗਾ ਕਿ ਇੱਕ ਮਨੁੱਖ ਨੇ ਅੰਗੂਰੀ ਬਾਗ ਲਾਇਆ ਅਤੇ ਉਸ ਨੂੰ ਮਾਲੀਆਂ ਦੇ ਹੱਥ ਸੌਂਪ ਕੇ ਬਹੁਤ ਦਿਨਾਂ ਲਈ ਪਰਦੇਸ ਚੱਲਿਆ ਗਿਆ ।10ਅਤੇ ਉਸ ਨੇ ਰੁੱਤ ਸਮੇਂ ਇੱਕ ਨੌਕਰ ਨੂੰ ਮਾਲੀਆਂ ਕੋਲ ਭੇਜਿਆ ਜੋ ਉਹ ਬਾਗ ਦੇ ਫਲ ਵਿੱਚੋਂ ਉਸ ਨੂੰ ਕੁੱਝ ਦੇਣ, ਪਰ ਮਾਲੀਆਂ ਨੇ ਉਸ ਨੂੰ ਮਾਰ ਕੁੱਟ ਕੇ ਖਾਲੀ ਹੱਥ ਵਾਪਸ ਭੇਜ ਦਿੱਤਾ ।
11ਉਸ ਨੇ ਇੱਕ ਹੋਰ ਨੌਕਰ ਭੇਜਿਆ ਅਤੇ ਉਨ੍ਹਾਂ ਨੇ ਉਸ ਨੂੰ ਵੀ ਮਾਰਿਆ ਕੁੱਟਿਆ ਅਤੇ ਉਸ ਦਾ ਅਪਮਾਨ ਕਰ ਕੇ ਖਾਲੀ ਹੱਥ ਵਾਪਸ ਭੇਜ ਦਿੱਤਾ ।12ਫਿਰ ਉਸ ਨੇ ਤੀਜੇ ਨੂੰ ਭੇਜਿਆ ਅਤੇ ਉਨ੍ਹਾਂ ਨੇ ਉਸ ਨੂੰ ਵੀ ਜਖ਼ਮੀ ਕਰ ਕੇ ਬਾਹਰ ਕੱਢ ਦਿੱਤਾ ।
13ਤਦ ਖੇਤ ਦੇ ਮਾਲਕ ਨੇ ਕਿਹਾ, ਮੈਂ ਕੀ ਕਰਾਂ ? ਮੈਂ ਆਪਣੇ ਪਿਆਰੇ ਪੁੱਤਰ ਨੂੰ ਭੇਜਾਗਾਂ, ਹੋ ਸਕਦਾ ਹੈ ਉਹ ਉਸ ਦਾ ਆਦਰ ਕਰਨ ।14ਪਰ ਜਦ ਮਾਲੀਆਂ ਨੇ ਉਸ ਨੂੰ ਵੇਖਿਆ ਤਾਂ ਆਪਸ ਵਿੱਚ ਸਲਾਹ ਕਰ ਕੇ ਬੋਲੇ, ਇਹੋ ਵਾਰਸ ਹੈ ਆਓ ਇਸ ਨੂੰ ਮਾਰ ਸੁੱਟੀਏ ਤਾਂ ਵਿਰਾਸਤ ਸਾਡੀ ਹੋ ਜਾਵੇਗੀ ।
15ਤਦ ਉਨ੍ਹਾਂ ਨੇ ਉਸ ਨੂੰ ਬਾਗ ਵਿੱਚੋਂ ਬਾਹਰ ਕੱਢ ਕੇ ਮਾਰ ਸੁੱਟਿਆ । ਹੁਣ ਬਾਗ ਦਾ ਮਾਲਕ ਉਨ੍ਹਾਂ ਨਾਲ ਕੀ ਕਰੇਗਾ ?16ਉਹ ਆਵੇਗਾ ਅਤੇ ਉਨ੍ਹਾਂ ਮਾਲੀਆਂ ਦਾ ਨਾਸ ਕਰੇਗਾ ਅਤੇ ਬਾਗ ਹੋਰ ਕਿਸੇ ਨੂੰ ਦੇ ਦੇਵੇਗਾ । ਪਰ ਉਨ੍ਹਾਂ ਇਹ ਸੁਣ ਕੇ ਕਿਹਾ, ਪਰਮੇਸ਼ੁਰ ਇਹ ਨਾ ਕਰੇ !
17ਉਸ ਨੇ ਉਨ੍ਹਾਂ ਵੱਲ ਧਿਆਨ ਕਰ ਕੇ ਆਖਿਆ, ਫਿਰ ਉਹ ਜੋ ਲਿਖਿਆ ਹੋਇਆ ਹੈ, ਸੋ ਕੀ ਹੈ ਕਿ ਜਿਸ ਪੱਥਰ ਨੂੰ ਰਾਜ ਮਿਸਤਰੀਆਂ ਨੇ ਰੱਦਿਆ, ਉਹ ਹੀ ਖੂੰਜੇ ਦਾ ਸਿਰਾ ਹੋ ਗਿਆ ।18ਹਰੇਕ ਜੋ ਉਸ ਪੱਥਰ ਤੇ ਡਿੱਗੇਗਾ ਸੋ ਚੂਰ-ਚੂਰ ਹੋ ਜਾਵੇਗਾ ਪਰ ਜਿਸ ਦੇ ਉੱਤੇ ਉਹ ਪੱਥਰ ਡਿੱਗੇਗਾ ਉਹ ਨੂੰ ਪੀਹ ਸੁੱਟੇਗਾ ।
ਕੈਸਰ ਨੂੰ ਕਰ ਦੇਣਾ
(ਮੱਤੀ 22:15-22, ਮਰਕੁਸ 12:13-17)

19ਉਪਦੇਸ਼ਕ ਅਤੇ ਮੁੱਖ ਜਾਜਕ ਉਸ ਦੀ ਖੋਜ ਵਿੱਚ ਸਨ, ਜੋ ਉਸੇ ਵੇਲੇ ਉਸ ਉੱਤੇ ਹੱਥ ਪਾਉਣ ਪਰ ਉਹ ਲੋਕਾਂ ਤੋਂ ਡਰਦੇ ਸਨ ਕਿਉਂ ਜੋ ਉਨ੍ਹਾਂ ਨੇ ਜਾਣ ਲਿਆ ਸੀ ਕਿ ਉਸ ਨੇ ਸਾਡੇ ਉੱਤੇ ਇਹ ਦ੍ਰਿਸ਼ਟਾਂਤ ਦਿੱਤਾ ਹੈ ।20ਅਤੇ ਉਹ ਉਸ ਦੀ ਤਾੜ ਵਿੱਚ ਲੱਗੇ ਰਹੇ ਅਤੇ ਭੇਤੀਆਂ ਨੂੰ ਭੇਜਿਆ ਜਿਹੜੇ ਕਪਟ ਨਾਲ ਆਪਣੇ ਆਪ ਨੂੰ ਧਰਮੀ ਵਿਖਾਉਂਦੇ ਸਨ ਜੋ ਉਸ ਦੀ ਕੋਈ ਗੱਲ ਫੜਨ ਇਸ ਲਈ ਜੋ ਉਸ ਨੂੰ ਹਾਕਮ ਦੇ ਵੱਸ ਅਤੇ ਅਧਿਕਾਰ ਵਿੱਚ ਕਰਨ ।
21ਤਦ ਉਨ੍ਹਾਂ ਨੇ ਉਸ ਤੋਂ ਪੁੱਛਿਆ, ਗੁਰੂ ਜੀ ਅਸੀਂ ਜਾਣਦੇ ਹਾਂ ਜੋ ਤੁਸੀਂ ਠੀਕ ਬੋਲਦੇ ਅਤੇ ਸਿਖਾਉਂਦੇ ਹੋ ਅਤੇ ਕਿਸੇ ਦਾ ਪੱਖਪਾਤ ਨਹੀਂ ਕਰਦੇ, ਸਗੋਂ ਸਚਿਆਈ ਨਾਲ ਪਰਮੇਸ਼ੁਰ ਦਾ ਰਾਹ ਦੱਸਦੇ ਹੋ ।22ਕੀ ਕੈਸਰ ਨੂੰ ਕਰ ਦੇਣਾ ਸਾਨੂੰ ਯੋਗ ਹੈ ਕਿ ਨਹੀਂ ?
23ਪਰ ਉਸ ਨੇ ਉਨ੍ਹਾਂ ਦੀ ਚਤਰਾਈ ਜਾਣ ਕੇ ਉਨ੍ਹਾਂ ਨੂੰ ਆਖਿਆ24ਮੈਨੂੰ ਇੱਕ ਸਿੱਕਾ ਵਿਖਾਉ । ਇਸ ਉੱਤੇ ਕਿਸ ਦੀ ਮੂਰਤ ਅਤੇ ਲਿਖਤ ਹੈ ? ਉਨ੍ਹਾਂ ਆਖਿਆ, ਕੈਸਰ ਦੀ ।
25ਤਦ ਉਸ ਨੇ ਉਨ੍ਹਾਂ ਨੂੰ ਕਿਹਾ, ਤਾਂ ਜੋ ਕੈਸਰ ਦਾ ਹੈ ਕੈਸਰ ਨੂੰ ਅਤੇ ਜੋ ਪਰਮੇਸ਼ੁਰ ਦਾ ਹੈ, ਪਰਮੇਸ਼ੁਰ ਨੂੰ ਦਿਉ ।26ਉਹ ਲੋਕਾਂ ਦੇ ਸਾਹਮਣੇ ਉਸ ਦੀ ਗੱਲ ਨੂੰ ਫੜ੍ਹ ਨਾ ਸਕੇ ਅਤੇ ਉਸ ਦੇ ਉੱਤਰ ਤੋਂ ਹੈਰਾਨ ਹੋ ਕੇ ਚੁੱਪ ਹੀ ਰਹਿ ਗਏ ।
ਪੁਨਰ ਉੱਥਾਨ ਅਤੇ ਵਿਆਹ
(ਮੱਤੀ 22:23-33, ਮਰਕੁਸ 22:18-27)

27ਤਦ ਸਦੂਕੀਆਂ ਵਿੱਚੋਂ ਜਿਹੜੇ ਆਖਦੇ ਹਨ ਕਿ ਮੁਰਦਿਆਂ ਦਾ ਜੀ ਉੱਠਣਾ ਹੈ ਹੀ ਨਹੀਂ, ਬਹੁਤ ਸਾਰੇ ਯਿਸੂ ਕੋਲ ਆਏ ਅਤੇ ਉਨ੍ਹਾਂ ਉਸ ਨੂੰ ਪੁੱਛਿਆ,28ਗੁਰੂ ਜੀ ਮੂਸਾ ਨੇ ਸਾਡੇ ਲਈ ਲਿਖਿਆ ਹੈ ਕਿ ਜੇ ਕਿਸੇ ਦਾ ਭਰਾ ਵਿਆਹ ਕਰ ਕੇ ਬੇ-ਔਲਾਦ ਮਰ ਜਾਵੇ ਤਾਂ ਉਸ ਦਾ ਭਰਾ ਉਸ ਦੀ ਪਤਨੀ ਨਾਲ ਵਿਆਹ ਕਰ ਲਵੇ ਅਤੇ ਆਪਣੇ ਭਰਾ ਲਈ ਵੰਸ਼ ਉਤਪੰਨ ਕਰੇ ।
29ਸੋ ਸੱਤ ਭਰਾ ਸਨ ਅਤੇ ਪਹਿਲਾ ਭਰਾ ਵਿਆਹ ਕਰ ਕੇ ਬੇ-ਔਲਾਦ ਮਰ ਗਿਆ ।30ਅਤੇ ਦੂਜੇ ਅਤੇ ਤੀਜੇ ਨੇ ਉਸ ਦੀ ਪਤਨੀ ਨੂੰ ਵਿਆਹ ਲਿਆ ।31ਅਤੇ ਇਸੇ ਤਰ੍ਹਾਂ ਸੱਤਾਂ ਦੇ ਸੱਤ ਬੇ-ਔਲਾਦ ਮਰ ਗਏ ।32ਇਸ ਪਿੱਛੋਂ ਉਹ ਔਰਤ ਵੀ ਮਰ ਗਈ ।33ਸੋ ਮੁਰਦਿਆਂ ਦੇ ਜੀ ਉੱਠਣ ਦੇ ਵੇਲੇ ਉਹ ਉਨ੍ਹਾਂ ਵਿੱਚੋਂ ਕਿਸ ਦੀ ਪਤਨੀ ਹੋਵੇਗੀ ਕਿਉਂ ਜੋ ਸੱਤਾਂ ਨੇ ਉਸ ਨੂੰ ਪਤਨੀ ਕਰ ਕੇ ਵਸਾਇਆ ਸੀ ?
34ਤਦ ਯਿਸੂ ਨੇ ਉਨ੍ਹਾਂ ਨੂੰ ਆਖਿਆ ਕਿ ਇਸ ਜੁੱਗ ਦੇ ਪੁੱਤਰ ਵਿਆਹ ਕਰਦੇ ਅਤੇ ਵਿਆਹੇ ਜਾਂਦੇ ਹਨ ।35ਪਰ ਉਹ ਜਿਹੜੇ ਉਸ ਜੁੱਗ ਅਤੇ ਮੁਰਦਿਆਂ ਵਿੱਚੋਂ ਜੀ ਉੱਠਣ ਸਮੇਂ ਉਨ੍ਹਾਂ ਵਿੱਚ ਸ਼ਾਮਲ ਹੋਣ ਦੇ ਲਾਇਕ ਗਿਣੇ ਜਾਂਦੇ, ਉਹ ਨਾ ਵਿਆਹ ਕਰਦੇ ਅਤੇ ਨਾ ਵਿਆਹੇ ਜਾਂਦੇ ਹਨ ।36ਕਿਉਂ ਜੋ ਉਹ ਦੁਬਾਰਾ ਮਰ ਵੀ ਨਹੀਂ ਸਕਦੇ ਇਸ ਲਈ ਜੋ ਦੂਤਾਂ ਦੇ ਸਮਾਨ ਹਨ ਅਤੇ ਜੀ ਉੱਠਣ ਦੇ ਪੁੱਤਰ ਹੋ ਕੇ ਪਰਮੇਸ਼ੁਰ ਦੇ ਪੁੱਤਰ ਹਨ ।
37ਪਰ ਇਸ ਗੱਲ ਨੂੰ ਕਿ ਮੁਰਦੇ ਜਿਵਾਲੇ ਜਾਂਦੇ ਹਨ, ਮੂਸਾ ਨੇ ਵੀ ਝਾੜੀ ਦੀ ਕਥਾ ਵਿੱਚ ਪਰਗਟ ਕੀਤਾ ਜਦੋਂ ਉਹ ਪਰਮੇਸ਼ੁਰ ਨੂੰ ਅਬਰਾਹਾਮ ਦਾ ਪਰਮੇਸ਼ੁਰ ਅਤੇ ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ਆਖਦਾ ਹੈ ।38ਪਰ ਉਹ ਮੁਰਦਿਆਂ ਦਾ ਨਹੀਂ ਸਗੋਂ ਜਿਉਂਦਿਆਂ ਦਾ ਪਰਮੇਸ਼ੁਰ ਹੈ ਕਿਉਂ ਜੋ ਉਸ ਦੇ ਲਈ ਸਭ ਜਿਉਂਦੇ ਹਨ ।
39ਤਦ ਉਪਦੇਸ਼ਕਾਂ ਵਿੱਚੋਂ ਕਿੰਨਿਆਂ ਨੇ ਅੱਗੋਂ ਆਖਿਆ, ਗੁਰੂ ਜੀ ਤੁਸੀਂ ਚੰਗਾ ਉੱਤਰ ਦਿੱਤਾ ਹੈ ।40ਤਦ ਉਨ੍ਹਾਂ ਦਾ ਹੌਂਸਲਾ ਨਾ ਪਿਆ ਜੋ ਫਿਰ ਉਸ ਤੋਂ ਕੁੱਝ ਪ੍ਰਸ਼ਨ ਪੁੱਛਣ ।
ਮਸੀਹ ਕਿਸ ਦਾ ਪੁੱਤਰ ਹੈ ?
(ਮੱਤੀ 22:41-46, ਮਰਕੁਸ 12:35-37)

41ਉਸ ਨੇ ਉਨ੍ਹਾਂ ਨੂੰ ਆਖਿਆ ਕਿ ਮਸੀਹ ਨੂੰ ਦਾਊਦ ਦਾ ਪੁੱਤਰ ਕਿਉਂ ਆਖਦੇ ਹਨ ?42ਕਿਉਂ ਜੋ ਦਾਊਦ ਜ਼ਬੂਰ ਦੀ ਪੁਸਤਕ ਵਿੱਚ ਆਪੇ ਕਹਿੰਦਾ ਹੈ, ਜੋ ਪ੍ਰਭੂ ਨੇ ਮੇਰੇ ਪ੍ਰਭੂ ਨੂੰ ਆਖਿਆ, ਤੂੰ ਮੇਰੇ ਸੱਜੇ ਹੱਥ ਬੈਠ,43ਜਦ ਤੱਕ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰ ਰੱਖਣ ਦੀ ਚੌਂਕੀ ਨਾ ਕਰ ਦੇਵਾਂ ।44ਸੋ ਦਾਊਦ ਉਸ ਨੂੰ ਪ੍ਰਭੂ ਕਹਿੰਦਾ ਹੈ, ਫਿਰ ਉਹ ਉਸ ਦਾ ਪੁੱਤਰ ਕਿਵੇਂ ਹੋਇਆ ? ।
ਉਪਦੇਸ਼ਕਾਂ ਤੋਂ ਸਾਵਧਾਨ
(ਮੱਤੀ 23:1-36, ਮਰਕੁਸ 12:38-40)

45ਜਦ ਸਭ ਲੋਕ ਸੁਣ ਰਹੇ ਸਨ ਤਾਂ ਉਸ ਨੇ ਆਪਣਿਆਂ ਚੇਲਿਆਂ ਨੂੰ ਆਖਿਆ,46ਉਪਦੇਸ਼ਕਾਂ ਤੋਂ ਸਾਵਧਾਨ ਰਹੋ ਜਿਹੜੇ ਲੰਮੇ ਬਸਤਰ ਪਹਿਨੇ ਫਿਰਨਾ ਪਸੰਦ ਕਰਦੇ ਅਤੇ ਬਜ਼ਾਰਾਂ ਵਿੱਚ ਸਲਾਮ ਲੈਣ ਅਤੇ ਪ੍ਰਾਰਥਨਾ ਘਰਾਂ ਵਿੱਚ ਅਗਲੀਆਂ ਕੁਰਸੀਆਂ ਅਤੇ ਦਾਵਤਾਂ ਵਿੱਚ ਉੱਚੀਆਂ ਥਾਵਾਂ ਨੂੰ ਭਾਲਦੇ ਹੋ ।47ਉਹ ਵਿਧਵਾਵਾਂ ਦੇ ਘਰਾਂ ਨੂੰ ਖਾ ਜਾਂਦੇ ਹਨ, ਅਤੇ ਵਿਖਾਵੇ ਲਈ ਲੰਮੀਆਂ ਪ੍ਰਾਰਥਨਾ ਕਰਦੇ ਹਨ, ਉਨ੍ਹਾਂ ਨੂੰ ਵਧੇਰੇ ਸਜ਼ਾ ਮਿਲੇਗੀ l

21
ਕੰਗਾਲ ਵਿਧਵਾ ਦਾ ਦਾਨ
(ਮਰਕੁਸ 12:41-44)

1ਯਿਸੂ ਨੇ ਅੱਖੀਆਂ ਚੁੱਕ ਕੇ ਧਨਵਾਨਾਂ ਨੂੰ ਆਪਣੇ ਚੰਦੇ ਦਾਨ ਪਾਤਰ ਵਿੱਚ ਪਾਉਂਦਿਆਂ ਵੇਖਿਆ ।2ਅਤੇ ਉਸ ਨੇ ਇੱਕ ਕੰਗਾਲ ਵਿਧਵਾ ਨੂੰ ਵੀ ਵੇਖਿਆ ਜਿਸ ਨੇ ਕੇਵਲ ਦੋ ਦਮੜੀਆਂ ਪਾਈਆਂ ।3ਤਾਂ ਉਸ ਨੇ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਇਸ ਕੰਗਾਲ ਵਿਧਵਾ ਨੇ ਉਨ੍ਹਾਂ ਸਭ ਨਾਲੋਂ ਜ਼ਿਆਦਾ ਪਾਇਆ ਹੈ ।4ਕਿਉਂ ਜੋ ਉਨ੍ਹਾਂ ਸਭਨਾਂ ਨੇ ਆਪਣੇ ਬਹੁਤੇ ਮਾਲ ਵਿੱਚੋਂ ਕੁੱਝ ਦਾਨ ਪਾਇਆ ਪਰ ਇਸ ਨੇ ਆਪਣੀ ਥੁੜ ਵਿੱਚੋਂ ਸਾਰੀ ਪੂੰਜੀ ਪਾ ਦਿੱਤੀ ।

ਹੈਕਲ ਦੇ ਵਿਨਾਸ਼ ਦੀ ਭਵਿੱਖਬਾਣੀ
(ਮੱਤੀ 24:1-2, ਮਰਕੁਸ 13:1, 2)

5ਜਦ ਬਹੁਤ ਲੋਕ ਹੈਕਲ ਦੇ ਬਾਰੇ ਗੱਲਾਂ ਕਰਦੇ ਸਨ ਜੋ ਉਹ ਸੋਹਣੇ ਪੱਥਰਾਂ ਅਤੇ ਭੇਟਾਂ ਨਾਲ ਕਿਹੋ ਜਿਹੀ ਸੁਆਰੀ ਹੋਈ ਹੈ ਤਾਂ ਉਸ ਨੇ ਆਖਿਆ ।6ਜੋ ਇਹ ਚੀਜ਼ਾਂ ਜਿਹੜੀਆਂ ਤੁਸੀਂ ਵੇਖਦੇ ਹੋ ਉਹ ਦਿਨ ਆਉਣਗੇ ਜਿਨ੍ਹਾਂ ਵਿੱਚ ਇੱਥੇ ਪੱਥਰ ਉੱਤੇ ਪੱਥਰ ਨਾ ਛੱਡਿਆ ਜਾਵੇਗਾ ਜਿਹੜਾ ਡੇਗਿਆ ਨਾ ਜਾਵੇਗਾ ।
ਸੰਕਟ ਅਤੇ ਕਲੇਸ਼
(ਮੱਤੀ 24:3-14, ਮਰਕੁਸ 13:3-13)

7ਅੱਗੋਂ ਉਨ੍ਹਾਂ ਨੇ ਯਿਸੂ ਤੋਂ ਪੁੱਛਿਆ, ਫਿਰ ਗੁਰੂ ਜੀ, ਇਹ ਗੱਲਾਂ ਕਦੋਂ ਹੋਣਗੀਆਂ ਅਤੇ ਉਸ ਸਮੇਂ ਦਾ ਕੀ ਚਿੰਨ੍ਹ ਹੈ, ਜਦ ਇਹ ਗੱਲਾਂ ਹੋਣ ਲੱਗਣਗੀਆਂ ?8ਤਾਂ ਉਸ ਨੇ ਆਖਿਆ, ਚੌਕਸ ਰਹੋ ਜੋ ਤੁਸੀਂ ਕਿਤੇ ਭੁਲੇਖੇ ਵਿੱਚ ਨਾ ਪਓ ਕਿਉਂ ਜੋ ਮੇਰਾ ਨਾਮ ਲੈ ਕੇ ਬਥੇਰੇ ਇਹ ਕਹਿੰਦੇ ਆਉਣਗੇ ਜੋ 'ਮੈਂ ਉਹੋ ਹਾਂ' ਅਤੇ 'ਉਹ ਸਮਾਂ ਨੇੜੇ ਹੈ' । ਉਨ੍ਹਾਂ ਦੇ ਮਗਰ ਨਾ ਲੱਗਣਾ ।9ਪਰ ਜਦ ਤੁਸੀਂ ਲੜਾਈਆਂ ਅਤੇ ਹੱਲੇ ਗੁੱਲੇ ਦੀਆਂ ਖ਼ਬਰਾਂ ਸੁਣੋ ਤਾਂ ਘਬਰਾ ਨਾ ਜਾਣਾ ਕਿਉਂ ਜੋ ਇਹ ਗੱਲਾਂ ਤਾਂ ਪਹਿਲਾਂ ਹੋਣੀਆਂ ਹੀ ਹਨ ਪਰ ਅੰਤ ਉਸ ਸਮੇਂ ਨਹੀਂ ।
10ਤਦ ਉਸ ਨੇ ਉਹਨਾਂ ਨੂੰ ਕਿਹਾ, ਕੌਮ-ਕੌਮ ਉੱਤੇ ਅਤੇ ਪਾਤਸ਼ਾਹੀ ਪਾਤਸ਼ਾਹੀ ਉੱਤੇ ਚੜ੍ਹਾਈ ਕਰੇਗੀ ।

11ਅਤੇ ਥਾਂ-ਥਾਂ ਕਾਲ ਅਤੇ ਵੱਡੇ ਭੂਚਾਲ ਅਤੇ ਮਹਾਂਮਾਰੀਆਂ ਪੈਣਗੀਆਂ ਅਤੇ ਭਿਆਨਕ ਚੀਜ਼ਾਂ ਅਤੇ ਵੱਡੀਆਂ ਨਿਸ਼ਾਨੀਆਂ ਅਕਾਸ਼ੋਂ ਪਰਗਟ ਹੋਣਗੀਆਂ ।
12ਪਰ ਇਨ੍ਹਾਂ ਸਾਰੀਆਂ ਗੱਲਾਂ ਤੋਂ ਪਹਿਲਾਂ ਲੋਕ ਤੁਹਾਡੇ ਉੱਤੇ ਹੱਥ ਪਾਉਣਗੇ ਅਤੇ ਤੁਹਾਨੂੰ ਸਤਾਉਣਗੇ ਅਤੇ ਪ੍ਰਾਰਥਨਾ ਘਰਾਂ ਅਤੇ ਕੈਦਖ਼ਾਨਿਆਂ ਵਿੱਚ ਫੜਵਾ ਦੇਣਗੇ ਅਤੇ ਮੇਰੇ ਨਾਮ ਦੇ ਕਾਰਨ ਰਾਜਿਆਂ ਅਤੇ ਹਾਕਮਾਂ ਦੇ ਸਾਹਮਣੇ ਲੈ ਜਾਣਗੇ ।13ਇਹ ਤੁਹਾਡੇ ਲਈ ਗਵਾਹੀ ਦੇਣ ਦਾ ਮੌਕਾ ਹੋਵੇਗਾ ।
14ਇਸ ਲਈ ਆਪਣੇ ਮਨ ਵਿੱਚ ਠਾਣ ਲਵੋ ਜੋ ਅਸੀਂ ਉੱਤਰ ਦੇਣ ਲਈ ਪਹਿਲਾਂ ਤੋਂ ਚਿੰਤਾ ਨਾ ਕਰਾਂਗੇ ।15ਕਿਉਂ ਜੋ ਮੈਂ ਤੁਹਾਨੂੰ ਇਹੋ ਜਿਹੇ ਬੋਲ ਅਤੇ ਬੁੱਧ ਦਿਆਂਗਾ ਜਿਸ ਦਾ ਤੁਹਾਡੇ ਸਾਰੇ ਵਿਰੋਧੀ ਸਾਹਮਣਾ ਜਾ ਵਿਰੋਧ ਨਾ ਕਰ ਸਕਣਗੇ ।
16ਅਤੇ ਤੁਹਾਡੇ ਮਾਂ ਪਿਉ ਅਤੇ ਭਾਈ ਅਤੇ ਰਿਸ਼ਤੇਦਾਰ ਅਤੇ ਮਿੱਤਰ ਵੀ ਤੁਹਾਨੂੰ ਫੜਵਾਉਣਗੇ ਅਤੇ ਤੁਹਾਡੇ ਵਿੱਚੋਂ ਕਿੰਨਿਆਂ ਨੂੰ ਮਰਵਾ ਦੇਣਗੇ ।17ਅਤੇ ਮੇਰੇ ਨਾਮ ਕਾਰਨ ਸਭ ਲੋਕ ਤੁਹਾਡੇ ਨਾਲ ਵੈਰ ਰੱਖਣਗੇ ।18ਪਰ ਤੁਹਾਡੇ ਸਿਰ ਦਾ ਇੱਕ ਵੀ ਵਾਲ਼ ਵਿੰਗਾ ਨਾ ਹੋਵੇਗਾ19ਆਪਣੇ ਧੀਰਜ ਨਾਲ ਤੁਸੀਂ ਆਪਣੀਆਂ ਜਾਨਾਂ ਨੂੰ ਬਚਾਓਗੇ ।
ਯਰੂਸ਼ਲਮ ਦੇ ਵਿਨਾਸ਼ ਦੀ ਭਵਿੱਖਬਾਣੀ
(ਮੱਤੀ 24:15-21, ਮਰਕੁਸ 13:14-19)

20ਜਦ ਤੁਸੀਂ ਯਰੂਸ਼ਲਮ ਨੂੰ ਫ਼ੌਜਾਂ ਨਾਲ ਘੇਰਿਆ ਹੋਇਆ ਵੇਖੋ ਤਾਂ ਜਾਣੋ ਉਸ ਦੀ ਬਰਬਾਦੀ ਨੇੜੇ ਆ ਪਹੁੰਚੀ ਹੈ ।21ਤਦ ਉਹ ਜਿਹੜੇ ਯਹੂਦਿਯਾ ਵਿੱਚ ਹੋਣ ਪਹਾੜਾਂ ਵੱਲ ਭੱਜ ਜਾਣ ਅਤੇ ਉਹ ਜਿਹੜੇ ਉਸ ਦੇ ਵਿੱਚ ਹੋਣ ਸੋ ਨਿੱਕਲ ਜਾਣ ਅਤੇ ਜਿਹੜੇ ਖੇਤਾਂ ਵਿੱਚ ਹੋਣ ਉਸ ਦੇ ਅੰਦਰ ਨਾ ਵੜਨ ।22ਕਿਉਂ ਜੋ ਇਹ ਬਦਲਾ ਲੈਣ ਦੇ ਦਿਨ ਹਨ, ਇਸ ਲਈ ਜੋ ਸਭ ਲਿਖੀਆਂ ਹੋਈਆਂ ਗੱਲਾਂ ਪੂਰੀਆਂ ਹੋਣ ।
23ਅਫ਼ਸੋਸ ਉਨ੍ਹਾਂ ਉੱਤੇ ਜਿਹੜੀਆਂ ਉਨ੍ਹਾਂ ਦਿਨਾਂ ਵਿੱਚ ਗਰਭਵਤੀਆਂ ਅਤੇ ਦੁੱਧ ਚੁੰਘਾਉਣ ਵਾਲੀਆਂ ਹੋਣ ਕਿਉਂ ਜੋ ਧਰਤੀ ਉੱਤੇ ਵੱਡਾ ਕਲੇਸ਼ ਅਤੇ ਇਸ ਪਰਜਾ ਉੱਤੇ ਕ੍ਰੋਧ ਹੋਵੇਗਾ ।24ਉਹ ਤਲਵਾਰ ਦੀ ਧਾਰ ਨਾਲ ਮਾਰੇ ਜਾਣਗੇ ਅਤੇ ਗੁਲਾਮ ਹੋ ਕੇ ਸਭ ਕੌਮਾਂ ਵਿੱਚ ਪੁਚਾਏ ਜਾਣਗੇ ਅਤੇ ਯਰੂਸ਼ਲਮ ਪਰਾਈਆਂ ਕੌਮਾਂ ਤੋਂ ਲਤਾੜਿਆ ਜਾਵੇਗਾ ਜਦ ਤੱਕ ਪਰਾਈਆਂ ਕੌਮਾਂ ਦੇ ਸਮੇਂ ਪੂਰੇ ਨਾ ਹੋਣ ।
ਮਨੁੱਖ ਦੇ ਪੁੱਤਰ ਦਾ ਦੁਬਾਰਾ ਆਉਣਾ
(ਮੱਤੀ 24:29-31, ਮਰਕੁਸ 13:14-27)

25ਸੂਰਜ, ਚੰਦ ਅਤੇ ਤਾਰਿਆਂ ਵਿੱਚ ਨਿਸ਼ਾਨੀਆਂ ਹੋਣਗੀਆਂ ਅਤੇ ਧਰਤੀ ਉੱਤੇ ਸਮੁੰਦਰ ਅਤੇ ਉਸ ਦੀਆਂ ਲਹਿਰਾਂ ਦੇ ਗਰਜਣ ਦੇ ਕਾਰਨ ਕੌਮਾਂ ਨੂੰ ਕਸ਼ਟ ਅਤੇ ਘਬਰਾਹਟ ਹੋਵੇਗੀ ।26ਅਤੇ ਡਰ ਦੇ ਮਾਰੇ ਅਤੇ ਉਨ੍ਹਾਂ ਗੱਲਾਂ ਦੇ ਇੰਤਜ਼ਾਰ ਤੋਂ ਜੋ ਦੁਨੀਆਂ ਉੱਤੇ ਆਉਣ ਵਾਲੀਆਂ ਹਨ ਲੋਕਾਂ ਦੇ ਦਿਲ ਡੋਲ ਜਾਣਗੇ ਕਿਉਂ ਜੋ ਅਕਾਸ਼ ਦੀਆਂ ਸ਼ਕਤੀਆਂ ਹਿਲਾਈਆਂ ਜਾਣਗੀਆਂ ।
27ਤਦ ਲੋਕ ਮਨੁੱਖ ਦੇ ਪੁੱਤਰ ਨੂੰ ਵੱਡੀ ਸਮਰੱਥਾ ਅਤੇ ਮਹਿਮਾ ਨਾਲ ਬੱਦਲਾਂ ਉੱਤੇ ਆਉਂਦਿਆਂ ਵੇਖਣਗੇ ।28ਜਦ ਇਹ ਗੱਲਾਂ ਪੂਰੀਆਂ ਹੋਣ ਲੱਗਣ ਤਾਂ ਆਪਣੇ ਸਿਰ ਉੱਪਰ ਉੱਠਾਓ, ਇਸ ਲਈ ਜੋ ਤੁਹਾਡਾ ਛੁਟਕਾਰਾ ਨੇੜੇ ਆਇਆ ਹੈ ।
ਹੰਜ਼ੀਰ ਦੇ ਰੁੱਖ ਦਾ ਉਦਾਹਰਣ
(ਮੱਤੀ 24:32-35, ਮਰਕੁਸ 13:28-31)

29ਉਸ ਨੇ ਉਨ੍ਹਾਂ ਨੂੰ ਇੱਕ ਦ੍ਰਿਸ਼ਟਾਂਤ ਦਿੱਤਾ ਕਿ ਹੰਜ਼ੀਰ ਦੇ ਰੁੱਖ ਨੂੰ ਅਤੇ ਸਾਰਿਆਂ ਰੁੱਖਾਂ ਨੂੰ ਵੇਖੋ ।30ਜਦ ਉਨ੍ਹਾਂ ਦੇ ਪੱਤੇ ਨਿੱਕਲਦੇ ਹਨ ਤਾਂ ਤੁਸੀਂ ਵੇਖ ਕੇ ਆਪੇ ਜਾਣ ਲੈਂਦੇ ਹੋ ਜੋ ਹੁਣ ਗਰਮੀ ਦੀ ਰੁੱਤ ਨੇੜੇ ਹੈ ।31ਇਸੇ ਪ੍ਰਕਾਰ ਹੀ ਜਦ ਤੁਸੀਂ ਵੇਖੋ ਜੋ ਇਹ ਗੱਲਾਂ ਹੁੰਦੀਆਂ ਹਨ ਤਾਂ ਜਾਣੋ ਜੋ ਪਰਮੇਸ਼ੁਰ ਦਾ ਰਾਜ ਨੇੜੇ ਹੈ ।
32ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਦ ਤੱਕ ਸਭ ਗੱਲਾਂ ਨਾ ਹੋ ਜਾਣ ਇਸ ਪੀੜ੍ਹੀ ਦਾ ਅੰਤ ਨਾ ਹੋਵੇਗਾ ।33ਅਕਾਸ਼ ਅਤੇ ਧਰਤੀ ਟਲ ਜਾਣਗੇ, ਪਰ ਮੇਰੇ ਬਚਨ ਕਦੀ ਨਾ ਟਲਣਗੇ ।
ਜਾਗਦੇ ਰਹੋ
(ਮੱਤੀ 24:36-44, ਮਰਕੁਸ 13:32-37)

34ਖ਼ਬਰਦਾਰ ਰਹੋ ਜੋ ਹੱਦ ਤੋਂ ਵੱਧ ਖਾਣ-ਪੀਣ ਅਤੇ ਮਤਵਾਲੇ ਹੋਣ ਨਾਲ ਅਤੇ ਸੰਸਾਰ ਦੀਆਂ ਚਿੰਤਾ ਦੇ ਕਾਰਨ ਤੁਹਾਡੇ ਮਨ ਕਿਤੇ ਸੁਸਤ ਨਾ ਹੋ ਜਾਣ ਅਤੇ ਉਹ ਦਿਨ ਫੰਦੇ ਵਾਂਗੂੰ ਤੁਹਾਡੇ ਉੱਤੇ ਅਚਾਨਕ ਆ ਪਵੇ !35ਕਿਉਂ ਜੋ ਉਹ ਸਾਰੀ ਧਰਤੀ ਦੇ ਸਭ ਵਸਨੀਕਾਂ ਉੱਤੇ ਆਵੇਗਾ ।
36ਪਰ ਪ੍ਰਾਰਥਨਾ ਕਰਦਿਆਂ ਹਰ ਸਮੇਂ ਜਾਗਦੇ ਰਹੋ, ਜੋ ਤੁਸੀਂ ਉਨ੍ਹਾਂ ਸਭ ਗੱਲਾਂ ਤੋਂ ਜਿਹੜੀਆਂ ਹੋਣ ਵਾਲੀਆਂ ਹਨ, ਬਚ ਸਕੋ ਅਤੇ ਮਨੁੱਖ ਦੇ ਪੁੱਤਰ ਦੇ ਸਾਹਮਣੇ ਖੜ੍ਹੇ ਹੋ ਸਕੋ ।

37ਉਹ ਦਿਨ ਦੇ ਸਮੇਂ ਹੈਕਲ ਵਿੱਚ ਉਪਦੇਸ਼ ਕਰਦਾ ਅਤੇ ਰਾਤ ਨੂੰ ਬਾਹਰ ਜਾ ਕੇ ਜੈਤੂਨ ਦੇ ਪਹਾੜ ਉੱਤੇ ਟਿਕਦਾ ਹੁੰਦਾ ਸੀ ।38ਅਤੇ ਸਭ ਲੋਕ ਉਸ ਦਾ ਉਪਦੇਸ਼ ਸੁਣਨ ਲਈ ਹੈਕਲ ਵਿੱਚ ਤੜਕੇ ਉਸ ਦੇ ਕੋਲ ਆਉਂਦੇ ਸਨ ।

22
ਯਿਸੂ ਦੇ ਵਿਰੁੱਧ ਸਾਜਿਸ਼
(ਮੱਤੀ 26:1-5, ਮਰਕੁਸ 14:1, 2 ਯੂਹੰਨਾ 11:45-53)

1ਅਖ਼ਮੀਰੀ ਰੋਟੀ ਦਾ ਤਿਉਹਾਰ ਜਿਸ ਨੂੰ ਪਸਾਹ ਕਹਿੰਦੇ ਹਨ ਨੇੜੇ ਆ ਪੁੱਜਿਆ ।2ਅਤੇ ਮੁੱਖ ਜਾਜਕ ਅਤੇ ਉਪਦੇਸ਼ਕ ਇਸ ਗੱਲ ਦੇ ਪਿੱਛੇ ਲੱਗੇ ਕਿ ਯਿਸੂ ਉਸ ਨੂੰ ਕਿਵੇਂ ਜਾਨੋਂ ਮਾਰੀਏ ? ਕਿਉਂ ਜੋ ਉਹ ਲੋਕਾਂ ਤੋਂ ਡਰਦੇ ਸਨ ।

ਯਹੂਦਾ ਦਾ ਵਿਸ਼ਵਾਸਘਾਤ
(ਮੱਤੀ 26:14-16, ਮਰਕੁਸ 14:10, 11)

3ਤਦ ਸ਼ੈਤਾਨ ਯਹੂਦਾ ਵਿੱਚ ਸਮਾਇਆ, ਜਿਹੜਾ ਇਸਕਰਿਯੋਤੀ ਕਰਕੇ ਅਖਵਾਉਂਦਾ ਹੈ ਅਤੇ ਉਹ ਉਨ੍ਹਾਂ ਬਾਰਾਂ ਰਸੂਲਾਂ ਵਿੱਚੋਂ ਇੱਕ ਸੀ ।4ਅਤੇ ਉਸ ਨੇ ਜਾ ਕੇ ਮੁੱਖ ਜਾਜਕਾਂ ਅਤੇ ਸਰਦਾਰਾਂ ਦੇ ਨਾਲ ਯੋਜਨਾ ਬਣਾਈ ਜੋ ਯਿਸੂ ਨੂੰ ਉਨ੍ਹਾਂ ਦੇ ਹੱਥ ਕਿਸ ਤਰ੍ਹਾਂ ਫੜ੍ਹਵਾ ਦੇਵੇ ।
5ਉਹ ਬਹੁਤ ਖੁਸ਼ ਹੋਏ ਅਤੇ ਰੁਪਏ ਦੇਣ ਦਾ ਉਸ ਨਾਲ ਵਾਇਦਾ ਕੀਤਾ ।6ਉਸ ਨੇ ਮੰਨ ਲਿਆ ਅਤੇ ਮੌਕਾ ਲੱਭਦਾ ਸੀ ਜੋ ਉਸ ਨੂੰ ਭੀੜ ਦੇ ਨਾ ਹੁੰਦਿਆਂ ਉਨ੍ਹਾਂ ਦੇ ਹੱਥ ਫੜ੍ਹਵਾਏ ।
ਚੇਲਿਆਂ ਦੇ ਨਾਲ ਪਸਾਹ ਦਾ ਆਖਰੀ ਭੋਜ
(ਮੱਤੀ 26:17-25, ਮਰਕੁਸ 14:12-21, ਯੂਹੰਨਾ 13:21-30)

7ਅਖ਼ਮੀਰੀ ਰੋਟੀ ਦਾ ਦਿਨ ਆਇਆ ਜਿਸ ਵਿੱਚ ਪਸਾਹ ਦੇ ਲਈ ਬਲੀਦਾਨ ਕਰਨਾ ਸੀ ।8ਅਤੇ ਯਿਸੂ ਨੇ ਪਤਰਸ ਅਤੇ ਯੂਹੰਨਾ ਨੂੰ ਇਹ ਕਹਿ ਕੇ ਭੇਜਿਆ ਕਿ ਜਾ ਕੇ ਸਾਡੇ ਲਈ ਪਸਾਹ ਤਿਆਰ ਕਰੋ ਤਾਂ ਜੋ ਅਸੀਂ ਖਾਈਏ ।9ਉਨ੍ਹਾਂ ਨੇ ਉਸ ਨੂੰ ਪੁੱਛਿਆ, ਤੁਸੀਂ ਕਿੱਥੇ ਚਾਹੁੰਦੇ ਹੋ ਜੋ ਅਸੀਂ ਤਿਆਰ ਕਰੀਏ ?
10ਉਸ ਨੇ ਉਨ੍ਹਾਂ ਨੂੰ ਆਖਿਆ, ਵੇਖੋ, ਜਦ ਤੁਸੀਂ ਸ਼ਹਿਰ ਵਿੱਚ ਵੜੋਂਗੇ ਤਾਂ ਇੱਕ ਆਦਮੀ ਪਾਣੀ ਦਾ ਘੜਾ ਚੁੱਕਿਆ ਤੁਹਾਨੂੰ ਮਿਲੇਗਾ । ਉਹ ਜਿਸ ਘਰ ਵਿੱਚ ਜਾਵੇ ਉਸ ਦੇ ਮਗਰ ਜਾਇਓ ।11ਅਤੇ ਘਰ ਦੇ ਮਾਲਕ ਨੂੰ ਆਖਣਾ ਜੋ ਗੁਰੂ ਤੈਨੂੰ ਆਖਦਾ ਹੈ, ਉਸ ਦੇ ਠਹਿਰਣ ਦਾ ਸਥਾਨ ਕਿੱਥੇ ਹੈ, ਜਿੱਥੇ ਮੈਂ ਆਪਣੇ ਚੇਲਿਆਂ ਸਮੇਤ ਪਸਾਹ ਖਾਵਾਂ ?
12ਉਹ ਤੁਹਾਨੂੰ ਇੱਕ ਵੱਡਾ ਚੁਬਾਰਾ ਸਜਾਇਆ ਹੋਇਆ ਵਿਖਾਵੇਗਾ । ਉੱਥੇ ਜਾ ਕੇ ਤੁਸੀਂ ਤਿਆਰੀ ਕਰੋ ।13ਸੋ ਉਨ੍ਹਾਂ ਜਾ ਕੇ ਜਿਸ ਪ੍ਰਕਾਰ ਯਿਸੂ ਨੇ ਉਨ੍ਹਾਂ ਨੂੰ ਦੱਸਿਆ ਸੀ, ਉਹੋ ਜਿਹਾ ਵੇਖਿਆ ਅਤੇ ਪਸਾਹ ਤਿਆਰ ਕੀਤਾ ।
ਪ੍ਰਭੂ ਭੋਜ
(ਮੱਤੀ 26:26-30, ਮਰਕੁਸ 14:22-26, 1 ਕੁਰਿੰਥੀਆਂ 11:23-25)

14ਜਦ ਉਹ ਘੜੀ ਆ ਪਹੁੰਚੀ ਤਾਂ ਯਿਸੂ ਰਸੂਲਾਂ ਨਾਲ ਭੋਜਨ ਖਾਣ ਬੈਠਾ ।15ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ ਕਿ ਮੇਰੀ ਵੱਡੀ ਇੱਛਾ ਸੀ ਜੋ ਆਪਣੇ ਕਸ਼ਟ ਭੋਗਣ ਤੋਂ ਪਹਿਲਾਂ ਇਹ ਪਸਾਹ ਤੁਹਾਡੇ ਨਾਲ ਖਾਵਾਂ ।16ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਜਦ ਤੱਕ ਇਹ ਪਰਮੇਸ਼ੁਰ ਦੇ ਰਾਜ ਵਿੱਚ ਸੰਪੂਰਨ ਨਾ ਹੋਵੇ ਮੈਂ ਇਸ ਨੂੰ ਨਾ ਖਾਵਾਂਗਾ ।
17ਉਸ ਨੇ ਪਿਆਲਾ ਲਿਆ ਅਤੇ ਧੰਨਵਾਦ ਕਰ ਕੇ ਆਖਿਆ, ਇਸ ਨੂੰ ਲੈ ਕੇ ਆਪਸ ਵਿੱਚ ਵੰਡ ਲਉ ।18ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਜੋ ਇਸ ਤੋਂ ਬਾਅਦ ਮੈਂ ਦਾਖ਼ਰਸ ਕਦੇ ਨਾ ਪੀਵਾਂਗਾ ਜਦ ਤੱਕ ਪਰਮੇਸ਼ੁਰ ਦਾ ਰਾਜ ਨਾ ਆਵੇ ।
19ਤਾਂ ਉਸ ਨੇ ਰੋਟੀ ਲਈ ਅਤੇ ਧੰਨਵਾਦ ਕਰ ਕੇ ਤੋੜੀ ਅਤੇ ਇਹ ਕਹਿ ਕੇ ਉਨ੍ਹਾਂ ਨੂੰ ਦਿੱਤੀ ਕਿ ਇਹ ਮੇਰਾ ਸਰੀਰ ਹੈ ਜੋ ਤੁਹਾਡੇ ਬਦਲੇ ਦਿੱਤਾ ਜਾਂਦਾ ਹੈ, ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ ।20ਅਤੇ ਖਾਣ ਦੇ ਬਾਅਦ ਇਸੇ ਤਰ੍ਹਾਂ ਉਸ ਨੇ ਪਿਆਲਾ ਦੇ ਕੇ ਕਿਹਾ ਕਿ ਇਹ ਪਿਆਲਾ ਮੇਰੇ ਲਹੂ ਵਿੱਚ ਜੋ ਤੁਹਾਡੇ ਲਈ ਵਹਾਇਆ ਜਾਂਦਾ ਹੈ, ਨਵਾਂ ਨੇਮ ਹੈ ।
21ਪਰ ਵੇਖੋ ਮੇਰੇ ਫੜਵਾਉਣ ਵਾਲੇ ਦਾ ਹੱਥ ਮੇਰੇ ਨਾਲ ਮੇਜ਼ ਉੱਤੇ ਹੈ ।22ਕਿਉਂ ਜੋ ਮਨੁੱਖ ਦਾ ਪੁੱਤਰ ਤਾਂ ਜਾਂਦਾ ਹੈ, ਜਿਵੇਂ ਠਹਿਰਾਇਆ ਹੋਇਆ ਹੈ ਪਰ ਅਫ਼ਸੋਸ ਉਸ ਮਨੁੱਖ ਉੱਤੇ ਜਿਸ ਦੇ ਰਾਹੀਂ ਉਹ ਫੜ੍ਹਵਾਇਆ ਜਾਂਦਾ ਹੈ !23ਤਦ ਉਹ ਆਪਸ ਵਿੱਚ ਪੁੱਛਣ ਲੱਗੇ ਕਿ ਸਾਡੇ ਵਿੱਚੋਂ ਉਹ ਕੌਣ ਹੈ ਜੋ ਇਹ ਕੰਮ ਕਰੇਗਾ ।
ਵੱਡਾ ਕੌਣ ਹੈ, ਵਿਖੇ ਵਿਵਾਦ

24ਉਨ੍ਹਾਂ ਵਿੱਚ ਇਹ ਬਹਿਸ ਵੀ ਹੋਈ ਜੋ ਸਾਡੇ ਵਿੱਚੋਂ ਕੌਣ ਵੱਡਾ ਸਮਝਿਆ ਜਾਂਦਾ ਹੈ ?25ਪਰ ਯਿਸੂ ਨੇ ਉਨ੍ਹਾਂ ਨੂੰ ਆਖਿਆ ਕਿ ਪਰਾਈਆਂ ਕੌਮਾਂ ਦੇ ਰਾਜੇ ਉਨ੍ਹਾਂ ਉੱਤੇ ਹੁਕਮ ਚਲਾਉਂਦੇ ਹਨ ਅਤੇ ਜਿਹੜੇ ਉਨ੍ਹਾਂ ਉੱਤੇ ਅਧਿਕਾਰ ਰੱਖਦੇ ਹਨ ਸੋ ਮਦਦਗਾਰ ਅਖਵਾਉਂਦੇ ਹਨ ।
26ਪਰ ਤੁਸੀਂ ਇਹੋ ਜਿਹੇ ਨਾ ਹੋਵੋ,ਸਗੋਂ ਤੁਹਾਡੇ ਵਿੱਚ ਜਿਹੜਾ ਵੱਡਾ ਹੈ ਉਹ ਛੋਟੇ ਵਰਗਾ ਅਤੇ ਜਿਹੜਾ ਸਰਦਾਰ ਹੈ ਉਹ ਸੇਵਕ ਵਰਗਾ ਬਣੇ ।27ਕਿਉਂਕਿ ਵੱਡਾ ਕੌਣ ਹੈ, ਉਹ ਜਿਹੜਾ ਖਾਣ ਬੈਠਦਾ ਹੈ ਜਾਂ ਉਹ ਜਿਹੜਾ ਸੇਵਾ ਕਰਦਾ ਹੈ ? ਭਲਾ, ਉਹ ਨਹੀਂ ਜਿਹੜਾ ਖਾਣ ਨੂੰ ਬੈਠਦਾ ਹੈ ? ਪਰ ਮੈਂ ਤੁਹਾਡੇ ਵਿੱਚ ਸੇਵਕ ਵਰਗਾ ਹਾਂ ।
28ਅਤੇ ਤੁਸੀਂ ਉਹੋ ਹੀ ਹੋ ਜੋ ਮੇਰੇ ਪਰਤਾਵਿਆਂ ਵਿੱਚ ਸਦਾ ਮੇਰੇ ਨਾਲ ਰਹੇ ।29ਜਿਸ ਤਰ੍ਹਾਂ ਮੇਰੇ ਪਿਤਾ ਨੇ ਮੇਰੇ ਲਈ ਇੱਕ ਰਾਜ ਠਹਿਰਾਇਆ ਹੈ, ਉਸੇ ਤਰ੍ਹਾਂ ਮੈਂ ਤੁਹਾਡੇ ਲਈ ਠਹਿਰਾਉਂਦਾ ਹਾਂ ।30ਤਾਂ ਜੋ ਤੁਸੀਂ ਮੇਰੇ ਰਾਜ ਵਿੱਚ ਮੇਰੀ ਮੇਜ਼ ਉੱਤੇ ਭੋਜਨ ਕਰੋ ਅਤੇ ਤੁਸੀਂ ਸਿੰਘਾਸਣਾਂ ਤੇ ਬੈਠ ਕੇ ਇਸਰਾਏਲ ਦੀਆਂ ਬਾਰਾਂ ਗੋਤਾਂ ਦਾ ਨਿਆਂ ਕਰੋਗੇ ।
ਪਤਰਸ ਦੇ ਇਨਕਾਰ ਦੀ ਭਵਿੱਖਬਾਣੀ
(ਮੱਤੀ 26:31-35, ਮਰਕੁਸ 14:27-31, ਯੂਹੰਨਾ 13:26-38)

31ਹੇ ਸ਼ਮਊਨ, ਸ਼ਮਊਨ ! ਵੇਖ, ਸ਼ੈਤਾਨ ਨੇ ਤੈਨੂੰ ਮੰਗਿਆ ਹੈ, ਜੋ ਕਣਕ ਦੀ ਤਰ੍ਹਾਂ ਤੈਨੂੰ ਛੱਟੇ ।32ਪਰ ਮੈਂ ਤੇਰੇ ਲਈ ਬੇਨਤੀ ਕੀਤੀ ਹੈ ਜੋ ਤੇਰੀ ਵਿਸ਼ਵਾਸ ਜਾਂਦਾ ਨਾ ਰਹੇ ਅਤੇ ਜਦ ਤੂੰ ਵਾਪਸ ਆਵੇਂ ਤਾਂ ਆਪਣਿਆਂ ਭਰਾਵਾਂ ਨੂੰ ਤਕੜੇ ਕਰੀਂ ।
33ਤਦ ਉਸ ਨੇ ਯਿਸੂ ਨੂੰ ਕਿਹਾ, ਪ੍ਰਭੂ ਜੀ ਮੈਂ ਤੇਰੇ ਨਾਲ ਕੈਦ ਵਿੱਚ ਜਾਣ ਅਤੇ ਮਰਨ ਲਈ ਵੀ ਤਿਆਰ ਹਾਂ ।34ਤਦ ਯਿਸੂ ਨੇ ਕਿਹਾ, ਪਤਰਸ ਮੈਂ ਤੈਨੂੰ ਆਖਦਾ ਹਾਂ ਕਿ ਅੱਜ ਮੁਰਗਾ ਬਾਂਗ ਨਾ ਦੇਵੇਗਾ ਜਦ ਤੱਕ ਤੂੰ ਤਿੰਨ ਵਾਰੀ ਮੁੱਕਰ ਕੇ ਇਹ ਨਾ ਆਖੇਂ ਕਿ ਮੈਂ ਉਸ ਨੂੰ ਨਹੀਂ ਜਾਣਦਾ ।
ਬਟੂਆ, ਝੋਲਾ ਅਤੇ ਤਲਵਾਰ

35ਉਸ ਨੇ ਉਨ੍ਹਾਂ ਨੂੰ ਆਖਿਆ, “ਜਦ ਮੈਂ ਤੁਹਾਨੂੰ ਬਟੂਏ ਅਤੇ ਝੋਲੇ ਅਤੇ ਜੁੱਤੀ ਬਿਨ੍ਹਾਂ ਭੇਜਿਆ ਸੀ, ਤਦ ਤੁਹਾਨੂੰ ਕਿਸੇ ਚੀਜ਼ ਦੀ ਘਾਟ ਤਾਂ ਨਹੀਂ ਹੋਈ ? ਉਹ ਬੋਲੇ, ਕਿਸੇ ਚੀਜ਼ ਦੀ ਨਹੀਂ ।”36ਤਦ ਉਸ ਨੇ ਉਨ੍ਹਾਂ ਨੂੰ ਕਿਹਾ, ਪਰ ਹੁਣ ਜਿਸ ਦੇ ਕੋਲ ਬਟੂਆ ਹੋਵੇ, ਸੋ ਲਵੇ ਅਤੇ ਇਸੇ ਤਰ੍ਹਾਂ ਝੋਲਾ ਵੀ ਅਤੇ ਜਿਸ ਦੇ ਕੋਲ ਤਲਵਾਰ ਨਾ ਹੋਵੇ, ਸੋ ਆਪਣਾ ਬਸਤਰ ਵੇਚ ਕੇ ਮੁੱਲ ਲਵੇ ।
37ਮੈਂ ਤੁਹਾਨੂੰ ਆਖਦਾ ਹਾਂ ਕਿ ਪਵਿੱਤਰ ਗ੍ਰੰਥ ਵਿੱਚ ਇਹ ਲਿਖਿਆ ਹੋਇਆ ਹੈ ਕਿ "ਉਹ ਅਪਰਾਧੀਆਂ ਵਿੱਚ ਗਿਣਿਆ ਗਿਆ" ਸੋ ਮੇਰੇ ਹੱਕ ਵਿੱਚ ਉਸ ਦਾ ਸੰਪੂਰਨ ਹੋਣਾ ਜ਼ਰੂਰੀ ਹੈ, ਕਿਉਂਕਿ ਜੋ ਕੁੱਝ ਮੇਰੇ ਬਾਰੇ ਹੈ ਸੋ ਉਸ ਨੇ ਪੂਰਾ ਹੋਣਾ ਹੀ ਹੈ ।38ਉਹ ਬੋਲੇ, ਪ੍ਰਭੂ ਜੀ ਵੇਖੋ, ਇੱਥੇ ਦੋ ਤਲਵਾਰਾਂ ਹਨ ਤਾਂ ਉਸ ਨੇ ਉਨ੍ਹਾਂ ਨੂੰ ਆਖਿਆ, ਬਹੁਤ ਹਨ !
ਜੈਤੂਨ ਦੇ ਪਹਾੜ ਉੱਤੇ ਯਿਸੂ ਦੀ ਪ੍ਰਾਰਥਨਾ
(ਮੱਤੀ 26:36-46, ਮਰਕੁਸ 14:32-42)

39ਉਹ ਬਾਹਰ ਨਿੱਕਲ ਕੇ ਆਪਣੀ ਰੀਤ ਅਨੁਸਾਰ ਜ਼ੈਤੂਨ ਦੇ ਪਹਾੜ ਨੂੰ ਗਿਆ ਅਤੇ ਚੇਲੇ ਵੀ ਉਹ ਦੇ ਮਗਰ ਤੁਰੇ ।40ਅਤੇ ਉਸ ਥਾਂ ਪਹੁੰਚ ਕੇ ਉਸ ਨੇ ਉਨ੍ਹਾਂ ਨੂੰ ਆਖਿਆ, ਪ੍ਰਾਰਥਨਾ ਕਰੋ ਤਾਂ ਜੋ ਤੁਸੀਂ ਪਰਤਾਵੇ ਵਿੱਚ ਨਾ ਪਵੋ ।
41ਤਦ ਉਸ ਨੇ ਉਨ੍ਹਾਂ ਤੋਂ ਕੋਈ ਪੱਥਰ ਸੁੱਟਣ ਦੀ ਦੂਰੀ ਤੇ ਅਲੱਗ ਜਾ ਕੇ ਗੋਡੇ ਨਿਵਾਏ ਅਤੇ ਪ੍ਰਾਰਥਨਾ ਕਰਦਿਆਂ ਆਖਿਆ,42ਹੇ ਪਿਤਾ, ਜੇ ਤੁਹਾਨੂੰ ਭਾਵੇ ਤਾਂ ਇਹ ਪਿਆਲਾ ਮੇਰੇ ਕੋਲੋਂ ਹਟਾ ਦੇ ਤਾਂ ਵੀ ਮੇਰੀ ਨਹੀਂ ਪਰ ਤੁਹਾਡੀ ਮਰਜ਼ੀ ਪੂਰੀ ਹੋਵੇ ।
43ਅਤੇ ਸਵਰਗੋਂ ਇੱਕ ਦੂਤ ਉਸ ਨੂੰ ਵਿਖਾਈ ਦਿੱਤਾ ਜੋ ਉਸ ਨੂੰ ਸਹਾਰਾ ਦਿੰਦਾ ਸੀ ।44ਅਤੇ ਉਹ ਮਹਾਂ ਕਸ਼ਟ ਵਿੱਚ ਪੈ ਕੇ ਤਨ-ਮਨ ਨਾਲ ਪ੍ਰਾਰਥਨਾ ਕਰਨ ਲੱਗਾ ਅਤੇ ਉਸ ਦਾ ਪਸੀਨਾ ਲਹੂ ਦੀਆਂ ਬੂੰਦਾਂ ਵਾਂਗੂੰ ਹੇਠਾਂ ਡਿੱਗਦਾ ਸੀ ।
45ਫੇਰ ਉਹ ਪ੍ਰਾਰਥਨਾ ਤੋਂ ਉੱਠ ਕੇ ਚੇਲਿਆਂ ਦੇ ਕੋਲ ਆਇਆ ਅਤੇ ਉਨ੍ਹਾਂ ਨੂੰ ਸੋਗ ਦੇ ਮਾਰੇ ਸੁੱਤਿਆਂ ਹੋਇਆਂ ਵੇਖਿਆ ।46ਅਤੇ ਉਨ੍ਹਾਂ ਨੂੰ ਕਿਹਾ, ਤੁਸੀਂ ਕਿਉਂ ਸੌਂਦੇ ਹੋ ? ਉੱਠ ਕੇ ਪ੍ਰਾਰਥਨਾ ਕਰੋ ਜੋ ਪਰਤਾਵੇ ਵਿੱਚ ਨਾ ਪਓ ।
ਯਿਸੂ ਦਾ ਫੜਿਆ ਜਾਣਾ
(ਮੱਤੀ 26:47-56, ਮਰਕੁਸ 14:43-50, ਯੂਹੰਨਾ 18:3-12)

47ਉਹ ਅਜੇ ਬੋਲਦਾ ਹੀ ਸੀ, ਕਿ ਵੇਖੋ, ਇੱਕ ਭੀੜ ਆਈ ਅਤੇ ਉਨ੍ਹਾਂ ਬਾਰਾਂ ਵਿੱਚੋਂ ਇੱਕ ਜਿਸ ਦਾ ਨਾਮ ਯਹੂਦਾ ਇਸਕਰਯੋਤੀ ਉਨ੍ਹਾਂ ਦੇ ਅੱਗੇ-ਅੱਗੇ ਤੁਰ ਕੇ ਯਿਸੂ ਦੇ ਨੇੜੇ ਆਇਆ ਤਾਂ ਜੋ ਉਸ ਨੂੰ ਚੁੰਮੇ ।48ਤਦ ਯਿਸੂ ਨੇ ਉਸ ਨੂੰ ਆਖਿਆ, ਯਹੂਦਾ, ਭਲਾ, ਤੂੰ ਮਨੁੱਖ ਦੇ ਪੁੱਤਰ ਨੂੰ ਚੁੰਮ ਕੇ ਫੜ੍ਹਵਾਉਂਦਾ ਹੈਂ ?
49ਜਦ ਯਿਸੂ ਦੇ ਨਾਲ ਦਿਆਂ ਨੇ ਵੇਖਿਆ ਜੋ ਕੀ ਹੋਣ ਲੱਗਾ ਹੈ ਤਾਂ ਕਿਹਾ, ਪ੍ਰਭੂ ਜੀ ਕੀ ਅਸੀਂ ਤਲਵਾਰ ਚਲਾਈਏ ?50ਅਤੇ ਉਨ੍ਹਾਂ ਵਿੱਚੋਂ ਇੱਕ ਨੇ ਪ੍ਰਧਾਨ ਜਾਜਕ ਦੇ ਸੇਵਕ ਨੂੰ ਮਾਰ ਕੇ ਉਸ ਦਾ ਸੱਜਾ ਕੰਨ ਵੱਢ ਦਿੱਤਾ ।51ਪਰ ਯਿਸੂ ਨੇ ਅੱਗੋਂ ਆਖਿਆ, ਹੁਣ ਬਸ ਕਰੋ ਅਤੇ ਉਸ ਦਾ ਕੰਨ ਛੂਹ ਕੇ ਉਸ ਨੂੰ ਚੰਗਾ ਕੀਤਾ ।
52ਤਦ ਯਿਸੂ ਨੇ ਉਨ੍ਹਾਂ ਮੁੱਖ ਜਾਜਕਾਂ ਅਤੇ ਹੈਕਲ ਦੇ ਸਰਦਾਰਾਂ ਅਤੇ ਬਜ਼ੁਰਗਾਂ ਨੂੰ ਜਿਹੜੇ ਉਸ ਉੱਤੇ ਚੜ੍ਹ ਆਏ ਸਨ ਆਖਿਆ, ਕੀ ਤੁਸੀਂ ਮੈਨੂੰ ਡਾਕੂ ਵਾਂਗੂੰ ਤਲਵਾਰਾਂ ਅਤੇ ਡਾਂਗਾਂ ਨਾਲ ਫੜ੍ਹਨ ਨਿੱਕਲੇ ਹੋ ?53ਜਦ ਮੈਂ ਰੋਜ਼ ਤੁਹਾਡੇ ਨਾਲ ਹੈਕਲ ਵਿੱਚ ਹੁੰਦਾ ਸੀ ਤਾਂ ਤੁਸੀਂ ਮੇਰੇ ਉੱਤੇ ਹੱਥ ਨਾ ਪਾਏ, ਪਰ ਇਹ ਤੁਹਾਡਾ ਸਮਾਂ ਅਤੇ ਅਨ੍ਹੇਰੇ ਦਾ ਅਧਿਕਾਰ ਹੈ ।
ਪਤਰਸ ਦਾ ਇਨਕਾਰ
(ਮੱਤੀ 26:57, 58, 69-75 ਮਰਕੁਸ 14:53, 54 66-72 ਯੂਹੰਨਾ 18:12-18, 25-27)

54ਤਦ ਉਹ ਯਿਸੂ ਨੂੰ ਫੜ੍ਹ ਕੇ ਲੈ ਚੱਲੇ ਅਤੇ ਪ੍ਰਧਾਨ ਜਾਜਕ ਦੇ ਘਰ ਵਿੱਚ ਲਿਆਏ ਅਤੇ ਪਤਰਸ ਕੁੱਝ ਦੂਰ ਉਨ੍ਹਾਂ ਦੇ ਪਿੱਛੇ-ਪਿੱਛੇ ਤੁਰ ਆਇਆ ।55ਅਤੇ ਜਦ ਉਹ ਵਿਹੜੇ ਵਿੱਚ ਅੱਗ ਬਾਲ ਕੇ ਇਕੱਠੇ ਬੈਠੇ ਸਨ, ਤਾਂ ਪਤਰਸ ਵੀ ਉਨ੍ਹਾਂ ਦੇ ਵਿੱਚ ਜਾ ਬੈਠਾ ।
56ਇੱਕ ਦਾਸੀ ਨੇ ਉਸ ਨੂੰ ਅੱਗ ਦੀ ਲੋ ਵਿੱਚ ਬੈਠਾ ਵੇਖਿਆ ਅਤੇ ਧਿਆਨ ਨਾਲ ਵੇਖ ਕੇ ਆਖਿਆ, ਇਹ ਵੀ ਉਸ ਦੇ ਨਾਲ ਸੀ ।57ਪਰ ਉਹ ਮੁੱਕਰ ਗਿਆ ਅਤੇ ਕਿਹਾ, ਹੇ ਔਰਤ, ਮੈਂ ਉਸ ਨੂੰ ਜਾਣਦਾ ਹੀ ਨਹੀਂ !58ਕੁੱਝ ਸਮੇਂ ਬਾਅਦ ਕਿਸੇ ਹੋਰ ਨੇ ਉਸ ਨੂੰ ਵੇਖ ਕੇ ਕਿਹਾ, ਤੂੰ ਵੀ ਉਨ੍ਹਾਂ ਹੀ ਵਿੱਚੋਂ ਹੈਂ, ਪਰ ਪਤਰਸ ਨੇ ਆਖਿਆ, ਹੇ ਭਾਈ ਮੈਂ ਨਹੀਂ ਹਾਂ !
59ਕੁੱਝ ਸਮੇਂ ਮਗਰੋਂ ਕਿਸੇ ਹੋਰ ਨੇ ਪੂਰੀ ਦ੍ਰਿੜ੍ਹਤਾ ਨਾਲ ਕਿਹਾ ਕਿ ਸੱਚ-ਮੁੱਚ ਇਹ ਉਸ ਦੇ ਨਾਲ ਸੀ ਕਿਉਂ ਜੋ ਇਹ ਵੀ ਗਲੀਲੀ ਹੈ ।60ਪਰ ਪਤਰਸ ਨੇ ਆਖਿਆ, ਹੇ ਭਾਈ, ਮੈਨੂੰ ਪਤਾ ਨਹੀਂ, ਜੋ ਤੂੰ ਕੀ ਆਖਦਾ ਹੈਂ ! ਅਤੇ ਅਜੇ ਉਹ ਬੋਲਦਾ ਹੀ ਸੀ ਕਿ ਉਸੇ ਸਮੇਂ ਮੁਰਗੇ ਨੇ ਬਾਂਗ ਦੇ ਦਿੱਤੀ ।
61ਤਦ ਪ੍ਰਭੂ ਨੇ ਮੁੜ ਕੇ ਪਤਰਸ ਵੱਲ ਨਿਗਾਹ ਕੀਤੀ । ਤਦੋਂ ਪਤਰਸ ਨੂੰ ਪ੍ਰਭੂ ਦੀ ਗੱਲ ਯਾਦ ਆਈ ਜੋ ਉਸ ਨੇ ਉਹ ਨੂੰ ਆਖੀ ਸੀ, ਕਿ ਅੱਜ ਮੁਰਗੇ ਦੇ ਬਾਂਗ ਦੇਣ ਤੋਂ ਪਹਿਲਾ ਤਿੰਨ ਵਾਰੀ ਤੂੰ ਮੇਰਾ ਇਨਕਾਰ ਕਰੇਂਗਾ ।62ਅਤੇ ਉਹ ਬਾਹਰ ਗਿਆ ਅਤੇ ਭੁੱਬਾਂ ਮਾਰ ਕੇ ਰੋਇਆ ।
ਯਿਸੂ ਦਾ ਨਿਰਾਦਰ
(ਮੱਤੀ 26:67, 68 ਮਰਕੁਸ 14:65)

63ਜਿਨ੍ਹਾਂ ਮਨੁੱਖਾਂ ਨੇ ਯਿਸੂ ਨੂੰ ਫੜ੍ਹਿਆ ਹੋਇਆ ਸੀ, ਉਹ ਉਸ ਦਾ ਠੱਠਾ ਕਰਨ ਅਤੇ ਮਾਰਨ ਲੱਗੇ ।64ਅਤੇ ਉਨ੍ਹਾਂ ਨੇ ਉਸ ਦੀਆਂ ਅੱਖਾਂ ਬੰਨ੍ਹੀਆਂ ਅਤੇ ਇਹ ਕਹਿ ਕੇ ਉਸ ਤੋਂ ਪੁੱਛਿਆ ਜੋ ਭਵਿੱਖਬਾਣੀ ਨਾਲ ਦੱਸ ਕਿ ਤੈਨੂੰ ਕਿਸ ਨੇ ਮਾਰਿਆ ।65ਉਨ੍ਹਾਂ ਨੇ ਕੁਫ਼ਰ ਬਕਦਿਆਂ ਅਤੇ ਹੋਰ ਬਹੁਤ ਸਾਰੀਆਂ ਗੱਲਾਂ ਉਸ ਦੇ ਵਿਰੁੱਧ ਆਖੀਆਂ ।
ਯਿਸੂ ਨੂੰ ਮਹਾਂ ਸਭਾ ਦੇ ਸਾਹਮਣੇ ਪੇਸ਼ ਕਰਨਾ
(ਮੱਤੀ 26:59-66, ਮਰਕੁਸ 14:55-64, ਯੂਹੰਨਾ 18:19-24)

66ਜਦ ਦਿਨ ਚੜ੍ਹਿਆ ਤਾਂ ਲੋਕਾਂ ਦੇ ਬਜ਼ੁਰਗਾਂ ਦੀ ਪੰਚਾਇਤ ਅਰਥਾਤ ਮੁੱਖ ਜਾਜਕ ਅਤੇ ਉਪਦੇਸ਼ਕ ਇਕੱਠੇ ਹੋ ਕੇ ਉਸ ਨੂੰ ਆਪਣੀ ਮਹਾਂ-ਸਭਾ ਵਿੱਚ ਲੈ ਗਏ ਅਤੇ ਬੋਲੇ,67ਜੇ ਤੂੰ ਮਸੀਹ ਹੈਂ ਤਾਂ ਸਾਨੂੰ ਦੱਸ । ਤਦ ਉਸ ਨੇ ਉਨ੍ਹਾਂ ਨੂੰ ਕਿਹਾ, ਜੇ ਮੈਂ ਤੁਹਾਨੂੰ ਦੱਸਾਂ ਤਾਂ ਤੁਸੀਂ ਕਦੀ ਵਿਸ਼ਵਾਸ ਨਾ ਕਰੋਗੇ ।68ਜੇਕਰ ਮੈਂ ਕੁੱਝ ਪੁੱਛਾਂ ਤਾਂ ਤੁਸੀਂ ਕਦੀ ਉੱਤਰ ਨਾ ਦਿਓਗੇ ।
69ਪਰ ਇਸ ਤੋਂ ਬਾਅਦ ਮਨੁੱਖ ਦਾ ਪੁੱਤਰ ਸਰਬ ਸ਼ਕਤੀਮਾਨ ਪਰਮੇਸ਼ੁਰ ਦੇ ਸੱਜੇ ਹੱਥ ਬਿਰਾਜਮਾਨ ਹੋਵੇਗਾ ।70ਤਦ ਉਨ੍ਹਾਂ ਸਭਨਾਂ ਨੇ ਆਖਿਆ, ਭਲਾ, ਤੂੰ ਪਰਮੇਸ਼ੁਰ ਦਾ ਪੁੱਤਰ ਹੈਂ ? ਉਸ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਆਪ ਹੀ ਕਹਿੰਦੇ ਹੋ, ਮੈਂ ਹਾਂ ।71ਤਦ ਉਨ੍ਹਾਂ ਨੇ ਕਿਹਾ, ਹੁਣ ਸਾਨੂੰ ਗਵਾਹੀ ਦੀ ਹੋਰ ਕੀ ਲੋੜ ਹੈ ? ਕਿਉਂ ਜੋ ਅਸੀਂ ਆਪ ਉਸ ਦੇ ਮੂੰਹੋਂ ਸੁਣਿਆ ਹੈ ।

23
ਯਿਸੂ ਨੂੰ ਪਿਲਾਤੁਸ ਦੇ ਸਾਹਮਣੇ ਪੇਸ਼ ਕਰਨਾ
(ਮੱਤੀ 27:1, 2, 11-14, ਮਰਕੁਸ 15:1-5, ਯੂਹੰਨਾ 18:28-38)

1ਉਨ੍ਹਾਂ ਦੀ ਸਾਰੀ ਸਭਾ ਉੱਠ ਕੇ ਯਿਸੂ ਨੂੰ ਪਿਲਾਤੁਸ ਦੇ ਕੋਲ ਲੈ ਗਈ ।2ਅਤੇ ਉਹ ਇਹ ਕਹਿ ਕੇ ਉਸ ਉੱਤੇ ਦੋਸ਼ ਲਾਉਣ ਲੱਗੇ ਕਿ ਅਸੀਂ ਇਸ ਨੂੰ ਸਾਡੀ ਕੌਮ ਨੂੰ ਭਰਮਾਉਂਦਿਆਂ ਅਤੇ ਕੈਸਰ ਨੂੰ ਲਗਾਨ ਦੇਣ ਤੋਂ ਮਨ੍ਹਾਂ ਕਰਦਿਆਂ ਅਤੇ ਆਪਣੇ ਆਪ ਨੂੰ ਮਸੀਹ ਰਾਜਾ ਕਹਿੰਦਿਆਂ ਸੁਣਿਆ ਹੈ ।

3ਪਿਲਾਤੁਸ ਨੇ ਉਸ ਤੋਂ ਪੁੱਛਿਆ, “ਕੀ ਤੂੰ ਯਹੂਦੀਆਂ ਦਾ ਪਾਤਸ਼ਾਹ ਹੈਂ ? ” ਯਿਸੂ ਨੇ ਉਸ ਨੂੰ ਉੱਤਰ ਦਿੱਤਾ, ਤੂੰ ਸੱਚ ਆਖਿਆ ਹੈ ।4ਪਿਲਾਤੁਸ ਨੇ ਮੁੱਖ ਜਾਜਕਾਂ ਅਤੇ ਭੀੜ ਨੂੰ ਆਖਿਆ, ਮੈਂ ਇਸ ਮਨੁੱਖ ਵਿੱਚ ਕੋਈ ਦੋਸ਼ ਨਹੀਂ ਵੇਖਦਾ ।5ਪਰ ਉਹ ਹੋਰ ਵੀ ਜੋਰ ਦੇ ਕੇ ਬੋਲੇ ਕਿ ਉਹ ਗਲੀਲ ਤੋਂ ਲੈ ਕੇ ਇੱਥੇ ਤੱਕ ਸਾਰੇ ਯਹੂਦਿਯਾ ਵਿੱਚ ਸਿਖਾਉਂਦਾ ਹੋਇਆ, ਲੋਕਾਂ ਨੂੰ ਭੜਕਾਉਂਦਾ ਹੈ ।
6ਪਿਲਾਤੁਸ ਨੇ ਇਹ ਸੁਣ ਕੇ ਪੁੱਛਿਆ, “ਕੀ ਇਹ ਮਨੁੱਖ ਗਲੀਲੀ ਹੈ ? ”7ਅਤੇ ਜਦ ਉਸ ਨੇ ਮਲੂਮ ਕੀਤਾ ਜੋ ਉਹ ਹੇਰੋਦੇਸ ਦੀ ਰਿਆਸਤ ਦਾ ਹੈ ਤਾਂ ਉਸ ਨੂੰ ਹੇਰੋਦੇਸ ਦੇ ਕੋਲ ਭੇਜ ਦਿੱਤਾ, ਜਿਹੜਾ ਆਪ ਉਨ੍ਹੀਂ ਦਿਨੀਂ ਯਰੂਸ਼ਲਮ ਵਿੱਚ ਸੀ ।
ਯਿਸੂ ਨੂੰ ਹੇਰੋਦੇਸ ਦੇ ਸਾਹਮਣੇ ਪੇਸ਼ ਕਰਨਾ

8ਹੇਰੋਦੇਸ ਯਿਸੂ ਨੂੰ ਵੇਖ ਕੇ ਬਹੁਤ ਖੁਸ਼ ਹੋਇਆ ਕਿਉਂ ਜੋ ਉਹ ਬਹੁਤ ਸਮੇਂ ਤੋਂ ਉਸ ਨੂੰ ਵੇਖਣਾ ਚਾਹੁੰਦਾ ਸੀ ਇਸ ਕਰਕੇ ਜੋ ਉਸ ਨੇ ਉਸ ਦੀ ਖ਼ਬਰ ਸੁਣੀ ਸੀ ਅਤੇ ਉਸ ਨੂੰ ਆਸ ਸੀ ਜੋ ਉਸ ਦੇ ਹੱਥੋਂ ਕੋਈ ਚਮਤਕਾਰ ਵੇਖੇ ।9ਉਸ ਨੇ ਯਿਸੂ ਤੋਂ ਬਹੁਤੀਆਂ ਗੱਲਾਂ ਪੁੱਛੀਆਂ, ਪਰ ਉਸ ਨੇ ਉਹ ਨੂੰ ਇੱਕ ਦਾ ਵੀ ਉੱਤਰ ਨਾ ਦਿੱਤਾ ।10ਮੁੱਖ ਜਾਜਕਾਂ ਅਤੇ ਉਪਦੇਸ਼ਕਾਂ ਨੇ ਖੜ੍ਹੇ ਹੋ ਕੇ ਵੱਡੇ ਜੋਸ਼ ਨਾਲ ਉਸ ਉੱਤੇ ਦੋਸ਼ ਲਾਇਆ ।
11ਤਦ ਹੇਰੋਦੇਸ ਨੇ ਆਪਣੇ ਸਿਪਾਹੀਆਂ ਨਾਲ ਰਲ ਕੇ ਉਸ ਨੂੰ ਬੇਇੱਜ਼ਤ ਕੀਤਾ ਅਤੇ ਠੱਠਾ ਕੀਤਾ ਅਤੇ ਭੜਕੀਲੀ ਪੁਸ਼ਾਕ ਪਹਿਨਾ ਕੇ ਉਸ ਨੂੰ ਪਿਲਾਤੁਸ ਦੇ ਕੋਲ ਵਾਪਸ ਭੇਜ ਦਿੱਤਾ ।12ਅਤੇ ਉਸੇ ਦਿਨ ਹੇਰੋਦੇਸ ਅਤੇ ਪਿਲਾਤੁਸ ਆਪਸ ਵਿੱਚ ਮਿੱਤਰ ਬਣ ਗਏ ਕਿਉਂ ਜੋ ਪਹਿਲਾਂ ਉਨ੍ਹਾਂ ਵਿੱਚ ਦੁਸ਼ਮਣੀ ਸੀ ।
ਪਿਲਾਤੁਸ ਦੇ ਦੁਆਰਾ ਯਿਸੂ ਨੂੰ ਮੌਤ ਦੀ ਸਜ਼ਾ
(ਮੱਤੀ 27:15-26, ਮਰਕੁਸ 15:6-15, ਯੂਹੰਨਾ 18:39-19:16)

13ਤਦ ਪਿਲਾਤੁਸ ਨੇ ਮੁੱਖ ਜਾਜਕਾਂ ਅਤੇ ਹਾਕਮਾਂ ਅਤੇ ਲੋਕਾਂ ਨੂੰ ਇਕੱਠੇ ਬੁਲਾ ਕੇ14ਉਨ੍ਹਾਂ ਨੂੰ ਆਖਿਆ, ਤੁਸੀਂ ਇਸ ਮਨੁੱਖ ਨੂੰ ਲੋਕਾਂ ਦਾ ਭਰਮਾਉਣ ਵਾਲਾ ਠਹਿਰਾ ਕੇ ਮੇਰੇ ਕੋਲ ਲਿਆਏ ਅਤੇ ਵੇਖੋ ਮੈਂ ਤੁਹਾਡੇ ਸਾਹਮਣੇ ਪੁੱਛ-ਗਿੱਛ ਕੀਤੀ ਅਤੇ ਜਿਹੜੀਆਂ ਗੱਲਾਂ ਦਾ ਦੋਸ਼ ਤੁਸੀਂ ਇਸ ਉੱਤੇ ਲਾਇਆ ਹੈ, ਮੈਂ ਉਨ੍ਹਾਂ ਦੇ ਬਾਰੇ ਇਸ ਮਨੁੱਖ ਵਿੱਚ ਕੋਈ ਦੋਸ਼ ਨਹੀਂ ਵੇਖਿਆ ।
15ਅਤੇ ਨਾ ਹੇਰੋਦੇਸ ਨੇ ਕਿਉਂਕਿ ਉਸ ਨੇ ਇਸ ਨੂੰ ਸਾਡੇ ਕੋਲ ਵਾਪਸ ਭੇਜਿਆ ਅਤੇ ਵੇਖੋ, ਇਸ ਮਨੁੱਖ ਨੇ ਮੌਤ ਦੀ ਸਜ਼ਾ ਦੇ ਲਾਇਕ ਕੋਈ ਕੰਮ ਨਹੀਂ ਕੀਤਾ ।16ਇਸ ਲਈ ਮੈਂ ਉਸ ਨੂੰ ਕੋਰੜੇ ਮਾਰ ਕੇ ਰਿਹਾ ਕਰ ਦਿਆਂਗਾ ।17(ਇਹ ਉਹਨਾਂ ਲਈ ਜ਼ਰੂਰੀ ਸੀ ਕਿ ਤਿਉਹਾਰ ਤੇ ਕਿਸੇ ਇੱਕ ਨੂੰ ਰਿਹਾਈ ਦਿੱਤੀ ਜਾਵੇ)
18ਤਦ ਉਨ੍ਹਾਂ ਸਭਨਾਂ ਨੇ ਰਲ ਕੇ ਰੌਲ਼ਾ ਪਾਇਆ ਅਤੇ ਆਖਿਆ ਕਿ ਇਸ ਨੂੰ ਮਾਰ ਦਿਓ ! ਅਤੇ ਬਰੱਬਾ ਨੂੰ ਸਾਡੇ ਲਈ ਰਿਹਾ ਕਰ ਦਿਓ !19ਜੋ ਸ਼ਹਿਰ ਵਿੱਚ ਹੋਏ ਕਿਸੇ ਫਸਾਦ ਦੇ ਕਾਰਨ ਅਤੇ ਖੂਨ ਦੇ ਕਾਰਨ ਕੈਦ ਵਿੱਚ ਪਿਆ ਹੋਇਆ ਸੀ ।
20ਤਦ ਪਿਲਾਤੁਸ ਨੇ ਉਨ੍ਹਾਂ ਨੂੰ ਫਿਰ ਸਮਝਾਇਆ, ਕਿਉਂ ਜੋ ਉਹ ਯਿਸੂ ਨੂੰ ਛੱਡਣ ਦੀ ਇੱਛਾ ਰੱਖਦਾ ਸੀ ।21ਪਰ ਉਹ ਹੋਰ ਵੀ ਉੱਚੀ ਅਵਾਜ਼ ਵਿੱਚ ਬੋਲੇ ਕਿ ਇਸ ਨੂੰ ਸਲੀਬ ਤੇ ਚੜਾਓ ! ਸਲੀਬ ਚੜਾਓ !22ਉਸ ਨੇ ਤੀਸਰੀ ਵਾਰ ਉਨ੍ਹਾਂ ਨੂੰ ਆਖਿਆ, ਕਿਉਂ, ਇਸ ਨੇ ਕੀ ਅਪਰਾਧ ਕੀਤਾ ਹੈ ? ਮੈਂ ਇਸ ਦੇ ਵਿੱਚ ਮੌਤ ਦੀ ਸਜ਼ਾ ਦੇ ਲਾਇਕ ਕੋਈ ਦੋਸ਼ ਨਹੀਂ ਵੇਖਿਆ ਇਸ ਲਈ ਮੈਂ ਇਸ ਨੂੰ ਕੋਰੜੇ ਮਰਵਾ ਕੇ ਰਿਹਾ ਕਰ ਦਿਆਂਗਾ ।
23ਪਰ ਉਹ ਹੋਰ ਵੀ ਉੱਚੀ ਅਵਾਜ਼ ਵਿੱਚ ਰੌਲ਼ਾ ਪਾ ਕੇ ਉਸ ਦੇ ਪਿੱਛੇ ਪੈ ਗਏ ਅਤੇ ਇਹੋ ਮੰਗਦੇ ਰਹੇ ਜੋ ਉਹ ਸਲੀਬ ਉੱਤੇ ਚੜ੍ਹਾਇਆ ਜਾਵੇ ਅਤੇ ਉਨ੍ਹਾਂ ਦੀਆਂ ਅਵਾਜ਼ਾਂ ਉਸ ਉੱਤੇ ਭਾਰੀਆਂ ਪੈ ਗਈਆਂ ।24ਤਦ ਪਿਲਾਤੁਸ ਨੇ ਹੁਕਮ ਕੀਤਾ ਜੋ ਉਨ੍ਹਾਂ ਦੀ ਮੰਗ ਦੇ ਅਨੁਸਾਰ ਹੋਵੇ ।25ਅਤੇ ਉਸ ਨੂੰ ਜਿਹੜਾ ਫਸਾਦ ਅਤੇ ਖੂਨ ਦੇ ਕਾਰਨ ਕੈਦ ਹੋਇਆ ਸੀ ਜਿਸ ਨੂੰ ਉਹ ਮੰਗਦੇ ਸਨ, ਰਿਹਾ ਕਰ ਦਿੱਤਾ ਪਰ ਯਿਸੂ ਨੂੰ ਉਨ੍ਹਾਂ ਦੀ ਮਰਜ਼ੀ ਉੱਤੇ ਹਵਾਲੇ ਕੀਤਾ ।
ਯਿਸੂ ਨੂੰ ਸਲੀਬ ਉੱਤੇ ਚੜਾਉਣਾ
(ਮੱਤੀ 27:32-44, ਮਰਕੁਸ 15:21-32, ਯੂਹੰਨਾ 19:17-27)

26ਜਦ ਉਹ ਯਿਸੂ ਨੂੰ ਲਈ ਜਾਂਦੇ ਸਨ ਤਾਂ ਉਨ੍ਹਾਂ ਨੇ ਸ਼ਮਊਨ ਨਾਮਕ ਇੱਕ ਕੁਰੇਨੀ ਮਨੁੱਖ ਨੂੰ ਜੋ ਪਿੰਡੋਂ ਆਉਂਦਾ ਸੀ, ਫੜ੍ਹ ਕੇ ਉਸ ਦੇ ਮੋਢੇ ਉੱਤੇ ਸਲੀਬ ਰੱਖੀ ਜੋ ਉਹ ਯਿਸੂ ਦੇ ਮਗਰ ਲੈ ਚੱਲੇ ।

27ਲੋਕਾਂ ਦੀ ਵੱਡੀ ਭੀੜ ਉਸ ਦੇ ਪਿੱਛੇ ਗਈ ਨਾਲੇ ਬਹੁਤ ਸਾਰੀਆਂ ਔਰਤਾਂ ਜਿਹੜੀਆਂ ਉਸ ਦੇ ਲਈ ਪਿੱਟਦੀਆਂ ਅਤੇ ਰੋਂਦੀਆਂ ਸਨ ।28ਪਰ ਯਿਸੂ ਨੇ ਉਨ੍ਹਾਂ ਵੱਲ ਪਿੱਛੇ ਮੁੜ ਕੇ ਕਿਹਾ, ਹੇ ਯਰੂਸ਼ਲਮ ਦੀਓ ਧੀਓ, ਮੇਰੇ ਲਈ ਨਾ ਰੋਵੋ ਪਰ ਆਪਣੇ ਅਤੇ ਆਪਣਿਆਂ ਬੱਚਿਆਂ ਲਈ ਰੋਵੋ ।
29ਕਿਉਂਕਿ ਵੇਖੋ ਉਹ ਦਿਨ ਆਉਂਦੇ ਹਨ, ਜਿਨ੍ਹਾਂ ਵਿੱਚ ਆਖਣਗੇ, ਕਿ ਧੰਨ ਹਨ ਬਾਂਝ ਔਰਤਾਂ, ਅਤੇ ਉਹ ਕੁੱਖਾਂ ਜਿਨ੍ਹਾਂ ਨੇ ਜਨਮ ਨਹੀਂ ਦਿੱਤਾ ਅਤੇ ਉਹ ਦੁੱਧੀਆਂ ਜਿਨ੍ਹਾਂ ਦੁੱਧ ਨਹੀਂ ਚੁੰਘਾਇਆ ।30ਤਦ ਉਹ ਪਹਾੜਾਂ ਨੂੰ ਕਹਿਣ ਲੱਗਣਗੇ ਕਿ ਸਾਡੇ ਉੱਤੇ ਡਿੱਗ ਪਓ ! ਅਤੇ ਟਿੱਬਿਆਂ ਨੂੰ ਜੋ ਸਾਨੂੰ ਛੁਪਾ ਲਵੋ !31ਕਿਉਂਕਿ ਜਦ ਹਰੇ ਰੁੱਖ ਨਾਲ ਇਹ ਕਰਦੇ ਹਨ ਤਾਂ ਸੁੱਕੇ ਨਾਲ ਕੀ ਕੁੱਝ ਨਾ ਹੋਵੇਗਾ ? ।

32ਹੋਰ ਦੋ ਮਨੁੱਖਾਂ ਨੂੰ ਵੀ ਜੋ ਅਪਰਾਧੀ ਸਨ, ਉਸ ਦੇ ਨਾਲ ਸਲੀਬ ਚੜ੍ਹਾਉਣ ਲਈ ਲੈ ਕੇ ਜਾਂਦੇ ਸਨ ।
33ਅਤੇ ਜਦ ਉਹ ਉਸ ਸਥਾਨ ਤੇ ਪਹੁੰਚੇ ਜੋ ਕਲਵਰੀ ਅਖਵਾਉਂਦਾ ਹੈ, ਤਾਂ ਉਸ ਨੂੰ ਉੱਥੇ ਸਲੀਬ ਤੇ ਚੜ੍ਹਾਇਆ ਅਤੇ ਉਨ੍ਹਾਂ ਦੋਵਾਂ ਅਪਰਾਧੀਆਂ ਨੂੰ ਵੀ ਇੱਕ ਨੂੰ ਸੱਜੇ ਅਤੇ ਦੂਜੇ ਨੂੰ ਖੱਬੇ ।34ਤਦ ਯਿਸੂ ਨੇ ਆਖਿਆ, ਹੇ ਪਿਤਾ ਉਨ੍ਹਾਂ ਨੂੰ ਮਾਫ਼ ਕਰ ਕਿਉਂ ਜੋ ਉਹ ਨਹੀਂ ਜਾਣਦੇ ਜੋ ਇਹ ਕੀ ਕਰਦੇ ਹਨ ਅਤੇ ਉਨ੍ਹਾਂ ਉਸ ਦੇ ਕੱਪੜੇ ਗੁਣੇ ਪਾ ਕੇ ਵੰਡ ਲਏ ।
35ਅਤੇ ਲੋਕ ਖੜ੍ਹੇ ਇਹ ਵੇਖ ਰਹੇ ਸਨ ਅਤੇ ਸਰਦਾਰ ਵੀ ਮਖੌਲ ਨਾਲ ਕਹਿਣ ਲੱਗੇ ਕਿ ਇਸ ਨੇ ਹੋਰਨਾਂ ਨੂੰ ਬਚਾਇਆ । ਜੇਕਰ ਇਹ ਪਰਮੇਸ਼ੁਰ ਦਾ ਮਸੀਹ ਅਤੇ ਉਸ ਦਾ ਚੁਣਿਆ ਹੋਇਆ ਹੈ ਤਾਂ ਆਪਣੇ ਆਪ ਨੂੰ ਬਚਾ ਲਵੇ !
36ਸਿਪਾਹੀਆਂ ਨੇ ਵੀ ਉਸ ਦਾ ਮਖੌਲ ਉਡਾਇਆ ਅਤੇ ਨੇੜੇ ਆਣ ਕੇ ਉਸ ਨੂੰ ਸਿਰਕਾ ਦਿੱਤਾ ਅਤੇ ਆਖਿਆ,37ਜੇ ਤੂੰ ਯਹੂਦੀਆਂ ਦਾ ਰਾਜਾ ਹੈਂ ਤਾਂ ਆਪਣੇ ਆਪ ਨੂੰ ਬਚਾ ਲੈ !38ਅਤੇ ਯਿਸੂ ਦੀ ਸਲੀਬ ਉੱਤੇ “ਇਹ ਯਹੂਦੀਆਂ ਦਾ ਰਾਜਾ ਹੈ” ਲਿਖਤ ਵੀ ਲਾਈ ਹੋਈ ਸੀ ।
ਤੋਬਾ ਕਰਨ ਵਾਲੇ ਕੁਧਰਮੀ

39ਉਨ੍ਹਾਂ ਅਪਰਾਧੀਆਂ ਵਿੱਚੋਂ ਜਿਹੜੇ ਟੰਗੇ ਹੋਏ ਸਨ, ਇੱਕ ਨੇ ਇਹ ਕਹਿ ਕੇ ਅਪਮਾਨ ਕੀਤਾ ਕਿ ਭਲਾ, ਤੂੰ ਮਸੀਹ ਨਹੀਂ ਹੈਂ ? ਤਾਂ ਆਪਣੇ ਆਪ ਨੂੰ ਅਤੇ ਸਾਨੂੰ ਵੀ ਬਚਾ !40ਪਰ ਦੂਜੇ ਨੇ ਉਸ ਨੂੰ ਝਿੜਕ ਕੇ ਆਖਿਆ, ਕੀ ਤੂੰ ਆਪ ਇਸੇ ਕਸ਼ਟ ਵਿੱਚ ਪਿਆ ਹੋਇਆ ਪਰਮੇਸ਼ੁਰ ਕੋਲੋਂ ਨਹੀਂ ਡਰਦਾ ?41ਅਸੀਂ ਤਾਂ ਨਿਆਂ ਨਾਲ ਆਪਣੀ ਕਰਨੀ ਦਾ ਫਲ ਭੋਗਦੇ ਹਾਂ, ਪਰ ਉਸ ਨੇ ਕੋਈ ਅਪਰਾਧ ਨਹੀਂ ਕੀਤਾ ।
42ਅਤੇ ਉਸ ਨੇ ਆਖਿਆ, ਹੇ ਯਿਸੂ ਜਦ ਤੁਸੀਂ ਆਪਣੇ ਰਾਜ ਵਿੱਚ ਆਵੋ ਤਾਂ ਮੈਨੂੰ ਯਾਦ ਰੱਖਣਾ ।43ਯਿਸੂ ਨੇ ਉਸ ਨੂੰ ਆਖਿਆ, ਮੈਂ ਤੈਨੂੰ ਸੱਚ ਆਖਦਾ ਹਾਂ ਕਿ ਤੂੰ ਅੱਜ ਹੀ ਮੇਰੇ ਨਾਲ ਸਵਰਗ ਵਿੱਚ ਹੋਵੇਂਗਾ ।
ਯਿਸੂ ਦੀ ਮੌਤ
(ਮੱਤੀ 27:45-56, ਮਰਕੁਸ 15:33-41, ਯੂਹੰਨਾ 19:28-30)

44ਹੁਣ ਦੂਸਰੇ ਪਹਿਰ ਤੋਂ ਤੀਸਰੇ ਪਹਿਰ ਤੱਕ ਸਾਰੀ ਧਰਤੀ ਉੱਤੇ ਹਨ੍ਹੇਰਾ ਰਿਹਾ ।45ਅਤੇ ਸੂਰਜ ਹਨ੍ਹੇਰਾ ਹੋ ਗਿਆ ਅਤੇ ਹੈਕਲ ਦਾ ਪੜਦਾ ਉੱਪਰ ਤੋਂ ਲੈ ਕੇ ਹੇਠਾਂ ਤੱਕ ਵਿਚਕਾਰੋਂ ਫਟ ਗਿਆ ।
46ਤਦ ਯਿਸੂ ਨੇ ਉੱਚੀ ਅਵਾਜ਼ ਨਾਲ ਪੁਕਾਰ ਕੇ ਆਖਿਆ, "ਹੇ ਪਿਤਾ ਮੈਂ ਆਪਣਾ ਆਤਮਾ ਤੇਰੇ ਹੱਥ ਸੌਂਪਦਾ ਹਾਂ," ਅਤੇ ਇਹ ਕਹਿ ਕੇ ਉਸ ਨੇ ਪ੍ਰਾਣ ਤਿਆਗ ਦਿੱਤੇ ।47ਸੂਬੇਦਾਰ ਨੇ ਇਹ ਅਜਿਹਾ ਵੇਖ ਕੇ ਪਰਮੇਸ਼ੁਰ ਦੀ ਵਡਿਆਈ ਕੀਤੀ ਅਤੇ ਬੋਲਿਆ, ਸੱਚ-ਮੁੱਚ ਇਹ ਧਰਮੀ ਪੁਰਖ ਸੀ !
48ਅਤੇ ਸਭ ਲੋਕ ਜਿਹੜੇ ਇਹ ਦ੍ਰਿਸ਼ ਵੇਖਣ ਨੂੰ ਇਕੱਠੇ ਹੋਏ ਸਨ, ਇਹ ਸਾਰੀ ਘਟਨਾ ਵੇਖ ਕੇ ਛਾਤੀਆਂ ਪਿੱਟਦੇ ਮੁੜੇ ।49ਅਤੇ ਉਸ ਦੇ ਸਭ ਜਾਣ-ਪਛਾਣ ਅਤੇ ਉਹ ਔਰਤਾਂ ਜਿਹੜੀਆਂ ਗਲੀਲ ਤੋਂ ਉਸ ਦੇ ਨਾਲ ਆਈਆਂ ਸਨ, ਦੂਰ ਖਲੋ ਕੇ ਇਹ ਹਾਲ ਵੇਖ ਰਹੀਆਂ ਸਨ ।
ਯਿਸੂ ਨੂੰ ਦਫ਼ਨਾਉਣਾ
(ਮੱਤੀ 27:57-61, ਮਰਕੁਸ 15:42-47, ਯੂਹੰਨਾ 19:38-42)

50ਤਾਂ ਵੇਖੋ, ਯੂਸੁਫ਼ ਨਾਮ ਦਾ ਇੱਕ ਮਨੁੱਖ ਸੀ ਜੋ ਸਲਾਹਕਾਰ, ਭਲਾ ਅਤੇ ਧਰਮੀ ਸੀ ।51ਅਤੇ ਉਨ੍ਹਾਂ ਦੀ ਮੱਤ ਅਤੇ ਕਰਮ ਵਿੱਚ ਨਹੀਂ ਰਲਿਆ ਸੀ, ਉਹ ਯਹੂਦੀਆਂ ਦੇ ਨਗਰ ਅਰਿਮਥੇਆ ਦਾ ਸੀ ਅਤੇ ਪਰਮੇਸ਼ੁਰ ਦੇ ਰਾਜ ਦੀ ਉਡੀਕ ਵਿੱਚ ਸੀ ।
52ਉਸ ਨੇ ਪਿਲਾਤੁਸ ਦੇ ਕੋਲ ਜਾ ਕੇ ਯਿਸੂ ਦੀ ਲਾਸ਼ ਮੰਗੀ ।53ਅਤੇ ਉਸ ਨੂੰ ਸਲੀਬ ਤੋਂ ਉਤਾਰਿਆ ਅਤੇ ਮਹੀਨ ਕੱਪੜੇ ਵਿੱਚ ਲਪੇਟ ਕੇ, ਉਸ ਨੂੰ ਇੱਕ ਕਬਰ ਦੇ ਅੰਦਰ ਰੱਖਿਆ ਜਿਹੜੀ ਚੱਟਾਨ ਵਿੱਚ ਖੋਦੀ ਹੋਈ ਸੀ, ਜਿੱਥੇ ਕਦੇ ਕੋਈ ਨਹੀਂ ਸੀ ਪਿਆ ।
54ਉਹ ਤਿਆਰੀ ਦਾ ਦਿਨ ਸੀ ਅਤੇ ਸਬਤ ਦਾ ਦਿਨ ਨੇੜੇ ਆ ਪਹੁੰਚਿਆ ।55ਅਤੇ ਉਹ ਔਰਤਾਂ ਜਿਹੜੀਆਂ ਗਲੀਲ ਤੋਂ ਉਸ ਦੇ ਨਾਲ ਆਈਆਂ ਸਨ, ਉਨ੍ਹਾਂ ਦੇ ਪਿੱਛੇ ਜਾ ਕੇ ਕਬਰ ਨੂੰ ਵੇਖਿਆ ਅਤੇ ਨਾਲੇ ਇਹ ਕਿ ਉਹ ਦੇ ਸਰੀਰ ਨੂੰ ਕਿਸ ਤਰ੍ਹਾਂ ਰੱਖਿਆ ਗਿਆ ਸੀ ।56ਤਦ ਉਨ੍ਹਾਂ ਘਰ ਆ ਕੇ ਸੁਗੰਧਾਂ ਅਤੇ ਅਤਰ ਤਿਆਰ ਕੀਤਾ ਅਤੇ ਸਬਤ ਦੇ ਦਿਨ, ਪਰਮੇਸ਼ੁਰ ਦੇ ਹੁਕਮ ਅਨੁਸਾਰ ਅਰਾਮ ਕੀਤਾ ।

24
ਯਿਸੂ ਦਾ ਜੀ ਉੱਠਣਾ
(ਮੱਤੀ 28:1-10, ਮਰਕੁਸ 16:1-8, ਯੂਹੰਨਾ 20:1-10)

1ਹਫ਼ਤੇ ਦੇ ਪਹਿਲੇ ਦਿਨ ਸਵੇਰ ਵੇਲੇ ਉਹ ਸੁਗੰਧਾਂ ਨੂੰ ਜਿਹੜੀਆਂ ਉਨ੍ਹਾਂ ਤਿਆਰ ਕੀਤੀਆਂ ਸਨ, ਲੈ ਕੇ ਕਬਰ ਉੱਤੇ ਆਈਆਂ ।2ਅਤੇ ਉਨ੍ਹਾਂ ਨੇ ਪੱਥਰ ਨੂੰ ਕਬਰ ਦੇ ਮੂੰਹ ਤੋਂ ਹਟਿਆ ਵੇਖਿਆ ।3ਅਤੇ ਅੰਦਰ ਜਾ ਕੇ ਪ੍ਰਭੂ ਯਿਸੂ ਦੀ ਲੋਥ ਨਾ ਪਾਈ ।

4ਅਤੇ ਇਸ ਤਰ੍ਹਾਂ ਹੋਇਆ ਕਿ ਜਦ ਉਹ ਇਸ ਦੇ ਕਾਰਨ ਉਲਝਣ ਵਿੱਚ ਸਨ, ਤਾਂ ਵੇਖੋ, ਦੋ ਪੁਰਸ਼ ਚਮਕੀਲੀ ਪੁਸ਼ਾਕ ਪਹਿਨੀ ਉਨ੍ਹਾਂ ਦੇ ਕੋਲ ਆ ਖਲੋਤੇ ।5ਜਦ ਉਹ ਡਰ ਗਈਆਂ ਅਤੇ ਆਪਣੇ ਸਿਰ ਜ਼ਮੀਨ ਦੀ ਵੱਲ ਝੁਕਾਉਂਦੀਆਂ ਸਨ ਤਾਂ ਉਨ੍ਹਾਂ ਪੁਰਸ਼ਾਂ ਨੇ ਇਨ੍ਹਾਂ ਨੂੰ ਆਖਿਆ, ਤੁਸੀਂ ਜਿਉਂਦੇ ਨੂੰ ਮੁਰਦਿਆਂ ਵਿੱਚ ਕਿਉਂ ਲੱਭਦੀਆਂ ਹੋ ?
6ਉਹ ਐਥੇ ਨਹੀਂ ਹੈ ਪਰ ਜੀ ਉੱਠਿਆ ਹੈ । ਯਾਦ ਕਰੋ ਕਿ ਗਲੀਲ ਵਿੱਚ ਹੁੰਦਿਆਂ ਉਸ ਨੇ ਤੁਹਾਨੂੰ ਕੀ ਕਿਹਾ ਸੀ,7ਕਿ ਮਨੁੱਖ ਦੇ ਪੁੱਤਰ ਨੂੰ ਪਾਪੀ ਮਨੁੱਖਾਂ ਦੇ ਹੱਥੀਂ ਫੜਵਾਇਆ ਜਾਣਾ ਅਤੇ ਸਲੀਬ ਉੱਤੇ ਚੜ੍ਹਾਇਆ ਜਾਣਾ ਅਤੇ ਤੀਜੇ ਦਿਨ ਮੁਰਦਿਆਂ ਵਿੱਚੋਂ ਜੀ ਉੱਠਣਾ ਜ਼ਰੂਰ ਹੈ ।
8ਤਦ ਉਨ੍ਹਾਂ ਨੂੰ ਯਿਸੂ ਦੀਆਂ ਗੱਲਾਂ ਯਾਦ ਆਈਆਂ ।9ਅਤੇ ਕਬਰ ਤੋਂ ਵਾਪਸ ਕੇ ਉਹਨਾਂ ਨੇ ਇਹ ਸਾਰੀਆਂ ਗੱਲਾਂ ਉਨ੍ਹਾਂ ਗਿਆਰ੍ਹਾਂ ਚੇਲਿਆਂ ਅਤੇ ਹੋਰ ਸਭਨਾਂ ਨੂੰ ਦੱਸ ਦਿੱਤੀਆਂ ।10ਸੋ ਮਰਿਯਮ ਮਗਦਲੀਨੀ ਅਤੇ ਯੋਆਨਾ ਅਤੇ ਯਾਕੂਬ ਦੀ ਮਾਂ ਮਰਿਯਮ ਅਤੇ ਉਨ੍ਹਾਂ ਦੇ ਨਾਲ ਦੀਆਂ ਹੋਰ ਔਰਤਾਂ ਨੇ ਰਸੂਲਾਂ ਨੂੰ ਇਹ ਗੱਲਾਂ ਦੱਸੀਆਂ ।
11ਅਤੇ ਇਹ ਗੱਲਾਂ ਉਨ੍ਹਾਂ ਨੂੰ ਕਹਾਣੀਆਂ ਵਾਂਗੂੰ ਮਲੂਮ ਹੋਈਆਂ ਅਤੇ ਉਨ੍ਹਾਂ ਨੇ ਉਹਨਾਂ ਦਾ ਸੱਚ ਨਾ ਮੰਨਿਆ ।12ਪਰ ਪਤਰਸ ਉੱਠ ਕੇ ਕਬਰ ਵੱਲ ਭੱਜਿਆ ਅਤੇ ਝੁੱਕ ਕੇ ਕਬਰ ਦੇ ਅੰਦਰ ਵੇਖਿਆ, ਪਰ ਕੇਵਲ ਉਸ ਦੇ ਕੱਪੜੇ ਹੀ ਵੇਖੇ ਅਤੇ ਇਸ ਘਟਨਾ ਬਾਰੇ ਅਚਰਜ ਮੰਨਦਾ ਹੋਇਆ ਆਪਣੇ ਘਰ ਚੱਲਿਆ ਗਿਆ ।
ਇੰਮਊਸ ਦੇ ਰਾਹ ਤੇ ਚੇਲਿਆਂ ਦੇ ਨਾਲ
(ਮਰਕੁਸ 16:12, 13)

13ਤਾਂ ਵੇਖੋ, ਉਸੇ ਦਿਨ ਉਨ੍ਹਾਂ ਵਿੱਚੋਂ ਦੋ ਜਣੇ ਇੰਮਊਸ ਨਾਮਕ ਇੱਕ ਪਿੰਡ ਨੂੰ ਜਾਂਦੇ ਸਨ, ਜਿਹੜਾ ਯਰੂਸ਼ਲਮ ਤੋਂ ਸੱਤ ਮੀਲ ਦੂਰੀ ਤੇ ਹੈ ।14ਉਹ ਉਨ੍ਹਾਂ ਸਭਨਾਂ ਗੱਲਾਂ ਦੇ ਵਿਖੇ ਜੋ ਯਰੂਸ਼ਲਮ ਵਿੱਚ ਹੋਈਆਂ ਸਨ ਆਪਸ ਵਿੱਚ ਗੱਲਬਾਤ ਕਰਦੇ ਸਨ ।
15ਅਤੇ ਇਸ ਤਰ੍ਹਾਂ ਹੋਇਆ ਕਿ ਜਦ ਉਹ ਗੱਲਬਾਤ ਅਤੇ ਚਰਚਾ ਕਰਦੇ ਸਨ ਤਾਂ ਯਿਸੂ ਆਪ ਨੇੜੇ ਆਣ ਕੇ ਉਨ੍ਹਾਂ ਦੇ ਨਾਲ ਤੁਰਨ ਲੱਗਾ,16ਪਰ ਉਨ੍ਹਾਂ ਦੀਆਂ ਅੱਖਾਂ ਬੰਦ ਕੀਤੀਆਂ ਗਈਆਂ ਸਨ ਕਿ ਉਹ ਉਸ ਨੂੰ ਪਹਿਚਾਣ ਨਾ ਸਕੇ ।
17ਉਸ ਨੇ ਉਨ੍ਹਾਂ ਨੂੰ ਆਖਿਆ ਕਿ ਤੁਸੀਂ ਤੁਰੇ ਜਾਂਦੇ ਆਪਸ ਵਿੱਚ ਕੀ ਗੱਲਾਂ ਕਰਦੇ ਹੋ ? ਤਾਂ ਉਹ ਉਦਾਸ ਹੋ ਕੇ ਖੜ੍ਹੇ ਹੋ ਗਏ ।18ਤਦ ਕਲਿਉਪਸ ਨਾਮ ਦੇ ਇੱਕ ਨੇ ਉਸ ਨੂੰ ਉੱਤਰ ਦਿੱਤਾ, ਭਲਾ, ਤੂੰ ਹੀ ਇਕੱਲਾ ਯਰੂਸ਼ਲਮ ਵਿੱਚ ਓਪਰਾ ਹੈਂ ਅਤੇ ਅੱਜ-ਕੱਲ ਜਿਹੜੀਆਂ ਘਟਨਾਵਾਂ ਉੱਥੇ ਬੀਤੀਆਂ ਹਨ ਨਹੀਂ ਜਾਣਦਾ ਹੈਂ ?
19ਉਸ ਨੇ ਉਨ੍ਹਾਂ ਨੂੰ ਕਿਹਾ, ਕਿਹੜੀਆਂ ਘਟਨਾਵਾਂ ? ਤਾਂ ਉਨ੍ਹਾਂ ਨੇ ਉਸ ਨੂੰ ਆਖਿਆ, ਯਿਸੂ ਨਾਸਰੀ ਦੇ ਬਾਰੇ, ਜਿਹੜਾ ਸਾਰੇ ਲੋਕਾਂ ਦੇ ਅੱਗੇ ਕਰਨੀ ਅਤੇ ਬਚਨ ਵਿੱਚ ਸਮਰੱਥੀ ਅਤੇ ਪਰਮੇਸ਼ੁਰ ਦਾ ਨਬੀ ਸੀ ।20ਅਤੇ ਕਿਸ ਤਰ੍ਹਾਂ ਮੁੱਖ ਜਾਜਕਾਂ ਅਤੇ ਸਾਡੇ ਸਰਦਾਰਾਂ ਨੇ ਉਸ ਨੂੰ ਕਤਲ ਦੇ ਲਈ ਹਵਾਲੇ ਕੀਤਾ ਅਤੇ ਉਸ ਨੂੰ ਸਲੀਬ ਉੱਤੇ ਚੜ੍ਹਾਇਆ ।
21ਪਰ ਸਾਨੂੰ ਇਹ ਆਸ ਸੀ ਜੋ ਇਹ ਉਹ ਹੀ ਹੈ ਜੋ ਇਸਰਾਏਲ ਦਾ ਨਿਸਤਾਰਾ ਕਰੇਗਾ ਅਤੇ ਇਨ੍ਹਾਂ ਸਭਨਾਂ ਗੱਲਾਂ ਤੋਂ ਬਾਅਦ ਇਸ ਘਟਨਾ ਨੂੰ ਬੀਤਿਆਂ ਅੱਜ ਤਿੰਨ ਦਿਨ ਹੋ ਗਏ ਹਨ ।
22ਪਰ ਸਾਡੇ ਵਿੱਚੋਂ ਕਈਆਂ ਔਰਤਾਂ ਨੇ ਵੀ ਸਾਨੂੰ ਹੈਰਾਨ ਕਰ ਛੱਡਿਆ ਹੈ ਕਿ ਉਹ ਤੜਕੇ ਕਬਰ ਤੇ ਗਈਆਂ ਸਨ,23ਅਤੇ ਜਦ ਉਸ ਦੀ ਲੋਥ ਨਾ ਪਾਈ ਤਾਂ ਇਹ ਆਖਦੀਆਂ ਆਈਆਂ ਜੋ ਸਾਨੂੰ ਦੂਤਾਂ ਦਾ ਦਰਸ਼ਣ ਵੀ ਹੋਇਆ, ਜਿਨ੍ਹਾਂ ਨੇ ਆਖਿਆ ਕਿ ਉਹ ਜਿਉਂਦਾ ਹੈ !24ਅਤੇ ਸਾਡੇ ਨਾਲ ਦਿਆਂ ਵਿੱਚੋਂ ਵੀ ਕਈ ਕਬਰ ਉੱਤੇ ਗਏ ਅਤੇ ਜਿਸ ਤਰ੍ਹਾਂ ਔਰਤਾਂ ਨੇ ਦੱਸਿਆ ਉਸੇ ਤਰ੍ਹਾਂ ਪਾਇਆ ਪਰ ਉਸ ਨੂੰ ਨਾ ਵੇਖਿਆ ।
25ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ, ਹੇ ਬੇਸਮਝੋ ਅਤੇ ਨਬੀਆਂ ਦੇ ਸਾਰੇ ਬਚਨਾਂ ਉੱਤੇ ਵਿਸ਼ਵਾਸ ਕਰਨ ਵਿੱਚ ਢਿੱਲਿਉ !26ਕੀ ਮਸੀਹ ਦੇ ਲਈ ਇਹ ਜ਼ਰੂਰੀ ਨਾ ਸੀ ਜੋ ਉਹ ਕਸ਼ਟ ਭੋਗ ਕੇ ਆਪਣੇ ਤੇਜ ਵਿੱਚ ਪ੍ਰਵੇਸ਼ ਕਰੇ ?27ਯਿਸੂ ਨੇ ਮੂਸਾ ਅਤੇ ਸਭਨਾਂ ਨਬੀਆਂ ਤੋਂ ਸ਼ੁਰੂ ਕਰ ਕੇ ਉਹਨਾਂ ਨੂੰ ਉਨ੍ਹਾਂ ਗੱਲਾਂ ਦਾ ਅਰਥ ਦੱਸਿਆ, ਜਿਹੜੀਆਂ ਪਵਿੱਤਰ ਗ੍ਰੰਥਾਂ ਵਿੱਚ ਉਸ ਦੇ ਹੱਕ ਵਿੱਚ ਲਿਖੀਆਂ ਹੋਈਆਂ ਸਨ ।
28ਉਹ ਉਸ ਪਿੰਡ ਨੇੜੇ ਆਇਆ, ਜਿੱਥੇ ਉਹ ਜਾਂਦੇ ਸਨ ਅਤੇ ਉਸ ਨੇ ਅੱਗੇ ਵਧਣ ਨੂੰ ਕੀਤਾ ।29ਤਾਂ ਉਨ੍ਹਾਂ ਨੇ ਉਸ ਨੂੰ ਰੋਕ ਕੇ ਆਖਿਆ ਕਿ ਸਾਡੇ ਨਾਲ ਰਹੋ ਕਿਉਂ ਜੋ ਸ਼ਾਮ ਪੈ ਗਈ ਹੈ ਅਤੇ ਹੁਣ ਦਿਨ ਢੱਲ਼ ਚੱਲਿਆ ਹੈ । ਤਦ ਉਹ ਉਨ੍ਹਾਂ ਨਾਲ ਰਹਿਣ ਲਈ ਅੰਦਰ ਗਿਆ ।
30ਇਸ ਤਰ੍ਹਾਂ ਹੋਇਆ ਕਿ ਜਦ ਉਹ ਉਨ੍ਹਾਂ ਦੇ ਨਾਲ ਭੋਜਨ ਖਾਣ ਨੂੰ ਬੈਠਾ ਤਾਂ ਉਸ ਨੇ ਰੋਟੀ ਲੈ ਕੇ ਬਰਕਤ ਦਿੱਤੀ ਅਤੇ ਤੋੜ ਕੇ ਉਨ੍ਹਾਂ ਨੂੰ ਫੜ੍ਹਾਈ ।31ਤਦ ਉਨ੍ਹਾਂ ਦੀਆਂ ਅੱਖਾਂ ਖੁੱਲ੍ਹ ਗਈਆਂ ਅਤੇ ਉਨ੍ਹਾਂ ਉਸ ਨੂੰ ਪਹਿਚਾਣ ਲਿਆ ਅਤੇ ਉਹ ਉਨ੍ਹਾਂ ਤੋਂ ਅਲੋਪ ਹੋ ਗਿਆ ।32ਤਦ ਉਹ ਇੱਕ ਦੂਜੇ ਨੂੰ ਆਖਣ ਲੱਗੇ ਕਿ ਜਦ ਉਹ ਰਾਹ ਵਿੱਚ ਸਾਡੇ ਨਾਲ ਗੱਲਾਂ ਕਰਦਾ ਅਤੇ ਸਾਡੇ ਲਈ ਪਵਿੱਤਰ ਗ੍ਰੰਥਾਂ ਦਾ ਅਰਥ ਖੋਲ੍ਹਦਾ ਸੀ ਤਾਂ ਕੀ ਸਾਡਾ ਦਿਲ ਸਾਡੇ ਅੰਦਰ ਉਬਾਲੇ ਨਹੀਂ ਖਾ ਰਿਹਾ ਸੀ ?
33ਉਹ ਉਸੇ ਸਮੇਂ ਉੱਠ ਕੇ ਯਰੂਸ਼ਲਮ ਨੂੰ ਮੁੜੇ ਅਤੇ ਗਿਆਰ੍ਹਾਂ ਚੇਲਿਆਂ ਅਤੇ ਉਨ੍ਹਾਂ ਦੇ ਨਾਲ ਦਿਆਂ ਨੂੰ ਇਕੱਠੇ ਪਾਇਆ,34ਜਿਹੜੇ ਕਹਿੰਦੇ ਸਨ ਕਿ ਪ੍ਰਭੂ ਸੱਚ-ਮੁੱਚ ਜੀ ਉੱਠਿਆ ਹੈ ਅਤੇ ਸ਼ਮਊਨ ਨੂੰ ਵਿਖਾਈ ਦਿੱਤਾ !35ਤਾਂ ਉਨ੍ਹਾਂ ਨੇ ਸੁਣਾਇਆ ਕਿ ਰਾਹ ਵਿੱਚ ਕੀ ਕੁੱਝ ਹੋਇਆ ਅਤੇ ਰੋਟੀ ਤੋੜਨ ਵੇਲੇ ਅਸੀਂ ਉਸ ਨੂੰ ਕਿਸ ਤਰ੍ਹਾਂ ਪਛਾਣਿਆਂ ।
ਯਿਸੂ ਚੇਲਿਆਂ ਨੂੰ ਦਿਖਾਈ ਦਿੰਦਾ ਹੈ
(ਮੱਤੀ 28:16-20, ਮਰਕੁਸ 16:14-18, ਯੂਹੰਨਾ 20:19-23, ਰਸੂਲਾਂ ਦੇ ਕਰਤੱਬ 1:6-8)

36ਉਹ ਇਹ ਗੱਲਾਂ ਕਰਦੇ ਹੀ ਸਨ ਕਿ ਯਿਸੂ ਆਪ ਉਨ੍ਹਾਂ ਦੇ ਵਿੱਚ ਆ ਕੇ ਖੜ੍ਹਾ ਹੋ ਗਿਆ ਅਤੇ ਉਨ੍ਹਾਂ ਨੂੰ ਆਖਿਆ, ਤੁਹਾਨੂੰ ਸ਼ਾਂਤੀ ਮਿਲੇ ।37ਪਰ ਉਹ ਸਹਿਮ ਕੇ ਡਰ ਗਏ ਅਤੇ ਇਹ ਸਮਝੇ ਜੋ ਅਸੀਂ ਭੂਤ ਨੂੰ ਵੇਖਦੇ ਹਾਂ ।
38ਉਸ ਨੇ ਉਨ੍ਹਾਂ ਨੂੰ ਕਿਹਾ, ਤੁਸੀਂ ਕਿਉਂ ਘਬਰਾਉਂਦੇ ਹੋ ਅਤੇ ਤੁਹਾਡੇ ਮਨਾਂ ਵਿੱਚ ਸ਼ੱਕ ਕਿਉਂ ਆ ਰਿਹਾ ਹੈ ?39ਮੇਰੇ ਹੱਥ ਅਤੇ ਮੇਰੇ ਪੈਰ ਵੇਖੋ, ਕਿ ਇਹ ਮੈਂ ਹੀ ਹਾਂ । ਮੈਨੂੰ ਛੂਹੋ ਅਤੇ ਵੇਖੋ ਕਿਉਂਕਿ ਭੂਤ ਦੇ ਮਾਸ ਅਤੇ ਹੱਡੀਆਂ ਨਹੀਂ ਹੁੰਦੀਆਂ ਜਿਵੇਂ ਮੇਰੇ ਵਿੱਚ ਵੇਖਦੇ ਹੋ ।40ਅਤੇ ਉਸ ਨੇ ਇਹ ਕਹਿ ਕੇ ਉਨ੍ਹਾਂ ਨੂੰ ਆਪਣੇ ਹੱਥ-ਪੈਰ ਵਿਖਾਏ ।
41ਤਦ ਉਹ ਖੁਸ਼ੀ ਦੇ ਮਾਰੇ ਅਜੇ ਵੀ ਵਿਸ਼ਵਾਸ ਨਹੀਂ ਕਰਦੇ ਸਨ ਅਤੇ ਹੈਰਾਨ ਹੋ ਰਹੇ ਸਨ, ਉਸ ਨੇ ਉਨ੍ਹਾਂ ਨੂੰ ਆਖਿਆ, ਕੀ ਤੁਹਾਡੇ ਕੋਲ ਕੁੱਝ ਭੋਜਨ ਹੈ ?42ਤਦ ਉਨ੍ਹਾਂ ਨੇ ਉਸ ਨੂੰ ਭੁੰਨੀ ਮੱਛੀ ਦਾ ਟੁੱਕੜਾ ਦਿੱਤਾ ।43ਅਤੇ ਉਸ ਨੇ ਲੈ ਕੇ ਉਨ੍ਹਾਂ ਦੇ ਸਾਹਮਣੇ ਖਾ ਲਿਆ ।

44ਤਦ ਉਸ ਨੇ ਉਨ੍ਹਾਂ ਨੂੰ ਆਖਿਆ, ਇਹ ਮੇਰੀਆਂ ਉਹੋ ਗੱਲਾਂ ਹਨ, ਜਿਹੜੀਆਂ ਮੈਂ ਤੁਹਾਡੇ ਨਾਲ ਰਹਿੰਦਿਆਂ ਹੋਇਆਂ ਤੁਹਾਨੂੰ ਆਖੀਆਂ ਕਿ ਉਨ੍ਹਾਂ ਸਭਨਾਂ ਗੱਲਾਂ ਦਾ ਪੂਰਾ ਹੋਣਾ ਜ਼ਰੂਰੀ ਹੈ, ਜੋ ਮੂਸਾ ਦੀ ਬਿਵਸਥਾ ਅਤੇ ਨਬੀਆਂ ਦੀਆਂ ਪੁਸਤਕਾਂ ਅਤੇ ਜ਼ਬੂਰਾਂ ਵਿੱਚ ਮੇਰੇ ਹੱਕ ਵਿੱਚ ਲਿਖੀਆਂ ਹੋਈਆਂ ਹਨ ।
45ਤਦ ਉਸ ਨੇ ਉਨ੍ਹਾਂ ਦੀ ਸਮਝ ਖੋਲ੍ਹ ਦਿੱਤੀ ਜੋ ਪਵਿੱਤਰ ਗ੍ਰੰਥਾਂ ਨੂੰ ਸਮਝ ਲੈਣ ।46ਅਤੇ ਉਨ੍ਹਾਂ ਨੂੰ ਆਖਿਆ ਕਿ ਇਹ ਲਿਖਿਆ ਹੈ ਜੋ ਮਸੀਹ ਦੁੱਖ ਝੱਲੇਗਾ ਅਤੇ ਤੀਜੇ ਦਿਨ ਮੁਰਦਿਆਂ ਵਿੱਚੋਂ ਫਿਰ ਜੀ ਉੱਠੇਗਾ ।47ਅਤੇ ਯਰੂਸ਼ਲਮ ਤੋਂ ਲੈ ਕੇ ਸਾਰੀਆਂ ਕੌਮਾਂ ਵਿੱਚ ਉਸ ਦੇ ਨਾਮ ਉੱਤੇ ਤੋਬਾ ਅਤੇ ਪਾਪਾਂ ਦੀ ਮਾਫ਼ੀ ਦਾ ਪਰਚਾਰ ਕੀਤਾ ਜਾਵੇਗਾ ।
48ਤੁਸੀਂ ਇਨ੍ਹਾਂ ਸਾਰੀਆਂ ਗੱਲਾਂ ਦੇ ਗਵਾਹ ਹੋ ।49ਅਤੇ ਵੇਖੋ, ਮੈਂ ਆਪਣੇ ਪਿਤਾ ਦਾ ਵਾਇਦਾ ਤੁਹਾਡੇ ਉੱਤੇ ਭੇਜਦਾ ਹਾਂ, ਪਰ ਜਦ ਤੱਕ ਤੁਸੀਂ ਸਵਰਗੀ ਸਮਰੱਥਾ ਨਾ ਪਾਓ ਯਰੁਸ਼ਲਮ ਸ਼ਹਿਰ ਵਿੱਚ ਠਹਿਰੇ ਰਹੋ ।
ਯਿਸੂ ਦਾ ਸਵਰਗ ਤੇ ਉਠਾਇਆ ਜਾਣਾ
(ਮਰਕੁਸ 16:19, 20 ਰਸੂਲਾਂ ਦੇ ਕਰਤੱਬ 1:9-11)

50ਯਿਸੂ ਉਨ੍ਹਾਂ ਨੂੰ ਬਾਹਰ ਬੈਤਅਨੀਆ ਦੇ ਸਾਹਮਣੇ ਲੈ ਗਿਆ ਅਤੇ ਆਪਣੇ ਹੱਥ ਉੱਠਾ ਕੇ ਉਨ੍ਹਾਂ ਨੂੰ ਬਰਕਤ ਦਿੱਤੀ ।51ਅਤੇ ਇਸ ਤਰ੍ਹਾਂ ਹੋਇਆ ਕਿ ਜਦ ਉਹ ਉਨ੍ਹਾਂ ਨੂੰ ਬਰਕਤ ਦੇ ਰਿਹਾ ਸੀ ਤਾਂ ਉਹ ਉਨ੍ਹਾਂ ਤੋਂ ਅਲੱਗ ਹੋਇਆ ਅਤੇ ਸਵਰਗ ਵਿੱਚ ਉੱਠਾਇਆ ਗਿਆ ।
52ਅਤੇ ਉਹ ਉਸ ਨੂੰ ਸੀਸ ਨਿਵਾ ਕੇ ਵੱਡੀ ਖੁਸ਼ੀ ਨਾਲ ਯਰੂਸ਼ਲਮ ਨੂੰ ਵਾਪਸ ਮੁੜ ਆਏ ।53ਅਤੇ ਹੈਕਲ ਵਿੱਚ ਹਰ ਰੋਜ਼ ਪਰਮੇਸ਼ੁਰ ਦਾ ਧੰਨਵਾਦ ਕਰਦੇ ਰਹੇ ।

ਯੂਹੰਨਾ ਦੀ ਇੰਜੀਲ

1
ਸ਼ਬਦ ਦੇਹਧਾਰੀ ਹੋਇਆ

1ਆਦ ਵਿੱਚ ਸ਼ਬਦ ਸੀ, ਸ਼ਬਦ ਪਰਮੇਸ਼ੁਰ ਦੇ ਨਾਲ ਸੀ ਅਤੇ ਸ਼ਬਦ ਹੀ ਪਰਮੇਸ਼ੁਰ ਸੀ ।2ਉਹ ਆਦ ਵਿੱਚ ਪਰਮੇਸ਼ੁਰ ਦੇ ਨਾਲ ਸੀ ।3ਸਭ ਕੁੱਝ ਉਸ ਦੇ ਰਾਹੀਂ ਰਚਿਆ ਗਿਆ; ਉਸ ਤੋਂ ਬਿਨ੍ਹਾਂ ਕੁੱਝ ਵੀ ਨਹੀਂ ਸੀ ਰਚਿਆ ਗਿਆ ।

4ਉਸ ਵਿੱਚ ਜੀਵਨ ਸੀ, ਅਤੇ ਉਹ ਜੀਵਨ ਇਨਸਾਨ ਲਈ ਚਾਨਣ ਸੀ ।5ਉਹ ਚਾਨਣ ਹਨੇਰੇ ਵਿੱਚ ਚਮਕਦਾ ਹੈ, ਹਨੇਰੇ ਨੇ ਇਸ ਨੂੰ ਕਬੂਲ ਨਹੀਂ ਕੀਤਾ ।
6ਇੱਕ ਆਦਮੀ ਸੀ, ਜਿਸ ਦਾ ਨਾਮ ਯੂਹੰਨਾ ਸੀ ਉਸ ਨੂੰ ਪਰਮੇਸ਼ੁਰ ਵੱਲੋਂ ਭੇਜਿਆ ਗਿਆ ਸੀ ।7ਯੂਹੰਨਾ, ਲੋਕਾਂ ਨੂੰ ਚਾਨਣ ਬਾਰੇ ਗਵਾਹੀ ਦੇਣ ਆਇਆ ਤਾਂ ਜੋ ਯੂਹੰਨਾ ਰਾਹੀਂ ਸਾਰੇ ਲੋਕ ਚਾਨਣ ਤੇ ਵਿਸ਼ਵਾਸ ਕਰ ਸਕਣ ।8ਯੂਹੰਨਾ ਆਪ ਉਹ ਚਾਨਣ ਨਹੀਂ ਸੀ, ਪਰ ਯੂਹੰਨਾ ਲੋਕਾਂ ਨੂੰ ਚਾਨਣ ਬਾਰੇ ਗਵਾਹੀ ਦੇਣ ਲਈ ਆਇਆ ਸੀ ।
9ਅਸਲ ਚਾਨਣ ਦੁਨੀਆਂ ਵਿੱਚ ਆਉਣ ਵਾਲਾ ਸੀ । ਇਹ ਅਸਲ ਚਾਨਣ ਸੀ ਜੋ ਸਾਰੇ ਮਨੁੱਖਾਂ ਨੂੰ ਰੋਸ਼ਨੀ ਦਿੰਦਾ ਹੈ ।
10ਸ਼ਬਦ ਪਹਿਲਾਂ ਤੋਂ ਹੀ ਜਗਤ ਵਿੱਚ ਸੀ, ਉਸ ਰਾਹੀਂ ਜਗਤ ਰਚਿਆ ਗਿਆ, ਪਰ ਜਗਤ ਨੇ ਉਸ ਨੂੰ ਨਹੀਂ ਪਹਿਚਾਣਿਆ ।11ਉਹ ਆਪਣੇ ਲੋਕਾਂ ਵਿੱਚ ਆਇਆ, ਪਰ ਉਸ ਦੇ ਆਪਣੇ ਹੀ ਲੋਕਾਂ ਨੇ ਉਸ ਨੂੰ ਕਬੂਲ ਨਾ ਕੀਤਾ ।
12ਪਰ ਜਿੰਨਿਆਂ ਨੇ ਉਸ ਨੂੰ ਕਬੂਲ ਕੀਤਾ ਅਤੇ ਉਸ ਦੇ ਨਾਮ ਉੱਤੇ ਵਿਸ਼ਵਾਸ ਕੀਤਾ ਉਸ ਨੇ ਉਹਨਾਂ ਨੂੰ ਪਰਮੇਸ਼ੁਰ ਦੀ ਸੰਤਾਨ ਹੋਣ ਦਾ ਹੱਕ ਦਿੱਤਾ ।13ਨਾ ਹੀ ਉਹ ਲਹੂ ਤੋਂ, ਨਾ ਹੀ ਸਰੀਰਕ ਇੱਛਾ ਨਾਲ, ਅਤੇ ਨਾ ਹੀ ਮਨੁੱਖਾਂ ਦੀ ਇੱਛਾ ਨਾਲ ਪਰ ਉਹ ਪਰਮੇਸ਼ੁਰ ਤੋਂ ਪੈਦਾ ਹੋਏ ਸਨ ।
14ਸ਼ਬਦ ਦੇਹਧਾਰੀ ਹੋ ਗਿਆ ਅਤੇ ਸਾਡੇ ਵਿੱਚ ਰਿਹਾ, ਅਸੀਂ ਉਸ ਦੀ ਮਹਿਮਾ ਦੇਖੀ ਉਹ ਮਹਿਮਾ ਜੋ ਪਿਤਾ ਦੇ ਇੱਕਲੌਤੇ ਪੁੱਤਰ ਦੀ ਹੈ, ਜੋ ਕਿਰਪਾ ਅਤੇ ਸਚਿਆਈ ਨਾਲ ਭਰਪੂਰ ਸੀ ।15ਯੂਹੰਨਾ ਨੇ ਉਸ ਦੇ ਬਾਰੇ ਗਵਾਹੀ ਦਿੱਤੀ ਅਤੇ ਆਖਿਆ, “ਇਹ ਉਹੀ ਹੈ ਜਿਸ ਬਾਰੇ ਮੈਂ ਦੱਸ ਰਿਹਾ ਸੀ । ਮੈਂ ਤੁਹਾਨੂੰ ਦੱਸਿਆ ਸੀ ਕਿ ਉਹ ਜਿਹੜਾ ਮੇਰੇ ਤੋਂ ਬਾਅਦ ਆਵੇਗਾ, ਉਹ ਮੇਰੇ ਨਾਲੋਂ ਵੀ ਮਹਾਨ ਹੈ । ਉਹ ਮੇਰੇ ਤੋਂ ਵੀ ਪਹਿਲਾਂ ਸੀ ।”
16ਉਸ ਦੀ ਭਰਪੂਰੀ ਤੋਂ ਅਸੀਂ ਬੇਹੱਦ ਕਿਰਪਾ ਪਾਈ l17ਬਿਵਸਥਾ ਮੂਸਾ ਰਾਹੀਂ ਦਿੱਤੀ ਗਈ ਸੀ, ਪਰ ਕਿਰਪਾ ਅਤੇ ਸਚਿਆਈ ਯਿਸੂ ਮਸੀਹ ਰਾਹੀਂ ਆਈ ।18ਕਿਸੇ ਨੇ ਪਰਮੇਸ਼ੁਰ ਨੂੰ ਕਦੇ ਨਹੀਂ ਵੇਖਿਆ, ਉਹ ਇੱਕਲੌਤਾ ਪੁੱਤਰ, ਜੋ ਪਿਤਾ ਦੀ ਗੋਦ ਵਿੱਚ ਹੈ, ਪਰਮੇਸ਼ੁਰ ਹੈ ਅਤੇ ਉਸ ਨੇ ਸਾਨੂੰ ਵਿਖਾਇਆ ਹੈ ਕਿ ਕੌਣ ਪਰਮੇਸ਼ੁਰ ਹੈ ।
ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਗਵਾਹੀ
(ਮੱਤੀ 3:1-12, ਮਰਕੁਸ 1:1-8, ਲੂਕਾ 3:1-18)

19ਯਰੂਸ਼ਲਮ ਦੇ ਯਹੂਦੀਆਂ ਨੇ ਕੁੱਝ ਜਾਜਕਾਂ ਤੇ ਲੇਵੀਆਂ ਨੂੰ ਯੂਹੰਨਾ ਕੋਲ ਭੇਜਿਆ । ਯਹੂਦੀਆਂ ਨੇ ਉਨ੍ਹਾਂ ਨੂੰ ਇਹ ਪੁੱਛਣ ਲਈ ਭੇਜਿਆ, “ਤੂੰ ਕੌਣ ਹੈਂ ।”20ਯੂਹੰਨਾ ਸੱਚ ਬੋਲਿਆ ਉਸ ਨੇ ਉੱਤਰ ਦੇਣ ਤੋਂ ਇੰਨਕਾਰ ਨਾ ਕੀਤਾ । ਉਸ ਨੇ ਸਾਫ਼-ਸਾਫ਼ ਆਖਿਆ, “ਮੈਂ ਮਸੀਹ ਨਹੀਂ ਹਾਂ ।”21ਯਹੂਦੀਆਂ ਨੇ ਯੂਹੰਨਾ ਨੂੰ ਪੁੱਛਿਆ, “ਫਿਰ ਤੂੰ ਕੌਣ ਹੈਂ ? ਕੀ ਤੂੰ ਏਲੀਯਾਹ ਹੈਂ ? ” ਯੂਹੰਨਾ ਨੇ ਜ਼ਵਾਬ ਦਿੱਤਾ, “ਨਹੀਂ ਮੈਂ ਏਲੀਯਾਹ ਨਹੀਂ ਹਾਂ ।” ਯਹੂਦੀਆਂ ਨੇ ਪੁੱਛਿਆ, “ਕੀ ਤੂੰ ਨਬੀ ਹੈ ? ” ਯੂਹੰਨਾ ਨੇ ਜ਼ਵਾਬ ਦਿੱਤਾ, “ਨਹੀਂ, ।”
22ਤਾਂ ਯਹੂਦੀਆਂ ਨੇ ਪੁੱਛਿਆ, “ਫਿਰ ਤੂੰ ਕੌਣ ਹੈਂ ? ਸਾਨੂੰ ਆਪਣੇ ਬਾਰੇ ਦੱਸ । ਸਾਨੂੰ ਜ਼ਵਾਬ ਦੇ ਤਾਂ ਕਿ ਅਸੀਂ ਉਨ੍ਹਾਂ ਨੂੰ ਦੱਸ ਸਕੀਏ, ਜਿਨ੍ਹਾਂ ਨੇ ਸਾਨੂੰ ਭੇਜਿਆ ਹੈ । ਤੂੰ ਆਪਣੇ ਬਾਰੇ ਕੀ ਆਖਦਾ ਹੈਂ ? ”23ਯੂਹੰਨਾ ਨੇ ਉਨ੍ਹਾਂ ਨੂੰ ਨਬੀ ਯਸਾਯਾਹ ਦੇ ਸ਼ਬਦ ਆਖੇ: “ਮੈਂ ਉਜਾੜ ਵਿੱਚ ਹੋਕਾ ਦੇਣ ਵਾਲੇ ਦੀ ਅਵਾਜ਼ ਹਾਂ: ਪ੍ਰਭੂ ਲਈ ਸਿੱਧਾ ਰਾਹ ਤਿਆਰ ਕਰੋ ।”
24ਇਹ ਯਹੂਦੀ ਫ਼ਰੀਸੀਆਂ ਵੱਲੋਂ ਭੇਜੇ ਹੋਏ ਸਨ ।25ਉਨ੍ਹਾਂ ਨੇ ਉਸ ਨੂੰ ਪੁੱਛਿਆ, “ਤੂੰ ਆਖਦਾ ਹੈਂ ਕਿ ਤੂੰ ਮਸੀਹ ਨਹੀਂ ਹੈ ।” ਤੂੰ ਆਖਦਾ ਹੈਂ ਕਿ “ਤੂੰ ਏਲੀਯਾਹ ਨਹੀਂ ਹੈ ਅਤੇ ਨਾ ਹੀ ਨਬੀ । ਫਿਰ ਤੂੰ ਲੋਕਾਂ ਨੂੰ ਬਪਤਿਸਮਾ ਕਿਉਂ ਦਿੰਦਾ ਹੈ ? ”
26ਯੂਹੰਨਾ ਨੇ ਉੱਤਰ ਦਿੱਤਾ, “ਮੈਂ ਲੋਕਾਂ ਨੂੰ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ ਪਰ ਕੋਈ ਇੱਕ ਹੈ ਜੋ ਤੁਹਾਡੇ ਵਿੱਚ ਖੜ੍ਹਾ ਹੈ, ਜਿਸ ਨੂੰ ਤੁਸੀਂ ਨਹੀਂ ਪਛਾਣਦੇ ।27ਉਹ ਉਹੀ ਹੈ ਜੋ ਮੇਰੇ ਮਗਰੋਂ ਆਵੇਗਾ । ਮੈਂ ਉਸ ਦੀ ਜੁੱਤੀ ਦੇ ਤਸਮੇ ਖੋਲ੍ਹਣ ਦੇ ਵੀ ਯੋਗ ਨਹੀਂ ਹਾਂ ।”28ਇਹ ਸਭ ਗੱਲਾਂ ਬੈਤਅਨੀਆਂ ਵਿੱਚ ਯਰਦਨ ਦਰਿਆ ਦੇ ਪਾਰ ਹੋਈਆਂ । ਉੱਥੇ ਯੂਹੰਨਾ ਲੋਕਾਂ ਨੂੰ ਬਪਤਿਸਮਾ ਦਿੰਦਾ ਸੀ ।
ਪਰਮੇਸ਼ੁਰ ਦਾ ਲੇਲਾ

29ਅਗਲੇ ਦਿਨ ਯੂਹੰਨਾ ਨੇ ਯਿਸੂ ਨੂੰ ਆਪਣੇ ਵੱਲ ਆਉਂਦਿਆਂ ਦੇਖਿਆ । ਯੂਹੰਨਾ ਨੇ ਆਖਿਆ, “ਵੇਖੋ, ਪਰਮੇਸ਼ੁਰ ਦਾ ਲੇਲਾ, ਉਹ ਸੰਸਾਰ ਦੇ ਪਾਪ ਚੁੱਕ ਕੇ ਲੈ ਜਾਂਦਾ ਹੈ ।”30ਮੈਂ ਉਸ ਬਾਰੇ ਹੀ ਗੱਲ ਕਰ ਰਿਹਾ ਸੀ ਜਦੋਂ ਮੈਂ ਆਖਿਆ ਸੀ “ਇੱਕ ਮਨੁੱਖ ਮੇਰੇ ਬਾਅਦ ਆਵੇਗਾ ਤੇ ਉਹ ਮੇਰੇ ਤੋਂ ਵੀ ਮਹਾਨ ਹੈ, ਕਿਉਂਕਿ ਉਹ ਮੇਰੇ ਤੋਂ ਵੀ ਪਹਿਲਾਂ ਸੀ ।31ਮੈਂ ਨਹੀਂ ਜਾਣਦਾ ਸੀ ਉਹ ਕੌਣ ਹੈ । ਪਰ ਮੈਂ ਲੋਕਾਂ ਨੂੰ ਜਲ ਨਾਲ ਬਪਤਿਸਮਾ ਦੇਣ ਲਈ ਆਇਆ ਹਾਂ ਤਾਂ ਜੋ ਇਸਰਾਏਲ ਉਸ ਬਾਰੇ ਜਾਣ ਸਕੇ ।”
32ਯੂਹੰਨਾ ਨੇ ਗਵਾਹੀ ਦੇ ਕੇ ਆਖਿਆ, ਮੈਂ ਆਤਮਾ ਨੂੰ ਸਵਰਗ ਤੋਂ ਘੁੱਗੀ ਦੀ ਤਰ੍ਹਾਂ ਉੱਤਰਦਿਆਂ ਅਤੇ ਉਸ ਉੱਪਰ ਠਹਿਰਿਆ ਵੇਖਿਆ ।33“ਮੈਂ ਵੀ ਨਹੀਂ ਜਾਣਦਾ ਸੀ ਕਿ ਮਸੀਹ ਕੌਣ ਹੈ, ਪਰ ਮੈਨੂੰ ਪਰਮੇਸ਼ੁਰ ਨੇ ਭੇਜਿਆ ਕਿ ਮੈਂ ਲੋਕਾਂ ਨੂੰ ਜਲ ਨਾਲ ਬਪਤਿਸਮਾ ਦੇਵਾਂ ਤੇ ਪਰਮੇਸ਼ੁਰ ਨੇ ਮੈਨੂੰ ਦੱਸਿਆ, ਤੂੰ ਆਤਮਾ ਨੂੰ ਸਵਰਗ ਤੋਂ ਉੱਤਰਦਿਆਂ ਅਤੇ ਇੱਕ ਮਨੁੱਖ ਉੱਤੇ ਠਹਿਰਦਿਆਂ ਵੇਖੇਂਗਾ ਤੇ ਉਹ ਪਵਿੱਤਰ ਆਤਮਾ ਨਾਲ ਲੋਕਾਂ ਨੂੰ ਬਪਤਿਸਮਾ ਦੇਵੇਗਾ34ਮੈਂ ਗਵਾਹੀ ਦਿੰਦਾ ਹਾਂ ਕਿ ਉਹੀ ਪਰਮੇਸ਼ੁਰ ਦਾ ਪੁੱਤਰ ਹੈ ।”
ਯਿਸੂ ਦੇ ਪਹਿਲੇ ਚੇਲੇ

35ਅਗਲੇ ਦਿਨ ਯੂਹੰਨਾ ਫ਼ੇਰ ਉੱਥੇ ਹੀ ਖੜ੍ਹਾ ਸੀ । ਯੂਹੰਨਾ ਦੇ ਨਾਲ ਉਸ ਦੇ ਦੋ ਚੇਲੇ ਸਨ ।36ਯੂਹੰਨਾ ਨੇ ਯਿਸੂ ਨੂੰ ਵੇਖ ਕੇ ਆਖਿਆ, “ਵੇਖੋ, ਪਰਮੇਸ਼ੁਰ ਦਾ ਲੇਲਾ ।”
37ਉਨ੍ਹਾਂ ਦੋਹਾਂ ਚੇਲਿਆਂ ਨੇ, ਜੋ ਯੂਹੰਨਾ ਆਖ ਰਿਹਾ ਸੀ, ਸੁਣਿਆ ਅਤੇ ਉਹ ਯਿਸੂ ਦੇ ਮਗਰ ਤੁਰ ਪਏ ।38ਯਿਸੂ ਨੇ ਉਨ੍ਹਾਂ ਨੂੰ ਮਗਰ ਆਉਂਦਿਆ ਵੇਖਿਆ ਅਤੇ ਮੁੜ ਕੇ ਆਖਿਆ, “ਤੁਸੀਂ ਕੀ ਚਾਹੁੰਦੇ ਹੋ ? ” ਉਨ੍ਹਾਂ ਦੋਹਾਂ ਨੇ ਆਖਿਆ, “ਹੇ ਰੱਬੀ, ‘ਰੱਬੀ’ ਦਾ ਅਰਥ ਹੈ ‘ਗੁਰੂ’ ਤੁਸੀਂ ਕਿੱਥੇ ਠਹਿਰੇ ਹੋ ? ”39ਯਿਸੂ ਨੇ ਉੱਤਰ ਦਿੱਤਾ, “ਆਓ ਅਤੇ ਵੇਖੋ ।” ਸੋ ਉਹ ਦੋਵੇਂ ਯਿਸੂ ਦੇ ਨਾਲ ਗਏ । ਉਨ੍ਹਾਂ ਨੇ ਥਾਂ ਵੇਖੀ ਜਿੱਥੇ ਯਿਸੂ ਰਹਿ ਰਿਹਾ ਸੀ । ਉਸ ਦਿਨ ਉਹ ਉੱਥੇ ਯਿਸੂ ਦੇ ਨਾਲ ਹੀ ਰਹੇ । ਇਹ ਚਾਰ ਕੁ ਵਜੇ ਦਾ ਸਮਾਂ ਸੀ ।
40ਇਨ੍ਹਾਂ ਦੋਹਾਂ ਨੇ ਯਿਸੂ ਬਾਰੇ ਯੂਹੰਨਾ ਤੋਂ ਸੁਣਨ ਤੋਂ ਬਾਅਦ ਯਿਸੂ ਦੇ ਮਗਰ ਹੋ ਤੁਰੇ । ਇਨ੍ਹਾਂ ਵਿੱਚੋਂ ਇੱਕ ਦਾ ਨਾਮ ਅੰਦ੍ਰਿਯਾਸ ਸੀ । ਅੰਦ੍ਰਿਯਾਸ ਸ਼ਮਊਨ ਪਤਰਸ ਦਾ ਭਰਾ ਸੀ ।41ਪਹਿਲਾਂ ਅੰਦ੍ਰਿਯਾਸ ਨੇ ਆਪਣੇ ਭਰਾ ਸ਼ਮਊਨ ਨੂੰ ਲੱਭਿਆ ਤੇ ਫ਼ਿਰ ਉਸ ਨੇ ਆਖਿਆ, “ਅਸੀਂ ਮਸੀਹ ਨੂੰ ਲੱਭ ਲਿਆ ਹੈ ।” “ਮਸੀਹ” ਮਤਲਬ “ਮਸੀਹਾ”42ਅੰਦ੍ਰਿਯਾਸ ਸ਼ਮਊਨ ਨੂੰ ਯਿਸੂ ਕੋਲ ਲੈ ਆਇਆ । ਯਿਸੂ ਨੇ ਸ਼ਮਊਨ ਨੂੰ ਵੇਖਿਆ ਤੇ ਆਖਿਆ ਤੂੰ ਯੂਹੰਨਾ ਦਾ ਪੁੱਤਰ ਸ਼ਮਊਨ ਹੈਂ, ਤੂੰ ਕੇਫ਼ਾਸ ਅਖਵਾਵੇਗਾ “ਕੇਫ਼ਾਸ” ਦਾ ਭਾਵ ਹੈ “ਪਤਰਸ” ।
ਫਿਲਿਪੁੱਸ ਅਤੇ ਨਥਾਨਿਏਲ ਨੂੰ ਬੁਲਾਉਣਾ

43ਅਗਲੇ ਦਿਨ ਯਿਸੂ ਨੇ ਚਾਹਿਆ ਕਿ ਉਹ ਗਲੀਲ ਜਾਵੇ । ਉਸ ਨੇ ਫ਼ਿਲਿਪੁੱਸ ਨੂੰ ਲੱਭਿਆ ਤੇ ਉਸ ਨੂੰ ਆਖਿਆ, “ਮੇਰੇ ਮਗਰ ਚੱਲ ।”44ਫ਼ਿਲਿਪੁੱਸ ਬੈਤਸੈਦੇ ਦਾ ਸੀ । ਉੱਥੋਂ ਦੇ ਹੀ ਅੰਦ੍ਰਿਯਾਸ ਤੇ ਪਤਰਸ ਸਨ ।45ਫ਼ਿਲਿਪੁੱਸ ਨੇ ਨਥਾਨਿਏਲ ਨੂੰ ਲੱਭਿਆ ਤੇ ਉਸ ਨੂੰ ਆਖਿਆ, “ਯਾਦ ਕਰ ਮੂਸਾ ਨੇ ਬਿਵਸਥਾ ਵਿੱਚ ਜੋ ਲਿਖਿਆ ਹੈ । ਨਬੀਆਂ ਨੇ ਵੀ ਉਸ ਬਾਰੇ ਲਿਖਿਆ ਹੈ । ਅਸੀਂ ਉਸ ਨੂੰ ਲੱਭ ਲਿਆ ਹੈ । ਉਸਦਾ ਨਾਮ ਯਿਸੂ ਹੈ । ਉਹ ਯੂਸੁਫ਼ ਦਾ ਪੁੱਤਰ ਅਤੇ ਉਹ ਨਾਸਰਤ ਦਾ ਹੈ ।”
46ਪਰ ਨਥਾਨਿਏਲ ਨੇ ਫ਼ਿਲਿਪੁੱਸ ਨੂੰ ਆਖਿਆ, “ਨਾਸਰਤ ! ਭਲਾ ਨਾਸਰਤ ਵਿੱਚੋਂ ਕੋਈ ਉੱਤਮ ਚੀਜ਼ ਨਿੱਕਲ ਸਕਦੀ ਹੈ ? ” ਫ਼ਿਲਿਪੁੱਸ ਨੇ ਉੱਤਰ ਦਿੱਤਾ, “ਆ ਅਤੇ ਵੇਖ”47ਯਿਸੂ ਨੇ ਨਥਾਨਿਏਲ ਨੂੰ ਆਪਣੇ ਵੱਲ ਆਉਂਦਿਆਂ ਵੇਖਿਆ ਅਤੇ ਉਸ ਬਾਰੇ ਇਹ ਆਖਿਆ, “ਉਹ ਇੱਕ ਸੱਚਾ ਇਸਰਾਏਲੀ ਹੈ ਉਸ ਵਿੱਚ ਕੋਈ ਛੱਲ ਨਹੀਂ ਹੈ ।”48ਨਥਾਨਿਏਲ ਨੇ ਪੁੱਛਿਆ, “ਤੁਸੀਂ ਮੈਨੂੰ ਕਿਵੇਂ ਜਾਣਦੇ ਹੋ ? ” ਯਿਸੂ ਨੇ ਉੱਤਰ ਦਿੱਤਾ, “ਮੈਂ ਤੈਨੂੰ ਉਸ ਵੇਲੇ ਵੇਖ ਲਿਆ ਸੀ, ਜਦੋਂ ਤੂੰ ਹੰਜ਼ੀਰ ਦੇ ਰੁੱਖ ਥੱਲੇ ਸੀ । ਜਦੋਂ ਤੈਨੂੰ ਫ਼ਿਲਿਪੁੱਸ ਨੇ ਮੇਰੇ ਬਾਰੇ ਦੱਸਿਆ ।”
49ਫ਼ਿਰ ਨਥਾਨਿਏਲ ਨੇ ਯਿਸੂ ਨੂੰ ਕਿਹਾ, “ਗੁਰੂ ਜੀ, ਤੁਸੀਂ ਪਰਮੇਸ਼ੁਰ ਦੇ ਪੁੱਤਰ ਹੋ । ਤੁਸੀਂ ਇਸਰਾਏਲ ਦੇ ਪਾਤਸ਼ਾਹ ਹੋ ।”50ਯਿਸੂ ਨੇ ਨਥਾਨਿਏਲ ਨੂੰ ਆਖਿਆ, “ਤੂੰ ਇਸ ਲਈ ਵਿਸ਼ਵਾਸ ਕਰਦਾ ਹੈਂ ਕਿ ਪਹਿਲਾਂ ਹੀ ਮੈਂ ਤੈਨੂੰ ਦੱਸਿਆ ਸੀ ਕਿ ਮੈਂ ਤੈਨੂੰ ਹੰਜ਼ੀਰ ਦੇ ਰੁੱਖ ਥੱਲੇ ਵੇਖਿਆ ਸੀ । ਪਰ ਤੂੰ ਇਸ ਤੋਂ ਵੀ ਵੱਡੀਆਂ ਗੱਲਾਂ ਦੇਖੇਂਗਾ !”51ਯਿਸੂ ਨੇ ਉਸ ਨੂੰ ਆਖਿਆ, “ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ ਤੁਸੀਂ ਸਵਰਗ ਨੂੰ ਖੁੱਲ੍ਹਾ ਵੇਖੋਂਗੇ ਅਤੇ ਪਰਮੇਸ਼ੁਰ ਦੇ ਦੂਤਾਂ ਨੂੰ ਮਨੁੱਖ ਦੇ ਪੁੱਤਰ ਉੱਤੇ ਚੜਦੇ ਅਤੇ ਉੱਤਰਦੇ ਵੇਖੋਂਗੇ ।”

2
ਗਲੀਲ ਦੇ ਕਾਨਾ ਨਗਰ ਵਿੱਚ ਪਹਿਲਾ ਚਮਤਕਾਰ

1ਤੀਸਰੇ ਦਿਨ ਗਲੀਲ ਦੇ ਨਗਰ ਕਾਨਾ ਵਿੱਚ ਇੱਕ ਵਿਆਹ ਸੀ, ਯਿਸੂ ਦੀ ਮਾਤਾ ਉੱਥੇ ਸੀ ।2ਯਿਸੂ ਅਤੇ ਉਸ ਦੇ ਚੇਲਿਆਂ ਨੂੰ ਵੀ ਵਿਆਹ ਦਾ ਸੱਦਾ ਦਿੱਤਾ ਗਿਆ ਸੀ ।

3ਉੱਥੇ ਅੰਗੂਰਾਂ ਦਾ ਰਸ ਮੁੱਕ ਗਿਆ, ਯਿਸੂ ਦੀ ਮਾਤਾ ਨੇ ਉਸ ਨੂੰ ਆਖਿਆ, “ਇਨ੍ਹਾਂ ਕੋਲ ਹੋਰ ਅੰਗੂਰਾਂ ਦਾ ਰਸ ਨਹੀਂ ਹੈ ।”4ਯਿਸੂ ਨੇ ਉੱਤਰ ਦਿੱਤਾ, ਹੇ ਇਸਤਰੀ, “ਮੈਨੂੰ ਇਸ ਨਾਲ ਕੀ, ਮੇਰਾ ਸਮਾਂ ਅਜੇ ਨਹੀਂ ਆਇਆ ।”5ਯਿਸੂ ਦੀ ਮਾਤਾ ਨੇ ਸੇਵਕਾਂ ਨੂੰ ਆਖਿਆ, “ਉਸੇ ਤਰ੍ਹਾਂ ਹੀ ਕਰੋ ਜਿਵੇਂ ਉਹ ਤੁਹਾਨੂੰ ਕਰਨ ਲਈ ਆਖੇ ।”
6ਉਸ ਥਾਂ ਤੇ ਪੱਥਰ ਦੇ ਛੇ ਵੱਡੇ ਪਾਣੀ ਦੇ ਮਟਕੇ ਸਨ । ਯਹੂਦੀ ਇਸ ਤਰ੍ਹਾਂ ਦੇ ਮੱਟਕੇ ਸ਼ੁੱਧੀਕਰਨ ਦੀਆਂ ਰੀਤਾਂ ਦੇ ਸਮੇਂ ਵਰਤਦੇ ਸਨ । ਹਰੇਕ ਮੱਟ ਵਿੱਚ 80 ਲੀਟਰ ਤੋਂ ਲੈ ਕੇ 120 ਲੀਟਰ ਤੱਕ ਪਾਣੀ ਰੱਖਿਆ ਜਾ ਸਕਦਾ ਹੈ ।7ਯਿਸੂ ਨੇ ਉਨ੍ਹਾਂ ਸੇਵਕਾਂ ਨੂੰ ਆਖਿਆ, “ਇਨ੍ਹਾਂ ਮੱਟਾਂ ਨੂੰ ਜਲ ਨਾਲ ਭਰ ਦਿਓ ।” ਉਨ੍ਹਾਂ ਨੇ ਮੱਟਾਂ ਨੂੰ ਜਲ ਨਾਲ ਨਕੋ-ਨੱਕ ਭਰ ਦਿੱਤਾ ।8ਫਿਰ ਯਿਸੂ ਨੇ ਸੇਵਕਾਂ ਨੂੰ ਆਖਿਆ, “ਹੁਣ ਕੁੱਝ ਪਾਣੀ ਕੱਢੋ ਅਤੇ ਦਾਅਵਤ ਦੇ ਮੁਖੀ ਨੂੰ ਦੇ ਦਿਉ ।” ਸੋ ਉਨ੍ਹਾਂ ਸੇਵਕਾਂ ਨੇ ਪਾਣੀ ਲਿਆ ਅਤੇ ਉਸ ਨੂੰ ਦੇ ਦਿੱਤਾ ।
9ਉਸ ਨੇ ਉਸ ਪਾਣੀ ਨੂੰ ਚੱਖ ਕੇ ਵੇਖਿਆ, ਉਹ ਅੰਗੂਰਾਂ ਦਾ ਰਸ ਬਣ ਚੁੱਕਾ ਸੀ । ਉਸ ਨੂੰ ਪਤਾ ਨਹੀਂ ਸੀ ਕਿ ਅੰਗੂਰਾਂ ਦਾ ਰਸ ਕਿੱਥੋਂ ਆਇਆ ਹੈ । ਪਰ ਜਿਨ੍ਹਾਂ ਸੇਵਕਾਂ ਨੇ ਪਾਣੀ ਲਿਆਂਦਾ ਸੀ ਉਹ ਇਸ ਬਾਰੇ ਜਾਣਦੇ ਸਨ । ਦਾਅਵਤ ਦੇ ਪਰਧਾਨ ਨੇ ਲਾੜੇ ਨੂੰ ਸੱਦਿਆ ।10ਅਤੇ ਉਸ ਨੂੰ ਆਖਿਆ, “ਹਮੇਸ਼ਾਂ ਲੋਕ ਪਹਿਲਾਂ ਚੰਗਾ ਰਸ ਦਿੰਦੇ ਹਨ, ਜਦੋਂ ਮਹਿਮਾਨ ਜਿਆਦਾ ਹੁੰਦੇ ਹਨ, ਫ਼ੇਰ ਉਹ ਮਾੜਾ ਰਸ ਦਿੰਦੇ ਹਨ । ਪਰ ਤੁਸੀਂ ਹੁਣ ਤੱਕ ਵਧੀਆ ਅੰਗੂਰੀ ਰਸ ਰੱਖ ਲਿਆ ਹੈ ।”
11ਇਹ ਪਹਿਲਾ ਚਮਤਕਾਰ ਸੀ ਜੋ ਯਿਸੂ ਨੇ ਕੀਤਾ । ਅਤੇ ਇਹ ਗਲੀਲ ਦੇ ਨਗਰ ਕਾਨਾ ਵਿੱਚ ਕੀਤਾ ਗਿਆ ਸੀ । ਇਉਂ ਯਿਸੂ ਨੇ ਆਪਣੀ ਮਹਿਮਾ ਪ੍ਰਗਟਾਈ । ਉਸ ਦੇ ਚੇਲਿਆਂ ਨੇ ਉਸ ਉੱਤੇ ਵਿਸ਼ਵਾਸ ਕੀਤਾ ।
12ਤਾਂ ਫ਼ਿਰ ਯਿਸੂ ਕਫ਼ਰਨਾਹੂਮ ਨਗਰ ਨੂੰ ਗਿਆ ਉਸ ਦੀ ਮਾਤਾ, ਉਸ ਦੇ ਭਰਾ, ਅਤੇ ਚੇਲੇ ਵੀ ਉਸ ਦੇ ਨਾਲ ਸਨ । ਉਹ ਸਾਰੇ ਕੁੱਝ ਦਿਨ ਕਫ਼ਰਨਾਹੂਮ ਵਿੱਚ ਠਹਿਰੇ ।
ਹੈਕਲ ਵਿੱਚੋਂ ਵਪਾਰੀਆਂ ਨੂੰ ਕੱਢਣਾ
(ਮੱਤੀ 21:12, 13, ਮਰਕੁਸ 11:15-17, ਲੂਕਾ 19:45-46)

13ਯਹੂਦੀਆਂ ਦੇ ਪਸਾਹ ਦਾ ਤਿਉਹਾਰ ਨੇੜੇ ਸੀ, ਇਸ ਲਈ ਯਿਸੂ ਯਰੂਸ਼ਲਮ ਆ ਗਿਆ । ਯਰੂਸ਼ਲਮ ਵਿੱਚ ਯਿਸੂ ਹੈਕਲ ਨੂੰ ਗਿਆ ।14ਉੱਥੇ ਉਸ ਨੇ ਲੋਕਾਂ ਨੂੰ ਡੰਗਰ, ਭੇਡਾਂ ਅਤੇ ਕਬੂਤਰ ਵੇਚਦੇ ਪਾਇਆ । ਦੂਜੇ ਲੋਕ ਆਪਣੀਆਂ ਮੇਜ਼ਾਂ ਤੇ ਬੈਠੇ ਹੋਏ ਸਨ । ਉਹ ਲੋਕਾਂ ਦਾ ਪੈਸਾ ਲੈਣ-ਦੇਣ ਦਾ ਵਪਾਰ ਕਰ ਰਹੇ ਸਨ ।
15ਯਿਸੂ ਨੇ ਰੱਸੀਆਂ ਦਾ ਇੱਕ ਕੋਰੜਾ ਬਣਾਇਆ ਅਤੇ ਉਸ ਨਾਲ ਇਨ੍ਹਾਂ ਸਾਰੇ ਬੰਦਿਆਂ, ਡੰਗਰਾਂ ਅਤੇ ਭੇਡਾਂ ਨੂੰ ਹੈਕਲ ਚੋਂ ਬਾਹਰ ਕੱਢ ਦਿੱਤਾ । ਯਿਸੂ ਨੇ ਵਪਾਰੀਆਂ ਦੇ ਮੇਜ਼ ਉਲਟਾ ਦਿੱਤੇ ਅਤੇ ਜਿਨ੍ਹਾਂ ਪੈਸਿਆਂ ਦਾ ਉਹ ਲੈਣ-ਦੇਣ ਦਾ ਵਪਾਰ ਕਰ ਰਹੇ ਸਨ, ਉਹ ਖਿੰਡਾ ਦਿੱਤੇ ।16ਫ਼ਿਰ ਯਿਸੂ ਨੇ ਜਾਨਵਰ ਵੇਚਣ ਵਾਲੀਆਂ ਨੂੰ ਆਖਿਆ, “ਇਹ ਸਭ ਕੁੱਝ ਐਥੋਂ ਲੈ ਜਾਓ ਮੇਰੇ ਪਿਤਾ ਦੇ ਘਰ ਨੂੰ ਵਪਾਰ ਮੰਡੀ ਨਾ ਬਣਾਓ ।”
17ਜਦੋਂ ਇਹ ਸਭ ਕੁੱਝ ਵਾਪਰਿਆ ਯਿਸੂ ਦੇ ਚੇਲਿਆਂ ਨੇ ਯਾਦ ਕੀਤਾ ਪੋਥੀਆਂ ਵਿੱਚ ਕੀ ਲਿਖਿਆ ਹੋਇਆ ਸੀ: “ਤੇਰੇ ਘਰ ਲਈ ਮੇਰੀ ਅਣਖ ਮੈਨੂੰ ਅੰਦਰੋਂ ਸਾੜ ਰਹੀ ਹੈ ।”18ਯਹੂਦੀਆਂ ਨੇ ਯਿਸੂ ਨੂੰ ਆਖਿਆ, “ਤੁਸੀਂ ਇਹ ਸਾਬਤ ਕਰਨ ਲਈ ਕੋਈ ਚਮਤਕਾਰ ਵਿਖਾਓ, ਕਿ ਤੁਹਾਡੇ ਕੋਲ ਇਹ ਗੱਲਾਂ ਕਰਨ ਦਾ ਅਧਿਕਾਰ ਹੈ ।”19ਯਿਸੂ ਨੇ ਉੱਤਰ ਦਿੱਤਾ, “ਇਸ ਪ੍ਰਾਰਥਨਾ ਘਰ ਨੂੰ ਢਾਹ ਦਿਓ, ਅਤੇ ਮੈਂ ਇਸ ਨੂੰ ਫਿਰ ਤਿੰਨ ਦਿਨਾਂ ਵਿੱਚ ਖੜ੍ਹਾ ਕਰ ਦਿਆਂਗਾ ।”
20ਯਹੂਦੀਆਂ ਨੇ ਆਖਿਆ, “ਇਹ ਹੈਕਲ ਬਣਾਉਣ ਲਈ 46 ਸਾਲ ਲੱਗੇ, ਕੀ ਤੁਸੀਂ ਇਸ ਦਾ ਨਿਰਮਾਣ ਤਿੰਨਾਂ ਦਿਨ ਵਿੱਚ ਕਰ ਦਿਓਗੇ ? ”21ਪਰ ਜਿਸ ਪ੍ਰਾਰਥਨਾ ਘਰ ਬਾਰੇ ਯਿਸੂ ਨੇ ਕਿਹਾ ਸੀ, ਉਹ ਉਸਦਾ ਆਪਣਾ ਸਰੀਰ ਸੀ ।22ਯਿਸੂ ਦੇ ਜੀ ਉੱਠਣ ਤੋਂ ਬਾਅਦ ਉਸ ਦੇ ਚੇਲਿਆਂ ਨੂੰ ਯਾਦ ਆਇਆ ਕਿ ਯਿਸੂ ਨੇ ਇਹ ਸ਼ਬਦ ਕਹੇ ਸਨ । ਇਸ ਲਈ ਉਨ੍ਹਾਂ ਨੇ ਪਵਿੱਤਰ ਗ੍ਰੰਥ ਉੱਤੇ, ਅਤੇ ਜੋ ਸ਼ਬਦ ਯਿਸੂ ਨੇ ਆਖੇ, ਉਨ੍ਹਾਂ ਉੱਤੇ ਵਿਸ਼ਵਾਸ ਕੀਤਾ ।
ਯਿਸੂ ਮਨੁੱਖ ਦੇ ਮਨ ਨੂੰ ਜਾਣਦਾ ਹੈ

23ਯਿਸੂ ਪਸਾਹ ਦੇ ਤਿਉਹਾਰ ਲਈ ਯਰੂਸ਼ਲਮ ਵਿੱਚ ਸੀ, ਬਹੁਤ ਸਾਰੇ ਲੋਕਾਂ ਨੇ ਯਿਸੂ ਉੱਤੇ ਵਿਸ਼ਵਾਸ ਕੀਤਾ ਕਿਉਂਕਿ ਜੋ ਚਮਤਕਾਰ ਯਿਸੂ ਨੇ ਕੀਤੇ ਉਨ੍ਹਾਂ ਨੇ ਉਹ ਵੇਖੇ ਸਨ ।24ਪਰ ਯਿਸੂ ਨੇ ਆਪਣੇ ਆਪ ਨੂੰ ਉਹਨਾਂ ਕੋਲੋਂ ਦੂਰ ਰੱਖਿਆ ਕਿਉਂਕਿ ਉਹ ਉਨ੍ਹਾਂ ਬਾਰੇ ਜਾਣਦਾ ਸੀ ।25ਯਿਸੂ ਨੂੰ ਇਸ ਗੱਲ ਦੀ ਲੋੜ ਨਹੀਂ ਸੀ ਕਿ ਕੋਈ ਹੋਰ ਬੰਦਾ ਉਨ੍ਹਾਂ ਨੂੰ ਉਨ੍ਹਾਂ ਬਾਰੇ ਦੱਸਦਾ ਕਿਉਂਕਿ ਯਿਸੂ ਲੋਕਾਂ ਦੇ ਦਿਲਾਂ ਬਾਰੇ ਜਾਣਦਾ ਸੀ ।

3
ਯਿਸੂ ਅਤੇ ਨਿਕੋਦਿਮੁਸ

1ਉੱਥੇ ਨਿਕੋਦਿਮੁਸ ਨਾਮ ਦਾ ਇੱਕ ਮਨੁੱਖ ਸੀ, ਜੋ ਫ਼ਰੀਸੀਆਂ ਵਿੱਚੋਂ ਅਤੇ ਯਹੂਦੀਆਂ ਦਾ ਮੁੱਖ ਆਗੂ ਸੀ ।2ਇੱਕ ਰਾਤ ਨਿਕੋਦਿਮੁਸ ਯਿਸੂ ਕੋਲ ਆਇਆ ਅਤੇ ਆਖਿਆ, “ਗੁਰੂ ਜੀ ਅਸੀਂ ਜਾਣਦੇ ਹਾਂ ਕਿ ਤੁਸੀਂ ਪਰਮੇਸ਼ੁਰ ਦੇ ਭੇਜੇ ਹੋਏ ਇੱਕ ਗੁਰੂ ਹੋ । ਤੁਸੀਂ ਜੋ ਚਮਤਕਾਰ ਕਰਦੇ ਹੋ ਪਰਮੇਸ਼ੁਰ ਦੀ ਸਹਾਇਤਾ ਤੋਂ ਬਿਨ੍ਹਾਂ ਕੋਈ ਨਹੀਂ ਕਰ ਸਕਦਾ ।”

3ਯਿਸੂ ਨੇ ਉੱਤਰ ਦਿੱਤਾ, “ਮੈਂ ਤੁਹਾਨੂੰ ਸੱਚ ਆਖਦਾ ਹਾਂ । ਇੱਕ ਮਨੁੱਖ ਉਦੋਂ ਤੱਕ ਪਰਮੇਸ਼ੁਰ ਦੇ ਰਾਜ ਨੂੰ ਨਹੀਂ ਵੇਖ ਸਕਦਾ, ਜਿੰਨਾਂ ਚਿਰ ਉਹ ਨਵੇਂ ਸਿਰਿਓਂ ਨਹੀਂ ਜਨਮ ਲੈਂਦਾ ।”4ਨਿਕੋਦਿਮੁਸ ਨੇ ਆਖਿਆ, “ਜੇਕਰ ਕੋਈ ਵਿਅਕਤੀ ਪਹਿਲਾਂ ਹੀ ਬੁੱਢਾ ਹੈ ਤਾਂ ਉਹ ਕਿਵੇਂ ਦੁਬਾਰਾ ਜਨਮ ਸਕਦਾ ਹੈ ? ਕੀ ਇਹ ਸਕਦਾ ਜੋ ਉਹ ਜਨਮ ਲੈਣ ਲਈ ਆਪਣੀ ਮਾਂ ਦੀ ਕੁੱਖ ਵਿੱਚ ਦੂਸਰੀ ਵਾਰੀ ਜਾਵੇ ? ”
5ਪਰ ਯਿਸੂ ਨੇ ਉੱਤਰ ਦਿੱਤਾ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਜੇਕਰ ਕੋਈ ਵਿਅਕਤੀ ਪਾਣੀ ਅਤੇ ਆਤਮਾ ਤੋਂ ਨਹੀਂ ਜਨਮ ਲੈਂਦਾ ਤਾਂ ਉਹ ਪਰਮੇਸ਼ੁਰ ਦੇ ਰਾਜ ਵਿੱਚ ਜਾ ਨਹੀਂ ਸਕਦਾ ।6ਸਰੀਰ ਤੋਂ ਸਰੀਰ ਪੈਦਾ ਹੁੰਦਾ ਹੈ ਅਤੇ ਆਤਮਾ ਤੋਂ ਆਤਮਾ ਜਨਮ ਲੈਂਦਾ ਹੈ ।
7ਇਸ ਲਈ ਹੈਰਾਨ ਨਾ ਹੋਵੋ ਕਿ ਮੈਂ ਤੁਹਾਨੂੰ ਆਖਿਆ ਹੈ ਕਿ ‘ਤੁਹਾਨੂੰ ਨਵੇਂ ਸਿਰਿਓਂ ਜਨਮ ਲੈਣਾ ਚਾਹੀਦਾ ਹੈ ।’8ਹਵਾ ਉਸ ਪਾਸੇ ਹੀ ਚੱਲਦੀ ਹੈ ਜਿੱਧਰ ਉਹ ਚਾਹੁੰਦੀ ਹੈ । ਤੁਸੀਂ ਹਵਾ ਦੇ ਚੱਲਣ ਦੀ ਅਵਾਜ਼ ਸੁਣ ਸਕਦੇ ਹੋ । ਪਰ ਤੁਹਾਨੂੰ ਇਹ ਨਹੀਂ ਪਤਾ ਕਿ ਹਵਾ ਕਿੱਧਰੋਂ ਆਉਂਦੀ ਹੈ ਤੇ ਕਿੱਧਰ ਜਾਂਦੀ ਹੈ । ਆਤਮਾ ਤੋਂ ਜਨਮੇ ਵਿਅਕਤੀ ਨਾਲ ਵੀ ਇਵੇਂ ਹੀ ਹੈ ।”
9ਨਿਕੋਦਿਮੁਸ ਨੇ ਪੁੱਛਿਆ, “ਇਹ ਕਿਵੇਂ ਹੋ ਸਕਦਾ ? ”10ਯਿਸੂ ਨੇ ਆਖਿਆ, “ਤੂੰ ਇਸਰਾਏਲ ਦਾ ਇੱਕ ਗੁਰੂ ਹੈ ਅਤੇ ਅਜੇ ਵੀ ਤੂੰ ਇਹ ਗੱਲਾਂ ਨਹੀਂ ਸਮਝਦਾ ?11ਮੈਂ ਤੁਹਾਨੂੰ ਸੱਚ ਦੱਸਦਾ ਹਾਂ । ਅਸੀਂ ਜੋ ਜਾਣਦੇ ਹਾਂ ਉਸ ਬਾਰੇ ਗੱਲ ਕਰਦੇ ਹਾਂ, ਅਸੀਂ ਉਸ ਬਾਰੇ ਦੱਸਦੇ ਹਾਂ ਜੋ ਅਸੀਂ ਵੇਖਿਆ ਹੈ । ਪਰ ਤੁਸੀਂ ਲੋਕ ਉਸ ਤੇ ਵਿਸ਼ਵਾਸ ਨਹੀਂ ਕਰਦੇ ਜੋ ਅਸੀਂ ਤੁਹਾਨੂੰ ਦੱਸਦੇ ਹਾਂ ।
12ਮੈਂ ਤੁਹਾਨੂੰ ਇਸ ਦੁਨੀਆਂ ਦੀਆਂ ਗੱਲਾਂ ਬਾਰੇ ਦੱਸਿਆ ਹੈ । ਪਰ ਤੁਸੀਂ ਵਿਸ਼ਵਾਸ ਨਹੀਂ ਕੀਤਾ । ਇਸ ਲਈ ਜੇ ਮੈਂ ਤੁਹਾਨੂੰ ਸਵਰਗੀ ਗੱਲਾਂ ਬਾਰੇ ਦੱਸਾਂਗਾ ਤਾਂ ਫ਼ਿਰ ਤੁਸੀਂ ਕਿਵੇਂ ਵਿਸ਼ਵਾਸ ਕਰੋਂਗੇ ?13ਮਨੁੱਖ ਦੇ ਪੁੱਤਰ ਤੋਂ ਬਿਨਾਂ, ਜੋ ਕੋਈ ਸਵਰਗ ਤੋਂ ਹੇਠਾਂ ਉਤਰਿਆ, ਕੋਈ ਵੀ ਉੱਪਰ ਸਵਰਗ ਨੂੰ ਨਹੀਂ ਗਿਆ ।
14ਜਿਸ ਤਰ੍ਹਾਂ ਮੂਸਾ ਨੇ ਉਜਾੜ ਵਿੱਚ ਸੱਪ ਨੂੰ ਉੱਚਾ ਕੀਤਾ ਸੀ, ਇਸੇ ਤਰ੍ਹਾਂ ਜ਼ਰੂਰੀ ਹੈ ਕਿ ਮਨੁੱਖ ਦੇ ਪੁੱਤਰ ਨੂੰ ਵੀ ਉੱਚਾ ਕੀਤਾ ਜਾਵੇ ।15ਇਉਂ ਜੋ ਹਰੇਕ ਵਿਅਕਤੀ, ਜੋ ਮਨੁੱਖ ਦੇ ਪੁੱਤਰ ਉੱਤੇ ਵਿਸ਼ਵਾਸ ਕਰੇ ਉਹ ਸਦੀਪਕ ਜੀਵਨ ਪਾਵੇ ।”
16ਪਰਮੇਸ਼ੁਰ ਨੇ ਸੰਸਾਰ ਨੂੰ ਇੰਨਾ ਪਿਆਰ ਕੀਤਾ ਅਤੇ ਉਸ ਨੇ ਉਨ੍ਹਾਂ ਨੂੰ ਆਪਣਾ ਇੱਕਲੌਤਾ ਪੁੱਤਰ ਦੇ ਦਿੱਤਾ ਤਾਂ ਜੋ ਕੋਈ ਵੀ ਉਸ ਵਿੱਚ ਵਿਸ਼ਵਾਸ ਰੱਖੇ ਉਹ ਨਾਸ ਨਾ ਹੋਵੇ ਸਗੋਂ ਸਦੀਪਕ ਜੀਵਨ ਪ੍ਰਾਪਤ ਕਰੇ ।17ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਸੰਸਾਰ ਵਿੱਚ ਇਸ ਲਈ ਨਹੀਂ ਭੇਜਿਆ ਕਿ ਦੋਸ਼ੀ ਠਹਿਰਾਵੇ ਸਗੋਂ ਇਸ ਲਈ ਜੋ ਸੰਸਾਰ ਉਸ ਰਾਹੀਂ ਬਚਾਇਆ ਜਾਵੇ ।18ਜਿਹੜਾ ਵਿਅਕਤੀ ਪਰਮੇਸ਼ੁਰ ਦੇ ਪੁੱਤਰ ਉੱਤੇ ਵਿਸ਼ਵਾਸ ਕਰਦਾ ਹੈ, ਦੋਸ਼ੀ ਨਹੀਂ ਮੰਨਿਆ ਜਾਵੇਗਾ । ਪਰ ਜੋ ਵਿਅਕਤੀ ਵਿਸ਼ਵਾਸ ਨਹੀਂ ਕਰਦਾ ਉਹ ਪਹਿਲਾਂ ਤੋਂ ਹੀ ਦੋਸ਼ੀ ਮੰਨਿਆ ਗਿਆ ਹੈ । ਕਿਉਂਕਿ ਉਸ ਨੇ ਪਰਮੇਸ਼ੁਰ ਦੇ ਇਕਲੌਤੇ ਪੁੱਤਰ ਉੱਤੇ ਵਿਸ਼ਵਾਸ ਨਹੀਂ ਕੀਤਾ ।
19ਲੋਕਾਂ ਦਾ ਦੋਸ਼ੀ ਬਣਨ ਦਾ ਕਾਰਨ ਇਹ ਹੈ ਕਿ ਚਾਨਣ ਸੰਸਾਰ ਵਿੱਚ ਆ ਚੁੱਕਿਆ ਹੈ, ਪਰ ਲੋਕਾਂ ਨੇ ਚਾਨਣ ਨੂੰ ਪਸੰਦ ਨਹੀਂ ਕੀਤਾ । ਉਹ ਸਿਰਫ਼ ਹਨੇਰੇ ਦੇ ਕੰਮਾਂ ਨੂੰ ਹੀ ਚਾਹੁੰਦੇ ਸਨ । ਕਿਉਂਕਿ ਜਿਹੜੀਆਂ ਗੱਲਾਂ ਉਨ੍ਹਾਂ ਨੇ ਕੀਤੀਆਂ ਉਹ ਭਰਿਸ਼ਟ ਸਨ ।20ਜਿਹੜਾ ਬੰਦਾ ਪਾਪ ਕਰਦਾ ਹੈ ਉਹ ਚਾਨਣ ਤੋਂ ਨਫ਼ਰਤ ਕਰਦਾ ਹੈ । ਉਹ ਚਾਨਣ ਵੱਲ ਨਹੀਂ ਆਉਂਦਾ, ਕਿਉਂਕਿ ਚਾਨਣ ਉਸ ਦੇ ਬੁਰੇ ਕੰਮਾਂ ਨੂੰ ਪ੍ਰਗਟ ਕਰ ਦੇਵੇਗਾ ।21ਪਰ ਜੋ ਵਿਅਕਤੀ ਸੱਚਾਈ ਤੇ ਚੱਲਦਾ ਹੈ ਉਹ ਚਾਨਣ ਕੋਲ ਆਉਂਦਾ ਹੈ । ਚਾਨਣ ਇਹ ਸਪੱਸ਼ਟ ਤੌਰ ਤੇ ਵਿਖਾਉਂਦਾ ਹੈ ਕਿ ਜਿਹੜੇ ਕੰਮ ਵਿਅਕਤੀ ਨੇ ਕੀਤੇ ਹਨ ਉਹ ਪਰਮੇਸ਼ੁਰ ਰਾਹੀਂ ਕੀਤੇ ਗਏ ਸਨ ।
ਯਿਸੂ ਦੇ ਬਾਰੇ ਯੂਹੰਨਾ ਦੀ ਗਵਾਹੀ

22ਇਸ ਦੇ ਪਿਛੋਂ ਯਿਸੂ ਅਤੇ ਉਸ ਦੇ ਚੇਲੇ ਯਹੂਦਿਯਾ ਦੇ ਇਲਾਕੇ ਵਿੱਚ ਆਏ । ਉੱਥੇ ਯਿਸੂ ਆਪਣੇ ਚੇਲਿਆਂ ਨਾਲ ਰਿਹਾ ਅਤੇ ਲੋਕਾਂ ਨੂੰ ਬਪਤਿਸਮਾ ਦਿੱਤਾ ।23ਯੂਹੰਨਾ ਵੀ ਏਨੋਨ ਵਿੱਚ ਲੋਕਾਂ ਨੂੰ ਬਪਤਿਸਮਾ ਦੇ ਰਿਹਾ ਸੀ । ਏਨੋਨ ਸਾਲੇਮ ਦੇ ਨੇੜੇ ਹੈ । ਯੂਹੰਨਾ ਉੱਥੇ ਇਸ ਲਈ ਬਪਤਿਸਮਾ ਦਿੰਦਾ ਸੀ ਕਿਉਂਕਿ ਉੱਥੇ ਬਹੁਤ ਪਾਣੀ ਸੀ । ਲੋਕ ਉੱਥੇ ਬਪਤਿਸਮਾ ਲੈਣ ਲਈ ਜਾਂਦੇ ਸਨ ।24ਇਹ ਗੱਲ ਯੂਹੰਨਾ ਨੂੰ ਕੈਦ ਹੋਣ ਤੋਂ ਪਹਿਲਾਂ ਦੀ ਹੈ ।
25ਫਿਰ ਯੂਹੰਨਾ ਦੇ ਚੇਲਿਆਂ ਨੇ ਇੱਕ ਹੋਰ ਯਹੂਦੀ ਨਾਲ ਬਹਿਸ ਕੀਤੀ ।26ਇਸ ਲਈ ਚੇਲੇ ਯੂਹੰਨਾ ਕੋਲ ਆਏ ਅਤੇ ਆਖਿਆ, “ਗੁਰੂ ਜੀ, ਕੀ ਤੁਹਾਨੂੰ ਉਹ ਆਦਮੀ ਯਾਦ ਹੈ ਜਿਹੜਾ ਯਰਦਨ ਦਰਿਆ ਦੇ ਪਾਰ ਤੁਹਾਡੇ ਨਾਲ ਸੀ ? ਤੁਸੀਂ ਲੋਕਾਂ ਨਾਲ ਉਸ ਬਾਰੇ ਹੀ ਗੱਲਾਂ ਕਰ ਰਹੇ ਸੀ । ਉਹੀ ਆਦਮੀ ਲੋਕਾਂ ਨੂੰ ਬਪਤਿਸਮਾ ਦੇ ਰਿਹਾ ਸੀ ਅਤੇ ਬਹੁਤ ਸਾਰੇ ਲੋਕ ਉਸ ਕੋਲ ਆ ਰਹੇ ਸਨ ।”
27ਯੂਹੰਨਾ ਨੇ ਉੱਤਰ ਦਿੱਤਾ, “ਇਨਸਾਨ ਨੂੰ ਉਹੀ ਮਿਲਦਾ ਹੈ ਜੋ ਉਸ ਨੂੰ ਪਰਮੇਸ਼ੁਰ ਸਵਰਗੋਂ ਦਿੰਦਾ ਹੈ ।”28ਤੁਸੀਂ ਮੈਨੂੰ ਇਹ ਕਹਿੰਦਿਆਂ ਸੁਣਿਆ ਕਿ “ਮੈਂ ਮਸੀਹ ਨਹੀਂ ਹਾਂ, ਪਰ ਮੈਂ ਪਰਮੇਸ਼ੁਰ ਦੇ ਦੁਆਰਾ ਉਸ ਵਾਸਤੇ ਰਾਹ ਬਣਾਉਣ ਲਈ ਭੇਜਿਆ ਗਿਆ ਸੀ ।”
29ਲਾੜੀ ਕੇਵਲ ਲਾੜੇ ਦੀ ਹੁੰਦੀ ਹੈ, ਲਾੜੇ ਦਾ ਜੋ ਮਿੱਤਰ ਲਾੜੇ ਦਾ ਇੰਤਜ਼ਾਰ ਕਰਦਾ ਹੈ ਅਤੇ ਲਾੜੇ ਦੀਆਂ ਗੱਲਾਂ ਸੁਣਦਾ ਹੈ ਉਹ ਫਿਰ ਬਹੁਤ ਖੁਸ਼ ਹੁੰਦਾ ਹੈ । ਇਹ ਖੁਸ਼ੀ ਮੈਨੂੰ ਮਿਲੀ ਹੈ । ਮੈਂ ਹੁਣ ਬਹੁਤ ਹੀ ਪ੍ਰਸੰਨ ਹਾਂ ।30ਇਸ ਲਈ ਜ਼ਰੂਰ ਹੈ ਜੋ ਉਹ ਵਧੇ ਅਤੇ ਮੈਂ ਘਟਾਂ ।
31“ਉਹ ਜੋ ਉੱਪਰੋਂ ਆਉਂਦਾ ਹੈ ਬਾਕੀ ਸਾਰਿਆਂ ਤੋਂ ਮਹਾਨ ਹੈ । ਉਹ ਜੋ ਇਸ ਧਰਤੀ ਦਾ ਹੈ ਉਹ ਧਰਤੀ ਦਾ ਹੀ ਹੈ । ਉਹ ਵਿਅਕਤੀ ਸਿਰਫ਼ ਉਹੀ ਗੱਲਾਂ ਕਰਦਾ ਹੈ ਜੋ ਧਰਤੀ ਨਾਲ ਸੰਬੰਧਿਤ ਹਨ । ਉਹ ਜਿਹੜਾ ਸਵਰਗ ਤੋਂ ਆਵੇਗਾ, ਬਾਕੀ ਸਾਰਿਆਂ ਤੋਂ ਮਹਾਨ ਹੈ ।32ਉਹ ਉਨ੍ਹਾਂ ਗੱਲਾਂ ਬਾਰੇ ਦੱਸਦਾ ਹੈ ਜੋ ਉਸ ਨੇ ਦੇਖੀਆਂ ਤੇ ਸੁਣੀਆਂ ਹਨ, ਪਰ ਲੋਕ ਉਸ ਦੇ ਸ਼ਬਦਾਂ ਤੇ ਵਿਸ਼ਵਾਸ ਨਹੀਂ ਕਰਦੇ ।33ਜੋ ਵਿਅਕਤੀ ਉਸ ਦੇ ਸ਼ਬਦਾਂ ਤੇ ਵਿਸ਼ਵਾਸ ਕਰਦਾ, ਉਹ ਉਸ ਤੇ ਕਿਰਪਾ ਕਰਦਾ ਹੈ ਕਿ ਪਰਮੇਸ਼ੁਰ ਸੱਚ ਕਹਿੰਦਾ ਹੈ ।
34ਕਿਉਂਕਿ ਜਿਹੜਾ ਪਰਮੇਸ਼ੁਰ ਦੁਆਰਾ ਭੇਜਿਆ ਗਿਆ ਹੈ ਉਹ ਪਰਮੇਸ਼ੁਰ ਦੇ ਸ਼ਬਦ ਬੋਲਦਾ ਹੈ ਅਤੇ ਪਰਮੇਸ਼ੁਰ ਉਸ ਨੂੰ ਭਰਪੂਰੀ ਦਾ ਆਤਮਾ ਦਿੰਦਾ ਹੈ ।35ਪਿਤਾ ਪੁੱਤਰ ਨਾਲ ਪਿਆਰ ਕਰਦਾ ਹੈ ਅਤੇ ਪਿਤਾ ਨੇ ਪੁੱਤਰ ਨੂੰ ਸਭ ਗੱਲਾਂ ਉੱਤੇ ਅਧਿਕਾਰ ਦਿੱਤਾ ਹੋਇਆ ਹੈ ।36ਜੋ ਕੋਈ ਪੁੱਤਰ ਵਿੱਚ ਵਿਸ਼ਵਾਸ ਕਰਦਾ ਹੈ, ਉਸ ਕੋਲ ਸਦੀਪਕ ਜੀਵਨ ਹੈ; ਪਰ ਉਹ ਜੋ ਪੁੱਤਰ ਨੂੰ ਨਹੀਂ ਮੰਨਦਾ, ਉਸ ਕੋਲ ਜੀਵਨ ਨਹੀਂ ਹੋਵੇਗਾ, ਪਰਮੇਸ਼ੁਰ ਦਾ ਕ੍ਰੋਧ ਉਸ ਉੱਤੇ ਹੋਵੇਗਾ ।”

4
ਯਿਸੂ ਅਤੇ ਸਾਮਰੀ ਔਰਤ

1ਪ੍ਰਭੂ ਨੇ ਜਾਣਿਆ ਜੋ ਫ਼ਰੀਸੀਆਂ ਨੂੰ ਇਹ ਪਤਾ ਲੱਗਾ ਕਿ ਯੂਹੰਨਾ ਨਾਲੋਂ ਵੱਧ ਚੇਲੇ ਯਿਸੂ ਬਣਾ ਰਿਹਾ ਹੈ ਤੇ ਉਹ ਬਪਤਿਸਮਾ ਵੀ ਦਿੰਦਾ ਹੈ ।2ਭਾਵੇਂ ਯਿਸੂ ਆਪ ਬਪਤਿਸਮਾ ਨਹੀਂ ਦੇ ਰਿਹਾ ਸੀ, ਸਗੋਂ ਉਸ ਦੇ ਚੇਲੇ ਲੋਕਾਂ ਨੂੰ ਬਪਤਿਸਮਾ ਦਿੰਦੇ ਸਨ ।3ਫਿਰ ਯਿਸੂ ਯਹੂਦਿਯਾ ਨੂੰ ਛੱਡ ਮੁੜ ਗਲੀਲ ਨੂੰ ਚਲਿਆ ਗਿਆ ।

4ਗਲੀਲ ਨੂੰ ਜਾਣ ਲੱਗਿਆਂ ਯਿਸੂ ਨੂੰ ਸਾਮਰਿਯਾ ਦੇ ਇਲਾਕੇ ਵਿੱਚੋਂ ਦੀ ਲੰਘਣਾ ਪਿਆ ।5ਸਾਮਰਿਯਾ ਵਿੱਚ ਯਿਸੂ ਸੁਖਾਰ ਨਗਰ ਕੋਲ ਆਇਆ । ਇਹ ਨਗਰ ਉਸ ਜ਼ਮੀਨ ਦੇ ਨੇੜੇ ਸੀ, ਜੋ ਯਾਕੂਬ ਨੇ ਆਪਣੇ ਪੁੱਤਰ ਯੂਸੁਫ਼ ਨੂੰ ਦਿੱਤੀ ਸੀ ।
6ਯਾਕੂਬ ਦਾ ਖੂਹ ਉੱਥੇ ਸੀ, ਯਿਸੂ ਆਪਣੀ ਲੰਮੀ ਯਾਤਰਾ ਤੋਂ ਥੱਕ ਗਿਆ ਸੀ । ਇਸ ਲਈ ਉਹ ਖੂਹ ਕੋਲ ਬੈਠ ਗਿਆ, ਇਹ ਲੱਗਭਗ ਦੁਪਹਿਰ ਦਾ ਸਮਾਂ ਸੀ ।7ਇੱਕ ਸਾਮਰੀ ਔਰਤ ਖੂਹ ਤੇ ਪਾਣੀ ਭਰਨ ਲਈ ਆਈ । ਯਿਸੂ ਨੇ ਉਸ ਔਰਤ ਨੂੰ ਆਖਿਆ, “ਮੈਨੂੰ ਪਾਣੀ ਪੀਣ ਲਈ ਦੇ ।”8ਪਰ ਉਦੋਂ ਯਿਸੂ ਦੇ ਚੇਲੇ ਨਗਰ ਅੰਦਰ ਭੋਜਨ ਖਰੀਦਣ ਗਏ ਹੋਏ ਸਨ ।
9ਉਸ ਸਾਮਰੀ ਔਰਤ ਨੇ ਆਖਿਆ, “ਮੈਂ ਸਾਮਰੀ ਹਾਂ, ਫਿਰ ਤੁਸੀਂ ਕਿਵੇਂ ਮੇਰੇ ਕੋਲੋਂ ਪੀਣ ਲਈ ਪਾਣੀ ਮੰਗ ਰਹੇ ਹੋ । ਤੁਸੀਂ ਇੱਕ ਯਹੂਦੀ ਹੋ ।” ਯਹੂਦੀਆਂ ਦੀ ਸਾਮਰਿਯਾ ਨਾਲ ਕੋਈ ਮਿੱਤਰਤਾ ਨਹੀਂ ਹੈ ।10ਯਿਸੂ ਨੇ ਆਖਿਆ, “ਜੇ ਤੂੰ ਪਰਮੇਸ਼ੁਰ ਦੀ ਬਖਸ਼ੀਸ਼ ਨੂੰ ਜਾਣਦੀ ਤੇ ਇਹ ਵੀ ਜਾਣਦੀ ਕਿ ਮੈਂ ਜਿਸ ਨੇ ਪਾਣੀ ਮੰਗਿਆ ਹੈ, ਕੌਣ ਹੈ । ਜੇ ਤੂੰ ਜਾਣਦੀ ਹੁੰਦੀ ਤੂੰ ਮੈਨੂੰ ਪੁੱਛਿਆ ਹੁੰਦਾ ਅਤੇ ਮੈਂ ਤੈਨੂੰ ਅੰਮ੍ਰਿਤ ਜਲ ਦਿੱਤਾ ਹੁੰਦਾ ।”
11ਉਸ ਔਰਤ ਨੇ ਆਖਿਆ, “ਸ਼੍ਰੀ ਮਾਨ ਜੀ, ਤੁਸੀਂ ਇਹ ਅੰਮ੍ਰਿਤ ਜਲ ਕਿਵੇਂ ਪ੍ਰਾਪਤ ਕਰੋਂਗੇ ? ਖੂਹ ਬਹੁਤ ਡੂੰਘਾ ਹੈ ਅਤੇ ਤੁਹਾਡੇ ਕੋਲ ਪਾਣੀ ਖਿੱਚਣ ਲਈ ਕੋਈ ਭਾਂਡਾ ਵੀ ਨਹੀਂ ਹੈ ।12ਕੀ ਤੁਸੀਂ ਸਾਡੇ ਪਿਤਾ ਯਾਕੂਬ ਨਾਲੋਂ ਵੀ ਵੱਧ ਮਹਾਨ ਹੋ । ਯਾਕੂਬ ਨੇ ਸਾਨੂੰ ਇਹ ਖੂਹ ਦਿੱਤਾ ਹੈ । ਉਸ ਨੇ ਇਸ ਦਾ ਪਾਣੀ ਪੀਤਾ ਸੀ ਅਤੇ ਉਸ ਦੇ ਪੁੱਤਰਾਂ ਤੇ ਜਾਨਵਰਾਂ ਨੇ ਵੀ ਇਸੇ ਖੂਹ ਤੋਂ ਪਾਣੀ ਪੀਤਾ ।”
13ਯਿਸੂ ਨੇ ਜ਼ਵਾਬ ਦਿੱਤਾ, “ਕੋਈ ਵੀ ਵਿਅਕਤੀ ਜੋ ਇਸ ਖੂਹ ਤੋਂ ਪਾਣੀ ਪੀਂਦਾ ਫ਼ੇਰ ਪਿਆਸਾ ਹੋ ਜਾਵੇਗਾ ।14ਪਰ ਜੋ ਕੋਈ ਵੀ ਉਹ ਪਾਣੀ ਪੀਵੇਗਾ ਜੋ ਮੈਂ ਉਸ ਨੂੰ ਦੇਣ ਵਾਲਾ ਹਾਂ, ਉਹ ਫ਼ੇਰ ਕਦੀ ਵੀ ਪਿਆਸਾ ਨਹੀਂ ਹੋਵੇਗਾ । ਇਸ ਦੀ ਜਗ੍ਹਾ ਉਹ ਪਾਣੀ ਜੋ ਮੈਂ ਉਸ ਨੂੰ ਦਿੰਦਾ ਹਾਂ ਉਸ ਦੇ ਅੰਦਰ ਪਾਣੀ ਦਾ ਚਸ਼ਮਾ ਬਣ ਜਾਵੇਗਾ ਅਤੇ ਉਸ ਨੂੰ ਸਦੀਪਕ ਜੀਵਨ ਦੇਵੇਗਾ ।”
15ਉਸ ਔਰਤ ਨੇ ਯਿਸੂ ਨੂੰ ਆਖਿਆ, “ਸ਼੍ਰੀ ਮਾਨ ਜੀ, ਮੈਨੂੰ ਉਹ ਪਾਣੀ ਦਿਓ । ਫ਼ਿਰ ਮੈਂ ਵੀ ਪਿਆਸੀ ਨਹੀਂ ਰਹਾਂਗੀ ਅਤੇ ਮੈਨੂੰ ਇਸ ਖੂਹ ਤੇ ਪਾਣੀ ਖਿੱਚਣ ਲਈ ਫ਼ੇਰ ਆਉਣ ਦੀ ਕੋਈ ਜ਼ਰੂਰਤ ਨਹੀਂ ਹੋਵੇਗੀ ।”16ਯਿਸੂ ਨੇ ਉਸ ਨੂੰ ਆਖਿਆ, “ਜਾ ਆਪਣੇ ਪਤੀ ਨੂੰ ਇੱਥੇ ਸੱਦ ਲਿਆ ।”
17ਉਸ ਔਰਤ ਨੇ ਉੱਤਰ ਦਿੱਤਾ, “ਮੇਰਾ ਪਤੀ ਨਹੀਂ ਹੈ ।” ਯਿਸੂ ਨੇ ਉਸ ਨੂੰ ਆਖਿਆ, “ਤੂੰ ਸੱਚ ਆਖਿਆ, ਜਦੋਂ ਤੂੰ ਕਿਹਾ ਤੇਰਾ ਪਤੀ ਨਹੀਂ ਹੈ ।18ਅਸਲ ਵਿੱਚ ਤੇਰੇ ਪੰਜ ਪਤੀ ਸਨ ਅਤੇ ਤੂੰ ਜਿਸ ਆਦਮੀ ਨਾਲ ਹੁਣ ਰਹਿੰਦੀ ਹੈਂ ਉਹ ਵੀ ਤੇਰਾ ਪਤੀ ਨਹੀਂ ਹੈ । ਤੂੰ ਮੈਨੂੰ ਸੱਚ ਆਖਿਆ ਹੈ ।”
19ਉਸ ਔਰਤ ਨੇ ਕਿਹਾ, “ਪ੍ਰਭੂ ਜੀ, ਮੈਨੂੰ ਲੱਗਦਾ ਹੈ ਕਿ ਤੁਸੀਂ ਇੱਕ ਨਬੀ ਹੋ ।20ਸਾਡੇ ਪਿਉ-ਦਾਦੇ ਇਸ ਪਰਬਤ ਤੇ ਬੰਦਗੀ ਕਰਦੇ ਸਨ, ਪਰ ਤੁਸੀਂ ਯਹੂਦੀ ਇਹ ਆਖਦੇ ਹੋ ਕਿ ਯਰੂਸ਼ਲਮ ਹੀ ਉਹ ਥਾਂ ਹੈ ਜਿੱਥੇ ਲੋਕਾਂ ਨੂੰ ਬੰਦਗੀ ਕਰਨੀ ਚਾਹੀਦੀ ਹੈ ।”
21ਯਿਸੂ ਨੇ ਆਖਿਆ, ਹੇ “ਔਰਤ, ਮੇਰੇ ਤੇ ਵਿਸ਼ਵਾਸ ਕਰ ! ਵਕਤ ਆ ਰਿਹਾ ਹੈ ਜਦੋਂ ਯਰੂਸ਼ਲਮ ਆਉਣ ਦੀ ਜਾਂ ਪਿਤਾ ਦੀ ਬੰਦਗੀ ਕਰਨ ਲਈ ਇਸ ਪਰਬਤ ਤੇ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ ।22ਤੁਸੀਂ ਸਾਮਰੀ ਲੋਕ ਉਸ ਦੀ ਬੰਦਗੀ ਕਰਦੇ ਹੋ ਜੋ ਤੁਸੀਂ ਖੁਦ ਨਹੀਂ ਜਾਣਦੇ । ਅਸੀਂ ਯਹੂਦੀ ਜਾਣਦੇ ਹਾਂ ਅਸੀਂ ਕੀ ਬੰਦਗੀ ਕਰਦੇ ਹਾਂ ਕਿਉਂਕਿ ਮੁਕਤੀ ਯਹੂਦੀਆਂ ਤੋਂ ਆਉਂਦੀ ਹੈ ।
23ਉਹ ਸਮਾਂ ਆ ਰਿਹਾ ਹੈ, ਜਦੋਂ ਸੱਚੇ ਉਪਾਸਕ ਆਤਮਾ ਅਤੇ ਸਚਿਆਈ ਨਾਲ ਪਿਤਾ ਦੀ ਬੰਦਗੀ ਕਰਨਗੇ । ਉਹ ਸਮਾਂ ਆਣ ਪੁੱਜਾ ਹੈ । ਪਰਮੇਸ਼ੁਰ ਅਜਿਹੇ ਅਰਾਧਕਾਂ ਨੂੰ ਲੱਭ ਰਿਹਾ ਹੈ ।24ਪਰਮੇਸ਼ੁਰ ਆਤਮਾ ਹੈ, ਇਸ ਲਈ ਜੋ ਲੋਕ ਪਰਮੇਸ਼ੁਰ ਦੀ ਬੰਦਗੀ ਕਰਦੇ ਹਨ ਉਨ੍ਹਾਂ ਨੂੰ ਉਸ ਦੀ ਆਤਮਾ ਅਤੇ ਸਚਿਆਈ ਨਾਲ ਬੰਦਗੀ ਕਰਨੀ ਚਾਹੀਦੀ ਹੈ ।”
25ਉਸ ਔਰਤ ਨੇ ਆਖਿਆ, “ਮੈਂ ਜਾਣਦੀ ਹਾਂ ਕਿ ਜੋ ਮਸੀਹਾ ਅਖਵਾਉਂਦਾ ਹੈ ਉਹ ਮਸੀਹ ਆ ਰਿਹਾ ਹੈ । ਜਦੋਂ ਉਹ ਆਵੇਗਾ, ਉਹ ਸਾਨੂੰ ਸਭ ਕੁੱਝ ਦੀ ਦੱਸੇਗਾ ।”26ਤਾਂ ਯਿਸੂ ਨੇ ਆਖਿਆ, “ਮੈਂ, ਜੋ ਤੇਰੇ ਨਾਲ ਗੱਲ ਕਰ ਰਿਹਾ ਹਾਂ, ਮਸੀਹ ਹਾਂ ।”
ਚੇਲਿਆਂ ਦਾ ਵਾਪਸ ਆਉਣਾ

27ਐਨੇ ਨੂੰ ਉਸ ਸਮੇਂ ਯਿਸੂ ਦੇ ਚੇਲੇ ਨਗਰ ਤੋਂ ਪਰਤ ਆਏ ਉਹ ਹੈਰਾਨ ਹੋ ਗਏ ਕਿ ਯਿਸੂ ਇੱਕ ਔਰਤ ਨਾਲ ਗੱਲ ਕਰ ਰਿਹਾ ਸੀ । ਪਰ ਕਿਸੇ ਨੇ ਵੀ ਇਹ ਨਾ ਪੁੱਛਿਆ, “ਤੂੰ ਕੀ ਚਾਹੁੰਦਾ ਹੈ ? ” “ਤੂੰ ਉਸ ਔਰਤ ਨਾਲ ਕਿਉਂ ਗੱਲ ਕਰ ਰਿਹਾ ਹੈਂ ? ”
28ਉਹ ਔਰਤ ਆਪਣਾ ਘੜਾ ਉੱਥੇ ਛੱਡ ਕੇ ਨਗਰ ਨੂੰ ਪਰਤ ਗਈ ਅਤੇ ਲੋਕਾਂ ਨੂੰ ਆਖਿਆ ।29“ਇੱਕ ਮਨੁੱਖ ਨੇ ਮੈਨੂੰ ਉਹ ਕੁੱਝ ਦੱਸਿਆ, ਜੋ ਕੁੱਝ ਹੁਣ ਤੱਕ ਮੈਂ ਕੀਤਾ ਹੈ । ਆਓ, ਉਸ ਦੇ ਦਰਸ਼ਣ ਕਰੋ । ਕੀ ਉਹ ਮਸੀਹ ਤਾਂ ਨਹੀਂ ? ”30ਤਦ ਉਹ ਯਿਸੂ ਨੂੰ ਵੇਖਣ ਗਏ ।
31ਇੰਨੇ ਸਮੇਂ ਵਿੱਚ ਯਿਸੂ ਦੇ ਚੇਲੇ ਉਨ੍ਹਾਂ ਨੂੰ ਬੇਨਤੀ ਕਰ ਰਹੇ ਸਨ, “ਗੁਰੂ ਜੀ, ਭੋਜਨ ਖਾ ਲਓ ।”32ਪਰ ਯਿਸੂ ਨੇ ਆਖਿਆ, “ਮੇਰੇ ਕੋਲ ਖਾਣ ਲਈ ਉਹ ਭੋਜਨ ਹੈ ਅਤੇ ਤੁਹਾਨੂੰ ਇਸ ਬਾਰੇ ਕੁੱਝ ਨਹੀਂ ਪਤਾ ।”33ਤਾਂ ਚੇਲਿਆਂ ਨੇ ਆਪਸ ਵਿੱਚ ਪੁੱਛਿਆ, “ਸ਼ਾਇਦ ਉਸ ਲਈ ਕਿਸੇ ਨੇ ਭੋਜਨ ਲਿਆਂਦਾ ਹੋਵੇਗਾ ? ”
34ਯਿਸੂ ਨੇ ਉਨ੍ਹਾਂ ਨੂੰ ਆਖਿਆ, “ਮੇਰਾ ਭੋਜਨ ਪਰਮੇਸ਼ੁਰ ਦੀ ਇੱਛਾ ਪੂਰੀ ਕਰਨਾ ਹੈ, ਜਿਸ ਨੇ ਮੈਨੂੰ ਭੇਜਿਆ ਹੈ ਉਸ ਦੇ ਕੰਮ ਨੂੰ ਸੰਪੂਰਨ ਕਰਨਾ ਹੀ ਮੇਰਾ ਭੋਜਨ ਹੈ ।35ਜਦੋਂ ਤੁਸੀਂ ਕੁੱਝ ਬੀਜਦੇ ਹੋ, ਤੁਸੀਂ ਹਮੇਸ਼ਾਂ ਇਹ ਕਹਿੰਦੇ ਹੋ, ‘ਸਾਨੂੰ ਫ਼ਸਲ ਵੱਢਣ ਲਈ ਅਜੇ ਹੋਰ ਚਾਰ ਮਹੀਨੇ ਉਡੀਕਣਾ ਪਵੇਗਾ ।’ ਪਰ ਮੈਂ ਤੁਹਾਨੂੰ ਦੱਸਦਾ ਹਾਂ ਆਪਣੀਆਂ ਅੱਖਾਂ ਖੋਲੋ ਅਤੇ ਵੇਖੋ, ਉਹ ਪੈਲੀਆਂ ਤਿਆਰ ਹਨ ਅਤੇ ਵਾਢੀ ਲਈ ਤਿਆਰ ਹਨ ।36ਜੋ ਵਿਅਕਤੀ ਫ਼ਸਲ ਵੱਢਦਾ ਉਹ ਆਪਣੀ ਮਜ਼ਦੂਰੀ ਪਾਉਂਦਾ ਅਤੇ ਸਦੀਪਕ ਜੀਵਨ ਲਈ ਫ਼ਸਲ ਇਕੱਠੀ ਕਰਦਾ ਹੈ । ਇਸ ਲਈ ਉਹ ਵੀ ਪ੍ਰਸੰਨ ਹੈ ਜੋ ਫ਼ਸਲ ਬੀਜਦਾ ਹੈ ਤੇ ਉਹ ਵੀ ਜੋ ਫ਼ਸਲ ਦੀ ਵਾਢੀ ਕਰਦਾ ਹੈ ।
37ਇਹ ਕਹਾਵਤ ਸੱਚੀ ਹੈ, ‘ਇੱਕ ਬੀਜਦਾ ਹੈ, ਪਰ ਦੂਜਾ ਆਦਮੀ ਫਸਲ ਦੀ ਵਾਢੀ ਕਰਦਾ ਹੈ ।’38ਮੈਂ ਤੁਹਾਨੂੰ ਇਸ ਫ਼ਸਲ ਦਾ ਫ਼ਲ ਪ੍ਰਾਪਤ ਕਰਨ ਲਈ ਭੇਜਿਆ, ਜਿਸ ਲਈ ਤੁਸੀਂ ਕੰਮ ਨਹੀਂ ਕੀਤਾ, ਹੋਰਾਂ ਲੋਕਾਂ ਨੇ ਇਸ ਲਈ ਕੰਮ ਕੀਤਾ ਅਤੇ ਤੁਸੀਂ ਉਨ੍ਹਾਂ ਦੀ ਮਿਹਨਤ ਦਾ ਹੀ ਲਾਭ ਕਰ ਲੈ ਹੋ ।”
ਸਾਮਰੀਆਂ ਦਾ ਵਿਸ਼ਵਾਸ

39ਉਸ ਸ਼ਹਿਰ ਦੇ ਕਈ ਲੋਕਾਂ ਨੇ ਯਿਸੂ ਵਿੱਚ ਵਿਸ਼ਵਾਸ ਕੀਤਾ । ਕਿਉਂਕਿ ਔਰਤ ਨੇ ਇਹ ਗਵਾਹੀ ਦਿੱਤੀ, “ਉਸ ਨੇ ਮੈਨੂੰ ਉਹ ਸਭ ਕੁੱਝ ਦੱਸਿਆ ਜੋ ਮੈਂ ਕੀਤਾ ਹੈ ।”40ਇਸ ਲਈ ਇਹ ਲੋਕ ਯਿਸੂ ਕੋਲ ਆਏ ਉਨ੍ਹਾਂ ਨੇ ਉਸ ਨੂੰ ਉਨ੍ਹਾਂ ਦੇ ਨਾਲ ਠਹਿਰਣ ਲਈ ਬੇਨਤੀ ਕੀਤੀ । ਇਸ ਲਈ ਯਿਸੂ ਉੱਥੇ ਦੋ ਦਿਨ ਠਹਿਰਿਆ ।
41ਉਸ ਦੇ ਸ਼ਬਦਾਂ ਕਾਰਨ ਹੋਰ ਵਧੇਰੇ ਲੋਕਾਂ ਨੇ ਵਿਸ਼ਵਾਸ ਕੀਤਾ ।42ਉਨ੍ਹਾਂ ਲੋਕਾਂ ਨੇ ਉਸ ਔਰਤ ਨੂੰ ਆਖਿਆ, “ਅਸੀਂ ਯਿਸੂ ਵਿੱਚ ਤੇਰੇ ਸ਼ਬਦਾਂ ਕਾਰਨ ਵਿਸ਼ਵਾਸ ਨਹੀਂ ਕਰਦੇ, ਸਗੋਂ ਇਸ ਲਈ ਕਿਉਂ ਜੋ ਤੁਸੀਂ ਆਪ ਉਸ ਦੇ ਸ਼ਬਦ ਸੁਣੇ ਹਨ । ਹੁਣ ਅਸੀਂ ਜਾਣ ਗਏ ਹਾਂ ਕਿ ਉਹ ਸੱਚ-ਮੁੱਚ ਸੰਸਾਰ ਦਾ ਮੁਕਤੀਦਾਤਾ ਹੈ ।”
43ਦੋ ਦਿਨਾਂ ਤੋਂ ਬਾਅਦ, ਯਿਸੂ ਉੱਥੋਂ ਵਿਦਾ ਹੋ ਕੇ ਗਲੀਲ ਨੂੰ ਚਲਿਆ ਗਿਆ ।44ਪਹਿਲਾਂ ਯਿਸੂ ਇਹ ਕਹਿ ਚੁੱਕਿਆ ਸੀ ਕਿ ਨਬੀ ਦਾ ਉਸ ਦੇ ਆਪਣੇ ਦੇਸ ਤੋਂ ਇਲਾਵਾ ਹਰੇਕ ਜਗ੍ਹਾ ਆਦਰ ਹੁੰਦਾ ਹੈ ।45ਜਦੋਂ ਯਿਸੂ ਗਲੀਲ ਵਿੱਚ ਪਹੁੰਚਿਆ ਤਾਂ ਲੋਕਾਂ ਨੇ ਉਸਦਾ ਸਵਾਗਤ ਕੀਤਾ । ਕਿਉਂਕਿ ਇਹ ਲੋਕ ਉਹ ਸਾਰੀਆਂ ਗੱਲਾਂ ਦੇਖ ਚੁੱਕੇ ਸਨ, ਜੋ ਯਿਸੂ ਨੇ ਯਰੂਸ਼ਲਮ ਵਿੱਚ ਪਸਾਹ ਦੇ ਤਿਉਹਾਰ ਤੇ ਕੀਤੀਆਂ ਸਨ । ਕਿਉਂਕਿ ਇਹ ਲੋਕ ਵੀ ਉਸ ਤਿਉਹਾਰ ਤੇ ਗਏ ਹੋਏ ਸਨ ।
ਇੱਕ ਅਧਿਕਾਰੀ ਦੇ ਪੁੱਤਰ ਨੂੰ ਚੰਗਾ ਕਰਨਾ

46ਇੱਕ ਵਾਰ ਫੇਰ ਯਿਸੂ ਗਲੀਲ ਵਿੱਚ ਕਾਨਾ ਨੂੰ ਗਿਆ । ਕਾਨਾ ਉਹ ਥਾਂ ਹੈ ਜਿੱਥੇ ਯਿਸੂ ਨੇ ਪਾਣੀ ਨੂੰ ਅੰਗੂਰਾਂ ਦੇ ਰਸ ਵਿੱਚ ਤਬਦੀਲ ਕੀਤਾ, ਇੱਕ ਅਧਿਕਾਰੀ ਕਫ਼ਰਨਾਹੂਮ ਵਿੱਚ ਰਹਿੰਦਾ ਸੀ, ਉਸਦਾ ਪੁੱਤਰ ਬਿਮਾਰ ਸੀ ।47ਉਸ ਨੇ ਸੁਣਿਆ ਕਿ ਯਿਸੂ ਯਹੂਦਿਯਾ ਤੋਂ ਆਇਆ ਹੈ ਅਤੇ ਹੁਣ ਗਲੀਲ ਵਿੱਚ ਸੀ ਤਾਂ ਉਹ ਆਦਮੀ ਕਾਨਾ ਵਿੱਚ ਯਿਸੂ ਕੋਲ ਗਿਆ ਅਤੇ ਉਸ ਨੇ ਯਿਸੂ ਨੂੰ ਕਫ਼ਰਨਾਹੂਮ ਵਿੱਚ ਦਰਸ਼ਣ ਦੇਣ ਅਤੇ ਉਸ ਦੇ ਨੌਕਰ ਨੂੰ ਤੰਦਰੁਸਤ ਕਰਨ ਦੀ ਬੇਨਤੀ ਕੀਤੀ । ਉਸਦਾ ਨੌਕਰ ਮਰਨ ਵਾਲਾ ਸੀ ।
48ਯਿਸੂ ਨੇ ਉਸ ਨੂੰ ਆਖਿਆ, “ਜਦੋਂ ਤੱਕ ਤੁਸੀਂ ਕਰਿਸ਼ਮੇ ਅਤੇ ਅਚੰਭੇ ਨਹੀਂ ਵੇਖੋਂਗੇ ਤੁਸੀਂ ਮੇਰੇ ਉੱਤੇ ਵਿਸ਼ਵਾਸ ਨਹੀਂ ਕਰੋਂਗੇ ।”49ਬਾਦਸ਼ਾਹ ਦੇ ਅਧਿਕਾਰੀ ਨੇ ਆਖਿਆ, “ਸ਼੍ਰੀ ਮਾਨ ਜੀ, ਮੇਰੇ ਪੁੱਤਰ ਦੇ ਮਰਨ ਤੋਂ ਪਹਿਲਾਂ ਮੇਰੇ ਘਰ ਚੱਲੋ ।”50ਯਿਸੂ ਨੇ ਉੱਤਰ ਦਿੱਤਾ, “ਜਾ, ਤੇਰਾ ਪੁੱਤਰ ਜਿਉਂਦਾ ਹੈ ।” ਉਸ ਆਦਮੀ ਨੇ ਯਿਸੂ ਦੇ ਸ਼ਬਦਾਂ ਵਿੱਚ ਵਿਸ਼ਵਾਸ ਕੀਤਾ ਅਤੇ ਘਰ ਚਲਾ ਗਿਆ ।
51ਜਦੋਂ ਉਹ ਘਰ ਜਾ ਰਿਹਾ ਸੀ ਤਾਂ ਰਾਹ ਵਿੱਚ ਉਸ ਦੇ ਨੌਕਰ ਉਸ ਨੂੰ ਮਿਲੇ । ਅਤੇ ਉਨ੍ਹਾਂ ਨੇ ਉਸ ਨੂੰ ਆਖਿਆ, “ਤੇਰਾ ਪੁੱਤਰ ਚੰਗਾ ਹੋ ਗਿਆ ਹੈ ।”52ਉਸ ਆਦਮੀ ਨੇ ਪੁੱਛਿਆ, “ਮੇਰਾ ਪੁੱਤਰ ਕਿਸ ਵਕਤ ਠੀਕ ਹੋਣਾ ਸ਼ੁਰੂ ਹੋਇਆ ਸੀ ? ” ਨੌਕਰ ਨੇ ਜ਼ਵਾਬ ਦਿੱਤਾ, “ਇਹ ਕੱਲ ਇੱਕ ਵਜੇ ਦੇ ਆਸ-ਪਾਸ ਦਾ ਸਮਾਂ ਸੀ, ਜਦੋਂ ਉਸਦਾ ਬੁਖਾਰ ਉਤਰ ਗਿਆ ।”
53ਉਸ ਆਦਮੀ ਨੂੰ ਪਤਾ ਸੀ ਕਿ ਪੂਰਾ ਇੱਕ ਵਜੇ ਦਾ ਹੀ ਸਮਾਂ ਸੀ ਜਦੋਂ ਯਿਸੂ ਨੇ ਆਖਿਆ ਸੀ, “ਤੇਰਾ ਪੁੱਤਰ ਜਿਉਂਦਾ ਹੈ ।” ਇਉਂ ਉਹ ਅਤੇ ਉਸ ਦੇ ਘਰ ਵਿੱਚ ਰਹਿੰਦੇ ਸਭ ਲੋਕਾਂ ਨੇ ਯਿਸੂ ਉੱਤੇ ਵਿਸ਼ਵਾਸ ਕੀਤਾ ।54ਇਹ ਦੂਜਾ ਚਮਤਕਾਰ ਸੀ ਜੋ ਯਿਸੂ ਨੇ ਯਹੂਦਿਯਾ ਤੋਂ ਗਲੀਲ ਆਉਣ ਤੋਂ ਬਾਅਦ ਕੀਤਾ ਸੀ ।

5
ਅਠੱਤੀ ਸਾਲਾਂ ਦੇ ਰੋਗੀ ਨੂੰ ਚੰਗਾ ਕਰਨਾ

1ਇਸ ਤੋਂ ਬਾਅਦ ਯਿਸੂ ਇੱਕ ਖ਼ਾਸ ਯਹੂਦੀਆਂ ਤਿਉਹਾਰ ਲਈ ਯਰੂਸ਼ਲਮ ਗਿਆ ।2ਯਰੂਸ਼ਲਮ ਵਿੱਚ ਇੱਕ ਤਲਾਬ ਹੈ ਜਿਸ ਦੇ ਪੰਜ ਬਰਾਂਡੇ ਬਣੇ ਹੋਏ ਹਨ । ਇਸ ਤਾਲ ਨੂੰ ਇਬਰਾਨੀ ਭਾਸ਼ਾ ਵਿੱਚ ਬੇਥਜ਼ਥਾ ਆਖਦੇ ਹਨ । ਇਹ ਤਲਾਬ ਭੇਡ ਦਰਵਾਜ਼ੇ ਦੇ ਨੇੜੇ ਹੈ ।3ਬਹੁਤ ਸਾਰੇ ਬਿਮਾਰ ਲੋਕ ਤਾਲ ਦੇ ਨੇੜੇ ਬਰਾਂਡਿਆਂ ਵਿੱਚ ਲੇਟੇ ਹੋਏ ਸਨ । ਕੁੱਝ ਲੋਕ ਅੰਨ੍ਹੇ, ਲੰਗੜੇ ਤੇ ਕੁੱਝ ਅਧਰੰਗੀ ਸਨ ।4ਇੱਕ ਠਹਿਰਾਏ ਹੋਏ ਸਮੇਂ ਤੇ ਇੱਕ ਦੂਤ ਆ ਕੇ ਤਲਾਬ ਦੇ ਪਾਣੀ ਨੂੰ ਹਿਲਾਉਂਦਾ ਸੀ, ਅਤੇ ਜਿਹੜਾ ਸਭ ਤੋਂ ਪਹਿਲਾਂ ਉਸ ਵਿੱਚ ਵੜਦਾ ਸੀ, ਉਸ ਹਰ ਪ੍ਰਕਾਰ ਦੀ ਬਿਮਾਰੀ ਤੋਂ ਚੰਗਾ ਹੋ ਜਾਂਦਾ ਸੀ l

5ਉਨ੍ਹਾਂ ਵਿੱਚ ਇੱਕ ਅਜਿਹਾ ਆਦਮੀ ਵੀ ਸੀ, ਜੋ ਅਠੱਤੀ ਸਾਲਾਂ ਤੋਂ ਬਿਮਾਰ ਸੀ ।6ਯਿਸੂ ਨੇ ਉਸ ਆਦਮੀ ਨੂੰ ਉੱਥੇ ਲੇਟਿਆ ਵੇਖਿਆ । ਯਿਸੂ ਨੂੰ ਇਹ ਪਤਾ ਸੀ ਕਿ ਉਹ ਬਹੁਤ ਲੰਮੇ ਸਮੇਂ ਤੋਂ ਬਿਮਾਰ ਸੀ । ਇਸ ਲਈ ਯਿਸੂ ਨੇ ਉਸ ਨੂੰ ਪੁੱਛਿਆ, “ਕੀ ਤੂੰ ਚੰਗਾ ਹੋਣਾ ਚਾਹੁੰਦਾ ਹੈਂ ? ”
7ਉਸ ਬਿਮਾਰ ਆਦਮੀ ਨੇ ਆਖਿਆ, “ਪ੍ਰਭੂ ਜੀ, ਅਜਿਹਾ ਕੋਈ ਨਹੀਂ ਜੋ ਉਦੋਂ ਤਲਾਬ ਅੰਦਰ ਜਾਣ ਵਿੱਚ ਮੇਰੀ ਸਹਾਇਤਾ ਕਰੇ ਜਦੋਂ ਪਾਣੀ ਵਿੱਚ ਹਲਚਲ ਹੁੰਦੀ ਹੈ । ਮੈਂ ਤਾਲ ਅੰਦਰ ਪਹੁੰਚਣ ਵਾਲਾ ਪਹਿਲਾ ਵਿਅਕਤੀ ਹੋਣ ਦੀ ਕੋਸ਼ਿਸ਼ ਕਰਦਾ ਹਾਂ ਪਰ ਜਦੋਂ ਤੱਕ ਕਿ ਮੈਂ ਪਹੁੰਚਾ ਮੇਰੇ ਤੋਂ ਪਹਿਲਾਂ ਹੀ ਕੋਈ ਹੋਰ ਤਲਾ ਅੰਦਰ ਵੜ ਜਾਂਦਾ ਹੈ ।”8ਫਿਰ ਯਿਸੂ ਨੇ ਉਸ ਨੂੰ ਆਖਿਆ, “ਉੱਠ, ਆਪਣਾ ਬਿਸਤਰਾ ਚੁੱਕ ਅਤੇ ਤੁਰ ।”
9ਉਹ ਤੁਰੰਤ ਹੀ ਚੰਗਾ ਹੋ ਗਿਆ । ਉਸ ਨੇ ਆਪਣੀ ਮੰਜੀ ਚੁੱਕ ਕੇ ਚੱਲਣਾ ਸ਼ੁਰੂ ਕਰ ਦਿੱਤਾ । ਜਦੋਂ ਇਹ ਸਭ ਕੁੱਝ ਵਾਪਰਿਆ, ਇਹ ਸਬਤ ਦਾ ਦਿਨ ਸੀ ।
10ਇਸ ਲਈ ਯਹੂਦੀਆਂ ਨੇ ਉਸ ਚੰਗੇ ਹੋਏ ਬੰਦੇ ਨੂੰ ਆਖਿਆ, “ਅੱਜ ਸਬਤ ਦਾ ਦਿਨ ਹੈ, ਤੇਰਾ ਬਿਸਤਰਾ ਚੁੱਕਣਾ ਬਿਵਸਥਾ ਦੇ ਖਿਲਾਫ਼ ਹੈ ।”11ਪਰ ਉਸ ਨੇ ਆਖਿਆ, “ਉਹ ਵਿਅਕਤੀ ਜਿਸ ਨੇ ਮੈਨੂੰ ਚੰਗਾ ਕੀਤਾ ਹੈ,” ਉਸ ਨੇ ਮੈਨੂੰ ਆਖਿਆ, “ਆਪਣਾ ਬਿਸਤਰਾ ਚੁੱਕ ਤੇ ਚਲ ਫਿਰ ।”
12ਯਹੂਦੀਆਂ ਨੇ ਉਸ ਨੂੰ ਪੁੱਛਿਆ, “ਉਹ ਆਦਮੀ ਕੌਣ ਹੈ ਜਿਸ ਨੇ ਤੈਨੂੰ ਆਖਿਆ ਕਿ ਤੂੰ ਆਪਣਾ ਬਿਸਤਰਾ ਚੁੱਕ ਤੇ ਤੁਰ ਫਿਰ ? ”13ਪਰ ਜੋ ਆਦਮੀ ਚੰਗਾ ਕੀਤਾ ਗਿਆ ਸੀ ਉਸ ਨੂੰ ਇਹ ਨਹੀਂ ਸੀ ਪਤਾ ਕਿ ਉਹ ਕੌਣ ਸੀ । ਉੱਥੇ ਬਹੁਤ ਸਾਰੇ ਲੋਕ ਸਨ ਅਤੇ ਯਿਸੂ ਉੱਥੋਂ ਚਲਾ ਗਿਆ ਸੀ ।
14ਬਾਅਦ ਵਿੱਚ ਯਿਸੂ ਨੇ ਉਸ ਨੂੰ ਹੈਕਲ ਵਿੱਚ ਵੇਖਿਆ ਅਤੇ ਉਸ ਨੂੰ ਆਖਿਆ, “ਵੇਖ ਹੁਣ ਤੂੰ ਚੰਗਾ ਹੋ ਗਿਆ ਹੈ, ਫਿਰ ਪਾਪ ਨਾ ਕਰੀ, ਨਹੀਂ ਤਾਂ ਤੇਰੇ ਨਾਲ ਕੋਈ ਹੋਰ ਭੈੜੀ ਗੱਲ ਵੀ ਵਾਪਰ ਸਕਦੀ ਹੈ ।”15ਤਦ ਉਹ ਆਦਮੀ ਉੱਥੇ ਵਾਪਸ ਉਨ੍ਹਾਂ ਯਹੂਦੀਆਂ ਕੋਲ ਗਿਆ । ਅਤੇ ਉਨ੍ਹਾਂ ਨੂੰ ਆਖਿਆ ਜਿਸ ਨੇ ਮੈਨੂੰ ਚੰਗਾ ਕੀਤਾ ਸੀ, ਉਹ ਯਿਸੂ ਹੈ ।
16ਇਸ ਲਈ ਯਹੂਦੀ ਉਸ ਨੂੰ ਦੁੱਖ ਦੇਣ ਲੱਗੇ ਕਿਉਂ ਜੋ ਯਿਸੂ ਸਬਤ ਦੇ ਦਿਨ ਅਜਿਹੇ ਕੰਮ ਕਰਦਾ ਸੀ ।17ਪਰ ਯਿਸੂ ਨੇ ਯਹੂਦੀਆਂ ਨੂੰ ਉੱਤਰ ਦਿੱਤਾ, “ਮੇਰਾ ਪਿਤਾ ਹਮੇਸ਼ਾਂ ਕੰਮ ਕਰਦਾ ਰਹਿੰਦਾ ਹੈ, ਇਸ ਲਈ ਮੈਂਨੂੰ ਵੀ ਕੰਮ ਕਰਨਾ ਚਾਹੀਦਾ ਹੈ ।”18ਇਹ ਸੁਣਨ ਤੋਂ ਬਾਅਦ ਯਹੂਦੀ ਯਿਸੂ ਨੂੰ ਮਾਰਨ ਲਈ ਹੋਰ ਵੀ ਕੋਸ਼ਿਸ਼ਾਂ ਕਰਨ ਲੱਗੇ । ਯਹੂਦੀਆਂ ਨੇ ਆਖਿਆ, “ਯਿਸੂ ਸਬਤ ਦੇ ਦਿਨ ਦਾ ਨੇਮ ਤੋੜ ਰਿਹਾ ਹੈ ਅਤੇ ਆਖਿਆ, ਪਰਮੇਸ਼ੁਰ ਨੂੰ ਆਪਣਾ ਪਿਤਾ ਆਖ ਕੇ ਉਹ ਆਪਣੇ ਆਪ ਨੂੰ ਪਰਮੇਸ਼ੁਰ ਦੇ ਬਰਾਬਰ ਬਣਾ ਰਿਹਾ ਹੈ ।”
ਪੁੱਤਰ ਦਾ ਅਧਿਕਾਰ

19ਪਰ ਯਿਸੂ ਨੇ ਉੱਤਰ ਦਿੱਤਾ, “ਮੈਂ ਤੁਹਾਨੂੰ ਸੱਚ-ਸੱਚ ਦੱਸਦਾ ਹਾਂ ਕਿ ਪੁੱਤਰ ਆਪਣੇ ਆਪ ਕੁੱਝ ਨਹੀਂ ਕਰ ਸਕਦਾ । ਪੁੱਤਰ ਉਹੀ ਕਰਦਾ ਹੈ ਜੋ ਉਹ ਪਿਤਾ ਨੂੰ ਕਰਿਦਆਂ ਵੇਖਦਾ ਹੈ । ਜੋ ਕੁੱਝ ਪਿਤਾ ਕਰਦਾ ਉਹੀ ਪੁੱਤਰ ਵੀ ਕਰਦਾ ।20ਪਰ ਪਿਤਾ ਆਪਣੇ ਪੁੱਤਰ ਨੂੰ ਪਿਆਰ ਕਰਦਾ ਹੈ ਅਤੇ ਪਿਤਾ ਪੁੱਤਰ ਨੂੰ ਉਹ ਸਭ ਕੁੱਝ ਵਿਖਾਉਂਦਾ ਹੈ ਜੋ ਉਹ ਕਰਦਾ । ਪਰ ਪਿਤਾ ਆਪਣੇ ਪੁੱਤਰ ਨੂੰ ਵੱਡੇ ਕੰਮ ਵੀ ਵਿਖਾਵੇਗਾ । ਫਿਰ ਤੁਸੀਂ ਸਭ ਹੈਰਾਨ ਰਹਿ ਜਾਉਂਗੇ ।
21ਪਿਤਾ ਮੁਰਦਿਆਂ ਨੂੰ ਜਿਵਾਲਦਾ ਹੈ ਅਤੇ ਉਨ੍ਹਾਂ ਨੂੰ ਜੀਵਨ ਦਿੰਦਾ ਹੈ । ਉਸੇ ਹੀ ਤਰ੍ਹਾਂ, ਪੁੱਤਰ ਵੀ, ਜਿਨ੍ਹਾਂ ਨੂੰ ਉਹ ਚਾਹੁੰਦਾ ਹੈ, ਜੀਵਨ ਦਿੰਦਾ ਹੈ ।22ਪਿਤਾ ਕਿਸੇ ਦਾ ਨਿਆਂ ਨਹੀਂ ਕਰਦਾ, ਪਰ ਉਸ ਨੇ ਇਹ ਅਧਿਕਾਰ ਪੂਰੀ ਤਰ੍ਹਾਂ ਪੁੱਤਰ ਨੂੰ ਦਿੱਤਾ ਹੋਇਆ ਹੈ ।23ਪਰਮੇਸ਼ੁਰ ਨੇ ਇਹ ਇਸ ਲਈ ਕੀਤਾ ਤਾਂ ਕਿ ਸਾਰੇ ਲੋਕ ਪੁੱਤਰ ਦਾ ਉਵੇਂ ਹੀ ਆਦਰ ਕਰਨ ਜਿਵੇਂ ਉਹ ਪਿਤਾ ਦਾ ਆਦਰ ਕਰਦੇ ਹਨ । ਜੋ ਕੋਈ ਆਦਮੀ ਪੁੱਤਰ ਦਾ ਆਦਰ ਨਹੀਂ ਕਰਦਾ, ਉਹ ਆਦਮੀ ਪਿਤਾ ਦਾ ਆਦਰ ਨਹੀਂ ਕਰਦਾ, ਜਿਸ ਨੇ ਉਸ ਨੂੰ ਭੇਜਿਆ ਹੈ ।
24ਮੈਂ ਤੁਹਾਨੂੰ ਸੱਚ-ਸੱਚ ਦੱਸਦਾ ਹਾਂ, ਉਹ ਮੇਰੇ ਬਚਨ ਸੁਣਦਾ ਹੈ ਅਤੇ ਉਨ੍ਹਾਂ ਤੇ ਵਿਸ਼ਵਾਸ ਕਰਦਾ ਹੈ । ਉਹ, ਜਿਸ ਨੇ ਮੈਨੂੰ ਭੇਜਿਆ ਹੈ, ਸਦੀਪਕ ਜੀਵਨ ਉਸਦਾ ਹੈ । ਉਸਦਾ ਨਿਆਂ ਨਹੀਂ ਹੋਵੇਗਾ । ਉਸ ਨੂੰ ਮੌਤ ਤੋਂ ਮੁਕਤ ਕਰ ਦਿੱਤਾ ਗਿਆ ਹੈ ਅਤੇ ਉਹ ਸਦੀਪਕ ਜੀਵਨ ਵਿੱਚ ਦਾਖਲ ਹੋ ਚੁੱਕਿਆ ਹੈ ।
25ਮੈਂ ਤੁਹਾਨੂੰ ਸੱਚ ਆਖਦਾ ਹਾਂ । ਉਹ ਸਮਾਂ ਆ ਰਿਹਾ ਹੈ, ਅਤੇ ਸਗੋਂ ਹੁਣੇ ਹੈ । ਉਹ ਜੋ ਮਰ ਚੁੱਕੇ ਹਨ ਪਰਮੇਸ਼ੁਰ ਦੇ ਪੁੱਤਰ ਦੀ ਅਵਾਜ਼ ਨੂੰ ਸੁਣਨਗੇ ਅਤੇ ਜਿਹੜੇ ਲੋਕ ਉਸ ਨੂੰ ਸੁਨਣਗੇ ਉਨ੍ਹਾਂ ਨੂੰ ਜੀਵਨ ਮਿਲੇਗਾ ।
26ਪਿਤਾ ਹੀ ਜੀਵਨ ਦੇਣ ਵਾਲਾ ਹੈ, ਇਸ ਲਈ ਉਸ ਨੇ ਆਪਣੇ ਪੁੱਤਰ ਨੂੰ ਵੀ ਜੀਵਨ ਦੇਣ ਵਾਲਾ ਬਣਾ ਦਿੱਤਾ ਹੈ ।27ਪਿਤਾ ਨੇ ਨਿਆਂ ਕਰਨ ਦਾ ਵੀ ਅਧਿਕਾਰ ਆਪਣੇ ਪੁੱਤਰ ਨੂੰ ਦਿੱਤਾ ਹੈ ਕਿਉਂਕਿ ਉਹ ਮਨੁੱਖ ਦਾ ਪੁੱਤਰ ਹੈ ।
28ਇਸ ਗੱਲ ਬਾਰੇ ਹੈਰਾਨ ਨਾ ਹੋਵੋ । ਉਹ ਸਮਾਂ ਆ ਰਿਹਾ ਹੈ, ਜਦੋਂ ਕਬਰਾਂ ਵਿੱਚ ਮੁਰਦੇ ਵੀ ਉਸ ਦੀ ਅਵਾਜ਼ ਸੁਣਨਗੇ ।29ਉਹ ਆਪਣੀਆਂ ਕਬਰਾਂ ਚੋਂ ਬਾਹਰ ਆ ਜਾਣਗੇ, ਉਹ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਹਨ, ਉਭਾਰੇ ਜਾਣਗੇ ਅਤੇ ਜੀਵਨ ਪ੍ਰਾਪਤ ਕਰਨਗੇ । ਪਰ ਉਹ ਲੋਕ, ਜਿਨ੍ਹਾਂ ਨੇ ਮੰਦੇ ਕੰਮ ਕੀਤੇ ਹਨ, ਨਿਆਂ ਲਈ ਜਿਵਾਲੇ ਜਾਣਗੇ ।”
ਯਿਸੂ ਦੇ ਬਾਰੇ ਗਵਾਹੀ

30“ਮੈਂ ਆਪਣੇ ਆਪ ਕੁੱਝ ਨਹੀਂ ਕਰ ਸਕਦਾ । ਮੈਂ ਉਸ ਅਧਾਰ ਤੇ ਨਿਆਂ ਕਰਦਾ ਹਾਂ ਜੋ ਮੈਂ ਪਰਮੇਸ਼ੁਰ ਤੋਂ ਸੁਣਦਾ ਹਾਂ । ਇਸ ਲਈ ਮੇਰਾ ਨਿਆਂ ਠੀਕ ਹੈ । ਕਿਉਂਕਿ ਮੈਂ ਆਪਣੀ ਇੱਛਾ ਅਨੁਸਾਰ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਸਗੋਂ ਮੈਂ ਉਸ ਦੀ ਇੱਛਾ ਅਨੁਸਾਰ ਕਰਨ ਦੀ ਕੋਸ਼ਿਸ਼ ਕਰਦਾ ਹਾਂ, ਜਿਸ ਨੇ ਮੈਨੂੰ ਭੇਜਿਆ ਹੈ ।31ਜੇਕਰ ਮੈਂ ਆਪਣੇ ਬਾਰੇ ਗਵਾਹੀ ਦੇਵਾਂ, ਤਾਂ ਮੇਰੀ ਗਵਾਹੀ ਸੱਚੀ ਨਹੀਂ ਹੈ ।32ਪਰ ਇੱਕ ਹੋਰ ਹੈ ਜੋ ਮੇਰੇ ਬਾਰੇ ਗਵਾਹੀ ਦਿੰਦਾ ਹੈ ਅਤੇ ਮੈਂ ਜਾਣਦਾ ਹਾਂ ਕਿ ਉਸ ਦੀ ਮੇਰੇ ਬਾਰੇ ਗਵਾਹੀ ਸੱਚੀ ਹੈ ।
33ਤੁਸੀਂ ਲੋਕਾਂ ਨੂੰ ਯੂਹੰਨਾ ਕੋਲ ਭੇਜਿਆ ਅਤੇ ਉਸ ਨੇ ਸੱਚ ਬਾਰੇ ਗਵਾਹੀ ਦਿੱਤੀ ।34ਪਰ ਮੈਂ ਇੱਕ ਆਦਮੀ ਦੀ ਗਵਾਹੀ ਤੇ ਨਿਰਭਰ ਨਹੀਂ ਕਰਦਾ । ਮੈਂ ਤੁਹਾਨੂੰ ਇਹ ਗੱਲਾਂ ਇਸ ਲਈ ਦੱਸਦਾ ਹਾਂ ਤਾਂ ਕਿ ਤੁਸੀਂ ਬਚਾਏ ਜਾ ਸਕੋਂ ।35ਯੂਹੰਨਾ ਇੱਕ ਦੀਵੇ ਵਾਂਗੂੰ ਜਗਦਾ ਸੀ ਤੇ ਜਿਸ ਨੇ ਚਾਨਣ ਦਿੱਤਾ ਅਤੇ ਤੁਸੀਂ ਕੁੱਝ ਸਮੇਂ ਲਈ ਉਸ ਚਾਨਣ ਦਾ ਅਨੰਦ ਲਿਆ ।
36ਪਰ ਜੋ ਗਵਾਹੀ ਮੈਂ ਆਪਣੇ ਬਾਰੇ ਦਿੰਦਾ ਹਾਂ ਉਹ ਯੂਹੰਨਾ ਦੀ ਗਵਾਹੀ ਨਾਲੋਂ ਵੱਡੀ ਹੈ । ਜੋ ਕੰਮ ਪਿਤਾ ਨੇ ਮੈਨੂੰ ਕਰਨ ਲਈ ਦਿੱਤਾ ਹੈ, ਉਹ ਮੇਰੇ ਬਾਰੇ ਗਵਾਹੀ ਦਿੰਦਾ ਹੈ ਕਿ ਪਿਤਾ ਨੇ ਮੈਨੂੰ ਭੇਜਿਆ ਹੈ ।37ਅਤੇ ਉਹ ਪਿਤਾ ਜਿਸ ਨੇ ਮੈਨੂੰ ਭੇਜਿਆ ਉਸ ਨੇ ਮੇਰੇ ਬਾਰੇ ਗਵਾਹੀ ਦਿੱਤੀ । ਪਰ ਤੁਸੀਂ ਕਦੇ ਉਸ ਦੀ ਅਵਾਜ਼ ਨਹੀਂ ਸੁਣੀ । ਅਤੇ ਤੁਸੀਂ ਕਦੇ ਉਸਦਾ ਰੂਪ ਨਹੀਂ ਵੇਖਿਆ ।38ਉਸ ਪਿਤਾ ਦੇ ਬਚਨ ਵੀ ਤੁਹਾਡੇ ਅੰਦਰ ਨਹੀਂ ਹਨ ਕਿਉਂਕਿ, ਤੁਸੀਂ ਉਸ ਤੇ ਵਿਸ਼ਵਾਸ ਨਹੀਂ ਕਰਦੇ ਜਿਸ ਨੂੰ ਪਿਤਾ ਨੇ ਭੇਜਿਆ ਹੈ ।
39ਤੁਸੀਂ ਇਹ ਸੋਚ ਕੇ ਪਵਿੱਤਰ ਗ੍ਰੰਥਾਂ ਨੂੰ ਧਿਆਨ ਨਾਲ ਪੜ੍ਹਦੇ ਹੋ ਕਿ ਤੁਸੀਂ ਉਨ੍ਹਾਂ ਰਾਹੀਂ ਸਦੀਪਕ ਜੀਵਨ ਪ੍ਰਾਪਤ ਕਰੋਂਗੇ । ਉਹੀ ਪੁਸਤਕਾਂ ਮੇਰੇ ਬਾਰੇ ਗਵਾਹੀ ਦਿੰਦੀਆਂ ਹਨ !40ਹਾਲੇ ਵੀ ਤੁਸੀਂ ਉਸ ਸਦੀਪਕ ਜੀਵਨ ਨੂੰ ਪ੍ਰਾਪਤ ਕਰਨ ਲਈ ਮੇਰੇ ਕੋਲ ਆਉਣ ਤੋਂ ਇੰਨਕਾਰ ਕਰਦੇ ਹੋ ।
41ਮੈਨੂੰ ਲੋਕਾਂ ਤੋਂ ਵਡਿਆਈ ਕਰਾਉਣ ਦੀ ਲੋੜ ਨਹੀਂ ।42ਪਰ ਮੈਂ ਤੁਹਾਨੂੰ ਜਾਣਦਾ ਹਾਂ ਕਿ ਤੁਹਾਡੇ ਅੰਦਰ ਪਰਮੇਸ਼ੁਰ ਦਾ ਪਿਆਰ ਹੈ ਨਹੀਂ ।
43ਮੈਂ ਆਪਣੇ ਪਿਤਾ ਦੇ ਨਾਮ ਤੋਂ ਆਇਆ ਹਾਂ । ਪਰ ਹਾਲੇ ਵੀ ਤੁਸੀਂ ਮੈਨੂੰ ਨਹੀਂ ਕਬੂਲ ਕਰਦੇ । ਜੇਕਰ ਦੂਸਰਾ ਵਿਅਕਤੀ ਆਪਣੇ ਖੁਦ ਦੇ ਨਾਮ ਵਿੱਚ ਆਉਂਦਾ ਹੈ, ਤੁਸੀਂ ਉਸ ਨੂੰ ਕਬੂਲ ਕਰ ਲਵੋਂਗੇ ।44ਤੁਸੀਂ ਇੱਕ ਦੂਜੇ ਤੋਂ ਵਡਿਆਈ ਚਾਹੁੰਦੇ ਹੋ, ਪਰ ਤੁਸੀਂ ਉਸ ਉਸਤਤ ਦੀ ਚਾਹਨਾ ਨਹੀਂ ਰੱਖਦੇ ਜਿਹੜੀ ਪਰਮੇਸ਼ੁਰ ਵੱਲੋਂ ਆਉਂਦੀ ਹੈ । ਤਾਂ ਫਿਰ ਤੁਸੀਂ ਕਿਵੇਂ ਮੇਰੇ ਉੱਤੇ ਵਿਸ਼ਵਾਸ ਕਰ ਸਕਦੇ ਹੋ ?
45ਇਹ ਨਾ ਸੋਚੋ ਕਿ ਪਿਤਾ ਦੇ ਸਾਹਮਣੇ ਮੈਂ ਤੁਹਾਨੂੰ ਦੋਸ਼ੀ ਠਹਿਰਾਵਾਂਗਾ । ਜੋ ਤੁਹਾਨੂੰ ਦੋਸ਼ੀ ਠਹਿਰਾਉਂਦਾ ਹੈ, ਉਹ ਮੂਸਾ ਹੈ ਅਤੇ ਤੁਸੀਂ ਆਪਣੀ ਆਸ ਉਸ ਤੇ ਰੱਖੀ ਹੋਈ ਹੈ ।46ਜੇਕਰ ਤੁਸੀਂ ਮੂਸਾ ਤੇ ਵਿਸ਼ਵਾਸ ਕੀਤਾ ਹੁੰਦਾ ਤਾਂ ਤੁਸੀਂ ਮੇਰੇ ਤੇ ਵੀ ਵਿਸ਼ਵਾਸ ਕੀਤਾ ਹੁੰਦਾ ਕਿਉਂਕਿ ਉਸ ਨੇ ਮੇਰੇ ਬਾਰੇ ਲਿਖਿਆ ਸੀ ।47ਕਿਉਂਕਿ ਤੁਸੀਂ ਉਸ ਦੀ ਲਿਖਤਾਂ ਤੇ ਵਿਸ਼ਵਾਸ ਨਹੀਂ ਕਰਦੇ ਫੇਰ ਤੁਸੀਂ ਮੇਰੇ ਸ਼ਬਦਾਂ ਤੇ ਕਿਵੇਂ ਵਿਸ਼ਵਾਸ ਕਰੋਂਗੇ ।”

6
ਪੰਜ ਹਜ਼ਾਰ ਨੂੰ ਰਜਾਉਣਾ
(ਮੱਤੀ 14:13-21, ਮਰਕੁਸ 6:30-44, ਲੂਕਾ 9:10-17)

1ਇਸ ਤੋਂ ਬਾਅਦ ਯਿਸੂ ਗਲੀਲ ਦੀ ਝੀਲ ਅਰਥਾਤ ਤਿਬਿਰਿਯਾਸ ਦੀ ਝੀਲ ਦੇ ਪਾਰ ਚੱਲਿਆ ਗਿਆ ।2ਬਹੁਤ ਸਾਰੇ ਲੋਕ ਉਸ ਦੇ ਨਾਲ ਗਏ, ਕਿਉਂਕਿ ਉਨ੍ਹਾਂ ਨੇ ਯਿਸੂ ਦੇ ਚੰਗਾ ਕਰਨ ਦੇ ਚਮਤਕਾਰ ਵੇਖੇ ਸਨ ।3ਯਿਸੂ ਪਹਾੜ ਉੱਤੇ ਗਿਆ ਅਤੇ ਉੱਥੇ ਆਪਣੇ ਚੇਲਿਆਂ ਨਾਲ ਬੈਠ ਗਿਆ ।

4ਯਹੂਦੀਆਂ ਦੇ ਪਸਾਹ ਦੇ ਤਿਉਹਾਰ ਦਾ ਸਮਾਂ ਨੇੜੇ ਸੀ ।5ਯਿਸੂ ਨੇ ਉੱਪਰ ਵੇਖਿਆ, ਅਤੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਵੱਲ ਆਉਂਦਿਆਂ ਵੇਖਿਆ । ਯਿਸੂ ਨੇ ਫਿਲਿਪੁੱਸ ਨੂੰ ਆਖਿਆ “ਅਸੀਂ ਕਿੱਥੋਂ ਭੋਜਨ ਖਰੀਦ ਸਕਦੇ ਹਾਂ ਤਾਂ ਜੋ ਉਹ ਸਾਰੇ ਖਾ ਸਕਣ ।”6ਯਿਸੂ ਨੇ ਇਹ ਫਿਲਿਪੁੱਸ ਨੂੰ ਪਰਖਣ ਦੇ ਲਈ ਹੀ ਪੁੱਛਿਆ ਸੀ । ਜੋ ਉਹ ਕਰਨ ਵਾਲਾ ਸੀ ਯਿਸੂ ਪਹਿਲਾਂ ਹੀ ਜਾਣਦਾ ਸੀ ।
7ਫਿਲਿਪੁੱਸ ਨੇ ਉੱਤਰ ਦਿੱਤਾ, “ਭਾਵੇਂ ਅਸੀਂ ਦੋ ਸੋ ਦੀਨਾਰ (ਇੱਕ ਦੀਨਾਰ ਇੱਕ ਦਿਨ ਦੀ ਮਜ਼ਦੂਰੀ ਦੇ ਬਰਾਬਰ) ਦੀਆਂ ਰੋਟੀਆਂ ਵੀ ਲੈ ਆਈਏ ਤਾਂ ਵੀ ਅਸੀਂ ਇੰਨ੍ਹਾਂ ਸਾਰਿਆਂ ਨੂੰ ਰੋਟੀ ਦਾ ਇੱਕ ਛੋਟਾ ਜਿਹਾ ਟੁਕੜਾ ਹੀ ਦੇਣ ਯੋਗ ਹੋਵਾਂਗੇ ।”8ਉੱਥੇ ਇੱਕ ਹੋਰ ਚੇਲਾ ਸੀ ਅੰਦ੍ਰਿਯਾਸ, ਜੋ ਕਿ ਸ਼ਮਊਨ ਪਤਰਸ ਦਾ ਭਰਾ ਸੀ, ਉਸ ਨੇ ਕਿਹਾ,9“ਇੱਥੇ ਇੱਕ ਬੱਚਾ ਹੈ, ਜਿਸ ਕੋਲ ਪੰਜ ਰੋਟੀਆਂ ਅਤੇ ਦੋ ਮੱਛੀਆਂ ਹਨ, ਪਰ ਇਹ ਇੰਨੇ ਸਾਰੇ ਲੋਕਾਂ ਲਈ ਕਿਵੇਂ ਪੂਰੀਆਂ ਹੋਣਗੀਆਂ ? ”
10ਯਿਸੂ ਨੇ ਆਖਿਆ, “ਲੋਕਾਂ ਨੂੰ ਕਹੋ ਕਿ ਉਹ ਬੈਠ ਜਾਣ ।” ਉਸ ਥਾਂ ਤੇ ਬਹੁਤ ਸਾਰਾ ਘਾਹ ਸੀ, ਪੰਜ ਹਜ਼ਾਰ ਆਦਮੀ ਉੱਥੇ ਬੈਠ ਗਏ ।11ਤਦ ਯਿਸੂ ਨੇ ਰੋਟੀਆਂ ਆਪਣੇ ਹੱਥਾਂ ਵਿੱਚ ਲਈਆਂ ਅਤੇ ਉਨ੍ਹਾਂ ਲਈ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਬੈਠੇ ਹੋਏ ਲੋਕਾਂ ਨੂੰ ਦਿੱਤੀਆਂ । ਉਨ੍ਹਾਂ ਮੱਛੀਆਂ ਨਾਲ ਵੀ ਇਹੀ ਕੀਤਾ । ਯਿਸੂ ਨੇ ਲੋਕਾਂ ਨੂੰ ਓਨਾ ਦਿੱਤਾ ਜਿੰਨੇ ਦੀ ਉਨ੍ਹਾਂ ਨੂੰ ਜ਼ਰੂਰਤ ਸੀ ।12ਸਾਰੇ ਲੋਕਾਂ ਨੇ ਉਦੋਂ ਤੱਕ ਖਾਧਾ ਜਦੋਂ ਤੱਕ ਉਹ ਰੱਜ ਨਾ ਗਏ । ਫਿਰ ਯਿਸੂ ਨੇ ਆਪਣੇ ਚੇਲਿਆਂ ਨੂੰ ਆਖਿਆ, “ਬਚੇ ਹੋਏ ਰੋਟੀ ਅਤੇ ਮੱਛੀਆਂ ਦੇ ਟੁਕੜੇ ਇਕੱਠੇ ਕਰ ਲਓ, ਕੁੱਝ ਵੀ ਖ਼ਰਾਬ ਨਾ ਕਰੋ ।”
13ਤਾਂ ਚੇਲਿਆਂ ਨੇ ਬਚੇ ਹੋਏ ਟੁਕੜਿਆਂ ਨੂੰ ਇਕੱਠਾ ਕੀਤਾ । ਚੇਲਿਆਂ ਨੇ ਲੋਕਾਂ ਦੁਆਰਾ ਬਚਿਆਂ ਹੋਈਆਂ ਪੰਜ ਜੌਂ ਦੀਆਂ ਰੋਟੀਆਂ ਦੇ ਟੁਕੜਿਆਂ ਨਾਲ ਬਾਰਾਂ ਟੋਕਰੀਆਂ ਭਰੀਆਂ ।14ਯਿਸੂ ਦੇ ਚਮਤਕਾਰ ਨੂੰ ਲੋਕਾਂ ਨੇ ਵੇਖਿਆ ਅਤੇ ਆਖਿਆ, “ਸੱਚ-ਮੁੱਚ ਇਹ ਓਹੀ ਨਬੀ ਹੈ, ਜਿਸ ਦਾ ਦੁਨੀਆਂ ਵਿੱਚ ਆਉਣ ਦਾ ਅਨੁਮਾਨ ਸੀ ।”15ਜਦੋਂ ਯਿਸੂ ਨੂੰ ਪਤਾ ਲੱਗਾ ਕਿ ਲੋਕ ਬਦੋ-ਬਦੀ ਉਸ ਨੂੰ ਆਪਣਾ ਰਾਜਾ ਬਣਾਉਣਾ ਚਾਹੁੰਦੇ ਹਨ । ਤਾਂ ਯਿਸੂ ਉੱਥੋਂ ਵਿਦਾ ਹੋ ਕੇ ਇਕੱਲਾ ਹੀ ਪਹਾੜ ਵੱਲ ਚਲਿਆ ਗਿਆ ।
ਯਿਸੂ ਪਾਣੀ ਉੱਤੇ ਚੱਲਦਾ ਹੈ
(ਮੱਤੀ 14:22-33, ਮਰਕੁਸ 6:45-52)

16ਸ਼ਾਮ ਨੂੰ, ਯਿਸੂ ਦੇ ਚੇਲੇ ਝੀਲ ਵਿੱਚ ਚਲੇ ਗਏ ।17ਪਹਿਲਾਂ ਤੋਂ ਹੀ ਹਨ੍ਹੇਰਾ ਸੀ ਤੇ ਅਜੇ ਤੱਕ ਯਿਸੂ ਉਨ੍ਹਾਂ ਕੋਲ ਨਹੀਂ ਪਹੁੰਚੇ ਸੀ । ਚੇਲੇ ਬੇੜੀ ਉੱਤੇ ਚੜ੍ਹ ਕੇ ਬੈਠੇ ਅਤੇ ਕਫ਼ਰਨਾਹੂਮ ਵੱਲ ਨੂੰ ਚੱਲ ਪਏ ਜੋ ਕਿ ਝੀਲ ਦੇ ਪਾਰ ਸੀ ।18ਤੇਜ ਹਨੇਰੀ ਚੱਲ ਰਹੀ ਸੀ ਦਰਿਆ ਦੀਆਂ ਲਹਿਰਾਂ ਵੱਡੀਆਂ ਤੋਂ ਵਡੇਰੀਆਂ ਹੋ ਗਈਆਂ ।
19ਚੇਲੇ ਲੱਗਭਗ ਤਿੰਨ ਚਾਰ ਮੀਲ ਝੀਲ ਵਿੱਚ ਜਾ ਚੁੱਕੇ ਸਨ । ਤਦ ਉਨ੍ਹਾਂ ਨੇ ਯਿਸੂ ਨੂੰ ਵੇਖਿਆ, ਉਹ ਪਾਣੀ ਉੱਤੇ ਤੁਰ ਰਿਹਾ ਸੀ । ਚੇਲੇ ਯਿਸੂ ਨੂੰ ਕਿਸ਼ਤੀ ਦੇ ਨੇੜੇ ਆਉਂਦਾ ਵੇਖ ਡਰ ਗਏ ।20ਪਰ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਨਾ ਡਰੋ, ਮੈਂ ਹਾਂ ।”21ਜਦੋਂ ਯਿਸੂ ਨੇ ਇਹ ਆਖਿਆ, ਤਾਂ ਉਹ ਯਿਸੂ ਨੂੰ ਬੇੜੀ ਉੱਤੇ ਚੜ੍ਹਾਉਣ ਲਈ ਖੁਸ਼ ਹੋ ਗਏ । ਉਸ ਤੋਂ ਬਾਦ ਜਿੱਥੇ ਉਨ੍ਹਾਂ ਨੇ ਜਾਣਾ ਸੀ, ਬੇੜੀ ਉੱਥੇ ਪਹੁੰਚੀ ।
22ਅਗਲੀ ਸਵੇਰ ਜੋ ਲੋਕ ਝੀਲ ਦੇ ਦੂਜੇ ਕੰਢੇ ਤੇ ਠਹਿਰੇ ਹੋਏ ਸਨ, ਉਹ ਜਾਣਦੇ ਸਨ ਕਿ ਯਿਸੂ ਆਪਣੇ ਚੇਲਿਆਂ ਨਾਲ ਬੇੜੀ ਵਿੱਚ ਨਹੀਂ ਗਿਆ ਅਤੇ ਉਹ ਜਾਣਦੇ ਸਨ ਕਿ ਯਿਸੂ ਦੇ ਚੇਲੇ ਇਕੱਲੇ ਹੀ ਬੇੜੀ ਵਿੱਚ ਗਏ ਸਨ । ਅਤੇ ਉਹ ਇਹ ਵੀ ਜਾਣਦੇ ਸਨ ਕਿ ਉੱਥੇ ਕੇਵਲ ਇਹੀ ਇੱਕ ਬੇੜੀ ਸੀ ।
ਲੋਕ ਯਿਸੂ ਨੂੰ ਲੱਭਦੇ ਹਨ

23ਪਰ ਤਦ ਤਿਬਿਰਿਯਾਸ ਵੱਲੋਂ ਕੁੱਝ ਬੇੜੀਆਂ ਉਸ ਥਾਂ ਤੇ ਆਈਆਂ ਜਿੱਥੇ ਉਨ੍ਹਾਂ ਨੇ ਪ੍ਰਭੂ ਦੇ ਸ਼ੁਕਰ ਕਰਨ ਤੋਂ ਬਾਅਦ ਰੋਟੀ ਖਾਧੀ ਸੀ ।
24ਫਿਰ ਭੀੜ ਨੇ ਉੱਥੇ ਨਾ ਤਾਂ ਯਿਸੂ ਨੂੰ ਵੇਖਿਆ ਅਤੇ ਨਾ ਹੀ ਉਸ ਦੇ ਚੇਲਿਆਂ ਨੂੰ । ਇਸ ਲਈ ਉਹ ਉਨ੍ਹਾਂ ਕਿਸ਼ਤੀਆਂ ਵਿੱਚ ਚੜ੍ਹੇ ਅਤੇ ਯਿਸੂ ਨੂੰ ਲੱਭਣ ਲਈ ਕਫ਼ਰਨਾਹੂਮ ਨੂੰ ਆ ਗਏ ।
ਜੀਵਨ ਦੀ ਰੋਟੀ

25ਜਦੋਂ ਲੋਕਾਂ ਨੇ ਯਿਸੂ ਨੂੰ ਝੀਲ ਦੇ ਪਾਰ ਲੱਭਿਆ, ਉਨ੍ਹਾਂ ਨੇ ਉਸ ਨੂੰ ਪੁੱਛਿਆ, ਗੁਰੂ ਜੀ, “ਤੁਸੀਂ ਇੱਥੇ ਕਦੋਂ ਆਏ ? ”
26ਯਿਸੂ ਨੇ ਆਖਿਆ, “ਤੁਸੀਂ ਮੇਰੀ ਭਾਲ ਕਿਉਂ ਕਰ ਰਹੇ ਹੋ ? ਕੀ ਇਸ ਲਈ ਕਿ ਤੁਸੀਂ ਮੈਨੂੰ ਚਮਤਕਾਰ ਕਰਦਿਆਂ ਵੇਖਿਆ ਹੈ ਜਿਹੜੇ ਕਿ ਮੇਰੀ ਸ਼ਕਤੀ ਨੂੰ ਸਾਬਤ ਕਰਦੇ ਹਨ ? ਨਹੀਂ ! ਮੈਂ ਤੁਹਾਨੂੰ ਸੱਚ-ਸੱਚ ਦੱਸਦਾ ਹਾਂ ਕਿ ਤੁਸੀਂ ਮੇਰੀ ਭਾਲ ਇਸ ਲਈ ਕਰ ਰਹੇ ਸੀ, ਕਿਉਂਕਿ ਤੁਸੀਂ ਰੋਟੀ ਖਾਧੀ ਤੇ ਤੁਸੀਂ ਸੰਤੁਸ਼ਟ ਹੋ ਗਏ ਸੀ ।27ਨਾਸ ਹੋਣ ਵਾਲਾ ਭੋਜਨ ਪ੍ਰਾਪਤ ਕਰਨ ਲਈ ਕੰਮ ਨਾ ਕਰੋ । ਪਰ ਉਸ ਭੋਜਨ ਲਈ ਕੰਮ ਕਰੋ ਜੋ ਹਮੇਸ਼ਾਂ ਲਈ ਰਹਿੰਦਾ ਅਤੇ ਜੋ ਤੁਹਾਨੂੰ ਸਦੀਪਕ ਜੀਵਨ ਦਿੰਦਾ ਹੈ । ਮਨੁੱਖ ਦਾ ਪੁੱਤਰ ਉਹ ਭੋਜਨ ਦੇਵੇਗਾ । ਪਿਤਾ ਪਰਮੇਸ਼ੁਰ ਨੇ ਆਪਣੀ ਪਰਵਾਨਗੀ ਦੀ ਮੋਹਰ ਆਦਮੀ ਦੇ ਪੁੱਤਰ ਉੱਤੇ ਲਾ ਦਿੱਤੀ ਹੈ ।”
28ਭੀੜ ਨੇ ਪੁੱਛਿਆ, “ਉਹ ਕਿਹੜੇ ਕੰਮ ਹਨ, ਜਿਹੜੇ ਪਰਮੇਸ਼ੁਰ ਸਾਡੇ ਕੋਲੋਂ ਕਰਨ ਦੀ ਆਸ ਰੱਖਦਾ ਹੈ ? ”29ਯਿਸੂ ਨੇ ਉੱਤਰ ਦਿੱਤਾ, “ਪਰਮੇਸ਼ੁਰ ਤੁਹਾਡੇ ਤੋਂ ਇਸ ਗੱਲ ਦੀ ਆਸ ਰੱਖਦਾ ਹੈ ਕਿ, ਜਿਸ ਨੂੰ ਉਸ ਨੇ ਭੇਜਿਆ ਤੁਸੀਂ ਉਸ ਤੇ ਵਿਸ਼ਵਾਸ ਕਰੋ ।”
30ਭੀੜ ਨੇ ਪੁੱਛਿਆ, “ਤੂੰ ਕਿਹੜਾ ਚਮਤਕਾਰ ਕਰੇਂਗਾ ਕਿ ਅਸੀਂ ਵੇਖ ਸਕੀਏ ਅਤੇ ਵਿਸ਼ਵਾਸ ਕਰ ਸਕੀਏ ? ਤੂੰ ਕੀ ਕਰਨ ਵਾਲਾ ਹੈ ?31ਸਾਡੇ ਪਿਉ-ਦਾਦਿਆਂ ਨੇ ਜੰਗਲ ਵਿੱਚ ਮੰਨਾ ਖਾਧਾ ਜਿਵੇਂ ਕਿ ਪੋਥੀਆਂ ਵਿੱਚ ਲਿਖਿਆ ਹੋਇਆ ਹੈ, ਉਸ ਨੇ ਸਵਰਗ ਤੋਂ ਉਨ੍ਹਾਂ ਨੂੰ ਰੋਟੀ ਖਾਣ ਨੂੰ ਦਿੱਤੀ।
32ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ । ਇਹ ਮੂਸਾ ਨਹੀਂ ਸੀ ਜਿਸ ਨੇ ਤੁਹਾਨੂੰ ਸਵਰਗ ਤੋਂ ਰੋਟੀ ਖਾਣ ਨੂੰ ਦਿੱਤੀ । ਇਹ ਮੇਰਾ ਪਿਤਾ ਹੈ ਜੋ ਤੁਹਾਨੂੰ ਸਵਰਗੋਂ ਸੱਚੀ ਰੋਟੀ ਦਿੰਦਾ ਹੈ ।33ਪਰਮੇਸ਼ੁਰ ਦੀ ਰੋਟੀ ਉਹ ਹੈ ਜੋ ਸਵਰਗ ਤੋਂ ਆਉਂਦੀ ਹੈ ਅਤੇ ਸੰਸਾਰ ਨੂੰ ਜੀਵਨ ਦਿੰਦੀ ਹੈ ।34ਲੋਕਾਂ ਨੇ ਆਖਿਆ, “ਪ੍ਰਭੂ, ਉਹ ਰੋਟੀ ਸਾਨੂੰ ਹਮੇਸ਼ਾਂ ਦੇਣਾ ।”
35ਯਿਸੂ ਨੇ ਉਨ੍ਹਾਂ ਨੂੰ ਕਿਹਾ “ਮੈਂ ਹੀ ਜੀਵਨ ਦੀ ਰੋਟੀ ਹਾਂ । ਜਿਹੜਾ ਕੋਈ ਮੇਰੇ ਕੋਲ ਆਉਂਦਾ ਹੈ ਕਦੇ ਭੁੱਖਾ ਨਹੀਂ ਰਹੇਗਾ ਅਤੇ ਜਿਹੜਾ ਮੇਰੇ ਤੇ ਵਿਸ਼ਵਾਸ ਕਰਦਾ ਹੈ, ਕਦੇ ਪਿਆਸਾ ਨਹੀਂ ਰਹੇਗਾ ।36ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਤੁਸੀਂ ਮੈਨੂੰ ਵੇਖਿਆ ਹੈ, ਪਰ ਤਾਂ ਵੀ ਤੁਸੀਂ ਵਿਸ਼ਵਾਸ ਨਹੀਂ ਕਰਦੇ ।37ਜਿਨ੍ਹਾਂ ਲੋਕਾਂ ਨੂੰ ਪਰਮੇਸ਼ੁਰ ਭੇਜਦਾ ਹੈ ਉਹ ਮੇਰੇ ਕੋਲ ਆਉਣਗੇ ਅਤੇ ਮੈਂ ਉਸ ਹਰ ਮਨੁੱਖ ਨੂੰ ਸਵੀਕਾਰ ਕਰਾਂਗਾ, ਬਲਕਿ ਉਸ ਨੂੰ ਕੱਢਾਂਗਾ ਨਹੀਂ ।
38ਕਿਉਂਕਿ ਮੈਂ ਸਵਰਗ ਤੋਂ ਆਪਣੀ ਮਰਜ਼ੀ ਅਨੁਸਾਰ ਕਰਨ ਨਹੀਂ ਆਇਆ ਸਗੋਂ ਪਰਮੇਸ਼ੁਰ ਦੀ ਇੱਛਾ ਅਨੁਸਾਰ ਕਰਨ ਆਇਆ ਹਾਂ ।39ਮੈਨੂੰ ਉਨ੍ਹਾਂ ਵਿੱਚੋਂ ਇੱਕ ਵੀ ਵਿਅਕਤੀ ਨਹੀਂ ਗੁਆਉਣਾ ਚਾਹੀਦਾ, ਜੋ ਪਰਮੇਸ਼ੁਰ ਨੇ ਮੈਨੂੰ ਦਿੱਤੇ ਹਨ । ਪਰ ਮੈਂ ਉਨ੍ਹਾਂ ਨੂੰ ਅੰਤ ਦੇ ਦਿਨ ਜ਼ਰੂਰ ਜਿਵਾਂਲਾਗਾ । ਉਹ, ਜਿਸ ਨੇ ਮੈਨੂੰ ਭੇਜਿਆ ਹੈ, ਇਹੀ ਆਸ ਕਰਦਾ ਹਾਂ ।40ਮੇਰੇ ਪਿਤਾ ਦੀ ਇੱਛਾ ਹੈ: ਹਰ ਕੋਈ ਜੋ ਪੁੱਤਰ ਨੂੰ ਵੇਖਦਾ ਅਤੇ ਉਸ ਵਿੱਚ ਵਿਸ਼ਵਾਸ ਰੱਖਦਾ ਹੈ, ਸੋ ਸਦੀਪਕ ਜੀਵਨ ਪਾਵੇਗਾ । ਮੈਂ ਉਸ ਨੂੰ ਅੰਤ ਦੇ ਦਿਨ ਜਿਉਂਦਾ ਕਰਾਂਗਾ ।”
41ਫੇਰ ਯਹੂਦੀ ਉਸ ਬਾਰੇ ਬੁੜ-ਬੁੜਾਉਣ ਲੱਗੇ ਕਿਉਂਕਿ ਉਸ ਨੇ ਕਿਹਾ, “ਮੈਂ ਹੀ ਰੋਟੀ ਹਾਂ ਜੋ ਸਵਰਗ ਤੋਂ ਹੇਠਾਂ ਉੱਤਰੀ ਹੈ ।”42ਯਹੂਦੀਆਂ ਨੇ ਕਿਹਾ, “ਉਹ ਯਿਸੂ ਹੈ । ਉਹ ਯੂਸੁਫ਼ ਦਾ ਪੁੱਤਰ ਹੈ । ਅਸੀਂ ਉਸ ਦੇ ਮਾਤਾ-ਪਿਤਾ ਨੂੰ ਜਾਣਦੇ ਹਾਂ । ਤਾਂ ਭਲਾ ਉਹ ਕਿਵੇਂ ਕਹਿ ਸਕਦਾ ਹੈ, ‘ਮੈਂ ਸਵਰਗੋਂ ਉੱਤਰਿਆ ਹਾਂ’।”
43ਪਰ ਯਿਸੂ ਨੇ ਕਿਹਾ, “ਆਪਣੇ ਆਪ ਵਿੱਚ ਬੁੜ-ਬੁੜਾਉਣਾ ਬੰਦ ਕਰੋ ।44ਕੋਈ ਵੀ ਮਨੁੱਖ ਮੇਰੇ ਕੋਲ ਨਹੀਂ ਆ ਸਕਦਾ ਜਦੋਂ ਤੱਕ ਕਿ ਪਿਤਾ ਜਿਸ ਨੇ ਮੈਨੂੰ ਭੇਜਿਆ ਹੈ ਉਸ ਨੂੰ ਮੇਰੇ ਕੋਲ ਨਹੀਂ ਲਿਆਉਂਦਾ । ਮੈਂ ਉਸ ਮਨੁੱਖ ਨੂੰ ਅੰਤ ਦੇ ਦਿਨ ਉੱਠਾਵਾਗਾਂ ।45ਇਹ ਨਬੀਆਂ ਦੀਆਂ ਲਿਖਤਾਂ ਵਿੱਚ ਲਿਖਿਆ ਹੋਇਆ ਹੈ: ਉਹ ਪਰਮੇਸ਼ੁਰ ਦੁਆਰਾ ਸਮਝਾਏ ਜਾਣਗੇ । ਹਰ ਕੋਈ ਜਿਹੜਾ ਆਪਣੇ ਪਿਤਾ ਨੂੰ ਸੁਣਦਾ ਅਤੇ ਉਸ ਕੋਲੋਂ ਸਿੱਖਦਾ ਹੈ, ਮੇਰੇ ਕੋਲ ਆਉਂਦਾ ਹੈ ।
46ਕਿਸੇ ਨੇ ਵੀ ਪਿਤਾ ਨੂੰ ਨਹੀਂ ਵੇਖਿਆ । ਉਹ ਇੱਕ, ਜਿਹੜਾ ਪਰਮੇਸ਼ੁਰ ਵਲੋਂ ਆਇਆ ਹੈ, ਉਹੀ ਹੈ ਜਿਸ ਨੇ ਪਿਤਾ ਨੂੰ ਵੇਖਿਆ ।47ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ, ਜੋ ਮਨੁੱਖ ਵਿਸ਼ਵਾਸ ਕਰਦਾ ਹੈ ਸਦੀਪਕ ਜੀਵਨ ਪਾਉਂਦਾ ਹੈ ।
48ਮੈਂ ਹੀ ਜਿੰਦਗੀ ਦੀ ਰੋਟੀ ਹਾਂ ।49ਤੁਹਾਡੇ ਪਿਓ ਦਾਦਿਆਂ ਨੇ ਜੰਗਲ ਵਿੱਚ ਮੰਨਾ ਖਾਧਾ ਅਤੇ ਮਰ ਗਏ ।
50ਮੈਂ ਉਹ ਰੋਟੀ ਹਾਂ, ਜੋ ਸਵਰਗ ਤੋਂ ਹੇਠਾਂ ਆਉਂਦੀ ਹੈ, ਜੇਕਰ ਕੋਈ ਵੀ ਇਸ ਨੂੰ ਰੋਟੀ ਖਾਂਦਾ ਹੈ ਉਹ ਕਦੇ ਨਹੀਂ ਮਰੇਗਾ ।51ਮੈਂ ਜੀਵਨ ਦੀ ਰੋਟੀ ਹਾਂ, ਜੋ ਸਵਰਗ ਤੋਂ ਹੇਠਾਂ ਆਈ ਹੈ । ਉਹ ਜਿਹੜਾ ਇਸ ਰੋਟੀ ਨੂੰ ਖਾਂਦਾ ਹੈ, ਸਦਾ ਜੀਵੇਗਾ । ਇਹ ਰੋਟੀ ਮੇਰਾ ਸਰੀਰ ਹੈ । ਮੈਂ ਆਪਣਾ ਸਰੀਰ ਦਿੰਦਾ ਹਾਂ ਤਾਂ ਜੋ ਇਸ ਸੰਸਾਰ ਦੇ ਲੋਕਾਂ ਨੂੰ ਜੀਵਨ ਮਿਲ ਸਕੇ ।”
52ਫੇਰ ਯਹੂਦੀਆਂ ਨੇ ਆਪਸ ਵਿੱਚ ਬਹਿਸ ਕਰਨੀ ਸ਼ੁਰੂ ਕਰ ਦਿੱਤੀ, “ਭਲਾ ਇਹ ਆਦਮੀ ਸਾਨੂੰ ਆਪਣਾ ਸਰੀਰ ਖਾਣ ਨੂੰ ਕਿਵੇਂ ਦੇ ਸਕਦਾ ਹੈ ? ”53ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜਦੋਂ ਤੱਕ ਤੁਸੀਂ ਮਨੁੱਖ ਦੇ ਪੁੱਤਰ ਦਾ ਸਰੀਰ ਨਹੀਂ ਖਾਂਦੇ ਅਤੇ ਲਹੂ ਨਹੀਂ ਪੀਂਦੇ, ਤੁਹਾਡੇ ਕੋਲ ਸੱਚਾ ਜੀਵਨ ਨਹੀਂ ਹੋਵੇਗਾ ।
54ਉਹ ਮਨੁੱਖ ਜਿਹੜਾ ਮੇਰਾ ਮਾਸ ਖਾਂਦਾ ਹੈ ਅਤੇ ਲਹੂ ਪੀਂਦਾ ਹੈ ਸਦੀਪਕ ਜੀਵਨ ਉਸੇ ਦਾ ਹੈ ਅਤੇ ਮੈਂ ਉਸ ਨੂੰ ਅਖੀਰਲੇ ਦਿਨ ਪ੍ਰਗਟ ਕਰਾਂਗਾ ।55ਮੇਰਾ ਸਰੀਰ ਸੱਚ-ਮੁੱਚ ਖਾਣ ਅਤੇ ਮੇਰਾ ਲਹੂ ਸੱਚ-ਮੁੱਚ ਪੀਣ ਦੀ ਵਸਤੂ ਹੈ ।56ਉਹ ਜਿਹੜਾ ਮੇਰਾ ਮਾਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਮੇਰੇ ਵਿੱਚ ਮੈਂ ਉਸ ਵਿੱਚ ਅਤੇ ਉਹ ਮੇਰੇ ਵਿੱਚ ਰਹਿੰਦਾ ਹੈ ।
57ਜਿਉਂਦੇ ਪਿਤਾ ਨੇ ਮੈਨੂੰ ਭੇਜਿਆ ਅਤੇ ਮੈਂ ਪਿਤਾ ਰਾਹੀਂ ਜਿਉਂਦਾ ਹਾਂ । ਇਸ ਲਈ ਜੋ ਮੈਨੂੰ ਖਾਂਦਾ ਹੈ ਮੇਰੇ ਰਾਹੀਂ ਜੀਵੇਗਾ ।58ਮੈਂ ਉਸ ਰੋਟੀ ਵਰਗਾ ਨਹੀਂ ਹਾਂ, ਜਿਹੜੀ ਸਾਡੇ ਵੱਡਿਆਂ ਨੇ ਉਜਾੜ ਵਿੱਚ ਖਾਧੀ ਸੀ । ਉਨ੍ਹਾਂ ਨੇ ਉਹ ਰੋਟੀ ਖਾਧੀ ਪਰ ਬਾਕੀ ਲੋਕਾਂ ਵਾਂਗੂੰ, ਉਹ ਵੀ ਮਰ ਗਏ ਮੈਂ ਸਵਰਗ ਤੋਂ ਉੱਤਰੀ ਰੋਟੀ ਹਾਂ ਅਤੇ ਜੋ ਇਹ ਰੋਟੀ ਖਾਵੇਗਾ ਉਹ ਸਦੀਪਕ ਜੀਵੇਗਾ ।”59ਜਦੋਂ ਯਿਸੂ ਕਫ਼ਰਨਾਹੂਮ ਦੇ ਪ੍ਰਾਰਥਨਾ ਘਰ ਵਿੱਚ ਉਪਦੇਸ਼ ਦੇ ਰਿਹਾ ਸੀ ਉਸ ਨੇ ਇਹ ਸਭ ਗੱਲਾਂ ਆਖੀਆਂ ।
ਸਦੀਪਕ ਜੀਵਨ ਦੇ ਵਚਨ

60ਉਸ ਦੇ ਬਹੁਤ ਸਾਰੇ ਚੇਲਿਆਂ ਨੇ ਇਹ ਸੁਣ ਕੇ ਆਖਿਆ, “ਇਹ ਉਪਦੇਸ਼ ਬਹੁਤ ਮੁਸ਼ਕਿਲ ਹੈ । ਕੌਣ ਇਸ ਉਪਦੇਸ਼ ਨੂੰ ਕਬੂਲ ਕਰ ਸਕਦਾ ਹੈ ? ”61ਯਿਸੂ ਜਾਣਦਾ ਸੀ ਕਿ ਉਸ ਦੇ ਚੇਲੇ ਇਸ ਬਾਰੇ ਬੁੜਬੁੜਾ ਰਹੇ ਸਨ ਇਸ ਲਈ ਉਸ ਨੇ ਕਿਹਾ, “ਕੀ ਇਹ ਉਪਦੇਸ਼ ਤੋਂ ਤੁਹਾਨੂੰ ਠੋਕਰ ਲੱਗਦੀ ਹੈ ?
62ਤਾਂ ਕੀ ਤੁਸੀਂ ਉਦੋਂ ਹੋਰ ਵੀ ਵਧੇਰੇ ਪਰੇਸ਼ਾਨ ਨਹੀਂ ਹੋਵੋਂਗੇ ਜਦੋਂ ਤੁਸੀਂ ਮਨੁੱਖ ਦੇ ਪੁੱਤਰ ਨੂੰ ਸਵਰਗ ਵਿੱਚ ਜਾਂਦਿਆਂ ਵੇਖੋਂਗੇ, ਜਿੱਥੋਂ ਉਹ ਆਇਆ ਸੀ ?63ਇਹ ਸਰੀਰ ਨਹੀਂ ਹੈ ਜੋ ਜੀਵਨ ਦਿੰਦਾ ਹੈ ਸਗੋਂ ਇਹ ਆਤਮਾ ਹੈ ਜੋ ਜੀਵਨ ਦਿੰਦਾ ਹੈ । ਜੋ ਗੱਲਾਂ ਮੈਂ ਤੁਹਾਨੂੰ ਆਖੀਆਂ ਹਨ ਉਹ ਆਤਮਾ ਹਨ, ਇਸ ਲਈ ਇਹ ਗੱਲਾਂ ਜੀਵਨ ਦਿੰਦੀਆਂ ਹਨ ।
64ਪਰ ਤੁਹਾਡੇ ਵਿੱਚੋਂ ਕੁੱਝ ਵਿਸ਼ਵਾਸ ਨਹੀਂ ਕਰਦੇ ।” ਯਿਸੂ ਉਨ੍ਹਾਂ ਲੋਕਾਂ ਨੂੰ ਸ਼ੁਰੂ ਤੋਂ ਹੀ ਜਾਣਦਾ ਸੀ ਜਿਨ੍ਹਾਂ ਨੇ ਵਿਸ਼ਵਾਸ ਨਹੀਂ ਕੀਤਾ । ਅਤੇ ਉਹ ਇਹ ਵੀ ਜਾਣਦਾ ਸੀ ਕਿ ਉਹ ਕੌਣ ਹੈ ਜੋ ਉਸ ਦੇ ਵਿਰੁੱਧ ਹੋਵੇਗਾ ।65ਯਿਸੂ ਨੇ ਕਿਹਾ “ਇਸੇ ਲਈ ਮੈਂ ਤੁਹਾਨੂੰ ਕਿਹਾ ਸੀ, ਕਿ ਜਦੋਂ ਤੱਕ ਪਿਤਾ ਕਿਸੇ ਮਨੁੱਖ ਨੂੰ ਮੇਰੇ ਕੋਲ ਆਉਣ ਨਹੀਂ ਦਿੰਦਾ, ਉਹ ਮੇਰੇ ਕੋਲ ਨਹੀਂ ਆ ਸਕਦਾ ।”
ਪਤਰਸ ਦਾ ਵਿਸ਼ਵਾਸ

66ਇਸੇ ਕਰਕੇ ਯਿਸੂ ਦੇ ਬਹੁਤੇ ਚੇਲਿਆਂ ਨੇ ਉਸ ਨੂੰ ਛੱਡ ਦਿੱਤਾ ਅਤੇ ਭਵਿੱਖ ਵਿੱਚ ਉਸ ਦੇ ਨਾਲ ਨਾ ਚਲੇ ।67ਯਿਸੂ ਨੇ ਬਾਰ੍ਹਾਂ ਚੇਲਿਆਂ ਨੂੰ ਆਖਿਆ, “ਕੀ ਤੁਸੀਂ ਵੀ ਜਾਣਾ ਚਾਹੁੰਦੇ ਹੋ ? ”68ਸ਼ਮਊਨ ਪਤਰਸ ਨੇ ਉਸ ਨੂੰ ਆਖਿਆ, “ਪ੍ਰਭੂ ! ਅਸੀਂ ਕਿਸ ਦੇ ਕੋਲ ਜਾਈਏ ? ਤੇਰੇ ਕੋਲ ਸਦੀਪਕ ਜੀਵਨ ਦੀਆਂ ਗੱਲਾਂ ਹਨ ।69ਸਾਨੂੰ ਤੇਰੇ ਤੇ ਵਿਸ਼ਵਾਸ ਹੈ, ਅਸੀਂ ਜਾਣਦੇ ਹਾਂ ਕਿ ਤੁਸੀਂ ਪਰਮੇਸ਼ੁਰ ਦੇ ਪਵਿੱਤਰ ਪੁਰਖ ਹੋ”
70ਤਾਂ ਯਿਸੂ ਨੇ ਉੱਤਰ ਦਿੱਤਾ, “ਮੈਂ ਤੁਹਾਨੂੰ ਬਾਰ੍ਹਾਂ ਨੂੰ ਚੁਣਿਆ ਹੈ ਪਰ ਤੁਹਾਡੇ ਵਿੱਚੋਂ ਇੱਕ ਸ਼ੈਤਾਨ ਹੈ ।”71ਯਿਸੂ ਸ਼ਮਊਨ ਇਸਕਰਿਯੋਤੀ ਦੇ ਪੁੱਤਰ ਯਹੂਦਾ ਬਾਰੇ ਆਖ ਰਿਹਾ ਸੀ, ਉਹ ਬਾਰ੍ਹਾਂ ਵਿੱਚੋਂ ਇੱਕ ਸੀ ਪਰ ਉਸ ਨੇ ਯਿਸੂ ਨੂੰ ਫੜਾਉਣਾ ਸੀ ।

7
ਯਿਸੂ ਅਤੇ ਉਸ ਦੇ ਭਰਾ

1ਇਸ ਤੋਂ ਬਾਅਦ ਯਿਸੂ ਨੇ ਗਲੀਲ ਦੇ ਇਲਾਕੇ ਵਿੱਚ ਯਾਤਰਾ ਕੀਤੀ । ਉਹ ਯਹੂਦਿਯਾ ਵਿੱਚ ਯਾਤਰਾ ਕਰਨਾ ਨਹੀਂ ਚਾਹੁੰਦਾ ਸੀ, ਕਿਉਂਕਿ ਉਸ ਇਲਾਕੇ ਦੇ ਯਹੂਦੀ ਉਸ ਨੂੰ ਮਾਰਨਾ ਚਾਹੁੰਦੇ ਸਨ ।2ਯਹੂਦੀਆਂ ਲਈ ਡੇਰਿਆਂ ਦੇ ਤਿਉਹਾਰ ਦਾ ਸਮਾਂ ਨੇੜੇ ਸੀ ।

3ਇਸ ਲਈ ਯਿਸੂ ਦੇ ਭਰਾਵਾਂ ਨੇ ਉਸ ਨੂੰ ਆਖਿਆ, “ਹੁਣ ਤੂੰ ਚੱਲ ਕੇ ਯਹੂਦਿਯਾ ਨੂੰ ਜਾ ਤਾਂ ਜੋ ਜਿਹੜੇ ਕੰਮ ਤੂੰ ਕਰਦਾ ਹੈਂ ਉੱਥੇ ਤੇਰੇ ਚੇਲੇ ਵੇਖਣ,4ਜੇਕਰ ਕੋਈ ਚਾਹੁੰਦਾ ਹੈ ਕਿ ਲੋਕ ਉਸ ਨੂੰ ਜਾਨਣ ਤਾਂ ਉਸ ਮਨੁੱਖ ਨੂੰ ਲੋਕਾਂ ਕੋਲੋਂ ਕੁੱਝ ਲੁਕੋਣਾ ਨਹੀਂ ਚਾਹੀਦਾ । ਉਸ ਨੂੰ ਆਪਣੇ ਆਪ ਨੂੰ ਦੁਨੀਆਂ ਨੂੰ ਵਿਖਾਉਣਾ ਚਾਹੀਦਾ ਹੈ । ਉਨ੍ਹਾਂ ਨੂੰ ਵੀ ਵੇਖਣ ਦੇ ਜਿਹੜੇ ਕੰਮ ਤੂੰ ਕਰਦਾ ਹੈਂ ।”
5ਯਿਸੂ ਦੇ ਭਰਾਵਾਂ ਨੇ ਵੀ ਉਸ ਤੇ ਵਿਸ਼ਵਾਸ ਨਹੀਂ ਕੀਤਾ ।6ਯਿਸੂ ਨੇ ਆਪਣੇ ਭਰਾਵਾਂ ਨੂੰ ਕਿਹਾ, “ਹਾਲੇ ਮੇਰੇ ਲਈ ਠੀਕ ਸਮਾਂ ਨਹੀਂ ਆਇਆ ਹੈ ਪਰ ਤੁਹਾਡੇ ਲਈ ਕੋਈ ਵੀ ਸਮਾਂ ਠੀਕ ਹੈ ।7ਸੰਸਾਰ ਤੁਹਾਡੇ ਨਾਲ ਵੈਰ ਨਹੀਂ ਕਰ ਸਕਦਾ । ਪਰ ਇਹ ਮੇਰੇ ਨਾਲ ਵੈਰ ਕਰਦਾ ਹੈ । ਕਿਉਂਕਿ ਮੈਂ ਦੁਨੀਆਂ ਦੇ ਲੋਕਾਂ ਨੂੰ ਦੱਸਦਾ ਹਾਂ ਕਿ ਉਹ ਬੁਰੇ ਕੰਮ ਕਰਦੇ ਹਨ ।
8ਤੁਸੀਂ ਤਿਉਹਾਰ ਤੇ ਜਾਵੋ । ਇਸ ਵਾਰ ਮੈਂ ਤਿਉਹਾਰ ਤੇ ਨਹੀਂ ਜਾਂਵਾਂਗਾ । ਮੇਰੇ ਲਈ ਅਜੇ ਸਹੀ ਸਮਾਂ ਨਹੀਂ ਆਇਆ ।”9ਇਹ ਆਖਣ ਤੋਂ ਬਾਅਦ ਯਿਸੂ ਗਲੀਲ ਵਿੱਚ ਹੀ ਰਿਹਾ ।
ਯਿਸੂ ਝੋਂਪੜੀਆਂ ਦੇ ਤਿਉਹਾਰ ਵਿੱਚ ਜਾਂਦਾ ਹੈ

10ਯਿਸੂ ਦੇ ਭਰਾ ਤਿਉਹਾਰ ਤੇ ਚਲੇ ਗਏ । ਉਨ੍ਹਾਂ ਦੇ ਜਾਣ ਤੋਂ ਬਾਅਦ, ਯਿਸੂ ਵੀ ਚਲਿਆ ਗਿਆ । ਪਰ ਉਹ ਲੋਕਾਂ ਸਾਹਮਣੇ ਨਹੀਂ ਸਗੋਂ ਗੁਪਤ ਤੌਰ ਤੇ ਗਿਆ ।11ਯਹੂਦੀ ਤਿਉਹਾਰ ਦੇ ਇਕੱਠ ਵਿੱਚ ਯਿਸੂ ਨੂੰ ਲੱਭਣ ਲੱਗੇ ਅਤੇ ਬੋਲੇ, “ਉਹ ਕਿੱਥੇ ਹੈ ? ”
12ਉੱਥੇ ਵੱਡੀ ਭੀੜ ਇਕੱਠੀ ਸੀ, ਕੁੱਝ ਲੋਕ ਆਪਸ ਵਿੱਚ ਯਿਸੂ ਦੇ ਬਾਰੇ ਗੱਲਾਂ ਕਰ ਰਹੇ ਸਨ ਅਤੇ ਕੁੱਝ ਆਖ ਰਹੇ ਸਨ, “ਉਹ ਇੱਕ ਚੰਗਾ ਮਨੁੱਖ ਹੈ ।” ਕੁੱਝ ਨੇ ਕਿਹਾ, “ਨਹੀਂ, ਉਹ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ ।”13ਪਰ ਇੰਨਾ ਦਲੇਰ ਉਨ੍ਹਾਂ ਵਿੱਚ ਕੋਈ ਵੀ ਨਹੀਂ ਸੀ ਜੋ ਖੁੱਲ੍ਹੇ ਆਮ ਉਸ ਬਾਰੇ ਗੱਲ ਕਰਦਾ ਕਿਉਂਕਿ ਲੋਕ ਯਹੂਦੀ ਆਗੂਆਂ ਤੋਂ ਡਰੇ ਹੋਏ ਸਨ ।
ਤਿਉਹਾਰ ਵਿੱਚ ਯਿਸੂ ਦਾ ਉਪਦੇਸ਼

14ਯਿਸੂ ਹੈਕਲ ਅੰਦਰ ਗਿਆ ਅਤੇ ਉਸ ਥਾਂ ਤੇ ਉਪਦੇਸ਼ ਦੇਣਾ ਸ਼ੁਰੂ ਕਰ ਦਿੱਤਾ ।15ਯਹੂਦੀ ਅਚਰਜ ਮੰਨ ਕੇ ਬੋਲੇ, “ਇਹ ਮਨੁੱਖ ਕਦੇ ਵੀ ਪਾਠਸ਼ਾਲਾ ਨਹੀਂ ਗਿਆ । ਫ਼ੇਰ ਵੀ ਉਸ ਨੇ ਇਹ ਸਭ ਕਿਵੇਂ ਸਿੱਖਿਆ ? ”16ਯਿਸੂ ਨੇ ਉੱਤਰ ਦਿੱਤਾ “ਜੋ ਬਚਨ ਮੈਂ ਦਿੰਦਾ ਹਾਂ, ਮੇਰੇ ਆਪਣੇ ਬਚਨ ਨਹੀਂ ਹਨ, ਸਗੋਂ ਉਸ ਤੋਂ ਆਉਂਦੇ ਹਨ ਜਿਸ ਨੇ ਮੈਨੂੰ ਭੇਜਿਆ ਹੈ ।
17ਜੇਕਰ ਕੋਈ ਪਰਮੇਸ਼ੁਰ ਦੀ ਮਰਜ਼ੀ ਨੂੰ ਪੂਰਾ ਕਰਨਾ ਚਾਹੁੰਦਾ ਹੈ ਤਾਂ ਉਹ ਇਨ੍ਹਾਂ ਸਿੱਖਿਆ ਬਾਰੇ ਸਮਝੇਗਾ ਕਿ ਕੀ ਮੇਰੀਆਂ ਸਿਖਿਆਵਾਂ ਪਰਮੇਸ਼ੁਰ ਵੱਲੋਂ ਹਨ ਜਾਂ ਮੇਰੀਆਂ ਆਪਣੀਆਂ ।18ਕੋਈ ਵੀ ਜੋ ਆਪਣੇ ਵਿਚਾਰਾਂ ਦਾ ਪ੍ਰਚਾਰ ਕਰਦਾ ਹੈ, ਆਪਣੇ ਆਪ ਦੀ ਵਡਿਆਈ ਕਰਨ ਲਈ ਕਰਦਾ ਹੈ । ਪਰ ਉਹ ਇੱਕ ਜਿਹੜਾ, ਉਸ ਦੀ ਵਡਿਆਈ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿਸ ਨੇ ਉਸ ਨੂੰ ਭੇਜਿਆ ਸੱਚਾ ਹੈ ਅਤੇ ਉਸ ਵਿੱਚ ਕੋਈ ਗਲਤੀ ਨਹੀਂ ਹੈ ।
19ਕੀ ਮੂਸਾ ਨੇ ਤੁਹਾਨੂੰ ਬਿਵਸਥਾ ਨਹੀਂ ਦਿੱਤੀ ਪਰ ਤੁਹਾਡੇ ਵਿੱਚੋਂ ਕੋਈ ਵੀ ਉਸ ਤੇ ਨਹੀਂ ਚੱਲਦਾ ! ਤੁਸੀਂ ਮੈਨੂੰ ਮਾਰ ਸੁੱਟਣ ਦੇ ਮਗਰ ਕਿਉਂ ਪਏ ਹੋਏ ਹੋ ? ”20ਲੋਕਾਂ ਨੇ ਉੱਤਰ ਦਿੱਤਾ, “ਤੇਰੇ ਅੰਦਰ ਭੂਤ ਹੈ ਜੋ ਤੈਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ ? ”
21ਯਿਸੂ ਨੇ ਉੱਤਰ ਦਿੱਤਾ, “ਮੈਂ ਇੱਕ ਕੰਮ ਕੀਤਾ ਤੇ ਤੁਸੀਂ ਸਾਰੇ ਹੈਰਾਨ ਹੋ ।22ਮੂਸਾ ਨੇ ਤੁਹਾਨੂੰ ਸੁੰਨਤ ਬਾਰੇ ਬਿਵਸਥਾ ਦਿੱਤੀ । ਭਾਵੇਂ ਸੁੰਨਤ ਮੂਸਾ ਤੋਂ ਨਹੀਂ ਆਈ, ਇਹ ਸਾਡੇ ਪਿਉ-ਦਾਦਿਆਂ ਤੋਂ ਆਈ ਹੈ ਜੋ ਮੂਸਾ ਤੋਂ ਪਹਿਲਾਂ ਸਨ । ਇਸ ਲਈ ਕਈ ਵਾਰ ਤੁਸੀਂ ਸਬਤ ਦੇ ਦਿਨ ਮਨੁੱਖ ਦੀ ਸੁੰਨਤ ਕਰਦੇ ਹੋ ।
23ਇਸ ਲਈ ਬਿਵਸਥਾ ਦੀ ਪਾਲਣਾ ਲਈ ਕਿਸੇ ਵੀ ਮਨੁੱਖ ਦੀ ਸੁੰਨਤ, ਸਬਤ ਦੇ ਦਿਨ ਵੀ, ਹੋ ਸਕਦੀ ਹੈ । ਤਾਂ ਫ਼ੇਰ ਤੁਸੀਂ ਗੁੱਸੇ ਕਿਉਂ ਹੁੰਦੇ ਹੋ ਕਿ ਮੈਂ ਮਨੁੱਖ ਦੇ ਪੂਰੇ ਸਰੀਰ ਨੂੰ ਸਬਤ ਦੇ ਦਿਨ ਚੰਗਾ ਕੀਤਾ ਹੈ ?24ਕਿਸੇ ਚੀਜ਼ ਦੇ ਬਾਹਰੀ ਰੂਪ ਤੋਂ ਨਿਆਂ ਨਾ ਕਰੋ ਬਲਕਿ ਜੋ ਠੀਕ ਹੈ ਉਸ ਦੇ ਅਧਾਰ ਤੇ ਨਿਆਂ ਕਰੋ ।”
ਕੀ ਯਿਸੂ ਹੀ ਮਸੀਹ ਹੈ ?

25ਕੁੱਝ ਲੋਕ ਜੋ ਯਰੂਸ਼ਲਮ ਦੇ ਰਹਿਣ ਵਾਲੇ ਸਨ ਉਨ੍ਹਾਂ ਨੇ ਕਿਹਾ, “ਇਹ ਉਹੋ ਮਨੁੱਖ ਨਹੀਂ ਹੈ ਜਿਸ ਨੂੰ ਆਗੂ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ ।26ਪਰ ਉਹ ਖੁੱਲੇ-ਆਮ ਬਚਨ ਬੋਲ ਰਿਹਾ ਹੈ ਅਤੇ ਉਸ ਨੂੰ ਕੋਈ ਬਚਨ ਬੋਲਣ ਤੋਂ ਨਹੀਂ ਰੋਕ ਰਿਹਾ । ਜ਼ਰੂਰ ਹੈ, ਕਿ ਆਗੂਆਂ ਨੇ ਉਸ ਨੂੰ ਮਸੀਹ ਮੰਨ ਲਿਆ ਹੋਵੇ ।27ਪਰ ਅਸੀਂ ਜਾਣਦੇ ਹਾਂ ਕਿ ਇਹ ਕਿੱਥੋਂ ਆਇਆ ਹੈ ਪਰ ਜਦੋਂ ਅਸਲੀ ਮਸੀਹ ਆਵੇਗਾ ਤਾਂ ਕੋਈ ਨਹੀਂ ਜਾਣੇਗਾ ਕਿ ਉਹ ਕਿੱਥੋਂ ਦਾ ਹੈ ? ”
28ਜਦੋਂ ਯਿਸੂ ਹੈਕਲ ਵਿੱਚ ਬਚਨ ਬੋਲ ਰਿਹਾ ਸੀ, ਉਸ ਨੇ ਆਖਿਆ, “ਤੁਸੀਂ ਮੈਨੂੰ ਜਾਣਦੇ ਹੋ ਅਤੇ ਤੁਸੀਂ ਇਹ ਵੀ ਜਾਣਦੇ ਹੋ ਕਿ ਮੈਂ ਕਿੱਥੋਂ ਆਇਆ ਹਾਂ । ਪਰ ਮੈਂ ਇੱਥੇ ਆਪਣੇ ਅਧਿਕਾਰ ਨਾਲ ਨਹੀਂ ਆਇਆ । ਮੈਂ ਉਸ ਵੱਲੋਂ ਭੇਜਿਆ ਗਿਆ ਹਾਂ ਜਿਹੜਾ ਸੱਚਾ ਹੈ । ਪਰ ਤੁਸੀਂ ਉਸ ਨੂੰ ਨਹੀਂ ਜਾਣਦੇ ।29ਪਰ ਮੈਂ ਉਸ ਨੂੰ ਜਾਣਦਾ ਹਾਂ, ਅਤੇ ਮੈਂ ਉਸ ਵੱਲੋਂ ਆਇਆ ਹਾਂ । ਉਹੀ ਹੈ ਜਿਸ ਨੇ ਮੈਨੂੰ ਭੇਜਿਆ ਹੈ ।”
30ਜਦੋਂ ਯਿਸੂ ਨੇ ਇਹ ਆਖਿਆ ਤਾਂ ਉਨ੍ਹਾਂ ਨੇ ਉਸ ਨੂੰ ਫ਼ੜਨ ਦੀ ਕੋਸ਼ਿਸ਼ ਕੀਤੀ ਪਰ ਕੋਈ ਵੀ ਉਸ ਨੂੰ ਫੜ ਨਾ ਸਕਿਆ । ਕਿਉਂਕਿ ਯਿਸੂ ਦੇ ਜਾਨੋਂ ਮਾਰੇ ਜਾਣ ਦਾ ਇਹ ਠੀਕ ਸਮਾਂ ਨਹੀਂ ਸੀ ।31ਪਰ ਕਈਆਂ ਲੋਕਾਂ ਨੇ ਉਸ ਉੱਤੇ ਵਿਸ਼ਵਾਸ ਕੀਤਾ ਅਤੇ ਆਖਿਆ, “ਅਸੀਂ ਮਸੀਹ ਦੇ ਆਉਣ ਦੀ ਉਡੀਕ ਕਰ ਰਹੇ ਹਾਂ । ਜਦੋਂ ਉਹ ਆਵੇਗਾ ਤਾਂ ਕੀ ਇਸ ਆਦਮੀ ਤੋਂ ਵੀ ਵਧ ਚਮਤਕਾਰ ਕਰੇਗਾ ?
ਯਿਸੂ ਨੂੰ ਫੜਨ ਦੀ ਕੋਸ਼ਿਸ਼

32ਜਦੋਂ ਫ਼ਰੀਸੀਆਂ ਨੇ ਯਿਸੂ ਬਾਰੇ ਇਹ ਗੱਲਾਂ ਸੁਣੀਆਂ, ਮੁੱਖ ਜਾਜਕਾਂ ਅਤੇ ਫ਼ਰੀਸੀਆਂ ਨੇ ਕੁੱਝ ਹੈਕਲ ਦੇ ਪਹਿਰੇਦਾਰਾਂ ਨੂੰ ਉਸ ਨੂੰ ਫੜਨ ਲਈ ਭੇਜਿਆ ।
33ਤਾਂ ਯਿਸੂ ਨੇ ਕਿਹਾ, “ਹਾਂ, ਅਜੇ ਥੋੜ੍ਹਾ ਚਿਰ ਹੋਰ ਮੈਂ ਤੁਹਾਡੇ ਕੋਲ ਰਹਾਂਗਾ, ਫਿਰ ਮੈਂ ਉਸ ਕੋਲ ਵਾਪਸ ਚਲਾ ਜਾਂਵਾਂਗਾ, ਜਿਸ ਨੇ ਮੈਨੂੰ ਭੇਜਿਆ ਹੈ ।34ਤੁਸੀਂ ਮੈਨੂੰ ਲੱਭੋਂਗੇ ਪਰ ਲੱਭ ਨਾ ਸਕੋਂਗੇ ਕਿਉਂਕਿ ਤੁਸੀਂ ਉੱਥੇ ਨਹੀਂ ਪਹੁੰਚ ਸਕਦੇ ਜਿੱਥੇ ਮੈਂ ਹਾਂ ।”
35ਯਹੂਦੀਆਂ ਨੇ ਇੱਕ ਦੂਸਰੇ ਨੂੰ ਆਖਿਆ, “ਇਹ ਭਲਾ ਕਿੱਥੇ ਚਲਾ ਜਾਵੇਗਾ ਜਿੱਥੇ ਕਿ ਅਸੀਂ ਇਸ ਨੂੰ ਲੱਭ ਨਹੀਂ ਸਕਦੇ ? ਕੀ ਇਹ ਉਨ੍ਹਾਂ ਯੂਨਾਨੀ ਸ਼ਹਿਰਾਂ ਵਿੱਚ ਜਾਵੇਗਾ, ਜਿੱਥੇ ਸਾਡੇ ਲੋਕ ਰਹਿੰਦੇ ਹਨ ? ਕੀ ਉਹ ਉੱਥੇ ਯੂਨਾਨੀਆਂ ਨੂੰ ਬਚਨ ਸੁਨਾਉਣ ਜਾ ਰਿਹਾ ਹੈ ?36ਇਹ ਆਦਮੀ ਕਹਿੰਦਾ ਹੈ, ਤੁਸੀਂ ਮੈਨੂੰ ਲੱਭੋਂਗੇ ਪਰ ਮੈਨੂੰ ਲੱਭ ਨਹੀਂ ਸਕੋਂਗੇ । ਅਤੇ ਤੁਸੀਂ ਉੱਥੇ ਪਹੁੰਚ ਨਹੀਂ ਸਕਦੇ ਜਿੱਥੇ ਮੈਂ ਹਾਂ । ਇਸ ਦਾ ਕੀ ਮਤਲਬ ਹੋਇਆ ? ”
ਜੀਵਨ ਜਲ ਦੇ ਦਰਿਆ

37ਤਿਉਹਾਰ ਦਾ ਅੰਤਿਮ ਦਿਨ ਆਇਆ ਇਹ ਤਿਉਹਾਰ ਦਾ ਸਭ ਤੋਂ ਖ਼ਾਸ ਦਿਨ ਸੀ । ਉਸ ਦਿਨ ਯਿਸੂ ਨੇ ਉੱਚੀ ਅਵਾਜ਼ ਵਿੱਚ ਬੋਲ ਕੇ ਆਖਿਆ, “ਜੇਕਰ ਕੋਈ ਪਿਆਸਾ ਹੈ ਤਾਂ ਉਹ ਮੇਰੇ ਕੋਲੋਂ ਆ ਕੇ ਪੀਵੇ ।38ਇਹ ਪੋਥੀਆਂ ਵਿੱਚ ਲਿਖਿਆ ਹੈ ਜੋ ਮੇਰੇ ਤੇ ਵਿਸ਼ਵਾਸ ਕਰੇਗਾ ਅੰਮ੍ਰਿਤ ਜਲ ਦੇ ਦਰਿਆ ਉਸ ਦੇ ਵਿੱਚੋਂ ਵਗਣਗੇ ।”
39ਯਿਸੂ ਪਵਿੱਤਰ ਆਤਮਾ ਬਾਰੇ ਬੋਲ ਰਿਹਾ ਸੀ ਕਿ ਜੋ ਉਸ ਤੇ ਵਿਸ਼ਵਾਸ ਕਰਦੇ ਹਨ ਉਹ ਉਸ ਨੂੰ ਪ੍ਰਾਪਤ ਕਰ ਸਕਣਗੇ ਕਿਉਂਕਿ ਆਤਮਾ ਹਾਲੇ ਨਹੀਂ ਦਿੱਤਾ ਗਿਆ ਸੀ, ਕਿਉਂਕਿ ਹਾਲੇ ਯਿਸੂ ਆਪਣੀ ਮਹਿਮਾ ਲਈ ਉੱਠਾਇਆ ਨਹੀਂ ਸੀ ਗਿਆ ।
40ਜੋ ਯਿਸੂ ਆਖ ਰਿਹਾ ਸੀ ਲੋਕਾਂ ਨੇ ਸੁਣਿਆ । ਕੁੱਝ ਇੱਕ ਨੇ ਕਿਹਾ, “ਸੱਚ-ਮੁੱਚ ਇਹ ਉਹੀ ਨਬੀ ਹੈ ।”41ਕੁੱਝ ਹੋਰਾਂ ਨੇ ਆਖਿਆ, “ਉਹ ਮਸੀਹ ਹੈ ।” ਕੁੱਝ ਨੇ ਆਖਿਆ, ਕੀ “ਮਸੀਹ ਗਲੀਲ ਵਿੱਚ ਆਵੇਗਾ ?42ਕੀ ਇਹ ਪਵਿੱਤਰ ਗ੍ਰੰਥ ਵਿੱਚ ਲਿਖਿਆ ਹੋਇਆ ਹੈ ਕਿ ਮਸੀਹ ਦਾਊਦ ਦੇ ਘਰਾਣੇ ਵਿੱਚੋਂ ਆਵੇਗਾ ਅਤੇ ਬੈਤਲਹਮ ਦੀ ਨਗਰੀ ਵਿੱਚੋਂ ਆਵੇਗਾ ਜਿੱਥੇ ਦਾਊਦ ਰਹਿੰਦਾ ਸੀ ?
43ਇਸ ਲਈ ਲੋਕਾਂ ਦੀ ਯਿਸੂ ਬਾਰੇ ਆਪਸ ਵਿੱਚ ਫੁੱਟ ਪੈ ਗਈ ਸੀ ।44ਕੁੱਝ ਲੋਕ ਯਿਸੂ ਨੂੰ ਫੜਨਾ ਚਾਹੁੰਦੇ ਸਨ, ਪਰ ਕਿਸੇ ਨੇ ਵੀ ਉਸ ਨੂੰ ਹੱਥ ਨਾ ਪਾਇਆ ।
ਯਹੂਦੀ ਆਗੂਆਂ ਦਾ ਅਵਿਸ਼ਵਾਸ

45ਇਸ ਲਈ ਹੈਕਲ ਦੇ ਪਹਿਰੇਦਾਰ ਫ਼ਰੀਸੀਆਂ ਅਤੇ ਮੁੱਖ ਜਾਜਕਾਂ ਕੋਲ ਗਏ ਤਾਂ ਉਨ੍ਹਾਂ ਫ਼ਰੀਸੀਆਂ ਅਤੇ ਜਾਜਕਾਂ ਨੇ ਪਹਿਰੇਦਾਰਾਂ ਨੂੰ ਪੁੱਛਿਆ, “ਤੁਸੀਂ ਯਿਸੂ ਨੂੰ ਫੜ ਕਰਕੇ ਆਪਣੇ ਨਾਲ ਕਿਉਂ ਨਹੀਂ ਲਿਆਂਦਾ ? ”46ਪਹਿਰੇਦਾਰਾਂ ਨੇ ਅੱਗੋਂ ਆਖਿਆ, “ਅਜਿਹੇ ਬਚਨ ਕਦੇ ਕਿਸੇ ਹੋਰ ਮਨੁੱਖ ਨੇ ਨਹੀਂ ਕੀਤੇ ।”
47ਫ਼ੇਰ ਫ਼ਰੀਸੀਆਂ ਨੇ ਆਖਿਆ, “ਕੀ ਇਸ ਦਾ ਮਤਲਬ ਇਹ ਹੈ ਕਿ ਉਸ ਨੇ ਤੁਹਾਨੂੰ ਵੀ ਮੂਰਖ ਬਣਾਇਆ ਹੈ ?48ਕੀ ਕਿਸੇ ਵੀ ਆਗੂ ਜਾਂ ਫ਼ਰੀਸੀ ਨੇ ਉਸ ਤੇ ਵਿਸ਼ਵਾਸ ਕੀਤਾ ਹੈ ? ਨਹੀਂ !49ਪਰ ਇਹ ਲੋਕ, ਜਿਨ੍ਹਾਂ ਨੂੰ ਬਿਵਸਥਾ ਦਾ ਨਹੀਂ ਪਤਾ, ਪਰਮੇਸ਼ੁਰ ਵਲੋਂ ਸਰਾਪੀ ਹਨ ।
50ਪਰ ਨਿਕੋਦਿਮੁਸ, ਜਿਸ ਨੇ ਪਹਿਲਾਂ ਹੀ ਯਿਸੂ ਨਾਲ ਮੁਲਾਕਾਤ ਕੀਤੀ ਸੀ, ਉਨ੍ਹਾਂ ਵਿੱਚੋਂ ਇੱਕ ਸੀ ।51ਕੀ ਸਾਡੀ ਬਿਵਸਥਾ ਕਿਸੇ ਨੂੰ ਉਸ ਦੀ ਸੁਣੇ ਅਤੇ ਜਾਣੇ ਬਿਨ੍ਹਾਂ ਦੋਸ਼ੀ ਠਹਿਰਾਉਂਦੀ ਹੈ ਕਿ ਉਸ ਨੇ ਕੀ ਕੀਤਾ ਹੈ ? ”52ਯਹੂਦੀ ਆਗੂਆਂ ਨੇ ਆਖਿਆ, “ਕੀ ਤੂੰ ਵੀ ਗਲੀਲ ਤੋਂ ਹੈ ?
53ਪੋਥੀਆਂ ਪੜ੍ਹੋ ਫ਼ਿਰ ਤੁਸੀਂ ਜਾਣੋਗੇ ਕਿ ਕੋਈ ਨਬੀ ਗਲੀਲ ਤੋਂ ਨਹੀਂ ਆਉਂਦਾ,” ਸਾਰੇ ਯਹੂਦੀ ਆਗੂ ਉੱਥੋਂ ਆਪਣੇ -ਆਪਣੇ ਘਰ ਚਲੇ ਗਏ ।

8
ਵਿਭਚਾਰੀ ਔਰਤ ਨੂੰ ਮਾਫ਼ੀ

1ਯਿਸੂ ਜੈਤੂਨ ਦੇ ਪਹਾੜ ਵੱਲ ਨੂੰ ਤੁਰ ਗਿਆ ।2ਸਵੇਰ-ਸਾਰ ਯਿਸੂ ਹੈਕਲ ਵੱਲ ਗਿਆ ਅਤੇ ਸਾਰੇ ਲੋਕ ਯਿਸੂ ਕੋਲ ਆਏ ।3ਯਿਸੂ ਉੱਥੇ ਬੈਠਿਆ ਅਤੇ ਉਨ੍ਹਾਂ ਨੂੰ ਬਚਨ ਬੋਲੇ । ਤਦ ਉਪਦੇਸ਼ਕ ਅਤੇ ਫ਼ਰੀਸੀ ਉੱਥੇ ਇੱਕ ਔਰਤ ਨੂੰ ਯਿਸੂ ਕੋਲ ਲੈ ਆਏ ਜੋ ਕਿ ਵਿਭਚਾਰ ਕਰਦਿਆਂ ਫ਼ੜੀ ਗਈ ਸੀ । ਉਨ੍ਹਾਂ ਯਹੂਦੀਆਂ ਨੇ ਉਸ ਔਰਤ ਨੂੰ ਲੋਕਾਂ ਵਿਚਕਾਰ ਖੜੀ ਕੀਤਾ ।

4ਉਨ੍ਹਾਂ ਨੇ ਯਿਸੂ ਨੂੰ ਆਖਿਆ, “ਪ੍ਰਭੂ ਜੀ ! ਇਹ ਔਰਤ ਉਦੋਂ ਫ਼ੜੀ ਗਈ ਜਦੋਂ ਇਹ ਵਿਭਚਾਰ ਕਰ ਰਹੀ ਸੀ5ਬਿਵਸਥਾ ਵਿੱਚ, ਮੂਸਾ ਨੇ ਹੁਕਮ ਦਿੱਤਾ ਹੈ ਕਿ ਅਜਿਹੀਆਂ ਔਰਤਾਂ ਨੂੰ ਪੱਥਰ ਮਾਰ-ਮਾਰ ਕੇ ਮਾਰ ਦੇਣਾ ਚਾਹੀਦਾ ਹੈ । ਸਾਨੂੰ ਦੱਸੋ ਸਾਨੂੰ ਕੀ ਕਰਨਾ ਚਾਹੀਦਾ ? ”6ਯਹੂਦੀ ਉਸ ਨੂੰ ਚਲਾਕੀ ਨਾਲ ਫ਼ਸਾਉਣ ਲਈ ਇਹ ਸਵਾਲ ਪੁੱਛ ਰਹੇ ਸਨ ਤਾਂ ਕਿ ਉਹ ਕੁੱਝ ਗਲਤ ਆਖੇ । ਉਹ ਉਸ ਦੇ ਖਿਲਾਫ਼ ਕੋਈ ਦੋਸ਼ ਲਗਾਉਣਾ ਚਾਹੁੰਦੇ ਸਨ । ਪਰ ਯਿਸੂ ਥੱਲੇ ਝੁਕਿਆ ਅਤੇ ਜ਼ਮੀਨ ਤੇ ਆਪਣੀ ਉਂਗਲ ਨਾਲ ਕੁੱਝ ਲਿਖਣ ਲੱਗ ਪਿਆ ।
7ਯਹੂਦੀਆਂ ਨੇ ਲਗਾਤਾਰ ਉਸ ਨੂੰ ਇਹ ਸਵਾਲ ਪੁੱਛਿਆ ਤਾਂ ਯਿਸੂ ਸਿੱਧਾ ਹੋਇਆ ਅਤੇ ਆਖਿਆ, “ਕੀ ਇੱਥੇ ਕੋਈ ਅਜਿਹਾ ਮਨੁੱਖ ਹੈ ਜਿਸ ਨੇ ਕਦੇ ਕੋਈ ਪਾਪ ਨਹੀਂ ਕੀਤਾ ਉਹ ਮਨੁੱਖ ਇਸ ਨੂੰ ਪਹਿਲਾ ਪੱਥਰ ਮਾਰੇ ।”8ਤਾਂ ਉਹ ਫ਼ੇਰ ਥੱਲੇ ਝੁਕਿਆ ਅਤੇ ਜ਼ਮੀਨ ਤੇ ਕੁੱਝ ਲਿਖਣ ਲੱਗ ਪਿਆ ।
9ਜੋ ਯਿਸੂ ਨੇ ਆਖਿਆ ਲੋਕਾਂ ਨੇ ਸੁਣਿਆ ਅਤੇ ਉਹ ਇੱਕ-ਇੱਕ ਕਰਕੇ ਜਾਣ ਲੱਗੇ । ਸਭ ਤੋਂ ਪਹਿਲਾਂ ਬਜ਼ੁਰਗ ਲੋਕ ਗਏ, ਫ਼ਿਰ ਹੋਰ ਸਾਰੇ ਲੋਕ ਵੀ ਚਲੇ ਗਏ । ਯਿਸੂ ਇਕੱਲਾ ਉਸ ਔਰਤ ਨਾਲ ਰਹਿ ਗਿਆ ਜੋ ਕਿ ਉਸ ਦੇ ਸਾਹਮਣੇ ਖੜੀ ਸੀ ।10ਯਿਸੂ ਨੇ ਉਸ ਔਰਤ ਵੱਲ ਵੇਖਿਆ ਅਤੇ ਆਖਣ ਲੱਗਾ, “ਹੇ ਔਰਤ, ਉਹ ਕਿੱਥੇ ਹਨ ? ਕੀ ਕਿਸੇ ਨੇ ਵੀ ਤੈਨੂੰ ਦੋਸ਼ੀ ਕਰਾਰ ਨਹੀਂ ਦਿੱਤਾ ? ”11ਉਸ ਔਰਤ ਨੇ ਉੱਤਰ ਦਿੱਤਾ, “ਨਹੀਂ, ਪ੍ਰਭੂ ਜੀ ! ਮੈਨੂੰ ਕਿਸੇ ਨੇ ਵੀ ਦੋਸ਼ੀ ਕਰਾਰ ਨਹੀਂ ਦਿੱਤਾ ।” ਫਿਰ ਯਿਸੂ ਨੇ ਆਖਿਆ, “ਤਾਂ ਮੈਂ ਵੀ ਤੇਰਾ ਦੋਸ਼ੀ ਹੋਣ ਦਾ ਨਿਆਂ ਨਹੀਂ ਕਰਦਾ । ਹੁਣ ਤੂੰ ਚਲੀ ਜਾ, ਪਰ ਫਿਰ ਪਾਪ ਨਾ ਕਰੀਂ ।”
ਯਿਸੂ ਦੁਨੀਆਂ ਦਾ ਚਾਨਣ

12ਬਾਅਦ ਵਿੱਚ ਯਿਸੂ ਨੇ ਫਿਰ ਲੋਕਾਂ ਨਾਲ ਗੱਲ ਕੀਤੀ ਅਤੇ ਕਿਹਾ, “ਮੈਂ ਸੰਸਾਰ ਦਾ ਚਾਨਣ ਹਾਂ । ਉਹ ਮਨੁੱਖ ਜੋ ਮੇਰੇ ਪਿੱਛੇ ਚੱਲਦਾ, ਉਹ ਕਦੇ ਵੀ ਹਨੇਰੇ ਵਿੱਚ ਨਹੀਂ ਜੀਵੇਗਾ ਸਗੋਂ ਉਸ ਕੋਲ ਜੀਵਨ ਦਾ ਚਾਨਣ ਹੋਵੇਗਾ ।”13ਪਰ ਫ਼ਰੀਸੀਆਂ ਨੇ ਯਿਸੂ ਨੂੰ ਕਿਹਾ, “ਜਦੋਂ ਤੂੰ ਆਪਣੇ ਆਪ ਬਾਰੇ ਇਹ ਗੱਲਾਂ ਆਖਦਾ ਹੈਂ ਤਾਂ ਸਿਰਫ਼ ਤੂੰ ਹੀ ਹੈਂ, ਜੋ ਇਹ ਆਖਦਾ ਕਿ ਇਹ ਸੱਚ ਹਨ, ਇਸ ਲਈ ਅਸੀਂ ਉਹ ਨਹੀਂ ਕਬੂਲ ਕਰਦੇ ਜੋ ਤੂੰ ਆਖ ਰਿਹਾ ਹੈਂ ।”
14ਯਿਸੂ ਨੇ ਉੱਤਰ ਦਿੱਤਾ, “ਹਾਂ ਮੈਂ ਆਪਣੇ ਆਪ ਬਾਰੇ ਅਜਿਹੀਆਂ ਗੱਲਾਂ ਆਖ ਰਿਹਾ ਹਾਂ ਅਤੇ ਇਹ ਸੱਚ ਹਨ ਕਿਉਂਕਿ ਮੈਂ ਜਾਣਦਾ ਹਾਂ ਕਿ ਮੈਂ ਕਿੱਥੋਂ ਆਇਆ ਹਾਂ ਅਤੇ ਕਿੱਥੇ ਜਾਂਵਾਂਗਾ । ਪਰ ਤੁਸੀਂ ਨਹੀਂ ਜਾਣਦੇ ਕਿ ਮੈਂ ਕਿੱਥੋਂ ਆਇਆ ਅਤੇ ਕਿੱਥੇ ਜਾਂਵਾਂਗਾ ।15ਤੁਸੀਂ ਲੋਕ ਮਨੁੱਖੀ ਦਰਜੇ ਨਾਲ ਮੇਰਾ ਨਿਆਂ ਕਰਦੇ ਹੋ, ਪਰ ਮੈਂ ਕਿਸੇ ਦਾ ਨਿਆਂ ਨਹੀਂ ਕਰਦਾ ।16ਪਰ ਜੇ ਮੈਂ ਨਿਆਂ ਕਰਾਂ ਤਾਂ ਮੇਰਾ ਨਿਆਂ ਸੱਚਾ ਹੋਵੇਗਾ, ਕਿਉਂਕਿ ਮੈਂ ਇਕੱਲਾ ਨਹੀਂ ਹਾਂ, ਪਿਤਾ ਜਿਸ ਨੇ ਮੈਨੂੰ ਭੇਜਿਆ ਮੇਰੇ ਨਾਲ ਹੈ ।
17ਤੁਹਾਡੀ ਬਿਵਸਥਾ ਵਿੱਚ ਵੀ ਇਹ ਲਿਖਿਆ ਹੋਇਆ ਹੈ ਕਿ ਦੋ ਮਨੁੱਖਾਂ ਦੀ ਗਵਾਹੀ ਸੱਚੀ ਹੈ ।18ਮੈਂ ਆਪਣੇ ਬਾਰੇ ਗਵਾਹੀ ਦਿੰਦਾ ਹਾਂ ਅਤੇ ਮੇਰਾ ਪਿਤਾ, ਜਿਸ ਨੇ ਮੈਨੂੰ ਭੇਜਿਆ ਹੈ, ਮੇਰੇ ਬਾਰੇ ਗਵਾਹੀ ਦਿੰਦਾ ਹੈ ।”
19ਲੋਕਾਂ ਨੇ ਪੁੱਛਿਆ, “ਤੇਰਾ ਪਿਤਾ ਕਿੱਥੇ ਹੈ ?” ਯਿਸੂ ਨੇ ਉੱਤਰ ਦਿੱਤਾ, “ਤੁਸੀਂ ਮੈਨੂੰ ਜਾਂ ਮੇਰੇ ਪਿਤਾ ਨੂੰ ਨਹੀਂ ਜਾਣਦੇ । ਪਰ ਜੇ ਤੁਸੀਂ ਮੈਨੂੰ ਜਾਣਦੇ ਹੁੰਦੇ ਤਾਂ ਤੁਸੀਂ ਮੇਰੇ ਪਿਤਾ ਨੂੰ ਵੀ ਜਾਣ ਜਾਂਦੇ ।”20ਯਿਸੂ ਨੇ ਇਹ ਗੱਲਾਂ ਉਸ ਵੇਲੇ ਆਖੀਆਂ ਜਦੋਂ ਉਹ ਹੈਕਲ ਦੇ ਇਲਾਕੇ ਵਿੱਚ ਉਪਦੇਸ਼ ਦੇ ਰਿਹਾ ਸੀ । ਜਦੋਂ ਉਹ ਭੰਡਾਰ ਘਰ ਕੋਲ ਪ੍ਰਚਾਰ ਕਰ ਰਿਹਾ ਸੀ ਪਰ ਕਿਸੇ ਵੀ ਮਨੁੱਖ ਨੇ ਉਸ ਨੂੰ ਫੜਿਆ ਨਹੀਂ ਕਿਉਂਕਿ ਅਜੇ ਯਿਸੂ ਦਾ ਸਮਾਂ ਨਹੀਂ ਆਇਆ ਸੀ ।
ਯਿਸੂ ਦਾ ਆਪਣੇ ਬਾਰੇ ਕਥਨ

21ਯਿਸੂ ਨੇ ਫੇਰ ਲੋਕਾਂ ਨੂੰ ਆਖਿਆ, “ਤਾਂ ਮੈਂ ਚਲਾ ਜਾਂਵਾਂਗਾ ਅਤੇ ਤੁਸੀਂ ਮੈਨੂੰ ਭਾਲੋਗੇ, ਪਰ ਤੁਸੀਂ ਆਪਣੇ ਪਾਪਾਂ ਵਿੱਚ ਮਰ ਜਾਵੋਂਗੇ । ਤੁਸੀਂ ਉਸ ਜਗ੍ਹਾ ਨਹੀਂ ਆ ਸਕਦੇ, ਜਿੱਥੇ ਮੈਂ ਜਾ ਰਿਹਾ ਹਾਂ ।”22ਫੇਰ ਯਹੂਦੀ ਆਪਸ ਵਿੱਚ ਕਹਿਣ ਲੱਗੇ, “ਕੀ ਯਿਸੂ ਆਪਣੇ ਆਪ ਨੂੰ ਮਾਰ ਲਵੇਗਾ ? ਕਿਉਂ ਜੋ ਉਸ ਨੇ ਆਖਿਆ ਹੈ, ‘ਤੁਸੀਂ ਉਸ ਜਗ੍ਹਾ ਨਹੀਂ ਆ ਸਕਦੇ ਜਿੱਥੇ ਮੈਂ ਜਾ ਰਿਹਾ ਹਾਂ । ਉੱਥੇ ਤੁਸੀਂ ਨਹੀਂ ਪਹੁੰਚ ਸਕਦੇ’।”
23ਪਰ ਯਿਸੂ ਨੇ ਉਨ੍ਹਾਂ ਲੋਕਾਂ ਨੂੰ ਆਖਿਆ, “ਤੁਸੀਂ ਧਰਤੀ ਦੇ ਹੋ ਪਰ ਮੈਂ ਸਵਰਗ ਤੋਂ ਹਾਂ । ਤੁਸੀਂ ਇਸ ਦੁਨੀਆਂ ਨਾਲ ਸੰਬੰਧਿਤ ਹੋ ਪਰ ਮੈਂ ਇਸ ਦੁਨੀਆਂ ਨਾਲ ਸੰਬੰਧਿਤ ਨਹੀਂ ਹਾਂ ।24ਇਸ ਲਈ ਮੈਂ ਤੁਹਾਨੂੰ ਆਖਿਆ ਸੀ ਕਿ ਤੁਸੀਂ ਆਪਣੇ ਪਾਪਾਂ ਵਿੱਚ ਮਰੋਂਗੇ । ਹਾਂ, ਜੇਕਰ ਤੁਸੀਂ ਵਿਸ਼ਵਾਸ ਨਹੀਂ ਕਰੋਂਗੇ ਕਿ ਮੈਂ ਉਹ ਹਾਂ, ਤਾਂ ਤੁਸੀਂ ਆਪਣੇ ਪਾਪਾਂ ਵਿੱਚ ਮਰ ਜਾਵੋਂਗੇ ।”
25ਤਾਂ ਉਨ੍ਹਾਂ ਨੇ ਆਖਿਆ “ਤੂੰ ਕੌਣ ਹੈਂ ? ” ਯਿਸੂ ਨੇ ਜ਼ਵਾਬ ਦਿੱਤਾ, “ਮੈਂ ਉਹੀ ਹਾਂ ਜੋ ਮੈਂ ਤੁਹਾਨੂੰ ਸ਼ੁਰੂ ਤੋਂ ਕਹਿੰਦਾ ਆ ਰਿਹਾ ਹਾਂ ।26ਮੇਰੇ ਕੋਲ ਤੁਹਾਡੇ ਨਿਆਂ ਕਰਨ ਅਤੇ ਬੋਲਣ ਲਈ ਬਹੁਤ ਸਾਰੀਆਂ ਗੱਲਾਂ ਹਨ । ਉਹ ਇੱਕ ਜਿਸ ਨੇ ਮੈਨੂੰ ਭੇਜਿਆ, ਸੱਚ ਬੋਲਦਾ ਹੈ ਅਤੇ ਮੈਂ ਲੋਕਾਂ ਨੂੰ ਉਹ ਗੱਲਾਂ ਦੱਸਦਾ ਹਾਂ ਜੋ ਮੈਂ ਉਸ ਕੋਲੋਂ ਸੁਣੀਆਂ ਹਨ ।”27ਲੋਕ ਉਹ ਨਾ ਸਮਝ ਸਕੇ ਕਿ ਯਿਸੂ ਉਨ੍ਹਾਂ ਨਾਲ ਪਿਤਾ ਬਾਰੇ ਗੱਲ ਕਰਦਾ ਹੈ ।
28ਤਾਂ ਯਿਸੂ ਨੇ ਲੋਕਾਂ ਆਖਿਆ, “ਜਦੋਂ ਤੁਸੀਂ ਮਨੁੱਖ ਦੇ ਪੁੱਤਰ ਨੂੰ ਉੱਚਾ ਕਰੋਗੇ ਤਾਂ ਤੁਸੀਂ ਜਾਣ ਜਾਵੋਂਗੇ ਕਿ ਮੈਂ ਉਹ ਹਾਂ । ਅਤੇ ਮੈਂ ਕੁੱਝ ਵੀ ਆਪਣੇ ਅਧਿਕਾਰ ਨਾਲ ਨਹੀਂ ਕਰਦਾ । ਅਤੇ ਤੁਸੀਂ ਜਾਣ ਜਾਵੋਂਗੇ ਕਿ ਮੈਂ ਉਹੀ ਬੋਲਦਾ ਹਾਂ ਜੋ ਕੁੱਝ ਮੇਰੇ ਪਿਤਾ ਨੇ ਮੈਨੂੰ ਸਿਖਾਇਆ ਹੈ ।29ਉਹ ਜਿਸ ਨੇ ਮੈਨੂੰ ਭੇਜਿਆ ਮੇਰੇ ਨਾਲ ਹੈ । ਮੈਂ ਹਮੇਸ਼ਾਂ ਉਹੀ ਕਰਦਾ ਹਾਂ ਜੋ ਉਸ ਨੂੰ ਪਸੰਦ ਹੈ, ਇਸ ਲਈ ਉਸ ਨੇ ਮੈਨੂੰ ਇਕੱਲਾ ਨਹੀਂ ਛੱਡਿਆ ।”30ਜਦੋਂ ਯਿਸੂ ਅਜਿਹੀਆਂ ਗੱਲਾਂ ਕਹਿ ਰਿਹਾ ਸੀ, ਤਾਂ ਬਹੁਤ ਲੋਕਾਂ ਨੇ ਉਸ ਵਿੱਚ ਵਿਸ਼ਵਾਸ ਕੀਤਾ ।
ਸੱਚਾਈ ਤੁਹਾਨੂੰ ਆਜ਼ਾਦ ਕਰੇਗੀ

31ਤਾਂ ਯਿਸੂ ਨੇ ਉਨ੍ਹਾਂ ਯਹੂਦੀਆਂ ਨੂੰ ਆਖਿਆ ਜੋ ਉਸ ਤੇ ਵਿਸ਼ਵਾਸ ਕਰਦੇ ਸਨ, “ਜੇਕਰ ਤੁਸੀਂ ਮੇਰੇ ਬਚਨਾਂ ਨੂੰ ਮੰਨੋਂਗੇ ਤਾਂ ਤੁਸੀਂ ਮੇਰੇ ਚੇਲੇ ਹੋਵੋਗੇ ।32ਤਦ ਤੁਸੀਂ ਸੱਚ ਨੂੰ ਜਾਣੋਗੇ ਤੇ ਸੱਚ ਤੁਹਾਨੂੰ ਆਜ਼ਾਦ ਕਰੇਗਾ ।”33ਯਹੂਦੀਆਂ ਨੇ ਉੱਤਰ ਦਿੱਤਾ, “ਅਸੀਂ ਅਬਰਾਹਾਮ ਦੀ ਅੰਸ ਹਾਂ । ਅਸੀਂ ਕਦੇ ਵੀ ਕਿਸੇ ਦੇ ਗੁਲਾਮ ਨਹੀਂ ਰਹੇ ਫਿਰ ਤੂੰ ਕਿਉਂ ਕਹਿੰਦਾ ਹੈਂ ਕਿ ਅਸੀਂ ਆਜ਼ਾਦ ਹੋ ਜਾਂਵਾਂਗੇ ? ”
34ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ ਕਿ ਹਰੇਕ ਜੋ, ਜਿਹੜਾ ਪਾਪ ਕਰਦਾ ਹੈ, ਉਹ ਪਾਪ ਦਾ ਗੁਲਾਮ ਹੈ ।35ਇੱਕ ਗੁਲਾਮ ਹਮੇਸ਼ਾਂ ਘਰ ਵਿੱਚ ਨਹੀਂ ਰਹਿੰਦਾ ਪਰ ਪੁੱਤਰ ਹਮੇਸ਼ਾਂ ਘਰ ਵਿੱਚ ਰਹਿੰਦਾ ਹੈ ।36ਇਸ ਲਈ ਜੇਕਰ ਤੁਹਾਨੂੰ ਪੁੱਤਰ ਅਜ਼ਾਦ ਕਰੇ ਹੈ ਤਾਂ ਤੁਸੀਂ ਸੱਚ-ਮੁੱਚ ਆਜ਼ਾਦ ਹੋਵੋਂਗੇ ।
37ਮੈਂ ਜਾਣਦਾ ਹਾਂ ਕਿ ਤੁਸੀਂ ਅਬਰਾਹਾਮ ਦੀ ਅੰਸ ਹੋ । ਪਰ ਤੁਸੀਂ ਮੈਨੂੰ ਮਾਰਨਾ ਚਾਹੁੰਦੇ ਹੋ ਕਿਉਂਕਿ ਤੁਸੀਂ ਮੇਰੇ ਬਚਨ ਨੂੰ ਕਬੂਲ ਕਰਨ ਲਈ ਰਾਜੀ ਨਹੀਂ ਹੋ ।38ਮੈਂ ਤੁਹਾਨੂੰ ਉਹੀ ਕੁੱਝ ਆਖ ਰਿਹਾ ਹਾਂ ਜੋ ਮੇਰੇ ਪਿਤਾ ਨੇ ਮੈਨੂੰ ਵਿਖਾਇਆ ਹੈ । ਪਰ ਤੁਸੀਂ ਉਹ ਕੁੱਝ ਕਰਦੇ ਹੋ ਜੋ ਤੁਹਾਡੇ ਪਿਤਾ ਨੇ ਤੁਹਾਨੂੰ ਕਰਨ ਵਾਸਤੇ ਕਿਹਾ ਹੈ ।”
39ਯਹੂਦੀਆਂ ਨੇ ਕਿਹਾ, “ਸਾਡਾ ਪਿਤਾ ਅਬਰਾਹਾਮ ਹੈ ।” ਯਿਸੂ ਨੇ ਆਖਿਆ, “ਜੇਕਰ ਸੱਚ-ਮੁੱਚ ਤੁਸੀਂ ਅਬਰਾਹਾਮ ਦੀ ਅੰਸ ਹੁੰਦੇ, ਤਾਂ ਤੁਸੀਂ ਉਹੀ ਕੰਮ ਕਰਦੇ ਜੋ ਅਬਰਾਹਾਮ ਨੇ ਕੀਤੇ ।40ਮੈਂ ਉਹ ਹਾਂ ਜਿਸ ਨੇ ਤੁਹਾਨੂੰ ਸੱਚ ਦੱਸਿਆ, ਜਿਹੜਾ ਮੈਂ ਪਰਮੇਸ਼ੁਰ ਤੋਂ ਸੁਣਿਆ, ਪਰ ਤੁਸੀਂ ਮੈਨੂੰ ਮਾਰਨਾ ਚਾਹੁੰਦੇ ਹੋ । ਅਬਰਾਹਾਮ ਨੇ ਤਾਂ ਅਜਿਹਾ ਕੁੱਝ ਨਹੀਂ ਸੀ ਕੀਤਾ41ਤੁਸੀਂ ਉਵੇਂ ਦੀਆਂ ਗੱਲਾਂ ਕਰੋ ਜਿਵੇਂ ਦੀਆਂ ਤੁਹਾਡਾ ਪਿਤਾ ਕਰਦਾ ਹੈ ।” ਪਰ ਯਹੂਦੀਆਂ ਨੇ ਕਿਹਾ, “ਅਸੀਂ ਉਨ੍ਹਾਂ ਬੱਚਿਆਂ ਦੀ ਤਰ੍ਹਾਂ ਨਹੀਂ ਹਾਂ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਨ੍ਹਾਂ ਦਾ ਪਿਤਾ ਕੌਣ ਸੀ ? ਸਾਡਾ ਇੱਕ ਪਿਤਾ ਹੈ ਅਤੇ ਉਹ ਪਰਮੇਸ਼ੁਰ ਹੈ ।”
42ਯਿਸੂ ਨੇ ਉਨ੍ਹਾਂ ਯਹੂਦੀਆਂ ਨੂੰ ਕਿਹਾ, “ਜੇਕਰ ਪਰਮੇਸ਼ੁਰ ਤੁਹਾਡਾ ਪਿਤਾ ਹੁੰਦਾ ਤੁਸੀਂ ਮੈਨੂੰ ਪਿਆਰ ਕਰਦੇ ਕਿਉਂਕਿ ਮੈਂ ਪਰਮੇਸ਼ੁਰ ਵੱਲੋਂ ਆਇਆ ਹਾਂ ਅਤੇ ਹੁਣ ਮੈਂ ਇੱਥੇ ਹਾਂ । ਮੈਂ ਆਪਣੀ ਮਰਜ਼ੀ ਨਾਲ ਨਹੀਂ ਆਇਆ, ਮੈਨੂੰ ਪਰਮੇਸ਼ੁਰ ਨੇ ਹੀ ਭੇਜਿਆ ਹੈ ।43ਤੁਹਾਨੂੰ ਜੋ ਮੈਂ ਕਹਿ ਰਿਹਾ ਹਾਂ ਕਿਉਂ ਸਮਝ ਨਹੀਂ ਆ ਰਿਹਾ ? ਕਿਉਂਕਿ ਤੁਸੀਂ ਮੇਰੇ ਬਚਨ ਨੂੰ ਸੁਨਣ ਲਈ ਤਿਆਰ ਨਹੀਂ ਹੋ ।44ਤੁਹਾਡਾ ਪਿਤਾ ਸ਼ੈਤਾਨ ਹੈ ਅਤੇ ਤੁਸੀਂ ਉਸ ਦੀ ਅੰਸ ਹੋ ਤੇ ਸਿਰਫ਼ ਉਹੀ ਕਰਨਾ ਚਾਹੁੰਦੇ ਹੋ ਜੋ ਉਸ ਨੂੰ ਪਸੰਦ ਹੈ । ਸ਼ੈਤਾਨ ਸ਼ੁਰੂ ਤੋਂ ਹੀ ਘਾਤਕ ਹੈ ਉਹ ਸੱਚ ਦੇ ਵਿਰੁੱਧ ਹੈ । ਉਸ ਵਿੱਚ ਕੋਈ ਸੱਚ ਨਹੀਂ । ਜਦ ਉਹ ਝੂਠ ਬੋਲਦਾ ਹੈ, ਉਹ ਆਪਣਾ ਅਸਲੀ ਰੂਪ ਪ੍ਰਗਟ ਕਰਦਾ ਹੈ । ਹਾਂ ! ਸ਼ੈਤਾਨ ਝੂਠਾ ਹੈ ਅਤੇ ਉਹ ਝੂਠ ਦਾ ਪਿਤਾ ਹੈ ।
45ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਇਸੇ ਲਈ ਤੁਸੀਂ ਮੇਰਾ ਵਿਸ਼ਵਾਸ ਨਹੀਂ ਕਰਦੇ ।46ਕੀ ਤੁਹਾਡੇ ਵਿੱਚੋਂ ਕੋਈ ਹੈ ਜੋ ਇਹ ਸਾਬਤ ਕਰ ਸਕੇ ਕਿ ਮੈਂ ਪਾਪ ਦਾ ਦੋਸ਼ੀ ਹਾਂ ? ਜੇਕਰ ਮੈਂ ਸੱਚ ਆਖ ਰਿਹਾ ਹਾਂ ਤੁਸੀਂ ਮੇਰਾ ਵਿਸ਼ਵਾਸ ਕਿਉਂ ਨਹੀਂ ਕਰਦੇ ?47ਇੱਕ ਵਿਅਕਤੀ ਜਿਹੜਾ ਪਰਮੇਸ਼ੁਰ ਤੋਂ ਹੈ, ਪਰਮੇਸ਼ੁਰ ਦੇ ਸ਼ਬਦਾਂ ਨੂੰ ਕਬੂਲ ਕਰਦਾ ਹੈ ਪਰ ਤੁਸੀਂ ਸੁਨਣ ਤੋਂ ਇੰਨਕਾਰ ਕਰਦੇ ਹੋ ਕਿਉਂਕਿ ਤੁਸੀਂ ਪਰਮੇਸ਼ੁਰ ਤੋਂ ਨਹੀਂ ਹੋ ।”
ਯਿਸੂ ਅਤੇ ਅਬਰਾਹਾਮ

48ਯਹੂਦੀਆਂ ਨੇ ਆਖਿਆ, “ਕੀ ਅਸੀਂ ਠੀਕ ਨਹੀਂ ਕਹਿੰਦੇ ਕਿ ਤੂੰ ਇੱਕ ਸਾਮਰੀ ਹੈ ਅਤੇ ਤੇਰੇ ਅੰਦਰ ਇੱਕ ਭੂਤ ਹੈ ।”49ਯਿਸੂ ਨੇ ਆਖਿਆ, “ਮੇਰੇ ਅੰਦਰ ਕੋਈ ਭੂਤ ਨਹੀਂ ਹੈ । ਮੈਂ ਆਪਣੇ ਪਿਤਾ ਦਾ ਆਦਰ ਕਰਦਾ ਹਾਂ, ਪਰ ਤੁਸੀਂ ਮੇਰਾ ਨਿਰਾਦਰ ਕਰਦੇ ਹੋ ।
50ਮੈਂ ਆਪਣਾ ਆਦਰ ਨਹੀਂ ਚਾਹੁੰਦਾ । ਇੱਕ ਅਜਿਹਾ ਹੈ ਜੋ ਮੇਰਾ ਆਦਰ ਕਰਨਾ ਚਾਹੁੰਦਾ ਹੈ । ਉਹ ਨਿਆਈਂ ਹੈ ।51ਮੈਂ ਤੁਹਾਨੂੰ ਸੱਚ-ਸੱਚ ਦੱਸਦਾ ਹਾਂ ਜੇਕਰ ਕੋਈ ਵੀ ਮਨੁੱਖ ਮੇਰੇ ਬਚਨ ਨੂੰ ਮੰਨੇਗਾ ਉਹ ਕਦੇ ਵੀ ਨਹੀਂ ਮਰੇਗਾ ।”
52ਯਹੂਦੀਆਂ ਨੇ ਯਿਸੂ ਨੂੰ ਆਖਿਆ, “ਹੁਣ ਅਸੀਂ ਜਾਣਦੇ ਹਾਂ ਕਿ ਤੇਰੇ ਅੰਦਰ ਇੱਕ ਭੂਤ ਹੈ । ਇਥੋਂ ਤੱਕ ਕਿ ਅਬਰਾਹਾਮ ਅਤੇ ਦੂਸਰੇ ਨਬੀ ਵੀ ਮਰ ਗਏ ਪਰ ਤੂੰ ਕਹਿੰਦਾ ਹੈਂ ਕਿ ਜੇਕਰ ਕੋਈ ਮੇਰੇ ਬਚਨ ਦੀ ਪਾਲਣਾ ਕਰਦਾ ਉਹ ਸਦੀਪਕ ਜੀਵਨ ਪਾਵੇਗਾ । ਉਹ ਕਦੇ ਵੀ ਨਹੀਂ ਮਰੇਗਾ ।53ਕੀ ਤੂੰ ਸਾਡੇ ਪਿਤਾ ਅਬਰਾਹਾਮ ਤੋਂ ਵੱਡਾ ਹੈਂ ? ਅਬਰਾਹਾਮ ਅਤੇ ਨਬੀ ਮਰ ਗਏ ਪਰ ਤੂੰ ਆਪਣੇ ਆਪ ਨੂੰ ਕੀ ਸਮਝਦਾ ਹੈਂ ? ”
54ਯਿਸੂ ਨੇ ਉੱਤਰ ਦਿੱਤਾ, “ਜੇਕਰ ਮੈਂ ਆਪਣੇ ਆਪ ਦਾ ਆਦਰ ਚਾਹੁੰਦਾ ਹਾਂ, ਤਾਂ ਉਸ ਆਦਰ ਦੀ ਕੋਈ ਕੀਮਤ ਨਹੀਂ । ਪਰ ਜਿਹੜਾ ਮੇਰਾ ਆਦਰ ਕਰਦਾ ਹੈ, ਮੇਰਾ ਪਿਤਾ ਹੈ ਅਤੇ ਤੁਸੀਂ ਕਹਿੰਦੇ ਹੋ ਕਿ ਉਹ ਸਾਡਾ ਪਰਮੇਸ਼ੁਰ ਹੈ ।55ਪਰ ਤੁਸੀਂ ਉਸ ਨੂੰ ਨਹੀਂ ਜਾਣਦੇ ਪਰ ਮੈਂ ਉਸ ਨੂੰ ਜਾਣਦਾ ਹਾਂ । ਜੇਕਰ ਮੈਂ ਇਹ ਆਖਾਂ ਕਿ ਮੈਂ ਉਸ ਨੂੰ ਨਹੀਂ ਜਾਣਦਾ ਤਾਂ ਮੈਂ ਤੁਹਾਡੀ ਤਰ੍ਹਾਂ ਝੂਠਾ ਹੋਵਾਂਗਾ । ਪਰ ਮੈਂ ਉਸ ਨੂੰ ਜਾਣਦਾ ਹਾਂ ਅਤੇ ਉਸ ਦੇ ਬਚਨਾਂ ਦੀ ਪਾਲਨਾ ਕਰਦਾ ਹਾਂ ।56ਤੁਹਾਡਾ ਪਿਤਾ ਅਬਰਾਹਾਮ ਖੁਸ਼ ਸੀ ਕਿ ਉਹ ਮੇਰੇ ਆਉਣ ਦਾ ਦਿਨ ਵੇਖੇ । ਉਸ ਨੇ ਓਹ ਦਿਨ ਵੇਖਿਆ ਅਤੇ ਬੜਾ ਖੁਸ਼ ਹੋਇਆ ।”
57ਫਿਰ ਯਹੂਦੀਆਂ ਨੇ ਯਿਸੂ ਨੂੰ ਆਖਿਆ, “ਕੀ ਤੂੰ ਅਬਰਾਹਾਮ ਨੂੰ ਵੇਖਿਆ ਹੈ ? ਤੂੰ ਕਿਵੇਂ ਵੇਖਿਆ ਹੋ ਸਕਦਾ ਹੈ ਜਦ ਕਿ ਤੂੰ ਪੰਜਾਹਾਂ ਸਾਲਾਂ ਦਾ ਵੀ ਨਹੀਂ ।”58ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ-ਸੱਚ ਦੱਸਦਾ ਹਾਂ । ਅਬਰਾਹਾਮ ਦੇ ਜਨਮ ਤੋਂ ਪਹਿਲਾਂ, ਮੈਂ ਹਾਂ ।”59ਜਦੋਂ ਯਿਸੂ ਨੇ ਇਸ ਤਰ੍ਹਾਂ ਆਖਿਆ, ਲੋਕਾਂ ਨੇ ਉਸ ਨੂੰ ਮਾਰਨ ਵਾਸਤੇ ਪੱਥਰ ਚੁੱਕੇ । ਪਰ ਯਿਸੂ ਲੁੱਕ ਗਿਆ ਅਤੇ ਹੈਕਲ ਛੱਡ ਕੇ ਚਲਾ ਗਿਆ ।

9
ਜਨਮ ਦੇ ਅੰਨ੍ਹੇ ਨੂੰ ਚੰਗਾ ਕਰਨਾ

1ਜਦੋਂ ਯਿਸੂ ਜਾ ਰਿਹਾ ਸੀ ਤਾਂ ਉਸ ਨੇ ਰਾਹ ਵਿੱਚ ਇੱਕ ਅੰਨ੍ਹਾ ਮਨੁੱਖ ਵੇਖਿਆ । ਇਹ ਮਨੁੱਖ ਜਨਮ ਤੋਂ ਹੀ ਅੰਨ੍ਹਾ ਸੀ ।2ਯਿਸੂ ਦੇ ਚੇਲਿਆਂ ਨੇ ਉਸ ਨੂੰ ਪੁੱਛਿਆ, “ਗੁਰੂ ਜੀ, ਇਹ ਮਨੁੱਖ ਜਨਮ ਤੋਂ ਹੀ ਅੰਨ੍ਹਾ ਹੈ, ਪਰ ਕਿਸ ਦੇ ਪਾਪਾਂ ਦੇ ਕਾਰਨ ਉਹ ਅੰਨ੍ਹਾ ਪੈਦਾ ਹੋਇਆ ਹੈ ? ਉਸ ਦੇ ਆਪਣੇ ਪਾਪਾਂ ਕਾਰਨ ਜਾਂ ਉਸ ਦੇ ਮਾਂ-ਬਾਪ ਦੇ ਪਾਪਾਂ ਕਾਰਨ ? ”

3ਯਿਸੂ ਨੇ ਉੱਤਰ ਦਿੱਤਾ, “ਇਹ ਉਸ ਦੇ ਪਾਪਾਂ ਦਾ ਜਾਂ ਉਸ ਦੇ ਮਾਂ-ਬਾਪ ਦੇ ਪਾਪਾਂ ਦੇ ਕਾਰਨ ਨਹੀਂ ਹੈ । ਪਰ ਇਹ ਚੰਗਾ ਹੋ ਕੇ ਲੋਕਾਂ ਨੂੰ ਪਰਮੇਸ਼ੁਰ ਦੀ ਮਹਿਮਾ ਵਿਖਾਉਣ ਵਾਸਤੇ ਅੰਨ੍ਹਾ ਪੈਦਾ ਹੋਇਆ ਸੀ ।4ਸਾਨੂੰ ਉਸ ਪਰਮੇਸ਼ੁਰ ਦਾ ਕੰਮ, ਦਿਨ ਰਹਿੰਦੇ ਕਰਨਾ ਚਾਹੀਦਾ ਹੈ, ਜਿਸ ਨੇ ਮੈਨੂੰ ਭੇਜਿਆ ਹੈ । ਕਿਉਂਕਿ ਫਿਰ ਰਾਤ ਹੋ ਜਾਵੇਗੀ, ਅਤੇ ਕੋਈ ਵੀ ਰਾਤ ਵੇਲੇ ਕੰਮ ਨਹੀਂ ਕਰ ਸਕਦਾ ।5ਜਦ ਤੱਕ ਮੈਂ ਸੰਸਾਰ ਵਿੱਚ ਹਾਂ ਮੈਂ ਸੰਸਾਰ ਦੇ ਲਈ ਚਾਨਣ ਹਾਂ ।”
6ਇਹ ਗੱਲਾਂ ਕਹਿਣ ਤੋਂ ਬਾਅਦ, ਯਿਸੂ ਨੇ ਧਰਤੀ ਤੇ ਥੁੱਕਿਆ ਅਤੇ ਉਸ ਨਾਲ ਥੋੜੀ ਮਿੱਟੀ ਗਿੱਲੀ ਕੀਤੀ ਅਤੇ ਉਹ ਮਿੱਟੀ ਅੰਨ੍ਹੇ ਮਨੁੱਖ ਦੀਆਂ ਅੱਖਾਂ ਤੇ ਲਾਈ ।7ਯਿਸੂ ਨੇ ਉਸ ਨੂੰ ਆਖਿਆ, “ਜਾ ਅਤੇ ਸਿਲੋਆਮ ਦੇ ਕੁੰਡ ਵਿੱਚ ਆਪਣੀਆਂ ਅੱਖਾਂ ਧੋ,” ਸਿਲੋਆਮ ਦਾ ਅਰਥ ਹੈ “ਭੇਜਿਆ ਹੋਇਆ ।” ਇਸ ਲਈ ਉਹ ਕੁੰਡ ਤੇ ਗਿਆ ਅਤੇ ਆਪਣੀਆਂ ਅੱਖਾਂ ਧੋਣ ਤੋਂ ਬਾਅਦ ਵਾਪਸ ਆਇਆ । ਹੁਣ ਉਸ ਨੂੰ ਸਭ ਦਿਸਦਾ ਸੀ ।
8ਜਿਨ੍ਹਾਂ ਲੋਕਾਂ ਨੇ ਉਸ ਨੂੰ ਭੀਖ ਮੰਗਦਿਆਂ ਵੇਖਿਆ ਸੀ ਅਤੇ ਉਸ ਦੇ ਗੁਆਂਢੀਆਂ ਨੇ ਕਿਹਾ, “ਵੇਖੋ ਕੀ ਇਹ ਉਹੀ ਹੈ ਜਿਹੜਾ ਬੈਠ ਕੇ ਭੀਖ ਮੰਗਦਾ ਹੁੰਦਾ ਸੀ ।”9ਕੁੱਝ ਲੋਕਾਂ ਨੇ ਕਿਹਾ, “ਹਾਂ ਉਹੀ ਹੈ ।” ਪਰ ਕੁੱਝ ਲੋਕਾਂ ਨੇ ਆਖਿਆ, “ਨਹੀਂ ਇਹ ਉਹ ਮਨੁੱਖ ਨਹੀਂ ਹੈ, ਇਹ ਉਸ ਦੇ ਵਰਗਾ ਲੱਗਦਾ ਹੈ ।” ਪਰ ਉਸ ਆਦਮੀ ਨੇ ਆਖਿਆ, “ਮੈਂ ਉਹੀ ਮਨੁੱਖ ਹਾਂ ।”
10ਲੋਕਾਂ ਨੇ ਪੁੱਛਿਆ, “ਇਹ ਕਿਵੇਂ ਹੋਇਆ ? ਫਿਰ ਤੇਰੀਆਂ ਅੱਖਾਂ ਕਿਵੇਂ ਖੁੱਲ੍ਹ ਗਈਆਂ ? ”11ਉਸ ਨੇ ਉੱਤਰ ਦਿੱਤਾ, “ਯਿਸੂ ਨਾਮੇ ਮਨੁੱਖ ਨੇ ਕੁੱਝ ਮਿੱਟੀ ਗੋਈ ਤੇ ਮੇਰੀਆਂ ਅੱਖਾਂ ਉੱਤੇ ਲਾ ਦਿੱਤੀ । ਉਸ ਨੇ ਮੈਨੂੰ ਸਿਲੋਆਮ ਕੁੰਡ ਤੇ ਜਾ ਕੇ ਧੋਣ ਲਈ ਕਿਹਾ । ਜਦ ਮੈਂ ਸਿਲੋਆਮ ਕੁੰਡ ਤੇ ਗਿਆ ਅਤੇ ਅੱਖਾਂ ਧੋਤੀਆਂ ਤਾਂ ਮੈਂ ਵੇਖਣ ਯੋਗ ਹੋ ਗਿਆ ।”12ਲੋਕਾਂ ਨੇ ਉਸ ਨੂੰ ਆਖਿਆ, “ਉਹ ਕਿੱਥੇ ਹੈ ? ” ਉਸ ਨੇ ਉੱਤਰ ਦਿੱਤਾ, “ਮੈਂ ਨਹੀਂ ਜਾਣਦਾ ।”
ਫ਼ਰੀਸੀਆਂ ਦੁਆਰਾ ਚੰਗੀ ਦੀ ਜਾਂਚ-ਪੜਤਾਲ

13ਜਦੋਂ ਲੋਕ ਉਸ ਮਨੁੱਖ ਨੂੰ, “ਫ਼ਰੀਸੀਆਂ ਕੋਲ ਲਿਆਏ, ਜੋ ਪਹਿਲਾਂ ਅੰਨ੍ਹਾ ਸੀ ।14ਜਿਸ ਦਿਨ ਯਿਸੂ ਨੇ ਮਿੱਟੀ ਗਿਲੀ ਕੀਤੀ ਉਸ ਮਨੁੱਖ ਦੀਆਂ ਅੱਖਾਂ ਖੋਲੀਆਂ ਤੇ ਓਹ ਦਿਨ ਸਬਤ ਦਾ ਸੀ ।”15ਤਾਂ ਇਸ ਵਾਰੀ ਫ਼ਰੀਸੀਆਂ ਨੇ ਉਸ ਮਨੁੱਖ ਨੂੰ ਪੁੱਛਿਆ, “ਤੈਨੂੰ ਆਪਣੀਆਂ ਅੱਖਾਂ ਕਿਵੇਂ ਮਿਲੀਆਂ ? ” ਮਨੁੱਖ ਨੇ ਉੱਤਰ ਦਿੱਤਾ, “ਉਸ ਨੇ ਮੇਰੀਆਂ ਅੱਖਾਂ ਤੇ ਗਿੱਲੀ ਮਿੱਟੀ ਲਗਾਈ ਤੇ, ਮੈਂ ਅੱਖਾਂ ਧੋਤੀਆਂ ਅਤੇ ਹੁਣ ਮੈਂ ਵੇਖ ਸਕਦਾ ਹਾਂ ।”
16ਕੁੱਝ ਫ਼ਰੀਸੀਆਂ ਨੇ ਕਿਹਾ, “ਇਹ ਮਨੁੱਖ ਪਰਮੇਸ਼ੁਰ ਵੱਲੋਂ ਨਹੀਂ ਹੈ ਕਿਉਂਕਿ ਇਹ ਸਬਤ ਦੇ ਦਿਨ ਦੇ ਨੇਮ ਨੂੰ ਵੀ ਨਹੀਂ ਮੰਨਦਾ । ਇਸ ਲਈ ਉਹ ਪਰਮੇਸ਼ੁਰ ਵੱਲੋਂ ਨਹੀਂ ਹੈ ।” ਕੁੱਝ ਹੋਰ ਲੋਕਾਂ ਨੇ ਆਖਿਆ, “ਕੀ ਇੱਕ ਪਾਪੀ ਆਦਮੀ ਅਜਿਹੇ ਚਮਤਕਾਰ ਕਰ ਸਕਦਾ ਹੈ ।” ਯਹੂਦੀ ਇਸ ਗੱਲ ਉੱਪਰ ਆਪਸ ਵਿੱਚ ਸਹਿਮਤ ਨਾ ਹੋਏ ।17ਯਹੂਦੀਆਂ ਦੇ ਆਗੂਆਂ ਨੇ ਉਸ ਮਨੁੱਖ ਨੂੰ ਫੇਰ ਪੁੱਛਿਆ, “ਉਹ ਮਨੁੱਖ ਜਿਸ ਨੇ ਤੈਨੂੰ ਚੰਗਾ ਕੀਤਾ, ਜਿਸ ਕਰਕੇ ਹੁਣ ਤੂੰ ਵੇਖ ਸਕਦਾ ਹੈ । ਤੂੰ ਉਸ ਮਨੁੱਖ ਬਾਰੇ ਕੀ ਆਖਦਾ ਹੈ ? ” ਉਸ ਮਨੁੱਖ ਨੇ ਕਿਹਾ, “ਉਹ ਇੱਕ ਨਬੀ ਹੈ ।”18ਜਦੋਂ ਤੱਕ ਉਸ ਦੇ ਮਾਪਿਆਂ ਨੂੰ ਨਹੀਂ ਸੱਦਿਆ ਯਹੂਦੀਆਂ ਨੇ ਇਹ ਵਿਸ਼ਵਾਸ ਨਹੀਂ ਕੀਤਾ ਕਿ ਉਹ ਮਨੁੱਖ ਅੰਨ੍ਹਾ ਸੀ ਅਤੇ ਚੰਗਾ ਕੀਤਾ ਗਿਆ ਹੈ ।
19ਯਹੂਦੀਆਂ ਨੇ ਉਸ ਦੇ ਮਾਂ-ਬਾਪ ਤੋਂ ਪੁੱਛਿਆ, “ਕੀ ਇਹ ਮਨੁੱਖ ਤੁਹਾਡਾ ਪੁੱਤਰ ਹੈ ? ਤੁਸੀਂ ਕਹਿੰਦੇ ਹੋ ਕਿ ਇਹ ਅੰਨ੍ਹਾ ਜਨਮਿਆ ਸੀ ਤਾਂ ਇਹ ਹੁਣ ਕਿਵੇਂ ਵੇਖ ਸਕਦਾ ਹੈ ? ”20ਉਸ ਦੇ ਮਾਪਿਆਂ ਨੇ ਉੱਤਰ ਦਿੱਤਾ, “ਅਸੀਂ ਜਾਣਦੇ ਹਾਂ ਕਿ ਇਹ ਸਾਡਾ ਪੁੱਤਰ ਹੈ ਅਤੇ ਜਦੋਂ ਇਹ ਜਨਮਿਆ ਸੀ ਤਾਂ ਅੰਨ੍ਹਾ ਸੀ ।21ਪਰ ਸਾਨੂੰ ਇਹ ਨਹੀਂ ਪਤਾ ਕਿ ਹੁਣ ਇਸ ਨੂੰ ਕਿਵੇਂ ਦਿਸਦਾ ਹੈ । ਅਸੀਂ ਨਹੀਂ ਜਾਣਦੇ ਕਿ ਉਸ ਦੀਆਂ ਅੱਖਾਂ ਕਿਸ ਨੇ ਚੰਗੀਆਂ ਕੀਤੀਆਂ ਹਨ । ਤੁਸੀਂ ਉਸ ਨੂੰ ਪੁੱਛੋ । ਉਹ ਬੱਚਾ ਨਹੀਂ ਹੈ ਵੱਡਾ ਹੈ ਅਤੇ ਉਹ ਆਪਣੇ ਬਾਰੇ ਤੁਹਾਡੇ ਸਵਾਲਾਂ ਦੇ ਉੱਤਰ ਦੇ ਸਕਦਾ ਹੈ ।”
22ਉਸ ਦੇ ਮਾਪਿਆਂ ਨੇ ਇਹ ਇਸ ਲਈ ਕਿਹਾ ਸੀ, ਕਿਉਂਕਿ ਉਹ ਯਹੂਦੀ ਆਗੂਆਂ ਤੋਂ ਡਰਦੇ ਸਨ । ਯਹੂਦੀ ਆਗੂਆਂ ਨੇ ਪਹਿਲਾਂ ਹੀ ਏਕਾ ਕਰ ਲਿਆ ਸੀ ਕਿ ਉਹ ਉਸ ਮਨੁੱਖ ਨੂੰ ਪ੍ਰਾਰਥਨਾ ਘਰ ਵਿੱਚੋਂ ਕੱਢ ਦੇਣਗੇ ਜੋ ਇਹ ਆਖੇਗਾ ਕਿ ਯਿਸੂ ਮਸੀਹ ਹੈ ।23ਇਸੇ ਲਈ ਉਸ ਦੇ ਮਾਪਿਆਂ ਨੇ ਕਿਹਾ, “ਉਹ ਬਹੁਤ ਸਿਆਣਾ ਹੈ, ਉਸ ਨੂੰ ਹੀ ਪੁੱਛ ਲਵੋ ।”
24ਯਹੂਦੀ ਆਗੂਆਂ ਨੇ ਉਸ ਮਨੁੱਖ ਨੂੰ, ਜੋ ਪਹਿਲਾਂ ਅੰਨ੍ਹਾ ਸੀ, ਦੂਜੀ ਵਾਰੀ ਬੁਲਾਇਆ ਅਤੇ ਆਖਿਆ, “ਤੂੰ ਪਰਮੇਸ਼ੁਰ ਦੇ ਸਾਹਮਣੇ ਸੱਚ ਬੋਲ ਅਸੀਂ ਜਾਣਦੇ ਹਾਂ ਕਿ ਉਹ ਮਨੁੱਖ (ਯਿਸੂ) ਪਾਪੀ ਹੈ ।”25ਉਸ ਮਨੁੱਖ ਨੇ ਕਿਹਾ, “ਮੈਂ ਨਹੀਂ ਜਾਣਦਾ ਕਿ ਉਹ ਪਾਪੀ ਹੈ ਜਾਂ ਨਹੀਂ । ਮੈਂ ਸਿਰਫ਼ ਇੱਕ ਹੀ ਗੱਲ ਜਾਣਦਾ ਹਾਂ ਕਿ ਮੈਂ ਅੰਨ੍ਹਾ ਸੀ ਅਤੇ ਹੁਣ ਮੈਂ ਵੇਖਦਾ ਹਾਂ ।”
26ਯਹੂਦੀਆਂ ਦੇ ਆਗੂਆਂ ਨੇ ਆਖਿਆ, “ਉਸ ਨੇ ਤੈਨੂੰ ਕੀ ਕੀਤਾ ? ਉਸ ਨੇ ਕਿਵੇਂ ਤੇਰੀਆਂ ਅੱਖਾਂ ਠੀਕ ਕੀਤੀਆਂ ? ”27ਉਸ ਮਨੁੱਖ ਨੇ ਆਖਿਆ, “ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਪਰ ਤੁਸੀਂ ਨਹੀਂ ਸੁਣਿਆ । ਤੁਸੀਂ ਉਹੀ ਗੱਲ ਫ਼ੇਰ ਤੋਂ ਸੁਣਨੀ ਕਿਉਂ ਪਸੰਦ ਕਰਦੇ ਹੋ ? ਕੀ ਤੁਸੀਂ ਵੀ ਉਸ ਦੇ ਚੇਲੇ ਬਣਨਾ ਚਾਹੁੰਦੇ ਹੋ ? ”28ਯਹੂਦੀਆਂ ਦੇ ਆਗੂ ਬਹੁਤ ਗੁੱਸੇ ਵਿੱਚ ਆਏ ਅਤੇ ਫਿਰ ਉਸ ਮਨੁੱਖ ਨੂੰ ਬਹੁਤ ਬੁਰਾ ਭਲਾ ਕਿਹਾ ਅਤੇ ਆਖਿਆ, “ਤੂੰ ਉਸ ਮਨੁੱਖ ਦਾ ਚੇਲਾ ਹੈ ਤੇ ਅਸੀਂ ਮੂਸਾ ਦੇ ਚੇਲੇ ਹਾਂ ।29ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਨੇ ਮੂਸਾ ਨਾਲ ਗੱਲ ਕੀਤੀ ਸੀ, ਪਰ ਇਸ ਮਨੁੱਖ ਬਾਰੇ, ਅਸੀਂ ਨਹੀਂ ਜਾਣਦੇ ਕਿ ਉਹ ਕਿੱਥੋਂ ਆਇਆ ਹੈ ।”
30ਉਸ ਮਨੁੱਖ ਨੇ ਕਿਹਾ, “ਇਹ ਬਹੁਤ ਅਜੀਬ ਗੱਲ ਹੈ । ਤੁਸੀਂ ਨਹੀਂ ਜਾਣਦੇ ਕਿ ਯਿਸੂ ਕਿੱਥੋਂ ਆਇਆ ਹੈ । ਪਰ ਇਸ ਨੇ ਮੇਰੀਆਂ ਅੱਖਾਂ ਠੀਕ ਕੀਤੀਆਂ ਹਨ ।31ਅਸੀਂ ਸਭ ਜਾਣਦੇ ਹਾਂ ਕਿ ਪਰਮੇਸ਼ੁਰ ਪਾਪੀਆਂ ਦੀ ਨਹੀਂ ਸੁਣਦਾ । ਪਰ ਪਰਮੇਸ਼ੁਰ ਉਸ ਮਨੁੱਖ ਦੀ ਸੁਣਦਾ ਹੈ ਜੋ ਬੰਦਗੀ ਕਰਦਾ ਹੈ ਅਤੇ ਉਸ ਦੇ ਹੁਕਮਾਂ ਦੀ ਪਾਲਣਾ ਕਰਦਾ ਹੈ ।
32ਇਹ ਪਹਿਲੀ ਵਾਰ ਹੈ ਕਿ ਕਿਸੇ ਨੇ ਅੰਨ੍ਹੇ ਜਨਮੇ ਮਨੁੱਖ ਦੀਆਂ ਅੱਖਾਂ ਠੀਕ ਕੀਤੀਆਂ ਹਨ ।33ਇਹ ਮਨੁੱਖ ਜ਼ਰੂਰ ਪਰਮੇਸ਼ੁਰ ਵੱਲੋਂ ਹੋਵੇਗਾ । ਜੇਕਰ ਉਹ ਪਰਮੇਸ਼ੁਰ ਵੱਲੋਂ ਨਹੀਂ ਆਇਆ, ਤਾਂ ਉਹ ਅਜਿਹਾ ਚਮਤਕਾਰ ਕਰਨ ਯੋਗ ਨਾ ਹੁੰਦਾ ।”34ਯਹੂਦੀਆਂ ਦੇ ਆਗੂਆਂ ਨੇ ਉੱਤਰ ਦਿੱਤਾ, “ਤੂੰ ਪਾਪਾਂ ਵਿੱਚ ਜੰਮਿਆ ਸੀ । ਕੀ ਤੂੰ ਸਾਨੂੰ ਸਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈਂ ? ” ਫਿਰ ਉਨ੍ਹਾਂ ਨੇ ਉਸ ਨੂੰ ਜਾਣ ਲਈ ਕਿਹਾ ।
ਆਤਮਿਕ ਅੰਨ੍ਹਾਪਣ

35ਜਦੋਂ ਯਿਸੂ ਨੂੰ ਪਤਾ ਲੱਗਾ ਕਿ ਉਨ੍ਹਾਂ ਨੇ ਉਸ ਮਨੁੱਖ ਨੂੰ ਇਥੋਂ ਜਾਣ ਨੂੰ ਕਿਹਾ ਹੈ ਤਾਂ ਯਿਸੂ ਨੇ ਉਸ ਮਨੁੱਖ ਨੂੰ ਲੱਭ ਕੇ ਪੁੱਛਿਆ, “ਕੀ ਤੂੰ ਮਨੁੱਖ ਦੇ ਪੁੱਤਰ ਦਾ ਵਿਸ਼ਵਾਸ ਕਰਦਾ ਹੈ ? ”36ਉਸ ਮਨੁੱਖ ਨੇ ਕਿਹਾ, “ਹੇ ਪ੍ਰਭੂ, ਮਨੁੱਖ ਦਾ ਪੁੱਤਰ ਕੌਣ ਹੈ । ਮੈਨੂੰ ਦੱਸੋ ਤਾਂ ਜੋ ਮੈਂ ਉਸ ਤੇ ਵਿਸ਼ਵਾਸ ਕਰ ਸਕਾਂ ।”37ਮਨੁੱਖ ਨੇ ਆਖਿਆ, “ਤੂੰ ਉਸ ਨੂੰ ਪਹਿਲਾਂ ਹੀ ਵੇਖਿਆ ਹੈ, ਉਹ ਮਨੁੱਖ ਦਾ ਪੁੱਤਰ ਹੈ, ਜੋ ਹੁਣ ਤੇਰੇ ਨਾਲ ਗੱਲਾਂ ਕਰ ਰਿਹਾ ਹੈ ।”38ਯਿਸੂ ਨੂੰ ਉਸ ਨੇ ਆਖਿਆ, “ਪ੍ਰਭੂ ! ਮੈਂ ਵਿਸ਼ਵਾਸ ਕਰਦਾ ਹਾਂ । ਤਾਂ ਉਸ ਆਦਮੀ ਨੇ ਝੁੱਕ ਕੇ ਯਿਸੂ ਨੂੰ ਮੱਥਾ ਟੇਕਿਆ ।”
39ਯਿਸੂ ਨੇ ਆਖਿਆ, “ਮੈਂ ਇਸ ਦੁਨੀਆਂ ਤੇ ਨਿਆਂ ਕਰਨ ਲਈ ਆਇਆ ਹਾਂ । ਮੈਂ ਇਸ ਸੰਸਾਰ ਤੇ ਇਸ ਲਈ ਆਇਆ ਤਾਂ ਜੋ ਅੰਨ੍ਹੇ ਵੇਖਣ ਅਤੇ ਉਹ ਜਿਹੜੇ ਸੋਚਦੇ ਹਨ ਕਿ ਉਹ ਵੇਖਦੇ ਹਨ ਅੰਨ੍ਹੇ ਹੋ ਜਾਣ ।”40ਕੁੱਝ ਫ਼ਰੀਸੀਆਂ ਨੇ ਜੋ ਯਿਸੂ ਨੇੜੇ ਖੜ੍ਹੇ ਸਨ, ਇਹ ਸੁਣਿਆ ਅਤੇ ਕਿਹਾ, “ਕੀ ! ਤੇਰਾ ਮਤਲਬ ਇਹ ਹੈ ਕਿ ਅਸੀਂ ਵੀ ਅੰਨ੍ਹੇ ਹਾਂ ? ”41ਯਿਸੂ ਨੇ ਆਖਿਆ, “ਜੇਕਰ ਤੁਸੀਂ ਸੱਚ-ਮੁੱਚ ਅੰਨ੍ਹੇ ਹੁੰਦੇ, ਤਾਂ ਤੁਸੀਂ ਪਾਪ ਦੇ ਦੋਸ਼ੀ ਨਾ ਹੁੰਦੇ । ਪਰ ਹੁਣ ਤੁਸੀਂ ਆਖਦੇ ਹੋ, ‘ਅਸੀਂ ਵੇਖ ਸਕਦੇ ਹਾਂ,’ ਇਸ ਲਈ ਤੁਹਾਡਾ ਪਾਪ ਬਣਿਆ ਰਹਿੰਦਾ ਹੈ ।”

10
ਚਰਵਾਹੇ ਅਤੇ ਭੇਡਾਂ ਦਾ ਦ੍ਰਿਸ਼ਟਾਂਤ

1ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਿਹੜਾ ਆਦਮੀ ਭੇਡਾਂ ਦੇ ਬਾੜੇ ਵਿੱਚ ਦਰਵਾਜ਼ੇ ਦੀ ਬਜਾਏ ਕਿਸੇ ਹੋਰ ਰਾਹ ਤੋਂ ਵੜਦਾ ਹੈ, ਉਹ ਚੋਰ ਤੇ ਡਾਕੂ ਹੈ ।2ਪਰ ਉਹ ਜਿਹੜਾ ਦਰਵਾਜ਼ੇ ਰਾਹੀਂ ਵੜਦਾ ਹੈ, ਉਹ ਭੇਡਾਂ ਦਾ ਅਯਾਲੀ ਹੈ ।

3ਉਸ ਦੇ ਲਈ ਦਰਬਾਨ ਦਰਵਾਜ਼ਾ ਖੋਲ੍ਹ ਦਿੰਦਾ ਹੈ ਅਤੇ ਭੇਡਾਂ ਉਸਦਾ ਬੋਲ ਸੁਣਦੀਆਂ ਹਨ ਅਤੇ ਉਹ ਆਪਣੀਆਂ ਭੇਡਾਂ ਨੂੰ ਨਾਮ ਲੈ-ਲੈ ਕੇ ਬੁਲਾਉਂਦਾ ਅਤੇ ਉਨ੍ਹਾਂ ਨੂੰ ਬਾਹਰ ਲੈ ਜਾਂਦਾ ਹੈ ।4ਜਦੋਂ ਉਹ ਆਪਣੀਆਂ ਸਾਰੀਆਂ ਭੇਡਾਂ ਨੂੰ ਬਾਹਰ ਕੱਢ ਲੈਂਦਾ ਤਾਂ ਉਹ ਉਨ੍ਹਾਂ ਦੇ ਅੱਗੇ-ਅੱਗੇ ਤੁਰਦਾ ਹੈ ਅਤੇ ਭੇਡਾਂ ਉਸ ਦੇ ਮਗਰ ਜਾਂਦੀਆਂ ਹਨ; ਕਿਉਂਕਿ ਉਹ ਉਸ ਦੀ ਅਵਾਜ਼ ਨੂੰ ਪਛਾਣਦੀਆਂ ਹਨ ।
5ਪਰ ਉਹ ਪਰਾਏ ਆਦਮੀ ਦੇ ਮਗਰ ਕਦੇ ਨਹੀਂ ਜਾਣਗੀਆਂ, ਸਗੋਂ ਉਹ ਉਸ ਤੋਂ ਦੂਰ ਭੱਜ ਜਾਣਗੀਆਂ ਕਿਉਂਕਿ ਉਹ ਪਰਾਏ ਦੀ ਅਵਾਜ਼ ਨੂੰ ਨਹੀਂ ਪਛਾਣਦੀਆਂ ।”6ਯਿਸੂ ਨੇ ਲੋਕਾਂ ਨੂੰ ਇਹ ਦ੍ਰਿਸ਼ਟਾਂਤ ਸਮਝਾਇਆ ਪਰ ਉਹ ਇਸ ਦਾ ਮਤਲਬ ਨਾ ਸਮਝ ਸਕੇ ।
ਯਿਸੂ ਚੰਗਾ ਚਰਵਾਹਾ

7ਤਦ ਯਿਸੂ ਨੇ ਦੁਬਾਰਾ ਕਿਹਾ, “ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ ਕਿ ਭੇਡਾਂ ਲਈ ਦਰਵਾਜ਼ਾ ਮੈਂ ਹਾਂ ।8ਕਿਉਂਕਿ ਜਿਹੜੇ ਮੇਰੇ ਤੋਂ ਪਹਿਲਾਂ ਆਏ, ਉਹ ਚੋਰ ਤੇ ਡਾਕੂ ਸਨ, ਭੇਡਾਂ ਨੇ ਉਨ੍ਹਾਂ ਦੀ ਨਹੀਂ ਸੁਣੀ ।
9ਮੈਂ ਦਰਵਾਜ਼ਾ ਹਾਂ, ਜਿਹੜਾ ਆਦਮੀ ਮੇਰੇ ਰਾਹੀਂ ਵੜਦਾ ਹੈ, ਬਚਾਇਆ ਜਾਵੇਗਾ । ਉਹ ਅੰਦਰ-ਬਾਹਰ ਆਇਆ ਜਾਇਆ ਕਰੇਗਾ ਅਤੇ ਉਸ ਨੂੰ ਜੋ ਚਾਹੀਦਾ ਮਿਲ ਜਾਵੇਗਾ ।10ਚੋਰ, ਚੋਰੀ ਕਰਨ, ਮਾਰਨ ਅਤੇ ਨਾਸ ਕਰਨ ਲਈ ਆਉਂਦਾ ਹੈ, ਪਰ ਮੈਂ ਉਨ੍ਹਾਂ ਨੂੰ ਜੀਵਨ ਦੇਣ ਆਇਆ ਹਾਂ, ਸਗੋਂ ਚੋਖਾ ਜੀਵਨ ।
11ਮੈਂ ਚੰਗਾ ਅਯਾਲੀ ਹਾਂ । ਇੱਕ ਚੰਗਾ ਅਯਾਲੀ ਭੇਡਾਂ ਦੀ ਖਾਤਰ ਆਪਣਾ ਜੀਵਨ ਕੁਰਬਾਨ ਕਰ ਦਿੰਦਾ ਹੈ ।12ਇੱਕ ਮਜ਼ਦੂਰ ਅਯਾਲੀ ਨਹੀਂ ਹੈ ਅਤੇ ਉਹ ਭੇਡਾਂ ਦਾ ਮਾਲਕ ਨਹੀਂ ਹੈ । ਕਿਉਂ ਜੋ ਉਹ ਬਘਿਆੜ ਨੂੰ ਆਉਂਦਿਆਂ ਹੀਂ ਵੇਖ ਕੇ ਉਹ ਭੱਜ ਜਾਂਦਾ ਹੈ । ਬਘਿਆੜ ਉਨ੍ਹਾਂ ਭੇਡਾਂ ਤੇ ਹਮਲਾ ਕਰਦਾ ਅਤੇ ਉਨ੍ਹਾਂ ਨੂੰ ਖਿੰਡਾ ਦਿੰਦਾ ਹੈ ।13ਮਜ਼ਦੂਰ ਭੱਜ ਜਾਂਦਾ ਹੈ ਕਿਉਂਕਿ ਉਹ ਸਿਰਫ਼ ਮਜ਼ਦੂਰੀ ਲਈ ਕੰਮ ਕਰਦਾ ਹੈ ਅਤੇ ਭੇਡਾਂ ਦਾ ਖਿਆਲ ਨਹੀਂ ਰੱਖਦਾ ।
14ਮੈਂ ਚੰਗਾ ਅਯਾਲੀ ਹਾਂ, ਜੋ ਭੇਡਾਂ ਦਾ ਧਿਆਨ ਰੱਖਦਾ ਹਾਂ । ਉਵੇਂ ਹੀ ਜਿਵੇਂ ਕਿ ਪਿਤਾ ਮੈਨੂੰ ਜਾਣਦਾ ਹੈ, ਮੈਂ ਆਪਣੀਆਂ ਭੇਡਾਂ ਨੂੰ ਜਾਣਦਾ ਹਾਂ15ਅਤੇ ਜਿਵੇਂ ਮੈਂ ਪਿਤਾ ਨੂੰ ਜਾਣਦਾ ਹਾਂ, ਮੇਰੀਆਂ ਭੇਡਾਂ ਵੀ ਮੈਨੂੰ ਜਾਣਦੀਆਂ ਹਨ । ਮੈਂ ਭੇਡਾਂ ਦੇ ਬਦਲੇ ਆਪਣੀ ਜਾਨ ਕੁਰਬਾਨ ਕਰਦਾ ਹਾਂ16ਮੇਰੀਆਂ ਹੋਰ ਵੀ ਭੇਡਾਂ ਹਨ, ਜਿਹੜੀਆਂ ਇਸ ਇੱਜੜ ਵਿੱਚ ਨਹੀਂ ਹਨ । ਮੈਨੂੰ ਚਾਹੀਦਾ ਹੈ ਕਿ ਉਨ੍ਹਾਂ ਨੂੰ ਵੀ ਲਿਆਵਾਂ ਅਤੇ ਉਹ ਮੇਰੀ ਅਵਾਜ਼ ਸੁਣਨਗੀਆਂ ਅਤੇ ਇੱਕ ਇੱਜੜ ਅਤੇ ਇੱਕੋ ਅਯਾਲੀ ਹੋਵੇਗਾ ।
17ਮੇਰਾ ਪਿਤਾ ਮੈਨੂੰ ਪਿਆਰ ਕਰਦਾ ਹੈ ਕਿਉਂਕਿ ਮੈਂ ਆਪਣੀ ਜਾਨ ਦਿੰਦਾ ਹਾਂ, ਤਾਂ ਜੋ ਮੈਂ ਇਸ ਨੂੰ ਫ਼ੇਰ ਲੈ ਸਕਾਂ । ਕੋਈ ਮਨੁੱਖ ਮੇਰੀ ਜ਼ਿੰਦਗੀ ਮੇਰੇ ਤੋਂ ਨਹੀਂ ਖੋਂਹਦਾ ਪਰ ਮੈਂ ਇਸ ਨੂੰ ਆਪੇ ਹੀ ਗੁਆ ਦਿੰਦਾ ਹਾਂ ।18ਮੈਨੂੰ ਆਪਣਾ ਜੀਵਨ ਦੇਣ ਦਾ ਅਤੇ ਇਸ ਨੂੰ ਫ਼ੇਰ ਵਾਪਸ ਲੈਣ ਦਾ ਅਧਿਕਾਰ ਹੈ । ਇਹ ਹੁਕਮ ਮੈਂ ਆਪਣੇ ਪਿਤਾ ਕੋਲੋਂ ਪਾਇਆ ਹੈ ।”
19ਯਿਸੂ ਦੇ ਇਨ੍ਹਾਂ ਸ਼ਬਦਾਂ ਨੂੰ, ਇੱਕ ਵਾਰ ਫ਼ੇਰ ਸੁਨਣ ਤੋਂ ਬਾਅਦ, ਯਹੂਦੀਆਂ ਦੀ ਆਪਸ ਵਿੱਚ ਫੁੱਟ ਪੈ ਗਈ ।20ਬਹੁਤਿਆਂ ਨੇ ਆਖਿਆ, “ਇਸ ਦੇ ਵਿੱਚ ਭੂਤ ਹੈ ਇਸ ਲਈ ਇਹ ਇੱਕ ਪਾਗਲ ਆਦਮੀ ਦੀ ਤਰ੍ਹਾਂ ਬੋਲ ਰਿਹਾ ਹੈ । ਤੁਸੀਂ ਇਸ ਨੂੰ ਕਿਉਂ ਸੁਣ ਰਹੇ ਹੋ ? ”21ਪਰ ਦੂਜਿਆਂ ਨੇ ਆਖਿਆ, “ਜਿਸ ਆਦਮੀ ਵਿੱਚ ਭੂਤ ਹੋਵੇ ਉਹ ਇਸ ਤਰ੍ਹਾਂ ਨਹੀਂ ਬੋਲ ਸਕਦਾ । ਕੀ ਕੋਈ ਭੂਤ ਕਿਸੇ ਅੰਨ੍ਹੇ ਨੂੰ ਸੁਜਾਖਾ ਕਰ ਸਕਦਾ ਹੈ ? ਨਹੀਂ !”
ਯਹੂਦੀਆਂ ਦਾ ਅਵਿਸ਼ਵਾਸ

22ਇਹ ਸਰਦੀ ਦੀ ਰੁੱਤ ਸੀ ਅਤੇ ਯਰੂਸ਼ਲਮ ਵਿੱਚ ਪ੍ਰਤਿਸ਼ਠਾ ਦਾ ਤਿਉਹਾਰ ਆਇਆ ।23ਯਿਸੂ ਹੈਕਲ ਵਿੱਚ ਸੁਲੇਮਾਨ ਦੀ ਡਿਉਢੀ ਤੇ ਟਹਿਲ ਰਿਹਾ ਸੀ ।24ਯਹੂਦੀ ਯਿਸੂ ਦੇ ਆਲੇ-ਦੁਆਲੇ ਇਕੱਠੇ ਹੋ ਗਏ ਅਤੇ ਕਹਿਣ ਲੱਗੇ, “ਕਿੰਨੇ ਸਮੇਂ ਤੱਕ ਤੂੰ ਸਾਨੂੰ ਭੁਲਾਵੇ ਵਿੱਚ ਰੱਖੇਂਗਾ ? ਜੇਕਰ ਤੂੰ ਮਸੀਹ ਹੈਂ ਤਾਂ ਸਾਨੂੰ ਸਾਫ਼-ਸਾਫ਼ ਦੱਸ ।”
25ਯਿਸੂ ਨੇ ਉੱਤਰ ਦਿੱਤਾ, “ਮੈਂ ਪਹਿਲਾਂ ਹੀ ਤੁਹਾਨੂੰ ਦੱਸ ਚੁੱਕਿਆ ਹਾਂ ਪਰ ਤੁਸੀਂ ਵਿਸ਼ਵਾਸ ਨਹੀਂ ਕੀਤਾ । ਮੈਂ ਆਪਣੇ ਪਿਤਾ ਦੇ ਨਾਮ ਤੇ ਕੰਮ ਕਰਦਾ ਹਾਂ ਅਤੇ ਉਹ ਕਰਾਮਾਤਾਂ ਮੇਰੇ ਬਾਰੇ ਗਵਾਹੀ ਦਿੰਦੀਆਂ ਹਨ ।26ਪਰ ਤੁਸੀਂ ਵਿਸ਼ਵਾਸ ਨਹੀਂ ਕਰਦੇ । ਕਿਉਂਕਿ ਤੁਸੀਂ ਮੇਰੀਆਂ ਭੇਡਾਂ ਨਹੀਂ ਹੋ ।
27ਮੇਰੀਆਂ ਭੇਡਾਂ ਮੇਰੀ ਅਵਾਜ਼ ਨੂੰ ਸੁਣਦੀਆਂ ਹਨ । ਮੈਂ ਉਨ੍ਹਾਂ ਨੂੰ ਜਾਣਦਾ ਹਾਂ ਅਤੇ ਉਹ ਮੇਰੇ ਪਿੱਛੇ ਚਲਦੀਆਂ ਹਨ ।28ਮੈਂ ਆਪਣੀਆਂ ਭੇਡਾਂ ਨੂੰ ਸਦੀਪਕ ਜੀਵਨ ਦਿੰਦਾ ਹਾਂ ਅਤੇ ਉਹ ਕਦੇ ਨਹੀਂ ਮਰਨਗੀਆਂ ਅਤੇ ਨਾ ਕੋਈ ਉਨ੍ਹਾਂ ਨੂੰ ਮੇਰੇ ਤੋਂ ਖੋਹ ਸਕਦਾ ਹੈ ।
29ਮੇਰੇ ਪਿਤਾ ਨੇ ਭੇਡਾਂ ਮੈਨੂੰ ਦਿੱਤੀਆਂ ਹਨ, ਉਹ ਸਭ ਤੋਂ ਮਹਾਨ ਹੈ ।30ਕੋਈ ਵੀ ਉਨ੍ਹਾਂ ਭੇਡਾਂ ਨੂੰ ਮੇਰੇ ਪਿਤਾ ਦੇ ਹੱਥੋਂ ਖੋਹ ਨਹੀਂ ਸਕਦਾ । ਮੈਂ ਅਤੇ ਪਿਤਾ ਇੱਕ ਹਾਂ ।”31ਯਹੂਦੀਆਂ ਨੇ ਫਿਰ ਯਿਸੂ ਨੂੰ ਮਾਰਨ ਲਈ ਪੱਥਰ ਚੁੱਕੇ ।
32ਪਰ ਯਿਸੂ ਨੇ ਉਨ੍ਹਾਂ ਨੂੰ ਆਖਿਆ, “ਮੈਂ ਤੁਹਾਨੂੰ ਪਿਤਾ ਵੱਲੋਂ ਬਹੁਤ ਚੰਗੇ ਕੰਮ ਵਿਖਾਏ, ਉਨ੍ਹਾਂ ਵਿੱਚੋਂ ਕਿਸ ਕੰਮ ਕਰਕੇ ਤੁਸੀਂ ਮੇਰੇ ਉੱਤੇ ਪਥਰਾਹ ਕਰਨਾ ਚਾਹੁੰਦੇ ਹੋ ? ”33ਯਹੂਦੀਆਂ ਨੇ ਆਖਿਆ, “ਅਸੀਂ ਤੇਰੇ ਤੇ ਕਿਸੇ ਚੰਗੇ ਕੰਮ ਵਾਸਤੇ ਪੱਥਰ ਨਹੀਂ ਮਾਰ ਰਹੇ, ਸਗੋਂ ਇਸ ਲਈ ਕਿ ਤੂੰ ਪਰਮੇਸ਼ੁਰ ਦੇ ਵਿਰੁੱਧ ਕੁਫ਼ਰ ਬੋਲਿਆ ਹੈਂ । ਤੂੰ ਸਿਰਫ਼ ਇੱਕ ਮਨੁੱਖ ਹੈਂ ਪਰ ਤੂੰ ਆਖਦਾ ਹੈਂ ਕਿ ਤੂੰ ਪਰਮੇਸ਼ੁਰ ਹੈਂ । ਇਸੇ ਲਈ ਤੈਨੂੰ ਪੱਥਰਾਂ ਨਾਲ ਜਾਨੋਂ ਮਾਰਨਾ ਚਾਹੁੰਦੇ ਹਾਂ ।”
34ਯਿਸੂ ਨੇ ਉੱਤਰ ਦਿੱਤਾ, “ਇਹ ਤੁਹਾਡੀ ਬਿਵਸਥਾ ਵਿੱਚ ਲਿਖਿਆ ਹੋਇਆ ਹੈ, ‘ਮੈਂ ਆਖਿਆ ਤੁਸੀਂ ਦੇਵਤੇ ਹੋ’।35ਉਹ ਲੋਕ ਜਿਨ੍ਹਾਂ ਕੋਲ ਪਰਮੇਸ਼ੁਰ ਦਾ ਬਚਨ ਪਹੁੰਚਿਆ ਉਹ ਇਸ ਪਵਿੱਤਰ ਗ੍ਰੰਥ ਵਿੱਚ ਦੇਵਤੇ ਅਖਵਾਉਂਦੇ ਹਨ ਅਤੇ ਬਚਨ ਕਦੇ ਵੀ ਝੂਠਾ ਨਹੀਂ ਹੋ ਸਕਦਾ ।36ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਮੈਂ ਪਰਮੇਸ਼ੁਰ ਦੇ ਵਿਰੁੱਧ ਕੁਫ਼ਰ ਬੋਲ ਰਿਹਾ ਹਾਂ । ਸਿਰਫ਼ ਕਿਉਂਕਿ ਮੈਂ ਆਖਿਆ ਹੈ ਮੈਂ ਪਰਮੇਸ਼ੁਰ ਦਾ ਪੁੱਤਰ ਹਾਂ ? ਮੈਂ ਉਹ ਹਾਂ, ਜਿਸ ਨੂੰ ਪਰਮੇਸ਼ੁਰ ਨੇ ਇਸ ਦੁਨੀਆਂ ਤੇ ਭੇਜਣ ਲਈ ਚੁਣਿਆ ।
37ਜੇਕਰ ਮੈਂ ਉਹ ਕੰਮ ਨਹੀਂ ਕਰਦਾ ਜੋ ਮੇਰਾ ਪਿਤਾ ਕਰਦਾ ਹੈ, ਤਾਂ ਜੋ ਮੈਂ ਆਖਦਾ ਹਾਂ ਉਸ ਤੇ ਵਿਸ਼ਵਾਸ ਨਾ ਕਰੋ ।38ਪਰ ਜੇ ਮੈਂ ਉਹ ਕੰਮ ਕਰਾਂ ਜੋ ਮੇਰਾ ਪਿਤਾ ਕਰਦਾ ਹੈ, ਫਿਰ ਤੁਹਾਨੂੰ ਮੇਰੇ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ । ਭਾਵੇਂ ਤੁਸੀਂ ਮੇਰੇ ਤੇ ਵਿਸ਼ਵਾਸ ਨਾ ਕਰੋ, ਪਰ ਮੇਰੇ ਕੰਮਾਂ ਤੇ ਵਿਸ਼ਵਾਸ ਕਰੋ, ਜਿਹੜੇ ਮੈਂ ਕਰਦਾ ਹਾਂ । ਫੇਰ ਤੁਸੀਂ ਜਾਣੋਗੇ ਅਤੇ ਸਮਝੋਂਗੇ ਕਿ ਪਿਤਾ ਮੇਰੇ ਵਿੱਚ ਹੈ ਅਤੇ ਮੈਂ ਪਿਤਾ ਵਿੱਚ ਹਾਂ ।”39ਯਹੂਦੀ ਫੇਰ ਯਿਸੂ ਨੂੰ ਫੜਨਾ ਚਾਹੁੰਦੇ ਸਨ, ਪਰ ਉਹ ਉਨ੍ਹਾਂ ਤੋਂ ਬਚ ਗਿਆ ।
40ਯਿਸੂ ਫਿਰ ਯਰਦਨ ਨਦੀ ਦੇ ਪਾਰ ਚਲਾ ਗਿਆ ਜਿੱਥੇ ਪਹਿਲਾਂ ਯੂਹੰਨਾ ਬਪਤਿਸਮਾ ਦਿੰਦਾ ਸੀ ਅਤੇ ਉਹ ਉੱਥੇ ਠਹਿਰਿਆ ।41ਉੱਥੇ ਲੋਕਾਂ ਦੀ ਵੱਡੀ ਭੀੜ ਯਿਸੂ ਕੋਲ ਆਈ ਅਤੇ ਕਹਿਣ ਲੱਗੀ, “ਯੂਹੰਨਾ ਨੇ ਕਦੇ ਕੋਈ ਚਮਤਕਾਰ ਨਹੀਂ ਕੀਤਾ, ਪਰ ਜੋ ਕੁੱਝ ਯੂਹੰਨਾ ਨੇ ਉਸ (ਯਿਸੂ) ਬਾਰੇ ਆਖਿਆ ਉਹ ਸੱਚ ਸੀ ।”42ਉੱਥੇ ਫਿਰ ਬਹੁਤ ਸਾਰੇ ਲੋਕਾਂ ਨੇ ਉਸ ਤੇ ਵਿਸ਼ਵਾਸ ਕੀਤਾ ।

11
ਲਾਜ਼ਰ ਦੀ ਮੌਤ

1ਲਾਜ਼ਰ ਨਾਮ ਦਾ ਇੱਕ ਬਿਮਾਰ ਮਨੁੱਖ ਸੀ ਜੋ ਕਿ ਬੈਤਅਨਿਯਾ ਨਗਰ ਵਿੱਚ ਰਹਿੰਦਾ ਸੀ । ਇਹ ਉਹ ਨਗਰ ਸੀ, ਜਿੱਥੇ ਮਰਿਯਮ ਅਤੇ ਉਸ ਦੀ ਭੈਣ ਮਾਰਥਾ ਰਹਿੰਦੀ ਸੀ ।2ਇਹ ਉਹ ਮਰਿਯਮ ਸੀ, ਜਿਸ ਨੇ ਪ੍ਰਭੂ ਉੱਤੇ ਅਤਰ ਪਾ ਦਿੱਤਾ ਅਤੇ ਆਪਣੇ ਸਿਰ ਦੇ ਵਾਲਾਂ ਨਾਲ ਉਸ ਦੇ ਚਰਨ ਸਾਫ਼ ਕੀਤੇ । ਲਾਜ਼ਰ ਮਰਿਯਮ ਦਾ ਭਰਾ ਬਿਮਾਰ ਸੀ ।

3ਇਸ ਲਈ ਮਰਿਯਮ ਅਤੇ ਮਾਰਥਾ ਨੇ ਉਸ ਕੋਲ ਇੱਕ ਸੁਨੇਹਾ ਭੇਜਿਆ, “ਪ੍ਰਭੂ, ਤੁਹਾਡਾ ਪਿਆਰਾ ਮਿੱਤਰ ਲਾਜ਼ਰ ਬਿਮਾਰ ਹੈ ।”4ਜਦੋਂ ਯਿਸੂ ਨੇ ਇਹ ਸੁਣਿਆ ਤਾਂ ਉਸ ਨੇ ਕਿਹਾ, “ਇਸ ਬਿਮਾਰੀ ਦਾ ਕਾਰਨ ਮੌਤ ਨਹੀਂ, ਸਗੋਂ ਇਹ ਬਿਮਾਰੀ ਪਰਮੇਸ਼ੁਰ ਦੀ ਮਹਿਮਾ ਲਈ ਅਤੇ ਪਰਮੇਸ਼ੁਰ ਦੇ ਪੁੱਤਰ ਦੀ ਮਹਿਮਾ ਲਈ ਹੋਵੇ ।”
5ਪ੍ਰਭੂ ਯਿਸੂ ਮਰਿਯਮ, ਉਸ ਦੀ ਭੈਣ ਮਾਰਥਾ ਅਤੇ ਉਸ ਦੇ ਭਰਾ ਲਾਜ਼ਰ ਨੂੰ ਪਿਆਰ ਕਰਦਾ ਸੀ ।6ਜਦੋਂ ਉਸ ਨੇ ਸੁਣਿਆ ਕਿ ਲਾਜ਼ਰ ਬੜਾ ਬਿਮਾਰ ਹੈ ਤਾਂ ਉਹ ਜਿੱਥੇ ਸੀ, ਉੱਥੇ ਦੋ ਦਿਨ ਤੱਕ ਉਹ ਹੋਰ ਰੁਕ ਗਿਆ ।7ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਅਸੀਂ ਹੁਣ ਯਹੂਦਿਯਾ ਨੂੰ ਵਾਪਸ ਚਲੀਏ ।”
8ਚੇਲਿਆਂ ਨੇ ਆਖਿਆ, “ਪਰ ਗੁਰੂ ! ਥੋੜ੍ਹਾ ਚਿਰ ਪਹਿਲਾਂ, ਯਹੂਦਿਯਾ ਵਿੱਚ ਯਹੂਦੀ ਤੇਰੇ ਉੱਤੇ ਪਥਰਾਹ ਕਰਨਾ ਚਾਹੁੰਦੇ ਸਨ, ਤਾਂ ਕੀ ਤੂੰ ਫਿਰ ਉੱਥੇ ਹੀ ਵਾਪਸ ਜਾਂਦਾ ਹੈਂ ।”9ਯਿਸੂ ਨੇ ਉੱਤਰ ਦਿੱਤਾ, “ਕੀ ਦਿਨ ਦੇ ਬਾਰ੍ਹਾਂ ਘੰਟੇ ਨਹੀਂ ਹੁੰਦੇ ? ਜੇਕਰ ਕੋਈ ਦਿਨ ਨੂੰ ਚਲੇ ਤਾਂ ਠੋਕਰ ਨਹੀਂ ਖਾਂਦਾ ਕਿਉਂਕਿ ਉਹ ਇਸ ਦੁਨੀਆਂ ਦੇ ਚਾਨਣ ਨੂੰ ਵੇਖਦਾ ਹੈ ।
10ਪਰ ਜੋ ਮਨੁੱਖ ਰਾਤ ਨੂੰ ਚੱਲਦਾ ਹੈ, ਹਨੇਰੇ ਵਿੱਚ ਠੋਕਰ ਖਾਂਦਾ ਕਿਉਂਕਿ ਉਸ ਕੋਲ ਚਾਨਣ ਨਹੀਂ ਹੈ ।”11ਯਿਸੂ ਨੇ ਇਹ ਗੱਲਾਂ ਕਹਿਣ ਤੋਂ ਬਾਅਦ ਕਿਹਾ, “ਸਾਡਾ ਮਿੱਤਰ ਲਾਜ਼ਰ ਸੌਂ ਗਿਆ ਹੈ, ਪਰ ਮੈਂ ਉਸ ਨੂੰ ਜਗਾਉਣ ਜਾਂਦਾ ਹਾਂ ।”
12ਚੇਲਿਆਂ ਨੇ ਆਖਿਆ, “ਪ੍ਰਭੂ, ਜੇਕਰ ਉਹ ਸੌਂ ਰਿਹਾ ਹੈ, ਤਾਂ ਉਹ ਜਾਗ ਜਾਵੇਗਾ ।”13ਯਿਸੂ ਦੇ ਕਹਿਣ ਦਾ ਮਤਲਬ ਸੀ, ਲਾਜ਼ਰ ਮਰ ਗਿਆ । ਪਰ ਚੇਲਿਆਂ ਨੇ ਸਮਝਿਆ ਕਿ ਉਹ ਅਸਲੀ ਨੀਂਦ ਬਾਰੇ ਬੋਲ ਰਿਹਾ ਸੀ ।14ਤਾਂ ਯਿਸੂ ਨੇ ਉਨ੍ਹਾਂ ਨੂੰ ਸਾਫ਼-ਸਾਫ਼ ਕਿਹਾ, “ਲਾਜ਼ਰ ਮਰ ਗਿਆ ਹੈ ।
15ਅਤੇ ਤੁਹਾਡੀ ਖਾਤਰ ਮੈਂ ਖੁਸ਼ੀ ਮਹਿਸੂਸ ਕਰਦਾ ਹਾਂ ਕਿ ਉਸ ਸਮੇਂ ਮੈਂ ਉੱਥੇ ਨਹੀਂ ਸੀ । ਕਿਉਂਕਿ ਹੁਣ ਤੁਸੀਂ ਮੇਰੇ ਤੇ ਵਿਸ਼ਵਾਸ ਕਰੋਂਗੇ । ਇਸ ਲਈ ਚਲੋ ਅਸੀਂ ਉੱਥੇ ਚੱਲੀਏ ।”16ਤਦ ਥੋਮਾ ਨੇ ਜਿਹੜਾ ਦੀਦੁਮੁਸ ਅਖਵਾਉਂਦਾ ਸੀ, ਆਪਣੇ ਨਾਲ ਦੇ ਚੇਲਿਆਂ ਨੂੰ ਆਖਿਆ, “ਚਲੋ ਆਓ ਅਸੀਂ ਵੀ ਉਸ ਦੇ ਨਾਲ ਚੱਲੀਏ । ਅਤੇ ਉਸ ਨਾਲ ਮਾਰੇ ਜਾਈਏ ।”
ਯਿਸੂ ਲਾਜ਼ਰ ਦੀਆਂ ਭੈਣਾਂ ਨੂੰ ਦਿਲਾਸਾ ਦਿੰਦਾ ਹੈ

17ਯਿਸੂ ਬੈਤਅਨਿਯਾ ਵਿੱਚ ਪਹੁੰਚਿਆ ਅਤੇ ਵੇਖਿਆ ਕਿ ਲਾਜ਼ਰ ਨੂੰ ਕਬਰ ਵਿੱਚ ਰੱਖੇ ਚਾਰ ਦਿਨ ਹੋ ਗਏ ਸਨ ।18ਬੈਤਅਨਿਯਾ ਤੋਂ ਯਰੂਸ਼ਲਮ ਵਿਚਕਾਰ ਲੱਗਭਗ ਦੋ ਮੀਲ ਦੀ ਦੂਰੀ ਸੀ ।19ਬਹੁਤ ਸਾਰੇ ਯਹੂਦੀ ਮਾਰਥਾ ਅਤੇ ਮਰਿਯਮ ਕੋਲ ਲਾਜ਼ਰ ਦੀ ਮੌਤ ਦਾ ਅਫ਼ਸੋਸ ਕਰਨ ਆਏ ।20ਜਦ ਮਾਰਥਾ ਨੇ ਸੁਣਿਆ ਕਿ ਯਿਸੂ ਆ ਰਿਹਾ ਹੈ, ਤਾਂ ਉਹ ਉਸ ਨੂੰ ਮਿਲਣ ਲਈ ਬਾਹਰ ਗਈ ਪਰ ਮਰਿਯਮ ਘਰ ਹੀ ਰਹੀ ।
21ਮਾਰਥਾ ਨੇ ਯਿਸੂ ਨੂੰ ਕਿਹਾ, “ਹੇ ਪ੍ਰਭੂ, ਜੇਕਰ ਤੁਸੀਂ ਇੱਥੇ ਹੁੰਦੇ, ਤਾਂ ਮੇਰਾ ਭਰਾ ਨਾ ਮਰਦਾ ।22ਪਰ ਮੈਂ ਜਾਣਦੀ ਹਾਂ ਹੁਣ ਵੀ ਤੁਸੀਂ, ਜੋ ਵੀ ਪਰਮੇਸ਼ੁਰ ਕੋਲੋਂ ਮੰਗੋਂਗੇ, ਉਹ ਤੁਹਾਨੂੰ ਦੇਵੇਗਾ ।”23ਯਿਸੂ ਨੇ ਆਖਿਆ, “ਤੇਰਾ ਭਰਾ ਜੀ ਉੱਠੇਗਾ ।”
24ਮਾਰਥਾ ਬੋਲੀ “ਮੈਂ ਜਾਣਦੀ ਹਾਂ ਕਿ ਉਹ ਨਿਆਂ ਵਾਲੇ ਦਿਨ ਦੇ ਸਮੇਂ ਅੰਤ ਦੇ ਦਿਨ ਜੀ ਉੱਠੇਗਾ ।”25ਯਿਸੂ ਨੇ ਉਸ ਨੂੰ ਆਖਿਆ, “ਮੁਰਦਿਆਂ ਦਾ ਜੀ ਉੱਠਣਾ ਅਤੇ ਜੀਵਨ ਮੈਂ ਹਾਂ । ਜਿਹੜਾ ਮਨੁੱਖ ਮੇਰੇ ਤੇ ਵਿਸ਼ਵਾਸ ਕਰਦਾ ਹੈ ਭਾਵੇਂ ਉਹ ਮਰ ਜਾਏ ਤਾਂ ਵੀ ਉਹ ਜੀਵੇਗਾ ।26ਹਰ ਮਨੁੱਖ, ਜੋ ਜਿਉਂਦਾ ਹੈ ਅਤੇ ਮੇਰੇ ਤੇ ਵਿਸ਼ਵਾਸ ਕਰਦਾ ਹੈ, ਕਦੀ ਨਹੀਂ ਮਰੇਗਾ । ਮਾਰਥਾ, ਕੀ ਤੂੰ ਇਸ ਦਾ ਵਿਸ਼ਵਾਸ ਕਰਦੀ ਹੈਂ ? ”
27ਮਾਰਥਾ ਨੇ ਕਿਹਾ, “ਹਾਂ ਪ੍ਰਭੂ, ਮੈਂ ਵਿਸ਼ਵਾਸ ਕਰਦੀ ਹਾਂ ਕਿ ਤੂੰ ਹੀ ਮਸੀਹ ਹੈਂ, ਪਰਮੇਸ਼ੁਰ ਦਾ ਪੁੱਤਰ, ਜੋ ਇਸ ਦੁਨੀਆਂ ਵਿੱਚ ਆਉਣ ਵਾਲਾ ਸੀ ।”
ਯਿਸੂ ਰੋਇਆ

28ਯਿਸੂ ਨੂੰ ਇਹ ਕਹਿਣ ਤੋਂ ਬਾਅਦ ਮਾਰਥਾ ਆਪਣੀ ਭੈਣ ਮਰਿਯਮ ਕੋਲ ਗਈ ਤੇ ਉਸ ਨਾਲ ਇਕੱਲਿਆਂ ਗੱਲ ਕੀਤੀ ਅਤੇ ਆਖਿਆ, “ਪ੍ਰਭੂ ਆਇਆ ਹੈ ਅਤੇ ਉਹ ਤੇਰੇ ਬਾਰੇ ਪੁੱਛ ਰਿਹਾ ਹੈ ।”29ਜਦੋਂ ਮਰਿਯਮ ਨੇ ਇਹ ਸੁਣਿਆ ਤਾਂ ਉਹ ਝੱਟ ਉੱਠ ਖੜ੍ਹੀ ਹੋਈ ਅਤੇ ਯਿਸੂ ਕੋਲ ਗਈ ।
30ਯਿਸੂ ਹਾਲੇ ਪਿੰਡ ਵਿੱਚ ਨਹੀਂ ਪਹੁੰਚਿਆ ਸੀ, ਸਗੋਂ ਉਹ ਅਜੇ ਉਸ ਥਾਂ ਸੀ ਜਿੱਥੇ ਮਾਰਥਾ ਉਸ ਨੂੰ ਮਿਲਣ ਆਈ ਸੀ ।31ਜਿਹੜੇ ਯਹੂਦੀ ਮਰਿਯਮ ਦੇ ਘਰ ਵਿੱਚ ਉਸ ਨੂੰ ਤਸੱਲੀ ਦੇ ਰਹੇ ਸਨ । ਉਨ੍ਹਾਂ ਨੇ ਮਰਿਯਮ ਨੂੰ ਜਲਦੀ ਨਾਲ ਉੱਠਦਿਆਂ ਅਤੇ ਘਰ ਤੋਂ ਬਹਾਰ ਜਾਂਦਿਆਂ ਵੇਖਿਆ ਤਾਂ ਉਨ੍ਹਾਂ ਨੇ ਉਸਦਾ ਪਿੱਛਾ ਕੀਤਾ । ਉਨ੍ਹਾਂ ਨੇ ਸਮਝਿਆ ਕਿ ਉਹ ਕਬਰ ਤੇ ਰੋਣ ਜਾ ਰਹੀ ਹੈ ।32ਮਰਿਯਮ ਉੱਥੇ ਆਈ ਜਿੱਥੇ ਯਿਸੂ ਸੀ । ਜਦੋਂ ਮਰਿਯਮ ਨੇ ਯਿਸੂ ਨੂੰ ਵੇਖਿਆ ਉਹ ਉਸ ਦੇ ਚਰਨਾਂ ਤੇ ਡਿੱਗ ਪਈ ਅਤੇ ਆਖਿਆ, “ਪ੍ਰਭੂ, ਜੇਕਰ ਤੂੰ ਇੱਥੇ ਹੁੰਦਾ, ਮੇਰਾ ਭਰਾ ਨਾ ਮਰਦਾ ।”
33ਜਦੋਂ ਯਿਸੂ ਨੇ ਮਰਿਯਮ ਅਤੇ ਉਸ ਦੇ ਨਾਲ ਆਏ ਯਹੂਦੀਆਂ ਨੂੰ ਰੋਂਦੇ ਵੇਖਿਆ ਤਾਂ ਯਿਸੂ ਆਪਣੇ ਆਤਮਾ ਵਿੱਚ ਬਹੁਤ ਦੁੱਖੀ ਹੋਇਆ ਅਤੇ ਦਰਦ ਮਹਿਸੂਸ ਕੀਤਾ ।34ਉਸ ਨੇ ਪੁੱਛਿਆ, “ਲਾਜ਼ਰ ਨੂੰ ਤੁਸੀਂ ਕਿੱਥੇ ਰੱਖਿਆ ਹੈ ।” ਉਨ੍ਹਾਂ ਆਖਿਆ, “ਪ੍ਰਭੂ ਜੀ ਆਓ ਅਤੇ ਵੇਖੋ ।”35ਯਿਸੂ ਰੋਇਆ,
36ਫਿਰ ਯਹੂਦੀਆਂ ਨੇ ਆਖਿਆ, “ਵੇਖੋ, ਉਹ ਉਸ ਨਾਲ ਕਿੰਨ੍ਹਾਂ ਪਿਆਰ ਕਰਦਾ ਸੀ ।”37ਪਰ ਕੁੱਝ ਯਹੂਦੀਆਂ ਨੇ ਆਖਿਆ, “ਉਹ ਜਿਸ ਨੇ ਅੰਨ੍ਹੇ ਨੂੰ ਸੁਜਾਖਾ ਕੀਤਾ, ਕੀ ਉਹ ਲਾਜ਼ਰ ਨੂੰ ਮਰਨ ਤੋਂ ਰੋਕਣ ਲਈ ਕੁੱਝ ਨਾ ਕਰ ਸਕਿਆ ?”
ਲਾਜ਼ਰ ਨੂੰ ਜਿਵਾਲਣਾ

38ਇੱਕ ਵਾਰ ਫੇਰ ਯਿਸੂ ਨੇ ਆਪਣੇ ਮਨ ਵਿੱਚ ਬੜਾ ਦੁੱਖ ਮਹਿਸੂਸ ਕੀਤਾ । ਯਿਸੂ ਲਾਜ਼ਰ ਦੀ ਕਬਰ ਤੇ ਗਿਆ ਜੋ ਕਿ ਇੱਕ ਗੁਫਾ ਸੀ, ਉਸ ਉੱਪਰ ਪੱਥਰ ਧਰਿਆ ਹੋਇਆ ਸੀ ।39ਯਿਸੂ ਨੇ ਆਖਿਆ, “ਇਸ ਪੱਥਰ ਨੂੰ ਹਟਾ ਦੇਵੋ ।” ਮਾਰਥਾ ਨੇ ਕਿਹਾ, “ਹੇ ਪ੍ਰਭੂ ਲਾਜ਼ਰ ਨੂੰ ਮਰਿਆਂ ਤਾਂ ਚਾਰ ਦਿਨ ਹੋ ਗਏ ਹਨ, ਉੱਥੋਂ ਤਾਂ ਹੁਣ ਬਦਬੂ ਆਉਂਦੀ ਹੋਵੇਗੀ ।”40ਯਿਸੂ ਨੇ ਮਾਰਥਾ ਨੂੰ ਆਖਿਆ, “ਯਾਦ ਕਰ, ਮੈਂ ਤੈਨੂੰ ਕੀ ਕਿਹਾ ਸੀ ? ਜੇਕਰ ਤੂੰ ਵਿਸ਼ਵਾਸ ਕਰੇਂਗੀ ਤਾਂ ਤੂੰ ਪਰਮੇਸ਼ੁਰ ਦੀ ਮਹਿਮਾ ਵੇਖੇਂਗੀ ।”
41ਫ਼ੇਰ ਉਨ੍ਹਾਂ ਨੇ ਕਬਰ ਤੋਂ ਪੱਥਰ ਹਟਾਇਆ । ਯਿਸੂ ਨੇ ਉੱਪਰ ਵੇਖਿਆ ਅਤੇ ਆਖਿਆ, “ਹੇ ਪਿਤਾ, ਮੈਂ ਤੇਰਾ ਧੰਨਵਾਦ ਕਰਦਾ ਹਾਂ ਜੋ ਤੂੰ ਮੇਰੀ ਸੁਣੀ ਹੈ ।42ਮੈਂ ਜਾਣਦਾ ਹਾਂ ਕਿ ਤੂੰ ਮੇਰੀ ਸਦਾ ਸੁਣਦਾ ਹੈਂ, ਪਰ ਇਹ ਗੱਲ ਮੈਂ ਇਸ ਲਈ ਕਹੀ ਕਿਉਂਕਿ ਬਹੁਤ ਸਾਰੇ ਲੋਕ ਇਸ ਸਮੇਂ ਮੇਰੇ ਕੋਲ ਇਕੱਠੇ ਹੋਏ ਹਨ ਤੇ ਮੈਂ ਚਾਹੁੰਦਾ ਹਾਂ ਕਿ ਉਹ ਵਿਸ਼ਵਾਸ ਕਰਨ ਕਿ ਤੂੰ ਮੈਨੂੰ ਭੇਜਿਆ ਹੈ ।”
43ਇਸ ਪ੍ਰਾਰਥਨਾ ਤੋਂ ਬਾਅਦ ਉਹ ਉੱਚੀ ਅਵਾਜ਼ ਨਾਲ ਬੁਲਾਇਆ, “ਲਾਜ਼ਰ, ਬਾਹਰ ਨਿੱਕਲ ਆ ।”44ਉਹ ਮਰਿਆ ਹੋਇਆ ਲਾਜ਼ਰ ਬਾਹਰ ਨਿੱਕਲ ਆਇਆ । ਉਸ ਦੇ ਹੱਥ-ਪੈਰ ਕੱਪੜੇ ਨਾਲ ਬੰਨੇ ਹੋਏ ਸਨ ਅਤੇ ਉਸਦਾ ਮੂੰਹ ਰੁਮਾਲ ਨਾਲ ਲਪੇਟਿਆ ਹੋਇਆ ਸੀ । ਯਿਸੂ ਨੇ ਲੋਕਾਂ ਨੂੰ ਆਖਿਆ, “ਇਸ ਦੇ ਉੱਪਰੋਂ ਕੱਪੜਾ ਖੋਲ੍ਹੋ ਅਤੇ ਇਸ ਨੂੰ ਜਾਣ ਦਿਓ ।”
ਯਿਸੂ ਦੇ ਵਿਰੋਧ ਵਿੱਚ ਸਾਜਿਸ਼
(ਮੱਤੀ 26:1-5, ਮਰਕੁਸ 14:1, 2 ਲੂਕਾ 22:1, 2)

45ਬਹੁਤ ਸਾਰੇ ਯਹੂਦੀ ਉੱਥੇ ਮਰਿਯਮ ਨੂੰ ਵੇਖਣ ਲਈ ਆਏ ਹੋਏ ਸਨ । ਜੋ ਯਿਸੂ ਨੇ ਕੀਤਾ ਉਨ੍ਹਾਂ ਨੇ ਵੇਖਿਆ ਅਤੇ ਉਨ੍ਹਾਂ ਵਿੱਚੋਂ ਬਹੁਤਿਆਂ ਨੇ ਉਸ ਤੇ ਵਿਸ਼ਵਾਸ ਕੀਤਾ ।46ਪਰ ਕੁੱਝ ਯਹੂਦੀ ਫ਼ਰੀਸੀਆਂ ਕੋਲ ਗਏ ਤੇ ਜਾ ਕੇ ਫ਼ਰੀਸੀਆਂ ਨੂੰ ਯਿਸੂ ਦੇ ਕੰਮ ਬਾਰੇ ਦੱਸਿਆ ਕਿ ਉਸ ਨੇ ਕੀ ਕੀਤਾ ਸੀ ।
47ਤਾਂ ਫਿਰ ਮੁੱਖ ਜਾਜਕਾਂ ਅਤੇ ਫ਼ਰੀਸੀਆਂ ਨੇ ਯਹੂਦੀਆਂ ਦੀ ਇੱਕ ਸਭਾ ਬੁਲਾਈ ਅਤੇ ਕਿਹਾ, “ਸਾਨੂੰ ਕੀ ਕਰਨਾ ਚਾਹੀਦਾ ਹੈ ? ਇਹ ਮਨੁੱਖ ਬਹੁਤ ਚਮਤਕਾਰ ਕਰ ਰਿਹਾ ਹੈ ।48ਜੇਕਰ ਅਸੀਂ ਇਸ ਨੂੰ ਓਵੇਂ ਹੀ ਛੱਡ ਦਿੱਤਾ, ਤਾਂ ਹਰ ਕੋਈ ਉਸ ਉੱਤੇ ਵਿਸ਼ਵਾਸ ਕਰੇਗਾ । ਤਦ ਫਿਰ ਰੋਮੀ ਆ ਜਾਣਗੇ ਅਤੇ ਸਾਡੀ ਹੈਕਲ ਅਤੇ ਸਾਡੀ ਕੌਮ ਨੂੰ ਨਾਸ ਕਰ ਦੇਣਗੇ ।”
49ਉਨ੍ਹਾਂ ਵਿੱਚੋਂ ਇੱਕ ਕਯਾਫ਼ਾ ਸੀ । ਉਹ ਉਸ ਸਾਲ ਦਾ ਪ੍ਰਧਾਨ ਜਾਜਕ ਸੀ । ਉਸ ਨੇ ਆਖਿਆ, “ਤੁਸੀਂ ਲੋਕ ਕੁੱਝ ਵੀ ਨਹੀਂ ਜਾਣਦੇ ।50ਕੀ ਤੁਸੀਂ ਮਹਿਸੂਸ ਨਹੀਂ ਕਰਦੇ ਕਿ ਸਾਰੀ ਕੌਮ ਦੇ ਨਾਸ ਦੀ ਬਜਾਏ ਲੋਕਾਂ ਲਈ ਇੱਕ ਮਨੁੱਖ ਦਾ ਮਰ ਜਾਣਾ ਚੰਗਾ ਹੈ ।”
51ਕਯਾਫ਼ਾ ਨੇ ਇਹ ਆਪਣੀ ਵਲੋਂ ਨਹੀਂ ਕਿਹਾ ਸੀ । ਉਹ ਉਸ ਸਾਲ ਪ੍ਰਧਾਨ ਜਾਜਕ ਸੀ ਇਸ ਲਈ ਉਸ ਨੇ ਭਵਿੱਖਬਾਣੀ ਕੀਤੀ ਕਿ ਯਿਸੂ ਕੌਮ ਲਈ ਮਰਨ ਵਾਲਾ ਸੀ ।52ਹਾਂ, ਯਿਸੂ ਸਿਰਫ਼ ਯਹੂਦੀ ਕੌਮ ਲਈ ਨਹੀਂ ਮਰੇਗਾ ਸਗੋਂ ਪਰਮੇਸ਼ੁਰ ਦੇ ਸਾਰੇ ਬੱਚਿਆਂ ਵਾਸਤੇ ਜਿਹੜੇ ਕਿ ਸਾਰੀ ਦੁਨੀਆਂ ਵਿੱਚ ਖਿੰਡੇ ਹੋਏ ਹਨ, ਤਾਂ ਕਿ ਉਹ ਉਨ੍ਹਾਂ ਨੂੰ ਇਕੱਠਿਆਂ ਕਰ ਲਵੇ ।53ਉਸ ਦਿਨ ਤੋਂ ਯਹੂਦੀ ਆਗੂਆਂ ਨੇ ਯਿਸੂ ਨੂੰ ਜਾਨੋਂ ਮਾਰਨ ਬਾਰੇ ਮਤਾ ਪਕਾਇਆ ।
54ਤਦ ਯਿਸੂ ਨੇ ਯਹੂਦੀਆਂ ਵਿੱਚ ਖੁੱਲੇ-ਆਮ ਘੁੰਮਣਾ ਬੰਦ ਕਰ ਦਿੱਤਾ । ਉਹ ਯਰੂਸ਼ਲਮ ਛੱਡ ਕੇ ਇਫ਼ਰਾਈਮ ਨਾਮ ਦੇ ਇੱਕ ਨਗਰ ਵੱਲ ਚਲਾ ਗਿਆ ਜਿਹੜਾ ਉਜਾੜ ਦੇ ਨੇੜੇ ਸੀ । ਉੱਥੇ ਕੁੱਝ ਦੇਰ ਉਹ ਆਪਣੇ ਚੇਲਿਆਂ ਨਾਲ ਰਿਹਾ ।55ਯਹੂਦੀਆਂ ਦਾ ਪਸਾਹ ਦਾ ਤਿਉਹਾਰ ਮਨਾਉਣ ਦਾ ਸਮਾਂ ਨੇੜੇ ਸੀ । ਇਸ ਲਈ ਬਹੁਤ ਸਾਰੇ ਲੋਕ ਕਈ ਦੇਸਾਂ ਤੋਂ ਯਰੂਸ਼ਲਮ ਵਿੱਚ ਆਪਣੇ ਆਪ ਨੂੰ ਸ਼ੁੱਧ ਕਰਨ ਲਈ ਆਏ ।
56ਇਨ੍ਹਾਂ ਲੋਕਾਂ ਨੇ ਯਿਸੂ ਨੂੰ ਲੱਭਣਾ ਸ਼ੁਰੂ ਕਰ ਦਿੱਤਾ । ਉਹ ਹੈਕਲ ਦੇ ਇਲਾਕੇ ਵਿੱਚ ਖੜ੍ਹੇ ਹੋ ਗਏ ਅਤੇ ਇੱਕ ਦੂਜੇ ਨੂੰ ਕਿਹਾ, “ਕੀ ਉਹ ਇਸ ਤਿਉਹਾਰ ਤੇ ਨਹੀਂ ਆਵੇਗਾ ? ਤੁਸੀਂ ਕੀ ਸੋਚਦੇ ਹੋ ? ”57ਪਰ ਮੁੱਖ ਜਾਜਕ ਅਤੇ ਫ਼ਰੀਸੀਆਂ ਨੇ ਆਗਿਆ ਦਿੱਤੀ ਕਿ ਜੇ ਕੋਈ ਜਾਣਦਾ ਹੋਵੇ ਕਿ ਯਿਸੂ ਕਿੱਥੇ ਹੈ । ਉਹ ਉਨ੍ਹਾਂ ਨੂੰ ਦੱਸਣ ਤਾਂ ਜੋ ਪ੍ਰਧਾਨ ਜਾਜਕ ਅਤੇ ਫ਼ਰੀਸੀ ਉਸ ਨੂੰ ਕੈਦ ਕਰ ਸਕਣ ।

12
ਯਿਸੂ ਦੇ ਪੈਰਾਂ ਉੱਤੇ ਅਤਰ ਪਾਉਣਾ
(ਮੱਤੀ 26:6-13, ਮਰਕੁਸ 14:3-9)

1ਪਸਾਹ ਦੇ ਤਿਉਹਾਰ ਤੋਂ ਛੇ ਦਿਨ ਪਹਿਲਾਂ ਯਿਸੂ ਬੈਤਆਨਿਯਾ ਵਿੱਚ ਆਇਆ, ਜਿੱਥੇ ਲਾਜ਼ਰ ਰਹਿੰਦਾ ਸੀ । ਲਾਜ਼ਰ ਉਹ ਆਦਮੀ ਸੀ, ਜਿਸ ਨੂੰ ਯਿਸੂ ਨੇ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ ਸੀ l2ਉੱਥੇ ਉਨ੍ਹਾਂ ਨੇ ਯਿਸੂ ਲਈ ਭੋਜਨ ਤਿਆਰ ਕੀਤਾ ਅਤੇ ਮਾਰਥਾ ਨੇ ਭੋਜਨ ਵਰਤਾਇਆ । ਲਾਜ਼ਰ ਉਨ੍ਹਾਂ ਵਿੱਚੋਂ ਇੱਕ ਸੀ ਜੋ ਯਿਸੂ ਨਾਲ ਭੋਜਨ ਕਰ ਰਿਹਾ ਸੀ ।3ਮਰਿਯਮ ਨੇ ਜਟਾਮਾਂਸੀ ਦਾ ਮਹਿੰਗਾ ਅਤਰ ਲਿਆ । ਉਸ ਨੇ ਇਸ ਨੂੰ ਯਿਸੂ ਦੇ ਚਰਨਾਂ ਉੱਤੇ ਮਲਿਆ ਅਤੇ ਆਪਣੇ ਵਾਲਾਂ ਨਾਲ ਉਸ ਦੇ ਪੈਰ ਸਾਫ਼ ਕੀਤੇ । ਸਾਰਾ ਘਰ ਅਤਰ ਦੀ ਸੁਗੰਧ ਨਾਲ ਭਰ ਗਿਆ ।

4ਯਹੂਦਾ ਇਸਕਰਿਯੋਤੀ ਯਿਸੂ ਦੇ ਚੇਲਿਆਂ ਵਿੱਚੋਂ ਇੱਕ ਸੀ । (ਇਹ ਉਹ ਸੀ ਜਿਸ ਨੇ ਯਿਸੂ ਨੂੰ ਫੜਵਾਉਣਾ ਸੀ) ਯਹੂਦਾ ਨੇ ਆਖਿਆ5“ਉਹ ਅਤਰ ਚਾਂਦੀ ਦੇ ਤਿੰਨ ਸੌ ਸਿੱਕਿਆਂ ਦੇ ਮੁੱਲ ਦਾ ਸੀ । ਇਸ ਨੂੰ ਯਿਸੂ ਤੇ ਮਲਣ ਦੀ ਬਜਾਇ ਇਸ ਅਤਰ ਨੂੰ ਬਾਜ਼ਾਰ ਵਿੱਚ ਵੇਚ ਕੇ ਗਰੀਬਾਂ ਦੀ ਮਦਦ ਕੀਤੀ ਜਾ ਸਕਦੀ ਸੀ ।”6ਯਹੂਦਾ ਨੇ ਇਹ ਗੱਲ ਇਸ ਲਈ ਨਹੀਂ ਆਖੀ ਸੀ ਕਿ ਉਹ ਗਰੀਬਾਂ ਬਾਰੇ ਚਿੰਤਾ ਕਰਦਾ ਸੀ, ਪਰ ਉਹ ਚੋਰ ਸੀ । ਚੇਲਿਆਂ ਦੀ ਟੋਲੀ ਲਈ ਧਨ ਵਾਲੀ ਥੈਲੀ ਉਸ ਕੋਲ ਹੁੰਦੀ ਸੀ, ਜਿਸ ਵਿੱਚੋਂ ਜਦੋਂ ਉਹ ਚਾਹੇ ਚੋਰੀ ਕਰ ਲੈਂਦਾ ਸੀ ।
7ਯਿਸੂ ਨੇ ਆਖਿਆ, “ਉਸ ਨੂੰ ਨਾ ਰੋਕੋ, ਉਸ ਨੂੰ ਇਹ ਮੇਰੇ ਦਫ਼ਨਾਉਣ ਦੇ ਦਿਨ ਦੀ ਤਿਆਰੀ ਲਈ ਕਰਨ ਦਿਉ ।8ਕੰਗਾਲ ਲੋਕ ਸਦਾ ਤੁਹਾਡੇ ਨਾਲ ਹੋਣਗੇ, ਪਰ ਮੈਂ ਸਦਾ ਤੁਹਾਡੇ ਨਾਲ ਨਹੀਂ ਹੋਵਾਂਗਾ ।”
ਲਾਜ਼ਰ ਦੇ ਵਿਰੁੱਧ ਸਾਜਿਸ਼

9ਬਹੁਤ ਸਾਰੇ ਯਹੂਦੀ ਜਾਣ ਗਏ ਕਿ ਯਿਸੂ ਬੈਤਅਨਿਯਾ ਵਿੱਚ ਸੀ ਅਤੇ ਉਹ ਯਿਸੂ ਨੂੰ ਹੀ ਨਹੀਂ ਸਗੋਂ ਲਾਜ਼ਰ ਨੂੰ ਵੀ ਵੇਖਣ ਆਏ । ਲਾਜ਼ਰ ਨੂੰ ਯਿਸੂ ਨੇ ਮੁਰਦੇ ਤੋਂ ਜਿਵਾਇਆ ਸੀ ।10ਤਦ ਮੁੱਖ ਜਾਜਕਾਂ ਨੇ ਲਾਜ਼ਰ ਨੂੰ ਵੀ ਮਾਰਨ ਦੀ ਸੋਚ ਬਣਾਈ ।11ਲਾਜ਼ਰ ਦੇ ਕਾਰਨ ਬਹੁਤ ਸਾਰੇ ਯਹੂਦੀ ਆਪਣੇ ਆਗੂਆਂ ਨੂੰ ਛੱਡ ਕੇ ਯਿਸੂ ਤੇ ਵਿਸ਼ਵਾਸ ਕਰਨ ਲੱਗ ਪਏ ਸਨ ਇਸ ਲਈ ਯਹੂਦੀਆਂ ਦੇ ਆਗੂ ਲਾਜ਼ਰ ਨੂੰ ਵੀ ਮਾਰ ਮੁਕਾਉਣਾ ਚਾਹੁੰਦੇ ਸਨ ।
ਯਰੂਸ਼ਲਮ ਵਿੱਚ ਰਾਜਾ ਦੀ ਤਰ੍ਹਾਂ ਆਉਣਾ
(ਮੱਤੀ 21:1-11, ਮਰਕੁਸ 11:1-11, ਲੂਕਾ 19:28-40)

12ਅਗਲੇ ਦਿਨ ਲੋਕਾਂ ਨੂੰ ਇਹ ਪਤਾ ਲੱਗਾ ਕਿ ਯਿਸੂ ਯਰੂਸ਼ਲਮ ਨੂੰ ਆਉਂਦਾ ਹੈ । ਉੱਥੇ ਬਹੁਤ ਸਾਰੇ ਲੋਕ ਸਨ ਜਿਹੜੇ ਪਸਾਹ ਦੇ ਤਿਉਹਾਰ ਤੇ ਆਏ ਸਨ ।13ਉਹ ਖਜ਼ੂਰ ਦੀਆਂ ਟਹਿਣੀਆਂ ਲੈ ਕੇ ਯਿਸੂ ਨੂੰ ਮਿਲਣ ਲਈ ਆਏ ਅਤੇ ਉੱਚੀ-ਉੱਚੀ ਆਖਣ ਲੱਗੇ; “ਹੋਸੰਨਾ ! ਪਰਮੇਸ਼ੁਰ ਉਸ ਨੂੰ ਬਰਕਤ ਦੇਵੇ ਜੋ ਕੋਈ ਪ੍ਰਭੂ ਦੇ ਨਾਮ ਤੇ ਆਉਂਦਾ ਹੈ । ਇਸਰਾਏਲ ਦੇ ਪਾਤਸ਼ਾਹ ਉੱਤੇ ਪਰਮੇਸ਼ੁਰ ਦੀ ਕਿਰਪਾ ਹੋਵੇ !”
14ਯਿਸੂ ਨੇ ਇੱਕ ਗਧੀ ਦਾ ਬੱਚਾ ਲਿਆ ਅਤੇ ਉਸ ਉੱਤੇ ਬੈਠ ਗਿਆ । ਇਸ ਨੇ ਜੋ ਪੋਥੀ ਵਿੱਚ ਲਿਖਿਆ ਪੂਰਾ ਕਰ ਦਿੱਤਾ15“ਸੀਯੋਨ ਦੀ ਬੇਟੀ ਨਾ ਡਰ ! ਵੇਖ, ਤੇਰਾ ਬਾਦਸ਼ਾਹ ਇੱਕ ਗਧੀ ਦੇ ਬੱਚੇ ਤੇ ਸਵਾਰ ਹੋ ਕੇ ਆਉਂਦਾ ਹੈ ।”
16ਯਿਸੂ ਦੇ ਚੇਲੇ ਉਸ ਸਮੇਂ ਇਹ ਨਾ ਸਮਝ ਸਕੇ ਕਿ ਉਹ ਇਹ ਸਭ ਕੀ ਕਰ ਰਿਹਾ ਹੈ । ਪਰ ਜਦੋਂ ਯਿਸੂ ਮਹਿਮਾ ਨੂੰ ਪਹੁੰਚਿਆ ਉਨ੍ਹਾਂ ਨੂੰ ਯਾਦ ਆਇਆ ਕਿ ਇਹ ਗੱਲਾਂ ਉਸ ਦੇ ਬਾਰੇ ਲਿਖੀਆਂ ਹੋਈਆਂ ਸਨ ਅਤੇ ਉਨ੍ਹਾਂ ਨੇ ਇਹ ਗੱਲਾਂ ਉਸ ਲਈ ਕੀਤੀਆਂ ਸਨ ।
17ਜਦੋਂ ਯਿਸੂ ਨੇ ਲਾਜ਼ਰ ਨੂੰ ਜਿਉਂਦਾ ਕੀਤਾ ਉਸ ਸਮੇਂ ਉਸ ਨਾਲ ਬਹੁਤ ਵੱਡੀ ਭੀੜ ਸੀ ਅਤੇ ਉਸ ਨੇ ਲਾਜ਼ਰ ਨੂੰ ਸੱਦਿਆ ਕਿ ਕਬਰ ਚੋਂ ਬਾਹਰ ਨਿੱਕਲ ਆ । ਹੁਣ ਉਹ ਲੋਕ ਉਸ ਬਾਰੇ, ਜੋ ਉਨ੍ਹਾਂ ਨੇ ਵੇਖਿਆ ਅਤੇ ਸੁਣਿਆ ਸੀ, ਦੂਜਿਆਂ ਨੂੰ ਦੱਸ ਰਹੇ ਸਨ ।18ਬਹੁਤ ਸਾਰੇ ਲੋਕ ਯਿਸੂ ਨੂੰ ਮਿਲਣ ਲਈ ਆਏ ਕਿਉਂਕਿ ਉਨ੍ਹਾਂ ਨੇ ਉਸ ਦੇ ਕੀਤੇ ਇਸ ਚਮਤਕਾਰ ਬਾਰੇ ਸੁਣਿਆ ਸੀ ।19ਫ਼ਿਰ ਫ਼ਰੀਸੀਆਂ ਨੇ ਆਪਸ ਵਿੱਚ ਆਖਣਾ ਸ਼ੁਰੂ ਕਰ ਦਿੱਤਾ, “ਦੇਖੋ ! ਸਾਡੀ ਯੋਜਨਾ ਵਿਅਰਥ ਹੋ ਗਈ ਹੈ, ਕਿਉਂਕਿ ਸਭ ਲੋਕ ਉਸ ਦੇ ਮਗਰ ਲੱਗ ਰਹੇ ਹਨ ।”
ਯੂਨਾਨੀ ਯਿਸੂ ਨੂੰ ਲੱਭਦੇ ਹਨ

20ਉੱਥੇ ਉਨ੍ਹਾਂ ਵਿੱਚ ਕੁੱਝ ਯੂਨਾਨੀ ਲੋਕ ਵੀ ਸਨ, ਜੋ ਪਸਾਹ ਦੇ ਤਿਉਹਾਰ ਤੇ ਬੰਦਗੀ ਕਰਨ ਲਈ ਆਏ ਸਨ ।21ਇਹ ਯੂਨਾਨੀ ਲੋਕ ਫ਼ਿਲਿਪੁੱਸ ਕੋਲ ਆਏ ਜੋ ਗਲੀਲ ਅਤੇ ਬੈਤਸੈਦਾ ਤੋਂ ਸੀ । ਉਨ੍ਹਾਂ ਨੇ ਉਸ ਨੂੰ ਬੇਨਤੀ ਕੀਤੀ, “ਕਿ ਅਸੀਂ ਯਿਸੂ ਨੂੰ ਮਿਲਣਾ ਚਾਹੁੰਦੇ ਹਾਂ ।”22ਫ਼ਿਲਿਪੁੱਸ ਨੇ ਆ ਕੇ ਅੰਦ੍ਰਿਯਾਸ ਨੂੰ ਕਿਹਾ ਅਤੇ ਅੰਦ੍ਰਿਯਾਸ ਅਤੇ ਫ਼ਿਲਿਪੁੱਸ ਨੇ ਆ ਕੇ ਯਿਸੂ ਨੂੰ ਦੱਸਿਆ ।
23ਯਿਸੂ ਨੇ ਉੱਤਰ ਦਿੱਤਾ, “ਮਨੁੱਖ ਦੇ ਪੁੱਤਰ ਦੀ ਵਡਿਆਈ ਹੋਣ ਦਾ ਸਮਾਂ ਆ ਗਿਆ ਹੈ ।24ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਜਦ ਤੱਕ ਕਣਕ ਦਾ ਦਾਣਾ ਜ਼ਮੀਨ ਵਿੱਚ ਗਿਰ ਕੇ ਨਾ ਮਰੇ ਇਕੱਲਾ ਦਾਣਾ ਹੀ ਰਹਿੰਦਾ ਹੈ । ਪਰ ਜੇਕਰ ਇਹ ਮਰਦਾ ਹੈ ਤਾਂ ਇਹ ਬਹੁਤ ਸਾਰਾ ਫ਼ਲ ਦਿੰਦਾ ਹੈ ।
25ਜਿਹੜਾ ਮਨੁੱਖ ਆਪਣੀ ਜਾਨ ਨੂੰ ਪਿਆਰ ਕਰਦਾ ਹੈ ਉਹ ਇਸ ਨੂੰ ਗੁਆ ਲਵੇਗਾ । ਪਰ ਇਸ ਦੁਨੀਆਂ ਵਿੱਚ ਜਿਹੜਾ ਮਨੁੱਖ ਆਪਣੀ ਜਾਨ ਨੂੰ ਪਿਆਰ ਨਹੀਂ ਕਰਦਾ ਇਸ ਨੂੰ ਸਦੀਪਕ ਜੀਵਨ ਲਈ ਬਚਾ ਲਵੇਗਾ ।26ਜਿਹੜਾ ਮਨੁੱਖ ਮੇਰੀ ਸੇਵਾ ਕਰਦਾ ਹੈ, ਉਸ ਨੂੰ ਮੇਰੇ ਮਗਰ ਚੱਲਣਾ ਚਾਹੀਦਾ ਹੈ ਤਦ ਮੇਰਾ ਉਹ ਸੇਵਕ, ਜਿੱਥੇ ਵੀ ਮੈਂ ਹਾਂ, ਮੇਰੇ ਨਾਲ ਹੋਵੇਗਾ । ਜਿਹੜਾ ਮੇਰੀ ਸੇਵਾ ਕਰਦਾ ਹੈ, ਪਿਤਾ ਉਸ ਦਾ ਆਦਰ ਕਰਦਾ ਹੈ ।”
ਯਿਸੂ ਆਪਣੀ ਮੌਤ ਦੀ ਭਵਿੱਖਬਾਣੀ ਕਰਦਾ ਹੈ

27ਹੁਣ ਮੇਰਾ ਦਿਲ ਘਬਰਾਉਂਦਾ ਹੈ । ਮੈਨੂੰ ਕੀ ਆਖਣਾ ਚਾਹੀਦਾ ਹੈ ? ਕੀ ਮੈਂ ਇਹ ਆਖਾਂ, “ਹੇ ਪਿਤਾ, ਮੈਨੂੰ ਇਸ ਮੁਸੀਬਤ ਦੀ ਘੜੀ ਤੋਂ ਬਚਾ ? ” ਨਹੀਂ ! ਇਸ ਲਈ ਮੈਂ ਇਸ ਸਮੇਂ ਤੱਕ ਆਇਆ ਹਾਂ ।28ਹੇ ਪਿਤਾ, ਆਪਣੇ ਨਾਮ ਨੂੰ ਵਡਿਆਈ ਦੇ ! ਫ਼ਿਰ ਸਵਰਗ ਤੋਂ ਇੱਕ ਅਵਾਜ਼ ਆਈ, “ਮੈਂ ਆਪਣੇ ਆਪ ਨੂੰ ਵਡਿਆਈ ਦਿੱਤੀ ਅਤੇ ਮੈਂ ਫ਼ਿਰ ਵੀ ਇਸ ਨੂੰ ਵਡਿਆਈ ਦੇਵਾਂਗਾ ।”29ਜਿਹੜੇ ਲੋਕ ਉੱਥੇ ਖੜ੍ਹੇ ਸਨ ਉਨ੍ਹਾਂ ਨੇ ਇਹ ਅਵਾਜ਼ ਸੁਣੀ । ਉਨ੍ਹਾਂ ਨੇ ਆਖਿਆ, “ਇਹ ਬੱਦਲ ਗਰਜਿਆ ਹੈ ।” ਪਰ ਕੁੱਝ ਲੋਕਾਂ ਨੇ ਆਖਿਆ, “ਇੱਕ ਦੂਤ ਨੇ ਉਸ ਨਾਲ ਗੱਲ ਕੀਤੀ ਹੈ ।”
30ਯਿਸੂ ਨੇ ਲੋਕਾਂ ਨੂੰ ਕਿਹਾ, “ਇਹ ਅਵਾਜ਼ ਮੇਰੇ ਕਰਕੇ ਨਹੀਂ ਆਈ, ਸਗੋਂ ਤੁਹਾਡੀ ਲਈ ਆਈ ਹੈ ।31ਹੁਣ ਸੰਸਾਰ ਦੇ ਨਿਆਂ ਦਾ ਸਮਾਂ ਆ ਗਿਆ ਹੈ । ਹੁਣ ਇਸ ਸੰਸਾਰ ਦਾ ਹਾਕਮ ਬਾਹਰ ਕੱਢਿਆ ਜਾਵੇਗਾ ।
32ਮੈਂ ਵੀ ਇਸ ਸੰਸਾਰ ਤੋਂ ਉੱਚਾ ਕੀਤਾ ਜਾਂਵਾਂਗਾ ਅਤੇ ਜਦੋਂ ਇਉਂ ਹੋਵੇਗਾ ਤਾਂ ਸਾਰੇ ਲੋਕਾਂ ਨੂੰ ਆਪਣੇ ਵੱਲ ਖਿੱਚਾਂਗਾ ।”33ਇਹ ਆਖ ਕੇ, ਯਿਸੂ ਦੱਸ ਰਿਹਾ ਸੀ ਕਿ ਉਹ ਕਿਸ ਤਰ੍ਹਾਂ ਦੀ ਮੌਤ ਮਰੇਗਾ ।
34ਲੋਕਾਂ ਨੇ ਕਿਹਾ, “ਸਾਡੀ ਬਿਵਸਥਾ ਤਾਂ ਆਖਦੀ ਹੈ ਕਿ ਮਸੀਹ ਸਦਾ ਜੀਵੇਗਾ ਤਾਂ ਫ਼ਿਰ ਤੂੰ ਇਹ ਕਿਉਂ ਆਖਦਾ ਹੈ ਕਿ ਮਨੁੱਖ ਦਾ ਪੁੱਤਰ ਜ਼ਰੂਰ ਉੱਤੇ ਉੱਠਾਇਆ ਜਾਵੇਗਾ । ਇਹ ਮਨੁੱਖ ਦਾ ਪੁੱਤਰ ਕੌਣ ਹੈ ? ”35ਤਦ ਯਿਸੂ ਨੇ ਕਿਹਾ “ਚਾਨਣ ਕੁੱਝ ਹੀ ਸਮੇਂ ਲਈ ਤੁਹਾਡੇ ਨਾਲ ਹੈ, ਇਸ ਲਈ ਚਾਨਣ ਵਿੱਚ ਤੁਰੋ । ਜਿਹੜਾ ਮਨੁੱਖ ਹਨੇਰੇ ਵਿੱਚ ਚੱਲਦਾ ਉਸ ਨੂੰ ਨਹੀਂ ਪਤਾ ਹੁੰਦਾ ਕਿ ਉਹ ਕਿੱਥੇ ਚੱਲ ਰਿਹਾ ਹੈ ।36ਇਸ ਲਈ ਜਦੋਂ ਚਾਨਣ ਤੁਹਾਡੇ ਕੋਲ ਹੈ ਚਾਨਣ ਤੇ ਵਿਸ਼ਵਾਸ ਕਰੋ ਤਾਂ ਜੋ ਤੁਸੀਂ ਚਾਨਣ ਦੇ ਪੁੱਤਰ ਹੋਵੋਂ ।”
ਯਹੂਦੀਆਂ ਦਾ ਅਵਿਸ਼ਵਾਸ ਵਿੱਚ ਬਣੇ ਰਹਿਣਾ

ਇਹ ਸਭ ਕਹਿਣ ਤੋਂ ਬਾਅਦ ਯਿਸੂ ਅਜਿਹੀ ਜਗਾ ਚਲਾ ਗਿਆ ਜਿੱਥੇ ਲੋਕ ਉਸ ਨੂੰ ਨਾ ਲੱਭ ਸਕੇ ।

37ਯਿਸੂ ਨੇ ਲੋਕਾਂ ਸਾਹਮਣੇ ਬਹੁਤ ਸਾਰੇ ਚਮਤਕਾਰ ਕੀਤੇ । ਲੋਕਾਂ ਨੇ ਇਹ ਸਭ ਆਪਣੀ ਅੱਖੀਂ ਵੇਖਿਆ ਪਰ ਫ਼ਿਰ ਵੀ ਉਨ੍ਹਾਂ ਨੇ ਉਸ ਉੱਤੇ ਵਿਸ਼ਵਾਸ ਨਹੀਂ ਕੀਤਾ ।38ਇਹ ਤਾਂ ਹੋਇਆ ਜੋ ਨਬੀ ਯਸਾਯਾਹ ਦੀ ਭਵਿੱਖਬਾਣੀ ਸੱਚੀ ਹੋ ਸਕੇ: “ਹੇ ਪ੍ਰਭੂ ਸਾਡੇ ਸੰਦੇਸ਼ ਉੱਤੇ ਕਿਸ ਨੇ ਵਿਸ਼ਵਾਸ ਕੀਤਾ ? ਪ੍ਰਭੂ ਦੀ ਸ਼ਕਤੀ ਕਿਸ ਨੇ ਵੇਖੀ ? ”
39ਇਸੇ ਕਾਰਨ ਲੋਕ ਵਿਸ਼ਵਾਸ ਨਾ ਕਰ ਸਕੇ । ਜਿਵੇਂ ਕਿ ਯਸਾਯਾਹ ਫਿਰ ਆਖਦਾ ਹੈ,40“ਪਰਮੇਸ਼ੁਰ ਨੇ ਉਨ੍ਹਾਂ ਦੀਆਂ ਅੱਖੀਆਂ ਅੰਨ੍ਹੀਆਂ ਕਰ ਦਿੱਤੀਆਂ ਅਤੇ ਉਨ੍ਹਾਂ ਦੇ ਦਿਲ ਕਠੋਰ ਕਰ ਦਿੱਤੇ । ਤਾਂ ਜੋ ਨਾ ਉਹ ਆਪਣੀਆਂ ਅੱਖਾਂ ਨਾਲ ਵੇਖ ਸਕਣ, ਨਾ ਦਿਮਾਗ ਨਾਲ ਸਮਝ ਸਕਣ ਅਤੇ ਮੇਰੇ ਕੋਲ ਫ਼ਿਰ ਆਉਣ ਤਾਂ ਜੋ ਮੈਂ ਉਨ੍ਹਾਂ ਨੂੰ ਠੀਕ ਕਰ ਸਕਾਂ ।”
41ਯਸਾਯਾਹ ਨੇ ਇਹ ਇਸ ਲਈ ਆਖਿਆ ਕਿਉਂਕਿ ਉਸ ਨੇ ਉਸ ਦੀ ਮਹਿਮਾ ਵੇਖੀ ਸੀ ।42ਪਰ ਬਹੁਤ ਸਾਰੇ ਲੋਕਾਂ ਨੇ ਯਿਸੂ ਉੱਤੇ ਵਿਸ਼ਵਾਸ ਕੀਤਾ ਅਤੇ ਉਨ੍ਹਾਂ ਵਿੱਚੋਂ ਕਈ ਆਗੂ ਸਨ । ਪਰ ਕਿਉਂ ਜੋ ਉਹ ਫ਼ਰੀਸੀਆਂ ਕੋਲੋਂ ਡਰਦੇ ਸਨ ਉਨ੍ਹਾਂ ਨੇ ਖੁੱਲਕੇ ਨਾ ਆਖਿਆ ਕਿ ਉਹ ਯਿਸੂ ਉੱਤੇ ਵਿਸ਼ਵਾਸ ਕਰਦੇ ਹਨ । ਉਨ੍ਹਾਂ ਨੂੰ ਇਹ ਡਰ ਸੀ ਕਿ ਉਹ ਪ੍ਰਾਰਥਨਾ ਘਰ ਤੋਂ ਕੱਢ ਦਿੱਤੇ ਜਾਣਗੇ ।43ਇਨ੍ਹਾਂ ਲੋਕਾਂ ਨੇ ਪਰਮੇਸ਼ੁਰ ਦੀ ਵਡਿਆਈ ਨਾਲੋਂ ਵਧ ਲੋਕਾਂ ਦੀ ਵਡਿਆਈ ਨੂੰ ਪਿਆਰ ਕੀਤਾ ।
ਯਿਸੂ ਦੇ ਵਚਨ: ਨਿਆਂ ਦਾ ਅਧਾਰ

44ਤਦ ਯਿਸੂ ਨੇ ਉੱਚੀ ਅਵਾਜ਼ ਵਿੱਚ ਕਿਹਾ, “ਜੋ ਵਿਅਕਤੀ ਮੇਰੇ ਉੱਤੇ ਵਿਸ਼ਵਾਸ ਕਰਦਾ ਹੈ ਉਹ ਮੇਰੇ ਉੱਤੇ ਨਹੀਂ ਸਗੋਂ ਉਸ ਉੱਤੇ ਵਿਸ਼ਵਾਸ ਕਰਦਾ ਹੈ ਜਿਸ ਨੇ ਮੈਨੂੰ ਭੇਜਿਆ ਹੈ ।45ਜੋ ਵਿਅਕਤੀ ਮੈਨੂੰ ਵੇਖਦਾ ਹੈ ਉਹ ਉਸ ਨੂੰ ਵੇਖਦਾ ਹੈ ਜਿਸ ਨੇ ਮੈਨੂੰ ਭੇਜਿਆ ਹੈ ।
46ਮੈਂ ਚਾਨਣ ਹਾਂ ਅਤੇ ਮੈਂ ਇਸ ਦੁਨੀਆਂ ਉੱਤੇ ਆਇਆ ਤਾਂ ਜੋ ਉਹ ਮਨੁੱਖ ਜਿਹੜਾ ਮੇਰੇ ਉੱਤੇ ਵਿਸ਼ਵਾਸ ਕਰਦਾ, ਹਨੇਰੇ ਵਿੱਚ ਨਾ ਰਹੇ ।47ਜੋ ਮੇਰੀਆਂ ਸਿਖਿਆਵਾਂ ਸੁਣਦੇ ਹਨ ਅਤੇ ਇਸ ਨੂੰ ਨਹੀਂ ਮੰਨਦੇ । ਮੈਂ ਉਹਨਾਂ ਨੂੰ ਦੋਸ਼ੀ ਨਹੀਂ ਠਹਿਰਾਉਂਦਾ, ਸਗੋਂ ਲੋਕਾਂ ਨੂੰ ਬਚਾਉਣ ਲਈ ਆਇਆ ਹਾਂ ।
48ਜੋ ਮੇਰੇ ਉੱਤੇ ਵਿਸ਼ਵਾਸ ਕਰਨ ਤੋਂ ਇੰਨਕਾਰ ਕਰਦਾ ਹੈ ਅਤੇ ਜੋ ਗੱਲਾਂ ਮੈਂ ਆਖਦਾ ਹਾਂ ਉਨ੍ਹਾਂ ਨੂੰ ਨਹੀਂ ਕਬੂਲ ਕਰਦਾ । ਇਹੀ ਬਚਨ ਜਿਹੜਾ ਅੰਤ ਦੇ ਦਿਨ ਉਸ ਨੂੰ ਦੋਸ਼ੀ ਠਹਿਰਾਏਗਾ ।49ਕਿਉਂਕਿ ਮੈਂ ਆਪਣੇ ਮਨੋਂ ਨਹੀਂ ਕਿਹਾ ਸਗੋਂ ਜਿਸ ਪਿਤਾ ਨੇ ਮੈਨੂੰ ਭੇਜਿਆ, ਉਸ ਨੇ ਮੈਨੂੰ ਹੁਕਮ ਦਿੱਤਾ ਕਿ ਮੈਨੂੰ ਕੀ ਆਖਣਾ ਚਾਹੀਦਾ ਅਤੇ ਕੀ ਸਿਖਾਉਣਾ ਚਾਹੀਦਾ ।50ਅਤੇ ਮੈਂ ਜਾਣਦਾ ਹਾਂ ਕਿ ਪਰਮੇਸ਼ੁਰ ਦਾ ਬਚਨ ਸਦੀਪਕ ਜੀਵਨ ਲਿਆਉਂਦਾ ਹੈ । ਇਸੇ ਲਈ ਜੋ ਬਚਨ ਮੈਂ ਬੋਲਦਾ ਹਾਂ ਅਤੇ ਉਪਦੇਸ਼ ਦਿੰਦਾ ਹਾਂ ਉਹ ਉਹੀ ਹਨ ਜੋ ਪਿਤਾ ਨੇ ਮੈਨੂੰ ਬੋਲਣ ਲਈ ਕਿਹਾ ਹੈ ।”

13
ਯਿਸੂ ਆਪਣੇ ਚੇਲਿਆਂ ਦੇ ਪੈਰ ਧੋਂਦਾ ਹੈ

1ਇਹ ਸਮਾਂ ਯਹੂਦੀਆਂ ਦੇ ਪਸਾਹ ਦੇ ਤਿਉਹਾਰ ਦਾ ਸੀ ਅਤੇ ਯਿਸੂ ਜਾਣਦਾ ਸੀ ਕਿ ਉਸਦਾ ਸੰਸਾਰ ਨੂੰ ਛੱਡਣ ਅਤੇ ਆਪਣੇ ਪਿਤਾ ਕੋਲ ਜਾਣ ਦਾ ਸਮਾਂ ਨੇੜੇ ਸੀ । ਜਿਹੜੇ ਲੋਕ ਇਸ ਸੰਸਾਰ ਵਿੱਚ ਉਸ ਦੇ ਨੇੜੇ ਸਨ, ਯਿਸੂ ਨੇ ਸਦਾ ਉਨ੍ਹਾਂ ਨੂੰ ਪਿਆਰ ਕੀਤਾ ਸੀ ਅਤੇ ਉਸ ਨੇ ਅਜਿਹੇ ਲੋਕਾਂ ਨੂੰ ਅੰਤ ਤੱਕ ਪਿਆਰ ਕੀਤਾ ।2ਯਿਸੂ ਅਤੇ ਉਸ ਦੇ ਚੇਲੇ ਰਾਤ ਦਾ ਭੋਜਨ ਕਰ ਰਹੇ ਸਨ । ਸ਼ੈਤਾਨ ਪਹਿਲਾਂ ਹੀ ਸ਼ਮਊਨ ਦੇ ਪੁੱਤਰ ਯਹੂਦਾ ਇਸਕਰਿਯੋਤੀ ਨੂੰ ਯਿਸੂ ਨਾਲ ਧੋਖਾ ਕਰਨ ਲਈ ਦਿਲ ਵਿੱਚ ਪਾ ਚੁੱਕਿਆ ਸੀ ।

3ਯਿਸੂ ਜਾਣਦਾ ਸੀ ਕਿ ਪਿਤਾ ਨੇ ਉਸ ਨੂੰ ਸਭ ਅਧਿਕਾਰ ਦਿੱਤਾ ਹੋਇਆ ਸੀ । ਉਹ ਇਹ ਵੀ ਜਾਣਦਾ ਸੀ ਕਿ ਉਹ ਪਰਮੇਸ਼ੁਰ ਕੋਲੋਂ ਆਇਆ ਸੀ ਅਤੇ ਉਹ ਉਸ ਕੋਲ ਹੀ ਵਾਪਸ ਜਾਣ ਵਾਲਾ ਹੈ ।4ਜਦੋਂ ਉਹ ਭੋਜਨ ਕਰ ਰਹੇ ਸਨ ਯਿਸੂ ਉੱਠ ਖੜ੍ਹਾ ਹੋਇਆ ਅਤੇ ਆਪਣਾ ਚੋਗਾ ਲਾਹ ਦਿੱਤਾ ਅਤੇ ਤੌਲੀਆ ਲਿਆ ਜਿਸ ਨੂੰ ਉਸ ਨੇ ਆਪਣੇ ਲੱਕ ਦੁਆਲੇ ਲਪੇਟ ਲਿਆ ।5ਫ਼ਿਰ ਉਸ ਨੇ ਇੱਕ ਭਾਂਡੇ ਵਿੱਚ ਪਾਣੀ ਲਿਆ ਅਤੇ ਆਪਣੇ ਚੇਲਿਆਂ ਦੇ ਪੈਰ ਧੋਣੇ ਸ਼ੁਰੂ ਕਰ ਦਿੱਤੇ । ਉਸ ਦੇ ਲੱਕ ਨਾਲ ਇੱਕ ਤੌਲੀਆ ਸੀ, ਜਿਸ ਨਾਲ ਉਸ ਨੇ ਉਨ੍ਹਾਂ ਦੇ ਪੈਰ ਸਾਫ਼ ਕੀਤੇ ।
6ਜਦੋਂ ਯਿਸੂ ਸ਼ਮਊਨ ਪਤਰਸ ਕੋਲ ਆਇਆ ਪਤਰਸ ਨੇ ਯਿਸੂ ਨੂੰ ਕਿਹਾ, “ਪ੍ਰਭੂ, ਕੀ ਤੁਸੀਂ ਮੇਰੇ ਪੈਰ ਧੋਵੋਂਗੇ ? ”7ਯਿਸੂ ਨੇ ਆਖਿਆ “ਤੂੰ ਹੁਣੇ ਨਹੀਂ ਸਮਝੇਂਗਾ ਕਿ ਮੈਂ ਕੀ ਕਰ ਰਿਹਾ ਹਾਂ, ਸਗੋਂ ਤੂੰ ਬਾਅਦ ਵਿੱਚ ਸਮਝੇਂਗਾ ।”8ਪਤਰਸ ਨੇ ਕਿਹਾ, “ਤੂੰ ਕਦੇ ਵੀ ਮੇਰੇ ਪੈਰ ਨਹੀਂ ਧੋਵੇਂਗਾ ।” ਯਿਸੂ ਨੇ ਆਖਿਆ, “ਜੇਕਰ ਮੈਂ ਤੇਰੇ ਪੈਰ ਨਾ ਧੋਵਾਂ ਫ਼ਿਰ ਮੇਰੀ ਤੇਰੇ ਨਾਲ ਕੋਈ ਸਾਂਝ ਨਹੀਂ ਹੋਵੇਂਗੀ ।”9ਸ਼ਮਊਨ ਪਤਰਸ ਨੇ ਕਿਹਾ, “ਪ੍ਰਭੂ ਜੀ, ਫ਼ੇਰ ਸਿਰਫ਼ ਮੇਰੇ ਪੈਰ ਹੀ ਨਹੀਂ ਸਗੋਂ ਹੱਥ ਅਤੇ ਸਿਰ ਵੀ ਧੋ ਦੇਵੋ ।”
10ਯਿਸੂ ਨੇ ਆਖਿਆ, “ਉਹ ਮਨੁੱਖ ਜਿਸ ਨੇ ਆਪਣਾ ਸਾਰਾ ਸਰੀਰ ਸਾਫ਼ ਕੀਤਾ ਹੈ ਅਤੇ ਸਿਰਫ਼ ਉਸ ਦੇ ਪੈਰ ਧੋਣੇ ਚਾਹੀਦੇ ਹਨ । ਤੁਸੀਂ ਸਾਫ਼ ਹੋ, ਪਰ ਤੁਹਾਡੇ ਵਿੱਚੋਂ ਸਾਰੇ ਸਾਫ਼ ਨਹੀਂ ਹਨ ।”11ਯਿਸੂ ਨੂੰ ਪਤਾ ਸੀ ਕਿ ਉਸ ਦੇ ਵਿਰੁੱਧ ਕੌਣ ਹੋਵੇਗਾ ਇਸ ਲਈ ਉਸ ਨੇ ਆਖ਼ਿਆ: “ਤੁਹਾਡੇ ਵਿੱਚੋਂ ਹਰ ਕੋਈ ਸਾਫ਼ ਨਹੀਂ ਹੈ ।”
12ਜਦੋਂ ਯਿਸੂ ਉਨ੍ਹਾਂ ਦੇ ਪੈਰ ਧੋ ਹਟਿਆ ਤਾਂ ਉਹ ਫ਼ਿਰ ਆਪਣਾ ਚੋਗਾ ਪਾ ਕੇ ਮੇਜ਼ ਉੱਤੇ ਆਣ ਬੈਠਾ ਅਤੇ ਪੁੱਛਣ ਲੱਗਾ, “ਕੀ ਤੁਸੀਂ ਸਮਝਦੇ ਹੋ ਕਿ ਮੈਂ ਤੁਹਾਡੇ ਨਾਲ ਕੀ ਕੀਤਾ ਹੈ ? ”13ਤੁਸੀਂ ਮੈਨੂੰ “ਗੁਰੂ” ਅਤੇ “ਪ੍ਰਭੂ” ਕਹਿੰਦੇ ਹੋ ਅਤੇ ਇਹ ਠੀਕ ਹੈ, ਕਿਉਂਕਿ ਮੈਂ ਉਹੀ ਹਾਂ ।14ਮੈਂ ਤੁਹਾਡਾ ਪ੍ਰਭੂ ਵੀ ਹਾਂ ਅਤੇ ਗੁਰੂ ਵੀ । ਪਰ ਮੈਂ ਤੁਹਾਡੇ ਪੈਰ ਇੱਕ ਸੇਵਕ ਵਾਂਗੂੰ ਧੋਤੇ ਹਨ, ਇਸ ਲਈ ਤੁਹਾਨੂੰ ਵੀ ਚਾਹੀਦਾ ਹੈ ਇੱਕ ਦੂਜੇ ਦੇ ਪੈਰ ਧੋਵੋ ।15ਮੈਂ ਇਹ ਤੁਹਾਡੇ ਲਈ ਇੱਕ ਨਮੂਨਾ ਦੇਣ ਵਾਸਤੇ ਕੀਤਾ ਹੈ, ਤਾਂ ਜੋ ਤੁਸੀਂ ਵੀ ਉਵੇਂ ਕਰ ਸਕੋਂ ਜਿਵੇਂ ਮੈਂ ਤੁਹਾਡੇ ਨਾਲ ਕੀਤਾ ਹੈ ।
16ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ ਕਿ ਇੱਕ ਦਾਸ ਆਪਣੇ ਮਾਲਕ ਨਾਲੋਂ ਵੱਡਾ ਨਹੀਂ ਹੁੰਦਾ ਅਤੇ ਭੇਜਿਆ ਹੋਇਆ ਆਪਣੇ ਭੇਜਣ ਵਾਲੇ ਤੋਂ ਵੱਡਾ ਨਹੀਂ ਹੁੰਦਾ ।17ਜੇਕਰ ਤੁਸੀਂ ਇਹ ਗੱਲਾਂ ਜਾਣਦੇ ਹੋ, ਤਾਂ ਜਦੋਂ ਤੁਸੀਂ ਇਹ ਕਰੋਂਗੇ ਤਾਂ ਮੁਬਾਰਕ ਹੋਵੋਂਗੇ ।18“ਮੈਂ ਤੁਹਾਡੇ ਸਾਰਿਆਂ ਬਾਰੇ ਨਹੀਂ ਆਖਦਾ । ਮੈਂ ਉਨ੍ਹਾਂ ਨੂੰ ਜਾਣਦਾ ਹਾਂ ਜਿਨ੍ਹਾਂ ਨੂੰ ਮੈਂ ਚੁਣਿਆ ਹੈ । ਪਰ ਜੋ ਪਵਿੱਤਰ ਗ੍ਰੰਥ ਵਿੱਚ ਲਿਖਿਆ ਹੈ, ਪੂਰਾ ਹੋਣਾ ਚਾਹੀਦਾ ਹੈ: ‘ਉਹ ਇੱਕ ਜਿਸ ਨੇ ਮੇਰੇ ਨਾਲ ਖਾਧਾ ਮੇਰੇ ਵਿਰੁੱਧ ਹੋ ਗਿਆ ਹੈ ।’
19ਮੈਂ ਇਹ ਸਭ ਕੁੱਝ ਹੋਣ ਤੋਂ ਪਹਿਲਾਂ ਹੀ ਤੁਹਾਨੂੰ ਹੁਣ ਦੱਸ ਰਿਹਾ ਹਾਂ । ਜਦੋਂ ਉਹ ਹੋਵੇਗਾ, ਤੁਸੀਂ ਵਿਸ਼ਵਾਸ ਕਰੋਂਗੇ ਕਿ ਮੈਂ ਓਹੀ ਹਾਂ ।20ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ ਕਿ ਜੋ ਮੇਰੇ ਭੇਜੇ ਹੋਏ ਮਨੁੱਖ ਨੂੰ ਕਬੂਲ ਕਰਦਾ, ਸੋ ਮੈਨੂੰ ਕਬੂਲ ਕਰਦਾ ਹੈ ਅਤੇ ਉਹ ਜੋ ਮੈਨੂੰ ਕਬੂਲ ਕਰਦਾ ਸੋ ਮੇਰੇ ਭੇਜਣ ਵਾਲੇ ਨੂੰ ਕਬੂਲ ਕਰਦਾ ਹੈ ।”
ਯਿਸੂ ਆਪਣੇ ਫੜਵਾਏ ਜਾਣ ਬਾਰੇ ਭਵਿੱਖਬਾਣੀ ਕਰਦਾ ਹੈ
(ਮੱਤੀ 26:20-25, ਮਰਕੁਸ 14:17-21, ਲੂਕਾ 22:21-23)

21ਯਿਸੂ ਇਹ ਗੱਲਾਂ ਆਖਦੇ ਹੋਏ ਬੜਾ ਦੁੱਖੀ ਹੋਇਆ ਅਤੇ ਉਸ ਨੇ ਸਾਫ਼ ਆਖਿਆ, “ਮੈਂ ਤੁਹਾਨੂੰ ਸੱਚ-ਸੱਚ ਦੱਸਦਾ ਹਾਂ । ਤੁਹਾਡੇ ਵਿੱਚੋਂ ਇੱਕ ਮੈਨੂੰ ਧੋਖਾ ਦੇਵੇਗਾ ।”22ਯਿਸੂ ਦੇ ਚੇਲੇ ਭਰਮ ਵਿੱਚ ਪੈ ਗਏ ਅਤੇ ਉਨ੍ਹਾਂ ਨੇ ਇੱਕ ਦੂਜੇ ਵੱਲ ਵੇਖਿਆ । ਉਨ੍ਹਾਂ ਨੂੰ ਇਹ ਸਮਝ ਨਾ ਆਇਆ ਕਿ ਯਿਸੂ ਕਿਸ ਮਨੁੱਖ ਦੇ ਬਾਰੇ ਗੱਲ ਕਰ ਰਿਹਾ ਸੀ ।
23ਉਨ੍ਹਾਂ ਵਿੱਚੋਂ ਇੱਕ ਚੇਲਾ ਜਿਸ ਨੂੰ ਯਿਸੂ ਪਿਆਰ ਕਰਦਾ ਸੀ, ਉਸ ਨੇ ਯਿਸੂ ਦੀ ਛਾਤੀ ਨਾਲ ਢਾਸਣਾ ਲਾਇਆ ਸੀ ।24ਇਸ ਲਈ ਸ਼ਮਊਨ ਪਤਰਸ ਨੇ ਯਿਸੂ ਤੋਂ ਇਹ ਪੁੱਛਣ ਲਈ ਇਸ਼ਾਰਾ ਕੀਤਾ ਕਿ ਉਹ ਕਿਸ ਦੇ ਬਾਰੇ ਗੱਲ ਕਰ ਰਿਹਾ ਸੀ ।25ਉਹ ਚੇਲਾ ਯਿਸੂ ਦੇ ਹੋਰ ਨੇੜੇ ਹੋਇਆ ਅਤੇ ਉਸ ਨੂੰ ਪੁਛੱਣ ਲੱਗਾ, “ਹੇ ਪ੍ਰਭੂ, ਕੌਣ ਹੈ ਜੋ ਤੈਨੂੰ ਤੇਰੇ ਦੁਸ਼ਮਣਾਂ ਹੱਥੀਂ ਫ਼ੜਵਾਏਗਾ ।”
26ਯਿਸੂ ਨੇ ਆਖਿਆ, “ਜਿਸ ਲਈ ਮੈਂ ਰੋਟੀ ਕਟੋਰੇ ਵਿੱਚ ਡਬੋਵਾਂਗਾ ਅਤੇ ਉਸ ਨੂੰ ਦੇਵਾਂਗਾ ਉਹੀ ਇੱਕ ਹੈ ਜੋ ਮੈਨੂੰ ਮੇਰੇ ਦੁਸ਼ਮਣਾਂ ਹੱਥੀਂ ਫ਼ੜਵਾਏਗਾ ।” ਸੋ ਯਿਸੂ ਨੇ ਰੋਟੀ ਲਈ ਕਟੋਰੇ ਵਿੱਚ ਡਬੋਈ ਅਤੇ ਸ਼ਮਊਨ ਦੇ ਪੁੱਤਰ ਯਹੂਦਾ ਇਸਕਰਿਯੋਤੀ ਨੂੰ ਦਿੱਤੀ ।27ਜਿਵੇਂ ਹੀ ਯਹੂਦਾ ਨੇ ਰੋਟੀ ਲਈ ਸ਼ੈਤਾਨ ਉਸ ਵਿੱਚ ਵੜ ਗਿਆ । ਯਿਸੂ ਨੇ ਯਹੂਦਾ ਨੂੰ ਕਿਹਾ, “ਜੋ ਤੂੰ ਕਰਨਾ ਛੇਤੀ ਕਰ ।”
28ਮੇਜ਼ ਤੇ ਬੈਠਿਆਂ ਵਿੱਚੋਂ ਕੋਈ ਵੀ ਨਾ ਸਮਝ ਸਕਿਆ ਕਿ ਯਿਸੂ ਕੀ ਆਖ ਰਿਹਾ ਹੈ ਅਤੇ ਉਸ ਨੇ ਇਹ ਗੱਲ ਯਹੂਦਾ ਨੂੰ ਕਿਉਂ ਆਖੀ ।29ਯਹੂਦਾ ਕੋਲ ਧਨ ਵਾਲੀ ਥੈਲੀ ਰਹਿੰਦੀ ਸੀ । ਉਨ੍ਹਾਂ ਵਿੱਚੋਂ ਕੁੱਝ ਨੇ ਸਮਝਿਆ ਕਿ ਯਿਸੂ ਨੇ ਉਸ ਨੂੰ ਉਹ ਚੀਜ਼ਾਂ ਖਰੀਦਣ ਲਈ ਕਿਹਾ ਹੈ, ਜਿਨ੍ਹਾਂ ਦੀ ਤਿਉਹਾਰ ਲਈ ਲੋੜ ਹੈ ਜਾਂ ਉਸ ਨੂੰ ਗਰੀਬਾਂ ਨੂੰ ਕੁੱਝ ਦੇਣ ਲਈ ਕਿਹਾ ਹੈ ।30ਤਾਂ ਯਹੂਦਾ ਰੋਟੀ ਲੈ ਕੇ ਝੱਟ ਬਾਹਰ ਨਿੱਕਲ ਗਿਆ । ਇਹ ਰਾਤ ਦਾ ਸਮਾਂ ਸੀ ।
ਨਵਾਂ ਹੁਕਮ

31ਜਦੋਂ ਯਹੂਦਾ ਚਲਾ ਗਿਆ ਤਾਂ ਯਿਸੂ ਨੇ ਆਖਿਆ, “ਹੁਣ ਮਨੁੱਖ ਦੇ ਪੁੱਤਰ ਦੀ ਵਡਿਆਈ ਅਤੇ ਉਹ ਦੇ ਵਿੱਚ ਪਰਮੇਸ਼ੁਰ ਦੀ ਵਡਿਆਈ ਕੀਤੀ ਜਾਂਦੀ ।32ਜੇਕਰ ਪਰਮੇਸ਼ੁਰ ਉਸ ਰਾਹੀਂ ਵਡਿਆਈ ਪ੍ਰਾਪਤ ਕਰਦਾ ਹੈ, ਤਾਂ ਉਹ ਮਨੁੱਖ ਦੇ ਪੁੱਤਰ ਨੂੰ ਆਪਣੇ ਰਾਹੀਂ ਵਡਿਆਈ ਦੇਵੇਗਾ ਅਤੇ ਉਹ ਜਲਦੀ ਹੀ ਉਸ ਨੂੰ ਵਡਿਆਈ ਦੇਵੇਗਾ ।”33ਯਿਸੂ ਨੇ ਕਿਹਾ, “ਮੇਰੇ ਬੱਚਿਓ, ਮੈਂ ਹੋਰ ਥੋੜੀ ਦੇਰ ਤੁਹਾਡੇ ਕੋਲ ਰਹਾਂਗਾ । ਫੇਰ ਤੁਸੀਂ ਮੈਨੂੰ ਲਭੋਂਗੇ, ਪਰ ਜਿਵੇਂ ਕਿ ਮੈਂ ਯਹੂਦੀਆਂ ਨੂੰ ਕਿਹਾ ਸੀ ਮੈਂ ਹੁਣ ਤੁਹਾਨੂੰ ਵੀ ਕਹਿੰਦਾ ਹਾਂ ਕਿ ਤੁਸੀਂ ਉਸ ਜਗ੍ਹਾ ਨਹੀਂ ਆ ਸਕਦੇ ਜਿੱਥੇ ਮੈਂ ਜਾ ਰਿਹਾ ਹਾਂ ।
34ਮੈਂ ਤੁਹਾਨੂੰ ਨਵਾਂ ਹੁਕਮ ਦਿੰਦਾ ਹਾਂ । ਉਹ ਇਹ ਹੈ, ਕਿ ਤੁਸੀਂ ਇੱਕ ਦੂਜੇ ਨੂੰ ਪਿਆਰ ਕਰੋ । ਇੱਕ ਦੂਜੇ ਨੂੰ ਉਸੇ ਤਰ੍ਹਾਂ ਪਿਆਰ ਕਰੋ ਜਿਵੇਂ ਮੈਂ ਤੁਹਾਨੂੰ ਪਿਆਰ ਕਰਦਾ ਹਾਂ ।35ਜੇ ਤੁਸੀਂ ਇੱਕ ਦੂਜੇ ਨੂੰ ਪਿਆਰ ਕਰੋਂਗੇ ਤਾਂ ਸਾਰੇ ਲੋਕ ਜਾਨਣਗੇ ਕਿ ਤੁਸੀਂ ਮੇਰੇ ਚੇਲੇ ਹੋ ।”
ਪਤਰਸ ਦੇ ਇਨਕਾਰ ਦੀ ਭਵਿੱਖਬਾਣੀ
(ਮੱਤੀ 26:31-35, ਮਰਕੁਸ 14:27-31, ਲੂਕਾ 22:31-34)

36ਸ਼ਮਊਨ ਪਤਰਸ ਨੇ ਯਿਸੂ ਨੂੰ ਕਿਹਾ, “ਪ੍ਰਭੂ ਜੀ ਤੁਸੀਂ ਕਿੱਥੇ ਜਾ ਰਹੇ ਹੋ ? ” ਯਿਸੂ ਨੇ ਆਖਿਆ, “ਜਿੱਥੇ ਮੈਂ ਜਾਂਦਾ ਹਾਂ ਉੱਥੇ ਹੁਣ ਤੂੰ ਮੇਰੇ ਮਗਰ ਨਹੀਂ ਆ ਸਕਦਾ ਪਰ ਬਾਅਦ ਵਿੱਚ ਤੂੰ ਆ ਜਾਵੇਗਾ ।”37ਪਤਰਸ ਨੇ ਕਿਹਾ, “ਪ੍ਰਭੂ ਜੀ ਹੁਣ ਮੈਂ ਤੇਰੇ ਮਗਰ ਕਿਉਂ ਨਹੀਂ ਆ ਸਕਦਾ ? ਮੈਂ ਤੇਰੇ ਲਈ ਜਾਨ ਦੇਣ ਨੂੰ ਤਿਆਰ ਹਾਂ ।”38ਯਿਸੂ ਨੇ ਆਖਿਆ, “ਕੀ ਤੂੰ ਮੇਰੇ ਲਈ ਆਪਣੀ ਜਾਨ ਦੇਵੇਂਗਾ ? ਮੈਂ ਤੈਨੂੰ ਸੱਚ ਆਖਦਾ ਹਾਂ ਕਿ ਜਿੰਨੀ ਦੇਰ ਤੱਕ ਤੂੰ ਤਿੰਨ ਵਾਰੀ ਮੇਰਾ ਇੰਨਕਾਰ ਨਾ ਕਰੇਂ ਕੁੱਕੜ ਬਾਂਗ ਨਹੀਂ ਦੇਵੇਗਾ ।”

14
ਪਰਮੇਸ਼ੁਰ ਤੱਕ ਪਹੁੰਚਣ ਦਾ ਰਾਹ

1ਯਿਸੂ ਨੇ ਆਖਿਆ, “ਤੁਹਾਡਾ ਦਿਲ ਨਾ ਘਬਰਾਵੇ, ਪਰਮੇਸ਼ੁਰ ਉੱਤੇ ਭਰੋਸਾ ਕਰੋ ਅਤੇ ਮੇਰੇ ਉੱਤੇ ਵੀ ਭਰੋਸਾ ਕਰੋ ।2ਮੇਰੇ ਪਿਤਾ ਦੇ ਘਰ ਵਿੱਚ ਬਹੁਤ ਸਾਰੇ ਕਮਰੇ ਹਨ । ਜੇਕਰ ਇਹ ਸੱਚ ਨਾ ਹੁੰਦਾ ਤਾਂ ਮੈਂ ਤੁਹਾਨੂੰ ਨਾ ਕਹਿੰਦਾ । ਮੈਂ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਲਈ ਜਾ ਰਿਹਾ ਹਾਂ ।3ਉੱਥੇ ਜਾ ਕੇ ਤੇ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਤੋਂ ਬਾਅਦ, ਮੈਂ ਫੇਰ ਆਵਾਂਗਾ ਅਤੇ ਤੁਹਾਨੂੰ ਆਪਣੇ ਨਾਲ ਲੈ ਜਾਂਵਾਂਗਾ ।

4ਜਿੱਥੇ ਮੈਂ ਜਾਂਦਾ ਹਾਂ ਤੁਸੀਂ ਉਹ ਰਾਹ ਜਾਣਦੇ ਹੋ ।”5ਥੋਮਾ ਨੇ ਉਸ ਨੂੰ ਕਿਹਾ, “ਪ੍ਰਭੂ ਜੀ ਸਾਨੂੰ ਇਹ ਪਤਾ ਨਹੀਂ ਕਿ ਤੂੰ ਕਿੱਥੇ ਜਾ ਰਿਹਾ ਹੈ, ਫਿਰ ਅਸੀਂ ਰਾਹ ਕਿਵੇਂ ਜਾਣ ਸਕਦੇ ਹਾਂ ? ”6ਯਿਸੂ ਨੇ ਆਖਿਆ, “ਮੈਂ ਹੀ ਰਾਹ, ਸੱਚਾਈ ਅਤੇ ਜੀਵਨ ਹਾਂ । ਮੇਰੇ ਕੋਲ ਆਉਣ ਤੋਂ ਬਿਨ੍ਹਾਂ ਕੋਈ ਪਿਤਾ ਕੋਲ ਨਹੀਂ ਆ ਸਕਦਾ ।7ਜੇਕਰ ਤੁਸੀਂ ਮੈਨੂੰ ਜਾਣਦੇ ਤਾਂ ਤੁਸੀਂ ਪਿਤਾ ਨੂੰ ਵੀ ਜਾਣਦੇ ਹੋ । ਪਰ ਹੁਣ ਤੋਂ ਤੁਸੀਂ ਪਿਤਾ ਨੂੰ ਜਾਣਦੇ ਹੋ, ਤੁਸੀਂ ਉਸ ਨੂੰ ਵੇਖ ਲਿਆ ਹੈ ।”
8ਫਿਲਿਪੁੱਸ ਨੇ ਯਿਸੂ ਨੂੰ ਆਖਿਆ, “ਹੇ ਪ੍ਰਭੂ ਜੀ ! ਸਾਨੂੰ ਪਿਤਾ ਦਾ ਦਰਸ਼ਣ ਕਰਾ ਅਤੇ ਸਾਡੇ ਲਈ ਇਹੀ ਬਹੁਤ ਹੈ ।”9ਯਿਸੂ ਨੇ ਆਖਿਆ, “ਫਿਲਿਪੁੱਸ ਮੈਂ ਲੰਬੇ ਸਮੇਂ ਲਈ ਤੇਰੇ ਨਾਲ ਸੀ । ਪਰ ਹੁਣ ਵੀ ਤੂੰ ਮੈਨੂੰ ਨਹੀਂ ਜਾਣਦਾ ? ਜਿਸ ਮਨੁੱਖ ਨੇ ਮੈਨੂੰ ਵੇਖਿਆ ਹੈ ਉਸ ਨੇ ਪਿਤਾ ਨੂੰ ਵੀ ਵੇਖਿਆ ਹੈ । ਫਿਰ ਤੂੰ ਇਹ ਕਹਿੰਦਾ, ‘ਸਾਨੂੰ ਪਿਤਾ ਦੇ ਦਰਸ਼ਣ ਕਰਾ ? ’
10ਕੀ ਤੂੰ ਵਿਸ਼ਵਾਸ ਨਹੀਂ ਕਰਦਾ ਕਿ ਪਿਤਾ ਮੇਰੇ ਵਿੱਚ ਹੈ ਅਤੇ ਮੈਂ ਪਿਤਾ ਵਿੱਚ ? ਜਿਹੜੀਆਂ ਗੱਲਾਂ ਮੈਂ ਤੈਨੂੰ ਦੱਸਦਾ ਹਾਂ ਮੇਰੇ ਵੱਲੋਂ ਨਹੀਂ ਸਗੋਂ ਪਿਤਾ ਜੋ ਮੇਰੇ ਵਿੱਚ ਰਹਿੰਦਾ ਤੇ ਆਪਣੇ ਕੰਮ ਕਰਦਾ ਹੈ ।11ਜਦੋਂ ਮੈਂ ਇਹ ਆਖਦਾ ਹਾਂ ਕਿ ਪਿਤਾ ਮੇਰੇ ਵਿੱਚ ਹੈ ਤੇ ਮੈਂ ਪਿਤਾ ਵਿੱਚ ਹਾਂ, ਨਹੀਂ ਤਾਂ ਮੇਰੇ ਕੰਮਾਂ ਕਰਕੇ ਮੇਰੇ ਉੱਤੇ ਵਿਸ਼ਵਾਸ ਕਰੋ ।
12ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ ਕਿ ਜਿਹੜਾ ਮੇਰੇ ਉੱਤੇ ਵਿਸ਼ਵਾਸ ਕਰਦਾ ਉਹ ਵੀ ਮੇਰੇ ਜਿਹੇ ਕੰਮ ਕਰੇਗਾ । ਸਿਰਫ਼ ਇਹੀ ਨਹੀਂ, ਉਹ ਇਨ੍ਹਾਂ ਕੰਮਾਂ ਤੋਂ ਵੀ ਮਹਾਨ ਕੰਮ ਕਰੇਗਾ, ਕਿਉਂਕਿ ਮੈਂ ਵਾਪਿਸ ਪਿਤਾ ਕੋਲ ਜਾ ਰਿਹਾ ਹਾਂ ।13ਜੇਕਰ ਤੁਸੀਂ ਮੇਰੇ ਨਾਮ ਤੇ ਕੁੱਝ ਮੰਗੋਗੇ, ਤਾਂ ਮੈਂ ਦੇਵਾਂਗਾ । ਫਿਰ ਪੁੱਤਰ ਰਾਹੀਂ ਪਿਤਾ ਦੀ ਵਡਿਆਈ ਹੋਵੇਗੀ ।14ਜੇਕਰ ਤੁਸੀਂ ਮੇਰੇ ਨਾਮ ਉੱਤੇ ਕੁੱਝ ਮੰਗੋਗੇ ਮੈਂ ਉਹ ਦੇਵਾਂਗਾ ।”
ਪਵਿੱਤਰ ਆਤਮਾ ਦਾ ਵਾਅਦਾ

15“ਜੇਕਰ ਤੁਸੀਂ ਮੈਨੂੰ ਪਿਆਰ ਕਰਦੇ ਹੋ ਤਾਂ ਤੁਸੀਂ ਮੇਰੇ ਹੁਕਮਾਂ ਦੀ ਪਾਲਨਾ ਕਰੋਗੇ ।16ਅਤੇ ਮੈਂ ਪਿਤਾ ਕੋਲੋਂ ਮੰਗਾਂਗਾ ਅਤੇ ਉਹ ਤੁਹਾਡੇ ਲਈ ਦੂਸਰਾ ਸਹਾਇਕ ਦੇਵੇਗਾ ।17ਇਹ ਸਹਾਇਕ ਸੱਚ ਦਾ ਆਤਮਾ ਹੈ । ਇਹ ਸੰਸਾਰ ਉਸ ਨੂੰ ਪ੍ਰਾਪਤ ਨਹੀਂ ਕਰ ਸਕਦਾ । ਕਿਉਂਕਿ ਸੰਸਾਰ ਨੇ ਉਸ ਨੂੰ ਨਾ ਵੇਖਿਆ ਹੈ ਤੇ ਨਾ ਹੀ ਉਸ ਨੂੰ ਜਾਣਦਾ ਹੈ । ਪਰ ਤੁਸੀਂ ਉਸ ਨੂੰ ਜਾਣਦੇ ਹੋ ਉਹ ਤੁਹਾਡੇ ਨਾਲ ਰਹਿੰਦਾ ਹੈ ਅਤੇ ਉਹ ਤੁਹਾਡੇ ਵਿੱਚ ਹੋਵੇਗਾ ।
18ਮੈਂ ਤੁਹਾਨੂੰ ਅਨਾਥ ਨਹੀਂ ਛੱਡਾਂਗਾ । ਮੈਂ ਤੁਹਾਡੇ ਕੋਲ ਆਵਾਂਗਾ ।19ਇਸ ਸੰਸਾਰ ਦੇ ਲੋਕ ਮੈਨੂੰ ਨਹੀਂ ਵੇਖਣਗੇ ਪਰ ਤੁਸੀਂ ਵੇਖੋਗੇ ਕਿਉਂਕਿ ਜੋ ਮੈਂ ਜਿਉਂਦਾ ਹਾਂ ਤੁਸੀਂ ਵੀ ਜਿਵਾਲੇ ਜਾਉਂਗੇ ।20ਉਸ ਦਿਨ ਤੁਸੀਂ ਜਾਣ ਸਕੋਗੇ ਕਿ ਮੈਂ ਪਿਤਾ ਵਿੱਚ ਹਾਂ ਤੁਸੀਂ ਜਾਣ ਜਾਵੋਂਗੇ ਕਿ ਤੁਸੀਂ ਮੇਰੇ ਵਿੱਚ ਤੇ ਮੈਂ ਤੁਹਾਡੇ ਵਿੱਚ ਹਾਂ ।
21ਜੇਕਰ ਕੋਈ ਵੀ ਵਿਅਕਤੀ, ਮੇਰੇ ਹੁਕਮਾਂ ਨੂੰ ਜਾਣ ਕੇ ਉਨ੍ਹਾਂ ਦੀ ਪਾਲਨਾ ਕਰਦਾ ਹੈ, ਤਾਂ ਉਹ ਉਹੀ ਹੈ ਜੋ ਸੱਚੀਂ ਮੈਨੂੰ ਪਿਆਰ ਕਰਦਾ ਹੈ । ਮੇਰਾ ਪਿਤਾ ਵੀ ਉਸ ਵਿਅਕਤੀ ਨੂੰ ਪਿਆਰ ਕਰੇਗਾ । ਜਿਹੜਾ ਮਨੁੱਖ ਮੈਨੂੰ ਪਿਆਰ ਕਰਦਾ, ਮੈਂ ਵੀ ਉਸ ਮਨੁੱਖ ਨਾਲ ਪਿਆਰ ਕਰਦਾ ਹਾਂ ਅਤੇ ਆਪਣਾ-ਆਪ ਉਸ ਲਈ ਪ੍ਰਗਟ ਕਰਾਂਗਾ ? ”22ਤਦ ਯਹੂਦਾ ਨੇ ਆਖਿਆ (ਇਹ ਯਹੂਦਾ ਇਸਕਰਿਯੋਤੀ ਨਹੀਂ), “ਪ੍ਰਭੂ ਜੀ ਤੂੰ ਆਪਣੇ ਆਪ ਸਾਡੇ ਤੇ ਪਰਗਟ ਕਰਦਾ ਹੈਂ ਪਰ ਸੰਸਾਰ ਤੇ ਕਿਉਂ ਨਹੀਂ ? ”
23ਯਿਸੂ ਨੇ ਆਖਿਆ, “ਜੇਕਰ ਕੋਈ ਮੈਨੂੰ ਪਿਆਰ ਕਰਦਾ ਹੈ ਤਾਂ ਉਹ ਮੇਰੇ ਬਚਨ ਦਾ ਵੀ ਪਾਲਣ ਕਰੇਗਾ ਤੇ ਮੇਰਾ ਪਿਤਾ ਉਸ ਨੂੰ ਪਿਆਰ ਕਰੇਗਾ । ਮੈਂ ਅਤੇ ਮੇਰਾ ਪਿਤਾ ਉਸ ਕੋਲ ਆਵਾਂਗੇ ਅਤੇ ਉਸ ਦੇ ਕੋਲ ਰਹਾਂਗੇ ।24ਪਰ ਜਿਹੜਾ ਵਿਅਕਤੀ ਮੈਨੂੰ ਪਿਆਰ ਨਹੀਂ ਕਰਦਾ, ਉਹ ਮੇਰੇ ਬਚਨ ਨੂੰ ਵੀ ਨਹੀਂ ਮੰਨਦਾ । ਜਿਹੜੇ ਬਚਨ ਮੈਂ ਤੁਹਾਨੂੰ ਦਿੰਦਾ ਹਾਂ ਉਹ ਮੇਰੇ ਆਪਣੇ ਨਹੀਂ ਹਨ, ਸਗੋਂ ਇਹ ਮੇਰੇ ਪਿਤਾ ਦੇ ਹਨ, ਜਿਸ ਨੇ ਮੈਨੂੰ ਭੇਜਿਆ ਹੈ ।”
25“ਇਹ ਸਭ ਗੱਲਾਂ ਮੈਂ ਤੁਹਾਨੂੰ ਉਦੋਂ ਦੱਸ ਚੁੱਕਾ ਸੀ ਜਦੋਂ ਮੈਂ ਤੁਹਾਡੇ ਨਾਲ ਸੀ ।26ਪਰ ਸਹਾਇਕ ਪਵਿੱਤਰ ਆਤਮਾ ਹੈ, ਜਿਸ ਨੂੰ ਪਿਤਾ, ਮੇਰੇ ਨਾਮ ਵਿੱਚ ਭੇਜੇਗਾ । ਉਹ ਤੁਹਾਨੂੰ ਸਭ ਕੁੱਝ ਸਿਖਾਵੇਗਾ ਅਤੇ ਉਹ ਤੁਹਾਨੂੰ ਉਹ ਸਭ ਯਾਦ ਕਰਾਵੇਗਾ, ਜੋ ਕੁੱਝ ਮੈਂ ਤੁਹਾਨੂੰ ਕਿਹਾ ਹੈ ।”27“ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ । ਮੈਂ ਆਪਣੀ ਤਸੱਲੀ ਤੁਹਾਨੂੰ ਦਿੰਦਾ ਹਾਂ । ਮੈਂ ਤੁਹਾਨੂੰ ਸੰਸਾਰ ਤੋਂ ਵੱਖਰੀ ਕਿਸਮ ਦੀ ਸ਼ਾਂਤੀ ਦਿੰਦਾ ਹਾਂ, ਇਸ ਲਈ ਤੁਹਾਡੇ ਦਿਲ ਨਾ ਡਰੇ ਅਤੇ ਘਬਰਾਏ ।”
28ਜੋ ਮੈਂ ਤੁਹਾਨੂੰ ਕਿਹਾ ਤੁਸੀਂ ਸੁਣਿਆ, ਮੈਂ ਤੁਹਾਨੂੰ ਕਿਹਾ, “ਮੈਂ ਜਾ ਰਿਹਾ ਹਾਂ, ਪਰ ਮੈਂ ਤੁਹਾਡੇ ਕੋਲ ਫਿਰ ਵਾਪਸ ਆਵਾਂਗਾ ।” ਜੇਕਰ ਤੁਸੀਂ ਮੇਰੇ ਨਾਲ ਪਿਆਰ ਕਰਦੇ ਤਾਂ ਫਿਰ ਤੁਹਾਨੂੰ ਖੁਸ਼ ਹੋਣਾ ਚਾਹੀਦਾ ਸੀ ਕਿ ਮੈਂ ਪਿਤਾ ਕੋਲ ਜਾ ਰਿਹਾ ਹਾਂ ਕਿਉਂਕਿ ਮੇਰਾ ਪਿਤਾ ਮੇਰੇ ਤੋਂ ਮਹਾਨ ਹੈ ।29ਇਹ ਹੋਣ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਿਆ ਹੈ, ਤਾਂ ਜੋ ਜਦੋਂ ਇਹ ਹੋਵੇ, ਤੁਸੀਂ ਵਿਸ਼ਵਾਸ ਕਰੋ ।30“ਮੈਂ ਬਹੁਤ ਸਮੇਂ ਤੱਕ ਤੁਹਾਡੇ ਨਾਲ ਨਹੀਂ ਬੋਲਾਂਗਾ । ਇਸ ਦੁਨੀਆਂ ਦਾ ਹਾਕਮ ਆ ਰਿਹਾ ਹੈ । ਉਸਦਾ ਮੇਰੇ ਉੱਤੇ ਕੋਈ ਅਧਿਕਾਰ ਨਹੀਂ ਹੈ ।31ਪਰ ਸੰਸਾਰ ਨੂੰ ਮਾਲੂਮ ਹੋਣਾ ਚਾਹੀਦਾ ਕਿ ਮੈਂ ਪਿਤਾ ਨੂੰ ਪਿਆਰ ਕਰਦਾ ਹਾਂ । ਇਸ ਲਈ ਮੈਂ ਉਵੇਂ ਹੀ ਕਰਾਂਗਾ ਜਿਵੇਂ ਪਿਤਾ ਨੇ ਮੈਨੂੰ ਹੁਕਮ ਦਿੱਤਾ ਹੈ । ਉੱਠੋ, ਅਸੀਂ ਹੁਣ ਇਥੋਂ ਚੱਲੀਏ ।”

15
ਯਿਸੂ ਅੰਗੂਰ ਦੀ ਸੱਚੀ ਵੇਲ

1ਯਿਸੂ ਨੇ ਕਿਹਾ, “ਮੈਂ ਅੰਗੂਰ ਦੀ ਸੱਚੀ ਵੇਲ ਹਾਂ, ਮੇਰਾ ਪਿਤਾ ਬਾਗਵਾਨ ਹੈ ।”2ਹਰ ਉਹ ਟਹਿਣੀ ਜਿਹੜੀ ਫ਼ਲ ਨਹੀਂ ਦਿੰਦੀ, ਉਹ ਵੱਡ ਸੁੱਟਦਾ ਹੈ । ਉਹ ਹਰ ਟਹਿਣੀ ਨੂੰ ਚੰਗੀ ਤਰ੍ਹਾਂ ਛਾਂਗਦਾ, ਜਿਹੜੀ ਫ਼ਲ ਦਿੰਦੀ ਹੈ ਅਤੇ ਉਸ ਨੂੰ ਸਾਫ਼ ਕਰਦਾ ਹੈ ਤਾਂ ਜੋ ਉਹ ਹੋਰ ਬਹੁਤ ਸਾਰਾ ਫ਼ਲ ਦੇਵੇ ।

3ਤੁਸੀਂ ਪਹਿਲਾਂ ਹੀ ਮੇਰੇ ਦਿੱਤੇ ਹੋਏ ਬਚਨ ਦੁਆਰਾ ਸਾਫ਼ ਹੋ ।4ਤੁਸੀਂ ਮੇਰੇ ਵਿੱਚ ਰਹੋ ਅਤੇ ਮੈਂ ਤੁਹਾਡੇ ਵਿੱਚ ਰਹਾਂਗਾ । ਕੋਈ ਵੀ ਟਹਿਣੀ ਜੇ ਉਹ ਅੰਗੂਰ ਦੀ ਵੇਲ ਵਿੱਚ ਨਾ ਰਹੇ, ਆਪਣੇ ਆਪ ਫ਼ਲ ਨਹੀਂ ਦੇ ਸਕਦੀ । ਇਸੇ ਤਰ੍ਹਾਂ, ਜੇਕਰ ਤੁਸੀਂ ਮੇਰੇ ਵਿੱਚ ਨਹੀਂ ਰਹੋਂਗੇ, ਤੁਸੀਂ ਫ਼ਲ ਪੈਦਾ ਨਹੀਂ ਕਰ ਸਕਦੇ ।
5“ਅੰਗੂਰ ਦੀ ਵੇਲ ਮੈਂ ਹਾਂ ਤੇ ਤੁਸੀਂ ਉਸ ਦੀਆਂ ਟਹਿਣੀਆਂ ਹੋ । ਜੇਕਰ ਕੋਈ ਮੇਰੇ ਵਿੱਚ ਰਹਿੰਦਾ ਹੈ, ਮੈਂ ਉਸ ਵਿੱਚ ਹੋਵਾਂਗਾ ਅਤੇ ਉਹ ਬਹੁਤ ਫ਼ਲ ਦੇਵੇਗਾ ਪਰ ਮੇਰੇ ਤੋਂ ਅੱਲਗ ਹੋ ਕੇ ਤੁਸੀਂ ਕੁੱਝ ਵੀ ਨਹੀਂ ਕਰ ਸਕਦੇ ।”6ਜੇਕਰ ਕੋਈ ਮੇਰੇ ਵਿੱਚ ਨਹੀਂ ਰਹਿੰਦਾ, ਉਹ ਇੱਕ ਟਹਿਣੀ ਵਾਂਗੂੰ ਸੁੱਟਿਆ ਜਾਵੇਗਾ ਅਤੇ ਸੁੱਕ ਜਾਵੇਗਾ । ਅਜਿਹੀਆਂ ਟਹਿਣੀਆਂ ਨੂੰ ਲੋਕ ਅੱਗ ਵਿੱਚ ਸਾੜ ਦਿੰਦੇ ਹਨ ।7“ਜੇਕਰ ਤੁਸੀਂ ਮੇਰੇ ਵਿੱਚ ਰਹੋ ਅਤੇ ਮੇਰੀਆਂ ਗੱਲਾਂ ਤੁਹਾਡੇ ਵਿੱਚ ਰਹਿਣ ਤਾਂ ਜੋ ਤੁਸੀਂ ਚਾਹੋ ਸੋ ਮੰਗੋ ਅਤੇ ਉਹ ਦੇ ਦਿੱਤਾ ਜਾਵੇਗਾ ।”
8ਇਸ ਰਾਹੀਂ ਮੇਰੇ ਪਿਤਾ ਦੀ ਵਡਿਆਈ ਹੋਵੇਗੀ, ਜੋ ਤੁਸੀਂ ਬਹੁਤਾ ਫ਼ਲ ਲੈ ਕੇ ਆਵੋਂ ਇਸ ਤਰ੍ਹਾਂ ਤੁਸੀਂ ਮੇਰੇ ਚੇਲੇ ਹੋਵੋਗੇ ।9“ਜਿਵੇਂ ਕਿ ਮੇਰੇ ਪਿਤਾ ਨੇ ਮੈਨੂੰ ਪਿਆਰ ਕੀਤਾ ਤਿਵੇਂ ਮੈਂ ਤੁਹਾਨੂੰ ਵੀ ਪਿਆਰ ਕੀਤਾ । ਇਸ ਲਈ ਤੁਸੀਂ ਵੀ ਮੇਰੇ ਪਿਆਰ ਵਿੱਚ ਬਣੇ ਰਹੋ ।”
10ਮੈਂ ਆਪਣੇ ਪਿਤਾ ਦੇ ਹੁਕਮਾਂ ਦੀ ਪਾਲਣਾ ਕਰਦਾ ਹਾਂ ਅਤੇ ਮੈਂ ਉਸ ਦੇ ਪਿਆਰ ਵਿੱਚ ਰਹਿੰਦਾ ਹਾਂ । ਇਸੇ ਤਰ੍ਹਾਂ ਜੇਕਰ ਤੁਸੀਂ ਵੀ ਮੇਰੇ ਹੁਕਮਾਂ ਦੀ ਪਾਲਣਾ ਕਰੋਂਗੇ ਤੁਸੀਂ ਮੇਰੇ ਪਿਆਰ ਵਿੱਚ ਰਹੋਂਗੇ ।11“ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਆਖੀਆਂ ਹਨ ਤਾਂ ਜੋ ਮੇਰੀ ਖੁਸ਼ੀ ਤੁਹਾਡੇ ਵਿੱਚ ਪੂਰੀ ਹੋਵੇ ਅਤੇ ਤੁਹਾਡੀ ਖੁਸ਼ੀ ਪੂਰੀ ਹੋ ਸਕੇ ।”
12ਤੁਹਾਡੇ ਲਈ ਮੇਰਾ ਇਹ ਹੁਕਮ ਹੈ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਹੈ, ਇਸੇ ਤਰ੍ਹਾਂ ਤੁਸੀਂ ਵੀ ਇੱਕ ਦੂਜੇ ਨੂੰ ਪਿਆਰ ਕਰੋ ।13ਇਸ ਤੋਂ ਵਧੇਰੇ ਕਿਸੇ ਦਾ ਪਿਆਰ ਨਹੀਂ ਜੋ ਕੋਈ ਆਪਣੇ ਮਿੱਤਰ ਲਈ ਜਾਨ ਦੇ ਦੇਵੇ
14ਤੁਸੀਂ ਮੇਰੇ ਮਿੱਤਰ ਹੋ ਜੇਕਰ ਤੁਸੀਂ ਉਹ ਗੱਲਾਂ ਕਰੋ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ।15ਮੈਂ ਤੁਹਾਨੂੰ ਹੁਣ ਦਾਸ ਕਹਿ ਕੇ ਨਹੀਂ ਬੁਲਾਉਂਦਾ ਕਿਉਂਕਿ ਇੱਕ ਦਾਸ ਨਹੀਂ ਜਾਣਦਾ ਕਿ ਉਸਦਾ ਮਾਲਕ ਕੀ ਕਰ ਰਿਹਾ ਹੈ । ਪਰ ਹੁਣ ਮੈਂ ਤੁਹਾਨੂੰ ਆਪਣਾ ਮਿੱਤਰ ਕਹਿ ਕੇ ਬੁਲਾਵਾਂਗਾ । ਕਿਉਂਕਿ ਜੋ ਕੁੱਝ ਮੈਂ ਆਪਣੇ ਪਿਤਾ ਕੋਲੋਂ ਸੁਣਿਆ ਹੈ ਤੁਹਾਨੂੰ ਸਭ ਕੁੱਝ ਦੱਸ ਦਿੱਤਾ ਹੈ ।
16“ਤੁਸੀਂ ਮੈਨੂੰ ਨਹੀਂ ਚੁਣਿਆ, ਪਰ ਮੈਂ ਤੁਹਾਨੂੰ ਚੁਣਿਆ ਹੈ । ਮੈਂ ਤੁਹਾਨੂੰ ਠਹਿਰਾਇਆ ਹੈ ਤਾਂ ਕਿ ਤੁਸੀਂ ਜਾਵੋਂ ਅਤੇ ਫ਼ਲਦਾਰ ਹੋ ਸਕੋਂ । ਤੁਹਾਡਾ ਫ਼ਲ ਸਦਾ ਤੁਹਾਡੇ ਜੀਵਨ ਵਿੱਚ ਰਹੇ ਤਾਂ ਜੋ ਕੁੱਝ ਵੀ ਤੁਸੀਂ ਮੇਰੇ ਨਾਮ ਵਿੱਚ ਮੰਗੋਂ ਪਿਤਾ ਤੁਹਾਨੂੰ ਦੇਵੇ ।”17ਇੱਕ ਦੂਜੇ ਨਾਲ ਪਿਆਰ ਕਰੋ, ਇਹ ਮੇਰਾ ਤੁਹਾਨੂੰ ਹੁਕਮ ਹੈ ।
ਸੰਸਾਰ ਦਾ ਵੈਰ

18ਜੇਕਰ ਸੰਸਾਰ ਤੁਹਾਡੇ ਨਾਲ ਨਫ਼ਰਤ ਕਰਦਾ ਹੈ ਤਾਂ ਤੁਹਾਨੂੰ ਯਾਦ ਰੱਖਣਾ ਚਾਹੀਦਾ ਕਿ ਪਹਿਲਾਂ ਸੰਸਾਰ ਨੇ ਮੇਰੇ ਨਾਲ ਵੀ ਨਫ਼ਰਤ ਕਰਦਾ ਸੀ ।19ਜੇਕਰ ਤੁਸੀਂ ਸੰਸਾਰ ਦੇ ਹੁੰਦੇ ਤਾਂ ਦੁਨੀਆਂ ਤੁਹਾਨੂੰ ਆਪਣਿਆਂ ਵਾਗੂੰ ਪਿਆਰ ਕਰਦੀ । ਪਰ ਤੁਸੀਂ ਸੰਸਾਰ ਦੇ ਨਹੀਂ ਹੋ ਕਿਉਂਕਿ ਮੈਂ ਤੁਹਾਨੂੰ ਇਸ ਸੰਸਾਰ ਵਿੱਚੋਂ ਚੁਣਿਆ ਹੈ ਇਸੇ ਕਾਰਣ ਸੰਸਾਰ ਨੇ ਤੁਹਾਡੇ ਤੋਂ ਨਫ਼ਰਤ ਕੀਤੀ ।
20ਯਾਦ ਕਰੋ ਮੈਂ ਤੁਹਾਨੂੰ ਕੀ ਕਿਹਾ ਸੀ: ਇੱਕ ਦਾਸ ਆਪਣੇ ਮਾਲਕ ਨਾਲੋਂ ਵੱਡਾ ਨਹੀਂ ਹੁੰਦਾ । ਜੇਕਰ ਲੋਕਾਂ ਨੇ ਮੈਨੂੰ ਕਸ਼ਟ ਦਿੱਤੇ ਹਨ, ਤਾਂ ਉਹ ਤੁਹਾਨੂੰ ਵੀ ਕਸ਼ਟ ਦੇਣਗੇ । ਜੇਕਰ ਉਨ੍ਹਾਂ ਨੇ ਮੇਰੇ ਬਚਨ ਨੂੰ ਮੰਨਿਆ, ਉਹ ਤੁਹਾਡੇ ਬਚਨ ਦੀ ਵੀ ਪਾਲਣਾ ਕਰਣਗੇ ।21ਪਰ ਇਹ ਸਭ ਕੁੱਝ ਮੇਰੇ ਨਾਮ ਦੇ ਕਾਰਣ ਲੋਕ ਤੁਹਾਡੇ ਨਾਲ ਕਰਨਗੇ ਕਿਉਂਕਿ ਉਹ ਉਸ ਨੂੰ ਨਹੀਂ ਜਾਣਦੇ ਜਿਸ ਨੇ ਮੈਨੂੰ ਭੇਜਿਆ ਹੈ ।22ਜੇਕਰ ਮੈਂ ਨਾ ਆਇਆ ਹੁੰਦਾ ਅਤੇ ਇਸ ਦੁਨੀਆਂ ਦੇ ਲੋਕਾਂ ਨਾਲ ਗੱਲ ਨਾ ਕੀਤੀ ਹੁੰਦੀ, ਤਾਂ ਉਹ ਪਾਪਾਂ ਦੇ ਦੋਸ਼ੀ ਨਾ ਹੁੰਦੇ । ਹੁਣ ਮੈਂ ਉਨ੍ਹਾਂ ਨੂੰ ਕਿਹਾ ਹੈ, ਹੁਣ ਉਨ੍ਹਾਂ ਕੋਲ ਆਪਣੇ ਪਾਪਾਂ ਲਈ ਕੋਈ ਬਹਾਨਾ ਨਹੀਂ ਹੈ ।
23ਉਹ ਵਿਅਕਤੀ ਜੋ ਮੇਰੇ ਨਾਲ ਵੈਰ ਕਰਦਾ, ਮੇਰੇ ਪਿਤਾ ਨਾਲ ਵੀ ਵੈਰ ਕਰਦਾ ਹੈ ।24ਮੈਂ ਉਹ ਗੱਲਾਂ ਕੀਤੀਆਂ ਹਨ ਜੋ ਕਿਸੇ ਨੇ ਨਹੀਂ ਕੀਤੀਆਂ । ਜੇਕਰ ਮੈਂ ਉਹ ਗੱਲਾਂ ਨਾ ਕੀਤੀਆਂ ਹੁੰਦੀਆਂ, ਫ਼ੇਰ ਉਹ ਪਾਪਾਂ ਦੇ ਦੋਸ਼ੀ ਨਾ ਹੁੰਦੇ । ਪਰ ਹੁਣ ਉਨ੍ਹਾਂ ਨੇ ਇਹ ਗੱਲਾਂ ਵੇਖੀਆਂ ਹਨ, ਜੋ ਮੈਂ ਕੀਤੀਆਂ ਹਨ । ਪਰ ਹਾਲੇ ਵੀ ਉਹ ਮੇਰੇ ਨਾਲ, ਇਥੋਂ ਤੱਕ ਕਿ ਮੇਰੇ ਪਿਤਾ ਨਾਲ ਵੀ ਵੈਰ ਕਰਦੇ ਹਨ ।25ਪਰ ਇਹ ਇਸ ਲਈ ਹੋਇਆ ਹੈ ਕਿਉਂਕਿ ਜੋ ਭਵਿੱਖਬਾਣੀ ਉਨ੍ਹਾਂ ਦੀ ਬਿਵਸਥਾ ਵਿੱਚ ਲਿਖੀ ਹੋਈ ਸੱਚ ਹੋ ਜਾਵੇ । “ਉਨ੍ਹਾਂ ਨੇ ਬਿਨ੍ਹਾਂ ਕਾਰਨ ਤੋਂ ਮੇਰੇ ਨਾਲ ਨਫ਼ਰਤ ਕੀਤੀ ।”
26ਮੈਂ ਤੁਹਾਨੂੰ ਪਿਤਾ ਵੱਲੋਂ ਸਹਾਇਕ ਭੇਜਾਂਗਾ । ਉਹ ਸਹਾਇਕ ਸੱਚ ਦਾ ਆਤਮਾ ਹੈ ਜੋ ਪਿਤਾ ਕੋਲੋਂ ਆਉਂਦਾ ਹੈ । ਜਦੋਂ ਉਹ ਆਵੇਗਾ ਤਾਂ ਉਹ ਮੇਰੇ ਹੱਕ ਵਿੱਚ ਗਵਾਹੀ ਦੇਵੇਗਾ ।27ਅਤੇ ਤੁਸੀਂ ਵੀ ਮੇਰੇ ਗਵਾਹ ਹੋਵੋਗੇ ਕਿਉਂਕਿ ਤੁਸੀਂ ਸ਼ੁਰੂ ਤੋਂ ਮੇਰੇ ਨਾਲ ਹੋ ।

16

1ਮੈਂ ਤੁਹਾਨੂੰ ਇਹ ਗੱਲਾਂ ਇਸ ਲਈ ਆਖੀਆਂ ਹਨ ਤਾਂ ਜੋ ਤੁਸੀਂ ਠੋਕਰ ਨਾ ਖਾਓ ।2ਲੋਕ ਤੁਹਾਨੂੰ ਪ੍ਰਾਰਥਨਾ ਘਰ ਤੋਂ ਬਾਹਰ ਕੱਢ ਦੇਣਗੇ । ਹਾਂ, ਸਮਾਂ ਆਉਂਦਾ ਹੈ ਜਦੋਂ ਲੋਕ ਇਹ ਸਮਝਣਗੇ ਕਿ ਤੁਹਾਨੂੰ ਮਾਰ ਦੇਣਾ ਹੀ ਪਰਮੇਸ਼ੁਰ ਦੀ ਸੇਵਾ ਹੈ ।

3ਉਹ ਇਹ ਗੱਲਾਂ ਇਸ ਲਈ ਕਰਨਗੇ ਕਿਉਂਕਿ ਉਹ ਪਿਤਾ ਅਤੇ ਮੈਨੂੰ ਬਿਲਕੁਲ ਹੀ ਨਹੀਂ ਜਾਣਦੇ ।4ਮੈਂ ਤੁਹਾਨੂੰ ਇਹ ਸਭ ਗੱਲਾਂ ਹੁਣ ਆਖੀਆਂ ਹਨ, ਤਾਂ ਜਦੋਂ ਇਨ੍ਹਾਂ ਗੱਲਾਂ ਦੇ ਪੂਰੇ ਹੋਣ ਦਾ ਸਮਾਂ ਆਵੇ ਤਾਂ ਤੁਸੀਂ ਯਾਦ ਕਰੋ ਕਿ ਮੈਂ ਤੁਹਾਨੂੰ ਇਨ੍ਹਾਂ ਗੱਲਾਂ ਬਾਰੇ ਦੱਸ ਦਿੱਤਾ ਸੀ ।
ਪਵਿੱਤਰ ਆਤਮਾ ਦੇ ਕੰਮ

ਇਹ ਗੱਲਾਂ ਮੈਂ ਤੁਹਾਨੂੰ ਸ਼ੁਰੂ ਤੋਂ ਹੀ ਦੱਸੀਆਂ ਸੀ ਕਿਉਂਕਿ ਮੈਂ ਤੁਹਾਡੇ ਨਾਲ ਸੀ ।

5ਪਰ ਹੁਣ ਮੈਂ ਉਸ ਕੋਲ ਜਾ ਰਿਹਾ ਹਾਂ ਜਿਸ ਨੇ ਮੈਨੂੰ ਭੇਜਿਆ ਸੀ ਪਰ ਤੁਹਾਡੇ ਵਿੱਚੋਂ ਕੋਈ ਮੈਨੂੰ ਨਹੀਂ ਪੁੱਛਦਾ ਤੂੰ ਕਿੱਥੇ ਜਾਂਦਾ ਹੈ ।6ਤੁਹਾਡੇ ਦਿਲ ਦੁੱਖ ਨਾਲ ਭਰੇ ਹਨ ਕਿਉਂਕਿ ਮੈਂ ਤੁਹਾਨੂੰ ਅਜਿਹੀਆਂ ਗੱਲਾਂ ਆਖੀਆਂ ਹਨ ।7ਪਰ ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਮੇਰਾ ਜਾਣਾ ਹੀ ਤੁਹਾਡੇ ਲਈ ਚੰਗਾ ਹੈ ਕਿਉਂਕਿ ਜਦੋਂ ਮੈਂ ਜਾਂਵਾਂਗਾ ਤਾਂ ਮੈਂ ਤੁਹਾਡੇ ਲਈ ਸਹਾਇਕ ਭੇਜਾਂਗਾ । ਪਰ ਜੇਕਰ ਮੈਂ ਨਾ ਜਾਂਵਾਂ, ਤਾਂ ਸਹਾਇਕ ਤੁਹਾਡੇ ਕੋਲ ਨਹੀਂ ਆਵੇਗਾ ।
8ਜਦੋਂ ਸਹਾਇਕ ਆਵੇਗਾ, ਉਹ ਇਸ ਸੰਸਾਰ ਦੇ ਲੋਕਾਂ ਨੂੰ ਪਾਪ, ਧਾਰਮਿਕਤਾ ਅਤੇ ਨਿਆਂ ਬਾਰੇ ਕਾਇਲ ਕਰੇਗਾ ।9ਪਾਪ ਦੇ ਬਾਰੇ ਇਸ ਲਈ ਕਿ ਉਹ ਮੇਰੇ ਉੱਤੇ ਵਿਸ਼ਵਾਸ ਨਹੀਂ ਕਰਦੇ l10ਉਹ ਉਨ੍ਹਾਂ ਨੂੰ ਸਾਬਤ ਕਰੇਗਾ ਕਿ ਉਹ ਧਾਰਮਿਕਤਾ ਦੇ ਵਿਖੇ ਗਲਤ ਹਨ, ਕਿਉਂਕਿ ਮੈਂ ਵਾਪਸ ਆਪਣੇ ਪਿਤਾ ਕੋਲ ਜਾਂਦਾ ਹਾਂ । ਤੁਸੀਂ ਮੈਨੂੰ ਫੇਰ ਨਹੀਂ ਵੇਖੋਗੇ ।11ਸਹਾਇਕ ਇਸ ਸੰਸਾਰ ਦੇ ਲੋਕਾਂ ਨੂੰ ਸਾਬਤ ਕਰੇਗਾ ਕਿ ਉਹ ਨਿਆਂ ਦੇ ਬਾਰੇ ਗਲਤ ਹਨ, ਕਿਉਂਕਿ ਇਸ ਸੰਸਾਰ ਦੇ ਹਾਕਮ (ਸ਼ੈਤਾਨ) ਦਾ ਨਿਆਂ ਪਹਿਲਾਂ ਹੀ ਹੋ ਚੁੱਕਾ ਹੈ ।
12“ਮੇਰੇ ਕੋਲ ਹੋਰ ਵੀ ਤੁਹਾਨੂੰ ਦੱਸਣ ਲਈ ਬਹੁਤ ਕੁੱਝ ਹੈ, ਪਰ ਇਸ ਸਮੇਂ ਤੁਹਾਡੇ ਲਈ ਉਨ੍ਹਾਂ ਨੂੰ ਸਹਿਣਾ ਮੁਸ਼ਕਿਲ ਹੈ ।13ਪਰ ਜਦੋਂ ਸੱਚ ਦਾ ਆਤਮਾ ਆਵੇਗਾ ਉਹ ਸਾਰੇ ਸੱਚ ਵਿੱਚ ਤੁਹਾਡੀ ਅਗਵਾਈ ਕਰੇਗਾ । ਆਤਮਾ ਆਪਣੇ ਸ਼ਬਦ ਨਹੀਂ ਬੋਲੇਗਾ । ਉਹ ਉਹੀ ਦੱਸੇਗਾ ਜੋ ਉਹ ਸੁਣੇਗਾ ਹੈ ਅਤੇ ਉਹ ਤੁਹਾਨੂੰ ਦੱਸੇਗਾ ਕਿ ਕੀ ਹੋਣ ਵਾਲਾ ਹੈ ।14ਸਚਿਆਈ ਦਾ ਆਤਮਾ ਮੈਨੂੰ ਵਡਿਆਈ ਦੇਵੇਗਾ । ਕਿਉਂਕਿ ਉਹ ਮੇਰੀਆਂ ਗੱਲਾਂ ਹੀ ਤੁਹਾਨੂੰ ਦੱਸੇਗਾ ।
15ਉਹ ਸਭ ਕੁੱਝ ਜੋ ਪਿਤਾ ਦਾ ਹੈ, ਮੇਰਾ ਹੈ । ਇਸ ਲਈ ਮੈਂ ਤੁਹਾਨੂੰ ਕਿਹਾ ਹੈ ਕਿ ਆਤਮਾ ਮੇਰੇ ਕੋਲੋਂ ਗੱਲਾਂ ਲਵੇਗਾ ਅਤੇ ਉਨ੍ਹਾਂ ਨੂੰ ਤੁਹਾਨੂੰ ਦੱਸੇਗਾ ।
ਚੇਲਿਆਂ ਦਾ ਦੁੱਖ-ਸੁੱਖ ਵਿੱਚ ਬਦਲ ਜਾਵੇਗਾ

16“ਥੋੜੀ ਦੇਰ ਬਾਅਦ ਤੁਸੀਂ ਮੈਨੂੰ ਨਹੀਂ ਵੇਖੋਂਗੇ । ਉਸ ਤੋਂ ਕੁੱਝ ਦੇਰ ਬਾਅਦ ਤੁਸੀਂ ਮੈਨੂੰ ਫ਼ੇਰ ਵੇਖੋਂਗੇ ।”
17ਕੁੱਝ ਚੇਲਿਆਂ ਨੇ ਆਪਸ ਵਿੱਚ ਕਿਹਾ, ਯਿਸੂ ਦਾ ਇਸ ਤੋਂ ਕੀ ਭਾਵ ਹੈ ? ਜੋ ਉਹ ਕਹਿੰਦਾ ਕਿ, “ਕੁੱਝ ਦੇਰ ਲਈ ਤੁਸੀਂ ਮੈਨੂੰ ਨਹੀਂ ਵੇਖੋਂਗੇ ਅਤੇ ਕੁੱਝ ਦੇਰ ਬਾਅਦ ਫ਼ੇਰ ਤੁਸੀਂ ਮੈਨੂੰ ਵੇਖੋਂਗੇ ਉਹ ਕਹਿੰਦਾ, ਕਿਉਂਕਿ ਮੈਂ ਆਪਣੇ ਪਿਤਾ ਕੋਲ ਜਾਂਦਾ ਹਾਂ ? ”18ਤਾਂ ਉਨ੍ਹਾਂ ਨੇ ਪੁੱਛਿਆ, “ਥੋੜੀ ਦੇਰ” ਤੋਂ ਉਸਦਾ ਕੀ ਭਾਵ ਹੈ ? ਜੋ ਉਹ (ਯਿਸੂ) ਕਹਿੰਦਾ ਹੈ ਅਸੀਂ ਨਹੀਂ ਸਮਝੇ ।
19ਯਿਸੂ ਨੇ ਵੇਖਿਆ ਕਿ ਚੇਲੇ ਉਸ ਨੂੰ ਇਸ ਬਾਰੇ ਕੁੱਝ ਪੁੱਛਣਾ ਚਾਹੁੰਦੇ ਹਨ ਤਾਂ ਯਿਸੂ ਨੇ ਚੇਲਿਆਂ ਨੂੰ ਆਖਿਆ, “ਕੀ ਤੁਸੀਂ ਮੈਨੂੰ ਇਸ ਗੱਲ ਬਾਰੇ ਪੁੱਛ ਰਹੇ ਹੋ ਕਿ ਜੋ ਮੈਂ ਆਖਿਆ, ਕਿ ਥੋੜ੍ਹੇ ਦੇਰ ਬਾਅਦ, ਤੁਸੀਂ ਮੈਨੂੰ ਨਹੀਂ ਵੇਖੋਂਗੇ ਅਤੇ ਥੋੜ੍ਹੇ ਜਿਹੇ ਚਿਰ ਬਾਅਦ ਤੁਸੀਂ ਮੈਨੂੰ ਫ਼ੇਰ ਵੇਖੋਂਗੇ ? ”20ਮੈਂ ਤੁਹਾਨੂੰ ਸੱਚ-ਸੱਚ ਦੱਸ ਰਿਹਾ ਹਾਂ ਕਿ ਤੁਸੀਂ ਰੋਵੋਂਗੇ ਅਤੇ ਉਦਾਸ ਹੋਵੋਂਗੇ ਪਰ ਸੰਸਾਰ ਖੁਸ਼ ਹੋਵੇਗਾ l ਤੁਸੀਂ ਉਦਾਸ ਹੋਵੋਂਗੇ ਪਰ ਤੁਹਾਡੀ ਉਦਾਸੀ ਖੁਸ਼ੀ ਵਿੱਚ ਬਦਲ ਜਾਵੇਗੀ ।21“ਜਦੋਂ ਇੱਕ ਔਰਤ ਇੱਕ ਬੱਚੇ ਨੂੰ ਜਨਮ ਦਿੰਦੀ ਹੈ, ਉਹ ਪੀੜ੍ਹਾ ਨੂੰ ਸਹਿਣ ਕਰਦੀ ਹੈ ਕਿਉਂਕਿ ਉਸਦਾ ਬੱਚੇ ਨੂੰ ਜਨਮ ਦੇਣ ਦਾ ਸਮਾਂ ਆ ਚੁੱਕਾ ਹੈ । ਪਰ ਇੱਕ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਉਹ ਇਸ ਖੁਸ਼ੀ ਕਾਰਨ, ਕਿ ਇਸ ਦੁਨੀਆਂ ਵਿੱਚ ਇੱਕ ਨਵਾਂ ਬਾਲਕ ਜੰਮਿਆ ਹੈ, ਉਹ ਸਾਰੀਆਂ ਪੀੜਾਂ ਭੁੱਲ ਜਾਂਦੀ ਹੈ ।
22ਹੁਣ ਤੁਸੀਂ ਉਦਾਸ ਹੋ ਪਰ ਜਦੋਂ ਮੈਂ ਤੁਹਾਨੂੰ ਫ਼ੇਰ ਵੇਖਾਂਗਾ ਤੁਸੀਂ ਖੁਸ਼ ਹੋਵੋਂਗੇ ਅਤੇ ਉਹ ਖੁਸ਼ੀ ਤੁਹਾਡੇ ਕੋਲੋਂ ਕੋਈ ਨਹੀਂ ਖੋਹ ਸਕਦਾ ।23ਅਤੇ ਉਸ ਦਿਨ ਤੁਸੀਂ ਮੈਨੂੰ ਕੋਈ ਸਵਾਲ ਨਹੀਂ ਕਰੋਂਗੇ । ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਜੋ ਕੁੱਝ ਵੀ ਤੁਸੀਂ ਪਿਤਾ ਤੋਂ ਮੇਰੇ ਨਾਮ ਤੇ ਮੰਗੋਂਗੇ ਉਹ ਤੁਹਾਨੂੰ ਦੇਵੇਗਾ ।24ਅਜੇ ਤੱਕ ਤੁਸੀਂ ਮੇਰੇ ਨਾਮ ਵਿੱਚ ਕੁੱਝ ਨਹੀਂ ਮੰਗਿਆ, ਮੰਗੋ ਤਾਂ ਤੁਹਾਨੂੰ ਮਿਲੇਗਾ ਅਤੇ ਤੁਹਾਡੀ ਖੁਸ਼ੀ ਪੂਰੀ ਹੋਵੇਗੀ ।
ਸੰਸਾਰ ਉੱਤੇ ਜਿੱਤ

25“ਮੈਂ ਤੁਹਾਨੂੰ ਇਹ ਗੱਲਾਂ ਬੁਝਾਰਤਾਂ ਵਿੱਚ ਕੀਤੀਆਂ ਹਨ । ਪਰ ਉਹ ਸਮਾਂ ਆਵੇਗਾ ਜਦ ਮੈਂ ਤੁਹਾਨੂੰ ਕੁੱਝ ਵੀ ਦੱਸਣ ਲਈ ਬੁਝਾਰਤਾਂ ਨਹੀਂ ਆਖਾਂਗਾ । ਸਗੋਂ ਮੈਂ ਤੁਹਾਨੂੰ ਆਪਣੇ ਪਿਤਾ ਬਾਰੇ ਬਹੁਤ ਸਪੱਸ਼ਟ ਸ਼ਬਦਾਂ ਵਿੱਚ ਦੱਸਾਂਗਾ ।
26ਉਸ ਦਿਨ ਤੁਸੀਂ ਮੇਰੇ ਨਾਮ ਵਿੱਚ ਮੰਗੋਂਗੇ ਅਤੇ ਮੈਂ ਤੁਹਾਨੂੰ ਦੱਸਦਾ ਹਾਂ ਕਿ ਮੈਂ ਤੁਹਾਡੇ ਲਈ ਪਿਤਾ ਕੋਲੋਂ ਨਹੀਂ ਮੰਗਾਂਗਾ ।27ਪਿਤਾ ਆਪ ਹੀ ਤੁਹਾਨੂੰ ਪਿਆਰ ਕਰਦਾ ਹੈ, ਕਿਉਂਕਿ ਤੁਸੀਂ ਮੈਨੂੰ ਪਿਆਰ ਕੀਤਾ ਹੈ । ਉਹ ਤੁਹਾਨੂੰ ਵੀ ਪਿਆਰ ਕਰਦਾ ਹੈ ਕਿਉਂਕਿ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਮੈਂ ਪਰਮੇਸ਼ੁਰ ਕੋਲੋਂ ਆਇਆ ਹਾਂ ।28ਮੈਂ ਪਿਤਾ ਵੱਲੋਂ ਇਸ ਸੰਸਾਰ ਵਿੱਚ ਆਇਆ ਹਾਂ ਅਤੇ ਹੁਣ ਮੈਂ ਇਹ ਦੁਨੀਆਂ ਨੂੰ ਛੱਡ ਕੇ ਆਪਣੇ ਪਿਤਾ ਕੋਲ ਵਾਪਸ ਜਾਂਦਾ ਹਾਂ ।”
29ਤਦ ਯਿਸੂ ਦੇ ਚੇਲਿਆਂ ਨੇ ਆਖਿਆ, “ਵੇਖ, ਹੁਣ ਤੂੰ ਸਪੱਸ਼ਟ ਬੋਲ ਰਿਹਾ ਹੈ ਅਤੇ ਕੋਈ ਬੁਝਾਰਤ ਨਹੀਂ ।30ਹੁਣ ਅਸੀਂ ਜਾਣਦੇ ਹਾਂ ਕਿ ਤੈਨੂੰ ਸਭ ਕੁੱਝ ਪਤਾ ਹੈ, ਤੈਨੂੰ ਜ਼ਰੂਰਤ ਨਹੀਂ ਕਿ ਕੋਈ ਕੁੱਝ ਪੁੱਛੇ । ਇਸੇ ਲਈ, ਸਾਨੂੰ ਵਿਸ਼ਵਾਸ ਹੈ ਕਿ ਤੂੰ ਪਰਮੇਸ਼ੁਰ ਵੱਲੋਂ ਆਇਆ ਹੈਂ ।”31ਯਿਸੂ ਨੇ ਪੁੱਛਿਆ, “ਕੀ ਹੁਣ ਤੁਸੀਂ ਵਿਸ਼ਵਾਸ ਕਰਦੇ ਹੋ ? ”
32ਇੱਕ ਸਮਾਂ ਆਵੇਗਾ ਜਦੋਂ ਤੁਸੀਂ ਸਭ ਖਿੰਡ ਜਾਵੋਂਗੇ ਅਤੇ ਆਪਣੇ ਘਰਾਂ ਨੂੰ ਮੁੜ ਜਾਵੋਂਗੇ ਅਤੇ ਤੁਸੀਂ ਮੈਨੂੰ ਇਕੱਲਾ ਛੱਡ ਦੇਵੋਂਗੇ । ਉਹ ਸਮਾਂ ਹੁਣ ਆ ਹੀ ਚੁੱਕਿਆ ਹੈ । ਪਰ ਤਾਂ ਵੀ ਮੈਂ ਇਕੱਲਾ ਨਹੀਂ ਹੋਵਾਂਗਾ ਕਿਉਂਕਿ ਪਿਤਾ ਮੇਰੇ ਨਾਲ ਹੈ ।33“ਮੈਂ ਇਹ ਗੱਲਾਂ ਤੁਹਾਨੂੰ ਇਸ ਲਈ ਆਖੀਆਂ ਹਨ ਤਾਂ ਜੋ ਤੁਸੀਂ ਮੇਰੇ ਵਿੱਚ ਸ਼ਾਂਤੀ ਪਾ ਸਕੋਂ, ਇਸ ਦੁਨੀਆਂ ਵਿੱਚ ਤੁਸੀਂ ਕਸ਼ਟ ਝੱਲੋਂਗੇ । ਪਰ ਹੌਂਸਲਾ ਰੱਖੋ ਮੈਂ ਸੰਸਾਰ ਨੂੰ ਜਿੱਤ ਲਿਆ ਹੈ ।”

17
ਯਿਸੂ ਮਹਿਮਾਮਈ ਹੋਣ ਲਈ ਪ੍ਰਾਰਥਨਾ ਕਰਦਾ ਹੈ

1ਇਹ ਸਾਰੀਆਂ ਗੱਲਾਂ ਆਖ ਕੇ ਯਿਸੂ ਨੇ ਅਕਾਸ਼ ਵੱਲ ਵੇਖਿਆ ਅਤੇ ਕਿਹਾ, “ਹੇ ਪਿਤਾ, ਸਮਾਂ ਆ ਗਿਆ ਹੈ । ਆਪਣੇ ਪੁੱਤਰ ਨੂੰ ਵਡਿਆਈ ਦੇ ਤਾਂ ਜੋ ਪੁੱਤਰ ਤੈਨੂੰ ਵਡਿਆਈ ਦੇਵੇ ।2ਤੂੰ ਪੁੱਤਰ ਨੂੰ ਸਾਰੇ ਲੋਕਾਂ ਉੱਤੇ ਅਧਿਕਾਰ ਦਿੱਤਾ ਤਾਂ ਜੋ ਉਹ ਉਨ੍ਹਾਂ ਸਭ ਨੂੰ ਜੋ ਤੇਰੇ ਦੁਆਰਾ ਉਸ ਨੂੰ ਦਿੱਤੇ ਗਏ ਹਨ, ਸਦੀਪਕ ਜੀਵਨ ਦੇਵੇ ।

3ਇਹ ਸਦੀਪਕ ਜੀਵਨ ਹੈ ਉਹ ਤੈਨੂੰ, ਸੱਚੇ ਪਰਮੇਸ਼ੁਰ ਨੂੰ ਜਾਣਨ ਅਤੇ ਯਿਸੂ ਮਸੀਹ ਜਿਸ ਨੂੰ ਤੂੰ ਭੇਜਿਆ ਹੈ ।4ਮੈਂ ਉਹ ਕੰਮ ਪੂਰਾ ਕਰ ਦਿੱਤਾ ਜੋ ਤੂੰ ਮੈਨੂੰ ਕਰਨ ਲਈ ਕਿਹਾ ਅਤੇ ਮੈਂ ਧਰਤੀ ਉੱਤੇ ਤੇਰੀ ਵਡਿਆਈ ਕੀਤੀ ਹੈ ।5ਹੇ ਪਿਤਾ, ਹੁਣ ਤੂੰ ਆਪਣੀ ਮਜੂਦਗੀ ਵਿੱਚ ਮੇਰੀ ਵਡਿਆਈ ਕਰ । ਉਸ ਵਡਿਆਈ ਨਾਲ ਜਿਹੜੀ ਇਸ ਸੰਸਾਰ ਦੇ ਸ਼ੁਰੂ ਤੋਂ ਪਹਿਲਾਂ ਮੇਰੇ ਨਾਲ ਸੀ ।”
ਯਿਸੂ ਆਪਣੇ ਚੇਲਿਆਂ ਦੇ ਲਈ ਪ੍ਰਾਰਥਨਾ ਕਰਦਾ ਹੈ

6ਤੂੰ ਮੈਨੂੰ ਸੰਸਾਰ ਵਿੱਚੋਂ ਮਨੁੱਖ ਦਿੱਤੇ ਤੇ ਮੈਂ ਉਨ੍ਹਾਂ ਨੂੰ ਤੇਰੇ ਬਾਰੇ ਦੱਸਿਆ ਕਿ ਤੂੰ ਕੌਣ ਹੈਂ । ਉਹ ਤੇਰੇ ਨਾਲ ਹਨ ਪਰ ਤੂੰ ਉਨ੍ਹਾਂ ਨੂੰ ਮੈਨੂੰ ਦਿੱਤਾ ਅਤੇ ਉਨ੍ਹਾਂ ਤੇਰੇ ਬਚਨਾਂ ਦੀ ਪਾਲਣਾ ਕੀਤੀ ।7ਹੁਣ ਉਹ ਜਾਣਦੇ ਹਨ ਕਿ ਜੋ ਕੁੱਝ ਵੀ ਤੂੰ ਮੈਨੂੰ ਦਿੱਤਾ ਹੈ ਤੇਰੇ ਵਲੋਂ ਹੀ ਆਇਆ ਹੈ ।8ਮੈਂ ਉਨ੍ਹਾਂ ਨੂੰ ਉਹ ਬਚਨ ਦਿੱਤੇ ਜੋ ਤੂੰ ਮੈਨੂੰ ਦਿੱਤੇ ਹਨ । ਉਨ੍ਹਾਂ ਨੇ ਉਸ ਨੂੰ ਕਬੂਲ ਕੀਤਾ । ਉਨ੍ਹਾਂ ਨੇ ਸੱਚ-ਮੁੱਚ ਇਹ ਵਿਸ਼ਵਾਸ ਕਰ ਲਿਆ ਕਿ ਤੂੰ ਹੀ ਮੈਨੂੰ ਭੇਜਿਆ ਹੈ ।
9ਮੈਂ ਸੰਸਾਰ ਦੇ ਲੋਕਾਂ ਲਈ ਬੇਨਤੀ ਨਹੀਂ ਕਰ ਰਿਹਾ ਸਗੋਂ ਉਨ੍ਹਾਂ ਲਈ ਬੇਨਤੀ ਕਰ ਰਿਹਾ ਹਾਂ ਜੋ ਤੂੰ ਮੈਨੂੰ ਦਿੱਤੇ ਹਨ, ਕਿਉਂਕਿ ਉਹ ਤੇਰੇ ਹੀ ਹਨ ।10ਜੋ ਕੁੱਝ ਵੀ ਮੇਰੇ ਕੋਲ ਹੈ ਸਭ ਤੇਰਾ ਹੈ, ਅਤੇ ਜੋ ਕੁੱਝ ਤੇਰਾ ਹੈ ਸੋ ਮੇਰਾ ਹੈ ਅਤੇ ਉਨ੍ਹਾਂ ਰਾਹੀਂ ਮੇਰੀ ਵਡਿਆਈ ਹੋਈ ।11ਹੁਣ ਮੈਂ ਤੇਰੇ ਕੋਲ ਆ ਰਿਹਾ ਹਾਂ, ਪਰ ਇਹ ਮਨੁੱਖ ਅਜੇ ਇੱਥੇ ਹੀ ਹਨ । ਪਵਿੱਤਰ ਪਿਤਾ ! ਇਨ੍ਹਾਂ ਦੀ ਰੱਖਿਆ ਕਰੀਂ । ਆਪਣੇ ਨਾਮ ਦੀ ਸ਼ਕਤੀ ਨਾਲ ਉਨ੍ਹਾਂ ਦੀ ਰੱਖਿਆ ਕਰੀ, ਜੋ ਤੂੰ ਮੈਨੂੰ ਦਿੱਤਾ । ਤਾਂ ਜੋ ਉਹ ਇੱਕ ਹੋਣ ਜਿਵੇਂ ਕਿ ਤੂੰ ਤੇ ਮੈਂ ਹਾਂ ।
12ਜਦੋਂ ਮੈਂ ਉਨ੍ਹਾਂ ਨਾਲ ਸੀ, ਮੈਂ ਉਨ੍ਹਾਂ ਦੀ ਸੁਰੱਖਿਆ ਕੀਤੀ, ਮੈਂ ਉਨ੍ਹਾਂ ਦੀ ਤੇਰੇ ਨਾਮ ਨਾਲ ਰੱਖਿਆ ਕੀਤੀ । ਉਨ੍ਹਾਂ ਵਿੱਚੋਂ ਕੋਈ ਵੀ ਨਾਸ ਨਹੀਂ ਹੋਇਆ ਸੀ । ਇੱਕ ਤੋਂ ਇਲਾਵਾ ਜਿਹੜਾ ਤਬਾਹੀ ਨੂੰ ਸੌਂਪਿਆ ਗਿਆ ਸੀ, ਉਹ ਨਾਸ ਹੋਇਆ, ਕਿਉਂਕਿ ਪਵਿੱਤਰ ਗ੍ਰੰਥ ਦੀ ਲਿਖਤ ਪੂਰੀ ਹੋਵੇ l13ਹੁਣ ਮੈਂ ਤੇਰੇ ਕੋਲ ਆਉਂਦਾ ਹਾਂ, ਇਹ ਗੱਲਾਂ ਕਹਿੰਦਾ ਹਾਂ ਤਾਂ ਜੋ ਮੇਰੀ ਖੁਸ਼ੀ ਉਹਨਾਂ ਵਿੱਚ ਪੂਰੀ ਹੋਵੇ ।14ਮੈਂ ਉਨ੍ਹਾਂ ਨੂੰ ਤੇਰਾ ਬਚਨ ਦਿੱਤਾ ਹੈ ਅਤੇ ਸੰਸਾਰ ਨੇ ਇਨ੍ਹਾਂ ਨਾਲ ਵੈਰ ਕੀਤਾ ਹੈ । ਜਿਵੇਂ ਕਿ ਮੈਂ ਇਸ ਸੰਸਾਰ ਦਾ ਨਹੀਂ ਹਾਂ, ਉਹ ਵੀ ਇਸ ਸੰਸਾਰ ਦੇ ਨਹੀਂ ਹਨ ।
15ਮੈਂ ਤੇਰੇ ਕੋਲੋਂ ਇਹ ਬੇਨਤੀ ਨਹੀਂ ਕਰਦਾ ਕਿ ਤੂੰ ਉਨ੍ਹਾਂ ਲੋਕਾਂ ਨੂੰ ਇਸ ਸੰਸਾਰ ਤੋਂ ਬਾਹਰ ਕੱਢ ਲੈ, ਪਰ ਮੈਂ ਤੇਰੇ ਕੋਲੋਂ ਦੁਸ਼ਟ ਤੋਂ ਉਨ੍ਹਾਂ ਦੀ ਰੱਖਿਆ ਕਰਨ ਦੀ ਮੰਗ ਕਰਦਾ ਹਾਂ ।16ਉਹ ਵੀ ਇਸ ਸੰਸਾਰ ਦੇ ਨਹੀਂ ਹਨ ਜਿਵੇਂ ਕਿ ਮੈਂ ਇਸ ਸੰਸਾਰ ਦਾ ਨਹੀਂ ਹਾਂ ।17ਉਨ੍ਹਾਂ ਨੂੰ ਸੱਚ ਨਾਲ ਆਪਣੀ ਸੇਵਾ ਲਈ ਤਿਆਰ ਕਰ, ਤੇਰਾ ਬਚਨ ਸੱਚ ਹੈ ।
18ਜਿਵੇਂ ਕਿ ਤੂੰ ਮੈਨੂੰ ਸੰਸਾਰ ਵਿੱਚ ਭੇਜਿਆ ਹੈ, ਮੈਂ ਵੀ ਉਨ੍ਹਾਂ ਨੂੰ ਸੰਸਾਰ ਵਿੱਚ ਭੇਜਿਆ ਹੈ ।19ਮੈਂ ਉਹਨਾਂ ਲਈ ਆਪਣੇ ਆਪ ਨੂੰ ਪਵਿੱਤਰ ਕਰਦਾ ਹਾਂ, ਤਾਂ ਜੋ ਉਹ ਵੀ ਆਪਣੇ ਆਪ ਨੂੰ ਸੱਚਾਈ ਦੁਆਰਾ ਪਵਿੱਤਰ ਕਰ ਸਕਣ ।
ਯਿਸੂ ਸਾਰੇ ਵਿਸ਼ਵਾਸੀਆਂ ਲਈ ਪ੍ਰਾਰਥਨਾ ਕਰਦਾ ਹੈ

20ਮੈਂ ਇਨ੍ਹਾਂ ਮਨੁੱਖਾਂ ਲਈ ਬੇਨਤੀ ਕਰਦਾ ਹਾਂ ਪਰ ਮੈਂ ਉਨ੍ਹਾਂ ਸਾਰੇ ਲੋਕਾਂ ਲਈ ਵੀ ਬੇਨਤੀ ਕਰਦਾ ਹਾਂ ਜੋ ਇਨ੍ਹਾਂ ਦੇ ਬਚਨ ਸੁਣ ਕੇ ਮੇਰੇ ਵਿੱਚ ਵਿਸ਼ਵਾਸ ਰੱਖਣਗੇ ।21ਉਹ ਇੱਕ ਜੁੱਟ ਹੋ ਕੇ ਰਹਿਣ । ਜਿਵੇਂ ਹੇ ਪਿਤਾ ਤੂੰ ਮੇਰੇ ਵਿੱਚ ਹੈਂ ਤੇ ਮੈਂ ਤੇਰੇ ਵਿੱਚ ਇਹ ਲੋਕ ਵੀ ਸਾਡੇ ਵਿੱਚ ਇੱਕ ਹੋ ਕੇ ਰਹਿਣ । ਇਸ ਤਰ੍ਹਾਂ ਸੰਸਾਰ ਵਿਸ਼ਵਾਸ ਕਰੇ ਕਿ ਤੂੰ ਮੈਨੂੰ ਭੇਜਿਆ ਹੈ ।
22ਮੈਂ ਉਨ੍ਹਾਂ ਨੂੰ ਉਹ ਵਡਿਆਈ ਦਿੱਤੀ ਹੈ ਜੋ ਤੂੰ ਮੈਨੂੰ ਦਿੱਤੀ ਹੈ ਤਾਂ ਜੋ ਉਹ ਇੱਕ ਹੋ ਸਕਣ । ਜਿਵੇਂ ਕਿ ਅਸੀਂ ਇੱਕ ਹਾਂ ।23ਮੈਂ ਉਨ੍ਹਾਂ ਵਿੱਚ ਨਿਵਾਸ ਕਰਾਂਗਾ ਅਤੇ ਤੂੰ ਮੇਰੇ ਵਿੱਚ । ਇਸ ਤਰੀਕੇ ਨਾਲ ਇਹ ਸਭ ਸਿੱਧ ਹੋਣ ਅਤੇ ਸੰਸਾਰ ਜਾਣ ਜਾਵੇਗਾ ਕਿ ਤੂੰ ਹੀ ਹੈ ਜਿਸ ਨੇ ਮੈਨੂੰ ਭੇਜਿਆ ਹੈ । ਅਤੇ ਤੂੰ ਉਨ੍ਹਾਂ ਨਾਲ ਪਿਆਰ ਕੀਤਾ ਹੈ । ਜਿਵੇਂ ਤੂੰ ਮੈਨੂੰ ਪਿਆਰ ਕਰਦਾ ਹੈਂ ।
24“ਹੇ ਪਿਤਾ, ਮੈਂ ਚਾਹੁੰਦਾ ਹਾਂ ਕਿ ਜਿਹੜੇ ਲੋਕ ਤੂੰ ਮੈਨੂੰ ਦਿੱਤੇ ਹਨ, ਜਿੱਥੇ ਮੈਂ ਹਾਂ ਉਹ ਉੱਥੇ ਹੋਣ ਤਾਂ ਜੋ ਉਹ ਵਡਿਆਈ ਵੇਖ ਸਕਣ ਜੋ ਤੂੰ ਮੈਨੂੰ ਦਿੱਤੀ ਹੈ । ਤੂੰ ਮੈਨੂੰ ਇਸ ਸੰਸਾਰ ਦੇ ਸਿਰਜਣ ਤੋਂ ਵੀ ਪਹਿਲਾਂ ਪਿਆਰ ਕੀਤਾ ।
25ਹੇ ਧਰਮੀ ਪਿਤਾ, ਸੰਸਾਰ ਤੈਨੂੰ ਨਹੀਂ ਜਾਣਦਾ ਪਰ ਮੈਂ ਤੈਨੂੰ ਜਾਣਦਾ ਹਾਂ । ਅਤੇ ਇਹ ਲੋਕ ਜਾਣਦੇ ਹਨ ਕਿ ਤੂੰ ਹੀ ਮੈਨੂੰ ਭੇਜਿਆ ਹੈਂ ।26ਮੈਂ ਉਨ੍ਹਾਂ ਨੂੰ ਤੇਰੇ ਬਾਰੇ ਦੱਸਿਆ ਹੈਂ ਅਤੇ ਦੱਸਦਾ ਰਹਾਂਗਾ ਉਨ੍ਹਾਂ ਨੂੰ ਵਿਖਾਵਾਂਗਾ ਕਿ ਜਿਹੜਾ ਪਿਆਰ ਤੈਨੂੰ ਮੇਰੇ ਨਾਲ ਹੈ, ਉਹੀ ਪਿਆਰ ਉਨ੍ਹਾਂ ਵਿੱਚ ਹੋਵਾਂਗਾ ।”

18
ਯਿਸੂ ਨੂੰ ਫੜਵਾਇਆ ਜਾਣਾ
(ਮੱਤੀ 26:47-56, ਮਰਕੁਸ 14:43-50, ਲੂਕਾ 22:47-53)

1ਜਦੋਂ ਯਿਸੂ ਗੱਲਾਂ ਕਰ ਹਟਿਆ, ਤਾਂ ਉਹ ਆਪਣੇ ਚੇਲਿਆਂ ਨਾਲ ਉਹ ਕਿਦਰੋਨ ਦਰਿਆ ਦੇ ਪਾਰ ਚਲੇ ਗਏ । ਉੱਥੇ ਇੱਕ ਜੈਤੂਨ ਦੇ ਰੁੱਖਾਂ ਦਾ ਬਾਗ ਸੀ, ਯਿਸੂ ਅਤੇ ਉਸ ਦੇ ਚੇਲੇ ਉੱਥੇ ਚਲੇ ਗਏ ।2ਅਤੇ ਯਹੂਦਾ ਇਸ ਥਾਂ ਤੋਂ ਵਾਕਫ਼ ਸੀ, ਕਿਉਂਕਿ ਯਿਸੂ ਅਕਸਰ ਆਪਣੇ ਚੇਲਿਆਂ ਨਾਲ ਉਸ ਥਾਂ ਤੇ ਜਾਂਦਾ ਸੀ । ਇਹ ਯਹੂਦਾ ਹੀ ਸੀ ਜਿਸ ਨੇ ਯਿਸੂ ਨੂੰ ਉਸ ਦੇ ਵੈਰੀਆਂ ਹੱਥੀਂ ਫ਼ੜਵਾਉਣਾ ਸੀ ।3ਫ਼ਿਰ ਯਹੂਦਾ ਉੱਥੇ ਸਿਪਾਹੀਆਂ ਦਾ ਇੱਕ ਜੱਥਾ ਲੈ ਕੇ ਆਇਆ, ਇਹੀ ਨਹੀਂ ਸਗੋਂ ਉਹ ਆਪਣੇ ਨਾਲ ਮੁੱਖ ਜਾਜਕਾਂ ਅਤੇ ਫ਼ਰੀਸੀਆਂ ਕੋਲੋਂ ਕੁੱਝ ਪਿਆਦੇ ਵੀ ਲੈ ਆਇਆ । ਉਨ੍ਹਾਂ ਦੇ ਹੱਥਾਂ ਵਿੱਚ ਦੀਵੇ, ਮਸ਼ਾਲਾਂ ਅਤੇ ਹਥਿਆਰ ਸਨ ।

4ਯਿਸੂ ਜਾਣਦਾ ਸੀ ਕਿ ਉਸ ਨਾਲ ਕੀ ਹੋਣ ਵਾਲਾ ਹੈ । ਯਿਸੂ ਬਾਹਰ ਆਇਆ ਅਤੇ ਆਖਿਆ, “ਤੁਸੀਂ ਕਿਸਨੂੰ ਲੱਭ ਰਹੇ ਹੋ ? ”5ਉਨਾਂ ਉਸ ਨੂੰ ਉੱਤਰ ਦਿੱਤਾ, “ਨਾਸਰਤ ਦੇ ਯਿਸੂ ਨੂੰ ।” ਯਿਸੂ ਨੇ ਆਖਿਆ, “ਮੈਂ ਹੀ ਯਿਸੂ ਹਾਂ ।” ਯਹੂਦਾ ਜਿਸ ਨੇ ਯਿਸੂ ਨੂੰ ਉਸ ਦੇ ਵੈਰੀਆਂ ਹੱਥੀਂ ਫ਼ੜਵਾਇਆ ਸੀ, ਉਹ ਵੀ ਉਸ ਨਾਲ ਵਿੱਚ ਖੜ੍ਹਾ ਸੀ ।
6ਜਦੋਂ ਉਸ ਨੇ ਉਨ੍ਹਾਂ ਨੂੰ ਆਖਿਆ, “ਮੈਂ ਯਿਸੂ ਹਾਂ” ਉਹ ਆਦਮੀ ਪਿੱਛੇ ਹਟੇ ਤੇ ਹੇਠਾਂ ਡਿੱਗ ਪਏ ।7ਯਿਸੂ ਨੇ ਉਨ੍ਹਾਂ ਨੂੰ ਫੇਰ ਪੁੱਛਿਆ, “ਤੁਸੀਂ ਕਿਸ ਦੀ ਭਾਲ ਕਰ ਰਹੇ ਹੋ ? ” ਉਹਨਾਂ ਨੇ ਆਖਿਆ, “ਨਾਸਰਤ ਦੇ ਯਿਸੂ ਦੀ ।”
8ਯਿਸੂ ਨੇ ਕਿਹਾ, “ਮੈਂ ਤੁਹਾਨੂੰ ਆਖਿਆ ਤਾਂ ਹੈ ਕਿ ਮੈਂ ਹੀ ਯਿਸੂ ਹਾਂ, ਇਸ ਲਈ ਜੇਕਰ ਤੁਸੀਂ ਮੈਨੂੰ ਭਾਲ ਰਹੇ ਹੋ ਤਾਂ ਇਨ੍ਹਾਂ ਲੋਕਾਂ ਨੂੰ ਜਾਣ ਦਿਉ ।”9ਇਹ ਯਿਸੂ ਦੇ ਵਾਕ ਨੂੰ ਪੂਰੇ ਕਰਨ ਲਈ ਹੋਇਆ, “ਮੈਂ ਉਨ੍ਹਾਂ ਵਿੱਚੋਂ ਕੋਈ ਨਹੀਂ ਗੁਆਇਆ ਜਿਨ੍ਹਾਂ ਨੂੰ ਤੂੰ ਮੈਨੂੰ ਦਿੱਤਾ ਹੈ ।”
10ਫ਼ਿਰ ਸ਼ਮਊਨ ਪਤਰਸ ਕੋਲ ਜਿਹੜੀ ਤਲਵਾਰ ਸੀ ਉਸ ਨੇ ਬਾਹਰ ਕੱਢੀ ਅਤੇ ਪ੍ਰਧਾਨ ਜਾਜਕ ਦੇ ਨੌਕਰ ਤੇ ਚਲਾਈ ਅਤੇ ਉਸਦਾ ਸੱਜਾ ਕੰਨ ਵੱਢ ਦਿੱਤਾ । (ਉਸ ਨੌਕਰ ਦਾ ਨਾਮ ਮਲਖੁਸ ਸੀ)11ਫਿਰ ਯਿਸੂ ਨੇ ਪਤਰਸ ਨੂੰ ਕਿਹਾ, “ਆਪਣੀ ਤਲਵਾਰ ਮਿਆਨ ਵਿੱਚ ਪਾ । ਕੀ ਮੈਨੂੰ ਇਹ ਦੁੱਖਾਂ ਦਾ ਪਿਆਲਾ, ਜਿਹੜਾ ਮੇਰੇ ਪਿਤਾ ਨੇ ਮੈਨੂੰ ਦਿੱਤਾ ਹੈ, ਪੀਣਾ ਨਹੀਂ ਚਾਹੀਦਾ ? ”
ਅੰਨਾਸ ਦੇ ਸਨਮੁਖ ਯਿਸੂ

12ਉਸ ਤੋਂ ਬਾਅਦ ਸੈਨਾਂ ਅਧਿਕਾਰੀ ਅਤੇ ਯਹੂਦੀਆਂ ਦੇ ਪਿਆਦਿਆਂ ਨੇ ਯਿਸੂ ਨੂੰ ਫ਼ੜਕੇ ਬੰਨ੍ਹ ਲਿਆ ।13ਬੰਨ੍ਹ ਕੇ ਉਸ ਨੂੰ ਅੰਨਾਸ ਕੋਲ ਲਿਆਂਦਾ ਗਿਆ । ਅੰਨਾਸ ਕਯਾਫ਼ਾ ਦਾ ਸਹੁਰਾ ਸੀ ਅਤੇ ਉਸ ਸਾਲ ਦਾ ਕਯਾਫ਼ਾ ਪ੍ਰਧਾਨ ਜਾਜਕ ਸੀ ।14ਓਹ ਕਯਾਫ਼ਾ ਸੀ, ਜਿਸ ਨੇ ਯਹੂਦੀਆਂ ਨੂੰ ਸਲਾਹ ਦਿੱਤੀ ਸੀ ਕਿ ਸਾਰੇ ਲੋਕਾਂ ਲਈ ਇੱਕ ਮਨੁੱਖ ਦਾ ਮਰਨਾ ਚੰਗਾ ਹੈ ।
ਪਤਰਸ ਯਿਸੂ ਦਾ ਇਨਕਾਰ ਕਰਦਾ ਹੈ
(ਮੱਤੀ 26:69, 70, ਮਰਕੁਸ 14:66-68, ਲੂਕਾ 22:55-57)

15ਸ਼ਮਊਨ ਪਤਰਸ ਅਤੇ ਇੱਕ ਹੋਰ ਚੇਲਾ ਯਿਸੂ ਦੇ ਮਗਰ ਹੋ ਤੁਰਿਆ । ਉਹ ਚੇਲਾ ਪ੍ਰਧਾਨ ਜਾਜਕ ਦਾ ਵਾਕਫ਼ ਸੀ ਅਤੇ ਯਿਸੂ ਦੇ ਨਾਲ ਪ੍ਰਧਾਨ ਜਾਜਕ ਦੇ ਘਰ ਵਿਹੜੇ ਤੱਕ ਗਿਆ ।16ਪਰ ਪਤਰਸ ਬਾਹਰ ਦਰਵਾਜ਼ੇ ਕੋਲ ਠਹਿਰ ਗਿਆ, ਦੂਜਾ ਚੇਲਾ, ਜਿਹੜਾ ਪ੍ਰਧਾਨ ਜਾਜਕ ਨੂੰ ਜਾਣਦਾ ਸੀ, ਦਰਵਾਜ਼ੇ ਕੋਲ ਖੜ੍ਹਾ ਸੀ ਅਤੇ ਇੱਕ ਨੌਕਰਾਨੀ ਨੂੰ ਮਿਲਿਆ, ਜੋ ਕਿ ਦੁਆਰਪਾਲ ਸੀ । ਤਦ ਉਹ ਪਤਰਸ ਨੂੰ ਅੰਦਰ ਲਿਆਇਆ ।
17ਉਸ ਨੌਕਰਾਨੀ ਨੇ ਦਰਵਾਜ਼ੇ ਤੇ ਪਤਰਸ ਨੂੰ ਆਖਿਆ, “ਕੀ ਤੂੰ ਉਸ ਯਿਸੂ ਦੇ ਚੇਲਿਆਂ ਵਿੱਚੋਂ ਇੱਕ ਹੈਂ ? ” ਪਤਰਸ ਨੇ ਉੱਤਰ ਦਿੱਤਾ, “ਨਹੀਂ, ਮੈਂ ਨਹੀਂ ਹਾਂ ।”18ਇਹ ਸਰਦੀ ਦਾ ਮੌਸਮ ਸੀ, ਨੌਕਰਾਂ ਅਤੇ ਪਹਿਰੇਦਾਰਾਂ ਨੇ ਬਾਹਰ ਅੱਗ ਬਾਲੀ ਹੋਈ ਸੀ ਅਤੇ ਉਹ ਅੱਗ ਦੇ ਆਲੇ-ਦੁਆਲੇ ਖੜ੍ਹੇ ਹੋ ਕੇ ਅੱਗ ਸੇਕ ਰਹੇ ਸਨ । ਪਤਰਸ ਵੀ ਇਨ੍ਹਾਂ ਲੋਕਾਂ ਨਾਲ ਖੜ੍ਹਾ ਅੱਗ ਸੇਕ ਰਿਹਾ ਸੀ ।
ਪ੍ਰਧਾਨ ਜਾਜਕ ਯਿਸੂ ਤੋਂ ਪ੍ਰਸ਼ਨ ਪੁੱਛਦਾ ਹੈ
(ਮੱਤੀ 26:59-66, ਮਰਕੁਸ 14:55-64, ਲੂਕਾ 22:66-71)

19ਪ੍ਰਧਾਨ ਜਾਜਕ ਨੇ ਯਿਸੂ ਨੂੰ ਉਸ ਦੇ ਚੇਲਿਆਂ ਬਾਰੇ ਅਤੇ ਉਸ ਦੀ ਸਿੱਖਿਆ ਬਾਰੇ ਪ੍ਰਸ਼ਨ ਕੀਤੇ ।20ਯਿਸੂ ਨੇ ਆਖਿਆ, “ਮੈਂ ਸਦਾ ਲੋਕਾਂ ਨੂੰ ਖੁੱਲ੍ਹ ਕੇ ਬੋਲਿਆ ਹਾਂ । ਮੈਂ ਹਮੇਸ਼ਾਂ ਪ੍ਰਾਰਥਨਾ ਘਰ ਅਤੇ ਹੈਕਲ ਵਿੱਚ ਵੀ ਉਪਦੇਸ਼ ਦਿੱਤੇ ਹਨ, ਜਿੱਥੇ ਸਾਰੇ ਯਹੂਦੀ ਇਕੱਠੇ ਹੁੰਦੇ ਹਨ । ਮੈਂ ਕਦੇ ਕਿਸੇ ਨੂੰ ਗੁਪਤ ਤੌਰ ਤੇ ਸਿੱਖਿਆ ਨਹੀਂ ਦਿੱਤੀ ।21ਤਾਂ ਫਿਰ ਤੂੰ ਮੈਨੂੰ ਅਜਿਹੇ ਸਵਾਲ ਕਿਉਂ ਕਰਦਾ ਹੈਂ ? ਉਨ੍ਹਾਂ ਲੋਕਾਂ ਨੂੰ ਪੁੱਛ ਜਿਨ੍ਹਾਂ ਨੇ ਮੇਰੀਆਂ ਸਿਖਿਆਵਾਂ ਸੁਣੀਆਂ ਹਨ । ਉਹ ਜਾਣਦੇ ਹਨ ਕਿ ਮੈਂ ਕੀ ਦੱਸਿਆ ਹੈ ।”
22ਜਦੋਂ ਯਿਸੂ ਨੇ ਇਹ ਆਖਿਆ ਤਾਂ ਉਸ ਕੋਲ ਖੜ੍ਹੇ ਪਹਿਰੇਦਾਰਾਂ ਵਿੱਚੋਂ ਇੱਕ ਨੇ ਉਸ ਨੂੰ ਮਾਰਿਆ ਤੇ ਆਖਿਆ, “ਤੈਨੂੰ ਪ੍ਰਧਾਨ ਜਾਜਕ ਨਾਲ ਇਸ ਤਰ੍ਹਾਂ ਨਹੀਂ ਬੋਲਣਾ ਚਾਹੀਦਾ ।”23ਯਿਸੂ ਨੇ ਆਖਿਆ, “ਜੇਕਰ ਮੈਂ ਗਲਤ ਕਿਹਾ ਹੈ ਤਾਂ ਲੋਕਾਂ ਸਾਹਮਣੇ ਦੱਸ ਮੈਂ ਕੀ ਗਲਤ ਬੋਲਿਆ । ਪਰ ਜੇਕਰ ਮੈਂ ਸਹੀ ਬੋਲਿਆ ਹਾਂ, ਤਾਂ ਤੂੰ ਮੈਨੂੰ ਕਿਉਂ ਮਾਰਦਾ ਹੈ ? ”24ਤਾਂ ਫਿਰ ਅੰਨਾਸ ਨੇ ਯਿਸੂ ਨੂੰ ਪ੍ਰਧਾਨ ਜਾਜਕ ਕਯਾਫ਼ਾ ਕੋਲ ਭੇਜ ਦਿੱਤਾ ।
ਪਤਰਸ ਯਿਸੂ ਦਾ ਇਨਕਾਰ ਦੂਸਰੀ ਵਾਰ ਕਰਦਾ ਹੈ
(ਮੱਤੀ 26:71-75, ਮਰਕੁਸ 14:69-75, ਲੂਕਾ 22:58-62)

25ਸ਼ਮਊਨ ਪਤਰਸ ਅੱਗ ਕੋਲ ਖੜ੍ਹਾ ਅੱਗ ਸੇਕ ਰਿਹਾ ਸੀ । ਦੂਜੇ ਆਦਮੀਆਂ ਨੇ ਪਤਰਸ ਨੂੰ ਕਿਹਾ, “ਕੀ ਤੂੰ ਵੀ ਉਸ ਦੇ ਚੇਲਿਆਂ ਵਿੱਚੋਂ ਇੱਕ ਹੈਂ ? ” ਪਰ ਪਤਰਸ ਨੇ ਹਾਮੀ ਨਾ ਭਰੀ । ਉਸ ਨੇ ਕਿਹਾ, “ਨਹੀਂ, ਮੈਂ ਨਹੀਂ ਹਾਂ ।”26ਪ੍ਰਧਾਨ ਜਾਜਕ ਦੇ ਨੌਕਰਾਂ ਵਿੱਚੋਂ ਇੱਕ ਉੱਥੇ ਸੀ ਅਤੇ ਇਹ ਆਦਮੀ ਉਹ ਮਨੁੱਖ ਦਾ ਸੰਬੰਧੀ ਸੀ ਜਿਸ ਦਾ ਪਤਰਸ ਨੇ ਕੰਨ ਵੱਢ ਦਿੱਤਾ ਸੀ ਤਾਂ ਉਸ ਨੌਕਰ ਨੇ ਕਿਹਾ, “ਕੀ ਮੈਂ ਤੈਨੂੰ ਉਸ ਆਦਮੀ (ਯਿਸੂ) ਨਾਲ ਬਾਗ ਵਿੱਚ ਵੇਖਿਆ ਸੀ ।”27ਪਰ ਫ਼ਿਰ ਪਤਰਸ ਨੇ ਆਖਿਆ, “ਨਹੀਂ, ਮੈਂ ਉਸ ਦੇ ਨਾਲ ਨਹੀਂ ਸੀ !” ਅਤੇ ਉਸੇ ਸਮੇਂ ਕੁੱਕੜ ਨੇ ਬਾਂਗ ਦਿੱਤੀ ।
ਯਿਸੂ ਨੂੰ ਪਿਲਾਤੁਸ ਦੇ ਸਾਹਮਣੇ ਪੇਸ਼ ਕਰਨਾ
(ਮੱਤੀ 27:1, 2 11-14, ਮਰਕੁਸ 15:1-5, ਲੂਕਾ 23:1-5)

28ਤਦ ਯਹੂਦੀ ਯਿਸੂ ਨੂੰ ਕਯਾਫ਼ਾ ਦੀ ਕਚਿਹਰੀ ਚੋਂ ਰਾਜਪਾਲ ਦੇ ਮਹਿਲ ਵਿੱਚ ਲੈ ਗਏ । ਅਜੇ ਬਹੁਤ ਸਵੇਰਾ ਸੀ ਪਰ ਯਹੂਦੀ ਕਚਿਹਰੀ ਦੇ ਅੰਦਰ ਨਹੀਂ ਗਏ । ਉਹ ਆਪਣੇ ਆਪ ਨੂੰ ਅਸ਼ੁੱਧ ਨਹੀਂ ਸੀ ਕਰਨਾ ਚਾਹੁੰਦੇ ਕਿਉਂਕਿ ਉਹ ਪਸਾਹ ਦੇ ਤਿਉਹਾਰ ਦਾ ਭੋਜਨ ਖਾਣਾ ਚਾਹੁੰਦੇ ਸਨ ।29ਇਸ ਲਈ ਪਿਲਾਤੁਸ ਉਨ੍ਹਾਂ ਕੋਲ ਬਾਹਰ ਆਇਆ ਅਤੇ ਪੁੱਛਿਆ, “ਤੁਸੀਂ ਇਸ ਮਨੁੱਖ ਉੱਤੇ ਕੀ ਦੋਸ਼ ਲਗਾਉਂਦੇ ਹੋ ? ”30ਯਹੂਦੀਆਂ ਨੇ ਉੱਤਰ ਦਿੱਤਾ, “ਇਹ ਇੱਕ ਬੁਰਾ ਆਦਮੀ ਹੈ, ਇਸ ਕਰਕੇ ਅਸੀਂ ਇਸ ਨੂੰ ਤੇਰੇ ਕੋਲ ਲੈ ਕੇ ਆਏ ਹਾਂ ।”
31ਪਿਲਾਤੁਸ ਨੇ ਯਹੂਦੀਆਂ ਨੂੰ ਆਖਿਆ, “ਤੁਸੀਂ ਯਹੂਦੀ ਆਪ ਇਸ ਨੂੰ ਲੈ ਜਾਵੋ ਅਤੇ ਆਪਣੀ ਬਿਵਸਥਾ ਅਨੁਸਾਰ ਇਸ ਦਾ ਨਿਆਂ ਕਰੋ ।” ਯਹੂਦੀਆਂ ਨੇ ਉੱਤਰ ਦਿੱਤਾ, “ਪਰ ਸਾਨੂੰ ਕਿਸੇ ਨੂੰ ਮੌਤ ਦੀ ਸਜ਼ਾ ਦੇਣ ਦੀ ਆਗਿਆ ਨਹੀਂ ਹੈ ।”32ਜਿਵੇਂ ਯਿਸੂ ਨੇ ਆਪਣੀ ਮੌਤ ਬਾਰੇ ਪਹਿਲਾਂ ਕਿਹਾ ਸੀ, ਕਿ ਉਹ ਕਿਸ ਤਰ੍ਹਾਂ ਮਰੇਗਾ, ਉਸੇ ਨੂੰ ਪੂਰਾ ਹੋਣ ਲਈ ਉਹ ਵਾਪਰਿਆ ।
33ਪਿਲਾਤੁਸ ਮਹਿਲ ਵਿੱਚ ਵਾਪਸ ਚਲਾ ਗਿਆ ਅਤੇ ਉੱਥੇ ਯਿਸੂ ਨੂੰ ਉਸ ਨੇ ਆਪਣੇ ਕੋਲ ਬੁਲਾਇਆ ਅਤੇ ਪੁੱਛਿਆ, “ਕੀ ਤੂੰ ਯਹੂਦੀਆਂ ਦਾ ਪਾਤਸ਼ਾਹ ਹੈਂ ? ”34ਯਿਸੂ ਨੇ ਉੱਤਰ ਦਿੱਤਾ, “ਕੀ ਤੂੰ ਇਹ ਆਪਣੇ ਆਪ ਆਖਦਾ ਹੈ ਜਾਂ ਦੂਜੇ ਲੋਕਾਂ ਨੇ ਤੈਨੂੰ ਮੇਰੇ ਬਾਰੇ ਕੁੱਝ ਆਖਿਆ ਹੈ ? ”35ਪਿਲਾਤੁਸ ਨੇ ਕਿਹਾ, “ਮੈਂ ਇੱਕ ਯਹੂਦੀ ਨਹੀਂ ਹਾਂ ਤੇਰੇ ਆਪਣੇ ਹੀ ਲੋਕ ਅਤੇ ਮੁੱਖ ਜਾਜਕਾਂ ਤੈਨੂੰ ਮੇਰੇ ਕੋਲ ਲੈ ਕੇ ਆਏ ਹਨ । ਤੂੰ ਕੀ ਗਲਤ ਕੀਤਾ ਹੈ ? ”
36ਯਿਸੂ ਨੇ ਆਖਿਆ, “ਮੇਰਾ ਰਾਜ ਇਸ ਧਰਤੀ ਦਾ ਨਹੀਂ ਹੈ । ਜੇਕਰ ਇਹ ਇਸ ਧਰਤੀ ਦਾ ਹੁੰਦਾ ਤਾਂ ਮੇਰੇ ਚੇਲੇ ਉਨ੍ਹਾਂ ਨਾਲ ਲੜਦੇ ਅਤੇ ਮੈਂ ਯਹੂਦੀਆਂ ਦੇ ਹਵਾਲੇ ਨਾ ਕੀਤਾ ਜਾਂਦਾ । ਪਰ ਮੇਰਾ ਰਾਜ ਕਿਸੇ ਹੋਰ ਥਾਂ ਦਾ ਹੈ ਇੱਥੋਂ ਦਾ ਨਹੀਂ ।”37ਪਿਲਾਤੁਸ ਨੇ ਆਖਿਆ, “ਇਸ ਦਾ ਮਤਲਬ ਤੂੰ ਇੱਕ ਰਾਜਾ ਹੈ ? ” ਯਿਸੂ ਨੇ ਆਖਿਆ, “ਤੂੰ ਜੋ ਆਖਿਆ, ਉਹ ਸੱਚ ਹੈ । ਮੈਂ ਇੱਕ ਰਾਜਾ ਹਾਂ । ਮੈਂ ਇਸੇ ਲਈ ਜਨਮ ਲਿਆ ਅਤੇ ਇਸੇ ਕਾਰਨ ਦੁਨੀਆਂ ਤੇ ਆਇਆ ਤਾਂ ਜੋ ਮੈਂ ਸਚਿਆਈ ਦੀ ਗਵਾਹੀ ਦੇ ਸਕਾਂ । ਅਤੇ ਹਰ ਮਨੁੱਖ ਜੋ ਸਚਿਆਈ ਜਾਣਦਾ, ਹੈ ਉਹ ਮੇਰੀ ਅਵਾਜ਼ ਸੁਣਦਾ ਹੈ ।”
38ਪਿਲਾਤੁਸ ਨੇ ਕਿਹਾ, “ਸੱਚ ਕੀ ਹੈ ? ”
ਮੌਤ ਦੀ ਸਜ਼ਾ ਦਾ ਹੁਕਮ
(ਮੱਤੀ 27:15-31, ਮਰਕੁਸ 15:6-20, ਲੂਕਾ 23:13-25)

ਇਹ ਆਖਣ ਤੋਂ ਬਾਅਦ ਉਹ ਫ਼ੇਰ ਤੋਂ ਯਹੂਦੀਆਂ ਕੋਲ ਗਿਆ ਅਤੇ ਉਨ੍ਹਾਂ ਨੂੰ ਆਖਿਆ, “ਇਸ ਆਦਮੀ ਤੇ ਲਾਉਣ ਵਾਸਤੇ ਮੈਨੂੰ ਕੋਈ ਦੋਸ਼ ਨਹੀਂ ਮਿਲਿਆ ।

39ਪਰ ਇਹ ਤੁਹਾਡਾ ਰਿਵਾਜ਼ ਹੈ ਕਿ ਮੈਂ ਤੁਹਾਡੇ ਲਈ ਪਸਾਹ ਦੇ ਤਿਉਹਾਰ ਦੇ ਸਮੇਂ ਇੱਕ ਕੈਦੀ ਨੂੰ ਛੱਡ ਕਰ ਸਕਦਾ ਹਾਂ । ਸੋ ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਯਹੂਦੀਆਂ ਦੇ ਰਾਜੇ ਨੂੰ ਛੱਡ ਦੇਵਾਂ ? ”40ਤਾਂ ਯਹੂਦੀ ਉੱਚੀ ਅਵਾਜ਼ ਵਿੱਚ ਬੋਲੇ, “ਨਹੀਂ, ਉਸ ਨੂੰ ਨਹੀਂ, ਪਰ ਤੂੰ ਬਰੱਬਾ ਨੂੰ ਛੱਡ ਦੇ ।” ਬਰੱਬਾ ਇੱਕ ਡਾਕੂ ਸੀ ।

19

1ਤਦ ਫੇਰ ਪਿਲਾਤੁਸ ਨੇ ਯਿਸੂ ਨੂੰ ਕੋਰੜੇ ਮਾਰਨ ਦਾ ਹੁਕਮ ਦਿੱਤਾ l2ਸਿਪਾਹੀਆਂ ਨੇ ਕੰਡਿਆਂ ਦਾ ਤਾਜ ਗੁੰਦਕੇ ਉਸ ਦੇ ਸਿਰ ਤੇ ਪਾਇਆ ਅਤੇ ਉਸ ਨੂੰ ਬੈਂਗਣੀ ਚੋਲਾ ਪਹਿਨਾਇਆ ।3ਉਹ ਸੈਨਿਕ ਉਸ ਨੂੰ ਮਜ਼ਾਕ ਕਰਨ ਲੱਗੇ, “ਹੇ ਯਹੂਦੀਆਂ ਦੇ ਰਾਜਾ, ਨਮਸਕਾਰ ।” ਇਸ ਦੇ ਨਾਲ ਹੀ ਉਸ ਦੇ ਮੂੰਹ ਤੇ ਚਪੇੜਾਂ ਵੀ ਮਾਰਦੇ ਰਹੇ ।

4ਪਿਲਾਤੁਸ ਨੇ ਫਿਰ ਬਾਹਰ ਨਿੱਕਲ ਕੇ ਯਹੂਦੀਆਂ ਨੂੰ ਆਖਿਆ, “ਵੇਖੋ, ਮੈਂ ਉਸ ਨੂੰ ਬਾਹਰ ਤੁਹਾਡੇ ਕੋਲ ਲਿਆ ਰਿਹਾ ਹਾਂ । ਤਾਂ ਜੋ ਤੁਸੀਂ ਵੀ ਜਾਣੋ ਮੈਨੂੰ ਉਸ ਤੇ ਦੋਸ਼ ਲਾਉਣ ਵਾਸਤੇ ਕੁੱਝ ਵੀ ਨਹੀਂ ਲੱਭਿਆ ।”5ਫਿਰ ਯਿਸੂ ਬਾਹਰ ਆਇਆ, ਉਸ ਦੇ ਸਿਰ ਤੇ ਕੰਡਿਆਂ ਦਾ ਤਾਜ ਅਤੇ ਸਰੀਰ ਤੇ ਬੈਂਗਣੀ ਚੋਗਾ ਪਾਇਆ ਹੋਇਆ ਸੀ । ਪਿਲਾਤੁਸ ਨੇ ਯਹੂਦੀਆਂ ਨੂੰ ਕਿਹਾ, “ਵੇਖੋ, ਇਸ ਮਨੁੱਖ ਨੂੰ ।”6ਜਦੋਂ ਮੁੱਖ ਜਾਜਕਾਂ ਅਤੇ ਸਿਪਾਹੀਆਂ ਨੇ ਇਸ ਨੂੰ ਵੇਖਿਆ ਤਾਂ ਉਨ੍ਹਾਂ ਰੌਲ਼ਾ ਪਾਇਆ, “ਇਸ ਨੂੰ ਸਲੀਬ ਦਿਓ ! ਸਲੀਬ ਦਿਓ !” ਪਰ ਪਿਲਾਤੁਸ ਨੇ ਆਖਿਆ, “ਤੁਸੀਂ ਆਪੇ ਇਸ ਨੂੰ ਲੈ ਜਾਵੋ ਅਤੇ ਸਲੀਬ ਦੇ ਦਿਓ, ਪਰ ਮੈਨੂੰ ਇਸ ਤੇ ਦੋਸ਼ ਲਾਉਣ ਲਈ ਕੁੱਝ ਵੀ ਨਹੀਂ ਲੱਭਿਆ ।”
7ਯਹੂਦੀਆਂ ਨੇ ਉੱਤਰ ਦਿੱਤਾ, “ਸਾਡੇ ਕੋਲ ਬਿਵਸਥਾ ਹੈ ਅਤੇ ਉਸ ਅਨੁਸਾਰ ਇਹ ਮਰਨ ਯੋਗ ਹੈ ਕਿਉਂਕਿ ਇਸ ਨੇ ਇਹ ਆਖਿਆ ਹੈ ਕਿ ਮੈਂ ਪਰਮੇਸ਼ੁਰ ਦਾ ਪੁੱਤਰ ਹਾਂ ।”8ਜਦ ਪਿਲਾਤੁਸ ਨੇ ਇਹ ਗੱਲ ਸੁਣੀ ਤਾਂ ਉਹ ਹੋਰ ਵੀ ਡਰ ਗਿਆ ।9ਉਹ ਮੁੜ ਕਚਹਿਰੀ ਨੂੰ ਗਿਆ ਅਤੇ ਯਿਸੂ ਨੂੰ ਆਖਿਆ, “ਤੂੰ ਕਿੱਥੋਂ ਆਇਆ ਹੈਂ ? ” ਪਰ ਯਿਸੂ ਨੇ ਉਸ ਨੂੰ ਕੋਈ ਜ਼ਵਾਬ ਨਾ ਦਿੱਤਾ ।
10ਪਿਲਾਤੁਸ ਨੇ ਕਿਹਾ, “ਕੀ ਤੂੰ ਮੇਰੇ ਨਾਲ ਬੋਲਦਾ ? ਕੀ ਤੂੰ ਨਹੀਂ ਜਾਣਦਾ ਕਿ ਮੇਰੇ ਕੋਲ ਸ਼ਕਤੀ ਹੈ ਕਿ ਮੈਂ ਭਾਵੇਂ ਤੈਨੂੰ ਛੱਡ ਦੇਵਾਂ ਤੇ ਭਾਵੇਂ ਸਲੀਬ ਤੇ ਦੇਵਾਂ ? ”11ਯਿਸੂ ਨੇ ਕਿਹਾ, “ਇਹ ਅਧਿਕਾਰ, ਜੋ ਮੇਰੇ ਉੱਪਰ ਤੇਰੇ ਕੋਲ ਹੈ ਪਰਮੇਸ਼ੁਰ ਦੁਆਰਾ ਦਿੱਤਾ ਹੋਇਆ ਹੈ । ਇਸ ਲਈ ਜਿਸ ਆਦਮੀ ਨੇ ਮੈਨੂੰ ਤੇਰੇ ਹੱਥੀਂ ਫ਼ੜਵਾਇਆ ਹੈ ਉਹ ਵੱਧ ਪਾਪ ਦਾ ਦੋਸ਼ੀ ਹੈ ।”
12ਇਸ ਤੋਂ ਬਾਅਦ ਪਿਲਾਤੁਸ ਨੇ ਯਿਸੂ ਨੂੰ ਅਜ਼ਾਦ ਕਰਨ ਦੀ ਬਹੁਤ ਕੋਸ਼ਿਸ਼ ਕੀਤੀ । ਪਰ ਯਹੂਦੀ ਰੌਲ਼ਾ ਪਾ ਰਹੇ ਸਨ, “ਇਸ ਲਈ ਜੇਕਰ ਤੂੰ ਇਸ ਆਦਮੀ ਨੂੰ ਛੱਡੇਂਗਾ ਤਾਂ ਇਸ ਦਾ ਮਤਲਬ ਤੂੰ ਕੈਸਰ ਦਾ ਮਿੱਤਰ ਨਹੀਂ ਹੈ ।”13ਪਿਲਾਤੁਸ ਇਹ ਗੱਲਾਂ ਸੁਣ ਕੇ ਯਿਸੂ ਨੂੰ ਬਾਹਰ ਪੱਥਰ ਦੇ ਚਬੂਤਰੇ ਦੇ ਕੋਲ ਲਿਆਇਆ । (ਜਿਸ ਨੂੰ ਇਬਰਾਨੀ ਭਾਸ਼ਾ ਵਿੱਚ ਗਬਥਾ ਆਖਿਆ ਜਾਂਦਾ ਹੈ) ਅਤੇ ਅਦਾਲਤ ਦੀ ਗੱਦੀ ਤੇ ਬੈਠ ਗਿਆ ।
14ਇਹ ਤਕਰੀਬਨ ਦੁਪਹਿਰ ਦਾ ਵੇਲਾ ਸੀ ਅਤੇ ਇਹ ਪਸਾਹ ਦੇ ਤਿਉਹਾਰ ਦੀ ਤਿਆਰੀ ਦਾ ਦਿਨ ਸੀ । ਪਿਲਾਤੁਸ ਨੇ ਯਹੂਦੀਆਂ ਨੂੰ ਕਿਹਾ, “ਇਹ ਵੇਖੋ, ਤੁਹਾਡਾ ਰਾਜਾ ਹੈ ।”15ਯਹੂਦੀਆਂ ਨੇ ਡੰਡ ਪਾਈ, “ਇਸ ਨੂੰ ਦੂਰ ਲੈ ਜਾਓ, ਇਸ ਨੂੰ ਲੈ ਜਾਓ ਅਤੇ ਇਸ ਨੂੰ ਸਲੀਬ ਦਿਓ ।” ਪਿਲਾਤੁਸ ਨੇ ਉਨ੍ਹਾਂ ਨੂੰ ਪੁੱਛਿਆ, “ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੇ ਰਾਜੇ ਨੂੰ ਸਲੀਬ ਦੇਵਾਂ ? ” ਮੁੱਖ ਜਾਜਕਾਂ ਨੇ ਆਖਿਆ, “ਸਾਡਾ ਸਿਰਫ਼ ਇੱਕ ਹੀ ਰਾਜਾ ਹੈ, ਕੈਸਰ ।”16ਪਿਲਾਤੁਸ ਨੇ ਯਿਸੂ ਨੂੰ ਸਲੀਬ ਉੱਤੇ ਚੜਾਉਣ ਲਈ ਯਹੂਦੀਆਂ ਦੇ ਹਵਾਲੇ ਕਰ ਦਿੱਤਾ । ਸਿਪਾਹੀ ਯਿਸੂ ਨੂੰ ਲੈ ਗਏ ।
ਯਿਸੂ ਨੂੰ ਸਲੀਬ ਉੱਤੇ ਚੜਾਉਣਾ
(ਮੱਤੀ 27:32-44, ਮਰਕੁਸ 15:21-32, ਲੂਕਾ 23:26-43)

17ਉਸ ਨੇ ਆਪਣੀ ਸਲੀਬ ਚੁੱਕੀ ਅਤੇ ਖੋਪੜੀ ਨਾਮ ਦੀ ਥਾਂ ਉੱਤੇ ਗਿਆ । ਅਤੇ ਇਬਰਾਨੀ ਭਾਸ਼ਾ ਵਿੱਚ ਉਸ ਨੂੰ “ਗਲਗਥਾ” ਕਹਿੰਦੇ ਹਨ ।18ਉੱਥੇ ਉਨ੍ਹਾਂ ਨੇ ਯਿਸੂ ਨੂੰ ਸਲੀਬ ਦਿੱਤੀ । ਉੱਥੇ ਦੋ ਮਨੁੱਖ ਹੋਰ ਸਨ, ਜਿਨ੍ਹਾਂ ਨੂੰ ਯਿਸੂ ਨਾਲ ਸਲੀਬ ਦਿੱਤੀ ਗਈ ਸੀ । ਇੱਕ ਮਨੁੱਖ ਉਸ ਦੇ ਇੱਕ ਪਾਸੇ ਅਤੇ ਦੂਸਰਾ ਇੱਕ ਪਾਸੇ ਅਤੇ ਯਿਸੂ ਵਿਚਾਲੇ ।
19ਪਿਲਾਤੁਸ ਨੇ ਇੱਕ ਦੋਸ਼ ਪੱਤ੍ਰੀ ਲਿਖਵਾ ਕੇ ਸਲੀਬ ਉੱਪਰ ਲਾਈ ਜਿਸ ਉੱਤੇ ਇਹ ਲਿਖਿਆ ਹੋਇਆ ਸੀ “ਯਿਸੂ ਨਾਸਰੀ ਯਹੂਦੀਆਂ ਦਾ ਰਾਜਾ ।”20ਇਹ ਚਿੰਨ੍ਹ ਪੱਟੀ ਇਬਰਾਨੀ, ਲਾਤੀਨੀ ਅਤੇ ਯੂਨਾਨੀ ਭਾਸ਼ਾ ਵਿੱਚ ਲਿਖੀ ਹੋਈ ਸੀ । ਬਹੁਤ ਸਾਰੇ ਯਹੂਦੀਆਂ ਨੇ ਇਸ ਪੱਟੀ ਨੂੰ ਪੜਿਆ, ਕਿਉਂਕਿ ਜਿਸ ਜਗ੍ਹਾ ਉਸ ਨੂੰ ਸਲੀਬ ਦਿੱਤੀ ਗਈ ਸ਼ਹਿਰ ਦੇ ਨੇੜੇ ਹੀ ਸੀ ।
21ਤਾਂ ਯਹੂਦੀਆਂ ਦੇ ਮੁੱਖ ਜਾਜਕਾਂ ਨੇ ਪਿਲਾਤੁਸ ਨੂੰ ਕਿਹਾ ਕਿ, “ਇਹ ਨਾ ਲਿਖ, ‘ਉਹ ਯਹੂਦੀਆ ਦਾ ਰਾਜਾ ਹੈ ।’ ਸਗੋਂ ਇਹ ਲਿਖ ਕਿ, ‘ਉਸ ਨੇ ਆਖਿਆ, ਕਿ ਮੈਂ ਯਹੂਦੀਆਂ ਦਾ ਰਾਜਾ ਹਾਂ’।”22ਪਿਲਾਤੁਸ ਨੇ ਕਿਹਾ, “ਜੋ ਮੈਂ ਲਿਖਿਆ ਹੈ, ਉਸ ਨੂੰ ਮੈਂ ਹੁਣ ਨਹੀਂ ਬਦਲ ਸਕਦਾ ।”
23ਜਦੋਂ ਸਿਪਾਹੀਆਂ ਨੇ ਯਿਸੂ ਨੂੰ ਸਲੀਬ ਦਿੱਤੀ, ਉਨ੍ਹਾਂ ਨੇ ਉਸ ਦੇ ਕੱਪੜੇ ਰੱਖ ਕੇ ਅਤੇ ਉਨ੍ਹਾਂ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ । ਹਰੇਕ ਸਿਪਾਹੀ ਦਾ ਇੱਕ-ਇੱਕ ਹਿੱਸਾ । ਉਨ੍ਹਾਂ ਨੇ ਉਸਦਾ ਕੁੜਤਾ ਵੀ ਲੈ ਲਿਆ । ਇਹ ਇੱਕ ਸਿਰੇ ਤੋਂ ਦੂਜੇ ਸਿਰੇ ਇੱਕੋ ਹੀ ਟੁਕੜੇ ਦਾ ਬਣਿਆ ਹੋਇਆ ਸੀ ।24ਸਿਪਾਹੀਆਂ ਨੇ ਆਪਸ ਵਿੱਚ ਕਿਹਾ, “ਸਾਨੂੰ ਇਸ ਕੁੜਤੇ ਨੂੰ ਹਿੱਸਿਆਂ ਵਿੱਚ ਨਹੀਂ ਪਾੜਨਾ ਚਾਹੀਦਾ, ਸਗੋਂ ਅਸੀਂ ਪਰਚੀਆਂ ਪਾ ਕੇ ਵੇਖ ਲੈਂਦੇ ਹਾਂ ਇਹ ਕਿਸ ਦੇ ਹਿੱਸੇ ਆਉਂਦਾ ਹੈ ।” ਇਹ ਇਸ ਲਈ ਹੋਇਆ ਤਾਂ ਜੋ ਪਵਿੱਤਰ ਗ੍ਰੰਥ ਦਾ ਬਚਨ ਪੂਰਾ ਹੋ ਸਕੇ । “ਉਨ੍ਹਾਂ ਮੇਰੇ ਕੱਪੜੇ ਵੀ ਆਪਸ ਵਿੱਚ ਵੰਡ ਲਏ ਅਤੇ ਮੇਰੇ ਕੱਪੜਿਆਂ ਤੇ ਪਰਚੀ ਸੁੱਟੀ ।” ਤਦ ਸਿਪਾਹੀ ਨੇ ਇਹ ਕੀਤਾ ।
25ਯਿਸੂ ਦੀ ਮਾਤਾ ਉਸ ਦੀ ਸਲੀਬ ਦੇ ਕੋਲ ਖੜ੍ਹੀ ਸੀ । ਉਸ ਦੀ ਮਾਂ ਦੀ ਭੈਣ, ਕਲੋਪਸ ਦੀ ਪਤਨੀ ਮਰਿਯਮ ਅਤੇ ਮਰਿਯਮ ਮਗਦਲੀਨੀ ਵੀ ਖੜ੍ਹੀਆਂ ਸਨ ।26ਯਿਸੂ ਨੇ ਆਪਣੀ ਮਾਤਾ ਨੂੰ ਵੇਖਿਆ ਅਤੇ ਜਿਸ ਚੇਲੇ ਨੂੰ ਬਹੁਤ ਪਿਆਰ ਕਰਦਾ ਸੀ, ਉਹ ਵੀ ਉੱਥੇ ਹੀ ਖੜ੍ਹਾ ਸੀ ਤਾਂ ਉਸ ਨੇ ਆਪਣੀ ਮਾਤਾ ਨੂੰ ਕਿਹਾ, “ਹੇ ਔਰਤ ! ਇਹ ਰਿਹਾ ਤੇਰਾ ਪੁੱਤਰ ।”27ਤਦ ਯਿਸੂ ਨੇ ਉਸ ਚੇਲੇ ਨੂੰ ਆਖਿਆ, “ਇਹ ਤੇਰੀ ਮਾਤਾ ਹੈ ।” ਤਾਂ ਇਸ ਤੋਂ ਬਾਅਦ ਉਹ ਚੇਲਾ ਯਿਸੂ ਦੀ ਮਾਤਾ ਨੂੰ ਆਪਣੇ ਘਰ ਆਪਣੇ ਲੈ ਗਿਆ ।
ਯਿਸੂ ਦੀ ਮੌਤ
(ਮੱਤੀ 27:45-56, ਮਰਕੁਸ 15:33-41, ਲੂਕਾ 23:44-49)

28ਯਿਸੂ ਜਾਣਦਾ ਸੀ ਕਿ ਸਭ ਕੁੱਝ ਪੂਰਾ ਹੋ ਚੁੱਕਿਆ ਹੈ । ਇਸ ਲਈ ਪਵਿੱਤਰ ਗ੍ਰੰਥ ਵਿੱਚ ਜੋ ਲਿਖਿਆ ਹੈ ਉਸ ਨੂੰ ਪੂਰਾ ਕਰਨ ਲਈ ਉਸ ਨੇ ਆਖਿਆ, “ਮੈਂ ਪਿਆਸਾ ਹਾਂ ।”29ਉੱਥੇ ਇੱਕ ਵੱਡਾ ਮਰਤਬਾਨ ਸਿਰਕੇ ਦਾ ਭਰਿਆ ਹੋਇਆ ਸੀ ਤਾਂ ਸਿਪਾਹੀਆਂ ਨੇ ਇੱਕ ਸਪੰਜ ਨੂੰ ਗਿਲਾ ਕੀਤਾ ਅਤੇ ਉਸ ਸਪੰਜ ਨੂੰ ਟਹਿਣੀ ਨਾਲ ਬੰਨ੍ਹ ਕੇ, ਉਸ ਨੂੰ ਯਿਸੂ ਦੇ ਮੂੰਹ ਤੱਕ ਕੀਤਾ ।30ਜਦ ਯਿਸੂ ਨੇ ਸਿਰਕੇ ਦਾ ਸਵਾਦ ਵੇਖਿਆ, ਉਸ ਨੇ ਆਖਿਆ, “ਪੂਰਾ ਹੋ ਗਿਆ ਹੈ ।” ਤਦ ਯਿਸੂ ਨੇ ਆਪਣਾ ਸਿਰ ਝੁਕਾਇਆ ਅਤੇ ਜਾਨ ਦੇ ਦਿੱਤੀ ।
ਵੱਖੀ ਵਿੱਚ ਬਰਛਾ ਮਾਰਨਾ

31ਇਹ ਦਿਨ ਤਿਆਰੀ ਦਾ ਦਿਨ ਸੀ ਅਤੇ ਅਗਲਾ ਦਿਨ ਸਬਤ ਦਾ ਦਿਨ ਸੀ । ਯਹੂਦੀ ਇਹ ਨਹੀਂ ਚਾਹੁੰਦੇ ਸਨ ਕਿ ਲਾਸ਼ਾਂ ਸਲੀਬ ਤੇ ਟੰਗੀਆਂ ਰਹਿਣ । ਕਿਉਂਕਿ ਸਬਤ ਦਾ ਦਿਨ ਉਨ੍ਹਾਂ ਲਈ ਬਹੁਤ ਖ਼ਾਸ ਸੀ । ਉਨ੍ਹਾਂ ਪਿਲਾਤੁਸ ਅੱਗੇ ਬੇਨਤੀ ਕੀਤੀ ਕਿ ਉਹ ਉਨ੍ਹਾਂ ਦੀਆਂ ਲੱਤਾਂ ਤੋੜਨ ਦੀ ਆਗਿਆ ਦੇਵੇ, ਤਾਂ ਜੋ ਉਹ ਜਲਦੀ ਮਰ ਜਾਣ ਅਤੇ ਸਲੀਬਾਂ ਤੋਂ ਜਲਦੀ ਹੀ ਲਾਸ਼ਾਂ ਨੂੰ ਉਤਾਰਿਆ ਜਾ ਸਕੇ ।32ਤਦ ਸਿਪਾਹੀ ਆਏ ਅਤੇ ਉਨ੍ਹਾਂ ਨੇ ਪਹਿਲੇ ਆਦਮੀ ਦੀਆਂ ਲੱਤਾਂ ਤੋੜੀਆਂ ਜਿਸ ਨੂੰ ਯਿਸੂ ਨਾਲ ਸਲੀਬ ਦਿੱਤੀ ਗਈ ਸੀ । ਫ਼ੇਰ ਉਨ੍ਹਾਂ ਨੇ ਦੂਜੇ ਆਦਮੀ ਦੀਆਂ ਲੱਤਾਂ ਵੀ ਤੋੜ ਦਿੱਤੀਆਂ ਸੀ ।33ਪਰ ਜਦੋਂ ਉਹ ਯਿਸੂ ਕੋਲ ਆਏ ਤਾਂ ਕੀ ਵੇਖਿਆ ਕਿ ਯਿਸੂ ਤਾਂ ਪਹਿਲਾਂ ਹੀ ਮਰ ਚੁੱਕਾ ਹੈ, ਇਸ ਲਈ ਉਨ੍ਹਾਂ ਨੇ ਉਸ ਦੀਆਂ ਲੱਤਾਂ ਨਾ ਤੋੜੀਆਂ ।
34ਪਰ ਉਨ੍ਹਾਂ ਵਿੱਚੋਂ ਇੱਕ ਸਿਪਾਹੀ ਨੇ ਬਰਛਾ ਮਾਰ ਕੇ ਅਤੇ ਯਿਸੂ ਦੀ ਵੱਖੀ ਵਿੰਨ੍ਹ ਦਿੱਤੀ, ਉਸ ਦੇ ਸਰੀਰ ਵਿੱਚੋਂ ਲਹੂ ਅਤੇ ਪਾਣੀ ਨਿੱਕਲਿਆ ।35(ਜਿਸ ਨੇ ਇਹ ਸਭ ਵੇਖਿਆ ਗਵਾਹੀ ਦਿੱਤੀ ਅਤੇ ਉਸ ਦੀ ਗਵਾਹੀ ਸੱਚੀ ਹੈ, ਉਹ ਜਾਣਦਾ ਹੈ ਜੋ ਉਹ ਕਹਿ ਰਿਹਾ, ਸੱਚ ਹੈ । ਉਸ ਨੇ ਗਵਾਹੀ ਦਿੱਤੀ ਤਾਂ ਜੋ ਤੁਸੀਂ ਵੀ ਵਿਸ਼ਵਾਸ ਕਰੋ । )
36ਪਵਿੱਤਰ ਗ੍ਰੰਥ ਦੀ ਇਹ ਲਿਖਤ ਪੂਰੀ ਹੋਈ ਇਸ ਲਈ ਵਾਪਰਿਆ: “ਉਸ ਦੀ ਕੋਈ ਹੱਡੀ ਨਹੀਂ ਤੋੜੀ ਜਾਵੇਗੀ ।”37ਅਤੇ ਦੂਜੀ ਲਿਖਤ ਆਖਦੀ ਹੈ, “ਲੋਕ ਉਸ ਵਿਅਕਤੀ ਨੂੰ ਵੇਖਣਗੇ ਜਿਸ ਨੂੰ ਉਨ੍ਹਾਂ ਨੇ ਵਿੰਨ੍ਹਿਆ ਸੀ ।”
ਯਿਸੂ ਨੂੰ ਦਫ਼ਨਾਉਣਾ
(ਮੱਤੀ 27:57-61, ਮਰਕੁਸ 14:42-47, ਲੂਕਾ 23:50-56)

38ਇਸ ਤੋਂ ਬਾਅਦ ਅਰਿਮਥੇਆ ਦੇ ਯੂਸੁਫ਼ ਨੇ ਪਿਲਾਤੁਸ ਨੂੰ ਯਿਸੂ ਦੇ ਸਰੀਰ ਨੂੰ ਲੈ ਜਾਣ ਲਈ ਬੇਨਤੀ ਕੀਤੀ । ਕਿਉਂਕਿ ਯੂਸੁਫ਼ ਯਹੂਦੀਆਂ ਤੋਂ ਡਰਦਾ ਸੀ, ਉਹ ਯਿਸੂ ਦਾ ਗੁਪਤ ਚੇਲਾ ਸੀ । ਪਿਲਾਤੁਸ ਨੇ ਉਸ ਨੂੰ ਯਿਸੂ ਦੇ ਸਰੀਰ ਨੂੰ ਲੈ ਜਾਣ ਦੀ ਆਗਿਆ ਦੇ ਦਿੱਤੀ ਤਾਂ ਯੂਸੁਫ਼ ਆਇਆ ਅਤੇ ਯਿਸੂ ਦੀ ਲਾਸ਼ ਨੂੰ ਉੱਥੋਂ ਲੈ ਗਿਆ ।39ਨਿਕੋਦਿਮੁਸ ਯੂਸੁਫ਼ ਦੇ ਨਾਲ ਗਿਆ । ਨਿਕੋਦਿਮੁਸ ਉਹੀ ਸੀ ਜਿਹੜਾ ਇੱਕ ਵਾਰ ਰਾਤ ਨੂੰ ਯਿਸੂ ਕੋਲ ਗਿਆ ਸੀ । ਉਹ ਆਪਣੇ ਨਾਲ ਪੰਜਾਹ ਕੁ ਸੇਰ ਦੇ ਕਰੀਬ ਗੰਧਰਸ ਨਾਲ ਰਲੇ ਊਦ ਲਿਆਇਆ ।
40ਇਨ੍ਹਾਂ ਦੋਹਾਂ ਆਦਮੀਆਂ ਨੇ ਯਿਸੂ ਦੀ ਲਾਸ਼ ਚੁੱਕੀ ਅਤੇ ਯਹੂਦੀਆਂ ਦੇ ਦਫ਼ਨਾਉਣ ਦੇ ਰੀਤ ਮੁਤਾਬਕ ਸਮੱਗਰੀ ਪਾ ਕੇ ਇੱਕ ਪਤਲੇ ਕੱਪੜੇ ਨਾਲ ਉਸ ਦੇ ਸਰੀਰ ਨੂੰ ਲਪੇਟਿਆ ।41ਜਿਸ ਜਗ੍ਹਾ ਯਿਸੂ ਨੂੰ ਸਲੀਬ ਚੜਾਇਆ ਗਿਆ ਸੀ, ਉੱਥੇ ਇੱਕ ਬਾਗ ਸੀ । ਉੱਥੇ ਇੱਕ ਨਵੀਂ ਕਬਰ ਸੀ ਜਿਸ ਵਿੱਚ ਕਦੇ ਵੀ ਕਿਸੇ ਨੂੰ ਦਫ਼ਨਾਇਆ ਨਹੀਂ ਗਿਆ ਸੀ ।42ਆਦਮੀਆਂ ਨੇ ਯਿਸੂ ਨੂੰ ਉਸ ਕਬਰ ਵਿੱਚ ਰੱਖ ਦਿੱਤਾ ਕਿਉਂਕਿ ਇਹ ਨੇੜੇ ਸੀ ਅਤੇ ਯਹੂਦੀਆਂ ਲਈ ਸਬਤ ਦੇ ਦਿਨ ਦੀ ਤਿਆਰੀ ਦਾ ਦਿਨ ਸੀ ।

20
ਖਾਲੀ ਕਬਰ
(ਮੱਤੀ 28:1-8, ਮਰਕੁਸ 16:1-8, ਲੂਕਾ 24:1-12)

1ਹਫ਼ਤੇ ਦੇ ਪਹਿਲੇ ਦਿਨ, ਤੜਕੇ ਮਰਿਯਮ ਮਗਦਲੀਨੀ ਕਬਰ ਕੋਲ ਗਈ, ਜਿੱਥੇ ਯਿਸੂ ਦਾ ਸਰੀਰ ਪਿਆ ਹੋਇਆ ਸੀ । ਅਜੇ ਹਨ੍ਹੇਰਾ ਹੀ ਸੀ । ਉਸ ਨੇ ਵੇਖਿਆ ਜਿਸ ਪੱਥਰ ਨਾਲ ਕਬਰ ਬੰਦ ਸੀ ਉਹ ਪਰੇ ਕੀਤਾ ਹੋਇਆ ਸੀ ।2ਤਾਂ ਮਰਿਯਮ ਭੱਜਦੀ ਹੋਈ ਸ਼ਮਊਨ ਪਤਰਸ ਅਤੇ ਯਿਸੂ ਦੇ ਹੋਰ ਚੇਲਿਆਂ ਜਿਨ੍ਹਾਂ ਨੂੰ ਯਿਸੂ ਪਿਆਰ ਕਰਦਾ ਸੀ, ਕੋਲ ਗਈ । ਉਸ ਨੇ ਉਨ੍ਹਾਂ ਨੂੰ ਆਖਿਆ, “ਉਨ੍ਹਾਂ ਨੇ ਪ੍ਰਭੂ ਨੂੰ ਕਬਰ ਵਿੱਚੋਂ ਕੱਢ ਲਿਆ ਹੈ ਅਤੇ ਅਸੀਂ ਨਹੀਂ ਜਾਣਦੇ ਕਿ ਉਨ੍ਹਾਂ ਨੇ ਉਸ ਨੂੰ ਕਿੱਥੇ ਰੱਖਿਆ ਹੈ ? ”

3ਤਾਂ ਪਤਰਸ ਅਤੇ ਦੂਜਾ ਚੇਲਾ ਕਬਰ ਵੱਲ ਗਏ ।4ਉਹ ਦੋਵੇਂ ਭੱਜ ਰਹੇ ਸਨ ਪਰ ਦੂਜਾ ਚੇਲਾ ਪਤਰਸ ਨਾਲੋਂ ਤੇਜ ਭੱਜ ਰਿਹਾ ਸੀ ਅਤੇ ਕਬਰ ਕੋਲ ਪਹਿਲਾਂ ਪਹੁੰਚ ਗਿਆ ।5ਇਸ ਨੇ ਥੱਲੇ ਝੁੱਕ ਕੇ ਅੰਦਰ ਵੇਖਿਆ ਤਾਂ ਉਸ ਨੇ ਉਹਦਾ ਕਫ਼ਨ ਪਿਆ ਵੇਖਿਆ, ਪਰ ਉਹ ਅੰਦਰ ਨਾ ਗਿਆ ।
6ਤਦ ਸ਼ਮਊਨ ਪਤਰਸ ਵੀ ਉਸ ਦੇ ਮਗਰ ਆ ਪਹੁੰਚਾ ਅਤੇ ਉਹ ਕਬਰ ਦੇ ਅੰਦਰ ਵੜ ਗਿਆ ਉਸ ਨੇ ਵੀ ਉੱਥੇ ਕਫ਼ਨ ਪਿਆ ਵੇਖਿਆ ।7ਉਸ ਨੇ ਉਹ ਕੱਪੜਾ ਵੀ ਵੇਖਿਆ ਜਿਹੜਾ ਯਿਸੂ ਦੇ ਸਿਰ ਤੇ ਲਪੇਟਿਆ ਹੋਇਆ ਸੀ । ਅਤੇ ਉਹ ਕੱਪੜਾ ਤਹਿ ਕਰਕੇ ਉਸ ਕਫ਼ਨ ਤੋਂ ਹੱਟ ਕੇ ਇੱਕ ਪਾਸੇ ਪਿਆ ਹੋਇਆ ਸੀ ।
8ਫਿਰ ਦੂਜਾ ਚੇਲਾ ਵੀ ਅੰਦਰ ਗਿਆ ਇਹ ਉਹ ਚੇਲਾ ਸੀ ਜਿਹੜਾ ਕਿ ਕਬਰ ਉੱਤੇ ਪਤਰਸ ਤੋਂ ਪਹਿਲਾਂ ਪਹੁੰਚਿਆ ਸੀ । ਜਦ ਉਸ ਨੇ ਇਹ ਸਭ ਹੋਇਆ ਵੇਖਿਆ ਤਾਂ ਉਸ ਨੂੰ ਵਿਸ਼ਵਾਸ ਹੋਇਆ ।9ਉਹ ਚੇਲੇ ਉਦੋਂ ਤੱਕ ਇਹ ਨਾ ਸਮਝ ਸਕੇ ਸਨ ਕਿ ਪੋਥੀਆਂ ਵਿੱਚ ਕੀ ਲਿਖਿਆ ਹੋਇਆ ਸੀ, ਕਿ ਯਿਸੂ ਮੁਰਦਿਆਂ ਚੋਂ ਜੀ ਉੱਠੇਗਾ ।10ਫ਼ੇਰ ਚੇਲੇ ਘਰ ਨੂੰ ਵਾਪਸ ਚਲੇ ਗਏ ।
ਮਰਿਯਮ ਮਗਦਲੀਨੀ ਨੂੰ ਦਿਖਾਈ ਦੇਣਾ
(ਮੱਤੀ 28:9, 10, ਮਰਕੁਸ 16:9-11)

11ਮਰਿਯਮ ਅਜੇ ਵੀ ਕਬਰ ਦੇ ਬਾਹਰ ਖੜੀ ਰੋ ਰਹੀ ਸੀ ਜਦੋਂ ਉਸ ਨੇ ਰੋਂਦੀ-ਰੋਂਦੀ ਨੇ ਝੁੱਕ ਕੇ ਕਬਰ ਅੰਦਰ ਵੇਖਿਆ ।12ਮਰਿਯਮ ਨੇ ਦੋ ਦੂਤਾਂ ਨੂੰ ਚਿੱਟੇ ਕੱਪੜੇ ਪਾਏ ਹੋਏ ਵੇਖਿਆ, ਉਹ ਉੱਥੇ ਬੈਠੇ ਹੋਏ ਸਨ ਜਿੱਥੇ ਯਿਸੂ ਦਾ ਸਰੀਰ ਰੱਖਿਆ ਹੋਇਆ ਸੀ । ਇੱਕ ਦੂਤ ਯਿਸੂ ਦੇ ਸਿਰ ਵਾਲੇ ਪਾਸੇ ਸੀ ਤੇ ਦੂਜਾ ਦੂਤ ਉਸ ਦੇ ਪੈਰਾਂ ਵਾਲੇ ਪਾਸੇ ਸੀ ।13ਦੂਤਾਂ ਨੇ ਮਰਿਯਮ ਨੂੰ ਪੁੱਛਿਆ, “ਹੇ ਔਰਤ, ਤੂੰ ਰੋ ਕਿਉਂ ਰਹੀ ਹੈਂ ? ” ਮਰਿਯਮ ਨੇ ਉੱਤਰ ਦਿੱਤਾ, “ਕੁੱਝ ਲੋਕ ਮੇਰੇ ਪ੍ਰਭੂ ਦਾ ਸਰੀਰ ਲੈ ਗਏ, ਤੇ ਮੈਂ ਨਹੀਂ ਜਾਣਦੀ ਕਿ ਉਨ੍ਹਾਂ ਨੇ ਉਸ ਨੂੰ ਕਿੱਥੇ ਰੱਖਿਆ ।”
14ਇਹ ਆਖ ਕੇ ਓਹ ਵਾਪਿਸ ਮੁੜੀ, ਤਾਂ ਉੱਥੇ ਉਸ ਨੇ ਯਿਸੂ ਨੂੰ ਖੜਿਆਂ ਵੇਖਿਆ ਪਰ ਉਹ ਇਹ ਨਹੀਂ ਸੀ ਜਾਣਦੀ ਕਿ ਇਹ ਯਿਸੂ ਹੀ ਹੈ ।15ਯਿਸੂ ਨੇ ਉਸ ਨੂੰ ਕਿਹਾ, “ਹੇ ਔਰਤ, ਤੂੰ ਕਿਉਂ ਰੋਂਦੀ ਹੈ ? ਅਤੇ ਤੂੰ ਕਿਸਨੂੰ ਭਾਲਦੀ ਹੈਂ ? ” ਮਰਿਯਮ ਨੇ ਸੋਚਿਆ ਕਿ ਸ਼ਾਇਦ ਇਹ ਆਦਮੀ ਇਸ ਬਾਗ ਦਾ ਮਾਲੀ ਹੈ, ਅਤੇ ਉਸ ਨੂੰ ਆਖਿਆ, “ਭਈ, ਜੇ ਤੁਸੀਂ ਉਸ ਨੂੰ ਲੈ ਗਏ ਹੋ, ਤਾਂ ਮੈਨੂੰ ਦੱਸੋ ਕਿ ਤੁਸੀਂ ਉਸ ਨੂੰ ਕਿੱਥੇ ਰੱਖਿਆ ਹੈ । ਤਾਂ ਜੋ ਮੈਂ ਜਾ ਕੇ ਉਸ ਨੂੰ ਮਿਲਾ ।”
16ਯਿਸੂ ਨੇ ਉਸ ਨੂੰ ਆਖਿਆ, “ਹੇ ਮਰਿਯਮ । ” ਤਾਂ ਉਹ ਮੁੜੀ ਅਤੇ ਯਿਸੂ ਵੱਲ ਵੇਖਿਆ ਅਤੇ ਇਬਰਾਨੀ ਭਾਸ਼ਾ ਵਿੱਚ ਬੋਲੀ, “ਰੱਬੋਨੀ” ਭਾਵ “ਪ੍ਰਭੂ ।”17ਯਿਸੂ ਨੇ ਉਸ ਨੂੰ ਆਖਿਆ, “ਮੈਨੂੰ ਨਾ ਫ਼ੜ ! ਅਜੇ ਮੈਂ ਆਪਣੇ ਪਿਤਾ ਕੋਲ ਨਹੀਂ ਗਿਆ । ਪਰ ਤੂੰ ਮੇਰੇ ਭਰਾਵਾਂ ਕੋਲ ਜਾ ਅਤੇ ਉਨ੍ਹਾਂ ਨੂੰ ਇਹ ਆਖ: ਮੈਂ ਵਾਪਸ ਆਪਣੇ ਅਤੇ ਤੇਰੇ ਪਿਤਾ ਕੋਲ ਜਾ ਰਿਹਾ ਹਾਂ । ਮੇਰੇ ਪਰਮੇਸ਼ੁਰ ਅਤੇ ਤੇਰੇ ਪਰਮੇਸ਼ੁਰ ਕੋਲ ।”18ਮਰਿਯਮ ਮਗਦਲੀਨੀ ਚੇਲਿਆਂ ਕੋਲ ਗਈ ਅਤੇ ਉਨ੍ਹਾਂ ਨੂੰ ਜਾ ਕੇ ਦੱਸਿਆ, “ਮੈਂ ਪ੍ਰਭੂ ਨੂੰ ਵੇਖਿਆ ਹੈ ।” ਅਤੇ ਉਸ ਨੇ ਉਨ੍ਹਾਂ ਨੂੰ ਉਹ ਬਚਨ ਵੀ ਜੋ ਯਿਸੂ ਨੇ ਉਸ ਨੂੰ ਆਖੇ ਸਨ ।
ਚੇਲਿਆਂ ਨੂੰ ਦਿਖਾਈ ਦੇਣਾ
(ਮੱਤੀ 28:16-20, ਮਰਕੁਸ 16:14-18, ਲੂਕਾ 24:36-49)

19ਉਸੇ ਦਿਨ ਦੀ ਸ਼ਾਮ, ਹਫ਼ਤੇ ਦੇ ਪਹਿਲੇ ਦਿਨ, ਸਾਰੇ ਚੇਲੇ ਇਕੱਠੇ ਹੋਏ । ਉਨ੍ਹਾਂ ਨੇ ਸਾਰੇ ਦਰਵਾਜ਼ੇ ਬੰਦ ਕਰ ਲਏ ਕਿਉਂਕਿ ਉਹ ਯਹੂਦੀਆਂ ਤੋਂ ਡਰਦੇ ਸਨ । ਤਦ ਯਿਸੂ ਉਨ੍ਹਾਂ ਦੇ ਵਿੱਚ ਆ ਕੇ ਖੜ੍ਹਾ ਹੋ ਗਿਆ ਅਤੇ ਆਖਣ ਲੱਗਾ, “ ਤੁਹਾਨੂੰ ਸ਼ਾਂਤੀ ਮਿਲੇ l”20ਜਦੋਂ ਯਿਸੂ ਨੇ ਇਹ ਆਖਿਆ ਤਾਂ ਉਸ ਦੇ ਚੇਲਿਆਂ ਨੂੰ ਆਪਣੇ ਹੱਥ ਅਤੇ ਆਪਣੀ ਵੱਖੀ ਵਿਖਾਈ । ਚੇਲੇ ਪ੍ਰਭੂ ਨੂੰ ਵੇਖ ਕੇ ਬੜੇ ਖੁਸ਼ ਹੋਏ ।
21ਤਦ ਯਿਸੂ ਨੇ ਫਿਰ ਕਿਹਾ, “ਤੁਹਾਨੂੰ ਸ਼ਾਂਤੀ ਮਿਲੇ ! ਮੈਂ ਤੁਹਾਨੂੰ ਭੇਜ ਰਿਹਾ ਹਾਂ ਜਿਵੇਂ ਪਿਤਾ ਨੇ ਮੈਨੂੰ ਭੇਜਿਆ ਹੈ ।”22ਯਿਸੂ ਨੇ ਇਹ ਆਖਿਆ ਉਸ ਨੇ ਆਪਣੇ ਚੇਲਿਆਂ ਉੱਪਰ ਫੂਕ ਮਾਰੀ ਅਤੇ ਯਿਸੂ ਨੇ ਆਖਿਆ, “ਪਵਿੱਤਰ ਆਤਮਾ ਲਵੋ ।23ਜਦੋਂ ਤੁਸੀਂ ਲੋਕਾਂ ਦੇ ਪਾਪ ਮਾਫ਼ ਕਰੋ ਤਾਂ ਉਨ੍ਹਾਂ ਦੇ ਪਾਪ ਮਾਫ਼ ਕੀਤੇ ਜਾਣਗੇ, ਤੇ ਜੇ ਤੁਸੀਂ ਉਨ੍ਹਾਂ ਦੇ ਪਾਪਾਂ ਨੂੰ ਨਾ ਮਾਫ਼ ਕਰੋ ਤਾਂ ਉਨ੍ਹਾਂ ਦੇ ਪਾਪ ਮਾਫ਼ ਕੀਤੇ ਨਹੀਂ ਜਾਣਗੇ ।”
ਥੋਮਾ ਉੱਤੇ ਪ੍ਰਗਟ ਹੋਣਾ

24ਜਦ ਯਿਸੂ ਉਨ੍ਹਾਂ ਕੋਲ ਆਇਆ ਤਾਂ ਥੋਮਾ, ਜਿਸ ਨੂੰ ਦੀਦੁਮਸ ਵੀ ਕਹਿੰਦੇ ਸਨ, ਉੱਥੇ ਚੇਲਿਆਂ ਵਿੱਚ ਨਹੀਂ ਸੀ । ਥੋਮਾ ਉਨ੍ਹਾਂ ਬਾਰ੍ਹਾਂ ਵਿੱਚੋਂ ਇੱਕ ਸੀ ।25ਦੂਜੇ ਚੇਲਿਆਂ ਨੇ ਥੋਮਾ ਨੂੰ ਦੱਸਿਆ, “ਅਸੀਂ ਪ੍ਰਭੂ ਨੂੰ ਵੇਖਿਆ ।” ਥੋਮਾ ਨੇ ਕਿਹਾ, “ਮੈਂ ਉਦੋਂ ਤੱਕ ਵਿਸ਼ਵਾਸ ਨਹੀਂ ਕਰਾਂਗਾ ਜਦ ਤੱਕ ਮੈਂ ਉਸ ਦੇ ਹੱਥਾਂ ਵਿੱਚ ਕਿੱਲਾਂ ਦੇ ਨਿਸ਼ਾਨ ਤੇ ਛੇਦ ਨਾ ਵੇਖਾਂ ਅਤੇ ਆਪਣੀ ਉਂਗਲ ਉਨ੍ਹਾਂ ਥਾਵਾਂ ਵਿੱਚ ਪਾ ਕੇ ਨਾ ਵੇਖ ਲਵਾਂ ਜਿੱਥੇ ਕਿੱਲਾਂ ਠੋਕੀਆਂ ਗਈਆਂ ਸਨ ਅਤੇ ਆਪਣਾ ਹੱਥ ਉਸ ਦੀ ਵੱਖੀ ਚ ਨਾ ਪਾਵਾਂ ।”
26ਇੱਕ ਹਫ਼ਤੇ ਬਾਅਦ ਚੇਲੇ ਉਸੇ ਘਰ ਵਿੱਚ ਫਿਰ ਇਕੱਠੇ ਹੋਏ । ਥੋਮਾ ਉਨ੍ਹਾਂ ਦੇ ਨਾਲ ਸੀ । ਦਰਵਾਜ਼ੇ ਬੰਦ ਸਨ ਪਰ ਯਿਸੂ ਉਨ੍ਹਾਂ ਵਿੱਚ ਫ਼ਿਰ ਆਣ ਕੇ ਖੜ੍ਹਾ ਹੋ ਗਿਆ ਅਤੇ ਆਖਿਆ, “ਤੁਹਾਨੂੰ ਸ਼ਾਂਤੀ ਮਿਲੇ ।”27ਤਦ ਯਿਸੂ ਨੇ ਥੋਮਾ ਨੂੰ ਕਿਹਾ, “ਆਪਣੀ ਉਂਗਲ ਇੱਧਰ ਕਰ, ਅਤੇ ਮੇਰੇ ਹੱਥਾਂ ਵੱਲ ਵੇਖ । ਆਪਣਾ ਹੱਥ ਮੇਰੀ ਵੱਖੀ ਵਿੱਚ ਵਾੜ । ਸ਼ੱਕ ਨਾ ਕਰ ਸਗੋਂ ਵਿਸ਼ਵਾਸ ਕਰ ।”
28ਥੋਮਾ ਨੇ ਯਿਸੂ ਨੂੰ ਕਿਹਾ, “ਮੇਰੇ ਪ੍ਰਭੂ ਅਤੇ ਮੇਰੇ ਪਰਮੇਸ਼ੁਰ ।”29ਯਿਸੂ ਨੇ ਥੋਮਾ ਨੂੰ ਕਿਹਾ, “ਤੂੰ ਜੋ ਮੈਨੂੰ ਵੇਖਿਆ ਇਸ ਕਰਕੇ ਵਿਸ਼ਵਾਸ ਕੀਤਾ ਹੈ ? ਧੰਨ ਉਹ ਜਿਨ੍ਹਾਂ ਨੇ ਨਹੀਂ ਵੀ ਵੇਖਿਆ ਫ਼ਿਰ ਵੀ ਵਿਸ਼ਵਾਸ ਕਰਦੇ ।”
ਇਸ ਕਿਤਾਬ ਦਾ ਟੀਚਾ

30ਯਿਸੂ ਨੇ ਹੋਰ ਵੀ ਕਈ ਚਮਤਕਾਰ ਕੀਤੇ ਜਿਹੜੇ ਉਸ ਦੇ ਚੇਲਿਆਂ ਨੇ ਵੇਖੇ । ਉਹ ਚਮਤਕਾਰ ਇਸ ਪੁਸਤਕ ਵਿੱਚ ਨਹੀਂ ਲਿਖੇ ਗਏ ਹਨ ।31ਇਹ ਗੱਲਾਂ ਲਿਖੀਆਂ ਗਈਆਂ ਹਨ ਤਾਂ ਜੋ ਤੁਸੀਂ ਵਿਸ਼ਵਾਸ ਕਰ ਸਕੋ ਕਿ ਯਿਸੂ ਹੀ ਮਸੀਹ ਅਤੇ ਪਰਮੇਸ਼ੁਰ ਦਾ ਪੁੱਤਰ ਹੈ ਅਤੇ ਵਿਸ਼ਵਾਸ ਕਰਕੇ, ਉਸ ਦੇ ਨਾਮ ਤੋਂ ਤੁਸੀਂ ਜੀਵਨ ਪ੍ਰਾਪਤ ਕਰ ਸਕੋ ।

21
ਤਿਬਿਰਿਯਾਸ ਝੀਲ ਦੇ ਕਿਨਾਰੇ ਚੇਲਿਆਂ ਨੂੰ ਦਿਖਾਈ ਦੇਣਾ

1ਬਾਅਦ ਵਿੱਚ ਯਿਸੂ ਨੇ ਆਪਣੇ ਆਪ ਨੂੰ ਚੇਲਿਆਂ ਉੱਤੇ ਪ੍ਰਗਟ ਕੀਤਾ । ਇਹ ਤਿਬਿਰਿਯਾਸ ਦੀ ਝੀਲ ਤੇ ਵਾਪਰਿਆ ।2ਕੁੱਝ ਚੇਲੇ ਉੱਥੇ ਇਕੱਠੇ ਹੋਏ ਸਨ, ਉਹ ਸ਼ਮਊਨ ਪਤਰਸ, ਥੋਮਾ, ਜਿਹੜਾ ਕਿ ਦੀਦਮੁਸ ਅਖਵਾਉਂਦਾ ਹੈ, ਨਥਾਨਿਏਲ ਜੋ ਗਲੀਲ ਦੇ ਕਾਨਾ ਤੋਂ ਸੀ, ਜ਼ਬਦੀ ਦੇ ਪੁੱਤਰ ਅਤੇ ਉਸ ਦੇ ਚੇਲਿਆਂ ਵਿੱਚੋਂ ਦੋ ਹੋਰ ਸਨ ।3ਸ਼ਮਊਨ ਪਤਰਸ ਨੇ ਕਿਹਾ, “ਮੈਂ ਮੱਛੀਆਂ ਫ਼ੜਨ ਜਾਂਦਾ ਹਾਂ ।” ਦੂਜੇ ਬਾਕੀ ਚੇਲਿਆਂ ਨੇ ਕਿਹਾ, “ਅਸੀਂ ਵੀ ਤੇਰੇ ਨਾਲ ਚੱਲਦੇ ਹਾਂ ।” ਤਦ ਸਾਰੇ ਚੇਲੇ ਗਏ ਅਤੇ ਬੇੜੀ ਉੱਤੇ ਚੜ ਗਏ । ਉਨ੍ਹਾਂ ਉਸ ਰਾਤ ਮੱਛੀਆਂ ਫ਼ੜਨ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਹ ਕੋਈ ਮੱਛੀ ਨਾ ਫ਼ੜ ਸਕੇ ।

4ਸਵੇਰ ਵੇਲੇ ਯਿਸੂ ਕਿਨਾਰੇ ਕੋਲ ਖੜ੍ਹਾ ਸੀ, ਪਰ ਚੇਲਿਆਂ ਨੂੰ ਨਹੀਂ ਪਤਾ ਸੀ ਕਿ ਉਹ ਯਿਸੂ ਸੀ ।5ਤਦ ਯਿਸੂ ਨੇ ਚੇਲਿਆਂ ਨੂੰ ਕਿਹਾ, “ਮਿੱਤਰੋ ਕੀ ਤੁਸੀਂ ਕੁੱਝ ਖਾਣ ਲਈ ਫੜਿਆ ? ” ਚੇਲਿਆਂ ਨੇ ਉੱਤਰ ਦਿੱਤਾ, “ਨਹੀਂ ।”6ਯਿਸੂ ਨੇ ਉਨ੍ਹਾਂ ਨੂੰ ਕਿਹਾ ਕਿ ਆਪਣਾ ਜਾਲ਼ ਬੇੜੀ ਦੇ ਸੱਜੇ ਪਾਸੇ ਪਾਣੀ ਵਿੱਚ ਸੁੱਟੋ ਉੱਥੇ ਤੁਹਾਨੂੰ ਕੁੱਝ ਮੱਛੀਆਂ ਮਿਲਣਗੀਆਂ ਤਾਂ ਚੇਲਿਆਂ ਨੇ ਓਸੇ ਤਰ੍ਹਾਂ ਹੀ ਕੀਤਾ । ਉਨ੍ਹਾਂ ਨੂੰ ਉੱਥੇ ਮੱਛੀਆਂ ਮਿਲੀਆਂ । ਜਾਲ਼ ਬਹੁਤ ਭਾਰਾ ਹੋ ਗਿਆ ਤੇ ਉਹ ਇਸ ਨੂੰ ਬੇੜੀ ਵੱਲ ਖਿੱਚ ਨਾ ਸਕੇ ।
7ਉਹ ਚੇਲਾ ਜਿਸ ਨੂੰ ਯਿਸੂ ਪਿਆਰ ਕਰਦਾ ਸੀ, ਉਸ ਨੇ ਪਤਰਸ ਨੂੰ ਕਿਹਾ, “ਉਹ ਪ੍ਰਭੂ ਹੈ ।” ਜਦ ਪਤਰਸ ਨੇ ਉਸ ਨੂੰ ਇਹ ਕਹਿੰਦਿਆਂ ਸੁਣਿਆ, “ਉਹ ਪ੍ਰਭੂ ਹੈ ।” ਉਸ ਨੇ ਆਪਣਾ ਕੱਪੜਾ ਆਪਣੇ ਆਲੇ-ਦੁਆਲੇ ਲਪੇਟ ਲਿਆ ਅਤੇ ਪਾਣੀ ਵਿੱਚ ਛਾਲ ਮਾਰ ਗਿਆ8ਦੂਜੇ ਚੇਲੇ ਬੇੜੀ ਵਿੱਚ ਨਦੀ ਦੇ ਕੰਢੇ ਵੱਲ ਨੂੰ ਚਲੇ ਗਏ ਅਤੇ ਮੱਛੀਆਂ ਦਾ ਭਰਿਆ ਹੋਇਆ ਜਾਲ਼ ਖਿੱਚਣ ਲੱਗੇ । ਉਹ ਕੰਡੇ ਤੋਂ ਕੋਈ ਸੌ ਕੁ ਗਜ ਦੀ ਦੂਰੀ ਤੇ ਹੀ ਸਨ ।9ਜਦੋਂ ਚੇਲੇ ਪਾਣੀ ਵਿੱਚੋਂ ਬਾਹਰ ਆਏ ਅਤੇ ਜ਼ਮੀਨ ਤੇ ਪਹੁੰਚੇ, ਉੱਥੇ ਉਨ੍ਹਾਂ ਨੇ ਅੱਗ ਵੇਖੀ । ਇਸ ਉੱਤੇ ਇੱਕ ਮੱਛੀ ਅਤੇ ਰੋਟੀ ਪਈ ਸੀ ।
10ਯਿਸੂ ਨੇ ਆਖਿਆ ਉਹ “ਮੱਛੀਆਂ ਲਿਆਓ ਜਿਹੜੀਆਂ ਤੁਸੀਂ ਹੁਣੇ ਫ਼ੜੀਆਂ ਹਨ ।”11ਸ਼ਮਊਨ ਪਤਰਸ ਬੇੜੀ ਵਿੱਚ ਗਿਆ ਅਤੇ ਜਾਲ਼ ਨੂੰ ਕਿਨਾਰੇ ਤੇ ਖਿੱਚ ਲਿਆਇਆ । ਇਹ, ਇੱਕ ਸੌ ਤਰਵਿੰਜਾ ਵੱਡੀਆਂ ਮੱਛੀਆਂ ਨਾਲ ਭਰਿਆ ਹੋਇਆ ਸੀ, ਭਾਵੇਂ ਮੱਛੀਆਂ ਬੜੀਆਂ ਵੱਡੀਆਂ ਸਨ, ਪਰ ਜਾਲ਼ ਤਾਂ ਵੀ ਨਾ ਟੁੱਟਿਆ ।
12ਯਿਸੂ ਨੇ ਉਨ੍ਹਾਂ ਨੂੰ ਆਖਿਆ, “ਆਓ ਤੇ ਆ ਕੇ ਖਾਵੋ ।” ਕਿਸੇ ਚੇਲੇ ਵਿੱਚ ਉਸ ਨੂੰ ਇਹ ਪੁੱਛਣ ਦੀ ਹਿੰਮਤ ਨਹੀਂ ਸੀ, “ਕਿ ਤੂੰ ਕੌਣ ਹੈ ? ” ਉਹ ਜਾਣਦੇ ਸਨ ਕਿ ਇਹ ਪ੍ਰਭੂ ਹੀ ਹੈ ।13ਯਿਸੂ ਆਇਆ, ਰੋਟੀ ਲਈ ਅਤੇ ਉਨ੍ਹਾਂ ਨੂੰ ਦੇ ਦਿੱਤੀ । ਇਸੇ ਤਰ੍ਹਾਂ ਹੀ ਮੱਛੀ ਵੀ ਲਈ ਅਤੇ ਉਨ੍ਹਾਂ ਨੂੰ ਦਿੱਤੀ ।14ਜੀ ਉੱਠਣ ਤੋਂ ਬਾਅਦ ਇਹ ਤੀਜੀ ਵਾਰ ਸੀ ਕਿ ਯਿਸੂ ਨੇ ਚੇਲਿਆਂ ਨੂੰ ਦਰਸ਼ਣ ਦਿੱਤਾ ਸੀ ।
ਯਿਸੂ ਅਤੇ ਪਤਰਸ

15ਉਨ੍ਹਾਂ ਦੇ ਖਾ ਹਟਣ ਤੋਂ ਬਾਅਦ, ਯਿਸੂ ਨੇ ਸ਼ਮਊਨ ਪਤਰਸ ਨੂੰ ਆਖਿਆ, “ਸ਼ਮਊਨ, ਯੂਹੰਨਾ ਦੇ ਪੁੱਤਰ, ਕੀ ਜਿੰਨਾਂ ਪਿਆਰ ਇਹ ਲੋਕ ਮੈਨੂੰ ਕਰਦੇ ਹਨ ਤੂੰ ਮੈਨੂੰ ਇਨ੍ਹਾਂ ਲੋਕਾਂ ਨਾਲੋਂ ਵੱਧ ਪਿਆਰ ਕਰਦਾ ਹੈਂ ? ” ਪਤਰਸ ਨੇ ਕਿਹਾ, “ਹਾਂ ਪ੍ਰਭੂ ਜੀ, ਤੂੰ ਜਾਣਦਾ ਹੈਂ ਕਿ ਮੈਂ ਤੇਰੇ ਨਾਲ ਪ੍ਰੀਤ ਰੱਖਦਾ ਹਾਂ ।” ਤਦ ਯਿਸੂ ਨੇ ਪਤਰਸ ਨੂੰ ਕਿਹਾ, “ਮੇਰੇ ਲੇਲੇ ਚਾਰ ।”16ਯਿਸੂ ਨੇ ਫ਼ੇਰ ਪਤਰਸ ਨੂੰ ਆਖਿਆ, “ਹੇ ਸ਼ਮਊਨ ਯੂਹੰਨਾ ਦੇ ਪੁੱਤਰ ਕੀ ਤੂੰ ਮੈਨੂੰ ਪਿਆਰ ਕਰਦਾ ਹੈਂ ? ” ਪਤਰਸ ਨੇ ਕਿਹਾ, “ਹਾਂ ਪ੍ਰਭੂ ਤੂੰ ਜਾਣਦਾ ਹੈਂ ਕਿ ਮੈਂ ਤੇਰੇ ਨਾਲ ਪ੍ਰੀਤ ਰੱਖਦਾ ਹਾਂ ।” ਤਦ ਯਿਸੂ ਨੇ ਪਤਰਸ ਨੂੰ ਆਖਿਆ, “ਮੇਰੀਆਂ ਭੇਡਾਂ ਦੀ ਰਾਖੀ ਕਰ ।”
17ਤੀਜੀ ਵਾਰ ਯਿਸੂ ਨੇ ਫ਼ਿਰ ਪਤਰਸ ਨੂੰ ਆਖਿਆ, “ਸ਼ਮਊਨ, ਯੂਹੰਨਾ ਦੇ ਪੁੱਤਰ, ਕੀ ਤੂੰ ਮੇਰੇ ਨਾਲ ਪ੍ਰੀਤ ਰੱਖਦਾ ਹੈਂ ? ” ਪਤਰਸ ਉਦਾਸ ਹੋ ਗਿਆ ਇਸ ਲਈ ਕਿ ਯਿਸੂ ਨੇ ਤੀਜੀ ਵਾਰ ਉਸ ਨੂੰ ਪੁੱਛਿਆ ਕਿ, “ਕੀ ਤੂੰ ਮੇਰੇ ਨਾਲ ਪ੍ਰੀਤ ਰੱਖਦਾ ਹੈਂ ।” ਪਤਰਸ ਨੇ ਕਿਹਾ, “ਪ੍ਰਭੂ ਤੂੰ ਸਭ ਕੁੱਝ ਜਾਣਦਾ ਹੈ ਕਿ ਮੈਂ ਤੇਰੇ ਨਾਲ ਪ੍ਰੀਤ ਰੱਖਦਾ ਹਾਂ ।” ਯਿਸੂ ਨੇ ਪਤਰਸ ਨੂੰ ਆਖਿਆ, “ਮੇਰੀਆਂ ਭੇਡਾਂ ਨੂੰ ਚਾਰ ।18ਮੈਂ ਤੈਨੂੰ ਸੱਚ-ਸੱਚ ਆਖਦਾ ਜਦੋਂ ਤੂੰ ਜਵਾਨ ਸੀ ਤੂੰ ਲੱਕ ਦੁਆਲੇ ਪੇਟੀ ਬੰਨ੍ਹ ਕੇ ਜਿੱਥੇ ਤੇਰਾ ਜੀਅ ਕਰਦਾ ਤੂੰ ਤੁਰ ਜਾਂਦਾ ਸੀ, ਪਰ ਜਦ ਤੂੰ ਬੁੱਢਾ ਹੋਵੇਂਗਾ ਤੂੰ ਆਪਣੇ ਹੱਥ ਲੰਬੇ ਕਰੇਗਾ ਅਤੇ ਕੋਈ ਹੋਰ ਵਿਅਕਤੀ ਤੇਰੇ ਲੱਕ ਬੰਨ੍ਹੇਗਾ ਅਤੇ ਜਿੱਥੇ ਤੇਰਾ ਜੀਅ ਨਹੀਂ ਕਰੇਗਾ ਜਾਣ ਨੂੰ ਉਹ ਤੈਨੂੰ ਉੱਥੇ ਲੈ ਜਾਵੇਗਾ ।”
19ਯਿਸੂ ਨੇ ਉਸ ਨੂੰ ਇਹ ਦੱਸਣ ਲਈ ਕਿਹਾ ਕਿ ਪਰਮੇਸ਼ੁਰ ਦੀ ਵਡਿਆਈ ਕਰਨ ਲਈ ਕਿਸ ਤਰ੍ਹਾਂ ਦੀ ਮੌਤ ਮਰੇਗਾ । ਅਤੇ ਇਹ ਕਹਿ ਕੇ ਉਸ ਨੇ ਆਖਿਆ, “ਮੇਰੇ ਮਗਰ ਹੋ ਤੁਰ ।”
ਯਿਸੂ ਅਤੇ ਉਸ ਦਾ ਪਿਆਰਾ ਚੇਲਾ

20ਪਤਰਸ ਨੇ ਵੇਖਿਆ ਕਿ ਜਿਸ ਨੂੰ ਯਿਸੂ ਬਹੁਤ ਪਿਆਰ ਕਰਦਾ ਸੀ, ਉਹ ਚੇਲਾ ਪਿਛੇ ਆ ਰਿਹਾ ਸੀ । ਇਹ ਉਹ ਚੇਲਾ ਸੀ ਜਿਹੜਾ ਉਸ ਰਾਤ ਦੇ ਖਾਣੇ ਵੇਲੇ ਯਿਸੂ ਵੱਲ ਝੁਕਿਆ ਸੀ ਤੇ ਆਖਿਆ ਸੀ “ਪ੍ਰਭੂ, ਤੈਨੂੰ ਦੁਸ਼ਮਣਾਂ ਹੱਥੀਂ ਕੌਣ ਫ਼ੜਵਾਏਗਾ ? ”21ਜਦੋਂ ਪਤਰਸ ਨੇ ਉਸ ਚੇਲੇ ਨੂੰ ਆਪਣੇ ਪਿਛੋਂ ਆਉਂਦਿਆਂ ਦੇਖਿਆ ਤਾਂ ਉਸ ਨੇ ਯਿਸੂ ਨੂੰ ਪੁੱਛਿਆ, “ਪ੍ਰਭੂ ਜੀ ਇਸ ਦੇ ਬਾਰੇ ਤੁਹਾਡਾ ਕੀ ਖਿਆਲ ਹੈ ? ਇਸ ਦਾ ਕੀ ਹੋਵੇਗਾ ? ”
22ਯਿਸੂ ਨੇ ਉੱਤਰ ਦਿੱਤਾ, “ਜੇ ਮੈਂ ਚਾਹਵਾਂ ਕਿ ਮੇਰੇ ਆਉਣ ਤੱਕ ਉਹ ਠਹਿਰੇ, ਤਾਂ ਤੈਨੂੰ ਕੀ ? ਤੂੰ ਮੇਰੇ ਪਿਛੇ ਹੋ ਤੁਰ ।”23ਤਾਂ ਇਹ ਗੱਲ ਚੇਲਿਆਂ ਵਿੱਚ ਫ਼ੈਲ ਗਈ ਕਿ ਇਹ ਚੇਲਾ ਜਿਸ ਨੂੰ ਯਿਸੂ ਬਹੁਤ ਪਿਆਰ ਕਰਦਾ ਸੀ, ਓਹ ਨਹੀਂ ਮਰੇਗਾ । ਪਰ ਯਿਸੂ ਨੇ ਇਹ ਨਹੀਂ ਆਖਿਆ ਸੀ ਕਿ ਉਹ ਨਹੀਂ ਮਰੇਗਾ । ਸਗੋਂ ਅਸਲ ਵਿੱਚ ਆਖਿਆ ਸੀ, “ਜੇ ਮੈਂ ਚਾਹਵਾਂ ਮੇਰੇ ਆਉਣ ਤੱਕ ਓਹ ਜੀਵੇ ਤਾਂ ਤੁਹਾਨੂੰ ਕੀ ? ”
24ਇਹ ਉਹ ਚੇਲਾ ਹੈ ਜਿਹੜਾ ਇਨ੍ਹਾਂ ਗੱਲਾਂ ਦੀ ਗਵਾਹੀ ਦਿੰਦਾ ਹੈ । ਅਤੇ ਜਿਸ ਨੇ ਇਹ ਗੱਲਾਂ ਲਿਖੀਆਂ ਅਤੇ ਅਸੀਂ ਜਾਣਦੇ ਹਾਂ ਕਿ ਉਸ ਦੀ ਗਵਾਹੀ ਸੱਚੀ ਹੈ ।25ਯਿਸੂ ਨੇ ਹੋਰ ਵੀ ਬਹੁਤ ਕੰਮ ਕੀਤੇ । ਜੇ ਉਹ ਸਾਰੇ ਇੱਕ-ਇੱਕ ਕਰਕੇ ਲਿਖੇ ਜਾਂਦੇ ਤਾਂ ਮੈਂ ਸਮਝਦਾ ਹਾਂ ਕਿ ਸਾਰੀਆਂ ਪੁਸਤਕਾਂ ਲਿਖੇ ਜਾਣ ਲਈ ਸ਼ਾਇਦ ਸਾਰਾ ਜਗਤ ਵੀ ਘੱਟ ਹੁੰਦਾ ।

ਰਸੂਲਾਂ ਦੇ ਕਰਤੱਬ

1
ਜਾਣ-ਪਛਾਣ

1ਹੇ ਥਿਉਫ਼ਿਲੁਸ, ਮੈਂ ਉਹ ਪਹਿਲੀ ਪੋਥੀ ਉਨ੍ਹਾਂ ਸਾਰੀਆਂ ਗੱਲਾਂ ਦੇ ਬਾਰੇ ਲਿਖੀ, ਜਿਹੜੀਆਂ ਯਿਸੂ ਕਰਦਾ ਅਤੇ ਸਿਖਾਉਂਦਾ ਰਿਹਾ ।2ਉਸ ਦਿਨ ਤੱਕ ਉਨ੍ਹਾਂ ਰਸੂਲਾਂ ਨੂੰ, ਜਿਹੜੇ ਉਸ ਨੇ ਚੁਣੇ ਸਨ, ਪਵਿੱਤਰ ਆਤਮਾ ਦੇ ਰਾਹੀਂ ਆਗਿਆ ਦੇ ਕੇ ਉਤਾਹਾਂ ਉਠਾ ਲਿਆ ਗਿਆ ।3ਉਸ ਨੇ ਦੁੱਖ ਭੋਗਣ ਦੇ ਮਗਰੋਂ, ਆਪਣੇ ਆਪ ਨੂੰ ਉਨ੍ਹਾਂ ਉੱਤੇ ਬਹੁਤਿਆਂ ਪ੍ਰਮਾਣਾਂ ਨਾਲ ਜਿਉਂਦਾ ਪਰਗਟ ਕੀਤਾ ਅਤੇ ਉਹ ਚਾਲ੍ਹੀਆਂ ਦਿਨਾਂ ਤੱਕ ਉਨ੍ਹਾਂ ਨੂੰ ਦਰਸ਼ਣ ਦਿੰਦਾ ਅਤੇ ਪਰਮੇਸ਼ੁਰ ਦੇ ਰਾਜ ਦੀਆਂ ਗੱਲਾਂ ਕਰਦਾ ਰਿਹਾ ।

4ਅਤੇ ਚੇਲਿਆਂ ਨਾਲ ਇਕੱਠੇ ਹੋ ਕੇ ਉਸ ਨੇ ਉਨ੍ਹਾਂ ਨੂੰ ਆਗਿਆ ਦਿੱਤੀ ਕਿ ਯਰੂਸ਼ਲਮ ਤੋਂ ਬਾਹਰ ਨਾ ਜਾਓ, ਪਰ ਪਿਤਾ ਦੇ ਉਸ ਵਾਇਦੇ ਦੀ ਉਡੀਕ ਵਿੱਚ ਰਹੋ ਜਿਸ ਦੇ ਬਾਰੇ ਤੁਸੀਂ ਮੇਰੇ ਕੋਲੋਂ ਸੁਣਿਆ ਹੈ ।5ਕਿਉਂਕਿ ਜੋ ਯੂਹੰਨਾ ਨੇ ਤਾਂ ਪਾਣੀ ਨਾਲ ਬਪਤਿਸਮਾ ਦਿੱਤਾ ਪਰ ਥੋੜ੍ਹੇ ਦਿਨਾਂ ਬਾਅਦ ਤੁਹਾਨੂੰ ਪਵਿੱਤਰ ਆਤਮਾ ਨਾਲ ਬਪਤਿਸਮਾ ਦਿੱਤਾ ਜਾਵੇਗਾ ।
ਯਿਸੂ ਦਾ ਸਵਰਗ ਤੇ ਉਠਾਇਆ ਜਾਣਾ

6ਸੋ ਜਦੋਂ ਉਹ ਇਕੱਠੇ ਹੋਏ ਤਾਂ ਉਸ ਤੋਂ ਪੁੱਛਿਆ ਕਿ ਪ੍ਰਭੂ ਜੀ ਕੀ ਤੂੰ ਇਸ ਸਮੇਂ ਇਸਰਾਏਲ ਦਾ ਰਾਜ ਬਹਾਲ ਕਰੇਗਾ ?7ਉਸ ਨੇ ਉਨ੍ਹਾਂ ਨੂੰ ਆਖਿਆ, ਇਹ ਤੁਹਾਡਾ ਕੰਮ ਨਹੀਂ ਕਿ ਤੁਸੀਂ ਉਨ੍ਹਾਂ ਸਮਿਆਂ ਅਤੇ ਵੇਲਿਆਂ ਨੂੰ ਜਾਣੋ, ਜੋ ਪਿਤਾ ਨੇ ਆਪਣੇ ਅਧਿਕਾਰ ਵਿੱਚ ਰੱਖੇ ਹਨ ।8ਪਰ ਜਦੋਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸ਼ਕਤੀ ਪਾਓਗੇ ਅਤੇ ਯਰੂਸ਼ਲਮ, ਯਹੂਦਿਯਾ ਅਤੇ ਸਾਮਰਿਯਾ ਵਿੱਚ ਸਗੋਂ ਧਰਤੀ ਦੇ ਆਖਰੀ ਕਿਨਾਰੇ ਤੱਕ ਮੇਰੇ ਗਵਾਹ ਹੋਵੋਗੇ ।
9ਅਤੇ ਜਦੋਂ ਉਹ ਇਹ ਗੱਲਾਂ ਕਹਿ ਚੁੱਕਿਆ ਤਾਂ ਉਨ੍ਹਾਂ ਦੇ ਵੇਖਦਿਆਂ ਹੀ ਉਹ ਉਤਾਹਾਂ ਉੱਠਾਇਆ ਗਿਆ ਅਤੇ ਬੱਦਲ ਨੇ ਉਸ ਨੂੰ ਉਨ੍ਹਾਂ ਦੀ ਨਜ਼ਰੋਂ ਓਹਲੇ ਕਰ ਦਿੱਤਾ ।10ਅਤੇ ਉਸ ਦੇ ਜਾਂਦਿਆਂ ਹੋਇਆਂ ਜਦੋਂ ਉਹ ਅਕਾਸ਼ ਦੀ ਵੱਲ ਤੱਕ ਰਹੇ ਸਨ, ਤਾਂ ਵੇਖੋ ਦੋ ਜਣੇ ਚਿੱਟਾ ਪਹਿਰਾਵਾ ਪਹਿਨੀ ਉਨ੍ਹਾਂ ਦੇ ਕੋਲ ਆ ਖੜੇ ਹੋਏ ।11ਅਤੇ ਉਹ ਆਖਣ ਲੱਗੇ, ਹੇ ਗਲੀਲੀ ਮਨੁੱਖੋ, ਤੁਸੀਂ ਕਿਉਂ ਅਕਾਸ਼ ਦੀ ਵੱਲ ਵੇਖ ਰਹੇ ਹੋ ? ਇਹ ਯਿਸੂ ਜਿਹੜਾ ਤੁਹਾਡੇ ਕੋਲੋਂ ਸਵਰਗ ਉੱਪਰ ਉੱਠਾ ਲਿਆ ਗਿਆ, ਉਸੇ ਤਰ੍ਹਾਂ ਫਿਰ ਆਵੇਗਾ ਜਿਸ ਤਰ੍ਹਾਂ ਤੁਸੀਂ ਉਸ ਨੂੰ ਸਵਰਗ ਉੱਤੇ ਜਾਂਦੇ ਵੇਖਿਆ l
ਮੱਥਿਯਾਸ ਦਾ ਯਹੂਦਾ ਦੇ ਸਥਾਨ ਤੇ ਚੁਣਿਆ ਜਾਣਾ

12ਤਦ ਉਹ ਉਸ ਜੈਤੂਨ ਦੇ ਪਹਾੜ ਤੋਂ ਜੋ ਯਰੂਸ਼ਲਮ ਦੇ ਨੇੜੇ ਇੱਕ ਸਬਤ ਦੇ ਦਿਨ ਦੀ ਦੂਰੀ ਤੇ ਹੈ, ਯਰੂਸ਼ਲਮ ਨੂੰ ਮੁੜੇ ।13ਅਤੇ ਜਦੋਂ ਪਹੁੰਚੇ ਤਾਂ ਉਸ ਚੁਬਾਰੇ ਉੱਤੇ ਚੜ੍ਹ ਗਏ ਜਿੱਥੇ ਉਹ ਅਰਥਾਤ ਪਤਰਸ, ਯੂਹੰਨਾ, ਯਾਕੂਬ, ਅੰਦ੍ਰਿਯਾਸ, ਫ਼ਿਲਿੱਪੁਸ, ਥੋਮਾ, ਬਰਥੁਲਮਈ, ਮੱਤੀ ਅਤੇ ਹਲਫ਼ਾ ਦਾ ਪੁੱਤਰ ਯਾਕੂਬ, ਸ਼ਮਊਨ ਜ਼ੇਲੋਤੇਸ ਅਤੇ ਯਾਕੂਬ ਦਾ ਪੁੱਤਰ ਯਹੂਦਾ ਰਹਿੰਦੇ ਸਨ ।14ਇਹ ਸਾਰੇ ਇੱਕ ਮਨ ਹੋ ਕੇ, ਕਈ ਇਸਤ੍ਰੀਆਂ ਅਤੇ ਯਿਸੂ ਦੀ ਮਾਤਾ ਮਰਿਯਮ ਅਤੇ ਉਹ ਦੇ ਭਰਾਵਾਂ ਦੇ ਨਾਲ ਲਗਾਤਾਰ ਪ੍ਰਾਰਥਨਾ ਕਰਦੇ ਰਹੇ ।

15ਉਹਨਾਂ ਦਿਨਾਂ ਵਿੱਚ ਪਤਰਸ ਭਰਾਵਾਂ ਦੇ ਵਿਚਕਾਰ, ਜੋ ਸਾਰੇ ਮਿਲ ਕੇ ਲੱਗਭਗ ਇੱਕ ਸੌ ਵੀਹ ਲੋਕ ਇਕੱਠੇ ਹੋਏ ਸਨ, ਖੜੇ ਹੋ ਕੇ ਬੋਲਿਆ16ਹੇ ਭਰਾਵੋ, ਉਹ ਲਿਖਤ ਪੂਰੀ ਹੋਣੀ ਜ਼ਰੂਰੀ ਸੀ ਕਿ ਜੋ ਪਵਿੱਤਰ ਆਤਮਾ ਨੇ ਦਾਊਦ ਦੀ ਜੁਬਾਨੀ ਯਹੂਦਾ ਦੇ ਬਾਰੇ ਜਿਹੜਾ ਯਿਸੂ ਦੇ ਫੜਵਾਉਣ ਵਾਲਿਆਂ ਦਾ ਆਗੂ ਹੋਇਆ ਪਹਿਲਾਂ ਹੀ ਆਖੀ ਗਈ ਸੀ ।
17ਕਿਉਂ ਜੋ ਉਹ ਸਾਡੇ ਨਾਲ ਗਿਣਿਆ ਗਿਆ ਅਤੇ ਉਹ ਨੇ ਇਸ ਸੇਵਾ ਵਿੱਚ ਹਿੱਸਾ ਪਾਇਆ ਸੀ18ਇਸ ਮਨੁੱਖ ਨੇ ਕੁਧਰਮ ਦੀ ਕਮਾਈ ਨਾਲ ਇੱਕ ਖੇਤ ਮੁੱਲ ਲਿਆ ਅਤੇ ਮੂਧੇ ਮੂੰਹ ਡਿੱਗਿਆ ਅਤੇ ਉਸ ਦਾ ਢਿੱਡ ਪਾਟ ਗਿਆ ਅਤੇ ਉਹ ਦੀਆਂ ਸਾਰੀਆਂ ਆਂਦਰਾਂ ਬਾਹਰ ਆ ਗਈਆਂ ।19ਅਤੇ ਇਹ ਗੱਲ ਸਾਰੇ ਯਰੂਸ਼ਲਮ ਦੇ ਰਹਿਣ ਵਾਲੇ ਜਾਣ ਗਏ, ਐਥੋਂ ਤੱਕ ਜੋ ਉਨਾਂ ਦੀ ਭਾਸ਼ਾ ਵਿੱਚ ਉਸ ਖੇਤ ਦਾ ਨਾਮ “ਅਕਲਦਮਾ” ਅਰਥਾਤ “ਲਹੂ ਦਾ ਖੇਤ” ਪੈ ਗਿਆ
20ਕਿਉਂਕਿ ਜ਼ਬੂਰਾਂ ਦੀ ਪੁਸਤਕ ਵਿੱਚ ਲਿਖਿਆ ਹੋਇਆ ਹੈ ਕਿ ਉਸ ਦਾ ਘਰ ਉੱਜੜ ਜਾਵੇ, ਉਸ ਦੇ ਵਿੱਚ ਕੋਈ ਵੱਸਣ ਵਾਲਾ ਨਾ ਹੋਵੇ l ਅਤੇ ਉਸਦਾ ਪਦ ਕੋਈ ਹੋਰ ਲਵੇ ।

21ਪਰੰਤੂ ਇਨ੍ਹਾਂ ਲੋਕਾਂ ਵਿੱਚੋਂ ਜਿਹੜੇ ਹਰ ਵੇਲੇ ਸਾਡੇ ਨਾਲ ਰਹੇ, ਜਦੋਂ ਪ੍ਰਭੂ ਯਿਸੂ ਸਾਡੇ ਵਿੱਚ ਆਇਆ ਜਾਇਆ ਕਰਦਾ ਸੀ ।22ਯਹੂੰਨਾ ਦੇ ਬਪਤਿਸਮੇ ਤੋਂ ਲੈ ਕੇ ਉਸ ਦਿਨ ਤੱਕ ਜਦੋਂ ਉਹ ਸਾਡੇ ਕੋਲੋਂ ਉਤਾਹਾਂ ਉੱਠਾਇਆ ਗਿਆ, ਚੰਗਾ ਹੋਵੇਗਾ ਕਿ ਉਨਾਂ ਵਿੱਚੋਂ ਇੱਕ ਸਾਡੇ ਨਾਲ ਉਹ ਦੇ ਜੀ ਉੱਠਣ ਦਾ ਗਵਾਹ ਹੋਵੇ ।23ਤਦ ਉਨ੍ਹਾਂ ਨੇ ਦੋ ਮਨੁੱਖਾਂ ਨੂੰ ਖੜਾ ਕੀਤਾ, ਇੱਕ ਯੂਸੁਫ਼ ਜਿਹੜਾ ਬਰਸੱਬਾਸ ਅਖਵਾਉਂਦਾ ਸੀ, ਜਿਸ ਨੂੰ ਯੂਸਤੁਸ ਵੀ ਕਹਿੰਦੇ ਸਨ, ਦੂਜਾ ਮੱਥਿਯਾਸ ।
24ਅਤੇ ਪ੍ਰਾਰਥਨਾ ਕੀਤੀ ਅਤੇ ਆਖਿਆ ਕਿ ਹੇ ਪ੍ਰਭੂ ਤੂੰ ਜੋ ਸਭਨਾਂ ਦੇ ਦਿਲਾਂ ਨੂੰ ਜਾਣਦਾ ਹੈ, ਇਹ ਪਰਗਟ ਕਰ ਇਨ੍ਹਾਂ ਦੋਹਾਂ ਵਿੱਚੋਂ ਤੂੰ ਕਿਸਨੂੰ ਚੁਣਿਆ ਹੈ ।25ਜੋ ਇਸ ਸੇਵਾ ਅਤੇ ਰਸੂਲਗੀ ਦੀ ਉਹ ਜਗ੍ਹਾ ਲਵੇ, ਜਿਸ ਨੂੰ ਯਹੂਦਾ ਨੇ ਕੁਧਰਮ ਵਿੱਚ ਛੱਡਿਆ ਤਾਂ ਕਿ ਆਪਣੇ ਨਿੱਜ ਥਾਂ ਨੂੰ ਜਾਵੇ26ਅਤੇ ਉਨ੍ਹਾਂ ਨੇ ਉਹਨਾਂ ਦੇ ਲਈ ਪਰਚੀਆਂ ਪਾਈਆਂ ਅਤੇ ਮੱਥਿਯਾਸ ਦੇ ਨਾਮ ਦੀ ਪਰਚੀ ਨਿੱਕਲੀ । ਤਦ ਉਹ ਉਨ੍ਹਾਂ ਗਿਆਰ੍ਹਾਂ ਰਸੂਲਾਂ ਨਾਲ ਗਿਣਿਆ ਗਿਆ ।

2
ਪਵਿੱਤਰ ਦਾ ਉਤਰਨਾ

1ਜਦੋਂ ਪੰਤੇਕੁਸਤ ਦਾ ਦਿਨ ਆਇਆ, ਤਦ ਉਹ ਸਭ ਇੱਕ ਥਾਂ ਇਕੱਠੇ ਸਨ ।2ਅਤੇ ਅਚਾਨਕ ਅਕਾਸ਼ ਤੋਂ ਇੱਕ ਗੂੰਜ ਆਈ ਜਿਵੇਂ ਵੱਡੀ ਭਾਰੀ ਅਨ੍ਹੇਰੀ ਦੇ ਵਗਣ ਦੀ ਹੁੰਦੀ ਹੈ, ਅਤੇ ਉਸ ਨਾਲ ਸਾਰਾ ਘਰ ਜਿੱਥੇ ਉਹ ਬੈਠੇ ਸਨ, ਭਰ ਗਿਆ ।3ਅਤੇ ਉਨ੍ਹਾਂ ਨੂੰ ਅੱਗ ਜਿਹੀਆਂ ਜੀਭਾਂ ਵੱਖਰੀਆਂ ਹੁੰਦੀਆਂ ਵਿਖਾਈ ਦਿੱਤੀਆਂ ਅਤੇ ਉਹ ਉਨ੍ਹਾਂ ਵਿੱਚੋਂ ਹਰੇਕ ਉੱਤੇ ਠਹਿਰ ਗਈਆਂ ।4ਤਦ ਉਹ ਸਾਰੇ ਪਵਿੱਤਰ ਆਤਮਾ ਨਾਲ ਭਰ ਗਏ ਅਤੇ ਅਲੱਗ-ਅਲੱਗ ਭਾਸ਼ਾ ਬੋਲਣ ਲੱਗ ਪਏ ਜਿਵੇਂ ਆਤਮਾ ਨੇ ਉਨ੍ਹਾਂ ਨੂੰ ਬੋਲਣ ਦੀ ਸ਼ਕਤੀ ਦਿੱਤੀ ।

5ਯਹੂਦੀ ਯਰੂਸ਼ਲਮ ਵਿੱਚ ਰਹਿੰਦੇ ਸਨ, ਹਰੇਕ ਕੌਮ ਵਿੱਚੋਂ ਭਗਤ ਲੋਕ, ਜੋ ਅਕਾਸ਼ ਦੇ ਹੇਠ ਹੈ, ਉਸ ਜਗ੍ਹਾ ਇਕੱਠੇ ਹੋਏ ਸਨ ।6ਸੋ ਜਦੋਂ ਇਹ ਅਵਾਜ਼ ਆਈ ਤਾਂ ਭੀੜ ਇਕੱਠੀ ਹੋ ਗਈ ਅਤੇ ਲੋਕ ਹੈਰਾਨ ਰਹਿ ਗਏ ਕਿਉਂ ਜੋ ਹਰੇਕ ਨੂੰ ਇਹ ਸੁਣਾਈ ਦਿੰਦਾ ਸੀ ਕਿ ਉਹ ਮੇਰੀ ਹੀ ਭਾਸ਼ਾ ਬੋਲ ਰਹੇ ਸਨ ।7ਉਹ ਅਚਰਜ ਰਹਿ ਗਏ ਅਤੇ ਹੈਰਾਨ ਹੋ ਕੇ ਕਹਿਣ ਲੱਗੇ, ਵੇਖੋ ਇਹ ਸਭ ਜਿਹੜੇ ਬੋਲਦੇ ਹਨ, ਕੀ ਗਲੀਲੀ ਨਹੀਂ ?
8ਫੇਰ ਕਿਵੇਂ ਹਰੇਕ ਸਾਡੇ ਵਿੱਚੋਂ ਆਪੋ-ਆਪਣੀ ਜਨਮ ਭੂਮੀ ਦੀ ਭਾਸ਼ਾ ਸੁਣਦਾ ਹੈ ?9ਅਸੀਂ ਜਿਹੜੇ ਪਾਰਥੀ, ਮੇਦੀ, ਇਲਾਮੀ ਹਾਂ ਅਤੇ ਮੈਸੋਪਟਾਮਿਆ, ਯਹੂਦਿਯਾ, ਕੱਪਦੁਕਿਯਾ, ਪੁੰਤੁਸ, ਏਸ਼ੀਆ10ਫ਼ਰੂਗਿਯਾ, ਪੁਮਫ਼ੁਲਿਯਾ, ਮਿਸਰ, ਲਿਬੀਆ ਦੇ ਉਸ ਹਿੱਸੇ ਦੇ ਰਹਿਣ ਵਾਲੇ ਹਾਂ ਜੋ ਕੁਰੇਨੇ ਦੇ ਨੇੜੇ ਹੈ ਅਤੇ ਜਿਹੜੇ ਰੋਮੀ ਮੁਸਾਫ਼ਰ ਕੀ ਯਹੂਦੀ, ਯਹੂਦੀ ਮਤ ਨੂੰ ਮੰਨਣ ਵਾਲੇ,11ਕਰੇਤੀ ਅਤੇ ਅਰਬੀ ਹਾਂ ਉਨ੍ਹਾਂ ਨੂੰ ਆਪਣੀ ਆਪਣੀ ਭਾਸ਼ਾ ਵਿੱਚ ਪਰਮੇਸ਼ੁਰ ਦੇ ਵੱਡੇ-ਵੱਡੇ ਕੰਮਾਂ ਦਾ ਚਰਚਾ ਕਰਦਿਆਂ ਸੁਣਦੇ ਹਾਂ !
12ਅਤੇ ਸਭ ਹੈਰਾਨ ਰਹਿ ਗਏ ਅਤੇ ਦੁਬਧਾ ਵਿੱਚ ਪੈ ਕੇ ਇੱਕ ਦੂਜੇ ਨੂੰ ਆਖਣ ਲੱਗੇ ਜੋ ਇਹ ਕੀ ਹੋਇਆ ਹੈ ?13ਦੂਜਿਆਂ ਨੇ ਮਖ਼ੌਲ ਨਾਲ ਕਿਹਾ ਕਿ ਇਹ ਨਵੀਂ ਸ਼ਰਾਬ ਦੇ ਨਸ਼ੇ ਵਿੱਚ ਹਨ !
ਪਤਰਸ ਦਾ ਪ੍ਰਚਾਰ

14ਤਦ ਪਤਰਸ ਉਨ੍ਹਾਂ ਗਿਆਰ੍ਹਾਂ ਦੇ ਨਾਲ ਕੇ ਖੜ੍ਹੇ ਹੋ ਕੇ ਉੱਚੀ ਅਵਾਜ਼ ਨਾਲ ਆਖਣ ਲੱਗਾ ਕਿ ਹੇ ਯਹੂਦੀਓ ਅਤੇ ਯਰੂਸ਼ਲਮ ਦੇ ਸਭ ਰਹਿਣ ਵਾਲਿਓ ਇਹ ਜਾਣੋ ਅਤੇ ਕੰਨ ਲਾ ਮੇਰੀਆਂ ਗੱਲਾਂ ਸੁਣੋ !15ਕਿ ਇਹ ਜਿਵੇਂ ਤੁਸੀਂ ਸਮਝਦੇ ਹੋ ਨਸ਼ੇ ਵਿੱਚ ਨਹੀਂ ਹਨ ਕਿਉਂ ਜੋ ਅਜੇ ਤਾਂ ਦਿਨ ਹੀ ਚੜਿਆ ਹੈ ।
16ਪਰ ਇਹ ਉਹ ਗੱਲ ਹੈ ਜੋ ਯੋਏਲ ਨਬੀ ਦੀ ਜੁਬਾਨੀ ਆਖੀ ਗਈ ਸੀ ।17ਪਰਮੇਸ਼ੁਰ ਆਖਦਾ ਹੈ ਕਿ ਅੰਤ ਦੇ ਦਿਨਾਂ ਵਿੱਚ ਐਉਂ ਹੋਵੇਗਾ, ਕਿ ਮੈਂ ਆਪਣਾ ਆਤਮਾ ਸਾਰੇ ਸਰੀਰਾਂ ਉੱਤੇ ਵਹਾ ਦਿਆਂਗਾ, ਅਤੇ ਤੁਹਾਡੇ ਪੁੱਤਰ ਅਤੇ ਤੁਹਾਡੀਆਂ ਧੀਆਂ ਭਵਿੱਖਬਾਣੀ ਕਰਨਗੇ, ਤੁਹਾਡੇ ਜਵਾਨ ਦਰਸ਼ਣ ਵੇਖਣਗੇ ਅਤੇ ਤੁਹਾਡੇ ਬਜ਼ੁਰਗ ਸੁਫ਼ਨੇ ਵੇਖਣਗੇ ।
18ਹਾਂ, ਮੈਂ ਆਪਣੇ ਦਾਸਾਂ ਅਤੇ ਆਪਣੀਆਂ ਦਾਸੀਆਂ ਉੱਤੇ ਉਹਨਾਂ ਦਿਨਾਂ ਵਿੱਚ ਆਪਣੇ ਆਤਮਾ ਵਿੱਚੋਂ ਵਹਾ ਦਿਆਂਗਾ, ਅਤੇ ਉਹ ਭਵਿੱਖਬਾਣੀਆਂ ਕਰਨਗੇ ।19ਅਤੇ ਮੈਂ ਅਕਾਸ਼ ਵਿੱਚ ਅਚੰਭੇ, ਅਤੇ ਹੇਠਾਂ ਧਰਤੀ ਉੱਤੇ ਨਿਸ਼ਾਨ, ਲਹੂ ਅਤੇ ਅੱਗ ਤੇ ਧੁੰਏਂ ਦੇ ਬੱਦਲ ਵਿਖਾਵਾਂਗਾ ।
20ਪ੍ਰਭੂ ਦੇ ਵੱਡੇ ਤੇ ਪ੍ਰਸਿੱਧ ਦਿਨ ਦੇ ਆਉਣ ਤੋਂ ਪਹਿਲਾਂ ਸੂਰਜ ਅਨ੍ਹੇਰਾ ਅਤੇ ਚੰਦਰਮਾ ਲਹੂ ਵਰਗਾ ਹੋ ਜਾਵੇਗਾ,21ਅਤੇ ਅਜਿਹਾ ਹੋਵੇਗਾ ਕਿ ਹਰੇਕ ਜਿਹੜਾ ਪ੍ਰਭੂ ਦਾ ਨਾਮ ਲਵੇਗਾ ਉਹ ਬਚਾਇਆ ਜਾਵੇਗਾ ।
22ਹੇ ਇਸਰਾਏਲੀਓ ਇਹ ਗੱਲਾਂ ਸੁਣੋ ਕਿ ਯਿਸੂ ਨਾਸਰੀ ਇੱਕ ਮਨੁੱਖ ਸੀ, ਜਿਸ ਦੇ ਸੱਚ ਹੋਣ ਦਾ ਪ੍ਰਮਾਣ ਪਰਮੇਸ਼ੁਰ ਦੇ ਵੱਲੋਂ ਉਨ੍ਹਾਂ ਚਮਤਕਾਰਾਂ, ਅਚੰਭਿਆਂ ਅਤੇ ਨਿਸ਼ਾਨੀਆਂ ਨਾਲ ਤੁਹਾਨੂੰ ਦਿੱਤਾ ਗਿਆ, ਜੋ ਪਰਮੇਸ਼ੁਰ ਨੇ ਉਸ ਦੇ ਹੱਥੀਂ ਵਿਖਾਈਆਂ, ਜਿਸ ਤਰ੍ਹਾਂ ਤੁਸੀਂ ਆਪ ਜਾਣਦੇ ਹੋ ।23ਯਿਸੂ ਨੂੰ, ਜੋ ਪਰਮੇਸ਼ੁਰ ਦੀ ਠਹਿਰਾਈ ਹੋਈ ਯੋਜਨਾ ਅਤੇ ਅਗੰਮ ਗਿਆਨ ਦੇ ਅਨੁਸਾਰ ਤੁਹਾਡੇ ਹਵਾਲੇ ਕੀਤਾ ਗਿਆ, ਤੁਸੀਂ ਬੁਰਿਆਰਾਂ ਦੇ ਹੱਥੀਂ ਸਲੀਬ ਤੇ ਮਰਵਾ ਦਿੱਤਾ ।24ਜਿਸ ਨੂੰ ਪਰਮੇਸ਼ੁਰ ਨੇ ਮੌਤ ਦੀ ਪੀੜ੍ਹ ਦੇ ਬੰਧਨਾਂ ਨੂੰ ਖੋਲ੍ਹ ਕੇ, ਮੁਰਦਿਆਂ ਵਿੱਚੋਂ ਜਿਉਂਦਾ ਕੀਤਾ ਕਿਉਂ ਜੋ ਇਹ ਅਣਹੋਣਾ ਸੀ ਕਿ ਉਹ ਮੌਤ ਦੇ ਵੱਸ ਵਿੱਚ ਰਹੇ ।
25ਇਸ ਲਈ ਦਾਊਦ ਉਹ ਦੇ ਵਿਖੇ ਆਖਦਾ ਹੈ, ਮੈਂ ਪ੍ਰਭੂ ਨੂੰ ਆਪਣੇ ਸਨਮੁਖ ਸਦਾ ਵੇਖਿਆ, ਉਹ ਮੇਰੇ ਸੱਜੇ ਪਾਸੇ ਹੈ, ਇਸ ਲਈ ਮੈਂ ਨਾ ਡੋਲਾਂਗਾ ।26ਇਸ ਕਾਰਨ ਮੇਰਾ ਦਿਲ ਅਨੰਦ ਹੋਇਆ, ਅਤੇ ਮੇਰੀ ਜੀਭ ਖੁਸ਼ ਹੋਈ, ਹਾਂ, ਮੇਰਾ ਸਰੀਰ ਵੀ ਆਸ ਵਿੱਚ ਵੱਸੇਗਾ,
27ਕਿਉਂਕਿ ਤੂੰ ਮੇਰੀ ਜਾਨ ਨੂੰ ਪਤਾਲ ਵਿੱਚ ਨਾ ਛੱਡੇਂਗਾ, ਨਾ ਆਪਣੇ ਪਵਿੱਤਰ ਪੁਰਖ ਨੂੰ ਗਲਨ ਦੇਵੇਂਗਾ ।28ਤੂੰ ਮੈਨੂੰ ਜੀਵਨ ਦਾ ਰਾਹ ਦੱਸਿਆ ਹੈ, ਤੂੰ ਮੈਨੂੰ ਆਪਣੇ ਦਰਸ਼ਣ ਤੋਂ ਅਨੰਦ ਨਾਲ ਭਰ ਦੇਵੇਂਗਾ ।

29ਹੇ ਭਰਾਵੋ, ਮੈਂ ਘਰਾਣੇ ਦੇ ਸਰਦਾਰ ਦਾਊਦ ਦੇ ਵਿਖੇ ਤੁਹਾਨੂੰ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਉਹ ਮਰਿਆ ਤੇ ਦੱਬਿਆ ਗਿਆ ਅਤੇ ਉਹ ਦੀ ਕਬਰ ਅੱਜ ਤੱਕ ਸਾਡੇ ਵਿੱਚ ਹੈ ।30ਇਸ ਕਰਕੇ ਜੋ ਉਹ ਨਬੀ ਸੀ ਅਤੇ ਇਹ ਜਾਣਦਾ ਸੀ ਜੋ ਪਰਮੇਸ਼ੁਰ ਨੇ ਮੇਰੇ ਨਾਲ ਸਹੁੰ ਖਾਧੀ ਹੈ ਕਿ ਤੇਰੇ ਵੰਸ਼ ਵਿੱਚੋਂ ਇੱਕ ਨੂੰ ਮੈਂ ਤੇਰੀ ਗੱਦੀ ਉੱਤੇ ਬਿਠਾਵਾਂਗਾ ।31ਉਹ ਨੇ ਇਹ ਪਹਿਲਾਂ ਹੀ ਵੇਖ ਕੇ ਮਸੀਹ ਦੇ ਜੀ ਉੱਠਣ ਦੀ ਗੱਲ ਕੀਤੀ ਕਿ ਨਾ ਉਹ ਪਤਾਲ ਵਿੱਚ ਛੱਡਿਆ ਗਿਆ ਅਤੇ ਨਾ ਉਸ ਦਾ ਸਰੀਰ ਗਲਿਆ ।
32ਉਸ ਯਿਸੂ ਨੂੰ ਪਰਮੇਸ਼ੁਰ ਨੇ ਜਿਉਂਦਾ ਉੱਠਾਇਆ, ਜਿਸ ਦੇ ਅਸੀਂ ਸਭ ਗਵਾਹ ਹਾਂ ।33ਉਹ ਪਰਮੇਸ਼ੁਰ ਦੇ ਸੱਜੇ ਹੱਥ ਅੱਤ ਉੱਚਾ ਹੋ ਕੇ, ਪਿਤਾ ਤੋਂ ਪਵਿੱਤਰ ਆਤਮਾ ਦਾ ਵਾਇਦਾ ਪਾ ਕੇ ਉਸ ਨੇ ਇਹ ਜੋ ਤੁਸੀਂ ਵੇਖਦੇ ਅਤੇ ਸੁਣਦੇ ਹੋ, ਤੁਹਾਡੇ ਉੱਤੇ, ਵਹਾ ਦਿੱਤਾ ।
34ਕਿਉਂ ਜੋ ਦਾਊਦ ਸਵਰਗ ਉੱਤੇ ਨਾ ਗਿਆ, ਪਰ ਉਹ ਕਹਿੰਦਾ ਹੈ, “ਪ੍ਰਭੂ ਨੇ ਮੇਰੇ ਪ੍ਰਭੂ ਨੂੰ ਆਖਿਆ, ਤੂੰ ਮੇਰੇ ਸੱਜੇ ਪਾਸੇ ਬੈਠ,35ਜਦੋਂ ਤੱਕ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰ ਰੱਖਣ ਦੀ ਚੌਂਕੀ ਨਾ ਕਰ ਦੇਵਾਂ ।”36ਇਸ ਲਈ ਇਸਰਾਏਲ ਦਾ ਸਾਰਾ ਘਰਾਣਾ ਇਹ ਗੱਲ ਪੱਕੀ ਜਾਣ ਲਵੇ ਕਿ ਪਰਮੇਸ਼ੁਰ ਨੇ ਉਸ ਨੂੰ ਪ੍ਰਭੂ ਅਤੇ ਮਸੀਹ ਦੋਨੋ ਹੀ ਠਹਿਰਾਇਆ, ਜਿਸ ਯਿਸੂ ਨੂੰ ਤੁਸੀਂ ਸਲੀਬ ਉੱਤੇ ਚੜਾਇਆ ਸੀ ।

37ਜਦੋਂ ਉਨ੍ਹਾਂ ਨੇ ਇਹ ਸੁਣਿਆ ਤਾਂ ਉਨ੍ਹਾਂ ਦੇ ਦਿਲ ਵਿੰਨੇ ਗਏ ਅਤੇ ਉਹਨਾਂ ਨੇ ਪਤਰਸ ਅਤੇ ਬਾਕੀ ਦੇ ਰਸੂਲਾਂ ਨੂੰ ਕਿਹਾ, ਹੇ ਭਰਾਵੋ ਅਸੀਂ ਕੀ ਕਰੀਏ ?38ਤਦ ਪਤਰਸ ਨੇ ਉਨ੍ਹਾਂ ਨੂੰ ਆਖਿਆ, ਤੋਬਾ ਕਰੋ ਅਤੇ ਤੁਹਾਡੇ ਵਿੱਚੋਂ ਹਰੇਕ ਆਪਣੇ ਪਾਪਾਂ ਦੀ ਮਾਫ਼ੀ ਦੇ ਲਈ, ਯਿਸੂ ਮਸੀਹ ਦੇ ਨਾਮ ਉੱਤੇ ਬਪਤਿਸਮਾ ਲਵੇ ਤਦ ਤੁਸੀਂ ਪਵਿੱਤਰ ਆਤਮਾ ਦਾ ਵਰਦਾਨ ਪਾਂਓਗੇ ।39ਕਿਉਂਕਿ ਇਹ ਵਾਇਦਾ ਤੁਹਾਡੇ ਅਤੇ ਤੁਹਾਡੇ ਬਾਲਕਾਂ ਦੇ ਨਾਲ ਹੈ ਅਤੇ ਉਹਨਾਂ ਸਭਨਾਂ ਨਾਲ ਜਿਹੜੇ ਦੂਰ ਹਨ, ਜਿੰਨਿਆਂ ਨੂੰ ਪ੍ਰਭੂ ਸਾਡਾ ਪਰਮੇਸ਼ੁਰ ਆਪਣੇ ਕੋਲ ਬੁਲਾਵੇਗਾ ।
40ਅਤੇ ਹੋਰ ਵੀ ਬਹੁਤੀਆਂ ਗੱਲਾਂ ਨਾਲ ਉਹ ਨੇ ਗਵਾਹੀ ਦਿੱਤੀ ਅਤੇ ਉਪਦੇਸ਼ ਕੀਤਾ ਕਿ ਆਪਣੇ ਆਪ ਨੂੰ ਇਸ ਕੱਬੀ ਪੀੜੀ ਤੋਂ ਬਚਾਓ ।41ਜਿਨ੍ਹਾਂ ਲੋਕਾਂ ਨੇ ਉਹ ਦਾ ਬਚਨ ਖੁਸ਼ੀ ਨਾਲ ਮੰਨ ਲਿਆ, ਉਹਨਾਂ ਨੇ ਬਪਤਿਸਮਾ ਲਿਆ ਅਤੇ ਉਸੇ ਦਿਨ ਲੱਗਭਗ ਤਿੰਨ ਹਜ਼ਾਰ ਲੋਕ ਉਨ੍ਹਾਂ ਵਿੱਚ ਮਿਲ ਗਏ ।42ਅਤੇ ਉਹ ਲਗਾਤਾਰ ਰਸੂਲਾਂ ਦੀ ਸਿੱਖਿਆ ਲੈਣ ਵਿੱਚ, ਸੰਗਤੀ ਰੱਖਣ ਵਿੱਚ, ਰੋਟੀ ਤੋੜਨ ਅਤੇ ਪ੍ਰਾਰਥਨਾ ਕਰਨ ਵਿੱਚ ਲੱਗੇ ਰਹੇ ।
ਵਿਸ਼ਵਾਸੀਆਂ ਦੀ ਸੰਗਤੀ

43ਸਭਨਾਂ ਲੋਕਾਂ ਉੱਤੇ ਡਰ ਛਾ ਗਿਆ ਅਤੇ ਬਹੁਤ ਸਾਰੇ ਅਚੰਭੇ ਤੇ ਨਿਸ਼ਾਨ ਰਸੂਲਾਂ ਦੇ ਰਾਹੀਂ ਪ੍ਰਗਟ ਹੋਏ ।44ਅਤੇ ਜਿਨ੍ਹਾਂ ਨੇ ਵਿਸ਼ਵਾਸ ਨਹੀਂ ਕੀਤਾ ਸੀ ਉਹ ਸਭ ਇਕੱਠੇ ਰਹਿੰਦੇ ਸਨ ਅਤੇ ਸਾਰੀਆਂ ਵਸਤਾਂ ਵਿੱਚ ਸਾਂਝੇ ਭਾਈਵਾਲ ਸਨ ।45ਅਤੇ ਆਪਣੀ ਜਾਇਦਾਦ ਅਤੇ ਸਮਾਨ ਵੇਚ ਕੇ, ਜਿਸ ਤਰ੍ਹਾਂ ਕਿਸੇ ਨੂੰ ਲੋੜ ਹੁੰਦੀ ਸੀ, ਉਹਨਾਂ ਨੂੰ ਵੰਡ ਦਿੰਦੇ ਸਨ ।
46ਅਤੇ ਹਰੇਕ ਦਿਨ ਇੱਕ ਮਨ ਹੋ ਕੇ ਹੈਕਲ ਵਿੱਚ ਲਗਾਤਾਰ ਇਕੱਠੇ ਹੁੰਦੇ ਅਤੇ ਘਰ ਘਰ ਰੋਟੀ ਤੋੜਦੇ, ਉਹ ਖੁਸ਼ੀ ਅਤੇ ਸਿੱਧੇ ਮਨ ਨਾਲ ਭੋਜਨ ਛਕਦੇ ਸਨ ।47ਅਤੇ ਪਰਮੇਸ਼ੁਰ ਦੀ ਉਸਤਤ ਕਰਦੇ, ਅਤੇ ਸਭਨਾਂ ਲੋਕਾਂ ਨੂੰ ਪਿਆਰੇ ਸਨ ਅਤੇ ਪ੍ਰਭੂ ਹਰੇਕ ਦਿਨ ਉਹਨਾਂ ਨੂੰ ਜਿਹੜੇ ਬਚਾਏ ਜਾਂਦੇ ਸਨ ਉਨ੍ਹਾਂ ਵਿੱਚ ਮਿਲਾ ਦਿੰਦਾ ਸੀ ।

3
ਜਮਾਂਦਰੂ ਲੰਗੜੇ ਦਾ ਚੰਗਾ ਹੋਣਾ

1ਪਤਰਸ ਅਤੇ ਯੂਹੰਨਾ ਤੀਜੇ ਪਹਿਰ ਪ੍ਰਾਰਥਨਾ ਕਰਨ ਦੇ ਲਈ ਹੈਕਲ ਨੂੰ ਜਾ ਰਹੇ ਸਨ ।2ਅਤੇ ਲੋਕ ਇੱਕ ਜਮਾਂਦਰੂ ਲੰਗੜੇ ਨੂੰ ਚੁੱਕੀ ਲਈ ਆ ਰਹੇ ਸਨ, ਜਿਸ ਨੂੰ ਹਰ ਰੋਜ਼ ਹੈਕਲ ਦੇ ਦਰਵਾਜ਼ੇ ਕੋਲ ਜਿਹੜਾ ਸੋਹਣਾ ਅਖਵਾਉਂਦਾ ਹੈਂ, ਬਿਠਾ ਦਿੰਦੇ ਸਨ, ਕਿ ਉਹ ਹੈਕਲ ਵਿੱਚ ਜਾਣ ਵਾਲਿਆਂ ਤੋਂ ਭੀਖ ਮੰਗੇ ।3ਜਦੋਂ ਉਹ ਨੇ ਪਤਰਸ ਅਤੇ ਯੂਹੰਨਾ ਨੂੰ ਹੈਕਲ ਵਿੱਚ ਜਾਂਦਿਆਂ ਵੇਖਿਆ ਤਾਂ ਉਨ੍ਹਾਂ ਤੋਂ ਭੀਖ ਮੰਗੀ ।

4ਪਤਰਸ ਅਤੇ ਯੂਹੰਨਾ ਨੇ ਉਹ ਨੂੰ ਧਿਆਨ ਨਾਲ ਵੇਖ ਕੇ ਆਖਿਆ ਕਿ ਸਾਡੇ ਵੱਲ ਵੇਖ5ਤਾਂ ਉਹ ਨੇ ਉਨ੍ਹਾਂ ਕੋਲੋਂ ਕੁੱਝ ਮਿਲਣ ਦੀ ਆਸ ਕਰਕੇ ਉਨ੍ਹਾਂ ਵੱਲ ਵੇਖਿਆ ।6ਪਰ ਪਤਰਸ ਨੇ ਆਖਿਆ, ਸੋਨਾ ਤੇ ਚਾਂਦੀ ਮੇਰੇ ਕੋਲ ਹੈ ਨਹੀਂ, ਪਰ ਜੋ ਮੇਰੇ ਕੋਲ ਹੈ ਸੋ ਮੈਂ ਤੈਨੂੰ ਦਿੰਦਾ ਹਾਂ । ਯਿਸੂ ਮਸੀਹ ਨਾਸਰੀ ਦੇ ਨਾਮ ਨਾਲ ਤੁਰ ਫਿਰ !
7ਤਾਂ ਉਸ ਨੇ ਉਹ ਦਾ ਸੱਜਾ ਹੱਥ ਫੜ੍ਹ ਕੇ ਉਹ ਨੂੰ ਉੱਠਾਇਆ । ਓਸੇ ਵੇਲੇ ਉਹ ਦੇ ਪੈਰਾਂ ਅਤੇ ਗਿੱਟਿਆਂ ਵਿੱਚ ਜਾਨ ਆ ਗਈ ।8ਅਤੇ ਉਹ ਉੱਠ ਖੜ੍ਹਾ ਹੋਇਆ ਅਤੇ ਤੁਰਨ ਲੱਗਾ, ਤੁਰਦਾ ਅਤੇ ਛਾਲਾਂ ਮਾਰਦਾ ਅਤੇ ਪਰਮੇਸ਼ੁਰ ਦੀ ਮਹਿਮਾ ਕਰਦਾ ਹੋਇਆ, ਉਨ੍ਹਾਂ ਨਾਲ ਹੈਕਲ ਵਿੱਚ ਗਿਆ ।
9ਸਭਨਾਂ ਲੋਕਾਂ ਨੇ ਉਹ ਨੂੰ ਤੁਰਦਾ ਅਤੇ ਪਰਮੇਸ਼ੁਰ ਦੀ ਮਹਿਮਾ ਕਰਦਾ ਵੇਖਿਆ ।10ਅਤੇ ਉਸ ਨੂੰ ਪਛਾਣ ਲਿਆ ਕਿ ਇਹ ਉਹੀ ਹੈ ਜਿਹੜਾ ਹੈਕਲ ਦੇ ਸੋਹਣੇ ਦਰਵਾਜ਼ੇ ਤੇ ਭੀਖ ਮੰਗਣ ਲਈ ਬੈਠਦਾ ਹੁੰਦਾ ਸੀ, ਅਤੇ ਜੋ ਉਹ ਦੇ ਨਾਲ ਵਾਪਰਿਆ, ਉਹ ਬਹੁਤ ਹੈਰਾਨ ਤੇ ਅਚਰਜ ਹੋਏ ।
ਹੈਕਲ ਵਿੱਚ ਪਤਰਸ ਦਾ ਉਪਦੇਸ਼

11ਜਿਸ ਵੇਲੇ ਉਹ ਪਤਰਸ ਅਤੇ ਯੂਹੰਨਾ ਦੇ ਨਾਲ ਸੀ, ਸਾਰੇ ਲੋਕ ਬਹੁਤ ਹੈਰਾਨ ਹੋਏ, ਉਸ ਦਲਾਨ ਵਿੱਚ ਦੌੜੇ ਆਏ, ਜਿਹੜਾ ਸੁਲੇਮਾਨ ਦਾ ਸੀ, ।12ਇਹ ਵੇਖ ਕੇ ਪਤਰਸ ਨੇ ਲੋਕਾਂ ਨੂੰ ਆਖਿਆ, ਹੇ ਇਸਰਾਏਲੀਓ ਮਨੁੱਖ ਬਾਰੇ ਤੁਸੀਂ ਕਿਉਂ ਹੈਰਾਨ ਹੁੰਦੇ ਹੋ ਅਤੇ ਸਾਡੇ ਵੱਲ ਇਸ ਤਰ੍ਹਾਂ ਕਿਉਂ ਵੇਖਦੇ ਹੋ, ਕਿ ਜਿਵੇਂ ਅਸੀਂ ਆਪਣੀ ਸ਼ਕਤੀ ਜਾਂ ਭਗਤੀ ਨਾਲ ਇਸ ਨੂੰ ਤੁਰਨ ਦੀ ਸਮਰੱਥਾ ਦਿੱਤੀ ਹੋਵੇ ?
13ਅਬਰਾਹਾਮ, ਇਸਹਾਕ ਅਤੇ ਯਾਕੂਬ ਦੇ ਪਰਮੇਸ਼ੁਰ, ਸਾਡੇ ਪਿਉ-ਦਾਦਿਆਂ ਦੇ ਪਰਮੇਸ਼ੁਰ ਨੇ ਆਪਣੇ ਸੇਵਕ ਯਿਸੂ ਦੀ ਵਡਿਆਈ ਕੀਤੀ, ਜਿਸ ਨੂੰ ਤੁਸੀਂ ਫੜਵਾ ਦਿੱਤਾ ਅਤੇ ਪਿਲਾਤੁਸ ਦੇ ਸਾਹਮਣੇ ਯਿਸੂ ਤੋਂ ਇਨਕਾਰ ਕੀਤਾ ਜਦੋਂ ਉਸ ਨੇ ਉਹ ਨੂੰ ਛੱਡ ਦੇਣ ਦਾ ਵਿਚਾਰ ਕੀਤਾ ਸੀ ।14ਪਰ ਤੁਸੀਂ ਉਸ ਪਵਿੱਤਰ ਅਤੇ ਧਰਮੀ ਦਾ ਇਨਕਾਰ ਕੀਤਾ ਅਤੇ ਇਹ ਮੰਗ ਕੀਤੀ ਕਿ ਤੁਹਾਡੇ ਲਈ ਖੂਨੀ ਛੱਡਿਆ ਜਾਵੇ ।
15ਅਤੇ ਜੀਵਨ ਦੇਣ ਵਾਲੇ ਨੂੰ ਮਾਰ ਸੁੱਟਿਆ, ਜਿਸ ਨੂੰ ਪਰਮੇਸ਼ੁਰ ਨੇ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ ਅਤੇ ਅਸੀਂ ਇਸ ਗੱਲ ਦੇ ਗਵਾਹ ਹਾਂ ।16ਉਹ ਦੇ ਨਾਮ ਉੱਤੇ ਵਿਸ਼ਵਾਸ ਕਰਨ ਕਰਕੇ, ਉਹ ਦੇ ਨਾਮ ਹੀ ਨੇ ਇਸ ਮਨੁੱਖ ਨੂੰ ਜਿਸ ਨੂੰ ਤੁਸੀਂ ਵੇਖਦੇ ਅਤੇ ਜਾਣਦੇ ਹੋ ਚੰਗਾ ਕੀਤਾ । ਹਾਂ, ਉਸੇ ਵਿਸ਼ਵਾਸ ਨੇ ਜਿਹੜੀ ਉਹ ਦੇ ਰਾਹੀਂ ਹੈ, ਇਹ ਪੂਰੀ ਚੰਗਿਆਈ ਤੁਹਾਡੇ ਸਭਨਾਂ ਦੇ ਸਾਹਮਣੇ ਉਸ ਨੂੰ ਦਿੱਤੀ ।
17ਅਤੇ ਹੁਣ ਹੇ ਭਰਾਵੋ, ਮੈਂ ਜਾਣਦਾ ਹਾਂ ਜੋ ਤੁਸੀਂ ਨਾ ਜਾਣਦੇ ਹੋਏ ਅਜਿਹਾ ਕੀਤਾ ਜਿਵੇਂ ਤੁਹਾਡੇ ਅਧਿਕਾਰੀਆਂ ਨੇ ਵੀ ਕੀਤਾ ਸੀ ।18ਪਰ ਜਿਨ੍ਹਾਂ ਗੱਲਾਂ ਦੀ ਪਰਮੇਸ਼ੁਰ ਨੇ ਸਭਨਾਂ ਨਬੀਆਂ ਦੀ ਜ਼ੁਬਾਨੀ ਪਹਿਲਾਂ ਹੀ ਖ਼ਬਰ ਦਿੱਤੀ ਸੀ, ਕਿ ਮੇਰਾ ਮਸੀਹ ਦੁੱਖ ਉੱਠਾਵੇਗਾ, ਇਸ ਕਰਕੇ ਉਸ ਨੇ ਇਸ ਨੂੰ ਪੂਰਾ ਕੀਤਾ ।
19ਇਸ ਲਈ ਤੋਬਾ ਕਰੋ ਅਤੇ ਮੁੜੋ, ਕਿ ਤੁਹਾਡੇ ਪਾਪ ਮਿਟਾਏ ਜਾਣ ਤਾਂ ਜੋ ਪ੍ਰਭੂ ਦੇ ਹਜ਼ੂਰੋਂ ਸੁੱਖ ਦੇ ਦਿਨ ਆਉਣ ।20ਅਤੇ ਉਹ ਮਸੀਹ ਨੂੰ ਜਿਹੜਾ ਤੁਹਾਡੇ ਲਈ ਠਹਿਰਾਇਆ ਹੋਇਆ ਹੈ, ਯਿਸੂ ਨੂੰ ਭੇਜ ਦੇਵੇ ।
21ਜ਼ਰੂਰ ਹੈ, ਜੋ ਉਹ ਸਵਰਗ ਵਿੱਚ ਰਹੇ, ਜਦੋਂ ਤੱਕ ਸਾਰੀਆਂ ਚੀਜ਼ਾਂ ਦੇ ਸੁਧਾਰੇ ਜਾਣ ਦਾ ਸਮਾਂ ਨਾ ਆਵੇ ਜਿਨ੍ਹਾਂ ਦੇ ਵਿਖੇ ਪਰਮੇਸ਼ੁਰ ਨੇ ਆਪਣੇ ਪਵਿੱਤਰ ਨਬੀਆਂ ਦੀ ਜ਼ੁਬਾਨੀ ਸ਼ੁਰੂ ਤੋਂ ਹੀ ਆਖਿਆ ਸੀ ।22ਮੂਸਾ ਨੇ ਤਾਂ ਆਖਿਆ, ਪ੍ਰਭੂ ਪਰਮੇਸ਼ੁਰ ਤੁਹਾਡੇ ਭਰਾਵਾਂ ਵਿੱਚੋਂ ਤੁਹਾਡੇ ਲਈ ਮੇਰੇ ਵਰਗਾ ਇੱਕ ਨਬੀ ਖੜ੍ਹਾ ਕਰੇਗਾ । ਜੋ ਕੁੱਝ ਉਹ ਤੁਹਾਨੂੰ ਆਖੇ, ਉਸ ਨੂੰ ਸੁਣੋ ।23ਅਤੇ ਇਸ ਤਰ੍ਹਾਂ ਹੋਵੇਗਾ ਕਿ ਹਰੇਕ ਜਾਨ ਜੋ ਉਸ ਨਬੀ ਦੀ ਨਾ ਸੁਣੇ, ਲੋਕਾਂ ਵਿੱਚੋਂ ਨਾਸ ਕੀਤੀ ਜਾਵੇ ।
24ਅਤੇ ਸਾਰੇ ਨਬੀਆਂ ਨੇ ਸਮੂਏਲ ਤੋਂ ਅਤੇ ਉਨ੍ਹਾਂ ਤੋਂ ਜਿਹੜੇ ਉਹ ਦੇ ਮਗਰੋਂ ਹੋਏ, ਜਿੰਨਿਆਂ ਨੇ ਬਚਨ ਕੀਤਾ, ਉਨ੍ਹਾਂ ਨੇ ਵੀ ਇਨ੍ਹਾਂ ਹੀ ਦਿਨਾਂ ਦੀ ਖ਼ਬਰ ਦਿੱਤੀ ।25ਤੁਸੀਂ ਨਬੀਆਂ ਦੇ ਅਤੇ ਉਸ ਨੇਮ ਦੇ ਪੁੱਤਰ ਹੋ ਜਿਸ ਨੂੰ ਪਰਮੇਸ਼ੁਰ ਨੇ ਤੁਹਾਡੇ ਬਾਪ ਦਾਦਿਆਂ ਨਾਲ ਕੀਤਾ ਸੀ, ਜਦੋਂ ਅਬਰਾਹਾਮ ਨੂੰ ਆਖਿਆ ਕਿ, ਤੇਰੀ ਅੰਸ ਵਿੱਚ ਧਰਤੀ ਦੇ ਸਾਰੇ ਘਰਾਣੇ ਬਰਕਤ ਪਾਉਣਗੇ ।26ਪਰਮੇਸ਼ੁਰ ਨੇ ਆਪਣੇ ਸੇਵਕ ਨੂੰ ਖੜ੍ਹਾ ਕਰਕੇ ਪਹਿਲਾਂ ਤੁਹਾਡੇ ਕੋਲ ਭੇਜਿਆ ਕਿ ਤੁਹਾਡੇ ਵਿੱਚੋਂ ਹਰੇਕ ਨੂੰ ਉਹ ਦੀਆਂ ਬੁਰਿਆਈਆਂ ਤੋਂ ਹਟਾ ਕੇ ਤੁਹਾਨੂੰ ਬਰਕਤ ਦੇਵੇ ।

4
ਪਤਰਸ ਅਤੇ ਯੂਹੰਨਾ ਮਹਾਂ ਸਭਾ ਦੇ ਸਾਹਮਣੇ

1ਜਦੋਂ ਉਹ ਲੋਕਾਂ ਦੇ ਨਾਲ ਗੱਲਾਂ ਕਰ ਰਹੇ ਸਨ ਤਾਂ ਜਾਜਕ, ਹੈਕਲ ਦੇ ਅਧਿਕਾਰੀ ਅਤੇ ਸਦੂਕੀ ਉਹਨਾਂ ਉੱਤੇ ਚੜ੍ਹ ਆਏ ।2ਕਿਉਂ ਜੋ ਉਹ ਇਸ ਗੱਲ ਤੋਂ ਗੁੱਸੇ ਹੋ ਗਏ ਸਨ ਜੋ ਉਹ ਲੋਕਾਂ ਨੂੰ ਸਿਖਾਉਂਦੇ ਅਤੇ ਯਿਸੂ ਦਾ ਪਰਮਾਣ ਦੇ ਕੇ ਮੁਰਦਿਆਂ ਦੇ ਜੀ ਉੱਠਣ ਦਾ ਉਪਦੇਸ਼ ਦਿੰਦੇ ਸਨ ।3ਅਤੇ ਉਹਨਾਂ ਨੇ ਉਹਨਾਂ ਨੂੰ ਫੜ੍ਹ ਕੇ ਦੂਜੇ ਦਿਨ ਤੱਕ ਹਵਾਲਾਤ ਵਿੱਚ ਰੱਖਿਆ, ਕਿਉਂ ਜੋ ਹੁਣ ਸ਼ਾਮ ਪੈ ਗਈ ਸੀ ।4ਫਿਰ ਵੀ ਉਹਨਾਂ ਵਿੱਚੋਂ ਜਿਹਨਾਂ ਨੇ ਬਚਨ ਸੁਣਿਆ, ਬਹੁਤਿਆਂ ਨੇ ਵਿਸ਼ਵਾਸ ਕੀਤਾ ਅਤੇ ਉਨ੍ਹਾਂ ਮਨੁੱਖਾਂ ਦੀ ਗਿਣਤੀ ਲੱਗਭਗ ਪੰਜ ਹਜ਼ਾਰ ਹੋ ਗਈ ।

5ਦੂਜੇ ਦਿਨ ਇਸ ਤਰ੍ਹਾਂ ਹੋਇਆ ਕਿ ਉਨ੍ਹਾਂ ਦੇ ਅਧਿਕਾਰੀ, ਬਜ਼ੁਰਗ ਅਤੇ ਉਪਦੇਸ਼ਕ ਯਰੂਸ਼ਲਮ ਵਿੱਚ ਇਕੱਠੇ ਹੋਏ ।6ਅੰਨਾਸ ਪ੍ਰਧਾਨ ਜਾਜਕ, ਕਯਾਫ਼ਾ, ਯੂਹੰਨਾ, ਸਿਕੰਦਰ ਅਤੇ ਪ੍ਰਧਾਨ ਜਾਜਕ ਦੇ ਘਰਾਣੇ ਦੇ ਸਾਰੇ ਲੋਕ ਵੀ ਉੱਥੇ ਸਨ ।7ਫਿਰ ਉਹਨਾਂ ਨੂੰ ਵਿਚਾਲੇ ਖੜ੍ਹਾ ਕਰਕੇ ਪੁੱਛਿਆ, ਤੁਸੀਂ ਕਿਹੜੀ ਸਮਰੱਥਾ ਜਾਂ ਕਿਹੜੇ ਨਾਮ ਨਾਲ ਇਹ ਕੀਤਾ ?
8ਤਦ ਪਤਰਸ ਨੇ ਪਵਿੱਤਰ ਆਤਮਾ ਨਾਲ ਭਰ ਕੇ ਉਨ੍ਹਾਂ ਨੂੰ ਆਖਿਆ, ਹੇ ਕੌਮ ਦੇ ਅਧਿਕਾਰੀਓ ਅਤੇ ਬਜ਼ੁਰਗੋ,9ਜੇ ਅੱਜ ਸਾਡੇ ਕੋਲੋਂ ਇਸ ਚੰਗੇ ਕੰਮ ਦੇ ਬਾਰੇ ਪੁੱਛਦੇ ਹੋ, ਜਿਹੜਾ ਇੱਕ ਬਲਹੀਨ ਮਨੁੱਖ ਨਾਲ ਹੋਇਆ ਕਿ ਉਹ ਕਿਸ ਤਰ੍ਹਾਂ ਚੰਗਾ ਕੀਤਾ ਗਿਆ ਹੈ ।10ਤਾਂ ਤੁਹਾਨੂੰ ਸਭਨਾਂ ਨੂੰ ਅਤੇ ਇਸਰਾਏਲ ਦੇ ਸਾਰਿਆਂ ਲੋਕਾਂ ਨੂੰ ਪਤਾ ਹੋਵੇ ਕਿ ਯਿਸੂ ਮਸੀਹ ਨਾਸਰੀ ਦੇ ਨਾਮ ਨਾਲ ਜਿਸ ਨੂੰ ਤੁਸੀਂ ਸਲੀਬ ਉੱਤੇ ਚੜ੍ਹਾਇਆ ਅਤੇ ਉਸ ਨੂੰ ਪਰਮੇਸ਼ੁਰ ਨੇ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ ਉਸ ਤੋਂ ਇਹ ਮਨੁੱਖ ਤੁਹਾਡੇ ਸਾਹਮਣੇ ਚੰਗਾ ਭਲਾ ਖੜ੍ਹਾ ਹੈ ।
11ਇਹ ਉਹ ਪੱਥਰ ਹੈ ਜਿਹ ਨੂੰ ਰਾਜ ਮਿਸਤਰੀਆਂ ਨੇ ਰੱਦਿਆ, ਜਿਹੜਾ ਕੋਨੇ ਦਾ ਪੱਥਰ ਹੋ ਗਿਆ ।12ਅਤੇ ਕਿਸੇ ਦੂਜੇ ਤੋਂ ਮੁਕਤੀ ਨਹੀਂ ਕਿਉਂ ਜੋ ਅਕਾਸ਼ ਦੇ ਹੇਠਾਂ ਮਨੁੱਖਾਂ ਵਿੱਚ ਕੋਈ ਦੂਜਾ ਨਾਮ ਨਹੀਂ ਦਿੱਤਾ ਗਿਆ, ਜਿਸ ਤੋਂ ਅਸੀਂ ਬਚਾਏ ਜਾ ਸਕਦੇ ਹਾਂ ।

13ਜਦੋਂ ਉਨ੍ਹਾਂ ਨੇ ਪਤਰਸ ਅਤੇ ਯੂਹੰਨਾ ਦੀ ਦਲੇਰੀ ਨੂੰ ਵੇਖਿਆ ਅਤੇ ਅਚਰਜ ਮੰਨਿਆ ਕਿ ਉਹ ਵਿਦਵਾਨ ਨਹੀਂ ਸਗੋਂ ਆਮ ਲੋਕ ਹੀ ਹਨ । ਫੇਰ ਉਹਨਾਂ ਨੂੰ ਪਛਾਣਿਆ, ਕਿ ਇਹ ਦੋਨੋ ਯਿਸੂ ਦੇ ਨਾਲ ਰਹੇ ਸਨ ।14ਅਤੇ ਉਸ ਮਨੁੱਖ ਨੂੰ ਜਿਹੜਾ ਚੰਗਾ ਹੋਇਆ ਸੀ ਉਹਨਾਂ ਦੇ ਵੱਲ ਖੜ੍ਹਾ ਵੇਖ ਕੇ ਇਹ ਦੇ ਵਿਰੁੱਧ ਵਿੱਚ ਕੁੱਝ ਨਾਮ ਕਹਿ ਸਕੇ ।
15ਪਰ ਉਹਨਾਂ ਨੂੰ ਪ੍ਰਾਰਥਨਾ ਘਰ ਤੋਂ ਬਾਹਰ ਜਾਣ ਦਾ ਹੁਕਮ ਦੇ ਕੇ, ਉਹ ਆਪਸ ਵਿੱਚ ਯੋਜਨਾਂ ਬਣਾਉਣ ਲੱਗੇ ।16ਅਤੇ ਕਿਹਾ ਕਿ ਅਸੀਂ ਇਨ੍ਹਾਂ ਮਨੁੱਖਾਂ ਨਾਲ ਕੀ ਕਰੀਏ ? ਕਿਉਂਕਿ ਇਹ ਜੋ ਉਹਨਾਂ ਤੋਂ ਇੱਕ ਪੱਕਾ ਅਚਰਜ ਕੰਮ ਹੋਇਆ ਹੈ ਯਰੂਸ਼ਲਮ ਦੇ ਸਾਰੇ ਰਹਿਣ ਵਾਲਿਆਂ ਤੇ ਇਹ ਪਰਗਟ ਹੋਇਆ ਅਤੇ ਇਸ ਤੋਂ ਅਸੀਂ ਇਨਕਾਰ ਨਹੀਂ ਕਰ ਸਕਦੇ ।17ਆਓ, ਅਸੀਂ ਉਹਨਾਂ ਨੂੰ ਦਬਕਾਈਏ ਜੋ ਇਸ ਨਾਮ ਦਾ ਫੇਰ ਕਿਸੇ ਮਨੁੱਖ ਨਾਲ ਚਰਚਾ ਨਾ ਕਰਨ, ਤਾਂ ਜੋ ਇਹ ਗੱਲ ਲੋਕਾਂ ਵਿੱਚ ਹੋਰ ਨਾ ਫੈਲ ਜਾਏ ।18ਤਦ ਉਹਨਾਂ ਨੇ ਉਹਨਾਂ ਨੂੰ ਕੋਲ ਸੱਦ ਕੇ ਆਗਿਆ ਦਿੱਤੀ ਕਿ ਯਿਸੂ ਦਾ ਨਾਮ ਲੈ ਕੇ, ਨਾ ਕੋਈ ਚਰਚਾ ਕਰਨੀ ਅਤੇ ਨਾ ਹੀ ਸਿੱਖਿਆ ਦੇਣੀ ।
19ਪਰ ਪਤਰਸ ਅਤੇ ਯੂਹੰਨਾ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਤੁਸੀਂ ਹੀ ਫ਼ੈਸਲਾ ਕਰੋ, ਕੀ ਪਰਮੇਸ਼ੁਰ ਦੇ ਅੱਗੇ ਇਹ ਯੋਗ ਹੈ ਕਿ ਅਸੀਂ ਪਰਮੇਸ਼ੁਰ ਨਾਲੋਂ ਤੁਹਾਡੀ ਵੱਧ ਸੁਣੀਏ ? ।20ਕਿਉਂਕਿ ਇਹ ਸਾਡੇ ਕੋਲੋਂ ਨਹੀਂ ਹੋ ਸਕਦਾ ਕਿ, ਜਿਹੜੀਆਂ ਗੱਲਾਂ ਅਸੀਂ ਵੇਖੀਆਂ ਅਤੇ ਸੁਣੀਆਂ ਉਹ ਨਾ ਆਖੀਏ ।
21ਤਦ ਉਨ੍ਹਾਂ ਨੇ ਉਹਨਾਂ ਨੂੰ ਹੋਰ ਜਿਆਦਾ ਦਬਕਾ ਕੇ ਛੱਡ ਦਿੱਤਾ, ਕਿਉਂਕਿ ਲੋਕਾਂ ਦੇ ਕਾਰਨ ਉਹਨਾਂ ਉੱਤੇ ਸਜ਼ਾ ਲਾਉਣ ਦਾ ਕੋਈ ਕਾਰਨ ਨਾਮ ਮਿਲਿਆ, ਇਸ ਲਈ ਕਿ ਜੋ ਕੁੱਝ ਹੋਇਆ ਸੀ ਉਹ ਦੇ ਕਾਰਨ ਸਭ ਲੋਕ ਪਰਮੇਸ਼ੁਰ ਦੀ ਵਡਿਆਈ ਕਰਦੇ ਸਨ ।22ਕਿਉਂ ਜੋ ਉਹ ਮਨੁੱਖ ਜਿਸ ਨੂੰ ਉਹਨਾਂ ਨੇ ਚੰਗਾ ਕੀਤਾ ਸੀ ਉਹ ਚਾਲ੍ਹੀ ਸਾਲ ਤੋਂ ਜਿਆਦਾ ਉਮਰ ਦਾ ਸੀ ।
ਵਿਸ਼ਵਾਸੀਆਂ ਦੀ ਪ੍ਰਾਰਥਨਾ

23ਫਿਰ ਜਦੋਂ ਉਹਨਾਂ ਨੂੰ ਛੱਡ ਦਿੱਤਾ ਤਾਂ, ਉਹ ਆਪਣੇ ਸਾਥੀਆਂ ਕੋਲ ਗਏ ਅਤੇ ਜੋ ਕੁੱਝ ਮੁੱਖ ਜਾਜਕਾਂ ਅਤੇ ਬਜ਼ੁਰਗਾਂ ਨੇ ਉਹਨਾਂ ਨੂੰ ਆਖਿਆ ਸੀ, ਦੱਸ ਦਿੱਤਾ ।24ਜਦੋਂ ਉਨ੍ਹਾਂ ਨੇ ਇਹ ਸੁਣਿਆ ਤਦ ਉਹਨਾਂ ਨੇ ਇੱਕ ਮਨ ਹੋ ਕੇ ਉੱਚੀ ਅਵਾਜ਼ ਨਾਲ ਪਰਮੇਸ਼ੁਰ ਨੂੰ ਆਖਿਆ, ਹੇ ਪਰਮੇਸ਼ੁਰ, ਤੁਸੀਂ ਹੀ ਅਕਾਸ਼, ਧਰਤੀ, ਸਮੁੰਦਰ ਅਤੇ ਸਭ ਕੁੱਝ ਜੋ ਉਨ੍ਹਾਂ ਦੇ ਵਿੱਚ ਹੈ, ਰਚਿਆ ।25ਤੁਸੀਂ ਪਵਿੱਤਰ ਆਤਮਾ ਦੇ ਰਾਹੀਂ ਸਾਡੇ ਪੁਰਖੇ ਆਪਣੇ ਸੇਵਕ ਦਾਊਦ ਦੀ ਜੁਬਾਨੀ ਆਖਿਆ, “ਕੌਮਾਂ ਕਿਉਂ ਡੰਡ ਪਾਈ ਹੈ, ਅਤੇ ਉੱਮਤਾਂ ਨੇ ਵਿਅਰਥ ਸੋਚਾਂ ਕਿਉਂ ਸੋਚੀਆਂ ਹਨ ? ”
26ਪ੍ਰਭੂ ਅਤੇ ਉਹ ਦੇ ਮਸਹ ਕੀਤੇ ਹੋਏ ਦੇ ਵਿਰੁੱਧ, ਧਰਤੀ ਦੇ ਰਾਜੇ ਅਤੇ ਹਾਕਮ ਇਕੱਠੇ ਖੜੇ ਹੋਏ, ।
27ਕਿਉਂਕਿ ਸੱਚ-ਮੁੱਚ ਇਸ ਸ਼ਹਿਰ ਵਿੱਚ ਤੇਰੇ ਪਵਿੱਤਰ ਸੇਵਕ ਯਿਸੂ ਦੇ ਵਿਰੁੱਧ ਜਿਸ ਨੂੰ ਤੁਸੀਂ ਮਸਹ ਕੀਤਾ ਹੇਰੋਦੇਸ ਅਤੇ ਪੁੰਤਿਯੁਸ ਪਿਲਾਤੁਸ ਪਰਾਈਆਂ ਕੌਮਾਂ ਅਤੇ ਇਸਰਾਏਲ ਦੇ ਲੋਕਾਂ ਨਾਲ ਇਕੱਠੇ ਹੋਏ ।28ਇਸ ਲਈ ਕਿ ਜੋ ਕੁੱਝ ਤੇਰੀ ਸ਼ਕਤੀ ਅਤੇ ਤੇਰੀ ਯੋਜਨਾ ਵਿੱਚ ਪਹਿਲਾਂ ਹੀ ਠਹਿਰਾਇਆ ਗਿਆ ਸੀ, ਉਹੀ ਕਰੇ ।
29ਅਤੇ ਹੁਣ ਹੇ, ਪ੍ਰਭੂ ਉਹਨਾਂ ਦੀਆਂ ਧਮਕੀਆਂ ਨੂੰ ਵੇਖ ਅਤੇ ਆਪਣੇ ਦਾਸਾਂ ਨੂੰ ਇਹ ਸ਼ਕਤੀ ਦੇ, ਕਿ ਤੇਰਾ ਬਚਨ ਬਿਨ੍ਹਾਂ ਡਰੇ ਸੁਣਾਉਣ ।30ਜਦੋਂ ਤੁਸੀਂ ਆਪਣਾ ਹੱਥ ਚੰਗਾ ਕਰਨ ਲਈ ਵਧਾਓ, ਤਾਂ ਤੇਰੇ ਪਵਿੱਤਰ ਸੇਵਕ ਯਿਸੂ ਦੇ ਨਾਮ ਵਿੱਚ ਨਿਸ਼ਾਨ ਅਤੇ ਅਚਰਜ ਕੰਮ ਹੋਣ ।31ਜਦੋਂ ਉਹ ਬੇਨਤੀ ਕਰ ਹਟੇ ਤਾਂ, ਉਹ ਥਾਂ ਜਿੱਥੇ ਉਹ ਇਕੱਠੇ ਹੋਏ ਸਨ, ਹਿੱਲ ਗਿਆ ਅਤੇ ਸਾਰੇ ਪਵਿੱਤਰ ਆਤਮਾ ਨਾਲ ਭਰ ਗਏ ਅਤੇ ਪਰਮੇਸ਼ੁਰ ਦਾ ਬਚਨ ਬਿਨ੍ਹਾਂ ਡਰੇ ਸੁਣਾਉਣ ਲੱਗੇ ।
ਵਿਸ਼ਵਾਸੀਆਂ ਦਾ ਸਮੂਹਿਕ ਜੀਵਨ

32ਵਿਸ਼ਵਾਸ ਕਰਨ ਵਾਲਿਆਂ ਦੀ ਮੰਡਲੀ ਇੱਕ ਮਨ ਅਤੇ ਇੱਕ ਜਾਨ ਸੀ ਅਤੇ ਕਿਸੇ ਨੇ ਆਪਣੀ ਜਾਇਦਾਦ ਵਿੱਚੋਂ ਕਿਸੇ ਚੀਜ਼ ਨੂੰ ਆਪਣੀ ਨਹੀਂ ਆਖਿਆ ਪਰ ਉਹ ਸਾਰੀਆਂ ਵਸਤਾਂ ਵਿੱਚ ਸਾਂਝੀਦਾਰ ਸਨ ।33ਅਤੇ ਰਸੂਲ ਵੱਡੀ ਸਮਰੱਥਾ ਨਾਲ ਪ੍ਰਭੂ ਯਿਸੂ ਦੇ ਜੀ ਉੱਠਣ ਦੀ ਗਵਾਹੀ ਦਿੰਦੇ ਸਨ ਅਤੇ ਉਨ੍ਹਾਂ ਸਭਨਾਂ ਉੱਤੇ ਵੱਡੀ ਕਿਰਪਾ ਸੀ ।
34ਉਨ੍ਹਾਂ ਵਿੱਚੋਂ ਕੋਈ ਵੀ ਗਰੀਬ ਨਹੀਂ ਸੀ ਇਸ ਲਈ ਕਿ ਜਿਹੜੇ ਜ਼ਮੀਨਾਂ ਅਤੇ ਘਰਾਂ ਦੇ ਮਾਲਕ ਸਨ ਉਹ ਉਨ੍ਹਾਂ ਨੂੰ ਵੇਚ ਕੇ ਵਿਕੀਆਂ ਹੋਈਆਂ ਵਸਤਾਂ ਦਾ ਮੁੱਲ ਲਿਆਉਂਦੇ ।35ਅਤੇ ਰਸੂਲਾਂ ਦੇ ਚਰਨਾਂ ਵਿੱਚ ਰੱਖ ਦਿੰਦੇ ਸਨ ਅਤੇ ਹਰੇਕ ਨੂੰ ਉਹ ਦੀ ਲੋੜ ਅਨੁਸਾਰ ਵੰਡ ਦਿੰਦੇ ਸਨ ।

36ਯੂਸੁਫ਼ ਜਿਸ ਦਾ ਰਸੂਲਾਂ ਨੇ ਬਰਨਬਾਸ ਅਰਥਾਤ ਸ਼ਾਂਤੀ ਦਾ ਪੁੱਤਰ ਨਾਮ ਰੱਖਿਆ ਸੀ ਜਿਹੜਾ ਇੱਕ ਲੇਵੀ ਅਤੇ ਕੁਪਰੁਸ ਦਾ ਰਹਿਣ ਵਾਲਾ ਸੀ ।37ਉਹ ਦੇ ਕੋਲ ਆਪਣੀ ਜ਼ਮੀਨ ਸੀ ਉਸ ਨੇ ਉਹ ਨੂੰ ਵੇਚ ਕੇ ਮੁੱਲ ਦਾ ਰੁਪਿਆ ਲਿਆਂਦਾ ਅਤੇ ਰਸੂਲਾਂ ਦੇ ਚਰਨਾਂ ਵਿੱਚ ਰੱਖ ਦਿੱਤਾ ।

5
ਹਨਾਨਿਯਾ ਅਤੇ ਸਫ਼ੀਰਾ ਦਾ ਛਲ ਅਤੇ ਸਜ਼ਾ

1ਹਨਾਨਿਯਾ ਨਾਮ ਦੇ ਇੱਕ ਮਨੁੱਖ ਨੇ ਆਪਣੀ ਪਤਨੀ ਸਫ਼ੀਰਾ ਨਾਲ ਮਿਲ ਕੇ ਜ਼ਮੀਨ ਨੂੰ ਵੇਚਿਆ ।2ਅਤੇ ਉਹ ਦੇ ਮੁੱਲ ਵਿੱਚੋਂ ਕੁੱਝ ਆਪਣੇ ਕੋਲ ਰੱਖ ਲਿਆ, ਉਹ ਦੀ ਪਤਨੀ ਵੀ ਇਹ ਜਾਣਦੀ ਸੀ ਅਤੇ ਉਸ ਵਿੱਚੋਂ ਕੁੱਝ ਲਿਆ ਕੇ ਰਸੂਲਾਂ ਦੇ ਚਰਨਾਂ ਵਿੱਚ ਰੱਖ ਦਿੱਤਾ ।

3ਤਦ ਪਤਰਸ ਨੇ ਆਖਿਆ, ਹਨਾਨਿਯਾ, ਸ਼ੈਤਾਨ ਨੇ ਤੇਰੇ ਮਨ ਵਿੱਚ ਕਿਉਂ ਪਾਇਆ ਜੋ ਤੂੰ ਪਵਿੱਤਰ ਆਤਮਾ ਨਾਲ ਝੂਠ ਬੋਲੇਂ ਅਤੇ ਉਸ ਖੇਤ ਦੇ ਮੁੱਲ ਵਿੱਚੋਂ ਕੁੱਝ ਰੱਖ ਛੱਡੇਂ ?4ਜਦ ਤੱਕ ਉਹ ਜਾਇਦਾਦ ਵੇਚੀ ਨਾ ਗਈ ਸੀ, ਕੀ ਤੇਰੇ ਵੱਸ ਵਿੱਚ ਨਹੀਂ ਸੀ ? ਤੂੰ ਇਹ ਗੱਲ ਆਪਣੇ ਮਨ ਵਿੱਚ ਕਿਉਂ ਸੋਚੀ ? ਤੂੰ ਮਨੁੱਖਾਂ ਨਾਲ ਨਹੀਂ ਸਗੋਂ ਪਰਮੇਸ਼ੁਰ ਨਾਲ ਝੂਠ ਬੋਲਿਆ ਹੈ ।5ਹਨਾਨਿਯਾ ਇਹ ਗੱਲਾਂ ਸੁਣਦਿਆਂ ਹੀ ਡਿੱਗ ਗਿਆ ਅਤੇ ਉਹ ਨੇ ਪ੍ਰਾਣ ਛੱਡ ਦਿੱਤੇ ਅਤੇ ਜਿਨ੍ਹਾਂ ਨੇ ਵੀ ਸੁਣਿਆ ਉਨ੍ਹਾਂ ਸਭਨਾਂ ਉੱਤੇ ਵੱਡਾ ਡਰ ਛਾ ਗਿਆ ।6ਅਤੇ ਜਵਾਨਾਂ ਨੇ ਉੱਠ ਕੇ ਉਸ ਨੂੰ ਕਫ਼ਨ ਪਹਿਨਾਇਆ ਅਤੇ ਬਾਹਰ ਲੈ ਜਾ ਕੇ ਦੱਬ ਦਿੱਤਾ ।
7ਇਹ ਘਟਨਾ ਤੋਂ ਅਣਜਾਣ, ਉਹ ਦੀ ਪਤਨੀ ਲੱਗਭਗ ਤਿੰਨ ਘੰਟਿਆਂ ਦੇ ਬਾਅਦ ਅੰਦਰ ਆਈ ।8ਤਦ ਪਤਰਸ ਨੇ ਉਹ ਨੂੰ ਆਖਿਆ, ਕੀ ਤੁਸੀਂ ਉਹ ਖੇਤ ਐੱਨੇ ਵਿੱਚ ਹੀ ਵੇਚਿਆ ਹੈ ? ਉਹ ਬੋਲੀ, ਹਾਂ ਐੱਨੇ ਨੂੰ ਹੀ ਵੇਚਿਆ ਹੈ ।
9ਤਦ ਪਤਰਸ ਨੇ ਉਹ ਨੂੰ ਕਿਹਾ, ਤੁਸੀਂ ਕਿਉਂ ਪ੍ਰਭੂ ਦੇ ਆਤਮਾ ਦੇ ਪਰਤਾਉਣ ਲਈ ਏਕਾ ਕੀਤਾ ? ਵੇਖ ਤੇਰੇ ਪਤੀ ਦੇ ਦੱਬਣ ਵਾਲਿਆਂ ਦੇ ਪੈਰ ਦਰਵਾਜ਼ੇ ਉੱਤੇ ਹਨ ਅਤੇ ਉਹ ਤੈਨੂੰ ਵੀ ਬਾਹਰ ਲੈ ਜਾਣਗੇ !10ਉਹ ਉਸੇ ਵੇਲੇ ਉਸ ਦੇ ਪੈਰਾਂ ਕੋਲ ਡਿੱਗ ਪਈ ਅਤੇ ਪ੍ਰਾਣ ਛੱਡ ਦਿੱਤੇ । ਤਦ ਉਨ੍ਹਾਂ ਜਵਾਨਾਂ ਨੇ ਅੰਦਰ ਜਾ ਕੇ ਉਹ ਨੂੰ ਮਰੀ ਹੋਈ ਵੇਖਿਆ, ਅਤੇ ਬਾਹਰ ਲੈ ਜਾ ਕੇ ਉਹ ਦੇ ਪਤੀ ਦੇ ਕੋਲ ਦੱਬ ਦਿੱਤਾ ।11ਤਦ ਸਾਰੀ ਕਲੀਸਿਯਾ ਅਤੇ ਜਿਨ੍ਹਾਂ ਇਹ ਗੱਲਾਂ ਸੁਣੀਆਂ ਉਨ੍ਹਾਂ ਸਭਨਾਂ ਨੂੰ ਬਹੁਤ ਡਰ ਲੱਗਾ ।
ਚਿੰਨ੍ਹ ਅਤੇ ਚਮਤਕਾਰ

12ਰਸੂਲਾਂ ਦੇ ਹੱਥੋਂ ਬਹੁਤ ਸਾਰੇ ਨਿਸ਼ਾਨ ਅਤੇ ਅਚਰਜ ਕੰਮ ਲੋਕਾਂ ਵਿੱਚ ਹੋ ਰਹੇ ਸਨ, ਅਤੇ ਉਹ ਸਭ ਇੱਕ ਮਨ ਹੋ ਕੇ ਸੁਲੇਮਾਨ ਦੇ ਦਲਾਨ ਵਿੱਚ ਇਕੱਠੇ ਹੁੰਦੇ ਸਨ ।13ਹੋਰਨਾਂ ਵਿੱਚੋਂ ਕਿਸੇ ਦਾ ਹੌਂਸਲਾ ਨਹੀਂ ਹੁੰਦਾ ਸੀ, ਜੋ ਉਨ੍ਹਾਂ ਦੀ ਸੰਗਤ ਕਰਨ ਫਿਰ ਵੀ ਲੋਕ ਉਨ੍ਹਾਂ ਦੀ ਵਡਿਆਈ ਕਰਦੇ ਸਨ ।
14ਅਤੇ ਹੋਰ ਵਿਸ਼ਵਾਸ ਕਰਨ ਵਾਲੇ ਮਨੁੱਖਾਂ ਅਤੇ ਔਰਤਾਂ ਦੀਆਂ ਟੋਲੀਆਂ ਦੀਆਂ ਟੋਲੀਆਂ ਪ੍ਰਭੂ ਨਾਲ ਮਿਲਦੀਆਂ ਜਾਂਦੀਆਂ ਸਨ ।15ਐਥੋਂ ਤੱਕ ਜੋ ਲੋਕ ਰੋਗੀਆਂ ਨੂੰ ਬਾਹਰ ਚੌਕਾਂ ਅਤੇ ਸੜਕਾਂ ਵਿੱਚ ਲਿਆਉਂਦੇ ਅਤੇ ਉਨ੍ਹਾਂ ਨੂੰ ਮੰਜੀਆਂ ਉੱਤੇ ਪਾ ਦਿੰਦੇ ਸਨ, ਇਸ ਲਈ ਕਿ ਜਦੋਂ ਪਤਰਸ ਆਵੇ ਤਦ ਹੋਰ ਨਹੀਂ ਤਾਂ ਉਹ ਦਾ ਪਰਛਾਵਾਂ ਹੀ ਉਨ੍ਹਾਂ ਵਿੱਚੋਂ ਕਿਸੇ ਉੱਤੇ ਪੈ ਜਾਵੇ ।16ਅਤੇ ਯਰੂਸ਼ਲਮ ਦੇ ਆਲੇ-ਦੁਆਲੇ ਦੇ ਨਗਰਾਂ ਵਿੱਚੋਂ ਵੀ ਬਹੁਤ ਸਾਰੇ ਰੋਗੀਆਂ ਨੂੰ ਅਤੇ ਜਿਹੜੇ ਅਸ਼ੁੱਧ ਆਤਮਾਵਾਂ ਦੇ ਸਤਾਏ ਹੋਏ ਸਨ ਇਕੱਠੇ ਹੁੰਦੇ ਅਤੇ ਉਹ ਸਾਰੇ ਚੰਗੇ ਕੀਤੇ ਜਾਂਦੇ ਸਨ ।
ਰਸੂਲਾਂ ਨੂੰ ਗ੍ਰਿਫ਼ਤਾਰ ਕਰਨਾ

17ਤਦ ਪ੍ਰਧਾਨ ਜਾਜਕ ਅਤੇ ਉਹ ਦੇ ਸਾਥੀ ਵੀ ਸਭ ਜੋ ਸਦੂਕੀ ਪੰਥ ਦੇ ਸਨ ਉੱਠੇ ਅਤੇ ਉਹ ਸਭ ਵਿਰੋਧ ਨਾਲ ਭਰ ਗਏ ।18ਅਤੇ ਉਹਨਾਂ ਨੇ ਰਸੂਲਾਂ ਨੂੰ ਫੜ੍ਹ ਕੇ ਉਹਨਾਂ ਨੂੰ ਹਵਾਲਾਤ ਵਿੱਚ ਪਾ ਦਿੱਤਾ ।
19ਪਰ ਰਾਤ ਨੂੰ ਪ੍ਰਭੂ ਦੇ ਇੱਕ ਦੂਤ ਨੇ ਉਸ ਹਵਾਲਾਤ ਦੇ ਦਰਵਾਜ਼ੇ ਨੂੰ ਖੋਲ੍ਹ ਦਿੱਤਾ ਅਤੇ ਉਹਨਾਂ ਨੂੰ ਬਾਹਰ ਕੱਢ ਕੇ ਆਖਿਆ,20ਜਾਓ ਹੈਕਲ ਵਿੱਚ ਖੜ੍ਹੇ ਹੋ ਕੇ ਇਸ ਜੀਵਨ ਦੀਆਂ ਸਾਰੀਆਂ ਗੱਲਾਂ ਲੋਕਾਂ ਨੂੰ ਸੁਣਾਓ ।21ਇਹ ਸੁਣ ਕੇ ਉਹ ਤੜਕੇ ਹੈਕਲ ਵਿੱਚ ਗਏ ਅਤੇ ਉਪਦੇਸ਼ ਦੇਣ ਲੱਗੇ । ਜਦੋਂ ਪ੍ਰਧਾਨ ਜਾਜਕ ਅਤੇ ਉਹ ਦੇ ਨਾਲ ਦੇ ਸਾਥੀ ਆਏ ਤਾਂ ਮਹਾਂ ਸਭਾ ਅਤੇ ਇਸਰਾਏਲੀਆਂ ਦੀ ਸਾਰੀ ਪੰਚਾਇਤ ਨੂੰ ਇਕੱਠਾ ਕੀਤਾ ਅਤੇ ਕੈਦਖ਼ਾਨੇ ਵਿੱਚੋਂ ਉਹਨਾਂ ਨੂੰ ਲੈ ਆਉਣ ਲਈ ਕਿਹਾ ।
22ਪਰ ਜਦੋਂ ਸਿਪਾਹੀ ਆਏ ਤਾਂ ਉਹਨਾਂ ਨੂੰ ਹਵਾਲਾਤ ਵਿੱਚ ਨਾ ਦੇਖਿਆ ਅਤੇ ਉਹ ਮੁੜ ਗਏ ।23ਅਤੇ ਉਹਨਾਂ ਨੇ ਖ਼ਬਰ ਦਿੱਤੀ ਕਿ ਅਸੀਂ ਤਾਂ ਹਵਾਲਾਤ ਨੂੰ ਵੱਡੀ ਚੌਕਸੀ ਨਾਲ ਬੰਦ ਕੀਤਾ ਹੋਇਆ ਅਤੇ ਪਹਿਰੇ ਵਾਲਿਆਂ ਨੂੰ ਫਾਟਕਾਂ ਉੱਤੇ ਖੜੇ ਹੋਏ ਵੇਖਿਆ ਪਰ ਜਦੋਂ ਅਸੀਂ ਅੰਦਰ ਗਏ ਤਾਂ ਕਿਸੇ ਨੂੰ ਨਾ ਵੇਖਿਆ ।
24ਜਦੋਂ ਹੈਕਲ ਦੇ ਅਧਿਕਾਰੀ ਅਤੇ ਮੁੱਖ ਜਾਜਕਾਂ ਨੇ ਇਹ ਗੱਲਾਂ ਸੁਣੀਆਂ ਤਾਂ ਇਨ੍ਹਾਂ ਕਰਕੇ ਦੁਬਧਾ ਵਿੱਚ ਪਏ ਕਿ ਹੁਣ ਕੀ ਹੋਵੇਗਾ ?25ਤਦ ਕਿਸੇ ਆ ਕੇ ਉਨ੍ਹਾਂ ਨੂੰ ਖ਼ਬਰ ਦਿੱਤੀ, ਕਿ ਵੇਖੋ, ਜਿਨ੍ਹਾਂ ਮਨੁੱਖਾਂ ਨੂੰ ਤੁਸੀਂ ਹਵਾਲਾਤ ਵਿੱਚ ਪਾ ਦਿੱਤਾ ਸੀ, ਉਹ ਹੈਕਲ ਵਿੱਚ ਖੜੇ ਲੋਕਾਂ ਨੂੰ ਉਪਦੇਸ਼ ਦੇ ਰਹੇ ਹਨ !
26ਤਦ ਉਹ ਸਰਦਾਰ ਸਿਪਾਹੀਆਂ ਨਾਲ ਜਾ ਕੇ, ਉਹਨਾਂ ਨੂੰ ਲਿਆਇਆ ਪਰ ਧੱਕੇ ਨਾਲ ਨਹੀਂ ਕਿਉਂ ਜੋ ਉਹ ਲੋਕਾਂ ਤੋਂ ਡਰਦੇ ਸਨ ਕਿ ਉਹ ਸਾਨੂੰ ਪੱਥਰ ਨਾ ਮਾਰਨ ।27ਅਤੇ ਉਹਨਾਂ ਨੂੰ ਲਿਆ ਕੇ ਮਹਾਂ ਸਭਾ ਵਿੱਚ ਖੜੇ ਕੀਤਾ । ਤਦ ਪ੍ਰਧਾਨ ਜਾਜਕ ਨੇ ਉਹਨਾਂ ਨੂੰ ਪੁੱਛਿਆ ।28ਅਸੀਂ ਤਾਂ ਤੁਹਾਨੂੰ ਹੁਕਮ ਕੀਤਾ ਸੀ ਜੋ ਇਸ ਨਾਮ ਦਾ ਉਪਦੇਸ਼ ਨਾ ਦੇਣਾ, ਫਿਰ ਵੀ ਵੇਖੋ, ਤੁਸੀਂ ਯਰੂਸ਼ਲਮ ਨੂੰ ਆਪਣੀ ਸਿੱਖਿਆ ਨਾਲ ਭਰ ਦਿੱਤਾ, ਨਾਲੇ ਇਹ ਚਾਹੁੰਦੇ ਹੋ, ਕਿ ਇਸ ਮਨੁੱਖ ਦਾ ਖੂਨ ਸਾਡੇ ਉੱਤੇ ਆ ਜਾਵੇ ।
29ਤਦ ਪਤਰਸ ਅਤੇ ਰਸੂਲਾਂ ਨੇ ਉੱਤਰ ਦਿੱਤਾ ਕਿ ਮਨੁੱਖਾਂ ਦੇ ਹੁਕਮਾਂ ਨਾਲੋਂ ਪਰਮੇਸ਼ੁਰ ਦੀ ਆਗਿਆ ਦਾ ਮੰਨਣਾ ਜ਼ਰੂਰੀ ਹੈ ।30ਸਾਡੇ ਬਾਪ ਦਾਦਿਆਂ ਦੇ ਪਰਮੇਸ਼ੁਰ ਨੇ ਯਿਸੂ ਨੂੰ ਜਿਉਂਦਾ ਕੀਤਾ, ਜਿਸ ਨੂੰ ਤੁਸੀਂ ਸਲੀਬ ਉੱਤੇ ਲਟਕਾ ਕੇ ਮਾਰ ਦਿੱਤਾ ਸੀ ।31ਉਸੇ ਨੂੰ ਪਰਮੇਸ਼ੁਰ ਨੇ ਆਪਣੇ ਸੱਜੇ ਹੱਥ ਨਾਲ ਅੱਤ ਉੱਚਾ ਕਰ ਕੇ ਪ੍ਰਭੂ ਅਤੇ ਮੁਕਤੀਦਾਤਾ ਠਹਿਰਾਇਆ ਤਾਂ ਜੋ ਉਹ ਇਸਰਾਏਲ ਨੂੰ ਤੌਬਾ ਅਤੇ ਪਾਪਾਂ ਦੀ ਮਾਫ਼ੀ ਬਖ਼ਸ਼ੇ ।32ਅਸੀਂ ਇਹਨਾਂ ਗੱਲਾਂ ਦੇ ਗਵਾਹ ਹਾਂ ਅਤੇ ਪਵਿੱਤਰ ਆਤਮਾ ਵੀ ਜੋ ਪਰਮੇਸ਼ੁਰ ਨੇ ਆਪਣੇ ਮੰਨਣ ਵਾਲਿਆਂ ਨੂੰ ਬਖ਼ਸ਼ਿਆ ਹੈ ।

33ਇਹ ਸੁਣ ਕੇ ਉਹ ਗੁੱਸੇ ਨਾਲ ਭਰ ਗਏ ਅਤੇ ਉਹਨਾਂ ਨੂੰ ਮਾਰਨ ਦੀ ਯੋਜਨਾ ਬਣਾਈ ।34ਪਰ ਗਮਲੀਏਲ ਨਾਮ ਦੇ ਇੱਕ ਫ਼ਰੀਸੀ ਜੋ ਉਪਦੇਸ਼ਕ ਸੀ ਅਤੇ ਸਭ ਲੋਕਾਂ ਵਿੱਚ ਆਦਰਯੋਗ ਸੀ ਮਹਾਂ ਸਭਾ ਵਿੱਚ ਉੱਠ ਕੇ ਹੁਕਮ ਕੀਤਾ ਕਿ ਇਨ੍ਹਾਂ ਮਨੁੱਖਾਂ ਨੂੰ ਥੋੜ੍ਹੇ ਸਮੇਂ ਲਈ ਬਾਹਰ ਕੱਢ ਦਿਓ
35ਤਾਂ ਉਸ ਨੇ ਉਨ੍ਹਾਂ ਨੂੰ ਆਖਿਆ ਕਿ ਹੇ ਇਸਰਾਏਲੀ ਲੋਕੋ, ਖ਼ਬਰਦਾਰ ਰਹੋ, ਜੋ ਤੁਸੀਂ ਇਨ੍ਹਾਂ ਮਨੁੱਖਾਂ ਨਾਲ ਕੀ ਕਰਨਾ ਚਾਹੁੰਦੇ ਹੋ ।36ਕਿਉਂ ਜੋ ਇਨ੍ਹਾਂ ਦਿਨਾਂ ਤੋਂ ਅੱਗੇ ਥੇਉਦਾਸ ਉੱਠਿਆ ਅਤੇ ਕਹਿਣ ਲੱਗਾ ਕਿ ਮੈਂ ਕੁੱਝ ਹਾਂ ਅਤੇ ਗਿਣਤੀ ਵਿੱਚ ਚਾਰ ਸੌ ਆਦਮੀ ਉਹ ਦੇ ਨਾਲ ਮਿਲ ਗਏ ਅਤੇ ਉਹ ਮਾਰਿਆ ਗਿਆ ਅਤੇ ਸਭ ਜੋ ਉਹ ਨੂੰ ਮੰਨਦੇ ਸਨ, ਖਿੱਲਰ ਗਏ ਅਤੇ ਬੇ ਠਿਕਾਣੇ ਹੋ ਗਏ ।37ਉਹ ਦੇ ਬਾਅਦ ਮਰਦੁਮਸ਼ੁਮਾਰੀ ਦੇ ਦਿਨਾਂ ਵਿੱਚ ਗਲੀਲ ਦਾ ਰਹਿਣ ਵਾਲਾ ਯਹੂਦਾ ਉੱਠਿਆ ਅਤੇ ਲੋਕਾਂ ਨੂੰ ਆਪਣੇ ਮਗਰ ਲਾ ਲਿਆ । ਉਹ ਦਾ ਵੀ ਨਾਸ ਹੋਇਆ ਅਤੇ ਜਿੰਨੇ ਉਹ ਨੂੰ ਮੰਨਦੇ ਸਨ, ਸਾਰੇ ਖਿੱਲਰ ਗਏ ।
38ਅਤੇ ਹੁਣ ਮੈਂ ਤੁਹਾਨੂੰ ਆਖਦਾ ਹਾਂ ਕਿ ਇਨ੍ਹਾਂ ਮਨੁੱਖਾਂ ਤੋਂ ਦੂਰ ਹੋਵੋ ਅਤੇ ਇਨ੍ਹਾਂ ਨੂੰ ਜਾਣ ਦਿਓ ਕਿਉਂਕਿ ਜੇ ਇਹ ਯੋਜਨਾ ਆਦਮੀਆਂ ਦੀ ਵੱਲੋਂ ਹੈ ਤਾਂ ਨਸ਼ਟ ਹੋ ਜਾਵੇਗੀ ।39ਪਰ ਜੇ ਪਰਮੇਸ਼ੁਰ ਵੱਲੋਂ ਹੈ ਤਾਂ ਤੁਸੀਂ ਉਨ੍ਹਾਂ ਨੂੰ ਨਸ਼ਟ ਨਹੀਂ ਕਰ ਸਕਦੇ ਕਿ ਇਸ ਤਰ੍ਹਾਂ ਨਾ ਹੋਵੇ ਜੋ ਤੁਸੀਂ ਪਰਮੇਸ਼ੁਰ ਨਾਲ ਵੀ ਲੜਨ ਵਾਲੇ ਠਹਿਰੋਂ ।
40ਉਨ੍ਹਾਂ ਨੇ ਉਹ ਦੀ ਮਨ ਲਈ ਅਤੇ ਜਦੋਂ ਰਸੂਲਾਂ ਨੂੰ ਕੋਲ ਸੱਦਿਆ ਤੇ ਮਾਰ ਕੁੱਟ ਕੇ ਉਹਨਾਂ ਨੂੰ ਆਗਿਆ ਕੀਤੀ ਜੋ ਯਿਸੂ ਦੇ ਨਾਮ ਦਾ ਚਰਚਾ ਨਾ ਕਰਨਾ, ਫਿਰ ਉਹਨਾਂ ਨੂੰ ਛੱਡ ਦਿੱਤਾ ।41ਉਹ ਇਸ ਗੱਲ ਤੋਂ ਅਨੰਦ ਕਰਦੇ ਹੋਏ ਜੋ ਅਸੀਂ ਉਸ ਨਾਮ ਦੇ ਕਾਰਨ ਬੇਪਤ ਹੋਣ ਦੇ ਯੋਗ ਗਿਣੇ ਗਏ ਮਹਾਂ ਸਭਾ ਦੇ ਸਾਹਮਣਿਓਂ ਚਲੇ ਗਏ ।42ਅਤੇ ਉਹ ਹਰ ਰੋਜ਼ ਹੈਕਲ ਵਿੱਚ ਅਤੇ ਘਰਾਂ ਵਿੱਚ ਉਪਦੇਸ਼ ਕਰਨ ਅਤੇ ਇਹ ਖੁਸ਼ਖਬਰੀ ਸੁਣਾਉਣ ਤੋਂ ਨਾ ਹਟੇ ਕਿ ਯਿਸੂ ਹੀ ਮਸੀਹ ਹੈ !

6
ਸੱਤ ਸੇਵਕਾਂ ਦਾ ਚੁਣਿਆ ਜਾਣਾ

1ਉਹਨਾਂ ਦਿਨਾਂ ਵਿੱਚ ਚੇਲਿਆਂ ਦੀ ਗਿਣਤੀ ਵਧਦੀ ਜਾ ਰਹੀ ਸੀ ਤਾਂ ਯੂਨਾਨੀ ਅਤੇ ਯਹੂਦੀ ਇਬਰਾਨੀਆਂ ਉੱਤੇ ਬੁੜ-ਬੁੜਾਉਣ ਲੱਗੇ, ਕਿਉਂ ਜੋ ਹਰ ਦਿਨ ਭੋਜਨ ਵੰਡਣ ਦੇ ਸਮੇਂ ਉਹ ਉਨ੍ਹਾਂ ਦੀਆਂ ਵਿਧਵਾਵਾਂ ਦੀ ਖ਼ਬਰ ਨਹੀਂ ਲੈਂਦੇ ਸਨ ।

2ਤਦ ਉਹਨਾਂ ਨੇ ਬਾਰ੍ਹਾਂ ਚੇਲਿਆਂ ਦੀ ਸੰਗਤ ਨੂੰ ਕੋਲ ਸੱਦ ਕੇ ਆਖਿਆ, ਇਹ ਚੰਗੀ ਗੱਲ ਨਹੀਂ ਜੋ ਅਸੀਂ ਪਰਮੇਸ਼ੁਰ ਦਾ ਬਚਨ ਛੱਡ ਕੇ ਖਿਲਾਉਣ ਪਿਲਾਉਣ ਦੀ ਸੇਵਾ ਕਰੀਏ ।3ਇਸ ਲਈ, ਹੇ ਭਰਾਵੋ ਆਪਣੇ ਵਿੱਚੋਂ ਸੱਤ ਨੇਕਨਾਮ ਅਤੇ ਆਤਮਾ ਨਾਲ ਭਰਪੂਰ ਲੋਕਾਂ ਨੂੰ ਚੁਣ ਲਵੋ, ਕਿ ਅਸੀਂ ਉਹਨਾਂ ਨੂੰ ਇਸ ਕੰਮ ਦੀ ਜਿੰਮੇਵਾਰੀ ਦੇਈਏ ।4ਪਰ ਅਸੀਂ ਪ੍ਰਾਰਥਨਾ ਅਤੇ ਬਚਨ ਦੀ ਸੇਵਾ ਵਿੱਚ ਲੱਗੇ ਰਹਾਂਗੇ ।
5ਇਹ ਗੱਲ ਸਾਰੀ ਸੰਗਤ ਨੂੰ ਚੰਗੀ ਲੱਗੀ ਅਤੇ ਉਨ੍ਹਾਂ ਨੇ ਇਸਤੀਫ਼ਾਨ ਨਾਮ ਦੇ ਇੱਕ ਮਨੁੱਖ ਨੂੰ ਜਿਹੜਾ ਵਿਸ਼ਵਾਸ ਅਤੇ ਪਵਿੱਤਰ ਆਤਮਾ ਨਾਲ ਭਰਪੂਰ ਸੀ ਅਤੇ ਫਿਲਿੱਪੁਸ, ਪ੍ਰੋਖੋਰੁਸ, ਨਿਕਾਨੋਰ, ਤੀਮੋਨ, ਪਰਮਨਾਸ ਅਤੇ ਨਿਕਲਾਉਸ ਨੂੰ ਚੁਣ ਲਿਆ ਜੋ ਅੰਤਾਕਿਯਾ ਦਾ ਸੀ ਅਤੇ ਜਿਸਨੇ ਯਹੂਦੀ ਮੱਤ ਨੂੰ ਕਬੂਲ ਕਰ ਲਿਆ ਸੀ ।6ਅਤੇ ਉਹਨਾਂ ਨੂੰ ਰਸੂਲਾਂ ਦੇ ਅੱਗੇ ਖੜ੍ਹਾ ਕੀਤਾ ਅਤੇ ਉਨ੍ਹਾਂ ਨੇ ਪ੍ਰਾਰਥਨਾ ਕਰਕੇ ਉਹਨਾਂ ਉੱਤੇ ਹੱਥ ਰੱਖੇ ।

7ਪਰਮੇਸ਼ੁਰ ਦਾ ਬਚਨ ਫੈਲਦਾ ਗਿਆ ਅਤੇ ਯਰੂਸ਼ਲਮ ਵਿੱਚ ਚੇਲਿਆਂ ਦੀ ਗਿਣਤੀ ਬਹੁਤ ਵਧਦੀ ਜਾ ਰਹੀ ਸੀ ਅਤੇ ਬਹੁਤ ਸਾਰੇ ਜਾਜਕ ਵੀ ਇਸ ਮੱਤ ਨੂੰ ਮੰਨਣ ਵਾਲੇ ਹੋ ਗਏ ਸਨ ।
ਇਸਤੀਫ਼ਾਨ ਦੀ ਗ੍ਰਿਫ਼ਤਾਰੀ

8ਇਸਤੀਫ਼ਾਨ ਕਿਰਪਾ ਅਤੇ ਸਮਰੱਥਾ ਨਾਲ ਭਰਪੂਰ ਹੋ ਕੇ ਵੱਡੇ ਅਚਰਜ ਕੰਮ ਅਤੇ ਨਿਸ਼ਾਨ ਲੋਕਾਂ ਦੇ ਵਿੱਚ ਕਰਦਾ ਸੀ ।9ਪਰ ਉਸ ਪ੍ਰਾਰਥਨਾ ਘਰ ਵਿੱਚੋਂ ਜੋ ਲਿਬਰਤੀਨੀਆਂ ਦੀ ਕਹਾਉਂਦੀ ਹੈ ਅਤੇ ਕੁਰੇਨੀਆਂ ਅਤੇ ਸਿਕੰਦਰਿਯਾ ਵਿੱਚੋਂ ਅਤੇ ਉਨ੍ਹਾਂ ਵਿੱਚੋਂ ਜਿਹੜੇ ਕਿਲਕਿਯਾ ਅਤੇ ਏਸ਼ੀਆ ਤੋਂ ਆਏ ਸਨ, ਕਈ ਆਦਮੀ ਉੱਠ ਕੇ ਇਸਤੀਫ਼ਾਨ ਨਾਲ ਬਹਿਸ ਕਰਨ ਲੱਗੇ ।
10ਪਰ ਉਹ ਉਸ ਦੀ ਬੁੱਧ ਅਤੇ ਆਤਮਾ ਦਾ ਜਿਸ ਦੇ ਨਾਲ ਉਹ ਗੱਲਾਂ ਕਰਦਾ ਸੀ, ਸਾਹਮਣਾ ਨਾ ਕਰ ਸਕੇ ।11ਫੇਰ ਉਨ੍ਹਾਂ ਨੇ ਕੁੱਝ ਮਨੁੱਖਾਂ ਨੂੰ ਭਰਮਾ ਕੇ ਇਹ ਬੋਲਣ ਲਈ ਕਿਹਾ, ਕਿ ਅਸੀਂ ਇਹ ਨੂੰ ਮੂਸਾ ਅਤੇ ਪਰਮੇਸ਼ੁਰ ਦੇ ਵਿਰੁੱਧ ਕੁਫ਼ਰ ਬੋਲਦੇ ਸੁਣਿਆ ਹੈ ।
12ਤਦ ਉਨ੍ਹਾਂ ਨੇ ਲੋਕਾਂ, ਬਜ਼ੁਰਗਾਂ ਅਤੇ ਉਪਦੇਸ਼ਕਾਂ ਨੂੰ ਭੜਕਾਇਆ ਅਤੇ ਉਹ ਉਸ ਉੱਤੇ ਚੜ੍ਹ ਆਏ ਅਤੇ ਫੜ੍ਹ ਕੇ ਮਹਾਂ ਸਭਾ ਵਿੱਚ ਲੈ ਗਏ ।13ਉਨ੍ਹਾਂ ਨੇ ਝੂਠੇ ਗਵਾਹਾਂ ਨੂੰ ਖੜੇ ਕੀਤਾ ਜੋ ਬੋਲੇ ਕਿ ਇਹ ਮਨੁੱਖ ਇਸ ਪਵਿੱਤਰ ਸਥਾਨ ਅਤੇ ਬਿਵਸਥਾ ਦੇ ਵਿਰੁੱਧ ਬੋਲਣ ਤੋਂ ਨਹੀਂ ਹਟਦਾ ਹੈ ।14ਅਸੀਂ ਤਾਂ ਇਸ ਨੂੰ ਇਹ ਆਖਦੇ ਸੁਣਿਆ ਹੈ ਕਿ ਯਿਸੂ ਨਾਸਰੀ ਇਸ ਸਥਾਨ ਨੂੰ ਢਾਹ ਦੇਵੇਗਾ ਅਤੇ ਜਿਹੜੀਆਂ ਰੀਤਾਂ ਮੂਸਾ ਨੇ ਸਾਨੂੰ ਦਿੱਤੀਆਂ ਹਨ, ਉਨ੍ਹਾਂ ਨੂੰ ਬਦਲ ਦੇਵੇਗਾ ।15ਜਦੋਂ ਉਨ੍ਹਾਂ ਸਭ ਲੋਕਾਂ ਨੇ ਜਿਹੜੇ ਮਹਾਂ ਸਭਾ ਵਿੱਚ ਬੈਠੇ ਸਨ, ਉਹ ਦੀ ਵੱਲ ਧਿਆਨ ਕੀਤਾ ਤਾਂ ਉਹ ਦਾ ਚਿਹਰਾ ਸਵਰਗ ਦੂਤ ਦੇ ਰੂਪ ਵਰਗਾ ਚਮਕਦਾ ਦੇਖਿਆ ।

7
ਇਸਤੀਫ਼ਾਨ ਦਾ ਉਪਦੇਸ਼ ਅਤੇ ਮੌਤ

1ਪ੍ਰਧਾਨ ਜਾਜਕ ਨੇ ਪੁੱਛਿਆ, ਕੀ ਇਹ ਗੱਲਾਂ ਇਸ ਤਰ੍ਹਾਂ ਹੀ ਹਨ ?2ਤਾਂ ਉਹ ਬੋਲਿਆ, ਹੇ ਭਰਾਵੋ ਅਤੇ ਬਜ਼ੁਰਗੋ, ਸੁਣੋ । ਸਾਡੇ ਪਿਤਾ ਅਬਰਾਹਾਮ ਨੂੰ ਹਾਰਾਨ ਵਿੱਚ ਵੱਸਣ ਤੋਂ ਪਹਿਲਾਂ ਜਦੋਂ ਉਹ ਮੈਸੋਪਟਾਮਿਆ ਵਿੱਚ ਸੀ, ਉਸ ਨੂੰ ਤੇਜ ਰੂਪ ਵਿੱਚ ਪਰਮੇਸ਼ੁਰ ਨੇ ਦਰਸ਼ਣ ਦਿੱਤਾ ।3ਅਤੇ ਉਹ ਨੂੰ ਆਖਿਆ, ਤੂੰ ਆਪਣੇ ਦੇਸ ਅਤੇ ਆਪਣੇ ਰਿਸ਼ਤੇਦਾਰਾਂ ਵਿੱਚੋਂ ਨਿੱਕਲ ਕੇ ਉਸ ਦੇਸ ਵਿੱਚ ਜਿਹੜਾ ਮੈਂ ਤੈਨੂੰ ਵਿਖਾਵਾਂਗਾ ਚੱਲਿਆ ਜਾ ।

4ਤਦ ਉਹ ਕਸਦੀਆਂ ਦੇ ਦੇਸ ਤੋਂ ਨਿੱਕਲ ਕੇ ਹਾਰਾਨ ਵਿੱਚ ਜਾ ਵੱਸਿਆ ਅਤੇ ਉਹ ਦੇ ਪਿਤਾ ਦੇ ਮਰਨ ਪਿੱਛੋਂ ਪਰਮੇਸ਼ੁਰ ਨੇ ਉਹ ਨੂੰ ਉੱਥੋਂ ਲਿਆ ਕੇ ਇਸ ਦੇਸ ਵਿੱਚ ਵਸਾਇਆ, ਜਿੱਥੇ ਹੁਣ ਤੁਸੀਂ ਰਹਿੰਦੇ ਹੋ ।5ਪਰਮੇਸ਼ੁਰ ਨੇ ਉਸ ਨੂੰ ਕੋਈ ਅਧਿਕਾਰ ਨਹੀਂ ਦਿੱਤਾ ਸਗੋਂ ਪੈਰ ਰੱਖਣ ਦੀ ਥਾਂ ਵੀ ਨਾ ਦਿੱਤੀ, ਪਰ ਉਸ ਨੇ ਵਾਇਦਾ ਕੀਤਾ ਜੋ ਮੈਂ ਇਹ ਧਰਤੀ ਤੈਨੂੰ ਅਤੇ ਤੇਰੇ ਪਿੱਛੋਂ ਤੇਰੀ ਅੰਸ ਨੂੰ ਦਿਆਂਗਾ ਭਾਵੇਂ ਉਸ ਦੇ ਕੋਲ ਅਜੇ ਕੋਈ ਪੁੱਤਰ ਨਹੀਂ ਸੀ ।
6ਪਰਮੇਸ਼ੁਰ ਨੇ ਇਸ ਤਰ੍ਹਾਂ ਆਖਿਆ ਕਿ ਤੇਰੀ ਅੰਸ ਪਰਦੇਸ ਵਿੱਚ ਜਾ ਕੇ ਰਹੇਗੀ ਅਤੇ ਉਹ ਉਸ ਨੂੰ ਗੁਲਾਮ ਬਣਾ ਕੇ ਰੱਖਣਗੇ ਅਤੇ ਚਾਰ ਸੌਂ ਸਾਲ ਤੱਕ ਉਹ ਦੁੱਖ ਦੇਣਗੇ ।7ਫੇਰ ਪਰਮੇਸ਼ੁਰ ਨੇ ਆਖਿਆ, ਮੈਂ ਉਸ ਕੌਮ ਉੱਤੇ ਜਿਸ ਦੇ ਉਹ ਗੁਲਾਮ ਹੋਣਗੇ ਸਜ਼ਾ ਦਿਆਂਗਾ, ਅਤੇ ਉਸ ਤੋਂ ਬਾਅਦ ਉਹ ਛੁੱਟ ਜਾਣਗੇ ਅਤੇ ਇਸੇ ਥਾਂ ਵਿੱਚ ਮੇਰੀ ਬੰਦਗੀ ਕਰਨਗੇ ।8ਅਤੇ ਉਸ ਨੇ ਉਹਨਾਂ ਦੇ ਨਾਲ ਸੁੰਨਤ ਦਾ ਨੇਮ ਬੰਨਿਆ, ਇਸ ਤਰ੍ਹਾਂ ਉਹ ਦੇ ਇਸਹਾਕ ਜੰਮਿਆ ਅਤੇ ਉਹ ਨੇ ਅੱਠਵੇਂ ਦਿਨ ਉਹ ਦੀ ਸੁੰਨਤ ਕੀਤੀ ਅਤੇ ਇਸਹਾਕ ਦੇ ਘਰ ਯਾਕੂਬ ਜੰਮਿਆ ਅਤੇ ਯਾਕੂਬ ਦੇ ਘਰ ਬਾਰਾਂ ਗੋਤਾਂ ਦੇ ਸਰਦਾਰ ਜੰਮੇ ।
9ਅਤੇ ਉਨ੍ਹਾਂ ਸਰਦਾਰਾਂ ਨੇ ਯੂਸੁਫ਼ ਨਾਲ ਵਿਰੋਧ ਕਰ ਕੇ ਉਹ ਨੂੰ ਵੇਚ ਦਿੱਤਾ ਕਿ ਉਹ ਨੂੰ ਮਿਸਰ ਵਿੱਚ ਲੈ ਜਾਣ, ਫਿਰ ਵੀ ਪਰਮੇਸ਼ੁਰ ਯੂਸੁਫ਼ ਦੇ ਨਾਲ ਸੀ ।10ਅਤੇ ਪਰਮੇਸ਼ੁਰ ਨੇ ਉਹ ਦੇ ਸਾਰੇ ਦੁੱਖਾਂ ਤੋਂ ਛੁਡਾਇਆ ਅਤੇ ਉਹ ਨੂੰ ਮਿਸਰ ਦੇ ਪਾਤਸ਼ਾਹ ਫ਼ਿਰਊਨ ਦੇ ਸਾਹਮਣੇ ਉਸ ਨੂੰ ਕਿਰਪਾ ਅਤੇ ਬੁੱਧ ਦਿੱਤੀ ਤਾਂ ਰਾਜੇ ਨੇ ਉਸ ਨੂੰ ਆਪਣੇ ਸਾਰੇ ਘਰ ਦਾ ਅਧਿਕਾਰੀ ਬਣਾਇਆ ।
11ਫਿਰ ਸਾਰੇ ਮਿਸਰ ਅਤੇ ਕਨਾਨ ਵਿੱਚ ਕਾਲ ਪਿਆ ਅਤੇ ਵੱਡਾ ਕਸ਼ਟ ਆਇਆ ਅਤੇ ਸਾਡੇ ਪਿਉ-ਦਾਦਿਆਂ ਨੂੰ ਅਨਾਜ਼ ਨਹੀਂ ਮਿਲਿਆ ।12ਪਰ ਜਦੋਂ ਯਾਕੂਬ ਨੇ ਸੁਣਿਆ ਕਿ ਮਿਸਰ ਵਿੱਚ ਅਨਾਜ਼ ਹੈ ਤਾਂ ਸਾਡੇ ਪਿਉ-ਦਾਦਿਆਂ ਨੂੰ ਪਹਿਲੀ ਵਾਰ ਮਿਸਰ ਵਿੱਚ ਭੇਜਿਆ ।13ਅਤੇ ਦੂਜੀ ਵਾਰ ਯੂਸੁਫ਼ ਨੇ ਆਪਣੇ ਆਪ ਨੂੰ ਆਪਣੇ ਭਰਾਵਾਂ ਉੱਤੇ ਪਰਗਟ ਕੀਤਾ, ਅਤੇ ਫ਼ਿਰਊਨ ਨੂੰ ਯੂਸੁਫ਼ ਦੇ ਘਰਾਣੇ ਬਾਰੇ ਪਤਾ ਲੱਗ ਗਿਆ ।
14ਤਦ ਯੂਸੁਫ਼ ਨੇ ਆਪਣੇ ਪਿਉ ਯਾਕੂਬ ਨੂੰ ਅਤੇ ਆਪਣੇ ਸਾਰੇ ਘਰਾਣੇ ਨੂੰ ਜੋ ਪੰਝੱਤਰ ਜਣੇ ਸਨ, ਬੁਲਾ ਲਿਆ ।15ਯਾਕੂਬ ਮਿਸਰ ਨੂੰ ਗਿਆ ਅਤੇ ਉਹ ਆਪ ਮਰ ਗਿਆ ਅਤੇ ਸਾਡੇ ਪਿਉ-ਦਾਦੇ ਵੀ ।16ਅਤੇ ਉਹ ਸ਼ਕਮ ਵਿੱਚ ਪਹੁੰਚਾਏ ਗਏ ਅਤੇ ਉਸ ਕਬਰਸਤਾਨ ਵਿੱਚ ਦੱਬੇ ਗਏ ਜੋ ਹਮੋਰ ਦੇ ਪੁੱਤਰਾਂ ਤੋਂ ਮੁੱਲ ਲਿਆ ਸੀ ।
17ਪਰ ਜਦੋਂ ਉਸ ਵਾਇਦੇ ਦੇ ਪੂਰੇ ਹੋਣ ਦਾ ਸਮਾਂ ਆਇਆ ਜੋ ਪਰਮੇਸ਼ੁਰ ਨੇ ਅਬਰਾਹਾਮ ਨਾਲ ਕੀਤਾ ਸੀ ਤਾਂ ਉਹ ਲੋਕ ਮਿਸਰ ਵਿੱਚ ਬਹੁਤ ਵਧਣ ਲੱਗੇ ।18ਉਸ ਸਮੇਂ ਮਿਸਰ ਵਿੱਚ ਇੱਕ ਹੋਰ ਪਾਤਸ਼ਾਹ ਬਣਿਆ, ਜਿਹੜਾ ਯੂਸੁਫ਼ ਨੂੰ ਨਹੀਂ ਜਾਣਦਾ ਸੀ ।19ਉਹ ਨੇ ਸਾਡੀ ਕੌਮ ਨਾਲ ਚਲਾਕੀ ਕਰ ਕੇ ਸਾਡੇ ਪਿਉ-ਦਾਦਿਆਂ ਨੂੰ ਤੰਗ ਕੀਤਾ, ਕਿ ਉਹ ਆਪਣੇ ਬਾਲਕਾਂ ਨੂੰ ਬਾਹਰ ਸੁੱਟ ਦੇਣ ਤਾਂ ਜੋ ਉਹ ਜਿਉਂਦੇ ਨਾ ਰਹਿਣ ।
20ਉਸ ਸਮੇਂ ਮੂਸਾ ਦਾ ਜਨਮ ਹੋਇਆ ਅਤੇ ਉਹ ਪਰਮੇਸ਼ੁਰ ਦੀਆਂ ਨਜ਼ਰਾਂ ਵਿੱਚ ਬਹੁਤ ਸੋਹਣਾ ਸੀ । ਉਹ ਤਿੰਨ ਮਹੀਨਿਆਂ ਤੱਕ ਆਪਣੇ ਪਿਉ ਦੇ ਘਰ ਵਿੱਚ ਪਲਦਾ ਰਿਹਾ ।21ਅਤੇ ਜਦੋਂ ਉਹ ਬਾਹਰ ਸੁੱਟਿਆ ਗਿਆ ਤਾਂ ਫ਼ਿਰਊਨ ਦੀ ਧੀ ਨੇ ਉਸ ਨੂੰ ਚੁੱਕ ਲਿਆ ਅਤੇ ਉਹ ਨੂੰ ਆਪਣਾ ਪੁੱਤਰ ਬਣਾ ਕੇ ਪਾਲਿਆ ।
22ਮੂਸਾ ਨੇ ਮਿਸਰੀਆਂ ਦੀ ਸਾਰੀ ਵਿੱਦਿਆ ਸਿੱਖੀ ਅਤੇ ਉਹ ਸਭ ਕੰਮਾਂ ਅਤੇ ਬੋਲਣ ਵਿੱਚ ਸਮਰੱਥ ਸੀ ।23ਜਦੋਂ ਉਹ ਚਾਲ੍ਹੀ ਸਾਲਾਂ ਦਾ ਹੋਣ ਲੱਗਾ, ਤਦ ਉਹ ਦੇ ਮਨ ਵਿੱਚ ਆਇਆ ਕਿ ਮੈਂ ਜਾ ਕੇ ਆਪਣੇ ਇਸਰਾਏਲੀ ਭਰਾਵਾਂ ਦੀ ਖ਼ਬਰ ਲਵਾਂ ।24ਤਦ ਉਸ ਨੇ ਇੱਕ ਇਸਰਾਏਲੀ ਨਾਲ ਬੁਰਾ ਵਿਹਾਰ ਹੁੰਦਾ ਵੇਖਿਆ, ਤਾਂ ਉਹ ਦੀ ਸਹਾਇਤਾ ਕੀਤੀ ਅਤੇ ਮਿਸਰੀ ਨੂੰ ਮਾਰ ਦਿੱਤਾ ਅਤੇ ਉਸ ਇਸਰਾਏਲੀ ਮਨੁੱਖ ਦਾ ਬਦਲਾ ਲੈ ਲਿਆ ।25ਤਾਂ ਉਸ ਨੇ ਸੋਚਿਆ ਕਿ ਮੇਰੇ ਭਰਾਂ ਸਮਝਣਗੇ ਜੋ ਪਰਮੇਸ਼ੁਰ ਮੇਰੇ ਹੱਥੀਂ ਉਨ੍ਹਾਂ ਨੂੰ ਛੁਟਕਾਰਾ ਦੇਣ ਲੱਗਾ ਹੈ, ਪਰ ਉਹ ਨਾ ਸਮਝੇ ।
26ਫਿਰ ਦੂਜੇ ਦਿਨ ਜਦੋਂ ਉਹ ਆਪਸ ਵਿੱਚ ਲੜਦੇ ਸਨ ਅਤੇ ਇਹ ਕਹਿ ਕੇ ਉਨ੍ਹਾਂ ਵਿੱਚ ਮੇਲ ਕਰਾਉਣਾ ਚਾਹਿਆ ਕਿ ਹੇ ਪੁਰਖੋ, ਤੁਸੀਂ ਤਾਂ ਭਰਾ ਭਰਾ ਹੋ । ਫਿਰ ਕਿਉਂ ਇੱਕ ਦੂਜੇ ਨਾਲ ਲੜਦੇ ਹੋ ?27ਪਰ ਜਿਹੜਾ ਆਪਣੇ ਗੁਆਂਢੀ ਦੇ ਨਾਲ ਲੜਦਾ ਸੀ ਉਸ ਨੇ ਉਹ ਨੂੰ ਧੱਕਾ ਮਾਰ ਕੇ ਆਖਿਆ, ਤੈਨੂੰ ਕਿਸ ਨੇ ਸਾਡੇ ਉੱਤੇ ਅਧਿਕਾਰੀ ਅਤੇ ਨਿਆਈਂ ਬਣਾਇਆ ਹੈ ?28ਕੀ ਤੂੰ ਮੈਨੂੰ ਵੀ ਮਾਰਨਾ ਚਾਹੁੰਦਾ ਹੈ ਜਿਸ ਤਰ੍ਹਾਂ ਤੂੰ ਕੱਲ ਉਸ ਮਿਸਰੀ ਨੂੰ ਮਾਰ ਦਿੱਤਾ ਸੀ ?
29ਇਸ ਗੱਲ ਨੂੰ ਸੁਣ ਕੇ ਮੂਸਾ ਭੱਜ ਗਿਆ ਅਤੇ ਮਿਦਯਾਨ ਦੇਸ ਵਿੱਚ ਜਾ ਰਹਿਣ ਲੱਗਾ । ਉੱਥੇ ਉਹ ਦੇ ਦੋ ਪੁੱਤਰ ਹੋਏ ।30ਅਤੇ ਜਦੋਂ ਚਾਲ੍ਹੀ ਸਾਲ ਬੀਤ ਗਏ ਤਾਂ ਸੀਨਈ ਦੇ ਪਹਾੜ ਦੇ ਉਜਾੜ ਵਿੱਚ ਇੱਕ ਦੂਤ ਅੱਗ ਦੀ ਲੋ ਵਿੱਚ ਝਾੜੀ ਵਿੱਚ ਉਹ ਨੂੰ ਵਿਖਾਈ ਦਿੱਤਾ ।
31ਮੂਸਾ ਨੇ ਉਸ ਦਰਸ਼ਣ ਨੂੰ ਦੇਖ ਕੇ ਅਚਰਜ ਮੰਨਿਆ ਅਤੇ ਜਦੋਂ ਦੇਖਣ ਲਈ ਨੇੜੇ ਗਿਆ ਤਾਂ ਪ੍ਰਭੂ ਦੀ ਅਵਾਜ਼ ਆਈ ।32ਕਿ ਮੈਂ ਤੇਰੇ ਪਿਉ-ਦਾਦਿਆਂ ਦਾ ਪਰਮੇਸ਼ੁਰ ਹਾਂ, ਅਬਰਾਹਾਮ, ਇਸਹਾਕ ਅਤੇ ਯਾਕੂਬ ਦਾ ਪਰਮੇਸ਼ੁਰ ਹਾਂ, ਤਦ ਮੂਸਾ ਕੰਬ ਉੱਠਿਆ ਅਤੇ ਦੇਖਣ ਦਾ ਹੌਂਸਲਾ ਨਾ ਕਰ ਸਕਿਆ ।
33ਤਦ ਪ੍ਰਭੂ ਨੇ ਉਹ ਨੂੰ ਆਖਿਆ, ਕਿ ਆਪਣਿਆਂ ਪੈਰਾਂ ਦੀ ਜੁੱਤੀ ਲਾਹ, ਕਿਉਂ ਜੋ ਇਹ ਥਾਂ ਜਿੱਥੇ ਤੂੰ ਖੜ੍ਹਾ ਹੈ ਪਵਿੱਤਰ ਧਰਤੀ ਹੈ ।34ਮੈਂ ਦ੍ਰਿਸ਼ਟੀ ਕਰ ਕੇ ਆਪਣੇ ਲੋਕਾਂ ਦਾ ਜਿਹੜੇ ਮਿਸਰ ਵਿੱਚ ਹਨ, ਕਸ਼ਟ ਵੇਖਿਆ ਅਤੇ ਮੈਂ ਉਨ੍ਹਾਂ ਦੇ ਹੌਕੇ ਸੁਣ ਕੇ ਉਨ੍ਹਾਂ ਨੂੰ ਛੁਡਾਉਣ ਲਈ ਉੱਤਰਿਆ ਹਾਂ ਸੋ ਹੁਣ ਤੂੰ ਆ, ਮੈਂ ਤੈਨੂੰ ਮਿਸਰ ਵਿੱਚ ਭੇਜਾਂਗਾ ।
35ਉਸ ਮੂਸਾ ਨੂੰ ਉਨ੍ਹਾਂ ਨੇ ਇਨਕਾਰ ਕਰ ਕੇ ਕਿਹਾ, ਤੈਨੂੰ ਕਿਸ ਨੇ ਅਧਿਕਾਰੀ ਅਤੇ ਨਿਆਈਂ ਬਣਾਇਆ ? ਉਸੇ ਨੂੰ ਪਰਮੇਸ਼ੁਰ ਨੇ ਉਸ ਦੂਤ ਦੇ ਹੱਥੀਂ ਜੋ ਉਹ ਨੂੰ ਝਾੜੀ ਵਿੱਚ ਵਿਖਾਈ ਦਿੱਤਾ ਸੀ, ਅਧਿਕਾਰੀ ਅਤੇ ਛੁਟਕਾਰਾ ਦੇਣ ਵਾਲਾ ਕਰਕੇ ਭੇਜਿਆ ।36ਇਹੋ ਮਨੁੱਖ ਮਿਸਰ, ਲਾਲ ਸਮੁੰਦਰ, ਉਜਾੜ ਵਿੱਚ ਚਾਲ੍ਹੀ ਸਾਲਾਂ ਤੱਕ ਅਚਰਜ ਕੰਮ ਅਤੇ ਨਿਸ਼ਾਨ ਵਿਖਾ ਕੇ ਉਨ੍ਹਾਂ ਨੂੰ ਕੱਢ ਲੈ ਆਇਆ ।37ਇਹ ਉਹ ਮੂਸਾ ਹੈ, ਜਿਸ ਨੇ ਇਸਰਾਏਲੀਆਂ ਨੂੰ ਆਖਿਆ, ਕਿ ਪਰਮੇਸ਼ੁਰ ਤੁਹਾਡੇ ਭਰਾਵਾਂ ਵਿੱਚੋਂ ਤੁਹਾਡੇ ਲਈ ਮੇਰੇ ਜਿਹਾ ਇੱਕ ਨਬੀ ਖੜ੍ਹਾ ਕਰੇਗਾ ।
38ਇਹ ਉਹ ਹੀ ਹੈ ਜੋ ਉਜਾੜ ਦੀ ਸਭਾ ਵਿੱਚ ਉਸ ਦੂਤ ਦੇ ਨਾਲ ਜਿਹੜਾ ਸੀਨਈ ਦੇ ਪਹਾੜ ਉੱਤੇ ਉਹ ਦੇ ਨਾਲ ਬੋਲਿਆ ਅਤੇ ਸਾਡੇ ਪਿਉ-ਦਾਦਿਆਂ ਦੇ ਨਾਲ ਸੀ, ਅਤੇ ਉਸ ਨੇ ਪਰਮੇਸ਼ੁਰ ਦੇ ਜਿਉਂਦੇ ਬਚਨ ਪਾਏ ਕਿ ਸਾਨੂੰ ਦੇਵੇ ।39ਪਰ ਸਾਡੇ ਪਿਉ-ਦਾਦਿਆਂ ਨੇ ਉਹ ਦੇ ਅਧੀਨ ਹੋਣਾ ਨਾ ਚਾਹਿਆ ਸਗੋਂ ਉਹ ਨੂੰ ਧੱਕਾ ਦਿੱਤਾ ਅਤੇ ਉਨ੍ਹਾਂ ਦਾ ਦਿਲ ਮਿਸਰ ਦੀ ਵੱਲ ਫਿਰਿਆ ।40ਅਤੇ ਉਨ੍ਹਾਂ ਨੇ ਹਾਰੂਨ ਨੂੰ ਆਖਿਆ, ਕਿ ਸਾਡੇ ਲਈ ਦੇਵਤਾ ਬਣਾ ਜਿਹੜਾ ਸਾਡੇ ਅੱਗੇ-ਅੱਗੇ ਚੱਲੇ ਕਿਉਂ ਜੋ ਉਹ ਮੂਸਾ ਜਿਹੜਾ ਸਾਨੂੰ ਮਿਸਰ ਦੇਸ ਵਿੱਚੋਂ ਕੱਢ ਲਿਆਇਆ ਸਾਨੂੰ ਪਤਾ ਨਹੀਂ ਕਿ ਉਹ ਨੂੰ ਕੀ ਹੋਇਆ ।
41ਤਾਂ ਉਨ੍ਹਾਂ ਨੇ ਇੱਕ ਵੱਛਾ ਬਣਾਇਆ ਅਤੇ ਉਸ ਮੂਰਤੀ ਅੱਗੇ ਬਲੀ ਚੜਾਈ ਅਤੇ ਆਪਣੇ ਹੱਥਾਂ ਦੇ ਕੰਮ ਉੱਤੇ ਖੁਸ਼ੀ ਮਨਾਈ ।42ਪਰ ਪਰਮੇਸ਼ੁਰ ਨੇ ਉਨ੍ਹਾਂ ਤੋਂ ਮੁੱਖ ਮੋੜ ਲਿਆ ਅਤੇ ਉਨ੍ਹਾਂ ਨੂੰ ਅਕਾਸ਼ ਦੀ ਸੈਨਾਂ ਨੂੰ ਪੂਜਣ ਲਈ ਛੱਡ ਦਿੱਤਾ, ਜਿਵੇਂ ਨਬੀਆਂ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ, “ਹੇ ਇਸਰਾਏਲ ਦੇ ਘਰਾਣੇ, ਕੀ ਤੁਸੀਂ ਮੈਨੂੰ ਉਜਾੜ ਵਿੱਚ ਚਾਲ੍ਹੀ ਸਾਲਾਂ ਤੱਕ ਭੇਟ ਅਤੇ ਬਲੀਦਾਨ ਮੈਨੂੰ ਹੀ ਚੜਾਏ ? ”
43ਅਤੇ ਤੁਸੀਂ ਮੋਲੋਕ ਦੇ ਤੰਬੂ, ਅਤੇ ਰਿਫ਼ਾਨ ਦਿਉਤੇ ਦੇ ਤਾਰੇ ਨੂੰ, ਅਰਥਾਤ ਉਨ੍ਹਾਂ ਮੂਰਤਾਂ ਨੂੰ ਚੁੱਕੀ ਫਿਰਦੇ ਹੋ ਜਿਹੜੀਆਂ ਤੁਸੀਂ ਆਪਣੇ ਪੂਜਣ ਲਈ ਬਣਾਈਆਂ, ਅਤੇ ਮੈਂ ਤੁਹਾਨੂੰ ਕੱਢ ਕੇ ਬਾਬੁਲ ਤੋਂ ਪਰੇ ਲੈ ਜਾ ਕੇ ਵਸਾਵਾਂਗਾ ।

44ਗਵਾਹੀ ਦਾ ਡੇਰਾ ਉਜਾੜ ਵਿੱਚ ਸਾਡੇ ਪਿਉ-ਦਾਦਿਆਂ ਦੇ ਕੋਲ ਸੀ, ਜਿਵੇਂ ਉਸ ਨੇ ਆਗਿਆ ਦਿੱਤੀ ਜਿਹਨਾਂ ਮੂਸਾ ਨੂੰ ਆਖਿਆ ਸੀ ਕਿ, ਉਹ ਨੂੰ ਉਸ ਤੰਬੂ ਦੇ ਨਮੂਨੇ ਦੀ ਤਰ੍ਹਾਂ ਬਣਾ ਜੋ ਤੂੰ ਵੇਖਿਆ ਹੈ ।45ਅਤੇ ਉਸ ਨੂੰ ਸਾਡੇ ਪਿਉ-ਦਾਦਿਆਂ ਤੋਂ ਲੈ ਕੇ ਯਹੋਸ਼ੁਆ ਦੇ ਨਾਲ ਇਸ ਜਗ੍ਹਾ ਤੇ ਲਿਆਏ, ਜਿਸ ਸਮੇਂ ਉਹਨਾਂ ਨੇ ਉਨ੍ਹਾਂ ਕੌਮਾਂ ਉੱਤੇ ਅਧਿਕਾਰ ਪਾਇਆ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਸਾਡੇ ਪਿਉ-ਦਾਦਿਆਂ ਦੇ ਅੱਗਿਓਂ ਕੱਢ ਦਿੱਤਾ ਅਤੇ ਉਹ ਡੇਰਾ ਦਾਊਦ ਦੇ ਦਿਨਾਂ ਤੱਕ ਰਿਹਾ ।46ਦਾਊਦ ਉੱਤੇ ਪਰਮੇਸ਼ੁਰ ਦੀ ਕਿਰਪਾ ਹੋਈ ਤਾਂ ਦਾਊਦ ਨੇ ਚਾਹਿਆ ਕਿ ਉਹ ਯਾਕੂਬ ਦੇ ਪਰਮੇਸ਼ੁਰ ਦੇ ਲਈ ਇੱਕ ਡੇਰਾ ਬਣਾਵੇ ।
47ਪਰ ਸੁਲੇਮਾਨ ਨੇ ਹੀ ਉਹ ਦੇ ਲਈ ਇੱਕ ਭਵਨ ਬਣਾਇਆ ।48ਪਰ ਅੱਤ ਮਹਾਨ ਹੱਥਾਂ ਦੇ ਬਣਾਏ ਹੋਏ ਮੰਦਰਾਂ ਵਿੱਚ ਨਹੀਂ ਰਹਿੰਦਾ, ਜਿਸ ਤਰ੍ਹਾਂ ਨਬੀ ਕਹਿੰਦਾ ਹੈ,49ਸਵਰਗ ਮੇਰਾ ਸਿੰਘਾਸਣ, ਅਤੇ ਧਰਤੀ ਮੇਰੇ ਪੈਰ ਰੱਖਣ ਦੀ ਚੌਂਕੀ ਹੈ, ਤੁਸੀਂ ਮੇਰੇ ਲਈ ਕਿਸ ਤਰ੍ਹਾਂ ਦਾ ਭਵਨ ਬਣਾਓਗੇ ? ਪ੍ਰਭੂ ਆਖਦਾ ਹੈ, ਅਤੇ ਕਿਹੜੀ ਥਾਂ ਮੇਰੇ ਆਰਾਮ ਦੇ ਲਈ ਹੋ ਸਕਦੀ ਹੈ ?50ਕੀ ਮੇਰੇ ਹੀ ਹੱਥਾਂ ਨੇ ਇਹ ਸਭ ਵਸਤਾਂ ਨਹੀਂ ਬਣਾਈਆਂ ?

51ਹੇ ਹਠੀਲੇ ਲੋਕੋ, ਤੁਹਾਡੇ ਮਨ ਅਤੇ ਕੰਨ ਬੇਸੁੰਨਤ ਹਨ, ਤੁਸੀਂ ਸਦਾ ਪਵਿੱਤਰ ਆਤਮਾ ਦਾ ਵਿਰੋਧ ਕਰਦੇ ਆਏ ਹੋ ! ਤੁਸੀਂ ਵੀ ਉਸ ਤਰ੍ਹਾਂ ਕਰਦੇ ਹੋ ਜਿਵੇਂ ਤੁਹਾਡੇ ਪਿਉ-ਦਾਦਿਆਂ ਨੇ ਕੀਤਾ ।52ਨਬੀਆਂ ਵਿੱਚੋਂ ਕਿਸਨੂੰ ਤੁਹਾਡੇ ਪਿਉ-ਦਾਦਿਆਂ ਨੇ ਨਹੀਂ ਸਤਾਇਆ ? ਸਗੋਂ ਉਨ੍ਹਾਂ ਨੇ ਉਸ ਧਰਮੀ ਦੇ ਆਉਣ ਦੀ ਖ਼ਬਰ ਦੇਣ ਵਾਲਿਆਂ ਨੂੰ ਵੱਢ ਸੁੱਟਿਆ ਜਿਸ ਦੇ ਹੁਣ ਤੁਸੀਂ ਫੜਵਾਉਣ ਵਾਲੇ ਅਤੇ ਖੂਨੀ ਹੋਏ ।53ਤੁਸੀਂ ਬਿਵਸਥਾ ਨੂੰ ਜਿਹੜੀ ਦੂਤਾਂ ਦੇ ਰਾਹੀਂ ਠਹਿਰਾਈ ਗਈ ਸੀ ਪਾਇਆ ਪਰ ਉਹ ਦੀ ਪਾਲਨਾ ਨਾ ਕੀਤੀ ।
ਇਸਤੀਫ਼ਾਨ ਉੱਤੇ ਪਥਰਾਓ

54ਇਹ ਗੱਲਾਂ ਸੁਣਦੇ ਹੀ ਉਹ ਗੁੱਸੇ ਨਾਲ ਭਰ ਗਏ ਅਤੇ ਉਸ ਉੱਤੇ ਦੰਦ ਪੀਹਣ ਲੱਗੇ ।55ਪਰ ਉਹ ਨੇ ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ ਅਕਾਸ਼ ਦੀ ਵੱਲ ਦੇਖਿਆ, ਪਰਮੇਸ਼ੁਰ ਦਾ ਤੇਜ ਅਤੇ ਯਿਸੂ ਨੂੰ ਪਰਮੇਸ਼ੁਰ ਦੇ ਸੱਜੇ ਹੱਥ ਖੜ੍ਹਾ ਵੇਖਿਆ ।56ਅਤੇ ਕਿਹਾ, ਵੇਖੋ ਮੈਂ ਅਕਾਸ਼ ਨੂੰ ਖੁੱਲ੍ਹਾ ਅਤੇ ਮਨੁੱਖ ਦੇ ਪੁੱਤਰ ਨੂੰ ਪਰਮੇਸ਼ੁਰ ਦੇ ਸੱਜੇ ਹੱਥ ਖੜ੍ਹਾ ਵੇਖਦਾ ਹਾਂ !
57ਪਰ ਉਨ੍ਹਾਂ ਨੇ ਉੱਚੀ ਅਵਾਜ਼ ਨਾਲ ਡੰਡ ਪਾ ਕੇ ਆਪਣੇ ਕੰਨ ਬੰਦ ਕਰ ਲਏ ਅਤੇ ਇੱਕ ਮਨ ਹੋ ਕੇ ਉਹ ਦੇ ਉੱਤੇ ਟੁੱਟ ਪਏ ।58ਅਤੇ ਉਸ ਨੂੰ ਸ਼ਹਿਰ ਵਿੱਚੋਂ ਬਾਹਰ ਕੱਢ ਕੇ ਉਸ ਉੱਤੇ ਪਥਰਾਹ ਕੀਤਾ ਅਤੇ ਗਵਾਹਾਂ ਨੇ ਆਪਣੇ ਕੱਪੜੇ ਸੌਲੁਸ ਨਾਮ ਦੇ ਇੱਕ ਜਵਾਨ ਦੇ ਪੈਰਾਂ ਕੋਲ ਲਾਹ ਕੇ ਰੱਖ ਦਿੱਤੇ ।
59ਉਨ੍ਹਾਂ ਨੇ ਇਸਤੀਫ਼ਾਨ ਉੱਤੇ ਪਥਰਾਹ ਕੀਤਾ ਜਦੋਂ ਉਹ ਬੇਨਤੀ ਕਰਦਾ ਹੋਇਆ ਇਹ ਆਖਦਾ ਸੀ ਕਿ ਹੇ ਪ੍ਰਭੂ ਯਿਸੂ, ਮੇਰੇ ਆਤਮਾ ਨੂੰ ਆਪਣੇ ਕੋਲ ਲੈ ਲੈ !60ਫਿਰ ਉਹ ਗੋਡਿਆਂ ਤੇ ਆ ਕੇ ਉੱਚੀ ਆਵਾਜ਼ ਨਾਲ ਬੋਲਿਆ ਕਿ, ਹੇ ਪ੍ਰਭੂ ਇਹ ਪਾਪ ਉਨ੍ਹਾਂ ਦੇ ਉੱਪਰ ਨਾ ਆਵੇ, ਅਤੇ ਇਹ ਕਹਿ ਕੇ ਉਹ ਸੌਂ ਗਿਆ l

8
ਕਲੀਸਿਯਾ ਦਾ ਸਤਾਇਆ ਜਾਣਾ

1ਸੌਲੁਸ ਉਹ ਦੇ ਮਾਰ ਦੇਣ ਤੋਂ ਰਾਜ਼ੀ ਸੀ । ਉਸ ਦਿਨ ਕਲੀਸਿਯਾ ਉੱਤੇ ਜੋ ਯਰੂਸ਼ਲਮ ਵਿੱਚ ਸੀ ਵੱਡਾ ਕਸ਼ਟ ਹੋਣ ਲੱਗਾ, ਅਤੇ ਰਸੂਲਾਂ ਤੋਂ ਬਿਨ੍ਹਾਂ ਉਹ ਸਭ ਯਹੂਦਿਯਾ ਅਤੇ ਸਾਮਰਿਯਾ ਦੇ ਦੇਸਾਂ ਵਿੱਚ ਖਿੱਲਰ ਗਏ ।2ਭਗਤ ਲੋਕਾਂ ਨੇ ਇਸਤੀਫ਼ਾਨ ਨੂੰ ਦੱਬਿਆ ਅਤੇ ਉਹ ਦੇ ਲਈ ਵੱਡਾ ਵਿਰਲਾਪ ਕੀਤਾ ।3ਪਰ ਸੌਲੁਸ ਕਲੀਸਿਯਾ ਦੀ ਤਬਾਹੀ ਕਰਦਾ ਸੀ ਅਤੇ ਉਹ ਘਰਾਂ ਵਿੱਚ ਵੜ ਕੇ ਮਰਦਾਂ ਅਤੇ ਔਰਤਾਂ ਨੂੰ ਘਸੀਟ ਕੇ ਕੈਦ ਵਿੱਚ ਪਾ ਦਿੰਦਾ ਸੀ ।

ਸਾਮਰਿਯਾ ਵਿੱਚ ਫਿਲਿਪੁੱਸ ਦਾ ਪਰਚਾਰ

4ਜਿਹੜੇ ਖਿੱਲਰ ਗਏ ਸਨ, ਘੁੰਮਦੇ ਫਿਰਦੇ ਬਚਨ ਦੀ ਖੁਸ਼ਖਬਰੀ ਦਾ ਪਰਚਾਰ ਕਰਨ ਲੱਗੇ ।5ਅਤੇ ਫ਼ਿਲਿਪੁੱਸ ਨੇ ਸਾਮਰਿਯਾ ਦੇ ਨਗਰ ਵਿੱਚ ਜਾ ਕੇ, ਉਨ੍ਹਾਂ ਦੇ ਅੱਗੇ ਮਸੀਹ ਦਾ ਪਰਚਾਰ ਕੀਤਾ ।
6ਅਤੇ ਜਦੋਂ ਲੋਕਾਂ ਨੇ ਉਹ ਨਿਸ਼ਾਨ ਜੋ ਉਹ ਵਿਖਾਉਂਦਾ ਸੀ ਸੁਣੇ ਅਤੇ ਵੇਖੇ, ਤਾਂ ਇੱਕ ਮਨ ਹੋ ਕੇ ਫ਼ਿਲਿੱਪੁਸ ਦੀਆਂ ਗੱਲਾਂ ਉੱਤੇ ਮਨ ਲਾਇਆ ।7ਕਿਉਂਕਿ ਅਸ਼ੁੱਧ ਆਤਮਾਵਾਂ ਬਹੁਤਿਆਂ ਵਿੱਚੋਂ ਜਿਨ੍ਹਾਂ ਨੂੰ ਚਿੰਬੜੀਆਂ ਹੋਈਆਂ ਸਨ, ਉੱਚੀ ਆਵਾਜ਼ ਨਾਲ ਚੀਕਾਂ ਮਾਰਦੀਆਂ ਨਿੱਕਲ ਗਈਆਂ ਅਤੇ ਅਧਰੰਗੀ ਅਤੇ ਲੰਗੜੇ ਬਥੇਰੇ ਚੰਗੇ ਕੀਤੇ ਗਏ ।8ਅਤੇ ਉਸ ਨਗਰ ਵਿੱਚ ਵੱਡਾ ਆਨੰਦ ਹੋਇਆ ।
ਜਾਦੂਗਰ ਸ਼ਮਊਨ

9ਪਰ ਸ਼ਮਊਨ ਨਾਮ ਦਾ ਇੱਕ ਮਨੁੱਖ ਸੀ, ਜਿਹੜਾ ਉਸ ਨਗਰ ਵਿੱਚ ਜਾਦੂ ਕਰ ਕੇ ਸਾਮਰਿਯਾ ਦੇ ਲੋਕਾਂ ਨੂੰ ਹੈਰਾਨ ਕਰਦਾ ਅਤੇ ਆਖਦਾ ਸੀ ਕਿ ਮੈਂ ਇੱਕ ਮਹਾਂ ਪੁਰਖ ਹਾਂ ।10ਉਹ ਛੋਟੇ ਤੋਂ ਲੈ ਕੇ ਵੱਡੇ ਸਭ ਉਹ ਦੀ ਵੱਲ ਮਨ ਲਾ ਕੇ ਆਖਦੇ ਸਨ ਕਿ ਇਹ ਮਨੁੱਖ ਪਰਮੇਸ਼ੁਰ ਦੀ ਉਹ ਸਮਰੱਥਾ ਹੈ ਜਿਹੜੀ ਵੱਡੀ ਕਹਾਉਂਦੀ ਹੈ !11ਅਤੇ ਉਨ੍ਹਾਂ ਉਹ ਦੀ ਵੱਲ ਇਸ ਕਰਕੇ ਮਨ ਲਾਇਆ ਕਿ ਉਹ ਨੇ ਬਹੁਤ ਸਮੇਂ ਤੋਂ ਜਾਦੂ ਕਰ ਕੇ ਉਨ੍ਹਾਂ ਨੂੰ ਹੈਰਾਨ ਕਰ ਰੱਖਿਆ ਸੀ ।
12ਪਰ ਜਦੋਂ ਉਨ੍ਹਾਂ ਨੇ ਫ਼ਿਲਿਪੁੱਸ ਦਾ ਵਿਸ਼ਵਾਸ ਕੀਤਾ ਜੋ ਪਰਮੇਸ਼ੁਰ ਦੇ ਰਾਜ ਅਤੇ ਯਿਸੂ ਮਸੀਹ ਦੇ ਨਾਮ ਦੀ ਖੁਸ਼ਖਬਰੀ ਸੁਣਾਉਂਦਾ ਸੀ ਤਾਂ ਆਦਮੀ ਅਤੇ ਔਰਤਾਂ ਬਪਤਿਸਮਾ ਲੈਣ ਲੱਗੇ ।13ਅਤੇ ਸ਼ਮਊਨ ਨੇ ਵੀ ਵਿਸ਼ਵਾਸ ਕੀਤਾ ਅਤੇ ਬਪਤਿਸਮਾ ਲੈ ਕੇ ਫ਼ਿਲਿਪੁੱਸ ਦੇ ਨਾਲ ਰਹਿਣ ਲੱਗਾ ਅਤੇ ਨਿਸ਼ਾਨੀਆਂ, ਕਰਾਮਾਤਾਂ ਜੋ ਪਰਗਟ ਹੋਈਆਂ ਸਨ ਵੇਖ ਕੇ ਹੈਰਾਨ ਰਹਿ ਗਿਆ ।
ਸਾਮਰਿਯਾ ਵਿੱਚ ਪਤਰਸ ਅਤੇ ਯੂਹੰਨਾ

14ਜਦੋਂ ਰਸੂਲਾਂ ਨੇ ਜਿਹੜੇ ਯਰੂਸ਼ਲਮ ਵਿੱਚ ਸਨ ਇਹ ਸੁਣਿਆ ਕਿ ਸਾਮਰਿਯਾ ਨੇ ਪਰਮੇਸ਼ੁਰ ਦਾ ਬਚਨ ਮੰਨ ਲਿਆ ਤਾਂ ਪਤਰਸ ਅਤੇ ਯੂਹੰਨਾ ਨੂੰ ਉਨ੍ਹਾਂ ਦੇ ਕੋਲ ਭੇਜਿਆ ।15ਉਹਨਾਂ ਨੇ ਜਾ ਕੇ ਉਨ੍ਹਾਂ ਦੇ ਲਈ ਪ੍ਰਾਰਥਨਾ ਕੀਤੀ ਕਿ ਉਹ ਪਵਿੱਤਰ ਆਤਮਾ ਪਾਉਣ ।16ਕਿਉਂ ਜੋ ਉਹ ਹੁਣ ਤੱਕ ਉਨ੍ਹਾਂ ਵਿੱਚੋਂ ਕਿਸੇ ਤੇ ਨਾ ਉਤਰਿਆ ਸੀ, ਪਰ ਉਨ੍ਹਾਂ ਨੇ ਪ੍ਰਭੂ ਯਿਸੂ ਦੇ ਨਾਮ ਉੱਤੇ ਬਪਤਿਸਮਾ ਲਿਆ ਸੀ ।17ਤਦ ਇਨ੍ਹਾਂ ਨੇ ਉਨ੍ਹਾਂ ਉੱਤੇ ਹੱਥ ਰੱਖੇ ਅਤੇ ਉਹ ਪਵਿੱਤਰ ਆਤਮਾ ਨਾਲ ਭਰ ਗਏ ।
18ਸ਼ਮਊਨ ਨੇ ਵੇਖਿਆ ਜੋ ਰਸੂਲਾਂ ਦੇ ਹੱਥ ਰੱਖਣ ਨਾਲ ਪਵਿੱਤਰ ਆਤਮਾ ਦਿੱਤਾ ਜਾਂਦਾ ਹੈ ਤਾਂ ਉਨ੍ਹਾਂ ਦੇ ਕੋਲ ਰੁਪਏ ਲਿਆਇਆ ।19ਅਤੇ ਬੋਲਿਆ ਕਿ ਮੈਨੂੰ ਵੀ ਇਹ ਸਮਰੱਥਾ ਦਿਉ ਤਾਂ ਜੋ ਮੈਂ ਜਿਸ ਕਿਸੇ ਤੇ ਹੱਥ ਰੱਖਾਂ ਉਹ ਵੀ ਪਵਿੱਤਰ ਆਤਮਾ ਨਾਲ ਭਰ ਜਾਵੇ ।
20ਪਰ ਪਤਰਸ ਨੇ ਉਹ ਨੂੰ ਕਿਹਾ, ਤੇਰੇ ਰੁਪਏ ਤੇਰੇ ਨਾਲ ਨਾਸ ਹੋਣ ਇਸ ਲਈ ਜੋ ਤੂੰ ਪਰਮੇਸ਼ੁਰ ਦੇ ਵਰਦਾਨ ਨੂੰ ਮੁੱਲ ਲੈਣ ਲਈ ਸੋਚਿਆ !21ਤੇਰਾ ਇਸ ਗੱਲ ਵਿੱਚ ਨਾ ਕੋਈ ਹਿੱਸਾ ਨਾ ਸਾਂਝ ਹੈ ਕਿਉਂ ਜੋ ਤੇਰਾ ਮਨ ਪਰਮੇਸ਼ੁਰ ਦੇ ਅੱਗੇ ਸਿੱਧਾ ਨਹੀਂ ।22ਤੂੰ ਆਪਣੀ ਇਸ ਬੁਰਿਆਈ ਤੋਂ ਤੋਬਾ ਕਰ ਅਤੇ ਪ੍ਰਭੂ ਦੇ ਅੱਗੇ ਬੇਨਤੀ ਕਰ ਤਾਂ ਜੋ ਤੇਰੇ ਮਨ ਵਿੱਚ ਸੋਚ ਹੈ ਮਾਫ਼ ਕੀਤੀ ਜਾਵੇ ।23ਕਿਉਂ ਜੋ ਮੈਂ ਵੇਖਦਾ ਹਾਂ ਕਿ ਤੂੰ ਪਿੱਤ ਦੀ ਕੁੜੱਤਣ ਅਤੇ ਬਦੀ ਦੇ ਬੰਧਨ ਵਿੱਚ ਹੈਂ ।
24ਸ਼ਮਊਨ ਨੇ ਉੱਤਰ ਦਿੱਤਾ, ਤੁਸੀਂ ਹੀ ਮੇਰੇ ਲਈ ਪ੍ਰਭੂ ਅੱਗੇ ਬੇਨਤੀ ਕਰੋ ਕਿ ਜਿਹੜੀਆਂ ਗੱਲਾਂ ਤੁਸੀਂ ਆਖੀਆਂ ਹਨ ਉਨ੍ਹਾਂ ਵਿੱਚੋਂ ਕੋਈ ਮੇਰੇ ਉੱਤੇ ਨਾ ਆ ਪਵੇ ।

25ਜਦੋਂ ਉਨ੍ਹਾਂ ਨੇ ਗਵਾਹੀ ਦਿੱਤੀ ਅਤੇ ਪ੍ਰਭੂ ਦਾ ਬਚਨ ਸੁਣਾਇਆ ਅਤੇ ਸਾਮਰਿਯਾ ਦੇ ਬਹੁਤ ਸਾਰਿਆਂ ਪਿੰਡਾਂ ਵਿੱਚ ਖੁਸ਼ਖਬਰੀ ਸੁਣਾਈ ਤਾਂ ਉਹ ਯਰੂਸ਼ਲਮ ਨੂੰ ਮੁੜੇ ।
ਫਿਲਿਪੁੱਸ ਅਤੇ ਹਬਸ਼ੀ ਖੋਜਾ

26ਪਰ ਪ੍ਰਭੂ ਦੇ ਇੱਕ ਦੂਤ ਨੇ ਫ਼ਿਲਿਪੁੱਸ ਨਾਲ ਬਚਨ ਕਰ ਕੇ ਆਖਿਆ ਕਿ ਉੱਠ ਅਤੇ ਦੱਖਣ ਵੱਲ ਉਸ ਰਸਤੇ ਉੱਤੇ ਜਾ ਜੋ ਯਰੂਸ਼ਲਮ ਤੋਂ ਗਾਜ਼ਾ ਨੂੰ ਜਾਂਦਾ ਹੈ, ਉਹ ਉਜਾੜ ਹੈ ।27ਤਾਂ ਉਹ ਉੱਠ ਕੇ ਤੁਰ ਪਿਆ ਅਤੇ ਵੇਖੋ, ਕਿ ਕੂਸ਼ ਦੇਸ ਦਾ ਇੱਕ ਮਨੁੱਖ ਸੀ, ਜਿਹੜਾ ਖੋਜਾ ਅਤੇ ਕੂਸ਼ ਦੀ ਰਾਣੀ ਕੰਦਾਕੇ ਦਾ ਅਤੇ ਸਾਰੇ ਖ਼ਜ਼ਾਨੇ ਦਾ ਵੱਡਾ ਅਧਿਕਾਰੀ ਸੀ ਅਤੇ ਯਰੂਸ਼ਲਮ ਵਿੱਚ ਬੰਦਗੀ ਕਰਨ ਨੂੰ ਆਇਆ ਸੀ ।28ਉਹ ਮੁੜਿਆ ਜਾਂਦਾ ਅਤੇ ਆਪਣੇ ਰੱਥ ਵਿੱਚ ਬੈਠਾ ਹੋਇਆ ਯਸਾਯਾਹ ਨਬੀ ਦੀ ਪੋਥੀ ਪੜ੍ਹ ਰਿਹਾ ਸੀ ।
29ਤਦ ਆਤਮਾ ਨੇ ਫ਼ਿਲਿਪੁੱਸ ਨੂੰ ਕਿਹਾ ਕਿ ਚੱਲ ਅਤੇ ਇਸ ਰੱਥ ਨਾਲ ਰਲ ਜਾ ।30ਫ਼ਿਲਿਪੁੱਸ ਨੇ ਉਸ ਵੱਲ ਦੌੜ ਕੇ ਉਸ ਨੂੰ ਯਸਾਯਾਹ ਨਬੀ ਦੀ ਪੋਥੀ ਨੂੰ ਪੜਦੇ ਸੁਣਿਆ ਅਤੇ ਕਿਹਾ, ਜੋ ਕੁੱਝ ਤੁਸੀਂ ਪੜਦੇ ਹੋ ਸਮਝਦੇ ਵੀ ਹੋ ?31ਉਸ ਨੇ ਆਖਿਆ, ਜਦੋਂ ਤੱਕ ਕੋਈ ਮੈਨੂੰ ਨਾ ਸਮਝਾਵੇ, ਮੈਂ ਕਿਸ ਤਰ੍ਹਾਂ ਸਮਝ ਸਕਦਾ ਹਾਂ ? ਫੇਰ ਉਸ ਨੇ ਫ਼ਿਲਿਪੁੱਸ ਅੱਗੇ ਬੇਨਤੀ ਕੀਤੀ ਕੀ ਮੇਰੇ ਨਾਲ ਚੜ੍ਹ ਕੇ ਬੈਠ ਜਾ ।
32ਪਵਿੱਤਰ ਗ੍ਰੰਥ ਦਾ ਹਿੱਸਾ ਜੋ ਉਹ ਪੜ੍ਹ ਰਿਹਾ ਸੀ, ਸੋ ਇਹ ਸੀ, ਉਹ ਭੇਡ ਦੀ ਤਰ੍ਹਾਂ ਵੱਢੇ ਜਾਣ ਨੂੰ ਲਿਆਂਦਾ ਗਿਆ, ਅਤੇ ਜਿਵੇਂ ਲੇਲਾ ਆਪਣੀ ਉੱਨ ਕਤਰਨ ਵਾਲੇ ਦੇ ਅੱਗੇ ਚੁੱਪ ਰਹਿੰਦਾ ਹੈ, ਤਿਵੇਂ ਹੀ ਉਹ ਆਪਣਾ ਮੂੰਹ ਨਹੀਂ ਖੋਲ੍ਹਦਾ !33ਉਹ ਦੀ ਅਧੀਨਗੀ ਵਿੱਚ ਉਹ ਦਾ ਨਿਆਂ ਖੁੱਸ ਗਿਆ । ਉਹ ਦੀ ਪੀੜ੍ਹੀ ਦਾ ਕੌਣ ਬਿਆਨ ਕਰੇਗਾ ? ਕਿਉਂਕਿ ਉਹ ਦੀ ਜਾਨ ਧਰਤੀ ਉੱਤੋਂ ਚੁੱਕੀ ਜਾਂਦੀ ਹੈ ।
34ਤਾਂ ਉਸ ਖੋਜੇ ਨੇ ਅੱਗੋਂ ਫ਼ਿਲਿਪੁੱਸ ਨੂੰ ਆਖਿਆ, ਮੈਂ ਤੇਰੇ ਅੱਗੇ ਇਹ ਬੇਨਤੀ ਕਰਦਾ ਹਾਂ ਕਿ ਨਬੀ ਕਿਸ ਦੀ ਗੱਲ ਕਰਦਾ ਹੈ, ਆਪਣੀ ਜਾਂ ਕਿਸੇ ਹੋਰ ਦੀ ?35ਤਦ ਫ਼ਿਲਿਪੁੱਸ ਨੇ ਆਪਣਾ ਮੂੰਹ ਖੋਲਿਆ ਅਤੇ ਉਸ ਲਿਖਤ ਤੋਂ ਸ਼ੁਰੂ ਕਰਕੇ ਯਿਸੂ ਦੀ ਖੁਸ਼ਖਬਰੀ ਉਸ ਨੂੰ ਸੁਣਾਈ ।
36ਅਤੇ ਉਹ ਰਾਹ ਤੇ ਜਾ ਰਹੇ ਸਨ ਤਦ ਰਾਹ ਵਿੱਚ ਇੱਕ ਪਾਣੀ ਦੇ ਕੁੰਡ ਕੋਲ ਪਹੁੰਚੇ । ਤਦ ਉਸ ਖੋਜੇ ਨੇ ਕਿਹਾ ਕਿ ਵੇਖ, ਇੱਥੇ ਪਾਣੀ ਹੈ । ਹੁਣ ਮੈਨੂੰ ਬਪਤਿਸਮਾ ਲੈਣ ਤੋਂ ਕਿਹੜੀ ਚੀਜ਼ ਰੋਕਦੀ ਹੈ ?37ਫ਼ਿਲਿਪੁੱਸ ਨੇ ਕਿਹਾ, “ਜੇਕਰ ਤੂੰ ਪੂਰੇ ਮਨ ਨਾਲ ਵਿਸ਼ਵਾਸ ਕਰੇ ਤਾਂ ਜ਼ਰੂਰ ਲੈ ਸਕਦਾ ਹੈਂ ।” ਉਸ ਨੇ ਉੱਤਰ ਦਿੱਤਾ, “ਮੈਂ ਵਿਸ਼ਵਾਸ ਕਰਦਾ ਹਾਂ ਕਿ ਯਿਸੂ ਮਸੀਹ ਪਰਮੇਸ਼ੁਰ ਦਾ ਪੁੱਤਰ ਹੈ ।”38ਤਦ ਉਸ ਨੇ ਰੱਥ ਖੜ੍ਹਾ ਕਰਨ ਦਾ ਹੁਕਮ ਕੀਤਾ ਅਤੇ ਫ਼ਿਲਿਪੁੱਸ ਅਤੇ ਖੋਜਾ ਦੋਵੇਂ ਪਾਣੀ ਵਿੱਚ ਉੱਤਰੇ ਅਤੇ ਉਹ ਨੇ ਉਸ ਨੂੰ ਬਪਤਿਸਮਾ ਦਿੱਤਾ ।
39ਅਤੇ ਜਦੋਂ ਉਹ ਪਾਣੀ ਵਿੱਚੋਂ ਨਿੱਕਲ ਕੇ ਬਾਹਰ ਆਏ ਤਦ ਪ੍ਰਭੂ ਦਾ ਆਤਮਾ ਫ਼ਿਲਿਪੁੱਸ ਨੂੰ ਫੜ੍ਹ ਕੇ ਲੈ ਗਿਆ ਅਤੇ ਖੋਜੇ ਨੇ ਉਹ ਨੂੰ ਫੇਰ ਨਾ ਵੇਖਿਆ ਅਤੇ ਉਹ ਅਨੰਦ ਨਾਲ ਆਪਣੇ ਰਾਹ ਚੱਲਿਆ ਗਿਆ ।40ਪਰ ਫ਼ਿਲਿਪੁੱਸ ਅਜ਼ੋਤੁਸ ਵਿੱਚ ਮਿਲਿਆ ਅਤੇ ਜਦੋਂ ਤੱਕ ਕੈਸਰਿਯਾ ਵਿੱਚ ਨਾ ਆਇਆ ਉਹ ਲੰਘਦਾ ਹੋਇਆ ਸਭਨਾਂ ਨਗਰਾਂ ਵਿੱਚ ਖੁਸ਼ਖਬਰੀ ਸੁਣਾਉਂਦਾ ਗਿਆ ।

9
ਸੌਲੁਸ ਦਾ ਮਸੀਹੀ ਹੋਣਾ
(ਰਸੂਲਾਂ ਦੇ ਕਰਤੱਬ 22:6-16, 26:12-18)

1ਸੌਲੁਸ ਅਜੇ ਵੀ ਪ੍ਰਭੂ ਦੇ ਚੇਲਿਆਂ ਨੂੰ ਦਬਕਾਉਂਦਾ ਅਤੇ ਉਹਨਾਂ ਦਾ ਕਤਲ ਕਰਦਾ, ਪ੍ਰਧਾਨ ਜਾਜਕ ਦੇ ਕੋਲ ਗਿਆ ।2ਅਤੇ ਉਸ ਦੇ ਕੋਲੋਂ ਦੰਮਿਸਕ ਦੇ ਪ੍ਰਾਰਥਨਾ ਘਰਾਂ ਦੇ ਨਾਮ ਇਸ ਪਰਕਾਰ ਦੀਆਂ ਚਿੱਠੀਆਂ ਮੰਗੀਆਂ ਕਿ, ਜੋ ਇਸ ਪੰਥ ਦੇ ਮੰਨਣ ਵਾਲੇ ਮੈਨੂੰ ਮਿਲਣ, ਚਾਹੇ ਆਦਮੀ ਜਾਂ ਔਰਤਾਂ ਹੋਣ ਤਾਂ ਉਹਨਾਂ ਨੂੰ ਬੰਨ ਕੇ, ਯਰੂਸ਼ਲਮ ਵਿੱਚ ਲਿਆਵਾਂ ।

3ਜਦੋਂ ਉਹ ਚੱਲਿਆ ਜਾਂਦਾ ਸੀ, ਤਦ ਇਸ ਤਰ੍ਹਾਂ ਹੋਇਆ ਜੋ ਉਹ ਦੰਮਿਸਕ ਦੇ ਨੇੜੇ ਆਇਆ ਅਤੇ ਅਚਾਨਕ ਅਕਾਸ਼ ਵਿੱਚੋਂ ਇੱਕ ਜੋਤੀ ਉਹ ਦੇ ਆਲੇ-ਦੁਆਲੇ ਚਮਕੀ,4ਤਾਂ ਉਹ ਹੇਠਾਂ ਡਿੱਗ ਪਿਆ ਅਤੇ ਇੱਕ ਅਵਾਜ਼ ਸੁਣੀ, ਜੋ ਉਸ ਨੂੰ ਕਹਿੰਦੀ ਸੀ, ਹੇ ਸੌਲੁਸ, ਹੇ ਸੌਲੁਸ ! ਤੂੰ ਮੈਨੂੰ ਕਿਉਂ ਸਤਾਉਂਦਾ ਹੈਂ ?
5ਉਸ ਨੇ ਪੁੱਛਿਆ, ਪ੍ਰਭੂ ਜੀ, ਤੁਸੀਂ ਕੌਣ ਹੋ ? ਉਸ ਨੇ ਕਿਹਾ, ਮੈਂ ਯਿਸੂ ਹਾਂ, ਜਿਸ ਨੂੰ ਤੂੰ ਸਤਾਉਂਦਾ ਹੈਂ ।6ਪਰ ਉੱਠ ਅਤੇ ਸ਼ਹਿਰ ਵਿੱਚ ਜਾ ਅਤੇ ਜੋ ਕੁੱਝ ਤੈਨੂੰ ਕਰਨਾ ਚਾਹੀਦਾ ਹੈ ਉਹ ਮੈਂ ਤੈਨੂੰ ਦੱਸਾਂਗਾ ।7ਜਿਹੜੇ ਆਦਮੀ ਉਹ ਦੇ ਨਾਲ ਤੁਰੇ ਜਾਂਦੇ ਸਨ, ਉਹ ਚੁੱਪ-ਚਾਪ ਖੜੇ ਰਹੇ ਕਿ ਉਨ੍ਹਾਂ ਅਵਾਜ਼ ਤਾਂ ਸੁਣੀ ਪਰ ਕਿਸੇ ਨੂੰ ਵੇਖਿਆ ਨਹੀਂ ਸੀ ।
8ਸੌਲੁਸ ਜ਼ਮੀਨ ਤੋਂ ਉੱਠਿਆ ਪਰ ਜਦੋਂ ਆਪਣੀਆਂ ਅੱਖਾਂ ਖੋਲ੍ਹੀਆਂ ਤਾਂ ਉਹ ਨੂੰ ਕੁੱਝ ਵੀ ਨਜ਼ਰ ਨਹੀਂ ਆ ਰਿਹਾ ਸੀ, ਅਤੇ ਉਹ ਦਾ ਹੱਥ ਫੜ੍ਹ ਕੇ ਦੰਮਿਸਕ ਵਿੱਚ ਲਿਆਏ ।9ਅਤੇ ਉਹ ਤਿੰਨ ਦਿਨ ਤੱਕ ਕੁੱਝ ਵੇਖ ਨਾ ਸਕਿਆ ਅਤੇ ਨਾ ਕੁੱਝ ਖਾਧਾ ਨਾ ਪੀਤਾ ।

10ਦੰਮਿਸਕ ਵਿੱਚ ਹਨਾਨਿਯਾਹ ਨਾਮ ਦਾ ਇੱਕ ਚੇਲਾ ਸੀ । ਉਹ ਨੂੰ ਪ੍ਰਭੂ ਨੇ ਦਰਸ਼ਣ ਦੇ ਕੇ ਕਿਹਾ, ਹਨਾਨਿਯਾਹ ! ਉਸ ਨੇ ਆਖਿਆ, ਪ੍ਰਭੂ ਜੀ ਵੇਖ, ਮੈਂ ਹਾਜ਼ਰ ਹਾਂ ।11ਤਾਂ ਪ੍ਰਭੂ ਨੇ ਉਹ ਨੂੰ ਕਿਹਾ, ਉੱਠ ਅਤੇ ਉਸ ਗਲੀ ਵਿੱਚ ਜਾ ਜੋ "ਸਿੱਧੀ" ਕਹਾਉਂਦੀ ਹੈ, ਅਤੇ ਯਹੂਦਾ ਦੇ ਘਰ ਵਿੱਚ ਸੌਲੁਸ ਨਾਮ ਦਾ ਮਨੁੱਖ ਜੋ ਤਰਸੁਸ ਦਾ ਰਹਿਣ ਵਾਲਾ ਹੈ, ਉਸ ਬਾਰੇ ਪੁੱਛ ਕਿਉਂਕਿ ਵੇਖ ਉਹ ਪ੍ਰਾਰਥਨਾ ਕਰ ਰਿਹਾ ਹੈ ।12ਅਤੇ ਉਸ ਨੇ ਹਨਾਨਿਯਾਹ ਨਾਮ ਦੇ ਇੱਕ ਮਨੁੱਖ ਨੂੰ ਅੰਦਰ ਆਉਂਦਿਆਂ ਅਤੇ ਆਪਣੇ ਉੱਤੇ ਹੱਥ ਰੱਖਦਿਆਂ ਵੇਖਿਆ ਤਾਂ ਜੋ ਫੇਰ ਸੁਜਾਖਾ ਹੋਵੇ ।
13ਪਰ ਹਨਾਨਿਯਾਹ ਨੇ ਉੱਤਰ ਦਿੱਤਾ ਕਿ ਪ੍ਰਭੂ ਜੀ ਮੈਂ ਬਹੁਤਿਆਂ ਕੋਲੋਂ ਇਸ ਮਨੁੱਖ ਦੀ ਗੱਲ ਸੁਣੀ ਹੈ, ਇਹ ਨੇ ਯਰੂਸ਼ਲਮ ਵਿੱਚ ਤੇਰੇ ਸੰਤਾਂ ਨਾਲ ਬਹੁਤ ਬੁਰਿਆਈ ਕੀਤੀ ਹੈ !14ਅਤੇ ਉਸ ਨੇ ਮੁੱਖ ਜਾਜਕਾਂ ਦੀ ਵੱਲੋਂ ਇਸ ਗੱਲ ਦਾ ਅਧਿਕਾਰ ਪਾਇਆ ਹੈ ਕਿ ਇੱਥੇ ਵੀ ਤੇਰੇ ਨਾਮ ਲੈਣ ਵਾਲਿਆਂ ਸਭਨਾਂ ਨੂੰ ਸਤਾਵੇ ।15ਪਰ ਪ੍ਰਭੂ ਨੇ ਉਹ ਨੂੰ ਆਖਿਆ, ਤੂੰ ਚੱਲਿਆ ਜਾ ਕਿਉਂ ਜੋ ਉਹ ਮੇਰੇ ਲਈ ਇੱਕ ਚੁਣਿਆ ਹੋਇਆ ਵਸੀਲਾ ਹੈ, ਜੋ ਪਰਾਈਆਂ ਕੌਮਾਂ ਅਤੇ ਰਾਜਿਆਂ ਅਤੇ ਇਸਰਾਏਲ ਦੀ ਪਰਜਾ ਅੱਗੇ ਮੇਰੇ ਨਾਮ ਦੀ ਚਰਚਾ ਕਰੇ ।16ਕਿਉਂਕਿ ਮੈਂ ਉਸ ਨੂੰ ਵਿਖਾਵਾਂਗਾ ਜੋ ਮੇਰੇ ਨਾਮ ਦੇ ਬਦਲੇ ਉਸ ਨੂੰ ਕੀ ਕੁੱਝ ਝੱਲਣਾ ਪਵੇਗਾ ।
17ਤਦ ਹਨਾਨਿਯਾਹ ਚੱਲਿਆ ਗਿਆ ਅਤੇ ਉਸ ਘਰ ਵਿੱਚ ਜਾ ਵੜਿਆ ਅਤੇ ਉਸ ਤੇ ਹੱਥ ਰੱਖ ਕੇ ਬੋਲਿਆ, ਹੇ ਭਾਈ ਸੌਲੁਸ, ਪ੍ਰਭੂ ਅਰਥਾਤ ਯਿਸੂ ਨੇ ਜੋ ਤੈਨੂੰ ਉਸ ਰਾਹ ਵਿੱਚ ਵਿਖਾਈ ਦਿੱਤਾ, ਜਿਸ ਤੋਂ ਤੂੰ ਆਇਆ ਸੀ, ਮੈਨੂੰ ਭੇਜਿਆ ਹੈ ਕਿ ਤੂੰ ਸੁਜਾਖਾ ਹੋ ਜਾਵੇਂ ਅਤੇ ਪਵਿੱਤਰ ਆਤਮਾ ਨਾਲ ਭਰ ਜਾਵੇਂ ।18ਉਸੇ ਘੜੀ ਉਸ ਦੀਆਂ ਅੱਖਾਂ ਤੋਂ ਛਿਲਕੇ ਡਿੱਗੇ ਅਤੇ ਉਹ ਸੁਜਾਖਾ ਹੋ ਗਿਆ, ਅਤੇ ਉੱਠ ਕੇ ਬਪਤਿਸਮਾ ਲਿਆ ਅਤੇ ਭੋਜਨ ਖਾਧਾ ਅਤੇ ਬਲ ਪ੍ਰਾਪਤ ਕੀਤਾ ।
ਦੰਮਿਸਕ ਵਿੱਚ ਸੌਲੁਸ ਦੁਆਰਾ ਪ੍ਰਚਾਰ

19ਫੇਰ ਉਹ ਕਈ ਦਿਨ ਦੰਮਿਸਕ ਵਿੱਚ ਚੇਲਿਆਂ ਦੇ ਨਾਲ ਰਿਹਾ ।
20ਅਤੇ ਉਹ ਤੁਰੰਤ ਪ੍ਰਾਰਥਨਾ ਘਰਾਂ ਵਿੱਚ ਯਿਸੂ ਦਾ ਪਰਚਾਰ ਕਰਨ ਲੱਗਾ ਜੋ ਉਹ ਪਰਮੇਸ਼ੁਰ ਦਾ ਪੁੱਤਰ ਹੈ ।21ਅਤੇ ਸਭ ਸੁਣਨ ਵਾਲੇ ਅਚਰਜ ਹੋ ਕੇ ਬੋਲੇ, ਕੀ ਇਹ ਉਹ ਹੀ ਨਹੀਂ ਜਿਹੜਾ ਯਰੂਸ਼ਲਮ ਵਿੱਚ ਇਸ ਨਾਮ ਦੇ ਲੈਣ ਵਾਲਿਆਂ ਨੂੰ ਬਰਬਾਦ ਕਰਦਾ ਸੀ ਅਤੇ ਉਹ ਇਸੇ ਗੱਲ ਲਈ ਇੱਥੇ ਆਇਆ ਸੀ ਕਿ ਉਨ੍ਹਾਂ ਨੂੰ ਬੰਨੇ ਅਤੇ ਮੁੱਖ ਜਾਜਕਾਂ ਦੇ ਅੱਗੇ ਲੈ ਜਾਵੇ ?22ਪਰ ਸੌਲੁਸ ਹੋਰ ਵੀ ਤਕੜਾ ਹੁੰਦਾ ਗਿਆ ਅਤੇ ਇਸ ਗੱਲ ਨੂੰ ਸਾਬਤ ਕੀਤਾ ਕਿ ਮਸੀਹ ਇਹ ਹੀ ਹੈ ਉਨ੍ਹਾਂ ਯਹੂਦੀਆਂ ਦਾ ਮੂੰਹ ਬੰਦ ਕਰ ਦਿੱਤਾ ਜਿਹੜੇ ਦੰਮਿਸਕ ਵਿੱਚ ਰਹਿੰਦੇ ਸਨ ।
23ਜਦੋਂ ਬਹੁਤ ਦਿਨ ਬੀਤ ਗਏ ਤਾਂ ਯਹੂਦੀਆਂ ਨੇ ਉਹ ਨੂੰ ਮਾਰਨ ਦੀ ਯੋਜਨਾਂ ਬਣਾਈ ।24ਪਰ ਉਨ੍ਹਾਂ ਦੀ ਯੋਜਨਾਂ ਸੌਲੁਸ ਨੂੰ ਪਤਾ ਲੱਗ ਗਈ ਅਤੇ ਉਨਾਂ ਨੇ ਰਾਤ-ਦਿਨ ਦਰਵਾਜਿਆਂ ਦੀ ਵੀ ਰਾਖੀ ਕੀਤੀ ਕਿ ਉਹ ਨੂੰ ਮਾਰ ਸੁੱਟਣ ।25ਪਰ ਉਹ ਦੇ ਚੇਲਿਆਂ ਨੇ ਰਾਤ ਦੇ ਸਮੇਂ ਉਹ ਨੂੰ ਟੋਕਰੇ ਵਿੱਚ ਬਿਠਾ ਕੇ ਸ਼ਹਿਰਪਨਾਹ ਉੱਪਰੋਂ ਉਤਾਰ ਦਿੱਤਾ ।
ਯਰੂਸ਼ਲਮ ਵਿੱਚ ਸੌਲੁਸ

26ਜਦੋਂ ਉਹ ਯਰੂਸ਼ਲਮ ਵਿੱਚ ਆਇਆ ਤਾਂ ਚੇਲਿਆਂ ਵਿੱਚ ਰਲ ਜਾਣ ਦਾ ਯਤਨ ਕੀਤਾ ਪਰ ਸਭ ਉਸ ਤੋਂ ਡਰਦੇ ਸਨ ਕਿਉਂ ਜੋ ਉਨਾਂ ਨੂੰ ਵਿਸ਼ਵਾਸ ਨਹੀਂ ਸੀ ਕਿ ਉਹ ਵੀ ਚੇਲਾ ਹੈ ।27ਪਰ ਬਰਨਬਾਸ ਉਹ ਨੂੰ ਰਸੂਲਾਂ ਦੇ ਕੋਲ ਲੈ ਗਿਆ ਅਤੇ ਉਨ੍ਹਾਂ ਨੂੰ ਦੱਸਿਆ ਕਿ ਉਹ ਨੇ ਕਿਸ ਪਰਕਾਰ ਰਾਹ ਵਿੱਚ ਪ੍ਰਭੂ ਨੂੰ ਦੇਖਿਆ ਸੀ ਅਤੇ ਉਸ ਨੇ ਉਹ ਦੇ ਨਾਲ ਗੱਲਾਂ ਕੀਤੀਆਂ ਅਤੇ ਉਹ ਕਿਸ ਤਰ੍ਹਾਂ ਦੰਮਿਸ਼ਕ ਵਿੱਚ ਯਿਸੂ ਦੇ ਨਾਮ ਉੱਤੇ ਬਿਨ੍ਹਾਂ ਡਰੇ ਬਚਨ ਸੁਣਾਉਂਦਾ ਸੀ ।
28ਤਦ ਉਹ ਉਨ੍ਹਾਂ ਦੇ ਨਾਲ ਯਰੂਸ਼ਲਮ ਵਿੱਚ ਆਉਂਦਾ ਜਾਂਦਾ ਰਿਹਾ ।29ਅਤੇ ਪ੍ਰਭੂ ਦੇ ਨਾਮ ਤੇ ਬਿਨ੍ਹਾਂ ਡਰੇ ਬਚਨ ਸੁਣਾਉਂਦਾ ਸੀ, ਯੂਨਾਨੀ ਅਤੇ ਯਹੂਦੀਆਂ ਨਾਲ ਗੱਲਾਂ ਅਤੇ ਬਹਿਸ ਕਰਦਾ ਸੀ ਪਰ ਉਹ ਉਸ ਨੂੰ ਮਾਰਨ ਦੀ ਯੋਜਨਾਂ ਬਣਾ ਰਹੇ ਸੀ ।30ਜਦੋਂ ਭਰਾਵਾਂ ਨੂੰ ਇਹ ਪਤਾ ਲੱਗਿਆ ਤਾਂ ਉਹ ਉਸ ਨੂੰ ਕੈਸਰਿਯਾ ਵਿੱਚ ਲਿਆਏ ਅਤੇ ਤਰਸੁਸ ਦੀ ਵੱਲ ਭੇਜ ਦਿੱਤਾ ।
31ਸਾਰੇ ਯਹੂਦਿਯਾ, ਗਲੀਲ, ਸਾਮਰਿਯਾ ਵਿੱਚ ਕਲੀਸਿਯਾ ਨੂੰ ਸ਼ਾਂਤੀ ਮਿਲੀ ਅਤੇ ਮੇਲ-ਮਿਲਾਪ ਦਾ ਅਨੰਦ ਲਿਆ ਅਤੇ ਕਲੀਸਿਯਾ ਵੱਧਦੀ ਗਈ ਅਤੇ ਪ੍ਰਭੂ ਦੇ ਡਰ ਅਤੇ ਪਵਿੱਤਰ ਆਤਮਾ ਦੇ ਹੌਂਸਲੇ ਵਿੱਚ ਵਧਦੀ ਗਈ ।
ਲੁੱਦਾ ਅਤੇ ਯਾਪਾ ਵਿੱਚ ਪਤਰਸ

32ਫਿਰ ਇਸ ਤਰ੍ਹਾਂ ਹੋਇਆ ਕਿ ਪਤਰਸ ਸਭ ਪਾਸੇ ਫਿਰਦਾ ਫਿਰਦਾ ਉਨ੍ਹਾਂ ਸੰਤਾਂ ਕੋਲ ਵੀ ਆਇਆ ਜਿਹੜੇ ਲੁੱਦਾ ਵਿੱਚ ਰਹਿੰਦੇ ਸਨ ।
33ਅਤੇ ਉੱਥੇ ਐਨਿਯਾਸ ਨਾਮ ਦਾ ਇੱਕ ਮਨੁੱਖ ਉਹ ਨੂੰ ਮਿਲਿਆ ਜਿਹੜਾ ਅੱਠ ਸਾਲਾਂ ਤੋਂ ਅਧਰੰਗ ਦੀ ਬਿਮਾਰੀ ਕਰਕੇ ਮੰਜੇ ਉੱਤੇ ਪਿਆ ਹੋਇਆ ਸੀ ।34ਪਤਰਸ ਨੇ ਉਸ ਨੂੰ ਆਖਿਆ, ਐਨਿਯਾਸ, ਯਿਸੂ ਮਸੀਹ ਤੈਨੂੰ ਚੰਗਾ ਕਰਦਾ ਹੈ, ਉੱਠ ਅਤੇ ਆਪਣਾ ਵਿਛਾਉਣਾ ਸੁਧਾਰ, ਅਤੇ ਉਹ ਉਸੇ ਵੇਲੇ ਉੱਠ ਖੜ੍ਹਾ ਹੋਇਆ !35ਤਾਂ ਲੁੱਦਾ ਅਤੇ ਸ਼ਰੋਨ ਦੇ ਸਾਰੇ ਵਾਸੀਆਂ ਨੇ ਉਸ ਨੂੰ ਵੇਖਿਆ ਅਤੇ ਪ੍ਰਭੂ ਦੀ ਵੱਲ ਫਿਰੇ ।

36ਯਾਪਾ ਵਿੱਚ ਤਬਿਥਾ ਨਾਮ ਦੀ ਇੱਕ ਚੇਲੀ ਸੀ ਜਿਸ ਦਾ ਅਰਥ ਹਰਨੀ ਹੈ । ਇਹ ਔਰਤ ਭਲੇ ਕੰਮਾਂ ਅਤੇ ਪੁੰਨ ਦਾਨ ਕਰਨ ਵਿੱਚ ਰੁੱਝੀ ਰਹਿੰਦੀ ਸੀ ।37ਤਾਂ ਐਉਂ ਹੋਇਆ ਕਿ ਉਨ੍ਹੀਂ ਦਿਨੀਂ ਬਿਮਾਰ ਹੋ ਕੇ ਉਹ ਮਰ ਗਈ ਅਤੇ ਉਸ ਨੂੰ ਇਸਨਾਨ ਕਰਵਾ ਕੇ ਇੱਕ ਚੁਬਾਰੇ ਵਿੱਚ ਰੱਖ ਦਿੱਤਾ ।
38ਅਤੇ ਇਸ ਲਈ ਲੁੱਦਾ, ਜੋ ਯਾਪਾ ਦੇ ਨੇੜੇ ਸੀ, ਚੇਲਿਆਂ ਨੇ ਇਹ ਸੁਣ ਕੇ ਜੋ ਪਤਰਸ ਉੱਥੇ ਹੀ ਹੈ ਦੋ ਮਨੁੱਖ ਭੇਜ ਕੇ ਉਹ ਦੀ ਮਿੰਨਤ ਕੀਤੀ ਜੋ ਸਾਡੇ ਕੋਲ ਆਉਣ ਵਿੱਚ ਦੇਰ ਨਾ ਕਰਿਓ ।39ਤਦ ਪਤਰਸ ਉੱਠ ਕੇ ਉਨ੍ਹਾਂ ਦੇ ਨਾਲ ਤੁਰ ਪਿਆ ਅਤੇ ਜਦੋਂ ਉੱਥੇ ਪੁੱਜਿਆ ਤਾਂ ਉਹ ਉਸ ਨੂੰ ਉਸ ਚੁਬਾਰੇ ਵਿੱਚ ਲੈ ਗਏ ਅਤੇ ਸਭ ਵਿਧਵਾਂ ਉਹ ਦੇ ਕੋਲ ਖੜੀਆਂ ਰੋਂਦੀਆਂ ਸਨ ਅਤੇ ਉਹ ਕੁੜਤੇ ਅਤੇ ਬਸਤਰ ਜੋ ਦੋਰਕਸ ਨੇ ਉਹਨਾਂ ਦੇ ਨਾਲ ਹੁੰਦਿਆਂ ਬਣਾਏ ਵਿਖਾਲਦੀਆਂ ਸਨ ।
40ਪਰ ਪਤਰਸ ਨੇ ਸਭਨਾਂ ਨੂੰ ਬਾਹਰ ਭੇਜਿਆ ਅਤੇ ਗੋਡੇ ਟੇਕ ਕੇ ਪ੍ਰਾਰਥਨਾ ਕੀਤੀ ਅਤੇ ਮ੍ਰਿਤਕ ਵੱਲ ਮੁੜ ਕੇ ਕਿਹਾ, ਹੇ ਤਬਿਥਾ, ਉੱਠ ! ਤਾਂ ਉਸ ਨੇ ਆਪਣੀਆਂ ਅੱਖੀਆਂ ਖੋਲ੍ਹੀਆਂ ਅਤੇ ਪਤਰਸ ਨੂੰ ਵੇਖ ਕੇ ਉੱਠ ਬੈਠੀ !41ਉਹ ਨੇ ਹੱਥ ਫੜ੍ਹ ਕੇ ਉਸ ਨੂੰ ਉੱਠਾਇਆ, ਸੰਤਾਂ ਅਤੇ ਵਿਧਵਾ ਔਰਤਾਂ ਨੂੰ ਸੱਦ ਕੇ ਉਸ ਨੂੰ ਉਨ੍ਹਾਂ ਦੇ ਅੱਗੇ ਜਿਉਂਦੀ ਹਾਜ਼ਰ ਕੀਤਾ ।42ਇਹ ਗੱਲ ਸਾਰੇ ਯਾਪਾ ਵਿੱਚ ਉਜਾਗਰ ਹੋ ਗਈ ਅਤੇ ਬਹੁਤਿਆਂ ਨੇ ਪ੍ਰਭੂ ਉੱਤੇ ਵਿਸ਼ਵਾਸ ਕੀਤਾ ।43ਫਿਰ ਇਸ ਤਰ੍ਹਾਂ ਹੋਇਆ ਕਿ ਉਹ ਬਹੁਤ ਦਿਨ ਯਾਪਾ ਵਿੱਚ ਸ਼ਮਊਨ ਨਾਮ ਦੇ ਇੱਕ ਚਮੜੇ ਦਾ ਕੰਮ ਕਰਨ ਵਾਲੇ ਦੇ ਘਰ ਵਿੱਚ ਰਿਹਾ ।

10
ਕੁਰਨੇਲਿਯੁਸ ਪਤਰਸ ਨੂੰ ਬੁਲਾਉਂਦਾ ਹੈ

1ਕੈਸਰਿਯਾ ਵਿੱਚ ਕੁਰਨੇਲਿਯੁਸ ਨਾਮ ਦਾ ਇੱਕ ਮਨੁੱਖ ਸੀ, ਜਿਹੜਾ ਇਤਾਲਿਯਾਨੀ ਨਾਮ ਦੇ ਦਲ ਦਾ ਸੂਬੇਦਾਰ ਸੀ ।2ਉਹ ਧਰਮੀ ਸੀ ਅਤੇ ਆਪਣੇ ਸਾਰੇ ਪਰਿਵਾਰ ਦੇ ਸਮੇਤ ਪਰਮੇਸ਼ੁਰ ਦਾ ਡਰ ਰੱਖਣ ਵਾਲਾ ਸੀ ਅਤੇ ਲੋਕਾਂ ਨੂੰ ਬਹੁਤ ਦਾਨ ਦਿੰਦਾ ਸੀ, ਅਤੇ ਹਰ ਰੋਜ਼ ਪਰਮੇਸ਼ੁਰ ਅੱਗੇ ਬੇਨਤੀ ਕਰਦਾ ਸੀ ।

3ਉਹ ਨੇ ਦਿਨ ਦੇ ਤੀਜੇ ਪਹਿਰ ਦਰਸ਼ਣ ਵਿੱਚ ਸਾਫ਼ ਵੇਖਿਆ ਕਿ ਪਰਮੇਸ਼ੁਰ ਦਾ ਇੱਕ ਦੂਤ ਉਹ ਦੇ ਕੋਲ ਅੰਦਰ ਆਇਆ ਅਤੇ ਉਹ ਨੂੰ ਆਖਿਆ, ਹੇ ਕੁਰਨੇਲਿਯੁਸ !4ਉਹ ਨੇ ਉਸ ਦੀ ਵੱਲ ਧਿਆਨ ਕਰ ਕੇ ਵੇਖਿਆ ਅਤੇ ਡਰ ਕੇ ਕਿਹਾ, ਪ੍ਰਭੂ ਜੀ, ਕੀ ਹੈ ? ਉਸ ਨੇ ਉਹ ਨੂੰ ਆਖਿਆ, ਤੇਰੀਆਂ ਪ੍ਰਾਰਥਨਾਂ ਅਤੇ ਤੇਰੇ ਦਾਨ ਯਾਦਗੀਰੀ ਦੇ ਲਈ ਪਰਮੇਸ਼ੁਰ ਦੇ ਹਜ਼ੂਰ ਪਹੁੰਚੇ ਹਨ5ਅਤੇ ਹੁਣ ਯਾਪਾ ਨੂੰ ਮਨੁੱਖ ਭੇਜ ਕੇ ਸ਼ਮਊਨ ਨੂੰ ਜਿਹੜਾ ਪਤਰਸ ਵੀ ਅਖਵਾਉਂਦਾ ਹੈ ਆਪਣੇ ਕੋਲ ਬੁਲਾ ਲੈ ।6ਉਹ ਸ਼ਮਊਨ, ਜੋ ਚਮੜੇ ਦਾ ਕੰਮ ਕਰਨ ਵਾਲਾ ਹੈ ਜਿਸ ਦਾ ਘਰ ਸਮੁੰਦਰ ਦੇ ਕੰਢੇ ਹੈ ਉਸ ਦੇ ਘਰ ਵਿੱਚ ਮਹਿਮਾਨ ਹੈ ।
7ਅਤੇ ਜਦੋਂ ਉਹ ਦੂਤ ਜਿਸ ਨੇ ਉਸ ਨਾਲ ਗੱਲਾਂ ਕੀਤੀਆਂ ਸਨ, ਚੱਲਿਆ ਗਿਆ ਤਾਂ ਉਹ ਨੇ ਆਪਣੇ ਸੇਵਕਾਂ ਵਿੱਚੋਂ ਦੋ ਆਦਮੀ ਅਤੇ ਉਨ੍ਹਾਂ ਵਿੱਚੋਂ ਜਿਹੜੇ ਨਿੱਤ ਉਹ ਦੇ ਨਾਲ ਰਹਿੰਦੇ ਸਨ ਇੱਕ ਧਰਮੀ ਸਿਪਾਹੀ ਨੂੰ ਸੱਦਿਆ8ਅਤੇ ਸਭ ਗੱਲਾਂ ਉਨ੍ਹਾਂ ਨੂੰ ਦੱਸ ਕੇ ਯਾਪਾ ਨੂੰ ਭੇਜਿਆ ।
ਪਤਰਸ ਦਾ ਦਰਸ਼ਣ

9ਦੂਜੇ ਦਿਨ ਜਦੋਂ ਉਹ ਰਾਹ ਵਿੱਚ ਚੱਲੇ ਜਾਂਦੇ ਸਨ ਅਤੇ ਨਗਰ ਦੇ ਨੇੜੇ ਜਾ ਪਹੁੰਚੇ ਤਾਂ ਪਤਰਸ ਦੁਪਹਿਰ ਵੇਲੇ ਕੋਠੇ ਉੱਤੇ ਪ੍ਰਾਰਥਨਾ ਕਰਨ ਲਈ ਗਿਆ10ਅਤੇ ਉਹ ਨੂੰ ਭੁੱਖ ਲੱਗੀ ਅਤੇ ਉਹ ਨੇ ਚਾਹਿਆ ਕਿ ਕੁੱਝ ਖਾਵੇ ਪਰ ਜਦੋਂ ਉਹ ਤਿਆਰੀ ਹੀ ਕਰ ਰਹੇ ਸਨ ਉਹ ਬੇਸੁਧ ਹੋ ਗਿਆ ।11ਅਤੇ ਉਸ ਨੇ ਵੇਖਿਆ, ਕਿ ਅਕਾਸ਼ ਖੁੱਲ੍ਹਾ ਹੈ ਅਤੇ ਇੱਕ ਵੱਡੀ ਚਾਦਰ ਦੇ ਸਮਾਨ ਜਿਸ ਦੇ ਚਾਰ ਪੱਲੇ ਸਨ ਅਕਾਸ਼ ਤੋਂ ਧਰਤੀ ਦੀ ਵੱਲ ਉਤਰਦੀ ਹੈ ।12ਉਸ ਵਿੱਚ ਸਭ ਤਰ੍ਹਾਂ ਦੇ ਚੌਪਾਏ ਅਤੇ ਧਰਤੀ ਤੇ ਘਿੱਸਰਨ ਵਾਲੇ ਜੀਵ-ਜੰਤੂ ਅਤੇ ਅਕਾਸ਼ ਦੇ ਪੰਛੀ ਸਨ ।
13ਅਤੇ ਉਹ ਨੂੰ ਇੱਕ ਅਵਾਜ਼ ਆਈ ਕਿ ਹੇ ਪਤਰਸ ਉੱਠ, ਮਾਰ ਅਤੇ ਖਾ !14ਪਰ ਪਤਰਸ ਨੇ ਆਖਿਆ, ਨਾ ਪ੍ਰਭੂ ਜੀ ਇਸ ਤਰ੍ਹਾਂ ਨਹੀਂ ਹੋ ਸਕਦਾ ਕਿਉਂ ਜੋ ਮੈਂ ਕੋਈ ਅਸ਼ੁੱਧ ਜਾ ਮਾੜੀ ਚੀਜ਼ ਕਦੇ ਨਹੀਂ ਖਾਧੀ ।15ਫਿਰ ਦੂਜੀ ਵਾਰ ਉਹ ਨੂੰ ਅਵਾਜ਼ ਆਈ ਕਿ, ਜੋ ਕੁੱਝ ਪਰਮੇਸ਼ੁਰ ਨੇ ਸ਼ੁੱਧ ਕੀਤਾ ਉਹ ਨੂੰ ਤੂੰ ਅਸ਼ੁੱਧ ਨਹੀਂ ਕਹਿ ਸਕਦਾ ।16ਇਹ ਤਿੰਨ ਵਾਰੀ ਹੋਇਆ ਅਤੇ ਉਸੇ ਸਮੇਂ ਉਹ ਚੀਜ਼ ਅਕਾਸ਼ ਉੱਤੇ ਚੁੱਕੀ ਗਈ ।

17ਜਦੋਂ ਪਤਰਸ ਆਪਣੇ ਮਨ ਵਿੱਚ ਚਿੰਤਾ ਕਰ ਰਿਹਾ ਸੀ ਕਿ ਇਹ ਦਰਸ਼ਣ ਜਿਹੜਾ ਮੈਂ ਵੇਖਿਆ ਹੈ ਉਹ ਕੀ ਹੈ ? ਤਾਂ ਵੇਖੋ ਉਹ ਮਨੁੱਖ ਜਿਹੜੇ ਕੁਰਨੇਲਿਯੁਸ ਦੇ ਭੇਜੇ ਹੋਏ ਸਨ ਸ਼ਮਊਨ ਦਾ ਘਰ ਪੁੱਛਦੇ ਹੋਏ ਬੂਹੇ ਉੱਤੇ ਆ ਗਏ ।18ਅਤੇ ਅਵਾਜ਼ ਦੇ ਕੇ ਪੁੱਛਿਆ ਕਿ ਸ਼ਮਊਨ ਜਿਸ ਨੂੰ ਪਤਰਸ ਵੀ ਕਹਿੰਦੇ ਹਨ ਕੀ ਉਹ ਇੱਥੇ ਹੀ ਹੈ ?
19ਜਦੋਂ ਪਤਰਸ ਉਸ ਦਰਸ਼ਣ ਬਾਰੇ ਸੋਚ ਰਿਹਾ ਸੀ ਤਾਂ ਆਤਮਾ ਨੇ ਉਹ ਨੂੰ ਆਖਿਆ, ਵੇਖ ਤਿੰਨ ਮਨੁੱਖ ਤੈਨੂੰ ਲੱਭਦੇ ਹਨ ।20ਪਰ ਤੂੰ ਉੱਠ, ਹੇਠਾਂ ਜਾ ਅਤੇ ਉਨ੍ਹਾਂ ਦੇ ਨਾਲ ਤੁਰ, ਕਿਉਂ ਜੋ ਉਨ੍ਹਾਂ ਨੂੰ ਮੈਂ ਭੇਜਿਆ ਹੈ ।21ਤਦ ਪਤਰਸ ਨੇ ਉਨ੍ਹਾਂ ਮਨੁੱਖਾਂ ਕੋਲ ਆ ਕੇ ਕਿਹਾ ਕਿ ਵੇਖੋ, ਜਿਸ ਨੂੰ ਤੁਸੀਂ ਲੱਭਦੇ ਹੋ, ਉਹ ਮੈਂ ਹੀ ਹਾਂ । ਤੁਸੀਂ ਕਿਸ ਦੇ ਲਈ ਆਏ ਹੋ ?
22ਉਹ ਬੋਲੇ, ਕੁਰਨੇਲਿਯੁਸ ਸੂਬੇਦਾਰ ਜੋ ਧਰਮੀ ਮਨੁੱਖ ਅਤੇ ਪਰਮੇਸ਼ੁਰ ਦਾ ਡਰ ਰੱਖਣ ਵਾਲਾ ਅਤੇ ਯਹੂਦੀਆਂ ਦੀ ਸਾਰੀ ਕੌਮ ਵਿੱਚ ਨੇਕਨਾਮ ਹੈ ਉਹ ਨੂੰ ਇੱਕ ਪਵਿੱਤਰ ਦੂਤ ਨੇ ਹੁਕਮ ਦਿੱਤਾ ਕਿ ਤੁਹਾਨੂੰ ਆਪਣੇ ਘਰ ਬੁਲਾਵੇ ਅਤੇ ਤੁਹਾਡੇ ਕੋਲੋਂ ਬਚਨ ਸੁਣੇ ।23ਤਦ ਉਸ ਨੇ ਉਨ੍ਹਾਂ ਨੂੰ ਅੰਦਰ ਬੁਲਾ ਕੇ ਉਹਨਾਂ ਦੀ ਸੇਵਾ ਟਹਿਲ ਕੀਤੀ ।
ਕੁਰਨੇਲਿਯੁਸ ਦੇ ਘਰ ਪਤਰਸ

ਦੂਜੇ ਦਿਨ ਉਹ ਉੱਠ ਕੇ ਉਨ੍ਹਾਂ ਦੇ ਨਾਲ ਗਿਆ ਅਤੇ ਕਈ ਭਰਾ ਯਾਪਾ ਦੇ ਰਹਿਣ ਵਾਲੇ ਉਹ ਦੇ ਨਾਲ ਹੋ ਤੁਰੇ ।

24ਅਗਲੇ ਦਿਨ ਉਹ ਕੈਸਰਿਯਾ ਵਿੱਚ ਪਹੁੰਚੇ ਅਤੇ ਕੁਰਨੇਲਿਯੁਸ ਆਪਣੇ ਘਰ ਵਾਲਿਆਂ ਅਤੇ ਪਿਆਰੇ ਮਿੱਤਰਾਂ ਨੂੰ ਇਕੱਠੇ ਕਰ ਕੇ ਉਹਨਾਂ ਦਾ ਰਾਹ ਵੇਖ ਰਿਹਾ ਸੀ ।
25ਜਦੋਂ ਪਤਰਸ ਅੰਦਰ ਜਾਣ ਲੱਗਾ ਤਾਂ ਇਸ ਤਰ੍ਹਾਂ ਹੋਇਆ ਕਿ ਕੁਰਨੇਲਿਯੁਸ ਉਹ ਨੂੰ ਆ ਮਿਲਿਆ ਅਤੇ ਉਹ ਦੇ ਪੈਰੀਂ ਪੈ ਕੇ ਮੱਥਾ ਟੇਕਿਆ ।26ਪਰ ਪਤਰਸ ਨੇ ਉਸ ਨੂੰ ਉੱਠਾ ਕੇ ਆਖਿਆ, ਉੱਠ ਖੜ੍ਹਾ ਹੋ, ਮੈਂ ਵੀ ਤਾਂ ਇੱਕ ਮਨੁੱਖ ਹੀ ਹਾਂ ।
27ਅਤੇ ਉਸ ਨਾਲ ਗੱਲਾਂ ਕਰਦਾ ਅੰਦਰ ਗਿਆ ਅਤੇ ਵੇਖਿਆ, ਕਿ ਬਹੁਤ ਸਾਰੇ ਲੋਕ ਇਕੱਠੇ ਹੋਏ ਹਨ ।28ਤਾਂ ਉਹ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਆਪ ਜਾਣਦੇ ਹੋ ਜੋ ਯਹੂਦੀ ਆਦਮੀ ਨੂੰ ਕਿਸੇ ਪਰਾਈ ਕੌਮ ਵਾਲੇ ਨਾਲ ਮੇਲ-ਮਿਲਾਪ ਰੱਖਣਾ ਜਾਂ ਉਹ ਦੇ ਘਰ ਜਾਣਾ ਮਨਾ ਹੈ, ਪਰੰਤੂ ਪਰਮੇਸ਼ੁਰ ਨੇ ਮੇਰੇ ਉੱਤੇ ਪਰਗਟ ਕੀਤਾ ਹੈ ਕਿ ਮੈਂ ਕਿਸੇ ਵੀ ਮਨੁੱਖ ਨੂੰ ਅਸ਼ੁੱਧ ਜਾਂ ਮਾੜਾ ਨਾ ਆਖਾਂ ।29ਇਸ ਲਈ ਮੈਂ ਜਦੋਂ ਬੁਲਾਇਆ ਗਿਆ ਤਾਂ ਇਸ ਦੇ ਵਿਰੁੱਧ ਕੁੱਝ ਨਾ ਆਖਿਆ ਅਤੇ ਚੱਲਿਆ ਆਇਆ । ਮੈਂ ਇਹ ਪੁੱਛਦਾ ਹਾਂ ਕਿ ਤੁਸੀਂ ਮੈਨੂੰ ਕਿਸ ਦੇ ਲਈ ਬੁਲਾਇਆ ਹੈ ?
30ਕੁਰਨੇਲਿਯੁਸ ਨੇ ਕਿਹਾ ਕਿ ਚਾਰ ਦਿਨ ਪਹਿਲਾਂ ਮੈਂ ਇਸੇ ਵੇਲੇ ਆਪਣੇ ਘਰ ਵਿੱਚ ਤੀਜੇ ਪਹਿਰ ਦੀ ਪ੍ਰਾਰਥਨਾ ਕਰ ਰਿਹਾ ਸੀ ਅਤੇ ਵੇਖੋ, ਇੱਕ ਪੁਰਖ ਚਮਕੀਲੇ ਬਸਤਰ ਪਹਿਨੇ ਮੇਰੇ ਸਾਹਮਣੇ ਖੜ੍ਹਾ ਸੀ ।31ਅਤੇ ਕਹਿੰਦਾ ਸੀ, ਹੇ ਕੁਰਨੇਲਿਯੁਸ, ਤੇਰੀ ਪ੍ਰਾਰਥਨਾ ਸੁਣੀ ਗਈ ਅਤੇ ਤੇਰੇ ਦਾਨ ਪਰਮੇਸ਼ੁਰ ਦੀ ਹਜ਼ੂਰ ਵਿੱਚ ਯਾਦ ਕੀਤੇ ਗਏ ।32ਇਸ ਲਈ ਯਾਪਾ ਵੱਲ ਮਨੁੱਖ ਭੇਜ ਅਤੇ ਸ਼ਮਊਨ ਨੂੰ ਜਿਹੜਾ ਪਤਰਸ ਅਖਵਾਉਂਦਾ ਹੈ ਬੁਲਾ ਲੈ । ਉਹ ਸਮੁੰਦਰ ਦੇ ਕੰਢੇ ਸ਼ਮਊਨ ਜਿਹੜਾ ਚਮੜੇ ਦਾ ਕੰਮ ਕਰਨ ਵਾਲਾ ਹੈ ਉਸ ਦੇ ਘਰ ਮਹਿਮਾਨ ਹੈ ।33ਉਪਰੰਤ ਮੈਂ ਉਸੇ ਵੇਲੇ ਮਨੁੱਖ ਤੇਰੇ ਕੋਲ ਭੇਜੇ ਅਤੇ ਤੁਸੀਂ ਚੰਗਾ ਕੀਤਾ ਜੋ ਤੁਸੀਂ ਇੱਥੇ ਆਏ । ਹੁਣ ਅਸੀਂ ਸਭ ਪਰਮੇਸ਼ੁਰ ਦੇ ਅੱਗੇ ਹਾਜ਼ਰ ਹਾਂ ਕਿ ਜੋ ਕੁੱਝ ਪ੍ਰਭੂ ਨੇ ਤੈਨੂੰ ਹੁਕਮ ਦਿੱਤਾ ਹੈ ਉਸ ਨੂੰ ਸੁਣੀਏ ।
ਪਤਰਸ ਦਾ ਉਦੇਸ਼

34ਤਦ ਪਤਰਸ ਨੇ ਆਖਿਆ, ਮੈਂ ਸੱਚ-ਮੁੱਚ ਜਾਣ ਲਿਆ ਜੋ ਪਰਮੇਸ਼ੁਰ ਕਿਸੇ ਦਾ ਪੱਖ ਨਹੀਂ ਕਰਦਾ ।35ਸਗੋਂ ਹਰੇਕ ਕੌਮ ਵਿੱਚੋਂ ਜੋ ਕੋਈ ਉਸ ਤੋਂ ਡਰਦਾ ਅਤੇ ਧਰਮ ਦੇ ਕੰਮ ਕਰਦਾ ਹੈ ਉਹ ਨੂੰ ਚੰਗਾ ਲੱਗਦਾ ਹੈ ।
36ਜਿਹੜਾ ਬਚਨ ਉਸ ਨੇ ਇਸਰਾਏਲ ਦੀ ਪਰਜਾ ਦੇ ਕੋਲ ਭੇਜਿਆ, ਜਦੋਂ ਯਿਸੂ ਮਸੀਹ ਦੇ ਵਸੀਲੇ ਤੋਂ ਜੋ ਸਭਨਾਂ ਦਾ ਪ੍ਰਭੂ ਹੈ, ਮੇਲ-ਮਿਲਾਪ ਦੀ ਖੁਸ਼ਖਬਰੀ ਸੁਣਾਈ ।37ਤੁਸੀਂ ਆਪ ਹੀ ਉਸ ਬਚਨ ਨੂੰ ਜਾਣਦੇ ਹੋ ਜਿਹੜਾ ਯੂਹੰਨਾ ਦੇ ਬਪਤਿਸਮੇ ਦੇ ਪਰਚਾਰ ਤੋਂ ਬਾਅਦ, ਗਲੀਲ ਤੋਂ ਸਾਰੇ ਯਹੂਦਿਯਾ ਵਿੱਚ ਫੈਲ ਗਿਆ ।38ਤੁਸੀਂ ਯਿਸੂ ਮਸੀਹ ਨਾਸਰੀ ਨੂੰ ਜਾਣਦੇ ਹੋ, ਕਿਵੇਂ ਪਰਮੇਸ਼ੁਰ ਨੇ ਉਹ ਨੂੰ ਪਵਿੱਤਰ ਆਤਮਾ ਅਤੇ ਸਮਰੱਥਾ ਨਾਲ ਮਸਹ ਕੀਤਾ, ਜੋ ਉਹ ਭਲਾ ਕਰਦਾ ਅਤੇ ਸਭਨਾਂ ਨੂੰ ਜੋ ਸ਼ੈਤਾਨ ਦੇ ਜਕੜੇ ਹੋਏ ਸਨ, ਚੰਗਾ ਕਰਦਾ ਫਿਰਿਆ ਕਿਉਂ ਜੋ ਪਰਮੇਸ਼ੁਰ ਉਹ ਦੇ ਨਾਲ ਸੀ ।
39ਅਸੀਂ ਉਨ੍ਹਾਂ ਸਭਨਾਂ ਕੰਮਾਂ ਦੇ ਗਵਾਹ ਹਾਂ ਜਿਹੜੇ ਉਹ ਨੇ ਯਹੂਦੀਆਂ ਦੇ ਦੇਸ ਅਤੇ ਯਰੂਸ਼ਲਮ ਵਿੱਚ ਕੀਤੇ ਅਤੇ ਉਨ੍ਹਾਂ ਨੇ ਉਹ ਨੂੰ ਰੁੱਖ ਉੱਤੇ ਲਟਕਾ ਕੇ ਮਾਰ ਸੁੱਟਿਆ ।40ਉਹ ਨੂੰ ਪਰਮੇਸ਼ੁਰ ਨੇ ਤੀਜੇ ਦਿਨ ਮੁਰਦਿਆਂ ਵਿੱਚੋਂ ਜਿਉਂਦਾ ਕਰ ਕੇ ਉਹਨਾਂ ਤੇ ਪਰਗਟ ਕੀਤਾ ।41ਸਭਨਾਂ ਲੋਕਾਂ ਉੱਤੇ ਨਹੀਂ, ਪਰ ਉਨ੍ਹਾਂ ਗਵਾਹਾਂ ਉੱਤੇ ਜਿਹੜੇ ਪਹਿਲਾਂ ਤੋਂ ਹੀ ਪਰਮੇਸ਼ੁਰ ਦੇ ਚੁਣੇ ਹੋਏ ਸਨ ਅਰਥਾਤ ਸਾਡੇ ਉੱਤੇ ਜਿਨ੍ਹਾਂ ਉਹ ਨੂੰ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਪਿੱਛੋਂ, ਉਸ ਦੇ ਨਾਲ ਖਾਧਾ ਪੀਤਾ ।
42ਅਤੇ ਉਹ ਨੇ ਸਾਨੂੰ ਆਗਿਆ ਦਿੱਤੀ ਕਿ ਲੋਕਾਂ ਦੇ ਅੱਗੇ ਪਰਚਾਰ ਕਰੋ ਅਤੇ ਗਵਾਹੀ ਦਿਓ ਜੋ ਇਹ ਉਹੋ ਹੈ, ਜਿਹੜਾ ਪਰਮੇਸ਼ੁਰ ਦੀ ਵੱਲੋਂ ਠਹਿਰਾਇਆ ਹੋਇਆ ਹੈ ਭਈ ਜਿਉਂਦਿਆਂ ਅਤੇ ਮਰਿਆਂ ਦਾ ਨਿਆਂ ਕਰੇ ।43ਉਹ ਦੇ ਬਾਰੇ ਸਭ ਨਬੀ ਗਵਾਹੀ ਦਿੰਦੇ ਹਨ ਕਿ ਜੋ ਕੋਈ ਉਹ ਦੇ ਉੱਤੇ ਵਿਸ਼ਵਾਸ ਕਰੇ ਸੋ ਉਹ ਦੇ ਨਾਮ ਕਰਕੇ ਪਾਪਾਂ ਦੀ ਮਾਫ਼ੀ ਪਾਵੇਗਾ ।
ਪਰਾਈਆਂ ਕੌਮਾਂ ਉੱਤੇ ਪਵਿੱਤਰ ਆਤਮਾ ਉਤਰਨਾ

44ਪਤਰਸ ਇਹ ਗੱਲਾਂ ਕਰਦਾ ਹੀ ਸੀ ਕਿ ਪਵਿੱਤਰ ਆਤਮਾ ਬਚਨ ਦੇ ਸਭ ਸੁਣਨ ਵਾਲਿਆਂ ਤੇ ਉਤਰਿਆ ।45ਅਤੇ ਸੁੰਨਤ ਕੀਤੇ ਹੋਏ ਵਿਸ਼ਵਾਸੀ, ਜਿੰਨੇ ਪਤਰਸ ਦੇ ਨਾਲ ਆਏ ਸਨ ਸਭ ਹੈਰਾਨ ਹੋ ਗਏ ਜੋ ਪਰਾਈਆਂ ਕੌਮਾਂ ਦੇ ਲੋਕਾਂ ਉੱਤੇ ਵੀ ਪਵਿੱਤਰ ਆਤਮਾ ਨੂੰ ਵਹਾਇਆ ਗਿਆ ਹੈ ।
46ਕਿਉਂ ਜੋ ਉਨ੍ਹਾਂ ਨੇ ਉਹਨਾਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਭਾਸ਼ਾ ਬੋਲਦੇ ਅਤੇ ਪਰਮੇਸ਼ੁਰ ਦੀ ਵਡਿਆਈ ਕਰਦੇ ਸੁਣਿਆ । ਤਦ ਪਤਰਸ ਨੇ ਅੱਗੋਂ ਆਖਿਆ,47ਕੀ ਕੋਈ ਪਾਣੀ ਨੂੰ ਰੋਕ ਸਕਦਾ ਹੈ ਕਿ ਇਹਨਾਂ ਲੋਕਾਂ ਨੂੰ ਜਿਨ੍ਹਾਂ ਸਾਡੇ ਵਾਂਗੂੰ ਪਵਿੱਤਰ ਆਤਮਾ ਪਾਇਆ ਹੈ ਬਪਤਿਸਮਾ ਨਾ ਦਿੱਤਾ ਜਾਵੇ ।48ਅਤੇ ਉਸ ਨੇ ਹੁਕਮ ਦਿੱਤਾ ਕਿ ਉਹਨਾਂ ਨੂੰ ਯਿਸੂ ਮਸੀਹ ਦੇ ਨਾਮ ਉੱਤੇ ਬਪਤਿਸਮਾ ਦਿੱਤਾ ਜਾਵੇ । ਫਿਰ ਉਹਨਾਂ ਉਸ ਦੀ ਮਿੰਨਤ ਕੀਤੀ ਕਿ ਉਹ ਕੁੱਝ ਦਿਨ ਉੱਥੇ ਹੋਰ ਰਹੇ ।

11
ਪਤਰਸ ਆਪਣੇ ਕੰਮ ਦੀ ਵਿਆਖਿਆ ਕਰਦਾ ਹੈ

1ਰਸੂਲਾਂ ਅਤੇ ਭਰਾਵਾਂ ਨੇ ਜੋ ਯਹੂਦਿਯਾ ਵਿੱਚ ਸਨ, ਸੁਣਿਆ ਕਿ ਪਰਾਈਆਂ ਕੌਮਾਂ ਦੇ ਲੋਕਾਂ ਨੇ ਵੀ ਪਰਮੇਸ਼ੁਰ ਦਾ ਬਚਨ ਮੰਨ ਲਿਆ ਹੈ ।2ਅਤੇ ਜਦੋਂ ਪਤਰਸ ਯਰੂਸ਼ਲਮ ਵਿੱਚ ਆਇਆ, ਤਦ ਉਹ ਜਿਹੜੇ ਸੁੰਨਤੀਆਂ ਵਿੱਚੋਂ ਸਨ3ਉਹ ਦੇ ਨਾਲ ਇਹ ਕਹਿ ਕੇ ਲੜਨ ਲੱਗੇ, ਕਿ ਤੂੰ ਬੇਸੁੰਨਤੀਆਂ ਕੋਲ ਜਾ ਕੇ ਉਨ੍ਹਾਂ ਨਾਲ ਖਾਧਾ !

4ਤਦ ਪਤਰਸ ਸ਼ੁਰੂ ਤੋਂ, ਜੋ ਹੋਇਆ ਸੀ, ਤਿਵੇਂ ਉਨ੍ਹਾਂ ਦੇ ਅੱਗੇ ਬਿਆਨ ਕਰਕੇ ਕਹਿਣ ਲੱਗਾ5ਕਿ ਮੈਂ ਯਾਪਾ ਦੇ ਨਗਰ ਵਿੱਚ ਪ੍ਰਾਰਥਨਾ ਕਰਦਾ ਸੀ ਅਤੇ ਬੇਹੋਸ਼ੀ ਵਿੱਚ ਦਰਸ਼ਣ ਵੇਖਿਆ, ਕਿ ਇੱਕ ਚੀਜ਼, ਵੱਡੀ ਚਾਦਰ ਦੇ ਸਮਾਨ, ਜਿਸ ਦੇ ਚਾਰ ਪੱਲੇ ਸਨ ਅਕਾਸ਼ ਤੋਂ ਧਰਤੀ ਦੀ ਵੱਲ ਉਤਰਦੀ ਮੇਰੇ ਕੋਲ ਆਈ ।6ਜਦੋਂ ਮੈਂ ਉਹ ਦੀ ਵੱਲ ਧਿਆਨ ਦਿੱਤਾ ਤਾਂ ਧਰਤੀ ਦੇ ਚੌਪਾਏ ਅਤੇ ਜੰਗਲੀ ਜਾਨਵਰ, ਘਿੱਸਰਨ ਵਾਲੇ ਜੀਵ-ਜੰਤੂ ਅਤੇ ਅਕਾਸ਼ ਦੇ ਪੰਛੀ ਵੇਖੇ,
7ਅਤੇ ਮੈਂ ਇੱਕ ਅਵਾਜ਼ ਵੀ ਸੁਣੀ ਜੋ ਮੈਨੂੰ ਆਖਦੀ ਸੀ, ਹੇ ਪਤਰਸ ਉੱਠ, ਮਾਰ ਅਤੇ ਖਾ ।8ਪਰ ਮੈਂ ਆਖਿਆ, ਨਾ ਪ੍ਰਭੂ ਜੀ ਇਸ ਤਰ੍ਹਾਂ ਨਹੀਂ ਹੋ ਸਕਦਾ ਕਿਉਂ ਜੋ ਕੋਈ ਅਸ਼ੁੱਧ ਜਾਂ ਬੁਰੀ ਚੀਜ਼ ਮੈਂ ਕਦੇ ਨਹੀਂ ਖਾਧੀ !9ਅਤੇ ਦੂਸਰੀ ਵਾਰ ਅਕਾਸ਼ ਤੋਂ ਅਵਾਜ਼ ਆਈ ਕਿ ਜੋ ਕੁੱਝ ਪਰਮੇਸ਼ੁਰ ਨੇ ਸ਼ੁੱਧ ਕੀਤਾ ਹੈ ਉਹ ਨੂੰ ਤੂੰ ਅਸ਼ੁੱਧ ਨਾ ਕਹਿ ।10ਇਸ ਤਰ੍ਹਾਂ ਤਿੰਨ ਵਾਰੀ ਹੋਇਆ ਅਤੇ ਉਹ ਸਭ ਕੁੱਝ ਫੇਰ ਅਕਾਸ਼ ਵੱਲ ਖਿੱਚਿਆ ਗਿਆ ।
11ਅਤੇ ਵੇਖੋ ਕਿ ਉਸੇ ਵੇਲੇ ਉਸ ਘਰ ਦੇ ਅੱਗੇ ਜਿੱਥੇ ਅਸੀਂ ਠਹਿਰੇ ਹੋਏ ਸੀ, ਤਿੰਨ ਮਨੁੱਖ ਆ ਖੜੇ ਹੋਏ, ਜਿਹੜੇ ਕੈਸਰਿਯਾ ਤੋਂ ਮੇਰੇ ਕੋਲ ਭੇਜੇ ਗਏ ਸਨ ।12ਅਤੇ ਆਤਮਾ ਨੇ ਮੈਨੂੰ ਕਿਹਾ ਕਿ ਤੂੰ ਉਨ੍ਹਾਂ ਦੇ ਨਾਲ ਬੇਝਿਝਕ ਚੱਲਿਆ ਜਾ ਅਤੇ ਇਹ ਛੇ ਭਾਈ ਵੀ ਮੇਰੇ ਨਾਲ ਤੁਰ ਪਏ ਅਤੇ ਅਸੀਂ ਉਸ ਮਨੁੱਖ ਦੇ ਘਰ ਜਾ ਵੜੇ ।13ਤਦ ਉਸ ਨੇ ਸਾਨੂੰ ਦੱਸਿਆ ਕਿ ਕਿਵੇਂ ਉਸ ਨੇ ਆਪਣੇ ਘਰ ਵਿੱਚ ਦੂਤ ਨੂੰ ਖੜੇ ਵੇਖਿਆ, ਜਿਸ ਨੇ ਆਖਿਆ ਯਾਪਾ ਵੱਲ ਮਨੁੱਖ ਭੇਜ ਕੇ ਸ਼ਮਊਨ ਨੂੰ ਜਿਹੜਾ ਪਤਰਸ ਅਖਵਾਉਂਦਾ ਹੈ, ਬੁਲਵਾ ਲੈ ।14ਉਹ ਤੈਨੂੰ ਅਜਿਹੀਆਂ ਗੱਲਾਂ ਸੁਣਾਵੇਗਾ ਜਿਨ੍ਹਾਂ ਤੋਂ ਤੂੰ ਅਤੇ ਤੇਰਾ ਸਾਰਾ ਘਰਾਣਾ ਬਚਾਏ ਜਾਓਗੇ ।
15ਅਤੇ ਜਦੋਂ ਮੈਂ ਗੱਲਾਂ ਕਰਨ ਲੱਗਾ ਤਾਂ ਪਵਿੱਤਰ ਆਤਮਾ ਉਨ੍ਹਾਂ ਤੇ ਉਤਰਿਆ, ਜਿਸ ਤਰ੍ਹਾਂ ਪਹਿਲਾਂ ਸਾਡੇ ਉੱਤੇ ਉਤਰਿਆ ਸੀ ।16ਤਦ ਮੈਨੂੰ ਪ੍ਰਭੂ ਦਾ ਬਚਨ ਚੇਤੇ ਆਇਆ ਕਿ ਕਿਸ ਤਰ੍ਹਾਂ ਉਹ ਨੇ ਆਖਿਆ ਸੀ ਕਿ ਯੂਹੰਨਾ ਨੇ ਤਾਂ ਪਾਣੀ ਨਾਲ ਬਪਤਿਸਮਾ ਦਿੱਤਾ, ਪਰ ਤੁਹਾਨੂੰ ਪਵਿੱਤਰ ਆਤਮਾ ਨਾਲ ਬਪਤਿਸਮਾ ਦਿੱਤਾ ਜਾਵੇਗਾ ।
17ਇਸ ਲਈ ਜਦੋਂ ਪਰਮੇਸ਼ੁਰ ਨੇ ਉਨ੍ਹਾਂ ਨੂੰ ਉਸੇ ਤਰ੍ਹਾਂ ਦੀ ਦਾਤ ਦਿੱਤੀ ਜਿਸ ਤਰ੍ਹਾਂ ਦੀ ਸਾਨੂੰ ਵੀ ਦਿੱਤੀ, ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਉੱਤੇ ਵਿਸ਼ਵਾਸ ਕੀਤਾ ਤਾਂ ਫੇਰ ਮੈਂ ਕੌਣ ਸੀ ਜੋ ਪਰਮੇਸ਼ੁਰ ਨੂੰ ਰੋਕ ਸਕਦਾ ?18ਜਦੋਂ ਉਨ੍ਹਾਂ ਇਹ ਗੱਲਾਂ ਸੁਣੀਆਂ ਤਾਂ ਚੁੱਪ ਹੋ ਗਏ ਅਤੇ ਇਹ ਕਹਿ ਕੇ ਪਰਮੇਸ਼ੁਰ ਦੀ ਵਡਿਆਈ ਕੀਤੀ ਕਿ, ਫਿਰ ਤਾਂ ਪਰਮੇਸ਼ੁਰ ਨੇ ਪਰਾਈਆਂ ਕੌਮਾਂ ਨੂੰ ਵੀ ਜੀਵਨ ਲਈ ਤੋਬਾ ਦੀ ਦਾਤ ਬਖ਼ਸ਼ੀ ਹੈ ! ।
ਅੰਤਾਕਿਯਾ ਦੀ ਕਲੀਸਿਯਾ

19ਉਪਰੰਤ ਉਹ ਲੋਕ ਜਿਹੜੇ ਉਸ ਬਿਪਤਾ ਤੋਂ ਜੋ ਇਸਤੀਫ਼ਾਨ ਦੇ ਕਾਰਨ ਹੋਈ ਸੀ ਤਿੱਤਰ-ਬਿੱਤਰ ਹੋ ਗਏ ਸਨ, ਉਹ ਫੈਨੀਕੇ, ਕੁਪਰੁਸ ਅਤੇ ਅੰਤਾਕਿਯਾ ਤੱਕ ਫਿਰਦਿਆਂ ਹੋਇਆਂ ਯਹੂਦੀਆਂ ਤੋਂ ਬਿਨ੍ਹਾਂ ਹੋਰ ਕਿਸੇ ਨੂੰ ਬਚਨ ਨਹੀਂ ਸੁਣਾਉਂਦੇ ।20ਪਰ ਉਨ੍ਹਾਂ ਵਿੱਚੋਂ ਕਈ ਕੁਪਰੁਸ ਅਤੇ ਕਰੇਨੇ ਦੇ ਮਨੁੱਖ ਸਨ, ਜਿਨ੍ਹਾਂ ਅੰਤਾਕਿਯਾ ਵਿੱਚ ਆ ਕੇ ਪ੍ਰਭੂ ਯਿਸੂ ਦੀ ਖੁਸ਼ਖਬਰੀ ਸੁਣਾਉਂਦੇ ਹੋਏ ਯੂਨਾਨੀਆਂ ਨਾਲ ਵੀ ਗੱਲਾਂ ਕੀਤੀਆਂ ।21ਅਤੇ ਪ੍ਰਭੂ ਦਾ ਹੱਥ ਉਨ੍ਹਾਂ ਦੇ ਨਾਲ ਸੀ ਅਤੇ ਬਹੁਤ ਲੋਕ ਵਿਸ਼ਵਾਸ ਕਰ ਕੇ ਪ੍ਰਭੂ ਵੱਲ ਮੁੜੇ ।
22ਉਨ੍ਹਾਂ ਦੀ ਖ਼ਬਰ ਯਰੂਸ਼ਲਮ ਦੀ ਕਲੀਸਿਯਾ ਦੇ ਕੰਨਾਂ ਤੱਕ ਪਹੁੰਚੀ । ਤਾਂ ਉਨ੍ਹਾਂ ਨੇ ਬਰਨਬਾਸ ਨੂੰ ਅੰਤਾਕਿਯਾ ਤੱਕ ਭੇਜਿਆ ।23ਸੋ ਜਦੋਂ ਉਹ ਉੱਥੇ ਪਹੁੰਚਿਆ ਅਤੇ ਪਰਮੇਸ਼ੁਰ ਦੀ ਕਿਰਪਾ ਵੇਖੀ ਤਾਂ ਅਨੰਦ ਹੋਇਆ, ਉਨ੍ਹਾਂ ਸਾਰਿਆਂ ਨੂੰ ਉਪਦੇਸ਼ ਦਿੱਤਾ ਕਿ ਦਿਲ ਤੋਂ ਪ੍ਰਭੂ ਵਿੱਚ ਵਧਦੇ ਜਾਓ ।24ਕਿਉਂਕਿ ਉਹ ਭਲਾ ਮਨੁੱਖ, ਪਵਿੱਤਰ ਆਤਮਾ ਅਤੇ ਵਿਸ਼ਵਾਸ ਨਾਲ ਭਰਪੂਰ ਸੀ, ਬਹੁਤ ਸਾਰੇ ਲੋਕ ਪ੍ਰਭੂ ਦੇ ਨਾਲ ਮਿਲ ਗਏ ।
25ਤਦ ਉਹ ਸੌਲੁਸ ਨੂੰ ਲੱਭਣ ਲਈ ਤਰਸੁਸ ਨੂੰ ਗਿਆ ।26ਅਤੇ ਉਹ ਨੂੰ ਲੱਭ ਕੇ ਅੰਤਾਕਿਯਾ ਵਿੱਚ ਲਿਆਇਆ ਅਤੇ ਇਸ ਤਰ੍ਹਾਂ ਹੋਇਆ ਜੋ ਉਹ ਪੂਰਾ ਇੱਕ ਸਾਲ ਕਲੀਸਿਯਾ ਦੇ ਨਾਲ ਇਕੱਠੇ ਰਹੇ ਅਤੇ ਬਹੁਤ ਸਾਰੇ ਲੋਕਾਂ ਨੂੰ ਉਪਦੇਸ਼ ਦਿੱਤਾ ਅਤੇ ਸਭ ਤੋਂ ਪਹਿਲਾਂ ਅੰਤਾਕਿਯਾ ਵਿੱਚ ਚੇਲੇ ਮਸੀਹੀ ਅਖਵਾਏ ।

27ਉਹਨਾਂ ਦਿਨਾਂ ਵਿੱਚ ਕਈ ਨਬੀ ਯਰੂਸ਼ਲਮ ਤੋਂ ਅੰਤਾਕਿਯਾ ਵਿੱਚ ਆਏ ।28ਇੱਕ ਨੇ ਉਨ੍ਹਾਂ ਵਿੱਚੋਂ ਜਿਸ ਦਾ ਨਾਮ ਆਗਬੁਸ ਸੀ, ਉੱਠ ਕੇ ਆਤਮਾ ਦੇ ਰਾਹੀਂ ਇਹ ਪਤਾ ਦਿੱਤਾ ਜੋ ਸਾਰੀ ਦੁਨੀਆਂ ਵਿੱਚ ਇੱਕ ਵੱਡਾ ਕਾਲ ਪਵੇਗਾ ਜਿਹੜਾ ਕਲੌਦਿਯੁਸ ਦੇ ਸਮੇਂ ਵਿੱਚ ਪੈ ਗਿਆ ।
29ਅਤੇ ਚੇਲਿਆਂ ਵਿੱਚੋਂ ਹਰੇਕ ਨੇ ਆਪੋ-ਆਪਣੀ ਪਹੁੰਚ ਦੇ ਅਨੁਸਾਰ ਉਨ੍ਹਾਂ ਭਰਾਵਾਂ ਦੀ ਮਦਦ ਲਈ ਜਿਹੜੇ ਯਹੂਦਿਯਾ ਵਿੱਚ ਰਹਿੰਦੇ ਸਨ ਕੁੱਝ ਭੇਜਣ ਦਾ ਹੌਂਸਲਾ ਕੀਤਾ ।30ਸੋ ਉਨ੍ਹਾਂ ਨੇ ਇਸ ਤਰ੍ਹਾਂ ਹੀ ਕੀਤਾ, ਬਰਨਬਾਸ ਅਤੇ ਸੌਲੁਸ ਦੇ ਹੱਥੀਂ ਬਜ਼ੁਰਗਾਂ ਦੇ ਕੋਲ ਉਹ ਸਭ ਕੁੱਝ ਭੇਜਿਆ ।

12
ਪਤਰਸ ਦਾ ਕੈਦ ਵਿੱਚੋਂ ਛੁਟਕਾਰਾ

1ਉਸ ਸਮੇਂ ਰਾਜਾ ਹੇਰੋਦੇਸ ਨੇ ਕਲੀਸਿਯਾ ਦੇ ਵਿੱਚ ਕਈ ਲੋਕਾਂ ਨੂੰ ਦੁੱਖ ਦੇਣ ਲਈ ਹੱਥ ਚੁੱਕਿਆ ।2ਅਤੇ ਉਸ ਨੇ ਯੂਹੰਨਾ ਦੇ ਭਰਾ ਯਾਕੂਬ ਨੂੰ ਤਲਵਾਰ ਨਾਲ ਮਰਵਾ ਦਿੱਤਾ ।

3ਅਤੇ ਜਦੋਂ ਉਸ ਨੇ ਵੇਖਿਆ ਕਿ ਯਹੂਦੀਆਂ ਨੂੰ ਇਹ ਕੰਮ ਚੰਗਾ ਲੱਗਾ, ਤਾਂ ਪਤਰਸ ਨੂੰ ਵੀ ਫੜ ਲਿਆ । ਇਹ ਅਖ਼ਮੀਰੀ ਰੋਟੀ ਦੇ ਦਿਨ ਸਨ ।4ਇਸ ਲਈ ਉਹ ਨੂੰ ਫੜ੍ਹ ਕੇ ਕੈਦਖ਼ਾਨੇ ਵਿੱਚ ਪਾ ਦਿੱਤਾ ਅਤੇ ਚਾਰ-ਚਾਰ ਸਿਪਾਹੀਆਂ ਦੀਆਂ ਚਾਰ ਟੋਲੀਆਂ ਦੇ ਹਵਾਲੇ ਕੀਤਾ ਕਿ ਉਹ ਦੀ ਚੌਕਸੀ ਕਰਨ, ਅਤੇ ਉਹ ਨੂੰ ਪਸਾਹ ਦੇ ਤਿਉਹਾਰ ਤੋਂ ਬਾਅਦ ਲੋਕਾਂ ਦੇ ਅੱਗੇ ਕੱਢ ਲਿਆਉਣ ਦੀ ਯੋਜਨਾ ਬਣਾਈ ।
5ਕੈਦ ਵਿੱਚ ਪਤਰਸ ਦੀ ਰਾਖੀ ਹੁੰਦੀ ਸੀ, ਪਰ ਕਲੀਸਿਯਾ ਉਹ ਦੇ ਲਈ ਪਰਮੇਸ਼ੁਰ ਅੱਗੇ ਲਗਾਤਾਰ ਮਨ ਲਾ ਕੇ ਪ੍ਰਾਰਥਨਾ ਕਰਦੀ ਰਹੀ ।6ਜਦੋਂ ਹੇਰੋਦੇਸ ਉਹ ਨੂੰ ਬਾਹਰ ਲਿਆਉਣ ਨੂੰ ਤਿਆਰ ਸੀ, ਉਸ ਰਾਤ ਪਤਰਸ ਦੋ ਸੰਗਲਾਂ ਨਾਲ ਜਕੜਿਆ ਹੋਇਆ ਦੋ ਸਿਪਾਹੀਆਂ ਦੇ ਵਿੱਚਕਾਰ ਸੁੱਤਾ ਪਿਆ ਸੀ, ਅਤੇ ਪਹਿਰੇ ਵਾਲੇ ਕੈਦਖ਼ਾਨੇ ਦੇ ਫਾਟਕ ਤੇ ਪਹਿਰਾ ਦੇ ਰਹੇ ਸਨ ।
7ਵੇਖੋ, ਪ੍ਰਭੂ ਦਾ ਇੱਕ ਦੂਤ ਆਇਆ ਤਾਂ ਉਸ ਕੋਠੜੀ ਵਿੱਚ ਚਾਨਣ ਚਮਕਿਆ ਅਤੇ ਉਸ ਨੇ ਪਤਰਸ ਦੀ ਵੱਖੀ ਤੇ ਹੱਥ ਮਾਰ ਕੇ ਉਹ ਨੂੰ ਜਗਾਇਆ ਅਤੇ ਆਖਿਆ ਕਿ ਛੇਤੀ ਉੱਠ, ਤਦ ਉਹ ਦੇ ਸੰਗਲ ਉਹ ਦੇ ਹੱਥਾਂ ਤੋਂ ਡਿੱਗ ਪਏ ।8ਅਤੇ ਦੂਤ ਨੇ ਉਹ ਨੂੰ ਕਿਹਾ ਕਿ ਲੱਕ ਬੰਨ੍ਹ ਅਤੇ ਆਪਣੀ ਜੁੱਤੀ ਪਾ, ਤਦ ਉਹ ਨੇ ਇਸੇ ਤਰ੍ਹਾਂ ਕੀਤਾ । ਫੇਰ ਉਸ ਨੇ ਉਹ ਨੂੰ ਆਖਿਆ, ਆਪਣੇ ਕੱਪੜੇ ਪਹਿਨ ਕੇ ਮੇਰੇ ਮਗਰ ਆ ਜਾ ।
9ਅਤੇ ਉਹ ਨਿੱਕਲ ਕੇ ਉਸ ਦੇ ਪਿੱਛੇ-ਪਿੱਛੇ ਤੁਰ ਪਿਆ ਅਤੇ ਉਸ ਨੂੰ ਇਹ ਪਤਾ ਨਾ ਲੱਗਿਆ ਕਿ ਇਹ ਜੋ ਦੂਤ ਵੱਲੋਂ ਹੋ ਰਿਹਾ ਹੈ ਸੋ ਸੱਚ ਹੈ, ਪਰ ਉਸ ਨੇ ਸੋਚਿਆ ਕਿ ਮੈਂ ਇੱਕ ਦਰਸ਼ਣ ਵੇਖ ਰਿਹਾ ਹਾਂ ।10ਤਦ ਉਹ ਪਹਿਲੇ ਅਤੇ ਦੂਜੇ ਪਹਿਰੇ ਵਿੱਚੋਂ ਦੀ ਨਿੱਕਲ ਕੇ ਇੱਕ ਲੋਹੇ ਦੇ ਫਾਟਕ ਤੱਕ ਆਏ, ਜਿਹੜਾ ਸ਼ਹਿਰ ਵਿੱਚ ਪੁਹੰਚਾਉਂਦਾ ਹੈ ਅਤੇ ਉਹ ਫਾਟਕ ਆਪਣੇ ਆਪ ਉਨ੍ਹਾਂ ਲਈ ਖੁੱਲ੍ਹ ਗਿਆ ਅਤੇ ਉਹ ਨਿੱਕਲ ਕੇ ਇੱਕ ਗਲੀ ਦੇ ਵਿੱਚ ਤੁਰ ਪਏ ਤਾਂ ਉਸੇ ਵੇਲੇ ਦੂਤ ਉਹ ਦੇ ਕੋਲੋਂ ਚੱਲਿਆ ਗਿਆ ।
11ਤਦ ਪਤਰਸ ਨੇ ਹੋਸ਼ ਵਿੱਚ ਆ ਕੇ ਕਿਹਾ ਕਿ ਹੁਣ ਮੈਂ ਠੀਕ ਜਾਣ ਗਿਆਂ ਹਾਂ ਕਿ ਪ੍ਰਭੂ ਨੇ ਆਪਣਾ ਦੂਤ ਭੇਜ ਕੇ ਮੈਨੂੰ ਹੇਰੋਦੇਸ ਦੇ ਹੱਥੋਂ ਛੁਡਾਇਆ ਅਤੇ ਯਹੂਦੀ ਕੌਮ ਦੀ ਸਾਰੀ ਉਮੀਦ ਤੋੜ ਦਿੱਤੀ ਹੈ !12ਫਿਰ ਉਹ ਇਹ ਸਭ ਸੋਚ ਕੇ, ਯੂਹੰਨਾ ਜੋ ਮਰਕੁਸ ਅਖਵਾਉਂਦਾ ਹੈ ਉਹ ਦੀ ਮਾਤਾ ਮਰਿਯਮ ਦੇ ਘਰ ਆਇਆ ਜਿੱਥੇ ਬਹੁਤ ਲੋਕ ਇਕੱਠੇ ਹੋ ਕੇ ਪ੍ਰਾਰਥਨਾ ਕਰ ਰਹੇ ਸਨ ।
13ਜਦੋਂ ਉਹ ਨੇ ਡਿਉੜੀ ਦਾ ਦਰਵਾਜ਼ਾ ਖੜਕਾਇਆ ਤਾਂ ਇੱਕ ਰੋਦੇ ਨਾਮ ਦੀ ਦਾਸੀ ਦੇਖਣ ਆਈ ।14ਅਤੇ ਪਤਰਸ ਦੀ ਅਵਾਜ਼ ਪਛਾਣ ਕੇ ਖੁਸ਼ੀ ਦੇ ਕਾਰਨ ਬੂਹਾ ਨਾ ਖੋਲ੍ਹਿਆ ਪਰ ਦੌੜ ਕੇ ਅੰਦਰ ਜਾ ਕੇ ਦੱਸਿਆ ਕਿ ਪਤਰਸ ਡਿਉੜੀ ਦੇ ਅੱਗੇ ਖੜ੍ਹਾ ਹੈ !15ਉਨ੍ਹਾਂ ਉਸ ਨੂੰ ਆਖਿਆ, ਤੂੰ ਤਾਂ ਕਮਲੀ ਹੈਂ, ਪਰ ਉਹ ਜੋਰ ਦੇ ਕੇ ਬੋਲੀ ਕਿ ਇਸ ਤਰ੍ਹਾਂ ਹੀ ਹੈ ! ਤਦ ਉਨ੍ਹਾਂ ਆਖਿਆ, ਕਿ ਉਹ ਦਾ ਦੂਤ ਹੋਵੇਗਾ ।
16ਪਰ ਪਤਰਸ ਦਰਵਾਜ਼ਾ ਖੜਕਾਉਂਦਾ ਰਿਹਾ । ਤਦ ਉਨ੍ਹਾਂ ਨੇ ਬੂਹਾ ਖੋਲ੍ਹ ਕੇ ਉਹ ਨੂੰ ਵੇਖਿਆ ਅਤੇ ਹੈਰਾਨ ਹੋ ਗਏ ।17ਪਰੰਤੂ ਉਹ ਨੇ ਉਨ੍ਹਾਂ ਨੂੰ ਹੱਥ ਨਾਲ ਇਸ਼ਾਰਾ ਕੀਤਾ ਕਿ ਚੁੱਪ ਰਹਿਣ ਅਤੇ ਦੱਸਿਆ ਜੋ ਪ੍ਰਭੂ ਨੇ ਕਿਵੇਂ ਮੈਨੂੰ ਕੈਦਖ਼ਾਨੇ ਵਿੱਚੋਂ ਕੱਢਿਆ ਅਤੇ ਆਖਿਆ ਕਿ ਯਾਕੂਬ ਅਤੇ ਭਰਾਵਾਂ ਨੂੰ ਵੀ ਇਨ੍ਹਾਂ ਗੱਲਾਂ ਦੀ ਖ਼ਬਰ ਦੇਵੋ, ਅਤੇ ਉਹ ਹੋਰ ਥਾਂ ਚੱਲਿਆ ਗਿਆ ।
18ਜਦੋਂ ਦਿਨ ਚੜ੍ਹਿਆ ਤਾਂ ਸਿਪਾਹੀ ਬਹੁਤ ਘਬਰਾ ਗਏ ਕਿ ਪਤਰਸ ਕਿੱਥੇ ਗਿਆ ?19ਜਦੋਂ ਹੇਰੋਦੇਸ ਨੇ ਉਹ ਦੀ ਖੋਜ ਕੀਤੀ ਅਤੇ ਉਹ ਨਾ ਲੱਭਾ ਤਾਂ ਪਹਿਰੇ ਵਾਲਿਆਂ ਦੀ ਜਾਂਚ ਕਰ ਕੇ ਹੁਕਮ ਦਿੱਤਾ ਕਿ ਉਹ ਵੱਢੇ ਜਾਣ ਅਤੇ ਉਹ ਯਹੂਦਿਯਾ ਤੋਂ ਨਿੱਕਲ ਕੇ ਕੈਸਰਿਯਾ ਵਿੱਚ ਜਾ ਠਹਿਰਿਆ ।
ਹੇਰੋਦੇਸ ਦੀ ਮੌਤ

20ਹੇਰੋਦੇਸ ਸੂਰ ਅਤੇ ਸੈਦਾ ਦੇ ਲੋਕਾਂ ਨਾਲ ਬਹੁਤ ਨਰਾਜ਼ ਸੀ । ਤਦ ਉਹ ਇੱਕ ਮਨ ਹੋ ਕੇ ਉਹ ਦੇ ਕੋਲ ਆਏ ਅਤੇ ਬਲਾਸਤੁਸ ਨੂੰ ਜਿਹੜਾ ਰਾਜੇ ਦਾ ਸਹਾਇਕ ਸੀ, ਫੁਸਲਾ ਕੇ ਸੁਲਾਹ ਲਈ ਬੇਨਤੀ ਕਰਨ ਲੱਗੇ ਕਿਉਂ ਜੋ ਉਨ੍ਹਾਂ ਦੇ ਦੇਸ ਦੀ ਪਿਰਤਪਾਲ ਰਾਜੇ ਦੇ ਦੇਸ ਤੋਂ ਹੁੰਦੀ ਸੀ ।21ਹੇਰੋਦੇਸ ਇੱਕ ਮਿਥੇ ਹੋਏ ਦਿਨ ਨੂੰ ਰਾਜ ਬਸਤਰ ਪਹਿਨ ਕੇ ਅਦਾਲਤ ਦੇ ਸਿੰਘਾਸਣ ਉੱਤੇ ਬੈਠਾ ਅਤੇ ਉਨ੍ਹਾਂ ਦੇ ਅੱਗੇ ਬੋਲਣ ਲੱਗਾ ।
22ਅਤੇ ਲੋਕ ਉੱਚੀ ਦੇ ਕੇ ਬੋਲੇ ਕਿ ਇਹ ਤਾਂ ਦੇਵਤੇ ਦੀ ਅਵਾਜ਼ ਹੈ, ਮਨੁੱਖ ਦੀ ਨਹੀਂ !23ਤਦ ਪ੍ਰਭੂ ਦੇ ਇੱਕ ਦੂਤ ਨੇ ਉਹ ਨੂੰ ਅਜਿਹਾ ਮਾਰਿਆ ਕਿ ਉਹ ਕੀੜੇ ਪੈ ਕੇ ਮਰ ਗਿਆ, ਕਿਉਂਕਿ ਉਸ ਨੇ ਪਰਮੇਸ਼ੁਰ ਦੀ ਵਡਿਆਈ ਨਹੀਂ ਕੀਤੀ ਸੀ ।

24ਪਰ ਪਰਮੇਸ਼ੁਰ ਦਾ ਬਚਨ ਵਧਦਾ ਅਤੇ ਫੈਲਦਾ ਗਿਆ ।

25ਬਰਨਬਾਸ ਅਤੇ ਸੌਲੁਸ ਆਪਣੀ ਸੇਵਾ ਪੂਰੀ ਕਰ ਕੇ ਯੂਹੰਨਾ ਨੂੰ ਜਿਸ ਨੂੰ ਮਰਕੁਸ ਵੀ ਕਿਹਾ ਜਾਂਦਾ ਹੈ, ਨਾਲ ਲੈ ਕੇ ਯਰੂਸ਼ਲਮ ਤੋਂ ਮੁੜੇ ।

13
ਪੌਲੁਸ ਅਤੇ ਬਰਨਬਾਸ ਨੂੰ ਭੇਜਿਆ ਜਾਣਾ

1ਅੰਤਾਕਿਯਾ ਦੀ ਕਲੀਸਿਯਾ ਵਿੱਚ ਕਈ ਨਬੀ ਅਤੇ ਉਪਦੇਸ਼ਕ ਸਨ, ਜਿਵੇਂ ਬਰਨਬਾਸ, ਸ਼ਿਮਓਨ ਜਿਸ ਨੂੰ ਨੀਗਰ ਵੀ ਕਿਹਾ ਜਾਂਦਾ ਹੈ, ਲੂਕਿਯੁਸ ਕੁਰੇਨੇ ਦਾ ਇੱਕ ਮਨੁੱਖ, ਮਨਏਨ ਜਿਹੜਾ ਰਾਜਾ ਹੇਰੋਦੇਸ ਦੇ ਨਾਲ ਪਲਿਆ ਸੀ ਅਤੇ ਸੌਲੁਸ ।2ਜਦੋਂ ਇਹ ਪ੍ਰਭੂ ਦੀ ਬੰਦਗੀ ਕਰਦੇ, ਵਰਤ ਰੱਖਦੇ ਸਨ ਤਾਂ ਪਵਿੱਤਰ ਆਤਮਾ ਨੇ ਕਿਹਾ ਕਿ ਮੇਰੇ ਲਈ ਬਰਨਬਾਸ ਅਤੇ ਸੌਲੁਸ ਨੂੰ ਉਸ ਕੰਮ ਦੇ ਲਈ ਅਲੱਗ ਕਰੋ, ਜਿਸ ਦੇ ਲਈ ਮੈਂ ਉਨ੍ਹਾਂ ਨੂੰ ਬੁਲਾਇਆ ਹੈ ।3ਤਦ ਉਨ੍ਹਾਂ ਵਰਤ ਰੱਖ ਕੇ ਅਤੇ ਪ੍ਰਾਰਥਨਾ ਕਰ ਕੇ ਉਨ੍ਹਾਂ ਉੱਤੇ ਹੱਥ ਰੱਖੇ ਅਤੇ ਉਨ੍ਹਾਂ ਨੂੰ ਵਿਦਾ ਕੀਤਾ ।

ਪੌਲੁਸ ਦੀ ਪਹਿਲੀ ਪ੍ਰਚਾਰ ਯਾਤਰਾ

4ਉਹ ਪਵਿੱਤਰ ਆਤਮਾ ਦੇ ਭੇਜੇ ਹੋਏ ਸਿਲੂਕਿਯਾ ਨੂੰ ਆਏ ਉੱਥੋਂ ਜਹਾਜ਼ ਤੇ ਚੜ੍ਹ ਕੇ ਕੁਪਰੁਸ ਨੂੰ ਗਏ ।5ਅਤੇ ਉਨ੍ਹਾਂ ਨੇ ਸਲਮੀਸ ਵਿੱਚ ਪਹੁੰਚ ਕੇ ਯਹੂਦੀਆਂ ਦੇ ਪ੍ਰਾਰਥਨਾ ਘਰਾਂ ਵਿੱਚ ਪਰਮੇਸ਼ੁਰ ਦਾ ਬਚਨ ਸੁਣਾਇਆ ਅਤੇ ਯੂਹੰਨਾ ਉਨ੍ਹਾਂ ਦਾ ਸੇਵਕ ਨਾਲ ਸੀ ।
6ਜਦੋਂ ਉਹ ਉਸ ਸਾਰੇ ਟਾਪੂ ਵਿੱਚ ਫਿਰਦੇ ਫਿਰਦੇ ਪਾਫ਼ੁਸ ਤੱਕ ਆਏ ਤਾਂ ਉਨ੍ਹਾਂ ਨੂੰ ਬਰਯੇਸੂਸ ਨਾਮ ਦਾ ਇੱਕ ਆਦਮੀ ਮਿਲਿਆ ਜਿਹੜਾ ਜਾਦੂ ਟੂਣਾ ਕਰਨ ਵਾਲਾ, ਝੂਠਾ ਨਬੀ ਅਤੇ ਕੌਮ ਦਾ ਯਹੂਦੀ ਸੀ ।7ਉਹ ਰਾਜਪਾਲ ਸਰਗੀਉਸ ਪੌਲੁਸ ਦੇ ਨਾਲ ਸੀ ਜਿਹੜਾ ਬੁੱਧਵਾਨ ਮਨੁੱਖ ਸੀ । ਇਸ ਨੇ ਬਰਨਬਾਸ ਅਤੇ ਸੌਲੁਸ ਨੂੰ ਆਪਣੇ ਕੋਲ ਬੁਲਾ ਕੇ ਪਰਮੇਸ਼ੁਰ ਦਾ ਬਚਨ ਸੁਣਨਾ ਚਾਹਿਆ ।8ਇਲਮਾਸ ਜਾਦੂ ਟੂਣਾ ਕਰਨ ਵਾਲੇ ਨੇ ( ਕਿ ਉਹ ਦੇ ਨਾਮ ਦਾ ਇਹੋ ਅਰਥ ਹੈ ) ਰਾਜਪਾਲ ਦਾ ਵਿਰੋਧ ਕਰਕੇ ਉਸ ਨੂੰ ਵਿਸ਼ਵਾਸ ਤੋਂ ਭਟਕਾਉਣ ਦਾ ਯਤਨ ਕੀਤਾ ।
9ਪਰ ਸੌਲੁਸ ਨੇ ਜਿਸ ਨੂੰ ਪੌਲੁਸ ਵੀ ਕਿਹਾ ਜਾਂਦਾ ਹੈ ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ ਉਹ ਦੀ ਵੱਲ ਧਿਆਨ ਕੀਤਾ10ਅਤੇ ਆਖਿਆ ਕਿ ਤੂੰ ਜੋ ਸਭ ਤਰ੍ਹਾਂ ਦੇ ਛਲ ਅਤੇ ਬੁਰਿਆਈ ਨਾਲ ਭਰਿਆ ਹੋਇਆ ਹੈਂ, ਸ਼ੈਤਾਨ ਦੇ ਬੱਚੇ ਅਤੇ ਸਾਰੇ ਧਰਮ ਦੇ ਵੈਰੀ ! ਕੀ ਤੂੰ ਪ੍ਰਭੂ ਦੇ ਸਿੱਧੇ ਰਾਹਾਂ ਨੂੰ ਟੇਡੇ ਕਰਨੋਂ ਨਹੀਂ ਟਲੇਂਗਾ ?
11ਹੁਣ ਵੇਖ, ਪ੍ਰਭੂ ਦਾ ਹੱਥ ਤੇਰੇ ਉੱਤੇ ਹੈ ਅਤੇ ਤੂੰ ਅੰਨ੍ਹਾ ਹੋ ਜਾਏਂਗਾ ਅਤੇ ਕੁੱਝ ਸਮੇਂ ਤੱਕ ਸੂਰਜ ਨੂੰ ਨਾ ਵੇਖੇਂਗਾ ! ਅਤੇ ਉਸੇ ਤਰ੍ਹਾਂ ਉਹ ਦੇ ਉੱਤੇ ਧੁੰਦ ਅਤੇ ਹਨ੍ਹੇਰਾ ਛਾ ਗਿਆ । ਤਾਂ ਉਹ ਟੋਲਦਾ ਫਿਰਿਆ ਕਿ ਕੋਈ ਹੱਥ ਫੜ੍ਹ ਕੇ ਮੈਨੂੰ ਲੈ ਚੱਲੇ ।12ਤਦ ਰਾਜਪਾਲ ਨੇ ਜਦੋਂ ਇਹ ਘਟਨਾ ਵੇਖੀ ਤਾਂ ਪ੍ਰਭੂ ਦੀ ਸਿੱਖਿਆ ਤੋਂ ਹੈਰਾਨ ਹੋ ਕੇ ਵਿਸ਼ਵਾਸ ਕੀਤਾ ।
ਪਿਸਿਦਿਯਾ ਅਤੇ ਅੰਤਾਕਿਯਾ ਵਿੱਚ

13ਤਦ ਪੌਲੁਸ ਅਤੇ ਉਹ ਦੇ ਸਾਥੀ ਪਾਫ਼ੁਸ ਤੋਂ ਜਹਾਜ਼ ਤੇ ਚੜ੍ਹ ਕੇ ਪਮਫ਼ੁਲਿਯਾ ਦੇ ਪਰਗਾ ਵਿੱਚ ਆਏ ਅਤੇ ਯੂਹੰਨਾ ਉਨ੍ਹਾਂ ਤੋਂ ਅਲੱਗ ਹੋ ਕੇ ਯਰੂਸ਼ਲਮ ਨੂੰ ਵਾਪਸ ਚਲਾ ਗਿਆ ।14ਪਰ ਉਹ ਪਰਗਾ ਤੋਂ ਲੰਘ ਕੇ ਪਿਸਿਦਿਯਾ ਦੇ ਅੰਤਾਕਿਯਾ ਵਿੱਚ ਪਹੁੰਚੇ ਅਤੇ ਸਬਤ ਦੇ ਦਿਨ ਪ੍ਰਾਰਥਨਾ ਘਰਾਂ ਵਿੱਚ ਜਾ ਬੈਠੇ ।15ਅਤੇ ਮੂਸਾ ਦੀ ਬਿਵਸਥਾ ਅਤੇ ਨਬੀਆਂ ਨੂੰ ਪੜ੍ਹਨ ਤੋਂ ਬਾਅਦ ਪ੍ਰਾਰਥਨਾ ਘਰ ਦੇ ਸਰਦਾਰਾਂ ਨੇ ਉਹਨਾਂ ਨੂੰ ਕਹਿ ਕੇ ਭੇਜਿਆ ਕਿ ਹੇ ਭਾਈਓ, ਜੇ ਲੋਕਾਂ ਦੇ ਲਈ ਕੋਈ ਉਪਦੇਸ਼ ਤੁਹਾਡੇ ਕੋਲ ਹੋਵੇ ਤਾਂ ਸੁਣਾਓ ।
16ਤਦ ਪੌਲੁਸ ਖੜ੍ਹਾ ਹੋ ਗਿਆ ਅਤੇ ਹੱਥ ਨਾਲ ਇਸ਼ਾਰਾ ਕਰ ਕੇ ਕਿਹਾ, ਹੇ ਇਸਰਾਏਲੀਓ ਅਤੇ ਪਰਮੇਸ਼ੁਰ ਦਾ ਡਰ ਰੱਖਣ ਵਾਲਿਓ ਸੁਣੋ ।17ਇਸਰਾਏਲ ਕੌਮ ਦੇ ਪਰਮੇਸ਼ੁਰ ਨੇ ਸਾਡੇ ਪਿਉ-ਦਾਦਿਆਂ ਨੂੰ ਚੁਣਿਆ, ਇਸ ਕੌਮ ਨੂੰ ਜਦੋਂ ਮਿਸਰ ਦੇਸ ਵਿੱਚ ਪਰਦੇਸੀ ਸੀ ਵਧਾਇਆ ਅਤੇ ਆਪਣੇ ਬਲ ਨਾਲ ਉਨ੍ਹਾਂ ਨੂੰ ਉਸ ਵਿੱਚੋਂ ਕੱਢ ਲਿਆਂਦਾ ।18ਅਤੇ ਲੱਗਭਗ ਚਾਲ੍ਹੀਆਂ ਸਾਲਾਂ ਤੱਕ ਉਜਾੜ ਵਿੱਚ ਉਨ੍ਹਾਂ ਦੀ ਸਹਿੰਦਾ ਰਿਹਾ ।
19ਅਤੇ ਕਨਾਨ ਦੇਸ ਵਿੱਚ ਸੱਤਾਂ ਕੌਮਾਂ ਦਾ ਨਾਸ ਕਰ ਕੇ ਉਨ੍ਹਾਂ ਦੇ ਦੇਸ ਨੂੰ ਲੱਗਭਗ ਸਾਢੇ ਚਾਰ ਸੌ ਸਾਲਾਂ ਤੱਕ ਉਨ੍ਹਾਂ ਦਾ ਵਿਰਸਾ ਕਰ ਦਿੱਤਾ ।20ਉਸ ਤੋਂ ਬਾਅਦ ਉਸ ਨੇ ਸਮੂਏਲ ਨਬੀ ਤੱਕ ਉਨ੍ਹਾਂ ਨੂੰ ਨਿਆਈਂ ਦਿੱਤੇ ।
21ਫਿਰ ਉਨ੍ਹਾਂ ਨੇ ਪਾਤਸ਼ਾਹ ਮੰਗਿਆ ਤਾਂ ਪਰਮੇਸ਼ੁਰ ਨੇ ਇੱਕ ਮਨੁੱਖ ਬਿਨਯਾਮੀਨ ਦੇ ਗੋਤ ਵਿੱਚੋਂ ਕੀਸ਼ ਦੇ ਪੁੱਤਰ ਸ਼ਾਊਲ ਨੂੰ ਚਾਲ੍ਹੀਆਂ ਸਾਲਾਂ ਤੱਕ ਉਨ੍ਹਾਂ ਨੂੰ ਦਿੱਤਾ ।22ਫੇਰ ਉਹ ਨੂੰ ਹਟਾ ਕੇ ਦਾਊਦ ਨੂੰ ਖੜ੍ਹਾ ਕੀਤਾ ਕਿ ਉਨ੍ਹਾਂ ਦਾ ਪਾਤਸ਼ਾਹ ਹੋਵੇ ਜਿਸ ਦੇ ਹੱਕ ਵਿੱਚ ਉਹ ਨੇ ਗਵਾਹੀ ਦੇ ਕੇ ਆਖਿਆ ਕਿ ਮੈਂ ਯੱਸੀ ਦੇ ਪੁੱਤਰ ਦਾਊਦ ਨੂੰ ਆਪਣੇ ਮਨ ਭਾਉਂਦਾ ਇੱਕ ਮਨੁੱਖ ਲੱਭਿਆ, ਉਹ ਹੀ ਮੇਰੀ ਸਾਰੀ ਮਰਜ਼ੀ ਪੂਰੀ ਕਰੇਗਾ ।
23ਪਰਮੇਸ਼ੁਰ ਨੇ ਆਪਣੇ ਵਾਇਦੇ ਅਨੁਸਾਰ ਉਸੇ ਦੇ ਵੰਸ਼ ਵਿੱਚੋਂ ਇਸਰਾਏਲ ਦੇ ਲਈ ਇੱਕ ਮੁਕਤੀਦਾਤਾ ਯਿਸੂ ਨੂੰ ਭੇਜਿਆ24ਜਿਸ ਦੇ ਆਉਣ ਤੋਂ ਪਹਿਲਾਂ ਯੂਹੰਨਾ ਨੇ ਇਸਰਾਏਲ ਦੇ ਸਭ ਲੋਕਾਂ ਦੇ ਅੱਗੇ ਤੋਬਾ ਦੇ ਬਪਤਿਸਮੇ ਦਾ ਪਰਚਾਰ ਕੀਤਾ ।25ਜਦੋਂ ਯੂਹੰਨਾ ਆਪਣੀ ਦੌੜ ਪੂਰੀ ਕਰ ਰਿਹਾ ਸੀ ਤਾਂ ਉਹ ਨੇ ਆਖਿਆ ਕਿ ਤੁਸੀਂ ਮੈਨੂੰ ਕੀ ਸਮਝਦੇ ਹੋ ? ਮੈਂ ਉਹ ਨਹੀਂ ਹਾਂ ਪਰ ਵੇਖੋ ਮੇਰੇ ਪਿੱਛੇ ਇੱਕ ਆਉਂਦਾ ਹੈ, ਮੈਂ ਜਿਸ ਦੇ ਪੈਰਾਂ ਦੀ ਜੁੱਤੀ ਖੋਲ੍ਹਣ ਦੇ ਯੋਗ ਵੀ ਨਹੀਂ ਹਾਂ ।
26ਹੇ ਭਾਈਓ, ਅਬਰਾਹਾਮ ਦੀ ਅੰਸ ਦੇ ਪੁੱਤਰੋ ਅਤੇ ਤੁਹਾਡੇ ਵਿੱਚ ਜਿਹੜੇ ਪਰਮੇਸ਼ੁਰ ਦਾ ਡਰ ਮੰਨਦੇ ਹੋ, ਸਾਡੇ ਕੋਲ ਇਸ ਮੁਕਤੀ ਦਾ ਬਚਨ ਭੇਜਿਆ ਹੋਇਆ ਹੈ ।27ਕਿਉਂ ਜੋ ਯਰੂਸ਼ਲਮ ਦੇ ਰਹਿਣ ਵਾਲਿਆਂ ਅਤੇ ਉਨ੍ਹਾਂ ਦੇ ਅਧਿਕਾਰੀਆਂ ਨੇ ਉਹ ਨੂੰ ਅਤੇ ਨਬੀਆਂ ਦੇ ਬਚਨਾਂ ਨੂੰ ਜੋ ਹਰ ਸਬਤ ਦੇ ਦਿਨ ਪੜ੍ਹੇ ਜਾਂਦੇ ਹਨ ਨਾ ਸਮਝਦੇ ਹੋਏ, ਉਸ ਨੂੰ ਦੋਸ਼ੀ ਠਹਿਰਾ ਕੇ ਉਨ੍ਹਾਂ ਗੱਲਾਂ ਨੂੰ ਪੂਰਾ ਕੀਤਾ ।
28ਭਾਵੇਂ ਉਨ੍ਹਾਂ ਨੇ ਉਹ ਦੇ ਵਿੱਚ ਕਤਲ ਦੇ ਲਾਇਕ ਕੋਈ ਦੋਸ਼ ਨਹੀਂ ਵੇਖਿਆ ਤਾਂ ਵੀ ਪਿਲਾਤੁਸ ਦੇ ਅੱਗੇ ਬੇਨਤੀ ਕੀਤੀ ਕਿ ਉਹ ਜਾਨੋਂ ਮਾਰਿਆ ਜਾਵੇ ।29ਅਤੇ ਜਦੋਂ ਉਹ ਸਭ ਕੁੱਝ ਜੋ ਉਹ ਦੇ ਹੱਕ ਵਿੱਚ ਲਿਖਿਆ ਹੋਇਆ ਸੀ ਪੂਰਾ ਕਰ ਚੁੱਕੇ ਤਾਂ ਉਹ ਨੂੰ ਸਲੀਬ ਉੱਤੋਂ ਉਤਾਰ ਕੇ ਕਬਰ ਵਿੱਚ ਰੱਖਿਆ ।
30ਪਰੰਤੂ ਪਰਮੇਸ਼ੁਰ ਨੇ ਉਹ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ ।31ਅਤੇ ਉਹ ਬਹੁਤ ਦਿਨਾਂ ਤੱਕ ਉਨ੍ਹਾਂ ਲੋਕਾਂ ਨੂੰ ਵਿਖਾਈ ਦਿੰਦਾ ਰਿਹਾ, ਜਿਹੜੇ ਗਲੀਲ ਤੋਂ ਯਰੂਸ਼ਲਮ ਨੂੰ ਉਹ ਦੇ ਨਾਲ ਆਏ ਸਨ ਅਤੇ ਹੁਣ ਲੋਕਾਂ ਦੇ ਅੱਗੇ ਉਹ ਦੇ ਉੱਤੇ ਗਵਾਹੀ ਦੇਣ ਵਾਲੇ ਹਨ ।
32ਅਸੀਂ ਤੁਹਾਨੂੰ ਉਸ ਬਚਨ ਦੀ ਖੁਸ਼ਖਬਰੀ ਸੁਣਾਉਂਦੇ ਹਾਂ ਜਿਹੜਾ ਸਾਡੇ ਪਿਉ-ਦਾਦਿਆਂ ਨਾਲ ਕੀਤਾ ਗਿਆ ਸੀ ।33ਕਿ ਪਰਮੇਸ਼ੁਰ ਨੇ ਯਿਸੂ ਨੂੰ ਉੱਠਾ ਕੇ ਸਾਡੀ ਸੰਤਾਨ ਦੇ ਲਈ ਉਸੇ ਬਚਨ ਨੂੰ ਪੂਰਾ ਕੀਤਾ ਹੈ, ਜਿਵੇਂ ਦੂਜੇ ਜ਼ਬੂਰ ਵਿੱਚ ਵੀ ਲਿਖਿਆ ਹੋਇਆ ਹੈ ਕਿ ਤੂੰ ਮੇਰਾ ਪੁੱਤਰ ਹੈਂ, ਅੱਜ ਤੂੰ ਮੇਰੇ ਤੋਂ ਜੰਮਿਆ ।34ਇਹ ਦੇ ਵਿਖੇ ਜੋ ਉਸ ਨੇ ਉਹ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ ਕਿ ਉਹ ਕਦੀ ਨਾ ਸੜੇ ਅਤੇ ਉਹ ਨੇ ਇਸ ਤਰ੍ਹਾਂ ਆਖਿਆ ਹੈ ਜੋ ਮੈਂ ਦਾਊਦ ਦੇ ਪਵਿੱਤਰ ਅਤੇ ਅਟੱਲ ਪਦਾਰਥ ਤੁਹਾਨੂੰ ਦਿਆਂਗਾ ।
35ਇਸ ਲਈ ਉਹ ਕਿਸੇ ਹੋਰ ਜ਼ਬੂਰ ਵਿੱਚ ਵੀ ਆਖਦਾ ਹੈ ਕਿ ਤੂੰ ਆਪਣੇ ਪਵਿੱਤਰ ਪੁਰਖ ਨੂੰ ਸੜਨ ਨਹੀਂ ਦੇਵੇਂਗਾ ।36ਦਾਊਦ ਤਾਂ ਪਰਮੇਸ਼ੁਰ ਦੀ ਮਰਜ਼ੀ ਅਨੁਸਾਰ ਆਪਣੇ ਲੋਕਾਂ ਦੀ ਸੇਵਾ ਕਰਕੇ ਸੌਂ ਗਿਆ, ਅਤੇ ਆਪਣੇ ਪਿਉ-ਦਾਦਿਆਂ ਨਾਲ ਦੱਬਿਆ ਗਿਆ ਅਤੇ ਸੜ ਗਿਆ ।37ਪਰ ਇਹ ਜਿਸ ਨੂੰ ਪਰਮੇਸ਼ੁਰ ਨੇ ਜਿਉਂਦਾ ਕੀਤਾ, ਨਾ ਸੜਿਆ ।
38ਸੋ ਹੇ ਭਾਈਓ, ਇਹ ਜਾਣੋ ਕਿ ਉਸੇ ਦੇ ਦੁਆਰਾ ਤੁਹਾਨੂੰ ਪਾਪਾਂ ਦੀ ਮਾਫ਼ੀ ਦੀ ਖ਼ਬਰ ਦਿੱਤੀ ਜਾਂਦੀ ਹੈ ।39ਅਤੇ ਉਸੇ ਦੇ ਦੁਆਰਾ ਹਰੇਕ ਵਿਸ਼ਵਾਸ ਕਰਨ ਵਾਲਾ ਉਨ੍ਹਾਂ ਸਭਨਾਂ ਗੱਲਾਂ ਤੋਂ ਬੇਗੁਨਾਹ ਠਹਿਰਾਇਆ ਜਾਂਦਾ ਹੈ, ਜਿਨ੍ਹਾਂ ਤੋਂ ਤੁਸੀਂ ਮੂਸਾ ਦੀ ਬਿਵਸਥਾ ਦੁਆਰਾ ਬੇਗੁਨਾਹ ਨਾ ਠਹਿਰ ਸਕੇ ।
40ਸੋ ਤੁਸੀਂ ਚੌਕਸ ਰਹੋ ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਜੋ ਨਬੀਆਂ ਦੁਆਰਾ ਕਿਹਾ ਗਿਆ ਹੈ ਸੋ ਤੁਹਾਡੇ ਉੱਤੇ ਆ ਪਵੇ ਕਿ41ਹੇ ਤੁਛ ਜਾਣਨ ਵਾਲਿਓ ਵੇਖੋ, ਅਚਰਜ ਮੰਨੋ ਅਤੇ ਨਸ਼ਟ ਹੋ ਜਾਓ ! ਕਿਉਂ ਜੋ ਮੈਂ ਤੁਹਾਡੇ ਦਿਨਾਂ ਵਿੱਚ ਇੱਕ ਕੰਮ ਕਰਦਾ ਹਾਂ, ਅਜਿਹਾ ਕੰਮ ਕਿ ਭਾਵੇਂ ਕੋਈ ਤੁਹਾਨੂੰ ਦੱਸੇ, ਪਰ ਤੁਸੀਂ ਕਦੀ ਉਹ ਨੂੰ ਸੱਚ ਨਾ ਮੰਨੋਗੇ ।

42ਜਦੋਂ ਉਹ ਬਾਹਰ ਨਿੱਕਲ ਰਹੇ ਸਨ ਤਾਂ ਉਹ ਬੇਨਤੀ ਕਰਨ ਲੱਗੇ ਕਿ ਅਗਲੇ ਸਬਤ ਦੇ ਦਿਨ ਇਹ ਹੀ ਗੱਲਾਂ ਸਾਨੂੰ ਸੁਣਾਈਆਂ ਜਾਣ ।43ਜਦੋਂ ਸਭਾ ਖ਼ਤਮ ਹੋ ਗਈ ਤਾਂ ਬਹੁਤ ਸਾਰੇ ਲੋਕ ਯਹੂਦੀ ਅਤੇ ਯਹੂਦੀ ਮੱਤ ਵਿੱਚੋਂ ਭਗਤ, ਪੌਲੁਸ ਅਤੇ ਬਰਨਬਾਸ ਦੇ ਮਗਰ ਲੱਗ ਤੁਰੇ । ਉਨ੍ਹਾਂ ਨੇ ਉਹਨਾਂ ਨਾਲ ਗੱਲਾਂ ਕਰ ਕੇ ਉਹਨਾਂ ਨੂੰ ਸਮਝਾ ਦਿੱਤਾ ਕਿ ਪਰਮੇਸ਼ੁਰ ਦੀ ਕਿਰਪਾ ਵਿੱਚ ਬਣੇ ਰਹੋ ।
ਪੌਲੁਸ ਦੇ ਦੁਆਰਾ ਪਰਾਈਆਂ ਕੌਮਾਂ ਦੇ ਵਿੱਚ ਪ੍ਰਚਾਰ ਦੀ ਸ਼ੁਰੂਆਤ

44ਅਗਲੇ ਸਬਤ ਦੇ ਦਿਨ ਲੱਗਭਗ ਸਾਰਾ ਨਗਰ ਪਰਮੇਸ਼ੁਰ ਦਾ ਬਚਨ ਸੁਣਨ ਨੂੰ ਇਕੱਠਾ ਹੋਇਆ ।45ਪਰ ਯਹੂਦੀ ਵੱਡੀ ਭੀੜ ਨੂੰ ਵੇਖ ਕੇ ਗੁੱਸੇ ਨਾਲ ਭਰ ਗਏ ਅਤੇ ਪੌਲੁਸ ਦੀਆਂ ਗੱਲਾਂ ਦੇ ਵਿਰੁੱਧ ਬੋਲਣ ਅਤੇ ਨਿੰਦਾ ਕਰਨ ਲੱਗੇ ।
46ਤਦ ਪੌਲੁਸ ਅਤੇ ਬਰਨਬਾਸ ਨਿਡਰ ਹੋ ਕੇ ਬੋਲੇ, ਕਿ ਜ਼ਰੂਰੀ ਸੀ ਜੋ ਪਰਮੇਸ਼ੁਰ ਦਾ ਬਚਨ ਪਹਿਲਾਂ ਤੁਹਾਨੂੰ ਸੁਣਾਇਆ ਜਾਂਦਾ ਪਰ ਜਿਸ ਕਰਕੇ ਤੁਸੀਂ ਉਹ ਨੂੰ ਆਪਣੇ ਕੋਲੋਂ ਰੱਦ ਕਰਦੇ ਅਤੇ ਆਪ ਨੂੰ ਸਦੀਪਕ ਜੀਵਨ ਦੇ ਯੋਗ ਨਹੀਂ ਸਮਝਦੇ ਹੋ ਤਾਂ ਵੇਖੋ ਅਸੀਂ ਪਰਾਈਆਂ ਕੌਮਾਂ ਵੱਲ ਮੁੜਦੇ ਹਾਂ ।47ਕਿਉਂ ਜੋ ਪ੍ਰਭੂ ਨੇ ਸਾਨੂੰ ਇਹ ਹੀ ਹੁਕਮ ਦਿੱਤਾ ਹੈ, ਮੈਂ ਤੈਨੂੰ ਪਰਾਈਆਂ ਕੌਮਾਂ ਦੇ ਲਈ ਜੋਤੀ ਠਹਿਰਾਇਆ ਹੈ, ਕਿ ਤੂੰ ਧਰਤੀ ਦੇ ਬੰਨੇ ਤੱਕ ਮੁਕਤੀ ਦਾ ਕਾਰਨ ਹੋਵੇਂ ।
48ਤਾਂ ਪਰਾਈਆਂ ਕੌਮਾਂ ਦੇ ਲੋਕ ਇਹ ਗੱਲਾਂ ਸੁਣ ਕੇ ਅਨੰਦ ਹੋਏ, ਅਤੇ ਪਰਮੇਸ਼ੁਰ ਦੇ ਬਚਨ ਦੀ ਵਡਿਆਈ ਕਰਨ ਲੱਗੇ ਅਤੇ ਜਿੰਨੇ ਸਦੀਪਕ ਜੀਵਨ ਲਈ ਠਹਿਰਾਏ ਗਏ ਸਨ, ਉਨ੍ਹਾਂ ਵਿਸ਼ਵਾਸ ਕੀਤਾ ।49ਅਤੇ ਉਸ ਸਾਰੇ ਦੇਸ ਵਿੱਚ ਪ੍ਰਭੂ ਦਾ ਬਚਨ ਫੈਲਦਾ ਗਿਆ ।
50ਪਰ ਯਹੂਦੀਆਂ ਨੇ, ਭਗਤਣਾਂ, ਪਤਵੰਤੀਆਂ ਔਰਤਾਂ ਅਤੇ ਨਗਰ ਦੇ ਵੱਡੇ ਆਦਮੀਆਂ ਨੂੰ ਭਰਮਾਇਆ ਅਤੇ ਪੌਲੁਸ, ਬਰਨਬਾਸ ਉੱਤੇ ਦੰਗਾ ਮਚਾਇਆ ਅਤੇ ਉਨ੍ਹਾਂ ਨੂੰ ਆਪਣੀ ਹੱਦੋਂ ਬਾਹਰ ਕੱਢ ਦਿੱਤਾ ।51ਪਰ ਉਹਨਾਂ ਨੇ ਉਨ੍ਹਾਂ ਦੇ ਸਾਹਮਣੇ ਆਪਣਿਆਂ ਪੈਰਾਂ ਦੀ ਧੂੜ ਨੂੰ ਝਾੜ ਕੇ, ਇਕੋਨਿਯੁਮ ਵਿੱਚ ਆਏ ।52ਅਤੇ ਚੇਲੇ ਅਨੰਦ ਅਤੇ ਪਵਿੱਤਰ ਆਤਮਾ ਨਾਲ ਭਰਦੇ ਗਏ ।

14
ਪੌਲੁਸ ਅਤੇ ਬਰਨਾਬਾਸ ਇਕੋਨਿਯ ਵਿੱਚ

1ਇਕੋਨਿਯੁਮ ਵਿੱਚ ਇਸ ਤਰ੍ਹਾਂ ਹੋਇਆ ਕਿ ਉਹ ਯਹੂਦੀਆਂ ਦੇ ਪ੍ਰਾਰਥਨਾ ਘਰ ਵਿੱਚ ਗਏ ਅਤੇ ਅਜਿਹਾ ਬਚਨ ਸੁਣਾਇਆ ਜੋ ਯਹੂਦੀਆਂ ਅਤੇ ਯੂਨਾਨੀਆਂ ਵਿੱਚੋਂ ਬਹੁਤ ਲੋਕਾਂ ਨੇ ਵਿਸ਼ਵਾਸ ਕੀਤਾ ।2ਪਰ ਉਨ੍ਹਾਂ ਯਹੂਦੀਆਂ ਨੇ ਜਿਨ੍ਹਾਂ ਨੇ ਵਿਸ਼ਵਾਸ ਨਹੀਂ ਕੀਤਾ ਸੀ, ਪਰਾਈਆਂ ਕੌਮਾਂ ਦੇ ਲੋਕਾਂ ਦੇ ਮਨਾਂ ਨੂੰ ਭਰਮਾ ਕੇ, ਭਰਾਵਾਂ ਦੀ ਵੱਲੋਂ ਬੁਰਾ ਪਵਾ ਦਿੱਤਾ ।

3ਉਹ ਬਹੁਤ ਦਿਨ ਉੱਥੇ ਠਹਿਰੇ ਅਤੇ ਪ੍ਰਭੂ ਦੇ ਆਸਰੇ, ਨਿਡਰ ਉਪਦੇਸ਼ ਕਰਦੇ ਰਹੇ ਅਤੇ ਉਹ ਉਨ੍ਹਾਂ ਦੇ ਹੱਥੀਂ ਨਿਸ਼ਾਨ ਅਤੇ ਅਚਰਜ ਕੰਮ ਵਿਖਾ ਕੇ ਆਪਣੀ ਕਿਰਪਾ ਦੇ ਬਚਨ ਉੱਤੇ ਗਵਾਹੀ ਦਿੰਦਾ ਰਿਹਾ ।4ਪਰ ਨਗਰ ਦੇ ਲੋਕਾਂ ਵਿੱਚ ਫੁੱਟ ਪੈ ਗਈ ਅਤੇ ਕੁੱਝ ਯਹੂਦੀਆਂ ਦੀ ਵੱਲ ਅਤੇ ਕੁੱਝ ਰਸੂਲਾਂ ਦੀ ਵੱਲ ਹੋ ਗਏ ।
5ਜਦੋਂ ਪਰਾਈਆਂ ਕੌਮਾਂ ਦੇ ਲੋਕਾਂ ਅਤੇ ਯਹੂਦੀਆਂ ਨੇ ਆਪਣੇ ਅਧਿਕਾਰੀਆਂ ਦੇ ਨਾਲ ਉਨ੍ਹਾਂ ਦੀ ਬੇਇੱਜ਼ਤੀ ਅਤੇ ਪਥਰਾਉ ਕਰਨ ਨੂੰ ਹੱਲਾ ਕੀਤਾ ।6ਤਾਂ ਉਹ ਇਸ ਗੱਲ ਜਾਣ ਕੇ, ਲੁਕਾਉਨਿਯਾ ਨਗਰ ਲੁਸਤ੍ਰਾ, ਦਰਬੇ ਅਤੇ ਉਨ੍ਹਾਂ ਦੇ ਨੇੜੇ ਦੇ ਇਲਾਕੇ ਵਿੱਚ ਭੱਜ ਗਏ ।7ਤੇ ਉੱਥੇ ਖੁਸ਼ਖਬਰੀ ਸੁਣਾਉਂਦੇ ਰਹੇ ।
ਲੁਸਤ੍ਰਾ ਅਤੇ ਦਰਬੇ ਵਿੱਚ

8ਲੁਸਤ੍ਰਾ ਵਿੱਚ ਇੱਕ ਮਨੁੱਖ ਪੈਰਾਂ ਤੋਂ ਨਿਰਬਲ ਬੈਠਾ ਸੀ ਜਿਹੜਾ ਜਮਾਂਦਰੂ ਲੰਗੜਾ ਸੀ ਅਤੇ ਕਦੇ ਤੁਰਿਆ ਨਹੀਂ ਸੀ ।9ਉਸ ਨੇ ਪੌਲੁਸ ਨੂੰ ਗੱਲਾਂ ਕਰਦਾ ਸੁਣਿਆ ਅਤੇ ਇਸ ਨੇ ਉਹ ਦੀ ਵੱਲ ਧਿਆਨ ਕਰ ਕੇ ਵੇਖਿਆ ਕਿ ਇਹ ਦੇ ਵਿੱਚ ਚੰਗਾ ਹੋਣ ਦਾ ਵਿਸ਼ਵਾਸ ਹੈ ।10ਤਾਂ ਉੱਚੀ ਅਵਾਜ਼ ਨਾਲ ਬੋਲਿਆ ਕਿ ਆਪਣੇ ਪੈਰਾਂ ਉੱਤੇ ਸਿੱਧਾ ਖੜ੍ਹਾ ਹੋ ! ਤਦ ਉਹ ਉਸੇ ਵੇਲੇ ਖੜ੍ਹਾ ਹੋਇਆ ਅਤੇ ਤੁਰਨ ਲੱਗ ਪਿਆ ।
11ਜਦੋਂ ਉਹਨਾਂ ਲੋਕਾਂ ਨੇ ਵੇਖਿਆ, ਜੋ ਕੁੱਝ ਪੌਲੁਸ ਨੇ ਕੀਤਾ ਸੀ, ਤਦ ਉਹ ਲੁਕਾਉਨਿਯਾ ਦੀ ਬੋਲੀ ਵਿੱਚ ਉੱਚੀ ਅਵਾਜ਼ ਨਾਲ ਆਖਣ ਲੱਗੇ ਕਿ ਦੇਵਤਾ ਮਨੁੱਖ ਦਾ ਰੂਪ ਧਾਰ ਕੇ ਸਾਡੇ ਕੋਲ ਉੱਤਰਿਆ ਹੈ !12ਅਤੇ ਉਨ੍ਹਾਂ ਨੇ ਬਰਨਬਾਸ ਦਾ ਨਾਮ ਜਿਓਸ ਅਤੇ ਪੌਲੁਸ ਦਾ ਨਾਮ ਹਰਮੇਸ ਰੱਖਿਆ, ਇਸ ਲਈ ਜੋ ਉਹ ਬਚਨ ਕਰਨ ਵਿੱਚ ਆਗੂ ਸੀ ।13ਜਿਓਸ ਦਾ ਮੰਦਿਰ ਨਗਰ ਦੇ ਸਾਹਮਣੇ ਸੀ ਅਤੇ ਮੰਦਿਰ ਦਾ ਪੁਜਾਰੀ ਬਲਦ ਅਤੇ ਫੁੱਲਾਂ ਦੇ ਹਾਰ ਲੈ ਕੇ ਫਾਟਕਾਂ ਕੋਲ ਆ ਕੇ, ਇਹ ਚਾਹੁੰਦਾ ਸੀ ਕਿ ਲੋਕਾਂ ਦੇ ਨਾਲ ਮਿਲ ਕੇ ਬਲੀਦਾਨ ਕਰੇ ।
14ਪਰ ਜਦੋਂ ਬਰਨਬਾਸ ਅਤੇ ਪੌਲੁਸ ਰਸੂਲਾਂ ਨੇ ਇਹ ਸੁਣਿਆ, ਤਾਂ ਆਪਣੇ ਕੱਪੜੇ ਪਾੜੇ ਅਤੇ ਲੋਕਾਂ ਦੇ ਵਿੱਚੋਂ ਬਾਹਰ ਨੂੰ ਦੌੜੇ ।15ਅਤੇ ਇਹ ਕਹਿਣ ਲੱਗੇ ਕਿ ਹੇ ਪੁਰਖੋ, ਤੁਸੀਂ ਇਹ ਕੀ ਕਰਦੇ ਹੋ ? ਅਸੀਂ ਵੀ ਤੁਹਾਡੇ ਵਾਂਗੂੰ ਦੁੱਖ-ਸੁੱਖ ਭੋਗਣ ਵਾਲੇ ਮਨੁੱਖ ਹਾਂ, ਅਤੇ ਤੁਹਾਨੂੰ ਇਹ ਖੁਸ਼ਖਬਰੀ ਦਾ ਉਪਦੇਸ਼ ਦਿੰਦੇ ਹਾਂ ਕਿ ਇਨ੍ਹਾਂ ਵਿਅਰਥ ਗੱਲਾਂ ਨੂੰ ਛੱਡ ਕੇ, ਜਿਉਂਦੇ ਪਰਮੇਸ਼ੁਰ ਦੀ ਵੱਲ ਮੁੜੋ ਜਿਸ ਨੇ ਅਕਾਸ਼, ਧਰਤੀ, ਸਮੁੰਦਰ ਅਤੇ ਸਭ ਕੁੱਝ ਜੋ ਉਨ੍ਹਾਂ ਦੇ ਵਿੱਚ ਹੈ ਬਣਾਇਆ ।16ਉਸ ਨੇ ਪਹਿਲੇ ਸਮਿਆਂ ਵਿੱਚ ਸਾਰੀਆਂ ਕੌਮਾਂ ਨੂੰ ਆਪੋ ਆਪਣੇ ਰਾਹ ਉੱਤੇ ਚੱਲਣ ਦਿੱਤਾ ।
17ਤਾਂ ਵੀ ਉਹ ਨੇ ਆਪ ਨੂੰ ਬਿਨ੍ਹਾਂ ਗਵਾਹੀ ਨਾ ਰੱਖਿਆ, ਇਸ ਲਈ ਜੋ ਉਹ ਨੇ ਭਲਾ ਕੀਤਾ ਅਤੇ ਅਕਾਸ਼ ਤੋਂ ਵਰਖਾ ਅਤੇ ਫਲ ਦੇਣ ਵਾਲੀਆਂ ਰੁੱਤਾਂ ਤੁਹਾਨੂੰ ਦੇ ਕੇ ਤੁਹਾਡਿਆਂ ਮਨਾਂ ਨੂੰ ਭੋਜਨ ਅਤੇ ਅਨੰਦ ਨਾਲ ਭਰਪੂਰ ਕੀਤਾ ।18ਇਹ ਗੱਲਾਂ ਕਹਿ ਕੇ ਉਨ੍ਹਾਂ ਨੇ ਮੁਸ਼ਕਿਲ ਨਾਲ ਲੋਕਾਂ ਨੂੰ ਰੋਕਿਆ, ਕਿ ਉਨ੍ਹਾਂ ਦੇ ਲਈ ਬਲੀਦਾਨ ਨਾ ਕਰਨ ।

19ਪਰੰਤੂ ਕਈ ਯਹੂਦੀ ਅੰਤਾਕਿਯਾ ਅਤੇ ਇਕੋਨਿਯੁਮ ਤੋਂ ਉੱਥੇ ਆਏ, ਲੋਕਾਂ ਨੂੰ ਭਰਮਾ ਕੇ ਪੌਲੁਸ ਉੱਤੇ ਪਥਰਾਉ ਕੀਤਾ ਅਤੇ ਇਹ ਸਮਝ ਕੇ ਉਹ ਮਰ ਗਿਆ ਹੈ ਉਹ ਨੂੰ ਘਸੀਟ ਕੇ ਨਗਰੋਂ ਬਾਹਰ ਲੈ ਗਏ ।20ਪਰ ਜਦੋਂ ਚੇਲੇ ਉਹ ਦੇ ਚਾਰੇ ਪਾਸੇ ਇਕੱਠੇ ਹੋਏ ਤਾਂ ਉਹ ਉੱਠ ਕੇ ਨਗਰ ਵਿੱਚ ਆਇਆ ਅਤੇ ਅਗਲੇ ਦਿਨ ਬਰਨਬਾਸ ਦੇ ਨਾਲ ਦਰਬੇ ਨੂੰ ਚੱਲਿਆ ਗਿਆ ।
ਸੀਰੀਯਾ ਵਿੱਚ ਅੰਤਾਕਿਯਾ ਨੂੰ ਵਾਪਸ ਆਉਣਾ

21ਅਤੇ ਜਦੋਂ ਉਸ ਨਗਰ ਵਿੱਚ ਖੁਸ਼ਖਬਰੀ ਸੁਣਾ ਚੁੱਕੇ, ਅਤੇ ਬਹੁਤ ਸਾਰਿਆਂ ਨੂੰ ਚੇਲੇ ਬਣਾਇਆ ਤਾਂ ਲੁਸਤ੍ਰਾ, ਇਕੁਨਿਯੁਮ ਅਤੇ ਅੰਤਾਕਿਯਾ ਨੂੰ ਮੁੜੇ ।22ਅਤੇ ਚੇਲਿਆਂ ਦੇ ਮਨਾਂ ਨੂੰ ਤਕੜੇ ਕਰਦੇ ਅਤੇ ਇਹ ਉਪਦੇਸ਼ ਦਿੰਦੇ ਸਨ ਕਿ ਵਿਸ਼ਵਾਸ ਵਿੱਚ ਬਣੇ ਰਹੋ ਅਤੇ ਕਿਹਾ ਕਿ ਅਸੀਂ ਬਹੁਤ ਮੁਸ਼ਕਲਾਂ ਨੂੰ ਸਹਿ ਕੇ ਪਰਮੇਸ਼ੁਰ ਦੇ ਰਾਜ ਵਿੱਚ ਵੜਨਾ ਹੈ ।
23ਜਦੋਂ ਉਨ੍ਹਾਂ ਨੇ ਹਰੇਕ ਕਲੀਸਿਯਾ ਵਿੱਚ ਉਨ੍ਹਾਂ ਦੇ ਲਈ ਬਜ਼ੁਰਗ ਠਹਿਰਾਏ, ਅਤੇ ਵਰਤ ਰੱਖ ਕੇ ਪ੍ਰਾਰਥਨਾ ਕੀਤੀ ਤਾਂ ਉਹਨਾਂ ਨੂੰ ਪ੍ਰਭੂ ਦੇ ਹੱਥ ਸੌਂਪ ਦਿੱਤਾ, ਜਿਸ ਦੇ ਉੱਤੇ ਉਹਨਾਂ ਵਿਸ਼ਵਾਸ ਕੀਤਾ ਸੀ ।24ਤਾਂ ਉਹ ਪਿਸਿਦਿਯਾ ਵਿੱਚੋਂ ਦੀ ਲੰਘ ਕੇ ਪੰਫ਼ੁਲਿਯਾ ਵਿੱਚ ਆਏ ।25ਅਤੇ ਪਰਗਾ ਵਿੱਚ ਬਚਨ ਸੁਣਾ ਕੇ ਅੰਤਾਕਿਯਾ ਨੂੰ ਆਏ ।26ਉੱਥੋਂ ਜਹਾਜ਼ ਤੇ ਚੜ੍ਹ ਕੇ ਅੰਤਾਕਿਯਾ ਨੂੰ ਚੱਲੇ, ਜਿੱਥੋਂ ਉਹ ਉਸ ਕੰਮ ਦੇ ਲਈ ਜੋ ਉਨ੍ਹਾਂ ਨੇ ਹੁਣ ਪੂਰਾ ਕੀਤਾ, ਪਰਮੇਸ਼ੁਰ ਦੀ ਕਿਰਪਾ ਉੱਤੇ ਸੌਂਪੇ ਗਏ ਸਨ ।
27ਜਦੋਂ ਉਹ ਉੱਥੇ ਪਹੁੰਚੇ ਤਾਂ ਕਲੀਸਿਯਾ ਨੂੰ ਇਕੱਠੇ ਕਰ ਕੇ ਖ਼ਬਰ ਦਿੱਤੀ, ਪਰਮੇਸ਼ੁਰ ਨੇ ਸਾਡੇ ਨਾਲ ਹੋ ਕੇ ਕਿੰਨੇ ਵੱਡੇ-ਵੱਡੇ ਕੰਮ ਕੀਤੇ ਅਤੇ ਪਰਾਈਆਂ ਕੌਮਾਂ ਦੇ ਲਈ ਵਿਸ਼ਵਾਸ ਦਾ ਦਰਵਾਜ਼ਾ ਖੋਲ੍ਹਿਆ ।28ਤਾਂ ਉਹ ਚੇਲਿਆਂ ਦੇ ਨਾਲ ਬਹੁਤ ਸਮੇਂ ਤੱਕ ਰਹੇ ।

15
ਯਰੂਸ਼ਲਮ ਦੀ ਸਭਾ

1ਕਈ ਆਦਮੀ ਯਹੂਦਿਯਾ ਤੋਂ ਆ ਕੇ, ਭਰਾਵਾਂ ਨੂੰ ਸਿਖਾਉਣ ਲੱਗੇ ਕਿ ਜੇ ਮੂਸਾ ਦੀ ਰੀਤ ਦੇ ਅਨੁਸਾਰ ਤੁਹਾਡੀ ਸੁੰਨਤ ਨਾ ਕਰਾਈ ਜਾਵੇ ਤਾਂ ਤੁਹਾਡੀ ਮੁਕਤੀ ਨਹੀਂ ਹੋ ਸਕਦੀ ।2ਜਦੋਂ ਪੌਲੁਸ ਅਤੇ ਬਰਨਬਾਸ ਦਾ ਉਨ੍ਹਾਂ ਨਾਲ ਝਗੜਾ ਅਤੇ ਵਾਦ-ਵਿਵਾਦ ਹੋਇਆ ਤਾਂ ਇਹ ਗੱਲ ਠਹਿਰੀ ਜੋ ਪੌਲੁਸ ਅਤੇ ਬਰਨਬਾਸ ਅਤੇ ਕਈ ਹੋਰ ਮਨੁੱਖ ਉਨ੍ਹਾਂ ਵਿੱਚੋਂ ਇਸ ਗੱਲ ਦੇ ਸਹੀ ਕਰਨ ਨੂੰ ਰਸੂਲਾਂ ਅਤੇ ਬਜ਼ੁਰਗਾਂ ਦੇ ਕੋਲ ਯਰੂਸ਼ਲਮ ਨੂੰ ਜਾਣ ।

3ਜਦੋਂ ਉਹ ਕਲੀਸਿਯਾ ਵੱਲੋਂ ਕੁੱਝ ਦੂਰ ਪਹੁੰਚਾਏ ਗਏ ਤਾਂ ਫ਼ੈਨੀਕੇ ਅਤੇ ਸਾਮਰਿਯਾ ਦੇ ਵਿੱਚੋਂ ਦੀ ਲੰਘਦੇ ਹੋਏ ਪਰਾਈਆਂ ਕੌਮਾਂ ਦਿਆਂ ਲੋਕਾਂ ਦੇ ਮਨ ਫਿਰਾਉਣ ਦੀ ਖੁਸ਼ਖਬਰੀ ਸੁਣਾਉਂਦੇ ਗਏ ਅਤੇ ਸਭ ਭਰਾਵਾਂ ਨੂੰ ਬਹੁਤ ਖੁਸ਼ ਕੀਤਾ ।4ਜਦੋਂ ਯਰੂਸ਼ਲਮ ਵਿੱਚ ਪਹੁੰਚੇ ਤਾਂ ਕਲੀਸਿਯਾ, ਰਸੂਲਾਂ ਅਤੇ ਬਜ਼ੁਰਗਾਂ ਨੇ ਉਹਨਾਂ ਦੀ ਸੇਵਾ ਕੀਤੀ ਅਤੇ ਉਹਨਾਂ ਨੇ ਜੋ ਕੁੱਝ ਪਰਮੇਸ਼ੁਰ ਨੇ ਉਹਨਾਂ ਦੇ ਨਾਲ ਕੀਤਾ ਸੀ ਸੁਣਾ ਦਿੱਤਾ ।
5ਤਦ ਕਈਆਂ ਨੇ ਫ਼ਰੀਸੀਆਂ ਦੇ ਪੰਥ ਵਿੱਚੋਂ ਜਿਨ੍ਹਾਂ ਵਿਸ਼ਵਾਸ ਕੀਤਾ, ਉੱਠ ਕੇ ਕਿਹਾ ਕਿ ਉਨ੍ਹਾਂ ਦੀ ਸੁੰਨਤ ਕਰਨੀ ਅਤੇ ਮੂਸਾ ਦੀ ਬਿਵਸਥਾ ਨੂੰ ਮੰਨਣ ਦਾ ਹੁਕਮ ਦੇਣਾ ਚਾਹੀਦਾ ਹੈ ।6ਤਦ ਰਸੂਲ ਅਤੇ ਬਜ਼ੁਰਗ ਇਕੱਠੇ ਹੋਏ ਕਿ ਉਹ ਇਸ ਗੱਲ ਨੂੰ ਸੋਚਣ ।
7ਅਤੇ ਜਦੋਂ ਬਹੁਤ ਵਿਵਾਦ ਹੋਇਆ ਤਾਂ ਪਤਰਸ ਨੇ ਉੱਠ ਕੇ ਉਨ੍ਹਾਂ ਨੂੰ ਆਖਿਆ, ਹੇ ਭਰਾਵੋ, ਤੁਸੀਂ ਜਾਣਦੇ ਹੋ ਜੋ ਪਹਿਲੇ ਦਿਨਾਂ ਤੋਂ ਪਰਮੇਸ਼ੁਰ ਨੇ ਤੁਹਾਡੇ ਵਿੱਚੋਂ ਮੈਨੂੰ ਚੁਣਿਆ, ਜੋ ਪਰਾਈਆਂ ਕੌਮਾਂ ਮੇਰੀ ਜ਼ੁਬਾਨੀ ਖੁਸ਼ਖਬਰੀ ਦਾ ਬਚਨ ਸੁਣਨ ਅਤੇ ਵਿਸ਼ਵਾਸ ਕਰਨ ।8ਅਤੇ ਪਰਮੇਸ਼ੁਰ ਨੇ ਜੋ ਮਨਾਂ ਦਾ ਜਾਚਣ ਵਾਲਾ ਹੈ, ਉਹਨਾਂ ਨੂੰ ਵੀ ਸਾਡੀ ਤਰ੍ਹਾਂ ਪਵਿੱਤਰ ਆਤਮਾ ਦੇ ਕੇ ਉਨ੍ਹਾਂ ਉੱਤੇ ਗਵਾਹੀ ਦਿੱਤੀ ।9ਅਤੇ ਵਿਸ਼ਵਾਸ ਨਾਲ ਉਨ੍ਹਾਂ ਦੇ ਮਨ ਸ਼ੁੱਧ ਕਰ ਕੇ ਸਾਡੇ ਅਤੇ ਉਨ੍ਹਾਂ ਦੇ ਵਿੱਚ ਕੁੱਝ ਭੇਦਭਾਵ ਨਾ ਰੱਖਿਆ ।
10ਹੁਣ ਕਿਉਂ ਤੁਸੀਂ ਪਰਮੇਸ਼ੁਰ ਨੂੰ ਪਰਤਾਉਂਦੇ ਹੋ, ਕਿ ਚੇਲਿਆਂ ਦੀ ਧੌਣ ਤੇ ਜੂਲਾ ਰੱਖੋ ਜਿਸ ਨੂੰ ਨਾ ਸਾਡੇ ਪਿਉ-ਦਾਦੇ, ਨਾ ਅਸੀਂ ਚੁੱਕ ਸਕੇ ?11ਪਰ ਸਾਨੂੰ ਵਿਸ਼ਵਾਸ ਹੈ ਕਿ ਜਿਸ ਤਰ੍ਹਾਂ ਉਹ ਵੀ ਮੁਕਤੀ ਪਾ ਗਏ ਅਸੀਂ ਵੀ ਪ੍ਰਭੂ ਯਿਸੂ ਦੀ ਕਿਰਪਾ ਨਾਲ ਮੁਕਤੀ ਪਾਵਾਂਗੇ ।
12ਤਾਂ ਸਾਰੀ ਸਭਾ ਚੁੱਪ ਰਹੀ ਅਤੇ ਉਹ ਬਰਨਬਾਸ ਅਤੇ ਪੌਲੁਸ ਦੀਆਂ ਇਹ ਗੱਲਾਂ ਸੁਣਨ ਲੱਗੇ ਜੋ ਪਰਮੇਸ਼ੁਰ ਵੱਲੋਂ ਕਿਹੋ ਜਿਹੇ ਨਿਸ਼ਾਨ ਅਤੇ ਅਚਰਜ ਕੰਮ, ਉਹਨਾਂ ਦੇ ਹੱਥੀਂ ਪਰਾਈਆਂ ਕੌਮਾਂ ਵਿੱਚ ਵਿਖਾਏ ਗਏ ।
13ਅਤੇ ਜਦੋਂ ਉਹ ਚੁੱਪ ਹੋਏ ਤਾਂ ਯਾਕੂਬ ਅੱਗੋਂ ਕਹਿਣ ਲੱਗਾ, ਹੇ ਭਰਾਵੋ, ਮੇਰੀ ਸੁਣੋ ।14ਸ਼ਮਊਨ ਨੇ ਦੱਸਿਆ ਹੈ ਕਿ ਕਿਸ ਪਰਕਾਰ ਪਰਮੇਸ਼ੁਰ ਨੇ ਪਹਿਲਾਂ ਪਰਾਈਆਂ ਕੌਮਾਂ ਉੱਤੇ ਨਿਗਾਹ ਕੀਤੀ ਤਾਂ ਜੋ ਉਹਨਾਂ ਵਿੱਚੋਂ ਇੱਕ ਪਰਜਾ ਆਪਣੇ ਨਾਮ ਦੇ ਲਈ ਚੁਣੇ
15ਅਤੇ ਨਬੀਆਂ ਦੇ ਬਚਨ ਇਸ ਨਾਲ ਮਿਲਦੇ ਹਨ ਜਿਵੇਂ ਲਿਖਿਆ ਹੈ, -16“ਇਹ ਤੋਂ ਪਿੱਛੋਂ ਮੈਂ ਮੁੜ ਆਵਾਂਗਾ, ਅਤੇ ਦਾਊਦ ਦੇ ਡਿੱਗੇ ਹੋਏ ਡੇਰੇ ਨੂੰ ਬਣਾਵਾਂਗਾ, ਅਤੇ ਉਹ ਦੇ ਖੋਲੇ ਨੂੰ ਫਿਰ ਬਣਾ ਕੇ ਖੜ੍ਹਾ ਕਰਾਂਗਾ,17ਤਾਂ ਜੋ ਬਾਕੀ ਦੇ ਆਦਮੀ ਅਰਥਾਤ ਸਾਰੀਆਂ ਪਰਾਈਆਂ ਕੌਮਾਂ ਜੋ ਮੇਰੇ ਨਾਮ ਦੇ ਅਖਵਾਉਂਦੇ ਹਨ ਪ੍ਰਭੂ ਨੂੰ ਭਾਲਣ ।”18ਇਹ ਉਹ ਹੀ ਪ੍ਰਭੂ ਆਖਦਾ ਹੈ, ਜਿਹੜਾ ਸੰਸਾਰ ਦੀ ਉਤਪਤੀ ਤੋਂ ਹੀ ਇਹ ਗੱਲਾਂ ਪਰਗਟ ਕਰਦਾ ਆਇਆ ਹੈ ।
19ਮੇਰੀ ਸਲਾਹ ਇਹ ਹੈ ਕਿ ਪਰਾਈਆਂ ਕੌਮਾਂ ਵਿੱਚੋਂ ਜਿਹੜੇ ਪਰਮੇਸ਼ੁਰ ਦੀ ਵੱਲ ਮੁੜਦੇ ਹਨ, ਅਸੀਂ ਉਹਨਾਂ ਨੂੰ ਪਰੇਸ਼ਾਨ ਨਾ ਕਰੀਏ ।20ਸਗੋਂ ਉਹਨਾਂ ਨੂੰ ਲਿਖ ਭੇਜੀਏ ਕਿ ਮੂਰਤਾਂ ਦੀਆਂ ਪਲੀਤਗੀਆਂ, ਹਰਾਮਕਾਰੀ ਅਤੇ ਗਲ਼ ਘੁੱਟੇ ਹੋਏ ਦੇ ਮਾਸ ਅਤੇ ਲਹੂ ਤੋਂ ਬਚੇ ਰਹਿਣ ।21ਕਿਉਂ ਜੋ ਪਹਿਲੇ ਸਮਿਆਂ ਤੋਂ ਹਰ ਨਗਰ ਵਿੱਚ ਮੂਸਾ ਦੇ ਪਰਚਾਰਕ ਹੁੰਦੇ ਆਏ ਹਨ ਅਤੇ ਹਰ ਸਬਤ ਦੇ ਦਿਨ ਪ੍ਰਾਰਥਨਾ ਘਰਾਂ ਵਿੱਚ ਉਹ ਦੀ ਬਿਵਸਥਾ ਪੜ੍ਹੀ ਜਾਂਦੀ ਹੈ ।
ਪਰਾਈਆਂ ਕੌਮਾਂ ਦੇ ਵਿਸ਼ਵਾਸੀਆਂ ਨੂੰ ਸਭਾ ਦਾ ਪੱਤਰ

22ਤਦ ਰਸੂਲਾਂ, ਬਜ਼ੁਰਗਾਂ ਅਤੇ ਸਾਰੀ ਕਲੀਸਿਯਾ ਨੂੰ ਇਹ ਚੰਗਾ ਲੱਗਿਆ ਕਿ ਆਪਣੇ ਵਿੱਚੋਂ ਮਨੁੱਖ ਚੁਣ ਕੇ ਪੌਲੁਸ ਅਤੇ ਬਰਨਬਾਸ ਦੇ ਨਾਲ ਅੰਤਾਕਿਯਾ ਨੂੰ ਭੇਜੀਏ, ਅਰਥਾਤ ਯਹੂਦਾ ਨੂੰ ਜਿਹੜਾ ਬਰਸਬਾਸ ਅਖਵਾਉਂਦਾ ਅਤੇ ਸੀਲਾਸ ਨੂੰ ਜਿਹੜੇ ਭਰਾਵਾਂ ਵਿੱਚ ਆਗੂ ਸੀ ।23ਅਤੇ ਉਨ੍ਹਾਂ ਦੇ ਹੱਥ ਇਹ ਲਿਖ ਭੇਜਿਆ ਕਿ ਉਨ੍ਹਾਂ ਭਰਾਵਾਂ ਨੂੰ ਜਿਹੜੇ ਪਰਾਈਆਂ ਕੌਮਾਂ ਵਿੱਚੋਂ ਹੋ ਕੇ ਅੰਤਾਕਿਯਾ, ਸੀਰਿਯਾ ਅਤੇ ਕਿਲਕਿਯਾ ਵਿੱਚ ਰਹਿੰਦੇ ਹਨ ਰਸੂਲਾਂ, ਬਜ਼ੁਰਗਾਂ ਅਤੇ ਭਰਾਵਾਂ ਦਾ ਪਰਨਾਮ
24ਜਦੋਂ ਅਸੀਂ ਸੁਣਿਆ ਜੋ ਕਈ ਸਾਡੇ ਵਿੱਚੋਂ ਨਿੱਕਲੇ ਜਿਨ੍ਹਾਂ ਤੁਹਾਡੇ ਮਨਾਂ ਨੂੰ ਵਿਗਾੜ ਕੇ ਤੁਹਾਨੂੰ ਗੱਲਾਂ ਨਾਲ ਡਰਾ ਦਿੱਤਾ, ਪਰ ਅਸੀਂ ਉਹਨਾਂ ਨੂੰ ਕੋਈ ਹੁਕਮ ਨਹੀਂ ਦਿੱਤਾ ।25ਤਾਂ ਅਸੀਂ ਇੱਕ ਮਨ ਹੋ ਕੇ ਇਹ ਚੰਗਾ ਸਮਝਿਆ ਜੋ ਕੁੱਝ ਪੁਰਖ ਚੁਣ ਕੇ ਆਪਣੇ ਪਿਆਰੇ ਬਰਨਬਾਸ ਅਤੇ ਪੌਲੁਸ ਦੇ ਨਾਲ, ਤੁਹਾਡੇ ਕੋਲ ਭੇਜੀਏ,26ਜੋ ਅਜਿਹੇ ਮਨੁੱਖ ਹਨ ਕਿ ਜਿਨ੍ਹਾਂ ਆਪਣੇ ਪ੍ਰਾਣ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਲਈ ਜੋਖਮ ਵਿੱਚ ਪਾ ਦਿੱਤੇ ।
27ਸੋ ਅਸੀਂ ਯਹੂਦਾਹ ਅਤੇ ਸੀਲਾਸ ਨੂੰ ਭੇਜਿਆ ਹੈ ਜੋ ਆਪਣੇ ਮੂੰਹੋਂ ਇਹ ਗੱਲਾਂ ਤੁਹਾਨੂੰ ਦੱਸਣਗੇ ।28ਕਿਉਂਕਿ ਪਵਿੱਤਰ ਆਤਮਾ ਨੇ ਅਤੇ ਅਸੀਂ ਚੰਗਾ ਸਮਝਿਆ ਜੋ ਇਨ੍ਹਾਂ ਜ਼ਰੂਰੀ ਗੱਲਾਂ ਤੋਂ ਬਿਨ੍ਹਾਂ ਤੁਹਾਡੇ ਉੱਤੇ ਹੋਰ ਕੁੱਝ ਭਾਰ ਨਾ ਪਾਈਏ29ਕਿ ਤੁਸੀਂ ਮੂਰਤੀਆਂ ਦੇ ਚੜ੍ਹਾਵਿਆਂ, ਲਹੂ ਅਤੇ ਗਲ਼ ਘੁੱਟਿਆਂ ਹੋਇਆਂ ਦੇ ਮਾਸ ਅਤੇ ਹਰਾਮਕਾਰੀ ਤੋਂ ਬਚੇ ਰਹੋ । ਜੇ ਤੁਸੀਂ ਇਨ੍ਹਾਂ ਗੱਲਾਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੋਂ ਤਾਂ ਤੁਹਾਡਾ ਭਲਾ ਹੋਵੇਗਾ । ਤੁਹਾਡਾ ਭਲਾ ਹੋਵੇ ।

30ਫੇਰ ਉਹ ਵਿਦਿਆ ਹੋ ਕੇ ਅੰਤਾਕਿਯਾ ਪਹੁੰਚੇ ਅਤੇ ਸੰਗਤ ਨੂੰ ਇਕੱਠੀ ਕਰ ਕੇ ਚਿੱਠੀ ਦਿੱਤੀ ।31ਉਹ ਪੜ੍ਹ ਕੇ ਇਸ ਤਸੱਲੀ ਦੀਆਂ ਗੱਲਾਂ ਨਾਲ ਬਹੁਤ ਅਨੰਦ ਹੋਏ ।32ਯਹੂਦਾ ਅਤੇ ਸੀਲਾਸ ਨੇ ਜੋ ਆਪ ਵੀ ਨਬੀ ਸਨ, ਭਰਾਵਾਂ ਨੂੰ ਬਹੁਤ ਸਾਰੀਆਂ ਗੱਲਾਂ ਨਾਲ ਉਪਦੇਸ਼ ਦੇ ਕੇ ਉਹਨਾਂ ਤਕੜੇ ਕੀਤਾ ।
33ਅਤੇ ਉਹ ਕੁੱਝ ਦਿਨ ਰਹਿ ਕੇ ਆਪਣੇ ਭੇਜਣ ਵਾਲਿਆਂ ਦੇ ਕੋਲ ਜਾਣ ਨੂੰ ਭਰਾਵਾਂ ਕੋਲੋਂ ਸੁੱਖ-ਸਾਂਦ ਨਾਲ ਵਿਦਾ ਹੋਏ ।34ਪਰ ਸੀਲਾਸ ਨੂੰ ਉੱਥੇ ਰਹਿਣਾ ਚੰਗਾ ਲੱਗਿਆ,35ਪਰ ਪੌਲੁਸ ਅਤੇ ਬਰਨਬਾਸ ਅੰਤਾਕਿਯਾ ਵਿੱਚ ਰਹਿ ਕੇ ਹੋਰ ਬਹੁਤਿਆਂ ਦੇ ਨਾਲ ਪ੍ਰਭੂ ਦਾ ਬਚਨ ਸਿਖਾਉਂਦੇ ਅਤੇ ਉਹ ਦੀ ਖੁਸ਼ਖਬਰੀ ਸੁਣਾਉਂਦੇ ਸਨ ।
ਪੌਲੁਸ ਦੀ ਦੂਸਰੀ ਪ੍ਰਚਾਰ ਯਾਤਰਾ, ਪੌਲੁਸ ਅਤੇ ਬਰਨਾਬਾਸ ਵਿੱਚ ਮੱਤ ਭੇਤ

36ਕਈ ਦਿਨਾਂ ਪਿੱਛੋਂ ਪੌਲੁਸ ਨੇ ਬਰਨਬਾਸ ਨੂੰ ਆਖਿਆ ਕਿ ਆਉ ਹਰੇਕ ਨਗਰ ਵਿੱਚ ਜਿੱਥੇ ਅਸੀਂ ਪਰਮੇਸ਼ੁਰ ਦਾ ਬਚਨ ਸੁਣਾਇਆ ਸੀ, ਫਿਰ ਜਾ ਕੇ ਭਰਾਵਾਂ ਦੀ ਖ਼ਬਰ ਲਈਏ ਕਿ ਉਨ੍ਹਾਂ ਦਾ ਕੀ ਹਾਲ ਹੈ ।37ਅਤੇ ਬਰਨਬਾਸ ਦੀ ਇਹ ਸਲਾਹ ਹੋਈ ਜੋ ਅਸੀਂ ਯੂਹੰਨਾ ਨੂੰ ਜਿਸ ਨੂੰ ਮਰਕੁਸ ਵੀ ਕਹਿੰਦੇ ਹਨ ਆਪਣੇ ਨਾਲ ਲੈ ਚੱਲੀਏ ।38ਪਰ ਪੌਲੁਸ ਨੂੰ ਇਹ ਚੰਗਾ ਨਾ ਲੱਗਿਆ ਕਿ ਉਹ ਨੂੰ ਨਾਲ ਲੈ ਚੱਲੀਏ, ਜਿਹੜਾ ਪਮਫ਼ੁਲਿਯਾ ਤੋਂ ਉਨ੍ਹਾਂ ਕੋਲੋਂ ਅੱਡ ਹੋਇਆ ਅਤੇ ਉਨ੍ਹਾਂ ਦੇ ਨਾਲ ਕੰਮ ਨੂੰ ਨਾ ਗਿਆ ਸੀ ।
39ਤਦ ਉਨ੍ਹਾਂ ਵਿੱਚ ਅਜਿਹਾ ਵਿਵਾਦ ਹੋਇਆ ਕਿ ਉਹ ਇੱਕ ਦੂਜੇ ਤੋਂ ਵੱਖ ਹੋ ਗਏ ਅਤੇ ਬਰਨਬਾਸ ਮਰਕੁਸ ਨੂੰ ਨਾਲ ਲੈ ਕੇ ਜਹਾਜ਼ ਉੱਤੇ ਚੜ੍ਹਿਆ ਅਤੇ ਕੁਪਰੁਸ ਨੂੰ ਚੱਲਿਆ ਗਿਆ ।40ਪਰ ਪੌਲੁਸ ਨੇ ਸੀਲਾਸ ਨੂੰ ਚੁਣਿਆ ਅਤੇ ਜਦੋਂ ਭਰਾਵਾਂ ਦੇ ਕੋਲੋਂ ਪਰਮੇਸ਼ੁਰ ਦੀ ਕਿਰਪਾ ਵਿੱਚ ਸੌਂਪਿਆ ਗਿਆ ਤਾਂ ਉਹ ਤੁਰ ਪਿਆ ।41ਅਤੇ ਸੀਰਿਯਾ ਅਤੇ ਕਿਲਕਿਯਾ ਵਿੱਚ ਫ਼ਿਰਦਿਆਂ ਹੋਇਆਂ ਉਸ ਨੇ ਕਲੀਸਿਯਾ ਨੂੰ ਮਜ਼ਬੂਤ ਕੀਤਾ ।

16
ਪੌਲੁਸ ਤਿਮੋਥਿਉਸ ਨੂੰ ਨਾਲ ਲੈਂਦਾ ਹੈ

1ਉਹ ਦਰਬੇ ਅਤੇ ਲੁਸਤ੍ਰਾ ਵਿੱਚ ਵੀ ਆਇਆ, ਅਤੇ ਵੇਖੋ ਉੱਥੇ ਤਿਮੋਥਿਉਸ ਨਾਮ ਦਾ ਇੱਕ ਚੇਲਾ ਸੀ l ਜਿਹੜਾ ਇੱਕ ਵਿਸ਼ਵਾਸੀ ਯਹੂਦਣ ਦਾ ਪੁੱਤਰ ਸੀ, ਪਰ ਉਸ ਦਾ ਪਿਤਾ ਯੂਨਾਨੀ ਸੀ ।2ਉਹ ਲੁਸਤ੍ਰਾ ਅਤੇ ਇਕੋਨਿਯੁਮ ਦੇ ਰਹਿਣ ਵਾਲੇ ਭਰਾਵਾਂ ਵਿੱਚ ਨੇਕਨਾਮ ਸੀ ।3ਪੌਲੁਸ ਚਾਹੁੰਦਾ ਸੀ ਕਿ ਇਹ ਮੇਰੇ ਨਾਲ ਚੱਲੇ, ਸੋ ਉਨ੍ਹਾਂ ਯਹੂਦੀਆਂ ਦੇ ਕਾਰਨ, ਉਹ ਦੀ ਸੁੰਨਤ ਕੀਤੀ ਕਿਉਂ ਜੋ ਉਹ ਸਭ ਜਾਣਦੇ ਸਨ ਕਿ ਉਹ ਦਾ ਪਿਤਾ ਯੂਨਾਨੀ ਸੀ ।

4ਉਹ ਨਗਰਾਂ ਵਿੱਚ ਫਿਰਦਿਆਂ ਹੋਇਆਂ ਉਹ ਹੁਕਮ ਜਿਹੜੇ ਯਰੂਸ਼ਲਮ ਵਿੱਚ ਰਸੂਲਾਂ ਅਤੇ ਬਜ਼ੁਰਗਾਂ ਨੇ ਠਹਿਰਾਏ ਸਨ, ਉਹਨਾਂ ਨੂੰ ਮੰਨਣ ਲਈ ਲੋਕਾਂ ਨੂੰ ਸੌਂਪ ਦੇਵੇ ।5ਕਲੀਸਿਯਾਵਾਂ ਵਿਸ਼ਵਾਸ ਵਿੱਚ ਮਜ਼ਬੂਤ ਹੁੰਦੀਆਂ ਅਤੇ ਗਿਣਤੀ ਵਿੱਚ ਦਿਨੋ ਦਿਨ ਵਧਦੀਆਂ ਗਈਆਂ ।
ਤ੍ਰੋਆਸ ਵਿੱਚ ਪੌਲੁਸ ਦਾ ਦਰਸ਼ਣ

6ਉਹ ਫ਼ਰੁਗਿਯਾ ਅਤੇ ਗਲਾਤਿਯਾ ਦੇ ਇਲਾਕੇ ਵਿੱਚ ਦੀ ਲੰਘ ਗਏ, ਕਿਉਂ ਜੋ ਪਵਿੱਤਰ ਆਤਮਾ ਨੇ ਉਨ੍ਹਾਂ ਨੂੰ ਏਸ਼ੀਆ ਵਿੱਚ ਬਚਨ ਸੁਣਾਉਣ ਤੋਂ ਮਨ੍ਹਾ ਕੀਤਾ ਸੀ ।7ਤਦ ਉਨ੍ਹਾਂ ਨੇ ਮੁਸਿਯਾ ਦੇ ਸਾਹਮਣੇ ਆ ਕੇ ਬਿਥੁਨਿਯਾ ਵਿੱਚ ਜਾਣ ਦਾ ਯਤਨ ਕੀਤਾ ਪਰ ਯਿਸੂ ਦੇ ਆਤਮਾ ਨੇ ਉਨ੍ਹਾਂ ਨੂੰ ਨਾ ਜਾਣ ਦਿੱਤਾ ।8ਤਾਂ ਉਹ ਮੁਸਿਯਾ ਕੋਲੋਂ ਜਾ ਕੇ ਤ੍ਰੇਆਸ ਵਿੱਚ ਗਏ ।
9ਅਤੇ ਪੌਲੁਸ ਨੇ ਰਾਤ ਨੂੰ ਇੱਕ ਦਰਸ਼ਣ ਵੇਖਿਆ, ਕਿ ਇੱਕ ਮਕਦੂਨੀ ਮਨੁੱਖ ਖੜ੍ਹਾ ਉਹ ਦੀ ਮਿੰਨਤ ਕਰ ਕੇ ਕਹਿੰਦਾ ਹੈ, ਜੋ ਇਸ ਪਾਰ ਮਕਦੂਨਿਯਾ ਵਿੱਚ ਆ ਕੇ ਸਾਡੀ ਸਹਾਇਤਾ ਕਰੇ ।10ਜਦੋਂ ਉਸ ਨੇ ਇਹ ਦਰਸ਼ਣ ਦੇਖਿਆ ਤਾਂ ਉਸੇ ਵੇਲੇ ਅਸੀਂ ਮਕਦੂਨਿਯਾ ਵਿੱਚ ਜਾਣ ਦਾ ਯਤਨ ਕੀਤਾ ਇਸ ਲਈ ਜੋ ਅਸੀਂ ਪੱਕਾ ਜਾਣਿਆ ਕਿ ਪਰਮੇਸ਼ੁਰ ਨੇ ਸਾਨੂੰ ਬੁਲਾਇਆ ਹੈ ਜੋ ਉਨ੍ਹਾਂ ਲੋਕਾਂ ਨੂੰ ਖੁਸ਼ਖਬਰੀ ਸੁਣਾਈਏ ।
ਫ਼ਿਲਿੱਪੈ ਵਿੱਚ ਲੁਦਿਯਾ ਦਾ ਮਨ ਪਰਿਵਰਤਨ

11ਇਸ ਲਈ ਤ੍ਰੋਆਸ ਤੋਂ ਜਹਾਜ਼ ਤੇ ਚੜ੍ਹ ਕੇ ਅਸੀਂ ਸਿੱਧੇ ਸਮੁਤ੍ਰਾਕੇ ਨੂੰ ਆਏ ਅਤੇ ਦੂਜੇ ਦਿਨ ਨਿਯਾਪੁਲਿਸ ਨੂੰ ।12ਅਤੇ ਉੱਥੋਂ ਫ਼ਿਲਿੱਪੈ ਨੂੰ ਜੋ ਮਕਦੂਨਿਯਾ ਦਾ ਵੱਡਾ ਸ਼ਹਿਰ ਅਤੇ ਰੋਮੀਆਂ ਦੀ ਬਸਤੀ ਹੈ ਅਤੇ ਅਸੀਂ ਕਈ ਦਿਨ ਉਸੇ ਸ਼ਹਿਰ ਵਿੱਚ ਰਹੇ ।13ਅਤੇ ਸਬਤ ਦੇ ਦਿਨ ਫ਼ਾਟਕ ਤੋਂ ਬਾਹਰ ਦਰਿਆ ਦੇ ਕੰਢੇ ਉੱਤੇ ਗਏ, ਜਿੱਥੇ ਅਸੀਂ ਸੋਚਿਆ ਕਿ ਪ੍ਰਾਰਥਨਾ ਕਰਨ ਦਾ ਕੋਈ ਸਥਾਨ ਹੋਵੇਗਾ ਅਤੇ ਬੈਠ ਕੇ ਉਨ੍ਹਾਂ ਔਰਤਾਂ ਨਾਲ ਜਿਹੜੀਆਂ ਇਕੱਠੀਆਂ ਹੋਈਆਂ ਸਨ, ਗੱਲਾਂ ਕਰਨ ਲੱਗੇ ।
14ਅਤੇ ਲੁਦਿਯਾ ਨਾਮ ਦੀ ਥੁਆਤੀਰਾ ਨਗਰ ਦੀ ਇੱਕ ਔਰਤ ਕਿਰਮਿਚ ਵੇਚਣ ਵਾਲੀ ਪਰਮੇਸ਼ੁਰ ਦੀ ਭਗਤਣ ਉਹਨਾਂ ਨੂੰ ਸੁਣ ਰਹੀ ਸੀ । ਉਹ ਦਾ ਮਨ ਪ੍ਰਭੂ ਨੇ ਖੋਲ੍ਹ ਦਿੱਤਾ ਤਾਂ ਕਿ ਪੌਲੁਸ ਦੀਆਂ ਗੱਲਾਂ ਉੱਤੇ ਮਨ ਲਾਵੇ ।15ਅਤੇ ਜਦੋਂ ਉਸ ਨੇ ਆਪਣੇ ਪਰਿਵਾਰ ਸਮੇਤ ਬਪਤਿਸਮਾ ਲਿਆ ਤਾਂ ਬੇਨਤੀ ਕਰ ਕੇ ਬੋਲੀ, ਕਿ ਜੇ ਤੁਸੀਂ ਮੈਨੂੰ ਪ੍ਰਭੂ ਦੀ ਵਿਸ਼ਵਾਸਣ ਸਮਝਿਆ ਹੈ, ਤਾਂ ਮੇਰੇ ਘਰ ਵਿੱਚ ਆ ਕੇ ਰਹੋ ਅਤੇ ਉਹ ਸਾਨੂੰ ਜ਼ਬਰਦਸਤੀ ਆਪਣੇ ਘਰ ਲੈ ਗਈ ।
ਪੌਲੁਸ ਅਤੇ ਸੀਲਾਸ ਕੈਦ ਵਿੱਚ

16ਇਸ ਤਰ੍ਹਾਂ ਹੋਇਆ ਕਿ ਜਦੋਂ ਅਸੀਂ ਪ੍ਰਾਰਥਨਾ ਕਰਨ ਦੇ ਸਥਾਨ ਨੂੰ ਜਾ ਰਹੇ ਸੀ ਤਾਂ ਇੱਕ ਦਾਸੀ ਸਾਨੂੰ ਮਿਲੀ, ਜਿਸ ਦੇ ਵਿੱਚ ਭੇਤ ਬੁੱਝਣ ਦੀ ਆਤਮਾ ਸੀ ਅਤੇ ਉਹ ਟੇਵੇ ਲਾ ਕੇ ਆਪਣੇ ਮਾਲਕਾਂ ਲਈ ਬਹੁਤ ਕੁੱਝ ਕਮਾ ਲਿਆਉਂਦੀ ਸੀ ।17ਪੌਲੁਸ ਅਤੇ ਸਾਡੇ ਮਗਰ ਆ ਕੇ ਅਵਾਜ਼ਾਂ ਮਾਰਦੀ ਅਤੇ ਕਹਿੰਦੀ ਸੀ ਕਿ ਇਹ ਲੋਕ ਅੱਤ ਮਹਾਨ ਪਰਮੇਸ਼ੁਰ ਦੇ ਦਾਸ ਹਨ, ਜਿਹੜੇ ਤੁਹਾਨੂੰ ਮੁਕਤੀ ਦੀ ਰਾਹ ਦੱਸਦੇ ਹਨ ।18ਉਹ ਬਹੁਤ ਦਿਨਾਂ ਤੱਕ ਇਹ ਕਰਦੀ ਰਹੀ ਪਰ ਪੌਲੁਸ ਅੱਕ ਗਿਆ ਅਤੇ ਮੁੜ ਕੇ ਉਸ ਆਤਮਾ ਨੂੰ ਕਿਹਾ, ਮੈਂ ਤੈਨੂੰ ਯਿਸੂ ਮਸੀਹ ਦੇ ਨਾਮ ਨਾਲ ਹੁਕਮ ਕਰਦਾ ਹਾਂ ਜੋ ਇਹ ਦੇ ਵਿੱਚੋਂ ਨਿੱਕਲ ਜਾ ! ਅਤੇ ਉਸੇ ਸਮੇਂ ਉਹ ਨਿੱਕਲ ਗਈ ।

19ਪਰ ਜਦੋਂ ਉਹ ਦੇ ਮਾਲਕਾਂ ਨੇ ਵੇਖਿਆ ਜੋ ਸਾਡੀ ਕਮਾਈ ਦੀ ਆਸ ਖ਼ਤਮ ਹੋ ਗਈ ਤਾਂ ਪੌਲੁਸ ਅਤੇ ਸੀਲਾਸ ਨੂੰ ਫੜ੍ਹ ਕੇ ਬਜ਼ਾਰ ਵਿੱਚ ਅਧਿਕਾਰੀਆਂ ਦੇ ਕੋਲ ਖਿੱਚ ਕੇ ਲੈ ਗਏ ।20ਅਤੇ ਉਨ੍ਹਾਂ ਨੇ ਸਰਦਾਰਾਂ ਦੇ ਅੱਗੇ ਲੈ ਜਾ ਕੇ ਕਿਹਾ ਕਿ ਉਹ ਮਨੁੱਖ ਜਿਹੜੇ ਯਹੂਦੀ ਹਨ ਸਾਡੇ ਸ਼ਹਿਰ ਵਿੱਚ ਬਹੁਤ ਗੜਬੜੀ ਕਰਦੇ ਹਨ ।21ਅਤੇ ਸਾਨੂੰ ਅਜਿਹੀਆਂ ਰੀਤਾਂ ਦੱਸਦੇ ਹਨ ਕਿ ਜੋ ਕਿਸੇ ਰੋਮੀ ਦੇ ਮੰਨਣ ਅਤੇ ਪੂਰਾ ਕਰਨ ਦੇ ਯੋਗ ਨਹੀਂ ।
22ਤਦ ਲੋਕ ਮਿਲ ਕੇ ਉਨ੍ਹਾਂ ਦੇ ਵਿਰੁੱਧ ਉੱਠੇ ਅਤੇ ਸਰਦਾਰਾਂ ਨੇ ਉਨ੍ਹਾਂ ਦੇ ਕੱਪੜੇ ਪਾੜ ਕੇ ਬੈਂਤ ਮਾਰਨ ਦਾ ਹੁਕਮ ਦਿੱਤਾ ।23ਉਨ੍ਹਾਂ ਨੂੰ ਬਹੁਤੇ ਬੈਂਤ ਮਾਰ ਕੇ ਕੈਦ ਕਰ ਦਿੱਤਾ ਅਤੇ ਕੈਦਖ਼ਾਨੇ ਦੇ ਦਰੋਗੇ ਨੂੰ ਹੁਕਮ ਦਿੱਤਾ ਕਿ ਵੱਡੀ ਚੌਕਸੀ ਨਾਲ ਰੱਖਿਆ ਜਾਵੇ !24ਉਸ ਨੇ ਅਜਿਹਾ ਹੁਕਮ ਪਾ ਕੇ ਉਨ੍ਹਾਂ ਨੂੰ ਅੰਦਰਲੇ ਕੈਦਖ਼ਾਨੇ ਵਿੱਚ ਸੁੱਟਿਆ ਅਤੇ ਉਨ੍ਹਾਂ ਦੇ ਪੈਰਾਂ ਵਿੱਚ ਕਾਠ ਠੋਕ ਦਿੱਤਾ ।
ਪੌਲੁਸ ਅਤੇ ਸੀਲਾਸ ਦਾ ਕੈਦ ਵਿੱਚੋਂ ਛੁਟਕਾਰਾ

25ਪਰ ਅੱਧੀ ਰਾਤ ਨੂੰ ਪੌਲੁਸ ਅਤੇ ਸੀਲਾਸ ਪ੍ਰਾਰਥਨਾ ਕਰਦੇ ਅਤੇ ਪਰਮੇਸ਼ੁਰ ਦਾ ਭਜਨ ਗਾਉਂਦੇ ਸਨ ਅਤੇ ਕੈਦੀ ਵੀ ਉਨ੍ਹਾਂ ਦੀ ਸੁਣ ਰਹੇ ਸਨ ।26ਤਾਂ ਅਚਾਨਕ ਇੱਕ ਭੂਚਾਲ ਆਇਆ ਅਤੇ ਕੈਦਖ਼ਾਨੇ ਦੀਆਂ ਨੀਹਾਂ ਹਿੱਲ ਗਈਆਂ ਅਤੇ ਸਾਰੇ ਬੂਹੇ ਖੁੱਲ੍ਹ ਗਏ ਅਤੇ ਸਭਨਾਂ ਦੀਆਂ ਬੇੜੀਆਂ ਵੀ ਖੁੱਲ੍ਹ ਗਈਆਂ ।
27ਕੈਦਖ਼ਾਨੇ ਦਾ ਦਰੋਗਾ ਜਾਗ ਉੱਠਿਆ ਅਤੇ ਜਦੋਂ ਕੈਦਖ਼ਾਨੇ ਦੇ ਬੂਹੇ ਖੁੱਲ੍ਹੇ ਵੇਖੇ, ਤਾਂ ਇਹ ਸਮਝ ਕੇ, ਕਿ ਕੈਦੀ ਭੱਜ ਗਏ ਹੋਣਗੇ, ਤਲਵਾਰ ਨਾਲ ਆਪਣੇ ਆਪ ਨੂੰ ਮਾਰਨ ਲੱਗਾ ।28ਪਰ ਪੌਲੁਸ ਨੇ ਉੱਚੀ ਅਵਾਜ਼ ਨਾਲ ਪੁਕਾਰ ਕੇ ਆਖਿਆ, ਆਪਣੇ ਆਪ ਨੂੰ ਕੁੱਝ ਨੁਕਸਾਨ ਨਾ ਪਹੁੰਚਾ, ਕਿਉਂਕਿ ਅਸੀਂ ਸਭ ਇੱਥੇ ਹੀ ਹਾਂ !
29ਉਹ ਦੀਵਾ ਮੰਗਵਾ ਕੇ ਅੰਦਰ ਨੂੰ ਦੌੜਿਆ ਅਤੇ ਕੰਬਦਾ-ਕੰਬਦਾ ਪੌਲੁਸ ਅਤੇ ਸੀਲਾਸ ਦੇ ਅੱਗੇ ਡਿੱਗ ਪਿਆ ।30ਅਤੇ ਉਨ੍ਹਾਂ ਨੂੰ ਬਾਹਰ ਲਿਆ ਕੇ ਕਿਹਾ, ਹੇ ਮਹਾਂ ਪੁਰਖੋ, ਮੈਂ ਹੁਣ ਕੀ ਕਰਾਂ ਤਾਂ ਜੋ ਮੁਕਤੀ ਪ੍ਰਾਪਤ ਕਰਾਂ ?31ਉਨ੍ਹਾਂ ਨੇ ਆਖਿਆ, ਪ੍ਰਭੂ ਯਿਸੂ ਉੱਤੇ ਵਿਸ਼ਵਾਸ ਕਰ ਤਾਂ ਤੂੰ ਅਤੇ ਤੇਰਾ ਸਾਰਾ ਘਰਾਣਾ ਬਚਾਇਆ ਜਾਵੇਗਾ ।
32ਉਨ੍ਹਾਂ ਉਸ ਨੂੰ ਅਤੇ ਜਿਹੜੇ ਉਸ ਦੇ ਘਰ ਵਿੱਚ ਰਹਿੰਦੇ ਸਨ, ਪ੍ਰਭੂ ਦਾ ਬਚਨ ਸੁਣਾਇਆ ।33ਅਤੇ ਰਾਤ ਦੇ ਵੇਲੇ ਉਸ ਨੇ ਉਨ੍ਹਾਂ ਨੂੰ ਲੈ ਕੇ ਉਨ੍ਹਾਂ ਦੇ ਜ਼ਖਮ ਸਾਫ਼ ਕੀਤੇ ਅਤੇ ਉਸ ਨੇ ਅਤੇ ਉਸ ਦੇ ਸਾਰੇ ਪਰਿਵਾਰ ਨੇ ਬਪਤਿਸਮਾ ਲਿਆ ।34ਅਤੇ ਉਨ੍ਹਾਂ ਨੂੰ ਘਰ ਲਿਆ ਕੇ ਉਨ੍ਹਾਂ ਨੂੰ ਭੋਜਨ ਕਰਵਾਇਆ ਅਤੇ ਉਸ ਨੇ ਪਰਮੇਸ਼ੁਰ ਦਾ ਵਿਸ਼ਵਾਸ ਕਰ ਕੇ ਆਪਣੇ ਸਾਰੇ ਪਰਿਵਾਰ ਸਮੇਤ ਇੱਕ ਵੱਡੀ ਖੁਸ਼ੀ ਮਨਾਈ ।

35ਜਦੋਂ ਦਿਨ ਚੜ੍ਹਿਆ ਤਾਂ ਅਧਿਕਾਰੀਆਂ ਨੇ ਸਿਪਾਹੀਆਂ ਨੂੰ ਇਹ ਕਹਿ ਕਿ ਭੇਜਿਆ ਕਿ ਉਨ੍ਹਾਂ ਮਨੁੱਖਾਂ ਨੂੰ ਛੱਡ ਦਿਓ ।36ਤਦ ਦਰੋਗੇ ਨੇ ਪੌਲੁਸ ਨੂੰ ਇਸ ਗੱਲ ਦੀ ਖ਼ਬਰ ਦਿੱਤੀ ਕਿ ਅਧਿਕਾਰੀਆਂ ਨੇ ਤੁਹਾਨੂੰ ਛੱਡਣ ਲਈ ਕਿਹਾ ਹੈ ਸੋ ਹੁਣ ਤੁਸੀਂ ਸ਼ਾਂਤੀ ਨਾਲ ਚਲੇ ਜਾਓ ।
37ਪਰ ਪੌਲੁਸ ਨੇ ਉਨ੍ਹਾਂ ਨੂੰ ਆਖਿਆ ਕਿ, ਉਨ੍ਹਾਂ ਨੇ ਤਾਂ ਸਾਨੂੰ ਜੋ ਰੋਮੀ ਹਾਂ ਦੋਸ਼ ਸਾਬਤ ਕੀਤੇ ਬਿਨ੍ਹਾਂ ਸਭ ਲੋਕਾਂ ਦੇ ਸਾਹਮਣੇ ਬੈਂਤ ਮਾਰ ਕੇ ਕੈਦ ਕੀਤਾ ਅਤੇ ਹੁਣ ਭਲਾ, ਉਹ ਸਾਨੂੰ ਚੁੱਪ ਕਰਕੇ ਕਿਉਂ ਛੱਡ ਰਹੇ ਹਨ ? ਇਹ ਕਦੀ ਵੀ ਨਹੀਂ ਹੋਵੇਗਾ ਸਗੋਂ ਉਹ ਆਪ ਆ ਕੇ ਸਾਨੂੰ ਬਾਹਰ ਛੱਡਣ ।38ਤਦ ਸਿਪਾਹੀਆਂ ਨੇ ਇਹ ਗੱਲਾਂ ਅਧਿਕਾਰੀਆਂ ਨੂੰ ਜਾ ਕੇ ਸੁਣਾਈਆਂ ਅਤੇ ਜਦੋਂ ਉਹਨਾਂ ਸੁਣਿਆ ਕਿ ਇਹ ਰੋਮੀ ਹਨ ਤਾਂ ਡਰ ਗਏ ।39ਅਤੇ ਆ ਕੇ ਉਨ੍ਹਾਂ ਨੂੰ ਮਨਾਇਆ ਅਤੇ ਬਾਹਰ ਲਿਆ ਕੇ ਬੇਨਤੀ ਕੀਤੀ ਕਿ ਸ਼ਹਿਰ ਵਿੱਚੋਂ ਚੱਲੇ ਜਾਓ ।
40ਤਦ ਉਹ ਕੈਦ ਵਿੱਚੋਂ ਛੁੱਟ ਕੇ ਲੁਦਿਯਾ ਦੇ ਘਰ ਨੂੰ ਗਏ ਅਤੇ ਭਰਾਵਾਂ ਨੂੰ ਵੇਖ ਕੇ ਉਨ੍ਹਾਂ ਨੂੰ ਤਸੱਲੀ ਦਿੱਤੀ ਅਤੇ ਤੁਰ ਪਏ ।

17
ਥਸਲੁਨੀਕੇ ਨਗਰ ਵਿੱਚ

1ਫਿਰ ਉਹ ਅਮਫ਼ਿਪੁਲਿਸ ਅਤੇ ਅੱਪੁਲੋਨਿਯਾ ਵਿੱਚੋਂ ਦੀ ਲੰਘ ਕੇ ਥਸਲੁਨੀਕੇ ਨੂੰ ਆਏ, ਜਿੱਥੇ ਯਹੂਦੀਆਂ ਦਾ ਇੱਕ ਪ੍ਰਾਰਥਨਾ ਘਰ ਸੀ ।2ਅਤੇ ਪੌਲੁਸ ਆਪਣੀ ਰੀਤੀ ਅਨੁਸਾਰ ਉਨ੍ਹਾਂ ਦੇ ਕੋਲ ਅੰਦਰ ਗਿਆ ਅਤੇ ਤਿੰਨ ਸਬਤ ਦੇ ਦਿਨਾਂ ਤੱਕ ਉਨ੍ਹਾਂ ਨੂੰ ਪਵਿੱਤਰ ਗ੍ਰੰਥ ਸੁਣਾਉਂਦਾ ਰਿਹਾ,

3ਅਤੇ ਅਰਥ ਖੋਲ੍ਹ ਕੇ ਉਹ ਨੇ ਇਹ ਦੱਸਿਆ ਕਿ ਮਸੀਹ ਦਾ ਦੁੱਖ ਭੋਗਣਾ ਅਤੇ ਮੁਰਦਿਆਂ ਵਿੱਚੋਂ ਜੀ ਉੱਠਣਾ ਜ਼ਰੂਰੀ ਸੀ ਅਤੇ ਇਹ ਯਿਸੂ ਜਿਸ ਦੀ ਮੈਂ ਤੁਹਾਨੂੰ ਖ਼ਬਰ ਦਿੰਦਾ ਹਾਂ ਉਹ ਹੀ ਮਸੀਹ ਹੈ ।4ਸੋ ਉਨ੍ਹਾਂ ਵਿੱਚੋਂ ਬਹੁਤਿਆਂ ਨੇ ਮੰਨ ਲਿਆ, ਇਸ ਤਰ੍ਹਾਂ ਭਗਤ ਯੂਨਾਨੀਆਂ ਵਿੱਚੋਂ ਬਹੁਤ ਲੋਕ ਅਤੇ ਬਹੁਤ ਸਾਰੀਆਂ ਪਤਵੰਤੀ ਇਸਤਰੀਆਂ ਵੀ ਪੌਲੁਸ ਅਤੇ ਸੀਲਾਸ ਦੇ ਨਾਲ ਰਲ ਗਈਆਂ ।
5ਪਰ ਯਹੂਦੀਆਂ ਨੇ ਖੁਣਸ ਕਰਕੇ ਬਜ਼ਾਰ ਦੇ ਵਿੱਚੋਂ ਕਈ ਬੁਰੇ ਲੋਕਾਂ ਨੂੰ ਆਪਣੇ ਨਾਲ ਰਲਾ ਲਿਆ ਅਤੇ ਭੀੜ ਕਰ ਕੇ ਨਗਰ ਵਿੱਚ ਰੌਲ਼ਾ ਪਾ ਦਿੱਤਾ ਅਤੇ ਉਹ ਯਾਸੋਨ ਦੇ ਘਰ ਉੱਤੇ ਹਮਲਾ ਕਰ ਕੇ ਉਨ੍ਹਾਂ ਨੂੰ ਲੋਕਾਂ ਦੇ ਕੋਲ ਬਾਹਰ ਲਿਆਉਣਾ ਚਾਹੁੰਦੇ ਸਨ ।6ਪਰ ਜਦੋਂ ਉਹ ਨਾ ਲੱਭੇ ਤਾਂ ਯਾਸੋਨ ਅਤੇ ਕਈ ਭਰਾਵਾਂ ਨੂੰ ਨਗਰ ਦੇ ਅਧਿਕਾਰੀਆਂ ਅੱਗੇ ਇਸ ਤਰ੍ਹਾਂ ਰੌਲ਼ਾ ਪਾ ਕੇ ਖਿੱਚ ਲਿਆਏ ਕਿ ਇਹ ਲੋਕ ਜਿਨ੍ਹਾਂ ਨੇ ਸੰਸਾਰ ਨੂੰ ਉਲਟਾ ਪੁਲਟਾ ਕਰ ਦਿੱਤਾ ਹੈ, ਇੱਥੇ ਵੀ ਆ ਗਏ ਹਨ !7ਯਾਸੋਨ ਨੇ ਉਨ੍ਹਾਂ ਨੂੰ ਆਪਣੇ ਘਰ ਵਿੱਚ ਰੱਖਿਆ ਅਤੇ ਇਹ ਸਭ ਕੈਸਰ ਦੇ ਹੁਕਮਾਂ ਦੇ ਵਿਰੁੱਧ ਕਹਿੰਦੇ ਹਨ ਕਿ ਪਾਤਸ਼ਾਹ ਤਾਂ ਯਿਸੂ ਹੀ ਹੈ ।
8ਸੋ ਉਨ੍ਹਾਂ ਨੇ ਲੋਕਾਂ ਨੂੰ ਅਤੇ ਨਗਰ ਦੇ ਅਧਿਕਾਰੀਆਂ ਨੂੰ ਇਹ ਗੱਲਾਂ ਸੁਣਾ ਕੇ ਡਰਾ ਦਿੱਤਾ ।9ਤਾਂ ਉਹਨਾਂ ਨੇ ਯਾਸੋਨ ਅਤੇ ਦੂਜਿਆਂ ਤੋਂ ਜ਼ਮਾਨਤ ਲੈ ਕੇ ਉਨ੍ਹਾਂ ਨੂੰ ਛੱਡ ਦਿੱਤਾ ।
ਬਰਿਯਾ ਨਗਰ ਵਿੱਚ

10ਪਰ ਭਰਾਵਾਂ ਨੇ ਰਾਤ ਦੇ ਸਮੇਂ ਹੀ ਪੌਲੁਸ ਅਤੇ ਸੀਲਾਸ ਨੂੰ ਬਰਿਯਾ ਨੂੰ ਭੇਜ ਦਿੱਤਾ ਅਤੇ ਉਹ ਉੱਥੇ ਪਹੁੰਚ ਕੇ ਯਹੂਦੀਆਂ ਦੇ ਪ੍ਰਾਰਥਨਾ ਘਰ ਵਿੱਚ ਗਏ ।11ਇੱਥੇ ਦੇ ਲੋਕ ਥਸਲੁਨੀਕੇ ਦੇ ਲੋਕਾਂ ਨਾਲੋਂ ਬਹੁਤ ਚੰਗੇ ਸਨ ਇਸ ਲਈ ਜੋ ਇਹਨਾਂ ਨੇ ਦਿਲ ਦੀ ਵੱਡੀ ਲਗਨ ਨਾਲ ਬਚਨ ਨੂੰ ਮੰਨ ਲਿਆ ਅਤੇ ਹਰ ਰੋਜ਼ ਪਵਿੱਤਰ ਗ੍ਰੰਥ ਵਿੱਚ ਲੱਭਦੇ ਰਹਿੰਦੇ ਸਨ ਕਿ ਇਹ ਗੱਲਾਂ ਇਸੇ ਤਰ੍ਹਾਂ ਹਨ ਕਿ ਨਹੀਂ ।12ਇਸ ਲਈ ਬਹੁਤ ਉਨ੍ਹਾਂ ਵਿੱਚੋਂ ਬਹੁਤਿਆਂ ਨੇ ਅਤੇ ਪਤਵੰਤੀ ਯੂਨਾਨੀ ਇਸਤ੍ਰੀਆਂ ਅਤੇ ਆਦਮੀਆਂ ਵਿੱਚੋਂ ਵੀ ਬਹੁਤ ਸਾਰਿਆਂ ਨੇ ਵਿਸ਼ਵਾਸ ਕੀਤਾ ।
13ਪਰ ਜਦੋਂ ਥਸਲੁਨੀਕੇ ਦੇ ਯਹੂਦੀਆਂ ਨੇ ਜਾਣਿਆ ਕਿ ਪੌਲੁਸ ਪਰਮੇਸ਼ੁਰ ਦਾ ਬਚਨ ਬਰਿਯਾ ਵਿੱਚ ਵੀ ਸੁਣਾਉਂਦਾ ਹੈ ਤਾਂ ਉੱਥੇ ਵੀ ਆ ਕੇ ਲੋਕਾਂ ਨੂੰ ਭਰਮਾਉਣ ਅਤੇ ਡਰਾਉਣ ਲੱਗੇ ।14ਤਦ ਭਰਾਵਾਂ ਨੇ ਪੌਲੁਸ ਨੂੰ ਵਿਦਿਆ ਕੀਤਾ ਕਿ ਸਮੁੰਦਰ ਤੱਕ ਜਾਵੇ ਪਰ ਸੀਲਾਸ ਅਤੇ ਤਿਮੋਥਿਉਸ ਉੱਥੇ ਹੀ ਰਹੇ ।15ਪਰ ਪੌਲੁਸ ਦੇ ਪਹੁੰਚਾਉਣ ਵਾਲਿਆਂ ਨੇ ਉਹ ਨੂੰ ਅਥੇਨੈ ਤੱਕ ਲਿਆਏ, ਸੀਲਾਸ ਅਤੇ ਤਿਮੋਥਿਉਸ ਦੇ ਲਈ ਹੁਕਮ ਲੈ ਕੇ, ਕਿ ਜਿਸ ਤਰ੍ਹਾਂ ਵੀ ਹੋ ਸਕੇ ਜਲਦੀ ਉਹ ਦੇ ਕੋਲ ਆ ਜਾਣ, ਅਤੇ ਉਹ ਤੁਰ ਪਏ ।
ਅਥੇਨੈ ਨਗਰ ਵਿੱਚ

16ਜਦੋਂ ਪੌਲੁਸ ਅਥੇਨੈ ਵਿੱਚ ਉਨ੍ਹਾਂ ਦੀ ਉਡੀਕ ਕਰਦਾ ਸੀ, ਤਦ ਸ਼ਹਿਰ ਨੂੰ ਮੂਰਤਾਂ ਨਾਲ ਭਰਿਆ ਹੋਇਆ ਵੇਖ ਕੇ ਉਹ ਦਾ ਆਤਮਾ ਜਲ ਗਿਆ ।17ਇਸ ਲਈ ਉਹ ਪ੍ਰਾਰਥਨਾ ਘਰਾਂ ਵਿੱਚ ਯਹੂਦੀਆਂ ਅਤੇ ਭਗਤ ਲੋਕਾਂ ਦੇ ਨਾਲ ਅਤੇ ਰੋਜ਼ ਬਜ਼ਾਰ ਵਿੱਚ ਉਨ੍ਹਾਂ ਲੋਕਾਂ ਨਾਲ ਜੋ ਉਸ ਨੂੰ ਮਿਲਦੇ ਸਨ, ਵਾਦ-ਵਿਵਾਦ ਕਰਦਾ ਸੀ ।
18ਅਪਿਕੂਰੀ ਅਤੇ ਸਤੋਇਕੀ ਸ਼ਾਸਤਰੀਆਂ ਵਿੱਚੋਂ ਵੀ ਕੁੱਝ ਉਸ ਨਾਲ ਵਾਦ-ਵਿਵਾਦ ਕਰਨ ਲੱਗੇ ਅਤੇ ਕਈਆਂ ਨੇ ਆਖਿਆ ਕਿ ਇਹ ਬਕਵਾਦੀ ਕੀ ਆਖਣਾ ਚਾਹੁੰਦਾ ਹੈ ? ਕਈ ਬੋਲੇ ਜੋ ਇਹ ਤਾਂ ਪਰਾਏ ਦੇਵਤਿਆਂ ਦਾ ਦੱਸਣ ਵਾਲਾ ਕੋਈ ਹੈ ਕਿਉਂ ਜੋ ਉਹ ਯਿਸੂ ਦੀ ਅਤੇ ਉਸ ਦੇ ਜੀ ਉੱਠਣ ਦੀ ਖੁਸ਼ਖਬਰੀ ਸੁਣਾਉਂਦਾ ਸੀ ।
19ਉਹ ਉਸ ਨੂੰ ਫੜ੍ਹ ਕੇ ਅਰਿਯੁਪਗੁਸ ਉੱਤੇ ਲੈ ਗਏ ਅਤੇ ਬੋਲੇ, ਕੀ ਅਸੀਂ ਪੁੱਛ ਸਕਦੇ ਹਾਂ ਕਿ ਉਹ ਨਵੀਂ ਸਿੱਖਿਆ ਜੋ ਤੂੰ ਦਿੰਦਾ ਹੈ ਕੀ ਹੈ ?20ਤੂੰ ਸਾਨੂੰ ਬਹੁਤ ਅਨੋਖੀਆਂ ਗੱਲਾਂ ਸੁਣਾਉਂਦਾ ਹੈ ਸੋ ਅਸੀਂ ਉਨ੍ਹਾਂ ਦਾ ਅਰਥ ਜਾਣਨਾ ਚਾਹੁੰਦੇ ਹਾਂ ।21ਸਾਰੇ ਅਥੇਨੀ ਲੋਕ ਅਤੇ ਜਿਹੜੇ ਪਰਦੇਸੀ ਉੱਥੇ ਰਹਿੰਦੇ ਸਨ, ਨਵੀਆਂ ਨਵੀਆਂ ਗੱਲਾਂ ਸੁਣਨ ਅਤੇ ਸੁਣਾਉਣ ਤੋਂ ਬਿਨ੍ਹਾਂ ਆਪਣਾ ਸਮਾਂ ਕਿਸੇ ਕੰਮ ਵਿੱਚ ਨਹੀਂ ਗੁਜਾਰਦੇ ਸਨ ।
ਅਰਿਯੁਪਗੁਸ ਦੀ ਸਭਾ ਵਿੱਚ ਪੌਲੁਸ ਦਾ ਭਾਸ਼ਣ

22ਤਾਂ ਪੌਲੁਸ ਅਰਿਯੁਪਗੁਸ ਦੇ ਵਿੱਚ ਖੜ੍ਹਾ ਹੋ ਕੇ ਕਹਿਣ ਲੱਗਾ, ਹੇ ਅਥੇਨੀਓ, ਮੈਂ ਤੁਹਾਨੂੰ ਹਰ ਤਰ੍ਹਾਂ ਨਾਲ ਦੇਵਤਿਆਂ ਦੇ ਵੱਡੇ ਪੂਜਣ ਵਾਲੇ ਵੇਖਦਾ ਹਾਂ ।23ਕਿਉਂ ਜੋ ਮੈਂ ਤੁਰਦੇ ਫਿਰਦੇ ਅਤੇ ਤੁਹਾਡੇ ਦੇਵਤਿਆਂ ਦੀਆਂ ਮੂਰਤਾਂ ਵੇਖੀਆਂ ਅਤੇ ਇੱਕ ਵੇਦੀ ਨੂੰ ਵੇਖਿਆ ਜਿਸ ਦੇ ਉੱਤੇ ਇਹ ਲਿਖਿਆ ਹੋਇਆ ਸੀ “ਅਣਜਾਣੇ ਦੇਵਤੇ ਲਈ” । ਇਸ ਲਈ ਜਿਸ ਨੂੰ ਤੁਸੀਂ ਬਿਨ ਜਾਣੇ ਪੂਜਦੇ ਹੋ ਮੈਂ ਤੁਹਾਨੂੰ ਉਸੇ ਦੀ ਖ਼ਬਰ ਦਿੰਦਾ ਹਾਂ ।
24ਉਹ ਪਰਮੇਸ਼ੁਰ ਜਿਸ ਨੇ ਸੰਸਾਰ ਅਤੇ ਜੋ ਕੁੱਝ ਉਹ ਦੇ ਵਿੱਚ ਹੈ ਰਚਿਆ ਹੈ, ਉਹ ਅਕਾਸ਼ ਅਤੇ ਧਰਤੀ ਦਾ ਮਾਲਕ ਹੋ ਕੇ, ਉਹ ਹੱਥਾਂ ਦੇ ਬਣਾਏ ਮੰਦਿਰਾਂ ਵਿੱਚ ਨਹੀਂ ਵੱਸਦਾ ਹੈ ।25ਅਤੇ ਨਾ ਉਹ ਨੂੰ ਕਿਸੇ ਚੀਜ਼ ਤੋਂ ਥੋੜ ਹੈ ਨਾ ਉਹ ਮਨੁੱਖਾਂ ਦੇ ਹੱਥੋਂ ਸੇਵਾ ਕਰਾਉਂਦਾ ਹੈ ਕਿਉਂ ਜੋ ਉਹ ਖੁਦ ਹੀ ਸਭਨਾਂ ਨੂੰ ਜ਼ਿੰਦਗੀ, ਸਾਹ ਅਤੇ ਸਭ ਕੁੱਝ ਦਿੰਦਾ ਹੈ ।
26ਅਤੇ ਉਸ ਨੇ ਮਨੁੱਖਾਂ ਦੀ ਹਰੇਕ ਕੌਮ ਨੂੰ ਸਾਰੀ ਧਰਤੀ ਉੱਤੇ ਵੱਸਣ ਲਈ ਰਚਿਆ ਅਤੇ ਉਨ੍ਹਾਂ ਦਾ ਇੱਕ ਨਿਸਚਿਤ ਸਮਾਂ ਅਤੇ ਰਹਿਣ ਦੀਆਂ ਹੱਦਾਂ ਠਹਿਰਾਈਆਂ27ਕਿ ਉਹ ਪਰਮੇਸ਼ੁਰ ਨੂੰ ਲੱਭਣ, ਕੀ ਜਾਣੀਏ ਉਸ ਨੂੰ ਲੱਭ ਲੈਣ ਭਾਵੇਂ ਉਹ ਸਾਡੇ ਵਿੱਚੋਂ ਕਿਸੇ ਤੋਂ ਦੂਰ ਨਹੀਂ ।
28ਕਿਉਂਕਿ ਉਸੇ ਵਿੱਚ ਅਸੀਂ ਜਿਉਂਦੇ, ਤੁਰਦੇ ਫਿਰਦੇ, ਮੌਜੂਦ ਹਾਂ ਜਿਵੇਂ ਤੁਹਾਡੇ ਕਵੀਸ਼ਰਾਂ ਵਿੱਚੋਂ ਵੀ ਬਹੁਤ ਨੇ ਆਖਿਆ ਹੈ, ਕਿ ਅਸੀਂ ਤਾਂ ਉਹ ਦੀ ਅੰਸ ਵੀ ਹਾਂ ।29ਸੋ ਪਰਮੇਸ਼ੁਰ ਦੀ ਅੰਸ ਹੋ ਕੇ ਸਾਨੂੰ ਯੋਗ ਨਹੀਂ ਜੋ ਇਹ ਸਮਝੀਏ ਕਿ ਪਰਮੇਸ਼ੁਰ ਸੋਨੇ ਚਾਂਦੀ ਜਾਂ ਪੱਥਰ ਵਰਗਾ ਹੈ, ਜਿਸ ਨੂੰ ਮਨੁੱਖ ਨੇ ਆਪਣੇ ਹੱਥਾਂ ਅਤੇ ਮਨ ਨਾਲ ਬਣਾਇਆ ਹੈ ।
30ਪਰਮੇਸ਼ੁਰ ਨੇ ਅਣਜਾਣਪੁਣੇ ਦੇ ਸਮੇਂ ਵੱਲ ਧਿਆਨ ਨਹੀਂ ਦਿੱਤਾ, ਪਰ ਹੁਣ ਸਭ ਥਾਂਵਾਂ ਅਤੇ ਸਭਨਾਂ ਮਨੁੱਖਾਂ ਨੂੰ ਹੁਕਮ ਦਿੰਦਾ ਹੈ, ਕਿ ਉਹ ਸਾਰੇ ਤੋਬਾ ਕਰਨ ।31ਕਿਉਂ ਜੋ ਉਸ ਨੇ ਇੱਕ ਦਿਨ ਨਿਸਚਿਤ ਕੀਤਾ ਹੈ ਜਿਸ ਦੇ ਵਿੱਚ ਉਹ ਸਚਿਆਈ ਨਾਲ ਸੰਸਾਰ ਦਾ ਨਿਆਂ ਕਰੇਗਾ, ਉਸ ਮਨੁੱਖ ਦੇ ਰਾਹੀਂ ਜਿਸ ਨੂੰ ਉਸ ਨੇ ਠਹਿਰਾਇਆ ਅਤੇ ਉਹ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ ਹੈ, ਅਤੇ ਇਹ ਗੱਲ ਸਭਨਾਂ ਉੱਤੇ ਸਾਬਤ ਕਰ ਦਿੱਤੀ ਹੈ ।

32ਜਦੋਂ ਉਨ੍ਹਾਂ ਨੇ ਮੁਰਦਿਆਂ ਦੇ ਜੀ ਉੱਠਣ ਦੀ ਗੱਲ ਸੁਣੀ ਤਾਂ ਕਈ ਮਖੌਲ ਕਰਨ ਲੱਗੇ ਪਰ ਕੁੱਝ ਨੇ ਆਖਿਆ, ਅਸੀਂ ਇਹ ਗੱਲ ਤੇਰੇ ਕੋਲੋਂ ਕਦੇ ਫੇਰ ਸੁਣਾਂਗੇ ।33ਸੋ ਪੌਲੁਸ ਉਨ੍ਹਾਂ ਦੇ ਵਿੱਚੋਂ ਚੱਲਿਆ ਗਿਆ ।34ਪਰੰਤੂ ਕਈ ਆਦਮੀਆਂ ਨੇ ਉਹ ਦੇ ਨਾਲ ਰਲ ਕੇ ਵਿਸ਼ਵਾਸ ਕੀਤਾ । ਉਨ੍ਹਾਂ ਵਿੱਚ ਦਿਯਾਨੀਸਿਯੁਸ ਅਰਿਯੁਪਗੀ ਅਤੇ ਦਾਮਰਿਸ ਨਾਮ ਦੀ ਇੱਕ ਔਰਤ ਅਤੇ ਕਈ ਹੋਰ ਉਨ੍ਹਾਂ ਦੇ ਨਾਲ ਸਨ ।

18
ਕੁਰਿੰਥੁਸ ਨਗਰ ਵਿੱਚ

1ਇਹ ਤੋਂ ਬਾਅਦ ਪੌਲੁਸ ਅਥੇਨੈ ਤੋਂ ਤੁਰ ਕੇ ਕੁਰਿੰਥੁਸ ਵਿੱਚ ਆਇਆ ।2ਅਤੇ ਉੱਥੇ ਅਕੂਲਾ ਨਾਮ ਦਾ ਇੱਕ ਯਹੂਦੀ ਉਹ ਨੂੰ ਮਿਲਿਆ, ਜਿਸ ਦੀ ਜਨਮ ਭੂਮੀ ਪੁੰਤੁਸ ਸੀ ਅਤੇ ਥੋੜ੍ਹੇ ਚਿਰ ਦਾ ਆਪਣੀ ਪਤਨੀ ਪ੍ਰਿਸਕਿੱਲਾ ਨਾਲ ਇਤਾਲਿਯਾ ਤੋਂ ਆਇਆ ਹੋਇਆ ਸੀ ਕਿਉਂ ਜੋ ਕਲੌਦਿਯੁਸ ਨੇ ਹੁਕਮ ਦਿੱਤਾ ਸੀ ਕਿ ਸਾਰੇ ਯਹੂਦੀ ਰੋਮ ਤੋਂ ਨਿੱਕਲ ਜਾਣ, ਸੋ ਉਹ ਉਨ੍ਹਾਂ ਦੇ ਕੋਲ ਗਿਆ ।3ਅਤੇ ਇਸ ਲਈ ਜੋ ਉਹਨਾਂ ਦਾ ਇੱਕੋ ਹੀ ਕੰਮ ਸੀ ਉਨ੍ਹਾਂ ਦੇ ਨਾਲ ਰਿਹਾ ਅਤੇ ਉਹ ਕੰਮ ਕਰਨ ਲੱਗੇ, ਕਿਉਂ ਜੋ ਉਹ ਤੰਬੂ ਬਣਾਉਣ ਵਾਲੇ ਸਨ ।

4ਅਤੇ ਉਹ ਹਰ ਸਬਤ ਦੇ ਦਿਨ ਨੂੰ ਪ੍ਰਾਰਥਨਾ ਘਰ ਵਿੱਚ ਪ੍ਰਚਾਰ ਕਰਦਾ ਅਤੇ ਯਹੂਦੀਆਂ ਅਤੇ ਯੂਨਾਨੀਆਂ ਨੂੰ ਸਮਝਾਉਂਦਾ ਸੀ ।

5ਪਰ ਜਦੋਂ ਸੀਲਾਸ ਅਤੇ ਤਿਮੋਥਿਉਸ ਮਕਦੂਨਿਯਾ ਤੋਂ ਆਏ ਤਦ ਪੌਲੁਸ ਬਚਨ ਸੁਣਾਉਣ ਵਿੱਚ ਰੁੱਝ ਕੇ ਯਹੂਦੀਆਂ ਦੇ ਅੱਗੇ ਗਵਾਹੀ ਦੇ ਰਿਹਾ ਸੀ, ਕਿ ਯਿਸੂ ਹੀ ਮਸੀਹ ਹੈ ।6ਜਦੋਂ ਉਹ ਉਸ ਦਾ ਵਿਰੋਧ ਕਰਨ ਅਤੇ ਵਾਦ-ਵਿਵਾਦ ਕਰਨ ਲੱਗੇ ਤਾਂ ਉਸ ਨੇ ਆਪਣੇ ਕੱਪੜੇ ਝਾੜ ਕੇ ਉਨ੍ਹਾਂ ਨੂੰ ਆਖਿਆ, ਕਿ ਤੁਹਾਡਾ ਖੂਨ ਤੁਹਾਡੇ ਸਿਰ ਹੋਵੇ ! ਮੈਂ ਨਿਰਦੋਸ਼ ਹਾਂ ! ਇਸ ਤੋਂ ਬਾਅਦ ਮੈਂ ਪਰਾਈਆਂ ਕੌਮਾਂ ਵੱਲ ਜਾਂਵਾਂਗਾ ।
7ਉਹ ਉੱਥੋਂ ਤੁਰ ਕੇ ਤੀਤੁਸ ਯੂਸਤੁਸ ਨਾਮ ਦੇ ਇੱਕ ਪਰਮੇਸ਼ੁਰ ਦੇ ਭਗਤ ਦੇ ਘਰ ਗਿਆ, ਜਿਸ ਦਾ ਘਰ ਪ੍ਰਾਰਥਨਾ ਘਰ ਦੇ ਨਾਲ ਲੱਗਦਾ ਸੀ ।8ਅਤੇ ਪ੍ਰਾਰਥਨਾ ਘਰ ਦੇ ਸਰਦਾਰ ਕਰਿਸਪੁਸ ਨੇ ਆਪਣੇ ਸਾਰੇ ਪਰਿਵਾਰ ਨਾਲ ਪ੍ਰਭੂ ਤੇ ਵਿਸ਼ਵਾਸ ਕੀਤਾ ਅਤੇ ਕੁਰਿੰਥੀਆਂ ਵਿੱਚੋਂ ਬਹੁਤਿਆਂ ਲੋਕਾਂ ਨੇ ਸੁਣ ਕੇ ਵਿਸ਼ਵਾਸ ਕੀਤਾ ਅਤੇ ਬਪਤਿਸਮਾ ਲਿਆ ।
9ਤਾਂ ਪ੍ਰਭੂ ਨੇ ਰਾਤ ਦੇ ਵੇਲੇ ਪੌਲੁਸ ਨੂੰ ਦਰਸ਼ਣ ਦੇ ਕੇ ਕਿਹਾ, ਨਾ ਡਰ ਸਗੋਂ ਬੋਲੀ ਜਾ ਅਤੇ ਚੁੱਪ ਨਾ ਰਹਿ ।10ਇਸ ਲਈ ਜੋ ਮੈਂ ਤੇਰੇ ਨਾਲ ਹਾਂ ਅਤੇ ਕੋਈ ਤੈਨੂੰ ਦੁੱਖ ਦੇਣ ਲਈ ਤੇਰੇ ਉੱਤੇ ਹਮਲਾ ਨਾ ਕਰੇਗਾ, ਕਿਉਂ ਜੋ ਇਸ ਸ਼ਹਿਰ ਵਿੱਚ ਮੇਰੇ ਬਹੁਤ ਸਾਰੇ ਲੋਕ ਹਨ ।11ਸੋ ਉਹ ਡੇਢ ਸਾਲ ਉੱਥੇ ਰਹਿ ਕੇ ਉਨ੍ਹਾਂ ਦੇ ਵਿੱਚ ਪਰਮੇਸ਼ੁਰ ਦਾ ਬਚਨ ਸਿਖਾਉਂਦਾ ਰਿਹਾ ।

12ਪਰ ਜਦੋਂ ਗਾਲੀਓ ਅਖਾਯਾ ਦਾ ਅਧਿਕਾਰੀ ਸੀ ਤਾਂ ਯਹੂਦੀ ਮਿਲ ਕੇ ਪੌਲੁਸ ਉੱਤੇ ਚੜ੍ਹ ਆਏ ਅਤੇ ਉਹ ਨੂੰ ਅਦਾਲਤ ਵਿੱਚ ਲੈ ਜਾ ਕੇ ਬੋਲੇ,13ਇਹ ਮਨੁੱਖ ਲੋਕਾਂ ਨੂੰ ਬਿਵਸਥਾ ਤੋਂ ਵਿਰੁੱਧ ਪਰਮੇਸ਼ੁਰ ਦੀ ਬੰਦਗੀ ਕਰਨ ਨੂੰ ਭਰਮਾਉਂਦਾ ਹੈ ।
14ਪਰ ਜਦੋਂ ਪੌਲੁਸ ਬੋਲਣ ਲੱਗਾ ਤਾਂ ਗਾਲੀਓ ਨੇ ਯਹੂਦੀਆਂ ਨੂੰ ਆਖਿਆ, ਹੇ ਯਹੂਦੀਓ ਜੇ ਕੁੱਝ ਬੁਰਾਈ ਦੀ ਗੱਲ ਹੁੰਦੀ ਤਾਂ ਮੇਰੇ ਲਈ ਤੁਹਾਨੂੰ ਸੁਣਨਾ ਯੋਗ ਹੁੰਦਾ ।15ਪਰ ਜੇ ਇਹ ਝਗੜੇ ਸ਼ਬਦਾਂ ਅਤੇ ਨਾਵਾਂ ਅਤੇ ਤੁਹਾਡੀ ਆਪਣੀ ਬਿਵਸਥਾ ਦੇ ਵਿਖੇ ਹਨ ਤਾਂ ਤੁਸੀਂ ਆਪ ਹੀ ਜਾਣੋ, ਮੈਂ ਨਹੀਂ ਚਾਹੁੰਦਾ ਜੋ ਇਨ੍ਹਾਂ ਗੱਲਾਂ ਦਾ ਨਿਆਈਂ ਬਣਾ ।
16ਤਾਂ ਉਸ ਨੇ ਉਨ੍ਹਾਂ ਨੂੰ ਅਦਾਲਤੋਂ ਬਾਹਰ ਕੱਢ ਦਿੱਤਾ ।17ਤਾਂ ਉਨ੍ਹਾਂ ਨੇ ਪ੍ਰਾਰਥਨਾ ਘਰ ਦੇ ਸਰਦਾਰ ਸੋਸਨਥੇਜ਼ ਨੂੰ ਫੜ੍ਹ ਕੇ ਅਦਾਲਤ ਦੇ ਸਾਹਮਣੇ ਮਾਰਿਆ ਪਰ ਗਾਲੀਓ ਨੇ ਇਨ੍ਹਾਂ ਗੱਲਾਂ ਵੱਲ ਕੁੱਝ ਧਿਆਨ ਨਾ ਕੀਤਾ ।
ਪ੍ਰਿਸਕਿੱਲਾ, ਅਕੂਲਾ ਅਤੇ ਅਪੁੱਲੋਸ

18ਪੌਲੁਸ ਹੋਰ ਵੀ ਬਹੁਤ ਦਿਨ ਉੱਥੇ ਠਹਿਰ ਕੇ ਫੇਰ ਭਰਾਵਾਂ ਕੋਲੋਂ ਵਿਦਾ ਹੋਇਆ ਅਤੇ ਪ੍ਰਿਸਕਿੱਲਾ ਅਤੇ ਅਕੂਲਾ ਦੇ ਸੰਗ ਜਹਾਜ਼ ਤੇ ਸੀਰਿਯਾ ਦੀ ਵੱਲ ਨੂੰ ਚੱਲਿਆ ਗਿਆ ਕੰਖਰਿਯਾ ਵਿੱਚ ਸਿਰ ਮੁਨਾਇਆ, ਕਿਉਂ ਜੋ ਉਹ ਨੇ ਮੰਨਤ ਮੰਨੀ ਸੀ ।19ਅਤੇ ਅਫ਼ਸੁਸ ਵਿੱਚ ਉਨ੍ਹਾਂ ਨੂੰ ਉੱਥੇ ਹੀ ਛੱਡਿਆ, ਪਰ ਆਪ ਪ੍ਰਾਰਥਨਾ ਘਰ ਵਿੱਚ ਜਾ ਕੇ ਯਹੂਦੀਆਂ ਦੇ ਨਾਲ ਬਹਿਸ ਕੀਤੀ ।
20ਤਾਂ ਉਨ੍ਹਾਂ ਨੇ ਉਹ ਦੇ ਅੱਗੇ ਬੇਨਤੀ ਕੀਤੀ ਕਿ ਉਹ ਕੁੱਝ ਦਿਨ ਹੋਰ ਰਹੇ ਪਰ ਉਹ ਨੇ ਨਾ ਮੰਨਿਆ ।21ਪਰੰਤੂ ਇਹ ਕਹਿ ਕੇ ਭਈ ਪਰਮੇਸ਼ੁਰ ਚਾਹੇ ਤਾਂ ਮੈਂ ਤੁਹਾਡੇ ਕੋਲ ਫ਼ੇਰ ਆਵਾਂਗਾ ਉਹ ਉਨ੍ਹਾਂ ਕੋਲੋਂ ਵਿਦਾ ਹੋਇਆ ਅਤੇ ਜਹਾਜ਼ ਤੇ ਚੜ੍ਹ ਕੇ ਅਫ਼ਸੁਸ ਤੋਂ ਚੱਲਿਆ ਗਿਆ ।
22ਉਹ ਕੈਸਰਿਯਾ ਵਿੱਚ ਉਤਰਿਆ ਅਤੇ ਜਦੋਂ ਉਹ ਨੇ ਕਲੀਸਿਯਾ ਦੀ ਸੁੱਖ-ਸਾਂਦ ਪੁੱਛੀ ਤਦ ਉਹ ਅੰਤਾਕਿਯਾ ਨੂੰ ਚੱਲਿਆ ਗਿਆ ।
ਪੌਲੁਸ ਦੀ ਤੀਸਰੀ ਪ੍ਰਚਾਰ ਯਾਤਰਾ

23ਉੱਥੇ ਕੁੱਝ ਚਿਰ ਰਹਿ ਕੇ ਉਹ ਚੱਲਿਆ ਗਿਆ, ਅਤੇ ਗਲਾਤਿਯਾ ਅਤੇ ਫ਼ਰੁਗਿਯਾ ਦੇ ਇਲਾਕੇ ਵਿੱਚ ਥਾਂ-ਥਾਂ ਫ਼ਿਰ ਕੇ ਸਾਰਿਆਂ ਚੇਲਿਆਂ ਨੂੰ ਤਕੜਾ ਕਰਦਾ ਗਿਆ ।
ਅਫ਼ਸੁਸ ਨਗਰ ਵਿੱਚ ਅਪੁੱਲੋਸ

24ਅਪੁੱਲੋਸ ਨਾਮ ਦਾ ਇੱਕ ਯਹੂਦੀ ਜਿਸ ਦਾ ਜਨਮ ਸਿਕੰਦਰਿਯਾ ਵਿੱਚ ਹੋਇਆ ਸੀ, ਵਧੀਆ ਬੋਲਣ ਵਾਲਾ ਅਤੇ ਪਵਿੱਤਰ ਗ੍ਰੰਥਾਂ ਦਾ ਮਾਹਿਰ ਸੀ ਉਹ ਅਫ਼ਸੁਸ ਵਿੱਚ ਆਇਆ ।25ਇਸ ਨੇ ਪ੍ਰਭੂ ਦੇ ਰਾਹ ਦੀ ਸਿੱਖਿਆ ਪਾਈ ਸੀ ਅਤੇ ਆਤਮਿਕ ਉਤਸ਼ਾਹ ਨਾਲ ਯਿਸੂ ਦੀਆਂ ਗੱਲਾਂ ਪੂਰੀ ਰੀਝ ਨਾਲ ਸੁਣਾਉਂਦਾ ਅਤੇ ਸਿਖਾਉਂਦਾ ਸੀ ਪਰ ਉਹ ਸਿਰਫ਼ ਯੂਹੰਨਾ ਦੇ ਬਪਤਿਸਮੇ ਬਾਰੇ ਹੀ ਜਾਣਦਾ ਸੀ ।26ਉਹ ਪ੍ਰਾਰਥਨਾ ਘਰ ਵਿੱਚ ਬੇਧੜਕ ਬੋਲਣ ਲੱਗਾ ਪਰ ਜਦੋਂ ਪ੍ਰਿਸਕਿੱਲਾ ਅਤੇ ਅਕੂਲਾ ਨੇ ਉਹ ਦੀ ਸੁਣੀ ਤਾਂ ਉਸ ਨੂੰ ਆਪਣੇ ਨਾਲ ਰਲਾ ਕੇ, ਉਸ ਨੂੰ ਪਰਮੇਸ਼ੁਰ ਦਾ ਰਾਹ ਹੋਰ ਵੀ ਠੀਕ ਤਰ੍ਹਾਂ ਨਾਲ ਦੱਸਿਆ ।
27ਜਦੋਂ ਉਸ ਨੇ ਅਖਾਯਾ ਨੂੰ ਜਾਣ ਦੀ ਦਲੀਲ ਕੀਤੀ ਤਦ ਭਰਾਵਾਂ ਨੇ ਉਸ ਨੂੰ ਦਿਲਾਸਾ ਦਿੱਤਾ ਅਤੇ ਚੇਲਿਆਂ ਨੂੰ ਲਿਖ ਭੇਜਿਆ ਕਿ ਉਸ ਦਾ ਆਦਰ ਕਰਨ । ਸੋ ਉਸ ਨੇ ਉੱਥੇ ਪਹੁੰਚ ਕੇ ਉਨ੍ਹਾਂ ਦੀ ਵੱਡੀ ਸਹਾਇਤਾ ਕੀਤੀ, ਜਿਨ੍ਹਾਂ ਕਿਰਪਾ ਦੇ ਕਾਰਨ ਵਿਸ਼ਵਾਸ ਕੀਤਾ ਸੀ ।28ਕਿਉਂ ਜੋ ਉਸ ਨੇ ਪਵਿੱਤਰ ਗ੍ਰੰਥਾਂ ਤੋਂ ਸਬੂਤ ਦੇ ਦੇ ਕੇ ਜੋ ਯਿਸੂ ਉਹੀ ਮਸੀਹ ਹੈ, ਵੱਡੀ ਤਕੜਾਈ ਨਾਲ ਸਭਨਾਂ ਦੇ ਸਾਹਮਣੇ ਯਹੂਦੀਆਂ ਦਾ ਮੂੰਹ ਬੰਦ ਕਰ ਦਿੱਤਾ ।

19
ਅਫ਼ਸੁਸ ਨਗਰ ਵਿੱਚ ਪੌਲੁਸ

1ਇਸ ਤਰ੍ਹਾਂ ਹੋਇਆ ਕਿ ਜਦੋਂ ਅਪੁੱਲੋਸ ਕੁਰਿੰਥੁਸ ਸ਼ਹਿਰ ਵਿੱਚ ਸੀ ਤਾਂ ਪੌਲੁਸ ਉੱਪਰਲੇ ਇਲਾਕਿਆਂ ਵਿੱਚੋਂ ਦੀ ਲੰਘ ਕੇ ਅਫ਼ਸੁਸ ਨੂੰ ਆਇਆ ।2ਅਤੇ ਕਈ ਚੇਲਿਆਂ ਨੂੰ ਲੱਭ ਕੇ ਉਨ੍ਹਾਂ ਨੂੰ ਆਖਿਆ, ਜਦੋਂ ਤੁਸੀਂ ਵਿਸ਼ਵਾਸ ਕੀਤਾ ਤਾਂ ਕੀ ਤੁਹਾਨੂੰ ਪਵਿੱਤਰ ਆਤਮਾ ਮਿਲਿਆ ? ਉਨ੍ਹਾਂ ਉਸ ਨੂੰ ਕਿਹਾ, ਅਸੀਂ ਤਾਂ ਇਹ ਸੁਣਿਆ ਵੀ ਨਹੀਂ ਕਿ ਪਵਿੱਤਰ ਆਤਮਾ ਹੈ ।

3ਫਿਰ ਉਸ ਨੇ ਆਖਿਆ, ਫੇਰ ਤੁਸੀਂ ਕਿਸ ਦਾ ਬਪਤਿਸਮਾ ਲਿਆ ? ਉਹਨਾਂ ਆਖਿਆ, ਅਸੀਂ ਯੂਹੰਨਾ ਦਾ ਬਪਤਿਸਮਾ ਲਿਆ ।4ਤਦ ਪੌਲੁਸ ਨੇ ਕਿਹਾ, ਯੂਹੰਨਾ ਤਾਂ ਤੋਬਾ ਦਾ ਬਪਤਿਸਮਾ ਦਿੰਦਾ ਅਤੇ ਲੋਕਾਂ ਨੂੰ ਆਖਦਾ ਸੀ ਕਿ ਤੁਸੀਂ ਉਸ ਉੱਤੇ ਜੋ ਮੇਰੇ ਤੋਂ ਬਾਅਦ ਆਉਣ ਵਾਲਾ ਹੈ ਅਰਥਾਤ ਯਿਸੂ ਉੱਤੇ ਵਿਸ਼ਵਾਸ ਕਰੋ ।
5ਇਹ ਸੁਣ ਕੇ ਉਨ੍ਹਾਂ ਨੇ ਪ੍ਰਭੂ ਯਿਸੂ ਦੇ ਨਾਮ ਵਿੱਚ ਬਪਤਿਸਮਾ ਲਿਆ ।6ਅਤੇ ਜਦੋਂ ਪੌਲੁਸ ਨੇ ਉਨ੍ਹਾਂ ਉੱਤੇ ਹੱਥ ਰੱਖੇ ਤਾਂ ਪਵਿੱਤਰ ਆਤਮਾ ਉਨ੍ਹਾਂ ਤੇ ਉੱਤਰਿਆ ਅਤੇ ਉਹ ਤਰ੍ਹਾਂ-ਤਰ੍ਹਾਂ ਦੀਆਂ ਭਾਸ਼ਾ ਬੋਲਣ ਅਤੇ ਭਵਿੱਖਬਾਣੀ ਕਰਨ ਲੱਗੇ ।7ਉਹ ਸਾਰੇ ਬਾਰਾਂ ਕੁ ਮਨੁੱਖ ਸਨ ।

8ਫਿਰ ਪੌਲੁਸ ਪ੍ਰਾਰਥਨਾ ਘਰ ਵਿੱਚ ਜਾ ਕੇ, ਤਿੰਨ ਮਹੀਨੇ ਤੱਕ ਨਿਡਰਤਾ ਨਾਲ ਪਰਮੇਸ਼ੁਰ ਦੇ ਰਾਜ ਦੇ ਬਾਰੇ ਬਚਨ ਸੁਣਾਉਂਦਾ ਅਤੇ ਲੋਕਾਂ ਨੂੰ ਸਮਝਾਉਂਦਾ ਰਿਹਾ ।9ਪਰ ਜਦੋਂ ਕੁੱਝ ਲੋਕਾਂ ਨੇ ਕਠੋਰ ਹੋ ਕੇ ਉਸ ਦੀ ਨਾ ਮੰਨੀ ਅਤੇ ਲੋਕਾਂ ਦੇ ਅੱਗੇ ਉਸ ਪੰਥ ਨੂੰ ਬੁਰਾ ਕਹਿਣ ਲੱਗੇ ਤਾਂ ਉਹ ਚੇਲਿਆਂ ਨੂੰ ਲੈ ਕੇ ਅਲੱਗ ਹੋ ਗਿਆ ਅਤੇ ਤੁਰੰਨੁਸ ਦੀ ਪਾਠਸ਼ਾਲਾ ਵਿੱਚ ਰੋਜ਼ ਬਚਨ ਸੁਣਾਉਂਦਾ ਰਿਹਾ ।10ਇਹ ਦੋ ਸਾਲਾਂ ਤੱਕ ਹੁੰਦਾ ਰਿਹਾ, ਐਥੋਂ ਤੱਕ ਜੋ ਏਸ਼ੀਆ ਦੇ ਵਾਸੀ ਕੀ ਯਹੂਦੀ ਕੀ ਯੂਨਾਨੀ ਸਭਨਾਂ ਨੇ ਪ੍ਰਭੂ ਦਾ ਬਚਨ ਸੁਣਿਆ ।
11ਪਰਮੇਸ਼ੁਰ ਪੌਲੁਸ ਦੇ ਹੱਥੋਂ ਅਚਰਜ ਕੰਮ ਵਿਖਾਲਦਾ ਸੀ ।12ਐਥੋਂ ਤੱਕ ਜੋ ਰੁਮਾਲ ਅਤੇ ਪਟਕੇ ਉਹ ਦੇ ਸਰੀਰ ਨੂੰ ਛੁਆ ਕੇ ਰੋਗੀਆਂ ਉੱਤੇ ਪਾਉਂਦੇ ਸਨ ਅਤੇ ਉਨ੍ਹਾਂ ਦੇ ਰੋਗ ਦੂਰ ਹੋ ਜਾਂਦੇ ਅਤੇ ਉਹਨਾਂ ਵਿੱਚੋਂ ਦੁਸ਼ਟ ਆਤਮਾਵਾਂ ਨਿੱਕਲ ਜਾਂਦੀਆਂ ਸਨ ।
13ਤਦ ਯਹੂਦੀਆਂ ਵਿੱਚੋਂ ਕਈ ਆਦਮੀਆਂ ਨੇ ਜੋ ਇੱਧਰ-ਉੱਧਰ ਫਿਰਦਿਆਂ ਹੋਇਆਂ ਝਾੜ ਫੂਕ ਕਰਦੇ ਹੁੰਦੇ ਸਨ, ਇਹ ਦਲੇਰੀ ਕੀਤੀ ਕਿ ਜਿਨ੍ਹਾਂ ਨੂੰ ਦੁਸ਼ਟ ਆਤਮਾਵਾਂ ਚਿੰਬੜੀਆਂ ਹੋਈਆਂ ਸਨ, ਉਨ੍ਹਾਂ ਉੱਤੇ ਪ੍ਰਭੂ ਯਿਸੂ ਦਾ ਨਾਮ ਲੈ ਕੇ ਕਹਿਣ ਲੱਗੇ ਕਿ ਮੈਂ ਤੁਹਾਨੂੰ ਯਿਸੂ ਦੇ ਨਾਮ ਦੀ ਸਹੁੰ ਦਿੰਦਾ ਹਾਂ ਜਿਸ ਦਾ ਪੌਲੁਸ ਪ੍ਰਚਾਰ ਕਰਦਾ ਹੈ ।14ਅਤੇ ਸਕੇਵਾ ਨਾਮ ਦੇ ਕਿਸੇ ਯਹੂਦੀ ਮੁੱਖ ਜਾਜਕ ਦੇ ਸੱਤ ਪੁੱਤਰ ਸਨ ਜਿਹੜੇ ਇਹੋ ਕੰਮ ਕਰਦੇ ਸਨ ।
15ਪਰ ਦੁਸ਼ਟ ਆਤਮਾ ਨੇ ਉਹਨਾਂ ਨੂੰ ਉੱਤਰ ਦਿੱਤਾ ਕਿ ਯਿਸੂ ਨੂੰ ਤਾਂ ਮੈਂ ਜਾਣਦੀ ਹਾਂ ਅਤੇ ਪੌਲੁਸ ਨੂੰ ਮੈਂ ਪਹਿਚਾਣਦੀ ਹਾਂ, ਪਰ ਤੁਸੀਂ ਕੌਣ ਹੋ ?16ਅਤੇ ਉਹ ਮਨੁੱਖ ਜਿਸ ਨੂੰ ਦੁਸ਼ਟ ਆਤਮਾ ਚਿੰਬੜਿਆ ਹੋਇਆ ਸੀ ਟੁੱਟ ਕੇ ਉਹਨਾਂ ਉੱਤੇ ਆ ਪਿਆ ਅਤੇ ਦੋਹਾਂ ਨੂੰ ਵੱਸ ਵਿੱਚ ਲਿਆ ਕੇ ਉਹਨਾਂ ਤੇ ਐਸੀ ਸਖਤੀ ਕੀਤੀ ਜੋ ਉਹ ਨੰਗੇ ਅਤੇ ਜ਼ਖਮੀ ਹੋ ਕੇ ਉਸ ਘਰ ਵਿੱਚੋਂ ਭੱਜ ਨਿੱਕਲੇ ।17ਇਹ ਗੱਲ ਸਭ ਯਹੂਦੀਆਂ ਅਤੇ ਯੂਨਾਨੀਆਂ ਉੱਤੇ ਜਿਹੜੇ ਅਫ਼ਸੁਸ ਵਿੱਚ ਰਹਿੰਦੇ ਸਨ, ਉਜਾਗਰ ਹੋ ਗਈ ਅਤੇ ਉਹ ਸਭ ਡਰ ਗਏ ਅਤੇ ਪ੍ਰਭੂ ਯਿਸੂ ਦੇ ਨਾਮ ਦੀ ਵਡਿਆਈ ਹੋਈ ।
18ਜਿਨ੍ਹਾਂ ਵਿਸ਼ਵਾਸ ਕੀਤਾ ਸੀ ਉਨ੍ਹਾਂ ਵਿੱਚੋਂ ਬਹੁਤ ਸਾਰਿਆਂ ਨੇ ਆ ਕੇ ਆਪਣਿਆਂ ਬੁਰੇ ਕੰਮਾਂ ਨੂੰ ਮੰਨ ਲਿਆ ਅਤੇ ਦੱਸ ਦਿੱਤਾ ।19ਅਤੇ ਬਹੁਤੇ ਉਨ੍ਹਾਂ ਵਿੱਚੋਂ ਵੀ ਜਿਹੜੇ ਜਾਦੂ ਕਰਦੇ ਸਨ ਆਪਣੀਆਂ ਪੋਥੀਆਂ ਇਕੱਠੀਆਂ ਕਰ ਕੇ ਲਿਆਏ ਅਤੇ ਸਾਰਿਆਂ ਦੇ ਸਾਹਮਣੇ ਫੂਕ ਸੁੱਟੀਆਂ ਅਤੇ ਜਦੋਂ ਉਹਨਾਂ ਦੇ ਮੁੱਲ ਦਾ ਜੋੜ ਕੀਤਾ ਤਾਂ ਪੰਜਾਹ ਹਜ਼ਾਰ ਰੁਪਿਆ ਹੋਇਆ ।20ਇਸੇ ਤਰ੍ਹਾਂ ਪ੍ਰਭੂ ਦਾ ਬਚਨ ਸਮਰੱਥ ਨਾਲ ਵਧਿਆ ਅਤੇ ਪਰਬਲ ਹੋਇਆ ।

21ਜਦੋਂ ਇਹ ਗੱਲਾਂ ਹੋ ਚੁੱਕੀਆਂ ਤਾਂ ਪੌਲੁਸ ਨੇ ਮਨ ਵਿੱਚ ਯੋਜਨਾ ਬਣਾਈ ਜੋ ਮਕਦੂਨਿਯਾ ਅਤੇ ਅਖਾਯਾ ਦੇ ਵਿੱਚੋਂ ਦੀ ਲੰਘ ਕੇ ਯਰੂਸ਼ਲਮ ਨੂੰ ਜਾਵੇ ਅਤੇ ਕਿਹਾ ਕਿ ਜਦੋਂ ਮੈਂ ਉੱਥੇ ਹੋ ਆਵਾਂ ਤਾਂ ਮੈਨੂੰ ਜ਼ਰੂਰੀ ਹੈ, ਜੋ ਮੈਂ ਰੋਮ ਨੂੰ ਵੀ ਵੇਖਾਂ ।22ਸੋ ਜਿਹੜੇ ਉਹ ਦੀ ਸੇਵਾ ਕਰਦੇ ਸਨ ਉਨ੍ਹਾਂ ਵਿੱਚੋਂ ਦੋ ਜਣੇ ਅਰਥਾਤ ਤਿਮੋਥਿਉਸ ਅਤੇ ਇਰਸਤੁਸ ਨੂੰ ਮਕਦੂਨਿਯਾ ਵਿੱਚ ਭੇਜ ਕੇ, ਉਹ ਆਪ ਏਸ਼ੀਆ ਵਿੱਚ ਕੁੱਝ ਸਮਾਂ ਰਿਹਾ ।
ਅਫ਼ਸੁਸ ਵਿੱਚ ਫਸਾਦ

23ਉਸ ਸਮੇਂ ਇਸ ਪੰਥ ਦੇ ਵਿਖੇ ਵੱਡਾ ਫਸਾਦ ਹੋਇਆ ।24ਕਿਉਂ ਜੋ ਦੇਮੇਤ੍ਰਿਯੁਸ ਨਾਮ ਦਾ ਇੱਕ ਸੁਨਿਆਰ ਅਰਤਿਮਿਸ ਦੇ ਚਾਂਦੀ ਦਾ ਮੰਦਿਰ ਬਣਵਾ ਕੇ, ਕਾਰੀਗਰਾਂ ਨੂੰ ਬਹੁਤ ਕੰਮ ਦੁਆਉਂਦਾ ਸੀ ।25ਉਸ ਨੇ ਉਨ੍ਹਾਂ ਨੂੰ ਅਤੇ ਉਸ ਕੰਮ ਦੇ ਹੋਰ ਕਾਰੀਗਰਾਂ ਨੂੰ ਇਕੱਠਿਆਂ ਕਰ ਕੇ ਕਿਹਾ, ਹੇ ਮਨੁੱਖੋ ਤੁਸੀਂ ਜਾਣਦੇ ਹੋ ਕਿ ਇਸ ਕੰਮ ਤੋਂ ਅਸੀਂ ਕਿੰਨ੍ਹਾਂ ਧਨ ਕਮਾਉਂਦੇ ਹਾਂ ।
26ਅਤੇ ਤੁਸੀਂ ਵੇਖਦੇ ਤੇ ਸੁਣਦੇ ਹੋ ਜੋ ਇਸ ਪੌਲੁਸ ਨੇ ਕੇਵਲ ਅਫ਼ਸੁਸ ਵਿੱਚ ਹੀ ਨਹੀਂ ਸਗੋਂ ਲੱਗਭਗ ਸਾਰੇ ਏਸ਼ੀਆ ਵਿੱਚ ਬਹੁਤ ਸਾਰਿਆਂ ਲੋਕਾਂ ਨੂੰ ਸਮਝਾ ਕੇ ਬਹਿਕਾ ਦਿੱਤਾ ਹੈ, ਕਿ ਜਿਹੜੇ ਹੱਥਾਂ ਨਾਲ ਬਣਾਏ ਹੋਏ ਹਨ, ਉਹ ਦੇਵਤੇ ਨਹੀਂ ਹੁੰਦੇ, ।27ਸੋ ਕੇਵਲ ਇਹੋ ਦੁੱਖ ਨਹੀਂ, ਜੋ ਸਾਡਾ ਕੰਮ ਮੰਦਾ ਪੈ ਜਾਵੇਗਾ ਸਗੋਂ ਇਹ ਵੀ ਦੁੱਖ ਹੈ ਕਿ ਮਹਾਂ ਦੇਵੀ ਅਰਤਿਮਿਸ ਦੇ ਮੰਦਿਰ ਦੀ ਮਹੱਤਵਤਾ ਜਾਂਦੀ ਰਹੇਗੀ ਜਿਸ ਨੂੰ ਸਾਰਾ ਏਸ਼ੀਆ ਸਗੋਂ ਸੰਸਾਰ ਪੂਜਦਾ ਹੈ, ਉਹ ਦੀ ਮਹਿਮਾ ਜਾਂਦੀ ਰਹੇਗੀ ।
28ਇਹ ਗੱਲ ਸੁਣ ਕਿ ਉਹ ਕ੍ਰੋਧ ਨਾਲ ਭਰ ਗਏ ਅਤੇ ਉੱਚੀ-ਉੱਚੀ ਬੋਲੇ ਕਿ ਅਫ਼ਸੀਆਂ ਦੀ ਅਰਤਿਮਿਸ ਵੱਡੀ ਹੈ ।29ਤਾਂ ਸਾਰੇ ਸ਼ਹਿਰ ਵਿੱਚ ਹੁੱਲੜ ਪੈ ਗਿਆ ਅਤੇ ਉਹ ਇੱਕ ਮਨ ਹੋ ਕੇ ਗਾਯੁਸ ਅਤੇ ਅਰਿਸਤਰਖੁਸ ਨੂੰ ਜਿਹੜੇ ਮਕਦੂਨਿਯਾ ਦੇ ਵਾਸੀ ਅਤੇ ਸਫ਼ਰ ਵਿੱਚ ਪੌਲੁਸ ਦੇ ਸਾਥੀ ਸਨ ਆਪਣੇ ਨਾਲ ਖਿੱਚ ਕੇ ਤਮਾਸ਼ੇ ਘਰ ਵਿੱਚ ਲੈ ਗਏ ।
30ਜਦੋਂ ਪੌਲੁਸ ਨੇ ਲੋਕਾਂ ਵਿੱਚ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਤਾਂ ਚੇਲਿਆਂ ਨੇ ਉਹ ਨੂੰ ਨਾ ਜਾਣ ਦਿੱਤਾ ।31ਅਤੇ ਏਸ਼ੀਆ ਦੇ ਹਾਕਮਾਂ ਵਿੱਚੋਂ ਵੀ ਕਈਆਂ ਨੇ ਜੋ ਉਹ ਦੇ ਮਿੱਤਰ ਸਨ, ਮਿੰਨਤ ਨਾਲ ਉਹ ਦੇ ਕੋਲ ਕਹਿ ਕੇ ਭੇਜਿਆ ਕਿ ਤਮਾਸ਼ੇ ਘਰ ਵਿੱਚ ਨਾ ਵੜਨਾ !32ਉਪਰੰਤ ਰੌਲ਼ਾ ਪਾ ਕੇ ਕੋਈ ਕੁੱਝ ਆਖਦਾ ਸੀ ਅਤੇ ਕੋਈ ਕੁੱਝ, ਕਿਉਂਕਿ ਲੋਕਾਂ ਵਿੱਚ ਹਫੜਾ ਦਫੜੀ ਮੱਚੀ ਹੋਈ ਸੀ ਅਤੇ ਬਹੁਤਿਆਂ ਨੂੰ ਪਤਾ ਵੀ ਨਹੀਂ ਸੀ ਕਿ ਅਸੀਂ ਕਿਉਂ ਇਕੱਠੇ ਹੋਏ ਹਾਂ ।
33ਉਹਨਾਂ ਨੇ ਸਿਕੰਦਰ ਨੂੰ ਜਿਸ ਨੂੰ ਯਹੂਦੀ ਅਗਾਹਾਂ ਧੱਕਦੇ ਸਨ ਭੀੜ ਵਿੱਚੋਂ ਸਾਹਮਣੇ ਕਰ ਦਿੱਤਾ ਅਤੇ ਸਿਕੰਦਰ ਨੇ ਹੱਥ ਨਾਲ ਇਸ਼ਾਰਾ ਕਰ ਕੇ ਆਪਣੇ ਆਪ ਨੂੰ ਬਚਾਉਣਾ ਚਾਹਿਆ ।34ਪਰ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਇਹ ਯਹੂਦੀ ਹੈ, ਤਾਂ ਸਾਰੇ ਇੱਕ ਅਵਾਜ਼ ਨਾਲ ਦੋ ਕੁ ਘੰਟਿਆਂ ਤੱਕ ਉੱਚੀ-ਉੱਚੀ ਬੋਲਦੇ ਰਹੇ ਕਿ ਅਫ਼ਸੀਆਂ ਦੀ ਅਰਤਿਮਿਸ ਵੱਡੀ ਹੈ ।
35ਤਾਂ ਸ਼ਹਿਰ ਦੇ ਮੰਤਰੀ ਨੇ ਭੀੜ ਨੂੰ ਸ਼ਾਂਤ ਕਰ ਕੇ ਆਖਿਆ, ਹੇ ਅਫ਼ਸੀ ਲੋਕੋ, ਉਹ ਕਿਹੜਾ ਮਨੁੱਖ ਹੈ ਜੋ ਨਹੀਂ ਜਾਣਦਾ ਕਿ ਅਫ਼ਸੀਆਂ ਦਾ ਸ਼ਹਿਰ ਮਹਾਂ ਅਰਤਿਮਿਸ ਦੇ ਮੰਦਿਰ ਅਤੇ ਅਕਾਸ਼ ਵੱਲੋਂ ਗਿਰੀ ਹੋਈ ਮੂਰਤ ਦਾ ਸੇਵਕ ਹੈ ।36ਸੋ ਜਦੋਂ ਇਨ੍ਹਾਂ ਗੱਲਾਂ ਤੋਂ ਇਨਕਾਰ ਨਹੀਂ ਹੋ ਸਕਦਾ ਤਾਂ ਤੁਹਾਨੂੰ ਚਾਹੀਦਾ ਹੈ ਕਿ ਚੁੱਪ ਰਹੋ ਅਤੇ ਬਿਨ੍ਹਾਂ ਸੋਚੇ ਕੁੱਝ ਨਾ ਕਰੋ ।37ਕਿਉਂ ਜੋ ਤੁਸੀਂ ਇਨ੍ਹਾਂ ਮਨੁੱਖਾਂ ਨੂੰ ਐਥੇ ਲਿਆਏ ਹੋ, ਜੋ ਨਾ ਤਾਂ ਮੰਦਰ ਦੇ ਚੋਰ ਹਨ ਅਤੇ ਨਾ ਹੀ ਸਾਡੀ ਦੇਵੀ ਦੀ ਨਿੰਦਿਆ ਕਰਨ ਵਾਲੇ ਹਨ ।
38ਫਿਰ ਵੀ ਜੇ ਦੇਮੇਤ੍ਰਿਯੁਸ ਅਤੇ ਉਹ ਦੇ ਨਾਲ ਦੇ ਕਾਰੀਗਰਾਂ ਨੂੰ ਕਿਸੇ ਦੇ ਵਿਰੁੱਧ ਸ਼ਿਕਾਇਤ ਹੈ ਤਾਂ ਕਚਹਿਰੀਆਂ ਲੱਗੀਆਂ ਹਨ ਅਤੇ ਡਿਪਟੀ ਵੀ ਹਨ, ਉਹ ਉੱਥੇ ਇੱਕ ਦੂਜੇ ਤੇ ਦੋਸ਼ ਲਗਾਉਣ ।39ਪਰ ਜੇ ਤੁਸੀਂ ਕੋਈ ਹੋਰ ਗੱਲ ਪੁੱਛਦੇ ਹੋ ਤਾਂ ਕਨੂੰਨੀ ਸਭਾ ਵਿੱਚ ਨਿਬੇੜਾ ਕੀਤਾ ਜਾਵੇਗਾ ।40ਕਿਉਂਕਿ ਅੱਜ ਦੇ ਫਸਾਦ ਦੇ ਕਾਰਨ ਸਾਨੂੰ ਡਰ ਹੈ, ਕਿ ਕਿਤੇ ਸਾਡੇ ਉੱਤੇ ਦੋਸ਼ ਨਾ ਲਾਇਆ ਜਾਵੇ, ਕਿਉਂਕਿ ਜੋ ਇਸ ਦਾ ਕੋਈ ਕਾਰਨ ਨਹੀਂ ਹੈ ਅਤੇ ਅਸੀਂ ਇਸ ਭੀੜ ਦੇ ਇਕੱਠੇ ਹੋਣ ਬਾਰੇ ਕੋਈ ਉੱਤਰ ਨਹੀਂ ਦੇ ਸਕਾਂਗੇ ।41ਅਤੇ ਉਸ ਨੇ ਇਹ ਕਹਿ ਕੇ ਸਭਾ ਨੂੰ ਵਿਦਾ ਕੀਤਾ ।

20
ਮਕਦੂਨਿਯਾ, ਯੂਨਾਨ ਅਤੇ ਤ੍ਰੋਆਸ ਵਿੱਚ ਪੌਲੁਸ

1ਜਦੋਂ ਰੌਲ਼ਾ ਹੱਟ ਗਿਆ ਤਾਂ ਪੌਲੁਸ ਨੇ ਯਿਸੂ ਦੇ ਚੇਲਿਆਂ ਨੂੰ ਸੱਦ ਕੇ ਦਿਲਾਸਾ ਦਿੱਤਾ ਅਤੇ ਉਹਨਾਂ ਕੋਲੋਂ ਵਿਦਾ ਹੋ ਕੇ ਮਕਦੂਨਿਯਾ ਵੱਲ ਨੂੰ ਤੁਰ ਪਿਆ ।2ਅਤੇ ਉਨ੍ਹਾਂ ਇਲਾਕਿਆਂ ਵਿੱਚੋਂ ਦੀ ਲੰਘਦਾ ਹੋਇਆ ਉਨ੍ਹਾਂ ਨੂੰ ਬਹੁਤੀਆਂ ਗੱਲਾਂ ਨਾਲ ਦਿਲਾਸਾ ਦੇ ਕੇ ਯੂਨਾਨ ਵਿੱਚ ਆਇਆ ।3ਉੱਥੇ ਤਿੰਨ ਮਹੀਨੇ ਰਹਿ ਕੇ ਜਦੋਂ ਉਹ ਜਹਾਜ਼ ਉੱਤੇ ਸੀਰਿਯਾ ਵੱਲ ਜਾਣ ਨੂੰ ਤਿਆਰ ਹੋਇਆ, ਤਦ ਯਹੂਦੀਆਂ ਨੇ ਉਹ ਦੇ ਵਿਰੁੱਧ ਯੋਜਨਾ ਬਣਾਈ, ਇਸ ਲਈ ਉਹ ਨੇ ਮਕਦੂਨਿਯਾ ਦੇ ਰਾਹ ਹੋ ਕੇ ਮੁੜਨ ਦਾ ਫੈਸਲਾ ਲਿਆ ।

4ਅਤੇ ਪੁੱਰਸ ਦਾ ਪੁੱਤਰ ਸੋਪਤਰੁਸ ਜਿਹੜਾ ਬਰਿਯਾ ਦਾ ਸੀ, ਥੱਸਲੁਨੀਕੀਆਂ ਵਿੱਚੋਂ ਅਰਿਸਤਰਖੁਸ ਅਤੇ ਸਿਕੁੰਦੁਸ, ਦਰਬੇ ਦਾ ਗਾਯੁਸ ਅਤੇ ਤਿਮੋਥਿਉਸ, ਏਸ਼ੀਆ ਦੇ ਤੁਖਿਕੁਸ ਅਤੇ ਤ੍ਰੋਫ਼ਿਮੁਸ ਉਹ ਦੇ ਨਾਲ ਏਸ਼ੀਆ ਤੱਕ ਗਏ ।5ਪਰ ਇਹੋ ਅਗਾਹਾਂ ਜਾ ਕੇ ਤ੍ਰੋਆਸ ਵਿੱਚ ਸਾਨੂੰ ਉਡੀਕਦੇ ਸਨ ।6ਅਖ਼ਮੀਰੀ ਰੋਟੀ ਦੇ ਦਿਨਾਂ ਤੋਂ ਬਾਅਦ ਅਸੀਂ ਫ਼ਿਲਿੱਪੈ ਤੋਂ ਇੱਕ ਜਹਾਜ਼ ਉੱਤੇ ਚੜ੍ਹੇ ਅਤੇ ਪੰਜਵੇਂ ਦਿਨ ਤ੍ਰੋਆਸ ਵਿੱਚ ਉਨ੍ਹਾਂ ਦੇ ਕੋਲ ਪਹੁੰਚੇ ਅਤੇ ਸੱਤ ਦਿਨ ਉੱਥੇ ਰਹੇ ।
ਤ੍ਰੋਆਸ ਵਿੱਚ ਯੂਤਖੁਸ ਦਾ ਜਿਵਾਲਿਆ ਜਾਣਾ

7ਹਫ਼ਤੇ ਦੇ ਪਹਿਲੇ ਦਿਨ ਜਦੋਂ ਅਸੀਂ ਰੋਟੀ ਤੋੜਨ ਲਈ ਇਕੱਠੇ ਹੋਏ ਤਾਂ ਪੌਲੁਸ ਨੇ ਜੋ ਅਗਲੇ ਦਿਨ ਜਾਣ ਲਈ ਤਿਆਰ ਸੀ, ਉਨ੍ਹਾਂ ਨੂੰ ਬਚਨ ਸੁਣਾਇਆ ਅਤੇ ਉਹ ਅੱਧੀ ਰਾਤ ਤੱਕ ਉਪਦੇਸ਼ ਕਰਦਾ ਰਿਹਾ ।8ਚੁਬਾਰੇ ਵਿੱਚ ਜਿੱਥੇ ਅਸੀਂ ਇਕੱਠੇ ਹੋਏ ਸੀ ਉੱਥੇ ਬਹੁਤ ਸਾਰੇ ਦੀਵੇ ਬਲਦੇ ਸਨ ।
9ਅਤੇ ਯੂਤਖੁਸ ਨਾਮ ਦਾ ਇੱਕ ਜਵਾਨ ਖਿੜਕੀ ਵਿੱਚ ਬੈਠਾ ਗਹਿਰੀ ਨੀਂਦ ਨਾਲ ਉਂਘਲਾਇਆ ਹੋਇਆ ਸੀ ਅਤੇ ਜਦੋਂ ਪੌਲੁਸ ਬਹੁਤ ਸਮੇਂ ਤੱਕ ਬਚਨ ਕਰਦਾ ਰਿਹਾ ਤਾਂ ਉਹ ਨੀਂਦ ਦੇ ਕਾਰਨ ਉਂਘਲਾਇਆ ਹੋਇਆ, ਤੀਸਰੀ ਮੰਜਿਲ ਤੋਂ ਹੇਠਾਂ ਡਿੱਗ ਪਿਆ ਅਤੇ ਮਰਿਆ ਹੋਇਆ ਚੁੱਕਿਆ ਗਿਆ ।10ਪਰ ਪੌਲੁਸ ਨੇ ਉਤਰ ਕੇ ਉਹ ਨੂੰ ਜੱਫੇ ਵਿੱਚ ਲਿਆ ਅਤੇ ਗਲ਼ ਨਾਲ ਲਾ ਕੇ ਆਖਣ ਲੱਗਾ ਕਿ ਤੁਸੀਂ ਰੌਲ਼ਾ ਨਾ ਪਾਓ ਕਿਉਂ ਜੋ ਉਹ ਦੀ ਜਾਨ ਉਸ ਵਿੱਚ ਹੈ ।
11ਫੇਰ ਉਹ ਉੱਪਰ ਆਇਆ ਅਤੇ ਰੋਟੀ ਤੋੜ ਕੇ ਖਾਧੀ ਅਤੇ ਐਨਾ ਚਿਰ ਗੱਲਾਂ ਕਰਦਾ ਰਿਹਾ ਜੋ ਦਿਨ ਚੜ੍ਹ ਗਿਆ, ਤਦ ਉਹ ਤੁਰ ਪਿਆ ।12ਅਤੇ ਉਹ ਉਸ ਮੁੰਡੇ ਨੂੰ ਜਿਉਂਦਾ ਲਿਆਏ ਅਤੇ ਬਹੁਤ ਸ਼ਾਂਤ ਹੋਏ ।
ਤ੍ਰੋਆਸ ਤੋਂ ਮਿਲੇਤੁਸ ਦੀ ਯਾਤਰਾ

13ਪਰ ਅਸੀਂ ਅਗਾਹਾਂ ਤੁਰ ਕੇ ਜਹਾਜ਼ ਉੱਤੇ ਚੜ੍ਹੇ ਅਤੇ ਅੱਸੁਸ ਦੀ ਵੱਲ ਚੱਲੇ ਜਿੱਥੋਂ ਅਸੀਂ ਪੌਲੁਸ ਨੂੰ ਨਾਲ ਚੜ੍ਹਾ ਲੈਣਾ ਸੀ, ਕਿਉਂ ਜੋ ਉਹ ਆਪ ਪੈਦਲ ਜਾਣ ਦਾ ਇਰਾਦਾ ਬਣਾ ਕੇ ਇਸ ਤਰ੍ਹਾਂ ਹੀ ਹੁਕਮ ਦੇ ਗਿਆ ਸੀ ।14ਜਦੋਂ ਉਹ ਅਸੁੱਸ ਵਿੱਚ ਸਾਨੂੰ ਆ ਮਿਲਿਆ ਤਾਂ ਅਸੀਂ ਉਹ ਨੂੰ ਜਹਾਜ਼ ਉੱਤੇ ਚੜ੍ਹਾ ਕੇ ਮਿਤੁਲੇਨੇ ਨੂੰ ਆਏ ।
15ਅਤੇ ਉੱਥੋਂ ਜਹਾਜ਼ ਖੋਲ੍ਹ ਕੇ ਦੂਜੇ ਦਿਨ ਖੀਓਸ ਦੇ ਬਰਾਬਰ ਪਹੁੰਚੇ ਅਤੇ ਉਸ ਦੇ ਦੂਜੇ ਦਿਨ ਸਾਮੁਸ ਵਿੱਚ ਜਾ ਪਹੁੰਚੇ । ਫੇਰ ਅਗਲੇ ਦਿਨ ਮਿਲੇਤੁਸ ਨੂੰ ਆਏ ।16ਕਿਉਂਕਿ ਪੌਲੁਸ ਨੇ ਇਹ ਫੈਸਲਾ ਕੀਤਾ ਸੀ ਜੋ ਅਫ਼ਸੁਸ ਤੋਂ ਲੰਘ ਜਾਂਵਾਂ ਕਿ ਏਸ਼ੀਆ ਵਿੱਚ ਮੈਨੂੰ ਕਿਤੇ ਚਿਰ ਨਾ ਲੱਗੇ, ਕਿਉਂ ਜੋ ਉਹ ਛੇਤੀ ਕਰਦਾ ਸੀ ਕਿ ਜੇ ਹੋ ਸਕੇ ਤਾਂ ਮੈਂ ਪੰਤੇਕੁਸਤ ਦੇ ਦਿਨ ਯਰੂਸ਼ਲਮ ਵਿੱਚ ਪਹੁੰਚ ਜਾਂਵਾਂ ।
ਅਫ਼ਸੁਸ ਦੇ ਬਜ਼ੁਰਗਾਂ ਨੂੰ ਉਪਦੇਸ਼

17ਉਸ ਨੇ ਮਿਲੇਤੁਸ ਤੋਂ ਅਫ਼ਸੁਸ ਦੀ ਵੱਲ ਸੁਨੇਹਾ ਭੇਜ ਕੇ ਕਲੀਸਿਯਾ ਦੇ ਆਗੂ ਬਜ਼ੁਰਗਾਂ ਨੂੰ ਬੁਲਾਇਆ ।18ਅਤੇ ਜਦੋਂ ਉਹ ਉਸ ਦੇ ਕੋਲ ਆਏ ਤਾਂ ਉਨ੍ਹਾਂ ਨੂੰ ਆਖਿਆ, ਤੁਸੀਂ ਜਾਣਦੇ ਹੋ ਜੋ ਮੈਂ ਪਹਿਲੇ ਦਿਨ ਤੋਂ ਹੀ ਜਦੋਂ ਮੈਂ ਏਸ਼ੀਆ ਵਿੱਚ ਪਹੁੰਚਿਆ ਤਾਂ ਹਰ ਰੋਜ਼ ਤੁਹਾਡੇ ਨਾਲ ਕਿਸ ਤਰ੍ਹਾਂ ਰਿਹਾ19ਕਿ ਮੈਂ ਬਹੁਤ ਅਧੀਨਗੀ ਨਾਲ ਹੰਝੂ ਵਹਾ ਵਹਾ ਕੇ ਉਨ੍ਹਾਂ ਪਰਤਾਵਿਆਂ ਵਿੱਚ ਜੋ ਯਹੂਦੀਆਂ ਦੀਆਂ ਸਾਜਿਸ਼ਾਂ ਦੇ ਕਾਰਨ ਮੇਰੇ ਉੱਤੇ ਆਣ ਪਏ ਪ੍ਰਭੂ ਦੀ ਸੇਵਾ ਕਰਦਾ ਰਿਹਾ ।20ਮੈਂ ਤੁਹਾਡੇ ਭਲੇ ਦੀ ਕੋਈ ਗੱਲ ਦੱਸਣ ਵਿੱਚ ਕੁੱਝ ਫ਼ਰਕ ਨਹੀਂ ਕੀਤਾ, ਸਗੋਂ ਤੁਹਾਨੂੰ ਖੁੱਲ੍ਹ ਕੇ ਅਤੇ ਘਰ ਘਰ ਜਾ ਕੇ ਉਪਦੇਸ਼ ਦਿੱਤਾ ।21ਅਤੇ ਮੈਂ ਯਹੂਦੀਆਂ ਅਤੇ ਯੂਨਾਨੀਆਂ ਦੇ ਸਾਹਮਣੇ ਗਵਾਹੀ ਦਿੱਤੀ ਕਿ ਪਰਮੇਸ਼ੁਰ ਦੇ ਅੱਗੇ ਤੋਬਾ ਕਰੋ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਉੱਤੇ ਵਿਸ਼ਵਾਸ ਕਰੋ ।
22ਹੁਣ ਵੇਖੋ, ਮੈਂ ਆਤਮਾ ਦਾ ਬੱਧਾ ਹੋਇਆ ਯਰੂਸ਼ਲਮ ਨੂੰ ਜਾਂਦਾ ਹਾਂ ਅਤੇ ਮੈਂ ਨਹੀਂ ਜਾਣਦਾ ਜੋ ਉੱਥੇ ਮੇਰੇ ਨਾਲ ਕੀ ਹੋਵੇਗਾ ।23ਪਰ ਐਨਾ ਜਾਣਦਾ ਹਾਂ ਕਿ ਪਵਿੱਤਰ ਆਤਮਾ ਹਰੇਕ ਨਗਰ ਵਿੱਚ ਮੈਨੂੰ ਇਹ ਕਹਿ ਕੇ ਗਵਾਹੀ ਦਿੰਦਾ ਹੈ, ਜੋ ਬੰਧਨ ਅਤੇ ਬਿਪਤਾ ਤੇਰੇ ਲਈ ਤਿਆਰ ਹਨ ।24ਪਰੰਤੂ ਮੈਂ ਆਪਣੇ ਲਈ ਆਪਣੀ ਜਾਨ ਨੂੰ ਕਿਸੇ ਤਰ੍ਹਾਂ ਵੀ ਪਿਆਰੀ ਨਹੀਂ ਸਮਝਦਾ, ਤਾਂ ਜੋ ਮੈਂ ਆਪਣੀ ਦੌੜ ਨੂੰ ਅਤੇ ਉਸ ਸੇਵਾ ਨੂੰ ਪੂਰੀ ਕਰਾਂ, ਜਿਹੜੀ ਮੈਂ ਪਰਮੇਸ਼ੁਰ ਦੀ ਕਿਰਪਾ ਦੀ ਖੁਸ਼ਖਬਰੀ ਉੱਤੇ ਗਵਾਹੀ ਦੇਣ ਲਈ ਪ੍ਰਭੂ ਯਿਸੂ ਤੋਂ ਪਾਈ ਸੀ ।
25ਅਤੇ ਹੁਣ ਵੇਖੋ, ਮੈਂ ਜਾਣਦਾ ਹਾਂ ਜੋ ਤੁਸੀਂ ਸਭ ਜਿਨ੍ਹਾਂ ਵਿੱਚ ਮੈਂ ਰਾਜ ਦਾ ਪਰਚਾਰ ਕੀਤਾ, ਤੁਸੀਂ ਮੇਰਾ ਮੂੰਹ ਫੇਰ ਕਦੇ ਨਾ ਵੇਖੋਗੇ ।26ਇਸ ਲਈ ਮੈਂ ਅੱਜ ਦੇ ਦਿਨ ਤੁਹਾਡੇ ਅੱਗੇ ਗਵਾਹੀ ਦਿੰਦਾ ਹਾਂ ਕਿ ਮੈਂ ਸਭਨਾਂ ਦੇ ਲਹੂ ਤੋਂ ਨਿਰਦੋਸ਼ ਹਾਂ ।27ਕਿਉਂ ਜੋ ਮੈਂ ਤੁਹਾਨੂੰ ਪਰਮੇਸ਼ੁਰ ਦੀ ਸਾਰੀ ਮਰਜ਼ੀ ਦੱਸਣ ਤੋਂ ਨਹੀਂ ਝਿੱਜਕਿਆ ।
28ਤੁਸੀਂ ਆਪਣੀ, ਨਾਲੇ ਉਸ ਸਾਰੇ ਇੱਜੜ ਦੀ ਰਖਵਾਲੀ ਕਰੋ ਜਿਸ ਦੇ ਉੱਤੇ ਪਵਿੱਤਰ ਆਤਮਾ ਨੇ ਤੁਹਾਨੂੰ ਨਿਗਾਹਬਾਨ ਠਹਿਰਾਇਆ ਹੈ, ਜੋ ਪਰਮੇਸ਼ੁਰ ਦੀ ਕਲੀਸਿਯਾ ਦੀ ਚਰਵਾਹੀ ਕਰੋ ਜਿਸ ਨੂੰ ਉਸ ਨੇ ਆਪਣੇ ਹੀ ਲਹੂ ਨਾਲ ਮੁੱਲ ਲਿਆ ਹੈ ।29ਮੈਂ ਜਾਣਦਾ ਹਾਂ ਜੋ ਮੇਰੇ ਜਾਣ ਤੋਂ ਬਾਅਦ ਬੁਰੇ ਬੁਰੇ ਬਘਿਆੜ ਤੁਹਾਡੇ ਵਿੱਚ ਆ ਵੜਨਗੇ, ਜੋ ਇੱਜੜ ਨੂੰ ਨਾ ਛੱਡਣਗੇ ।30ਅਤੇ ਤੁਹਾਡੇ ਆਪਣੇ ਹੀ ਵਿੱਚੋਂ ਕਈ ਪੁਰਸ਼ ਖੜੇ ਹੋਣਗੇ ਜਿਹੜੇ ਉਲਟੀਆਂ ਗੱਲਾਂ ਕਰਨਗੇ ਅਤੇ ਚੇਲਿਆਂ ਨੂੰ ਆਪਣੇ ਵੱਲ ਖਿੱਚ ਲੈਣਗੇ ।
31ਇਸ ਕਰਕੇ ਜਾਗਦੇ ਰਹੋ ਅਤੇ ਯਾਦ ਰੱਖੋ ਜੋ ਮੈਂ ਤਿੰਨਾਂ ਸਾਲਾਂ ਤੱਕ ਰਾਤ-ਦਿਨ ਰੋ-ਰੋ ਕੇ ਹਰੇਕ ਨੂੰ ਚਿਤਾਵਨੀ ਦੇਣ ਤੋਂ ਨਾ ਰੁਕਿਆ ।32ਹੁਣ ਮੈਂ ਤੁਹਾਨੂੰ ਪਰਮੇਸ਼ੁਰ ਅਤੇ ਉਹ ਦੀ ਕਿਰਪਾ ਦੇ ਬਚਨ ਦੇ ਹੱਥ ਸੌਂਪਦਾ ਹਾਂ, ਜਿਹੜਾ ਤੁਹਾਨੂੰ ਸਿੱਧ ਬਣਾ ਸਕਦਾ ਅਤੇ ਤੁਹਾਨੂੰ ਸਾਰੇ ਪਵਿੱਤਰ ਕੀਤਿਆਂ ਹੋਇਆਂ ਵਿੱਚ ਵਿਰਾਸਤ ਦੇ ਸਕਦਾ ਹੈ ।
33ਮੈਂ ਕਿਸੇ ਦੀ ਚਾਂਦੀ ਜਾਂ ਸੋਨੇ ਜਾਂ ਬਸਤਰ ਦਾ ਲਾਲਚ ਨਹੀਂ ਕੀਤਾ ।34ਤੁਸੀਂ ਆਪ ਜਾਣਦੇ ਹੋ ਕਿ ਮੇਰੇ ਇਨ੍ਹਾਂ ਹੀ ਹੱਥਾਂ ਨੇ ਮੇਰੀਆਂ ਅਤੇ ਮੇਰੇ ਸਾਥੀਆਂ ਦੀਆਂ ਲੋੜਾਂ ਪੂਰੀਆਂ ਕੀਤੀਆਂ ।35ਮੈਂ ਤੁਹਾਨੂੰ ਸਾਰੀਆਂ ਗੱਲਾਂ ਵਿੱਚ ਜਿਵੇਂ ਕਰ ਵਿਖਾਲਿਆ ਕਿ ਤੁਹਾਨੂੰ ਚਾਹੀਦਾ ਹੈ ਕਿ ਉਸੇ ਤਰ੍ਹਾਂ ਮਿਹਨਤ ਕਰ ਕੇ ਕਮਜ਼ੋਰਾਂ ਦੀ ਸਹਾਇਤਾ ਕਰੋ ਅਤੇ ਪ੍ਰਭੂ ਯਿਸੂ ਦੇ ਬਚਨ ਚੇਤੇ ਰੱਖੋ ਜੋ ਉਹ ਨੇ ਆਪ ਕਿਹਾ ਸੀ ਕਿ ਲੈਣ ਨਾਲੋਂ ਦੇਣਾ ਹੀ ਧੰਨ ਹੈ ।

36ਉਸ ਨੇ ਇਸ ਤਰ੍ਹਾਂ ਕਹਿ ਕੇ ਗੋਡੇ ਟੇਕੇ ਅਤੇ ਉਨ੍ਹਾਂ ਸਾਰਿਆਂ ਦੇ ਨਾਲ ਪ੍ਰਾਰਥਨਾ ਕੀਤੀ ।37ਉਹ ਸਭ ਬਹੁਤ ਰੋਏ ਅਤੇ ਪੌਲੁਸ ਦੇ ਗਲ਼ ਮਿਲ ਕੇ ਉਹ ਨੂੰ ਚੁੰਮਿਆ ।38ਖ਼ਾਸ ਕਰਕੇ ਇਸ ਗੱਲ ਉੱਤੇ ਬਹੁਤ ਉਦਾਸ ਹੋਏ ਜਿਹੜੀ ਉਹ ਨੇ ਆਖੀ ਸੀ ਕਿ ਤੁਸੀਂ ਮੇਰਾ ਮੂੰਹ ਫੇਰ ਕਦੇ ਨਾ ਵੇਖੋਗੇ, ਅਤੇ ਉਨ੍ਹਾਂ ਜਹਾਜ਼ ਤੱਕ ਉਹ ਨੂੰ ਪਹੁੰਚਾ ਦਿੱਤਾ ।

21
ਪੌਲੁਸ ਯਰੂਸ਼ਲਮ ਨੂੰ ਜਾਂਦਾ ਹੈ

1ਇਸ ਤਰ੍ਹਾਂ ਹੋਇਆ ਕਿ ਜਦੋਂ ਅਸੀਂ ਉਨ੍ਹਾਂ ਤੋਂ ਵਿਦਾ ਹੋ ਕੇ ਜਹਾਜ਼ ਖੋਲ੍ਹ ਦਿੱਤਾ ਤਾਂ ਸਿੱਧੇ ਰਾਹ ਕੋਸ ਨੂੰ ਆਏ ਅਤੇ ਦੂਜੇ ਦਿਨ ਰੋਦੁਸ ਨੂੰ, ਫਿਰ ਉੱਥੋਂ ਪਾਤਰ੍ਹਾਂ ਨੂੰ ।2ਅਤੇ ਇੱਕ ਜਹਾਜ਼ ਫ਼ੈਨੀਕੇ ਨੂੰ ਜਾਣ ਵਾਲਾ ਵੇਖ ਕੇ ਅਸੀਂ ਉਸ ਉੱਤੇ ਸਵਾਰ ਹੋਏ ਅਤੇ ਤੁਰ ਪਏ ।

3ਜਦੋਂ ਕੁਪਰੁਸ ਵਿਖਾਈ ਦਿੱਤਾ ਤਾਂ ਉਹ ਨੂੰ ਖੱਬੇ ਹੱਥ ਛੱਡ ਕੇ ਸੀਰਿਯਾ ਨੂੰ ਚੱਲੇ ਅਤੇ ਸੂਰ ਵਿੱਚ ਜਾ ਉੱਤਰੇ, ਕਿਉਂ ਜੋ ਉੱਥੇ ਜਹਾਜ਼ ਦਾ ਮਾਲ ਉਤਾਰਨਾ ਸੀ ।4ਅਤੇ ਚੇਲਿਆਂ ਨੂੰ ਲੱਭ ਕੇ ਅਸੀਂ ਸੱਤ ਦਿਨ ਉੱਥੇ ਠਹਿਰੇ । ਉਨ੍ਹਾਂ ਨੇ ਆਤਮਾ ਦੇ ਰਾਹੀਂ ਪੌਲੁਸ ਨੂੰ ਆਖਿਆ ਜੋ ਯਰੂਸ਼ਲਮ ਨੂੰ ਨਾ ਜਾ ।
5ਇਸ ਤਰ੍ਹਾਂ ਹੋਇਆ ਕਿ ਜਦੋਂ ਅਸੀਂ ਉਨ੍ਹਾਂ ਦਿਨਾਂ ਨੂੰ ਪੂਰੇ ਕਰ ਚੁੱਕੇ ਤਾਂ ਉੱਥੋਂ ਹੋ ਕੇ ਤੁਰ ਪਏ, ਉਹ ਸਾਰੇ ਔਰਤਾਂ ਅਤੇ ਬੱਚਿਆਂ ਨਾਲ ਨਗਰ ਦੇ ਬਾਹਰ ਤੱਕ ਸਾਡੇ ਨਾਲ ਆਏ ਅਤੇ ਸਮੁੰਦਰ ਦੇ ਕੰਢੇ ਤੇ ਗੋਡੇ ਟੇਕ ਕੇ ਅਸੀਂ ਪ੍ਰਾਰਥਨਾ ਕੀਤੀ ।6ਅਤੇ ਇੱਕ ਦੂਜੇ ਤੋਂ ਵਿਦਿਆ ਹੋ ਕੇ ਅਸੀਂ ਜਹਾਜ਼ ਉੱਤੇ ਸਵਾਰ ਹੋਏ ਪਰ ਉਹ ਆਪਣੇ ਘਰਾਂ ਨੂੰ ਵਾਪਿਸ ਚਲੇ ਗਏ ।

7ਅਸੀਂ ਸੂਰ ਤੋਂ ਸਮੁੰਦਰ ਦਾ ਸਫ਼ਰ ਖ਼ਤਮ ਕਰਕੇ, ਤੁਲਮਾਇਸ ਵਿੱਚ ਪਹੁੰਚੇ ਅਤੇ ਭਰਾਵਾਂ ਦੀ ਸੁੱਖ-ਸਾਂਦ ਪੁੱਛ ਕੇ ਇੱਕ ਦਿਨ ਉਨ੍ਹਾਂ ਨਾਲ ਰਹੇ ।8ਫੇਰ ਅਗਲੇ ਦਿਨ ਅਸੀਂ ਤੁਰ ਕੇ ਕੈਸਰਿਯਾ ਵਿੱਚ ਆਏ ਅਤੇ ਫ਼ਿਲਿਪੁੱਸ ਖੁਸ਼ਖਬਰੀ ਦੇ ਪਰਚਾਰਕ ਦੇ ਘਰ ਜਾ ਕੇ ਉਹ ਦੇ ਨਾਲ ਰਹੇ । ਉਹ ਉਨ੍ਹਾਂ ਸੱਤਾਂ ਵਿੱਚੋਂ ਇੱਕ ਸੀ ।9ਉਹ ਦੀਆਂ ਚਾਰ ਕੁਆਰੀਆਂ ਧੀਆਂ ਸਨ ਜਿਹੜੀਆਂ ਅਗੰਮ ਵਾਕ ਕਰਦੀਆਂ ਸਨ ।
10ਜਦੋਂ ਅਸੀਂ ਕਈ ਦਿਨ ਉੱਥੇ ਠਹਿਰੇ ਤਾਂ ਆਗਬੁਸ ਨਾਮ ਦਾ ਇੱਕ ਨਬੀ ਯਹੂਦਿਯਾ ਤੋਂ ਆਇਆ ।11ਉਹ ਨੇ ਸਾਡੇ ਕੋਲ ਆ ਕੇ ਪੌਲੁਸ ਦਾ ਕਮਰ ਪਟਕਾ ਚੁੱਕ ਲਿਆ ਅਤੇ ਆਪਣੇ ਹੱਥ-ਪੈਰ ਬੰਨ੍ਹ ਕੇ ਕਿਹਾ, ਪਵਿੱਤਰ ਆਤਮਾ ਇਸ ਤਰ੍ਹਾਂ ਆਖਦਾ ਹੈ ਕਿ ਯਹੂਦੀ ਲੋਕ ਯਰੂਸ਼ਲਮ ਵਿੱਚ ਉਸ ਮਨੁੱਖ ਨੂੰ ਜਿਹ ਦਾ ਇਹ ਪਟਕਾ ਹੈ, ਇਸੇ ਤਰ੍ਹਾਂ ਬੰਨ੍ਹਣਗੇ ਅਤੇ ਪਰਾਈਆਂ ਕੌਮਾਂ ਦੇ ਹਵਾਲੇ ਕਰਨਗੇ ।
12ਜਦੋਂ ਇਹ ਗੱਲਾਂ ਸੁਣੀਆਂ ਤਾਂ ਅਸੀਂ ਅਤੇ ਉੱਥੋਂ ਦੇ ਰਹਿਣ ਵਾਲਿਆਂ ਨੇ ਵੀ ਉਹ ਦੀ ਮਿੰਨਤ ਕੀਤੀ ਕਿ ਯਰੂਸ਼ਲਮ ਨੂੰ ਨਾ ਜਾਵੇ ।13ਤਦ ਪੌਲੁਸ ਨੇ ਉੱਤਰ ਦਿੱਤਾ, ਇਹ ਤੁਸੀਂ ਕੀ ਕਰਦੇ ਹੋ ਜੋ ਰੋਂਦੇ ਅਤੇ ਮੇਰਾ ਦਿਲ ਤੋੜਦੇ ਹੋ ? ਕਿਉਂ ਜੋ ਮੈਂ ਪ੍ਰਭੂ ਯਿਸੂ ਦੇ ਨਾਮ ਦੇ ਲਈ ਯਰੂਸ਼ਲਮ ਵਿੱਚ ਕੇਵਲ ਬੰਨ੍ਹੇ ਜਾਣ ਨੂੰ ਹੀ ਨਹੀਂ ਸਗੋਂ ਮਰਨ ਨੂੰ ਵੀ ਤਿਆਰ ਹਾਂ ।14ਜਦੋਂ ਉਹ ਨੇ ਨਾ ਮੰਨਿਆ ਤਾਂ ਅਸੀਂ ਇਹ ਕਹਿ ਕੇ ਚੁੱਪ ਰਹੇ ਕਿ ਪ੍ਰਭੂ ਦੀ ਮਰਜ਼ੀ ਪੂਰੀ ਹੋਵੇ ।

15ਇਨ੍ਹਾਂ ਦਿਨਾਂ ਤੋਂ ਬਾਅਦ ਅਸੀਂ ਤਿਆਰੀ ਕਰ ਕੇ, ਯਰੂਸ਼ਲਮ ਨੂੰ ਤੁਰ ਪਏ ।16ਅਤੇ ਕੈਸਰਿਯਾ ਤੋਂ ਵੀ ਕਈ ਚੇਲੇ ਸਾਡੇ ਨਾਲ ਚੱਲੇ ਅਤੇ ਸਾਨੂੰ ਮਨਾਸੋਨ ਕੁਪਰੁਸੀ ਨਾਮ ਦੇ ਇੱਕ ਪੁਰਾਣੇ ਚੇਲੇ ਕੋਲ ਲੈ ਆਏ, ਜਿਸ ਦੇ ਕੋਲ ਅਸੀਂ ਠਹਿਰਨਾ ਸੀ ।
ਪੌਲੁਸ ਯਾਕੂਬ ਨੂੰ ਮਿਲਦਾ ਹੈ

17ਜਦੋਂ ਅਸੀਂ ਯਰੂਸ਼ਲਮ ਵਿੱਚ ਆ ਪਹੁੰਚੇ ਤਾਂ ਭਰਾਵਾਂ ਨੇ ਖੁਸ਼ੀ ਨਾਲ ਸਾਡਾ ਸਵਾਗਤ ਕੀਤਾ ।18ਦੂਜੇ ਦਿਨ ਪੌਲੁਸ ਸਾਡੇ ਨਾਲ ਯਾਕੂਬ ਦੇ ਘਰ ਗਿਆ ਅਤੇ ਸਾਰੇ ਬਜ਼ੁਰਗ ਉੱਥੇ ਹਾਜ਼ਰ ਸਨ ।19ਅਤੇ ਉਸ ਨੇ ਉਹਨਾਂ ਨੂੰ ਪਰਨਾਮ ਕਰ ਕੇ, ਉਸ ਨੇ ਇੱਕ-ਇੱਕ ਕਰਕੇ ਉਹ ਸਾਰੇ ਜੋ ਕੰਮ ਪਰਮੇਸ਼ੁਰ ਨੇ ਪਰਾਈਆਂ ਕੌਮਾਂ ਵਿੱਚ ਉਹ ਦੀ ਸੇਵਕਾਈ ਦੇ ਦੁਆਰਾ ਕੀਤੇ ਸਨ, ਸੁਣਾ ਦਿੱਤੇ ।
20ਸੋ ਉਨ੍ਹਾਂ ਨੇ ਸੁਣ ਕੇ ਪਰਮੇਸ਼ੁਰ ਦੀ ਵਡਿਆਈ ਕੀਤੀ ਅਤੇ ਉਸ ਨੂੰ ਕਿਹਾ, ਭਾਈ, ਤੂੰ ਵੇਖਦਾ ਹੈਂ ਜੋ ਯਹੂਦੀਆਂ ਵਿੱਚ ਕਈ ਹਜ਼ਾਰ ਵਿਸ਼ਵਾਸੀ ਹਨ ਅਤੇ ਸਭ ਬਿਵਸਥਾ ਦੇ ਲਈ ਗੈਰਤ ਵਾਲੇ ਹਨ ।21ਅਤੇ ਉਨ੍ਹਾਂ ਤੇਰੀ ਇਹ ਖ਼ਬਰ ਸੁਣੀ ਹੈ ਕਿ ਤੂੰ ਸਾਰੇ ਯਹੂਦੀਆਂ ਨੂੰ ਜਿਹੜੇ ਪਰਾਈਆਂ ਕੌਮਾਂ ਵਿੱਚ ਵੱਸਦੇ ਹਨ, ਇਹ ਸਿਖਾਉਂਦਾ ਹੈਂ ਕਿ ਮੂਸਾ ਨੂੰ ਤਿਆਗੋ ਅਤੇ ਆਖਦਾ ਹੈਂ ਜੋ ਆਪਣਿਆਂ ਬਾਲਕਾਂ ਦੀ ਸੁੰਨਤ ਨਾ ਕਰਵਾਓ ਅਤੇ ਰੀਤਾਂ ਉੱਤੇ ਨਾ ਚੱਲੋ ।
22ਸੋ ਹੁਣ ਕੀ ਕੀਤਾ ਜਾਵੇ ? ਉਹ ਜ਼ਰੂਰ ਸੁਣ ਲੈਣਗੇ ਜੋ ਤੂੰ ਆਇਆ ਹੈਂ ।23ਇਸ ਲਈ ਤੂੰ ਇਸ ਤਰ੍ਹਾਂ ਕਰ ਜਿਵੇਂ ਅਸੀਂ ਤੈਨੂੰ ਦੱਸਦੇ ਹਾਂ । ਸਾਡੇ ਕੋਲ ਚਾਰ ਪੁਰਖ ਹਨ ਜਿਨ੍ਹਾਂ ਮੰਨਤ ਮੰਨੀ ਹੈ ।24ਤੂੰ ਉਨ੍ਹਾਂ ਨੂੰ ਲੈ ਕੇ ਆਪਣੇ ਆਪ ਨੂੰ ਉਨ੍ਹਾਂ ਦੇ ਨਾਲ ਸ਼ੁੱਧ ਕਰ ਅਤੇ ਉਨ੍ਹਾਂ ਦੇ ਲਈ ਕੁੱਝ ਖ਼ਰਚ ਕਰ ਤਾਂ ਜੋ ਉਹ ਆਪਣੇ ਸਿਰ ਮੁਨਾਉਣ ਤਾਂ ਸਭ ਲੋਕ ਜਾਣਨਗੇ ਕਿ ਜਿਹੜੀਆਂ ਗੱਲਾਂ ਉਹ ਦੇ ਵਿਖੇ ਅਸੀਂ ਸੁਣੀਆਂ ਹਨ ਉਹਨਾਂ ਵਿੱਚ ਸੱਚਾਈ ਨਹੀਂ ਹੈ, ਸਗੋਂ ਇਹ ਕੀ ਉਹ ਆਪ ਵੀ ਬਿਵਸਥਾ ਨੂੰ ਮੰਨ ਕੇ ਸਿੱਧੀ ਚਾਲ ਚੱਲਦਾ ਹੈ ।
25ਪਰ ਪਰਾਈਆਂ ਕੌਮਾਂ ਦੇ ਹੱਕ ਵਿੱਚ ਜਿਨ੍ਹਾਂ ਵਿਸ਼ਵਾਸ ਕੀਤਾ ਹੈ ਅਸੀਂ ਇਹ ਲਿਖ ਭੇਜਿਆ ਸੀ ਕਿ ਉਹ ਮੂਰਤਾਂ ਦੇ ਚੜ੍ਹਾਵੇ, ਲਹੂ, ਗਲ਼ ਘੁੱਟੇ ਹੋਏ ਦੇ ਮਾਸ ਅਤੇ ਹਰਾਮਕਾਰੀ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣ ।26ਤਦ ਪੌਲੁਸ ਨੇ ਉਨ੍ਹਾਂ ਮਨੁੱਖਾਂ ਨੂੰ ਨਾਲ ਲਿਆ ਅਤੇ ਦੂਜੇ ਦਿਨ ਉਨ੍ਹਾਂ ਨਾਲ ਆਪਣੇ ਆਪ ਨੂੰ ਸ਼ੁੱਧ ਕਰ ਕੇ ਹੈਕਲ ਵਿੱਚ ਗਿਆ ਅਤੇ ਸ਼ੁੱਧ ਹੋਣ ਦੇ ਦਿਨਾਂ ਦੇ ਪੂਰੇ ਹੋਣ ਦੀ ਖ਼ਬਰ ਦਿੰਦਾ ਗਿਆ, ਜਦੋਂ ਤੱਕ ਉਨ੍ਹਾਂ ਵਿੱਚੋਂ ਹਰੇਕ ਦੇ ਲਈ ਭੇਟ ਚੜ੍ਹਾਈ ਨਾ ਗਈ ।
ਹੈਕਲ ਵਿੱਚ ਪੌਲੁਸ ਦਾ ਫੜਿਆ ਜਾਣਾ

27ਜਦ ਉਹ ਸੱਤ ਦਿਨ ਪੂਰੇ ਹੋਣ ਲੱਗੇ ਤਾਂ ਉਹਨਾਂ ਯਹੂਦੀਆਂ ਨੇ ਜਿਹੜੇ ਏਸ਼ੀਆ ਦੇ ਸਨ, ਉਹ ਨੂੰ ਹੈਕਲ ਵਿੱਚ ਵੇਖ ਕੇ ਸਾਰੀ ਭੀੜ ਨੂੰ ਭੜਕਾਇਆ ।28ਅਤੇ ਪੌਲੁਸ ਨੂੰ ਫੜ ਲਿਆ ਅਤੇ ਦੁਹਾਈ ਦੇਣ ਲੱਗੇ, ਹੇ ਇਸਰਾਏਲੀ ਮਰਦੋ ਇੱਥੇ ਆਓ ਅਤੇ ਮਦਦ ਕਰੋ ! ਇਹ ਉਹ ਮਨੁੱਖ ਹੈ ਜਿਹੜਾ ਹਰ ਥਾਂ ਸਾਡੀ ਕੌਮ, ਬਿਵਸਥਾ ਅਤੇ ਇਸ ਥਾਂ ਦੇ ਵਿਰੁੱਧ ਸਭਨਾਂ ਨੂੰ ਸਿੱਖਿਆ ਦਿੰਦਾ ਹੈ ! ਅਤੇ ਉਸ ਨੇ ਯੂਨਾਨੀਆਂ ਨੂੰ ਵੀ ਹੈਕਲ ਵਿੱਚ ਲਿਆਂਦਾ ਅਤੇ ਇਸ ਪਵਿੱਤਰ ਥਾਂ ਨੂੰ ਭਰਿਸ਼ਟ ਕੀਤਾ ਹੈ ।29ਇਸ ਲਈ ਜੋ ਉਨ੍ਹਾਂ ਨੇ ਇਸ ਤੋਂ ਪਹਿਲਾਂ ਸ਼ਹਿਰ ਵਿੱਚ ਤ੍ਰੋਫ਼ਿਮੁਸ ਅਫ਼ਸੀ ਨੂੰ ਉਹ ਦੇ ਨਾਲ ਦੇਖਿਆ ਸੀ ਅਤੇ ਸ਼ੱਕ ਕੀਤਾ ਜੋ ਪੌਲੁਸ ਉਹ ਨੂੰ ਹੈਕਲ ਵਿੱਚ ਲਿਆਇਆ ਹੋਵੇਗਾ ।
30ਤਦ ਸਾਰੇ ਸ਼ਹਿਰ ਵਿੱਚ ਰੌਲ਼ਾ ਪਿਆ ਅਤੇ ਲੋਕ ਦੌੜ ਕੇ ਇਕੱਠੇ ਹੋਏ, ਉਹ ਪੌਲੁਸ ਨੂੰ ਫੜ੍ਹ ਕੇ ਹੈਕਲੋਂ ਬਾਹਰ ਲੈ ਆਏ ਅਤੇ ਝੱਟ ਦਰਵਾਜ਼ੇ ਬੰਦ ਕੀਤੇ ਗਏ ।31ਜਦੋਂ ਉਹ ਉਸ ਨੂੰ ਮਾਰ ਸੁੱਟਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਫੌਜ ਦੇ ਸਰਦਾਰ ਨੂੰ ਖ਼ਬਰ ਪਹੁੰਚੀ ਕਿ ਸਾਰੇ ਯਰੂਸ਼ਲਮ ਵਿੱਚ ਭਗਦੜ ਮੱਚ ਗਈ ਹੈ ।
32ਤਾਂ ਉਹ ਉਸੇ ਵੇਲੇ ਸਿਪਾਹੀਆਂ ਅਤੇ ਸੂਬੇਦਾਰਾਂ ਨੂੰ ਲੈ ਕੇ ਉਨ੍ਹਾਂ ਵੱਲ ਦੌੜ ਪਿਆ ਅਤੇ ਉਹ ਲੋਕ ਸਰਦਾਰ ਅਤੇ ਸਿਪਾਹੀਆਂ ਨੂੰ ਵੇਖ ਕੇ ਪੌਲੁਸ ਨੂੰ ਮਾਰਨ ਤੋਂ ਹੱਟ ਗਏ ।33ਤਦ ਸਰਦਾਰ ਨੇ ਨੇੜੇ ਆ ਕੇ ਉਹ ਨੂੰ ਫੜ ਲਿਆ ਅਤੇ ਹੁਕਮ ਦਿੱਤਾ ਕਿ ਉਹ ਨੂੰ ਦੋ ਸੰਗਲਾਂ ਨਾਲ ਬੰਨ੍ਹ ਲਓ ਅਤੇ ਪੁੱਛਿਆ ਜੋ ਇਹ ਕੌਣ ਹੈ ਅਤੇ ਇਸ ਨੇ ਕੀ ਕੀਤਾ ਹੈ ?
34ਤਦ ਭੀੜ ਵਿੱਚੋਂ ਕਈ ਕੁੱਝ ਕਹਿਣ ਲੱਗੇ ਅਤੇ ਕਈ ਕੁੱਝ, ਜਦੋਂ ਉਹ ਉਸ ਰੌਲ਼ੇ ਦੇ ਕਾਰਨ ਅਸਲੀ ਗੱਲ ਪਤਾ ਨਾ ਕਰ ਸਕਿਆ ਤਾਂ ਉਸ ਨੇ ਹੁਕਮ ਦਿੱਤਾ ਕਿ ਇਹ ਨੂੰ ਕਿਲੇ ਵਿੱਚ ਲੈ ਜਾਓ ।35ਅਤੇ ਜਦੋਂ ਉਹ ਪੌੜੀਆਂ ਉੱਤੇ ਪਹੁੰਚਿਆ ਤਾਂ ਇਸ ਤਰ੍ਹਾਂ ਹੋਇਆ ਜੋ ਹਿੰਸਕ ਭੀੜ ਦੇ ਕਾਰਨ, ਸਿਪਾਹੀਆਂ ਨੇ ਉਹ ਨੂੰ ਚੁੱਕ ਲਿਆ ।36ਕਿਉਂ ਜੋ ਲੋਕਾਂ ਦੀ ਭੀੜ ਇਹ ਰੌਲ਼ਾ ਪਾਉਂਦੀ ਮਗਰ ਚੱਲੀ ਆਉਂਦੀ ਸੀ ਕਿ ਇਹ ਨੂੰ ਮਾਰ ਦਿਓ ! ।
ਪੌਲੁਸ ਦਾ ਭੀੜ ਨੂੰ ਭਾਸ਼ਣ

37ਜਦੋਂ ਪੌਲੁਸ ਨੂੰ ਕਿਲੇ ਦੇ ਅੰਦਰ ਲੈ ਜਾਣ ਲੱਗੇ ਤਾਂ ਉਹ ਨੇ ਸਰਦਾਰ ਨੂੰ ਕਿਹਾ, ਜੇ ਹੁਕਮ ਹੋਵੇ ਤਾਂ ਮੈਂ ਤੇਰੇ ਅੱਗੇ ਕੁੱਝ ਆਖਾਂ ? ਉਹ ਬੋਲਿਆ, ਕੀ, ਤੂੰ ਯੂਨਾਨੀ ਬੋਲੀ ਜਾਣਦਾ ਹੈਂ ?38ਕੀ ਤੂੰ ਉਹੋ ਮਿਸਰੀ ਨਹੀਂ ਹੈਂ, ਜਿਹੜਾ ਕੁੱਝ ਦਿਨ ਪਹਿਲਾਂ ਦੰਗਾ ਕਰ ਕੇ ਡਾਕੂਆਂ ਦੇ ਚਾਰ ਹਜ਼ਾਰ ਆਦਮੀਆਂ ਨੂੰ ਜੰਗਲ ਵਿੱਚ ਲੈ ਗਿਆ ਸੀ ।
39ਪੌਲੁਸ ਨੇ ਕਿਹਾ, ਮੈਂ ਤਾਂ ਇੱਕ ਯਹੂਦੀ ਮਨੁੱਖ ਕਿਲਕਿਯਾ ਦੇ ਤਰਸੁਸ ਦਾ ਰਹਿਣ ਵਾਲਾ ਹਾਂ, ਜੋ ਕੋਈ ਮਾੜਾ ਸ਼ਹਿਰ ਨਹੀਂ ਹੈ ਅਤੇ ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਜੋ ਮੈਨੂੰ ਲੋਕਾਂ ਨਾਲ ਬੋਲਣ ਦੀ ਆਗਿਆ ਦੇ ।40ਜਦੋਂ ਉਸ ਨੇ ਆਗਿਆ ਦਿੱਤੀ ਤਾਂ ਪੌਲੁਸ ਨੇ ਪੌੜੀਆਂ ਉੱਤੇ ਖੜੇ ਹੋ ਕੇ ਲੋਕਾਂ ਨੂੰ ਹੱਥ ਨਾਲ ਇਸ਼ਾਰਾ ਕੀਤਾ ਅਤੇ ਜਦੋਂ ਉਹ ਸਭ ਚੁੱਪ-ਚਾਪ ਹੋ ਗਏ ਤਾਂ ਉਹ ਇਬਰਾਨੀ ਭਾਸ਼ਾ ਵਿੱਚ ਬੋਲਣ ਲੱਗਾ ਅਤੇ ਆਖਿਆ :

22

1ਹੇ ਭਰਾਵੋ ਅਤੇ ਬਜ਼ੁਰਗੋ, ਸੁਣੋ ਮੈਂ ਤੁਹਾਡੇ ਸਾਹਮਣੇ ਆਪਣੀ ਸਫ਼ਾਈ ਪੇਸ਼ ਕਰਦਾ ਹਾਂ ।

2ਉਨ੍ਹਾਂ ਨੇ ਜਦੋਂ ਸੁਣਿਆ ਜੋ ਉਹ ਇਬਰਾਨੀ ਭਾਸ਼ਾ ਵਿੱਚ ਸਾਡੇ ਨਾਲ ਗੱਲਾਂ ਕਰਦਾ ਹੈ, ਤਾਂ ਹੋਰ ਵੀ ਸ਼ਾਂਤ ਹੋ ਗਏ । ਤਦ ਉਹ ਬੋਲਿਆ,
3ਮੈਂ ਇੱਕ ਯਹੂਦੀ ਮਨੁੱਖ ਹਾਂ, ਜਿਹੜਾ ਕਿਲਕਿਯਾ ਤੇ ਤਰਸੁਸ ਵਿੱਚ ਜੰਮਿਆ, ਪਰ ਇਸੇ ਸ਼ਹਿਰ ਵਿੱਚ ਗਮਲੀਏਲ ਦੇ ਚਰਨਾਂ ਵਿੱਚ ਪਲਿਆ ਅਤੇ ਪਿਉ-ਦਾਦਿਆਂ ਦੀ ਬਿਵਸਥਾ ਪੂਰੇ ਧਿਆਨ ਨਾਲ ਸਿੱਖੀ ਅਤੇ ਜਿਵੇਂ ਤੁਸੀਂ ਸਭ ਅੱਜ ਦੇ ਦਿਨ ਪਰਮੇਸ਼ੁਰ ਦੇ ਲਈ ਅਣਖੀ ਹੋ, ਮੈਂ ਵੀ ਅਜਿਹਾ ਹੀ ਅਣਖੀ ਸੀ ।4ਅਤੇ ਮੈਂ ਆਦਮੀ ਅਤੇ ਔਰਤਾਂ ਨੂੰ ਬੰਨ੍ਹ ਬੰਨ੍ਹ ਕੇ ਅਤੇ ਕੈਦ ਵਿੱਚ ਪੁਆ ਕੇ, ਇਸ ਪੰਥ ਦੇ ਲੋਕਾਂ ਨੂੰ ਮੌਤ ਤੱਕ ਸਤਾਇਆ ।5ਜਿਵੇਂ ਪ੍ਰਧਾਨ ਜਾਜਕ ਅਤੇ ਬਜ਼ੁਰਗਾਂ ਦੀ ਸਾਰੀ ਪੰਚਾਇਤ ਮੇਰੇ ਲਈ ਗਵਾਹੀ ਦਿੰਦੀ ਹੈ ਕਿਉਂਕਿ ਉਹਨਾਂ ਕੋਲੋਂ ਮੈਂ ਭਰਾਵਾਂ ਦੇ ਨਾਮ ਚਿੱਠੀਆਂ ਲੈ ਕੇ ਦੰਮਿਸਕ ਨੂੰ ਜਾਂਦਾ ਸੀ ਤਾਂ ਕਿ ਉਹਨਾਂ ਨੂੰ ਵੀ ਜਿਹੜੇ ਉੱਥੇ ਸਨ ਸਜ਼ਾ ਦੇਣ ਲਈ ਬੰਨ ਕੇ ਯਰੂਸ਼ਲਮ ਵਿੱਚ ਲਿਆਵਾਂ ।
ਆਪਣੇ ਮਨ ਪਰਿਵਰਤਨ ਦਾ ਕਾਰਨ ਦੱਸਣਾ
(ਰਸੂਲਾਂ ਦੇ ਕਰਤੱਬ 9:1-19, 26:12-18)

6ਅਤੇ ਇਸ ਤਰ੍ਹਾਂ ਹੋਇਆ ਕਿ ਜਦੋਂ ਮੈਂ ਤੁਰਦੇ ਤੁਰਦੇ ਦੰਮਿਸਕ ਦੇ ਨੇੜੇ ਪਹੁੰਚਿਆ ਤਾਂ ਦੁਪਹਿਰ ਕੁਵੇਲੇ ਚੁਫ਼ੇਰੇ ਅਚਾਨਕ ਅਕਾਸ਼ ਤੋਂ ਵੱਡੀ ਜੋਤ ਚਮਕੀ ।7ਅਤੇ ਮੈਂ ਜ਼ਮੀਨ ਉੱਤੇ ਡਿੱਗ ਪਿਆ ਅਤੇ ਇੱਕ ਅਵਾਜ਼ ਸੁਣੀ ਜੋ ਮੈਨੂੰ ਆਖਦੀ ਹੈ, ਹੇ ਸੌਲੁਸ ਹੇ ਸੌਲੁਸ, ਤੂੰ ਮੈਨੂੰ ਕਿਉਂ ਸਤਾਉਂਦਾ ਹੈਂ ?8ਤਦ ਮੈਂ ਉੱਤਰ ਦਿੱਤਾ ਕੀ ਪ੍ਰਭੂ ਜੀ ਤੂੰ ਕੌਣ ਹੈਂ ? ਉਹ ਨੇ ਮੈਨੂੰ ਆਖਿਆ, ਮੈਂ ਯਿਸੂ ਨਾਸਰੀ ਹਾਂ ਜਿਸ ਨੂੰ ਤੂੰ ਸਤਾਉਂਦਾ ਹੈਂ ।
9ਅਤੇ ਉਨ੍ਹਾਂ ਨੇ ਜੋ ਮੇਰੇ ਨਾਲ ਸਨ ਜੋਤ ਤਾਂ ਵੇਖੀ, ਪਰ ਉਹ ਦੀ ਅਵਾਜ਼ ਨਾ ਸੁਣੀ ਜੋ ਮੇਰੇ ਨਾਲ ਬੋਲਦਾ ਸੀ ।10ਫੇਰ ਮੈਂ ਕਿਹਾ, ਹੇ ਪ੍ਰਭੂ ਮੈਂ ਕੀ ਕਰਾਂ ? ਪ੍ਰਭੂ ਨੇ ਮੈਨੂੰ ਆਖਿਆ, ਤੂੰ ਉੱਠ ਕੇ ਦੰਮਿਸਕ ਵਿੱਚ ਜਾ ਅਤੇ ਸਭ ਗੱਲਾਂ ਜੋ ਤੇਰੇ ਕਰਨ ਲਈ ਠਹਿਰਾਈਆਂ ਹੋਈਆਂ ਹਨ, ਸੋ ਉੱਥੇ ਹੀ ਤੈਨੂੰ ਦੱਸੀਆਂ ਜਾਣਗੀਆਂ ।11ਜਦੋਂ ਮੈਂ ਉਸ ਜੋਤ ਦੇ ਤੇਜ ਕਰਕੇ ਵੇਖ ਨਾ ਸਕਿਆ ਤਾਂ ਆਪਣੇ ਸਾਥੀਆਂ ਦੇ ਹੱਥ ਫੜ੍ਹ ਕੇ ਦੰਮਿਸਕ ਵਿੱਚ ਆਇਆ ।
12ਅਤੇ ਇੱਕ ਹਨਾਨਿਯਾਹ ਨਾਮ ਦਾ ਮਨੁੱਖ ਜੋ ਬਿਵਸਥਾ ਦੇ ਅਨੁਸਾਰ ਭਗਤ ਸੀ ਅਤੇ ਸਾਰੇ ਯਹੂਦੀਆਂ ਵਿੱਚ ਜਿਹੜੇ ਉੱਥੇ ਰਹਿੰਦੇ ਸਨ ਨੇਕਨਾਮ ਸੀ ।13ਉਹ ਮੇਰੇ ਕੋਲ ਅਾਇਆ ਅਤੇ ਉਸ ਨੇ ਕੋਲ ਖੜੇ ਹੋ ਕੇ ਮੈਨੂੰ ਆਖਿਆ, ਭਾਈ ਸੌਲੁਸ ਫੇਰ ਵੇਖਣ ਲੱਗ ਜਾ, ਅਤੇ ਓਸੇ ਵੇਲੇ ਮੈਂ ਦੇਖਣ ਲੱਗ ਗਿਆ ਅਤੇ ਉਸ ਨੂੰ ਦੇਖਿਆ ।
14ਉਹ ਬੋਲਿਆ, ਸਾਡੇ ਵੱਡਿਆਂ ਦੇ ਪਰਮੇਸ਼ੁਰ ਨੇ ਤੈਨੂੰ ਠਹਿਰਾਇਆ ਹੈ, ਜੋ ਤੂੰ ਉਹ ਦੀ ਮਰਜ਼ੀ ਨੂੰ ਜਾਣੇ, ਉਸ ਧਰਮੀ ਨੂੰ ਵੇਖੇਂ ਅਤੇ ਉਹ ਦੇ ਮੂੰਹ ਦਾ ਸ਼ਬਦ ਸੁਣੇਂ ।15ਕਿਉਂ ਜੋ ਉਸੇ ਦੇ ਲਈ ਤੂੰ ਸਭ ਮਨੁੱਖਾਂ ਦੇ ਅੱਗੇ ਉਨ੍ਹਾਂ ਗੱਲਾਂ ਦਾ ਗਵਾਹ ਹੋਵੇਂਗਾ, ਜਿਹੜੀਆਂ ਤੂੰ ਵੇਖੀਆਂ ਅਤੇ ਸੁਣੀਆਂ ਹਨ ।16ਹੁਣ ਤੂੰ ਕਿਉਂ ਢਿੱਲ ਕਰਦਾ ਹੈਂ ? ਉੱਠ ਅਤੇ ਉਹ ਦਾ ਨਾਮ ਲੈਂਦਾ ਹੋਇਆ ਬਪਤਿਸਮਾ ਲੈ ਅਤੇ ਆਪਣੇ ਪਾਪ ਧੋ ਸੁੱਟ ।
17ਅਤੇ ਇਸ ਤਰ੍ਹਾਂ ਹੋਇਆ ਕਿ ਜਦੋਂ ਮੈਂ ਯਰੂਸ਼ਲਮ ਨੂੰ ਮੁੜਿਆ ਤਾਂ ਹੈਕਲ ਵਿੱਚ ਪ੍ਰਾਰਥਨਾ ਕਰਦੇ ਹੋਏ ਮੈਂ ਬੇਸੁਧ ਹੋ ਗਿਆ ।18ਅਤੇ ਉਹ ਨੂੰ ਵੇਖਿਆ ਜੋ ਮੈਨੂੰ ਆਖਦਾ ਸੀ ਕਿ ਛੇਤੀ ਕਰ ਅਤੇ ਯਰੂਸ਼ਲਮ ਤੋਂ ਜਲਦੀ ਨਿੱਕਲ ਜਾ ਕਿਉਂ ਉਹ ਮੇਰੇ ਹੱਕ ਵਿੱਚ ਤੇਰੀ ਗਵਾਹੀ ਨਾ ਮੰਨਣਗੇ ।
19ਮੈਂ ਆਖਿਆ, “ਹੇ ਪ੍ਰਭੂ ਉਹ ਆਪ ਜਾਣਦੇ ਹਨ ਜੋ, ਜਿਨ੍ਹਾਂ ਤੇਰੇ ਉੱਤੇ ਵਿਸ਼ਵਾਸ ਕੀਤਾ ਮੈਂ ਉਨ੍ਹਾਂ ਨੂੰ ਕੈਦ ਕਰਦਾ ਅਤੇ ਹਰੇਕ ਪ੍ਰਾਰਥਨਾ ਘਰ ਵਿੱਚ ਮਾਰਦਾ ਸੀ ।20ਅਤੇ ਜਦੋਂ ਤੇਰੇ ਸ਼ਹੀਦ ਇਸਤੀਫ਼ਾਨ ਦਾ ਖੂਨ ਵਹਾਇਆ ਗਿਆ ਤਾਂ ਮੈਂ ਵੀ ਕੋਲ ਖੜ੍ਹਾ ਮਾਰਨ ਵਾਲਿਆਂ ਦੇ ਨਾਲ ਸਹਿਮਤ ਸੀ ਅਤੇ ਉਹਨਾਂ ਦੇ ਕੱਪੜਿਆਂ ਦੀ ਰਖਵਾਲੀ ਕਰਦਾ ਸੀ ।”21ਤਦ ਉਸ ਨੇ ਮੈਨੂੰ ਆਖਿਆ ਕਿ ਚੱਲਿਆ ਜਾ ਕਿਉਂ ਜੋ ਮੈਂ ਤੈਨੂੰ ਦੂਰ-ਦੂਰ ਪਰਾਈਆਂ ਕੌਮਾਂ ਕੋਲ ਭੇਜਾਂਗਾ ।
ਪੌਲੁਸ ਰੋਮੀ ਨਾਗਰਿਕ

22ਉਹ ਇਸ ਗੱਲ ਤੱਕ ਉਹ ਦੀ ਸੁਣਦੇ ਰਹੇ ਤਾਂ ਉੱਚੀ ਅਵਾਜ਼ ਨਾਲ ਆਖਣ ਲੱਗੇ ਕਿ ਇਹੋ ਜਿਹੇ ਮਨੁੱਖ ਨੂੰ ਧਰਤੀ ਉੱਤੋਂ ਦੂਰ ਕਰ ਦਿਓ ਕਿਉਂ ਜੋ ਉਹ ਦਾ ਜੀਉਣਾ ਹੀ ਯੋਗ ਨਹੀਂ !23ਜਦੋਂ ਉਹ ਰੌਲ਼ਾ ਪਾਉਣ ਅਤੇ ਆਪਣੇ ਲੀੜੇ ਸੁੱਟ ਕੇ ਖੇਹ ਉਡਾਉਣ ਲੱਗੇ ।24ਤਾਂ ਫੌਜ ਦੇ ਸਰਦਾਰ ਨੇ ਉਹ ਨੂੰ ਕਿਲੇ ਵਿੱਚ ਲਿਆਉਣ ਦਾ ਹੁਕਮ ਦਿੱਤਾ ਅਤੇ ਆਖਿਆ ਕਿ ਕੋਰੜੇ ਮਾਰ ਕੇ ਉਹ ਦੀ ਜਾਂਚ-ਪੜਤਾਲ ਕਰੋ ਤਾਂ ਜੋ ਮੈਨੂੰ ਪਤਾ ਲੱਗੇ ਕਿ ਉਹ ਕਿਸ ਕਾਰਨ ਇਹ ਦੇ ਮਗਰ ਰੌਲ਼ਾ ਪਾਉਂਦੇ ਹਨ ।
25ਜਦੋਂ ਉਨ੍ਹਾਂ ਉਹ ਨੂੰ ਤਸਮਿਆਂ ਨਾਲ ਬੰਨਿਆ ਤਾਂ ਪੌਲੁਸ ਨੇ ਸੂਬੇਦਾਰ ਨੂੰ ਜਿਹੜਾ ਕੋਲ ਖੜ੍ਹਾ ਸੀ ਆਖਿਆ, ਕੀ ਇਹ ਠੀਕ ਹੈ ਕਿ ਤੁਸੀਂ ਇੱਕ ਰੋਮੀ ਆਦਮੀ ਨੂੰ ਦੋਸ਼ ਸਾਬਤ ਕੀਤੇ ਬਿਨ੍ਹਾਂ ਕੋਰੜੇ ਮਾਰੋ ?26ਜਦੋਂ ਸੂਬੇਦਾਰ ਨੇ ਇਹ ਸੁਣਿਆ ਤਾਂ ਸਰਦਾਰ ਦੇ ਕੋਲ ਜਾ ਕੇ ਖ਼ਬਰ ਦਿੱਤੀ ਅਤੇ ਕਿਹਾ, ਤੁਸੀਂ ਇਹ ਕੀ ਕਰਨ ਲੱਗੇ ਹੋ ? ਇਹ ਮਨੁੱਖ ਤਾਂ ਰੋਮੀ ਹੈ !
27ਸਰਦਾਰ ਨੇ ਕੋਲ ਜਾ ਕੇ ਉਹ ਨੂੰ ਆਖਿਆ, ਮੈਨੂੰ ਦੱਸ, ਕੀ ਤੂੰ ਰੋਮੀ ਹੈਂ ? ਉਹ ਬੋਲਿਆ, ਹਾਂ ਜੀ ।28ਤਾਂ ਸਰਦਾਰ ਨੇ ਅੱਗੋਂ ਆਖਿਆ, ਮੈਂ ਬਹੁਤ ਪੈਸਾ ਖ਼ਰਚ ਕੇ ਰੋਮੀ ਨਾਗਰਿਕਤਾ ਨੂੰ ਪ੍ਰਾਪਤ ਕੀਤਾ ਹੈ । ਪੌਲੁਸ ਬੋਲਿਆ, ਪਰ ਮੈਂ ਅਜਿਹਾ ਹੀ ਜੰਮਿਆ ।29ਉਪਰੰਤ ਜਿਹੜੇ ਉਹ ਦੀ ਜਾਂਚ-ਪੜਤਾਲ ਕਰਨ ਲੱਗੇ ਸਨ ਉਹ ਝੱਟ ਉਹ ਦੇ ਕੋਲੋਂ ਹੱਟ ਗਏ ਅਤੇ ਸਰਦਾਰ ਵੀ ਇਹ ਜਾਣ ਕੇ ਕਿ ਉਹ ਰੋਮੀ ਹੈ ਅਤੇ ਮੈਂ ਉਹ ਨੂੰ ਬੰਨ੍ਹਿਆ, ਡਰ ਗਿਆ ।
ਪੌਲੁਸ ਮਹਾਂ ਸਭਾ ਦੇ ਸਾਹਮਣੇ

30ਅਗਲੇ ਦਿਨ, ਇਹ ਪਤਾ ਲਗਾਉਣ ਲਈ ਕਿ ਯਹੂਦੀਆਂ ਨੇ ਉਹ ਦੇ ਉੱਤੇ ਕਿਉਂ ਦੋਸ਼ ਲਾਇਆ ਹੈ ਉਸ ਨੇ ਉਹ ਨੂੰ ਖੋਲ੍ਹ ਦਿੱਤਾ ਅਤੇ ਮੁੱਖ ਜਾਜਕਾਂ ਅਤੇ ਸਾਰੀ ਮਹਾਂ ਸਭਾ ਦੇ ਇਕੱਠੇ ਹੋਣ ਦਾ ਹੁਕਮ ਕੀਤਾ । ਫੇਰ ਉਸ ਨੇ ਪੌਲੁਸ ਨੂੰ ਹੇਠਾਂ ਉਤਾਰ ਕੇ ਉਨ੍ਹਾਂ ਦੇ ਸਾਹਮਣੇ ਖੜ੍ਹਾ ਕੀਤਾ ।

23

1ਤਦ ਪੌਲੁਸ ਨੇ ਸਭਾ ਵੱਲ ਧਿਆਨ ਲਾ ਕੇ ਕਿਹਾ, ਹੇ ਭਰਾਵੋ, ਮੈਂ ਅੱਜ ਤੱਕ ਪੂਰੀ ਨੇਕ ਨੀਅਤ ਨਾਲ ਪਰਮੇਸ਼ੁਰ ਦੇ ਅੱਗੇ ਚੱਲਦਾ ਰਿਹਾ ਹਾਂ ।2ਤਦ ਹਨਾਨਿਯਾਹ ਨਾਮ ਦੇ ਪ੍ਰਧਾਨ ਜਾਜਕ ਨੇ ਉਨ੍ਹਾਂ ਨੂੰ ਜਿਹੜੇ ਕੋਲ ਖੜੇ ਸਨ ਹੁਕਮ ਦਿੱਤਾ ਕਿ ਇਹ ਦੇ ਮੂੰਹ ਤੇ ਮਾਰੋ ।3ਤਦ ਪੌਲੁਸ ਨੇ ਉਹ ਨੂੰ ਆਖਿਆ, ਹੇ ਸਫ਼ੇਦੀ ਫੇਰੀ ਹੋਈ ਕੰਧੇ, ਪਰਮੇਸ਼ੁਰ ਤੈਨੂੰ ਮਾਰੇਗਾ ! ਤੂੰ ਤਾਂ ਬਿਵਸਥਾ ਦੇ ਅਨੁਸਾਰ ਮੇਰਾ ਨਿਆਂ ਕਰਨ ਲਈ ਬੈਠਾ ਹੈਂ ਅਤੇ ਫਿਰ ਬਿਵਸਥਾ ਦੇ ਵਿਰੁੱਧ ਮੈਨੂੰ ਮਾਰਨ ਦਾ ਹੁਕਮ ਦਿੰਦਾ ਹੈਂ ?

4ਤਦ ਜਿਹੜੇ ਕੋਲ ਖੜੇ ਸਨ ਉਹ ਬੋਲੇ, ਕੀ ਤੂੰ ਪਰਮੇਸ਼ੁਰ ਦੇ ਪ੍ਰਧਾਨ ਜਾਜਕ ਦੀ ਬੇਇੱਜ਼ਤੀ ਕਰਦਾ ਹੈਂ ?5ਤਦ ਪੌਲੁਸ ਨੇ ਆਖਿਆ, ਹੇ ਭਰਾਵੋ, ਮੈਨੂੰ ਪਤਾ ਨਹੀਂ ਸੀ ਜੋ ਇਹ ਪ੍ਰਧਾਨ ਜਾਜਕ ਹੈ ਕਿਉਂ ਜੋ ਲਿਖਿਆ ਹੈ ਕਿ ਤੂੰ ਆਪਣੀ ਕੌਮ ਦੇ ਸਰਦਾਰ ਨੂੰ ਬੁਰਾ ਨਾ ਆਖ ।
6ਪਰ ਜਦੋਂ ਪੌਲੁਸ ਨੂੰ ਪਤਾ ਲੱਗਿਆ ਕਿ ਇਨ੍ਹਾਂ ਵਿੱਚ ਕਈ ਸਦੂਕੀ ਅਤੇ ਕਈ ਫ਼ਰੀਸੀ ਹਨ ਤਾਂ ਸਭਾ ਵਿੱਚ ਉੱਚੀ ਬੋਲਿਆ, ਹੇ ਭਰਾਵੋ, ਮੈਂ ਫ਼ਰੀਸੀ ਅਤੇ ਫ਼ਰੀਸੀਆਂ ਦੀ ਅੰਸ ਹਾਂ । ਮੁਰਦਿਆਂ ਦੀ ਆਸ ਅਤੇ ਜੀ ਉੱਠਣ ਦੇ ਬਾਰੇ ਮੇਰੇ ਉੱਤੇ ਦੋਸ਼ ਲਾਇਆ ਜਾਂਦਾ ਹੈ ।7ਜਦੋਂ ਉਹ ਨੇ ਇਹ ਕਿਹਾ ਤਾਂ ਫ਼ਰੀਸੀਆਂ ਅਤੇ ਸਦੂਕੀਆਂ ਵਿੱਚ ਝਗੜਾ ਹੋਇਆ ਅਤੇ ਭੀੜ ਵਿੱਚ ਫੁੱਟ ਪੈ ਗਈ ।8ਕਿਉਂ ਜੋ ਸਦੂਕੀ ਆਖਦੇ ਹਨ ਕਿ ਨਾ ਕੋਈ ਜੀ ਉੱਠਣਾ, ਨਾ ਦੂਤ ਅਤੇ ਨਾ ਕੋਈ ਆਤਮਾ ਹੈ, ਪਰ ਫ਼ਰੀਸੀ ਦੋਹਾਂ ਨੂੰ ਮੰਨਦੇ ਹਨ ।
9ਤਦ ਵੱਡਾ ਰੌਲ਼ਾ ਪਿਆ ਅਤੇ ਫ਼ਰੀਸੀਆਂ ਦੀ ਵੱਲ ਦੇ ਉਪਦੇਸ਼ਕਾਂ ਵਿੱਚੋਂ ਕਈ ਆਦਮੀ ਉੱਠੇ ਅਤੇ ਇਹ ਕਹਿ ਕੇ ਝਗੜਨ ਲੱਗੇ ਜੋ ਇਸ ਮਨੁੱਖ ਵਿੱਚ ਸਾਨੂੰ ਕੋਈ ਬੁਰਿਆਈ ਨਹੀਂ ਦਿੱਸਦੀ ਪਰ ਜੇ ਕਿਸੇ ਆਤਮਾ ਜਾਂ ਦੂਤ ਨੇ ਉਹ ਦੇ ਨਾਲ ਗੱਲ ਕੀਤੀ ਹੈ, ਤਾਂ ਫੇਰ ਕੀ ਹੋਇਆ ?10ਜਦੋਂ ਵੱਡਾ ਝਗੜਾ ਹੋਇਆ ਤਾਂ ਫੌਜ ਦੇ ਅਧਿਕਾਰੀ ਨੇ ਇਸ ਡਰ ਦੇ ਮਾਰੇ ਕਿ ਕਿਤੇ ਉਹ ਪੌਲੁਸ ਦੇ ਟੋਟੇ ਨਾ ਕਰ ਦੇਣ ਸਿਪਾਹੀਆਂ ਨੂੰ ਹੁਕਮ ਦਿੱਤਾ ਜੋ ਉਤਰ ਕੇ ਉਹ ਨੂੰ ਉਨ੍ਹਾਂ ਵਿੱਚੋਂ ਜ਼ਬਰਦਸਤੀ ਕੱਢ ਕੇ ਕਿਲੇ ਅੰਦਰ ਲੈ ਜਾਓ ।

11ਉਸੇ ਰਾਤ ਪ੍ਰਭੂ ਨੇ ਉਹ ਦੇ ਕੋਲ ਖੜੇ ਹੋ ਕੇ ਕਿਹਾ, ਹੌਂਸਲਾ ਰੱਖ ਕਿਉਂਕਿ ਜਿਸ ਤਰ੍ਹਾਂ ਤੂੰ ਮੇਰੀਆਂ ਗੱਲਾਂ ਉੱਤੇ ਯਰੂਸ਼ਲਮ ਵਿੱਚ ਗਵਾਹੀ ਦਿੱਤੀ, ਉਸੇ ਤਰ੍ਹਾਂ ਤੈਨੂੰ ਰੋਮ ਵਿੱਚ ਵੀ ਗਵਾਹੀ ਦੇਣੀ ਪਵੇਗੀ ।
ਪੌਲੁਸ ਦੀ ਹੱਤਿਆ ਦੀ ਸਾਜਿਸ਼

12ਜਦੋਂ ਦਿਨ ਚੜ੍ਹਿਆ ਤਾਂ ਯਹੂਦੀਆਂ ਨੇ ਏਕਾ ਕਰ ਕੇ ਆਖਿਆ ਕਿ ਅਸੀਂ ਜਦੋਂ ਤੱਕ ਪੌਲੁਸ ਨੂੰ ਮਾਰ ਨਾ ਲਈਏ ਜੇ ਕੁੱਝ ਖਾਈਏ ਪੀਵੀਏ ਤਾਂ ਸਾਡੇ ਉੱਤੇ ਹਾਏ !13ਜਿਨ੍ਹਾਂ ਆਪਸ ਵਿੱਚ ਮਿਲ ਕੇ ਇਹ ਸਹੁੰ ਖਾਧੀ ਉਹ ਚਾਲ੍ਹੀਆਂ ਤੋਂ ਵੱਧ ਸਨ ।
14ਸੋ ਉਨ੍ਹਾਂ ਨੇ ਮੁੱਖ ਜਾਜਕਾਂ ਅਤੇ ਬਜ਼ੁਰਗਾਂ ਦੇ ਕੋਲ ਜਾ ਕੇ ਕਿਹਾ ਕਿ ਅਸੀਂ ਸਹੁੰ ਖਾਧੀ ਹੈ ਕਿ ਜਦੋਂ ਤੱਕ ਪੌਲੁਸ ਨੂੰ ਮਾਰ ਨਾ ਲਈਏ ਅਸੀਂ ਕੁੱਝ ਨਾ ਚੱਖਾਂਗੇ ।15ਸੋ ਹੁਣ ਤੁਸੀਂ ਸਭਾ ਦੇ ਨਾਲ ਮਿਲ ਕੇ ਫੌਜ ਦੇ ਸਰਦਾਰ ਨੂੰ ਆਖੋ ਜੋ ਉਹ ਨੂੰ ਤੁਹਾਡੇ ਕੋਲ ਲੈ ਆਵੇ ਕਿ ਜਿਵੇਂ ਤੁਸੀਂ ਉਹ ਦੀ ਹਕੀਕਤ ਦੀ ਹੋਰ ਵੀ ਠੀਕ ਤਰ੍ਹਾਂ ਜਾਂਚ ਕਰਨੀ ਚਾਹੁੰਦੇ ਹੋ ਅਤੇ ਅਸੀਂ ਉਹ ਦੇ ਨੇੜੇ ਆਉਣ ਤੋਂ ਪਹਿਲਾਂ ਹੀ ਉਹ ਦੇ ਮਾਰ ਦੇਣ ਲਈ ਤਿਆਰ ਰਹਾਂਗੇ ।
16ਪਰ ਪੌਲੁਸ ਦਾ ਭਣੇਵਾਂ ਉਨ੍ਹਾਂ ਦੀ ਸਾਜਿਸ਼ ਸੁਣ ਕੇ ਆਇਆ ਅਤੇ ਕਿਲੇ ਦੇ ਅੰਦਰ ਜਾ ਕੇ ਪੌਲੁਸ ਨੂੰ ਦੱਸ ਦਿੱਤਾ ।17ਤਦ ਪੌਲੁਸ ਨੇ ਸੂਬੇਦਾਰਾਂ ਵਿੱਚੋਂ ਇੱਕ ਨੂੰ ਕੋਲ ਸੱਦ ਕੇ ਆਖਿਆ ਕਿ ਇਸ ਜਵਾਨ ਨੂੰ ਫੌਜ ਦੇ ਸਰਦਾਰ ਕੋਲ ਲੈ ਜਾ ਕਿਉਂ ਜੋ ਇਸ ਨੇ ਉਹ ਨੂੰ ਕੁੱਝ ਦੱਸਣਾ ਹੈ ।
18ਸੋ ਉਸ ਨੇ ਉਹ ਨੂੰ ਆਪਣੇ ਨਾਲ ਲੈ ਕੇ ਸਰਦਾਰ ਕੋਲ ਲਿਆਂਦਾ ਅਤੇ ਕਿਹਾ, ਪੌਲੁਸ ਕੈਦੀ ਨੇ ਮੈਨੂੰ ਕੋਲ ਸੱਦ ਕੇ ਬੇਨਤੀ ਕੀਤੀ ਕਿ ਇਸ ਜਵਾਨ ਨੂੰ ਤੁਹਾਡੇ ਕੋਲ ਲਿਆਵਾਂ ਕਿ ਉਹ ਨੇ ਤੁਹਾਡੇ ਨਾਲ ਕੋਈ ਗੱਲ ਕਰਨੀ ਹੈ ।19ਉਪਰੰਤ ਸਰਦਾਰ ਨੇ ਉਹ ਦਾ ਹੱਥ ਫੜਿਆ ਅਤੇ ਇੱਕ ਪਾਸੇ ਲੈ ਜਾ ਕੇ ਇਕਾਂਤ ਵਿੱਚ ਪੁੱਛਿਆ, ਉਹ ਕੀ ਹੈ ਜੋ ਤੂੰ ਮੈਨੂੰ ਦੱਸਣਾ ਹੈ ?
20ਉਹ ਬੋਲਿਆ, ਯਹੂਦੀਆਂ ਨੇ ਏਕਾ ਕੀਤਾ ਹੈ ਕਿ ਤੁਹਾਡੇ ਕੋਲ ਬੇਨਤੀ ਕਰਨ ਜੋ ਤੁਸੀਂ ਭਲਕੇ ਪੌਲੁਸ ਨੂੰ ਸਭਾ ਵਿੱਚ ਲਿਆਵੋ ਕਿ ਜਿਵੇਂ ਤੁਸੀਂ ਉਹ ਦੇ ਬਾਰੇ ਕੁੱਝ ਹੋਰ ਵੀ ਠੀਕ ਤਰ੍ਹਾਂ ਨਾਲ ਪੁੱਛਣਾਂ ਚਾਹੁੰਦੇ ਹੋ ।21ਸੋ ਤੁਸੀਂ ਉਨ੍ਹਾਂ ਦੀ ਨਾ ਮੰਨਿਓ ਕਿਉਂ ਜੋ ਉਨ੍ਹਾਂ ਵਿੱਚੋਂ ਚਾਲ੍ਹੀਆਂ ਮਨੁੱਖਾਂ ਤੋਂ ਵੱਧ ਉਹ ਨੂੰ ਮਾਰਨ ਦੀ ਸਾਜਿਸ਼ ਬਣਾ ਰਹੇ ਹਨ, ਜਿਨ੍ਹਾਂ ਨੇ ਸਹੁੰ ਖਾਧੀ ਹੈ ਕਿ ਜਦੋਂ ਤੱਕ ਉਹ ਨੂੰ ਮਾਰ ਨਾ ਲਈਏ ਅਸੀਂ ਨਾ ਖਾਵਾਂਗੇ ਨਾ ਪੀਵਾਂਗੇ ਅਤੇ ਹੁਣ ਉਹ ਤਿਆਰ ਹੋ ਕੇ ਤੁਹਾਡੇ ਹੁਕਮ ਦੀ ਉਡੀਕ ਵਿੱਚ ਬੈਠੇ ਹਨ ।
22ਤਾਂ ਸਰਦਾਰ ਨੇ ਉਸ ਜਵਾਨ ਨੂੰ ਇਹ ਹੁਕਮ ਦੇ ਕੇ ਵਿਦਾ ਕੀਤਾ ਕਿ ਕਿਸੇ ਕੋਲ ਨਾ ਆਖੀਂ ਜੋ ਤੂੰ ਇਹ ਗੱਲ ਮੈਨੂੰ ਦੱਸੀਂ ਹੈ ।
ਪੌਲੁਸ ਨੂੰ ਫ਼ੇਲਿਕਸ ਦੇ ਕੋਲ ਭੇਜਣਾ

23ਅਤੇ ਉਸ ਨੇ ਸੂਬੇਦਾਰਾਂ ਵਿੱਚੋਂ ਦੋ ਜਣਿਆਂ ਨੂੰ ਸੱਦ ਕੇ ਕਿਹਾ ਕਿ ਦੋ ਸੌ ਸਿਪਾਹੀ ਕੈਸਰਿਯਾ ਨੂੰ ਜਾਣ ਲਈ ਅਤੇ ਸੱਤਰ ਘੋੜ ਸਵਾਰ ਅਤੇ ਦੋ ਸੌ ਭਾਲੇ ਚੁਕੀ ਸਿਪਾਹੀਆਂ ਨੂੰ ਤਿਆਰ ਕਰ ਰੱਖੋ ।24ਅਤੇ ਸਵਾਰੀ ਹਾਜ਼ਰ ਕਰੋ ਜੋ ਉਹ ਪੌਲੁਸ ਨੂੰ ਚੜ੍ਹਾ ਕੇ ਫ਼ੇਲਿਕਸ ਹਾਕਮ ਦੇ ਕੋਲ ਸੁਰਖਿਅਤ ਪਹੁੰਚਾ ਦੇਣ ।
25ਫੇਰ ਉਸ ਨੇ ਇਸ ਪਰਕਾਰ ਦੀ ਚਿੱਠੀ ਲਿਖੀ,26ਕਲੌਦਿਯੁਸ ਲੁਸਿਯਸ ਦੇ ਹਾਕਮ ਫ਼ੇਲਿਕਸ ਬਹਾਦੁਰ ਨੂੰ ਪਰਨਾਮ ।27ਇਸ ਆਦਮੀ ਨੂੰ ਜਦੋਂ ਯਹੂਦੀ ਲੋਕਾਂ ਨੇ ਫੜ੍ਹ ਕੇ ਮਾਰ ਸੁੱਟਣ ਉੱਤੇ ਲੱਕ ਬੰਨ੍ਹਿਆ ਤਾਂ ਮੈਂ ਇਹ ਪਤਾ ਕਰ ਕੇ ਕਿ ਉਹ ਰੋਮੀ ਹੈ, ਸਿਪਾਹੀਆਂ ਦੇ ਨਾਲ ਜਾ ਕੇ ਇਹ ਨੂੰ ਛੁਡਾ ਲਿਆਇਆ ।
28ਅਤੇ ਜਦੋਂ ਮੈਂ ਇਹ ਪਤਾ ਕਰਨਾ ਚਾਹਿਆ ਕਿ ਉਨ੍ਹਾਂ ਕਿਸ ਕਾਰਨ ਇਸ ਉੱਤੇ ਦੋਸ਼ ਲਾਇਆ ਤਾਂ ਉਨ੍ਹਾਂ ਦੀ ਸਭਾ ਵਿੱਚ ਇਹ ਨੂੰ ਲੈ ਗਿਆ ।29ਸੋ ਮੈਨੂੰ ਪਤਾ ਲੱਗ ਗਿਆ ਜੋ ਉਨ੍ਹਾਂ ਦੀ ਬਿਵਸਥਾ ਦੇ ਝਗੜਿਆਂ ਬਾਰੇ ਇਸ ਉੱਤੇ ਦੋਸ਼ ਲਾਇਆ, ਪਰ ਕੋਈ ਇਹੋ ਜਿਹਾ ਦੋਸ਼ ਨਹੀਂ ਸੀ ਜੋ ਉਹ ਦੇ ਕਤਲ ਜਾਂ ਕੈਦ ਦਾ ਕਾਰਨ ਹੋਵੇ ।30ਜਦੋਂ ਮੈਨੂੰ ਪਤਾ ਲੱਗਾ ਜੋ ਉਹ ਇਸ ਆਦਮੀ ਨੂੰ ਮਾਰਨ ਦੀ ਸਾਜਿਸ਼ ਬਣਾ ਰਹੇ ਹਨ, ਤਾਂ ਮੈਂ ਤੁਰੰਤ ਇਹ ਨੂੰ ਤੁਹਾਡੇ ਕੋਲ ਭੇਜ ਦਿੱਤਾ ਅਤੇ ਇਹ ਦੇ ਉੱਤੇ ਦੋਸ਼ ਲਾਉਣ ਵਾਲਿਆਂ ਨੂੰ ਵੀ ਹੁਕਮ ਕੀਤਾ ਜੋ ਤੁਹਾਡੇ ਅੱਗੇ ਇਹ ਦੇ ਉੱਤੇ ਦੋਸ਼ ਲਾਉਣ ।

31ਉਪਰੰਤ ਸਿਪਾਹੀਆਂ ਨੇ ਹੁਕਮ ਅਨੁਸਾਰ ਪੌਲੁਸ ਨੂੰ ਲੈ ਕੇ ਰਾਤੋ ਰਾਤ ਅੰਤਿਪਤ੍ਰਿਸ ਵਿੱਚ ਪਹੁੰਚਾਇਆ ।32ਪਰ ਅਗਲੇ ਦਿਨ ਘੋੜ ਸਵਾਰਾਂ ਨੂੰ ਉਹ ਦੇ ਨਾਲ ਜਾਣ ਲਈ ਛੱਡ ਕੇ ਉਹ ਆਪ ਕਿਲੇ ਨੂੰ ਮੁੜੇ ।33ਸੋ ਉਨ੍ਹਾਂ ਨੇ ਕੈਸਰਿਯਾ ਵਿੱਚ ਆ ਕੇ ਹਾਕਮ ਨੂੰ ਚਿੱਠੀ ਦਿੱਤੀ ਅਤੇ ਪੌਲੁਸ ਨੂੰ ਵੀ ਉਹ ਦੇ ਅੱਗੇ ਹਾਜ਼ਰ ਕੀਤਾ ।
34ਉਸ ਨੇ ਚਿੱਠੀ ਪੜ੍ਹ ਕੇ ਪੁੱਛਿਆ ਕਿ ਉਹ ਕਿਹੜੇ ਸੂਬੇ ਦਾ ਹੈ ਅਤੇ ਜਦੋਂ ਪਤਾ ਕੀਤਾ ਜੋ ਉਹ ਕਿਲਕਿਯਾ ਦਾ ਹੈ l35ਅਤੇ ਕਿਹਾ ਕਿ ਤੇਰੇ ਉੱਤੇ ਦੋਸ਼ ਲਾਉਣ ਵਾਲੇ ਆ ਜਾਣ ਤਦ ਮੈਂ ਤੇਰੀ ਸੁਣਾਂਗਾ ਅਤੇ ਹੁਕਮ ਦਿੱਤਾ ਜੋ ਹੇਰੋਦੇਸ ਦੇ ਮਹਿਲ ਵਿੱਚ ਉਹ ਨੂੰ ਚੌਕਸੀ ਨਾਲ ਰੱਖੋ ।

24
ਹਾਕਮ ਫ਼ੇਲਿਕਸ ਦੇ ਸਾਹਮਣੇ ਪੌਲੁਸ

1ਪੰਜਾਂ ਦਿਨਾਂ ਬਾਅਦ, ਹਨਾਨਿਯਾਹ ਪ੍ਰਧਾਨ ਜਾਜਕ ਕਈ ਬਜ਼ੁਰਗਾਂ ਨਾਲ ਤਰਤੁੱਲੁਸ ਨਾਮ ਦੇ ਇੱਕ ਵਕੀਲ ਨੂੰ ਨਾਲ ਲੈ ਕੇ ਆਇਆ ਅਤੇ ਉਨ੍ਹਾਂ ਨੇ ਪੌਲੁਸ ਦੇ ਵਿਰੁੱਧ ਹਾਕਮ ਦੇ ਕੰਨ ਭਰੇ ।2ਅਤੇ ਜਦੋਂ ਉਹ ਬੁਲਾਇਆ ਗਿਆ ਤਾਂ ਤਰਤੁੱਲੁਸ ਇਹ ਕਹਿ ਕੇ ਉਸ ਉੱਤੇ ਦੋਸ਼ ਲਾਉਣ ਲੱਗਾ ਜੋ ਹੇ ਫ਼ੇਲਿਕਸ ਬਹਾਦੁਰ, ਇਸ ਲਈ ਜੋ ਅਸੀਂ ਤੁਹਾਡੇ ਕਾਰਨ ਵੱਡਾ ਸੁੱਖ ਭੋਗਦੇ ਹਾਂ ਅਤੇ ਤੁਹਾਡੀ ਸਿਆਣਪ ਨਾਲ ਇਸ ਕੌਮ ਦੇ ਬਹੁਤ ਸਾਰੇ ਕੰਮਾਂ ਦਾ ਸੁਧਾਰ ਕੀਤਾ ਜਾਂਦਾ ਹੈ ।3ਅਸੀਂ ਹਰ ਪਰਕਾਰ ਅਤੇ ਹਰੇਕ ਸਥਾਨ ਤੇ ਇਹ ਗੱਲ ਬਹੁਤ ਧੰਨਵਾਦ ਨਾਲ ਮੰਨ ਲੈਂਦੇ ਹਾਂ ।

4ਪਰ ਇਸ ਲਈ ਜੋ ਤੁਹਾਨੂੰ ਬਹੁਤ ਔਖਾ ਨਾ ਕਰਾਂ ਮੈਂ ਇਹ ਬੇਨਤੀ ਕਰਦਾ ਹਾਂ ਜੋ ਤੁਸੀਂ ਕਿਰਪਾ ਕਰ ਕੇ ਸਾਡੀਆਂ ਥੋੜੀਆਂ ਜਿਹੀਆਂ ਗੱਲਾਂ ਸੁਣ ਲਓ ।5ਕਿਉਂ ਜੋ ਅਸੀਂ ਇਸ ਮਨੁੱਖ ਨੂੰ ਇੱਕ ਮੁਸੀਬਤ ਖੜੀ ਕਰਨ ਵਾਲਾ ਅਤੇ ਸਾਰੀ ਦੁਨੀਆਂ ਦੇ ਸਭ ਯਹੂਦੀਆਂ ਵਿੱਚ ਫਸਾਦ ਪਾਉਣ ਵਾਲਾ ਵੇਖਿਆ ਅਤੇ ਉਹ ਨਾਸਰੀਆਂ ਦੇ ਪੰਥ ਦਾ ਆਗੂ ਹੈ ।6ਇਸ ਨੇ ਹੈਕਲ ਨੂੰ ਵੀ ਭਰਿਸ਼ਟ ਕਰਨ ਦਾ ਯਤਨ ਕੀਤਾ । ਸੋ ਅਸੀਂ ਇਹ ਨੂੰ ਫੜ ਵੀ ਲਿਆ ।
7ਅਤੇ ਤੁਸੀਂ ਆਪ ਜਾਂਚ ਕਰ ਕੇ ਉਨ੍ਹਾਂ ਸਾਰੀਆਂ ਗੱਲਾਂ ਦੇ ਬਾਰੇ ਪਤਾ ਕਰ ਸਕੋਗੇ ਜੋ ਅਸੀਂ ਇਹ ਦੇ ਉੱਤੇ ਦੋਸ਼ ਲਾਉਂਦੇ ਹਾਂ ।8ਯਹੂਦੀਆਂ ਨੇ ਵੀ ਏਕਾ ਕਰ ਕੇ ਕਿਹਾ ਜੋ ਇਹ ਗੱਲਾਂ ਇਸੇ ਤਰ੍ਹਾਂ ਹਨ ।9ਬਾਕੀ ਯਹੂਦੀ ਵੀ ਸਹਿਮਤ ਹੋਏ ਅਤੇ ਆਖਿਆ ਕਿ ਜੋ ਗੱਲਾਂ ਤਰਤੁਮਸ ਨੇ ਆਖੀਆਂ ਸਨ, ਉਹ ਸੱਚ ਸਨ ।
ਪੌਲੁਸ ਦਾ ਜਵਾਬ

10ਫ਼ੇਰ ਜਦੋਂ ਹਾਕਮ ਨੇ ਪੌਲੁਸ ਨੂੰ ਬੋਲਣ ਦਾ ਇਸ਼ਾਰਾ ਕੀਤਾ ਤਾਂ ਉਹ ਨੇ ਉੱਤਰ ਦਿੱਤਾ, ਮੈਨੂੰ ਪਤਾ ਹੈ ਜੋ ਤੁਸੀਂ ਬਹੁਤ ਸਾਲਾਂ ਤੋਂ ਇਸ ਕੌਮ ਦੇ ਹਾਕਮ ਹੋ ਇਸ ਲਈ ਮੈਂ ਹੌਂਸਲੇ ਨਾਲ ਆਪਣੀ ਸਫ਼ਾਈ ਦਿੰਦਾ ਹਾਂ ।11ਕਿਉਂਕਿ ਤੁਸੀਂ ਜਾਣ ਸਕਦੇ ਹੋ ਜੋ ਬਾਰਾਂ ਦਿਨਾਂ ਤੋਂ ਵੱਧ ਨਹੀਂ ਹੋਏ ਕਿ ਮੈਂ ਬੰਦਗੀ ਕਰਨ ਲਈ ਯਰੂਸ਼ਲਮ ਨੂੰ ਗਿਆ ਸੀ ।12ਅਤੇ ਉਨ੍ਹਾਂ ਨੇ ਹੈਕਲ ਵਿੱਚ ਮੈਨੂੰ ਕਿਸੇ ਦੇ ਨਾਲ ਬਹਿਸ ਕਰਦੇ ਜਾਂ ਲੋਕਾਂ ਨੂੰ ਭੜਕਾਉਂਦੇ ਨਹੀਂ ਵੇਖਿਆ, ਨਾ ਤਾਂ ਪ੍ਰਾਰਥਨਾ ਘਰਾਂ ਵਿੱਚ, ਨਾ ਸ਼ਹਿਰ ਵਿੱਚ ।13ਅਤੇ ਨਾ ਉਨ੍ਹਾਂ ਗੱਲਾਂ ਨੂੰ ਜਿਨ੍ਹਾਂ ਦਾ ਹੁਣ ਮੇਰੇ ਉੱਤੇ ਦੋਸ਼ ਲਾਉਂਦੇ ਹਨ ਤੁਹਾਡੇ ਅੱਗੇ ਸਾਬਤ ਕਰ ਸਕਦੇ ਹਨ ।
14ਪਰ ਮੈਂ ਤੁਹਾਡੇ ਅੱਗੇ ਇਹ ਮੰਨ ਲੈਂਦਾ ਹਾਂ ਕਿ ਜਿਸ ਰਾਹ ਨੂੰ ਉਹ ਕੁਰਾਹ ਕਰਕੇ ਆਖਦੇ ਹਨ ਉਸੇ ਦੇ ਅਨੁਸਾਰ ਮੈਂ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਦੀ ਬੰਦਗੀ ਕਰਦਾ ਹਾਂ ਅਤੇ ਸਾਰੀਆਂ ਗੱਲਾਂ ਨੂੰ ਮੰਨਦਾ ਹਾਂ ਜਿਹੜੀਆਂ ਬਿਵਸਥਾ ਨਾਲ ਮਿਲਦੀਆਂ ਹਨ ਅਤੇ ਜਿਹੜੀਆਂ ਨਬੀਆਂ ਵਿੱਚ ਲਿਖੀਆਂ ਹੋਈਆਂ ਹਨ ।15ਅਤੇ ਪਰਮੇਸ਼ੁਰ ਤੋਂ ਇਹ ਆਸ ਰੱਖਦਾ ਹਾਂ ਜਿਸ ਦੀ ਇਹ ਆਪ ਵੀ ਉਡੀਕ ਕਰਦੇ ਹਨ ਕਿ ਭਾਵੇਂ ਧਰਮੀ, ਭਾਵੇਂ ਕੁਧਰਮੀ ਦੋਹਾਂ ਦਾ ਜੀ ਉੱਠਣਾ ਹੋਵੇਗਾ ।16ਮੈਂ ਆਪ ਵੀ ਇਸ ਵਿੱਚ ਯਤਨ ਕਰਦਾ ਹਾਂ ਜੋ ਪਰਮੇਸ਼ੁਰ ਅਤੇ ਮਨੁੱਖਾਂ ਦੇ ਸਾਹਮਣੇ ਕਦੇ ਮੇਰਾ ਮਨ ਮੈਨੂੰ ਦੋਸ਼ੀ ਨਾ ਠਹਿਰਾਵੇ ।
17ਕਈ ਸਾਲਾਂ ਬਾਅਦ ਮੈਂ ਆਪਣੀ ਕੌਮ ਦੇ ਲਈ ਦਾਨ ਪਹੁੰਚਾਉਣ ਅਤੇ ਭੇਟ ਚੜ੍ਹਾਉਣ ਆਇਆ ।18ਇਨ੍ਹਾਂ ਹੀ ਗੱਲਾਂ ਵਿੱਚ ਉਨ੍ਹਾਂ ਨੇ ਮੈਨੂੰ ਹੈਕਲ ਵਿੱਚ ਸ਼ੁੱਧ ਹੋਏ ਵੇਖਿਆ ਨਾ ਤਾਂ ਭੀੜ ਅਤੇ ਨਾ ਰੌਲ਼ੇ ਨਾਲ19ਪਰ ਏਸ਼ੀਆ ਦੇ ਕਈ ਯਹੂਦੀ ਸਨ ਜਿਨ੍ਹਾਂ ਨੂੰ ਚਾਹੀਦਾ ਸੀ ਜੋ ਤੁਹਾਡੇ ਅੱਗੇ ਹਾਜ਼ਰ ਹੁੰਦੇ ਅਤੇ ਜੇ ਮੇਰੇ ਵਿਰੁੱਧ ਕੋਈ ਗੱਲ ਹੈ ਤਾਂ ਤੁਹਾਡੇ ਸਾਹਮਣੇ ਮੇਰੇ ਉੱਤੇ ਕੋਈ ਦੋਸ਼ ਲਗਾਉਂਦੇ ।
20ਜਾਂ ਇਹੋ ਆਪ ਕਹਿ ਦੇਣ ਕਿ ਉਨ੍ਹਾਂ ਨੇ ਜਦੋਂ ਮੈਂ ਸਭਾ ਦੇ ਅੱਗੇ ਖੜ੍ਹਾ ਸੀ, ਮੇਰੇ ਵਿੱਚ ਕੀ ਬੁਰਿਆਈ ਵੇਖੀ ?21ਬਿਨ੍ਹਾਂ ਇਸ ਇੱਕ ਗੱਲ ਦੇ ਜਿਹੜੀ ਮੈਂ ਉਨ੍ਹਾਂ ਵਿੱਚ ਖੜੇ ਪੁਕਾਰ ਕੇ ਆਖੀ ਸੀ ਕਿ ਮੁਰਦਿਆਂ ਦੇ ਜੀ ਉੱਠਣ ਦੇ ਬਾਰੇ ਅੱਜ ਮੇਰੇ ਉੱਤੇ ਦੋਸ਼ ਲਾਇਆ ਜਾਂਦਾ ਹੈ ।

22ਪਰ ਫ਼ੇਲਿਕਸ ਨੇ ਜਿਹੜਾ ਇਸ ਪੰਥ ਦੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਇਹ ਕਹਿ ਕੇ ਉਨ੍ਹਾਂ ਨੂੰ ਟਾਲ ਦਿੱਤਾ ਕਿ ਜਦੋਂ ਲੁਸਿਯਸ ਫੌਜ ਦਾ ਸਰਦਾਰ ਆਵੇਗਾ ਤਾਂ ਮੈਂ ਤੁਹਾਡੀਆਂ ਗੱਲਾਂ ਦਾ ਫੈਂਸਲਾ ਕਰਾਂਗਾ ।23ਫੇਰ ਉਹ ਨੇ ਸੂਬੇਦਾਰ ਨੂੰ ਹੁਕਮ ਦਿੱਤਾ ਜੋ ਪੌਲੁਸ ਨੂੰ ਨਜ਼ਰਬੰਦ ਰੱਖ ਅਤੇ ਉਹ ਨੂੰ ਚੈਨ ਕਰਨ ਦੇ ਅਤੇ ਉਸ ਦੇ ਆਪਣਿਆਂ ਵਿੱਚੋਂ ਕਿਸੇ ਨੂੰ ਉਹ ਦੀ ਸੇਵਾ ਕਰਨ ਤੋਂ ਨਾ ਰੋਕ ।
ਪੌਲੁਸ ਫ਼ੇਲਿਕਸ ਅਤੇ ਦਰੂਸਿੱਲਾ ਦੇ ਸਾਹਮਣੇ

24ਪਰ ਕਈ ਦਿਨਾਂ ਤੋਂ ਬਾਅਦ ਫ਼ੇਲਿਕਸ ਆਪਣੀ ਪਤਨੀ ਦਰੂਸਿੱਲਾ ਨਾਲ ਜਿਹੜੀ ਯਹੂਦਣ ਸੀ ਆਇਆ ਅਤੇ ਪੌਲੁਸ ਨੂੰ ਬੁਲਾ ਕੇ ਮਸੀਹ ਯਿਸੂ ਦੇ ਉੱਤੇ ਵਿਸ਼ਵਾਸ ਕਰਨ ਦੇ ਬਾਰੇ ਉਸ ਤੋਂ ਸੁਣਿਆ ।25ਜਦੋਂ ਉਹ ਧਰਮ, ਸੰਜਮ ਅਤੇ ਹੋਣ ਵਾਲੀ ਅਦਾਲਤ ਦੇ ਬਾਰੇ ਬਚਨ ਸੁਣਾ ਰਿਹਾ ਸੀ ਤਾਂ ਫ਼ੇਲਿਕਸ ਡਰ ਗਿਆ ਅਤੇ ਉੱਤਰ ਦਿੱਤਾ ਕਿ ਹੁਣ ਤੂੰ ਜਾ, ਫਿਰ ਜਦੋਂ ਮੈਂ ਵਿਹਲਾ ਹੋਵਾਂਗਾ ਤਾਂ ਤੈਨੂੰ ਬੁਲਾਵਾਂਗਾ ।
26ਅਤੇ ਇਹ ਵੀ ਆਸ ਰੱਖਦਾ ਸੀ ਕਿ ਪੌਲੁਸ ਮੈਨੂੰ ਕੁੱਝ ਪੈਸਾ ਦੇਵੇਗਾ । ਇਸੇ ਗੱਲੋਂ ਉਹ ਨੂੰ ਬਹੁਤ ਵਾਰੀ ਬੁਲਾ ਕੇ ਉਸ ਨਾਲ ਗੱਲਬਾਤ ਕਰਦਾ ਹੁੰਦਾ ਸੀ ।27ਅਤੇ ਜਦੋਂ ਦੋ ਸਾਲ ਪੂਰੇ ਹੋਏ, ਪੁਰਕਿਯੁਸ ਫ਼ੇਸਤੁਸ ਫ਼ੇਲਿਕਸ ਦੇ ਥਾਂ ਹਾਕਮ ਹੋ ਕੇ ਆਇਆ ਅਤੇ ਫ਼ੇਲਿਕਸ ਜੋ ਇਹ ਚਾਹੁੰਦਾ ਸੀ ਕਿ ਯਹੂਦੀਆਂ ਨੂੰ ਖੁਸ਼ ਕਰੇ ਪੌਲੁਸ ਨੂੰ ਕੈਦ ਵਿੱਚ ਹੀ ਛੱਡ ਗਿਆ ।

25
ਪੌਲੁਸ ਸਮਰਾਟ ਦੀ ਦੁਹਾਈ ਦਿੰਦਾ ਹੈ

1ਉਪਰੰਤ ਫ਼ੇਸਤੁਸ ਉਸ ਸੂਬੇ ਵਿੱਚ ਪਹੁੰਚ ਕੇ ਤਿੰਨਾਂ ਦਿਨਾਂ ਦੇ ਮਗਰੋਂ ਕੈਸਰਿਯਾ ਤੋਂ ਯਰੂਸ਼ਲਮ ਨੂੰ ਗਿਆ ।2ਤਦ ਮੁੱਖ ਜਾਜਕਾਂ ਅਤੇ ਯਹੂਦੀਆਂ ਦੇ ਅਧਿਕਾਰੀਆਂ ਨੇ ਪੌਲੁਸ ਦੇ ਵਿਰੁੱਧ ਉਹ ਦੇ ਕੰਨ ਭਰੇ ।3ਅਤੇ ਉਸ ਦੀਆਂ ਮਿੰਨਤਾਂ ਕਰ ਕੇ ਕਿਹਾ ਜੋ ਉਹ ਨੂੰ ਯਰੂਸ਼ਲਮ ਵਿੱਚ ਬੁਲਾਵੇ ਅਤੇ ਸਾਜਿਸ਼ ਬਣਾਈ, ਜੋ ਉਹ ਨੂੰ ਰਸਤੇ ਵਿੱਚ ਹੀ ਮਾਰ ਸੁੱਟਣ ।

4ਉਪਰੰਤ ਫ਼ੇਸਤੁਸ ਨੇ ਉੱਤਰ ਦਿੱਤਾ ਜੋ ਪੌਲੁਸ ਕੈਸਰਿਯਾ ਵਿੱਚ ਨਜ਼ਰਬੰਦ ਹੈ ਅਤੇ ਮੈਂ ਆਪ ਉੱਥੇ ਜਲਦੀ ਜਾਣ ਨੂੰ ਤਿਆਰ ਹਾਂ ।5ਫੇਰ ਬੋਲਿਆ, ਜਿਹੜੇ ਤੁਹਾਡੇ ਵਿੱਚੋਂ ਆਗੂ ਹੋਣ ਉਹ ਮੇਰੇ ਨਾਲ ਚੱਲਣ ਅਤੇ ਜੇ ਉਸ ਵਿੱਚ ਕੋਈ ਔਗੁਣ ਹੋਵੇ ਤਾਂ ਉਹ ਦੇ ਉੱਤੇ ਦੋਸ਼ ਸਾਬਤ ਕਰਨ ।

6ਉਹ ਉਨ੍ਹਾਂ ਵਿੱਚ ਕੋਈ ਅੱਠ ਦਸ ਦਿਨ ਰਹਿ ਕੇ ਕੈਸਰਿਯਾ ਨੂੰ ਗਿਆ ਅਤੇ ਅਗਲੇ ਦਿਨ ਅਦਾਲਤ ਦੀ ਗੱਦੀ ਉੱਤੇ ਬੈਠ ਕੇ ਹੁਕਮ ਦਿੱਤਾ ਜੋ ਪੌਲੁਸ ਨੂੰ ਲਿਆਉਣ ।7ਜਦੋਂ ਉਹ ਹਾਜ਼ਰ ਹੋਇਆ ਤਾਂ ਯਹੂਦੀ ਜਿਹੜੇ ਯਰੂਸ਼ਲਮ ਤੋਂ ਆਏ ਸਨ ਉਹ ਦੇ ਆਲੇ-ਦੁਆਲੇ ਖੜੇ ਹੋ ਕੇ ਉਸ ਉੱਤੇ ਬਹੁਤ ਸਾਰੇ ਦੋਸ਼ ਲਾਉਣ ਲੱਗੇ ਜਿਨ੍ਹਾਂ ਨੂੰ ਸਾਬਤ ਨਾ ਕਰ ਸਕੇ ।8ਪਰ ਪੌਲੁਸ ਨੇ ਆਪਣੀ ਸਫ਼ਾਈ ਵਿੱਚ ਕਿਹਾ ਕਿ ਨਾ ਤਾਂ ਮੈਂ ਯਹੂਦੀਆਂ ਦੀ ਬਿਵਸਥਾ ਦਾ, ਨਾ ਹੈਕਲ ਦਾ, ਨਾ ਕੈਸਰ ਦਾ ਕੁੱਝ ਵਿਗਾੜਿਆ ਹੈ ।
9ਪਰ ਫ਼ੇਸਤੁਸ ਨੇ ਜੋ ਚਾਹੁੰਦਾ ਸੀ ਕਿ ਯਹੂਦੀਆਂ ਨੂੰ ਪਰਸੰਨ ਕਰੇ ਅੱਗੋਂ ਪੌਲੁਸ ਨੂੰ ਆਖਿਆ, ਕੀ ਤੂੰ ਯਰੂਸ਼ਲਮ ਵਿੱਚ ਜਾਣਾ ਚਾਹੁੰਦਾ ਹੈਂ ਕਿ ਉੱਥੇ ਮੇਰੇ ਅੱਗੇ ਇਨ੍ਹਾਂ ਗੱਲਾਂ ਬਾਰੇ ਤੇਰਾ ਨਿਆਂ ਕੀਤਾ ਜਾਵੇ ?10ਪੌਲੁਸ ਨੇ ਕਿਹਾ, ਮੈਂ ਕੈਸਰੀ ਅਦਾਲਤ ਦੀ ਗੱਦੀ ਦੇ ਅੱਗੇ ਖੜ੍ਹਾ ਹਾਂ । ਚਾਹੀਦਾ ਹੈ ਕਿ ਮੇਰਾ ਨਿਆਂ ਇੱਥੇ ਹੀ ਹੋਵੇ । ਯਹੂਦੀਆਂ ਦੇ ਨਾਲ ਮੈਂ ਕੁੱਝ ਵੀ ਗਲਤ ਨਹੀਂ ਕੀਤਾ ਜਿਵੇਂ ਕਿ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋ ।
11ਸੋ ਜੇ ਮੈਂ ਕੁੱਝ ਗਲਤ ਕੀਤਾ ਅਤੇ ਕਤਲ ਦੇ ਲਾਇਕ ਕੋਈ ਕੰਮ ਕੀਤਾ ਹੋਵੇ ਤਾਂ ਮੈਂ ਕਤਲ ਹੋਣ ਵਿੱਚ ਕੋਈ ਇਨਕਾਰ ਨਹੀਂ ਕਰਦਾ ਪਰ ਜੇ ਉਨ੍ਹਾਂ ਗੱਲਾਂ ਵਿੱਚੋਂ ਕੁੱਝ ਵੀ ਸਾਬਤ ਨਾ ਹੋਵੇ ਜਿਨ੍ਹਾਂ ਦਾ ਇਹ ਮੇਰੇ ਉੱਤੇ ਦੋਸ਼ ਲਾਉਂਦੇ ਹਨ ਤਾਂ ਕਿਸੇ ਦੀ ਹਿੰਮਤ ਨਹੀਂ ਜੋ ਮੈਨੂੰ ਉਨ੍ਹਾਂ ਦੇ ਹਵਾਲੇ ਕਰੇ । ਮੈਂ ਕੈਸਰ ਦੀ ਦੁਹਾਈ ਦਿੰਦਾ ਹਾਂ !12ਤਦ ਫ਼ੇਸਤੁਸ ਨੇ ਸਲਾਹਕਾਰਾਂ ਨਾਲ ਗੱਲ ਕਰ ਕੇ ਉੱਤਰ ਦਿੱਤਾ ਕਿ ਤੂੰ ਕੈਸਰ ਦੀ ਦੁਹਾਈ ਦਿੱਤੀ ਹੈ, ਤੂੰ ਕੈਸਰ ਹੀ ਦੇ ਕੋਲ ਜਾਏਂਗਾ !
ਫੇਸਤੁਸ ਅਗ੍ਰਿੱਪਾ ਨਾਲ ਸਲਾਹ ਕਰਦਾ ਹੈ

13ਕੁੱਝ ਦਿਨਾਂ ਬਾਅਦ, ਰਾਜਾ ਅਗ੍ਰਿੱਪਾ ਅਤੇ ਬਰਨੀਕੇ ਕੈਸਰਿਯਾ ਵਿੱਚ ਫ਼ੇਸਤੁਸ ਨੂੰ ਮਿਲਣ ਲਈ ਆਏ ।14ਅਤੇ ਜਦੋਂ ਉਹ ਉੱਥੇ ਕਈ ਦਿਨ ਰਹੇ ਤਾਂ ਫ਼ੇਸਤੁਸ ਨੇ ਪੌਲੁਸ ਦੀ ਕਹਾਣੀ ਰਾਜੇ ਨੂੰ ਸੁਣਾ ਕੇ ਕਿਹਾ ਜੋ ਇੱਕ ਮਨੁੱਖ ਹੈ ਜਿਹ ਨੂੰ ਫ਼ੇਲਿਕਸ ਕੈਦ ਵਿੱਚ ਛੱਡ ਗਿਆ ।15ਅਤੇ ਜਦੋਂ ਮੈਂ ਯਰੂਸ਼ਲਮ ਵਿੱਚ ਸੀ ਤਾਂ ਮੁੱਖ ਜਾਜਕਾਂ ਅਤੇ ਯਹੂਦੀਆਂ ਦੇ ਬਜ਼ੁਰਗਾਂ ਨੇ ਉਹ ਦੇ ਬਾਰੇ ਮੈਨੂੰ ਗੱਲਾਂ ਦੱਸੀਆਂ ਅਤੇ ਬੇਨਤੀ ਕੀਤੀ ਜੋ ਉਸ ਤੇ ਸਜ਼ਾ ਦਾ ਹੁਕਮ ਹੋਵੇ ।16ਉਨ੍ਹਾਂ ਨੂੰ ਮੈਂ ਇਹ ਉੱਤਰ ਦਿੱਤਾ ਕਿ ਰੋਮੀਆਂ ਦਾ ਕਨੂੰਨ ਨਹੀਂ ਹੈ ਜੋ ਕਿਸੇ ਮਨੁੱਖ ਨੂੰ ਹਵਾਲੇ ਕਰਨ ਜਿਨ੍ਹਾਂ ਚਿਰ ਆਪਣੇ ਦੋਸ਼ ਲਗਾਉਣ ਵਾਲਿਆਂ ਦੇ ਸਾਹਮਣੇ ਸਫ਼ਾਈ ਦੇਣ ਦਾ ਮੌਕਾ ਨਾ ਪਾਵੇ ।
17ਸੋ ਜਦੋਂ ਉਹ ਇੱਥੇ ਇਕੱਠੇ ਹੋਏ ਤਾਂ ਮੈਂ ਬਿਨ੍ਹਾਂ ਕੁੱਝ ਦੇਰ ਕੀਤੇ ਅਗਲੇ ਦਿਨ ਅਦਾਲਤ ਦੀ ਗੱਦੀ ਤੇ ਬੈਠ ਕੇ ਹੁਕਮ ਦਿੱਤਾ ਜੋ ਉਸ ਮਨੁੱਖ ਨੂੰ ਹਾਜ਼ਰ ਕਰਨ ।18ਪਰ ਜਦੋਂ ਉਹ ਦੇ ਉੱਤੇ ਦੋਸ਼ ਲਗਾਉਣ ਵਾਲੇ ਖੜੇ ਹੋਏ ਤਾਂ ਉਨ੍ਹਾਂ ਨੇ ਇਹੋ ਜਿਹੀ ਕੋਈ ਬੁਰੀ ਗੱਲ ਉਹ ਦੇ ਬਾਰੇ ਆਖੀ ਜਿਹੀ ਮੈਂ ਸਮਝਦਾ ਸੀ ।19ਪਰ ਉਹ ਆਪਣੀ ਦੇਵਪੂਜਾ ਬਾਰੇ ਅਤੇ ਕਿਸੇ ਯਿਸੂ ਦੇ ਵਿਖੇ ਜੋ ਮਰ ਚੁੱਕਿਆ ਪਰ ਪੌਲੁਸ ਆਖਦਾ ਕਿ ਉਹ ਤਾਂ ਜਿਉਂਦਾ ਹੈ ਉਸ ਨਾਲ ਝਗੜਾ ਕਰਦੇ ਸਨ ।20ਜਦੋਂ ਮੈਂ ਦੁਬਧਾ ਵਿੱਚ ਪਿਆ ਕਿ ਇਨ੍ਹਾਂ ਗੱਲਾਂ ਦਾ ਕਿਵੇਂ ਨਿਬੇੜਾ ਕਰਾਂ ਤਾਂ ਮੈਂ ਪੁੱਛਿਆ, ਤੂੰ ਯਰੂਸ਼ਲਮ ਵਿੱਚ ਜਾਣ ਲਈ ਸਹਿਮਤ ਹੈਂ ਜੋ ਉੱਥੇ ਇਨ੍ਹਾਂ ਗੱਲਾਂ ਦੇ ਬਾਰੇ ਤੇਰਾ ਨਿਆਂ ਹੋਵੇ ?
21ਪਰ ਜਦੋਂ ਪੌਲੁਸ ਨੇ ਦੁਹਾਈ ਦਿੱਤੀ ਜੋ ਮੇਰਾ ਨਿਆਂ ਪਾਤਸ਼ਾਹ ਦੀ ਅਦਾਲਤ ਉੱਤੇ ਰਹਿਣ ਦਿਓ ਤਾਂ ਮੈਂ ਹੁਕਮ ਦਿੱਤਾ ਜੋ ਉਹ ਨਜ਼ਰਬੰਦ ਰਹੇ ਜਦੋਂ ਤੱਕ ਮੈਂ ਉਹ ਨੂੰ ਕੈਸਰ ਕੋਲ ਨਾ ਭੇਜਾਂ ।22ਉਪਰੰਤ ਅਗ੍ਰਿੱਪਾ ਨੇ ਫ਼ੇਸਤੁਸ ਨੂੰ ਕਿਹਾ ਕਿ ਮੈਂ ਆਪ ਵੀ ਉਸ ਮਨੁੱਖ ਨੂੰ ਸੁਣਨਾ ਚਾਹੁੰਦਾ ਹਾਂ । ਉਹ ਬੋਲਿਆ, ਤੂੰ ਕੱਲ ਉਹ ਦੀ ਸੁਣ ਲਵੀਂ ।
ਪੌਲੁਸ ਅਗ੍ਰਿੱਪਾ ਦੇ ਸਾਹਮਣੇ

23ਸੋ ਦੂਜੇ ਦਿਨ ਜਦੋਂ ਅਗ੍ਰਿੱਪਾ ਅਤੇ ਬਰਨੀਕੇ ਵੱਡੀ ਧੂਮ-ਧਾਮ ਨਾਲ ਆਏ ਅਤੇ ਫੌਜ ਦੇ ਸਰਦਾਰਾਂ ਅਤੇ ਸ਼ਹਿਰ ਦੇ ਉੱਤਮ ਲੋਕਾਂ ਨਾਲ ਕਚਿਹਰੀ ਵਿੱਚ ਜਾ ਵੜੇ ਤਾਂ ਫ਼ੇਸਤੁਸ ਦੇ ਹੁਕਮ ਨਾਲ ਪੌਲੁਸ ਨੂੰ ਲਿਆਏ ।24ਤਦ ਫ਼ੇਸਤੁਸ ਨੇ ਆਖਿਆ, ਹੇ ਰਾਜਾ ਅਗ੍ਰਿੱਪਾ ਅਤੇ ਸਭ ਲੋਕੋ ਜਿਹੜੇ ਇੱਥੇ ਸਾਡੇ ਨਾਲ ਹਾਜ਼ਰ ਹੋ, ਤੁਸੀਂ ਇਸ ਮਨੁੱਖ ਨੂੰ ਵੇਖਦੇ ਹੋ ਜਿਹ ਦੇ ਕਾਰਨ ਯਹੂਦੀਆਂ ਦੇ ਸਾਰੇ ਲੋਕ ਯਰੂਸ਼ਲਮ ਵਿੱਚ ਅਤੇ ਇੱਥੇ ਵੀ ਮੇਰੇ ਪਿੱਛੇ ਪਏ ਅਤੇ ਇਹ ਰੌਲ਼ਾ ਪਾਉਂਦੇ ਸਨ ਜੋ ਇਹ ਦਾ ਅੱਗੇ ਨੂੰ ਜਿਉਂਦਾ ਰਹਿਣਾ ਹੀ ਯੋਗ ਨਹੀਂ ।
25ਪਰ ਮੈਂ ਜਾਣ ਲਿਆ ਜੋ ਉਹ ਨੇ ਕਤਲ ਦੇ ਲਾਇਕ ਕੁੱਝ ਨਹੀਂ ਕੀਤਾ ਅਤੇ ਜਦੋਂ ਉਸ ਨੇ ਆਪ ਪਾਤਸ਼ਾਹ ਦੀ ਦੁਹਾਈ ਦਿੱਤੀ ਤਦ ਮੈਂ ਫੈਸਲਾ ਕੀਤਾ ਜੋ ਉਹ ਨੂੰ ਭੇਜ ਦਿਆਂ ।26ਪਰ ਮੈਨੂੰ ਉਹ ਦੇ ਵਿਖੇ ਕੋਈ ਠੀਕ ਗੱਲ ਨਹੀਂ ਦਿੱਸਦੀ ਜੋ ਆਪਣੇ ਮਾਲਕ ਨੂੰ ਲਿਖਾਂ ਇਸ ਲਈ ਮੈਂ ਉਹ ਨੂੰ ਤੁਹਾਡੇ ਅੱਗੇ ਖ਼ਾਸ ਕਰਕੇ, ਹੇ ਰਾਜਾ ਅਗ੍ਰਿੱਪਾ, ਤੇਰੇ ਅੱਗੇ ਹਾਜ਼ਰ ਕੀਤਾ ਹੈ ਜੋ ਜਾਂਚ-ਪੜਤਾਲ ਤੋਂ ਬਾਅਦ ਮੈਂ ਕੁੱਝ ਲਿਖ ਸਕਾਂ ।27ਕਿਉਂ ਜੋ ਮੈਨੂੰ ਇਹ ਗੱਲ ਸਿਆਣੀ ਨਹੀਂ ਲੱਗਦੀ ਕਿ ਇੱਕ ਕੈਦੀ ਭੇਜਾਂ ਅਤੇ ਨਾਲ ਹੀ ਨਾ ਦੱਸਾਂ ਜੋ ਕੀ ਦੋਸ਼ ਉਹ ਦੇ ਉੱਤੇ ਲਾਏ ਗਏ ਹਨ ।

26

1ਅਗ੍ਰਿੱਪਾ ਨੇ ਪੌਲੁਸ ਨੂੰ ਆਖਿਆ, ਤੈਨੂੰ ਆਪਣੇ ਹੱਕ ਵਿੱਚ ਬੋਲਣ ਦੀ ਆਗਿਆ ਹੈ । ਤਦ ਪੌਲੁਸ ਬਾਂਹ ਕੱਢ ਕੇ ਆਪਣੀ ਸਫ਼ਾਈ ਵਿੱਚ ਇਹ ਕਹਿਣ ਲੱਗਾ,

2ਹੇ ਰਾਜਾ ਅਗ੍ਰਿੱਪਾ, ਮੈਂ ਆਪਣੇ ਆਪ ਨੂੰ ਵੱਡਭਾਗਾ ਸਮਝਦਾ ਹਾਂ ਕਿ ਜਿਨ੍ਹਾਂ ਗੱਲਾਂ ਦਾ ਯਹੂਦੀ ਮੇਰੇ ਉੱਤੇ ਦੋਸ਼ ਲਾਉਂਦੇ ਹਨ ਉਨ੍ਹਾਂ ਸਭਨਾਂ ਦੀ ਅੱਜ ਤੁਹਾਡੇ ਅੱਗੇ ਮੈਂ ਸਫ਼ਾਈ ਦਿੰਦਾ ਹਾਂ ।3ਖ਼ਾਸ ਕਰਕੇ ਇਸ ਲਈ ਜੋ ਤੁਸੀਂ ਯਹੂਦੀਆਂ ਦੀਆਂ ਸਾਰੀਆਂ ਚਾਲਾਂ ਅਤੇ ਝਗੜਿਆਂ ਤੋਂ ਚੰਗੀ ਤਰ੍ਹਾਂ ਵਾਕਿਫ਼ ਹੋ । ਸੋ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ, ਧੀਰਜ ਨਾਲ ਮੇਰੀ ਗੱਲ ਸੁਣੋ ।
4ਸਾਰੇ ਯਹੂਦੀ ਜਵਾਨੀ ਤੋਂ ਮੇਰੀ ਚਾਲ ਨੂੰ ਜਾਣਦੇ ਹਨ, ਜਿਹੜੀ ਮੁੱਢੋਂ ਆਪਣੀ ਕੌਮ ਵਿੱਚ ਅਤੇ ਯਰੂਸ਼ਲਮ ਵਿੱਚ ਸੀ ।5ਸੋ ਜੇ ਉਹ ਗਵਾਹੀ ਦੇਣੀ ਚਾਹੁਣ ਤਾਂ ਮੁੱਢੋਂ ਮੈਨੂੰ ਜਾਣਦੇ ਹਨ ਕਿ ਸਾਡੇ ਧਰਮ ਦੇ ਸਭ ਤੋਂ ਕਠੋਰ ਪੰਥ ਦੇ ਅਨੁਸਾਰ ਮੈਂ ਫ਼ਰੀਸੀ ਚਾਲ ਚੱਲਿਆ ।
6ਅਤੇ ਹੁਣ ਮੈਂ ਉਸ ਵਾਇਦੇ ਦੀ ਆਸ ਦੇ ਕਾਰਨ ਜਿਹੜਾ ਪਰਮੇਸ਼ੁਰ ਨੇ ਸਾਡੇ ਪਿਉ-ਦਾਦਿਆਂ ਨਾਲ ਕੀਤਾ ਸੀ ਅਦਾਲਤ ਵਿੱਚ ਖੜ੍ਹਾ ਹਾਂ ।7ਉਸੇ ਵਾਇਦੇ ਨੂੰ ਪ੍ਰਾਪਤ ਕਰਨ ਦੀ ਆਸ ਉੱਤੇ ਸਾਡੇ ਬਾਰਾਂ ਗੋਤ ਦਿਨ ਰਾਤ ਵੱਡੇ ਯਤਨ ਨਾਲ ਪਰਮੇਸ਼ੁਰ ਦੀ ਬੰਦਗੀ ਕਰਦੇ ਹਨ । ਹੇ ਰਾਜਾ, ਇਸੇ ਆਸ ਦੇ ਬਦਲੇ ਯਹੂਦੀ ਮੇਰੇ ਉੱਤੇ ਦੋਸ਼ ਲਾਉਂਦੇ ਹਨ !8ਇਸ ਗੱਲ ਨੂੰ ਕਿਉਂ ਅਸੰਭਵ ਮੰਨਦੇ ਹੋ ਕਿ ਪਰਮੇਸ਼ੁਰ ਮੁਰਦਿਆਂ ਨੂੰ ਜਿਉਂਦਾ ਕਰੇ ?
9ਮੈਂ ਤਾਂ ਆਪਣੇ ਮਨ ਵਿੱਚ ਸਮਝਿਆ ਕਿ ਯਿਸੂ ਨਾਸਰੀ ਦੇ ਨਾਮ ਦੇ ਵਿਰੁੱਧ ਮੈਨੂੰ ਬਹੁਤ ਕੁੱਝ ਕਰਨਾ ਚਾਹੀਦਾ ਹੈ ।10ਸੋ ਇਹੋ ਮੈਂ ਯਰੂਸ਼ਲਮ ਵਿੱਚ ਕੀਤਾ, ਅਤੇ ਮੁੱਖ ਜਾਜਕਾਂ ਕੋਲੋਂ ਅਧਿਕਾਰ ਪਾ ਕੇ ਬਹੁਤ ਸੰਤਾਂ ਨੂੰ ਕੈਦਖ਼ਾਨਿਆਂ ਵਿੱਚ ਬੰਦ ਕੀਤਾ ਅਤੇ ਜਦੋਂ ਉਹ ਮਾਰੇ ਜਾਂਦੇ ਸਨ ਤਾਂ ਮੈਂ ਉਹਨਾਂ ਦੇ ਵਿਰੁੱਧ ਸਹਿਮਤ ਹੁੰਦਾ ਸੀ ।11ਮੈਂ ਹਰੇਕ ਪ੍ਰਾਰਥਨਾ ਘਰ ਵਿੱਚ ਉਨ੍ਹਾਂ ਨੂੰ ਬਹੁਤ ਵਾਰੀ ਸਜ਼ਾ ਦੇ ਕੇ ਯਿਸੂ ਦੇ ਵਿਰੁੱਧ ਗਲਤ ਬੋਲਣ ਦੇ ਲਈ ਉਨ੍ਹਾਂ ਨੂੰ ਤੰਗ ਕੀਤਾ, ਸਗੋਂ ਉਨ੍ਹਾਂ ਦੇ ਵਿਰੋਧ ਵਿੱਚ ਅੱਤ ਸ਼ੁਦਾਈ ਹੋ ਕੇ ਮੈਂ ਪਰਦੇਸ ਦੇ ਨਗਰਾਂ ਤੱਕ ਵੀ ਉਨ੍ਹਾਂ ਨੂੰ ਸਤਾਉਂਦਾ ਸੀ ।
ਪੌਲੁਸ ਆਪਣੇ ਮਨ ਪਰਿਵਰਤਨ ਦਾ ਵਰਣਨ ਕਰਦਾ ਹੈ
(ਰਸੂਲਾਂ ਦੇ ਕਰਤੱਬ 9:1-19, 22:6-16)

12ਜਦੋਂ ਮੈਂ ਮੁੱਖ ਜਾਜਕਾਂ ਤੋਂ ਅਧਿਕਾਰ ਅਤੇ ਆਗਿਆ ਪਾ ਕੇ ਇਸ ਗੱਲ ਲਈ ਦੰਮਿਸਕ ਨੂੰ ਜਾ ਰਿਹਾ ਸੀ ।13ਤਾਂ ਹੇ ਰਾਜਾ, ਦੁਪਹਿਰ ਦੇ ਵੇਲੇ ਮੈਂ ਰਾਹ ਵਿੱਚ ਅਕਾਸ਼ ਤੋਂ ਇੱਕ ਜੋਤ ਸੂਰਜ ਨਾਲੋਂ ਵੀ ਵੱਧ ਚਮਕਦਾਰ ਆਪਣੇ ਅਤੇ ਆਪਣਿਆਂ ਸਾਥੀਆਂ ਦੇ ਚੁਫ਼ੇਰੇ ਚਮਕਦੀ ਵੇਖੀ ।14ਅਤੇ ਜਦੋਂ ਅਸੀਂ ਸਭ ਧਰਤੀ ਤੇ ਡਿੱਗ ਪਏ ਤਾਂ ਮੈਂ ਇੱਕ ਅਵਾਜ਼ ਸੁਣੀ ਜੋ ਇਬਰਾਨੀ ਭਾਸ਼ਾ ਵਿੱਚ ਮੈਨੂੰ ਇਸ ਤਰ੍ਹਾਂ ਆਖਦੀ ਸੀ ਕਿ ਹੇ ਸੌਲੁਸ ਹੇ ਸੌਲੁਸ, ਤੂੰ ਮੈਨੂੰ ਕਿਉਂ ਸਤਾਉਂਦਾ ਹੈਂ ? ਮੇਖਾਂ ਲੱਗੀ ਸੋਟੀ ਉੱਤੇ ਲੱਤ ਮਾਰਨੀ ਤੇਰੇ ਲਈ ਔਖੀ ਹੈ !
15ਤਾਂ ਮੈਂ ਆਖਿਆ, ਪ੍ਰਭੂ ਜੀ, ਤੂੰ ਕੌਣ ਹੈਂ ? ਪ੍ਰਭੂ ਬੋਲਿਆ, ਮੈਂ ਯਿਸੂ ਹਾਂ ਜਿਸ ਨੂੰ ਤੂੰ ਸਤਾਉਂਦਾ ਹੈਂ ।16ਪਰ ਉੱਠ ਅਤੇ ਆਪਣੇ ਪੈਰਾਂ ਉੱਤੇ ਖੜ੍ਹਾ ਹੋ ਕਿਉਂ ਜੋ ਮੈਂ ਤੈਨੂੰ ਇਸ ਲਈ ਦਰਸ਼ਣ ਦਿੱਤਾ ਹੈ, ਕਿ ਉਨ੍ਹਾਂ ਗੱਲਾਂ ਦਾ ਜਿਨ੍ਹਾਂ ਵਿੱਚ ਤੂੰ ਮੈਨੂੰ ਵੇਖਿਆ ਅਤੇ ਜਿਨ੍ਹਾਂ ਵਿੱਚ ਮੈਂ ਤੈਨੂੰ ਵਿਖਾਈ ਦੇਵਾਂਗਾ, ਤੈਨੂੰ ਸੇਵਕ ਅਤੇ ਗਵਾਹ ਠਹਿਰਾਵਾਂ ।17ਮੈਂ ਤੈਨੂੰ ਇਸ ਕੌਮ ਅਤੇ ਪਰਾਈਆਂ ਕੌਮਾਂ ਤੋਂ ਬਚਾਵਾਂਗਾ, ਜਿਨ੍ਹਾਂ ਦੇ ਕੋਲ ਮੈਂ ਤੈਨੂੰ ਭੇਜਦਾ ਹਾਂ ।18ਤਾਂ ਜੋ ਤੂੰ ਉਨ੍ਹਾਂ ਦੀਆਂ ਅੱਖਾਂ ਨੂੰ ਖੋਲ੍ਹ ਦੇਵੇਂ ਕਿ ਉਹ ਹਨੇਰੇ ਤੋਂ ਚਾਨਣ ਦੀ ਵੱਲ ਅਤੇ ਸ਼ੈਤਾਨ ਤੋਂ ਪਰਮੇਸ਼ੁਰ ਦੀ ਵੱਲ ਮੁੜਨ ਤਾਂ ਕਿ ਉਹ ਪਾਪਾਂ ਦੀ ਮਾਫ਼ੀ ਪ੍ਰਾਪਤ ਕਰਨ ਅਤੇ ਉਨ੍ਹਾਂ ਨਾਲ ਅਧਿਕਾਰ ਪਾਉਣ ਜੋ ਮੇਰੇ ਉੱਤੇ ਵਿਸ਼ਵਾਸ ਕਰ ਕੇ ਪਵਿੱਤਰ ਹੋਏ ਹਨ ।
ਪੌਲੁਸ ਆਪਣੇ ਕੰਮਾਂ ਦਾ ਵਰਣਨ ਕਰਦਾ ਹੈ

19ਸੋ ਹੇ ਰਾਜਾ ਅਗ੍ਰਿੱਪਾ, ਮੈਂ ਉਸ ਸਵਰਗੀ ਦਰਸ਼ਣ ਤੋਂ ਬੇਮੁੱਖ ਨਾ ਹੋਇਆ ।20ਸਗੋਂ ਪਹਿਲਾਂ ਦੰਮਿਸਕ ਦੇ ਰਹਿਣ ਵਾਲਿਆਂ ਨੂੰ, ਫਿਰ ਯਰੂਸ਼ਲਮ, ਸਾਰੇ ਯਹੂਦਿਯਾ ਦੇਸ ਵਿੱਚ ਅਤੇ ਪਰਾਈਆਂ ਕੌਮਾਂ ਨੂੰ ਵੀ ਉਪਦੇਸ਼ ਕੀਤਾ ਕਿ ਤੋਬਾ ਕਰੋ ਅਤੇ ਪਰਮੇਸ਼ੁਰ ਦੀ ਵੱਲ ਮੁੜੋ ਅਤੇ ਤੋਬਾ ਦੇ ਯੋਗ ਕੰਮ ਕਰੋ ।21ਇਨ੍ਹਾਂ ਹੀ ਗੱਲਾਂ ਕਰਕੇ ਯਹੂਦੀਆਂ ਨੇ ਮੈਨੂੰ ਹੈਕਲ ਵਿੱਚ ਫੜ ਲਿਆ ਅਤੇ ਮੈਨੂੰ ਮਾਰ ਸੁੱਟਣ ਦੀ ਕੋਸ਼ਿਸ਼ ਕੀਤੀ ।
22ਸੋ ਪਰਮੇਸ਼ੁਰ ਦੀ ਸਹਾਇਤਾ ਨਾਲ ਮੈਂ ਅੱਜ ਤੱਕ ਖੜ੍ਹਾ ਹਾਂ ਅਤੇ ਹਰੇਕ ਛੋਟੇ ਵੱਡੇ ਦੇ ਅੱਗੇ ਗਵਾਹੀ ਦਿੰਦਾ ਹਾਂ, ਜਿਹੜੀਆਂ ਗੱਲਾਂ ਨਬੀਆਂ ਨੇ ਅਤੇ ਮੂਸਾ ਨੇ ਆਖੀਆਂ ਸਨ ਕਿ ਇਹ ਹੋਣਗੀਆਂ, ਉਨ੍ਹਾਂ ਤੋਂ ਬਿਨ੍ਹਾਂ ਮੈਂ ਹੋਰ ਕੁੱਝ ਨਹੀਂ ਕਹਿੰਦਾ23ਇਹ ਜ਼ਰੂਰੀ ਹੈ ਜੋ ਮਸੀਹ ਦੁੱਖ ਝੱਲੇ ਅਤੇ ਮੁਰਦਿਆਂ ਦੇ ਜੀ ਉੱਠਣ ਵਾਲਿਆਂ ਵਿੱਚੋਂ ਪਹਿਲਾ ਹੋ ਕੇ, ਇਸ ਕੌਮ ਅਤੇ ਪਰਾਈਆਂ ਕੌਮਾਂ ਨੂੰ ਵੀ ਚਾਨਣ ਦਾ ਪਰਚਾਰ ਕਰੇ ।

24ਜਦੋਂ ਉਹ ਆਪਣੀ ਇਹ ਸਫ਼ਾਈ ਦੇ ਰਿਹਾ ਸੀ ਤਾਂ ਫ਼ੇਸਤੁਸ ਨੇ ਉੱਚੀ ਅਵਾਜ਼ ਨਾਲ ਆਖਿਆ, ਹੇ ਪੌਲੁਸ, ਤੂੰ ਪਾਗਲ ਹੈਂ, ਬਹੁਤ ਜਿਆਦਾ ਵਿੱਦਿਆ ਨੇ ਤੈਨੂੰ ਪਾਗਲ ਕਰ ਦਿੱਤਾ ਹੈ ।25ਪੌਲੁਸ ਨੇ ਆਖਿਆ, ਹੇ ਫ਼ੇਸਤੁਸ ਬਹਾਦੁਰ, ਮੈਂ ਪਾਗਲ ਨਹੀਂ ਸਗੋਂ ਸਚਿਆਈ ਅਤੇ ਸਮਝ ਦੀਆਂ ਗੱਲਾਂ ਕਰਦਾ ਹਾਂ ।26ਕਿਉਂਕਿ ਰਾਜਾ, ਜਿਸ ਦੇ ਸਾਹਮਣੇ ਮੈਂ ਬਿਨ੍ਹਾਂ ਡਰ ਤੋਂ ਬੋਲਦਾ ਹਾਂ ਇਨ੍ਹਾਂ ਗੱਲਾਂ ਨੂੰ ਜਾਣਦਾ ਹੈ, ਕਿਉਂਕਿ ਮੈਨੂੰ ਵਿਸ਼ਵਾਸ ਹੈ ਕਿ ਇਨ੍ਹਾਂ ਵਿੱਚੋਂ ਕੋਈ ਗੱਲ ਉਸ ਤੋਂ ਲੁੱਕੀ ਹੋਈ ਨਹੀਂ ਕਿਉਂਕਿ ਇਹ ਘਟਨਾ ਕੋਨੇ ਵਿੱਚ ਨਹੀਂ ਵਾਪਰੀ ।
27ਹੇ ਰਾਜਾ ਅਗ੍ਰਿੱਪਾ, ਕੀ ਤੁਸੀਂ ਨਬੀਆਂ ਤੇ ਵਿਸ਼ਵਾਸ ਕਰਦੇ ਹੋ ? ਮੈਂ ਤਾਂ ਜਾਣਦਾ ਹਾਂ ਕਿ ਤੁਸੀਂ ਵਿਸ਼ਵਾਸ ਕਰਦੇ ਹੋ ?28ਅਗ੍ਰਿੱਪਾ ਨੇ ਪੌਲੁਸ ਨੂੰ ਆਖਿਆ, ਤੈਨੂੰ ਆਸ ਹੋਵੇਗੀ ਕਿ ਮੈਨੂੰ ਥੋੜ੍ਹੇ ਸਮੇਂ ਵਿੱਚ ਮੈਨੂੰ ਮਸੀਹੀ ਕਰ ਲਵੇਂ !29ਪੌਲੁਸ ਬੋਲਿਆ, ਪਰਮੇਸ਼ੁਰ ਕਰੇ ਕਿ ਭਾਵੇਂ ਥੋੜ੍ਹੇ ਭਾਵੇਂ ਬਹੁਤ ਸਮੇਂ ਵਿੱਚ, ਕੇਵਲ ਤੁਸੀਂ ਹੀ ਨਹੀਂ ਪਰ ਉਹ ਸਭ ਵੀ ਜਿਹੜੇ ਅੱਜ ਦੇ ਦਿਨ ਮੇਰੀ ਸੁਣਦੇ ਹਨ, ਇਨ੍ਹਾਂ ਬੰਧਨਾਂ ਤੋਂ ਬਿਨ੍ਹਾਂ ਇਹੋ ਜਿਹੇ ਹੋ ਜਾਣ ਜਿਹੋ ਜਿਹਾ ਮੈਂ ਹਾਂ !

30ਤਦ ਰਾਜਾ, ਹਾਕਮ, ਬਰਨੀਕੇ ਅਤੇ ਉਹ ਜਿਹੜੇ ਉਨ੍ਹਾਂ ਦੇ ਨਾਲ ਬੈਠੇ ਸਨ ਉੱਠ ਖੜੇ ਹੋਏ31ਅਤੇ ਅਲੱਗ ਜਾ ਕੇ ਆਪਸ ਵਿੱਚ ਗੱਲਾਂ ਕਰ ਕੇ ਕਹਿਣ ਲੱਗੇ ਜੋ ਇਹ ਮਨੁੱਖ ਤਾਂ ਮਾਰੇ ਜਾਣ ਜਾਂ ਕੈਦ ਹੋਣ ਦੇ ਲਾਇਕ ਕੁੱਝ ਨਹੀਂ ਕਰਦਾ ।32ਉਪਰੰਤ ਅਗ੍ਰਿੱਪਾ ਨੇ ਫ਼ੇਸਤੁਸ ਨੂੰ ਆਖਿਆ, ਕਿ ਜੇ ਇਹ ਮਨੁੱਖ ਕੈਸਰ ਦੀ ਦੁਹਾਈ ਨਾ ਦਿੰਦਾ ਤਾਂ ਛੁੱਟ ਸਕਦਾ ਸੀ ।

27
ਪੌਲੁਸ ਦੀ ਰੋਮ ਯਾਤਰਾ

1ਜਦੋਂ ਇਹ ਗੱਲ ਨਿਸ਼ਚਿਤ ਹੋਈ ਕਿ ਅਸੀਂ ਜਹਾਜ਼ ਉੱਤੇ ਚੜ੍ਹ ਕੇ ਇਤਾਲਿਯਾ ਨੂੰ ਜਾਈਏ, ਤਾਂ ਉਨ੍ਹਾਂ ਨੇ ਪੌਲੁਸ ਅਤੇ ਕਈ ਹੋਰ ਕੈਦੀਆਂ ਨੂੰ ਯੂਲਿਉਸ ਨਾਮ ਦੇ ਪਾਤਸ਼ਾਹੀ ਪਲਟਣ ਦੇ ਇੱਕ ਸੂਬੇਦਾਰ ਨੂੰ ਸੌਂਪ ਦਿੱਤਾ !2ਅਤੇ ਅਸੀਂ ਅਦ੍ਰਮੁਤਿਯੁਮ ਦੇ ਇੱਕ ਜਹਾਜ਼ ਤੇ ਜਿਹੜਾ ਏਸ਼ੀਆ ਦੇ ਕਿਨਾਰੇ ਦੇ ਸ਼ਹਿਰਾਂ ਨੂੰ ਜਾਣ ਵਾਲਾ ਸੀ, ਸਵਾਰ ਹੋ ਕੇ ਤੁਰ ਪਏ ਅਤੇ ਅਰਿਸਤਰਖੁਸ ਥੱਸਲੁਨੀਕੇ ਦਾ ਇੱਕ ਮਕਦੂਨੀ ਸਾਡੇ ਨਾਲ ਸੀ ।

3ਅਗਲੇ ਦਿਨ ਅਸੀਂ ਸੈਦਾ ਵਿੱਚ ਜਾ ਉਤਰੇ ਅਤੇ ਯੂਲਿਉਸ ਨੇ ਪੌਲੁਸ ਨਾਲ ਚੰਗਾ ਸਲੂਕ ਕਰਕੇ ਪਰਵਾਨਗੀ ਦਿੱਤੀ ਜੋ ਆਪਣੇ ਮਿੱਤਰਾਂ ਕੋਲ ਜਾ ਕੇ ਆਰਾਮ ਕਰੇ ।4ਉੱਥੋਂ ਜਹਾਜ਼ ਖੋਲ੍ਹ ਕੇ ਅਸੀਂ ਕੁਪਰੁਸ ਦੇ ਉਹਲੇ ਜਾ ਨਿੱਕਲੇ ਕਿਉਂ ਜੋ ਪੌਣ ਸਾਹਮਣੀ ਸੀ ।5ਅਤੇ ਜਦੋਂ ਅਸੀਂ ਕਿਲਕਿਯਾ ਅਤੇ ਪੰਮਫ਼ੁਲਿਯਾ ਦੇ ਲਾਗੇ ਦੇ ਸਮੁੰਦਰੋਂ ਪਾਰ ਲੰਘੇ ਤਾਂ ਲੁਕਿਯਾ ਦੇ ਨਗਰ ਮੂਰਾ ਵਿੱਚ ਆ ਉਤਰੇ ।6ਉੱਥੇ ਸੂਬੇਦਾਰ ਨੇ ਸਿਕੰਦਰਿਯਾ ਦਾ ਇੱਕ ਜਹਾਜ਼ ਇਤਾਲਿਯਾ ਨੂੰ ਜਾਣ ਵਾਲਾ ਵੇਖ ਕੇ, ਸਾਨੂੰ ਉਹ ਦੇ ਉੱਤੇ ਜਾ ਚੜਾਇਆ ।
7ਅਤੇ ਜਦੋਂ ਅਸੀਂ ਬਹੁਤ ਦਿਨਾਂ ਤੱਕ ਹੌਲੀ-ਹੌਲੀ ਚੱਲਦੇ ਰਹੇ ਅਤੇ ਮੁਸ਼ਕਿਲ ਨਾਲ ਕਨੀਦੁਸ ਦੇ ਸਾਹਮਣੇ ਪਹੁੰਚੇ ਕਿਉਂਕਿ ਪੌਣ ਸਾਨੂੰ ਅੱਗੇ ਵਧਣ ਨਹੀਂ ਦਿੰਦੀ ਸੀ ਤਾਂ ਅਸੀਂ ਕਰੇਤ ਦੇ ਉਹਲੇ ਸਲਮੋਨੇ ਦੇ ਸਾਹਮਣੇ ਚੱਲਣਾ ਸ਼ੁਰੂ ਕੀਤਾ !8ਅਤੇ ਮੁਸ਼ਕਿਲ ਨਾਲ ਉਹ ਦੇ ਨੇੜੇ ਹੋ ਕੇ ਸੁੰਦਰ ਘਾਟ ਨਾਮ ਦੀ ਇੱਕ ਥਾਂ ਪਹੁੰਚੇ । ਉੱਥੋਂ ਲਸਾਯਾ ਨਗਰ ਨੇੜੇ ਹੀ ਸੀ ।

9ਜਦੋਂ ਬਹੁਤ ਸਮਾਂ ਬੀਤ ਗਿਆ ਅਤੇ ਸਮੁੰਦਰ ਦਾ ਸਫ਼ਰ ਡਰਾਉਣਾ ਹੋ ਗਿਆ ਸੀ, ਇਸ ਲਈ ਜੋ ਵਰਤ ਦੇ ਦਿਨ ਲੰਘ ਚੁੱਕੇ ਸਨ ਤਾਂ ਪੌਲੁਸ ਨੇ ਉਨ੍ਹਾਂ ਨੂੰ ਇਹ ਕਹਿ ਕੇ ਸਮਝਾਇਆ !10ਕਿ ਹੇ ਪੁਰਖੋ, ਮੈਨੂੰ ਦਿਸਦਾ ਹੈ ਜੋ ਇਸ ਸਫ਼ਰ ਵਿੱਚ ਬੁਰਾ ਹਾਲ ਅਤੇ ਬਹੁਤ ਨੁਕਸਾਨ ਹੋਣ ਵਾਲਾ ਹੈ, ਕੇਵਲ ਮਾਲ ਅਤੇ ਜਹਾਜ਼ ਦਾ ਹੀ ਨਹੀਂ ਸਗੋਂ ਸਾਡੇ ਪ੍ਰਾਣਾਂ ਦਾ ਵੀ !11ਪਰ ਸੂਬੇਦਾਰ ਨੇ ਪੌਲੁਸ ਦੀਆਂ ਗੱਲਾਂ ਨਾਲੋਂ ਮਲਾਹਾਂ ਦੀਆਂ ਅਤੇ ਜਹਾਜ਼ ਦੇ ਮਾਲਕ ਦੀਆਂ ਗੱਲਾਂ ਨੂੰ ਵੱਧ ਮੰਨਿਆ !
12ਅਤੇ ਇਸ ਲਈ ਕਿ ਉਹ ਸਥਾਨ ਸਿਆਲ ਕੱਟਣ ਲਈ ਚੰਗਾ ਨਹੀਂ ਸੀ, ਬਹੁਤਿਆਂ ਨੇ ਇਹ ਸਲਾਹ ਦਿੱਤੀ ਜੋ ਇਥੋਂ ਚੱਲੇ ਚੱਲੀਏ ਕਿ ਜੇ ਕਿਵੇਂ ਹੋ ਸਕੇ ਤਾਂ ਫੈਨੀਕੁਸ ਤੱਕ ਪਹੁੰਚ ਕੇ ਸਿਆਲ ਕੱਟੀਏ, ਜੋ ਕਰੇਤ ਦਾ ਇੱਕ ਘਾਟ ਹੈ ਜਿਹੜਾ ਉੱਤਰ ਪੂਰਬ ਅਤੇ ਦੱਖਣ ਪੂਰਬ ਦੇ ਕੋਨੇ ਦੀ ਵੱਲ ਹੈ !
ਸਮੁੰਦਰ ਵਿੱਚ ਤੂਫਾਨ

13ਅਤੇ ਜਦੋਂ ਦੱਖਣ ਦੀ ਪੌਣ ਹੌਲੀ-ਹੌਲੀ ਵਗਣ ਲੱਗੀ, ਉਨ੍ਹਾਂ ਇਹ ਸਮਝ ਕੇ ਕਿ ਸਾਡਾ ਕੰਮ ਪੂਰਾ ਹੋ ਗਿਆ ਹੈ ਲੰਗਰ ਚੁੱਕ ਲਿਆ ਅਤੇ ਕਰੇਤ ਦੇ ਨਾਲ-ਨਾਲ ਹੋ ਤੁਰੇ !
14ਪਰ ਥੋੜ੍ਹੇ ਸਮੇਂ ਤੋਂ ਬਾਅਦ ਉਸ ਪਾਸਿਓਂ ਇੱਕ ਵੱਡਾ ਤੂਫਾਨ ਆਇਆ, ਜਿਹ ਨੂੰ ਯੂਰਕੂਲੇਨ ਕਹਿੰਦੇ ਹਨ !15ਜਦੋਂ ਜਹਾਜ਼ ਉਸ ਵਿੱਚ ਫਸ ਗਿਆ ਅਤੇ ਉਹ ਦੇ ਸਾਹਮਣੇ ਠਹਿਰ ਨਾ ਸਕਿਆ ਤਾਂ ਸਾਡੀ ਕੋਈ ਕੋਸ਼ਿਸ਼ ਕਾਮਯਾਬ ਨਾ ਹੋਈ ਅਤੇ ਅਸੀਂ ਰੁੜ੍ਹਦੇ ਚਲੇ ਗਏ !16ਅਤੇ ਕਲੌਦਾ ਨਾਮ ਦੇ ਇੱਕ ਛੋਟੇ ਟਾਪੂ ਹੇਠ ਜਾ ਕੇ ਅਸੀਂ ਮੁਸ਼ਕਿਲ ਨਾਲ ਜਹਾਜ਼ ਦੀ ਢੋਂਗੀ ਨੂੰ ਕਾਬੂ ਵਿੱਚ ਕੀਤਾ !
17ਸੋ ਜਦੋਂ ਉਨ੍ਹਾਂ ਉਸ ਨੂੰ ਚੁੱਕ ਲਿਆ ਤਾਂ ਸਹਾਰਾ ਦੇ ਕੇ ਜਹਾਜ਼ ਨੂੰ ਥੱਲਿਓਂ ਬੰਨਿਆ ਅਤੇ ਇਸ ਡਰ ਦੇ ਕਾਰਨ ਕਿ ਕਿਤੇ ਬਰੇਤੀ ਵਿੱਚ ਨਾ ਜਾ ਫਸੀਏ, ਪਾਲ ਲਾਹ ਦਿੱਤੇ ਅਤੇ ਐਂਵੇਂ ਰੁੜ੍ਹਦੇ ਚਲੇ ਗਏ !18ਜਦੋਂ ਹਨੇਰੀ ਦੇ ਕਾਰਨ ਅਸੀਂ ਬਹੁਤ ਹਿਚਕੋਲੇ ਖਾਧੇ ਤਾਂ ਦੂਜੇ ਦਿਨ ਉਨ੍ਹਾਂ ਨੇ ਜਹਾਜ਼ ਦਾ ਭਾਰ ਕੱਢ ਕੇ ਸੁੱਟ ਦਿੱਤਾ !
19ਅਤੇ ਤੀਜੇ ਦਿਨ ਉਨ੍ਹਾਂ ਆਪਣੇ ਹੱਥੀਂ ਜਹਾਜ਼ ਦਾ ਸਮਾਨ ਵੀ ਉਤਾਰ ਸੁੱਟਿਆ !20ਜਦੋਂ ਬਹੁਤ ਦਿਨਾਂ ਤੱਕ ਨਾ ਸੂਰਜ ਨਾ ਤਾਰੇ ਵਿਖਾਈ ਦਿੱਤੇ ਅਤੇ ਵੱਡੀ ਹਨੇਰੀ ਚਲਦੀ ਰਹੀ ਤਾਂ ਆਖ਼ਿਰ ਸਾਡੇ ਬਚਣ ਦੀ ਸਾਰੀ ਆਸ ਖ਼ਤਮ ਹੋ ਗਈ !
21ਅਤੇ ਬਹੁਤ ਦਿਨ ਭੁੱਖੇ ਰਹਿਣ ਤੋਂ ਬਾਅਦ ਪੌਲੁਸ ਉਨ੍ਹਾਂ ਦੇ ਵਿੱਚ ਖੜ੍ਹਾ ਹੋ ਕੇ ਬੋਲਿਆ, ਹੇ ਪੁਰਖੋ, ਤੁਹਾਨੂੰ ਚਾਹੀਦਾ ਸੀ ਜੋ ਮੇਰੀ ਗੱਲ ਮੰਨ ਕੇ ਕਰੇਤ ਤੋਂ ਜਹਾਜ਼ ਨਾ ਖੋਲ੍ਹਦੇ, ਤਾਂ ਇਹ ਬੁਰਾ ਹਾਲ ਅਤੇ ਨੁਕਸਾਨ ਨਾ ਹੁੰਦਾ !22ਹੁਣ ਮੈਂ ਤੁਹਾਨੂੰ ਸਮਝਾਉਂਦਾ ਹਾਂ ਕਿ ਤੁਸੀਂ ਹੌਂਸਲਾ ਰੱਖੋ ਕਿਉਂਕਿ ਤੁਹਾਡੇ ਵਿੱਚੋਂ ਕਿਸੇ ਦੀ ਜਾਨ ਦਾ ਨੁਕਸਾਨ ਨਾ ਹੋਵੇਗਾ ਪਰ ਕੇਵਲ ਜਹਾਜ਼ ਦਾ ਨੁਕਸਾਨ ਹੋਵੇਗਾ !
23ਇਸ ਲਈ ਕਿ ਉਹ ਪਰਮੇਸ਼ੁਰ ਜਿਸ ਦਾ ਮੈਂ ਹਾਂ ਅਤੇ ਜਿਸ ਦੀ ਮੈਂ ਸੇਵਾ ਕਰਦਾ ਹਾਂ, ਉਹ ਦਾ ਦੂਤ ਅੱਜ ਰਾਤ ਮੇਰੇ ਕੋਲ ਆ ਕੇ ਖੜ੍ਹਾ ਹੋਇਆ !24ਅਤੇ ਬੋਲਿਆ ਕਿ ਹੇ ਪੌਲੁਸ, ਨਾ ਡਰ ! ਜ਼ਰੂਰ ਹੈ ਜੋ ਤੂੰ ਕੈਸਰ ਦੇ ਅੱਗੇ ਹਾਜ਼ਰ ਹੋਵੇਂ ਅਤੇ ਵੇਖ ਪਰਮੇਸ਼ੁਰ ਨੇ ਸਭਨਾਂ ਨੂੰ ਜੋ ਤੇਰੇ ਨਾਲ ਜਹਾਜ਼ ਵਿੱਚ ਹਨ, ਤੈਨੂੰ ਬਖਸ਼ ਦਿੱਤਾ ਹੈ !25ਉਪਰੰਤ ਹੇ ਪੁਰਖੋ, ਹੌਂਸਲਾ ਰੱਖੋ ਕਿਉਂ ਜੋ ਮੈਂ ਪਰਮੇਸ਼ੁਰ ਦਾ ਵਿਸ਼ਵਾਸ ਕਰਦਾ ਹਾਂ ਕਿ ਜਿਵੇਂ ਮੈਨੂੰ ਕਿਹਾ ਗਿਆ ਹੈ ਉਸੇ ਤਰ੍ਹਾਂ ਹੀ ਹੋਵੇਗਾ !26ਪਰ ਕਿਸੇ ਟਾਪੂ ਵਿੱਚ ਅਸੀਂ ਜ਼ਰੂਰ ਪਹੁੰਚ ਜਾਂਵਾਂਗੇ l
ਜਹਾਜ਼ ਦਾ ਟੁੱਟਣਾ

27ਸੋ ਜਦੋਂ ਚੌਧਵੀਂ ਰਾਤ ਆਈ ਅਤੇ ਅਸੀਂ ਅਦਰਿਯਾ ਦੇ ਸਮੁੰਦਰ ਵਿੱਚ ਇੱਧਰ-ਉੱਧਰ ਰੁੜ੍ਹਦੇ ਸੀ ਤਾਂ ਅੱਧੀ ਕੁ ਰਾਤੀਂ ਮਲਾਹਾਂ ਨੇ ਮਹਿਸੂਸ ਕੀਤਾ ਕਿ ਅਸੀਂ ਕਿਸੇ ਦੇਸ ਦੇ ਨੇੜੇ ਪਹੁੰਚ ਗਏ ਹਾਂ !28ਤਾਂ ਪਾਣੀ ਦੀ ਗਹਿਰਾਈ ਨੂੰ ਨਾਪਿਆ ਜੋ ਅੱਸੀ ਹੱਥ ਨਿੱਕਲਿਆ ਅਤੇ ਕੁੱਝ ਅੱਗੇ ਵੱਧ ਕੇ ਫੇਰ ਗਹਿਰਾਈ ਨੂੰ ਨਾਪਿਆ ਤਾਂ ਸੱਠ ਹੱਥ ਨਿੱਕਲਿਆ !29ਅਤੇ ਇਸ ਡਰ ਦੇ ਕਾਰਨ ਕਿ ਅਸੀਂ ਕਿਤੇ ਪੱਥਰਾਂ ਵਾਲੇ ਥਾਂ ਨਾ ਜਾ ਪਈਏ ਉਨ੍ਹਾਂ ਨੇ ਜਹਾਜ਼ ਦੇ ਪਿੱਛਲੇ ਪਾਸਿਓਂ ਚਾਰ ਲੰਗਰ ਸੁੱਟੇ ਅਤੇ ਜਲਦੀ ਸਵੇਰ ਹੋਣ ਲਈ ਬੇਨਤੀ ਕਰਦੇ ਰਹੇ ।
30ਜਦੋਂ ਮਲਾਹਾਂ ਨੇ ਜਹਾਜ਼ ਉੱਤੋਂ ਭੱਜਣਾ ਚਾਹਿਆ ਅਤੇ ਅਗਲੇ ਪਾਸਿਓਂ ਲੰਗਰ ਪਾਉਣ ਦੇ ਬਹਾਨੇ ਨਾਲ ਢੋਂਗੀ ਨੂੰ ਸਮੁੰਦਰ ਵਿੱਚ ਉਤਾਰਿਆ !31ਤਦ ਪੌਲੁਸ ਨੇ ਸੂਬੇਦਾਰ ਅਤੇ ਸਿਪਾਹੀਆਂ ਨੂੰ ਕਿਹਾ, ਜੇ ਇਹ ਜਹਾਜ਼ ਉੱਤੇ ਨਾ ਰਹਿਣ ਤਾਂ ਤੁਸੀਂ ਬਚ ਨਹੀਂ ਸਕਦੇ !32ਤਦ ਸਿਪਾਹੀਆਂ ਨੇ ਢੋਂਗੀ ਦੇ ਰੱਸੇ ਵੱਢ ਕੇ ਉਹ ਨੂੰ ਡੇਗ ਦਿੱਤਾ !
33ਅਤੇ ਜਦੋਂ ਦਿਨ ਚੜ੍ਹਨ ਲੱਗਾ ਤਾਂ ਪੌਲੁਸ ਨੇ ਸਭਨਾਂ ਦੀ ਮਿੰਨਤ ਕੀਤੀ ਜੋ ਕੁੱਝ ਭੋਜਨ ਖਾਓ ਅਤੇ ਆਖਿਆ ਕਿ ਅੱਜ ਤੁਹਾਨੂੰ ਮੌਸਮ ਸੁਧਰਨ ਦੀ ਉਡੀਕ ਕਰਦਿਆਂ ਚੌਦਾਂ ਦਿਨ ਹੋ ਗਏ ਹਨ ਕੁੱਝ ਨਹੀਂ ਖਾਧਾ !34ਸੋ ਮੈਂ ਤੁਹਾਡੀ ਮਿੰਨਤ ਕਰਦਾ ਹਾਂ ਕਿ ਕੁੱਝ ਭੋਜਨ ਖਾਓ ਕਿਉਂ ਜੋ ਇਹ ਦੇ ਵਿੱਚ ਤੁਹਾਡਾ ਬਚਾਉ ਹੈ, ਇਸ ਲਈ ਜੋ ਤੁਹਾਡੇ ਵਿੱਚੋਂ ਕਿਸੇ ਦੇ ਸਿਰ ਦਾ ਇੱਕ ਵਾਲ਼ ਵੀ ਵਿੰਗਾ ਨਾ ਹੋਵੇਗਾ !35ਇਹ ਕਹਿ ਕੇ ਉਹ ਨੇ ਰੋਟੀ ਲਈ ਅਤੇ ਸਭਨਾਂ ਦੇ ਸਾਹਮਣੇ ਪਰਮੇਸ਼ੁਰ ਦਾ ਧੰਨਵਾਦ ਕਰਕੇ, ਖਾਣ ਲੱਗਾ !
36ਤਾਂ ਉਨ੍ਹਾਂ ਸਭਨਾਂ ਨੂੰ ਹੌਂਸਲਾ ਹੋਇਆ ਅਤੇ ਉਨ੍ਹਾਂ ਨੇ ਵੀ ਭੋਜਨ ਖਾਧਾ !37ਅਸੀਂ ਸਭ ਦੋ ਸੌ ਛਿਹੱਤਰ ਪ੍ਰਾਣੀ ਉਸ ਜਹਾਜ਼ ਉੱਤੇ ਸੀ ।38ਅਤੇ ਜਦੋਂ ਉਹ ਭੋਜਨ ਖਾ ਕੇ ਰੱਜ ਗਏ ਤਾਂ ਉਨ੍ਹਾਂ ਕਣਕ ਨੂੰ ਸਮੁੰਦਰ ਵਿੱਚ ਸੁੱਟ ਕੇ ਜਹਾਜ਼ ਨੂੰ ਹਲਕਾ ਕਰ ਲਿਆ !
39ਜਦੋਂ ਦਿਨ ਚੜ੍ਹਿਆ ਤਦ ਉਨ੍ਹਾਂ ਉਸ ਦੇਸ ਨੂੰ ਨਾ ਪਛਾਣਿਆ ਪਰ ਇੱਕ ਖਾੜੀ ਦੇਖੀ ਜਿਹ ਦਾ ਕਿਨਾਰਾ ਪੱਧਰਾ ਸੀ ਅਤੇ ਉਹ ਸਲਾਹ ਕਰਨ ਲੱਗੇ ਕਿ ਅਸੀਂ ਜਹਾਜ਼ ਨੂੰ ਧੱਕ ਕੇ ਉਸ ਉੱਤੇ ਚੜ੍ਹਾ ਸਕਦੇ ਹਾਂ ਕਿ ਨਹੀਂ !40ਅਤੇ ਉਨ੍ਹਾਂ ਲੰਗਰ ਖੋਲ੍ਹ ਕੇ ਸਮੁੰਦਰ ਵਿੱਚ ਛੱਡ ਦਿੱਤੇ, ਪਤਵਾਰਾਂ ਦੇ ਰੱਸੇ ਖੋਲੇ ਅਤੇ ਪੌਣ ਦੀ ਦਿਸ਼ਾ ਅਨੁਸਾਰ ਅਗਲੇ ਪਾਸੇ ਦਾ ਪਾਲ ਚੜ੍ਹਾ ਕੇ ਕੰਢੇ ਦੀ ਵੱਲ ਚੱਲ ਪਏ !41ਅਤੇ ਇੱਕ ਥਾਂ ਪਹੁੰਚ ਕੇ ਜਿੱਥੇ ਦੋ ਸਮੁੰਦਰ ਮਿਲਦੇ ਸਨ, ਉਨ੍ਹਾਂ ਨੇ ਜਹਾਜ਼ ਨੂੰ ਘੱਟ ਪਾਣੀ ਵਿੱਚ ਚਲਾ ਦਿੱਤਾ ਤਾਂ ਅਗਲਾ ਪਾਸਾ ਖੁੱਭ ਕੇ ਫਸਿਆ ਹੀ ਰਿਹਾ ਪਰ ਪਿਛਲਾ ਪਾਸਾ ਲਹਿਰਾਂ ਦੇ ਜ਼ੋਰ ਨਾਲ ਟੁੱਟ ਗਿਆ !
42ਤਦ ਸਿਪਾਹੀਆਂ ਦੀ ਇਹ ਸਲਾਹ ਹੋਈ ਜੋ ਕੈਦੀਆਂ ਨੂੰ ਮਾਰ ਸੁੱਟੀਏ ਕਿ ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਕੋਈ ਤੈਰ ਕੇ ਭੱਜ ਜਾਵੇ !43ਪਰ ਸੂਬੇਦਾਰ ਨੇ ਜੋ ਇਹ ਚਾਹੁੰਦਾ ਸੀ ਕਿ ਪੌਲੁਸ ਨੂੰ ਬਚਾਵੇ ਉਨ੍ਹਾਂ ਨੂੰ ਇਸ ਇਰਾਦੇ ਤੋਂ ਹਟਾ ਦਿੱਤਾ ਅਤੇ ਹੁਕਮ ਕੀਤਾ ਕਿ ਜਿਨ੍ਹਾਂ ਨੂੰ ਤੈਰਨਾ ਆਉਂਦਾ ਹੋਵੇ ਸੋ ਛਾਲ ਮਾਰ ਕੇ ਪਹਿਲਾਂ ਧਰਤੀ ਤੇ ਜਾ ਨਿੱਕਲਣ !44ਅਤੇ ਬਾਕੀ ਦੇ ਕਈ ਫੱਟਿਆਂ ਉੱਤੇ ਅਤੇ ਕਈ ਜਹਾਜ਼ ਦੀਆਂ ਹੋਰ ਚੀਜ਼ਾਂ ਉੱਤੇ, ਇਸੇ ਤਰ੍ਹਾਂ ਹੋਇਆ ਜੋ ਸੱਭੇ ਧਰਤੀ ਉੱਤੇ ਬਚ ਨਿੱਕਲੇ !

28
ਮਾਲਟਾ ਦੀਪ ਵਿੱਚ ਪੌਲੁਸ

1ਜਦੋਂ ਅਸੀਂ ਬਚ ਨਿੱਕਲੇ ਤਾਂ ਅਸੀਂ ਪਤਾ ਕੀਤਾ ਜੋ ਇਸ ਟਾਪੂ ਦਾ ਨਾਮ ਮਾਲਟਾ ਹੈ ।2ਉੱਥੋਂ ਦੇ ਵਾਸੀਆਂ ਨੇ ਸਾਡੇ ਉੱਤੇ ਵਿਸ਼ੇਸ਼ ਦਯਾ ਕੀਤੀ ਕਿ ਉਨ੍ਹਾਂ ਉਸ ਵੇਲੇ ਅੱਗ ਬਾਲ ਕੇ ਸਾਨੂੰ ਸਾਰਿਆਂ ਨੂੰ ਕੋਲ ਬੁਲਾ ਲਿਆ ਕਿਉਂਕਿ ਮੀਂਹ ਦੀ ਝੜੀ ਦੇ ਕਾਰਨ ਠੰਡ ਸੀ !

3ਅਤੇ ਜਦੋਂ ਪੌਲੁਸ ਨੇ ਬਹੁਤ ਸਾਰੀਆਂ ਲੱਕੜੀਆਂ ਇਕੱਠੀਆਂ ਕਰਕੇ ਅੱਗ ਉੱਤੇ ਪਾਈਆਂ, ਤਾਂ ਇੱਕ ਸੱਪ ਗਰਮੀ ਨਾਲ ਨਿੱਕਲ ਆਇਆ ਅਤੇ ਉਹ ਦੇ ਹੱਥ ਨੂੰ ਚਿੰਬੜ ਗਿਆ !4ਤਾਂ ਉੱਥੋਂ ਦੇ ਵਾਸੀ, ਉਸ ਕੀੜੇ ਨੂੰ ਉਹ ਦੇ ਹੱਥ ਨਾਲ ਲਮਕਿਆ ਹੋਇਆ ਵੇਖ ਕੇ ਆਪਸ ਵਿੱਚ ਕਹਿਣ ਲੱਗੇ, ਕਿ ਇਹ ਮਨੁੱਖ ਖੂਨੀ ਹੈ ਕਿ ਭਾਵੇਂ ਇਹ ਸਮੁੰਦਰ ਵਿੱਚੋਂ ਬਚ ਗਿਆ ਪਰ ਨਿਆਂ ਇਹ ਨੂੰ ਜਿਉਂਦਾ ਨਹੀਂ ਛੱਡਦਾ !
5ਤਦ ਉਹ ਨੇ ਉਸ ਕੀੜੇ ਨੂੰ ਅੱਗ ਵਿੱਚ ਝਟਕ ਦਿੱਤਾ ਅਤੇ ਕੁੱਝ ਨੁਕਸਾਨ ਨਾ ਹੋਇਆ !6ਪਰ ਉਹ ਉਡੀਕਦੇ ਰਹੇ ਕਿ ਉਹ ਹੁਣੇ ਸੁੱਜ ਜਾਵੇਗਾ ਜਾਂ ਅਚਾਨਕ ਮਰ ਕੇ ਡਿੱਗ ਪਵੇਗਾ ਪਰ ਜਦੋਂ ਉਨ੍ਹਾਂ ਬਹੁਤ ਸਮਾਂ ਉਡੀਕ ਕਰਕੇ ਵੇਖਿਆ ਜੋ ਉਹ ਦਾ ਕੁੱਝ ਨਹੀਂ ਵਿਗੜਿਆ, ਤਾਂ ਉਨ੍ਹਾਂ ਦੇ ਮਨ ਵਿੱਚ ਹੋਰ ਵਿਚਾਰ ਆਇਆ ਅਤੇ ਕਹਿਣ ਲੱਗੇ ਇਹ ਤਾਂ ਕੋਈ ਦੇਵਤਾ ਹੈ !

7ਉਸ ਥਾਂ ਦੇ ਨੇੜੇ, ਉਸ ਟਾਪੂ ਦੇ ਅਧਿਕਾਰੀ ਪੁਬਲਿਯੁਸ ਦੀ ਜ਼ਮੀਨ ਸੀ । ਸੋ ਉਹ ਨੇ ਸਾਨੂੰ ਘਰ ਲੈ ਜਾ ਕੇ ਬਹੁਤ ਪਿਆਰ ਨਾਲ ਤਿੰਨਾਂ ਦਿਨਾਂ ਤੱਕ ਸਾਡੀ ਸੇਵਾ ਕੀਤੀ !8ਤਾਂ ਇਸ ਤਰ੍ਹਾਂ ਹੋਇਆ ਜੋ ਪੁਬਲਿਯੁਸ ਦਾ ਪਿਤਾ ਬੁਖ਼ਾਰ ਅਤੇ ਮਰੋੜਾਂ ਨਾਲ ਬਿਮਾਰ ਪਿਆ ਸੀ, ਸੋ ਪੌਲੁਸ ਨੇ ਉਸ ਕੋਲ ਅੰਦਰ ਜਾ ਕੇ ਪ੍ਰਾਰਥਨਾ ਕੀਤੀ ਅਤੇ ਉਸ ਉੱਤੇ ਹੱਥ ਰੱਖ ਕੇ ਉਸ ਨੂੰ ਚੰਗਾ ਕਰ ਦਿੱਤਾ !9ਇਸ ਘਟਨਾ ਤੋਂ ਬਾਅਦ ਬਾਕੀ ਦੇ ਲੋਕ ਵੀ ਜਿਹੜੇ ਉਸ ਟਾਪੂ ਵਿੱਚ ਰੋਗੀ ਸਨ ਆਏ ਅਤੇ ਚੰਗੇ ਕੀਤੇ ਗਏ !10ਤਾਂ ਉਨ੍ਹਾਂ ਨੇ ਸਾਡਾ ਬਹੁਤ ਆਦਰ ਕੀਤਾ ਅਤੇ ਜਦੋਂ ਅਸੀਂ ਤੁਰਨ ਲੱਗੇ ਤਾਂ ਜਿਹੜੀਆਂ ਚੀਜ਼ਾਂ ਦੀ ਸਾਨੂੰ ਲੋੜ ਸੀ ਜਹਾਜ਼ ਉੱਤੇ ਲੱਦ ਦਿੱਤੀਆਂ l
ਮਾਲਟਾ ਦੀਪ ਤੋਂ ਰੋਮ ਦੀ ਵੱਲ

11ਤਿੰਨਾਂ ਮਹੀਨਿਆਂ ਤੋਂ ਬਾਅਦ ਅਸੀਂ ਸਿਕੰਦਰਿਯਾ ਦੇ ਇੱਕ ਜਹਾਜ਼ ਤੇ ਚੜ੍ਹ ਕੇ ਤੁਰ ਪਏ ਜਿਹ ਦਾ ਨਾਮ ਦੇਉਸਕੂਰੀ ਸੀ ਅਤੇ ਉਹ ਨੇ ਸਾਰਾ ਸਿਆਲ ਇਸ ਟਾਪੂ ਵਿੱਚ ਕੱਟਿਆ ਸੀ !12ਅਤੇ ਸੈਰਾਕੁਸ ਵਿੱਚ ਉਤਰ ਕੇ ਤਿੰਨ ਦਿਨ ਰਹੇ !
13ਫੇਰ ਉੱਥੋਂ ਘੁੰਮ ਕੇ ਰੇਗਿਯੁਨ ਵਿੱਚ ਆਏ ਅਤੇ ਇੱਕ ਦਿਨ ਤੋਂ ਬਾਅਦ ਜਦੋਂ ਦੱਖਣ ਦੀ ਪੌਣ ਵਗੀ ਤਾਂ ਅਸੀਂ ਦੂਜੇ ਦਿਨ ਪਤਿਯੁਲੇ ਵਿੱਚ ਪਹੁੰਚੇ ।14ਉੱਥੇ ਸਾਨੂੰ ਭਾਈ ਮਿਲੇ ਜਿੰਨਾਂ ਸਾਡੀ ਮਿੰਨਤ ਕੀਤੀ ਕਿ ਇੱਕ ਹਫ਼ਤਾ ਸਾਡੇ ਕੋਲ ਰਹੋ, ਅਤੇ ਇਸੇ ਤਰ੍ਹਾਂ ਅਸੀਂ ਰੋਮ ਨੂੰ ਆਏ !15ਉੱਥੋਂ ਭਾਈ ਲੋਕ ਸਾਡੀ ਖ਼ਬਰ ਸੁਣ ਕੇ ਅੱਪੀਫੋਰੁਮ ਅਤੇ ਤ੍ਰੈ ਸਰਾਵਾਂ ਤੱਕ ਸਾਨੂੰ ਮਿਲਣ ਲਈ ਆਏ ! ਤਾਂ ਪੌਲੁਸ ਨੇ ਉਨ੍ਹਾਂ ਨੂੰ ਵੇਖ ਕੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਤਸੱਲੀ ਪਾਈ l
16ਜਦੋਂ ਅਸੀਂ ਰੋਮ ਵਿੱਚ ਪਹੁੰਚੇ ਤਾਂ ਪੌਲੁਸ ਨੂੰ ਉਸ ਸਿਪਾਹੀ ਨਾਲ ਜਿਹੜਾ ਉਸ ਦੀ ਰਾਖੀ ਕਰਦਾ ਸੀ ਅਲੱਗ ਰਹਿਣ ਦੀ ਆਗਿਆ ਹੋਈ l
ਰੋਮ ਵਿੱਚ ਪੌਲੁਸ

17ਤਾਂ ਇਸ ਤਰ੍ਹਾਂ ਹੋਇਆ ਜੋ ਤਿੰਨਾਂ ਦਿਨਾਂ ਤੋਂ ਬਾਅਦ ਉਹ ਨੇ ਯਹੂਦੀਆਂ ਦੇ ਆਗੂਆਂ ਨੂੰ ਇਕੱਠੇ ਬੁਲਾ ਲਿਆ ਅਤੇ ਜਦੋਂ ਉਹ ਇਕੱਠੇ ਹੋਏ ਤਾਂ ਉਨ੍ਹਾਂ ਨੂੰ ਆਖਿਆ, ਹੇ ਭਰਾਵੋ, ਭਾਵੇਂ ਮੈਂ ਆਪਣੀ ਕੌਮ ਦੇ ਅਤੇ ਵੱਡਿਆਂ ਦੀਆਂ ਰੀਤਾਂ ਦੇ ਉਲਟ ਕੁੱਝ ਨਹੀਂ ਕੀਤਾ ਪਰ ਤਾਂ ਵੀ ਕੈਦੀ ਹੋ ਕੇ ਯਰੂਸ਼ਲਮ ਤੋਂ ਰੋਮੀਆਂ ਦੇ ਹਵਾਲੇ ਕੀਤਾ ਗਿਆ ਹਾਂ !18ਅਤੇ ਉਨ੍ਹਾਂ ਮੇਰੀ ਜਾਂਚ ਕਰ ਕੇ, ਮੈਨੂੰ ਛੱਡ ਦੇਣ ਚਾਹਿਆ ਕਿਉਂਕਿ ਮੇਰੇ ਵਿੱਚ ਕਤਲ ਦੇ ਲਾਇਕ ਕੋਈ ਦੋਸ਼ ਨਾ ਸੀ !
19ਪਰ ਜਦੋਂ ਯਹੂਦੀ ਇਹ ਦੇ ਵਿਰੁੱਧ ਬੋਲਣ ਲੱਗੇ ਤਾਂ ਮੈਂ ਮਜ਼ਬੂਰ ਹੋ ਕੇ ਕੈਸਰ ਦੀ ਦੁਹਾਈ ਦਿੱਤੀ, ਪਰ ਇਸ ਲਈ ਨਹੀਂ ਜੋ ਮੈਂ ਆਪਣੀ ਕੌਮ ਉੱਤੇ ਕਿਸੇ ਗੱਲ ਵਿੱਚ ਦੋਸ਼ ਲਾਉਣਾ ਸੀ !20ਸੋ ਇਸੇ ਕਰਕੇ ਮੈਂ ਤੁਹਾਡੀ ਮਿੰਨਤ ਕੀਤੀ ਜੋ ਮੈਨੂੰ ਮਿਲੋ ਅਤੇ ਗੱਲਬਾਤ ਕਰੋ, ਕਿਉਂ ਜੋ ਮੈਂ ਇਸਰਾਏਲ ਦੀ ਆਸ ਦੇ ਬਦਲੇ ਇਸ ਸੰਗਲ ਨਾਲ ਜਕੜਿਆ ਹੋਇਆ ਹਾਂ !
21ਉਨ੍ਹਾਂ ਉਸ ਨੂੰ ਆਖਿਆ, ਕਿ ਨਾ ਸਾਨੂੰ ਯਹੂਦਿਯਾ ਤੋਂ ਤੇਰੇ ਬਾਰੇ ਕੋਈ ਚਿੱਠੀ ਆਈ, ਨਾ ਭਰਾਵਾਂ ਵਿੱਚੋਂ ਕਿਸੇ ਨੇ ਆ ਕੇ ਤੇਰੀ ਖ਼ਬਰ ਦਿੱਤੀ ਅਤੇ ਨਾ ਤੇਰੀ ਕੁੱਝ ਬੁਰਾਈ ਦੱਸੀਂ !22ਪਰ ਅਸੀਂ ਇਹੋ ਚੰਗਾ ਸਮਝਦੇ ਹਾਂ ਕਿ ਤੇਰੇ ਕੋਲੋਂ ਹੀ ਸੁਣੀਏ ਜੋ ਤੂੰ ਕੀ ਮੰਨਦਾ ਹੈਂ, ਕਿਉਂ ਜੋ ਸਾਨੂੰ ਪਤਾ ਹੈ ਕਿ ਹਰ ਸਥਾਨ ਤੇ ਇਸ ਪੰਥ ਨੂੰ ਬੁਰਾ ਆਖਦੇ ਹਨ l

23ਜਦੋਂ ਉਨ੍ਹਾਂ ਨੇ ਉਹ ਦੇ ਲਈ ਇੱਕ ਦਿਨ ਠਹਿਰਾਇਆ, ਤਦ ਬਹੁਤ ਸਾਰੇ ਉਹ ਦੇ ਡੇਰੇ ਉੱਤੇ ਉਸ ਕੋਲ ਆਏ ਅਤੇ ਉਹ ਪਰਮੇਸ਼ੁਰ ਦੇ ਰਾਜ ਉੱਤੇ ਗਵਾਹੀ ਦੇ ਕੇ ਮੂਸਾ ਦੀ ਬਿਵਸਥਾ ਅਤੇ ਨਬੀਆਂ ਵਿੱਚੋਂ ਯਿਸੂ ਦੇ ਹੱਕ ਵਿੱਚ ਸਬੂਤ ਲੈ ਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਨ੍ਹਾਂ ਨੂੰ ਉਪਦੇਸ਼ ਕਰਦਾ ਰਿਹਾ !24ਤਾਂ ਕਈਆਂ ਨੇ ਉਹ ਗੱਲਾਂ ਮੰਨ ਲਈਆਂ ਜਿਹੜੀਆਂ ਸੁਣਾਈਆਂ ਗਈਆਂ ਸਨ ਅਤੇ ਕਈਆਂ ਨੇ ਵਿਸ਼ਵਾਸ ਨਾ ਕੀਤਾ !
25ਜਦੋਂ ਉਹ ਆਪਸ ਵਿੱਚ ਇੱਕ ਜ਼ਬਾਨ ਨਾ ਹੋਏ ਤਾਂ ਪੌਲੁਸ ਦੇ ਇਹ ਇੱਕ ਗੱਲ ਕਹਿੰਦੇ ਹੀ ਉਹ ਚੱਲੇ ਗਏ ਕਿ ਪਵਿੱਤਰ ਆਤਮਾ ਨੇ ਤੁਹਾਡੇ ਵੱਡਿਆਂ ਨੂੰ ਯਸਾਯਾਹ ਨਬੀ ਦੀ ਜ਼ਬਾਨੀ ਠੀਕ ਆਖਿਆ ਸੀ,26ਇਸ ਪਰਜਾ ਦੇ ਕੋਲ ਜਾ ਅਤੇ ਆਖ, ਤੁਸੀਂ ਕੰਨਾਂ ਨਾਲ ਸੁਣੋਗੇ ਪਰ ਨਾ ਸਮਝੋਂਗੇ; ਅਤੇ ਵੇਖਦੇ ਹੋਏ ਵੇਖੋਗੇ ਪਰ ਬੁਝੋਗੇ ਨਾ,
27ਕਿਉਂ ਜੋ ਇਸ ਪਰਜਾ ਦਾ ਮਨ ਮੋਟਾ ਹੋ ਗਿਆ ਹੈ, ਅਤੇ ਉਹ ਕੰਨਾਂ ਨਾਲ ਉੱਚਾ ਸੁਣਦੇ ਹਨ, ਇਹਨਾਂ ਨੇ ਆਪਣੀਆਂ ਅੱਖਾਂ ਬੰਦ ਲਈਆਂ ਹਨ, ਕਿਤੇ ਉਹ ਅੱਖਾਂ ਨਾਲ ਵੇਖਣ ਅਤੇ ਕੰਨਾਂ ਨਾਲ ਸੁਣਨ, ਅਤੇ ਮਨ ਨਾਲ ਸਮਝਣ ਅਤੇ ਮੁੜ ਆਉਣ, ਅਤੇ ਮੈਂ ਇਹਨਾਂ ਨੂੰ ਚੰਗਾ ਕਰਾਂ l
28ਸੋ ਇਹ ਜਾਣੋ ਕਿ ਪਰਮੇਸ਼ੁਰ ਦੀ ਇਹ ਮੁਕਤੀ ਪਰਾਈਆਂ ਕੌਮਾਂ ਦੇ ਕੋਲ ਭੇਜੀ ਗਈ ਹੈ ਅਤੇ ਉਹ ਸੁਣ ਵੀ ਲੈਣਗੀਆਂ l29ਜਦੋਂ ਉਹ ਇਹ ਗੱਲਾਂ ਕਹਿ ਚੁੱਕਿਆ ਤਾਂ ਯਹੂਦੀ ਝਗੜਾ ਕਰਦੇ ਹੋਏ ਉੱਥੋਂ ਚਲੇ ਗਏ
30ਤਾਂ ਉਹ ਪੂਰੇ ਦੋ ਸਾਲ ਆਪਣੇ ਕਿਰਾਏ ਦੇ ਘਰ ਵਿੱਚ ਰਿਹਾ ਅਤੇ ਉਨ੍ਹਾਂ ਸਭਨਾਂ ਦੀ ਸੇਵਾ ਟਹਿਲ ਕਰਦਾ ਰਿਹਾ, ਜੋ ਉਹ ਦੇ ਕੋਲ ਆਉਂਦੇ ਸਨ !31ਅਤੇ ਬਿਨ੍ਹਾਂ ਰੋਕ-ਟੋਕ ਅੱਤ ਦਲੇਰੀ ਨਾਲ ਪਰਮੇਸ਼ੁਰ ਦੇ ਰਾਜ ਦਾ ਪਰਚਾਰ ਕਰਦਾ ਅਤੇ ਪ੍ਰਭੂ ਯਿਸੂ ਮਸੀਹ ਦੇ ਵਿਖੇ ਉਪਦੇਸ਼ ਦਿੰਦਾ ਰਿਹਾ !

ਰੋਮੀਆਂ ਨੂੰ

1

1ਪੌਲੁਸ ਦੇ ਵਲੋਂ ਜੋ ਯਿਸੂ ਮਸੀਹ ਦਾ ਦਾਸ ਹੈ, ਜੋ ਰਸੂਲ ਬਣਨ ਲਈ ਸੱਦਿਆ ਗਿਆ ਅਤੇ ਪਰਮੇਸ਼ੁਰ ਦੀ ਖੁਸ਼ਖਬਰੀ ਦੇ ਲਈ ਅਲੱਗ ਕੀਤਾ ਗਿਆ ।2ਜਿਸ ਦਾ ਉਸ ਨੇ ਆਪਣੇ ਨਬੀਆਂ ਦੇ ਰਾਹੀਂ ਪਵਿੱਤਰ ਗ੍ਰੰਥ ਵਿੱਚ ਪਹਿਲਾਂ ਹੀ ਬਚਨ ਦਿੱਤਾ ਸੀ ।3ਅਰਥਾਤ ਆਪਣੇ ਪੁੱਤਰ ਦੇ ਵਿਖੇ ਵਿੱਚ ਜੋ ਸਰੀਰਕ ਤੋਰ ਤੇ ਦਾਊਦ ਦੀ ਪੀੜ੍ਹੀ ਵਿੱਚੋਂ ਪੈਦਾ ਹੋਇਆ ।

4ਅਤੇ ਪਵਿੱਤਰਤਾਈ ਦੇ ਆਤਮਾ ਦੇ ਤੋਰ ਤੇ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਕਾਰਨ ਸਮਰੱਥ ਨਾਲ, ਪਰਮੇਸ਼ੁਰ ਦਾ ਪੁੱਤਰ ਅਤੇ ਸਾਡਾ ਪ੍ਰਭੂ ਯਿਸੂ ਮਸੀਹ ਠਹਿਰਾਇਆ ਗਿਆ ।5ਜਿਸ ਦੇ ਰਾਹੀਂ ਅਸੀਂ ਕਿਰਪਾ ਅਤੇ ਰਸੂਲਗੀ ਦੀ ਪਦਵੀ ਪਾਈ ਤਾਂ ਜੋ ਉਹ ਦੇ ਨਾਮ ਦੇ ਕਾਰਨ ਸਾਰੀਆਂ ਕੌਮਾਂ ਵਿੱਚ ਵਿਸ਼ਵਾਸ ਦੀ ਆਗਿਆਕਾਰੀ ਹੋ ਜਾਵੇ ।6ਜਿਨ੍ਹਾਂ ਵਿੱਚ ਤੁਸੀਂ ਵੀ ਰਲ ਕੇ ਯਿਸੂ ਮਸੀਹ ਦੇ ਹੋਣ ਲਈ ਬੁਲਾਏ ਗਏ ਹੋ ।
7ਅੱਗੇ ਯੋਗ ਉਹਨਾਂ ਸਾਰਿਆਂ ਨੂੰ ਜਿਹੜੇ ਰੋਮ ਵਿੱਚ ਪਰਮੇਸ਼ੁਰ ਦੇ ਪਿਆਰੇ ਅਤੇ ਪਵਿੱਤਰ ਹੋਣ ਲਈ ਬੁਲਾਏ ਗਏ ਹਨ ਸਾਡੇ ਪਿਤਾ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਦੇ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲਦੀ ਰਹੇ ।
ਧੰਨਵਾਦ ਦੀ ਪ੍ਰਾਰਥਨਾ

8ਪਹਿਲਾਂ ਤਾਂ ਮੈਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਤੁਹਾਡੇ ਸਾਰਿਆਂ ਦੇ ਲਈ ਆਪਣੇ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ, ਕਿਉਂ ਜੋ ਸਾਰੇ ਸੰਸਾਰ ਵਿੱਚ ਤੁਹਾਡੇ ਵਿਸ਼ਵਾਸ ਦੀ ਚਰਚਾ ਹੋ ਰਹੀ ਹੈ ।9ਕਿਉਂ ਜੋ ਪਰਮੇਸ਼ੁਰ ਜਿਸ ਦੀ ਮੈਂ ਆਪਣੇ ਆਤਮਾ ਨਾਲ ਉਹ ਦੇ ਪੁੱਤਰ ਦੀ ਖੁਸ਼ਖਬਰੀ ਲਈ ਸੇਵਾ ਕਰਦਾ ਹਾਂ ਮੇਰਾ ਗਵਾਹ ਹੈ ਜੋ ਮੈਂ ਕਿਸ ਤਰ੍ਹਾਂ ਹਰ ਵੇਲੇ ਆਪਣੀਆਂ ਪ੍ਰਾਰਥਨਾਵਾਂ ਵਿੱਚ ਤੁਹਾਨੂੰ ਯਾਦ ਕਰਦਾ ਹਾਂ ।10ਅਤੇ ਸਦਾ ਇਹ ਮੰਗਦਾ ਹਾਂ ਜੋ ਕਿਸੇ ਤਰ੍ਹਾਂ ਹੁਣ ਐਨੇ ਚਿਰ ਪਿੱਛੋਂ ਪਰਮੇਸ਼ੁਰ ਦੀ ਮਰਜ਼ੀ ਨਾਲ ਮੈਂ ਸਲਾਮਤੀ ਨਾਲ ਤੁਹਾਡੇ ਕੋਲ ਪਹੁੰਚਾਂ ।
11ਕਿਉਂ ਜੋ ਮੈਂ ਤੁਹਾਨੂੰ ਵੇਖਣ ਲਈ ਬਹੁਤ ਤਰਸਦਾ ਹਾਂ, ਕਿ ਮੈਂ ਕੋਈ ਆਤਮਕ ਵਰਦਾਨ ਤੁਹਾਨੂੰ ਦੁਆਵਾਂ ਜਿਸ ਦੇ ਨਾਲ ਤੁਸੀਂ ਮਜ਼ਬੂਤ ਹੋ ਜਾਵੋ ।12ਮਤਲਬ ਇਹ ਹੈ, ਕਿ ਅਸੀਂ ਆਪਸ ਵਿੱਚ ਮਿਲ ਕੇ ਵਿਸ਼ਵਾਸ ਦੇ ਦੁਆਰਾ ਜੋ ਤੁਹਾਡੇ ਅਤੇ ਮੇਰੇ ਵਿੱਚ ਹੈ ਸਾਡੀ ਦੋਹਾਂ ਦੀ ਤਸੱਲੀ ਹੋਵੇ ।
13ਅਤੇ ਹੇ ਭਰਾਵੋ, ਮੈਂ ਇਹ ਨਹੀਂ ਚਾਹੁੰਦਾ ਜੋ ਤੁਸੀਂ ਇਸ ਗੱਲ ਤੋਂ ਅਣਜਾਣ ਰਹੋ, ਕਿ ਮੈਂ ਕਿੰਨੀ ਹੀ ਵਾਰੀ ਤੁਹਾਡੇ ਕੋਲ ਆਉਣਾ ਚਾਹਿਆ ਕਿ ਜਿਵੇਂ ਬਾਕੀ ਪਰਾਈਆਂ ਕੌਮਾਂ ਵਿੱਚ ਮੈਨੂੰ ਫਲ ਮਿਲਿਆ, ਉਸੇ ਤਰ੍ਹਾਂ ਤੁਹਾਡੇ ਵਿੱਚ ਵੀ ਮੈਨੂੰ ਕੁੱਝ ਫਲ ਮਿਲੇ ਪਰ ਹੁਣ ਤੱਕ ਮੈਂ ਰੁਕਿਆ ਰਿਹਾ ।

14ਮੈਂ ਯੂਨਾਨੀਆਂ ਅਤੇ ਗ਼ੈਰ ਯੂਨਾਨੀਆਂ ਦਾ, ਬੁੱਧਵਾਨਾਂ ਅਤੇ ਨਿਰਬੁੱਧਾਂ ਦਾ ਕਰਜ਼ਦਾਰ ਹਾਂ ।15ਸੋ ਮੈਂ ਤੁਹਾਨੂੰ ਵੀ ਜਿਹੜੇ ਰੋਮ ਵਿੱਚ ਰਹਿੰਦੇ ਹੋ ਖੁਸ਼ਖਬਰੀ ਸੁਣਾਉਣ ਲਈ ਹਮੇਸ਼ਾਂ ਤਿਆਰ ਰਹਿੰਦਾ ਹਾਂ ।
ਖੁਸ਼ਖਬਰੀ ਦੀ ਸਮਰੱਥਾ

16ਮੈਂ ਤਾਂ ਖੁਸ਼ਖਬਰੀ ਤੋਂ ਨਹੀਂ ਸ਼ਰਮਾਉਂਦਾ ਕਿਉਂ ਜੋ ਉਹ ਹਰੇਕ ਵਿਸ਼ਵਾਸ ਕਰਨ ਵਾਲੇ ਦੀ ਮੁਕਤੀ ਦੇ ਲਈ ਪਰਮੇਸ਼ੁਰ ਦੀ ਸਮਰੱਥ ਹੈ, ਪਹਿਲਾਂ ਯਹੂਦੀ ਅਤੇ ਫੇਰ ਯੂਨਾਨੀ ਦੇ ਲਈ ।17ਕਿਉਂ ਜੋ ਓਸ ਵਿੱਚ ਪਰਮੇਸ਼ੁਰ ਦਾ ਉਹ ਧਰਮ ਹੈ ਜੋ ਵਿਸ਼ਵਾਸ ਤੋਂ ਵਿਸ਼ਵਾਸ ਦੇ ਲਈ ਪਰਗਟ ਹੁੰਦਾ ਹੈ ਜਿਵੇਂ ਲਿਖਿਆ ਹੋਇਆ ਹੈ ਕਿ ਧਰਮੀ ਵਿਸ਼ਵਾਸ ਹੀ ਤੋਂ ਜਿਉਂਦਾ ਰਹੇਗਾ ।
ਮਨੁੱਖ ਜਾਤੀ ਦਾ ਪਾਪ

18ਜਿਹੜੇ ਮਨੁੱਖ ਸਚਿਆਈ ਨੂੰ ਬੁਰਿਆਈ ਨਾਲ ਦਬਾਈ ਰੱਖਦੇ ਹਨ, ਉਨ੍ਹਾਂ ਦੀ ਸਾਰੀ ਅਭਗਤੀ ਅਤੇ ਕੁਧਰਮ ਉੱਤੇ ਪਰਮੇਸ਼ੁਰ ਦਾ ਕ੍ਰੋਧ ਤਾਂ ਸਵਰਗ ਤੋਂ ਪ੍ਰਗਟ ਹੋਇਆ ।19ਕਿਉਂ ਜੋ ਪਰਮੇਸ਼ੁਰ ਦੇ ਬਾਰੇ ਜੋ ਕੁੱਝ ਪਤਾ ਲੱਗ ਸਕਦਾ ਹੈ ਸੋ ਉਨ੍ਹਾਂ ਦੇ ਮਨਾਂ ਵਿੱਚ ਪ੍ਰਗਟ ਹੈ, ਇਸ ਲਈ ਜੋ ਪਰਮੇਸ਼ੁਰ ਨੇ ਉਨ੍ਹਾਂ ਉੱਤੇ ਉਸ ਨੂੰ ਪ੍ਰਗਟ ਕੀਤਾ ।
20ਕਿਉਂ ਜੋ ਜਗਤ ਦੇ ਉਤਪਤ ਹੋਣ ਤੋਂ ਉਹ ਦੇ ਅਣ-ਦੇਖੇ ਗੁਣ ਅਰਥਾਤ ਉਸ ਦੀ ਸਦੀਪਕ ਸਮਰੱਥਾ ਅਤੇ ਪਰਮੇਸ਼ੁਰਤਾਈ ਉਸ ਦੀ ਰਚਨਾ ਤੋਂ ਚੰਗੀ ਤਰ੍ਹਾਂ ਦਿੱਸ ਪੈਂਦੀ ਹੈ, ਇਸ ਕਰਕੇ ਉਨ੍ਹਾਂ ਦੇ ਕੋਲ ਕੋਈ ਬਹਾਨਾ ਨਹੀਂ ।21ਭਾਵੇਂ ਉਨ੍ਹਾਂ ਨੇ ਪਰਮੇਸ਼ੁਰ ਨੂੰ ਜਾਣ ਲਿਆ ਪਰ ਤਾਂ ਵੀ ਪਰਮੇਸ਼ੁਰ ਦੇ ਯੋਗ ਵਡਿਆਈ ਨਾ ਕੀਤੀ, ਨਾ ਉਹ ਦਾ ਧੰਨਵਾਦ ਕੀਤਾ ਸਗੋਂ ਆਪਣੀ ਸੋਚ ਵਿੱਚ ਨਿਕੰਮੇ ਬਣ ਗਏ ਅਤੇ ਉਹਨਾਂ ਦੇ ਮਨ ਹਨ੍ਹੇਰੇ ਹੋ ਗਏ ।
22ਉਹ ਆਪਣੇ ਆਪ ਨੂੰ ਬੁੱਧਵਾਨ ਸਮਝ ਕੇ ਮੂਰਖ ਬਣ ਗਏ ।23ਅਤੇ ਅਵਿਨਾਸ਼ੀ ਪਰਮੇਸ਼ੁਰ ਦੀ ਮਹਿਮਾ ਨੂੰ ਨਾਸਵਾਨ ਮਨੁੱਖ ਅਤੇ ਪੰਛੀਆਂ ਅਤੇ ਚੌਪਾਇਆਂ ਅਤੇ ਘਿੱਸਰਨ ਵਾਲੇ ਜੀਵ-ਜੰਤੂਆਂ ਦੇ ਰੂਪ ਵਿੱਚ ਬਦਲ ਦਿੱਤਾ ।

24ਇਸ ਕਾਰਨ ਪਰਮੇਸ਼ੁਰ ਨੇ ਵੀ ਉਨ੍ਹਾਂ ਨੂੰ ਉਨ੍ਹਾਂ ਦੇ ਮਨਾ ਦੇ ਬੁਰੇ ਵਿਚਾਰਾਂ ਅਤੇ ਗੰਦ-ਮੰਦ ਦੇ ਵੱਸ ਵਿੱਚ ਕਰ ਦਿੱਤਾ ਕਿ ਉਹ ਆਪਸ ਵਿੱਚ ਆਪਣੇ ਸਰੀਰਾਂ ਦਾ ਅਨਾਦਰ ਕਰਨ ।25ਉਨ੍ਹਾਂ ਨੇ ਪਰਮੇਸ਼ੁਰ ਦੀ ਸਚਿਆਈ ਨੂੰ ਝੂਠ ਨਾਲ ਵਟਾ ਦਿੱਤਾ ਅਤੇ ਸ੍ਰਿਸ਼ਟੀ ਦੀ ਪੂਜਾ ਅਤੇ ਬੰਦਗੀ ਕੀਤੀ, ਨਾ ਕਿ ਉਸ ਸਿਰਜਣਹਾਰ ਦੀ ਜਿਹੜਾ ਜੁੱਗੋ-ਜੁੱਗ ਧੰਨ ਹੈ, ਆਮੀਨ ।

26ਇਸੇ ਕਾਰਨ ਪਰਮੇਸ਼ੁਰ ਨੇ ਵੀ ਉਨ੍ਹਾਂ ਨੂੰ ਨੀਚ ਵਾਸਨਾ ਦੇ ਵੱਸ ਕਰ ਦਿੱਤਾ ਕਿਉਂ ਜੋ ਉਨ੍ਹਾਂ ਦੀਆਂ ਔਰਤਾਂ ਨੇ ਆਪਣੇ ਸੁਭਾਵਕ ਕੰਮ ਨੂੰ ਉਹ ਦੇ ਨਾਲ ਵਟਾ ਦਿੱਤਾ ਜਿਹੜਾ ਸੁਭਾਓ ਦੇ ਵਿਰੁੱਧ ਹੈ ।27ਇਸੇ ਤਰ੍ਹਾਂ ਮਰਦ ਵੀ ਔਰਤਾਂ ਨਾਲ ਸੁਭਾਵਕ ਕੰਮ ਛੱਡ ਕੇ ਆਪੋ ਵਿੱਚੀ ਆਪਣੀ ਕਾਮਨਾਂ ਵਿੱਚ ਸੜ ਗਏ, ਮਰਦਾਂ ਨੇ ਮਰਦਾਂ ਦੇ ਨਾਲ ਸ਼ਰਮਨਾਕ ਕੰਮ ਕੀਤੇ ਅਤੇ ਆਪਣੇ ਆਪ ਵਿੱਚ ਆਪਣੀ ਭੁੱਲ ਦੇ ਯੋਗ ਫਲ ਭੋਗਿਆ ।

28ਜਿਵੇਂ ਉਨ੍ਹਾ ਨੂੰ ਪਰਮੇਸ਼ੁਰ ਨੂੰ ਆਪਣੀ ਪਛਾਣ ਵਿੱਚ ਰੱਖਣਾ ਚੰਗਾ ਨਾ ਲੱਗਾ ਓਵੇਂ ਹੀ ਪਰਮੇਸ਼ੁਰ ਨੇ ਵੀ ਉਨ੍ਹਾਂ ਨੂੰ ਮੰਦੀ ਬੁੱਧ ਦੇ ਵੱਸ ਕਰ ਦਿੱਤਾ ਕਿ ਬੁਰੇ ਕੰਮ ਕਰਨ ।
29ਉਹ ਹਰ ਪ੍ਰਕਾਰ ਦੇ ਕੁਧਰਮ, ਬਦੀ, ਲੋਭ ਅਤੇ ਬੁਰਿਆਈ ਨਾਲ ਭਰੇ ਹੋਏ ਸਨ । ਖਾਰ, ਘਾਤ, ਝਗੜੇ, ਛਲ ਅਤੇ ਬਦਨੀਤੀ ਨਾਲ ਭਰਪੂਰ ਹੋ ਗਏ । ਚੁਗਲੀ ਕਰਨ ਵਾਲੇ30ਨਿੰਦਕ, ਪਰਮੇਸ਼ੁਰ ਦੇ ਵੈਰੀ, ਦੂਜਿਆਂ ਦਾ ਹੱਕ ਮਾਰਨ ਵਾਲੇ, ਹੰਕਾਰੀ, ਸ਼ੇਖੀਬਾਜ, ਬਦੀਆਂ ਦੇ ਉਸਤਾਦ, ਮਾਪਿਆਂ ਦੇ ਅਣ-ਆਗਿਆਕਾਰ ।31ਨਿਰਬੁੱਧ, ਨੇਮ ਤੋੜਨ ਵਾਲੇ, ਨਿਰਮੋਹ ਅਤੇ ਨਿਰਦਈ ਹੋਏ ।
32ਅਤੇ ਓਹ ਪਰਮੇਸ਼ੁਰ ਦੀ ਬਿਧੀ ਜਾਣਦੇ ਹਨ, ਜੋ ਏਹੋ ਜਿਹੇ ਕੰਮ ਕਰਨ ਵਾਲੇ ਮਰਨ ਦੇ ਯੋਗ ਹਨ ਉਹ ਕੇਵਲ ਆਪ ਹੀ ਨਹੀਂ ਕਰਦੇ ਸਗੋਂ ਕਰਨ ਵਾਲਿਆਂ ਤੋਂ ਵੀ ਖੁਸ਼ ਹੁੰਦੇ ਹਨ ।

2
ਪਰਮੇਸ਼ੁਰ ਦਾ ਨਿਆਂ

1ਸੋ ਹੇ ਦੋਸ਼ ਲਾਉਣ ਵਾਲੇ ਮਨੁੱਖ, ਤੂੰ ਭਾਵੇਂ ਕੋਈ ਵੀ ਹੋਵੇਂ ਤੇਰੇ ਕੋਲ ਕੋਈ ਉੱਤਰ ਨਹੀਂ, ਕਿਉਂਕਿ ਜਿਹੜੀ ਗੱਲ ਵਿੱਚ ਤੂੰ ਦੂਜੇ ਉੱਤੇ ਦੋਸ਼ ਲਾਉਂਦਾ ਹੈਂ ਉਸੇ ਵਿੱਚ ਆਪਣੇ ਆਪ ਨੂੰ ਦੋਸ਼ੀ ਠਹਿਰਾਉਂਦਾ ਹੈਂ, ਇਸ ਲਈ ਕਿ ਤੂੰ ਜਿਹੜਾ ਦੋਸ਼ ਲਾਉਂਦਾ ਹੈ ਆਪ ਵੀ ਉਹ ਹੀ ਕੰਮ ਕਰਦਾ ਹੈਂ ।2ਅਸੀਂ ਜਾਣਦੇ ਹਾਂ ਜੋ ਇਹੋ ਜਿਹੇ ਕੰਮ ਕਰਨ ਵਾਲਿਆਂ ਉੱਤੇ ਪਰਮੇਸ਼ੁਰ ਵੱਲੋਂ ਸਜ਼ਾ ਦਾ ਹੁਕਮ ਅਟੱਲ ਹੈ ।

3ਫੇਰ ਹੇ ਮਨੁੱਖ, ਤੂੰ ਜੋ ਇਹੋ ਜਿਹੇ ਕੰਮ ਕਰਨ ਵਾਲਿਆਂ ਉੱਤੇ ਦੋਸ਼ ਲਾਉਂਦਾ ਅਤੇ ਆਪ ਉਹੀ ਕੰਮ ਕਰਦਾ ਹੈਂ, ਭਲਾ, ਤੂੰ ਇਹ ਸਮਝਦਾ ਹੈਂ ਜੋ ਪਰਮੇਸ਼ੁਰ ਦੀ ਸਜ਼ਾ ਤੋਂ ਬਚ ਨਿੱਕਲੇਗਾ ?4ਕੀ ਤੂੰ ਉਹ ਦੀ ਕਿਰਪਾ ਅਤੇ ਮਾਫ਼ੀ ਅਤੇ ਸਬਰ ਦੀ ਦੌਲਤ ਨੂੰ ਤੁੱਛ ਸਮਝਦਾ ਹੈਂ ਅਤੇ ਇਹ ਨਹੀਂ ਜਾਣਦਾ ਜੋ ਪਰਮੇਸ਼ੁਰ ਦੀ ਕਿਰਪਾ ਤੈਨੂੰ ਪਛਤਾਵੇ ਦੇ ਰਾਹ ਪਾਉਂਦੀ ਹੈ ।
5ਸਗੋਂ ਆਪਣੀ ਕਠੋਰਤਾਈ ਅਤੇ ਪਛਤਾਵੇ ਤੋਂ ਰਹਿਤ ਮਨ ਦੇ ਅਨੁਸਾਰ ਉਸ ਦਿਨ ਵਿੱਚ ਜਦੋਂ ਪਰਮੇਸ਼ੁਰ ਦਾ ਕ੍ਰੋਧ ਅਤੇ ਸੱਚਾ ਨਿਆਂ ਪਰਗਟ ਹੋਵੇਗਾ, ਤੂੰ ਆਪਣੇ ਆਪ ਲਈ ਕ੍ਰੋਧ ਕਮਾ ਰਿਹਾ ਹੈਂ ।6ਉਹ ਹਰੇਕ ਨੂੰ ਉਹ ਦੇ ਕੰਮਾਂ ਦੇ ਅਨੁਸਾਰ ਫਲ ਦੇਵੇਗਾ ।7ਜਿਹੜੇ ਭਲੇ ਕੰਮਾਂ ਵਿੱਚ ਦ੍ਰਿੜ੍ਹ ਹੋ ਕੇ ਮਹਿਮਾ, ਆਦਰ ਅਤੇ ਅਮਰਤਾ ਦੀ ਖੋਜ ਵਿੱਚ ਹਨ, ਉਹ ਉਨ੍ਹਾਂ ਨੂੰ ਸਦੀਪਕ ਜੀਵਨ ਦੇਵੇਗਾ ।
8ਪਰ ਜਿਹੜੇ ਵਿਦ੍ਰੋਹੀ ਹਨ ਅਤੇ ਸੱਚ ਨੂੰ ਨਹੀਂ ਮੰਨਦੇ ਸਗੋਂ ਝੂਠ ਨੂੰ ਮੰਨਦੇ ਹਨ, ਉਨ੍ਹਾਂ ਉੱਤੇ ਗੁੱਸਾ ਅਤੇ ਕ੍ਰੋਧ ਹੋਵੇਗਾ ।9ਬਿਪਤਾ ਅਤੇ ਕਸ਼ਟ ਹਰੇਕ ਮਨੁੱਖ ਦੀ ਜਾਨ ਉੱਤੇ ਹੋਵੇਗਾ, ਜਿਹੜਾ ਬੁਰਿਆਈ ਕਰਦਾ ਹੈ, ਪਹਿਲਾਂ ਯਹੂਦੀ ਅਤੇ ਫੇਰ ਯੂਨਾਨੀ ਉੱਤੇ ।
10ਪਰ ਹਰੇਕ ਨੂੰ ਜਿਹੜਾ ਭਲਿਆਈ ਕਰਦਾ ਹੈ ਮਹਿਮਾ, ਆਦਰ ਅਤੇ ਸ਼ਾਂਤੀ ਪ੍ਰਾਪਤ ਹੋਵੇਗੀ, ਪਹਿਲਾਂ ਯਹੂਦੀ ਅਤੇ ਫੇਰ ਯੂਨਾਨੀ ਨੂੰ ।11ਪਰਮੇਸ਼ੁਰ ਦੀ ਹਜ਼ੂਰੀ ਵਿੱਚ ਕਿਸੇ ਦਾ ਪੱਖਪਾਤ ਨਹੀਂ ਹੁੰਦਾ ।12ਕਿਉਂਕਿ ਜਿੰਨਿਆਂ ਨੇ ਬਿਨ੍ਹਾਂ ਬਿਵਸਥਾ ਦੇ ਪਾਪ ਕੀਤੇ ਸੋ ਬਿਨ੍ਹਾਂ ਬਿਵਸਥਾ ਦੇ ਨਾਸ ਵੀ ਹੋਣਗੇ ਅਤੇ ਜਿੰਨੀਆਂ ਨੇ ਬਿਵਸਥਾ ਦੇ ਹੁੰਦਿਆਂ ਹੋਇਆ ਪਾਪ ਕੀਤੇ ਸੋ ਬਿਵਸਥਾ ਦੇ ਅਨੁਸਾਰ ਹੀ ਉਨ੍ਹਾਂ ਦਾ ਨਿਆਂ ਹੋਵੇਗਾ ।
13ਇਸ ਲਈ ਜੋ ਬਿਵਸਥਾ ਦੇ ਸੁਣਨ ਵਾਲੇ ਪਰਮੇਸ਼ੁਰ ਦੇ ਭਾਣੇ ਧਰਮੀ ਨਹੀਂ ਹੁੰਦੇ, ਪਰ ਬਿਵਸਥਾ ਤੇ ਚੱਲਣ ਵਾਲੇ ਧਰਮੀ ਠਹਿਰਾਏ ਜਾਣਗੇ ।14ਜਦ ਕਿ ਪਰਾਈਆਂ ਕੌਮਾਂ ਦੇ ਕੋਲ ਬਿਵਸਥਾ ਨਹੀਂ ਹੈ, ਪਰ ਉਹ ਆਪਣੇ ਸੁਭਾਓ ਤੋਂ ਹੀ ਬਿਵਸਥਾ ਦੇ ਕੰਮ ਕਰਦੀਆਂ ਹਨ, ਤਾਂ ਬਿਵਸਥਾ ਦੇ ਨਾ ਹੁੰਦਿਆਂ ਉਹ ਆਪਣੇ ਲਈ ਆਪ ਹੀ ਬਿਵਸਥਾ ਹਨ ।
15ਸੋ ਉਹ ਬਿਵਸਥਾ ਦੇ ਕੰਮ ਆਪਣੇ ਹਿਰਦਿਆਂ ਵਿੱਚ ਲਿਖਿਆ ਹੋਇਆ ਵਿਖਾਉਂਦੀਆ ਹਨ, ਨਾਲੇ ਉਨ੍ਹਾਂ ਦਾ ਵਿਵੇਕ ਇਸ ਦੀ ਗਵਾਹੀ ਦਿੰਦਾ ਹੈ ਅਤੇ ਉਨ੍ਹਾਂ ਦੇ ਖ਼ਿਆਲ ਉਨ੍ਹਾਂ ਨੂੰ ਆਪੋ ਵਿੱਚੀ ਦੋਸ਼ੀ ਤੇ ਨਿਰਦੋਸ਼ੀ ਠਹਿਰਾਉਂਦੇ ਹਨ ।16ਉਸ ਦਿਨ ਵਿੱਚ ਪਰਮੇਸ਼ੁਰ ਮੇਰੀ ਖੁਸ਼ਖਬਰੀ ਦੇ ਅਨੁਸਾਰ ਯਿਸੂ ਮਸੀਹ ਦੇ ਰਾਹੀਂ ਮਨੁੱਖਾਂ ਦੀਆਂ ਗੁਪਤ ਗੱਲਾਂ ਦਾ ਨਿਆਂ ਕਰੇਗਾ ।
ਯਹੂਦੀ ਅਤੇ ਬਿਵਸਥਾ

17ਪਰ ਜੇਕਰ ਤੂੰ ਯਹੂਦੀ ਅਖਵਾਉਂਦਾ ਅਤੇ ਬਿਵਸਥਾ ਉੱਤੇ ਆਸਰਾ ਰੱਖਦਾ ਅਤੇ ਪਰਮੇਸ਼ੁਰ ਉੱਤੇ ਘਮੰਡ ਕਰਦਾ18ਅਤੇ ਉਹ ਦੀ ਇੱਛਾ ਨੂੰ ਜਾਣਦਾ ਹੈਂ, ਅਤੇ ਬਿਵਸਥਾ ਦੀ ਸਿੱਖਿਆ ਲੈ ਕੇ ਚੰਗੀਆਂ-ਚੰਗੀਆਂ ਗੱਲਾਂ ਨੂੰ ਪਸੰਦ ਕਰਦਾ ਹੈਂ ।19ਅਤੇ ਤੈਨੂੰ ਵਿਸ਼ਵਾਸ ਹੈ ਕਿ ਮੈਂ ਅੰਨ੍ਹਿਆਂ ਨੂੰ ਰਾਹ ਦੱਸਣ ਵਾਲਾ ਅਤੇ ਜਿਹੜੇ ਹਨ੍ਹੇਰੇ ਵਿੱਚ ਹਨ ਉਹਨਾਂ ਦਾ ਚਾਨਣ ਹਾਂ20ਅਤੇ ਨਦਾਨਾਂ ਨੂੰ ਸਿੱਖਿਆ ਦੇਣ ਵਾਲਾ ਅਤੇ ਬਾਲਕਾਂ ਦਾ ਉਸਤਾਦ ਹਾਂ ਅਤੇ ਗਿਆਨ ਅਤੇ ਸੱਚ ਦਾ ਸਰੂਪ ਜੋ ਬਿਵਸਥਾ ਵਿੱਚ ਹੈ ਮੇਰੇ ਕੋਲ ਹੈ ।
21ਤਾਂ ਫੇਰ ਤੂੰ ਜੋ ਦੂਜੇ ਨੂੰ ਸਿਖਾਉਂਦਾ ਹੈਂ, ਕੀ ਉਹ ਆਪਣੇ ਆਪ ਨੂੰ ਨਹੀਂ ਸਿਖਾਉਂਦਾ ? ਤੂੰ ਜੋ ਉਪਦੇਸ਼ ਕਰਦਾ ਹੈਂ ਕਿ ਚੋਰੀ ਨਾ ਕਰ, ਫਿਰ ਤੂੰ ਆਪ ਕਿਉਂ ਚੋਰੀ ਕਰਦਾ ਹੈਂ ?22ਤੂੰ ਜੋ ਆਖਦਾ ਹੈਂ ਕਿ, ਵਿਭਚਾਰ ਨਾ ਕਰਨਾ, ਫਿਰ ਤੂੰ ਆਪ ਕਿਉਂ ਵਿਭਚਾਰ ਕਰਦਾ ਹੈਂ ? ਤੂੰ ਜੋ ਮੂਰਤੀਆਂ ਤੋਂ ਨਫ਼ਰਤ ਕਰਦਾ ਹੈਂ, ਫਿਰ ਤੂੰ ਆਪ ਕਿਉਂ ਹੈਕਲਾਂ ਨੂੰ ਲੁੱਟਦਾ ਹੈਂ ?
23ਤੂੰ ਜੋ ਬਿਵਸਥਾ ਉੱਤੇ ਘਮੰਡ ਕਰਦਾ ਹੈਂ, ਫਿਰ ਤੂੰ ਕਿਉਂ ਬਿਵਸਥਾ ਦੀ ਉਲੰਘਣਾ ਕਰ ਕੇ ਪਰਮੇਸ਼ੁਰ ਦਾ ਅਪਮਾਨ ਕਰਦਾ ਹੈਂ ?24ਜਿਵੇਂ ਲਿਖਿਆ ਹੋਇਆ ਹੈ ਕਿ ਪਰਾਈਆਂ ਕੌਮਾਂ ਦੇ ਵਿੱਚ ਤੁਹਾਡੇ ਕਾਰਨ ਪਰਮੇਸ਼ੁਰ ਦੇ ਨਾਮ ਦੀ ਨਿੰਦਿਆ ਹੁੰਦੀ ਹੈ ।
25ਸੁੰਨਤ ਤੋਂ ਤਾਂ ਲਾਭ ਹੈ, ਜੇ ਤੂੰ ਬਿਵਸਥਾ ਦੀ ਪਾਲਨਾ ਕਰੇਂ ਜੇ ਤੂੰ ਬਿਵਸਥਾ ਦੀ ਉਲੰਘਣਾ ਕਰਨ ਵਾਲਾ ਹੋਵੇਂ ਤਾਂ ਤੇਰੀ ਸੁੰਨਤ ਤੋਂ ਕੀ ਲਾਭ ।26ਉਪਰੰਤ ਜੇ ਅਸੁੰਨਤੀ ਲੋਕ ਬਿਵਸਥਾ ਦੀਆਂ ਬਿਧੀਆਂ ਦੀ ਪਾਲਨਾ ਕਰਨ, ਤਾਂ ਕੀ ਉਨ੍ਹਾਂ ਦੀ ਅਸੁੰਨਤ ਸੁੰਨਤ ਨਾ ਗਿਣੀ ਜਾਵੇਗੀ ।27ਅਤੇ ਜਿਹੜੇ ਸੁਭਾਓ ਤੋਂ ਅਸੁੰਨਤੀ ਹਨ ਜੇ ਉਹ ਬਿਵਸਥਾ ਨੂੰ ਪੂਰੀ ਕਰਨ ਤਾਂ ਕੀ ਉਹ ਤੈਨੂੰ ਜਿਹੜਾ ਲਿਖਤਾਂ ਅਤੇ ਸੁੰਨਤ ਦੇ ਹੁੰਦੇ ਹੋਇਆ ਬਿਵਸਥਾ ਦੀ ਉਲੰਘਣਾ ਕਰਨ ਵਾਲਾ ਹੈਂ, ਦੋਸ਼ੀ ਨਾ ਠਹਿਰਾਉਣਗੇ ?
28ਕਿਉਂ ਜੋ ਉਹ ਯਹੂਦੀ ਨਹੀਂ ਜਿਹੜਾ ਲੋਕ ਦਿਖਾਵੇ ਲਈ ਹੈ, ਅਤੇ ਨਾ ਉਹ ਸੁੰਨਤ ਹੈ, ਜਿਹੜੀ ਮਾਸ ਦੀ ਵਿਖਾਵੇ ਲਈ ਹੈ ।29ਸਗੋਂ ਯਹੂਦੀ ਉਹੋ ਹੈ ਜਿਹੜਾ ਅੰਦਰੋਂ ਹੋਵੇ ਅਤੇ ਸੁੰਨਤ ਉਹੋ ਹੈ ਜਿਹੜੀ ਮਨ ਦੀ ਹੋਵੇ ਅਰਥਾਤ ਆਤਮਾ ਵਿੱਚ, ਨਾ ਲਿਖਤ ਵਿੱਚ ਜਿਸ ਦੀ ਸ਼ੋਭਾ ਮਨੁੱਖਾਂ ਵੱਲੋਂ ਨਹੀਂ ਸਗੋਂ ਪਰਮੇਸ਼ੁਰ ਵੱਲੋਂ ਹੁੰਦੀ ਹੈ ।

3
ਪਰਮੇਸ਼ੁਰ ਦੀ ਵਫਾਦਾਰੀ

1ਸੋ ਯਹੂਦੀ ਹੋਣ ਦਾ ਕੀ ਵਾਧਾ ਅਤੇ ਸੁੰਨਤ ਦਾ ਕੀ ਲਾਭ ਹੈ ?2ਹਰ ਪਰਕਾਰ ਨਾਲ ਬਹੁਤ ਕੁਝ l ਪਹਿਲਾਂ ਤਾਂ ਇਹ ਜੋ ਪਰਮੇਸ਼ੁਰ ਦਾ ਬਚਨ ਉਨ੍ਹਾਂ ਨੂੰ ਸੌਂਪਿਆ ਗਿਆ ।

3ਫੇਰ ਭਾਵੇਂ ਕਈ ਬੇਵਫ਼ਾ ਨਿੱਕਲੇ ਤਾਂ ਕੀ ਹੋਇਆ ? ਭਲਾ ਉਹਨਾਂ ਦੀ ਬੇਵਫ਼ਾਈ ਪਰਮੇਸ਼ੁਰ ਦੀ ਵਫ਼ਾਦਾਰੀ ਨੂੰ ਵਿਅਰਥ ਕਰ ਸਕਦੀ ਹੈ ?4ਕਦੇ ਨਹੀਂ ! ਸਗੋਂ ਪਰਮੇਸ਼ੁਰ ਸੱਚਾ ਠਹਿਰੇ ਅਤੇ ਹਰ ਮਨੁੱਖ ਝੂਠਾ । ਜਿਵੇਂ ਲਿਖਿਆ ਹੋਇਆ ਹੈ ਤੂੰ ਆਪਣੇ ਬੋਲ ਵਿੱਚ ਧਰਮੀ ਠਹਿਰੇ ਅਤੇ ਆਪਣੇ ਨਿਆਂ ਵਿੱਚ ਜਿੱਤ ਜਾਵੇਂ ।

5ਪਰ ਜੇ ਸਾਡਾ ਕੁਧਰਮ ਪਰਮੇਸ਼ੁਰ ਦੇ ਧਰਮ ਨੂੰ ਪਰਗਟ ਕਰਦਾ ਹੈ ਤਾਂ ਕੀ ਆਖੀਏ ? ਭਲਾ, ਪਰਮੇਸ਼ੁਰ ਅਨਿਆਈਂ ਹੈ ਜੋ ਕ੍ਰੋਧ ਪਾਉਂਦਾ ਹੈ ? ( ਮੈਂ ਲੋਕਾਂ ਵਾਂਗੂੰ ਆਖਦਾ ਹਾਂ )6ਕਦੇ ਨਹੀਂ ! ਤਾਂ ਫੇਰ ਪਰਮੇਸ਼ੁਰ ਸੰਸਾਰ ਦਾ ਨਿਆਂ ਕਿਵੇਂ ਕਰੇਗਾ ?
7ਜੇਕਰ ਮੇਰੇ ਝੂਠ ਕਰਕੇ ਪਰਮੇਸ਼ੁਰ ਦੇ ਸੱਚ ਦੀ ਵਡਿਆਈ ਬਹੁਤੀ ਪਰਗਟ ਹੋਈ, ਤਾਂ ਫਿਰ ਕਿਉਂ ਮੈਂ ਅਜੇ ਤੱਕ ਪਾਪੀਆਂ ਵਾਂਗੂੰ ਦੋਸ਼ੀ ਠਹਿਰਾਇਆ ਜਾਂਦਾ ਹਾਂ ।8ਅਤੇ ਇਹ ਕਿਉਂ ਨਾ ਬੋਲੀਏ, ਜਿਵੇਂ ਸਾਡੇ ਉੱਤੇ ਇਹ ਦੋਸ਼ ਲਾਇਆ ਵੀ ਜਾਂਦਾ ਹੈ, ਅਤੇ ਜਿਵੇਂ ਕਈ ਆਖਦੇ ਹਨ, ਜੋ ਅਸੀਂ ਇਸ ਤਰ੍ਹਾਂ ਕਹਿੰਦੇ ਹਾਂ, ਕਿ ਆਓ, ਬੁਰਿਆਈ ਕਰੀਏ ਤਾਂ ਜੋ ਇਸ ਤੋਂ ਭਲਿਆਈ ਨਿੱਕਲੇ । ਸੋ ਏਹੋ ਜਿਹਿਆਂ ਉੱਤੇ ਸਜ਼ਾ ਦਾ ਹੁਕਮ ਪੱਕਾ ਹੈ ।
ਕੋਈ ਧਰਮੀ ਨਹੀਂ

9ਤਾਂ ਫੇਰ ਕੀ ? ਭਲਾ, ਅਸੀਂ ਉਹਨਾਂ ਨਾਲੋਂ ਚੰਗੇ ਹਾਂ ? ਕਦੇ ਵੀ ਨਹੀਂ ! ਕਿਉਂ ਜੋ ਅਸੀਂ ਤਾਂ ਪਹਿਲਾਂ ਹੀ ਕਹਿ ਬੈਠੇ ਹਾਂ ਜੋ ਯਹੂਦੀ ਅਤੇ ਯੂਨਾਨੀ ਸਾਰਿਆਂ ਦੇ ਸਾਰੇ ਪਾਪ ਦੇ ਹੇਠ ਹਨ ।10ਜਿਵੇਂ ਲਿਖਿਆ ਹੋਇਆ ਹੈ ਕੋਈ ਇੱਕ ਵੀ ਧਰਮੀ ਨਹੀਂ,
11ਕੋਈ ਸਮਝਣ ਵਾਲਾ ਨਹੀਂ, ਕੋਈ ਪਰਮੇਸ਼ੁਰ ਦਾ ਖੋਜੀ ਨਹੀਂ ।12ਸਭ ਦੇ ਸਭ ਭਟਕ ਗਏ, ਉਹ ਸਾਰੇ ਦੇ ਸਾਰੇ ਨਿਕੰਮੇ ਹੋ ਗਏ ਹਨ, ਕੋਈ ਭਲਾ ਕਰਨ ਵਾਲਾ ਨਹੀਂ, ਇੱਕ ਵੀ ਨਹੀਂ ।
13ਉਹਨਾਂ ਦਾ ਮੂੰਹ ਖੁੱਲੀ ਹੋਈ ਕਬਰ ਹੈ, ਉਹਨਾਂ ਨੇ ਆਪਣੀਆਂ ਜੀਭਾਂ ਨਾਲ ਵਲ-ਛਲ ਕੀਤਾ ਹੈ ਅਤੇ, ਉਹਨਾਂ ਦੇ ਬੁੱਲ੍ਹਾਂ ਵਿੱਚ ਜ਼ਹਿਰੀ ਸੱਪਾਂ ਦਾ ਜ਼ਹਿਰ ਹੈ ।14ਉਹਨਾਂ ਦਾ ਮੂੰਹ ਸਰਾਪ ਅਤੇ ਕੁੱੜਤਣ ਨਾਲ ਭਰਿਆ ਹੋਇਆ ਹੈ,
15ਉਹਨਾਂ ਦੇ ਪੈਰ ਲਹੂ ਵਹਾਉਣ ਲਈ ਫੁਰਤੀਲੇ ਹਨ,16ਉਹਨਾਂ ਦੇ ਰਾਹਾਂ ਵਿੱਚ ਨਾਸ ਅਤੇ ਬਿਪਤਾ ਹੈ,17ਅਤੇ ਉਹਨਾਂ ਨੇ ਸ਼ਾਂਤੀ ਦਾ ਰਾਹ ਨਾ ਪਛਾਣਿਆ,18ਉਹਨਾਂ ਦੀਆਂ ਅੱਖਾਂ ਦੇ ਅੱਗੇ ਪਰਮੇਸ਼ੁਰ ਦਾ ਡਰ ਹੈ ਹੀ ਨਹੀਂ ।

19ਹੁਣ ਅਸੀਂ ਜਾਣਦੇ ਹਾਂ ਕਿ ਬਿਵਸਥਾ ਜੋ ਕੁੱਝ ਆਖਦੀ ਹੈ ਸੋ ਬਿਵਸਥਾ ਵਾਲਿਆਂ ਨੂੰ ਆਖਦੀ ਹੈ ਤਾਂ ਜੋ ਹਰੇਕ ਦਾ ਮੂੰਹ ਬੰਦ ਹੋ ਜਾਵੇ ਅਤੇ ਸਾਰਾ ਸੰਸਾਰ ਪਰਮੇਸ਼ੁਰ ਦੇ ਨਿਆਂ ਦੇ ਹੇਠ ਆ ਜਾਵੇ ।20ਇਸ ਲਈ ਜੋ ਉਹ ਦੇ ਸਾਹਮਣੇ ਬਿਵਸਥਾ ਦੇ ਕੰਮਾਂ ਤੋਂ ਕੋਈ ਇਨਸਾਨ ਧਰਮੀ ਨਹੀਂ ਠਹਿਰੇਗਾ, ਕਿਉਂ ਜੋ ਬਿਵਸਥਾ ਦੇ ਰਾਹੀਂ ਪਾਪ ਦੀ ਪਛਾਣ ਹੁੰਦੀ ਹੈ ।
ਵਿਸ਼ਵਾਸ ਦੇ ਦੁਆਰਾ ਧਾਰਮਿਕਤਾ

21ਪਰ ਹੁਣ ਬਿਵਸਥਾ ਤੋਂ ਬਿਨ੍ਹਾਂ ਪਰਮੇਸ਼ੁਰ ਦੀ ਧਾਰਮਿਕਤਾ ਪ੍ਰਗਟ ਹੋਈ ਹੈ, ਬਿਵਸਥਾ ਅਤੇ ਨਬੀ ਉਸ ਦੀ ਗਵਾਹੀ ਦਿੰਦੇ ਹਨ ।22ਅਰਥਾਤ ਪਰਮੇਸ਼ੁਰ ਦੀ ਉਹ ਧਾਰਮਿਕਤਾ ਜੋ ਯਿਸੂ ਮਸੀਹ ਉੱਤੇ ਵਿਸ਼ਵਾਸ ਕਰਨ ਨਾਲ ਮਿਲਦੀ ਹੈ । ਇਹ ਉਨ੍ਹਾਂ ਸਭਨਾਂ ਦੇ ਲਈ ਹੈ ਜਿਹੜੇ ਵਿਸ਼ਵਾਸ ਕਰਦੇ ਹਨ ਕਿਉਂ ਜੋ ਕੁੱਝ ਫ਼ਰਕ ਨਹੀਂ ਹੈ ।
23ਕਿਉਂਕਿ ਸਭਨਾਂ ਨੇ ਪਾਪ ਕੀਤਾ ਅਤੇ ਪਰਮੇਸ਼ੁਰ ਦੀ ਮਹਿਮਾ ਤੋਂ ਰਹਿਤ ਹਨ ।24ਸੋ ਉਹ ਦੀ ਕਿਰਪਾ ਨਾਲ ਉਸ ਛੁਟਕਾਰੇ ਦੇ ਕਾਰਨ ਜੋ ਮਸੀਹ ਯਿਸੂ ਤੋਂ ਹੁੰਦਾ ਹੈ ਉਹ ਮੁਫ਼ਤ ਧਰਮੀ ਗਿਣੇ ਜਾਂਦੇ ਹਨ ।
25ਜਿਸ ਨੂੰ ਪਰਮੇਸ਼ੁਰ ਨੇ ਉਹ ਦੇ ਲਹੂ ਉੱਤੇ ਵਿਸ਼ਵਾਸ ਕਰਨ ਨਾਲ ਪ੍ਰਾਸਚਿੱਤ ਠਹਿਰਾਇਆ ਤਾਂ ਜੋ ਪਰਮੇਸ਼ੁਰ ਆਪਣੀ ਧਾਰਮਿਕਤਾ ਨੂੰ ਪ੍ਰਗਟ ਕਰੇ ਇਸ ਲਈ ਜੋ ਉਹ ਨੇ ਆਪਣੀ ਸਹਿਨਸ਼ੀਲਤਾ ਨਾਲ ਪਿੱਛਲੇ ਸਮੇਂ ਵਿੱਚ ਕੀਤੇ ਹੋਏ ਪਾਪਾਂ ਤੋਂ ਅੱਖੀਆਂ ਫੇਰ ਲਈਆਂ ।26ਹਾਂ, ਇਸ ਵਰਤਮਾਨ ਸਮੇਂ ਵਿੱਚ ਵੀ ਆਪਣੀ ਧਾਰਮਿਕਤਾ ਨੂੰ ਪਰਗਟ ਕਰੇ ਤਾਂ ਜੋ ਉਹ ਆਪ ਧਰਮੀ ਰਹੇ ਅਤੇ ਨਾਲੇ ਉਹ ਨੂੰ ਧਰਮੀ ਠਹਿਰਾਵੇ, ਜਿਹੜਾ ਯਿਸੂ ਮਸੀਹ ਉੱਤੇ ਵਿਸ਼ਵਾਸ ਕਰੇ ।

27ਸੋ ਹੁਣ ਘਮੰਡ ਕਿੱਥੇ ਗਿਆ ? ਉਹ ਤਾਂ ਰਹਿ ਗਿਆ । ਕਿਸ ਤਰ੍ਹਾਂ ਦੀ ਬਿਧੀ ਨਾਲ ? ਭਲਾ, ਕਰਮਾਂ ਦੀ ? ਨਹੀਂ ! ਸਗੋਂ ਵਿਸ਼ਵਾਸ ਦੀ ਬਿਧੀ ਨਾਲ ।28ਇਸ ਲਈ ਅਸੀਂ ਹੁਣ ਇਸ ਨਤੀਜੇ ਤੇ ਪਹੁੰਚੇ ਹਾਂ ਕਿ ਮਨੁੱਖ ਬਿਵਸਥਾ ਦੇ ਕੰਮਾਂ ਤੋਂ ਨਹੀਂ ਸਗੋਂ ਵਿਸ਼ਵਾਸ ਹੀ ਤੋਂ ਧਰਮੀ ਠਹਿਰਾਇਆ ਜਾਂਦਾ ਹੈ ।
29ਫੇਰ ਕੀ ਪਰਮੇਸ਼ੁਰ ਕੇਵਲ ਯਹੂਦੀਆਂ ਦਾ ਹੀ ਹੈ, ਅਤੇ ਪਰਾਈਆਂ ਕੌਮਾਂ ਦਾ ਨਹੀਂ ? ਹਾਂ, ਪਰਾਈਆਂ ਕੌਮਾਂ ਦਾ ਵੀ ਹੈ ।30ਕਿਉਂ ਜੋ ਪਰਮੇਸ਼ੁਰ ਇੱਕੋ ਹੈ ਜਿਹੜਾ ਸੁੰਨਤੀਆਂ ਨੂੰ ਵਿਸ਼ਵਾਸ ਤੋਂ ਅਤੇ ਅਸੁੰਨਤੀਆਂ ਨੂੰ ਵੀ ਵਿਸ਼ਵਾਸ ਹੀ ਦੇ ਕਾਰਨ ਧਰਮੀ ਠਹਿਰਾਵੇਗਾ ।
31ਫੇਰ ਕੀ ਅਸੀਂ ਬਿਵਸਥਾ ਨੂੰ ਵਿਸ਼ਵਾਸ ਦੇ ਕਾਰਨ ਵਿਅਰਥ ਕਰਦੇ ਹਾਂ ? ਕਦੇ ਨਹੀਂ, ਸਗੋਂ ਬਿਵਸਥਾ ਨੂੰ ਕਾਇਮ ਰੱਖਦੇ ਹਾਂ ।

4
ਅਬਰਾਹਾਮ ਵਿਸ਼ਵਾਸ ਦੇ ਦੁਆਰਾ ਧਰਮੀ ਠਹਿਰਿਆ

1ਸੋ ਹੁਣ ਅਸੀਂ ਕੀ ਆਖੀਏ ਜੋ ਸਾਡੇ ਸਰੀਰਕ ਪਿਤਾ ਅਬਰਾਹਾਮ ਨੂੰ ਕੀ ਮਿਲਿਆ ?2ਕਿਉਂਕਿ ਜੇ ਅਬਰਾਹਾਮ ਆਪਣੇ ਭਲੇ ਕੰਮਾਂ ਤੋਂ ਧਰਮੀ ਠਹਿਰਾਇਆ ਜਾਂਦਾ ਤਾਂ ਉਹ ਨੂੰ ਘਮੰਡ ਕਰਨ ਦੀ ਥਾਂ ਹੁੰਦੀ, ਪ੍ਰੰਤੂ ਪਰਮੇਸ਼ੁਰ ਦੇ ਅੱਗੇ ਨਹੀਂ ।3ਕਿਉਂ ਜੋ ਪਵਿੱਤਰ ਗ੍ਰੰਥ ਕੀ ਕਹਿੰਦਾ ਹੈ ? ਇਹ ਜੋ ਅਬਰਾਹਾਮ ਨੇ ਪਰਮੇਸ਼ੁਰ ਉੱਤੇ ਵਿਸ਼ਵਾਸ ਕੀਤਾ ਅਤੇ ਇਹ ਉਹ ਦੇ ਲਈ ਧਾਰਮਿਕਤਾ ਗਿਣੀ ਗਈ ।

4ਹੁਣ ਜਿਹੜਾ ਕੰਮ ਕਰਦਾ ਹੈ ਉਸ ਦੀ ਮਜ਼ਦੂਰੀ ਬਖਸ਼ੀਸ਼ ਨਹੀਂ ਸਗੋਂ ਹੱਕ ਗਿਣੀ ਜਾਂਦੀ ਹੈ ।5ਪਰ ਜਿਹੜਾ ਕੰਮ ਨਾ ਕਰਕੇ ਉਸ ਉੱਤੇ ਵਿਸ਼ਵਾਸ ਕਰਦਾ ਹੈ ਜੋ ਕੁਧਰਮੀ ਨੂੰ ਧਰਮੀ ਠਹਿਰਾਉਂਦਾ ਹੈ, ਉਸ ਦਾ ਵਿਸ਼ਵਾਸ ਧਾਰਮਿਕਤਾ ਗਿਣਿਆ ਜਾਂਦਾ ਹੈ ।
6ਜਿਵੇਂ ਦਾਊਦ ਵੀ ਉਸ ਮਨੁੱਖ ਨੂੰ ਧੰਨ ਆਖਦਾ ਹੈ, ਜਿਹ ਨੂੰ ਪਰਮੇਸ਼ੁਰ ਕਰਮਾਂ ਦੇ ਬਿਨ੍ਹਾਂ ਧਰਮੀ ਠਹਿਰਾਉਂਦਾ ਹੈ ।7ਧੰਨ ਉਹ ਜਿਨ੍ਹਾਂ ਦੇ ਅਪਰਾਧ ਮਾਫ਼ ਹੋ ਗਏ, ਅਤੇ ਜਿਨ੍ਹਾਂ ਦੇ ਪਾਪ ਢੱਕੇ ਗਏ ਹਨ ।8ਧੰਨ ਹੈ ਉਹ ਮਨੁੱਖ ਜਿਸ ਦੇ ਪਾਪ ਪਰਮੇਸ਼ੁਰ ਨਾ ਗਿਣੇਗਾ ।

9ਫੇਰ ਇਹ ਧੰਨ ਹੋਣਾ, ਕੀ ਸੁੰਨਤੀਆਂ ਦੇ ਲਈ ਹੀ ਹੈ ਜਾਂ ਅਸੁੰਨਤੀਆਂ ਦੇ ਲਈ ਵੀ ਹੈ ? ਕਿਉਂ ਜੋ ਅਸੀਂ ਆਖਦੇ ਹਾਂ ਕਿ ਅਬਰਾਹਾਮ ਦੇ ਲਈ ਉਹ ਦਾ ਵਿਸ਼ਵਾਸ ਧਾਰਮਿਕਤਾ ਗਿਣਿਆ ਗਿਆ ਸੀ ।10ਫਿਰ ਕਿਸ ਹਾਲ ਵਿੱਚ ਗਿਣਿਆ ਗਿਆ ਸੀ ? ਜਦੋਂ ਸੁੰਨਤੀ ਸੀ ਜਾਂ ਅਸੁੰਨਤੀ ਸੀ ? ਸੁੰਨਤ ਦੇ ਹਾਲ ਵਿੱਚ ਤਾਂ ਨਹੀਂ ਸਗੋਂ ਅਸੁੰਨਤ ਦੇ ਹਾਲ ਵਿੱਚ ਸੀ ।
11ਅਤੇ ਉਹ ਨੇ ਸੁੰਨਤ ਦੀ ਨਿਸ਼ਾਨੀ ਪਾਈ ਕਿ ਇਹ ਉਸ ਧਾਰਮਿਕਤਾ ਦੀ ਮੋਹਰ ਹੋਵੇ ਜਿਹੜੀ ਅਸੁੰਨਤ ਦੇ ਹਾਲ ਵਿੱਚ ਉਹ ਦੇ ਵਿਸ਼ਵਾਸ ਤੋਂ ਹੋਈ ਸੀ, ਤਾਂ ਜੋ ਉਨ੍ਹਾਂ ਸਾਰਿਆਂ ਦਾ ਪਿਤਾ ਹੋਵੇ ਜਿਹੜੇ ਵਿਸ਼ਵਾਸ ਕਰਦੇ ਹਨ ਭਾਵੇਂ ਅਸੁੰਨਤੀ ਹੋਣ ਇਸ ਲਈ ਜੋ ਉਹਨਾਂ ਲਈ ਧਾਰਮਿਕਤਾ ਗਿਣੀ ਜਾਵੇ ।12ਅਤੇ ਸੁੰਨਤੀਆਂ ਦਾ ਵੀ ਪਿਤਾ ਹੋਵੇ, ਨਾ ਉਹਨਾਂ ਦਾ ਜੋ ਕੇਵਲ ਸੁੰਨਤੀ ਹਨ ਸਗੋਂ ਉਹਨਾਂ ਦਾ ਜੋ ਸਾਡੇ ਪਿਤਾ ਅਬਰਾਹਾਮ ਦੇ ਵਾਂਗੂੰ ਉਸ ਵਿਸ਼ਵਾਸ ਦੀ ਚਾਲ ਚੱਲਦੇ ਹਨ, ਜੋ ਉਸ ਨੇ ਨੇ ਅਸੁੰਨਤ ਦੇ ਹਾਲ ਵਿੱਚ ਕੀਤਾ ਸੀ ।
ਵਿਸ਼ਵਾਸ ਦੁਆਰਾ ਵਾਅਦੇ ਨੂੰ ਪ੍ਰਾਪਤ ਕਰਨਾ

13ਕਿਉਂ ਜੋ ਉਹ ਵਾਇਦਾ ਕਿ ਤੂੰ ਸੰਸਾਰ ਦਾ ਵਾਰਿਸ ਹੋਵੇਂਗਾ ਅਬਰਾਹਾਮ ਅਤੇ ਉਹ ਦੀ ਅੰਸ ਨਾਲ ਬਿਵਸਥਾ ਦੇ ਰਾਹੀਂ ਨਹੀਂ ਸੀ ਹੋਇਆ ਸਗੋਂ ਉਸ ਧਾਰਮਿਕਤਾ ਦੇ ਰਾਹੀਂ ਹੋਇਆ ਜਿਹੜਾ ਵਿਸ਼ਵਾਸ ਤੋਂ ਹੁੰਦਾ ਹੈ ।14ਪਰ ਜੇ ਬਿਵਸਥਾ ਵਾਲੇ ਵਾਰਿਸ ਹਨ ਤਾਂ ਵਿਸ਼ਵਾਸ ਨਿਸ਼ਫਲ ਅਤੇ ਉਹ ਵਾਇਦਾ ਵਿਅਰਥ ਹੋਇਆ ।15ਕਿਉਂ ਜੋ ਬਿਵਸਥਾ ਕ੍ਰੋਧ ਦਾ ਕਾਰਨ ਹੁੰਦੀ ਹੈ ਪਰ ਜਿੱਥੇ ਬਿਵਸਥਾ ਨਹੀਂ ਉੱਥੇ ਉਲੰਘਣਾ ਵੀ ਨਹੀਂ ।
16ਇਸ ਕਾਰਨ ਉਹ ਵਿਸ਼ਵਾਸ ਤੋਂ ਹੋਇਆ ਤਾਂ ਜੋ ਕਿਰਪਾ ਦੇ ਅਨੁਸਾਰ ਠਹਿਰੇ ਇਸ ਲਈ ਜੋ ਵਾਇਦਾ ਸਾਰੀ ਅੰਸ ਦੇ ਲਈ ਪੱਕਾ ਰਹੇ, ਕੇਵਲ ਉਸ ਅੰਸ ਦੇ ਲਈ ਨਹੀਂ ਜਿਹੜੀ ਬਿਵਸਥਾ ਵਾਲੀ ਹੈ ਪ੍ਰੰਤੂ ਉਹ ਦੇ ਲਈ ਵੀ ਜੋ ਅਬਰਾਹਾਮ ਜਿਹਾ ਵਿਸ਼ਵਾਸ ਰੱਖਦੀ ਹੈ, ਉਹ ਸਾਡੇ ਸਭ ਦਾ ਪਿਤਾ ਹੈ,17ਜਿਵੇਂ ਲਿਖਿਆ ਹੋਇਆ ਹੈ ਕਿ ਮੈਂ ਤੈਨੂੰ ਬਹੁਤੀਆਂ ਕੌਮਾਂ ਦਾ ਪਿਤਾ ਠਹਿਰਾਇਆ ਹੈ ਅਰਥਾਤ ਉਸ ਪਰਮੇਸ਼ੁਰ ਦੀ ਹਜ਼ੂਰੀ ਵਿੱਚ ਜਿਸ ਉੱਤੇ ਉਸ ਨੇ ਵਿਸ਼ਵਾਸ ਕੀਤਾ ਜਿਹੜਾ ਮੁਰਦਿਆਂ ਨੂੰ ਜਿਵਾਉਂਦਾ ਅਤੇ ਉਹਨਾਂ ਅਣਹੋਈਆਂ ਵਸਤਾਂ ਨੂੰ ਇਸ ਤਰ੍ਹਾਂ ਬੁਲਾਉਂਦਾ ਹੈ, ਜਿਵੇਂ ਉਹ ਉਸ ਦੇ ਸਾਹਮਣੇ ਹਨ ।
18ਨਿਰਾਸ਼ਾ ਵਿੱਚ ਆਸ ਨਾਲ ਉਸ ਨੇ ਵਿਸ਼ਵਾਸ ਕੀਤਾ ਕਿ ਉਸ ਬਚਨ ਦੇ ਅਨੁਸਾਰ ਕਿ ਤੇਰੀ ਅੰਸ ਇਉਂ ਹੋਵੇਗੀ ਕਿ ਤੂੰ ਬਹੁਤੀਆਂ ਕੌਮਾਂ ਦਾ ਪਿਤਾ ਹੋਵੇਗਾ ।19ਅਤੇ ਵਿਸ਼ਵਾਸ ਵਿੱਚ ਉਹ ਕਮਜ਼ੋਰ ਨਾ ਹੋਇਆ ਭਾਵੇਂ ਉਹ ਸੌ ਸਾਲ ਦਾ ਹੋ ਗਿਆ ਸੀ ਜਦੋਂ ਉਸ ਨੇ ਧਿਆਨ ਕੀਤਾ ਕਿ ਮੇਰੀ ਦੇਹ ਹੁਣ ਮੁਰਦੇ ਵਰਗੀ ਹੋ ਗਈ ਹੈ ਨਾਲੇ ਸਾਰਾਹ ਦੀ ਕੁੱਖ ਨੂੰ ਵੀ ਸੋਕਾ ਲੱਗ ਗਿਆ ਹੈ ।
20ਪ੍ਰੰਤੂ ਪਰਮੇਸ਼ੁਰ ਦੇ ਵਾਇਦੇ ਉੱਤੇ ਉਸ ਨੇ ਅਵਿਸ਼ਵਾਸ ਕਰਕੇ ਸ਼ੱਕ ਨਾ ਕੀਤਾ ਸਗੋਂ ਵਿਸ਼ਵਾਸ ਵਿੱਚ ਮਜ਼ਬੂਤ ਹੋ ਕੇ ਉਹ ਨੇ ਪਰਮੇਸ਼ੁਰ ਦੀ ਵਡਿਆਈ ਕੀਤੀ ।21ਅਤੇ ਉਸ ਨੂੰ ਪੱਕਾ ਭਰੋਸਾ ਸੀ ਕਿ ਜਿਹ ਦਾ ਉਸ ਨੇ ਵਾਇਦਾ ਕੀਤਾ ਉਸ ਨੂੰ ਪੂਰਾ ਕਰਨ ਵਿੱਚ ਵੀ ਉਹੋ ਸਮਰੱਥੀ ਹੈ ।22ਇਸੇ ਕਰਕੇ ਇਹ ਉਹ ਦੇ ਲਈ ਧਾਰਮਿਕਤਾ ਗਿਣੀ ਗਈ ।

23ਇਹ ਗੱਲ ਜੋ ਉਹ ਦੇ ਲਈ ਗਿਣੀ ਗਈ, ਸਿਰਫ਼ ਉਸੇ ਦੇ ਲਈ ਨਹੀਂ ਲਿਖੀ ਗਈ ।24ਸਗੋਂ ਸਾਡੇ ਲਈ ਵੀ ਜਿਨ੍ਹਾਂ ਦੇ ਲਈ ਵਿਸ਼ਵਾਸ ਧਾਰਮਿਕਤਾ ਗਿਣਿਆ ਜਾਵੇਗਾ ਅਰਥਾਤ ਸਾਡੇ ਲਈ ਜਿਹੜੇ ਉਸ ਦੇ ਉੱਤੇ ਵਿਸ਼ਵਾਸ ਕਰਦੇ ਹਾਂ ਜਿਸ ਨੇ ਸਾਡੇ ਪ੍ਰਭੂ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ ।25ਜਿਹੜਾ ਸਾਡੇ ਅਪਰਾਧਾਂ ਦੇ ਕਾਰਨ ਫੜਵਾਇਆ ਗਿਆ ਅਤੇ ਸਾਨੂੰ ਧਰਮੀ ਠਹਿਰਾਉਣ ਲਈ ਜੀ ਉੱਠਿਆ ।

5
ਪਰਮੇਸ਼ੁਰ ਦੇ ਨਾਲ ਮੇਲ

1ਸੋ ਜਦੋਂ ਅਸੀਂ ਵਿਸ਼ਵਾਸ ਦੇ ਦੁਆਰਾ ਧਰਮੀ ਠਹਿਰਾਏ ਗਏ ਤਾਂ ਅਸੀਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਪਰਮੇਸ਼ੁਰ ਨਾਲ ਮੇਲ ਰੱਖੀਏ ।2ਜਿਸ ਦੇ ਰਾਹੀਂ ਅਸੀਂ ਵੀ ਵਿਸ਼ਵਾਸ ਦੇ ਦੁਆਰਾ ਉਸ ਕਿਰਪਾ ਤੱਕ ਪਹੁੰਚੇ ਜਿਹ ਦੇ ਵਿੱਚ ਅਸੀਂ ਖੜੇ ਹਾਂ, ਤਾਂ ਜੋ ਪਰਮੇਸ਼ੁਰ ਦੀ ਮਹਿਮਾ ਦੀ ਆਸ ਉੱਤੇ ਘਮੰਡ ਕਰੀਏ ।

3ਕੇਵਲ ਇਹੋ ਨਹੀਂ ਸਗੋਂ ਬਿਪਤਾ ਵਿੱਚ ਵੀ ਘਮੰਡ ਕਰੀਏ ਕਿਉਂ ਜੋ ਇਹ ਜਾਣਦੇ ਹਾਂ ਕਿ ਬਿਪਤਾ ਧੀਰਜ ਪੈਦਾ ਕਰਦੀ ਹੈ ।4ਅਤੇ ਧੀਰਜ ਤੋਂ ਦ੍ਰਿੜ੍ਹਤਾ ਅਤੇ ਦ੍ਰਿੜ੍ਹਤਾ ਆਸ ਪੈਦਾ ਕਰਦੀ ਹੈ ।5ਅਤੇ ਆਸ ਸ਼ਰਮਿੰਦਿਆਂ ਨਹੀਂ ਕਰਦੀ ਇਸ ਲਈ ਜੋ ਪਰਮੇਸ਼ੁਰ ਦਾ ਪਿਆਰ ਪਵਿੱਤਰ ਆਤਮਾ ਦੇ ਵਸੀਲੇ ਨਾਲ ਜੋ ਸਾਨੂੰ ਦਿੱਤਾ ਗਿਆ ਸਾਡਿਆਂ ਦਿਲਾਂ ਵਿੱਚ ਪਾਇਆ ਹੋਇਆ ਹੈ ।
6ਜਦੋਂ ਅਸੀਂ ਨਿਰਬਲ ਹੀ ਸੀ, ਤਦੋਂ ਮਸੀਹ ਸਮੇਂ ਸਿਰ ਪਾਪੀਆਂ ਦੇ ਲਈ ਮਰਿਆ ।7ਇਹ ਗੱਲ ਤਾਂ ਔਖੀ ਹੈ ਜੋ ਧਰਮੀ ਦੇ ਲਈ ਕੋਈ ਮਰੇ ਪਰ ਕੀ ਜਾਣੀਏ ਜੋ ਭਲੇ ਮਨੁੱਖ ਦੇ ਲਈ ਕੋਈ ਮਰਨ ਨੂੰ ਵੀ ਤਿਆਰ ਹੋ ਜਾਵੇ ।
8ਪ੍ਰੰਤੂ ਪਰਮੇਸ਼ੁਰ ਆਪਣਾ ਪਿਆਰ ਸਾਡੇ ਉੱਤੇ ਇਸ ਤਰ੍ਹਾਂ ਪਰਗਟ ਕਰਦਾ ਹੈ, ਕਿ ਜਦੋਂ ਅਸੀਂ ਪਾਪੀ ਹੀ ਸੀ, ਤਾਂ ਮਸੀਹ ਸਾਡੇ ਲਈ ਮਰਿਆ ।9ਸੋ ਜਦੋਂ ਅਸੀਂ ਹੁਣ ਉਹ ਦੇ ਲਹੂ ਦੇ ਵਸੀਲੇ ਨਾਲ ਧਰਮੀ ਠਹਿਰਾਏ ਗਏ, ਤਾਂ ਇਸ ਨਾਲੋਂ ਬਹੁਤ ਵੱਧ ਕੇ ਅਸੀਂ ਉਹ ਦੇ ਰਾਹੀਂ ਉਸ ਕ੍ਰੋਧ ਤੋਂ ਬਚਾਏ ਜਾਂਵਾਂਗੇ ।
10ਕਿਉਂਕਿ ਜਦੋਂ ਅਸੀਂ ਵੈਰੀ ਹੋ ਕੇ ਪਰਮੇਸ਼ੁਰ ਨਾਲ ਉਹ ਦੇ ਪੁੱਤਰ ਦੀ ਮੌਤ ਦੇ ਵਸੀਲੇ ਮਿਲਾਏ ਗਏ ਤਾਂ ਮਿਲਾਏ ਜਾ ਕੇ ਅਸੀਂ ਇਸ ਨਾਲੋਂ ਬਹੁਤ ਵੱਧ ਕੇ ਉਹ ਦੇ ਜੀਵਨ ਦੇ ਦੁਆਰਾ ਬਚ ਜਾਂਵਾਂਗੇ ।11ਅਤੇ ਕੇਵਲ ਇਹੋ ਨਹੀਂ ਸਗੋਂ ਅਸੀਂ ਪਰਮੇਸ਼ੁਰ ਉੱਤੇ ਵੀ ਆਪਣੇ ਪ੍ਰਭੂ ਯਿਸੂ ਮਸੀਹ ਦੇ ਵਸੀਲੇ ਨਾਲ ਜਿਸ ਕਰਕੇ ਅਸੀਂ ਹੁਣ ਮਿਲਾਏ ਗਏ ਅਭਮਾਨ ਕਰਦੇ ਹਾਂ ।
ਆਦਮ ਦੁਆਰਾ ਮੌਤ - ਮਸੀਹ ਦੁਆਰਾ ਜੀਵਨ

12ਇਸ ਲਈ ਜਿਵੇਂ ਇੱਕ ਮਨੁੱਖ ਤੋਂ ਪਾਪ ਸੰਸਾਰ ਵਿੱਚ ਆਇਆ ਅਤੇ ਪਾਪ ਤੋਂ ਮੌਤ ਆਈ ਅਤੇ ਇਸੇ ਤਰ੍ਹਾਂ ਮੌਤ ਸਭਨਾਂ ਮਨੁੱਖਾਂ ਵਿੱਚ ਫੈਲ ਗਈ ਕਿਉਂ ਜੋ ਸਭਨਾਂ ਨੇ ਪਾਪ ਕੀਤਾ ।13ਬਿਵਸਥਾ ਦੇ ਸਮੇਂ ਤੱਕ ਪਾਪ ਤਾਂ ਸੰਸਾਰ ਵਿੱਚ ਸੀ, ਪਰ ਜਿੱਥੇ ਬਿਵਸਥਾ ਨਹੀਂ ਉੱਥੇ ਪਾਪ ਦਾ ਲੇਖਾ ਨਹੀਂ ਹੁੰਦਾ ।
14ਤਾਂ ਵੀ ਆਦਮ ਤੋਂ ਲੈ ਕੇ ਮੂਸਾ ਤੱਕ ਮੌਤ ਨੇ ਉਨ੍ਹਾਂ ਉੱਤੇ ਵੀ ਰਾਜ ਕੀਤਾ ਜਿਨ੍ਹਾਂ ਨੇ ਆਦਮ ਦੀ ਅਣ-ਆਗਿਆਕਾਰੀ ਵਰਗਾ ਪਾਪ ਨਹੀਂ ਸੀ ਕੀਤਾ, ਜੋ ਆਉਣ ਵਾਲੇ ਆਦਮ ਦਾ ਨਮੂਨਾ ਹੈ ।15ਪਰ ਇਸ ਤਰ੍ਹਾਂ ਨਹੀਂ ਕਿ ਜਿਹੋ ਜਿਹਾ ਅਪਰਾਧ ਹੋਇਆ ਉਹੋ ਜਿਹੀ ਦਾਤ ਵੀ ਹੋਈ, ਕਿਉਂਕਿ ਜਦ ਇੱਕ ਮਨੁੱਖ ਦੇ ਅਪਰਾਧ ਤੋਂ ਬਹੁਤ ਲੋਕ ਮਰ ਗਏ ਤਾਂ ਪਰਮੇਸ਼ੁਰ ਦੀ ਕਿਰਪਾ ਅਤੇ ਉਹ ਦਾਤ ਜਿਹੜੀ ਇੱਕੋ ਮਨੁੱਖ ਅਰਥਾਤ ਯਿਸੂ ਮਸੀਹ ਦੀ ਕਿਰਪਾ ਦੇ ਕਾਰਨ ਸੀ ਬਹੁਤਿਆਂ ਲੋਕਾਂ ਲਈ ਬਹੁਤੀ ਪ੍ਰਗਟ ਹੋਈ ।
16ਅਤੇ ਜਿਵੇਂ ਇੱਕ ਮਨੁੱਖ ਦੇ ਪਾਪ ਦੇ ਕਾਰਨ ਫਲ ਹੋਇਆ, ਤਿਵੇਂ ਹੀ ਵਰਦਾਨ ਦਾ ਹਾਲ ਨਹੀਂ, ਸਗੋਂ ਇੱਕ ਜਣੇ ਦੇ ਉੱਤੇ ਨਿਆਂ ਨੇ ਸਜ਼ਾ ਦਾ ਹੁਕਮ ਲਿਆਂਦਾ, ਪਰ ਕਿਰਪਾ ਦੇ ਕਾਰਨ ਬਹੁਤ ਸਾਰੇ ਅਪਰਾਧਾਂ ਤੋਂ ਦਾਤ ਨੇ ਧਾਰਮਿਕਤਾ ਨੂੰ ਲਿਆਉਂਦਾ l17ਜਦੋਂ ਉਸ ਨੇ ਇੱਕ ਦੇ ਅਪਰਾਧ ਕਰਕੇ ਉਸ ਇੱਕ ਦੇ ਰਾਹੀਂ ਮੌਤ ਨੇ ਰਾਜ ਕੀਤਾ ਤਾਂ ਬਹੁਤ ਵਧੀਕ ਉਹ ਲੋਕ ਜਿਨ੍ਹਾਂ ਨੂੰ ਕਿਰਪਾ ਅਤੇ ਧਾਰਮਿਕਤਾ ਦੀ ਦਾਤ ਬਹੁਤੀ ਮਿਲੀ ਹੈ ਉਸ ਇੱਕ ਅਰਥਾਤ ਯਿਸੂ ਮਸੀਹ ਦੇ ਰਾਹੀਂ ਜੀਵਨ ਵਿੱਚ ਰਾਜ ਕਰਨਗੇ ।
18ਉਪਰੰਤ ਜਿਵੇਂ ਇੱਕ ਅਪਰਾਧ ਦੇ ਕਾਰਨ ਸਾਰਿਆਂ ਮਨੁੱਖਾਂ ਉੱਤੇ ਦੋਸ਼ ਲੱਗਾ ਤਿਵੇਂ ਹੀ ਧਾਰਮਿਕਤਾ ਦੇ ਇੱਕ ਕੰਮ ਦੇ ਕਾਰਨ ਸਭਨਾਂ ਮਨੁੱਖਾਂ ਲਈ ਮਾਫ਼ੀ ਅਤੇ ਜੀਵਨ ਮਿਲਿਆ ।19ਕਿਉਂਕਿ ਜਿਵੇਂ ਉਸ ਇੱਕ ਮਨੁੱਖ ਦੀ ਅਣ-ਆਗਿਆਕਾਰੀ ਦੇ ਕਾਰਨ ਬਹੁਤ ਲੋਕ ਪਾਪੀ ਠਹਿਰਾਏ ਗਏ ਤਿਵੇਂ ਹੀ ਇਸ ਇੱਕ ਦੀ ਆਗਿਆਕਾਰੀ ਦੇ ਕਾਰਨ ਵੀ ਬਹੁਤ ਧਰਮੀ ਠਹਿਰਾਏ ਜਾਣਗੇ ।
20ਅਤੇ ਬਿਵਸਥਾ ਵਿਚਕਾਰ ਆ ਗਈ ਕਿ ਅਪਰਾਧ ਬਹੁਤ ਹੋਵੇ ਪਰ ਜਿੱਥੇ ਪਾਪ ਬਹੁਤਾ ਹੋਇਆ ਉੱਥੇ ਕਿਰਪਾ ਵੀ ਬਹੁਤ ਜ਼ਿਆਦਾ ਹੋਈ ।21ਇਸ ਲਈ ਕਿ ਜਿਵੇਂ ਪਾਪ ਨੇ ਮੌਤ ਫੈਲਾਉਂਦੇ ਦੇ ਹੋਏ ਰਾਜ ਕੀਤਾ, ਤਿਵੇਂ ਕਿਰਪਾ ਨੇ ਵੀ ਯਿਸੂ ਮਸੀਹ ਸਾਡੇ ਪ੍ਰਭੂ ਦੇ ਵਸੀਲੇ ਨਾਲ ਸਦੀਪਕ ਜੀਵਨ ਦੇ ਲਈ ਧਾਰਮਿਕਤਾ ਦੇ ਰਾਹੀਂ ਰਾਜ ਕੀਤਾ ।

6
ਪਾਪ ਦੇ ਲਈ ਮੁਰਦੇ, ਮਸੀਹ ਦੇ ਲਈ ਜਿਉਂਦੇ

1ਹੁਣ ਅਸੀਂ ਕੀ ਆਖੀਏ ? ਕੀ ਪਾਪ ਕਰਨ ਵਿੱਚ ਲੱਗੇ ਰਹੀਏ ਕਿ ਕਿਰਪਾ ਬਹੁਤੀ ਹੋਵੇ ?2ਕਦੇ ਨਹੀਂ ! ਅਸੀਂ ਜੋ ਪਾਪ ਦੇ ਵੱਲੋਂ ਮਰ ਗਏ, ਤਾਂ ਹੁਣ ਅੱਗੇ ਤੋਂ ਉਸ ਵਿੱਚ ਜੀਵਨ ਕਿਉਂ ਬਤੀਤ ਕਰੀਏ ? ।3ਕੀ ਤੁਸੀਂ ਇਸ ਗੱਲ ਤੋਂ ਅਣਜਾਣ ਹੋ ਕਿ ਸਾਡੇ ਵਿੱਚੋਂ ਜਿਨ੍ਹਾਂ ਨੇ ਮਸੀਹ ਯਿਸੂ ਵਿੱਚ ਬਪਤਿਸਮਾ ਲਿਆ, ਉਸ ਦੀ ਮੌਤ ਵਿੱਚ ਬਪਤਿਸਮਾ ਲਿਆ ?

4ਸੋ ਅਸੀਂ ਮੌਤ ਦਾ ਬਪਤਿਸਮਾ ਲੈਣ ਦੇ ਕਾਰਨ ਉਹ ਦੇ ਨਾਲ ਦੱਬੇ ਗਏ, ਤਾਂ ਜੋ ਜਿਵੇਂ ਪਿਤਾ ਦੀ ਮਹਿਮਾ ਦੇ ਵਸੀਲੇ ਨਾਲ ਮਸੀਹ ਮੁਰਦਿਆਂ ਵਿੱਚੋਂ ਜਿਵਾਲਿਆ ਗਿਆ, ਤਿਵੇਂ ਅਸੀਂ ਵੀ ਨਵੇਂ ਜੀਵਨ ਦੇ ਰਾਹ ਚੱਲੀਏ ।

5ਜਦੋਂ ਅਸੀਂ ਉਹ ਦੀ ਮੌਤ ਦੀ ਸਮਾਨਤਾ ਵਿੱਚ ਉਸ ਦੇ ਨਾਲ ਜੋੜੇ ਗਏ ਤਾਂ ਉਸ ਦੇ ਜੀ ਉੱਠਣ ਦੀ ਸਮਾਨਤਾ ਵਿੱਚ ਵੀ ਹੋਵਾਂਗੇ ।
6ਕਿਉਂ ਜੋ ਅਸੀਂ ਇਹ ਜਾਣਦੇ ਹਾਂ ਕਿ ਸਾਡੀ ਪੁਰਾਣੀ ਇਨਸਾਨੀਅਤ ਉਹ ਦੇ ਨਾਲ ਸਲੀਬ ਉੱਤੇ ਚੜ੍ਹਾਈ ਗਈ ਤਾਂ ਜੋ ਪਾਪ ਦਾ ਸਰੀਰ ਨਸ਼ਟ ਹੋ ਜਾਵੇ ਤਾਂ ਹੁਣ ਅਸੀਂ ਅੱਗੇ ਤੋਂ ਪਾਪ ਦੀ ਗੁਲਾਮੀ ਨਾ ਕਰੀਏ ।7ਕਿਉਂਕਿ ਜਿਹੜਾ ਮਰ ਗਿਆ ਉਹ ਪਾਪ ਤੋਂ ਛੁੱਟ ਕੇ ਧਰਮੀ ਠਹਿਰਾਇਆ ਗਿਆ ।
8ਪਰੰਤੂ ਜਦੋਂ ਅਸੀਂ ਮਸੀਹ ਦੇ ਨਾਲ ਮਰੇ ਤਾਂ ਸਾਨੂੰ ਵਿਸ਼ਵਾਸ ਹੈ ਜੋ ਅਸੀਂ ਉਹ ਦੇ ਨਾਲ ਜੀਵਾਂਗੇ ਵੀ ।9ਕਿਉਂ ਜੋ ਅਸੀਂ ਇਹ ਜਾਣਦੇ ਹਾਂ ਕਿ ਮਸੀਹ ਜੋ ਮੁਰਦਿਆਂ ਵਿੱਚੋਂ ਜੀ ਉੱਠਿਆ ਤਾਂ ਫੇਰ ਨਹੀਂ ਮਰੇਗਾ, ਹੁਣ ਅੱਗੇ ਤੋਂ ਮੌਤ ਦਾ ਉਸ ਉੱਤੇ ਕੋਈ ਵੱਸ ਨਹੀਂ ।
10ਜਿਹੜੀ ਮੌਤ ਉਹ ਮੋਇਆ ਉਹ ਪਾਪ ਦੇ ਕਾਰਨ ਇੱਕੋ ਵਾਰ ਮੋਇਆ, ਪਰ ਜਿਹੜਾ ਜੀਵਨ ਉਹ ਜਿਉਂਦਾ ਹੈ ਉਹ ਪਰਮੇਸ਼ੁਰ ਦੇ ਕਾਰਨ ਜਿਉਂਦਾ ਹੈ ।11ਇਸੇ ਤਰ੍ਹਾਂ ਤੁਸੀਂ ਵੀ ਆਪਣੇ ਆਪ ਨੂੰ ਪਾਪ ਦੀ ਵੱਲੋਂ ਮਰੇ ਹੋਏ ਪਰ ਮਸੀਹ ਯਿਸੂ ਵਿੱਚ ਪਰਮੇਸ਼ੁਰ ਲਈ ਜਿਉਂਦੇ ਸਮਝੋ ।

12ਹੁਣ ਫੇਰ ਪਾਪ ਤੁਹਾਡੀ ਮਰਨਹਾਰ ਦੇਹੀ ਵਿੱਚ ਰਾਜ ਨਾ ਕਰੇ, ਜੋ ਤੁਸੀਂ ਉਸ ਦੀਆਂ ਬੁਰੀਆਂ ਕਾਮਨਾਵਾਂ ਦੇ ਅਧੀਨ ਹੋਵੋ ।13ਅਤੇ ਨਾ ਆਪਣੇ ਅੰਗਾਂ ਨੂੰ ਕੁਧਰਮ ਦੇ ਹਥਿਆਰ ਬਣਾ ਕੇ ਪਾਪ ਨੂੰ ਸੌਂਪੋ ਸਗੋਂ ਆਪਣੇ ਆਪ ਨੂੰ ਮੁਰਦਿਆਂ ਵਿੱਚੋਂ ਜੀ ਉੱਠੇ ਹੋਏ ਸਮਝ ਕੇ ਪਰਮੇਸ਼ੁਰ ਨੂੰ ਸੌਂਪ ਦਿਓ ਅਤੇ ਆਪਣੇ ਅੰਗਾਂ ਨੂੰ ਧਰਮ ਦੇ ਹਥਿਆਰ ਬਣਾ ਕੇ ਪਰਮੇਸ਼ੁਰ ਨੂੰ ਸੌਂਪ ਦਿਓ ।14ਜੋ ਤੁਹਾਡੇ ਉੱਤੇ ਪਾਪ ਦਾ ਜੋਰ ਨਾ ਚੱਲੇਗਾ ਕਿਉਂਕਿ ਤੁਸੀਂ ਬਿਵਸਥਾ ਦੇ ਅਧੀਨ ਨਹੀਂ ਸਗੋਂ ਕਿਰਪਾ ਦੇ ਅਧੀਨ ਹੋ ।
ਧਾਰਮਿਕਤਾ ਦੇ ਦਾਸ

15ਤਾਂ ਫੇਰ ਕੀ ? ਅਸੀਂ ਪਾਪ ਕਰੀਏ ਇਸ ਲਈ ਜੋ ਅਸੀਂ ਬਿਵਸਥਾ ਦੇ ਅਧੀਨ ਨਹੀਂ ਸਗੋਂ ਕਿਰਪਾ ਦੇ ਅਧੀਨ ਹਾਂ ? ਕਦੇ ਨਹੀਂ !16ਭਲਾ ਤੁਸੀਂ ਇਹ ਨਹੀਂ ਜਾਣਦੇ ਹੋ ਕਿ ਆਗਿਆ ਮੰਨਣ ਲਈ ਜਿਹ ਦੇ ਹੱਥ ਤੁਸੀਂ ਆਪਣੇ ਆਪ ਨੂੰ ਦਾਸ ਬਣਾ ਕੇ ਸੌਂਪ ਦਿੰਦੇ ਹੋ ਤੁਸੀਂ ਉਸੇ ਦੇ ਦਾਸ ਹੋ ਜਿਸ ਦੀ ਆਗਿਆ ਮੰਨਦੇ ਹੋ, ਭਾਵੇਂ ਮੌਤ ਲਈ ਪਾਪ ਦੇ, ਭਾਵੇਂ ਧਾਰਮਿਕਤਾ ਲਈ ਆਗਿਆਕਾਰੀ ਦੇ ।
17ਪਰ ਧੰਨਵਾਦ ਹੈ ਪਰਮੇਸ਼ੁਰ ਦਾ ਕਿ ਭਾਵੇਂ ਤੁਸੀਂ ਪਾਪ ਦੇ ਦਾਸ ਸੀ, ਪਰ ਜਿਸ ਸਿੱਖਿਆ ਦੇ ਸਾਂਚੇ ਵਿੱਚ ਢਾਲ਼ੇ ਗਏ ਤੁਸੀਂ ਮਨ ਤੋਂ ਉਹ ਦੇ ਆਗਿਆਕਾਰ ਹੋ ਗਏ ।18ਅਤੇ ਪਾਪ ਤੋਂ ਛੁੱਟ ਕੇ ਤੁਸੀਂ ਧਾਰਮਿਕਤਾ ਦੇ ਦਾਸ ਬਣ ਗਏ ।
19ਮੈਂ ਤੁਹਾਡੇ ਸਰੀਰ ਦੀ ਦੁਰਬਲਤਾਈ ਦੇ ਕਾਰਨ ਮਨੁੱਖਾਂ ਵਾਲੀ ਗੱਲ ਆਖਦਾ ਹਾਂ ਸੋ ਜਿਵੇਂ ਤੁਸੀਂ ਆਪਣੇ ਅੰਗਾਂ ਨੂੰ ਗੰਦ-ਮੰਦ ਅਤੇ ਕੁਧਰਮ ਸਗੋਂ ਅੱਤ ਕੁਧਰਮ ਦੀ ਗੁਲਾਮੀ ਵਿੱਚ ਸੌਂਪ ਦਿੱਤੇ ਤਿਵੇਂ ਹੁਣ ਆਪਣੇ ਅੰਗਾਂ ਨੂੰ ਧਾਰਮਿਕਤਾ ਦੀ ਗੁਲਾਮੀ ਵਿੱਚ ਪਵਿੱਤਰ ਹੋਣ ਲਈ ਸੌਂਪ ਦਿਓ ।20ਜਦੋਂ ਤੁਸੀਂ ਪਾਪ ਦੇ ਦਾਸ ਸੀ ਤਾਂ ਧਾਰਮਿਕਤਾ ਤੋਂ ਆਜ਼ਾਦ ਸੀ ।21ਸੋ ਉਸ ਵੇਲੇ ਤੁਹਾਨੂੰ ਉਹਨਾਂ ਗੱਲਾਂ ਤੋਂ ਕੀ ਫਲ ਮਿਲਿਆ ਜਿਨ੍ਹਾਂ ਕਰਕੇ ਹੁਣ ਤੁਹਾਨੂੰ ਸ਼ਰਮ ਆਉਂਦੀ ਹੈ ਕਿਉਂ ਜੋ ਉਹਨਾਂ ਦਾ ਅੰਤ ਤਾਂ ਮੌਤ ਹੈ ?
22ਪਰ ਹੁਣ ਤੁਸੀਂ ਪਾਪ ਤੋਂ ਛੁੱਟ ਕੇ ਅਤੇ ਪਰਮੇਸ਼ੁਰ ਦੇ ਦਾਸ ਬਣ ਕੇ ਪਵਿੱਤਰਤਾਈ ਦੇ ਲਈ ਆਪਣਾ ਫਲ ਅਤੇ ਅੰਤ ਵਿੱਚ ਸਦੀਪਕ ਜੀਵਨ ਪਾਉਂਦੇ ਹੋ ।23ਕਿਉਂਕਿ ਪਾਪ ਦੀ ਮਜ਼ਦੂਰੀ ਤਾਂ ਮੌਤ ਹੈ, ਪਰ ਪਰਮੇਸ਼ੁਰ ਦਾ ਵਰਦਾਨ ਸਾਡੇ ਪ੍ਰਭੂ ਯਿਸੂ ਮਸੀਹ ਵਿੱਚ ਸਦੀਪਕ ਜੀਵਨ ਹੈ ।

7
ਵਿਵਾਹਿਤ ਜੀਵਨ ਦਾ ਉਦਾਹਰਣ

1ਹੇ ਭਰਾਵੋ, ਕੀ ਤੁਸੀਂ ਇਸ ਗੱਲ ਤੋਂ ਅਣਜਾਣ ਹੋ ( ਕਿਉਂ ਜੋ ਮੈਂ ਉਨ੍ਹਾਂ ਨਾਲ ਬੋਲਦਾ ਹਾਂ ਜਿਹੜੇ ਬਿਵਸਥਾ ਨੂੰ ਜਾਣਦੇ ਹਨ ) ਕਿ ਜਿਨ੍ਹਾਂ ਚਿਰ ਮਨੁੱਖ ਜਿਉਂਦਾ ਹੈ ਉਨ੍ਹਾਂ ਚਿਰ ਬਿਵਸਥਾ ਉਸ ਉੱਤੇ ਅਧਿਕਾਰ ਰੱਖਦੀ ਹੈ ?

2ਕਿਉਂਕਿ ਸੁਹਾਗਣ ਵੀ ਜਦ ਤੱਕ ਉਸ ਦਾ ਪਤੀ ਜਿਉਂਦਾ ਹੈ, ਉਹ ਬਿਵਸਥਾ ਦੇ ਅਨੁਸਾਰ ਉਹ ਦੇ ਬੰਧਨ ਵਿੱਚ ਰਹਿੰਦੀ ਹੈ, ਪਰ ਜੇ ਪਤੀ ਮਰ ਜਾਏ ਤਾਂ ਉਹ ਪਤੀ ਦੀ ਬਿਵਸਥਾ ਤੋਂ ਛੁੱਟ ਗਈ ਹੈ ।3ਪਰ ਜੇ ਉਹ ਆਪਣੇ ਪਤੀ ਦੇ ਜਿਉਂਦੇ ਜੀ ਦੂਜੇ ਦੀ ਹੋ ਜਾਵੇ ਤਾਂ ਵਿਭਚਾਰਣ ਕਹਾਵੇਗੀ ਪਰ ਜੇ ਉਹ ਦਾ ਪਤੀ ਮਰ ਜਾਏ ਤਾਂ ਉਹ ਬਿਵਸਥਾ ਤੋਂ ਛੁੱਟ ਗਈ ਹੈ ਅਤੇ ਭਾਵੇਂ ਦੂਜੇ ਪਤੀ ਦੀ ਹੋ ਜਾਵੇ ਤਾਂ ਵੀ ਉਹ ਵਿਭਚਾਰਣ ਨਹੀਂ ਹੁੰਦੀ ।
4ਸੋ ਮੇਰੇ ਭਰਾਵੋ ਤੁਸੀਂ ਵੀ ਮਸੀਹ ਦੇ ਵਸੀਲੇ ਨਾਲ ਬਿਵਸਥਾ ਦੇ ਵੱਲੋਂ ਮਰ ਗਏ ਕਿ ਤੁਸੀਂ ਦੂਏ ਦੇ ਹੋ ਜਾਓ ਅਰਥਾਤ ਉਹ ਦੇ ਜਿਹੜਾ ਮੁਰਦਿਆਂ ਵਿੱਚੋਂ ਜਿਵਾਲਿਆ ਗਿਆ ਤਾਂ ਜੋ ਅਸੀਂ ਪਰਮੇਸ਼ੁਰ ਦੇ ਲਈ ਫਲ ਦੇਈਏ ।5ਜਦ ਅਸੀਂ ਸਰੀਰਕ ਸੀ, ਤਦ ਪਾਪਾਂ ਦੀਆਂ ਕਾਮਨਾਵਾਂ ਜੋ ਬਿਵਸਥਾ ਦੇ ਕਾਰਨ ਸਨ ਸਾਡੇ ਅੰਗਾਂ ਵਿੱਚ ਪ੍ਰੇਰਨਾ ਕਰਦੀਆਂ ਸੀ ਕਿ ਮੌਤ ਦੇ ਲਈ ਫਲ ਦੇਣ ।
6ਪਰ ਅਸੀਂ ਉਹ ਦੀ ਵੱਲੋਂ ਮਰ ਕੇ ਜਿਹ ਦੇ ਵਿੱਚ ਬੱਧੇ ਹੋਏ ਸੀ, ਬਿਵਸਥਾ ਤੋਂ ਹੁਣ ਛੁੱਟ ਗਏ ਹਾਂ, ਜਿਸ ਕਰਕੇ ਅਸੀਂ ਆਤਮਾ ਦੀ ਨਵੀਂ ਰੀਤ ਉੱਤੇ ਸੇਵਾ ਕਰਦੇ ਹਾਂ, ਨਾ ਕਿ ਲਿਖਤ ਦੀ ਪੁਰਾਣੀ ਰੀਤ ਉੱਤੇ ।
ਬਿਵਸਥਾ ਅਤੇ ਪਾਪ

7ਹੁਣ, ਅਸੀਂ ਕੀ ਆਖੀਏ ? ਕੀ ਬਿਵਸਥਾ ਪਾਪ ਹੈ ? ਕਦੇ ਨਹੀਂ ! ਸਗੋਂ ਬਿਵਸਥਾ ਤੋਂ ਬਿਨ੍ਹਾਂ ਮੈਂ ਪਾਪ ਨੂੰ ਨਾ ਪਛਾਣਦਾ ਕਿਉਂਕਿ ਜੇ ਬਿਵਸਥਾ ਨਾ ਕਹਿੰਦੀ ਕਿ ਲਾਲਚ ਨਾ ਕਰ ਤਾਂ ਮੈਂ ਲਾਲਚ ਨੂੰ ਨਾ ਜਾਣਦਾ ।8ਪਰ ਪਾਪ ਨੇ ਮੌਕਾ ਪਾ ਕੇ ਹੁਕਮਨਾਮੇ ਦੇ ਕਾਰਨ ਮੇਰੇ ਵਿੱਚ ਹਰ ਪ੍ਰਕਾਰ ਦਾ ਲੋਭ ਪੈਦਾ ਕੀਤਾ ਕਿਉਂ ਜੋ ਬਿਵਸਥਾ ਦੇ ਬਿਨ੍ਹਾਂ ਪਾਪ ਮੁਰਦਾ ਹੈ ।
9ਅਤੇ ਮੈਂ ਪਹਿਲਾਂ ਬਿਵਸਥਾ ਦੇ ਬਿਨ੍ਹਾਂ ਜਿਉਂਦਾ ਸੀ ਪਰ ਜਦ ਹੁਕਮਨਾਮਾ ਆਇਆ ਤਦ ਪਾਪ ਜੀ ਪਿਆ ਅਤੇ ਮੈਂ ਮਰ ਗਿਆ ।10ਅਤੇ ਉਹ ਹੁਕਮਨਾਮਾ ਜਿਹੜਾ ਜੀਵਨ ਦੇ ਲਈ ਸੀ ਉਹੋ ਮੇਰੇ ਲਈ ਮੌਤ ਦਾ ਕਾਰਨ ਵਿਖਾਈ ਦਿੱਤਾ ।
11ਕਿਉਂ ਜੋ ਪਾਪ ਨੇ ਮੌਕਾ ਪਾ ਕੇ ਹੁਕਮਨਾਮੇ ਦੇ ਰਾਹੀਂ ਮੈਨੂੰ ਧੋਖਾ ਦਿੱਤਾ ਅਤੇ ਉਹ ਦੇ ਵਸੀਲੇ ਨਾਲ ਮੈਨੂੰ ਮਾਰ ਸੁੱਟਿਆ ।12ਸੋ ਬਿਵਸਥਾ ਪਵਿੱਤਰ ਹੈ, ਹੁਕਮਨਾਮਾ ਪਵਿੱਤਰ ਅਤੇ ਠੀਕ ਅਤੇ ਚੰਗਾ ਹੈ ।

13ਹੁਣ ਉਹ ਜੋ ਚੰਗਾ ਹੈ, ਕੀ ਮੇਰੇ ਲਈ ਮੌਤ ਬਣਿਆ ? ਕਦੇ ਨਹੀਂ ! ਪਰ ਪਾਪ ਨੇ ਕਿ ਪਾਪ ਪਰਗਟ ਹੋਵੇ ਮੇਰੇ ਲਈ ਚੰਗੀ ਗੱਲ ਦੇ ਵਸੀਲੇ ਨਾਲ ਮੌਤ ਨੂੰ ਪੈਦਾ ਕੀਤਾ ਤਾਂ ਜੋ ਹੁਕਮਨਾਮੇ ਦੇ ਕਾਰਨ ਪਾਪ ਅੱਤ ਬੁਰਾ ਠਹਿਰੇ ।14ਅਸੀਂ ਜਾਣਦੇ ਤਾਂ ਹਾਂ ਜੋ ਬਿਵਸਥਾ ਆਤਮਕ ਹੈ ਪਰ ਮੈਂ ਸਰੀਰਕ ਅਤੇ ਪਾਪ ਦੇ ਹੱਥ ਵਿਕਿਆ ਹੋਇਆ ਹਾਂ ।
15ਮੈਂ ਨਹੀਂ ਜਾਣਦਾ ਜੋ ਕੀ ਕਰਾਂ ਕਿਉਂ ਜੋ ਮੈਂ ਉਹ ਨਹੀਂ ਕਰਦਾ ਜੋ ਚਾਹੁੰਦਾ ਹਾਂ ਸਗੋਂ ਉਹ ਕਰਦਾ ਹਾਂ ਜਿਸ ਤੋਂ ਮੈਨੂੰ ਨਫ਼ਰਤ ਆਉਂਦੀ ਹੈ ।16ਪਰ ਜੇ ਮੈਂ ਉਹ ਕਰਦਾ ਹਾਂ ਜੋ ਨਹੀਂ ਚਾਹੁੰਦਾ ਤਾਂ ਮੈਂ ਬਿਵਸਥਾ ਨੂੰ ਮੰਨ ਲੈਂਦਾ ਹਾਂ ਕਿ ਉਹ ਚੰਗੀ ਹੈ ।
17ਸੋ ਮੈਂ ਹੁਣ ਇਸ ਹਾਲ ਵਿੱਚ ਉਹ ਕਰਨ ਵਾਲਾ ਨਹੀਂ ਸਗੋਂ ਪਾਪ ਹੈ ਜਿਹੜਾ ਮੇਰੇ ਵਿੱਚ ਵੱਸਦਾ ਹੈ ।18ਮੈਂ ਜਾਣਦਾ ਤਾਂ ਹਾਂ ਕਿ ਮੇਰੇ ਅੰਦਰ ਅਰਥਾਤ ਮੇਰੇ ਸਰੀਰ ਦੇ ਅੰਦਰ ਕੋਈ ਭਲੀ ਗੱਲ ਹੈ ਨਹੀਂ । ਇਰਾਦਾ ਕਰਨਾ ਤਾਂ ਮੇਰੇ ਅੰਦਰ ਹੈ, ਪਰ ਭਲਾ ਕਰਨਾ ਹੈ ਨਹੀਂ ।
19ਜਿਹੜੀ ਭਲਿਆਈ ਮੈਂ ਕਰਨਾ ਚਾਹੁੰਦਾ ਹਾਂ, ਉਹ ਮੈਂ ਨਹੀਂ ਕਰਦਾ ਸਗੋਂ ਜਿਹੜੀ ਬੁਰਿਆਈ ਮੈਂ ਨਹੀਂ ਕਰਨਾ ਚਾਹੁੰਦਾ ਉਹ ਹੀ ਕਰਦਾ ਹਾਂ ।20ਪਰ ਜੇ ਮੈਂ ਉਹ ਕੰਮ ਕਰਦਾ ਹਾਂ ਜਿਹੜਾ ਮੈਂ ਨਹੀਂ ਚਾਹੁੰਦਾ ਤਾਂ ਕਰਨ ਵਾਲਾ ਮੈਂ ਨਹੀਂ ਸਗੋਂ ਪਾਪ ਹੈ ਜੋ ਮੇਰੇ ਵਿੱਚ ਵੱਸਦਾ ਹੈ ।21ਸੋ ਮੈਂ ਅੰਗਾਂ ਵਿੱਚ ਇਹ ਕਨੂੰਨ ਵੇਖਦਾ ਹਾਂ ਕਿ ਜਦੋਂ ਮੈਂ ਭਲਿਆਈ ਕਰਨਾ ਚਾਹੁੰਦਾ ਹਾਂ ਉਦੋਂ ਬੁਰਿਆਈ ਹਾਜ਼ਰ ਹੁੰਦੀ ਹੈ ।
22ਮੈਂ ਤਾਂ ਅੰਦਰਲੇ ਮਨੁੱਖ ਅਨੁਸਾਰ ਪਰਮੇਸ਼ੁਰ ਦੀ ਬਿਵਸਥਾ ਵਿੱਚ ਅਨੰਦ ਹੁੰਦਾ ਹਾਂ ।23ਪਰ ਮੈਂ ਆਪਣੇ ਅੰਗਾਂ ਵਿੱਚ ਇੱਕ ਹੋਰ ਕਨੂੰਨ ਨੂੰ ਵੀ ਵੇਖਦਾ ਹਾਂ, ਜੋ ਮੇਰੀ ਬੁੱਧ ਦੇ ਕਨੂੰਨ ਨਾਲ ਲੜਦਾ ਹੈ ਅਤੇ ਮੈਨੂੰ ਉਸ ਪਾਪ ਦੇ ਕਨੂੰਨ ਦੇ ਜੋ ਮੇਰਿਆਂ ਅੰਗਾਂ ਵਿੱਚ ਹੈ, ਬੰਧਨ ਵਿੱਚ ਲਈ ਆਉਂਦਾ ਹੈ ।
24ਮੈਂ ਕਿੰਨਾਂ ਮੰਦਭਾਗੀ ਮਨੁੱਖ ਹਾਂ ! ਕੌਣ ਮੈਨੂੰ ਇਸ ਮੌਤ ਦੇ ਸਰੀਰ ਤੋਂ ਛੁਡਾਵੇਗਾ ?25ਮਸੀਹ ਸਾਡੇ ਪ੍ਰਭੂ ਦੇ ਵਸੀਲੇ ਪਰਮੇਸ਼ੁਰ ਦਾ ਧੰਨਵਾਦ ਹੋਵੇ ! ਸੋ ਮੈਂ ਆਪ ਬੁੱਧ ਨਾਲ ਪਰਮੇਸ਼ੁਰ ਦੇ ਕਨੂੰਨ ਦੀ ਸੇਵਾ ਕਰਦਾ ਪਰ ਸਰੀਰ ਨਾਲ ਪਾਪ ਦੇ ਕਨੂੰਨ ਦੀ ।

8
ਪਵਿੱਤਰ ਆਤਮਾ ਦੇ ਦੁਆਰਾ ਜੀਵਨ

1ਸੋ ਹੁਣ ਜੋ ਮਸੀਹ ਯਿਸੂ ਵਿੱਚ ਹਨ, ਉਨ੍ਹਾਂ ਉੱਤੇ ਸਜ਼ਾ ਦਾ ਹੁਕਮ ਨਹੀਂ ਹੈ ।2ਕਿਉਂਕਿ ਜੀਵਨ ਦੇ ਆਤਮਾ ਦੀ ਬਿਵਸਥਾ ਨੇ ਯਿਸੂ ਮਸੀਹ ਵਿੱਚ ਮੈਨੂੰ ਪਾਪ ਅਤੇ ਮੌਤ ਦੀ ਬਿਵਸਥਾ ਤੋਂ ਛੁਡਾ ਦਿੱਤਾ ।

3ਜੋ ਬਿਵਸਥਾ ਤੋਂ ਨਾ ਹੋ ਸਕਿਆ ਇਸ ਕਰਕੇ ਜੋ ਉਹ ਸਰੀਰ ਦੇ ਕਾਰਨ ਕਮਜ਼ੋਰ ਸੀ, ਪਰਮੇਸ਼ੁਰ ਨੇ ਆਪਣਾ ਪੁੱਤਰ ਪਾਪ ਦੇ ਲਈ ਪਾਪੀ ਸਰੀਰ ਦੇ ਰੂਪ ਵਿੱਚ ਭੇਜ ਕੇ ਸਰੀਰ ਵਿੱਚ ਹੀ ਪਾਪ ਉੱਤੇ ਸਜ਼ਾ ਦਾ ਹੁਕਮ ਦਿੱਤਾ ।4ਇਸ ਲਈ ਜੋ ਸਾਡੇ ਵਿੱਚ ਜਿਹੜੇ ਸਰੀਰ ਦੇ ਨਹੀਂ ਸਗੋਂ ਆਤਮਾ ਦੇ ਅਨੁਸਾਰ ਚੱਲਦੇ ਹਾਂ ਬਿਵਸਥਾ ਦੀ ਬਿਧੀ ਪੂਰੀ ਹੋਵੇ ।5ਜੋ ਸਰੀਰਕ ਹਨ ਉਹ ਸਰੀਰ ਦੀਆਂ ਗੱਲਾਂ ਉੱਤੇ ਮਨ ਲਾਉਂਦੇ ਹਨ, ਪਰ ਜਿਹੜੇ ਆਤਮਿਕ ਹਨ ਉਹ ਆਤਮਾ ਦੀਆਂ ਗੱਲਾਂ ਉੱਤੇ ਮਨ ਲਾਉਂਦੇ ਹਨ ।
6ਕਿਉਂ ਜੋ ਸਰੀਰ ਉੱਤੇ ਮਨ ਲਾਉਣਾ ਤਾਂ ਮੌਤ ਹੈ ਪਰ ਆਤਮਾ ਉੱਤੇ ਮਨ ਲਾਉਣਾ ਜੀਵਨ ਅਤੇ ਸ਼ਾਂਤੀ ਹੈ ।7ਕਿਉਂ ਜੋ ਸਰੀਰ ਉੱਤੇ ਮਨ ਲਾਉਣਾ ਪਰਮੇਸ਼ੁਰ ਨਾਲ ਵੈਰ ਹੈ, ਕਿਉਂਕਿ ਉਹ ਪਰਮੇਸ਼ੁਰ ਦੀ ਬਿਵਸਥਾ ਦੇ ਅਧੀਨ ਨਹੀਂ ਹੈ, ਅਤੇ ਨਾ ਹੀ ਹੋ ਸਕਦਾ ਹੈ ।8ਅਤੇ ਜਿਹੜੇ ਸਰੀਰਕ ਹਨ ਉਹ ਪਰਮੇਸ਼ੁਰ ਨੂੰ ਖੁਸ਼ ਨਹੀਂ ਕਰ ਸਕਦੇ ਹਨ ।
9ਪਰ ਤੁਸੀਂ ਸਰੀਰਕ ਨਹੀਂ, ਸਗੋਂ ਆਤਮਿਕ ਹੋ ਜੇਕਰ ਪਰਮੇਸ਼ੁਰ ਦਾ ਆਤਮਾ ਤੁਹਾਡੇ ਵਿੱਚ ਵੱਸਦਾ ਹੋਵੇ, ਪ੍ਰੰਤੂ ਜਿਹ ਦੇ ਵਿੱਚ ਮਸੀਹ ਦਾ ਆਤਮਾ ਨਹੀਂ, ਸੋ ਉਸਦਾ ਨਹੀਂ ਹੈ ।10ਪਰ ਜੇ ਮਸੀਹ ਤੁਹਾਡੇ ਵਿੱਚ ਹੈ ਤਾਂ ਸਰੀਰ ਪਾਪ ਦੇ ਕਾਰਨ ਮਰ ਗਿਆ ਪਰ ਆਤਮਾ ਧਰਮ ਦੇ ਕਾਰਨ ਜੀਵਤ ਹੈ ।
11ਅਤੇ ਜੇ ਉਹ ਦਾ ਆਤਮਾ ਜਿਸ ਨੇ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਤੁਹਾਡੇ ਵਿੱਚ ਵੱਸਦਾ ਹੈ, ਤਾਂ ਜਿਸ ਨੇ ਮਸੀਹ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਉਹ ਆਪਣੇ ਆਤਮਾ ਦੇ ਵਸੀਲੇ ਨਾਲ ਜੋ ਤੁਹਾਡੇ ਵਿੱਚ ਵੱਸਦਾ ਹੈ ਤੁਹਾਡੇ ਮਰਨਹਾਰ ਸਰੀਰਾਂ ਨੂੰ ਵੀ ਜਿਵਾਏਗਾ ।

12ਸੋ ਹੇ ਭਰਾਵੋ, ਅਸੀਂ ਕਰਜ਼ਦਾਰ ਹਾਂ, ਪਰ ਸਰੀਰ ਦੇ ਨਹੀਂ ਜੋ ਸਰੀਰ ਦੇ ਅਨੁਸਾਰ ਉਮਰ ਕੱਟੀਏ ।13ਜੇ ਸਰੀਰ ਦੇ ਅਨੁਸਾਰ ਉਮਰ ਕੱਟੋਗੇ ਤਾਂ ਤੁਹਾਨੂੰ ਮਰਨਾ ਪਵੇਗਾ ਪਰ ਜੇ ਆਤਮਾ ਨਾਲ ਸਰੀਰ ਦੇ ਕੰਮਾਂ ਨੂੰ ਮਾਰੋ ਤਾਂ ਤੁਸੀਂ ਜੀਵੋਗੇ ।
14ਜਿੰਨੇ ਪਰਮੇਸ਼ੁਰ ਦੇ ਆਤਮਾ ਦੀ ਅਗਵਾਈ ਨਾਲ ਚੱਲਦੇ ਹਨ, ਉਹੀ ਪਰਮੇਸ਼ੁਰ ਦੇ ਪੁੱਤਰ ਹਨ ।15ਕਿਉਂ ਜੋ ਤੁਹਾਨੂੰ ਗੁਲਾਮੀ ਦਾ ਆਤਮਾ ਨਹੀਂ ਮਿਲਿਆ ਜੋ ਫੇਰ ਮੁੜ ਕੇ ਡਰੋ ਸਗੋਂ ਲੇਪਾਲਕ ਪੁੱਤਰ ਹੋਣ ਦਾ ਆਤਮਾ ਮਿਲਿਆ ਜਿਸ ਕਰਕੇ ਅਸੀਂ ਅੱਬਾ, ਹੇ ਪਿਤਾ, ਕਹਿ ਕੇ ਪੁਕਾਰਦੇ ਹਾਂ ।
16ਉਹ ਆਤਮਾ ਆਪ ਸਾਡੇ ਆਤਮਾ ਦੇ ਨਾਲ ਗਵਾਹੀ ਦਿੰਦਾ ਹੈ, ਕਿ ਅਸੀਂ ਪਰਮੇਸ਼ੁਰ ਦੀ ਸੰਤਾਨ ਹਾਂ ।17ਅਤੇ ਜੇ ਸੰਤਾਨ ਹਾਂ ਤਾਂ ਵਾਰਿਸ ਵੀ ਹਾਂ, ਪਰਮੇਸ਼ੁਰ ਦੇ ਵਾਰਿਸ ਅਤੇ ਮਸੀਹ ਦੇ ਨਾਲ ਸਾਂਝੇ ਵਾਰਿਸ ਪਰ ਤਾਂ ਜੇ ਅਸੀਂ ਉਹ ਦੇ ਨਾਲ ਦੁੱਖ ਝੱਲੀਏ, ਕਿ ਅਸੀਂ ਉਹ ਦੇ ਨਾਲ ਵਡਿਆਏ ਜਾਈਏ ।
ਹੁਣ ਦੁੱਖ ਝੱਲਣਾ ਅਤੇ ਭਵਿੱਖ ਦੀ ਮਹਿਮਾ

18ਮੇਰੀ ਸਮਝ ਵਿੱਚ ਇਸ ਵਰਤਮਾਨ ਸਮੇਂ ਦੇ ਦੁੱਖ ਉਸ ਮਹਿਮਾ ਦੇ ਸਾਹਮਣੇ ਜੋ ਸਾਡੇ ਵੱਲ ਪਰਕਾਸ਼ ਹੋਣ ਵਾਲੀ ਹੈ, ਕੁੱਝ ਵੀ ਨਹੀਂ ।19ਸ੍ਰਿਸ਼ਟੀ ਵੀ ਵੱਡੀ ਆਸ ਨਾਲ ਪਰਮੇਸ਼ੁਰ ਦੇ ਪੁੱਤਰਾਂ ਦੇ ਪ੍ਰਗਟ ਹੋਣ ਨੂੰ ਉਡੀਕਦੀ ਹੈ ।
20ਕਿਉਂ ਜੋ ਸ੍ਰਿਸ਼ਟੀ ਆਪਣੀ ਇੱਛਾ ਨਾਲ ਨਹੀਂ, ਸਗੋਂ ਅਧੀਨ ਕਰਨ ਵਾਲੇ ਦੇ ਕਾਰਨ ਵਿਅਰਥ ਦੇ ਅਧੀਨ ਹੋਈ, ਪਰ ਆਸ ਨਾਲ ।21ਇਸ ਲਈ ਜੋ ਸ੍ਰਿਸ਼ਟੀ ਆਪ ਵੀ ਵਿਨਾਸ਼ ਦੀ ਗੁਲਾਮੀ ਤੋਂ ਛੁੱਟ ਕੇ ਪਰਮੇਸ਼ੁਰ ਦੀ ਸੰਤਾਨ ਦੀ ਵਡਿਆਈ ਦੀ ਅਜ਼ਾਦੀ ਨੂੰ ਪ੍ਰਾਪਤ ਕਰੇ ।22ਅਸੀਂ ਜਾਣਦੇ ਤਾਂ ਹਾਂ ਕਿ ਸਾਰੀ ਸ੍ਰਿਸ਼ਟੀ ਮਿਲ ਕੇ ਹੁਣ ਤੱਕ ਹਾਉਂਕੇ ਭਰਦੀ ਹੈ ਅਤੇ ਉਹ ਨੂੰ ਪੀੜ੍ਹਾਂ ਲੱਗੀਆਂ ਹੋਈਆਂ ਹਨ ।
23ਅਤੇ ਕੇਵਲ ਉਹ ਤਾਂ ਨਹੀਂ ਸਗੋਂ ਅਸੀਂ ਆਪ ਵੀ ਜਿਨ੍ਹਾਂ ਨੂੰ ਆਤਮਾ ਦਾ ਪਹਿਲਾ ਫਲ ਮਿਲਿਆ ਆਪਣੇ ਆਪ ਵਿੱਚ ਹਾਉਂਕੇ ਭਰਦੇ ਹਾਂ ਅਤੇ ਪੁੱਤਰ ਹੋਣ ਦੀ ਅਰਥਾਤ ਆਪਣੇ ਸਰੀਰ ਦੇ ਛੁਟਕਾਰੇ ਦੀ ਉਡੀਕ ਵਿੱਚ ਬੈਠੇ ਹਾਂ ।24ਆਸ ਨਾਲ ਅਸੀਂ ਬਚਾਏ ਗਏ ਹਾਂ, ਪਰ ਆਸ ਜੋ ਵੇਖੀ ਗਈ ਤਾਂ ਉਹ ਆਸ ਨਾ ਰਹੀ ਕਿਉਂਕਿ ਜਿਹੜੀ ਵਸਤੁ ਕੋਈ ਵੇਖਦਾ ਹੈ ਉਹ ਦੀ ਉਮੀਦ ਕਿਉਂ ਕਰੇ ?25ਪਰ ਜਿਹੜੀ ਵਸਤੁ ਅਸੀਂ ਨਹੀਂ ਵੇਖਦੇ ਜੇ ਉਹ ਦੀ ਆਸ ਰੱਖੀਏ ਤਾਂ ਧੀਰਜ ਨਾਲ ਉਸ ਦੀ ਉਡੀਕ ਵਿੱਚ ਰਹਿੰਦੇ ਹਾਂ ।

26ਇਸ ਤਰ੍ਹਾਂ ਆਤਮਾ ਵੀ ਸਾਡੀਆਂ ਕਮਜ਼ੋਰੀਆਂ ਵਿੱਚ ਸਾਡੀ ਸਹਾਇਤਾ ਕਰਦਾ ਹੈ, ਕਿਉਂ ਜੋ ਕਿਸ ਗੱਲ ਲਈ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਸੀਂ ਨਹੀਂ ਜਾਣਦੇ, ਪਰ ਆਤਮਾ ਆਪ ਹੱਦੋਂ ਬਾਹਰ ਹਾਉਂਕੇ ਭਰ ਕੇ ਸਾਡੇ ਲਈ ਸਿਫ਼ਾਰਸ਼ ਕਰਦਾ ਹੈ ।27ਅਤੇ ਹਿਰਦਿਆਂ ਦਾ ਜਾਚਣ ਵਾਲਾ ਜਾਣਦਾ ਹੈ, ਜੋ ਆਤਮਾ ਦੀ ਕੀ ਇੱਛਾ ਹੈ, ਕਿਉਂ ਜੋ ਉਹ ਪਰਮੇਸ਼ੁਰ ਦੀ ਇੱਛਾ ਦੇ ਅਨੁਸਾਰ ਸੰਤਾਂ ਦੇ ਲਈ ਸਿਫ਼ਾਰਸ਼ ਕਰਦਾ ਹੈ ।
28ਅਸੀਂ ਜਾਣਦੇ ਹਾਂ ਕਿ ਜਿਹੜੇ ਪਰਮੇਸ਼ੁਰ ਦੇ ਨਾਲ ਪਿਆਰ ਰੱਖਦੇ ਹਨ ਸਾਰਿਆਂ ਵਸਤਾਂ ਰਲ ਕੇ ਉਹਨਾਂ ਦਾ ਭਲਾ ਹੀ ਕਰਦੀਆਂ ਹਨ, ਅਰਥਾਤ ਉਹਨਾਂ ਦਾ ਜਿਹੜੇ ਪਰਮੇਸ਼ੁਰ ਦੀ ਇੱਛਾ ਦੇ ਅਨੁਸਾਰ ਬੁਲਾਏ ਹੋਏ ਹਨ ।29ਕਿਉਂਕਿ ਜਿਨ੍ਹਾਂ ਨੂੰ ਉਹ ਨੇ ਪਹਿਲਾਂ ਤੋਂ ਜਾਣਿਆ ਸੀ, ਉਸ ਨੇ ਉਹਨਾਂ ਨੂੰ ਅੱਗਿਓਂ ਠਹਿਰਾਇਆ ਤਾਂ ਜੋ ਉਹ ਦੇ ਪੁੱਤਰ ਦੇ ਸਰੂਪ ਉੱਤੇ ਬਣਨ ਕਿ ਉਹ ਬਹੁਤੇ ਭਰਾਵਾਂ ਵਿੱਚੋਂ ਪਹਿਲੌਠਾ ਹੋਵੇ ।30ਅਤੇ ਜਿਨ੍ਹਾਂ ਨੂੰ ਉਹ ਨੇ ਅੱਗਿਓਂ ਠਹਿਰਾਇਆ ਉਸ ਨੇ ਉਹਨਾਂ ਨੂੰ ਸੱਦਿਆ ਵੀ ਅਤੇ ਜਿਨ੍ਹਾਂ ਨੂੰ ਉਸ ਨੇ ਸੱਦਿਆ ਉਹਨਾਂ ਨੂੰ ਧਰਮੀ ਵੀ ਠਹਿਰਾਇਆ ਅਤੇ ਜਿਨ੍ਹਾਂ ਨੂੰ ਉਸ ਨੇ ਧਰਮੀ ਠਹਿਰਾਇਆ ਉਹਨਾਂ ਨੂੰ ਵਡਿਆਈ ਵੀ ਦਿੱਤੀ ।
ਪਰਮੇਸ਼ੁਰ ਦਾ ਪਿਆਰ

31ਸੋ ਅਸੀਂ ਇਹਨਾਂ ਗੱਲਾਂ ਉੱਤੇ ਕੀ ਆਖੀਏ, ਜਦੋਂ ਪਰਮੇਸ਼ੁਰ ਸਾਡੇ ਵੱਲ ਹੈ ਤਾਂ ਕੌਣ ਸਾਡੇ ਵਿਰੁੱਧ ਹੋਵੇਗਾ ।32ਜਿਸ ਨੇ ਆਪਣੇ ਹੀ ਪੁੱਤਰ ਦਾ ਵੀ ਸਰਫ਼ਾ ਨਾ ਕੀਤਾ ਸਗੋਂ ਉਹ ਨੂੰ ਸਾਡੇ ਸਭਨਾਂ ਦੇ ਲਈ ਦੇ ਦਿੱਤਾ ਸੋ ਉਹ ਦੇ ਨਾਲ ਸਾਰੀਆਂ ਵਸਤਾਂ ਵੀ ਸਾਨੂੰ ਕਿਉਂ ਨਾ ਦੇਵੇਗਾ ?
33ਪਰਮੇਸ਼ੁਰ ਦੇ ਚੁਣਿਆਂ ਹੋਇਆਂ ਦੇ ਉੱਤੇ ਕੌਣ ਦੋਸ਼ ਲਗਾ ਸਕਦਾ ਹੈ ? ਪਰਮੇਸ਼ੁਰ ਹੀ ਹੈ ਜਿਹੜਾ ਧਰਮੀ ਠਹਿਰਾਉਂਦਾ ਹੈ ।34ਉਹ ਕੌਣ ਹੈ ਜੋ ਸਜ਼ਾ ਦਾ ਹੁਕਮ ਦੇਵੇਗਾ ? ਮਸੀਹ ਯਿਸੂ ਹੀ ਹੈ ਜਿਹੜਾ ਮਰ ਗਿਆ । ਹਾਂ, ਸਗੋਂ ਮੁਰਦਿਆਂ ਵਿੱਚੋਂ ਜਿਵਾਲਿਆ ਗਿਆ ਜਿਹੜਾ ਪਰਮੇਸ਼ੁਰ ਦੇ ਸੱਜੇ ਪਾਸੇ ਹੈ ਅਤੇ ਸਾਡੇ ਲਈ ਸਿਫ਼ਾਰਸ਼ ਵੀ ਕਰਦਾ ਹੈ ।
35ਕੌਣ ਸਾਨੂੰ ਮਸੀਹ ਦੇ ਪਿਆਰ ਤੋਂ ਅਲੱਗ ਕਰੇਗਾ ? ਕੀ ਬਿਪਤਾ ਜਾਂ ਕਸ਼ਟ, ਜਾਂ ਅਨ੍ਹੇਰਾ ਜਾਂ ਕਾਲ ਜਾਂ ਨੰਗ ਜਾਂ ਸੰਕਟ ਜਾਂ ਤਲਵਾਰ ?36ਜਿਵੇਂ ਲਿਖਿਆ ਹੋਇਆ ਹੈ ਅਸੀਂ ਤੇਰੇ ਲਈ ਦਿਨ ਭਰ ਜਾਨੋਂ ਮਾਰੇ ਜਾਂਦੇ ਹਾਂ, ਅਸੀਂ ਨਾਸ ਹੋਣ ਵਾਲੀਆਂ ਭੇਡਾਂ ਦੇ ਤੁੱਲ ਗਿਣੇ ਜਾਂਦੇ ਹਾਂ ।

37ਸਗੋਂ ਇਹਨਾਂ ਸਾਰੀਆਂ ਗੱਲਾਂ ਵਿੱਚ ਉਹ ਦੇ ਦੁਆਰਾ ਜਿਸ ਨੇ ਸਾਡੇ ਨਾਲ ਪਿਆਰ ਕੀਤਾ ਸੀ, ਅਸੀਂ ਹੱਦੋਂ ਵੱਧ ਜਿੱਤ ਪਾਉਂਦੇ ਹਾਂ ।38ਕਿਉਂ ਜੋ ਮੈਨੂੰ ਵਿਸ਼ਵਾਸ ਹੈ, ਕਿ ਨਾ ਮੌਤ, ਨਾ ਜੀਵਨ, ਨਾ ਦੂਤ, ਨਾ ਹਕੂਮਤਾਂ, ਨਾ ਵਰਤਮਾਨ ਵਸਤਾਂ, ਨਾ ਹੋਣ ਵਾਲੀਆਂ ਵਸਤਾਂ, ਨਾ ਸ਼ਕਤੀਆਂ ।39ਅਤੇ ਨਾ ਉਚਿਆਈ, ਨਾ ਡੂੰਘਿਆਈ, ਅਤੇ ਨਾ ਕੋਈ ਹੋਰ ਸ੍ਰਿਸ਼ਟੀ ਮੈਨੂੰ ਪਰਮੇਸ਼ੁਰ ਦੇ ਉਸ ਪਿਆਰ ਤੋਂ ਜੋ ਸਾਡੇ ਪ੍ਰਭੂ ਯਿਸੂ ਮਸੀਹ ਵਿੱਚ ਹੈ, ਸਾਨੂੰ ਅਲੱਗ ਕਰ ਸਕੇਗੀ ।

9
ਪਰਮੇਸ਼ੁਰ ਅਤੇ ਉਸ ਦੇ ਚੁਣੇ ਹੋਏ ਲੋਕ

1ਮੈਂ ਮਸੀਹ ਵਿੱਚ ਸੱਚ ਕਹਿੰਦਾ ਹਾਂ, ਝੂਠ ਨਹੀਂ ਬੋਲਦਾ ਅਤੇ ਮੇਰਾ ਵਿਵੇਕ ਪਵਿੱਤਰ ਆਤਮਾ ਵਿੱਚ ਮੇਰਾ ਗਵਾਹ ਹੈ ।2ਕਿ ਮੈਨੂੰ ਵੱਡਾ ਸੋਗ ਹੈ ਅਤੇ ਮੇਰਾ ਮਨ ਸਦਾ ਦੁੱਖੀ ਰਹਿੰਦਾ ਹੈ ।

3ਮੈਂ ਚਾਹੁੰਦਾ ਸੀ ਕਿ ਆਪਣੇ ਭੈਣ ਭਰਾਵਾਂ ਦੇ ਲਈ ਜਿਹੜੇ ਸਰੀਰ ਦੇ ਅਨੁਸਾਰ ਮੇਰੇ ਸਕੇ-ਸਬੰਧੀ ਹਨ, ਮੈਂ ਆਪ ਮਸੀਹ ਵੱਲੋਂ ਸਰਾਪੀ ਹੁੰਦਾ ।4ਉਹ ਇਸਰਾਏਲੀ ਹਨ ਅਤੇ ਲੇਪਾਲਕਪਨ ਦਾ ਹੱਕ, ਮਹਿਮਾ, ਨੇਮ, ਬਿਵਸਥਾ ਦਾ ਦਾਨ, ਪਰਮੇਸ਼ੁਰ ਦੀ ਬੰਦਗੀ ਅਤੇ ਵਾਇਦੇ ਉਹਨਾਂ ਦੇ ਹਨ ।5ਨਾਲੇ ਵੱਡੇ ਬਜ਼ੁਰਗ ਵੀ ਉਹਨਾਂ ਦੇ ਹਨ; ਅਤੇ ਮਸੀਹ ਵੀ ਸਰੀਰ ਦੇ ਅਨੁਸਾਰ ਉਹਨਾਂ ਵਿੱਚੋਂ ਹੀ ਹੋਇਆ ਜੋ ਸਭਨਾਂ ਉੱਤੇ ਪਰਮੇਸ਼ੁਰ ਅਤੇ ਜੁੱਗੋ-ਜੁੱਗ ਧੰਨ ਹੈ, ਆਮੀਨ !
6ਪਰ ਇਸ ਤਰ੍ਹਾਂ ਨਹੀਂ ਜੋ ਪਰਮੇਸ਼ੁਰ ਦਾ ਬਚਨ ਟਲ ਗਿਆ; ਕਿਉਂਕਿ ਜਿਹੜੇ ਇਸਰਾਏਲ ਦੇ ਵਿੱਚੋਂ ਹਨ, ਉਹ ਸਾਰੇ ਇਸਰਾਏਲੀ ਨਹੀਂ ।7ਅਤੇ ਅਬਰਾਹਮ ਦੀ ਅੰਸ ਹੋਣ ਕਰਕੇ ਉਹ ਸਾਰੇ ਉਹ ਦੀ ਸੰਤਾਨ ਨਹੀਂ ਹਨ, ਸਗੋਂ ਇਸਹਾਕ ਹੀ ਤੋਂ ਤੇਰੀ ਅੰਸ ਪੁਕਾਰੀ ਜਾਵੇਗੀ ।
8ਅਰਥਾਤ ਜਿਹੜੇ ਸਰੀਰਕ ਹਨ ਉਹ ਪਰਮੇਸ਼ੁਰ ਦੀ ਸੰਤਾਨ ਨਹੀਂ, ਪਰ ਵਾਇਦੇ ਦੀ ਸੰਤਾਨ ਅੰਸ ਗਿਣੀ ਜਾਂਦੀ ਹੈ ।9ਵਾਇਦੇ ਦਾ ਬਚਨ ਤਾਂ ਇਹ ਹੈ, ਕਿ ਇਸੇ ਸਮੇਂ ਦੇ ਅਨੁਸਾਰ ਮੈਂ ਆਵਾਂਗਾ ਅਤੇ ਸਾਰਾਹ ਇੱਕ ਪੁੱਤਰ ਜਣੇਗੀ ।
10ਅਤੇ ਕੇਵਲ ਇਹੋ ਨਹੀਂ ਸਗੋਂ ਜਦੋਂ ਰਿਬਕਾਹ ਇੱਕ ਜਣੇ ਤੋਂ ਅਰਥਾਤ ਸਾਡੇ ਪਿਤਾ ਇਸਹਾਕ ਤੋਂ ਗਰਭਵਤੀ ਹੋਈ ।11ਭਾਵੇਂ ਬਾਲਕ ਹਾਲੇ ਤੱਕ ਜੰਮੇ ਨਹੀਂ ਸਨ, ਅਤੇ ਨਾ ਹੀ ਉਨ੍ਹਾਂ ਨੇ ਕੁੱਝ ਭਲਾ ਬੁਰਾ ਕੀਤਾ ਸੀ, ਅਤੇ ਉਸ ਨੇ ਕਿਹਾ ਵੱਡਾ ਛੋਟੇ ਦੀ ਸੇਵਾ ਕਰੇਗਾ,12ਤਾਂ ਜੋ ਪਰਮੇਸ਼ੁਰ ਦੀ ਯੋਜਨਾ ਜਿਹੜੀ ਚੋਣ ਦੇ ਅਨੁਸਾਰ ਹੈ, ਕਰਨੀਆਂ ਤੋਂ ਨਹੀਂ ਸਗੋਂ ਬਲਾਉਣ ਵਾਲੇ ਦੀ ਮਰਜ਼ੀ ਅਨੁਸਾਰ ਬਣੀ ਰਹੇ l13ਜਿਵੇਂ ਲਿਖਿਆ ਹੋਇਆ ਹੈ, ਜੋ ਮੈਂ ਯਾਕੂਬ ਨਾਲ ਪਿਆਰ ਪਰ ਏਸਾਉ ਨਾਲ ਵੈਰ ਕੀਤਾ ।

14ਫੇਰ ਅਸੀਂ ਕੀ ਆਖੀਏ ? ਭਲਾ, ਪਰਮੇਸ਼ੁਰ ਬੇਇਨਸਾਫ਼ੀ ਕਰਦਾ ਹੈ ? ਕਦੇ ਨਹੀਂ !15ਕਿਉਂਕਿ ਉਹ ਮੂਸਾ ਨੂੰ ਆਖਦਾ ਹੈ, ਕਿ ਮੈਂ ਜਿਹ ਦੇ ਉੱਤੇ ਦਯਾ ਕਰਨੀ ਚਾਹਾਂ ਉਸ ਉੱਤੇ ਦਯਾ ਕਰਾਂਗਾ ਅਤੇ ਜਿਹ ਦੇ ਉੱਤੇ ਮੈਂ ਰਹਿਮ ਕਰਨਾ ਚਾਹਾਂ ਉਸ ਉੱਤੇ ਰਹਿਮ ਕਰਾਂਗਾ ।16ਸੋ ਇਹ ਤਾਂ ਨਾ ਚਾਹੁਣ ਵਾਲੇ ਦਾ, ਅਤੇ ਨਾ ਦੌੜ ਭੱਜ ਕਰਨ ਵਾਲੇ ਦਾ, ਸਗੋਂ ਦਯਾ ਕਰਨ ਵਾਲੇ ਪਰਮੇਸ਼ੁਰ ਦਾ ਕੰਮ ਹੈ ।
17ਕਿਉਂ ਜੋ ਪਵਿੱਤਰ ਗ੍ਰੰਥ ਵਿੱਚ ਫ਼ਿਰਊਨ ਨੂੰ ਕਿਹਾ ਗਿਆ, ਕਿ ਮੈਂ ਇਸੇ ਕਾਰਨ ਤੈਨੂੰ ਖੜ੍ਹਾ ਕੀਤਾ ਤਾਂ ਜੋ ਤੇਰੇ ਵਿੱਚ ਆਪਣੀ ਸਮਰੱਥ ਪਰਗਟ ਕਰਾਂ ਤਾਂ ਜੋ ਸਾਰੀ ਧਰਤੀ ਤੇ ਮੇਰੇ ਨਾਮ ਦਾ ਪਰਚਾਰ ਹੋਵੇ ।18ਸੋ ਉਹ ਜਿਹ ਦੇ ਉੱਤੇ ਚਾਹੁੰਦਾ ਹੈ ਉਹ ਦੇ ਉੱਤੇ ਦਯਾ ਕਰਦਾ ਹੈ, ਅਤੇ ਜਿਹ ਦੇ ਉੱਤੇ ਚਾਹੁੰਦਾ ਉਹ ਦੇ ਉੱਤੇ ਸਖਤੀ ਕਰਦਾ ਹੈ ।
ਪਰਮੇਸ਼ੁਰ ਦਾ ਕ੍ਰੋਧ ਅਤੇ ਦਯਾ

19ਤਾਂ ਤੂੰ ਮੈਨੂੰ ਇਹ ਆਖੇਂਗਾ, ਕਿ ਉਹ ਹੁਣ ਕਿਉਂ ਦੋਸ਼ ਲਾਉਂਦਾ ਹੈ, ਕਿਉਂ ਜੋ ਉਸ ਦੀ ਮਰਜ਼ੀ ਦਾ ਕਿਸ ਨੇ ਸਾਹਮਣਾ ਕੀਤਾ ?20ਹੇ ਮਨੁੱਖ, ਤੂੰ ਪਰਮੇਸ਼ੁਰ ਨਾਲ ਵਿਵਾਦ ਕਰਨ ਵਾਲਾ ਕੌਣ ਹੈ ? ਭਲਾ ਘੜੀ ਹੋਈ ਚੀਜ਼ ਆਪਣੇ ਘੜਨ ਵਾਲੇ ਨੂੰ ਕਹਿ ਸਕਦੀ ਹੈ ਕਿ ਤੂੰ ਮੈਨੂੰ ਅਜਿਹਾ ਕਿਉਂ ਬਣਾਇਆ ?21ਕੀ ਘੁਮਿਆਰ ਨੂੰ ਮਿੱਟੀ ਦੇ ਉੱਪਰ ਅਧਿਕਾਰ ਨਹੀਂ, ਜੋ ਇੱਕੋ ਪੇੜੇ ਵਿੱਚੋਂ ਇੱਕ ਭਾਂਡਾ ਆਦਰ ਅਤੇ ਦੂਜਾ ਨਿਰਾਦਰ ਦੇ ਕੰਮ ਲਈ ਬਣਾਵੇ ?
22ਅਤੇ ਕੀ ਹੋਇਆ ਜੇ ਪਰਮੇਸ਼ੁਰ ਨੇ ਇਹ ਚਾਹ ਕੇ ਜੋ ਆਪਣਾ ਕ੍ਰੋਧ ਵਿਖਾਵੇ ਅਤੇ ਆਪਣੀ ਸ਼ਕਤੀ ਪ੍ਰਗਟ ਕਰੇ ਕ੍ਰੋਧ ਦੇ ਭਾਂਡਿਆਂ ਨੂੰ ਜਿਹੜੇ ਨਾਸ ਦੇ ਲਈ ਤਿਆਰ ਕੀਤੇ ਹੋਏ ਸਨ, ਵੱਡੇ ਧੀਰਜ ਨਾਲ ਸਹਾਰਿਆ ।23ਤਾਂ ਜੋ ਦਯਾ ਦੇ ਭਾਂਡਿਆਂ ਉੱਤੇ ਜਿਨ੍ਹਾਂ ਨੂੰ ਉਸ ਨੇ ਪਹਿਲਾਂ ਹੀ ਮਹਿਮਾ ਦੇ ਲਈ ਤਿਆਰ ਕੀਤਾ ਸੀ, ਆਪਣੀ ਮਹਿਮਾ ਦਾ ਧੰਨ ਪ੍ਰਗਟ ਕਰੇ ।24ਅਰਥਾਤ ਸਾਡੇ ਉੱਤੇ ਜਿਹਨਾਂ ਨੂੰ ਉਸ ਨੇ ਕੇਵਲ ਯਹੂਦੀਆਂ ਵਿੱਚੋਂ ਹੀ ਨਹੀਂ, ਸਗੋਂ ਪਰਾਈਆਂ ਕੌਮਾਂ ਵਿੱਚੋਂ ਵੀ ਬੁਲਾਇਆ ।
25ਜਿਵੇਂ ਹੋਸ਼ੇਆ ਦੀ ਪੁਸਤਕ ਵਿੱਚ ਵੀ ਉਹ ਕਹਿੰਦਾ ਹੈ, ਕਿ ਜਿਹੜੀ ਮੇਰੀ ਪਰਜਾ ਨਹੀਂ ਸੀ, ਉਹ ਨੂੰ ਮੈਂ ਆਪਣੀ ਪਰਜਾ ਆਖਾਂਗਾ ਅਤੇ ਜਿਹੜੀ ਪਿਆਰੀ ਨਹੀਂ ਸੀ, ਉਹ ਨੂੰ ਪਿਆਰੀ ਆਖਾਂਗਾ ।26ਅਤੇ ਐਉਂ ਹੋਵੇਗਾ, ਕਿ ਜਿੱਥੇ ਉਨ੍ਹਾਂ ਨੂੰ ਇਹ ਆਖਿਆ ਗਿਆ ਸੀ, ਕਿ ਤੁਸੀਂ ਮੇਰੀ ਪਰਜਾ ਨਹੀਂ, ਉੱਥੇ ਉਹ ਜਿਉਂਦੇ ਪਰਮੇਸ਼ੁਰ ਦੀ ਸੰਤਾਨ ਅਖਵਾਉਣਗੇ ।

27ਯਸਾਯਾਹ ਇਸਰਾਏਲ ਦੇ ਵਿਖੇ ਪੁਕਾਰ ਕੇ ਕਹਿੰਦਾ ਹੈ, ਜੋ ਇਸਰਾਏਲ ਦਾ ਵੰਸ਼ ਭਾਵੇਂ ਗਿਣਤੀ ਵਿੱਚ ਸਮੁੰਦਰ ਦੀ ਰੇਤ ਦੇ ਤੁੱਲ ਹੋਵੇ ਪਰ ਉਹ ਦਾ ਕੁੱਝ ਹੀ ਹਿੱਸਾ ਬਚਾਇਆ ਜਾਵੇਗਾ ।28ਕਿਉਂ ਜੋ ਪ੍ਰਭੂ ਆਪਣੇ ਬਚਨ ਨੂੰ ਆਪਣੀ ਧਾਰਮਿਕਤਾ ਦੇ ਅਨੁਸਾਰ ਛੇਤੀ ਕਰ ਕੇ ਧਰਤੀ ਉੱਤੇ ਪੂਰਾ ਕਰੇਗਾ ।29ਜਿਵੇਂ ਯਸਾਯਾਹ ਨੇ ਪਹਿਲਾਂ ਵੀ ਕਿਹਾ ਸੀ, ਕੀ ਜੇ ਸੈਨਾਂ ਦੇ ਪ੍ਰਭੂ ਨੇ ਸਾਡੇ ਲਈ ਅੰਸ ਨਾ ਛੱਡੀ ਹੁੰਦੀ ਤਾਂ ਅਸੀਂ ਸਦੂਮ ਵਰਗੇ ਹੋ ਜਾਂਦੇ ਅਤੇ ਅਮੂਰਾਹ ਜਿਹੇ ਬਣ ਜਾਂਦੇ ।
ਇਸਰਾਏਲ ਦਾ ਅਵਿਸ਼ਵਾਸ

30ਫੇਰ ਅਸੀਂ ਕੀ ਆਖੀਏ ? ਕਿ ਪਰਾਈਆਂ ਕੌਮਾਂ ਜਿਹੜੀਆਂ ਧਾਰਮਿਕਤਾ ਦਾ ਪਿੱਛਾ ਨਹੀਂ ਕਰਦੀਆਂ ਸਨ, ਉਹਨਾਂ ਨੇ ਧਾਰਮਿਕਤਾ ਨੂੰ ਪ੍ਰਾਪਤ ਕੀਤਾ ਸਗੋਂ ਉਸ ਧਾਰਮਿਕਤਾ ਨੂੰ ਜਿਹੜਾ ਵਿਸ਼ਵਾਸ ਤੋਂ ਹੁੰਦਾ ਹੈ ।31ਭਾਵੇਂ ਇਸਰਾਏਲ ਨੇ ਬਿਵਸਥਾ ਦੁਆਰਾ ਧਾਰਮਿਕਤਾ ਦਾ ਪਿੱਛਾ ਕੀਤਾ ਤਾਂ ਵੀ ਉਹ ਬਿਵਸਥਾ ਤੱਕ ਨਾ ਪਹੁੰਚ ਸਕੇ ।
32ਕਿਉਂ ? ਇਸ ਲਈ ਜੋ ਉਨ੍ਹਾਂ ਨੇ ਵਿਸ਼ਵਾਸ ਦੇ ਰਾਹੀਂ ਨਹੀਂ ਪਰ ਕੰਮਾਂ ਦੇ ਰਾਹੀਂ ਉਹ ਦਾ ਪਿੱਛਾ ਕੀਤਾ । ਉਨ੍ਹਾਂ ਨੇ ਠੋਕਰ ਖੁਆਉਣ ਵਾਲੇ ਪੱਥਰ ਨਾਲ ਠੇਡਾ ਖਾਧਾ ।33ਜਿਵੇਂ ਲਿਖਿਆ ਹੋਇਆ ਹੈ, ਵੇਖੋ, ਮੈਂ ਸੀਯੋਨ ਵਿੱਚ ਠੇਡਾ ਲੱਗਣ ਦਾ ਪੱਥਰ, ਅਤੇ ਠੋਕਰ ਖਾਣ ਦੀ ਚੱਟਾਨ ਰੱਖਦਾ ਹਾਂ, ਅਤੇ ਜਿਹੜਾ ਉਸ ਉੱਤੇ ਵਿਸ਼ਵਾਸ ਕਰਦਾ ਹੈ, ਉਹ ਸ਼ਰਮਿੰਦਾ ਨਾ ਹੋਵੇਗਾ ।

10

1ਹੇ ਭਰਾਵੋ, ਮੇਰੇ ਮਨ ਦੀ ਇੱਛਾ ਅਤੇ ਮੇਰੀ ਬੇਨਤੀ ਪਰਮੇਸ਼ੁਰ ਦੇ ਅੱਗੇ ਉਹਨਾਂ ਦੀ ਮੁਕਤੀ ਲਈ ਹੈ ।2ਮੈਂ ਉਹਨਾਂ ਦੀ ਗਵਾਹੀ ਵੀ ਭਰਦਾ ਹਾਂ ਕਿ ਉਹਨਾਂ ਨੂੰ ਪਰਮੇਸ਼ੁਰ ਲਈ ਅਣਖ ਤਾਂ ਹੈ, ਪਰ ਸਮਝ ਨਾਲ ਨਹੀਂ ।3ਕਿਉਂ ਜੋ ਪਰਮੇਸ਼ੁਰ ਦੀ ਧਾਰਮਿਕਤਾ ਤੋਂ ਅਣਜਾਣ ਹੋ ਕੇ ਅਤੇ ਆਪਣੇ ਹੀ ਧਾਰਮਿਕਤਾ ਨੂੰ ਦ੍ਰਿੜ੍ਹ ਕਰਨ ਦਾ ਜਤਨ ਕਰਕੇ ਉਹ ਪਰਮੇਸ਼ੁਰ ਦੀ ਧਾਰਮਿਕਤਾ ਦੇ ਅਧੀਨ ਨਾ ਹੋਏ ।

4ਕਿਉਂ ਜੋ ਧਾਰਮਿਕਤਾ ਲਈ ਮਸੀਹ ਹਰੇਕ ਵਿਸ਼ਵਾਸ ਕਰਨ ਵਾਲੇ ਦੇ ਲਈ ਬਿਵਸਥਾ ਦਾ ਅੰਤ ਹੈ ।
ਸਾਰਿਆਂ ਦੇ ਲਈ ਮੁਕਤੀ

5ਮੂਸਾ ਲਿਖਦਾ ਹੈ, ਕਿ ਜਿਹੜਾ ਮਨੁੱਖ ਉਸ ਬਿਵਸਥਾ ਅਨੁਸਾਰ ਧਾਰਮਿਕਤਾ ਨੂੰ ਪੂਰਾ ਕਰਦਾ ਹੈ, ਉਹ ਉਸੀ ਧਾਰਮਿਕਤਾ ਨਾਲ ਜੀਵੇਗਾ ।
6ਪਰ ਉਹ ਧਾਰਮਿਕਤਾ ਜੋ ਵਿਸ਼ਵਾਸ ਤੋਂ ਹੈ ਇਸ ਤਰ੍ਹਾਂ ਕਹਿੰਦਾ ਹੈ, ਜੋ ਆਪਣੇ ਮਨ ਵਿੱਚ ਇਹ ਨਾ ਆਖ ਕਿ ਅਕਾਸ਼ ਉੱਤੇ ਕੌਣ ਚੜ੍ਹੇਗਾ ਅਰਥਾਤ ਮਸੀਹ ਨੂੰ ਹੇਠਾਂ ਉਤਾਰਨ ਲਈ ?7ਜਾਂ ਪਤਾਲ ਵਿੱਚ ਕੌਣ ਉਤਰੇਗਾ ਅਰਥਾਤ ਮਸੀਹ ਨੂੰ ਮੁਰਦਿਆਂ ਵਿੱਚੋਂ ਉੱਠਾ ਲਿਆਉਣ ਲਈ ?
8ਪਰ ਕੀ ਆਖਦਾ ਹੈ ? ਬਚਨ ਤੇਰੇ ਕੋਲ ਅਤੇ ਤੇਰੇ ਮੂੰਹ ਵਿੱਚ ਅਤੇ ਤੇਰੇ ਮਨ ਵਿੱਚ ਹੈ, ਇਹ ਤਾਂ ਉਸ ਵਿਸ਼ਵਾਸ ਦਾ ਬਚਨ ਹੈ, ਜਿਹ ਦਾ ਅਸੀਂ ਪਰਚਾਰ ਕਰਦੇ ਹਾਂ ।9ਕਿਉਂਕਿ ਜੇ ਤੂੰ ਆਪਣੇ ਮੂੰਹ ਨਾਲ ਪ੍ਰਭੂ ਯਿਸੂ ਦਾ ਇਕਰਾਰ ਕਰੇਂ ਅਤੇ ਆਪਣੇ ਦਿਲ ਨਾਲ ਮੰਨ ਲਵੇਂ ਜੋ ਪਰਮੇਸ਼ੁਰ ਨੇ ਉਹ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਹੈ, ਤਾਂ ਤੂੰ ਜ਼ਰੂਰ ਬਚਾਇਆ ਜਾਵੇਂਗਾ ।10ਧਾਰਮਿਕਤਾ ਦੇ ਲਈ ਤਾਂ ਦਿਲ ਨਾਲ ਵਿਸ਼ਵਾਸ ਕੀਤਾ ਜਾਂਦਾ ਅਤੇ ਮੁਕਤੀ ਲਈ ਮੂੰਹ ਨਾਲ ਇਕਰਾਰ ਕੀਤਾ ਜਾਂਦਾ ਹੈ ।
11ਪਵਿੱਤਰ ਗ੍ਰੰਥ ਇਸ ਤਰ੍ਹਾਂ ਕਹਿੰਦਾ ਹੈ, ਕਿ ਜੋ ਕੋਈ ਉਸ ਉੱਤੇ ਵਿਸ਼ਵਾਸ ਕਰੇ, ਉਹ ਸ਼ਰਮਿੰਦਾ ਨਾ ਹੋਵੇਗਾ ।12ਯਹੂਦੀ ਅਤੇ ਯੂਨਾਨੀ ਵਿੱਚ ਤਾਂ ਕੁੱਝ ਫ਼ਰਕ ਨਹੀਂ ਹੈ, ਇਸ ਲਈ ਜੋ ਉਹੀ ਪ੍ਰਭੂ ਸਭ ਦਾ ਪ੍ਰਭੂ ਹੈ ਅਤੇ ਉਨ੍ਹਾਂ ਸਾਰਿਆਂ ਲਈ ਜਿਹੜੇ ਉਹਦਾ ਨਾਮ ਲੈਂਦੇ ਹਨ ਵੱਡਾ ਦਾਤਾ ਹੈ ।13ਕਿਉਂ ਜੋ ਹਰੇਕ ਜਿਹੜਾ ਪ੍ਰਭੂ ਦਾ ਨਾਮ ਲਵੇਗਾ, ਉਹ ਬਚਾਇਆ ਜਾਵੇਗਾ ।
14ਪਰ ਜਿਸ ਦੇ ਉੱਤੇ ਵਿਸ਼ਵਾਸ ਨਹੀਂ ਕੀਤਾ, ਉਹ ਉਸਦਾ ਨਾਮ ਕਿਵੇਂ ਲੈਣ ? ਅਤੇ ਜਿਸ ਦੀ ਖ਼ਬਰ ਸੁਣੀ ਹੀ ਨਹੀਂ, ਉਸ ਉੱਤੇ ਵਿਸ਼ਵਾਸ ਕਿਵੇਂ ਕਰਨ ? ਅਤੇ ਪ੍ਰਚਾਰਕ ਤੋਂ ਬਿਨ੍ਹਾਂ ਕਿਵੇਂ ਸੁਣਨ ?15ਅਤੇ ਜੇ ਭੇਜੇ ਨਾ ਜਾਣ ਤਾਂ ਕਿਵੇਂ ਪਰਚਾਰ ਕਰਨ ? ਜਿਵੇਂ ਲਿਖਿਆ ਹੋਇਆ ਹੈ, ਕਿ ਜਿਹੜੇ ਚੰਗੀਆਂ ਗੱਲਾਂ ਦੀ ਖੁਸ਼ਖਬਰੀ ਸੁਣਾਉਂਦੇ ਹਨ, ਉਹਨਾਂ ਦੇ ਚਰਨ ਕਿੰਨੇ ਸੁੰਦਰ ਹਨ !

16ਪਰ ਸਭ ਨੇ ਇਸ ਖੁਸ਼ਖਬਰੀ ਨੂੰ ਨਹੀਂ ਮੰਨਿਆ ਕਿਉਂ ਜੋ ਯਸਾਯਾਹ ਕਹਿੰਦਾ ਹੈ, ਹੇ ਪ੍ਰਭੂ, ਸਾਡੇ ਸੰਦੇਸ਼ ਉੱਤੇ ਕਿਸ ਨੇ ਵਿਸ਼ਵਾਸ ਕੀਤਾ ?17ਸੋ ਵਿਸ਼ਵਾਸ ਸੁਣਨ ਨਾਲ, ਅਤੇ ਸੁਣਨਾ ਮਸੀਹ ਦੇ ਬਚਨ ਤੋਂ ਆਉਂਦਾ ਹੈ ।
18ਪਰ ਮੈਂ ਆਖਦਾ ਹਾਂ, ਭਲਾ, ਉਨ੍ਹਾਂ ਨੇ ਨਹੀਂ ਸੀ ਸੁਣਿਆ ? ਬੇਸ਼ਕ ! ਉਹਨਾਂ ਦੀ ਆਵਾਜ਼ ਸਾਰੀ ਧਰਤੀ ਵਿੱਚ ਗਈ, ਅਤੇ ਸੰਸਾਰ ਦੀਆਂ ਹੱਦਾਂ ਤੱਕ ਉਹਨਾਂ ਦੇ ਸ਼ਬਦ ।

19ਪਰ ਮੈਂ ਕਹਿੰਦਾ ਹਾਂ, ਕੀ ਇਸਰਾਏਲ ਨਹੀਂ ਸੀ ਜਾਣਦਾ ? ਪਹਿਲਾਂ ਤਾਂ ਮੂਸਾ ਕਹਿੰਦਾ ਹੈ, ਮੈਂ ਉਹਨਾਂ ਤੋਂ ਜੋ ਕੌਮ ਨਹੀਂ ਹੈ, ਤੁਹਾਡੀ ਅਣਖ ਨੂੰ ਜਗਾਵਾਂਗਾ, ਮੈਂ ਇੱਕ ਮੂਰਖ ਕੌਮ ਦੇ ਦੁਆਰਾ ਤੁਹਾਨੂੰ ਗੁੱਸਾ ਚੜ੍ਹਾਵਾਂਗਾ ।
20ਫੇਰ ਯਸਾਯਾਹ ਵੱਡੀ ਦਲੇਰੀ ਨਾਲ ਕਹਿੰਦਾ ਹੈ, ਜਿਨ੍ਹਾਂ ਨੇ ਮੈਨੂੰ ਨਹੀਂ ਭਾਲਿਆ, ਉਹਨਾਂ ਨੇ ਮੈਨੂੰ ਪਾ ਲਿਆ, ਅਤੇ ਜਿਨ੍ਹਾਂ ਨੇ ਮੈਨੂੰ ਨਾ ਪੁੱਛਿਆ, ਮੈਂ ਉਹਨਾਂ ਉੱਤੇ ਪਰਗਟ ਹੋਇਆ ।21ਪਰ ਇਸਰਾਏਲ ਦੇ ਬਾਰੇ ਉਹ ਕਹਿੰਦਾ ਹੈ, ਮੈਂ ਇੱਕ ਅਣ-ਆਗਿਆਕਾਰੀ ਅਤੇ ਵਿਵਾਦ ਕਰਨ ਵਾਲੀ ਪਰਜਾ ਵੱਲ ਦਿਨ ਭਰ ਆਪਣੇ ਹੱਥ ਪਸਾਰੇ ਹੋਏ ਸੀ ।

11
ਇਸਰਾਏਲ ਉੱਤੇ ਪਰਮੇਸ਼ੁਰ ਦੀ ਦਯਾ

1ਸੋ ਮੈਂ ਕਹਿੰਦਾ ਹਾਂ, ਕੀ ਪਰਮੇਸ਼ੁਰ ਨੇ ਆਪਣੀ ਪਰਜਾ ਨੂੰ ਛੱਡ ਦਿੱਤਾ ? ਕਦੇ ਨਹੀਂ ! ਮੈਂ ਵੀ ਤਾਂ ਇਸਰਾਏਲੀ ਹਾਂ, ਅਬਰਾਹਾਮ ਦੇ ਵੰਸ਼ ਅਤੇ ਬਿਨਯਾਮੀਨ ਦੇ ਗੋਤ ਵਿੱਚੋਂ ਹਾਂ ।2ਪਰਮੇਸ਼ੁਰ ਨੇ ਆਪਣੀ ਉਸ ਪਰਜਾ ਨੂੰ ਨਹੀਂ ਛੱਡਿਆ ਜਿਹ ਨੂੰ ਉਸ ਨੇ ਪਹਿਲਾਂ ਹੀ ਜਾਣਿਆ ਸੀ । ਭਲਾ, ਤੁਸੀਂ ਇਹ ਨਹੀਂ ਜਾਣਦੇ ਕਿ ਪਵਿੱਤਰ ਗ੍ਰੰਥ ਏਲੀਯਾਹ ਦੀ ਕਥਾ ਵਿੱਚ ਕੀ ਕਹਿੰਦਾ ਹੈ, ਕਿ ਉਹ ਪਰਮੇਸ਼ੁਰ ਦੇ ਅੱਗੇ ਇਸਰਾਏਲ ਦੇ ਵਿਰੁੱਧ ਕਿਸ ਤਰ੍ਹਾਂ ਫ਼ਰਿਆਦ ਕਰਦਾ ਹੈ ?3ਕਿ ਹੇ ਪ੍ਰਭੂ, ਉਹਨਾਂ ਨੇ ਤੇਰੇ ਨਬੀਆਂ ਨੂੰ ਜਾਨੋਂ ਮਾਰ ਦਿੱਤਾ, ਅਤੇ ਤੇਰੀਆਂ ਜਗਵੇਦੀਆਂ ਨੂੰ ਢਾਹ ਦਿੱਤਾ ਅਤੇ ਹੁਣ ਮੈਂ ਹੀ ਇਕੱਲਾ ਰਹਿ ਗਿਆ ਹਾਂ ਅਤੇ ਉਹ ਮੇਰੀ ਜਾਨ ਦੇ ਵੀ ਖੋਜੀ ਹਨ ।

4ਪਰ ਪਰਮੇਸ਼ੁਰ ਨੇ ਉਸ ਨੂੰ ਕੀ ਉੱਤਰ ਦਿੱਤਾ ? ਇਹ, ਕੀ ਮੈਂ ਆਪਣੇ ਲਈ ਸੱਤ ਹਜ਼ਾਰ ਮਨੁੱਖਾਂ ਨੂੰ ਰੱਖ ਛੱਡਿਆ ਹੈ ਜਿਨ੍ਹਾਂ ਨੇ ਬਆਲ ਦੇ ਅੱਗੇ ਗੋਡੇ ਨਹੀਂ ਟੇਕੇ ।5ਇਸੇ ਤਰ੍ਹਾਂ ਹੁਣ ਵੀ ਕਿਰਪਾ ਨਾਲ ਚੁਣੇ ਹੋਏ ਕਿੰਨੇ ਹੀ ਲੋਕ ਬਾਕੀ ਹਨ ।
6ਪਰ ਇਹ ਜੋ ਕਿਰਪਾ ਤੋਂ ਹੋਇਆ ਤਾਂ ਫੇਰ ਕਰਮਾਂ ਤੋਂ ਨਹੀਂ । ਨਹੀਂ ਤਾਂ ਕਿਰਪਾ ਫੇਰ ਕਿਰਪਾ ਨਾ ਰਹੀ ।7ਤਾਂ ਫੇਰ ਕੀ ਨਤੀਜਾ ਨਿੱਕਲਿਆ ? ਇਹ ਕਿ ਜਿਸ ਗੱਲ ਦੀ ਇਸਰਾਏਲ ਖ਼ੋਜ ਵਿੱਚ ਸੀ, ਸੋ ਉਹ ਨੂੰ ਨਾ ਲੱਭੀ ਪਰ ਚੁਣਿਆਂ ਹੋਇਆਂ ਨੂੰ ਲੱਭੀ ਹੈ, ਅਤੇ ਬਾਕੀ ਦੇ ਲੋਕਾਂ ਦੇ ਮਨ ਪੱਥਰ ਕੀਤੇ ਗਏ ।8ਜਿਵੇਂ ਲਿਖਿਆ ਹੋਇਆ ਹੈ, ਕਿ ਪਰਮੇਸ਼ੁਰ ਨੇ ਅੱਜ ਦੇ ਦਿਨ ਤੱਕ ਉਹਨਾਂ ਨੂੰ ਸੁਸਤ ਤਬੀਅਤ ਦਿੱਤੀ, ਅਤੇ ਉਨ੍ਹਾ ਨੂੰ ਅਜਿਹੀਆਂ ਅੱਖਾਂ ਦਿੱਤੀਆਂ ਜੋ ਨਾ ਵੇਖਣ ਅਤੇ ਅਜਿਹੇ ਕੰਨ ਦਿੱਤੇ ਜੋ ਨਾ ਸੁਣਨ ।
9ਅਤੇ ਦਾਊਦ ਕਹਿੰਦਾ ਹੈ, ਉਹਨਾਂ ਦੀ ਮੇਜ਼ ਉਨ੍ਹਾਂ ਲਈ ਫ਼ਾਹੀ ਅਤੇ ਫੰਦਾ, ਠੋਕਰ ਅਤੇ ਸਜ਼ਾ ਦਾ ਕਾਰਨ ਬਣ ਜਾਵੇ ।10ਉਹਨਾਂ ਦੀਆਂ ਅੱਖਾਂ ਉੱਤੇ ਹਨ੍ਹੇਰਾ ਛਾ ਜਾਵੇ ਤਾਂ ਜੋ ਉਹ ਨਾ ਵੇਖਣ, ਅਤੇ ਉਹਨਾਂ ਦੀ ਕਮਰ ਸਦਾ ਤੱਕ ਝੁਕਾਈ ਰੱਖ !

11ਸੋ ਮੈਂ ਆਖਦਾ ਹਾਂ, ਭਲਾ ਉਹਨਾਂ ਨੇ ਇਸ ਲਈ ਠੋਕਰ ਖਾਧੀ ਕਿ ਡਿੱਗ ਪੈਣ ? ਕਦੇ ਨਹੀਂ ! ਸਗੋਂ ਉਹਨਾਂ ਦੀ ਭੁੱਲ ਦੇ ਕਾਰਨ ਪਰਾਈਆਂ ਕੌਮਾਂ ਨੂੰ ਮੁਕਤੀ ਪ੍ਰਾਪਤ ਹੋਈ ਕਿ ਉਹਨਾਂ ਦੀ ਅਣਖ ਨੂੰ ਜਗਾਵੇ ।12ਜੇ ਉਹਨਾਂ ਦੀ ਭੁੱਲ ਸੰਸਾਰ ਦਾ ਧਨ ਅਤੇ ਉਹਨਾਂ ਦਾ ਘਾਟਾ, ਪਰਾਈਆਂ ਕੌਮਾਂ ਦੇ ਲਈ ਧਨ ਦਾ ਕਾਰਨ ਹੋਇਆ ਤਾਂ ਉਹਨਾਂ ਦੀ ਭਰਪੂਰੀ ਕੀ ਕੁੱਝ ਨਾ ਹੋਵੇਗੀ ।
ਪਰਾਈਆਂ ਕੌਮਾਂ ਵਾਲਿਆਂ ਦੀ ਮੁਕਤੀ: ਪੇਉਂਦ ਚੜਾਉਣ ਦਾ ਉਦਾਹਰਣ

13ਮੈਂ ਗ਼ੈਰ-ਕੌਮ ਵਾਲਿਆਂ ਨਾਲ ਬੋਲਦਾ ਹਾਂ । ਅਤੇ ਮੈਂ ਜੋ ਪਰਾਈਆਂ ਕੌਮਾਂ ਦਾ ਰਸੂਲ ਹਾਂ, ਮੈਂ ਆਪਣੀ ਸੇਵਾ ਦੀ ਵਡਿਆਈ ਕਰਦਾ ਹਾਂ ।14ਜੋ ਮੈਂ ਕਿਵੇਂ ਆਪਣੀ ਕੌਮ ਨੂੰ ਅਣਖੀ ਬਣਾਂਵਾ ਅਤੇ ਉਹਨਾਂ ਵਿੱਚੋਂ ਕਈਆਂ ਨੂੰ ਬਚਾਂਵਾ ।
15ਕਿਉਂਕਿ ਜੇ ਉਹਨਾਂ ਦਾ ਰੱਦਣਾ ਸੰਸਾਰ ਦਾ ਮੇਲ-ਮਿਲਾਪ ਹੋਇਆ ਤਾਂ ਉਹਨਾਂ ਦਾ ਕਬੂਲ ਕੀਤਾ ਜਾਣਾ ਮੁਰਦਿਆਂ ਵਿੱਚੋਂ ਜੀ ਉੱਠਣ ਤੋਂ ਬਿਨ੍ਹਾਂ ਹੋਰ ਕੀ ਹੋਵੇਗਾ ।16ਅਤੇ ਜੇ ਪਹਿਲਾ ਪੇੜਾ ਪਵਿੱਤਰ ਹੈ ਤਾਂ ਸਾਰਾ ਆਟਾ ਵੀ ਪਵਿੱਤਰ ਹੋਵੇਗਾ ਅਤੇ ਜੇ ਜੜ੍ਹ ਪਵਿੱਤਰ ਹੈ ਤਾਂ ਟਹਿਣੀਆਂ ਵੀ ਪਵਿੱਤਰ ਹੋਣਗੀਆਂ ।
17ਪਰ ਜੇ ਟਹਿਣੀਆਂ ਵਿੱਚੋਂ ਕੁੱਝ ਟਹਿਣੀਆਂ ਤੋੜੀਆਂ ਗਈਆਂ ਅਤੇ ਤੂੰ ਜੋ ਜੰਗਲੀ ਜ਼ੈਤੂਨ ਸੀ, ਉਹਨਾਂ ਦੀ ਥਾਂ ਪੇਉਂਦ ਕੀਤਾ ਗਿਆ, ਅਤੇ ਜ਼ੈਤੂਨ ਦੀ ਜੜ੍ਹ ਦੇ ਰਸ ਦਾ ਸਾਂਝੀ ਹੋਇਆ ਹੈਂ ।18ਤਾਂ ਉਨ੍ਹਾਂ ਟਹਿਣੀਆਂ ਉੱਤੇ ਘਮੰਡ ਨਾ ਕਰ ਅਤੇ ਭਾਵੇਂ ਤੂੰ ਘਮੰਡ ਕਰੇਂ ਤਾਂ ਵੀ ਤੂੰ ਜੜ੍ਹ ਨੂੰ ਨਹੀਂ ਸੰਭਾਲਦਾ ਪਰ ਜੜ੍ਹ ਤੈਨੂੰ ਸੰਭਾਲਦੀ ਹੈ ।
19ਫੇਰ ਤੂੰ ਇਹ ਆਖੇਂਗਾ, ਕਿ ਟਹਿਣੀਆਂ ਇਸ ਲਈ ਤੋੜੀਆਂ ਗਈਆਂ ਜੋ ਮੈਂ ਪੇਉਂਦ ਕੀਤਾ ਜਾਂਵਾਂ ।20ਅੱਛਾ, ਉਹ ਤਾਂ ਅਵਿਸ਼ਵਾਸ ਦੇ ਕਾਰਨ ਤੋੜੀਆਂ ਗਈਆਂ ਪਰ ਤੂੰ ਵਿਸ਼ਵਾਸ ਹੀ ਦੇ ਨਾਲ ਖਲੋਤਾ ਹੈਂ । ਇਸ ਲਈ ਅਭਮਾਨ ਨਾ ਕਰ ਸਗੋਂ ਡਰ ।21ਕਿਉਂਕਿ ਜਦੋਂ ਪਰਮੇਸ਼ੁਰ ਨੇ ਅਸਲੀ ਟਹਿਣੀਆਂ ਨੂੰ ਨਾ ਛੱਡਿਆ ਤਾਂ ਤੈਨੂੰ ਵੀ ਨਾ ਛੱਡੇਗਾ ।
22ਸੋ ਪਰਮੇਸ਼ੁਰ ਦੀ ਦਿਆਲਗੀ ਅਤੇ ਸਖਤੀ ਨੂੰ ਵੇਖ । ਸਖਤੀ ਉਹਨਾਂ ਉੱਤੇ ਜਿਹੜੇ ਡਿੱਗ ਪਏ ਹਨ, ਪਰ ਪਰਮੇਸ਼ੁਰ ਦੀ ਦਿਆਲਗੀ ਤੇਰੇ ਉੱਤੇ ਜੇ ਤੂੰ ਉਹ ਦੀ ਦਿਆਲਗੀ ਵਿੱਚ ਟਿਕਿਆ ਰਹੇ । ਨਹੀਂ ਤਾਂ ਤੂੰ ਵੀ ਵੱਢਿਆ ਜਾਵੇਂਗਾ ।
23ਅਤੇ ਉਹ ਵੀ ਜੇ ਅਵਿਸ਼ਵਾਸ ਵਿੱਚ ਟਿਕੇ ਨਾ ਰਹਿਣ ਤਾਂ ਪੇਉਂਦ ਕੀਤੇ ਜਾਣਗੇ, ਕਿਉਂ ਜੋ ਪਰਮੇਸ਼ੁਰ ਨੂੰ ਅਧਿਕਾਰ ਹੈ, ਕਿ ਉਨ੍ਹਾਂ ਨੂੰ ਫੇਰ ਪੇਉਂਦ ਕਰੇ ।24ਕਿਉਂਕਿ ਜੇ ਤੂੰ ਉਸ ਜ਼ੈਤੂਨ ਦੇ ਰੁੱਖ ਨਾਲੋਂ ਵੱਡਿਆ ਗਿਆ, ਜੋ ਅਸਲ ਵਿੱਚ ਜੰਗਲੀ ਹੈਂ, ਅਤੇ ਸੁਭਾਓ ਦੇ ਵਿਰੁੱਧ ਚੰਗੇ ਜ਼ੈਤੂਨ, ਦੇ ਰੁੱਖ ਵਿੱਚ ਪੇਉਂਦ ਕੀਤਾ ਗਿਆ, ਤਾਂ ਇਹ ਜੋ ਅਸਲੀ ਟਹਿਣੀਆਂ ਹਨ ਆਪਣੇ ਹੀ ਜ਼ੈਤੂਨ ਦੇ ਰੁੱਖ ਵਿੱਚ ਕਿੰਨ੍ਹਾਂ ਵੱਧ ਕੇ ਪੇਉਂਦ ਨਾ ਕੀਤੀਆਂ ਜਾਣਗੀਆਂ ।
ਸਾਰੇ ਇਸਰਾਏਲ ਦੀ ਮੁਕਤੀ

25ਹੁਣ ਹੇ ਭਰਾਵੋ, ਕਿਤੇ ਇਸ ਤਰ੍ਹਾਂ ਨਾ ਹੋਵੇ ਜੋ ਤੁਸੀਂ ਆਪਣੀ ਜਾਂਚ ਵਿੱਚ ਸਿਆਣੇ ਬਣ ਬੈਠੋਂ, ਮੈਂ ਚਾਹੁੰਦਾ ਹਾਂ ਜੋ ਤੁਸੀਂ ਇਸ ਭੇਤ ਤੋਂ ਅਣਜਾਣ ਨਾ ਰਹੋ, ਕਿਉਂ ਜੋ ਕੁੱਝ ਕਠੋਰਤਾ ਇਸਰਾਏਲ ਉੱਤੇ ਆਣ ਪਈ ਅਤੇ ਪਈ ਰਹੇਗੀ ਜਿੰਨਾਂ ਚਿਰ ਪਰਾਈਆਂ ਕੌਮਾਂ ਦੀ ਭਰਪੂਰੀ ਨਾ ਹੋ ਲਵੇ ।
26ਅਤੇ ਇਸੇ ਤਰ੍ਹਾਂ ਇਸਰਾਏਲ ਬਚ ਜਾਵੇਗਾ ਜਿਵੇਂ ਲਿਖਿਆ ਹੋਇਆ ਹੈ, ਇਸਰਾਏਲ ਦਾ ਛੁਡਾਉਣ ਵਾਲਾ ਸੀਯੋਨ ਤੋਂ ਨਿੱਕਲੇਗਾ, ਉਹ ਯਾਕੂਬ ਵਿੱਚੋਂ ਅਭਗਤੀ ਨੂੰ ਦੂਰ ਕਰੇਗਾ,27ਅਤੇ ਉਹਨਾਂ ਦੇ ਨਾਲ ਮੇਰਾ ਇਹ ਨੇਮ ਹੋਵੇਗਾ, ਜੋ ਮੈਂ ਉਹਨਾਂ ਦੇ ਪਾਪਾਂ ਨੂੰ ਦੂਰ ਕਰ ਦੇਵਾਂਗਾ ।

28ਉਹ ਖੁਸ਼ਖਬਰੀ ਦੇ ਅਨੁਸਾਰ ਤਾਂ ਤੁਹਾਡੇ ਵੈਰੀ ਹਨ, ਪਰਮੇਸ਼ੁਰ ਦੀ ਚੋਣ ਦੇ ਅਨੁਸਾਰ ਬਾਪ ਦਾਦਿਆਂ ਦੇ ਕਾਰਨ ਤੁਹਾਡੇ ਪਿਆਰੇ ਹਨ ।29ਕਿਉਂ ਜੋ ਪਰਮੇਸ਼ੁਰ ਦੇ ਵਰਦਾਨ ਅਤੇ ਬੁਲਾਹਟ ਸਦਾ ਲਈ ਹੈ ।
30ਜਿਸ ਪ੍ਰਕਾਰ ਤੁਸੀਂ ਪਹਿਲਾਂ ਪਰਮੇਸ਼ੁਰ ਦੇ ਅਣ-ਆਗਿਆਕਾਰ ਸੀ, ਪਰ ਹੁਣ ਉਨ੍ਹਾਂ ਦੀ ਅਣ-ਆਗਿਆਕਾਰੀ ਦੇ ਕਾਰਨ ਤੁਹਾਡੇ ਉੱਤੇ ਦਯਾ ਕੀਤੀ ਗਈ ।31ਇਸੇ ਪਰਕਾਰ ਹੁਣ ਇਹ ਵੀ ਅਣ-ਆਗਿਆਕਾਰ ਹੋਏ ਤਾਂ ਜੋ ਤੁਹਾਡੇ ਉੱਤੇ ਜੋ ਦਯਾ ਕੀਤੀ ਗਈ ਹੈ, ਇਸ ਕਰਕੇ ਉਹਨਾਂ ਉੱਤੇ ਵੀ ਦਯਾ ਕੀਤੀ ਜਾਵੇ ।32ਸੋ ਪਰਮੇਸ਼ੁਰ ਨੇ ਸਾਰਿਆਂ ਨੂੰ ਇੱਕ ਸੰਗ ਕਰਕੇ ਅਣ-ਆਗਿਆਕਾਰੀ ਦੇ ਬੰਧਨ ਵਿੱਚ ਜਾਣ ਦਿੱਤਾ ਤਾਂ ਜੋ ਉਹ ਸਭ ਦੇ ਉੱਤੇ ਦਯਾ ਕਰੇ ।
ਪਰਮੇਸ਼ੁਰ ਦੀ ਸਤੂਤੀ

33ਵਾਹ, ਪਰਮੇਸ਼ੁਰ ਦਾ ਧੰਨ ਅਤੇ ਬੁੱਧ ਅਤੇ ਗਿਆਨ ਕਿੰਨਾਂ ਡੂੰਘਾ ਹੈ ! ਉਹ ਦੇ ਨਿਆਂ ਕਿੰਨੇ ਅਣ-ਦੇਖੇ ਹਨ ਅਤੇ ਉਹ ਦੇ ਰਾਹ ਕਿੰਨੇ ਦੁਰਲੱਭ ਹਨ !34ਪ੍ਰਭੂ ਦੀ ਬੁੱਧੀ ਨੂੰ ਕਿਸ ਨੇ ਜਾਣਿਆ, ਜਾ ਕੌਣ ਉਹ ਦਾ ਸਲਾਹਕਾਰ ਬਣਿਆ ?
35ਜਾਂ ਕਿਸ ਨੇ ਉਹ ਨੂੰ ਪਹਿਲਾਂ ਕੁੱਝ ਦਿੱਤਾ, ਜਿਹ ਦਾ ਉਹ ਨੂੰ ਮੁੜ ਬਦਲਾ ਦਿੱਤਾ ਜਾਵੇ ? ।36ਕਿਉਂ ਜੋ ਉਸ ਤੋਂ ਅਤੇ ਉਸੇ ਦੇ ਵਸੀਲੇ ਨਾਲ ਅਤੇ ਉਸੇ ਦੇ ਲਈ, ਸਾਰੀਆਂ ਵਸਤਾਂ ਹੋਈਆਂ ਹਨ । ਉਸ ਦੀ ਵਡਿਆਈ ਜੁੱਗੋ-ਜੁੱਗ ਹੋਵੇ । ਆਮੀਨ ।

12
ਪਰਮੇਸ਼ੁਰ ਦੀ ਸੇਵਾ ਵਾਲਾ ਜੀਵਨ

1ਸੋ ਹੇ ਭਰਾਵੋ, ਮੈਂ ਪਰਮੇਸ਼ੁਰ ਦੀ ਦਯਾ ਯਾਦ ਕਰਾ ਕੇ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ, ਕਿ ਤੁਸੀਂ ਆਪਣਿਆਂ ਸਰੀਰਾਂ ਨੂੰ ਜਿਉਂਦਾ ਅਤੇ ਪਵਿੱਤਰ ਅਤੇ ਪਰਮੇਸ਼ੁਰ ਨੂੰ ਭਾਉਂਦਾ ਹੋਇਆ ਬਲੀਦਾਨ ਕਰਕੇ ਚੜ੍ਹਾਵੋ, ਇਹ ਤੁਹਾਡੀ ਰੂਹਾਨੀ ਬੰਦਗੀ ਹੈ ।2ਅਤੇ ਇਸ ਸੰਸਾਰ ਦੇ ਰੂਪ ਵਰਗੇ ਨਾ ਬਣੋ, ਸਗੋਂ ਆਪਣੀ ਬੁੱਧ ਦੇ ਨਵੇਂ ਹੋ ਜਾਣ ਦੇ ਕਾਰਨ ਤੁਹਾਡਾ ਚਾਲ-ਚਲਣ ਵੀ ਬਦਲਦਾ ਜਾਵੇ ਤਾਂ ਜੋ ਤੁਸੀਂ ਸਮਝ ਲਵੋ ਕਿ ਪਰਮੇਸ਼ੁਰ ਦੀ ਚੰਗੀ ਅਤੇ ਮਨ ਭਾਉਂਦੀ ਅਤੇ ਪੂਰੀ ਇੱਛਾ ਕੀ ਹੈ ।

3ਮੈਂ ਤਾਂ ਉਸ ਕਿਰਪਾ ਤੋਂ ਜਿਹੜੀ ਮੈਨੂੰ ਦਾਨ ਹੋਈ ਤੁਹਾਡੇ ਵਿੱਚੋਂ ਹਰੇਕ ਨੂੰ ਕਹਿੰਦਾ ਹਾਂ, ਕਿ ਕੋਈ ਆਪਣੇ ਆਪ ਨੂੰ ਜਿੰਨਾਂ ਉਸ ਨੂੰ ਚਾਹੀਦਾ ਹੈ, ਉਸ ਨਾਲੋਂ ਵੱਧ ਨਾ ਸਮਝੇ ਪਰ ਜਿਵੇਂ ਪਰਮੇਸ਼ੁਰ ਨੇ ਮਿਣ ਕੇ ਹਰੇਕ ਨੂੰ ਵਿਸ਼ਵਾਸ ਵੰਡ ਦਿੱਤਾ ਹੈ, ਉਵੇਂ ਹੀ ਸੁਰਤ ਨਾਲ ਸਮਝੇ ।
4ਜਿਵੇਂ ਇੱਕ ਸਰੀਰ ਵਿੱਚ ਬਹੁਤ ਸਾਰੇ ਅੰਗ ਹੁੰਦੇ ਹਨ, ਪਰ ਸਾਰਿਆਂ ਅੰਗਾਂ ਦਾ ਇੱਕੋ ਹੀ ਕੰਮ ਨਹੀਂ ।5ਉਸੇ ਤਰ੍ਹਾਂ ਅਸੀਂ ਵੀ ਜੋ ਬਹੁਤ ਸਾਰੇ ਹਾਂ ਮਸੀਹ ਵਿੱਚ ਮਿਲ ਕੇ ਇੱਕ ਸਰੀਰ ਹਾਂ ਅਤੇ ਇੱਕ ਦੂਜੇ ਦੇ ਅੰਗ ਹਾਂ ।
6ਸੋ ਸਾਨੂੰ ਉਸ ਕਿਰਪਾ ਦੇ ਅਨੁਸਾਰ ਜੋ ਸਾਨੂੰ ਦਾਨ ਹੋਈ ਵੱਖੋ-ਵੱਖ ਵਰਦਾਨ ਮਿਲੇ ਹਨ । ਫੇਰ ਜੇ ਕਿਸੇ ਨੂੰ ਭਵਿੱਖਬਾਣੀ ਦਾ ਵਰਦਾਨ ਮਿਲਿਆ ਹੋਵੇ ਤਾਂ ਉਹ ਆਪਣੇ ਵਿਸ਼ਵਾਸ ਦੇ ਅਨੁਸਾਰ ਭਵਿੱਖਬਾਣੀ ਕਰੇ ।7ਅਤੇ ਜੇ ਸੇਵਾ ਕਰਨ ਦਾ ਦਾਨ ਮਿਲਿਆ ਹੋਵੇ ਤਾਂ ਉਹ ਸੇਵਾ ਕਰਨ ਵਿੱਚ ਲੱਗਿਆ ਰਹੇ, ਜੇ ਸਿਖਾਉਣ ਵਾਲਾ ਹੋਵੇ ਤਾਂ ਸਿਖਾਉਣ ਦੇ ਕੰਮ ਵਿੱਚ ਲੱਗਿਆ ਰਹੇ ।8ਜੇ ਉਪਦੇਸ਼ਕ ਹੋਵੇ ਤਾਂ ਉਪਦੇਸ਼ ਕਰਨ ਵਿੱਚ ਲੱਗਿਆ ਰਹੇ, ਦਾਨ ਦੇਣ ਵਾਲਾ ਖੁੱਲ੍ਹੇ ਦਿਲ ਨਾਲ ਦੇਵੇ, ਅਗਵਾਈ ਕਰਨ ਵਾਲਾ ਉਤਸ਼ਾਹ ਨਾਲ ਅਗਵਾਈ ਕਰੇ, ਦਯਾ ਕਰਨ ਵਾਲਾ ਖੁਸ਼ੀ ਨਾਲ ਦਯਾ ਕਰੇ,
9ਪਿਆਰ ਨਿਸ਼ਕਪਟ ਹੋਵੇ, ਬੁਰਿਆਈ ਤੋਂ ਨਫ਼ਰਤ ਕਰੋ, ਭਲਿਆਈ ਕਰਨ ਵਿੱਚ ਲੱਗੇ ਰਹੋ ।10ਭਾਈਚਾਰੇ ਦੇ ਪਿਆਰ ਨਾਲ ਇੱਕ ਦੂਜੇ ਨਾਲ ਗੂੜ੍ਹਾ ਪਿਆਰ ਰੱਖੋ, ਆਦਰ ਵਿੱਚ ਦੂਜੇ ਨੂੰ ਚੰਗਾ ਸਮਝੋ ।
11ਮਿਹਨਤ ਕਰਨ ਵਿੱਚ ਢਿੱਲੇ ਨਾ ਹੋਵੋ, ਆਤਮਾ ਵਿੱਚ ਸਰਗਰਮ ਰਹੋ, ਪ੍ਰਭੂ ਦੀ ਸੇਵਾ ਕਰਿਆ ਕਰੋ ।12ਆਸ ਵਿੱਚ ਅਨੰਦ ਅਤੇ ਬਿਪਤਾ ਵਿੱਚ ਧੀਰਜ ਕਰੋ, ਪ੍ਰਾਰਥਨਾ ਲਗਾਤਾਰ ਕਰਦੇ ਰਹੋ ।13ਸੰਤਾਂ ਦੀਆਂ ਲੋੜਾਂ ਦੇ ਸਾਂਝੀ ਬਣੋ, ਪਰਾਹੁਣਚਾਰੀ ਕਰਨ ਵਿੱਚ ਲੱਗੇ ਰਹੋ ।
14ਆਪਣੇ ਸਤਾਉਣ ਵਾਲਿਆ ਨੂੰ ਬਰਕਤ ਦਿਉ, ਅਸੀਸ ਦਿਉ, ਸਰਾਪ ਨਾ ਦਿਉ !15ਅਨੰਦ ਕਰਨ ਵਾਲਿਆਂ ਦੇ ਨਾਲ ਅਨੰਦ ਕਰੋ, ਰੋਣ ਵਾਲਿਆਂ ਦੇ ਨਾਲ ਰੋਵੋ ।16ਆਪਸ ਵਿੱਚ ਇੱਕ ਮਨ ਹੋਵੋ, ਉੱਚੀਆਂ ਗੱਲਾਂ ਉੱਤੇ ਮਨ ਨਾ ਲਾਉ ਪਰ ਨੀਵੀਆਂ ਨਾਲ ਮਿਲੇ ਰਹੋ, ਆਪਣੀ ਜਾਚ ਵਿੱਚ ਸਿਆਣੇ ਨਾ ਬਣ ਬੈਠੋ ।
17ਬੁਰਿਆਈ ਦੇ ਬਦਲੇ ਕਿਸੇ ਨਾਲ ਬੁਰਿਆਈ ਨਾ ਕਰੋ । ਜਿਹੜੀਆਂ ਗੱਲਾਂ ਸਾਰੇ ਮਨੁੱਖਾਂ ਦੇ ਭਾਣੇ ਚੰਗੀਆਂ ਹਨ ਉਹਨਾਂ ਤੇ ਧਿਆਨ ਰੱਖੋ ।18ਜੇ ਹੋ ਸਕੇ ਤਾਂ ਆਪਣੀ ਵਾਹ ਲੱਗਦਿਆਂ ਸਾਰਿਆਂ ਮਨੁੱਖਾਂ ਦੇ ਨਾਲ ਮੇਲ ਰੱਖੋ ।
19ਹੇ ਪਿਆਰਿਓ, ਆਪਣਾ ਬਦਲਾ ਨਾ ਲਵੋ, ਪਰ ਕ੍ਰੋਧ ਨੂੰ ਜਾਣ ਦਿਉ ਕਿਉਂ ਜੋ ਲਿਖਿਆ ਹੋਇਆ ਹੈ, ਕਿ ਪਰਮੇਸ਼ੁਰ ਕਹਿੰਦਾ ਹੈ, ਜੋ ਬਦਲਾ ਲੈਣਾ ਮੇਰਾ ਕੰਮ ਹੈ, ਮੈਂ ਹੀ ਵੱਟਾ ਲਾਹਵਾਂਗਾ ।20ਪਰ ਜੇ ਤੇਰਾ ਵੈਰੀ ਭੁੱਖਾ ਹੋਵੇ ਤਾਂ ਉਹ ਨੂੰ ਖਿਲਾਓ, ਜੇ ਪਿਆਸਾ ਹੋਵੇ ਤਾਂ ਉਹ ਨੂੰ ਪਾਣੀ ਪਿਆ ਕਿਉਂ ਜੋ ਇਹ ਕਰਕੇ ਤੂੰ ਉਹ ਦੇ ਸਿਰ ਉੱਤੇ ਅੱਗ ਦੇ ਅੰਗਿਆਰਾਂ ਦਾ ਢੇਰ ਲਾਵੇਂਗਾ ।21ਬੁਰਿਆਈ ਤੋਂ ਨਾ ਹਾਰ ਸਗੋਂ ਭਲਿਆਈ ਨਾਲ ਬੁਰਿਆਈ ਨੂੰ ਜਿੱਤ ਲੈ ।

13
ਅਧਿਕਾਰੀਆਂ ਦੇ ਅਧੀਨ ਹੋਣਾ

1ਹਰੇਕ ਮਨੁੱਖ ਹਕੂਮਤਾਂ ਦੇ ਅਧੀਨ ਰਹੇ ਕਿਉਂਕਿ ਅਜਿਹੀ ਕੋਈ ਹਕੂਮਤ ਨਹੀਂ ਜਿਹੜੀ ਪਰਮੇਸ਼ੁਰ ਦੇ ਵੱਲੋਂ ਨਾ ਹੋਵੇ ਅਤੇ ਜਿੰਨ੍ਹੀਆਂ ਹਕੂਮਤਾਂ ਹਨ, ਉਹ ਪਰਮੇਸ਼ੁਰ ਦੀਆਂ ਠਹਿਰਾਈਆਂ ਹੋਈਆਂ ਹਨ ।2ਇਸ ਲਈ ਜਿਹੜਾ ਹਕੂਮਤ ਦਾ ਵਿਰੋਧ ਕਰਦਾ ਹੈ, ਉਹ ਪਰਮੇਸ਼ੁਰ ਦੀ ਵਿਧੀ ਦਾ ਵਿਰੋਧ ਕਰਦਾ ਹੈ ਅਤੇ ਜਿਹੜੇ ਵਿਰੋਧ ਕਰਦੇ ਹਨ ਉਹ ਸਜ਼ਾ ਭੁਗਤਣਗੇ ।

3ਹਾਕਮ ਤਾਂ ਚੰਗੇ ਕੰਮ ਤੋਂ ਨਹੀਂ ਪਰ ਬੁਰੇ ਕੰਮ ਤੋਂ ਡਰਾਉਣ ਵਾਲੇ ਹੁੰਦੇ ਹਨ । ਸੋ ਜੇ ਤੂੰ ਹਾਕਮ ਤੋਂ ਨਿਡਰ ਰਹਿਣਾ ਚਾਹੁੰਦਾ ਹੈ ? ਤਾਂ ਚੰਗੇ ਕੰਮ ਕਰ ਫੇਰ ਉਸ ਦੀ ਵੱਲੋਂ ਤੇਰੀ ਸ਼ੋਭਾ ਹੋਵੇਗੀ ।4ਕਿਉਂ ਜੋ ਉਹ ਪਰਮੇਸ਼ੁਰ ਦਾ ਸੇਵਕ ਤੇਰੀ ਭਲਿਆਈ ਲਈ ਹੈ । ਪਰ ਜੇ ਤੂੰ ਬੁਰਾ ਕਰੇ ਤਾਂ ਉਸ ਤੋਂ ਡਰ, ਇਸ ਲਈ ਜੋ ਉਹ ਐਂਵੇਂ ਤਲਵਾਰ ਨਹੀਂ ਲਈ ਫਿਰਦਾ । ਉਹ ਤਾਂ ਪਰਮੇਸ਼ੁਰ ਦਾ ਸੇਵਕ ਹੈ, ਕਿ ਉਹ ਬੁਰੇ ਕੰਮ ਕਰਨ ਵਾਲਿਆ ਨੂੰ ਸਜ਼ਾ ਦੇਵੇ ।5ਇਸ ਲਈ ਕੇਵਲ ਕ੍ਰੋਧ ਹੀ ਦੇ ਕਾਰਨ ਨਹੀਂ ਸਗੋਂ ਆਪਣੇ ਵਿਵੇਕ ਦੇ ਕਾਰਨ ਵੀ ਅਧੀਨ ਹੋਣ ਦੀ ਲੋੜ ਹੈ ।
6ਇਸ ਲਈ ਉਨ੍ਹਾਂ ਨੂੰ ਕਰ ਵੀ ਦਿਉ ਕਿਉਂਕਿ ਉਹ ਇਸੇ ਕੰਮ ਵਿੱਚ ਸਦਾ ਲੱਗੇ ਰਹਿੰਦੇ ਹਨ, ਅਤੇ ਪਰਮੇਸ਼ੁਰ ਦੇ ਸੇਵਾਦਾਰ ਹਨ ।7ਇਸ ਲਈ ਹਰ ਇੱਕ ਦਾ ਹੱਕ ਅਦਾ ਕਰੋ । ਜਿਹ ਨੂੰ ਕਰ ਦੇਣਾ ਚਾਹੀਦਾ ਹੈ ਉਸ ਨੂੰ ਕਰ ਦਿਉ, ਜਿਹ ਨੂੰ ਮਸੂਲ ਦੇਣਾ ਚਾਹੀਦਾ ਹੈ ਉਸ ਨੂੰ ਮਸੂਲ ਦਿਉ, ਜਿਸ ਦੇ ਕੋਲੋਂ ਡਰਨਾ ਚਾਹੀਦਾ ਹੈ ਉਸ ਦੇ ਕੋਲੋਂ ਡਰੋ, ਜਿਸ ਦਾ ਆਦਰ ਕਰਨਾ ਚਾਹੀਦਾ ਹੈ ਉਸਦਾ ਆਦਰ ਕਰੋ ।
ਪਿਆਰ ਬਿਵਸਥਾ ਨੂੰ ਪੂਰਾ ਕਰਦਾ ਹੈ

8ਇੱਕ ਦੂਜੇ ਨਾਲ ਪਿਆਰ ਕਰਨ ਤੋਂ ਬਿਨ੍ਹਾਂ ਕਿਸੇ ਹੋਰ ਗੱਲ ਵਿੱਚ ਕਿਸੇ ਦੇ ਕਰਜ਼ਦਾਰ ਨਾ ਰਹੋ ਕਿਉਂਕਿ ਜੋ ਦੂਸਰੇ ਨਾਲ ਪਿਆਰ ਕਰਦਾ ਹੈ ਉਹ ਨੇ ਬਿਵਸਥਾ ਨੂੰ ਪੂਰਾ ਕੀਤਾ ਹੈ ।9ਕਿਉਂਕਿ ਇਹ, ਜੋ ਵਿਭਚਾਰ ਨਾ ਕਰ, ਖੂਨ ਨਾ ਕਰ, ਚੋਰੀ ਨਾ ਕਰ, ਲੋਭ ਨਾ ਕਰ ਅਤੇ ਜੇ ਕੋਈ ਹੋਰ ਹੁਕਮ ਵੀ ਹੋਵੇ ਤਾਂ ਸਭ ਗੱਲਾਂ ਦਾ ਨਿਚੋੜ ਇਸ ਗੱਲ ਵਿੱਚ ਹੈ, ਕਿ ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ ।10ਪਿਆਰ ਗੁਆਂਢੀ ਦਾ ਕੁੱਝ ਬੁਰਾ ਨਹੀਂ ਕਰਦਾ, ਇਸ ਲਈ ਪਿਆਰ ਬਿਵਸਥਾ ਨੂੰ ਪੂਰਾ ਕਰਨਾ ਹੈ ।
ਸਮਾਂ ਨੇੜੇ ਹੈ

11ਅਤੇ ਤੁਸੀਂ ਸਮੇਂ ਨੂੰ ਪਹਿਚਾਣ ਲਵੋ ਕਿਉਂਕਿ ਹੁਣ ਤੁਹਾਡੇ ਨੀਂਦ ਤੋਂ ਜਾਗਣ ਦੀ ਘੜੀ ਆ ਪਹੁੰਚੀ ਹੈ, ਕਿਉਂ ਜੋ ਜਿਸ ਵੇਲੇ ਅਸੀਂ ਵਿਸ਼ਵਾਸ ਕੀਤਾ ਸੀ, ਉਸ ਸਮੇਂ ਦੇ ਵਿਚਾਰ ਨਾਲ ਹੁਣ ਸਾਡੀ ਮੁਕਤੀ ਨੇੜੇ ਹੈ ।12ਰਾਤ ਬਹੁਤ ਬੀਤ ਗਈ ਅਤੇ ਦਿਨ ਚੜ੍ਹਨ ਵਾਲਾ ਹੈ ਇਸ ਲਈ ਹਨ੍ਹੇਰੇ ਦੇ ਕੰਮ ਛੱਡ ਦੇਈਏ ਅਤੇ ਚਾਨਣ ਦੀ ਸੰਜੋ ਪਹਿਨ ਲਈਏ ।
13ਜਿਵੇਂ ਦਿਨ ਵੇਲੇ ਸ਼ੋਭਾ ਦਿੰਦਾ ਹੈ, ਉਵੇਂ ਹੀ ਅਸੀਂ ਭਲਮਾਨਸੀ ਨਾਲ ਚੱਲੀਏ, ਨਾ ਨਾਚ-ਰੰਗ ਅਤੇ ਨਾ ਨਸ਼ਿਆਂ ਵਿੱਚ, ਨਾ ਹਰਾਮਕਾਰੀਆਂ ਅਤੇ ਲੁੱਚਪੁਣਿਆਂ ਵਿੱਚ, ਨਾ ਝਗੜੇ ਅਤੇ ਖਾਰ ਵਿੱਚ ।14ਸਗੋਂ ਪ੍ਰਭੂ ਯਿਸੂ ਮਸੀਹ ਨੂੰ ਪਹਿਨ ਲਵੋ ਅਤੇ ਸਰੀਰ ਦੀਆਂ ਕਾਮਨਾਵਾਂ ਨੂੰ ਪੂਰਾ ਕਰਨ ਲਈ ਕੋਈ ਪ੍ਰਬੰਧ ਨਾ ਕਰੋ ।

14
ਆਪਣੇ ਭਰਾ ਉੱਤੇ ਦੋਸ਼ ਨਾ ਲਾਓ

1ਜੋ ਵਿਸ਼ਵਾਸ ਵਿੱਚ ਕਮਜ਼ੋਰ ਹੈ, ਉਹ ਨੂੰ ਆਪਣੀ ਸੰਗਤ ਵਿੱਚ ਰਲਾ ਲਉ ਪਰ ਉਹ ਦੇ ਭਰਮਾਂ ਦੇ ਉੱਤੇ ਫ਼ੈਸਲੇ ਕਰਨ ਦੇ ਲਈ ਨਹੀਂ ।2ਕਿਉਂਕਿ ਇੱਕ ਨੂੰ ਵਿਸ਼ਵਾਸ ਹੈ ਕਿ ਸਭ ਕੁੱਝ ਖਾਣਾ ਯੋਗ ਹੈ, ਪਰ ਜਿਹੜਾ ਵਿਸ਼ਵਾਸ ਵਿੱਚ ਕਮਜ਼ੋਰ ਹੈ ਉਹ ਸਾਗ ਪੱਤ ਹੀ ਖਾਂਦਾ ਹੈ ।

3ਜਿਹੜਾ ਖਾਣ ਵਾਲਾ ਹੈ ਉਹ ਨਾ ਖਾਣ ਵਾਲੇ ਨੂੰ ਤੁੱਛ ਨਾ ਜਾਣੇ ਅਤੇ ਜਿਹੜਾ ਨਾ ਖਾਣ ਵਾਲਾ ਹੈ ਉਹ ਖਾਣ ਵਾਲੇ ਉੱਤੇ ਦੋਸ਼ ਨਾ ਲਾਵੇ ਕਿਉਂ ਜੋ ਪਰਮੇਸ਼ੁਰ ਨੇ ਉਹ ਨੂੰ ਕਬੂਲ ਕਰ ਲਿਆ ਹੈ ।4ਤੂੰ ਦੂਜੇ ਦੇ ਸੇਵਕ ਉੱਤੇ ਦੋਸ਼ ਲਾਉਣ ਵਾਲਾ ਕੌਣ ਹੁੰਦਾ ਹੈਂ ? ਉਹ ਤਾਂ ਆਪਣੇ ਹੀ ਮਾਲਕ ਦੇ ਅੱਗੇ ਸਥਿਰ ਰਹਿੰਦਾ ਜਾਂ ਡਿੱਗ ਪੈਂਦਾ ਹੈ, ਪਰ ਉਹ ਸਥਿਰ ਰਹੇਗਾ ਕਿਉਂ ਜੋ ਪ੍ਰਭੂ ਉਸ ਨੂੰ ਸਥਿਰ ਰੱਖ ਸਕਦਾ ਹੈ ।
5ਕੋਈ ਤਾਂ ਇੱਕ ਦਿਨ ਨੂੰ ਦੂਜੇ ਦਿਨ ਨਾਲੋਂ ਚੰਗਾ ਸਮਝਦਾ ਹੈ, ਅਤੇ ਕੋਈ ਜਣਾ ਸਾਰਿਆਂ ਦਿਨਾਂ ਨੂੰ ਇੱਕੋ ਜਿਹਾ ਸਮਝਦਾ ਹੈ । ਹਰ ਕੋਈ ਆਪੋ ਆਪਣੇ ਮਨ ਵਿੱਚ ਪੱਕਾ ਭਰੋਸਾ ਕਰ ਲਵੇ ।6ਜਿਹੜਾ ਦਿਨ ਨੂੰ ਮੰਨਦਾ ਹੈ, ਉਹ ਪ੍ਰਭੂ ਦੇ ਲਈ ਮੰਨਦਾ ਹੈ ਅਤੇ ਜਿਹੜਾ ਖਾਂਦਾ ਹੈ ਉਹ ਪ੍ਰਭੂ ਦੇ ਲਈ ਖਾਂਦਾ ਹੈ ਕਿਉਂ ਜੋ ਉਹ ਪਰਮੇਸ਼ੁਰ ਦਾ ਧੰਨਵਾਦ ਕਰਦਾ ਹੈ, ਅਤੇ ਜਿਹੜਾ ਨਹੀਂ ਖਾਂਦਾ ਉਹ ਪ੍ਰਭੂ ਦੇ ਲਈ ਨਹੀਂ ਖਾਂਦਾ ਅਤੇ ਪਰਮੇਸ਼ੁਰ ਦਾ ਧੰਨਵਾਦ ਕਰਦਾ ਹੈ ।
7ਸਾਡੇ ਵਿੱਚੋਂ ਤਾਂ ਕੋਈ ਆਪਣੇ ਲਈ ਨਹੀਂ ਜਿਉਂਦਾ, ਨਾ ਕੋਈ ਆਪਣੇ ਲਈ ਮਰਦਾ ਹੈ ।8ਇਸ ਲਈ ਜੇ ਅਸੀਂ ਜਿਉਂਦੇ ਹਾਂ ਤਾਂ ਪ੍ਰਭੂ ਦੇ ਲਈ ਜਿਉਂਦੇ ਹਾਂ ਅਤੇ ਜੇ ਅਸੀਂ ਮਰੀਏ ਤਾਂ ਪ੍ਰਭੂ ਦੇ ਲਈ ਮਰਦੇ ਹਾਂ । ਸੋ ਗੱਲ ਕਾਹਦੀ, ਭਾਵੇਂ ਅਸੀਂ ਜੀਵੀਏ ਜਾਂ ਮਰੀਏ ਪਰ ਹਾਂ ਅਸੀਂ ਪ੍ਰਭੂ ਦੇ ਹੀ ।9ਕਿਉਂ ਜੋ ਇਸੇ ਕਾਰਨ ਮਸੀਹ ਮਰਿਆ ਅਤੇ ਫੇਰ ਜੀ ਉੱਠਿਆ ਤਾਂ ਜੋ ਮੁਰਦਿਆਂ, ਨਾਲੇ ਜਿਉਂਦਿਆਂ ਦਾ ਪ੍ਰਭੂ ਹੋਵੇ ।
10ਪਰ ਤੂੰ ਆਪਣੇ ਭਰਾ ਉੱਤੇ ਕਿਉਂ ਦੋਸ਼ ਲਾਉਂਦਾ ਹੈਂ, ਜਾਂ ਫੇਰ ਤੂੰ ਆਪਣੇ ਭਰਾ ਨੂੰ ਕਿਉਂ ਤੁੱਛ ਜਾਣਦਾ ਹੈਂ ? ਕਿਉਂ ਜੋ ਅਸੀਂ ਸਾਰੇ ਪਰਮੇਸ਼ੁਰ ਦੇ ਨਿਆਂ ਦੇ ਸਿੰਘਾਸਣ ਦੇ ਸਾਹਮਣੇ ਖੜ੍ਹੇ ਹੋਵਾਂਗੇ ।11ਕਿਉਂ ਜੋ ਇਹ ਲਿਖਿਆ ਹੋਇਆ ਹੈ, ਪ੍ਰਭੂ ਕਹਿੰਦਾ ਹੈ, ਮੈਨੂੰ ਆਪਣੀ ਜਿੰਦ ਦੀ ਸਹੁੰ, ਕਿ ਹਰ ਇੱਕ ਗੋਡਾ ਮੇਰੇ ਅੱਗੇ ਝੁਕੇਗਾ, ਅਤੇ ਹਰ ਇੱਕ ਜ਼ੁਬਾਨ ਪਰਮੇਸ਼ੁਰ ਦੇ ਅੱਗੇ ਇਕਰਾਰ ਕਰੇਗੀ ।
12ਸੋ ਸਾਡੇ ਵਿੱਚੋਂ ਹਰੇਕ ਨੇ ਪਰਮੇਸ਼ੁਰ ਨੂੰ ਆਪੋ ਆਪਣਾ ਲੇਖਾ ਦੇਣਾ ਹੈ ।
ਆਪਣੇ ਭਰਾ ਦੇ ਨਾਸ ਹੋਣ ਦਾ ਕਾਰਨ ਨਾ ਬਣੋ

13ਇਸ ਲਈ ਅਸੀਂ ਇੱਕ ਦੂਜੇ ਉੱਤੇ ਅੱਗੇ ਤੋਂ ਕਦੇ ਦੋਸ਼ ਨਾ ਲਾਈਏ ਸਗੋਂ ਤੁਸੀਂ ਇਹ ਵਿਚਾਰੋ, ਕਿ ਠੇਡੇ ਜਾਂ ਠੋਕਰ ਵਾਲੀ ਚੀਜ਼ ਤੁਸੀਂ ਆਪਣੇ ਭਰਾ ਦੇ ਰਾਹ ਵਿੱਚ ਨਾ ਰੱਖੋ ।
14ਮੈਂ ਜਾਣਦਾ ਹਾਂ ਅਤੇ ਪ੍ਰਭੂ ਯਿਸੂ ਤੋਂ ਮੈਨੂੰ ਵਿਸ਼ਵਾਸ ਹੋਈ ਹੈ, ਕਿ ਕੋਈ ਚੀਜ਼ ਆਪਣੇ ਆਪ ਤੋਂ ਅਸ਼ੁੱਧ ਨਹੀਂ ਪਰ ਜਿਹੜਾ ਕਿਸੇ ਚੀਜ਼ ਨੂੰ ਅਸ਼ੁੱਧ ਮੰਨਦਾ ਹੈ, ਉਹ ਉਸ ਦੇ ਲਈ ਅਸ਼ੁੱਧ ਹੈ ।15ਜੇਕਰ ਤੇਰੇ ਭੋਜਨ ਦੇ ਕਾਰਨ ਤੇਰਾ ਭਰਾ ਦੁੱਖੀ ਹੁੰਦਾ ਹੈ, ਤਾਂ ਤੂੰ ਹਾਲੇ ਤੱਕ ਪਿਆਰ ਨਾਲ ਨਹੀਂ ਚੱਲਦਾ ਹੈਂ । ਜਿਹ ਦੇ ਲਈ ਮਸੀਹ ਮਰਿਆ ਤੂੰ ਭੋਜਨ ਦੇ ਲਈ ਉਹ ਦਾ ਨਾਸ ਨਾ ਕਰ ।
16ਸੋ ਹੁਣ ਤੁਹਾਡੀ ਭਲਿਆਈ ਦੀ ਬਦਨਾਮੀ ਨਾ ਕੀਤੀ ਜਾਵੇ ।17ਕਿਉਂ ਜੋ ਪਰਮੇਸ਼ੁਰ ਦਾ ਰਾਜ ਖਾਣਾ ਪੀਣਾ ਨਹੀਂ ਸਗੋਂ ਪਵਿੱਤਰ ਆਤਮਾ ਵਿੱਚ ਸ਼ਾਂਤੀ ਅਤੇ ਅਨੰਦ ਹੈ ।
18ਅਤੇ ਜਿਹੜਾ ਇਸ ਤਰ੍ਹਾਂ ਨਾਲ ਮਸੀਹ ਦੀ ਸੇਵਾ ਕਰਦਾ ਹੈ, ਉਹ ਤਾਂ ਪਰਮੇਸ਼ੁਰ ਨੂੰ ਭਾਉਂਦਾ ਅਤੇ ਮਨੁੱਖਾਂ ਨੂੰ ਕਬੂਲ ਹੁੰਦਾ ਹੈ ।19ਸੋ ਚੱਲੋ ਅਸੀਂ ਉਹਨਾਂ ਗੱਲਾਂ ਦਾ ਪਿੱਛਾ ਕਰੀਏ ਜਿਨ੍ਹਾਂ ਤੋਂ ਮਿਲਾਪ ਅਤੇ ਇੱਕ ਦੂਜੇ ਦੀ ਤਰੱਕੀ ਹੋਵੇ ।
20ਭੋਜਨ ਦੇ ਕਾਰਨ ਪਰਮੇਸ਼ੁਰ ਦਾ ਕੰਮ ਨਾ ਵਿਗਾੜ । ਸਭ ਕੁੱਝ ਸ਼ੁੱਧ ਤਾਂ ਹੈ, ਪਰ ਉਸ ਮਨੁੱਖ ਦੇ ਲਈ ਬੁਰਾ ਹੈ ਜਿਹ ਦੇ ਖਾਣ ਤੋਂ ਠੋਕਰ ਲੱਗਦੀ ਹੈ ।21ਭਲੀ ਗੱਲ ਤਾਂ ਇਹ ਹੈ, ਕਿ ਨਾ ਤੂੰ ਮਾਸ ਖਾਵੇਂ ਅਤੇ ਨਾ ਤੂੰ ਸ਼ਰਾਬ ਪੀਵੇਂ ਅਤੇ ਨਾ ਕੋਈ ਇਹੋ ਜਿਹਾ ਕੰਮ ਕਰੇਂ ਜਿਸ ਤੋਂ ਤੇਰਾ ਭਰਾ ਠੋਕਰ ਖਾਵੇ ।
22ਤੇਰਾ ਜੋ ਵਿਸ਼ਵਾਸ ਹੈ, ਉਸ ਨੂੰ ਪਰਮੇਸ਼ੁਰ ਦੇ ਸਾਹਮਣੇ ਆਪਣੇ ਮਨ ਵਿੱਚ ਰੱਖ । ਧੰਨ ਉਹ ਜਿਹੜਾ ਉਸ ਕੰਮ ਵਿੱਚ ਜਿਹ ਨੂੰ ਉਹ ਠੀਕ ਸਮਝਦਾ ਹੈ ਆਪਣੇ ਆਪ ਨੂੰ ਦੋਸ਼ੀ ਨਹੀਂ ਠਹਿਰਾਉਂਦਾ ।23ਪਰ ਜਿਹੜਾ ਭਰਮ ਕਰਦਾ ਹੈ ਜੇ ਉਹ ਖਾਵੇ ਤਾਂ ਦੋਸ਼ੀ ਹੋਇਆ ਇਸ ਲਈ ਜੋ ਵਿਸ਼ਵਾਸ ਕਰਕੇ ਨਹੀਂ ਖਾਂਦਾ ਹੈ ਅਤੇ ਜੋ ਕੁੱਝ ਵਿਸ਼ਵਾਸ ਨਾਲ ਨਹੀਂ ਹੁੰਦਾ ਹੈ ਸੋ ਪਾਪ ਹੈ ।

15
ਦੂਸਰਿਆਂ ਦੀ ਤਰੱਕੀ

1ਅਸੀਂ ਜੋ ਵਿਸ਼ਵਾਸ ਵਿੱਚ ਤਕੜੇ ਹਾਂ ਸਾਨੂੰ ਚਾਹੀਦਾ ਹੈ ਕਿ ਕਮਜ਼ੋਰਾਂ ਦੀਆਂ ਕਮਜ਼ੋਰੀਆਂ ਨੂੰ ਸਹਾਰ ਲਈਏ, ਨਾ ਕੇ ਆਪਣੇ ਆਪ ਨੂੰ ਖੁਸ਼ ਕਰੀਏ ।2ਸਾਡੇ ਵਿੱਚੋਂ ਹਰੇਕ ਆਪਣੇ ਗੁਆਂਢੀ ਨੂੰ ਉਹ ਦੀ ਭਲਿਆਈ ਦੇ ਲਈ ਖੁਸ਼ ਕਰੇ ਤਾਂ ਜੋ ਉਹ ਦੀ ਤਰੱਕੀ ਹੋਵੇ ।

3ਕਿਉਂ ਜੋ ਮਸੀਹ ਨੇ ਵੀ ਆਪਣੇ ਆਪ ਨੂੰ ਖੁਸ਼ ਨਹੀਂ ਕੀਤਾ ਪਰ ਜਿਵੇਂ ਲਿਖਿਆ ਹੋਇਆ ਹੈ ਕਿ ਤੇਰੇ ਨਿੰਦਕਾਂ ਦੀਆਂ ਨਿੰਦਿਆ ਮੈਨੂੰ ਸਹਿਣੀ ਪਈ ।4ਕਿਉਂਕਿ ਜੋ ਕੁੱਝ ਪਹਿਲਾਂ ਲਿਖਿਆ ਗਿਆ ਸੀ, ਉਹ ਸਾਡੀ ਸਿੱਖਿਆ ਦੇ ਲਈ ਲਿਖਿਆ ਗਿਆ ਸੀ ਤਾਂ ਜੋ ਅਸੀਂ ਧੀਰਜ ਤੋਂ ਅਤੇ ਪਵਿੱਤਰ ਬਚਨ ਦੇ ਦਿਲਾਸੇ ਤੋਂ ਆਸ ਰੱਖੀਏ ।
5ਅਤੇ ਧੀਰਜ ਅਤੇ ਦਿਲਾਸੇ ਦਾ ਪਰਮੇਸ਼ੁਰ, ਤੁਹਾਨੂੰ ਇਹ ਬਖ਼ਸ਼ੇ ਜੋ ਮਸੀਹ ਯਿਸੂ ਦੇ ਅਨੁਸਾਰ ਆਪੋ ਵਿੱਚ ਮੇਲ ਰੱਖੋ ।6ਤਾਂ ਜੋ ਤੁਸੀਂ ਇੱਕ ਮਨ ਹੋ ਕੇ ਇੱਕ ਜ਼ੁਬਾਨ ਨਾਲ ਸਾਡੇ ਪ੍ਰਭੂ ਯਿਸੂ ਮਸੀਹ ਦੇ ਪਰਮੇਸ਼ੁਰ ਅਤੇ ਪਿਤਾ ਦੀ ਵਡਿਆਈ ਕਰੋ ।
ਸਾਰਿਆਂ ਦੇ ਲਈ ਖੁਸ਼ ਖ਼ਬਰੀ

7ਇਸੇ ਕਾਰਨ ਤੁਸੀਂ ਇੱਕ ਦੂਏ ਨੂੰ ਕਬੂਲ ਕਰੋ ਜਿਵੇਂ ਮਸੀਹ ਨੇ ਵੀ ਤੁਹਾਨੂੰ ਕਬੂਲ ਕੀਤਾ ਤਾਂ ਜੋ ਪਰਮੇਸ਼ੁਰ ਦੀ ਵਡਿਆਈ ਹੋਵੇ ।
8ਮੈਂ ਆਖਦਾ ਹਾਂ ਕਿ ਮਸੀਹ ਪਰਮੇਸ਼ੁਰ ਦੀ ਸਚਿਆਈ ਦੇ ਅਨੁਸਾਰ ਸੁੰਨਤੀਆਂ ਦਾ ਸੇਵਕ ਬਣਿਆ ਤਾਂ ਜੋ ਉਹ ਉਨ੍ਹਾਂ ਵਾਇਦਿਆਂ ਨੂੰ ਜਿਹੜੇ ਸਾਡੇ ਪਿਉ-ਦਾਦਿਆਂ ਨੂੰ ਦਿੱਤੇ ਹੋਏ ਸਨ ਪੂਰਾ ਕਰੇ ।9ਅਤੇ ਪਰਾਈਆਂ ਕੌਮਾਂ ਇਸ ਦਯਾ ਦੇ ਲਈ ਪਰਮੇਸ਼ੁਰ ਦੀ ਵਡਿਆਈ ਕਰਨ ਜਿਵੇਂ ਲਿਖਿਆ ਹੋਇਆ ਹੈ, ਇਸ ਕਾਰਨ ਮੈਂ ਪਰਾਈਆਂ ਕੌਮਾਂ ਵਿੱਚ ਤੇਰੀ ਵਡਿਆਈ ਕਰਾਂਗਾ, ਅਤੇ ਤੇਰੇ ਨਾਮ ਦਾ ਭਜਨ ਗਾਵਾਂਗਾ ।
10ਫੇਰ ਕਹਿੰਦਾ ਹੈ, ਹੇ ਪਰਾਈ ਕੌਮੋ, ਉਹ ਦੀ ਪਰਜਾ ਦੇ ਨਾਲ ਖੁਸ਼ੀ ਮਨਾਓ ।11ਅਤੇ ਫੇਰ, ਹੇ ਸਾਰੀਓ ਕੌਮੋ, ਪ੍ਰਭੂ ਦੀ ਉਸਤਤ ਕਰੋ, ਅਤੇ ਸਾਰੇ ਲੋਕ ਉਹ ਦੇ ਗੁਣ ਗਾਉਣ ।
12ਫੇਰ ਯਸਾਯਾਹ ਕਹਿੰਦਾ ਹੈ, ਯੱਸੀ ਦੀ ਜੜ੍ਹ ਪਰਗਟ ਹੋਵੇਗੀ, ਅਤੇ ਜਿਹੜਾ ਕੌਮਾਂ ਉੱਤੇ ਹਕੂਮਤ ਕਰਨ ਲਈ ਉੱਠਣ ਵਾਲਾ ਹੈ, ਉਹ ਦੇ ਉੱਤੇ ਕੌਮਾਂ ਆਸ ਰੱਖਣਗੀਆਂ ।
13ਹੁਣ ਆਸ ਦਾ ਪਰਮੇਸ਼ੁਰ ਤੁਹਾਨੂੰ ਵਿਸ਼ਵਾਸ ਕਰਨ ਦੇ ਵਸੀਲੇ ਨਾਲ ਸਾਰੇ ਅਨੰਦ ਅਤੇ ਸ਼ਾਂਤੀ ਨਾਲ ਭਰ ਦੇਵੇ ਕਿ ਤੁਸੀਂ ਪਵਿੱਤਰ ਆਤਮਾ ਦੀ ਸਮਰੱਥ ਨਾਲ ਆਸ ਵਿੱਚ ਵਧਦੇ ਜਾਵੋ ।
ਹਿੰਮਤ ਦੇ ਨਾਲ ਲਿਖਣ ਦਾ ਕਾਰਨ

14ਹੇ ਮੇਰੇ ਭਰਾਵੋ, ਮੈਂ ਆਪ ਵੀ ਤੁਹਾਡੇ ਵਲੋਂ ਯਕੀਨ ਰੱਖਦਾ ਹਾਂ ਕਿ ਤੁਸੀਂ ਆਪ ਭਲਿਆਈ ਨਾਲ ਭਰਪੂਰ ਹੋ ਅਤੇ ਸਾਰੇ ਗਿਆਨ ਨਾਲ ਭਰੇ ਹੋਏ ਹੋ ਅਤੇ ਇੱਕ ਦੂਜੇ ਨੂੰ ਸਿਖਾ ਸਕਦੇ ਹੋ ।
15ਪਰ ਮੈਂ ਤੁਹਾਨੂੰ ਫੇਰ ਯਾਦ ਕਰਾਉਣ ਲਈ ਕਿਤੇ-ਕਿਤੇ ਹੋਰ ਵੀ ਦਲੇਰੀ ਨਾਲ ਤੁਹਾਨੂੰ ਉਸ ਕਿਰਪਾ ਦੇ ਕਾਰਨ ਲਿਖਦਾ ਹਾਂ ਜਿਹੜੀ ਮੈਨੂੰ ਪਰਮੇਸ਼ੁਰ ਦੀ ਵੱਲੋਂ ਬਖ਼ਸ਼ੀ ਗਈ ।16ਤਾਂ ਜੋ ਮੈਂ ਪਰਮੇਸ਼ੁਰ ਦੀ ਖੁਸ਼ਖਬਰੀ ਵਿੱਚ ਜਾਜਕ ਦਾ ਕੰਮ ਕਰਦਿਆਂ ਪਰਾਈਆਂ ਕੌਮਾਂ ਦੇ ਲਈ ਮਸੀਹ ਦਾ ਸੇਵਕ ਹੋਵਾਂ ਤਾਂ ਜੋ ਪਰਾਈਆਂ ਕੌਮਾਂ ਦਾ ਚੜ੍ਹਾਇਆ ਜਾਣਾ ਪਵਿੱਤਰ ਆਤਮਾ ਦੇ ਵਸੀਲੇ ਨਾਲ ਪਵਿੱਤਰ ਬਣ ਕੇ ਕਬੂਲ ਹੋਵੇ ।
17ਸੋ ਪਰਮੇਸ਼ੁਰ ਦੀਆਂ ਗੱਲਾਂ ਦੇ ਬਾਰੇ ਮੈਨੂੰ ਮਸੀਹ ਯਿਸੂ ਵਿੱਚ ਅਭਮਾਨ ਕਰਨ ਦਾ ਸਮਾਂ ਹੈ ।18ਕਿਉਂ ਜੋ ਮੇਰਾ ਹੌਂਸਲਾ ਨਹੀਂ ਪੈਂਦਾ ਜੋ ਮੈਂ ਹੋਰ ਕੰਮਾਂ ਦੀ ਗੱਲ ਕਰਾਂ ਬਿਨ੍ਹਾਂ ਉਨ੍ਹਾਂ ਦੇ ਜਿਹੜੇ ਮਸੀਹ ਨੇ ਪਰਾਈਆਂ ਕੌਮਾਂ ਨੂੰ ਆਗਿਆਕਾਰੀ ਕਰਨ ਲਈ ਬਚਨ ਅਤੇ ਕੰਮਾਂ ਤੋਂ,19ਨਿਸ਼ਾਨੀਆਂ ਅਤੇ ਕਰਾਮਾਤਾਂ ਦੀ ਸ਼ਕਤੀ ਨਾਲ ਅਤੇ ਪਵਿੱਤਰ ਆਤਮਾ ਦੀ ਸਮਰੱਥ ਨਾਲ ਮੇਰੇ ਹੱਥੀਂ ਕੀਤੇ ਹਨ, ਇੱਥੋਂ ਤੱਕ ਜੋ ਮੈਂ ਯਰੂਸ਼ਲਮ ਤੋਂ ਲੈ ਕੇ ਚਾਰ ਚੁਫ਼ੇਰੇ ਇੱਲੁਰਿਕੁਮ ਤੱਕ ਮਸੀਹ ਦੀ ਖੁਸ਼ਖਬਰੀ ਦਾ ਪੂਰਾ ਪਰਚਾਰ ਕੀਤਾ ।
20ਹਾਂ, ਮੈਂ ਇਹ ਤਮੰਨਾ ਕੀਤੀ ਕਿ ਜਿੱਥੇ ਮਸੀਹ ਦਾ ਨਾਮ ਨਹੀਂ ਲਿਆ ਗਿਆ, ਉੱਥੇ ਖੁਸ਼ਖਬਰੀ ਸੁਣਾਵਾਂ ਕਿਤੇ ਇਸ ਤਰ੍ਹਾਂ ਨਾ ਹੋਵੇ ਜੋ ਮੈਂ ਕਿਸੇ ਹੋਰ ਦੀ ਨੀਂਹ ਉੱਤੇ ਉਸਾਰੀ ਕਰਾਂ ।21ਸਗੋਂ ਜਿਵੇਂ ਲਿਖਿਆ ਹੋਇਆ ਹੈ, ਜਿਨ੍ਹਾਂ ਨੂੰ ਉਹ ਦੀ ਖ਼ਬਰ ਨਹੀਂ ਮਿਲੀ, ਉਹ ਵੇਖਣਗੇ, ਅਤੇ ਜਿਨ੍ਹਾਂ ਨਹੀਂ ਸੁਣਿਆ, ਉਹ ਸਮਝਣਗੇ ।
ਪੌਲੁਸ ਦੀ ਰੋਮ ਯਾਤਰਾ ਲਈ ਯੋਜਨਾ

22ਇਸੇ ਕਰਕੇ ਮੈਂ ਤੁਹਾਡੇ ਕੋਲ ਆਉਣ ਤੋਂ ਕਈ ਵਾਰ ਰੁਕ ਗਿਆ ।23ਪਰ ਹੁਣ ਜਦੋਂ ਇੰਨ੍ਹਾਂ ਦੇਸਾਂ ਵਿੱਚ ਮੇਰੇ ਲਈ ਹੋਰ ਥਾਂ ਨਾ ਰਿਹਾ, ਅਤੇ ਬਹੁਤ ਸਾਲਾਂ ਤੋਂ ਤੁਹਾਡੇ ਕੋਲ ਆਉਣ ਦੀ ਇੱਛਾ ਰੱਖਦਾ ਹਾਂ ।
24ਜਾਂ ਮੈਂ ਕਦੇ ਹਿਸਪਾਨਿਯਾ ਨੂੰ ਜਾਂਵਾਂ ਮੈਂ ਆਸ ਰੱਖਦਾ ਹਾਂ ਕਿ ਉੱਧਰ ਨੂੰ ਜਾਂਦਿਆਂ ਹੋਇਆਂ ਤੁਹਾਡੇ ਦਰਸ਼ਣ ਕਰਾਂ, ਤਾਂ ਜੋ ਪਹਿਲਾਂ ਮੇਰਾ ਜੀ ਤੁਹਾਡੀ ਸੰਗਤ ਨਾਲ ਕੁੱਝ ਅਨੰਦ ਹੋਵੇ ਤਾਂ ਤੁਸੀਂ ਮੈਨੂੰ ਉੱਧਰ ਨੂੰ ਰਵਾਨਾ ਕਰ ਦੇਣਾ ।25ਪਰ ਹੁਣ ਮੈਂ ਸੰਤਾਂ ਦੀ ਸੇਵਾ ਕਰਨ ਲਈ ਯਰੂਸ਼ਲਮ ਨੂੰ ਜਾਂਦਾ ਹਾਂ ।
26ਕਿਉਂ ਜੋ ਮਕਦੁਨਿਯਾ ਅਤੇ ਅਖਾਯਾ ਦੇ ਲੋਕਾਂ ਦੀ ਇੱਛਾ ਹੋਈ ਕਿ ਯਰੂਸ਼ਲਮ ਦੇ ਸੰਤਾਂ ਵਿੱਚੋਂ ਉਹਨਾਂ ਲਈ ਜਿਹੜੇ ਗ਼ਰੀਬ ਹਨ ਚੰਦਾ ਉਗਰਾਹੀ ਕਰਨ ।27ਹਾਂ, ਇਹ ਉਹਨਾਂ ਦੀ ਮਰਜ਼ੀ ਹੋਈ ਅਤੇ ਇਹ ਉਹਨਾਂ ਦੇ ਕਰਜ਼ਦਾਰ ਵੀ ਹਨ ਕਿਉਂਕਿ ਜਦੋਂ ਪਰਾਈਆਂ ਕੌਮਾਂ ਇਹਨਾਂ ਦੀਆਂ ਆਤਮਿਕ ਗੱਲਾਂ ਵਿੱਚ ਸਾਂਝੀ ਹੋਈਆਂ ਤਾਂ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਸਰੀਰਕ ਚੀਜ਼ਾਂ ਨਾਲ ਇਹਨਾਂ ਦੀ ਸੇਵਾ ਕਰਨ ।
28ਸੋ ਜਦ ਇਸ ਕੰਮ ਨੂੰ ਮੈਂ ਪੂਰਾ ਕਰ ਲਵਾਂ ਅਤੇ ਉਹ ਫਲ ਜੋ ਮੈਨੂੰ ਪ੍ਰਾਪਤ ਹੋਇਆਂ ਉਹਨਾਂ ਨੂੰ ਸੌਂਪ ਕੇ ਮੈਂ ਤੁਹਾਡੇ ਕੋਲੋਂ ਹੋ ਕੇ, ਹਿਸਪਾਨਿਯਾ ਨੂੰ ਜਾਂਵਾਂਗਾ ।29ਮੈਂ ਜਾਣਦਾ ਹਾਂ, ਕਿ ਜਦੋਂ ਮੈਂ ਤੁਹਾਡੇ ਕੋਲ ਆਵਾਂਗਾ ਤਦ ਮਸੀਹ ਦੀ ਬਰਕਤ ਦੀ ਭਰਪੂਰੀ ਲੈ ਕੇ ਆਵਾਂਗਾ ।

30ਹੁਣ ਹੇ ਭਰਾਵੋ, ਸਾਡੇ ਪ੍ਰਭੂ ਯਿਸੂ ਮਸੀਹ ਦੇ ਅਨੁਸਾਰ ਅਤੇ ਆਤਮਾ ਦੇ ਪਿਆਰ ਦੇ ਅਨੁਸਾਰ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਤੁਸੀਂ ਪਰਮੇਸ਼ੁਰ ਦੇ ਅੱਗੇ ਮੇਰੇ ਲਈ ਪ੍ਰਾਰਥਨਾ ਕਰਨ ਵਿੱਚ ਮੇਰੇ ਨਾਲ ਜਤਨ ਕਰੋ ।31ਤਾਂ ਜੋ ਉਹਨਾਂ ਤੋਂ ਜਿਹੜੇ ਯਹੂਦਿਆ ਵਿੱਚ ਅਵਿਸ਼ਵਾਸੀ ਹਨ ਬਚਾਇਆ ਜਾਂਵਾਂ, ਨਾਲੇ ਮੇਰੀ ਉਹ ਸੇਵਾ ਜੋ ਯਰੂਸ਼ਲਮ ਦੇ ਲਈ ਹੋਣ ਵਾਲੀ ਹੈ ਸੋ ਸੰਤਾਂ ਨੂੰ ਗ੍ਰਹਿਣਯੋਗ ਹੋਵੇ ।32ਤਾਂ ਜੋ ਮੈਂ ਪਰਮੇਸ਼ੁਰ ਦੀ ਇੱਛਾ ਨਾਲ ਤੁਹਾਡੇ ਕੋਲ ਅਨੰਦ ਨਾਲ ਆਵਾਂ ਅਤੇ ਤੁਹਾਡੇ ਨਾਲ ਆਰਾਮ ਪਾਵਾਂ ।
33ਹੁਣ ਸ਼ਾਂਤੀ ਦਾਤਾ ਪਰਮੇਸ਼ੁਰ ਤੁਹਾਡੇ ਸਭ ਦੇ ਅੰਗ-ਸੰਗ ਹੋਵੇ । ਆਮੀਨ ।

16
ਵਿਅਕਤੀਗਤ ਨਮਸਕਾਰ

1ਮੈਂ ਤੁਹਾਨੂੰ ਸਾਡੀ ਭੈਣ ਫ਼ੀਬੀ ਦੇ ਲਈ ਬੇਨਤੀ ਕਰਦਾ ਹਾਂ ਜਿਹੜੀ ਉਸ ਕਲੀਸਿਯਾ ਦੀ ਸੇਵਿਕਾ ਹੈ ਜੋ ਕੰਖਰਿਯਾ ਵਿੱਚ ਹੈ ।2ਤੁਸੀਂ ਉਹ ਦਾ ਆਦਰ ਕਰਕੇ ਪ੍ਰਭੂ ਵਿੱਚ ਉਸ ਨੂੰ ਕਬੂਲ ਕਰੋ, ਜਿਸ ਤਰ੍ਹਾਂ ਸੰਤਾਂ ਨੂੰ ਚਾਹੀਦਾ ਹੈ ਅਤੇ ਜਿਸ ਕੰਮ ਵਿੱਚ ਉਹ ਨੂੰ ਤੁਹਾਡੀ ਲੋੜ ਪਵੇ ਤੁਸੀਂ ਉਹ ਦੀ ਸਹਾਇਤਾ, ਕਰੋ ਕਿਉਂ ਜੋ ਉਹ ਆਪ ਵੀ ਬਹੁਤਿਆਂ ਦੀ ਸਗੋਂ ਮੇਰੀ ਵੀ ਮਦਦਗਾਰ ਹੈ ।

3ਪਰਿਸਕਾ ਅਤੇ ਅਕੂਲਾ ਨੂੰ ਸੁੱਖ-ਸਾਂਦ ਆਖਣਾ ਜਿਹੜੇ ਮਸੀਹ ਯਿਸੂ ਵਿੱਚ ਮੇਰੇ ਨਾਲ ਦੇ ਕੰਮ ਕਰਨ ਵਾਲੇ ਹਨ ।4ਜਿਨ੍ਹਾਂ ਨੇ ਮੇਰੀ ਜਾਨ ਦੇ ਬਦਲੇ ਆਪਣਾ ਹੀ ਸਿਰ ਦਿੱਤਾ ਹੋਇਆ ਸੀ ਅਤੇ ਕੇਵਲ ਮੈਂ ਹੀ ਨਹੀਂ ਸਗੋਂ ਪਰਾਈਆਂ ਕੌਮਾਂ ਦੀਆਂ ਸਾਰੀਆਂ ਕਲੀਸਿਯਾਂਵਾਂ ਉਹਨਾਂ ਦਾ ਧੰਨਵਾਦ ਕਰਦੀਆਂ ਹਨ ।5ਅਤੇ ਉਸ ਕਲੀਸਿਯਾ ਨੂੰ ਜਿਹੜੀ ਉਹਨਾਂ ਦੇ ਘਰ ਵਿੱਚ ਹੈ ਸੁੱਖ-ਸਾਂਦ ਆਖਣਾ । ਮੇਰੇ ਪਿਆਰੇ ਇਪੈਨੇਤੁਸ ਨੂੰ ਜਿਹੜਾ ਮਸੀਹ ਦੇ ਲਈ ਅਸਿਯਾ ਦਾ ਪਹਿਲਾ ਫਲ ਹੈ ਸੁੱਖ-ਸਾਂਦ ਆਖੋ ।
6ਮਰਿਯਮ ਨੂੰ ਜਿਸ ਨੇ ਤੁਹਾਡੇ ਲਈ ਬਹੁਤ ਮਿਹਨਤ ਕੀਤੀ ਸੁੱਖ-ਸਾਂਦ ਆਖੋ ।7ਅੰਦਰੁਨਿਕੁਸ ਅਤੇ ਯੂਨਿਆਸ ਮੇਰੇ ਰਿਸ਼ਤੇਦਾਰਾਂ ਨੂੰ ਸੁੱਖ-ਸਾਂਦ ਆਖੋ, ਜਿਹੜੇ ਕੈਦ ਵਿੱਚ ਮੇਰੇ ਸਾਥੀ ਸਨ ਅਤੇ ਰਸੂਲਾਂ ਵਿੱਚ ਪ੍ਰਸਿੱਧ ਹਨ ਅਤੇ ਮੇਰੇ ਤੋਂ ਪਹਿਲਾਂ ਮਸੀਹ ਵਿੱਚ ਹੋਏ l8ਅੰਪਲਿਯਾਤੁਸ ਨੂੰ ਜਿਹੜਾ ਪ੍ਰਭੂ ਵਿੱਚ ਮੇਰਾ ਪਿਆਰਾ ਹੈ ਸੁੱਖ-ਸਾਂਦ ਆਖੋ ।
9ਉਰਬਾਨੁਸ ਨੂੰ ਜਿਹੜਾ ਮਸੀਹ ਵਿੱਚ ਸਾਡਾ ਸਹਿਕਰਮੀ ਹੈ ਅਤੇ ਮੇਰੇ ਪਿਆਰੇ ਸਤਾਖੁਸ ਨੂੰ ਸੁੱਖ-ਸਾਂਦ ਆਖੋ ।10ਅਪਿੱਲੇਸ ਨੂੰ ਜਿਹੜਾ ਮਸੀਹ ਵਿੱਚ ਹੋ ਕੇ ਪਰਵਾਨ ਹੈ ਸੁੱਖ-ਸਾਂਦ ਆਖੋ । ਅਰਿਸਤੁਬੂਲੁਸ ਦੇ ਘਰ ਦਿਆਂ ਨੂੰ ਸੁੱਖ-ਸਾਂਦ ਆਖੋ ।11ਹੇਰੋਦਿਯੋਨ ਮੇਰੇ ਰਿਸ਼ਤੇਦਾਰ ਨੂੰ ਸੁੱਖ-ਸਾਂਦ ਆਖੋ । ਨਰਕਿੱਸੁਸ ਦੇ ਘਰ ਦਿਆਂ ਨੂੰ ਜਿਹੜੇ ਪ੍ਰਭੂ ਵਿੱਚ ਹਨ ਸੁੱਖ-ਸਾਂਦ ਆਖੋ ।
12ਤਰੁਫੈਨਾ ਅਤੇ ਤਰੁਫੋਸਾ ਨੂੰ ਜੋ ਪ੍ਰਭੂ ਵਿੱਚ ਮਿਹਨਤ ਕਰਦੀਆਂ ਹਨ ਸੁੱਖ-ਸਾਂਦ ਆਖੋ । ਪਿਆਰੀ ਪਰਸਿਸ ਨੂੰ ਜਿਸ ਨੇ ਪ੍ਰਭੂ ਵਿੱਚ ਬਹੁਤ ਮਿਹਨਤ ਕੀਤੀ, ਸੁੱਖ-ਸਾਂਦ ਆਖੋ ।13ਰੂਫੁਸ ਨੂੰ ਜਿਹੜਾ ਪ੍ਰਭੂ ਵਿੱਚ ਚੁਣਿਆ ਹੋਇਆ ਹੈ ਅਤੇ ਉਹ ਦੀ ਮਾਂ ਨੂੰ ਜੋ ਮੇਰੀ ਵੀ ਮਾਂ ਹੈ ਸੁੱਖ-ਸਾਂਦ ਆਖੋ ।14ਅੰਸੁਕਰਿਤੁਸ, ਫਲੇਗੋਨ, ਹਰਮੇਸ, ਪਤੁਰਬਾਸ, ਅਤੇ ਹਿਰਮਾਸ ਨੂੰ, ਨਾਲੇ ਉਨ੍ਹਾਂ ਭਰਾਵਾਂ ਨੂੰ ਜਿਹੜੇ ਉਹਨਾਂ ਦੇ ਨਾਲ ਹਨ ਸੁੱਖ-ਸਾਂਦ ਆਖੋ ।
15ਫਿਲੁਲੁਗੁਸ ਅਤੇ ਯੂਲੀਆ ਅਤੇ ਨੇਰਿਯੁਸ ਅਤੇ ਉਹ ਦੀ ਭੈਣ ਅਤੇ ਉਲੁੰਪਾਸ ਨੂੰ ਅਤੇ ਸਭਨਾਂ ਸੰਤਾਂ ਨੂੰ ਜਿਹੜੇ ਉਹਨਾਂ ਦੇ ਨਾਲ ਹਨ ਸੁੱਖ-ਸਾਂਦ ਆਖੋ ।16ਤੁਸੀਂ ਪਵਿੱਤਰ ਚੁੰਮੇ ਨਾਲ ਇੱਕ ਦੂਏ ਦੀ ਸੁੱਖ-ਸਾਂਦ ਪੁੱਛੋ । ਮਸੀਹ ਦੀਆਂ ਸਾਰੀਆਂ ਕਲੀਸਿਯਾਵਾਂ ਤੁਹਾਡੀ ਸੁੱਖ-ਸਾਂਦ ਪੁੱਛਦੀਆਂ ਹਨ ।
ਆਖਰੀ ਨਿਰਦੇਸ਼

17ਹੁਣ ਹੇ ਭਰਾਵੋ, ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਤੁਸੀਂ ਉਹਨਾਂ ਦੀ ਤਾੜ ਰੱਖੋ ਜਿਹੜੇ ਉਸ ਸਿੱਖਿਆ ਦੇ ਵਿਰੁੱਧ ਜੋ ਤੁਹਾਨੂੰ ਮਿਲੀ ਹੈ ਫੁੱਟ ਪਾਉਂਦੇ ਅਤੇ ਠੋਕਰ ਖੁਆਉਂਦੇ ਹਨ ਅਤੇ ਉਹਨਾਂ ਤੋਂ ਦੂਰ ਰਹੋ ।18ਕਿਉਂ ਜੋ ਇਸ ਤਰ੍ਹਾਂ ਦੇ ਲੋਕ ਸਾਡੇ ਪ੍ਰਭੂ ਮਸੀਹ ਦੀ ਨਹੀਂ ਸਗੋਂ ਆਪਣੇ ਹੀ ਢਿੱਡ ਦੀ ਸੇਵਾ ਕਰਦੇ ਹਨ ਅਤੇ ਚਿਕਨੀਆਂ-ਚੋਪੜੀਆਂ ਗੱਲਾਂ ਨਾਲ ਭੋਲਿਆਂ ਦੇ ਦਿਲਾਂ ਨੂੰ ਠੱਗਦੇ ਹਨ ।
19ਤੁਹਾਡੀ ਆਗਿਆਕਾਰੀ ਦੀ ਚਰਚਾ ਤਾਂ ਸਭ ਤੱਕ ਪਹੁੰਚ ਗਈ ਹੈ, ਇਸ ਕਰਕੇ ਮੈਂ ਤੁਹਾਡੇ ਉੱਤੇ ਪਰਸੰਨ ਹਾਂ ਪਰ ਇਹ ਚਾਹੁੰਦਾ ਹਾਂ ਜੋ ਤੁਸੀਂ ਨੇਕੀ ਵਿੱਚ ਸਿਆਣੇ ਅਤੇ ਬਦੀ ਵਿੱਚ ਨਿਆਣੇ ਬਣੇ ਰਹੋ ।20ਅਤੇ ਸ਼ਾਂਤੀ ਦਾਤਾ ਪਰਮੇਸ਼ੁਰ ਸ਼ੈਤਾਨ ਨੂੰ ਛੇਤੀ ਹੀ ਤੁਹਾਡੇ ਪੈਰਾਂ ਦੇ ਹੇਠ ਮਿੱਧੇਗਾ । ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਨਾਲ ਹੋਵੇ ।

21ਤਿਮੋਥਿਉਸ ਜੋ ਮੇਰਾ ਸਹਿਕਰਮੀ ਹੈ ਅਤੇ ਲੂਕਿਯੁਸ ਅਤੇ ਯਸੋਨ ਅਤੇ ਸੋਸੀਪਤਰੁਸ ਜੋ ਮੇਰੇ ਰਿਸ਼ਤੇਦਾਰ ਹਨ ਤੁਹਾਡੀ ਸੁੱਖ-ਸਾਂਦ ਪੁੱਛਦੇ ਹਨ ।22ਮੈਂ ਤਰਤਿਯੁਸ ਜਿਹੜਾ ਇਸ ਪੱਤਰੀ ਦਾ ਲਿਖਣ ਵਾਲਾ ਹਾਂ ਤੁਹਾਨੂੰ ਪ੍ਰਭੂ ਵਿੱਚ ਸੁੱਖ-ਸਾਂਦ ਆਖਦਾ ਹਾਂ ।
23ਗਾਯੁਸ ਜੋ ਮੇਰਾ ਅਤੇ ਸਾਰੀ ਕਲੀਸਿਯਾ ਦੀ ਪਰਾਹੁਣਚਾਰੀ ਕਰਨ ਵਾਲਾ ਹੈ ਤੁਹਾਡੀ ਸੁੱਖ-ਸਾਂਦ ਪੁੱਛਦਾ ਹੈ । ਇਰਸਤੁਸ ਜਿਹੜਾ ਸ਼ਹਿਰ ਦਾ ਖਜ਼ਾਨਚੀ ਹੈ ਅਤੇ ਭਾਈ ਕੁਆਰਤੁਸ ਤੁਹਾਡੀ ਸੁੱਖ-ਸਾਂਦ ਪੁੱਛਦੇ ਹਨ ।

24ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਸਭ ਦੇ ਉੱਤੇ ਹੋਵੇ । ਆਮੀਨ ।
ਪਰਮੇਸ਼ੁਰ ਦੀ ਸਤੂਤੀ

25ਹੁਣ ਉਸ ਦੀ ਜੋ ਮੇਰੀ ਇੰਜ਼ੀਲ ਦੇ ਅਤੇ ਯਿਸੂ ਮਸੀਹ ਦੀ ਖੁਸ਼ਖਬਰੀ ਦੇ ਅਨੁਸਾਰ ਤੁਹਾਨੂੰ ਸਥਿਰ ਕਰ ਸਕਦਾ ਹੈ, ਹਾਂ, ਉਸ ਭੇਤ ਦੇ ਪਰਕਾਸ਼ ਦੇ ਅਨੁਸਾਰ ਜਿਹੜਾ ਸਨਾਤਨ ਸਮੇਂ ਤੋਂ ਗੁਪਤ ਰੱਖਿਆ ਗਿਆ ।26ਪਰ ਹੁਣ ਪ੍ਰਗਟ ਹੋਇਆ ਅਤੇ ਅਨਾਦੀ ਪਰਮੇਸ਼ੁਰ ਦੇ ਹੁਕਮ ਦੇ ਅਨੁਸਾਰ ਨਬੀਆਂ ਦਿਆਂ ਪਵਿੱਤਰ ਗ੍ਰੰਥਾਂ ਦੇ ਦੁਆਰਾ ਸਾਰੀਆਂ ਕੌਮਾਂ ਵਿੱਚ ਪ੍ਰਸਿੱਧ ਕੀਤਾ ਗਿਆ ਤਾਂ ਜੋ ਉਹਨਾਂ ਵਿੱਚ ਵਿਸ਼ਵਾਸ ਦੀ ਆਗਿਆਕਾਰੀ ਹੋ ਜਾਏ ।
27ਉਸ ਅਬਦੀ ਬੁੱਧਵਾਨ ਪਰਮੇਸ਼ੁਰ ਦੀ, ਹਾਂ, ਉਸੇ ਦੀ ਯਿਸੂ ਮਸੀਹ ਦੇ ਦੁਆਰਾ ਜੁੱਗੋ-ਜੁੱਗ ਮਹਿਮਾ ਹੋਵੇ । ਆਮੀਨ !

ਕੁਰਿੰਥੀਆਂ ਨੂੰ ਪਹਿਲੀ ਪੱਤ੍ਰੀ

1
ਨਮਸਕਾਰ

1ਪੌਲੁਸ, ਜਿਹੜਾ ਪਰਮੇਸ਼ੁਰ ਦੀ ਇੱਛਾ ਤੋਂ ਯਿਸੂ ਮਸੀਹ ਦਾ ਰਸੂਲ ਹੋਣ ਲਈ ਸੱਦਿਆ ਗਿਆ, ਅਤੇ ਸਾਡੇ ਭਰਾ ਸੋਸਥਨੇਸ ਵੱਲੋਂ,2ਅੱਗੇ ਯੋਗ ਪਰਮੇਸ਼ੁਰ ਦੀ ਕਲੀਸਿਯਾ ਨੂੰ ਜਿਹੜੀ ਕੁਰਿੰਥੁਸ ਵਿੱਚ ਹੈ, ਅਰਥਾਤ ਉਹਨਾਂ ਨੂੰ ਜਿਹੜੇ ਮਸੀਹ ਯਿਸੂ ਵਿੱਚ ਪਵਿੱਤਰ ਕੀਤੇ ਹੋਏ ਅਤੇ ਸੰਤ ਹੋਣ ਲਈ ਸੱਦੇ ਹੋਏ ਹਨ, ਜੋ ਉਨ੍ਹਾਂ ਸਭਨਾਂ ਨਾਲ ਜਿਹੜੇ ਹਰੇਕ ਥਾਂ ਸਾਡੇ ਪ੍ਰਭੂ ਯਿਸੂ ਮਸੀਹ ਦਾ ਨਾਮ ਲੈਂਦੇ ਹਨ, ਉਹ ਉਨ੍ਹਾਂ ਦਾ ਅਤੇ ਸਾਡਾ ਵੀ ਪ੍ਰਭੂ ਹੈ ।3ਸਾਡੇ ਪਿਤਾ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਹੁੰਦੀ ਰਹੇ l

ਧੰਨਵਾਦ ਦੇਣਾ

4ਮੈਂ ਪਰਮੇਸ਼ੁਰ ਦੀ ਕਿਰਪਾ ਦੇ ਲਈ ਜਿਹੜੀ ਯਿਸੂ ਮਸੀਹ ਵਿੱਚ ਤੁਹਾਨੂੰ ਦਿੱਤੀ ਗਈ ਹੈ, ਤੁਹਾਡੇ ਲਈ ਸਦਾ ਆਪਣੇ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ।5ਜੋ ਤੁਸੀਂ ਉਸ ਵਿੱਚ ਹਰੇਕ ਗੱਲ ਅਤੇ ਸਰਬ ਗਿਆਨ ਵਿੱਚ ਧਨੀ ਕੀਤੇ ਹੋਏ ਹੋ ।6ਜਿਵੇਂ ਮਸੀਹ ਦੀ ਗਵਾਹੀ ਤੁਹਾਡੇ ਵਿੱਚ ਪੂਰੀ ਹੋਈ ।
7ਇੱਥੋਂ ਤੱਕ ਜੋ ਤੁਹਾਨੂੰ ਕਿਸੇ ਆਤਮਿਕ ਦਾਤ ਦੀ ਕਮੀ ਨਹੀਂ ਹੈ ਜਦ ਕਿ ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਪ੍ਰਗਟ ਹੋਣ ਦੀ ਉਡੀਕ ਕਰਦੇ ਹੋ ।8ਉਹ ਤੁਹਾਨੂੰ ਅੰਤ ਤੱਕ ਕਾਇਮ ਵੀ ਰੱਖੇਗਾ ਜੋ ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਦਿਨ ਨਿਰਦੋਸ਼ ਹੋਵੋ ।9ਪਰਮੇਸ਼ੁਰ ਵਫ਼ਾਦਾਰ ਹੈ, ਜਿਸ ਦੇ ਰਾਹੀਂ ਤੁਸੀਂ ਉਹ ਦੇ ਪੁੱਤਰ ਯਿਸੂ ਮਸੀਹ ਸਾਡੇ ਪ੍ਰਭੂ ਦੀ ਸੰਗਤ ਲਈ ਸੱਦੇ ਗਏ ਹੋ ।
ਕਲੀਸਿਯਾ ਵਿੱਚ ਫੁੱਟ

10ਹੇ ਭਰਾਵੋ, ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਮ ਦਾ ਵਾਸਤਾ ਦੇ ਕੇ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ, ਜੋ ਤੁਸੀਂ ਸਾਰੇ ਇੱਕ ਮਨ ਦੇ ਹੋ ਜਾਓ ਅਤੇ ਤੁਹਾਡੇ ਵਿੱਚ ਕੋਈ ਮਤਭੇਦ ਨਾ ਹੋਣ ।11ਕਿਉਂਕਿ ਹੇ ਮੇਰੇ ਭਰਾਵੋ, ਕਲੋਏ ਦੇ ਘਰ ਦਿਆਂ ਕੋਲੋਂ ਤੁਹਾਡੇ ਬਾਰੇ ਮੈਨੂੰ ਪਤਾ ਲੱਗਾ ਹੈ ਕਿ ਤੁਹਾਡੇ ਵਿੱਚ ਝਗੜੇ ਹੁੰਦੇ ਹਨ ।
12ਮੇਰਾ ਆਖਣਾ ਇਹ ਹੈ ਜੋ ਤੁਹਾਡੇ ਵਿੱਚੋਂ ਹਰੇਕ ਆਖਦਾ ਹੈ ਭਈ “ਮੈਂ ਪੌਲੁਸ ਦਾ” ਜਾਂ “ਮੈਂ ਅਪੁੱਲੋਸ ਦਾ ਹਾਂ” ਜਾਂ “ਮੈਂ ਕੈਫ਼ਾਸ ਦਾ” ਜਾਂ “ਮੈਂ ਮਸੀਹ ਦਾ ਹਾਂ” ।13ਭਲਾ, ਕੀ ਮਸੀਹ ਵੰਡਿਆ ਹੋਇਆ ਹੈ ? ਕੀ ਪੌਲੁਸ ਤੁਹਾਡੇ ਲਈ ਸਲੀਬ ਦਿੱਤਾ ਗਿਆ ਜਾਂ ਤੁਹਾਨੂੰ ਪੌਲੁਸ ਦੇ ਨਾਮ ਉੱਤੇ ਬਪਤਿਸਮਾ ਦਿੱਤਾ ਗਿਆ ਸੀ ?
14ਮੈਂ ਧੰਨਵਾਦ ਕਰਦਾ ਹਾਂ ਜੋ ਕਰਿਸਪੁਸ ਅਤੇ ਗਾਯੁਸ ਨੂੰ ਛੱਡ ਕੇ ਮੈਂ ਤੁਹਾਡੇ ਵਿੱਚੋਂ ਕਿਸੇ ਹੋਰ ਨੂੰ ਬਪਤਿਸਮਾ ਨਹੀਂ ਦਿੱਤਾ ।15ਜੋ ਕੋਈ ਇਹ ਨਾ ਆਖੇ ਕਿ ਮੇਰੇ ਨਾਮ ਉੱਤੇ ਤੁਹਾਨੂੰ ਬਪਤਿਸਮਾ ਦਿੱਤਾ ਗਿਆ ਸੀ ।16ਅਤੇ ਮੈਂ ਸਤਫ਼ਨਾਸ ਦੇ ਘਰਾਣੇ ਨੂੰ ਵੀ ਬਪਤਿਸਮਾ ਦਿੱਤਾ । ਇਸ ਤੋਂ ਇਲਾਵਾ ਮੈਂ ਨਹੀਂ ਜਾਣਦਾ ਜੋ ਮੈਂ ਕਿਸੇ ਹੋਰ ਨੂੰ ਬਪਤਿਸਮਾ ਦਿੱਤਾ ਹੋਵੇ ।
17ਕਿਉਂ ਜੋ ਮਸੀਹ ਨੇ ਮੈਨੂੰ ਬਪਤਿਸਮਾ ਦੇਣ ਲਈ ਨਹੀਂ ਸਗੋਂ ਖੁਸ਼ਖਬਰੀ ਸੁਣਾਉਣ ਲਈ ਭੇਜਿਆ, ਪਰ ਸ਼ਬਦਾਂ ਦੇ ਗਿਆਨ ਨਾਲ ਨਹੀਂ ਕਿ ਅਜਿਹਾ ਨਾ ਹੋਵੇ ਜੋ ਮਸੀਹ ਦੀ ਸਲੀਬ ਵਿਅਰਥ ਹੋ ਜਾਏ ।

18ਸਲੀਬ ਦੀ ਕਥਾ ਤਾਂ ਉਨ੍ਹਾਂ ਦੇ ਲਈ ਜਿਹੜੇ ਨਾਸ ਹੋ ਰਹੇ ਹਨ, ਮੂਰਖਤਾਈ ਹੈ ਪਰੰਤੂ ਸਾਡੇ ਲਈ ਜਿਹੜੇ ਬਚਾਏ ਜਾਂਦੇ ਹਾਂ ਉਹ ਪਰਮੇਸ਼ੁਰ ਦੀ ਸਮਰੱਥਾ ਹੈ ।19ਕਿਉਂ ਜੋ ਲਿਖਿਆ ਹੋਇਆ ਹੈ ਮੈਂ ਬੁੱਧਵਾਨਾਂ ਦੀ ਬੁੱਧ ਦਾ ਨਾਸ ਕਰਾਂਗਾ, ਅਤੇ ਚਤਰਿਆਂ ਦੀ ਚਤਰਾਈ ਨੂੰ ਰੱਦ ਕਰਾਂਗਾ ।

20ਕਿੱਥੇ ਬੁੱਧਵਾਨ ? ਕਿੱਥੇ ਉਪਦੇਸ਼ਕ ? ਕਿੱਥੇ ਇਸ ਜੁੱਗ ਦਾ ਵਿਵਾਦੀ ? ਕੀ ਪਰਮੇਸ਼ੁਰ ਨੇ ਸੰਸਾਰ ਦੀ ਬੁੱਧ ਨੂੰ ਮੂਰਖਤਾਈ ਨਹੀਂ ਠਹਿਰਾਇਆ ? ।21ਇਸ ਲਈ ਕਿ ਜਦੋਂ ਪਰਮੇਸ਼ੁਰ ਦੇ ਗਿਆਨ ਤੋਂ ਐਉਂ ਹੋਇਆ ਭਈ ਸੰਸਾਰ ਨੇ ਆਪਣੀ ਬੁੱਧ ਦੇ ਰਾਹੀਂ ਪਰਮੇਸ਼ੁਰ ਨੂੰ ਨਾ ਜਾਣਿਆ ਤਦ ਪਰਮੇਸ਼ੁਰ ਨੂੰ ਇਹ ਭਾਇਆ ਜੋ ਪ੍ਰਚਾਰ ਦੀ ਮੂਰਖਤਾਈ ਨਾਲ ਵਿਸ਼ਵਾਸੀਆਂ ਨੂੰ ਬਚਾਵੇ ।
22ਯਹੂਦੀ ਤਾਂ ਨਿਸ਼ਾਨੀਆਂ ਮੰਗਦੇ ਅਤੇ ਯੂਨਾਨੀ ਬੁੱਧ ਭਾਲਦੇ ਹਨ ।23ਪਰ ਅਸੀਂ ਸਲੀਬ ਦਿੱਤੇ ਹੋਏ ਮਸੀਹ ਦਾ ਪ੍ਰਚਾਰ ਕਰਦੇ ਹਾਂ । ਉਹ ਯਹੂਦੀਆਂ ਦੇ ਲਈ ਠੋਕਰ ਦਾ ਕਾਰਨ ਅਤੇ ਪਰਾਈਆਂ ਕੌਮਾਂ ਦੇ ਲਈ ਮੂਰਖਤਾਈ ਹੈ ।
24ਪਰ ਉਨ੍ਹਾਂ ਦੇ ਲਈ ਜਿਹੜੇ ਸੱਦੇ ਹੋਏ ਹਨ ਭਾਵੇਂ ਯਹੂਦੀ ਭਾਵੇਂ ਯੂਨਾਨੀ ਮਸੀਹ ਪਰਮੇਸ਼ੁਰ ਦੀ ਸਮਰੱਥਾ ਅਤੇ ਪਰਮੇਸ਼ੁਰ ਦਾ ਗਿਆਨ ਹੈ ।25ਕਿਉਂ ਜੋ ਪਰਮੇਸ਼ੁਰ ਦੀ ਮੂਰਖਤਾਈ ਮਨੁੱਖਾਂ ਦੇ ਗਿਆਨ ਨਾਲੋਂ ਗਿਆਨਵਾਨ ਹੈ ਅਤੇ ਪਰਮੇਸ਼ੁਰ ਦੀ ਨਿਰਬਲਤਾਈ ਮਨੁੱਖਾਂ ਦੇ ਬਲ ਨਾਲੋਂ ਬਲਵੰਤ ਹੈ ।
26ਹੇ ਭਰਾਵੋ ਆਪਣੇ ਸੱਦੇ ਉੱਤੇ ਧਿਆਨ ਕਰੋ ਭਈ ਸਰੀਰ ਦੇ ਅਨੁਸਾਰ ਨਾ ਤਾਂ ਬਾਹਲੇ ਬੁੱਧਵਾਨ, ਨਾ ਬਾਹਲੇ ਬਲਵਾਨ, ਨਾ ਬਾਹਲੇ ਕੁਲੀਨ ਸੱਦੇ ਹੋਏ ਹਨ ।27ਸਗੋਂ ਸੰਸਾਰ ਦੇ ਮੂਰਖਾਂ ਨੂੰ ਪਰਮੇਸ਼ੁਰ ਨੇ ਚੁਣ ਲਿਆ ਭਈ ਬੁੱਧਵਾਨਾਂ ਨੂੰ ਲੱਜਿਆਵਾਨ ਕਰੇ ਅਤੇ ਸੰਸਾਰ ਦੇ ਨਿਰਬਲਾਂ ਨੂੰ ਪਰਮੇਸ਼ੁਰ ਨੇ ਚੁਣ ਲਿਆ ਭਈ ਬਲਵੰਤਾਂ ਨੂੰ ਲੱਜਿਆਵਾਨ ਕਰੇ ।
28ਅਤੇ ਸੰਸਾਰ ਦੇ ਤੁਛ ਅਤੇ ਤਿਆਗੇ ਹੋਇਆ ਨੂੰ ਨਾਲੇ ਉਹਨਾਂ ਨੂੰ ਜਿਹੜੇ ਹੇ ਹੀ ਨਹੀਂ ਪਰਮੇਸ਼ੁਰ ਨੇ ਚੁਣ ਲਿਆ ਭਈ ਉਨ੍ਹਾਂ ਨੂੰ ਜਿਹੜੇ ਹਨ ਵਿਅਰਥ ਕਰੇ ।29ਤਾਂ ਕਿ ਕੋਈ ਵੀ ਮਨੁੱਖ ਪਰਮੇਸ਼ੁਰ ਦੇ ਅੱਗੇ ਘਮੰਡ ਨਾ ਕਰੇ ।
30ਪਰ ਉਸ ਤੋਂ ਤੁਸੀਂ ਮਸੀਹ ਯਿਸੂ ਵਿੱਚ ਹੋ ਜਿਹੜਾ ਪਰਮੇਸ਼ੁਰ ਦੀ ਵੱਲੋਂ ਸਾਡੇ ਲਈ ਗਿਆਨ, ਧਾਰਮਿਕਤਾ, ਪਵਿੱਤਰਤਾਈ ਅਤੇ ਛੁਟਕਾਰਾ ਬਣਾਇਆ ਗਿਆ ਸੀ ।31ਭਈ ਜਿਵੇਂ ਲਿਖਿਆ ਹੋਇਆ ਹੈ, ਜੋ ਕੋਈ ਘਮੰਡ ਕਰੇ ਸੋ ਪ੍ਰਭੂ ਵਿੱਚ ਘਮੰਡ ਕਰੇ ।

2
ਪਰਮੇਸ਼ੁਰ ਦਾ ਗਿਆਨ

1ਹੇ ਭਰਾਵੋ, ਜਦੋਂ ਮੈਂ ਤੁਹਾਨੂੰ ਪਰਮੇਸ਼ੁਰ ਦੀ ਗਵਾਹੀ ਦੀ ਖ਼ਬਰ ਦਿੰਦਾ ਹੋਇਆ ਤੁਹਾਡੇ ਕੋਲ ਆਇਆ ਤਾਂ ਬਚਨ ਜਾਂ ਗਿਆਨ ਦੀ ਉੱਤਮਤਾਈ ਨਾਲ ਨਹੀਂ ਆਇਆ ।2ਕਿਉਂ ਜੋ ਮੈਂ ਇਹ ਠਾਣ ਲਿਆ ਭਈ ਯਿਸੂ ਮਸੀਹ ਸਗੋਂ ਸਲੀਬ ਦਿੱਤੇ ਹੋਏ ਮਸੀਹ ਤੋਂ ਬਿਨ੍ਹਾਂ ਤੁਹਾਡੇ ਵਿੱਚ ਕਿਸੇ ਹੋਰ ਗੱਲ ਨੂੰ ਨਾ ਜਾਣਾ ।

3ਅਤੇ ਮੈਂ ਕਮਜ਼ੋਰੀ, ਡਰ ਅਤੇ ਵੱਡੇ ਕਾਂਬੇ ਨਾਲ ਤੁਹਾਡੇ ਕੋਲ ਰਹਿੰਦਾ ਸੀ ।4ਅਤੇ ਮੇਰਾ ਬਚਨ, ਮੇਰਾ ਪ੍ਰਚਾਰ ਗਿਆਨ ਦੀਆਂ ਮਨਾਉਣ ਵਾਲੀਆਂ ਗੱਲਾਂ ਦੇ ਨਾਲ ਨਹੀਂ ਸਗੋਂ ਆਤਮਾ ਅਤੇ ਸਮਰੱਥਾ ਦੇ ਪ੍ਰਮਾਣ ਨਾਲ ਸੀ ।5ਤਾਂ ਜੋ ਤੁਹਾਡੀ ਵਿਸ਼ਵਾਸ ਮਨੁੱਖਾਂ ਦੀ ਬੁੱਧ ਉੱਤੇ ਨਹੀਂ ਸਗੋਂ ਪਰਮੇਸ਼ੁਰ ਦੀ ਸਮਰੱਥਾ ਉੱਤੇ ਠਹਿਰੇ ।

6ਤਾਂ ਵੀ ਅਸੀਂ ਸਿਆਣਿਆਂ ਦੇ ਅੱਗੇ ਗਿਆਨ ਦੀਆਂ ਗੱਲਾਂ ਸੁਣਾਉਂਦੇ ਹਾਂ, ਇਹ ਗਿਆਨ ਇਸ ਜੁੱਗ ਦਾ ਅਤੇ ਨਾ ਇਸ ਜੁੱਗ ਦੇ ਹਾਕਮਾਂ ਦਾ ਹੈ ਜਿਹੜੇ ਨਾਸ ਹੋ ਰਹੇ ਹਨ ।7ਸਗੋਂ ਪਰਮੇਸ਼ੁਰ ਦਾ ਗੁਪਤ ਗਿਆਨ ਭੇਤ ਨਾਲ ਸੁਣਾਉਂਦੇ ਹਾਂ ਜਿਸ ਨੂੰ ਪਰਮੇਸ਼ੁਰ ਨੇ ਜੁੱਗਾਂ ਤੋਂ ਪਹਿਲਾਂ ਸਾਡੀ ਮਹਿਮਾ ਲਈ ਠਹਿਰਾਇਆ ।
8ਜਿਸ ਨੂੰ ਇਸ ਹਾਕਮਾਂ ਵਿੱਚੋਂ ਕਿਸੇ ਨੇ ਨਾ ਜਾਣਿਆ ਕਿਉਂਕਿ ਜੇਕਰ ਓਹ ਜਾਣਦੇ ਤਾਂ ਮਹਿਮਾਮਈ ਪ੍ਰਭੂ ਨੂੰ ਸਲੀਬ ਉੱਤੇ ਨਾ ਚਾੜ੍ਹਦੇ ।9ਪਰੰਤੂ ਜਿਵੇਂ ਲਿਖਿਆ ਹੋਇਆ ਹੈ, ਉਹੀ ਵਸਤਾਂ ਨਾ ਅੱਖੀਂ ਵੇਖੀਆਂ, ਨਾ ਕੰਨੀਂ ਸੁਣੀਆਂ, ਨਾ ਇਨਸਾਨ ਦੇ ਮਨ ਵਿੱਚ ਆਈਆਂ, ਜਿਹੜੀਆਂ ਵਸਤਾਂ ਪਰਮੇਸ਼ੁਰ ਨੇ ਆਪਣੇ ਪਿਆਰ ਕਰਨ ਵਾਲਿਆਂ ਲਈ ਤਿਆਰ ਕੀਤੀਆਂ ਹਨ ।
10ਉਹਨਾਂ ਨੂੰ ਪਰਮੇਸ਼ੁਰ ਨੇ ਆਤਮਾ ਦੇ ਦੁਆਰਾ ਸਾਡੇ ਉੱਤੇ ਪ੍ਰਗਟ ਕੀਤਾ ਕਿਉਂ ਜੋ ਆਤਮਾ ਸਾਰੀਆਂ ਵਸਤਾਂ ਦੀ ਸਗੋਂ ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ ਦੀ ਜਾਂਚ ਕਰ ਲੈਂਦਾ ਹੈ ।11ਮਨੁੱਖ ਦੇ ਆਤਮਾ ਤੋਂ ਬਿਨ੍ਹਾਂ ਜੋ ਉਹ ਦੇ ਅੰਦਰ ਹੈ, ਮਨੁੱਖਾਂ ਵਿੱਚੋਂ ਮਨੁੱਖ ਦੀਆਂ ਗੱਲਾਂ ਕੌਣ ਜਾਣਦਾ ਹੈ ? ਇਸੇ ਪ੍ਰਕਾਰ ਪਰਮੇਸ਼ੁਰ ਦੇ ਆਤਮਾ ਤੋਂ ਬਿਨ੍ਹਾਂ ਪਰਮੇਸ਼ੁਰ ਦੀਆਂ ਗੱਲਾਂ ਕੋਈ ਨਹੀਂ ਜਾਣਦਾ ਹੈ ।
12ਪਰ ਸਾਨੂੰ ਸੰਸਾਰ ਦਾ ਆਤਮਾ ਨਹੀਂ ਸਗੋਂ ਉਹ ਆਤਮਾ ਮਿਲਿਆ ਜਿਹੜਾ ਪਰਮੇਸ਼ੁਰ ਤੋਂ ਹੈ ਤਾਂ ਜੋ ਅਸੀਂ ਉਨ੍ਹਾਂ ਗੱਲਾਂ ਨੂੰ ਜਾਣੀਏ ਜਿਹੜੇ ਪਰਮੇਸ਼ੁਰ ਨੇ ਸਾਨੂੰ ਬਖ਼ਸ਼ੀਆਂ ਹਨ ।13ਅਸੀਂ ਇਨ੍ਹਾਂ ਗੱਲਾਂ ਨੂੰ ਮਨੁੱਖੀ ਗਿਆਨ ਦੇ ਸ਼ਬਦਾਂ ਨਾਲ ਨਹੀਂ ਸਗੋਂ ਆਤਮਾ ਦੇ ਦੱਸੇ ਹੋਏ ਸ਼ਬਦਾਂ ਨਾਲ ਅਰਥਾਤ ਆਤਮਕ ਗੱਲਾਂ ਆਤਮਕ ਮਨੁੱਖਾਂ ਨੂੰ ਦੱਸਦੇ ਹਾਂ ।
14ਪਰ ਸਰੀਰਕ ਮਨੁੱਖ ਪਰਮੇਸ਼ੁਰ ਦੇ ਆਤਮਾ ਦੀਆਂ ਗੱਲਾਂ ਨੂੰ ਕਬੂਲ ਨਹੀਂ ਕਰਦਾ, ਕਿਉਂ ਜੋ ਉਹ ਉਸ ਦੇ ਲਈ ਮੂਰਖਤਾਈ ਹਨ ਅਤੇ ਉਹ ਉਨ੍ਹਾਂ ਨੂੰ ਨਹੀਂ ਸਮਝ ਸਕਦਾ ਇਸ ਲਈ ਜੋ ਆਤਮਕ ਰੀਤ ਨਾਲ ਉਨ੍ਹਾਂ ਦੀ ਪਰਖ਼ ਕੀਤੀ ਜਾਂਦੀ ਹੈ ।15ਪਰ ਜਿਹੜਾ ਆਤਮਕ ਹੈ ਉਹ ਤਾਂ ਸਭਨਾਂ ਗੱਲਾਂ ਦੀ ਜਾਂਚ ਕਰਦਾ ਹੈ ਪਰ ਆਪ ਕਿਸੇ ਤੋਂ ਜਾਂਚਿਆ ਨਹੀਂ ਜਾਂਦਾ ।16ਕਿਉਂ ਜੋ ਪ੍ਰਭੂ ਦੀ ਬੁੱਧੀ ਨੂੰ ਕਿਸ ਨੇ ਜਾਣਿਆ ਹੈ ਕਿ ਉਹ ਨੂੰ ਸਮਝਾਵੇ ? ਪਰ ਮਸੀਹ ਦੀ ਬੁੱਧੀ ਸਾਡੇ ਵਿੱਚ ਹੈ ।

3
ਮਸੀਹ ਯਿਸੂ ਹੀ ਨੀਂਹ ਹੈ

1ਹੇ ਭਰਾਵੋ, ਮੈਂ ਤੁਹਾਡੇ ਨਾਲ ਇਸ ਤਰ੍ਹਾਂ ਗੱਲ ਨਾ ਕਰ ਸਕਿਆ ਜਿਵੇਂ ਆਤਮਕ ਲੋਕਾਂ ਨਾਲ ਸਗੋਂ ਜਿਵੇਂ ਸੰਸਾਰੀ ਲੋਕਾਂ ਨਾਲ ਗੱਲ ਕਰੀਦੀ ਹੈ । ਹਾਂ, ਜਿਵੇਂ ਉਹਨਾਂ ਨਾਲ ਜਿਹੜੇ ਮਸੀਹ ਵਿੱਚ ਨਿਆਣੇ ਹਨ ।2ਮੈਂ ਤੁਹਾਨੂੰ ਦੁੱਧ ਪਿਆਇਆ, ਅੰਨ ਨਹੀਂ ਖੁਵਾਇਆ ਕਿਉਂ ਜੋ ਅਜੇ ਤੁਸੀਂ ਉਹ ਦੇ ਲਾਇਕ ਨਹੀਂ ਹੋਏ ਸਗੋਂ ਹੁਣ ਵੀ ਉਹ ਦੇ ਲਾਇਕ ਨਹੀਂ ਹੋ ।

3ਤੁਸੀਂ ਹੁਣ ਤੱਕ ਸਰੀਰਕ ਹੋ ਕਿਉਂਕਿ ਜਦੋਂ ਜਲਣ ਅਤੇ ਝਗੜੇ ਤੁਹਾਡੇ ਵਿੱਚ ਹਨ ਤਾਂ ਕੀ ਤੁਸੀਂ ਸਰੀਰਕ ਨਹੀਂ ਅਤੇ ਇਨਸਾਨੀ ਚਾਲ ਨਹੀਂ ਚੱਲਦੇ ਹੋ ?4ਜਦੋਂ ਇੱਕ ਕਹਿੰਦਾ ਹੈ ਕਿ ਮੈਂ ਪੌਲੁਸ ਦਾ ਹਾਂ ਅਤੇ ਦੂਜਾ, ਮੈਂ ਅੱਪੁਲੋਸ ਦਾ ਹਾਂ ਤਾਂ ਕੀ ਤੁਸੀਂ ਇਨਸਾਨ ਹੀ ਨਹੀਂ ?5ਫੇਰ ਅੱਪੁਲੋਸ ਕੀ ਹੈ ਅਤੇ ਪੌਲੁਸ ਕੀ ਹੈ ? ਸਿਰਫ਼ ਸੇਵਕ ਜਿਨ੍ਹਾਂ ਦੇ ਵਸੀਲੇ ਨਾਲ ਤੁਸੀਂ ਵਿਸ਼ਵਾਸ ਕੀਤੀ ਜਿਵੇਂ ਪ੍ਰਭੂ ਨੇ ਹਰੇਕ ਨੂੰ ਦਾਨ ਦਿੱਤਾ ।
6ਮੈਂ ਤਾਂ ਬੂਟਾ ਲਾਇਆ ਅਤੇ ਅੱਪੁਲੋਸ ਨੇ ਸਿੰਜਿਆ ਪਰ ਪਰਮੇਸ਼ੁਰ ਨੇ ਵਧਾਇਆ ।7ਸੋ ਨਾ ਤਾਂ ਲਾਉਣ ਵਾਲਾ ਕੁੱਝ ਹੈ, ਨਾ ਸਿੰਜਣ ਵਾਲਾ ਪਰੰਤੂ ਪਰਮੇਸ਼ੁਰ ਜੋ ਵਧਾਉਣ ਵਾਲਾ ਹੈ ।
8ਲਾਉਣ ਵਾਲਾ ਅਤੇ ਸਿੰਜਣ ਵਾਲਾ ਦੋਵੇਂ ਇੱਕ ਹਨ ਪਰ ਹਰੇਕ ਆਪੋ-ਆਪਣੀ ਮਿਹਨਤ ਦੇ ਅਨੁਸਾਰ ਆਪੋ ਆਪਣਾ ਫਲ ਪਾਵੇਗਾ ।9ਕਿਉਂ ਜੋ ਅਸੀਂ ਕੰਮ ਕਰਨ ਵਿੱਚ ਪਰਮੇਸ਼ੁਰ ਦੇ ਸਾਂਝੀ ਹਾਂ । ਤੁਸੀਂ ਪਰਮੇਸ਼ੁਰ ਦੀ ਖੇਤੀ ਅਤੇ ਪਰਮੇਸ਼ੁਰ ਦਾ ਭਵਨ ਹੋ ।

10ਪਰਮੇਸ਼ੁਰ ਦੀ ਕਿਰਪਾ ਅਨੁਸਾਰ ਜੋ ਮੈਨੂੰ ਦਾਨ ਵਿੱਚ ਮਿਲੀ ਹੈ, ਮੈਂ ਸਿਆਣੇ ਰਾਜ ਮਿਸਤਰੀ ਦੀ ਤਰ੍ਹਾਂ ਨੀਂਹ ਰੱਖੀ ਅਤੇ ਦੂਜਾ ਉਸ ਉੱਤੇ ਉਸਾਰੀ ਕਰਦਾ ਹੈ । ਸੋ ਹਰੇਕ ਸੁਚੇਤ ਰਹੇ ਭਈ ਕਿਸ ਤਰ੍ਹਾਂ ਦੀ ਉਸਾਰੀ ਕਰਦਾ ਹੈ ।11ਕਿਉਂ ਜੋ ਉਸ ਨੀਂਹ ਤੋਂ ਬਿਨ੍ਹਾਂ ਜੋ ਰੱਖੀ ਹੋਈ ਹੋ ਦੂਜੀ ਕੋਈ ਨਹੀਂ ਰੱਖ ਸਕਦਾ ਅਤੇ ਇਹ ਯਿਸੂ ਮਸੀਹ ਹੈ ।
12ਪਰ ਜੇ ਕੋਈ ਉਸ ਨੀਂਹ ਉੱਤੇ ਸੋਨੇ, ਚਾਂਦੀ, ਬਹੁਮੁੱਲੇ ਪੱਥਰਾਂ, ਲੱਕੜਾਂ, ਘਾਹ-ਫੂਸ ਦੀ ਉਸਾਰੀ ਕਰੇ ।13ਤਾਂ ਹਰੇਕ ਦਾ ਕੰਮ ਪ੍ਰਗਟ ਹੋਵੇਗਾ ਕਿਉਂ ਜੋ ਉਹ ਦਿਨ ਉਸ ਨੂੰ ਪ੍ਰਗਟ ਕਰ ਦੇਵੇਗਾ ਇਸ ਲਈ ਜੋ ਉਹ ਅੱਗ ਨਾਲ ਪਰਕਾਸ਼ ਹੁੰਦਾ ਹੈ ਅਤੇ ਅੱਗ ਆਪ ਹਰੇਕ ਦਾ ਕੰਮ ਪਰਖ ਦੇਵੇਗੀ ਭਈ ਉਹ ਕਿਸ ਪ੍ਰਕਾਰ ਦਾ ਹੈ ।
14ਜੇ ਕਿਸੇ ਦਾ ਕੰਮ ਜਿਹੜਾ ਉਹ ਨੇ ਬਣਾਇਆ ਸੀ ਟਿਕਿਆ ਰਹੇਗਾ ਤਾਂ ਉਹ ਨੂੰ ਇਨਾਮ ਮਿਲੇਗਾ ।15ਜੇ ਕਿਸੇ ਦਾ ਕੰਮ ਸੜ ਜਾਵੇ ਤਾਂ ਉਹ ਦੀ ਹਾਨੀ ਹੋ ਜਾਵੇਗੀ ਪਰੰਤੂ ਉਹ ਆਪ ਤਾਂ ਬਚ ਜਾਵੇਗਾ ਪਰ ਸੜਦਿਆਂ ਸੜਦਿਆਂ ।

16ਕੀ ਤੁਸੀਂ ਇਹ ਨਹੀਂ ਜਾਣਦੇ ਕਿ ਤੁਸੀਂ ਪਰਮੇਸ਼ੁਰ ਦੀ ਹੈਕਲ ਹੋ ਅਤੇ ਪਰਮੇਸ਼ੁਰ ਦਾ ਆਤਮਾ ਤੁਹਾਡੇ ਵਿੱਚ ਵੱਸਦਾ ਹੈ ?17ਜੇ ਕੋਈ ਪਰਮੇਸ਼ੁਰ ਦੀ ਹੈਕਲ ਦਾ ਨਾਸ ਕਰੇ ਤਾਂ ਪਰਮੇਸ਼ੁਰ ਉਹ ਦਾ ਨਾਸ ਕਰੇਗਾ ਕਿਉਂ ਜੋ ਪਰਮੇਸ਼ੁਰ ਦੀ ਹੈਕਲ ਪਵਿੱਤਰ ਹੈ ਅਤੇ ਇਹ ਤੁਸੀਂ ਹੋ ।

18ਕੋਈ ਆਪਣੇ ਆਪ ਨੂੰ ਧੋਖਾ ਨਾ ਦੇਵੇ । ਜੇ ਕੋਈ ਤੁਹਾਡੇ ਵਿੱਚ ਆਪਣੇ ਆਪ ਨੂੰ ਇਸ ਜੁੱਗ ਵਿੱਚ ਗਿਆਨੀ ਸਮਝਦਾ ਹੈ ਤਾਂ ਉਹ ਮੂਰਖ ਬਣੇ ਕਿ ਗਿਆਨੀ ਹੋ ਜਾਵੇ ।19ਇਸ ਸੰਸਾਰ ਦਾ ਗਿਆਨ ਪਰਮੇਸ਼ੁਰ ਦੇ ਭਾਣੇ ਮੂਰਖਤਾ ਹੈ ਕਿਉਂ ਜੋ ਲਿਖਿਆ ਹੋਇਆ ਹੈ, ਉਹ ਗਿਆਨੀਆਂ ਨੂੰ ਉਹਨਾਂ ਦੀ ਹੀ ਚਤਰਾਈ ਵਿੱਚ ਫਸਾ ਦਿੰਦਾ ਹੈ ।20ਫੇਰ ਇਹ ਕਿ ਪ੍ਰਭੂ ਗਿਆਨੀਆਂ ਦੀਆਂ ਸੋਚਾਂ ਨੂੰ ਜਾਣਦਾ ਹੈ ਜੋ ਉਹ ਵਿਅਰਥ ਹਨ ।
21ਇਸ ਲਈ ਕੋਈ ਵੀ ਮਨੁੱਖਾਂ ਉੱਤੇ ਘਮੰਡ ਨਾ ਕਰੇ ਕਿਉਂ ਜੋ ਸਾਰੀਆਂ ਵਸਤਾਂ ਤੁਹਾਡੀਆਂ ਹਨ ।22ਕੀ ਪੌਲੁਸ, ਕੀ ਅੱਪੁਲੋਸ, ਕੀ ਕੇਫ਼ਾਸ, ਕੀ ਦੁਨੀਆਂ, ਕੀ ਜੀਵਨ, ਕੀ ਮੌਤ, ਕੀ ਵਰਤਮਾਨ, ਕੀ ਹੋਣ ਵਾਲੀਆਂ ਵਸਤਾਂ, ਸੱਭੇ ਤੁਹਾਡੀਆਂ ਹਨ !23ਅਤੇ ਤੁਸੀਂ ਮਸੀਹ ਦੇ ਹੋ ਅਤੇ ਮਸੀਹ ਪਰਮੇਸ਼ੁਰ ਦਾ ਹੈ ।

4
ਰਸੂਲਾਂ ਦੀ ਸੇਵਾ ਅਤੇ ਹਾਲ

1ਮਨੁੱਖ ਸਾਨੂੰ ਮਸੀਹ ਦੇ ਸੇਵਕ ਅਤੇ ਪਰਮੇਸ਼ੁਰ ਦੇ ਭੇਤਾਂ ਦੇ ਭੰਡਾਰੀ ਸਮਝਣ ।2ਫੇਰ ਇੱਕ ਭੰਡਾਰੀ ਵਿੱਚ ਇਹ ਚਾਹੀਦਾ ਹੈ ਜੋ ਉਹ ਵਫ਼ਾਦਾਰ ਹੋਵੇ ।

3ਪਰ ਮੇਰੇ ਲਈ ਇਹ ਛੋਟੀ ਗੱਲ ਹੈ ਕਿ ਤੁਹਾਡੇ ਤੋਂ ਅਥਵਾ ਇਨਸਾਨੀ ਅਦਾਲਤ ਤੋਂ ਮੇਰੀ ਜਾਂਚ ਕੀਤੀ ਜਾਵੇ ਸਗੋਂ ਮੈਂ ਆਪ ਵੀ ਆਪਣੀ ਜਾਂਚ ਨਹੀਂ ਕਰਦਾ ਹਾਂ ।4ਭਾਵੇਂ ਮੈਂ ਆਪਣੇ ਆਪ ਵਿੱਚ ਕੋਈ ਦੋਸ਼ ਨਹੀਂ ਵੇਖਦਾ ਤਾਂ ਵੀ ਇਸ ਤੋਂ ਮੈਂ ਨਿਰਦੋਸ਼ ਨਹੀਂ ਠਹਿਰਦਾ, ਪਰ ਮੇਰਾ ਨਿਆਂ ਕਰਨ ਵਾਲਾ ਪ੍ਰਭੂ ਹੈ ।
5ਜਿੰਨਾਂ ਚਿਰ ਪ੍ਰਭੂ ਨਾ ਆਵੇ, ਤੁਸੀਂ ਸਮੇਂ ਤੋਂ ਪਹਿਲਾਂ ਕਿਸੇ ਗੱਲ ਦਾ ਨਿਆਂ ਨਾ ਕਰਿਆ ਕਰੋ, ਉਹ ਆਪ ਹਨੇਰੇ ਦੀਆਂ ਛਿਪੀਆਂ ਗੱਲਾਂ ਤੇ ਪਰਕਾਸ਼ ਕਰੇਗਾ ਅਤੇ ਮਨ ਦੀਆਂ ਦਲੀਲਾਂ ਨੂੰ ਪ੍ਰਗਟ ਕਰੇਗਾ । ਉਸ ਵੇਲੇ ਹਰ ਕਿਸੇ ਨੂੰ ਪਰਮੇਸ਼ੁਰ ਦੀ ਵੱਲੋਂ ਵਡਿਆਈ ਮਿਲੇਗੀ ।

6ਹੇ ਭਰਾਵੋ, ਮੈਂ ਇਹ ਗੱਲਾਂ ਤੁਹਾਡੇ ਨਮਿੱਤ ਆਪਣੇ ਅਤੇ ਅਪੁੱਲੋਸ ਦੇ ਉੱਤੇ ਨਮੂਨੇ ਦੇ ਤੌਰ ਤੇ ਲਾਈਆਂ ਕਿ ਤੁਸੀਂ ਸਾਡੇ ਕੋਲੋਂ ਇਹ ਸਿੱਖੋ ਕਿ ਜਿਹੜੀਆਂ ਗੱਲਾਂ ਲਿਖੀਆਂ ਹੋਈਆਂ ਹਨ ਉਨ੍ਹਾਂ ਤੋਂ ਪਰੇ ਨਾ ਵਧੋ ਕਿਤੇ ਇਉਂ ਨਾ ਹੋਵੇ ਜੋ ਤੁਸੀਂ ਇੱਕ ਦਾ ਪੱਖ ਕਰ ਕੇ ਦੂਜੇ ਦੇ ਵਿਰੁੱਧ ਹੋ ਜਾਓ ।7ਕਿਉਂ ਜੋ ਤੈਨੂੰ ਦੂਜੇ ਤੋਂ ਉੱਤਮ ਜਾਣਦਾ ਹੈ ? ਅਤੇ ਤੇਰੇ ਕੋਲ ਕੀ ਹੈ ਜੋ ਤੈਨੂੰ ਨਹੀਂ ਮਿਲਿਆ ? ਪਰ ਜੇ ਤੈਨੂੰ ਮਿਲਿਆ ਵੀ ਤਾਂ ਘਮੰਡ ਕਿਉਂ ਕਰਦਾ ਹੈਂ ਕਿ ਮਿਲਿਆ ਹੀ ਨਹੀਂ ?
8ਤੁਸੀਂ ਤਾਂ ਪਹਿਲਾਂ ਹੀ ਰੱਜੇ ਹੋਏ ਹੋ ! ਤੁਸੀਂ ਤਾਂ ਪਹਿਲਾਂ ਹੀ ਧਨੀ ਹੋ ਗਏ ! ਤੁਸੀਂ ਸਾਡੇ ਬਿਨ੍ਹਾਂ ਰਾਜ ਕਰਨ ਲੱਗ ਪਏ ਅਤੇ ਕਾਸ਼ ਕਿ ਤੁਸੀਂ ਸੱਚ-ਮੁੱਚ ਰਾਜ ਕਰਦੇ ਤਾਂ ਜੋ ਅਸੀਂ ਵੀ ਤੁਹਾਡੇ ਨਾਲ ਰਲ ਕੇ ਰਾਜ ਕਰਦੇ !9ਮੈਂ ਤਾਂ ਸਮਝਦਾ ਹਾਂ ਕਿ ਪਰਮੇਸ਼ੁਰ ਨੇ ਸਾਨੂੰ ਰਸੂਲਾਂ ਨੂੰ ਕਤਲ ਹੋਣ ਵਾਲਿਆਂ ਵਰਗੇ ਪ੍ਰਗਟ ਕੀਤਾ ਕਿਉਂ ਜੋ ਅਸੀਂ ਸੰਸਾਰ ਅਤੇ ਦੂਤਾਂ ਅਤੇ ਮਨੁੱਖਾਂ ਦੇ ਲਈ ਇੱਕ ਤਮਾਸ਼ਾ ਬਣੇ ਹੋਏ ਹਾਂ ।
10ਅਸੀਂ ਮਸੀਹ ਦੇ ਲਈ ਮੂਰਖ ਹਾਂ ਪਰ ਤੁਸੀਂ ਮਸੀਹ ਵਿੱਚ ਸਿਆਣੇ ਹੋ । ਅਸੀਂ ਨਿਰਬਲ ਹਾਂ ਪਰ ਤੁਸੀਂ ਬਲਵੰਤ ਹੋ । ਤੁਸੀਂ ਪਰਤਾਪ ਵਾਲੇ ਹੋ ਪਰ ਅਸੀਂ ਬੇਪਤ ਹਾਂ ।11ਇਸ ਘੜੀ ਤੱਕ ਅਸੀਂ ਭੁੱਖੇ, ਤਿਹਾਏ, ਨੰਗੇ ਹਾਂ ਅਤੇ ਮੁੱਕੇ ਖਾਂਦੇ ਅਤੇ ਬੇ ਟਿਕਾਣਾ ਫਿਰਦੇ ਹਾਂ ।
12ਅਤੇ ਆਪਣੇ ਹੱਥਾਂ ਨਾਲ ਕੰਮ-ਧੰਦੇ ਕਰ ਕੇ ਮਿਹਨਤ ਕਰਦੇ ਹਾਂ । ਅਸੀਂ ਗਾਲਾਂ ਖਾ ਕੇ ਬਰਕਤ ਦਿੰਦੇ ਹਾਂ । ਜਦੋਂ ਸਾਨੂੰ ਸਤਾਉਂਦੇ ਹਨ ਤਾਂ ਅਸੀਂ ਸਹਿੰਦੇ ਹਾਂ ।13ਜਦ ਸਾਡੀ ਨਿੰਦਿਆ ਕਰਦੇ ਹਨ ਤਾਂ ਅਸੀਂ ਬੇਨਤੀ ਕਰਦੇ ਹਾਂ । ਅਸੀਂ ਹੁਣ ਤੱਕ ਸੰਸਾਰ ਦੇ ਕੂੜੇ ਵਰਗੇ ਅਤੇ ਸਭਨਾਂ ਵਸਤਾਂ ਦੇ ਕੂੜਾ ਕਰਕਟ ਬਣੇ ਹੋਏ ਹਾਂ ।
ਪੌਲੁਸ ਦੀ ਬੇਨਤੀ ਅਤੇ ਚਿਤਾਵਨੀ

14ਮੈਂ ਇਹ ਗੱਲਾਂ ਤੁਹਾਨੂੰ ਲੱਜਿਆਵਾਨ ਕਰਨ ਲਈ ਨਹੀਂ ਸਗੋਂ ਆਪਣੇ ਪਿਆਰਿਆਂ ਬਾਲਕਾਂ ਦੀ ਤਰ੍ਹਾਂ ਸਮਝਾਉਣ ਲਈ ਲਿਖਦਾ ਹਾਂ ।15ਭਾਵੇਂ ਹੀ ਮਸੀਹ ਵਿੱਚ ਦਸ ਹਜ਼ਾਰ ਉਸਤਾਦ ਤੁਹਾਡੇ ਹੋਣ ਪਰ ਪਿਉ ਬਹੁਤੇ ਨਹੀਂ ਇਸ ਲਈ ਜੋ ਮਸੀਹ ਯਿਸੂ ਵਿੱਚ ਖੁਸ਼ਖਬਰੀ ਦੇ ਵਸੀਲੇ ਨਾਲ ਤੁਹਾਡਾ ਪਿਉ ਮੈਂ ਹੀ ਹੋਇਆ ।16ਸੋ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਜੋ ਤੁਸੀਂ ਮੇਰੀ ਰੀਸ ਕਰੋ ।
17ਇਸੇ ਕਰਕੇ ਮੈਂ ਤਿਮੋਥਿਉਸ ਨੂੰ ਤੁਹਾਡੇ ਕੋਲ ਭੇਜਿਆ, ਜਿਹੜਾ ਪ੍ਰਭੂ ਵਿੱਚ ਮੇਰਾ ਪਿਆਰਾ ਅਤੇ ਵਿਸ਼ਵਾਸਯੋਗ ਪੁੱਤਰ ਹੈ । ਉਹ ਮੇਰਾ ਵਰਤਾਵਾ ਜੋ ਮਸੀਹ ਵਿੱਚ ਹੈ ਤੁਹਾਨੂੰ ਚੇਤੇ ਕਰਾਵੇਗਾ, ਜਿਸ ਤਰ੍ਹਾਂ ਮੈਂ ਸਭਨੀਂ ਥਾਈਂ ਹਰੇਕ ਕਲੀਸਿਯਾ ਵਿੱਚ ਉਪਦੇਸ਼ ਦਿੰਦਾ ਹਾਂ ।18ਕਈ ਇਹ ਸਮਝ ਕੇ ਫੁੱਲਦੇ ਹਨ ਕਿ ਜਿਵੇਂ ਮੈਂ ਤੁਹਾਡੇ ਕੋਲ ਨਹੀਂ ਆਵਾਂਗਾ ।
19ਪਰ ਜੇ ਪ੍ਰਭੂ ਚਾਹੇ ਤਾਂ ਮੈਂ ਤੁਹਾਡੇ ਕੋਲ ਛੇਤੀ ਆਵਾਂਗਾ ਅਤੇ ਫੁੱਲਿਆ ਹੋਇਆਂ ਦੇ ਬਚਨ ਨੂੰ ਨਹੀਂ ਸਗੋਂ ਉਹਨਾਂ ਦੀ ਸਮਰੱਥਾ ਨੂੰ ਜਾਣ ਲਵਾਂਗਾ ।20ਪਰਮੇਸ਼ੁਰ ਦਾ ਰਾਜ ਗੱਲਾਂ ਵਿੱਚ ਤਾਂ ਨਹੀਂ ਸਗੋਂ ਸਮਰੱਥਾ ਵਿੱਚ ਹੈ ।21ਤੁਸੀਂ ਕੀ ਚਾਹੁੰਦੇ ਹੋ ਕਿ ਮੈਂ ਡਾਂਗ ਫੜ੍ਹ ਕੇ ਤੁਹਾਡੇ ਕੋਲ ਆਵਾਂ ਜਾਂ ਪਿਆਰ ਅਤੇ ਨਰਮਾਈ ਦੇ ਆਤਮਾ ਨਾਲ ?

5
ਕਲੀਸਿਯਾ ਦੇ ਵਿੱਚ ਅਨੈਤਿਕਤਾ

1ਇਸ ਗੱਲ ਦੀ ਪੱਕੀ ਖ਼ਬਰ ਸੁਣੀ ਹੈ ਜੋ ਤੁਹਾਡੇ ਵਿੱਚ ਹਰਾਮਕਾਰੀ ਹੋ ਰਹੀ ਹੈ ਅਤੇ ਅਜਿਹੀ ਹਰਾਮਕਾਰੀ ਜੋ ਪਰਾਈਆਂ ਕੌਮਾਂ ਵਿੱਚ ਵੀ ਨਹੀਂ ਹੁੰਦੀ ਕਿ ਇੱਕ ਜਣਾ ਆਪਣੇ ਪਿਉ ਦੀ ਔਰਤ ਰੱਖਦਾ ਹੈ ।2ਅਤੇ ਤੁਸੀਂ ਹੰਕਾਰੇ ਹੋਏ ਹੋ ਸਗੋਂ ਕੀ ਤੁਹਾਨੂੰ ਅਫ਼ਸੋਸ ਨਹੀਂ ਕਰਨਾ ਚਾਹੀਦਾ ਤਾਂ ਜੋ ਜਿਸ ਨੇ ਇਹ ਕੰਮ ਕੀਤਾ ਉਹ ਤੁਹਾਡੇ ਵਿੱਚੋਂ ਤਿਆਗਿਆ ਜਾਵੇ ?

3ਮੈਂ ਤਾਂ ਸਰੀਰ ਦੁਆਰਾ ਤੁਹਾਡੇ ਸਨਮੁਖ ਹੋਣ ਕਰਕੇ ਜਿਸ ਨੇ ਇਹ ਕੰਮ ਕੀਤਾ ਉਹ ਦਾ ਨਬੇੜਾ ਇਸ ਤਰ੍ਹਾਂ ਕਰ ਹਟਿਆ, ਮੰਨੋ ਮੈਂ ਸਨਮੁਖ ਹੀ ਸੀ ।4ਜਦ ਪ੍ਰਭੂ ਯਿਸੂ ਮਸੀਹ ਦੇ ਨਾਮ ਉੱਤੇ ਤੁਸੀਂ ਅਤੇ ਮੇਰਾ ਆਤਮਾ ਸਾਡੇ ਪ੍ਰਭੂ ਯਿਸੂ ਦੀ ਸਮਰੱਥਾ ਨਾਲ ਇਕੱਠੇ ਹੋਏ ।5ਤਦ ਇਹੋ ਜਿਹੇ ਮਨੁੱਖ ਨੂੰ ਸਰੀਰ ਦੇ ਨਾਸ ਹੋਣ ਲਈ ਸ਼ੈਤਾਨ ਦੇ ਹਵਾਲੇ ਕਰੋ ਤਾਂ ਜੋ ਉਸ ਦਾ ਆਤਮਾ ਪ੍ਰਭੂ ਯਿਸੂ ਦੇ ਦਿਨ ਬਚ ਜਾਵੇ ।
6ਤੁਹਾਡਾ ਘਮੰਡ ਕਰਨਾ ਚੰਗਾ ਨਹੀਂ, ਕੀ ਤੁਸੀਂ ਨਹੀਂ ਜਾਣਦੇ ਜੋ ਥੋੜ੍ਹਾ ਜਿਹਾ ਖ਼ਮੀਰ ਸਾਰੇ ਆਟੇ ਨੂੰ ਖਮੀਰਿਆਂ ਕਰ ਦਿੰਦਾ ਹੈ ?7ਪੁਰਾਣੇ ਖ਼ਮੀਰ ਨੂੰ ਕੱਢ ਸੁੱਟੋ ਅਤੇ ਆਪਣੇ ਆਪ ਨੂੰ ਸ਼ੁੱਧ ਕਰੋ ਤੁਸੀਂ ਤਾਜੇ ਗੁੰਨੇ ਹੋਏ ਆਟੇ ਵਰਗੇ ਬਣੋ ਕਿਉਂ ਜੋ ਸਾਡਾ ਪਸਾਹ ਦਾ ਲੇਲਾ ਅਰਥਾਤ ਮਸੀਹ ਬਲੀਦਾਨ ਹੋਇਆ ।8ਸੋ ਆਓ, ਅਸੀਂ ਤਿਉਹਾਰ ਮਨਾਈਏ, ਪੁਰਾਣੇ ਖ਼ਮੀਰ ਨਾਲ ਨਹੀਂ, ਨਾ ਬੁਰਿਆਈ ਅਤੇ ਦੁਸ਼ਟਪੁਣੇ ਦੇ ਖ਼ਮੀਰ ਨਾਲ ਸਗੋਂ ਨਿਸ਼ਕਪਟਤਾ ਅਤੇ ਸਚਿਆਈ ਦੀ ਪਤੀਰੀ ਰੋਟੀ ਨਾਲ ।

9ਮੈਂ ਆਪਣੀ ਪੱਤ੍ਰੀ ਵਿੱਚ ਤੁਹਾਨੂੰ ਇਹ ਲਿਖਿਆ ਜੋ ਹਰਾਮਕਾਰਾਂ ਦੀ ਸੰਗਤ ਨਾ ਕਰੋ ।10ਇਹ ਨਹੀਂ ਜੋ ਮੂਲੋਂ ਸੰਸਾਰ ਦੇ ਹਰਾਮਕਾਰਾਂ ਅਥਵਾ ਲੋਭੀਆਂ ਅਤੇ ਲੁਟੇਰਿਆਂ ਅਥਵਾ ਮੂਰਤੀ ਪੂਜਕਾਂ ਦੀ ਸੰਗਤ ਨਾ ਕਰਨੀ, ਨਹੀਂ ਤਾਂ ਫੇਰ ਤੁਹਾਨੂੰ ਸੰਸਾਰ ਵਿੱਚੋਂ ਨਿੱਕਲਣਾ ਹੀ ਪੈਂਦਾ ।
11ਪਰ ਹੁਣ ਤਾਂ ਤੁਹਾਨੂੰ ਇਹ ਲਿਖਿਆ ਕਿ ਜੇ ਕੋਈ ਭਰਾ ਕਹਾ ਕੇ ਹਰਾਮਕਾਰ ਜਾਂ ਲੋਭੀ ਜਾਂ ਮੂਰਤੀ ਪੂਜਕ ਜਾਂ ਗੱਲਾਂ ਕੱਢਣ ਵਾਲਾ, ਸ਼ਰਾਬੀ ਅਥਵਾ ਲੁਟੇਰਾ ਹੋਵੇ ਤਾਂ ਉਹ ਦੀ ਸੰਗਤ ਨਾ ਕਰਨੀ, ਸਗੋਂ ਇਹੋ ਜਿਹੇ ਨਾਲ ਰੋਟੀ ਵੀ ਨਾ ਖਾਣੀ ।12ਕਿਉਂ ਜੋ ਮੈਨੂੰ ਕੀ ਲੋੜ ਹੈ ਜੋ ਬਾਹਰਲਿਆਂ ਦਾ ਨਿਆਂ ਕਰਾਂ ? ਕੀ ਤੁਸੀਂ ਕਲੀਸਿਯਾ ਦੇ ਅੰਦਰਲਿਆਂ ਦਾ ਨਿਆਂ ਨਹੀਂ ਕਰਦੇ ?13ਪਰ ਬਾਹਰਲਿਆਂ ਦਾ ਪਰਮੇਸ਼ੁਰ ਨਿਆਂ ਕਰਦਾ ਹੈ । ਤੁਸੀਂ ਉਸ ਕੁਕਰਮੀ ਨੂੰ ਆਪਣੇ ਵਿੱਚੋਂ ਛੇਕ ਦਿਓ ।

6
ਕਲੀਸਿਯਾ ਮੁਕੱਦਮੇ ਬਾਜ਼ੀ ।

1ਜਦ ਤੁਹਾਡੇ ਵਿੱਚ ਝਗੜੇ ਹੁੰਦੇ ਹਨ, ਕੀ ਤੁਹਾਡੇ ਵਿੱਚੋਂ ਕੋਈ ਹੈ ਜੋ ਸੰਤਾਂ ਕੋਲ ਜਾਣ ਦੀ ਬਜਾਏ ਅਧਰਮੀਆਂ ਕੋਲ ਨਿਆਂ ਲਈ ਜਾਵੇ ?2ਕੀ ਤੁਸੀਂ ਨਹੀਂ ਜਾਣਦੇ ਭਈ ਸੰਤ ਸੰਸਾਰ ਦਾ ਨਿਆਂ ਕਰਨਗੇ ? ਅਤੇ ਜੇ ਸੰਸਾਰ ਦਾ ਨਿਆਂ ਤੁਹਾਡੇ ਤੋਂ ਹੋਣਾ ਹੈ ਤਾਂ ਭਲਾ, ਤੁਸੀਂ ਛੋਟੀਆਂ ਤੋਂ ਛੋਟੀਆਂ ਗੱਲਾਂ ਦਾ ਨਬੇੜਾ ਕਰਨ ਦੇ ਯੋਗ ਨਹੀਂ ਹੋ ?3ਕੀ ਤੁਸੀਂ ਨਹੀਂ ਜਾਣਦੇ ਜੋ ਅਸੀਂ ਦੂਤਾਂ ਦਾ ਨਿਆਂ ਕਰਾਂਗੇ ? ਫੇਰ ਕਿੰਨ੍ਹਾਂ ਵੱਧਕੇ ਸੰਸਾਰੀ ਗੱਲਾਂ ਦਾ ?

4ਉਪਰੰਤ ਜੇ ਤੁਹਾਨੂੰ ਸੰਸਾਰੀ ਗੱਲਾਂ ਦਾ ਨਬੇੜਾ ਕਰਨਾ ਪੈਂਦਾ ਹੈ ਤਾਂ ਜਿਹੜੇ ਕਲੀਸਿਯਾ ਵਿੱਚ ਕੁੱਝ ਗਿਣੇ ਜਾਂਦੇ ਹਨ ਭਲਾ, ਤੁਸੀਂ ਉਹਨਾਂ ਨੂੰ ਠਹਿਰਾਉਂਦੇ ਹੋ ?5ਮੈਂ ਤੁਹਾਨੂੰ ਲੱਜਿਆਵਾਨ ਕਰਨ ਲਈ ਇਹ ਆਖਦਾ ਹਾਂ । ਕੀ ਤੁਹਾਡੇ ਵਿੱਚ ਇੱਕ ਵੀ ਐਨਾ ਬੁੱਧਵਾਨ ਨਹੀਂ ਜੋ ਆਪਣੇ ਭਰਾਵਾਂ ਦਾ ਮੁਕੱਦਮਾ ਨਬੇੜ ਸਕੇ ?6ਸਗੋਂ ਭਰਾ ਭਰਾ ਉੱਤੇ ਮੁਕੱਦਮਾ ਕਰਦਾ ਹੈ ਉਹ ਵੀ ਅਵਿਸ਼ਵਾਸੀਆਂ ਦੇ ਅੱਗੇ ।
7ਹੁਣ ਤਾਂ ਤੁਹਾਡੇ ਵਿੱਚ ਇੱਕ ਵੱਡਾ ਘਾਟਾ ਹੈ ਕਿ ਤੁਸੀਂ ਇੱਕ ਦੂਏ ਉੱਤੇ ਮੁਕੱਦਮਾ ਬਣਾਉਂਦੇ ਹੋ । ਤੁਸੀਂ ਸਗੋਂ ਬੇਇਨਸਾਫੀ ਕਿਉਂ ਨਹੀਂ ਸਹਾਰ ਲੈਂਦੇ ? ਤੁਸੀਂ ਸਗੋਂ ਠੱਗੀ ਕਿਉਂ ਨਹੀਂ ਸਹਾਰਦੇ ?8ਪਰ ਤੁਸੀਂ ਆਪੇ ਬੇਇਨਸਾਫੀ ਅਤੇ ਠੱਗੀ ਕਰਦੇ ਹੋ ਉਹ ਵੀ ਆਪਣੇ ਭਰਾਵਾਂ ਨਾਲ !
9ਅਥਵਾ ਤੁਸੀਂ ਨਹੀਂ ਜਾਣਦੇ ਜੋ ਕੁਧਰਮੀ ਲੋਕ ਪਰਮੇਸ਼ੁਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ ? ਧੋਖਾ ਨਾ ਖਾਓ, ਨਾ ਹਰਾਮਕਾਰ, ਨਾ ਮੂਰਤੀ ਪੂਜਕ, ਨਾ ਵਿਭਚਾਰੀ, ਨਾ ਜਨਾਨੜੇ, ਨਾ ਮੁੰਡੇਬਾਜ਼ ।10ਨਾ ਚੋਰ, ਨਾ ਲੋਭੀ, ਨਾ ਸ਼ਰਾਬੀ, ਨਾ ਗਾਲਾਂ ਕੱਢਣ ਵਾਲੇ, ਨਾ ਲੁਟੇਰੇ ਪਰਮੇਸ਼ੁਰ ਦੇ ਰਾਜ ਦੇ ਅਧਿਕਾਰੀ ਹੋਣਗੇ ।11ਅਤੇ ਤੁਹਾਡੇ ਵਿੱਚੋਂ ਕਈ ਅਜਿਹੇ ਸਨ ਪਰ ਪ੍ਰਭੂ ਯਿਸੂ ਮਸੀਹ ਦੇ ਨਾਮ ਤੋਂ ਅਤੇ ਸਾਡੇ ਪਰਮੇਸ਼ੁਰ ਦੇ ਆਤਮਾ ਤੋਂ ਤੁਸੀਂ ਧੋਤੇ ਗਏ ਅਤੇ ਤੁਸੀਂ ਪਵਿੱਤਰ ਕੀਤੇ ਗਏ ਅਤੇ ਤੁਸੀਂ ਧਰਮੀ ਠਹਿਰਾਏ ਗਏ ।
ਦੇਹੀ ਪਵਿੱਤਰ ਆਤਮਾ ਦੀ ਹੈਕਲ ਹੈ

12ਸਾਰੀਆਂ ਵਸਤਾਂ ਮੇਰੇ ਲਈ ਉੱਚਿਤ ਹਨ ਪਰੰਤੂ ਸਾਰੀਆਂ ਲਾਭਦਾਇਕ ਨਹੀਂ । ਸਾਰੀਆਂ ਵਸਤਾਂ ਮੇਰੇ ਲਈ ਉੱਚਿਤ ਹਨ ਪਰ ਮੈਂ ਕਿਸੇ ਵਸਤੂ ਦੇ ਅਧੀਨ ਨਹੀਂ ਹੋਵਾਂਗਾ ।13ਭੋਜਨ ਪੇਟ ਦੇ ਲਈ ਅਤੇ ਪੇਟ ਭੋਜਨ ਦੇ ਲਈ ਪਰੰਤੂ ਪਰਮੇਸ਼ੁਰ ਦੋਵਾਂ ਦਾ ਨਾਸ ਕਰੇਗਾ ਪਰ ਸਰੀਰ ਹਰਾਮਕਾਰੀ ਦੇ ਲਈ ਨਹੀਂ ਸਗੋਂ ਪ੍ਰਭੂ ਦੇ ਲਈ ਹੈ ਅਤੇ ਪ੍ਰਭੂ ਸਰੀਰ ਦੇ ਲਈ ।
14ਅਤੇ ਪਰਮੇਸ਼ੁਰ ਨੇ ਨਾਲੇ ਪ੍ਰਭੂ ਨੂੰ ਜਿਵਾ ਕੇ ਉੱਠਾਇਆ, ਨਾਲੇ ਸਾਨੂੰ ਆਪਣੀ ਸਮਰੱਥਾ ਨਾਲ ਜਿਵਾ ਕੇ ਉੱਠਾਏਗਾ ।15ਕੀ ਤੁਸੀਂ ਇਹ ਨਹੀਂ ਜਾਣਦੇ ਜੋ ਤੁਹਾਡੇ ਸਰੀਰ ਮਸੀਹ ਦੇ ਅੰਗ ਹਨ ? ਸੋ ਕੀ ਮੈਂ ਮਸੀਹ ਦੇ ਅੰਗ ਲੈ ਕੇ ਕੰਜਰੀ ਦੇ ਅੰਗ ਬਣਾਵਾਂ ? ਕਦੇ ਨਹੀਂ !
16ਅਥਵਾ ਕੀ ਤੁਸੀਂ ਇਹ ਨਹੀਂ ਜਾਣਦੇ ਭਈ ਜੋ ਕੋਈ ਕੰਜਰੀ ਨਾਲ ਸੰਗ ਕਰਦਾ ਹੈ ਸੋ ਉਹ ਦੇ ਨਾਲ ਇੱਕ ਦੇਹੀ ਹੋ ਜਾਂਦਾ ਹੈ ? ਕਿਉਂ ਜੋ ਉਹ ਆਖਦਾ ਹੈ ਭਈ ਉਹ ਦੇਵੇਂ ਇੱਕ ਸਰੀਰ ਹੋਣਗੇ ।17ਪਰ ਜੋ ਕੋਈ ਪ੍ਰਭੂ ਨਾਲ ਮਿਲਿਆ ਹੋਇਆ ਹੈ ਸੋ ਉਹ ਦੇ ਨਾਲ ਇੱਕ ਆਤਮਾ ਹੈ ।
18ਹਰਾਮਕਾਰੀ ਤੋਂ ਭੱਜੋ । ਹਰੇਕ ਪਾਪ ਜੋ ਮਨੁੱਖ ਕਰਦਾ ਹੈ ਸੋ ਸਰੀਰ ਦੇ ਬਾਹਰ ਹੈ, ਪਰ ਜਿਹੜਾ ਹਰਾਮਕਾਰੀ ਕਰਦਾ ਹੈ ਉਹ ਆਪਣੇ ਹੀ ਸਰੀਰ ਦਾ ਪਾਪ ਕਰਦਾ ਹੈ ।
19ਅਥਵਾ ਕੀ ਤੁਸੀਂ ਇਹ ਨਹੀਂ ਜਾਣਦੇ ਭਈ ਤੁਹਾਡੀ ਦੇਹੀ ਤੁਹਾਡੇ ਅੰਦਰ ਪਵਿੱਤਰ ਆਤਮਾ ਦੀ ਹੈਕਲ ਹੈ ਜਿਹੜੀ ਤੁਹਾਨੂੰ ਪਰਮੇਸ਼ੁਰ ਦੀ ਵੱਲੋਂ ਮਿਲੀ ਹੈ ਅਤੇ ਤੁਸੀਂ ਆਪਣੇ ਆਪ ਦੇ ਨਹੀਂ ਹੋ ?20ਤੁਸੀਂ ਤਾਂ ਮੁੱਲ ਨਾਲ ਲਏ ਹੋਏ ਹੋ, ਇਸ ਲਈ ਆਪਣੀ ਦੇਹੀ ਨਾਲ ਪਰਮੇਸ਼ੁਰ ਦੀ ਵਡਿਆਈ ਕਰੋ ।

7
ਮਸੀਹੀ ਵਿਆਹ ਦੇ ਮਸਲੇ

1ਹੁਣ ਜਿਨ੍ਹਾਂ ਗੱਲਾਂ ਦੇ ਬਾਰੇ ਤੁਸੀਂ ਲਿਖਿਆ ਸੀ, ਮੈਂ ਇਹ ਕਹਿੰਦਾ ਹਾਂ ਕਿ ਆਦਮੀ ਦੇ ਲਈ ਤਾਂ ਇਹ ਚੰਗਾ ਹੈ ਜੋ ਔਰਤ ਨੂੰ ਨਾ ਛੂਹੇ ।2ਪਰੰਤੂ ਹਰਾਮਕਾਰੀ ਤੋਂ ਬਚਣ ਲਈ ਹਰੇਕ ਆਦਮੀ ਆਪਣੀ ਹੀ ਔਰਤ ਨੂੰ ਅਤੇ ਹਰੇਕ ਔਰਤ ਆਪਣੇ ਹੀ ਆਦਮੀ ਨੂੰ ਰੱਖੇ ।

3ਪਤੀ ਪਤਨੀ ਦਾ ਹੱਕ ਪੂਰਾ ਕਰੇ ਅਤੇ ਇਸੇ ਤਰ੍ਹਾਂ ਪਤਨੀ ਪਤੀ ਦਾ ।4ਪਤਨੀ ਨੂੰ ਆਪਣੇ ਸਰੀਰ ਉੱਤੇ ਵੱਸ ਨਹੀਂ ਸਗੋਂ ਪਤੀ ਨੂੰ ਹੈ, ਅਤੇ ਇਸ ਤਰ੍ਹਾਂ ਪਤੀ ਨੂੰ ਵੀ ਆਪਣੇ ਸਰੀਰ ਉੱਤੇ ਵੱਸ ਨਹੀਂ ਸਗੋਂ ਪਤਨੀ ਨੂੰ ਹੈ ।
5ਤੁਸੀਂ ਇੱਕ ਦੂਜੇ ਤੋਂ ਅਲੱਗ ਨਾ ਹੋਵੋ ਪਰ ਥੋੜ੍ਹੇ ਸਮੇਂ ਲਈ ਅਤੇ ਇਹ ਵੀ ਉਦੋਂ ਜੇ ਦੋਹਾਂ ਧਿਰਾਂ ਦੀ ਸਲਾਹ ਹੋਵੇ ਤਾਂ ਜੋ ਤੁਹਾਨੂੰ ਪ੍ਰਾਰਥਨਾ ਕਰਨ ਲਈ ਵਿਹਲ ਮਿਲੇ ਅਤੇ ਫੇਰ ਇਕੱਠੇ ਹੋਵੇ ਭਈ ਸ਼ੈਤਾਨ ਤੁਹਾਡੇ ਅਸੰਜਮ ਦੇ ਕਾਰਨ ਤੁਹਾਨੂੰ ਨਾ ਪਰਤਾਵੇ ।6ਪਰ ਮੈਂ ਇਹ ਪਰਵਾਨਗੀ ਦੇ ਢੰਗ ਨਾਲ ਆਖਦਾ ਹਾਂ, ਹੁਕਮ ਦੇ ਢੰਗ ਨਾਲ ਨਹੀਂ ।7ਤਾਂ ਵੀ ਮੈਂ ਚਾਹੁੰਦਾ ਹਾਂ ਜੋ ਸਾਰੇ ਮਨੁੱਖ ਇਹੋ ਜਿਹੇ ਹੋਣ, ਜਿਵੇਂ ਮੈਂ ਆਪ ਹਾਂ ਪਰ ਹਰੇਕ ਨੇ ਆਪੋ ਆਪਣਾ ਦਾਨ ਪਰਮੇਸ਼ੁਰ ਤੋਂ ਪਾਇਆ ਹੈ, ਕਿਸੇ ਨੇ ਇਸ ਪ੍ਰਕਾਰ ਦਾ ਕਿਸੇ ਨੇ ਉਸ ਪ੍ਰਕਾਰ ਦਾ ।

8ਪਰ ਮੈਂ ਅਣਵਿਆਹਿਆਂ ਨੂੰ ਅਤੇ ਵਿਧਵਾਂ ਨੂੰ ਇਹ ਆਖਦਾ ਹਾਂ ਕਿ ਉਹਨਾਂ ਲਈ ਚੰਗਾ ਹੈ, ਇਹੋ ਜਿਹਾ ਰਹਿਣ ਜਿਹੋ ਜਿਹਾ ਮੈਂ ਹਾਂ ।9ਪਰ ਜੇ ਉਨ੍ਹਾਂ ਵਿੱਚ ਸੰਜਮ ਦਾ ਬਲ ਨਹੀਂ ਤਾਂ ਉਹ ਵਿਆਹ ਕਰ ਲੈਣ, ਕਿਉਂ ਜੋ ਵਾਸਨਾ ਵਿੱਚ ਸੜਨ ਨਾਲੋਂ ਵਿਆਹ ਕਰਨਾ ਚੰਗਾ ਹੈ ।
10ਪਰੰਤੂ ਵਿਆਹੇ ਹੋਇਆਂ ਨੂੰ ਮੈਂ ਤਗੀਦ ਕਰਦਾ ਹਾਂ ਪਰ ਮੈਂ ਤਾਂ ਨਹੀਂ ਸਗੋਂ ਪ੍ਰਭੂ, ਜੋ ਪਤਨੀ ਆਪਣੇ ਪਤੀ ਤੋਂ ਅਲੱਗ ਨਾ ਹੋਵੇ ।11ਪਰ ਜੇ ਉਹ ਅਲੱਗ ਹੋਵੇ ਵੀ ਤਾਂ ਅਣਵਿਆਹੀ ਰਹੇ ਜਾਂ ਆਪਣੇ ਪਤੀ ਨਾਲ ਸੁਲਾਹ ਕਰ ਲਵੇ ਅਤੇ ਪਤੀ ਆਪਣੀ ਪਤਨੀ ਨੂੰ ਨਾ ਤਿਆਗੇ ।
12ਪਰ ਰਹਿੰਦਿਆਂ ਨੂੰ ਪ੍ਰਭੂ ਤਾਂ ਨਹੀਂ ਸਗੋਂ ਮੈਂ ਹੀ ਕਹਿੰਦਾ ਹਾਂ, ਜੇ ਕਿਸੇ ਭਰਾ ਦੀ ਅਵਿਸ਼ਵਾਸੀ ਪਤਨੀ ਹੋਵੇ ਅਤੇ ਇਹ ਉਸ ਦੇ ਨਾਲ ਵੱਸਣ ਨੂੰ ਪਰਸੰਨ ਹੋਵੇ ਤਾਂ ਆਦਮੀ ਉਸ ਨੂੰ ਨਾ ਤਿਆਗੇ ।13ਅਤੇ ਜਿਹੜੀ ਪਤਨੀ ਦਾ ਅਵਿਸ਼ਵਾਸੀ ਪਤੀ ਹੋਵੇ ਅਤੇ ਇਹ ਉਸ ਦੇ ਨਾਲ ਰਹਿਣ ਨੂੰ ਪਰਸੰਨ ਹੋਵੇ ਤਾਂ ਉਹ ਆਪਣੇ ਪਤੀ ਨੂੰ ਨਾ ਤਿਆਗੇ ।14ਕਿਉਂ ਜੋ ਅਵਿਸ਼ਵਾਸੀ ਪਤੀ ਆਪਣੀ ਪਤਨੀ ਦੇ ਕਾਰਨ ਪਵਿੱਤਰ ਹੋਇਆ ਅਤੇ ਅਵਿਸ਼ਵਾਸੀ ਪਤਨੀ ਉਸ ਭਰਾ ਦੇ ਕਾਰਨ ਪਵਿੱਤਰ ਹੋਈ ਹੈ, ਨਹੀਂ ਤਾਂ ਤੁਹਾਡੇ ਬਾਲ ਬੱਚੇ ਅਸ਼ੁੱਧ ਹੁੰਦੇ ਪਰ ਹੁਣ ਤਾਂ ਪਵਿੱਤਰ ਹਨ ।
15ਪਰ ਜੇ ਉਹ ਅਵਿਸ਼ਵਾਸੀ ਅਲੱਗ ਹੋਵੇ ਤਾਂ ਅਲੱਗ ਹੋਣ ਦੇ ਅਜਿਹੇ ਹਾਲ ਵਿੱਚ ਕੋਈ ਭਰਾ ਜਾਂ ਭੈਣ ਬੰਧਨ ਵਿੱਚ ਨਹੀਂ ਹੈ, ਪਰ ਪਰਮੇਸ਼ੁਰ ਨੇ ਸਾਨੂੰ ਸੁਲਾਹ ਦੇ ਲਈ ਸੱਦਿਆ ਹੈ ।16ਹੇ ਪਤਨੀ, ਤੂੰ ਕਿਵੇਂ ਜਾਣਦੀ ਹੈਂ ਜੋ ਤੂੰ ਆਪਣੇ ਪਤੀ ਨੂੰ ਬਚਾ ਲਵੇਂਗੀ ? ਅਤੇ ਹੇ ਪਤੀ, ਤੂੰ ਕਿਵੇਂ ਜਾਣਦਾ ਹੈ ਜੋ ਤੂੰ ਆਪਣੀ ਪਤਨੀ ਨੂੰ ਬਚਾ ਲਵੇਂਗਾ ?
ਪਰਮੇਸ਼ੁਰ ਦੀ ਬੁਲਾਹਟ ਦੇ ਅਨੁਸਾਰ ਚੱਲੋ

17ਪਰ ਜਿਸ ਪ੍ਰਕਾਰ ਪ੍ਰਭੂ ਨੇ ਹਰੇਕ ਨੂੰ ਵੰਡਿਆ ਹੋਇਆ ਹੈ, ਅਤੇ ਜਿਸ ਪ੍ਰਕਾਰ ਪਰਮੇਸ਼ੁਰ ਨੇ ਹਰੇਕ ਨੂੰ ਸੱਦਿਆ ਹੈ ਉਹ ਉਸੇ ਪ੍ਰਕਾਰ ਚਾਲ ਚੱਲੇ ਅਤੇ ਮੈਂ ਸਾਰੀਆਂ ਕਲੀਸਿਯਾਂਵਾਂ ਵਿੱਚ ਅਜਿਹਾ ਹੀ ਠਹਿਰਾਉਂਦਾ ਹਾਂ ।18ਕੀ ਕੋਈ ਸੁੰਨਤੀ ਸੱਦਿਆ ਗਿਆ ? ਤਾਂ ਉਹ ਅਸੁੰਨਤੀ ਨਾ ਬਣੇ । ਕੀ ਕੋਈ ਅਸੁੰਨਤੀ ਸੱਦਿਆ ਗਿਆ ? ਤਾਂ ਉਹ ਦੀ ਸੁੰਨਤ ਨਾ ਕੀਤੀ ਜਾਵੇ ।19ਸੁੰਨਤ ਕੁੱਝ ਨਹੀਂ ਅਤੇ ਅਸੁੰਨਤ ਕੁੱਝ ਨਹੀਂ ਪਰੰਤੂ ਪਰਮੇਸ਼ੁਰ ਦੇ ਹੁਕਮ ਦੀ ਪਾਲਨਾ ਕਰਨੀ ਸੱਭੋ ਕੁੱਝ ਹੈ ।
20ਹਰ ਕੋਈ ਜਿਸ ਹਾਲ ਵਿੱਚ ਸੱਦਿਆ ਗਿਆ, ਉਸੇ ਵਿੱਚ ਬਣਿਆ ਰਹੇ ।21ਕੀ ਤੂੰ ਗੁਲਾਮ ਹੋ ਕੇ ਸੱਦਿਆ ਗਿਆ ? ਤਾਂ ਫੇਰ ਕੀ ਹੋਇਆ ? ਪਰ ਜੇ ਕਿਤੇ ਅਜ਼ਾਦ ਹੋ ਸਕੇ ਤਾਂ ਉਹ ਦਾ ਜਤਨ ਕਰ ।22ਕਿਉਂਕਿ ਜਿਹੜਾ ਗੁਲਾਮ ਹੋ ਕੇ ਪ੍ਰਭੂ ਵਿੱਚ ਸੱਦਿਆ ਗਿਆ, ਉਹ ਪ੍ਰਭੂ ਦਾ ਅਜ਼ਾਦ ਕੀਤਾ ਹੋਇਆ ਹੈ । ਇਸੇ ਤਰ੍ਹਾਂ ਜਿਹੜਾ ਅਜ਼ਾਦ ਹੋ ਕੇ ਸੱਦਿਆ ਗਿਆ ਉਹ ਮਸੀਹ ਦਾ ਗੁਲਾਮ ਹੈ ।23ਤੁਸੀਂ ਮੁੱਲ ਨਾਲ ਲਏ ਹੋਏ ਹੋ । ਮਨੁੱਖਾਂ ਦੇ ਗੁਲਾਮ ਨਾ ਬਣੋ ।24ਹੇ ਭਰਾਵੋ, ਹਰ ਕੋਈ ਜਿਸ ਹਾਲ ਵਿੱਚ ਸੱਦਿਆ ਗਿਆ ਉਸੇ ਵਿੱਚ ਪਰਮੇਸ਼ੁਰ ਦੇ ਅੱਗੇ ਠਹਿਰਿਆ ਰਹੇ ।
ਕੁਆਰੀਆਂ ਅਤੇ ਵਿਧਵਾਂ

25ਪਰ ਕੁਆਰੀਆਂ ਦੇ ਵਿਖੇ ਪ੍ਰਭੂ ਦੀ ਮੈਨੂੰ ਕੋਈ ਆਗਿਆ ਨਹੀਂ ਪਰ ਜਿਵੇਂ ਮੈਨੂੰ ਵਿਸ਼ਵਾਸਯੋਗ ਹੋਣ ਦੇ ਕਾਰਨ ਪ੍ਰਭੂ ਦੀ ਵੱਲੋਂ ਦਯਾ ਮਿਲੀ ਤਿਵੇਂ ਹੀ ਮੈਂ ਸਲਾਹ ਦਿੰਦਾ ਹਾਂ ।26ਸੋ ਮੈਨੂੰ ਇਹ ਚੰਗਾ ਲੱਗਦਾ ਹੈ ਕਿ ਵਰਤਮਾਨ ਕਸ਼ਟ ਦੇ ਕਾਰਨ ਮਨੁੱਖ ਲਈ ਇਹ ਭਲਾ ਹੈ ਭਈ ਉਹ ਉਵੇਂ ਹੀ ਰਹੇ ।
27ਕੀ ਤੂੰ ਪਤਨੀ ਨਾਲ ਬੰਨ੍ਹਿਆ ਹੋਇਆ ਹੈਂ ? ਤਾਂ ਛੁਟਕਾਰਾ ਨਾ ਲੱਭ । ਕੀ ਤੂੰ ਪਤਨੀ ਤੋਂ ਛੁੱਟਿਆ ਹੋਇਆ ਹੈਂ ? ਤਾਂ ਪਤਨੀ ਦੀ ਭਾਲ ਨਾ ਕਰ ।28ਪਰ ਜੇ ਤੂੰ ਵਿਆਹ ਕਰ ਲਵੇਂ ਤਾਂ ਪਾਪ ਨਹੀਂ ਕਰਦਾ ਅਤੇ ਜੇ ਕੁਆਰੀ ਵਿਆਹੀ ਜਾਵੇ ਤਾਂ ਉਹ ਪਾਪ ਨਹੀਂ ਕਰਦੀ, ਪਰ ਅਜਿਹੇ ਲੋਕ ਸਰੀਰ ਵਿੱਚ ਦੁੱਖ ਭੋਗਣਗੇ ਅਤੇ ਮੈਂ ਤੁਹਾਨੂੰ ਬਚਾਉਣਾ ਚਾਹੁੰਦਾ ਹਾਂ ।
29ਹੇ ਭਰਾਵੋ, ਮੈਂ ਇਹ ਆਖਦਾ ਹਾਂ ਜੋ ਸਮਾਂ ਘਟਾਇਆ ਗਿਆ ਹੈ, ਇਸ ਤੋਂ ਅੱਗੇ ਪਤਨੀ ਵਾਲੇ ਅਜਿਹੇ ਹੋਣ ਕਿ ਜਿਵੇਂ ਉਨ੍ਹਾਂ ਦੀਆਂ ਪਤਨੀਆਂ ਨਹੀਂ ਹਨ ।30ਅਤੇ ਰੋਣ ਵਾਲੇ ਅਜਿਹੇ ਹੋਣ ਕਿ ਉਹ ਨਹੀਂ ਰੋਂਦੇ ਅਤੇ ਅਨੰਦ ਕਰਨ ਵਾਲੇ ਅਜਿਹੇ ਕਿ ਉਹ ਅਨੰਦ ਨਹੀਂ ਕਰਦੇ ਅਤੇ ਮੁੱਲ ਲੈਣ ਵਾਲੇ ਕਿ ਉਨ੍ਹਾਂ ਦੇ ਕੋਲ ਮਾਲ ਨਹੀਂ ਹੈ ।31ਅਤੇ ਸੰਸਾਰ ਨੂੰ ਵਰਤਣ ਵਾਲੇ ਕਿ ਹੱਦੋਂ ਵੱਧਕੇ ਨਹੀਂ ਵਰਤਦੇ ਕਿਉਂ ਜੋ ਸੰਸਾਰ ਦਾ ਰੰਗ ਢੰਗ ਬੀਤਦਾ ਜਾਂਦਾ ਹੈ ।
32ਪਰ ਮੈਂ ਇਹ ਚਾਹੁੰਦਾ ਹਾਂ ਜੋ ਤੁਸੀਂ ਬੇਫ਼ਿਕਰ ਰਹੋ । ਅਣਵਿਆਹਿਆਂ ਆਦਮੀ ਪ੍ਰਭੂ ਦੀਆਂ ਗੱਲਾਂ ਦੀ ਚਿੰਤਾ ਕਰਦਾ ਹੈ ਕਿ ਉਹ ਪ੍ਰਭੂ ਨੂੰ ਕਿਵੇਂ ਪਰਸੰਨ ਕਰੇ ।33ਪਰ ਵਿਆਹਿਆ ਹੋਇਆ ਸੰਸਾਰ ਦੀਆਂ ਗੱਲਾਂ ਦੀ ਚਿੰਤਾ ਕਰਦਾ ਹੈ, ਜੋ ਆਪਣੀ ਪਤਨੀ ਨੂੰ ਕਿਵੇਂ ਪਰਸੰਨ ਕਰੇ ।34ਅਤੇ ਉਹ ਦੁਬਧਾ ਵਿੱਚ ਪਿਆ ਰਹਿੰਦਾ ਹੈ । ਅਣਵਿਆਹੀ ਔਰਤ ਜਾਂ ਕੁਆਰੀ ਪ੍ਰਭੂ ਦੀਆਂ ਗੱਲਾਂ ਦੀ ਚਿੰਤਾ ਕਰਦੀ ਹੈ ਭਈ ਉਹ ਦੇ ਅਤੇ ਆਤਮਾ ਵਿੱਚ ਪਵਿੱਤਰ ਹੋਵੇ, ਪਰ ਜਿਹੜੀ ਵਿਆਹੀ ਹੈ ਉਹ ਸੰਸਾਰ ਦੀਆਂ ਗੱਲਾਂ ਦੀ ਚਿੰਤਾ ਕਰਦੀ ਹੈ ਜੋ ਆਪਣੇ ਪਤੀ ਨੂੰ ਕਿਵੇਂ ਪਰਸੰਨ ਕਰੇ ।
35ਅਤੇ ਮੈਂ ਤੁਹਾਡੇ ਆਪਣੇ ਹੀ ਭਲੇ ਲਈ ਇਹ ਆਖਦਾ ਹਾਂ, ਨਾ ਇਸ ਲਈ ਜੋ ਤੁਹਾਡੇ ਉੱਤੇ ਬੰਦਿਸ਼ ਪਾਵਾਂ ਸਗੋਂ ਇਸ ਲਈ ਜੋ ਯੋਗ ਕੰਮ ਕੀਤਾ ਜਾਵੇ, ਨਾਲੇ ਤੁਸੀਂ ਬਿਨ੍ਹਾਂ ਘਬਰਾਏ ਪ੍ਰਭੂ ਦੀ ਸੇਵਾ ਵਿੱਚ ਲੱਗੇ ਰਹੋ ।
36ਪਰ ਜੇ ਕੋਈ ਇਹ ਸਮਝੇ ਭਈ ਮੇਰਾ ਵਰਤਾਉ ਆਪਣੀ ਕੁਆਰੀ ਨਾਲ ਅਯੋਗ ਹੈ ਜੇ ਇਹ ਆਪਣੀ ਜੁਆਨੀ ਦੀ ਉਮਰੋਂ ਲੰਘ ਗਈ ਹੋਵੇ ਅਤੇ ਅਜਿਹਾ ਹੀ ਹੋਣਾ ਲੋੜੀਂਦਾ ਹੋਵੇ ਤਾਂ ਜੋ ਚਾਹੁੰਦਾ ਹੈ ਸੋ ਕਰ ਲਵੇ, ਉਹ ਪਾਪ ਨਹੀਂ ਕਰਦਾ । ਉਹ ਵਿਆਹ ਕਰ ਲੈਣ ।37ਪਰ ਜੇ ਕੋਈ ਆਪਣੇ ਮਨ ਵਿੱਚ ਪੱਕਾ ਰਹੇ ਜਿਸ ਨੂੰ ਕੋਈ ਲੋੜ ਨਹੀਂ ਹੈ ਸਗੋਂ ਉਹ ਆਪ ਆਪਣੀ ਇੱਛਾ ਦਾ ਮਾਲਕ ਹੈ ਅਤੇ ਉਹ ਨੇ ਆਪਣੇ ਮਨ ਵਿੱਚ ਇਹ ਪੱਕਾ ਕਰ ਲਿਆ ਹੋਵੇ ਭਈ ਮੈਂ ਉਹ ਨੂੰ ਆਪਣੀ ਕੁਆਰੀ ਰੱਖਾਂਗਾ ਤਾਂ ਉਹ ਚੰਗਾ ਕਰੇਗਾ ।38ਗੱਲ ਕਾਹਦੀ ਜਿਹੜਾ ਆਪਣੀ ਕੁਆਰੀ ਦਾ ਵਿਆਹ ਕਰਦਾ ਹੈ ਉਹ ਚੰਗਾ ਕਰਦਾ ਹੈ ਅਤੇ ਜਿਹੜਾ ਵਿਆਹ ਨਹੀਂ ਕਰਦਾ ਉਹ ਵਧੇਰੇ ਚੰਗਾ ਕਰੇਗਾ ।

39ਜਿੰਨਾਂ ਚਿਰ ਉਹ ਦਾ ਪਤੀ ਜਿਉਂਦਾ ਰਹੇ ਉਨ੍ਹਾਂ ਚਿਰ ਬੰਧਨ ਵਿੱਚ ਹੈ ਪਰ ਜੇ ਉਹ ਦਾ ਪਤੀ ਮਰ ਜਾਵੇ ਤਾਂ ਉਹ ਅਜ਼ਾਦ ਹੈ, ਜਿਸ ਦੇ ਨਾਲ ਚਾਹੇ ਵਿਆਹੀ ਜਾਵੇ ਪਰ ਕੇਵਲ ਪ੍ਰਭੂ ਵਿੱਚ ।40ਪਰ ਜੇਕਰ ਉਹ ਐਂਵੇਂ ਹੀ ਰਹੇ ਤਾਂ ਮੇਰੀ ਜਾਂਚ ਵਿੱਚ ਹੋਰ ਵੀ ਭਲੀ ਹੈ ਅਤੇ ਮੈਂ ਸਮਝਦਾ ਹਾਂ ਕਿ ਪਰਮੇਸ਼ੁਰ ਦਾ ਆਤਮਾ ਮੇਰੇ ਵਿੱਚ ਵੀ ਹੈ ।

8
ਮੂਰਤੀਆਂ ਦੀਆਂ ਭੇਟਾਂ ਦੇ ਖਾਣ ਦੇ ਵਿਖੇ

1ਮੂਰਤੀਆਂ ਦੇ ਚੜ੍ਹਾਵੇ ਦੇ ਬਾਰੇ ਅਸੀਂ ਇਹ ਜਾਣਦੇ ਹਾਂ ਜੋ ਸਾਨੂੰ ਸਭਨਾਂ ਨੂੰ ਗਿਆਨ ਹੈ । ਗਿਆਨ ਫੁਲਾਉਂਦਾ ਪਰ ਪਿਆਰ ਬਣਾਉਂਦਾ ਹੈ ।2ਜੇ ਕੋਈ ਆਪਣੇ ਭਾਣੇ ਕੁੱਝ ਜਾਣਦਾ ਹੋਵੇ ਤਾਂ ਜਿਵੇਂ ਜਾਣਨਾ ਚਾਹੀਦਾ ਹੈ ਤਿਵੇਂ ਅਜੇ ਨਹੀਂ ਜਾਣਦਾ ।3ਪਰ ਜੇ ਕੋਈ ਪਰਮੇਸ਼ੁਰ ਨਾਲ ਪਿਆਰ ਰੱਖੇ ਤਾਂ ਉਹ ਉਸ ਤੋਂ ਜਾਣਿਆ ਜਾਂਦਾ ਹੈ ।

4ਸੋ ਮੂਰਤੀਆਂ ਦੇ ਚੜ੍ਹਾਵੇ ਦੇ ਖਾਣ ਵਿਖੇ ਅਸੀਂ ਜਾਣਦੇ ਹਾਂ ਜੋ ਮੂਰਤੀ ਜਗਤ ਵਿੱਚ ਕੁੱਝ ਨਹੀਂ ਅਤੇ ਇੱਕ ਪਰਮੇਸ਼ੁਰ ਤੋਂ ਇਲਾਵਾ ਦੂਜਾ ਕੋਈ ਨਹੀਂ ।5ਭਾਵੇਂ ਕਿੰਨੇ ਹੀ ਹਨ, ਕੀ ਸਵਰਗ ਵਿੱਚ ਕੀ ਧਰਤੀ ਉੱਤੇ ਜਿਹੜੇ ਦੇਵਤੇ ਕਰਕੇ ਸਦਾਉਂਦੇ ਹਨ, ਬਹੁਤ ਸਾਰੇ ਦੇਵਤੇ ਅਤੇ ਬਹੁਤ ਸਾਰੇ ਸੁਆਮੀ ਹਨ ।6ਪਰ ਸਾਡੇ ਲਈ ਇੱਕ ਪਰਮੇਸ਼ੁਰ ਹੈ ਜੋ ਪਿਤਾ ਹੈ ਜਿਸ ਤੋਂ ਸਭ ਕੁੱਝ ਰਚਿਆ ਗਿਆ ਹੈ ਅਤੇ ਅਸੀਂ ਉਹ ਦੇ ਲਈ ਹਾਂ, ਅਤੇ ਇੱਕੋ ਪ੍ਰਭੂ ਹੈ ਜੋ ਯਿਸੂ ਮਸੀਹ ਹੈ ਜਿਹ ਦੇ ਰਾਹੀਂ ਸਭ ਕੁੱਝ ਰਚਿਆ ਅਤੇ ਅਸੀਂ ਵੀ ।
7ਪਰ ਸਭ ਨੂੰ ਇਹ ਗਿਆਨ ਨਹੀਂ ਸਗੋਂ ਕਈ ਜਿਹੜੇ ਹੁਣ ਤੱਕ ਮੂਰਤੀ ਨਾਲ ਗਿੱਝੇ ਹੋਏ ਹਨ ਉਹ ਨੂੰ ਮੂਰਤੀ ਦੇ ਚੜ੍ਹਾਵੇ ਦਾ ਮਾਸ ਕਰਕੇ ਖਾ ਲੈਂਦੇ ਹਨ ਅਤੇ ਉਨ੍ਹਾਂ ਦਾ ਵਿਵੇਕ ਕਮਜ਼ੋਰ ਹੋ ਕੇ ਮੈਲ਼ਾ ਹੋ ਜਾਂਦਾ ਹੈ ।
8ਪਰ ਭੋਜਨ ਸਾਨੂੰ ਪਰਮੇਸ਼ੁਰ ਅੱਗੇ ਨਹੀਂ ਸਲਾਹੇਗਾ । ਜੇ ਨਾ ਖਾਈਏ ਸਾਨੂੰ ਕੁੱਝ ਘਾਟਾ ਨਹੀਂ ਅਤੇ ਜੇ ਖਾਈਏ ਤਾਂ ਕੁੱਝ ਵਾਧਾ ਨਹੀਂ ।9ਪਰ ਸੁਚੇਤ ਰਹੋ ਭਈ ਤੁਹਾਡਾ ਇਹ ਹੱਕ ਕਿਤੇ ਕਮਜ਼ੋਰਾਂ ਲਈ ਠੋਕਰ ਲਾਉਣ ਦਾ ਕਾਰਨ ਨਾ ਹੋਵੇ ।10ਕਿਉਂਕਿ ਜੇ ਕੋਈ ਤੈਨੂੰ ਜਿਹੜਾ ਗਿਆਨ ਰੱਖਦਾ ਹੈਂ ਮੂਰਤੀ ਦੇ ਮੰਦਿਰ ਵਿੱਚ ਬੈਠਿਆਂ ਖਾਂਦੇ ਵੇਖੇ ਤਾਂ ਜੇ ਉਹ ਵਿਸ਼ਵਾਸ ਵਿੱਚ ਕਮਜ਼ੋਰ ਹੈ ਕੀ ਉਹ ਦਾ ਵਿਵੇਕ ਮੂਰਤੀਆਂ ਦੇ ਚੜ੍ਹਾਵੇ ਦੇ ਖਾਣ ਨੂੰ ਦਲੇਰ ਨਹੀਂ ਹੋਵੇਗਾ ?
11ਸੋ ਤੇਰੇ ਗਿਆਨ ਦੇ ਕਾਰਨ ਉਹ ਜੋ ਕਮਜ਼ੋਰ ਹੈ ਨਾਸ ਹੁੰਦਾ ਅਰਥਾਤ ਉਹ ਜਿਹ ਦੇ ਲਈ ਮਸੀਹ ਮਰਿਆ ।12ਅਤੇ ਇਸ ਤਰ੍ਹਾਂ ਭਰਾਵਾਂ ਦੇ ਪ੍ਰਤੀ ਪਾਪ ਕਰ ਕੇ ਅਤੇ ਉਨ੍ਹਾਂ ਦੇ ਵਿਵੇਕ ਨੂੰ ਜਦੋਂ ਉਹ ਕਮਜ਼ੋਰ ਹੈ, ਤੁਸੀਂ ਮਸੀਹ ਦਾ ਪਾਪ ਕਰਦੇ ਹੋ ।13ਇਸੇ ਕਰਕੇ ਜੇ ਭੋਜਨ ਮੇਰੇ ਭਰਾ ਨੂੰ ਠੋਕਰ ਖੁਆਵੇ ਤਾਂ ਮੈਂ ਅੰਤ ਸਮੇਂ ਤੱਕ ਕਦੇ ਵੀ ਮੂਰਤੀਆਂ ਦਾ ਭੋਜਨ ਨਹੀਂ ਖਾਵਾਂਗਾ ਤਾਂ ਐਉਂ ਨਾ ਹੋਵੇ ਜੋ ਮੈਂ ਆਪਣੇ ਭਰਾ ਨੂੰ ਠੋਕਰ ਖੁਆਵਾਂ ।

9
ਰਸੂਲ ਦੇ ਅਧਿਕਾਰ

1ਕੀ ਮੈਂ ਅਜ਼ਾਦ ਨਹੀਂ ? ਕੀ ਮੈਂ ਰਸੂਲ ਨਹੀਂ ? ਕੀ ਮੈਂ ਯਿਸੂ ਸਾਡੇ ਪ੍ਰਭੂ ਨੂੰ ਨਹੀਂ ਵੇਖਿਆ ? ਕੀ ਤੁਸੀਂ ਪ੍ਰਭੂ ਵਿੱਚ ਮੇਰਾ ਕੰਮ ਨਹੀਂ ਹੋ ?2ਭਾਵੇਂ ਮੈਂ ਹੋਰਨਾਂ ਲਈ ਰਸੂਲ ਨਹੀਂ, ਪਰ ਤੁਹਾਡੇ ਲਈ ਤਾਂ ਹਾਂ ਕਿਉਂ ਜੋ ਤੁਸੀਂ ਪ੍ਰਭੂ ਦੇ ਵਿੱਚ ਮੇਰੀ ਰਸੂਲਗੀ ਦੀ ਮੋਹਰ ਹੋ ।

3ਉਨ੍ਹਾਂ ਨੂੰ ਜਿਹੜੇ ਮੇਰੀ ਜਾਂਚ ਕਰਦੇ ਹਨ, ਇਹੋ ਮੇਰਾ ਉੱਤਰ ਹੈ ।4ਭਲਾ, ਸਾਨੂੰ ਖਾਣ-ਪੀਣ ਦਾ ਹੱਕ ਨਹੀਂ ?5ਭਲਾ, ਸਾਨੂੰ ਅਧਿਕਾਰ ਨਹੀਂ ਜੋ ਕਿਸੇ ਮਸੀਹੀ ਭੈਣ ਨਾਲ ਵਿਆਹ ਕਰਕੇ ਨਾਲ ਲਈ ਫਿਰੀਏ, ਜਿਵੇਂ ਹੋਰ ਰਸੂਲ ਅਤੇ ਪ੍ਰਭੂ ਦੇ ਭਰਾ ਅਤੇ ਕੈਫ਼ਾਸ ਕਰਦੇ ਹਨ ?6ਅਥਵਾ ਕੀ ਸਿਰਫ਼ ਮੈਨੂੰ ਅਤੇ ਬਰਨਬਾਸ ਨੂੰ ਹੀ ਹੱਕ ਨਹੀਂ ਕਿ ਮਿਹਨਤ ਕਰਨੀ ਛੱਡ ਦੇਈਏ ?
7ਆਪਣੇ ਕੋਲੋਂ ਕੌਣ ਖ਼ਰਚ ਕਰਕੇ ਫੌਜ ਦੀ ਨੌਕਰੀ ਕਰਦਾ ਹੈ ? ਕੌਣ ਅੰਗੂਰੀ ਬਾਗ ਲਾ ਕੇ ਉਹ ਦਾ ਫਲ ਨਹੀਂ ਖਾਂਦਾ ਅਥਵਾ ਕੌਣ ਇੱਜੜ ਦੀ ਪਾਲਨਾ ਕਰ ਕੇ ਇੱਜੜ ਦਾ ਕੁੱਝ ਦੁੱਧ ਨਹੀਂ ਪੀਂਦਾ ?8ਕੀ ਮੈਂ ਲੋਕਾਂ ਵਾਂਗੂੰ ਇਹ ਗੱਲਾਂ ਆਖਦਾ ਹਾਂ ਅਥਵਾ ਕੀ ਬਿਵਸਥਾ ਵੀ ਇਹੋ ਨਹੀਂ ਕਹਿੰਦੀ ?
9ਕਿਉਂ ਜੋ ਮੂਸਾ ਦੀ ਬਿਵਸਥਾ ਵਿੱਚ ਇਹ ਲਿਖਿਆ ਹੋਇਆ ਹੈ, ਜੋ ਤੂੰ ਗਾਹੁੰਦੇ ਬਲਦ ਦੇ ਮੂੰਹ ਨੂੰ ਛਿੱਕਲੀ ਨਾ ਚਾੜ੍ਹ । ਕੀ ਪਰਮੇਸ਼ੁਰ ਬਲ਼ਦਾਂ ਦੀ ਹੀ ਚਿੰਤਾ ਕਰਦਾ ਹੈ ?10ਅਥਵਾ ਉਹ ਸਾਡੇ ਲਈ ਹੀ ਇਹ ਆਖਦਾ ਹੈ ? ਖ਼ਾਸ ਕਰਕੇ ਸਾਡੇ ਲਈ ਇਹ ਲਿਖਿਆ ਗਿਆ ਸੀ ਕਿਉਂਕਿ ਚਾਹੀਦਾ ਹੈ ਕਿ ਜਿਹੜਾ ਵਾਹੀ ਕਰਦਾ ਹੈ ਉਹ ਆਸ ਨਾਲ ਵਾਹੀ ਕਰੇ ਅਤੇ ਜਿਹੜਾ ਗਾਹੁੰਦਾ ਹੈ ਉਹ ਹਿੱਸਾ ਲੈਣ ਦੀ ਆਸ ਨਾਲ ਗਾਹੇ ।11ਜੇ ਅਸੀਂ ਤੁਹਾਡੇ ਲਈ ਆਤਮਕ ਪਦਾਰਥ ਬੀਜੇ ਤਾਂ ਕੀ ਇਹ ਕੋਈ ਵੱਡੀ ਗੱਲ ਹੈ ਜੋ ਅਸੀਂ ਤੁਹਾਡੇ ਸਰੀਰਕ ਪਦਾਰਥ ਵੱਢੀਏ ?
12ਜੇ ਹੋਰਨਾਂ ਲੋਕਾਂ ਨੂੰ ਤੁਹਾਡੇ ਉੱਤੇ ਇਹ ਹੱਕ ਹੈ ਤਾਂ ਕੀ ਸਾਨੂੰ ਇਸ ਤੋਂ ਵੱਧ ਕੇ ਨਹੀਂ ? ਪਰ ਅਸੀਂ ਆਪਣੇ ਇਸ ਅਧਿਕਾਰ ਨੂੰ ਵਰਤਿਆ ਨਹੀਂ ਪਰੰਤੂ ਸਭ ਕੁੱਝ ਝੱਲ ਲੈਂਦੇ ਹਾਂ ਤਾਂ ਜੋ ਅਸੀਂ ਮਸੀਹ ਦੀ ਖੁਸ਼ਖਬਰੀ ਵਿੱਚ ਕੋਈ ਰੁਕਾਵਟ ਨਾ ਪਾਈਏ ।13ਕੀ ਤੁਸੀਂ ਇਹ ਨਹੀਂ ਜਾਣਦੇ, ਜਿਹੜੇ ਪਵਿੱਤਰ ਸੇਵਾ ਕਰਦੇ ਹਨ ਉਹ ਹੈਕਲ ਦੇ ਚੜ੍ਹਾਵੇ ਵਿੱਚੋਂ ਹੀ ਖਾਂਦੇ ਹਨ ਅਤੇ ਜਿਹੜੇ ਜਗਵੇਦੀ ਦੀ ਸੇਵਾ ਕਰਦੇ ਹਨ ਉਹ ਜਗਵੇਦੀ ਵਿੱਚ ਹਿੱਸੇਦਾਰ ਹਨ ।14ਇਸੇ ਪ੍ਰਕਾਰ ਪ੍ਰਭੂ ਨੇ ਖੁਸ਼ਖਬਰੀ ਦੇ ਪ੍ਰਚਾਰਕਾਂ ਲਈ ਵੀ ਇਹ ਠਹਿਰਾਇਆ ਹੈ, ਜੋ ਉਹ ਖੁਸ਼ਖਬਰੀ ਤੋਂ ਹੀ ਗੁਜ਼ਾਰਾ ਕਰਨ ।
15ਪਰ ਮੈਂ ਇਨ੍ਹਾਂ ਰੀਤਾਂ ਵਿੱਚੋਂ ਕਿਸੇ ਨੂੰ ਵਰਤਿਆ ਨਹੀਂ ਅਤੇ ਮੈਂ ਇਹ ਗੱਲਾਂ ਇਸ ਕਰਕੇ ਨਹੀਂ ਲਿਖੀਆਂ ਜੋ ਮੇਰੇ ਲਈ ਇਉਂ ਹੋਵੇ ਕਿਉਂ ਜੋ ਮੇਰੇ ਲਈ ਇਸ ਨਾਲੋਂ ਮਰਨਾ ਹੀ ਚੰਗਾ ਹੈ ਜੋ ਮੇਰੇ ਇਸ ਘਮੰਡ ਨੂੰ ਕੋਈ ਵਿਅਰਥ ਕਰੇ ।16ਭਾਵੇਂ ਮੈਂ ਖੁਸ਼ਖਬਰੀ ਸੁਣਾਵਾਂ ਤਾਂ ਵੀ ਮੇਰਾ ਕੋਈ ਘਮੰਡ ਨਹੀਂ ਇਸ ਕਰਕੇ ਜੋ ਇਹ ਤਾਂ ਮੇਰੇ ਲਈ ਜ਼ਰੂਰੀ ਹੈ । ਹਾਏ ਮੇਰੇ ਉੱਤੇ ਜੇ ਮੈਂ ਖੁਸ਼ਖਬਰੀ ਨਾ ਸੁਣਾਵਾਂ !
17ਇਸ ਲਈ ਕੀ ਜੇ ਮੈਂ ਇਹ ਕੰਮ ਆਪਣੀ ਹੀ ਮਰਜ਼ੀ ਨਾਲ ਕਰਦਾ ਹਾਂ ਤਾਂ ਮੇਰੇ ਲਈ ਫਲ ਹੈ ਪਰ ਜੇ ਆਪਣੀ ਮਰਜ਼ੀ ਤੋਂ ਬਿਨ੍ਹਾਂ ਤਾਂ ਭੰਡਾਰੀਪਣ ਮੈਨੂੰ ਸੌਂਪਿਆ ਗਿਆ ਹੈ ।18ਤਾਂ ਮੇਰੇ ਲਈ ਕੀ ਫਲ ਹੈ ? ਇਹ, ਕਿ ਜਦ ਮੈਂ ਖੁਸ਼ਖਬਰੀ ਸੁਣਾਵਾਂ ਤਾਂ ਖੁਸ਼ਖਬਰੀ ਨੂੰ ਮੁਫ਼ਤ ਰੱਖਾਂ ਤਾਂ ਜੋ ਖੁਸ਼ਖਬਰੀ ਵਿੱਚ ਜੋ ਮੇਰਾ ਹੱਕ ਹੈ ਮੈਂ ਉਹ ਨੂੰ ਪੂਰਾ ਨਾ ਕਰਾਂ ।
ਪੌਲੁਸ ਦਾ ਆਪਣੀ ਆਜ਼ਾਦੀ ਦਾ ਇਸਤੇਮਾਲ ਕਰਨਾ

19ਭਾਵੇਂ ਮੈਂ ਸਭਨਾਂ ਤੋਂ ਅਜ਼ਾਦ ਸੀ ਤਾਂ ਵੀ ਆਪਣੇ ਆਪ ਨੂੰ ਸਭਨਾਂ ਦਾ ਦਾਸ ਕੀਤਾ ਤਾਂ ਜੋ ਮੈਂ ਬਹੁਤਿਆਂ ਨੂੰ ਪ੍ਰਭੂ ਵੱਲ ਖਿੱਚ ਲਿਆਵਾਂ ।20ਅਤੇ ਯਹੂਦੀਆਂ ਲਈ ਮੈਂ ਯਹੂਦੀ ਜਿਹਾ ਬਣਿਆ ਤਾਂ ਜੋ ਯਹੂਦੀ ਨੂੰ ਖਿੱਚ ਲਿਆਵਾਂ ਅਤੇ ਭਾਵੇਂ ਆਪ ਬਿਵਸਥਾ ਅਧੀਨ ਨਹੀਂ ਹਾਂ ਤਾਂ ਵੀ ਬਿਵਸਥਾ ਅਧੀਨਾਂ ਲਈ ਮੈਂ ਅਧੀਨ ਜਿਹਾ ਬਣਿਆ ਤਾਂ ਜੋ ਮੈਂ ਬਿਵਸਥਾ ਅਧੀਨਾਂ ਨੂੰ ਖਿੱਚ ਲਿਆਵਾਂ ।
21ਮੈਂ ਜੋ ਪਰਮੇਸ਼ੁਰ ਦੇ ਭਾਣੇ ਬਿਵਸਥਾ ਹੀਣ ਨਹੀਂ ਹਾਂ ਸਗੋਂ ਮਸੀਹ ਦੇ ਭਾਣੇ ਬਿਵਸਥਾ ਅਧੀਨ ਹਾਂ ਬਿਵਸਥਾ ਹੀਣਾਂ ਲਈ ਮੈਂ ਬਿਵਸਥਾ ਹੀਣ ਜਿਹਾ ਬਣਿਆ ਤਾਂ ਜੋ ਮੈਂ ਬਿਵਸਥਾ ਹੀਣਾਂ ਨੂੰ ਖਿੱਚ ਲਿਆਵਾਂ ।22ਮੈਂ ਕਮਜ਼ੋਰਾਂ ਲਈ ਕਮਜ਼ੋਰ ਬਣਿਆ ਤਾਂ ਜੋ ਕਮਜ਼ੋਰਾਂ ਨੂੰ ਖਿੱਚ ਲਿਆਵਾਂ । ਮੈਂ ਸਭਨਾਂ ਲਈ ਸਭ ਕੁੱਝ ਬਣਿਆ ਹਾਂ ਤਾਂ ਜੋ ਮੈਂ ਹਰ ਤਰ੍ਹਾਂ ਨਾਲ ਕਈਆਂ ਨੂੰ ਬਚਾਵਾਂ ।23ਅਤੇ ਮੈਂ ਸਭ ਕੁੱਝ ਖੁਸ਼ਖਬਰੀ ਦੇ ਨਮਿੱਤ ਕਰਦਾ ਹਾਂ ਤਾਂ ਜੋ ਮੈਂ ਹੋਰਨਾਂ ਨਾਲ ਰਲ ਕੇ ਉਸ ਵਿੱਚ ਸਾਂਝੀ ਹੋ ਜਾਂਵਾਂ ।
ਮਸੀਹੀ ਦੌੜ

24ਕੀ ਤੁਸੀਂ ਇਹ ਨਹੀਂ ਜਾਣਦੇ ਕਿ ਦੌੜ ਵਿੱਚ ਜਿਹੜੇ ਦੌੜਦੇ ਹਨ ਤਾਂ ਸਭ ਦੌੜਦੇ ਹਨ ਪਰ ਇਨਾਮ ਇੱਕੋ ਲੈ ਜਾਂਦਾ ਹੈ ? ਇਉਂ ਤੁਸੀਂ ਵੀ ਦੌੜੋ ਤਾਂ ਜੋ ਤੁਸੀਂ ਹੀ ਇਨਾਮ ਲੈ ਜਾਓ ।25ਹਰੇਕ ਪਹਿਲਵਾਨ ਸਭਨੀਂ ਗੱਲੀਂ ਸੰਜਮੀ ਹੁੰਦਾ ਹੈ । ਸੋ ਉਹ ਤਾਂ ਨਾਸਵਾਨ ਇਨਾਮ ਨੂੰ, ਪਰ ਅਸੀਂ ਅਵਿਨਾਸ਼ੀ ਇਨਾਮ ਨੂੰ ਲੈਣ ਲਈ ਇਹ ਕਰਦੇ ਹਾਂ ।26ਸੋ ਮੈਂ ਆਪਣੇ ਨਿਸ਼ਾਨੇ ਦੇ ਵੱਲ ਦੌੜਦਾ ਹਾਂ, ਮੈਂ ਅਜਿਹਾ ਨਹੀਂ ਲੜਦਾ ਜਿਵੇਂ ਹਵਾ ਵਿੱਚ ਮੁੱਕੇ ਮਾਰਦਾ ਹੋਵੇ ।27ਸਗੋਂ ਆਪਣੇ ਸਰੀਰ ਨੂੰ ਮਾਰਦਾ ਕੁੱਟਦਾ ਅਤੇ ਉਹ ਨੂੰ ਆਪਣੇ ਵੱਸ ਵਿੱਚ ਲਿਆਉਂਦਾ ਹਾਂ ਭਈ ਅਜਿਹਾ ਨਾ ਹੋਵੇ ਜੋ ਕਿਤੇ ਮੈਂ ਹੋਰਨਾਂ ਨੂੰ ਉਪਦੇਸ਼ ਕਰ ਕੇ ਆਪ ਪਰਮੇਸ਼ੁਰ ਅੱਗੇ ਨਿਕੰਮਾ ਹੋ ਜਾਂਵਾਂ ।

10
ਇਸਰਾਏਲ ਦੇ ਇਤਿਹਾਸ ਤੋਂ ਚਿਤਾਵਨੀ

1ਹੇ ਭਰਾਵੋ, ਮੈਂ ਨਹੀਂ ਚਾਹੁੰਦਾ ਜੋ ਤੁਸੀਂ ਇਸ ਤੋਂ ਅਣਜਾਣ ਰਹੋ ਕਿ ਸਾਡੇ ਪਿਉ-ਦਾਦੇ ਬੱਦਲ ਦੇ ਹੇਠ ਸਨ ਅਤੇ ਉਹ ਸਾਰੇ ਸਮੁੰਦਰ ਦੇ ਵਿੱਚੋਂ ਦੀ ਲੰਘ ਗਏ ।2ਅਤੇ ਸਭਨਾਂ ਨੂੰ ਉਸ ਬੱਦਲ ਅਤੇ ਉਸ ਸਮੁੰਦਰ ਵਿੱਚ ਮੂਸਾ ਦਾ ਬਪਤਿਸਮਾ ਮਿਲਿਆ ।3ਸਭਨਾਂ ਨੇ ਇੱਕੋ ਆਤਮਕ ਭੋਜਨ ਖਾਧਾ ।4ਅਤੇ ਸਭਨਾਂ ਨੇ ਇੱਕੋ ਆਤਮਕ ਜਲ ਪੀਤਾ ਕਿਉਂ ਜੋ ਉਹਨਾਂ ਨੇ ਉਸ ਆਤਮਕ ਚੱਟਾਨ ਤੋਂ ਜਲ ਪੀਤਾ, ਜਿਹੜਾ ਉਹਨਾਂ ਦੇ ਮਗਰ ਮਗਰ ਚੱਲਦਾ ਸੀ ਅਤੇ ਉਹ ਚੱਟਾਨ ਮਸੀਹ ਸੀ ।

5ਪਰੰਤੂ ਪਰਮੇਸ਼ੁਰ ਉਹਨਾਂ ਵਿੱਚੋਂ ਬਹੁਤਿਆਂ ਨਾਲ ਖੁਸ਼ ਨਹੀਂ ਸੀ, ਇਸ ਲਈ ਉਹ ਉਜਾੜ ਵਿੱਚ ਹੀ ਮਰ ਗਏ ।6ਅਤੇ ਇਹ ਗੱਲਾਂ ਸਾਡੇ ਲਈ ਨਸੀਹਤ ਬਣੀਆਂ ਕਿ ਅਸੀਂ ਮਾੜੀਆਂ ਗੱਲਾਂ ਦੀਆਂ ਕਾਮਨਾਂ ਨਾ ਕਰੀਏ ਜਿਵੇਂ ਉਹਨਾਂ ਨੇ ਕੀਤੀਆਂ ਸਨ ।
7ਅਤੇ ਤੁਸੀਂ ਮੂਰਤੀ ਪੂਜਕ ਨਾ ਹੋਵੇ ਜਿਵੇਂ ਉਹਨਾਂ ਵਿੱਚੋਂ ਕਈ ਬਣ ਗਏ ਸਨ । ਜਿਸ ਪ੍ਰਕਾਰ ਲਿਖਿਆ ਹੋਇਆ ਹੈ “ਜੋ ਉਹ ਲੋਕ ਖਾਣ-ਪੀਣ ਬੈਠੇ ਅਤੇ ਹੱਸਣ ਖੇਡਣ ਨੂੰ ਉੱਠੇ ।”8ਅਤੇ ਅਸੀਂ ਹਰਾਮਕਾਰੀ ਨਾ ਕਰੀਏ ਜਿਵੇਂ ਉਹਨਾਂ ਨੇ ਕੀਤੀ ਅਤੇ ਇੱਕੋ ਦਿਨ ਵਿੱਚ ਤੇਈ ਹਜ਼ਾਰ ਮਰ ਗਏ ।
9ਅਤੇ ਅਸੀਂ ਪ੍ਰਭੂ ਨੂੰ ਨਾ ਪਰਤਾਈਏ ਜਿਵੇਂ ਉਹਨਾਂ ਨੇ ਪਰਤਾਇਆ ਸੀ ਅਤੇ ਸੱਪਾਂ ਤੋਂ ਨਾਸ ਹੋਏ ।10ਅਤੇ ਤੁਸੀਂ ਬੁੜ-ਬੁੜ ਵੀ ਨਾ ਕਰੋ ਜਿਵੇਂ ਉਹਨਾਂ ਵਿੱਚੋਂ ਕਈਆਂ ਨੇ ਬੁੜ-ਬੁੜ ਕੀਤੀ ਅਤੇ ਮੌਤ ਦੇ ਦੂਤ ਦੁਆਰਾ ਨਸ਼ਟ ਕੀਤੇ ਗਏ ।
11ਇਹ ਗੱਲਾਂ ਉਹਨਾਂ ਉੱਤੇ ਨਸੀਹਤ ਦੇ ਲਈ ਵਾਪਰੀਆਂ ਅਤੇ ਸਾਨੂੰ ਮੱਤ ਦੇਣ ਲਈ ਲਿਖੀਆਂ ਹੋਈਆਂ ਹਨ, ਅਸੀਂ ਸੰਸਾਰ ਦੇ ਅੰਤ ਵਿੱਚ ਰਹਿ ਰਹੇ ਹਾਂ ।12ਗੱਲ ਇਹ ਹੈ ਜੋ ਕੋਈ ਆਪਣੇ ਆਪ ਨੂੰ ਮਜ਼ਬੂਤ ਸਮਝਦਾ ਹੈ, ਸੋ ਸੁਚੇਤ ਰਹੇ ਜੋ ਉਹ ਕਿਤੇ ਡਿੱਗ ਨਾ ਪਵੇ ।13ਤੁਹਾਡੇ ਉੱਤੇ ਇਹੋ ਜਿਹਾ ਕੋਈ ਪਰਤਾਵਾ ਨਹੀਂ ਪਿਆ ਜੋ ਮਨੁੱਖ ਤੋਂ ਨਹੀਂ ਝੱਲਿਆ ਜਾਂਦਾ, ਪਰੰਤੂ ਪਰਮੇਸ਼ੁਰ ਵਫ਼ਾਦਾਰ ਹੈ ਜੋ ਤੁਹਾਡੀ ਸ਼ਕਤੀਓਂ ਬਾਹਰ ਤੁਹਾਨੂੰ ਪਰਤਾਵੇ ਵਿੱਚ ਨਹੀਂ ਪੈਣ ਦੇਵੇਗਾ ਸਗੋਂ ਪਰਤਾਵੇ ਦੇ ਨਾਲ ਹੀ ਬਚ ਜਾਣ ਦਾ ਰਸਤਾ ਵੀ ਕੱਢ ਦੇਵੇਗਾ ਤਾਂ ਜੋ ਤੁਸੀਂ ਸਹਿ ਸਕੋ ।
ਮੂਰਤੀਆਂ ਦੇ ਚੜਾਵੇ ਅਤੇ ਪ੍ਰਭੂ ਭੋਜ

14ਇਸ ਕਰਕੇ ਮੇਰੇ ਪਿਆਰਿਓ, ਤੁਸੀਂ ਮੂਰਤੀ ਪੂਜਾ ਤੋਂ ਦੂਰ ਰਹੋ ।15ਮੈਂ ਤੁਹਾਨੂੰ ਬੁੱਧਵਾਨ ਸਮਝ ਕੇ ਤੁਹਾਡੇ ਨਾਲ ਬੋਲਦਾ ਹਾਂ । ਜੋ ਮੈਂ ਆਖਦਾ ਹਾਂ ਸੋ ਤੁਸੀਂ ਉਹ ਦੀ ਜਾਂਚ ਕਰੋ ।16ਉਹ ਬਰਕਤ ਦਾ ਪਿਆਲਾ ਜਿਹ ਦੇ ਉੱਤੇ ਅਸੀਂ ਬਰਕਤ ਮੰਗਦੇ ਹਾਂ ਕੀ ਉਹ ਮਸੀਹ ਦੇ ਲਹੂ ਵਿੱਚ ਸਾਂਝ ਨਹੀਂ ? ਉਹ ਰੋਟੀ ਜਿਸ ਨੂੰ ਅਸੀਂ ਤੋੜਦੇ ਹਾਂ ਕੀ ਉਹ ਮਸੀਹ ਦੇ ਸਰੀਰ ਵਿੱਚ ਸਾਂਝ ਨਹੀਂ ?17ਰੋਟੀ ਇੱਕੋ ਹੈ ਇਸ ਲਈ ਅਸੀਂ ਜੋ ਬਹੁਤੇ ਹਾਂ ਸੋ ਮਿਲ ਕੇ ਇੱਕ ਸਰੀਰ ਹਾਂ ਕਿਉਂ ਅਸੀਂ ਸਾਰੇ ਇੱਕ ਰੋਟੀ ਵਿੱਚ ਸਾਂਝੀ ਹਾਂ ।
18ਤੁਸੀਂ ਉਹਨਾਂ ਵੱਲ ਧਿਆਨ ਕਰੋ ਜਿਹੜੇ ਸਰੀਰ ਦੇ ਸਬੰਧ ਕਰਕੇ ਇਸਰਾਏਲੀ ਹਨ । ਜੋ ਚੜ੍ਹਾਵੇ ਦੇ ਖਾਣ ਵਾਲੇ ਹਨ ਕੀ ਉਹ ਜਗਵੇਦੀ ਵਿੱਚ ਸਾਂਝ ਨਹੀਂ ਰੱਖਦੇ ?19ਸੋ ਮੈਂ ਕੀ ਆਖਦਾ ਹਾਂ ? ਕੀ ਮੂਰਤੀ ਦਾ ਚੜ੍ਹਾਵਾ ਕੁੱਝ ਹੈ ? ਅਥਵਾ ਮੂਰਤੀ ਕੁੱਝ ਹੈ ?
20ਮੈਂ ਸਗੋਂ ਇਹ ਆਖਦਾ ਹਾਂ ਭਈ ਜਿਹੜੀਆਂ ਵਸਤਾਂ ਪਰਾਈਆਂ ਕੌਮਾਂ ਚੜ੍ਹਾਵੇ ਚੜ੍ਹਾਂਉਂਦੀਆਂ ਹਨ ਸੋ ਭੂਤਾਂ ਲਈ ਚੜ੍ਹਾਵੇ ਚੜ੍ਹਾਂਉਂਦੀਆਂ ਹਨ, ਪਰਮੇਸ਼ੁਰ ਲਈ ਨਹੀਂ, ਅਤੇ ਮੈਂ ਨਹੀਂ ਚਾਹੁੰਦਾ ਜੋ ਤੁਸੀਂ ਭੂਤਾਂ ਦੇ ਸਾਂਝੀ ਬਣੋ !21ਤੁਸੀਂ ਪ੍ਰਭੂ ਦਾ ਪਿਆਲਾ ਨਾਲੇ ਭੂਤਾਂ ਦਾ ਪਿਆਲਾ ਦੋਵੇਂ ਨਹੀਂ ਪੀ ਸਕਦੇ । ਤੁਸੀਂ ਪ੍ਰਭੂ ਦੀ ਮੇਜ਼ ਨਾਲੇ ਭੂਤਾਂ ਦੀ ਮੇਜ਼ ਦੋਹਾਂ ਦੇ ਸਾਂਝੀ ਨਹੀਂ ਹੋ ਸਕਦੇ ।22ਅਥਵਾ ਕੀ ਅਸੀਂ ਪ੍ਰਭੂ ਦਾ ਕ੍ਰੋਧ ਭੜਕਾਉਂਦੇ ਹਾਂ ? ਕੀ ਅਸੀਂ ਉਸ ਨਾਲੋਂ ਜਿਆਦਾ ਬਲਵਾਨ ਹਾਂ ? ।
ਸਾਰਾ ਕੁੱਝ ਪਰਮੇਸ਼ੁਰ ਦੀ ਮਹਿਮਾ ਦੇ ਲਈ

23ਸਾਰੀਆਂ ਵਸਤਾਂ ਉੱਚਿਤ ਹਨ ਪਰ ਸਭ ਲਾਭਦਾਇਕ ਨਹੀਂ । ਸਾਰੀਆਂ ਵਸਤਾਂ ਉੱਚਿਤ ਹਨ ਪਰ ਸਭ ਗੁਣਕਾਰ ਨਹੀਂ ।24ਕੋਈ ਆਪਣੇ ਹੀ ਨਹੀਂ, ਸਗੋਂ ਦੂਜੇ ਦੇ ਭਲੇ ਲਈ ਜਤਨ ਕਰੋ ।
25ਜੋ ਕੁੱਝ ਕਸਾਈਆਂ ਦੀ ਹੱਟੀ ਵਿੱਚ ਵਿਕਦਾ ਹੈ, ਸੋ ਖਾਓ ਅਤੇ ਵਿਵੇਕ ਦੇ ਕਾਰਨ ਕੋਈ ਗੱਲ ਨਾ ਪੁੱਛੋ ।26ਕਿਉਂ ਜੋ ਪ੍ਰਿਥਵੀ ਅਤੇ ਉਸ ਦੀ ਭਰਪੂਰੀ ਪ੍ਰਭੂ ਦੀ ਹੈ ।27ਜੇ ਅਵਿਸ਼ਵਾਸੀਆਂ ਵਿੱਚੋਂ ਕੋਈ ਤੁਹਾਨੂੰ ਘਰ ਸੱਦਾ ਦੇਵੇ ਅਤੇ ਤੁਹਾਡਾ ਮਨ ਜਾਣ ਨੂੰ ਕਰੇ ਤਾਂ ਜੋ ਕੁੱਝ ਤੁਹਾਡੇ ਅੱਗੇ ਰੱਖਿਆ ਜਾਵੇ ਖਾ ਲਵੋ ਅਤੇ ਅੰਤਹਕਰਨ ਦੇ ਕਾਰਨ ਕੋਈ ਗੱਲ ਨਾ ਪੁਛੋ ।
28ਪਰ ਜੇ ਕੋਈ ਤੁਹਾਨੂੰ ਆਖੇ ਕਿ ਇਹ ਚੜ੍ਹਾਵੇ ਕਰਕੇ ਚੜਾਈ ਗਈ ਸੀ ਤਾਂ ਉਸ ਦੱਸਣ ਵਾਲੇ ਦੇ ਕਾਰਨ ਅਤੇ ਵਿਵੇਕ ਦੇ ਕਾਰਨ ਨਾ ਖਾਓ ।29ਅੰਤਹਕਰਨ ਜੋ ਮੈਂ ਕਹਿੰਦਾ ਹਾਂ ਸੋ ਤੇਰਾ ਨਹੀਂ ਸਗੋਂ ਦੂਜੇ ਦਾ ਇਸ ਲਈ ਜੋ ਮੇਰੀ ਅਜ਼ਾਦੀ ਦੂਜੇ ਦੇ ਅੰਤਹਕਰਨ ਤੋਂ ਕਿਉਂ ਜਾਂਚੀ ਜਾਂਦੀ ਹੈ ?30ਜੇ ਮੈਂ ਧੰਨਵਾਦ ਕਰ ਕੇ ਭੋਜਨ ਖਾਂਦਾ ਹਾਂ ਤਾਂ ਜਿਸ ਦੇ ਲਈ ਮੈਂ ਧੰਨਵਾਦ ਕਰਦਾ ਹਾਂ ਉਸ ਦੇ ਕਾਰਨ ਮੇਰੀ ਨਿੰਦਿਆ ਕਿਉਂ ਹੁੰਦੀ ਹੈ ?
31ਸੋ ਭਾਵੇਂ ਤੁਸੀਂ ਖਾਂਦੇ ਭਾਵੇਂ ਪੀਂਦੇ ਭਾਵੇਂ ਕੁੱਝ ਵੀ ਕਰਦੇ ਹੋ, ਸਭ ਕੁੱਝ ਪਰਮੇਸ਼ੁਰ ਦੀ ਵਡਿਆਈ ਲਈ ਕਰੋ ।32ਤੁਸੀਂ ਨਾ ਯਹੂਦੀਆਂ, ਨਾ ਯੂਨਾਨੀਆਂ, ਨਾ ਪਰਮੇਸ਼ੁਰ ਦੀ ਕਲੀਸਿਯਾ ਦੇ ਲਈ ਠੋਕਰ ਦੇ ਕਾਰਨ ਬਣੋ ।33ਜਿਵੇਂ ਮੈਂ ਸਭਨਾਂ ਗੱਲਾਂ ਵਿੱਚ ਸਭਨਾਂ ਨੂੰ ਪਰਸੰਨ ਰੱਖਦਾ ਹਾਂ ਅਤੇ ਆਪਣੇ ਹੀ ਨਹੀਂ ਸਗੋਂ ਬਹੁਤਿਆਂ ਦੇ ਭਲੇ ਲਈ ਜਤਨ ਕਰਦਾ ਹਾਂ, ਜੋ ਉਹ ਬਚਾਏ ਜਾਣ ਤੁਸੀਂ ਮੇਰੀ ਰੀਸ ਕਰੋ ਜਿਵੇਂ ਮੈਂ ਵੀ ਮਸੀਹ ਦੀ ਰੀਸ ਕਰਦਾ ਹਾਂ ।

11

1ਮੇਰੇ ਵਰਗੀ ਚਾਲ ਚੱਲੋ ਜਿਵੇਂ ਮੈਂ ਮਸੀਹ ਵਰਗੀ ਚਾਲ ਚੱਲਦਾ ਹਾਂ ।

ਅਰਾਧਨਾ ਵਿੱਚ ਸਿਰ ਢੱਕਣਾ

2ਅਤੇ ਜਿਸ ਪ੍ਰਕਾਰ ਮੈਂ ਤੁਹਾਨੂੰ ਰੀਤਾਂ ਸੌਂਪੀਆਂ, ਉਸੇ ਪ੍ਰਕਾਰ ਤੁਸੀਂ ਉਨ੍ਹਾਂ ਨੂੰ ਫੜ੍ਹੀ ਰੱਖਦੇ ਹੋ ।3ਪਰ ਮੈਂ ਚਾਹੁੰਦਾ ਹਾਂ ਜੋ ਤੁਸੀਂ ਇਹ ਜਾਣ ਲਵੋ ਕਿ ਹਰੇਕ ਆਦਮੀ ਦਾ ਸਿਰ ਮਸੀਹ ਹੈ ਅਤੇ ਔਰਤ ਦਾ ਸਿਰ ਆਦਮੀ ਹੈ ਅਤੇ ਮਸੀਹ ਦਾ ਸਿਰ ਪਰਮੇਸ਼ੁਰ ਹੈ ।4ਹਰੇਕ ਆਦਮੀ ਜਿਹੜਾ ਸਿਰ ਢੱਕੇ ਹੋਏ ਪ੍ਰਾਰਥਨਾ ਅਥਵਾ ਭਵਿੱਖਬਾਣੀ ਕਰਦਾ ਹੈ, ਉਹ ਆਪਣੇ ਸਿਰ ਦਾ ਨਿਰਾਦਰ ਕਰਦਾ ਹੈ ।
5ਪਰ ਹਰੇਕ ਔਰਤ ਜਿਹੜੀ ਬਿਨ੍ਹਾਂ ਸਿਰ ਢੱਕੇ ਪ੍ਰਾਰਥਨਾ ਅਥਵਾ ਭਵਿੱਖਬਾਣੀ ਕਰਦੀ ਹੈ, ਉਹ ਆਪਣੇ ਸਿਰ ਦਾ ਨਿਰਾਦਰ ਕਰਦੀ ਹੈ ਕਿਉਂ ਜੋ ਇਹ ਇਹੋ ਜਿਹੀ ਗੱਲ ਹੈ, ਜਿਵੇਂ ਉਸ ਦਾ ਸਿਰ ਮੁੰਨਿਆ ਗਿਆ ।6ਕਿਉਂਕਿ ਜੇ ਔਰਤ ਸਿਰ ਨਾ ਢੱਕੇ ਤਾਂ ਆਪਣੇ ਵਾਲ਼ ਕਟਵਾ ਲਵੇ, ਜੇ ਔਰਤ ਨੂੰ ਵਾਲ਼ ਕਟਵਾਉਣ ਵਿੱਚ ਸ਼ਰਮ ਹੁੰਦੀ ਹੈ ਤਾਂ ਸਿਰ ਨੂੰ ਢੱਕ ਲਵੇ ।
7ਕਿਉਂ ਜੋ ਆਦਮੀ ਨੂੰ ਆਪਣਾ ਸਿਰ ਢੱਕ ਕੇ ਰੱਖਣਾ ਨਹੀਂ ਚਾਹੀਦਾ, ਕਿਉਂ ਜੋ ਜੋ ਉਹ ਪਰਮੇਸ਼ੁਰ ਦਾ ਸਰੂਪ ਅਤੇ ਮਹਿਮਾ ਹੈ; ਪਰੰਤੂ ਔਰਤ ਆਦਮੀ ਦਾ ਮਹਿਮਾ ਹੈ ।8ਕਿਉਂ ਜੋ ਆਦਮੀ ਔਰਤ ਤੋਂ ਨਹੀਂ ਹੋਇਆ ਪਰ ਔਰਤ ਆਦਮੀ ਤੋਂ ਹੋਈ ।
9ਅਤੇ ਨਾ ਆਦਮੀ ਔਰਤ ਲਈ ਉਤਪਤ ਹੋਇਆ ਪਰ ਔਰਤ ਆਦਮੀ ਦੇ ਲਈ ਉਤਪਤ ਹੋਈ ।10ਇਸ ਕਰਕੇ ਔਰਤ ਨੂੰ ਚਾਹੀਦਾ ਹੈ ਜੋ ਦੂਤਾਂ ਦੇ ਕਾਰਨ ਆਪਣੇ ਸਿਰ ਉੱਤੇ ਅਧਿਕਾਰ ਨੂੰ ਰੱਖੇ ।
11ਤਾਂ ਵੀ ਪ੍ਰਭੂ ਵਿੱਚ ਨਾ ਔਰਤ ਆਦਮੀ ਤੋਂ ਅਲੱਗ ਹੈ ਅਤੇ ਨਾ ਆਦਮੀ ਔਰਤ ਤੋਂ ਅਲੱਗ ।12ਕਿਉਂਕਿ ਜਿਸ ਪ੍ਰਕਾਰ ਔਰਤ ਆਦਮੀ ਤੋਂ ਹੈ, ਉਸੇ ਪ੍ਰਕਾਰ ਆਦਮੀ ਔਰਤ ਦੇ ਰਾਹੀਂ ਹੈ, ਪਰ ਸਭ ਕੁੱਝ ਪਰਮੇਸ਼ੁਰ ਤੋਂ ਹੈ ।
13ਤੁਸੀਂ ਆਪੇ ਨਿਆਂ ਕਰੋ, ਭਲਾ, ਇਹ ਚੰਗਾ ਲੱਗਦਾ ਹੈ ਜੋ ਔਰਤ ਨੰਗੇ ਸਿਰ ਪਰਮੇਸ਼ੁਰ ਦੇ ਅੱਗੇ ਪ੍ਰਾਰਥਨਾ ਕਰੇ ?14ਕੀ ਕੁਦਰਤ ਵੀ ਆਪ ਤੁਹਾਨੂੰ ਨਹੀਂ ਸਿਖਾਉਂਦੀ ਹੈ ਕਿ ਜੇ ਆਦਮੀ ਸਿਰ ਦੇ ਵਾਲ਼ ਲੰਮੇ ਰੱਖੇ ਤਾਂ ਇਹ ਉਸ ਦੇ ਲਈ ਨਿਰਾਦਰ ਹੈ ?15ਪਰੰਤੂ ਜੇ ਔਰਤ ਲੰਮੇ ਵਾਲ਼ ਰੱਖੇ ਤਾਂ ਉਹ ਦੇ ਲਈ ਸ਼ੋਭਾ ਹੈ, ਕਿਉਂ ਜੋ ਵਾਲ਼ ਉਸ ਨੂੰ ਪੜਦੇ ਦੇ ਲਈ ਦਿੱਤੇ ਹੋਏ ਹਨ ।16ਪਰ ਜੇ ਕੋਈ ਝਗੜਾਲੂ ਹੋਵੇ ਤਾਂ ਨਾ ਸਾਡਾ ਕੋਈ ਇਹੋ ਜਿਹਾ ਦਸਤੂਰ ਹੈ ਅਤੇ ਨਾ ਪਰਮੇਸ਼ੁਰ ਦੀਆਂ ਕਲੀਸਿਯਾਵਾਂ ਦਾ ।
ਪ੍ਰਭੂ ਭੋਜ ਦੇ ਬਾਰੇ
(ਮੱਤੀ 26:26-29, ਮਰਕੁਸ 14:22-25, ਲੂਕਾ 22:14-20)

17ਪਰੰਤੂ ਇਹ ਕਹਿੰਦਾ ਹੋਇਆ ਮੈਂ ਤੁਹਾਡੀ ਵਡਿਆਈ ਨਹੀਂ ਕਰਦਾ ਕਿਉਂ ਜੋ ਤੁਹਾਡੇ ਇਕੱਠੇ ਹੋਣ ਤੋਂ ਭਲਿਆਈ ਨਹੀਂ ਸਗੋਂ ਬੁਰਿਆਈ ਹੁੰਦੀ ਹੈ ।18ਇਸ ਲਈ ਜੋ ਪਹਿਲਾਂ ਤਾਂ ਮੈਂ ਇਹ ਸੁਣਦਾ ਹਾਂ ਕਿ ਜਿਸ ਵੇਲੇ ਤੁਸੀਂ ਕਲੀਸਿਯਾ ਵਿੱਚ ਇਕੱਠੇ ਹੁੰਦੇ ਹੋ ਤਾਂ ਤੁਹਾਡੇ ਵਿੱਚ ਵਿਤਕਰੇ ਪੈਂਦੇ ਹਨ ਅਤੇ ਮੈਂ ਉਸ ਨੂੰ ਥੋੜ੍ਹਾ ਬਹੁਤ ਸੱਚ ਮੰਨਦਾ ਹਾਂ ।19ਕਿਉਂ ਜੋ ਜ਼ਰੂਰੀ ਹੈ ਜੋ ਤੁਹਾਡੇ ਵਿੱਚ ਕੁਪੰਥ ਵੀ ਹੋਣ ਤਾਂ ਕਿ ਜਿਹੜੇ ਪਰਵਾਨ ਹਨ, ਉਹ ਤੁਹਾਡੇ ਵਿੱਚ ਉਜਾਗਰ ਹੋ ਜਾਣ ।
20ਸੋ ਜਿਸ ਵੇਲੇ ਤੁਸੀਂ ਇੱਕ ਥਾਂ ਇਕੱਠੇ ਹੁੰਦੇ ਹੋ ਤਾਂ ਇਹ ਪ੍ਰਭੂ ਭੋਜ ਖਾਣ ਲਈ ਨਹੀਂ ਹੁੰਦਾ ।21ਕਿਉਂ ਜੋ ਖਾਣ ਵੇਲੇ ਹਰੇਕ ਪਹਿਲਾਂ ਆਪੋ ਆਪਣਾ ਭੋਜਨ ਖਾ ਲੈਂਦਾ ਹੈ ਅਤੇ ਕੋਈ ਭੁੱਖਾ ਰਹਿੰਦਾ ਅਤੇ ਕੋਈ ਮਤਵਾਲਾ ਹੁੰਦਾ ਹੈ !22ਭਲਾ, ਖਾਣ-ਪੀਣ ਲਈ ਤੁਹਾਡੇ ਆਪਣੇ ਘਰ ਨਹੀਂ ਹਨ ? ਜਾਂ ਤੁਸੀਂ ਪਰਮੇਸ਼ੁਰ ਦੀ ਕਲੀਸਿਯਾ ਨੂੰ ਤੁੱਛ ਸਮਝਦੇ ਅਤੇ ਜਿਨ੍ਹਾਂ ਦੇ ਕੋਲ ਨਹੀਂ ਹਨ ਉਹਨਾਂ ਨੂੰ ਲੱਜਿਆਵਾਨ ਕਰਦੇ ਹੋ ? ਮੈਂ ਤੁਹਾਨੂੰ ਕੀ ਆਖਾਂ ? ਭਲਾ, ਇਸ ਵਿੱਚ ਤੁਹਾਡੀ ਵਡਿਆਈ ਕਰਾਂ ? ਮੈਂ ਤੁਹਾਡੀ ਵਡਿਆਈ ਨਹੀਂ ਕਰਦਾ ਹਾਂ ।
23ਮੈਂ ਤਾਂ ਇਹ ਗੱਲ ਪ੍ਰਭੂ ਤੋਂ ਪਾਈ ਸੀ ਜਿਹੜੀ ਤੁਹਾਨੂੰ ਸੌਂਪ ਦਿੱਤੀ ਭਈ ਪ੍ਰਭੂ ਯਿਸੂ ਨੇ ਜਿਸ ਰਾਤ ਉਹ ਫੜਵਾਇਆ ਗਿਆ ਉਸ ਨੇ ਰੋਟੀ ਲਈ ।24ਅਤੇ ਧੰਨਵਾਦ ਕਰ ਕੇ ਤੋੜੀ ਅਤੇ ਕਿਹਾ, ਇਹ ਮੇਰਾ ਸਰੀਰ ਹੈ ਜੋ ਤੁਹਾਡੇ ਲਈ ਹੈ । ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ ।
25ਇਸੇ ਤਰ੍ਹਾਂ ਉਸ ਨੇ ਭੋਜਨ ਖਾਣ ਦੇ ਪਿੱਛੋਂ ਪਿਆਲਾ ਵੀ ਲਿਆ ਅਤੇ ਕਿਹਾ ਜੋ ਇਹ ਪਿਆਲਾ ਮੇਰੇ ਲਹੂ ਵਿੱਚ ਨਵਾਂ ਨੇਮ ਹੈ । ਜਦ ਕਦੇ ਤੁਸੀਂ ਇਹ ਨੂੰ ਪੀਵੋ ਤਾਂ ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ ।26ਕਿਉਂਕਿ ਜਦ ਕਦੇ ਤੁਸੀਂ ਇਹ ਰੋਟੀ ਖਾਓ ਅਤੇ ਪਿਆਲਾ ਪੀਓ ਤਾਂ ਤੁਸੀਂ ਪ੍ਰਭੂ ਦੀ ਮੌਤ ਦਾ ਪ੍ਰਚਾਰ ਕਰਦੇ ਰਹਿੰਦੇ ਹੋ ਜਦ ਤੱਕ ਉਹ ਨਾ ਆਵੇ ।
27ਇਸ ਕਰਕੇ ਜੋ ਕੋਈ ਬਿਨ੍ਹਾਂ ਯੋਗਤਾ ਇਹ ਰੋਟੀ ਖਾਵੇ ਅਥਵਾ ਪ੍ਰਭੂ ਦਾ ਪਿਆਲਾ ਪੀਵੇ, ਸੋ ਪ੍ਰਭੂ ਦੇ ਸਰੀਰ ਅਤੇ ਲਹੂ ਦਾ ਦੋਸ਼ੀ ਹੋਵੇਗਾ ।28ਪਰ ਮਨੁੱਖ ਆਪਣੇ ਆਪ ਨੂੰ ਪਰਖੇ ਅਤੇ ਇਉਂ ਇਸ ਰੋਟੀ ਵਿੱਚੋਂ ਖਾਵੇ, ਅਤੇ ਪਿਆਲੇ ਵਿੱਚੋਂ ਪੀਵੇ ।29ਜਿਹੜਾ ਖਾਂਦਾ ਅਤੇ ਪੀਂਦਾ ਹੈ, ਜੇ ਉਹ ਸਰੀਰ ਦੀ ਜਾਂਚ ਨਾ ਕਰੇ ਤਾਂ ਆਪਣੇ ਉੱਤੇ ਸਜ਼ਾ ਲੈ ਕੇ ਖਾਂਦਾ ਪੀਂਦਾ ਹੈ ।30ਇਸੇ ਕਾਰਨ ਤੁਹਾਡੇ ਵਿੱਚ ਬਹੁਤ ਸਾਰੇ ਕਮਜ਼ੋਰ ਅਤੇ ਰੋਗੀ ਹਨ, ਅਤੇ ਕਈ ਮਰ ਗਏ ਹਨ ।
31ਪਰ ਜੇ ਅਸੀਂ ਆਪਣੇ ਆਪ ਨੂੰ ਜਾਂਚਦੇ ਤਾਂ ਜਾਂਚੇ ਨਾ ਜਾਂਦੇ ।32ਪਰ ਜਦ ਜਾਂਚੇ ਜਾਂਦੇ ਹਾਂ ਤਾਂ ਪ੍ਰਭੂ ਤੋਂ ਤਾੜੇ ਜਾਂਦੇ ਹਾਂ ਤਾਂ ਜੋ ਅਸੀਂ ਸੰਸਾਰ ਨਾਲ ਦੋਸ਼ੀ ਨਾ ਠਹਿਰਾਏ ਜਾਈਏ ।
33ਸੋ ਹੇ ਮੇਰੇ ਭਰਾਵੋ, ਜਾਂ ਤੁਸੀਂ ਖਾਣ ਲਈ ਇਕੱਠੇ ਹੋਵੋ ਤਾਂ ਇੱਕ ਦੂਜੇ ਦੀ ਉਡੀਕ ਕਰੋ ।34ਜੇ ਕਿਸੇ ਨੂੰ ਭੁੱਖ ਲੱਗੇ ਤਾਂ ਆਪਣੇ ਘਰ ਵਿੱਚ ਖਾਵੇ ਤਾਂ ਜੋ ਤੁਹਾਡੇ ਇਕੱਠੇ ਹੋਣ ਤੋਂ ਤੁਹਾਨੂੰ ਸਜ਼ਾ ਨਾ ਮਿਲੇ ਅਤੇ ਰਹਿੰਦੀਆਂ ਗੱਲਾਂ ਨੂੰ ਜਦੋਂ ਮੈਂ ਆਵਾਂਗਾ ਤਦ ਸੁਧਾਰਾਂਗਾ ।

12
ਆਤਮਕ ਦਾਤਾਂ

1ਹੇ ਭਰਾਵੋ, ਮੈਂ ਨਹੀਂ ਚਾਹੁੰਦਾ ਜੋ ਤੁਸੀਂ ਆਤਮਕ ਦਾਤਾਂ ਦੇ ਬਾਰੇ ਅਣਜਾਣ ਰਹੋ ।2ਤੁਸੀਂ ਜਾਣਦੇ ਹੋ, ਕਿ ਜਦੋਂ ਤੁਸੀਂ ਵਿਸ਼ਵਾਸ ਵਿੱਚ ਨਹੀਂ ਸੀ, ਤਦ ਗੂੰਗੀਆਂ ਮੂਰਤੀਆਂ ਦੀ ਵੱਲ ਜਿਵੇਂ ਤੋਰੇ ਜਾਂਦੇ ਤਿਵੇਂ ਤੁਰਦੇ ਸੀ ।3ਇਸ ਲਈ ਮੈਂ ਤੁਹਾਨੂੰ ਇਹ ਦੱਸਦਾ ਹਾਂ ਕਿ ਪਰਮੇਸ਼ੁਰ ਦੇ ਆਤਮਾ ਰਾਹੀਂ ਬੋਲ ਕੇ ਕੋਈ ਨਹੀਂ ਆਖ ਸਕਦਾ, “ਯਿਸੂ ਸਰਾਪਤ ਹੈ,” ਨਾ ਕੋਈ ਕਹਿ ਸਕਦਾ ਹੈ, “ਯਿਸੂ ਪ੍ਰਭੂ ਹੈ,” ਪਰ ਕੇਵਲ ਪਵਿੱਤਰ ਆਤਮਾ ਦੇ ਰਾਹੀਂ ।

4ਦਾਤਾਂ ਅਨੇਕ ਪ੍ਰਕਾਰ ਦੀਆਂ ਹਨ, ਪਰ ਆਤਮਾ ਇੱਕੋ ਹੈ ।5ਅਤੇ ਸੇਵਾ ਕਈ ਪ੍ਰਕਾਰ ਦੀ ਹੈ, ਪਰ ਪ੍ਰਭੂ ਇੱਕੋ ਹੈ ।6ਅਤੇ ਕਾਰਜ ਅਨੇਕ ਪ੍ਰਕਾਰ ਦੇ ਹਨ, ਪਰ ਪਰੰਤੂ ਪਰਮੇਸ਼ੁਰ ਇੱਕੋ ਹੈ ਜੋ ਸਭਨਾਂ ਵਿੱਚ ਕਾਰਜ ਕਰਦਾ ਹੈ ।
7ਪਰ ਆਤਮਾ ਦਾ ਪਰਕਾਸ਼ ਜੋ ਸਭਨਾਂ ਦੇ ਲਾਭ ਲਈ ਹੈ ਹਰ ਇੱਕ ਨੂੰ ਦਿੱਤਾ ਜਾਂਦਾ ਹੈ ।8ਇੱਕ ਨੂੰ ਤਾਂ ਆਤਮਾ ਦੇ ਰਾਹੀਂ ਗਿਆਨ ਦੀ ਗੱਲ ਪ੍ਰਾਪਤ ਹੁੰਦੀ ਹੈ, ਦੂਜੇ ਨੂੰ ਉਸੇ ਆਤਮਾ ਦੇ ਅਨੁਸਾਰ ਵਿੱਦਿਆ ਦੀ ਗੱਲ,
9ਹੋਰ ਨੂੰ ਉਸੇ ਆਤਮਾ ਤੋਂ ਵਿਸ਼ਵਾਸ, ਹੋਰ ਕਿਸੇ ਨੂੰ ਉਸੇ ਇੱਕੋ ਆਤਮਾ ਤੋਂ ਚੰਗਾ ਕਰਨ ਦੀਆਂ ਦਾਤਾਂ ।10ਅਤੇ ਹੋਰ ਕਿਸੇ ਨੂੰ ਕਰਾਮਾਤਾਂ ਵਿਖਾਉਣ ਦੀ ਸਮਰੱਥਾ, ਹੋਰ ਕਿਸੇ ਨੂੰ ਭਵਿੱਖਬਾਣੀ ਅਤੇ ਹੋਰ ਕਿਸੇ ਨੂੰ ਆਤਮਿਆਂ ਦੀ ਪਛਾਣ, ਹੋਰ ਨੂੰ ਅਨੇਕ ਪ੍ਰਕਾਰ ਦੀਆਂ ਭਾਸ਼ਾ, ਹੋਰ ਕਿਸੇ ਨੂੰ ਭਾਸ਼ਾ ਦਾ ਅਰਥ ਕਰਨਾ ।11ਪਰ ਉਹ ਇੱਕੋ ਆਤਮਾ ਹੀ ਸਭ ਕੁੱਝ ਕਰਦਾ ਹੈ ਅਤੇ ਉਹ ਜਿਸ ਤਰ੍ਹਾਂ ਚਾਹੁੰਦਾ ਹੈ ਹਰੇਕ ਨੂੰ ਇੱਕ-ਇੱਕ ਕਰਕੇ ਵੰਡ ਦਿੰਦਾ ਹੈ ।
ਇੱਕ ਦੇ : ਅੰਗ ਅਲੱਗ-ਅਲੱਗ

12ਜਿਸ ਤਰ੍ਹਾਂ ਸਰੀਰ ਇੱਕ ਹੈ ਅਤੇ ਉਹ ਦੇ ਅੰਗ ਬਹੁਤੇ ਹਨ, ਅਤੇ ਸਰੀਰ ਦੇ ਸਾਰੇ ਅੰਗ ਭਾਵੇਂ ਬਹੁਤੇ ਹਨ ਪਰ ਤਾਂ ਵੀ ਮਿਲ ਕੇ ਇੱਕੋ ਸਰੀਰ ਹੋਇਆ ਸੋ ਇਸੇ ਤਰ੍ਹਾਂ ਮਸੀਹ ਵੀ ਹੈ ।13ਕਿਉਂ ਜੋ ਸਾਨੂੰ ਸਾਰਿਆਂ ਨੂੰ ਕੀ ਯਹੂਦੀ, ਕੀ ਯੂਨਾਨੀ, ਕੀ ਗੁਲਾਮ, ਕੀ ਅਜ਼ਾਦ, ਇੱਕ ਸਰੀਰ ਬਣਨ ਲਈ ਇੱਕੋ ਆਤਮਾ ਨਾਲ ਬਪਤਿਸਮਾ ਦਿੱਤਾ ਗਿਆ ਅਤੇ ਸਾਨੂੰ ਸਾਰਿਆਂ ਨੂੰ ਇੱਕ ਆਤਮਾ ਪਿਆਇਆ ਗਿਆ ।
14ਇਸ ਲਈ ਸਰੀਰ ਇੱਕੋ ਅੰਗ ਨਹੀਂ, ਸਗੋਂ ਬਹੁਅੰਗਾ ਹੈ ।15ਜੇ ਪੈਰ ਆਖੇ ਕਿ ਮੈਂ ਹੱਥ ਨਹੀਂ, ਇਸ ਲਈ ਸਰੀਰ ਦਾ ਨਹੀਂ ਹਾਂ ਤਾਂ ਭਲਾ, ਉਹ ਇਸ ਕਾਰਨ ਸਰੀਰ ਦਾ ਨਹੀਂ ਹੈ ?16ਅਤੇ ਜੇ ਕੰਨ ਆਖੇ ਕਿ ਮੈਂ ਅੱਖ ਨਹੀਂ ਇਸ ਲਈ ਸਰੀਰ ਦਾ ਨਹੀਂ ਹਾਂ, ਤਾਂ ਭਲਾ, ਉਹ ਇਸ ਕਾਰਨ ਸਰੀਰ ਦਾ ਨਹੀਂ ਹੈ ?17ਜੇ ਸਾਰਾ ਸਰੀਰ ਅੱਖ ਹੀ ਹੁੰਦਾ ਤਾਂ ਸੁਣਨਾ ਕਿੱਥੇ ਹੁੰਦਾ ? ਜੇ ਸਾਰਾ ਸੁਣਨਾ ਹੀ ਹੁੰਦਾ ਤਾਂ ਸੁੰਘਣਾ ਕਿੱਥੇ ਹੁੰਦਾ ?
18ਪਰ ਹੁਣ ਪਰਮੇਸ਼ੁਰ ਨੇ ਜਿਸ ਪ੍ਰਕਾਰ ਉਹ ਨੂੰ ਭਾਉਂਦਾ ਸੀ, ਅੰਗਾਂ ਨੂੰ ਇੱਕ-ਇੱਕ ਕਰਕੇ ਸਰੀਰ ਵਿੱਚ ਰੱਖਿਆ ਹੈ ।19ਪਰ ਜੇ ਉਹ ਸਾਰੇ ਇੱਕੋ ਹੀ ਅੰਗ ਹੁੰਦੇ ਤਾਂ ਸਰੀਰ ਕਿੱਥੇ ਹੁੰਦਾ ?20ਪਰ ਹੁਣ ਤਾਂ ਬਹੁਤੇ ਅੰਗ ਹਨ, ਪਰ ਸਰੀਰ ਇੱਕੋ ਹੈ ।
21ਅੱਖ ਹੱਥ ਨੂੰ ਨਹੀਂ ਆਖ ਸਕਦੀ ਕਿ ਮੈਨੂੰ ਤੇਰੀ ਕੋਈ ਲੋੜ ਨਹੀਂ, ਨਾ ਸਿਰ ਪੈਰ ਨੂੰ ਕਿ ਮੈਨੂੰ ਤੁਹਾਡੀ ਕੋਈ ਲੋੜ ਨਹੀਂ l22ਪਰ ਸਰੀਰ ਦੇ ਜਿਹੜੇ ਅੰਗ ਹੋਰਨਾਂ ਨਾਲੋਂ ਕਮਜ਼ੋਰ ਦਿਸਦੇ ਹਨ ਉਹ ਅਤੇ ਜ਼ਰੂਰੀ ਹਨ ।23ਅਤੇ ਸਰੀਰ ਦਿਆਂ ਜਿਹਨਾਂ ਅੰਗਾਂ ਨੂੰ ਅਸੀਂ ਹੋਰਨਾਂ ਨਾਲੋਂ ਨਿਰਾਦਰ ਸਮਝਦੇ ਹਾਂ ਉਹਨਾਂ ਦਾ ਬਹੁਤ ਵੱਧਕੇ ਆਦਰ ਕਰਦੇ ਹਾਂ ਅਤੇ ਸਾਡੇ ਲਈ ਉਹ ਸੋਹਣੇ ਹੋ ਜਾਂਦੇ ਹਨ l24ਪਰ ਸਾਡੇ ਅੰਗਾਂ ਨੂੰ ਕੋਈ ਲੋੜ ਨਹੀਂ ਪਰੰਤੂ ਜਿਹੜੇ ਅੰਗਾਂ ਨੂੰ ਕੁੱਝ ਘਾਟਾ ਸੀ, ਉਨ੍ਹਾਂ ਨੂੰ ਪਰਮੇਸ਼ੁਰ ਨੇ ਹੋਰ ਆਦਰ ਦੇ ਕੇ ਸਰੀਰ ਨੂੰ ਜੋੜਿਆ ।
25ਤਾਂ ਜੋ ਸਰੀਰ ਵਿੱਚ ਫੁੱਟ ਨਾ ਪਵੇ ਸਗੋਂ ਇੱਕ ਦੂਜੇ ਦੇ ਲਈ ਇੱਕ ਸਮਾਨ ਚਿੰਤਾ ਕਰਨ ।26ਅਤੇ ਜੇ ਇੱਕ ਅੰਗ ਨੂੰ ਦੁੱਖ ਲੱਗੇ ਤਾਂ ਸਾਰੇ ਅੰਗ ਉਸ ਦੇ ਨਾਲ ਦੁੱਖੀ ਹੁੰਦੇ ਹਨ ਅਤੇ ਜੇ ਇੱਕ ਅੰਗ ਦਾ ਆਦਰ ਹੋਵੇ ਤਾਂ ਸਾਰੇ ਉਹ ਦੇ ਨਾਲ ਅਨੰਦ ਹੁੰਦੇ ਹਨ ।27ਹੁਣ ਤੁਸੀਂ ਰਲ ਕੇ ਮਸੀਹ ਦੇ ਸਰੀਰ ਹੋ ਅਤੇ ਇੱਕ-ਇੱਕ ਕਰਕੇ ਉਸ ਦੇ ਅੰਗ ਹੋ ।
28ਅਤੇ ਕਲੀਸਿਯਾ ਵਿੱਚ ਪਰਮੇਸ਼ੁਰ ਨੇ ਕਈਆਂ ਨੂੰ ਨਿਯੁਕਤ ਕੀਤਾ ਹੋਇਆ ਹੈ, ਪਹਿਲਾਂ ਰਸੂਲਾਂ ਨੂੰ, ਦੂਜਾ ਨਬੀਆਂ ਨੂੰ, ਤੀਜੇ ਉਪਦੇਸ਼ਕਾਂ ਨੂੰ, ਫੇਰ ਕਰਾਮਾਤੀਆਂ ਨੂੰ, ਫੇਰ ਨਰੋਇਆਂ ਕਰਨ ਦੀਆਂ ਦਾਤਾਂ ਵਾਲਿਆਂ ਨੂੰ, ਉਪਕਾਰੀਆਂ ਨੂੰ, ਹਾਕਮਾਂ ਨੂੰ ਅਤੇ ਅਨੇਕ ਪ੍ਰਕਾਰ ਦੀਆਂ ਭਾਸ਼ਾ ਬੋਲਣ ਵਾਲਿਆਂ ਨੂੰ ।29ਕੀ ਸਾਰੇ ਰਸੂਲ ਹਨ ? ਕੀ ਸਾਰੇ ਨਬੀ ਹਨ ? ਕੀ ਸਾਰੇ ਉਪਦੇਸ਼ਕ ਹਨ ? ਕੀ ਸਾਰੇ ਕਰਾਮਾਤੀ ਹਨ ?
30ਕੀ ਸਭ ਨੂੰ ਨਰੋਇਆਂ ਕਰਨ ਦੀਆਂ ਦਾਤਾਂ ਮਿਲੀਆਂ ਹਨ ? ਕੀ ਸਾਰੇ ਅਨੇਕ ਪ੍ਰਕਾਰ ਦੀਆਂ ਭਾਸ਼ਾ ਬੋਲਦੇ ਹਨ ? ਕੀ ਸਾਰੇ ਅਰਥ ਕਰਦੇ ਹਨ ?31ਪਰ ਤੁਸੀਂ ਚੰਗੀਆਂ ਦਾਤਾਂ ਦੀ ਭਾਲ ਕਰੋ, ਨਾਲੇ ਮੈਂ ਤੁਹਾਨੂੰ ਇੱਕ ਬਹੁਤ ਹੀ ਉੱਤਮ ਮਾਰਗ ਦੱਸਦਾ ਹਾਂ ।

13
ਪਿਆਰ ਉੱਤਮ ਹੈ

1ਭਾਵੇਂ ਮੈਂ ਮਨੁੱਖਾਂ ਅਤੇ ਸਵਰਗੀ ਦੂਤਾਂ ਦੀਆਂ ਭਾਸ਼ਾਵਾਂ ਬੋਲਾਂ ਪਰ ਜੇ ਮੇਰੇ ਵਿੱਚ ਪਿਆਰ ਨਾ ਹੋਵੇ ਤਾਂ ਠਣ ਠਣ ਕਰਨ ਵਾਲਾ ਪਿੱਤਲ ਅਥਵਾ ਛਣ ਛਣ ਕਰਨ ਵਾਲਾ ਛੈਣਾ ਬਣਿਆ ਹਾਂ ।2ਅਤੇ ਭਾਵੇਂ ਮੈਨੂੰ ਭਵਿੱਖਬਾਣੀ ਕਰਨੀ ਆਵੇ ਅਤੇ ਮੈਂ ਸਾਰਾ ਭੇਤ ਅਤੇ ਸਾਰਾ ਗਿਆਨ ਜਾਣਾ ਅਤੇ ਭਾਵੇਂ ਮੈਂ ਪੂਰੀ ਵਿਸ਼ਵਾਸ ਰੱਖਾਂ, ਅਜਿਹੀ ਜੋ ਪਹਾੜਾਂ ਨੂੰ ਹਟਾ ਦੇਵਾਂ ਪਰ ਪਿਆਰ ਨਾ ਰੱਖਾਂ, ਮੈਂ ਕੁੱਝ ਵੀ ਨਹੀਂ ।3ਅਤੇ ਭਾਵੇਂ ਮੈਂ ਆਪਣਾ ਸਾਰਾ ਮਾਲ ਖੁਆਉਣ ਲਈ ਪੁੰਨ ਕਰ ਦਿਆਂ ਅਤੇ ਭਾਵੇਂ ਮੈਂ ਆਪਣਾ ਸਰੀਰ ਸੜਨ ਲਈ ਦੇ ਦਿਆਂ ਪਰ ਪਿਆਰ ਨਾ ਰੱਖਾਂ, ਤਾਂ ਕੁੱਝ ਵੀ ਲਾਭ ਨਹੀਂ ।

4ਪਿਆਰ ਧੀਰਜਵਾਨ ਅਤੇ ਕਿਰਪਾਲੂ ਹੈ । ਪਿਆਰ ਖੁਣਸ ਨਹੀਂ ਕਰਦਾ । ਪਿਆਰ ਫੁੱਲਦਾ ਨਹੀਂ, ਪਿਆਰ ਫੂੰ-ਫੂੰ ਨਹੀਂ ਕਰਦਾ ।5ਕੁਚੱਜਿਆਂ ਨਹੀਂ ਕਰਦਾ, ਆਪ ਸੁਆਰਥੀ ਨਹੀਂ, ਚਿੜਦਾ ਨਹੀਂ, ਬੁਰਾ ਨਹੀਂ ਮੰਨਦਾ ।6ਉਹ ਕੁਧਰਮ ਤੋਂ ਅਨੰਦ ਨਹੀਂ ਹੁੰਦਾ ਸਗੋਂ ਸਚਿਆਈ ਨਾਲ ਅਨੰਦ ਹੁੰਦਾ ਹੈ ।7ਸਭ ਕੁੱਝ ਝੱਲ ਲੈਂਦਾ, ਸਭਨਾਂ ਗੱਲਾਂ ਦੀ ਪਰਤੀਤ ਕਰਦਾ, ਸਭਨਾਂ ਗੱਲਾਂ ਦੀ ਆਸ ਰੱਖਦਾ, ਸਭ ਕੁੱਝ ਸਹਿ ਲੈਂਦਾ ।
8ਪਿਆਰ ਕਦੇ ਟਲਦਾ ਨਹੀਂ, ਪਰ ਭਾਵੇਂ ਅਗੰਮ ਵਾਕ ਹੋਣ ਉਹ ਮੁੱਕ ਜਾਣਗੇ, ਭਾਵੇਂ ਭਾਸ਼ਾ ਹੋਣ ਉਹ ਜਾਂਦੀਆਂ ਰਹਿਣਗੀਆਂ, ਭਾਵੇਂ ਗਿਆਨ ਹੋਵੇ ਉਹ ਮੁੱਕ ਜਾਵੇਗਾ ।9ਅਸੀਂ ਤਾਂ ਕੁੱਝ ਕੁੱਝ ਜਾਣਦੇ ਹਾਂ ਅਤੇ ਕੁੱਝ ਕੁੱਝ ਭਵਿੱਖਬਾਣੀ ਬੋਲਦੇ ਹਾਂ ।10ਪਰ ਜਦ ਸੰਪੂਰਨ ਆਵੇ ਤਦ ਅਧੂਰਾ ਮੁੱਕ ਜਾਵੇਗਾ ।
11ਜਦ ਮੈਂ ਨਿਆਣਾ ਸੀ ਤਦ ਨਿਆਣੇ ਦੀ ਤਰ੍ਹਾਂ ਬੋਲਦਾ, ਨਿਆਣੇ ਦੀ ਤਰ੍ਹਾਂ ਸਮਝਦਾ ਅਤੇ ਨਿਆਣੇ ਦੀ ਤਰ੍ਹਾਂ ਜਾਂਚਦਾ ਸੀ । ਹੁਣ ਮੈਂ ਸਿਆਣਾ ਹੋ ਗਿਆ ਹਾਂ ਤਾਂ ਮੈਂ ਨਿਆਣਪੁਣੇ ਦੀਆਂ ਗੱਲਾਂ ਛੱਡ ਦਿੱਤੀਆਂ ਹਨ ।12ਇਸ ਵੇਲੇ ਤਾਂ ਅਸੀਂ ਸ਼ੀਸ਼ੇ ਵਿੱਚ ਧੁੰਦਲਾ ਜਿਹਾ ਵੇਖਦੇ ਹਾਂ ਪਰ ਉਸ ਸਮੇਂ ਆਹਮੋਂ-ਸਾਹਮਣੇ ਵੇਖਾਂਗੇ । ਇਸ ਵੇਲੇ ਮੈਂ ਕੁੱਝ ਕੁੱਝ ਜਾਣਦਾ ਹਾਂ ਪਰ ਓਸ ਵੇਲੇ ਉਹੋ ਜਿਹਾ ਜਾਣਾਂਗਾ ਜਿਹੋ ਜਿਹਾ ਮੈਂ ਵੀ ਜਾਣਿਆ ਗਿਆ ਹਾਂ ।13ਹੁਣ ਵਿਸ਼ਵਾਸ, ਆਸ, ਪਿਆਰ , ਇਹ ਤਿੰਨੇ ਬਣੇ ਰਹਿੰਦੇ ਹਨ ਪਰ ਇਹਨਾਂ ਵਿੱਚੋਂ ਉੱਤਮ ਪਿਆਰ ਹੀ ਹੈ ।

14
ਭਵਿੱਖਬਾਣੀ ਪਰਾਈਆਂ ਭਾਖਿਆਂ

1ਪਿਆਰ ਵਿੱਚ ਚੱਲੋ । ਆਤਮਕ ਦਾਤਾਂ ਦੀ ਵੀ ਭਾਲ ਕਰੋ, ਪਰ ਭਵਿੱਖਬਾਣੀ ਨੂੰ ਵਧੇਰੇ ਭਾਲੋ ।2ਜਿਹੜਾ ਪਰਾਈ ਭਾਸ਼ਾ ਬੋਲਦਾ ਹੈ, ਉਹ ਮਨੁੱਖਾਂ ਨਾਲ ਨਹੀਂ ਸਗੋਂ ਪਰਮੇਸ਼ੁਰ ਨਾਲ ਬੋਲਦਾ ਹੈ, ਇਸ ਲਈ ਕੋਈ ਨਹੀਂ ਸਮਝਦਾ ਹੈ ਪਰ ਉਹ ਆਤਮਾ ਵਿੱਚ ਭੇਤ ਦੀਆਂ ਗੱਲਾਂ ਕਰਦਾ ਹੈ ।3ਪਰ ਜਿਹੜਾ ਭਵਿੱਖਬਾਣੀ ਕਰਦਾ ਹੈ, ਉਹ ਲਾਭ ਅਤੇ ਉਪਦੇਸ਼ ਅਤੇ ਤਸੱਲੀ ਦੀਆਂ ਗੱਲਾਂ ਮਨੁੱਖ ਨਾਲ ਕਰਦਾ ਹੈ ।4ਜਿਹੜਾ ਪਰਾਈ ਭਾਸ਼ਾ ਬੋਲਦਾ ਹੈ ਉਹ ਆਪ ਹੀ ਲਾਭ ਲੈਂਦਾ ਹੈ, ਪਰ ਜਿਹੜਾ ਭਵਿੱਖਬਾਣੀ ਕਰਦਾ ਹੈ ਉਹ ਕਲੀਸਿਯਾ ਨੂੰ ਲਾਭ ਦਿੰਦਾ ਹੈ ।

5ਹੁਣ ਮੈਂ ਚਾਹੁੰਦਾ ਹਾਂ ਜੋ ਤੁਸੀਂ ਸਾਰੇ ਪਰਾਈਆਂ ਭਾਸ਼ਾ ਬੋਲੋ ਪਰ ਇਸ ਤੋਂ ਵੱਧ ਕੇ ਇਹ, ਜੋ ਤੁਸੀਂ ਭਵਿੱਖਬਾਣੀ ਕਰੋ । ਜਿਹੜਾ ਪਰਾਈਆਂ ਭਾਸ਼ਾ ਬੋਲਣ ਵਾਲਾ ਹੈ ਜੇਕਰ ਉਹ ਅਰਥ ਨਾ ਕਰੇ, ਜਿਸ ਤੋਂ ਕਲੀਸਿਯਾ ਲਾਭ ਉੱਠਾਵੇ ਤਾਂ ਭਵਿੱਖਬਾਣੀ ਕਰਨ ਵਾਲਾ ਉਸ ਨਾਲੋਂ ਉੱਤਮ ਹੈ ।6ਪਰ ਹੁਣ ਭਰਾਵੋ, ਜੇ ਮੈਂ ਪਰਾਈ ਭਾਸ਼ਾ ਬੋਲਦਾ ਹੋਇਆ ਤੁਹਾਡੇ ਕੋਲ ਆਵਾਂ ਅਤੇ ਪਰਕਾਸ਼ ਜਾਂ ਗਿਆਨ ਜਾਂ ਭਵਿੱਖਬਾਣੀ ਜਾਂ ਸਿੱਖਿਆ ਦੀ ਗੱਲ, ਤੁਹਾਡੇ ਨਾਲ ਨਾ ਕਰਾਂ ਤਾਂ ਮੇਰੇ ਤੋਂ ਤੁਹਾਨੂੰ ਕੀ ਲਾਭ ਹੋਵੇਗਾ ?
7ਬੇ ਜਾਨ ਵਸਤਾਂ ਵੀ ਜਿਹੜੀਆਂ ਆਵਾਜ਼ ਦਿੰਦੀਆਂ ਹਨ ਭਾਵੇਂ ਵੰਜਲੀ ਭਾਵੇਂ ਰਬਾਬ ਜੇ ਉਨ੍ਹਾਂ ਦੀਆਂ ਸੁਰਾਂ ਵਿੱਚ ਭੇਦ ਨਾ ਹੋਵੇ ਤਾਂ ਕੀ ਪਤਾ ਲੱਗੇ ਜੋ ਕੀ ਵਜਾਇਆ ਜਾਂਦਾ ਹੈ ?8ਜੇ ਤੁਰੀ ਬੇ ਠਿਕਾਣੇ ਆਵਾਜ਼ ਦੇਵੇ ਤਾਂ ਕੌਣ ਲੜਾਈ ਲਈ ਲੱਕ ਬੰਨੇਗਾ ?9ਇਸੇ ਤਰ੍ਹਾਂ ਤੁਸੀਂ ਵੀ ਜੇ ਸਾਫ਼ ਗੱਲ ਆਪਣੀ ਜ਼ੁਬਾਨੀ ਨਾ ਬੋਲੋ ਤਾਂ ਜੋ ਬੋਲਿਆ ਜਾਂਦਾ ਹੈ ਕਿਵੇਂ ਸਮਝਿਆ ਜਾਂਦਾ ਹੈ ? ਤੁਸੀਂ ਹਵਾ ਨਾਲ ਗੱਲਾਂ ਕਰਨ ਵਾਲੇ ਹੋਵੋਗੇ ।
10ਕੀ ਜਾਣੀਏ ਜੋ ਸੰਸਾਰ ਵਿੱਚ ਕਿੰਨੇ ਪ੍ਰਕਾਰ ਦੀਆਂ ਬੋਲੀਆਂ ਹਨ ਅਤੇ ਕੋਈ ਵਿਅਰਥ ਨਹੀਂ ਹੈ ।11ਉਪਰੰਤ ਜੇ ਉਹ ਬੋਲੀ ਮੇਰੀ ਸਮਝ ਵਿੱਚ ਨਾ ਆਉਂਦੀ ਹੋਵੇ ਤਾਂ ਮੈਂ ਬੋਲਣ ਵਾਲੇ ਦੇ ਲਈ ਅਜ਼ੀਬ ਬਣਾਂਗਾ ਅਤੇ ਬੋਲਣ ਵਾਲਾ ਮੇਰੇ ਲਈ ਅਜ਼ੀਬ ਬਣੇਗਾ ।
12ਇਸੇ ਤਰ੍ਹਾਂ ਤੁਸੀਂ ਵੀ ਜਦ ਆਤਮਕ ਦਾਤਾਂ ਦੀ ਭਾਲ ਕਰਦੇ ਹੋ ਤਾਂ ਜਤਨ ਕਰੋ ਜੋ ਕਲੀਸਿਯਾ ਦੇ ਲਾਭ ਲਈ ਤੁਹਾਨੂੰ ਵਾਧਾ ਹੋਵੇ ।13ਇਸ ਕਰਕੇ ਜੋ ਪਰਾਈ ਭਾਸ਼ਾ ਬੋਲਦਾ ਹੈ, ਉਹ ਪ੍ਰਾਰਥਨਾ ਕਰੇ ਜੋ ਅਰਥ ਵੀ ਕਰ ਸਕੇ ।14ਜੇ ਮੈਂ ਪਰਾਈ ਭਾਸ਼ਾ ਵਿੱਚ ਪ੍ਰਾਰਥਨਾ ਕਰਾਂ ਤਾਂ ਮੇਰਾ ਆਤਮਾ ਪ੍ਰਾਰਥਨਾ ਕਰਦਾ ਹੈ ਪਰ ਮੇਰੀ ਸਮਝ ਨਿਸ਼ਫਲ ਹੈ ।
15ਮੈਂ ਆਤਮਾ ਨਾਲ ਗਾਵਾਂਗਾ ਅਤੇ ਸਮਝ ਨਾਲ ਵੀ ਗਾਵਾਂਗਾ ।16ਨਹੀਂ ਤਾਂ ਜੇ ਤੂੰ ਆਤਮਾ ਨਾਲ ਹੀ ਉਸਤਤ ਕਰੇਂ ਤਾਂ ਜਿਹੜਾ ਅਨਜਾਣ ਕੋਲ ਬੈਠਾ ਹੋਇਆ ਹੈ ਜਦੋਂ ਉਹ ਨਹੀਂ ਜਾਣਦਾ ਜੋ ਤੂੰ ਕੀ ਆਖਦਾ ਹੈਂ ਉਹ ਤੇਰੇ ਧੰਨਵਾਦ ਕਰਨ ਉੱਤੇ ਆਮੀਨ ਕਿਵੇਂ ਆਖੇ ?
17ਤੂੰ ਤਾਂ ਧੰਨਵਾਦ ਚੰਗੀ ਤਰ੍ਹਾਂ ਨਾਲ ਕਰਦਾ ਹੈਂ ਪਰ ਦੂਜੇ ਨੂੰ ਕੁੱਝ ਲਾਭ ਨਹੀਂ ਹੁੰਦਾ ।18ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ਜੋ ਮੈਂ ਤੁਹਾਡੇ ਸਾਰਿਆਂ ਤੋਂ ਵਧੇਰੇ ਪਰਾਈ ਭਾਸ਼ਾ ਬੋਲਦਾ ਹਾਂ ।19ਤਾਂ ਵੀ ਕਲੀਸਿਯਾ ਵਿੱਚ ਪੰਜ ਗੱਲਾਂ ਆਪਣੀ ਸਮਝ ਨਾਲ ਬੋਲਣੀਆਂ ਕਿ ਹੋਰਨਾਂ ਨੂੰ ਵੀ ਸਿਖਾਵਾਂ ਇਹ ਮੈਨੂੰ ਇਸ ਨਾਲੋਂ ਬਹੁਤ ਪਸੰਦ ਆਉਂਦਾ ਹੈ ਜੋ ਦਸ ਹਜ਼ਾਰ ਗੱਲਾਂ ਪਰਾਈ ਭਾਸ਼ਾ ਵਿੱਚ ਬੋਲਾਂ ।
20ਹੇ ਭਰਾਵੋ, ਤੁਸੀਂ ਬੁੱਧ ਵਿੱਚ ਬਾਲਕ ਨਾ ਬਣੋ ਤਾਂ ਵੀ ਬੁਰਿਆਈ ਵਿੱਚ ਨਿਆਣੇ ਬਣੇ ਰਹੋ ਪਰ ਬੁੱਧ ਵਿੱਚ ਸਿਆਣੇ ਹੋਵੋ ।21ਬਿਵਸਥਾ ਵਿੱਚ ਲਿਖਿਆ ਹੋਇਆ ਹੈ ਜੋ ਪ੍ਰਭੂ ਆਖਦਾ ਹੈ ਕਿ ਮੈਂ ਪਰਾਈ ਭਾਸ਼ਾ ਦੇ ਬੋਲਣ ਵਾਲਿਆਂ ਅਤੇ ਓਪਰਿਆਂ ਦੇ ਬੁੱਲ੍ਹਾਂ ਦੇ ਰਾਹੀਂ ਇਨ੍ਹਾਂ ਲੋਕਾਂ ਨਾਲ ਬੋਲਾਂਗਾ ਅਤੇ ਇਉਂ ਵੀ ਉਹ ਮੇਰੀ ਨਾ ਸੁਣਨਗੇ ।
22ਸੋ ਪਰਾਈ ਭਾਸ਼ਾ ਵਿਸ਼ਵਾਸੀਆਂ ਲਈ ਨਹੀਂ ਸਗੋਂ ਅਵਿਸ਼ਵਾਸੀਆਂ ਦੇ ਲਈ ਇੱਕ ਨਿਸ਼ਾਨੀ ਹਨ, ਪਰ ਭਵਿੱਖਬਾਣੀ ਨਿਹਚਾਹੀਣਾਂ ਲਈ ਨਹੀਂ ਸਗੋਂ ਵਿਸ਼ਵਾਸੀਆਂ ਲਈ ਹੈ ।23ਉਪਰੰਤ ਜੇ ਸਾਰੀ ਕਲੀਸਿਯਾ ਇੱਕ ਥਾਂ ਇਕੱਠੀ ਹੋਵੇ ਅਤੇ ਸਾਰੇ ਵੱਖੋ-ਵੱਖਰੀਆਂ ਭਾਸ਼ਾਵਾਂ ਬੋਲਣ ਅਤੇ ਨਾ ਵਾਕਫ਼ ਅਥਵਾ ਅਵਿਸ਼ਵਾਸੀ ਲੋਕ ਅੰਦਰ ਆਉਣ ਤਾਂ ਭਲਾ, ਉਹ ਨਹੀਂ ਆਖਣਗੇ, ਭਲਾ, ਤੁਸੀਂ ਪਾਗਲ ਹੋ ?
24ਪਰ ਜੇ ਸਾਰੇ ਭਵਿੱਖਬਾਣੀ ਬੋਲਣ ਅਤੇ ਕੋਈ ਅਵਿਸ਼ਵਾਸੀ ਅਥਵਾ ਅਜਨਬੀ ਅੰਦਰ ਆਵੇ ਤਾਂ ਸਭਨਾਂ ਤੋਂ ਕਾਇਲ ਕੀਤਾ ਜਾਵੇਗਾ, ਸਭਨਾਂ ਤੋਂ ਜਾਂਚਿਆ ਜਾਵੇਗਾ ।25ਉਹ ਦੇ ਮਨ ਦੀਆਂ ਗੁਪਤ ਗੱਲਾਂ ਪ੍ਰਗਟ ਹੋਣਗੀਆਂ ਅਤੇ ਉਹ ਪਰਮੇਸ਼ੁਰ ਨੂੰ ਮੱਥਾ ਟੇਕੇਗਾ ਅਤੇ ਆਖੇਗਾ ਭਈ ਸੱਚੀ ਮੁੱਚੀ ਪਰਮੇਸ਼ੁਰ ਇਹਨਾਂ ਦੇ ਵਿੱਚ ਹੈ !
ਅਰਾਧਨਾ ਵਿੱਚ ਅਨੁਸ਼ਾਸ਼ਨ

26ਸੋ ਭਰਾਵੋ, ਗੱਲ ਕੀ ਹੈ ? ਜਦੋਂ ਤੁਸੀਂ ਇਕੱਠੇ ਹੁੰਦੇ ਹੋ ਤਾਂ ਕਿਸੇ ਦੇ ਕੋਲ ਭਜਨ, ਕਿਸੇ ਦੇ ਕੋਲ ਸਿੱਖਿਆ, ਕਿਸੇ ਦੇ ਕੋਲ ਅਗੰਮ ਗਿਆਨ, ਕਿਸੇ ਦੇ ਕੋਲ ਪਰਾਈ ਭਾਸ਼ਾ ਕਿਸੇ ਦੇ ਕੋਲ ਅਰਥ ਹੈ । ਸਭ ਕੁੱਝ ਲਾਭ ਦੇ ਲਈ ਹੋਣਾ ਚਾਹੀਦਾ ਹੈ ।27ਜੇ ਕੋਈ ਪਰਾਈ ਭਾਸ਼ਾ ਬੋਲੇ ਤਾਂ ਦੋ-ਦੋ ਅਥਵਾ ਵੱਧ ਤੋਂ ਵੱਧ ਤਿੰਨ ਤਿੰਨ ਕਰਕੇ ਬੋਲਣ ਸੋ ਵਾਰੋ-ਵਾਰੀ ਅਤੇ ਇੱਕ ਜਣਾ ਅਰਥ ਕਰੇ ।28ਪਰ ਜੇ ਕੋਈ ਅਰਥ ਕਰਨ ਵਾਲਾ ਨਾ ਹੋਵੇ ਤਾਂ ਉਹ ਕਲੀਸਿਯਾ ਵਿੱਚ ਚੁੱਪ ਰਹੇ ਅਤੇ ਆਪਣੇ ਨਾਲ ਅਤੇ ਪਰਮੇਸ਼ੁਰ ਨਾਲ ਬੋਲੇ ।
29ਅਤੇ ਨਬੀਆਂ ਵਿੱਚੋਂ ਦੋ ਅਥਵਾ ਤਿੰਨ ਬੋਲਣ ਅਤੇ ਬਾਕੀ ਦੇ ਪਰਖਣ ।30ਪਰ ਜੇ ਦੂਜੇ ਉੱਤੇ ਜੋ ਕੋਲ ਬੈਠਾ ਹੋਇਆ ਹੈ ਕਿਸੇ ਗੱਲ ਦਾ ਪਰਕਾਸ਼ ਹੋਇਆ ਹੋਵੇ ਤਾਂ ਪਹਿਲਾਂ ਚੁੱਪ ਰਹੇ ।
31ਕਿਉਂ ਜੋ ਤੁਸੀਂ ਸਾਰੇ ਇੱਕ-ਇੱਕ ਕਰਕੇ ਭਵਿੱਖਬਾਣੀ ਕਰ ਸਕਦੇ ਹੋ ਤਾਂ ਜੋ ਸਾਰੇ ਸਿੱਖਣ ਅਤੇ ਸਾਰੇ ਦਿਲਾਸਾ ਪਾਉਣ ।32ਅਤੇ ਨਬੀਆਂ ਦੇ ਆਤਮੇ ਨਬੀਆਂ ਦੇ ਵੱਸ ਵਿੱਚ ਹਨ ।33ਕਿਉਂ ਜੋ ਪਰਮੇਸ਼ੁਰ ਗੜਬੜੀ ਦਾ ਨਹੀਂ ਸਗੋਂ ਸ਼ਾਂਤੀ ਦਾ ਪਰਮੇਸ਼ੁਰ ਹੈ । ਜਿਵੇਂ ਸੰਤਾਂ ਦੀਆਂ ਸਾਰੀਆਂ ਕਲੀਸਿਯਾਂਵਾ ਵਿੱਚ ਹੈ ।
34ਕਲੀਸਿਯਾਵਾਂ ਵਿੱਚ ਔਰਤਾਂ ਚੁੱਪ ਰਹਿਣ ਕਿਉਂ ਜੋ ਉਹਨਾਂ ਨੂੰ ਬੋਲਣ ਦੀ ਆਗਿਆ ਨਹੀਂ ਹੈ ਸਗੋਂ ਉਹ ਅਧੀਨ ਰਹਿਣ ਜਿਵੇਂ ਬਿਵਸਥਾ ਵੀ ਕਹਿੰਦੀ ਹੈ ।35ਅਤੇ ਜੇ ਕੁੱਝ ਸਿੱਖਣਾ ਚਾਹੁੰਦੀਆਂ ਹਨ ਤਾਂ ਘਰ ਵਿੱਚ ਆਪੋ ਆਪਣੇ ਪਤੀਆਂ ਨੂੰ ਪੁੱਛਣ ਕਿਉਂ ਜੋ ਔਰਤ ਦੇ ਲਈ ਕਲੀਸਿਯਾ ਵਿੱਚ ਬੋਲਣਾ ਸ਼ਰਮ ਦੀ ਗੱਲ ਹੈ ।36ਭਲਾ, ਪਰਮੇਸ਼ੁਰ ਦਾ ਬਚਨ ਤੁਹਾਡੇ ਵਿੱਚੋਂ ਹੀ ਤੋਂ ਨਿੱਕਲਿਆ ਅਥਵਾ ਨਿਰਾ ਤੁਹਾਡੇ ਹੀ ਤੱਕ ਪਹੁੰਚਿਆ ?
37ਜੇ ਕੋਈ ਆਪਣੇ ਆਪ ਨੂੰ ਨਬੀ ਜਾਂ ਆਤਮਕ ਸਮਝੇ ਤਾਂ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਲਿਖਦਾ ਹਾਂ ਉਹ ਉਹਨਾਂ ਨੂੰ ਜਾਣ ਲਵੇ ਕਿ ਉਹ ਪ੍ਰਭੂ ਦੇ ਹੁਕਮ ਹਨ ।38ਪਰ ਜੇ ਕੋਈ ਨਾ ਜਾਣੇ ਤਾਂ ਨਾ ਜਾਣੇ ।
39ਗੱਲ ਕਾਹਦੀ, ਮੇਰੇ ਭਰਾਵੋ, ਭਵਿੱਖਬਾਣੀ ਕਰਨ ਨੂੰ ਭਾਲੋ ਅਤੇ ਪਰਾਈ ਭਾਸ਼ਾਵਾਂ ਬੋਲਣ ਤੋਂ ਨਾ ਰੋਕੋ ।40ਪਰ ਸਾਰੀਆਂ ਗੱਲਾਂ ਢੰਗ ਸਿਰ ਅਤੇ ਜੁਗਤੀ ਨਾਲ ਹੋਣ ।

15
ਮਸੀਹ ਦਾ ਜੀ ਉੱਠਣਾ

1ਹੁਣ ਹੇ ਭਰਾਵੋ, ਮੈਂ ਤੁਹਾਨੂੰ ਉਹ ਖੁਸ਼ਖਬਰੀ ਯਾਦ ਦਿਲਾਉਂਦਾ ਹਾਂ ਜਿਹੜੀ ਮੈਂ ਤੁਹਾਨੂੰ ਸੁਣਾਈ ਸੀ, ਜਿਸ ਨੂੰ ਤੁਸੀਂ ਕਬੂਲ ਵੀ ਕੀਤਾ ਅਤੇ ਜਿਸ ਨੂੰ ਤੁਸੀਂ ਮਜ਼ਬੂਤੀ ਨਾਲ ਫੜੀ ਵੀ ਰੱਖਿਆ ਹੈ ।2ਅਤੇ ਜਿਸ ਦੇ ਰਾਹੀਂ ਤੁਸੀਂ ਬਚਾਏ ਵੀ ਜਾਂਦੇ ਹੋ, ਜੇ ਤੁਸੀਂ ਉਸ ਖੁਸ਼ਖਬਰੀ ਦੇ ਬਚਨ ਨੂੰ ਜਿਹੜਾ ਮੈਂ ਤੁਹਾਨੂੰ ਸੁਣਾਇਆ ਸੀ ਫੜ੍ਹੀ ਰੱਖੋ, ਨਹੀਂ ਤਾਂ ਤੁਹਾਡਾ ਵਿਸ਼ਵਾਸ ਵਿਅਰਥ ਗਿਆ ।

3ਕਿਉਂ ਜੋ ਮੈਂ ਮੁੱਖ ਗੱਲਾਂ ਵਿੱਚੋਂ ਉਹ ਗੱਲ ਤੁਹਾਨੂੰ ਸੌਂਪ ਦਿੱਤੀ ਜਿਹੜੀ ਮੈਨੂੰ ਪ੍ਰਾਪਤ ਹੋਈ ਜੋ ਮਸੀਹ ਪਵਿੱਤਰ ਗ੍ਰੰਥਾਂ ਦੇ ਅਨੁਸਾਰ ਸਾਡੇ ਪਾਪਾਂ ਦੇ ਕਾਰਨ ਮਰਿਆ ।4ਅਤੇ ਉਹ ਦਫ਼ਨਾਇਆ ਗਿਆ ਅਤੇ ਪਵਿੱਤਰ ਗ੍ਰੰਥ ਦੇ ਅਨੁਸਾਰ ਤੀਜੇ ਦਿਨ ਜੀ ਉੱਠਿਆ ।
5ਅਤੇ ਇਹ ਜੋ ਕੈਫ਼ਾ ਨੂੰ ਅਤੇ ਫੇਰ ਉਨ੍ਹਾਂ ਬਾਰਾਂ ਨੂੰ ਦਰਸ਼ਣ ਦਿੱਤਾ ।6ਅਤੇ ਮਗਰੋਂ ਪੰਜ ਸੌ ਜ਼ਿਆਦਾ ਭਰਾਵਾਂ ਨੂੰ ਇੱਕੋ ਵਾਰੀ ਦਰਸ਼ਣ ਦਿੱਤਾ ਅਤੇ ਉਹਨਾਂ ਵਿੱਚੋਂ ਬਹੁਤੇ ਅਜੇ ਜਿਉਂਦੇ ਹਨ ਪਰ ਕਈ ਸੌ ਗਏ ।7ਪਿੱਛੋਂ ਯਾਕੂਬ ਨੂੰ ਦਰਸ਼ਣ ਦਿੱਤਾ ਅਤੇ ਫੇਰ ਸਭਨਾਂ ਰਸੂਲਾਂ ਨੂੰ ।
8ਅਤੇ ਸਭ ਦੇ ਪਿੱਛੋਂ ਮੈਨੂੰ ਵੀ ਦਰਸ਼ਣ ਦਿੱਤਾ ਜਿਵੇਂ ਇੱਕ ਅਧੂਰੇ ਜੰਮੇ ਨੂੰ ।9ਮੈਂ ਤਾਂ ਸਭਨਾਂ ਰਸੂਲਾਂ ਨਾਲੋਂ ਛੋਟਾ ਹਾਂ, ਰਸੂਲ ਸਦਾਉਣ ਦੇ ਯੋਗ ਨਹੀਂ ਕਿਉਂ ਜੋ ਮੈਂ ਪਰਮੇਸ਼ੁਰ ਦੀ ਕਲੀਸਿਯਾ ਨੂੰ ਸਤਾਇਆ ਸੀ ।
10ਪਰ ਮੈਂ ਜੋ ਕੁੱਝ ਹਾਂ, ਪਰਮੇਸ਼ੁਰ ਦੀ ਕਿਰਪਾ ਨਾਲ ਹੀ ਹਾਂ ਅਤੇ ਉਹ ਦੀ ਕਿਰਪਾ ਜੋ ਮੇਰੇ ਉੱਤੇ ਹੋਈ, ਸੋ ਅਕਾਰਥ ਨਾ ਹੋਈ ਪਰ ਮੈਂ ਉਨ੍ਹਾਂ ਸਭਨਾਂ ਨਾਲੋਂ ਵਧੀਕ ਮਿਹਨਤ ਕੀਤੀ ਪਰੰਤੂ ਮੈਂ ਤਾਂ ਨਹੀਂ ਸਗੋਂ ਪਰਮੇਸ਼ੁਰ ਦੀ ਕਿਰਪਾ ਨੇ ਜੋ ਮੇਰੇ ਨਾਲ ਸੀ ।11ਭਾਵੇਂ ਅਸੀਂ ਤੁਹਾਨੂੰ ਪ੍ਰਚਾਰ ਕੀਤਾ ਜਾਂ ਦੂਸਰੇ ਰਸੂਲਾਂ ਨੇ ਬਚਨ ਸੁਣਾਇਆ ਪਰ ਤੁਸੀਂ ਵਿਸ਼ਵਾਸ ਕੀਤੀ ।
ਸਾਡਾ ਜੀ ਉੱਠਣਾ

12ਹੁਣ ਜੇ ਮਸੀਹ ਦਾ ਇਹ ਪ੍ਰਚਾਰ ਕਰਦੇ ਹਾਂ ਕਿ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਤਾਂ ਕਈ ਤੁਹਾਡੇ ਵਿੱਚੋਂ ਕਿਵੇਂ ਆਖਦੇ ਹਨ ਕਿ ਮੁਰਦਿਆਂ ਦਾ ਜੀ ਉੱਠਣਾ ਹੈ ਹੀ ਨਹੀਂ ।13ਪਰ ਜੇ ਮੁਰਦਿਆਂ ਦਾ ਜੀ ਉੱਠਣਾ ਨਹੀਂ ਹੈ ਤਾਂ ਮਸੀਹ ਵੀ ਨਹੀਂ ਜੀ ਉੱਠਿਆ ।14ਅਤੇ ਜੇ ਮਸੀਹ ਨਹੀਂ ਜੀ ਉੱਠਿਆ ਤਾਂ ਸਾਡਾ ਪ੍ਰਚਾਰ ਵਿਅਰਥ ਹੈ ਅਤੇ ਤੁਹਾਡੀ ਵਿਸ਼ਵਾਸ ਬੇਕਾਰ ਹੈ ।
15ਨਾਲੇ ਅਸੀਂ ਵੀ ਪਰਮੇਸ਼ੁਰ ਦੇ ਝੂਠੇ ਗਵਾਹ ਠਹਿਰੇ ਕਿਉਂ ਜੋ ਅਸੀਂ ਪਰਮੇਸ਼ੁਰ ਦੀ ਸਾਖੀ ਦਿੱਤੀ ਜੋ ਉਹ ਨੇ ਮਸੀਹ ਨੂੰ ਜਿੰਦਾ ਕੀਤਾ, ਜਿਸ ਨੂੰ ਉਸ ਨੇ ਨਹੀਂ ਜਿੰਦਾ ਕੀਤਾ ਤਾਂ ਫਿਰ ਮੁਰਦੇ ਨਹੀਂ ਜੀ ਉੱਠਦੇ ।16ਕਿਉਂਕਿ ਜੇ ਮੁਰਦੇ ਨਹੀਂ ਜੀ ਉੱਠਦੇ ਤਾਂ ਮਸੀਹ ਨਹੀਂ ਜੀ ਉੱਠਿਆ ਹੈ ।17ਅਤੇ ਜੇ ਮਸੀਹ ਨਹੀਂ ਜੀ ਉੱਠਿਆ ਤਾਂ ਤੁਹਾਡੀ ਵਿਸ਼ਵਾਸ ਵਿਅਰਥ ਹੈ । ਤੁਸੀਂ ਅਜੇ ਆਪਣੇ ਪਾਪਾਂ ਵਿੱਚ ਹੋ ।
18ਤਦ ਜਿਹੜੇ ਮਸੀਹ ਵਿੱਚ ਹੋ ਕੇ ਸੌਂ ਗਏ ਹਨ ਉਹ ਵੀ ਨਾਸ ਹੋਏ ।19ਜੇ ਕੇਵਲ ਇਸੇ ਜੀਵਨ ਵਿੱਚ ਅਸੀਂ ਮਸੀਹ ਉੱਤੇ ਆਸ ਰੱਖੀ ਹੋਈ ਹੈ ਤਾਂ ਅਸੀਂ ਸਭਨਾਂ ਮਨੁੱਖਾਂ ਨਾਲੋਂ ਤਰਸ ਯੋਗ ਹਾਂ ।

20ਪਰ ਹੁਣ ਮਸੀਹ ਤਾਂ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ, ਸੁੱਤਿਆਂ ਹੋਇਆਂ ਦਾ ਪਹਿਲਾ ਫਲ ਹੈ !21ਜਾਂ ਮਨੁੱਖ ਦੇ ਰਾਹੀਂ ਮੌਤ ਹੋਈ ਤਾਂ ਮਨੁੱਖ ਹੀ ਦੇ ਰਾਹੀਂ ਮੁਰਦਿਆਂ ਦਾ ਜੀ ਉੱਠਣਾ ਵੀ ਹੋਇਆ ।
22ਜਿਸ ਤਰ੍ਹਾਂ ਆਦਮ ਵਿੱਚ ਸੱਭੇ ਮਰਦੇ ਹਨ ਉਸੇ ਤਰ੍ਹਾਂ ਮਸੀਹ ਵਿੱਚ ਸੱਭੇ ਜਿਉਂਦੇ ਹੋ ਜਾਣਗੇ ।23ਪਰ ਹਰੇਕ ਆਪੋ-ਆਪਣੀ ਵਾਰੀ ਸਿਰ । ਪਹਿਲਾ ਫਲ ਮਸੀਹ, ਫਿਰ ਜਿਹੜੇ ਮਸੀਹ ਦੇ ਹਨ ਉਹ ਦੇ ਆਉਣ ਦੇ ਵੇਲੇ ।
24ਉਹ ਦੇ ਮਗਰੋਂ ਅੰਤ ਹੈ । ਤਦ ਉਹ ਰਾਜ ਨੂੰ ਪਰਮੇਸ਼ੁਰ ਅਤੇ ਪਿਤਾ ਦੇ ਹੱਥ ਸੌਂਪ ਦੇਵੇਗਾ, ਜਦ ਉਹ ਨੇ ਹਰੇਕ ਹਕੂਮਤ ਅਤੇ ਹਰੇਕ ਇਖ਼ਤਿਆਰ ਅਤੇ ਸਮਰੱਥਾ ਨੂੰ ਨਾਸ ਕਰ ਦਿੱਤਾ ਹੋਵੇਗਾ ।25ਕਿਉਂਕਿ ਜਿੰਨਾਂ ਚਿਰ ਉਹ ਸਾਰੇ ਵੈਰੀਆਂ ਨੂੰ ਆਪਣੇ ਪੈਰਾਂ ਹੇਠਾਂ ਨਾ ਕਰ ਲਵੇ ਉਨੀਂ ਦੇਰ ਉਸ ਨੇ ਰਾਜ ਕਰਨਾ ਹੈ ।26ਅਖੀਰਲਾ ਵੈਰੀ ਜਿਹ ਦਾ ਨਾਸ ਹੋਣਾ ਹੈ ਸੋ ਮੌਤ ਹੈ ।
27“ਉਸ ਨੇ ਸਭ ਕੁੱਝ ਉਹ ਦੇ ਪੈਰਾਂ ਹੇਠ ਕਰ ਦਿੱਤਾ” । ਪਰ ਜਾਂ ਉਹ ਕਹਿੰਦਾ ਹੈ ਜੋ ਸਭ ਕੁੱਝ ਹੇਠ ਕੀਤਾ ਗਿਆ ਹੈ ਤਾਂ ਪ੍ਰਗਟ ਹੈ ਕਿ ਜਿਸ ਨੇ ਸਭ ਕੁੱਝ ਮਸੀਹ ਦੇ ਹੇਠ ਕਰ ਦਿੱਤਾ ਉਹ ਆਪ ਹੇਠ ਹੋਣ ਤੋਂ ਰਹਿਤ ਹੈ ।28ਅਤੇ ਜਾਂ ਸਭ ਕੁੱਝ ਉਹ ਦੇ ਅਧੀਨ ਕੀਤਾ ਗਿਆ ਹੋਵੇਗਾ ਤਾਂ ਪ੍ਰਭੂ ਆਪ ਵੀ ਉਸ ਦੇ ਅਧੀਨ ਹੋਵੇਗਾ ਜਿਸ ਨੇ ਸਭ ਕੁੱਝ ਉਹ ਦੇ ਅਧੀਨ ਕਰ ਦਿੱਤਾ ਜੋ ਪਰਮੇਸ਼ੁਰ ਸਭਨਾਂ ਵਿੱਚ ਸਭ ਕੁੱਝ ਹੋਵੇ ।

29ਨਹੀਂ ਤਾਂ ਜਿਹੜੇ ਮੁਰਦਿਆਂ ਦੇ ਲਈ ਬਪਤਿਸਮਾ ਲੈਂਦੇ ਹਨ, ਉਹ ਕੀ ਕਰਨਗੇ ? ਜੇ ਮੁਰਦੇ ਮੂਲੋਂ ਜੀ ਨਹੀਂ ਉੱਠਦੇ ਤਾਂ ਉਨ੍ਹਾਂ ਦੇ ਲਈ ਉਹ ਕਿਉਂ ਬਪਤਿਸਮਾ ਲੈਂਦੇ ਹਨ ?30ਅਸੀਂ ਵੀ ਹਰ ਘੜੀ ਦੁੱਖ ਵਿੱਚ ਕਿਉਂ ਪਏ ਰਹਿੰਦੇ ਹਾਂ ?
31ਹੇ ਭਰਾਵੋ, ਤੁਹਾਡੇ ਹੱਕ ਵਿੱਚ ਜਿਹੜਾ ਘਮੰਡ ਮੈਂ ਮਸੀਹ ਯਿਸੂ ਸਾਡੇ ਪ੍ਰਭੂ ਵਿੱਚ ਕਰਦਾ ਹਾਂ ਉਹ ਦੀ ਸਹੁੰ ਹੈ ਜੋ ਮੈਂ ਹਰ ਰੋਜ਼ ਮਰਦਾ ਹਾਂ ।32ਜੇ ਆਦਮੀ ਦੀ ਤਰ੍ਹਾਂ ਮੈਂ ਅਫ਼ਸੁਸ ਵਿੱਚ ਬੁਰਿਆਰਾਂ ਨਾਲ ਲੜਿਆ ਤਾਂ ਮੈਨੂੰ ਕੀ ਲਾਭ ਹੈ ? ਜੇ ਮੁਰਦੇ ਨਹੀਂ ਜੀ ਉੱਠਦੇ ਤਾਂ ਆਓ ਅਸੀਂ ਖਾਈਏ ਪੀਵੀਏ ਕਿਉਂ ਜੋ ਭਲਕੇ ਮਰਨਾ ਹੈ
33ਧੋਖਾ ਨਾ ਖਾਓ, ਬੁਰੀ ਸੰਗਤ ਚੰਗੇ ਚਾਲ-ਚਲਣ ਨੂੰ ਵਿਗਾੜ ਦਿੰਦੀ ਹੈ ।34ਤੁਸੀਂ ਧਾਰਮਿਕਤਾ ਲਈ ਸਮਝ ਰੱਖੋ ਅਤੇ ਪਾਪ ਨਾ ਕਰੋ ਕਿਉਂ ਜੋ ਕਈਆਂ ਨੂੰ ਪਰਮੇਸ਼ੁਰ ਦਾ ਗਿਆਨ ਨਹੀਂ । ਮੈਂ ਤੁਹਾਡੀ ਸ਼ਰਮ ਲਈ ਇਹ ਆਖਦਾ ਹਾਂ ।
ਜੀ ਉੱਠਣ ਦੀ ਦੇ

35ਪਰ ਕੋਈ ਆਖੇ ਕਿ ਮੁਰਦੇ ਕਿਵੇਂ ਜੀ ਉੱਠਦੇ ਅਤੇ ਕਿਹੋ ਜਿਹੇ ਸਰੀਰ ਨਾਲ ਆਉਂਦੇ ਹਨ ?36ਨਦਾਨਾਂ, ਜੋ ਕੁੱਝ ਤੂੰ ਬੀਜਦਾ ਹੈਂ ਜੇਕਰ ਉਹ ਨਾ ਮਰੇ ਤਾਂ ਜੰਮੇਗਾ ਨਹੀਂ ।
37ਅਤੇ ਜਿਹੜਾ ਤੂੰ ਬੀਜਦਾ ਹੈ ਤੂੰ ਉਹ ਰੂਪ ਨਹੀਂ ਬੀਜਦਾ ਜੋ ਹੋਵੇਗਾ ਪਰ ਨਿਰਾ ਇੱਕ ਦਾਣਾ ਭਾਵੇਂ ਕਣਕ ਦਾ ਭਾਵੇਂ ਹੋਰ ਕਿਸੇ ਦਾ ।38ਪਰੰਤੂ ਪਰਮੇਸ਼ੁਰ ਜਿਵੇਂ ਉਹ ਨੂੰ ਭਾਇਆ ਉਹ ਉਸ ਨੂੰ ਰੂਪ ਦਿੰਦਾ ਹੈ ਅਤੇ ਹਰ ਪ੍ਰਕਾਰ ਦੇ ਬੀ ਨੂੰ ਆਪੋ ਆਪਣਾ ਰੂਪ39ਸਭ ਮਾਸ ਇੱਕੋ ਜਿਹਾ ਮਾਸ ਨਹੀਂ ਸਗੋਂ ਮਨੁੱਖਾਂ ਦਾ ਹੋਰ ਹੈ ਅਤੇ ਪਸ਼ੂਆਂ ਦਾ ਮਾਸ ਹੋਰ ਅਤੇ ਪੰਛੀਆਂ ਦਾ ਮਾਸ ਹੋਰ ਅਤੇ ਮੱਛੀਆਂ ਦਾ ਹੋਰ ।
40ਸਵਰਗੀ ਸਰੀਰ ਵੀ ਹਨ ਅਤੇ ਜ਼ਮੀਨੀ ਸਰੀਰ ਵੀ ਪਰ ਸਵਰਗੀ ਪਰਤਾਪ ਹੋਰ ਹੈ ਅਤੇ ਜ਼ਮੀਨੀ ਦਾ ਹੋਰ ਹੈ ।41ਸੂਰਜ ਦਾ ਪਰਤਾਪ ਹੈ ਅਤੇ ਚੰਦਰਮਾ ਦਾ ਹੋਰ ਹੈ ਅਤੇ ਤਾਰਿਆਂ ਦਾ ਪਰਤਾਪ ਹੋਰ ਕਿਉਂ ਜੋ ਪਰਤਾਪ ਕਰਕੇ ਇੱਕ ਤਾਰਾ ਦੂਏ ਤਾਰੇ ਤੋਂ ਭਿੰਨ ਹੈ ।
42ਇਸੇ ਤਰ੍ਹਾਂ ਮੁਰਦਿਆਂ ਦਾ ਜੀ ਉੱਠਣਾ ਵੀ ਹੈ । ਉਹ ਨਾਸਵਾਨ ਬੀਜਿਆ ਜਾਂਦਾ ਹੈ ਪਰ ਅਵਿਨਾਸ਼ੀ ਉੱਠਦਾ ਹੈ ।43ਉਹ ਬੇਪਤ ਬੀਜਿਆ ਜਾਂਦਾ ਹੈ ਪਰੰਤੂ ਮਹਿਮਾ ਵਿੱਚ ਜੀ ਉੱਠਦਾ ਹੈ । ਉਹ ਨਿਰਬਲ ਬੀਜਿਆ ਜਾਂਦਾ ਹੈ ਪਰ ਸਮਰੱਥਾ ਨਾਲ ਜੀ ਉੱਠਦਾ ਹੈ ।44ਉਹ ਪ੍ਰਾਣਕ ਸਰੀਰ ਹੋ ਕੇ ਬੀਜਿਆ ਜਾਂਦਾ ਹੈ ਪਰ ਉਹ ਆਤਮਕ ਸਰੀਰ ਹੋ ਕੇ ਜੋ ਉੱਠਦਾ ਹੈ । ਜੇ ਪ੍ਰਾਣਕ ਸਰੀਰ ਹੈ ਤਾਂ ਆਤਮਕ ਸਰੀਰ ਵੀ ਹੈ ।
45ਇਉਂ ਲਿਖਿਆ ਹੋਇਆ ਵੀ ਹੈ ਜੋ ਪਹਿਲਾ ਮਨੁੱਖ ਆਦਮ ਜਿਉਂਦੀ ਜਾਨ ਹੋਇਆ, ਬਾਅਦ ਵਾਲਾ ਆਦਮ ਜੀਵਨ ਦਾਤਾ ਆਤਮਾ ਹੋਇਆ ।46ਪਰ ਪਹਿਲਾ ਉਹ ਨਹੀਂ ਜਿਹੜਾ ਆਤਮਕ ਹੈ ਸਗੋਂ ਉਹ ਜਿਹੜਾ ਪ੍ਰਾਣਕ ਹੈ, ਫੇਰ ਇਹ ਦੇ ਮਗਰੋਂ ਉਹ ਜਿਹੜਾ ਆਤਮਕ ਹੈ ।
47ਪਹਿਲਾ ਮਨੁੱਖ ਮਿੱਟੀ ਦਾ ਬਣਿਆ । ਦੂਜਾ ਮਨੁੱਖ ਸਵਰਗ ਤੋਂ ਹੈ ।48ਜਿਵੇਂ ਉਹ ਮਿੱਟੀ ਦਾ ਸੀ ਤਿਵੇਂ ਉਹ ਵੀ ਜਿਹੜੇ ਮਿੱਟੀ ਦੇ ਹਨ ਅਤੇ ਜਿਵੇਂ ਉਹ ਸਵਰਗ ਦਾ ਹੈ ਤਿਵੇਂ ਉਹ ਵੀ ਜਿਹੜੇ ਸਵਰਗ ਦੇ ਹਨ ।49ਅਤੇ ਜਿਸ ਤਰ੍ਹਾਂ ਅਸੀਂ ਮਿੱਟੀ ਵਾਲੇ ਦਾ ਸਰੂਪ ਧਾਰਿਆ ਹੈ ਇਸੇ ਤਰ੍ਹਾਂ ਸਵਰਗ ਵਾਲੇ ਦਾ ਵੀ ਸਰੂਪ ਧਾਰਾਂਗੇ ।

50ਹੁਣ ਹੇ ਭਰਾਵੋ, ਮੈਂ ਇਹ ਆਖਦਾ ਹਾਂ ਜੋ ਮਾਸ ਅਤੇ ਲਹੂ ਪਰਮੇਸ਼ੁਰ ਦੇ ਰਾਜ ਦੇ ਅਧਿਕਾਰੀ ਨਹੀਂ ਹੋ ਸਕਦੇ, ਨਾ ਵਿਨਾਸ਼ ਅਵਿਨਾਸ਼ ਦਾ ਅਧਿਕਾਰੀ ਹੁੰਦਾ ਹੈ ।51ਵੇਖੋ, ਮੈਂ ਤੁਹਾਨੂੰ ਇੱਕ ਭੇਤ ਦੱਸਦਾ ਹਾਂ ਜੋ ਅਸੀਂ ਸਾਰੇ ਨਹੀਂ ਸੌਂਵਾਂਗੇ ।
52ਪਰ ਸਾਰੇ ਪਲ ਭਰ ਵਿੱਚ ਅੱਖ ਦੀ ਝਮਕ ਵਿੱਚ ਆਖਰੀ ਤੁਰ੍ਹੀ ਫੂਕਦਿਆਂ ਸਾਰ ਬਦਲ ਜਾਂਵਾਂਗੇ । ਤੁਰ੍ਹੀ ਫੂਕੀ ਜਾਵੇਗੀ ਅਤੇ ਮੁਰਦੇ ਅਵਿਨਾਸ਼ੀ ਹੋ ਕੇ ਜੀ ਉੱਠਣਗੇ ਅਤੇ ਅਸੀਂ ਬਦਲ ਜਾਂਵਾਂਗੇ ।53ਕਿਉਂ ਜੋ ਜ਼ਰੂਰ ਹੈ ਕਿ ਨਾਸਵਾਨ ਅਵਿਨਾਸ਼ ਨੂੰ ਪਹਿਨ ਲਵੇ ਅਤੇ ਇਹ ਮਰਨਹਾਰ ਅਮਰਤਾ ਨੂੰ ਪਹਿਨ ਲਵੇ ।
54ਪਰ ਜਾਂ ਇਹ ਨਾਸਵਾਨ ਅਵਿਨਾਸ਼ ਨੂੰ ਅਤੇ ਇਹ ਮਰਨਹਾਰ ਅਮਰਤਾ ਨੂੰ ਪਹਿਨ ਲਵੇਗਾ ਤਾਂ ਉਹ ਗੱਲ ਜਿਹੜੀ ਲਿਖੀ ਹੋਈ ਹੈ ਪੂਰੀ ਹੋ ਜਾਵੇਗੀ, ਮੌਤ ਫਤਹ ਦੀ ਬੁਰਕੀ ਹੋ ਗਈ ।55ਹੇ ਮੌਤ, ਤੇਰੀ ਫਤਹ ਕਿੱਥੇ ਹੈ ? ਹੇ ਮੌਤ, ਤੇਰਾ ਡੰਗ ਕਿੱਥੇ ਹੈ ? ।

56ਮੌਤ ਦਾ ਡੰਗ ਪਾਪ ਹੈ ਅਤੇ ਪਾਪ ਦਾ ਜ਼ੋਰ ਬਿਵਸਥਾ ਹੈ ।57ਪਰ ਧੰਨਵਾਦ ਹੈ ਪਰਮੇਸ਼ੁਰ ਦਾ ਜੋ ਸਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਫਤਹ ਬਖ਼ਸ਼ਦਾ ਹੈ !
58ਸੋ ਹੇ ਮੇਰੇ ਪਿਆਰੇ ਭਰਾਵੋ, ਤੁਸੀਂ ਸਥਿਰ ਅਤੇ ਅਡੋਲ ਹੋਵੋ ਅਤੇ ਪ੍ਰਭੂ ਦੇ ਕੰਮ ਵਿੱਚ ਸਦਾ ਵੱਧਦੇ ਜਾਓ ਕਿਉਂ ਜੋ ਤੁਸੀਂ ਜਾਣਦੇ ਹੋ ਜੋ ਪ੍ਰਭੂ ਵਿੱਚ ਤੁਹਾਡੀ ਮਿਹਨਤ ਵਿਅਰਥ ਨਹੀਂ ਹੈ ।

16
ਵਿਸ਼ਵਾਸੀਆਂ ਦੇ ਲਈ ਦਾਨ

1ਹੁਣ ਉਸ ਭੇਟ ਦੇ ਵਿਖੇ ਜਿਹੜੀ ਸੰਤਾਂ ਲਈ ਹੈ ਜਿਵੇਂ ਮੈਂ ਗਲਾਤਿਯਾ ਦੀਆਂ ਕਲੀਸਿਯਾਂਵਾ ਨੂੰ ਆਗਿਆ ਦਿੱਤੀ ਸੀ ਤਿਵੇਂ ਤੁਸੀਂ ਵੀ ਕਰੋ ।2ਹਰ ਹਫ਼ਤੇ ਦੇ ਪਹਿਲੇ ਦਿਨ ਤੁਹਾਡੇ ਵਿੱਚੋਂ ਹਰੇਕ ਆਪਣੀ ਯੋਗਤਾ ਅਨੁਸਾਰ ਵੱਖ ਕਰ ਕੇ ਆਪਣੇ ਕੋਲ ਰੱਖ ਛੱਡੇ ਕਿ ਜਦ ਮੈਂ ਆਵਾਂ ਤਦ ਉਗਰਾਹੀ ਨਾ ਕਰਨੀ ਪਵੇ ।

3ਅਤੇ ਜਦ ਮੈਂ ਆਵਾਂ ਤਦ ਜਿਨ੍ਹਾਂ ਨੂੰ ਤੁਸੀਂ ਪਰਵਾਨ ਕਰੋ ਉਹਨਾਂ ਨੂੰ ਮੈਂ ਚਿੱਠੀਆਂ ਦੇ ਕੇ ਭੇਜਾਂਗਾ ਜੋ ਤੁਹਾਡਾ ਦਾਨ ਯਰੂਸ਼ਲਮ ਤੱਕ ਪੁਚਾਉਣ ।4ਜੇ ਮੇਰਾ ਵੀ ਜਾਣਾ ਉੱਚਿਤ ਹੋਵੇ ਤਾਂ ਉਹ ਮੇਰੇ ਨਾਲ ਜਾਣਗੇ ।
5ਅਤੇ ਜਦ ਮੈਂ ਮਕਦੂਨਿਯਾ ਵਿੱਚੋਂ ਦੀ ਲੰਘਾਂਗਾ ਤਦ ਤੁਹਾਡੇ ਕੋਲ ਆਵਾਂਗਾ ਕਿਉਂ ਜੋ ਮੈਂ ਮਕਦੂਨਿਯਾ ਰਾਹੀਂ ਲੰਘਣਾ ਹੈ ।6ਪਰ ਕੀ ਜਾਣੀਏ ਜੋ ਮੈਂ ਤੁਹਾਡੇ ਕੋਲ ਠਹਿਰਾਂ ਸਗੋਂ ਸਿਆਲ ਵੀ ਕੱਟਾਂ ਕਿ ਤੁਸੀਂ ਮੈਨੂੰ ਅਗਾਹਾਂ ਪਹੁੰਚਾ ਦਿਓ ਜਿੱਥੇ ਕਿਤੇ ਮੈਂ ਜਾਣਾ ਹੋਵੇ ।
7ਕਿਉਂ ਜੋ ਮੈਂ ਨਹੀਂ ਚਾਹੁੰਦਾ ਜੋ ਇਸ ਵਾਰ ਤੁਹਾਨੂੰ ਰਸਤੇ ਵਿੱਚ ਹੀ ਮਿਲਾਂ ਕਿਉਂ ਜੋ ਮੇਰੀ ਆਸ ਹੈ ਕਿ ਜੇ ਪ੍ਰਭੂ ਦੀ ਆਗਿਆ ਹੋਵੇ ਤਾਂ ਕੁੱਝ ਚਿਰ ਤੁਹਾਡੇ ਕੋਲ ਠਹਿਰਾਂ ।8ਪਰ ਪੰਤੇਕੁਸਤ ਤੱਕ ਮੈਂ ਅਫ਼ਸੁਸ ਵਿੱਚ ਰਹਾਂਗਾ ।9ਕਿਉਂ ਜੋ ਇੱਕ ਵੱਡਾ ਅਤੇ ਕੰਮ ਵਾਲਾ ਦਰਵਾਜ਼ਾ ਮੇਰੇ ਲਈ ਖੁੱਲਿਆ ਹੈ ਅਤੇ ਵਿਰੋਧੀ ਬਹੁਤ ਹਨ ।

10ਜੇ ਤਿਮੋਥਿਉਸ ਆਵੇ ਤਾਂ ਵੇਖਣਾ ਜੋ ਉਹ ਤੁਹਾਡੇ ਕੋਲ ਨਿਸਚਿੰਤ ਰਹੇ ਕਿਉਂ ਜੋ ਉਹ ਪ੍ਰਭੂ ਦਾ ਕੰਮ ਕਰਦਾ ਹਾਂ ਜਿਵੇਂ ਮੈਂ ਵੀ ਕਰਦਾ ਹਾਂ ।11ਸੋ ਕੋਈ ਉਸ ਨੂੰ ਤੁੱਛ ਨਾ ਜਾਣੇ ਸਗੋਂ ਤੁਸੀਂ ਉਸ ਨੂੰ ਸੁੱਖ-ਸਾਂਦ ਨਾਲ ਅਗਾਹਾਂ ਨੂੰ ਤੋਰ ਦੇਣਾ ਜੋ ਉਹ ਮੇਰੇ ਕੋਲ ਆ ਜਾਵੇ ਕਿਉਂ ਜੋ ਮੈਂ ਉਸ ਨੂੰ ਭਰਾਵਾਂ ਸਣੇ ਉਡੀਕਦਾ ਹਾਂ ।12ਪਰ ਭਾਈ ਅਪੁੱਲੋਸ ਦੀ ਇਹ ਗੱਲ ਹੈ ਕਿ ਮੈਂ ਉਹ ਦੇ ਅੱਗੇ ਬਹੁਤ ਬੇਨਤੀ ਕੀਤੀ ਜੋ ਉਹ ਭਰਾਵਾਂ ਦੇ ਨਾਲ ਤੁਹਾਡੇ ਕੋਲ ਜਾਵੇ ਅਤੇ ਉਹ ਦਾ ਜੀ ਤੁਹਾਡੇ ਕੋਲ ਇਸ ਵਾਰ ਆਉਣ ਨੂੰ ਮੂਲੋਂ ਨਹੀਂ ਕਰਦਾ ਸੀ ਪਰ ਜਦ ਉਹ ਨੂੰ ਕਦੇ ਵਿਹਲ ਹੋਵੇ ਤਾਂ ਆਵੇਗਾ ।
ਆਖਰੀ ਹੁਕਮ ਅਤੇ ਨਮਸਕਾਰ

13ਜਾਗਦੇ ਰਹੋ । ਵਿਸ਼ਵਾਸ ਵਿੱਚ ਦ੍ਰਿੜ੍ਹ ਰਹੋ, ਹੌਂਸਲਾ ਰੱਖੋ, ਤਕੜੇ ਹੋਵੋ ।14ਤੁਹਾਡੇ ਸਾਰੇ ਕੰਮ ਪਿਆਰ ਨਾਲ ਹੋਣ ।

15ਹੁਣ ਹੇ ਭਰਾਵੋ, ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ( ਤੁਸੀਂ ਤਾਂ ਸਤਫ਼ਨਾਸ ਦਾ ਘਰਾਣਾ ਜਾਣਦੇ ਹੋ ਕਿ ਉਹ ਅਖਾਯਾ ਦਾ ਪਹਿਲਾ ਫਲ ਹੋਇਆ ਅਤੇ ਉਨ੍ਹਾਂ ਨੇ ਸੰਤਾਂ ਦੀ ਟਹਿਲ ਸੇਵਾ ਕੀਤੀ)16ਕਿ ਤੁਸੀਂ ਅਜਿਹਿਆਂ ਦੇ ਵੀ ਅਧੀਨ ਰਹੋ ਨਾਲੇ ਹਰੇਕ ਦੇ ਜਿਹੜਾ ਕੰਮ ਵਿੱਚ ਸਹਿਯੋਗੀ ਅਤੇ ਮਿਹਨਤੀ ਹੈ ।
17ਅਤੇ ਮੈਂ ਸਤਫ਼ਨਾਸ, ਫ਼ੁਰਤੂਨਾਤੁਸ ਅਤੇ ਅਖਾਇਕੁਸ ਦੇ ਆਉਣ ਕਰਕੇ ਅਨੰਦ ਹਾਂ ਕਿਉਂ ਜੋ ਤੁਹਾਡੀ ਵੱਲੋਂ ਜਿਹੜਾ ਘਾਟਾ ਸੀ, ਸੋ ਉਨ੍ਹਾਂ ਨੇ ਪੂਰਾ ਕਰ ਦਿੱਤਾ ।18ਕਿਉਂ ਜੋ ਉਨ੍ਹਾਂ ਨੇ ਮੇਰੇ ਅਤੇ ਤੁਹਾਡੇ ਆਤਮਾ ਨੂੰ ਤ੍ਰਿਪਤ ਕੀਤਾ ਇਸ ਕਰਕੇ ਤੁਸੀਂ ਅਜਿਹਿਆਂ ਦੀ ਗੱਲ ਮੰਨੋ ।

19ਅਸਿਯਾ ਦੀਆਂ ਕਲੀਸਿਯਾਵਾਂ ਤੁਹਾਡੀ ਸੁੱਖ-ਸਾਂਦ ਪੁੱਛਦੀਆਂ ਹਨ । ਅਕੂਲਾ ਅਤੇ ਪਰਿਸਕਾ ਉਸ ਕਲੀਸਿਯਾ ਸਣੇ ਜੋ ਉਹਨਾਂ ਦੇ ਘਰ ਵਿੱਚ ਹੈ ਪ੍ਰਭੂ ਵਿੱਚ ਬਹੁਤ ਬਹੁਤ ਕਰਕੇ ਤੁਹਾਡੀ ਸੁੱਖ-ਸਾਂਦ ਪੁੱਛਦੇ ਹਨ ।20ਸਾਰੇ ਭਰਾ ਤੁਹਾਡੀ ਸੁੱਖ-ਸਾਂਦ ਪੁੱਛਦੇ ਹਨ । ਤੁਸੀਂ ਪਵਿੱਤਰ ਚੁਮੰਨ ਨਾਲ ਇੱਕ ਦੂਜੇ ਦੀ ਸੁੱਖ-ਸਾਂਦ ਪੁੱਛੋ ।

21ਮੇਰਾ ਪੌਲੁਸ ਦਾ ਆਪਣੇ ਹੱਥ ਦਾ ਲਿਖਿਆ ਹੋਇਆ ਸਲਾਮ ।22ਜੇ ਕੋਈ ਪ੍ਰਭੂ ਨਾਲ ਪਿਆਰ ਨਹੀਂ ਰੱਖਦਾ ਤਾਂ ਉਹ ਸਰਾਪਤ ਹੋਵੇ ! ਹੇ ਸਾਡੇ ਪ੍ਰਭੂ, ਆ !23ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਉੱਤੇ ਹੋਵੇ ।24ਮਸੀਹ ਯਿਸੂ ਵਿੱਚ ਤੁਹਾਨੂੰ ਸਾਰਿਆਂ ਨੂੰ ਮੇਰਾ ਪਿਆਰ । ਆਮੀਨ ।

ਕੁਰਿੰਥੀਆਂ ਨੂੰ ਦੂਜੀ ਪੱਤ੍ਰੀ

1
ਨਮਸਕਾਰ

1ਪੌਲੁਸ, ਜਿਹੜਾ ਪਰਮੇਸ਼ੁਰ ਦੀ ਮਰਜ਼ੀ ਨਾਲ ਮਸੀਹ ਯਿਸੂ ਦਾ ਰਸੂਲ ਹਾਂ ਅਤੇ ਨਾਲੇ ਸਾਡਾ ਭਰਾ ਤਿਮੋਥਿਉਸ ਅੱਗੇ ਯੋਗ ਪਰਮੇਸ਼ੁਰ ਦੀ ਕਲੀਸਿਯਾ ਨੂੰ ਜਿਹੜੀ ਕੁਰਿੰਥੁਸ ਵਿੱਚ ਹੈ ਅਤੇ ਉਨ੍ਹਾਂ ਸਭਨਾਂ ਸੰਤਾਂ ਨਾਲ ਜਿਹੜੇ ਅਖਾਯਾ ਵਿੱਚ ਹਨ ।2ਸਾਡੇ ਪਿਤਾ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲਦੀ ਰਹੇ ।

ਪਰਮੇਸ਼ੁਰ ਦਾ ਧੰਨਵਾਦ ਕਰਨਾ

3ਮੁਬਾਰਕ ਹੈ ਸਾਡੇ ਪ੍ਰਭੂ ਯਿਸੂ ਮਸੀਹ ਦਾ ਪਰਮੇਸ਼ੁਰ ਅਤੇ ਪਿਤਾ ਜਿਹੜਾ ਦਯਾ ਦਾ ਪਿਤਾ ਅਤੇ ਸਭ ਪ੍ਰਕਾਰ ਦੀ ਸ਼ਾਂਤੀ ਦਾ ਪਰਮੇਸ਼ੁਰ ਹੈ ।4ਜੋ ਸਾਡੀਆਂ ਸਾਰੀਆਂ ਬਿਪਤਾ ਵਿੱਚ ਸਾਨੂੰ ਦਿਲਾਸਾ ਦਿੰਦਾ ਹੈ ਜੋ ਅਸੀਂ ਉਸੇ ਦਿਲਾਸੇ ਤੋਂ ਜਿਸ ਨੂੰ ਅਸੀਂ ਪਰਮੇਸ਼ੁਰ ਵੱਲੋਂ ਪਾਇਆ ਹੈ ਉਹਨਾਂ ਨੂੰ ਹਰ ਬਿਪਤਾ ਵਿੱਚ ਦਿਲਾਸਾ ਦੇਣ ਯੋਗ ਹੋਈਏ ।
5ਕਿਉਂਕਿ ਜਿਵੇਂ ਮਸੀਹ ਦੇ ਦੁੱਖ ਸਾਡੇ ਲਈ ਬਹੁਤ ਹਨ ਉਸੇ ਤਰ੍ਹਾਂ ਸਾਡਾ ਦਿਲਾਸਾ ਵੀ ਮਸੀਹ ਦੇ ਰਾਹੀਂ ਬਹੁਤ ਹੈ ।6ਪਰੰਤੂ ਅਸੀਂ ਭਾਵੇਂ ਬਿਪਤਾ ਭੋਗਦੇ ਹਾਂ ਪਰ ਇਹ ਤਾਂ ਤੁਹਾਡੇ ਦਿਲਾਸੇ ਅਤੇ ਮੁਕਤੀ ਲਈ ਹੈ ਅਤੇ ਭਾਵੇਂ ਦਿਲਾਸਾ ਪਾਉਂਦੇ ਹਾਂ ਤਾਂ ਇਹ ਤੁਹਾਡੇ ਉਸ ਦਿਲਾਸੇ ਲਈ ਹੈ ਜਿਹੜਾ ਉਨ੍ਹਾਂ ਦੁੱਖਾਂ ਦੇ ਧੀਰਜ ਨਾਲ ਝੱਲਣ ਵਿੱਚ ਗੁਣਕਾਰੀ ਹੈ ਜੋ ਦੁੱਖ ਅਸੀਂ ਵੀ ਝੱਲਦੇ ਹਾਂ ।7ਅਤੇ ਤੁਹਾਡੇ ਲਈ ਸਾਡੀ ਇਹ ਆਸ ਯਕੀਨਨ ਹੈ ਕਿਉਂ ਜੋ ਅਸੀਂ ਜਾਣਦੇ ਹਾਂ ਕਿ ਜਿਵੇਂ ਤੁਸੀਂ ਦੁੱਖਾਂ ਵਿੱਚ ਸਾਡੇ ਸਾਂਝੀ ਹੋ ਉਸੇ ਤਰ੍ਹਾਂ ਦਿਲਾਸੇ ਵਿੱਚ ਵੀ ਹੋ ।
8ਹੇ ਭਰਾਵੋ, ਅਸੀਂ ਨਹੀਂ ਚਾਹੁੰਦੇ ਜੋ ਤੁਸੀਂ ਸਾਡੀ ਉਸ ਬਿਪਤਾ ਤੋਂ ਅਣਜਾਣ ਰਹੋ ਜਿਹੜੀ ਅਸਿਯਾ ਵਿੱਚ ਸਾਡੇ ਉੱਤੇ ਆਣ ਪਈ, ਜੋ ਅਸੀਂ ਆਪਣੀ ਸਹਿਨਸ਼ੀਲਤਾ ਤੋਂ ਬਾਹਰ ਦਬਾਏ ਗਏ ਐਥੋਂ ਤੱਕ ਜੋ ਅਸੀਂ ਜੀਉਣ ਦੀ ਆਸ ਛੱਡ ਬੈਠੇ ।9ਸਗੋਂ ਅਸੀਂ ਆਪਣੇ ਆਪ ਵਿੱਚ ਮੌਤ ਦਾ ਹੁਕਮ ਪਾ ਚੁੱਕੇ ਹਾਂ ,ਜੋ ਅਸੀਂ ਆਪਣਾ ਨਹੀਂ ਸਗੋਂ ਪਰਮੇਸ਼ੁਰ ਦਾ ਜਿਹੜਾ ਮੁਰਦਿਆਂ ਨੂੰ ਜਿਉਂਦਾ ਕਰਦਾ ਹੈ ਆਸਰਾ ਰੱਖੀਏ ।10ਜਿਸ ਨੇ ਸਾਨੂੰ ਇਹੋ ਜਿਹੀ ਭਿਆਨਕ ਮੌਤ ਤੋਂ ਛੁਡਾਇਆ ਅਤੇ ਛੁਡਾਵੇਗਾ, ਜਿਸ ਦੇ ਉੱਤੇ ਅਸੀਂ ਆਸ ਰੱਖੀ ਹੈ ਜੋ ਉਹ ਫੇਰ ਵੀ ਸਾਨੂੰ ਛੁਡਾਵੇਗਾ ।
11ਤੁਸੀਂ ਵੀ ਰਲ ਮਿਲ ਕੇ ਬੇਨਤੀ ਨਾਲ ਸਾਡੀ ਸਹਾਇਤਾ ਕਰੋ ਜੋ ਉਹ ਵਰਦਾਨ ਜੋ ਬਹੁਤਿਆਂ ਦੇ ਰਾਹੀਂ ਸਾਨੂੰ ਮਿਲਿਆ ਉਹ ਦਾ ਬਹੁਤੇ ਲੋਕ ਸਾਡੇ ਲਈ ਧੰਨਵਾਦ ਵੀ ਕਰਨ ।
ਪੌਲੁਸ ਦੀ ਯਾਤਰਾ ਯੋਜਨਾ ਵਿੱਚ ਤਬਦੀਲੀ

12ਸਾਨੂੰ ਇਸ ਗੱਲ ਤੇ ਮਾਣ ਹੈ ਜੋ ਸਾਡਾ ਵਿਵੇਕ ਗਵਾਹੀ ਦਿੰਦਾ ਹੈ, ਜੋ ਸਾਡਾ ਚਾਲ-ਚਲਣ ਸੰਸਾਰ ਵਿੱਚ ਖ਼ਾਸ ਕਰ ਤੁਹਾਡੇ ਵਿੱਚ ਸਰੀਰਕ ਗਿਆਨ ਤੋਂ ਨਹੀਂ ਸਗੋਂ ਪਰਮੇਸ਼ੁਰ ਦੀ ਕਿਰਪਾ ਤੋਂ ਪਵਿੱਤਰਤਾਈ ਅਤੇ ਨਿਰਦੋਸ਼ਤਾ ਨਾਲ ਜੋ ਪਰਮੇਸ਼ੁਰ ਦੇ ਯੋਗ ਰਿਹਾ ਹੈ ।13ਕਿਉਂ ਜੋ ਅਸੀਂ ਹੋਰ ਗੱਲਾਂ ਨਹੀਂ ਸਗੋਂ ਉਹ ਗੱਲਾਂ ਤੁਹਾਡੀ ਲਈ ਲਿਖਦੇ ਹਾਂ ਜਿਨ੍ਹਾਂ ਨੂੰ ਤੁਸੀਂ ਪੜ੍ਹਦੇ ਦੇ ਹੋ ਅਤੇ ਮੰਨਦੇ ਵੀ ਹੋ ਅਤੇ ਮੈਨੂੰ ਆਸ ਹੈ ਜੋ ਤੁਸੀਂ ਅੰਤ ਤੱਕ ਮੰਨੋਗੇ ।14ਜਿਵੇਂ ਤੁਸੀਂ ਸਾਨੂੰ ਕੁੱਝ ਕੁੱਝ ਮੰਨ ਵੀ ਲਿਆ ਜੋ ਸਾਡੇ ਪ੍ਰਭੂ ਯਿਸੂ ਦੇ ਦਿਨ ਅਸੀਂ ਤੁਹਾਡਾ ਘਮੰਡ ਹਾਂ ਜਿਵੇਂ ਤੁਸੀਂ ਸਾਡਾ ਵੀ ਹੋ ।

15ਇਸੇ ਭਰੋਸੇ ਨਾਲ ਮੈਂ ਚਾਹਿਆ ਜੋ ਪਹਿਲਾਂ ਤੁਹਾਡੇ ਕੋਲ ਆਵਾਂ ਜੋ ਤੁਹਾਨੂੰ ਦੂਜੀ ਵਾਰ ਅਨੰਦ ਪ੍ਰਾਪਤ ਹੋਵੇ ।16ਅਤੇ ਤੁਹਾਡੇ ਕੋਲੋਂ ਹੋ ਕੇ ਮਕਦੂਨਿਯਾ ਨੂੰ ਜਾਂਵਾਂ ਅਤੇ ਫਿਰ ਮਕਦੂਨਿਯਾ ਤੋਂ ਤੁਹਾਡੇ ਕੋਲ ਆਵਾਂ ਅਤੇ ਤੁਹਾਡੇ ਕੋਲੋਂ ਯਹੂਦਿਯਾ ਵੱਲ ਪਹੁੰਚਾਇਆ ਜਾਂਵਾਂ ।
17ਉਪਰੰਤ ਜਦ ਮੈਂ ਇਹ ਚਾਹਤ ਕੀਤੀ ਤਾਂ ਫਿਰ ਕੀ ਮੈਂ ਕੁੱਝ ਚਲਾਕੀ ਕੀਤੀ ? ਅਥਵਾ ਜੋ ਚਾਹੁੰਦਾ ਹਾਂ ਕੀ ਸਰੀਰ ਦੇ ਅਨੁਸਾਰ ਕਰਦਾ ਹਾਂ ਜੋ ਮੇਰੇ ਤੋਂ ਹਾਂ ਦੀ ਹਾਂ ਹੋਵੇ ? ਅਤੇ ਨਾਂਹ ਦੀ ਨਾਂਹ ਵੀ ?18ਜਿਸ ਤਰ੍ਹਾਂ ਪਰਮੇਸ਼ੁਰ ਵਫ਼ਾਦਾਰ ਹੈ, ਸਾਡਾ ਬਚਨ ਤੁਹਾਡੇ ਨਾਲ ਹਾਂ ਅਤੇ ਨਾਂਹ, ਦੋਨੋਂ ਨਹੀਂ ।
19ਪਰਮੇਸ਼ੁਰ ਦਾ ਪੁੱਤਰ, ਯਿਸੂ ਮਸੀਹ ਜਿਸ ਦਾ ਅਸੀਂ ਅਰਥਾਤ ਮੈਂ ਅਤੇ ਸਿਲਵਾਨੁਸ ਅਤੇ ਤਿਮੋਥਿਉਸ ਨੇ ਤੁਹਾਡੇ ਵਿੱਚ ਪ੍ਰਚਾਰ ਕੀਤਾ ਸੋ ਹਾਂ ਅਤੇ ਨਾਂਹ ਨਹੀਂ ਸਗੋਂ ਉਸ ਵਿੱਚ ਹਾਂ ਹੀ ਹਾਂ ਹੋਈ ।20ਕਿਉਂ ਜੋ ਪਰਮੇਸ਼ੁਰ ਦੇ ਵਾਇਦੇ ਭਾਵੇਂ ਕਿੰਨੇ ਹੀ ਹੋਣ ਉਸ ਵਿੱਚ ਹਾਂ ਹੀ ਹਾਂ ਹੈ । ਇਸ ਲਈ ਉਸ ਦੇ ਰਾਹੀਂ ਆਮੀਨ ਵੀ ਹੈ ਤਾਂ ਕਿ ਸਾਡੇ ਦੁਆਰਾ ਪਰਮੇਸ਼ੁਰ ਦੀ ਵਡਿਆਈ ਹੋਵੇ ।
21ਜਿਹੜਾ ਸਾਨੂੰ ਤੁਹਾਡੇ ਨਾਲ ਮਸੀਹ ਵਿੱਚ ਕਾਇਮ ਕਰਦਾ ਹੈ ਅਤੇ ਜਿਸ ਨੇ ਸਾਨੂੰ ਮਸਹ ਕੀਤਾ ਉਹ ਪਰਮੇਸ਼ੁਰ ਹੈ ।22ਉਸ ਨੇ ਸਾਡੇ ਉੱਤੇ ਮੋਹਰ ਵੀ ਲਾਈ ਅਤੇ ਸਾਡਿਆਂ ਜੀਵਨਾਂ ਵਿੱਚ ਸਾਨੂੰ ਆਤਮਾ ਦੀ ਸਾਈ ਦਿੱਤੀ ।

23ਹੁਣ ਮੈਂ ਆਪਣੀ ਜਾਨ ਲਈ ਪਰਮੇਸ਼ੁਰ ਨੂੰ ਗਵਾਹ ਕਰਕੇ ਭੁਗਤਾਉਂਦਾ ਹਾਂ ਜੋ ਮੈਂ ਤੁਹਾਡੇ ਬਚਾਓ ਖਾਤਰ ਹੁਣ ਤੱਕ ਕੁਰਿੰਥੁਸ ਨੂੰ ਨਹੀਂ ਆਇਆ ।24ਇਹ ਨਹੀਂ ਜੋ ਅਸੀਂ ਤੁਹਾਡੀ ਵਿਸ਼ਵਾਸ ਉੱਤੇ ਹੁਕਮ ਚਲਾਉਂਦੇ ਹਾਂ ਸਗੋਂ ਤੁਹਾਡੇ ਅਨੰਦ ਵਿੱਚ ਸਹਾਇਤਾ ਕਰਨ ਵਾਲੇ ਹਾਂ ਕਿਉਂ ਜੋ ਤੁਸੀਂ ਵਿਸ਼ਵਾਸ ਵਿੱਚ ਦ੍ਰਿੜ੍ਹ ਹੋ ।

2

1ਪਰ ਮੈਂ ਆਪਣੇ ਆਪ ਵਿੱਚ ਮਜ਼ਬੂਤ ਇਰਾਦਾ ਕਰ ਲਿਆ ਹੈ ਕਿ ਤੁਹਾਡੇ ਕੋਲ ਫੇਰ ਦੁੱਖ ਨਾਲ ਨਾ ਆਵਾਂ ।2ਜੇ ਮੈਂ ਤੁਹਾਨੂੰ ਦੁੱਖੀ ਕਰਾਂ ਤਾਂ ਉਸ ਦੇ ਬਿਨ੍ਹਾਂ ਜਿਸ ਨੂੰ ਮੈਂ ਦੁੱਖੀ ਕੀਤਾ ਮੈਨੂੰ ਅਨੰਦ ਕਰਨ ਵਾਲਾ ਕੌਣ ਹੈ ?

3ਅਤੇ ਮੈਂ ਇਹੋ ਗੱਲ ਲਿਖੀ ਸੀ ਜੋ ਇਸ ਤਰ੍ਹਾਂ ਨਾ ਹੋਵੇ ਕਿ ਮੈਂ ਆਣ ਕੇ ਉਨ੍ਹਾਂ ਵੱਲੋਂ ਦੁੱਖੀ ਹੋਵਾਂ ਜਿਨ੍ਹਾਂ ਵੱਲੋਂ ਮੈਨੂੰ ਅਨੰਦ ਹੋਣਾ ਚਾਹੀਦਾ ਹੈ ਕਿਉਂ ਜੋ ਮੈਨੂੰ ਤੁਹਾਡੇ ਸਭ ਤੇ ਭਰੋਸਾ ਹੈ ਕਿ ਮੇਰਾ ਅਨੰਦ ਤੁਹਾਡਾ ਸਭ ਦਾ ਅਨੰਦ ਹੈ ।4ਕਿਉਂ ਜੋ ਮੈਂ ਵੱਡੀ ਬਿਪਤਾ ਅਤੇ ਮਨ ਦੇ ਕਸ਼ਟ ਨਾਲ ਬਹੁਤ ਹੰਝੂ ਬਹਾ ਕੇ ਤੁਹਾਨੂੰ ਲਿਖਿਆ, ਸੋ ਇਸ ਲਈ ਨਹੀਂ ਜੋ ਤੁਸੀਂ ਦੁੱਖੀ ਹੋਵੋ ਸਗੋਂ ਇਸ ਲਈ ਜੋ ਤੁਸੀਂ ਉਸ ਪਿਆਰ ਨੂੰ ਜਾਣੋ ਜਿਹੜਾ ਮੈਂ ਤੁਹਾਡੇ ਨਾਲ ਬਹੁਤ ਕਰਦਾ ਹਾਂ ।
ਅਪਰਾਧੀਆਂ ਦੇ ਲਈ ਮਾਫ਼ੀ

5ਪਰ ਜੇ ਕਿਸੇ ਨੇ ਦੁੱਖ ਦਿੱਤਾ ਹੈ ਤਾਂ ਮੈਨੂੰ ਨਹੀਂ ਸਗੋਂ ਕੁੱਝ ਕੁ ( ਜੋ ਉਸ ਨਾਲ ਬਹੁਤ ਧੱਕਾ ਨਾ ਕਰਾਂ ) ਤੁਹਾਨੂੰ ਸਭਨਾਂ ਨੂੰ ਦੁੱਖ ਦਿੱਤਾ ।6ਇਹੋ ਜਿਹੇ ਮਨੁੱਖ ਲਈ ਇਹ ਤਾੜਨਾ ਜੋ ਬਹੁਤ ਲੋਕਾਂ ਨੇ ਕੀਤੀ ਸੋ ਬਥੇਰੀ ਹੈ ।7ਸਗੋਂ ਤੁਹਾਨੂੰ ਚਾਹੀਦਾ ਹੈ ਜੋ ਉਸ ਨੂੰ ਮਾਫ਼ ਕਰੋ ਅਤੇ ਦਿਲਾਸਾ ਦਿਓ । ਇਸ ਤਰ੍ਹਾਂ ਨਾ ਹੋਵੇ ਬਹੁਤਾ ਗ਼ਮ ਇਹੋ ਜਿਹੇ ਮਨੁੱਖ ਨੂੰ ਖਾ ਜਾਵੇ ।
8ਉਪਰੰਤ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਜੋ ਤੁਸੀਂ ਉਸ ਨੂੰ ਆਪਣੇ ਪਿਆਰ ਦਾ ਸਬੂਤ ਦਿਓ ।9ਕਿਉਂ ਜੋ ਮੈਂ ਇਸ ਲਈ ਵੀ ਲਿਖਿਆ ਸੀ ਜੋ ਤੁਹਾਨੂੰ ਪਰਖ ਕੇ ਵੇਖਾਂ ਕਿ ਤੁਸੀਂ ਸਾਰੀਆਂ ਗੱਲਾਂ ਵਿੱਚ ਆਗਿਆਕਾਰ ਹੋ ਜਾਂ ਨਹੀਂ ।
10ਪਰ ਜਿਹ ਨੂੰ ਤੁਸੀਂ ਕੁੱਝ ਮਾਫ਼ ਕਰਦੇ ਹੋ ਮੈਂ ਵੀ ਮਾਫ਼ ਕਰਦਾ ਹਾਂ ਕਿਉਂ ਜੋ ਮੈਂ ਵੀ ਜੋ ਕੁੱਝ ਮਾਫ਼ ਕੀਤਾ ਹੈ, ਤਾਂ ਮੈਂ ਤੁਹਾਡੇ ਕਾਰਨ ਮਸੀਹ ਦੀ ਹਜ਼ੂਰੀ ਵਿੱਚ ਮਾਫ਼ ਕੀਤਾ ਹੈ ।11ਤਾਂ ਕਿ ਸ਼ੈਤਾਨ ਸਾਡੇ ਨਾਲ ਕੋਈ ਚਾਲ ਨਾ ਚੱਲੇ ਕਿਉਂ ਜੋ ਅਸੀਂ ਉਸ ਦੀਆਂ ਚਲਾਕੀਆਂ ਤੋਂ ਅਣਜਾਣ ਨਹੀਂ ।
ਨਵੇਂ ਨੇਮ ਦੀ ਸੇਵਕਾਈ

12ਜਦੋਂ ਮੈਂ ਮਸੀਹ ਦੀ ਖੁਸ਼ਖਬਰੀ ਸੁਣਾਉਣ ਲਈ ਤ੍ਰੋਆਸ ਵਿੱਚ ਪਹੁੰਚਿਆ ਅਤੇ ਪ੍ਰਭੂ ਦੀ ਵੱਲੋਂ ਇੱਕ ਦਰਵਾਜ਼ਾ ਮੇਰੇ ਲਈ ਖੋਲ੍ਹਿਆ ਗਿਆ ।13ਤਾਂ ਜਦੋਂ ਆਪਣੇ ਭਾਈ ਤੀਤੁਸ ਨੂੰ ਉੱਥੇ ਨਾ ਵੇਖਿਆ ਮੇਰੇ ਆਤਮਾ ਨੂੰ ਚੈਨ ਨਾ ਮਿਲਿਆ ਪਰ ਉਨ੍ਹਾਂ ਤੋਂ ਵਿਦਿਆ ਹੋ ਕੇ ਮੈਂ ਮਕਦੂਨਿਯਾ ਨੂੰ ਗਿਆ ।
14ਪਰ ਧੰਨਵਾਦ ਹੈ ਪਰਮੇਸ਼ੁਰ ਦਾ ਜੋ ਮਸੀਹ ਵਿੱਚ ਸਾਨੂੰ ਸਦਾ ਜਿੱਤ ਦੇ ਕੇ ਲਈ ਫਿਰਦਾ ਹੈ ਅਤੇ ਉਸ ਦੇ ਗਿਆਨ ਦੀ ਖੁਸ਼ਬੂ ਸਾਡੇ ਰਾਹੀਂ ਜਗ੍ਹਾ ਜਗ੍ਹਾ ਖਿਲਾਰਦਾ ਹੈ ।15ਕਿਉਂ ਜੋ ਅਸੀਂ ਪਰਮੇਸ਼ੁਰ ਦੇ ਲਈ ਉਨ੍ਹਾਂ ਵਿੱਚ ਜਿਹੜੇ ਮੁਕਤੀ ਨੂੰ ਪ੍ਰਾਪਤ ਹੋ ਰਹੇ ਹਨ ਅਤੇ ਉਨ੍ਹਾਂ ਵਿੱਚ ਜਿਹੜੇ ਨਾਸ ਹੋ ਰਹੇ ਹਨ, ਮਸੀਹ ਦੀ ਖੁਸ਼ਬੂ ਹਾਂ ।
16ਇਨ੍ਹਾਂ ਨੂੰ ਮੌਤ ਲਈ ਮੌਤ ਦੀ ਬੋ ਪਰ ਉਨ੍ਹਾਂ ਨੂੰ ਜੀਵਨ ਲਈ ਜੀਵਨ ਦੀ ਖੁਸ਼ਬੂ ਹਾਂ ਅਤੇ ਇਨ੍ਹਾਂ ਗੱਲਾਂ ਜੋਗ ਕੌਣ ਹੈ ?17ਅਸੀਂ ਤਾਂ ਬਹੁਤਿਆਂ ਦੀ ਤਰ੍ਹਾਂ ਪਰਮੇਸ਼ੁਰ ਦੀ ਬਾਣੀ ਵਿੱਚ ਮਿਲਾਵਟ ਨਹੀਂ ਕਰਦੇ, ਪਰ ਨਿਸ਼ਕਪਟਤਾ ਨਾਲ ਪਰਮੇਸ਼ੁਰ ਦੀ ਵੱਲੋਂ ਪਰਮੇਸ਼ੁਰ ਦੇ ਅੱਗੇ ਮਸੀਹ ਵਿੱਚ ਹੋ ਕੇ ਬੋਲਦੇ ਹਾਂ ।

3
ਨਵੇਂ ਨੇਮ ਦੇ ਸੇਵਕ

1ਕੀ ਅਸੀਂ ਫਿਰ ਆਪਣੀ ਨੇਕਨਾਮੀ ਦੱਸਣ ਲੱਗੇ ਹਾਂ ਜਾਂ ਕਈਆਂ ਵਾਂਗੂੰ ਸਾਨੂੰ ਵੀ ਤੁਹਾਡੇ ਕੋਲ ਜਾਂ ਤੁਹਾਡੀ ਵੱਲੋਂ ਨੇਕਨਾਮੀ ਦੀਆਂ ਚਿੱਠੀਆਂ ਦੀ ਜ਼ਰੂਰਤ ਹੈ ?2ਸਾਡੀ ਚਿੱਠੀ ਤੁਸੀਂ ਹੋ ਜਿਹੜੀ ਸਾਡਿਆਂ ਦਿਲਾਂ ਵਿੱਚ ਲਿਖੀ ਹੋਈ ਹੈ ਜਿਸ ਨੂੰ ਸਭ ਮਨੁੱਖ ਜਾਣਦੇ ਅਤੇ ਪੜ੍ਹਦੇ ਹਨ ।3ਇਹ ਸੱਚ ਹੈ ਕਿ ਤੁਸੀਂ ਮਸੀਹ ਦੀ ਚਿੱਠੀ ਹੋ ਜਿਹੜੀ ਸਾਡੀ ਸੇਵਕਾਈ ਦੇ ਰਾਹੀਂ ਸਿਆਹੀ ਨਾਲ ਨਹੀਂ ਸਗੋਂ ਪਰਮੇਸ਼ੁਰ ਦੇ ਆਤਮਾ ਨਾਲ ਲਿਖੀ ਹੋਈ ਹੈ ਜੋ ਪੱਥਰ ਦੀਆਂ ਪੱਟੀਆਂ ਉੱਤੇ ਨਹੀਂ ਸਗੋਂ ਮਾਸ ਰੂਪੀ ਦਿਲਾਂ ਦੀਆਂ ਪੱਟੀਆਂ ਉੱਤੇ ਹੈ ।

4ਅਸੀਂ ਮਸੀਹ ਦੇ ਦੁਆਰਾ ਪਰਮੇਸ਼ੁਰ ਦੇ ਉੱਤੇ ਅਜਿਹਾ ਭਰੋਸਾ ਰੱਖਦੇ ਹਾਂ ।5ਇਹ ਨਹੀਂ ਕਿ ਅਸੀਂ ਆਪ ਤੋਂ ਇਸ ਯੋਗ ਹਾਂ ਜੋ ਕਿਸੇ ਗੱਲ ਨੂੰ ਆਪਣੀ ਹੀ ਵੱਲੋਂ ਸਮਝੀਏ ਸਗੋਂ ਸਾਡੀ ਯੋਗਤਾ ਪਰਮੇਸ਼ੁਰ ਵੱਲੋਂ ਹੈ ।6ਜਿਸ ਨੇ ਸਾਨੂੰ ਨਵੇਂ ਨੇਮ ਦੇ ਸੇਵਕ ਹੋਣ ਦੇ ਜੋਗ ਵੀ ਬਣਾਇਆ ਪਰ ਬਿਵਸਥਾ ਦੇ ਸੇਵਕ ਨਹੀਂ ਸਗੋਂ ਆਤਮਾ ਦੇ, ਕਿਉਂ ਜੋ ਬਿਵਸਥਾ ਮਾਰ ਸੁੱਟਦੀ ਪਰ ਆਤਮਾ ਜੀਵਨ ਦਿੰਦਾ ਹੈ ।
7ਪਰੰਤੂ ਜੇ ਮੌਤ ਦੀ ਲਿਖਤ ਜਿਹੜੀ ਅੱਖਰਾਂ ਨਾਲ ਅਤੇ ਪੱਥਰਾਂ ਉੱਤੇ ਉੱਕਰੀ ਹੋਈ ਸੀ ਐਨੇ ਤੇਜ ਨਾਲ ਹੋਈ ਜੋ ਮੂਸਾ ਦੇ ਚਿਹਰੇ ਦੇ ਤੇਜ ਦੇ ਕਾਰਨ ਜੋ ਭਾਵੇਂ ਅਲੋਪ ਹੋਣ ਵਾਲਾ ਸੀ, ਇਸਰਾਏਲ ਦਾ ਵੰਸ਼ ਉਸ ਦੇ ਚਿਹਰੇ ਵੱਲ ਵੇਖ ਨਾ ਸਕਿਆ,8ਤਾਂ ਆਤਮਾ ਦੀ ਲਿਖਤ ਇਸ ਤੋਂ ਵੱਧ ਕੇ ਤੇਜ ਨਾਲ ਕਿਉਂ ਨਾ ਹੋਵੇਗੀ ?
9ਕਿਉਂਕਿ ਜੇਕਰ ਦੋਸ਼ੀ ਠਹਿਰਾਉਣ ਦੀ ਲਿਖਤ ਤੇਜ ਰੂਪ ਹੈ ਤਾਂ ਧਾਰਮਿਕਤਾ ਦੀ ਲਿਖਤ ਬਹੁਤ ਹੀ ਵੱਧ ਕੇ ਤੇਜ ਨਾਲ ਹੋਵੇਗੀ ।10ਉਹ ਸੇਵਕਾਈ ਜੋ ਤੇਜਵਾਨ ਕੀਤੀ ਹੋਈ ਸੀ ਉਹ ਵੀ ਇਸ ਲੇਖੇ ਅਰਥਾਤ ਇਸ ਅੱਤ ਵੱਡੇ ਤੇਜ ਦੇ ਕਾਰਨ ਤੇਜਵਾਨ ਬਣੀ ਨਾ ਰਹੀ ।11ਕਿਉਂਕਿ ਜੇ ਉਹ ਸੇਵਕਾਈ ਜਿਹੜੀ ਅਲੋਪ ਹੋਣ ਵਾਲੀ ਹੈ ਤੇਜ ਨਾਲ ਹੋਈ ਤਾਂ ਜਿਹੜੀ ਸਥਿਰ ਰਹਿਣ ਵਾਲੀ ਹੈ ਉਹ ਕਿੰਨੀ ਵੱਧ ਕੇ ਤੇਜ ਨਾਲ ਹੋਵੇਗੀ ! ।

12ਉਪਰੰਤ ਜਦੋਂ ਸਾਨੂੰ ਅਜਿਹੀ ਆਸ ਹੈ ਤਦ ਅਸੀਂ ਨਿਡਰ ਹੋ ਕੇ ਬੋਲਦੇ ਹਾਂ ।13ਅਤੇ ਮੂਸਾ ਵਾਂਗੂੰ ਨਹੀਂ ਜਿਸ ਨੇ ਆਪਣੇ ਚਿਹਰੇ ਉੱਤੇ ਪੜਦਾ ਕੀਤਾ ਜੋ ਇਸਰਾਏਲ ਦਾ ਵੰਸ਼ ਉਸ ਅਲੋਪ ਹੋਣ ਵਾਲੇ ਦਾ ਅੰਤ ਨਾ ਵੇਖੇ ।
14ਪਰ ਉਹਨਾਂ ਦੀ ਬੁੱਧ ਮੋਟੀ ਹੋ ਗਈ, ਕਿਉਂ ਜੋ ਅੱਜ ਤੱਕ ਪੁਰਾਣੇ ਨੇਮ ਦੇ ਪੜ੍ਹਨ ਸਮੇਂ ਉਨ੍ਹਾਂ ਦੇ ਦਿਲਾਂ ਤੇ ਉਹੋ ਪਰਦਾ ਰਹਿੰਦਾ ਹੈ ਅਤੇ ਚੁੱਕਿਆ ਨਹੀਂ ਜਾਂਦਾ ਪਰ ਉਹ ਮਸੀਹ ਵਿੱਚ ਚੁੱਕਿਆ ਜਾਂਦਾ ਹੈ ।15ਸਗੋਂ ਅੱਜ ਤੱਕ ਜਦ ਕਦੇ ਮੂਸਾ ਦੀ ਬਿਵਸਥਾ ਨੂੰ ਪੜ੍ਹਿਆ ਜਾਂਦਾ ਹੈ, ਤਾਂ ਪੜਦਾ ਉਹਨਾਂ ਦੇ ਦਿਲਾਂ ਉੱਤੇ ਪਿਆ ਰਹਿੰਦਾ ਹੈ ।16ਪਰ ਜਦ ਕੋਈ ਪ੍ਰਭੂ ਦੀ ਵੱਲ ਫਿਰੇਗਾ ਤਾਂ ਉਹ ਪਰਦਾ ਉਸ ਦੇ ਉੱਤੋਂ ਚੁੱਕ ਲਿਆ ਜਾਵੇਗਾ ।
17ਹੁਣ ਉਹ ਪ੍ਰਭੂ ਤਾਂ ਆਤਮਾ ਹੈ ਅਤੇ ਜਿੱਥੇ ਕਿਤੇ ਪ੍ਰਭੂ ਦਾ ਆਤਮਾ ਹੈ ਉੱਥੇ ਹੀ ਅਜ਼ਾਦੀ ਹੈ ।18ਪਰ ਅਸੀਂ ਸਭ ਅਣਕੱਜੇ ਚਿਹਰੇ ਨਾਲ ਪ੍ਰਭੂ ਦੇ ਤੇਜ ਦਾ ਸ਼ੀਸ਼ੇ ਵਿੱਚੋਂ ਪ੍ਰਤੀਬਿੰਬ ਵੇਖਦੇ ਹੋਏ ਤੇਜ ਤੋਂ ਤੇਜ ਤੱਕ ਜਿਵੇਂ ਪ੍ਰਭੂ ਅਰਥਾਤ ਉਸ ਆਤਮਾ ਤੋਂ ਉਸੇ ਰੂਪ ਵਿੱਚ ਬਦਲਦੇ ਜਾਂਦੇ ਹਾਂ ।

4
ਮਿੱਟੀ ਦੇ ਬਰਤਨਾਂ ਦੇ ਵਿੱਚ ਧਨ

1ਉਪਰੰਤ ਜਦੋਂ ਅਸੀਂ ਇਹ ਸੇਵਕਾਈ ਪਾਈ ਹੈ, ਤਾਂ ਜਿਵੇਂ ਸਾਡੇ ਉੱਤੇ ਦਯਾ ਹੋਈ, ਅਸੀਂ ਹਿੰਮਤ ਨਹੀਂ ਹਾਰਦੇ ।2ਸਗੋਂ ਅਸੀਂ ਸ਼ਰਮ ਦੀਆਂ ਗੁਪਤ ਗੱਲਾਂ ਨੂੰ ਛੱਡਿਆ ਹੈ ਅਤੇ ਨਾ ਚਤਰਾਈ ਦੀ ਚਾਲ ਚੱਲਦੇ, ਨਾ ਪਰਮੇਸ਼ੁਰ ਦੇ ਬਚਨ ਵਿੱਚ ਮਿਲਾਵਟ ਕਰਦੇ ਹਾਂ, ਸਗੋਂ ਸੱਚ ਨੂੰ ਪ੍ਰਗਟ ਕਰ ਕੇ ਹਰੇਕ ਮਨੁੱਖ ਦੇ ਵਿਵੇਕ ਵਿੱਚ ਪਰਮੇਸ਼ੁਰ ਦੇ ਅੱਗੇ ਆਪਣਾ ਪ੍ਰਮਾਣ ਦਿੰਦੇ ਹਾਂ ।

3ਅਤੇ ਜੇ ਸਾਡੀ ਖੁਸ਼ਖਬਰੀ ਉੱਤੇ ਪਰਦਾ ਪਿਆ ਹੋਇਆ ਹੈ ਤਾਂ ਉਹ ਜਿਹੜੇ ਨਾਸ ਹੋ ਰਹੇ ਹਨ, ਉਨ੍ਹਾਂ ਲਈ ਹੈ ।4ਜਿਨ੍ਹਾਂ ਵਿੱਚ ਇਸ ਜੁੱਗ ਦੇ ਈਸ਼ਵਰ ਨੇ ਅਵਿਸ਼ਵਾਸੀਆਂ ਦੀ ਬੁੱਧ ਨੂੰ ਅੰਨ੍ਹਾ ਕਰ ਦਿੱਤਾ ਤਾਂ ਜੋ ਮਸੀਹ ਜੋ ਪਰਮੇਸ਼ੁਰ ਦਾ ਸਰੂਪ ਹੈ, ਉਹ ਦੇ ਤੇਜ ਦੀ ਖੁਸ਼ਖਬਰੀ ਦਾ ਚਾਨਣ ਉਨ੍ਹਾਂ ਉੱਤੇ ਪ੍ਰਕਾਸ਼ ਨਾ ਹੋਵੇ ।
5ਕਿਉਂ ਜੋ ਅਸੀਂ ਆਪਣਾ ਨਹੀਂ ਸਗੋਂ ਮਸੀਹ ਯਿਸੂ ਦਾ ਪ੍ਰਚਾਰ ਕਰਦੇ ਹਾਂ ਜੋ ਉਹ ਪ੍ਰਭੂ ਹੈ ਅਤੇ ਅਸੀਂ ਆਪ ਯਿਸੂ ਦੇ ਕਾਰਨ ਤੁਹਾਡੇ ਦਾਸ ਹਾਂ ।6ਕਿਉਂ ਜੋ ਪਰਮੇਸ਼ੁਰ ਜਿਸ ਨੇ ਆਖਿਆ ਸੀ ਜੋ ਚਾਨਣ ਹਨੇਰੇ ਵਿੱਚ ਚਮਕੇ, ਉਹ ਸਾਡਿਆਂ ਦਿਲਾਂ ਵਿੱਚ ਚਮਕਿਆ ਜੋ ਪਰਮੇਸ਼ੁਰ ਦੇ ਤੇਜ ਦਾ ਗਿਆਨ ਮਸੀਹ ਦੇ ਚਿਹਰੇ ਵਿੱਚ ਪ੍ਰਕਾਸ਼ ਕਰੇ ।

7ਪਰ ਇਹ ਖ਼ਜ਼ਾਨਾ ਸਾਡੇ ਕੋਲ ਮਿੱਟੀ ਦੇ ਭਾਂਡਿਆਂ ਵਿੱਚ ਹੈ ਤਾਂ ਜੋ ਇਸ ਸਮਰੱਥਾ ਦੀ ਅੱਤ ਵੱਡੀ ਮਹਾਨਤਾ ਪਰਮੇਸ਼ੁਰ ਦੀ ਵੱਲੋਂ ਮਲੂਮ ਹੋਵੇ, ਨਾ ਕਿ ਸਾਡੀ ਵੱਲੋਂ, ।8ਅਸੀਂ ਸਭ ਪਾਸਿਓਂ ਕਸ਼ਟ ਵਿੱਚ ਹਾਂ ਪਰ ਮਿੱਧੇ ਨਹੀਂ ਗਏ, ਉਲਝਣ ਵਿੱਚ ਹਾਂ ਪਰ ਹੱਦੋਂ ਵੱਧ ਨਹੀਂ ।9ਸਤਾਏ ਜਾਂਦੇ ਹਾਂ ਪਰ ਇਕੱਲੇ ਨਹੀਂ ਛੱਡੇ ਜਾਂਦੇ, ਡੇਗੇ ਜਾਂਦੇ ਹਾਂ ਪਰ ਨਾਸ ਨਹੀਂ ਹੁੰਦੇ ।10ਅਸੀਂ ਯਿਸੂ ਦੀ ਮੌਤ ਨੂੰ ਆਪਣੇ ਸਰੀਰ ਵਿੱਚ ਹਮੇਸ਼ਾਂ ਲਈ ਫਿਰਦੇ ਹਾਂ ਤਾਂ ਜੋ ਯਿਸੂ ਦਾ ਜੀਵਨ ਵੀ ਸਾਡੇ ਸਰੀਰ ਵਿੱਚ ਪ੍ਰਗਟ ਹੋਵੇ ।
11ਕਿਉਂਕਿ ਅਸੀਂ ਜੋ ਜਿਉਂਦੇ ਹਾਂ ਸੋ ਹਮੇਸ਼ਾਂ ਯਿਸੂ ਦੇ ਨਮਿੱਤ ਮੌਤ ਦੇ ਹੱਥ ਫੜਵਾਏ ਜਾਂਦੇ ਹਾਂ ਤਾਂ ਜੋ ਯਿਸੂ ਦਾ ਜੀਵਨ ਵੀ ਸਾਡੇ ਮਰਨਹਾਰ ਸਰੀਰ ਵਿੱਚ ਪਰਗਟ ਹੋਵੇ ।12ਸੋ ਮੌਤ ਤਾਂ ਸਾਡੇ ਵਿੱਚ ਪਰ ਜੀਵਨ ਤੁਹਾਡੇ ਵਿੱਚ ਪ੍ਰਭਾਵ ਪਾਉਂਦਾ ਹੈ ।
13ਜਿਵੇਂ ਲਿਖਿਆ ਹੋਇਆ ਹੈ ਵਿਸ਼ਵਾਸ ਦਾ ਉਹੋ ਆਤਮਾ ਸਾਨੂੰ ਮਿਲਿਆ ਹੈ । ਮੈਂ ਵਿਸ਼ਵਾਸ ਕੀਤੀ, ਇਸ ਲਈ ਬੋਲਿਆ । ਸੋ ਅਸੀਂ ਵੀ ਵਿਸ਼ਵਾਸ ਕਰਦੇ ਹਾਂ ਇਸ ਲਈ ਬੋਲਦੇ ਵੀ ਹਾਂ ।14ਅਸੀਂ ਜਾਣਦੇ ਹਾਂ ਕਿ ਜਿਸ ਨੇ ਪ੍ਰਭੂ ਯਿਸੂ ਨੂੰ ਜਿਉਂਦਾ ਕੀਤਾ ਉਹ ਸਾਨੂੰ ਵੀ ਯਿਸੂ ਦੇ ਨਾਲ ਜਿਉਂਦਾ ਕਰੇਗਾ ਅਤੇ ਤੁਹਾਡੇ ਨਾਲ ਆਪਣੇ ਹਜ਼ੂਰ ਖੜ੍ਹਾ ਕਰੇਗਾ ।15ਕਿਉਂਕਿ ਸਭ ਕੁੱਝ ਤੁਹਾਡੇ ਹੀ ਲਈ ਹੈ, ਜੋ ਬਹੁਤਿਆਂ ਦੇ ਕਾਰਨ ਕਿਰਪਾ ਬਹੁਤ ਹੀ ਵੱਧ ਕੇ, ਪਰਮੇਸ਼ੁਰ ਦੀ ਵਡਿਆਈ ਲਈ ਧੰਨਵਾਦਾਂ ਨੂੰ ਬਹੁਤ ਹੀ ਵਧਾਵੇ ।

16ਇਸ ਕਾਰਨ ਅਸੀਂ ਹਿੰਮਤ ਨਹੀਂ ਹਾਰਦੇ, ਸਗੋਂ ਭਾਵੇਂ ਸਾਡੀ ਬਾਹਰਲੀ ਇਨਸਾਨੀਅਤ ਨਾਸ ਹੁੰਦੀ ਜਾਂਦੀ ਹੈ ਪਰ ਅੰਦਰਲੀ ਇਨਸਾਨੀਅਤ ਦਿਨੋ ਦਿਨ ਨਵੀਂ ਹੁੰਦੀ ਜਾਂਦੀ ਹੈ ।17ਕਿਉਂ ਜੋ ਸਾਡਾ ਥੋੜ੍ਹਾ ਜਿਹਾ ਕਸ਼ਟ ਜਿਹੜਾ ਕੁੱਝ ਪਲਾਂ ਦਾ ਹੀ ਹੈ, ਭਾਰੀ ਸਗੋਂ ਅੱਤ ਭਾਰੀ ਅਤੇ ਸਦੀਪਕ ਵਡਿਆਈ ਨੂੰ ਸਾਡੇ ਲਈ ਤਿਆਰ ਕਰਦਾ ਹੈ ।18ਅਸੀਂ ਦਿੱਸਣ ਵਾਲੀਆਂ ਵਸਤਾਂ ਨੂੰ ਤਾਂ ਨਹੀਂ ਸਗੋਂ ਅਣਡਿੱਠ ਵਸਤਾਂ ਵੱਲ ਧਿਆਨ ਕਰਦੇ ਹਾਂ, ਕਿਉਂ ਜੋ ਦਿੱਸਣ ਵਾਲੀਆਂ ਵਸਤਾਂ ਥੋੜ੍ਹੇ ਦਿਨਾਂ ਦੀਆਂ ਹਨ, ਪਰ ਅਣਡਿੱਠ ਵਸਤਾਂ ਸਦੀਪਕ ਹਨ ।

5
ਸਾਡਾ ਸਵਰਗੀ ਘਰ

1ਕਿਉਂ ਜੋ ਅਸੀਂ ਜਾਣਦੇ ਹਾਂ ਕਿ ਜੇ ਸਾਡਾ ਤੰਬੂ ਜਿਹਾ ਘਰ ਜੋ ਧਰਤੀ ਤੇ ਹੈ ਡਿੱਗ ਪਵੇ ਤਾਂ ਪਰਮੇਸ਼ੁਰ ਤੋਂ ਇੱਕ ਘਰ ਸਾਨੂੰ ਮਿਲੇਗਾ ਜੋ ਬਿਨ੍ਹਾਂ ਹੱਥ ਲਾਏ ਅਟੱਲ ਅਤੇ ਸਵਰਗ ਵਿੱਚ ਬਣਿਆ ਹੈ ।2ਕਿਉਂ ਜੋ ਇਸ ਵਿੱਚ ਅਸੀਂ ਤਾਂ ਹਾਉਂਕੇ ਭਰਦੇ ਅਤੇ ਤਰਸਦੇ ਹਾਂ ਕਿ ਆਪਣੇ ਬਸੇਰੇ ਨੂੰ ਜਿਹੜਾ ਸਵਰਗੋਂ ਹੈ ਪਹਿਨ ਲਈਏ ।3ਤਾਂ ਜੋ ਅਸੀਂ ਇਸ ਨੂੰ ਪਹਿਨ ਕੇ ਨੰਗੇ ਨਾ ਪਾਏ ਜਾਈਏ ।

4ਕਿਉਂਕਿ ਅਸੀਂ ਜਿਹੜੇ ਇਸ ਤੰਬੂ ਵਿੱਚ ਹਾਂ ਭਾਰ ਦੇ ਹੇਠ ਦੱਬੇ ਹੋਏ ਹਾਉਂਕੇ ਭਰਦੇ ਹਾਂ ! ਅਸੀਂ ਇਹ ਤਾਂ ਨਹੀਂ ਚਾਹੁੰਦੇ ਜੋ ਇਸ ਨੂੰ ਉਤਾਰ ਦੇਈਏ ਸਗੋਂ ਇਹ ਜੋ ਉਸ ਨੂੰ ਬਦਲ ਲਈਏ ਤਾਂ ਕਿ ਜਿਹੜਾ ਮਰਨਹਾਰ ਹੈ ਉਹ ਜੀਵਨ ਰਾਹੀਂ ਨਿਗਲ ਲਿਆ ਜਾਵੇ ।5ਅਤੇ ਜਿਸ ਨੇ ਸਾਨੂੰ ਇਸ ਗੱਲ ਲਈ ਤਿਆਰ ਕੀਤਾ ਸੋ ਪਰਮੇਸ਼ੁਰ ਹੈ ਜਿਸ ਨੇ ਸਾਨੂੰ ਆਤਮਾ ਦੀ ਸਾਈ ਦਿੱਤੀ ਹੈ ।

6ਸੋ ਅਸੀਂ ਸਦਾ ਹੌਂਸਲਾ ਰੱਖਦੇ ਅਤੇ ਜਾਣਦੇ ਹਾਂ ਕਿ ਜਿੰਨੀ ਦੇਰ ਅਸੀਂ ਸਰੀਰ ਦੇ ਘਰ ਵਿੱਚ ਹਾਂ ਉਨ੍ਹੀਂ ਦੇਰ ਪ੍ਰਭੂ ਤੋਂ ਵਿਛੜੇ ਹੋਏ ਹਾਂ ।7ਕਿਉਂ ਜੋ ਅਸੀਂ ਵੇਖਣ ਨਾਲ ਨਹੀਂ ਪ੍ਰੰਤੂ ਵਿਸ਼ਵਾਸ ਨਾਲ ਚੱਲਦੇ ਹਾਂ ।8ਅਸੀਂ ਹੌਂਸਲਾ ਰੱਖਦੇ ਹਾਂ ਅਤੇ ਇਹ ਚਾਹੁੰਦੇ ਹਾਂ ਜੋ ਇਸ ਸਰੀਰ ਦਾ ਘਰ ਛੱਡ ਦੇਈਏ ਅਤੇ ਪ੍ਰਭੂ ਕੋਲ ਜਾ ਵੱਸੀਏ ।
9ਇਸੇ ਲਈ ਸਾਡਾ ਉਦੇਸ਼ ਇਹ ਹੈ ਕਿ ਭਾਵੇਂ ਅਸੀਂ ਦੇਸ ਭਾਵੇਂ ਪਰਦੇਸ ਵਿੱਚ ਹੋਈਏ ਪਰ ਉਸ ਨੂੰ ਭਾਉਂਦੇ ਰਹੀਏ ।10ਕਿਉਂ ਜੋ ਅਸੀਂ ਸਭਨਾਂ ਨੇ ਮਸੀਹ ਦੇ ਨਿਆਂ ਦੇ ਸਿੰਘਾਸਣ ਦੇ ਅੱਗੇ ਪ੍ਰਗਟ ਹੋਣਾ ਹੈ ਕਿ ਹਰੇਕ ਜੋ ਕੁੱਝ ਅਸੀਂ ਸਰੀਰ ਵਿੱਚ ਕੀਤਾ ਭਾਵੇਂ ਭਲਾ ਭਾਵੇਂ ਬੁਰਾ ਆਪੋ ਆਪਣੀਆਂ ਕਰਨੀਆਂ ਦੇ ਅਨੁਸਾਰ ਉਸ ਦਾ ਫਲ ਭੋਗੇ ।
ਪਰਮੇਸ਼ੁਰ ਨਾਲ ਮੇਲ-ਮਿਲਾਪ

11ਉਪਰੰਤ ਅਸੀਂ ਪ੍ਰਭੂ ਦਾ ਡਰ ਜਾਣ ਕੇ ਮਨੁੱਖਾਂ ਨੂੰ ਮਨਾਉਂਦੇ ਹਾਂ, ਪਰ ਅਸੀਂ ਪਰਮੇਸ਼ੁਰ ਦੇ ਅੱਗੇ ਪ੍ਰਗਟ ਹੋਏ ਹਾਂ ਅਤੇ ਮੈਨੂੰ ਆਸ ਹੈ ਜੋ ਤੁਹਾਡੇ ਵਿਵੇਕ ਵਿੱਚ ਵੀ ਪਰਗਟ ਹੋਏ ਹਾਂ ।12ਅਸੀਂ ਫੇਰ ਆਪਣੀ ਸ਼ੋਭਾ ਤੁਹਾਡੇ ਅੱਗੇ ਨਹੀਂ ਕਰਦੇ ਸਗੋਂ ਤੁਹਾਨੂੰ ਸਾਡੇ ਵਿਖੇ ਮਾਣ ਕਰਨ ਦਾ ਸਮਾਂ ਦਿੰਦੇ ਤਾਂ ਜੋ ਤੁਸੀਂ ਉਨ੍ਹਾਂ ਨੂੰ ਉੱਤਰ ਦੇ ਸਕੋ ਜਿਹੜੇ ਵਿਖਾਵੇ ਤੇ ਮਾਣ ਕਰਦੇ ਹਨ ਅਤੇ ਹਿਰਦੇ ਤੇ ਨਹੀਂ ।
13ਜੇ ਅਸੀਂ ਬੇਸੁਰਤ ਹਾਂ ਤਾਂ ਪਰਮੇਸ਼ੁਰ ਦੇ ਲਈ ਹਾਂ ਅਤੇ ਜੇ ਸੁਰਤ ਵਿੱਚ ਹਾਂ ਤਾਂ ਤੁਹਾਡੇ ਲਈ ਹਾਂ ।14ਮਸੀਹ ਦਾ ਪਿਆਰ ਸਾਨੂੰ ਮਜ਼ਬੂਰ ਕਰ ਲੈਂਦਾ ਹੈ ਕਿਉਂ ਜੋ ਅਸੀਂ ਇਹ ਵਿਚਾਰ ਕਰਦੇ ਹਾਂ ਕਿ ਇੱਕ ਨੇ ਸਭ ਦੇ ਲਈ ਆਪਣੀ ਜਾਨ ਦਿੱਤੀ ਇਸੇ ਕਰਕੇ ਸਾਰੇ ਮੋਏ ।15ਅਤੇ ਉਹ ਸਭਨਾਂ ਦੇ ਲਈ ਮਰਿਆ ਕਿ ਜਿਹੜੇ ਜਿਉਂਦੇ ਹਨ ਉਹ ਅੱਗੇ ਤੋਂ ਆਪਣੇ ਲਈ ਨਹੀਂ ਸਗੋਂ ਉਹ ਦੇ ਲਈ ਜੀਉਣ, ਜਿਹੜਾ ਉਨ੍ਹਾਂ ਦੇ ਲਈ ਮਰਿਆ ਅਤੇ ਫੇਰ ਜੀ ਉੱਠਿਆ ।
ਮਸੀਹ ਵਿੱਚ ਨਵੀਂ ਸਰਿਸ਼ਟੀ

16ਸੋ ਅਸੀਂ ਹੁਣ ਤੋਂ ਕਿਸੇ ਨੂੰ ਸਰੀਰ ਦੇ ਅਨੁਸਾਰ ਨਹੀਂ ਪਛਾਣਦੇ ਹਾਂ ਭਾਵੇਂ ਅਸੀਂ ਮਸੀਹ ਨੂੰ ਸਰੀਰ ਦੇ ਅਨੁਸਾਰ ਜਾਣਿਆ ਹੈ ਪਰ ਹੁਣ ਉਸ ਤਰ੍ਹਾਂ ਉਹ ਨੂੰ ਫੇਰ ਨਹੀਂ ਜਾਣਦੇ ।17ਸੋ ਜੋ ਕੋਈ ਮਸੀਹ ਵਿੱਚ ਹੈ ਤਾਂ ਉਹ ਨਵੀਂ ਸਰਿਸ਼ਟੀ ਹੈ । ਪੁਰਾਣੀਆਂ ਗੱਲਾਂ ਬੀਤ ਗਈਆਂ, ਵੇਖੋ, ਉਹ ਨਵੀਆਂ ਹੋ ਗਈਆਂ ਹਨ ।
18ਪਰ ਸਾਰੀਆਂ ਗੱਲਾਂ ਪਰਮੇਸ਼ੁਰ ਤੋਂ ਹਨ, ਜਿਸ ਨੇ ਮਸੀਹ ਦੇ ਰਾਹੀਂ ਸਾਨੂੰ ਆਪਣੇ ਨਾਲ ਮਿਲਾ ਲਿਆ ਅਤੇ ਮੇਲ-ਮਿਲਾਪ ਦੇ ਸੇਵਕਾਈ ਸਾਨੂੰ ਦਿੱਤੀ ।19ਅਰਥਾਤ ਪਰਮੇਸ਼ੁਰ ਮਸੀਹ ਵਿੱਚ ਹੋ ਕੇ ਸੰਸਾਰ ਨੂੰ ਆਪਣੇ ਨਾਲ ਮਿਲਾ ਰਿਹਾ ਸੀ ਅਤੇ ਉਨ੍ਹਾਂ ਦੇ ਪਾਪਾਂ ਦਾ ਲੇਖਾ ਨਹੀਂ ਸੀ ਕਰਦਾ ਅਤੇ ਉਸ ਨੇ ਮੇਲ-ਮਿਲਾਪ ਦਾ ਬਚਨ ਸਾਨੂੰ ਸੌਂਪ ਦਿੱਤਾ ।

20ਅਸੀਂ ਮਸੀਹ ਦੇ ਰਾਜਦੂਤ ਹਾਂ, ਤੁਸੀਂ ਸਮਝੋ ਪਰਮੇਸ਼ੁਰ ਸਾਡੇ ਰਾਹੀਂ ਮਿੰਨਤ ਕਰਦਾ ਹੈ, ਸੋ ਅਸੀਂ ਮਸੀਹ ਵੱਲੋਂ ਬੇਨਤੀ ਕਰਦੇ ਹਾਂ ਜੋ ਤੁਸੀਂ ਪਰਮੇਸ਼ੁਰ ਨਾਲ ਮੇਲ-ਮਿਲਾਪ ਕਰ ਲਓ ।21ਪਰਮੇਸ਼ੁਰ ਨੇ ਯਿਸੂ ਨੂੰ ਜਿਹੜਾ ਪਾਪ ਨੂੰ ਜਾਣਦਾ ਤੱਕ ਨਹੀਂ ਸੀ ਸਾਡੀ ਖ਼ਾਤਰ ਪਾਪ ਠਹਿਰਾਇਆ ਤਾਂ ਜੋ ਅਸੀਂ ਉਸ ਵਿੱਚ ਹੋ ਕੇ ਪਰਮੇਸ਼ੁਰ ਦੀ ਧਾਰਮਿਕਤਾ ਬਣੀਏ ।

6

1ਅਸੀਂ ਉਸ ਦੇ ਨਾਲ ਕੰਮ ਕਰਦੇ ਹੋਏ ਤੁਹਾਡੇ ਅੱਗੇ ਬੇਨਤੀ ਵੀ ਕਰਦੇ ਹਾਂ ਜੋ ਤੁਸੀਂ ਪਰਮੇਸ਼ੁਰ ਦੀ ਕਿਰਪਾ ਨੂੰ ਵਿਅਰਥ ਨਾ ਜਾਣੋ ।2ਕਿਉਂ ਜੋ ਪਰਮੇਸ਼ੁਰ ਆਖਦਾ ਹੈ ਜੋ ਮੈਂ ਮਨਭਾਉਂਦੇ ਸਮੇਂ ਵਿੱਚ ਤੇਰੀ ਸੁਣੀ ਅਤੇ ਮੁਕਤੀ ਦੇ ਦਿਨ ਤੇਰੀ ਸਹਾਇਤਾ ਕੀਤੀ । ਵੇਖੋ, ਹੁਣ ਹੀ ਮਨ ਭਾਉਂਦਾ ਸਮਾਂ ਹੈ, ਵੇਖੋ, ਹੁਣ ਹੀ ਮੁਕਤੀ ਦਾ ਦਿਨ ਹੈ !

ਪੌਲੁਸ ਦੀ ਮਿਹਨਤ

3ਅਸੀਂ ਕਿਸੇ ਗੱਲ ਵਿੱਚ ਠੋਕਰ ਨਹੀਂ ਖੁਆਉਂਦੇ ਕਿ ਕਿਤੇ ਇਸ ਸੇਵਕਾਈ ਉੱਤੇ ਦੋਸ਼ ਨਾ ਆਵੇ ।
4ਪਰ ਜਿਸ ਪ੍ਰਕਾਰ ਪਰਮੇਸ਼ੁਰ ਦੇ ਸੇਵਕਾਂ ਨੂੰ ਯੋਗ ਹੈ ਤਿਵੇਂ ਅਸੀਂ ਹਰ ਇੱਕ ਗੱਲ ਤੋਂ ਆਪਣੇ ਲਈ ਪ੍ਰਮਾਣ ਦਿੰਦੇ ਹਾਂ ਅਰਥਾਤ ਵੱਡੇ ਸਹਾਰੇ ਤੋਂ, ਬਿਪਤਾ ਤੋਂ, ਜ਼ਰੂਰਤਾਂ ਤੋਂ, ਤੰਗੀਆਂ ਤੋਂ,5ਕੋਰੜੇ ਖਾਣ ਤੋਂ, ਕੈਦ ਤੋਂ, ਹੰਗਾਮਿਆਂ ਤੋਂ, ਮਿਹਨਤਾਂ ਤੋਂ, ਉਣੀਂਦਿਆਂ ਤੋਂ, ਵਰਤ ਰੱਖਣ ਤੋਂ,6ਖਰਿਆਈ ਤੋਂ, ਗਿਆਨ ਤੋਂ, ਧੀਰਜ ਤੋਂ, ਦਿਆਲਗੀ ਤੋਂ, ਪਵਿੱਤਰ ਆਤਮਾ ਤੋਂ, ਨਿਸ਼ਕਪਟ ਪਿਆਰ ਤੋਂ,7ਸਚਿਆਈ ਦੇ ਬਚਨ ਤੋਂ, ਪਰਮੇਸ਼ੁਰ ਦੀ ਸਮਰੱਥਾ ਤੋਂ, ਧਰਮ ਦੇ ਹਥਿਆਰਾਂ ਨਾਲ ਜਿਹੜੇ ਸੱਜੇ ਖੱਬੇ ਹਨ ।
8ਇੱਜ਼ਤ ਅਤੇ ਬੇਪਤੀ ਨਾਲ, ਆਦਰ ਅਤੇ ਨਿਰਾਦਰ ਨਾਲ, ਛਲ ਕਰਨ ਵਾਲੇ ਜਿਹੇ ਪਰ ਸੱਚੇ ਹਾਂ,9ਅਣਜਾਣਿਆਂ ਵਰਗੇ ਪਰ ਉਜਾਗਰ ਹਾਂ, ਮਰਿਆਂ ਵਰਗੇ ਪਰ ਵੇਖੋ ਜਿਉਂਦੇ ਹਾਂ, ਤਾੜੇ ਜਾਂਦਿਆਂ ਵਰਗੇ ਪਰ ਜਾਨੋਂ ਨਹੀਂ ਮਾਰੇ ਜਾਂਦੇ,10ਉਦਾਸਾਂ ਵਰਗੇ ਪਰ ਸਦਾ ਅਨੰਦ ਕਰਦੇ ਹਾਂ, ਗਰੀਬਾਂ ਵਰਗੇ ਪਰ ਬਹੁਤਿਆਂ ਨੂੰ ਧਨੀ ਬਣਾਉਂਦੇ ਹਾਂ, ਕੰਗਾਲਾਂ ਵਰਗੇ ਪਰ ਸੱਭੋ ਕੁੱਝ ਦੇ ਮਾਲਕ ਹਾਂ ।

11ਹੇ ਕੁਰਿੰਥੀਓ, ਸਾਡਾ ਮੂੰਹ ਤੁਹਾਡੇ ਵੱਲ ਖੁੱਲ੍ਹਾ ਹੈ, ਸਾਡਾ ਦਿਲ ਵੱਡਾ ਹੈ ।12ਸਾਡੇ ਵਿੱਚ ਤੁਹਾਡੇ ਲਈ ਕੋਈ ਰੁਕਾਵਟ ਨਹੀਂ ਪਰ ਤੁਹਾਡੇ ਹੀ ਦਿਲਾਂ ਵਿੱਚ ਰੁਕਾਵਟ ਹੈ ।13ਹੁਣ ਉਸ ਦੇ ਬਦਲੇ ਤੁਸੀਂ ਵੀ ਖੁੱਲ੍ਹੇ ਦਿਲ ਦੇ ਹੋਵੋ । ਮੈਂ ਤਾਂ ਤੁਹਾਨੂੰ ਬੱਚਿਆਂ ਵਾਂਗੂੰ ਆਖਦਾ ਹਾਂ ।
ਮੂਰਤੀ ਪੂਜਾ ਦੇ ਵਿਰੁੱਧ ਚਿਤਾਵਨੀ

14ਤੁਸੀਂ ਅਵਿਸ਼ਵਾਸੀਆਂ ਨਾਲ ਨਾ ਬਰਾਬਰੀ ਦੇ ਜੂਲੇ ਵਿੱਚ ਨਾ ਜੁੱਤੋ ਕਿਉਂ ਜੋ ਧਰਮ ਅਤੇ ਕੁਧਰਮ ਵਿੱਚ ਕੀ ਸਾਂਝ ਹੈ ? ਅਤੇ ਚਾਨਣ ਦਾ ਹਨ੍ਹੇਰੇ ਨਾਲ ਕੀ ਮੇਲ ਹੈ ?15ਅਤੇ ਮਸੀਹ ਦਾ ਸ਼ੈਤਾਨ ਦੇ ਨਾਲ ਕੀ ਮਿਲਾਪ ਹੈ, ਅਥਵਾ ਵਿਸ਼ਵਾਸੀ ਦਾ ਅਵਿਸ਼ਵਾਸੀ ਨਾਲ ਕੀ ਹਿੱਸਾ ਹੈ ?16ਅਤੇ ਪਰਮੇਸ਼ੁਰ ਦੀ ਹੈਕਲ ਦਾ ਮੂਰਤੀਆਂ ਨਾਲ ਕੀ ਵਾਸਤਾ ਹੈ ? ਅਸੀਂ ਤਾਂ ਪਰਮੇਸ਼ੁਰ ਦੀ ਹੈਕਲ ਹਾਂ ਜਿਵੇਂ ਪਰਮੇਸ਼ੁਰ ਨੇ ਬਚਨ ਕੀਤਾ - ਮੈਂ ਉਨ੍ਹਾਂ ਵਿੱਚ ਵਾਸ ਕਰਾਂਗਾ ਅਤੇ ਫਿਰਿਆ ਕਰਾਂਗਾ, ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ, ਅਤੇ ਉਹ ਮੇਰੀ ਪਰਜਾ ਹੋਣਗੇ ।
17ਇਸ ਲਈ ਉਨ੍ਹਾਂ ਵਿੱਚੋਂ ਨਿੱਕਲ ਆਓ ਅਤੇ ਵੱਖਰੇ ਹੋਵੋ, ਪ੍ਰਭੂ ਆਖਦਾ ਹੈ ਕਿਸੇ ਭ੍ਰਿਸ਼ਟ ਵਸਤੂ ਨੂੰ ਹੱਥ ਨਾ ਲਾਓ, ਮੈਂ ਤੁਹਾਨੂੰ ਕਬੂਲ ਕਰ ਲਵਾਂਗਾ,18ਅਤੇ ਤੁਹਾਡਾ ਪਿਤਾ ਹੋਵਾਂਗਾ ਅਤੇ ਤੁਸੀਂ ਮੇਰੇ ਪੁੱਤਰ ਅਤੇ ਧੀਆਂ ਹੋਵੋਗੇ । ਇਹ ਬਚਨ ਸਰਬ ਸ਼ਕਤੀਮਾਨ ਪ੍ਰਭੂ ਦਾ ਹੈ ।

7

1ਸੋ ਹੇ ਪਿਆਰਿਓ, ਜਦੋਂ ਇਹ ਬਚਨ ਸਾਨੂੰ ਦਿੱਤੇ ਹੋਏ ਹਨ ਤਾਂ ਆਓ, ਅਸੀਂ ਆਪਣੇ ਆਪ ਨੂੰ ਸਰੀਰ ਅਤੇ ਆਤਮਾ ਦੀ ਸਾਰੀ ਅਸ਼ੁੱਧਤਾ ਤੋਂ ਸ਼ੁੱਧ ਕਰ ਕੇ ਪਰਮੇਸ਼ੁਰ ਦੇ ਡਰ ਨਾਲ ਪਵਿੱਤਰਤਾਈ ਨੂੰ ਸੰਪੂਰਨ ਕਰੀਏ ।

ਪੌਲੁਸ ਦਾ ਅਨੰਦ

2ਆਪਣੇ ਦਿਲਾਂ ਵਿੱਚ ਸਾਨੂੰ ਥਾਂ ਦਿਓ । ਅਸੀਂ ਕਿਸੇ ਉੱਤੇ ਜ਼ੁਲਮ ਨਹੀਂ ਕੀਤਾ, ਕਿਸੇ ਨੂੰ ਵਿਗਾੜਿਆ ਨਹੀਂ, ਕਿਸੇ ਨੂੰ ਠੱਗਿਆ ਨਹੀਂ ।3ਇਹ ਤਾਂ ਮੈਂ ਦੋਸ਼ ਲਾਉਣ ਨੂੰ ਨਹੀਂ ਆਖਦਾ ਹਾਂ ਕਿਉਂ ਜੋ ਮੈਂ ਅੱਗੇ ਹੀ ਕਿਹਾ ਹੈ ਕਿ ਤੁਸੀਂ ਸਾਡੇ ਦਿਲਾਂ ਵਿੱਚ ਹੋ ਅਤੇ ਸਾਡਾ ਮਰਨਾ ਜੀਣਾ ਇਕੱਠਾ ਹੋਵੇ ।4ਤੁਹਾਡੇ ਉੱਤੇ ਮੇਰਾ ਬਹੁਤ ਭਰੋਸਾ ਹੈ, ਤੁਹਾਡੇ ਵਿਖੇ ਮੇਰਾ ਬਹੁਤ ਮਾਣ ਹੈ । ਮੈਂ ਦਿਲਾਸੇ ਨਾਲ ਭਰਿਆ ਹੋਇਆ ਹਾਂ । ਮੈਂ ਆਪਣੇ ਅਤੇ ਤੁਹਾਡੇ ਹਰ ਕਸ਼ਟ ਵਿੱਚ ਅਨੰਦ ਨਾਲ ਫੁੱਲਿਆ ਨਹੀਂ ਸਮਾਉਦਾ ।

5ਜਦ ਅਸੀਂ ਮਕਦੂਨਿਯਾ ਵਿੱਚ ਆਏ ਤਦ ਵੀ ਸਾਡੇ ਸਰੀਰ ਨੂੰ ਕੁੱਝ ਚੈਨ ਨਹੀਂ ਸੀ ਸਗੋਂ ਅਸੀਂ ਹਰ ਪਾਸਿਓਂ ਕਸ਼ਟ ਵਿੱਚ ਪਏ ਸੀ, ਬਾਹਰੋਂ ਝਗੜੇ ਅੰਦਰੋਂ ਭਿਆਨਕ ਗੱਲਾਂ ।6ਤਾਂ ਵੀ ਉਸ ਨੇ ਜਿਹੜਾ ਅਧੀਨਾਂ ਨੂੰ ਦਿਲਾਸਾ ਦੇਣ ਵਾਲਾ ਹੈ ਅਰਥਾਤ ਪਰਮੇਸ਼ੁਰ ਨੇ ਤੀਤੁਸ ਦੇ ਆਉਣ ਨਾਲ ਸਾਨੂੰ ਦਿਲਾਸਾ ਦਿੱਤਾ ।7ਅਤੇ ਨਿਰੇ ਉਸ ਦੇ ਆਉਣ ਕਰਕੇ ਹੀ ਨਹੀਂ ਸਗੋਂ ਉਸ ਦਿਲਾਸੇ ਤੋਂ ਵੀ ਜਿਹੜਾ ਉਸ ਨੂੰ ਤੁਹਾਡੇ ਵਿੱਚ ਪ੍ਰਾਪਤ ਹੋਇਆ ਅਤੇ ਸਾਨੂੰ ਤੁਹਾਡੀ ਚਾਹਤ, ਤੁਹਾਡੇ ਸੋਗ, ਤੁਹਾਡੀ ਅਣਖ ਦਾ ਜੋ ਮੇਰੇ ਲਈ ਹੈ ਸਮਾਚਾਰ ਦੱਸਿਆ ਜਿਸ ਕਰਕੇ ਮੈਂ ਹੋਰ ਵੀ ਅਨੰਦ ਹੋਇਆ ।
8ਕਿਉਂ ਜੋ ਭਾਵੇਂ ਮੈਂ ਆਪਣੀ ਪੱਤ੍ਰੀ ਨਾਲ ਤੁਹਾਨੂੰ ਉਦਾਸ ਕੀਤਾ ਤਾਂ ਵੀ ਮੈਂ ਪਛਤਾਉਂਦਾ ਨਹੀਂ ਭਾਵੇਂ ਮੈਂ ਪਹਿਲਾਂ ਪਛਤਾਉਂਦਾ ਸੀ ਕਿਉਂਕਿ ਮੈਂ ਵੇਖਦਾ ਹਾਂ ਜੋ ਉਸ ਪੱਤ੍ਰੀ ਨੇ ਤੁਹਾਨੂੰ ਉਦਾਸ ਕੀਤਾ ਸੀ ਭਾਵੇਂ ਥੋੜ੍ਹੇ ਸਮੇਂ ਤੱਕ ।9ਹੁਣ ਮੈਂ ਅਨੰਦ ਕਰਦਾ ਹਾਂ ਇਸ ਲਈ ਨਹੀਂ ਜੋ ਤੁਸੀਂ ਉਦਾਸ ਹੋਏ ਸਗੋਂ ਇਸ ਲਈ ਜੋ ਤੁਹਾਡੀ ਉਦਾਸੀ ਦਾ ਫਲ ਤੋਬਾ ਹੋਇਆ ਕਿਉਂ ਜੋ ਤੁਸੀਂ ਪਰਮੇਸ਼ੁਰ ਯੋਗ ਉਦਾਸ ਹੋਏ ਜੋ ਸਾਡੇ ਤੋਂ ਕਿਸੇ ਗੱਲ ਵਿੱਚ ਤੁਹਾਡਾ ਨੁਕਸਾਨ ਨਾ ਹੋ ਜਾਏ ।10ਕਿਉਂ ਜੋ ਪਰਮੇਸ਼ੁਰ ਯੋਗ ਉਦਾਸੀ ਮੁਕਤੀ ਲਈ ਅਜਿਹੀ ਤੌਬਾ ਪੈਦਾ ਕਰਦੀ ਹੈ ਜਿਸ ਤੋਂ ਕੋਈ ਪਛਤਾਉਂਦਾ ਨਹੀਂ ਪਰ ਸੰਸਾਰ ਦੀ ਉਦਾਸੀ ਮੌਤ ਨੂੰ ਪੈਦਾ ਕਰਦੀ ਹੈ ।
11ਵੇਖੋ, ਤੁਹਾਡੀ ਉਸ ਪਰਮੇਸ਼ੁਰ ਯੋਗ ਉਦਾਸੀ ਨੇ ਤੁਹਾਡੇ ਵਿੱਚ ਕਿੰਨਾਂ ਹੀ ਜੋਸ਼, ਕਿੰਨਾਂ ਹੀ ਉੱਤਰ ਦੇਣਾ, ਕਿੰਨਾਂ ਹੀ ਕ੍ਰੋਧ, ਕਿੰਨਾਂ ਹੀ ਡਰ, ਕਿੰਨੀ ਹੀ ਚਾਹਤ, ਕਿੰਨੀ ਹੀ ਅਣਖ, ਕਿੰਨੀ ਹੀ ਲਗਨ ਪੈਦਾ ਕੀਤੀ ! ਤੁਸੀਂ ਹਰ ਤਰ੍ਹਾਂ ਨਾਲ ਆਪਣੇ ਲਈ ਪਰਮਾਣ ਦਿੱਤਾ ਜੋ ਅਸੀਂ ਇਸ ਗੱਲ ਵਿੱਚ ਸਾਫ਼ ਹਾਂ ।12ਗੱਲ ਕਾਹਦੀ ਭਾਵੇਂ ਮੈਂ ਤੁਹਾਨੂੰ ਲਿਖਿਆ ਪਰ ਮੈਂ ਨਾ ਉਸ ਦੇ ਕਾਰਨ ਲਿਖਿਆ ਜਿਸ ਨੇ ਅਪਰਾਧ ਕੀਤਾ, ਨਾ ਉਸ ਦੇ ਕਾਰਨ ਜਿਸ ਦੇ ਨਾਲ ਅਪਰਾਧ ਹੋਇਆ ਸਗੋਂ ਇਸ ਕਾਰਨ ਜੋ ਤੁਹਾਡਾ ਜੋਸ਼ ਜਿਹੜਾ ਸਾਡੇ ਲਈ ਹੈ ਸੋ ਪਰਮੇਸ਼ੁਰ ਦੇ ਹਜ਼ੂਰ ਤੁਹਾਡੇ ਉੱਤੇ ਪ੍ਰਗਟ ਹੋਵੇ ।
13ਇਸ ਲਈ ਅਸੀਂ ਦਿਲਾਸਾ ਪਾਇਆ ਹੈ ਪਰ ਆਪਣੇ ਦਿਲਾਸੇ ਤੋਂ ਬਿਨ੍ਹਾਂ ਅਸੀਂ ਤੀਤੁਸ ਦੇ ਅਨੰਦ ਦੇ ਕਾਰਨ ਹੋਰ ਵੀ ਬਹੁਤ ਵੱਧ ਕੇ ਅਨੰਦ ਕੀਤਾ ਕਿਉਂ ਜੋ ਉਸ ਦਾ ਆਤਮਾ ਤੁਹਾਡੇ ਸਾਰਿਆਂ ਤੋਂ ਤਾਜ਼ਾ ਹੋਇਆ ਹੈ ।14ਕਿਉਂਕਿ ਜੇ ਮੈਂ ਉਸ ਦੇ ਅੱਗੇ ਤੁਹਾਡੇ ਲਈ ਕਿਸੇ ਗੱਲ ਦਾ ਮਾਣ ਕੀਤਾ ਹੋਵੇ ਤਾਂ ਲੱਜਿਆਵਾਨ ਨਹੀਂ ਹੋਣਾ ਪਿਆ ਪਰ ਜਿਵੇਂ ਅਸੀਂ ਤੁਹਾਡੇ ਨਾਲ ਸਾਰੀਆਂ ਗੱਲਾਂ ਸੱਚ ਆਖੀਆਂ ਉਸੇ ਤਰ੍ਹਾਂ ਸਾਡਾ ਮਾਣ ਵੀ ਜਿਹੜਾ ਮੈਂ ਤੀਤੁਸ ਦੇ ਅੱਗੇ ਕੀਤਾ ਸੱਚਾ ਨਿੱਕਲਿਆ ।
15ਅਤੇ ਉਹ ਤੁਹਾਡੇ ਸਭ ਦੀ ਆਗਿਆਕਾਰਤਾ ਨੂੰ ਚੇਤੇ ਰੱਖ ਕੇ ਜੋ ਤੁਸੀਂ ਕਿਸ ਪ੍ਰਕਾਰ ਡਰਦੇ ਅਤੇ ਕੰਬਦੇ ਹੋਏ ਕਬੂਲ ਕੀਤਾ ਸੀ ਇਸ ਕਰਕੇ ਉਸ ਦਾ ਮਨ ਤੁਹਾਡੇ ਵੱਲ ਬਹੁਤ ਲੱਗਿਆ ਹੋਇਆ ਹੈ ।16ਮੈਂ ਅਨੰਦ ਹਾਂ ਜੋ ਹਰੇਕ ਗੱਲ ਵਿੱਚ ਤੁਹਾਡੀ ਵੱਲੋਂ ਮੇਰੀ ਖ਼ਾਤਰ ਦਲੇਰੀ ਹੈ ।

8
ਪਰਮੇਸ਼ੁਰ ਦੇ ਲੋਕਾਂ ਲਈ ਦਾਨ

1ਹੇ ਭਰਾਵੋ, ਅਸੀਂ ਤੁਹਾਨੂੰ ਪਰਮੇਸ਼ੁਰ ਦੀ ਉਸ ਕਿਰਪਾ ਦੀ ਖ਼ਬਰ ਲਿਖਦੇ ਹਾਂ ਜਿਹੜੀ ਮਕਦੂਨਿਯਾ ਦੀਆਂ ਕਲੀਸਿਯਾਵਾਂ ਉੱਤੇ ਕੀਤੀ ਹੋਈ ਹੈ ।2ਜੋ ਕਿਸ ਤਰ੍ਹਾਂ ਨਾਲ ਉਸ ਕਲੇਸ਼ ਦੇ ਵੱਡੇ ਪਰਤਾਵੇ ਵਿੱਚ ਉਨ੍ਹਾਂ ਦੇ ਅਨੰਦ ਦੀ ਬਹੁਤਾਇਤ ਅਤੇ ਉਨ੍ਹਾਂ ਦੀ ਭਾਰੀ ਗਰੀਬੀ ਨੇ ਉਨ੍ਹਾਂ ਦੀ ਅੱਤ ਵੱਡੀ ਖੁੱਲ੍ਹ ਦਿਲੀ ਨੂੰ ਵਧਾ ਦਿੱਤਾ ।

3ਕਿਉਂ ਜੋ ਮੈਂ ਇਹ ਗਵਾਹੀ ਦਿੰਦਾ ਹਾਂ ਜੋ ਉਨ੍ਹਾਂ ਨੇ ਆਪਣੇ ਸਮਰੱਥ ਦੇ ਅਨੁਸਾਰ ਸਗੋਂ ਆਪਣੀ ਸਮਰੱਥਾ ਤੋਂ ਵੱਧ ਕੇ ਦਾਨ ਦਿੱਤਾ ।4ਅਤੇ ਉਨ੍ਹਾਂ ਨੇ ਵੱਡੀਆਂ ਮਿੰਨਤਾਂ ਨਾਲ ਸਾਡੇ ਅੱਗੇ ਇਹ ਬੇਨਤੀ ਕੀਤੀ ਜੋ ਸਾਡੀ ਵੀ ਉਸ ਪੁੰਨ ਦੇ ਕੰਮ ਅਤੇ ਉਸ ਸੇਵਾ ਵਿੱਚ ਜਿਹੜੀ ਸੰਤਾਂ ਦੇ ਲਈ ਹੈ ਭਾਗੀਦਾਰੀ ਹੋਵੇ ।5ਅਤੇ ਜਿਸ ਤਰ੍ਹਾਂ ਸਾਨੂੰ ਆਸ ਸੀ ਉਸ ਤਰ੍ਹਾਂ ਹੀ ਨਹੀਂ ਸਗੋਂ ਪਹਿਲਾਂ ਪਰਮੇਸ਼ੁਰ ਦੀ ਇੱਛਾ ਨਾਲ ਉਨ੍ਹਾਂ ਆਪਣੇ ਆਪ ਨੂੰ ਪ੍ਰਭੂ ਦੇ ਅਤੇ ਨਾਲ ਸਾਡੇ ਲਈ ਵੀ ਅਰਪਣ ਕੀਤਾ ।
6ਐਥੋਂ ਤੱਕ ਜੋ ਅਸੀਂ ਤੀਤੁਸ ਦੇ ਅੱਗੇ ਬੇਨਤੀ ਕੀਤੀ ਭਈ ਜਿਸ ਤਰ੍ਹਾਂ ਉਹ ਨੇ ਅੱਗੇ ਸ਼ੁਰੂ ਕੀਤਾ ਸੀ, ਉਸੇ ਤਰ੍ਹਾਂ ਇਸ ਪੁੰਨ ਦੇ ਕੰਮ ਨੂੰ ਤੁਹਾਡੇ ਵਿੱਚ ਸਿਰੇ ਵੀ ਚਾੜ੍ਹੇ ।7ਪਰ ਜਿਵੇਂ ਤੁਸੀਂ ਹਰੇਕ ਗੱਲ ਵਿੱਚ ਅਰਥਾਤ ਵਿਸ਼ਵਾਸ, ਬਚਨ, ਗਿਆਨ ਅਤੇ ਸਾਰੇ ਜੋਸ਼ ਅਤੇ ਉਸ ਪਿਆਰ ਵਿੱਚ ਜੋ ਤੁਹਾਨੂੰ ਸਾਡੇ ਨਾਲ ਹੈ ਵੱਧ ਗਏ ਹੋ ਉਸੇ ਤਰ੍ਹਾਂ ਤੁਸੀਂ ਪੁੰਨ ਦੇ ਕੰਮ ਵਿੱਚ ਵੀ ਵੱਧਦੇ ਜਾਓ ।
8ਮੈਂ ਹੁਕਮ ਦੀ ਰੀਤ ਅਨੁਸਾਰ ਨਹੀਂ ਪਰ ਹੋਰਨਾਂ ਦੇ ਜੋਸ਼ ਨਾਲ ਤੁਹਾਡੇ ਪਿਆਰ ਦੀ ਸਚਿਆਈ ਨੂੰ ਪਰਖਣ ਲਈ ਇਹ ਆਖਦਾ ਹਾਂ ।9ਕਿਉਂਕਿ ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਨੂੰ ਜਾਣਦੇ ਹੋ ਜੋ ਧਨੀ ਸੀ ਪਰ ਤੁਹਾਡੇ ਲਈ ਗਰੀਬ ਬਣਿਆ ਕਿ ਤੁਸੀਂ ਉਸ ਦੀ ਗਰੀਬੀ ਤੋਂ ਧਨੀ ਹੋ ਜਾਓ ।
10ਅਤੇ ਮੈਂ ਇਸ ਗੱਲ ਵਿੱਚ ਸਲਾਹ ਦਿੰਦਾ ਹਾਂ ਕਿ ਇਹੋ ਤੁਹਾਡੇ ਲਈ ਚੰਗਾ ਹੈ ਜੋ ਤੁਸੀਂ ਅੱਗੇ ਤੋਂ ਨਿਰਾ ਇਹ ਕੰਮ ਕਰਨ ਵਿੱਚ ਨਹੀਂ ਸਗੋਂ ਇਹ ਦੀ ਇੱਛਾ ਕਰਨ ਵਿੱਚ ਵੀ ਅੱਗੇ ਸੀ ।11ਸੋ ਹੁਣ ਤੁਸੀਂ ਉਸ ਕੰਮ ਨੂੰ ਸਿਰੇ ਵੀ ਚਾੜ੍ਹੋ ਅਤੇ ਜਿਸ ਤਰ੍ਹਾਂ ਇੱਛਾ ਕਰਨ ਦੀ ਤਿਆਰੀ ਸੀ ਉਸੇ ਤਰ੍ਹਾਂ ਆਪਣੇ ਵਾਧੇ ਦੇ ਅਨੁਸਾਰ ਚਾੜ੍ਹਨਾ ਵੀ ਹੋਵੇ ।12ਜੇ ਮਨ ਦੀ ਤਿਆਰੀ ਪਹਿਲਾਂ ਹੋਵੇ ਤਾਂ ਉਹ ਉਸ ਦੇ ਅਨੁਸਾਰ ਜੋ ਕਿਸੇ ਕੋਲ ਹੈ, ਪਰਵਾਨ ਹੁੰਦੀ ਹੈ ਨਾ ਉਸ ਦੇ ਅਨੁਸਾਰ ਜੋ ਉਸ ਦੇ ਕੋਲ ਨਹੀਂ ਹੈ ।
13ਕਿਉਂ ਜੋ ਮੈਂ ਇਹ ਇਸ ਲਈ ਨਹੀਂ ਆਖਦਾ ਜੋ ਹੋਰਨਾਂ ਨੂੰ ਸੌਖਾ ਅਤੇ ਤੁਹਾਨੂੰ ਔਖਾ ਹੋਵੇ ।14ਸਗੋਂ ਬਰਾਬਰੀ ਹੋਵੇ ਜੋ ਇਸ ਵਾਰ ਤੁਹਾਡਾ ਵਾਧਾ ਉਨ੍ਹਾਂ ਦੇ ਘਾਟੇ ਨੂੰ ਪੂਰਾ ਕਰੇ ਤਾਂ ਜੋ ਉਨ੍ਹਾਂ ਦਾ ਵਾਧਾ ਵੀ ਤੁਹਾਡੇ ਘਾਟੇ ਨੂੰ ਪੂਰਾ ਕਰੇ ਤਾਂ ਜੋ ਬਰਾਬਰੀ ਰਹੇ ।15ਜਿਸ ਪ੍ਰਕਾਰ ਲਿਖਿਆ ਹੋਇਆ ਹੈ - ਜਿਸ ਨੇ ਵੱਧ ਲਿਆ ਸੀ ਉਸ ਦਾ ਵੱਧ ਨਾ ਨਿੱਕਲਿਆ ਅਤੇ ਜਿਸ ਨੇ ਘੱਟ ਲਿਆ ਸੀ ਉਸ ਦਾ ਘੱਟ ਨਾ ਨਿੱਕਲਿਆ ।
ਤੀਤੁਸ ਅਤੇ ਉਸ ਦੇ ਸਹਿਕਰਮੀ

16ਪਰ ਧੰਨਵਾਦ ਹੈ ਪਰਮੇਸ਼ੁਰ ਦਾ ਜਿਹੜਾ ਤੀਤੁਸ ਦੇ ਦਿਲ ਵਿੱਚ ਤੁਹਾਡੇ ਲਈ ਉਹੋ ਜੋਸ਼ ਪਾਉਂਦਾ ਹੈ ।17ਕਿਉਂਕਿ ਉਸ ਨੇ ਨਾ ਕੇਵਲ ਸਾਡੀ ਉਸ ਬੇਨਤੀ ਨੂੰ ਮੰਨਿਆ ਸਗੋਂ ਵੱਡੇ ਜੋਸ਼ ਨਾਲ ਆਪਣੇ ਆਪ ਤੁਹਾਡੇ ਵੱਲ ਤੁਰ ਪਿਆ ।
18ਅਤੇ ਅਸੀਂ ਉਸ ਦੇ ਨਾਲ ਉਸ ਭਰਾ ਨੂੰ ਭੇਜਿਆ ਜਿਸ ਦਾ ਮਾਣ ਖੁਸ਼ਖਬਰੀ ਦੇ ਵਿਖੇ ਸਾਰੀਆਂ ਕਲੀਸਿਯਾਵਾਂ ਵਿੱਚ ਹੁੰਦਾ ਹੈ ।19ਪਰ ਕੇਵਲ ਇਹੋ ਨਹੀਂ ਸਗੋਂ ਉਹ ਕਲੀਸਿਯਾਵਾਂ ਦੀ ਵੱਲੋਂ ਥਾਪਿਆ ਹੋਇਆ ਵੀ ਹੈ ਤਾਂ ਜੋ ਇਸ ਪੁੰਨ ਦੇ ਕੰਮ ਲਈ ਜਿਸ ਦੀ ਅਸੀਂ ਸੇਵਾ ਕਰਦੇ ਹਾਂ ਸਾਡੇ ਨਾਲ ਯਾਤਰਾ ਕਰੇ ਤਾਂ ਜੋ ਪ੍ਰਭੂ ਦੀ ਵਡਿਆਈ, ਨਾਲੇ ਸਾਡੇ ਮਨ ਦੀ ਤਿਆਰੀ ਪ੍ਰਗਟ ਹੋਵੇ ।
20ਕਿਉਂ ਜੋ ਅਸੀਂ ਇਸ ਤੋਂ ਸਾਵਧਾਨ ਰਹਿੰਦੇ ਹਾਂ ਜੋ ਇਸ ਵੱਡੀ ਦਾਤ ਦੇ ਵਿਖੇ ਜਿਸ ਦੀ ਅਸੀਂ ਸੇਵਾ ਕਰਦੇ ਹਾਂ ਕੋਈ ਸਾਡੇ ਉੱਤੇ ਦੋਸ਼ ਨਾ ਲਾਵੇ ।21ਕਿਉਂਕਿ ਜਿਹੜੀਆਂ ਗੱਲਾਂ ਕੇਵਲ ਪ੍ਰਭੂ ਦੇ ਸਨਮੁਖ ਹੀ ਨਹੀਂ ਸਗੋਂ ਮਨੁੱਖਾਂ ਦੇ ਸਨਮੁਖ ਵੀ ਚੰਗੀਆਂ ਹਨ ਅਸੀਂ ਉਨ੍ਹਾਂ ਦਾ ਧਿਆਨ ਰੱਖਦੇ ਹਾਂ ।
22ਅਤੇ ਅਸੀਂ ਉਨ੍ਹਾਂ ਦੇ ਨਾਲ ਆਪਣੇ ਉਸ ਭਰਾ ਨੂੰ ਭੇਜਿਆ ਜਿਸ ਨੂੰ ਅਸੀਂ ਬਹੁਤ ਸਾਰੀਆਂ ਗੱਲਾਂ ਵਿੱਚ ਕਈ ਵਾਰੀ ਪਰਖ ਕੇ ਉੱਦਮੀ ਵੇਖਿਆ ਪਰ ਹੁਣ ਉਸ ਵੱਡੇ ਭਰੋਸੇ ਕਰਕੇ ਜਿਹੜਾ ਉਸ ਨੂੰ ਤੁਹਾਡੇ ਉੱਤੇ ਹੈ ਉਹ ਹੋਰ ਵੀ ਬਹੁਤ ਉੱਦਮੀ ਜਾਪਦਾ ਹੈ ।23ਜੇਕਰ ਕੋਈ ਤੀਤੁਸ ਦੀ ਪੁੱਛੇ ਤਾਂ ਉਹ ਮੇਰਾ ਸਾਥੀ ਹੈ ਅਤੇ ਤੁਹਾਡੇ ਲਈ ਮੇਰੇ ਸਹਿਕਰਮੀ ਹੈ, ਜੇ ਸਾਡੇ ਭਰਾਵਾਂ ਦੀ ਪੁੱਛੇ ਤਾਂ ਉਹ ਕਲੀਸਿਯਾਵਾਂ ਦੇ ਭੇਜੇ ਹੋਏ ਅਤੇ ਮਸੀਹ ਦੀ ਮਹਿਮਾ ਹਨ ।24ਇਸ ਲਈ ਤੁਸੀਂ ਕਲੀਸਿਯਾਵਾਂ ਦੇ ਸਨਮੁਖ ਉਨ੍ਹਾਂ ਨੂੰ ਆਪਣੇ ਪਿਆਰ ਦਾ ਪ੍ਰਮਾਣ ਦਿਉ, ਅਤੇ ਉਸ ਮਾਣ ਦਾ ਜਿਹੜਾ ਅਸੀਂ ਤੁਹਾਡੇ ਲਈ ਕਰਦੇ ਹਾਂ ।

9
ਸਾਥੀ ਵਿਸ਼ਵਾਸੀਆਂ ਲਈ ਸਹਾਇਤਾ

1ਉਪਰੰਤ ਉਸ ਸੇਵਾ ਦੇ ਵਿਖੇ ਜਿਹੜੀ ਸੰਤਾਂ ਲਈ ਹੈ, ਮੇਰੇ ਵਲੋਂ ਤੁਹਾਨੂੰ ਲਿਖਣ ਦੀ ਕੋਈ ਲੋੜ ਨਹੀਂ ।2ਕਿਉਂ ਜੋ ਮੈਂ ਤੁਹਾਡੀ ਤਿਆਰੀ ਨੂੰ ਜਾਣਦਾ ਹਾਂ ਜਿਸ ਦੇ ਲਈ ਮੈਂ ਮਕਦੂਨਿਯਾ ਦੇ ਵਸਨੀਕਾਂ ਅੱਗੇ ਤੁਹਾਡੇ ਵਿਖੇ ਮਾਣ ਕਰਦਾ ਹਾਂ ਜੋ ਅਖਾਯਾ ਦੇ ਲੋਕ ਪਹਿਲਾਂ ਤੋਂ ਤਿਆਰ ਹੋ ਰਹੇ ਹਨ ਅਤੇ ਤੁਹਾਡੇ ਵੱਡੇ ਉੱਦਮ ਨੇ ਬਹੁਤਿਆਂ ਨੂੰ ਉਕਸਾਇਆ ।

3ਮੈਂ ਭਰਾਵਾਂ ਨੂੰ ਭੇਜਿਆ ਤਾਂ ਕਿ ਸਾਡਾ ਮਾਣ ਜਿਹੜਾ ਅਸੀਂ ਤੁਹਾਡੇ ਵਿਖੇ ਕਰਦੇ ਸੀ ਇਸ ਗੱਲ ਵਿੱਚ ਵਿਅਰਥ ਨਾ ਹੋ ਜਾਏ ਜਿਵੇਂ ਮੈਂ ਆਖਿਆ ਸੀ ਤੁਸੀਂ ਤਿਆਰ ਰਹੋ ।4ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਜੇ ਮਕਦੂਨਿਯਾ ਦੇ ਵਾਸੀ ਮੇਰੇ ਨਾਲ ਆ ਜਾਣ ਅਤੇ ਤੁਹਾਨੂੰ ਤਿਆਰ ਨਾ ਵੇਖਣ ਤਾਂ ਆਪਾਂ ਉਸ ਪੱਕੇ ਭਰੋਸੇ ਤੋਂ ਉਨ੍ਹਾਂ ਅੱਗੇ ਲੱਜਿਆਵਾਨ ਹੋਈਏ ।5ਇਸ ਕਾਰਨ ਮੈਂ ਭਰਾਵਾਂ ਦੇ ਅੱਗੇ ਇਹ ਬੇਨਤੀ ਕਰਨੀ ਜ਼ਰੂਰੀ ਸਮਝੀ, ਜੋ ਉਹ ਪਹਿਲਾਂ ਤੁਹਾਡੇ ਕੋਲ ਜਾਣ ਅਤੇ ਤੁਹਾਡੇ ਉਸ ਦਾਨ ਨੂੰ ਜਿਸ ਦਾ ਪਹਿਲਾਂ ਹੀ ਤੁਸੀਂ ਬਚਨ ਦਿੱਤਾ ਹੋਇਆ ਹੈ ਪਹਿਲਾਂ ਹੀ ਤਿਆਰ ਕਰ ਰੱਖਣਾ ਤਾਂ ਜੋ ਉਹ ਖੁੱਲ੍ਹੇ ਦਿਲ ਦੇ ਦਾਨ ਵਰਗਾ ਹੋਵੇ ਨਾ ਕਿ ਬੰਦਿਸ਼ ਦੇ ਦਾਨ ਵਰਗਾ ।
ਦਾਨ ਕਿਵੇਂ ਦੇਈਏ

6ਪਰ ਗੱਲ ਇਹ ਹੈ ਕਿ ਜਿਹੜਾ ਘੱਟ ਬੀਜਦਾ ਹੈ ਉਹ ਘੱਟ ਵੱਢੇਗਾ ਅਤੇ ਜਿਹੜਾ ਖੁੱਲ੍ਹੇ ਦਿਲ ਨਾਲ ਬੀਜਦਾ ਹੈ ਉਹ ਖੁੱਲ੍ਹੇ ਦਿਲ ਨਾਲ ਵੱਢੇਗਾ ।7ਹਰੇਕ ਜਿਸ ਤਰ੍ਹਾਂ ਉਹ ਨੇ ਦਿਲ ਵਿੱਚ ਧਾਰਿਆ ਹੈ ਉਸੇ ਤਰ੍ਹਾਂ ਕਰੇ, ਰੰਜ ਨਾਲ ਅਥਵਾ ਲਚਾਰੀ ਨਾਲ ਨਹੀਂ, ਕਿਉਂ ਜੋ ਪਰਮੇਸ਼ੁਰ ਖੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ ।
8ਅਤੇ ਪਰਮੇਸ਼ੁਰ ਤੁਹਾਡੇ ਉੱਤੇ ਸਾਰੀ ਕਿਰਪਾ ਬਹੁਤੀ ਕਰ ਸਕਦਾ ਹੈ ਜੋ ਹਰ ਪਰਕਾਰ ਨਾਲ ਸਦਾ ਸਭ ਕੁੱਝ ਤੁਹਾਡੇ ਕੋਲ ਹੋਵੇ ਕਿ ਹਰ ਚੰਗੇ ਕੰਮ ਲਈ ਤੁਹਾਡੇ ਕੋਲ ਭਰਪੂਰੀ ਵੀ ਹੋਵੇ ।9ਜਿਵੇਂ ਲਿਖਿਆ ਹੋਇਆ ਹੈ - ਉਸ ਨੇ ਖਿਲਾਰਿਆ ਅਤੇ ਕੰਗਾਲਾਂ ਨੂੰ ਦਿੱਤਾ ਅਤੇ ਉਸ ਦੀ ਧਾਰਮਿਕਤਾ ਸਦਾ ਤੱਕ ਬਣੀ ਰਹਿੰਦੀ ਹੈ l

10ਅਤੇ ਜਿਹੜਾ ਬੀਜਣ ਵਾਲੇ ਨੂੰ ਬੀਜ ਅਤੇ ਖਾਣ ਲਈ ਰੋਟੀ ਦਿੰਦਾ ਹੈ ਉਹ ਤੁਹਾਨੂੰ ਬੀਜਣ ਲਈ ਬੀਜ ਦੇਵੇਗਾ ਅਤੇ ਉਸ ਨੂੰ ਵਧਾਵੇਗਾ ਅਤੇ ਤੁਹਾਡੇ ਧਾਰਮਿਕਤਾ ਦੇ ਫਲ ਵਿੱਚ ਵਾਧਾ ਕਰੇਗਾ ।11ਜੋ ਤੁਸੀਂ ਸਭਨਾਂ ਗੱਲਾਂ ਵਿੱਚ ਹਰ ਪਰਕਾਰ ਦੀ ਉਦਾਰਤਾ ਲਈ ਧਨੀ ਹੋ ਜਾਓ, ਜਿਹੜੀ ਸਾਡੇ ਰਾਹੀਂ ਪਰਮੇਸ਼ੁਰ ਦੇ ਧੰਨਵਾਦ ਲਈ ਗੁਣਕਾਰੀ ਹੈ ।
12ਕਿਉਂ ਜੋ ਇਸ ਸੇਵਕਾਈ ਦਾ ਪੁੰਨ ਨਾ ਕੇਵਲ ਸੰਤਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਸਗੋਂ ਪਰਮੇਸ਼ੁਰ ਦਾ ਧੰਨਵਾਦ ਕਰਨ ਰਾਹੀਂ ਵੱਧਦਾ ਵੀ ਜਾਂਦਾ ਹੈ ।13ਕਿਉਂ ਜੋ ਤੁਹਾਡੀ ਇਸ ਸੇਵਕਾਈ ਦਾ ਪਰਮਾਣ ਪਾ ਕੇ ਉਹ ਇਸ ਲਈ ਪਰਮੇਸ਼ੁਰ ਦੀ ਵਡਿਆਈ ਕਰਦੇ ਹਨ, ਜੋ ਤੁਸੀਂ ਮਸੀਹ ਦੀ ਖੁਸ਼ਖਬਰੀ ਦੇ ਵਾਇਦੇ ਵਿੱਚ ਅਧੀਨ ਹੋ ਅਤੇ ਉਨ੍ਹਾਂ ਲਈ ਸਗੋਂ ਸਭਨਾਂ ਲਈ ਦਾਨ ਉਦਾਰਤਾ ਨਾਲ ਦਿੰਦੇ ਹੋ ।14ਅਤੇ ਉਹ ਆਪ ਤੁਹਾਡੇ ਲਈ ਪ੍ਰਾਰਥਨਾ ਕਰਦਿਆਂ ਪਰਮੇਸ਼ੁਰ ਦੀ ਵੱਡੀ ਕਿਰਪਾ ਦੇ ਕਾਰਨ, ਜਿਹੜੀ ਤੁਹਾਡੇ ਉੱਤੇ ਹੋਈ ਹੈ ਤੁਹਾਨੂੰ ਬਹੁਤ ਲੋਚਦੇ ਹਨ ।15ਪਰਮੇਸ਼ੁਰ ਦਾ ਉਸ ਦੇ ਉਸ ਦਾਨ ਲਈ ਧੰਨਵਾਦ ਹੈ, ਜਿਹੜਾ ਵਰਣਨ ਤੋਂ ਬਾਹਰ ਹੈ ।

10
ਪੌਲੁਸ ਦਾ ਅਧਿਕਾਰ

1ਹੁਣ ਮੈਂ ਪੌਲੁਸ ਮਸੀਹ ਦੀ ਹਲੀਮੀ ਅਤੇ ਨਰਮਾਈ ਦੇ ਕਾਰਨ, ਤੁਹਾਡੇ ਵਿੱਚ ਸ਼ਾਮਲ ਹੋ ਕੇ ਦੀਨ ਹਾਂ ਪਰ ਤੁਹਾਡੇ ਤੋਂ ਵੱਖਰਾ ਹੋ ਕੇ ਤੁਹਾਡੇ ਬਾਰੇ ਦਲੇਰ ਹਾਂ, ਆਪ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ।2ਮੇਰੀ ਤੁਹਾਡੇ ਅੱਗੇ ਇਹ ਮਿੰਨਤ ਹੈ ਜੋ ਮੈਨੂੰ ਸ਼ਾਮਲ ਹੋ ਕੇ ਉਸ ਭਰੋਸੇ ਨਾਲ ਦਲੇਰ ਨਾ ਹੋਣਾ ਪਵੇ ਜਿਸ ਦੇ ਨਾਲ ਮੈਂ ਕਈਆਂ ਲਈ ਦਲੇਰ ਹੋਣ ਦੀ ਦਲੀਲ ਕਰਦਾ ਹਾਂ ਜਿਹੜੇ ਸਾਨੂੰ ਸਰੀਰ ਦੇ ਅਨੁਸਾਰ ਚੱਲਣ ਵਾਲਿਆਂ ਵਰਗੇ ਸਮਝਦੇ ਹਨ ।

3ਭਾਵੇਂ ਅਸੀਂ ਸਰੀਰ ਦੇ ਵਿੱਚ ਚੱਲਦੇ ਹਾਂ ਪਰ ਸਰੀਰ ਦੇ ਅਨੁਸਾਰ ਯੁੱਧ ਨਹੀਂ ਕਰਦੇ ।4ਇਸ ਲਈ ਜੋ ਸਾਡੇ ਯੁੱਧ ਦੇ ਹਥਿਆਰ ਸਰੀਰਕ ਨਹੀਂ ਸਗੋਂ ਪਰਮੇਸ਼ੁਰ ਦੇ ਦੁਆਰਾ ਕਿਲ੍ਹਿਆਂ ਨੂੰ ਢਾਹ ਦੇਣ ਲਈ ਬਹੁਤ ਤਾਕਤਵਰ ਹਨ ।
5ਸੋ ਅਸੀਂ ਵਹਿਮਾਂ ਨੂੰ ਅਤੇ ਹਰ ਇੱਕ ਉੱਚੀ ਗੱਲ ਨੂੰ ਜਿਹੜੀ ਪਰਮੇਸ਼ੁਰ ਦੇ ਗਿਆਨ ਦੇ ਵਿਰੁੱਧ ਸਿਰ ਚੁੱਕਦੀ ਹੈ, ਢਾਹ ਦਿੰਦੇ ਹਾਂ ਅਤੇ ਹਰ ਇੱਕ ਵਿਚਾਰ ਉੱਤੇ ਕਾਬੂ ਪਾਉਂਦੇ ਹਾਂ ਜੋ ਉਹ ਮਸੀਹ ਦਾ ਆਗਿਆਕਾਰ ਹੋਵੇ ।6ਅਤੇ ਜਦ ਤੁਹਾਡੀ ਆਗਿਆਕਾਰੀ ਪੂਰੀ ਹੋ ਜਾਵੇ ਤਾਂ ਅਸੀਂ ਹਰ ਤਰ੍ਹਾਂ ਦੀ ਅਣ-ਆਗਿਆਕਾਰੀ ਦਾ ਬਦਲਾ ਲੈਣ ਨੂੰ ਤਿਆਰ ਹਾਂ ।
7ਤੁਸੀਂ ਉਨ੍ਹਾਂ ਗੱਲਾਂ ਵੱਲ ਜੋ ਤੁਹਾਡੇ ਸਾਹਮਣੇ ਹਨ ਵੇਖਦੇ ਹੋ । ਜੇ ਕਿਸੇ ਨੂੰ ਇਹ ਭਰੋਸਾ ਹੋਵੇ ਜੋ ਉਹ ਆਪ ਮਸੀਹ ਦਾ ਹੈ ਤਾਂ ਉਹ ਫੇਰ ਇਹ ਆਪਣੇ ਆਪ ਵਿੱਚ ਸੋਚੇ ਕਿ ਜਿਸ ਪ੍ਰਕਾਰ ਉਹ ਮਸੀਹ ਦਾ ਹੈ ਉਸੇ ਪ੍ਰਕਾਰ ਅਸੀਂ ਵੀ ਮਸੀਹ ਦੇ ਹਾਂ ।8ਮੈਂ ਭਾਵੇਂ ਆਪਣੇ ਉਸ ਅਧਿਕਾਰ ਦੇ ਬਾਰੇ ਜਿਹੜਾ ਪ੍ਰਭੂ ਨੇ ਸਾਨੂੰ ਤੁਹਾਨੂੰ ਗਿਰਾਉਣ ਲਈ ਨਹੀਂ ਸਗੋਂ ਤੁਹਾਨੂੰ ਬਣਾਉਣ ਲਈ ਦਿੱਤਾ ਜੇ ਮੈਂ ਇਸ ਬਾਰੇ ਕੁੱਝ ਵੱਧ ਕੇ ਮਾਣ ਕਰਾਂ ਤਾਂ ਵੀ ਮੈਂ ਸ਼ਰਮਿੰਦਾ ਨਹੀਂ ਹੋਵਾਂਗਾ ।
9ਮੈਂ ਇਸ ਤਰ੍ਹਾਂ ਮਲੂਮ ਨਾ ਹੋਵਾਂ ਜਿਵੇਂ ਤੁਹਾਨੂੰ ਪੱਤ੍ਰੀਆਂ ਨਾਲ ਡਰਾਉਣ ਵਾਲਾ ਹਾਂ ।10ਕਿਉਂ ਜੋ ਉਹ ਕਹਿੰਦੇ ਹਨ ਕਿ ਉਸ ਦੀਆਂ ਪੱਤ੍ਰੀਆਂ ਤਾਂ ਭਾਰੀਆਂ ਅਤੇ ਤਕੜੀਆਂ ਹਨ ਪਰ ਆਪ ਸਰੀਰ ਨਾਲ ਮੌਜੂਦ ਹੋ ਕੇ ਕਮਜ਼ੋਰ ਹੈ ਅਤੇ ਉਸ ਦਾ ਬਚਨ ਤੁੱਛ ਹੈ ।
11ਇਸ ਤਰ੍ਹਾਂ ਕਹਿਣ ਵਾਲਾ ਇਹ ਸਮਝ ਰੱਖੇ ਕਿ ਜਿਹੋ ਜਿਹੇ ਵੱਖਰੇ ਹੋ ਕੇ ਅਸੀਂ ਪੱਤ੍ਰੀਆਂ ਦੁਆਰਾ ਬਚਨ ਵਿੱਚ ਹਾਂ ਉਹੋ ਜਿਹੇ ਸ਼ਾਮਲ ਹੋ ਕੇ ਕੰਮ ਵਿੱਚ ਵੀ ਹਾਂ ।12ਕਿਉਂਕਿ ਸਾਡੀ ਇਹ ਹਿੰਮਤ ਨਹੀਂ ਜੋ ਅਸੀਂ ਆਪਣੇ ਆਪ ਨੂੰ ਉਨ੍ਹਾਂ ਵਿੱਚੋਂ ਕਈਆਂ ਨਾਲ ਗਿਣੀਏ, ਜਾਂ ਉਨ੍ਹਾਂ ਨਾਲ ਆਪਣੇ ਆਪ ਨੂੰ ਮਿਲਾਈਏ ਜੋ ਖੁਦ ਆਪਣੀ ਵਡਿਆਈ ਕਰਦੇ ਹਨ ਅਤੇ ਆਪਣੇ ਆਪ ਦੀ ਦੂਸਰਿਆਂ ਨਾਲ ਤੁਲਣਾ ਕਰਕੇ ਮੂਰਖ ਠਹਿਰਦੇ ਹਨ ।
13ਪਰ ਅਸੀਂ ਨਾਪ ਤੋਂ ਬਾਹਰ ਨਹੀਂ ਸਗੋਂ ਉਸ ਨਾਪ ਦੇ ਅੰਦਾਜ਼ੇ ਅਨੁਸਾਰ ਮਾਣ ਕਰਾਂਗੇ ਜੋ ਪਰਮੇਸ਼ੁਰ ਨੇ ਸਾਨੂੰ ਵੰਡ ਦਿੱਤਾ । ਉਹ ਨਾਪ ਤੁਹਾਡੇ ਤੱਕ ਵੀ ਪਹੁੰਚਦਾ ਹੈ ।14ਅਸੀਂ ਆਪਣੇ ਆਪ ਨੂੰ ਹੱਦੋਂ ਬਾਹਰ ਨਹੀਂ ਵਧਾਉਂਦੇ ਹਾਂ ਕਿ ਜਿਵੇਂ ਸਾਡੀ ਪਹੁੰਚ ਤੁਹਾਡੇ ਤੱਕ ਨਾ ਹੁੰਦੀ ਇਸ ਲਈ ਜੋ ਅਸੀਂ ਤਾਂ ਮਸੀਹ ਦੀ ਖੁਸ਼ਖਬਰੀ ਸੁਣਾਉਂਦੇ ਹੋਏ ਤੁਹਾਡੇ ਤੱਕ ਅਗੇਤਰੇ ਪਹੁੰਚ ਗਏ ।
15ਅਸੀਂ ਨਾਪ ਤੋਂ ਬਾਹਰ ਹੋ ਕੇ ਹੋਰਨਾਂ ਦੀਆਂ ਮਿਹਨਤਾਂ ਉੱਤੇ ਮਾਣ ਨਹੀਂ ਕਰਦੇ ਹਾਂ ਪਰ ਸਾਨੂੰ ਆਸ ਹੈ ਕਿ ਜਿਵੇਂ ਜਿਵੇਂ ਤੁਹਾਡੀ ਵਿਸ਼ਵਾਸ ਵੱਧਦੀ ਜਾਵੇ, ਤਿਵੇਂ ਤਿਵੇਂ ਅਸੀਂ ਆਪਣੇ ਖੇਤਰਾਂ ਦੇ ਵਿੱਚ ਵਧਾਏ ਜਾਂਵਾਂਗੇ ।16ਤਾਂ ਜੋ ਅਸੀਂ ਤੁਹਾਡੇ ਤੋਂ ਦੂਰ ਦੇ ਦੇਸਾਂ ਵਿੱਚ ਖੁਸ਼ਖਬਰੀ ਸੁਣਾਈਏ ਅਤੇ ਹੋਰਨਾਂ ਦੇ ਖੇਤਰਾਂ ਵਿੱਚ ਉਨ੍ਹਾਂ ਗੱਲਾਂ ਉੱਤੇ ਜੋ ਸਾਡੇ ਲਈ ਤਿਆਰ ਕੀਤੀਆਂ ਹੋਈਆਂ ਹਨ ਮਾਣ ਨਾ ਕਰੀਏ ।
17ਪਰ ਜੋ ਕੋਈ ਮਾਣ ਕਰਦਾ ਹੈ ਸੋ ਪ੍ਰਭੂ ਵਿੱਚ ਮਾਣ ਕਰੇ ।18ਕਿਉਂਕਿ ਜੋ ਆਪਣੀ ਵਡਿਆਈ ਕਰਦਾ ਹੈ ਉਹ ਪਰਵਾਨ ਨਹੀਂ ਹੁੰਦਾ ਹੈ ਬਲਕਿ ਜਿਸ ਦੀ ਵਡਿਆਈ ਪ੍ਰਭੂ ਕਰਦਾ ਹੈ ।

11
ਪੌਲੁਸ ਅਤੇ ਝੂਠੇ ਰਸੂਲ

1ਮੈਂ ਚਾਹੁੰਦਾ ਹਾਂ ਜੋ ਤੁਸੀਂ ਮੇਰੀ ਥੋੜੀ ਜਿਹੀ ਮੂਰਖਤਾਈ ਨੂੰ ਸਹਿਣ ਕਰੋ, ਹਾਂ ਤੁਸੀਂ ਜ਼ਰੂਰ ਸਹਿਣ ਕਰੋ !2ਤੁਹਾਡੇ ਲਈ ਮੇਰੀ ਅਣਖ ਪਰਮੇਸ਼ੁਰ ਵਰਗੀ ਹੈ, ਇਸ ਲਈ ਜੋ ਮੈਂ ਵਿਆਹ ਲਈ ਤੁਹਾਨੂੰ ਇੱਕੋ ਹੀ ਪਤੀ ਨੂੰ ਸੌਂਪਿਆ ਤਾਂ ਜੋ ਤੁਹਾਨੂੰ ਪਵਿੱਤਰ ਕੁਆਰੀ ਵਾਂਗੂੰ ਮਸੀਹ ਲਈ ਅਰਪਣ ਕਰਾਂ ।

3ਪਰ ਮੈਂ ਡਰਦਾ ਹਾਂ ਕਿ ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਜਿਵੇਂ ਸੱਪ ਨੇ ਆਪਣੀ ਭਰਮਾਉਣ ਵਾਲੀ ਵਿੱਦਿਆ ਨਾਲ ਹੱਵਾਹ ਨੂੰ ਭਰਮਾਇਆ, ਤੁਹਾਡੇ ਮਨ ਵੀ ਉਸ ਸਾਦਗੀ ਅਤੇ ਪਵਿੱਤਰਤਾਈ ਤੋਂ ਜੋ ਮਸੀਹ ਦੀ ਵੱਲ ਹੈ, ਵਿਗੜ ਜਾਣ ।4ਜੇ ਕੋਈ ਆਉਣ ਵਾਲਾ ਕਿਸੇ ਦੂਜੇ ਯਿਸੂ ਦੀ ਮਨਾਦੀ ਕਰਦਾ ਜਿਸ ਦੀ ਅਸੀਂ ਨਹੀਂ ਕੀਤੀ ਜਾਂ ਤੁਹਾਨੂੰ ਕੋਈ ਹੋਰ ਆਤਮਾ ਮਿਲਦਾ ਜਿਹੜਾ ਤੁਹਾਨੂੰ ਨਹੀਂ ਮਿਲਿਆ ਜਾਂ ਕੋਈ ਹੋਰ ਖੁਸ਼ਖਬਰੀ ਜਿਸ ਨੂੰ ਤੁਸੀਂ ਕਬੂਲ ਨਹੀਂ ਕੀਤਾ ਤਾਂ ਤੁਸੀਂ ਚੰਗੀ ਤਰ੍ਹਾਂ ਉਸ ਨੂੰ ਸਹਿਣ ਕਰ ਲੈਂਦੇ !
5ਕਿਉਂ ਜੋ ਮੈਂ ਉਨ੍ਹਾਂ ਮਹਾਨ ਰਸੂਲਾਂ ਤੋਂ ਆਪਣੇ ਆਪ ਨੂੰ ਕਿਸੇ ਗੱਲ ਵਿੱਚ ਘੱਟ ਨਹੀਂ ਸਮਝਦਾ ਹਾਂ ।6ਪਰ ਭਾਵੇਂ ਮੈਂ ਬੋਲਣ ਵਿੱਚ ਚੰਗਾ ਨਾ ਵੀ ਹੋਵਾਂ ਤਾਂ ਗਿਆਨ ਵਿੱਚ ਤਾਂ ਨਹੀਂ ਸਗੋਂ ਅਸੀਂ ਹਰ ਤਰ੍ਹਾਂ ਤੁਹਾਡੇ ਲਈ ਸਭਨਾਂ ਗੱਲਾਂ ਵਿੱਚ ਇਸ ਨੂੰ ਪ੍ਰਗਟ ਕੀਤਾ ।
7ਅਥਵਾ ਮੈਂ ਜੋ ਪਰਮੇਸ਼ੁਰ ਦੀ ਖੁਸ਼ਖਬਰੀ ਤੁਹਾਨੂੰ ਮੁਫ਼ਤ ਸੁਣਾ ਕੇ ਆਪਣੇ ਆਪ ਨੂੰ ਨੀਵਿਆਂ ਕੀਤਾ ਤਾਂ ਜੋ ਤੁਸੀਂ ਉੱਚੇ ਕੀਤੇ ਜਾਓ, ਕੀ ਮੈਂ ਇਸ ਦੇ ਵਿੱਚ ਕੋਈ ਪਾਪ ਕੀਤਾ ?8ਤੁਹਾਡੀ ਸੇਵਾ ਕਰਨ ਲਈ ਮੈਂ ਤਾਂ ਹੋਰਨਾਂ ਕਲੀਸਿਯਾਵਾਂ ਤੋਂ ਮਜ਼ਦੂਰੀ ਲੈ ਕੇ ਉਨ੍ਹਾਂ ਨੂੰ ਲੁੱਟ ਲਿਆ ।9ਅਤੇ ਜਦ ਤੁਹਾਡੇ ਕੋਲ ਹੁੰਦਿਆਂ ਹੋਇਆ ਮੈਨੂੰ ਜ਼ਰੂਰਤ ਪਈ ਤਾਂ ਕਿਸੇ ਉੱਤੇ ਭਾਰ ਨਾ ਪਾਇਆ ਕਿਉਂ ਜੋ ਭਰਾਵਾਂ ਨੇ ਮਕਦੂਨਿਯਾ ਤੋਂ ਆ ਕੇ ਮੇਰੀ ਜ਼ਰੂਰਤ ਪੂਰੀ ਕੀਤੀ ਅਤੇ ਹਰ ਇੱਕ ਗੱਲ ਵਿੱਚ ਮੈਂ ਤੁਹਾਡੇ ਉੱਤੇ ਭਾਰ ਪਾਉਣ ਰੁਕਿਆ ਰਿਹਾ ਅਤੇ ਰੁਕਿਆ ਹੀ ਰਹਾਂਗਾ ।
10ਜੇ ਮਸੀਹ ਦੀ ਸਚਿਆਈ ਮੇਰੇ ਵਿੱਚ ਹੈ ਤਾਂ ਅਖਾਯਾ ਦੇ ਖੇਤਰਾਂ ਵਿੱਚ ਇਹ ਮੇਰਾ ਮਾਣ ਕਦੀ ਨਹੀਂ ਰੁਕੇਗਾ ।11ਕਿਉਂ ? ਕੀ ਇਸ ਕਰਕੇ ਜੋ ਮੈਂ ਤੁਹਾਡੇ ਨਾਲ ਪਿਆਰ ਨਹੀਂ ਰੱਖਦਾ ? ਪਰਮੇਸ਼ੁਰ ਜਾਣਦਾ ਹੈ !

12ਪਰ ਮੈਂ ਜੋ ਕਰਦਾ ਹਾਂ ਉਹੀ ਕਰਦਾ ਰਹਾਂਗਾ ਤਾਂ ਜੋ ਮੈਂ ਮੌਕਾ ਲੱਭਣ ਵਾਲਿਆਂ ਦੇ ਮੌਕਿਆਂ ਝਾੜ ਸੁੱਟਾਂ ਕਿ ਜਿਸ ਗੱਲ ਵਿੱਚ ਉਹ ਮਾਣ ਕਰਦੇ ਹਨ ਉਸ ਵਿੱਚ ਸਾਡੇ ਵਰਗੇ ਠਹਿਰਨ ।13ਕਿਉਂ ਜੋ ਇਹੋ ਜਿਹੇ ਲੋਕ ਝੂਠੇ ਰਸੂਲ ਅਤੇ ਛਲ ਵਲ ਕਰਨ ਵਾਲੇ ਹਨ ਜੋ ਆਪਣੇ ਰੂਪ ਨੂੰ ਮਸੀਹ ਦੇ ਰਸੂਲਾਂ ਦੇ ਰੂਪ ਵਿੱਚ ਬਦਲਦੇ ਹਨ ।
14ਅਤੇ ਇਹ ਅਨੋਖੀ ਗੱਲ ਨਹੀਂ ਕਿਉਂ ਜੋ ਸ਼ੈਤਾਨ ਵੀ ਆਪਣੇ ਰੂਪ ਨੂੰ ਚਾਨਣ ਦੇ ਦੂਤ ਦੇ ਰੂਪ ਵਿੱਚ ਬਦਲਦਾ ਹਾਂ ।15ਇਸ ਲਈ ਜੋ ਉਸ ਦੇ ਸੇਵਕ ਆਪਣੇ ਰੂਪ ਨੂੰ ਧਰਮ ਦੇ ਸੇਵਕਾਂ ਦੇ ਰੂਪ ਵਿੱਚ ਬਦਲਦੇ ਹਨ ਤਾਂ ਕੋਈ ਵੱਡੀ ਗੱਲ ਨਹੀਂ ਪਰ ਉਨ੍ਹਾਂ ਦਾ ਅੰਤ ਉਨ੍ਹਾਂ ਦੇ ਕੰਮਾਂ ਦੇ ਅਨੁਸਾਰ ਹੋਵੇਗਾ ।
ਪੌਲੁਸ ਦੁੱਖ ਝੱਲਣ ਉੱਤੇ ਘਮੰਡ ਕਰਦਾ ਹੈ

16ਮੈਂ ਫਿਰ ਆਖਦਾ ਹਾਂ ਕਿ ਕੋਈ ਮੈਨੂੰ ਮੂਰਖ ਨਾ ਸਮਝੇ, ਨਹੀਂ ਤਾਂ ਮੈਨੂੰ ਮੂਰਖ ਹੀ ਜਾਣ ਕੇ ਕਬੂਲ ਕਰੋ ਤਾਂ ਜੋ ਮੈਂ ਵੀ ਥੋੜ੍ਹਾ ਜਿਹਾ ਮਾਣ ਕਰਾਂ ।17ਜੋ ਕੁੱਝ ਮੈਂ ਇਸ ਮਾਣ ਕਰਨ ਦੇ ਭਰੋਸੇ ਨਾਲ ਕਹਿੰਦਾ ਹਾਂ ਸੋ ਪ੍ਰਭੂ ਦੀ ਸਿੱਖਿਆ ਦੇ ਅਨੁਸਾਰ ਨਹੀਂ ਪਰ ਜਿਵੇਂ ਮੂਰਖਤਾਈ ਨਾਲ ਕਹਿੰਦਾ ਹਾਂ ।18ਜਦੋਂ ਬਹੁਤ ਸਾਰੇ ਲੋਕ ਸਰੀਰ ਦੇ ਅਨੁਸਾਰ ਮਾਣ ਕਰਦੇ ਹਨ ਮੈਂ ਵੀ ਮਾਣ ਕਰਾਂਗਾ ।
19ਕਿਉਂ ਜੋ ਤੁਸੀਂ ਆਪ ਸਿਆਣੇ ਜੋ ਹੋ ਇਸੇ ਕਾਰਨ ਮੂਰਖਾਂ ਨੂੰ ਖੁਸ਼ੀ ਨਾਲ ਸਹਾਰ ਲੈਂਦੇ ਹੋ ।20ਜਦ ਕੋਈ ਤੁਹਾਨੂੰ ਗੁਲਾਮ ਬਣਾਉਂਦਾ ਹੈ, ਜਦ ਕੋਈ ਤੁਹਾਨੂੰ ਖਾਲੀ ਕਰ ਦਿੰਦਾ ਹੈ, ਜਦ ਕੋਈ ਤੁਹਾਨੂੰ ਬੰਧਨ ਵਿੱਚ ਫਸਾਉਂਦਾ ਹੈ, ਜਦ ਕੋਈ ਆਪਣੇ ਆਪ ਨੂੰ ਉੱਚਿਆਂ ਕਰਦਾ ਹੈ, ਜਦ ਕੋਈ ਤੁਹਾਡੇ ਮੂੰਹ ਉੱਤੇ ਚਪੇੜਾਂ ਮਾਰਦਾ ਹੈ, ਤਦ ਤੁਸੀਂ ਸਹਾਰ ਲੈਂਦੇ ਹੋ ।21ਮੈਂ ਨਿਰਾਦਰੀ ਦੇ ਰਾਹ ਇਹ ਆਖਦਾ ਹਾਂ, ਜੋ ਅਸੀਂ ਵੀ ਮਾੜੇ ਜਿਹੇ ਸੀ ਪਰ ਜਿਸ ਗੱਲ ਵਿੱਚ ਕੋਈ ਦਲੇਰ ਹੈ ( ਮੈਂ ਮੂਰਖਤਾਈ ਨਾਲ ਇਹ ਆਖਦਾ ਹਾਂ ) ਮੈਂ ਵੀ ਦਲੇਰ ਹਾਂ ।
22ਕੀ ਉਹ ਇਬਰਾਨੀ ਹਨ ? ਮੈਂ ਵੀ ਹਾਂ । ਕੀ ਉਹ ਇਸਰਾਏਲੀ ਹਨ ? ਮੈਂ ਵੀ ਹਾਂ । ਕੀ ਉਹ ਅਬਰਾਹਾਮ ਦੀ ਵੰਸ਼ ਹਨ ? ਮੈਂ ਵੀ ਹਾਂ ।23ਕੀ ਉਹ ਮਸੀਹ ਦੇ ਦਾਸ ਹਨ ? ਮੈਂ ਬੇਸੁੱਧ ਵਾਂਗੂੰ ਬੋਲਦਾ ਹਾਂ, ਮੈਂ ਉਹਨਾਂ ਨਾਲੋਂ ਵਧੀਕ ਹਾਂ, ਅਰਥਾਤ ਮਿਹਨਤ ਕਰਨ ਵਿੱਚ ਵੱਧ ਕੇ ਹਾਂ, ਕੈਦਾਂ ਵਿੱਚ ਵਧੀਕ, ਮਾਰ ਖਾਣ ਵਿੱਚ ਹੱਦੋਂ ਬਾਹਰ, ਮੌਤਾਂ ਦੇ ਜੋਖਮਾਂ ਵਿੱਚ ਵੀ ਵੱਧ ਕੇ ਹਾਂ ।
24ਮੈਂ ਪੰਜ ਵਾਰੀ ਯਹੂਦੀਆਂ ਦੇ ਹੱਥੋਂ ਉਨ੍ਹਤਾਲੀ ਉਨ੍ਹਤਾਲੀ ਕੋਰੜੇ ਖਾਧੇ ।25ਮੈਂ ਤਿੰਨ ਵਾਰ ਬੈਂਤਾਂ ਦੀ ਮਾਰ ਖਾਧੀ, ਇੱਕ ਵਾਰ ਪਥਰਾਉ ਹੋਇਆ, ਤਿੰਨ ਵਾਰ ਬੇੜੇ ਦੇ ਟੁੱਟਣ ਦੇ ਕਾਰਨ ਦੁੱਖ ਭੋਗਿਆ, ਇੱਕ ਰਾਤ-ਦਿਨ ਸਮੁੰਦਰ ਵਿੱਚ ਕੱਟਿਆ ।26ਬਹੁਤ ਵਾਰ ਯਾਤਰਾਵਾਂ ਵਿੱਚ, ਦਰਿਆਵਾਂ ਦੇ ਜੋਖਮਾਂ ਵਿੱਚ, ਡਾਕੂਆਂ ਦੇ ਜੋਖਮਾਂ ਵਿੱਚ, ਆਪਣੀ ਕੌਮ ਵੱਲੋਂ ਜੋਖਮਾਂ ਵਿੱਚ, ਪਰਾਈਆਂ ਕੌਮਾਂ ਦੀ ਵੱਲੋਂ ਜੋਖਮਾਂ ਵਿੱਚ, ਨਗਰ ਦੇ ਜੋਖਮਾਂ ਵਿੱਚ, ਉਜਾੜ ਦੇ ਜੋਖਮਾਂ ਵਿੱਚ, ਸਮੁੰਦਰ ਦੇ ਜੋਖਮਾਂ ਵਿੱਚ, ਖੋਟੇ ਭਰਾਵਾਂ ਦੇ ਜੋਖਮਾਂ ਵਿੱਚ,
27ਮੈਂ ਮਿਹਨਤ ਅਤੇ ਕਸ਼ਟ ਵਿੱਚ, ਕਈ ਵਾਰੀ ਪਹਿਰੇਦਾਰੀ ਵਿੱਚ, ਭੁੱਖ ਅਤੇ ਪਿਆਸ ਵਿੱਚ, ਕਈ ਵਾਰੀ ਵਰਤ ਵਿੱਚ, ਸਰਦੀ ਅਤੇ ਨੰਗੇ ਰਹਿਣ ਵਿੱਚ ਪਿਆ ਹਾਂ ।28ਅਤੇ ਹੋਰ ਗੱਲਾਂ ਤੋਂ ਬਾਅਦ ਸਾਰੀਆਂ ਕਲੀਸਿਯਾਵਾਂ ਦੀ ਚਿੰਤਾ ਮੈਨੂੰ ਰੋਜ਼ ਸਤਾਉਂਦੀ ਹੈ ।29ਕਿਸ ਦੀ ਨਿਰਬਲਤਾ ਨਾਲ ਮੈਂ ਨਿਰਬਲ ਨਹੀਂ ਹੁੰਦਾ ? ਕਿਸ ਦੇ ਠੋਕਰ ਖਾਣ ਨਾਲ ਮੇਰਾ ਜੀ ਨਹੀਂ ਜਲਦਾ ?

30ਜੇ ਮਾਣ ਕਰਨਾ ਹੀ ਪਵੇ ਤਾਂ ਮੈਂ ਆਪਣੀ ਕਮਜ਼ੋਰੀਆਂ ਦੀਆਂ ਗੱਲਾਂ ਉੱਤੇ ਮਾਣ ਕਰਾਂਗਾ ।31ਪ੍ਰਭੂ ਯਿਸੂ ਦਾ ਪਰਮੇਸ਼ੁਰ ਅਤੇ ਪਿਤਾ ਜਿਹੜਾ ਸਦਾ ਮੁਬਾਰਕ ਹੈ ਜਾਣਦਾ ਹੈ ਜੋ ਮੈਂ ਝੂਠ ਨਹੀਂ ਬੋਲਦਾ ।
32ਦੰਮਿਸਕ ਵਿੱਚ ਉਸ ਹਾਕਮ ਨੇ ਜਿਹੜਾ ਰਾਜਾ ਅਰਿਤਾਸ ਦੀ ਵੱਲੋਂ ਦੀ ਦੰਮਿਸਕੀਆਂ ਦੇ ਸ਼ਹਿਰ ਉੱਤੇ ਮੈਨੂੰ ਫੜਨ ਲਈ ਪਹਿਰਾ ਲਾਇਆ ਹੋਇਆ ਸੀ ।33ਅਤੇ ਮੈਂ ਬਾਰੀ ਤੋਂ ਟੋਕਰੇ ਵਿੱਚ ਦੀਵਾਰ ਉੱਪਰ ਦੀ ਉਤਾਰਿਆ ਗਿਆ ਅਤੇ ਉਸ ਦੇ ਹੱਥੋਂ ਬਚ ਨਿੱਕਲਿਆ ।

12
ਪੌਲੁਸ ਦਾ ਦਰਸ਼ਣ ਅਤੇ ਕੰਡਾ

1ਮੈਂ ਤਾਂ ਮਾਣ ਕਰਨਾ ਹੀ ਹੈ ਭਾਵੇਂ ਮੇਰੇ ਲਈ ਠੀਕ ਨਹੀਂ ਪਰ ਮੈਂ ਹੁਣ ਪ੍ਰਭੂ ਦੇ ਦਰਸ਼ਨਾਂ ਅਤੇ ਪ੍ਰਕਾਸ਼ਣ ਦੇ ਬਚਨਾਂ ਦੀ ਚਰਚਾ ਕਰਨ ਆਇਆ ਹਾਂ ।2ਮੈਂ ਮਸੀਹ ਵਿੱਚ ਇੱਕ ਮਨੁੱਖ ਨੂੰ ਜਾਣਦਾ ਹਾਂ ਜਿਹੜਾ ਚੌਦਾਂ ਸਾਲ ਪਹਿਲਾਂ ਤੀਜੇ ਅਕਾਸ਼ ਉੱਤੇ ਅਚਾਨਕ ਚੁੱਕਿਆ ਗਿਆ । ਮੈਂ ਨਹੀਂ ਜਾਣਦਾ ਕੀ ਉਹ ਸਰੀਰ ਸਹਿਤ ਜਾਂ ਸਰੀਰ ਰਹਿਤ ਚੁੱਕਿਆ ਗਿਆ ਪਰ ਪਰਮੇਸ਼ੁਰ ਜਾਣਦਾ ਹੈ ।

3ਅਤੇ ਮੈਂ ਅਜਿਹੇ ਮਨੁੱਖ ਨੂੰ ਜਾਣਦਾ ਹਾਂ ਜੋ ਉਹ ਸਰੀਰ ਦੇ ਨਾਲ ਜਾਂ ਸਰੀਰ ਤੋਂ ਵੱਖਰਾ ਮੈਂ ਨਹੀਂ ਜਾਣਦਾ, ਪਰਮੇਸ਼ੁਰ ਜਾਣਦਾ ਹੈ !4ਉਹ ਸਵਰਗ ਉੱਤੇ ਅਚਾਨਕ ਚੁੱਕਿਆ ਗਿਆ ਅਤੇ ਉਸ ਨੇ ਉਹ ਗੱਲਾਂ ਸੁਣੀਆਂ ਜੋ ਆਖਣ ਵਾਲੀਆਂ ਨਹੀਂ ਅਤੇ ਜਿਨ੍ਹਾਂ ਦਾ ਬੋਲਣਾ ਮਨੁੱਖ ਲਈ ਚੰਗਾ ਨਹੀਂ ।5ਅਜਿਹੇ ਮਨੁੱਖ ਉੱਤੇ ਮੈਂ ਮਾਣ ਕਰਾਂਗਾ ਪਰ ਮੈਂ ਆਪਣੇ ਉੱਤੇ ਆਪਣੀਆਂ ਨਿਰਬਲਤਾਈਆਂ ਉੱਤੇ ਮਾਣ ਨਹੀਂ ਕਰਾਂਗਾ ।
6ਕਿਉਂਕਿ ਜੇ ਮੈਂ ਮਾਣ ਕਰਨਾ ਚਾਹਾਂ ਤਾਂ ਵੀ ਮੂਰਖ ਨਾ ਬਣਾਂਗਾ ਇਸ ਲਈ ਜੋ ਮੈਂ ਸੱਚ ਬੋਲਾਂਗਾ । ਪਰ ਮੈਂ ਆਪਣੇ ਆਪ ਨੂੰ ਰੋਕ ਰੱਖਦਾ ਹਾਂ ਅਜਿਹਾ ਨਾ ਹੋਵੇ ਕਿ ਕੋਈ ਮੈਨੂੰ ਉਸ ਤੋਂ ਵੱਧ ਨਾ ਸਮਝ ਲਵੇ ਜੋ ਮੈਨੂੰ ਵੇਖਦਾ ਜਾਂ ਮੇਰੇ ਕੋਲੋਂ ਸੁਣਦਾ ਹੈ ।7ਅਤੇ ਇਸ ਲਈ ਜੋ ਮੈਂ ਪ੍ਰਕਾਸ਼ ਬਾਣੀਆਂ ਦੀ ਬਹੁਤਾਇਤ ਦੇ ਕਾਰਨ ਹੱਦੋਂ ਬਾਹਰ ਫੁੱਲ ਨਾ ਜਾਂਵਾਂ ਇਸ ਲਈ ਮੇਰੇ ਸਰੀਰ ਵਿੱਚ ਇੱਕ ਕੰਡਾ ਚੋਭਿਆ ਗਿਆ ਅਰਥਾਤ ਸ਼ੈਤਾਨ ਦਾ ਭੇਜਿਆ ਹੋਇਆ, ਜੋ ਉਹ ਮੈਨੂੰ ਹੂਰੇ ਮਾਰੇ ਤਾਂ ਜੋ ਮੈਂ ਹੱਦੋਂ ਬਾਹਰ ਫੁੱਲ ਨਾ ਜਾਂਵਾਂ ।
8ਇਸ ਦੇ ਲਈ ਮੈਂ ਪ੍ਰਭੂ ਦੇ ਅੱਗੇ ਤਿੰਨ ਵਾਰ ਬੇਨਤੀ ਕੀਤੀ ਜੋ ਇਹ ਮੇਰੇ ਕੋਲੋਂ ਦੂਰ ਹੋ ਜਾਵੇ ।9ਅਤੇ ਉਸ ਨੇ ਮੈਨੂੰ ਆਖਿਆ ਕਿ ਮੇਰੀ ਕਿਰਪਾ ਹੀ ਤੇਰੇ ਲਈ ਬਹੁਤ ਹੈ ਕਿਉਂ ਜੋ ਮੇਰੀ ਸ਼ਕਤੀ ਕਮਜ਼ੋਰੀਆਂ ਵਿੱਚ ਸਿੱਧ ਹੁੰਦੀ ਹੈ । ਇਸ ਲਈ ਮੈਂ ਆਪਣੀਆਂ ਕਮਜ਼ੋਰੀਆਂ ਉੱਤੇ ਵੱਡੇ ਅਨੰਦ ਨਾਲ ਮਾਣ ਕਰਾਂਗਾ ਤਾਂ ਜੋ ਮਸੀਹ ਦੀ ਸਮਰੱਥਾ ਮੇਰੇ ਉੱਤੇ ਬਣੀ ਰਹੇ ।10ਇਸ ਕਾਰਨ ਮੈਂ ਮਸੀਹ ਦੇ ਲਈ ਕਮਜ਼ੋਰੀਆਂ ਵਿੱਚ, ਮਿਹਣਿਆਂ ਵਿੱਚ, ਤੰਗੀਆਂ ਵਿੱਚ, ਸਤਾਏ ਜਾਣ ਵਿੱਚ, ਸੰਕਟਾਂ ਵਿੱਚ ਪ੍ਰਸੰਨ ਹਾਂ ਕਿਉਂਕਿ ਜਦੋਂ ਮੈਂ ਨਿਰਬਲ ਹੁੰਦਾ ਹਾਂ ਤਦ ਹੀ ਮੈਂ ਸਮਰੱਥੀ ਹੁੰਦਾ ਹਾਂ ।
ਕੁਰਿੰਥੀਆਂ ਦੇ ਲਈ ਪੌਲੁਸ ਦੀ ਚਿੰਤਾ

11ਮੈਂ ਮੂਰਖ ਬਣਿਆ ਹਾਂ ਪਰ ਤੁਸੀਂ ਹੀ ਮੈਨੂੰ ਮਜ਼ਬੂਰ ਕੀਤਾ ਕਿਉਂਕਿ ਚਾਹੀਦਾ ਹੈ ਕਿ ਤੁਸੀਂ ਮੇਰੀ ਵਡਿਆਈ ਕਰੋ ਭਾਵੇਂ ਮੈਂ ਕੁੱਝ ਵੀ ਨਹੀਂ ਹਾਂ ਤਾਂ ਵੀ ਉਹਨਾਂ ਮਹਾਨ ਰਸੂਲਾਂ ਤੋਂ ਕੁੱਝ ਘੱਟ ਨਹੀਂ ਹਾਂ ।12ਰਸੂਲਾਂ ਦੇ ਚਿੰਨ੍ਹ ਪੂਰੀ ਧੀਰਜ ਨਾਲ ਨਿਸ਼ਾਨੀਆਂ, ਚਮਤਕਾਰਾਂ ਅਤੇ ਕਰਾਮਾਤਾਂ ਤੋਂ ਤੁਹਾਡੇ ਵਿੱਚ ਠੀਕ ਵਿਖਾਏ ਗਏ ।13ਕਿਉਂ ਜੋ ਉਹ ਕਿਹੜੀ ਗੱਲ ਹੈ ਜਿਸ ਦੇ ਵਿੱਚ ਤੁਸੀਂ ਹੋਰਨਾਂ ਕਲੀਸਿਯਾਵਾਂ ਨਾਲੋਂ ਘੱਟ ਹੋ, ਬਿਨ੍ਹਾਂ ਇਸ ਦੇ ਜੋ ਮੈਂ ਆਪ ਤੁਹਾਡੇ ਉੱਤੇ ਭਾਰ ਨਾ ਪਾਇਆ । ਤੁਸੀਂ ਮੇਰੀ ਗਲਤੀਆਂ ਨੂੰ ਮਾਫ਼ ਕਰੋ !

14ਵੇਖੋ, ਇਹ ਤੀਜੀ ਵਾਰ ਮੈਂ ਤੁਹਾਡੇ ਕੋਲ ਆਉਣ ਨੂੰ ਤਿਆਰ ਹਾਂ ਅਤੇ ਤੁਹਾਡੇ ਉੱਤੇ ਭਾਰ ਨਾ ਪਾਵਾਂਗਾ ਕਿਉਂ ਜੋ ਮੈਂ ਤੁਹਾਡਾ ਧਨ ਨਹੀਂ ਸਗੋਂ ਤੁਹਾਨੂੰ ਚਾਹੁੰਦਾ ਹਾਂ । ਬਾਲ ਬੱਚਿਆਂ ਨੂੰ ਮਾਤਾ-ਪਿਤਾ ਲਈ ਨਹੀਂ ਸਗੋਂ ਮਾਤਾ-ਪਿਤਾ ਨੂੰ ਬਾਲ ਬੱਚਿਆਂ ਲਈ ਜੋੜਨਾ ਚਾਹੀਦਾ ਹੈ ।15ਮੈਂ ਤੁਹਾਡੇ ਲਈ ਬਹੁਤ ਅਨੰਦ ਨਾਲ ਖ਼ਰਚ ਕਰਾਂਗਾ ਅਤੇ ਆਪ ਹੀ ਤੁਹਾਡੇ ਲਈ ਖ਼ਰਚ ਹੋ ਜਾਂਵਾਂਗਾ । ਜੇ ਮੈਂ ਤੁਹਾਡੇ ਨਾਲ ਵੱਧ ਪਿਆਰ ਕਰਦਾ ਹਾਂ ਤਾਂ ਭਲਾ, ਕਿ ਤੁਸੀਂ ਮੇਰੇ ਨਾਲ ਘੱਟ ਪਿਆਰ ਕਰੋਗੇ ?
16ਭਲਾ, ਇਹ ਹੋ ਸਕਦਾ ਹੈ, ਮੈਂ ਆਪੇ ਤੁਹਾਡੇ ਉੱਤੇ ਭਾਰ ਨਾ ਪਾਇਆ ਪਰ ਚਤੁਰ ਹੋ ਕੇ ਮੈਂ ਤੁਹਾਨੂੰ ਛਲ ਨਾਲ ਫੜਿਆ !17ਜਿਨ੍ਹਾਂ ਨੂੰ ਮੈਂ ਤੁਹਾਡੇ ਕੋਲ ਭੇਜਿਆ, ਕੀ ਉਨ੍ਹਾਂ ਵਿੱਚੋਂ ਕਿਸੇ ਦੇ ਰਾਹੀਂ ਮੈਂ ਤੁਹਾਡੇ ਕੋਲੋਂ ਕੋਈ ਮੁਨਾਫਾ ਕੀਤਾ ?18ਮੈਂ ਤੀਤੁਸ ਦੇ ਅੱਗੇ ਬੇਨਤੀ ਕੀਤੀ ਅਤੇ ਉਸ ਦੇ ਨਾਲ ਉਸ ਭਰਾ ਨੂੰ ਭੇਜਿਆ । ਕੀ ਤੀਤੁਸ ਨੇ ਤੁਹਾਡੇ ਕੋਲੋਂ ਕੋਈ ਮੁਨਾਫਾ ਕੀਤਾ ? ਭਲਾ, ਅਸੀਂ ਇੱਕੋ ਆਤਮਾ ਤੋਂ, ਇੱਕੋ ਕਦਮਾਂ ਉੱਤੇ ਨਹੀਂ ਚੱਲੇ ? ।

19ਭਲਾ, ਤੁਸੀਂ ਅਜੇ ਤੱਕ ਸਮਝਦੇ ਹੋ ਜੋ ਅਸੀਂ ਤੁਹਾਡੇ ਅੱਗੇ ਬਹਾਨੇ ਕਰਦੇ ਹਾਂ ? ਅਸੀਂ ਪਰਮੇਸ਼ੁਰ ਦੇ ਅੱਗੇ ਮਸੀਹ ਵਿੱਚ ਹੋ ਕੇ ਬੋਲਦੇ ਹਾਂ । ਪਰ ਹੇ ਪਿਆਰਿਓ, ਇਹ ਸਾਰੀਆਂ ਗੱਲਾਂ ਤੁਹਾਡੇ ਹੀ ਫਾਇਦੇ ਲਈ ਹਨ ।
20ਕਿਉਂ ਜੋ ਮੈਂ ਡਰਦਾ ਹਾਂ ਕਿ ਕਿਤੇ ਇਹ ਨਾ ਹੋਵੇ ਜੋ ਮੈਂ ਆਣ ਕੇ ਜਿਸ ਤਰ੍ਹਾਂ ਦਾ ਤੁਹਾਨੂੰ ਚਾਹੁੰਦਾ ਹਾਂ ਉਸ ਤਰ੍ਹਾਂ ਨਾ ਪਾਵਾਂ ਅਤੇ ਤੁਸੀਂ ਮੈਨੂੰ ਵੀ ਉਸ ਤਰ੍ਹਾਂ ਪਾਓ ਜਿਸ ਤਰ੍ਹਾਂ ਨਹੀਂ ਚਾਹੁੰਦੇ ਹੋ ਅਤੇ ਝਗੜਾ, ਈਰਖਾ, ਕ੍ਰੋਧ, ਧੜੇਬਾਜ਼ੀਆਂ, ਚੁਗਲੀਆਂ, ਵਿਰੋਧ, ਆਕੜਾਂ ਅਤੇ ਘਮਸਾਣ ਹੋਣ ।21ਅਤੇ ਅਜਿਹਾ ਨਾ ਹੋਵੇ ਕਿ ਜਦ ਮੈਂ ਫਿਰ ਆਵਾਂ ਤਾਂ ਮੇਰਾ ਪਰਮੇਸ਼ੁਰ ਮੈਨੂੰ ਤੁਹਾਡੇ ਅੱਗੇ ਹਲਕਾ ਪਾਵੇ ਅਤੇ ਮੈਂ ਉਨ੍ਹਾਂ ਵਿੱਚੋਂ ਬਹੁਤਿਆਂ ਦੇ ਲਈ ਦੁੱਖ ਕਰਾਂ, ਜਿਨ੍ਹਾਂ ਨੇ ਅੱਗੇ ਪਾਪ ਕੀਤਾ ਹੈ ਅਤੇ ਮੁੜ ਆਪਣੇ ਗੰਦੇ ਕੰਮਾਂ ਅਤੇ ਹਰਾਮਕਾਰੀ ਅਤੇ ਲੁੱਚਪੁਣੇ ਤੋਂ ਤੋਬਾ ਨਾ ਕੀਤੀ ਹੋਵੇ ।

13
ਆਖਰੀ ਚਿਤਾਵਨੀ

1ਮੈਂ ਤੀਜੀ ਵਾਰ ਤੁਹਾਡੇ ਕੋਲ ਆਉਣ ਲੱਗਾ ਹਾਂ । ਦੋ ਜਾਂ ਤਿੰਨ ਗਵਾਹਾਂ ਦੇ ਮੂੰਹੋਂ ਹਰ ਇੱਕ ਗੱਲ ਪੱਕੀ ਅਤੇ ਸਾਬਤ ਹੋ ਜਾਵੇਗੀ ।2ਮੈਂ ਪਹਿਲਾਂ ਕਹਿ ਚੁੱਕਿਆ ਅਤੇ ਜਿਸ ਤਰ੍ਹਾਂ ਮੈਂ ਦੂਜੀ ਵਾਰ ਸਾਹਮਣੇ ਹੋ ਕੇ ਕਿਹਾ ਸੀ ਉਸੇ ਤਰ੍ਹਾਂ ਹੁਣ ਵੀ ਅਣਜਾਣ ਹੋ ਕੇ, ਉਨ੍ਹਾਂ ਨੂੰ ਜਿਨ੍ਹਾਂ ਨੇ ਪਹਿਲਾਂ ਪਾਪ ਕੀਤਾ ਅਤੇ ਰਹਿੰਦਿਆਂ ਸਭਨਾਂ ਨੂੰ ਫਿਰ ਆਖਦਾ ਹਾਂ ਕਿ ਜੇ ਮੈਂ ਫੇਰ ਆਵਾਂ ਤਾਂ ਛੱਡਾਂਗਾ ਨਹੀਂ !

3ਇਸ ਲਈ ਜੋ ਤੁਸੀਂ ਇਹ ਦਾ ਸਬੂਤ ਚਾਹੁੰਦੇ ਹੋ ਕਿ ਮਸੀਹ ਮੇਰੇ ਵਿੱਚ ਬੋਲਦਾ ਹੈ ਜਿਹੜਾ ਤੁਹਾਡੇ ਲਈ ਕਮਜ਼ੋਰ ਨਹੀਂ ਸਗੋਂ ਤੁਹਾਡੇ ਵਿੱਚ ਸਮਰੱਥੀ ਹੈ ।4ਉਹ ਤਾਂ ਕਮਜ਼ੋਰੀ ਕਰਕੇ ਸਲੀਬ ਉੱਤੇ ਚੜ੍ਹਾਇਆ ਗਿਆ ਤਾਂ ਵੀ ਪਰਮੇਸ਼ੁਰ ਦੀ ਸਮਰੱਥ ਕਰਕੇ ਉਹ ਜਿਉਂਦਾ ਕੀਤਾ ਗਿਆ । ਕਿਉਂ ਜੋ ਅਸੀਂ ਵੀ ਉਸ ਵਿੱਚ ਕਮਜ਼ੋਰ ਹਾਂ ਪਰ ਉਸ ਦੇ ਸੰਗ ਪਰਮੇਸ਼ੁਰ ਦੀ ਸਮਰੱਥਾ ਕਰਕੇ ਜੀਵਾਂਗੇ ਜਿਹੜੀ ਸਾਰਿਆਂ ਲਈ ਹੈ ।
5ਆਪਣੇ ਆਪ ਨੂੰ ਪਰਖੋ ਕਿ ਤੁਸੀਂ ਵਿਸ਼ਵਾਸ ਵਿੱਚ ਹੋ ਜਾਂ ਨਹੀਂ । ਕੀ ਤੁਸੀਂ ਆਪਣੇ ਆਪ ਨੂੰ ਨਹੀਂ ਜਾਣਦੇ ਜੋ ਯਿਸੂ ਮਸੀਹ ਤੁਹਾਡੇ ਵਿੱਚ ਹੈ, ਜੇ ਤੁਸੀਂ ਨਿਕੰਮੇ ਨਾ ਹੋਵੇ !6ਪਰ ਮੈਂਨੂੰ ਆਸ ਹੈ ਜੋ ਤੁਸੀਂ ਜਾਣ ਲਵੋਂਗੇ ਜੋ ਅਸੀਂ ਨਿਕੰਮੇ ਨਹੀਂ ।
7ਅਤੇ ਅਸੀਂ ਪਰਮੇਸ਼ੁਰ ਦੇ ਅੱਗੇ ਬੇਨਤੀ ਕਰਦੇ ਹਾਂ ਕਿ ਤੁਸੀਂ ਕੁੱਝ ਬੁਰੇ ਕੰਮ ਨਾ ਕਰੋ ਇਸ ਲਈ ਨਹੀਂ ਜੋ ਅਸੀਂ ਗ੍ਰਹਿਣਯੋਗ ਮਲੂਮ ਹੋਈਏ ਪਰ ਇਸ ਲਈ ਜੋ ਤੁਸੀਂ ਭਲੇ ਕੰਮ ਕਰੋ ਭਾਵੇਂ ਅਸੀਂ ਨਿਕੰਮੇ ਵਰਗੇ ਹੋਈਏ ।8ਅਸੀਂ ਸਚਿਆਈ ਦੇ ਖਿਲਾਫ਼ ਕੁੱਝ ਨਹੀਂ ਸਗੋਂ ਸਚਿਆਈ ਦੇ ਲਈ ਤਾਂ ਕੁੱਝ ਕਰ ਸਕਦੇ ਹਾਂ ।
9ਜਦ ਅਸੀਂ ਨਿਰਬਲ ਹਾਂ ਅਤੇ ਤੁਸੀਂ ਬਲਵੰਤ ਹੋ ਤਾਂ ਅਸੀਂ ਖੁਸ਼ ਹੁੰਦੇ ਹਾਂ ਅਤੇ ਇਹ ਬੇਨਤੀ ਵੀ ਕਰਦੇ ਹਾਂ ਜੋ ਤੁਸੀਂ ਸਿੱਧ ਹੋ ਜਾਓ ।10ਇਸ ਕਰਕੇ ਮੈਂ ਤੁਹਾਡੇ ਬਾਝੋਂ ਹੋ ਕੇ ਇਹ ਗੱਲਾਂ ਲਿਖਦਾ ਹਾਂ ਕਿ ਮੈਂ ਸਨਮੁਖ ਹੋ ਕੇ ਉਸ ਅਧਿਕਾਰ ਦੇ ਅਨੁਸਾਰ ਜੋ ਪ੍ਰਭੂ ਨੇ ਮੈਨੂੰ ਨਾਸ ਲਈ ਨਹੀਂ ਸਗੋਂ ਬਣਾਉਣ ਲਈ ਦਿੱਤਾ ਹੈ ਸਖਤੀ ਨਾ ਕਰਾਂ ।
ਨਮਸਕਾਰ

11ਮੁਕਦੀ ਗੱਲ ਹੇ ਭਰਾਵੋ, ਖੁਸ਼ ਰਹੋ, ਸਿੱਧ ਹੋਵੋ, ਸ਼ਾਂਤ ਰਹੋ, ਇੱਕ ਮਨ ਹੋਵੋ, ਇਕੱਠੇ ਰਹੋ ਅਤੇ ਪਰਮੇਸ਼ੁਰ ਜੋ ਪਿਆਰ ਅਤੇ ਸ਼ਾਂਤੀ ਦਾ ਦਾਤਾ ਹੈ ਤੁਹਾਡੇ ਨਾਲ-ਨਾਲ ਹੋਵੇਗਾ ।12ਤੁਸੀਂ ਪਵਿੱਤਰ ਚੁਮੰਨ ਨਾਲ ਇੱਕ ਦੂਜੇ ਨੂੰ ਨਮਸਕਾਰ ਕਰੋ ।
13ਸਾਰੇ ਸੰਤ ਤੁਹਾਨੂੰ ਨਮਸਕਾਰ ਕਰਦੇ ਹਨ ।

14ਪ੍ਰਭੂ ਯਿਸੂ ਮਸੀਹ ਦੀ ਕਿਰਪਾ, ਪਰਮੇਸ਼ੁਰ ਦਾ ਪਿਆਰ ਅਤੇ ਪਵਿੱਤਰ ਆਤਮਾ ਦੀ ਸੰਗਤ ਤੁਹਾਡੇ ਸਾਰਿਆਂ ਦੇ ਨਾਲ ਹੋਵੇ ।

ਗਲਾਤਿਯਾ ਨੂੰ

1
ਨਮਸਕਾਰ

1ਪੌਲੁਸ, ਜਿਹੜਾ ਮਨੁੱਖਾਂ ਦੇ ਵੱਲੋਂ ਨਹੀਂ, ਨਾ ਕਿਸੇ ਮਨੁੱਖ ਦੇ ਰਾਹੀਂ, ਸਗੋਂ ਯਿਸੂ ਮਸੀਹ ਅਤੇ ਪਿਤਾ ਪਰਮੇਸ਼ੁਰ ਦੇ ਰਾਹੀਂ ਰਸੂਲ ਹਾਂ, ਜਿਸ ਨੇ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ ।2ਅਤੇ ਉਹਨਾਂ ਸਾਰਿਆਂ ਭਰਾਵਾਂ ਵੱਲੋਂ ਜਿਹੜੇ ਮੇਰੇ ਨਾਲ ਹਨ, ਗਲਾਤਿਯਾ ਦੀਆਂ ਕਲੀਸਿਯਾ ਨੂੰ

3ਕਿਰਪਾ ਅਤੇ ਸ਼ਾਂਤੀ ਪਿਤਾ ਪਰਮੇਸ਼ੁਰ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਦੀ ਵੱਲੋਂ ਮਿਲਦੀ ਰਹੇ ।4ਜਿਸ ਨੇ ਸਾਡਿਆਂ ਪਾਪਾਂ ਦੇ ਕਾਰਨ ਆਪਣੇ ਆਪ ਨੂੰ ਦੇ ਦਿੱਤਾ, ਤਾਂ ਜੋ ਸਾਡੇ ਪਰਮੇਸ਼ੁਰ ਅਤੇ ਪਿਤਾ ਦੀ ਮਰਜ਼ੀ ਦੇ ਅਨੁਸਾਰ ਸਾਨੂੰ ਇਸ ਵਰਤਮਾਨ ਬੁਰੇ ਸੰਸਾਰ ਤੋਂ ਬਚਾ ਲਵੇ ।5ਉਸ ਦੀ ਵਡਿਆਈ ਜੁੱਗੋ-ਜੁੱਗ ਹੋਵੇ । ਆਮੀਨ ।
ਕੋਈ ਦੂਸਰੀ ਖੁਸ਼ ਖ਼ਬਰੀ ਨਹੀਂ

6ਮੈਂ ਹੈਰਾਨ ਹੁੰਦਾ ਹਾਂ ਕਿ ਜਿਸ ਨੇ ਮਸੀਹ ਦੀ ਕਿਰਪਾ ਵਿੱਚ ਤੁਹਾਨੂੰ ਸੱਦਿਆ, ਐਨੀ ਛੇਤੀ ਕਿਉਂ ਕਿਸੇ ਹੋਰ ਖੁਸ਼ਖਬਰੀ ਵੱਲ ਮਨ ਲਗਾਉਂਦੇ ਹੋ ।7ਜਦ ਕਿ ਕੋਈ ਦੂਸਰੀ ਖੁਸ਼ਖਬਰੀ ਹੈ ਹੀ ਨਹੀਂ, ਪਰ ਕਈ ਅਜਿਹੇ ਹਨ ਜਿਹੜੇ ਤੁਹਾਨੂੰ ਪਰੇਸ਼ਾਨ ਕਰਨਾ ਅਤੇ ਮਸੀਹ ਦੀ ਖੁਸ਼ਖਬਰੀ ਨੂੰ ਬਦਲਣਾ ਚਾਹੁੰਦੇ ਹਨ ।
8ਪਰ ਜੇਕਰ ਅਸੀਂ ਵੀ ਜਾਂ ਸਵਰਗ ਤੋਂ ਕੋਈ ਦੂਤ ਉਸ ਖੁਸ਼ਖਬਰੀ ਤੋਂ ਬਿਨ੍ਹਾਂ ਜਿਹੜੀ ਅਸੀਂ ਤੁਹਾਨੂੰ ਸੁਣਾਈ ਸੀ, ਕੋਈ ਹੋਰ ਖੁਸ਼ਖਬਰੀ ਤੁਹਾਨੂੰ ਸੁਣਾਵੇ ਤਾਂ ਉਹ ਸਰਾਪਤ ਹੋਵੇ !9ਜਿਵੇਂ ਅਸੀਂ ਪਹਿਲਾਂ ਕਿਹਾ ਹੈ ਉਵੇਂ ਮੈਂ ਹੁਣ ਫੇਰ ਆਖਦਾ ਹਾਂ ਭਈ ਜੇ ਕੋਈ ਉਸ ਖੁਸ਼ਖਬਰੀ ਜਿਹੜੀ ਤੁਸੀਂ ਕਬੂਲ ਕੀਤੀ, ਇਸ ਤੋਂ ਇਲਾਵਾ ਤੁਹਾਨੂੰ ਕੋਈ ਹੋਰ ਖੁਸ਼ਖਬਰੀ ਸੁਣਾਵੇ ਤਾਂ ਉਹ ਸਰਾਪਤ ਹੋਵੇ ।10ਕੀ ਮੈਂ ਹੁਣ ਮਨੁੱਖਾਂ ਨੂੰ ਮਨਾਉਂਦਾ ਹਾਂ ਜਾਂ ਪਰਮੇਸ਼ੁਰ ਨੂੰ ? ਕੀ ਮੈਂ ਮਨੁੱਖਾਂ ਨੂੰ ਖੁਸ਼ ਕਰਨਾ ਚਾਹੁੰਦਾ ਹਾਂ ? ਜੇ ਮੈਂ ਹੁਣ ਤੱਕ ਮਨੁੱਖਾਂ ਨੂੰ ਖੁਸ਼ ਕਰਦਾ ਰਹਿੰਦਾ ਤਾਂ ਮੈਂ ਮਸੀਹ ਦਾ ਦਾਸ ਨਾ ਹੁੰਦਾ ।
ਪੌਲੁਸ ਰਸੂਲ ਕਿਵੇਂ ਬਣਿਆ

11ਹੇ ਭਰਾਵੋ, ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਜਾਣ ਲਵੋਂ ਕਿ ਜਿਹੜੀ ਖੁਸ਼ਖਬਰੀ ਮੈਂ ਤੁਹਾਨੂੰ ਸੁਣਾਈ ਉਹ ਮਨੁੱਖ ਦੇ ਵਲੋਂ ਨਹੀਂ ਹੈ ।12ਉਹ ਮੈਨੂੰ ਨਾ ਤਾਂ ਕਿਸੇ ਇਨਸਾਨ ਕੋਲੋਂ ਮਿਲੀ, ਅਤੇ ਨਾ ਮੈਂਨੂੰ ਇਹ ਸਿਖਾਈ ਗਈ ਸਗੋਂ ਯਿਸੂ ਮਸੀਹ ਦੇ ਪਰਕਾਸ਼ ਦੇ ਰਾਹੀਂ ਮੈਨੂੰ ਪ੍ਰਾਪਤ ਹੋਈ ।
13ਕਿਉਂ ਜੋ ਯਹੂਦੀਆਂ ਦੇ ਮਤ ਜੋ ਮੇਰਾ ਪਹਿਲਾਂ ਚਾਲ-ਚਲਣ ਸੀ, ਤੁਸੀਂ ਉਹ ਦੀ ਖ਼ਬਰ ਸੁਣ ਹੀ ਲਈ ਭਈ ਮੈਂ ਪਰਮੇਸ਼ੁਰ ਦੀ ਕਲੀਸਿਯਾ ਨੂੰ ਬਹੁਤ ਸਤਾਉਂਦਾ ਅਤੇ ਨਾਸ ਕਰਦਾ ਸੀ ।14ਅਤੇ ਆਪਣੇ ਪੁਰਖਿਆਂ ਦੀਆਂ ਰੀਤਾਂ ਲਈ ਬੜਾ ਅਣਖੀ ਹੋ ਕੇ ਮੈਂ ਯਹੂਦੀਆਂ ਦੇ ਧਰਮ ਵਿੱਚ ਆਪਣੀ ਕੌਮ ਦੇ ਮੰਨਣ ਵਾਲਿਆਂ ਨਾਲੋਂ ਜਿਆਦਾ ਉਤਸ਼ਾਹੀ ਸੀ ।
15ਪਰ ਜਿਸ ਪਰਮੇਸ਼ੁਰ ਨੇ ਮੈਨੂੰ ਮੇਰੀ ਮਾਤਾ ਦੀ ਕੁੱਖੋਂ ਹੀ ਵੱਖਰਾ ਕੀਤਾ, ਅਤੇ ਜਦੋਂ ਉਹ ਦੀ ਮਰਜ਼ੀ ਪੂਰੀ ਹੋਈ ਉਸ ਨੇ ਮੈਨੂੰ ਆਪਣੀ ਵੱਡੀ ਕਿਰਪਾ ਨਾਲ ਸੱਦਿਆ ।16ਕਿ ਆਪਣੇ ਪੁੱਤਰ ਦਾ ਮੇਰੇ ਵਿੱਚ ਪਰਕਾਸ਼ ਕਰੇ ਕਿ ਮੈਂ ਉਹ ਦੀ ਖੁਸ਼ਖਬਰੀ ਪਰਾਈਆਂ ਕੌਮਾਂ ਵਿੱਚ ਸੁਣਾਵਾਂ ਤਦ ਮੈਂ ਮਾਸ ਅਤੇ ਲਹੂ ਤੋਂ ਸਲਾਹ ਨਾ ਲਈ,17ਅਤੇ ਨਾ ਯਰੂਸ਼ਲਮ ਵਿੱਚ ਉਹਨਾਂ ਕੋਲ ਗਿਆ ਜਿਹੜੇ ਮੇਰੇ ਤੋਂ ਪਹਿਲਾਂ ਰਸੂਲ ਬਣੇ ਸਨ ਸਗੋਂ ਮੈਂ ਅਰਬ ਨੂੰ ਚੱਲਿਆ ਗਿਆ ਅਤੇ ਫੇਰ ਦੰਮਿਸਕ ਨੂੰ ਮੁੜ ਆਇਆ ।
18ਤਦ ਤਿੰਨਾਂ ਸਾਲਾਂ ਦੇ ਪਿੱਛੋਂ ਕੇਫ਼ਾਸ ਦੇ ਨਾਲ ਮੁਲਾਕਾਤ ਕਰਨ ਲਈ ਮੈਂ ਯਰੂਸ਼ਲਮ ਨੂੰ ਗਿਆ ਅਤੇ ਉਹ ਦੇ ਕੋਲ ਪੰਦਰਾਂ ਦਿਨ ਰਿਹਾ ।19ਪਰ ਪ੍ਰਭੂ ਦੇ ਭਰਾ ਯਾਕੂਬ ਤੋਂ ਬਿਨ੍ਹਾਂ ਮੈਂ ਰਸੂਲਾਂ ਵਿੱਚੋਂ ਕਿਸੇ ਹੋਰ ਨੂੰ ਨਹੀਂ ਵੇਖਿਆ ।20ਹੁਣ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਲਿਖਦਾ ਹਾਂ, ਵੇਖੋ, ਪਰਮੇਸ਼ੁਰ ਨੂੰ ਹਾਜ਼ਰ ਜਾਣ ਕੇ ਕਹਿੰਦਾ ਹਾਂ, ਮੈਂ ਝੂਠ ਨਹੀਂ ਬੋਲਦਾ !
21ਉਸ ਤੋਂ ਬਾਅਦ ਮੈਂ ਸੀਰਿਯਾ ਅਤੇ ਕਿਲਕਿਯਾ ਦੇ ਇਲਾਕਿਆਂ ਵਿੱਚ ਗਿਆ ।22ਅਤੇ ਯਹੂਦਿਯਾ ਦੀਆਂ ਕਲੀਸਿਯਾ ਨੇ ਜੋ ਮਸੀਹ ਵਿੱਚ ਸਨ, ਕਦੇ ਵੀ ਮੇਰਾ ਚਿਹਰਾ ਨਹੀਂ ਸੀ ਵੇਖਿਆ ।23ਪਰ ਸਿਰਫ਼ ਉਹਨਾਂ ਨੇ ਇਹ ਸੁਣਿਆ ਸੀ ਕਿ ਜਿਹੜਾ ਸਾਨੂੰ ਪਹਿਲਾਂ ਸਤਾਉਂਦਾ ਹੁੰਦਾ ਸੀ, ਉਹ ਹੁਣ ਉਸ ਵਿਸ਼ਵਾਸ ਦੀ ਖੁਸ਼ਖਬਰੀ ਸੁਣਾਉਂਦਾ ਹੈ ਜਿਸ ਨੂੰ ਪਹਿਲਾਂ ਬਰਬਾਦ ਕਰਦਾ ਸੀ ।24ਅਤੇ ਉਹਨਾਂ ਨੇ ਮੇਰੇ ਕਾਰਨ ਪਰਮੇਸ਼ੁਰ ਦੀ ਵਡਿਆਈ ਕੀਤੀ ।

2
ਦੂਸਰੇ ਰਸੂਲਾਂ ਦੇ ਦੁਆਰਾ ਪੌਲੁਸ ਨੂੰ ਸਵੀਕਾਰ ਕਰਨਾ

1ਤਦ ਚੌਦਾਂ ਸਾਲਾਂ ਦੇ ਬਾਅਦ ਮੈਂ ਬਰਨਬਾਸ ਅਤੇ ਤੀਤੁਸ ਨੂੰ ਨਾਲ ਲੈ ਕੇ ਯਰੂਸ਼ਲਮ ਨੂੰ ਫੇਰ ਗਿਆ ।2ਅਤੇ ਮੇਰਾ ਉਹਨਾਂ ਕੋਲ ਜਾਣਾ ਪਰਮੇਸ਼ੁਰ ਦੇ ਪ੍ਰਕਾਸ਼ਨ ਅਨੁਸਾਰ ਸੀ, ਉਸ ਖੁਸ਼ਖਬਰੀ ਨੂੰ ਜਿਸ ਦਾ ਮੈਂ ਪਰਾਈਆਂ ਕੌਮਾਂ ਵਿੱਚ ਪਰਚਾਰ ਕਰਦਾ ਹਾਂ ਉਹਨਾਂ ਅੱਗੇ ਵੀ ਪਰਚਾਰ ਕੀਤਾ ਪਰ ਉਹਨਾਂ ਲੋਕਾਂ ਨੂੰ ਜਿਹਨਾਂ ਦਾ ਸਮਾਜ ਵਿੱਚ ਵੱਡਾ ਨਾਮ ਹੈ, ਗੁਪਤ ਵਿੱਚ ਪਰਚਾਰ ਕੀਤਾ ਤਾਂ ਕਿ ਕਿਤੇ ਅਜਿਹਾ ਨਾ ਹੋਵੇ ਜੋ ਮੇਰੀ ਹੁਣ ਦੀ ਜਾਂ ਪਿਛਲੀ ਦੌੜ ਭੱਜ ਵਿਅਰਥ ਹੋ ਜਾਵੇ ।

3ਪਰ ਤੀਤੁਸ ਵੀ ਜੋ ਮੇਰੇ ਨਾਲ ਸੀ, ਭਾਵੇਂ ਯੂਨਾਨੀ ਸੀ ਤਾਂ ਵੀ ਜ਼ਬਰਦਸਤੀ ਸੁੰਨਤੀ ਨਾ ਬਣਾਇਆ ਗਿਆ ।4ਪਰ ਉਨ੍ਹਾਂ ਝੂਠੇ ਭਰਾਵਾਂ ਦੇ ਕਾਰਨ ਜੋ ਚੁੱਪ ਕੀਤੇ ਉਸ ਅਜ਼ਾਦੀ ਦੀ ਸੂਹ ਲੈਣ ਲਈ ਜਿਹੜੀ ਮਸੀਹ ਯਿਸੂ ਵਿੱਚ ਸਾਨੂੰ ਮਿਲੀ, ਚੋਰੀ ਵੜ ਆਏ ਕਿ ਸਾਨੂੰ ਬੰਧਨ ਵਿੱਚ ਲਿਆਉਣ ।5ਪਰ ਅਸੀਂ ਇੱਕ ਘੜੀ ਵੀ ਅਧੀਨ ਹੋ ਕੇ ਉਹਨਾਂ ਦੇ ਵੱਸ ਵਿੱਚ ਨਾ ਆਏ ਤਾਂ ਕਿ ਖੁਸ਼ਖਬਰੀ ਦੀ ਸਚਿਆਈ ਤੁਹਾਡੇ ਕੋਲ ਬਣੀ ਰਹੇ ।
6ਪਰ ਉਹ ਜਿਹਨਾਂ ਦਾ ਸਮਾਜ ਵਿੱਚ ਵੱਡਾ ਨਾਮ ਸੀ ਅਤੇ ਕੁੱਝ ਸਮਝੇ ਜਾਂਦੇ ਸਨ, ਉਹ ਭਾਵੇ ਕਿਹੋ ਜਿਹੇ ਵੀ ਹੋਣ, ਮੈਨੂੰ ਕੋਈ ਪਰਵਾਹ ਨਹੀਂ - ਪਰਮੇਸ਼ੁਰ ਕਿਸੇ ਮਨੁੱਖ ਦਾ ਪੱਖਪਾਤ ਨਹੀਂ ਕਰਦਾ ਹੈ, ਮੈਂ ਕਹਿੰਦਾ ਹਾਂ ਕਿ ਜਿਹਨਾਂ ਦਾ ਸਮਾਜ ਵਿੱਚ ਵੱਡਾ ਨਾਮ ਸੀ, ਉਹਨਾਂ ਤੋਂ ਮੈਨੂੰ ਤਾਂ ਕੁੱਝ ਪ੍ਰਾਪਤ ਨਹੀਂ ਹੋਇਆ ।7ਸਗੋਂ ਉਲਟਾ ਜਦੋਂ ਉਹਨਾਂ ਨੇ ਦੇਖਿਆ ਕਿ ਅਸੁੰਨਤੀਆਂ ਲਈ ਖੁਸ਼ਖਬਰੀ ਦਾ ਕੰਮ ਮੈਨੂੰ ਸੌਂਪਿਆ ਗਿਆ, ਜਿਵੇਂ ਸੁੰਨਤੀਆਂ ਲਈ ਪਤਰਸ ਨੂੰ ।8ਕਿਉਂਕਿ ਜਿਸ ਨੇ ਸੁੰਨਤੀਆਂ ਵਿੱਚ ਰਸੂਲ ਦੀ ਪਦਵੀ ਲਈ ਪਤਰਸ ਵਿੱਚ ਬਹੁਤ ਪ੍ਰਭਾਵ ਨਾਲ ਕੰਮ ਕੀਤਾ, ਉਹ ਨੇ ਪਰਾਈਆਂ ਕੌਮਾਂ ਦੇ ਲਈ ਮੇਰੇ ਵਿੱਚ ਵੀ ਬਹੁਤ ਪ੍ਰਭਾਵ ਨਾਲ ਕੰਮ ਕੀਤਾ ।
9ਅਤੇ ਜਦੋਂ ਉਨ੍ਹਾਂ ਨੇ ਉਸ ਕਿਰਪਾ ਨੂੰ ਜਿਹੜੀ ਮੇਰੇ ਉੱਤੇ ਹੋਈ ਜਾਣ ਲਿਆ ਤਾਂ ਯਾਕੂਬ, ਕੇਫ਼ਾਸ ਅਤੇ ਯੂਹੰਨਾ ਨੇ ਜਿਹੜੇ ਕਲੀਸਿਯਾ ਦੇ ਥੰਮ੍ਹ ਸਮਝੇ ਜਾਂਦੇ ਹਨ, ਉਹਨਾਂ ਨੇ ਮੇਰੇ ਅਤੇ ਬਰਨਬਾਸ ਨਾਲ ਸਾਂਝ ਦੇ ਸੱਜੇ ਹੱਥ ਮਿਲਾਏ ਕਿ ਅਸੀਂ ਪਰਾਈਆਂ ਕੌਮਾਂ ਕੋਲ ਜਾਈਏ ਅਤੇ ਉਹ ਸੁੰਨਤੀਆਂ ਕੋਲ ਜਾਣ ।10ਅਤੇ ਇਹ ਆਖਿਆ ਕੇਵਲ ਅਸੀਂ ਗ਼ਰੀਬਾਂ ਨੂੰ ਚੇਤੇ ਰੱਖੀਏ ਜਿਸ ਕੰਮ ਲਈ ਮੈਂ ਵੀ ਯਤਨ ਕੀਤਾ ਸੀ ।
ਪੌਲੁਸ ਦੁਆਰਾ ਪਤਰਸ ਦਾ ਵਿਰੋਧ

11ਪਰ ਜਦੋਂ ਕੇਫ਼ਾਸ ਅੰਤਾਕਿਯਾ ਨੂੰ ਆਇਆ ਤਾਂ ਮੈਂ ਉਹ ਦੇ ਮੂੰਹ ਉੱਤੇ ਉਹ ਦਾ ਵਿਰੋਧ ਕੀਤਾ ਕਿਉਂ ਜੋ ਉਹ ਤਾਂ ਦੋਸ਼ੀ ਠਹਿਰਿਆ ਸੀ ।12ਇਸ ਲਈ ਕਿ ਉਸ ਤੋਂ ਪਹਿਲਾਂ ਜਦੋਂ ਕਈ ਜਣੇ ਯਾਕੂਬ ਦੀ ਵੱਲੋਂ ਆਏ ਤਾਂ ਉਹ ਪਰਾਈਆਂ ਕੌਮਾਂ ਦੇ ਨਾਲ ਖਾਂਦਾ ਹੁੰਦਾ ਸੀ ਪਰ ਜਦੋਂ ਉਹ ਆਏ ਤਾਂ ਯਹੂਦੀਆਂ ਦੇ ਡਰ ਦੇ ਮਾਰੇ ਉਹ ਪਿਛਾਹਾਂ ਹੱਟ ਗਿਆ ਅਤੇ ਆਪਣੇ ਆਪ ਨੂੰ ਅਲੱਗ ਕੀਤਾ ।
13ਅਤੇ ਬਾਕੀ ਯਹੂਦੀਆਂ ਨੇ ਵੀ ਉਹਨਾਂ ਦੇ ਨਾਲ ਕਪਟ ਕੀਤਾ ਐਥੋਂ ਤੱਕ ਜੋ ਬਰਨਬਾਸ ਵੀ ਉਹਨਾਂ ਦੇ ਕਪਟ ਨਾਲ ਭਰਮਾਇਆ ਗਿਆ ।14ਪਰ ਜਦੋਂ ਮੈਂ ਵੇਖਿਆ ਜੋ ਉਹ ਖੁਸ਼ਖਬਰੀ ਦੀ ਸਚਿਆਈ ਦੇ ਅਨੁਸਾਰ ਸਿੱਧੀ ਚਾਲ ਨਹੀਂ ਚੱਲਦੇ ਹਨ ਤਾਂ ਸਭਨਾਂ ਦੇ ਅੱਗੇ ਕੇਫ਼ਾਸ ਨੂੰ ਆਖਿਆ ਕਿ ਜਦੋਂ ਤੂੰ ਯਹੂਦੀ ਹੋ ਕੇ ਪਰਾਈਆਂ ਕੌਮਾਂ ਦੀ ਰੀਤ ਉੱਤੇ ਚੱਲਦਾ ਹੈਂ ਅਤੇ ਯਹੂਦੀਆਂ ਦੀ ਰੀਤ ਉੱਤੇ ਨਹੀਂ ਚੱਲਦਾ, ਤਾਂ ਤੂੰ ਕਿਵੇਂ ਗ਼ੈਰ ਕੌਮਾਂ ਨੂੰ ਯਹੂਦੀਆਂ ਦੀ ਰੀਤ ਉੱਤੇ ਜ਼ਬਰਦਸਤੀ ਚਲਾਉਂਦਾ ਹੈਂ ?
ਵਿਸ਼ਵਾਸ ਦੁਆਰਾ ਧਰਮੀ ਠਹਿਰਨਾ

15ਅਸੀਂ ਜਨਮ ਤੋਂ ਯਹੂਦੀ ਹਾਂ ਅਤੇ ਪਰਾਈਆਂ ਕੌਮਾਂ ਵਿੱਚੋਂ ਪਾਪੀ ਨਹੀਂ ।16ਤਾਂ ਵੀ ਇਹ ਜਾਣ ਕੇ ਕਿ ਮਨੁੱਖ ਬਿਵਸਥਾ ਦੇ ਕੰਮਾਂ ਤੋਂ ਨਹੀਂ ਸਗੋਂ ਕੇਵਲ ਯਿਸੂ ਮਸੀਹ ਉੱਤੇ ਵਿਸ਼ਵਾਸ ਕਰਨ ਤੋਂ ਧਰਮੀ ਠਹਿਰਾਇਆ ਜਾਂਦਾ ਹੈ, ਅਸੀਂ ਆਪ ਵੀ ਮਸੀਹ ਯਿਸੂ ਉੱਤੇ ਵਿਸ਼ਵਾਸ ਕੀਤਾ ਤਾਂ ਕਿ ਅਸੀਂ ਬਿਵਸਥਾ ਦੇ ਕੰਮਾਂ ਤੋਂ ਨਹੀਂ ਪਰ ਮਸੀਹ ਯਿਸੂ ਉੱਤੇ ਵਿਸ਼ਵਾਸ ਕਰਨ ਦੇ ਕਾਰਨ ਧਰਮੀ ਠਹਿਰਾਏ ਜਾਈਏ ਕਿਉਂਕਿ ਕੋਈ ਵੀ ਬਿਵਸਥਾ ਦੇ ਕੰਮਾਂ ਤੋਂ ਧਰਮੀ ਨਹੀਂ ਠਹਿਰਾਇਆ ਜਾਵੇਗਾ ।
17ਪਰ ਅਸੀਂ ਜਿਹੜੇ ਮਸੀਹ ਵਿੱਚ ਧਰਮੀ ਠਹਿਰਾਏ ਜਾਣ ਦੀ ਭਾਲ ਕਰਦਿਆਂ ਆਪ ਵੀ ਪਾਪੀ ਨਿੱਕਲੇ, ਤਾਂ ਕੀ ਮਸੀਹ ਪਾਪ ਦਾ ਸੇਵਾਦਾਰ ਹੋਇਆ ? ਕਦੇ ਨਹੀਂ !18ਕਿਉਂਕਿ ਜੋ ਮੈਂ ਤੋੜ ਦਿੱਤਾ ਜੇਕਰ ਉਸੇ ਨੂੰ ਫੇਰ ਬਣਾਵਾਂ ਤਾਂ ਮੈਂ ਆਪਣੇ ਆਪ ਨੂੰ ਅਪਰਾਧੀ ਸਾਬਤ ਕਰਦਾ ਹਾਂ ।19ਇਸ ਲਈ ਜੋ ਮੈਂ ਬਿਵਸਥਾ ਹੀ ਦੇ ਕਾਰਨ ਬਿਵਸਥਾ ਦੀ ਵੱਲੋਂ ਮਰਿਆ ਤਾਂ ਕਿ ਪਰਮੇਸ਼ੁਰ ਲਈ ਜਿਉਂਦਾ ਰਹਾਂ ।
20ਮੈਂ ਮਸੀਹ ਦੇ ਨਾਲ ਸਲੀਬ ਉੱਤੇ ਚੜਾਇਆ ਗਿਆ ਹਾਂ, ਪਰ ਹੁਣ ਮੈਂ ਜਿਉਂਦਾ ਨਹੀਂ ਸਗੋਂ ਮਸੀਹ ਮੇਰੇ ਵਿੱਚ ਜਿਉਂਦਾ ਹੈ ਅਤੇ ਹੁਣ ਜੋ ਮੈਂ ਸਰੀਰ ਵਿੱਚ ਜਿਉਂਦਾ ਹਾਂ ਸੋ ਪਰਮੇਸ਼ੁਰ ਦੇ ਪੁੱਤਰ ਉੱਤੇ ਵਿਸ਼ਵਾਸ ਨਾਲ ਜਿਉਂਦਾ ਹਾਂ, ਜਿਸ ਨੇ ਮੈਨੂੰ ਪਿਆਰ ਕੀਤਾ ਅਤੇ ਆਪਣੇ ਆਪ ਨੂੰ ਮੇਰੇ ਲਈ ਦੇ ਦਿੱਤਾ ।21ਮੈਂ ਪਰਮੇਸ਼ੁਰ ਦੀ ਕਿਰਪਾ ਨੂੰ ਵਿਅਰਥ ਨਹੀਂ ਸਮਝਦਾ ਕਿਉਂਕਿ ਜੇ ਬਿਵਸਥਾ ਦੇ ਰਾਹੀਂ ਧਾਰਮਿਕਤਾ ਹੁੰਦੀ ਤਾਂ ਮਸੀਹ ਦਾ ਮਰਨਾ ਵਿਅਰਥ ਹੀ ਹੋਇਆ ।

3
ਬਿਵਸਥਾ ਜਾਂ ਵਿਸ਼ਵਾਸ

1ਹੇ ਮੂਰਖ ਗਲਾਤੀਓ, ਕਿਸ ਨੇ ਤੁਹਾਨੂੰ ਭਰਮਾ ਲਿਆ ਤੁਹਾਡੇ ਤਾਂ ਮੰਨੋ ਜਿਵੇਂ ਅੱਖਾਂ ਦੇ ਸਾਹਮਣੇ ਯਿਸੂ ਮਸੀਹ ਸਲੀਬ ਉੱਤੇ ਚੜਾਇਆ ਗਿਆ ?2ਮੈਂ ਤੁਹਾਡੇ ਕੋਲੋਂ ਕੇਵਲ ਇਹ ਜਾਨਣਾ ਚਾਹੁੰਦਾ ਹਾਂ ਕਿ ਤੁਹਾਨੂੰ ਪਵਿੱਤਰ ਆਤਮਾ ਬਿਵਸਥਾ ਦੇ ਕੰਮਾਂ ਤੋਂ ਪ੍ਰਾਪਤ ਹੋਇਆ ਜਾਂ ਵਿਸ਼ਵਾਸ ਦੇ ਸੁਨੇਹੇ ਤੋਂ ?3ਕਿ ਤੁਸੀਂ ਇਹੋ ਜਿਹੇ ਮੂਰਖ ਹੋ ? ਕਿ, ਆਤਮਾ ਤੋਂ ਸ਼ੁਰੂਆਤ ਕਰ ਕੇ ਤੁਸੀਂ ਹੁਣ ਸਰੀਰ ਦੁਆਰਾ ਅੰਤ ਕਰਦੇ ਹੋ ?

4ਕੀ ਤੁਸੀਂ ਐਨਿਆਂ ਦੁੱਖਾਂ ਨੂੰ ਐਂਵੇਂ ਹੀ ਝੱਲਿਆ ਕਿ, ਉਹ ਸੱਚ-ਮੁੱਚ ਵਿਅਰਥ ਹੀ ਸੀ ? ਕਦੇ ਨਹੀਂ !5ਫੇਰ ਜਿਹੜਾ ਤੁਹਾਨੂੰ ਪਵਿੱਤਰ ਆਤਮਾ ਦਾ ਦਾਨ ਦਿੰਦਾ ਅਤੇ ਤੁਹਾਡੇ ਵਿੱਚ ਸਮਰੱਥਾ ਦੇ ਕੰਮ ਕਰਦਾ ਹੈ ਸੋ ਬਿਵਸਥਾ ਦੇ ਕੰਮਾਂ ਤੋਂ ਹੈ ਜਾਂ ਵਿਸ਼ਵਾਸ ਦੇ ਸੁਨੇਹੇ ਤੋਂ ? ।
6ਜਿਵੇਂ ਅਬਰਾਹਾਮ ਨੇ ਪਰਮੇਸ਼ੁਰ ਤੇ ਵਿਸ਼ਵਾਸ ਕੀਤਾ ਅਤੇ ਇਹ ਉਹ ਦੇ ਲਈ ਧਾਰਮਿਕਤਾ ਗਿਣਿਆ ਗਿਆ ।7ਸੋ ਇਹ ਜਾਣ ਲਵੋਂ ਕਿ ਜਿਹੜੇ ਵਿਸ਼ਵਾਸ ਕਰਦੇ ਹਨ ਉਹ ਹੀ ਅਬਰਾਹਾਮ ਦੀ ਸੰਤਾਨ ਹਨ ।8ਅਤੇ ਪਵਿੱਤਰ ਗ੍ਰੰਥ ਨੇ ਪਹਿਲਾਂ ਹੀ ਇਹ ਵੇਖ ਕੇ, ਕਿ ਪਰਮੇਸ਼ੁਰ ਪਰਾਈਆਂ ਕੌਮਾਂ ਨੂੰ ਵਿਸ਼ਵਾਸ ਦੇ ਰਾਹੀਂ ਧਰਮੀ ਠਹਿਰਾਵੇਗਾ ਅਬਰਾਹਾਮ ਨੂੰ ਪਹਿਲਾਂ ਹੀ ਇਹ ਖੁਸ਼ਖਬਰੀ ਸੁਣਾਈ ਕਿ ਸਭ ਕੌਮਾਂ ਤੇਰੇ ਤੋਂ ਬਰਕਤ ਪਾਉਣਗੀਆਂ l9ਸੋ ਜਿਹੜੇ ਵਿਸ਼ਵਾਸ ਕਰਨ ਵਾਲੇ ਹਨ ਉਹ ਵਿਸ਼ਵਾਸੀ ਅਬਰਾਹਾਮ ਦੇ ਨਾਲ ਬਰਕਤ ਪਾਉਂਦੇ ਹਨ ।
10ਸੋ ਜਿੰਨੇ ਲੋਕ ਬਿਵਸਥਾ ਦੇ ਕੰਮਾਂ ਉੱਤੇ ਭਰੋਸਾ ਰੱਖਦੇ ਹਨ ਉਹ ਸਰਾਪ ਦੇ ਹੇਠਾਂ ਹਨ ਕਿਉਂ ਜੋ ਇਹ ਲਿਖਿਆ ਹੋਇਆ ਹੈ ਕਿ ਸਰਾਪਤ ਹੋਵੇ ਹਰੇਕ ਜਿਹੜਾ ਉਨ੍ਹਾਂ ਸਭਨਾਂ ਗੱਲਾਂ ਨੂੰ ਜਿਹੜੀਆਂ ਬਿਵਸਥਾ ਦੀ ਪੁਸਤਕ ਵਿੱਚ ਲਿਖੀਆਂ ਹੋਈਆਂ ਹਨ, ਪਾਲਣਾ ਨਹੀਂ ਕਰਦਾ ।11ਹੁਣ ਇਹ ਗੱਲ ਪਰਗਟ ਹੈ ਕਿ ਪਰਮੇਸ਼ੁਰ ਦੇ ਅੱਗੇ ਬਿਵਸਥਾ ਦੁਆਰਾ ਕੋਈ ਧਰਮੀ ਨਹੀਂ ਠਹਿਰਦਾ ਇਸ ਲਈ ਜੋ ਧਰਮੀ ਵਿਸ਼ਵਾਸ ਦੁਆਰਾ ਜਿਉਂਦਾ ਰਹੇਗਾ ।12ਅਤੇ ਬਿਵਸਥਾ ਨੂੰ ਵਿਸ਼ਵਾਸ ਨਾਲ ਕੁੱਝ ਵਾਸਤਾ ਨਹੀਂ ਸਗੋਂ ਜਿਹੜਾ ਉਹਨਾਂ ਹੁਕਮਾਂ ਦੀ ਪਾਲਨਾ ਕਰੇਗਾ ਸੋ ਉਹਨਾਂ ਦੇ ਕਾਰਣ ਜਿਉਂਦਾ ਰਹੇਗਾ ।
13ਮਸੀਹ ਨੇ ਸਾਨੂੰ ਮੁੱਲ ਲੈ ਕੇ ਬਿਵਸਥਾ ਦੇ ਸਰਾਪ ਤੋਂ ਛੁਡਾਇਆ ਇਸ ਕਰਕੇ ਜੋ ਉਹ ਸਾਡੇ ਲਈ ਸਰਾਪ ਬਣਿਆ ਕਿਉਂ ਜੋ ਲਿਖਿਆ ਹੋਇਆ ਹੈ ਕਿ ਸਰਾਪੀ ਹੈ ਹਰੇਕ ਜਿਹੜਾ ਰੁੱਖ ਅਰਥਾਤ ਕਾਠ ਉੱਤੇ ਟੰਗਿਆ ਜਾਂਦਾ ਹੈ ।14ਇਹ ਇਸ ਲਈ ਹੋਇਆ ਕਿ ਅਬਰਾਹਾਮ ਦੀ ਬਰਕਤ ਮਸੀਹ ਯਿਸੂ ਵਿੱਚ ਪਰਾਈਆਂ ਕੌਮਾਂ ਉੱਤੇ ਹੋਵੇ ਤਾਂ ਜੋ ਅਸੀਂ ਉਸ ਵਾਇਦੇ ਦੇ ਆਤਮਾ ਨੂੰ ਵਿਸ਼ਵਾਸ ਦੇ ਰਾਹੀਂ ਪ੍ਰਾਪਤ ਕਰੀਏ ।
ਬਿਵਸਥਾ ਅਤੇ ਬਚਨ

15ਹੇ ਭਰਾਵੋ, ਮੈਂ ਮਨੁੱਖ ਵਾਂਗੂੰ ਕਹਿੰਦਾ ਹਾਂ, ਭਾਵੇਂ ਮਨੁੱਖ ਦਾ ਇਕਰਾਰਨਾਮਾਂ ਵੀ ਹੋਵੇ ਜਦੋਂ ਉਹ ਪੱਕਾ ਹੋ ਗਿਆ ਤਾਂ ਨਾ ਕੋਈ ਉਸ ਨੂੰ ਟਾਲਦਾ ਹੈ ਅਤੇ ਨਾ ਉਸ ਵਿੱਚ ਕੁੱਝ ਵਾਧਾ ਕਰਦਾ ਹੈ ।16ਹੁਣ ਅਬਰਾਹਾਮ ਅਤੇ ਉਸ ਦੀ ਅੰਸ ਨੂੰ ਵਾਇਦੇ ਦਿੱਤੇ ਗਏ ਸਨ । ਉਹ ਇਹ ਨਹੀਂ ਕਹਿੰਦਾ, “ਅੰਸਾਂ ਨੂੰ”, ਜਿਵੇਂ ਬਾਹਲਿਆਂ ਦੇ ਲਈ ਪਰ ਜਿਵੇਂ ਇੱਕ ਦੇ ਲਈ ਕਹਿੰਦਾ ਹੈ ਅਰਥਾਤ “ਤੇਰੀ ਅੰਸ ਨੂੰ”, ਸੋ ਉਹ ਮਸੀਹ ਹੈ ।
17ਹੁਣ ਮੈਂ ਇਹ ਆਖਦਾ ਹਾਂ ਭਈ ਉਸ ਨੇਮ ਨੂੰ ਜੋ ਪਰਮੇਸ਼ੁਰ ਨੇ ਪਹਿਲਾਂ ਹੀ ਬੰਨ੍ਹਿਆ ਸੀ ਸੋ ਬਿਵਸਥਾ ਜਿਹੜੀ ਉਸ ਤੋਂ ਚਾਰ ਸੌ ਤੀਹ ਸਾਲਾਂ ਦੇ ਪਿੱਛੋਂ ਆਈ ਉਸ ਨੇਮ ਨੂੰ ਨਹੀਂ ਟਾਲ ਸਕਦੀ ਕਿ ਉਹ ਬਚਨ ਵਿਅਰਥ ਹੋ ਜਾਵੇ ।18ਕਿਉਂਕਿ ਜੇ ਵਾਰਸ ਬਿਵਸਥਾ ਤੋਂ ਹੁੰਦਾ ਤਾਂ ਫੇਰ ਵਾਇਦੇ ਤੋਂ ਨਹੀਂ, ਪਰ ਪਰਮੇਸ਼ੁਰ ਨੇ ਅਬਰਾਹਾਮ ਨੂੰ ਵਾਇਦੇ ਦੇ ਰਾਹੀਂ ਦਿੱਤਾ ।
19ਤਾਂ ਫ਼ੇਰ ਬਿਵਸਥਾ ਕੀ ਹੈ ? ਉਹ ਅਪਰਾਧਾਂ ਦੇ ਕਾਰਨ ਬਾਅਦ ਵਿੱਚ ਦਿੱਤੀ ਗਈ ਕਿ ਜਿੰਨਾਂ ਚਿਰ ਉਹ ਅੰਸ ਜਿਹ ਨੂੰ ਵਾਇਦਾ ਦਿੱਤਾ ਹੋਇਆ ਹੈ ਨਾ ਆਵੇ ਉਹ ਬਣੀ ਰਹੇ ਅਤੇ ਉਹ ਦੂਤਾਂ ਦੇ ਰਾਹੀਂ ਇੱਕ ਵਿਚੋਲੇ ਦੇ ਹੱਥੀਂ ਠਹਿਰਾਈ ਗਈ ।20ਹੁਣ ਵਿਚੋਲਾ ਤਾਂ ਇੱਕ ਦਾ ਨਹੀਂ ਹੁੰਦਾ ਪਰੰਤੂ ਪਰਮੇਸ਼ੁਰ ਇੱਕੋ ਹੈ ।
ਬਿਵਸਥਾ ਦਾ ਮਕਸਦ

21ਫੇਰ ਭਲਾ, ਬਿਵਸਥਾ ਪਰਮੇਸ਼ੁਰ ਦੇ ਵਾਇਦਿਆਂ ਦੇ ਵਿਰੁੱਧ ਹੈ ? ਕਦੇ ਨਹੀਂ ਜੇਕਰ ਅਜਿਹੀ ਬਿਵਸਥਾ ਦਿੱਤੀ ਹੋਈ ਹੁੰਦੀ ਜਿਹੜੀ ਜੀਵਨ ਦੇ ਸਕਦੀ ਤਾਂ ਧਾਰਮਿਕਤਾ ਸੱਚੀ ਮੁੱਚੀ ਬਿਵਸਥਾ ਤੋਂ ਪ੍ਰਾਪਤ ਹੁੰਦਾ ।22ਪਰ ਬਿਵਸਥਾ ਨੇ ਸਭਨਾਂ ਨੂੰ ਪਾਪ ਦੇ ਅਧੀਨ ਕਰ ਦਿੱਤਾ ਭਈ ਉਹ ਵਾਇਦਾ ਜਿਹੜਾ ਯਿਸੂ ਮਸੀਹ ਉੱਤੇ ਵਿਸ਼ਵਾਸ ਕਰਨ ਤੋਂ ਮਿਲਦਾ ਹੈ ਵਿਸ਼ਵਾਸ ਕਰਨ ਵਾਲਿਆਂ ਨੂੰ ਦਿੱਤਾ ਜਾਵੇ ।
23ਪਰ ਵਿਸ਼ਵਾਸ ਦੇ ਆਉਣ ਤੋਂ ਪਹਿਲਾਂ ਅਸੀਂ ਉਸ ਵਿਸ਼ਵਾਸ ਦੇ ਲਈ ਜਿਹੜਾ ਪਰਗਟ ਹੋਣ ਵਾਲਾ ਸੀ ਅਸੀਂ ਬਿਵਸਥਾ ਦੇ ਪਹਿਰੇ ਹੇਠ ਬੱਧੇ ਹੋਏ ਰਹਿੰਦੇ ਸੀ ।24ਸੋ ਬਿਵਸਥਾ ਮਸੀਹ ਦੇ ਆਉਣ ਤੱਕ ਸਾਡੇ ਲਈ ਨਿਗਾਹਬਾਨ ਬਣੀ ਕਿ ਅਸੀਂ ਵਿਸ਼ਵਾਸ ਤੋਂ ਧਰਮੀ ਠਹਿਰਾਏ ਜਾਈਏ ।25ਪਰ ਹੁਣ ਜਦੋਂ ਵਿਸ਼ਵਾਸ ਆ ਚੁੱਕਿਆ ਤਾਂ ਅਸੀਂ ਅਗਾਹਾਂ ਨੂੰ ਨਿਗਾਹਬਾਨ ਦੇ ਅਧੀਨ ਨਾ ਰਹੇ ।26ਕਿਉਂ ਜੋ ਮਸੀਹ ਯਿਸੂ ਉੱਤੇ ਵਿਸ਼ਵਾਸ ਕਰਨ ਦੇ ਕਾਰਨ ਤੁਸੀਂ ਸਭ ਪਰਮੇਸ਼ੁਰ ਦੀ ਸੰਤਾਨ ਹੋ ।
27ਕਿਉਂ ਜੋ ਤੁਹਾਡੇ ਵਿੱਚੋਂ ਜਿੰਨਿਆਂ ਨੇ ਮਸੀਹ ਵਿੱਚ ਬਪਤਿਸਮਾ ਲਿਆ ਉਨ੍ਹਾ ਨੇ ਮਸੀਹ ਨੂੰ ਪਹਿਨ ਲਿਆ ।28ਹੁਣ ਨਾ ਕੋਈ ਯਹੂਦੀ ਨਾ ਯੂਨਾਨੀ, ਨਾ ਗ਼ੁਲਾਮ ਨਾ ਅਜ਼ਾਦ, ਨਾ ਨਰ ਨਾ ਨਾਰੀ ਕਿਉਂ ਜੋ ਤੁਸੀਂ ਸਭ ਮਸੀਹ ਯਿਸੂ ਵਿੱਚ ਇੱਕੋ ਹੀ ਹੋ ।29ਅਤੇ ਜੇ ਤੁਸੀਂ ਮਸੀਹ ਦੇ ਹੋ ਤਾਂ ਅਬਰਾਹਾਮ ਦੀ ਅੰਸ ਅਤੇ ਵਾਇਦੇ ਦੇ ਅਨੁਸਾਰ ਵਾਰਸ ਵੀ ਹੋ ।

4

1ਹੁਣ ਮੈਂ ਆਖਦਾ ਹਾਂ ਕਿ ਵਾਰਸ ਜਿੰਨਾਂ ਚਿਰ ਬਾਲਕ ਹੈ ਉਸ ਅਤੇ ਦਾਸ ਵਿੱਚ ਕੁੱਝ ਭਿੰਨ ਭੇਤ ਨਹੀਂ ਭਾਵੇਂ ਉਹ ਸਭ ਦਾ ਮਾਲਕ ਹੈ ।2ਪਰ ਪਿਤਾ ਦੇ ਠਹਿਰਾਏ ਹੋਏ ਸਮੇਂ ਤੱਕ ਰਖਵਾਲਿਆਂ ਅਤੇ ਸੇਵਾਦਾਰਾਂ ਦੀ ਦੇਖਭਾਲ ਵਿੱਚ ਰਹਿੰਦਾ ਹੈ ।

3ਜਿਸ ਤਰ੍ਹਾਂ ਅਸੀਂ ਵੀ ਜਦ ਬਾਲਕ ਸੀ ਤਦ ਸੰਸਾਰ ਦੀਆਂ ਗੱਲਾਂ ਦੇ ਬੰਧਨ ਵਿੱਚ ਸੀ ।4ਪਰ ਜਦੋਂ ਸਮਾਂ ਪੂਰਾ ਹੋਇਆ ਤਾਂ ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਭੇਜਿਆ ਜਿਹੜਾ ਔਰਤ ਤੋਂ ਜੰਮਿਆ ਅਤੇ ਬਿਵਸਥਾ ਦੇ ਅਧੀਨ ਜੰਮਿਆ ।5ਇਸ ਲਈ ਜੋ ਮੁੱਲ ਦੇ ਕੇ ਉਹਨਾਂ ਨੂੰ ਜਿਹੜੇ ਬਿਵਸਥਾ ਦੇ ਅਧੀਨ ਹਨ ਛੁਡਾਵੇ ਕਿ ਲੇਪਾਲਕ ਪੁੱਤਰ ਹੋਣ ਦੀ ਪਦਵੀ ਸਾਨੂੰ ਪ੍ਰਾਪਤ ਹੋਵੇ ।
6ਅਤੇ ਤੁਸੀਂ ਜੋ ਪੁੱਤਰ ਹੋ ਇਸੇ ਕਾਰਨ ਪਰਮੇਸ਼ੁਰ ਨੇ ਆਪਣੇ ਪੁੱਤਰ ਦੇ ਆਤਮਾ ਨੂੰ ਸਾਡੇ ਦਿਲਾਂ ਵਿੱਚ ਭੇਜ ਦਿੱਤਾ ਜਿਹੜਾ ਅੱਬਾ ਅਰਥਾਤ, ਹੇ ਪਿਤਾ ਪੁਕਾਰਦਾ ਹੈ ।7ਸੋ ਤੁਸੀਂ ਹੁਣ ਗ਼ੁਲਾਮ ਨਹੀਂ ਸਗੋਂ ਪੁੱਤਰ ਹੋ ਅਤੇ ਜੇ ਪੁੱਤਰ ਹੋ ਤਾਂ ਪਰਮੇਸ਼ੁਰ ਦੇ ਰਾਹੀਂ ਵਾਰਸ ਵੀ ਹੈਂ ।
ਗਲਾਤਿਯਾ ਦੇ ਲਈ ਪੌਲੁਸ ਦੀ ਚਿੰਤਾ

8ਪਰ ਉਸ ਵੇਲੇ ਪਰਮੇਸ਼ੁਰ ਤੋਂ ਅਣਜਾਣ ਹੋਣ ਦੇ ਕਾਰਨ ਤੁਸੀਂ ਉਹਨਾਂ ਦੀ ਗ਼ੁਲਾਮੀ ਵਿੱਚ ਸੀ ਜਿਹੜੇ ਅਸਲ ਵਿੱਚ ਈਸ਼ਵਰ ਨਹੀਂ ਸਨ ।9ਪਰ ਹੁਣ ਜੋ ਤੁਸੀਂ ਪਰਮੇਸ਼ੁਰ ਨੂੰ ਜਾਣ ਗਏ ਹੋ ਸਗੋਂ ਪਰਮੇਸ਼ੁਰ ਨੇ ਤੁਹਾਨੂੰ ਜਾਣ ਲਿਆ ਤਾਂ ਕਿਉਂ ਤੁਸੀਂ ਫਿਰ ਉਨ੍ਹਾਂ ਨਿਰਬਲ ਅਤੇ ਨਿਕੰਮੀਆਂ ਮੂਲ ਗੱਲਾਂ ਦੀ ਵੱਲ ਮੁੜੇ ਜਾਂਦੇ ਹੋ ਜਿੰਨ੍ਹਾ ਦੇ ਬੰਧਨ ਵਿੱਚ ਤੁਸੀਂ ਦੁਬਾਰਾ ਨਵੇਂ ਸਿਰਿਓਂ ਆਉਣਾ ਚਾਹੁੰਦੇ ਹੋ ?
10ਤੁਸੀਂ ਦਿਨਾਂ, ਮਹੀਨਿਆਂ, ਸਮਿਆਂ ਅਤੇ ਸਾਲਾਂ ਨੂੰ ਮੰਨਦੇ ਹੋ !11ਮੈਂ ਤੁਹਾਡੇ ਲਈ ਡਰਦਾ ਹਾਂ ਭਈ ਕਿਤੇ ਇਸ ਤਰ੍ਹਾਂ ਨਾ ਹੋਵੇ ਜੋ ਮੈਂ ਤੁਹਾਡੇ ਲਈ ਐਂਵੇਂ ਹੀ ਮਿਹਨਤ ਕੀਤੀ ਹੋਵੇ ।
12ਹੇ ਭਰਾਵੋ, ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਤੁਸੀਂ ਮੇਰੇ ਜਿਹੇ ਬਣੋ ਇਸ ਲਈ ਜੋ ਮੈਂ ਵੀ ਤੁਹਾਡੇ ਜਿਹਾ ਬਣਿਆ ਹਾਂ । ਤੁਸੀਂ ਮੇਰੇ ਨਾਲ ਬੁਰੇ ਨਹੀਂ ਵਰਤੇ,13ਪਰ ਤੁਸੀਂ ਜਾਣਦੇ ਹੋ ਜੋ ਮੈਂ ਸਰੀਰ ਦੀ ਕਮਜ਼ੋਰੀ ਕਰਕੇ ਪਹਿਲੀ ਵਾਰ ਤੁਹਾਨੂੰ ਖੁਸ਼ਖਬਰੀ ਸੁਣਾਈ ।14ਅਤੇ ਉਹ ਜੋ ਮੇਰੇ ਸਰੀਰ ਵਿੱਚ ਤੁਹਾਡੇ ਲਈ ਇੱਕ ਪਰਤਾਵਾ ਸੀ ਉਹ ਨੂੰ ਤੁਸੀਂ ਤੁਛ ਨਾ ਜਾਣਿਆ, ਨਾ ਉਸ ਤੋਂ ਸੂਗ ਕੀਤੀ ਪਰ ਮੈਨੂੰ ਪਰਮੇਸ਼ੁਰ ਦੇ ਦੂਤ ਦੀ ਤਰ੍ਹਾਂ ਸਗੋਂ ਮਸੀਹ ਯਿਸੂ ਦੀ ਤਰ੍ਹਾਂ ਕਬੂਲ ਕੀਤਾ ।
15ਤਾਂ ਹੁਣ ਤੁਹਾਡਾ ਉਹ ਅਨੰਦ ਕਿੱਥੇ ਗਿਆ ? ਮੈਂ ਤੁਹਾਡਾ ਗਵਾਹ ਹਾਂ, ਕਿ ਜੇ ਹੋ ਸਕਦਾ ਤਾਂ ਤੁਸੀਂ ਆਪਣੀਆਂ ਅੱਖਾਂ ਵੀ ਕੱਢ ਕੇ ਮੈਨੂੰ ਦੇ ਦਿੰਦੇ16ਫਿਰ ਕੀ ਮੈਂ ਤੁਹਾਨੂੰ ਸੱਚੀ ਗੱਲ ਆਖਣ ਨਾਲ ਤੁਹਾਡਾ ਵੈਰੀ ਬਣ ਗਿਆ ?
17ਉਹ ਤੁਹਾਨੂੰ ਮਿੱਤਰ ਤਾਂ ਬਣਾਉਣਾ ਚਾਹੁੰਦੇ ਹਨ ਪਰ ਚੰਗੀ ਸੋਚ ਨਾਲ ਨਹੀਂ ਸਗੋਂ ਉਹ ਤੁਹਾਨੂੰ ਅਲੱਗ ਕਰਨਾ ਚਾਹੁੰਦੇ ਹਨ ਕਿ ਤੁਸੀਂ ਉਹਨਾਂ ਨੂੰ ਹੀ ਆਪਣੇ ਮਿੱਤਰ ਬਣਾ ਲਵੋਂ ।18ਪਰ ਇਹ ਵੀ ਚੰਗਾ ਹੈ ਜੋ ਭਲੀ ਗੱਲ ਵਿੱਚ ਹਰ ਸਮੇਂ ਮਿੱਤਰ ਬਣਾਉਣ ਦਾ ਯਤਨ ਕੀਤਾ ਜਾਵੇ ਅਤੇ ਨਾ ਕੇਵਲ ਉਸੇ ਵੇਲੇ ਜਦੋਂ ਮੈਂ ਤੁਹਾਡੇ ਕੋਲ ਹੋਵਾਂ ।
19ਹੇ ਮੇਰੇ ਬੱਚਿਓ, ਜਿੰਨਾਂ ਚਿਰ ਤੁਹਾਡੇ ਵਿੱਚ ਮਸੀਹ ਦੀ ਸੂਰਤ ਨਾ ਬਣ ਜਾਵੇ ਉਦੋਂ ਤੱਕ ਮੈਂ ਤੁਹਾਡੇ ਲਈ ਫਿਰ ਪੀੜਾਂ ਸਹਿੰਦਾ ਰਹਿੰਦਾ ਹਾਂ ।20ਅਤੇ ਮੈਂ ਚਾਹੁੰਦਾ ਤਾਂ ਹਾਂ ਜੋ ਹੁਣ ਤੁਹਾਡੇ ਕੋਲ ਆ ਕੇ ਹੋਰ ਤਰ੍ਹਾਂ ਬੋਲਾਂ ਕਿਉਂ ਜੋ ਤੁਹਾਡੀ ਵੱਲੋਂ ਮੈਂ ਦੁਬਧਾ ਵਿੱਚ ਪਿਆ ਹੋਇਆ ਹਾਂ ।
ਸਾਰਾਹ ਅਤੇ ਹਾਜਰਾ ਦਾ ਉਦਾਹਰਣ

21ਤੁਸੀਂ ਜੋ ਬਿਵਸਥਾ ਦੇ ਅਧੀਨ ਹੋਣਾ ਚਾਹੁੰਦੇ ਹੋ ਮੈਨੂੰ ਦੱਸੋ, ਕੀ, ਤੁਸੀਂ ਬਿਵਸਥਾ ਨੂੰ ਨਹੀਂ ਸੁਣਦੇ ?22ਕਿਉਂ ਜੋ ਇਹ ਲਿਖਿਆ ਹੋਇਆ ਹੈ ਜੋ ਅਬਰਾਹਾਮ ਦੇ ਦੋ ਪੁੱਤਰ ਹੋਏ, ਇੱਕ ਦਾਸੀ ਤੋਂ ਅਤੇ ਦੂਜਾ ਅਜ਼ਾਦ ਇਸਤ੍ਰੀ ਤੋਂ ।23ਪਰ ਜਿਹੜਾ ਦਾਸੀ ਤੋਂ ਹੋਇਆ ਉਹ ਸਰੀਰ ਦੇ ਅਨੁਸਾਰ ਜੰਮਿਆ ਪਰੰਤੂ ਜਿਹੜਾ ਅਜ਼ਾਦ ਇਸਤ੍ਰੀ ਤੋਂ ਹੋਇਆ ਉਹ ਵਾਇਦੇ ਦੇ ਕਾਰਨ ਜੰਮਿਆ ।
24ਇਹ ਦ੍ਰਿਸ਼ਟਾਂਤ ਦੀਆਂ ਗੱਲਾਂ ਹਨ । ਅਰਥਾਤ ਇਹ ਦੋ ਤੀਵੀਆਂ ਦੋ ਨੇਮ ਹਨ, ਇੱਕ ਤਾਂ ਸੀਨਾ ਪਹਾੜ ਦੀ ਜੋ ਗੁਲਾਮੀ ਲਈ ਜਣਦੀ ਹੈ । ਇਹ ਹਾਜਰਾ ਹੈ ।25ਅਤੇ ਇਹ ਹਾਜਰਾ ਅਰਬ ਵਿੱਚ ਸੀਨਾ ਪਹਾੜ ਹੈ ਅਤੇ ਹੁਣ ਦਾ ਯਰੂਸ਼ਲਮ ਉਹ ਦੇ ਤੁੱਲ ਹੈ ਕਿਉਂ ਜੋ ਇਹ ਆਪਣੇ ਬੱਚਿਆਂ ਦੇ ਨਾਲ ਗੁਲਾਮੀ ਵਿੱਚ ਪਈ ਹੈ ।
26ਪਰ ਯਰੂਸ਼ਲਮ ਜੋ ਉਤਾਹਾਂ ਹੈ ਉਹ ਅਜ਼ਾਦ ਹੈ, ਉਹ ਸਾਡੀ ਮਾਤਾ ਹੈ ।27ਕਿਉਂ ਜੋ ਲਿਖਿਆ ਹੋਇਆ ਹੈ, ਹੇ ਬਾਂਝ, ਜੈਕਾਰਾ ਗਜਾ, ਤੂੰ ਜੋ ਨਹੀਂ ਜਣੀ ਖੁੱਲ੍ਹ ਕੇ ਗਾ ਅਤੇ ਚਿੱਲਾ, ਤੂੰ ਜਿਸ ਨੂੰ ਪੀੜਾਂ ਨਹੀਂ ਲੱਗੀਆਂ ! ਕਿਉਂ ਜੋ ਤਿਆਗੀ ਹੋਈ ਦੇ ਬੱਚੇ ਸੁਹਾਗਣ ਦੇ ਬੱਚਿਆਂ ਨਾਲੋਂ ਵੀ ਵੱਧ ਹਨ ।
28ਪਰ ਹੇ ਭਰਾਵੋ, ਅਸੀਂ ਇਸਹਾਕ ਵਾਂਗੂੰ ਵਾਇਦੇ ਦੀ ਸੰਤਾਨ ਹਾਂ ।29ਪਰ ਜਿਵੇਂ ਉਸ ਸਮੇਂ ਉਹ ਜਿਹੜਾ ਸਰੀਰ ਦੇ ਅਨੁਸਾਰ ਜੰਮਿਆਂ ਉਹ ਨੂੰ ਸਤਾਉਂਦਾ ਸੀ ਜਿਹੜਾ ਆਤਮਾ ਦੇ ਅਨੁਸਾਰ ਜੰਮਿਆਂ ਸੀ, ਤਿਵੇਂ ਹੁਣ ਵੀ ਹੁੰਦਾ ਹੈ ।
30ਪਰ ਪਵਿੱਤਰ ਗ੍ਰੰਥ ਕੀ ਆਖਦਾ ਹੈ ? ਦਾਸੀ ਅਤੇ ਉਸ ਦੇ ਪੁੱਤਰ ਨੂੰ ਕੱਢ ਦੇ ਕਿਉਂ ਜੋ ਗੋਲੀ ਦਾ ਪੁੱਤਰ ਅਜ਼ਾਦ ਇਸਤ੍ਰੀ ਦੇ ਪੁੱਤਰ ਨਾਲ ਵਾਰਸ ਨਹੀਂ ਹੋਵੇਗਾ ।31ਇਸ ਲਈ, ਹੇ ਭਰਾਵੋ, ਅਸੀਂ ਦਾਸੀ ਦੀ ਨਹੀਂ ਸਗੋਂ ਅਜ਼ਾਦ ਦੀ ਸੰਤਾਨ ਹਾਂ ।

5
ਮਸੀਹ ਦੇ ਵਿੱਚ ਆਜ਼ਾਦੀ

1ਅਜ਼ਾਦੀ ਲਈ ਮਸੀਹ ਨੇ ਸਾਨੂੰ ਅਜ਼ਾਦ ਕੀਤਾ, ਇਸ ਲਈ ਦ੍ਰਿੜ੍ਹ ਰਹੋ ਅਤੇ ਗੁਲਾਮੀ ਦੇ ਜੂਲੇ ਹੇਠਾਂ ਮੁੜ ਕੇ ਨਾ ਜਾਵੋ ।2ਵੇਖੋ, ਮੈਂ ਪੌਲੁਸ ਤੁਹਾਨੂੰ ਆਖਦਾ ਹਾਂ ਕਿ ਜੇ ਤੁਸੀਂ ਸੁੰਨਤ ਕਰਾਵੋ ਤਾਂ ਮਸੀਹ ਕੋਲੋਂ ਤੁਹਾਨੂੰ ਕੁੱਝ ਲਾਭ ਨਾ ਹੋਵੇਗਾ ।

3ਸਗੋਂ ਮੈਂ ਹਰੇਕ ਮਨੁੱਖ ਉੱਤੇ ਜਿਹੜਾ ਸੁੰਨਤ ਕਰਾਉਂਦਾ ਹੈ ਫਿਰ ਗਵਾਹੀ ਭਰਦਾ ਹਾਂ ਜੋ ਉਹ ਨੂੰ ਸਾਰੀ ਬਿਵਸਥਾ ਮੰਨਣੀ ਪਵੇਗੀ ।4ਤੁਸੀਂ ਜੋ ਬਿਵਸਥਾ ਨਾਲ ਧਰਮੀ ਬਣਨਾ ਚਾਹੁੰਦੇ ਹੋ, ਸੋ ਮਸੀਹ ਤੋਂ ਅਲੱਗ ਹੋ ਗਏ ਅਤੇ ਕਿਰਪਾ ਤੋਂ ਡਿੱਗ ਗਏ ਹੋ ।
5ਅਸੀਂ ਤਾਂ ਆਤਮਾ ਦੇ ਕਾਰਨ ਵਿਸ਼ਵਾਸ ਨਾਲ ਆਸ ਕੀਤੀ ਹੋਈ ਧਾਰਮਿਕਤਾ ਦੀ ਉਡੀਕ ਕਰਦੇ ਹਾਂ ।6ਕਿਉਂ ਜੋ ਮਸੀਹ ਯਿਸੂ ਵਿੱਚ ਨਾ ਤਾਂ ਸੁੰਨਤ, ਨਾ ਹੀ ਅਸੁੰਨਤ ਕੁੱਝ ਕੰਮ ਦੀ ਹੈ; ਪਰ ਸਗੋਂ ਵਿਸ਼ਵਾਸ ਜੋ ਪਿਆਰ ਦੇ ਰਾਹੀਂ ਪ੍ਰਭਾਵੀ ਹੁੰਦਾ ਹੈ ।7ਤੁਸੀਂ ਤਾਂ ਚੰਗੀ ਤਰ੍ਹਾਂ ਦੌੜਦੇ ਸੀ ! ਕਿਸ ਨੇ ਤੁਹਾਨੂੰ ਰੋਕ ਦਿੱਤਾ ਕਿ ਤੁਸੀਂ ਸਚਿਆਈ ਨੂੰ ਨਾ ਮੰਨੋ ?8ਇਸ ਤਰ੍ਹਾਂ ਦੀ ਸਿੱਖਿਆ ਤੁਹਾਡੇ ਸੱਦਣ ਵਾਲੇ ਦੀ ਵੱਲੋਂ ਨਹੀਂ ।
9ਥੋੜ੍ਹਾ ਜਿਹਾ ਖ਼ਮੀਰ ਸਾਰੇ ਗੁੰਨੇ ਹੋਏ ਆਟੇ ਨੂੰ ਖ਼ਮੀਰਾ ਕਰ ਦਿੰਦਾ ਹੈ ।10ਮੈਨੂੰ ਪ੍ਰਭੂ ਵਿੱਚ ਤੁਹਾਡੀ ਵੱਲੋਂ ਭਰੋਸਾ ਹੈ ਜੋ ਤੁਸੀਂ ਕੋਈ ਹੋਰ ਵਿਚਾਰ ਨਾ ਕਰੋਗੇ, ਪਰ ਜਿਹੜਾ ਤੁਹਾਨੂੰ ਡਰਾਉਂਦਾ ਹੈ ਉਹ ਭਾਵੇਂ ਕੋਈ ਵੀ ਹੋਵੇ ਆਪਣੀ ਸਜ਼ਾ ਭੋਗੇਗਾ !
11ਪਰ ਹੇ ਭਰਾਵੋ, ਜੇ ਮੈਂ ਹੁਣ ਤੱਕ ਸੁੰਨਤ ਦਾ ਪ੍ਰਚਾਰ ਕਰਦਾ ਹਾਂ ਤਾਂ ਹੁਣ ਤੱਕ ਸਤਾਇਆ ਕਿਉਂ ਜਾਂਦਾ ਹਾਂ ? ਤਦ ਸਲੀਬ ਦੀ ਠੋਕਰ ਤਾਂ ਜਾਂਦੀ ਰਹੀ ।12ਕੀ ਹੁੰਦਾ ਕਿ ਉਹ ਜਿਹੜੇ ਤੁਹਾਨੂੰ ਡਰਾਉਂਦੇ ਹਨ, ਆਪਣਾ ਅੰਗ ਹੀ ਵੱਢ ਲੈਂਦੇ ! ।
13ਹੇ ਭਰਾਵੋ, ਤੁਸੀਂ ਤਾਂ ਅਜ਼ਾਦੀ ਲਈ ਸੱਦੇ ਗਏ ਹੋ ਪਰ ਆਪਣੀ ਅਜ਼ਾਦੀ ਨੂੰ ਸਰੀਰ ਲਈ ਮੌਕਾ ਜਾਣ ਕੇ ਨਾ ਵਰਤੋ ਸਗੋਂ ਪਿਆਰ ਦੇ ਰਾਹੀਂ ਇੱਕ ਦੂਜੇ ਦੀ ਸੇਵਾ ਕਰੋ ।14ਕਿਉਂ ਜੋ ਸਾਰੀ ਬਿਵਸਥਾ ਇੱਕੋ ਗੱਲ ਵਿੱਚ ਸਮਾਪਤ ਹੁੰਦੀ ਹੈ ਅਰਥਾਤ ਇਸ ਵਿੱਚ ਕਿ ਆਪਣੇ ਗੁਆਂਢੀ ਨਾਲ ਆਪਣੇ ਜਿਹਾ ਪਿਆਰ ਕਰ ।15ਪਰ ਜੇ ਤੁਸੀਂ ਇੱਕ ਦੂਜੇ ਨੂੰ ਦੰਦਾਂ ਨਾਲ ਪਾੜ ਖਾਓ ਤਾਂ ਚੌਕਸ ਰਹੋ ਕੀ ਕਿਤੇ ਤੁਸੀਂ ਇੱਕ ਦੂਜੇ ਦਾ ਨਾਸ ਨਾ ਕਰ ਦੇਵੋਂ ! ।
ਪਵਿੱਤਰ ਆਤਮਾ ਦੇ ਦੁਆਰਾ ਜੀਵਨ

16ਪਰ ਮੈਂ ਆਖਦਾ ਹਾਂ, ਤੁਸੀਂ ਆਤਮਾ ਦੇ ਦੁਆਰਾ ਚੱਲੋ ਤਾਂ ਸਰੀਰ ਦੀ ਲਾਲਸਾ ਨੂੰ ਕਦੇ ਪੂਰਾ ਨਾ ਕਰੋਗੇ ।17ਕਿਉਂ ਜੋ ਸਰੀਰ ਆਤਮਾ ਦੇ ਵਿਰੁੱਧ, ਅਤੇ ਆਤਮਾ ਸਰੀਰ ਦੇ ਵਿਰੁੱਧ ਹੈ ਕਿਉਂ ਜੋ ਇਹ ਇੱਕ ਦੂਜੇ ਦੇ ਵਿਰੁੱਧ ਹਨ ਤਾਂ ਜੋ ਤੁਸੀਂ ਜੋ ਚਾਹੁੰਦੇ ਹੋ ਨਾ ਕਰ ਸਕੋ ।18ਪਰ ਜੇ ਤੁਸੀਂ ਆਤਮਾ ਦੀ ਅਗਵਾਈ ਨਾਲ ਚੱਲਦੇ ਹੋ ਤਾਂ ਬਿਵਸਥਾ ਦੇ ਅਧੀਨ ਨਹੀਂ ਹੋ ।
19ਹੁਣ ਸਰੀਰ ਦੇ ਕੰਮ ਤਾਂ ਪਰਗਟ ਹਨ । ਉਹ ਇਹ ਹਨ - ਹਰਾਮਕਾਰੀ, ਗੰਦ-ਮੰਦ, ਲੁੱਚਪੁਣਾ,20ਮੂਰਤੀ ਪੂਜਾ, ਜਾਦੂਗਰੀ, ਵੈਰ, ਝਗੜੇ, ਈਰਖਾ, ਕ੍ਰੋਧ, ਵਿਰੋਧ, ਫੁੱਟਾਂ, ਬਿਦਤਾਂ,21ਖਾਰ, ਨਸ਼ੇ, ਬਦਮਸਤੀਆਂ, ਅਤੇ ਹੋਰ ਇਹੋ ਜਿਹੇ ਕੰਮ । ਇਹਨਾਂ ਗੱਲਾਂ ਦੇ ਵਿਖੇ ਮੈਂ ਤੁਹਾਨੂੰ ਸਾਫ਼ ਆਖਦਾ ਹਾਂ ਜਿਵੇਂ ਮੈਂ ਪਹਿਲਾਂ ਵੀ ਆਖਿਆ ਸੀ ਕਿ ਜਿਹੜੇ ਇਹੋ ਜਿਹੇ ਕੰਮ ਕਰਦੇ ਹਨ ਉਹ ਪਰਮੇਸ਼ੁਰ ਦੇ ਰਾਜ ਦੇ ਵਾਰਸ ਨਹੀਂ ਹੋਣਗੇ ।
22ਪਰ ਆਤਮਾ ਦਾ ਫਲ ਇਹ ਹੈ - ਪਿਆਰ , ਅਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਿਆਈ, ਵਫ਼ਾਦਾਰੀ,23ਨਰਮਾਈ, ਸੰਜਮ । ਇਹੋ ਜਿਹੀਆਂ ਗੱਲਾਂ ਦੇ ਵਿਰੁੱਧ ਕੋਈ ਬਿਵਸਥਾ ਨਹੀਂ ਹੈ ।24ਅਤੇ ਜਿਹੜੇ ਮਸੀਹ ਯਿਸੂ ਦੇ ਹਨ ਉਨ੍ਹਾਂ ਨੇ ਸਰੀਰ ਨੂੰ ਉਹ ਦੀਆਂ ਕਾਮਨਾਵਾਂ ਅਤੇ ਲਾਲਸਾ ਸਣੇ ਸਲੀਬ ਉੱਤੇ ਚੜ੍ਹਾ ਦਿੱਤਾ ।
25ਜੇ ਅਸੀਂ ਆਤਮਾ ਦੁਆਰਾ ਜਿਉਂਦੇ ਹਾਂ ਤਾਂ ਆਤਮਾ ਦੁਆਰਾ ਚੱਲੀਏ ਵੀ ।26ਅਸੀਂ ਘਮੰਡੀ ਹੋ ਕੇ ਨਾ ਇੱਕ ਦੂਜੇ ਨੂੰ ਖਿਝਾਈਏ ਅਤੇ ਨਾ ਇੱਕ ਦੂਜੇ ਨਾਲ ਖਾਰ ਰੱਖੀਏ ।

6
ਇੱਕ ਦੂਸਰੇ ਦੀ ਸਹਾਇਤਾ ਕਰੋ

1ਹੇ ਭਰਾਵੋ, ਜੇ ਕੋਈ ਮਨੁੱਖ ਕਿਸੇ ਅਪਰਾਧ ਵਿੱਚ ਫੜਿਆ ਵੀ ਜਾਵੇ ਤਾਂ ਤੁਸੀਂ ਜਿਹੜੇ ਆਤਮਕ ਹੋ ਅਜਿਹੇ ਮਨੁੱਖ ਨੂੰ ਨਰਮਾਈ ਦੇ ਸੁਭਾਓ ਨਾਲ ਸੁਧਾਰੋ ਅਤੇ ਤੁਸੀਂ ਆਪਣੀ ਵੀ ਚੌਕਸੀ ਰੱਖੋ ਕਿਤੇ ਤੁਸੀਂ ਵੀ ਪਰਤਾਵੇ ਵਿੱਚ ਨਾ ਪੈ ਜਾਵੋ ।2ਤੁਸੀਂ ਇੱਕ ਦੂਜੇ ਦੇ ਭਾਰ ਚੁੱਕ ਲਵੋ ਅਤੇ ਇਉਂ ਮਸੀਹ ਦੀ ਬਿਵਸਥਾ ਨੂੰ ਪੂਰਾ ਕਰੋ ।

3ਕਿਉਂਕਿ ਜੇ ਕੋਈ ਆਪਣੇ ਆਪ ਨੂੰ ਕੁੱਝ ਸਮਝੇ ਅਤੇ ਹੋਵੇ ਕੁੱਝ ਵੀ ਨਾ ਤਾਂ ਉਹ ਆਪਣੇ ਆਪ ਨੂੰ ਧੋਖਾ ਦਿੰਦਾ ਹੈ ।4ਪਰ ਹਰੇਕ ਆਪਣੇ ਹੀ ਕੰਮ ਨੂੰ ਪਰਖੇ ਤਦ ਉਹ ਨੂੰ ਕੇਵਲ ਆਪਣੀ ਹੀ ਵੱਲੋਂ, ਨਹੀਂ ਸਗੋਂ ਦੂਸਰੇ ਦੀ ਵੱਲੋਂ ਵੀ ਆਦਰ ਪ੍ਰਾਪਤ ਹੋਵੇਗਾ ।5ਕਿਉਂ ਜੋ ਹਰੇਕ ਨੂੰ ਆਪਣਾ ਹੀ ਭਾਰ ਚੁੱਕਣਾ ਪਵੇਗਾ ।
6ਪਰ ਜਿਹੜਾ ਬਚਨ ਦੀ ਸਿੱਖਿਆ ਲੈਂਦਾ ਹੈ ਉਹ ਸਿਖਾਉਣ ਵਾਲੇ ਨੂੰ ਸਾਰਿਆਂ ਪਦਾਰਥਾਂ ਵਿੱਚ ਸਾਂਝੀ ਕਰੇ ।7ਤੁਸੀਂ ਧੋਖਾ ਨਾ ਖਾਓ, ਪਰਮੇਸ਼ੁਰ ਠੱਠਿਆਂ ਵਿੱਚ ਨਹੀਂ ਉਡਾਇਆ ਜਾਂਦਾ ਕਿਉਂਕਿ ਮਨੁੱਖ ਜੋ ਕੁੱਝ ਬੀਜਦਾ ਹੈ ਉਹ ਹੀ ਵੱਢੇਗਾ ।8ਜਿਹੜਾ ਆਪਣੇ ਸਰੀਰ ਲਈ ਬੀਜਦਾ ਹੈ ਉਹ ਸਰੀਰ ਦੇ ਰਾਹੀਂ ਬਿਨਾਸ ਦੀ ਵਾਢੀ ਵੱਢੇਗਾ, ਅਤੇ ਜਿਹੜਾ ਆਤਮਾ ਲਈ ਬੀਜਦਾ ਹੈ ਉਹ ਆਤਮਾ ਤੋਂ ਸਦੀਪਕ ਜੀਵਨ ਦੀ ਵਾਢੀ ਵੱਢੇਗਾ ।
9ਅਤੇ ਭਲਿਆਈ ਕਰਦਿਆਂ ਅਸੀਂ ਹੌਂਸਲਾ ਨਾ ਹਾਰੀਏ ਕਿਉਂਕਿ ਜੇ ਅਸੀਂ ਢਿੱਲੇ ਨਾ ਪਈਏ ਤਾਂ ਵੇਲੇ ਸਿਰ ਵਾਢੀ ਵੱਢਾਂਗੇ ।10ਉਪਰੰਤ ਜਿਵੇਂ ਸਾਨੂੰ ਮੌਕਾ ਮਿਲੇ ਅਸੀਂ ਸਭਨਾਂ ਨਾਲ ਭਲਾ ਕਰੀਏ ਪਰ ਖ਼ਾਸ ਕਰਕੇ ਵਿਸ਼ਵਾਸੀਆਂ ਦੇ ਨਾਲ ।
ਆਖਰੀ ਚਿਤਾਵਨੀ ਅਤੇ ਨਮਸਕਾਰ

11ਵੇਖੋ, ਮੈਂ ਆਪਣੇ ਹੱਥੀਂ ਕਿੱਡੇ ਮੋਟੇ ਅੱਖਰਾਂ ਨਾਲ ਤੁਹਾਨੂੰ ਲਿਖਿਆ ਹੈ ।12ਜਿੰਨੇ ਲੋਕ ਸਰੀਰ ਵਿੱਚ ਵੱਡਾ ਵਿਖਾਵਾ ਵਿਖਾਉਣਾ ਚਾਹੁੰਦੇ ਹਨ ਉਹ ਜ਼ਬਰਦਸਤੀ ਤੁਹਾਡੀ ਸੁੰਨਤ ਕਰਾਉਂਦੇ ਹਨ ਸਿਰਫ਼ ਇਸ ਕਰਕੇ ਜੋ ਉਹ ਮਸੀਹ ਦੀ ਸਲੀਬ ਦੇ ਕਾਰਨ ਸਤਾਏ ਨਾ ਜਾਣ ।13ਕਿਉਂਕਿ ਜਿਹੜੇ ਸੁੰਨਤੀ ਹਨ ਉਹ ਆਪ ਵੀ ਬਿਵਸਥਾ ਦੀ ਪਾਲਨਾ ਨਹੀਂ ਕਰਦੇ ਪਰ ਉਹ ਤੁਹਾਡੀ ਸੁੰਨਤ ਕਰਾਉਣਾ ਚਾਹੁੰਦੇ ਹਨ ਭਈ ਤੁਹਾਡੇ ਹੀ ਸਰੀਰ ਉੱਤੇ ਘਮੰਡ ਕਰਨ ।
14ਪਰ ਮੇਰੇ ਤੋਂ ਇਹ ਨਾ ਹੋਵੇ ਜੋ ਮੈਂ ਕਿਸੇ ਹੋਰ ਗੱਲ ਉੱਤੇ ਘਮੰਡ ਕਰਾਂ ਬਿਨ੍ਹਾਂ ਸਾਡੇ ਪ੍ਰਭੂ ਯਿਸੂ ਮਸੀਹ ਦੀ ਸਲੀਬ ਦੇ ਜਿਹ ਦੇ ਰਾਹੀਂ ਸੰਸਾਰ ਮੇਰੀ ਵੱਲੋਂ ਅਤੇ ਮੈਂ ਸੰਸਾਰ ਦੀ ਵੱਲੋਂ ਸਲੀਬ ਉੱਤੇ ਚਾੜ੍ਹਿਆ ਗਿਆ ।15ਕਿਉਂ ਜੋ ਨਾ ਤਾਂ ਸੁੰਨਤ, ਨਾ ਹੀ ਅਸੁੰਨਤ ਕੁੱਝ ਹੈ, ਸਗੋਂ ਨਵੀਂ ਸਰਿਸ਼ਟ ।16ਅਤੇ ਜਿੰਨੇ ਇਸ ਨਿਯਮ ਉੱਤੇ ਚੱਲਣਗੇ ਉਨ੍ਹਾਂ ਨੂੰ ਸ਼ਾਂਤੀ ਅਤੇ ਕਿਰਪਾ ਪ੍ਰਾਪਤ ਹੋਵੇ ਨਾਲੇ ਪਰਮੇਸ਼ੁਰ ਦੇ ਇਸਰਾਏਲ ਨੂੰ ।
17ਅਗਾਹਾਂ ਨੂੰ ਕੋਈ ਮੈਨੂੰ ਦੁੱਖ ਨਾ ਦੇਵੇ ਕਿਉਂ ਜੋ ਮੈਂ ਆਪਣੀ ਦੇਹ ਉੱਤੇ ਯਿਸੂ ਦੇ ਦਾਗਾਂ ਨੂੰ ਲਈ ਫਿਰਦਾ ਹਾਂ ।18ਹੇ ਭਰਾਵੋ, ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਆਤਮਾ ਦੇ ਨਾਲ ਰਹੇ । ਆਮੀਨ ।

ਅਫ਼ਸੀਆਂ ਨੂੰ

1

1ਪੌਲੁਸ, ਜੋ ਪਰਮੇਸ਼ੁਰ ਦੀ ਮਰਜ਼ੀ ਤੋਂ ਮਸੀਹ ਯਿਸੂ ਦਾ ਰਸੂਲ ਹਾਂ ! ਅੱਗੇ ਯੋਗ ਉਨ੍ਹਾਂ ਸੰਤਾਂ ਨੂੰ ਜਿਹੜੇ ਅਫ਼ਸੁਸ ਵਿੱਚ ਵੱਸਦੇ ਹਨ ਅਤੇ ਮਸੀਹ ਯਿਸੂ ਵਿੱਚ ਵਿਸ਼ਵਾਸਯੋਗ ਹਨ,2ਸਾਡੇ ਪਿਤਾ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਅਤੇ ਸ਼ਾਂਤੀ ਤੁਹਾਨੂੰ ਮਿਲਦੀ ਰਹੇ l

ਮਸੀਹ ਵਿੱਚ ਆਤਮਿਕ ਬਰਕਤਾਂ

3ਧੰਨ ਹੋਵੇ ਸਾਡੇ ਪ੍ਰਭੂ ਯਿਸੂ ਮਸੀਹ ਦਾ ਪਰਮੇਸ਼ੁਰ ਅਤੇ ਪਿਤਾ ਜਿਸ ਨੇ ਮਸੀਹ ਵਿੱਚ ਸਵਰਗੀ ਥਾਵਾਂ ਵਿੱਚ ਸਭ ਪਰਕਾਰ ਦੀਆਂ ਆਤਮਿਕ ਬਰਕਤਾਂ ਨਾਲ ਸਾਨੂੰ ਬਰਕਤ ਦਿੱਤੀ !4ਜਿਵੇਂ ਉਸ ਨੇ ਸਾਨੂੰ ਜਗਤ ਦੀ ਨੀਂਹ ਰੱਖਣ ਤੋਂ ਪਹਿਲਾਂ ਹੀ ਉਸ ਵਿੱਚ ਚੁਣ ਲਿਆ ਕਿ ਅਸੀਂ ਉਹ ਦੇ ਸਨਮੁਖ ਪਿਆਰ ਵਿੱਚ ਪਵਿੱਤਰ ਅਤੇ ਨਿਰਮਲ ਹੋਈਏ !
5ਉਹ ਨੇ ਜੋ ਆਪਣੀ ਮਰਜ਼ੀ ਦੇ ਨੇਕ ਇਰਾਦੇ ਦੇ ਅਨੁਸਾਰ ਯਿਸੂ ਮਸੀਹ ਦੇ ਰਾਹੀਂ ਆਪਣੇ ਲਈ ਸਾਨੂੰ ਲੇਪਾਲਕ ਪੁੱਤਰ ਹੋਣ ਨੂੰ ਅੱਗੋਂ ਹੀ ਠਹਿਰਾਇਆ !6ਕਿ ਉਹ ਦੀ ਕਿਰਪਾ ਦੀ ਮਹਿਮਾ ਦੀ ਵਡਿਆਈ ਹੋਵੇ ਜਿਹੜੀ ਉਹ ਨੇ ਉਸ ਪਿਆਰੇ ਪੁੱਤਰ ਵਿੱਚ ਸਾਨੂੰ ਬਖਸ਼ ਦਿੱਤੀ !
7ਜਿਸ ਦੇ ਵਿੱਚ ਉਸ ਦੇ ਲਹੂ ਦੇ ਦੁਆਰਾ, ਸਾਨੂੰ ਛੁਟਕਾਰਾ ਅਤੇ ਅਪਰਾਧਾਂ ਦੀ ਮਾਫ਼ੀ ਉਹ ਦੀ ਕਿਰਪਾ ਦੇ ਧਨ ਅਨੁਸਾਰ ਮਿਲਦੀ ਹੈ,8ਜਿਸ ਕਿਰਪਾ ਨੂੰ ਉਹ ਨੇ ਸਾਰੇ ਗਿਆਨ ਅਤੇ ਬੁੱਧ ਨਾਲ ਸਾਨੂੰ ਵਧੇਰੇ ਦਿੱਤਾ !
9ਕਿਉਂ ਜੋ ਉਹ ਨੇ ਆਪਣੀ ਇੱਛਾ ਦੇ ਭੇਤ ਨੂੰ ਸਾਡੇ ਉੱਤੇ ਪਰਗਟ ਕੀਤਾ, ਆਪਣੇ ਉਸ ਨੇਕ ਇਰਾਦੇ ਦੇ ਅਨੁਸਾਰ ਜਿਹੜਾ ਉਹ ਨੇ ਮਸੀਹ ਵਿੱਚ ਧਾਰਿਆ ਸੀ !10ਕਿ ਸਮਿਆਂ ਦੀ ਪੂਰਨਤਾ ਵਿੱਚ, ਉਹ ਸਭਨਾਂ ਨੂੰ ਜੋ ਸਵਰਗ ਵਿੱਚ ਅਤੇ ਜੋ ਧਰਤੀ ਉੱਤੇ ਹਨ ਮਸੀਹ ਵਿੱਚ ਇਕੱਠਾ ਕਰੇ !
11ਹਾਂ, ਉਸੇ ਵਿੱਚ ਅਸੀਂ ਵੀ ਉਹ ਦੀ ਧਾਰਨਾ ਦੇ ਅਨੁਸਾਰ ਜਿਹੜਾ ਆਪਣੀ ਮਰਜ਼ੀ ਦੇ ਮਤੇ ਅਨੁਸਾਰ ਸੱਭੋ ਕੁੱਝ ਕਰਦਾ ਹੈ ਅੱਗੋਂ ਹੀ ਠਹਿਰਾਏ ਜਾ ਕੇ ਵਾਰਿਸ ਬਣ ਗਏ !12ਕਿ ਅਸੀਂ ਜਿਹਨਾਂ ਪਹਿਲਾਂ ਮਸੀਹ ਉੱਤੇ ਆਸ ਰੱਖੀ ਸੀ ਉਹ ਦੀ ਮਹਿਮਾ ਦੀ ਵਡਿਆਈ ਦਾ ਕਾਰਨ ਹੋਈਏ !
13ਉਸ ਵਿੱਚ ਜਿਸ ਵੇਲੇ ਤੁਸੀਂ ਸਚਿਆਈ ਦਾ ਬਚਨ ਅਰਥਾਤ ਆਪਣੀ ਮੁਕਤੀ ਦੀ ਖੁਸ਼ਖਬਰੀ ਸੁਣੀ ਅਤੇ ਉਸ ਵਿੱਚ ਵਿਸ਼ਵਾਸ ਵੀ ਕੀਤੀ ਤਾਂ ਵਾਇਦੇ ਦੇ ਪਵਿੱਤਰ ਆਤਮਾ ਦੀ ਤੁਹਾਡੇ ਉੱਤੇ ਵੀ ਮੋਹਰ ਲੱਗੀ !14ਇਹ ਪਰਮੇਸ਼ੁਰ ਦੇ ਆਪਣੇ ਲੋਕਾਂ ਦੇ ਛੁਟਕਾਰੇ ਦੇ ਲਈ ਸਾਡੀ ਵਿਰਾਸਤ ਦੀ ਸਾਈ ਹੈ ਕਿ ਉਹ ਦੀ ਮਹਿਮਾ ਦੀ ਵਡਿਆਈ ਹੋਵੇ l
ਪੌਲੁਸ ਦੀ ਪ੍ਰਾਰਥਨਾ

15ਇਸ ਕਾਰਨ ਮੈਂ ਵੀ ਤੁਹਾਡੇ ਵਿਸ਼ਵਾਸ ਨੂੰ ਜੋ ਪ੍ਰਭੂ ਯਿਸੂ ਦੇ ਉੱਤੇ ਹੈ ਅਤੇ ਉਸ ਪਿਆਰ ਬਾਰੇ ਜੋ ਸਭਨਾਂ ਸੰਤਾਂ ਦੇ ਲਈ ਹੈ ਸੁਣਿਆ !16ਮੈਂ ਲਗਾਤਾਰ ਤੁਹਾਡੇ ਲਈ ਧੰਨਵਾਦ ਕਰਨ ਤੋਂ ਅਤੇ ਪ੍ਰਾਰਥਨਾ ਵਿੱਚ ਯਾਦ ਕਰਦਿਆਂ ਨਹੀਂ ਹਟਦਾ !
17ਭਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਪਰਮੇਸ਼ੁਰ, ਜਿਹੜਾ ਮਹਿਮਾ ਦਾ ਪਿਤਾ ਹੈ ਆਪਣੀ ਪੂਰੀ ਪਛਾਣ ਵਿੱਚ ਗਿਆਨ ਦਾ ਆਤਮਾ ਅਤੇ ਪਰਕਾਸ਼ ਤੁਹਾਨੂੰ ਦੇਵੇ !18ਕਿ ਤੁਹਾਡੇ ਮਨ ਦੀਆਂ ਅੱਖਾਂ ਨੂੰ ਚਾਨਣ ਹੋਵੇ ਤਾਂ ਜੋ ਤੁਸੀਂ ਜਾਣ ਲਵੋ ਕਿ ਉਹ ਦੇ ਬੁਲਾਏ ਜਾਣ ਤੋਂ ਕੀ ਆਸ ਹੁੰਦੀ ਹੈ ਅਤੇ ਸੰਤਾਂ ਵਿੱਚ ਉਹ ਦੀ ਮਹਿਮਾ ਦੀ ਵਿਰਾਸਤ ਦਾ ਵਡਮੁੱਲਾ ਖਜ਼ਾਨਾ ਕੀ ਹੈ !
19ਉਸ ਦੀ ਸਮਰੱਥਾ, ਸਾਡੇ ਵਿਸ਼ਵਾਸ ਕਰਨ ਵਾਲਿਆਂ ਦੇ ਲਈ ਬਹੁਤ ਮਹਾਨ ਹੈ ! ਇਹ ਸਭ ਉਸ ਦੀ ਵੱਡੀ ਸ਼ਕਤੀ ਦੇ ਕਾਰਜ ਅਨੁਸਾਰ ਹੈ20ਜਿਹੜਾ ਉਹ ਨੇ ਮਸੀਹ ਵਿੱਚ ਕੀਤਾ ਜਦ ਉਸ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ ਅਤੇ ਸਵਰਗੀ ਥਾਵਾਂ ਵਿੱਚ ਆਪਣੇ ਸੱਜੇ ਹੱਥ ਬਿਠਾਇਆ !21ਉਹ ਹਰੇਕ ਹਕੂਮਤ, ਅਧਿਕਾਰ, ਸਮਰੱਥਾ, ਰਿਆਸਤ, ਅਤੇ ਹਰੇਕ ਨਾਮ ਦੇ ਉਤਾਹਾਂ ਹੈ ਜੋ ਨਾ ਕੇਵਲ ਇਸ ਜੁੱਗ ਵਿੱਚ ਸਗੋਂ ਆਉਣ ਵਾਲੇ ਜੁੱਗ ਵਿੱਚ ਵੀ ਲੈਂਦੇ ਹਾਂ !
22ਅਤੇ ਸੱਭੋ ਕੁੱਝ ਉਸ ਦੇ ਪੈਰਾਂ ਹੇਠ ਕਰ ਦਿੱਤਾ ਅਤੇ ਸਭਨਾਂ ਵਸਤਾਂ ਉੱਤੇ ਸਿਰ ਠਹਿਰਾ ਕੇ ਉਸ ਨੂੰ ਕਲੀਸਿਯਾ ਲਈ ਦੇ ਦਿੱਤਾ !23ਇਹ ਉਸ ਦੀ ਦੇਹ ਹੈ, ਅਰਥਾਤ ਉਸ ਦੀ ਭਰਪੂਰੀ ਜਿਹੜਾ ਸਭਨਾਂ ਵਿੱਚ ਸੱਭੋ ਕੁੱਝ ਪੂਰਾ ਕਰਦਾ ਹੈ !

2
ਮੌਤ ਤੋਂ ਜੀਵਨ ਦੇ ਵੱਲ

1ਉਹ ਨੇ ਤੁਹਾਨੂੰ ਵੀ ਜਿਉਂਦਾ ਕੀਤਾ, ਜਿਹੜੇ ਆਪਣੇ ਪਾਪਾਂ ਅਤੇ ਅਪਰਾਧਾਂ ਦੇ ਕਾਰਨ ਮਰੇ ਹੋਏ ਸਨ !2ਜਿਨ੍ਹਾਂ ਦੇ ਵਿੱਚ ਤੁਸੀਂ ਇਸ ਸੰਸਾਰ ਦੀ ਰੀਤੀ ਅਨੁਸਾਰ ਹਵਾਈ ਇਖ਼ਤਿਆਰ ਦੇ ਸਰਦਾਰ ਦੇ ਅਰਥਾਤ ਉਸ ਆਤਮਾ ਦੇ ਅਨੁਸਾਰ ਅੱਗੇ ਚਲਦੇ ਸੀ, ਜਿਹੜੀ ਹੁਣ ਅਣ-ਆਗਿਆਕਾਰੀ ਦੇ ਪੁੱਤਰਾਂ ਵਿੱਚ ਕੰਮ ਕਰਦੀ ਹੈ !3ਉਹਨਾਂ ਵਿੱਚ ਅਸੀਂ ਸਾਰੇ ਪਹਿਲਾਂ ਆਪਣੇ ਸਰੀਰ ਦੀ ਕਾਮਨਾ ਵਿੱਚ ਦਿਨ ਗੁਜਾਰਦੇ, ਸਰੀਰਕ ਅਤੇ ਮਨ ਦੀ ਇਛਾਵਾਂ ਨੂੰ ਪੂਰਾ ਕਰਦੇ ਸੀ ਅਤੇ ਦੂਜਿਆਂ ਦੀ ਤਰ੍ਹਾਂ ਸੁਭਾਅ ਤੋਂ ਕ੍ਰੋਧ ਦੀ ਸੰਤਾਨ ਸੀ !

4ਪਰੰਤੂ ਪਰਮੇਸ਼ੁਰ ਨੇ ਜਿਹੜਾ ਦਯਾ ਦਾ ਧਨੀ ਹੈ ਆਪਣੇ ਉਸ ਵੱਡੇ ਪਿਆਰ ਕਰਕੇ ਜਿਸ ਤੋਂ ਉਹ ਨੇ ਸਾਡੇ ਨਾਲ ਪਿਆਰ ਕੀਤਾ !5ਜਦੋਂ ਅਸੀਂ ਅਪਰਾਧਾਂ ਦੇ ਕਾਰਨ ਮੁਰਦੇ ਹੀ ਸੀ ਤਦੋਂ ਸਾਨੂੰ ਮਸੀਹ ਦੇ ਨਾਲ ਜਿਵਾਲਿਆ, ਕਿਰਪਾ ਤੋਂ ਹੀ ਤੁਸੀਂ ਬਚਾਏ ਗਏ ਹੋ !6ਅਤੇ ਪਰਮੇਸ਼ੁਰ ਨੇ ਸਾਨੂੰ ਉਸ ਦੇ ਨਾਲ ਉੱਠਾਇਆ ਅਤੇ ਸਾਨੂੰ ਮਸੀਹ ਯਿਸੂ ਵਿੱਚ ਸਵਰਗੀ ਥਾਵਾਂ ਉੱਤੇ ਉਸ ਦੇ ਨਾਲ ਬਿਠਾਇਆ !7ਕਿ ਉਸ ਦਿਆਲਗੀ ਨਾਲ ਜੋ ਮਸੀਹ ਯਿਸੂ ਵਿੱਚ ਸਾਡੇ ਉੱਤੇ ਹੈ ਉਹ ਆਉਣ ਵਾਲਿਆਂ ਯੁੱਗਾਂ ਵਿੱਚ ਆਪਣੀ ਕਿਰਪਾ ਦਾ ਬੇਹੱਦ ਧਨ ਪਰਗਟ ਕਰੇ !
8ਕਿਉਂ ਜੋ ਤੁਸੀਂ ਕਿਰਪਾ ਤੋਂ ਵਿਸ਼ਵਾਸ ਦੇ ਰਾਹੀਂ ਬਚਾਏ ਗਏ ਅਤੇ ਇਹ ਤੁਹਾਡੀ ਵੱਲੋਂ ਨਹੀਂ, ਇਹ ਪਰਮੇਸ਼ੁਰ ਦੀ ਦਾਤ ਹੈ !9ਇਹ ਕਰਮਾਂ ਤੋਂ ਨਹੀਂ ਅਜਿਹਾ ਨਾ ਹੋਵੇ ਕਿ ਕੋਈ ਘਮੰਡ ਕਰੇ !10ਕਿਉਂ ਜੋ ਅਸੀਂ ਉਸ ਦੀ ਰਚਨਾ ਹਾਂ ਜਿਹੜੇ ਮਸੀਹ ਯਿਸੂ ਵਿੱਚ ਭਲੇ ਕੰਮਾਂ ਲਈ ਰਚੇ ਗਏ ਜੋ ਪਰਮੇਸ਼ੁਰ ਨੇ ਪਹਿਲਾਂ ਹੀ ਤਿਆਰ ਕੀਤੇ ਸਨ ਕਿ ਅਸੀਂ ਉਨ੍ਹਾਂ ਵਿੱਚ ਲੱਗੇ ਰਹੀਏ !
ਮਸੀਹ ਦੇ ਵਿੱਚ ਇੱਕ

11ਇਸ ਲਈ ਚੇਤੇ ਕਰੋ ਕਿ ਅੱਗੇ ਤੁਸੀਂ ਸਰੀਰ ਦੇ ਅਨੁਸਾਰ ਪਰਾਈਆਂ ਕੌਮਾਂ ਦੇ ਲੋਕ ਸੀ ਅਤੇ ਉਨ੍ਹਾਂ ਤੋਂ ਜਿਹਨਾਂ ਦੀ ਸੁੰਨਤ ਸਰੀਰ ਵਿੱਚ ਹੱਥਾਂ ਨਾਲ ਕੀਤੀ ਹੋਈ ਹੈ ਅਸੁੰਨਤੀ ਅਖਵਾਉਂਦੇ ਸੀ !12ਨਾਲੇ ਤੁਸੀਂ ਉਸ ਸਮੇਂ ਮਸੀਹ ਤੋਂ ਵੱਖਰੇ, ਇਸਰਾਏਲ ਦੀ ਪਰਜਾ ਤੋਂ ਅਲੱਗ ਕੀਤੇ ਹੋਏ, ਬਚਨ ਦੇ ਵਾਅਦਿਆਂ ਤੋਂ ਬਾਹਰ, ਬਿਨ੍ਹਾਂ ਆਸ ਅਤੇ ਸੰਸਾਰ ਵਿੱਚ ਪਰਮੇਸ਼ੁਰ ਤੋਂ ਰਹਿਤ ਸੀ !
13ਪਰ ਹੁਣ ਮਸੀਹ ਯਿਸੂ ਵਿੱਚ ਤੁਸੀਂ ਜੋ ਪਹਿਲਾਂ ਦੂਰ ਸੀ, ਮਸੀਹ ਦੇ ਲਹੂ ਦੇ ਦੁਆਰਾ ਨੇੜੇ ਕੀਤੇ ਗਏ ਹੋ !14ਕਿਉਂ ਜੋ ਉਹ ਸਾਡਾ ਮਿਲਾਪ ਹੈ, ਜਿਸ ਨੇ ਯਹੂਦੀ ਅਤੇ ਪਰਾਈਆਂ ਕੌਮਾਂ ਨੂੰ ਇੱਕ ਕੀਤਾ ਅਤੇ ਸਰੀਰ ਵਿੱਚ ਵੈਰ-ਵਿਰੋਧ ਵਾਲੀ ਜੁਦਾਈ ਦੀ ਕੰਧ ਨੂੰ ਢਾਹ ਦਿੱਤਾ !15ਅਤੇ ਬਿਵਸਥਾ ਨੂੰ ਬਿਧੀਆਂ ਅਤੇ ਕਨੂੰਨਾਂ ਸਮੇਤ ਮਿਟਾ ਦਿੱਤਾ ਤਾਂ ਜੋ ਦੋਹਾਂ ਤੋਂ ਆਪਣੇ ਵਿੱਚ ਇੱਕ ਨਵੇਂ ਮਨੁੱਖ ਦੀ ਰਚਨਾ ਕਰਕੇ ਮੇਲ-ਮਿਲਾਪ ਕਰਾਇਆ !16ਅਤੇ ਸਲੀਬ ਦੇ ਰਾਹੀਂ ਵੈਰ-ਵਿਰੋਧ ਦਾ ਨਾਸ ਕਰਕੇ ਉਸੇ ਰਾਹੀਂ ਦੋਹਾਂ ਨੂੰ ਇੱਕ ਸਰੀਰ ਬਣਾ ਕੇ ਪਰਮੇਸ਼ੁਰ ਨਾਲ ਮੇਲ ਕਰਾਵੇ !
17ਅਤੇ ਉਸ ਨੇ ਆਣ ਕੇ ਤੁਹਾਨੂੰ ਜਿਹੜੇ ਦੂਰ ਸਨ, ਉਨ੍ਹਾਂ ਨੂੰ ਜਿਹੜੇ ਨੇੜੇ ਸਨ ਦੋਵਾਂ ਨੂੰ ਮੇਲ-ਮਿਲਾਪ ਦੀ ਖੁਸ਼ਖਬਰੀ ਸੁਣਾਈ !18ਕਿਉਂ ਜੋ ਉਸੇ ਦੇ ਦੁਆਰਾ ਇੱਕੋ ਆਤਮਾ ਵਿੱਚ ਪਿਤਾ ਵੱਲ ਸਾਡੇ ਦੋਵਾਂ ਦੀ ਪਹੁੰਚ ਹੁੰਦੀ ਹੈ !
19ਸੋ ਹੁਣ ਤੋਂ ਤੁਸੀਂ ਪਰਾਏ ਅਤੇ ਪਰਦੇਸੀ ਨਹੀਂ ਸਗੋਂ ਸੰਤਾਂ ਦੇ ਵਤਨੀ ਅਤੇ ਪਰਮੇਸ਼ੁਰ ਦੇ ਘਰਾਣੇ ਦੇ ਹੋ !20ਅਤੇ ਰਸੂਲਾਂ ਅਤੇ ਨਬੀਆਂ ਦੀ ਨੀਂਹ ਉੱਤੇ ਬਣਾਏ ਗਏ ਹੋ ਜਿਹ ਦੇ ਖੂੰਜੇ ਦਾ ਪੱਥਰ ਆਪ ਮਸੀਹ ਯਿਸੂ ਹੈ !21ਜਿਹ ਦੇ ਵਿੱਚ ਸਾਰੀ ਇਮਾਰਤ ਇੱਕ ਸੰਗ ਜੁੜ ਕੇ ਪ੍ਰਭੂ ਵਿੱਚ ਪਵਿੱਤਰ ਹੈਕਲ ਬਣਦੀ ਜਾਂਦੀ ਹੈ ।22ਜਿਸ ਵਿੱਚ ਤੁਸੀਂ ਵੀ ਆਤਮਾ ਰਾਹੀਂ ਪਰਮੇਸ਼ੁਰ ਦਾ ਭਵਨ ਹੋਣ ਲਈ ਇੱਕ ਸੰਗ ਬਣਾਏ ਜਾਂਦੇ ਹੋ l

3
ਪਰਾਈਆਂ ਕੌਮਾਂ ਦੇ ਲਈ ਪਰਮੇਸ਼ੁਰ ਦੀ ਅਦਭੁੱਤ ਯੋਜਨਾ

1ਇਸ ਕਾਰਨ ਮੈਂ ਪੌਲੁਸ, ਜੋ ਤੁਸੀਂ ਪਰਾਈਆਂ ਕੌਮਾਂ ਦੇ ਲਈ ਯਿਸੂ ਮਸੀਹ ਦਾ ਕੈਦੀ ਹਾਂ ।2ਜੇ ਤੁਸੀਂ ਪਰਮੇਸ਼ੁਰ ਦੀ ਉਸ ਕਿਰਪਾ ਦੇ ਪ੍ਰਬੰਧ ਮੁਖ਼ਤਿਆਰੀ ਦੀ ਖ਼ਬਰ ਸੁਣੀ ਜਿਹੜੀ ਮੈਨੂੰ ਤੁਹਾਡੇ ਲਈ ਸੌਂਪੀ ਗਈ !

3ਇਹ ਕਿ ਪਰਕਾਸ਼ ਨਾਲ ਉਹ ਭੇਤ ਮੇਰੇ ਉੱਤੇ ਪ੍ਰਗਟ ਕੀਤਾ ਗਿਆ ਜਿਵੇਂ ਮੈਂ ਥੋੜ੍ਹਾ ਕਰਕੇ ਪਹਿਲਾਂ ਲਿਖਿਆ !4ਇਸ ਤੋਂ ਤੁਸੀਂ ਪੜ੍ਹ ਕੇ ਜਾਣ ਸਕਦੇ ਹੋ ਜੋ ਮਸੀਹ ਦੇ ਭੇਤ ਵਿੱਚ ਮੇਰੀ ਸਮਝ ਕਿੰਨੀ ਹੈ !5ਉਹ ਹੋਰਨਾਂ ਸਮਿਆਂ ਵਿੱਚ ਮਨੁੱਖ ਜਾਤੀ ਉੱਤੇ ਉਸ ਪਰਕਾਰ ਨਹੀਂ ਖੋਲ੍ਹਿਆ ਗਿਆ ਜਿਸ ਪਰਕਾਰ ਹੁਣ ਉਹ ਦੇ ਪਵਿੱਤਰ ਰਸੂਲਾਂ ਅਤੇ ਨਬੀਆਂ ਉੱਤੇ ਆਤਮਾ ਨਾਲ ਪ੍ਰਗਟ ਕੀਤਾ ਗਿਆ ਹੈ !
6ਅਰਥਾਤ ਇਹ ਕਿ ਮਸੀਹ ਵਿੱਚ ਖੁਸ਼ਖਬਰੀ ਦੇ ਦੁਆਰਾ ਪਰਾਈਆਂ ਕੌਮਾਂ ਦੇ ਲੋਕ ਸੰਗੀ ਵਿਰਾਸਤ ਅਤੇ ਇੱਕੋ ਦੇਹੀ ਦੇ ਅਤੇ ਵਾਇਦੇ ਦੇ ਵਾਰਿਸ ਹਨ !7ਅਤੇ ਪਰਮੇਸ਼ੁਰ ਦੀ ਕਿਰਪਾ ਜੋ ਉਹ ਦੀ ਸਮਰੱਥਾ ਦੇ ਕਾਰਨ ਮੇਰੇ ਉੱਤੇ ਹੋਈ ਉਹ ਦੇ ਦਾਨ ਅਨੁਸਾਰ ਮੈਂ ਉਸ ਖੁਸ਼ਖਬਰੀ ਦਾ ਸੇਵਕ ਬਣਿਆ !
8ਮੇਰੇ ਉੱਤੇ, ਜੋ ਸਾਰਿਆਂ ਸੰਤਾਂ ਵਿੱਚੋਂ ਛੋਟੇ ਤੋਂ ਛੋਟਾ ਹਾਂ, ਇਹ ਕਿਰਪਾ ਹੋਈ ਕਿ ਮੈਂ ਪਰਾਈਆਂ ਕੌਮਾਂ ਨੂੰ ਮਸੀਹ ਦੇ ਅਣਲੱਭ ਧਨ ਦੀ ਖੁਸ਼ਖਬਰੀ ਸੁਣਾਵਾਂ !9ਅਤੇ ਇਸ ਗੱਲ ਨੂੰ ਪਰਗਟ ਕਰਾਂ ਕਿ ਉਸ ਭੇਤ ਦੀ ਕੀ ਜੁਗਤੀ ਹੈ ਜਿਹੜਾ ਆਦ ਤੋਂ ਪਰਮੇਸ਼ੁਰ ਵਿੱਚ ਗੁਪਤ ਰਿਹਾ ਹੈ, ਜਿਸ ਨੇ ਯਿਸੂ ਮਸੀਹ ਰਾਹੀਂ ਸਭ ਵਸਤਾਂ ਉਤਪਤ ਕੀਤੀਆਂ !
10ਕਿ ਹੁਣ ਕਲੀਸਿਯਾ ਦੇ ਰਾਹੀਂ ਸਵਰਗੀ ਥਾਵਾਂ ਵਿੱਚ ਹਕੂਮਤਾਂ ਅਤੇ ਅਧਿਕਾਰਾਂ ਉੱਤੇ ਪਰਮੇਸ਼ੁਰ ਦਾ ਨਾਨਾ ਪਰਕਾਰ ਦਾ ਗਿਆਨ ਪਰਗਟ ਕੀਤਾ ਜਾਵੇ !11ਉਸ ਸਦੀਪਕ ਇੱਛਾ ਦੇ ਅਨੁਸਾਰ ਜਿਹੜੀ ਉਸ ਨੇ ਮਸੀਹ ਯਿਸੂ ਸਾਡੇ ਪ੍ਰਭੂ ਵਿੱਚ ਪੂਰੀ ਕੀਤੀ !
12ਜਿਸ ਦੇ ਵਿੱਚ ਉਸ ਉੱਤੇ ਵਿਸ਼ਵਾਸ ਕਰਨ ਦੇ ਦੁਆਰਾ ਸਾਨੂੰ ਦਲੇਰੀ ਅਤੇ ਭਰੋਸੇ ਰਾਹੀਂ ਪਹੁੰਚ ਪ੍ਰਾਪਤ ਹੁੰਦੀ ਹੈ !13ਇਸ ਲਈ ਮੈਂ ਇਹ ਬੇਨਤੀ ਕਰਦਾ ਹਾਂ ਜੋ ਤੁਸੀਂ ਮੇਰੀਆਂ ਬਿਪਤਾ ਦੇ ਕਾਰਨ ਜੋ ਤੁਹਾਡੀ ਖਾਤਰ ਹਨ ਹੌਂਸਲਾ ਨਾ ਹਾਰੋ, ਕਿਉਂ ਜੋ ਉਨ੍ਹਾਂ ਤੋਂ ਤੁਹਾਡੀ ਮਹਿਮਾ ਹੈ !
ਮਸੀਹ ਦਾ ਪਿਆਰ

14ਇਸ ਕਾਰਨ ਮੈਂ ਪ੍ਰਭੂ ਯਿਸੂ ਮਸੀਹ ਦੇ ਪਿਤਾ ਅੱਗੇ ਆਪਣੇ ਗੋਡੇ ਨਿਵਾਉਂਦਾ ਹਾਂ !15ਜਿਸ ਤੋਂ ਸਵਰਗ ਅਤੇ ਧਰਤੀ ਉੱਤੇ ਹਰੇਕ ਘਰਾਣੇ ਦਾ ਨਾਮ ਰੱਖਿਆ ਜਾਂਦਾ ਹੈ !16ਕਿ ਉਹ ਆਪਣੀ ਮਹਿਮਾ ਦੇ ਧਨ ਅਨੁਸਾਰ ਤੁਹਾਨੂੰ ਇਹ ਦਾਨ ਕਰੇ ਜੋ ਤੁਸੀਂ ਉਹ ਦੇ ਆਤਮਾ ਦੇ ਰਾਹੀਂ ਅੰਦਰਲੀ ਇਨਸਾਨੀਅਤ ਵਿੱਚ ਸਮਰੱਥਾ ਨਾਲ ਬਲਵੰਤ ਬਣੋ !
17ਕਿ ਮਸੀਹ ਤੁਹਾਡਿਆਂ ਮਨਾਂ ਵਿੱਚ ਵਿਸ਼ਵਾਸ ਦੇ ਦੁਆਰਾ ਵਾਸ ਕਰੇ ਤਾਂ ਜੋ ਪਿਆਰ ਵਿੱਚ ਮਜ਼ਬੂਤੀ ਨਾਲ ਜੜ੍ਹ ਫੜ੍ਹ ਕੇ,18ਤੁਸੀਂ ਸਾਰੇ ਸੰਤਾਂ ਨਾਲ ਮਿਲ ਕੇ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਸਕੋ ਕਿ ਕਿੰਨੀ ਕੁ ਚੌੜਾਈ, ਲੰਬਾਈ, ਉਚਾਈ ਅਤੇ ਡੁੰਘਾਈ ਹੈ !19ਅਤੇ ਮਸੀਹ ਦਾ ਪਿਆਰ ਜੋ ਗਿਆਨ ਤੋਂ ਪਰੇ ਹੈ, ਚੰਗੀ ਤਰ੍ਹਾਂ ਸਮਝ ਸਕੋ ਕਿ ਤੁਸੀਂ ਪਰਮੇਸ਼ੁਰ ਦੀ ਸਾਰੀ ਭਰਪੂਰੀ ਵਿੱਚ ਭਰਪੂਰ ਹੋ ਜਾਓ l
20ਹੁਣ ਉਹ ਦੀ ਜਿਹੜਾ ਅਜਿਹਾ ਸਮਰੱਥ ਹੈ ਕਿ ਜੋ ਕੁੱਝ ਅਸੀਂ ਮੰਗਦੇ ਜਾਂ ਸੋਚਦੇ ਹਾਂ ਉਸ ਨਾਲੋਂ ਕਿਤੇ ਵਧੇਰੇ ਕਰ ਸਕਦਾ ਹੈ, ਉਸ ਸਮਰੱਥਾ ਦੇ ਅਨੁਸਾਰ ਜੋ ਸਾਡੇ ਅੰਦਰ ਕੰਮ ਕਰਦੀ ਹੈ !21ਕਲੀਸਿਯਾ ਵਿੱਚ ਅਤੇ ਮਸੀਹ ਯਿਸੂ ਵਿੱਚ, ਸਾਰੀਆਂ ਪੀੜ੍ਹੀਆਂ ਤੱਕ ਉਸ ਦੀ ਵਡਿਆਈ ਸਦੀਪਕ ਕਾਲ ਤੱਕ ਹੋਵੇ ।

4
ਮਸੀਹ ਦੀ ਦੇ ਵਿੱਚ ਏਕਤਾ

1ਉਪਰੰਤ ਮੈਂ ਜੋ ਪ੍ਰਭੂ ਦੇ ਨਮਿੱਤ ਕੈਦੀ ਹਾਂ ਤੁਹਾਡੇ ਅੱਗੇ ਇਹ ਬੇਨਤੀ ਕਰਦਾ ਹਾਂ ਜੋ ਤੁਸੀਂ ਜਿਸ ਬੁਲਾਹਟ ਨਾਲ ਸੱਦੇ ਹੋਏ ਹੋ ਉਹ ਦੇ ਯੋਗ ਚਲੋ !2ਅਰਥਾਤ ਪੂਰਨ ਅਧੀਨਗੀ, ਨਰਮਾਈ, ਅਤੇ ਧੀਰਜ ਸਹਿਤ ਪਿਆਰ ਨਾਲ ਇੱਕ ਦੂਜੇ ਦੇ ਵਿਖੇ ਸਹਿਣਸ਼ੀਲਤਾ ਰੱਖੋ !3ਅਤੇ ਮਿਲਾਪ ਦੇ ਬੰਧ ਵਿੱਚ ਆਤਮਾ ਦੀ ਏਕਤਾ ਦੀ ਪਾਲਨਾ ਕਰਨ ਦੀ ਕੋਸ਼ਿਸ਼ ਕਰੋ !

4ਇੱਕੋ ਦੇਹੀ ਅਤੇ ਇੱਕੋ ਆਤਮਾ ਹੈ ਜਿਵੇਂ ਤੁਸੀਂ ਵੀ ਆਪਣੀ ਬੁਲਾਹਟ ਦੀ ਇੱਕੋ ਆਸ ਵਿੱਚ ਸੱਦੇ ਗਏ !5ਇੱਕੋ ਪ੍ਰਭੂ, ਇੱਕ ਵਿਸ਼ਵਾਸ, ਇੱਕੋ ਬਪਤਿਸਮਾ ਹੈ ।6ਸਭਨਾਂ ਦਾ ਇੱਕੋ ਪਰਮੇਸ਼ੁਰ ਅਤੇ ਪਿਤਾ ਹੈ ਜਿਹੜਾ ਸਭਨਾਂ ਦੇ ਉੱਤੇ, ਸਭਨਾਂ ਦੇ ਵਿੱਚ ਅਤੇ ਸਭਨਾਂ ਦੇ ਅੰਦਰ ਹੈ !
7ਪਰ ਸਾਡੇ ਵਿੱਚੋਂ ਹਰੇਕ ਉੱਤੇ ਮਸੀਹ ਦੀ ਦਾਤ ਦੇ ਮਾਪ ਅਨੁਸਾਰ ਕਿਰਪਾ ਕੀਤੀ ਗਈ !8ਇਸ ਲਈ ਉਹ ਆਖਦਾ ਹੈ - ਜਦ ਉਹ ਉਤਾਹਾਂ ਉੱਠਾਇਆ ਗਿਆ, ਉਸ ਨੇ ਬੰਧਨ ਨੂੰ ਬੰਨ੍ਹ ਲਿਆ ਅਤੇ ਮਨੁੱਖਾਂ ਨੂੰ ਦਾਤਾਂ ਦਿੱਤੀਆਂ
9ਹੁਣ ਇਸ ਗੱਲ ਦਾ ਕੀ ਅਰਥ ਹੈ ਕਿ ਉਹ ਉਤਾਹਾਂ ਚੜ੍ਹਿਆ, ਇਹ ਵੀ ਕਿ ਉਹ ਧਰਤੀ ਦੇ ਹੇਠਲਿਆਂ ਥਾਵਾਂ ਵਿੱਚ ਵੀ ਉਤਰਿਆ ਸੀ !10ਉਹ ਜਿਹੜਾ ਉਤਰਿਆ ਸੀ ਉਹੀ ਹੈ ਜੋ ਸਾਰੇ ਅਕਾਸ਼ਾਂ ਦੇ ਉਤਾਹਾਂ ਚੜ੍ਹਿਆ ਵੀ ਸੀ ਕਿ ਸੱਭੋ ਕੁੱਝ ਸੰਪੂਰਨ ਕਰੇ ।
11ਉਹ ਨੇ ਕਈਆਂ ਨੂੰ ਰਸੂਲ, ਕਈਆਂ ਨੂੰ ਨਬੀ, ਕਈਆਂ ਨੂੰ ਪਰਚਾਰਕ, ਕਈਆਂ ਨੂੰ ਪਾਸਬਾਨ ਅਤੇ ਉਸਤਾਦ ਕਰਕੇ ਦੇ ਦਿੱਤਾ !12ਤਾਂ ਜੋ ਸੇਵਕਾਈ ਦੇ ਕੰਮ ਲਈ ਸੰਤ ਸਿੱਧ ਹੋਣ ਅਤੇ ਮਸੀਹ ਦੀ ਦੇਹੀ ਦੀ ਉਨਤੀ ਹੋਵੇ !13ਜਦੋਂ ਤੱਕ ਅਸੀਂ ਸਾਰੇ ਵਿਸ਼ਵਾਸ ਦੀ ਅਤੇ ਪਰਮੇਸ਼ੁਰ ਦੇ ਪੁੱਤਰ ਦੀ ਪਹਿਚਾਣ ਦੀ ਏਕਤਾ ਅਤੇ ਪੂਰੇ ਸਿਆਣਪੁਣੇ ਤੱਕ ਅਰਥਾਤ ਮਸੀਹ ਦੀ ਪੂਰੀ ਡੀਲ ਡੌਲ ਦੇ ਅੰਦਾਜ਼ੇ ਤੱਕ ਨਾ ਵੱਧ ਜਾਈਏ !
14ਕਿ ਅਸੀਂ ਅਗਾਹਾਂ ਨੂੰ ਬਾਲਕ ਨਾ ਰਹੀਏ ਜਿਹੜੇ ਮਨੁੱਖਾਂ ਦੀ ਠੱਗ ਵਿੱਦਿਆ ਅਤੇ ਭੁਲਾਉਣ ਵਾਲੀ ਛਲ ਛਿੱਦ੍ਰ ਰੂਪੀ ਚਤਰਾਈ ਨਾਲ ਸਿੱਖਿਆ ਦੇ ਹਰੇਕ ਬੁੱਲੇ ਨਾਲ ਇੱਧਰ-ਉੱਧਰ ਡੋਲਦੇ ਫਿਰਦੇ ਹਨ !15ਸਗੋਂ ਅਸੀਂ ਪਿਆਰ ਨਾਲ ਸੱਚ ਕਮਾਉਂਦਿਆਂ ਹੋਇਆਂ, ਉਸ ਵਿੱਚ ਜੋ ਸਿਰ ਹੈ ਅਰਥਾਤ ਮਸੀਹ ਵਿੱਚ ਸਭਨਾਂ ਗੱਲਾਂ ਵਿੱਚ ਵੱਧਦੇ ਜਾਈਏ !16ਜਿਸ ਤੋਂ ਸੰਪੂਰਨ ਦੇਹੀ ਹਰੇਕ ਜੋੜ ਦੀ ਮਦਦ ਨਾਲ ਸਹੀ ਰੀਤੀ ਨਾਲ ਜੁੜ ਕੇ ਅਤੇ ਇੱਕ ਸੰਗ ਮਿਲ ਕੇ ਹਰੇਕ ਅੰਗ ਦੇ ਠੀਕ ਕੰਮ ਕਰਨ ਅਨੁਸਾਰ ਆਪਣੇ ਆਪ ਨੂੰ ਵਧਾਈ ਜਾਂਦੀ ਹੈ ਕਿ ਉਹ ਪਿਆਰ ਵਿੱਚ ਆਪਣੀ ਉਸਾਰੀ ਕਰੇ ॥
ਮਸੀਹ ਵਿੱਚ ਨਵਾਂ ਜੀਵਨ

17ਉਪਰੰਤ ਮੈਂ ਇਹ ਆਖਦਾ ਹਾਂ ਅਤੇ ਪ੍ਰਭੂ ਵਿੱਚ ਗਵਾਹ ਹੋ ਕੇ ਚਿਤਾਵਨੀ ਦਿੰਦਾ ਹਾਂ ਜੋ ਤੁਸੀਂ ਅੱਗੇ ਤੋਂ ਅਜਿਹੀ ਚਾਲ ਨਾ ਚੱਲੋ ਜਿਵੇਂ ਪਰਾਈਆਂ ਕੌਮਾਂ ਵੀ ਆਪਣੀ ਬੁੱਧ ਦੀ ਵਿਅਰਥ ਸੋਚ ਨਾਲ ਚੱਲਦੀਆਂ ਹਨ !18ਉਨ੍ਹਾਂ ਦੀ ਬੁੱਧ ਅੰਨੀ ਹੋ ਗਈ ਹੈ ਅਤੇ ਉਸ ਅਗਿਆਨ ਦੇ ਕਾਰਨ ਜੋ ਉਨ੍ਹਾਂ ਵਿੱਚ ਹੈ ਅਤੇ ਆਪਣੇ ਮਨ ਦੀ ਕਠੋਰਤਾ ਦੇ ਕਾਰਨ ਉਹ ਪਰਮੇਸ਼ੁਰ ਦੇ ਜੀਵਨ ਤੋਂ ਅਲੱਗ ਹੋ ਗਏ ਹਨ !19ਉਨ੍ਹਾਂ ਨੇ ਸੁੰਨ ਹੋ ਕੇ ਆਪਣੇ ਆਪ ਨੂੰ ਲੁੱਚਪੁਣੇ ਦੇ ਹੱਥ ਸੌਂਪ ਦਿੱਤਾ ਕਿ ਹਰ ਭਾਂਤ ਦੇ ਗੰਦੇ ਮੰਦੇ ਕੰਮ ਲਾਲਸਾ ਨਾਲ ਕਰਨ !
20ਪਰ ਤੁਸੀਂ ਮਸੀਹ ਦੀ ਅਜਿਹੀ ਸਿੱਖਿਆ ਨਹੀਂ ਪਾਈ !21ਜੇ ਤੁਸੀਂ ਕਦੇ ਉਸ ਦੀ ਸੁਣੀ ਅਤੇ ਜਿਵੇਂ ਸਚਿਆਈ ਯਿਸੂ ਵਿੱਚ ਹੈ ਉਸੇ ਤਰ੍ਹਾਂ ਉਸ ਵਿੱਚ ਤੁਸੀਂ ਸਿਖਾਏ ਗਏ ਹੋ !22ਕਿ ਤੁਸੀਂ ਪਹਿਲੇ ਚਾਲ-ਚੱਲਣ ਦੀ ਉਸ ਪੁਰਾਣੀ ਇਨਸਾਨੀਅਤ ਨੂੰ ਲਾਹ ਸੁੱਟੋ ਜੋ ਧੋਖਾ ਦੇਣ ਵਾਲੀਆਂ ਕਾਮਨਾਂ ਦੇ ਅਨੁਸਾਰ ਵਿਗੜਦੀ ਜਾਂਦੀ ਹੈ !
23ਅਤੇ ਆਪਣੇ ਮਨ ਦੇ ਸੁਭਾਓ ਵਿੱਚ ਨਵੇਂ ਬਣੋ !24ਅਤੇ ਨਵੀਂ ਇਨਸਾਨੀਅਤ ਨੂੰ ਪਹਿਨ ਲਓ, ਜਿਹੜੀ ਪਰਮੇਸ਼ੁਰ ਦੇ ਅਨੁਸਾਰ ਸਚਿਆਈ ਦੇ ਧਰਮ ਅਤੇ ਪਵਿੱਤਰਤਾਈ ਵਿੱਚ ਸਿਰਜੀ ਗਈ ॥
25ਇਸ ਲਈ ਤੁਸੀਂ ਝੂਠ ਨੂੰ ਤਿਆਗ ਕੇ ਆਪਣੇ ਗੁਆਂਢੀ ਨਾਲ ਸੱਚ ਬੋਲੋ ਕਿਉਂ ਜੋ ਅਸੀਂ ਇੱਕ ਦੂਜੇ ਦੇ ਅੰਗ ਹਾਂ !26ਤੁਸੀਂ ਗੁੱਸੇ ਤਾਂ ਹੋਵੋ ਪਰ ਪਾਪ ਨਾ ਕਰੋ, ਸੂਰਜ ਦੇ ਡੁੱਬਣ ਤੱਕ ਤੁਹਾਡਾ ਕ੍ਰੋਧ ਬਣਿਆ ਨਾ ਰਹੇ !27ਅਤੇ ਸ਼ੈਤਾਨ ਨੂੰ ਮੌਕਾ ਨਾ ਦਿਓ ! ॥
28ਚੋਰੀ ਕਰਨ ਵਾਲਾ ਅੱਗੇ ਤੋਂ ਚੋਰੀ ਨਾ ਕਰੇ ਸਗੋਂ ਆਪਣੇ ਹੱਥੀਂ ਮਿਹਨਤ ਕਰਕੇ ਭਲਾ ਕੰਮ ਕਰੇ ਕਿ ਜਿਸ ਨੂੰ ਲੋੜ ਹੈ ਉਹ ਨੂੰ ਦੇਣ ਲਈ ਉਹ ਦੇ ਕੋਲ ਕੁੱਝ ਹੋਵੇ !29ਕੋਈ ਗੰਦੀ ਗੱਲ ਤੁਹਾਡੇ ਮੂੰਹੋਂ ਨਾ ਨਿੱਕਲੇ ਸਗੋਂ ਜ਼ਰੂਰਤ ਅਨੁਸਾਰ ਉਹ ਗੱਲ ਨਿੱਕਲੇ ਜਿਹੜੀ ਹੋਰਨਾਂ ਦੀ ਉੱਨਤੀ ਲਈ ਚੰਗੀ ਹੋਵੇ ਕਿ ਸੁਣਨ ਵਾਲਿਆਂ ਉੱਤੇ ਕਿਰਪਾ ਹੋਵੇ !30ਅਤੇ ਪਰਮੇਸ਼ੁਰ ਦੇ ਪਵਿੱਤਰ ਆਤਮਾ ਨੂੰ ਉਦਾਸ ਨਾ ਕਰੋ, ਜਿਸ ਦੇ ਨਾਲ ਛੁਟਕਾਰੇ ਦੇ ਦਿਨ ਤੱਕ ਤੁਹਾਡੇ ਉੱਤੇ ਮੋਹਰ ਲੱਗੀ ਹੋਈ ਹੈ !
31ਸਭ ਕੁੱੜਤਣ, ਕ੍ਰੋਧ, ਕੋਪ, ਰੌਲ਼ਾ ਅਤੇ ਬੁਰੇ ਬੋਲ ਸਾਰੀ ਬੁਰਿਆਈ ਸਣੇ ਤੁਹਾਡੇ ਤੋਂ ਦੂਰ ਹੋਵੇ !32ਅਤੇ ਤੁਸੀਂ ਇੱਕ ਦੂਜੇ ਉੱਤੇ ਦਿਆਲੂ ਅਤੇ ਤਰਸਵਾਨ ਹੋਵੋ, ਇੱਕ ਦੂਏ ਨੂੰ ਮਾਫ਼ ਕਰੋ ਜਿਵੇਂ ਪਰਮੇਸ਼ੁਰ ਨੇ ਵੀ ਮਸੀਹ ਵਿੱਚ ਤੁਹਾਨੂੰ ਮਾਫ਼ ਕੀਤਾ ॥

5
ਚਾਨਣ ਦੀ ਸੰਤਾਨ ਬਣੋ

1ਸੋ ਤੁਸੀਂ ਪਿਆਰਿਆਂ ਬਾਲਕਾਂ ਵਾਂਗੂੰ ਪਰਮੇਸ਼ੁਰ ਦੀ ਰੀਸ ਕਰੋ ।2ਅਤੇ ਪਿਆਰ ਨਾਲ ਚੱਲੋ ਜਿਵੇਂ ਮਸੀਹ ਨੇ ਵੀ ਤੁਹਾਡੇ ਨਾਲ ਪਿਆਰ ਕੀਤਾ, ਅਤੇ ਸਾਡੇ ਲਈ ਆਪਣੇ ਆਪ ਨੂੰ ਪਰਮੇਸ਼ੁਰ ਦੇ ਅੱਗੇ ਭੇਟ ਅਤੇ ਬਲੀਦਾਨ ਕਰਕੇ ਸੁਗੰਧ ਦੀ ਤਰ੍ਹਾਂ ਦੇ ਦਿੱਤਾ ।

3ਜਿਵੇਂ ਸੰਤਾਂ ਨੂੰ ਯੋਗ ਹੈ ਤੁਹਾਡੇ ਵਿੱਚ ਹਰਾਮਕਾਰੀ ਅਤੇ ਹਰ ਭਾਂਤ ਦੇ ਗੰਦ-ਮੰਦ ਅਥਵਾ ਲੋਭ ਦੀ ਚਰਚਾ ਵੀ ਨਾ ਹੋਵੇ ।4ਅਤੇ ਨਾ ਬੇਸ਼ਰਮੀ, ਨਾ ਮੂਰਖਤਾ ਦੇ ਬੋਲ ਅਥਵਾ ਠੱਠੇ ਬਾਜ਼ੀ ਜੋ ਅਯੋਗ ਹਨ ਅਤੇ ਤੁਹਾਡੇ ਵਿੱਚ ਨਹੀਂ ਹੋਣੀਆਂ ਚਾਹੀਦੀਆਂ ਪਰ ਧੰਨਵਾਦ ਹੋਇਆ ਕਰੇ ।
5ਕਿਉਂ ਜੋ ਤੁਸੀਂ ਇਸ ਗੱਲ ਨੂੰ ਜਾਣਦੇ ਹੋ ਕਿ ਹਰਾਮਕਾਰ ਜਾਂ ਭ੍ਰਿਸ਼ਟ ਜਾਂ ਲੋਭੀ ਮਨੁੱਖ ਜੋ ਮੂਰਤੀ ਪੂਜਕ ਹੈ, ਮਸੀਹ ਅਤੇ ਪਰਮੇਸ਼ੁਰ ਦੇ ਰਾਜ ਵਿੱਚ ਵਾਰਿਸ ਨਹੀਂ ਹੋ ਸਕਦਾ ।6ਕੋਈ ਤੁਹਾਨੂੰ ਵਿਅਰਥ ਗੱਲਾਂ ਨਾਲ ਧੋਖਾ ਨਾ ਦੇਵੇ ਕਿਉਂ ਜੋ ਇਹਨਾਂ ਦੇ ਕਾਰਨ ਪਰਮੇਸ਼ੁਰ ਦਾ ਕੋਪ ਅਣ-ਆਗਿਆਕਾਰੀ ਦੇ ਪੁੱਤਰਾਂ ਉੱਤੇ ਪੈਂਦਾ ਹੈ ।7ਸੋ ਤੁਸੀਂ ਉਹਨਾਂ ਦੇ ਸਾਂਝੀ ਨਾ ਹੋਵੋ ।
8ਕਿਉਂ ਜੋ ਤੁਸੀਂ ਅੱਗੇ ਹਨ੍ਹੇਰਾ ਸੀ ਪਰ ਹੁਣ ਪ੍ਰਭੂ ਵਿੱਚ ਹੋ ਕੇ ਚਾਨਣ ਹੋ, ਸੋ ਤੁਸੀਂ ਚਾਨਣ ਦੇ ਪੁੱਤਰਾਂ ਦੀ ਤਰ੍ਹਾਂ ਚਲੋ ।9ਕਿਉਂ ਜੋ ਚਾਨਣ ਦਾ ਫਲ ਹਰ ਤਰ੍ਹਾਂ ਦੀ ਭਲਿਆਈ, ਧਰਮ ਅਤੇ ਸਚਿਆਈ ਹੈ ।10ਅਤੇ ਭਾਲ ਕਰੋ ਕਿ ਪਰਮੇਸ਼ੁਰ ਨੂੰ ਕਿਹੜੀਆਂ ਗੱਲਾਂ ਪਸੰਦ ਹਨ !11ਅਤੇ ਅਨ੍ਹੇਰੇ ਦੇ ਬੇਫਲ ਕੰਮਾਂ ਵਿੱਚ ਸਾਂਝੀ ਨਾ ਹੋਵੋ ਪਰ ਉਨ੍ਹਾਂ ਨੂੰ ਉਜਾਗਰ ਕਰੋ ।12ਕਿਉਂਕਿ ਜਿਹੜੇ ਕੰਮ ਗੁਪਤ ਵਿੱਚ ਉਹਨਾਂ ਦੁਆਰਾ ਕੀਤੇ ਜਾਂਦੇ ਹਨ ! ਉਨ੍ਹਾਂ ਦੀ ਗੱਲ ਕਰਦਿਆਂ ਵੀ ਸ਼ਰਮ ਆਉਂਦੀ ਹੈ ।
13ਪਰ ਸਾਰੇ ਕੰਮ ਜਿਹਨਾਂ ਨੂੰ ਉਜਾਗਰ ਕੀਤਾ ਜਾਂਦਾ ਹੈ ਉਹ ਸਭ ਚਾਨਣ ਦੁਆਰਾ ਪਰਗਟ ਕੀਤੇ ਜਾਂਦੇ ਹਨ, ਕਿਉਂਕਿ ਜੋ ਸਭ ਕੁੱਝ ਪਰਗਟ ਕਰਦਾ ਹੈ ਉਹ ਚਾਨਣ ਹੈ ।14ਇਸ ਲਈ ਉਹ ਆਖਦਾ ਹੈ, ਹੇ ਸੌਣ ਵਾਲਿਆ, ਜਾਗ ਅਤੇ ਮੁਰਦਿਆਂ ਵਿੱਚੋਂ ਜੀ ਉੱਠ ! ਤਾਂ ਮਸੀਹ ਦਾ ਚਾਨਣ ਤੇਰੇ ਉੱਤੇ ਚਮਕੇਗਾ ।
15ਸੋ ਚੌਕਸੀ ਨਾਲ ਵੇਖੋ ਤੁਸੀਂ ਕਿਹੋ ਜਿਹੀ ਚਾਲ ਚੱਲਦੇ ਹੋ, ਨਿਰਬੁੱਧਾਂ ਵਾਂਗੂੰ ਨਹੀਂ, ਸਗੋਂ ਬੁੱਧਵਾਨਾਂ ਵਾਂਗੂੰ ।16ਸਮੇਂ ਦਾ ਸਹੀ ਉਪਯੋਗ ਕਰੋ ਕਿਉਂ ਜੋ ਦਿਨ ਬੁਰੇ ਹਨ ।17ਇਸ ਕਾਰਨ ਤੁਸੀਂ ਨਿਰਬੁੱਧ ਨਾ ਹੋਵੋ, ਸਗੋਂ ਸਮਝੋ ਕਿ ਪ੍ਰਭੂ ਦੀ ਕੀ ਮਰਜ਼ੀ ਹੈ ।
18ਅਤੇ ਸ਼ਰਾਬ ਨਾਲ ਮਸਤ ਨਾ ਹੋਵੋ ਜਿਹ ਦੇ ਵਿੱਚ ਲੁੱਚਪੁਣਾ ਹੁੰਦਾ ਹੈ, ਸਗੋਂ ਆਤਮਾ ਨਾਲ ਭਰਪੂਰ ਹੋ ਜਾਓ ।19ਅਤੇ ਜ਼ਬੂਰ, ਭਜਨ ਅਤੇ ਆਤਮਿਕ ਗੀਤ ਗਾ ਕੇ ਇੱਕ ਦੂਜੇ ਨਾਲ ਗੱਲਾਂ ਕਰੋ ਅਤੇ ਮਨ ਲਗਾ ਕੇ ਪ੍ਰਭੂ ਲਈ ਗਾਉਂਦੇ ਵਜਾਉਂਦੇ ਰਿਹਾ ਕਰੋ ।20ਅਤੇ ਸਭਨਾਂ ਗੱਲਾਂ ਦੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਪਰਮੇਸ਼ੁਰ ਪਿਤਾ ਦਾ ਸਦਾ ਧੰਨਵਾਦ ਕਰੋ ।
ਮਸੀਹੀ ਪਰਿਵਾਰ ਲਈ ਹਦਾਇਤਾਂ

21ਅਤੇ ਮਸੀਹ ਦੇ ਡਰ ਵਿੱਚ ਇੱਕ ਦੂਜੇ ਦੇ ਅਧੀਨ ਰਹੋ ।
22ਹੇ ਪਤਨੀਓ, ਤੁਸੀਂ ਆਪਣਿਆਂ ਪਤੀਆਂ ਦੇ ਅਧੀਨ ਹੋਵੋ ਜਿਵੇਂ ਪ੍ਰਭੂ ਦੇ ਅਧੀਨ ਹੋ ।23ਕਿਉਂ ਜੋ ਪਤੀ ਪਤਨੀ ਦਾ ਸਿਰ ਹੈ, ਜਿਵੇਂ ਮਸੀਹ ਵੀ ਕਲੀਸਿਯਾ ਦਾ ਸਿਰ ਹੈ । ਉਹ ਤਾਂ ਆਪ ਦੇਹੀ ਦਾ ਬਚਾਉਣ ਵਾਲਾ ਹੈ ।24ਇਸ ਲਈ, ਜਿਵੇਂ ਕਲੀਸਿਯਾ ਮਸੀਹ ਦੇ ਅਧੀਨ ਹੈ, ਇਸੇ ਤਰ੍ਹਾਂ ਪਤਨੀਆਂ ਵੀ ਹਰ ਗੱਲ ਵਿੱਚ ਆਪਣਿਆਂ ਪਤੀਆਂ ਦੇ ਅਧੀਨ ਰਹਿਣ ।
25ਹੇ ਪਤੀਓ, ਆਪਣੀਆਂ ਪਤਨੀਆਂ ਨਾਲ ਪਿਆਰ ਰੱਖੋ, ਜਿਵੇਂ ਮਸੀਹ ਨੇ ਵੀ ਕਲੀਸਿਯਾ ਨਾਲ ਪਿਆਰ ਕੀਤਾ ਅਤੇ ਆਪਣੇ ਆਪ ਨੂੰ ਉਸ ਦੇ ਲਈ ਦੇ ਦਿੱਤਾ ।26ਪਰਮੇਸ਼ੁਰ ਦੇ ਬਚਨ ਦੇ ਰਾਹੀਂ ਜਲ ਦੇ ਇਸ਼ਨਾਨ ਨਾਲ ਸ਼ੁੱਧ ਕਰਕੇ ਪਵਿੱਤਰ ਕਰੇ ।27ਅਤੇ ਉਹ ਉਸ ਨੂੰ ਆਪਣੇ ਲਈ ਇਹੋ ਜਿਹੀ ਪਰਤਾਪਵਾਨ ਕਲੀਸਿਯਾ ਤਿਆਰ ਕਰੇ ਜਿਹ ਦੇ ਵਿੱਚ ਕਲੰਕ ਜਾਂ ਬੱਜ ਜਾਂ ਕੋਈ ਹੋਰ ਅਜਿਹਾ ਔਗੁਣ ਨਾ ਹੋਵੇ ਸਗੋਂ ਉਹ ਪਵਿੱਤਰ ਅਤੇ ਨਿਰਮਲ ਹੋਵੇ ।
28ਇਸੇ ਤਰ੍ਹਾਂ ਪਤੀਆਂ ਨੂੰ ਵੀ ਚਾਹੀਦਾ ਹੈ ਜੋ ਆਪਣੀਆਂ ਪਤਨੀਆਂ ਨਾਲ ਅਜਿਹਾ ਪਿਆਰ ਰੱਖਣ ਜਿਵੇਂ ਆਪਣੇ ਸਰੀਰਾਂ ਨਾਲ ਰੱਖਦੇ ਹਨ । ਜਿਹੜਾ ਆਪਣੀ ਪਤਨੀ ਨਾਲ ਪਿਆਰ ਕਰਦਾ ਹੈ ਉਹ ਆਪਣੇ ਹੀ ਨਾਲ ਪਿਆਰ ਕਰਦਾ ਹੈ ।29ਕਿਉਂ ਜੋ ਕਿਸੇ ਨੇ ਆਪਣੇ ਸਰੀਰ ਨਾਲ ਕਦੇ ਵੈਰ ਨਹੀਂ ਕੀਤਾ ਸਗੋਂ ਉਹ ਉਸ ਨੂੰ ਪਾਲਦਾ ਪਲੋਸਦਾ ਹੈ ਜਿਵੇਂ ਮਸੀਹ ਵੀ ਕਲੀਸਿਯਾ ਨੂੰ ਪਾਲਦਾ ਪਲੋਸਦਾ ਹੈ ।30ਕਿਉਂ ਜੋ ਅਸੀਂ ਉਸ ਦੀ ਦੇਹੀ ਦੇ ਅੰਗ ਹਾਂ ।
31ਇਸ ਕਰਕੇ ਮਨੁੱਖ ਆਪਣੇ ਮਾਪੇ ਛੱਡ ਕੇ ਆਪਣੀ ਪਤਨੀ ਨਾਲ ਮਿਲਿਆ ਰਹੇਗਾ ਅਤੇ ਉਹ ਦੋਵੇਂ ਇੱਕ ਸਰੀਰ ਹੋਣਗੇ ।32ਇਹ ਭੇਤ ਤਾਂ ਵੱਡਾ ਹੈ ਪਰ ਮੈਂ ਮਸੀਹ ਅਤੇ ਕਲੀਸਿਯਾ ਵਿਖੇ ਬੋਲਦਾ ਹਾਂ ।33ਪਰ ਤੁਹਾਡੇ ਵਿੱਚੋਂ ਵੀ ਹਰੇਕ ਆਪੋ-ਆਪਣੀ ਪਤਨੀ ਨਾਲ ਆਪਣੇ ਹੀ ਜਿਹਾ ਪਿਆਰ ਕਰੇ, ਅਤੇ ਪਤਨੀ ਆਪਣੇ ਪਤੀ ਦਾ ਆਦਰ ਕਰੇ ।

6
ਮਾਤਾ-ਪਿਤਾ ਅਤੇ ਬੱਚੇ

1ਹੇ ਬਾਲਕੋ, ਤੁਸੀਂ ਪ੍ਰਭੂ ਵਿੱਚ ਆਪਣੇ ਮਾਪਿਆਂ ਦੀ ਆਗਿਆ ਮੰਨੋ ਕਿਉਂ ਜੋ ਇਹ ਉੱਤਮ ਗੱਲ ਹੈ ।2ਤੂੰ ਆਪਣੇ ਮਾਤਾ-ਪਿਤਾ ਦਾ ਆਦਰ ਕਰ ਤਾਂ ਜੋ ਤੇਰਾ ਭਲਾ ਹੋਵੇ ਅਤੇ ਧਰਤੀ ਉੱਤੇ ਤੇਰੀ ਉਮਰ ਲੰਮੀ ਹੋਵੇ ।3ਇਹ ਪਹਿਲਾ ਹੁਕਮ ਹੈ ਜਿਸ ਨਾਲ ਵਾਇਦਾ ਵੀ ਹੈ ।

4ਅਤੇ ਹੇ ਪਿਤਾਓ, ਤੁਸੀਂ ਆਪਣਿਆਂ ਬਾਲਕਾਂ ਦਾ ਕ੍ਰੋਧ ਨਾ ਭੜਕਾਓ ਸਗੋਂ ਪ੍ਰਭੂ ਦੀ ਸਿੱਖਿਆ ਅਤੇ ਚਿਤਾਵਨੀ ਦੇ ਕੇ ਉਹਨਾਂ ਦਾ ਪਾਲਣ ਪੋਸ਼ਣ ਕਰੋ ।
ਨੌਕਰ ਅਤੇ ਮਾਲਕ

5ਹੇ ਨੌਕਰੋ, ਤੁਸੀਂ ਉਨ੍ਹਾਂ ਦੀ ਜਿਹੜੇ ਸਰੀਰ ਦੇ ਅਨੁਸਾਰ ਕਰਕੇ ਤੁਹਾਡੇ ਮਾਲਕ ਹਨ, ਆਪਣੇ ਮਨ ਦੀ ਸਫ਼ਾਈ ਨਾਲ ਡਰਦੇ ਅਤੇ ਕੰਬਦੇ ਹੋਏ ਆਗਿਆਕਾਰੀ ਕਰੋ ਜਿਵੇਂ ਮਸੀਹ ਦੀ ।6ਅਤੇ ਮਨੁੱਖਾਂ ਨੂੰ ਖੁਸ਼ ਕਰਨ ਵਾਲਿਆਂ ਦੀ ਤਰ੍ਹਾਂ, ਦਿਖਾਵੇ ਦੀ ਨੌਕਰੀ ਨਾ ਕਰੋ ਸਗੋਂ ਮਸੀਹ ਦੇ ਸੇਵਕਾਂ ਦੀ ਤਰ੍ਹਾਂ ਮਨ ਲਗਾ ਕੇ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰੋ ।7ਇਸ ਸੇਵਾ ਨੂੰ ਮਨੁੱਖਾਂ ਦੀ ਨਹੀਂ ਸਗੋਂ ਪ੍ਰਭੂ ਦੀ ਜਾਣ ਕੇ ਮਨ ਲਗਾ ਕੇ ਕਰੋ ।8ਕਿਉਂ ਜੋ ਇਹ ਜਾਣਦੇ ਹੋ ਭਈ ਹਰੇਕ ਜੋ ਭਲਾ ਕੰਮ ਕਰੇ ਭਾਵੇਂ ਦਾਸ ਹੋਵੇ, ਭਾਵੇਂ ਅਜ਼ਾਦ ਹੋਵੇ, ਸੋ ਪ੍ਰਭੂ ਕੋਲੋਂ ਉਹ ਦਾ ਫਲ ਪਾਵੇਗਾ ।
9ਅਤੇ ਹੇ ਮਾਲਕੋ, ਤੁਸੀਂ ਧਮਕੀਆਂ ਦੇਣੀਆਂ ਛੱਡ ਕੇ, ਉਹਨਾਂ ਨਾਲ ਇਹੋ ਜਿਹਾ ਵਰਤਾਰਾ ਕਰੋ ਇਹ ਜਾਣਦੇ ਹੋ ਜੋ ਸਵਰਗ ਵਿੱਚ ਤੁਹਾਡਾ ਦੋਹਾਂ ਦਾ ਮਾਲਕ ਹੈ, ਜੋ ਕਿਸੇ ਦਾ ਪੱਖਪਾਤ ਨਹੀਂ ਕਰਦਾ !
ਆਤਮਿਕ ਯੁੱਧ ਦੇ ਹਥਿਆਰ

10ਮੁੱਕਦੀ ਗੱਲ, ਪ੍ਰਭੂ ਵਿੱਚ ਅਤੇ ਉਹ ਦੀ ਸਮਰੱਥਾ ਦੀ ਸ਼ਕਤੀ ਵਿੱਚ ਤਕੜੇ ਹੋਵੋ !11ਪਰਮੇਸ਼ੁਰ ਦੇ ਸਾਰੇ ਸ਼ਸਤਰ ਬਸਤਰ ਪਹਿਨ ਲਵੋ, ਤਾਂ ਜੋ ਤੁਸੀਂ ਸ਼ੈਤਾਨ ਦੀਆਂ ਚਲਾਕੀਆਂ ਦਾ ਸਾਹਮਣਾ ਕਰ ਸਕੋ ।
12ਕਿਉਂ ਜੋ ਸਾਡੀ ਲੜਾਈ ਲਹੂ ਅਤੇ ਮਾਸ ਨਾਲ ਨਹੀਂ, ਸਗੋਂ ਹਕੂਮਤਾਂ, ਇਖ਼ਤਿਆਰਾਂ ਅਤੇ ਇਸ ਸੰਸਾਰ ਦੇ ਅੰਧਘੋਰ ਦੇ ਮਹਾਰਾਜਿਆਂ ਅਤੇ ਦੁਸ਼ਟ ਆਤਮਿਆਂ ਨਾਲ ਹੁੰਦੀ ਹੈ ਜੋ ਸਵਰਗੀ ਥਾਵਾਂ ਵਿੱਚ ਹਨ ।13ਇਸ ਕਾਰਨ ਤੁਸੀਂ ਪਰਮੇਸ਼ੁਰ ਦੇ ਸਾਰੇ ਸ਼ਸਤਰ ਬਸਤਰ ਲੈ ਲਵੋ, ਜੋ ਤੁਸੀਂ ਬੁਰੇ ਦਿਨ ਵਿੱਚ ਸਾਹਮਣਾ ਕਰ ਸਕੋ ਅਤੇ ਸੱਭੋ ਕੁੱਝ ਪੂਰਾ ਕਰਕੇ ਸਥਿਰ ਰਹਿ ਸਕੋ ।
14ਸੋ ਤੁਸੀਂ ਆਪਣੀ ਕਮਰ ਸਚਿਆਈ ਨਾਲ ਕੱਸ ਕੇ ਅਤੇ ਧਰਮ ਦੀ ਸੰਜੋ ਪਹਿਨ ਕੇ ।15ਅਤੇ ਮਿਲਾਪ ਦੀ ਖੁਸ਼ਖਬਰੀ ਦੀ ਤਿਆਰੀ ਦੀ ਜੁੱਤੀ ਆਪਣੇ ਪੈਰੀਂ ਪਾ ਕੇ ਖੜੇ ਹੋ ਜਾਓ !16ਇਹਨਾਂ ਸਭਨਾਂ ਤੋਂ ਵਧ ਕੇ, ਵਿਸ਼ਵਾਸ ਦੀ ਢਾਲ਼ ਲਵੋ ਜਿਹ ਦੇ ਨਾਲ ਤੁਸੀਂ ਉਸ ਦੁਸ਼ਟ ਦੇ ਸਾਰੇ ਅਗਨੀ ਬਾਣਾਂ ਨੂੰ ਬੁਝਾ ਸਕੋ ।
17ਅਤੇ ਮੁਕਤੀ ਦਾ ਟੋਪ, ਆਤਮਾ ਦੀ ਤਲਵਾਰ ਜੋ ਪਰਮੇਸ਼ੁਰ ਦਾ ਬਚਨ ਹੈ, ਲੈ ਲਵੋ ।18ਅਤੇ ਸਾਰੀ ਪ੍ਰਾਰਥਨਾ ਅਤੇ ਬੇਨਤੀ ਨਾਲ ਹਰ ਸਮੇਂ ਆਤਮਾ ਵਿੱਚ ਪ੍ਰਾਰਥਨਾ ਕਰਦੇ ਰਹੋ ਅਤੇ ਇਹ ਦੇ ਨਮਿੱਤ ਜਾਗਦੇ ਹੋਏ ਸਾਰਿਆਂ ਸੰਤਾਂ ਲਈ ਬਹੁਤ ਦਲੇਰੀ ਨਾਲ ਬੇਨਤੀ ਕਰਿਆ ਕਰੋ ।
19ਅਤੇ ਮੇਰੇ ਲਈ ਵੀ, ਜਦ ਆਪਣਾ ਮੂੰਹ ਖੋਲ੍ਹਾਂ ਤਾਂ ਅਜਿਹਾ ਬਚਨ ਮੈਨੂੰ ਦਿੱਤਾ ਜਾਵੇ ਕਿ ਮੈਂ ਦਲੇਰੀ ਨਾਲ ਖੁਸ਼ਖਬਰੀ ਦਾ ਭੇਤ ਪਰਗਟ ਕਰਾਂ ਜਿਹ ਦੇ ਲਈ ਮੈਂ ਸੰਗਲਾਂ ਨਾਲ ਜਕੜਿਆ ਹੋਇਆ ਰਾਜਦੂਤ ਹਾਂ ।20ਅਤੇ ਜਿਵੇਂ ਮੈਨੂੰ ਬੋਲਣਾ ਚਾਹੀਦਾ ਹੈ ਮੈਂ ਉਸ ਵਿੱਚ ਦਲੇਰੀ ਨਾਲ ਬੋਲਾਂ ।
ਨਮਸਕਾਰ

21ਪਰ ਇਸ ਲਈ ਜੋ ਤੁਸੀਂ ਵੀ ਮੇਰੇ ਬਾਰੇ ਜਾਣੋ ਕਿ ਮੇਰਾ ਕੀ ਹਾਲ ਹੈ, ਤੁਖਿਕੁਸ ਜਿਹੜਾ ਪਿਆਰਾ ਭਰਾ, ਪ੍ਰਭੂ ਵਿੱਚ ਵਿਸ਼ਵਾਸਯੋਗ ਸੇਵਕ ਹੈ ਤੁਹਾਨੂੰ ਸੱਭੇ ਗੱਲਾਂ ਦੱਸੇਗਾ ।22ਜਿਹ ਨੂੰ ਮੈਂ ਤੁਹਾਡੇ ਕੋਲ ਇਸੇ ਕਰਕੇ ਭੇਜਿਆ ਜੋ ਤੁਸੀਂ ਸਾਡੀਆਂ ਬੀਤੀਆਂ ਨੂੰ ਜਾਣੋ ਅਤੇ ਉਹ ਤੁਹਾਡਿਆਂ ਮਨਾਂ ਨੂੰ ਦਿਲਾਸਾ ਦੇਵੇ ।
23ਪਰਮੇਸ਼ੁਰ ਪਿਤਾ ਅਤੇ ਪ੍ਰਭੂ ਯਿਸੂ ਮਸੀਹ ਦੀ ਵੱਲੋਂ ਭਰਾਵਾਂ ਨੂੰ ਸ਼ਾਂਤੀ ਅਤੇ ਵਿਸ਼ਵਾਸ ਪਿਆਰ ਸਣੇ ਮਿਲਦੀ ਰਹੇ !24ਉਹਨਾਂ ਸਭਨਾਂ ਉੱਤੇ ਜਿਹੜੇ ਸਾਡੇ ਪ੍ਰਭੂ ਯਿਸੂ ਮਸੀਹ ਨਾਲ ਸੱਚਾ ਪਿਆਰ ਰੱਖਦੇ ਹਨ, ਕਿਰਪਾ ਹੁੰਦੀ ਰਹੇ । ਆਮੀਨ ।

ਫਿਲਿੱਪੀਆਂ ਨੂੰ

1

1ਮਸੀਹ ਯਿਸੂ ਦੇ ਦਾਸ ਪੌਲੁਸ ਅਤੇ ਤਿਮੋਥਿਉਸ, ਅੱਗੇ ਯੋਗ ਫ਼ਿਲਿੱਪੈ ਦੇ ਵਿੱਚ ਜਿੰਨੇ ਮਸੀਹ ਯਿਸੂ ਵਿੱਚ ਸੰਤ ਹਨ ਉਨ੍ਹਾਂ ਸਭਨਾਂ ਨੂੰ ਕਲੀਸਿਯਾ ਦੇ ਨਿਗਾਹਬਾਨਾਂ ਅਤੇ ਸੇਵਕਾਂ ਸਣੇ ।2ਸਾਡੇ ਪਿਤਾ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲਦੀ ਰਹੇ ।

ਪ੍ਰਾਰਥਨਾ ਅਤੇ ਧੰਨਵਾਦ

3ਮੈਂ ਜਦੋਂ ਤੁਹਾਨੂੰ ਯਾਦ ਕਰਦਾ ਹਾਂ ਤਦ ਆਪਣੇ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ।4ਅਤੇ ਮੈਂ ਆਪਣੀ ਹਰੇਕ ਬੇਨਤੀ ਵਿੱਚ ਸਦਾ ਤੁਹਾਡੇ ਸਾਰਿਆਂ ਲਈ ਅਨੰਦ ਨਾਲ ਬੇਨਤੀ ਕਰਦਾ ਹਾਂ ।5ਇਸ ਲਈ ਜੋ ਤੁਸੀਂ ਪਹਿਲੇ ਦਿਨ ਤੋਂ ਹੁਣ ਤੱਕ ਖੁਸ਼ਖਬਰੀ ਦੇ ਫੈਲਾਉਣ ਵਿੱਚ ਮੇਰੇ ਸਾਂਝੀ ਰਹੇ ।6ਅਤੇ ਇਸ ਗੱਲ ਦੀ ਮੈਨੂੰ ਭਰੋਸਾ ਹੈ ਕਿ ਜਿਸ ਨੇ ਤੁਹਾਡੇ ਵਿੱਚ ਸ਼ੁਭ ਕੰਮ ਨੂੰ ਸ਼ੁਰੂ ਕੀਤਾ ਸੋ ਯਿਸੂ ਮਸੀਹ ਦੇ ਦਿਨ ਤੱਕ ਉਹ ਨੂੰ ਪੂਰਾ ਕਰੇਗਾ ।
7ਇਸ ਲਈ ਤੁਹਾਡੇ ਸਾਰਿਆਂ ਦੇ ਲਈ ਮੈਨੂੰ ਇਹ ਮੰਨਣਾ ਉੱਚਿਤ ਹੈ ਕਿਉਂ ਜੋ ਤੁਸੀਂ ਮੇਰੇ ਦਿਲ ਵਿੱਚ ਹੋ, ਇਸ ਲਈ ਜੋ ਮੇਰੇ ਬੰਧਨਾਂ ਵਿੱਚ, ਨਾਲੇ ਖੁਸ਼ਖਬਰੀ ਦੇ ਨਮਿੱਤ ਉੱਤਰ ਅਤੇ ਪਰਮਾਣ ਦੇਣ ਵਿੱਚ ਤੁਸੀਂ ਸਾਰੇ ਮੇਰੇ ਨਾਲ ਕਿਰਪਾ ਦੇ ਸਾਂਝੀ ਹੋ ।8ਪਰਮੇਸ਼ੁਰ ਤਾਂ ਮੇਰਾ ਗਵਾਹ ਹੈ, ਜੋ ਮੈਂ ਮਸੀਹ ਯਿਸੂ ਜਿਹਾ ਪਿਆਰ ਕਰਕੇ ਤੁਸੀਂ ਸਭਨਾਂ ਨੂੰ ਕਿੰਨ੍ਹਾਂ ਹੀ ਲੋਚਦਾ ਹਾਂ ।
9ਅਤੇ ਮੈਂ ਇਹ ਪ੍ਰਾਰਥਨਾ ਕਰਦਾ ਹਾਂ ਭਈ ਤੁਹਾਡਾ ਪਿਆਰ ਸਮਝ ਅਤੇ ਸਭ ਪਰਕਾਰ ਦੇ ਬਿਬੇਕ ਨਾਲ ਹੋਰ ਤੋਂ ਹੋਰ ਵਧਦਾ ਚੱਲਿਆ ਜਾਵੇ ।10ਤੁਸੀਂ ਚੰਗੀ ਚੰਗੇਰੀਆਂ ਗੱਲਾਂ ਨੂੰ ਪਸੰਦ ਕਰੋ ਤਾਂ ਜੋ ਮਸੀਹ ਦੇ ਦਿਨ ਤੱਕ ਨਿਸ਼ਕਪਟ ਅਤੇ ਨਿਰਦੋਸ਼ ਰਹੋ ।11ਅਤੇ ਧਾਰਮਿਕਤਾ ਦੇ ਫਲ ਨਾਲ ਜੋ ਯਿਸੂ ਮਸੀਹ ਦੇ ਵਸੀਲੇ ਕਰਕੇ ਹੁੰਦਾ ਹੈ, ਭਰਪੂਰ ਰਹੋ ਭਈ ਪਰਮੇਸ਼ੁਰ ਦੀ ਵਡਿਆਈ ਅਤੇ ਉਸਤਤ ਹੋਵੇ ।
ਪੌਲੁਸ ਦੀ ਕੈਦ ਦੇ ਦੁਆਰਾ ਖੁਸ਼ ਖ਼ਬਰੀ ਦੀ ਉਨਤੀ

12ਹੇ ਭਰਾਵੋ, ਮੈਂ ਚਾਹੁੰਦਾ ਹਾਂ ਜੋ ਤੁਸੀਂ ਇਹ ਜਾਣੋ ਕਿ ਮੇਰੇ ਉੱਤੇ ਜੋ ਬੀਤਿਆ ਸੋ ਖੁਸ਼ਖਬਰੀ ਦੇ ਪ੍ਰਸਾਰ ਕਾਰਨ ਹੀ ਹੋਇਆ ।13ਇਥੋਂ ਤੱਕ ਜੋ ਪਾਤਸ਼ਾਹ ਦੀ ਸਾਰੀ ਪਲਟਣ ਅਤੇ ਹੋਰ ਸਭਨਾਂ ਉੱਤੇ ਉਜਾਗਰ ਹੋਇਆ ਭਈ ਮੇਰੇ ਬੰਧਨ ਮਸੀਹ ਦੇ ਲਈ ਹਨ ।14ਅਤੇ ਬਹੁਤੇ ਜੋ ਪ੍ਰਭੂ ਵਿੱਚ ਭਾਈ ਹਨ ਮੇਰੇ ਬੰਧਨਾਂ ਦੇ ਕਾਰਨ ਤਕੜੇ ਹੋ ਕੇ ਪਰਮੇਸ਼ੁਰ ਦਾ ਬਚਨ ਨਿਧੜਕ ਸੁਣਾਉਣ ਲਈ ਹੋਰ ਵੀ ਦਿਲੇਰ ਹੋ ਗਏ ਹਨ ।

15ਕਈ ਤਾਂ ਖਾਰ ਅਤੇ ਝਗੜੇ ਨਾਲ ਅਤੇ ਕਈ ਭਲੀ ਮਨਸ਼ਾ ਨਾਲ ਵੀ ਮਸੀਹ ਦਾ ਪਰਚਾਰ ਕਰਦੇ ਹਨ ।16ਇਹ ਤਾਂ ਪਿਆਰ ਨਾਲ ਕਰਦੇ ਹਨ ਇਹ ਜਾਣ ਕੇ ਭਈ ਮੈਂ ਖੁਸ਼ਖਬਰੀ ਲਈ ਉੱਤਰ ਦੇਣ ਨੂੰ ਥਾਪਿਆ ਹੋਇਆ ਹਾਂ ।17ਪਰ ਓਹ ਨਿਸ਼ਕਪਟਤਾ ਨਾਲ ਨਹੀਂ ਸਗੋਂ ਧੜੇ ਬਾਜ਼ੀ ਨਾਲ ਮਸੀਹ ਦਾ ਪਰਚਾਰ ਕਰਦੇ ਹਨ, ਇਹ ਸਮਝ ਕੇ ਭਈ ਮੇਰੀਆਂ ਬੰਧਨਾਂ ਵਿੱਚ ਮੈਨੂੰ ਹੋਰ ਵੀ ਕਲੇਸ਼ ਪੁਚਾਉਣ ।
18ਤਾਂ ਕੀ ਹੋਇਆ ? ਭਾਵੇਂ ਬਹਾਨੇ ਭਾਵੇਂ ਸਚਿਆਈ ਨਾਲ ਹਰ ਤਰ੍ਹਾਂ ਮਸੀਹ ਦਾ ਪਰਚਾਰ ਹੁੰਦਾ ਹੈ ਅਤੇ ਮੈਂ ਇਸ ਕਾਰਨ ਖੁਸ਼ ਹਾਂ ਅਤੇ ਰਹਾਂਗਾ ਵੀ ।
ਜਿਉਣਾ ਮਸੀਹ ਹੈ

19ਕਿਉਂ ਜੋ ਮੈਂ ਜਾਣਦਾ ਹਾਂ ਕਿ ਤੁਹਾਡੀ ਬੇਨਤੀ ਤੋਂ ਅਤੇ ਯਿਸੂ ਮਸੀਹ ਦੇ ਆਤਮਾ ਦੀ ਸਹਾਇਤਾ ਤੋਂ ਮੇਰਾ ਇਨਾਮ ਮੁਕਤੀ ਹੋਵੇਗਾ ।
20ਮੇਰੀ ਵੱਡੀ ਤਾਂਘ ਅਤੇ ਆਸ ਦੇ ਅਨੁਸਾਰ ਕਿ ਮੈਂ ਕਿਸੇ ਗੱਲ ਵਿੱਚ ਸ਼ਰਮਿੰਦਾ ਨਹੀਂ ਹੋਵਾਂਗਾ, ਸਗੋਂ ਪੂਰੀ ਦਲੇਰੀ ਨਾਲ ਜਿਵੇਂ ਮੇਰੀ ਦੇਹ ਵਿੱਚ ਮਸੀਹ ਦੀ ਵਡਿਆਈ ਹੁੰਦੀ ਆਈ ਹੈ , ਹੁਣ ਉਵੇਂ ਹੀ ਹੁੰਦੀ ਰਹੇ, ਭਾਵੇਂ ਮੈਂ ਜਿਉਂਦਾ ਰਹਾ ਜਾਂ ਮਰ ਜਾਂਵਾਂ ।21ਕਿਉਂਕਿ ਜਿਉਣਾ ਮੇਰੇ ਲਈ ਮਸੀਹ ਹੈ ਅਤੇ ਮਰਨਾ ਲਾਭ ਹੈ ।
22ਪਰ ਜੇ ਸਰੀਰ ਵਿੱਚ ਜਿਉਂਦਾ ਰਹਿਣਾ, ਜੇ ਇਸ ਤੋਂ ਮੈਨੂੰ ਮਿਹਨਤ ਦਾ ਫਲ ਪ੍ਰਾਪਤ ਹੋਵੇ ਤਾਂ ਮੈਂ ਨਹੀਂ ਜਾਣਦਾ ਜੋ ਮੈਂ ਕਿਸਨੂੰ ਚੁਣਾਂ ।23ਪਰ ਮੈਂ ਦੋਹਾਂ ਦੇ ਵਿਚਾਲੇ ਫਸਿਆ ਹੋਇਆ ਹਾਂ । ਮੈਂ ਚਾਹੁੰਦਾ ਹਾਂ ਭਈ ਛੁਟਕਾਰਾ ਪਾਵਾਂ ਅਤੇ ਮਸੀਹ ਦੇ ਕੋਲ ਜਾ ਰਹਾਂ ਕਿਉਂ ਜੋ ਇਹ ਬਹੁਤ ਹੀ ਉੱਤਮ ਹੈ ।24ਪਰ ਸਰੀਰ ਵਿੱਚ ਮੇਰਾ ਰਹਿਣਾ ਤੁਹਾਡੇ ਲਈ ਵਧੇਰੇ ਜ਼ਰੂਰੀ ਹੈ ।
25ਅਤੇ ਇਸ ਗੱਲ ਦੀ ਪਰਤੀਤ ਹੋਣ ਕਰਕੇ ਮੈਂ ਜਾਣਦਾ ਹਾਂ ਜੋ ਮੈਂ ਜਿਉਂਦਾ ਰਹਾਂਗਾ ਅਤੇ ਤੁਸੀਂ ਸਭਨਾਂ ਦੇ ਨਾਲ ਠਹਿਰਾਂਗਾ ਜਿਸ ਕਰਕੇ ਵਿਸ਼ਵਾਸ ਵਿੱਚ ਤੁਹਾਡੀ ਉਨੱਤੀ ਅਤੇ ਅਨੰਦ ਹੋਵੇ ।26ਤਾਂ ਜੋ ਮਸੀਹ ਯਿਸੂ ਵਿੱਚ ਤੁਹਾਡਾ ਅਭਮਾਨ ਜੋ ਮੇਰੇ ਉੱਤੇ ਹੈ, ਉਹ ਤੁਹਾਡੇ ਕੋਲ ਮੇਰੇ ਫੇਰ ਆਉਣ ਕਰਕੇ ਵੱਧ ਜਾਵੇ ।
ਖੁਸ਼ਖਬਰੀ ਦੇ ਯੋਗ ਜੀਵਨ

27ਸਿਰਫ਼ ਤੁਸੀਂ ਮਸੀਹ ਦੀ ਖੁਸ਼ਖਬਰੀ ਦੇ ਯੋਗ ਚਾਲ ਚੱਲੋ ਜੋ ਮੈਂ ਭਾਵੇਂ ਆਣ ਕੇ ਤੁਹਾਨੂੰ ਵੇਖਾਂ ਭਾਵੇਂ ਤੁਹਾਡੇ ਤੋਂ ਦੂਰ ਹੋਵਾਂ, ਪਰ ਤੁਹਾਡੇ ਬਾਰੇ ਇਹ ਸੁਣਾਂ ਕਿ ਤੁਸੀਂ ਇੱਕੋ ਆਤਮਾ ਵਿੱਚ ਦ੍ਰਿੜ੍ਹ ਅਤੇ ਇੱਕੋ ਮਨ ਹੋ ਕੇ ਖੁਸ਼ਖਬਰੀ ਦੇ ਵਿਸ਼ਵਾਸ ਲਈ ਮਿਹਨਤ ਕਰਦੇ ਹੋ ।
28ਅਤੇ ਕਿਸੇ ਗੱਲ ਵਿੱਚ ਵਿਰੋਧੀਆਂ ਤੋਂ ਨਹੀਂ ਡਰਦੇ ਹੋ l ਜਿਹੜਾ ਉਹਨਾਂ ਲਈ ਨਾਸ ਦਾ ਪੱਕਾ ਨਿਸ਼ਾਨ ਹੈ, ਪਰ ਤੁਹਾਡੀ ਮੁਕਤੀ ਦਾ, ਅਤੇ ਇਹ ਪਰਮੇਸ਼ੁਰ ਦੀ ਵੱਲੋਂ ਹੈ ।29ਕਿਉਂ ਜੋ ਮਸੀਹ ਦੇ ਕਾਰਨ ਤੁਹਾਡੇ ਉੱਤੇ ਇਹ ਕਿਰਪਾ ਹੋਈ ਜੋ ਤੁਸੀਂ ਨਾ ਕੇਵਲ ਉਸ ਉੱਤੇ ਵਿਸ਼ਵਾਸ ਕਰੋ ਸਗੋਂ ਉਹ ਦੇ ਲਈ ਦੁੱਖ ਵੀ ਝੱਲੋ ।30ਅਤੇ ਤੁਸੀਂ ਇਹੋ ਜਿਹਾ ਜਤਨ ਕਰੋ ਜੋ ਤੁਸੀਂ ਮੈਨੂੰ ਕਰਦਿਆਂ ਡਿੱਠਾ ਅਤੇ ਹੁਣ ਵੀ ਸੁਣਦੇ ਹੋ ।

2
ਮਸੀਹ ਦੀ ਅਧੀਨਤਾ ਅਤੇ ਮਹਾਨਤਾ

1ਸੋ ਜੇ ਮਸੀਹ ਵਿੱਚ ਕੁੱਝ ਦਿਲਾਸਾ, ਜੇ ਪਿਆਰ ਦੀ ਕੁੱਝ ਤਸੱਲੀ, ਜੇ ਆਤਮਾ ਦੀ ਕੁੱਝ ਸਾਂਝ, ਜੇ ਕੁੱਝ ਦਿਆਲਗੀ ਅਤੇ ਦਰਦਮੰਦੀ ਹੈ ।2ਤਾਂ ਮੇਰੇ ਅਨੰਦ ਨੂੰ ਪੂਰਾ ਕਰੋ ਕਿ ਤੁਸੀਂ ਇੱਕ ਮਨ ਹੋਵੋ, ਇੱਕੋ ਜਿਹਾ ਪਿਆਰ ਰੱਖੋ, ਇੱਕ ਚਿੱਤ, ਇੱਕ ਮੱਤ ਹੋਵੋ ।

3ਧੜੇਬਾਜ਼ੀਆਂ ਅਥਵਾ ਫੋਕੇ ਘਮੰਡ ਨਾਲ ਕੁੱਝ ਨਾ ਕਰੋ ਸਗੋਂ ਤੁਸੀਂ ਅਧੀਨਗੀ ਨਾਲ ਇੱਕ ਦੂਏ ਨੂੰ ਆਪਣੇ ਆਪ ਤੋਂ ਉੱਤਮ ਜਾਣੋ ।4ਤੁਹਾਡੇ ਵਿੱਚੋਂ ਹਰੇਕ ਆਪਣੇ ਹੀ ਹਾਲ ਉੱਤੇ ਨਹੀਂ ਸਗੋਂ ਹਰੇਕ ਦੂਜਿਆਂ ਦੇ ਹਾਲ ਉੱਤੇ ਵੀ ਨਿਗਾਹ ਕਰੇ ।
5ਤੁਹਾਡਾ ਉਹੋ ਸੁਭਾਓ ਹੋਵੇ ਜੋ ਮਸੀਹ ਯਿਸੂ ਦਾ ਵੀ ਸੀ ।6ਕਿ ਉਸ ਨੇ ਪਰਮੇਸ਼ੁਰ ਦੇ ਸਰੂਪ ਵਿੱਚ ਹੋ ਕੇ ਪਰਮੇਸ਼ੁਰ ਦੇ ਤੁੱਲ ਹੋਣਾ ਕਬਜ਼ੇ ਰੱਖਣ ਦੀ ਚੀਜ਼ ਨਾ ਜਾਣਿਆ ।7ਸਗੋਂ ਉਸ ਨੇ ਆਪਣੇ ਆਪ ਨੂੰ ਸੱਖਣਾ (ਜੋ ਕੁਝ ਉਸ ਕੋਲ ਸੀ, ਸਭ ਕੁਝ ਤਿਆਗ ਦਿੱਤਾ ) ਕਰਕੇ ਦਾਸ ਦਾ ਰੂਪ ਧਾਰਿਆ ਅਤੇ ਮਨੁੱਖਾਂ ਦੀ ਸੂਰਤ ਵਿੱਚ ਜੰਮਿਆ ।8ਅਤੇ ਮਨੁੱਖ ਦੀ ਸ਼ਕਲ ਵਿੱਚ ਪਰਗਟ ਹੋ ਕੇ ਆਪਣੇ ਆਪ ਨੂੰ ਨੀਵਿਆਂ ਕੀਤਾ ਅਤੇ ਮੌਤ ਤੱਕ ਸਗੋਂ ਸਲੀਬ ਦੀ ਮੌਤ ਤੱਕ ਆਗਿਆਕਾਰ ਬਣਿਆ ।
9ਇਸ ਕਾਰਨ ਪਰਮੇਸ਼ੁਰ ਨੇ ਵੀ ਉਸ ਨੂੰ ਅੱਤ ਉੱਚਿਆਂ ਕੀਤਾ ਅਤੇ ਉਸ ਨੂੰ ਉਹ ਨਾਮ ਦਿੱਤਾ ਜਿਹੜਾ ਸਭਨਾਂ ਨਾਮਾਂ ਤੋਂ ਉੱਤਮ ਹੈ ।10ਜੋ ਸਵਰਗ ਅਤੇ ਧਰਤੀ ਉੱਤੇ ਅਤੇ ਧਰਤੀ ਦੇ ਹੇਠਾਂ ਹਨ , ਯਿਸੂ ਦੇ ਨਾਮ ਵਿੱਚ ਹਰ ਗੋਡਾ ਨਿਵਾਇਆ ਜਾਵੇ ।11ਅਤੇ ਹਰ ਜ਼ਬਾਨ ਪਰਮੇਸ਼ੁਰ ਪਿਤਾ ਦੀ ਵਡਿਆਈ ਲਈ ਮੰਨ ਲਵੇ ਜੋ ਯਿਸੂ ਮਸੀਹ ਪ੍ਰਭੂ ਹੈ ।
ਸਾਰਾ ਕੁੱਝ ਬੁੜ-ਬੁੜ ਕਰਨ ਤੋਂ ਬਿਨ੍ਹਾਂ ਕਰੋ

12ਇਸ ਲਈ, ਹੇ ਮੇਰੇ ਪਿਆਰਿਓ, ਜਿਵੇਂ ਤੁਸੀਂ ਸਦਾ ਆਗਿਆਕਾਰੀ ਕੀਤੀ, ਸਿਰਫ਼ ਮੇਰੇ ਹੁੰਦਿਆਂ ਨਹੀਂ ਸਗੋਂ ਹੁਣ ਬਹੁਤ ਵਧੀਕ ਮੇਰੇ ਦੂਰ ਹੁੰਦਿਆਂ ਤੁਸੀਂ ਡਰਦੇ ਅਤੇ ਕੰਬਦੇ ਹੋਏ ਆਪਣੀ ਮੁਕਤੀ ਦੇ ਕੰਮ ਨੂੰ ਪੂਰਾ ਕਰੋ ।13ਕਿਉਂ ਜੋ ਪਰਮੇਸ਼ੁਰ ਹੀ ਹੈ ਜਿਹੜਾ ਤੁਹਾਡੇ ਵਿੱਚ ਮਨਸ਼ਾ ਤੇ ਅਮਲ ਦੋਹਾਂ ਨੂੰ ਆਪਣੇ ਨੇਕ ਇਰਾਦੇ ਨੂੰ ਪੂਰਾ ਕਰਨ ਲਈ ਪੈਦਾ ਕਰਦਾ ਹੈ ।
14ਤੁਸੀਂ ਸੱਭੇ ਕੰਮ ਬੁੜ-ਬੁੜ ਅਤੇ ਝਗੜੇ ਕਰਨ ਤੋਂ ਬਿਨ੍ਹਾਂ ਕਰੋ ।15ਤਾਂ ਜੋ ਤੁਸੀਂ ਨਿਰਦੋਸ਼ ਅਤੇ ਸਿੱਧੇ ਸਾਧੇ ਹੋ ਕੇ ਵਿੰਗੀ ਟੇਢੀ ਪੀੜ੍ਹੀ ਵਿੱਚ ਪਰਮੇਸ਼ੁਰ ਦੇ ਨਿਰਮਲ ਬਾਲਕ ਬਣੇ ਰਹੋ ਜਿੰਨ੍ਹਾ ਦੇ ਵਿੱਚ ਤੁਸੀਂ ਜੀਵਨ ਦਾ ਬਚਨ ਲੈ ਕੇ ਸੰਸਾਰ ਉੱਤੇ ਜੋਤਾਂ ਵਾਂਗੂੰ ਦਿਸਦੇ ਹੋ,16ਤਾਂ ਜੋ ਮਸੀਹ ਦੇ ਦਿਨ ਮੈਨੂੰ ਅਭਮਾਨ ਕਰਨ ਦਾ ਥਾਂ ਹੋਵੇ ਕਿ ਮੇਰੀ ਦੌੜ ਅਤੇ ਮੇਰੀ ਮਿਹਨਤ ਵਿਅਰਥ ਨਹੀਂ ਗਈ ।
17ਪਰ ਭਾਵੇਂ ਮੈਨੂੰ ਤੁਹਾਡੇ ਵਿਸ਼ਵਾਸ ਦੇ ਬਲੀਦਾਨ ਅਤੇ ਸੇਵਕਾਈ ਦੇ ਨਾਲ ਆਪਣਾ ਲਹੂ ਵੀ ਵਹਾਉਣਾ ਪਵੇ ਤਾਂ ਵੀ ਮੈਂ ਅਨੰਦ ਕਰਦਾ ਹਾਂ ਅਤੇ ਤੁਹਾਡੇ ਨਾਲ ਵੀ ਅਨੰਦ ਹਾਂ ।18ਇਸੇ ਤਰ੍ਹਾਂ ਤੁਸੀਂ ਵੀ ਅਨੰਦ ਕਰੋ ਅਤੇ ਮੇਰੇ ਨਾਲ ਅਨੰਦ ਕਰੋ l
ਤਿਮੋਥਿਉਸ ਅਤੇ ਇਪਾਫ਼ਰੋਦੀਤੁਸ

19ਪਰ ਮੈਨੂੰ ਪ੍ਰਭੂ ਯਿਸੂ ਉੱਤੇ ਇਹ ਆਸ ਹੈ ਜੋ ਤਿਮੋਥਿਉਸ ਨੂੰ ਛੇਤੀ ਤੁਹਾਡੇ ਕੋਲ ਭੇਜਾਂਗਾ ਜੋ ਤੁਹਾਡੀਆਂ ਬੀਤੀਆਂ ਸੁਣਨ ਤੋਂ ਮੇਰਾ ਮਨ ਵੀ ਸ਼ਾਂਤ ਹੋਵੇ ।20ਕਿਉਂਕਿ ਉਹ ਦੇ ਵਰਗਾ ਮੇਰੇ ਕੋਲ ਹੋਰ ਕੋਈ ਨਹੀਂ ਜੋ ਸੱਚੇ ਦਿਲ ਨਾਲ ਤੁਹਾਡੇ ਲਈ ਚਿੰਤਾ ਕਰੇ ।21ਕਿਉਂ ਜੋ ਸਾਰੇ ਆਪੋ ਆਪਣੇ ਮਤਲਬ ਦੇ ਯਾਰ ਹਨ, ਨਾ ਕਿ ਯਿਸੂ ਮਸੀਹ ਦੇ ।
22ਪਰ ਉਹ ਦੀ ਖੂਬੀ ਤੁਸੀਂ ਜਾਣ ਚੁੱਕੇ ਹੋ ਭਈ ਜਿਵੇਂ ਪੁੱਤਰ ਪਿਉ ਦੀ ਸੇਵਾ ਕਰਦਾ ਹੈ ਤਿਵੇਂ ਉਸ ਨੇ ਮੇਰੇ ਨਾਲ ਖੁਸ਼ਖਬਰੀ ਦੀ ਸੇਵਾ ਕੀਤੀ ।23ਸੋ ਮੈਨੂੰ ਆਸ ਹੈ ਕਿ ਜਿਸ ਵੇਲੇ ਵੇਖ ਲਵਾਂ ਜੋ ਮੇਰਾ ਕੀ ਹਾਲ ਹੋਵੇਗਾ ਤਾਂ ਝੱਟ ਉਹ ਨੂੰ ਭੇਜ ਦਿਆਂ ।24ਪਰ ਮੈਨੂੰ ਪ੍ਰਭੂ ਉੱਤੇ ਪਰਤੀਤ ਹੈ ਜੋ ਆਪ ਵੀ ਛੇਤੀ ਆਵਾਂਗਾ ।
25ਪਰ ਇਪਾਫ਼ਰੋਦੀਤੁਸ ਜੋ ਮੇਰਾ ਭਰਾ ਅਤੇ ਮੇਰਾ ਸਹਿਕਰਮੀ ਅਤੇ ਮੇਰੇ ਨਾਲ ਦਾ ਸਿਪਾਹੀ ਅਤੇ ਤੁਹਾਡਾ ਸੰਦੇਸੀ ਅਤੇ ਮੇਰੀ ਥੁੜ ਦਾ ਪੂਰਾ ਕਰਨ ਵਾਲਾ ਹੈ ਮੈਂ ਉਸ ਨੂੰ ਤੁਹਾਡੇ ਕੋਲ ਘੱਲਣਾ ਜ਼ਰੂਰੀ ਜਾਣਿਆ ।26ਕਿਉਂ ਜੋ ਉਹ ਤੁਹਾਨੂੰ ਸਭਨਾਂ ਨੂੰ ਬਹੁਤ ਲੋਚਦਾ ਸੀ ਅਤੇ ਤੁਸੀਂ ਜੋ ਸੁਣਿਆ ਸੀ ਕਿ ਉਹ ਬਿਮਾਰ ਪਿਆ ਹੈ ਇਸ ਕਰਕੇ ਉਹ ਉਦਾਸ ਰਹਿੰਦਾ ਸੀ27ਅਤੇ ਉਹ ਤਾਂ ਸੱਚੀ ਮੁੱਚੀ ਬਿਮਾਰ ਸੀ ਸਗੋਂ ਮਰਨ ਵਾਲਾ ਹੋ ਗਿਆ ਸੀ ਪਰੰਤੂ ਪਰਮੇਸ਼ੁਰ ਨੇ ਉਸ ਉੱਤੇ ਦਯਾ ਕੀਤੀ ਅਤੇ ਸਿਰਫ਼ ਉਸੇ ਉੱਤੇ ਨਹੀਂ ਸਗੋਂ ਮੇਰੇ ਉੱਤੇ ਵੀ ਮਤੇ ਮੈਨੂੰ ਸੋਗ ਤੋਂ ਸੋਗ ਨਾ ਹੋਵੇ ।
28ਇਸ ਲਈ ਮੈਂ ਹੋਰ ਵੀ ਯਤਨ ਕਰਕੇ ਉਹ ਨੂੰ ਭੇਜਿਆ ਭਈ ਤੁਸੀਂ ਉਹ ਨੂੰ ਫੇਰ ਵੇਖ ਕੇ ਅਨੰਦ ਹੋਵੋ ਅਤੇ ਮੇਰਾ ਵੀ ਸੋਗ ਘੱਟ ਜਾਵੇ ।29ਸੋ ਤੁਸੀਂ ਉਹ ਨੂੰ ਪ੍ਰਭੂ ਵਿੱਚ ਪੂਰੇ ਅਨੰਦ ਨਾਲ ਕਬੂਲ ਕਰੋ ਅਤੇ ਅਜਿਹਿਆਂ ਦਾ ਆਦਰ ਕਰੋ ।30ਇਸ ਕਰਕੇ ਜੋ ਉਹ ਮਸੀਹ ਦੇ ਕੰਮ ਲਈ ਮੌਤ ਦੇ ਮੂੰਹ ਵਿੱਚ ਆਇਆ ਕਿਉਂ ਜੋ ਮੇਰੀ ਸੇਵਾ ਕਰਨ ਵਿੱਚ ਜੋ ਤੁਹਾਡੀ ਵੱਲੋਂ ਥੁੜ ਸੀ ਉਹ ਨੂੰ ਪੂਰਾ ਕਰਨ ਲਈ ਉਸ ਨੇ ਆਪਣੀ ਜਾਨ ਤਲੀ ਉੱਤੇ ਧਰੀ ।

3
ਸੱਚੀ ਧਾਰਮਿਕਤਾ

1ਮੁਕਦੀ ਗੱਲ, ਹੇ ਮੇਰੇ ਭਰਾਵੋ, ਪ੍ਰਭੂ ਵਿੱਚ ਅਨੰਦ ਰਹੋ । ਇਹ ਗੱਲਾਂ ਤੁਹਾਨੂੰ ਮੁੜ ਮੁੜ ਲਿਖਣ ਤੋਂ ਮੈਂ ਤਾਂ ਨਹੀਂ ਅੱਕਦਾ ਅਤੇ ਇਹ ਤੁਹਾਡੇ ਲਈ ਬਚਾਓ ਦਾ ਕਾਰਨ ਹੈ ।2ਕੁੱਤਿਆਂ ਤੋਂ ਸੁਚੇਤ ਰਹੋ । ਕੁਕਰਮੀਆਂ ਤੋਂ ਸੁਚੇਤ ਰਹੋ । ਸੁੰਨਤ ਕਰਨ ਵਾਲਿਆਂ ਤੋਂ ਸੁਚੇਤ ਰਹੋ ।3ਕਿਉਂ ਜੋ ਸੁੰਨਤੀ ਤਾਂ ਅਸੀਂ ਹਾਂ ਜਿਹੜੇ ਪਰਮੇਸ਼ੁਰ ਦੇ ਆਤਮਾ ਨਾਲ ਭਜਨ ਕਰਦੇ ਹਾਂ ਅਤੇ ਮਸੀਹ ਯਿਸੂ ਦੇ ਉੱਤੇ ਅਭਮਾਨ ਕਰਦੇ ਹਾਂ ਅਤੇ ਸਰੀਰ ਦਾ ਆਸਰਾ ਨਹੀਂ ਰੱਖਦੇ ।

4ਭਾਵੇਂ ਮੈਂ ਸਰੀਰ ਦਾ ਵੀ ਆਸਰਾ ਰੱਖ ਸਕਦਾ । ਜੇ ਹੋਰ ਕੋਈ ਆਪਣੇ ਭਾਣੇ ਸਰੀਰ ਦਾ ਆਸਰਾ ਰੱਖ ਸਕਦਾ ਹੈ ਤਾਂ ਮੈਂ ਵਧੇਰੇ ਕਰ ਸਕਦਾ ਹਾਂ ।5ਜਨਮ ਤੋਂ ਅੱਠਵੇਂ ਦਿਨ ਦਾ ਸੁੰਨਤ ਕੀਤਾ ਹੋਇਆ ਮੈਂ ਇਸਰਾਏਲ ਦੇ ਵੰਸ਼ ਅਤੇ ਬਿਨਯਾਮੀਨ ਦੇ ਗੋਤ ਵਿੱਚੋਂ ਅਤੇ ਇਬਰਾਨੀਆਂ ਦਾ ਇਬਰਾਨੀ ਹਾਂ । ਬਿਵਸਥਾ ਦੀ ਪੁੱਛੋ ਤਾਂ ਫ਼ਰੀਸੀ ।
6ਅਣਖ ਦੀ ਪੁੱਛੋਂ ਤਾਂ ਕਲੀਸਿਯਾ ਦਾ ਸਤਾਉਣ ਵਾਲਾ । ਬਿਵਸਥਾ ਦੀ ਧਾਰਮਿਕਤਾ ਦੀ ਪੁੱਛੋ ਤਾਂ ਨਿਰਦੋਸ਼ ।7ਪਰ ਜਿਹੜੀਆਂ ਗੱਲਾਂ ਮੇਰੇ ਲਾਭ ਦੀਆਂ ਸਨ ਮੈਂ ਉਨ੍ਹਾਂ ਨੂੰ ਮਸੀਹ ਦੇ ਕਾਰਨ ਹਾਨੀ ਦੀਆਂ ਸਮਝਿਆ ।
8ਸਗੋਂ ਮਸੀਹ ਯਿਸੂ ਆਪਣੇ ਪ੍ਰਭੂ ਦੇ ਗਿਆਨ ਦੀ ਉੱਤਮਤਾਈ ਦੇ ਕਾਰਨ ਸਾਰਿਆਂ ਗੱਲਾਂ ਨੂੰ ਮੈਂ ਹਾਨੀ ਦੀਆਂ ਹੀ ਸਮਝਦਾ ਹਾਂ ਅਤੇ ਉਹ ਦੀ ਖਾਤਰ ਮੈਂ ਇੰਨ੍ਹਾਂ ਸਭਨਾਂ ਗੱਲਾਂ ਦੀ ਹਾਨ ਝੱਲੀ ਅਤੇ ਉਨ੍ਹਾਂ ਨੂੰ ਕੂੜਾ ਸਮਝਦਾ ਹਾਂ ਜੋ ਮੈਂ ਮਸੀਹ ਨੂੰ ਪਾ ਲਵਾਂ ।9ਅਤੇ ਮੈਂ ਉਸ ਵਿੱਚ ਪਾਇਆ ਜਾਂਵਾਂ, ਅਤੇ ਮੇਰੀ ਆਪਣੀ ਧਾਰਮਿਕਤਾ ਨਾਲ ਨਹੀਂ, ਜਿਹੜਾ ਬਿਵਸਥਾ ਤੋਂ ਹੁੰਦੀ ਹੈ, ਸਗੋਂ ਉਸ ਧਾਰਮਿਕਤਾ ਦੇ ਨਾਲ, ਜੋ ਮਸੀਹ ਉੱਤੇ ਵਿਸ਼ਵਾਸ ਕਰਨ ਤੋਂ ਪ੍ਰਾਪਤ ਹੁੰਦੀ ਹੈ, ਅਤੇ ਉਸ ਧਾਰਮਿਕਤਾ ਨਾਲ ਜੋ ਪਰਮੇਸ਼ੁਰ ਦੀ ਵੱਲੋਂ ਵਿਸ਼ਵਾਸ ਦੇ ਰਾਹੀਂ ਪ੍ਰਾਪਤ ਹੁੰਦੀ ਹੈ ।10ਤਾਂ ਜੋ ਮੈਂ ਉਹ ਨੂੰ ਅਤੇ ਉਹ ਦੇ ਜੀ ਉੱਠਣ ਦੀ ਸਮਰੱਥਾ ਨੂੰ ਅਤੇ ਉਹ ਦੇ ਦੁੱਖਾਂ ਦੀ ਸਾਂਝ ਨੂੰ ਜਾਣ ਲਵਾਂ ਅਤੇ ਉਹ ਦੀ ਮੌਤ ਦੇ ਸਰੂਪ ਨਾਲ ਮਿਲ ਜਾਂਵਾਂ ।11ਭਈ ਮੈਂ ਕਿਵੇਂ ਨਾ ਕਿਵੇਂ ਮੁਰਦਿਆਂ ਵਿੱਚੋਂ ਜੀ ਉੱਠਣ ਦੀ ਪਦਵੀ ਤੱਕ ਪਹੁੰਚ ਜਾਂਵਾਂ ।
ਨਿਸ਼ਾਨੇ ਦੇ ਵੱਲ ਦੌੜਨਾ

12ਇਹ ਨਹੀਂ ਕੀ ਮੈਂ ਪਾ ਚੁੱਕਿਆ ਹਾਂ ਜਾਂ ਸਿੱਧ ਹੋ ਚੁੱਕਿਆ ਹਾਂ ਪਰ ਮੈਂ ਓਸ ਨਿਸ਼ਾਨੇ ਪਿੱਛੇ ਚੱਲਿਆ ਜਾਂਦਾ ਹਾਂ ਭਈ ਮੈਂ ਕਿਵੇਂ ਉਸ ਗੱਲ ਨੂੰ ਹੱਥ ਪਾ ਲਵਾਂ, ਜਿਹ ਦੇ ਲਈ ਮਸੀਹ ਯਿਸੂ ਨੇ ਮੈਨੂੰ ਵੀ ਹੱਥ ਪਾਇਆ ਸੀ ।13ਹੇ ਭਰਾਵੋ ਮੈਂ ਆਪਣੇ ਲਈ ਇਹ ਨਹੀਂ ਸਮਝਦਾ ਜੋ ਮੈਂ ਅਜੇ ਹੱਥ ਪਾ ਲਿਆ ਹੈ ਪਰ ਐਨਾ ਹੈ ਜੋ ਮੈਂ ਪਿਛਲੀਆਂ ਗੱਲਾਂ ਨੂੰ ਭੁੱਲਾ ਕੇ ਅਤੇ ਉਨ੍ਹਾਂ ਗੱਲਾਂ ਲਈ ਜਿਹੜੀਆਂ ਅੱਗੇ ਹਨ ਅਗਾਹਾਂ ਵੱਧ ਕੇ,14ਨਿਸ਼ਾਨੇ ਵੱਲ ਦੌੜਿਆ ਜਾਂਦਾ ਹਾਂ ਭਈ ਉਸ ਉਪਰਲੇ ਸੱਦੇ ਦਾ ਇਨਾਮ ਲਵਾਂ ਜੋ ਪਰਮੇਸ਼ੁਰ ਦੀ ਵੱਲੋਂ ਮਸੀਹ ਯਿਸੂ ਵਿੱਚ ਹੈ ।
15ਸੋ ਅਸੀਂ ਜਿੰਨੇ ਸਿਆਣੇ ਹਾਂ ਇਹੋ ਖ਼ਿਆਲ ਰੱਖੀਏ ਅਤੇ ਜੇ ਕਿਸੇ ਗੱਲ ਵਿੱਚ ਤੁਹਾਨੂੰ ਹੋਰ ਤਰ੍ਹਾਂ ਦਾ ਖ਼ਿਆਲ ਹੋਵੇ ਤਾਂ ਪਰਮੇਸ਼ੁਰ ਤੁਹਾਡੇ ਉੱਤੇ ਉਹ ਵੀ ਪਰਗਟ ਕਰ ਦੇਵੇਗਾ ।16ਪਰ ਜਿੱਥੋਂ ਤੱਕ ਅਸੀਂ ਪਹੁੰਚੇ ਹਾਂ ਉਸੇ ਦੇ ਅਨੁਸਾਰ ਚੱਲੀਏ ।

17ਹੇ ਭਰਾਵੋ, ਤੁਸੀਂ ਰਲ ਕੇ ਮੇਰੀ ਰੀਸ ਕਰੋ ਅਤੇ ਉਨ੍ਹਾਂ ਵੱਲ ਧਿਆਨ ਰੱਖੋ ਜੋ ਇਹੋ ਜਿਹੀ ਚਾਲ ਚਲਦੇ ਹਨ ਜਿਵੇਂ ਅਸੀਂ ਤੁਹਾਡੇ ਲਈ ਨਮੂਨੇ ਹਾਂ ।18ਕਿਉਂਕਿ ਬਹੁਤੇ ਅਜਿਹੇ ਚੱਲਣ ਵਾਲੇ ਹਨ ਜਿੰਨ੍ਹਾ ਦੀ ਗੱਲ ਕਈ ਵਾਰ ਮੈਂ ਤੁਹਾਡੇ ਨਾਲ ਕੀਤੀ ਹੈ ਅਤੇ ਹੁਣ ਵੀ ਹੰਝੂਆਂ ਨਾਲ ਆਖਦਾ ਹਾਂ ਜੋ ਓਹ ਮਸੀਹ ਦੀ ਸਲੀਬ ਦੇ ਵੈਰੀ ਹਨ ।19ਜਿਨ੍ਹਾਂ ਦਾ ਅੰਤ ਬਿਨਾਸ ਹੈ, ਜਿਹਨਾਂ ਦਾ ਈਸ਼ਵਰ ਢਿੱਡ ਹੈ, ਜਿਨ੍ਹਾਂ ਦਾ ਘਮੰਡ ਆਪਣੀ ਸ਼ਰਮ ਉੱਤੇ ਹੈ, ਜਿਨ੍ਹਾਂ ਦਾ ਮਨ ਪ੍ਰਿਥਵੀ ਦੀਆਂ ਵਸਤਾਂ ਉੱਤੇ ਲੱਗਿਆ ਹੋਇਆ ਹੈ ।
20ਕਿਉਂ ਜੋ ਅਸੀਂ ਸਵਰਗ ਦੀ ਪਰਜਾ ਹਾਂ ਜਿੱਥੋਂ ਅਸੀਂ ਇੱਕ ਮੁਕਤੀਦਾਤੇ ਅਰਥਾਤ ਪ੍ਰਭੂ ਯਿਸੂ ਮਸੀਹ ਦੀ ਉਡੀਕ ਵੀ ਕਰਦੇ ਹਾਂ ।21ਜਿਹੜਾ ਆਪਣੀ ਸ਼ਕਤੀ ਦੇ ਅਨੁਸਾਰ ਜਿਹ ਦੇ ਨਾਲ ਉਹ ਸਭਨਾਂ ਵਸਤਾਂ ਨੂੰ ਆਪਣੇ ਵੱਸ ਵਿੱਚ ਕਰ ਸਕਦਾ ਹੈ ਸਾਡੇ ਨਿਮਾਣੇ ਸਰੀਰ ਨੂੰ ਬਦਲ ਕੇ ਆਪਣੇ ਤੇਜ ਦੇ ਸਰੀਰ ਦੀ ਤਰ੍ਹਾਂ ਬਣਾਵੇਗਾ ।

4

1ਹੇ ਮੇਰੇ ਪਿਆਰੇ ਭਰਾਵੋ, ਜਿੰਨ੍ਹਾ ਨੂੰ ਮੈਂ ਬਹੁਤ ਲੋਚਦਾ ਹਾਂ ਜੋ ਮੇਰਾ ਅਨੰਦ ਅਤੇ ਮੁਕਟ ਹੋ, ਤੁਸੀਂ ਇਸੇ ਤਰ੍ਹਾਂ ਹੇ ਪਿਆਰਿਓ, ਪ੍ਰਭੂ ਵਿੱਚ ਦ੍ਰਿੜ੍ਹ ਰਹੋ ।

ਵਿਵਹਾਰਿਕ ਨਿਰਦੇਸ਼

2ਮੈਂ ਯੂਓਦਿਆ ਦੇ ਅੱਗੇ ਬੇਨਤੀ ਕਰਦਾ ਅਤੇ ਸੁੰਤੁਖੇ ਦੇ ਅੱਗੇ ਵੀ ਕਿ ਉਹ ਪ੍ਰਭੂ ਵਿੱਚ ਇੱਕ ਮਨ ਹੋਣ ।3ਹਾਂ, ਤੇਰੇ ਅੱਗੇ ਵੀ, ਹੇ ਸੱਚੇ ਸਾਥੀ, ਮੈਂ ਬੇਨਤੀ ਕਰਦਾ ਹਾਂ ਜੋ ਤੂੰ ਉਹਨਾਂ ਤੀਵੀਆਂ ਦੀ ਸਹਾਇਤਾ ਕਰ, ਜਿੰਨ੍ਹਾ ਨੇ ਕਲੇਮੰਸ ਅਤੇ ਹੋਰਨਾਂ ਮੇਰੇ ਨਾਲ ਦੇ ਕੰਮ ਕਰਨ ਵਾਲਿਆਂ ਸਣੇ ਖੁਸ਼ਖਬਰੀ ਦੀ ਸੇਵਾ ਵਿੱਚ ਮੇਰੇ ਨਾਲ ਯਤਨ ਕੀਤਾ ਸੀ, ਜਿਨ੍ਹਾਂ ਦੇ ਨਾਮ ਜੀਵਨ ਦੇ ਪੁਸਤਕ ਵਿੱਚ ਲਿਖੇ ਹੋਏ ਹਨ ।

4ਪ੍ਰਭੂ ਵਿੱਚ ਸਦਾ ਅਨੰਦ ਕਰੋ । ਫੇਰ ਕਹਿੰਦਾ ਹਾਂ, ਅਨੰਦ ਕਰੋ ।5ਤੁਹਾਡਾ ਕੋਮਲਤਾ ਦਾ ਸੁਭਾਅ ਸਭਨਾਂ ਮਨੁੱਖਾਂ ਉੱਤੇ ਪਰਗਟ ਹੋਵੇ । ਪ੍ਰਭੂ ਨੇੜੇ ਹੈ ।6ਕਿਸੇ ਗੱਲ ਦੀ ਚਿੰਤਾ ਨਾ ਕਰੋ ਸਗੋਂ ਹਰ ਗੱਲ ਵਿੱਚ ਤੁਹਾਡੀਆਂ ਅਰਦਾਸਾਂ ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ ਸਣੇ ਪਰਮੇਸ਼ੁਰ ਦੇ ਅੱਗੇ ਕੀਤੀਆਂ ਜਾਣ ।7ਅਤੇ ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ ਤੁਹਾਡੀਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ ।

8ਮੁਕਦੀ ਗੱਲ, ਹੇ ਭਰਾਵੋ, ਜਿਹੜੀਆਂ ਗੱਲਾਂ ਸੱਚੀਆਂ ਹਨ, ਜਿਹੜੀਆਂ ਆਦਰਯੋਗ ਹਨ, ਜਿਹੜੀਆਂ ਜਥਾਰਥ ਹਨ, ਜਿਹੜੀਆਂ ਸ਼ੁੱਧ ਹਨ, ਜਿਹੜੀਆਂ ਸੁਹਾਉਣੀਆਂ ਹਨ, ਜਿਹੜੀਆਂ ਨੇਕਨਾਮੀ ਦੀਆਂ ਹਨ, ਜੇ ਕੁੱਝ ਗੁਣ ਹੈ ਅਤੇ ਜੇ ਕੁੱਝ ਸੋਭਾ ਹੈ ਤਾਂ ਇੰਨ੍ਹਾਂ ਗੱਲਾਂ ਦੀ ਵਿਚਾਰ ਕਰੋ ।9ਜੋ ਕੁੱਝ ਤੁਸੀਂ ਸਿੱਖਿਆ ਅਤੇ ਮੰਨ ਲਿਆ ਅਤੇ ਸੁਣਿਆ ਅਤੇ ਮੇਰੇ ਵਿੱਚ ਡਿੱਠਾ ਉਹੀ ਕਰੋ ਤਾਂ ਸ਼ਾਂਤੀ ਦਾਤਾ ਪਰਮੇਸ਼ੁਰ ਤੁਹਾਡੇ ਅੰਗ-ਸੰਗ ਹੋਵੇਗਾ ।
ਦਾਨ ਦੇ ਲਈ ਧੰਨਵਾਦ

10ਪਰ ਮੈਂ ਪ੍ਰਭੂ ਵਿੱਚ ਇਸ ਗੱਲ ਤੋਂ ਬਹੁਤ ਅਨੰਦ ਹਾਂ ਜੋ ਹੁਣ ਐਨੇ ਚਿਰ ਪਿੱਛੋਂ ਤੁਸੀਂ ਮੁੜ ਮੇਰੀ ਚਿੰਤਾ ਕੀਤੀ । ਤੁਸੀਂ ਤਾਂ ਅੱਗੇ ਵੀ ਮੇਰੇ ਲਈ ਚਿੰਤਾ ਕੀਤੀ ਸੀ ਪਰ ਤੁਹਾਨੂੰ ਸਮਾਂ ਨਾ ਮਿਲਿਆ ।11ਇਹ ਨਹੀਂ ਜੋ ਮੈਂ ਤੰਗੀ ਦੇ ਕਾਰਨ ਆਖਦਾ ਹਾਂ ਕਿਉਂ ਜੋ ਮੈਂ ਇਹ ਸਿੱਖ ਲਿਆ ਹੈ ਭਈ ਜਿਸ ਹਾਲ ਵਿੱਚ ਹੋਵਾਂ ਓਸੇ ਵਿੱਚ ਸੰਤੋਖ ਰੱਖਾਂ ।12ਮੈਂ ਘਟਣਾ ਜਾਣਦਾ ਹਾਂ, ਨਾਲੇ ਵੱਧਣਾ ਵੀ ਜਾਣਦਾ ਹਾਂ । ਹਰੇਕ ਗੱਲ ਵਿੱਚ, ਕੀ ਰੱਜਣਾ ਕੀ ਭੁੱਖਾ ਰਹਿਣਾ, ਕੀ ਵੱਧਣਾ ਕੀ ਥੁੜਨਾ, ਮੈਂ ਸਾਰੀਆਂ ਗੱਲਾਂ ਦਾ ਭੇਤ ਪਾਇਆ ਹੈ ।13ਉਹ ਦੇ ਵਿੱਚ ਜੋ ਮੈਨੂੰ ਬਲ ਦਿੰਦਾ ਹੈ ਮੈਂ ਸੱਭੋ ਕੁੱਝ ਕਰ ਸਕਦਾ ਹਾਂ ।
14ਤਾਂ ਵੀ ਤੁਸੀਂ ਭਲਾ ਕੀਤਾ ਜੋ ਇਸ ਬਿਪਤਾ ਵਿੱਚ ਮੇਰੇ ਸਾਂਝੀ ਹੋਏ ।15ਹੇ ਫਿਲਿੱਪੀਓ, ਤੁਸੀਂ ਆਪ ਵੀ ਜਾਣਦੇ ਹੋ ਭਈ ਜਾਂ ਮੈਂ ਖੁਸ਼ਖਬਰੀ ਪਹਿਲਾਂ ਸੁਣਾਉਣ ਲੱਗਾ ਜਦ ਮੈਂ ਮਕਦੂਨਿਯਾ ਤੋਂ ਨਿੱਕਲ ਆਇਆ ਤਾਂ ਕਿਸੇ ਕਲੀਸਿਯਾ ਨੇ ਲੈਣ-ਦੇਣ ਦੀ ਗੱਲ ਵਿੱਚ ਮੇਰਾ ਸਾਥ ਨਾ ਦਿੱਤਾ ਪਰ ਕੇਵਲ ਤੁਸੀਂ16ਕਿਉਂ ਜੋ ਥਸਲੁਨੀਕੇ ਵਿੱਚ ਵੀ ਤੁਸੀਂ ਮੇਰੀ ਲੋੜ ਪੂਰੀ ਕਰਨ ਲਈ ਇੱਕ ਵਾਰ ਨਹੀਂ ਸਗੋਂ ਕਈ ਵਾਰ ਕੁੱਝ ਭੇਜਿਆ ।17ਇਹ ਨਹੀਂ ਜੋ ਮੈਂ ਦਾਨ ਚਾਹੁੰਦਾ ਹਾਂ ਪਰ ਮੈਂ ਉਹ ਫਲ ਚਾਹੁੰਦਾ ਹਾਂ ਜੋ ਤੁਹਾਡੇ ਲੇਖੇ ਵਿੱਚ ਵਧਦਾ ਜਾਂਦਾ ਹੈ ।
18ਅਤੇ ਮੈਨੂੰ ਸੱਭੋ ਕੁੱਝ ਮਿਲ ਗਿਆ ਹੈ, ਸਗੋਂ ਵਾਧੂ ਹੈ । ਮੈਂ ਭਰਪੂਰ ਹਾਂ ਕਿਉਂ ਜੇ ਮੈਨੂੰ ਤੁਹਾਡੇ ਭੇਜੇ ਹੋਏ ਪਦਾਰਥ ਇਪਾਫ਼ਰੋਦੀਤੁਸ ਦੇ ਹੱਥੋਂ ਮਿਲੇ ਜੋ ਸੁੱਖਦਾਇਕ ਸੁਗੰਧ ਅਤੇ ਇਹੋ ਜਿਹਾ ਪਰਵਾਨ ਬਲੀਦਾਨ ਹੈ ਜੋ ਪਰਮੇਸ਼ੁਰ ਨੂੰ ਭਾਉਂਦਾ ਹੈ ।19ਅਤੇ ਮੇਰਾ ਪਰਮੇਸ਼ੁਰ ਤੇਜ ਵਿੱਚ ਆਪਣੇ ਧਨ ਦੇ ਅਨੁਸਾਰ ਤੁਹਾਡੀ ਹਰੇਕ ਥੁੜ ਨੂੰ ਮਸੀਹ ਯਿਸੂ ਵਿੱਚ ਸੰਪੂਰਨ ਕਰੇਗਾ ।20ਹੁਣ ਸਾਡੇ ਪਰਮੇਸ਼ੁਰ ਅਤੇ ਪਿਤਾ ਦੀ ਜੁੱਗੋ-ਜੁੱਗ ਵਡਿਆਈ ਹੋਵੇ । ਆਮੀਨ ।
ਆਖਰੀ ਨਮਸਕਾਰ

21ਮਸੀਹ ਯਿਸੂ ਵਿੱਚ ਹਰੇਕ ਸੰਤ ਨੂੰ ਸੁੱਖ-ਸਾਂਦ ਆਖਣਾ । ਮੇਰੇ ਨਾਲ ਜਿਹੜੇ ਭਾਈ ਹਨ ਤੁਹਾਨੂੰ ਸੁੱਖ-ਸਾਂਦ ਆਖਦੇ ਹਨ ।22ਸਾਰੇ ਸੰਤ ਪਰ ਖ਼ਾਸ ਕਰਕੇ ਓਹ ਜੋ ਕੈਸਰ ਦੇ ਘਰ ਵਿੱਚੋਂ ਹਨ ਤੁਹਾਨੂੰ ਸੁੱਖ-ਸਾਂਦ ਆਖਦੇ ਹਨ ।

23ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਆਤਮਾ ਉੱਤੇ ਹੁੰਦੀ ਰਹੇ ।

ਕੁਲੁੱਸੀਆਂ ਨੂੰ

1
ਨਮਸਕਾਰ

1ਪੌਲੁਸ ਵੱਲੋਂ, ਜੋ ਪਰਮੇਸ਼ੁਰ ਦੀ ਇੱਛਾ ਤੋਂ ਮਸੀਹ ਯਿਸੂ ਦਾ ਰਸੂਲ ਹਾਂ, ਨਾਲੇ ਸਾਡਾ ਭਰਾ ਤਿਮੋਥਿਉਸ ਵੱਲੋਂ ।2ਅੱਗੇ ਯੋਗ ਉਨ੍ਹਾਂ ਸੰਤਾਂ ਨੂੰ ਜਿਹੜੇ ਕੁਲੁੱਸੈ ਦੇ ਵਾਸੀ ਅਤੇ ਮਸੀਹ ਵਿੱਚ ਵਿਸ਼ਵਾਸਯੋਗ ਭਰਾ ਹਨ ਸਾਡੇ ਪਿਤਾ ਪਰਮੇਸ਼ੁਰ ਦੀ ਵੱਲੋਂ ਤੁਹਾਡੇ ਤੇ ਕਿਰਪਾ ਅਤੇ ਸ਼ਾਂਤੀ ਹੁੰਦੀ ਰਹੇ ।

ਧੰਨਵਾਦ ਦੀ ਪ੍ਰਾਰਥਨਾ

3ਅਸੀਂ ਪਰਮੇਸ਼ੁਰ ਦਾ ਜੋ ਸਾਡੇ ਪ੍ਰਭੂ ਯਿਸੂ ਮਸੀਹ ਦਾ ਪਿਤਾ ਹੈ ਧੰਨਵਾਦ ਕਰਦੇ ਅਤੇ ਹਰ ਰੋਜ਼ ਤੁਹਾਡੇ ਲਈ ਪ੍ਰਾਰਥਨਾਂ ਕਰਦੇ ਹਾਂ ।
4ਜਦੋਂ ਅਸੀਂ ਤੁਹਾਡੇ ਵਿਸ਼ਵਾਸ ਦੀ ਜਿਹੜਾ ਮਸੀਹ ਯਿਸੂ ਉੱਤੇ ਹੈ ਅਤੇ ਉਸ ਪਿਆਰ ਦੀ ਜੋ ਤੁਸੀਂ ਸਾਰੇ ਸੰਤਾਂ ਨਾਲ ਕਰਦੇ ਹੋ ਖ਼ਬਰ ਸੁਣੀ ।5ਇਹ ਉਸ ਆਸ ਦੇ ਕਾਰਨ ਹੈ ਜੋ ਤੁਹਾਡੇ ਲਈ ਸਵਰਗ ਵਿੱਚ ਰੱਖੀ ਹੋਈ ਹੈ ਜਿਸ ਦੀ ਖ਼ਬਰ ਤੁਸੀਂ ਖੁਸ਼ਖਬਰੀ ਦੀ ਸਚਿਆਈ ਦੇ ਬਚਨ ਵਿੱਚ ਅੱਗੋਂ ਸੁਣੀ ।6ਅਤੇ ਉਹ ਤੁਹਾਡੇ ਕੋਲ ਆ ਪਹੁੰਚੀ ਅਤੇ ਜਿਵੇਂ ਉਹ ਸਾਰੇ ਸੰਸਾਰ ਵਿੱਚ ਵੀ ਫੈਲਦੀ ਅਤੇ ਵਧਦੀ ਹੈ ਤਿਵੇਂ ਉਸ ਦਿਨ ਤੋਂ ਜਦ ਤੁਸੀਂ ਉਸ ਨੂੰ ਸੁਣਿਆ ਅਤੇ ਪਰਮੇਸ਼ੁਰ ਦੀ ਕਿਰਪਾ ਨੂੰ ਸਚਿਆਈ ਨਾਲ ਪਛਾਣਿਆ ਤੁਹਾਡੇ ਵਿੱਚ ਵੀ ਫੈਲਦੀ ਅਤੇ ਵਧਦੀ ਹੈ ।
7ਜਿਵੇਂ ਤੁਸੀਂ ਸਾਡੇ ਸਹਿਕਰਮੀ ਪਿਆਰੇ ਇਪਫ਼ਰਾਸ ਤੋਂ ਸਿੱਖਿਆ, ਜਿਹੜਾ ਸਾਡੇ ਲਈ ਮਸੀਹ ਦਾ ਵਿਸ਼ਵਾਸਯੋਗ ਸੇਵਕ ਹੈ ।8ਜਿਸ ਨੇ ਤੁਹਾਡਾ ਉਹ ਪਿਆਰ ਵੀ ਜੋ ਆਤਮਾ ਤੋਂ ਹੈ, ਸਾਨੂੰ ਦੱਸਿਆ ।
9ਇਸ ਕਰਕੇ ਅਸੀਂ ਵੀ ਜਿਸ ਦਿਨ ਤੋਂ ਇਹ ਸੁਣਿਆ ਕਿ ਤੁਸੀਂ ਕਿੰਨ੍ਹਾਂ ਪਿਆਰ ਕਰਦੇ ਹੋ, ਅਸੀਂ ਵੀ ਤੁਹਾਡੇ ਲਈ ਲਗਤਾਰ ਪ੍ਰਾਰਥਨਾਂ ਕਰ ਰਹੇ ਹਾਂ ਪਰਮੇਸ਼ੁਰ ਤੁਹਾਨੂੰ ਬੁੱਧ ਦੇਵੇ ਤਾਂ ਜੋ ਪਵਿੱਤਰ ਆਤਮਾ ਜੋ ਸਿਖਾਉਂਦਾ ਹੈ ਉਸ ਨੂੰ ਸਮਝ ਸਕੋਂ10ਤਾਂ ਜੋ ਤੁਸੀਂ ਅਜਿਹੀ ਸਹੀ ਚਾਲ ਚੱਲੋ ਜਿਹੜੀ ਪ੍ਰਭੂ ਨੂੰ ਹਰ ਤਰ੍ਹਾਂ ਚੰਗੀ ਲੱਗੇ ਅਤੇ ਹਰੇਕ ਭਲੇ ਕੰਮ ਵਿੱਚ ਫਲਦੇ ਰਹੋ ਅਤੇ ਪਰਮੇਸ਼ੁਰ ਦੀ ਪਛਾਣ ਵਿੱਚ ਵਧਦੇ ਰਹੋ ।
11ਅਤੇ ਉਸ ਦੀ ਮਹਿਮਾ ਦੀ ਸ਼ਕਤੀ ਦੇ ਅਨੁਸਾਰ ਸਾਰੀ ਸਮਰੱਥਾ ਨਾਲ ਸਮਰੱਥੀ ਹੋ ਜਾਵੋ ਤਾਂ ਜੋ ਤੁਸੀਂ ਖੁਸ਼ੀ ਨਾਲ ਅਤੇ ਧੀਰਜ ਕਰੋ ।12ਅਤੇ ਪਿਤਾ ਦਾ ਧੰਨਵਾਦ ਕਰਦੇ ਰਹੋ ਜਿਸ ਨੇ ਸਾਨੂੰ ਇਸ ਯੋਗ ਬਣਾਇਆ ਕਿ ਚਾਨਣ ਵਿੱਚ ਪਵਿੱਤਰ ਲੋਕਾਂ ਦੇ ਵਿਰਸੇ ਦੇ ਹਿੱਸੇਦਾਰ ਹੋਈਏ ।
13ਅਤੇ ਸਾਨੂੰ ਅੰਧਕਾਰ ਦੇ ਵੱਸ ਵਿੱਚੋਂ ਕੱਢ ਕੇ ਆਪਣੇ ਪਿਆਰੇ ਪੁੱਤਰ ਦੇ ਰਾਜ ਵਿੱਚ ਪਹੁੰਚਾ ਦਿੱਤਾ ।14ਉਸ ਦੇ ਵਿੱਚ ਸਾਨੂੰ ਛੁਟਕਾਰਾ ਅਰਥਾਤ ਪਾਪਾਂ ਦੀ ਮਾਫ਼ੀ ਮਿਲਦੀ ਹੈ ।
ਪਰਮੇਸ਼ੁਰ ਦੇ ਪੁੱਤਰ ਦੀ ਸ਼੍ਰੇਸ਼ਠਤਾ

15ਉਹ ਮਹਾਨ ਪਰਮੇਸ਼ੁਰ ਦਾ ਰੂਪ ਅਤੇ ਸਾਰੀ ਸਰਿਸ਼ਟ ਵਿੱਚੋਂ ਪਹਿਲੌਠਾ ਹੈ ।16ਕਿਉਂ ਜੋ ਅਕਾਸ਼ ਅਤੇ ਧਰਤੀ ਉੱਤੇ ਸਾਰੀਆਂ ਵਸਤਾਂ ਉਸੇ ਤੋਂ ਉਤਪਤ ਹੋਈਆਂ, ਨਾਲੇ ਦਿੱਸਣ ਵਾਲੀਆਂ, ਨਾਲੇ ਨਾ ਦਿੱਸਣ ਵਾਲੀਆਂ, ਕੀ ਸਿੰਘਾਸਣ, ਕੀ ਰਿਆਸਤਾਂ, ਕੀ ਸਰਕਾਰਾਂ, ਕੀ ਅਧਿਕਾਰ, ਸੱਭੋ ਕੁੱਝ ਉਸ ਦੇ ਦੁਆਰਾ ਅਤੇ ਉਸੇ ਦੇ ਲਈ ਉਤਪਤ ਹੋਇਆ ਹੈ ।17ਅਤੇ ਉਹ ਸਭ ਤੋਂ ਪਹਿਲਾਂ ਹੈ ਅਤੇ ਸੱਭੋ ਕੁੱਝ ਉਸੇ ਵਿੱਚ ਸਥਿਰ ਰਹਿੰਦਾ ਹੈ ।
18ਅਤੇ ਉਹ ਸਰੀਰ ਦਾ ਅਰਥਾਤ ਕਲੀਸਿਯਾ ਦਾ ਸਿਰ ਹੈ, ਉਹ ਹੀ ਆਦ ਹੈ ਅਤੇ ਮੁਰਦਿਆਂ ਵਿੱਚੋਂ ਪਹਿਲੌਠਾ ਹੈ ਕਿ ਉਹ ਸਭਨਾਂ ਗੱਲਾਂ ਵਿੱਚ ਪਰਧਾਨ ਹੋਵੇ ।19ਕਿਉਂ ਜੋ ਪਰਮੇਸ਼ੁਰ ਨੂੰ ਇਹ ਚੰਗਾ ਲੱਗਾ ਜੋ ਸਾਰੀ ਸੰਪੂਰਨਤਾਈ ਉਸ ਵਿੱਚ ਵੱਸੇ ।20ਅਤੇ ਉਸ ਦੀ ਸਲੀਬ ਦੇ ਲਹੂ ਦੇ ਵਸੀਲੇ ਮੇਲ ਕਰਾ ਕੇ ਧਰਤੀ ਉੱਤੇ ਅਤੇ ਅਕਾਸ਼ ਉੱਤੇ ਸਾਰੀਆਂ ਵਸਤਾਂ ਨੂੰ ਉਹ ਦੇ ਰਾਹੀਂ, ਹਾਂ, ਉਸੇ ਦੇ ਰਾਹੀਂ ਆਪਣੇ ਨਾਲ ਮੇਲ ਮਿਲਾਵੇ ।
21ਅਤੇ ਤੁਹਾਨੂੰ ਜਿਹੜੇ ਅੱਗੇ ਵੱਖਰੇ ਹੋਏ ਅਤੇ ਆਪਣੇ ਬੁਰੇ ਕੰਮਾਂ ਦੇ ਕਾਰਨ ਮਨੋਂ ਵੈਰੀ ਸੀ ।22ਉਸ ਨੇ ਹੁਣ ਉਹ ਦੇ ਸਰੀਰ ਨਾਲ ਮੌਤ ਦੇ ਵਸੀਲੇ ਮੇਲ ਕਰਾਇਆ ਤਾਂ ਜੋ ਉਹ ਤੁਹਾਨੂੰ ਪਵਿੱਤਰ, ਨਿਰਦੋਸ਼, ਅਤੇ ਬੇਇਲਜ਼ਾਮ ਆਪਣੇ ਸਨਮੁਖ ਖੜ੍ਹਾ ਕਰੇ ।23ਤੁਸੀਂ ਵਿਸ਼ਵਾਸ ਦੀ ਨੀਂਹ ਉੱਤੇ ਕਾਇਮ ਤੇ ਪੱਕੇ ਬਣੇ ਰਹੋ ਅਤੇ ਉਸ ਖੁਸ਼ਖਬਰੀ ਦੀ ਆਸ ਤੋਂ ਜਿਹੜੀ ਤੁਸੀਂ ਸੁਣੀ ਸੀ, ਉਸ ਤੋਂ ਪਿਛੇ ਨਾ ਹੋਵੋਂ ਜਿਸ ਦਾ ਪਰਚਾਰ ਅਕਾਸ਼ ਹੇਠਲੀ ਸਾਰੀ ਸ੍ਰਿਸ਼ਟੀ ਵਿੱਚ ਕੀਤਾ ਗਿਆ, ਜਿਸ ਦਾ ਸੇਵਕ ਮੈਂ ਪੌਲੁਸ ਹਾਂ ।
ਕਲੀਸਿਯਾ ਦਾ ਸੇਵਕ - ਪੌਲੁਸ

24ਹੁਣ ਮੈਂ ਆਪਣਿਆਂ ਉਨ੍ਹਾਂ ਦੁੱਖਾਂ ਵਿੱਚ ਜੋ ਤੁਹਾਡੇ ਲਈ ਝੱਲਦਾ ਹਾਂ ਤੇ ਅਨੰਦ ਹਾਂ ਅਤੇ ਮਸੀਹ ਦਿਆਂ ਦੁੱਖ ਦਾ ਘਾਟਾ ਮੈਂ ਉਹ ਦੀ ਦੇਹੀ ਅਰਥਾਤ ਕਲੀਸਿਯਾ ਦੇ ਲਈ ਆਪਣੇ ਸਰੀਰ ਵਿੱਚ ਪੂਰਾ ਕਰਦਾ ਹਾਂ25ਮੈਂ ਉਸ ਕਲੀਸਿਯਾ ਦਾ ਸੇਵਕ ਹੋਇਆ ਉਹ ਮੁਖ਼ਤਿਆਰੀ ਜੋ ਮੈਨੂੰ ਪਰਮੇਸ਼ੁਰ ਦੀ ਵੱਲੋਂ ਤੁਹਾਡੇ ਲਈ ਦਿੱਤੀ ਹੋਈ ਹੈ ਕਿ ਮੈਂ ਪਰਮੇਸ਼ੁਰ ਦੇ ਬਚਨ ਦਾ ਪੂਰਾਂ ਪ੍ਰਚਾਰ ਕਰਾਂ ।26ਅਰਥਾਤ ਉਸ ਭੇਤ ਦੀ ਜਿਹੜਾ ਸਾਰਿਆਂ ਜੁੱਗਾਂ ਅਤੇ ਪੀੜ੍ਹੀਆਂ ਤੋਂ ਗੁਪਤ ਰਿਹਾ ਪਰ ਹੁਣ ਉਹ ਦੇ ਸੰਤਾਂ ਉੱਤੇ ਪਰਗਟ ਹੋਇਆ ।27ਜਿਨ੍ਹਾਂ ਉੱਤੇ ਪਰਮੇਸ਼ੁਰ ਨੇ ਪ੍ਰਗਟ ਕਰਨਾ ਚਾਹਿਆ ਕਿ ਪਰਾਈਆਂ ਕੌਮਾਂ ਵਿੱਚ ਇਸ ਭੇਤ ਦੇ ਪਰਤਾਪ ਦਾ ਧਨ ਕੀ ਹੈ, ਸੋ ਇਹ ਮਸੀਹ ਤੁਹਾਡੇ ਵਿੱਚ ਪਰਤਾਪ ਦੀ ਆਸ ਹੈ ।
28ਜਿਸ ਦੀ ਅਸੀਂ ਖ਼ਬਰ ਦਿੰਦੇ ਹਾਂ ਅਤੇ ਹਰੇਕ ਮਨੁੱਖ ਨੂੰ ਸੁਚੇਤ ਕਰਦੇ ਅਤੇ ਹਰੇਕ ਮਨੁੱਖ ਨੂੰ ਪੂਰੇ ਗਿਆਨ ਨਾਲ ਉਪਦੇਸ਼ ਦਿੰਦੇ ਹਾਂ ਕਿ ਅਸੀਂ ਹਰੇਕ ਮਨੁੱਖ ਨੂੰ ਮਸੀਹ ਵਿੱਚ ਸਿੱਧ ਕਰ ਕੇ ਪੇਸ਼ ਕਰੀਏ ।29ਅਤੇ ਇਸ ਲਈ ਮੈਂ ਉਹ ਦੀ ਸ਼ਕਤੀ ਦੇ ਅਨੁਸਾਰ ਜੋ ਮੇਰੇ ਵਿੱਚ ਸਮਰੱਥਾ ਨਾਲ ਪ੍ਰਭਾਵ ਪਾਉਦਾਂ ਹੈ, ਤਨੋਂ ਮਨੋਂ ਮਿਹਨਤ ਕਰਦਾ ਹਾਂ ।

2

1ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਜਾਣੋ ਜੋ ਮੈਂ ਤੁਹਾਡੇ ਅਤੇ ਉਨ੍ਹਾਂ ਦੇ ਲਈ ਜਿਹੜੇ ਲਾਉਦਿਕੀਆ ਵਿੱਚ ਹਨ ਅਤੇ ਉਨ੍ਹਾਂ ਸਭਨਾਂ ਦੇ ਲਈ ਜਿਨ੍ਹਾਂ ਮੇਰਾ ਮੂੰਹ ਕਦੇ ਨਹੀਂ ਵੇਖਿਆ ਕਿੰਨੀ ਮਿਹਨਤ ਕਰਦਾ ਹਾਂ ।2ਤਾਂ ਜੋ ਉਨ੍ਹਾਂ ਦੇ ਦਿਲਾਂ ਨੂੰ ਤਸੱਲੀ ਹੋਵੇ ਅਤੇ ਓਹ ਪਿਆਰ ਵਿੱਚ ਬਣੇ ਰਹਿਣ ਕਿ ਓਹ ਸਮਝ ਦੀ ਪੂਰੀ ਵਿਸ਼ਵਾਸ ਦੇ ਸਾਰੇ ਧਨ ਨੂੰ ਪ੍ਰਾਪਤ ਕਰ ਲੈਣ ਅਤੇ ਪਰਮੇਸ਼ੁਰ ਦੇ ਭੇਤ ਨੂੰ ਜਾਣ ਲੈਣ ਅਰਥਾਤ ਮਸੀਹ ਨੂੰ ।3ਜਿਸ ਦੇ ਵਿੱਚ ਬੁੱਧ ਅਤੇ ਗਿਆਨ ਦੇ ਸਾਰੇ ਖ਼ਜ਼ਾਨੇ ਲੁਕੇ ਹੋਏ ਹਨ ।

4ਮੈਂ ਇਹ ਆਖਦਾ ਹਾਂ ਕਿ ਭਰਮਾਉਣ ਵਾਲੀਆਂ ਗੱਲਾਂ ਨਾਲ ਕੋਈ ਤੁਹਾਨੂੰ ਗੁਮਰਾਹ ਨਾ ਕਰ ਲਵੇ ।5ਕਿਉਂ ਜੋ ਮੈਂ ਭਾਵੇਂ ਸਰੀਰ ਕਰਕੇ ਤੁਹਾਡੇ ਤੋਂ ਦੂਰ ਹਾਂ ਪਰ ਆਤਮਾ ਕਰਕੇ ਤੁਹਾਡੇ ਕੋਲ ਹਾਂ ਅਤੇ ਤੁਹਾਡੇ ਜੀਵਨ ਦੇ ਚਾਲ-ਚਲਣ ਅਤੇ ਤੁਹਾਡੀ ਮਸੀਹ ਉੱਤੇ ਵਿਸ਼ਵਾਸ ਦੀ ਦ੍ਰਿੜ੍ਹਤਾ ਵੇਖ ਕੇ ਅਨੰਦ ਹੁੰਦਾ ਹਾਂ ।
ਮਸੀਹ ਵਿੱਚ ਆਤਮਿਕ ਭਰਪੂਰੀ

6ਸੋ ਜਿਵੇਂ ਤੁਸੀਂ ਪ੍ਰਭੂ ਯਿਸੂ ਮਸੀਹ ਨੂੰ ਕਬੂਲ ਕੀਤਾ, ਤਿਵੇਂ ਤੁਸੀਂ ਉਹ ਦੇ ਵਿੱਚ ਚੱਲਦੇ ਜਾਓ ।7ਅਤੇ ਜੜ੍ਹ ਫੜ੍ਹ ਕੇ ਵਧਦੇ ਜਾਓ ਅਤੇ ਆਪਣੀ ਵਿਸ਼ਵਾਸ ਵਿੱਚ ਮਜ਼ਬੂਤ ਹੋ ਕੇ ਜਿਵੇਂ ਤੁਹਾਨੂੰ ਉਪਦੇਸ਼ ਹੋਇਆ ਸੀ, ਧੰਨਵਾਦ ਬਹੁਤਾ ਕਰਦੇ ਜਾਓ ।
8ਸਾਵਧਾਨ ਰਹੋ ਕਿ ਕੋਈ ਆਪਣੀ ਸਿੱਖਿਆ ਅਤੇ ਫ਼ਜ਼ੂਲ ਧੋਖੇ ਨਾਲ ਤੁਹਾਨੂੰ ਲੁੱਟ ਨਾ ਲਵੇ ਜੋ ਮਨੁੱਖਾਂ ਦੀਆਂ ਰੀਤਾਂ ਅਤੇ ਸੰਸਾਰ ਦੀਆਂ ਮੁੱਖ ਗੱਲਾਂ ਦੇ ਅਨੁਸਾਰ ਹਨ ਪਰ ਮਸੀਹ ਦੇ ਅਨੁਸਾਰ ਨਹੀਂ ।9ਕਿਉਂ ਜੋ ਪਰਮੇਸ਼ੁਰ ਦੀ ਸਾਰੀ ਭਰਪੂਰੀ ਉਸੇ ਵਿੱਚ ਹੋ ਕੇ ਵੱਸਦੀ ਹੈ ।
10ਅਤੇ ਤੁਸੀਂ ਉਹ ਦੇ ਵਿੱਚ ਪੂਰੇ ਹੋ ਗਏ ਹੋ ਜਿਹੜਾ ਸਾਰੀ ਹਕੂਮਤ ਅਤੇ ਇਖ਼ਤਿਆਰ ਦਾ ਸਿਰ ਹੈ ।11ਜਿਸ ਦੇ ਵਿੱਚ ਤੁਸੀਂ ਅਜਿਹੀ ਸੁੰਨਤ ਨਾਲ ਸੁੰਨਤੀ ਵੀ ਹੋਏ ਜੋ ਹੱਥਾਂ ਨਾਲ ਕੀਤੀ ਹੋਈ ਨਹੀਂ, ਅਰਥਾਤ ਮਸੀਹ ਵਾਲੀ ਸੁੰਨਤ ਹੈ, ਜਿਸ ਦੇ ਵਿੱਚ ਸਰੀਰਕ ਮਾਸ ਲਾਹ ਸੁੱਟੀਦਾ ਹੈ ।12ਤੁਸੀਂ ਬਪਤਿਸਮੇ ਵਿੱਚ ਉਹ ਦੇ ਨਾਲ ਦੱਬੇ ਗਏ, ਜਿਹ ਦੇ ਵਿੱਚ ਪਰਮੇਸ਼ੁਰ ਦੇ ਕੰਮਾਂ ਉੱਤੇ ਵਿਸ਼ਵਾਸ ਰੱਖ ਕੇ ਜਿਵੇਂ ਉਸ ਨੇ ਉਹ ਨੂੰ ਮੁਰਦਿਆਂ ਵਿੱਚੋਂ ਜੀ ਉੱਠਾਇਆ, ਤੁਸੀਂ ਉਹ ਦੇ ਨਾਲ ਜਿਉਂਦੇ ਉੱਠਾਏ ਵੀ ਗਏ ।
13ਅਤੇ ਉਸ ਨੇ ਤੁਹਾਨੂੰ ਜਿਹੜੇ ਆਪਣੇ ਪਾਪ ਅਤੇ ਆਪਣੇ ਸਰੀਰ ਦੀ ਅਸੁੰਨਤ ਦੇ ਕਾਰਨ ਮਰੇ ਹੋਏ ਸੀ, ਉਹ ਦੇ ਨਾਲ ਜਿਉਂਦੇ ਹੋਏ ਕਿਉਂ ਜੋ ਉਸ ਨੇ ਸਾਡੇ ਸਾਰੇ ਪਾਪ ਸਾਨੂੰ ਮਾਫ਼ ਕੀਤੇ ।14ਅਤੇ ਉਸ ਲਿਖਤ ਨੂੰ ਜਿਹੜੀ ਹੁਕਮਾਂ ਕਰਕੇ ਸਾਡੇ ਵਿਰੁੱਧ ਸੀ ਉਸ ਨੇ ਖ਼ਤਮ ਕਰ ਦਿੱਤਾ ਅਤੇ ਉਹ ਨੂੰ ਸਲੀਬ ਉੱਤੇ ਕਿੱਲਾਂ ਨਾਲ ਠੋਕ ਕੇ ਵਿੱਚੋਂ ਕੱਢ ਸੁੱਟਿਆ ।15ਉਸ ਨੇ ਹਕੂਮਤਾਂ ਅਤੇ ਇਖ਼ਤਿਆਰਾਂ ਨੂੰ ਆਪਣੇ ਤੋਂ ਉਤਾਰ ਕੇ ਅਤੇ ਉਸੇ ਦੇ ਦੁਆਰਾ ਉਹਨਾਂ ਨੂੰ ਜਿੱਤ ਕੇ ਖੁੱਲਮ-ਖੁੱਲ੍ਹਾ ਤਮਾਸ਼ਾ ਬਣਾਇਆ ।
ਮਨੁੱਖੀ ਨਿਯਮਾਂ ਤੋਂ ਆਜ਼ਾਦੀ

16ਇਸ ਲਈ ਖਾਣ-ਪੀਣ, ਤਿਉਹਾਰ, ਅਮੱਸਿਆ ਜਾਂ ਸਬਤਾਂ ਦੇ ਵਿਖੇ ਕੋਈ ਤੁਹਾਡੇ ਉੱਤੇ ਗਲਤ ਦੋਸ਼ ਨਾ ਲਾਵੇ ।17ਇਹ ਤਾਂ ਹੋਣ ਵਾਲੀਆਂ ਗੱਲਾਂ ਦਾ ਪਰਛਾਵਾਂ ਹਨ, ਪਰ ਵਾਸਤਵਿਕਤਾ ਮਸੀਹ ਹੈ ।
18ਕੋਈ ਮਨੁੱਖ ਅਧੀਨਤਾਈ ਅਤੇ ਦੂਤਾਂ ਦੀ ਪੂਜਾ ਨੂੰ ਕਰ ਕੇ ਤੁਹਾਨੂੰ ਇਨਾਮ ਤੋਂ ਕਿਤੇ ਵਾਂਝਾ ਨਾ ਰੱਖੇ ਜਿਹੜਾ ਆਪਣੀ ਸਰੀਰਕ ਬੁੱਧ ਤੋਂ ਅਕਾਰਥ ਫੁੱਲ ਕੇ ਵੇਖੀਆਂ ਹੋਈਆਂ ਗੱਲਾਂ ਉੱਤੇ ਲੱਗਾ ਰਹਿੰਦਾ ਹੈ ।19ਅਤੇ ਉਸ ਸਿਰ ਨੂੰ ਫੜ੍ਹੀ ਨਹੀਂ ਰੱਖਦਾ ਜਿਸ ਤੋਂ ਸਾਰੀ ਦੇਹੀ ਜੋੜਾਂ ਅਤੇ ਪੱਠਿਆਂ ਦੇ ਰਾਹੀਂ ਪਲ ਕੇ ਅਤੇ ਆਪਸ ਵਿੱਚ ਜੁੜ ਕੇ ਪਰਮੇਸ਼ੁਰ ਦੀ ਵੱਲੋਂ ਵਧਦੀ ਜਾਂਦੀ ਹੈ ।
ਮਸੀਹ ਦੇ ਨਾਲ ਮਰਨਾ ਅਤੇ ਜਿਉਣਾ

20ਜੇ ਤੁਸੀਂ ਮਸੀਹ ਦੇ ਨਾਲ ਸੰਸਾਰ ਦੀਆਂ ਮੁੱਖ ਗੱਲਾਂ ਤੋਂ ਮਰ ਗਏ ਤਾਂ ਸੰਸਾਰ ਵਿੱਚ ਜਿਉਂਦਿਆਂ ਵਾਂਗੂੰ ਕਿਉਂ ਇਸ ਤਰ੍ਹਾਂ ਦੀਆਂ ਬਿਧੀਆਂ ਦੇ ਵੱਸ ਵਿੱਚ ਆਉਂਦੇ ਹੋ ਜਿਹੜੀਆਂ ਮਨੁੱਖਾਂ ਦੀਆਂ ਆਗਿਆ ਅਤੇ ਸਿੱਖਿਆ ਦੇ ਅਨੁਸਾਰ ਹਨ ।21ਜਿਵੇਂ, ਹੱਥ ਨਾ ਲਾਵੀਂ, ਨਾ ਚੱਖੀਂ, ਨਾ ਛੋਹਵੀਂ ?22ਇਹ ਸਾਰੀਆਂ ਵਸਤਾਂ ਵਰਤਣ ਨਾਲ ਹੀ ਨਾਸ ਹੋ ਜਾਣਗੀਆਂ ।23ਭਾਵੇਂ ਇਹ ਗੱਲਾਂ ਮਨ ਮਰਜ਼ੀ ਦੀ ਪੂਜਾ ਅਤੇ ਅਧੀਨਤਾਈ ਅਤੇ ਦੇਹੀ ਦੀ ਤਪੱਸਿਆ ਕਰਕੇ ਸੂਝਵਾਨ ਨਾਮ ਦੇ ਤਾਂ ਹਨ ਪਰ ਸਰੀਰ ਦੀਆਂ ਕਾਮਨਾਂ ਦੇ ਰੋਕਣ ਲਈ ਇਹ ਕਿਸੇ ਕੰਮ ਦੀਆਂ ਨਹੀਂ ।

3

1ਸੋ ਜੇ ਤੁਸੀਂ ਮਸੀਹ ਦੇ ਨਾਲ ਜਿਉਂਦੇ ਕੀਤੇ ਗਏ ਤਾਂ ਉਤਾਹਾਂ ਦੀਆਂ ਗੱਲਾਂ ਦੇ ਮਗਰ ਲੱਗੇ ਰਹੋ ਜਿੱਥੇ ਮਸੀਹ ਪਰਮੇਸ਼ੁਰ ਦੇ ਸੱਜੇ ਪਾਸੇ ਬੈਠਾ ਹੈ ।2ਉਤਾਹਾਂ ਦੀਆਂ ਗੱਲਾਂ ਉੱਤੇ ਮਨ ਲਾਓ, ਨਾ ਉਨ੍ਹਾਂ ਉੱਤੇ ਜਿਹੜੀਆਂ ਧਰਤੀ ਤੇ ਹਨ ।3ਕਿਉਂ ਜੋ ਤੁਸੀਂ ਮਰ ਗਏ ਅਤੇ ਤੁਹਾਡਾ ਜੀਵਨ ਮਸੀਹ ਦੇ ਨਾਲ ਪਰਮੇਸ਼ੁਰ ਵਿੱਚ ਗੁਪਤ ਹੋਇਆ ਹੈ ।4ਜਿਸ ਵੇਲੇ ਮਸੀਹ ਜੋ ਸਾਡਾ ਜੀਵਨ ਹੈ ਪਰਗਟ ਕੀਤਾ ਜਾਵੇਗਾ ਉਸ ਵੇਲੇ ਤੁਸੀਂ ਵੀ ਉਹ ਦੇ ਨਾਲ ਮਹਿਮਾ ਵਿੱਚ ਪਰਗਟ ਕੀਤੇ ਜਾਓਗੇ ।

ਪੁਰਾਣਾ ਜੀਵਨ ਅਤੇ ਨਵਾਂ ਜੀਵਨ

5ਇਸ ਲਈ ਤੁਸੀਂ ਆਪਣੀਆਂ ਬੁਰਾਈਆਂ ਨੂੰ ਜੋ ਧਰਤੀ ਉੱਤੇ ਹਨ ਛੱਡ ਦਿਓ, ਅਰਥਾਤ ਹਰਾਮਕਾਰੀ, ਗੰਦ-ਮੰਦ, ਕਾਮਨਾ, ਬੁਰੀ ਇੱਛਾ ਅਤੇ ਲੋਭ ਨੂੰ ਜਿਹੜਾ ਮੂਰਤੀ ਪੂਜਾ ਹੈ ।6ਕਿਉਂ ਜੋ ਇਨ੍ਹਾਂ ਗੱਲਾਂ ਦੇ ਕਾਰਨ ਪਰਮੇਸ਼ੁਰ ਦਾ ਗੁੱਸਾ ਅਣ-ਆਗਿਆਕਾਰੀ ਦੇ ਪੁੱਤਰਾਂ ਉੱਤੇ ਪੈਂਦਾ ਹੈ ।7ਜਿਨ੍ਹਾਂ ਦੇ ਰਾਹ ਤੁਸੀਂ ਵੀ ਅੱਗੇ ਚੱਲਦੇ ਸੀ ਜਿਸ ਵੇਲੇ ਉਨ੍ਹਾਂ ਵਿੱਚ ਜਿਉਂਦੇ ਸੀ ।8ਪਰ ਹੁਣ ਤੁਸੀਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਅਰਥਾਤ ਰੋਸ, ਗੁੱਸਾ, ਬਦੀ, ਦੁਰਬਚਨ ਅਤੇ ਆਪਣੇ ਮੂੰਹੋਂ ਗੰਦੀਆਂ ਗਾਲਾਂ ਕੱਢਣੀਆਂ ਛੱਡ ਦਿਓ ।
9ਇੱਕ ਦੂਜੇ ਨਾਲ ਝੂਠ ਨਾ ਬੋਲੋ ਕਿਉਂ ਜੋ ਤੁਸੀਂ ਪੁਰਾਣੀ ਇਨਸਾਨੀਅਤ ਨੂੰ ਉਹ ਦੀਆਂ ਕੰਮਾਂ ਸਣੇ ਲਾਹ ਸੁੱਟਿਆ ।10ਅਤੇ ਨਵੀਂ ਨੂੰ ਪਹਿਨ ਲਿਆ ਜੋ ਪੂਰਨ ਗਿਆਨ ਲਈ ਆਪਣੇ ਸਿਰਜਣਹਾਰ ਦੇ ਸਰੂਪ ਦੇ ਉੱਤੇ ਨਵੀਂ ਬਣਦੀ ਜਾਂਦੀ ਹੈ ।11ਉੱਥੇ ਯੂਨਾਨੀ ਅਤੇ ਯਹੂਦੀ, ਸੁੰਨਤੀ ਅਤੇ ਅਸੁੰਨਤੀ, ਵਹਿਸ਼ੀ ਅਤੇ ਸਕੂਥੀ, ਗੁਲਾਮ ਅਤੇ ਅਜ਼ਾਦ, ਕੋਈ ਵੀ ਨਹੀਂ ਹੋ ਸਕਦਾ ਪਰ ਮਸੀਹ ਸਭ ਕੁੱਝ ਅਤੇ ਸਾਰਿਆਂ ਵਿੱਚ ਹੈ ।
12ਸੋ ਤੁਸੀਂ ਪਰਮੇਸ਼ੁਰ ਦੇ ਚੁਣਿਆਂ ਹੋਇਆਂ ਵਾਂਗੂੰ ਜਿਹੜੇ ਪਵਿੱਤਰ ਅਤੇ ਪਿਆਰੇ ਹਨ ਰਹਿਮ ਦਿਲ, ਦਿਆਲਗੀ, ਅਧੀਨਗੀ, ਨਰਮਾਈ ਅਤੇ ਸੰਜਮ ਨੂੰ ਪਹਿਨ ਲਓ ।13ਅਤੇ ਜੇ ਕੋਈ ਕਿਸੇ ਉੱਤੇ ਗਿਲਾ ਰੱਖਦਾ ਹੋਵੇ ਤਾਂ ਇੱਕ ਦੂਜੇ ਦੀ ਸਹਿ ਲਵੇ ਅਤੇ ਇੱਕ ਦੂਜੇ ਨੂੰ ਮਾਫ਼ ਕਰ ਦੇਵੇ । ਜਿਵੇਂ ਪ੍ਰਭੂ ਨੇ ਵੀ ਤੁਹਾਨੂੰ ਮਾਫ਼ ਕੀਤਾ ਹੈ ਉਸੇ ਤਰ੍ਹਾਂ ਤੁਸੀਂ ਵੀ ਕਰੋ ।14ਅਤੇ ਇਨ੍ਹਾਂ ਸਭ ਦੇ ਉੱਤੋਂ ਦੀ ਪਿਆਰ ਨੂੰ ਪਾ ਲਓ ਜਿਹੜਾ ਸੰਪੂਰਨਤਾਈ ਦਾ ਬੰਧ ਹੈ ।
15ਅਤੇ ਮਸੀਹ ਦੀ ਸ਼ਾਂਤੀ ਜਿਸ ਦੇ ਲਈ ਤੁਸੀਂ ਇੱਕੋ ਦੇ ਹੋ ਕੇ ਸੱਦੇ ਵੀ ਗਏ ਹੋ, ਤੁਹਾਡਿਆਂ ਮਨਾਂ ਵਿੱਚ ਰਾਜ ਕਰੇ ਅਤੇ ਤੁਸੀਂ ਧੰਨਵਾਦ ਕਰਿਆ ਕਰੋ ।16ਮਸੀਹ ਦਾ ਬਚਨ ਪੂਰੀ ਬੁੱਧ ਨਾਲ ਤੁਹਾਡੇ ਵਿੱਚ ਬਹੁਤਾ ਕਰਕੇ ਵਸੇ ਅਤੇ ਤੁਸੀਂ ਜ਼ਬੂਰਾਂ, ਭਜਨਾਂ ਅਤੇ ਆਤਮਕ ਗੀਤਾਂ ਦੁਆਰਾ ਇੱਕ ਦੂਏ ਨੂੰ ਉਪਦੇਸ਼ ਦਿਆ ਕਰੋ ਅਤੇ ਸੁਚੇਤ ਕਰੋ ਅਤੇ ਧੰਨਵਾਦੀ ਹੋ ਕੇ ਪਰਮੇਸ਼ੁਰ ਦੇ ਲਈ ਆਪਣੇ ਮਨਾਂ ਵਿੱਚ ਗਾਇਆ ਕਰੋ ।17ਅਤੇ ਸਭ ਜੋ ਕੁੱਝ ਤੁਸੀਂ ਕਰੋ ਭਾਵੇਂ ਬਚਨ ਭਾਵੇਂ ਕੰਮ ਸੱਭੋ ਹੀ ਪ੍ਰਭੂ ਯਿਸੂ ਦੇ ਨਾਮ ਉੱਤੇ ਕਰੋ ਅਤੇ ਉਹ ਦੇ ਰਾਹੀਂ ਪਿਤਾ ਪਰਮੇਸ਼ੁਰ ਦਾ ਧੰਨਵਾਦ ਕਰੋ ।
ਨਵੇਂ ਜੀਵਨ ਦੇ ਪਰਿਵਾਰਿਕ ਨਿਯਮ

18ਹੇ ਪਤਨੀਓ, ਤੁਸੀਂ ਆਪਣਿਆਂ ਪਤੀਆਂ ਦੇ ਅਧੀਨ ਹੋਵੋ ਜਿਵੇਂ ਪ੍ਰਭੂ ਵਿੱਚ ਯੋਗ ਹੈ ।19ਹੇ ਪਤੀਓ, ਤੁਸੀਂ ਆਪਣੀਆਂ ਪਤਨੀਆਂ ਨਾਲ ਪਿਆਰ ਰੱਖੋ ਅਤੇ ਉਨ੍ਹਾਂ ਨਾਲ ਕਠੋਰ ਨਾ ਹੋਵੋ ।20ਹੇ ਬੱਚਿਓ, ਤੁਸੀਂ ਹਰੇਕ ਗੱਲ ਵਿੱਚ ਆਪਣੇ-ਆਪਣੇ ਮਾਪਿਆਂ ਦੀ ਆਗਿਆਕਾਰੀ ਕਰੋ ਕਿਉਂ ਜੋ ਪ੍ਰਭੂ ਵਿੱਚ ਇਹ ਗੱਲ ਚੰਗੀ ਹੈ ।21ਹੇ ਪਿਤਾਓ, ਤੁਸੀਂ ਆਪਣਿਆਂ ਬਾਲਕਾਂ ਨੂੰ ਗੁੱਸਾ ਨਾ ਦਿਲਾਓ ਕਿਤੇ ਇਸ ਤਰ੍ਹਾਂ ਨਾ ਹੋਵੇ ਜੋ ਉਹ ਹੌਂਸਲਾ ਛੱਡ ਦੇਣ ।
22ਹੇ ਨੌਕਰੋ, ਤੁਸੀਂ ਹਰੇਕ ਗੱਲ ਵਿੱਚ ਆਪਣੇ ਸੰਸਾਰਕ ਮਾਲਕਾਂ ਦੇ ਆਗਿਆਕਾਰੀ ਬਣੋ ਅਤੇ ਮਨੁੱਖਾਂ ਨੂੰ ਖੁਸ਼ ਕਰਨ ਵਾਲਿਆਂ ਵਾਂਗੂੰ ਵਿਖਾਵੇ ਦੀ ਨੌਕਰੀ ਨਹੀਂ ਸਗੋਂ ਮਨ ਦੀ ਸਫ਼ਾਈ ਨਾਲ ਪ੍ਰਭੂ ਦੇ ਡਰ ਨਾਲ ਕਰੋ ।23ਜੋ ਕੁੱਝ ਤੁਸੀਂ ਕਰੋ ਸੋ ਮਨ ਲਗਾ ਕੇ ਪ੍ਰਭੂ ਦੇ ਲਈ ਕਰੋ, ਨਾ ਕਿ ਮਨੁੱਖਾਂ ਦੇ ਲਈ ।24ਕਿਉਂਕਿ ਤੁਸੀਂ ਜਾਣਦੇ ਹੋ ਕਿ ਤੁਹਾਨੂੰ ਪ੍ਰਭੂ ਤੋਂ ਵਿਰਾਸਤ ਦਾ ਇਨਾਮ ਮਿਲੇਗਾ, ਤੁਸੀਂ ਮਸੀਹ ਪ੍ਰਭੂ ਦੀ ਸੇਵਾ ਕਰਦੇ ਹੋ ।25ਕਿਉਂਕਿ ਜਿਹੜਾ ਬੁਰਾ ਕਰਦਾ ਹੈ ਉਸ ਨੂੰ ਬੁਰੇ ਦਾ ਫਲ ਮਿਲੇਗਾ, ਅਤੇ ਉੱਥੇ ਪੱਖਪਾਤ ਨਹੀਂ ਹੁੰਦਾ ।

4

1ਹੇ ਮਾਲਕੋ, ਤੁਸੀਂ ਆਪਣਿਆਂ ਨੌਕਰਾਂ ਨਾਲ ਇਹੋ ਜਿਹਾ ਵਰਤਾਵਾ ਕਰੋ ਜਿਹੜਾ ਠੀਕ ਅਤੇ ਨਿਆਈਂ ਹੈ ਕਿਉਂ ਜੋ ਤੁਸੀਂ ਜਾਣਦੇ ਹੋ ਕਿ ਸਵਰਗ ਵਿੱਚ ਤੁਹਾਡਾ ਵੀ ਇੱਕ ਮਾਲਕ ਹੈ ।

ਕੁੱਝ ਵਿਵਹਾਰਿਕ ਸਲਾਹ

2ਲਗਾਤਾਰ ਪ੍ਰਾਰਥਨਾ ਕਰਦੇ ਰਹੋ ਅਤੇ ਧੰਨਵਾਦ ਕਰਦਿਆਂ ਹੋਇਆਂ ਉਸ ਵਿੱਚ ਬਣੇ ਰਹੋ ।3ਨਾਲੇ ਸਾਡੇ ਲਈ ਵੀ ਪ੍ਰਾਰਥਨਾ ਕਰੋ ਕਿ ਪਰਮੇਸ਼ੁਰ ਸਾਡੇ ਲਈ ਬਾਣੀ ਦਾ ਬੂਹਾ ਖੋਲ੍ਹੇ ਤਾਂ ਜੋ ਅਸੀਂ ਮਸੀਹ ਦੇ ਭੇਤ ਦਾ ਵਰਨਣ ਕਰੀਏ ਜਿਸ ਦੇ ਕਾਰਨ ਮੈਂ ਕੈਦ ਵਿੱਚ ਹਾਂ l4ਕਿ ਜਿਵੇਂ ਮੈਨੂੰ ਵਰਨਣ ਕਰਨਾ ਯੋਗ ਹੈ ਉਸੇ ਤਰ੍ਹਾਂ ਹੀ ਉਸ ਨੂੰ ਪਰਗਟ ਕਰਾਂ ।
5ਤੁਸੀਂ ਸਮੇਂ ਨੂੰ ਲਾਭਦਾਇਕ ਜਾਣ ਕੇ ਬਾਹਰਲਿਆਂ ਦੇ ਅੱਗੇ ਹੋਸ਼ ਨਾਲ ਚੱਲੋ ।6ਤੁਹਾਡੀ ਗੱਲਬਾਤ ਹਮੇਸ਼ਾਂ ਕਿਰਪਾ ਵਾਲੀ ਅਤੇ ਸਲੂਣੀ ਹੋਵੇ ਤਾਂ ਜੋ ਤੁਸੀਂ ਜਾਣੋ ਕਿ ਹਰੇਕ ਨੂੰ ਕਿਵੇਂ ਉੱਤਰ ਦੇਣਾ ਚਾਹੀਦਾ ਹੈ ।
ਆਖਰੀ ਨਮਸਕਾਰ

7ਤਖਿਕੁਸ ਜਿਹੜਾ ਪ੍ਰਭੂ ਵਿੱਚ ਪਿਆਰਾ ਭਾਈ ਅਤੇ ਜ਼ਿਮੇਵਾਰ ਸੇਵਕ ਅਤੇ ਮੇਰੇ ਨਾਲ ਦਾ ਦਾਸ ਹੈ ਮੇਰਾ ਸਾਰਾ ਹਾਲ ਤੁਹਾਨੂੰ ਦੱਸੇਗਾ ।8ਅਤੇ ਮੈਂ ਉਹ ਨੂੰ ਇਸੇ ਲਈ ਤੁਹਾਡੇ ਕੋਲ ਭੇਜਿਆ ਹੈ ਜੋ ਤੁਸੀਂ ਸਾਡਾ ਹਾਲ ਜਾਣ ਲਵੋ ਅਤੇ ਉਹ ਤੁਹਾਡਿਆਂ ਦਿਲਾਂ ਨੂੰ ਤਸੱਲੀ ਦੇਵੇ ।9ਮੈਂ ਉਹ ਦੇ ਨਾਲ ਉਨੇਸਿਮੁਸ ਨੂੰ ਭੇਜਿਆ ਜਿਹੜਾ ਵਿਸ਼ਵਾਸਯੋਗ ਅਤੇ ਪਿਆਰਾ ਭਰਾ ਅਤੇ ਤੁਹਾਡੇ ਵਿੱਚੋਂ ਹੀ ਹੈ । ਉਹ ਐਥੋਂ ਦੀਆਂ ਸਾਰੀਆਂ ਗੱਲਾਂ ਤੁਹਾਨੂੰ ਦੱਸਣਗੇ ।
10ਅਰਿਸਤਰਖੁਸ ਜੋ ਮੇਰੇ ਨਾਲ ਕੈਦ ਹੈ, ਨਾਲੇ ਮਰਕੁਸ ਜਿਹੜਾ ਬਰਨਬਾਸ ਦਾ ਭਰਾ ਹੈ ਜਿਸ ਦੇ ਬਾਰੇ ਤੁਹਾਨੂੰ ਹੁਕਮ ਮਿਲਿਆ ਸੀ ਜੋ ਉਹ ਤੁਹਾਡੇ ਕੋਲ ਆਵੇ ਤਾਂ ਤੁਸੀਂ ਉਹ ਦਾ ਆਦਰ ਮਾਣ ਕਰਨਾ ।11ਅਤੇ ਯਿਸੂ ਜਿਸ ਨੂੰ ਯੂਸਤੁਸ ਕਰਕੇ ਸੱਦੀਦਾ ਹੈ ਇਹ ਜਿਹੜੇ ਸੁੰਨਤੀਆਂ ਵਿੱਚੋਂ ਹਨ ਤੁਹਾਡਾ ਹਾਲ ਚਾਲ ਪੁੱਛਦੇ ਹਨ । ਪਰਮੇਸ਼ੁਰ ਦੇ ਰਾਜ ਲਈ ਨਿਰੇ ਇਹੋ ਮੇਰੇ ਨਾਲ ਕੰਮ ਕਰਨ ਵਾਲੇ ਹਨ ਅਤੇ ਇਨ੍ਹਾਂ ਤੋਂ ਮੈਨੂੰ ਤਸੱਲੀ ਹੋਈ ਹੈ ।
12ਇਪਫ਼ਰਾਸ ਮਸੀਹ ਯਿਸੂ ਦਾ ਦਾਸ ਜਿਹੜਾ ਤੁਹਾਡੇ ਵਿੱਚੋਂ ਹੈ ਤੁਹਾਡਾ ਹਾਲ ਚਾਲ ਪੁੱਛਦਾ ਹੈ ਅਤੇ ਉਹ ਆਪਣੀਆਂ ਪ੍ਰਾਰਥਨਾਂ ਵਿੱਚ ਸਦਾ ਤੁਹਾਡੇ ਲਈ ਵੱਡਾ ਯਤਨ ਕਰਦਾ ਹੈ ਕਿ ਤੁਸੀਂ ਪਰਮੇਸ਼ੁਰ ਦੀ ਸਾਰੀ ਇੱਛਾ ਵਿੱਚ ਸਿੱਧ ਅਤੇ ਪੱਕੇ ਹੋ ਕੇ ਟਿਕੇ ਰਹੋ ।13ਕਿਉਂ ਜੋ ਮੈਂ ਉਹ ਦੀ ਗਵਾਹੀ ਦਿੰਦਾ ਹਾਂ ਕਿ ਉਹ ਤੁਹਾਡੇ ਅਤੇ ਉਨ੍ਹਾਂ ਦੇ ਲਈ ਜਿਹੜੇ ਲਾਉਦਿਕੀਆ ਅਤੇ ਹੀਏਰਪੁਲਿਸ ਵਿੱਚ ਰਹਿੰਦੇ ਹਨ, ਬਹੁਤ ਮਿਹਨਤ ਕਰਦਾ ਹੈ ।14ਲੂਕਾ ਪਿਆਰਾ ਵੈਦ ਅਤੇ ਦੇਮਾਸ ਤੁਹਾਡਾ ਹਾਲ ਚਾਲ ਪੁੱਛਦੇ ਹਨ ।
15ਤੁਸੀਂ ਉਨ੍ਹਾਂ ਭਾਈਆਂ ਨੂੰ ਜਿਹੜੇ ਲਾਉਦਿਕੀਆ ਵਿੱਚ ਰਹਿੰਦੇ ਹਨ ਅਤੇ ਨੁਮਫ਼ਾਸ ਨੂੰ ਅਤੇ ਉਸ ਕਲੀਸਿਯਾ ਨੂੰ ਜੋ ਉਹ ਦੇ ਘਰ ਵਿੱਚ ਹੈ ਸੁੱਖ-ਸਾਂਦ ਆਖੋ ।16ਅਤੇ ਜਦ ਇਹ ਚਿੱਠੀ ਤੁਹਾਡੇ ਵਿੱਚ ਪੜ੍ਹੀ ਗਈ ਹੋਵੇ ਤਾਂ ਇਉਂ ਕਰੋ ਕਿ ਇਹ ਲਾਉਦਿਕੀਆ ਦੀ ਕਲੀਸਿਯਾ ਵਿੱਚ ਵੀ ਪੜ੍ਹੀ ਜਾਵੇ ਅਤੇ ਜਿਹੜੀ ਚਿੱਠੀ ਲਾਉਦਿਕੀਆ ਤੋਂ ਆਵੇ ਉਹ ਤੁਸੀਂ ਵੀ ਪੜ੍ਹੋ ।17ਅਤੇ ਅਰਖਿੱਪੁਸ ਨੂੰ ਆਖਣਾ ਕਿ ਜਿਹੜੀ ਸੇਵਕਾਈ ਤੈਨੂੰ ਪ੍ਰਭੂ ਵਿੱਚ ਪ੍ਰਾਪਤ ਹੋਈ ਹੈ ਤੂੰ ਉਸ ਨੂੰ ਸਾਵਧਾਨੀ ਨਾਲ ਪੂਰਾ ਕਰੀਂ ।
18ਮੇਰਾ ਪੌਲੁਸ ਦਾ ਆਪਣੇ ਹੱਥ ਦਾ ਲਿਖਿਆ ਹੋਇਆ ਸਲਾਮ । ਤੁਸੀਂ ਮੇਰੇ ਬੰਧਨਾਂ ਨੂੰ ਯਾਦ ਰੱਖਣਾ । ਤੁਹਾਡੇ ਉੱਤੇ ਕਿਰਪਾ ਹੁੰਦੀ ਰਹੇ ।

ਥੱਸਲੁਨੀਕੀਆ ਨੂੰ ਪਹਿਲੀ ਪੱਤ੍ਰੀ

1
ਨਮਸਕਾਰ

1ਪੌਲੁਸ, ਸਿਲਵਾਨੁਸ ਅਤੇ ਤਿਮੋਥਿਉਸ ਵਲੋਂ ਥੱਸਲੁਨੀਕੀਆ ਦੀ ਕਲੀਸਿਯਾ ਨੂੰ ਜੋ ਪਿਤਾ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਵਿੱਚ ਹੈ, ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲਦੀ ਰਹੇ ।

ਥੱਸਲੁਨੀਕੀਆਂ ਦਾ ਵਿਸ਼ਵਾਸ

2ਅਸੀਂ ਆਪਣੀਆਂ ਪ੍ਰਾਰਥਨਾਂਵਾਂ ਵਿੱਚ ਤੁਹਾਨੂੰ ਯਾਦ ਕਰਦਿਆਂ ਤੁਹਾਡੇ ਸਾਰਿਆਂ ਦੇ ਲਈ ਸਦਾ ਪਰਮੇਸ਼ੁਰ ਦਾ ਧੰਨਵਾਦ ਕਰਦੇ ਹਾਂ ।3ਅਤੇ ਤੁਹਾਡੇ ਵਿਸ਼ਵਾਸ ਦੇ ਕੰਮ, ਪਿਆਰ ਦੀ ਮਿਹਨਤ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਉੱਤੇ ਤੁਹਾਡੀ ਆਸ ਦਾ ਧੀਰਜ ਆਪਣੇ ਪਿਤਾ ਪਰਮੇਸ਼ੁਰ ਦੇ ਅੱਗੇ ਹਰ ਰੋਜ਼ ਚੇਤੇ ਕਰਦੇ ਹਾਂ ।
4ਹੇ ਭਰਾਵੋ, ਪਰਮੇਸ਼ੁਰ ਦੇ ਪਿਆਰਿਓ, ਅਸੀਂ ਜਾਣਦੇ ਹਾਂ ਕਿ ਤੁਸੀਂ ਚੁਣੇ ਹੋਏ ਹੋ ।5ਇਸ ਲਈ ਜੋ ਸਾਡੀ ਖੁਸ਼ਖਬਰੀ ਸਿਰਫ਼ ਗੱਲਾਂ ਨਾਲ ਹੀ ਨਹੀਂ ਸੀ, ਸਗੋਂ ਸਮਰੱਥਾ, ਪਵਿੱਤਰ ਆਤਮਾ ਅਤੇ ਪੂਰੇ ਵਿਸ਼ਵਾਸ ਨਾਲ ਤੁਹਾਡੇ ਕੋਲ ਪਹੁੰਚੀ ਜਿਵੇਂ ਤੁਸੀਂ ਜਾਣਦੇ ਹੋ ਕਿ ਤੁਹਾਡੇ ਨਾਲ ਸਾਡਾ ਕਿਹੋ ਜਿਹਾ ਵਰਤਾਵਾ ਸੀ ।
6ਅਤੇ ਤੁਸੀਂ ਉਸ ਬਚਨ ਨੂੰ ਪਵਿੱਤਰ ਆਤਮਾ ਦੇ ਅਨੰਦ ਨਾਲ ਕਬੂਲ ਕਰ ਕੇ, ਵੱਡੀ ਬਿਪਤਾ ਵਿੱਚ ਵੀ ਸਾਡੀ ਅਤੇ ਪ੍ਰਭੂ ਦੀ ਰੀਸ ਕੀਤੀ ।7ਇਥੋਂ ਤੱਕ ਕਿ ਤੁਸੀਂ ਉਨ੍ਹਾਂ ਸਾਰਿਆਂ ਵਿਸ਼ਵਾਸੀਆਂ ਲਈ ਜਿਹੜੇ ਮਕਦੂਨਿਯਾ ਅਤੇ ਅਖਾਯਾ ਵਿੱਚ ਹਨ, ਚੰਗਾ ਨਮੂਨਾ ਬਣੇ ।
8ਕਿਉਂ ਜੋ ਤੁਹਾਡੇ ਕੋਲੋਂ ਪ੍ਰਭੂ ਦੇ ਬਚਨ ਦੀ ਧੁੰਮ ਨਾ ਕੇਵਲ ਮਕਦੂਨਿਯਾ ਅਤੇ ਅਖਾਯਾ ਵਿੱਚ ਪਈ ਹੈ ਸਗੋਂ ਤੁਹਾਡਾ ਵਿਸ਼ਵਾਸ ਜੋ ਪਰਮੇਸ਼ੁਰ ਉੱਤੇ ਹੈ ਸਭ ਥਾਵਾਂ ਤੇ ਉਜਾਗਰ ਹੋ ਗਿਆ, ਇਸ ਕਰਕੇ ਸਾਡੇ ਆਖਣ ਦੀ ਕੋਈ ਲੋੜ ਨਹੀਂ ।9ਉਹ ਤਾਂ ਆਪ ਸਾਡੇ ਬਾਰੇ ਦੱਸਦੇ ਹਨ ਕਿ ਸਾਡਾ ਤੁਹਾਡੇ ਕੋਲ ਆਉਣਾ ਕਿਸ ਪ੍ਰਕਾਰ ਦਾ ਹੋਇਆ ਅਤੇ ਤੁਸੀਂ ਕਿਵੇਂ ਮੂਰਤੀਆਂ ਨੂੰ ਛੱਡ ਕੇ ਪਰਮੇਸ਼ੁਰ ਦੀ ਵੱਲ ਮੁੜੇ ਕਿ ਜਿਉਂਦੇ ਤੇ ਸੱਚੇ ਪਰਮੇਸ਼ੁਰ ਦੀ ਸੇਵਾ ਕਰੋ ।10ਅਤੇ ਉਹ ਦੇ ਪੁੱਤਰ ਦੇ ਸਵਰਗੋਂ ਆਉਣ ਦੀ ਉਡੀਕ ਕਰਦੇ ਰਹੋ, ਜਿਸ ਨੂੰ ਉਸ ਨੇ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ ਅਰਥਾਤ ਪ੍ਰਭੂ ਯਿਸੂ ਦੀ, ਜਿਹੜਾ ਸਾਨੂੰ ਆਉਣ ਵਾਲੇ ਕ੍ਰੋਧ ਤੋਂ ਬਚਾਵੇਗਾ ।

2
ਥੱਸਲੁਨੀਕੀਆਂ ਵਿੱਚ ਪੌਲੁਸ ਦੀ ਸੇਵਾ

1ਹੇ ਭਰਾਵੋ, ਤੁਸੀਂ ਆਪ ਜਾਣਦੇ ਹੋ ਕਿ ਤੁਹਾਡੇ ਕੋਲ ਸਾਡਾ ਆਉਣਾ ਵਿਅਰਥ ਨਹੀਂ ਹੋਇਆ ।2ਪਰ ਤੁਸੀਂ ਜਾਣਦੇ ਹੋ ਕਿ ਸ਼ੁਰੂਆਤ ਵਿੱਚ ਫਿਲਿਪੈ ਵਿੱਚ ਦੁੱਖ ਝੱਲਣ ਦੇ ਬਾਵਜੂਦ ਵੀ ਸਾਡੇ ਪਰਮੇਸ਼ੁਰ ਨੇ ਸਾਨੂੰ ਅਜਿਹੀ ਦਲੇਰੀ ਦਿੱਤੀ ਕਿ ਅਸੀਂ ਬਹੁਤ ਵਿਰੋਧ ਵਿੱਚ ਵੀ ਤੁਹਾਨੂੰ ਪਰਮੇਸ਼ੁਰ ਦੀ ਖੁਸ਼ਖਬਰੀ ਸੁਣਾ ਸਕੇ ।

3ਸਾਡਾ ਉਪਦੇਸ਼ ਤਾਂ ਧੋਖੇ ਤੋਂ ਨਹੀਂ, ਨਾ ਅਸ਼ੁੱਧਤਾ ਤੋਂ ਅਤੇ ਨਾ ਛਲ ਨਾਲ ਹੁੰਦਾ ਹੈ ।4ਪਰ ਜਿਵੇਂ ਅਸੀਂ ਪਰਮੇਸ਼ੁਰ ਵੱਲੋਂ ਯੋਗ ਠਹਿਰਾਏ ਹੋਏ ਹਾਂ ਜੋ ਖੁਸ਼ਖਬਰੀ ਸਾਨੂੰ ਸੌਂਪੀ ਜਾਵੇ ਅਸੀਂ ਉਸੇ ਤਰ੍ਹਾਂ ਹੀ ਸੁਣਾਉਂਦੇ ਹਾਂ, ਇਸ ਲਈ ਨਹੀਂ ਜੋ ਅਸੀਂ ਮਨੁੱਖਾਂ ਨੂੰ ਖੁਸ਼ ਕਰੀਏ, ਪਰ ਸਗੋਂ ਪਰਮੇਸ਼ੁਰ ਨੂੰ ਜਿਹੜਾ ਸਾਡਿਆਂ ਮਨਾਂ ਨੂੰ ਜਾਂਚਦਾ ਹੈ ।
5ਕਿਉਂ ਜੋ ਨਾ ਅਸੀਂ ਕਦੇ ਮਨੁੱਖਾਂ ਨੂੰ ਖੁਸ਼ ਕਰਨ ਵਾਲੀਆਂ ਗੱਲਾਂ ਕੀਤੀਆਂ ਜਿਵੇਂ ਤੁਸੀਂ ਜਾਣਦੇ ਹੋ ਅਤੇ ਨਾ ਹੀ ਲੋਭ ਦਾ ਪਰਦਾ ਬਣਾਇਆ, ਪਰਮੇਸ਼ੁਰ ਗਵਾਹ ਹੈ ।6ਅਤੇ ਨਾ ਅਸੀਂ ਮਨੁੱਖਾਂ ਕੋਲੋਂ ਵਡਿਆਈ ਚਾਹੁੰਦੇ ਸੀ, ਨਾ ਤੁਹਾਡੇ ਕੋਲੋਂ, ਨਾ ਹੋਰਨਾਂ ਕੋਲੋਂ, ਭਾਵੇਂ ਅਸੀਂ ਮਸੀਹ ਦੇ ਰਸੂਲ ਹੋਣ ਕਰਕੇ ਤੁਹਾਡੇ ਉੱਤੇ ਭਾਰ ਪਾ ਸਕਦੇ ਸੀ ।
7ਪਰ ਅਸੀਂ ਤੁਹਾਡੇ ਵਿੱਚ ਅਜਿਹਾ ਨਰਮ ਸੁਭਾਅ ਰੱਖਿਆ ਜਿਵੇਂ ਇੱਕ ਮਾਂ ਆਪਣੇ ਬੱਚਿਆਂ ਨੂੰ ਪਾਲਦੀ ਹੈ ।8ਇਸੇ ਤਰ੍ਹਾਂ ਅਸੀਂ ਤੁਹਾਡੇ ਚਾਹਵੰਦ ਹੋ ਕੇ ਤੁਹਾਨੂੰ ਸਿਰਫ਼ ਪਰਮੇਸ਼ੁਰ ਦੀ ਖੁਸ਼ਖਬਰੀ ਨਹੀਂ, ਸਗੋਂ ਆਪਣੀ ਜਾਨ ਵੀ ਦੇਣ ਨੂੰ ਤਿਆਰ ਸੀ, ਇਸ ਲਈ ਜੋ ਤੁਸੀਂ ਸਾਡੇ ਪਿਆਰੇ ਬਣ ਗਏ ਹੋ ।9ਹੇ ਭਰਾਵੋ, ਸਾਡੀ ਮਿਹਨਤ ਤੁਹਾਨੂੰ ਚੇਤੇ ਤਾਂ ਹੋਵੇਗੀ ਕਿ ਅਸੀਂ ਇਸ ਲਈ ਕਿ ਤੁਹਾਡੇ ਵਿੱਚੋਂ ਕਿਸੇ ਉੱਤੇ ਬੋਝ ਨਾ ਬਣੀਏ ਰਾਤ-ਦਿਨ ਕੰਮ-ਧੰਦਾ ਕਰ ਕੇ, ਤੁਹਾਨੂੰ ਪਰਮੇਸ਼ੁਰ ਦੀ ਖੁਸ਼ਖਬਰੀ ਸੁਣਾਈ ।
10ਪਰਮੇਸ਼ੁਰ ਅਤੇ ਤੁਸੀਂ ਦੋਵੇਂ ਗਵਾਹ ਹੋ ਕਿ ਤੁਹਾਡੇ ਨਾਲ ਜੋ ਵਿਸ਼ਵਾਸੀ ਹੋ, ਸਾਡਾ ਵਰਤਾਵਾ ਕਿੰਨ੍ਹਾਂ ਪਵਿੱਤਰ, ਧਾਰਮਿਕਤਾ ਅਤੇ ਨਿਰਦੋਸ਼ਤਾ ਸਹਿਤ ਸੀ ।11ਸੋ ਤੁਸੀਂ ਜਾਣਦੇ ਹੋ ਕਿ ਜਿਵੇਂ ਪਿਤਾ ਆਪਣੇ ਬੱਚਿਆਂ ਨੂੰ ਤਿਵੇਂ ਅਸੀਂ ਤੁਹਾਡੇ ਵਿੱਚੋਂ ਇੱਕ-ਇੱਕ ਨੂੰ ਕਿਵੇਂ ਉਪਦੇਸ਼ ਅਤੇ ਦਿਲਾਸਾ ਦਿੰਦੇ ਅਤੇ ਸਮਝਾਉਂਦੇ ਰਹੇ ।12ਤਾਂ ਜੋ ਤੁਸੀਂ ਪਰਮੇਸ਼ੁਰ ਦੇ ਯੋਗ ਚਾਲ ਚਲੋ ਜਿਹੜਾ ਤੁਹਾਨੂੰ ਆਪਣੇ ਰਾਜ ਅਤੇ ਮਹਿਮਾ ਵਿੱਚ ਸੱਦਦਾ ਹੈ ।
13ਇਸ ਕਾਰਨ ਅਸੀਂ ਵੀ ਹਰ ਰੋਜ਼ ਪਰਮੇਸ਼ੁਰ ਦਾ ਧੰਨਵਾਦ ਕਰਦੇ ਹਾਂ ਕਿ ਜਦ ਤੁਹਾਨੂੰ ਪਰਮੇਸ਼ੁਰ ਦਾ ਸੁਣਿਆ ਹੋਇਆ ਬਚਨ ਸਾਡੇ ਕੋਲੋਂ ਮਿਲਿਆ ਤਾਂ ਤੁਸੀਂ ਉਸ ਨੂੰ ਮਨੁੱਖਾਂ ਦਾ ਬਚਨ ਕਰਕੇ ਨਹੀਂ ਸਗੋਂ ਜਿਵੇਂ ਉਹ ਸੱਚੀਂ-ਮੁੱਚੀ ਪਰਮੇਸ਼ੁਰ ਦਾ ਬਚਨ ਹੈ ਮੰਨ ਕੇ ਕਬੂਲ ਕੀਤਾ ਅਤੇ ਉਹ ਤੁਹਾਡੇ ਵਿਸ਼ਵਾਸੀਆਂ ਵਿੱਚ ਕੰਮ ਵੀ ਕਰਦਾ ਹੈ ।
14ਕਿਉਂ ਜੋ ਹੇ ਭਰਾਵੋ, ਤੁਸੀਂ ਪਰਮੇਸ਼ੁਰ ਦੀਆਂ ਉਹਨਾਂ ਕਲੀਸਿਯਾਵਾਂ ਵਰਗੇ ਹੋਏ ਹੋ, ਜਿਹੜੀਆਂ ਮਸੀਹ ਯਿਸੂ ਦੀਆਂ ਯਹੂਦਿਯਾ ਵਿੱਚ ਹਨ ਇਸ ਲਈ ਜੋ ਉਹਨਾਂ ਵਾਂਗੂੰ ਤੁਸੀਂ ਵੀ ਆਪਣੀ ਕੌਮ ਵਾਲਿਆਂ ਦੇ ਹੱਥੋਂ ਓਸੇ ਤਰ੍ਹਾਂ ਦੁੱਖ ਝੱਲੇ ਸਨ, ਜਿਵੇਂ ਉਹਨਾਂ ਨੇ ਯਹੂਦੀਆਂ ਕੋਲੋਂ ਝੱਲੇ ਸਨ ।15ਜਿਹਨਾਂ ਨੇ ਪ੍ਰਭੂ ਯਿਸੂ ਨੂੰ ਅਤੇ ਨਬੀਆਂ ਨੂੰ ਵੀ ਮਾਰ ਸੁੱਟਿਆ ਅਤੇ ਸਾਨੂੰ ਕੱਢ ਦਿੱਤਾ । ਉਹ ਪਰਮੇਸ਼ੁਰ ਨੂੰ ਚੰਗੇ ਨਹੀਂ ਲੱਗਦੇ ਅਤੇ ਸਭਨਾਂ ਮਨੁੱਖਾਂ ਦੇ ਵਿਰੋਧੀ ਹਨ ।16ਉਹ ਸਾਨੂੰ ਪਰਾਈਆਂ ਕੌਮਾਂ ਨਾਲ ਉਨ੍ਹਾਂ ਦੀ ਮੁਕਤੀ ਬਾਰੇ ਗੱਲ ਕਰਨ ਤੋਂ ਰੋਕਦੇ ਹਨ, ਕਿ ਕਿਤੇ ਉਹ ਬਚਾਏ ਨਾ ਜਾਣ ਤਾਂ ਜੋ ਉਹਨਾਂ ਦੇ ਪਾਪਾਂ ਦਾ ਭਾਂਡਾ ਸਦਾ ਭਰਿਆ ਰਹੇ ! ਪਰ ਉਹਨਾਂ ਦੇ ਉੱਤੇ ਪਰਮੇਸ਼ੁਰ ਦਾ ਪੂਰਾ ਕ੍ਰੋਧ ਆ ਪਿਆ ਹੈ ! ।
ਕਲੀਸਿਯਾ ਨੂੰ ਮਿਲਣ ਦੀ ਲਾਲਸਾ

17ਪਰ ਹੇ ਭਰਾਵੋ, ਅਸੀਂ ਜੋ ਥੋੜ੍ਹਾ ਚਿਰ ਤੁਹਾਡੇ ਤੋਂ ਵਿਛੜੇ ਰਹੇ, ਮਨ ਕਰਕੇ ਨਹੀਂ ਪਰ ਦੇਹ ਕਰਕੇ, ਅਸੀਂ ਵੱਡੀ ਲਾਲਸਾ ਨਾਲ ਤੁਹਾਡਾ ਦਰਸ਼ਣ ਕਰਨ ਲਈ ਬਹੁਤ ਹੀ ਜਤਨ ਕੀਤਾ ।18ਕਿਉਂ ਜੋ ਅਸੀਂ ਅਰਥਾਤ ਮੈਂ ਪੌਲੁਸ ਨੇ ਵਾਰ ਵਾਰ ਤੁਹਾਡੇ ਕੋਲ ਆਉਣਾ ਚਾਹਿਆ ਪਰ ਸ਼ੈਤਾਨ ਨੇ ਸਾਨੂੰ ਰੋਕੀ ਰੱਖਿਆ ।19ਸਾਡੀ ਆਸ ਜਾਂ ਅਨੰਦ ਜਾਂ ਵਡਿਆਈ ਦਾ ਮੁਕਟ ਕੌਣ ਹੈ ? ਕੀ, ਸਾਡੇ ਪ੍ਰਭੂ ਯਿਸੂ ਅੱਗੇ ਤੁਸੀਂ ਹੀ ਨਹੀਂ ਹੋਵੋਗੇ, ਜਦੋਂ ਉਹ ਆਵੇਗਾ ?20ਕਿਉਂ ਜੋ ਤੁਸੀਂ ਸਾਡੇ ਪਰਤਾਪ ਅਤੇ ਅਨੰਦ ਦਾ ਕਾਰਨ ਹੋ ।

3
ਤਿਮੋਥਿਉਸ ਨੂੰ ਭੇਜਣਾ

1ਇਸ ਲਈ ਅਸੀਂ ਹੋਰ ਆਪਣੇ ਆਪ ਨੂੰ ਰੋਕ ਨਾ ਸਕੇ, ਤਾਂ ਅਥੇਨੈ ਵਿੱਚ ਇਕੱਲੇ ਹੀ ਰਹਿਣ ਨੂੰ ਚੰਗਾ ਸਮਝਿਆ ।2ਅਤੇ ਤਿਮੋਥਿਉਸ ਨੂੰ ਭੇਜਿਆ ਜਿਹੜਾ ਸਾਡਾ ਭਰਾ ਅਤੇ ਮਸੀਹ ਦੀ ਖੁਸ਼ਖਬਰੀ ਦੇ ਕੰਮ ਵਿੱਚ ਪਰਮੇਸ਼ੁਰ ਦਾ ਸੇਵਕ ਹੈ ਕਿ ਉਹ ਤੁਹਾਨੂੰ ਤਕੜਿਆਂ ਕਰੇ ਅਤੇ ਤੁਹਾਡੀ ਵਿਸ਼ਵਾਸ ਦੇ ਵਿਖੇ ਤੁਹਾਨੂੰ ਤਸੱਲੀ ਦੇਵੇ ।3ਤਾਂ ਜੋ ਇਨ੍ਹਾਂ ਬਿਪਤਾਂਵਾਂ ਦੇ ਕਾਰਨ ਕੋਈ ਡੋਲ ਨਾ ਜਾਵੇ, ਕਿਉਂ ਜੋ ਤੁਸੀਂ ਆਪ ਜਾਣਦੇ ਹੋ ਕਿ ਅਸੀਂ ਇਸੇ ਲਈ ਠਹਿਰਾਏ ਹੋਏ ਹਾਂ ।

4ਸਗੋਂ ਜਦੋਂ ਅਸੀਂ ਤੁਹਾਡੇ ਕੋਲ ਸੀ ਤਾਂ ਤੁਹਾਨੂੰ ਪਹਿਲਾਂ ਹੀ ਆਖਦੇ ਹੁੰਦੇ ਸੀ ਕਿ ਅਸੀਂ ਦੁੱਖ ਝੱਲਣੇ ਹਨ ਅਤੇ ਉਹੀ ਹੋਇਆ ਅਤੇ ਤੁਸੀਂ ਜਾਣਦੇ ਵੀ ਹੋ ।5ਇਸ ਕਾਰਨ, ਮੈਂ ਵੀ ਜਦੋਂ ਹੋਰ ਝੱਲ ਨਾ ਸਕਿਆ ਤਾਂ ਤੁਹਾਡੀ ਵਿਸ਼ਵਾਸ ਦੇਖਣ ਲਈ ਭੇਜਿਆ ਕਿ ਕਿਤੇ ਇਹ ਨਾ ਹੋਵੇ ਜੋ ਪਰਤਾਉਣ ਵਾਲੇ ਨੇ ਤੁਹਾਨੂੰ ਕਿਵੇਂ ਨਾ ਕਿਵੇਂ ਪਰਤਾਇਆ ਹੋਵੇ ਅਤੇ ਸਾਡੀ ਮਿਹਨਤ ਵਿਅਰਥ ਹੋ ਗਈ ਹੋਵੇ ।
ਤਿਮੋਥਿਉਸ ਦੁਆਰਾ ਖ਼ਬਰ ਮਿਲਣਾ

6ਪਰ ਹੁਣ ਜਦ ਤੁਹਾਡੇ ਵੱਲੋਂ ਤਿਮੋਥਿਉਸ ਸਾਡੇ ਕੋਲ ਆਇਆ ਅਤੇ ਤੁਹਾਡੀ ਵਿਸ਼ਵਾਸ ਅਤੇ ਪਿਆਰ ਦੀ ਖੁਸ਼ਖਬਰੀ ਲਿਆਇਆ, ਨਾਲੇ ਇਸ ਗੱਲ ਦੀ ਕਿ ਤੁਸੀਂ ਸਾਨੂੰ ਹਮੇਸ਼ਾਂ ਚੰਗੀ ਤਰ੍ਹਾਂ ਚੇਤੇ ਰੱਖਦੇ ਹੋ ਅਤੇ ਸਾਡੇ ਦਰਸ਼ਣ ਨੂੰ ਲੋਚਦੇ ਹੋ ਜਿਵੇਂ ਅਸੀਂ ਵੀ ਤੁਹਾਡੇ ਦਰਸ਼ਣ ਨੂੰ ਲੋਚਦੇ ਹਾਂ ।7ਇਸ ਲਈ ਹੇ ਭਰਾਵੋ, ਸਾਨੂੰ ਆਪਣੇ ਸਾਰੇ ਕਸ਼ਟ ਅਤੇ ਦੁੱਖ ਵਿੱਚ, ਤੁਹਾਡੇ ਬਾਰੇ ਤੁਹਾਡੀ ਵਿਸ਼ਵਾਸ ਦੇ ਕਾਰਨ ਤਸੱਲੀ ਹੋ ਗਈ ।
8ਕਿਉਂ ਜੋ ਹੁਣ ਸਾਡੀ ਜਾਨ ਵਿੱਚ ਜਾਨ ਪੈ ਗਈ ਹੈ ਕੀ ਤੁਸੀਂ ਪ੍ਰਭੂ ਵਿੱਚ ਪੱਕੇ ਹੋ ।9ਉਸ ਸਾਰੇ ਅਨੰਦ ਲਈ ਜਿਸ ਕਰਕੇ ਅਸੀਂ ਆਪਣੇ ਪਰਮੇਸ਼ੁਰ ਦੇ ਅੱਗੇ ਤੁਹਾਡੇ ਕਾਰਨ ਅਨੰਦ ਕਰਦੇ ਹਾਂ ਅਸੀਂ ਤੁਹਾਡੇ ਬਾਰੇ ਕਿਹੜੇ ਮੂੰਹ ਨਾਲ ਪਰਮੇਸ਼ੁਰ ਦਾ ਧੰਨਵਾਦ ਕਰੀਏ ?10ਅਸੀਂ ਰਾਤ-ਦਿਨ ਬਹੁਤ ਹੀ ਪ੍ਰਾਰਥਨਾ ਕਰਦੇ ਰਹਿੰਦੇ ਹਾਂ ਜੋ ਤੁਹਾਡਾ ਦਰਸ਼ਣ ਕਰੀਏ ਅਤੇ ਤੁਹਾਡੀ ਵਿਸ਼ਵਾਸ ਦੀ ਘਾਟ ਨੂੰ ਪੂਰਾ ਕਰ ਦੇਈਏ ।
11ਹੁਣ ਸਾਡਾ ਪਰਮੇਸ਼ੁਰ ਅਤੇ ਪਿਤਾ, ਅਤੇ ਸਾਡਾ ਪ੍ਰਭੂ ਯਿਸੂ, ਤੁਹਾਡੇ ਕੋਲ ਆਉਣ ਨੂੰ ਸਾਡੇ ਲਈ ਆਪ ਰਾਹ ਤਿਆਰ ਕਰੇ ।12ਅਤੇ ਪ੍ਰਭੂ ਤੁਹਾਨੂੰ ਇੱਕ ਦੂਜੇ ਨਾਲ ਅਤੇ ਸਭਨਾਂ ਮਨੁੱਖਾਂ ਨਾਲ ਪਿਆਰ ਵਿੱਚ ਵਧਾਵੇ ਅਤੇ ਤੁਸੀਂ ਤਰੱਕੀ ਕਰੋ, ਜਿਵੇਂ ਅਸੀਂ ਵੀ ਤੁਹਾਡੇ ਨਾਲ ਕਰਦੇ ਹਾਂ ।13ਤਾਂ ਜੋ ਤੁਹਾਡਿਆਂ ਮਨਾਂ ਨੂੰ ਤਕੜਿਆਂ ਕਰੇ ਕਿ ਜਿਸ ਵੇਲੇ ਸਾਡਾ ਪ੍ਰਭੂ ਯਿਸੂ ਆਪਣੇ ਸਾਰਿਆਂ ਸੰਤਾਂ ਨਾਲ ਆਵੇਗਾ ਤਾਂ ਉਹ ਸਾਡੇ ਪਰਮੇਸ਼ੁਰ ਅਤੇ ਪਿਤਾ ਦੇ ਅੱਗੇ ਪਵਿੱਤਰਤਾਈ ਵਿੱਚ ਨਿਰਦੋਸ਼ ਹੋਣ ।

4
ਪਰਮੇਸ਼ੁਰ ਨੂੰ ਭਾਉਂਦਾ ਜੀਵਨ

1ਮੁੱਕਦੀ ਗੱਲ, ਹੇ ਭਰਾਵੋ, ਅਸੀਂ ਪ੍ਰਭੂ ਯਿਸੂ ਵਿੱਚ ਤੁਹਾਡੇ ਅੱਗੇ ਬੇਨਤੀ ਕਰਦੇ ਅਤੇ ਤੁਹਾਨੂੰ ਆਗਿਆ ਦਿੰਦੇ ਹਾਂ ਕਿ ਜਿਵੇਂ ਤੁਸੀਂ ਸਾਡੇ ਕੋਲੋਂ ਸਿੱਖਿਆ ਪ੍ਰਾਪਤ ਕੀਤੀ ਕਿ ਕਿਹੋ ਜਿਹਾ ਚਾਲ-ਚੱਲਣ ਸਾਨੂੰ ਚੱਲਣਾ ਅਤੇ ਪਰਮੇਸ਼ੁਰ ਨੂੰ ਪ੍ਰਸੰਨ ਕਰਨਾ ਚਾਹੀਦਾ ਹੈ ―ਜਿਵੇਂ ਤੁਸੀਂ ਚੱਲਦੇ ਵੀ ਹੋ —ਸੋ ਇਸ ਵਿੱਚ ਹੋਰ ਵੀ ਵਧਦੇ ਜਾਵੋ ।2ਕਿਉਂਕਿ ਤੁਸੀਂ ਜਾਣਦੇ ਹੋ ਜੋ ਅਸੀਂ ਤੁਹਾਨੂੰ ਪ੍ਰਭੂ ਯਿਸੂ ਦੇ ਵੱਲੋਂ ਕੀ-ਕੀ ਹੁਕਮ ਦਿੱਤੇ ।

3ਪਰਮੇਸ਼ੁਰ ਦੀ ਇੱਛਾ ਹੈ ਕਿ ਤੁਸੀਂ ਪਵਿੱਤਰ ਹੋਵੋ ਅਤੇ ਤੁਸੀਂ ਹਰਾਮਕਾਰੀ ਤੋਂ ਬਚੇ ਰਹੋ ।4ਅਤੇ ਤੁਹਾਡੇ ਵਿੱਚੋਂ ਹਰ ਕੋਈ ਆਪਣੀ ਪਤਨੀ ਨੂੰ ਪਵਿੱਤਰਤਾਈ ਅਤੇ ਆਦਰ ਨਾਲ ਪ੍ਰਾਪਤ ਕਰਨਾ ਜਾਣੇ ।5ਨਾ ਕਾਮ-ਵਾਸਨਾ ਨਾਲ, ਪਰਾਈਆਂ ਕੌਮਾਂ ਦੀ ਤਰ੍ਹਾਂ ਜਿਨ੍ਹਾਂ ਨੂੰ ਪਰਮੇਸ਼ੁਰ ਦਾ ਗਿਆਨ ਨਹੀਂ ।6ਅਤੇ ਕੋਈ ਇਸ ਗੱਲ ਵਿੱਚ ਅਪਰਾਧੀ ਨਾ ਹੋਵੇ, ਨਾ ਆਪਣੇ ਭਰਾ ਨਾਲ ਧੋਖਾ ਕਰੇ ਕਿਉਂ ਜੋ ਪ੍ਰਭੂ ਇਨ੍ਹਾਂ ਸਭਨਾਂ ਗੱਲਾਂ ਦਾ ਬਦਲਾ ਲੈਣ ਵਾਲਾ ਹੈ ਜਿਵੇਂ ਅਸੀਂ ਅੱਗੇ ਵੀ ਤੁਹਾਨੂੰ ਆਖਿਆ ਅਤੇ ਚਿਤਾਵਨੀ ਦਿੱਤੀ ਸੀ ।
7ਕਿਉਂ ਜੋ ਪਰਮੇਸ਼ੁਰ ਨੇ ਸਾਨੂੰ ਅਸ਼ੁੱਧਤਾ ਲਈ ਨਹੀਂ ਸਗੋਂ ਪਵਿੱਤਰਤਾਈ ਵਿੱਚ ਸੱਦਿਆ ।8ਇਸ ਕਾਰਨ ਜੋ ਕੋਈ ਇਸ ਸਿੱਖਿਆ ਨੂੰ ਤੁੱਛ ਜਾਣਦਾ ਹੈ, ਉਹ ਮਨੁੱਖਾਂ ਨੂੰ ਨਹੀਂ ਸਗੋਂ ਪਰਮੇਸ਼ੁਰ ਨੂੰ ਤੁੱਛ ਜਾਣਦਾ ਹੈ, ਜਿਹੜਾ ਆਪਣਾ ਪਵਿੱਤਰ ਆਤਮਾ ਤੁਹਾਨੂੰ ਦਿੰਦਾ ਹੈ ।
9ਪਰ ਭਾਈਚਾਰੇ ਦੇ ਪਿਆਰ ਦੇ ਬਾਰੇ ਤੁਹਾਨੂੰ ਕੁੱਝ ਲਿਖਣ ਦੀ ਲੋੜ ਨਹੀਂ ਕਿਉਂ ਜੋ ਤੁਸੀਂ ਆਪ ਇੱਕ ਦੂਜੇ ਨਾਲ ਪਿਆਰ ਕਰਨ ਨੂੰ ਪਰਮੇਸ਼ੁਰ ਦੇ ਸਿਖਾਏ ਹੋਏ ਹੋ ।10ਤੁਸੀਂ ਤਾਂ ਉਨ੍ਹਾਂ ਸਾਰੇ ਭਰਾਵਾਂ ਨਾਲ ਜਿਹੜੇ ਸਾਰੇ ਮਕਦੂਨਿਯਾ ਵਿੱਚ ਹਨ, ਅਜਿਹਾ ਹੀ ਕਰਦੇ ਵੀ ਹੋ । ਪਰ ਹੇ ਭਰਾਵੋ, ਅਸੀਂ ਤੁਹਾਨੂੰ ਆਖਦੇ ਹਾਂ ਕਿ ਤੁਸੀਂ ਹੋਰ ਵੀ ਵੱਧਦੇ ਜਾਓ ।11ਅਤੇ ਜਿਵੇਂ ਅਸੀਂ ਤੁਹਾਨੂੰ ਹੁਕਮ ਦਿੱਤਾ ਸੀ ਤੁਸੀਂ ਚੁੱਪ-ਚਾਪ ਰਹਿਣਾ ਅਤੇ ਆਪੋ ਆਪਣੇ ਕੰਮ-ਧੰਦੇ ਕਰਨ ਅਤੇ ਆਪਣੇ ਹੱਥੀਂ ਮਿਹਨਤ ਕਰਨ ਦਾ ਯਤਨ ਕਰੋ ।12ਕਿ ਤੁਸੀਂ ਬਾਹਰਲਿਆਂ ਲੋਕਾਂ ਦੇ ਸਾਹਮਣੇ ਸਦਭਾਵਨਾ ਨਾਲ ਚਲੋ ਤਾਂ ਜੋ ਤੁਹਾਨੂੰ ਕਿਸੇ ਚੀਜ਼ ਦੀ ਘਾਟ ਨਾ ਹੋਵੇ ।
ਯਿਸੂ ਮਸੀਹ ਦਾ ਦੁਬਾਰਾ ਆਉਣਾ

13ਹੇ ਭਰਾਵੋ, ਅਸੀਂ ਨਹੀਂ ਚਾਹੁੰਦੇ ਜੋ ਤੁਸੀਂ ਉਨ੍ਹਾਂ ਬਾਰੇ ਜਿਹੜੇ ਸੁੱਤੇ ਪਏ ਹਨ ਅਣਜਾਣ ਰਹੋ, ਤੁਸੀਂ ਪਰਾਈਆਂ ਕੌਮਾਂ ਦੀ ਤਰ੍ਹਾਂ ਸੋਗ ਕਰੋ, ਜਿਨ੍ਹਾਂ ਨੂੰ ਕੋਈ ਆਸ ਨਹੀਂ ।14ਕਿਉਂਕਿ ਜੇ ਸਾਨੂੰ ਇਹ ਵਿਸ਼ਵਾਸ ਹੈ ਕਿ ਯਿਸੂ ਮਰਿਆ ਅਤੇ ਫੇਰ ਜਿਉਂਦਾ ਹੋਇਆ ਤਾਂ ਇਸੇ ਤਰ੍ਹਾਂ ਪਰਮੇਸ਼ੁਰ ਉਨ੍ਹਾਂ ਨੂੰ ਵੀ ਜਿਹੜੇ ਯਿਸੂ ਵਿੱਚ ਸੌਂ ਗਏ ਹਨ, ਉਹ ਦੇ ਨਾਲ ਜਿਵਾਲੇਗਾ ।15ਅਸੀਂ ਪ੍ਰਭੂ ਦੇ ਬਚਨ ਦੇ ਅਨੁਸਾਰ ਤੁਹਾਨੂੰ ਇਹ ਆਖਦੇ ਹਾਂ ਕਿ ਅਸੀਂ ਜਿਹੜੇ ਜਿਉਂਦੇ ਅਤੇ ਪ੍ਰਭੂ ਦੇ ਆਉਣ ਤੱਕ ਜਿਉਂਦੇ ਰਹਿੰਦੇ ਹਾਂ, ਉਹਨਾਂ ਤੋਂ ਕਦੀ ਪਹਿਲੇ ਨਾ ਹੋਵਾਂਗੇ, ਜਿਹੜੇ ਸੌਂ ਗਏ ਹਨ ।
16ਇਸ ਲਈ ਜੋ ਪ੍ਰਭੂ ਆਪ ਲਲਕਾਰ ਨਾਲ, ਮਹਾਂ ਦੂਤ ਦੀ ਅਵਾਜ਼ ਨਾਲ ਅਤੇ ਪਰਮੇਸ਼ੁਰ ਦੀ ਤੁਰ੍ਹੀ ਨਾਲ ਸਵਰਗ ਤੋਂ ਉਤਰੇਗਾ ਅਤੇ ਜਿਹੜੇ ਮਸੀਹ ਵਿੱਚ ਹੋ ਕੇ ਮਰੇ ਹਨ ਉਹ ਪਹਿਲਾਂ ਜਿਉਂਦੇ ਹੋ ਜਾਣਗੇ ।17ਤਦ ਅਸੀਂ ਜਿਹੜੇ ਜਿਉਂਦੇ ਅਤੇ ਬਾਕੀ ਰਹਿੰਦੇ ਹਾਂ ਉਹਨਾਂ ਦੇ ਨਾਲ ਹੀ ਹਵਾ ਵਿੱਚ ਪ੍ਰਭੂ ਦੇ ਮਿਲਣ ਨੂੰ, ਬੱਦਲਾਂ ਉੱਤੇ ਅਚਾਨਕ ਉੱਠਾਏ ਜਾਂਵਾਂਗੇ ਅਤੇ ਇਸੇ ਤਰ੍ਹਾਂ ਅਸੀਂ ਸਦਾ ਪ੍ਰਭੂ ਦੇ ਨਾਲ ਰਹਾਂਗੇ ।18ਸੋ ਤੁਸੀਂ ਇਨ੍ਹਾਂ ਗੱਲਾਂ ਨਾਲ ਇੱਕ ਦੂਜੇ ਨੂੰ ਤਸੱਲੀ ਦੇਵੋ ।

5
ਮਸੀਹ ਦੇ ਦੁਬਾਰਾ ਆਉਣ ਲਈ ਤਿਆਰ ਰਹਿਣਾ

1ਪਰ ਹੇ ਭਰਾਵੋ, ਤੁਹਾਡੇ ਲਈ ਸਮਿਆਂ ਅਤੇ ਮੌਸਮਾਂ ਬਾਰੇ ਕੁੱਝ ਵੀ ਲਿਖਣ ਦੀ ਜ਼ਰੂਰਤ ਨਹੀਂ ।2ਕਿਉਂਕਿ ਤੁਸੀਂ ਆਪ ਚੰਗੀ ਤਰ੍ਹਾਂ ਜਾਣਦੇ ਹੋ ਕਿ ਪ੍ਰਭੂ ਦਾ ਦਿਨ ਇਸ ਤਰ੍ਹਾਂ ਆਵੇਗਾ, ਜਿਸ ਤਰ੍ਹਾਂ ਰਾਤ ਨੂੰ ਚੋਰ ਆਉਂਦਾ ਹੈ ।3ਜਦ ਲੋਕ ਆਖਦੇ ਹੋਣਗੇ ਕਿ ਅਮਨ ਚੈਨ ਅਤੇ ਸੁੱਖ-ਸਾਂਦ ਹੈ ਤਦ ਜਿਵੇਂ ਗਰਭਵਤੀ ਇਸਤ੍ਰੀ ਨੂੰ ਪੀੜਾਂ ਲੱਗਦੀਆਂ ਹਨ ਤਿਵੇਂ ਉਨ੍ਹਾਂ ਦਾ ਅਚਾਨਕ ਨਾਸ ਹੋ ਜਾਵੇਗਾ ਅਤੇ ਉਹ ਕਦੀ ਨਾ ਬਚਣਗੇ ।

4ਪਰ ਹੇ ਭਰਾਵੋ, ਤੁਸੀਂ ਹਨ੍ਹੇਰੇ ਵਿੱਚ ਨਹੀਂ ਹੋ ਜੋ ਤੁਹਾਡੇ ਉੱਤੇ ਉਹ ਦਿਨ ਚੋਰ ਵਾਗੂੰ ਆ ਪਵੇ ।5ਕਿਉਂ ਜੋ ਤੁਸੀਂ ਸਾਰੇ ਚਾਨਣ ਅਤੇ ਦਿਨ ਦੀ ਸੰਤਾਨ ਹੋ । ਅਸੀਂ ਰਾਤ ਦੇ ਨਹੀਂ, ਨਾ ਹੀ ਹਨ੍ਹੇਰੇ ਦੇ ਹਾਂ ।6ਸੋ ਇਸ ਲਈ ਅਸੀਂ ਹੋਰਨਾਂ ਵਾਂਗੂੰ ਨਾ ਸੌਂਈਏ ਸਗੋਂ ਜਾਗਦੇ ਅਤੇ ਸੁਚੇਤ ਰਹੀਏ ।7ਕਿਉਂਕਿ ਜਿਹੜੇ ਸੌਂਦੇ ਹਨ ਉਹ ਰਾਤ ਨੂੰ ਹੀ ਸੌਂਦੇ ਹਨ ਅਤੇ ਜਿਹੜੇ ਲੋਕ ਸ਼ਰਾਬ ਨਾਲ ਬਦਮਸਤ ਹੁੰਦੇ ਹਨ ਉਹ ਰਾਤ ਨੂੰ ਹੀ ਹੁੰਦੇ ਹਨ ।
8ਪਰ ਅਸੀਂ ਜਦੋਂ ਦਿਨ ਵਾਲੇ ਹਾਂ ਤਾਂ ਵਿਸ਼ਵਾਸ ਅਤੇ ਪਿਆਰ ਨੂੰ ਸੁਰੱਖਿਆ ਵੱਜੋਂ ਪਹਿਨਣਾ ਅਤੇ ਮੁਕਤੀ ਦੀ ਆਸ ਨੂੰ ਸਿਰ ਦੀ ਟੋਪੀ ਦੀ ਥਾਂ ਪਹਿਨ ਕੇ ਸੁਚੇਤ ਰਹੀਏ ।9ਕਿਉਂ ਜੋ ਪਰਮੇਸ਼ੁਰ ਨੇ ਸਾਨੂੰ ਕ੍ਰੋਧ ਦੇ ਲਈ ਨਹੀਂ, ਸਗੋਂ ਇਸ ਲਈ ਠਹਿਰਾਇਆ ਕਿ ਅਸੀਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਮੁਕਤੀ ਨੂੰ ਪ੍ਰਾਪਤ ਕਰੀਏ ।10ਜਿਹੜਾ ਸਾਡੇ ਲਈ ਮਰਿਆ, ਤਾਂ ਕਿ ਅਸੀਂ ਭਾਵੇਂ ਜਾਗਦੇ ਜਾਂ ਸੁੱਤੇ ਹੋਈਏ ਉਹ ਦੇ ਨਾਲ ਹੀ ਜਿਉਂਦੇ ਹੋ ਜਾਈਏ ।11ਇਸ ਕਾਰਨ ਤੁਸੀਂ ਇੱਕ ਦੂਜੇ ਨੂੰ ਤਸੱਲੀ ਦੇਵੋ ਅਤੇ ਇੱਕ ਦੂਜੇ ਦੀ ਉਨੱਤੀ ਕਰੋ, ਜਿਵੇਂ ਤੁਸੀਂ ਕਰਦੇ ਵੀ ਹੋ ।
ਕਲੀਸਿਯਾ ਨੂੰ ਉਪਦੇਸ਼

12ਹੁਣ ਹੇ ਭਰਾਵੋ, ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਕਿ ਜਿਹੜੇ ਤੁਹਾਡੇ ਵਿੱਚ ਮਿਹਨਤ ਕਰਦੇ, ਪ੍ਰਭੂ ਵਿੱਚ ਤੁਹਾਡੇ ਆਗੂ ਹਨ ਅਤੇ ਤੁਹਾਨੂੰ ਸਿੱਖਿਆ ਦਿੰਦੇ ਹਨ, ਤੁਸੀਂ ਉਹਨਾਂ ਦਾ ਆਦਰ ਕਰੋ ।13ਅਤੇ ਉਹਨਾਂ ਦੇ ਕੰਮ ਦੇ ਕਾਰਨ ਪਿਆਰ ਨਾਲ ਉਹਨਾਂ ਦਾ ਬਹੁਤਾ ਆਦਰ ਕਰੋ । ਆਪਸ ਵਿੱਚ ਮੇਲ-ਮਿਲਾਪ ਰੱਖੋ ।14ਹੇ ਭਰਾਵੋ, ਅਸੀਂ ਤੁਹਾਨੂੰ ਆਖਦੇ ਹਾਂ ਜੋ ਤੁਸੀਂ ਉਹਨਾਂ ਨੂੰ ਸਮਝਾਓ ਜਿਹੜੇ ਠੀਕ ਚਾਲ ਨਹੀਂ ਚਲਦੇ, ਕਮਜ਼ੋਰ ਦਿਲ ਵਾਲਿਆਂ ਨੂੰ ਹੌਂਸਲਾ ਦੇਵੋ, ਨਿਰਬਲਾਂ ਨੂੰ ਸੰਭਾਲੋ, ਅਤੇ ਸਾਰਿਆਂ ਨਾਲ ਧੀਰਜ ਕਰੋ ।
15ਵੇਖਣਾ ਕਿ ਕੋਈ ਕਿਸੇ ਨਾਲ ਬੁਰੇ ਦੇ ਬਦਲੇ ਬੁਰਾ ਨਾ ਕਰੇ ਸਗੋਂ ਇੱਕ ਦੂਜੇ ਲਈ ਅਤੇ ਸਾਰਿਆਂ ਲਈ ਸਦਾ ਭਲਿਆਈ ਦੇ ਮਗਰ ਲੱਗੇ ਰਹੋ ।16ਸਦਾ ਅਨੰਦ ਰਹੋ ।17ਹਰ ਰੋਜ਼ ਪ੍ਰਾਰਥਨਾ ਕਰੋ ।18ਹਰ ਹਾਲ ਵਿੱਚ ਧੰਨਵਾਦ ਕਰੋ ਕਿਉਂ ਜੋ ਤੁਹਾਡੇ ਲਈ ਮਸੀਹ ਯਿਸੂ ਵਿੱਚ ਪਰਮੇਸ਼ੁਰ ਦੀ ਇਹੋ ਮਰਜ਼ੀ ਹੈ ।
19ਆਤਮਾ ਨੂੰ ਨਾ ਬੁਝਾਓ ।20ਭਵਿੱਖਬਾਣੀਆਂ ਨੂੰ ਤੁੱਛ ਨਾ ਜਾਣੋ ।21ਸਾਰੀਆਂ ਗੱਲਾਂ ਨੂੰ ਪਰਖੋ, ਖਰੀਆਂ ਨੂੰ ਫੜ੍ਹੀ ਰੱਖੋ ।22ਹਰ ਪਰਕਾਰ ਦੀ ਬਦੀ ਤੋਂ ਦੂਰ ਰਹੋ ।
ਬਰਕਤ

23ਅਤੇ ਸ਼ਾਂਤੀ ਦਾਤਾ ਪਰਮੇਸ਼ੁਰ ਆਪ ਹੀ ਤੁਹਾਨੂੰ ਪੂਰੀ ਤਰ੍ਹਾਂ ਪਵਿੱਤਰ ਕਰੇ ਅਤੇ ਤੁਹਾਡਾ ਆਤਮਾ ਅਤੇ ਜੀਵ ਅਤੇ ਸਰੀਰ ਸਾਡੇ ਪ੍ਰਭੂ ਯਿਸੂ ਮਸੀਹ ਦੇ ਆਉਣ ਦੇ ਵੇਲੇ ਦੋਸ਼ ਰਹਿਤ, ਸੰਪੂਰਨ ਬਚਿਆ ਰਹੇ ।24ਤੁਹਾਡਾ ਸੱਦਣ ਵਾਲਾ ਵਫ਼ਾਦਾਰ ਹੈ ਅਤੇ ਉਹ ਅਜਿਹਾ ਹੀ ਕਰੇਗਾ ।
25ਹੇ ਭਰਾਵੋ, ਸਾਡੇ ਲਈ ਪ੍ਰਾਰਥਨਾ ਕਰੋ ॥26ਤੁਸੀਂ ਪਵਿੱਤਰ ਚੁਮੰਨ ਨਾਲ ਸਾਰੇ ਭਰਾਵਾਂ ਦੀ ਸੁੱਖ-ਸਾਂਦ ਪੁੱਛੋ ।27ਮੈਂ ਤੁਹਾਨੂੰ ਪ੍ਰਭੂ ਦੀ ਸਹੁੰ ਦਿੰਦਾ ਹਾਂ ਜੋ ਇਹ ਪੱਤ੍ਰੀ ਸਾਰੇ ਭਰਾਵਾਂ ਨੂੰ ਪੜ੍ਹ ਕੇ ਸੁਣਾਉਣੀ ।28ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਉੱਤੇ ਹੁੰਦੀ ਰਹੇ ।

ਥੱਸਲੁਨੀਕੀਆ ਨੂੰ ਦੂਜੀ ਪੱਤ੍ਰੀ

1
ਨਮਸਕਾਰ

1ਲੇਖਕ ਪੌਲੁਸ, ਸਿਲਵਾਨੁਸ ਅਤੇ ਤਿਮੋਥਿਉਸ ਵਲੋਂ, ਥੱਸਲੁਨੀਕੀਆਂ ਦੀ ਕਲੀਸਿਯਾ ਨੂੰ ਜਿਹੜੀ ਸਾਡੇ ਪਿਤਾ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਵਿੱਚ ਹੈ :2ਪਿਤਾ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲਦੀ ਰਹੇ ।

ਨਿਆਂ ਦਾ ਦਿਨ

3ਹੇ ਭਰਾਵੋ, ਜਿਵੇਂ ਯੋਗ ਹੈ ਸਾਨੂੰ ਤੁਹਾਡੇ ਲਈ ਸਦਾ ਪਰਮੇਸ਼ੁਰ ਦਾ ਧੰਨਵਾਦ ਕਰਨਾ ਚਾਹੀਦਾ ਹੈ, ਇਸ ਲਈ ਜੋ ਤੁਹਾਡਾ ਵਿਸ਼ਵਾਸ ਬਹੁਤ ਵੱਧਦਾ ਜਾਂਦਾ ਹੈ ਅਤੇ ਤੁਹਾਡਾ ਸਭਨਾਂ ਦਾ ਪਿਆਰ ਇੱਕ ਦੂਜੇ ਨਾਲ ਵੱਧਦਾ ਜਾਂਦਾ ਹੈ ।4ਐਥੋਂ ਤੱਕ ਜੋ ਤੁਹਾਡੇ ਉਸ ਧੀਰਜ ਅਤੇ ਵਿਸ਼ਵਾਸ ਦੇ ਕਾਰਨ ਜੋ ਤੁਸੀਂ ਜ਼ੁਲਮ ਅਤੇ ਬਿਪਤਾ ਦੇ ਝੱਲਣ ਵਿੱਚ ਰੱਖਦੇ ਹੋ ਅਸੀਂ ਪਰਮੇਸ਼ੁਰ ਦੀਆਂ ਸਾਰੀਆਂ ਕਲੀਸਿਯਾਂਵਾਂ ਵਿੱਚ ਤੁਹਾਡੇ ਉੱਤੇ ਮਾਣ ਕਰਦੇ ਹਾਂ ।5ਇਹ ਪਰਮੇਸ਼ੁਰ ਦੇ ਸੱਚੇ ਨਿਆਂ ਦਾ ਪਰਮਾਣ ਹੈ ਕਿ ਤੁਸੀਂ ਪਰਮੇਸ਼ੁਰ ਦੇ ਰਾਜ ਦੇ ਯੋਗ ਗਿਣੇ ਜਾਓ, ਜਿਸ ਦੇ ਲਈ ਤੁਸੀਂ ਦੁੱਖ ਵੀ ਭੋਗਦੇ ਹੋ ।
6ਕਿਉਂ ਜੋ ਪਰਮੇਸ਼ੁਰ ਦੇ ਵੱਲੋਂ ਇਹ ਨਿਆਂ ਦੀ ਗੱਲ ਹੈ ਕਿ ਜਿਹੜੇ ਤੁਹਾਨੂੰ ਦੁੱਖ ਦਿੰਦੇ ਹਨ, ਉਹ ਉਹਨਾਂ ਨੂੰ ਦੁੱਖ ਦੇਵੇ ।7ਅਤੇ ਤੁਹਾਨੂੰ ਜਿਹੜੇ ਦੁੱਖ ਪਾਉਂਦੇ ਹੋ, ਸਾਡੇ ਨਾਲ ਸੁੱਖ ਦੇਵੇ ਉਸ ਸਮੇਂ ਜਦੋਂ ਪ੍ਰਭੂ ਯਿਸੂ ਆਪਣੇ ਬਲਵੰਤ ਦੂਤਾਂ ਦੇ ਨਾਲ ਭੜਕਦੀ ਅੱਗ ਵਿੱਚ ਸਵਰਗ ਤੋਂ ਪਰਗਟ ਹੋਵੇਗਾ ।8ਅਤੇ ਜਿਹੜੇ ਪਰਮੇਸ਼ੁਰ ਨੂੰ ਨਹੀਂ ਜਾਣਦੇ ਅਤੇ ਸਾਡੇ ਪ੍ਰਭੂ ਯਿਸੂ ਦੀ ਖੁਸ਼ਖਬਰੀ ਨੂੰ ਨਹੀਂ ਮੰਨਦੇ ਉਹਨਾਂ ਨੂੰ ਬਦਲਾ ਦੇਵੇਗਾ ।
9ਉਹ ਪ੍ਰਭੂ ਦੇ ਹਜ਼ੂਰੋਂ, ਅਤੇ ਉਸ ਦੀ ਸਮਰੱਥਾ ਦੇ ਤੇਜ ਤੋਂ ਸਦਾ ਦਾ ਵਿਨਾਸ਼ ਦੀ ਸਜ਼ਾ ਪਾਉਣਗੇ ।10ਉਸ ਦਿਨ ਜਦ ਉਹ ਆਵੇਗਾ ਜੋ ਆਪਣਿਆਂ ਸੰਤਾਂ ਵਿੱਚ ਮਹਿਮਾ ਪਾਵੇ ਅਤੇ ਸਾਰੇ ਵਿਸ਼ਵਾਸੀਆਂ ਵਿੱਚ ਅਚਰਜ ਮੰਨਿਆ ਜਾਵੇ ਕਿਉਂਕਿ ਤੁਸੀਂ ਸਾਡੀ ਗਵਾਹੀ ਤੇ ਵਿਸ਼ਵਾਸ ਕੀਤਾ ।
11ਇਸ ਕਰਕੇ ਅਸੀਂ ਤੁਹਾਡੇ ਲਈ ਸਦਾ ਪ੍ਰਾਰਥਨਾ ਕਰਦੇ ਰਹਿੰਦੇ ਹਾਂ ਜੋ ਤੁਹਾਨੂੰ ਸਾਡਾ ਪਰਮੇਸ਼ੁਰ ਤੁਹਾਡੇ ਸੱਦੇ ਦੇ ਯੋਗ ਜਾਣੇ ਅਤੇ ਭਲਿਆਈ ਦੀ ਹਰ ਇੱਕ ਭਾਵਨਾ ਨੂੰ ਅਤੇ ਵਿਸ਼ਵਾਸ ਦੇ ਹਰ ਇੱਕ ਕੰਮ ਨੂੰ ਸਮਰੱਥਾ ਨਾਲ ਪੂਰਾ ਕਰੇ ।12ਤਾਂ ਜੋ ਸਾਡੇ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਦੇ ਅਨੁਸਾਰ ਤੁਹਾਡੇ ਵਿੱਚ ਸਾਡੇ ਪ੍ਰਭੂ ਯਿਸੂ ਦਾ ਨਾਮ ਮਹਿਮਾ ਪਾਵੇ ਅਤੇ ਉਸ ਵਿੱਚ ਤੁਸੀਂ ਵੀ ।

2
ਪਾਪ ਦਾ ਪੁਰਖ ਅਰਥਾਤ ਵਿਨਾਸ਼ ਦਾ ਪੁੱਤਰ

1ਹੁਣ ਹੇ ਭਰਾਵੋ, ਸਾਡੇ ਪ੍ਰਭੂ ਯਿਸੂ ਮਸੀਹ ਦੇ ਆਉਣ ਅਤੇ ਸਾਡੇ ਉਸ ਕੋਲ ਇਕੱਠਿਆਂ ਹੋਣ ਦੇ ਬਾਰੇ ਅਸੀਂ ਤੁਹਾਡੇ ਅੱਗੇ ਇਹ ਬੇਨਤੀ ਕਰਦੇ ਹਾਂ ।2ਜੋ ਤੁਸੀਂ ਕਿਸੇ ਆਤਮਾ, ਬਚਨ ਜਾਂ ਸਾਡੇ ਨਾਮ ਦੀ ਨਕਲੀ ਪੱਤ੍ਰੀ ਤੋਂ ਆਪਣੇ ਮਨੋਂ ਛੇਤੀ ਨਾ ਡੋਲੋ, ਨਾ ਘਬਰਾਓ ਜੋ ਸਮਝੋ ਕਿ ਪ੍ਰਭੂ ਦਾ ਦਿਨ ਆਉਣ ਵਾਲਾ ਹੈ !

3ਕੋਈ ਤੁਹਾਨੂੰ ਕਿਸੇ ਤਰ੍ਹਾਂ ਨਾ ਭਰਮਾਵੇ ਕਿਉਂ ਜੋ ਉਹ ਦਿਨ ਉਦੋਂ ਤੱਕ ਨਹੀਂ ਆਵੇਗਾ ਜਿੰਨਾਂ ਚਿਰ ਪਹਿਲਾਂ ਧਰਮ ਤਿਆਗ ਨਾ ਹੋ ਲਵੇ ਅਤੇ ਉਹ ਪਾਪ ਦਾ ਪੁਰਖ ਅਰਥਾਤ ਵਿਨਾਸ਼ ਦਾ ਪੁੱਤਰ ਪਰਗਟ ਨਾ ਹੋ ਜਾਵੇ ।4ਜੋ ਮਸੀਹ ਵਿਰੋਧੀ ਹੈ ਅਤੇ ਹਰ ਇੱਕ ਉੱਤੇ ਜਿਹੜਾ ਦੇਵ ਅਖਵਾਉਂਦਾ ਜਾਂ ਪੂਜਿਆ ਜਾਂਦਾ ਹੈ, ਆਪਣੇ ਆਪ ਨੂੰ ਉੱਚਿਆਂ ਕਰਦਾ ਹੈ ਐਥੋਂ ਤੱਕ ਕਿ ਉਹ ਪਰਮੇਸ਼ੁਰ ਦੀ ਹੈਕਲ ਵਿੱਚ ਬਹਿੰਦਾ ਹੈ ਅਤੇ ਆਪਣੇ ਆਪ ਨੂੰ ਪਰਮੇਸ਼ੁਰ ਵਾਂਗੂੰ ਵਿਖਾਉਂਦਾ ਹੈ ।
5ਕੀ ਤੁਹਾਨੂੰ ਚੇਤੇ ਨਹੀਂ ਕਿ ਜਦੋਂ ਮੈਂ ਤੁਹਾਡੇ ਕੋਲ ਸੀ, ਮੈਂ ਤੁਹਾਨੂੰ ਇਹ ਗੱਲਾਂ ਨਹੀਂ ਆਖੀਆਂ ਸਨ ?6ਹੁਣ ਤੁਸੀਂ ਉਹ ਨੂੰ ਜਾਣਦੇ ਹੋ ਜੋ ਉਸ ਨੂੰ ਰੋਕ ਰਿਹਾ ਹੈ ਕਿ ਉਹ ਆਪਣੇ ਸਮੇਂ ਸਿਰ ਪਰਗਟ ਹੋਵੇ ।7ਕੁਧਰਮ ਅਰਥਾਤ ਪਾਪ ਦਾ ਭੇਤ ਹੁਣ ਵੀ ਕੰਮ ਕਰੀ ਜਾਂਦਾ ਹੈ ਪਰ ਹੁਣ ਇੱਕ ਰੋਕਣ ਵਾਲਾ ਹੈ ਅਤੇ ਜਦੋਂ ਤੱਕ ਉਹ ਦੂਰ ਨਾ ਹੋ ਜਾਵੇ, ਉਹ ਰੁੱਕਿਆ ਰਹੇਗਾ ।
8ਤਦ ਉਹ ਕੁਧਰਮੀ ਪਰਗਟ ਹੋਵੇਗਾ, ਜਿਸ ਨੂੰ ਪ੍ਰਭੂ ਯਿਸੂ ਆਪਣੇ ਮੂੰਹ ਦੀ ਫੂਕ ਨਾਲ ਮਾਰ ਸੁੱਟੇਗਾ ਅਤੇ ਆਪਣੇ ਆਉਣ ਦੇ ਪਰਕਾਸ਼ ਨਾਲ ਨਾਸ ਕਰੇਗਾ ।9ਉਸ ਕੁਧਰਮੀ ਦਾ ਆਉਣਾ ਸ਼ੈਤਾਨ ਦੇ ਕੰਮਾਂ ਦੇ ਅਨੁਸਾਰ ਹਰ ਪਰਕਾਰ ਦੀ ਸਮਰੱਥਾ, ਝੂਠੀਆਂ ਨਿਸ਼ਾਨੀਆਂ ਅਤੇ ਹੈਰਾਨ ਕਰਨ ਵਾਲੀਆਂ ਗੱਲਾਂ ਨਾਲ ਹੋਵੇਗਾ ।10ਨਾਲੇ ਉਹਨਾਂ ਲਈ ਜਿਹੜੇ ਨਾਸ ਹੋ ਰਹੇ ਹਨ, ਕੁਧਰਮ ਦੇ ਹਰ ਪ੍ਰਕਾਰ ਦੇ ਧੋਖੇ ਨਾਲ ਹੋਵੇਗਾ, ਇਸ ਕਾਰਨ ਜੋ ਉਹਨਾਂ ਨੇ ਸਚਿਆਈ ਦੇ ਬਚਨ ਨੂੰ ਕਬੂਲ ਨਾ ਕੀਤਾ ਜਿਸ ਤੋਂ ਉਹਨਾਂ ਦੀ ਮੁਕਤੀ ਹੋ ਸਕਦੀ ਸੀ ।
11ਇਸ ਲਈ ਪਰਮੇਸ਼ੁਰ ਉਨ੍ਹਾਂ ਉੱਤੇ ਭਰਮਾਉਣ ਵਾਲੀ ਤਾਕਤ ਨੂੰ ਭੇਜੇਗਾ ਤਾਂ ਜੋ ਉਹ ਝੂਠ ਨੂੰ ਸੱਚ ਮੰਨਣ ।12ਅਤੇ ਉਹ ਸਾਰੇ ਦੋਸ਼ੀ ਠਹਿਰਣ ਜਿਨ੍ਹਾਂ ਨੇ ਸੱਚ ਨੂੰ ਨਾ ਮੰਨਿਆ ਸਗੋਂ ਝੂਠ ਉੱਤੇ ਪਰਸੰਨ ਰਹੇ ।
ਦ੍ਰਿੜ੍ਹ ਬਣੇ ਰਹੋ

13ਪਰ ਹੇ ਭਰਾਵੋ, ਪ੍ਰਭੂ ਦੇ ਪਿਆਰਿਓ, ਸਾਨੂੰ ਚਾਹੀਦਾ ਹੈ ਜੋ ਤੁਹਾਡੇ ਲਈ ਸਦਾ ਪਰਮੇਸ਼ੁਰ ਦਾ ਧੰਨਵਾਦ ਕਰਦੇ ਰਹੀਏ ਕਿਉਂਕਿ ਪਰਮੇਸ਼ੁਰ ਨੇ ਆਦ ਤੋਂ ਹੀ ਤੁਹਾਨੂੰ ਚੁਣ ਲਿਆ ਜੋ ਆਤਮਾ ਤੋਂ ਪਵਿੱਤਰ ਹੋ ਕੇ ਅਤੇ ਸਚਿਆਈ ਤੇ ਵਿਸ਼ਵਾਸ ਕਰਕੇ ਮੁਕਤੀ ਪਾਓ ।14ਜਿਸ ਦੇ ਲਈ ਉਸ ਨੇ ਤੁਹਾਨੂੰ ਸਾਡੀ ਖੁਸ਼ਖਬਰੀ ਦੇ ਰਾਹੀਂ ਸੱਦਿਆ ਕਿ ਤੁਹਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੀ ਮਹਿਮਾ ਪ੍ਰਾਪਤ ਹੋਵੇ ।15ਸੋ ਇਸ ਕਾਰਨ ਹੇ ਭਰਾਵੋ, ਕਾਇਮ ਰਹੋ ਅਤੇ ਉਨ੍ਹਾਂ ਸਾਰੀਆਂ ਗੱਲਾਂ ਨੂੰ ਜਿਹੜੀਆਂ ਤੁਸੀਂ ਭਾਵੇਂ ਜ਼ੁਬਾਨੀ ਭਾਵੇਂ ਸਾਡੀ ਪੱਤ੍ਰੀ ਤੋਂ ਸਿੱਖੀਆਂ ਫੜ੍ਹੀ ਰੱਖੋ ।
16ਹੁਣ ਸਾਡਾ ਪ੍ਰਭੂ ਯਿਸੂ ਮਸੀਹ ਆਪ ਅਤੇ ਸਾਡਾ ਪਿਤਾ ਪਰਮੇਸ਼ੁਰ ਜਿਸ ਨੇ ਸਾਡੇ ਨਾਲ ਪਿਆਰ ਕੀਤਾ ਅਤੇ ਸਾਡੇ ਉੱਤੇ ਕਿਰਪਾ ਕਰ ਕੇ ਸਾਨੂੰ ਸਦੀਪਕਾਲ ਦੀ ਤਸੱਲੀ ਅਤੇ ਚੰਗੀ ਆਸ ਦਿੱਤੀ ।17ਤੁਹਾਡੇ ਮਨਾਂ ਨੂੰ ਸ਼ਾਂਤੀ ਦੇਵੇ ਅਤੇ ਤੁਹਾਨੂੰ ਹਰੇਕ ਭਲੇ ਕੰਮ ਅਤੇ ਬਚਨ ਵਿੱਚ ਮਜ਼ਬੂਤ ਕਰੇ ।

3
ਪ੍ਰਾਰਥਨਾ ਕਰਨ ਲਈ ਬੇਨਤੀ

1ਅੰਤ ਵਿੱਚ, ਹੇ ਭਰਾਵੋ, ਸਾਡੇ ਲਈ ਵੀ ਪ੍ਰਾਰਥਨਾ ਕਰੋ ਕਿ ਪ੍ਰਭੂ ਦਾ ਉਪਦੇਸ਼ ਤੇਜੀ ਨਾਲ ਫ਼ੈਲੇ ਅਤੇ ਮਹਿਮਾ ਪਾਵੇ ਜਿਵੇਂ ਕਿ ਤੁਹਾਡੇ ਵਿੱਚ ਹੋਇਆ ।2ਅਤੇ ਪ੍ਰਾਰਥਨਾ ਕਰੋ ਕਿ ਅਸੀਂ ਬੁਰੇ ਅਤੇ ਬਦੀ ਕਰਨ ਵਾਲੇ ਲੋਕਾਂ ਤੋਂ ਬਚੇ ਰਹੀਏ । ਜਿਵੇਂ ਕਿ ਤੁਸੀਂ ਜਾਣਦੇ ਹੋ, ਸਾਰੇ ਲੋਕੀ ਪ੍ਰਭੂ ਵਿੱਚ ਵਿਸ਼ਵਾਸ ਨਹੀਂ ਰੱਖਦੇ ।3ਪਰ ਪ੍ਰਭੂ ਵਫ਼ਾਦਾਰ ਹੈ, ਉਹ ਤੁਹਾਨੂੰ ਤਾਕਤ ਦੇਵੇਗਾ ਅਤੇ ਤੁਹਾਨੂੰ ਦੁਸ਼ਟ ਤੋਂ ਬਚਾਵੇਗਾ ।

4ਪ੍ਰਭੂ ਸਾਨੂੰ ਵਿਸ਼ਵਾਸ ਦਿੰਦਾ ਹੈ ਕਿ ਤੁਸੀਂ ਉਹੀ ਗੱਲਾਂ ਕਰ ਰਹੇ ਹੋ ਜੋ ਅਸੀਂ ਤੁਹਾਨੂੰ ਆਖੀਆਂ ਹਨ ਅਤੇ ਅਸੀਂ ਜਾਣਦੇ ਹਾਂ ਕਿ ਤੁਸੀਂ ਇਨ੍ਹਾਂ ਗੱਲਾਂ ਨੂੰ ਲਗਾਤਾਰ ਕਰਦੇ ਰਹੋਗੇ ।5ਅਤੇ ਪ੍ਰਭੂ ਤੁਹਾਡੇ ਦਿਲਾਂ ਨੂੰ ਪਰਮੇਸ਼ੁਰ ਦੇ ਪਿਆਰ ਅਤੇ ਮਸੀਹ ਦੇ ਸਬਰ ਵੱਲ ਜਾਣ ਲਈ ਅਗਵਾਈ ਕਰੇਗਾ ।
ਆਲਸੀਪਣ ਦੇ ਵਿਰੋਧ ਵਿੱਚ ਚਿਤਾਵਨੀ

6ਹੇ ਭਰਾਵੋ, ਅਸੀਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਤੁਹਾਨੂੰ ਇਹ ਹੁਕਮ ਦਿੰਦੇ ਹਾਂ ਕਿ ਤੁਸੀਂ ਉਸ ਹਰੇਕ ਭਰਾ ਤੋਂ ਦੂਰ ਰਹੋ, ਜਿਹੜਾ ਉਸ ਸਿੱਖਿਆ ਦੇ ਅਨੁਸਾਰ ਨਹੀਂ ਚੱਲਦਾ ਜੋ ਤੁਸੀਂ ਸਾਡੇ ਕੋਲੋਂ ਪਾਈ ਪਰ ਕੁਰਾਹੇ ਚੱਲਦਾ ਹੈ ।7ਤੁਸੀਂ ਆਪ ਹੀ ਜਾਣਦੇ ਹੋ ਕਿ ਤੁਹਾਨੂੰ ਵੀ ਕਿਵੇਂ ਸਾਡੀ ਤਰ੍ਹਾਂ ਚੱਲਣਾ ਚਾਹੀਦਾ ਹੈ ਕਿਉਂ ਜੋ ਅਸੀਂ ਆਲਸ ਦੀ ਚਾਲ ਨਾ ਚੱਲੇ ।8ਅਤੇ ਜਦੋਂ ਵੀ ਅਸੀਂ ਕਿਸੇ ਦੂਸਰੇ ਵਿਅਕਤੀ ਦਾ ਭੋਜਨ ਖਾਧਾ ਅਸੀਂ ਹਮੇਸ਼ਾਂ ਉਸ ਦੀ ਕੀਮਤ ਦਿੱਤੀ, ਅਸੀਂ ਸਖ਼ਤ ਮਿਹਨਤ ਕੀਤੀ ਤਾਂ ਜੋ ਅਸੀਂ ਤੁਹਾਡੇ ਕਿਸੇ ਲਈ ਵੀ ਕਸ਼ਟ ਦਾ ਕਾਰਨ ਨਾ ਬਣੀਏ । ਅਸੀਂ ਲੱਗਭਗ ਦਿਨ ਰਾਤ ਕੰਮ ਕਰਦੇ ਰਹੇ ।9ਸਾਡੇ ਕੋਲ ਅਧਿਕਾਰ ਸੀ ਕਿ ਤੁਹਾਡੇ ਕੋਲੋਂ ਸਹਾਇਤਾ ਲਈਏ, ਪਰ ਅਸੀਂ ਆਪਣੀਆਂ ਲੋੜਾਂ ਲਈ ਕੰਮ ਕੀਤਾ ਤਾਂ ਜੋ ਅਸੀਂ ਤੁਹਾਡੇ ਲਈ ਇੱਕ ਉਦਾਹਰਣ ਬਣ ਸਕੀਏ ।
10ਜਦੋਂ ਅਸੀਂ ਤੁਹਾਡੇ ਕੋਲ ਸੀ ਅਸੀਂ ਤੁਹਾਨੂੰ ਇਹ ਨਿਯਮ ਦਿੱਤਾ, “ਜੇ ਕੋਈ ਵਿਅਕਤੀ ਕੰਮ ਨਹੀਂ ਕਰਦਾ, ਤਾਂ ਉਹ ਭੋਜਨ ਵੀ ਨਾ ਕਰੇ ।”11ਅਸੀਂ ਸੁਣਦੇ ਹਾਂ ਕਿ ਤੁਹਾਡੇ ਸਮੂਹ ਵਿੱਚੋਂ ਕੁੱਝ ਲੋਕ ਕੰਮ ਕਰਨ ਤੋਂ ਇੰਨਕਾਰ ਕਰਦੇ ਹਨ । ਉਹ ਕੁੱਝ ਨਹੀਂ ਕਰਦੇ ਪਰ ਆਪਣੇ ਆਪ ਨੂੰ ਹੋਰਨਾਂ ਲੋਕਾਂ ਦੇ ਜੀਵਨ ਵਿੱਚ ਰੁਝਾਈ ਰੱਖਦੇ ਹਨ ।12ਅਸੀਂ ਉਨ੍ਹਾਂ ਲੋਕਾਂ ਨੂੰ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਆਗਿਆ ਦਿੰਦੇ ਹਾਂ ਕਿ ਆਪਣਾ ਕੰਮ ਕਰਕੇ ਰੋਟੀ ਖਾਇਆ ਕਰਨ l
13ਹੇ ਭਰਾਵੋ, ਤੁਸੀਂ ਭਲਿਆਈ ਕਰਦਿਆਂ ਨਾ ਥੱਕੋ ।14ਜੇਕਰ ਕੋਈ ਵਿਅਕਤੀ ਜਿਸ ਬਾਰੇ ਅਸੀਂ ਇਸ ਚਿੱਠੀ ਵਿੱਚ ਲਿਖਿਆ ਹੈ ਉਸ ਨੂੰ ਨਹੀਂ ਮੰਨਦਾ, ਤਾਂ ਉਸਦਾ ਧਿਆਨ ਰੱਖੋ ਕਿ ਤੁਸੀਂ ਉਸ ਵਿਅਕਤੀ ਨਾਲ ਸੰਗਤ ਨਾ ਕਰੋ, ਤਾਂ ਜੋ ਉਹ ਸ਼ਰਮਿੰਦਾ ਹੋਵੇ ।15ਉਸ ਨੂੰ ਆਪਣਾ ਵੈਰੀ ਨਾ ਸਮਝੋ ਸਗੋਂ ਉਸ ਨੂੰ ਇੱਕ ਭਰਾ ਦੀ ਤਰ੍ਹਾਂ ਚਿਤਾਵਨੀ ਦਿਉ ।
ਆਖਰੀ ਨਮਸਕਾਰ

16ਸ਼ਾਂਤੀ ਦਾ ਪ੍ਰਭੂ ਤੁਹਾਨੂੰ ਹਮੇਸ਼ਾਂ ਹਰ ਤਰ੍ਹਾਂ ਨਾਲ ਸ਼ਾਂਤੀ ਦੇਵੇ । ਪ੍ਰਭੂ ਤੁਹਾਡੇ ਸਾਰਿਆਂ ਦੇ ਅੰਗ-ਸੰਗ ਰਹੇ ।17ਮੈਂ ਪੌਲੁਸ, ਇਹ ਸ਼ੁਭਕਾਮਨਾਵਾਂ ਆਪਣੇ ਹੱਥੀਂ ਲਿਖ ਰਿਹਾ ਹਾਂ । ਮੇਰੇ ਸਾਰੇ ਪੱਤਰਾਂ ਉੱਤੇ ਇਹ ਖ਼ਾਸ ਨਿਸ਼ਾਨ ਹੈ ਅਤੇ ਇਹ ਦਰਸਾਉਂਦੇ ਹਨ ਕਿ ਉਹ ਮੇਰੇ ਵੱਲੋਂ ਹਨ । ਮੈਂ ਇਸੇ ਤਰ੍ਹਾਂ ਹੀ ਲਿਖਦਾ ਹਾਂ ।18ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਸਾਰਿਆਂ ਨਾਲ ਹੋਵੇ ।

ਤਿਮੋਥਿਉਸ ਨੂੰ ਪਹਿਲੀ ਪੱਤ੍ਰੀ

1
ਨਮਸਕਾਰ

1ਪੌਲੁਸ, ਜਿਹੜਾ ਸਾਡੇ ਮੁਕਤੀਦਾਤਾ ਪਰਮੇਸ਼ੁਰ ਅਤੇ ਸਾਡੀ ਆਸ ਪ੍ਰਭੂ ਯਿਸੂ ਮਸੀਹ ਦੀ ਆਗਿਆ ਅਨੁਸਾਰ ਉਸਦਾ ਰਸੂਲ ਹਾਂ ।2ਅੱਗੇ ਯੋਗ ਤਿਮੋਥਿਉਸ ਨੂੰ ਜਿਹੜਾ ਵਿਸ਼ਵਾਸ ਵਿੱਚ ਮੇਰਾ ਸੱਚਾ ਪੁੱਤਰ ਹੈ, ਪਿਤਾ ਪਰਮੇਸ਼ੁਰ ਅਤੇ ਮਸੀਹ ਯਿਸੂ ਸਾਡੇ ਪ੍ਰਭੂ ਦੀ ਵੱਲੋਂ ਕਿਰਪਾ, ਦਯਾ ਅਤੇ ਸ਼ਾਂਤੀ ਮਿਲਦੀ ਰਹੇ ।

ਝੂਠੇ ਗੁਰੂਆਂ ਦੇ ਵਿਰੁੱਧ ਚਿਤਾਵਨੀ

3ਜਿਵੇਂ ਮੈਂ ਮਕਦੂਨਿਆ ਜਾਣ ਵੇਲੇ ਤੈਨੂੰ ਬੇਨਤੀ ਕੀਤੀ ਸੀ ਕਿ ਤੂੰ ਅਫ਼ਸੁਸ ਵਿੱਚ ਰਹੀਂ, ਤਿਵੇਂ ਹੁਣ ਵੀ ਕਰਦਾ ਹਾਂ ਕਿ ਤੂੰ ਕਈਆਂ ਨੂੰ ਹੁਕਮ ਕਰੀਂ ਜੋ ਹੋਰ ਪ੍ਰਕਾਰ ਦੀ ਸਿੱਖਿਆ ਨਾ ਦੇਣ ।4ਅਤੇ ਕਹਾਣੀਆਂ ਅਤੇ ਅਸੀਮਿਤ ਕੁੱਲਪੱਤ੍ਰੀਆਂ ਉੱਤੇ ਮਨ ਨਾ ਲਾਉਣ, ਜਿਹੜੀਆਂ ਸਵਾਲਾਂ ਨੂੰ ਵਧਾਉਂਦੀਆਂ ਹਨ ਪਰਮੇਸ਼ੁਰ ਦੇ ਉਸ ਪ੍ਰਬੰਧ ਨੂੰ ਨਹੀਂ ਜਿਹੜਾ ਵਿਸ਼ਵਾਸ ਉੱਤੇ ਬਣਿਆ ਹੋਇਆ ਹੈ ।
5ਪਰ ਆਗਿਆ ਦਾ ਮੇਲ ਉਹ ਪਿਆਰ ਹੈ ਜਿਹੜਾ ਸ਼ੁੱਧ ਮਨ ਅਤੇ ਸਾਫ਼ ਅੰਤਹਕਰਨ ਅਤੇ ਨਿਸ਼ਕਪਟ ਵਿਸ਼ਵਾਸ ਤੋਂ ਹੁੰਦਾ ਹੈ ।6ਅਤੇ ਕਈ ਇੰਨ੍ਹਾਂ ਗੱਲਾਂ ਤੋਂ ਭਟਕ ਕੇ ਵਿਅਰਥ ਗੱਲਾਂ ਵੱਲ ਮੁੜ ਗਏ ਹਨ ।7ਜਿਹੜੇ ਉਪਦੇਸ਼ਕ ਹੋਣਾ ਚਾਹੁੰਦੇ ਹਨ, ਭਾਵੇਂ ਉਹ ਸਮਝਦੇ ਹੀ ਨਹੀਂ ਕਿ, ਕੀ ਬੋਲਦੇ ਅਤੇ ਕਿਸ ਦੇ ਬਾਰੇ ਯਕੀਨ ਨਾਲ ਆਖਦੇ ਹਨ ।8ਪਰ ਅਸੀਂ ਜਾਣਦੇ ਹਾਂ ਕਿ ਜੇ ਕੋਈ ਉਸ ਨੂੰ ਸਹੀ ਢੰਗ ਨਾਲ ਕੰਮ ਵਿੱਚ ਲਿਆਵੇ ਤਦ ਇਹ ਬਿਵਸਥਾ ਚੰਗੀ ਹੈ ।
9ਇਹ ਜਾਣ ਕੇ ਜੋ ਬਿਵਸਥਾ ਧਰਮੀ ਦੇ ਲਈ ਨਹੀਂ ਸਗੋਂ ਕੁਧਰਮੀਆਂ ਅਤੇ ਢੀਠਾਂ ਲਈ, ਪਾਪੀਆਂ ਲਈ, ਪਲੀਤਾਂ ਅਤੇ ਅਸ਼ੁੱਧਾਂ ਲਈ, ਮਾਂ-ਪਿਓ ਦੇ ਮਾਰਨ ਵਾਲਿਆਂ ਲਈ, ਮਨੁੱਖ ਘਾਤੀਆਂ ।10ਹਰਾਮਕਾਰਾਂ, ਮੁੰਡੇਬਾਜ਼ਾਂ, ਅਗਵਾ ਕਰਨ ਵਾਲਿਆਂ, ਝੂਠ ਬੋਲਣ ਵਾਲਿਆਂ, ਝੂਠੀ ਸਹੁੰ ਖਾਣ ਵਾਲਿਆਂ ਦੇ ਲਈ ਥਾਪੀ ਹੋਈ ਹੈ ਨਾਲੇ ਜੇ ਹੋਰ ਕੁੱਝ ਖਰੀ ਸਿੱਖਿਆ ਦੇ ਵਿਰੁੱਧ ਹੋਵੇ ਤਾਂ ਉਹ ਦੇ ਲਈ ਵੀ ਹੈ ।11ਇਹ ਉਸ ਮੁਬਾਰਕ ਪਰਮੇਸ਼ੁਰ ਦੀ ਮਹਿਮਾ ਦੀ ਖੁਸ਼ਖਬਰੀ ਅਨੁਸਾਰ ਹੈ, ਜਿਹੜੀ ਮੈਨੂੰ ਸੌਂਪੀ ਗਈ ਸੀ ।
ਕਿਰਪਾ ਦੇ ਲਈ ਧੰਨਵਾਦ

12ਮੈਂ ਮਸੀਹ ਯਿਸੂ ਸਾਡੇ ਪ੍ਰਭੂ ਦਾ, ਜਿਸ ਨੇ ਮੈਨੂੰ ਬਲ ਦਿੱਤਾ ਧੰਨਵਾਦ ਕਰਦਾ ਹਾਂ ਇਸ ਲਈ ਜੋ ਉਹ ਨੇ ਮੈਨੂੰ ਵਿਸ਼ਵਾਸਯੋਗ ਸਮਝ ਕੇ ਇਹ ਸੇਵਾ ਦਿੱਤੀਆਂ ।13ਭਾਵੇਂ ਮੈਂ ਪਹਿਲਾਂ ਨਿੰਦਿਆ ਕਰਨ ਵਾਲਾ, ਸਤਾਉਣ ਵਾਲਾ ਅਤੇ ਧੱਕੇਖੋਰਾ ਸੀ ਪਰ ਮੇਰੇ ਉੱਤੇ ਰਹਿਮ ਹੋਇਆ ਇਸ ਲਈ ਜੋ ਮੈਂ ਇਹ ਅਵਿਸ਼ਵਾਸ ਵਿੱਚ ਅਣਜਾਣਪੁਣੇ ਨਾਲ ਕੀਤਾ ।14ਅਤੇ ਸਾਡੇ ਪ੍ਰਭੂ ਦੀ ਕਿਰਪਾ, ਵਿਸ਼ਵਾਸ ਅਤੇ ਪਿਆਰ ਨਾਲ ਜੋ ਮਸੀਹ ਯਿਸੂ ਵਿੱਚ ਹੈ ਅੱਤ ਵਧੇਰੇ ਹੋਈ ।
15ਇਹ ਬਚਨ ਪੱਕਾ ਹੈ ਅਤੇ ਪੂਰੀ ਤਰ੍ਹਾਂ ਮੰਨਣ ਯੋਗ ਹੈ ਕਿ ਮਸੀਹ ਯਿਸੂ ਪਾਪੀਆਂ ਨੂੰ ਬਚਾਉਣ ਲਈ ਸੰਸਾਰ ਵਿੱਚ ਆਇਆ, ਜਿੰਨ੍ਹਾ ਵਿੱਚੋਂ ਮਹਾਂ ਪਾਪੀ ਮੈਂ ਹਾਂ ।16ਪਰ ਮੇਰੇ ਉੱਤੇ ਇਸ ਕਾਰਨ ਦਯਾ ਹੋਈ ਕਿ ਮੇਰੇ ਕਾਰਨ ਜਿਹੜਾ ਮਹਾਂ ਪਾਪੀ ਹਾਂ, ਯਿਸੂ ਮਸੀਹ ਆਪਣੇ ਪੂਰੇ ਧੀਰਜ ਨੂੰ ਪਰਗਟ ਕਰੇ ਤਾਂ ਜੋ ਇਹ ਉਨ੍ਹਾਂ ਦੇ ਨਮਿੱਤ ਜਿਹੜੇ ਉਸ ਉੱਤੇ ਸਦੀਪਕ ਜੀਵਨ ਲਈ ਵਿਸ਼ਵਾਸ ਕਰਨਗੇ ਇੱਕ ਆਦਰਸ਼ ਹੋਵੇ ।17ਹੁਣ ਸਦੀਪਕ ਮਹਾਰਾਜ, ਅਵਿਨਾਸ਼ , ਅਦਿੱਖ, ਅਦੁੱਤੀ ਪਰਮੇਸ਼ੁਰ ਦਾ ਆਦਰ ਅਤੇ ਮਹਿਮਾ ਜੁੱਗੋ-ਜੁੱਗ ਹੋਵੇ । ਆਮੀਨ ।
18ਹੇ ਪੁੱਤਰ ਤਿਮੋਥਿਉਸ, ਮੈਂ ਉਨ੍ਹਾਂ ਅਗੰਮ ਵਾਕਾਂ ਦੇ ਅਨੁਸਾਰ ਜਿਹੜੇ ਪਹਿਲਾਂ ਤੋਂ ਤੇਰੇ ਵਿਖੇ ਕੀਤੇ ਗਏ, ਤੈਨੂੰ ਇਹ ਹੁਕਮ ਦਿੰਦਾ ਹਾਂ ਕਿ ਤੂੰ ਉਨ੍ਹਾਂ ਦੇ ਸਹਾਰੇ ਚੰਗੀ ਲੜਾਈ ਲੜੀਂ ।19ਅਤੇ ਵਿਸ਼ਵਾਸ ਅਤੇ ਸ਼ੁੱਧ ਵਿਵੇਕ ਨੂੰ ਤਕੜਿਆਂ ਰੱਖੀਂ ਜਿਹ ਨੂੰ ਕਈਆਂ ਨੇ ਛੱਡ ਕੇ ਵਿਸ਼ਵਾਸ ਦੀ ਬੇੜੀ ਡੋਬ ਦਿੱਤੀ ।20ਉਨ੍ਹਾਂ ਵਿੱਚੋਂ ਹੁਮਿਨਾਯੁਸ ਅਤੇ ਸਿਕੰਦਰ ਹਨ, ਜਿਨ੍ਹਾਂ ਨੂੰ ਮੈਂ ਸ਼ੈਤਾਨ ਦੇ ਸਪੁਰਦ ਕਰ ਦਿੱਤਾ ਕਿ ਤਾੜਨਾ ਪਾ ਕੇ ਉਹ ਵਿਰੁੱਧ ਨਾ ਬੋਲਣ ।

2
ਅਰਾਧਨਾ ਦੇ ਬਾਰੇ ਨਿਰਦੇਸ਼

1ਸੋ ਮੈਂ ਸਭ ਤੋਂ ਪਹਿਲਾਂ ਇਹ ਸਮਝਾਉਂਦਾ ਹਾਂ ਜੋ ਬੇਨਤੀਆਂ, ਪ੍ਰਾਰਥਨਾਂ, ਅਰਦਾਸਾਂ ਅਤੇ ਧੰਨਵਾਦ ਸਭਨਾਂ ਮਨੁੱਖਾਂ ਲਈ ਕੀਤੇ ਜਾਣ ।2ਪਾਤਸ਼ਾਹਾਂ ਅਤੇ ਸਭਨਾਂ ਅਧਿਕਾਰੀਆਂ ਦੇ ਲਈ ਕਿ ਅਸੀਂ ਪੂਰੀ ਭਗਤੀ ਅਤੇ ਗੰਭੀਰਤਾਈ ਵਿੱਚ ਚੈਨ ਅਤੇ ਸੁੱਖ ਨਾਲ ਜੀਵਨ ਬਤੀਤ ਕਰੀਏ ।3ਸਾਡੇ ਮੁਕਤੀਦਾਤੇ ਪਰਮੇਸ਼ੁਰ ਦੇ ਹਜ਼ੂਰ ਇਹੋ ਭਲਾ ਅਤੇ ਪਰਵਾਨ ਹੈ ।4ਜੋ ਚਾਹੁੰਦਾ ਹੈ ਕਿ ਸਾਰੇ ਮਨੁੱਖ ਬਚਾਏ ਜਾਣ ਅਤੇ ਉਹ ਸੱਚ ਦੇ ਗਿਆਨ ਤੱਕ ਪਹੁੰਚਣ ।

5ਕਿਉਂ ਜੋ ਪਰਮੇਸ਼ੁਰ ਇੱਕੋ ਹੈ ਅਤੇ ਪਰਮੇਸ਼ੁਰ ਅਤੇ ਮਨੁੱਖਾਂ ਵਿੱਚ ਇੱਕੋ ਵਿਚੋਲਾ ਹੈ ਜਿਹੜਾ ਆਪ ਮਨੁੱਖ ਹੈ ਅਰਥਾਤ ਮਸੀਹ ਯਿਸੂ ।6ਜਿਸ ਨੇ ਆਪਣੇ ਆਪ ਨੂੰ ਸਭਨਾਂ ਲਈ ਪ੍ਰਾਸਚਿੱਤ ਦੇ ਮੁੱਲ ਵਜੋਂ ਦੇ ਦਿੱਤਾ ਅਤੇ ਉਹ ਦੀ ਗਵਾਹੀ ਆਪਣੇ ਸਮੇਂ ਸਿਰ ਹੋਈ ।7ਇਸ ਦੇ ਲਈ ਮੈਂ ਪਰਚਾਰਕ, ਰਸੂਲ ਅਤੇ ਵਿਸ਼ਵਾਸ, ਸਚਿਆਈ ਵਿੱਚ ਪਰਾਈਆਂ ਕੌਮਾਂ ਨੂੰ ਉਪਦੇਸ਼ ਕਰਨ ਵਾਲਾ ਠਹਿਰਾਇਆ ਗਿਆ ਸੀ । ਮੈਂ ਸੱਚ ਬੋਲਦਾ ਹਾਂ, ਝੂਠ ਨਹੀਂ ਬੋਲਦਾ ।
8ਉਪਰੰਤ ਮੈਂ ਇਹ ਚਾਹੁੰਦਾ ਹਾਂ ਕਿ ਹਰ ਜਗਾ ਪੁਰਖ, ਕ੍ਰੋਧ ਅਤੇ ਵਿਵਾਦ ਤੋਂ ਬਿਨ੍ਹਾਂ ਪਵਿੱਤਰ ਹੱਥ ਉੱਠਾ ਕੇ ਪ੍ਰਾਰਥਨਾ ਕਰਨ ।9ਇਸੇ ਤਰ੍ਹਾਂ ਚਾਹੁੰਦਾ ਹਾਂ ਕਿ ਇਸਤ੍ਰੀਆਂ ਲਾਜ ਅਤੇ ਸੰਜਮ ਸਹਿਤ ਆਪਣੇ ਆਪ ਨੂੰ ਸੁਹਾਉਣੀ ਪੁਸ਼ਾਕ ਨਾਲ ਸੁਆਰਨ, ਨਾ ਗੁੰਦਿਆਂ ਹੋਇਆਂ ਵਾਲਾਂ ਅਤੇ ਸੋਨੇ ਜਾਂ ਮੋਤੀਆਂ ਜਾਂ ਮਹਿੰਗੇ ਮੁੱਲ ਦੇ ਬਸਤ੍ਰਾਂ ਨਾਲ ।10ਸਗੋਂ ਭਲੇ ਕੰਮਾਂ ਦੇ ਵਸੀਲੇ ਨਾਲ ਸੁਆਰਨ, ਕਿਉਂ ਜੋ ਇਹ ਉਨ੍ਹਾਂ ਇਸਤ੍ਰੀਆਂ ਨੂੰ ਫੱਬਦਾ ਹੈ ਜਿਹੜੀਆਂ ਪਰਮੇਸ਼ੁਰ ਦੀ ਭਗਤੀ ਨੂੰ ਮੰਨਦੀਆਂ ਹਨ ।
11ਇਸਤ੍ਰੀ ਨੂੰ ਚਾਹੀਦਾ ਹੈ ਕਿ ਚੁੱਪ-ਚਾਪ ਹੋ ਕੇ ਪੂਰੀ ਅਧੀਨਗੀ ਨਾਲ ਸਿੱਖਿਆ ਲਵੇ ।12ਮੈਂ ਇਸਤ੍ਰੀ ਨੂੰ ਸਿੱਖਿਆ ਦੇਣ ਅਥਵਾ ਪੁਰਖ ਉੱਤੇ ਹੁਕਮ ਚਲਾਉਣ ਦੀ ਪਰਵਾਨਗੀ ਨਹੀਂ ਦਿੰਦਾ ਸਗੋਂ ਉਹ ਚੁੱਪ-ਚਾਪ ਰਹੇ ।
13ਕਿਉਂ ਜੋ ਆਦਮ ਪਹਿਲਾਂ ਰਚਿਆ ਗਿਆ ਸੀ ਫਿਰ ਹੱਵਾਹ ।14ਆਦਮ ਨੇ ਧੋਖਾ ਨਹੀਂ ਖਾਧਾ ਪਰ ਇਸਤ੍ਰੀ ਧੋਖਾ ਖਾ ਕੇ ਅਪਰਾਧ ਵਿੱਚ ਪੈ ਗਈ ।15ਤਾਂ ਵੀ ਬੱਚਾ ਜੰਮਣ ਦੇ ਵਸੀਲੇ ਨਾਲ ਉਹ ਬਚਾਈ ਜਾਵੇਗੀ ਜੇ ਉਹ ਵਿਸ਼ਵਾਸ, ਪਿਆਰ , ਪਵਿੱਤਰਤਾਈ ਅਤੇ ਸੰਜਮ ਵਿੱਚ ਬਣੀਆਂ ਰਹਿਣ ।

3
ਬਿਸ਼ਪਾਂ ਅਤੇ ਸੇਵਕਾਂ ਦੀ ਯੋਗਤਾ

1ਇਹ ਬਚਨ ਸੱਚ ਹੈ ਕਿ ਜੇ ਕੋਈ ਨਿਗਾਹਬਾਨ ਦੀ ਪਦਵੀ ਨੂੰ ਚਾਹੁੰਦਾ ਹੈ, ਉਹ ਚੰਗੇ ਕੰਮ ਨੂੰ ਚਾਹੁੰਦਾ ਹੈ ।2ਇਸ ਲਈ ਚਾਹੀਦਾ ਹੈ ਜੋ ਨਿਗਾਹਬਾਨ ਨਿਰਦੋਸ਼, ਇੱਕੋ ਹੀ ਪਤਨੀ ਦਾ ਪਤੀ, ਪਰਹੇਜ਼ਗਾਰ, ਸੁਰਤ ਵਾਲਾ, ਨੇਕ ਚਲਣ, ਪਰਾਹੁਣਚਾਰ ਅਤੇ ਸਿੱਖਿਆ ਦੇਣ ਯੋਗ ਹੋਵੇ,3ਨਾ ਸ਼ਰਾਬੀ, ਨਾ ਕੁੱਟਮਾਰ ਕਰਨ ਵਾਲਾ, ਨਾ ਝਗੜਾਲੂ, ਨਾ ਪੈਸੇ ਦਾ ਲੋਭੀ, ਸਗੋਂ ਸੀਲ ਸੁਭਾਓ ਹੋਵੇ ।

4ਆਪਣੇ ਘਰ ਦਾ ਚੰਗੀ ਤਰ੍ਹਾਂ ਪ੍ਰਬੰਧ ਕਰਨ ਵਾਲਾ, ਆਪਣੇ ਬੱਚਿਆਂ ਨੂੰ ਪੂਰੀ ਗੰਭੀਰਤਾਈ ਨਾਲ ਅਧੀਨ ਰੱਖਣ ਵਾਲਾ ਹੋਵੇ ।5ਜੇ ਕੋਈ ਆਪਣੇ ਹੀ ਘਰ ਦਾ ਪ੍ਰਬੰਧ ਕਰਨਾ ਨਾ ਜਾਣਦਾ ਹੋਵੇ, ਉਹ ਪਰਮੇਸ਼ੁਰ ਦੀ ਕਲੀਸਿਯਾ ਦੀ ਰਖਵਾਲੀ ਕਿਵੇਂ ਕਰੇਗਾ ?
6ਉਹ ਨਵਾਂ ਚੇਲਾ ਨਾ ਹੋਵੇ, ਕਿ ਕਿਤੇ ਘਮੰਡ ਵਿੱਚ ਆ ਕੇ ਸ਼ੈਤਾਨ ਦੀ ਤਰ੍ਹਾਂ ਸਜ਼ਾ ਪਾਵੇ ।7ਅਤੇ ਚਾਹੀਦਾ ਹੈ ਜੋ ਬਾਹਰ ਵਾਲਿਆਂ ਦੇ ਕੋਲੋਂ ਉਹ ਦੀ ਨੇਕਨਾਮੀ ਹੋਵੇ, ਕਿ ਉਹ ਦੋਸ਼ ਹੇਠ ਨਾ ਜਾਵੇ ਅਤੇ ਸ਼ੈਤਾਨ ਦੀ ਫਾਹੀ ਵਿੱਚ ਨਾ ਫਸ ਜਾਵੇ ।
8ਇਸੇ ਤਰ੍ਹਾਂ ਸੇਵਕਾਂ ਨੂੰ ਚਾਹੀਦਾ ਹੈ ਜੋ ਗੰਭੀਰ ਹੋਣ, ਨਾ ਦੋ ਜ਼ਬਾਨੇ, ਨਾ ਸ਼ਰਾਬ ਪੀਣ ਵਾਲੇ, ਨਾ ਝੂਠੀ ਕਮਾਈ ਦੇ ਲੋਭੀ ।9ਪਰ ਵਿਸ਼ਵਾਸ ਦੇ ਭੇਤ ਨੂੰ ਸ਼ੁੱਧ ਵਿਵੇਕ ਨਾਲ ਮੰਨਣ ।10ਅਤੇ ਇਹ ਵੀ ਪਹਿਲਾਂ ਪਰਖੇ ਜਾਣ, ਜੇ ਨਿਰਦੋਸ਼ ਨਿੱਕਲਣ ਤਾਂ ਫੇਰ ਸੇਵਕਾਈ ਕਰਨ ।
11ਇਸੇ ਤਰ੍ਹਾਂ, ਔਰਤਾਂ ਨੂੰ ਚਾਹੀਦਾ ਹੈ ਜੋ ਗੰਭੀਰ ਹੋਣ, ਨਾ ਦੋਸ਼ ਲਾਉਣ ਵਾਲੀਆਂ, ਸਗੋਂ ਪਰਹੇਜ਼ਗਾਰ ਅਤੇ ਸਾਰੀਆਂ ਗੱਲਾਂ ਵਿੱਚ ਵਿਸ਼ਵਾਸਯੋਗ ਹੋਣ ।12ਸੇਵਕ ਇੱਕੋ ਹੀ ਪਤਨੀ ਦੇ ਪਤੀ ਹੋਣ, ਆਪਣਿਆਂ ਬੱਚਿਆਂ ਅਤੇ ਆਪਣੇ ਘਰਾਂ ਦਾ ਚੰਗੀ ਤਰ੍ਹਾਂ ਨਾਲ ਪ੍ਰੰਬੰਧ ਕਰਨ ਵਾਲੇ ਹੋਣ ।13ਕਿਉਂਕਿ ਜਿਹਨਾਂ ਨੇ ਸੇਵਕਾਈ ਦਾ ਕੰਮ ਚੰਗੀ ਤਰ੍ਹਾਂ ਨਾਲ ਕੀਤਾ, ਉਹ ਆਪਣੇ ਲਈ ਚੰਗੀ ਪਦਵੀ ਅਤੇ ਵੱਡੀ ਦਲੇਰੀ ਉਸ ਵਿਸ਼ਵਾਸ ਵਿੱਚ ਪ੍ਰਾਪਤ ਕਰਦੇ ਹਨ ਜਿਹੜੀ ਮਸੀਹ ਯਿਸੂ ਉੱਤੇ ਹੈ ।
ਪੌਲੁਸ ਦੇ ਨਿਰਦੇਸ਼ਾਂ ਦਾ ਕਾਰਨ

14ਭਾਵੇਂ ਮੈਨੂੰ ਤੇਰੇ ਕੋਲ ਛੇਤੀ ਆਉਣ ਦੀ ਆਸ ਹੈ, ਫਿਰ ਵੀ ਮੈਂ ਤੈਨੂੰ ਇਹ ਗੱਲਾਂ ਲਿਖਦਾ ਹਾਂ ।15ਪਰ ਜੇ ਮੇਰੇ ਆਉਣ ਵਿੱਚ ਦੇਰੀ ਹੋ ਜਾਵੇ, ਤਾਂ ਤੂੰ ਜਾਣ ਲਵੇਂ ਜੋ ਪਰਮੇਸ਼ੁਰ ਦੇ ਘਰ ਵਿੱਚ ਕਿਹੋ ਜਿਹਾ ਵਿਹਾਰ ਕਰਨਾ ਚਾਹੀਦਾ ਹੈ, ਜਿਹੜਾ ਜਿਉਂਦੇ ਪਰਮੇਸ਼ੁਰ ਦੀ ਕਲੀਸਿਯਾ, ਸਚਿਆਈ ਦਾ ਥੰਮ੍ਹ ਅਤੇ ਨੀਂਹ ਹੈ ।
16ਅਤੇ ਯਕੀਨਨ ਭਗਤੀ ਦਾ ਭੇਤ ਵੱਡਾ ਹੈ, ਉਹ ਸਰੀਰ ਵਿੱਚ ਪਰਗਟ ਹੋਇਆ, ਆਤਮਾ ਵਿੱਚ ਧਰਮੀ ਠਹਿਰਾਇਆ ਗਿਆ, ਦੂਤਾਂ ਦੁਆਰਾ ਵੇਖਿਆ ਗਿਆ, ਕੌਮਾਂ ਵਿੱਚ ਉਹਦਾ ਪਰਚਾਰ ਕੀਤਾ ਗਿਆ, ਸੰਸਾਰ ਵਿੱਚ ਉਸ ਉੱਤੇ ਵਿਸ਼ਵਾਸ ਕੀਤੀ ਗਈ, ਮਹਿਮਾ ਵਿੱਚ ਉੱਪਰ ਉੱਠਾ ਲਿਆ ਗਿਆ ।

4
ਝੂਠੇ ਗੁਰੂ

1ਪਰ ਆਤਮਾ ਸਪੱਸ਼ਟ ਆਖਦਾ ਹੈ ਕਿ ਅੰਤ ਦੇ ਦਿਨਾਂ ਵਿੱਚ ਕਈ ਲੋਕ ਭਰਮਾਉਣ ਵਾਲੀਆਂ ਰੂਹਾਂ ਅਤੇ ਭੂਤਾਂ ਦੀਆਂ ਸਿੱਖਿਆ ਵੱਲ ਮਨ ਲਾ ਕੇ, ਵਿਸ਼ਵਾਸ ਤੋਂ ਮੁੜ ਜਾਣਗੇ ।2ਇਹ ਝੂਠ ਬੋਲਣ ਵਾਲਿਆਂ ਦੇ ਕਪਟ ਤੋਂ ਹੋਵੇਗਾ, ਜਿੰਨ੍ਹਾ ਦਾ ਆਪਣਾ ਹੀ ਵਿਵੇਕ ਗਰਮ ਲੋਹੇ ਨਾਲ ਦਾਗਿਆ ਹੋਇਆ ਹੈ ।

3ਜਿਹੜੇ ਵਿਆਹ ਕਰਨ ਤੋਂ ਰੋਕਦੇ, ਜੋ ਪਰਮੇਸ਼ੁਰ ਦੇ ਉਤਪਤ ਕੀਤੇ ਭੋਜਨਾਂ ਨੂੰ ਖਾਣ ਤੋਂ ਮਨਾ ਕਰਦੇ ਹਨ, ਪਰ ਵਿਸ਼ਵਾਸ ਕਰਨ ਵਾਲੇ ਅਤੇ ਸਚਿਆਈ ਦੇ ਜਾਣਨ ਵਾਲੇ ਧੰਨਵਾਦ ਸਹਿਤ ਸਵੀਕਾਰ ਕਰਨ ।4ਕਿਉਂ ਜੋ ਪਰਮੇਸ਼ੁਰ ਦੀ ਰਚੀ ਹੋਈ ਹਰੇਕ ਰਚਨਾ ਚੰਗੀ ਹੈ, ਅਤੇ ਕੋਈ ਵੀ ਤਿਆਗਣ ਦੇ ਯੋਗ ਨਹੀਂ ਜੇ ਉਹ ਧੰਨਵਾਦ ਸਹਿਤ ਸਵੀਕਾਰ ਕੀਤੀ ਜਾਵੇ ।5ਇਸ ਲਈ ਜੋ ਉਹ ਪਰਮੇਸ਼ੁਰ ਦੇ ਬਚਨ ਅਤੇ ਪ੍ਰਾਰਥਨਾ ਨਾਲ ਪਵਿੱਤਰ ਹੋ ਜਾਂਦੀ ਹੈ ।
ਮਸੀਹ ਯਿਸੂ ਦਾ ਚੰਗਾ ਸੇਵਕ

6ਜੇ ਤੂੰ ਭਾਈਆਂ ਨੂੰ ਇਹ ਗੱਲਾਂ ਸਿਖਾਵੇਂ, ਤਾਂ ਤੂੰ ਮਸੀਹ ਯਿਸੂ ਦਾ ਚੰਗਾ ਸੇਵਕ ਬਣੇਂਗਾ, ਵਿਸ਼ਵਾਸ ਦੀਆਂ ਗੱਲਾਂ ਅਤੇ ਉਹ ਖਰੀ ਸਿੱਖਿਆ ਜਿਸ ਨੂੰ ਤੂੰ ਮੰਨਦਾ ਆਇਆ ਹੈ, ਉਸ ਵਿੱਚ ਬਣਿਆ ਰਹਿ ।7ਪਰ ਗੰਦੀਆਂ ਅਤੇ ਬੁੱਢੀਆਂ ਵਾਲੀਆਂ ਕਹਾਣੀਆਂ ਵੱਲੋਂ ਮੂੰਹ ਮੋੜ, ਅਤੇ ਭਗਤੀ ਲਈ ਆਪ ਸਾਧਨਾ ਕਰ ।8ਕਿਉਂ ਜੋ ਸਰੀਰਕ ਕਿਰਿਆ ਤੋਂ ਥੋੜਾ ਲਾਭ ਹੈ, ਪਰ ਭਗਤੀ ਸਭਨਾਂ ਗੱਲਾਂ ਲਈ ਲਾਹੇਵੰਦ ਹੈ, ਕਿਉਂ ਜੋ ਹੁਣ ਅਤੇ ਆਉਣ ਵਾਲੇ ਜੀਵਨ ਦਾ ਵਾਇਦਾ ਉਸ ਦੇ ਨਾਲ ਹੈ ।
9ਇਹ ਬਚਨ ਸੱਚ ਹੈ ਅਤੇ ਪੂਰੀ ਤਰ੍ਹਾਂ ਮੰਨਣ ਯੋਗ ਹੈ ।10ਇਸੇ ਲਈ ਅਸੀਂ ਮਿਹਨਤ ਅਤੇ ਯਤਨ ਕਰਦੇ ਹਾਂ, ਕਿਉਂ ਜੋ ਅਸੀਂ ਜਿਉਂਦੇ ਪਰਮੇਸ਼ੁਰ ਉੱਤੇ ਆਸ ਰੱਖੀ ਹੈ ਜਿਹੜਾ ਸਾਰਿਆਂ ਮਨੁੱਖਾਂ ਦਾ, ਪਰ ਖ਼ਾਸ ਕਰਕੇ ਵਿਸ਼ਵਾਸੀਆਂ ਦਾ ਮੁਕਤੀਦਾਤਾ ਹੈ ।
11ਇਹਨਾਂ ਗੱਲਾਂ ਦੀ ਆਗਿਆ ਦੇ ਅਤੇ ਸਿਖਾ ।12ਕੋਈ ਤੇਰੀ ਜੁਆਨੀ ਨੂੰ ਤੁਛ ਨਾ ਜਾਣੇ ਸਗੋਂ ਤੂੰ ਵਿਸ਼ਵਾਸ ਕਰਨ ਵਾਲਿਆਂ ਲਈ ਬਚਨ, ਚਾਲ ਚਲਨ, ਪਿਆਰ , ਆਤਮਾ, ਵਿਸ਼ਵਾਸ ਅਤੇ ਪਵਿੱਤਰਤਾਈ ਵਿੱਚ ਆਦਰਸ਼ ਬਣੀ ।13ਜਦ ਤੱਕ ਮੈਂ ਨਾ ਆਵਾਂ, ਤੂੰ ਪੜ੍ਹਾਈ ਕਰਨ, ਉਪਦੇਸ਼ ਕਰਨ ਅਤੇ ਸਿੱਖਿਆ ਦੇਣ ਵਿੱਚ ਲੱਗਾ ਰਹੀਂ ।
14ਤੂੰ ਉਸ ਵਰਦਾਨ ਦੀ ਬੇਪਰਵਾਹੀ ਨਾ ਕਰ ਜੋ ਤੇਰੇ ਵਿੱਚ ਹੈ, ਜਿਹੜੀ ਅਗੰਮ ਵਾਕ ਦੇ ਰਾਹੀਂ ਬਜ਼ੁਰਗਾਂ ਦੇ ਹੱਥ ਰੱਖਣ ਨਾਲ ਤੈਨੂੰ ਦਿੱਤੀ ਗਈ ਹੈ ।15ਇੰਨ੍ਹਾਂ ਗੱਲਾਂ ਵੱਲ ਧਿਆਨ ਦੇ, ਇਹਨਾਂ ਵਿੱਚ ਲੱਗਿਆ ਰਹਿ ਤਾਂ ਕਿ ਤੇਰੀ ਤਰੱਕੀ ਸਭਨਾਂ ਉੱਤੇ ਪ੍ਰਗਟ ਹੋਵੇ ।16ਆਪਣੇ ਆਪ ਦੀ ਅਤੇ ਆਪਣੀ ਸਿੱਖਿਆ ਦੀ ਰਾਖੀ ਕਰ ਇੰਨ੍ਹਾਂ ਗੱਲਾਂ ਉੱਤੇ ਬਣਿਆ ਰਹਿ, ਕਿਉਂ ਜੋ ਤੂੰ ਇਸ ਤਰ੍ਹਾਂ ਆਪਣੇ ਆਪ ਨੂੰ ਨਾਲੇ ਆਪਣੇ ਸੁਣਨ ਵਾਲਿਆਂ ਨੂੰ ਬਚਾਵੇਂਗਾ ।

5
ਵਿਸ਼ਵਾਸੀਆਂ ਦੇ ਲਈ ਜਿੰਮੇਵਾਰੀਆਂ

1ਕਿਸੇ ਬੁੱਢੇ ਨੂੰ ਨਾ ਝਿੜਕੀਂ ਸਗੋਂ ਉਸ ਨੂੰ ਪਿਤਾ ਵਾਂਗੂੰ ਅਤੇ ਜੁਆਨਾਂ ਨੂੰ ਭਰਾਵਾਂ ਦੀ ਤਰ੍ਹਾਂ ਸਮਝਾਵੀਂ ।2ਅਤੇ ਬੁੱਢੀਆਂ ਔਰਤਾਂ ਨੂੰ ਮਾਤਾ ਵਾਂਗੂੰ ਅਤੇ ਮੁਟਿਆਰਾਂ ਨੂੰ ਅੱਤ ਪਵਿੱਤਰਤਾਈ ਨਾਲ ਭੈਣਾਂ ਵਾਂਗੂੰ ਸਮਝਾਵੀਂ ।

3ਵਿਧਵਾਵਾਂ ਦਾ ਜਿਹੜੀਆਂ ਸੱਚ-ਮੁੱਚ ਵਿਧਵਾ ਹਨ ਆਦਰ ਕਰੀਂ ।4ਪਰ ਜੇ ਕਿਸੇ ਵਿਧਵਾ ਦੇ ਬੱਚੇ ਅਥਵਾ ਪੋਤਰੇ ਦੋਹਤਰੇ ਹੋਣ, ਉਹ ਪਹਿਲਾਂ ਆਪਣੇ ਘਰਾਣੇ ਨਾਲ ਧਰਮ ਕਮਾਉਣ ਅਤੇ ਆਪਣੇ ਮਾਪਿਆਂ ਦਾ ਹੱਕ ਅਦਾ ਕਰਨ, ਕਿਉਂ ਜੋ ਪਰਮੇਸ਼ੁਰ ਦੇ ਹਜ਼ੂਰ ਇਹੋ ਪਰਵਾਨ ਹੈ ।
5ਜਿਹੜੀ ਸੱਚ-ਮੁੱਚ ਵਿਧਵਾ ਅਤੇ ਇਕੱਲੀ ਹੈ, ਉਹ ਨੇ ਪਰਮੇਸ਼ੁਰ ਉੱਤੇ ਆਸ ਰੱਖੀ ਹੋਈ ਹੈ ਅਤੇ ਰਾਤ-ਦਿਨ ਬੇਨਤੀਆਂ ਅਤੇ ਪ੍ਰਾਰਥਨਾਂ ਵਿੱਚ ਲੱਗੀ ਰਹਿੰਦੀ ਹੈ ।6ਪਰ ਜਿਹੜੀ ਗੁਲਛੱਰੇ ਉਡਾਉਂਦੀ ਹੈ ਉਹ ਤਾਂ ਜਿਉਂਦੀ ਹੀ ਮਰੀ ਹੋਈ ਹੈ ।
7ਤੂੰ ਇੰਨ੍ਹਾਂ ਗੱਲਾਂ ਦੀ ਵੀ ਆਗਿਆ ਦੇ ਤਾਂ ਕਿ ਉਹ ਨਿਰਦੋਸ਼ ਹੋਣ ।8ਪਰ ਜੇ ਕੋਈ ਆਪਣਿਆਂ ਲਈ ਅਤੇ ਖ਼ਾਸ ਕਰਕੇ ਆਪਣੇ ਘਰਾਣੇ ਲਈ ਚਿੰਤਾ ਨਹੀਂ ਕਰਦਾ ਤਾਂ ਉਹ ਵਿਸ਼ਵਾਸ ਤੋਂ ਬੇਮੁੱਖ ਹੋਇਆ ਅਤੇ ਅਵਿਸ਼ਵਾਸੀ ਨਾਲੋਂ ਵੀ ਬੁਰਾ ਬਣ ਗਿਆ ਹੈ ।
9ਉਸੇ ਵਿਧਵਾ ਦਾ ਨਾਮ ਲਿਖਿਆ ਜਾਵੇ, ਜਿਸ ਦੀ ਉਮਰ ਸੱਠਾਂ ਵਰਿਹਾਂ ਤੋਂ ਘੱਟ ਨਾ ਹੋਵੇ ਅਤੇ ਇੱਕੋ ਹੀ ਪਤੀ ਦੀ ਪਤਨੀ ਰਹੀ ਹੋਵੇ ।10ਅਤੇ ਉਹ ਭਲੇ ਕੰਮਾਂ ਕਰਕੇ ਨੇਕਨਾਮ ਹੋਵੇ ਜੋ ਉਸ ਨੇ ਬੱਚਿਆਂ ਨੂੰ ਪਾਲਿਆ ਹੋਵੇ, ਦੂਜਿਆਂ ਦੀ ਪ੍ਰਾਹੁਣਚਾਰੀ ਕੀਤੀ ਹੋਵੇ, ਸੰਤਾਂ ਦੇ ਚਰਨ ਧੋਤੇ ਹੋਣ, ਦੁੱਖੀਆਂ ਦੀ ਸਹਾਇਤਾ ਕੀਤੀ ਹੋਵੇ, ਅਤੇ ਹਰੇਕ ਚੰਗੇ ਕੰਮ ਦੇ ਮਗਰ ਲੱਗੀ ਹੋਵੇ ।
11ਪਰ ਮੁਟਿਆਰ ਵਿਧਵਾਵਾਂ ਨੂੰ ਲਾਂਭੇ ਰੱਖ, ਕਿਉਂਕਿ ਉਹ ਮਸੀਹ ਤੋਂ ਵਿਰੁੱਧ ਹੋ ਕੇ ਸਰੀਰ ਦੀ ਕਾਮਨਾਂ ਦੇ ਵੱਸ ਪੈ ਕੇ ਵਿਆਹ ਕਰਾਉਣਾ ਚਾਹੁੰਦੀਆਂ ਹਨ ।12ਅਤੇ ਉਹ ਦੋਸ਼ੀ ਠਹਿਰਦੀਆਂ ਹਨ ਇਸ ਲਈ ਜੋ ਆਪਣੀ ਪਹਿਲੀ ਵਿਸ਼ਵਾਸ ਤਿਆਗ ਬੈਠੀਆਂ ਹਨ ।13ਨਾਲੇ ਉਹ ਘਰ ਘਰ ਫਿਰ ਕੇ ਆਲਸਣਾਂ ਬਣਨਾ ਸਿੱਖਦੀਆਂ ਹਨ ਅਤੇ ਨਿਰੀਆਂ ਆਲਸਣਾਂ ਹੀ ਨਹੀਂ ਸਗੋਂ ਬੁੜ-ਬੁੜ ਕਰਨ ਵਾਲੀਆਂ ਅਤੇ ਪਰਾਇਆਂ ਕੰਮਾਂ ਵਿੱਚ ਲੱਤ ਅੜਾਉਣ ਵਾਲੀਆਂ ਹੁੰਦੀਆਂ ਹਨ ਅਤੇ ਅਯੋਗ ਗੱਲਾਂ ਕਰਦੀਆਂ ਹਨ ।
14ਇਸ ਲਈ ਮੈਂ ਇਹ ਚਾਹੁੰਦਾ ਹਾਂ ਜੋ ਮੁਟਿਆਰ ਵਿਧਵਾਵਾਂ ਵਿਆਹ ਕਰ ਲੈਣ, ਧੀਆਂ ਪੁੱਤਰ ਜਣਨ, ਘਰੇਲੂ ਕੰਮ ਕਰਨ ਅਤੇ ਵਿਰੋਧੀ ਨੂੰ ਨਿੰਦਿਆ ਕਰਨ ਦਾ ਮੌਕਾ ਨਾ ਦੇਣ ।15ਕਿਉਂ ਜੋ ਕਈ ਪਹਿਲਾਂ ਹੀ ਸ਼ੈਤਾਨ ਦੇ ਮਗਰ ਲੱਗ ਗਈਆਂ ਹਨ ।16ਜੇ ਕਿਸੇ ਵਿਸ਼ਵਾਸੀ ਇਸਤ੍ਰੀ ਦੇ ਘਰ ਵਿਧਵਾਂ ਹੋਣ ਤਾਂ ਉਹ ਉਨ੍ਹਾਂ ਦੀ ਸਹਾਇਤਾ ਕਰੇ ਤਾਂ ਜੋ ਕਲੀਸਿਯਾ ਉੱਤੇ ਭਾਰ ਨਾ ਪਵੇ ਤਾਂ ਜੋ ਕਲੀਸਿਯਾ ਉਨ੍ਹਾਂ ਦੀ ਸਹਾਇਤਾ ਕਰੇ ਜਿਹੜੀਆਂ ਸੱਚ-ਮੁੱਚ ਵਿਧਵਾਂ ਹਨ ।
17ਉਹ ਬਜ਼ੁਰਗ ਜਿਹੜੇ ਚੰਗਾ ਪ੍ਰਬੰਧ ਕਰਦੇ ਹਨ ਦੁਗਣੇ ਆਦਰ ਦੇ ਯੋਗ ਸਮਝੇ ਜਾਣ, ਪਰ ਖ਼ਾਸ ਕਰਕੇ ਉਹ ਜਿਹੜੇ ਬਚਨ ਸੁਣਾਉਣ ਅਤੇ ਸਿੱਖਿਆ ਦੇਣ ਵਿੱਚ ਮਿਹਨਤ ਕਰਦੇ ਹਨ ।18ਕਿਉਂ ਜੋ ਪਵਿੱਤਰ ਗ੍ਰੰਥ ਇਹ ਆਖਦਾ ਹੈ ਕਿ ਤੂੰ ਗਾਹੁੰਦੇ ਹੋਏ ਬਲਦ ਦੇ ਮੂੰਹ ਛਿੱਕਲੀ ਨਾ ਚਾੜ੍ਹ, ਨਾਲੇ ਇਹ ਭਈ ਕਾਮਾ ਆਪਣੀ ਮਜ਼ਦੂਰੀ ਦਾ ਹੱਕਦਾਰ ਹੈ ।
19ਬਜ਼ੁਰਗ ਦੇ ਵਿਰੁੱਧ ਕੋਈ ਦੋਸ਼ ਨਾ ਸੁਣੀਂ, ਜਦੋਂ ਤੱਕ ਦੋ ਜਾਂ ਤਿੰਨ ਗਵਾਹ ਨਾ ਹੋਣ ।20ਜਿਹੜੇ ਪਾਪ ਕਰਦੇ ਹਨ, ਉਹਨਾਂ ਨੂੰ ਸਭਨਾਂ ਦੇ ਸਾਹਮਣੇ ਝਿੜਕ ਦੇ ਤਾਂ ਕਿ ਦੂਜਿਆਂ ਨੂੰ ਵੀ ਡਰ ਰਹੇ ।
21ਮੈਂ ਪਰਮੇਸ਼ੁਰ, ਮਸੀਹ ਯਿਸੂ ਅਤੇ ਚੁਣਿਆਂ ਹੋਇਆਂ ਦੂਤਾਂ ਨੂੰ ਗਵਾਹ ਮੰਨ ਕੇ ਤੈਨੂੰ ਬੇਨਤੀ ਕਰਦਾ ਹਾਂ ਕਿ ਤੂੰ ਇਹਨਾਂ ਗੱਲਾਂ ਦੀ ਸੰਭਾਲ ਕਰ ਅਤੇ ਕਿਸੇ ਕੰਮ ਵਿੱਚ ਪੱਖਪਾਤ ਨਾ ਕਰ ।22ਅਤੇ ਜਲਦੀ ਨਾਲ ਕਿਸੇ ਉੱਤੇ ਹੱਥ ਰੱਖ ਕੇ ਹੋਰਨਾਂ ਦੇ ਪਾਪਾਂ ਦਾ ਭਾਗੀ ਨਾ ਬਣ । ਆਪਣੇ ਆਪ ਨੂੰ ਪਵਿੱਤਰ ਰੱਖ ।
23ਅਗਾਹਾਂ ਨੂੰ ਨਿਰਾ ਪਾਣੀ ਨਾ ਪੀਆ ਕਰ ਪਰ ਹਾਜ਼ਮੇ ਲਈ ਅਤੇ ਆਪਣੀਆਂ ਬਹੁਤੀਆਂ ਮਾਂਦਗੀਆਂ ਦੇ ਕਾਰਨ ਥੋੜੀ ਜਿਹੀ ਮੈਂ ਵਰਤ ਲਿਆ ਕਰ ।24ਕਈ ਮਨੁੱਖਾਂ ਦੇ ਪਾਪ ਪ੍ਰਗਟ ਹਨ ਅਤੇ ਨਿਆਂ ਦੇ ਲਈ ਪਹਿਲਾਂ ਹੀ ਪਹੁੰਚ ਜਾਂਦੇ ਹਨ ਅਤੇ ਕਈਆਂ ਦੇ ਬਾਅਦ ਵਿੱਚ ਪ੍ਰਗਟ ਹੁੰਦੇ ਹਨ ।25ਇਸੇ ਤਰ੍ਹਾਂ ਭਲੇ ਕੰਮ ਵੀ ਪ੍ਰਗਟ ਹਨ ਅਤੇ ਜੋ ਹੋਰ ਕਿਸਮ ਦੇ ਹਨ ਉਹ ਗੁਪਤ ਨਹੀਂ ਰਹਿ ਸਕਦੇ ।

6

1ਜਿਹੜੇ ਦਾਸ ਹਨ, ਉਹ ਆਪਣਿਆਂ ਮਾਲਕਾਂ ਨੂੰ ਪੂਰੇ ਆਦਰ ਦੇ ਯੋਗ ਸਮਝਣ ਤਾਂ ਜੋ ਪਰਮੇਸ਼ੁਰ ਦੇ ਨਾਮ ਅਤੇ ਸਿੱਖਿਆ ਦੀ ਨਿੰਦਿਆ ਨਾ ਹੋਵੇ ।2ਅਤੇ ਜਿੰਨ੍ਹਾ ਦੇ ਮਾਲਕ ਵਿਸ਼ਵਾਸੀ ਹਨ ਉਹ ਉਨ੍ਹਾਂ ਨੂੰ ਭਾਈ ਹੋਣ ਕਰਕੇ ਤੁਛ ਨਾ ਜਾਣਨ ਪਰ ਉਨ੍ਹਾਂ ਦੀ ਹੋਰ ਵੀ ਸੇਵਾ ਕਰਨ, ਇਸ ਲਈ ਕਿ ਜਿਹੜੇ ਇਸ ਉਪਕਾਰ ਵਿੱਚ ਸਾਂਝੀ ਹਨ । ਉਹ ਨਿਹਚਾਵਾਨ ਅਤੇ ਪਿਆਰੇ ਹਨ । ਇੰਨ੍ਹਾਂ ਗੱਲਾਂ ਦੀ ਸਿੱਖਿਆ ਦੇ ਅਤੇ ਉਪਦੇਸ਼ ਕਰ ।

ਝੂਠੀ ਸਿੱਖਿਆ ਅਤੇ ਧਨ ਦਾ ਲੋਭ

3ਜੇ ਕੋਈ ਹੋਰ ਤਰ੍ਹਾਂ ਦੀ ਸਿੱਖਿਆ ਦਿੰਦਾ ਹੈ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਦੀਆਂ ਖਰੀਆਂ ਗੱਲਾਂ ਨੂੰ ਅਤੇ ਉਸ ਸਿੱਖਿਆ ਨੂੰ ਜੋ ਭਗਤੀ ਦੇ ਅਨੁਸਾਰ ਹੈ, ਨਹੀਂ ਮੰਨਦਾ ।4ਤਾਂ ਉਹ ਹੰਕਾਰਿਆ ਹੋਇਆ ਹੈ ਅਤੇ ਕੁੱਝ ਨਹੀਂ ਜਾਣਦਾ, ਸਗੋਂ ਉਸ ਨੂੰ ਵਿਵਾਦਾਂ ਅਤੇ ਸ਼ਬਦਾਂ ਦੇ ਹੇਰ ਫੇਰ ਦੀ ਬਿਮਾਰੀ ਲੱਗੀ ਹੋਈ ਹੈ, ਜਿਸ ਕਰਕੇ ਖਾਰ, ਝਗੜਾ, ਕੁਫ਼ਰ, ਗੰਦੇ ਬੋਲ ।5ਅਤੇ ਬੁਰੇ ਸ਼ੱਕ ਉਨ੍ਹਾਂ ਮਨੁੱਖਾਂ ਵਿੱਚ ਹੁੰਦੇ ਹਨ ਜਿਨ੍ਹਾਂ ਦੀ ਬੁੱਧ ਵਿਗੜੀ ਹੋਈ ਹੈ ਅਤੇ ਜਿਨ੍ਹਾਂ ਕੋਲੋਂ ਸਚਿਆਈ ਜਾਂਦੀ ਰਹੀ ਅਤੇ ਉਹ ਭਗਤੀ ਨੂੰ ਕਮਾਈ ਦਾ ਵਸੀਲਾ ਸਮਝਦੇ ਹਨ ।
6ਪਰ ਸੰਤੋਖ ਨਾਲ ਭਗਤੀ ਅਸਲ ਵਿੱਚ ਵੱਡੀ ਕਮਾਈ ਹੈ ।7ਕਿਉਂ ਜੋ ਅਸੀਂ ਸੰਸਾਰ ਵਿੱਚ ਨਾਲ ਕੁੱਝ ਨਹੀਂ ਲਿਆਂਦਾ ਅਤੇ ਨਾ ਅਸੀਂ ਉਸ ਵਿੱਚੋਂ ਕੁੱਝ ਲੈ ਜਾ ਸਕਦੇ ਹਾਂ ।8ਪਰ ਜਦੋਂ ਸਾਨੂੰ ਭੋਜਨ ਬਸਤਰ ਮਿਲਿਆ ਹੋਇਆ ਹੈ ਤਾਂ ਸਾਡੇ ਲਈ ਇਹੋ ਬਥੇਰਾ ਹੈ ।
9ਪਰ ਉਹ ਜਿਹੜੇ ਅਮੀਰ ਹੋਣਾ ਚਾਹੁੰਦੇ ਹਨ, ਸੋ ਪਰਤਾਵੇ, ਫਾਹੀ ਅਤੇ ਬਹੁਤਿਆਂ ਮੂਰਖਪੁਣੇ ਦਿਆਂ ਅਤੇ ਨੁਕਸਾਨ ਕਰਨ ਵਾਲਿਆਂ ਵਿਸ਼ਿਆਂ ਵਿੱਚ ਪੈਂਦੇ ਹਨ, ਜੋ ਮਨੁੱਖਾਂ ਨੂੰ ਤਬਾਹੀ ਅਤੇ ਨਾਸ ਦੇ ਸਮੁੰਦਰ ਵਿੱਚ ਡੋਬ ਦਿੰਦੇ ਹਨ ।10ਕਿਉਂ ਜੋ ਪੈਸੇ ਦਾ ਲੋਭ ਹਰ ਪਰਕਾਰ ਦੀਆਂ ਬੁਰਿਆਈਆਂ ਦੀ ਜੜ੍ਹ ਹੈ ਅਤੇ ਕਈ ਲੋਕ ਉਹ ਨੂੰ ਲੋਚਦਿਆਂ ਵਿਸ਼ਵਾਸ ਦੇ ਰਾਹੋਂ ਭਟਕ ਗਏ ਅਤੇ ਆਪਣੇ ਆਪ ਨੂੰ ਅਨੇਕ ਗਮਾਂ ਦਿਆਂ ਤੀਰਾਂ ਨਾਲ ਵਿੰਨ੍ਹਿਆ ਹੈ ।
ਤਿਮੋਥਿਉਸ ਨੂੰ ਵਿਅਕਤੀਗਤ ਨਿਰਦੇਸ਼

11ਪਰ ਤੂੰ ਹੇ ਪਰਮੇਸ਼ੁਰ ਦੇ ਬੰਦੇ, ਇੰਨ੍ਹਾਂ ਗੱਲਾਂ ਤੋਂ ਦੂਰ ਰਹਿ ਅਤੇ ਧਰਮ, ਭਗਤੀ, ਵਿਸ਼ਵਾਸ, ਪਿਆਰ , ਧੀਰਜ ਅਤੇ ਨਰਮਾਈ ਦੇ ਭਾਲ ਵਿੱਚ ਲੱਗਾ ਰਹਿ ।12ਵਿਸ਼ਵਾਸ ਦੀ ਚੰਗੀ ਲੜਾਈ ਲੜ, ਸਦੀਪਕ ਜੀਵਨ ਨੂੰ ਫੜ੍ਹੀ ਰੱਖ ਜਿਹ ਦੇ ਲਈ ਤੂੰ ਸੱਦਿਆ ਗਿਆ ਅਤੇ ਤੂੰ ਬਹੁਤਿਆਂ ਗਵਾਹਾਂ ਦੇ ਅੱਗੇ ਪੱਕਾ ਕਰਾਰ ਕੀਤਾ ਸੀ ।
13ਮੈਂ ਪਰਮੇਸ਼ੁਰ ਨੂੰ, ਜਿਹੜਾ ਸਭਨਾਂ ਨੂੰ ਜੀਵਨ ਬਖਸ਼ਦਾ ਹੈ ਅਤੇ ਮਸੀਹ ਯਿਸੂ ਨੂੰ ਜਿਸ ਨੇ ਪੁੰਤਿਯੁਸ ਪਿਲਾਤੁਸ ਦੇ ਸਾਹਮਣੇ ਪੱਕਾ ਕਰਾਰ ਕੀਤਾ ਸੀ ਗਵਾਹ ਮੰਨ ਕੇ ਤੈਨੂੰ ਬੇਨਤੀ ਕਰਦਾ ਹਾਂ ।14ਕਿ ਤੂੰ ਸਾਡੇ ਪ੍ਰਭੂ ਯਿਸੂ ਮਸੀਹ ਦੇ ਪ੍ਰਗਟ ਹੋਣ ਤੱਕ ਆਪਣੇ ਫ਼ਰਜ ਨੂੰ ਬੇਦਾਗ ਅਤੇ ਬੇਦੋਸ਼ ਕਰਕੇ ਰੱਖ ।
15ਜਿਹ ਨੂੰ ਉਹ ਵੇਲੇ ਸਿਰ ਪ੍ਰਗਟ ਕਰੇਗਾ, ਜਿਹੜਾ ਧੰਨ ਅਤੇ ਸਰਬ ਸ਼ਕਤੀਮਾਨ ਹੈ, ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ ਹੈ ।16ਅਮਰਤਾ ਇਕੱਲੇ ਉਸੇ ਦੀ ਹੈ ਅਤੇ ਉਹ ਅਣਪੁੱਜ ਜੋਤ ਵਿੱਚ ਵੱਸਦਾ ਹੈ ਅਤੇ ਮਨੁੱਖਾਂ ਵਿੱਚੋਂ ਕਿਸੇ ਨੇ ਉਸ ਨੂੰ ਨਹੀਂ ਵੇਖਿਆ, ਨਾ ਉਹ ਕਿਸੇ ਤੋਂ ਵੇਖਿਆ ਜਾ ਸਕਦਾ ਹੈ, ਉਸੇ ਦਾ ਆਦਰ ਅਤੇ ਪਰਾਕਰਮ ਸਦਾ ਹੀ ਹੋਵੇ । ਆਮੀਨ ।
17ਜਿਹੜੇ ਇਸ ਸੰਸਾਰ ਵਿੱਚ ਧਨਵਾਨ ਹਨ ਉਹਨਾਂ ਨੂੰ ਉਪਦੇਸ਼ ਦੇ ਕਿ ਹੰਕਾਰ ਨਾ ਕਰਨ ਅਤੇ ਬੇ ਠਿਕਾਣੇ ਧਨ ਉੱਤੇ ਨਹੀਂ, ਪਰ ਪਰਮੇਸ਼ੁਰ ਉੱਤੇ ਆਸ ਰੱਖਣ ਜਿਹੜਾ ਸਾਨੂੰ ਭੋਗਣ ਲਈ ਸੱਭੋ ਕੁੱਝ ਭਰਪੂਰੀ ਨਾਲ ਦਿੰਦਾ ਹੈ ।18ਨਾਲੇ ਇਹ ਕਿ ਉਹ ਪਰਉਪਕਾਰੀ ਅਤੇ ਭਲੇ ਕੰਮਾਂ ਵਿੱਚ ਧਨੀ ਅਤੇ ਦਾਨ ਕਰਨ ਵਿੱਚ ਅਤੇ ਵੰਡਣ ਨੂੰ ਤਿਆਰ ਹੋਣ ।19ਅਤੇ ਅਗਾਹਾਂ ਲਈ ਇੱਕ ਚੰਗੀ ਨੀਂਹ ਧਰਨ ਤਾਂ ਜੋ ਉਹ ਉਸ ਜੀਵਨ ਨੂੰ ਫੜ ਲੈਣ ਜਿਹੜਾ ਅਸਲ ਜੀਵਨ ਹੈ ।
20ਹੇ ਤਿਮੋਥਿਉਸ, ਉਹ ਅਮਾਨਤ ਜੋ ਤੈਨੂੰ ਸੌਂਪੀ ਗਈ ਉਸ ਦੀ ਰਖਵਾਲੀ ਕਰ ! ਜਿਹੜਾ ਝੂਠ ਵਿੱਚ ਗਿਆਨ ਅਖਵਾਉਂਦਾ ਹੈ ਉਹ ਦੀ ਗੰਦੀ ਬੁੜ-ਬੁੜ ਅਤੇ ਵਿਰੋਧਤਾਈ ਵੱਲੋਂ ਮੂੰਹ ਮੋੜ ਲੈ ।21ਕਈ ਲੋਕ ਉਸ ਗਿਆਨ ਨੂੰ ਮੰਨ ਕੇ ਵਿਸ਼ਵਾਸ ਦੇ ਨਿਸ਼ਾਨੇ ਤੋਂ ਖੁੰਝ ਗਏ ਹਨ । ਤੁਹਾਡੇ ਉੱਤੇ ਕਿਰਪਾ ਹੁੰਦੀ ਰਹੇ । ਆਮੀਨ ।

ਤਿਮੋਥਿਉਸ ਨੂੰ ਦੂਜੀ ਪੱਤ੍ਰੀ

1
ਨਮਸਕਾਰ

1ਪੌਲੁਸ, ਜੋ ਉਸ ਜੀਵਨ ਦੇ ਵਾਅਦੇ ਦੇ ਅਨੁਸਾਰ ਜਿਹੜਾ ਮਸੀਹ ਯਿਸੂ ਵਿੱਚ ਹੈ, ਪਰਮੇਸ਼ੁਰ ਦੀ ਮਰਜ਼ੀ ਤੋਂ ਮਸੀਹ ਯਿਸੂ ਦਾ ਰਸੂਲ ਹਾਂ ।2ਪਿਆਰੇ ਪੁੱਤਰ ਤਿਮੋਥਿਉਸ ਨੂੰ ਪਿਤਾ ਪਰਮੇਸ਼ੁਰ ਅਤੇ ਮਸੀਹ ਯਿਸੂ ਸਾਡੇ ਪ੍ਰਭੂ ਦੀ ਵੱਲੋਂ ਕਿਰਪਾ, ਦਯਾ, ਅਤੇ ਸ਼ਾਂਤੀ ਮਿਲਦੀ ਰਹੇ ।

ਧੰਨਵਾਦ ਅਤੇ ਹੌਂਸਲਾ ਅਫ਼ਜਾਈ

3ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ, ਜਿਸ ਦੀ ਸੇਵਾ ਮੈਂ ਆਪਣੇ ਪੁਰਖਿਆਂ ਦੀ ਤਰ੍ਹਾਂ ਸ਼ੁੱਧ ਵਿਵੇਕ ਨਾਲ ਕਰਦਾ ਹਾਂ ! ਜਦ ਮੈਂ ਆਪਣੀਆਂ ਪ੍ਰਾਰਥਨਾਵਾਂ ਵਿੱਚ ਦਿਨ ਰਾਤ ਤੈਨੂੰ ਚੇਤੇ ਕਰਦਾ ਹਾਂ ।4ਅਤੇ ਤੇਰਿਆਂ ਹੰਝੂਆਂ ਨੂੰ ਚੇਤੇ ਕਰ ਕੇ ਤੈਨੂੰ ਵੇਖਣ ਨੂੰ ਲੋਚਦਾ ਹਾਂ ਕਿ ਅਨੰਦ ਨਾਲ ਭਰ ਜਾਂਵਾਂ ।5ਮੈਨੂੰ ਤੇਰੀ ਖਰੀ ਵਿਸ਼ਵਾਸ ਚੇਤੇ ਆਉਂਦੀ ਹੈ, ਜਿਹੜੀ ਪਹਿਲਾਂ ਤੇਰੀ ਨਾਨੀ ਲੋਇਸ ਅਤੇ ਤੇਰੀ ਮਾਤਾ ਯੂਨੀਕਾ ਵਿੱਚ ਸੀ ਅਤੇ ਮੈਨੂੰ ਭਰੋਸਾ ਹੈ ਜੋ ਉਹ ਤੇਰੇ ਵਿੱਚ ਵੀ ਹੈ ।
6ਇਸ ਕਾਰਨ ਮੈਂ ਤੈਨੂੰ ਚਿਤਾਰਦਾ ਹਾਂ ਕਿ ਤੂੰ ਪਰਮੇਸ਼ੁਰ ਦੀ ਉਸ ਦਾਤ ਨੂੰ ਚਮਕਾ, ਜੋ ਮੇਰੇ ਹੱਥ ਰੱਖਣ ਦੁਆਰਾ ਤੈਨੂੰ ਮਿਲੀ ।7ਕਿਉਂ ਜੋ ਪਰਮੇਸ਼ੁਰ ਨੇ ਸਾਨੂੰ ਡਰ ਦਾ ਆਤਮਾ ਨਹੀਂ, ਸਗੋਂ ਸਮਰੱਥਾ, ਪਿਆਰ ਅਤੇ ਸੰਜਮ ਦਾ ਆਤਮਾ ਦਿੱਤਾ ਹੈ ।
8ਇਸ ਲਈ ਤੂੰ ਸਾਡੇ ਪ੍ਰਭੂ ਦੀ ਗਵਾਹੀ ਤੋਂ ਨਾ ਸ਼ਰਮਾਵੀਂ, ਨਾ ਮੇਰੇ ਤੋਂ, ਜੋ ਉਹ ਦਾ ਬੰਧੂਆ ਹਾਂ, ਸਗੋਂ ਪਰਮੇਸ਼ੁਰ ਦੀ ਸਮਰੱਥਾ ਦੇ ਅਨੁਸਾਰ ਖੁਸ਼ਖਬਰੀ ਲਈ ਦੁੱਖਾਂ ਵਿੱਚ ਮੇਰੇ ਨਾਲ ਸਾਂਝੀ ਹੋਵੀਂ ।9ਜਿਸ ਨੇ ਸਾਨੂੰ ਬਚਾਇਆ ਅਤੇ ਪਵਿੱਤਰ ਸੱਦੇ ਨਾਲ ਸੱਦਿਆ, ਸਾਡਿਆਂ ਕੰਮਾਂ ਦੇ ਅਨੁਸਾਰ ਨਹੀਂ ਸਗੋਂ ਆਪਣੀ ਮਰਜ਼ੀ ਅਤੇ ਉਸ ਕਿਰਪਾ ਦੇ ਅਨੁਸਾਰ ਜਿਹੜੀ ਮਸੀਹ ਯਿਸੂ ਵਿੱਚ ਸਦੀਪਕ ਸਮਿਆਂ ਤੋਂ ਸਾਡੇ ਉੱਤੇ ਕੀਤੀ ਗਈ ।10ਪਰ ਹੁਣ ਸਾਡੇ ਮੁਕਤੀਦਾਤਾ ਮਸੀਹ ਯਿਸੂ ਦੇ ਪਰਕਾਸ਼ ਹੋਣ ਤੋਂ ਪਰਗਟ ਹੋਈ, ਜਦੋਂ ਉਸ ਨੇ ਮੌਤ ਦਾ ਨਾਸ ਕਰ ਦਿੱਤਾ ਅਤੇ ਖੁਸ਼ਖਬਰੀ ਦੇ ਰਾਹੀਂ ਜੀਵਨ ਅਤੇ ਅਮਰਤਾ ਉੱਤੇ ਪਰਕਾਸ਼ ਕੀਤਾ ।11ਜਿਸ ਦੇ ਲਈ ਮੈਂ ਪਰਚਾਰਕ, ਰਸੂਲ ਅਤੇ ਉਪਦੇਸ਼ਕ ਨਿਯੁਕਤ ਕੀਤਾ ਗਿਆ ਸੀ ।
12ਅਤੇ ਇਸੇ ਕਰਕੇ ਮੈਂ ਇਹ ਦੁੱਖ ਵੀ ਝੱਲਦਾ ਹਾਂ, ਪਰ ਮੈਂ ਸ਼ਰਮਾਉਦਾ ਨਹੀਂ, ਕਿਉਂ ਜੋ ਮੈਂ ਉਹ ਨੂੰ ਜਾਣਦਾ ਹਾਂ ਜਿਹ ਦੇ ਉੱਤੇ ਮੈਂ ਭਰੋਸਾ ਕੀਤਾ ਹੈ ਅਤੇ ਮੈਨੂੰ ਵਿਸ਼ਵਾਸ ਹੈ ਕਿ ਉਹ ਮੇਰੀ ਅਮਾਨਤ ਦੀ ਉਸ ਦਿਨ ਤੱਕ ਰਖਵਾਲੀ ਕਰ ਸਕਦਾ ਹੈ ।13ਤੂੰ ਉਹਨਾਂ ਖਰੀਆਂ ਗੱਲਾਂ ਨੂੰ ਜਿਹੜੀਆਂ ਤੂੰ ਮੇਰੇ ਕੋਲੋਂ ਸੁਣੀਆਂ ਉਸ ਵਿਸ਼ਵਾਸ ਅਤੇ ਪਿਆਰ ਨਾਲ ਜੋ ਮਸੀਹ ਯਿਸੂ ਵਿੱਚ ਹੈ ਫੜੀ ਰੱਖੀਂ ।14ਪਵਿੱਤਰ ਆਤਮਾ ਦੇ ਦੁਆਰਾ ਜੋ ਸਾਡੇ ਵਿੱਚ ਵੱਸਦਾ ਹੈ ਉਸ ਭਲੀ ਅਮਾਨਤ ਦੀ ਰਖਵਾਲੀ ਕਰ ।
15ਤੂੰ ਇਹ ਜਾਣਦਾ ਹੈਂ ਕਿ ਸਭ ਜਿਹੜੇ ਅਸਿਯਾ ਵਿੱਚ ਹਨ ਜਿੰਨ੍ਹਾ ਵਿੱਚੋਂ ਫ਼ੁਗਿਲੁਸ ਅਤੇ ਹਰਮੁਗਨੇਸ ਮੇਰੇ ਤੋਂ ਬੇਮੁੱਖ ਹੋ ਗਏ ।16ਪ੍ਰਭੂ ਉਨੇਸਿਫ਼ੁਰੁਸ ਦੇ ਘਰਾਣੇ ਉੱਤੇ ਦਯਾ ਕਰੇ ਕਿਉਂ ਜੋ ਉਹ ਨੇ ਬਹੁਤ ਵਾਰੀ ਮੈਨੂੰ ਤਾਜ਼ਾ ਦਮ ਕੀਤਾ ਅਤੇ ਮੇਰੇ ਸੰਗਲਾਂ ਤੋਂ ਨਾ ਸ਼ਰਮਾਇਆ ।17ਸਗੋਂ ਜਦ ਉਹ ਰੋਮ ਨੂੰ ਆਇਆ ਤਾਂ ਉਹ ਨੇ ਮੈਨੂੰ ਵੱਡੀ ਕੋਸ਼ਿਸ਼ ਨਾਲ ਭਾਲਿਆ ਅਤੇ ਲੱਭ ਲਿਆ ।18ਪ੍ਰਭੂ ਉਹ ਨੂੰ ਇਹ ਦਾਤ ਕਰੇ ਕਿ ਉਸ ਦਿਨ ਪ੍ਰਭੂ ਵੱਲੋਂ ਉਸ ਉੱਤੇ ਦਯਾ ਹੋਵੇ ਅਤੇ ਤੂੰ ਚੰਗੀ ਤਰ੍ਹਾਂ ਜਾਣਦਾ ਹੀ ਹੈ ਜੋ ਅਫ਼ਸੁਸ ਵਿੱਚ ਕਿਵੇਂ ਉਸ ਨੇ ਮੇਰੀ ਸੇਵਾ ਕੀਤੀ ।

2
ਮਸੀਹ ਯਿਸੂ ਦਾ ਸਵਾਮੀ ਭਗਤ ਸੈਨਿਕ

1ਉਪਰੰਤ ਹੇ ਮੇਰੇ ਪੁੱਤਰ, ਤੂੰ ਉਸ ਕਿਰਪਾ ਨਾਲ ਜੋ ਮਸੀਹ ਯਿਸੂ ਵਿੱਚ ਹੈ ਤਕੜਾ ਹੋ ।2ਅਤੇ ਜਿਹੜੀਆਂ ਗੱਲਾਂ ਤੂੰ ਬਹੁਤਿਆਂ ਗਵਾਹਾਂ ਦੇ ਸਾਹਮਣੇ ਮੇਰੇ ਕੋਲੋਂ ਸੁਣੀਆਂ, ਅਜਿਹਿਆਂ ਵਿਸ਼ਵਾਸਯੋਗ ਮਨੁੱਖਾਂ ਨੂੰ ਸੌਂਪ ਜਿਹੜੇ ਹੋਰਨਾਂ ਨੂੰ ਵੀ ਸਿੱਖਿਆ ਦੇਣ ਯੋਗ ਹੋਣ ।

3ਮਸੀਹ ਯਿਸੂ ਦੇ ਚੰਗੇ ਸਿਪਾਹੀ ਵਾਂਗੂੰ ਮੇਰੇ ਨਾਲ ਦੁੱਖ ਝੱਲ ।4ਕੋਈ ਸਿਪਾਹਗਰੀ ਕਰਦਾ ਹੋਇਆ ਆਪਣੇ ਆਪ ਨੂੰ ਸੰਸਾਰ ਦੇ ਕੰਮਾਂ ਵਿੱਚ ਨਹੀਂ ਫਸਾਉਂਦਾ ਕਿਉਂ ਜੋ ਆਪਣੀ ਭਰਤੀ ਕਰਨ ਵਾਲੇ ਨੂੰ ਪਰਸੰਨ ਕਰੇ ।5ਫੇਰ ਜੇ ਕੋਈ ਮੈਦਾਨ ਵਿੱਚ ਖੇਡੇ ਤਾਂ ਜਦੋਂ ਤੱਕ ਉਹ ਨਿਯਮਾਂ ਅਨੁਸਾਰ ਨਾ ਖੇਡੇ ਉਹ ਨੂੰ ਮੁਕਟ ਨਹੀਂ ਮਿਲਦਾ ।
6ਕਿਸਾਨ ਜਿਹੜਾ ਮਿਹਨਤ ਕਰਦਾ ਹੈ ਪਹਿਲਾਂ ਉਸੇ ਨੂੰ ਫ਼ਸਲ ਵਿੱਚੋਂ ਹਿੱਸਾ ਮਿਲਣਾ ਚਾਹੀਦਾ ਹੈ ।7ਜੋ ਮੈਂ ਆਖਦਾ ਹਾਂ ਉਹ ਦਾ ਧਿਆਨ ਰੱਖ, ਕਿਉਂ ਜੋ ਪ੍ਰਭੂ ਤੈਨੂੰ ਸਾਰੀਆਂ ਗੱਲਾਂ ਦੀ ਸਮਝ ਦੇਵੇਗਾ ।
8ਯਿਸੂ ਮਸੀਹ, ਜਿਹੜਾ ਦਾਊਦ ਦੀ ਪੀਹੜੀ ਵਿੱਚੋਂ ਹੈ, ਜੋ ਮੇਰੀ ਖੁਸ਼ਖਬਰੀ ਦੇ ਅਨੁਸਾਰ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਉਹ ਨੂੰ ਚੇਤੇ ਰੱਖ ।9ਜਿਸ ਦੇ ਲਈ ਮੈਂ ਅਪਰਾਧੀ ਵਾਂਗੂੰ ਬੰਧਨਾਂ ਤੱਕ ਦਾ ਦੁੱਖ ਭੋਗਦਾ ਹਾਂ, ਪਰੰਤੂ ਪਰਮੇਸ਼ੁਰ ਦਾ ਬਚਨ ਬੰਧਨਾਂ ਵਿੱਚ ਨਹੀਂ ਹੈ ।10ਇਸ ਕਾਰਨ ਮੈਂ ਚੁਣਿਆਂ ਹੋਇਆਂ ਲਈ ਸੱਭੋ ਕੁੱਝ ਸਹਿੰਦਾ ਹਾਂ ਕਿ ਉਹ ਵੀ ਉਸ ਮੁਕਤੀ ਨੂੰ ਜਿਹੜੀ ਮਸੀਹ ਯਿਸੂ ਵਿੱਚ ਹੈ, ਸਦੀਪਕ ਮਹਿਮਾ ਨਾਲ ਪ੍ਰਾਪਤ ਕਰਨ ।
11ਇਹ ਬਚਨ ਭਰੋਸੇਵੰਦ ਹੈ ਕਿਉਂਕਿ ਜੇ ਅਸੀਂ ਉਹ ਦੇ ਨਾਲ ਮਰੇ ਤਾਂ ਉਹ ਦੇ ਨਾਲ ਜੀਵਾਂਗੇ ਵੀ ।12ਜੇ ਸਹਿ ਲਈਏ, ਉਹ ਦੇ ਨਾਲ ਰਾਜ ਵੀ ਕਰਾਂਗੇ । ਜੇ ਉਹ ਦਾ ਇਨਕਾਰ ਕਰੀਏ, ਤਾਂ ਉਹ ਵੀ ਸਾਡਾ ਇਨਕਾਰ ਕਰੇਗਾ ।13ਭਾਵੇਂ ਅਸੀਂ ਬੇਵਫ਼ਾ ਹੋਈਏ, ਪਰ ਉਹ ਵਫਾਦਾਰ ਰਹਿੰਦਾ ਹੈ ਕਿਉਂ ਜੋ ਉਹ ਆਪਣਾ ਇਨਕਾਰ ਨਹੀਂ ਕਰ ਸਕਦਾ ।
ਉੱਤਮ ਕਾਰੀਗਰ

14ਇਹਨਾਂ ਗੱਲਾਂ ਨਾਲ ਉਹਨਾਂ ਨੂੰ ਚੇਤੇ ਕਰਾ, ਪ੍ਰਭੂ ਨੂੰ ਗਵਾਹ ਕਰਕੇ ਬੇਨਤੀ ਕਰ ਕਿ ਉਹ ਸ਼ਬਦਾਂ ਦਾ ਝਗੜਾ ਨਾ ਕਰਨ, ਜਿਸ ਤੋਂ ਕੁੱਝ ਲਾਭ ਨਹੀਂ ਹੁੰਦਾ ਸਗੋਂ ਸੁਣਨ ਵਾਲਿਆਂ ਦਾ ਵਿਗਾੜ ਹੀ ਹੁੰਦਾ ਹੈ ।15ਆਪਣੇ ਆਪ ਨੂੰ ਪਰਮੇਸ਼ੁਰ ਦੇ ਅੱਗੇ ਪਰਵਾਨ ਅਤੇ ਅਜਿਹਾ ਕਾਰੀਗਰ ਠਹਿਰਾਉਣ ਦਾ ਜਤਨ ਕਰ ਜਿਸ ਨੂੰ ਲੱਜਿਆਵਾਨ ਨਾ ਹੋਣਾ ਪਵੇ ਅਤੇ ਜਿਹੜਾ ਸਚਿਆਈ ਦੇ ਬਚਨ ਦੀ ਉੱਚਿਤ ਵਿਆਖਿਆ ਕਰਨ ਵਾਲਾ ਹੋਵੇ ।
16ਪਰ ਸੰਸਾਰਕ ਅਤੇ ਵਿਅਰਥ ਬੁੜ ਬੁੜਾਹਟ ਤੋਂ ਲਾਂਭੇ ਰਹਿ ਕਿਉਂ ਜੋ ਇਹ ਲੋਕਾਂ ਨੂੰ ਅਧਰਮ ਦੇ ਰਾਹ ਵਿੱਚ ਅਗਾਹਾਂ ਹੀ ਅਗਾਹਾਂ ਲੈ ਜਾਵੇਗੀ ।17ਅਤੇ ਉਨ੍ਹਾਂ ਦਾ ਬਚਨ ਸੜੇ ਹੋਏ ਜ਼ਖ਼ਮ ਦੀ ਤਰ੍ਹਾਂ ਫੈਲ ਜਾਵੇਗਾ । ਉਹਨਾਂ ਵਿੱਚੋਂ ਹੁਮਿਨਾਯੁਸ ਅਤੇ ਫ਼ਿਲੇਤੁਸ ਹਨ ।18ਉਹ ਇਹ ਕਹਿ ਕੇ ਭਈ ਮੁਰਦਿਆਂ ਦਾ ਜੀ ਉੱਠਣਾ ਹੋ ਚੁੱਕਾ ਹੈ ਸਚਿਆਈ ਦੇ ਰਾਹੋਂ ਖੁੰਝ ਗਏ ਅਤੇ ਕਈਆਂ ਦੀ ਵਿਸ਼ਵਾਸ ਨੂੰ ਵਿਗਾੜਦੇ ਹਨ ।
19ਫਿਰ ਵੀ ਪਰਮੇਸ਼ੁਰ ਦੀ ਧਰੀ ਹੋਈ ਪੱਕੀ ਨੀਂਹ ਅਟੱਲ ਰਹਿੰਦੀ ਹੈ ਜਿਹ ਦੇ ਉੱਤੇ ਇਹ ਮੋਹਰ ਲੱਗੀ ਹੋਈ ਹੈ ਭਈ ਪ੍ਰਭੂ ਆਪਣਿਆਂ ਨੂੰ ਜਾਣਦਾ ਹੈ, ਨਾਲੇ ਇਹ ਕਿ ਹਰੇਕ ਜਿਹੜਾ ਪ੍ਰਭੂ ਦਾ ਨਾਮ ਲੈਂਦਾ ਹੈ ਕੁਧਰਮ ਤੋਂ ਅਲੱਗ ਰਹੇ ।20ਵੱਡੇ ਘਰ ਵਿੱਚ ਸੋਨੇ ਚਾਂਦੀ ਦੇ ਹੀ ਭਾਂਡੇ ਨਹੀਂ ਸਗੋਂ ਕਾਠ ਅਤੇ ਮਿੱਟੀ ਦੇ ਵੀ ਹੁੰਦੇ ਹਨ ਅਤੇ ਕਈ ਆਦਰ ਦੇ ਅਤੇ ਕਈ ਨਿਰਾਦਰ ਦੇ ਕੰਮ ਲਈ ਹੁੰਦੇ ਹਨ ।21ਸੋ ਜੇ ਕੋਈ ਆਪਣੇ ਆਪ ਨੂੰ ਇੰਨ੍ਹਾਂ ਤੋਂ ਸ਼ੁੱਧ ਕਰੇ ਤਾਂ ਉਹ ਆਦਰ ਦੇ ਕੰਮ ਲਈ ਪਵਿੱਤਰ ਕੀਤਾ ਹੋਇਆ, ਮਾਲਕ ਦੇ ਵਰਤਣ ਯੋਗ, ਅਤੇ ਹਰੇਕ ਚੰਗੇ ਕੰਮ ਲਈ ਤਿਆਰ ਕੀਤਾ ਹੋਇਆ ਭਾਂਡਾ ਹੋਵੇਗਾ ।
22ਪਰ ਜੁਆਨੀ ਦੀਆਂ ਕਾਮਨਾਂ ਤੋਂ ਭੱਜ ਅਤੇ ਜਿਹੜੇ ਸਾਫ਼ ਦਿਲ ਤੋਂ ਪ੍ਰਭੂ ਦਾ ਨਾਮ ਲੈਂਦੇ ਹਨ ਉਨ੍ਹਾਂ ਨਾਲ ਧਰਮ, ਵਿਸ਼ਵਾਸ, ਪਿਆਰ ਅਤੇ ਮਿਲਾਪ ਦੇ ਮਗਰ ਲੱਗਾ ਰਹਿ ।23ਪਰ ਮੂਰਖਪੁਣੇ ਅਤੇ ਬੇਵਕੂਫ਼ੀ ਦਿਆਂ ਪ੍ਰਸ਼ਨਾਂ ਵੱਲੋਂ ਮੂੰਹ ਮੋੜ ਕਿਉਂ ਜੋ ਤੂੰ ਜਾਣਦਾ ਹੈਂ, ਕਿ ਉਨ੍ਹਾਂ ਤੋਂ ਝਗੜੇ ਪੈਦਾ ਹੁੰਦੇ ਹਨ ।
24ਅਤੇ ਪ੍ਰਭੂ ਦਾ ਦਾਸ ਝਗੜਾਲੂ ਨਾ ਹੋਵੇ ਸਗੋਂ ਸਭਨਾਂ ਨਾਲ ਦਿਆਲੂ, ਸਿੱਖਿਆ ਦੇਣ ਯੋਗ ਅਤੇ ਸਬਰ ਕਰਨ ਵਾਲਾ ਹੋਵੇ ।25ਅਤੇ ਜਿਹੜੇ ਵਿਰੋਧ ਕਰਦੇ ਹਨ ਉਹਨਾਂ ਨੂੰ ਨਰਮਾਈ ਨਾਲ ਤਾੜਨਾ ਕਰੇ ਭਈ ਕੀ ਜਾਣੀਏ ਜੋ ਪਰਮੇਸ਼ੁਰ ਉਹਨਾਂ ਨੂੰ ਤੌਬਾ ਕਰਨੀ ਬਖਸ਼ੇ ਕਿ ਉਹ ਸੱਚ ਦੇ ਗਿਆਨ ਨੂੰ ਪ੍ਰਾਪਤ ਕਰਨ ।26ਸੁਚੇਤ ਹੋ ਕੇ ਸ਼ੈਤਾਨ ਦੀ ਫਾਹੀ ਵਿੱਚੋਂ ਬਚ ਨਿੱਕਲਣ, ਜਿਹਨੇ ਉਹਨਾਂ ਨੂੰ ਆਪਣੀ ਇੱਛਾ ਪੂਰੀ ਕਰਨ ਦੇ ਲਈ ਬੰਧੀ ਬਣਾਇਆ ਹੈ ।

3
ਅੰਤ ਦੇ ਦਿਨਾਂ ਵਿੱਚ ਅਧਰਮ

1ਪਰ ਇਸ ਗੱਲ ਨੂੰ ਜਾਣ ਲੈ ਕਿ ਅੰਤ ਦੇ ਦਿਨਾਂ ਵਿੱਚ ਬੁਰੇ ਸਮੇਂ ਆ ਜਾਣਗੇ ।2ਕਿਉਂ ਜੋ ਮਨੁੱਖ ਸੁਆਰਥੀ, ਮਾਇਆ ਦੇ ਲੋਭੀ, ਸ਼ੇਖੀਬਾਜ, ਹੰਕਾਰੀ, ਕੁਫ਼ਰ ਬਕਣ ਵਾਲੇ, ਮਾਪਿਆਂ ਦੇ ਅਣ-ਆਗਿਆਕਾਰ, ਨਾਸ਼ੁਕਰੇ, ਅਪਵਿੱਤਰ ।3ਨਿਰਮੋਹ, ਪੱਥਰ ਦਿਲ, ਪਰਾਈ ਨਿੰਦਿਆ ਕਰਨ ਵਾਲੇ, ਅਸੰਜਮੀ, ਸਖ਼ਤ ਸੁਭਾਅ, ਨੇਕੀ ਦੇ ਵੈਰੀ ।4ਗੱਦਾਰ, ਕਾਹਲੇ, ਘਮੰਡੀ, ਪਰਮੇਸ਼ੁਰ ਦੇ ਨਹੀਂ ਸਗੋਂ ਭੋਗ ਬਿਲਾਸ ਦੇ ਪਿਆਰੇ ਹੋਣਗੇ ।

5ਭਗਤੀ ਦਾ ਰੂਪ ਧਾਰ ਕੇ ਵੀ, ਉਹ ਦੀ ਸਮਰੱਥਾ ਦੇ ਇਨਕਾਰੀ ਹੋਣਗੇ, ਤੂੰ ਇਹਨਾਂ ਤੋਂ ਵੀ ਦੂਰ ਰਹਿ ।6ਕਿਉਂ ਜੋ ਇਹਨਾਂ ਵਿੱਚੋਂ ਉਹ ਹਨ, ਜਿਹੜੇ ਘਰੋਂ ਘਰੀਂ ਵੜ ਕੇ ਉਨ੍ਹਾਂ ਦੁਰਬੱਲ ਤੀਵੀਆਂ ਨੂੰ ਮੋਹ ਲੈਂਦੇ ਹਨ ਜਿਹੜੀਆਂ ਪਾਪਾਂ ਨਾਲ ਲੱਦੀਆਂ ਹੋਈਆਂ ਹਨ ਅਤੇ ਅਨੇਕ ਪਰਕਾਰ ਦੀਆਂ ਕਾਮਨਾਂ ਦੇ ਪਿੱਛੇ ਵਹਿ ਚਲਦੀਆਂ ਹਨ ।7ਅਤੇ ਸਿੱਖਦੀਆਂ ਤਾਂ ਰਹਿੰਦੀਆਂ ਹਨ ਪਰ ਸੱਚ ਦੇ ਗਿਆਨ ਤੱਕ ਕਦੇ ਪਹੁੰਚ ਨਹੀਂ ਸਕਦੀਆਂ ।
8ਜਿਸ ਪਰਕਾਰ ਯੰਨੇਸ ਅਤੇ ਯੰਬਰੇਸ ਨੇ ਮੂਸਾ ਦਾ ਵਿਰੋਧ ਕੀਤਾ, ਇਸੇ ਤਰ੍ਹਾਂ ਇਹ ਵੀ ਜਿਹੜੇ ਬੁੱਧ ਭ੍ਰਿਸ਼ਟ ਅਤੇ ਵਿਸ਼ਵਾਸ ਵੱਲੋਂ ਅਪਰਵਾਨ ਹਨ ਸਚਿਆਈ ਦਾ ਵਿਰੋਧ ਕਰਦੇ ਹਨ ।9ਪਰ ਇਹ ਅੱਗੇ ਨਾ ਵਧਣਗੇ ਇਸ ਲਈ ਜੋ ਇਹਨਾਂ ਦਾ ਮੂਰਖਪੁਣਾ ਸਭਨਾਂ ਉੱਤੇ ਪ੍ਰਗਟ ਹੋ ਜਾਵੇਗਾ ਜਿਵੇਂ ਉਹਨਾਂ ਦਾ ਵੀ ਹੋਇਆ ਸੀ ।
ਤਿਮੋਥਿਉਸ ਲਈ ਖ਼ਾਸ ਨਿਰਦੇਸ਼

10ਪਰ ਤੂੰ ਮੇਰੀ ਸਿੱਖਿਆ, ਚਾਲ-ਚਲਣ, ਮਰਜ਼ੀ, ਵਿਸ਼ਵਾਸ, ਧੀਰਜ, ਪਿਆਰ , ਸਬਰ,11ਸਤਾਏ ਜਾਣ ਅਤੇ ਦੁੱਖ ਸਹਿਣ ਨੂੰ ਚੰਗੀ ਤਰ੍ਹਾਂ ਜਾਣਿਆ, ਅਰਥਾਤ ਜੋ ਕੁੱਝ ਅੰਤਾਕਿਯਾ ਅਤੇ ਇਕੋਨਿਯੁਮ ਅਤੇ ਲੁਸਤਰਾ ਵਿੱਚ ਮੇਰੇ ਨਾਲ ਵਾਪਰਿਆ ਸੀ ਅਤੇ ਮੈਂ ਕਿਸ ਤਰ੍ਹਾਂ ਸਤਾਇਆ ਗਿਆ ਅਤੇ ਪ੍ਰਭੂ ਨੇ ਮੈਨੂੰ ਉਨ੍ਹਾਂ ਸਭਨਾਂ ਤੋਂ ਛੁਡਾਇਆ ।12ਹਾਂ, ਸੱਭੇ ਜਿਹੜੇ ਮਸੀਹ ਯਿਸੂ ਵਿੱਚ ਭਗਤੀ ਨਾਲ ਉਮਰ ਕੱਟਣੀ ਚਾਹੁੰਦੇ ਹਨ ਸੋ ਸਤਾਏ ਜਾਣਗੇ ।13ਪਰ ਦੁਸ਼ਟ ਮਨੁੱਖ ਅਤੇ ਛਲੀਏ ਧੋਖਾ ਦਿੰਦੇ ਅਤੇ ਧੋਖਾ ਖਾਂਦੇ, ਬੁਰੇ ਤੋਂ ਬੁਰੇ ਹੁੰਦੇ ਜਾਣਗੇ ।
14ਪਰ ਤੂੰ ਉਨ੍ਹਾਂ ਗੱਲਾਂ ਉੱਤੇ ਜਿਹੜੀਆਂ ਤੂੰ ਸਿੱਖੀਆਂ ਅਤੇ ਸੱਚ ਮੰਨੀਆਂ ਟਿਕਿਆ ਰਹਿ ਕਿਉਂ ਜੋ ਤੂੰ ਜਾਣਦਾ ਹੈਂ ਕਿ ਕਿੰਨ੍ਹਾਂ ਕੋਲੋਂ ਸਿੱਖੀਆਂ ਸਨ ।15ਅਤੇ ਇਹ ਜੋ ਤੂੰ ਬਚਪਨ ਤੋਂ ਹੀ ਪਵਿੱਤਰ ਗ੍ਰੰਥ ਦਾ ਜਾਣਕਾਰ ਹੈਂ ਜਿਹੜੀਆਂ ਉਸ ਵਿਸ਼ਵਾਸ ਦੇ ਰਾਹੀਂ ਜੋ ਮਸੀਹ ਯਿਸੂ ਉੱਤੇ ਹੈ, ਤੈਨੂੰ ਮੁਕਤੀ ਦਾ ਗਿਆਨ ਦੇ ਸਕਦੀਆਂ ਹਨ ।
16ਸਾਰਾ ਪਵਿੱਤਰ ਗ੍ਰੰਥ ਪਰਮੇਸ਼ੁਰ ਦੇ ਆਤਮਾ ਦੀ ਪ੍ਰੇਰਨਾ ਤੋਂ ਹੈ, ਅਤੇ ਸਿੱਖਿਆ, ਤਾੜਨ, ਸੁਧਾਰਨ ਅਤੇ ਧਾਰਮਿਕਤਾ ਦੇ ਸਿੱਖਿਆ ਲਈ ਗੁਣਕਾਰ ਹੈ ।17ਕਿ ਪਰਮੇਸ਼ੁਰ ਦਾ ਬੰਦਾ ਕਾਬਲ ਅਤੇ ਹਰੇਕ ਭਲੇ ਕੰਮ ਲਈ ਤਿਆਰ ਕੀਤਾ ਹੋਇਆ ਹੋਵੇ ।

4

1ਮੈਂ ਪਰਮੇਸ਼ੁਰ ਅਤੇ ਮਸੀਹ ਯਿਸੂ ਨੂੰ, ਜਿਹੜਾ ਜਿਉਂਦਿਆਂ ਅਤੇ ਮੁਰਦਿਆਂ ਦਾ ਨਿਆਂ ਕਰੇਗਾ, ਗਵਾਹ ਕਰਕੇ ਉਹ ਦੇ ਪਰਕਾਸ਼ ਅਤੇ ਰਾਜ ਦਾ ਵਾਸਤਾ ਦੇ ਕੇ ਆਗਿਆ ਦਿੰਦਾ ਹਾਂ ।2ਬਚਨ ਦਾ ਪਰਚਾਰ ਕਰ । ਵੇਲੇ ਕੁਵੇਲੇ ਉਸ ਵਿੱਚ ਤਿਆਰ ਰਹਿ । ਪੂਰੇ ਧੀਰਜ ਅਤੇ ਸਿੱਖਿਆ ਨਾਲ ਝਿੜਕ ਦੇ, ਤਾੜਨਾ ਅਤੇ ਹੁਕਮ ਕਰ ।

3ਕਿਉਂ ਜੋ ਉਹ ਸਮਾਂ ਆਵੇਗਾ ਜਦੋਂ ਉਹ ਖਰੀ ਸਿੱਖਿਆ ਨੂੰ ਨਾ ਸਹਿਣਗੇ, ਪਰ ਕੰਨਾਂ ਦੀ ਖੁਜਲੀ ਦੇ ਕਾਰਨ ਆਪਣਿਆਂ ਵਿਸ਼ਿਆਂ ਦੇ ਅਨੁਸਾਰ ਆਪਣੇ ਲਈ ਬਹੁਤ ਸਾਰੇ ਗੁਰੂ ਲੱਭ ਲੈਣਗੇ ।4ਅਤੇ ਸਚਿਆਈ ਤੋਂ ਕੰਨਾਂ ਨੂੰ ਫੇਰ ਕੇ ਖਿਆਲੀ ਕਹਾਣੀਆਂ ਦੀ ਵੱਲ ਮਨ ਲਗਾਉਣਗੇ ।5ਪਰ ਤੂੰ ਸਭ ਗੱਲਾਂ ਵਿੱਚ ਸੁਚੇਤ ਰਹੀਂ, ਦੁੱਖ ਝੱਲੀ, ਪਰਚਾਰਕ ਦਾ ਕੰਮ ਕਰੀਂ, ਆਪਣੀ ਸੇਵਕਾਈ ਨੂੰ ਪੂਰਾ ਕਰੀਂ ।
6ਕਿਉਂ ਜੋ ਹੁਣ ਮੈਂ ਆਪਣੇ ਲਹੂ ਦਾ ਅਰਘ ਦੇਣ ਨੂੰ ਹਾਂ ਅਤੇ ਮੇਰਾ ਆਖਰੀ ਸਮਾਂ ਆ ਚੁੱਕਿਆ ਹੈ ।7ਮੈਂ ਚੰਗੀ ਲੜਾਈ ਲੜ ਚੁੱਕਾ ਹਾਂ, ਮੈਂ ਦੌੜ ਪੂਰੀ ਕਰ ਲਈ ਹੈ, ਮੈਂ ਵਿਸ਼ਵਾਸ ਦੀ ਸੰਭਾਲ ਕੀਤੀ ਹੈ ।8ਆਖਿਰਕਾਰ, ਮੇਰੇ ਲਈ ਧਾਰਮਿਕਤਾ ਦਾ ਮੁਕਟ ਰੱਖਿਆ ਹੋਇਆ ਹੈ ਜਿਹੜਾ ਪ੍ਰਭੂ ਜੋ ਧਰਮੀ ਨਿਆਈਂ ਹੈ ਉਸ ਦਿਨ ਮੈਨੂੰ ਦੇਵੇਗਾ ਅਤੇ ਕੇਵਲ ਮੈਨੂੰ ਹੀ ਨਹੀਂ ਸਗੋਂ ਉਹਨਾਂ ਸਭਨਾਂ ਨੂੰ ਵੀ ਜਿਹਨਾਂ ਉਹ ਦੇ ਪ੍ਰਗਟ ਹੋਣ ਨੂੰ ਪਿਆਰਾ ਜਾਣਿਆ ।
ਵਿਅਕਤੀਗਤ ਸੰਦੇਸ਼

9ਤੂੰ ਮੇਰੇ ਕੋਲ ਛੇਤੀ ਆਉਣ ਦਾ ਯਤਨ ਕਰ ।10ਕਿਉਂ ਜੋ ਦੇਮਾਸ ਨੇ ਇਸ ਵਰਤਮਾਨ ਜੁੱਗ ਨਾਲ ਮੋਹ ਲਾ ਕੇ ਮੈਨੂੰ ਛੱਡ ਦਿੱਤਾ ਅਤੇ ਥੱਸਲੁਨੀਕਿਯਾ ਨੂੰ ਚੱਲਿਆ ਗਿਆ, ਕਰੇਸਕੇਸ ਗਲਾਤਿਯਾ ਨੂੰ ਅਤੇ ਤੀਤੁਸ ਦਲਮਾਤਿਯਾ ਨੂੰ ਚੱਲਿਆ ਗਿਆ ।
11ਇਕੱਲਾ ਲੂਕਾ ਹੀ ਮੇਰੇ ਕੋਲ ਹੈ । ਤੂੰ ਮਰਕੁਸ ਨੂੰ ਨਾਲ ਲੈ ਕੇ ਆਵੀਂ ਕਿਉਂ ਜੋ ਉਹ ਸੇਵਾ ਲਈ ਮੇਰੇ ਕੰਮ ਦਾ ਹੈ ।12ਪਰ ਤੁਖਿਕੁਸ ਨੂੰ ਮੈਂ ਅਫ਼ਸੁਸ ਭੇਜਿਆ ।13ਉਹ ਚੋਗਾ ਜਿਹੜਾ ਮੈਂ ਤ੍ਰੋਆਸ ਵਿੱਚ ਕਾਰਪੁਸ ਦੇ ਕੋਲ ਛੱਡ ਆਇਆ ਸੀ ਅਤੇ ਪੋਥੀਆਂ ਅਤੇ ਖ਼ਾਸ ਕਰ ਕੇ ਉਹ ਚਮੜੇ ਦੇ ਪੱਤ੍ਰੇ ਤੂੰ ਲੈਂਦਾ ਆਵੀਂ ।
14ਸਿਕੰਦਰ ਠਠੇਰੇ ਨੇ ਮੈਨੂੰ ਬਹੁਤ ਨੁਕਸਾਨ ਪਹੁੰਚਾਇਆ, ਪ੍ਰਭੂ ਉਹ ਦੇ ਕੰਮਾਂ ਦੇ ਅਨੁਸਾਰ ਉਹ ਨੂੰ ਫਲ ਦੇਵੇਗਾ ।15ਉਸ ਤੋਂ ਤੂੰ ਵੀ ਚੌਕਸ ਰਹੀਂ ਕਿਉਂ ਜੋ ਉਹ ਨੇ ਸਾਡੀਆਂ ਗੱਲਾਂ ਦੀ ਬਹੁਤ ਵਿਰੋਧਤਾ ਕੀਤੀ ।16ਮੇਰੀ ਪਹਿਲੀ ਪੇਸ਼ੀ ਉੱਤੇ ਕਿਸੇ ਨੇ ਮੇਰੀ ਹਾਮੀ ਨਾ ਭਰੀ ਸਗੋਂ ਸਾਰੇ ਮੈਨੂੰ ਛੱਡ ਗਏ । ਕਿਤੇ ਇਹ ਦਾ ਲੇਖਾ ਉਨ੍ਹਾਂ ਨੂੰ ਦੇਣਾ ਨਾ ਪਵੇ ।
17ਪਰ ਪ੍ਰਭੂ ਮੇਰੇ ਅੰਗ-ਸੰਗ ਰਿਹਾ ਅਤੇ ਮੈਨੂੰ ਤਕੜਿਆਂ ਕੀਤਾ ਕਿ ਮੇਰੇ ਰਾਹੀਂ ਪਰਚਾਰ ਪੂਰਾ ਕੀਤਾ ਜਾਵੇ ਅਤੇ ਪਰਾਈਆਂ ਕੌਮਾਂ ਸੱਭੇ ਸੁਣਨ, ਅਤੇ ਮੈਂ ਬੱਬਰ ਸ਼ੇਰ ਦੇ ਮੂੰਹੋਂ ਛੁਡਾਇਆ ਗਿਆ ।18ਪ੍ਰਭੂ ਮੈਨੂੰ ਹਰੇਕ ਬੁਰੇ ਕੰਮ ਤੋਂ ਛੁਡਾਵੇਗਾ ਅਤੇ ਆਪਣੇ ਸਵਰਗ ਰਾਜ ਲਈ ਮੁਕਤੀ ਦੇ ਕੇ ਸੰਭਾਲ ਰੱਖੇਗਾ । ਉਹ ਦੀ ਵਡਿਆਈ ਜੁੱਗੋ-ਜੁੱਗ ਹੋਵੇ । ਆਮੀਨ ।
ਆਖਰੀ ਨਮਸਕਾਰ

19ਪਰਿਸਕਾ ਅਤੇ ਅਕੂਲਾ ਨੂੰ ਅਤੇ ਉਨੇਸਿਫ਼ੁਰੁਸ ਦੇ ਘਰਾਣੇ ਨੂੰ ਸੁੱਖ-ਸਾਂਦ ਆਖਣਾ ।20ਅਗਸਤੁਸ ਕੁਰਿੰਥੁਸ ਵਿੱਚ ਰਿਹਾ, ਤ੍ਰੋਫ਼ਿਮੁਸ ਨੂੰ ਮੈਂ ਮਿਲੇਤੁਸ ਵਿੱਚ ਬਿਮਾਰ ਛੱਡ ਆਇਆ l21ਤੂੰ ਸਿਆਲ ਤੋਂ ਪਹਿਲਾਂ ਆਉਣ ਦਾ ਯਤਨ ਕਰ । ਯਬੂਲੁਸ ਤੇਰੀ ਸੁੱਖ-ਸਾਂਦ ਪੁੱਛਦਾ ਹੈ ਨਾਲੇ ਪੂਦੇਸ, ਲੀਨੁਸ, ਕਲੋਦੀਆ ਅਤੇ ਸਾਰੇ ਭਾਈ ।22ਪ੍ਰਭੂ ਤੇਰੇ ਆਤਮਾ ਦੇ ਅੰਗ-ਸੰਗ ਰਹੇ । ਤੁਹਾਡੇ ਉੱਤੇ ਕਿਰਪਾ ਹੁੰਦੀ ਰਹੇ ।

ਤੀਤੁਸ ਨੂੰ

1
ਨਮਸਕਾਰ

1ਪੌਲੁਸ, ਜੋ ਪਰਮੇਸ਼ੁਰ ਦਾ ਦਾਸ ਅਤੇ ਪਰਮੇਸ਼ੁਰ ਦੇ ਚੁਣਿਆਂ ਹੋਇਆਂ ਦੇ ਵਿਸ਼ਵਾਸ ਅਤੇ ਸੱਚੇ ਗਿਆਨ ਦੁਆਰਾ ਜੋ ਭਗਤੀ ਦੇ ਅਨੁਸਾਰ ਹੈ, ਸਥਾਪਤ ਕਰਨ ਲਈ ਯਿਸੂ ਮਸੀਹ ਦਾ ਰਸੂਲ ਹਾਂ ।2ਉਸ ਸਦੀਪਕ ਜੀਵਨ ਦੀ ਆਸ ਉੱਤੇ ਜਿਸ ਦਾ ਪਰਮੇਸ਼ੁਰ ਨੇ ਪੁਰਾਣੇ ਸਮਿਆਂ ਤੋਂ ਵਾਇਦਾ ਕੀਤਾ ਸੀ, ਉਹ ਕਦੇ ਝੂਠ ਨਹੀਂ ਬੋਲ ਸਕਦਾ ।3ਪਰ ਸਮੇਂ ਸਿਰ ਆਪਣੇ ਬਚਨ ਨੂੰ ਉਸ ਪਰਚਾਰ ਦੇ ਰਾਹੀਂ ਪਰਗਟ ਕੀਤਾ, ਜਿਹੜਾ ਸਾਡੇ ਮੁਕਤੀਦਾਤਾ ਪਰਮੇਸ਼ੁਰ ਦੀ ਆਗਿਆ ਅਨੁਸਾਰ ਮੈਨੂੰ ਸੌਂਪਿਆ ਗਿਆ ।

4ਅੱਗੇ ਤੋਂ ਤੀਤੁਸ ਨੂੰ, ਜਿਹੜਾ ਵਿਸ਼ਵਾਸ ਵਿੱਚ ਮੇਰਾ ਸੱਚਾ ਬੱਚਾ ਹੈ, ਪਿਤਾ ਪਰਮੇਸ਼ੁਰ ਅਤੇ ਸਾਡੇ ਮੁਕਤੀਦਾਤਾ ਮਸੀਹ ਯਿਸੂ ਦੀ ਵੱਲੋਂ ਤੈਨੂੰ ਕਿਰਪਾ ਅਤੇ ਸ਼ਾਂਤੀ ਮਿਲਦੀ ਰਹੇ ।
ਕਰੇਤ ਵਿੱਚ ਤੀਤੁਸ ਦਾ ਕੰਮ

5ਮੈਂ ਤੈਨੂੰ ਇਸ ਕਰਕੇ ਕਰੇਤ ਵਿੱਚ ਛੱਡ ਆਇਆ ਸੀ, ਕਿਉਂ ਜੋ ਜਿਹੜੀਆਂ ਗੱਲਾਂ ਰਹਿ ਗਈਆਂ ਸਨ ਤੂੰ ਉਹਨਾਂ ਵਿੱਚ ਸੁਧਾਰ ਲਿਆਵੇ ਅਤੇ ਹਰੇਕ ਨਗਰ ਉੱਤੇ ਬਜ਼ੁਰਗਾਂ ਨੂੰ ਜਿੰਮੇਵਾਰੀ ਦੇਵੇ ਜਿਵੇਂ ਮੈਂ ਤੈਨੂੰ ਆਗਿਆ ਦਿੱਤੀ ਸੀ ।
6ਜੋ ਨਿਰਦੋਸ਼ ਅਤੇ ਇੱਕੋ ਪਤਨੀ ਦਾ ਪਤੀ ਹੋਵੇ, ਜਿਸ ਦੇ ਬੱਚੇ ਵਿਸ਼ਵਾਸੀ ਹੋਣ ਅਤੇ ਉਨ੍ਹਾਂ ਦੇ ਉੱਪਰ ਬਦਚਲਣੀ ਦਾ ਕੋਈ ਦੋਸ਼ ਨਾ ਹੋਵੇ ਅਤੇ ਨਾ ਉਹ ਢੀਠ ਹੋਣ ।7ਕਿਉਂਕਿ ਚਾਹੀਦਾ ਹੈ ਜੋ ਕਲੀਸਿਯਾ ਦਾ ਨਿਗਾਹਬਾਨ ਪਰਮੇਸ਼ੁਰ ਦਾ ਭੰਡਾਰੀ ਹੋਣ ਦੇ ਕਰਕੇ, ਨਿਰਦੋਸ਼ ਹੋਵੇ, ਨਾ ਮਨ ਮਰਜ਼ੀ ਕਰਨ ਵਾਲਾ, ਨਾ ਕ੍ਰੋਧੀ, ਨਾ ਸ਼ਰਾਬੀ, ਨਾ ਝਗੜਾਲੂ, ਨਾ ਝੂਠੇ ਲਾਭ ਦਾ ਲਾਲਚੀ ਹੋਵੇ ।
8ਸਗੋਂ ਪਰਾਹੁਣਚਾਰੀ, ਨੇਕੀ ਦਾ ਪਿਆਰ, ਸਮਝ ਵਾਲਾ, ਧਰਮੀ, ਪਵਿੱਤਰ, ਪਰਹੇਜ਼ਗਾਰ ਹੋਵੇ ।9ਅਤੇ ਵਿਸ਼ਵਾਸਯੋਗ ਬਚਨ ਨੂੰ ਜਿਹੜਾ ਇਸ ਸਿੱਖਿਆ ਦੇ ਅਨੁਸਾਰ ਹੈ ਫੜੀ ਰੱਖੇ ਭਈ ਉਹ ਖ਼ਰੀ ਸਿੱਖਿਆ ਨਾਲ ਉਪਦੇਸ਼ ਕਰੇ ਅਤੇ ਵਿਵਾਦ ਕਰਨ ਵਾਲਿਆਂ ਨੂੰ ਚੁੱਪ ਕਰਾ ਸਕੇ ।
10ਖ਼ਾਸ ਕਰਕੇ ਜਿਹੜੇ ਸੁੰਨਤੀ ਹਨ ਉਹ ਬਾਹਲੇ ਢੀਠ, ਫਾਲਤੂ ਦੀਆਂ ਗੱਲਾਂ ਕਰਨ ਵਾਲੇ ਅਤੇ ਧੋਖਾ ਦੇਣ ਵਾਲੇ ਹਨ ।11ਜਿਨ੍ਹਾਂ ਦਾ ਮੂੰਹ ਬੰਦ ਕਰਨਾ ਚਾਹੀਦਾ ਹੈ । ਉਹ ਝੂਠੇ ਲਾਭ ਦੇ ਲਈ ਅਜਿਹੀ ਸਿੱਖਿਆ ਦੇ ਕੇ ਘਰਾਂ ਦੇ ਘਰ ਉਜਾੜ ਦਿੰਦੇ ਹਨ ।
12ਕਿਸੇ ਨੇ ਉਨ੍ਹਾਂ ਵਿੱਚੋਂ ਜਿਹੜਾ ਉਨ੍ਹਾਂ ਦਾ ਹੀ ਨਬੀ ਸੀ, ਆਖਿਆ ਕਿ ਕਰੇਤੀ ਸਦਾ ਝੂਠ ਬੋਲਣ ਵਾਲੇ, ਬੁਰੇ ਦਰਿੰਦੇ ਅਤੇ ਆਲਸੀ ਪੇਟੂ ਹਨ ।13ਇਹ ਗਵਾਹੀ ਸੱਚੀ ਹੈ, ਇਸ ਲਈ ਤੂੰ ਉਹਨਾਂ ਦੀ ਸਖਤੀ ਨਾਲ ਤਾੜਨਾ ਕਰ ਤਾਂ ਜੋ ਉਹ ਵਿਸ਼ਵਾਸ ਵਿੱਚ ਮਜ਼ਬੂਤ ਹੋਣ ।
14ਅਤੇ ਯਹੂਦੀਆਂ ਦੀਆਂ ਖਿਆਲੀ ਕਹਾਣੀਆਂ ਵੱਲ ਅਤੇ ਅਜਿਹੇ ਮਨੁੱਖਾਂ ਦੇ ਹੁਕਮਾਂ ਵੱਲ ਜਿਹੜੇ ਸਚਿਆਈ ਤੋਂ ਫਿਰ ਜਾਂਦੇ ਹਨ, ਮਨ ਨਾ ਲਾਉਣ ।
15ਜੋ ਮਨ ਦੇ ਸਾਫ਼ ਹਨ ਉਹਨਾਂ ਲਈ ਸੱਭੋ ਕੁੱਝ ਸੁੱਚਾ ਹੈ, ਪਰ ਜੋ ਮਨ ਦੇ ਸਾਫ਼ ਨਹੀਂ ਅਤੇ ਅਵਿਸ਼ਵਾਸੀਆਂ ਲਈ ਕੁੱਝ ਵੀ ਸੁੱਚਾ ਨਹੀਂ ਸਗੋਂ ਉਨ੍ਹਾਂ ਦੀ ਬੁੱਧ ਅਤੇ ਮਨ ਅਸ਼ੁੱਧ ਹੋ ਚੁੱਕੇ ਹਨ ।16ਉਹ ਆਖਦੇ ਹਨ ਜੋ ਅਸੀਂ ਪਰਮੇਸ਼ੁਰ ਨੂੰ ਜਾਣਦੇ ਹਾਂ, ਪਰ ਆਪਣੇ ਕੰਮਾਂ ਦੇ ਰਾਹੀਂ ਉਹ ਦਾ ਇਨਕਾਰ ਕਰਦੇ ਹਨ ਕਿਉਂ ਜੋ ਉਹ ਬੁਰੇ, ਅਣ-ਆਗਿਆਕਾਰ ਹਨ, ਅਤੇ ਭਲੇ ਕੰਮ ਦੇ ਲਈ ਲਾਇਕ ਨਹੀਂ ਹਨ ।

2
ਖੁਸ਼ ਖ਼ਬਰੀ ਦੇ ਨਮਿੱਤ ਭਲਾ ਕਰਨਾ

1ਪਰ ਤੂੰ ਉਹ ਬਚਨ ਆਖੀਂ ਜੋ ਖਰੀ ਸਿੱਖਿਆ ਦੇ ਨਾਲ ਮੇਲ ਖਾਂਦੇ ਹੋਣ ।2ਜੋ ਬਜ਼ੁਰਗ ਪਰਹੇਜ਼ਗਾਰ, ਗੰਭੀਰ, ਸੁਰਤ ਵਾਲੇ, ਵਿਸ਼ਵਾਸ, ਪਿਆਰ ਅਤੇ ਸਹਿਣਸ਼ੀਲਤਾ ਵਿੱਚ ਮਜ਼ਬੂਤ ਹੋਣ ।

3ਇਸੇ ਪਰਕਾਰ ਬਜ਼ੁਰਗ ਔਰਤਾਂ ਦਾ ਚਾਲ-ਚਲਣ ਵੀ ਆਦਰ ਵਾਲਾ ਹੋਵੇ, ਉਹ ਨਾ ਦੋਸ਼ ਲਾਉਣ ਵਾਲੀਆਂ, ਨਾ ਸ਼ਰਾਬ ਪੀਣ ਵਾਲੀਆਂ ਸਗੋਂ ਚੰਗੀਆਂ ਗੱਲਾਂ ਦੀ ਸਿੱਖਿਆ ਦੇਣ ਵਾਲੀਆਂ ਹੋਣ ।4ਭਈ ਜਵਾਨ ਇਸਤਰੀਆਂ ਨੂੰ ਅਜਿਹੀ ਸਿੱਖਿਆ ਦੇਣ, ਜੋ ਓਹ ਆਪਣੇ ਪਤੀਆਂ ਅਤੇ ਬੱਚਿਆਂ ਨਾਲ ਪਿਆਰ ਕਰਨ ।5ਸਮਝਦਾਰ, ਪਵਿੱਤਰ, ਘਰ ਸੰਭਾਲਣ ਵਾਲੀਆਂ, ਨੇਕ ਅਤੇ ਆਪਣੇ ਪਤੀਆਂ ਦੇ ਅਧੀਨ ਹੋਣ ਤਾਂ ਜੋ ਪਰਮੇਸ਼ੁਰ ਦੇ ਬਚਨ ਦੀ ਨਿੰਦਿਆ ਨਾ ਹੋਵੇ ।
6ਇਸੇ ਤਰ੍ਹਾਂ ਨੌਜਵਾਨਾਂ ਨੂੰ ਸਮਝਾ ਜੋ ਬਹੁਤੇ ਕਾਹਲੇ ਨਾ ਹੋਣ ।7ਅਤੇ ਤੂੰ ਸਭ ਗੱਲਾਂ ਵਿੱਚ ਆਪਣੇ ਆਪ ਨੂੰ ਭਲੇ ਕੰਮਾਂ ਦਾ ਚੰਗਾ ਨਮੂਨਾ ਬਣਾ । ਤੇਰੀ ਸਿੱਖਿਆ ਗੰਭੀਰਤਾਈ ਅਤੇ ਸਚਿਆਈ ਨਾਲ ਹੋਵੇ ।8ਤੇਰੇ ਬਚਨਾਂ ਵਿੱਚ ਖਰਿਆਈ ਹੋਵੇ ਤਾਂ ਜੋ ਵਿਰੋਧੀ ਨੂੰ ਸਾਡੇ ਉੱਤੇ ਦੋਸ਼ ਲਾਉਣ ਦਾ ਮੌਕਾ ਨਾ ਮਿਲੇ ਅਤੇ ਉਹ ਸ਼ਰਮਿੰਦੇ ਹੋਣ ।
9ਨੌਕਰਾਂ ਨੂੰ ਸਮਝਾ ਕਿ ਉਹ ਆਪਣੇ ਮਾਲਕਾਂ ਦੀ ਹਰੇਕ ਗੱਲ ਮੰਨਣ ਅਤੇ ਉਹਨਾਂ ਦੇ ਮਨਭਾਉਂਦੇ ਕੰਮ ਕਰਨ ।10ਚੋਰੀ ਚਲਾਕੀ ਨਾ ਕਰਨ ਸਗੋਂ ਪੂਰੀ ਜਿੰਮੇਵਾਰੀ ਵਿਖਾਉਣ ਜੋ ਸਾਰੀਆਂ ਗੱਲਾਂ ਵਿੱਚ ਸਾਡੇ ਮੁਕਤੀਦਾਤਾ ਪਰਮੇਸ਼ੁਰ ਦੀ ਸਿੱਖਿਆ ਨੂੰ ਸ਼ੋਭਾ ਮਿਲੇ ।
11ਕਿਉਂ ਜੋ ਪਰਮੇਸ਼ੁਰ ਦੀ ਕਿਰਪਾ ਸਭਨਾਂ ਮਨੁੱਖਾਂ ਦੀ ਮੁਕਤੀ ਲਈ ਪਰਗਟ ਹੋਈ ।12ਅਤੇ ਇਹ ਕਿਰਪਾ ਸਾਨੂੰ ਚਿਤਾਵਨੀ ਦਿੰਦੀ ਹੈ ਕਿ ਅਸੀਂ ਅਭਗਤੀ ਅਤੇ ਸੰਸਾਰੀ ਵਿਸ਼ਿਆਂ ਤੋਂ ਮਨ ਫਿਰਾ ਕੇ ਇਸ ਵਰਤਮਾਨ ਸਮੇਂ ਵਿੱਚ ਸਮਝ, ਧਾਰਮਿਕਤਾ ਅਤੇ ਭਗਤੀ ਨਾਲ ਜਿੰਦਗੀ ਨੂੰ ਬਤੀਤ ਕਰੀਏ ।13ਅਤੇ ਉਸ ਪਵਿੱਤਰ ਆਸ ਦੀ ਅਤੇ ਆਪਣੇ ਮਹਾਨ ਪਰਮੇਸ਼ੁਰ ਅਤੇ ਮੁਕਤੀਦਾਤਾ ਯਿਸੂ ਮਸੀਹ ਦੀ ਮਹਿਮਾ ਦੇ ਪਰਗਟ ਹੋਣ ਦੀ ਉਡੀਕ ਕਰੀਏ ।
14ਜਿਸ ਨੇ ਆਪਣੇ ਆਪ ਨੂੰ ਸਾਡੇ ਲਈ ਦੇ ਦਿੱਤਾ ਕਿ ਸਾਰੇ ਕੁਧਰਮ ਤੋਂ ਸਾਡਾ ਛੁਟਕਾਰਾ ਕਰੇ ਅਤੇ ਆਪਣੇ ਲਈ ਇੱਕ ਖ਼ਾਸ ਕੌਮ ਨੂੰ ਪਵਿੱਤਰ ਕਰੇ ਜੋ ਭਲੇ ਕੰਮਾਂ ਵਿੱਚ ਲੱਗੀ ਰਹੇ ।
15ਇਹਨਾਂ ਬਚਨਾਂ ਅਤੇ ਪੂਰੇ ਅਧਿਕਾਰ ਨਾਲ ਆਗਿਆ ਦੇ ਅਤੇ ਸਿਖਾਉਂਦਾ ਰਹਿ l ਕੋਈ ਤੈਨੂੰ ਤੁਛ ਨਾ ਜਾਣੇ ।

3
ਮਸੀਹੀ ਚਾਲ-ਚੱਲਣ

1ਉਨ੍ਹਾਂ ਨੂੰ ਯਾਦ ਕਰਾ ਕਿ ਹਾਕਮਾਂ ਅਤੇ ਅਧਿਕਾਰੀਆਂ ਦੇ ਅਧੀਨ ਹੋਣ ਅਤੇ ਆਗਿਆਕਾਰੀ ਬਣੇ ਰਹਿਣ ਅਤੇ ਹਰੇਕ ਭਲੇ ਕੰਮ ਲਈ ਤਿਆਰ ਰਹਿਣ ।2ਕਿਸੇ ਦੀ ਬਦਨਾਮੀ ਨਾ ਕਰਨ, ਝਗੜਾਲੂ ਨਹੀਂ ਸਗੋਂ ਨਮਰ ਸੁਭਾਓ ਦੇ ਹੋਣ ਅਤੇ ਸਭ ਮਨੁੱਖਾਂ ਨਾਲ ਪੂਰੀ ਨਰਮਾਈ ਨਾਲ ਵਿਵਹਾਰ ਕਰਨ ।

3ਕਿਉਂ ਜੋ ਪਹਿਲਾਂ ਤਾਂ ਅਸੀਂ ਵੀ ਮੂਰਖ, ਅਣ-ਆਗਿਆਕਾਰੀ, ਧੋਖਾ ਖਾਣ ਵਾਲੇ, ਅਨੇਕ ਪਰਕਾਰ ਦੇ ਬੁਰਿਆਂ ਵਿਸ਼ਿਆਂ ਅਤੇ ਈਰਖਾ ਦਾ ਜੀਵਨ ਬਤੀਤ ਕਰਦੇ ਸੀ, ਅਸੀਂ ਘਿਣਾਉਣੇ ਅਤੇ ਇੱਕ ਦੂਜੇ ਦੇ ਵੈਰੀ ਸੀ ।
4ਪਰ ਜਦੋਂ ਸਾਡੇ ਮੁਕਤੀਦਾਤਾ ਪਰਮੇਸ਼ੁਰ ਦੀ ਕਿਰਪਾ ਅਤੇ ਪਿਆਰ ਜੋ ਮਨੁੱਖਾਂ ਦੇ ਨਾਲ ਸੀ, ਸਾਡੇ ਉੱਤੇ ਪਰਗਟ ਹੋਇਆ ।5ਤਾਂ ਉਸ ਨੇ ਧਾਰਮਿਕਤਾ ਦੇ ਕੰਮਾਂ ਕਰਕੇ ਨਹੀਂ ਜੋ ਅਸੀਂ ਕੀਤੇ ਸਗੋਂ ਆਪਣੀ ਦਯਾ ਦੇ ਅਨੁਸਾਰ ਨਵੇਂ ਜਨਮ ਦੇ ਇਸ਼ਨਾਨ ਅਤੇ ਪਵਿੱਤਰ ਆਤਮਾ ਵਿੱਚ ਨਵੀਨੀਕਰਨ ਦੁਆਰਾ ਨਵੇਂ ਜਨਮ ਦੇ ਰਾਹੀਂ ਸਾਨੂੰ ਬਚਾਇਆ ।
6ਜਿਸ ਨੂੰ ਉਸ ਨੇ ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਦੁਆਰਾ ਸਾਡੇ ਉੱਤੇ ਵਧੇਰੇ ਵਹਾਇਆ ।7ਤਾਂ ਜੋ ਅਸੀਂ ਉਸ ਦੀ ਕਿਰਪਾ ਨਾਲ ਧਰਮੀ ਠਹਿਰ ਕੇ ਸਦੀਪਕ ਜੀਵਨ ਦੀ ਆਸ ਵਿੱਚ ਵਾਰਿਸ ਹੋਈਏ ।
8ਇਹ ਬਚਨ ਸੱਚ ਹੈ ਅਤੇ ਮੈਂ ਇਹੋ ਚਾਹੁੰਦਾ ਹਾਂ ਜੋ ਤੂੰ ਇਨ੍ਹਾਂ ਗੱਲਾਂ ਦੇ ਬਾਰੇ ਦਲੇਰੀ ਨਾਲ ਬੋਲਿਆ ਕਰ ਕਿ ਜਿਨ੍ਹਾਂ ਨੇ ਪਰਮੇਸ਼ੁਰ ਉੱਤੇ ਵਿਸ਼ਵਾਸ ਕੀਤਾ ਹੈ ਉਹ ਭਲੇ ਕੰਮਾਂ ਵਿੱਚ ਲੱਗੇ ਰਹਿਣ । ਇਹ ਗੱਲਾਂ ਭਲੀਆਂ ਅਤੇ ਮਨੁੱਖਾਂ ਦੇ ਲਾਭ ਦੀਆਂ ਹਨ ।
9ਪਰ ਮੂਰਖਤਾ ਦੇ ਸਵਾਲਾਂ ਅਤੇ ਕੁਲਪੱਤ੍ਰੀਆਂ ਅਤੇ ਝਗੜਿਆਂ ਅਤੇ ਉਨ੍ਹਾਂ ਬਖੇੜਿਆਂ ਤੋਂ ਜਿਹੜੇ ਬਿਵਸਥਾ ਦੇ ਬਾਰੇ ਹੋਣ ਉਹਨਾਂ ਤੋਂ ਦੂਰ ਰਹਿ, ਕਿਉਂ ਜੋ ਇਹ ਬੇਫ਼ਲ ਅਤੇ ਵਿਅਰਥ ਹਨ ।10ਜਿਹੜਾ ਮਨੁੱਖ ਪਖੰਡੀ ਹੋਵੇ ਉਸ ਨੂੰ ਇੱਕ ਦੋ ਵਾਰੀ ਚਿਤਾਵਨੀ ਦੇ ਕੇ ਉਸ ਤੋਂ ਦੂਰ ਰਹਿ ।11ਕਿਉਂ ਜੋ ਤੂੰ ਜਾਣਦਾ ਹੈਂ ਕਿ ਇਹੋ ਜਿਹਾ ਮਨੁੱਖ ਰਾਹ ਤੋਂ ਭਟਕ ਗਿਆ ਹੈ ਅਤੇ ਪਾਪ ਕਰਦਾ, ਆਪਣੇ ਆਪ ਨੂੰ ਦੋਸ਼ੀ ਬਣਾਉਂਦਾ ਹੈ ।
ਵਿਅਕਤੀਗਤ ਨਿਰਦੇਸ਼ ਅਤੇ ਨਮਸਕਾਰ

12ਜਦੋਂ ਮੈਂ ਅਰਤਿਮਿਸ ਜਾਂ ਤੁਖਿਕੁਸ ਨੂੰ ਤੇਰੇ ਕੋਲ ਭੇਜਾਂ ਤਾਂ ਤੂੰ ਨਿਕੁਪੁਲਿਸ ਵਿੱਚ ਮੇਰੇ ਕੋਲ ਆਉਣ ਦਾ ਜਤਨ ਕਰੀਂ ਕਿਉਂ ਜੋ ਮੈਂ ਉੱਥੇ ਸਿਆਲ ਕੱਟਣ ਦਾ ਇਰਾਦਾ ਕੀਤਾ ਹੈ ।13ਉਪਦੇਸ਼ਕ ਜ਼ੇਨਸ ਅਤੇ ਅਪੁੱਲੋਸ ਨੂੰ ਕੋਸ਼ਿਸ਼ ਕਰ ਕੇ ਪਹਿਲਾਂ ਭੇਜ ਦੇਵੀਂ ਕਿ ਉਹਨਾਂ ਨੂੰ ਕਿਸੇ ਵਸਤੂ ਦੀ ਘਾਟ ਨਾ ਹੋਵੇ ।
14ਅਤੇ ਸਾਡੇ ਲੋਕਾਂ ਨੂੰ ਵੀ ਇਹ ਸਿੱਖਣਾ ਚਾਹੀਦਾ ਹੈ ਕਿ ਜ਼ਰੂਰੀ ਲੋੜਾਂ ਪੂਰੀਆਂ ਕਰਨ ਲਈ ਚੰਗੇ ਕੰਮ ਕਰਨ ਵਿੱਚ ਮਨ ਲਾਉਣ ਤਾਂ ਜੋ ਉਹ ਬੇਫ਼ਲ ਨਾ ਰਹਿਣ ।
15ਜੋ ਮੇਰੇ ਨਾਲ ਹਨ, ਸਾਰੇ ਤੇਰੀ ਸੁੱਖ-ਸਾਂਦ ਪੁੱਛਦੇ ਹਨ । ਜਿਹੜੇ ਵਿਸ਼ਵਾਸ ਕਾਰਨ ਸਾਡੇ ਨਾਲ ਪਿਆਰ ਰੱਖਦੇ ਹਨ ਉਹਨਾਂ ਨੂੰ ਸੁੱਖ-ਸਾਂਦ ਆਖੀਂ । ਤੁਹਾਡੇ ਸਭਨਾਂ ਉੱਤੇ ਕਿਰਪਾ ਹੁੰਦੀ ਰਹੇ ।

ਫਿਲੇਮੋਨ ਨੂੰ

1
ਨਮਸਕਾਰ

1ਪੌਲੁਸ ਵੱਲੋਂ, ਜਿਹੜਾ ਮਸੀਹ ਯਿਸੂ ਦਾ ਕੈਦੀ ਹਾਂ ਅਤੇ ਭਰਾ ਤਿਮੋਥਿਉਸ ਵੱਲੋਂ । ਅੱਗੇ ਯੋਗ ਸਾਡੇ ਪਿਆਰੇ ਅਤੇ ਸਹਿਕਰਮੀ ਫਿਲੇਮੋਨ l2ਅਤੇ ਸਾਡੀ ਭੈਣ ਅੱਫਿਆ, ਸਾਡੇ ਨਾਲ ਦੇ ਸਿਪਾਹੀ ਅਰਖਿੱਪੁਸ ਅਤੇ ਉਸ ਕਲੀਸਿਯਾ ਨੂੰ ਜੋ ਤੇਰੇ ਘਰ ਵਿੱਚ ਹੈ ।3ਪਰਮੇਸ਼ੁਰ ਸਾਡੇ ਪਿਤਾ ਅਤੇ ਪ੍ਰਭੂ ਯਿਸੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲਦੀ ਰਹੇ ।

ਫਿਲੇਮੋਨ ਦਾ ਪਿਆਰ ਅਤੇ ਵਿਸ਼ਵਾਸ

4ਤੇਰਾ ਪਿਆਰ ਅਤੇ ਵਿਸ਼ਵਾਸ ਜੋ ਪ੍ਰਭੂ ਯਿਸੂ ਅਤੇ ਸਭਨਾਂ ਸੰਤਾਂ ਦੇ ਨਾਲ ਹੈ ।5ਉਹ ਦੀ ਖ਼ਬਰ ਸੁਣ ਕੇ ਮੈਂ ਆਪਣੀਆਂ ਪ੍ਰਾਰਥਨਾਵਾਂ ਵਿੱਚ ਤੇਰੀ ਗੱਲ ਕਰਦਿਆਂ, ਸਦਾ ਆਪਣੇ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ।6ਜੋ ਤੇਰੇ ਵਿਸ਼ਵਾਸ ਦੀ ਸਾਂਝ, ਤੁਹਾਡੀ ਹਰੇਕ ਨੇਕੀ ਦੀ ਪਛਾਣ ਦੇ ਦੁਆਰਾ ਜੋ ਮਸੀਹ ਵਿੱਚ ਹੈ, ਪ੍ਰਭਾਵਸ਼ਾਲੀ ਹੋਵੇ ।7ਕਿਉਂ ਜੋ ਭਰਾ, ਤੇਰੇ ਪਿਆਰ ਤੋਂ ਮੈਨੂੰ ਵੱਡਾ ਅਨੰਦ ਅਤੇ ਤਸੱਲੀ ਹੋਈ, ਇਸ ਲਈ ਜੋ ਤੇਰੇ ਕਾਰਨ ਸੰਤਾਂ ਦਾ ਦਿਲ ਤਰੋ ਤਾਜ਼ਾ ਹੋਇਆ ਹੈ ।
ਉਨੇਸਿਮੁਸ ਲਈ ਬੇਨਤੀ

8ਸੋ ਭਾਵੇਂ ਮਸੀਹ ਵਿੱਚ ਮੈਨੂੰ ਦਲੇਰੀ ਤਾਂ ਬਹੁਤ ਹੈ ਕਿ ਜੋ ਕੁੱਝ ਉੱਚਿਤ ਹੈ ਉਸ ਵਿਖੇ ਤੈਨੂੰ ਹੁਕਮ ਦੇਵਾਂ ।9ਪਰ ਪਿਆਰ ਦਾ ਵਾਸਤਾ ਪਾ ਕੇ ਮੈਂ ਪੌਲੁਸ ਬੁੱਢਾ ਅਤੇ ਮਸੀਹ ਯਿਸੂ ਦਾ ਕੈਦੀ ਵੀ ਹੋ ਕੇ ਬੇਨਤੀ ਕਰਦਾ ਹਾਂ ।
10ਮੈਂ ਆਪਣੇ ਬੱਚੇ ਉਨੇਸਿਮੁਸ ਦੇ ਲਈ ਜਿਸਨੇ ਕੈਦ ਵਿੱਚ ਮੇਰੇ ਤੋਂ ਜਨਮ ਲਿਆ ਤੇਰੇ ਅੱਗੇ ਬੇਨਤੀ ਕਰਦਾ ਹਾਂ l11ਜਿਹੜਾ ਪਹਿਲਾਂ ਤੇਰੇ ਕਿਸੇ ਕੰਮ ਦਾ ਨਹੀਂ ਸੀ, ਪਰ ਹੁਣ ਤੇਰੇ ਅਤੇ ਮੇਰੇ ਬਹੁਤ ਕੰਮ ਦਾ ਹੈ ।12ਉਸੇ ਨੂੰ ਜੋ ਮੇਰੇ ਆਪਣੇ ਕਲੇਜੇ ਦਾ ਟੁਕੜਾ ਹੈ, ਮੈਂ ਤੇਰੇ ਕੋਲ ਵਾਪਿਸ ਭੇਜਿਆ ਹੈ ।13ਮੈਂ ਚਾਹੁੰਦਾ ਸੀ ਜੋ ਉਹ ਨੂੰ ਆਪਣੇ ਹੀ ਕੋਲ ਰੱਖਾਂ, ਤਾਂ ਕਿ ਤੇਰੇ ਵੱਲੋਂ ਖੁਸ਼ਖਬਰੀ ਦੇ ਬੰਧਨਾਂ ਵਿੱਚ ਮੇਰੀ ਸੇਵਾ ਕਰੇ ।
14ਪਰ ਤੇਰੀ ਸਲਾਹ ਬਿਨ੍ਹਾਂ ਮੈਂ ਕੁੱਝ ਕਰਨਾ ਨਾ ਚਾਹਿਆ, ਤਾਂ ਜੋ ਤੇਰੀ ਇਹ ਭਲਾਈ ਮਜ਼ਬੂਰੀ ਨਾਲ ਨਹੀਂ, ਸਗੋਂ ਤੇਰੀ ਸਵੈ ਇੱਛਾ ਨਾਲ ਹੋਵੇ ।15ਕਿਉਂ ਜੋ ਕੀ ਜਾਣੀਏ ਭਈ ਉਹ ਥੋੜ੍ਹਾ ਚਿਰ ਇਸ ਲਈ ਤੇਰੇ ਤੋਂ ਅਲੱਗ ਹੋਇਆ, ਤਾਂ ਕਿ ਉਹ ਸਦਾ ਤੇਰੇ ਨਜਦੀਕ ਰਹੇ ।16ਅੱਗੇ ਨੂੰ ਦਾਸ ਵਾਂਗੂੰ ਨਹੀਂ ਸਗੋਂ ਦਾਸ ਨਾਲੋਂ ਚੰਗਾ, ਅਰਥਾਤ ਪਿਆਰੇ ਭਰਾ ਦੀ ਤਰ੍ਹਾਂ, ਖ਼ਾਸ ਕਰਕੇ ਮੇਰੇ ਲਈ, ਪਰ ਕਿੰਨ੍ਹਾਂ ਵਧੀਕ ਸਰੀਰ ਅਤੇ ਪ੍ਰਭੂ ਵਿੱਚ ਤੇਰਾ ਪਿਆਰਾ ਹੋਵੇਗਾ !
17ਸੋ ਜੇ ਤੂੰ ਮੈਨੂੰ ਆਪਣਾ ਸਾਂਝੀ ਜਾਣਦਾ ਹੈਂ, ਤਾਂ ਜਿਵੇਂ ਮੈਨੂੰ ਕਬੂਲ ਕਰਦਾ ਹੈ ਤਿਵੇਂ ਉਹ ਨੂੰ ਕਬੂਲ ਕਰ ।18ਅਤੇ ਜੇ ਉਹ ਨੇ ਤੇਰਾ ਕੁੱਝ ਨੁਕਸਾਨ ਕੀਤਾ ਹੋਵੇ ਅਥਵਾ ਤੇਰਾ ਕੁੱਝ ਦੇਣਾ ਹੋਵੇ, ਤਾਂ ਉਹ ਨੂੰ ਮੇਰੇ ਨਾਮ ਲਿਖ ਲਵੀਂ ।19ਮੈਂ ਪੌਲੁਸ ਹਾਂ ਅਤੇ ਆਪਣੇ ਹੱਥੀਂ ਲਿਖਿਆ ਹੈ, ਮੈਂ ਹੀ ਭਰ ਦਿਆਂਗਾ ਜੋ ਮੈਂ ਤੈਨੂੰ ਇਹ ਨਾ ਆਖਾਂ ਭਈ ਮੇਰਾ ਕਰਜ਼ ਜੋ ਤੂੰ ਦੇਣਾ ਹੈ, ਸੋ ਤੂੰ ਆਪ ਹੀ ਹੈ !20ਹਾਂ, ਭਰਾਵਾ, ਤੇਰੇ ਤੋਂ ਪ੍ਰਭੂ ਵਿੱਚ ਮੈਨੂੰ ਅਨੰਦ ਪ੍ਰਾਪਤ ਹੋਵੇ । ਮਸੀਹ ਵਿੱਚ ਮੇਰਾ ਦਿਲ ਤਰੋ ਤਾਜ਼ਾ ਕਰ ।
21ਤੇਰੀ ਆਗਿਆਕਾਰੀ ਉੱਤੇ ਭਰੋਸਾ ਰੱਖ ਕੇ ਮੈਂ ਤੈਨੂੰ ਲਿਖਿਆ ਹੈ, ਕਿਉਂ ਜੋ ਮੈਂ ਜਾਣਦਾ ਹਾਂ ਭਈ ਜੋ ਕੁੱਝ ਮੈਂ ਆਖਦਾ ਹਾਂ ਤੂੰ ਉਸ ਤੋਂ ਵੱਧ ਕਰੇਂਗਾ ।22ਅਤੇ ਕੋਈ ਠਹਿਰਨ ਦਾ ਥਾਂ ਮੇਰੇ ਲਈ ਤਿਆਰ ਕਰ ਰੱਖ, ਕਿਉਂ ਜੋ ਮੈਨੂੰ ਉਮੀਦ ਹੈ ਕਿ ਤੁਹਾਡੀਆਂ ਪ੍ਰਾਰਥਨਾਵਾਂ ਦੇ ਦੁਆਰਾ ਤੁਹਾਨੂੰ ਬਖਸ਼ਿਆ ਜਾਂਵਾਂਗਾ ।
ਆਖਰੀ ਨਮਸਕਾਰ

23ਇਪਫ਼ਰਾਸ ਜਿਹੜਾ ਮਸੀਹ ਯਿਸੂ ਦੇ ਨਮਿੱਤ ਕੈਦ ਵਿੱਚ ਮੇਰਾ ਸਾਥੀ ਹੈ,24ਅਤੇ ਮਰਕੁਸ, ਅਰਿਸਤਰਖੁਸ, ਦੇਮਾਸ ਅਤੇ ਲੂਕਾ ਜੋ ਮੇਰੇ ਨਾਲ ਦੇ ਕੰਮ ਕਰਨ ਵਾਲੇ ਤੇਰੀ ਸੁੱਖ-ਸਾਂਦ ਪੁੱਛਦੇ ਹਨ ।

25ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਆਤਮਾ ਉੱਤੇ ਹੋਵੇ । ਆਮੀਨ ।

ਇਬਰਾਨੀਆਂ ਨੂੰ

1
ਪਰਮੇਸ਼ੁਰ ਦਾ ਵਚਨ, ਪੁੱਤਰ ਦੁਆਰਾ

1ਪਰਮੇਸ਼ੁਰ ਨੇ ਬੀਤੇ ਹੋਏ ਸਮਿਆਂ ਵਿੱਚ ਨਬੀਆਂ ਦੇ ਦੁਆਰਾ ਸਾਡੇ ਬਜ਼ੁਰਗਾਂ ਨਾਲ ਕਈ ਵਾਰੀ ਅਤੇ ਕਈ ਤਰੀਕਿਆਂ ਨਾਲ ਗੱਲ ਕੀਤੀ ।2ਇਨ੍ਹਾਂ ਦਿਨਾਂ ਦੇ ਅੰਤ ਵਿੱਚ ਸਾਡੇ ਨਾਲ ਪੁੱਤਰ ਦੇ ਦੁਆਰਾ ਗੱਲ ਕੀਤੀ, ਜਿਸ ਨੂੰ ਉਹ ਨੇ ਸਭਨਾਂ ਵਸਤਾਂ ਦਾ ਵਾਰਸ ਬਣਾਇਆ ਅਤੇ ਉਸੇ ਦੇ ਦੁਆਰਾ ਉਹ ਨੇ ਸੰਸਾਰ ਨੂੰ ਵੀ ਰਚਿਆ ।3ਉਹ ਉਸ ਮਹਿਮਾ ਦਾ ਪ੍ਰਕਾਸ਼ ਅਤੇ ਉਸ ਦੀ ਸਖਸ਼ੀਅਤ ਦਾ ਨਕਸ਼ ਹੋ ਕੇ, ਆਪਣੇ ਸਮਰੱਥਾ ਦੇ ਬਚਨ ਨਾਲ ਸਭਨਾਂ ਵਸਤਾਂ ਨੂੰ ਸੰਭਾਲ ਕੇ ਅਤੇ ਪਾਪਾਂ ਨੂੰ ਸਾਫ਼ ਕਰ ਕੇ, ਸਰਬ ਉੱਚ ਸਥਾਨ ਵਿੱਚ ਅੱਤ ਮਹਾਨ ਪਰਮੇਸ਼ੁਰ ਦੇ ਸੱਜੇ ਪਾਸੇ ਬਿਰਾਜਮਾਨ ਹੋਇਆ ।

4ਉਹ ਦੂਤਾਂ ਨਾਲੋਂ ਐਨਾ ਉੱਤਮ ਹੋਇਆ, ਜਿੰਨਾਂ ਉਹ ਨੇ ਉਨ੍ਹਾਂ ਨਾਲੋਂ ਵਿਰਸੇ ਵਿੱਚ ਉੱਤਮ ਨਾਮ ਪਾਇਆ ।
ਪਰਮੇਸ਼ੁਰ ਦੇ ਪੁੱਤਰ ਦੀ ਸਰੇਸ਼ਠਤਾ

5ਕਿਉਂ ਜੋ ਦੂਤਾਂ ਵਿੱਚੋਂ ਪਰਮੇਸ਼ੁਰ ਨੇ ਕਿਸਨੂੰ ਕਦੇ ਆਖਿਆ ਕਿ ਤੂੰ ਮੇਰਾ ਪੁੱਤਰ ਹੈਂ, ਮੈਂ ਅੱਜ ਤੈਨੂੰ ਜਨਮ ਦਿੱਤਾ ਹੈ ? । ਅਤੇ ਫੇਰ, ਮੈਂ ਉਹ ਦਾ ਪਿਤਾ ਹੋਵਾਂਗਾ, ਅਤੇ ਉਹ ਮੇਰਾ ਪੁੱਤਰ ਹੋਵੇਗਾ ।
6ਅਤੇ ਜਦੋਂ ਉਸ ਪਹਿਲੇ ਨੂੰ ਸੰਸਾਰ ਵਿੱਚ ਫਿਰ ਲਿਆਉਂਦਾ ਹੈ ਤਾਂ ਉਹ ਕਹਿੰਦਾ ਹੈ - “ਪਰਮੇਸ਼ੁਰ ਦੇ ਸੱਭੇ ਦੂਤ ਉਹ ਨੂੰ ਮੱਥਾ ਟੇਕਣ ।”7ਅਤੇ ਉਹ ਦੂਤਾਂ ਦੇ ਬਾਰੇ ਆਖਦਾ ਹੈ - ਉਹ ਆਪਣਿਆਂ ਦੂਤਾਂ ਨੂੰ ਹਵਾਵਾਂ ਅਤੇ ਆਪਣੇ ਸੇਵਕਾਂ ਨੂੰ ਅੱਗ ਦੀਆਂ ਲਾਟਾਂ ਬਣਾਉਂਦਾ ਹੈ ।
8ਪਰ ਪੁੱਤਰ ਦੇ ਬਾਰੇ - ਹੇ ਪਰਮੇਸ਼ੁਰ, ਤੇਰਾ ਸਿੰਘਾਸਣ ਸਦੀਪਕ ਕਾਲ ਤੱਕ ਹੈ ਅਤੇ ਤੇਰੇ ਰਾਜ ਦਾ ਅਧਿਕਾਰ ਧਾਰਮਿਕਤਾ ਦਾ ਅਧਿਕਾਰ ਹੈ,9ਤੂੰ ਧਰਮ ਨਾਲ ਪਿਆਰ ਅਤੇ ਕੁਧਰਮ ਨਾਲ ਵੈਰ ਕੀਤਾ; ਇਸ ਲਈ ਪਰਮੇਸ਼ੁਰ, ਤੇਰੇ ਪਰਮੇਸ਼ੁਰ ਨੇ ਖੁਸ਼ੀ ਦੇ ਤੇਲ ਨਾਲ ਤੇਰੇ ਸਾਥੀਆਂ ਤੋਂ ਵੱਧ ਤੈਨੂੰ ਮਸਹ ਕੀਤਾ ਹੈ ।
10ਅਤੇ ਇਹ ਵੀ, - ਹੇ ਪ੍ਰਭੂ, ਤੂੰ ਆਦ ਵਿੱਚ ਧਰਤੀ ਦੀ ਨੀਂਹ ਰੱਖੀ, ਅਤੇ ਅਕਾਸ਼ ਤੇਰੇ ਹੱਥਾਂ ਦੀ ਕਾਰਾਗਰੀ ਹਨ,11ਉਹ ਨਾਸ ਹੋ ਜਾਣਗੇ ਪਰ ਤੂੰ ਅਟੱਲ ਰਹਿੰਦਾ ਹੈਂ, ਉਹ ਕੱਪੜੇ ਵਾਂਗੂੰ ਪੁਰਾਣੇ ਹੋ ਜਾਣਗੇ,12ਅਤੇ ਚਾਦਰ ਵਾਂਗੂੰ ਤੂੰ ਉਹਨਾਂ ਨੂੰ ਲਪੇਟੇਂਗਾ ਅਤੇ ਕੱਪੜੇ ਵਾਂਗੂੰ ਉਹ ਬਦਲੇ ਜਾਣਗੇ, ਪਰ ਤੂੰ ਉਹੀ ਹੈ ਅਤੇ ਤੇਰੇ ਸਾਲਾਂ ਦਾ ਅੰਤ ਨਹੀਂ ਹੋਵੇਗਾ ।
13ਪਰ ਦੂਤਾਂ ਵਿੱਚੋਂ ਕਿਸ ਦੇ ਬਾਰੇ ਉਹ ਨੇ ਕਦੇ ਆਖਿਆ ਹੈ ਕਿ ਤੂੰ ਮੇਰੇ ਸੱਜੇ ਪਾਸੇ ਬੈਠ, ਜਦ ਤੱਕ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰ ਰੱਖਣ ਦੀ ਚੌਂਕੀ ਨਾ ਬਣਾ ਦੇਵਾਂ ?14ਕੀ ਉਹ ਸਾਰੇ, ਮੁਕਤੀ ਪ੍ਰਾਪਤ ਕਰਨ ਵਾਲਿਆਂ ਦੀ ਸੇਵਾ ਕਰਨ ਲਈ ਭੇਜੇ ਗਏ ਆਤਮੇ ਨਹੀਂ ਹਨ ?

2
ਮਹਾਨ ਮੁਕਤੀ

1ਇਸ ਕਾਰਨ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਉਨ੍ਹਾਂ ਗੱਲਾਂ ਦਾ ਹੋਰ ਵੀ ਧਿਆਨ ਰੱਖੀਏ ਜਿਹੜੀਆਂ ਅਸੀਂ ਸੁਣੀਆਂ ਹਨ, ਇਸ ਤਰ੍ਹਾਂ ਨਾ ਹੋਵੇ ਕਿ ਕਿਤੇ ਅਸੀਂ ਉਨ੍ਹਾਂ ਤੋਂ ਭਟਕ ਜਾਈਏ ।

2ਜਦੋਂ ਉਹ ਬਚਨ ਜਿਹੜਾ ਦੂਤਾਂ ਦੇ ਦੁਆਰਾ ਕਿਹਾ ਗਿਆ ਸੀ ਅਟੱਲ ਸਿੱਧ ਹੋਇਆ ਅਤੇ ਹਰੇਕ ਅਪਰਾਧ ਅਤੇ ਅਣ-ਆਗਿਆਕਾਰੀ ਦਾ ਠੀਕ ਠੀਕ ਬਦਲਾ ਮਿਲਿਆ ।3ਜੇਕਰ ਇਸ ਵੱਡੀ ਮੁਕਤੀ ਦੀ ਪਰਵਾਹ ਨਾ ਕਰੀਏ ਤਾਂ ਅਸੀਂ ਕਿਵੇਂ ਬਚ ਸਕਦੇ ਹਾਂ ? ਜੋ ਪਹਿਲਾਂ ਪ੍ਰਭੂ ਦੇ ਦੁਆਰਾ ਆਖੀ ਗਈ ਸੀ ਅਤੇ ਸੁਣਨ ਵਾਲਿਆਂ ਦੁਆਰਾ ਸਾਡੇ ਲਈ ਸਾਬਤ ਕੀਤੀ ਗਈ ਹੈ4ਪਰਮੇਸ਼ੁਰ ਵੀ ਨਿਸ਼ਾਨੀਆਂ, ਅਚਰਜ ਕੰਮਾਂ, ਕਈ ਪ੍ਰਕਾਰ ਦੀਆਂ ਕਰਾਮਾਤਾਂ ਅਤੇ ਪਵਿੱਤਰ ਆਤਮਾ ਦੇ ਵਰਦਾਨਾਂ ਦੇ ਦੁਆਰਾ ਆਪਣੀ ਮਰਜ਼ੀ ਦੇ ਅਨੁਸਾਰ ਉਨ੍ਹਾਂ ਦੇ ਨਾਲ ਗਵਾਹੀ ਦਿੰਦਾ ਰਿਹਾ ।
ਸਾਡਾ ਮੁਕਤੀਦਾਤਾ

5ਉਹ ਨੇ ਤਾਂ ਆਉਣ ਵਾਲੇ ਸੰਸਾਰ ਨੂੰ ਜਿਸ ਦੀ ਅਸੀਂ ਗੱਲ ਕਰਦੇ ਹਾਂ, ਸਵਰਗ ਦੂਤਾਂ ਦੇ ਅਧੀਨ ਨਹੀਂ ਕੀਤਾ ।6ਪਰ ਕਿਸੇ ਨੇ ਇਹ ਕਹਿ ਕੇ ਗਵਾਹੀ ਦਿੱਤੀ ਹੈ ਕਿ ਇਨਸਾਨ ਕੀ ਹੈ ਜੋ ਤੂੰ ਉਹ ਨੂੰ ਚੇਤੇ ਕਰੇਂ ਜਾਂ ਆਦਮੀ ਤੋਂ ਜੰਮਿਆ ਕੀ ਹੈ ਕਿ ਤੂੰ ਉਸ ਦੀ ਚਿੰਤਾ ਕਰੇਂ ?
7ਤੂੰ ਉਹ ਨੂੰ ਸਵਰਗ ਦੂਤਾਂ ਨਾਲੋਂ ਥੋੜ੍ਹੇ ਸਮੇਂ ਲਈ ਨੀਵਾਂ ਕੀਤਾ, ਤੂੰ ਮਹਿਮਾ ਅਤੇ ਆਦਰ ਦਾ ਮੁਕਟ ਉਹ ਦੇ ਸਿਰ ਉੱਤੇ ਰੱਖਿਆ ਹੈ । ਤੂੰ ਆਪਣੇ ਹੱਥਾਂ ਦੇ ਕੰਮਾਂ ਉੱਤੇ ਉਸ ਨੂੰ ਅਧਿਕਾਰ ਦਿੱਤਾ,8ਤੂੰ ਸਾਰਾ ਕੁੱਝ ਉਹ ਦੇ ਪੈਰਾਂ ਹੇਠ ਅਧੀਨ ਕਰ ਦਿੱਤਾ ਹੈ । ਕਿਉਂਕਿ ਉਸ ਨੇ ਸਾਰਾ ਕੁੱਝ ਉਹ ਦੇ ਅਧੀਨ ਕਰ ਦਿੱਤਾ ਅਤੇ ਕੁੱਝ ਨਹੀਂ ਛੱਡਿਆ ਜੋ ਉਹ ਦੇ ਅਧੀਨ ਨਾ ਕੀਤਾ ਹੋਵੇ । ਪਰ ਹੁਣ ਤੱਕ ਅਸੀਂ ਸਾਰਾ ਕੁੱਝ ਉਹ ਦੇ ਅਧੀਨ ਕੀਤਾ ਹੋਇਆ ਨਹੀਂ ਵੇਖਦੇ ।
9ਪਰ ਅਸੀਂ ਉਹ ਨੂੰ ਜਿਹੜਾ ਦੂਤਾਂ ਨਾਲੋਂ ਥੋੜ੍ਹੇ ਸਮੇਂ ਲਈ ਨੀਵਾਂ ਕੀਤਾ ਗਿਆ ਹੈ ਅਰਥਾਤ ਯਿਸੂ ਨੂੰ ਮੌਤ ਦਾ ਦੁੱਖ ਝੱਲਣ ਦੇ ਕਾਰਨ ਮਹਿਮਾ ਅਤੇ ਆਦਰ ਦਾ ਮੁਕਟ ਪਹਿਨੇ ਹੋਏ ਵੇਖਦੇ ਹਾਂ, ਤਾਂ ਜੋ ਉਹ ਪਰਮੇਸ਼ੁਰ ਦੀ ਕਿਰਪਾ ਨਾਲ ਹਰੇਕ ਮਨੁੱਖ ਲਈ ਮੌਤ ਦਾ ਸੁਆਦ ਚੱਖੇ ।10ਜਿਸ ਦੇ ਲਈ ਅਤੇ ਜਿਸ ਦੇ ਦੁਆਰਾ ਸੱਭੋ ਕੁੱਝ ਹੋਇਆ, ਉਸ ਦੇ ਲਈ ਉੱਚਿਤ ਸੀ ਕਿ ਬਹੁਤਿਆਂ ਪੁੱਤਰਾਂ ਨੂੰ ਮਹਿਮਾ ਵਿੱਚ ਲਿਆਉਣ ਲਈ ਉਨ੍ਹਾਂ ਦੇ ਮੁਕਤੀ ਦੇਣ ਵਾਲੇ ਆਗੂ ਨੂੰ ਦੁੱਖਾਂ ਦੇ ਦੁਆਰਾ ਸੰਪੂਰਨ ਕਰੇ ।
11ਕਿਉਂਕਿ ਉਹ ਜਿਹੜਾ ਪਵਿੱਤਰ ਕਰਦਾ ਹੈ ਅਤੇ ਉਹ ਜਿਹੜੇ ਪਵਿੱਤਰ ਕੀਤੇ ਜਾਂਦੇ ਹਨ, ਸਾਰੇ ਇੱਕ ਤੋਂ ਹੀ ਹਨ । ਇਸ ਕਰਕੇ ਉਹ ਉਨ੍ਹਾਂ ਨੂੰ ਭਰਾ ਆਖਣ ਤੋਂ ਨਹੀਂ ਸ਼ਰਮਾਉਂਦਾ ।12ਪਰ ਇਹ ਕਹਿੰਦਾ ਹੈ ਕਿ ਮੈਂ ਆਪਣਿਆਂ ਭਾਈਆਂ ਨੂੰ ਤੇਰਾ ਨਾਮ ਸੁਣਾਵਾਂਗਾ ਅਤੇ ਕਲੀਸਿਯਾ ਵਿੱਚ ਤੇਰੀ ਉਸਤਤ ਕਰਾਂਗਾ ।
13ਅਤੇ ਫਿਰ ਇਹ ਕਹਿੰਦਾ ਹੈ ਕਿ ਮੈਂ ਉਸ ਉੱਤੇ ਭਰੋਸਾ ਰੱਖਾਂਗਾ । ਅਤੇ ਫਿਰ, ਮੈਂ ਅਤੇ ਉਹ ਬੱਚੇ ਜਿਹੜੇ ਪਰਮੇਸ਼ੁਰ ਨੇ ਮੈਨੂੰ ਬਖਸ਼ੇ ਹਨ ।14ਸੋ ਜਿਵੇਂ ਬੱਚੇ ਲਹੂ ਅਤੇ ਮਾਸ ਵਿੱਚ ਸਾਂਝੀ ਹੁੰਦੇ ਹਨ, ਤਾਂ ਉਨ੍ਹਾਂ ਵਾਂਗੂੰ ਉਹ ਆਪ ਵੀ ਇਨ੍ਹਾਂ ਹੀ ਵਿੱਚ ਸਾਂਝੀ ਬਣਿਆ ਤਾਂ ਜੋ ਮੌਤ ਦੇ ਰਾਹੀਂ ਉਹ ਉਸ ਨੂੰ ਜਿਸ ਦੇ ਵੱਸ ਵਿੱਚ ਮੌਤ ਹੈ, ਅਰਥਾਤ ਸ਼ੈਤਾਨ ਨੂੰ ਨਾਸ ਕਰੇ ।15ਅਤੇ ਉਨ੍ਹਾਂ ਨੂੰ ਛੁਡਾਵੇ ਜਿਹੜੇ ਮੌਤ ਦੇ ਡਰ ਕਾਰਨ ਸਾਰੀ ਉਮਰ ਗੁਲਾਮੀ ਵਿੱਚ ਫਸੇ ਹੋਏ ਸਨ ।
16ਕਿਉਂ ਜੋ ਉਹ ਦੂਤਾਂ ਦੀ ਤਾਂ ਸਹਾਇਤਾ ਨਹੀਂ ਸਗੋਂ ਅਬਰਾਹਾਮ ਦੇ ਅੰਸ ਦੀ ਸਹਾਇਤਾ ਕਰਦਾ ਹੈ ।17ਇਸ ਕਾਰਨ ਚਾਹੀਦਾ ਸੀ ਭਈ ਉਹ ਸਭ ਗੱਲਾਂ ਵਿੱਚ ਆਪਣੇ ਭਾਈਆਂ ਵਰਗਾ ਬਣੇ, ਤਾਂ ਜੋ ਉਹ ਉਨ੍ਹਾਂ ਗੱਲਾਂ ਦੇ ਬਾਰੇ ਜਿਹੜੀਆਂ ਪਰਮੇਸ਼ੁਰ ਨਾਲ ਸੰਬੰਧ ਰੱਖਦੀਆਂ ਹਨ ਲੋਕਾਂ ਦੇ ਪਾਪਾਂ ਦਾ ਪ੍ਰਾਸਚਿੱਤ ਕਰਨ ਨੂੰ ਦਿਆਲੂ ਅਤੇ ਵਫ਼ਾਦਾਰ ਪ੍ਰਧਾਨ ਜਾਜਕ ਹੋਵੇ ।18ਕਿਉਂਕਿ ਜਦੋਂ ਉਸ ਨੇ ਆਪ ਹੀ ਪਰਤਾਵੇ ਵਿੱਚ ਪੈ ਕੇ ਦੁੱਖ ਝੱਲਿਆ ਤਾਂ ਉਹ ਉਹਨਾਂ ਦੀ ਜਿਹੜੇ ਪਰਤਾਵੇ ਵਿੱਚ ਪੈਂਦੇ ਹਨ, ਸਹਾਇਤਾ ਕਰ ਸਕਦਾ ਹੈ ।

3
ਯਿਸੂ ਮੂਸਾ ਨਾਲੋਂ ਸਰੇਸ਼ਠ

1ਉਪਰੰਤ ਹੇ ਪਵਿੱਤਰ ਭਰਾਵੋ, ਸਵਰਗੀ ਸੱਦੇ ਦੇ ਸਾਂਝੀ ਹੋਵੋ, ਤੁਸੀਂ ਯਿਸੂ ਵੱਲ ਧਿਆਨ ਕਰੋ ਜਿਸ ਨੂੰ ਅਸੀਂ ਰਸੂਲ ਅਤੇ ਪ੍ਰਧਾਨ ਜਾਜਕ ਮੰਨਦੇ ਹਾਂ ।2ਜਿਹੜਾ ਆਪਣੇ ਨਿਯੁਕਤ ਕਰਨ ਵਾਲਿਆਂ ਦੇ ਹੱਕ ਵਿੱਚ ਵਫ਼ਾਦਾਰ ਸੀ, ਜਿਵੇਂ ਮੂਸਾ ਉਹ ਦੇ ਸਾਰੇ ਘਰ ਵਿੱਚ ਸੀ ।3ਕਿਉਂ ਜੋ ਘਰ ਨਾਲੋਂ ਘਰ ਦਾ ਬਣਾਉਣ ਵਾਲਾ ਜਿੰਨਾਂ ਆਦਰ ਦੇ ਯੋਗ ਹੁੰਦਾ ਹੈ, ਉੰਨ੍ਹਾਂ ਹੀ ਉਹ ਵੀ ਮੂਸਾ ਨਾਲੋਂ ਵਧੇਰੇ ਆਦਰ ਦੇ ਯੋਗ ਹੈ ।4ਹਰੇਕ ਘਰ ਤਾਂ ਕਿਸੇ ਨਾ ਕਿਸੇ ਦਾ ਬਣਾਇਆ ਹੋਇਆ ਹੁੰਦਾ ਹੈ, ਪਰ ਜਿਸ ਨੇ ਸਭ ਕੁੱਝ ਬਣਾਇਆ ਉਹ ਪਰਮੇਸ਼ੁਰ ਹੈ ।

5ਅਤੇ ਮੂਸਾ ਤਾਂ ਉਹ ਦੇ ਸਾਰੇ ਘਰ ਵਿੱਚ ਨੌਕਰ ਦੀ ਤਰ੍ਹਾਂ ਵਫ਼ਾਦਾਰ ਸੀ ਤਾਂ ਕਿ ਹੋਣ ਵਾਲੀਆਂ ਗੱਲਾਂ ਦੀ ਗਵਾਹੀ ਦੇਵੇ ।6ਪਰ ਮਸੀਹ ਪੁੱਤਰ ਦੀ ਤਰ੍ਹਾਂ ਉਹ ਦੇ ਘਰ ਉੱਤੇ ਹੈ, ਅਤੇ ਉਹ ਦਾ ਘਰ ਅਸੀਂ ਹਾਂ ਜੇ ਅਸੀਂ ਆਸ ਦੀ ਦਲੇਰੀ ਅਤੇ ਅਭਮਾਨ ਅੰਤ ਤੱਕ ਫੜ੍ਹੀ ਰੱਖੀਏ ।
ਅਵਿਸ਼ਵਾਸ ਦੇ ਬਾਰੇ ਚਿਤਾਵਨੀ

7ਸੋ ਜਿਵੇਂ ਪਵਿੱਤਰ ਆਤਮਾ ਆਖਦਾ ਹੈ, ਅੱਜ ਜੇ ਤੁਸੀਂ ਉਹ ਦੀ ਅਵਾਜ਼ ਸੁਣੋ,8ਤਾਂ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ, ਜਿਵੇਂ ਬਗ਼ਾਵਤ ਦੇ ਦਿਨ ਉਜਾੜ ਵਿੱਚ,
9ਜਦੋਂ ਤੁਹਾਡੇ ਪਿਉ-ਦਾਦਿਆਂ ਨੇ ਮੈਨੂੰ ਪਰਖ ਕੇ ਵੇਖਿਆ, ਅਤੇ ਚਾਲ੍ਹੀ ਸਾਲਾਂ ਤੱਕ ਮੇਰੇ ਕੰਮ ਵੇਖੇ ।10ਇਸ ਕਾਰਨ ਮੈਂ ਉਸ ਪੀੜ੍ਹੀ ਤੋਂ ਦੁੱਖੀ ਹੋਇਆ, ਅਤੇ ਆਖਿਆ ਕਿ ਉਹ ਦਿਲੋਂ ਕੁਰਾਹੇ ਪੈਂਦੇ ਹਨ, ਅਤੇ ਉਹਨਾਂ ਮੇਰੇ ਰਾਹਾਂ ਨੂੰ ਨਾ ਜਾਣਿਆ,11ਜਿਵੇਂ ਮੈਂ ਆਪਣੇ ਗੁੱਸੇ ਵਿੱਚ ਸਹੁੰ ਖਾਧੀ ਕਿ ਇਹ ਮੇਰੇ ਅਰਾਮ ਵਿੱਚ ਕਦੇ ਨਾ ਵੜਨਗੇ ! ।
12ਹੇ ਭਰਾਵੋ, ਵੇਖਣਾ ਕਿ ਜਿਉਂਦੇ ਪਰਮੇਸ਼ੁਰ ਤੋਂ ਬੇਮੁੱਖ ਹੋਣ ਕਰਕੇ ਕਿਤੇ ਤੁਹਾਡੇ ਵਿੱਚੋਂ ਕਿਸੇ ਦਾ ਮਨ ਦੁਸ਼ਟ ਅਤੇ ਅਵਿਸ਼ਵਾਸੀ ਨਾ ਹੋ ਜਾਵੇ ।13ਸਗੋਂ ਜਿੰਨਾਂ ਚਿਰ ਅੱਜ ਦਾ ਦਿਨ ਕਿਹਾ ਜਾਂਦਾ ਹੈ ਤੁਸੀਂ ਹਰ ਰੋਜ਼ ਇੱਕ ਦੂਜੇ ਨੂੰ ਉਪਦੇਸ਼ ਕਰਿਆ ਕਰੋ, ਤਾਂ ਜੋ ਤੁਹਾਡੇ ਵਿੱਚੋਂ ਕੋਈ ਪਾਪ ਦੇ ਧੋਖੇ ਨਾਲ ਕਠੋਰ ਨਾ ਹੋ ਜਾਵੇ ।
14ਕਿਉਂ ਜੋ ਅਸੀਂ ਮਸੀਹ ਵਿੱਚ ਸਾਂਝੀ ਹੋਏ ਹਾਂ ਪਰ ਤਦ ਜੇ ਆਪਣੇ ਪਹਿਲੇ ਭਰੋਸੇ ਨੂੰ ਅੰਤ ਤੋੜੀ ਤਕੜਾਈ ਨਾਲ ਫੜ੍ਹੀ ਰੱਖੀਏ, ਜਿਵੇਂ ਆਖਿਆ ਜਾਂਦਾ ਹੈ,15ਅੱਜ ਜੇ ਤੁਸੀਂ ਉਹ ਦੀ ਅਵਾਜ਼ ਸੁਣੋ, ਤਾਂ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ, ਜਿਵੇਂ ਬਗਾਵਤ ਦੇ ਦਿਨ ।
16ਉਹ ਕਿਹੜੇ ਸਨ ਜਿਨ੍ਹਾਂ ਸੁਣ ਕੇ ਬਗਾਵਤ ਕੀਤੀ ? ਭਲਾ, ਉਨ੍ਹਾਂ ਸਾਰਿਆਂ ਨੇ ਨਹੀਂ ਜਿਹੜੇ ਮੂਸਾ ਦੇ ਰਾਹੀਂ ਮਿਸਰੋਂ ਨਿੱਕਲ ਆਏ ਸਨ ?17ਅਤੇ ਉਹ ਕਿਨ੍ਹਾਂ ਨਾਲ ਚਾਲ੍ਹੀ ਸਾਲ ਗੁੱਸੇ ਰਿਹਾ ? ਭਲਾ, ਉਨ੍ਹਾਂ ਨਾਲ ਨਹੀਂ, ਜਿਨ੍ਹਾਂ ਪਾਪ ਕੀਤਾ ਅਤੇ ਜਿਨ੍ਹਾਂ ਦੀਆਂ ਲਾਸ਼ਾਂ ਉਜਾੜ ਵਿੱਚ ਪਈਆਂ ਰਹੀਆਂ ?18ਅਤੇ ਕਿਨ੍ਹਾਂ ਨੂੰ ਉਸ ਨੇ ਸਹੁੰ ਖਾ ਕੇ ਆਖਿਆ ਭਈ ਉਹ ਮੇਰੇ ਅਰਾਮ ਵਿੱਚ ਨਾ ਵੜਨਗੇ ? ਉਨ੍ਹਾਂ ਨੂੰ ਜਿਹੜੇ ਅਣ-ਆਗਿਆਕਾਰ ਸਨ ?19ਅਸੀਂ ਇਹ ਵੇਖਦੇ ਹਾਂ ਜੋ ਉਹ ਅਵਿਸ਼ਵਾਸ ਦੇ ਕਾਰਨ ਉਸ ਵਿੱਚ ਵੜ ਨਾ ਸਕੇ ।

4
ਪਰਮੇਸ਼ੁਰ ਦੇ ਲੋਕਾਂ ਦਾ ਆਰਾਮ

1ਉਪਰੰਤ ਸਾਨੂੰ ਡਰਨਾ ਚਾਹੀਦਾ ਹੈ ਕਿ ਇਹ ਨਾ ਹੋਵੇ ਜੋ ਉਹ ਦੇ ਅਰਾਮ ਵਿੱਚ ਵੜਨ ਦਾ ਵਾਇਦਾ ਹੁੰਦਿਆਂ ਹੋਇਆਂ ਵੀ ਤੁਹਾਡੇ ਵਿੱਚੋਂ ਕੋਈ ਉਸ ਤੋਂ ਰਹਿ ਜਾਵੇ ।2ਕਿਉਂ ਜੋ ਸਾਨੂੰ ਖੁਸ਼ਖਬਰੀ ਸੁਣਾਈ ਗਈ ਜਿਵੇਂ ਉਨ੍ਹਾਂ ਨੂੰ ਵੀ, ਪਰ ਸੁਣਿਆ ਹੋਇਆ ਬਚਨ ਉਨ੍ਹਾਂ ਲਈ ਲਾਭਵੰਤ ਨਾ ਹੋਇਆ ਕਿਉਂਕਿ ਸੁਣਨ ਵਾਲਿਆਂ ਨੇ ਉਸ ਨੂੰ ਵਿਸ਼ਵਾਸ ਦੇ ਨਾਲ ਨਾ ਮੰਨਿਆ ।

3ਕਿਉਂ ਜੋ ਅਸੀਂ ਜਿਨ੍ਹਾਂ ਨੇ ਵਿਸ਼ਵਾਸ ਕੀਤਾ ਹੈ ਉਸ ਅਰਾਮ ਵਿੱਚ ਵੜਦੇ ਹਾਂ, ਜਿਸ ਤਰ੍ਹਾਂ ਉਸ ਨੇ ਆਖਿਆ, “ਜਿਵੇਂ ਮੈਂ ਆਪਣੇ ਗੁੱਸੇ ਵਿੱਚ ਸਹੁੰ ਖਾਧੀ ਕਿ ਉਹ ਮੇਰੇ ਅਰਾਮ ਵਿੱਚ ਕਦੇ ਨਾ ਵੜਨਗੇ !” ਭਾਵੇਂ ਉਹ ਦੀਆਂ ਕਾਰਾਗਰੀਆਂ ਜਗਤ ਦੇ ਮੁੱਢੋਂ ਹੀ ਬਣ ਚੁੱਕੀਆਂ ਸਨ ।4ਉਹ ਨੇ ਤਾਂ ਸੱਤਵੇਂ ਦਿਨ ਦੇ ਬਾਰੇ ਇਸ ਤਰ੍ਹਾਂ ਆਖਿਆ ਹੈ ਕਿ ਪਰਮੇਸ਼ੁਰ ਨੇ ਆਪਣਿਆਂ ਸਾਰਿਆਂ ਕੰਮਾਂ ਤੋਂ ਵਿਹਲਿਆਂ ਹੋ ਕੇ ਸੱਤਵੇਂ ਦਿਨ ਅਰਾਮ ਕੀਤਾ ।5ਅਤੇ ਇਸ ਥਾਂ ਵਿੱਚ ਫੇਰ ਕਹਿੰਦਾ ਹੈ ਕਿ ਉਹ ਮੇਰੇ ਅਰਾਮ ਵਿੱਚ ਕਦੇ ਨਾ ਵੜਨਗੇ ! ।
6ਸੋ ਜਦੋਂ ਕਈਆਂ ਦਾ ਉਸ ਵਿੱਚ ਵੜਨਾ ਅਜੇ ਬਾਕੀ ਰਹਿੰਦਾ ਹੈ ਅਤੇ ਜਿਨ੍ਹਾਂ ਨੂੰ ਪਹਿਲਾਂ ਖੁਸ਼ਖਬਰੀ ਸੁਣਾਈ ਗਈ ਸੀ, ਉਹ ਅਣ-ਆਗਿਆਕਾਰੀ ਦੇ ਕਾਰਨ ਉਸ ਵਿੱਚ ਨਾ ਵੜੇ ।7ਤਾਂ ਉਹ ਫਿਰ ਐਨੇ ਸਮੇਂ ਬਾਅਦ ਦਾਊਦ ਦੇ ਦੁਆਰਾ ਕਿਸੇ ਇੱਕ ਦਿਨ ਦੀ ਗੱਲ ਕਰਦਾ ਹੋਇਆ ਉਹ ਨੂੰ ਅੱਜ ਦਾ ਦਿਨ ਕਹਿੰਦਾ ਹੈ ਜਿਵੇਂ ਅੱਗੇ ਕਿਹਾ ਗਿਆ ਸੀ, “ਅੱਜ ਜੇ ਤੁਸੀਂ ਉਹ ਦੀ ਅਵਾਜ਼ ਸੁਣੋ, ਤਾਂ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ ।”

8ਜੇ ਯਹੋਸ਼ੁਆ ਨੇ ਉਨ੍ਹਾਂ ਨੂੰ ਅਰਾਮ ਦਿੱਤਾ ਹੁੰਦਾ ਤਾਂ ਪਰਮੇਸ਼ੁਰ ਉਹ ਦੇ ਮਗਰੋਂ ਕਿਸੇ ਹੋਰ ਦਿਨ ਦੀ ਗੱਲ ਨਾ ਕਰਦਾ ।9ਸੋ ਗੱਲ ਇਹ ਹੈ, ਪਰਮੇਸ਼ੁਰ ਦੀ ਪਰਜਾ ਲਈ ਸਬਤ ਦਾ ਅਰਾਮ ਅਜੇ ਬਾਕੀ ਰਹਿੰਦਾ ਹੈ ।10ਕਿਉਂਕਿ ਜਿਹੜਾ ਉਹ ਦੇ ਅਰਾਮ ਵਿੱਚ ਵੜ ਗਿਆ ਉਹ ਨੇ ਵੀ ਆਪ ਆਪਣਿਆਂ ਕੰਮਾਂ ਤੋਂ ਵਿਹਲਿਆਂ ਹੋ ਕੇ ਅਰਾਮ ਕੀਤਾ, ਜਿਵੇਂ ਪਰਮੇਸ਼ੁਰ ਨੇ ਆਪਣਿਆਂ ਕੰਮਾਂ ਤੋਂ ।11ਸੋ ਆਓ, ਅਸੀਂ ਉਸ ਅਰਾਮ ਵਿੱਚ ਵੜਨ ਦੀ ਕੋਸ਼ਿਸ਼ ਕਰੀਏ ਕਿ ਕੋਈ ਉਨ੍ਹਾਂ ਵਾਂਗੂੰ ਅਣ-ਆਗਿਆਕਾਰੀ ਦੇ ਕਾਰਨ ਡਿੱਗ ਨਾ ਪਵੇ ।
12ਕਿਉਂ ਜੋ ਪਰਮੇਸ਼ੁਰ ਦਾ ਬਚਨ ਜਿਉਂਦਾ, ਗੁਣਕਾਰ ਅਤੇ ਹਰੇਕ ਦੋਧਾਰੀ ਤਲਵਾਰ ਨਾਲੋਂ ਤਿੱਖਾ ਹੈ ਜੋ ਪ੍ਰਾਣ, ਆਤਮਾ, ਬੰਦ ਬੰਦ ਅਤੇ ਗੁੱਦੇ ਨੂੰ ਅੱਡੋ ਅੱਡ ਕਰ ਕੇ ਵਿੰਨ੍ਹ ਸੁੱਟਦਾ ਹੈ ਅਤੇ ਮਨ ਦੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਜਾਂਚ ਲੈਂਦਾ ਹੈ ।13ਅਤੇ ਸ੍ਰਿਸ਼ਟੀ ਦੀ ਕੋਈ ਰਚਨਾ ਉਸ ਕੋਲੋਂ ਲੁਕੀ ਹੋਈ ਨਹੀਂ ਪਰ ਜਿਸ ਨੂੰ ਅਸੀਂ ਲੇਖਾ ਦੇਣਾ ਹੈ, ਉਹ ਦੇ ਨੇਤਰਾਂ ਦੇ ਅੱਗੇ ਸਾਰੀਆਂ ਵਸਤਾਂ ਪਰਗਟ ਅਤੇ ਖੁੱਲੀਆਂ ਪਈਆਂ ਹਨ ।
ਵੱਡਾ ਮਹਾਂ ਜਾਜਕ

14ਸੋ ਜਦੋਂ ਸਾਡਾ ਇੱਕ ਮਹਾਂ ਪ੍ਰਧਾਨ ਜਾਜਕ ਹੈ ਜਿਹੜਾ ਅਕਾਸ਼ਾਂ ਤੋਂ ਪਾਰ ਲੰਘ ਗਿਆ ਅਰਥਾਤ ਪਰਮੇਸ਼ੁਰ ਦਾ ਪੁੱਤਰ ਯਿਸੂ, ਤਾਂ ਆਓ ਅਸੀਂ ਆਪਣੇ ਕੀਤੇ ਹੋਏ ਇਕਰਾਰ ਉੱਤੇ ਪੱਕਿਆਂ ਰਹੀਏ ।15ਕਿਉਂ ਜੋ ਸਾਡਾ ਪ੍ਰਧਾਨ ਜਾਜਕ ਇਹੋ ਜਿਹਾ ਨਹੀਂ ਜੋ ਸਾਡੀਆਂ ਕਮਜ਼ੋਰੀਆਂ ਵਿੱਚ ਸਾਡਾ ਦਰਦੀ ਨਾ ਹੋ ਸਕੇ, ਸਗੋਂ ਸਾਰੀਆਂ ਗੱਲਾਂ ਵਿੱਚ ਸਾਡੇ ਵਾਂਗੂੰ ਪਰਖਿਆ ਗਿਆ ਪਰ ਉਹ ਪਾਪ ਤੋਂ ਰਹਿਤ ਰਿਹਾ ।16ਇਸ ਲਈ ਆਓ, ਅਸੀਂ ਕਿਰਪਾ ਦੇ ਸਿੰਘਾਸਣ ਦੇ ਅੱਗੇ ਦਲੇਰੀ ਨਾਲ ਚੱਲੀਏ ਕਿ ਅਸੀਂ ਦਯਾ ਪ੍ਰਾਪਤ ਕਰੀਏ ਅਤੇ ਉਹ ਕਿਰਪਾ ਪਾਈਏ ਜੋ ਸਮੇਂ ਸਿਰ ਸਾਡੀ ਸਹਾਇਤਾ ਕਰੇ ।

5

1ਹਰੇਕ ਪ੍ਰਧਾਨ ਜਾਜਕ ਜੋ ਮਨੁੱਖਾਂ ਹੀ ਵਿੱਚੋਂ ਲਿਆ ਜਾਂਦਾ ਹੈ ਪਰਮੇਸ਼ੁਰ ਦੇ ਕੰਮਾਂ ਦੇ ਲਈ ਮਨੁੱਖਾਂ ਦੇ ਹੀ ਲਈ ਥਾਪਿਆ ਜਾਂਦਾ ਹੈ, ਤਾਂ ਕਿ ਭੇਟਾਂ ਅਤੇ ਪਾਪਾਂ ਦੇ ਲਈ ਬਲੀਦਾਨ ਚੜ੍ਹਾਵੇ ।2ਅਤੇ ਉਹ ਨਦਾਨਾਂ ਅਤੇ ਭੁੱਲਿਆਂ ਹੋਇਆਂ ਦੇ ਨਾਲ ਨਰਮੀ ਕਰ ਸਕਦਾ ਹੈ, ਕਿਉਂ ਜੋ ਉਹ ਆਪ ਵੀ ਕਮਜ਼ੋਰੀਆਂ ਵਿੱਚ ਘੇਰਿਆ ਹੋਇਆ ਰਹਿੰਦਾ ਹੈ ।3ਅਤੇ ਇਸੇ ਕਾਰਨ ਜਿਵੇਂ ਪਰਜਾ ਲਈ ਤਿਵੇਂ ਉਹ ਨੂੰ ਆਪਣੇ ਪਾਪਾਂ ਦੇ ਲਈ ਵੀ ਬਲੀ ਚੜ੍ਹਾਉਣੀ ਪੈਂਦੀ ਹੈ ।

4ਅਤੇ ਕੋਈ ਆਪਣੇ ਆਪ ਇਹ ਇੱਜ਼ਤ ਹਾਸਿਲ ਨਹੀਂ ਕਰ ਸਕਦਾ, ਜਦ ਤੱਕ ਹਾਰੂਨ ਦੀ ਤਰ੍ਹਾਂ ਪਰਮੇਸ਼ੁਰ ਵੱਲੋਂ ਬੁਲਾਇਆ ਨਾ ਜਾਵੇ ।5ਇਸੇ ਤਰ੍ਹਾਂ ਮਸੀਹ ਨੇ ਵੀ ਆਪਣੇ ਆਪ ਨੂੰ ਨਹੀਂ ਵਡਿਆਈ ਦਿੱਤੀ ਜੋ ਪ੍ਰਧਾਨ ਜਾਜਕ ਬਣੇ, ਸਗੋਂ ਉਸ ਨੇ ਜਿਸ ਨੇ ਉਹ ਨੂੰ ਆਖਿਆ, - ਤੂੰ ਮੇਰਾ ਪੁੱਤਰ ਹੈਂ, ਮੈਂ ਅੱਜ ਤੈਨੂੰ ਜਨਮ ਦਿੱਤਾ ਹੈ ।
6ਜਿਵੇਂ ਉਹ ਇੱਕ ਹੋਰ ਥਾਂ ਵਿੱਚ ਆਖਦਾ ਹੈ ਕਿ ਤੂੰ ਮਲਕਿਸਿਦਕ ਦੀ ਪਦਵੀ ਦੇ ਅਨੁਸਾਰ ਸਦਾ ਤੱਕ ਦਾ ਜਾਜਕ ਹੈਂ ।
7ਉਹ ਨੇ ਉਨ੍ਹੀਂ ਦਿਨੀਂ ਜਦੋਂ ਉਹ ਸਰੀਰ ਵਿੱਚ ਸੀ, ਬਹੁਤ ਧਾਂਹਾਂ ਮਾਰ-ਮਾਰ ਕੇ ਅਤੇ ਹੰਝੂਆਂ ਨਾਲ ਬੇਨਤੀਆਂ ਅਤੇ ਮਿੰਨਤਾਂ ਕੀਤੀਆਂ, ਉਸ ਦੇ ਅੱਗੇ ਜਿਹੜਾ ਉਹ ਨੂੰ ਮੌਤ ਤੋਂ ਬਚਾ ਸਕਦਾ ਸੀ ਅਤੇ ਪਰਮੇਸ਼ੁਰ ਦੇ ਡਰ ਵਿੱਚ ਬਣੇ ਰਹਿਣ ਦੇ ਕਾਰਨ ਉਹ ਦੀ ਸੁਣੀ ਗਈ ।8ਅਤੇ ਉਹ ਭਾਵੇਂ ਪੁੱਤਰ ਸੀ ਪਰ ਜਿਹੜੇ ਉਹ ਨੇ ਦੁੱਖ ਭੋਗੇ, ਉਨ੍ਹਾਂ ਤੋਂ ਆਗਿਆਕਾਰੀ ਸਿੱਖੀ ।
9ਅਤੇ ਉਹ ਸੰਪੂਰਨ ਹੋ ਕੇ ਉਹਨਾਂ ਸਭਨਾਂ ਦੇ ਲਈ ਜਿਹੜੇ ਆਗਿਆਕਾਰ ਹਨ, ਸਦਾ ਦੇ ਛੁਟਕਾਰੇ ਦਾ ਕਾਰਨ ਹੋਇਆ ।10ਕਿ ਉਹ ਪਰਮੇਸ਼ੁਰ ਦੀ ਵੱਲੋਂ ਮਲਕਿਸਿਦਕ ਦੀ ਪਦਵੀ ਅਨੁਸਾਰ ਪ੍ਰਧਾਨ ਜਾਜਕ ਕਰਕੇ ਆਖਿਆ ਗਿਆ ।
ਵਿਸ਼ਵਾਸ ਤੋਂ ਭਟਕ ਜਾਣ ਦਾ ਨਤੀਜਾ

11ਉਹ ਦੇ ਵਿਖੇ ਅਸੀਂ ਬਹੁਤ ਕੁੱਝ ਆਖਣਾ ਹੈ ਜਿਸ ਦਾ ਅਰਥ ਕਰਨਾ ਔਖਾ ਹੈ ਕਿਉਂਕਿ ਤੁਸੀਂ ਕੰਨਾਂ ਤੋਂ ਬੋਲੇ ਹੋ ਗਏ ਹੋ ।
12ਕਿਉਂ ਜੋ ਬਹੁਤ ਚਿਰ ਹੋਣ ਕਰਕੇ ਤੁਹਾਨੂੰ ਉਪਦੇਸ਼ਕ ਹੋਣਾ ਚਾਹੀਦਾ ਸੀ ਪਰ ਤੁਹਾਨੂੰ ਲੋੜ ਹੈ ਕਿ ਕੋਈ ਤੁਹਾਨੂੰ ਪਰਮੇਸ਼ੁਰ ਦੇ ਬਚਨਾਂ ਦੇ ਮੁੱਢਲੇ ਸਿਧਾਂਤਾਂ ਨੂੰ ਫਿਰ ਸਿਖਾਵੇ ਅਤੇ ਤੁਸੀਂ ਅਜਿਹੇ ਬਣ ਗਏ ਹੋ ਜੋ ਤੁਹਾਨੂੰ ਅੰਨ ਦੀ ਨਹੀਂ ਸਗੋਂ ਦੁੱਧ ਦੀ ਲੋੜ ਪਈ ਹੋਈ ਹੈ !13ਹਰੇਕ ਜਿਹੜਾ ਦੁੱਧ ਹੀ ਵਰਤਦਾ ਹੈ ਉਹ ਧਰਮ ਦੇ ਬਚਨ ਤੋਂ ਅਣਜਾਣ ਹੈ ਕਿਉਂਕਿ ਉਹ ਬੱਚਾ ਹੈ ।14ਪਰ ਅੰਨ ਸਿਆਣਿਆਂ ਲਈ ਹੈ, ਜਿਨ੍ਹਾਂ ਦੀਆਂ ਗਿਆਨ ਇੰਦਰੀਆਂ ਅਭਿਆਸ ਦੇ ਕਾਰਨ ਭਲੇ ਬੁਰੇ ਦੀ ਪਹਿਚਾਣ ਕਰਨ ਵਿੱਚ ਜਾਣਕਾਰ ਹੋ ਗਈਆਂ ਹਨ ।

6

1ਇਸ ਕਾਰਨ ਅਸੀਂ ਮਸੀਹ ਦੀ ਸਿੱਖਿਆ ਦੀਆਂ ਪੁਰਾਣੀਆਂ ਗੱਲਾਂ ਨੂੰ ਛੱਡ ਕੇ ਸਿਆਣਪੁਣੇ ਦੀ ਵੱਲ ਅੱਗੇ ਵਧਦੇ ਜਾਈਏ ਅਤੇ ਮੁਰਦਿਆਂ ਕੰਮਾਂ ਤੋਂ ਤੋਬਾ ਕਰਨ ਦੀ ਨੀਂਹ ਮੁੜ ਕੇ ਨਾ ਰੱਖੀਏ, ਨਾਲੇ ਪਰਮੇਸ਼ੁਰ ਉੱਤੇ ਵਿਸ਼ਵਾਸ ਕਰਨ ਦੀ,2ਬਪਤਿਸਮੇ ਦੀ ਸਿੱਖਿਆ ਦੀ, ਹੱਥ ਰੱਖਣ ਦੀ, ਮੁਰਦਿਆਂ ਦੇ ਜੀ ਉੱਠਣ ਦੀ ਅਤੇ ਸਦੀਪਕ ਨਿਆਂ ਦੀ ।3ਜੇਕਰ ਪਰਮੇਸ਼ੁਰ ਚਾਹੇ ਤਾਂ ਅਸੀਂ ਇਹੋ ਹੀ ਕਰਾਂਗੇ ।

4ਕਿਉਂਕਿ ਉਹ ਜਿਹੜੇ ਇੱਕ ਵਾਰੀ ਉਜਿਆਲੇ ਕੀਤੇ ਗਏ ਅਤੇ ਸਵਰਗੀ ਵਰਦਾਨ ਦਾ ਸੁਆਦ ਚੱਖਿਆ ਅਤੇ ਪਵਿੱਤਰ ਆਤਮਾ ਵਿੱਚ ਸਾਂਝੀ ਹੋਏ5ਅਤੇ ਪਰਮੇਸ਼ੁਰ ਦੇ ਸ਼ੁਭ ਬਚਨ ਅਤੇ ਆਉਣ ਵਾਲੇ ਜੁੱਗ ਦੀਆਂ ਸ਼ਕਤੀਆਂ ਦਾ ਸੁਆਦ ਚੱਖਿਆ6ਅਤੇ ਜੇਕਰ ਉਹ ਭਟਕ ਜਾਣ ਤਾਂ ਉਨ੍ਹਾਂ ਤੋਂ ਫੇਰ ਨਵੇਂ ਸਿਰਿਓਂ ਤੋਬਾ ਕਰਾਉਣੀ ਅਣਹੋਣੀ ਹੈ ਇਸ ਲਈ ਜੋ ਉਹ ਪਰਮੇਸ਼ੁਰ ਦੇ ਪੁੱਤਰ ਨੂੰ ਆਪਣੀ ਵੱਲੋਂ ਦੂਜੀ ਵਾਰ ਸਲੀਬ ਉੱਤੇ ਚਾੜ੍ਹਦੇ ਅਤੇ ਬੇਇੱਜ਼ਤ ਕਰਦੇ ਹਨ ।
7ਜਿਹੜੀ ਭੂਮੀ ਉਸ ਵਰਖਾ ਨੂੰ ਜੋ ਉਸ ਉੱਤੇ ਵਾਰ ਵਾਰ ਪੈਂਦੀ ਹੈ ਪੀ ਗਈ ਅਤੇ ਜਿਨ੍ਹਾਂ ਲਈ ਵਾਹੀ ਜਾਂਦੀ ਹੈ ਉਨ੍ਹਾਂ ਦੇ ਯੋਗ ਸਾਗ ਪੱਤ ਉਗਾਉਂਦੀ ਹੈ ਉਹ ਨੂੰ ਪਰਮੇਸ਼ੁਰ ਤੋਂ ਬਰਕਤ ਮਿਲਦੀ ਹੈ ।8ਪਰ ਜੇ ਉਹ ਕੰਡਿਆਲੀ ਅਤੇ ਭੱਖੜੇ ਉਗਾਵੇ, ਤਾਂ ਅਪਰਵਾਨ ਹੁੰਦੀ ਅਤੇ ਸਰਾਪੀ ਜਾਣ ਦੇ ਨੇੜੇ ਹੈ ਜਿਸ ਦਾ ਅੰਤ ਭਸਮ ਕੀਤਾ ਜਾਣਾ ਹੈ ।

9ਪਰ ਹੇ ਪਿਆਰਿਓ, ਭਾਵੇਂ ਅਸੀਂ ਇਸ ਤਰ੍ਹਾਂ ਆਖਦੇ ਹਾਂ ਪਰ ਤੁਹਾਡੀ ਵੱਲੋਂ ਸਾਨੂੰ ਇਨ੍ਹਾਂ ਨਾਲੋਂ ਚੰਗੀਆਂ ਗੱਲਾਂ ਦੀ ਆਸ ਹੈ ਅਤੇ ਉਨ੍ਹਾਂ ਦੀ ਜੋ ਮੁਕਤੀ ਨਾਲ ਸੰਬੰਧ ਰੱਖਦੀਆਂ ਹਨ ।10ਕਿਉਂ ਜੋ ਪਰਮੇਸ਼ੁਰ ਅਨਿਆਈਂ ਨਹੀਂ ਜੋ ਤੁਹਾਡੇ ਕੰਮ ਨੂੰ ਅਤੇ ਉਸ ਪਿਆਰ ਨੂੰ ਭੁੱਲ ਜਾਵੇ ਜਿਹੜਾ ਤੁਸੀਂ ਉਹ ਦੇ ਨਾਮ ਨਾਲ ਵਿਖਾਇਆ ਕਿ ਤੁਸੀਂ ਸੰਤਾਂ ਦੀ ਸੇਵਾ ਕੀਤੀ, ਅਤੇ ਕਰਦੇ ਵੀ ਹੋ ।
11ਅਤੇ ਅਸੀਂ ਚਾਹੁੰਦੇ ਹਾਂ ਜੋ ਤੁਹਾਡੇ ਵਿੱਚ ਹਰੇਕ ਆਸ ਦੀ ਭਰਪੂਰੀ ਲਈ ਅੰਤ ਤੱਕ ਇਸੇ ਤਰ੍ਹਾਂ ਦਾ ਯਤਨ ਕਰੇ ।12ਤਾਂ ਜੋ ਤੁਸੀਂ ਆਲਸੀ ਨਾ ਹੋਵੋ ਸਗੋਂ ਉਨ੍ਹਾਂ ਦੀ ਰੀਸ ਕਰੋ ਜਿਹੜੇ ਵਿਸ਼ਵਾਸ ਅਤੇ ਧੀਰਜ ਦੇ ਰਾਹੀਂ ਵਾਅਦਿਆਂ ਦੇ ਅਧਿਕਾਰੀ ਹੁੰਦੇ ਹਨ ।
ਪਰਮੇਸ਼ੁਰ ਦਾ ਅਟੱਲ ਵਾਅਦਾ

13ਜਦੋਂ ਪਰਮੇਸ਼ੁਰ ਨੇ ਅਬਰਾਹਾਮ ਨੂੰ ਵਾਇਦਾ ਕੀਤਾ ਤਾਂ ਇਸ ਕਰਕੇ ਜੋ ਆਪਣੇ ਨਾਲੋਂ ਵੱਡਾ ਕੋਈ ਨਾ ਵੇਖਿਆ ਜਿਸ ਦੀ ਉਹ ਸਹੁੰ ਖਾਂਦਾ ਉਹ ਨੇ ਆਪਣੀ ਹੀ ਸਹੁੰ ਖਾ ਕੇ ਆਖਿਆ14ਕਿ ਮੈਂ ਤੈਨੂੰ ਬਰਕਤਾਂ ਤੇ ਬਰਕਤਾਂ ਦਿਆਂਗਾ ਅਤੇ ਤੇਰਾ ਵਾਧੇ ਤੇ ਵਾਧਾ ਕਰਾਂਗਾ ।15ਇਸੇ ਤਰ੍ਹਾਂ ਉਹ ਨੇ ਧੀਰਜ ਕਰ ਕੇ ਉਸ ਦਿੱਤੇ ਹੋਏ ਵਾਇਦੇ ਨੂੰ ਪ੍ਰਾਪਤ ਕੀਤਾ ।
16ਮਨੁੱਖ ਤਾਂ ਆਪਣੇ ਨਾਲੋਂ ਕਿਸੇ ਵੱਡੇ ਦੀ ਸਹੁੰ ਖਾਂਦੇ ਹਨ ਅਤੇ ਉਹਨਾਂ ਦੇ ਹਰੇਕ ਝਗੜੇ ਦਾ ਫੈਂਸਲਾ ਸਹੁੰ ਤੇ ਖ਼ਤਮ ਹੋ ਜਾਂਦਾ ਹੈ ।17ਇਸ ਕਰਕੇ ਜਦੋਂ ਪਰਮੇਸ਼ੁਰ ਨੇ ਵਾਇਦੇ ਦੇ ਅਧਿਕਾਰੀਆਂ ਉੱਤੇ ਆਪਣੀ ਮਰਜ਼ੀ ਨੂੰ ਹੋਰ ਵੀ ਪੱਕਾ ਕਰ ਕੇ ਪਰਗਟ ਕਰਨਾ ਚਾਹਿਆ ਤਾਂ ਵਿਚਾਲੇ ਸਹੁੰ ਲਿਆਂਦੀ ।18ਭਈ ਦੋ ਪੱਕੀਆਂ ਗੱਲਾਂ ਦੇ ਦੁਆਰਾ ਜਿਨ੍ਹਾਂ ਵਿੱਚ ਪਰਮੇਸ਼ੁਰ ਦਾ ਝੂਠ ਬੋਲਣਾ ਅਣਹੋਣਾ ਹੈ, ਸਾਨੂੰ ਪੱਕਾ ਦਿਲਾਸਾ ਮਿਲੇ ਜਿਹੜੇ ਆਪਣੇ ਸਾਹਮਣੇ ਰੱਖੀ ਹੋਈ ਆਸ ਨੂੰ ਫੜ ਲੈਣ ਲਈ ਭੱਜ ਕੇ ਪਨਾਹ ਲੈਂਦੇ ਹਨ ।
19ਅਤੇ ਉਹ ਆਸ ਸਾਡੀ ਜਾਨ ਦਾ ਲੰਗਰ ਹੈ ਜਿਹੜਾ ਪੱਕਾ ਅਤੇ ਸਥਿਰ ਹੈ ਅਤੇ ਉਸ ਥਾਂ ਪਹੁੰਚਦਾ ਹੈ ਜੋ ਪੜਦੇ ਦੇ ਅੰਦਰ ਹੈ ।20ਜਿੱਥੇ ਯਿਸੂ ਨੇ ਆਗੂ ਬਣ ਕੇ ਸਾਡੇ ਲਈ ਪਰਵੇਸ਼ ਕੀਤਾ ਜਿਹੜਾ ਮਲਕਿਸਿਦਕ ਦੀ ਪਦਵੀ ਦੇ ਅਨੁਸਾਰ ਸਦਾ ਤੱਕ ਦਾ ਪ੍ਰਧਾਨ ਜਾਜਕ ਬਣਿਆ ।

7
ਮਲਕਿਸਿਦਕ ਜਾਜਕ

1ਅਤੇ ਇਹ ਮਲਕਿਸਿਦਕ ਸਾਲੇਮ ਦਾ ਰਾਜਾ ਅਤੇ ਅੱਤ ਮਹਾਨ ਪਰਮੇਸ਼ੁਰ ਦਾ ਜਾਜਕ ਜਿਹੜਾ ਅਬਰਾਹਾਮ ਨੂੰ ਜਿਸ ਵੇਲੇ ਉਹ ਰਾਜਿਆਂ ਨੂੰ ਵੱਢ ਕੇ ਮੁੜਿਆ ਆਉਂਦਾ ਸੀ ਆ ਮਿਲਿਆ ਅਤੇ ਉਹ ਨੂੰ ਬਰਕਤ ਦਿੱਤੀ ।2ਜਿਸ ਨੂੰ ਅਬਰਾਹਾਮ ਨੇ ਸਭਨਾਂ ਵਸਤਾਂ ਦਾ ਦਸਵੰਧ ਵੀ ਦਿੱਤਾ ਉਹ ਪਹਿਲਾਂ ਆਪਣੇ ਨਾਮ ਦੇ ਅਨੁਸਾਰ ਧਰਮ ਦਾ ਰਾਜਾ ਅਤੇ ਫੇਰ ਸਾਲੇਮ ਦਾ ਰਾਜਾ ਵੀ ਅਰਥਾਤ ਸ਼ਾਂਤੀ ਦਾ ਰਾਜਾ ।3ਜਿਸ ਦਾ ਨਾ ਪਿਤਾ ਨਾ ਮਾਤਾ ਨਾ ਕੁੱਲਪੱਤ੍ਰੀ ਹੈ, ਜਿਸ ਦੇ ਨਾ ਦਿਨਾਂ ਦਾ ਆਦ ਅਤੇ ਨਾ ਜੀਵਨ ਦਾ ਅੰਤ ਹੈ ਪਰੰਤੂ ਪਰਮੇਸ਼ੁਰ ਦੇ ਪੁੱਤਰ ਦੇ ਸਮਾਨ ਕੀਤਾ ਹੋਇਆ ਸਦਾ ਜਾਜਕ ਬਣਿਆ ਰਹਿੰਦਾ ਹੈ ।

4ਹੁਣ ਧਿਆਨ ਕਰੋ ਕਿ ਇਹ ਕਿੰਨ੍ਹਾਂ ਮਹਾਨ ਸੀ ਜਿਸ ਨੂੰ ਘਰਾਣੇ ਦੇ ਹਾਕਮ ਅਬਰਾਹਾਮ ਨੇ ਲੁੱਟ ਦੇ ਮਾਲ ਵਿੱਚੋਂ ਸਭ ਤੋਂ ਚੰਗੀਆਂ ਵਸਤਾਂ ਦਾ ਦਸਵੰਧ ਦਿੱਤਾ ।5ਅਤੇ ਲੇਵੀ ਦੀ ਸੰਤਾਨ ਵਿੱਚੋਂ ਜਿਨ੍ਹਾਂ ਨੂੰ ਜਾਜਕਾਂ ਦੀ ਪਦਵੀ ਮਿਲਦੀ ਹੈ, ਉਨ੍ਹਾਂ ਨੂੰ ਉਸ ਪਰਜਾ ਤੋਂ ਅਰਥਾਤ ਆਪਣਿਆਂ ਭਰਾਵਾਂ ਤੋਂ ਭਾਵੇਂ ਉਹ ਅਬਰਾਹਾਮ ਦੀ ਅੰਸ ਵਿੱਚੋਂ ਹਨ ਬਿਵਸਥਾ ਦੇ ਅਨੁਸਾਰ ਦਸਵੰਧ ਲੈਣ ਦਾ ਹੁਕਮ ਹੈ ।6ਪਰ ਜਿਸ ਦੀ ਕੁੱਲਪੱਤ੍ਰੀ ਉਨ੍ਹਾਂ ਨਾਲ ਰਲਦੀ ਨਹੀਂ ਸੀ ਉਹ ਨੇ ਅਬਰਾਹਾਮ ਤੋਂ ਦਸਵੰਧ ਲਿਆ ਅਤੇ ਉਹ ਨੂੰ ਬਰਕਤ ਦਿੱਤੀ ਜਿਸ ਨੂੰ ਵਾਇਦੇ ਦਿੱਤੇ ਹੋਏ ਸਨ ।
7ਪਰ ਕੋਈ ਸ਼ੱਕ ਨਹੀਂ ਭਈ ਛੋਟੇ ਨੂੰ ਵੱਡੇ ਤੋਂ ਬਰਕਤ ਮਿਲਦੀ ਹੈ ।8ਅਤੇ ਇੱਥੇ ਮਰਨ ਵਾਲੇ ਮਨੁੱਖ ਦਸਵੰਧ ਲੈਂਦੇ ਹਨ ਪਰ ਉੱਥੇ ਉਹ ਲੈਂਦਾ ਹੈ ਜਿਸ ਦੇ ਵਿਖੇ ਇਹ ਗਵਾਹੀ ਦਿੱਤੀ ਜਾਂਦੀ ਹੈ ਭਈ ਉਹ ਜਿਉਂਦਾ ਹੈ ।9ਸੋ ਇਹ ਆਖ ਸਕਦੇ ਹਾਂ ਜੋ ਲੇਵੀ ਨੇ ਵੀ ਜਿਹੜਾ ਦਸਵੰਧ ਲੈਂਦਾ ਹੈ ਅਬਰਾਹਾਮ ਦੇ ਰਾਹੀਂ ਦਸਵੰਧ ਦਿੱਤਾ ।10ਕਿਉਂ ਜੋ ਉਹ ਅਜੇ ਆਪਣੇ ਪਿਤਾ ਦੇ ਸਰੀਰ ਵਿੱਚ ਸੀ ਜਿਸ ਵੇਲੇ ਮਲਕਿਸਿਦਕ ਉਹ ਨੂੰ ਆ ਮਿਲਿਆ ।
ਮਲਕਿਸਿਦਕ ਦੇ ਵਰਗਾ ਦੂਸਰਾ ਜਾਜਕ

11ਸੋ ਜੇ ਲੇਵੀ ਵਾਲੀ ਜਾਜਕਾਈ ਨਾਲ ਜਿਸ ਦੇ ਹੁੰਦਿਆਂ ਕੌਮਾਂ ਨੂੰ ਬਿਵਸਥਾ ਮਿਲੀ ਸੀ ਸੰਪੂਰਨਤਾਈ ਪ੍ਰਾਪਤ ਹੁੰਦੀ, ਤਾਂ ਫਿਰ ਕੀ ਲੋੜ ਸੀ ਜੋ ਮਲਕਿਸਿਦਕ ਦੀ ਪਦਵੀ ਦੇ ਅਨੁਸਾਰ ਕੋਈ ਹੋਰ ਜਾਜਕ ਉੱਠਦਾ ਅਤੇ ਹਾਰੂਨ ਦੀ ਪਦਵੀ ਦੇ ਅਨੁਸਾਰ ਨਾ ਗਿਣਿਆ ਜਾਂਦਾ ?12ਕਿਉਂਕਿ ਜਦੋਂ ਜਾਜਕਾਈ ਬਦਲੀ ਗਈ ਤਾਂ ਬਿਵਸਥਾ ਦਾ ਵੀ ਬਦਲਣਾ ਜ਼ਰੂਰੀ ਹੈ ।
13ਕਿਉਂਕਿ ਜਿਸ ਦੇ ਬਾਰੇ ਇਹ ਗੱਲਾਂ ਕਹੀਆਂ ਜਾਂਦੀਆਂ ਹਨ, ਉਹ ਕਿਸੇ ਹੋਰ ਗੋਤ ਦਾ ਹੈ ਜਿਹਨਾਂ ਵਿੱਚੋਂ ਕਿਸੇ ਨੇ ਜਗਵੇਦੀ ਦੇ ਅੱਗੇ ਸੇਵਾ ਨਹੀਂ ਕੀਤੀ ।14ਕਿਉਂ ਜੋ ਇਹ ਪਰਗਟ ਹੈ ਕਿ ਸਾਡਾ ਪ੍ਰਭੂ ਯਹੂਦਾਹ ਵਿੱਚੋਂ ਨਿੱਕਲਿਆ ਜਿਸ ਗੋਤ ਲਈ ਮੂਸਾ ਨੇ ਜਾਜਕਾਂ ਦੇ ਬਾਰੇ ਕੁੱਝ ਨਹੀਂ ਆਖਿਆ ।
15ਅਤੇ ਜਦੋਂ ਮਲਕਿਸਿਦਕ ਦੇ ਸਮਾਨ ਇੱਕ ਹੋਰ ਜਾਜਕ ਉੱਠਿਆ ਹੈ16ਇਹ ਜਾਜਕ ਸਰੀਰ ਦੇ ਸੰਬੰਧੀ ਹੁਕਮ ਦੇ ਅਨੁਸਾਰ ਨਹੀਂ ਪਰ ਅਵਿਨਾਸ਼ੀ ਜੀਵਨ ਦੀ ਸਮਰੱਥਾ ਦੇ ਅਨੁਸਾਰ ਬਣਿਆ ਹੈ ਤਾਂ ਸਾਡਾ ਆਖਣਾ ਹੋਰ ਵੀ ਸਾਫ਼ ਹੁੰਦਾ ਹੈ ।17ਕਿਉਂ ਜੋ ਇਹ ਗਵਾਹੀ ਦਿੱਤੀ ਹੋਈ ਹੈ, ਤੂੰ ਮਲਕਿਸਿਦਕ ਦੀ ਪਦਵੀ ਦੇ ਅਨੁਸਾਰ, ਸਦਾ ਤੱਕ ਦਾ ਜਾਜਕ ਹੈਂ ।
18ਪਹਿਲਾ ਹੁਕਮ ਕਮਜ਼ੋਰ ਅਤੇ ਨਿਸਫਲ ਹੋਣ ਕਰਕੇ ਰੱਦੀ ਹੋ ਜਾਂਦਾ ਹੈ ।19ਕਿਉਂਕਿ ਬਿਵਸਥਾ ਨੇ ਕੁੱਝ ਵੀ ਸੰਪੂਰਨ ਨਹੀਂ ਕੀਤਾ, ਅਤੇ ਉਹ ਦੇ ਥਾਂ ਉਸ ਨਾਲੋਂ ਇੱਕ ਚੰਗੀ ਆਸ ਰੱਖੀ ਪਈ ਹੈ ਜਿਸ ਦੇ ਰਾਹੀਂ ਅਸੀਂ ਪਰਮੇਸ਼ੁਰ ਦੇ ਨੇੜੇ ਪਹੁੰਚਦੇ ਹਾਂ ।
20ਅਤੇ ਮਸੀਹ ਦੀ ਨਿਯੁਕਤੀ ਬਿਨ੍ਹਾਂ ਸਹੁੰ ਖਾਧੇ ਨਹੀਂ ਹੋਈ21ਕਿਉਂ ਜੋ ਉਹ ਬਿਨ੍ਹਾਂ ਸਹੁੰ ਖਾਧੇ ਜਾਜਕ ਬਣੇ ਹਨ ਪਰ ਇਹ ਸਹੁੰ ਖਾਣ ਨਾਲ ਉਸ ਤੋਂ ਬਣਿਆ ਜਿਸ ਨੇ ਉਸ ਨੂੰ ਆਖਿਆ, -
22ਪ੍ਰਭੂ ਨੇ ਸਹੁੰ ਖਾਧੀ, ਅਤੇ ਉਹ ਨਹੀਂ ਬਦਲੇਗਾ, ਤੂੰ ਸਦਾ ਤੱਕ ਦਾ ਜਾਜਕ ਹੈਂ । ਜੋ ਯਿਸੂ ਇੱਕ ਹੋਰ ਵੀ ਉੱਤਮ ਨੇਮ ਦਾ ਜ਼ਾਮਨ ਬਣਿਆ ।23ਪਹਿਲੇ ਸਮੇਂ ਵਿੱਚ ਬਹੁਤ ਸਾਰੀ ਸੰਖਿਆ ਵਿੱਚ ਜਾਜਕ ਬਣੇ ਸਨ ਕਿਉਂਕਿ ਮੌਤ ਨੇ ਉਨ੍ਹਾਂ ਨੂੰ ਟਿਕਣ ਨਾ ਦਿੱਤਾ ।24ਪਰ ਇਹ ਸਦਾ ਤੱਕ ਰਹਿੰਦਾ ਹੈ ਇਸ ਕਰਕੇ ਇਹ ਦੀ ਜਾਜਕਾਈ ਅਟੱਲ ਹੈ ।
25ਇਸ ਲਈ ਉਹ ਉਨ੍ਹਾਂ ਦਾ ਜਿਹੜੇ ਉਹ ਦੇ ਰਾਹੀਂ ਪਰਮੇਸ਼ੁਰ ਦੇ ਕੋਲ ਆਉਂਦੇ ਹਨ, ਪੂਰਾ ਛੁਟਕਾਰਾ ਕਰ ਸਕਦਾ ਹੈ ਕਿਉਂ ਜੋ ਉਹ ਉਨ੍ਹਾਂ ਦੀ ਸਿਫ਼ਾਰਸ਼ ਕਰਨ ਨੂੰ ਸਦਾ ਜਿਉਂਦਾ ਹੈ ।26ਇਹੋ ਜਿਹਾ ਪ੍ਰਧਾਨ ਜਾਜਕ ਸਾਡੇ ਲਈ ਫੱਬਦਾ ਸੀ ਜਿਹੜਾ ਪਵਿੱਤਰ, ਨਿਰਦੋਸ਼, ਨਿਰਮਲ, ਪਾਪੀਆਂ ਤੋਂ ਨਿਆਰਾ ਅਤੇ ਅਕਾਸ਼ਾਂ ਤੋਂ ਉੱਚਾ ਕੀਤਾ ਹੋਇਆ ਹੋਵੇ ।
27ਜਿਸ ਨੂੰ ਉਨ੍ਹਾਂ ਪ੍ਰਧਾਨ ਜਾਜਕਾਂ ਵਾਂਗੂੰ ਲੋੜ ਨਹੀਂ ਕਿ ਪਹਿਲਾਂ ਆਪਣਿਆਂ ਅਤੇ ਫਿਰ ਪਰਜਾ ਦੇ ਪਾਪਾਂ ਲਈ ਬਲੀਦਾਨ ਹਰ ਰੋਜ਼ ਚੜ੍ਹਾਇਆ ਕਰੇ, ਕਿਉਂਕਿ ਉਹ ਨੇ ਆਪਣੇ ਆਪ ਨੂੰ ਬਲੀਦਾਨ ਕਰਕੇ ਚੜਾਉਣ ਦੁਆਰਾ ਇੱਕੋ ਵਾਰ ਇਹ ਕਰ ਦਿੱਤਾ ।28ਬਿਵਸਥਾ ਤਾਂ ਮਨੁੱਖਾਂ ਨੂੰ ਜਿਹੜੇ ਕਮਜ਼ੋਰ ਹਨ ਪ੍ਰਧਾਨ ਜਾਜਕ ਠਹਿਰਾਉਂਦੀ ਹੈ ਪਰ ਸਹੁੰ ਦਾ ਬਚਨ ਜਿਹੜਾ ਬਿਵਸਥਾ ਦੇ ਬਾਅਦ ਹੋਇਆ ਸੀ ਪੁੱਤਰ ਨੂੰ ਜੋ ਸਦਾ ਤੱਕ ਸਿੱਧ ਕੀਤਾ ਹੋਇਆ ਹੈ, ਪਰਧਾਨ ਜਾਜਕ ਠਹਿਰਾਉਂਦਾ ਹੈ ।

8
ਯਿਸੂ ਸਾਡਾ ਮਹਾਂ ਜਾਜਕ

1ਹੁਣ ਜਿਹੜੀਆਂ ਗੱਲਾਂ ਅਸੀਂ ਆਖਦੇ ਹਾਂ ਉਨ੍ਹਾਂ ਵਿੱਚੋਂ ਮੁੱਖ ਗੱਲ ਇਹ ਹੈ ਕਿ ਸਾਡਾ ਇਹੋ ਜਿਹਾ ਇੱਕ ਪ੍ਰਧਾਨ ਜਾਜਕ ਹੈ ਜਿਹੜਾ ਸਵਰਗ ਉੱਤੇ ਅੱਤ ਮਹਾਨ ਪਰਮੇਸ਼ੁਰ ਦੇ ਸਿੰਘਾਸਣ ਦੇ ਸੱਜੇ ਪਾਸੇ ਬਿਰਾਜਮਾਨ ਹੈ ।2ਉਹ ਪਵਿੱਤਰ ਸਥਾਨ ਦਾ ਅਤੇ ਉਸ ਡੇਰੇ ਦਾ ਸੇਵਕ ਹੈ ਜਿਸ ਨੂੰ ਮਨੁੱਖ ਨੇ ਨਹੀਂ ਸਗੋਂ ਪ੍ਰਭੂ ਨੇ ਖੜ੍ਹਾ ਕੀਤਾ ।

3ਹਰੇਕ ਪ੍ਰਧਾਨ ਜਾਜਕ ਭੇਟਾਂ ਅਤੇ ਬਲੀਦਾਨ ਚੜ੍ਹਾਉਣ ਲਈ ਠਹਿਰਾਇਆ ਜਾਂਦਾ ਹੈ, ਇਸ ਕਾਰਨ ਜ਼ਰੂਰੀ ਸੀ ਕਿ ਇਹ ਦੇ ਕੋਲ ਵੀ ਚੜ੍ਹਾਉਣ ਨੂੰ ਕੁੱਝ ਹੋਵੇ ।4ਜੇ ਉਹ ਧਰਤੀ ਉੱਤੇ ਹੁੰਦਾ ਤਾਂ ਉਹ ਕਦੇ ਵੀ ਜਾਜਕ ਨਾ ਹੁੰਦਾ, ਕਿਉਂਕਿ ਬਿਵਸਥਾ ਦੇ ਅਨੁਸਾਰ ਭੇਟਾਂ ਚੜ੍ਹਾਉਣ ਵਾਲੇ ਇੱਥੇ ਹਨ ।5ਜਿਹੜੇ ਸਵਰਗੀ ਵਸਤਾਂ ਦੇ ਨਮੂਨੇ ਅਤੇ ਪਰਛਾਵੇਂ ਦੀ ਸੇਵਾ ਉਸੇ ਤਰ੍ਹਾਂ ਕਰਦੇ ਹਨ ਜਿਵੇਂ ਮੂਸਾ ਨੂੰ ਜਦੋਂ ਉਹ ਡੇਰਾ ਬਣਾਉਣ ਲੱਗਾ ਤਾਂ ਪਰਮੇਸ਼ੁਰ ਵੱਲੋਂ ਹੁਕਮ ਮਿਲਿਆ ਕਿ ਵੇਖ, ਜਿਹੜਾ ਨਮੂਨਾ ਤੈਨੂੰ ਪਹਾੜ ਉੱਤੇ ਵਿਖਾਇਆ ਗਿਆ ਸੀ ਉਸੇ ਦੇ ਅਨੁਸਾਰ ਸਭ ਕੁੱਝ ਬਣਾਵੀਂ ।
6ਪਰ ਹੁਣ ਮਸੀਹ ਨੂੰ ਹੋਰ ਵੀ ਚੰਗੀ ਸੇਵਕਾਈ ਮਿਲੀ ਕਿਉਂਕਿ ਉਹ ਉੱਤਮ ਨੇਮ ਦਾ ਵਿਚੋਲਾ ਹੋਇਆ ਜਿਹੜਾ ਚੰਗੇ ਵਾਇਦਿਆਂ ਉੱਤੇ ਬੰਨ੍ਹਿਆ ਹੋਇਆ ਹੈ ।7ਪਰ ਜੇ ਉਹ ਪਹਿਲਾ ਨੇਮ ਬੇਦੋਸ਼ ਹੁੰਦਾ ਤਾਂ ਦੂਜੇ ਲਈ ਥਾਂ ਨਾ ਲੱਭੀ ਜਾਂਦੀ ।
8ਕਿਉਂ ਜੋ ਉਹ ਉਨ੍ਹਾਂ ਉੱਤੇ ਦੋਸ਼ ਲਾ ਕੇ ਕਹਿੰਦਾ ਹੈ ਕਿ ਵੇਖੋ, ਉਹ ਦਿਨ ਆ ਰਹੇ ਹਨ, ਪ੍ਰਭੂ ਆਖਦਾ ਹੈ, ਕਿ ਮੈਂ ਇਸਰਾਏਲ ਦੇ ਘਰਾਣੇ ਅਤੇ ਯਹੂਦਾਹ ਦੇ ਘਰਾਣੇ ਨਾਲ ਇੱਕ ਨਵਾਂ ਨੇਮ ਬੰਨ੍ਹਾਂਗਾ,9ਉਸ ਨੇਮ ਵਾਂਗੂੰ ਨਹੀਂ, ਜਿਹੜਾ ਮੈਂ ਉਹਨਾਂ ਦੇ ਪਿਉ-ਦਾਦਿਆਂ ਨਾਲ ਉਸ ਦਿਨ ਬੰਨ੍ਹਿਆ ਸੀ ਜਿਸ ਦਿਨ ਮੈਂ ਉਹਨਾਂ ਦਾ ਹੱਥ ਫੜ੍ਹਿਆ ਕਿ ਉਹਨਾਂ ਨੂੰ ਮਿਸਰ ਦੇਸ ਵਿੱਚੋਂ ਬਾਹਰ ਲਿਆਵਾਂ, ਉਹ ਤਾਂ ਮੇਰੇ ਨਾਮ ਉੱਤੇ ਕਾਇਮ ਨਾ ਰਹੇ, ਅਤੇ ਮੈਂ ਉਹਨਾਂ ਦੀ ਕੁੱਝ ਪਰਵਾਹ ਨਾ ਕੀਤੀ, ਪ੍ਰਭੂ ਆਖਦਾ ਹੈ ।
10ਇਹ ਉਹ ਨੇਮ ਹੈ ਜਿਹੜਾ ਮੈਂ ਇਸਰਾਏਲ ਦੇ ਘਰਾਣੇ ਨਾਲ ਬੰਨ੍ਹਾਂਗਾ, ਉਨ੍ਹਾਂ ਦਿਨਾਂ ਦੇ ਬਾਅਦ, ਪ੍ਰਭੂ ਆਖਦਾ ਹੈ, ਮੈਂ ਆਪਣੇ ਕਨੂੰਨ ਉਹਨਾਂ ਦਿਆਂ ਮਨਾਂ ਵਿੱਚ ਪਾਵਾਂਗਾ, ਅਤੇ ਉਹਨਾਂ ਦਿਆਂ ਦਿਲਾਂ ਉੱਤੇ ਉਨ੍ਹਾਂ ਨੂੰ ਲਿਖਾਂਗਾ । ਮੈਂ ਉਹਨਾਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰੀ ਪਰਜਾ ਹੋਣਗੇ ।
11ਹਰ ਕੋਈ ਆਪਣੇ ਦੇਸ ਵਾਲਿਆਂ ਨੂੰ ਅਤੇ ਆਪਣੇ ਭਾਈ ਨੂੰ ਨਹੀਂ ਸਿਖਾਵੇਗਾ, ਕਿ ਤੁਸੀਂ ਪ੍ਰਭੂ ਨੂੰ ਜਾਣੋ, ਕਿਉਂ ਜੋ ਸਾਰੇ ਮੈਨੂੰ ਜਾਨਣਗੇ, ਉਹਨਾਂ ਦੇ ਛੋਟੇ ਤੋਂ ਲੈ ਕੇ ਵੱਡੇ ਤੱਕ ।12ਮੈਂ ਤਾਂ ਉਹਨਾਂ ਦੇ ਕੁਧਰਮਾਂ ਉੱਤੇ ਤਰਸਵਾਨ ਹੋਵਾਂਗਾ, ਅਤੇ ਉਹਨਾਂ ਦੇ ਪਾਪਾਂ ਨੂੰ ਫੇਰ ਕਦੇ ਚੇਤੇ ਨਾ ਕਰਾਂਗਾ ।
13ਜਦੋਂ ਉਹ ਨੇ ਨਵਾਂ ਨੇਮ ਆਖਿਆ ਤਾਂ ਪਹਿਲੇ ਨੂੰ ਪੁਰਾਣਾ ਠਹਿਰਾਇਆ ਹੈ । ਪਰ ਜੋ ਕੁੱਝ ਪੁਰਾਣਾ ਹੋਇਆ ਅਤੇ ਬਹੁਤ ਸਮੇਂ ਤੋਂ ਹੈ ਉਹ ਅਲੋਪ ਹੋਣ ਦੇ ਨੇੜੇ ਹੈ ।

9
ਪ੍ਰਿਥਵੀ ਦੇ ਤੰਬੂ ਵਿੱਚ ਸੇਵਾ

1ਪਹਿਲੇ ਨੇਮ ਵਿੱਚ ਵੀ ਸੇਵਾ ਦੇ ਨਿਯਮ ਸਨ ਅਤੇ ਇੱਕ ਸੰਸਾਰ ਦਾ ਪਵਿੱਤਰ ਸਥਾਨ ਸੀ ।2ਕਿਉਂ ਜੋ ਇੱਕ ਡੇਰਾ ਬਣਾਇਆ ਗਿਆ ਅਰਥਾਤ ਪਹਿਲਾ, ਜਿਸ ਦੇ ਵਿੱਚ ਸ਼ਮਾਦਾਨ, ਮੇਜ਼ ਅਤੇ ਹਜ਼ੂਰੀ ਦੀਆਂ ਰੋਟੀਆਂ ਸਨ । ਇਹ ਪਵਿੱਤਰ ਸਥਾਨ ਅਖਵਾਉਂਦਾ ਹੈ ।

3ਅਤੇ ਦੂਜੇ ਪੜਦੇ ਦੇ ਅੰਦਰ ਉਹ ਡੇਰਾ ਸੀ ਜਿਹੜਾ ਅੱਤ ਪਵਿੱਤਰ ਸਥਾਨ ਅਖਵਾਉਂਦਾ ਹੈ ।4ਜਿਸ ਦੇ ਵਿੱਚ ਧੂਪ ਦੀ ਵੇਦੀ ਸੀ ਜੋ ਸੁਨਿਹਰੀ ਸੀ ਅਤੇ ਨੇਮ ਦਾ ਸੰਦੂਕ ਜਿਹੜਾ ਆਲੇ ਦੁਆਲਿਓਂ ਸੋਨੇ ਨਾਲ ਮੜ੍ਹਿਆ ਹੋਇਆ ਸੀ ਜਿਸ ਵਿੱਚ ਮੰਨਾ ਭਰਿਆ ਹੋਇਆ ਇੱਕ ਸੋਨੇ ਦਾ ਡੱਬਾ ਅਤੇ ਹਾਰੂਨ ਦੀ ਸੋਟੀ ਸੀ ਜਿਸ ਵਿੱਚੋਂ ਫੁੱਲ ਅਤੇ ਫਲ ਨਿੱਕਲ ਆਏ ਸਨ ਅਤੇ ਨੇਮ ਦੀਆਂ ਪੱਟੀਆਂ ਸਨ ।5ਅਤੇ ਉਹ ਦੇ ਉੱਪਰ ਤੇਜ ਦੇ ਕਰੂਬੀ ਸਨ ਜਿਨ੍ਹਾਂ ਪ੍ਰਾਸਚਿਤ ਦੇ ਥਾਂ ਉੱਤੇ ਛਾਇਆ ਕੀਤੀ ਹੋਈ ਸੀ, ਜਿਨ੍ਹਾਂ ਵਸਤਾਂ ਦੇ ਇੱਕ-ਇੱਕ ਕਰਕੇ ਬਿਆਨ ਕਰਨ ਦਾ ਹੁਣ ਸਮਾਂ ਨਹੀਂ ।
6ਸੋ ਜਦੋਂ ਇਹ ਵਸਤਾਂ ਇਸ ਤਰ੍ਹਾਂ ਤਿਆਰ ਕੀਤੀਆਂ ਗਈਆਂ ਤਾਂ ਪਹਿਲੇ ਡੇਰੇ ਦੇ ਵਿੱਚ ਜਾਜਕ ਨਿੱਤ ਜਾ ਕੇ ਸੇਵਾ ਦੇ ਕੰਮ ਪੂਰੇ ਕਰਦੇ ਸਨ ।7ਪਰ ਦੂਜੇ ਦੇ ਅੰਦਰ ਇਕੱਲਾ ਪ੍ਰਧਾਨ ਜਾਜਕ ਸਾਲ ਦੇ ਇੱਕ ਦਿਨ ਇੱਕ ਵਾਰੀ ਜਾਂਦਾ ਹੁੰਦਾ ਸੀ ਪਰ ਲਹੂ ਬਹਾਏ ਬਿਨ੍ਹਾਂ ਨਹੀਂ ਜਿਸ ਨੂੰ ਆਪਣੀਆਂ ਅਤੇ ਪਰਜਾ ਦੀਆਂ ਗਲਤੀਆਂ ਲਈ ਚੜ੍ਹਾਉਂਦਾ ਸੀ ।
8ਇਸ ਤੋਂ ਪਵਿੱਤਰ ਆਤਮਾ ਇਹ ਦੱਸਦਾ ਸੀ ਕਿ ਜਦੋਂ ਤੱਕ ਪਵਿੱਤਰ ਡੇਰਾ ਖੜ੍ਹਾ ਹੈ ਉਸ ਸਮੇਂ ਤੱਕ ਪਵਿੱਤਰ ਸਥਾਨਾਂ ਦਾ ਰਾਹ ਪ੍ਰਗਟ ਨਹੀਂ ਹੈ ।9ਇਹ ਤੰਬੂ ਵਰਤਮਾਨ ਸਮੇਂ ਲਈ ਇੱਕ ਦ੍ਰਿਸ਼ਟਾਂਤ ਹੈ ਜਿਸ ਦੇ ਅਨੁਸਾਰ ਇਸ ਤਰ੍ਹਾਂ ਦੀਆਂ ਭੇਟਾਂ ਅਤੇ ਬਲੀਦਾਨ ਚੜ੍ਹਾਏ ਜਾਂਦੇ ਸਨ, ਜੋ ਬੰਦਗੀ ਕਰਨ ਵਾਲੇ ਦੇ ਅੰਤਹਕਰਨ ਨੂੰ ਸ਼ੁੱਧ ਨਹੀਂ ਕਰ ਸਕਦੇ ।10ਇਹ ਖਾਣ-ਪੀਣ ਅਤੇ ਭਾਂਤ-ਭਾਂਤ ਦੇ ਰਸਮੀ ਇਸ਼ਨਾਨ ਦੇ ਨਾਲ ਬਹੁਤ ਸਾਰੇ ਸਰੀਰਕ ਨਿਯਮ ਸਨ ਜਿਹੜੇ ਸੁਧਾਰ ਦੇ ਸਮੇਂ ਤੱਕ ਠਹਿਰਾਏ ਗਏ ਸਨ ।
ਮਸੀਹ ਦੇ ਲਹੂ ਦੀ ਸਾਮਰਥ

11ਪਰ ਜਦੋਂ ਮਸੀਹ ਆਉਣ ਵਾਲੀਆਂ ਉੱਤਮ ਵਸਤਾਂ ਦਾ ਪ੍ਰਧਾਨ ਜਾਜਕ ਹੋ ਕੇ ਆਇਆ ਤਾਂ ਪਹਿਲੇ ਨਾਲੋਂ ਉਸ ਵੱਡੇ ਅਤੇ ਪੂਰਨ ਤੰਬੂ ਦੇ ਰਾਹੀਂ ਜੋ ਹੱਥਾਂ ਦਾ ਬਣਾਇਆ ਹੋਇਆ ਨਹੀਂ ਅਰਥਾਤ ਇਸ ਸਰਿਸ਼ਟੀ ਦਾ ਨਹੀਂ ਹੈ ।12ਉਹ ਬੱਕਰਿਆਂ ਅਤੇ ਵੱਛਿਆਂ ਦੇ ਲਹੂ ਦੇ ਰਾਹੀਂ ਨਹੀਂ ਸਗੋਂ ਆਪਣੇ ਹੀ ਲਹੂ ਦੇ ਰਾਹੀਂ ਪਵਿੱਤਰ ਸਥਾਨਾਂ ਦੇ ਅੰਦਰ ਸਦੀਪਕ ਛੁਟਕਾਰਾ ਕਮਾ ਕੇ ਇੱਕੋ ਵਾਰ ਅੰਦਰ ਗਿਆ ।
13ਕਿਉਂਕਿ ਜੇ ਬੱਕਰਿਆਂ ਅਤੇ ਵੱਛਿਆਂ ਦਾ ਲਹੂ ਅਤੇ ਵਹਿੜ ਦੀ ਸੁਆਹ ਜਿਹੜੀ ਭ੍ਰਿਸ਼ਟ ਲੋਕਾਂ ਉੱਤੇ ਛਿੜਕੀ ਜਾਵੇ ਸਰੀਰ ਦੇ ਸ਼ੁੱਧ ਕਰਨ ਲਈ ਪਵਿੱਤਰ ਕਰਦੀ ਹੈ14ਤਾਂ ਕਿੰਨ੍ਹਾਂ ਹੀ ਵੱਧ ਮਸੀਹ ਦਾ ਲਹੂ ਜਿਸ ਨੇ ਸਦੀਪਕ ਆਤਮਾ ਦੇ ਰਾਹੀਂ ਆਪਣੇ ਆਪ ਨੂੰ ਦੋਸ਼ ਰਹਿਤ ਪਰਮੇਸ਼ੁਰ ਦੇ ਅੱਗੇ ਚੜ੍ਹਾਇਆ ਤੁਹਾਡੇ ਅੰਤਹਕਰਨ ਨੂੰ ਮੁਰਦਿਆਂ ਕੰਮਾਂ ਤੋਂ ਸ਼ੁੱਧ ਕਰੇਗਾ ਕਿ ਤੁਸੀਂ ਜਿਉਂਦੇ ਪਰਮੇਸ਼ੁਰ ਦੀ ਬੰਦਗੀ ਕਰੋ ।

15ਇਸੇ ਕਾਰਨ ਉਹ ਨਵੇਂ ਨੇਮ ਦਾ ਵਿਚੋਲਾ ਹੈ ਕਿਉਂਕਿ ਇੱਕ ਮੌਤ ਹੋਈ ਹੈ ਜਿਹੜੀ ਪਹਿਲੇ ਨੇਮ ਦੇ ਅਪਰਾਧਾਂ ਤੋਂ ਛੁਡਾਉਂਦੀ ਹੈ ਕਿ ਉਹ ਜਿਹੜੇ ਸੱਦੇ ਹੋਏ ਹਨ ਸਦੀਪਕ ਕਾਲ ਦੇ ਵਿਰਸੇ ਦੇ ਵਾਇਦੇ ਨੂੰ ਪ੍ਰਾਪਤ ਕਰਨ ।
16ਜਿੱਥੇ ਵਸੀਅਤ ਹੈ ਉੱਥੇ ਉਹ ਦੇ ਕਰਨ ਵਾਲੇ ਦੀ ਮੌਤ ਨੂੰ ਸਾਬਤ ਕਰਨਾ ਪੈਂਦਾ ਹੈ ।17ਕਿਉਂ ਜੋ ਵਸੀਅਤ ਤਾਂ ਹੀ ਪੱਕੀ ਹੁੰਦੀ ਹੈ ਜਦੋਂ ਮੌਤ ਹੋਈ ਹੋਵੇ ਅਤੇ ਜਿੰਨਾਂ ਚਿਰ ਵਸੀਅਤ ਕਰਨ ਵਾਲਾ ਜਿਉਂਦਾ ਹੈ ਉਹ ਕਿਸੇ ਕੰਮ ਦੀ ਨਹੀਂ ਹੈ ।
18ਇਸ ਕਰਕੇ ਪਹਿਲਾ ਨੇਮ ਵੀ ਲਹੂ ਬਿਨ੍ਹਾਂ ਨਹੀਂ ਕੀਤਾ ਗਿਆ ।19ਕਿਉਂਕਿ ਜਦੋਂ ਮੂਸਾ ਦੀ ਬਿਵਸਥਾ ਦੇ ਅਨੁਸਾਰ ਸਾਰੀ ਪਰਜਾ ਨੂੰ ਹਰੇਕ ਹੁਕਮ ਸੁਣਾ ਦਿੱਤਾ ਤਾਂ ਵੱਛਿਆਂ ਅਤੇ ਬੱਕਰਿਆਂ ਦਾ ਲਹੂ, ਪਾਣੀ, ਕਿਰਮਚੀ ਉੱਨ ਅਤੇ ਜ਼ੂਫੇ ਨਾਲ ਲੈ ਕੇ ਉਸ ਪੁਸਤਕ ਅਤੇ ਸਾਰਿਆਂ ਲੋਕਾਂ ਉੱਤੇ ਛਿੜਕ ਕੇ ਆਖਿਆ20ਭਈ ਇਹ ਉਸ ਨੇਮ ਦਾ ਲਹੂ ਹੈ ਜਿਸ ਦਾ ਪਰਮੇਸ਼ੁਰ ਨੇ ਤੁਹਾਨੂੰ ਹੁਕਮ ਦਿੱਤਾ ।
21ਅਤੇ ਇਸੇ ਤਰ੍ਹਾਂ ਉਹ ਨੇ ਡੇਰੇ ਉੱਤੇ ਅਤੇ ਸੇਵਕਾਈ ਦੀ ਸਾਰੀ ਸਮੱਗਰੀ ਉੱਤੇ ਲਹੂ ਛਿੜਕਿਆ ।22ਅਤੇ ਬਿਵਸਥਾ ਦੇ ਅਨੁਸਾਰ ਲੱਗਭਗ ਸਾਰੀਆਂ ਵਸਤਾਂ ਲਹੂ ਨਾਲ ਸ਼ੁੱਧ ਕੀਤੀਆਂ ਜਾਂਦੀਆਂ ਹਨ ਅਤੇ ਬਿਨ੍ਹਾਂ ਲਹੂ ਬਹਾਏ ਮਾਫ਼ੀ ਹੁੰਦੀ ਹੀ ਨਹੀਂ ।
ਮਸੀਹ ਦੇ ਬਲੀਦਾਨ ਦੇ ਦੁਆਰਾ ਪਾਪਾਂ ਦੀ ਮਾਫ਼ੀ

23ਸੋ ਜ਼ਰੂਰੀ ਸੀ ਕਿ ਸਵਰਗ ਵਿਚਲੀਆਂ ਵਸਤਾਂ ਦੇ ਨਮੂਨੇ ਇਨ੍ਹਾਂ ਨਾਲ, ਪਰ ਸਵਰਗੀ ਵਸਤਾਂ ਆਪ ਹੀ ਇਨ੍ਹਾਂ ਤੋਂ ਉੱਤਮ ਬਲੀਦਾਨਾਂ ਨਾਲ ਸ਼ੁੱਧ ਕੀਤੀਆਂ ਜਾਣ ।24ਕਿਉਂ ਜੋ ਮਸੀਹ ਹੱਥਾਂ ਦੇ ਬਣਾਏ ਹੋਏ ਪਵਿੱਤਰ ਸਥਾਨ ਵਿੱਚ ਜਿਹੜਾ ਅਸਲ ਦੀ ਨਕਲ ਹੈ ਨਹੀਂ ਗਿਆ ਸਗੋਂ ਸਵਰਗ ਵਿੱਚ ਹੀ ਗਿਆ ਕਿ ਹੁਣ ਸਾਡੇ ਲਈ ਪਰਮੇਸ਼ੁਰ ਦੇ ਅੱਗੇ ਪੇਸ਼ ਹੋਵੇ ।
25ਅਤੇ ਇਹ ਨਹੀਂ ਕਿ ਉਹ ਆਪਣੇ ਆਪ ਨੂੰ ਵਾਰ ਵਾਰ ਚੜ੍ਹਾਵੇ ਜਿਵੇਂ ਪ੍ਰਧਾਨ ਜਾਜਕ ਪਵਿੱਤਰ ਸਥਾਨ ਦੇ ਅੰਦਰ ਹਰ ਸਾਲ ਲਹੂ ਲੈ ਕੇ ਜਾਂਦਾ ਹੁੰਦਾ ਸੀ ।26ਇਸ ਤਰ੍ਹਾਂ ਉਹ ਨੂੰ ਜਗਤ ਦੇ ਮੁੱਢੋਂ ਵਾਰ ਵਾਰ ਦੁੱਖ ਭੋਗਣਾ ਪੈਂਦਾ ਸੀ । ਪਰ ਹੁਣ ਜੁੱਗਾਂ ਦੇ ਅੰਤ ਵਿੱਚ ਉਹ ਇੱਕੋ ਵਾਰ ਪਰਗਟ ਹੋਇਆ ਹੈ ਕਿ ਆਪਣੇ ਆਪ ਦੇ ਬਲੀਦਾਨ ਕਰਨ ਨਾਲ ਪਾਪ ਨੂੰ ਦੂਰ ਕਰੇ ।
27ਅਤੇ ਜਿਵੇਂ ਮਨੁੱਖਾਂ ਲਈ ਇੱਕ ਵਾਰ ਮਰਨਾ ਠਹਿਰਾਇਆ ਹੋਇਆ ਹੈ ਅਤੇ ਉਹ ਦੇ ਪਿੱਛੋਂ ਨਿਆਂ ਹੁੰਦਾ ਹੈ ।28ਉਸ ਤਰ੍ਹਾਂ ਮਸੀਹ ਵੀ ਬਹੁਤਿਆਂ ਦੇ ਪਾਪਾਂ ਨੂੰ ਚੁੱਕਣ ਲਈ ਇੱਕੋ ਹੀ ਵਾਰ ਬਲੀਦਾਨ ਹੋਇਆ ਅਤੇ ਉਹਨਾਂ ਉੱਤੇ ਜਿਹੜੇ ਉਹ ਨੂੰ ਉਡੀਕਦੇ ਹਨ ਪਾਪ ਦੇ ਕੰਮਾਂ ਤੋਂ ਅੱਲਗ ਹੋ ਕੇ ਮੁਕਤੀ ਦੇ ਲਈ ਦੂਜੀ ਵਾਰ ਪਰਗਟ ਹੋਵੇਗਾ ।

10
ਸਿੱਧ ਬਲੀਦਾਨ

1ਬਿਵਸਥਾ ਜਿਹੜੀ ਆਉਣ ਵਾਲੀਆਂ ਚੰਗੀਆਂ ਵਸਤਾਂ ਦਾ ਪਰਛਾਵਾਂ ਹੀ ਹੈ ਪਰ ਉਨ੍ਹਾਂ ਵਸਤਾਂ ਦਾ ਅਸਲੀ ਸਰੂਪ ਨਹੀਂ, ਕੋਲ ਆਉਣ ਵਾਲਿਆਂ ਨੂੰ ਜਿਹੜੇ ਸਾਲੋ ਸਾਲ ਸਦਾ ਇੱਕੋ ਤਰ੍ਹਾਂ ਦੇ ਬਲੀਦਾਨ ਚੜ੍ਹਾਉਂਦੇ ਹਨ ਕਦੇ ਪਵਿੱਤਰ ਨਹੀਂ ਕਰ ਸਕਦੀ ਹੈ ।2ਨਹੀਂ ਤਾਂ, ਕੀ ਉਨ੍ਹਾਂ ਦਾ ਚੜ੍ਹਾਉਣਾ ਬੰਦ ਨਾ ਹੋ ਜਾਣਾ ਸੀ ਇਸ ਲਈ ਕਿ ਜੇ ਬੰਦਗੀ ਕਰਨ ਵਾਲੇ ਇੱਕ ਵਾਰੀ ਸ਼ੁੱਧ ਹੋ ਜਾਂਦੇ ਤਾਂ ਉਹਨਾਂ ਨੂੰ ਪਾਪਾਂ ਦਾ ਖਿਆਲ ਹੀ ਨਾ ਹੁੰਦਾ ?3ਪਰ ਇਨ੍ਹਾਂ ਬਲੀਦਾਨਾਂ ਦੁਆਰਾ ਸਾਲੋ ਸਾਲ ਉਹਨਾਂ ਨੂੰ ਪਾਪ ਚੇਤੇ ਆਉਂਦੇ ਹਨ ।4ਕਿਉਂ ਜੋ ਅਣਹੋਣਾ ਹੈ ਭਈ ਵੱਛਿਆਂ ਅਤੇ ਬੱਕਰਿਆਂ ਦਾ ਲਹੂ ਪਾਪਾਂ ਨੂੰ ਲੈ ਜਾਵੇ ।

5ਇਸ ਲਈ ਮਸੀਹ ਸੰਸਾਰ ਵਿੱਚ ਆਉਂਦਾ ਹੋਇਆ ਆਖਦਾ ਹੈ, ਬਲੀਦਾਨ ਅਤੇ ਭੇਟ ਤੂੰ ਨਹੀਂ ਚਾਹੀ, ਪਰ ਮੇਰੇ ਲਈ ਇੱਕ ਦੇਹੀ ਤਿਆਰ ਕੀਤੀ ।6ਹੋਮ ਬਲੀ ਅਤੇ ਪਾਪ ਬਲੀ ਤੋਂ ਤੂੰ ਪਰਸੰਨ ਨਹੀਂ ਹੁੰਦਾ,7ਤਦ ਮੈਂ ਆਖਿਆ ਵੇਖ, ਮੈਂ ਆਇਆ ਹਾਂ, ਹੇ ਪਰਮੇਸ਼ੁਰ, ਕਿ ਤੇਰੀ ਇੱਛਾ ਨੂੰ ਪੂਰਾ ਕਰਾਂ, ਜਿਵੇਂ ਪੁਸਤਕ ਦੀ ਪੱਤ੍ਰੀ ਵਿੱਚ ਮੇਰੇ ਬਾਰੇ ਲਿਖਿਆ ਹੋਇਆ ਹੈ ।
8ਉੱਪਰ ਜੋ ਕਹਿੰਦਾ ਹੈ ਕਿ ਤੂੰ ਬਲੀਦਾਨਾਂ, ਭੇਟਾਂ, ਹੋਮ ਬਲੀਆਂ ਅਤੇ ਪਾਪ ਬਲੀਆਂ ਨੂੰ ਨਾ ਚਾਹਿਆ, ਨਾ ਉਨ੍ਹਾਂ ਤੋਂ ਪਰਸੰਨ ਹੋਇਆ, ਪਰ ਇਹ ਬਿਵਸਥਾ ਦੇ ਅਨੁਸਾਰ ਚੜ੍ਹਾਏ ਜਾਂਦੇ ਹਨ9ਫਿਰ ਇਹ ਵੀ ਆਖਿਆ, ਵੇਖ, ਮੈਂ ਤੇਰੀ ਮਰਜ਼ੀ ਨੂੰ ਪੂਰਾ ਕਰਨ ਆਇਆ ਹਾਂ । ਉਹ ਪਹਿਲੇ ਨੂੰ ਹਟਾਉਂਦਾ ਹੈ ਕਿ ਦੂਜੇ ਨੂੰ ਕਾਇਮ ਕਰੇ ।10ਅਤੇ ਉਸੇ ਇੱਛਾ ਕਰਕੇ ਅਸੀਂ ਯਿਸੂ ਮਸੀਹ ਦੀ ਦੇਹੀ ਦੇ ਇੱਕੋ ਵਾਰ ਬਲੀਦਾਨ ਚੜ੍ਹਾਏ ਜਾਣ ਦੇ ਰਾਹੀਂ ਪਵਿੱਤਰ ਕੀਤੇ ਗਏ ਹਾਂ ।
11ਅਤੇ ਹਰੇਕ ਜਾਜਕ ਨਿੱਤ ਖੜ੍ਹਾ ਹੋ ਕੇ ਬੰਦਗੀ ਕਰਦਾ ਹੈ ਅਤੇ ਇੱਕੋ ਪ੍ਰਕਾਰ ਦੇ ਬਲੀਦਾਨ ਜਿਹੜੇ ਪਾਪਾਂ ਨੂੰ ਕਦੇ ਲੈ ਨਹੀਂ ਸਕਦੇ ਵਾਰ ਵਾਰ ਚੜ੍ਹਾਉਂਦਾ ਹੈ ।12ਪਰ ਮਸੀਹ ਪਾਪਾਂ ਦੇ ਬਦਲੇ ਇੱਕੋ ਬਲੀਦਾਨ ਸਦਾ ਲਈ ਚੜ੍ਹਾ ਕੇ ਪਰਮੇਸ਼ੁਰ ਦੇ ਸੱਜੇ ਪਾਸੇ ਬਿਰਾਜਮਾਨ ਹੋਇਆ ।13ਅਤੇ ਇਸ ਤੋਂ ਅੱਗੇ ਉਡੀਕ ਕਰਦਾ ਹੈ ਜੋ ਉਹ ਦੇ ਵੈਰੀ ਉਹ ਦੇ ਪੈਰ ਰੱਖਣ ਦੀ ਚੌਂਕੀ ਕੀਤੇ ਜਾਣ ।14ਕਿਉਂ ਜੋ ਉਹ ਨੇ ਇੱਕੋ ਚੜ੍ਹਾਵੇ ਨਾਲ ਉਨ੍ਹਾਂ ਨੂੰ ਜਿਹੜੇ ਪਵਿੱਤਰ ਕੀਤੇ ਜਾਂਦੇ ਹਨ ਸਦਾ ਲਈ ਸੰਪੂਰਨ ਕੀਤਾ ਹੈ ।
15ਅਤੇ ਪਵਿੱਤਰ ਆਤਮਾ ਵੀ ਸਾਨੂੰ ਗਵਾਹੀ ਦਿੰਦਾ ਹੈ ਕਿਉਂ ਜੋ ਇਹ ਦੇ ਮਗਰੋਂ ਜਦ ਆਖਿਆ ਸੀ,

16ਇਹ ਉਹ ਨੇਮ ਹੈ ਜਿਹੜਾ ਮੈਂ ਉਹਨਾਂ ਨਾਲ ਬੰਨ੍ਹਾਂਗਾ, ਉਨ੍ਹਾਂ ਦਿਨਾਂ ਤੋਂ ਬਾਅਦ, ਪ੍ਰਭੂ ਆਖਦਾ ਹੈ, ਮੈਂ ਆਪਣੇ ਕਨੂੰਨ ਉਹਨਾਂ ਦਿਆਂ ਦਿਲਾਂ ਉੱਤੇ ਪਾਵਾਂਗਾ, ਅਤੇ ਉਹਨਾਂ ਦਿਆਂ ਮਨਾਂ ਉੱਤੇ ਉਨ੍ਹਾਂ ਨੂੰ ਲਿਖਾਂਗਾ,
17ਅਤੇ ਉਹਨਾਂ ਦੇ ਪਾਪਾਂ ਨੂੰ, ਅਤੇ ਉਹਨਾਂ ਦੇ ਕੁਧਰਮ ਨੂੰ ਫੇਰ ਕਦੇ ਯਾਦ ਨਾ ਕਰਾਂਗਾ ।18ਇਸ ਲਈ ਜਿੱਥੇ ਇਨ੍ਹਾਂ ਦੀ ਮਾਫ਼ੀ ਹੈ ਉੱਥੇ ਪਾਪ ਲਈ ਫੇਰ ਭੇਟ ਨਹੀਂ ਚੜ੍ਹਾਈ ਜਾਂਦੀ ।
ਪਰਮੇਸ਼ੁਰ ਦੇ ਨੇੜੇ ਜਾਓ

19ਉਪਰੰਤ ਹੇ ਭਰਾਵੋ, ਜਦੋਂ ਸਾਨੂੰ ਯਿਸੂ ਦੇ ਲਹੂ ਦੇ ਕਾਰਨ ਪਵਿੱਤਰ ਸਥਾਨ ਦੇ ਅੰਦਰ ਜਾਣ ਦੀ ਦਲੇਰੀ ਹੈ ।20ਅਰਥਾਤ ਉਸ ਨਵੇਂ ਅਤੇ ਜਿਉਂਦੇ ਰਾਹ ਨੂੰ ਜਿਹੜਾ ਉਹ ਨੇ ਪੜਦੇ ਜਾਣੀ ਆਪਣੇ ਸਰੀਰ ਦੇ ਰਾਹੀਂ ਸਾਡੇ ਲਈ ਖੋਲ੍ਹਿਆ ।21ਅਤੇ ਜਦੋਂ ਸਾਡਾ ਇੱਕ ਮਹਾਂ ਜਾਜਕ ਹੈ ਜਿਹੜਾ ਪਰਮੇਸ਼ੁਰ ਦੇ ਘਰ ਦੇ ਉੱਤੇ ਹੈ,22ਤਾਂ ਆਓ, ਅਸੀਂ ਸੱਚੇ ਦਿਲ ਅਤੇ ਪੂਰੇ ਵਿਸ਼ਵਾਸ ਨਾਲ ਨੇੜੇ ਜਾਈਏ ਜਦੋਂ ਸਾਡੇ ਦਿਲ ਅਸ਼ੁੱਧ ਅੰਤਹਕਰਨ ਤੋਂ ਛਿੜਕਾਓ ਨਾਲ ਸ਼ੁੱਧ ਹੋਏ ਅਤੇ ਸਾਡੀ ਦੇਹੀ ਸਾਫ਼ ਪਾਣੀ ਨਾਲ ਨਹਿਲਾਈ ਗਈ ।
23ਅਸੀਂ ਆਸ ਦੇ ਸੱਚੇ ਇਕਰਾਰ ਨੂੰ ਮਜ਼ਬੂਤੀ ਨਾਲ ਫੜੀ ਰੱਖੀਏ ਕਿਉਂਕਿ ਜਿਸ ਨੇ ਵਾਇਦਾ ਕੀਤਾ ਹੈ ਉਹ ਵਫ਼ਾਦਾਰ ਹੈ ।24ਪਿਆਰ ਅਤੇ ਸ਼ੁਭ ਕਰਮਾਂ ਲਈ ਉਭਾਰਨ ਨੂੰ ਅਸੀਂ ਇੱਕ ਦੂਜੇ ਦਾ ਧਿਆਨ ਰੱਖੀਏ ।25ਅਤੇ ਆਪਸ ਵਿੱਚੀਂ ਇਕੱਠੇ ਹੋਣ ਨੂੰ ਨਾ ਛੱਡੀਏ ਜਿਵੇਂ ਕਈਆਂ ਦੀ ਰੀਤੀ ਹੈ ਸਗੋਂ ਇੱਕ ਦੂਜੇ ਨੂੰ ਉਪਦੇਸ਼ ਕਰੀਏ ਅਤੇ ਇਹ ਉਨ੍ਹਾਂ ਹੀ ਵਧੀਕ ਹੋਵੇ ਜਿੰਨਾਂ ਤੁਸੀਂ ਵੇਖਦੇ ਹੋ ਕਿ ਉਹ ਦਿਨ ਨੇੜੇ ਆਉਂਦਾ ਹੈ ।

26ਜੇ ਅਸੀਂ ਸੱਚ ਦਾ ਗਿਆਨ ਪ੍ਰਾਪਤ ਕਰਨ ਦੇ ਪਿੱਛੋਂ ਜਾਣ ਬੁਝ ਕੇ ਪਾਪ ਕਰੀ ਜਾਈਏ ਤਾਂ ਪਾਪਾਂ ਦੇ ਲਈ ਫੇਰ ਕੋਈ ਬਲੀਦਾਨ ਨਹੀਂ27ਪਰ ਨਿਆਂ ਦੀ ਭਿਆਨਕ ਉਡੀਕ ਅਤੇ ਅੱਗ ਦੀ ਸੜਨ ਬਾਕੀ ਹੈ ਜਿਹੜੀ ਵਿਰੋਧੀਆਂ ਨੂੰ ਭਸਮ ਕਰ ਦੇਵੇਗੀ ।
28ਜਿਸ ਕਿਸੇ ਨੇ ਮੂਸਾ ਦੀ ਬਿਵਸਥਾ ਦੀ ਉਲੰਘਣਾ ਕੀਤੀ ਹੋਵੇ ਉਹ ਦੋ ਜਾਂ ਤਿੰਨ ਗਵਾਹਾਂ ਦੀ ਗਵਾਹੀ ਨਾਲ ਬਿਨ੍ਹਾਂ ਤਰਸ ਕੀਤਿਆਂ ਮਾਰਿਆ ਜਾਂਦਾ ਹੈ ।29ਤਾਂ ਤੁਹਾਡੇ ਖਿਆਲ ਵਿੱਚ ਉਹ ਕਿੰਨੀ ਹੋਰ ਵੀ ਕੜੀ ਸਜ਼ਾ ਦੇ ਯੋਗ ਠਹਿਰਾਇਆ ਜਾਵੇਗਾ ਜਿਸ ਨੇ ਪਰਮੇਸ਼ੁਰ ਦੇ ਪੁੱਤਰ ਨੂੰ ਪੈਰਾਂ ਹੇਠ ਲਤਾੜਿਆ ਅਤੇ ਨੇਮ ਦਾ ਲਹੂ ਜਿਸ ਦੇ ਨਾਲ ਉਹ ਪਵਿੱਤਰ ਕੀਤਾ ਗਿਆ ਸੀ ਪਵਿੱਤਰ ਨਾ ਜਾਣਿਆ ਅਤੇ ਕਿਰਪਾ ਦੇ ਆਤਮਾ ਦਾ ਨਿਰਾਦਰ ਕੀਤਾ ।
30ਕਿਉਂ ਜੋ ਅਸੀਂ ਉਹ ਨੂੰ ਜਾਣਦੇ ਹਾਂ ਜਿਸ ਨੇ ਆਖਿਆ ਕਿ ਬਦਲਾ ਲੈਣਾ ਮੇਰਾ ਕੰਮ ਹੈ, ਮੈਂ ਹੀ ਬਦਲਾ ਲਵਾਂਗਾ ਅਤੇ ਫੇਰ ਇਹ ਕਿ ਪ੍ਰਭੂ ਆਪਣੀ ਪਰਜਾ ਦਾ ਨਿਆਂ ਕਰੇਗਾ ।31ਜਿਉਂਦੇ ਪਰਮੇਸ਼ੁਰ ਦੇ ਹੱਥ ਵਿੱਚ ਪੈਣਾ ਭਿਆਨਕ ਗੱਲ ਹੈ ! ।

32ਪਰ ਪਹਿਲਿਆਂ ਦਿਨਾਂ ਨੂੰ ਚੇਤੇ ਕਰੋ ਜਦੋਂ ਆਪਣੇ ਉਜਿਆਲੇ ਕੀਤੇ ਜਾਣ ਦੇ ਬਾਅਦ ਤੁਸੀਂ ਦੁੱਖਾਂ ਦੇ ਵੱਡੇ ਸੰਘਰਸ਼ ਨੂੰ ਸਹਿ ਲਿਆ ।33ਕਦੀ ਤਾਂ ਤੁਸੀਂ ਨਿੰਦਿਆ ਅਤੇ ਬਿਪਤਾ ਦੇ ਕਾਰਨ ਤਮਾਸ਼ਾ ਬਣੇ, ਅਤੇ ਕਦੀ ਉਹਨਾਂ ਦੇ ਸਾਂਝੀ ਹੋਏ ਜਿਨ੍ਹਾਂ ਨਾਲ ਇਸ ਤਰ੍ਹਾਂ ਦੁਰਦਸ਼ਾ ਹੁੰਦੀ ਸੀ ।34ਕਿਉਂ ਜੋ ਤੁਸੀਂ ਕੈਦੀਆਂ ਦੇ ਦਰਦੀ ਹੋਏ, ਨਾਲੇ ਆਪਣੇ ਧਨ ਦੇ ਲੁੱਟ ਜਾਣ ਨੂੰ ਅਨੰਦ ਮੰਨ ਲਿਆ ਇਹ ਜਾਣ ਕੇ ਭਈ ਸਾਡਾ ਇੱਕ ਧਨ ਇਸ ਨਾਲੋਂ ਉੱਤਮ ਅਤੇ ਅਟੱਲ ਹੈ ।
35ਸੋ ਤੁਸੀਂ ਆਪਣੀ ਦਲੇਰੀ ਨੂੰ ਗੁਆ ਨਾ ਬੈਠਣਾ ਕਿਉਂ ਜੋ ਉਸਦਾ ਫਲ ਵੱਡਾ ਹੈ ।36ਕਿਉਂ ਜੋ ਤੁਹਾਨੂੰ ਧੀਰਜ ਕਰਨ ਦੀ ਲੋੜ ਹੈ ਕਿ ਤੁਸੀਂ ਪਰਮੇਸ਼ੁਰ ਦੀ ਇੱਛਾ ਨੂੰ ਪੂਰਾ ਕਰ ਕੇ ਵਾਇਦੇ ਨੂੰ ਪ੍ਰਾਪਤ ਕਰੋ ।37ਇਹ ਲਿਖਿਆ ਹੈ, ਹੁਣ ਥੋੜ੍ਹਾ ਜਿਹਾ ਸਮਾਂ ਹੈ, ਜੋ ਆਉਣ ਵਾਲਾ ਆਵੇਗਾ, ਅਤੇ ਸਮਾਂ ਨਾ ਲਾਵੇਗਾ ।
38ਪਰ ਮੇਰਾ ਧਰਮੀ ਬੰਦਾ ਵਿਸ਼ਵਾਸ ਤੋਂ ਜੀਵੇਗਾ, ਅਤੇ ਜੇ ਉਹ ਪਿੱਛੇ ਹੱਟ ਜਾਵੇ, ਮੇਰਾ ਮਨ ਉਸ ਤੋਂ ਪ੍ਰਸੰਨ ਨਹੀਂ ਹੋਵੇਗਾ ।39ਪਰ ਅਸੀਂ ਉਹਨਾਂ ਵਿੱਚੋਂ ਨਹੀਂ ਜਿਹੜੇ ਪਿੱਛੇ ਹੱਟ ਕੇ ਨਸ਼ਟ ਹੋ ਜਾਂਦੇ ਹਨ ਸਗੋਂ ਉਹਨਾਂ ਵਿੱਚੋਂ ਹਾਂ ਜਿਹੜੇ ਵਿਸ਼ਵਾਸ ਕਰ ਕੇ ਜਾਨ ਬਚਾ ਰੱਖਦੇ ਹਨ ।

11
ਵਿਸ਼ਵਾਸ ਦੀਆਂ ਉਦਾਹਰਣਾਂ

1ਹੁਣ ਵਿਸ਼ਵਾਸ ਆਸ ਕੀਤੀਆਂ ਹੋਈਆਂ ਗੱਲਾਂ ਦਾ ਪੱਕਾ ਭਰੋਸਾ ਅਤੇ ਅਣ ਦੇਖੀਆਂ ਵਸਤਾਂ ਦਾ ਸਬੂਤ ਹੈ ।2ਅਤੇ ਇਸ ਦੇ ਬਾਰੇ ਬਜ਼ੁਰਗਾਂ ਦੇ ਲਈ ਗਵਾਹੀ ਦਿੱਤੀ ਗਈ ।3ਵਿਸ਼ਵਾਸ ਨਾਲ ਅਸੀਂ ਜਾਣਦੇ ਹਾਂ ਕਿ ਜਗਤ ਪਰਮੇਸ਼ੁਰ ਦੇ ਬਚਨ ਨਾਲ ਰਚਿਆ ਗਿਆ ਅਤੇ ਜੋ ਕੁੱਝ ਦਿਖਾਈ ਦਿੰਦਾ ਹੈ, ਉਹ ਦੇਖੀਆਂ ਹੋਈਆਂ ਵਸਤਾਂ ਤੋਂ ਨਹੀਂ ਬਣਿਆ ।

4ਵਿਸ਼ਵਾਸ ਨਾਲ ਹੀ ਹਾਬਲ ਨੇ ਪਰਮੇਸ਼ੁਰ ਦੇ ਅੱਗੇ ਕਾਇਨ ਨਾਲੋਂ ਉੱਤਮ ਬਲੀਦਾਨ ਚੜ੍ਹਾਇਆ, ਜਿਸ ਕਰਕੇ ਇਹ ਗਵਾਹੀ ਦਿੱਤੀ ਗਈ ਕਿ ਉਹ ਧਰਮੀ ਹੈ ਕਿਉਂਕਿ ਪਰਮੇਸ਼ੁਰ ਨੇ ਉਹ ਦੀਆਂ ਭੇਟਾਂ ਦੇ ਬਾਰੇ ਗਵਾਹੀ ਦਿੱਤੀ ਅਤੇ ਉਸ ਵਿਸ਼ਵਾਸ ਦੇ ਦੁਆਰਾ ਉਹ ਹੁਣ ਤੱਕ ਬੋਲਦਾ ਹੈ, ਭਾਵੇਂ ਉਹ ਮਰ ਗਿਆ ।
5ਵਿਸ਼ਵਾਸ ਨਾਲ ਹਨੋਕ ਉਤਾਹਾਂ ਉੱਠਾਇਆ ਗਿਆ ਤਾਂ ਜੋ ਮੌਤ ਨਾ ਵੇਖੇ ਅਤੇ ਉਹ ਦਾ ਪਤਾ ਨਾ ਲੱਗਾ ਇਸ ਲਈ ਜੋ ਪਰਮੇਸ਼ੁਰ ਨੇ ਉਹ ਨੂੰ ਉਤਾਹਾਂ ਉੱਠਾ ਲਿਆ, ਕਿਉਂ ਜੋ ਉਹ ਦੇ ਉਤਾਹਾਂ ਚੁੱਕੇ ਜਾਣ ਤੋਂ ਪਹਿਲਾਂ ਇਹ ਗਵਾਹੀ ਦਿੱਤੀ ਗਈ ਸੀ ਕਿ ਉਹ ਪਰਮੇਸ਼ੁਰ ਦੇ ਮਨ ਭਾਉਂਦਾ ਹੈ ।6ਅਤੇ ਵਿਸ਼ਵਾਸ ਤੋਂ ਬਿਨ੍ਹਾਂ ਉਹ ਦੇ ਮਨ ਨੂੰ ਪ੍ਰਸੰਨ ਕਰਨਾ ਅਸੰਭਵ ਹੈ, ਕਿਉਂਕਿ ਜਿਹੜਾ ਪਰਮੇਸ਼ੁਰ ਦੇ ਕੋਲ ਆਉਂਦਾ ਹੈ ਉਹ ਨੂੰ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਉਹ ਹੈ ਅਤੇ ਇਹ ਕਿ ਉਹ ਉਹਨਾਂ ਨੂੰ ਜਿਹੜੇ ਪੂਰੇ ਮਨ ਨਾਲ ਉਸ ਨੂੰ ਖੋਜਦੇ ਹਨ ਫਲ ਦੇਣ ਵਾਲਾ ਹੈ ।
7ਵਿਸ਼ਵਾਸ ਨਾਲ ਨੂਹ ਨੇ ਪਰਮੇਸ਼ੁਰ ਕੋਲੋਂ ਉਨ੍ਹਾਂ ਵਸਤਾਂ ਦੀ ਜਿਹੜੀਆਂ ਅਜੇ ਦੇਖੀਆਂ ਨਹੀਂ ਗਈਆਂ ਸਨ, ਚਿਤਾਵਨੀ ਪਾ ਕੇ ਅਤੇ ਡਰ ਕੇ ਆਪਣੇ ਪਰਿਵਾਰ ਦੇ ਬਚਾਉ ਲਈ ਕਿਸ਼ਤੀ ਬਣਾਈ । ਉਸ ਵਿਸ਼ਵਾਸ ਦੇ ਕਾਰਨ ਉਹ ਨੇ ਸੰਸਾਰ ਨੂੰ ਦੋਸ਼ੀ ਠਹਿਰਾਇਆ ਅਤੇ ਉਸ ਧਾਰਮਿਕਤਾ ਦਾ ਅਧਿਕਾਰੀ ਹੋਇਆ ਜਿਹੜਾ ਵਿਸ਼ਵਾਸ ਤੋਂ ਹੀ ਹੁੰਦਾ ਹੈ ।
8ਵਿਸ਼ਵਾਸ ਨਾਲ ਹੀ ਅਬਰਾਹਾਮ ਜਦੋਂ ਬੁਲਾਇਆ ਗਿਆ ਤਾਂ ਉਸ ਥਾਂ ਜਾਣ ਦੀ ਆਗਿਆ ਮੰਨ ਲਈ ਜਿਸ ਨੂੰ ਉਹ ਨੇ ਅਧਿਕਾਰ ਵਿੱਚ ਲੈਣਾ ਸੀ, ਅਤੇ ਭਾਵੇਂ ਉਹ ਜਾਣਦਾ ਨਹੀਂ ਸੀ ਕਿ ਮੈਂ ਕਿੱਧਰ ਨੂੰ ਜਾਂਦਾ ਹਾਂ ਪਰ ਤਾਂ ਵੀ ਨਿੱਕਲ ਤੁਰਿਆ ।9ਵਿਸ਼ਵਾਸ ਨਾਲ ਉਹ ਵਾਇਦੇ ਵਾਲੀ ਧਰਤੀ ਵਿੱਚ ਜਾ ਵੱਸਿਆ, ਜਿਵੇਂ ਪਰਾਈ ਧਰਤੀ ਵਿੱਚ ਉਹ ਨੇ ਇਸਹਾਕ ਅਤੇ ਯਾਕੂਬ ਦੇ ਨਾਲ ਡੇਰਿਆਂ ਵਿੱਚ ਵਾਸ ਕੀਤਾ, ਜਿਹੜੇ ਉਹ ਦੇ ਨਾਲ ਉਸੇ ਵਾਇਦੇ ਦੇ ਅਧਿਕਾਰੀ ਸਨ ।10ਕਿਉਂ ਜੋ ਉਹ ਉਸ ਨਗਰ ਦੀ ਉਡੀਕ ਕਰਦਾ ਸੀ ਜਿਸ ਦੀਆਂ ਨੀਹਾਂ ਹਨ ਅਤੇ ਜਿਸ ਦਾ ਕਾਰੀਗਰ ਅਤੇ ਬਣਾਉਣ ਵਾਲਾ ਪਰਮੇਸ਼ੁਰ ਹੈ ।
11ਵਿਸ਼ਵਾਸ ਨਾਲ ਸਾਰਾਹ ਨੇ ਬੁੱਢੀ ਹੋ ਜਾਣ ਤੇ ਵੀ ਗਰਭਵਤੀ ਹੋਣ ਦੀ ਸਮਰੱਥਾ ਪਾਈ, ਕਿਉਂਕਿ ਉਹ ਨੇ ਵਾਇਦਾ ਕਰਨ ਵਾਲੇ ਨੂੰ ਵਫ਼ਾਦਾਰ ਜਾਣਿਆ ।12ਉਪਰੰਤ ਇੱਕ ਮਨੁੱਖ ਤੋਂ ਜੋ ਮੁਰਦੇ ਜਿਹਾ ਸੀ ਐਨੇ ਉਤਪਤ ਹੋਏ, ਜਿੰਨੇ ਅਕਾਸ਼ ਦੇ ਤਾਰੇ ਅਤੇ ਸਮੁੰਦਰ ਦੇ ਕੰਢੇ ਉਤਲੀ ਰੇਤ ਦੇ ਦਾਣੇ ਹਨ, ਜੋ ਅਣਗਿਣਤ ਹਨ ।

13ਇਹ ਸਭ ਵਿਸ਼ਵਾਸ ਵਿੱਚ ਮਰ ਗਏ ਅਤੇ ਉਨ੍ਹਾਂ ਨੇ ਵਾਇਦਾ ਕੀਤੀਆਂ ਹੋਈਆਂ ਵਸਤਾਂ ਨੂੰ ਪ੍ਰਾਪਤ ਨਾ ਕੀਤਾ ਪਰ ਉਹਨਾਂ ਨੇ ਦੂਰੋਂ ਉਨ੍ਹਾਂ ਨੂੰ ਵੇਖ ਕੇ ਜੀ ਆਇਆ ਨੂੰ ਆਖਿਆ ਅਤੇ ਮੰਨ ਲਿਆ ਕਿ ਅਸੀਂ ਧਰਤੀ ਉੱਤੇ ਪਰਾਏ ਅਤੇ ਪਰਦੇਸੀ ਹਾਂ ।14ਕਿਉਂਕਿ ਜਿਹੜੇ ਅਜਿਹੀਆਂ ਗੱਲਾਂ ਆਖਦੇ ਹਨ ਉਹ ਪਰਗਟ ਕਰਦੇ ਹਨ ਕਿ ਅਸੀਂ ਆਪਣੇ ਵਤਨ ਨੂੰ ਭਾਲਦੇ ਹਾਂ ।
15ਅਤੇ ਜੇ ਉਸ ਦੇਸ ਨੂੰ ਜਿਸ ਤੋਂ ਨਿੱਕਲ ਆਏ ਸਨ ਚੇਤੇ ਰੱਖਦੇ ਤਾਂ ਉਨ੍ਹਾਂ ਕੋਲ ਮੁੜ ਜਾਣ ਦਾ ਮੌਕਾ ਹੁੰਦਾ ।16ਪਰ ਹੁਣ ਉਹ ਉਸ ਤੋਂ ਉੱਤਮ ਅਰਥਾਤ ਸਵਰਗੀ ਦੇਸ ਨੂੰ ਲੋਚਦੇ ਹਨ । ਇਸ ਕਾਰਨ ਪਰਮੇਸ਼ੁਰ ਉਨ੍ਹਾਂ ਦੀ ਵੱਲੋਂ ਨਹੀਂ ਸ਼ਰਮਾਉਂਦਾ ਜੋ ਉਹਨਾਂ ਦਾ ਪਰਮੇਸ਼ੁਰ ਅਖਵਾਵੇ, ਕਿਉਂ ਜੋ ਉਹ ਨੇ ਉਨ੍ਹਾਂ ਲਈ ਇੱਕ ਨਗਰੀ ਨੂੰ ਤਿਆਰ ਕੀਤਾ ਹੈ ।

17ਵਿਸ਼ਵਾਸ ਨਾਲ ਹੀ ਅਬਰਾਹਾਮ ਨੇ ਜਦੋਂ ਪਰਖਿਆ ਗਿਆ ਤਾਂ ਇਸਹਾਕ ਨੂੰ ਬਲੀਦਾਨ ਲਈ ਚੜ੍ਹਾਇਆ । ਹਾਂ, ਆਪਣੇ ਇਕਲੌਤੇ ਨੂੰ ਜਿਸ ਨੂੰ ਵਾਇਦੇ ਦਿੱਤੇ ਗਏ ਸਨ ਚੜ੍ਹਾਉਣ ਲੱਗਾ ।18ਅਤੇ ਜਿਸ ਨੂੰ ਇਹ ਆਖਿਆ ਗਿਆ ਕਿ ਇਸਹਾਕ ਤੋਂ ਤੇਰੀ ਅੰਸ ਅਖਵਾਏਗੀ ।19ਕਿਉਂ ਜੋ ਉਹ ਨੇ ਵਿਚਾਰ ਕੀਤਾ ਜੋ ਪਰਮੇਸ਼ੁਰ ਮੁਰਦਿਆਂ ਵਿੱਚੋਂ ਵੀ ਜੀ ਉੱਠਾਲਣ ਦੀ ਸਮਰੱਥ ਰੱਖਦਾ ਹੈ ਜਿਨ੍ਹਾਂ ਵਿੱਚੋਂ ਉਹ ਨੇ ਮੰਨੋ ਉਹ ਨੂੰ ਪ੍ਰਾਪਤ ਵੀ ਕਰ ਲਿਆ ।
20ਵਿਸ਼ਵਾਸ ਨਾਲ ਹੀ ਇਸਹਾਕ ਨੇ ਹੋਣ ਵਾਲੀਆਂ ਗੱਲਾਂ ਦੇ ਬਾਰੇ ਵੀ ਯਾਕੂਬ ਅਤੇ ਏਸਾਉ ਨੂੰ ਬਰਕਤ ਦਿੱਤੀ ।21ਨਾਲ ਯਾਕੂਬ ਨੇ ਮਰਨ ਲੱਗਿਆਂ ਯੂਸੁਫ਼ ਦੇ ਪੁੱਤਰਾਂ ਨੂੰ ਇੱਕ-ਇੱਕ ਕਰਕੇ ਬਰਕਤ ਦਿੱਤੀ ਅਤੇ ਆਪਣੀ ਲਾਠੀ ਦੇ ਸਿਰੇ ਉੱਤੇ ਮੱਥਾ ਟੇਕਿਆ ।22ਵਿਸ਼ਵਾਸ ਨਾਲ ਯੂਸੁਫ਼ ਨੇ ਆਪਣੇ ਅੰਤ ਦੇ ਸਮੇਂ ਇਸਰਾਏਲੀਆਂ ਦੇ ਮਿਸਰ ਵਿੱਚੋਂ ਕੂਚ ਕਰਨ ਦੀ ਗੱਲ ਕੀਤੀ ਅਤੇ ਆਪਣੀਆਂ ਹੱਡੀਆਂ ਦੇ ਬਾਰੇ ਹੁਕਮ ਦਿੱਤਾ ।
23ਵਿਸ਼ਵਾਸ ਨਾਲ ਜਦੋਂ ਮੂਸਾ ਜੰਮਿਆ ਤਾਂ ਉਹ ਦੇ ਮਾਪਿਆਂ ਨੇ ਉਹ ਨੂੰ ਤਿੰਨਾਂ ਮਹੀਨਿਆਂ ਤੱਕ ਛਿਪਾ ਕੇ ਰੱਖਿਆ ਕਿਉਂ ਜੋ ਉਨ੍ਹਾਂ ਵੇਖਿਆ ਕਿ ਬਾਲਕ ਸੋਹਣਾ ਹੈ ਅਤੇ ਉਹ ਪਾਤਸ਼ਾਹ ਦੇ ਹੁਕਮ ਤੋਂ ਨਾ ਡਰੇ ।24ਵਿਸ਼ਵਾਸ ਨਾਲ ਮੂਸਾ ਨੇ ਜਦੋਂ ਸਿਆਣਾ ਹੋਇਆ ਤਾਂ ਫ਼ਿਰੌਨ ਦੀ ਧੀ ਦਾ ਪੁੱਤਰ ਅਖਵਾਉਣ ਤੋਂ ਇਨਕਾਰ ਕੀਤਾ ।25ਕਿਉਂ ਜੋ ਉਹ ਨੇ ਪਾਪ ਦੇ ਭੋਗ - ਬਿਲਾਸ ਨਾਲੋਂ ਜੋ ਥੋੜ੍ਹੇ ਚਿਰ ਲਈ ਹੈ ਪਰਮੇਸ਼ੁਰ ਦੀ ਪਰਜਾ ਨਾਲ ਜ਼ਬਰਦਸਤੀ ਝੱਲਣ ਨੂੰ ਵਧੇਰੇ ਪਸੰਦ ਕੀਤਾ ।26ਅਤੇ ਉਹ ਨੇ ਵਿਚਾਰ ਕੀਤਾ ਕਿ ਮਸੀਹ ਦੇ ਲਈ ਨਿੰਦਾ ਨੂੰ ਸਹਿ ਲੈਣਾ ਮਿਸਰ ਦੇ ਖ਼ਜ਼ਾਨਿਆਂ ਨਾਲੋਂ ਵੱਡਾ ਧਨ ਹੈ, ਕਿਉਂ ਜੋ ਸਵਰਗੀ ਇਨਾਮ ਵੱਲ ਉਹ ਦਾ ਧਿਆਨ ਸੀ ।
27ਵਿਸ਼ਵਾਸ ਨਾਲ ਉਹ ਨੇ ਪਾਤਸ਼ਾਹ ਦੇ ਕ੍ਰੋਧ ਤੋਂ ਨਾ ਡਰ ਕੇ ਮਿਸਰ ਨੂੰ ਛੱਡ ਦਿੱਤਾ, ਕਿਉਂ ਜੋ ਉਹ ਅਣ-ਦੇਖੇ ਪਰਮੇਸ਼ੁਰ ਨੂੰ ਜਾਣਦੇ ਹੋਏ ਵਿਸ਼ਵਾਸ ਵਿੱਚ ਦ੍ਰਿੜ੍ਹ ਬਣਿਆ ਰਿਹਾ ।28ਵਿਸ਼ਵਾਸ ਨਾਲ ਉਹ ਨੇ ਪਸਾਹ ਦੇ ਤਿਉਹਾਰ ਨੂੰ ਅਤੇ ਲਹੂ ਛਿੜਕਣ ਦੀ ਵਿਧੀ ਨੂੰ ਮੰਨਿਆ ਤਾਂ ਜੋ ਅਜਿਹਾ ਨਾ ਹੋਵੇ ਕਿ ਪਲੋਠਿਆਂ ਦਾ ਨਾਸ ਕਰਨ ਵਾਲਾ ਉਨ੍ਹਾਂ ਨੂੰ ਹੱਥ ਲਾਵੇ ।
29ਵਿਸ਼ਵਾਸ ਨਾਲ ਉਹ ਲਾਲ ਸਮੁੰਦਰ ਦੇ ਵਿੱਚ ਦੀ ਜਿਵੇਂ ਸੁੱਕੀ ਜ਼ਮੀਨ ਉੱਤੋਂ ਦੀ ਪਾਰ ਲੰਘ ਗਏ, ਪਰ ਜਦੋਂ ਮਿਸਰੀਆਂ ਨੇ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਡੁੱਬ ਕੇ ਮਰ ਗਏ ।30ਵਿਸ਼ਵਾਸ ਨਾਲ ਯਰੀਹੋ ਦੀ ਸ਼ਹਿਰ ਪਨਾਹ ਜਦੋਂ ਸੱਤਾਂ ਦਿਨਾਂ ਤੱਕ ਘੇਰੀਂ ਗਈ ਤਾਂ ਡਿੱਗ ਗਈ ।31ਵਿਸ਼ਵਾਸ ਨਾਲ ਰਹਾਬ ਵੇਸਵਾ ਅਵਿਸ਼ਵਾਸੀਆਂ ਦੇ ਨਾਲ ਨਾਸ ਨਾ ਹੋਈ, ਕਿਉਂ ਜੋ ਉਹ ਨੇ ਖੋਜੀਆਂ ਨੂੰ ਸੁੱਖ ਸ਼ਾਂਤੀ ਨਾਲ ਆਪਣੇ ਘਰ ਉਤਾਰਿਆ ।

32ਹੁਣ ਮੈਂ ਹੋਰ ਕੀ ਆਖਾਂ ? ਕਿਉਂ ਜੋ ਸਮਾਂ ਨਹੀਂ ਹੈ ਕਿ ਗਿਦੌਨ, ਬਾਰਕ, ਸਮਸੂਨ, ਯਿਫਤਾ, ਦਾਊਦ, ਸਮੂਏਲ ਅਤੇ ਨਬੀਆਂ ਦੇ ਬਾਰੇ ਗੱਲ ਕਰਾਂ ।33ਜਿਨ੍ਹਾਂ ਨੇ ਵਿਸ਼ਵਾਸ ਦੇ ਰਾਹੀਂ ਪਾਤਸ਼ਾਹੀਆਂ ਦੇ ਉੱਤੇ ਜਿੱਤ ਪ੍ਰਾਪਤ ਕੀਤੀ, ਧਰਮ ਦੇ ਕੰਮ ਕੀਤੇ, ਵਾਇਦਿਆਂ ਨੂੰ ਪ੍ਰਾਪਤ ਕੀਤਾ, ਬੱਬਰ ਸ਼ੇਰਾਂ ਦੇ ਮੂੰਹ ਬੰਦ ਕੀਤੇ,34ਅੱਗ ਦੇ ਸੇਕ ਨੂੰ ਠੰਡਿਆਂ ਕੀਤਾ, ਤਲਵਾਰ ਦੀਆਂ ਧਾਰਾਂ ਤੋਂ ਬਚ ਨਿੱਕਲੇ, ਉਹ ਕਮਜ਼ੋਰੀ ਵਿੱਚ ਤਕੜੇ ਹੋਏ, ਯੁੱਧ ਵਿੱਚ ਸੂਰਮੇ ਬਣੇ ਅਤੇ ਓਪਰਿਆਂ ਦੀਆਂ ਫ਼ੌਜਾਂ ਨੂੰ ਭਜਾ ਦਿੱਤਾ ।
35ਇਸਤਰੀਆਂ ਨੇ ਆਪਣਿਆਂ ਮੁਰਦਿਆਂ ਨੂੰ ਫੇਰ ਜੀ ਉੱਠਿਆ ਹੋਇਆਂ ਨੂੰ ਲੱਭਿਆ । ਕਈ ਡਾਂਗਾਂ ਨਾਲ ਜਾਨੋਂ ਮਾਰੇ ਗਏ ਅਤੇ ਛੁਟਕਾਰਾ ਨਾ ਚਾਹਿਆ ਤਾਂ ਜੋ ਹੋਰ ਵੀ ਉੱਤਮ ਕਿਆਮਤ ਨੂੰ ਪ੍ਰਾਪਤ ਕਰਨ ।36ਅਤੇ ਕਈ ਠੱਠਿਆਂ ਵਿੱਚ ਉਡਾਏ ਜਾਣ, ਕੋਰੜੇ ਖਾਣ ਸਗੋਂ ਜਕੜੇ ਜਾਣ ਅਤੇ ਕੈਦ ਹੋਣ ਦੁਆਰਾ ਪਰਖੇ ਗਏ ।37ਉਹਨਾਂ ਤੇ ਪਥਰਾਉ ਕੀਤੇ ਗਿਆ, ਆਰਿਆਂ ਨਾਲ ਚੀਰੇ ਗਏ, ਪਰਖੇ ਗਏ, ਤਲਵਾਰਾਂ ਨਾਲ ਵੱਢੇ ਗਏ, ਕੰਗਾਲ ਹੋਏ, ਦੁੱਖੀ ਹੋਏ ਅਤੇ ਜ਼ਬਰਦਸਤੀ ਸਹਿੰਦੇ ਹੋਏ ਭੇਡਾਂ ਅਤੇ ਬੱਕਰਿਆਂ ਦੀਆਂ ਖੱਲਾਂ ਪਹਿਨੇ ਮਾਰੇ ਮਾਰੇ ਫਿਰਦੇ ਰਹੇ, -38ਸੰਸਾਰ ਉਹਨਾਂ ਦੇ ਯੋਗ ਨਹੀਂ ਸੀ - ਉਹ ਉਜਾੜਾਂ, ਪਹਾੜਾਂ, ਗੁਫ਼ਾਂਵਾਂ ਅਤੇ ਧਰਤੀ ਦੀਆਂ ਖੁੱਡਾਂ ਵਿੱਚ ਲੁੱਕਦੇ ਫਿਰੇ ।
39ਅਤੇ ਇਹ ਸਾਰੇ ਭਾਵੇਂ ਉਹਨਾਂ ਲਈ ਉਹਨਾਂ ਦੇ ਵਿਸ਼ਵਾਸ ਦੇ ਕਾਰਨ ਗਵਾਹੀ ਦਿੱਤੀ ਗਈ, ਤਾਂ ਵੀ ਵਾਇਦੇ ਨੂੰ ਪ੍ਰਾਪਤ ਨਾ ਹੋਏ ।40ਕਿਉਂ ਜੋ ਸਾਡੇ ਲਈ ਪਰਮੇਸ਼ੁਰ ਨੇ ਹੋਰ ਵੀ ਇੱਕ ਚੰਗੀ ਗੱਲ ਪਹਿਲਾਂ ਸੋਚ ਰੱਖੀ ਸੀ ਕਿ ਉਹ ਸਾਡੇ ਤੋਂ ਬਿਨ੍ਹਾਂ ਸਿੱਧ ਨਾ ਹੋਣ ।

12
ਪਰਮੇਸ਼ੁਰ ਪਿਤਾ ਦੁਆਰਾ ਝਿੜਕਣਾ

1ਉਪਰੰਤ ਜਦੋਂ ਗਵਾਹਾਂ ਦੇ ਐਨੇ ਵੱਡੇ ਬੱਦਲ ਨੇ ਸਾਨੂੰ ਘੇਰਿਆ ਹੋਇਆ ਹੈ ਤਾਂ ਆਓ, ਅਸੀਂ ਵੀ ਹਰੇਕ ਭਾਰ ਅਤੇ ਉਸ ਪਾਪ ਨੂੰ ਜਿਹੜਾ ਅਸਾਨੀ ਨਾਲ ਸਾਨੂੰ ਫਸਾ ਲੈਂਦਾ ਹੈ ਪਰੇ ਸੁੱਟ ਕੇ, ਉਸ ਦੌੜ ਵਿੱਚ ਜੋ ਸਾਡੇ ਸਾਹਮਣੇ ਪਈ ਹੋਈ ਹੈ ਸਬਰ ਨਾਲ ਦੌੜੀਏ ।2ਅਤੇ ਯਿਸੂ ਦੀ ਵੱਲ ਵੇਖਦੇ ਰਹੀਏ ਜਿਹੜਾ ਵਿਸ਼ਵਾਸ ਦਾ ਕਰਤਾ ਅਤੇ ਸੰਪੂਰਨ ਕਰਨ ਵਾਲਾ ਹੈ, ਜਿਸ ਨੇ ਉਸ ਅਨੰਦ ਲਈ ਜੋ ਉਹ ਦੇ ਅੱਗੇ ਧਰਿਆ ਹੋਇਆ ਸੀ ਸ਼ਰਮ ਨੂੰ ਤੁਛ ਜਾਣ ਕੇ ਸਲੀਬ ਦਾ ਦੁੱਖ ਝੱਲਿਆ ਅਤੇ ਪਰਮੇਸ਼ੁਰ ਦੇ ਸਿੰਘਾਸਣ ਦੇ ਸੱਜੇ ਪਾਸੇ ਬਿਰਾਜਮਾਨ ਹੋਇਆ ।3ਤੁਸੀਂ ਉਸ ਵੱਲ ਧਿਆਨ ਕਰੋ ਜਿਸ ਨੇ ਆਪਣੇ ਉੱਤੇ ਪਾਪੀਆਂ ਦਾ ਐਨਾ ਵਿਦਰੋਹ ਸਹਿ ਲਿਆ ਕਿ ਇਹ ਨਾ ਹੋਵੇ ਜੋ ਤੁਸੀਂ ਅੱਕ ਕੇ ਆਪਣੇ ਮਨ ਵਿੱਚ ਢਿੱਲੇ ਪੈ ਜਾਓ ।

4ਤੁਸੀਂ ਪਾਪ ਨਾਲ ਲੜਦੇ ਹੋਏ ਅਜੇ ਲਹੂ ਦੇ ਵਹਾਏ ਜਾਣ ਤੱਕ ਸਾਹਮਣਾ ਨਹੀਂ ਕੀਤਾ ।5ਅਤੇ ਤੁਸੀਂ ਉਸ ਉਪਦੇਸ਼ ਨੂੰ ਭੁੱਲ ਗਏ ਹੋ ਜਿਸ ਤੋਂ ਤੁਹਾਨੂੰ ਪੁੱਤ੍ਰਾਂ ਵਾਂਗੂੰ ਸਮਝਿਆ ਜਾਂਦਾ ਹੈ, - ਹੇ ਮੇਰੇ ਪੁੱਤ੍ਰ, ਤੂੰ ਪ੍ਰਭੂ ਦੀ ਤਾੜ ਨੂੰ ਤੁਛ ਨਾ ਜਾਣ, ਅਤੇ ਜਦੋਂ ਉਹ ਤੈਨੂੰ ਝਿੜਕੇ ਤਾਂ ਅੱਕ ਨਾ ਜਾਈਂ,6ਕਿਉਂ ਜੋ ਜਿਸ ਦੇ ਨਾਲ ਪਿਆਰ ਕਰਦਾ ਹੈ, ਪ੍ਰਭੂ ਉਸ ਨੂੰ ਤਾੜਦਾ ਹੈ, ਅਤੇ ਹਰੇਕ ਪੁੱਤ੍ਰ ਨੂੰ ਜਿਸ ਨੂੰ ਉਹ ਕਬੂਲ ਕਰਦਾ ਹੈ, ਉਹ ਕੋਰੜੇ ਮਾਰਦਾ ਹੈ ।
7ਤੁਸੀਂ ਦੁੱਖ ਨੂੰ ਤਾੜਨਾ ਦੀ ਤਰ੍ਹਾਂ ਸਹਿ ਲਵੋ । ਪਰਮੇਸ਼ੁਰ ਤੁਹਾਡੇ ਨਾਲ ਪੁੱਤਰਾਂ ਦੀ ਤਰ੍ਹਾਂ ਵਿਵਹਾਰ ਕਰਦਾ ਹੈ, ਕਿਉਂ ਜੋ ਉਹ ਕਿਹੜਾ ਪੁੱਤ੍ਰ ਹੈ ਜਿਹ ਨੂੰ ਪਿਉ ਨਹੀਂ ਤਾੜਦਾ ?8ਪਰ ਜੇ ਤੁਹਾਡੀ ਤਾੜਨਾ ਨਹੀਂ ਹੋਈ ਜੋ ਸਭਨਾਂ ਦੀ ਹੁੰਦੀ ਹੈ ਤਾਂ ਤੁਸੀਂ ਹਰਾਮ ਦੀ ਸੰਤਾਨ ਹੋ !
9ਫੇਰ ਸਾਡੇ ਸਰੀਰਕ ਪਿਉ ਜਿਹੜੇ ਸਾਡੀ ਤਾੜਨਾ ਕਰਦੇ ਸਨ ਅਤੇ ਅਸੀਂ ਫਿਰ ਵੀ ਉਹਨਾਂ ਦਾ ਆਦਰ ਕੀਤਾ । ਤਾਂ ਭਲਾ, ਅਸੀਂ ਆਤਮਿਆਂ ਦੇ ਪਿਤਾ ਦੇ ਵਧੇਰੇ ਅਧੀਨ ਨਾ ਹੋਈਏ ਅਤੇ ਜੀਵੀਏ ?10ਉਹ ਤਾਂ ਥੋੜ੍ਹੇ ਦਿਨਾਂ ਦੇ ਲਈ ਆਪਣੀ ਸਮਝ ਦੇ ਅਨੁਸਾਰ ਤਾੜਨਾ ਕਰਦੇ ਸਨ ਪਰ ਇਹ ਲਾਭ ਦੇ ਲਈ ਕਰਦਾ ਹੈ ਭਈ ਅਸੀਂ ਉਹ ਦੀ ਪਵਿੱਤਰਤਾਈ ਵਿੱਚ ਸਾਂਝੀ ਹੋਈਏ ।11ਸਾਰੀ ਤਾੜਨਾ ਤਾਂ ਉਸ ਵੇਲੇ ਅਨੰਦ ਦੀ ਨਹੀਂ ਸਗੋਂ ਦੁੱਖ ਦੀ ਗੱਲ ਜਾਪਦੀ ਹੈ ਪਰ ਮਗਰੋਂ ਉਹ ਉਹਨਾਂ ਨੂੰ ਜਿਹੜੇ ਉਹ ਦੇ ਨਾਲ ਸਿਖਾਏ ਗਏ ਹਨ ਧਰਮ ਦਾ ਸ਼ਾਂਤੀ-ਦਾਇਕ ਫਲ ਦਿੰਦੀ ਹੈ ।
ਉਪਦੇਸ਼ ਅਤੇ ਚਿਤਾਵਨੀ

12ਇਸ ਲਈ ਢਿੱਲਿਆਂ ਹੱਥਾਂ ਅਤੇ ਕਮਜ਼ੋਰ ਗੋਡਿਆਂ ਨੂੰ ਮਜ਼ਬੂਤ ਕਰੋ ।13ਅਤੇ ਆਪਣੇ ਪੈਰਾਂ ਲਈ ਸਿੱਧੇ ਰਾਹ ਬਣਾਓ ਭਈ ਜਿਹੜਾ ਲੰਗੜਾ ਹੋਵੇ ਉਹ ਜੋੜੋਂ ਨਾ ਉੱਖੜੇ ਸਗੋਂ ਚੰਗਾ ਹੋ ਜਾਵੇ ! ।

14ਸਭਨਾਂ ਨਾਲ ਮੇਲ-ਮਿਲਾਪ ਰੱਖੋ ਅਤੇ ਪਵਿੱਤਰਤਾਈ ਦੀ ਭਾਲ ਕਰੋ ਜਿਹ ਦੇ ਬਿਨ੍ਹਾਂ ਕੋਈ ਪ੍ਰਭੂ ਨੂੰ ਨਾ ਵੇਖੇਗਾ ।15ਵੇਖਣਾ ਭਈ ਕੋਈ ਪਰਮੇਸ਼ੁਰ ਦੀ ਕਿਰਪਾ ਤੋਂ ਵਾਂਝਾ ਨਾ ਰਹੇ ਅਤੇ ਨਾ ਹੋਵੇ ਭਈ ਕੋਈ ਕੁੜੱਤਣ ਦੀ ਜੜ੍ਹ ਫੁੱਟ ਕੇ ਦੁੱਖ ਦੇਵੇ ਅਤੇ ਉਹ ਦੇ ਕਾਰਨ ਬਹੁਤਿਆਂ ਦਾ ਜੀਵਨ ਭ੍ਰਿਸ਼ਟ ਹੋ ਜਾਵੇ ।16ਅਤੇ ਨਾ ਹੋਵੇ ਭਈ ਕੋਈ ਹਰਾਮਕਾਰ ਅਥਵਾ ਏਸਾਉ ਦੀ ਤਰ੍ਹਾਂ ਕੁਧਰਮੀ ਹੋਵੇ ਜਿਸ ਨੇ ਇੱਕ ਵੇਲੇ ਦੇ ਭੋਜਨ ਲਈ ਆਪਣੇ ਪਹਿਲੌਠੇ ਦਾ ਹੋਣ ਦਾ ਹੱਕ ਵੇਚ ਸੁੱਟਿਆ ।17ਕਿਉਂ ਜੋ ਤੁਸੀਂ ਜਾਣਦੇ ਹੋ ਕਿ ਬਾਅਦ ਵਿੱਚ ਜਦੋਂ ਉਹ ਨੇ ਬਰਕਤ ਦਾ ਅਧਿਕਾਰੀ ਹੋਣਾ ਚਾਹਿਆ ਵੀ ਤਾਂ ਉਹ ਅਪਰਵਾਨ ਹੋਇਆ, ਕਿਉਂਕਿ ਉਹ ਨੂੰ ਤੋਬਾ ਕਰਨ ਦਾ ਮੌਕਾ ਨਾ ਮਿਲਿਆ ਭਾਵੇਂ ਉਹ ਨੇ ਹੰਝੂ ਵਹਾ ਕੇ ਉਹ ਨੂੰ ਭਾਲਿਆ ।

18ਤੁਸੀਂ ਤਾਂ ਉਸ ਪਹਾੜ ਕੋਲ ਨਹੀਂ ਆਏ ਹੋ ਜਿਹ ਨੂੰ ਹੱਥ ਲਾਇਆ ਜਾਵੇ, ਜਿਹੜਾ ਅੱਗ ਨਾਲ ਬਲ ਉੱਠਿਆ, ਨਾ ਕਾਲੀ ਘਟਾ, ਨਾ ਘੁੱਪ ਹਨ੍ਹੇਰੇ, ਨਾ ਝੱਖੜ-ਝੋਲੇ,19ਨਾ ਤੁਰ੍ਹੀ ਦੇ ਸ਼ਬਦ, ਨਾ ਗੱਲਾਂ ਦੀ ਅਵਾਜ਼ ਕੋਲ ਜਿਹ ਦੇ ਸੁਣਨ ਵਾਲਿਆਂ ਨੇ ਅਰਦਾਸ ਕੀਤੀ ਕਿ ਹੋਰ ਬਚਨ ਸਾਨੂੰ ਨਾ ਆਖਿਆ ਜਾਵੇ !20ਕਿਉਂ ਜੋ ਉਹ ਉਸ ਹੁਕਮ ਨੂੰ ਸਹਾਰ ਨਾ ਸਕੇ ਭਈ ਜੇ ਪਸ਼ੂ ਵੀ ਪਹਾੜ ਨਾਲ ਲੱਗੇ ਤਾਂ ਪਥਰਾਉ ਕੀਤਾ ਜਾਵੇ ।21ਅਤੇ ਉਹ ਜੋ ਦਿਖਾਈ ਦਿੱਤਾ ਸੋ ਅਜਿਹਾ ਭਿਆਨਕ ਸੀ ਜੋ ਮੂਸਾ ਨੇ ਆਖਿਆ ਕਿ ਮੈਂ ਬਹੁਤ ਹੀ ਡਰਦਾ ਅਤੇ ਥਰ-ਥਰ ਕੰਬਦਾ ਹਾਂ !
22ਸਗੋਂ ਤੁਸੀਂ ਸੀਯੋਨ ਦੇ ਪਹਾੜ ਕੋਲ ਆਏ ਹੋ ਅਤੇ ਅੱਤ ਮਹਾਨ ਪਰਮੇਸ਼ੁਰ ਦੀ ਨਗਰੀ ਸਵਰਗੀ ਯਰੂਸ਼ਲਮ ਕੋਲ ਅਤੇ ਜੋੜ ਮੇਲੇ ਵਿੱਚ ਲੱਖਾਂ ਦੂਤਾਂ ਕੋਲ ।23ਅਤੇ ਪਲੋਠਿਆਂ ਦੀ ਕਲੀਸਿਯਾ ਕੋਲ ਜਿਨ੍ਹਾਂ ਦੇ ਨਾਮ ਸਵਰਗ ਵਿੱਚ ਲਿਖੇ ਹੋਏ ਹਨ ਅਤੇ ਪਰਮੇਸ਼ੁਰ ਕੋਲ ਜਿਹੜਾ ਸਾਰਿਆਂ ਦਾ ਨਿਆਂ ਕਰਨ ਵਾਲਾ ਹੈ ਅਤੇ ਸਿੱਧ ਕੀਤਿਆਂ ਹੋਇਆ ਧਰਮੀਆਂ ਦੇ ਆਤਮਿਆਂ ਕੋਲ ।24ਅਤੇ ਯਿਸੂ ਕੋਲ ਜਿਹੜਾ ਨਵੇਂ ਨੇਮ ਦਾ ਵਿਚੋਲਾ ਹੈ ਅਤੇ ਛਿੜਕੇ ਹੋਏ ਲਹੂ ਦੇ ਕੋਲ ਜੋ ਹਾਬਲ ਦੇ ਲਹੂ ਨਾਲੋਂ ਉੱਤਮ ਗੱਲਾਂ ਕਰਦਾ ਹੈ ।
25ਵੇਖੋ, ਤੁਸੀਂ ਉਸ ਤੋਂ ਜਿਹੜਾ ਬੋਲਦਾ ਹੈ ਮੂੰਹ ਨਾ ਮੋੜਨਾ, ਕਿਉਂਕਿ ਜਦੋਂ ਉਹ ਨਾ ਬਚੇ ਜਿਨ੍ਹਾਂ ਉਸ ਤੋਂ ਮੂੰਹ ਮੋੜੇ ਜਿਹੜਾ ਧਰਤੀ ਉੱਤੇ ਚਿਤਾਰਦਾ ਸੀ, ਤਾਂ ਉਸ ਤੋਂ ਕਿਵੇਂ ਬਚਾਂਗੇ ਜਿਹੜਾ ਸਵਰਗ ਉੱਤੋਂ ਚਿਤਾਰਦਾ ਹੈ ।26ਜਿਹ ਦੇ ਸ਼ਬਦ ਨੇ ਉਸ ਵੇਲੇ ਧਰਤੀ ਨੂੰ ਹਿਲਾ ਦਿੱਤਾ ਪਰ ਹੁਣ ਉਹ ਨੇ ਇਹ ਕਹਿ ਕੇ ਬਚਨ ਦਿੱਤਾ ਹੈ ਭਈ ਫੇਰ ਇੱਕ ਵਾਰੀ ਮੈਂ ਕੇਵਲ ਧਰਤੀ ਨੂੰ ਹੀ ਨਹੀਂ ਸਗੋਂ ਅਕਾਸ਼ ਨੂੰ ਵੀ ਹਿਲਾ ਦਿਆਂਗਾ ।
27ਅਤੇ ਇਹ ਜਿਹੜਾ ਬਚਨ ਹੈ ਕਿ ਫੇਰ ਇੱਕ ਵਾਰੀ, ਇਹ ਦੱਸਦਾ ਹੈ ਕਿ ਬਣਾਈਆਂ ਹੋਈਆਂ ਵਸਤਾਂ ਵਾਂਗੂੰ ਉਹ ਵਸਤਾਂ ਜਿਹੜੀਆਂ ਹਿਲਾਈਆਂ ਜਾਂਦੀਆਂ ਹਨ ਸੋ ਟਲ ਜਾਣਗੀਆਂ, ਤਾਂ ਜੋ ਉਹ ਵਸਤਾਂ ਜਿਹੜੀਆਂ ਨਹੀਂ ਹਿਲਾਈਆਂ ਜਾਂਦੀਆਂ ਬਣੀਆਂ ਰਹਿਣ ।28ਸੋ ਜਦੋਂ ਸਾਨੂੰ ਇੱਕ ਰਾਜ ਮਿਲਿਆ ਜਿਹੜਾ ਹਿਲਾਇਆ ਨਹੀਂ ਜਾਂਦਾ ਤਾਂ ਆਓ, ਅਸੀਂ ਧੰਨਵਾਦ ਕਰੀਏ ਜਿਸ ਕਰਕੇ ਅਸੀਂ ਭਗਤੀ ਅਤੇ ਡਰ ਨਾਲ ਪਰਮੇਸ਼ੁਰ ਦੀ ਉਹ ਬੰਦਗੀ ਕਰੀਏ ਜੋ ਉਹ ਦੇ ਮਨ ਨੂੰ ਚੰਗੀ ਲੱਗੇ,29ਕਿਉਂ ਜੋ ਸਾਡਾ ਪਰਮੇਸ਼ੁਰ ਭਸਮ ਕਰਨ ਵਾਲੀ ਅੱਗ ਹੈ ।

13
ਮਸੀਹ ਜੀਵਨ ਦੇ ਨਿਰਦੇਸ਼

1ਭਾਈਚਾਰੇ ਦਾ ਪਿਆਰ ਬਣਿਆ ਰਹੇ ।2ਪਰਾਹੁਣਚਾਰੀ ਕਰਨੀ ਨਾ ਭੁੱਲੋ, ਕਿਉਂ ਜੋ ਇਹ ਕਰ ਕੇ ਕਈਆਂ ਨੇ ਦੂਤਾਂ ਨੂੰ ਬਿਨ੍ਹਾਂ ਪਛਾਣੇ ਘਰ ਉਤਾਰਿਆ ਹੈ ।

3ਬੰਧੂਆਂ ਨੂੰ ਇਸ ਤਰ੍ਹਾਂ ਚੇਤੇ ਰੱਖੋ ਜਿਵੇਂ ਤੁਸੀਂ ਆਪ ਵੀ ਉਹਨਾਂ ਦੇ ਨਾਲ ਬੰਧਨ ਵਿੱਚ ਪਏ ਹੋਏ ਹੋ ਅਤੇ ਉਹਨਾਂ ਨੂੰ ਜਿਹੜੇ ਜ਼ਬਰਦਸਤੀ ਝੱਲਦੇ ਹਨ ਚੇਤੇ ਰੱਖੋ ਇਹ ਜਾਣ ਕੇ ਭਈ ਤੁਸੀਂ ਆਪ ਵੀ ਸਰੀਰ ਵਾਲੇ ਹੋ ।4ਵਿਆਹ ਕਰਨਾ ਸਭਨਾਂ ਵਿੱਚ ਆਦਰਯੋਗ ਗਿਣਿਆ ਜਾਵੇ ਅਤੇ ਵਿਆਹ ਦਾ ਵਿਛਾਉਣਾ ਬੇਦਾਗ ਰਹੇ ਕਿਉਂਕਿ ਪਰਮੇਸ਼ੁਰ ਹਰਾਮਕਾਰਾਂ ਅਤੇ ਵਿਭਚਾਰੀਆਂ ਦਾ ਨਿਆਂ ਕਰੇਗਾ ।
5ਤੁਸੀਂ ਮਾਇਆ ਦੇ ਲੋਭ ਤੋਂ ਦੂਰ ਰਹੋ । ਜੋ ਕੁੱਝ ਤੁਹਾਡੇ ਕੋਲ ਹੈ ਉਸ ਉੱਤੇ ਸਬਰ ਕਰੋ ਕਿਉਂ ਜੋ ਉਹ ਨੇ ਆਪ ਆਖਿਆ ਹੈ ਭਈ ਮੈਂ ਤੈਨੂੰ ਕਦੇ ਨਾ ਛੱਡਾਂਗਾ, ਨਾ ਕਦੇ ਤੈਨੂੰ ਤਿਆਗਾਂਗਾ ।6ਇਸ ਕਰਕੇ ਅਸੀਂ ਹੌਂਸਲੇ ਨਾਲ ਆਖਦੇ ਹਾਂ, - ਪ੍ਰਭੂ ਮੇਰਾ ਸਹਾਇਕ ਹੈ, ਮੈਂ ਨਾ ਡਰਾਂਗਾ, ਮਨੁੱਖ ਮੇਰਾ ਕੀ ਕਰੇਗਾ ? ।

7ਤੁਸੀਂ ਆਪਣੇ ਆਗੂਆਂ ਨੂੰ ਚੇਤੇ ਰੱਖੋ ਜਿਨ੍ਹਾਂ ਤੁਹਾਨੂੰ ਪਰਮੇਸ਼ੁਰ ਦਾ ਬਚਨ ਸੁਣਾਇਆ । ਉਹਨਾਂ ਦੀ ਚਾਲ ਦੇ ਅੰਤ ਵੱਲ ਧਿਆਨ ਕਰ ਕੇ ਉਹਨਾਂ ਦੇ ਵਿਸ਼ਵਾਸ ਦੀ ਰੀਸ ਕਰੋ ।8ਯਿਸੂ ਮਸੀਹ ਕੱਲ, ਅੱਜ ਅਤੇ ਜੁੱਗੋ-ਜੁੱਗ ਇੱਕੋ ਜਿਹਾ ਹੈ ।
9ਤੁਸੀਂ ਰੰਗ ਬਰੰਗੀਆਂ ਅਤੇ ਓਪਰੀਆਂ ਸਿੱਖਿਆਂਵਾਂ ਨਾਲ ਭਰਮਾਏ ਨਾ ਜਾਓ, ਕਿਉਂ ਜੋ ਚੰਗਾ ਇਹ ਹੈ ਕਿ ਮਨ ਕਿਰਪਾ ਨਾਲ ਤਕੜਾ ਕੀਤਾ ਜਾਵੇ, ਨਾ ਕਿ ਭੋਜਨਾਂ ਨਾਲ ਜਿਨ੍ਹਾਂ ਤੋਂ ਉਨ੍ਹਾਂ ਦੇ ਵਰਤਣ ਵਾਲਿਆਂ ਨੂੰ ਕੁੱਝ ਲਾਭ ਨਾ ਹੋਇਆ ।10ਸਾਡੀ ਤਾਂ ਇੱਕ ਜਗਵੇਦੀ ਹੈ ਜਿਸ ਉੱਤੋਂ ਡੇਰੇ ਦੇ ਸੇਵਕਾਂ ਨੂੰ ਖਾਣ ਦਾ ਹੱਕ ਨਹੀਂ ।11ਕਿਉਂਕਿ ਜਿਨ੍ਹਾਂ ਪਸ਼ੂਆਂ ਦਾ ਲਹੂ ਪ੍ਰਧਾਨ ਜਾਜਕ ਪਵਿੱਤਰ ਸਥਾਨ ਵਿੱਚ ਪਾਪ ਦੇ ਲਈ ਲੈ ਜਾਂਦਾ ਹੈ ਉਨ੍ਹਾਂ ਦੇ ਸਰੀਰ ਡੇਰਿਓਂ ਬਾਹਰ ਸਾੜੇ ਜਾਂਦੇ ਹਨ ।
12ਇਸ ਲਈ ਯਿਸੂ ਨੇ ਵੀ ਫਾਟਕੋਂ ਬਾਹਰ ਦੁੱਖ ਝੱਲਿਆ ਕਿ ਲੋਕਾਂ ਨੂੰ ਆਪਣੇ ਲਹੂ ਨਾਲ ਪਵਿੱਤਰ ਕਰੇ ।13ਸੋ ਆਓ, ਅਸੀਂ ਉਹ ਦੇ ਨਮਿੱਤ ਨਿੰਦਿਆ ਸਹਿੰਦੇ ਹੋਏ ਤੰਬੂ ਤੋਂ ਬਾਹਰ ਉਹ ਦੇ ਕੋਲ ਚੱਲੀਏ ।14ਕਿਉਂ ਜੋ ਸਾਡਾ ਇੱਥੇ ਕੋਈ ਸਥਿਰ ਰਹਿਣ ਵਾਲਾ ਸ਼ਹਿਰ ਨਹੀਂ ਹੈ, ਸਗੋਂ ਅਸੀਂ ਆਉਣ ਵਾਲੇ ਸ਼ਹਿਰ ਨੂੰ ਭਾਲਦੇ ਹਾਂ ।
15ਸੋ ਅਸੀਂ ਉਹ ਦੇ ਦੁਆਰਾ ਉਸਤਤ ਦਾ ਬਲੀਦਾਨ ਅਰਥਾਤ ਉਨ੍ਹਾਂ ਬੁਲ੍ਹਾਂ ਦਾ ਫਲ ਜਿਹੜੇ ਉਹ ਦੇ ਨਾਮ ਨੂੰ ਮੰਨ ਲੈਂਦੇ ਹਨ, ਪਰਮੇਸ਼ੁਰ ਦੇ ਅੱਗੇ ਸਦਾ ਚੜ੍ਹਾਇਆ ਕਰੀਏ ।16ਪਰ ਭਲਾ ਕਰਨਾ ਅਤੇ ਪਰਉਪਕਾਰ ਕਰਨਾ ਨਾ ਭੁੱਲਿਓ, ਕਿਉਂਕਿ ਅਜਿਹੇ ਬਲੀਦਾਨਾਂ ਤੋਂ ਪਰਮੇਸ਼ੁਰ ਖੁਸ਼ ਹੁੰਦਾ ਹੈ ।17ਤੁਸੀਂ ਆਪਣੇ ਆਗੂਆਂ ਦੀ ਆਗਿਆਕਾਰੀ ਕਰੋ ਅਤੇ ਉਹਨਾਂ ਦੇ ਅਧੀਨ ਰਹੋ, ਕਿਉਂਕਿ ਉਹ ਉਨ੍ਹਾਂ ਵਾਂਗੂੰ ਜਿਨ੍ਹਾਂ ਲੇਖਾ ਦੇਣਾ ਹੈ ਤੁਹਾਡੀਆਂ ਜਾਨਾਂ ਦੇ ਨਮਿੱਤ ਜਾਗਦੇ ਰਹਿੰਦੇ ਹਨ ਤਾਂ ਕਿ ਉਹ ਇਹ ਕੰਮ ਅਨੰਦ ਨਾਲ ਕਰਨ, ਨਾ ਕਿ ਮਜ਼ਬੂਰੀ ਨਾਲ ਕਿਉਂ ਜੋ ਇਹ ਤੁਹਾਡੇ ਲਈ ਲਾਭਵੰਤ ਨਹੀਂ ।

18ਸਾਡੇ ਲਈ ਪ੍ਰਾਰਥਨਾ ਕਰੋ, ਕਿਉਂ ਜੋ ਸਾਨੂੰ ਵਿਸ਼ਵਾਸ ਹੈ ਕਿ ਸਾਡਾ ਵਿਵੇਕ ਸ਼ੁੱਧ ਹੈ ਅਤੇ ਅਸੀਂ ਸਾਰੀਆਂ ਗੱਲਾਂ ਵਿੱਚ ਨੇਕੀ ਨਾਲ ਉਮਰ ਬਤੀਤ ਕਰਨੀ ਚਾਹੁੰਦੇ ਹਾਂ ।19ਅਤੇ ਮੈਂ ਹੋਰ ਵੀ ਮਿੰਨਤ ਨਾਲ ਬੇਨਤੀ ਕਰਦਾ ਹਾਂ ਕਿ ਤੁਸੀਂ ਇਹ ਕਰੋ ਤਾਂ ਜੋ ਮੈਂ ਤੁਹਾਡੇ ਕੋਲ ਮੁੜ ਛੇਤੀ ਪੁਚਾਇਆ ਜਾਂਵਾਂ ।

20ਹੁਣ ਸ਼ਾਂਤੀ ਦਾਤਾ ਪਰਮੇਸ਼ੁਰ ਜਿਹੜਾ ਭੇਡਾਂ ਦੇ ਵੱਡੇ ਅਯਾਲੀ ਅਰਥਾਤ ਸਾਡੇ ਪ੍ਰਭੂ ਯਿਸੂ ਨੂੰ ਸਦੀਪਕ ਨੇਮ ਦੇ ਲਹੂ ਨਾਲ ਮੁਰਦਿਆਂ ਵਿੱਚੋਂ ਉੱਠਾ ਲਿਆਇਆ21ਤੁਹਾਨੂੰ ਹਰੇਕ ਭਲੇ ਕੰਮ ਵਿੱਚ ਸੰਪੂਰਨ ਕਰੇ ਤਾਂ ਕਿ ਤੁਸੀਂ ਉਹ ਦੀ ਮਰਜ਼ੀ ਨੂੰ ਪੂਰਾ ਕਰੋ ਅਤੇ ਜੋ ਕੁੱਝ ਉਹ ਨੂੰ ਚੰਗਾ ਲੱਗਦਾ ਹੈ, ਉਹੋ ਸਾਡੇ ਵਿੱਚ ਯਿਸੂ ਮਸੀਹ ਦੇ ਦੁਆਰਾ ਕਰੇ, ਜਿਹ ਦੀ ਵਡਿਆਈ ਜੁੱਗੋ-ਜੁੱਗ ਹੋਵੇ ! । ਆਮੀਨ ।

22ਹੇ ਭਰਾਵੋ, ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਭਈ ਤੁਸੀਂ ਇਸ ਉਪਦੇਸ਼ ਦੇ ਬਚਨ ਨੂੰ ਸਹਿ ਲਵੋ, ਕਿਉਂ ਜੋ ਮੈਂ ਥੋੜ੍ਹੇ ਜਿਹੇ ਵਿੱਚ ਤੁਹਾਨੂੰ ਲਿਖ ਭੇਜਿਆ ਹੈ ।23ਤੁਹਾਨੂੰ ਪਤਾ ਹੋਵੇ ਕਿ ਸਾਡਾ ਭਰਾ ਤਿਮੋਥਿਉਸ ਕੈਦ ਵਿੱਚੋਂ ਛੁੱਟ ਗਿਆ । ਜੇ ਉਹ ਛੇਤੀ ਆਇਆ, ਤਾਂ ਮੈਂ ਉਹ ਦੇ ਨਾਲ ਆ ਕੇ ਤੁਹਾਡਾ ਦਰਸ਼ਣ ਕਰਾਂਗਾ ।

24ਆਪਣੇ ਸਾਰੇ ਆਗੂਆਂ ਨੂੰ, ਨਾਲੇ ਸਾਰੇ ਸੰਤਾਂ ਨੂੰ ਸੁੱਖ-ਸਾਂਦ ਆਖੋ । ਜਿਹੜੇ ਇਤਾਲਿਯਾ ਦੇ ਹਨ ਉਹ ਤੁਹਾਡੀ ਸੁੱਖ-ਸਾਂਦ ਪੁੱਛਦੇ ਹਨ ।

25ਤੁਹਾਡੇ ਸਾਰਿਆਂ ਉੱਤੇ ਕਿਰਪਾ ਹੁੰਦੀ ਰਹੇ । ਆਮੀਨ ।

ਯਾਕੂਬ ਦੀ ਪੱਤ੍ਰੀ

1
ਨਮਸਕਾਰ

1ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਦੇ ਦਾਸ ਯਾਕੂਬ ਦੇ ਵੱਲੋਂ, ਉਨ੍ਹਾਂ ਬਾਰਾਂ ਗੋਤਾਂ ਨੂੰ ਜਿਹੜੇ ਸੰਸਾਰ ਭਰ ਵਿੱਚ ਖਿੰਡੇ ਹੋਏ ਹਨ; ਸੁੱਖ ਸ਼ਾਂਤੀ ਹੋਵੇ ।

ਪ੍ਰੀਖਿਆਵਾਂ ਅਤੇ ਪਰਤਾਵੇ

2ਹੇ ਮੇਰੇ ਭਰਾਵੋ, ਜਦੋਂ ਤੁਸੀਂ ਭਾਂਤ-ਭਾਂਤ ਦੇ ਪਰਤਾਵਿਆਂ ਵਿੱਚ ਪਵੋ ਤਾਂ ਇਹ ਨੂੰ ਪੂਰੇ ਅਨੰਦ ਦੀ ਗੱਲ ਸਮਝੋ ।3ਕਿਉਂ ਜੋ ਤੁਸੀਂ ਜਾਣਦੇ ਹੋ ਕਿ ਤੁਹਾਡੇ ਵਿਸ਼ਵਾਸ ਦੀ ਪ੍ਰੀਖਿਆ ਧੀਰਜ ਨੂੰ ਪੈਦਾ ਕਰਦੀ ਹੈ ।
4ਅਤੇ ਧੀਰਜ ਨੂੰ ਆਪਣਾ ਕੰਮ ਪੂਰਾ ਕਰ ਲੈਣ ਦੇਵੋ ਤਾਂ ਜੋ ਤੁਸੀਂ ਸਿੱਧ ਅਤੇ ਸੰਪੂਰਨ ਹੋ ਜਾਵੋ ਅਤੇ ਤੁਹਾਨੂੰ ਕਿਸੇ ਗੱਲ ਦਾ ਘਾਟਾ ਨਾ ਹੋਵੇ ।5ਪਰ ਜੇ ਤੁਹਾਡੇ ਵਿੱਚੋਂ ਕਿਸੇ ਨੂੰ ਬੁੱਧ ਦਾ ਘਾਟਾ ਹੋਵੇ ਤਾਂ ਉਹ ਪਰਮੇਸ਼ੁਰ ਕੋਲੋਂ ਮੰਗੇ, ਜਿਹੜਾ ਉਹਨਾਂ ਸਾਰਿਆਂ ਨੂੰ ਖੁੱਲ੍ਹੇ ਦਿਲ ਦੇ ਨਾਲ ਬਿਨ੍ਹਾਂ ਉਲਾਂਭੇ ਦੇ ਦਿੰਦਾ ਹੈ ਜਿਹੜੇ ਉਸ ਕੋਲੋਂ ਮੰਗਦੇ ਹਨ, ਤਾਂ ਉਹ ਨੂੰ ਦਿੱਤੀ ਜਾਵੇਗੀ ।
6ਪਰ ਵਿਸ਼ਵਾਸ ਨਾਲ ਮੰਗੇ, ਅਤੇ ਕੁੱਝ ਭਰਮ ਨਾ ਕਰੇ, ਕਿਉਂ ਜੋ ਭਰਮ ਕਰਨ ਵਾਲਾ ਸਮੁੰਦਰ ਦੀ ਲਹਿਰ ਵਰਗਾ ਹੈ ਜਿਹੜੀ ਹਵਾ ਦੇ ਨਾਲ ਵਗਦੀ ਅਤੇ ਉੱਛਲਦੀ ਹੈ ।7ਅਜਿਹਾ ਮਨੁੱਖ ਇਹ ਨਾ ਸਮਝੇ ਕਿ ਪ੍ਰਭੂ ਦੇ ਕੋਲੋਂ ਮੈਨੂੰ ਕੁੱਝ ਮਿਲੇਗਾ ।8ਉਹ ਦੁਚਿੱਤਾ ਮਨੁੱਖ ਹੈ ਅਤੇ ਆਪਣੀਆਂ ਸਾਰੀਆਂ ਗੱਲਾਂ ਵਿੱਚ ਚੰਚਲ ਹੈ ।
9ਪਰ ਉਹ ਭਰਾ ਜਿਹੜਾ ਦੀਨ ਹੈ, ਆਪਣੀ ਉੱਚੀ ਪਦਵੀ ਉੱਤੇ ਅਭਮਾਨ ਕਰੇ,10ਇਸ ਲਈ ਧਨਵਾਨ ਆਪਣੀ ਨੀਵੀਂ ਪਦਵੀ ਉੱਤੇ ਅਭਮਾਨ ਕਰੇ ਇਸ ਲਈ ਜੋ ਉਹ ਘਾਹ ਦੇ ਫੁੱਲ ਵਾਂਗੂੰ ਜਾਂਦਾ ਰਹੇਗਾ ।11ਕਿਉਂ ਜੋ ਸੂਰਜ ਚੜ੍ਹਦਿਆਂ ਹੀ ਤੇਜ ਧੁੱਪ ਪੈਂਦੀ ਹੈ ਅਤੇ ਘਾਹ ਨੂੰ ਸੁਕਾ ਦਿੰਦੀ ਹੈ ਅਤੇ ਉਹ ਦਾ ਫੁੱਲ ਵੀ ਝੜ ਜਾਂਦਾ ਹੈ ਅਤੇ ਉਹ ਦੇ ਰੂਪ ਦੀ ਸੁੰਦਰਤਾ ਨਸ਼ਟ ਹੋ ਜਾਂਦੀ । ਇਸੇ ਤਰ੍ਹਾਂ ਧਨਵਾਨ ਵੀ ਆਪਣੀਆਂ ਚਾਲਾਂ ਵਿੱਚ ਕੁਮਲਾ ਜਾਵੇਗਾ ।
12ਧੰਨ ਹੈ ਉਹ ਮਨੁੱਖ ਜਿਹੜਾ ਪਰਤਾਵੇ ਨੂੰ ਸਹਿ ਲੈਂਦਾ ਹੈ, ਕਿਉਂਕਿ ਜੇ ਉਹ ਖਰਾ ਨਿੱਕਲਿਆ ਤਾਂ ਉਹ ਨੂੰ ਜੀਵਨ ਦਾ ਉਹ ਮੁਕਟ ਪ੍ਰਾਪਤ ਹੋਵੇਗਾ ਜਿਸ ਦਾ ਪ੍ਰਭੂ ਨੇ ਆਪਣੇ ਪਿਆਰ ਕਰਨ ਵਾਲਿਆਂ ਨਾਲ ਵਾਇਦਾ ਕੀਤਾ ਹੈ ।13ਜਦੋਂ ਕੋਈ ਮਨੁੱਖ ਪਰਤਾਇਆ ਜਾਵੇ ਤਾਂ ਉਹ ਇਹ ਨਾ ਆਖੇ ਕਿ ਮੈਂ ਪਰਮੇਸ਼ੁਰ ਦੇ ਵੱਲੋਂ ਪਰਤਾਇਆ ਜਾਂਦਾ ਹਾਂ, ਕਿਉਂ ਜੋ ਪਰਮੇਸ਼ੁਰ ਬੁਰੀਆਂ ਗੱਲਾਂ ਨਾਲ ਪਰਤਾਇਆ ਨਹੀਂ ਜਾਂਦਾ ਅਤੇ ਨਾ ਹੀ ਉਹ ਆਪ ਕਿਸੇ ਨੂੰ ਬੁਰੀਆਂ ਗੱਲਾਂ ਨਾਲ ਪਰਤਾਉਂਦਾ ਹੈ ।
14ਪਰ ਹਰ ਇੱਕ ਮਨੁੱਖ ਆਪਣੀਆਂ ਹੀ ਕਾਮਨਾਵਾਂ ਵਿੱਚ ਫਸ ਕੇ ਪਰਤਾਵੇ ਵਿੱਚ ਪੈਂਦਾ ਹੈ ।15ਫੇਰ ਕਾਮਨਾ ਗਰਭਵਤੀ ਹੋ ਕੇ ਪਾਪ ਨੂੰ ਜਨਮ ਦਿੰਦੀ ਹੈ, ਅਤੇ ਪਾਪ ਜਦੋਂ ਵੱਧ ਜਾਂਦਾ ਹੈ ਤਾਂ ਉਹ ਮੌਤ ਨੂੰ ਜਨਮ ਦਿੰਦਾ ਹੈ ।16ਹੇ ਮੇਰੇ ਪਿਆਰੇ ਭਰਾਵੋ, ਧੋਖਾ ਨਾ ਖਾਓ ।
17ਕਿਉਂਕਿ ਹਰ ਇੱਕ ਚੰਗਾ ਦਾਨ ਅਤੇ ਹਰ ਇੱਕ ਸੰਪੂਰਨ ਵਰਦਾਨ ਉਤਾਹਾਂ ਤੋਂ ਹੀ ਹੈ ਅਤੇ ਜੋਤਾਂ ਦੇ ਪਿਤਾ ਵੱਲੋਂ ਮਿਲਦਾ ਹੈ, ਜਿਹ ਦੇ ਵਿੱਚ ਨਾ ਤਾਂ ਕੋਈ ਬਦਲਾਵ ਹੋ ਸਕਦਾ ਹੈ, ਅਤੇ ਨਾ ਅਦਲ-ਬਦਲ ਦੇ ਕਾਰਨ ਪਰਛਾਵਾਂ ਪੈਂਦਾ ਹੈ ।18ਉਸ ਨੇ ਆਪਣੀ ਹੀ ਮਰਜ਼ੀ ਨਾਲ ਸਾਨੂੰ ਸਚਿਆਈ ਦੇ ਬਚਨ ਨਾਲ ਜਨਮ ਦਿੱਤਾ ਤਾਂ ਜੋ ਅਸੀਂ ਉਹ ਦੀਆਂ ਰਚਨਾਂ ਵਿੱਚੋਂ ਪਹਿਲੇ ਫਲ ਜਿਹੇ ਹੋਈਏ ।
ਸੁਣਨਾ ਅਤੇ ਕਰਨਾ

19ਹੇ ਮੇਰੇ ਪਿਆਰੇ ਭਰਾਵੋ, ਇਹ ਗੱਲ ਤੁਸੀਂ ਜਾਣ ਲਵੋ ਕਿ ਹਰੇਕ ਮਨੁੱਖ ਸੁਣਨ ਵਿੱਚ ਤੇਜ ਅਤੇ ਬੋਲਣ ਵਿੱਚ ਧੀਮਾ ਅਤੇ ਕ੍ਰੋਧ ਵਿੱਚ ਵੀ ਧੀਮਾ ਹੋਵੇ ।20ਕਿਉਂ ਜੋ ਮਨੁੱਖ ਦਾ ਕ੍ਰੋਧ ਪਰਮੇਸ਼ੁਰ ਦੀ ਧਾਰਮਿਕਤਾ ਦਾ ਕੰਮ ਨਹੀਂ ਕਰਦਾ ।21ਇਸ ਲਈ ਤੁਸੀਂ ਹਰ ਪ੍ਰਕਾਰ ਦੇ ਗੰਦ-ਮੰਦ ਅਤੇ ਵੈਰ-ਵਿਰੋਧ ਨੂੰ ਦੂਰ ਕਰ ਕੇ, ਉਸ ਬੀਜੇ ਹੋਏ ਬਚਨ ਨੂੰ ਜਿਹੜਾ ਤੁਹਾਡੀਆਂ ਜਾਨਾਂ ਨੂੰ ਬਚਾ ਸਕਦਾ ਹੈ ਨਮਰਤਾ ਨਾਲ ਕਬੂਲ ਕਰ ਲਵੋ ।
22ਪਰ ਬਚਨ ਉੱਤੇ ਅਮਲ ਕਰਨ ਵਾਲੇ ਬਣੋ ਅਤੇ ਆਪਣੇ ਆਪ ਨੂੰ ਧੋਖਾ ਦੇ ਕੇ ਕੇਵਲ ਸੁਣਨ ਵਾਲੇ ਹੀ ਨਾ ਹੋਵੋ ।23ਕਿਉਂਕਿ ਜੇ ਕੋਈ ਬਚਨ ਦਾ ਸੁਣਨ ਵਾਲਾ ਹੀ ਹੋਵੇ ਅਤੇ ਉਸ ਉੱਤੇ ਅਮਲ ਕਰਨ ਵਾਲਾ ਨਾ ਹੋਵੇ, ਤਾਂ ਉਹ ਉਸ ਮਨੁੱਖ ਵਰਗਾ ਹੈ ਜਿਹੜਾ ਆਪਣੇ ਅਸਲੀ ਸਰੂਪ ਨੂੰ ਸ਼ੀਸ਼ੇ ਵਿੱਚ ਵੇਖਦਾ ਹੈ ।24ਅਤੇ ਆਪਣੇ ਆਪ ਨੂੰ ਵੇਖ ਕੇ ਚਲਿਆ ਜਾਂਦਾ ਹੈ ਅਤੇ ਉਸੇ ਵੇਲੇ ਭੁੱਲ ਜਾਂਦਾ ਹੈ ਕਿ ਮੈਂ ਕਿਹੋ ਜਿਹਾ ਸੀ ।25ਪਰ ਜਿਹੜਾ ਇਨਸਾਨ ਅਜ਼ਾਦੀ ਦੀ ਸੰਪੂਰਨ ਬਿਵਸਥਾ ਉੱਤੇ ਗ਼ੌਰ ਨਾਲ ਧਿਆਨ ਕਰਦਾ ਰਹਿੰਦਾ ਹੈ, ਉਹ ਆਪਣੇ ਕੰਮ ਵਿੱਚ ਇਸ ਲਈ ਧੰਨ ਹੋਵੇਗਾ ਕਿ ਸੁਣ ਕੇ ਭੁੱਲਦਾ ਨਹੀਂ ਸਗੋਂ ਅਮਲ ਕਰਦਾ ਹੈ ।
26ਜੇ ਕੋਈ ਆਪਣੇ ਆਪ ਨੂੰ ਭਗਤੀ ਕਰਨ ਵਾਲਾ ਸਮਝੇ ਅਤੇ ਆਪਣੀ ਜੀਭ ਨੂੰ ਲਗਾਮ ਨਾ ਦੇਵੇ ਸਗੋਂ ਆਪਣੇ ਹੀ ਦਿਲ ਨੂੰ ਧੋਖਾ ਦੇਵੇ ਤਾਂ ਉਸ ਮਨੁੱਖ ਦੀ ਭਗਤੀ ਵਿਅਰਥ ਹੈ ।27ਸਾਡੇ ਪਰਮੇਸ਼ੁਰ ਅਤੇ ਪਿਤਾ ਦੇ ਅੱਗੇ ਸ਼ੁੱਧ ਅਤੇ ਨਿਰਮਲ ਭਗਤੀ ਇਹ ਹੈ ਕਿ ਅਨਾਥਾਂ ਅਤੇ ਵਿਧਵਾਂ ਦੀ ਉਨ੍ਹਾਂ ਦੀਆਂ ਕਸ਼ਟਾਂ ਦੇ ਵੇਲੇ ਸੁੱਧ ਲੈਣੀ ਅਤੇ ਆਪਣੇ ਆਪ ਨੂੰ ਸੰਸਾਰ ਤੋਂ ਬੇਦਾਗ ਰੱਖਣਾ ।

2
ਪੱਖਪਾਤ ਦੇ ਵਿਰੁੱਧ ਚਿਤਾਵਨੀ

1ਹੇ ਮੇਰੇ ਭਰਾਵੋ, ਸਾਡੇ ਪ੍ਰਤਾਪਵਾਨ ਪ੍ਰਭੂ ਯਿਸੂ ਮਸੀਹ ਉੱਤੇ ਤੁਹਾਡਾ ਵਿਸ਼ਵਾਸ ਕਿਸੇ ਤਰ੍ਹਾਂ ਦੇ ਪੱਖਪਾਤ ਨਾਲ ਨਾ ਹੋਵੇ ।2ਕਿਉਂਕਿ ਜੇ ਕੋਈ ਮਨੁੱਖ ਸੋਨੇ ਦੀ ਅੰਗੂਠੀ ਅਤੇ ਸੁੰਦਰ ਬਸਤਰ ਪਾ ਕੇ ਤੁਹਾਡੀ ਸਭਾ ਵਿੱਚ ਆਵੇ ਅਤੇ ਇੱਕ ਗਰੀਬ ਵੀ ਮੈਲ਼ੇ ਬਸਤਰ ਪਾ ਕੇ ਆਵੇ, ।3ਅਤੇ ਤੁਸੀਂ ਉਸ ਸੁੰਦਰ ਬਸਤਰਾਂ ਵਾਲੇ ਦਾ ਲਿਹਾਜ਼ ਕਰੋ ਅਤੇ ਉਸ ਨੂੰ ਕਹੋ, ਇੱਥੇ ਚੰਗੀ ਥਾਂ ਆ ਕੇ ਬੈਠ ਅਤੇ ਉਸ ਗਰੀਬ ਨੂੰ ਕਹੋ ਕਿ ਤੂੰ ਇੱਥੇ ਖੜ੍ਹਾ ਰਹਿ, ਜਾ ਮੇਰੇ ਪੈਰ ਰੱਖਣ ਦੀ ਚੌਂਕੀ ਕੋਲ ਬੈਠ ।4ਤਾਂ ਕੀ ਤੁਸੀਂ ਆਪਣਿਆਂ ਮਨਾਂ ਵਿੱਚ ਭੇਦਭਾਵ ਨਹੀਂ ਕੀਤਾ ਅਤੇ ਬੁਰਿਆਈ ਸੋਚਣ ਵਾਲੇ ਨਿਆਈਂ ਨਹੀਂ ਬਣੇ ?

5ਹੇ ਮੇਰੇ ਪਿਆਰੇ ਭਰਾਵੋ, ਸੁਣੋ ਕੀ ਪਰਮੇਸ਼ੁਰ ਨੇ ਉਹਨਾਂ ਨੂੰ ਨਹੀਂ ਚੁਣਿਆ ਜਿਹੜੇ ਸੰਸਾਰ ਦੀ ਵੱਲੋਂ ਗਰੀਬ ਹਨ ਤਾਂ ਜੋ ਉਹ ਵਿਸ਼ਵਾਸ ਵਿੱਚ ਧਨੀ, ਅਤੇ ਉਸ ਰਾਜ ਦੇ ਅਧਿਕਾਰੀ ਹੋਣ ਜਿਸ ਦਾ ਵਾਇਦਾ ਉਹ ਨੇ ਆਪਣੇ ਪਿਆਰ ਕਰਨ ਵਾਲਿਆਂ ਨੂੰ ਦਿੱਤਾ ਸੀ ?6ਪਰ ਤੁਸੀਂ ਉਸ ਗਰੀਬ ਦਾ ਅਪਮਾਨ ਕੀਤਾ ! ਭਲਾ, ਧਨਵਾਨ ਤੁਹਾਡੇ ਉੱਤੇ ਜ਼ੁਲਮ ਨਹੀਂ ਕਰਦੇ ? ਅਤੇ ਆਪੇ ਤੁਹਾਨੂੰ ਅਦਾਲਤਾਂ ਵਿੱਚ ਖਿੱਚ ਕੇ ਨਹੀਂ ਲੈ ਜਾਂਦੇ ?7ਭਲਾ, ਧਨਵਾਨ ਉਸ ਉੱਤਮ ਨਾਮ ਦੀ ਨਿੰਦਿਆ ਨਹੀਂ ਕਰਦੇ ਜਿਸ ਤੋਂ ਤੁਸੀਂ ਜਾਣੇ ਜਾਂਦੇ ਹੋ ?
8ਪਰ ਜੇ ਤੁਸੀਂ ਉਸ ਸ਼ਾਹੀ ਹੁਕਮ ਨੂੰ ਪੂਰਾ ਕਰਦੇ ਹੋ ਜਿਵੇਂ ਪਵਿੱਤਰ ਗ੍ਰੰਥ ਵਿੱਚ ਲਿਖਿਆ ਹੈ, ਕਿ ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ, ਤਾਂ ਤੁਸੀਂ ਭਲਾ ਕਰਦੇ ਹੋ ।9ਪਰ ਜੇ ਤੁਸੀਂ ਪੱਖਪਾਤ ਕਰਦੇ ਹੋ ਤਾਂ ਪਾਪ ਕਰਦੇ ਹੋ ਅਤੇ ਅਪਰਾਧੀ ਬਣ ਕੇ ਬਿਵਸਥਾ ਤੋਂ ਦੋਸ਼ੀ ਠਹਿਰਾਏ ਜਾਂਦੇ ਹੋ ।
10ਜੇ ਕੋਈ ਸਾਰੀ ਬਿਵਸਥਾ ਦੀ ਪਾਲਨਾ ਕਰੇ ਪਰ ਇੱਕ ਗੱਲ ਵਿੱਚ ਭੁੱਲ ਜਾਵੇ ਤਾਂ ਉਹ ਸਾਰੀਆਂ ਗੱਲਾਂ ਵਿੱਚ ਦੋਸ਼ੀ ਹੋਇਆ ।11ਕਿਉਂਕਿ ਜਿਸ ਨੇ ਕਿਹਾ ਕਿ ਵਿਭਚਾਰ ਨਾ ਕਰ, ਉਸ ਨੇ ਇਹ ਵੀ ਕਿਹਾ ਕਿ ਖੂਨ ਨਾ ਕਰ । ਸੋ ਜੇ ਤੂੰ ਵਿਭਚਾਰ ਨਾ ਕੀਤਾ ਪਰ ਖੂਨ ਕੀਤਾ ਤਾਂ ਬਿਵਸਥਾ ਦੀ ਉਲੰਘਣਾ ਕਰਨ ਵਾਲਾ ਹੋਇਆ ।
12ਤੁਸੀਂ ਉਨ੍ਹਾ ਲੋਕਾਂ ਦੀ ਤਰ੍ਹਾਂ ਬਚਨ ਬੋਲੋ ਅਤੇ ਕੰਮ ਵੀ ਕਰੋ, ਜਿਨ੍ਹਾਂ ਦਾ ਨਿਆਂ ਅਜ਼ਾਦੀ ਦੀ ਬਿਵਸਥਾ ਦੇ ਅਨੁਸਾਰ ਹੋਣਾ ਹੈ ।13ਕਿਉਂਕਿ ਜਿਸ ਨੇ ਦਯਾ ਨਾ ਕੀਤੀ ਉਸ ਦਾ ਨਿਆਂ ਬਿਨ੍ਹਾਂ ਦਯਾ ਤੋਂ ਕੀਤਾ ਜਾਵੇਗਾ । ਦਯਾ ਨਿਆਂ ਦੇ ਉੱਤੇ ਜਿੱਤ ਪਾਉਂਦੀ ਹੈ ।
ਵਿਸ਼ਵਾਸ ਅਤੇ ਅਮਲ

14ਹੇ ਮੇਰੇ ਭਰਾਵੋ, ਜੇ ਕੋਈ ਆਖੇ ਕਿ ਮੈਨੂੰ ਵਿਸ਼ਵਾਸ ਹੈ, ਪਰ ਉਹ ਅਮਲ ਨਾ ਕਰਦਾ ਹੋਵੇ ਤਾਂ ਕੀ ਲਾਭ ਹੋਇਆ ? ਭਲਾ, ਇਹ ਵਿਸ਼ਵਾਸ ਉਸ ਨੂੰ ਬਚਾ ਸਕਦਾ ਹੈ ?15ਜੇ ਕੋਈ ਭਾਈ ਜਾਂ ਭੈਣ ਭੋਜਨ ਬਸਤਰ ਅਤੇ ਰੱਜਵੀਂ ਰੋਟੀ ਤੋਂ ਥੁੜਿਆ ਹੋਵੇ ।16ਅਤੇ ਤੁਹਾਡੇ ਵਿੱਚੋਂ ਕੋਈ ਉਨ੍ਹਾਂ ਨੂੰ ਆਖੇ ਕਿ ਸ਼ਾਂਤੀ ਨਾਲ ਜਾਓ । ਨਿੱਘੇ ਅਤੇ ਰੱਜੇ ਪੁੱਜੇ ਰਹੋ ਪਰ ਜਿਹੜੀਆਂ ਵਸਤਾਂ ਸਰੀਰ ਲਈ ਜ਼ਰੂਰੀ ਹਨ ਉਹ ਤੁਸੀਂ ਉਨ੍ਹਾਂ ਨੂੰ ਨਾ ਦਿੱਤੀਆਂ ਤਾਂ ਕੀ ਲਾਭ ਹੋਇਆ ?17ਇਸੇ ਪ੍ਰਕਾਰ ਵਿਸ਼ਵਾਸ ਜੋ ਅਮਲ ਸਹਿਤ ਨਾ ਹੋਵੇ ਤਾਂ ਆਪਣੇ ਆਪ ਵਿੱਚ ਮਰਿਆ ਹੋਇਆ ਹੈ ।
18ਪਰ ਜੇ ਕੋਈ ਕਹੇ ਕਿ ਤੇਰੇ ਕੋਲ ਵਿਸ਼ਵਾਸ ਹੈ ਅਤੇ ਮੇਰੇ ਕੋਲ ਅਮਲ ਹਨ । ਤੂੰ ਆਪਣਾ ਵਿਸ਼ਵਾਸ ਕੰਮਾਂ ਤੋਂ ਬਿਨ੍ਹਾਂ ਮੈਨੂੰ ਵਿਖਾ ਅਤੇ ਮੈਂ ਆਪਣਿਆਂ ਕੰਮਾਂ ਨਾਲ ਤੈਨੂੰ ਆਪਣਾ ਵਿਸ਼ਵਾਸ ਵਿਖਾਵਾਂਗਾ ।19ਤੂੰ ਵਿਸ਼ਵਾਸ ਕਰਦਾ ਹੈਂ ਕਿ ਪਰਮੇਸ਼ੁਰ ਇੱਕ ਹੀ ਹੈ । ਇਹ ਤੂੰ ਚੰਗਾ ਕਰਦਾ ਹੈਂ, ਭੂਤਾਂ ਵੀ ਇਹ ਵਿਸ਼ਵਾਸ ਕਰਦੀਆਂ ਅਤੇ ਕੰਬਦੀਆਂ ਹਨ ।20ਪਰ ਹੇ ਨਿਕੰਮਿਆ ਮਨੁੱਖਾ, ਕੀ ਤੂੰ ਇਹ ਨਹੀਂ ਜਾਣਦਾ ਕਿ ਅਮਲਾਂ ਤੋਂ ਬਿਨ੍ਹਾਂ ਵਿਸ਼ਵਾਸ ਵਿਅਰਥ ਹੈ ?
21ਕੀ ਸਾਡਾ ਪਿਤਾ ਅਬਰਾਹਾਮ ਅਮਲਾਂ ਨਾਲ ਧਰਮੀ ਨਹੀਂ ਸੀ ਠਹਿਰਾਇਆ ਗਿਆ ਜਦੋਂ ਉਸ ਨੇ ਆਪਣੇ ਪੁੱਤਰ ਇਸਹਾਕ ਨੂੰ ਜਗਵੇਦੀ ਉੱਤੇ ਚੜ੍ਹਾ ਦਿੱਤਾ ?22ਤੂੰ ਵੇਖਦਾ ਹੈਂ ਕਿ ਵਿਸ਼ਵਾਸ ਉਹ ਦੇ ਕੰਮਾਂ ਦੇ ਕਾਰਨ ਗੁਣਕਾਰ ਹੋਇਆ ਅਤੇ ਕੰਮਾਂ ਤੋਂ ਵਿਸ਼ਵਾਸ ਸੰਪੂਰਨ ਹੋਇਆ ।23ਅਤੇ ਪਵਿੱਤਰ ਗ੍ਰੰਥ ਦਾ ਇਹ ਬਚਨ ਪੂਰਾ ਹੋਇਆ ਕਿ ਅਬਰਾਹਾਮ ਨੇ ਪਰਮੇਸ਼ੁਰ ਤੇ ਵਿਸ਼ਵਾਸ ਕੀਤਾ ਅਤੇ ਇਹ ਉਹ ਦੇ ਲਈ ਧਾਰਮਿਕਤਾ ਗਿਣੀ ਗਈ ਅਤੇ ਉਹ ਪਰਮੇਸ਼ੁਰ ਦਾ ਮਿੱਤਰ ਅਖਵਾਇਆ ।24ਤੁਸੀਂ ਵੇਖਦੇ ਹੋ ਕਿ ਮਨੁੱਖ ਕੇਵਲ ਵਿਸ਼ਵਾਸ ਨਾਲ ਹੀ ਨਹੀਂ ਸਗੋਂ ਕੰਮਾਂ ਨਾਲ ਵੀ ਧਰਮੀ ਠਹਿਰਾਇਆ ਜਾਂਦਾ ਹੈ ।
25ਕੀ ਉਸੇ ਹੀ ਤਰ੍ਹਾਂ ਰਹਾਬ ਵੇਸਵਾ ਵੀ ਅਮਲਾਂ ਹੀ ਨਾਲ ਧਰਮੀ ਨਾ ਠਹਿਰਾਈ ਗਈ ਜਦੋਂ ਉਹ ਨੇ ਭੇਤੀਆਂ ਨੂੰ ਆਪਣੇ ਘਰ ਉਤਾਰਿਆ ਅਤੇ ਉਨ੍ਹਾਂ ਨੂੰ ਦੂਸਰੇ ਰਾਹ ਵੱਲੋਂ ਭੇਜ ਦਿੱਤਾ ?26ਜਿਸ ਤਰ੍ਹਾਂ ਸਰੀਰ ਆਤਮਾ ਤੋਂ ਬਿਨ੍ਹਾਂ ਮੁਰਦਾ ਹੈ ਉਸੇ ਤਰ੍ਹਾਂ ਵਿਸ਼ਵਾਸ ਕੰਮਾਂ ਤੋਂ ਬਿਨ੍ਹਾਂ ਮੁਰਦਾ ਹੈ ।

3
ਜੀਭ ਦੇ ਵੱਸ ਵਿੱਚ ਕਰਨਾ

1ਹੇ ਮੇਰੇ ਭਰਾਵੋ, ਤੁਹਾਡੇ ਵਿੱਚੋਂ ਬਹੁਤੇ ਉਪਦੇਸ਼ਕ ਨਾ ਹੋਣ ਕਿਉਂ ਜੋ ਤੁਸੀਂ ਜਾਣਦੇ ਹੋ, ਕਿ ਅਸੀਂ ਜਿਹੜੇ ਉਪਦੇਸ਼ਕ ਹਾਂ ਜ਼ਿਆਦਾ ਸਜ਼ਾ ਪਾਵਾਂਗੇ ।2ਇਸ ਲਈ ਕਿ ਅਸੀਂ ਸਾਰੇ ਬਹੁਤ ਭੁੱਲਣਹਾਰ ਹਾਂ । ਜੇ ਕੋਈ ਬਚਨ ਵਿੱਚ ਨਾ ਭੁੱਲੇ ਤਾਂ ਉਹ ਸਿੱਧ ਇਨਸਾਨ ਹੈ ਅਤੇ ਸਾਰੇ ਸਰੀਰ ਨੂੰ ਵੀ ਲਗਾਮ ਦੇ ਸਕਦਾ ਹੈ ।

3ਜਦੋਂ ਅਸੀਂ ਘੋੜਿਆਂ ਨੂੰ ਆਪਣੇ ਵੱਸ ਵਿੱਚ ਕਰਨ ਲਈ ਉਨ੍ਹਾ ਦਿਆਂ ਮੂੰਹਾਂ ਵਿੱਚ ਲਗਾਮਾਂ ਦਿੰਦੇ ਹਾਂ, ਤਾਂ ਉਨ੍ਹਾਂ ਦੇ ਸਾਰੇ ਸਰੀਰ ਨੂੰ ਵੀ ਮੋੜ ਲੈਂਦੇ ਹਾਂ ।4ਵੇਖੋ, ਜਹਾਜ਼ ਵੀ ਭਾਵੇਂ ਬਹੁਤ ਵੱਡੇ ਹੁੰਦੇ ਹਨ ਅਤੇ ਤੇਜ ਅਨ੍ਹੇਰੀਆਂ ਨਾਲ ਚਲਾਏ ਜਾਂਦੇ ਹਨ ਤਾਂ ਵੀ ਛੋਟੇ ਜਿਹੇ ਪਤਵਾਰ ਨਾਲ ਜਿੱਧਰ ਮਾਂਝੀ ਦਾ ਜੀ ਕਰੇ ਮੋੜੇ ਜਾਂਦੇ ਹਨ ।
5ਇਸੇ ਤਰ੍ਹਾਂ ਜੀਭ ਵੀ ਇੱਕ ਛੋਟਾ ਜਿਹਾ ਅੰਗ ਹੈ ਪਰ ਵੱਡੀਆਂ-ਵੱਡੀਆਂ ਗੱਲਾਂ ਮਾਰਦੀ ਹੈ, ਵੇਖੋ ਕਿੰਨ੍ਹਾਂ ਵੱਡਾ ਜੰਗਲ ਇੱਕ ਨਿੱਕੀ ਜਿਹੀ ਅੱਗ ਨਾਲ ਬਲ ਉੱਠਦਾ ਹੈ !6ਜੀਭ ਵੀ ਇੱਕ ਅੱਗ ਹੈ ! ਸਾਡਿਆਂ ਅੰਗਾਂ ਵਿੱਚ ਪਾਪ ਦਾ ਜਗਤ ਜੀਭ ਹੈ, ਜਿਹੜੀ ਸਾਰੇ ਸਰੀਰ ਨੂੰ ਦਾਗ ਲਾਉਂਦੀ ਅਤੇ ਜੀਵਨ-ਚੱਕਰ ਨੂੰ ਅੱਗ ਲਾ ਦਿੰਦੀ ਹੈ ਅਤੇ ਆਪ ਨਰਕ ਦੀ ਅੱਗ ਤੋਂ ਬਲ ਉੱਠਦੀ ਹੈ !
7ਕਿਉਂਕਿ ਜੰਗਲੀ ਜਾਨਵਰਾਂ ਅਤੇ ਪੰਛੀਆਂ, ਘਿੱਸਰਨ ਵਾਲੇ ਅਤੇ ਜਲ ਜੰਤੂਆਂ ਦੀ ਹਰ ਇੱਕ ਜਾਤੀ ਮਨੁੱਖ ਜਾਤੀ ਦੇ ਵੱਸ ਵਿੱਚ ਹੈ, ਸਗੋਂ ਕੀਤੀ ਵੀ ਗਈ ਹੈ ।8ਪਰ ਜੀਭ ਨੂੰ ਕੋਈ ਮਨੁੱਖ ਵੱਸ ਵਿੱਚ ਨਹੀਂ ਕਰ ਸਕਦਾ । ਉਹ ਇੱਕ ਚੰਚਲ ਬਲਾ ਹੈ, ਉਹ ਨਾਸ ਕਰਨ ਵਾਲੀ ਜ਼ਹਿਰ ਨਾਲ ਭਰੀ ਹੋਈ ਹੈ ।
9ਉਸੇ ਨਾਲ ਅਸੀਂ ਪ੍ਰਭੂ ਅਤੇ ਪਿਤਾ ਨੂੰ ਮੁਬਾਰਕ ਆਖਦੇ ਹਾਂ ਅਤੇ ਉਸੇ ਨਾਲ ਮਨੁੱਖਾਂ ਨੂੰ ਸਰਾਪ ਦਿੰਦੇ ਹਾਂ ਜਿਹੜੇ ਪਰਮੇਸ਼ੁਰ ਦੇ ਸਰੂਪ ਉੱਤੇ ਬਣਾਏ ਗਏ ਹਨ ।10ਇੱਕੋ ਮੂੰਹ ਵਿੱਚੋਂ ਵਡਿਆਈ ਅਤੇ ਸਰਾਪ ਦੋਵੇਂ ਨਿੱਕਲਦੇ ਹਨ ਹੇ ਮੇਰੇ ਭਰਾਵੋ, ਇਹ ਗੱਲਾਂ ਇਸ ਤਰ੍ਹਾਂ ਨਹੀਂ ਹੋਣੀਆਂ ਚਾਹੀਦੀਆਂ !
11ਭਲਾ, ਇੱਕੋ ਸੋਤੇ ਦੇ ਮੂੰਹ ਵਿੱਚੋਂ ਮਿੱਠਾ ਅਤੇ ਖਾਰਾ ਪਾਣੀ ਨਿੱਕਲ ਸਕਦਾ ਹੈ ?12ਹੇ ਮੇਰੇ ਭਰਾਵੋ, ਕੀ ਇਹ ਹੋ ਸਕਦਾ ਹੈ ਕਿ ਹੰਜ਼ੀਰ ਦੇ ਬੂਟੇ ਨੂੰ ਜ਼ੈਤੂਨ ਦਾ ਫਲ ਜਾਂ ਅੰਗੂਰੀ ਵੇਲ ਨੂੰ ਹੰਜ਼ੀਰ ਲੱਗ ਸਕਦੇ ਹਨ ? ਉਸੇ ਤਰ੍ਹਾਂ ਖਾਰੇ ਪਾਣੀ ਵਿੱਚੋਂ ਵੀ ਮਿੱਠਾ ਪਾਣੀ ਨਹੀਂ ਨਿੱਕਲ ਸਕਦਾ ।
ਸਵਰਗੀ ਬੁੱਧੀ

13ਤੁਹਾਡੇ ਵਿੱਚ ਬੁੱਧਵਾਨ ਅਤੇ ਸਮਝਦਾਰ ਕੌਣ ਹੈ ? ਜੋ ਅਜਿਹਾ ਹੋਵੇ ਉਹ ਆਪਣੇ ਕੰਮਾਂ ਨੂੰ ਚੰਗੇ ਚਾਲ-ਚਲਣ ਤੋਂ ਉਸ ਨਰਮਾਈ ਨਾਲ ਵਿਖਾਵੇ ਜੋ ਬੁੱਧ ਨਾਲ ਪੈਦਾ ਹੁੰਦੀ ਹੈ ।14ਪਰ ਜੇ ਤੁਸੀਂ ਆਪਣੇ ਮਨ ਵਿੱਚ ਖਾਰ ਅਤੇ ਵਿਰੋਧ ਕਰਦੇ ਹੋ ਤਾਂ ਸਚਿਆਈ ਦੇ ਵਿਰੁੱਧ ਘਮੰਡ ਨਾ ਕਰੋ, ਅਤੇ ਨਾ ਝੂਠ ਬੋਲੋ ।
15ਇਹ ਤਾਂ ਉਹ ਬੁੱਧ ਨਹੀਂ ਜਿਹੜੀ ਉੱਪਰੋਂ ਉੱਤਰਦੀ ਹੈ ਸਗੋਂ ਸੰਸਾਰੀ, ਸਰੀਰਕ ਅਤੇ ਸ਼ੈਤਾਨੀ ਹੈ ।16ਕਿਉਂਕਿ ਜਿੱਥੇ ਈਰਖਾ ਅਤੇ ਵਿਰੋਧ ਹੁੰਦਾ ਹੈਂ ਉੱਥੇ ਘਮਸਾਣ ਅਤੇ ਹਰ ਪ੍ਰਕਾਰ ਦਾ ਬੁਰਾ ਕੰਮ ਵੀ ਹੁੰਦਾ ਹੈ ।17ਪਰ ਜਿਹੜੀ ਬੁੱਧ ਉੱਪਰੋਂ ਆਉਂਦੀ ਹੈ ਉਹ ਪਹਿਲਾਂ ਤਾਂ ਪਵਿੱਤਰ ਹੁੰਦੀ ਹੈ, ਫਿਰ ਮਿਲਣਸਾਰ, ਕੋਮਲ, ਹਠ ਤੋਂ ਰਹਿਤ, ਦਯਾ ਅਤੇ ਚੰਗਿਆਂ ਫਲਾਂ ਨਾਲ ਭਰਪੂਰ, ਪੱਖਪਾਤ ਤੋਂ ਰਹਿਤ ਅਤੇ ਨਿਸ਼ਕਪਟ ਹੁੰਦੀ ਹੈ ।18ਮੇਲ-ਮਿਲਾਪ ਕਰਵਾਉਣ ਵਾਲਿਆਂ ਦੁਆਰਾ ਧਾਰਮਿਕਤਾ ਦਾ ਫਲ ਸ਼ਾਂਤੀ ਨਾਲ ਬੀਜਿਆ ਜਾਂਦਾ ਹੈ ।

4
ਪਰਮੇਸ਼ੁਰ ਦੇ ਨੇੜੇ ਜਾਓ

1ਤੁਹਾਡੇ ਵਿੱਚ ਲੜਾਈਆਂ ਅਤੇ ਝਗੜੇ ਕਿੱਥੋਂ ਆ ਗਏ ? ਕੀ ਉਨ੍ਹਾਂ ਭੋਗ ਬਿਲਾਸਾਂ ਤੋਂ ਨਹੀਂ ਜਿਹੜੇ ਤੁਹਾਡੀਆਂ ਇੰਦਰੀਆਂ ਵਿੱਚ ਯੁੱਧ ਕਰਦੇ ਹਨ ?2ਤੁਸੀਂ ਲੋਭ ਕਰਦੇ ਹੋ ਅਤੇ ਪੱਲੇ ਕੁੱਝ ਨਹੀਂ ਪੈਂਦਾ । ਤੁਸੀਂ ਹੱਤਿਆ ਅਤੇ ਈਰਖਾ ਕਰਦੇ ਹੋ ਅਤੇ ਕੁੱਝ ਪ੍ਰਾਪਤ ਨਹੀਂ ਕਰ ਸਕਦੇ । ਤੁਸੀਂ ਝਗੜਾ ਅਤੇ ਲੜਾਈ ਕਰਦੇ ਹੋ । ਤੁਹਾਨੂੰ ਇਸ ਲਈ ਨਹੀਂ ਮਿਲਦਾ, ਜੋ ਮੰਗਦੇ ਨਹੀਂ ।3ਤੁਸੀਂ ਮੰਗਦੇ ਹੋ ਪਰ ਮਿਲਦਾ ਨਹੀਂ ਕਿਉਂ ਜੋ ਬੁਰੀ ਨੀਤ ਨਾਲ ਮੰਗਦੇ ਹੋ ਤਾਂ ਜੋ ਆਪਣਿਆਂ ਭੋਗ ਬਿਲਾਸਾਂ ਵਿੱਚ ਉਡਾ ਦਿਓ ।

4ਹੇ ਹਰਾਮਕਾਰੋ, ਕੀ ਤੁਸੀਂ ਨਹੀਂ ਜਾਣਦੇ ਕਿ ਸੰਸਾਰ ਨਾਲ ਮਿੱਤਰਤਾ ਕਰਨੀ ਪਰਮੇਸ਼ੁਰ ਨਾਲ ਵੈਰ ਕਰਨਾ ਹੈ ? ਫੇਰ ਜੋ ਕੋਈ ਸੰਸਾਰ ਦਾ ਮਿੱਤਰ ਹੋਣਾ ਚਾਹੁੰਦਾ ਹੈ ਸੋ ਆਪਣੇ ਆਪ ਨੂੰ ਪਰਮੇਸ਼ੁਰ ਦਾ ਵੈਰੀ ਬਣਾਉਂਦਾ ਹੈ ।5ਕੀ ਤੁਸੀਂ ਇਹ ਸਮਝਦੇ ਹੋ, ਜੋ ਪਵਿੱਤਰ-ਸ਼ਾਸਤਰ ਵਿਅਰਥ ਕਹਿੰਦਾ ਹੈ ? ਕਿ ਜਿਸ ਆਤਮਾ ਨੂੰ ਉਸ ਨੇ ਸਾਡੇ ਵਿੱਚ ਵਸਾਇਆ ਹੈ, ਕੀ ਉਹ ਅਜਿਹੀ ਲਾਲਸਾ ਕਰਦਾ ਹੈ, ਜਿਸ ਦਾ ਫਲ ਈਰਖਾ ਹੋਵੇ ?
6ਪਰ ਉਹ ਹੋਰ ਵੀ ਕਿਰਪਾ ਕਰਦਾ ਹੈ ਇਸ ਕਾਰਨ ਇਹ ਲਿਖਿਆ ਹੈ, ਕਿ ਪਰਮੇਸ਼ੁਰ ਹੰਕਾਰੀਆਂ ਦਾ ਸਾਹਮਣਾ ਕਰਦਾ ਹੈ ਪਰ ਹਲੀਮਾਂ ਉੱਤੇ ਕਿਰਪਾ ਕਰਦਾ ਹੈ ।7ਇਸ ਲਈ ਤੁਸੀਂ ਪਰਮੇਸ਼ੁਰ ਦੇ ਅਧੀਨ ਹੋ ਜਾਓ । ਪਰ ਸ਼ੈਤਾਨ ਦਾ ਸਾਹਮਣਾ ਕਰੋ ਤਾਂ ਉਹ ਤੁਹਾਡੇ ਕੋਲੋਂ ਭੱਜ ਜਾਵੇਗਾ ।
8ਪਰਮੇਸ਼ੁਰ ਦੇ ਨੇੜੇ ਆਓ ਤਾਂ ਉਹ ਵੀ ਤੁਹਾਡੇ ਨੇੜੇ ਆਵੇਗਾ । ਹੇ ਪਾਪੀਓ, ਆਪਣੇ ਹੱਥ ਸ਼ੁੱਧ ਕਰੋ ਅਤੇ ਹੇ ਦੁਚਿੱਤਿਓ, ਆਪਣੇ ਦਿਲਾਂ ਨੂੰ ਪਵਿੱਤਰ ਕਰੋ ।9ਦੁੱਖੀ ਹੋਵੋ, ਸੋਗ ਕਰੋ ਅਤੇ ਰੋਵੋ । ਤੁਹਾਡਾ ਹਾਸਾ ਸੋਗ ਵਿੱਚ ਅਤੇ ਤੁਹਾਡਾ ਅਨੰਦ ਉਦਾਸੀ ਵਿੱਚ ਬਦਲ ਜਾਵੇ ।10ਪ੍ਰਭੂ ਦੇ ਸਾਹਮਣੇ ਨੀਵੇਂ ਬਣੋ ਤਾਂ ਉਹ ਤੁਹਾਨੂੰ ਉੱਚਾ ਕਰੇਗਾ ।
ਭਰਾਵਾਂ ਉੱਤੇ ਦੋਸ਼ ਲਾਉਣਾ

11ਹੇ ਭਰਾਵੋ, ਇੱਕ ਦੂਜੇ ਦੇ ਵਿਰੁੱਧ ਨਾ ਬੋਲੋ, ਜੋ ਕੋਈ ਆਪਣੇ ਭਰਾ ਦੇ ਵਿਰੁੱਧ ਬੋਲਦਾ ਹੈ ਜਾਂ ਆਪਣੇ ਭਰਾ ਉੱਤੇ ਦੋਸ਼ ਲਾਉਂਦਾ ਹੈ ਸੋ ਪਰਮੇਸ਼ੁਰ ਦੀ ਬਿਵਸਥਾ ਦੇ ਵਿਰੁੱਧ ਬੋਲਦਾ ਹੈ ਅਤੇ ਪਰਮੇਸ਼ੁਰ ਦੀ ਬਿਵਸਥਾ ਉੱਤੇ ਦੋਸ਼ ਲਾਉਂਦਾ ਹੈ । ਪਰ ਜੇ ਤੂੰ ਬਿਵਸਥਾ ਉੱਤੇ ਦੋਸ਼ ਲਾਉਂਦਾ ਹੈਂ ਤਾਂ ਤੂੰ ਬਿਵਸਥਾ ਉੱਤੇ ਅਮਲ ਕਰਨ ਵਾਲਾ ਨਹੀਂ ਸਗੋਂ ਦੋਸ਼ ਲਾਉਣ ਵਾਲਾ ਹੋਇਆ l12ਬਿਵਸਥਾ ਦੇਣ ਵਾਲਾ ਅਤੇ ਨਿਆਈਂ ਤਾਂ ਇੱਕੋ ਹੀ ਹੈ ਜਿਸ ਕੋਲ ਨਾਸ ਕਰਨ ਅਤੇ ਬਚਾਉਣ ਦਾ ਅਧਿਕਾਰ ਹੈ । ਪਰ ਤੂੰ ਆਪਣੇ ਗੁਆਂਢੀ ਉੱਤੇ ਦੋਸ਼ ਲਾਉਣ ਵਾਲਾ ਕੌਣ ਹੁੰਦਾ ਹੈਂ ? ।
ਘਮੰਡ ਦੇ ਵਿਰੁੱਧ ਚਿਤਾਵਨੀ

13ਤੁਸੀਂ ਜੋ ਇਹ ਕਹਿੰਦੇ ਹੋ ਕਿ ਅਸੀਂ ਅੱਜ ਜਾਂ ਕੱਲ ਅਸੀਂ ਕਿਸੇ ਹੋਰ ਨਗਰ ਨੂੰ ਜਾਂਵਾਂਗੇ ਅਤੇ ਉੱਥੇ ਇੱਕ ਸਾਲ ਬਿਤਾਵਾਂਗੇ ਅਤੇ ਵਪਾਰ ਕਰਕੇ ਕੁੱਝ ਲਾਭ ਕਮਾਵਾਂਗੇ ।14ਭਾਵੇਂ ਤੁਸੀਂ ਜਾਣਦੇ ਹੀ ਨਹੀਂ ਜੋ ਕੱਲ ਕੀ ਹੋਵੇਗਾ ! ਤੁਹਾਡਾ ਜੀਵਨ ਹੈ ਹੀ ਕੀ ? ਕਿਉਂ ਜੋ ਤੁਸੀਂ ਤਾਂ ਭਾਫ਼ ਹੀ ਹੋ ਜਿਹੜੀ ਥੋੜ੍ਹਾ ਜਿਹਾ ਚਿਰ ਦਿੱਸਦੀ ਹੈ, ਫਿਰ ਅਲੋਪ ਹੋ ਜਾਂਦੀ ਹੈ ।
15ਸਗੋਂ ਤੁਹਾਨੂੰ ਇਹ ਆਖਣਾ ਚਾਹੀਦਾ ਸੀ ਪ੍ਰਭੂ ਚਾਹੇ ਤਾਂ ਅਸੀਂ ਜਿਉਂਦੇ ਰਹਾਂਗੇ ਅਤੇ ਇਹ ਜਾਂ ਉਹ ਕੰਮ ਕਰਾਂਗੇ ।16ਪਰ ਹੁਣ ਤੁਸੀਂ ਆਪਣੀਆਂ ਗੱਪਾਂ ਉੱਤੇ ਘਮੰਡ ਕਰਦੇ ਹੋ । ਇਹੋ ਜਿਹਾ ਘਮੰਡ ਸਾਰਾ ਹੀ ਬੁਰਾ ਹੁੰਦਾ ਹੈ ।17ਇਸ ਲਈ ਜੋ ਕੋਈ ਭਲਾ ਕਰਨਾ ਜਾਣਦਾ ਹੈ ਅਤੇ ਨਹੀਂ ਕਰਦਾ, ਇਹ ਉਸ ਦੇ ਲਈ ਪਾਪ ਹੈ ।

5
ਧਨਵਾਨਾਂ ਨੂੰ ਚਿਤਾਵਨੀ

1ਹੇ ਧਨਵਾਨੋ, ਤੁਸੀਂ ਉਨ੍ਹਾਂ ਬਿਪਤਾ ਲਈ ਜਿਹੜੀਆਂ ਤੁਹਾਡੇ ਉੱਤੇ ਆਉਣ ਵਾਲੀਆਂ ਹਨ ਚੀਕਾਂ ਮਾਰ-ਮਾਰ ਕੇ ਰੋਵੋ !2ਤੁਹਾਡਾ ਧਨ ਗਲ਼ ਗਿਆ ਅਤੇ ਤੁਹਾਡੇ ਬਸਤਰਾਂ ਨੂੰ ਕੀੜੇ ਖਾ ਗਏ ।3ਤੁਹਾਡੇ ਸੋਨੇ ਚਾਂਦੀ ਨੂੰ ਜੰਗਾਲ ਲੱਗਿਆ ਹੋਇਆ ਹੈ ਅਤੇ ਉਨ੍ਹਾਂ ਦਾ ਜੰਗਾਲ ਤੁਹਾਡੇ ਉੱਤੇ ਗਵਾਹੀ ਦੇਵੇਗਾ ਅਤੇ ਅੱਗ ਵਾਂਗੂੰ ਤੁਹਾਡਾ ਮਾਸ ਖਾ ਜਾਵੇਗਾ । ਤੁਸੀਂ ਅੰਤ ਦੇ ਦਿਨਾਂ ਵਿੱਚ ਧਨ ਜੋੜਿਆ ਹੈ ।

4ਵੇਖੋ, ਜਿਨ੍ਹਾਂ ਮਜ਼ਦੂਰਾਂ ਨੇ ਤੁਹਾਡੇ ਖੇਤ ਵੱਢੇ ਉਹਨਾਂ ਦੀ ਮਜ਼ਦੂਰੀ ਜਿਹੜੀ ਤੁਸੀਂ ਧੋਖੇ ਨਾਲ ਦੱਬ ਰੱਖੀ ਹੈ ਫ਼ਰਿਆਦ ਕਰਦੀ ਹੈ ਅਤੇ ਵਾਢਿਆਂ ਦੀਆਂ ਦੁਹਾਈਆਂ ਸੈਨਾਂ ਦੇ ਪ੍ਰਭੂ ਦੇ ਕੰਨੀਂ ਪਹੁੰਚ ਗਈਆਂ ਹਨ !5ਤੁਸੀਂ ਧਰਤੀ ਉੱਤੇ ਮੌਜਾਂ ਮਾਣੀਆਂ ਅਤੇ ਬੜਾ ਹੀ ਸੁੱਖ ਭੋਗਿਆ । ਤੁਸੀਂ ਨਾਸ ਦੇ ਦਿਨ ਲਈ ਆਪਣੇ ਹਿਰਦਿਆਂ ਨੂੰ ਪਾਲਿਆ ਹੈ !6ਤੁਸੀਂ ਧਰਮੀ ਨੂੰ ਦੋਸ਼ੀ ਠਹਿਰਾ ਕੇ, ਉਸ ਨੂੰ ਮਾਰ ਦਿੱਤਾ ਉਹ ਤੁਹਾਡਾ ਸਾਹਮਣਾ ਨਹੀਂ ਕਰਦਾ ।
ਦੁੱਖ ਵਿੱਚ ਧੀਰਜ

7ਸੋ ਹੇ ਭਰਾਵੋ, ਪ੍ਰਭੂ ਦੇ ਆਉਣ ਤੱਕ ਧੀਰਜ ਕਰੋ, ਵੇਖੋ ਕਿਸਾਨ ਧਰਤੀ ਦੇ ਉੱਤਮ ਫਲ ਦੀ ਉਡੀਕ ਕਰਦਾ ਹੈ ਅਤੇ ਉਹ ਦੇ ਲਈ ਧੀਰਜ ਕਰਦਾ ਹੈ ਜਿਨ੍ਹਾਂ ਚਿਰ ਉਸ ਉੱਤੇ ਪਹਿਲੀ ਅਤੇ ਪਿੱਛਲੀ ਵਰਖਾ ਨਾ ਪਵੇ ।8ਤੁਸੀਂ ਵੀ ਧੀਰਜ ਕਰੋ । ਆਪਣਿਆਂ ਮਨਾਂ ਨੂੰ ਤਕੜਿਆਂ ਰੱਖੋ ਕਿਉਂ ਜੋ ਪ੍ਰਭੂ ਦਾ ਆਉਣਾ ਨੇੜੇ ਹੀ ਹੈ ।
9ਹੇ ਭਰਾਵੋ, ਇੱਕ ਦੂਜੇ ਦੇ ਵਿਰੁੱਧ ਬੁੜ-ਬੁੜ ਨਾ ਕਰੋ ਕਿ ਤੁਸੀਂ ਦੋਸ਼ੀ ਨਾ ਠਹਿਰਾਏ ਜਾਓ । ਵੇਖੋ, ਨਿਆਈਂ ਬੂਹੇ ਉੱਤੇ ਖੜ੍ਹਾ ਹੈ !10ਹੇ ਮੇਰੇ ਭਰਾਵੋ, ਜਿਹੜੇ ਨਬੀ ਪ੍ਰਭੂ ਦਾ ਨਾਮ ਲੈ ਕੇ ਬੋਲਦੇ ਹਨ ਉਨ੍ਹਾਂ ਨੂੰ ਦੁੱਖ ਝੱਲਣ ਦਾ ਅਤੇ ਧੀਰਜ ਕਰਨ ਦਾ ਨਮੂਨਾ ਸਮਝ ਲਵੋ ।11ਅਸੀਂ ਉਨ੍ਹਾਂ ਨੂੰ ਧੰਨ ਆਖਦੇ ਹਾਂ ਜਿਨ੍ਹਾਂ ਨੇ ਸਬਰ ਕੀਤਾ । ਤੁਸੀਂ ਅਯੂਬ ਦਾ ਸਬਰ ਤਾਂ ਸੁਣਿਆ ਹੀ ਹੈ ਅਤੇ ਪ੍ਰਭੂ ਦੇ ਵਲੋਂ ਉਸਦਾ ਫ਼ਲ ਵੀ ਜਾਣਦੇ ਹੋ ਕਿ ਪ੍ਰਭੂ ਵੱਡਾ ਦਰਦੀ ਅਤੇ ਦਿਆਲੂ ਹੈ ।
12ਹੇ ਮੇਰੇ ਭਰਾਵੋ, ਸਭ ਤੋਂ ਪਹਿਲਾਂ ਇਹ ਹੈ ਕਿ ਤੁਸੀਂ ਸਹੁੰ ਨਾ ਖਾਣੀ, ਨਾ ਸਵਰਗ ਦੀ, ਨਾ ਧਰਤੀ ਦੀ, ਨਾ ਕਿਸੇ ਹੋਰ ਦੀ ਪਰ ਤੁਹਾਡੀ ਹਾਂ ਦੀ ਹਾਂ ਅਤੇ ਨਾਂਹ ਦੀ ਨਾਂਹ ਹੋਵੇ ਤਾਂ ਕਿ ਤੁਸੀਂ ਸਜ਼ਾ ਹੇਠਾਂ ਨਾ ਆ ਜਾਓ ।
ਪ੍ਰਾਰਥਨਾ ਦੀ ਸ਼ਕਤੀ

13ਜੇ ਤੁਹਾਡੇ ਵਿੱਚ ਕੋਈ ਦੁੱਖੀ ਹੈ ? ਤਾਂ ਉਹ ਪ੍ਰਾਰਥਨਾ ਕਰੇ । ਜੇ ਕੋਈ ਅਨੰਦ ਹੈ ? ਤਾਂ ਉਹ ਭਜ਼ਨ ਗਾਵੇ ।14ਜੇਕਰ ਤੁਹਾਡੇ ਵਿੱਚ ਕੋਈ ਰੋਗੀ ਹੈ ? ਤਾਂ ਕਲੀਸਿਯਾ ਦੇ ਬਜ਼ੁਰਗਾਂ ਨੂੰ ਬੁਲਾਵੇ ਅਤੇ ਉਹ ਪ੍ਰਭੂ ਦਾ ਨਾਮ ਲੈ ਕੇ ਉਸ ਉੱਤੇ ਤੇਲ ਮਲਣ ਅਤੇ ਉਹ ਦੇ ਲਈ ਪ੍ਰਾਰਥਨਾ ਕਰਨ15ਅਤੇ ਵਿਸ਼ਵਾਸ ਦੀ ਪ੍ਰਾਰਥਨਾ ਦੇ ਦੁਆਰਾ ਰੋਗੀ ਬਚ ਜਾਵੇਗਾ ਅਤੇ ਪ੍ਰਭੂ ਉਸ ਨੂੰ ਉੱਠਾ ਕੇ ਖੜ੍ਹਾ ਕਰੇਗਾ, ਅਤੇ ਜੇ ਉਹ ਨੇ ਪਾਪ ਵੀ ਕੀਤੇ ਹੋਣ ਤਾਂ ਉਸ ਨੂੰ ਮਾਫ਼ ਕੀਤੇ ਜਾਣਗੇ ।
16ਇਸ ਲਈ ਤੁਸੀਂ ਆਪਸ ਵਿੱਚ ਇੱਕ ਦੂਜੇ ਦੇ ਸਾਹਮਣੇ ਆਪਣਿਆਂ ਪਾਪਾਂ ਦਾ ਇਕਰਾਰ ਕਰੋ ਅਤੇ ਇੱਕ ਦੂਜੇ ਲਈ ਪ੍ਰਾਰਥਨਾ ਕਰੋ ਤਾਂ ਜੋ ਤੁਸੀਂ ਚੰਗੇ ਹੋ ਜਾਓ । ਧਰਮੀ ਮਨੁੱਖ ਦੀ ਪ੍ਰਾਰਥਨਾ ਤੋਂ ਬਹੁਤ ਅਸਰ ਹੁੰਦਾ ਹੈ ।17ਏਲੀਯਾਹ ਵੀ ਸਾਡੇ ਵਰਗਾ ਦੁੱਖ-ਸੁੱਖ ਭੋਗਣ ਵਾਲਾ ਮਨੁੱਖ ਸੀ ਅਤੇ ਉਸ ਨੇ ਤਨੋਂ ਮਨੋਂ ਪ੍ਰਾਰਥਨਾ ਕੀਤੀ ਜੋ ਮੀਂਹ ਨਾ ਪਵੇ ਤਾਂ ਸਾਢੇ ਤਿੰਨਾਂ ਸਾਲਾਂ ਤੱਕ ਉਸ ਧਰਤੀ ਉੱਤੇ ਮੀਂਹ ਨਾ ਪਿਆ ।18ਅਤੇ ਉਸ ਨੇ ਫੇਰ ਪ੍ਰਾਰਥਨਾ ਕੀਤੀ ਅਤੇ ਅਕਾਸ਼ ਨੇ ਮੀਂਹ ਬਰਸਾਇਆ ਅਤੇ ਧਰਤੀ ਨੇ ਆਪਣੇ ਫ਼ਲ ਉਗਾਏ ।

19ਹੇ ਮੇਰੇ ਭਰਾਵੋ, ਜੇ ਕੋਈ ਤੁਹਾਡੇ ਵਿੱਚੋਂ ਸਚਿਆਈ ਦੇ ਰਾਹ ਤੋਂ ਭਟਕ ਜਾਵੇ ਅਤੇ ਕੋਈ ਉਸ ਨੂੰ ਮੋੜ ਲਿਆਵੇ ।20ਤਾਂ ਉਹ ਜਾਣ ਲਵੇ ਕਿ ਇੱਕ ਪਾਪੀ ਨੂੰ ਉਹ ਦੇ ਬੁਰੇ ਰਾਹ ਤੋਂ ਮੋੜ ਲਿਆਵੇ ਉਹ ਇੱਕ ਜਾਨ ਨੂੰ ਮੌਤ ਤੋਂ ਬਚਾਵੇਗਾ ਅਤੇ ਬਹੁਤਿਆਂ ਪਾਪਾਂ ਨੂੰ ਢੱਕ ਦੇਵੇਗਾ ।

ਪਤਰਸ ਦੀ ਪਹਿਲੀ ਪੱਤ੍ਰੀ

1
ਨਮਸਕਾਰ

1ਪਤਰਸ, ਯਿਸੂ ਮਸੀਹ ਦੇ ਰਸੂਲ ਵੱਲੋਂ ਉਹਨਾਂ ਪਰਦੇਸੀਆਂ ਨੂੰ ਜਿਹੜੇ ਪੰਤੁਸ, ਗਲਾਤਿਯਾ, ਕੱਪਦੁਕਿਯਾ, ਆਸਿਯਾ ਅਤੇ ਬਿਥੁਨੀਯਾ ਦੇ ਇਲਾਕਿਆਂ ਵਿੱਚ ਫ਼ੈਲੇ ਹੋਏ ਹਨ ।2ਜਿਹੜੇ ਪਹਿਲਾਂ ਤੋਂ ਹੀ ਪਿਤਾ ਪਰਮੇਸ਼ੁਰ ਦੇ ਗਿਆਨ ਅਨੁਸਾਰ ਆਤਮਾ ਤੋਂ ਪਵਿੱਤਰ ਹੋਣ ਦੇ ਲਈ ਚੁਣੇ ਗਏ ਕਿ ਆਗਿਆਕਰ ਹੋਣ ਅਤੇ ਯਿਸੂ ਮਸੀਹ ਦਾ ਲਹੂ ਉਹਨਾਂ ਉੱਤੇ ਛਿੜਕਿਆ ਜਾਵੇ । ਤੁਹਾਡੇ ਉੱਤੇ ਕਿਰਪਾ ਅਤੇ ਸ਼ਾਂਤੀ ਵੱਧਦੀ ਜਾਵੇ ।

ਇੱਕ ਜੀਵਤ ਆਸ਼ਾ

3ਧੰਨ ਹੈ ਸਾਡੇ ਪ੍ਰਭੂ ਯਿਸੂ ਮਸੀਹ ਦਾ ਪਰਮੇਸ਼ੁਰ ਅਤੇ ਪਿਤਾ ਜਿਸ ਨੇ ਆਪਣੀ ਵਧੇਰੇ ਦਯਾ ਦੇ ਅਨੁਸਾਰ ਯਿਸੂ ਮਸੀਹ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਕਾਰਨ ਸਾਨੂੰ ਜੀਵਨ ਦੀ ਆਸ ਲਈ ਨਵਾਂ ਜਨਮ ਦਿੱਤਾ ।4ਅਰਥਾਤ ਉਹ ਅਵਿਨਾਸ਼ੀ, ਨਿਰਮਲ ਅਤੇ ਨਾ ਮੁਰਝਾਉਣ ਵਾਲੇ ਅਧਿਕਾਰ ਲਈ ਜੋ ਸਵਰਗ ਵਿੱਚ ਤੁਹਾਡੇ ਲਈ ਰੱਖਿਆ ਹੋਇਆ ਹੈ ।5ਤੁਸੀਂ ਵਿਸ਼ਵਾਸ ਦੇ ਰਾਹੀਂ ਪਰਮੇਸ਼ੁਰ ਦੀ ਸਮਰੱਥਾ ਨਾਲ ਉਸ ਮੁਕਤੀ ਲਈ ਬਚਾਏ ਰਹਿੰਦੇ ਹੋ, ਜੋ ਅੰਤ ਦੇ ਸਮੇਂ ਪ੍ਰਗਟ ਹੋਣ ਵਾਲੀ ਹੈ
6ਇਹ ਦੇ ਵਿੱਚ ਤੁਸੀਂ ਵੱਡਾ ਅਨੰਦ ਕਰਦੇ ਹੋ, ਭਾਵੇਂ ਹੁਣ ਕੁੱਝ ਸਮੇਂ ਲਈ ਭਾਂਤ-ਭਾਂਤ ਦੇ ਪਰਤਾਵੇ ਨਾਲ ਦੁੱਖੀ ਹੋਏ ਹੋ ।7ਤਾਂ ਜੋ ਤੁਹਾਡਾ ਪਰਖਿਆ ਹੋਇਆ ਵਿਸ਼ਵਾਸ ਅੱਗ ਵਿੱਚ ਤਾਏ ਹੋਏ ਨਾਸਵਾਨ ਸੋਨੇ ਨਾਲੋਂ ਅੱਤ ਭਾਰੇ ਮੁੱਲ ਦਾ ਹੈ ਅਤੇ ਪਰਖਿਆ ਹੋਇਆ ਵਿਸ਼ਵਾਸ ਯਿਸੂ ਮਸੀਹ ਦੇ ਪ੍ਰਗਟ ਹੋਣ ਦੇ ਸਮੇਂ ਉਸਤਤ, ਮਹਿਮਾ ਅਤੇ ਆਦਰ ਦੇ ਯੋਗ ਨਿੱਕਲੇ ।
8ਜਿਸ ਦੇ ਨਾਲ ਤੁਸੀਂ ਬਿਨ੍ਹਾਂ ਵੇਖੇ ਪਿਆਰ ਰੱਖਦੇ ਹੋ ਅਤੇ ਭਾਵੇਂ ਹੁਣ ਉਹ ਨੂੰ ਨਹੀਂ ਵੇਖਦੇ ਤਾਂ ਵੀ ਉਸ ਵਿਸ਼ਵਾਸ ਦੇ ਕਾਰਨ ਬਹੁਤ ਅਨੰਦ ਕਰਦੇ ਹੋ ਜੋ ਵਰਨਣ ਤੋਂ ਬਾਹਰ ਅਤੇ ਤੇਜ ਨਾਲ ਭਰਪੂਰ ਹੈ ।9ਅਤੇ ਆਪਣੇ ਵਿਸ਼ਵਾਸ ਦਾ ਫਲ ਅਰਥਾਤ ਆਪਣੀ ਜਾਨ ਦੀ ਮੁਕਤੀ ਪ੍ਰਾਪਤ ਕਰਦੇ ਹੋ ।10ਇਸੇ ਮੁਕਤੀ ਦੇ ਬਾਰੇ ਉਹਨਾਂ ਨਬੀਆਂ ਨੇ ਵੱਡੀ ਭਾਲ ਅਤੇ ਖੋਜ ਵਿਚਾਰ ਕੀਤੀ, ਜਿਹਨਾਂ ਉਸ ਕਿਰਪਾ ਦੇ ਬਾਰੇ ਜੋ ਤੁਹਾਡੇ ਉੱਤੇ ਹੋਣ ਵਾਲੀ ਸੀ ਭਵਿੱਖਬਾਣੀ ਕੀਤੀ ।
11ਅਤੇ ਉਹ ਇਹ ਖੋਜ ਵਿਚਾਰ ਕਰਦੇ ਸਨ ਕਿ ਮਸੀਹ ਦਾ ਆਤਮਾ ਜਿਹੜਾ ਉਹਨਾਂ ਵਿੱਚ ਸੀ, ਜਦ ਮਸੀਹ ਦੇ ਦੁੱਖਾਂ ਦੇ ਅਤੇ ਉਹਨਾਂ ਦੇ ਬਾਅਦ ਦੀ ਮਹਿਮਾ ਦੇ ਬਾਰੇ ਪਹਿਲਾਂ ਹੀ ਗਵਾਹੀ ਦਿੰਦਾ ਸੀ, ਤਦ ਉਹ ਕਿਹੜੇ ਅਥਵਾ ਕਿਹੋ ਜਿਹੇ ਸਮੇਂ ਦੇ ਬਾਰੇ ਦੱਸਦਾ ਸੀ ।12ਸੋ ਉਹਨਾਂ ਉੱਤੇ ਇਹ ਪ੍ਰਗਟ ਕੀਤਾ ਗਿਆ ਕਿ ਉਹ ਆਪਣੀਂ ਨਹੀਂ ਸਗੋਂ ਤੁਹਾਡੀ ਸੇਵਾ ਲਈ ਉਹ ਗੱਲਾਂ ਆਖਦੇ ਸਨ, ਜਿਹਨਾਂ ਦੀ ਖ਼ਬਰ ਹੁਣ ਤੁਹਾਨੂੰ ਉਹਨਾਂ ਤੋਂ ਮਿਲੀ ਜਿਹਨਾਂ ਸਵਰਗ ਤੋਂ ਭੇਜੇ ਗਏ ਪਵਿੱਤਰ ਆਤਮਾ ਨਾਲ ਤੁਹਾਨੂੰ ਖੁਸ਼ਖਬਰੀ ਸੁਣਾਈ ਅਤੇ ਸਵਰਗ ਦੂਤ ਵੱਡੀ ਇੱਛਾ ਨਾਲ ਇਹਨਾਂ ਗੱਲਾਂ ਦਾ ਪਤਾ ਕਰਨਾ ਚਾਹੁੰਦੇ ਹਨ ।
ਪਵਿੱਤਰ ਜੀਵ ਜੀਉਣ ਲਈ ਬੁਲਾਹਟ

13ਇਸ ਲਈ ਤੁਸੀਂ ਆਪਣੀ ਬੁੱਧੀ ਨਾਲ ਲੱਕ ਬੰਨ ਕੇ ਸੁਚੇਤ ਰਹੋ ਅਤੇ ਉਸ ਕਿਰਪਾ ਦੀ ਪੂਰੀ ਆਸ ਰੱਖੋ ਜਿਹੜੀ ਯਿਸੂ ਮਸੀਹ ਦੇ ਪਰਗਟ ਹੋਣ ਦੇ ਸਮੇਂ ਤੁਹਾਡੇ ਉੱਤੇ ਹੋਣ ਵਾਲੀ ਹੈ ।14ਅਤੇ ਆਗਿਆਕਾਰ ਬੱਚਿਆਂ ਵਾਂਗੂੰ ਆਪਣੀ ਅਗਿਆਨਤਾ ਦੇ ਪਹਿਲੇ ਸਮੇਂ ਦੀਆਂ ਕਾਮਨਾਂ ਦੇ ਸਰੂਪ ਜਿਹੇ ਨਾ ਬਣੋ ।
15ਸਗੋਂ ਜਿਵੇਂ ਤੁਹਾਡਾ ਸੱਦਣ ਵਾਲਾ ਪਵਿੱਤਰ ਹੈ, ਤੁਸੀਂ ਆਪ ਵੀ ਉਸੇ ਤਰ੍ਹਾਂ ਆਪਣੀ ਸਾਰੀ ਚਾਲ ਵਿੱਚ ਪਵਿੱਤਰ ਬਣੋ ।16ਕਿਉਂ ਜੋ ਇਹ ਲਿਖਿਆ ਹੋਇਆ ਹੈ; “ਤੁਸੀਂ ਪਵਿੱਤਰ ਬਣੋ ਕਿਉਂਕਿ ਮੈਂ ਪਵਿੱਤਰ ਹਾਂ ।”17ਜੇ ਤੁਸੀਂ ਪਿਤਾ ਕਰਕੇ ਉਹ ਦੀ ਦੁਹਾਈ ਦਿੰਦੇ ਹੋ ਜਿਹੜਾ ਹਰੇਕ ਦੇ ਕੰਮ ਦੇ ਅਨੁਸਾਰ ਬਿਨ੍ਹਾਂ ਪੱਖਪਾਤ ਨਿਆਂ ਕਰਦਾ ਹੈ, ਤਾਂ ਆਪਣੀ ਮੁਸਾਫ਼ਰੀ ਦਾ ਸਮਾਂ ਡਰ ਨਾਲ ਬਤੀਤ ਕਰੋ ।
18ਕਿਉਂ ਜੋ ਤੁਸੀਂ ਜਾਣਦੇ ਹੋ ਕਿ ਤੁਸੀਂ ਜੋ ਆਪਣੇ ਨਿਕੰਮੇ ਚਾਲ-ਚਲਣ ਤੋਂ ਛੁਟਕਾਰਾ ਪਾਇਆ ਜਿਹੜਾ ਤੁਹਾਡੇ ਵੱਡਿਆਂ ਤੋਂ ਚੱਲਿਆ ਆਉਂਦਾ ਸੀ, ਸੋ ਨਾਸਵਾਨ ਵਸਤਾਂ ਅਰਥਾਤ ਚਾਂਦੀ-ਸੋਨੇ ਨਾਲ ਨਹੀਂ ।19ਸਗੋਂ ਮਸੀਹ ਦੇ ਬਹੁਮੁੱਲੇ ਲਹੂ ਨਾਲ ਪਾਇਆ ਜਿਹੜਾ ਬੇਦਾਗ ਲੇਲੇ ਦੇ ਨਿਆਈਂ ਸੀ ।
20ਉਹ ਤਾਂ ਜਗਤ ਦੀ ਨੀਂਹ ਰੱਖਣ ਤੋਂ ਪਹਿਲਾਂ ਹੀ ਠਹਿਰਾਇਆ ਗਿਆ ਸੀ ਪਰ ਸਮਿਆਂ ਦੇ ਅੰਤ ਵਿੱਚ ਤੁਹਾਡੇ ਲਈ ਪ੍ਰਗਟ ਹੋਇਆ ।21ਜਿਹੜੇ ਉਸ ਦੇ ਰਾਹੀਂ ਪਰਮੇਸ਼ੁਰ ਉੱਤੇ ਵਿਸ਼ਵਾਸ ਰੱਖਦੇ ਹੋ ਜਿਸ ਨੇ ਉਸ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਅਤੇ ਉਹ ਨੂੰ ਮਹਿਮਾ ਦਿੱਤੀ, ਤਾਂ ਜੋ ਤੁਹਾਡਾ ਵਿਸ਼ਵਾਸ ਅਤੇ ਆਸ ਪਰਮੇਸ਼ੁਰ ਉੱਤੇ ਹੋਵੇ ।
22ਤੁਸੀਂ ਜੋ ਸੱਚ ਦੇ ਅਧੀਨ ਹੋ ਕੇ ਆਪਣੀਆਂ ਜਾਨਾਂ ਨੂੰ ਭਾਈਚਾਰੇ ਦੇ ਨਿਸ਼ਕਪਟ ਪਿਆਰ ਲਈ ਪਵਿੱਤਰ ਕੀਤਾ ਹੈ, ਤਾਂ ਤਨੋਂ ਮਨੋਂ ਹੋ ਕੇ ਇੱਕ ਦੂਜੇ ਨਾਲ ਗੂੜ੍ਹਾ ਪਿਆਰ ਰੱਖੋ ।23ਕਿਉਂ ਜੋ ਤੁਸੀਂ ਨਾਸਵਾਨ ਬੀਜ ਤੋਂ ਨਹੀਂ ਸਗੋਂ ਅਵਿਨਾਸ਼ੀ ਤੋਂ ਨਵਾਂ ਜਨਮ ਪਾਇਆ ਹੈ, ਜਿਹੜਾ ਪਰਮੇਸ਼ੁਰ ਦੇ ਬਚਨ ਰਾਹੀਂ ਹੈ ਜੋ ਜਿਉਂਦਾ ਅਤੇ ਸਥਿਰ ਹੈ ।
24ਕਿਉਂਕਿ ਹਰ ਪ੍ਰਾਣੀ ਘਾਹ ਵਰਗਾ ਹੀ ਹੈ, ਉਸ ਦੀ ਸ਼ੋਭਾ ਘਾਹ ਦੇ ਫੁੱਲ ਵਰਗੀ ਹੈ । ਘਾਹ ਸੁੱਕ ਜਾਂਦਾ ਹੈ ਅਤੇ ਫੁੱਲ ਮੁਰਝਾ ਜਾਂਦਾ ਹੈ, ਪਰ ਪ੍ਰਭੂ ਦਾ ਬਚਨ ਸਦਾ ਤੱਕ ਕਾਇਮ ਰਹਿੰਦਾ ਹੈ ।25ਅਤੇ ਇਹ ਓਹੋ ਬਚਨ ਹੈ ਜਿਸ ਦੀ ਖੁਸ਼ਖਬਰੀ ਤੁਹਾਨੂੰ ਸੁਣਾਈ ਗਈ ਸੀ ।

2
ਜੀਵਤ ਪੱਥਰ ਅਤੇ ਪਵਿੱਤਰ ਪਰਜਾ

1ਇਸ ਕਾਰਨ ਤੁਸੀਂ ਸਾਰੀ ਬਦੀ, ਸਾਰਾ ਛਲ, ਕਪਟ, ਖਾਰ ਅਤੇ ਸਾਰੀਆਂ ਚੁਗਲੀਆਂ ਨੂੰ ਛੱਡ ਕੇ2ਨਵੇਂ ਜਨਮੇ ਬੱਚਿਆਂ ਦੀ ਤਰ੍ਹਾਂ ਆਤਮਿਕ ਅਤੇ ਸ਼ੁੱਧ ਦੁੱਧ ਦੀ ਖੋਜ ਕਰੋ ਤਾਂ ਜੋ ਤੁਸੀਂ ਉਸ ਨਾਲ ਮੁਕਤੀ ਲਈ ਵਧਦੇ ਜਾਓ3ਕਿਉਂ ਜੋ ਤੁਸੀਂ ਸੁਆਦ ਚੱਖ ਕੇ ਵੇਖਿਆ ਹੈ, ਕਿ ਪ੍ਰਭੂ ਕਿਰਪਾਲੂ ਹੈ l

4ਜਿਸ ਦੇ ਕੋਲ ਤੁਸੀਂ ਆਏ ਹੋ, ਮੰਨੋ ਇੱਕ ਜਿਉਂਦੇ ਪੱਥਰ ਕੋਲ ਜਿਹੜਾ ਮਨੁੱਖਾਂ ਕੋਲੋਂ ਤਾਂ ਰੱਦਿਆ ਗਿਆ ਪਰ ਪਰਮੇਸ਼ੁਰ ਦੀ ਨਜਰ ਵਿੱਚ ਚੁਣਿਆ ਹੋਇਆ ਅਤੇ ਬਹੁਮੁੱਲਾ ਹੈ l5ਤੁਸੀਂ ਆਪ ਵੀ ਜਿਉਂਦੇ ਪੱਥਰਾਂ ਦੇ ਵਾਂਗੂੰ ਇੱਕ ਆਤਮਕ ਘਰ ਬਣਦੇ ਜਾਂਦੇ ਹੋ ਤਾਂ ਕਿ ਜਾਜਕਾਂ ਦੀ ਪਵਿੱਤਰ ਮੰਡਲੀ ਬਣੋ ਤਾਂ ਜੋ ਉਹ ਆਤਮਿਕ ਬਲੀਦਾਨ ਚੜਾਓ, ਜਿਹੜੇ ਯਿਸੂ ਮਸੀਹ ਦੇ ਰਾਹੀਂ ਪਰਮੇਸ਼ੁਰ ਨੂੰ ਚੰਗੇ ਲੱਗਦੇ ਹਨ l
6ਇਸ ਲਈ ਜੋ ਪਵਿੱਤਰ ਗ੍ਰੰਥ ਵਿੱਚ ਇਹ ਆਇਆ ਹੈ ਵੇਖੋ, ਮੈਂ ਸੀਯੋਨ ਵਿੱਚ ਇੱਕ ਖੂੰਜੇ ਦਾ ਪੱਥਰ, ਚੁਣਿਆ ਹੋਇਆ, ਬਹੁਮੁੱਲਾ ਰੱਖਦਾ ਹਾਂ, ਅਤੇ ਜਿਹੜਾ ਉਸ ਉੱਤੇ ਵਿਸ਼ਵਾਸ ਕਰਦਾ ਹੈ, ਕਦੇ ਸ਼ਰਮਿੰਦਾ ਨਾ ਹੋਵੇਗਾ ।
7ਸੋ ਉਹ ਤੁਹਾਡੇ ਲਈ ਜਿਹੜੇ ਵਿਸ਼ਵਾਸ ਕਰਦੇ ਹੋ ਬਹੁਮੁੱਲਾ ਹੈ, ਪਰ ਜਿਹੜੇ ਵਿਸ਼ਵਾਸ ਨਹੀਂ ਕਰਦੇ ਉਹਨਾਂ ਲਈ, ਜਿਸ ਪੱਥਰ ਨੂੰ ਰਾਜ ਮਿਸਤਰੀਆਂ ਨੇ ਰੱਦਿਆ, ਸੋਈ ਖੂੰਜੇ ਦਾ ਸਿਰਾ ਹੋ ਗਿਆ8ਅਤੇ, ਠੋਕਰ ਦਾ ਪੱਥਰ ਅਤੇ ਠੇਡਾ ਖਾਣ ਦੀ ਚੱਟਾਨ । ਉਹ ਅਣ-ਆਗਿਆਕਾਰੀ ਹੋ ਕੇ ਬਚਨ ਤੋਂ ਠੋਕਰ ਖਾਂਦੇ ਹਨ, ਜਿਹ ਦੇ ਲਈ ਉਹ ਠਹਿਰਾਏ ਵੀ ਗਏ ਸਨ
9ਪਰ ਤੁਸੀਂ ਪਰਮੇਸ਼ੁਰ ਦਾ ਚੁਣਿਆ ਹੋਇਆ ਵੰਸ਼, ਜਾਜਕਾਂ ਦੀ ਸ਼ਾਹੀ ਮੰਡਲੀ, ਪਵਿੱਤਰ ਕੌਮ, ਪਰਮੇਸ਼ੁਰ ਦੀ ਖ਼ਾਸ ਪਰਜਾ ਹੋ ਤਾਂ ਕਿ ਤੁਸੀਂ ਉਹ ਦੇ ਗੁਣਾ ਦਾ ਪ੍ਰਚਾਰ ਕਰੋ ਜਿਸ ਨੇ ਤੁਹਾਨੂੰ ਹਨੇਰੇ ਤੋਂ ਆਪਣੇ ਅਚਰਜ ਚਾਨਣ ਵਿੱਚ ਸੱਦ ਲਿਆ10ਤੁਸੀਂ ਤਾਂ ਅੱਗੇ ਪਰਜਾ ਹੀ ਨਹੀਂ ਸੀ ਪਰ ਹੁਣ ਪਰਮੇਸ਼ੁਰ ਦੀ ਪਰਜਾ ਹੋ ਗਏ ਹੋ । ਤੁਹਾਡੇ ਉੱਤੇ ਕਿਰਪਾ ਨਹੀਂ ਹੋਈ ਸੀ ਪਰ ਹੁਣ ਹੋਈ ਹੈ ।
ਪਰਾਈਆਂ ਕੌਮਾਂ ਦੇ ਵਿੱਚ ਨੇਕ ਚਾਲ ਚੱਲਣਾ

11ਹੇ ਪਿਆਰਿਓ, ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਤੁਸੀਂ ਪਰਦੇਸੀ ਅਤੇ ਮੁਸਾਫ਼ਰ ਹੋ ਕੇ ਸਰੀਰਕ ਕਾਮਨਾ ਤੋਂ ਦੂਰ ਰਹੋ ਜਿਹੜੀਆਂ ਜਾਨ ਨਾਲ ਲੜਦੀਆਂ ਹਨ l12ਅਤੇ ਪਰਾਈਆਂ ਕੌਮਾਂ ਵਿੱਚ ਆਪਣੀ ਚਾਲ ਨੇਕ ਰੱਖੋ ਤਾਂ ਕਿ ਜਿਸ ਗੱਲ ਵਿੱਚ ਉਹ ਤੁਹਾਨੂੰ ਬੁਰਾ ਮੰਨ ਕੇ ਤੁਹਾਡੇ ਵਿਰੁੱਧ ਬੋਲਦੇ ਹਨ, ਉਹ ਤੁਹਾਡੇ ਚੰਗੇ ਕੰਮਾਂ ਦੇ ਕਾਰਨ ਪਰਮੇਸ਼ੁਰ ਦੀ ਵਡਿਆਈ ਕਰਨ ਜਿਸ ਦਿਨ ਉਹਨਾਂ ਉੱਤੇ ਦਯਾ ਦ੍ਰਿਸ਼ਟੀ ਹੋਵੇ l
13ਤੁਸੀਂ ਪ੍ਰਭੂ ਦੇ ਨਮਿੱਤ ਮਨੁੱਖ ਦੇ ਹਰੇਕ ਪ੍ਰਬੰਧ ਦੇ ਅਧੀਨ ਹੋਵੋ, ਭਾਵੇਂ ਪਾਤਸ਼ਾਹ ਦੇ ਕਿਉਂਕਿ ਉਹ ਸਭ ਤੋਂ ਵੱਡਾ ਹੈ14ਭਾਵੇਂ ਹਾਕਮਾਂ ਦੇ ਕਿਉਂਕਿ ਉਹ ਉਸ ਦੇ ਭੇਜੇ ਹੋਏ ਹਨ ਤਾਂ ਕਿ ਬੁਰੇ ਕੰਮ ਕਰਨ ਵਾਲਿਆਂ ਨੂੰ ਸਜ਼ਾ ਦੇਣ ਅਤੇ ਚੰਗੇ ਕੰਮ ਕਰਨ ਵਾਲਿਆਂ ਦੀ ਸ਼ੋਭਾ ਕਰਨ ।15ਕਿਉਂਕਿ ਪਰਮੇਸ਼ੁਰ ਦੀ ਮਰਜ਼ੀ ਹੈ ਕਿ ਤੁਸੀਂ ਚੰਗੇ ਕੰਮ ਕਰਕੇ ਮੂਰਖ ਲੋਕਾਂ ਦੀ ਅਗਿਆਨਤਾ ਦਾ ਮੂੰਹ ਬੰਦ ਕਰ ਦਿਓ l16ਤੁਸੀਂ ਆਜ਼ਾਦ ਹੋ ਕੇ ਆਪਣੀ ਆਜ਼ਾਦੀ ਨੂੰ ਬੁਰਾਈ ਦਾ ਪਰਦਾ ਨਾ ਬਣਾਓ, ਸਗੋਂ ਆਪਣੇ ਆਪ ਨੂੰ ਪਰਮੇਸ਼ੁਰ ਦੇ ਗੁਲਾਮ ਸਮਝੋ l17ਸਭਨਾਂ ਦਾ ਆਦਰ ਕਰੋ, ਭਾਈਆਂ ਨਾਲ ਪਿਆਰ ਰੱਖੋ, ਪਰਮੇਸ਼ੁਰ ਦਾ ਡਰ ਰੱਖੋ ਅਤੇ ਪਾਤਸ਼ਾਹ ਦਾ ਆਦਰ ਕਰੋ l
18ਹੇ ਨੌਕਰੋ, ਪੂਰੇ ਅਦਬ ਨਾਲ ਆਪਣੇ ਮਾਲਕਾਂ ਦੇ ਅਧੀਨ ਰਹੋ, ਕੇਵਲ ਭਲਿਆਂ ਅਤੇ ਅਸੀਲਾਂ ਦੇ ਹੀ ਨਹੀਂ ਸਗੋਂ ਸਖ਼ਤ ਸੁਭਾਅ ਵਾਲਿਆਂ ਦੇ ਵੀ l19ਕਿਉਂਕਿ ਜੇ ਕੋਈ ਪਰਮੇਸ਼ੁਰ ਦੇ ਲਈ ਬੇਇਨਸਾਫ਼ੀ ਝੱਲ ਕੇ ਦੁੱਖ ਸਹਿ ਲਵੇ, ਤਾਂ ਇਹ ਪ੍ਰਵਾਨ ਹੈ l20ਪਰ ਜੇ ਤੁਸੀਂ ਪਾਪ ਦੇ ਕਾਰਨ ਮੁੱਕੇ ਖਾ ਕੇ ਧੀਰਜ ਕਰੋ ਤਾਂ ਕੀ ਵਡਿਆਈ ਹੈ ? ਪਰ ਜੇ ਤੁਸੀਂ ਸ਼ੁਭ ਕੰਮਾਂ ਦੇ ਕਾਰਨ ਦੁੱਖ ਝੱਲ ਕੇ ਧੀਰਜ ਕਰੋ ਤਾਂ ਇਹ ਪਰਮੇਸ਼ੁਰ ਨੂੰ ਪ੍ਰਵਾਨ ਹੈ l
21ਕਿਉਂਕਿ ਤੁਸੀਂ ਇਸੇ ਕਾਰਨ ਸੱਦੇ ਗਏ ਹੋ, ਕਿਉਂਕਿ ਮਸੀਹ ਵੀ ਤੁਹਾਡੇ ਲਈ ਦੁੱਖ ਝੱਲ ਕੇ ਇੱਕ ਨਮੂਨਾ ਛੱਡ ਗਿਆ ਕਿ ਤੁਸੀਂ ਉਸ ਦੇ ਕਦਮਾਂ ਉੱਤੇ ਚੱਲੋ l22ਉਹ ਨੇ ਕੋਈ ਪਾਪ ਨਹੀਂ ਕੀਤਾ, ਨਾ ਉਹ ਦੇ ਮੂੰਹ ਵਿੱਚੋਂ ਕੋਈ ਛਲ ਦੀ ਗੱਲ ਨਿੱਕਲੀ l23ਉਹ ਗਾਲਾਂ ਸੁਣ ਕੇ ਗਾਲ ਨਹੀਂ ਦਿੰਦਾ ਸੀ ਅਤੇ ਦੁੱਖ ਪਾ ਕੇ ਦਬਕਾ ਨਹੀਂ ਦਿੰਦਾ ਸੀ ਸਗੋਂ ਆਪਣੇ ਆਪ ਨੂੰ ਉਹ ਦੇ ਹੱਥ ਸੌਂਪਦਾ ਸੀ ਜਿਹੜਾ ਠੀਕ ਨਿਆਂ ਕਰਦਾ ਹੈ l
24ਉਸ ਨੇ ਆਪ ਸਾਡੇ ਪਾਪਾਂ ਨੂੰ ਆਪਣੇ ਸਰੀਰ ਵਿੱਚ ਰੁੱਖ (ਸਲੀਬ) ਉੱਤੇ ਚੁੱਕ ਲਿਆ ਕਿ ਅਸੀਂ ਪਾਪ ਦੀ ਵੱਲੋਂ ਮਰ ਕੇ ਧਾਰਮਿਕਤਾ ਦੇ ਲਈ ਜਿਉਂਦੇ ਰਹੀਏ l25ਤੁਸੀਂ ਤਾਂ ਭੇਡਾਂ ਵਾਂਗੂੰ ਭਟਕਦੇ ਫਿਰਦੇ ਸੀ, ਪਰ ਹੁਣ ਆਪਣੀਆਂ ਜਾਨਾਂ ਦੇ ਅਯਾਲੀ ਅਤੇ ਨਿਗਾਹਬਾਨ ਦੇ ਕੋਲ ਮੁੜ ਆਏ ਹੋ ।

3
ਪਤੀ ਪਤਨੀ

1ਇਸੇ ਪ੍ਰਕਾਰ ਹੇ ਪਤਨੀਓ, ਆਪਣੇ ਪਤੀਆਂ ਦੇ ਅਧੀਨ ਹੋਵੋ, ਕਿ ਜੇ ਕੋਈ ਬਚਨ ਨਾ ਵੀ ਮੰਨਦੇ ਹੋਣ ਤਾਂ ਉਹ ਬਚਨ ਤੋਂ ਬਿਨ੍ਹਾਂ ਆਪਣੀਆਂ ਪਤਨੀਆਂ ਦੀ ਚਾਲ ਢਾਲ਼ ਦੇ ਕਾਰਨ ਖਿੱਚੇ ਜਾਣ2ਜਿਸ ਵੇਲੇ ਉਹ ਤੁਹਾਡੀ ਪਵਿੱਤਰ ਚਾਲ ਢਾਲ਼ ਨੂੰ ਜੋ ਅਦਬ ਦੇ ਨਾਲ ਹੋਵੇ ਦੇਖ ਲੈਣ l

3ਅਤੇ ਤੁਹਾਡਾ ਸ਼ਿੰਗਾਰ ਸਿਰ ਦੇ ਵਾਲ਼ ਗੁੰਦਣ ਅਤੇ ਸੋਨੇ ਦੇ ਗਹਿਣੇ ਪਾਉਣ ਅਤੇ ਬਸਤਰ ਪਹਿਨਣ ਦੇ ਨਾਲ ਦਿਖਾਵਟੀ ਨਾ ਹੋਵੇ4ਪਰ ਉਹ ਮਨ ਦੀ ਗੁਪਤ ਇਨਸਾਨੀਅਤ ਹੋਵੇ ਜਿਹੜੀ ਉਸ ਅਵਿਨਾਸ਼ੀ ਸ਼ਿੰਗਾਰ ਨਾਲ ਹੈ ਅਰਥਾਤ ਕੋਮਲ ਅਤੇ ਗੰਭੀਰ ਆਤਮਾ ਨਾਲ ਕਿਉਂ ਜੋ ਇਹ ਪਰਮੇਸ਼ੁਰ ਦੀ ਨਜ਼ਰ ਵਿੱਚ ਵੱਡੇ ਮੁੱਲ ਦੀ ਹੈ
5ਕਿਉਂ ਜੋ ਇਸੇ ਤਰ੍ਹਾਂ ਪਹਿਲੇ ਸਮਿਆਂ ਵਿੱਚ ਪਵਿੱਤਰ ਔਰਤਾਂ ਜਿਹੜੀਆਂ ਪਰਮੇਸ਼ੁਰ ਉੱਤੇ ਆਸ ਰੱਖਦੀਆਂ ਸਨ ਆਪਣਿਆਂ ਪਤੀਆਂ ਦੇ ਅਧੀਨ ਹੋ ਕੇ ਆਪਣੇ ਆਪ ਨੂੰ ਸ਼ਿੰਗਾਰ ਦੀਆਂ ਸਨ6ਜਿਵੇਂ ਸਾਰਾਹ ਅਬਰਾਹਮ ਨੂੰ ਸਵਾਮੀ ਕਹਿ ਕੇ ਉਸ ਦੇ ਅਧੀਨ ਰਹੀ, ਜਿਸ ਦੀਆਂ ਤੁਸੀਂ ਬੱਚੀਆਂ ਹੋ ਜੇਕਰ ਚੰਗਾ ਕੰਮ ਕਰਦੀਆਂ ਅਤੇ ਕਿਸੇ ਵੀ ਚੀਜ਼ ਤੋਂ ਨਹੀਂ ਡਰਦੀਆਂ ਹੋ
7ਇਸ ਤਰ੍ਹਾਂ ਹੇ ਪਤੀਓ, ਬੁੱਧ ਦੇ ਅਨੁਸਾਰ ਆਪਣੀਆਂ ਪਤਨੀਆਂ ਨਾਲ ਰਹੋ ਅਤੇ ਔਰਤ ਨੂੰ ਆਪਣੇ ਨਾਲੋਂ ਕੋਮਲ ਸਰੀਰ ਜਾਣ ਕੇ ਉਹਨਾਂ ਦਾ ਆਦਰ ਕਰੋ ਅਤੇ ਇਹ ਵੀ ਕਿ ਤੁਸੀਂ ਦੋਵੇ ਜੀਵਨ ਦੀ ਦਾਤ ਦੇ ਸਾਂਝੇ ਅਧਿਕਾਰੀ, ਤਾਂ ਜੋ ਤੁਹਾਡੀਆਂ ਪ੍ਰਾਰਥਨਾਵਾਂ ਰੁਕ ਨਾ ਜਾਣ ।
ਭਲਾਈ ਕਰਨ ਦੇ ਕਾਰਨ ਸਤਾਵ

8ਗੱਲ ਕਾਹਦੀ, ਤੁਸੀਂ ਸੱਭੇ ਇੱਕ ਮਨ ਹੋਵੋ, ਆਪੋ ਵਿੱਚ ਦਰਦੀ ਬਣੋ, ਭਰੱਪਣ ਦਾ ਪਿਆਰ ਰੱਖੋ, ਤਰਸਵਾਨ ਅਤੇ ਮਨ ਦੇ ਹਲੀਮ ਹੋਵੋ9ਬੁਰਿਆਈ ਦੇ ਬਦਲੇ ਬੁਰਿਆਈ ਨਾ ਕਰੋ, ਅਤੇ ਗਾਲ ਦੇ ਬਦਲੇ ਗਾਲ ਨਾ ਕੱਢੋ ਸਗੋਂ ਉਹਨਾਂ ਨੂੰ ਬਰਕਤ ਦਿਓ, ਕਿਉਂ ਜੋ ਤੁਸੀਂ ਇਸੇ ਦੇ ਲਈ ਬੁਲਾਏ ਗਏ ਹੋ ਤਾਂ ਜੋ ਤੁਸੀਂ ਇਸ ਦੇ ਅਧਿਕਾਰੀ ਬਣੋ
10ਕਿਉਂਕਿ, ਜਿਹੜਾ ਜੀਵਨ ਨਾਲ ਪਿਆਰ ਰੱਖਣਾ, ਅਤੇ ਭਲੇ ਦਿਨ ਵੇਖਣੇ ਚਾਹੁੰਦਾ ਹੈ, ਉਹ ਆਪਣੀ ਜੀਭ ਨੂੰ ਬੁਰਿਆਈ ਤੋਂ, ਅਤੇ ਆਪਣੇ ਬੁੱਲ੍ਹਾਂ ਨੂੰ ਬੁਰਾ ਬੋਲਣ ਤੋਂ ਰੋਕ ਲਵੇ11ਉਹ ਬਦੀ ਤੋਂ ਹੱਟ ਜਾਵੇ ਅਤੇ ਨੇਕੀ ਕਰੇ, ਮਿਲਾਪ ਲੱਭੇ ਅਤੇ ਉਸਦਾ ਪਿੱਛਾ ਕਰੇ12ਕਿਉਂ ਜੋ ਪ੍ਰਭੂ ਦੀਆਂ ਅੱਖੀਆਂ ਧਰਮੀਆਂ ਉੱਤੇ, ਤੇ ਉਸ ਦੇ ਕੰਨ ਉਹਨਾਂ ਦੀ ਦੁਹਾਈ ਵੱਲ ਹਨ, ਪ੍ਰਭੂ ਦਾ ਮੂੰਹ ਬੁਰੇ ਕੰਮ ਕਰਨ ਵਾਲਿਆਂ ਦੇ ਵਿਰੁੱਧ ਹੈ ।
13ਜੇ ਤੁਸੀਂ ਭਲਿਆਈ ਕਰਨ ਵਿੱਚ ਚੁਸਤ ਹੋਵੋ ਤਾਂ ਉਹ ਕਿਹੜਾ ਹੈ ਜਿਹੜਾ ਤੁਹਾਡੇ ਨਾਲ ਬੁਰਿਆਈ ਕਰੇਗਾ ?14ਪਰ ਜੇ ਤੁਹਾਨੂੰ ਧਰਮ ਦੇ ਕਾਰਨ ਦੁੱਖ ਮਿਲੇ ਤਾਂ ਵੀ ਤੁਸੀਂ ਧੰਨ ਹੋ, ਉਹਨਾਂ ਦੇ ਡਰਾਉਣ ਤੋਂ ਨਾ ਡਰੋ ਅਤੇ ਨਾ ਘਬਰਾਓ
15ਸਗੋਂ ਮਸੀਹ ਨੂੰ ਪ੍ਰਭੂ ਕਰਕੇ ਆਪਣੇ ਦਿਲ ਵਿੱਚ ਪਵਿੱਤਰ ਮੰਨੋ ਅਤੇ ਜਿਹੜੀ ਤੁਹਾਨੂੰ ਆਸ ਹੈ ਤੁਸੀਂ ਹਰੇਕ ਨੂੰ ਜੋ ਤੁਹਾਡੇ ਕੋਲੋਂ ਉਸਦਾ ਕਾਰਨ ਪੁੱਛੇ ਉੱਤਰ ਦੇਣ ਨੂੰ ਸਦਾ ਤਿਆਰ ਰਹੋ, ਪਰ ਨਰਮਾਈ ਅਤੇ ਡਰ ਨਾਲ16ਅਤੇ ਵਿਵੇਕ ਨੂੰ ਸ਼ੁੱਧ ਰੱਖੋ ਤਾਂ ਜੋ ਉਹ ਜਿਹੜੇ ਤੁਹਾਡੀ ਸ਼ੁਭ ਚਾਲ ਨੂੰ ਜੋ ਮਸੀਹ ਵਿੱਚ ਹੈ ਬੁਰਾ ਆਖਦੇ ਹਨ, ਸੋ ਜਿਸ ਗੱਲ ਵਿੱਚ ਉਹ ਤੁਹਾਡੇ ਵਿਰੁੱਧ ਬੋਲਦੇ ਹਨ, ਉਹ ਸ਼ਰਮਿੰਦੇ ਹੋ ਜਾਣ17ਕਿਉਂਕਿ ਜੇ ਪਰਮੇਸ਼ੁਰ ਦੀ ਮਰਜ਼ੀ ਇਸ ਤਰ੍ਹਾਂ ਹੋਵੇ ਤਾਂ ਚੰਗੇ ਕੰਮਾਂ ਕਰਕੇ ਦੁੱਖ ਸਹਿਣਾ ਇਸ ਨਾਲੋਂ ਚੰਗਾ ਹੈ ਜੋ ਤੁਸੀਂ ਬੁਰੇ ਕੰਮ ਕਰਕੇ ਦੁੱਖ ਝੱਲੋ
18ਕਿਉਂ ਜੋ ਮਸੀਹ ਨੇ ਵੀ ਇੱਕ ਵਾਰ ਪਾਪਾਂ ਦੇ ਕਾਰਨ ਦੁੱਖ ਝੱਲਿਆ ਅਰਥਾਤ ਧਰਮੀ ਨੇ ਕੁਧਰਮੀਆਂ ਦੇ ਲਈ ਤਾਂ ਕਿ ਉਹ ਸਾਨੂੰ ਪਰਮੇਸ਼ੁਰ ਦੇ ਕੋਲ ਲੈ ਜਾਵੇ ਉਹ ਤਾਂ ਸਰੀਰ ਕਰਕੇ ਮਾਰਿਆ ਗਿਆ ਪਰ ਆਤਮਾ ਕਰਕੇ ਜਿਉਂਦਾ ਕੀਤਾ ਗਿਆ19ਜਿਸ ਦੇ ਵਿੱਚ ਹੋ ਕੇ ਉਹ ਨੇ ਉਹਨਾਂ ਆਤਮਿਆਂ ਦੇ ਕੋਲ ਜਿਹੜੇ ਕੈਦ ਵਿੱਚ ਸਨ ਜਾ ਕੇ ਪ੍ਰਚਾਰ ਕੀਤਾ20ਜਿਹੜੇ ਪਿਛਲੇ ਸਮੇਂ ਅਣ-ਆਗਿਆਕਾਰੀ ਸਨ ਜਿਸ ਵੇਲੇ ਪਰਮੇਸ਼ੁਰ ਨੂਹ ਦੇ ਦਿਨਾਂ ਵਿੱਚ ਧੀਰਜ ਨਾਲ ਉਡੀਕ ਕਰਦਾ ਸੀ ਜਦ ਕਿਸ਼ਤੀ ਤਿਆਰ ਹੁੰਦੀ ਸੀ ਜਿਸ ਦੇ ਵਿੱਚ ਅੱਠ ਜਣੇ ਪਾਣੀ ਤੋਂ ਬਚ ਗਏ
21ਇਹ ਬਪਤਿਸਮੇ ਨੂੰ ਦਰਸਾਉਂਦਾ ਹੈ ਜੋ ਹੁਣ ਤੁਹਾਨੂੰ ਵੀ ਯਿਸੂ ਮਸੀਹ ਦੇ ਜੀ ਉੱਠਣ ਦੇ ਕਾਰਨ ਬਚਾਉਂਦਾ ਹੈ, ਇਹ ਸਰੀਰ ਦੀ ਮੈਲ਼ ਧੋਣਾ ਨਹੀਂ ਪਰ ਸ਼ੁੱਧ ਮਨ ਨਾਲ ਪਰਮੇਸ਼ੁਰ ਨੂੰ ਖੋਜਣਾ ਹੈ ।22ਉਹ ਸਵਰਗ ਵਿੱਚ ਜਾ ਕੇ ਪਰਮੇਸ਼ੁਰ ਦੇ ਸੱਜੇ ਹੱਥ ਹੈ, ਦੂਤ ਅਤੇ ਅਧਿਕਾਰ ਰੱਖਣ ਵਾਲੇ, ਸਮਰੱਥਾ ਰੱਖਣ ਵਾਲੇ ਉਸ ਦੇ ਅਧੀਨ ਕੀਤੇ ਗਏ ਹਨ ।

4
ਬਦਲਿਆ ਹੋਇਆ ਜੀਵਨ

1ਸੋ ਜਦੋਂ ਮਸੀਹ ਨੇ ਸਰੀਰ ਵਿੱਚ ਦੁੱਖ ਝੱਲਿਆ ਤਾਂ ਤੁਸੀਂ ਵੀ ਉਸੇ ਮਨਸ਼ਾ ਦੇ ਹਥਿਆਰ ਬੰਨੋ, ਕਿਉਂਕਿ ਜਿਸ ਨੇ ਸਰੀਰ ਵਿੱਚ ਦੁੱਖ ਝੱਲਿਆ ਉਹ ਪਾਪ ਤੋਂ ਰਹਿਤ ਹੋਇਆ2ਭਈ ਤੁਸੀਂ ਅਗਾਹਾਂ ਨੂੰ ਮਨੁੱਖਾਂ ਦੀਆਂ ਕਾਮਨਾ ਦੇ ਅਨੁਸਾਰ ਨਹੀਂ ਸਗੋਂ ਪਰਮੇਸ਼ੁਰ ਦੀ ਮਰਜ਼ੀ ਦੇ ਅਨੁਸਾਰ ਸਰੀਰ ਵਿੱਚ ਆਪਣੀ ਬਾਕੀ ਦੀ ਉਮਰ ਕੱਟੀਏ

3ਕਿਉਂ ਜੋ ਬੀਤਿਆ ਹੋਇਆ ਸਮਾਂ ਪਰਾਈਆਂ ਕੌਮਾਂ ਦੀ ਮਨਸ਼ਾ ਪੂਰੀ ਕਰਨ ਲਈ ਬਥੇਰਾ ਸੀ ਜਦੋਂ ਅਸੀਂ ਲੁੱਚਪੁਣਿਆਂ, ਕਾਮਨਾ, ਸ਼ਰਾਬ ਪੀਣ, ਨਾਚ ਰੰਗਾਂ, ਨਸ਼ੇ ਬਾਜੀਆਂ ਅਤੇ ਘਿਣਾਉਣੇ ਮੂਰਤੀ ਪੂਜਕਾਂ ਵਿੱਚ ਚੱਲਦੇ ਸੀ4ਉਹ ਇਸ ਨੂੰ ਅਚਰਜ ਮੰਨਦੇ ਹਨ ਕਿ ਤੁਸੀਂ ਉਸ ਬਦਚਲਣੀ ਵਿੱਚ ਉਹਨਾਂ ਦਾ ਸਾਥ ਨਹੀਂ ਦਿੰਦੇ, ਇਸ ਲਈ ਉਹ ਤੁਹਾਡੀ ਨਿੰਦਿਆ ਕਰਦੇ ਹਨ l5ਉਹ ਉਸ ਨੂੰ ਲੇਖਾ ਦੇਣਗੇ ਜਿਹੜਾ ਜਿਉਂਦਿਆਂ ਅਤੇ ਮੁਰਦਿਆਂ ਦਾ ਨਿਆਂ ਕਰਨ ਨੂੰ ਤਿਆਰ ਹੈ6ਕਿਉਂ ਜੋ ਮੁਰਦਿਆਂ ਨੂੰ ਵੀ ਖੁਸ਼ਖਬਰੀ ਇਸੇ ਲਈ ਸੁਣਾਈ ਗਈ ਕਿ ਸਰੀਰ ਕਰਕੇ ਉਹਨਾਂ ਦਾ ਨਿਆਂ ਤਾਂ ਮਨੁੱਖਾਂ ਦੇ ਅਨੁਸਾਰ ਹੋਵੇ ਪਰ ਆਤਮਾ ਕਰਕੇ ਉਹ ਪਰਮੇਸ਼ੁਰ ਵਾਂਗੂੰ ਜਿਉਂਦੇ ਰਹਿਣ ।
ਪਰਮੇਸ਼ੁਰ ਦੇ ਚੰਗੇ ਮੁਖ਼ਤਿਆਰ

7ਪਰ ਸਭਨਾਂ ਵਸਤਾਂ ਦਾ ਅੰਤ ਨੇੜੇ ਹੈ । ਇਸ ਕਾਰਨ ਤੁਸੀਂ ਸੁਰਤ ਵਾਲੇ ਹੋਵੋ ਅਤੇ ਪ੍ਰਾਰਥਨਾ ਕਰਨ ਲਈ ਸੁਚੇਤ ਰਹੋ8ਸਭ ਤੋਂ ਪਹਿਲਾਂ ਇਹ ਹੈ ਕਿ ਤੁਸੀਂ ਇੱਕ ਦੂਜੇ ਨਾਲ ਗੂੜ੍ਹਾ ਪਿਆਰ ਰੱਖੋ, ਕਿਉਂ ਜੋ ਪਿਆਰ ਬਹੁਤੇ ਪਾਪਾਂ ਨੂੰ ਢੱਕ ਲੈਂਦਾ ਹੈ9ਮੱਥੇ ਵੱਟ ਪਾਏ ਬਿਨ੍ਹਾਂ ਇੱਕ ਦੂਸਰੇ ਦੀ ਪ੍ਰਾਹੁਣਚਾਰੀ ਕਰੋ
10ਹਰੇਕ ਨੂੰ ਜੋ ਜੋ ਦਾਤ ਮਿਲੀ ਹੈ ਉਸ ਨਾਲ ਇੱਕ ਦੂਜੇ ਦੀ ਟਹਿਲ ਸੇਵਾ ਕਰੋ, ਜਿਵੇਂ ਪਰਮੇਸ਼ੁਰ ਦੀ ਬਹੁਰੰਗੀ ਕਿਰਪਾ ਦੇ ਮੁਖ਼ਤਿਆਰਾਂ ਨੂੰ ਉੱਚਿਤ ਹੈ11ਜੇ ਕੋਈ ਗੱਲ ਕਰੇ ਤਾਂ ਉਹ ਪਰਮੇਸ਼ੁਰ ਦੇ ਬਚਨ ਅਨੁਸਾਰ ਕਰੇ, ਜੇ ਕੋਈ ਟਹਿਲ ਸੇਵਾ ਕਰੇ ਤਾਂ ਉਹ ਸਮਰੱਥਾ ਦੇ ਅਨੁਸਾਰ ਕਰੇ ਜੋ ਪਰਮੇਸ਼ੁਰ ਦਿੰਦਾ ਹੈ ਭਈ ਸਭਨਾਂ ਗੱਲਾਂ ਵਿੱਚ ਯਿਸੂ ਮਸੀਹ ਦੇ ਰਾਹੀਂ ਪਰਮੇਸ਼ੁਰ ਦੀ ਮਹਿਮਾਂ ਕੀਤੀ ਜਾਵੇ, ਜਿਸ ਦੀ ਮਹਿਮਾ ਅਤੇ ਪਰਾਕਰਮ ਜੁੱਗੋ-ਜੁੱਗ ਹਨ । ਆਮੀਨ ।
ਮਸੀਹ ਦੇ ਦੁੱਖਾਂ ਵਿੱਚ ਸਾਂਝੀ ਹੋਣਾ

12ਹੁਣ ਹੇ ਪਿਆਰਿਓ, ਜਿਹੜੀ ਬਿਪਤਾ ਦਾ ਲਾਂਬੂ ਤੁਹਾਨੂੰ ਪਰਖਣ ਲਈ ਤੁਹਾਡੇ ਉੱਤੇ ਪਿਆ ਹੋਇਆ ਹੈ, ਉਹ ਨੂੰ ਅਚਰਜ ਨਾ ਮੰਨੋ ਕਿ ਜਿਵੇਂ ਤੁਹਾਡੇ ਨਾਲ ਕੋਈ ਅਨੋਖੀ ਗੱਲ ਬੀਤਦੀ ਹੈ13ਸਗੋਂ ਜਿੰਨੇ ਕੁ ਤੁਸੀਂ ਮਸੀਹ ਦੇ ਦੁੱਖਾਂ ਵਿੱਚ ਸਾਂਝੀ ਹੋ ਓਨਾ ਕੁ ਆਨੰਦ ਕਰੋ ਤਾਂ ਕਿ ਉਹ ਦੇ ਤੇਜ ਦੇ ਪ੍ਰਕਾਸ਼ ਹੋਣ ਦੇ ਵੇਲੇ ਵੀ ਤੁਸੀਂ ਬਹੁਤ ਆਨੰਦ ਨਾਲ ਨਿਹਾਲ ਹੋਵੋ14ਜੇ ਮਸੀਹ ਦੇ ਨਾਮ ਦੇ ਕਾਰਨ ਤੁਹਾਨੂੰ ਬੋਲੀਆਂ ਵੱਜਣ ਤਾਂ ਧੰਨ ਹੋ, ਕਿਉਂਕਿ ਤੇਜ ਦਾ ਅਤੇ ਪਰਮੇਸ਼ੁਰ ਦਾ ਆਤਮਾ ਤੁਹਾਡੇ ਉੱਤੇ ਠਹਿਰਦਾ ਹੈ
15ਪਰ ਇਸ ਤਰ੍ਹਾਂ ਨਾ ਹੋਵੇ ਜੋ ਤੁਹਾਡੇ ਵਿੱਚੋਂ ਕੋਈ ਖੂਨੀ ਜਾਂ ਚੋਰ ਜਾਂ ਬੁਰਾ ਜਾਂ ਹੋਰਨਾਂ ਦੇ ਕੰਮਾਂ ਵਿੱਚ ਲੱਤ ਫਸਾਉਣ ਵਾਲਾ ਹੋ ਕੇ ਦੁੱਖ ਪਾਵੇ16ਪਰ ਜੇ ਕੋਈ ਮਸੀਹੀ ਹੋਣ ਕਰਕੇ ਦੁੱਖ ਪਾਵੇ ਤਾਂ ਲੱਜਿਆਵਾਨ ਨਾ ਹੋਵੇ ਸਗੋਂ ਇਸ ਨਾਮ ਦੇ ਕਾਰਨ ਪਰਮੇਸ਼ੁਰ ਦੀ ਵਡਿਆਈ ਕਰੋ
17ਕਿਉਂ ਜੋ ਸਮਾਂ ਆ ਪਹੁੰਚਿਆ ਕਿ ਪਰਮੇਸ਼ੁਰ ਦੇ ਘਰੋਂ ਨਿਆਂ ਸ਼ੁਰੂ ਹੋਵੇ ਅਤੇ ਜੇ ਉਹ ਪਹਿਲਾਂ ਸਾਡੇ ਤੋਂ ਸ਼ੁਰੂ ਹੋਵੇ ਤਾਂ ਉਹਨਾਂ ਦਾ ਅੰਤ ਕੀ ਹੋਵੇਗਾ ਜਿਹੜੇ ਪਰਮੇਸ਼ੁਰ ਦੀ ਖੁਸ਼ਖਬਰੀ ਨੂੰ ਨਹੀਂ ਮੰਨਦੇ18ਜੇ ਧਰਮੀ ਮਰ ਮਰ ਕੇ ਬਚਦਾ ਹੈ, ਤਾਂ ਭਗਤੀਹੀਣ ਅਤੇ ਪਾਪੀ ਦਾ ਕੀ ਠਿਕਾਣਾ ?19ਇਸ ਲਈ ਜਿਹੜੇ ਪਰਮੇਸ਼ੁਰ ਦੀ ਮਰਜ਼ੀ ਦੇ ਅਨੁਸਾਰ ਦੁੱਖ ਭੋਗਦੇ ਹਨ, ਉਹ ਸ਼ੁਭ ਕੰਮ ਕਰਦੇ ਹੋਏ ਆਪਣੀਆਂ ਜਾਨਾਂ ਨੂੰ ਉਸ ਵਿਸ਼ਵਾਸਯੋਗ ਸਿਰਜਣਹਾਰ ਦੇ ਹੱਥਾਂ ਵਿੱਚ ਸੌਪ ਦੇਣ l

5
ਬਜ਼ੁਰਗਾਂ ਅਤੇ ਜੁਆਨਾਂ ਨੂੰ ਸੰਦੇਸ਼

1ਜਿਹੜੇ ਬਜ਼ੁਰਗ ਤੁਹਾਡੇ ਵਿੱਚ ਹਨ, ਮੈਂ ਜੋ ਉਹਨਾਂ ਦੇ ਨਾਲ ਦਾ ਬਜ਼ੁਰਗ ਅਤੇ ਮਸੀਹ ਦੇ ਦੁੱਖਾਂ ਦਾ ਗਵਾਹ ਅਤੇ ਉਸ ਤੇਜ ਵਿੱਚ ਜੋ ਪ੍ਰਕਾਸ਼ ਹੋਣ ਵਾਲਾ ਹੈ ਸਾਂਝੀ ਹਾਂ, ਉਹਨਾਂ ਅੱਗੇ ਇਹ ਬੇਨਤੀ ਕਰਦਾ ਹਾਂ,2ਕਿ ਤੁਸੀਂ ਪਰਮੇਸ਼ੁਰ ਦੇ ਉਸ ਇੱਜੜ ਦੀ ਜੋ ਤੁਹਾਡੇ ਵਿੱਚ ਹੈ ਚਰਵਾਹੀ ਕਰੋ ਪਰ ਲਚਾਰੀ ਨਾਲ ਨਹੀਂ ਸਗੋਂ ਖੁਸ਼ੀ ਨਾਲ ਪਰਮੇਸ਼ੁਰ ਦੀ ਮਰਜ਼ੀ ਅਨੁਸਾਰ ਅਤੇ ਨਾ ਝੂਠੇ ਨਫ਼ੇ ਦੇ ਕਾਰਨ ਮਨ ਦੀ ਇੱਛਾ ਨਾਲ3ਅਤੇ ਉਹਨਾਂ ਉੱਤੇ ਜਿਹੜੇ ਤੁਹਾਡੇ ਅਧੀਨ ਹਨ ਹੁਕਮ ਨਾਮ ਚਲਾਓ ਸਗੋਂ ਇੱਜੜ ਦੇ ਲਈ ਨਮੂਨਾ ਬਣੋ4ਤਾਂ ਜਿਸ ਵੇਲੇ ਪਰਧਾਨ ਅਯਾਲੀ ਪਰਗਟ ਹੋਵੇਗਾ ਤੁਹਾਨੂੰ ਤੇਜ ਦਾ ਮੁਕਟ ਮਿਲੇਗਾ, ਜਿਹੜਾ ਮੁਰਝਾਉਂਦਾ ਨਹੀਂ

5ਇਸੇ ਤਰ੍ਹਾਂ ਹੇ ਜਵਾਨੋ, ਬਜ਼ੁਰਗਾਂ ਦੇ ਅਧੀਨ ਹੋਵੋ, ਸਗੋਂ ਤੁਸੀਂ ਸਾਰੇ ਇੱਕ ਦੂਜੇ ਦੀ ਸੇਵਾ ਕਰਨ ਲਈ ਮਨ ਦੀ ਹਲੀਮੀ ਨਾਲ ਲੱਕ ਬੰਨੋ, ਕਿਉਂਕਿ ਪਰਮੇਸ਼ੁਰ ਹੰਕਾਰੀਆਂ ਦਾ ਸਾਹਮਣਾ ਕਰਦਾ ਹੈ ਪਰ ਹਲੀਮਾਂ ਉੱਤੇ ਕਿਰਪਾ ਕਰਦਾ ਹੈ6ਸੋ ਆਪਣੇ ਆਪ ਨੂੰ ਪਰਮੇਸ਼ੁਰ ਦੇ ਬਲਵੰਤ ਹੱਥ ਦੇ ਹੇਠ ਨੀਵਿਆਂ ਕਰੋ ਤਾਂ ਕਿ ਉਹ ਤੁਹਾਨੂੰ ਸਮੇਂ ਸਿਰ ਉੱਚਿਆਂ ਕਰੇ7ਅਤੇ ਆਪਣੀ ਚਿੰਤਾ ਉਸ ਉੱਤੇ ਸੁੱਟ ਦੇਵੋ ਕਿਉਂ ਜੋ ਉਹ ਨੂੰ ਤੁਹਾਡਾ ਫ਼ਿਕਰ ਹੈ
8ਸੁਚੇਤ ਹੋਵੋ, ਜਾਗਦੇ ਰਹੋ ਤੁਹਾਡਾ ਵਿਰੋਧੀ ਸ਼ੈਤਾਨ ਗਰਜਦੇ ਸ਼ੇਰ ਦੀ ਤਰ੍ਹਾਂ ਭਾਲਦਾ ਫਿਰਦਾ ਹੈ ਕਿ ਕਿਸਨੂੰ ਪਾੜ ਖਾਵਾਂ9ਤੁਸੀਂ ਆਪਣੇ ਵਿਸ਼ਵਾਸ ਵਿੱਚ ਮਜ਼ਬੂਤ ਹੋ ਕੇ ਉਹ ਦਾ ਸਾਹਮਣਾ ਕਰੋ ਇਹ ਜਾਣ ਕੇ ਜੋ ਜਿਹੜੇ ਤੁਹਾਡੇ ਭੈਣ-ਭਾਈ ਸੰਸਾਰ ਵਿੱਚ ਹਨ ਉਹਨਾਂ ਨੂੰ ਵੀ ਇਹੋ ਦੁੱਖ ਸਹਿਣੇ ਪੈਂਦੇ ਹਨ
10ਅਤੇ ਪਰਮ ਕਿਰਪਾਲੂ ਪਰਮੇਸ਼ੁਰ ਜਿਸ ਨੇ ਤੁਹਾਨੂੰ ਆਪਣੇ ਸਦੀਪਕ ਤੇਜ ਦੇ ਲਈ ਮਸੀਹ ਵਿੱਚ ਸੱਦਿਆ, ਜਦ ਤੁਸੀਂ ਥੋੜ੍ਹਾ ਚਿਰ ਦੁੱਖ ਭੋਗ ਲਿਆ ਤਾਂ ਆਪੇ ਤੁਹਾਨੂੰ ਕਾਮਿਲ, ਕਾਇਮ ਅਤੇ ਮਜ਼ਬੂਤ ਕਰੇਗਾ11ਪਰਾਕਰਮ ਜੁੱਗੋ-ਜੁੱਗ ਉਸਦਾ ਹੋਵੇ । ਆਮੀਨ ।
ਆਖਰੀ ਨਮਸਕਾਰ

12ਮੈਂ ਤੁਹਾਨੂੰ ਸਿਲਵਾਨੁਸ ਦੇ ਹੱਥੀਂ ਜੋ ਮੇਰੀ ਸਮਝ ਵਿੱਚ ਸਾਡਾ ਵਫ਼ਾਦਾਰ ਭਾਈ ਹੈ ਥੋੜ੍ਹੇ ਵਿੱਚ ਲਿਖ ਕੇ ਉਪਦੇਸ਼ ਦੀ ਗਵਾਹੀ ਦਿੱਤੀ ਭਈ ਪਰਮੇਸ਼ੁਰ ਦੀ ਸੱਚੀ ਕਿਰਪਾ ਇਹ ਹੀ ਹੈ, ਉਸ ਦੇ ਉੱਤੇ ਤੁਸੀਂ ਖੜੇ ਹੋ13ਬਾਬੁਲ ਵਿੱਚ ਜਿਹੜੀ ਤੁਹਾਡੇ ਨਾਲ ਦੀ ਚੁਣੀ ਹੋਈ ਹੈ ਉਹ ਅਤੇ ਮੇਰਾ ਪੁੱਤਰ ਮਰਕੁਸ ਤੁਹਾਡੀ ਸੁੱਖ-ਸਾਂਦ ਪੁੱਛਦੇ ਹਨ14ਤੁਸੀਂ ਪਿਆਰ ਨਾਲ ਇੱਕ ਦੂਜੇ ਨੂੰ ਚੁੰਮ ਕੇ ਸੁੱਖ-ਸਾਂਦ ਪੁੱਛੋ, ਤੁਹਾਨੂੰ ਸਭ ਨੂੰ ਜਿਹੜੇ ਮਸੀਹ ਵਿੱਚ ਹੋ ਸ਼ਾਂਤੀ ਮਿਲਦੀ ਰਹੇ ।

ਪਤਰਸ ਦੀ ਦੂਜੀ ਪੱਤ੍ਰੀ

1
ਨਮਸਕਾਰ

1ਸ਼ਮਊਨ ਪਤਰਸ, ਜਿਹੜਾ ਯਿਸੂ ਮਸੀਹ ਦਾ ਦਾਸ ਅਤੇ ਰਸੂਲ ਹਾਂ । ਅੱਗੇ ਯੋਗ ਜਿਨ੍ਹਾਂ ਨੂੰ ਸਾਡੇ ਪਰਮੇਸ਼ੁਰ ਅਤੇ ਮੁਕਤੀਦਾਤੇ ਯਿਸੂ ਮਸੀਹ ਦੀ ਧਾਰਮਿਕਤਾ ਦੇ ਰਾਹੀਂ ਸਾਡੇ ਵਾਂਗੂੰ ਵਡਮੁੱਲਾ ਵਿਸ਼ਵਾਸ ਪ੍ਰਾਪਤ ਹੋਇਆ ਹੈ l2ਪਰਮੇਸ਼ੁਰ ਅਤੇ ਸਾਡੇ ਪ੍ਰਭੂ ਯਿਸੂ ਦੇ ਗਿਆਨ ਦੇ ਰਾਹੀਂ ਕਿਰਪਾ ਅਤੇ ਸ਼ਾਂਤੀ ਤੁਹਾਡੇ ਅੰਦਰ ਵੱਧ ਤੋਂ ਵੱਧ ਹੁੰਦੀ ਜਾਵੇ ।

ਬੁਲਾਹਟ ਅਤੇ ਚੁਣਾਵ

3ਉਸ ਦੀ ਰੂਹਾਨੀ ਸਮਰੱਥਾ ਨੇ ਉਹ ਸਭ ਕੁੱਝ ਜੋ ਜੀਵਨ ਅਤੇ ਭਗਤੀ ਲਈ ਚਾਹੀਦਾ ਹੈ, ਸਾਨੂੰ ਪਰਮੇਸ਼ੁਰ ਦੇ ਗਿਆਨ ਦੇ ਦੁਆਰਾ ਦਿੱਤਾ ਹੈ, ਜਿਸ ਨੇ ਆਪਣੀ ਮਹਿਮਾ ਅਤੇ ਗੁਣ ਨਾਲ ਸਾਨੂੰ ਸੱਦਿਆ ਹੈ l4ਜਿਹਨਾਂ ਦੇ ਰਾਹੀਂ ਉਹਨਾਂ ਨੇ ਸਾਨੂੰ ਵਡਮੁੱਲੇ ਵੱਡੇ-ਵੱਡੇ ਵਾਅਦੇ ਦਿੱਤੇ ਹਨ ਕਿ ਤੁਸੀਂ ਉਸ ਵਿਨਾਸ਼ ਤੋਂ ਛੁੱਟ ਕੇ ਜੋ ਕਾਮਨਾਂ ਦੇ ਕਾਰਨ ਸੰਸਾਰ ਵਿੱਚ ਹੈ, ਉਹਨਾਂ ਦੇ ਦੁਆਰਾ ਪਰਮੇਸ਼ੁਰਤਾਈ ਦੇ ਸੁਭਾਅ ਵਿੱਚ ਸਾਂਝੀ ਹੋ ਜਾਓ l
5ਸੋ ਇਸੇ ਕਾਰਨ ਤੁਸੀਂ ਆਪਣੇ ਵੱਲੋਂ ਵੱਡਾ ਯਤਨ ਕਰ ਕੇ ਆਪਣੇ ਵਿਸ਼ਵਾਸ ਨਾਲ ਨੇਕੀ ਅਤੇ ਨੇਕੀ ਨਾਲ ਗਿਆਨ6ਅਤੇ ਗਿਆਨ ਨਾਲ ਸੰਜਮ ਅਤੇ ਸੰਜਮ ਨਾਲ ਭਗਤੀ7ਅਤੇ ਭਗਤੀ ਨਾਲ ਭਾਈਚਾਰੇ ਦੇ ਪਿਆਰ ਨਾਲ ਪਿਆਰ ਨੂੰ ਵਧਾਈ ਜਾਓ l
8ਕਿਉਂ ਜੋ ਇਹ ਗੁਣ ਜੋ ਤੁਹਾਡੇ ਵਿੱਚ ਹੋਣ ਅਤੇ ਵਧਦੇ ਜਾਣ ਤਾਂ ਉਹ ਤੁਹਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੇ ਗਿਆਨ ਵਿੱਚ ਆਲਸੀ ਅਤੇ ਬੇਫ਼ਲ ਨਾ ਹੋਣ ਦੇਣਗੇ l9ਪਰ ਜਿਸ ਦੇ ਵਿੱਚ ਇਹ ਗੱਲਾਂ ਨਹੀਂ ਉਹ ਅੰਨ੍ਹਾ ਹੈ, ਉਹ ਨੂੰ ਧੁੰਦਲਾ ਵਿਖਾਈ ਦਿੰਦਾ ਹੈ ਅਤੇ ਭੁੱਲ ਗਿਆ ਹੈ ਕਿ ਮੈਂ ਆਪਣੇ ਪਹਿਲੇ ਪਾਪਾਂ ਤੋਂ ਸ਼ੁੱਧ ਕੀਤਾ ਗਿਆ ਸੀ l
10ਇਸ ਕਾਰਨ ਹੇ ਭਰਾਵੋ, ਆਪਣੇ ਸੱਦੇ ਜਾਣ ਅਤੇ ਚੁਣੇ ਜਾਣ ਨੂੰ ਪੱਕਿਆਂ ਕਰਨ ਦਾ ਹੋਰ ਵੀ ਯਤਨ ਕਰੋ, ਕਿਉਂਕਿ ਜੇ ਤੁਸੀਂ ਇਹ ਕੰਮ ਕਰੋ ਤਾਂ ਕਦੇ ਠੇਡਾ ਨਾ ਖਾਓਗੇ l11ਕਿਉਂ ਜੋ ਇਸੇ ਪ੍ਰਕਾਰ ਤੁਸੀਂ ਸਾਡੇ ਪ੍ਰਭੂ ਅਤੇ ਮੁਕਤੀਦਾਤੇ ਯਿਸੂ ਮਸੀਹ ਦੇ ਸਦੀਪਕ ਰਾਜ ਵਿੱਚ ਦਾਖਿਲ ਹੋ ਸਕੋਗੇ ।
ਪਤਰਸ ਦਾ ਆਖਰੀ ਸਮਾਂ

12ਇਸ ਲਈ ਮੈਂ ਤੁਹਾਨੂੰ ਸਦਾ ਇਹ ਗੱਲਾਂ ਚੇਤੇ ਕਰਾਉਣ ਦਾ ਧਿਆਨ ਰੱਖਾਂਗਾ, ਭਾਵੇਂ ਤੁਸੀਂ ਇਹਨਾਂ ਨੂੰ ਜਾਣਦੇ ਹੀ ਹੋ ਅਤੇ ਉਸ ਸਚਿਆਈ ਉੱਤੇ ਜਿਹੜੀ ਤੁਹਾਡੇ ਕੋਲ ਹੈ, ਸਥਿਰ ਕੀਤੇ ਹੋਏ ਹੋ l13ਪਰ ਮੈਂ ਇਹ ਯੋਗ ਸਮਝਦਾ ਹਾਂ ਕਿ ਜਦੋਂ ਤੱਕ ਮੈਂ ਇਸ ਤੰਬੂ ਵਿੱਚ ਹਾਂ, ਮੈਂ ਤੁਹਾਨੂੰ ਯਾਦ ਕਰਾ ਕੇ ਪ੍ਰੇਰਨਾਂ ਦਿੰਦਾ ਰਹਾਂਗਾ l14ਕਿਉਂ ਜੋ ਮੈਂ ਜਾਣਦਾ ਹਾਂ ਜੋ ਮੇਰੇ ਤੰਬੂ ਦੇ ਡਿੱਗਣ ਦਾ ਸਮਾਂ ਆ ਗਿਆ ਹੈ ਜਿਵੇਂ ਸਾਡੇ ਪ੍ਰਭੂ ਯਿਸੂ ਮਸੀਹ ਨੇ ਮੇਰੇ ਉੱਤੇ ਇਹ ਪਹਿਲਾਂ ਹੀ ਪਰਗਟ ਕੀਤਾ ਸੀ l15ਸਗੋਂ ਮੈਂ ਯਤਨ ਕਰਾਂਗਾ ਜੋ ਤੁਸੀਂ ਮੇਰੇ ਜਾਣ ਦੇ ਮਗਰੋਂ ਇਹਨਾਂ ਗੱਲਾਂ ਨੂੰ ਹਰ ਵੇਲੇ ਚੇਤੇ ਰੱਖੋ ।
ਮਸੀਹ ਦੀ ਮਹਿਮਾ ਦੇ ਚਸ਼ਮਦੀਦ ਗਵਾਹ

16ਕਿਉਂ ਜੋ ਅਸੀਂ ਤੁਹਾਨੂੰ ਆਪਣੇ ਪ੍ਰਭੂ ਯਿਸੂ ਮਸੀਹ ਦੀ ਸਮਰੱਥਾ ਅਤੇ ਉਸ ਦੇ ਆਉਣ ਤੋਂ ਜਾਣੂ ਕਰਵਾਇਆ, ਚਤਰਾਈ ਦੀਆਂ ਬਣਾਉਟੀ ਕਹਾਣੀਆਂ ਦੇ ਮਗਰ ਲੱਗ ਕੇ ਨਹੀਂ ਸਗੋਂ ਉਹ ਦੀ ਮਹਾਨਤਾ ਨੂੰ ਆਪਣੀ ਅੱਖੀਂ ਵੇਖ ਕੇ ਕੀਤਾ l17ਕਿਉਂ ਜੋ ਉਹ ਨੂੰ ਪਿਤਾ ਪਰਮੇਸ਼ੁਰ ਕੋਲੋਂ ਆਦਰ ਅਤੇ ਵਡਿਆਈ ਮਿਲੀ ਸੀ, ਜਿਸ ਵੇਲੇ ਉਸ ਪਰਤਾਪੀ ਮਹਿਮਾ ਤੋਂ ਉਹ ਨੂੰ ਇਹ ਸ਼ਬਦ ਆਇਆ ਕਿ ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਪ੍ਰਸੰਨ ਹਾਂ l18ਅਤੇ ਅਸੀਂ ਇਹ ਸ਼ਬਦ ਸਵਰਗ ਤੋਂ ਆਉਂਦਾ ਸੁਣਿਆ ਜਿਸ ਵੇਲੇ ਅਸੀਂ ਪਵਿੱਤਰ ਪਹਾੜ ਉੱਤੇ ਉਹ ਦੇ ਨਾਲ ਸੀ l
19ਅਤੇ ਭਵਿੱਖਬਾਣੀ ਦਾ ਬਚਨ ਸਾਡੇ ਕੋਲ ਹੋਰ ਵੀ ਪੱਕਾ ਕੀਤਾ ਹੋਇਆ ਹੈ ਅਤੇ ਤੁਸੀਂ ਚੰਗਾ ਕਰਦੇ ਹੋ ਜੋ ਉਸ ਵੱਲ ਧਿਆਨ ਲਾਉਂਦੇ ਹੋ ਜਿਵੇਂ ਇੱਕ ਦੀਵੇ ਵੱਲ ਜੋ ਹਨੇਰੇ ਥਾਂ ਵਿੱਚ ਚਮਕਦਾ ਹੈ, ਜਦੋਂ ਤੱਕ ਪਹੁ ਨਾ ਫੁੱਟੇ ਅਤੇ ਦਿਨ ਦਾ ਤਾਰਾ ਤੁਹਾਡਿਆਂ ਦਿਲਾਂ ਵਿੱਚ ਨਾ ਚੜ੍ਹ ਆਵੇ20ਕਿ ਪਹਿਲਾਂ ਤੁਸੀਂ ਇਹ ਜਾਣਦੇ ਹੋ ਕਿ ਪਵਿੱਤਰ ਸ਼ਾਸਤਰ ਦੇ ਕਿਸੇ ਭਵਿੱਖਬਾਣੀ ਦਾ ਅਰਥ ਆਪਣੇ ਯਤਨ ਨਾਲ ਨਹੀਂ ਹੁੰਦਾ l21ਕਿਉਂਕਿ ਕੋਈ ਭਵਿੱਖਬਾਣੀ ਮਨੁੱਖ ਦੀ ਮਰਜ਼ੀ ਤੋਂ ਕਦੇ ਨਹੀਂ ਹੋਈ ਸਗੋਂ ਮਨੁੱਖ ਪਵਿੱਤਰ ਆਤਮਾ ਦੀ ਪ੍ਰੇਰਨਾ ਨਾਲ ਪਰਮੇਸ਼ੁਰ ਦੀ ਵੱਲੋਂ ਬੋਲਦੇ ਸਨ ।

2
ਝੂਠੇ ਗੁਰੂ

1ਪਰ ਉਨ੍ਹਾਂ ਲੋਕਾਂ ਵਿੱਚ ਝੂਠੇ ਨਬੀ ਵੀ ਉੱਠੇ ਜਿਵੇਂ ਤੁਹਾਡੇ ਵਿੱਚ ਵੀ ਝੂਠੇ ਉਪਦੇਸ਼ਕ ਹੋਣਗੇ, ਜਿਹੜੇ ਨਾਸ ਕਰਨ ਵਾਲੀਆਂ ਗੱਲਾਂ ਚੋਰੀ ਅੰਦਰ ਲਿਆਉਣਗੇ ਅਤੇ ਉਸ ਸੁਆਮੀ ਦਾ ਜਿਸ ਨੇ ਉਨ੍ਹਾਂ ਨੂੰ ਮੁੱਲ ਲਿਆ ਸੀ ਇਨਕਾਰ ਕਰ ਕੇ ਛੇਤੀ ਆਪਣਾ ਨਾਸ ਕਰਾਉਣਗੇ ।2ਅਤੇ ਬਹੁਤੇ ਉਨ੍ਹਾਂ ਦੇ ਲੁੱਚਪੁਣੇ ਦੇ ਮਗਰ ਲੱਗ ਤੁਰਨਗੇ ਅਤੇ ਉਨ੍ਹਾਂ ਦੇ ਕਾਰਨ ਸਚਿਆਈ ਦੇ ਮਾਰਗ ਦੀ ਨਿੰਦਿਆ ਕੀਤੀ ਜਾਵੇਗੀ ।3ਅਤੇ ਲਾਲਚ ਦੇ ਕਾਰਨ ਉਹ ਬਣਾਉਟੀ ਗੱਲਾਂ ਨਾਲ ਤੁਹਾਨੂੰ ਕਮਾਈ ਦਾ ਢੰਗ ਬਣਾ ਛੱਡਣਗੇ । ਉਨ੍ਹਾਂ ਉੱਤੇ ਸਜ਼ਾ ਦਾ ਹੁਕਮ ਜਿਹੜਾ ਪਹਿਲਾਂ ਹੀ ਹੋਇਆ ਹੈ ਅਤੇ ਉਨ੍ਹਾਂ ਦਾ ਨਾਸ ਸੁੱਤਾ ਨਹੀਂ ਪਿਆ ।

4ਕਿਉਂਕਿ ਜਦੋਂ ਪਰਮੇਸ਼ੁਰ ਨੇ ਦੂਤਾਂ ਨੂੰ ਨਹੀਂ ਛੱਡਿਆ ਜਿਸ ਵੇਲੇ ਉਨ੍ਹਾਂ ਪਾਪ ਕੀਤਾ, ਸਗੋਂ ਉਹਨਾਂ ਨੂੰ ਨਰਕ ਵਿੱਚ ਸੁੱਟ ਕੇ ਅੰਧਕਾਰ ਵਿੱਚ ਬੰਨ ਕੇ ਰੱਖਿਆ ਤਾਂ ਕਿ ਨਿਆਂ ਦੇ ਲਈ ਕੈਦ ਵਿੱਚ ਰਹਿਣ ।5ਅਤੇ ਨਾ ਪੁਰਾਣੇ ਸੰਸਾਰ ਨੂੰ ਛੱਡਿਆ ਸਗੋਂ ਜਿਸ ਵੇਲੇ ਕੁਧਰਮੀਆਂ ਦੇ ਸੰਸਾਰ ਉੱਤੇ ਪਰਲੋ ਲਿਆਂਦੀ ਤਾਂ ਨੂਹ ਨੂੰ ਜਿਹੜਾ ਧਾਰਮਿਕਤਾ ਦਾ ਪਰਚਾਰਕ ਸੀ ਸੱਤਾਂ ਹੋਰਨਾਂ ਨਾਲ ਬਚਾ ਲਿਆ ।6ਅਤੇ ਸਦੂਮ ਅਤੇ ਅਮੂਰਾਹ ਦੇ ਨਗਰਾਂ ਨੂੰ ਸੁਆਹ ਕਰ ਕੇ ਢਾਹ ਸੁੱਟਣ ਦਾ ਹੁਕਮ ਦਿੱਤਾ ਅਤੇ ਉਨ੍ਹਾਂ ਨੂੰ ਉਹ ਦੇ ਬਾਅਦ ਦੇ ਕੁਧਰਮੀਆਂ ਲਈ ਇੱਕ ਨਮੂਨਾ ਠਹਿਰਾਇਆ ਹੈ ।
7ਅਤੇ ਲੂਤ ਨੂੰ ਜਿਹੜਾ ਧਰਮੀ ਸੀ ਅਤੇ ਦੁਸ਼ਟਾਂ ਦੇ ਲੁੱਚਪੁਣੇ ਦੀ ਚਾਲ ਤੋਂ ਦੁੱਖੀ ਹੁੰਦਾ ਸੀ, ਬਚਾ ਲਿਆ ।8(ਕਿਉਂ ਜੋ ਉਹ ਧਰਮੀ ਪੁਰਖ ਉਨ੍ਹਾਂ ਵਿੱਚ ਵਸਦਿਆਂ ਉਨ੍ਹਾਂ ਦੇ ਭੈੜੇ ਕੰਮਾਂ ਨੂੰ ਵੇਖ ਤੇ ਸੁਣ ਕੇ ਦਿਨੋ ਦਿਨ ਆਪਣੀ ਧਰਮੀ ਜਾਨ ਨੂੰ ਦੁੱਖ ਦਿੰਦਾ ਸੀ )9ਤਾਂ ਪ੍ਰਭੂ ਭਗਤਾਂ ਨੂੰ ਪਰਤਾਵੇ ਵਿੱਚੋਂ ਕੱਢਣਾ ਅਤੇ ਕੁਧਰਮੀਆਂ ਨੂੰ ਨਿਆਂ ਦੇ ਦਿਨ ਤੱਕ ਸਜ਼ਾ ਹੇਠ ਰੱਖਣਾ ਜਾਣਦਾ ਹੈ !
10ਪਰ ਬਹੁਤ ਕਰਕੇ ਉਨ੍ਹਾਂ ਨੂੰ, ਜਿਹੜੇ ਸਰੀਰ ਦੇ ਅਨੁਸਾਰ ਗੰਦੀ ਕਾਮਨਾ ਵਿੱਚ ਚੱਲਦੇ ਹਨ ਅਤੇ ਹਕੂਮਤ ਨੂੰ ਤੁਛ ਜਾਣਦੇ ਹਨ । ਉਹ ਢੀਠ ਅਤੇ ਮਨ ਮਰਜ਼ੀ ਕਰਨ ਵਾਲੇ ਹਨ ਅਤੇ ਪਰਤਾਪ ਵਾਲਿਆਂ ਦੀ ਨਿੰਦਿਆ ਕਰਨ ਤੋਂ ਨਹੀਂ ਡਰਦੇ ।11ਭਾਵੇਂ ਦੂਤ ਜਿਹੜੇ ਬਲ ਅਤੇ ਸਮਰੱਥਾ ਵਿੱਚ ਉਨ੍ਹਾਂ ਨਾਲੋਂ ਵੱਡੇ ਹਨ, ਮਿਹਣਾ ਮਾਰ ਕੇ ਪ੍ਰਭੂ ਦੇ ਅੱਗੇ ਉਨ੍ਹਾਂ ਉੱਤੇ ਦੋਸ਼ ਨਹੀਂ ਲਾਉਂਦੇ ਹਨ ।
12ਪਰ ਇਹ ਲੋਕ ਉਨ੍ਹਾਂ ਪਸ਼ੂਆਂ ਦੇ ਵਰਗੇ ਹਨ ਜਿਹੜੇ ਅਸਲ ਵਿੱਚ ਬੁੱਧਹੀਣ ਹਨ ਅਤੇ ਸ਼ਿਕਾਰ ਕੀਤੇ ਜਾਣ ਤੇ ਨਸ਼ਟ ਹੋਣ ਲਈ ਉਤਪਤ ਹੋਏ ਹਨ, ਇਹ ਜਿਨ੍ਹਾਂ ਗੱਲਾਂ ਨੂੰ ਨਹੀਂ ਸਮਝਦੇ ਹਨ ਉਹਨਾਂ ਦੇ ਵਿਰੁੱਧ ਬੋਲਦੇ ਹੋਏ, ਉਨ੍ਹਾਂ ਦੇ ਨਾਸ ਕਰਨ ਨਾਲ ਆਪੇ ਨਾਸ ਹੋਣਗੇ ਅਤੇ ਕੁਧਰਮ ਕਰਕੇ ਕੁਧਰਮ ਦਾ ਫਲ ਭੋਗਣਗੇ ।13ਦਿਨੇ ਉਹ ਭੋਗ ਬਿਲਾਸ ਵਿੱਚ ਖੁਸ਼ ਹੁੰਦੇ ਹਨ, ਉਹ ਕਲੰਕ ਅਤੇ ਦਾਗ ਹਨ ਅਤੇ ਭਾਵੇਂ ਉਹ ਤੁਹਾਡੇ ਨਾਲ ਖਾਂਦੇ-ਪੀਂਦੇ ਹਨ ਪਰ ਆਪਣਿਆਂ ਪਿਆਰ ਭੋਜਨਾਂ ਵਿੱਚ ਭੋਗ ਬਿਲਾਸ ਕਰਦੇ ਹਨ ।14ਉਨ੍ਹਾਂ ਦੀਆਂ ਅੱਖਾਂ ਵਿਭਚਾਰਣਾਂ ਵੱਲ ਲੱਗੀਆਂ ਹੋਈਆਂ ਹਨ ਅਤੇ ਪਾਪ ਵੱਲੋਂ ਰੁਕ ਹੀ ਨਹੀਂ ਸਕਦੀਆਂ । ਉਹ ਡੋਲਣ ਵਾਲੇ ਜੀਵਾਂ ਨੂੰ ਭਰਮਾਉਂਦੇ ਹਨ । ਉਨ੍ਹਾਂ ਦੇ ਮਨ ਲੋਭ ਵਿੱਚ ਪੱਕੇ ਹੋਏ ਹਨ । ਉਹ ਸਰਾਪ ਦੇ ਪੁੱਤਰ ਹਨ !
15ਉਹ ਸਿੱਧੇ ਰਾਹ ਨੂੰ ਛੱਡ ਕੇ ਕੁਰਾਹੇ ਪੈ ਗਏ ਅਤੇ ਬਿਓਰ ਦੇ ਪੁੱਤਰ ਬਿਲਆਮ ਦੇ ਮਾਰਗ ਹੋ ਤੁਰੇ, ਜਿਸ ਨੇ ਕੁਧਰਮ ਦੀ ਮਜ਼ਦੂਰੀ ਨੂੰ ਪਿਆਰਾ ਜਾਣਿਆ ।16ਪਰ ਉਹ ਨੇ ਆਪਣੇ ਅਪਰਾਧ ਕਾਰਨ ਝਿੜਕ ਖਾਧੀ । ਇੱਕ ਬੇਜ਼ੁਬਾਨ ਖੋਤੀ ਨੇ ਮਨੁੱਖ ਦੀ ਬੋਲੀ ਵਿੱਚ ਬੋਲ ਕੇ ਉਸ ਨਬੀ ਦੇ ਪਾਗਲਪਣ ਨੂੰ ਰੋਕ ਦਿੱਤਾ ।
17ਉਹ ਸੁੱਕੇ ਖੂਹ ਹਨ । ਉਹ ਹਨੇਰੀ ਦੇ ਉਡਾਏ ਹੋਏ ਬੱਦਲ ਹਨ ਜਿਨ੍ਹਾਂ ਲਈ ਅਨ੍ਹੇਰ ਘੁੱਪ ਰੱਖਿਆ ਹੋਇਆ ਹੈ ।18ਕਿਉਂ ਜੋ ਉਹ ਵੱਡੀਆਂ ਫੋਕੀਆਂ ਗੱਪਾਂ ਮਾਰ ਕੇ, ਉਨ੍ਹਾਂ ਨੂੰ ਜਿਹੜੇ ਭੁੱਲਿਆਂ ਹੋਇਆਂ ਤੋਂ ਹੁਣੇ ਬਚ ਕੇ ਨਿੱਕਲਣ ਲੱਗੇ ਹਨ, ਲੁੱਚਪੁਣੇ ਨਾਲ ਸਰੀਰ ਦੀਆਂ ਕਾਮਨਾਂ ਵੱਲ ਭਰਮਾ ਲੈਂਦੇ ਹਨ ।19ਉਹ ਉਨ੍ਹਾਂ ਨਾਲ ਅਜ਼ਾਦੀ ਦਾ ਵਾਇਦਾ ਤਾਂ ਕਰਦੇ ਹਨ ਪਰ ਉਹ ਆਪ ਵਿਨਾਸ਼ ਦੇ ਗੁਲਾਮ ਹਨ, ਕਿਉਂਕਿ ਜਿਸ ਦੇ ਕੋਈ ਅਧੀਨ ਹੋ ਗਿਆ ਸੋ ਉਹ ਦਾ ਗੁਲਾਮ ਹੈ ।
20ਜੇਕਰ ਉਹ ਪ੍ਰਭੂ ਅਤੇ ਮੁਕਤੀਦਾਤਾ ਯਿਸੂ ਮਸੀਹ ਦੇ ਗਿਆਨ ਦੇ ਦੁਆਰਾ ਸੰਸਾਰ ਦੇ ਗੰਦ-ਮੰਦ ਤੋਂ ਬਚ ਕੇ ਉਸ ਵਿੱਚ ਮੁੜ ਕੇ ਫਸਣ ਅਤੇ ਅਧੀਨ ਹੋ ਜਾਣ ਤਾਂ ਉਨ੍ਹਾਂ ਦਾ ਪਿਛਲਾ ਹਾਲ ਪਹਿਲੇ ਨਾਲੋਂ ਬੁਰਾ ਹੋਇਆ ।21ਕਿਉਂ ਜੋ ਧਾਰਮਿਕਤਾ ਦਾ ਮਾਰਗ ਨਾ ਹੀ ਜਾਣਨਾ ਇਸ ਨਾਲੋਂ ਚੰਗਾ ਸੀ ਕਿ ਉਹ ਨੂੰ ਜਾਣ ਕੇ ਉਸ ਪਵਿੱਤਰ ਆਗਿਆ ਤੋਂ ਜੋ ਉਹਨਾਂ ਨੂੰ ਕੀਤੀ ਗਈ ਸੀ ਫਿਰ ਜਾਣ ।22ਇਹ ਸੱਚੀ ਕਹਾਵਤ ਉਨ੍ਹਾਂ ਉੱਤੇ ਠੀਕ ਢੁੱਕਦੀ ਹੈ ਭਈ ਕਿ ਕੁੱਤਾ ਆਪਣੀ ਉਲਟੀ ਨੂੰ ਚੱਟ ਲੈਂਦਾ ਹੈ ਅਤੇ ਨਹਿਲਾਈ ਹੋਈ ਸੂਰਨੀ ਚਿੱਕੜ ਵਿੱਚ ਲੇਟਣ ਨੂੰ ਜਾਂਦੀ ਹੈ ।

3
ਪ੍ਰਭੂ ਦੇ ਆਉਣ ਦਾ ਦਿਨ

1ਹੇ ਪਿਆਰਿਓ, ਹੁਣ ਇਹ ਦੂਜੀ ਪੱਤ੍ਰੀ ਮੈਂ ਤੁਹਾਨੂੰ ਲਿਖਦਾ ਹਾਂ ਅਤੇ ਦੋਹਾਂ ਵਿੱਚ ਤੁਹਾਨੂੰ ਚੇਤੇ ਕਰਾ ਕੇ ਤੁਹਾਡੇ ਸਾਫ਼ ਮਨ ਨੂੰ ਪ੍ਰੇਰਦਾ ਹਾਂ,2ਕਿ ਤੁਸੀਂ ਉਨ੍ਹਾਂ ਗੱਲਾਂ ਨੂੰ ਜਿਹੜੀਆਂ ਪਵਿੱਤਰ ਨਬੀਆਂ ਤੋਂ ਪਹਿਲਾਂ ਆਖੀਆਂ ਗਈਆਂ ਨਾਲੇ ਪ੍ਰਭੂ ਅਤੇ ਮੁਕਤੀਦਾਤੇ ਦੀ ਆਗਿਆ ਨੂੰ ਜਿਹੜੀ ਤੁਹਾਡੇ ਰਸੂਲਾਂ ਦੇ ਰਾਹੀਂ ਕੀਤੀ ਗਈ, ਯਾਦ ਰੱਖੋ ।

3ਪਹਿਲਾਂ ਤੁਸੀਂ ਇਹ ਜਾਣਦੇ ਹੋ ਕਿ ਅੰਤ ਦੇ ਦਿਨਾਂ ਵਿੱਚ ਠੱਠਾ ਕਰਨ ਵਾਲੇ ਠੱਠਾ ਕਰਦੇ ਹੋਏ ਆਉਣਗੇ, ਜਿਹੜੇ ਆਪਣੀਆਂ ਕਾਮਨਾਂ ਦੇ ਅਨੁਸਾਰ ਚੱਲਣਗੇ ।4ਅਤੇ ਆਖਣਗੇ ਕਿ ਉਹ ਦੇ ਆਉਣ ਦੇ ਵਾਇਦੇ ਦਾ ਕੀ ਪਤਾ ਹੈ ? ਕਿਉਂਕਿ ਜਦੋਂ ਦੇ ਵਡ ਵਡੇਰੇ ਸੌਂ ਗਏ, ਸ੍ਰਿਸ਼ਟੀ ਦੇ ਮੁੱਢੋਂ ਸੱਭੇ ਕੁੱਝ ਉਸੇ ਤਰ੍ਹਾਂ ਹੀ ਬਣਿਆ ਰਹਿੰਦਾ ਹੈ ।
5ਓਹ ਜਾਣ ਬੁੱਝ ਕੇ ਇਸ ਗੱਲ ਨੂੰ ਭੁੱਲਾ ਛੱਡਦੇ ਹਨ ਕਿ ਪਰਮੇਸ਼ੁਰ ਦੇ ਬਚਨ ਨਾਲ ਅਕਾਸ਼ ਪ੍ਰਾਚੀਨ ਕਾਲ ਤੋਂ ਹਨ ਅਤੇ ਧਰਤੀ ਪਾਣੀ ਤੋਂ ਬਾਹਰ ਅਤੇ ਪਾਣੀ ਦੇ ਵਿੱਚ ਸਥਿਰ ਹੈ ।6ਜਿਨ੍ਹਾਂ ਦੇ ਕਾਰਨ ਉਸ ਸਮੇਂ ਦਾ ਸੰਸਾਰ ਪਾਣੀ ਵਿੱਚ ਡੁੱਬ ਕੇ ਨਾਸ ਹੋਇਆ ।7ਪਰ ਅਕਾਸ਼ ਅਤੇ ਧਰਤੀ ਪਰਮੇਸ਼ੁਰ ਦੇ ਬਚਨ ਦੁਆਰਾ ਨਾਸ ਹੋਣ ਲਈ ਰੱਖੇ ਗਏ ਹਨ ਅਤੇ ਇਹ ਭਗਤੀਹੀਣ ਮਨੁੱਖਾਂ ਦੇ ਨਿਆਂ ਤੇ ਨਾਸ ਹੋਣ ਦੇ ਦਿਨ ਤੱਕ ਇਸ ਤਰ੍ਹਾਂ ਹੀ ਰਹਿਣਗੇ ।
8ਹੇ ਪਿਆਰਿਓ, ਇੱਕ ਇਹ ਗੱਲ ਤੁਹਾਡੇ ਤੋਂ ਗੁੱਝੀ ਨਾ ਰਹੇ ਜੋ ਪ੍ਰਭੂ ਦੇ ਅੱਗੇ ਇੱਕ ਦਿਨ ਹਜ਼ਾਰ ਸਾਲ ਜਿਹਾ ਹੈ ਅਤੇ ਹਜ਼ਾਰ ਸਾਲ ਇੱਕ ਦਿਨ ਜਿਹਾ ਹੈ ।9ਪ੍ਰਭੂ ਆਪਣੇ ਵਾਅਦੇ ਪੂਰੇ ਕਰਨ ਵਿੱਚ ਢਿੱਲਾ ਨਹੀਂ ਹੈ ਜਿਵੇਂ ਬਹੁਤ ਉਸ ਦੇ ਢਿੱਲੇ ਹੋਣ ਦਾ ਭਰਮ ਕਰਦੇ ਹਨ, ਪਰ ਉਹ ਤੁਹਾਡੇ ਨਾਲ ਧੀਰਜ ਕਰਦਾ ਹੈ ਕਿਉਂ ਜੋ ਉਹ ਨਹੀਂ ਚਾਹੁੰਦਾ ਹੈ ਜੋ ਕਿਸੇ ਦਾ ਨਾਸ ਹੋਵੇ ਸਗੋਂ ਸਾਰੇ ਤੋਬਾ ਕਰਨ ।
10ਪਰੰਤੂ ਪ੍ਰਭੂ ਦਾ ਦਿਨ ਚੋਰ ਵਾਂਗੂੰ ਆਵੇਗਾ ਜਿਸ ਦੇ ਵਿੱਚ ਅਕਾਸ਼ ਵੱਡੀ ਗਰਜ ਨਾਲ ਜਾਂਦੇ ਰਹਿਣਗੇ ਅਤੇ ਮੂਲ ਵਸਤਾਂ ਵੱਡੇ ਤਪਸ਼ ਨਾਲ ਤਪ ਕੇ ਢੱਲ਼ ਜਾਣਗੀਆਂ ਅਤੇ ਧਰਤੀ ਉਨ੍ਹਾਂ ਕਾਰਾਗਰੀਆਂ ਸਣੇ ਜੋ ਉਸ ਵਿੱਚ ਹਨ ਭਸਮ ਹੋ ਜਾਵੇਗੀ ।
11ਜਦੋਂ ਇਹ ਸੱਭੇ ਵਸਤਾਂ ਇਸ ਤਰ੍ਹਾਂ ਢੱਲ਼ ਜਾਣ ਵਾਲੀਆਂ ਹਨ ਤਾਂ ਤੁਹਾਨੂੰ ਹਰ ਪਰਕਾਰ ਦੇ ਪਵਿੱਤਰ ਚਲਣ ਅਤੇ ਭਗਤੀ ਵਿੱਚ ਕਿਸ ਤਰ੍ਹਾਂ ਦੇ ਹੋਣਾ ਚਾਹੀਦਾ ਹੈ ?12ਅਤੇ ਪਰਮੇਸ਼ੁਰ ਦੇ ਉਸ ਦਿਨ ਦੇ ਆਉਣ ਨੂੰ ਉਡੀਕਦੇ ਅਤੇ ਲੋਚਦੇ ਰਹੋ, ਜਿਸ ਦੇ ਕਾਰਨ ਅਕਾਸ਼ ਸੜ ਕੇ ਢੱਲ਼ ਜਾਣਗੇ ਅਤੇ ਮੂਲ ਵਸਤਾਂ ਵੱਡੀ ਤਪਸ਼ ਨਾਲ ਤਪ ਕੇ ਪਿਘਲ ਜਾਣਗੀਆਂ ।13ਪਰ ਉਹ ਦੇ ਬਚਨ ਦੇ ਅਨੁਸਾਰ ਅਸੀਂ ਨਵੇਂ ਅਕਾਸ਼ ਅਤੇ ਨਵੀਂ ਧਰਤੀ ਦੀ ਉਡੀਕ ਕਰਦੇ ਹਾਂ, ਜਿਨ੍ਹਾਂ ਵਿੱਚ ਧਰਮ ਵੱਸਦਾ ਹੈ ।
ਜਾਗਦੇ ਰਹੋ ਅਤੇ ਤਿਆਰ ਰਹੋ

14ਇਸ ਲਈ ਹੇ ਪਿਆਰਿਓ, ਜਦੋਂ ਤੁਸੀਂ ਇਨ੍ਹਾਂ ਗੱਲਾਂ ਦੀ ਉਡੀਕ ਕਰਦੇ ਹੋ ਤਾਂ ਕੋਸ਼ਿਸ਼ ਕਰੋ ਕਿ ਤੁਸੀਂ ਸ਼ਾਂਤੀ ਨਾਲ ਉਹ ਦੇ ਅੱਗੇ ਨਿਰਮਲ ਅਤੇ ਨਿਰਦੋਸ਼ ਠਹਿਰੋ ।15ਅਤੇ ਸਾਡੇ ਪ੍ਰਭੂ ਦੇ ਧੀਰਜ ਨੂੰ ਮੁਕਤੀ ਸਮਝੋ ਜਿਵੇਂ ਸਾਡੇ ਪਿਆਰੇ ਭਾਈ ਪੌਲੁਸ ਨੇ ਵੀ ਉਸ ਗਿਆਨ ਦੇ ਅਨੁਸਾਰ ਜੋ ਉਹ ਨੂੰ ਦਾਨ ਹੋਇਆ, ਤੁਹਾਨੂੰ ਲਿਖਿਆ ਸੀ ।16ਜਿਵੇਂ ਉਸ ਨੇ ਆਪਣੀਆਂ ਸਾਰੀਆਂ ਪੱਤ੍ਰੀਆਂ ਵਿੱਚ ਉਨ੍ਹਾਂ ਦੇ ਵਿਖੇ ਲਿਖਿਆ ਹੈ ਅਤੇ ਉਨ੍ਹਾਂ ਵਿੱਚ ਕਈਆਂ ਗੱਲਾਂ ਦਾ ਸਮਝਣਾ ਔਖਾ ਹੈ, ਜਿਨ੍ਹਾਂ ਨੂੰ ਅਗਿਆਨੀ ਅਤੇ ਡੋਲਣ ਵਾਲੇ ਲੋਕ ਆਪਣੀ ਬਰਬਾਦੀ ਲਈ ਮਰੋੜਦੇ ਹਨ, ਜਿਵੇਂ ਉਹ ਹੋਰਨਾਂ ਪਵਿੱਤਰ ਗ੍ਰੰਥਾਂ ਦੀ ਲਿਖਤਾਂ ਨੂੰ ਵੀ ਕਰਦੇ ਹਨ ।
17ਸੋ ਹੇ ਪਿਆਰਿਓ, ਜਦੋਂ ਤੁਸੀਂ ਪਹਿਲਾਂ ਹੀ ਇਹ ਗੱਲਾਂ ਜਾਣਦੇ ਹੋ ਤਾਂ ਚੌਕਸ ਰਹੋ ਜੋ ਕਿਤੇ ਇਹ ਨਾ ਹੋਵੇ ਜੋ ਦੁਸ਼ਟਾਂ ਦੀ ਭੁੱਲ ਨਾਲ ਧੋਖਾ ਖਾ ਕੇ ਆਪਣੀ ਦ੍ਰਿੜ੍ਹਤਾ ਤੋਂ ਡਿੱਗ ਪਓ ।18ਪਰ ਸਾਡੇ ਪ੍ਰਭੂ ਅਤੇ ਮੁਕਤੀਦਾਤੇ ਯਿਸੂ ਮਸੀਹ ਦੀ ਕਿਰਪਾ ਅਤੇ ਗਿਆਨ ਵਿੱਚ ਵਧਦੇ ਜਾਓ । ਉਹ ਦੀ ਵਡਿਆਈ ਹੁਣ ਅਤੇ ਜੁੱਗੋ-ਜੁੱਗ ਹੁੰਦੀ ਰਹੇ । ਆਮੀਨ ।

ਯੂਹੰਨਾ ਦੀ ਪਹਿਲੀ ਪੱਤ੍ਰੀ

1
ਜੀਵਨ ਦਾ ਵਚਨ

1ਜੋ ਆਦ ਤੋਂ ਸੀ, ਜਿਸ ਨੂੰ ਅਸੀਂ ਸੁਣਿਆ ਹੈ, ਜਿਸ ਨੂੰ ਅਸੀਂ ਆਪਣੀਆਂ ਅੱਖਾਂ ਨਾਲ ਵੇਖਿਆ ਹੈ, ਜਿਸ ਨੂੰ ਅਸੀਂ ਤੱਕਿਆ ਅਤੇ ਆਪਣੇ ਹੱਥੀਂ ਮਹਿਸੂਸ ਕੀਤਾ, ਓਸ ਜੀਵਨ ਦੇ ਬਚਨ ਦੇ ਵਿਖੇ,2ਉਹ ਜੀਵਨ ਪ੍ਰਗਟ ਹੋਇਆ ਅਤੇ ਅਸੀਂ ਉਸ ਨੂੰ ਵੇਖਿਆ ਹੈ ਅਤੇ ਗਵਾਹੀ ਦਿੰਦੇ ਹਾਂ ਅਤੇ ਉਸ ਜੀਵਨ ਦੀ ਸਗੋਂ, ਉਸ ਸਦੀਪਕ ਜੀਵਨ ਦੀ ਚਰਚਾ ਤੁਹਾਨੂੰ ਸੁਣਾਉਂਦੇ ਹਾਂ ਜਿਹੜਾ ਪਿਤਾ ਦੇ ਨਾਲ ਸੀ ਅਤੇ ਸਾਡੇ ਉੱਤੇ ਪ੍ਰਗਟ ਹੋਇਆ ।

3ਹਾਂ, ਜਿਸ ਨੂੰ ਅਸੀਂ ਵੇਖਿਆ ਅਤੇ ਸੁਣਿਆ ਹੈ ਉਸ ਦੀ ਚਰਚਾ ਤੁਹਾਨੂੰ ਵੀ ਸੁਣਾਉਂਦੇ ਹਾਂ ਕਿ ਤੁਹਾਡੀ ਵੀ ਸਾਡੇ ਨਾਲ ਸੰਗਤ ਹੋਵੇ ਅਤੇ ਜਿਹੜੀ ਸਾਡੀ ਸੰਗਤ ਹੈ ਉਹ ਪਿਤਾ ਦੇ ਨਾਲ ਅਤੇ ਉਹ ਦੇ ਪੁੱਤਰ ਯਿਸੂ ਮਸੀਹ ਦੇ ਨਾਲ ਹੈ ।4ਅਤੇ ਇਹ ਗੱਲਾਂ ਅਸੀਂ ਇਸ ਲਈ ਲਿਖਦੇ ਹਾਂ ਕਿ ਸਾਡਾ ਅਨੰਦ ਪੂਰਾ ਹੋਵੇ ।
ਚਾਨਣ ਵਿੱਚ ਚਲਣਾ

5ਅਤੇ ਉਹ ਸਮਾਚਾਰ ਜਿਹੜਾ ਅਸੀਂ ਉਹ ਦੇ ਕੋਲੋਂ ਸੁਣਿਆ ਹੈ ਅਤੇ ਤੁਹਾਨੂੰ ਵੀ ਸੁਣਾਉਂਦੇ ਹਾਂ ਸੋ ਇਹ ਹੈ ਜੋ ਪਰਮੇਸ਼ੁਰ ਚਾਨਣ ਹੈ ਅਤੇ ਹਨ੍ਹੇਰਾ ਉਹ ਦੇ ਵਿੱਚ ਬਿਲਕੁਲ ਨਹੀਂ ।6ਜੇ ਅਸੀਂ ਆਖੀਏ ਕਿ ਸਾਡੀ ਉਹ ਦੇ ਨਾਲ ਸੰਗਤ ਹੈ ਅਤੇ ਚੱਲੀਏ ਹਨ੍ਹੇਰੇ ਵਿੱਚ ਤਾਂ ਅਸੀਂ ਝੂਠ ਬੋਲਦੇ ਹਾਂ ਅਤੇ ਸੱਚ ਉੱਤੇ ਨਹੀਂ ਚੱਲਦੇ ।7ਪਰ ਜੇ ਅਸੀਂ ਚਾਨਣ ਵਿੱਚ ਚੱਲੀਏ ਜਿਵੇਂ ਉਹ ਚਾਨਣ ਵਿੱਚ ਹੈ ਤਾਂ ਸਾਡੀ ਆਪਸ ਵਿੱਚ ਸੰਗਤ ਹੈ ਅਤੇ ਉਹ ਦੇ ਪੁੱਤਰ ਯਿਸੂ ਦਾ ਲਹੂ ਸਾਨੂੰ ਸਾਰੇ ਪਾਪ ਤੋਂ ਸ਼ੁੱਧ ਕਰਦਾ ਹੈ ।
8ਜੇ ਅਸੀਂ ਆਖੀਏ ਕਿ ਅਸੀਂ ਪਾਪੀ ਨਹੀਂ ਹਾਂ ਤਾਂ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ ਅਤੇ ਸਚਿਆਈ ਸਾਡੇ ਵਿੱਚ ਨਹੀਂ ਹੈ ।9ਜੇ ਅਸੀਂ ਆਪਣਿਆਂ ਪਾਪਾਂ ਦਾ ਇਕਰਾਰ ਕਰੀਏ ਤਾਂ ਉਹ ਵਫ਼ਾਦਾਰ ਅਤੇ ਧਰਮੀ ਹੈ ਤਾਂ ਜੋ ਸਾਡੇ ਪਾਪਾਂ ਨੂੰ ਮਾਫ਼ ਕਰੇ ਅਤੇ ਸਾਨੂੰ ਸਾਰੇ ਕੁਧਰਮ ਤੋਂ ਸ਼ੁੱਧ ਕਰੇ ।10ਜੇ ਆਖੀਏ ਕਿ ਅਸੀਂ ਪਾਪ ਨਹੀਂ ਕੀਤਾ ਹੈ ਤਾਂ ਉਹ ਨੂੰ ਝੂਠਾ ਬਣਾਉਂਦੇ ਹਾਂ ਅਤੇ ਉਹ ਦਾ ਬਚਨ ਸਾਡੇ ਵਿੱਚ ਨਹੀਂ ਹੈ ।

2
ਮਸੀਹ ਸਾਡਾ ਸਹਾਇਕ

1ਹੇ ਮੇਰੇ ਬੱਚਿਓ, ਮੈਂ ਇਹ ਗੱਲਾਂ ਤੁਹਾਨੂੰ ਇਸ ਲਈ ਲਿਖਦਾ ਹਾਂ ਕਿ ਤੁਸੀਂ ਪਾਪ ਨਾ ਕਰੋ ਅਤੇ ਜੇ ਕੋਈ ਪਾਪ ਕਰੇ ਤਾਂ ਪਿਤਾ ਦੇ ਕੋਲ ਸਾਡਾ ਪੱਖ ਰੱਖਣ ਵਾਲਾ ਇੱਕ ਹੈ ਅਰਥਾਤ ਯਿਸੂ ਮਸੀਹ ਜਿਹੜਾ ਧਰਮੀ ਹੈ ।2ਅਤੇ ਉਹ ਸਾਡੇ ਪਾਪਾਂ ਦਾ ਪ੍ਰਾਸਚਿੱਤ ਹੈ ਪਰ ਸਿਰਫ਼ ਸਾਡਾ ਹੀ ਨਹੀਂ ਸਗੋਂ ਸਾਰੇ ਸੰਸਾਰ ਦਾ ਵੀ ਹੈ ।3ਅਤੇ ਜੇ ਅਸੀਂ ਉਹ ਦੇ ਹੁਕਮਾਂ ਦੀ ਪਾਲਨਾ ਕਰੀਏ ਤਾਂ ਇਸ ਤੋਂ ਜਾਣਦੇ ਹਾਂ ਜੋ ਅਸੀਂ ਉਹ ਨੂੰ ਜਾਣਿਆ ਹੈ ।

4ਉਹ ਜਿਹੜਾ ਆਖਦਾ ਹੈ ਕਿ ਮੈਂ ਉਹ ਨੂੰ ਜਾਣਿਆ ਹੈ ਅਤੇ ਉਹ ਦੇ ਹੁਕਮਾਂ ਦੀ ਪਾਲਨਾ ਨਹੀਂ ਕਰਦਾ ਸੋ ਝੂਠਾ ਹੈ ਅਤੇ ਸਚਿਆਈ ਉਹ ਦੇ ਵਿੱਚ ਨਹੀਂ ਹੈ ।5ਪਰ ਜੇ ਕੋਈ ਉਹ ਦੇ ਬਚਨ ਦੀ ਪਾਲਨਾ ਕਰਦਾ ਹੋਵੇ ਉਸ ਵਿੱਚ ਪਰਮੇਸ਼ੁਰ ਦਾ ਪਿਆਰ ਸੱਚ-ਮੁੱਚ ਸੰਪੂਰਨ ਹੋਇਆ ਹੈ । ਇਸ ਤੋਂ ਅਸੀਂ ਜਾਣਦੇ ਹਾਂ ਜੋ ਅਸੀਂ ਉਹ ਦੇ ਵਿੱਚ ਹਾਂ ।6ਉਹ ਜਿਹੜਾ ਆਖਦਾ ਹੈ ਕਿ ਮੈਂ ਉਸ ਵਿੱਚ ਕਾਇਮ ਰਹਿੰਦਾ ਹਾਂ ਤਾਂ ਚਾਹੀਦਾ ਹੈ ਕਿ ਜਿਵੇਂ ਯਿਸੂ ਚੱਲਦਾ ਸੀ ਉਹ ਆਪ ਵੀ ਚੱਲੇ ।
ਨਵੀਂ ਆਗਿਆ

7ਹੇ ਪਿਆਰਿਓ, ਮੈਂ ਕੋਈ ਨਵਾਂ ਹੁਕਮ ਤੁਹਾਨੂੰ ਨਹੀਂ ਲਿਖਦਾ ਸਗੋਂ ਪੁਰਾਣਾ ਹੁਕਮ ਜਿਹੜਾ ਤੁਹਾਨੂੰ ਸ਼ੁਰੂ ਤੋਂ ਮਿਲਿਆ ਸੀ । ਪੁਰਾਣਾ ਹੁਕਮ ਉਹੀ ਬਚਨ ਹੈ ਜਿਹੜਾ ਤੁਸੀਂ ਸੁਣਿਆ ।8ਫੇਰ ਇੱਕ ਨਵਾਂ ਹੁਕਮ ਤੁਹਾਨੂੰ ਲਿਖਦਾ ਹਾਂ ਅਤੇ ਇਹ ਗੱਲ ਮਸੀਹ ਵਿੱਚ ਅਤੇ ਤੁਹਾਡੇ ਵਿੱਚ ਸੱਚ ਹੈ ਕਿਉਂ ਜੋ ਹਨ੍ਹੇਰਾ ਹਟਦਾ ਜਾਂਦਾ ਹੈ ਅਤੇ ਸੱਚਾ ਚਾਨਣ ਹੁਣ ਚਮਕਣ ਲੱਗ ਪਿਆ ਹੈ ।
9ਉਹ ਜਿਹੜਾ ਆਖਦਾ ਹੈ ਕਿ ਮੈਂ ਚਾਨਣ ਵਿੱਚ ਹਾਂ ਅਤੇ ਆਪਣੇ ਭਰਾ ਨਾਲ ਵੈਰ ਰੱਖਦਾ ਹੈ ਉਹ ਹੁਣ ਤੱਕ ਹਨ੍ਹੇਰੇ ਵਿੱਚ ਹੀ ਹੈ ।10ਉਹ ਜਿਹੜਾ ਆਪਣੇ ਭਰਾ ਨਾਲ ਪਿਆਰ ਰੱਖਦਾ ਹੈ ਉਹ ਚਾਨਣ ਵਿੱਚ ਰਹਿੰਦਾ ਹੈ ਅਤੇ ਉਸ ਵਿੱਚ ਠੋਕਰ ਦਾ ਕਾਰਨ ਨਹੀਂ ।11ਪਰ ਉਹ ਜਿਹੜਾ ਆਪਣੇ ਭਰਾ ਨਾਲ ਵੈਰ ਰੱਖਦਾ ਹੈ ਸੋ ਹਨ੍ਹੇਰੇ ਵਿੱਚ ਹੈ ਅਤੇ ਹਨ੍ਹੇਰੇ ਵਿੱਚ ਚਲਦਾ ਹੈ ਅਤੇ ਨਹੀਂ ਜਾਣਦਾ ਕਿ ਮੈਂ ਕਿੱਧਰ ਨੂੰ ਚੱਲਿਆ ਜਾਂਦਾ ਹਾਂ ਇਸ ਲਈ ਜੋ ਹਨ੍ਹੇਰੇ ਨੇ ਉਸ ਦੀਆਂ ਅੱਖਾਂ ਨੂੰ ਅੰਨ੍ਹਾ ਕਰ ਦਿੱਤਾ ਹੈ ।

12ਹੇ ਬੱਚਿਓ, ਮੈਂ ਤੁਹਾਨੂੰ ਲਿਖਦਾ ਹਾਂ ਇਸ ਲਈ ਜੋ ਤੁਹਾਡੇ ਪਾਪ ਉਹ ਦੇ ਨਾਮ ਦੇ ਕਾਰਨ ਤੁਹਾਨੂੰ ਮਾਫ਼ ਕੀਤੇ ਹੋਏ ਹਨ ।13ਹੇ ਪਿਤਾਓ, ਮੈਂ ਤੁਹਾਨੂੰ ਲਿਖਦਾ ਹਾਂ ਕਿਉਂਕਿ ਤੁਸੀਂ ਉਹ ਨੂੰ ਜਾਣਦੇ ਹੋ ਜਿਹੜਾ ਸ਼ੁਰੂਆਤ ਤੋਂ ਹੈ । ਹੇ ਜੁਆਨੋ, ਮੈਂ ਤੁਹਾਨੂੰ ਲਿਖਦਾ ਹਾਂ ਕਿਉਂਕਿ ਤੁਸੀਂ ਉਸ ਦੁਸ਼ਟ ਨੂੰ ਜਿੱਤ ਲਿਆ ਹੈ । ਹੇ ਬਾਲਕੋ, ਮੈਂ ਤੁਹਾਨੂੰ ਲਿਖਿਆ ਕਿਉਂਕਿ ਤੁਸੀਂ ਪਿਤਾ ਨੂੰ ਜਾਣਦੇ ਹੋ ।14ਹੇ ਪਿਤਾਓ, ਮੈਂ ਤੁਹਾਨੂੰ ਲਿਖਿਆ ਕਿਉਂਕਿ ਤੁਸੀਂ ਉਹ ਨੂੰ ਜਾਣਦੇ ਹੋ ਜਿਹੜਾ ਸ਼ੁਰੂਆਤ ਤੋਂ ਹੈ । ਹੇ ਜੁਆਨੋ, ਮੈਂ ਤੁਹਾਨੂੰ ਲਿਖਿਆ ਕਿਉਂਕਿ ਤੁਸੀਂ ਬਲਵੰਤ ਹੋ ਅਤੇ ਪਰਮੇਸ਼ੁਰ ਦਾ ਬਚਨ ਤੁਹਾਡੇ ਵਿੱਚ ਰਹਿੰਦਾ ਹੈ ਅਤੇ ਤੁਸੀਂ ਉਸ ਦੁਸ਼ਟ ਨੂੰ ਜਿੱਤ ਲਿਆ ਹੈ ।
ਸੰਸਾਰ ਦੇ ਨਾਲ ਪਿਆਰ ਨਾ ਕਰੋ

15ਸੰਸਾਰ ਨਾਲ ਮੋਹ ਨਾ ਰੱਖੋ, ਨਾ ਉਨ੍ਹਾਂ ਵਸਤਾਂ ਨਾਲ ਜੋ ਸੰਸਾਰ ਵਿੱਚ ਹਨ । ਜੇ ਕੋਈ ਸੰਸਾਰ ਨਾਲ ਮੋਹ ਰੱਖਦਾ ਹੋਵੇ ਤਾਂ ਉਹ ਦੇ ਵਿੱਚ ਪਿਤਾ ਦਾ ਪਿਆਰ ਨਹੀਂ ।16ਕਿਉਂਕਿ ਸੱਭੋ ਕੁੱਝ ਜੋ ਸੰਸਾਰ ਵਿੱਚ ਹੈ ਅਰਥਾਤ ਸਰੀਰ ਦੀ ਕਾਮਨਾ, ਨੇਤਰਾਂ ਦੀ ਕਾਮਨਾ ਅਤੇ ਜੀਵਨ ਦਾ ਘਮੰਡ, ਸੋ ਪਿਤਾ ਤੋਂ ਨਹੀਂ ਸਗੋਂ ਸੰਸਾਰ ਤੋਂ ਹੈ ।17ਅਤੇ ਸੰਸਾਰ ਅਤੇ ਉਹ ਦੀ ਕਾਮਨਾ ਬੀਤਦੀ ਜਾਂਦੀ ਹੈ ਪਰ ਜਿਹੜਾ ਪਰਮੇਸ਼ੁਰ ਦੀ ਮਰਜ਼ੀ ਅਨੁਸਾਰ ਚੱਲਦਾ ਹੈ, ਉਹ ਸਦਾ ਤੱਕ ਕਾਇਮ ਰਹਿੰਦਾ ਹੈ ।
ਮਸੀਹ ਵਿਰੋਧੀ

18ਹੇ ਬਾਲਕੋ, ਇਹ ਅੰਤ ਦਾ ਸਮਾਂ ਹੈ ਅਤੇ ਜਿਵੇਂ ਤੁਸੀਂ ਸੁਣਿਆ ਕਿ ਮਸੀਹ ਵਿਰੋਧੀ ਆਉਂਦਾ ਹੈ ਸੋ ਹੁਣ ਵੀ ਮਸੀਹ ਦੇ ਵਿਰੋਧੀ ਬਹੁਤ ਉੱਠੇ ਹੋਏ ਹਨ, ਜਿਸ ਤੋਂ ਅਸੀਂ ਜਾਣਦੇ ਹਾਂ ਕਿ ਇਹ ਅੰਤ ਦਾ ਸਮਾਂ ਹੈ ।19ਉਹ ਸਾਡੇ ਵਿੱਚੋਂ ਨਿੱਕਲ ਗਏ ਪਰ ਸਾਡੇ ਨਾਲ ਦੇ ਨਹੀਂ ਸਨ, ਕਿਉਂਕਿ ਜੇ ਉਹ ਸਾਡੇ ਨਾਲ ਦੇ ਹੁੰਦੇ ਤਾਂ ਸਾਡੇ ਨਾਲ ਹੀ ਰਹਿੰਦੇ । ਪਰ ਉਹ ਨਿੱਕਲ ਗਏ ਤਾਂ ਜੋ ਪ੍ਰਗਟ ਹੋਣ ਕਿ ਉਹ ਸਾਰੇ ਸਾਡੇ ਨਾਲ ਦੇ ਨਹੀਂ ਹਨ ।
20ਤੁਸੀਂ ਉਹ ਦੀ ਵੱਲੋਂ ਜਿਹੜਾ ਪਵਿੱਤਰ ਹੈ, ਮਸਹ ਕੀਤੇ ਹੋਏ ਹੋ ਅਤੇ ਸਭ ਕੁੱਝ ਜਾਣਦੇ ਹੋ ।21ਮੈਂ ਤੁਹਾਨੂੰ ਇਸ ਲਈ ਨਹੀਂ ਲਿਖਿਆ ਜੋ ਤੁਸੀਂ ਸੱਚ ਨੂੰ ਨਹੀਂ ਜਾਣਦੇ ਸਗੋਂ ਇਸ ਲਈ ਜੋ ਤੁਸੀਂ ਜਾਣਦੇ ਹੋ ਅਤੇ ਇਸ ਲਈ ਕਿ ਕੋਈ ਝੂਠ ਸੱਚ ਵਿੱਚੋਂ ਨਹੀਂ ਹੈ ।
22ਝੂਠਾ ਕੌਣ ਹੈ, ਉਹ ਜਿਹੜਾ ਯਿਸੂ ਦਾ ਇਨਕਾਰ ਕਰਦਾ ਹੈ ਕਿ ਉਹ ਮਸੀਹ ਨਹੀਂ ? ਉਹ ਮਸੀਹ ਵਿਰੋਧੀ ਹੈ ਜਿਹੜਾ ਪਿਤਾ ਅਤੇ ਪੁੱਤਰ ਦਾ ਇਨਕਾਰ ਕਰਦਾ ਹੈ ।23ਹਰੇਕ ਜੋ ਪੁੱਤਰ ਦਾ ਇਨਕਾਰ ਕਰਦਾ ਹੈ ਪਿਤਾ ਉਹ ਦੇ ਕੋਲ ਨਹੀਂ । ਜਿਹੜਾ ਪੁੱਤਰ ਨੂੰ ਮੰਨ ਲੈਂਦਾ ਹੈ ਪਿਤਾ ਉਹ ਦੇ ਕੋਲ ਹੈ ।
24ਜਿਹੜਾ ਸ਼ੁਰੂ ਤੋਂ ਤੁਸੀਂ ਸੁਣਿਆ ਉਹ ਤੁਹਾਡੇ ਵਿੱਚ ਕਾਇਮ ਰਹੇ । ਜੇ ਉਹ ਤੁਹਾਡੇ ਵਿੱਚ ਕਾਇਮ ਰਹੇ ਜਿਹੜਾ ਸ਼ੁਰੂ ਤੋਂ ਤੁਸੀਂ ਸੁਣਿਆ ਤਾਂ ਤੁਸੀਂ ਵੀ ਪੁੱਤਰ ਅਤੇ ਪਿਤਾ ਵਿੱਚ ਕਾਇਮ ਰਹੋਗੇ ।25ਅਤੇ ਇਹ ਉਹ ਵਾਇਦਾ ਹੈ, ਜਿਹੜਾ ਉਹ ਨੇ ਸਾਨੂੰ ਦਿੱਤਾ ਸੀ ਅਰਥਾਤ ਸਦੀਪਕ ਜੀਵਨ ।

26ਮੈਂ ਤੁਹਾਨੂੰ ਇਹ ਗੱਲਾਂ ਉਨ੍ਹਾਂ ਦੇ ਵਿਖੇ ਲਿਖੀਆਂ ਜਿਹੜੇ ਤੁਹਾਨੂੰ ਭਰਮਾਉਣਾ ਚਾਹੁੰਦੇ ਹਨ ।
27ਉਹ ਮਸਹ ਜੋ ਤੁਸੀਂ ਉਹ ਦੀ ਵੱਲੋਂ ਪਾਇਆ ਸੋ ਤੁਹਾਡੇ ਵਿੱਚ ਕਾਇਮ ਰਹਿੰਦਾ ਹੈ ਅਤੇ ਤੁਹਾਨੂੰ ਕੁੱਝ ਲੋੜ ਨਹੀਂ ਕਿ ਕੋਈ ਤੁਹਾਨੂੰ ਸਿੱਖਿਆ ਦੇਵੇ ਸਗੋਂ ਜਿਵੇਂ ਉਹ ਦਾ ਮਸਹ ਤੁਹਾਨੂੰ ਸਾਰੀਆਂ ਗੱਲਾਂ ਦੇ ਵਿਖੇ ਸਿੱਖਿਆ ਦਿੰਦਾ ਹੈ ਅਤੇ ਸੱਚ ਹੈ, ਝੂਠ ਨਹੀਂ, ਅਤੇ ਜਿਵੇਂ ਉਹ ਨੇ ਤੁਹਾਨੂੰ ਸਿੱਖਿਆ ਦਿੱਤੀ ਤਿਵੇਂ ਤੁਸੀਂ ਉਹ ਦੇ ਵਿੱਚ ਕਾਇਮ ਰਹੋ ।
ਪਰਮੇਸ਼ੁਰ ਦੀ ਸੰਤਾਨ

28ਅਤੇ ਹੁਣ ਹੇ ਬੱਚਿਓ, ਤੁਸੀਂ ਉਹ ਦੇ ਵਿੱਚ ਕਾਇਮ ਰਹੋ ਕਿ ਜਦੋਂ ਉਹ ਪ੍ਰਗਟ ਹੋਵੇ ਤਾਂ ਸਾਨੂੰ ਦਲੇਰੀ ਹੋਵੇ ਅਤੇ ਉਹ ਦੇ ਆਉਣ ਦੇ ਵੇਲੇ ਅਸੀਂ ਉਹ ਦੇ ਅੱਗੇ ਸ਼ਰਮਿੰਦੇ ਨਾ ਹੋਈਏ ।29ਜਦੋਂ ਤੁਸੀਂ ਜਾਣਦੇ ਹੋ ਜੋ ਉਹ ਧਰਮੀ ਹੈ ਤਾਂ ਤੁਹਾਨੂੰ ਪਤਾ ਹੈ ਕਿ ਹਰੇਕ ਜਿਹੜਾ ਧਾਰਮਿਕਤਾ ਦੇ ਕੰਮ ਕਰਦਾ ਹੈ ਸੋ ਉਸੇ ਤੋਂ ਜੰਮਿਆ ਹੈ l

3

1ਵੇਖੋ, ਪਿਤਾ ਨੇ ਕਿਹੋ ਜਿਹਾ ਪਿਆਰ ਕੀਤਾ ਹੈ ਜੋ ਅਸੀਂ ਪਰਮੇਸ਼ੁਰ ਦੇ ਬਾਲਕ ਸੱਦੇ ਜਾਈਏ ! ਇਹੋ ਅਸੀਂ ਹਾਂ ਵੀ । ਸੰਸਾਰ ਸਾਨੂੰ ਨਹੀਂ ਜਾਣਦਾ ਕਿਉਂਕਿ ਉਸ ਨੇ ਉਹ ਨੂੰ ਵੀ ਨਹੀਂ ਜਾਣਿਆ ।2ਹੇ ਪਿਆਰਿਓ, ਅਸੀਂ ਹੁਣ ਪਰਮੇਸ਼ੁਰ ਦੇ ਬਾਲਕ ਹਾਂ ਅਤੇ ਹੁਣ ਤੱਕ ਇਹ ਪ੍ਰਗਟ ਨਹੀਂ ਹੋਇਆ ਕਿ ਅਸੀਂ ਕੀ ਕੁੱਝ ਹੋਵਾਂਗੇ ! ਅਸੀਂ ਇਹ ਜਾਣਦੇ ਹਾਂ ਕਿ ਜਦੋਂ ਉਹ ਪ੍ਰਗਟ ਹੋਵੇਗਾ ਤਾਂ ਅਸੀਂ ਉਹ ਦੇ ਵਰਗੇ ਹੋਵਾਂਗੇ ਕਿਉਂਕਿ ਉਹ ਜਿਹਾ ਹੈ ਤਿਹਾ ਹੀ ਉਹ ਨੂੰ ਵੇਖਾਂਗੇ ।3ਅਤੇ ਹਰ ਕੋਈ ਜਿਹੜਾ ਉਸ ਉੱਤੇ ਇਹ ਆਸ ਰੱਖਦਾ ਹੈ ਆਪਣੇ ਆਪ ਨੂੰ ਪਵਿੱਤਰ ਕਰਦਾ ਹੈ, ਜਿਵੇਂ ਉਹ ਪਵਿੱਤਰ ਹੈ ।

4ਹਰ ਕੋਈ ਜਿਹੜਾ ਪਾਪ ਕਰਦਾ ਹੈ, ਪਰਮੇਸ਼ੁਰ ਦੀ ਬਿਵਸਥਾ ਨੂੰ ਤੋੜਦਾ ਹੈ ਅਤੇ ਬਿਵਸਥਾ ਨੂੰ ਤੋੜਨਾ ਹੀ ਪਾਪ ਹੈ l5ਤੁਸੀਂ ਜਾਣਦੇ ਹੋ ਜੋ ਯਿਸੂ ਮਸੀਹ ਇਸ ਲਈ ਪ੍ਰਗਟ ਹੋਇਆ ਕਿ ਪਾਪਾਂ ਨੂੰ ਚੁੱਕ ਲੈ ਜਾਵੇ, ਅਤੇ ਉਹ ਦੇ ਵਿੱਚ ਪਾਪ ਨਹੀਂ ਹੈ ।6ਹਰ ਕੋਈ ਜੋ ਉਸ ਵਿੱਚ ਕਾਇਮ ਰਹਿੰਦਾ ਹੈ ਪਾਪ ਨਹੀਂ ਕਰਦਾ । ਹਰ ਕੋਈ ਜਿਹੜਾ ਪਾਪ ਕਰਦਾ ਹੈ ਉਸ ਨੇ ਉਹ ਨੂੰ ਨਹੀਂ ਵੇਖਿਆ, ਨਾ ਉਹ ਨੂੰ ਜਾਣਿਆ ਹੈ ।
7ਹੇ ਬੱਚਿਓ, ਕੋਈ ਤੁਹਾਨੂੰ ਨਾ ਭਰਮਾਵੇ । ਜਿਹੜਾ ਧਾਰਮਿਕਤਾ ਦੇ ਕੰਮ ਕਰਦਾ ਹੈ ਸੋ ਧਰਮੀ ਹੈ, ਜਿਵੇਂ ਉਹ ਧਰਮੀ ਹੈ ।8ਜਿਹੜਾ ਪਾਪ ਕਰਦਾ ਹੈ ਉਹ ਸ਼ੈਤਾਨ ਤੋਂ ਹੈ, ਕਿਉਂ ਜੋ ਸ਼ੈਤਾਨ ਸ਼ੁਰੂ ਤੋਂ ਹੀ ਪਾਪ ਕਰਦਾ ਆਇਆ ਹੈ । ਪਰਮੇਸ਼ੁਰ ਦਾ ਪੁੱਤਰ ਇਸੇ ਲਈ ਪ੍ਰਗਟ ਹੋਇਆ ਤਾਂ ਕਿ ਸ਼ੈਤਾਨ ਦੇ ਕੰਮਾਂ ਨੂੰ ਨਸ਼ਟ ਕਰੇ ।
9ਹਰ ਕੋਈ ਜਿਹੜਾ ਪਰਮੇਸ਼ੁਰ ਤੋਂ ਜੰਮਿਆ ਹੈ ਉਹ ਪਾਪ ਨਹੀਂ ਕਰਦਾ, ਕਿਉਂ ਜੋ ਪਰਮੇਸ਼ੁਰ ਦਾ ਬੀਜ ਉਸ ਵਿੱਚ ਰਹਿੰਦਾ ਹੈ ਅਤੇ ਉਹ ਪਾਪ ਨਹੀਂ ਕਰ ਸਕਦਾ ਕਿਉਂਕਿ ਉਹ ਪਰਮੇਸ਼ੁਰ ਤੋਂ ਜੰਮਿਆ ਹੋਇਆ ਹੈ ।10ਇਸ ਤੋਂ ਪਰਮੇਸ਼ੁਰ ਦੇ ਬੱਚੇ ਅਤੇ ਸ਼ੈਤਾਨ ਦੇ ਬੱਚੇ ਪ੍ਰਗਟ ਹੁੰਦੇ ਹਨ । ਹਰ ਕੋਈ ਜਿਹੜਾ ਧਰਮ ਨਹੀਂ ਕਰਦਾ ਅਤੇ ਭਰਾ ਨਾਲ ਪਿਆਰ ਨਹੀਂ ਰੱਖਦਾ ਉਹ ਪਰਮੇਸ਼ੁਰ ਤੋਂ ਨਹੀਂ ਹੈ ।
ਇੱਕ ਦੂਸਰੇ ਨਾਲ ਪਿਆਰ ਕਰੋ

11ਕਿਉਂ ਜੋ ਉਹ ਸਮਾਚਾਰ ਜਿਹੜਾ ਤੁਸੀਂ ਸ਼ੁਰੂ ਤੋਂ ਸੁਣਿਆ ਸੋ ਇਹ ਹੈ ਕਿ ਇੱਕ ਦੂਜੇ ਨਾਲ ਪਿਆਰ ਰੱਖੀਏ ।12ਉਸ ਤਰ੍ਹਾਂ ਨਹੀਂ, ਜਿਵੇਂ ਕਾਇਨ ਉਸ ਦੁਸ਼ਟ ਤੋਂ ਸੀ ਅਤੇ ਆਪਣੇ ਭਰਾ ਨੂੰ ਮਾਰ ਸੁੱਟਿਆ, ਅਤੇ ਕਿਉਂ ਉਹ ਨੂੰ ਮਾਰਿਆ ? ਇਸ ਲਈ ਜੋ ਉਹ ਦੇ ਕੰਮ ਬੁਰੇ ਅਤੇ ਉਹ ਦੇ ਭਰਾ ਦੇ ਕੰਮ ਭਲੇ ਸਨ ।

13ਹੇ ਭਰਾਵੋ, ਜੇ ਸੰਸਾਰ ਤੁਹਾਡੇ ਨਾਲ ਵੈਰ ਰੱਖਦਾ ਹੈ ਤਾਂ ਹੈਰਾਨ ਨਾ ਹੋਵੋ ।14ਅਸੀਂ ਜਾਣਦੇ ਹਾਂ ਕਿ ਅਸੀਂ ਮੌਤ ਤੋਂ ਪਾਰ ਲੰਘ ਕੇ ਜੀਵਨ ਵਿੱਚ ਜਾ ਪਹੁੰਚੇ ਹਾਂ, ਇਸ ਲਈ ਜੋ ਅਸੀਂ ਭਰਾਵਾਂ ਨਾਲ ਪਿਆਰ ਰੱਖਦੇ ਹਾਂ । ਜਿਹੜਾ ਪਿਆਰ ਨਹੀਂ ਕਰਦਾ ਉਹ ਮੌਤ ਦੇ ਵੱਸ ਵਿੱਚ ਰਹਿੰਦਾ ਹੈ ।15ਹਰ ਕੋਈ ਜਿਹੜਾ ਆਪਣੇ ਭਰਾ ਨਾਲ ਵੈਰ ਰੱਖਦਾ ਹੈ ਸੋ ਖੂਨੀ ਹੈ ਅਤੇ ਤੁਸੀਂ ਜਾਣਦੇ ਹੋ ਕਿ ਕਿਸੇ ਖੂਨੀ ਵਿੱਚ ਸਦੀਪਕ ਜੀਵਨ ਨਹੀਂ ਟਿਕਦਾ ।
16ਇਸ ਤੋਂ ਅਸੀਂ ਪਿਆਰ ਨੂੰ ਜਾਣਿਆ ਕਿ ਉਹ ਨੇ ਸਾਡੇ ਲਈ ਆਪਣੀ ਜਾਨ ਦੇ ਦਿੱਤੀ ਅਤੇ ਚਾਹੀਦਾ ਹੈ ਜੋ ਅਸੀਂ ਭਰਾਵਾਂ ਲਈ ਆਪਣੀਆਂ ਜਾਨਾਂ ਦੇਈਏ ।17ਪਰ ਜਿਸ ਕਿਸੇ ਕੋਲ ਸੰਸਾਰ ਦੀਆਂ ਵਸਤੂਆਂ ਹੋਣ ਅਤੇ ਉਹ ਆਪਣੇ ਭਰਾ ਨੂੰ ਲੋੜਵੰਦ ਵੇਖ ਕੇ ਉਸ ਉੱਤੇ ਤਰਸ ਨਾ ਖਾਵੇ, ਤਾਂ ਉਹ ਦੇ ਵਿੱਚ ਪਰਮੇਸ਼ੁਰ ਦਾ ਪਿਆਰ ਕਿਵੇਂ ਰਹਿੰਦਾ ਹੈ ?18ਹੇ ਬੱਚਿਓ, ਅਸੀਂ ਗੱਲਾਂ ਬਾਤਾਂ ਨਾਲ ਨਹੀਂ ਸਗੋਂ ਕੰਮਾਂ ਅਤੇ ਸਚਿਆਈ ਨਾਲ ਪਿਆਰ ਕਰੀਏ ।
ਪਰਮੇਸ਼ੁਰ ਦੇ ਸਨਮੁਖ ਹਿੰਮਤ

19ਇਸ ਤੋਂ ਅਸੀਂ ਜਾਣਾਂਗੇ ਜੋ ਅਸੀਂ ਸੱਚ ਤੋਂ ਹਾਂ ਅਤੇ ਜਿਸ ਗੱਲ ਵਿੱਚ ਸਾਡਾ ਮਨ ਸਾਨੂੰ ਦੋਸ਼ੀ ਠਹਿਰਾਉਂਦਾ ਹੈ, ਉਸ ਵਿੱਚ ਆਪਣੇ ਮਨ ਨੂੰ ਉਹ ਦੇ ਅੱਗੇ ਪੱਕਾ ਕਰਾਂਗੇ ।20ਇਸ ਲਈ ਜੋ ਪਰਮੇਸ਼ੁਰ ਸਾਡੇ ਮਨ ਨਾਲੋਂ ਵੱਡਾ ਹੈ ਅਤੇ ਸਰਬ ਗਿਆਨੀ ਹੈ ।21ਹੇ ਪਿਆਰਿਓ, ਜੇ ਸਾਡਾ ਮਨ ਸਾਨੂੰ ਦੋਸ਼ੀ ਨਾ ਠਹਿਰਾਵੇ, ਤਾਂ ਪਰਮੇਸ਼ੁਰ ਦੇ ਅੱਗੇ ਸਾਨੂੰ ਦਲੇਰੀ ਹੈ ।22ਅਤੇ ਜੋ ਕੁੱਝ ਅਸੀਂ ਮੰਗਦੇ ਹਾਂ ਸੋ ਉਸ ਤੋਂ ਸਾਨੂੰ ਮਿਲਦਾ ਹੈ, ਕਿਉਂ ਜੋ ਉਹ ਦੇ ਹੁਕਮਾਂ ਦੀ ਪਾਲਨਾ ਕਰਦੇ ਅਤੇ ਉਹ ਨੂੰ ਚੰਗੇ ਲੱਗਣ ਵਾਲੇ ਕੰਮ ਕਰਦੇ ਹਾਂ ।
23ਅਤੇ ਉਹ ਦਾ ਹੁਕਮ ਇਹ ਹੈ ਕਿ ਅਸੀਂ ਉਹ ਦੇ ਪੁੱਤਰ ਯਿਸੂ ਮਸੀਹ ਦੇ ਨਾਮ ਉੱਤੇ ਵਿਸ਼ਵਾਸ ਕਰੀਏ ਅਤੇ ਇੱਕ ਦੂਜੇ ਨਾਲ ਪਿਆਰ ਰੱਖੀਏ, ਜਿਵੇਂ ਉਹ ਨੇ ਸਾਨੂੰ ਹੁਕਮ ਦਿੱਤਾ ਸੀ ।24ਅਤੇ ਜਿਹੜਾ ਉਹ ਦੇ ਹੁਕਮਾਂ ਦੀ ਪਾਲਨਾ ਕਰਦਾ ਹੈ, ਉਹ ਪ੍ਰਭੂ ਦੇ ਵਿੱਚ ਅਤੇ ਪ੍ਰਭੂ ਉਹ ਦੇ ਵਿੱਚ ਬਣਿਆ ਰਹਿੰਦਾ ਹੈ । ਉਹ ਨੇ ਸਾਨੂੰ ਪਵਿੱਤਰ ਆਤਮਾ ਦਿੱਤਾ ਹੈ, ਇਸ ਤੋਂ ਅਸੀਂ ਜਾਣਦੇ ਹਾਂ ਕਿ ਉਹ ਸਾਡੇ ਵਿੱਚ ਰਹਿੰਦਾ ਹੈ ।

4
ਆਤਮਿਆਂ ਨੂੰ ਪਰਖੋ

1ਹੇ ਪਿਆਰਿਓ, ਹਰੇਕ ਆਤਮਾ ਉੱਤੇ ਵਿਸ਼ਵਾਸ ਨਾ ਕਰੋ ਸਗੋਂ ਆਤਮਿਆਂ ਨੂੰ ਪਰਖੋ ਕਿ ਉਹ ਪਰਮੇਸ਼ੁਰ ਤੋਂ ਹਨ ਕਿ ਨਹੀਂ, ਕਿਉਂ ਜੋ ਬਹੁਤ ਝੂਠੇ ਨਬੀ ਸੰਸਾਰ ਵਿੱਚ ਨਿੱਕਲ ਆਏ ਹਨ ।2ਇਸ ਤੋਂ ਤੁਸੀਂ ਪਰਮੇਸ਼ੁਰ ਦੇ ਆਤਮਾ ਨੂੰ ਜਾਣ ਲਵੋ । ਹਰੇਕ ਆਤਮਾ ਜਿਹੜਾ ਮੰਨ ਲੈਂਦਾ ਹੈ ਕਿ ਯਿਸੂ ਮਸੀਹ ਦੇਹਧਾਰੀ ਹੋ ਕੇ ਆਇਆ, ਉਹ ਪਰਮੇਸ਼ੁਰ ਤੋਂ ਹੈ ।3ਅਤੇ ਹਰੇਕ ਆਤਮਾ ਜਿਹੜਾ ਯਿਸੂ ਨੂੰ ਨਹੀਂ ਮੰਨਦਾ ਉਹ ਪਰਮੇਸ਼ੁਰ ਵੱਲੋਂ ਨਹੀਂ, ਅਤੇ ਇਹ ਉਹ ਆਤਮਾ ਹੈ ਜੋ ਮਸੀਹ ਵਿਰੋਧੀ ਹੈ ਜਿਹੜਾ ਤੁਸੀਂ ਸੁਣਿਆ ਕਿ ਆਉਂਦਾ ਹੈ ਅਤੇ ਉਹ ਹੁਣ ਵੀ ਸੰਸਾਰ ਵਿੱਚ ਹੈ ।

4ਹੇ ਬੱਚਿਓ, ਤੁਸੀਂ ਤਾਂ ਪਰਮੇਸ਼ੁਰ ਤੋਂ ਹੋ ਅਤੇ ਉਨ੍ਹਾਂ ਨੂੰ ਜਿੱਤ ਲਿਆ ਹੈ, ਕਿਉਂਕਿ ਜਿਹੜਾ ਤੁਹਾਡੇ ਵਿੱਚ ਹੈ ਸੋ ਉਸ ਨਾਲੋਂ ਵੱਡਾ ਹੈ ਜਿਹੜਾ ਸੰਸਾਰ ਵਿੱਚ ਹੈ ।5ਉਹ ਸੰਸਾਰ ਤੋਂ ਹਨ ਇਸ ਕਰਕੇ ਸੰਸਾਰਕ ਗੱਲਾਂ ਬੋਲਦੇ ਹਨ ਅਤੇ ਸੰਸਾਰ ਉਨ੍ਹਾਂ ਦੀ ਸੁਣਦਾ ਹੈ ।6ਅਸੀਂ ਪਰਮੇਸ਼ੁਰ ਤੋਂ ਹਾਂ । ਜਿਹੜਾ ਪਰਮੇਸ਼ੁਰ ਨੂੰ ਜਾਣਦਾ ਹੈ, ਉਹ ਸਾਡੀ ਸੁਣਦਾ ਹੈ । ਜੋ ਕੋਈ ਪਰਮੇਸ਼ੁਰ ਵੱਲੋਂ ਨਹੀਂ, ਉਹ ਸਾਡੀ ਨਹੀਂ ਸੁਣਦਾ । ਇਸ ਤੋਂ ਅਸੀਂ ਸਚਿਆਈ ਦੇ ਆਤਮਾ ਅਤੇ ਧੋਖੇ ਦੇ ਆਤਮਾ ਨੂੰ ਜਾਣ ਲੈਂਦੇ ਹਾਂ ।
ਪਰਮੇਸ਼ੁਰ ਪਿਆਰ ਹੈ

7ਹੇ ਪਿਆਰਿਓ, ਆਓ ਅਸੀਂ ਇੱਕ ਦੂਜੇ ਨਾਲ ਪਿਆਰ ਰੱਖੀਏ ਕਿਉਂ ਜੋ ਪਿਆਰ ਪਰਮੇਸ਼ੁਰ ਤੋਂ ਹੈ ਅਤੇ ਹਰੇਕ ਜਿਹੜਾ ਪਿਆਰ ਕਰਦਾ ਹੈ ਉਹ ਪਰਮੇਸ਼ੁਰ ਤੋਂ ਜੰਮਿਆ ਹੋਇਆ ਹੈ ਅਤੇ ਪਰਮੇਸ਼ੁਰ ਨੂੰ ਜਾਣਦਾ ਹੈ ।8ਜਿਹੜਾ ਪਿਆਰ ਨਹੀਂ ਕਰਦਾ ਉਹ ਪਰਮੇਸ਼ੁਰ ਨੂੰ ਨਹੀਂ ਜਾਣਦਾ, ਕਿਉਂਕਿ ਪਰਮੇਸ਼ੁਰ ਪਿਆਰ ਹੈ ।
9ਪਰਮੇਸ਼ੁਰ ਦਾ ਪਿਆਰ ਸਾਡੇ ਵਿੱਚ ਇਸ ਤੋਂ ਪ੍ਰਗਟ ਹੋਇਆ ਜੋ ਪਰਮੇਸ਼ੁਰ ਨੇ ਆਪਣੇ ਇਕਲੌਤੇ ਪੁੱਤਰ ਨੂੰ ਸੰਸਾਰ ਵਿੱਚ ਭੇਜਿਆ ਤਾਂ ਕਿ ਅਸੀਂ ਉਹ ਦੇ ਰਾਹੀਂ ਜੀਵਨ ਪ੍ਰਾਪਤ ਕਰੀਏ ।10ਪਿਆਰ ਇਸ ਗੱਲ ਵਿੱਚ ਹੈ, ਨਾ ਇਹ ਕਿ ਅਸੀਂ ਪਰਮੇਸ਼ੁਰ ਨਾਲ ਪਿਆਰ ਕੀਤਾ ਸਗੋਂ ਇਹ ਕਿ ਉਹ ਨੇ ਸਾਨੂੰ ਪਿਆਰ ਕੀਤਾ ਅਤੇ ਆਪਣੇ ਪੁੱਤਰ ਨੂੰ ਭੇਜਿਆ ਤਾਂ ਕਿ ਉਹ ਸਾਡੇ ਪਾਪਾਂ ਦਾ ਪ੍ਰਾਸਚਿੱਤ ਹੋਵੇ ।
11ਹੇ ਪਿਆਰਿਓ, ਜਦੋਂ ਪਰਮੇਸ਼ੁਰ ਨੇ ਸਾਨੂੰ ਇਸ ਪ੍ਰਕਾਰ ਪਿਆਰ ਕੀਤਾ ਤਾਂ ਸਾਨੂੰ ਚਾਹੀਦਾ ਹੈ ਜੋ ਅਸੀਂ ਵੀ ਇੱਕ ਦੂਜੇ ਨਾਲ ਪਿਆਰ ਕਰੀਏ ।12ਪਰਮੇਸ਼ੁਰ ਨੂੰ ਕਿਸੇ ਨੇ ਕਦੇ ਵੀ ਨਹੀਂ ਦੇਖਿਆ । ਜੇ ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ ਤਾਂ ਪਰਮੇਸ਼ੁਰ ਸਾਡੇ ਵਿੱਚ ਰਹਿੰਦਾ ਹੈ ਅਤੇ ਉਹ ਦਾ ਪਿਆਰ ਸਾਡੇ ਵਿੱਚ ਸੰਪੂਰਨ ਕੀਤਾ ਹੋਇਆ ਹੈ ।13ਉਹ ਨੇ ਆਪਣੇ ਆਤਮਾ ਵਿੱਚੋਂ ਸਾਨੂੰ ਦਾਨ ਕੀਤਾ ਹੈ ਇਸ ਤੋਂ ਅਸੀਂ ਜਾਣਦੇ ਹਾਂ ਜੇ ਅਸੀਂ ਉਹ ਦੇ ਵਿੱਚ ਰਹਿੰਦੇ ਹਾਂ ਅਤੇ ਉਹ ਸਾਡੇ ਵਿੱਚ ਰਹਿੰਦਾ ਹੈ ।14ਅਸੀਂ ਵੇਖਿਆ ਹੈ ਅਤੇ ਗਵਾਹੀ ਦਿੰਦੇ ਹਾਂ ਜੋ ਪਿਤਾ ਨੇ ਪੁੱਤਰ ਨੂੰ ਭੇਜਿਆ ਕਿ ਉਹ ਸੰਸਾਰ ਦਾ ਮੁਕਤੀਦਾਤਾ ਹੋਵੇ ।
15ਜੋ ਕੋਈ ਮੰਨ ਲੈਂਦਾ ਹੈ ਕਿ ਯਿਸੂ ਪਰਮੇਸ਼ੁਰ ਦਾ ਪੁੱਤਰ ਹੈ ਤਾਂ ਪਰਮੇਸ਼ੁਰ ਉਹ ਦੇ ਵਿੱਚ ਅਤੇ ਉਹ ਪਰਮੇਸ਼ੁਰ ਦੇ ਵਿੱਚ ਰਹਿੰਦਾ ਹੈ ।16ਅਤੇ ਅਸੀਂ ਪਰਮੇਸ਼ੁਰ ਦੇ ਉਸ ਪਿਆਰ ਨੂੰ ਜੋ ਉਸ ਨੇ ਕੀਤਾ ਹੈ, ਜਾਣਿਆ ਅਤੇ ਉਹ ਦੇ ਉੱਤੇ ਵਿਸ਼ਵਾਸ ਕੀਤਾ ਹੈ । ਪਰਮੇਸ਼ੁਰ ਪਿਆਰ ਹੈ ਅਤੇ ਜਿਹੜਾ ਪਿਆਰ ਵਿੱਚ ਰਹਿੰਦਾ ਹੈ ਉਹ ਪਰਮੇਸ਼ੁਰ ਵਿੱਚ ਰਹਿੰਦਾ ਹੈ ਅਤੇ ਪਰਮੇਸ਼ੁਰ ਉਸ ਵਿੱਚ ਰਹਿੰਦਾ ਹੈ ।
17ਪਿਆਰ ਸਾਡੇ ਵਿੱਚ ਇਸ ਤੋਂ ਸੰਪੂਰਨ ਹੋਇਆ ਹੈ ਕਿ ਨਿਆਂ ਦੇ ਦਿਨ ਸਾਨੂੰ ਦਲੇਰੀ ਹੋਵੇ, ਕਿਉਂਕਿ ਜਿਵੇਂ ਉਹ ਹੈ ਉਸੇ ਤਰ੍ਹਾਂ ਅਸੀਂ ਵੀ ਇਸ ਸੰਸਾਰ ਵਿੱਚ ਹਾਂ ।18ਪਿਆਰ ਵਿੱਚ ਡਰ ਨਹੀਂ ਸਗੋਂ ਸਿੱਧ ਪਿਆਰ ਡਰ ਨੂੰ ਹਟਾ ਦਿੰਦਾ ਹੈ, ਕਿਉਂਕਿ ਡਰ ਵਿੱਚ ਸਜ਼ਾ ਹੈ ਅਤੇ ਉਹ ਜੋ ਡਰਦਾ ਹੈ, ਸੋ ਪਿਆਰ ਵਿੱਚ ਸੰਪੂਰਨ ਨਹੀਂ ਹੋਇਆ ਹੈ ।
19ਅਸੀਂ ਪਿਆਰ ਕਰਦੇ ਹਾਂ ਇਸ ਲਈ ਜੋ ਪਹਿਲਾਂ ਉਸ ਨੇ ਸਾਨੂੰ ਪਿਆਰ ਕੀਤਾ ।20ਜੇ ਕੋਈ ਆਖੇ ਕਿ ਮੈਂ ਪਰਮੇਸ਼ੁਰ ਨੂੰ ਪਿਆਰ ਕਰਦਾ ਹਾਂ ਅਤੇ ਆਪਣੇ ਭਰਾ ਨਾਲ ਵੈਰ ਰੱਖੇ ਤਾਂ ਉਹ ਝੂਠਾ ਹੈ, ਕਿਉਂਕਿ ਜਿਹੜਾ ਆਪਣੇ ਭਰਾ ਨਾਲ ਜਿਸ ਨੂੰ ਉਸ ਨੇ ਵੇਖਿਆ ਹੈ ਪਿਆਰ ਨਹੀਂ ਰੱਖਦਾ ਤਾਂ ਉਹ ਪਰਮੇਸ਼ੁਰ ਨੂੰ ਜਿਸ ਨੂੰ ਉਹ ਨੇ ਨਹੀਂ ਵੇਖਿਆ ਪਿਆਰ ਕਰ ਹੀ ਨਹੀਂ ਸਕਦਾ ।21ਅਤੇ ਸਾਨੂੰ ਉਸ ਕੋਲੋਂ ਇਹ ਹੁਕਮ ਮਿਲਿਆ ਹੈ ਕਿ ਜਿਹੜਾ ਪਰਮੇਸ਼ੁਰ ਨੂੰ ਪਿਆਰ ਕਰਦਾ ਹੈ ਉਹ ਆਪਣੇ ਭਰਾ ਨੂੰ ਵੀ ਪਿਆਰ ਕਰੇ l

5
ਸੰਸਾਰ ਉੱਤੇ ਜਿੱਤ ਪ੍ਰਾਪਤ ਕਰਨਾ

1ਹਰ ਕੋਈ ਜਿਹੜਾ ਯਿਸੂ ਨੂੰ ਮਸੀਹ ਕਰਕੇ ਮੰਨਦਾ ਹੈ, ਉਹ ਪਰਮੇਸ਼ੁਰ ਤੋਂ ਜੰਮਿਆ ਹੋਇਆ ਹੈ ਅਤੇ ਹਰ ਕੋਈ ਜਿਹੜਾ ਜਨਮ ਦੇਣ ਵਾਲੇ ਨੂੰ ਪਿਆਰ ਕਰਦਾ ਹੈ ਉਹ ਉਸ ਨੂੰ ਵੀ ਪਿਆਰ ਕਰਦਾ ਹੈ, ਜੋ ਉਸ ਤੋਂ ਜੰਮਿਆ ਹੈ ।2ਜਦੋਂ ਅਸੀਂ ਪਰਮੇਸ਼ੁਰ ਨੂੰ ਪਿਆਰ ਕਰਦੇ ਅਤੇ ਉਹ ਦੇ ਹੁਕਮਾਂ ਉੱਤੇ ਚੱਲਦੇ ਹਾਂ, ਤਾਂ ਇਸ ਤੋਂ ਜਾਣਦੇ ਹਾਂ ਕਿ ਅਸੀਂ ਪਰਮੇਸ਼ੁਰ ਦੇ ਬੱਚਿਆਂ ਨੂੰ ਪਿਆਰ ਕਰਦੇ ਹਾਂ ।3ਕਿਉਂ ਜੋ ਪਰਮੇਸ਼ੁਰ ਦਾ ਪਿਆਰ ਇਹ ਹੈ ਕਿ ਅਸੀਂ ਉਹ ਦੇ ਹੁਕਮਾਂ ਦੀ ਪਾਲਣਾ ਕਰੀਏ, ਅਤੇ ਉਹ ਦੇ ਹੁਕਮ ਔਖੇ ਨਹੀਂ ਹਨ ।

4ਕਿਉਂ ਜੋ ਹਰੇਕ ਜਿਹੜਾ ਪਰਮੇਸ਼ੁਰ ਤੋਂ ਜੰਮਿਆ ਹੈ ਉਹ ਸੰਸਾਰ ਉੱਤੇ ਜਿੱਤ ਪਾਉਂਦਾ ਹੈ ਅਤੇ ਜਿੱਤ ਇਹ ਹੈ ਜਿਸ ਨੇ ਸੰਸਾਰ ਉੱਤੇ ਜਿੱਤ ਪਾਈ ਅਰਥਾਤ ਸਾਡਾ ਵਿਸ਼ਵਾਸ ।5ਅਤੇ ਕੌਣ ਹੈ ਉਹ ਜਿਹੜਾ ਸੰਸਾਰ ਉੱਤੇ ਜਿੱਤ ਪਾਉਂਦਾ ਹੈ, ਪਰ ਉਹ ਜਿਸ ਨੂੰ ਵਿਸ਼ਵਾਸ ਹੈ ਕਿ ਯਿਸੂ ਪਰਮੇਸ਼ੁਰ ਦਾ ਪੁੱਤਰ ਹੈ ?
ਯਿਸੂ ਮਸੀਹ ਦੇ ਬਾਰੇ ਗਵਾਹੀ

6ਇਹ ਉਹ ਹੈ ਜੋ ਪਾਣੀ ਅਤੇ ਲਹੂ ਦੇ ਰਾਹੀਂ ਆਇਆ ਅਰਥਾਤ ਯਿਸੂ ਮਸੀਹ । ਕੇਵਲ ਪਾਣੀ ਤੋਂ ਨਹੀਂ ਸਗੋਂ ਪਾਣੀ ਅਤੇ ਲਹੂ ਤੋਂ ਆਇਆ ।7ਅਤੇ ਆਤਮਾ ਉਹ ਹੈ ਜਿਹੜਾ ਗਵਾਹੀ ਦਿੰਦਾ ਹੈ, ਕਿਉਂ ਜੋ ਆਤਮਾ ਸਚਿਆਈ ਹੈ ।8ਕਿਉਂ ਜੋ ਤਿੰਨ ਹਨ ਜਿਹੜੇ ਗਵਾਹੀ ਦਿੰਦੇ ਹਨ ਅਰਥਾਤ ਆਤਮਾ, ਪਾਣੀ ਅਤੇ ਲਹੂ, ਇਹ ਤਿੰਨੇ ਸਹਿਮਤ ਹਨ ।
9ਜਦੋਂ ਅਸੀਂ ਮਨੁੱਖ ਦੀ ਗਵਾਹੀ ਮੰਨ ਲੈਂਦੇ ਹਾਂ ਤਾਂ ਪਰਮੇਸ਼ੁਰ ਦੀ ਗਵਾਹੀ ਉਸ ਨਾਲੋਂ ਵੱਡੀ ਹੈ, ਕਿਉਂ ਜੋ ਪਰਮੇਸ਼ੁਰ ਦੀ ਗਵਾਹੀ ਇਹ ਹੈ ਕਿ ਉਹ ਨੇ ਆਪਣੇ ਪੁੱਤਰ ਦੇ ਬਾਰੇ ਗਵਾਹੀ ਦਿੱਤੀ ਹੈ ।10ਜਿਹੜਾ ਪਰਮੇਸ਼ੁਰ ਦੇ ਪੁੱਤਰ ਉੱਤੇ ਵਿਸ਼ਵਾਸ ਕਰਦਾ ਹੈ ਉਹ ਆਪਣੇ ਵਿੱਚ ਹੀ ਗਵਾਹੀ ਰੱਖਦਾ ਹੈ । ਜਿਹੜਾ ਪਰਮੇਸ਼ੁਰ ਉੱਤੇ ਵਿਸ਼ਵਾਸ ਨਹੀਂ ਕਰਦਾ ਉਸ ਨੇ ਉਹ ਨੂੰ ਝੂਠਾ ਬਣਾ ਦਿੱਤਾ ਹੈ, ਕਿਉਂ ਜੋ ਉਸ ਨੇ ਉਸ ਗਵਾਹੀ ਉੱਤੇ ਵਿਸ਼ਵਾਸ ਨਹੀਂ ਕੀਤਾ ਹੈ ਜਿਹੜੀ ਪਰਮੇਸ਼ੁਰ ਨੇ ਆਪਣੇ ਪੁੱਤਰ ਦੇ ਬਾਰੇ ਦਿੱਤੀ ਹੈ ।
11ਅਤੇ ਉਹ ਗਵਾਹੀ ਇਹ ਹੈ ਕਿ ਪਰਮੇਸ਼ੁਰ ਨੇ ਸਾਨੂੰ ਸਦੀਪਕ ਜੀਵਨ ਦਿੱਤਾ ਅਤੇ ਇਹ ਜੀਵਨ ਉਹ ਦੇ ਪੁੱਤਰ ਦੇ ਵਿੱਚ ਹੈ ।12ਜਿਸ ਦੇ ਕੋਲ ਪੁੱਤਰ ਹੈ, ਉਹ ਦੇ ਕੋਲ ਜੀਵਨ ਹੈ । ਜਿਹ ਦੇ ਕੋਲ ਪਰਮੇਸ਼ੁਰ ਦਾ ਪੁੱਤਰ ਨਹੀਂ ਹੈ, ਉਹ ਦੇ ਕੋਲ ਜੀਵਨ ਵੀ ਨਹੀਂ ।
ਸਦੀਪਕ ਜੀਵਨ

13ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਲਿਖੀਆਂ ਅਰਥਾਤ ਤੁਹਾਨੂੰ ਜਿਹੜੇ ਪਰਮੇਸ਼ੁਰ ਦੇ ਪੁੱਤਰ ਦੇ ਨਾਮ ਉੱਤੇ ਵਿਸ਼ਵਾਸ ਕਰਦੇ ਹੋ ਤਾਂ ਕਿ ਤੁਸੀਂ ਜਾਣੋ ਜੋ ਸਦੀਪਕ ਜੀਵਨ ਤੁਹਾਨੂੰ ਮਿਲਿਆ ਹੈ ।14ਅਤੇ ਉਹ ਦੇ ਅੱਗੇ ਜੋ ਸਾਨੂੰ ਦਲੇਰੀ ਹੈ ਸੋ ਇਹ ਹੈ ਕਿ ਜੇ ਅਸੀਂ ਉਹ ਦੀ ਮਰਜ਼ੀ ਦੇ ਅਨੁਸਾਰ ਕੁੱਝ ਮੰਗਦੇ ਹਾਂ, ਤਾਂ ਉਹ ਸਾਡੀ ਸੁਣਦਾ ਹੈ ।15ਅਤੇ ਜੇ ਅਸੀਂ ਜਾਣਦੇ ਹਾਂ ਕਿ ਜੋ ਕੁੱਝ ਮੰਗਦੇ ਹਾਂ ਉਹ ਸਾਡੀ ਸੁਣਦਾ ਹੈ, ਤਾਂ ਇਹ ਵੀ ਜਾਣਦੇ ਹਾਂ ਕਿ ਮੰਗੀਆਂ ਹੋਈਆਂ ਵਸਤਾਂ ਜਿਹੜੀਆਂ ਅਸੀਂ ਉਸ ਤੋਂ ਮੰਗੀਆਂ ਹਨ, ਉਹ ਸਾਨੂੰ ਪ੍ਰਾਪਤ ਹੋ ਜਾਂਦੀਆਂ ਹਨ ।
16ਜੇ ਕੋਈ ਆਪਣੇ ਭਰਾ ਨੂੰ ਅਜਿਹਾ ਪਾਪ ਕਰਦਾ ਵੇਖੇ ਜੋ ਮੌਤ ਦਾ ਕਾਰਨ ਨਹੀਂ ਹੈ, ਤਾਂ ਉਹ ਮੰਗੇ ਅਤੇ ਪਰਮੇਸ਼ੁਰ ਉਹ ਨੂੰ ਜੀਵਨ ਦੇਵੇਗਾ ਅਰਥਾਤ ਉਨ੍ਹਾਂ ਲਈ ਜਿਹੜੇ ਇਹੋ ਜਿਹਾ ਪਾਪ ਕਰਦੇ ਹਨ ਜੋ ਮੌਤ ਦਾ ਕਾਰਨ ਨਹੀਂ । ਇਹੋ ਜਿਹਾ ਇੱਕ ਪਾਪ ਹੈ ਜਿਹੜਾ ਮੌਤ ਦਾ ਕਾਰਨ ਹੈ । ਉਹ ਦੇ ਵਿਖੇ ਮੈਂ ਨਹੀਂ ਆਖਦਾ ਕਿ ਉਹ ਬੇਨਤੀ ਕਰੇ ।17ਸਾਰਾ ਕੁਧਰਮ ਪਾਪ ਹੈ ਅਤੇ ਇਹੋ ਜਿਹਾ ਇੱਕ ਪਾਪ ਹੈ ਜਿਹੜਾ ਮੌਤ ਦਾ ਕਾਰਨ ਨਹੀਂ ।

18ਅਸੀਂ ਜਾਣਦੇ ਹਾਂ ਕਿ ਹਰ ਕੋਈ ਜਿਹੜਾ ਪਰਮੇਸ਼ੁਰ ਤੋਂ ਜੰਮਿਆ ਹੈ, ਸੋ ਪਾਪ ਨਹੀਂ ਕਰਦਾ ਸਗੋਂ ਜਿਹੜਾ ਪਰਮੇਸ਼ੁਰ ਤੋਂ ਜੰਮਿਆ ਉਹ ਉਸ ਦੀ ਰਖਵਾਲੀ ਕਰਦਾ ਹੈ ਅਤੇ ਉਹ ਦੁਸ਼ਟ ਉਸ ਨੂੰ ਹੱਥ ਨਹੀਂ ਲਾਉਂਦਾ ।19ਅਸੀਂ ਜਾਣਦੇ ਹਾਂ ਕਿ ਅਸੀਂ ਪਰਮੇਸ਼ੁਰ ਤੋਂ ਹਾਂ ਅਤੇ ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ ।
20ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਦਾ ਪੁੱਤਰ ਆਇਆ ਹੈ ਅਤੇ ਸਾਨੂੰ ਸਮਝ ਦਿੱਤੀ ਹੈ ਕਿ ਅਸੀਂ ਉਸ ਸੱਚੇ ਨੂੰ ਜਾਣੀਏ ਅਤੇ ਅਸੀਂ ਉਸ ਸੱਚੇ ਵਿੱਚ ਅਰਥਾਤ ਉਹ ਦੇ ਪੁੱਤਰ ਯਿਸੂ ਮਸੀਹ ਵਿੱਚ ਹਾਂ । ਸੱਚਾ ਪਰਮੇਸ਼ੁਰ ਅਤੇ ਸਦੀਪਕ ਜੀਵਨ ਇਹੋ ਹੈ ।21ਹੇ ਬੱਚਿਓ, ਤੁਸੀਂ ਆਪਣੇ ਆਪ ਨੂੰ ਮੂਰਤੀਆਂ ਤੋਂ ਬਚਾਈ ਰੱਖੋ ।

ਯੂਹੰਨਾ ਦੀ ਦੂਜੀ ਪੱਤ੍ਰੀ

1
ਨਮਸਕਾਰ

1ਕਲੀਸਿਯਾ ਦਾ ਬਜ਼ੁਰਗ, ਅੱਗੇ ਯੋਗ ਚੁਣੀ ਹੋਈ ਔਰਤ ਅਤੇ ਉਹ ਦੇ ਬੱਚਿਆਂ ਨੂੰ ਜਿਨ੍ਹਾਂ ਨੂੰ ਮੈਂ ਸੱਚੀਂ ਮੁੱਚੀਂ ਉਸ ਸਚਿਆਈ ਦੇ ਕਾਰਨ ਪਿਆਰ ਕਰਦਾ ਹਾਂ ਅਤੇ ਕੇਵਲ ਮੈਂ ਹੀ ਨਹੀਂ ਸਗੋਂ ਉਹ ਵੀ ਸੱਭੇ ਪਿਆਰ ਕਰਦੇ ਹਨ ਜਿਨ੍ਹਾਂ ਸਚਿਆਈ ਨੂੰ ਜਾਣਿਆ ਹੈ ।2ਇਹ ਉਸ ਸਚਿਆਈ ਦੇ ਕਾਰਨ ਹੈ ਜਿਹੜੀ ਸਾਡੇ ਵਿੱਚ ਰਹਿੰਦੀ ਹੈ ਅਤੇ ਸਦਾ ਹੀ ਸਾਡੇ ਨਾਲ ਰਹੇਗੀ ।3ਪਿਤਾ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਦੀ ਵੱਲੋਂ ਸਚਿਆਈ ਅਤੇ ਪਿਆਰ ਸਹਿਤ ਕਿਰਪਾ, ਦਯਾ ਅਤੇ ਸ਼ਾਂਤੀ ਸਾਡੇ ਅੰਗ-ਸੰਗ ਰਹੇਗੀ ।

ਸੱਚਾਈ ਅਤੇ ਪਿਆਰ

4ਮੈਂ ਬਹੁਤ ਅਨੰਦ ਹੋਇਆ ਜਦ ਮੈਂ ਤੇਰੇ ਬੱਚਿਆਂ ਵਿੱਚੋਂ ਕਈਆਂ ਨੂੰ ਸਚਿਆਈ ਉੱਤੇ ਚਲਦੇ ਵੇਖਿਆ, ਜਿਵੇਂ ਪਿਤਾ ਵੱਲੋਂ ਸਾਨੂੰ ਹੁਕਮ ਮਿਲਿਆ ਸੀ ।5ਹੁਣ ਹੇ ਔਰਤ, ਮੈਂ ਤੈਨੂੰ ਕੋਈ ਨਵਾਂ ਹੁਕਮ ਨਹੀਂ ਸਗੋਂ ਉਹ ਜਿਹੜਾ ਸ਼ੁਰੂ ਤੋਂ ਸਾਨੂੰ ਮਿਲਿਆ ਹੋਇਆ ਹੈ, ਲਿਖ ਕੇ ਤੇਰੇ ਅੱਗੇ ਬੇਨਤੀ ਕਰਦਾ ਹਾਂ ਜੋ ਅਸੀਂ ਆਪਸ ਵਿੱਚ ਪਿਆਰ ਰੱਖੀਏ ।6ਅਤੇ ਪਿਆਰ ਇਹ ਹੈ ਕਿ ਅਸੀਂ ਉਹ ਦੇ ਹੁਕਮਾਂ ਦੇ ਅਨੁਸਾਰ ਚੱਲੀਏ । ਹੁਕਮ ਇਹ ਹੈ ਜਿਵੇਂ ਤੁਸੀਂ ਸ਼ੁਰੂ ਤੋਂ ਸੁਣਿਆ, ਜਿਸ ਉੱਤੇ ਤੁਹਾਨੂੰ ਚੱਲਣਾ ਚਾਹੀਦਾ ਹੈ ।
7ਕਿਉਂ ਜੋ ਬਹੁਤ ਧੋਖ਼ੇਬਾਜ਼ ਸੰਸਾਰ ਵਿੱਚ ਨਿੱਕਲ ਆਏ ਹਨ ਜਿਹੜੇ ਯਿਸੂ ਮਸੀਹ ਦੇ ਦੇਹਧਾਰੀ ਹੋ ਕੇ ਆਉਣ ਨੂੰ ਨਹੀਂ ਮੰਨਦੇ ਹਨ । ਇਹੋ ਛਲੇਡਾ ਅਤੇ ਮਸੀਹ ਵਿਰੋਧੀ ਹੈ ।8ਚੌਕਸ ਰਹੋ ਕਿ ਜਿਹੜੇ ਕੰਮ ਅਸੀਂ ਕੀਤੇ ਸੋ ਤੁਸੀਂ ਨਾ ਵਿਗਾੜੋ, ਸਗੋਂ ਪੂਰਾ ਫਲ ਪ੍ਰਾਪਤ ਕਰੋ ।
9ਹਰ ਕੋਈ ਜਿਹੜਾ ਆਗੂ ਬਣ ਕੇ ਮਸੀਹ ਦੀ ਸਿੱਖਿਆ ਉੱਤੇ ਕਾਇਮ ਨਹੀਂ ਰਹਿੰਦਾ ਪਰਮੇਸ਼ੁਰ ਉਹ ਦੇ ਕੋਲ ਨਹੀਂ ਹੈ, ਜਿਹੜਾ ਉਸ ਸਿੱਖਿਆ ਉੱਤੇ ਕਾਇਮ ਰਹਿੰਦਾ ਹੈ ਉਹ ਦੇ ਕੋਲ ਪਿਤਾ ਅਤੇ ਪੁੱਤਰ ਵੀ ਹਨ ।10ਜੇ ਕੋਈ ਤੁਹਾਡੇ ਕੋਲ ਆਵੇ ਅਤੇ ਇਹ ਸਿੱਖਿਆ ਨਾ ਲਿਆਵੇ ਤਾਂ ਉਸ ਨੂੰ ਘਰ ਵਿੱਚ ਨਾ ਉਤਾਰੋ, ਨਾ ਉਸ ਦੀ ਸੁੱਖ-ਸਾਂਦ ਮਨਾਓ ।11ਕਿਉਂਕਿ ਜਿਹੜਾ ਉਸ ਦੀ ਸੁੱਖ-ਸਾਂਦ ਮਨਾਉਂਦਾ ਹੈ ਉਹ ਉਸ ਦੇ ਬੁਰੇ ਕੰਮਾਂ ਦਾ ਭਾਗੀ ਬਣਦਾ ਹੈ ।
ਆਖਰੀ ਨਮਸਕਾਰ

12ਲਿਖਣਾ ਤਾਂ ਤੁਹਾਨੂੰ ਬਹੁਤ ਕੁੱਝ ਸੀ ਪਰ ਮੈਂ ਨਾ ਚਾਹਿਆ ਜੋ ਕਾਗਜ਼ ਅਤੇ ਸਿਆਹੀ ਨਾਲ ਲਿਖਾਂ, ਪਰ ਮੈਨੂੰ ਆਸ ਹੈ ਕਿ ਤੁਹਾਡੇ ਕੋਲ ਆਵਾਂ ਅਤੇ ਆਹਮਣੇ ਸਾਹਮਣੇ ਗੱਲਾਂ ਕਰਾਂ ਤਾਂ ਕਿ ਤੁਹਾਡਾ ਅਨੰਦ ਪੂਰਾ ਹੋਵੇ ।13ਤੇਰੀ ਚੁਣੀ ਹੋਈ ਭੈਣ ਦੇ ਬੱਚੇ ਤੇਰੀ ਸੁੱਖ-ਸਾਂਦ ਪੁੱਛਦੇ ਹਨ ।

ਯੂਹੰਨਾ ਦੀ ਤੀਸਰੀ ਪੱਤ੍ਰੀ

1
ਨਮਸਕਾਰ

1ਕਲੀਸਿਯਾ ਦਾ ਬਜ਼ੁਰਗ, ਅੱਗੇ ਯੋਗ ਪਿਆਰੇ ਗਾਯੁਸ ਨੂੰ ਜਿਸ ਨੂੰ ਮੈਂ ਸੱਚ-ਮੁੱਚ ਪਿਆਰ ਰੱਖਦਾ ਹਾਂ ।

2ਪਿਆਰਿਆ, ਮੈਂ ਇਹ ਪ੍ਰਾਰਥਨਾ ਕਰਦਾ ਹਾਂ ਕਿ ਜਿਵੇਂ ਤੇਰੀ ਜਾਨ ਸੁੱਖ-ਸਾਂਦ ਨਾਲ ਹੈ, ਤਿਵੇਂ ਤੂੰ ਸਭਨੀਂ ਗੱਲੀਂ ਸੁੱਖ-ਸਾਂਦ ਨਾਲ ਅਤੇ ਤੰਦਰੁਸਤ ਰਹੇਂ ।3ਮੈਂ ਬਹੁਤ ਅਨੰਦ ਹੋਇਆ ਜਦੋਂ ਕਦੇ ਭਰਾਵਾਂ ਨੇ ਆ ਕੇ ਤੇਰੀ ਸਚਿਆਈ ਦੀ ਗਵਾਹੀ ਦਿੱਤੀ, ਜਿਵੇਂ ਤੂੰ ਸਚਿਆਈ ਉੱਤੇ ਚੱਲਦਾ ਵੀ ਹੈਂ ।4ਇਸ ਤੋਂ ਵੱਡਾ ਮੇਰੇ ਲਈ ਕੋਈ ਅਨੰਦ ਨਹੀਂ ਜੋ ਮੈਂ ਸੁਣਾਂ ਕਿ ਮੇਰੇ ਬੱਚੇ ਸਚਿਆਈ ਉੱਤੇ ਚੱਲਦੇ ਹਨ ।
ਗਾਯੁਸ ਦੀ ਵਡਿਆਈ

5ਪਿਆਰਿਆ, ਜੋ ਸੇਵਾ ਤੂੰ ਭਰਾਵਾਂ ਅਤੇ ਪਰਦੇਸੀਆਂ ਨਾਲ ਕਰਦਾ ਹੈ, ਸੋ ਵਫਾਦਾਰੀ ਦਾ ਕੰਮ ਕਰਦਾ ਹੈ ।6ਜਿਨ੍ਹਾਂ ਨੇ ਕਲੀਸਿਯਾ ਦੇ ਅੱਗੇ ਤੇਰੇ ਪਿਆਰ ਦੀ ਗਵਾਹੀ ਦਿੱਤੀ । ਜੇ ਤੂੰ ਉਹਨਾਂ ਨੂੰ ਅਗਾਹਾਂ ਪਹੁੰਚਾ ਦੇਵੇਂ, ਜਿਸ ਤਰ੍ਹਾਂ ਪਰਮੇਸ਼ੁਰ ਦੇ ਸੇਵਕਾਂ ਨੂੰ ਕਰਨਾ ਯੋਗ ਹੈ, ਤਾਂ ਚੰਗਾ ਕਰੇਂਗਾ ।7ਕਿਉਂ ਜੋ ਉਹ ਉਸ ਨਾਮ ਦੇ ਨਮਿੱਤ ਨਿੱਕਲ ਤੁਰੇ ਅਤੇ ਪਰਾਈਆਂ ਕੌਮਾਂ ਤੋਂ ਕੁੱਝ ਨਹੀਂ ਲੈਂਦੇ ।8ਇਸ ਲਈ ਸਾਨੂੰ ਚਾਹੀਦਾ ਹੈ, ਜੋ ਇਹੋ ਜਿਹਿਆਂ ਦੀ ਪ੍ਰਾਹੁਣਚਾਰੀ ਕਰੀਏ ਤਾਂ ਕਿ ਸਚਿਆਈ ਵਿੱਚ ਉਹਨਾਂ ਦੇ ਸਹਿਕਰਮੀ ਹੋਈਏ ।
ਦਿਯੁਤ੍ਰਿਫੇਸ ਅਤੇ ਦਿਮੇਤ੍ਰਿਯੁਸ

9ਮੈਂ ਕਲੀਸਿਯਾ ਨੂੰ ਕੁੱਝ ਲਿਖਿਆ ਸੀ ਪਰ ਦਿਯੁਤ੍ਰਿਫੇਸ ਜਿਹੜਾ ਉਨ੍ਹਾਂ ਵਿੱਚੋਂ ਵੱਡਾ ਹੋਣਾ ਚਾਹੁੰਦਾ ਹੈ, ਸਾਡੀ ਗੱਲ ਨਹੀਂ ਮੰਨਦਾ ।10ਇਸ ਕਾਰਨ ਜੇ ਮੈਂ ਆਇਆ ਤਾਂ ਉਹ ਦੇ ਕੰਮ ਜਿਹੜੇ ਉਹ ਕਰਦਾ ਹੈ ਉਹਨਾਂ ਕੰਮਾਂ ਨੂੰ ਚੇਤੇ ਕਰਾਵਾਂਗਾ, ਕਿ ਉਹ ਬੁਰੀਆਂ ਗੱਲਾਂ ਆਖ ਕੇ ਸਾਡੇ ਵਿਰੁੱਧ ਦੁਰਬਚਨ ਬੋਲਦਾ ਹੈ, ਅਤੇ ਐਨੇ ਨਾਲ ਹੀ ਰਾਜ਼ੀ ਨਹੀਂ ਹੁੰਦਾ ਪਰ ਨਾ ਤਾਂ ਆਪ ਭਰਾਵਾਂ ਦਾ ਆਦਰ ਕਰਦਾ ਅਤੇ ਜਿਹੜੇ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਰੋਕਦਾ ਹੈ ਅਤੇ ਉਹਨਾਂ ਨੂੰ ਕਲੀਸਿਯਾ ਵਿੱਚੋਂ ਕੱਢ ਦਿੰਦਾ ਹੈ !
11ਪਿਆਰਿਆ, ਬੁਰੇ ਦੀ ਨਹੀਂ ਸਗੋਂ ਭਲੇ ਦੀ ਰੀਸ ਕਰ । ਜਿਹੜਾ ਭਲਾ ਕਰਦਾ ਹੈ ਉਹ ਪਰਮੇਸ਼ੁਰ ਤੋਂ ਹੈ । ਜਿਹੜਾ ਬੁਰਾ ਕਰਦਾ ਹੈ, ਉਹ ਨੇ ਪਰਮੇਸ਼ੁਰ ਨੂੰ ਨਹੀਂ ਵੇਖਿਆ ਹੈ ।12ਦਿਮੇਤ੍ਰਿਯੁਸ ਦੀ ਸਭਨਾਂ ਨੇ ਅਤੇ ਸਚਿਆਈ ਨੇ ਆਪ ਵੀ ਗਵਾਹੀ ਦਿੱਤੀ ਹੈ, ਸਗੋਂ ਅਸੀਂ ਵੀ ਗਵਾਹੀ ਦਿੰਦੇ ਹਾਂ ਅਤੇ ਤੂੰ ਜਾਣਦਾ ਹੈਂ ਕਿ ਸਾਡੀ ਗਵਾਹੀ ਸੱਚ ਹੈ ।
ਆਖਰੀ ਨਮਸਕਾਰ

13ਲਿਖਣਾ ਤਾਂ ਤੈਨੂੰ ਮੈਂ ਬਹੁਤ ਕੁੱਝ ਸੀ ਪਰ ਮੈਂ ਨਹੀਂ ਚਾਹੁੰਦਾ ਕਿ ਸਿਆਹੀ ਅਤੇ ਕਲਮ ਨਾਲ ਤੈਨੂੰ ਲਿਖਾਂ ।14ਪਰ ਮੈਨੂੰ ਆਸ ਹੈ ਕਿ ਤੈਨੂੰ ਜਲਦੀ ਮਿਲਾਂ । ਫਿਰ ਅਸੀਂ ਆਹਮਣੇ ਸਾਹਮਣੇ ਗੱਲਾਂ ਕਰਾਂਗੇ ।15ਤੈਨੂੰ ਸ਼ਾਂਤੀ ਪ੍ਰਾਪਤ ਹੋਵੇ । ਸਾਡੇ ਮਿੱਤਰ ਤੇਰੀ ਸੁੱਖ-ਸਾਂਦ ਪੁੱਛਦੇ ਹਨ । ਤੂੰ ਸਾਡੇ ਮਿੱਤਰਾਂ ਨੂੰ ਨਾਮ ਲੈ ਲੈ ਕੇ ਸੁੱਖ-ਸਾਂਦ ਆਖੀਂ ।

ਯਹੂਦਾਹ ਦੀ ਪੱਤ੍ਰੀ

1
ਨਮਸਕਾਰ

1ਯਹੂਦਾਹ, ਜਿਹੜਾ ਯਿਸੂ ਮਸੀਹ ਦਾ ਦਾਸ ਅਤੇ ਯਾਕੂਬ ਦਾ ਭਰਾ ਹਾਂ, ਅੱਗੇ ਯੋਗ ਉਨ੍ਹਾਂ ਨੂੰ ਜਿਹੜੇ ਬੁਲਾਏ ਹੋਏ, ਪਿਤਾ ਪਰਮੇਸ਼ੁਰ ਵਿੱਚ ਪਿਆਰੇ ਅਤੇ ਯਿਸੂ ਮਸੀਹ ਦੇ ਲਈ ਅਲੱਗ ਕੀਤੇ ਹੋਏ ਹਨ,2ਤੁਹਾਨੂੰ ਦਯਾ, ਸ਼ਾਂਤੀ ਅਤੇ ਪਿਆਰ ਵੱਧ ਤੋਂ ਵੱਧ ਭਰਪੂਰੀ ਨਾਲ ਮਿਲਦਾ ਰਹੇ ।

ਝੂਠੇ ਗੁਰੂ

3ਪਿਆਰਿਓ, ਜਦੋਂ ਮੈਂ ਮੁਕਤੀ ਦੇ ਵਿਖੇ ਤੁਹਾਨੂੰ ਲਿਖਣ ਦੀ ਬਹੁਤ ਕੋਸ਼ਿਸ਼ ਕਰ ਰਿਹਾ ਸੀ ਤਾਂ ਮੈਂ ਤੁਹਾਨੂੰ ਲਿਖ ਕੇ ਬੇਨਤੀ ਕਰਨਾ ਜ਼ਰੂਰੀ ਸਮਝਿਆ ਕਿ ਤੁਸੀਂ ਉਸ ਵਿਸ਼ਵਾਸ ਦੇ ਲਈ ਯਤਨ ਨਾਲ ਕੋਸ਼ਿਸ਼ ਕਰਦੇ ਰਹੋ, ਜਿਹੜਾ ਇੱਕੋ ਹੀ ਵਾਰ ਸੰਤਾਂ ਨੂੰ ਸੌਂਪਿਆ ਗਿਆ ਸੀ ।4ਕਿਉਂ ਜੋ ਕਈ ਮਨੁੱਖ ਚੋਰੀ ਆ ਵੜੇ ਹਨ ਜਿਹੜੇ ਇਸ ਸਜ਼ਾ ਲਈ ਪਹਿਲਾਂ ਤੋਂ ਹੀ ਠਹਿਰਾਏ ਗਏ ਸਨ, ਸ਼ਤਾਨੀ ਮਨੁੱਖ ਜਿਹੜੇ ਸਾਡੇ ਪਰਮੇਸ਼ੁਰ ਦੀ ਕਿਰਪਾ ਨੂੰ ਉਲਟਾ ਕਰਕੇ ਲੁੱਚਪੁਣੇ ਵੱਲ ਲਾ ਲੈਂਦੇ ਹਨ ਅਤੇ ਯਿਸੂ ਮਸੀਹ ਦਾ ਇਨਕਾਰ ਕਰਦੇ ਹਨ ਜਿਹੜਾ ਇੱਕੋ ਹੀ ਸਾਡਾ ਸੁਆਮੀ ਅਤੇ ਪ੍ਰਭੂ ਹੈ ।

5ਹੁਣ ਭਾਵੇਂ ਤੁਸੀਂ ਇੱਕੋ ਵਾਰ ਸਭ ਕੁੱਝ ਜਾਣ ਵੀ ਚੁੱਕੇ ਹੋ, ਤਾਂ ਵੀ ਮੈਂ ਤੁਹਾਨੂੰ ਚੇਤੇ ਕਰਵਾਉਣਾ ਚਾਹੁੰਦਾ ਹਾਂ ਕਿ ਪ੍ਰਭੂ ਨੇ ਲੋਕਾਂ ਨੂੰ ਮਿਸਰ ਦੇਸ ਵਿੱਚੋਂ ਬਚਾ ਕੇ, ਬਾਅਦ ਵਿੱਚ ਉਨ੍ਹਾਂ ਦਾ ਨਾਸ ਕੀਤਾ ਜਿਨ੍ਹਾਂ ਨੇ ਵਿਸ਼ਵਾਸ ਨਾ ਕੀਤਾ ।6ਅਤੇ ਉਨ੍ਹਾਂ ਦੂਤਾਂ ਨੂੰ ਜੋ ਆਪਣੀ ਪਦਵੀ ਉੱਤੇ ਨਾ ਰਹੇ ਸਗੋਂ ਆਪਣੇ ਅਸਲੀ ਠਿਕਾਣੇ ਨੂੰ ਛੱਡ ਦਿੱਤਾ ਉਹ ਨੇ ਘੁੱਪ ਹਨ੍ਹੇਰੇ ਵਿੱਚ ਉਸ ਭਿਆਨਕ ਦਿਨ ਦੇ ਸਦੀਪਕ ਨਿਆਂ ਲਈ ਬੰਧਨਾਂ ਵਿੱਚ ਰੱਖ ਛੱਡਿਆ ।
7ਜਿਵੇਂ ਸਦੂਮ, ਅਮੂਰਾਹ ਅਤੇ ਉਹਨਾਂ ਦੇ ਆਲੇ-ਦੁਆਲੇ ਦੇ ਨਗਰ ਇਹਨਾਂ ਵਾਂਗੂੰ ਹਰਾਮਕਾਰੀ ਕਰਕੇ ਅਤੇ ਪਰਾਏ ਸਰੀਰ ਦੇ ਮਗਰ ਲੱਗ ਕੇ ਸਦੀਪਕ ਅੱਗ ਦੀ ਸਜ਼ਾ ਭੋਗਦੇ ਹੋਏ, ਨਮੂਨਾ ਬਣਾਏ ਹੋਏ ਹਨ ।8ਤਾਂ ਇਸੇ ਤਰ੍ਹਾਂ ਇਹ ਵੀ ਆਪਣੇ ਸੁਫਨਿਆਂ ਵਿੱਚ ਸਰੀਰ ਨੂੰ ਭ੍ਰਿਸ਼ਟ ਕਰਦੇ, ਹਕੂਮਤਾਂ ਨੂੰ ਤੁਛ ਜਾਣਦੇ ਅਤੇ ਪਰਤਾਪ ਵਾਲਿਆਂ ਦੀ ਨਿੰਦਿਆ ਕਰਦੇ ਹਨ ।
9ਪਰ ਮਹਾਂ ਦੂਤ ਮੀਕਾਏਲ ਨੇ ਸ਼ੈਤਾਨ ਨਾਲ ਝਗੜਾ ਕਰ ਕੇ ਮੂਸਾ ਦੀ ਲਾਸ਼ ਦੇ ਵਿਖੇ ਵਿਵਾਦ ਕਰਦਾ ਸੀ, ਤਾਂ ਉਹ ਦੀ ਹਿੰਮਤ ਨਾ ਹੋਈ ਕਿ ਮਿਹਣਾ ਮਾਰ ਕੇ ਉਸ ਉੱਤੇ ਦੋਸ਼ ਲਾਵੇ ਸਗੋਂ ਇਹ ਆਖਿਆ ਭਈ ਪ੍ਰਭੂ ਤੈਨੂੰ ਝਿੜਕੇ !10ਪਰ ਇਹ ਲੋਕ ਜੋ ਕੁੱਝ ਉਹ ਜਾਣਦੇ ਹੀ ਨਹੀਂ ਉਹ ਦੇ ਵਿਖੇ ਕੁਫ਼ਰ ਬਕਦੇ ਹਨ ਅਤੇ ਜੋ ਕੁੱਝ ਬੇਅਕਲ ਪਸ਼ੂਆਂ ਵਰਗੇ ਸੁਭਾਅ ਨਾਲ ਹੀ ਜਾਣਦੇ ਹਨ, ਉਸ ਵਿੱਚ ਨਾਸ ਹੋ ਜਾਂਦੇ ਹਨ ।11ਹਾਏ ਉਨ੍ਹਾਂ ਨੂੰ ! ਕਿਉਂ ਜੋ ਉਹ ਕਾਇਨ ਦੇ ਰਾਹ ਲੱਗ ਤੁਰੇ, ਲਾਭ ਦੇ ਲਈ ਬਿਲਆਮ ਦੇ ਭਰਮ ਵਿੱਚ ਭੱਜੇ ਅਤੇ ਕੁਰਾਹ ਦੇ ਵਿਰੋਧ ਵਿੱਚ ਨਾਸ ਹੋਏ ।
12ਇਹ ਉਹ ਹਨ ਜਿਹੜੇ ਤੁਹਾਡੇ ਨਾਲ ਬੇਧੜਕ ਖਾਂਦੇ-ਪੀਂਦੇ ਹੋਏ, ਤੁਹਾਡੇ ਪਿਆਰ ਭੋਜਨਾਂ ਵਿੱਚ ਡੁੱਬੇ ਹੋਏ ਟਿੱਲੇ ਹਨ ਇਹ ਆਪਣੇ ਹੀ ਢਿੱਡ ਭਰਦੇ ਹਨ । ਇਹ ਪੌਣਾਂ ਦੇ ਉਡਾਏ ਹੋਏ ਸੁੱਕੇ ਬੱਦਲ ਹਨ । ਇਹ ਪੱਤਝੜ ਦੇ ਰੁੱਤ ਦੇ ਦਰੱਖਤ ਹਨ ਜੋ ਫਲ ਨਹੀਂ ਦਿੰਦੇ, ਦੋ ਵਾਰੀ ਮਰੇ ਅਤੇ ਜੜ੍ਹੋਂ ਪੁੱਟੇ ਹੋਏ ਹਨ ।13ਇਹ ਸਮੁੰਦਰ ਦੀਆਂ ਤੂਫਾਨੀ ਲਹਿਰਾਂ ਹਨ ਜੋ ਆਪਣੀ ਸ਼ਰਮਿੰਦਗੀ ਦੀ ਝੱਗ ਉਛਾਲਦੀਆਂ ਹਨ । ਇਹ ਘੁੰਮਣ ਵਾਲੇ ਤਾਰੇ ਹਨ ਜਿਨ੍ਹਾਂ ਲਈ ਸਦਾ ਤੱਕ ਦਾ ਘੁੱਪ ਹਨ੍ਹੇਰਾ ਘੇਰ ਰੱਖਿਆ ਹੋਇਆ ਹੈ ।
14ਨਾਲੇ ਹਨੋਕ ਨੇ ਜਿਹੜਾ ਆਦਮ ਤੋਂ ਸੱਤਵੀਂ ਪੀਹੜੀ ਦਾ ਸੀ ਇਹਨਾਂ ਹੀ ਦੇ ਵਿਖੇ ਅਗੰਮ ਵਾਕ ਕਰ ਕੇ ਆਖਿਆ ਭਈ ਵੇਖੋ, ਪ੍ਰਭੂ ਆਪਣੇ ਲੱਖਾਂ ਸੰਤਾਂ ਨਾਲ ਆਇਆ ।15ਤਾਂ ਕਿ ਸਭਨਾਂ ਦਾ ਨਿਆਂ ਕਰੇ ਅਤੇ ਸਭਨਾਂ ਨੂੰ ਉਨ੍ਹਾਂ ਦੇ ਸਾਰੇ ਦੁਸ਼ਟ ਕੰਮਾਂ ਦੇ ਕਾਰਨ ਜੋ ਉਨ੍ਹਾਂ ਨੇ ਦੁਸ਼ਟਤਾ ਨਾਲ ਕੀਤੇ ਸਨ ਅਤੇ ਸਾਰੀਆਂ ਕਠੋਰ ਗੱਲਾਂ ਦੇ ਕਾਰਨ ਜੋ ਦੁਸ਼ਟ ਪਾਪੀਆਂ ਨੇ ਉਹ ਦੇ ਵਿਰੁੱਧ ਆਖੀਆਂ ਸਨ, ਦੋਸ਼ੀ ਠਹਿਰਾਵੇ ।16ਇਹ ਬੁੜ-ਬੁੜਾਉਣ ਅਤੇ ਸ਼ਿਕਾਇਤ ਕਰਨ ਵਾਲੇ ਹਨ, ਜਿਹੜੇ ਆਪਣੀਆਂ ਕਾਮਨਾਵਾਂ ਦੇ ਅਨੁਸਾਰ ਚੱਲਦੇ ਹਨ, ਮੂੰਹੋਂ ਵੱਡੀਆਂ-ਵੱਡੀਆਂ ਫੋਕੀਆਂ ਗੱਪਾਂ ਮਾਰਦੇ ਹਨ ਅਤੇ ਲਾਭ ਲਈ ਚਾਪਲੂਸੀ ਕਰਦੇ ਹਨ ।
ਚਿਤਾਵਨੀ ਅਤੇ ਉਪਦੇਸ਼

17ਪਰ ਤੁਸੀਂ ਹੇ ਪਿਆਰਿਓ, ਇੰਨ੍ਹਾਂ ਗੱਲਾਂ ਨੂੰ ਯਾਦ ਰੱਖੋ ਜੋ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਸੂਲਾਂ ਨੇ ਪਹਿਲਾਂ ਹੀ ਆਖੀਆਂ ।18ਜੋ ਉਨ੍ਹਾਂ ਨੇ ਤੁਹਾਨੂੰ ਕਿਹਾ ਕਿ ਅੰਤ ਦੇ ਸਮੇਂ ਠੱਠਾ ਕਰਨ ਵਾਲੇ ਹੋਣਗੇ ਜਿਹੜੇ ਆਪਣੀਆਂ ਸ਼ਤਾਨੀ ਕਾਮਨਾਵਾਂ ਦੇ ਅਨੁਸਾਰ ਚੱਲਣਗੇ ।19ਇਹ ਉਹੋ ਹਨ ਜਿਹੜੇ ਧੜੇਬਾਜ਼ ਅਤੇ ਸਰੀਰਕ ਹਨ, ਜਿੰਨ੍ਹਾ ਵਿੱਚ ਆਤਮਾ ਨਹੀਂ ।
20ਪਰ ਤੁਸੀਂ ਹੇ ਪਿਆਰਿਓ, ਆਪਣੇ ਆਪ ਨੂੰ ਆਪਣੇ ਅੱਤ ਪਵਿੱਤਰ ਵਿਸ਼ਵਾਸ ਉੱਤੇ ਉਸਾਰੀ ਜਾਓ ਅਤੇ ਪਵਿੱਤਰ ਆਤਮਾ ਵਿੱਚ ਪ੍ਰਾਰਥਨਾ ਕਰਦੇ ਹੋਏ ।21ਪਰਮੇਸ਼ੁਰ ਦੇ ਪਿਆਰ ਵਿੱਚ ਆਪਣੇ ਆਪ ਨੂੰ ਕਾਇਮ ਰੱਖੋ ਅਤੇ ਸਦੀਪਕ ਜੀਵਨ ਦੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦੀ ਦਯਾ ਦੀ ਉਡੀਕ ਕਰਦੇ ਰਹੋ ।
22ਅਤੇ ਕਿੰਨਿਆਂ ਉੱਤੇ ਜਿਹੜੇ ਦੁਬਧਾ ਵਿੱਚ ਪਏ ਹੋਏ ਹਨ, ਦਯਾ ਕਰੋ ।23ਅਤੇ ਕਿੰਨਿਆਂ ਨੂੰ ਅੱਗ ਵਿੱਚੋਂ ਧੂੰਹ ਖਿੱਚ ਕੇ ਬਚਾਓ, ਅਤੇ ਉਸ ਬਸਤਰ ਤੋਂ ਵੀ ਜਿਸ ਦੇ ਵਿੱਚ ਦੇਹੀ ਦਾ ਦਾਗ ਲੱਗਿਆ ਹੋਵੇ, ਨਫ਼ਰਤ ਕਰਦੇ ਹੋਏ ਕਿੰਨਿਆਂ ਉੱਤੇ ਡਰ ਨਾਲ ਦਯਾ ਕਰੋ ।
ਬਰਕਤ ਦੇ ਵਚਨ

24ਹੁਣ ਜਿਹੜਾ ਸਮਰੱਥ ਹੈ ਜੋ ਤੁਹਾਨੂੰ ਠੇਡੇ ਖਾਣ ਤੋਂ ਬਚਾ ਸਕਦਾ ਹੈ ਅਤੇ ਤੁਹਾਨੂੰ ਆਪਣੀ ਮਹਿਮਾ ਦੇ ਸਨਮੁਖ ਅਨੰਦ ਨਾਲ ਨਿਰਮਲ ਖੜ੍ਹਾ ਕਰ ਸਕਦਾ ਹੈ ।25ਉਸੇ ਦੀ ਅਰਥਾਤ ਉਸ ਅਦੁੱਤੀ ਪਰਮੇਸ਼ੁਰ ਦੀ ਜੋ ਸਾਡਾ ਮੁਕਤੀਦਾਤਾ ਹੈ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਸਭਨਾਂ ਜੁੱਗਾਂ ਤੋਂ ਪਹਿਲਾਂ ਅਤੇ ਹੁਣ ਵੀ ਅਤੇ ਸਭਨਾਂ ਜੁੱਗਾਂ ਤੱਕ ਮਹਿਮਾ, ਪਰਾਕਰਮ, ਮਹਾਨਤਾ ਅਤੇ ਅਧਿਕਾਰ ਹੋਵੇ । ਆਮੀਨ ।

ਯੂਹੰਨਾ ਦੇ ਪਰਕਾਸ਼ ਦੀ ਪੋਥੀ

1

1ਯਿਸੂ ਮਸੀਹ ਦਾ ਪਰਕਾਸ਼, ਜਿਹੜਾ ਪਰਮੇਸ਼ੁਰ ਨੇ ਆਪਣਿਆਂ ਦਾਸਾਂ ਨੂੰ ਵਿਖਾਉਣ ਲਈ ਉਹ ਨੂੰ ਦਿੱਤਾ ਅਰਥਾਤ ਓਹ ਗੱਲਾਂ ਜਿਹੜੀਆਂ ਛੇਤੀ ਹੋਣ ਵਾਲੀਆਂ ਹਨ; ਅਤੇ ਉਸ ਨੇ ਆਪਣੇ ਸਵਰਗ ਦੂਤ ਨੂੰ ਭੇਜ ਕੇ ਉਸ ਦੁਆਰਾ ਆਪਣੇ ਦਾਸ ਯੂਹੰਨਾ ਉੱਤੇ ਇਹ ਗੱਲਾਂ ਪ੍ਰਗਟ ਕੀਤੀਆਂ ।2ਜਿਸ ਨੇ ਪਰਮੇਸ਼ੁਰ ਦੇ ਬਚਨ ਦੀ ਅਤੇ ਯਿਸੂ ਮਸੀਹ ਦੀ ਅਰਥਾਤ ਉਹਨਾਂ ਸਭਨਾਂ ਗੱਲਾਂ ਦੀ ਜੋ ਉਸ ਨੇ ਵੇਖੀਆਂ ਸਨ, ਗਵਾਹੀ ਦਿੱਤੀ ।3ਧੰਨ ਹੈ ਉਹ ਜਿਹੜਾ ਅਗੰਮ ਵਾਕ ਦੇ ਬਚਨਾਂ ਨੂੰ ਪੜ੍ਹਦਾ ਹੈ ਅਤੇ ਉਹ ਜਿਹੜੇ ਸੁਣਦੇ ਹਨ, ਅਤੇ ਜੋ ਕੁਝ ਇਹ ਦੇ ਵਿੱਚ ਲਿਖਿਆ ਹੋਇਆ ਹੈ ਉਸ ਦੀ ਪਾਲਨਾ ਕਰਦੇ ਹਨ, ਕਿਉਂ ਜੋ ਸਮਾਂ ਨੇੜੇ ਹੈ ।

ਸੱਤਾਂ ਕਲੀਸਿਯਾਵਾਂ ਨੂੰ ਨਮਸਕਾਰ

4ਯੂਹੰਨਾ ਵੱਲੋਂ, ਅੱਗੇ ਉਨ੍ਹਾਂ ਸੱਤਾਂ ਕਲੀਸਿਯਾਵਾਂ ਨੂੰ ਜਿਹੜੀਆਂ ਅਸਿਯਾ ਵਿੱਚ ਹਨ: ਉਹ ਦੀ ਵੱਲੋਂ ਜਿਹੜਾ ਹੈ, ਜਿਹੜਾ ਸੀ ਅਤੇ ਜਿਹੜਾ ਆਉਣ ਵਾਲਾ ਹੈ, ਕਿਰਪਾ ਅਤੇ ਸ਼ਾਂਤੀ ਤੁਹਾਨੂੰ ਮਿਲਦੀ ਰਹੇ । ਅਤੇ ਉਹਨਾਂ ਸੱਤਾਂ ਆਤਮਿਆਂ ਦੀ ਵੱਲੋਂ ਜਿਹੜੇ ਉਹ ਦੇ ਸਿੰਘਾਸਣ ਦੇ ਅੱਗੇ ਹਨ ।5ਅਤੇ ਯਿਸੂ ਮਸੀਹ ਦੀ ਵੱਲੋਂ ਜਿਹੜਾ ਸੱਚਾ ਗਵਾਹ ਅਤੇ ਮੁਰਦਿਆਂ ਵਿੱਚੋਂ ਪਹਿਲੌਠਾ ਅਤੇ ਧਰਤੀ ਦੇ ਰਾਜਿਆਂ ਦਾ ਹਾਕਮ ਹੈ । ਉਹ ਦੀ ਜਿਹੜਾ ਸਾਡੇ ਨਾਲ ਪਿਆਰ ਕਰਦਾ ਹੈ ਅਤੇ ਜਿਸ ਨੇ ਆਪਣੇ ਲਹੂ ਨਾਲ ਸਾਡੇ ਪਾਪਾਂ ਤੋਂ ਸਾਨੂੰ ਛੁਟਕਾਰਾ ਦਿੱਤਾ ।6ਅਤੇ ਉਸ ਨੇ ਸਾਨੂੰ ਇੱਕ ਪਾਤਸ਼ਾਹੀ ਬਣਾਇਆ ਕਿ ਅਸੀਂ ਉਹ ਦੇ ਪਿਤਾ ਪਰਮੇਸ਼ੁਰ ਲਈ ਜਾਜਕ ਬਣੀਏ, ਉਸੇ ਦੀ ਮਹਿਮਾ ਅਤੇ ਪਰਾਕਰਮ ਜੁੱਗੋ-ਜੁੱਗ ਹੋਵੇ ! ਆਮੀਨ ।

7ਵੇਖੋ, ਉਹ ਬੱਦਲਾਂ ਦੇ ਨਾਲ ਆਉਂਦਾ ਹੈ ਅਤੇ ਹਰੇਕ ਅੱਖ ਉਸ ਨੂੰ ਵੇਖੇਗੀ, ਉਹ ਵੀ ਜਿਨ੍ਹਾਂ ਉਸ ਨੂੰ ਵਿੰਨ੍ਹਿਆ ਸੀ ਵੇਖਣਗੇ, ਅਤੇ ਧਰਤੀ ਦੀਆਂ ਸਾਰੀਆਂ ਕੌਮਾਂ ਉਸ ਦੇ ਕਾਰਨ ਵਿਰਲਾਪ ਕਰਨਗੀਆਂ । ਹਾਂ ! ਆਮੀਨ ।

8ਮੈਂ ਅਲਫਾ ਅਤੇ ਓਮੇਗਾ ਹਾਂ, ਇਹ ਆਖਣਾ ਪ੍ਰਭੂ ਪਰਮੇਸ਼ੁਰ ਦਾ ਹੈ ਅਰਥਾਤ ਉਹ ਜਿਹੜਾ ਹੈ, ਜਿਹੜਾ ਸੀ ਅਤੇ ਜਿਹੜਾ ਆਉਣ ਵਾਲਾ ਹੈ, ਜੋ ਸਰਬ ਸ਼ਕਤੀਮਾਨ ਹੈ ।
ਯੂਹੰਨਾ ਨੂੰ ਮਸੀਹ ਦਾ ਦਰਸ਼ਣ

9ਮੈਂ ਯੂਹੰਨਾ, ਜੋ ਤੁਹਾਡਾ ਭਰਾ ਅਤੇ ਤੁਹਾਡੇ ਨਾਲ ਰਲ ਕੇ, ਉਸ ਬਿਪਤਾ ਅਤੇ ਰਾਜ ਅਤੇ ਸਬਰ ਵਿੱਚ ਜੋ ਯਿਸੂ ਵਿੱਚ ਹੈ ਸਾਂਝੀ ਹਾਂ, ਪਰਮੇਸ਼ੁਰ ਦੇ ਬਚਨ ਅਤੇ ਯਿਸੂ ਦੀ ਗਵਾਹੀ ਦੇਣ ਦੇ ਕਾਰਨ ਉਸ ਟਾਪੂ ਵਿੱਚ ਸੀ, ਜਿਸ ਨੂੰ ਪਾਤਮੁਸ ਕਿਹਾ ਜਾਂਦਾ ਹੈ ।10ਮੈਂ ਪ੍ਰਭੂ ਦੇ ਦਿਨ ਆਤਮਾ ਵਿੱਚ ਆਇਆ ਅਤੇ ਮੈਂ ਆਪਣੇ ਪਿੱਛੇ ਤੁਰ੍ਹੀ ਜਿਹੀ ਇੱਕ ਵੱਡੀ ਅਵਾਜ਼ ਇਹ ਆਖਦੇ ਸੁਣੀ,11ਕਿ ਜੋ ਕੁੱਝ ਤੂੰ ਵੇਖਦਾ ਹੈਂ, ਸੋ ਇੱਕ ਪੋਥੀ ਵਿੱਚ ਲਿਖ ਲੈ ਅਤੇ ਸੱਤਾਂ ਕਲੀਸਿਯਾਵਾਂ ਨੂੰ ਭੇਜ ਦੇ ਅਰਥਾਤ ਅਫ਼ਸੁਸ, ਸਮੁਰਨੇ, ਪਰਗਮੁਮ, ਥੂਆਤੀਰੇ, ਸਾਰਦੀਸ, ਫ਼ਿਲਦਲਫ਼ੀਏ ਅਤੇ ਲਾਉਦਿਕੀਏ ਨੂੰ ।
12ਅਤੇ ਮੈਂ ਓਸ ਅਵਾਜ਼ ਨੂੰ ਜਿਹੜੀ ਮੇਰੇ ਨਾਲ ਗੱਲ ਕਰਦੀ ਸੀ, ਵੇਖਣ ਲਈ ਮੁੜਿਆ ਅਤੇ ਜਦ ਮੁੜਿਆ ਤਾਂ ਸੋਨੇ ਦੇ ਸੱਤ ਸ਼ਮਾਦਾਨ ਵੇਖੇ ।13ਅਤੇ ਉਹਨਾਂ ਸ਼ਮਾਦਾਨਾਂ ਦੇ ਵਿਚਕਾਰ ਮਨੁੱਖ ਦੇ ਪੁੱਤਰ ਵਰਗਾ ਕੋਈ ਵੇਖਿਆ, ਜਿਸ ਨੇ ਪੈਰਾਂ ਤੱਕ ਚੋਗਾ ਪਹਿਨਿਆ ਹੋਇਆ ਸੀ ਅਤੇ ਛਾਤੀ ਦੁਆਲੇ ਸੋਨੇ ਦੀ ਪੇਟੀ ਬੰਨ੍ਹੀ ਹੋਈ ਸੀ ।
14ਉਹ ਦਾ ਸਿਰ ਅਤੇ ਵਾਲ਼ ਉੱਨ ਦੇ ਵਾਂਗੂੰ ਚਿੱਟੇ ਸਗੋਂ ਬਰਫ਼ ਦੇ ਸਮਾਨ ਸਨ, ਅਤੇ ਉਹ ਦੀਆਂ ਅੱਖਾਂ ਅੱਗ ਦੀ ਲਾਟ ਵਰਗੀਆਂ ਸਨ ।15ਅਤੇ ਉਹ ਦੇ ਪੈਰ ਸ਼ੁੱਧ ਪਿੱਤਲ ਵਰਗੇ ਸਨ, ਜਿਵੇਂ ਉਹ ਭੱਠੀ ਵਿੱਚ ਤਾਇਆ ਹੋਵੇ ਅਤੇ ਉਹ ਦੀ ਅਵਾਜ਼ ਬਹੁਤੇ ਪਾਣੀਆਂ ਦੀ ਘੂਕ ਵਰਗੀ ਸੀ ।16ਉਸ ਦੇ ਸੱਜੇ ਹੱਥ ਵਿੱਚ ਸੱਤ ਤਾਰੇ ਸਨ ਅਤੇ ਉਹ ਦੇ ਮੂੰਹ ਵਿੱਚੋਂ ਇੱਕ ਦੋਧਾਰੀ ਤਿੱਖੀ ਤਲਵਾਰ ਨਿੱਕਲਦੀ ਸੀ, ਅਤੇ ਉਹ ਦਾ ਚਿਹਰਾ ਅਜਿਹਾ ਸੀ ਜਿਵੇਂ ਸੂਰਜ ਆਪਣੇ ਡਾਢੇ ਤੇਜ ਨਾਲ ਚਮਕਦਾ ਹੈ ।
17ਜਦ ਮੈਂ ਉਹ ਨੂੰ ਦੇਖਿਆ ਤਾਂ ਉਹ ਦੇ ਪੈਰਾਂ ਵਿੱਚ ਮੁਰਦੇ ਵਾਂਗੂੰ ਡਿੱਗ ਪਿਆ ਤਾਂ ਉਸ ਨੇ ਆਪਣਾ ਸੱਜਾ ਹੱਥ ਮੇਰੇ ਉੱਤੇ ਰੱਖਿਆ ਅਤੇ ਕਿਹਾ, ਨਾ ਡਰ । ਮੈਂ ਪਹਿਲਾ ਅਤੇ ਆਖਰੀ ਹਾਂ18ਅਤੇ ਜਿਉਂਦਾ ਹਾਂ । ਮੈਂ ਮੁਰਦਾ ਸੀ ਅਤੇ ਵੇਖ, ਮੈਂ ਜੁੱਗੋ-ਜੁੱਗ ਜਿਉਂਦਾ ਹਾਂ, ਮੌਤ ਅਤੇ ਪਤਾਲ ਦੀਆਂ ਕੁੰਜੀਆਂ ਮੇਰੇ ਕੋਲ ਹਨ ।
19ਇਸ ਲਈ ਜੋ ਕੁੱਝ ਤੂੰ ਵੇਖਿਆ, ਜੋ ਕੁੱਝ ਹੈ ਅਤੇ ਜੋ ਕੁੱਝ ਇਹ ਦੇ ਬਾਅਦ ਹੋਣ ਵਾਲਾ ਹੈ, ਸੋ ਤੂੰ ਲਿਖ ਲੈ ।20ਅਰਥਾਤ ਉਹਨਾਂ ਸੱਤ ਤਾਰਿਆਂ ਦਾ ਭੇਤ ਜਿਹੜੇ ਤੂੰ ਮੇਰੇ ਸੱਜੇ ਹੱਥ ਵਿੱਚ ਵੇਖੇ ਸਨ ਅਤੇ ਉਹਨਾਂ ਸੱਤ ਸੋਨੇ ਦੇ ਸ਼ਮਾਦਾਨਾਂ ਦਾ, ਉਹ ਸੱਤ ਤਾਰੇ ਸੱਤਾਂ ਕਲੀਸਿਯਾਵਾਂ ਦੇ ਦੂਤ ਹਨ ਅਤੇ ਉਹ ਸੱਤ ਸ਼ਮਾਦਾਨ ਸੱਤ ਕਲੀਸਿਯਾਵਾਂ ਹਨ ।

2
ਅਫ਼ਸੁਸ ਨੂੰ ਸੰਦੇਸ਼

1ਅਫ਼ਸੁਸ ਦੀ ਕਲੀਸਿਯਾ ਦੇ ਦੂਤ ਨੂੰ ਇਸ ਤਰ੍ਹਾਂ ਲਿਖ ਕਿ ਜਿਸ ਨੇ ਆਪਣੇ ਸੱਜੇ ਹੱਥ ਵਿੱਚ ਸੱਤ ਤਾਰੇ ਫੜੇ ਹੋਏ ਹਨ ਅਤੇ ਜਿਹੜਾ ਸੱਤਾਂ ਸੋਨੇ ਦੇ ਸ਼ਮਾਦਾਨਾਂ ਦੇ ਵਿਚਾਲੇ ਫਿਰਦਾ ਹੈ, ਉਹ ਇਹ ਆਖਦਾ ਹੈ,2ਮੈਂ ਤੇਰੇ ਕੰਮਾਂ, ਮਿਹਨਤ ਅਤੇ ਸਬਰ ਨੂੰ ਜਾਣਦਾ ਹਾਂ ਅਤੇ ਇਹ ਵੀ ਜੋ ਤੂੰ ਬੁਰਿਆਂ ਦੀ ਸਹਿਣ ਨਹੀਂ ਕਰ ਸਕਦਾ ਅਤੇ ਜਿਹੜੇ ਆਪਣੇ ਆਪ ਨੂੰ ਰਸੂਲ ਦੱਸਦੇ ਹਨ, ਪਰ ਰਸੂਲ ਨਹੀਂ ਹਨ, ਤੂੰ ਦੇਖਿਆ ਕਿ ਉਹ ਝੂਠੇ ਹਨ ।

3ਅਤੇ ਤੂੰ ਧੀਰਜ ਰੱਖਦਾ ਹੈਂ ਅਤੇ ਤੂੰ ਮੇਰੇ ਨਾਮ ਦੇ ਕਾਰਨ ਦੁੱਖ ਸਹਿੰਦਾ ਰਿਹਾ ਪਰ ਥੱਕਿਆ ਨਹੀਂ ।4ਪਰ ਫਿਰ ਵੀ ਮੈਨੂੰ ਤੇਰੇ ਵਿਰੁੱਧ ਇਹ ਆਖਣਾ ਹੈ ਕਿ ਤੂੰ ਆਪਣਾ ਪਹਿਲਾ ਪਿਆਰ ਛੱਡ ਦਿੱਤਾ ਹੈ ।5ਸੋ ਯਾਦ ਕਰ ਕਿ ਤੂੰ ਕਿੱਥੋਂ ਡਿੱਗਿਆ ਹੈਂ, ਤੋਬਾ ਕਰ ਅਤੇ ਪਹਿਲਾਂ ਵਰਗੇ ਹੀ ਕੰਮ ਕਰ ! ਜੇ ਤੂੰ ਤੋਬਾ ਨਾ ਕੀਤੀ ਤਾਂ ਮੈਂ ਤੇਰੇ ਕੋਲ ਆਵਾਂਗਾ ਅਤੇ ਤੇਰੇ ਸ਼ਮਾਦਾਨ ਨੂੰ ਉਸ ਦੇ ਥਾਂ ਤੋਂ ਹਟਾ ਦਿਆਂਗਾ ।
6ਪਰ ਤੇਰੇ ਵਿੱਚ ਇਹ ਗੱਲ ਚੰਗੀ ਹੈ, ਕਿ ਤੂੰ ਨਿਕੁਲਾਈਆਂ ਦੇ ਕੰਮਾਂ ਤੋਂ ਨਫ਼ਰਤ ਕਰਦਾ ਹੈਂ, ਜਿਨ੍ਹਾਂ ਤੋਂ ਮੈਂ ਵੀ ਨਫ਼ਰਤ ਕਰਦਾ ਹਾਂ ।7ਜਿਹ ਦੇ ਕੰਨ ਹੋਣ ਸੋ ਸੁਣੇ ਕਿ ਆਤਮਾ ਕਲੀਸਿਯਾਵਾਂ ਨੂੰ ਕੀ ਆਖਦਾ ਹੈ । ਜਿਹੜਾ ਜਿੱਤਣ ਵਾਲਾ ਹੈ ਉਹ ਨੂੰ ਮੈਂ ਜੀਵਨ ਦੇ ਬਿਰਛ ਵਿੱਚੋਂ ਖਾਣ ਲਈ ਦਿਆਂਗਾ, ਜੋ ਪਰਮੇਸ਼ੁਰ ਦੇ ਫ਼ਿਰਦੌਸ ਵਿੱਚ ਹੈ ।
ਸਮੁਰਨੇ ਨੂੰ ਸੰਦੇਸ਼

8ਸਮੁਰਨੇ ਦੀ ਕਲੀਸਿਯਾ ਦੇ ਦੂਤ ਨੂੰ ਇਸ ਤਰ੍ਹਾਂ ਲਿਖ ਕਿ ਜਿਹੜਾ ਪਹਿਲਾ ਅਤੇ ਆਖਰੀ ਹੈ, ਜਿਹੜਾ ਮਰਿਆ ਅਤੇ ਫੇਰ ਜਿਉਂਦਾ ਹੋ ਗਿਆ, ਉਹ ਇਹ ਆਖਦਾ ਹੈ9ਮੈਂ ਤੇਰੀ ਬਿਪਤਾ ਅਤੇ ਗਰੀਬੀ ਨੂੰ ਜਾਣਦਾ ਹਾਂ ਭਾਵੇਂ ਨੂੰ ਧਨਵਾਨ ਹੈਂ ਅਤੇ ਉਹਨਾਂ ਦੇ ਕੁਫ਼ਰ ਨੂੰ ਵੀ ਜਿਹੜੇ ਆਪਣੇ ਆਪ ਨੂੰ ਯਹੂਦੀ ਦੱਸਦੇ ਹਨ ਪਰ ਯਹੂਦੀ ਨਹੀਂ ਹਨ ਸਗੋਂ ਸ਼ੈਤਾਨ ਦੀ ਮੰਡਲੀ ਹਨ ।
10ਜਿਹੜੇ ਦੁੱਖ ਤੂੰ ਸਹਿਣ ਕਰਨੇ ਹਨ, ਤੂੰ ਉਹਨਾਂ ਤੋਂ ਨਾ ਡਰੀਂ । ਵੇਖੋ, ਸ਼ੈਤਾਨ ਤੁਹਾਡੇ ਵਿੱਚੋਂ ਕਈਆਂ ਦੀ ਪ੍ਰੀਖਿਆ ਲੈਣ ਲਈ ਉਹਨਾਂ ਨੂੰ ਕੈਦ ਵਿੱਚ ਪਾ ਦੇਵੇਗਾ ਅਤੇ ਤੁਹਾਨੂੰ ਦਸ ਦਿਨ ਤੱਕ ਤਸੀਹੇ ਦਿੱਤੇ ਜਾਣਗੇ । ਤੂੰ ਮੌਤ ਤੱਕ ਵਫ਼ਾਦਾਰ ਰਹਿ, ਤਾਂ ਮੈਂ ਤੈਨੂੰ ਜੀਵਨ ਦਾ ਮੁਕਟ ਦਿਆਂਗਾ ।11ਜਿਹ ਦੇ ਕੰਨ ਹੋਣ ਸੋ ਸੁਣੇ ਕਿ ਆਤਮਾ ਕਲੀਸਿਯਾਵਾਂ ਨੂੰ ਕੀ ਆਖਦਾ ਹੈ । ਜਿਹੜਾ ਜਿੱਤਣ ਵਾਲਾ ਹੈ, ਦੂਜੀ ਮੌਤ ਉਸ ਦਾ ਕੁੱਝ ਵੀ ਵਿਗਾੜ ਨਹੀਂ ਸਕੇਗੀ ।
ਪਰਗਮੁਮ ਨੂੰ ਸੰਦੇਸ਼

12ਪਰਗਮੁਮ ਦੀ ਕਲੀਸਿਯਾ ਦੇ ਦੂਤ ਨੂੰ ਇਸ ਤਰ੍ਹਾਂ ਲਿਖ ਕਿ ਜਿਹ ਦੇ ਕੋਲ ਦੋਧਾਰੀ ਤਿੱਖੀ ਤਲਵਾਰ ਹੈ, ਉਹ ਇਹ ਆਖਦਾ ਹੈ,13ਮੈਂ ਜਾਣਦਾ ਹਾਂ ਤੂੰ ਉੱਥੇ ਵੱਸਦਾ ਹੈਂ ਜਿੱਥੇ ਸ਼ੈਤਾਨ ਦੀ ਗੱਦੀ ਹੈ । ਤੂੰ ਮਜ਼ਬੂਤੀ ਨਾਲ ਮੇਰਾ ਨਾਮ ਫੜ੍ਹੀ ਰੱਖਦਾ ਹੈਂ ਅਤੇ ਤੂੰ ਉਹਨਾਂ ਦਿਨਾਂ ਵਿੱਚ ਵੀ ਮੇਰੇ ਵਿਸ਼ਵਾਸ ਤੋਂ ਇੰਨਕਾਰ ਨਹੀਂ ਕੀਤਾ, ਜਦੋਂ ਅੰਤਿਪਾਸ ਜੋ ਮੇਰਾ ਗਵਾਹ ਅਤੇ ਮੇਰਾ ਵਫ਼ਾਦਾਰ ਸੀ, ਤੁਹਾਡੇ ਵਿੱਚ ਉੱਥੇ ਮਾਰਿਆ ਗਿਆ ਜਿੱਥੇ ਸ਼ੈਤਾਨ ਵੱਸਦਾ ਹੈ ।
14ਪਰ ਤਾਂ ਵੀ ਮੈਨੂੰ ਤੇਰੇ ਤੋਂ ਕੁੱਝ ਸ਼ਿਕਾਇਤਾਂ ਹਨ, ਕਿ ਉੱਥੇ ਤੇਰੇ ਕੋਲ ਉਹ ਹਨ ਜਿਹੜੇ ਬਿਲਾਮ ਦੀ ਸਿੱਖਿਆ ਨੂੰ ਮੰਨਦੇ ਹਨ, ਜਿਸ ਨੇ ਬਾਲਾਕ ਨੂੰ ਸਿੱਖਿਆ ਦਿੱਤੀ ਸੀ, ਜੋ ਇਸਰਾਏਲ ਦੇ ਵੰਸ਼ ਦੇ ਅੱਗੇ ਠੋਕਰ ਖਵਾਉਣ ਵਾਲੀ ਵਸਤੂ ਸੁੱਟ ਦੇਵੇ, ਕਿ ਉਹ ਮੂਰਤੀਆਂ ਦੇ ਚੜ੍ਹਾਵੇ ਖਾਣ ਅਤੇ ਹਰਾਮਕਾਰੀ ਕਰਨ ।15ਇਸੇ ਤਰ੍ਹਾਂ ਤੇਰੇ ਕੋਲ ਉਹ ਵੀ ਹਨ ਜਿਹੜੇ ਨਿਕੁਲਾਈਆਂ ਦੀ ਸਿੱਖਿਆ ਨੂੰ ਉਸੇ ਤਰ੍ਹਾਂ ਮੰਨਦੇ ਹਨ ।
16ਇਸ ਲਈ ਤੋਬਾ ਕਰ, ਨਹੀਂ ਤਾਂ ਮੈਂ ਤੇਰੇ ਕੋਲ ਛੇਤੀ ਆਵਾਂਗਾ ਅਤੇ ਉਹਨਾਂ ਨਾਲ ਆਪਣੇ ਮੂੰਹ ਦੀ ਤਲਵਾਰ ਦੇ ਨਾਲ ਲੜਾਂਗਾ ।17ਜਿਹ ਦੇ ਕੰਨ ਹਨ ਸੋ ਸੁਣੇ ਕਿ ਆਤਮਾ ਕਲੀਸਿਯਾਵਾਂ ਨੂੰ ਕੀ ਆਖਦਾ ਹੈ । ਜਿਹੜਾ ਜਿੱਤਣ ਵਾਲਾ ਹੈ, ਉਹ ਨੂੰ ਮੈਂ ਗੁਪਤ ਮੰਨੇ ਵਿੱਚੋਂ ਦਿਆਂਗਾ ਅਤੇ ਮੈਂ ਉਹ ਨੂੰ ਇੱਕ ਚਿੱਟਾ ਪੱਥਰ ਦਿਆਂਗਾ ਅਤੇ ਉਸ ਪੱਥਰ ਉੱਤੇ ਇੱਕ ਨਵਾਂ ਨਾਮ ਲਿਖਿਆ ਹੋਇਆ ਹੈ, ਜਿਸ ਨੂੰ ਉਹ ਦੇ ਪ੍ਰਾਪਤ ਕਰਨ ਵਾਲੇ ਤੋਂ ਬਿਨ੍ਹਾਂ ਹੋਰ ਕੋਈ ਨਹੀਂ ਜਾਣਦਾ ਹੈ ।
ਥੂਆਤੀਰੇ ਨੂੰ ਸੰਦੇਸ਼

18ਥੂਆਤੀਰੇ ਦੀ ਕਲੀਸਿਯਾ ਦੇ ਦੂਤ ਨੂੰ ਇਸ ਤਰ੍ਹਾਂ ਲਿਖ ਕਿ ਪਰਮੇਸ਼ੁਰ ਦਾ ਪੁੱਤਰ ਜਿਹ ਦੀਆਂ ਅੱਖਾਂ ਅੱਗ ਦੀ ਲਾਟ ਵਰਗੀਆਂ ਹਨ ਅਤੇ ਉਹ ਦੇ ਪੈਰ ਸ਼ੁੱਧ ਪਿੱਤਲ ਵਰਗੇ ਹਨ, ਉਹ ਇਹ ਆਖਦਾ ਹੈ,19ਮੈਂ ਤੇਰੇ ਕੰਮਾਂ, ਪਿਆਰ , ਵਿਸ਼ਵਾਸ, ਸੇਵਾ ਅਤੇ ਸਬਰ ਨੂੰ ਜਾਣਦਾ ਹਾਂ ਅਤੇ ਇਹ ਕਿ ਤੇਰੇ ਬਾਅਦ ਵਾਲੇ ਕੰਮ ਪਹਿਲਾਂ ਵਾਲਿਆਂ ਨਾਲੋਂ ਵੱਧ ਹਨ ।
20ਪਰ ਤਾਂ ਵੀ ਮੈਨੂੰ ਤੇਰੇ ਤੋਂ ਇਹ ਸ਼ਿਕਾਇਤ ਹੈ ਕਿ ਤੂੰ ਉਸ ਔਰਤ ਈਜ਼ਬਲ ਨੂੰ ਆਪਣੇ ਵਿਚਕਾਰ ਰਹਿਣ ਦਿੰਦਾ ਹੈਂ, ਜਿਹੜੀ ਆਪਣੇ ਆਪ ਨੂੰ ਨਬੀਆ ਕਰਕੇ ਦੱਸਦੀ ਹੈ ਅਤੇ ਉਹ ਮੇਰੇ ਦਾਸਾਂ ਨੂੰ ਸਿਖਾਉਂਦੀ ਅਤੇ ਭਰਮਾਉਂਦੀ ਹੈ ਕਿ ਉਹ ਹਰਾਮਕਾਰੀ ਕਰਨ ਅਤੇ ਮੂਰਤੀਆਂ ਦੇ ਚੜ੍ਹਾਵੇ ਖਾਣ ।21ਅਤੇ ਮੈਂ ਉਹ ਨੂੰ ਮੌਕਾ ਦਿੱਤਾ ਕਿ ਉਹ ਤੋਬਾ ਕਰੇ ਪਰ ਉਹ ਆਪਣੀ ਹਰਾਮਕਾਰੀ ਤੋਂ ਤੋਬਾ ਨਹੀਂ ਕਰਨਾ ਚਾਹੁੰਦੀ ਹੈ ।
22ਵੇਖ, ਮੈਂ ਉਹ ਨੂੰ ਇੱਕ ਵਿਛੌਣੇ ਉੱਤੇ ਸੁੱਟਦਾ ਹਾਂ ਅਤੇ ਉਨ੍ਹਾਂ ਨੂੰ ਜਿਹੜੇ ਉਹ ਦੇ ਨਾਲ ਵਿਭਚਾਰ ਕਰਦੇ ਹਨ ਵੱਡੀ ਬਿਪਤਾ ਵਿੱਚ ਪਾ ਦਿਆਂਗਾ, ਜੇ ਉਹਨਾਂ ਉਹ ਦੇ ਕੰਮਾਂ ਤੋਂ ਤੋਬਾ ਨਾ ਕੀਤੀ ।23ਅਤੇ ਮੈਂ ਉਹ ਦੇ ਬੱਚਿਆਂ ਨੂੰ ਮਾਰ ਸੁੱਟਾਂਗਾ ਅਤੇ ਸਾਰੀਆਂ ਕਲੀਸਿਯਾਵਾਂ ਜਾਣ ਲੈਣਗੀਆਂ ਜੋ ਮਨਾਂ ਅਤੇ ਦਿਲਾਂ ਦਾ ਜਾਚਣ ਵਾਲਾ ਮੈਂ ਹੀ ਹਾਂ, ਅਤੇ ਮੈਂ ਤੁਹਾਡੇ ਵਿੱਚੋਂ ਹਰੇਕ ਨੂੰ ਤੁਹਾਡੇ ਕੰਮਾਂ ਦੇ ਅਨੁਸਾਰ ਫਲ ਦੇਵਾਂਗਾ ।
24ਮੈਂ ਤੁਹਾਨੂੰ ਅਰਥਾਤ ਥੂਆਤੀਰੇ ਵਿੱਚ ਦੇ ਹੋਰਨਾਂ ਲੋਕਾਂ ਨੂੰ ਜਿੰਨਿਆਂ ਕੋਲ ਇਹ ਸਿੱਖਿਆ ਨਹੀਂ ਹੈ, ਅਤੇ ਜਿਹੜੇ ਉਹਨਾਂ ਗੱਲਾਂ ਨੂੰ ਨਹੀਂ ਜਾਣਦੇ ਜਿਹੜੀਆਂ ਸ਼ੈਤਾਨ ਦੀਆਂ ਡੂੰਘੀਆਂ ਗੱਲਾਂ ਕਹਾਉਂਦੀਆਂ ਹਨ, ਇਹ ਕਹਿੰਦਾ ਹਾਂ ਕਿ ਮੈਂ ਤੁਹਾਡੇ ਉੱਤੇ ਹੋਰ ਭਾਰ ਨਹੀਂ ਪਾਉਂਦਾ ।25ਤਾਂ ਵੀ ਜੋ ਕੁੱਝ ਤੁਹਾਡੇ ਕੋਲ ਹੈ ਮੇਰੇ ਆਉਣ ਤੱਕ ਉਸ ਨੂੰ ਮਜ਼ਬੂਤੀ ਨਾਲ ਫੜੀ ਰੱਖੋ ।
26ਜਿਹੜਾ ਜਿੱਤਣ ਵਾਲਾ ਹੈ ਅਤੇ ਅੰਤ ਤੱਕ ਮੇਰੇ ਕੰਮਾਂ ਨੂੰ ਕਰਦਾ ਰਹਿੰਦਾ ਹੈ, ਉਹ ਨੂੰ ਮੈਂ ਕੌਮਾਂ ਉੱਤੇ ਅਧਿਕਾਰ ਦੇਵਾਂਗਾ ।27ਅਤੇ ਉਹ ਲੋਹੇ ਦੇ ਡੰਡੇ ਨਾਲ ਉਹਨਾਂ ਉੱਤੇ ਹਕੂਮਤ ਕਰੇਗਾ, ਜਿਵੇਂ ਘੁਮਿਆਰ ਦੇ ਭਾਂਡਿਆਂ ਨੂੰ ਚਕਨਾ-ਚੂਰ ਕਰ ਦਿੰਦਾ ਹੈ । ਜਿਸ ਤਰ੍ਹਾਂ ਮੈਂ ਵੀ ਆਪਣੇ ਪਿਤਾ ਕੋਲੋਂ ਅਧਿਕਾਰ ਪਾਇਆ ਹੈ ।28ਅਤੇ ਮੈਂ ਉਹ ਨੂੰ ਸਵੇਰ ਦਾ ਤਾਰਾ ਦੇਵਾਂਗਾ ।29ਜਿਹ ਦੇ ਕੰਨ ਹਨ ਸੋ ਸੁਣੇ ਕਿ ਆਤਮਾ ਕਲੀਸਿਯਾਵਾਂ ਨੂੰ ਕੀ ਆਖਦਾ ਹੈ ।

3
ਸਾਰਦੀਸ ਨੂੰ ਸੰਦੇਸ਼

1ਸਾਰਦੀਸ ਦੀ ਕਲੀਸਿਯਾ ਦੇ ਦੂਤ ਨੂੰ ਇਸ ਤਰ੍ਹਾਂ ਲਿਖ ਕਿ ਜਿਸ ਦੇ ਕੋਲ ਪਰਮੇਸ਼ੁਰ ਦੇ ਸੱਤ ਆਤਮੇ ਅਤੇ ਸੱਤ ਤਾਰੇ ਹਨ, ਉਹ ਇਸ ਤਰ੍ਹਾਂ ਆਖਦਾ ਹੈ ਕਿ ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ ਜੋ ਤੂੰ ਜਿਉਂਦਾ ਅਖਵਾਉਂਦਾ ਹੈਂ ਪਰ ਹੈ ਮੁਰਦਾ ।2ਚੌਕਸ ਹੋ ਜਾ ਅਤੇ ਜੋ ਕੁੱਝ ਰਹਿ ਗਿਆ ਹੈ, ਭਾਵੇਂ ਮਿਟਣ ਵਾਲਾ ਹੋਵੇ, ਉਹ ਨੂੰ ਪੱਕਿਆਂ ਕਰ ਕਿਉਂ ਜੋ ਮੈਂ ਤੇਰੇ ਕੰਮ ਆਪਣੇ ਪਰਮੇਸ਼ੁਰ ਦੇ ਅੱਗੇ ਪੂਰੇ ਨਹੀਂ ਪਾਏ ।

3ਇਸ ਲਈ ਚੇਤੇ ਕਰ ਕਿ ਤੂੰ ਕਿਸ ਤਰ੍ਹਾਂ ਪ੍ਰਾਪਤ ਕੀਤਾ ਅਤੇ ਸੁਣਿਆ, ਅਤੇ ਉਹ ਦੀ ਪਾਲਨਾ ਕਰ ਅਤੇ ਤੋਬਾ ਕਰ । ਉਪਰੰਤ ਜੇ ਤੂੰ ਨਾ ਜਾਗਿਆ ਤਾਂ ਮੈਂ ਚੋਰ ਵਾਂਗੂੰ ਆਵਾਂਗਾ ਅਤੇ ਤੈਨੂੰ ਬਿਲਕੁਲ ਪਤਾ ਨਾ ਹੋਵੇਗਾ ਜੋ ਮੈਂ ਤੇਰੇ ਉੱਪਰ ਕਿਸ ਵੇਲੇ ਆ ਪਵਾਂਗਾ ।4ਪਰ ਤੇਰੇ ਕੋਲ ਸਾਰਦੀਸ ਵਿੱਚ ਥੋੜ੍ਹੇ ਜਣੇ ਹਨ ਜਿਨ੍ਹਾਂ ਆਪਣੇ ਬਸਤਰ ਨੂੰ ਦਾਗ ਨਹੀਂ ਲੱਗਣ ਦਿੱਤਾ ਅਤੇ ਉਹ ਉੱਜਲੇ ਬਸਤਰ ਪਹਿਨੇ ਮੇਰੇ ਨਾਲ ਫਿਰਨਗੇ, ਕਿਉਂਕਿ ਉਹ ਇਸ ਦੇ ਯੋਗ ਹਨ ।
5ਜਿਹੜਾ ਜਿੱਤਣ ਵਾਲਾ ਹੈ ਉਹ ਨੂੰ ਇਸੇ ਪ੍ਰਕਾਰ ਚਿੱਟੇ ਬਸਤਰ ਪਹਿਨਾਏ ਜਾਣਗੇ ਅਤੇ ਮੈਂ ਉਹ ਦਾ ਨਾਮ ਜੀਵਨ ਦੀ ਪੋਥੀ ਵਿੱਚੋਂ ਕਦੇ ਨਾ ਮਿਟਾਵਾਂਗਾ ਸਗੋਂ ਮੈਂ ਆਪਣੇ ਪਿਤਾ ਅਤੇ ਉਸ ਦੇ ਦੂਤਾਂ ਦੇ ਅੱਗੇ ਉਹ ਦੇ ਨਾਮ ਦਾ ਇਕਰਾਰ ਕਰਾਂਗਾ ।6ਜਿਹ ਦੇ ਕੰਨ ਹਨ ਸੋ ਸੁਣੇ ਕਿ ਆਤਮਾ ਕਲੀਸਿਯਾਵਾਂ ਨੂੰ ਕੀ ਆਖਦਾ ਹੈ ।
ਫ਼ਿਲਦਲਫ਼ੀਏ ਨੂੰ ਸੰਦੇਸ਼

7ਫ਼ਿਲਦਲਫ਼ੀਏ ਦੀ ਕਲੀਸਿਯਾ ਦੇ ਦੂਤ ਨੂੰ ਇਸ ਤਰ੍ਹਾਂ ਲਿਖ ਕਿ ਉਹ ਜਿਹੜਾ ਪਵਿੱਤਰ ਹੈ, ਜਿਹੜਾ ਸੱਚ ਹੈ, ਜਿਹ ਦੇ ਕੋਲ ਦਾਊਦ ਦੀ ਕੁੰਜੀ ਹੈ, ਉਸ ਦੇ ਖੋਲ੍ਹੇ ਹੋਏ ਨੂੰ ਕੋਈ ਬੰਦ ਨਹੀਂ ਕਰ ਸਕਦਾ ਅਤੇ ਉਸ ਦੇ ਬੰਦ ਕੀਤੇ ਹੋਏ ਨੂੰ ਕੋਈ ਖੋਲ੍ਹ ਨਹੀਂ ਸਕਦਾ, ਉਹ ਇਹ ਆਖਦਾ ਹੈ,8ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ । ਵੇਖ, ਮੈਂ ਤੇਰੇ ਸਾਹਮਣੇ ਇੱਕ ਖੁੱਲ੍ਹਾ ਹੋਇਆ ਦਰਵਾਜ਼ਾ ਰੱਖਿਆ ਹੈ, ਜਿਹੜਾ ਕਿਸੇ ਤੋਂ ਬੰਦ ਨਹੀਂ ਹੋ ਸਕਦਾ, ਕਿਉਂਕਿ ਭਾਵੇਂ ਤੇਰੀ ਸਮਰੱਥਾ ਥੋੜੀ ਹੈ ਪਰ ਤੂੰ ਮੇਰੇ ਬਚਨ ਦੀ ਪਾਲਨਾ ਕੀਤੀ ਅਤੇ ਮੇਰੇ ਨਾਮ ਦਾ ਇਨਕਾਰ ਨਹੀਂ ਕੀਤਾ ।
9ਵੇਖ, ਮੈਂ ਸ਼ੈਤਾਨ ਦੀ ਮੰਡਲੀ ਵਿੱਚੋਂ ਅਰਥਾਤ ਉਹਨਾਂ ਵਿੱਚੋਂ ਜਿਹੜੇ ਆਪਣੇ ਆਪ ਨੂੰ ਯਹੂਦੀ ਦੱਸਦੇ ਹਨ ਪਰ ਉਹ ਯਹੂਦੀ ਨਹੀਂ ਹਨ ਸਗੋਂ ਝੂਠ ਬੋਲਦੇ ਹਨ, ਕਈਆਂ ਨਾਲ ਅਜਿਹਾ ਕਰਾਂਗਾ ਜੋ ਉਹ ਤੇਰੇ ਪੈਰਾਂ ਦੇ ਅੱਗੇ ਮੱਥਾ ਟੇਕਣ ਅਤੇ ਜਾਣ ਲੈਣ ਜੋ ਮੈਂ ਤੇਰੇ ਨਾਲ ਪਿਆਰ ਕੀਤਾ ।10ਤੂੰ ਜੋ ਮੇਰੇ ਧੀਰਜ ਦੇ ਬਚਨ ਦੀ ਰੱਖਿਆ ਕੀਤੀ ਤਾਂ ਮੈਂ ਵੀ ਉਸ ਪ੍ਰੀਖਿਆ ਦੇ ਸਮੇਂ ਤੇਰੀ ਰੱਖਿਆ ਕਰਾਂਗਾ, ਜੋ ਧਰਤੀ ਦੇ ਵਾਸੀਆਂ ਨੂੰ ਪਰਖਣ ਲਈ ਸਾਰੇ ਸੰਸਾਰ ਉੱਤੇ ਆਉਣ ਵਾਲੀ ਹੈ ।11ਮੈਂ ਛੇਤੀ ਆਉਂਦਾ ਹਾਂ । ਜੋ ਕੁੱਝ ਤੇਰੇ ਕੋਲ ਹੈ ਸੋ ਮਜ਼ਬੂਤੀ ਨਾਲ ਫੜੀ ਰੱਖ ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਤੇਰਾ ਮੁਕਟ ਕੋਈ ਹੋਰ ਲੈ ਜਾਵੇ ।
12ਜਿਹੜਾ ਜਿੱਤਣ ਵਾਲਾ ਹੈ, ਉਸ ਨੂੰ ਮੈਂ ਆਪਣੇ ਪਰਮੇਸ਼ੁਰ ਦੀ ਹੈਕਲ ਵਿੱਚ ਇੱਕ ਥੰਮ੍ਹ ਬਣਾਵਾਂਗਾ ਅਤੇ ਉਹ ਫੇਰ ਕਦੇ ਬਾਹਰ ਨਾ ਜਾਵੇਗਾ । ਮੈਂ ਆਪਣੇ ਪਰਮੇਸ਼ੁਰ ਦਾ ਨਾਮ, ਆਪਣੇ ਪਰਮੇਸ਼ੁਰ ਦੀ ਨਗਰੀ ਨਵਾਂ ਯਰੂਸ਼ਲਮ ਦਾ ਨਾਮ ਜਿਹੜੀ ਪਰਮੇਸ਼ੁਰ ਵੱਲੋਂ ਸਵਰਗ ਵਿੱਚੋਂ ਉੱਤਰਦੀ ਹੈ ਅਤੇ ਆਪਣਾ ਨਵਾਂ ਨਾਮ ਉਸ ਉੱਤੇ ਲਿਖਾਂਗਾ ।13ਜਿਹ ਦੇ ਕੰਨ ਹਨ ਸੋ ਸੁਣੇ ਕਿ ਆਤਮਾ ਕਲੀਸਿਯਾਵਾਂ ਨੂੰ ਕੀ ਆਖਦਾ ਹੈ ।
ਲਾਉਦਿਕੀਏ ਨੂੰ ਸੰਦੇਸ਼

14ਲਾਉਦਿਕੀਏ ਦੀ ਕਲੀਸਿਯਾ ਦੇ ਦੂਤ ਨੂੰ ਇਸ ਤਰ੍ਹਾਂ ਲਿਖ ਕਿ ਜਿਹੜਾ ਆਮੀਨ ਹੈ, ਜਿਹੜਾ ਵਫ਼ਾਦਾਰ ਅਤੇ ਸੱਚਾ ਗਵਾਹ ਹੈ, ਜਿਹੜਾ ਪਰਮੇਸ਼ੁਰ ਦੀ ਉਤਪਤੀ ਦਾ ਮੁੱਢ ਹੈ, ਉਹ ਇਹ ਆਖਦਾ ਹੈ,15ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ ਕਿ ਤੂੰ ਨਾ ਠੰਡਾ ਹੈਂ ਅਤੇ ਨਾ ਗਰਮ ਹੈਂ । ਮੈਂ ਚਾਹੁੰਦਾ ਸੀ ਜੋ ਤੂੰ ਠੰਡਾ ਜਾਂ ਗਰਮ ਹੁੰਦਾ !16ਸੋ ਤੂੰ ਸੀਲ ਗਰਮ ਜੋ ਹੈਂ, ਨਾ ਗਰਮ ਨਾ ਠੰਡਾ, ਇਸ ਕਾਰਨ ਮੈਂ ਤੈਨੂੰ ਆਪਣੇ ਮੂੰਹ ਵਿੱਚੋਂ ਉਗਲ ਸੁੱਟਾਂਗਾ ।
17ਤੂੰ ਜੋ ਆਖਦਾ ਹੈਂ ਜੋ ਮੈਂ ਧਨਵਾਨ ਹਾਂ ਅਤੇ ਮੈਂ ਮਾਇਆ ਇਕੱਠੀ ਕੀਤੀ ਹੈ ਅਤੇ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ ਪਰ ਤੂੰ ਨਹੀਂ ਜਾਣਦਾ ਹੈਂ ਕਿ ਤੂੰ ਦੁੱਖੀ, ਮੰਦਭਾਗਾ, ਕੰਗਾਲ, ਅੰਨ੍ਹਾ ਅਤੇ ਨੰਗਾ ਹੈਂ ।18ਮੈਂ ਤੈਨੂੰ ਸਲਾਹ ਦਿੰਦਾ ਹਾਂ ਕਿ ਅੱਗ ਵਿੱਚ ਤਾਇਆ ਹੋਇਆ ਸੋਨਾ ਮੇਰੇ ਕੋਲੋਂ ਮੁੱਲ ਲੈ, ਤਾਂ ਜੋ ਤੂੰ ਧਨਵਾਨ ਜੋ ਜਾਵੇਂ ਅਤੇ ਚਿੱਟੇ ਬਸਤਰ ਲੈ ਤਾਂ ਜੋ ਤੂੰ ਪਹਿਨ ਲਵੇਂ ਅਤੇ ਤੇਰੇ ਨੰਗੇਜ਼ ਦੀ ਸ਼ਰਮ ਪਰਗਟ ਨਾ ਹੋਵੇ ਅਤੇ ਆਪਣੀਆਂ ਅੱਖਾਂ ਵਿੱਚ ਪਾਉਣ ਨੂੰ ਸੁਰਮਾ ਲੈ, ਜੋ ਤੂੰ ਸੁਜਾਖਾ ਹੋ ਜਾਵੇਂ ।
19ਮੈਂ ਜਿੰਨਿਆਂ ਨਾਲ ਪਿਆਰ ਕਰਦਾ ਹਾਂ, ਉਹਨਾਂ ਨੂੰ ਝਿੜਕਦਾ ਅਤੇ ਤਾੜਦਾ ਹਾਂ ਇਸ ਕਾਰਨ ਤੂੰ ਉੱਦਮੀ ਬਣ ਅਤੇ ਤੋਬਾ ਕਰ ।20ਵੇਖ, ਮੈਂ ਬੂਹੇ ਉੱਤੇ ਖਲੋਤਾ ਅਤੇ ਖੜਕਾਉਂਦਾ ਹਾਂ । ਜੇ ਕੋਈ ਮੇਰੀ ਅਵਾਜ਼ ਸੁਣੇ ਅਤੇ ਦਰਵਾਜ਼ਾ ਖੋਲ੍ਹ ਦੇਵੇ, ਤਾਂ ਮੈਂ ਉਹ ਦੇ ਕੋਲ ਅੰਦਰ ਜਾਂਵਾਂਗਾ ਅਤੇ ਉਹ ਦੇ ਨਾਲ ਭੋਜਨ ਖਾਵਾਂਗਾ ਅਤੇ ਉਹ ਮੇਰੇ ਨਾਲ ਖਾਵੇਗਾ ।
21ਜਿਹੜਾ ਜਿੱਤਣ ਵਾਲਾ ਹੈ, ਉਹ ਨੂੰ ਮੈਂ ਆਪਣੇ ਸਿੰਘਾਸਣ ਉੱਤੇ ਆਪਣੇ ਨਾਲ ਬਿਠਾਵਾਂਗਾ ਜਿਸ ਪ੍ਰਕਾਰ ਮੈਂ ਵੀ ਜਿੱਤਿਆ ਅਤੇ ਆਪਣੇ ਪਿਤਾ ਦੇ ਨਾਲ ਉਹ ਦੇ ਸਿੰਘਾਸਣ ਉੱਤੇ ਬੈਠਾ ।22ਜਿਹ ਦੇ ਕੰਨ ਹਨ ਸੋ ਸੁਣੇ ਕਿ ਆਤਮਾ ਕਲੀਸਿਯਾਵਾਂ ਨੂੰ ਕੀ ਆਖਦਾ ਹੈ ।

4
ਸਵਰਗ ਵਿੱਚ ਅਰਾਧਨਾ

1ਇਸ ਤੋਂ ਬਾਅਦ ਮੈਂ ਦੇਖਿਆ, ਤਾਂ ਕੀ ਵੇਖਦਾ ਹਾਂ ਕਿ ਸਵਰਗ ਵਿੱਚ ਇੱਕ ਬੂਹਾ ਖੁੱਲਿਆ ਹੋਇਆ ਹੈ ਅਤੇ ਪਹਿਲੀ ਅਵਾਜ਼ ਜੋ ਮੈਂ ਸੁਣੀ, ਸੋ ਤੁਰ੍ਹੀ ਜਿਹੀ ਮੇਰੇ ਨਾਲ ਗੱਲ ਕਰਦੀ ਸੀ ਕਿ ਐਧਰ ਉੱਪਰ ਨੂੰ ਆ ਜਾ ਅਤੇ ਜੋ ਕੁੱਝ ਇਸ ਦੇ ਬਾਅਦ ਹੋਣ ਵਾਲਾ ਹੈ ਉਹ ਮੈਂ ਤੈਨੂੰ ਵਿਖਾਂਵਾਗਾ ।2ਉਸੇ ਤਰ੍ਹਾਂ ਹੀ ਮੈਂ ਆਤਮਾ ਵਿੱਚ ਆਇਆ ਤਦ ਕੀ ਵੇਖਦਾ ਹਾਂ ਕਿ ਸਵਰਗ ਵਿੱਚ ਇੱਕ ਸਿੰਘਾਸਣ ਰੱਖਿਆ ਹੋਇਆ ਹੈ ਅਤੇ ਉਸ ਸਿੰਘਾਸਣ ਉੱਤੇ ਕੋਈ ਬਿਰਾਜਮਾਨ ਹੈ ।3ਅਤੇ ਜਿਹੜਾ ਬਿਰਾਜਮਾਨ ਹੈ ਸੋ ਵੇਖਣ ਨੂੰ ਪੁਖਰਾਜ ਅਤੇ ਅਕੀਕ ਪੱਥਰ ਵਰਗਾ ਹੈ ਅਤੇ ਸਿੰਘਾਸਣ ਦੇ ਦੁਆਲੇ ਇੱਕ ਮੇਘ ਧਣੁੱਖ ਹੈ ਜੋ ਵੇਖਣ ਨੂੰ ਪੰਨੇ ਦੇ ਵਰਗਾ ਹੈ ।

4ਸਿੰਘਾਸਣ ਦੇ ਆਲੇ-ਦੁਆਲੇ ਚੌਵੀ ਗੱਦੀਆਂ ਹਨ ਅਤੇ ਮੈਂ ਚੌਵੀ ਬਜ਼ੁਰਗਾਂ ਨੂੰ ਚਿੱਟੇ ਬਸਤਰ ਪਹਿਨੇ ਅਤੇ ਸਿਰਾਂ ਉੱਤੇ ਸੋਨੇ ਦੇ ਮੁਕਟ ਰੱਖੇ ਉਹਨਾਂ ਗੱਦੀਆਂ ਉੱਤੇ ਬੈਠੇ ਦੇਖਿਆ ।5ਅਤੇ ਸਿੰਘਾਸਣ ਵਿੱਚੋਂ ਬਿਜਲੀਆਂ ਦੀਆਂ ਲਿਸ਼ਕਾਂ, ਅਵਾਜ਼ਾਂ ਅਤੇ ਬੱਦਲ ਦੀਆਂ ਗਰਜਾਂ ਨਿੱਕਲਦੀਆਂ ਹਨ ਅਤੇ ਸਿੰਘਾਸਣ ਦੇ ਸਾਹਮਣੇ ਅੱਗ ਦੇ ਸੱਤ ਦੀਵੇ ਬਲਦੇ ਹਨ, ਜਿਹੜੇ ਪਰਮੇਸ਼ੁਰ ਦੇ ਸੱਤੇ ਆਤਮੇ ਹਨ ।
6ਅਤੇ ਸਿੰਘਾਸਣ ਦੇ ਅੱਗੇ ਬਲੌਰ ਵਰਗਾ ਕੱਚ ਦਾ ਇੱਕ ਸਮੁੰਦਰ ਸੀ ਅਤੇ ਸਿੰਘਾਸਣ ਦੇ ਵਿਚਾਲੇ ਅਤੇ ਸਿੰਘਾਸਣ ਦੇ ਆਲੇ-ਦੁਆਲੇ ਚਾਰ ਪ੍ਰਾਣੀ ਹਨ, ਜਿਹੜੇ ਅੱਗਿਓਂ ਪਿੱਛਿਓਂ ਅੱਖਾਂ ਨਾਲ ਭਰੇ ਹੋਏ ਹਨ ।
7ਅਤੇ ਪਹਿਲਾ ਪ੍ਰਾਣੀ ਬੱਬਰ ਸ਼ੇਰ ਵਰਗਾ ਹੈ ਅਤੇ ਦੂਜਾ ਪ੍ਰਾਣੀ ਵਹਿੜਕੇ ਵਰਗਾ ਅਤੇ ਤੀਜੇ ਪ੍ਰਾਣੀ ਦਾ ਮੂੰਹ ਮਨੁੱਖ ਦੇ ਮੂੰਹ ਵਰਗਾ ਹੈ ਅਤੇ ਚੌਥਾ ਪ੍ਰਾਣੀ ਉੱਡਦੇ ਹੋਏ ਉਕਾਬ ਵਰਗਾ ਹੈ ।8ਅਤੇ ਉਹ ਚਾਰੇ ਪ੍ਰਾਣੀ ਜਿਨ੍ਹਾਂ ਵਿੱਚੋਂ ਹਰੇਕ ਦੇ ਛੇ-ਛੇ ਖੰਭ ਹਨ ਅਤੇ ਉਹ ਰਾਤ-ਦਿਨ ਇਹ ਕਹਿੰਦੇ ਨਹੀਂ ਥੱਕਦੇ - ਪਵਿੱਤਰ, ਪਵਿੱਤਰ, ਪਵਿੱਤਰ ਹੈ ਪ੍ਰਭੂ ਪਰਮੇਸ਼ੁਰ, ਸਰਬ ਸ਼ਕਤੀਮਾਨ, ਜਿਹੜਾ ਹੈ ਸੀ ਅਤੇ ਹੈ ਅਤੇ ਆਉਣ ਵਾਲਾ ਹੈ !

9ਜਦੋਂ ਉਹ ਪ੍ਰਾਣੀ ਉਸ ਦੀ ਵਡਿਆਈ, ਮਾਣ ਅਤੇ ਧੰਨਵਾਦ ਕਰਨਗੇ, ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ, ਜਿਹੜਾ ਜੁੱਗੋ-ਜੁੱਗ ਜਿਉਂਦਾ ਹੈ10ਤਾਂ ਚੌਵੀ ਬਜ਼ੁਰਗ ਉਹ ਦੇ ਅੱਗੇ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ ਡਿੱਗ ਪੈਣਗੇ ਅਤੇ ਜਿਹੜਾ ਜੁੱਗੋ-ਜੁੱਗ ਜਿਉਂਦਾ ਹੈ ਉਹ ਨੂੰ ਮੱਥਾ ਟੇਕਣਗੇ ਅਤੇ ਇਹ ਆਖਦੇ ਹੋਏ ਆਪਣੇ ਮੁਕਟ ਸਿੰਘਾਸਣ ਦੇ ਅੱਗੇ ਸੁੱਟਣਗੇ11ਹੇ ਸਾਡੇ ਪ੍ਰਭੂ ਅਤੇ ਸਾਡੇ ਪਰਮੇਸ਼ੁਰ, ਤੂੰ ਮਹਿਮਾ, ਮਾਣ, ਅਤੇ ਸਮਰੱਥਾ ਲੈਣ ਦੇ ਯੋਗ ਹੈਂ, ਤੂੰ ਜੋ ਸਾਰੀਆਂ ਵਸਤਾਂ ਰਚੀਆਂ, ਅਤੇ ਉਹ ਤੇਰੀ ਹੀ ਮਰਜ਼ੀ ਨਾਲ ਹੋਈਆਂ ਅਤੇ ਰਚੀਆਂ ਗਈਆਂ !

5
ਮੋਹਰਬੰਦ ਪੁਸਤਕ ਲੇਲਾ

1ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਸੀ, ਮੈਂ ਉਹ ਦੇ ਸੱਜੇ ਹੱਥ ਵਿੱਚ ਇੱਕ ਪੋਥੀ ਵੇਖੀ, ਜੋ ਅੰਦਰੋਂ ਬਾਹਰੋਂ ਲਿਖੀ ਹੋਈ ਅਤੇ ਸੱਤਾਂ ਮੋਹਰਾਂ ਨਾਲ ਬੰਦ ਕੀਤੀ ਹੋਈ ਸੀ ।2ਅਤੇ ਮੈਂ ਇੱਕ ਬਲਵਾਨ ਦੂਤ ਨੂੰ ਵੱਡੀ ਅਵਾਜ਼ ਨਾਲ ਇਹ ਪਰਚਾਰ ਕਰਦੇ ਵੇਖਿਆ ਕਿ ਪੋਥੀ ਨੂੰ ਖੋਲ੍ਹਣ ਅਤੇ ਉਹ ਦੀਆਂ ਮੋਹਰਾਂ ਨੂੰ ਤੋੜਨ ਦੇ ਯੋਗ ਕੌਣ ਹੈ ?

3ਨਾ ਸਵਰਗ ਵਿੱਚ, ਨਾ ਧਰਤੀ ਉੱਤੇ, ਨਾ ਧਰਤੀ ਦੇ ਹੇਠ ਕੋਈ ਸੀ, ਜੋ ਉਸ ਪੋਥੀ ਨੂੰ ਖੋਲ੍ਹਣ ਅਤੇ ਪੜ੍ਹਨ ਦੇ ਯੋਗ ਹੋਵੇ ।4ਤਾਂ ਮੈਂ ਬਹੁਤ ਰੋਇਆ, ਕਿਉਂਕਿ ਉਸ ਪੋਥੀ ਦੇ ਖੋਲ੍ਹਣ ਜਾਂ ਉਸ ਉੱਤੇ ਨਿਗਾਹ ਕਰਨ ਦੇ ਯੋਗ ਕੋਈ ਨਾ ਨਿੱਕਲਿਆ ।5ਉਹਨਾਂ ਬਜ਼ੁਰਗਾਂ ਵਿੱਚੋਂ ਇੱਕ ਨੇ ਮੈਨੂੰ ਆਖਿਆ, ਨਾ ਰੋ ! ਵੇਖ, ਉਹ ਬੱਬਰ ਸ਼ੇਰ ਜਿਹੜਾ ਯਹੂਦਾਹ ਦੇ ਗੋਤ ਵਿੱਚੋਂ ਹੈ ਅਤੇ “ਦਾਊਦ ਦੀ ਜੜ੍ਹ” ਹੈ, ਉਹ ਇਸ ਪੋਥੀ ਅਤੇ ਉਹ ਦੀਆਂ ਸੱਤਾਂ ਮੋਹਰਾਂ ਦੇ ਖੋਲ੍ਹਣ ਲਈ ਜਿੱਤ ਗਿਆ ਹੈ ।
6ਅਤੇ ਮੈਂ ਸਿੰਘਾਸਣ ਅਤੇ ਚਾਰ ਪ੍ਰਾਣੀਆਂ ਅਤੇ ਬਜ਼ੁਰਗਾਂ ਦੇ ਵਿਚਾਲੇ ਇੱਕ ਲੇਲੇ ਨੂੰ ਜੋ ਜਿਵੇਂ ਬਲੀਦਾਨ ਕੀਤਾ ਹੋਇਆ ਸੀ ਖਲੋਤਾ ਵੇਖਿਆ, ਜਿਹ ਦੇ ਸੱਤ ਸਿੰਗ ਅਤੇ ਸੱਤ ਅੱਖਾਂ ਸਨ । ਇਹ ਪਰਮੇਸ਼ੁਰ ਦੇ ਸੱਤ ਆਤਮੇ ਹਨ ਜਿਹੜੇ ਸਾਰੀ ਧਰਤੀ ਵਿੱਚ ਭੇਜੇ ਹੋਏ ਹਨ ।7ਅਤੇ ਉਹ ਨੇ ਆ ਕੇ ਉਸ ਦੇ ਸੱਜੇ ਹੱਥੋਂ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਸੀ, ਉਹ ਪੋਥੀ ਲੈ ਲਈ ।
8ਅਤੇ ਜਦੋਂ ਉਹ ਨੇ ਪੋਥੀ ਲੈ ਲਈ ਤਾਂ ਚਾਰੇ ਪ੍ਰਾਣੀ ਅਤੇ ਚੌਵੀ ਬਜ਼ੁਰਗ ਲੇਲੇ ਦੇ ਅੱਗੇ ਡਿੱਗ ਪਏ ਅਤੇ ਹਰੇਕ ਦੇ ਕੋਲ ਰਬਾਬ ਅਤੇ ਧੂਪ ਨਾਲ ਭਰੇ ਹੋਏ ਸੋਨੇ ਦੇ ਕਟੋਰੇ ਸਨ, ਜਿਹੜੇ ਸੰਤਾਂ ਦੀਆਂ ਪ੍ਰਾਰਥਨਾਵਾਂ ਹਨ ।
9ਅਤੇ ਉਹ ਇਹ ਆਖਦੇ ਹੋਏ ਇੱਕ ਨਵਾਂ ਗੀਤ ਗਾਉਂਦੇ ਸਨ, - ਤੂੰ ਉਹ ਪੋਥੀ ਲੈਣ ਅਤੇ ਉਹ ਦੀਆਂ ਮੋਹਰਾਂ ਖੋਲ੍ਹਣ ਦੇ ਯੋਗ ਹੈਂ, ਕਿਉਂਕਿ ਤੂੰ ਬਲੀਦਾਨ ਕੀਤਾ ਗਿਆ ਸੀ, ਅਤੇ ਤੂੰ ਆਪਣੇ ਲਹੂ ਨਾਲ ਹਰੇਕ ਗੋਤ, ਭਾਸ਼ਾ, ਉੱਮਤ ਅਤੇ ਕੌਮ ਵਿੱਚੋਂ ਪਰਮੇਸ਼ੁਰ ਦੇ ਲਈ ਲੋਕਾਂ ਨੂੰ ਮੁੱਲ ਲਿਆ,10ਅਤੇ ਉਹਨਾਂ ਨੂੰ ਸਾਡੇ ਪਰਮੇਸ਼ੁਰ ਲਈ, ਇੱਕ ਪਾਤਸ਼ਾਹੀ ਅਤੇ ਜਾਜਕ ਬਣਾਇਆ, ਅਤੇ ਉਹ ਧਰਤੀ ਉੱਤੇ ਰਾਜ ਕਰਨਗੇ ।
11ਤਾਂ ਮੈਂ ਦੇਖਿਆ ਅਤੇ ਸਿੰਘਾਸਣ, ਉਹਨਾਂ ਪ੍ਰਾਣੀਆਂ, ਅਤੇ ਬਜ਼ੁਰਗਾਂ ਦੇ ਆਲੇ-ਦੁਆਲੇ ਬਹੁਤਿਆਂ ਦੂਤਾਂ ਦੀ ਅਵਾਜ਼ ਸੁਣੀ ਅਤੇ ਉਹਨਾਂ ਦੀ ਗਿਣਤੀ ਲੱਖਾਂ ਅਤੇ ਕਰੋੜਾਂ ਸੀ ।12ਅਤੇ ਉਹ ਵੱਡੀ ਅਵਾਜ਼ ਨਾਲ ਇਹ ਆਖਦੇ ਸਨ, - ਲੇਲਾ ਜਿਹੜਾ ਬਲੀਦਾਨ ਕੀਤਾ ਗਿਆ ਸੀ ਸਮਰੱਥਾ, ਧਨ, ਬੁੱਧ, ਸ਼ਕਤੀ, ਮਾਣ, ਮਹਿਮਾ ਅਤੇ ਧੰਨਵਾਦ ਲੈਣ ਦੇ ਯੋਗ ਹੈ !
13ਹਰੇਕ ਰਚਨਾ ਨੂੰ ਜੋ ਸਵਰਗ ਵਿੱਚ ਅਤੇ ਧਰਤੀ ਉੱਤੇ ਅਤੇ ਧਰਤੀ ਦੇ ਹੇਠ ਅਤੇ ਸਮੁੰਦਰ ਉੱਤੇ ਹੈ ਅਤੇ ਸੱਭੇ ਜੋ ਉਹਨਾਂ ਦੇ ਵਿੱਚ ਹਨ, ਮੈਂ ਇਹ ਆਖਦੇ ਸੁਣਿਆ, ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ, ਉਹ ਦਾ ਅਤੇ ਲੇਲੇ ਦਾ ਧੰਨਵਾਦ, ਮਾਣ, ਮਹਿਮਾ ਤੇ ਪਰਾਕਰਮ ਜੁੱਗੋ-ਜੁੱਗ ਹੋਵੇ !14ਚਾਰੇ ਪ੍ਰਾਣੀ ਬੋਲੇ, “ਆਮੀਨ” ਅਤੇ ਉਹਨਾਂ ਬਜ਼ੁਰਗਾਂ ਨੇ ਡਿੱਗ ਕੇ ਮੱਥਾ ਟੇਕਿਆ ।

6
ਸੱਤ ਮੋਹਰਾਂ ਦਾ ਖੋਲਿਆ ਜਾਣਾ

1ਜਦੋਂ ਲੇਲੇ ਨੇ ਉਹਨਾਂ ਸੱਤਾਂ ਮੋਹਰਾਂ ਵਿੱਚੋਂ ਇੱਕ ਨੂੰ ਤੋੜਿਆ, ਤਾਂ ਮੈਂ ਦੇਖਿਆ ਅਤੇ ਚਾਰ ਪ੍ਰਾਣੀਆਂ ਵਿੱਚੋਂ ਇੱਕ ਨੂੰ ਬੱਦਲ ਦੀ ਗਰਜ ਜਿਹੀ ਅਵਾਜ਼ ਨਾਲ ਇਹ ਆਖਦੇ ਸੁਣਿਆ ਕਿ ਆ ਜਾ !2ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਕਿ ਇੱਕ ਚਿੱਟਾ ਘੋੜਾ ਹੈ ਅਤੇ ਉਹ ਦੇ ਸਵਾਰ ਕੋਲ ਇੱਕ ਕਮਾਣ ਹੈ । ਫੇਰ ਉਹ ਨੂੰ ਇੱਕ ਮੁਕਟ ਦਿੱਤਾ ਗਿਆ ਅਤੇ ਉਹ ਜਿੱਤ ਪ੍ਰਾਪਤ ਕਰਦਿਆਂ ਅਤੇ ਜਿੱਤਣ ਲਈ ਨਿੱਕਲ ਤੁਰਿਆ ।

3ਜਦੋਂ ਉਹ ਨੇ ਦੂਜੀ ਮੋਹਰ ਤੋੜੀ ਤਾਂ ਮੈਂ ਦੂਜੇ ਪ੍ਰਾਣੀ ਨੂੰ ਇਹ ਆਖਦੇ ਸੁਣਿਆ, ਕਿ ਆ ਜਾ !4ਤਾਂ ਇੱਕ ਹੋਰ ਘੋੜਾ ਨਿੱਕਲਿਆ ਜੋ ਲਾਲ ਸੀ ਅਤੇ ਉਹ ਦੇ ਸਵਾਰ ਨੂੰ ਇਹ ਦਿੱਤਾ ਗਿਆ ਕਿ ਧਰਤੀ ਉੱਤੋਂ ਮੇਲ - ਮਿਲਾਪ ਨੂੰ ਖ਼ਤਮ ਕਰ ਦੇਵੇ ਅਤੇ ਇਹ ਜੋ ਮਨੁੱਖ ਇੱਕ ਦੂਜੇ ਨੂੰ ਮਾਰ ਸੁੱਟਣ ਅਤੇ ਇੱਕ ਵੱਡੀ ਸਾਰੀ ਤਲਵਾਰ ਉਹ ਨੂੰ ਫੜਾਈ ਗਈ ।

5ਜਦੋਂ ਉਹ ਨੇ ਤੀਜੀ ਮੋਹਰ ਤੋੜੀ ਤਾਂ ਮੈਂ ਤੀਜੇ ਪ੍ਰਾਣੀ ਨੂੰ ਇਹ ਆਖਦੇ ਸੁਣਿਆ, ਕਿ ਆ ਜਾ ! ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਭਈ ਇੱਕ ਕਾਲਾ ਘੋੜਾ ਹੈ ਅਤੇ ਉਹ ਦੇ ਸਵਾਰ ਨੇ ਆਪਣੇ ਹੱਥ ਵਿੱਚ ਤੱਕੜੀ ਫੜ੍ਹੀ ਹੋਈ ਹੈ ।6ਅਤੇ ਮੈਂ ਉਹਨਾਂ ਚਾਰ ਪ੍ਰਾਣੀਆਂ ਦੇ ਵਿੱਚ ਇੱਕ ਅਵਾਜ਼ ਇਹ ਆਖਦੇ ਸੁਣੀ ਕਿ ਕਣਕ ਦੀਨਾਰ ਦੀ ਸੇਰ ਭਰ ਅਤੇ ਜੌਂ ਦੀਨਾਰ ਦੇ ਤਿੰਨ ਸੇਰ ਅਤੇ ਤੇਲ ਅਤੇ ਦਾਖ਼ਰਸ ਦਾ ਵਿਗਾੜ ਨਾ ਕਰੀਂ !

7ਜਦੋਂ ਉਹ ਨੇ ਚੌਥੀ ਮੋਹਰ ਤੋੜੀ ਤਾਂ ਮੈਂ ਚੌਥੇ ਪ੍ਰਾਣੀ ਦੀ ਅਵਾਜ਼ ਇਹ ਆਖਦੇ ਸੁਣੀ, ਕਿ ਆ ਜਾ !8ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਭਈ ਇੱਕ ਪੀਲਾ ਘੋੜਾ ਹੈ ਅਤੇ ਜਿਹੜਾ ਉਸ ਉੱਤੇ ਸਵਾਰ ਹੈ ਉਹ ਦਾ ਨਾਮ ਮੌਤ ਹੈ ਅਤੇ ਪਤਾਲ ਉਹ ਦੇ ਮਗਰ ਮਗਰ ਚੱਲਿਆ ਆਉਂਦਾ ਹੈ ਅਤੇ ਉਹਨਾਂ ਨੂੰ ਧਰਤੀ ਦੇ ਚੌਥੇ ਹਿੱਸੇ ਉੱਤੇ ਅਧਿਕਾਰ ਦਿੱਤਾ ਗਿਆ ਕਿ ਤਲਵਾਰ, ਕਾਲ ਅਤੇ ਮਰੀ ਨਾਲ ਅਤੇ ਧਰਤੀ ਦੇ ਦਰਿੰਦਿਆਂ ਦੇ ਰਾਹੀਂ ਮਾਰ ਸੁੱਟਣ ।

9ਜਦੋਂ ਉਹ ਨੇ ਪੰਜਵੀਂ ਮੋਹਰ ਤੋੜੀ ਤਾਂ ਮੈਂ ਜਗਵੇਦੀ ਦੇ ਹੇਠਾਂ ਉਹਨਾਂ ਦੀਆਂ ਜਾਨਾਂ ਨੂੰ ਵੇਖਿਆ ਜਿਹੜੇ ਪਰਮੇਸ਼ੁਰ ਦੇ ਬਚਨ ਦੇ ਕਾਰਨ ਅਤੇ ਉਸ ਗਵਾਹੀ ਦੇ ਕਾਰਨ ਜੋ ਉਹਨਾਂ ਦਿੱਤੀ ਸੀ, ਵੱਢੇ ਗਏ ਸਨ ।10ਅਤੇ ਉਹਨਾਂ ਵੱਡੀ ਅਵਾਜ਼ ਨਾਲ ਪੁਕਾਰ ਕੇ ਇਹ ਆਖਿਆ ਕਿ ਹੇ ਸੁਆਮੀ ਜੀ, ਜਿਹੜਾ ਪਵਿੱਤਰ ਅਤੇ ਸੱਚ ਹੈਂ, ਕਦੋਂ ਤੱਕ ਤੂੰ ਨਿਆਂ ਨਹੀਂ ਕਰਦਾ ਅਤੇ ਧਰਤੀ ਦੇ ਵਾਸੀਆਂ ਕੋਲੋਂ ਸਾਡੇ ਲਹੂ ਦਾ ਬਦਲਾ ਨਹੀਂ ਲੈਂਦਾ ਹੈਂ ?11ਅਤੇ ਉਹਨਾਂ ਵਿੱਚੋਂ ਹਰੇਕ ਨੂੰ ਚਿੱਟਾ ਬਸਤਰ ਦਿੱਤਾ ਗਿਆ ਅਤੇ ਉਹਨਾਂ ਨੂੰ ਇਹ ਬਚਨ ਹੋਇਆ ਭਈ ਥੋੜ੍ਹਾ ਸਮਾਂ ਹੋਰ ਅਰਾਮ ਕਰੋ ਜਦੋਂ ਤੱਕ ਤੁਹਾਡੇ ਨਾਲ ਦੇ ਦਾਸਾਂ ਅਤੇ ਤੁਹਾਡੇ ਭਰਾਵਾਂ ਦੀ ਜਿਹੜੇ ਤੁਹਾਡੇ ਵਾਂਗੂੰ ਵੱਢੇ ਜਾਣਗੇ ਗਿਣਤੀ ਪੂਰੀ ਨਾ ਹੋ ਲਵੇ !

12ਜਦੋਂ ਉਹ ਨੇ ਛੇਵੀਂ ਮੋਹਰ ਤੋੜੀ ਤਾਂ ਮੈਂ ਦੇਖਿਆ ਅਤੇ ਵੱਡਾ ਭੂਚਾਲ ਆਇਆ ਅਤੇ ਸੂਰਜ ਵਾਲਾਂ ਦੇ ਵਰਗਾ ਕਾਲਾ ਹੋ ਗਿਆ ਅਤੇ ਸਾਰਾ ਚੰਦਰਮਾ ਲਹੂ ਜਿਹਾ ਹੋ ਗਿਆ ।13ਅਤੇ ਅਕਾਸ਼ ਦੇ ਤਾਰੇ ਧਰਤੀ ਉੱਤੇ ਡਿੱਗ ਪਏ, ਜਿਸ ਪ੍ਰਕਾਰ ਹੰਜ਼ੀਰ ਦੇ ਬੂਟੇ ਤੋਂ ਜੋ ਵੱਡੀ ਹਨੇਰੀ ਨਾਲ ਝੋਕੇ ਖਾਂਦਾ ਹੈ, ਤਾਂ ਉਹ ਦੇ ਕੱਚੇ ਫਲ ਝੜ ਜਾਂਦੇ ਹਨ ।14ਅਤੇ ਅਕਾਸ਼ ਲਪੇਟਵੀਂ ਪੋਥੀ ਵਾਂਗੂੰ ਸਰਕ ਗਿਆ ਅਤੇ ਹਰੇਕ ਪਹਾੜ ਅਤੇ ਟਾਪੂ ਆਪੋ - ਆਪਣੇ ਸਥਾਨ ਤੋਂ ਹਿੱਲ ਗਿਆ ।
15ਅਤੇ ਧਰਤੀ ਦੇ ਰਾਜਿਆਂ, ਅਮੀਰਾਂ, ਫੌਜ ਦੇ ਸਰਦਾਰਾਂ, ਧਨਵਾਨਾਂ, ਬਲਵੰਤਾਂ ਅਤੇ ਹਰੇਕ ਗੁਲਾਮ ਅਤੇ ਅਜ਼ਾਦ ਨੇ ਆਪਣੇ ਆਪ ਨੂੰ ਗੁਫ਼ਾਂਵਾਂ ਵਿੱਚ ਅਤੇ ਪਹਾੜਾਂ ਦੀਆਂ ਚੱਟਾਨਾਂ ਵਿੱਚ ਲੁਕੋ ਲਿਆ ।16ਅਤੇ ਉਹ ਪਹਾੜਾਂ ਅਤੇ ਚੱਟਾਨਾਂ ਨੂੰ ਕਹਿਣ ਲੱਗੇ ਭਈ ਸਾਡੇ ਉੱਤੇ ਡਿੱਗ ਪਓ ! ਅਤੇ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ ਉਹ ਦੇ ਸਾਹਮਣਿਓਂ ਅਤੇ ਲੇਲੇ ਦੇ ਕ੍ਰੋਧ ਤੋਂ ਸਾਨੂੰ ਲੁਕਾ ਲਓ !17ਕਿਉਂ ਜੋ ਉਹਨਾਂ ਦੇ ਕ੍ਰੋਧ ਦਾ ਵੱਡਾ ਦਿਨ ਆ ਪਹੁੰਚਿਆ ਹੈ, ਹੁਣ ਕੌਣ ਖੜ੍ਹਾ ਹੋ ਸਕਦਾ ਹੈ ?

7
ਇਸਰਾਏਲ ਦੇ 1,44,000 ਲੋਕ

1ਇਸ ਤੋਂ ਬਾਅਦ ਮੈਂ ਧਰਤੀ ਦੇ ਚਾਰੋਂ ਕੋਨਿਆਂ ਉੱਤੇ ਚਾਰ ਦੂਤ ਖੜ੍ਹੇ ਵੇਖੇ, ਜਿਨ੍ਹਾਂ ਧਰਤੀ ਦੀਆਂ ਚਾਰਾਂ ਪੌਣਾਂ ਨੂੰ ਫੜ੍ਹਿਆ ਹੋਇਆ ਸੀ ਤਾਂ ਜੋ ਪੌਣ ਧਰਤੀ ਉੱਤੇ ਜਾਂ ਸਮੁੰਦਰ ਉੱਤੇ ਜਾਂ ਕਿਸੇ ਰੁੱਖ ਉੱਤੇ ਨਾ ਵਗੇ ।2ਅਤੇ ਮੈਂ ਇੱਕ ਹੋਰ ਦੂਤ ਨੂੰ ਜਿਹ ਦੇ ਕੋਲ ਜਿਉਂਦੇ ਪਰਮੇਸ਼ੁਰ ਦੀ ਮੋਹਰ ਸੀ, ਚੜ੍ਹਦੇ ਪਾਸਿਓਂ ਉੱਠਦਾ ਵੇਖਿਆ ਅਤੇ ਉਸ ਨੇ ਉਹਨਾਂ ਚਾਰਾਂ ਦੂਤਾਂ ਨੂੰ ਜਿਨ੍ਹਾਂ ਨੂੰ ਇਹ ਦਿੱਤਾ ਗਿਆ ਸੀ ਕਿ ਧਰਤੀ ਅਤੇ ਸਮੁੰਦਰ ਦਾ ਵਿਗਾੜ ਕਰਨ, ਵੱਡੀ ਅਵਾਜ਼ ਨਾਲ ਪੁਕਾਰ ਕੇ ਆਖਿਆ ।3ਜਿਨ੍ਹਾਂ ਸਮਾਂ ਅਸੀਂ ਆਪਣੇ ਪਰਮੇਸ਼ੁਰ ਦੇ ਦਾਸਾਂ ਦੇ ਮੱਥੇ ਉੱਤੇ ਮੋਹਰ ਨਾ ਲਾਈਏ, ਤੁਸੀਂ ਧਰਤੀ ਜਾਂ ਸਮੁੰਦਰ ਜਾਂ ਰੁੱਖਾਂ ਦਾ ਵਿਗਾੜ ਨਾ ਕਰੋ ।

4ਅਤੇ ਜਿਨ੍ਹਾਂ ਉੱਤੇ ਮੋਹਰ ਲੱਗੀ ਮੈਂ ਉਹਨਾਂ ਦੀ ਗਿਣਤੀ ਸੁਣੀ ਤਾਂ ਇਸਰਾਏਲ ਦੇ ਵੰਸ਼ ਦੇ ਸਭਨਾਂ ਗੋਤਾਂ ਵਿੱਚੋਂ ਇੱਕ ਲੱਖ ਚੁਤਾਲੀ ਹਜ਼ਾਰ ਉੱਤੇ ਮੋਹਰ ਲੱਗੀ :5ਯਹੂਦਾਹ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ ਉੱਤੇ ਮੋਹਰ ਲੱਗੀ । ਰੂਬੇਨ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ, ਗਾਦ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ,6ਆਸ਼ੇਰ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ, ਨਫ਼ਤਾਲੀ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ, ਮਨੱਸ਼ਹ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ,
7ਸ਼ਿਮਓਨ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ, ਲੇਵੀ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ, ਯਿੱਸਾਕਾਰ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ,8ਜ਼ਬੂਲੁਨ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ, ਯੂਸੁਫ਼ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ ਅਤੇ ਬਿਨਯਾਮੀਨ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ ਉੱਤੇ ਮੋਹਰ ਲੱਗੀ ।
ਇੱਕ ਵੱਡੀ ਭੀੜ

9ਇਸ ਤੋਂ ਬਾਅਦ ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਕਿ ਹਰੇਕ ਕੌਮ ਵਿੱਚੋਂ ਅਤੇ ਸਭਨਾਂ ਗੋਤਾਂ, ਉੱਮਤਾਂ ਅਤੇ ਭਾਸ਼ਾ ਵਿੱਚੋਂ ਇੱਕ ਵੱਡੀ ਭੀੜ ਜਿਹ ਦੀ ਗਿਣਤੀ ਕਿਸੇ ਕੋਲੋਂ ਨਹੀਂ ਹੁੰਦੀ ਚਿੱਟੇ ਬਸਤਰ ਪਹਿਨੇ ਅਤੇ ਖਜ਼ੂਰ ਦੀਆਂ ਟਹਿਣੀਆਂ ਹੱਥਾਂ ਵਿੱਚ ਲੈ ਕੇ ਸਿੰਘਾਸਣ ਦੇ ਸਾਹਮਣੇ ਅਤੇ ਲੇਲੇ ਦੇ ਸਾਹਮਣੇ ਖੜ੍ਹੀ ਹੈ ।10ਅਤੇ ਇਹ ਵੱਡੀ ਅਵਾਜ਼ ਨਾਲ ਪੁਕਾਰ ਕੇ ਕਹਿੰਦੇ ਹਨ, - ਮੁਕਤੀ ਸਾਡੇ ਪਰਮੇਸ਼ੁਰ ਵੱਲੋਂ, ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ, ਅਤੇ ਲੇਲੇ ਵੱਲੋਂ ਹੈ ! ।
11ਸਾਰੇ ਦੂਤ ਸਿੰਘਾਸਣ ਦੇ ਅਤੇ ਬਜ਼ੁਰਗਾਂ ਦੇ ਅਤੇ ਚਾਰਾਂ ਪ੍ਰਾਣੀਆਂ ਦੇ ਆਲੇ-ਦੁਆਲੇ ਖੜ੍ਹੇ ਸਨ ਤਾਂ ਉਹ ਸਿੰਘਾਸਣ ਦੇ ਸਾਹਮਣੇ ਮੂੰਹ ਦੇ ਭਾਰ ਡਿੱਗ ਪਏ ਅਤੇ ਪਰਮੇਸ਼ੁਰ ਨੂੰ ਮੱਥਾ ਟੇਕਿਆ ।12ਅਤੇ ਬੋਲੇ, - ਆਮੀਨ ! ਸਾਡੇ ਪਰਮੇਸ਼ੁਰ ਦਾ ਧੰਨਵਾਦ, ਮਹਿਮਾ, ਬੁੱਧ, ਸ਼ੁਕਰ, ਮਾਣ, ਸਮਰੱਥਾ ਅਤੇ ਸ਼ਕਤੀ ਜੁੱਗੋ-ਜੁੱਗ ਹੋਵੇ ! ਆਮੀਨ ।
13ਉਹਨਾਂ ਬਜ਼ੁਰਗਾਂ ਵਿੱਚੋਂ ਇੱਕ ਨੇ ਅੱਗੋਂ ਮੈਨੂੰ ਇਹ ਕਹਿ ਕੇ ਪੁੱਛਿਆ ਭਈ ਇਹ ਜਿਨ੍ਹਾਂ ਚਿੱਟੇ ਬਸਤਰ ਪਹਿਨੇ ਹਨ ਕੌਣ ਹਨ ਅਤੇ ਕਿੱਥੋਂ ਆਏ ?14ਫੇਰ ਮੈਂ ਉਹ ਨੂੰ ਆਖਿਆ, ਹੇ ਮੇਰੇ ਪ੍ਰਭੂ ਜੀ, ਤੁਸੀਂ ਜਾਣੋ । ਤਾਂ ਉਸ ਨੇ ਮੈਨੂੰ ਆਖਿਆ, ਇਹ ਉਹ ਹਨ ਜਿਹੜੇ ਵੱਡੀ ਬਿਪਤਾ ਵਿੱਚੋਂ ਆਉਂਦੇ ਹਨ ਅਤੇ ਉਹਨਾਂ ਆਪਣੇ ਬਸਤਰ ਲੇਲੇ ਦੇ ਲਹੂ ਨਾਲ ਧੋਤੇ ਅਤੇ ਉਨ੍ਹਾਂ ਨੂੰ ਚਿੱਟਾ ਕੀਤਾ ।
15ਇਸ ਕਰਕੇ ਉਹ ਪਰਮੇਸ਼ੁਰ ਦੇ ਸਿੰਘਾਸਣ ਦੇ ਸਾਹਮਣੇ ਹਨ, ਅਤੇ ਉਹ ਦੀ ਹੈਕਲ ਵਿੱਚ ਰਾਤ-ਦਿਨ ਉਹ ਦੀ ਬੰਦਗੀ ਕਰਦੇ ਹਨ, ਅਤੇ ਉਹ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ ਉਹ ਉਹਨਾਂ ਦੇ ਵਿਚਕਾਰ ਆਪਣਾ ਡੇਰਾ ਲਗਾਵੇਗਾ ।16ਉਹ ਫੇਰ ਭੁੱਖੇ ਨਾ ਹੋਣਗੇ, ਨਾ ਫੇਰ ਤਿਹਾਏ ਹੋਣਗੇ, ਨਾ ਧੁੱਪ, ਨਾ ਕੋਈ ਲੂ ਉਹਨਾਂ ਉੱਤੇ ਪਵੇਗੀ,17ਕਿਉਂ ਜੋ ਲੇਲਾ ਜਿਹੜਾ ਸਿੰਘਾਸਣ ਦੇ ਵਿਚਕਾਰ ਹੈ, ਉਹਨਾਂ ਦਾ ਅਯਾਲੀ ਹੋਵੇਗਾ, ਅਤੇ ਉਹਨਾਂ ਨੂੰ ਅੰਮ੍ਰਿਤ ਜਲ ਦੇ ਸੋਤਿਆਂ ਕੋਲ ਲੈ ਜਾਵੇਗਾ, ਅਤੇ ਪਰਮੇਸ਼ੁਰ ਉਹਨਾਂ ਦੀਆਂ ਅੱਖਾਂ ਤੋਂ ਹਰੇਕ ਹੰਝੂ ਪੂੰਝੇਗਾ ।

8
ਸੱਤਵੀਂ ਮੋਹਰ ਅਤੇ ਸੋਨੇ ਦਾ ਧੂਪਦਾਨ

1ਜਦੋਂ ਉਹ ਨੇ ਸੱਤਵੀਂ ਮੋਹਰ ਤੋੜੀ ਤਾਂ ਸਵਰਗ ਵਿੱਚ ਅੱਧੇ ਕੁ ਘੰਟੇ ਤੱਕ ਖਮੋਸ਼ੀ ਛਾ ਗਈ ।2ਅਤੇ ਮੈਂ ਉਹਨਾਂ ਸੱਤਾਂ ਦੂਤਾਂ ਨੂੰ ਵੇਖਿਆ ਜਿਹੜੇ ਪਰਮੇਸ਼ੁਰ ਦੇ ਹਜ਼ੂਰ ਖੜ੍ਹੇ ਰਹਿੰਦੇ ਹਨ, ਅਤੇ ਉਹਨਾਂ ਨੂੰ ਸੱਤ ਤੁਰ੍ਹੀਆਂ ਫੜਾਈਆਂ ਗਈਆਂ ।

3ਫੇਰ ਇੱਕ ਹੋਰ ਦੂਤ ਆਇਆ ਅਤੇ ਸੋਨੇ ਦੀ ਧੂਪਦਾਨੀ ਲੈ ਕੇ ਜਗਵੇਦੀ ਉੱਤੇ ਜਾ ਖੜ੍ਹਾ ਹੋਇਆ, ਅਤੇ ਬਹੁਤ ਸਾਰੀ ਧੂਪ ਉਹ ਨੂੰ ਦਿੱਤੀ ਗਈ ਕਿ ਉਹ ਉਸ ਨੂੰ ਸਭਨਾਂ ਸੰਤਾਂ ਦੀਆਂ ਪ੍ਰਾਰਥਨਾਵਾਂ ਦੇ ਨਾਲ-ਨਾਲ ਉਸ ਸੋਨੇ ਦੀ ਜਗਵੇਦੀ ਉੱਤੇ ਧੁਖਾਉਂਦਾ ਰਹੇ, ਜਿਹੜੀ ਸਿੰਘਾਸਣ ਦੇ ਅੱਗੇ ਹੈ ।4ਅਤੇ ਧੂਪ ਦਾ ਧੂੰਆਂ ਸੰਤਾਂ ਦੀਆਂ ਪ੍ਰਾਰਥਨਾਵਾਂ ਨਾਲ ਉਸ ਦੂਤ ਦੇ ਹੱਥੋਂ ਪਰਮੇਸ਼ੁਰ ਦੇ ਹਜ਼ੂਰ ਪਹੁੰਚ ਗਿਆ ।5ਤਾਂ ਦੂਤ ਨੇ ਧੂਪਦਾਨੀ ਲਈ ਅਤੇ ਜਗਵੇਦੀ ਦੀ ਕੁੱਝ ਅੱਗ ਉਸ ਵਿੱਚ ਭਰ ਕੇ ਧਰਤੀ ਉੱਤੇ ਸੁੱਟ ਦਿੱਤੀ ਤਦ ਬੱਦਲ ਦੀਆਂ ਗਰਜਾਂ ਅਤੇ ਅਵਾਜ਼ਾਂ ਅਤੇ ਬਿਜਲੀ ਦੀਆਂ ਲਿਸ਼ਕਾਂ ਹੋਈਆਂ ਅਤੇ ਭੂਚਾਲ ਆਇਆ !
ਸੱਤ ਤੁਰ੍ਹੀਆਂ

6ਫੇਰ ਉਹਨਾਂ ਸੱਤਾਂ ਦੂਤਾਂ ਨੇ ਜਿਨ੍ਹਾਂ ਕੋਲ ਸੱਤ ਤੁਰ੍ਹੀਆਂ ਸਨ, ਆਪਣੇ ਆਪ ਨੂੰ ਤੁਰ੍ਹੀਆਂ ਵਜਾਉਣ ਲਈ ਤਿਆਰ ਕੀਤਾ ।

7ਪਹਿਲੇ ਦੂਤ ਨੇ ਤੁਰ੍ਹੀ ਵਜਾਈ ਤਾਂ ਲਹੂ ਨਾਲ ਮਿਲੇ ਹੋਏ ਗੜੇ ਅਤੇ ਅੱਗ ਪਰਗਟ ਹੋਈ ਜੋ ਧਰਤੀ ਉੱਤੇ ਸੁੱਟੀ ਗਈ, ਤਦ ਧਰਤੀ ਦੀ ਇੱਕ ਤਿਹਾਈ ਅਤੇ ਰੁੱਖਾਂ ਦੀ ਇੱਕ ਤਿਹਾਈ ਸੜ ਗਈ ਅਤੇ ਸਭ ਹਰਾ ਘਾਹ ਸੜ ਗਿਆ ।

8ਫੇਰ ਦੂਜੇ ਦੂਤ ਨੇ ਤੁਰ੍ਹੀ ਵਜਾਈ ਤਦ ਇੱਕ ਵੱਡਾ ਪਹਾੜ ਜਿਹਾ ਅੱਗ ਨਾਲ ਬਲਦਾ ਹੋਇਆ ਸਮੁੰਦਰ ਵਿੱਚ ਸੁੱਟਿਆ ਗਿਆ ਅਤੇ ਸਮੁੰਦਰ ਦਾ ਇੱਕ ਤਿਹਾਈ ਲਹੂ ਬਣ ਗਿਆ ।9ਅਤੇ ਸਮੁੰਦਰ ਦੇ ਜਲ ਜੰਤੂਆਂ ਦਾ ਇੱਕ ਤਿਹਾਈ ਮਰ ਗਿਆ ਅਤੇ ਜਹਾਜ਼ਾਂ ਦਾ ਇੱਕ ਤਿਹਾਈ ਨਸ਼ਟ ਹੋ ਗਿਆ ।
10ਫੇਰ ਤੀਜੇ ਦੂਤ ਨੇ ਤੁਰ੍ਹੀ ਵਜਾਈ ਤਾਂ ਇੱਕ ਵੱਡਾ ਤਾਰਾ ਮਸ਼ਾਲ ਵਾਗੂੰ ਬਲਦਾ ਹੋਇਆ ਅਕਾਸ਼ੋਂ ਟੁੱਟਿਆ ਅਤੇ ਨਦੀਆਂ ਦੀ ਇੱਕ ਤਿਹਾਈ ਉੱਤੇ ਅਤੇ ਪਾਣੀਆਂ ਦੇ ਸੋਤਿਆਂ ਉੱਤੇ ਜਾ ਪਿਆ ।11ਉਸ ਤਾਰੇ ਦਾ ਨਾਮ ਨਾਗਦੌਣਾ ਕਰਕੇ ਕਿਹਾ ਜਾਂਦਾ ਹੈ ਅਤੇ ਪਾਣੀਆਂ ਦੀ ਇੱਕ ਤਿਹਾਈ ਨਾਗਦੌਣੇ ਜਿਹੀ ਹੋ ਗਈ ਅਤੇ ਉਹਨਾਂ ਪਾਣੀਆਂ ਦੇ ਕੌੜੇ ਹੋ ਜਾਣ ਕਾਰਨ ਬਹੁਤੇ ਮਨੁੱਖ ਮਰ ਗਏ ।

12ਫੇਰ ਚੌਥੇ ਦੂਤ ਨੇ ਤੁਰ੍ਹੀ ਵਜਾਈ ਤਾਂ ਸੂਰਜ, ਚੰਦਰਮਾ ਅਤੇ ਤਾਰਿਆਂ ਦਾ ਇੱਕ ਤਿਹਾਈ ਮਾਰਿਆ ਗਿਆ ਤਾਂ ਕਿ ਉਹਨਾਂ ਦੀ ਇੱਕ ਤਿਹਾਈ ਹਨ੍ਹੇਰਾ ਹੋ ਜਾਵੇ ਅਤੇ ਦਿਨ ਦੀ ਇੱਕ ਤਿਹਾਈ ਚਾਨਣ ਨਾ ਹੋਵੇ ਅਤੇ ਇਸੇ ਪ੍ਰਕਾਰ ਰਾਤ ਦੀ ਵੀ ।

13ਤਾਂ ਮੈਂ ਨਿਗਾਹ ਕੀਤੀ ਅਤੇ ਇੱਕ ਉਕਾਬ ਨੂੰ ਅਕਾਸ਼ ਵਿੱਚ ਉੱਡਦੇ ਅਤੇ ਵੱਡੀ ਅਵਾਜ਼ ਨਾਲ ਇਹ ਕਹਿੰਦੇ ਸੁਣਿਆ ਭਈ ਹਾਏ ਹਾਏ ਧਰਤੀ ਦੇ ਵਾਸੀਆਂ ਨੂੰ ! ਉਹਨਾਂ ਤਿੰਨਾਂ ਦੂਤਾਂ ਦੀ ਤੁਰ੍ਹੀ ਦੀਆਂ ਰਹਿੰਦੀਆਂ ਅਵਾਜ਼ਾਂ ਦੇ ਕਾਰਨ ਜਿਨ੍ਹਾਂ ਅਜੇ ਤੁਰ੍ਹੀ ਵਜਾਉਣੀ ਹੈ !

9

1ਪੰਜਵੇਂ ਦੂਤ ਨੇ ਤੁਰ੍ਹੀ ਵਜਾਈ, ਤਾਂ ਮੈਂ ਇੱਕ ਤਾਰਾ ਸਵਰਗ ਤੋਂ ਧਰਤੀ ਉੱਤੇ ਡਿੱਗਦਾ ਹੋਇਆ ਵੇਖਿਆ ਅਤੇ ਅਥਾਹ ਕੁੰਡ ਦੀ ਕੁੰਜੀ ਉਹ ਨੂੰ ਦਿੱਤੀ ਗਈ ।2ਉਹ ਨੇ ਅਥਾਹ ਕੁੰਡ ਨੂੰ ਖੋਲ੍ਹਿਆ ਤਾਂ ਉਸ ਵਿੱਚੋਂ ਧੂੰਆਂ ਵੱਡੇ ਭੱਠੇ ਦੇ ਧੂੰਏਂ ਵਾਂਗੂੰ ਉੱਠਿਆ ਅਤੇ ਉਸ ਧੂੰਏਂ ਨਾਲ ਸੂਰਜ ਅਤੇ ਪੌਣ ਕਾਲੇ ਹੋ ਗਏ ।

3ਅਤੇ ਧੂੰਏਂ ਵਿੱਚੋਂ ਧਰਤੀ ਉੱਤੇ ਟਿੱਡੇ ਨਿੱਕਲ ਆਏ ਅਤੇ ਉਹਨਾਂ ਨੂੰ ਧਰਤੀ ਦੇ ਠੂਹਿਆਂ ਦੇ ਬਲ ਵਰਗਾ ਬਲ ਦਿੱਤਾ ਗਿਆ ।4ਅਤੇ ਉਹਨਾਂ ਨੂੰ ਇਹ ਆਖਿਆ ਗਿਆ ਕਿ ਨਾ ਧਰਤੀ ਦੇ ਘਾਹ ਦਾ, ਨਾ ਕਿਸੇ ਹਰਿਆਲੀ ਦਾ ਅਤੇ ਨਾ ਕਿਸੇ ਰੁੱਖ ਦਾ ਵਿਗਾੜ ਕਰੋ ਪਰ ਕੇਵਲ ਉਨ੍ਹਾਂ ਮਨੁੱਖਾਂ ਦਾ, ਜਿਨ੍ਹਾਂ ਦੇ ਮੱਥੇ ਉੱਤੇ ਪਰਮੇਸ਼ੁਰ ਦੀ ਮੋਹਰ ਨਹੀਂ ਹੈ ।
5ਅਤੇ ਉਹਨਾਂ ਨੂੰ ਇਹ ਦਿੱਤਾ ਗਿਆ, ਜੋ ਉਨ੍ਹਾਂ ਮਨੁੱਖਾਂ ਨੂੰ ਜਾਨੋਂ ਨਾ ਮਾਰਨ ਸਗੋਂ ਇਹ ਕਿ ਉਹ ਪੰਜਾਂ ਮਹੀਨਿਆਂ ਤੱਕ ਵੱਡੀ ਪੀੜ ਸਹਿਣ ਅਤੇ ਉਨ੍ਹਾਂ ਦੀ ਪੀੜ ਇਹੋ ਜਿਹੀ ਸੀ, ਜਿਵੇਂ ਠੂਹੇਂ ਦੇ ਡੰਗ ਮਾਰਨ ਨਾਲ ਪੀੜ ਹੁੰਦੀ ਹੈ ।6ਅਤੇ ਉਨ੍ਹੀਂ ਦਿਨੀਂ ਮਨੁੱਖ ਮੌਤ ਨੂੰ ਭਾਲਣਗੇ ਅਤੇ ਉਹ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਨਹੀਂ ਲੱਭੇਗੀ ਅਤੇ ਮਰਨ ਦੀ ਕੋਸ਼ਿਸ਼ ਕਰਨਗੇ ਪਰ ਮੌਤ ਉਨ੍ਹਾਂ ਤੋਂ ਭੱਜ ਜਾਵੇਗੀ ।
7ਅਤੇ ਉਹਨਾਂ ਟਿੱਡਿਆਂ ਦਾ ਰੂਪ ਉਨ੍ਹਾਂ ਘੋੜਿਆਂ ਵਰਗਾ ਸੀ, ਜਿਹੜੇ ਯੁੱਧ ਦੇ ਲਈ ਤਿਆਰ ਕੀਤੇ ਹੋਏ ਹੋਣ । ਉਹਨਾਂ ਦੇ ਸਿਰ ਉੱਤੇ ਸੋਨੇ ਵਰਗੇ ਮੁਕਟ ਜਿਹੇ ਸਨ ਅਤੇ ਉਹਨਾਂ ਦੇ ਮੂੰਹ ਮਨੁੱਖਾਂ ਦੇ ਚਿਹਰੇ ਵਰਗੇ ਸਨ ।8ਉਹਨਾਂ ਦੇ ਵਾਲ਼ ਔਰਤਾਂ ਦੇ ਵਾਲਾਂ ਵਰਗੇ ਅਤੇ ਉਹਨਾਂ ਦੇ ਦੰਦ ਬੱਬਰ ਸ਼ੇਰਾਂ ਦੇ ਦੰਦਾਂ ਵਰਗੇ ਸਨ ।9ਅਤੇ ਉਹਨਾਂ ਦੇ ਸੀਨੇ ਬੰਦ ਲੋਹੇ ਦੇ ਸੀਨੇ ਬੰਦਾ ਵਰਗੇ ਸਨ ਅਤੇ ਉਹਨਾਂ ਦੇ ਖੰਭਾਂ ਦੀ ਘੂਕ ਰੱਥਾਂ ਸਗੋਂ ਲੜਾਈ ਵਿੱਚ ਦੌੜਦਿਆਂ ਹੋਇਆਂ ਬਹੁਤਿਆਂ ਘੋੜਿਆਂ ਦੀ ਅਵਾਜ਼ ਜਿਹੀ ਸੀ ।
10ਅਤੇ ਉਹਨਾਂ ਦੀਆਂ ਪੂੰਛਾਂ ਠੂਹਿਆਂ ਵਰਗੀਆਂ ਸਨ, ਉਹਨਾਂ ਦੇ ਡੰਗ ਹਨ ਅਤੇ ਉਹਨਾਂ ਦੀਆਂ ਪੂੰਛਾਂ ਵਿੱਚ ਉਹਨਾਂ ਦਾ ਬਲ ਹੈ ਜੋ ਪੰਜ ਮਹੀਨਿਆਂ ਤੱਕ ਮਨੁੱਖ ਨੂੰ ਤੜਫਾਉਣ ।11ਅਥਾਹ ਕੁੰਡ ਦਾ ਦੂਤ ਉਹਨਾਂ ਉੱਤੇ ਰਾਜਾ ਹੈ । ਉਹ ਦਾ ਨਾਮ ਇਬਰਾਨੀ ਭਾਸ਼ਾ ਵਿੱਚ ਅਬੱਦੋਨ ਹੈ ਅਤੇ ਯੂਨਾਨੀ ਵਿੱਚ ਅਪੁੱਲੁਓਨ ਹੈ ।

12ਇੱਕ ਦੁੱਖ ਬੀਤ ਗਿਆ, ਵੇਖੋ, ਇਹ ਦੇ ਬਾਅਦ ਅਜੇ ਦੋ ਦੁੱਖ ਹੋਰ ਆਉਂਦੇ ਹਨ !

13ਛੇਵੇਂ ਦੂਤ ਨੇ ਤੁਰ੍ਹੀ ਵਜਾਈ, ਤਾਂ ਉਹ ਸੋਨੇ ਦੀ ਜਗਵੇਦੀ ਜਿਹੜੀ ਪਰਮੇਸ਼ੁਰ ਦੇ ਅੱਗੇ ਹੈ ਉਹ ਦੇ ਚਾਰਾਂ ਸਿੰਗਾਂ ਵਿੱਚੋਂ ਮੈਂ ਇੱਕ ਅਵਾਜ਼ ਸੁਣੀ ।14ਉਸ ਛੇਵੇਂ ਦੂਤ ਨੂੰ ਜਿਹ ਦੇ ਕੋਲ ਤੁਰ੍ਹੀ ਸੀ ਉਹ ਇਹ ਕਹਿੰਦੀ ਹੈ ਕਿ ਉਹਨਾਂ ਚਾਰਾਂ ਦੂਤਾਂ ਨੂੰ ਜਿਹੜੇ ਵੱਡੇ ਦਰਿਆ ਫ਼ਰਾਤ ਉੱਤੇ ਬੰਨੇ ਹੋਏ ਹਨ ਖੋਲ੍ਹ ਦੇ !15ਤਾਂ ਉਹ ਚਾਰੇ ਦੂਤ ਜਿਹੜੇ ਵੇਲੇ, ਦਿਨ, ਮਹੀਨੇ ਅਤੇ ਸਾਲ ਲਈ ਤਿਆਰ ਕੀਤੇ ਹੋਏ ਸਨ ਖੋਲ੍ਹੇ ਗਏ ਜੋ ਮਨੁੱਖਾਂ ਦੀ ਇੱਕ ਤਿਹਾਈ ਨੂੰ ਮਾਰ ਸੁੱਟਣ ।
16ਅਤੇ ਘੋੜ ਸਵਾਰਾਂ ਦੀਆਂ ਫੌਜਾਂ ਗਿਣਤੀ ਵਿੱਚ ਵੀਹ ਕਰੋੜ ਸਨ । ਮੈਂ ਉਹਨਾਂ ਦੀ ਗਿਣਤੀ ਸੁਣੀ ।17ਇਸ ਦਰਸ਼ਣ ਵਿੱਚ ਘੋੜਿਆਂ ਅਤੇ ਉਹਨਾਂ ਦਿਆਂ ਸਵਾਰਾਂ ਦੇ ਰੂਪ ਮੈਨੂੰ ਇਸ ਤਰ੍ਹਾਂ ਦਿਸਦੇ ਸਨ ਭਈ ਉਹਨਾਂ ਦੇ ਸੀਨੇ ਬੰਦ ਅੱਗ, ਨੀਲਮ, ਗੰਧਕ ਦੇ ਹਨ ਅਤੇ ਘੋੜਿਆਂ ਦੇ ਸਿਰ ਬੱਬਰ ਸ਼ੇਰਾਂ ਦੇ ਸਿਰ ਵਰਗੇ ਹਨ ਅਤੇ ਉਹਨਾਂ ਦੇ ਮੂੰਹਾਂ ਵਿੱਚੋਂ ਅੱਗ, ਧੂੰਆਂ ਅਤੇ ਗੰਧਕ ਨਿੱਕਲਦੀ ਹੈ !
18ਅੱਗ, ਧੂੰਆਂ ਅਤੇ ਗੰਧਕ ਜਿਹੜੀ ਉਹਨਾਂ ਦੇ ਮੂੰਹਾਂ ਵਿੱਚੋਂ ਨਿੱਕਲਦੀ ਸੀ, ਇਨ੍ਹਾਂ ਤਿੰਨਾਂ ਮਹਾਂਮਾਰੀਆਂ ਨਾਲ ਮਨੁੱਖਾਂ ਦੀ ਇੱਕ ਤਿਹਾਈ ਜਾਨੋਂ ਮਾਰੀ ਗਈ ।19ਉਹਨਾਂ ਘੋੜਿਆਂ ਦਾ ਬਲ ਉਹਨਾਂ ਦੇ ਮੂੰਹ ਅਤੇ ਉਹਨਾਂ ਦੀਆਂ ਪੂੰਛਾਂ ਵਿੱਚ ਹੈ, ਕਿਉਂ ਜੋ ਉਹਨਾਂ ਦੀਆਂ ਪੂੰਛਾਂ ਸੱਪਾਂ ਵਰਗੀਆਂ ਹਨ ਅਤੇ ਉਹਨਾਂ ਦੇ ਸਿਰ ਵੀ ਹਨ ਅਤੇ ਉਹ ਉਨ੍ਹਾਂ ਦੇ ਨਾਲ ਵਿਨਾਸ਼ ਕਰਦੇ ਹਨ ।
20ਅਤੇ ਬਚੇ ਮਨੁੱਖਾਂ ਨੇ ਜਿਹੜੇ ਇਨ੍ਹਾਂ ਮਹਾਂਮਾਰੀਆਂ ਨਾਲ ਨਹੀਂ ਮਾਰੇ ਗਏ ਸਨ, ਆਪਣੇ ਹੱਥਾਂ ਦੇ ਕੰਮਾਂ ਤੋਂ ਤੋਬਾ ਨਾ ਕੀਤੀ, ਉਹ ਭੂਤਾਂ ਦੀ ਅਤੇ ਸੋਨੇ, ਚਾਂਦੀ, ਪਿੱਤਲ, ਪੱਥਰ ਅਤੇ ਕਾਠ ਦੀਆਂ ਮੂਰਤੀਆਂ ਦੀ ਪੂਜਾ ਨਾ ਕਰਨ ਜਿਹੜੀਆਂ ਨਾ ਵੇਖ, ਨਾ ਸੁਣ, ਨਾ ਤੁਰ ਸਕਦੀਆਂ ਹਨ,21ਨਾ ਉਹਨਾਂ ਆਪਣੇ ਖੂਨਾਂ ਤੋਂ, ਨਾ ਜਾਦੂਗਰੀਆਂ ਤੋਂ, ਨਾ ਆਪਣੀ ਹਰਾਮਕਾਰੀ ਤੋਂ ਅਤੇ ਨਾ ਚੋਰੀਆਂ ਤੋਂ ਤੋਬਾ ਕੀਤੀ ।

10
ਸਵਰਗ ਦੂਤ ਅਤੇ ਛੋਟੀ ਪੁਸਤਕ

1ਮੈਂ ਇੱਕ ਹੋਰ ਬਲਵਾਨ ਦੂਤ ਨੂੰ ਬੱਦਲ ਪਹਿਨੀ ਸਵਰਗ ਤੋਂ ਉੱਤਰਦੇ ਵੇਖਿਆ, ਉਸ ਦੇ ਸਿਰ ਉੱਤੇ ਸੱਤਰੰਗੀ ਪੀਂਘ ਸੀ, ਉਸ ਦਾ ਮੂੰਹ ਸੂਰਜ ਵਰਗਾ ਅਤੇ ਉਸ ਦੇ ਪੈਰ ਅੱਗ ਦੇ ਥੰਮਾਂ ਵਰਗੇ ਸਨ ।2ਅਤੇ ਆਪਣੇ ਹੱਥ ਵਿੱਚ ਇੱਕ ਖੁੱਲੀ ਹੋਈ ਛੋਟੀ ਜਿਹੀ ਪੋਥੀ ਉਸ ਨੇ ਫੜ੍ਹੀ ਹੋਈ ਸੀ । ਉਸ ਨੇ ਆਪਣੇ ਸੱਜੇ ਪੈਰ ਨੂੰ ਸਮੁੰਦਰ ਉੱਤੇ ਅਤੇ ਖੱਬੇ ਪੈਰ ਨੂੰ ਧਰਤੀ ਉੱਤੇ ਟਿਕਾਇਆ ।

3ਤਾਂ ਉਸ ਨੇ ਵੱਡੀ ਅਵਾਜ਼ ਨਾਲ ਇਸ ਤਰ੍ਹਾਂ ਪੁਕਾਰਿਆ ਜਿਵੇਂ ਬੱਬਰ ਸ਼ੇਰ ਗੱਜਦਾ ਹੈ । ਜਦੋਂ ਉਸ ਨੇ ਪੁਕਾਰਿਆ ਤਾਂ ਬੱਦਲ ਦੀਆਂ ਸੱਤ ਗਰਜਾਂ ਨੇ ਆਪਣੀਆਂ ਅਵਾਜ਼ਾਂ ਦਿੱਤੀਆਂ ।4ਅਤੇ ਜਦੋਂ ਉਹ ਸੱਤੇ ਗਰਜਾਂ ਬੋਲ ਹਟੀਆਂ ਤਾਂ ਮੈਂ ਲਿਖਣ ਲੱਗਾ ਅਤੇ ਮੈਂ ਇੱਕ ਅਵਾਜ਼ ਸਵਰਗ ਇਹ ਆਖਦੇ ਸੁਣੀ ਕਿ ਜਿਹੜੀਆਂ ਗੱਲਾਂ ਉਹਨਾਂ ਸੱਤਾਂ ਗਰਜਾਂ ਨੇ ਸੁਣਾਈਆਂ ਉਨ੍ਹਾਂ ਉੱਤੇ ਮੋਹਰ ਲਾ ਅਤੇ ਉਨ੍ਹਾਂ ਨੂੰ ਨਾ ਲਿਖ !
5ਜਿਹੜੇ ਦੂਤ ਨੂੰ ਮੈਂ ਸਮੁੰਦਰ ਅਤੇ ਧਰਤੀ ਉੱਤੇ ਖੜ੍ਹੇ ਵੇਖਿਆ ਸੀ, ਉਸ ਨੇ ਆਪਣਾ ਸੱਜਾ ਹੱਥ ਸਵਰਗ ਵੱਲ ਉੱਠਾਇਆ ।6ਅਤੇ ਜਿਹੜਾ ਜੁੱਗੋ-ਜੁੱਗ ਜਿਉਂਦਾ ਹੈ ਜਿਸ ਨੇ ਅਕਾਸ਼ , ਧਰਤੀ, ਜੋ ਕੁੱਝ ਅਕਾਸ਼ ਅਤੇ ਧਰਤੀ ਦੇ ਵਿੱਚ ਹੈ, ਸਮੁੰਦਰ ਅਤੇ ਜੋ ਕੁੱਝ ਸਮੁੰਦਰ ਵਿੱਚ ਹੈ ਉਤਪਤ ਕੀਤਾ, ਉਹ ਦੀ ਸਹੁੰ ਖਾਧੀ ਭਈ ਹੋਰ ਸਮਾਂ ਨਹੀਂ ਲੱਗੇਗਾ !7ਸਗੋਂ ਸੱਤਵੇਂ ਦੂਤ ਦੀ ਅਵਾਜ਼ ਦੇ ਦਿਨੀਂ ਜਦੋਂ ਉਹ ਤੁਰ੍ਹੀ ਵਜਾਵੇਗਾ ਤਾਂ ਪਰਮੇਸ਼ੁਰ ਦਾ ਭੇਤ ਸੰਪੂਰਨ ਹੋਵੇਗਾ, ਜਿਵੇਂ ਉਹ ਨੇ ਆਪਣੇ ਦਾਸਾਂ ਨੂੰ ਅਰਥਾਤ ਨਬੀਆਂ ਨੂੰ ਇਹ ਦੀ ਖੁਸ਼ਖਬਰੀ ਦਿੱਤੀ ਸੀ ।
8ਅਤੇ ਜਿਹੜੀ ਅਵਾਜ਼ ਮੈਂ ਸਵਰਗ ਤੋਂ ਸੁਣੀ ਸੀ ਮੈਂ ਉਹ ਨੂੰ ਆਪਣੇ ਨਾਲ ਫੇਰ ਗੱਲਾਂ ਕਰਦੇ ਅਤੇ ਇਹ ਆਖਦੇ ਸੁਣਿਆ ਭਈ ਜਾ, ਉਹ ਪੋਥੀ ਲੈ ਲੈ ਜੋ ਉਸ ਦੂਤ ਦੇ ਹੱਥ ਵਿੱਚ ਖੁੱਲ੍ਹੀ ਪਈ ਹੈ ਜਿਹੜਾ ਸਮੁੰਦਰ ਅਤੇ ਧਰਤੀ ਉੱਤੇ ਖੜ੍ਹਾ ਹੈ ।9ਅਤੇ ਮੈਂ ਉਸ ਦੂਤ ਦੇ ਕੋਲ ਜਾ ਕੇ ਉਸ ਨੂੰ ਕਿਹਾ, ਉਹ ਛੋਟੀ ਪੋਥੀ ਮੈਨੂੰ ਦੇ, ਅਤੇ ਉਸ ਨੇ ਮੈਨੂੰ ਆਖਿਆ, ਲੈ ਅਤੇ ਇਹ ਨੂੰ ਖਾਹ ਜਾ । ਇਹ ਤੇਰੇ ਢਿੱਡ ਨੂੰ ਤਾਂ ਕੌੜਾ ਕਰ ਦੇਵੇਗੀ ਪਰ ਤੇਰੇ ਮੂੰਹ ਵਿੱਚ ਸ਼ਹਿਦ ਜਿਹੀ ਮਿੱਠੀ ਲੱਗੇਗੀ ।
10ਤਦ ਮੈਂ ਉਹ ਛੋਟੀ ਪੋਥੀ ਦੂਤ ਦੇ ਹੱਥੋਂ ਲੈ ਲਈ ਅਤੇ ਉਹ ਨੂੰ ਖਾਧਾ ਅਤੇ ਉਹ ਮੇਰੇ ਮੂੰਹ ਵਿੱਚ ਸ਼ਹਿਦ ਜਿਹੀ ਮਿੱਠੀ ਲੱਗੀ ਅਤੇ ਜਦੋਂ ਮੈਂ ਉਹ ਨੂੰ ਖਾ ਲਿਆ ਤਦ ਮੇਰਾ ਢਿੱਡ ਕੌੜਾ ਹੋ ਗਿਆ ।11ਅਤੇ ਉਨ੍ਹਾਂ ਮੈਨੂੰ ਆਖਿਆ, ਤੈਨੂੰ ਬਹੁਤਿਆਂ ਲੋਕਾਂ, ਕੌਮਾਂ, ਭਾਸ਼ਾਵਾਂ ਅਤੇ ਰਾਜਿਆਂ ਉੱਤੇ ਫੇਰ ਅਗੰਮ ਵਾਕ ਕਰਨਾ ਪਵੇਗਾ !

11
ਦੋ ਗਵਾਹ

1ਡੰਡੇ ਵਰਗਾ ਇੱਕ ਕਾਨਾ ਮੈਨੂੰ ਦਿੱਤਾ ਗਿਆ ਅਤੇ ਇਹ ਬਚਨ ਹੋਇਆ ਕਿ ਉੱਠ, ਪਰਮੇਸ਼ੁਰ ਦੀ ਹੈਕਲ, ਜਗਵੇਦੀ ਅਤੇ ਉਹਨਾਂ ਨੂੰ ਜਿਹੜੇ ਉੱਥੇ ਬੰਦਗੀ ਕਰਦੇ ਹਨ ਮਿਣ ਲੈ ।2ਅਤੇ ਉਸ ਵਿਹੜੇ ਨੂੰ ਜਿਹੜਾ ਹੈਕਲ ਤੋਂ ਬਾਹਰ ਹੈ ਛੱਡ ਦੇ ਅਤੇ ਉਹ ਨੂੰ ਨਾ ਮਿਣ, ਕਿਉਂਕਿ ਉਹ ਪਰਾਈਆਂ ਕੌਮਾਂ ਨੂੰ ਦਿੱਤਾ ਗਿਆ ਹੈ ਅਤੇ ਉਹ ਪਵਿੱਤਰ ਨਗਰੀ ਨੂੰ ਬਤਾਲੀਆਂ ਮਹੀਨਿਆਂ ਤੱਕ ਲਤਾੜਨਗੀਆਂ ।

3ਮੈਂ ਆਪਣਿਆਂ ਦੋਹਾਂ ਗਵਾਹਾਂ ਨੂੰ ਇਹ ਸਮਰੱਥ ਦੇਵਾਂਗਾ ਭਈ ਉਹ ਤੱਪੜ ਪਹਿਨੇ ਇੱਕ ਹਜ਼ਾਰ ਦੋ ਸੌ ਸੱਠ ਦਿਨ ਅਗੰਮ ਵਾਕ ਕਰਨਗੇ ।4ਇਹ ਉਹ ਦੋ ਜ਼ੈਤੂਨ ਦੇ ਰੁੱਖ ਅਤੇ ਦੋ ਸ਼ਮਾਦਾਨ ਹਨ ਜਿਹੜੇ ਧਰਤੀ ਦੇ ਪ੍ਰਭੂ ਦੇ ਹਜ਼ੂਰ ਖੜ੍ਹੇ ਰਹਿੰਦੇ ਹਨ ।5ਜੇ ਕੋਈ ਉਹਨਾਂ ਦਾ ਨੁਕਸਾਨ ਕਰਨਾ ਚਾਹੇ ਤਾਂ ਉਹਨਾਂ ਦੇ ਮੂੰਹੋਂ ਅੱਗ ਨਿੱਕਲਦੀ ਹੈ ਅਤੇ ਉਹਨਾਂ ਦੇ ਵੈਰੀਆਂ ਨੂੰ ਭਸਮ ਕਰ ਦਿੰਦੀ ਹੈ । ਸੋ ਜੇ ਉਹਨਾਂ ਦਾ ਨੁਕਸਾਨ ਕਰਨਾ ਚਾਹੇ ਤਾਂ ਉਹ ਇਸੇ ਤਰ੍ਹਾਂ ਜ਼ਰੂਰ ਮਾਰਿਆ ਜਾਵੇ ।
6ਅਕਾਸ਼ ਬੰਦ ਕਰਨਾ ਉਹਨਾਂ ਦੇ ਵੱਸ ਵਿੱਚ ਹੈ ਤਾਂ ਕਿ ਉਹਨਾਂ ਦੇ ਅਗੰਮ ਵਾਕ ਦੇ ਦਿਨੀਂ ਮੀਂਹ ਨਾ ਪਵੇ, ਅਤੇ ਪਾਣੀ ਉਹਨਾਂ ਦੇ ਵੱਸ ਵਿੱਚ ਹਨ ਕਿ ਉਨ੍ਹਾਂ ਨੂੰ ਲਹੂ ਬਣਾ ਦੇਣ ਅਤੇ ਜਦੋਂ ਕਦੇ ਉਹਨਾਂ ਦਾ ਮਨ ਕਰੇ, ਤਾਂ ਉਹ ਧਰਤੀ ਨੂੰ ਸਭ ਪਰਕਾਰ ਦੀਆਂ ਮਹਾਂਮਾਰੀਆਂ ਨਾਲ ਮਾਰਨ ।7ਜਦ ਉਹ ਆਪਣੀ ਗਵਾਹੀ ਦੇ ਹਟਣਗੇ ਤਦ ਉਹ ਦਰਿੰਦਾ ਜਿਹੜਾ ਅਥਾਹ ਕੁੰਡ ਵਿੱਚੋਂ ਆਉਂਦਾ ਹੈ, ਉਹਨਾਂ ਨਾਲ ਯੁੱਧ ਕਰਕੇ ਉਹਨਾਂ ਨੂੰ ਜਿੱਤ ਲਵੇਗਾ ਅਤੇ ਉਹਨਾਂ ਨੂੰ ਮਾਰ ਸੁੱਟੇਗਾ ।
8ਅਤੇ ਉਹਨਾਂ ਦੀਆਂ ਲਾਸ਼ਾਂ ਉਸ ਵੱਡੀ ਨਗਰੀ ਦੇ ਚੌਂਕ ਵਿੱਚ ਪਈਆਂ ਰਹਿਣਗੀਆਂ ਜਿਸ ਨੂੰ ਆਤਮਿਕ ਰੀਤੀ ਨਾਲ ਸਦੂਮ ਅਤੇ ਮਿਸਰ ਕਿਹਾ ਜਾਂਦਾ ਹੈ, ਜਿੱਥੇ ਉਹਨਾਂ ਦਾ ਪ੍ਰਭੂ ਵੀ ਸਲੀਬ ਉੱਤੇ ਚੜ੍ਹਾਇਆ ਗਿਆ ਸੀ ।9ਉੱਮਤਾਂ, ਗੋਤਾਂ, ਭਾਸ਼ਾਵਾਂ ਅਤੇ ਕੌਮਾਂ ਵਿੱਚੋਂ ਕਈ ਉਹਨਾਂ ਦੀਆਂ ਲਾਸ਼ਾਂ ਨੂੰ ਸਾਢੇ ਤਿੰਨ ਦਿਨ ਵੇਖਣਗੇ ਪਰ ਉਹਨਾਂ ਦੀਆਂ ਲਾਸ਼ਾਂ ਨੂੰ ਕਬਰ ਵਿੱਚ ਨਾ ਰੱਖਣਗੇ ।
10ਅਤੇ ਧਰਤੀ ਦੇ ਵਾਸੀ ਖੁਸ਼ ਹੋਣਗੇ ਅਤੇ ਉਹਨਾਂ ਉੱਤੇ ਅਨੰਦ ਕਰਨਗੇ ਅਤੇ ਇੱਕ ਦੂਜੇ ਦੇ ਕੋਲ ਸੁਗਾਤਾਂ ਭੇਜਣਗੇ ਕਿਉਂਕਿ ਇਨ੍ਹਾਂ ਦੋਹਾਂ ਨਬੀਆਂ ਨੇ ਧਰਤੀ ਦੇ ਵਾਸੀਆਂ ਨੂੰ ਔਖਾ ਕੀਤਾ ਹੋਇਆ ਸੀ ।11ਸਾਢੇ ਤਿੰਨਾਂ ਦਿਨਾਂ ਤੋਂ ਬਾਅਦ ਜੀਵਨ ਦਾ ਸੁਆਸ ਪਰਮੇਸ਼ੁਰ ਦੀ ਵੱਲੋਂ ਉਹਨਾਂ ਵਿੱਚ ਆ ਗਿਆ ਅਤੇ ਉਹ ਆਪਣਿਆਂ ਪੈਰਾਂ ਉੱਤੇ ਖੜ੍ਹੇ ਹੋ ਗਏ ਅਤੇ ਜਿਨ੍ਹਾਂ ਉਹਨਾਂ ਨੂੰ ਵੇਖਿਆ, ਉਹ ਬਹੁਤ ਡਰ ਗਏ ।12ਅਤੇ ਉਨ੍ਹਾਂ ਨੇ ਅਕਾਸ਼ ਤੋਂ ਇੱਕ ਵੱਡੀ ਅਵਾਜ਼ ਉਹਨਾਂ ਨੂੰ ਇਹ ਆਖਦੇ ਸੁਣੀ ਕਿ ਐਧਰ ਉਤਾਹਾਂ ਨੂੰ ਆ ਜਾਓ ! ਤਾਂ ਉਹ ਬੱਦਲ ਵਿੱਚ ਅਕਾਸ਼ ਨੂੰ ਉਤਾਹਾਂ ਚੜ੍ਹ ਗਏ ਅਤੇ ਉਹਨਾਂ ਦੇ ਵੈਰੀਆਂ ਨੇ ਉਹਨਾਂ ਨੂੰ ਦੇਖਿਆ ।
13ਉਸੇ ਵੇਲੇ ਵੱਡਾ ਭੂਚਾਲ ਆਇਆ, ਜਿਸ ਨਾਲ ਨਗਰੀ ਦਾ ਦਸਵਾਂ ਹਿੱਸਾ ਢਹਿ ਗਿਆ ਅਤੇ ਸੱਤ ਹਜ਼ਾਰ ਆਦਮੀ ਮਾਰੇ ਗਏ, ਜਿਹੜੇ ਬਚ ਗਏ ਉਹ ਡਰ ਗਏ ਅਤੇ ਸਵਰਗ ਦੇ ਪਰਮੇਸ਼ੁਰ ਦੀ ਵਡਿਆਈ ਕਰਨ ਲੱਗੇ ।

14ਦੂਜਾ ਦੁੱਖ ਬੀਤ ਗਿਆ । ਵੇਖੋ, ਤੀਜਾ ਦੁੱਖ ਛੇਤੀ ਆਉਂਦਾ ਹੈ ! ।
ਸੱਤਵੀਂ ਤੁਰ੍ਹੀ

15ਫੇਰ ਸੱਤਵੇਂ ਦੂਤ ਨੇ ਤੁਰ੍ਹੀ ਵਜਾਈ, ਤਾਂ ਸਵਰਗ ਵਿੱਚ ਵੱਡੀ ਅਵਾਜ਼ ਇਹ ਆਖਦਿਆਂ ਸੁਣੀ - ਸੰਸਾਰ ਦਾ ਰਾਜ ਸਾਡੇ ਪ੍ਰਭੂ ਦਾ ਅਤੇ ਉਹ ਦੇ ਮਸੀਹ ਦਾ ਹੋ ਗਿਆ ਹੈ, ਅਤੇ ਉਹ ਜੁੱਗੋ-ਜੁੱਗ ਰਾਜ ਕਰੇਗਾ !
16ਉਹ ਚੌਵੀ ਬਜ਼ੁਰਗ ਜਿਹੜੇ ਪਰਮੇਸ਼ੁਰ ਦੇ ਹਜ਼ੂਰ ਆਪੋ ਆਪਣੇ ਸਿੰਘਾਸਣਾਂ ਉੱਤੇ ਬੈਠੇ ਹੋਏ ਸਨ, ਮੂੰਹ ਦੇ ਭਾਰ ਡਿੱਗ ਪਏ ਅਤੇ ਪਰਮੇਸ਼ੁਰ ਨੂੰ ਮੱਥਾ ਟੇਕ ਕੇ ਕਹਿਣ ਲੱਗੇ,

17ਹੇ ਪ੍ਰਭੂ ਪਰਮੇਸ਼ੁਰ, ਸਰਬ ਸ਼ਕਤੀਮਾਨ, ਜਿਹੜਾ ਹੈ ਅਤੇ ਜਿਹੜਾ ਸੀ, ਅਸੀਂ ਤੇਰਾ ਧੰਨਵਾਦ ਕਰਦੇ ਹਾਂ, ਇਸ ਲਈ ਜੋ ਤੂੰ ਆਪਣੀ ਵੱਡੀ ਸਮਰੱਥਾ ਲੈ ਕੇ ਰਾਜ ਕੀਤਾ,
18ਕੌਮਾਂ ਕ੍ਰੋਧਵਾਨ ਹੋਈਆਂ ਤਾਂ ਤੇਰਾ ਕ੍ਰੋਧ ਆਣ ਪਿਆ, ਅਤੇ ਮੁਰਦਿਆਂ ਦਾ ਸਮਾਂ ਆ ਪਹੁੰਚਿਆ ਜੋ ਉਹਨਾਂ ਦਾ ਨਿਆਂ ਹੋਵੇ ਅਤੇ ਤੂੰ ਆਪਣੇ ਦਾਸਾਂ ਨੂੰ ਅਰਥਾਤ ਨਬੀਆਂ ਨੂੰ, ਸੰਤਾਂ ਨੂੰ, ਅਤੇ ਉਹਨਾਂ ਨੂੰ ਜੋ ਤੇਰੇ ਨਾਮ ਦਾ ਡਰ ਰੱਖਦੇ ਹਨ, ਕੀ ਛੋਟੇ ਕੀ ਵੱਡੇ ਨੂੰ ਫਲ ਦੇਵੇਂ, ਅਤੇ ਉਹਨਾਂ ਦਾ ਨਾਸ ਕਰੇਂ ਜੋ ਧਰਤੀ ਦਾ ਨਾਸ ਕਰਨ ਵਾਲੇ ਹਨ ! ।

19ਅਤੇ ਪਰਮੇਸ਼ੁਰ ਦੀ ਹੈਕਲ ਜਿਹੜੀ ਸਵਰਗ ਵਿੱਚ ਹੈ ਖੋਲ੍ਹੀ ਗਈ ਅਤੇ ਉਹ ਦੀ ਹੈਕਲ ਵਿੱਚ ਉਹ ਦੇ ਨੇਮ ਦਾ ਸੰਦੂਕ ਦਿਖਾਈ ਦੇਣ ਲੱਗ ਪਿਆ ਅਤੇ ਬਿਜਲੀ ਦੀਆਂ ਲਿਸ਼ਕਾਂ ਅਤੇ ਅਵਾਜ਼ਾਂ ਅਤੇ ਬੱਦਲ ਦੀਆਂ ਗਰਜਾਂ ਹੋਈਆਂ ਅਤੇ ਭੂਚਾਲ ਆਇਆ ਅਤੇ ਵੱਡੇ - ਵੱਡੇ ਗੜੇ ਪਏ ।

12
ਔਰਤ ਅਤੇ ਅਜਗਰ

1ਸਵਰਗ ਉੱਤੇ ਇੱਕ ਵੱਡਾ ਨਿਸ਼ਾਨ ਦਿਖਾਈ ਦਿੱਤਾ ਅਰਥਾਤ ਇੱਕ ਔਰਤ ਜਿਹੜੀ ਸੂਰਜ ਪਹਿਨੀ ਹੋਈ ਸੀ, ਚੰਦਰਮਾ ਉਹ ਦੇ ਪੈਰਾਂ ਹੇਠ ਅਤੇ ਬਾਰਾਂ ਤਾਰਿਆਂ ਦਾ ਮੁਕਟ ਉਹ ਦੇ ਸਿਰ ਉੱਤੇ ਸੀ ।2ਉਹ ਗਰਭਵਤੀ ਸੀ ਅਤੇ ਜਣਨ ਦੀਆਂ ਪੀੜਾਂ ਲੱਗਣ ਕਰਕੇ ਚੀਕਾਂ ਮਾਰਦੀ ਸੀ ।

3ਅਤੇ ਸਵਰਗ ਉੱਤੇ ਇੱਕ ਹੋਰ ਨਿਸ਼ਾਨ ਦਿਖਾਈ ਦਿੱਤਾ ਅਤੇ ਵੇਖੋ, ਇੱਕ ਵੱਡਾ ਭਾਰਾ ਲਾਲ ਅਜਗਰ ਸੀ ਜਿਸ ਦੇ ਸੱਤ ਸਿਰ, ਦਸ ਸਿੰਗ ਸਨ ਅਤੇ ਉਹ ਦੇ ਸਿਰਾਂ ਉੱਤੇ ਸੱਤ ਮੁਕਟ ।4ਅਤੇ ਉਹ ਦੀ ਪੂੰਛ ਨੇ ਅਕਾਸ਼ ਦੇ ਤਾਰਿਆਂ ਦੀ ਇੱਕ ਤਿਹਾਈ ਨੂੰ ਲਪੇਟ ਕੇ ਖਿੱਚਿਆ ਅਤੇ ਉਹਨਾਂ ਨੂੰ ਧਰਤੀ ਉੱਤੇ ਸੁੱਟ ਦਿੱਤਾ, ਅਤੇ ਉਹ ਅਜਗਰ ਉਸ ਔਰਤ ਦੇ ਅੱਗੇ ਜਿਹੜੀ ਬੱਚੇ ਨੂੰ ਜਨਮ ਦੇਣ ਵਾਲੀ ਲੱਗੀ ਸੀ ਜਾ ਖੜ੍ਹਾ ਹੋਇਆ, ਕਿ ਜਿਸ ਵੇਲੇ ਉਹ ਜਣੇ ਤਾਂ ਉਹ ਦੇ ਬਾਲਕ ਨੂੰ ਨਿਗਲ ਲਵੇ ।
5ਉਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਜਿਸ ਨੇ ਲੋਹੇ ਦੇ ਡੰਡੇ ਨਾਲ ਸਭਨਾਂ ਕੌਮਾਂ ਉੱਤੇ ਹਕੂਮਤ ਕਰਨੀ ਹੈ, ਅਤੇ ਉਹ ਦਾ ਬਾਲਕ ਪਰਮੇਸ਼ੁਰ ਕੋਲ ਅਤੇ ਉਸ ਦੇ ਸਿੰਘਾਸਣ ਕੋਲ ਉਠਾਇਆ ਗਿਆ ।6ਅਤੇ ਉਹ ਔਰਤ ਉਜਾੜ ਵਿੱਚ ਭੱਜ ਗਈ ਜਿੱਥੇ ਪਰਮੇਸ਼ੁਰ ਦੀ ਵੱਲੋਂ ਇੱਕ ਥਾਂ ਉਹ ਦੇ ਲਈ ਤਿਆਰ ਕੀਤਾ ਹੋਇਆ ਹੈ ਤਾਂ ਕਿ ਉੱਥੇ ਇੱਕ ਹਜ਼ਾਰ ਦੋ ਸੌ ਸੱਠ ਦਿਨ ਉਹ ਦੀ ਦੇਖਭਾਲ ਹੋਵੇ ।

7ਫੇਰ ਸਵਰਗ ਵਿੱਚ ਯੁੱਧ ਹੋਇਆ । ਮਿਕਾਏਲ ਅਤੇ ਉਹ ਦੇ ਦੂਤ ਅਜਗਰ ਨਾਲ ਲੜਨ ਨੂੰ ਨਿੱਕਲੇ, ਅਜਗਰ ਲੜਿਆ ਅਤੇ ਉਹ ਦੇ ਦੂਤ ਵੀ ਲੜੇ ।8ਪਰ ਅਜਗਰ ਅਤੇ ਉਸ ਦੇ ਦੂਤ ਹਾਰ ਗਏ ਅਤੇ ਉਹਨਾਂ ਨੂੰ ਸਵਰਗ ਵਿੱਚ ਫਿਰ ਥਾਂ ਨਹੀਂ ਮਿਲਿਆ ।9ਅਤੇ ਉਹ ਵੱਡਾ ਅਜਗਰ ਹੇਠਾਂ ਸੁੱਟਿਆ ਗਿਆ, ਉਹ ਪੁਰਾਣਾ ਸੱਪ ਜਿਸ ਨੂੰ ਇਬਲੀਸ ਅਤੇ ਸ਼ੈਤਾਨ ਵੀ ਕਿਹਾ ਜਾਂਦਾ ਹੈ ਜੋ ਸਾਰੇ ਸੰਸਾਰ ਨੂੰ ਭਰਮਾਉਂਦਾ ਹੈ, ਉਹ ਅਤੇ ਉਹ ਦੇ ਦੂਤ ਧਰਤੀ ਉੱਤੇ ਸੁੱਟੇ ਗਏ ।
10ਅਤੇ ਮੈਂ ਇੱਕ ਵੱਡੀ ਅਵਾਜ਼ ਸਵਰਗ ਵਿੱਚ ਇਹ ਆਖਦੇ ਸੁਣੀ ਕਿ ਹੁਣ ਸਾਡੇ ਪਰਮੇਸ਼ੁਰ ਦੀ ਮੁਕਤੀ, ਸਮਰੱਥਾ, ਰਾਜ ਅਤੇ ਉਹ ਦੇ ਮਸੀਹ ਦਾ ਅਧਿਕਾਰ ਹੋ ਗਿਆ, ਕਿਉਂਕਿ ਸਾਡੇ ਭਰਾਵਾਂ ਉੱਤੇ ਦੋਸ਼ ਲਾਉਣ ਵਾਲਾ ਜਿਹੜਾ ਸਾਡੇ ਪਰਮੇਸ਼ੁਰ ਦੇ ਹਜ਼ੂਰ ਉਹਨਾਂ ਉੱਤੇ ਰਾਤ - ਦਿਨ ਦੋਸ਼ ਲਾਉਂਦਾ ਹੈ ਹੇਠਾਂ ਸੁੱਟਿਆ ਗਿਆ ਹੈ !
11ਅਤੇ ਉਹਨਾਂ ਨੇ ਲੇਲੇ ਦੇ ਲਹੂ ਦੇ ਕਾਰਨ ਅਤੇ ਆਪਣੀ ਗਵਾਹੀ ਦੇ ਬਚਨ ਦੇ ਕਾਰਨ ਉਹ ਨੂੰ ਜਿੱਤ ਲਿਆ ਅਤੇ ਮਰਨ ਤੱਕ ਆਪਣੀ ਜਾਨ ਨੂੰ ਪਿਆਰਾ ਨਾ ਸਮਝਿਆ ।12ਇਸ ਕਰਕੇ ਹੇ ਅਕਾਸ਼ੋਂ ਅਤੇ ਜਿਹੜੇ ਉਨ੍ਹਾਂ ਉੱਤੇ ਰਹਿੰਦੇ ਹੋ, ਤੁਸੀਂ ਅਨੰਦ ਕਰੋ ! ਧਰਤੀ ਅਤੇ ਸਮੁੰਦਰ ਨੂੰ ਹਾਏ ! ਹਾਏ ! ਕਿਉਂਕਿ ਸ਼ੈਤਾਨ ਤੁਹਾਡੇ ਕੋਲ ਉਤਰ ਆਇਆ ਹੈ ਅਤੇ ਉਹ ਨੂੰ ਵੱਡਾ ਕ੍ਰੋਧ ਹੈ, ਕਿਉਂ ਜੋ ਉਹ ਜਾਣਦਾ ਹੈ ਭਈ ਮੇਰਾ ਸਮਾਂ ਥੋੜ੍ਹਾ ਹੀ ਰਹਿੰਦਾ ਹੈ ।

13ਜਦੋਂ ਉਸ ਅਜਗਰ ਨੇ ਵੇਖਿਆ ਕਿ ਮੈਂ ਧਰਤੀ ਉੱਤੇ ਸੁੱਟਿਆ ਗਿਆ ਹਾਂ ਤਾਂ ਉਸ ਔਰਤ ਦੇ ਮਗਰ ਪਿਆ ਜਿਸ ਨੇ ਪੁੱਤਰ ਨੂੰ ਜਨਮ ਦਿੱਤਾ ਸੀ ।14ਅਤੇ ਔਰਤ ਨੂੰ ਵੱਡੇ ਉਕਾਬ ਦੇ ਦੋ ਪਰ ਦਿੱਤੇ ਗਏ ਤਾਂ ਕਿ ਉਹ ਉਜਾੜ ਵਿੱਚ ਆਪਣੇ ਥਾਂ ਨੂੰ ਉੱਡ ਜਾਵੇ, ਜਿੱਥੇ ਸੱਪ ਦੇ ਮੂੰਹੋਂ ਬਚ ਸਕੇ ਤਾਂ ਸਮੇਂ, ਸਮਿਆਂ ਅਤੇ ਅੱਧ ਸਮੇਂ ਤੱਕ ਉਹ ਦੀ ਦੇਖਭਾਲ ਹੁੰਦੀ ਹੈ ।
15ਅਤੇ ਸੱਪ ਨੇ ਔਰਤ ਦੇ ਮਗਰ ਦਰਿਆ ਵਾਂਗੂੰ ਆਪਣੇ ਮੂੰਹੋਂ ਪਾਣੀ ਵਗਾਇਆ ਤਾਂ ਕਿ ਉਹ ਨੂੰ ਰੋੜ੍ਹ ਦੇਵੇ ।16ਤਾਂ ਧਰਤੀ ਨੇ ਔਰਤ ਦੀ ਸਹਾਇਤਾ ਕੀਤੀ ਅਤੇ ਧਰਤੀ ਨੇ ਆਪਣਾ ਮੂੰਹ ਖੋਲ੍ਹ ਕੇ ਉਸ ਦਰਿਆ ਨੂੰ ਪੀ ਲਿਆ, ਜਿਹੜਾ ਅਜਗਰ ਨੇ ਆਪਣੇ ਮੂੰਹੋਂ ਵਗਾਇਆ ਸੀ ।17ਅਤੇ ਅਜਗਰ ਨੂੰ ਔਰਤ ਉੱਤੇ ਕ੍ਰੋਧ ਆਇਆ ਅਤੇ ਉਹ ਦੇ ਵੰਸ਼ ਵਿੱਚੋਂ ਜਿਹੜੇ ਬੱਚੇ ਹਨ, ਜਿਹੜੇ ਪਰਮੇਸ਼ੁਰ ਦੀਆਂ ਆਗਿਆਵਾਂ ਦੀ ਪਾਲਨਾ ਕਰਦੇ ਅਤੇ ਯਿਸੂ ਦੀ ਗਵਾਹੀ ਦਿੰਦੇ ਹਨ ਉਹਨਾਂ ਨਾਲ ਯੁੱਧ ਕਰਨ ਨੂੰ ਚਲਿਆ ਗਿਆ ।18ਅਤੇ ਸਮੁੰਦਰ ਦੇ ਰੇਤੇ ਉੱਤੇ ਜਾ ਖਲੋਤਾ ।

13
ਦੋ ਦਰਿੰਦੇ

1ਮੈਂ ਇੱਕ ਦਰਿੰਦਾ ਸਮੁੰਦਰ ਵਿੱਚੋਂ ਨਿੱਕਲਦਿਆਂ ਦੇਖਿਆ, ਜਿਸ ਦੇ ਦਸ ਸਿੰਗਾਂ ਉੱਤੇ ਦਸ ਮੁਕਟ ਅਤੇ ਉਹ ਦੇ ਸੱਤ ਸਿਰਾਂ ਉੱਤੇ ਕੁਫ਼ਰ ਦੇ ਨਾਮ ਸਨ ।2ਅਤੇ ਜਿਹੜਾ ਦਰਿੰਦਾ ਮੈਂ ਦੇਖਿਆ ਉਹ ਚੀਤੇ ਵਰਗਾ ਸੀ, ਅਤੇ ਉਹ ਦੇ ਪੈਰ ਰਿੱਛ ਦੇ ਪੈਰਾਂ ਵਰਗੇ ਸਨ, ਅਤੇ ਉਹ ਦਾ ਮੂੰਹ ਬੱਬਰ ਸ਼ੇਰ ਦੇ ਮੂੰਹ ਵਰਗਾ ਸੀ, ਅਤੇ ਅਜਗਰ ਨੇ ਆਪਣੀ ਸਮਰੱਥਾ, ਆਪਣੀ ਗੱਦੀ ਅਤੇ ਵੱਡਾ ਅਧਿਕਾਰ ਉਹ ਨੂੰ ਦੇ ਦਿੱਤਾ ।

3ਮੈਂ ਇਹ ਦੇ ਸਿਰਾਂ ਵਿੱਚੋਂ ਇੱਕ ਨੂੰ ਜਿਵੇਂ ਮੌਤ ਦਾ ਗਹਿਰਾ ਜਖ਼ਮ ਲੱਗਾ ਹੋਇਆ ਵੇਖਿਆ ਅਤੇ ਉਹ ਦਾ ਡੂੰਘਾ ਜਖ਼ਮ ਚੰਗਾ ਹੋ ਗਿਆ ਅਤੇ ਸਾਰਾ ਸੰਸਾਰ ਉਸ ਦਰਿੰਦੇ ਦੇ ਮਗਰ ਹੈਰਾਨ ਹੋ ਕੇ ਤੁਰ ਪਿਆ ।4ਅਤੇ ਉਹਨਾਂ ਨੇ ਅਜਗਰ ਨੂੰ ਮੱਥਾ ਟੇਕਿਆ ਕਿਉਂਕਿ ਉਸ ਨੇ ਦਰਿੰਦੇ ਨੂੰ ਆਪਣਾ ਅਧਿਕਾਰ ਦਿੱਤਾ ਸੀ ਅਤੇ ਉਹਨਾਂ ਨੇ ਉਸ ਦਰਿੰਦੇ ਨੂੰ ਮੱਥਾ ਟੇਕਿਆ ਅਤੇ ਆਖਿਆ ਜੋ ਇਸ ਦਰਿੰਦੇ ਦੇ ਵਰਗਾ ਕੌਣ ਹੈ ਅਤੇ ਕੌਣ ਇਹ ਦੇ ਨਾਲ ਲੜ ਸਕਦਾ ਹੈ ?
5ਵੱਡਾ ਬੋਲ ਬੋਲਣ ਵਾਲਾ ਅਤੇ ਨਿੰਦਿਆ ਬਕਣ ਵਾਲਾ ਮੂੰਹ ਦਰਿੰਦੇ ਨੂੰ ਦਿੱਤਾ ਗਿਆ ਅਤੇ ਉਹ ਨੂੰ ਇਹ ਅਧਿਕਾਰ ਦਿੱਤਾ ਗਿਆ ਕਿ ਬਤਾਲੀਆਂ ਮਹੀਨਿਆਂ ਤੱਕ ਆਪਣਾ ਕੰਮ ਕਰੀ ਜਾਵੇ ।6ਦਰਿੰਦੇ ਨੇ ਪਰਮੇਸ਼ੁਰ ਦੇ ਵਿਰੁੱਧ ਕੁਫ਼ਰ ਬਕਣ ਨੂੰ ਆਪਣਾ ਮੂੰਹ ਖੋਲਿਆ ਤਾਂ ਕਿ ਉਸ ਦੇ ਨਾਮ ਅਤੇ ਉਸ ਦੇ ਡੇਰੇ ਉੱਤੇ ਅਰਥਾਤ ਉਨ੍ਹਾਂ ਉੱਤੇ ਜਿਹੜੇ ਸਵਰਗ ਵਿੱਚ ਵੱਸਦੇ ਹਨ ਕੁਫ਼ਰ ਬਕੇ ।
7ਅਤੇ ਉਸ ਦਰਿੰਦੇ ਨੂੰ ਇਹ ਦਿੱਤਾ ਗਿਆ ਕਿ ਸੰਤਾਂ ਨਾਲ ਯੁੱਧ ਕਰੇ ਅਤੇ ਉਹਨਾਂ ਨੂੰ ਜਿੱਤ ਲਵੇ, ਅਤੇ ਹਰੇਕ ਗੋਤ, ਉੱਮਤ, ਭਾਸ਼ਾ ਅਤੇ ਕੌਮ ਉੱਤੇ ਉਹ ਨੂੰ ਅਧਿਕਾਰ ਦਿੱਤਾ ਗਿਆ ।8ਅਤੇ ਧਰਤੀ ਦੇ ਸਾਰੇ ਵਸਨੀਕ ਉਹ ਨੂੰ ਮੱਥਾ ਟੇਕਣਗੇ ਅਰਥਾਤ ਹਰੇਕ ਜਿਸ ਦਾ ਨਾਮ ਉਸ ਲੇਲੇ ਦੀ ਜੀਵਨ ਦੀ ਪੋਥੀ ਵਿੱਚ ਜਿਹੜਾ ਬਲੀਦਾਨ ਕੀਤਾ ਗਿਆ ਸੀ, ਜਗਤ ਦੇ ਮੁੱਢੋਂ ਹੀ ਨਹੀਂ ਲਿਖਿਆ ਗਿਆ ।
9ਜੇ ਕਿਸੇ ਦੇ ਕੰਨ ਹੋਣ ਤਾਂ ਸੁਣੇ ।

10ਜੇ ਕਿਸੇ ਨੇ ਗੁਲਾਮੀ ਵਿੱਚ ਜਾਣਾ ਹੋਵੇ, ਤਾਂ ਉਹ ਗੁਲਾਮੀ ਵਿੱਚ ਜਾਵੇਗਾ । ਜੇ ਕੋਈ ਤਲਵਾਰ ਨਾਲ ਵੱਢੇ, ਤਾਂ ਜ਼ਰੂਰ ਹੈ ਕਿ ਉਹ ਤਲਵਾਰ ਨਾਲ ਵੱਢਿਆ ਜਾਵੇ । ਇਹ ਸੰਤਾਂ ਦੇ ਸਬਰ ਅਤੇ ਵਿਸ਼ਵਾਸ ਦਾ ਮੌਕਾ ਹੈ ।

11ਮੈਂ ਇੱਕ ਹੋਰ ਦਰਿੰਦੇ ਨੂੰ ਧਰਤੀ ਵਿੱਚੋਂ ਨਿੱਕਲਦਿਆਂ ਦੇਖਿਆ ਅਤੇ ਇੱਕ ਲੇਲੇ ਵਾਂਗੂੰ ਉਹ ਦੇ ਦੋ ਸਿੰਗ ਸਨ ਅਤੇ ਅਜਗਰ ਵਾਂਗੂੰ ਉਹ ਬੋਲਦਾ ਸੀ ।12ਅਤੇ ਉਹ ਉਸ ਪਹਿਲੇ ਦਰਿੰਦੇ ਦੇ ਸਾਹਮਣੇ ਉਸ ਦਾ ਸਾਰਾ ਅਧਿਕਾਰ ਵਰਤਦਾ ਹੈ ਅਤੇ ਧਰਤੀ ਅਤੇ ਉਹ ਦੇ ਵਾਸੀਆਂ ਕੋਲੋਂ ਉਸ ਪਹਿਲੇ ਦਰਿੰਦੇ ਨੂੰ ਮੱਥਾ ਟਿਕਾਉਂਦਾ ਹੈ ਜਿਸ ਗਹਿਰਾ ਜਖ਼ਮ ਚੰਗਾ ਹੋ ਗਿਆ ਸੀ ।
13ਅਤੇ ਉਹ ਵੱਡੀਆਂ ਨਿਸ਼ਾਨੀਆਂ ਵੀ ਵਿਖਾਉਂਦਾ ਹੈ ਐਥੋਂ ਤੱਕ ਕਿ ਮਨੁੱਖਾਂ ਦੇ ਸਾਹਮਣੇ ਸਵਰਗ ਤੋਂ ਧਰਤੀ ਉੱਤੇ ਅੱਗ ਵੀ ਵਰਸਾਉਂਦਾ ਹੈ ।14ਅਤੇ ਉਨ੍ਹਾਂ ਨਿਸ਼ਾਨੀਆਂ ਦੇ ਕਾਰਨ ਜੋ ਉਸ ਦਰਿੰਦੇ ਦੇ ਸਾਹਮਣੇ ਵਿਖਾਉਂਣ ਦਾ ਉਹ ਨੂੰ ਅਧਿਕਾਰ ਦਿੱਤਾ ਗਿਆ ਸੀ ਉਹ ਧਰਤੀ ਦੇ ਵਾਸੀਆਂ ਨੂੰ ਭਰਮਾਉਂਦਾ ਹੈ ਅਤੇ ਧਰਤੀ ਦੇ ਵਾਸੀਆਂ ਨੂੰ ਆਖਦਾ ਹੈ ਕਿ ਉਸ ਦਰਿੰਦੇ ਦੀ ਮੂਰਤ ਬਣਾਓ ਜਿਹ ਨੂੰ ਤਲਵਾਰ ਦੀ ਸੱਟ ਵੱਜੀ ਅਤੇ ਉਹ ਜਿਉਂਦਾ ਰਿਹਾ ।
15ਉਹ ਨੂੰ ਇਹ ਵੀ ਦਿੱਤਾ ਗਿਆ ਜੋ ਉਸ ਦਰਿੰਦੇ ਦੀ ਮੂਰਤੀ ਵਿੱਚ ਸੁਆਸ ਪਾ ਦੇਵੇ ਤਾਂ ਕਿ ਉਸ ਦਰਿੰਦੇ ਦੀ ਮੂਰਤੀ ਬੋਲੇ ਅਤੇ ਜਿੰਨੇ ਦਰਿੰਦੇ ਦੀ ਮੂਰਤੀ ਦੀ ਪੂਜਾ ਨਾ ਕਰਨ ਉਹ ਵੱਢੇ ਜਾਣ ।16ਅਤੇ ਉਹ ਸਭਨਾਂ ਛੋਟਿਆਂ, ਵੱਡਿਆਂ, ਧਨਵਾਨਾਂ, ਗਰੀਬਾਂ, ਅਜ਼ਾਦਾਂ ਅਤੇ ਗੁਲਾਮਾਂ ਨੂੰ ਉਹਨਾਂ ਦੇ ਸੱਜੇ ਹੱਥ ਉੱਤੇ ਅਥਵਾ ਉਹਨਾਂ ਦੇ ਮੱਥੇ ਉੱਤੇ ਦਾਗ ਲਗਵਾ ਦਿੰਦਾ ਹੈ ।17ਅਤੇ ਕਿਸੇ ਨੂੰ ਲੈਣ-ਦੇਣ ਨਹੀਂ ਕਰਨ ਦਿੰਦਾ ਪਰ ਨਿਰਾ ਉਹ ਨੂੰ ਜਿਹ ਦੇ ਉੱਤੇ ਉਹ ਦਾਗ ਅਰਥਾਤ ਦਰਿੰਦੇ ਦਾ ਨਾਮ ਜਾਂ ਉਹ ਦੇ ਨਾਮ ਦਾ ਅੰਕ ਲੱਗਾ ਹੋਵੇ ।
18ਇਹ ਗਿਆਨ ਦਾ ਮੌਕਾ ਹੈ ! ਜਿਹ ਨੂੰ ਬੁੱਧ ਹੈ ਉਹ ਉਸ ਦਰਿੰਦੇ ਦੇ ਅੰਕ ਗਿਣ ਲਵੇ । ਉਹ ਮਨੁੱਖ ਦਾ ਅੰਕ ਹੈ ਅਤੇ ਉਹ ਦਾ ਅੰਕ 666 (ਛੇ ਸੌ ਛਿਆਹਠ) ਹੈ ।

14
ਲੇਲਾ ਅਤੇ ਉਸ ਦੇ ਲੋਕ

1ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਕਿ ਲੇਲਾ ਸੀਯੋਨ ਦੇ ਪਹਾੜ ਉੱਤੇ ਖੜ੍ਹਾ ਹੈ ਅਤੇ ਉਹ ਦੇ ਨਾਲ ਇੱਕ ਲੱਖ ਚੁਤਾਲੀ ਹਜ਼ਾਰ ਹਨ, ਜਿਨ੍ਹਾਂ ਦੇ ਮੱਥੇ ਉੱਤੇ ਉਹ ਦਾ ਅਤੇ ਉਹ ਦੇ ਪਿਤਾ ਦਾ ਨਾਮ ਲਿਖਿਆ ਹੋਇਆ ਹੈ ।2ਅਤੇ ਮੈਂ ਬਾਹਲੇ ਪਾਣੀਆਂ ਦੀ ਘੂਕ ਵਰਗੀ ਅਤੇ ਬੱਦਲ ਦੀ ਵੱਡੀ ਗਰਜ ਦੀ ਆਵਾਜ਼ ਵਰਗੀ ਇੱਕ ਅਵਾਜ਼ ਸੁਣੀ ਅਤੇ ਜਿਹੜੀ ਮੈਂ ਸੁਣੀ ਉਹ ਰਬਾਬ ਵਜਾਉਣ ਵਾਲਿਆਂ ਦੀ ਅਵਾਜ਼ ਵਰਗੀ ਸੀ, ਜਿਹੜੇ ਆਪਣੇ ਰਬਾਬ ਵਜਾਉਂਦੇ ਹਨ ।

3ਅਤੇ ਉਹ ਸਿੰਘਾਸਣ, ਚਾਰ ਪ੍ਰਾਣੀਆਂ ਅਤੇ ਉਹਨਾਂ ਬਜ਼ੁਰਗਾਂ ਦੇ ਅੱਗੇ ਇੱਕ ਨਵਾਂ ਗੀਤ ਗਾਉਂਦੇ ਹਨ, ਅਤੇ ਉਹਨਾਂ ਇੱਕ ਲੱਖ ਚੁਤਾਲੀ ਹਜ਼ਾਰ ਤੋਂ ਬਿਨ੍ਹਾਂ ਜਿਹੜੇ ਧਰਤੀਓਂ ਮੁੱਲ ਲਏ ਹੋਏ ਸਨ, ਕੋਈ ਹੋਰ ਉਸ ਗੀਤ ਨੂੰ ਸਿੱਖ ਨਾ ਸਕਿਆ ।4ਇਹ ਉਹ ਹਨ ਜਿਹੜੇ ਔਰਤਾਂ ਦੇ ਨਾਲ ਭ੍ਰਿਸ਼ਟ ਨਹੀਂ ਹੋਏ ਕਿਉਂਕਿ ਇਹ ਕੁਆਰੇ ਹਨ । ਇਹ ਉਹ ਹਨ ਕਿ ਜਿੱਥੇ ਵੀ ਲੇਲਾ ਜਾਂਦਾ ਹੈ ਉਹ ਉਸ ਦੇ ਮਗਰ ਮਗਰ ਤੁਰਦੇ ਹਨ । ਇਹ ਪਰਮੇਸ਼ੁਰ ਅਤੇ ਲੇਲੇ ਦੇ ਲਈ ਪਹਿਲਾ ਫਲ ਹੋਣ ਨੂੰ ਮਨੁੱਖਾਂ ਵਿੱਚੋਂ ਮੁੱਲ ਲਏ ਗਏ ਸਨ ।5ਅਤੇ ਉਹਨਾਂ ਦੇ ਮੂੰਹੋਂ ਕੋਈ ਝੂਠ ਨਹੀਂ ਨਿੱਕਲਿਆ, ਉਹ ਨਿਰਦੋਸ਼ ਹਨ ।
ਤਿੰਨ ਸਵਰਗ ਦੂਤ

6ਮੈਂ ਇੱਕ ਹੋਰ ਦੂਤ ਨੂੰ ਸਦੀਪਕ ਕਾਲ ਦੀ ਖੁਸ਼ਖਬਰੀ ਨਾਲ ਅਕਾਸ਼ ਵਿੱਚ ਉੱਡਦਿਆਂ ਦੇਖਿਆ ਤਾਂ ਉਹ ਧਰਤੀ ਦੇ ਵਾਸੀਆਂ, ਹਰੇਕ ਕੌਮ, ਗੋਤ, ਭਾਸ਼ਾ ਅਤੇ ਉੱਮਤ ਨੂੰ ਖੁਸ਼ਖਬਰੀ ਸੁਣਾਵੇ ।7ਅਤੇ ਉਸ ਨੇ ਵੱਡੀ ਅਵਾਜ਼ ਨਾਲ ਆਖਿਆ ਕਿ ਪਰਮੇਸ਼ੁਰ ਤੋਂ ਡਰੋ ਅਤੇ ਉਹ ਦੀ ਵਡਿਆਈ ਕਰੋ ਕਿਉਂਕਿ ਉਹ ਦੇ ਨਿਆਂ ਦਾ ਸਮਾਂ ਆ ਗਿਆ ਹੈ ਅਤੇ ਜਿਸ ਨੇ ਅਕਾਸ਼, ਧਰਤੀ, ਸਮੁੰਦਰ ਅਤੇ ਪਾਣੀਆਂ ਦੇ ਸੋਤਿਆਂ ਨੂੰ ਬਣਾਇਆ, ਤੁਸੀਂ ਉਹ ਨੂੰ ਮੱਥਾ ਟੇਕੋ !

8ਉਹ ਦੇ ਬਾਅਦ ਦੂਜਾ ਇੱਕ ਹੋਰ ਦੂਤ ਇਹ ਕਹਿੰਦਾ ਆਇਆ ਕਿ ਬਾਬੁਲ ਡਿੱਗ ਪਿਆ ਹੈ ! ਉਹ ਵੱਡੀ ਨਗਰੀ ਡਿੱਗ ਪਈ ਜਿਸ ਨੇ ਆਪਣੀ ਹਰਾਮਕਾਰੀ ਦੇ ਕ੍ਰੋਧ ਦੀ ਮੈਂ ਸਭਨਾਂ ਕੌਮਾਂ ਨੂੰ ਪਿਆਈ ਹੈ ! ।

9ਉਨ੍ਹਾਂ ਦੇ ਬਾਅਦ ਤੀਜਾ ਇੱਕ ਹੋਰ ਦੂਤ ਵੱਡੀ ਅਵਾਜ਼ ਨਾਲ ਇਹ ਕਹਿੰਦਾ ਆਇਆ ਕਿ ਜੋ ਕੋਈ ਉਸ ਦਰਿੰਦੇ ਅਤੇ ਉਹ ਦੀ ਮੂਰਤੀ ਦੀ ਪੂਜਾ ਕਰਦਾ ਅਤੇ ਆਪਣੇ ਮੱਥੇ ਜਾਂ ਆਪਣੇ ਹੱਥ ਉੱਤੇ ਦਾਗ ਲੁਆਉਂਦਾ ਹੈ10ਤਾਂ ਉਹ ਪਰਮੇਸ਼ੁਰ ਦੇ ਕ੍ਰੋਧ ਦੀ ਮੈਂ ਵੀ ਪੀਵੇਗਾ ਜੋ ਉਹ ਦੇ ਕ੍ਰੋਧ ਦੇ ਪਿਆਲੇ ਵਿੱਚ ਨਿਰੋਲ ਭਰੀ ਹੋਈ ਹੈ ਅਤੇ ਉਹ ਪਵਿੱਤਰ ਦੂਤਾਂ ਦੇ ਸਾਹਮਣੇ ਅਤੇ ਲੇਲੇ ਦੇ ਸਾਹਮਣੇ ਅੱਗ ਅਤੇ ਗੰਧਕ ਨਾਲ ਦੁੱਖ ਪਾਵੇਗਾ ।
11ਅਤੇ ਉਹਨਾਂ ਦੇ ਦੁੱਖ ਦਾ ਧੂੰਆਂ ਜੁੱਗੋ-ਜੁੱਗ ਉੱਠਦਾ ਰਹਿੰਦਾ ਹੈ, ਸੋ ਉਹ ਜਿਹੜੇ ਦਰਿੰਦੇ ਦੀ ਅਤੇ ਉਹ ਦੀ ਮੂਰਤੀ ਦੀ ਪੂਜਾ ਕਰਦੇ ਹਨ ਅਤੇ ਉਹ ਜਿਹੜੇ ਉਹ ਦੇ ਨਾਮ ਦਾ ਦਾਗ ਲੁਆਉਂਦੇ ਹਨ, ਰਾਤ-ਦਿਨ ਕਦੇ ਚੈਨ ਨਹੀਂ ਪਾਉਂਦੇ ।12ਇਹ ਸੰਤਾਂ ਦੇ ਸਬਰ ਦਾ ਮੌਕਾ ਹੈ ਅਰਥਾਤ ਉਹਨਾਂ ਦਾ ਜਿਹੜੇ ਪਰਮੇਸ਼ੁਰ ਦੇ ਹੁਕਮਾਂ ਅਤੇ ਯਿਸੂ ਦੇ ਵਿਸ਼ਵਾਸ ਦੀ ਪਾਲਨਾ ਕਰਦੇ ਹਨ ।

13ਫੇਰ ਮੈਂ ਇੱਕ ਅਵਾਜ਼ ਸਵਰਗ ਤੋਂ ਇਹ ਆਖਦੇ ਸੁਣੀ ਕਿ ਲਿਖ ਲੈ, ਧੰਨ ਉਹ ਮੁਰਦੇ ਜਿਹੜੇ ਇਸ ਤੋਂ ਬਾਅਦ ਪ੍ਰਭੂ ਵਿੱਚ ਹੋ ਕੇ ਮਰਨ । ਆਤਮਾ ਆਖਦਾ ਹੈ, ਹਾਂ, ਇਸ ਲਈ ਜੋ ਉਹਨਾਂ ਦੀਆਂ ਮਿਹਨਤਾਂ ਤੋਂ ਉਹਨਾਂ ਨੂੰ ਅਰਾਮ ਮਿਲੇਗਾ, ਕਿਉਂ ਜੋ ਉਹਨਾਂ ਦੇ ਕੰਮ ਉਹਨਾਂ ਦੇ ਨਾਲ-ਨਾਲ ਜਾਂਦੇ ਹਨ ।
ਵਾਢੀ

14ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਕਿ ਇੱਕ ਚਿੱਟਾ ਬੱਦਲ ਹੈ ਅਤੇ ਉਸ ਬੱਦਲ ਉੱਤੇ ਮਨੁੱਖ ਦੇ ਪੁੱਤਰ ਵਰਗਾ ਕੋਈ ਆਪਣੇ ਸਿਰ ਉੱਤੇ ਸੋਨੇ ਦਾ ਮੁਕਟ ਪਹਿਨੇ ਅਤੇ ਆਪਣੇ ਹੱਥ ਵਿੱਚ ਤਿੱਖੀ ਦਾਤੀ ਫੜ੍ਹੀ ਬੈਠਾ ਹੈ ।15ਅਤੇ ਇੱਕ ਹੋਰ ਦੂਤ ਹੈਕਲ ਵਿੱਚੋਂ ਨਿੱਕਲਿਆ ਅਤੇ ਜਿਹੜਾ ਬੱਦਲ ਉੱਤੇ ਬੈਠਾ ਸੀ ਉਹ ਨੂੰ ਵੱਡੀ ਅਵਾਜ਼ ਮਾਰ ਕੇ ਆਖਿਆ, ਆਪਣੀ ਦਾਤੀ ਫੇਰ ਕੇ ਵੱਢ ਸੁੱਟ ਕਿਉਂ ਜੋ ਵੱਢਣ ਦਾ ਸਮਾਂ ਆ ਗਿਆ ਹੈ, ਕਿਉਂਕਿ ਧਰਤੀ ਦੀ ਫ਼ਸਲ ਬਹੁਤ ਪੱਕ ਚੁੱਕੀ ਹੈ !16ਤਦ ਜਿਹੜਾ ਬੱਦਲ ਉੱਤੇ ਬੈਠਾ ਸੀ ਉਹ ਨੇ ਆਪਣੀ ਦਾਤੀ ਧਰਤੀ ਉੱਤੇ ਫੇਰੀ ਅਤੇ ਧਰਤੀ ਦੀ ਫ਼ਸਲ ਵੱਢੀ ਗਈ ।

17ਤਦ ਇੱਕ ਹੋਰ ਦੂਤ ਉਸ ਹੈਕਲ ਵਿੱਚੋਂ ਨਿੱਕਲਿਆ ਜਿਹੜੀ ਸਵਰਗ ਵਿੱਚ ਹੈ ਅਤੇ ਉਹ ਦੇ ਕੋਲ ਵੀ ਇੱਕ ਤਿੱਖੀ ਦਾਤੀ ਸੀ ।18ਇੱਕ ਹੋਰ ਦੂਤ ਜਿਸ ਨੂੰ ਅੱਗ ਉੱਤੇ ਅਧਿਕਾਰ ਹੈ ਜਗਵੇਦੀ ਵਿੱਚੋਂ ਨਿੱਕਲਿਆ ਅਤੇ ਉਹ ਨੇ ਉੱਚੀ ਦੇ ਕੇ ਉਸ ਨੂੰ ਜਿਸ ਦੇ ਕੋਲ ਤਿੱਖੀ ਦਾਤੀ ਸੀ ਆਖਿਆ ਕਿ ਆਪਣੀ ਤਿੱਖੀ ਦਾਤੀ ਨੂੰ ਫੇਰ ਕੇ ਧਰਤੀ ਦੇ ਅੰਗੂਰੀ ਬੇਲ ਦੇ ਗੁੱਛਿਆਂ ਨੂੰ ਵੱਢ ਲੈ ਕਿਉਂ ਜੋ ਉਹ ਦੇ ਅੰਗੂਰ ਡਾਢੇ ਪੱਕ ਚੁੱਕੇ ਹਨ ।
19ਤਾਂ ਉਸ ਦੂਤ ਨੇ ਆਪਣੀ ਦਾਤੀ ਧਰਤੀ ਉੱਤੇ ਫੇਰੀ ਅਤੇ ਧਰਤੀ ਦੀ ਅੰਗੂਰੀ ਬੇਲ ਵੱਢ ਲਈ ਅਤੇ ਚੁਬੱਚੇ ਵਿੱਚ ਸੁੱਟ ਦਿੱਤੀ ।20ਅਤੇ ਉਹ ਚੁਬੱਚਾ ਨਗਰੀ ਦੇ ਬਾਹਰ ਲਤਾੜਿਆ ਗਿਆ ਅਤੇ ਚੁਬੱਚੇ ਵਿੱਚੋਂ ਘੋੜਿਆਂ ਦੀਆਂ ਲਗਾਮਾਂ ਤੱਕ ਕੋਈ ਦੋ ਸੋ ਮੀਲ ਤੱਕ ਲਹੂ ਵਗਿਆ ।

15
ਆਖਰੀ ਕਸ਼ਟਾਂ ਦੇ ਨਾਲ ਸਵਰਗ ਦੂਤ

1ਮੈਂ ਸਵਰਗ ਉੱਤੇ ਇੱਕ ਹੋਰ ਨਿਸ਼ਾਨ ਵੱਡਾ ਅਤੇ ਅਚਰਜ ਦੇਖਿਆ, ਅਰਥਾਤ ਸੱਤ ਦੂਤ ਸੱਤ ਮਹਾਂਮਾਰੀਆਂ ਲਏ ਹੋਏ ਖੜ੍ਹੇ ਸਨ, ਜਿਹੜੀਆਂ ਆਖਰੀ ਹਨ, ਕਿਉਂ ਜੋ ਉਹਨਾਂ ਨਾਲ ਪਰਮੇਸ਼ੁਰ ਦਾ ਕ੍ਰੋਧ ਸੰਪੂਰਨ ਹੋਇਆ ।

2ਅਤੇ ਮੈਂ ਇੱਕ ਕੱਚ ਦੇ ਸਮੁੰਦਰ ਵਰਗਾ ਵੇਖਿਆ, ਜਿਹ ਦੇ ਵਿੱਚ ਅੱਗ ਮਿਲੀ ਹੋਈ ਸੀ, ਅਤੇ ਜਿਨ੍ਹਾਂ ਨੇ ਉਸ ਦਰਿੰਦੇ, ਉਹ ਦੀ ਮੂਰਤੀ ਅਤੇ ਉਹ ਦੇ ਨਾਮ ਦੇ ਅੰਗ ਉੱਤੇ ਜਿੱਤ ਪਾਈ, ਮੈਂ ਉਹਨਾਂ ਨੂੰ ਪਰਮੇਸ਼ੁਰ ਦੇ ਰਬਾਬ ਫੜੀ ਕੱਚ ਦੇ ਸਮੁੰਦਰ ਕੋਲ ਖੜ੍ਹੇ ਵੇਖਿਆ ।
3ਅਤੇ ਉਹ ਪਰਮੇਸ਼ੁਰ ਦੇ ਦਾਸ ਮੂਸਾ ਦਾ ਗੀਤ ਅਤੇ ਲੇਲੇ ਦਾ ਗੀਤ ਗਾਉਂਦੇ ਹੋਏ ਆਖਦੇ ਹਨ, ਹੇ ਪ੍ਰਭੂ ਪਰਮੇਸ਼ੁਰ, ਸਰਬ ਸ਼ਕਤੀਮਾਨ, ਵੱਡੇ ਅਤੇ ਅਚਰਜ ਕੰਮ ਤੇਰੇ ਹਨ ! ਹੇ ਕੌਮਾਂ ਦੇ ਪਾਤਸ਼ਾਹ, ਤੇਰੇ ਮਾਰਗ ਠੀਕ ਅਤੇ ਸੱਚੇ ਹਨ !4ਹੇ ਪ੍ਰਭੂ, ਕੌਣ ਤੇਰੇ ਕੋਲੋਂ ਨਾ ਡਰੇਗਾ ਅਤੇ ਤੇਰੇ ਨਾਮ ਦੀ ਮਹਿਮਾ ਨਾ ਕਰੇਗਾ ? ਤੂੰ ਹੀ ਤਾਂ ਇਕੱਲਾ ਪਵਿੱਤਰ ਹੈਂ, ਸੋ ਸਾਰੀਆਂ ਕੌਮਾਂ ਆਉਣਗੀਆਂ, ਅਤੇ ਤੇਰੇ ਅੱਗੇ ਮੱਥਾ ਟੇਕਣਗੀਆਂ, ਇਸ ਲਈ ਜੋ ਤੇਰੇ ਨਿਆਂ ਦੇ ਕੰਮ ਪਰਗਟ ਹੋ ਗਏ ਹਨ !

5ਇਸ ਤੋਂ ਬਾਅਦ ਮੈਂ ਦੇਖਿਆ ਅਤੇ ਗਵਾਹੀ ਦੇ ਤੰਬੂ ਦੀ ਹੈਕਲ ਜਿਹੜੀ ਸਵਰਗ ਵਿੱਚ ਹੈ, ਖੋਲ੍ਹੀ ਗਈ ।6ਅਤੇ ਉਹ ਸੱਤ ਦੂਤ ਜਿਨ੍ਹਾਂ ਕੋਲ ਸੱਤ ਮਹਾਂਮਾਰੀਆਂ ਸਨ ਸਾਫ਼ ਅਤੇ ਚਮਕਦੀ ਕਤਾਨ ਪਹਿਨੇ ਅਤੇ ਸੋਨੇ ਦੀ ਪੇਟੀ ਛਾਤੀ ਦੁਆਲੇ ਬੰਨ੍ਹੇਂ ਹੈਕਲ ਵਿੱਚੋਂ ਨਿੱਕਲੇ ।
7ਅਤੇ ਚਾਰਾਂ ਪ੍ਰਾਣੀਆਂ ਵਿੱਚੋਂ ਇੱਕ ਨੇ ਉਹਨਾਂ ਸੱਤਾਂ ਦੂਤਾਂ ਨੂੰ ਸੋਨੇ ਦੇ ਸੱਤ ਕਟੋਰੇ ਫੜਾਏ ਜਿਹੜੇ ਜੁੱਗੋ-ਜੁੱਗ ਜਿਉਂਦੇ ਪਰਮੇਸ਼ੁਰ ਦੇ ਕ੍ਰੋਧ ਨਾਲ ਭਰੇ ਹੋਏ ਸਨ ।8ਅਤੇ ਪਰਮੇਸ਼ੁਰ ਦੇ ਤੇਜ ਤੋਂ ਅਤੇ ਉਹ ਦੀ ਸਮਰੱਥਾ ਤੋਂ ਹੈਕਲ ਧੂੰਏਂ ਨਾਲ ਭਰ ਗਈ ਅਤੇ ਜਿਨ੍ਹਾਂ ਸਮਾਂ ਉਹਨਾਂ ਸੱਤਾਂ ਦੂਤਾਂ ਦੀਆਂ ਸੱਤ ਮਹਾਂਮਾਰੀਆਂ ਪੂਰੀਆਂ ਨਾ ਹੋਈਆਂ ਓਨਾ ਸਮਾਂ ਹੈਕਲ ਵਿੱਚ ਕੋਈ ਜਾ ਨਾ ਸਕਿਆ ।

16
ਪਰਮੇਸ਼ੁਰ ਦੇ ਕੋਪ ਦੇ ਸੱਤ ਕਟੋਰੇ

1ਮੈਂ ਹੈਕਲ ਵਿੱਚੋਂ ਇੱਕ ਵੱਡੀ ਅਵਾਜ਼ ਉਹਨਾਂ ਸੱਤਾਂ ਦੂਤਾਂ ਨੂੰ ਇਹ ਆਖਦੇ ਸੁਣੀ ਕਿ ਚੱਲੋ ਅਤੇ ਪਰਮੇਸ਼ੁਰ ਦੇ ਕ੍ਰੋਧ ਦੇ ਸੱਤ ਕਟੋਰੇ ਧਰਤੀ ਉੱਤੇ ਡੋਲ੍ਹ ਦਿਓ !

2ਪਹਿਲੇ ਦੂਤ ਨੇ ਜਾ ਕੇ ਆਪਣਾ ਕਟੋਰਾ ਧਰਤੀ ਉੱਤੇ ਡੋਲ੍ਹ ਦਿੱਤਾ । ਤਾਂ ਜਿਨ੍ਹਾਂ ਮਨੁੱਖਾਂ ਉੱਤੇ ਉਸ ਦਰਿੰਦੇ ਦਾ ਦਾਗ ਸੀ ਅਤੇ ਜਿਹੜੇ ਉਸ ਦੀ ਪੂਜਾ ਕਰਦੇ ਸਨ ਉਹਨਾਂ ਉੱਤੇ ਬੁਰੇ ਅਤੇ ਬਹੁਤ ਦੁੱਖਦਾਇਕ ਫੋੜੇ ਨਿੱਕਲ ਆਏ ।

3ਤਾਂ ਦੂਜੇ ਦੂਤ ਨੇ ਆਪਣਾ ਕਟੋਰਾ ਸਮੁੰਦਰ ਉੱਤੇ ਡੋਲ੍ਹ ਦਿੱਤਾ । ਤਾਂ ਉਹ ਮੁਰਦੇ ਦੇ ਲਹੂ ਵਰਗਾ ਬਣ ਗਿਆ ਅਤੇ ਹਰੇਕ ਜਿਉਂਦੀ ਜਾਨ ਜਿਹੜੀ ਸਮੁੰਦਰ ਵਿੱਚ ਸੀ, ਮਰ ਗਈ ।

4ਫੇਰ ਤੀਜੇ ਦੂਤ ਨੇ ਆਪਣਾ ਕਟੋਰਾ ਦਰਿਆਵਾਂ ਅਤੇ ਪਾਣੀਆਂ ਦੇ ਸੋਤਿਆਂ ਉੱਤੇ ਡੋਲ੍ਹ ਦਿੱਤਾ । ਤਾਂ ਉਸ ਤੋਂ ਉਹ ਲਹੂ ਬਣ ਗਏ5ਅਤੇ ਮੈਂ ਪਾਣੀਆਂ ਦੇ ਦੂਤ ਨੂੰ ਇਹ ਆਖਦੇ ਸੁਣਿਆ, ਹੇ ਪਵਿੱਤਰ ਪੁਰਖ, ਤੂੰ ਜੋ ਹੈਂ ਅਤੇ ਤੂੰ ਜੋ ਸੀ, ਤੂੰ ਧਰਮੀ ਹੈਂ, ਤੂੰ ਇਸ ਤਰ੍ਹਾਂ ਨਿਆਂ ਜੋ ਕੀਤਾ,6ਕਿਉਂ ਜੋ ਉਹਨਾਂ ਨੇ ਸੰਤਾਂ ਅਤੇ ਨਬੀਆਂ ਦਾ ਲਹੂ ਵਹਾਇਆ, ਤਾਂ ਤੂੰ ਉਹਨਾਂ ਨੂੰ ਪੀਣ ਲਈ ਲਹੂ ਦਿੱਤਾ ਹੈ ! ਉਹ ਇਸੇ ਦੇ ਯੋਗ ਹਨ ! ।7ਫੇਰ ਮੈਂ ਜਗਵੇਦੀ ਨੂੰ ਇਹ ਆਖਦੇ ਸੁਣਿਆ, ਹੇ ਪ੍ਰਭੂ ਪਰਮੇਸ਼ੁਰ ਸਰਬ ਸ਼ਕਤੀਮਾਨ, ਤੇਰੀਆਂ ਅਦਾਲਤਾਂ ਸੱਚੀਆਂ ਅਤੇ ਠੀਕ ਹਨ ! ।

8ਚੌਥੇ ਦੂਤ ਨੇ ਆਪਣਾ ਕਟੋਰਾ ਸੂਰਜ ਉੱਤੇ ਡੋਲ੍ਹ ਦਿੱਤਾ । ਤਾਂ ਉਹ ਨੂੰ ਇਹ ਦਿੱਤਾ ਗਿਆ ਜੋ ਮਨੁੱਖਾਂ ਨੂੰ ਅੱਗ ਨਾਲ ਝੁਲਸੇ9ਅਤੇ ਮਨੁੱਖ ਵੱਡੀ ਤਪਸ਼ ਨਾਲ ਝੁਲਸ ਗਏ ਅਤੇ ਪਰਮੇਸ਼ੁਰ ਦੇ ਨਾਮ ਦੀ ਨਿੰਦਿਆ ਕੀਤੀ ਜਿਸ ਨੂੰ ਇਨ੍ਹਾਂ ਮਹਾਂਮਾਰੀਆਂ ਉੱਤੇ ਅਧਿਕਾਰ ਹੈ ਅਤੇ ਤੋਬਾ ਨਾ ਕੀਤੀ ਜੋ ਉਹ ਦੀ ਵਡਿਆਈ ਕਰਨ ।

10ਪੰਜਵੇਂ ਦੂਤ ਨੇ ਆਪਣਾ ਕਟੋਰਾ ਦਰਿੰਦੇ ਦੀ ਗੱਦੀ ਉੱਤੇ ਡੋਲ੍ਹ ਦਿੱਤਾ । ਤਾਂ ਉਹ ਦਾ ਰਾਜ ਹਨ੍ਹੇਰਾ ਹੋ ਗਿਆ ਅਤੇ ਲੋਕਾਂ ਨੇ ਦੁੱਖ ਦੇ ਮਾਰੇ ਆਪਣੀਆਂ ਜੀਭਾਂ ਚੱਬੀਆਂ ।11ਅਤੇ ਉਹਨਾਂ ਦੇ ਆਪਣੇ ਦੁੱਖਾਂ ਦੇ ਕਾਰਨ ਅਤੇ ਆਪਣੇ ਜਖ਼ਮਾਂ ਦੇ ਕਾਰਨ ਸਵਰਗ ਦੇ ਪਰਮੇਸ਼ੁਰ ਦੀ ਨਿੰਦਿਆ ਕੀਤੀ ਅਤੇ ਆਪਣੇ ਕੰਮਾਂ ਤੋਂ ਤੋਬਾ ਨਾ ਕੀਤੀ ।

12ਛੇਵੇਂ ਦੂਤ ਨੇ ਆਪਣਾ ਕਟੋਰਾ ਉਸ ਵੱਡੇ ਦਰਿਆ ਫਰਾਤ ਉੱਤੇ ਡੋਲ੍ਹ ਦਿੱਤਾ ਅਤੇ ਉਹ ਦਾ ਪਾਣੀ ਸੁੱਕ ਗਿਆ ਤਾਂ ਜੋ ਚੜ੍ਹਦੀ ਵੱਲੋਂ ਜਿਹੜੇ ਰਾਜੇ ਆਉਣ ਵਾਲੇ ਹਨ, ਉਹਨਾਂ ਲਈ ਰਾਹ ਤਿਆਰ ਕੀਤਾ ਜਾਵੇ ।13ਅਜਗਰ ਦੇ ਮੂੰਹ, ਉਸ ਦਰਿੰਦੇ ਦੇ ਮੂੰਹ ਅਤੇ ਝੂਠੇ ਨਬੀ ਦੇ ਮੂੰਹ ਵਿੱਚੋਂ ਮੈਂ ਡੱਡੂਆਂ ਵਰਗੇ ਤਿੰਨ ਭ੍ਰਿਸ਼ਟ ਆਤਮੇ ਨਿੱਕਲਦੇ ਵੇਖੇ ।14ਕਿਉਂ ਜੋ ਇਹ ਨਿਸ਼ਾਨ ਵਿਖਾਉਣ ਵਾਲੇ ਭੂਤਾਂ ਦੇ ਆਤਮੇ ਹਨ, ਜਿਹੜੇ ਸਾਰੇ ਸੰਸਾਰ ਦੇ ਰਾਜਿਆਂ ਕੋਲ ਜਾਂਦੇ ਹਨ, ਤਾਂ ਜੋ ਉਹਨਾਂ ਨੂੰ ਪਰਮੇਸ਼ੁਰ ਸਰਬ ਸ਼ਕਤੀਮਾਨ ਦੇ ਉਸ ਵੱਡੇ ਦਿਹਾੜੇ ਦੇ ਯੁੱਧ ਲਈ ਇਕੱਠਿਆਂ ਕਰਨ ।
15ਵੇਖੋ, ਮੈਂ ਚੋਰ ਵਾਂਗੂੰ ਆਉਂਦਾ ਹਾਂ । ਧੰਨ ਉਹ ਜਿਹੜਾ ਜਾਗਦਾ ਰਹਿੰਦਾ ਅਤੇ ਆਪਣੇ ਬਸਤਰ ਦੀ ਚੌਕਸੀ ਕਰਦਾ ਹੈ ਜੋ ਉਹ ਨੰਗਾ ਨਾ ਫਿਰੇ ਅਤੇ ਲੋਕ ਉਹ ਦੀ ਸ਼ਰਮ ਨਾ ਵੇਖਣ ।16ਅਤੇ ਉਨ੍ਹਾਂ ਨੇ ਉਸ ਥਾਂ ਉਹਨਾਂ ਨੂੰ ਇਕੱਠਿਆਂ ਕੀਤਾ ਜਿਸ ਨੂੰ ਇਬਰਾਨੀ ਭਾਸ਼ਾ ਵਿੱਚ ਹਰਮਗਿੱਦੋਨ ਕਿਹਾ ਜਾਂਦਾ ਹੈ ।

17ਸੱਤਵੇਂ ਦੂਤ ਨੇ ਆਪਣਾ ਕਟੋਰਾ ਪੌਣ ਉੱਤੇ ਡੋਲ੍ਹ ਦਿੱਤਾ । ਤਾਂ ਸਿੰਘਾਸਣ ਦੀ ਵੱਲੋਂ ਹੈਕਲ ਵਿੱਚੋਂ ਇੱਕ ਵੱਡੀ ਅਵਾਜ਼ ਇਹ ਆਖਦੀ ਆਈ, ਕਿ ਹੋ ਚੁੱਕਿਆ !18ਅਤੇ ਬਿਜਲੀ ਦੀਆਂ ਲਿਸ਼ਕਾਂ ਅਤੇ ਆਵਾਜ਼ਾਂ ਅਤੇ ਬੱਦਲ ਦੀਆਂ ਗਰਜਾਂ ਹੋਈਆਂ, ਅਤੇ ਅਜਿਹਾ ਵੱਡਾ ਭੂਚਾਲ ਆਇਆ ਕਿ ਧਰਤੀ ਉੱਤੇ ਜਦੋਂ ਦੇ ਮਨੁੱਖ ਹੋਏ ਐਡਾ ਵੱਡਾ ਅਤੇ ਭਾਰਾ ਭੂਚਾਲ ਕਦੇ ਨਹੀਂ ਸੀ ਆਇਆ !19ਤਾਂ ਉਹ ਵੱਡੀ ਨਗਰੀ ਤਿੰਨ ਟੋਟੇ ਹੋ ਗਈ ਅਤੇ ਕੌਮਾਂ ਦੇ ਨਗਰ ਢਹਿ ਗਏ ਅਤੇ ਉਹ ਵੱਡੀ ਨਗਰੀ ਬਾਬੁਲ ਪਰਮੇਸ਼ੁਰ ਦੇ ਹਜ਼ੂਰ ਚੇਤੇ ਆਈ ਕਿ ਆਪਣੇ ਅੱਤ ਵੱਡੇ ਕ੍ਰੋਧ ਦੀ ਮੈਂ ਦਾ ਪਿਆਲਾ ਉਹ ਨੂੰ ਦੇਵੇ ।
20ਅਤੇ ਹਰੇਕ ਟਾਪੂ ਭੱਜ ਗਿਆ ਅਤੇ ਪਹਾੜਾਂ ਦਾ ਪਤਾ ਨਾ ਲੱਗਾ ।21ਅਤੇ ਅਕਾਸ਼ੋਂ ਮਨੁੱਖਾਂ ਉੱਤੇ ਮੰਨੋ ਮਣ ਮਣ ਦੇ ਵੱਡੇ ਗੜੇ ਪੈਂਦੇ ਹਨ ਅਤੇ ਗੜਿਆਂ ਦੀ ਮਹਾਂਮਾਰੀ ਦੇ ਮਾਰੇ ਮਨੁੱਖਾਂ ਨੇ ਪਰਮੇਸ਼ੁਰ ਦੀ ਨਿੰਦਿਆ ਕੀਤੀ, ਕਿਉਂ ਜੋ ਉਹਨਾਂ ਦੀ ਮਹਾਂਮਾਰੀ ਬਹੁਤ ਭਾਰੀ ਹੈ ।

17
ਵੱਡੀ ਕੰਜਰੀ

1ਉਹਨਾਂ ਸੱਤਾਂ ਦੂਤਾਂ ਵਿੱਚੋਂ ਜਿਨ੍ਹਾਂ ਕੋਲ ਸੱਤ ਕਟੋਰੇ ਸਨ, ਇੱਕ ਨੇ ਆਣ ਕੇ ਮੈਨੂੰ ਕਿਹਾ ਕਿ ਮੇਰੇ ਕੋਲ ਆ, ਮੈਂ ਤੈਨੂੰ ਉਸ ਵੱਡੀ ਕੰਜਰੀ ਦੀ ਸਜ਼ਾ ਵਿਖਾਵਾਂ, ਜਿਹੜੀ ਬਹੁਤਿਆਂ ਪਾਣੀਆਂ ਉੱਤੇ ਬੈਠੀ ਹੋਈ ਹੈ !2ਜਿਸ ਦੇ ਨਾਲ ਧਰਤੀ ਦੇ ਰਾਜਿਆਂ ਨੇ ਹਰਾਮਕਾਰੀ ਕੀਤੀ ਅਤੇ ਧਰਤੀ ਦੇ ਵਾਸੀ ਉਹ ਦੀ ਹਰਾਮਕਾਰੀ ਦੀ ਮੈਂ ਨਾਲ ਮਸਤ ਹੋਏ ।

3ਤਾਂ ਉਹ ਮੈਨੂੰ ਆਤਮਾ ਵਿੱਚ ਇੱਕ ਉਜਾੜ ਵੱਲ ਲੈ ਗਿਆ ਅਤੇ ਮੈਂ ਇੱਕ ਔਰਤ ਨੂੰ ਕਿਰਮਚੀ ਰੰਗ ਦੇ ਇੱਕ ਦਰਿੰਦੇ ਉੱਤੇ ਬੈਠੇ ਵੇਖਿਆ, ਜਿਹੜਾ ਦਰਿੰਦਾ ਨਿੰਦਿਆ ਦੇ ਨਾਵਾਂ ਨਾਲ ਭਰਿਆ ਹੋਇਆ ਸੀ ਅਤੇ ਜਿਸ ਦੇ ਸੱਤ ਸਿਰ ਅਤੇ ਦਸ ਸਿੰਗ ਸਨ ।4ਅਤੇ ਉਸ ਔਰਤ ਨੇ ਬੈਂਗਣੀ ਅਤੇ ਲਾਲ ਪੁਸ਼ਾਕ ਪਹਿਨੀ ਹੋਈ ਸੀ ਅਤੇ ਉਹ ਸੋਨੇ, ਮੋਤੀਆਂ ਅਤੇ ਜਵਾਹਰਾਂ ਨਾਲ ਸ਼ਿੰਗਾਰੀ ਹੋਈ ਸੀ । ਉਹ ਨੇ ਇੱਕ ਸੋਨੇ ਦਾ ਪਿਆਲਾ ਆਪਣੇ ਹੱਥ ਵਿੱਚ ਫੜਿਆ ਹੋਇਆ ਸੀ ਜਿਹੜਾ ਘਿਣਾਉਣੀਆਂ ਵਸਤਾਂ ਅਤੇ ਉਹ ਦੀ ਹਰਾਮਕਾਰੀ ਦੀਆਂ ਭ੍ਰਿਸ਼ਟਤਾਈਆਂ ਨਾਲ ਭਰਿਆ ਹੋਇਆ ਸੀ ।5ਅਤੇ ਉਹ ਦੇ ਮੱਥੇ ਉੱਤੇ ਇਹ ਭੇਤ ਵਾਲਾ ਨਾਮ ਲਿਖਿਆ ਹੋਇਆ ਸੀ ਅਰਥਾਤ “ਬਾਬੁਲ ਉਹ ਵੱਡੀ ਨਗਰੀ, ਕੰਜਰੀਆਂ ਅਤੇ ਧਰਤੀ ਦੀਆਂ ਘਿਣਾਉਣੀਆਂ ਵਸਤਾਂ ਦੀ ਮਾਂ”।
6ਅਤੇ ਮੈਂ ਉਸ ਔਰਤ ਨੂੰ ਸੰਤਾਂ ਦੇ ਲਹੂ ਨਾਲ ਅਤੇ ਯਿਸੂ ਦੇ ਸ਼ਹੀਦਾਂ ਦੇ ਲਹੂ ਨਾਲ ਮਸਤ ਹੋਈ ਵੇਖਿਆ, ਅਤੇ ਉਹ ਨੂੰ ਵੇਖ ਕੇ ਮੈਂ ਬਹੁਤ ਹੈਰਾਨ ਹੋ ਕੇ ਹੱਕਾ-ਬੱਕਾ ਰਹਿ ਗਿਆ ।7ਅਤੇ ਦੂਤ ਨੇ ਮੈਨੂੰ ਆਖਿਆ ਕਿ ਤੂੰ ਹੱਕਾ-ਬੱਕਾ ਕਿਉਂ ਹੋਇਆ ਹੈਂ । ਉਹ ਔਰਤ ਅਤੇ ਉਹ ਦਰਿੰਦਾ ਜਿਸ ਉੱਤੇ ਉਹ ਸਵਾਰ ਹੈ, ਜਿਹ ਦੇ ਸੱਤ ਸਿਰ ਅਤੇ ਦਸ ਸਿੰਗ ਹਨ, ਮੈਂ ਉਹਨਾਂ ਦਾ ਭੇਤ ਤੈਨੂੰ ਦੱਸਾਂਗਾ ।
8ਉਹ ਦਰਿੰਦਾ ਜਿਹੜਾ ਤੂੰ ਵੇਖਿਆ ਸੋ ਹੈ ਸੀ ਅਤੇ ਨਹੀਂ ਹੈ ਅਤੇ ਉਹ ਨੇ ਅਥਾਹ ਕੁੰਡ ਵਿੱਚੋਂ ਚੜ੍ਹ ਆਉਣਾ ਅਤੇ ਨਸ਼ਟ ਹੋ ਜਾਣਾ ਹੈ, ਅਤੇ ਧਰਤੀ ਦੇ ਵਾਸੀ ਜਿਨ੍ਹਾਂ ਦਾ ਨਾਮ ਜਗਤ ਦੇ ਮੁੱਢੋਂ ਜੀਵਨ ਦੀ ਪੋਥੀ ਵਿੱਚ ਨਹੀਂ ਲਿਖਿਆ ਗਿਆ ਉਸ ਦਰਿੰਦੇ ਨੂੰ ਵੇਖ ਕੇ ਕਿ ਉਹ ਹੈ ਸੀ ਅਤੇ ਨਹੀਂ ਹੈ ਅਤੇ ਫੇਰ ਆਉਂਦਾ ਹੈ, ਹੈਰਾਨ ਹੋ ਜਾਣਗੇ ।
9ਸਮਝਦਾਰ ਬੁੱਧ ਦਾ ਮੌਕਾ ਇੱਥੇ ਹੀ ਹੈ । ਇਹ ਸੱਤ ਸਿਰ ਸੱਤ ਟਿੱਲੇ ਹਨ ਜਿੱਥੇ ਔਰਤ ਉਹਨਾਂ ਉੱਤੇ ਬੈਠੀ ਹੋਈ ਹੈ ।10ਅਤੇ ਉਹ ਸੱਤ ਰਾਜੇ ਵੀ ਹਨ । ਪੰਜ ਤਾਂ ਡਿੱਗ ਪਏ ਹਨ, ਇੱਕ ਹੈ ਅਤੇ ਇੱਕ ਅਜੇ ਆਇਆ ਨਹੀਂ । ਜਦੋਂ ਆਵੇਗਾ ਤਾਂ ਉਹ ਨੂੰ ਥੋੜ੍ਹਾ ਸਮਾਂ ਰਹਿਣਾ ਜ਼ਰੂਰੀ ਹੈ ।
11ਅਤੇ ਉਹ ਦਰਿੰਦਾ ਜਿਹੜਾ ਸੀ ਅਤੇ ਨਹੀਂ ਹੈ ਸੋ ਆਪ ਵੀ ਅੱਠਵਾਂ ਹੈ, ਅਤੇ ਉਨ੍ਹਾਂ ਸੱਤਾਂ ਵਿੱਚੋਂ ਹੈ ਅਤੇ ਉਹ ਨਸ਼ਟ ਹੋ ਜਾਵੇਗਾ l
12ਉਹ ਦਸ ਸਿੰਗ ਜਿਹੜੇ ਤੂੰ ਵੇਖੇ ਉਹ ਦਸ ਰਾਜੇ ਹਨ, ਜਿਨ੍ਹਾਂ ਨੂੰ ਅਜੇ ਰਾਜ ਨਹੀਂ ਮਿਲਿਆ ਪਰ ਉਸ ਦਰਿੰਦੇ ਦੇ ਨਾਲ ਇੱਕ ਘੰਟੇ ਲਈ ਰਾਜਿਆਂ ਦੇ ਸਮਾਨ ਉਹਨਾਂ ਨੂੰ ਅਧਿਕਾਰ ਮਿਲਦਾ ਹੈ ।13ਇਨ੍ਹਾਂ ਦਾ ਇੱਕੋ ਮੱਤ ਹੈ ਅਤੇ ਇਹ ਆਪਣੀ ਸਮਰੱਥਾ ਅਤੇ ਅਧਿਕਾਰ ਉਸ ਦਰਿੰਦੇ ਨੂੰ ਦਿੰਦੇ ਹਨ ।14ਇਹ ਲੇਲੇ ਨਾਲ ਯੁੱਧ ਕਰਨਗੇ ਅਤੇ ਲੇਲਾ ਉਹਨਾਂ ਉੱਤੇ ਜਿੱਤ ਪਾਵੇਗਾ, ਕਿਉਂਕਿ ਉਹ ਪ੍ਰਭੂਆਂ ਦਾ ਪ੍ਰਭੂ ਅਤੇ ਰਾਜਿਆਂ ਦਾ ਰਾਜਾ ਹੈ, ਅਤੇ ਉਹ ਦੇ ਨਾਲ ਉਹ ਵੀ ਜਿਹੜੇ ਸੱਦੇ ਹੋਏ, ਚੁਣੇ ਹੋਏ ਅਤੇ ਵਫ਼ਾਦਾਰ ਹਨ ।
15ਅਤੇ ਉਹ ਨੇ ਮੈਨੂੰ ਆਖਿਆ, ਜਿਹੜੇ ਪਾਣੀ ਤੂੰ ਵੇਖੇ ਸਨ ਜਿੱਥੇ ਉਹ ਕੰਜਰੀ ਬੈਠੀ ਹੈ ਉਹ ਉੱਮਤਾਂ ਅਤੇ ਭੀੜ ਅਤੇ ਕੌਮਾਂ ਅਤੇ ਭਾਸ਼ਾਵਾਂ ਹਨ ।
16ਦਰਿੰਦਾ ਅਤੇ ਜਿਹੜੇ ਦਸ ਸਿੰਗ ਤੂੰ ਵੇਖੇ ਸਨ, ਇਹ ਉਸ ਕੰਜਰੀ ਨਾਲ ਵੈਰ ਕਰਨਗੇ, ਉਹ ਨੂੰ ਉਜਾੜ ਦੇਣਗੇ, ਨੰਗਿਆਂ ਕਰਨਗੇ, ਉਹ ਦਾ ਮਾਸ ਖਾ ਜਾਣਗੇ ਅਤੇ ਉਹ ਨੂੰ ਅੱਗ ਨਾਲ ਸਾੜ ਸੁੱਟਣਗੇ ।17ਕਿਉਂ ਜੋ ਪਰਮੇਸ਼ੁਰ ਨੇ ਉਹਨਾਂ ਦੇ ਦਿਲ ਵਿੱਚ ਇਹ ਪਾਇਆ ਜੋ ਉਸ ਦੀ ਮਰਜ਼ੀ ਪੂਰੀ ਕਰਨ ਅਤੇ ਇੱਕੋ ਮੱਤ ਦੇ ਹੋਣ ਅਤੇ ਆਪਣਾ ਰਾਜ ਉਸ ਦਰਿੰਦੇ ਨੂੰ ਦੇਣ ਜਿਨ੍ਹਾਂ ਸਮਾਂ ਪਰਮੇਸ਼ੁਰ ਦੇ ਬਚਨ ਪੂਰੇ ਨਾ ਹੋ ਜਾਣ ।
18ਅਤੇ ਉਹ ਔਰਤ ਜੋ ਤੂੰ ਵੇਖੀ ਸੀ ਉਹ ਵੱਡੀ ਨਗਰੀ ਹੈ ਜਿਹੜੀ ਧਰਤੀ ਦੇ ਰਾਜਿਆਂ ਉੱਤੇ ਰਾਜ ਕਰਦੀ ਹੈ ।

18
ਬੇਬੀਲੋਨ ਦਾ ਡਿੱਗਣਾ

1ਇਸ ਤੋਂ ਬਾਅਦ ਮੈਂ ਇੱਕ ਹੋਰ ਦੂਤ ਨੂੰ ਸਵਰਗ ਤੋਂ ਉੱਤਰਦੇ ਵੇਖਿਆ ਜਿਸ ਦੇ ਕੋਲ ਅਧਿਕਾਰ ਸੀ ਅਤੇ ਉਹ ਦੇ ਤੇਜ ਨਾਲ ਧਰਤੀ ਚਾਨਣੀ ਹੋ ਗਈ ।2ਅਤੇ ਉਹ ਨੇ ਬਹੁਤ ਉੱਚੀ ਆਵਾਜ਼ ਮਾਰ ਕੇ ਆਖਿਆ, ਢਹਿ ਪਈ ਬਾਬੁਲ, ਵੱਡੀ ਨਗਰੀ ਡਿੱਗ ਪਈ ! ਉਹ ਭੂਤਾਂ ਦਾ ਟਿਕਾਣਾ ਹੋ ਗਿਆ, ਨਾਲੇ ਹਰ ਅਸ਼ੁੱਧ ਆਤਮਾਵਾਂ ਦਾ ਅੱਡਾ, ਹਰ ਦੁਸ਼ਟ ਅਤੇ ਘਿਣਾਉਣੇ ਪੰਛੀ ਦਾ ਅੱਡਾ ।3ਕਿਉਂ ਜੋ ਉਹ ਦੀ ਹਰਾਮਕਾਰੀ ਦੇ ਕ੍ਰੋਧ ਦੀ ਮੈਂਅ ਤੋਂ ਸਾਰੀਆਂ ਕੌਮਾਂ ਨੇ ਪੀਤਾ, ਅਤੇ ਧਰਤੀ ਦੇ ਰਾਜਿਆਂ ਨੇ ਉਹ ਦੇ ਨਾਲ ਹਰਾਮਕਾਰੀ ਕੀਤੀ, ਅਤੇ ਧਰਤੀ ਦੇ ਵਪਾਰੀ ਉਹ ਦੇ ਬਹੁਤ ਜਿਆਦਾ ਭੋਗ ਬਿਲਾਸ ਦੇ ਕਾਰਨ ਧਨੀ ਹੋ ਗਏ ।

4ਮੈਂ ਇੱਕ ਹੋਰ ਅਵਾਜ਼ ਅਕਾਸ਼ ਤੋਂ ਇਹ ਆਖਦੇ ਸੁਣੀ, ਹੇ ਮੇਰੀ ਪਰਜਾ, ਉਹ ਦੇ ਵਿੱਚੋਂ ਨਿੱਕਲ ਆਓ ! ਕਿਤੇ ਤੁਸੀਂ ਉਹ ਦੇ ਪਾਪਾਂ ਦੇ ਭਾਗੀ ਬਣੋ, ਕਿਤੇ ਤੁਸੀਂ ਉਹ ਦੀਆਂ ਮਹਾਂਮਾਰੀਆਂ ਵਿੱਚ ਸਾਂਝੀ ਹੋਵੋ !5ਉਹ ਦੇ ਪਾਪ ਤਾਂ ਸਵਰਗ ਤੱਕ ਪਹੁੰਚ ਗਏ ਹਨ, ਅਤੇ ਪਰਮੇਸ਼ੁਰ ਨੇ ਉਹ ਦੇ ਕੁਧਰਮ ਯਾਦ ਕੀਤੇ ਹਨ ।6ਜਿਵੇਂ ਉਹ ਨੇ ਵਰਤਿਆ ਤਿਵੇਂ ਤੁਸੀਂ ਉਹ ਦੇ ਨਾਲ ਵੀ ਵਰਤੋ, ਸਗੋਂ ਉਹ ਦੇ ਕੰਮਾਂ ਦੇ ਅਨੁਸਾਰ ਉਹ ਨੂੰ ਦੁਗਣਾ ਬਦਲਾ ਦਿਓ, - ਜਿਹੜਾ ਪਿਆਲਾ ਉਹ ਨੇ ਭਰਿਆ, ਤੁਸੀਂ ਉਸ ਵਿੱਚ ਉਹ ਦੇ ਲਈ ਦੁਗਣਾ ਭਰੋ ।
7ਜਿੰਨੀ ਉਹ ਨੇ ਆਪਣੀ ਵਡਿਆਈ ਕੀਤੀ, ਅਤੇ ਭੋਗ ਬਿਲਾਸ ਕੀਤਾ, ਉਨ੍ਹਾਂ ਹੀ ਉਹ ਨੂੰ ਕਸ਼ਟ ਅਤੇ ਸੋਗ ਦਿਉ, ਕਿਉਂ ਜੋ ਉਹ ਆਪਣੇ ਮਨ ਵਿੱਚ ਇਹ ਆਖਦੀ ਹੈ, ਮੈਂ ਰਾਣੀ ਹੋ ਬੈਠੀ ਹਾਂ, ਮੈਂ ਵਿਧਵਾ ਨਹੀਂ, ਨਾ ਕਦੇ ਸੋਗ ਵੇਖਾਂਗੀ !8ਇਸ ਕਰਕੇ ਉਹ ਦੀਆਂ ਮਹਾਂਮਾਰੀਆਂ ਇੱਕੋ ਦਿਨ ਵਿੱਚ ਆ ਪੈਣਗੀਆਂ; ਮੌਤ, ਸੋਗ ਅਤੇ ਕਾਲ, ਅਤੇ ਉਹ ਅੱਗ ਨਾਲ ਭਸਮ ਕੀਤੀ ਜਾਵੇਗੀ, ਕਿਉਂ ਜੋ ਬਲਵੰਤ ਹੈ ਪ੍ਰਭੂ ਪਰਮੇਸ਼ੁਰ ਜਿਹੜਾ ਉਹ ਦਾ ਨਿਆਂ ਕਰਦਾ ਹੈ !

9ਧਰਤੀ ਦੇ ਰਾਜੇ ਜਿਨ੍ਹਾਂ ਉਹ ਦੇ ਨਾਲ ਹਰਾਮਕਾਰੀ ਅਤੇ ਭੋਗ ਬਿਲਾਸ ਕੀਤਾ, ਜਿਸ ਵੇਲੇ ਉਹ ਦੇ ਸੜਨ ਦਾ ਧੂੰਆਂ ਵੇਖਣਗੇ ਤਾਂ ਉਹ ਦੇ ਉੱਤੇ ਰੋਣਗੇ ਅਤੇ ਵਿਰਲਾਪ ਕਰਨਗੇ ।10ਅਤੇ ਉਹ ਦੇ ਕਸ਼ਟ ਤੋਂ ਡਰ ਦੇ ਮਾਰੇ ਉਹ ਦੂਰ ਖੜ ਕੇ ਆਖਣਗੇ, ਹਾਏ, ਹਾਏ ! ਹੇ ਵੱਡੀ ਨਗਰੀ, ਮਜ਼ਬੂਤ ਨਗਰੀ ਬਾਬੁਲ ! ਇੱਕੋ ਘੰਟੇ ਵਿੱਚ ਤੇਰਾ ਨਿਬੇੜਾ ਹੋ ਗਿਆ !
11ਧਰਤੀ ਦੇ ਵਪਾਰੀ ਉਹ ਨੂੰ ਰੋਂਦੇ ਅਤੇ ਕੁਰਲਾਉਂਦੇ ਹਨ, ਕਿਉਂ ਜੋ ਹੁਣ ਉਨ੍ਹਾਂ ਦਾ ਮਾਲ ਕੋਈ ਨਹੀਂ ਲੈਂਦਾ ।12ਅਰਥਾਤ ਮਾਲ ਸੋਨੇ ਦਾ ਅਤੇ ਚਾਂਦੀ, ਜਵਾਹਰ, ਮੋਤੀਆਂ, ਅਤੇ ਕਤਾਨ ਦਾ ਅਤੇ ਬੈਂਗਣੀ, ਰੇਸ਼ਮੀ ਅਤੇ ਲਾਲ ਰੰਗ ਦੇ ਕੱਪੜੇ ਦਾ ਅਤੇ ਹਰ ਪਰਕਾਰ ਦੀ ਸੁਗੰਧ ਵਾਲੀ ਲੱਕੜੀ ਅਤੇ ਹਾਥੀ ਦੰਦ ਦੀ ਹਰੇਕ ਵਸਤ ਅਤੇ ਭਾਰੇ ਮੁੱਲ ਦੇ ਕਾਠ, ਪਿੱਤਲ, ਲੋਹੇ ਅਤੇ ਸੰਗਮਰਮਰ ਦੀ ਹਰੇਕ ਵਸਤ13ਅਤੇ ਦਾਲਚੀਨੀ, ਮਸਾਲੇ, ਧੂਪ, ਮੁਰ, ਲੁਬਾਣ, ਮੈਂਅ, ਤੇਲ, ਮੈਦਾ, ਕਣਕ, ਡੰਗਰ, ਭੇਡਾਂ, ਘੋੜੇ ਅਤੇ ਰੱਥ, ਗੁਲਾਮ ਅਤੇ ਮਨੁੱਖਾਂ ਦੀਆਂ ਜਾਨਾਂ ।

14ਤੇਰੇ ਮਨਭਾਉਂਦੇ ਫਲ ਤੇਰੇ ਕੋਲੋਂ ਦੂਰ ਹੋ ਗਏ, ਸਾਰੀਆਂ ਕੀਮਤੀ ਅਤੇ ਭੜਕੀਲੀਆਂ ਵਸਤਾਂ ਤੇਰੇ ਕੋਲੋਂ ਜਾਂਦੀਆਂ ਰਹੀਆਂ, ਅਤੇ ਹੁਣ ਕਦੇ ਨਾ ਲੱਭਣਗੀਆਂ !

15ਇਨ੍ਹਾਂ ਵਸਤਾਂ ਦੇ ਵਪਾਰੀ ਜਿਹੜੇ ਉਹ ਦੇ ਰਾਹੀਂ ਧਨਵਾਨ ਹੋਏ ਸਨ, ਉਹ ਦੇ ਦੁੱਖ ਤੋਂ ਡਰ ਦੇ ਮਾਰੇ ਦੂਰ ਖੜ੍ਹੇ ਹੋ ਜਾਣਗੇ ਅਤੇ ਰੋਂਦਿਆਂ ਕੁਰਲਾਉਂਦਿਆਂ ਆਖਣਗੇ,

16ਹਾਏ ਹਾਏ, ਇਸ ਵੱਡੀ ਨਗਰੀ ਨੂੰ ! ਜਿਹੜੀ ਕਤਾਨ, ਬੈਂਗਣੀ ਅਤੇ ਲਾਲ ਬਸਤਰ ਪਹਿਨੇ ਸੀ, ਅਤੇ ਸੋਨੇ, ਜਵਾਹਰਾਂ ਅਤੇ ਮੋਤੀਆਂ ਦੇ ਨਾਲ ਸ਼ਿੰਗਾਰੀ ਹੋਈ ਸੀ,

17ਕਿਉਂ ਜੋ ਐਨਾ ਸਾਰਾ ਧਨ ਇੱਕੋ ਘੰਟੇ ਵਿੱਚ ਬਰਬਾਦ ਹੋ ਗਿਆ ਹੈ ! । ਹਰੇਕ ਮਲਾਹਾਂ ਦਾ ਸਿਰਕਰਦਾ ਅਤੇ ਹਰ ਕੋਈ ਜਿਹੜਾ ਜਹਾਜ਼ਾਂ ਵਿੱਚ ਕਿਧਰੇ ਫਿਰਦਾ ਹੈ ਅਤੇ ਮਲਾਹ ਅਤੇ ਸਮੁੰਦਰ ਉੱਤੇ ਜਿੰਨੇ ਰੋਜ਼ੀ ਰੋਟੀ ਕਮਾਉਂਦੇ ਹਨ, ਸੱਭੇ ਦੂਰ ਖੜ੍ਹੇ ਹੋਏ ।
18ਅਤੇ ਉਹ ਦੇ ਸੜਨ ਦਾ ਧੂੰਆਂ ਵੇਖ ਕੇ ਚੀਕਾਂ ਮਾਰ ਉੱਠੇ ਅਤੇ ਬੋਲੇ ਭਈ ਕਿਹੜਾ ਇਸ ਵੱਡੀ ਨਗਰੀ ਦੇ ਵਰਗਾ ਹੈ ?19ਅਤੇ ਉਹਨਾਂ ਆਪਣਿਆਂ ਸਿਰਾਂ ਵਿੱਚ ਧੂੜ ਪਾਈ ਅਤੇ ਰੋਂਦਿਆਂ ਕੁਰਲਾਉਂਦਿਆਂ ਚੀਕਾਂ ਮਾਰ-ਮਾਰ ਕੇ ਆਖਿਆ, ਹਾਏ ਹਾਏ ਇਸ ਵੱਡੀ ਨਗਰੀ ਨੂੰ ! ਜਿੱਥੇ ਸਾਰੇ ਸਮੁੰਦਰੀ ਜਹਾਜ਼ ਵਾਲੇ ਉਹ ਦੇ ਧਨ ਦੇ ਰਾਹੀਂ ਧਨੀ ਹੋ ਗਏ ! ਉਹ ਤਾਂ ਇੱਕ ਘੰਟੇ ਵਿੱਚ ਬਰਬਾਦ ਹੋ ਗਈ !20ਹੇ ਸਵਰਗ ਅਤੇ ਹੇ ਸੰਤੋ, ਰਸੂਲੋ ਅਤੇ ਨਬੀਓ, ਉਹ ਦੇ ਉੱਤੇ ਖੁਸ਼ੀ ਕਰੋ, ਕਿਉਂ ਜੋ ਪਰਮੇਸ਼ੁਰ ਨੇ ਨਿਆਂ ਕਰ ਕੇ ਤੁਹਾਡਾ ਬਦਲਾ ਉਸ ਤੋਂ ਲੈ ਲਿਆ !

21ਤਾਂ ਇੱਕ ਬਲਵਾਨ ਦੂਤ ਨੇ ਇੱਕ ਪੱਥਰ ਵੱਡੇ ਚੱਕੀ ਦੇ ਪੁੜ ਵਰਗਾ ਚੁੱਕ ਕੇ ਸਮੁੰਦਰ ਵਿੱਚ ਸੁੱਟਿਆ ਅਤੇ ਆਖਿਆ, ਇਸੇ ਤਰ੍ਹਾਂ ਉਹ ਵੱਡੀ ਨਗਰੀ ਬਾਬੁਲ ਜ਼ੋਰ ਨਾਲ ਡੇਗੀ ਜਾਵੇਗੀ, ਅਤੇ ਫੇਰ ਕਦੇ ਉਹ ਦਾ ਪਤਾ ਨਾ ਲੱਗੇਗਾ !22ਰਬਾਬੀਆਂ, ਗਵੱਈਆਂ, ਵੰਜਲੀ ਵਜਾਉਣ ਵਾਲਿਆਂ ਦੀ ਅਤੇ ਤੁਰ੍ਹੀ ਫੂਕਣ ਵਾਲਿਆਂ ਦੀ ਅਵਾਜ਼ ਤੇਰੇ ਵਿੱਚ ਫੇਰ ਕਦੇ ਨਾ ਸੁਣੀ ਜਾਵੇਗੀ । ਕਿਸੇ ਪੇਸ਼ੇ ਦਾ ਕੋਈ ਕਾਰੀਗਰ ਤੇਰੇ ਵਿੱਚ ਫੇਰ ਕਦੇ ਨਾ ਲੱਭੇਗਾ । ਚੱਕੀ ਦੀ ਅਵਾਜ਼ ਤੇਰੇ ਵਿੱਚ ਫੇਰ ਕਦੇ ਨਾ ਸੁਣੀ ਜਾਵੇਗੀ,
23ਅਤੇ ਦੀਵੇ ਦੀ ਰੋਸ਼ਨੀ ਤੇਰੇ ਵਿੱਚ ਫੇਰ ਕਦੀ ਨਾ ਚਮਕੇਗੀ, ਲਾੜੀ ਅਤੇ ਲਾੜੇ ਦੀ ਅਵਾਜ਼ ਤੇਰੇ ਵਿੱਚ ਫੇਰ ਕਦੇ ਨਾ ਸੁਣੀ ਜਾਵੇਗੀ । ਤੇਰੇ ਵਪਾਰੀ ਤਾਂ ਧਰਤੀ ਦੇ ਮਹਾਂ ਪੁਰਖ ਸਨ, ਅਤੇ ਸਾਰੀਆਂ ਕੌਮਾਂ ਤੇਰੀ ਜਾਦੂਗਰੀ ਨਾਲ ਭਰਮਾਈਆਂ ਗਈਆਂ,24ਨਾਲੇ ਨਬੀਆਂ, ਸੰਤਾਂ ਅਤੇ ਉਹਨਾਂ ਸਭਨਾਂ ਦਾ ਲਹੂ ਜਿਹੜੇ ਧਰਤੀ ਉੱਤੇ ਮਾਰੇ ਗਏ ਸਨ, ਉਹ ਦੇ ਵਿੱਚ ਪਾਇਆ ਗਿਆ !

19

1ਇਸ ਤੋਂ ਬਾਅਦ ਮੈਂ ਸਵਰਗ ਵਿੱਚ ਵੱਡੀ ਭੀੜ ਦੀ ਅਵਾਜ਼ ਵਰਗੀ ਇਹ ਆਖਦੇ ਸੁਣੀ, ਹਲਲੂਯਾਹ ! ਮੁਕਤੀ, ਮਹਿਮਾ ਅਤੇ ਸਮਰੱਥਾ ਸਾਡੇ ਪਰਮੇਸ਼ੁਰ ਦੀ ਹੈ,2ਉਹ ਦੇ ਨਿਆਂ ਤਾਂ ਸੱਚੇ ਅਤੇ ਠੀਕ ਹਨ, ਇਸ ਲਈ ਜੋ ਉਸ ਵੱਡੀ ਕੰਜਰੀ ਦਾ ਜਿਸ ਨੇ ਆਪਣੀ ਹਰਾਮਕਾਰੀ ਨਾਲ ਧਰਤੀ ਨੂੰ ਵਿਗਾੜਿਆ ਸੀ, ਨਿਆਂ ਕੀਤਾ ਅਤੇ ਆਪਣੇ ਦਾਸਾਂ ਦੇ ਲਹੂ ਦਾ ਬਦਲਾ ਉਹ ਦੇ ਹੱਥੋਂ ਲਿਆ ।

3ਉਹ ਦੂਜੀ ਵਾਰ ਬੋਲੇ, ਹਲਲੂਯਾਹ ! ਉਹ ਦਾ ਧੂੰਆਂ ਜੁੱਗੋ-ਜੁੱਗ ਪਿਆ ਉੱਠਦਾ ਹੈ !4ਤਾਂ ਉਹ ਚੌਵੀ ਬਜ਼ੁਰਗ ਅਤੇ ਚਾਰ ਪ੍ਰਾਣੀ ਡਿੱਗ ਪਏ ਅਤੇ ਪਰਮੇਸ਼ੁਰ ਨੂੰ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ ਮੱਥਾ ਟੇਕ ਕੇ ਬੋਲੇ, ਆਮੀਨ, ਹਲਲੂਯਾਹ !
ਲੇਲੇ ਦਾ ਵਿਆਹ

5ਸਿੰਘਾਸਣ ਵੱਲੋਂ ਇੱਕ ਅਵਾਜ਼ ਇਹ ਆਖਦੇ ਆਈ, ਤੁਸੀਂ ਸੱਭੇ ਉਹ ਦੇ ਦਾਸੋ ਕੀ ਛੋਟੇ ਕੀ ਵੱਡੇ, ਜਿਹੜੇ ਉਸ ਦਾ ਡਰ ਮੰਨਦੇ ਹੋ, ਸਾਡੇ ਪਰਮੇਸ਼ੁਰ ਦੀ ਉਸਤਤ ਕਰੋ !
6ਤਾਂ ਮੈਂ ਵੱਡੀ ਭੀੜ ਦੀ ਅਵਾਜ਼ ਵਰਗੀ ਅਤੇ ਬਾਹਲਿਆਂ ਪਾਣੀਆਂ ਦੀ ਅਵਾਜ਼ ਵਰਗੀ ਅਤੇ ਬੱਦਲ ਦੀਆਂ ਡਾਢੀਆਂ ਗਰਜਾਂ ਦੀ ਅਵਾਜ਼ ਵਰਗੀ ਇਹ ਆਖਦੇ ਸੁਣੀ, - ਹਲਲੂਯਾਹ ! ਪ੍ਰਭੂ ਸਾਡਾ ਪਰਮੇਸ਼ੁਰ ਸਰਬ ਸ਼ਕਤੀਮਾਨ ਰਾਜ ਕਰਦਾ ਹੈ !

7ਆਓ, ਅਸੀਂ ਅਨੰਦ ਕਰੀਏ ਅਤੇ ਖੁਸ਼ ਹੋਈਏ, ਅਤੇ ਉਹ ਦੀ ਵਡਿਆਈ ਕਰੀਏ, ਲੇਲੇ ਦਾ ਵਿਆਹ ਜੋ ਆ ਗਿਆ ਹੈ, ਅਤੇ ਉਹ ਦੀ ਲਾੜੀ ਨੇ ਆਪਣੇ ਆਪ ਨੂੰ ਤਿਆਰ ਕਰ ਲਿਆ ਹੈ ।8ਇਹ ਉਸ ਨੂੰ ਬਖ਼ਸ਼ਿਆ ਗਿਆ ਕਿ ਸੁੰਦਰ ਅਤੇ ਸਾਫ਼ ਕਤਾਨ ਦੀ ਪੁਸ਼ਾਕ ਪਾਵੇ, ਇਹ ਕਤਾਨ ਤਾਂ ਸੰਤਾਂ ਦਾ ਧਰਮੀ ਕੰਮ ਹੈ ।

9ਤਾਂ ਦੂਤ ਨੇ ਮੈਨੂੰ ਆਖਿਆ, ਲਿਖ ਕਿ ਧੰਨ ਉਹ ਜਿਹੜੇ ਲੇਲੇ ਦੇ ਵਿਆਹ ਦੀ ਦਾਵਤ ਵਿੱਚ ਸੱਦੇ ਹੋਏ ਹਨ ! ਅਤੇ ਮੈਨੂੰ ਆਖਿਆ ਕਿ ਇਹ ਪਰਮੇਸ਼ੁਰ ਦੀਆਂ ਸੱਚੀਆਂ ਗੱਲਾਂ ਹਨ ।10ਅਤੇ ਉਹ ਨੂੰ ਮੱਥਾ ਟੇਕਣ ਲਈ ਮੈਂ ਡਿੱਗ ਕੇ ਉਹ ਦੇ ਚਰਨੀ ਪਿਆ । ਤਾਂ ਉਸ ਨੇ ਮੈਨੂੰ ਆਖਿਆ ਕਿ ਇਸ ਤਰ੍ਹਾਂ ਨਾ ਕਰ ! ਮੈਂ ਤਾਂ ਤੇਰੇ ਅਤੇ ਤੇਰੇ ਭਰਾਵਾਂ ਦੇ ਜਿਹੜੇ ਯਿਸੂ ਦੀ ਗਵਾਹੀ ਦਿੰਦੇ ਹਨ ਨਾਲ ਦਾ ਦਾਸ ਹਾਂ । ਪਰਮੇਸ਼ੁਰ ਨੂੰ ਮੱਥਾ ਟੇਕ ! ਯਿਸੂ ਦੀ ਗਵਾਹੀ ਤਾਂ ਅਗੰਮ ਵਾਕ ਦੀ ਰੂਹ ਹੈ ।
ਸਫ਼ੇਦ ਘੋੜੇ ਦਾ ਸਵਾਰ

11ਮੈਂ ਅਕਾਸ਼ ਨੂੰ ਖੁੱਲਿਆ ਹੋਇਆ ਦੇਖਿਆ, ਤਾਂ ਕੀ ਵੇਖਦਾ ਹਾਂ ਭਈ ਇੱਕ ਚਿੱਟਾ ਘੋੜਾ ਹੈ ਅਤੇ ਉਹ ਦਾ ਸਵਾਰ “ਵਫ਼ਾਦਾਰ” ਅਤੇ “ਸੱਚਾ” ਅਖਵਾਉਂਦਾ ਹੈ ਅਤੇ ਉਹ ਧਰਮ ਨਾਲ ਨਿਆਂ ਅਤੇ ਯੁੱਧ ਕਰਦਾ ਹੈ ।12ਉਹ ਦੀਆਂ ਅੱਖਾਂ ਅੱਗ ਦੀ ਲਾਟ ਹਨ, ਉਹ ਦੇ ਸਿਰ ਉੱਤੇ ਬਹੁਤ ਸਾਰੇ ਮੁਕਟ ਹਨ ਅਤੇ ਉਹ ਦਾ ਇੱਕ ਨਾਮ ਲਿਖਿਆ ਹੋਇਆ ਹੈ ਜਿਸ ਨੂੰ ਉਹ ਦੇ ਬਿਨ੍ਹਾਂ ਹੋਰ ਕੋਈ ਨਹੀਂ ਜਾਣਦਾ ।13ਅਤੇ ਉਹ ਇੱਕ ਬਸਤਰ ਲਹੂ ਨਾਲ ਛਿੜਕਿਆ ਹੋਇਆ ਪਹਿਨੇ ਹੋਏ ਹੈ ਅਤੇ ਉਹ ਦਾ ਨਾਮ “ਪਰਮੇਸ਼ੁਰ ਦਾ ਸ਼ਬਦ” ਅਖਵਾਉਂਦਾ ਹੈ ।
14ਅਤੇ ਜਿਹੜੀਆਂ ਫ਼ੌਜਾਂ ਸਵਰਗ ਵਿੱਚ ਹਨ, ਉਹ ਚਿੱਟੇ ਅਤੇ ਸਾਫ਼ ਕਤਾਨੀ ਕੱਪੜੇ ਪਹਿਨੀ ਚਿੱਟੇ ਘੋੜਿਆਂ ਉੱਤੇ ਉਹ ਦੇ ਮਗਰ ਮਗਰ ਆਉਂਦੀਆਂ ਹਨ ।15ਅਤੇ ਉਹ ਦੇ ਮੂੰਹ ਵਿੱਚੋਂ ਇੱਕ ਤਿੱਖੀ ਤਲਵਾਰ ਨਿੱਕਲਦੀ ਹੈ ਜੋ ਉਸ ਨਾਲ ਉਹ ਕੌਮਾਂ ਨੂੰ ਮਾਰੇ ਅਤੇ ਉਹ ਲੋਹੇ ਦੇ ਡੰਡੇ ਨਾਲ ਉਹਨਾਂ ਉੱਤੇ ਹਕੂਮਤ ਕਰੇਗਾ, ਅਤੇ ਉਹ ਪਰਮੇਸ਼ੁਰ ਸਰਬ ਸ਼ਕਤੀਮਾਨ ਦੇ ਅੱਤ ਵੱਡੇ ਕ੍ਰੋਧ ਦੀ ਮੈਂ ਦੇ ਚੁਬੱਚੇ ਨੂੰ ਲਿਤਾੜਦਾ ਹੈ ।16ਉਹ ਦੇ ਬਸਤਰ ਉੱਤੇ ਅਤੇ ਉਹ ਦੇ ਪੱਟ ਉੱਤੇ ਇਹ ਨਾਮ ਲਿਖਿਆ ਹੋਇਆ ਹੈ, - “ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ ।”

17ਮੈਂ ਇੱਕ ਦੂਤ ਨੂੰ ਸੂਰਜ ਵਿੱਚ ਖੜ੍ਹਾ ਵੇਖਿਆ ਅਤੇ ਉਸ ਨੇ ਉਹਨਾਂ ਸਭਨਾਂ ਪੰਛੀਆਂ ਨੂੰ ਜਿਹੜੇ ਅਕਾਸ਼ ਵਿੱਚ ਉੱਡਦੇ ਹਨ ਵੱਡੀ ਅਵਾਜ਼ ਨਾਲ ਆਖਿਆ, ਆਓ ਚੱਲੋ ਅਤੇ ਪਰਮੇਸ਼ੁਰ ਦੀ ਵੱਡੀ ਦਾਵਤ ਲਈ ਇਕੱਠੇ ਹੋਵੋ !18ਭਈ ਤੁਸੀਂ ਰਾਜਿਆਂ ਦਾ ਮਾਸ, ਫੌਜ ਦੇ ਸਰਦਾਰਾਂ ਦਾ ਮਾਸ, ਮਹਾਂ ਬਲੀਆਂ ਦਾ ਮਾਸ, ਘੋੜਿਆਂ ਨਾਲੇ ਉਨ੍ਹਾਂ ਦੇ ਸਵਾਰਾਂ ਦਾ ਮਾਸ ਅਤੇ ਕੀ ਅਜ਼ਾਦਾਂ ਕੀ ਗੁਲਾਮਾਂ, ਕੀ ਛੋਟਿਆਂ ਕੀ ਵੱਡਿਆਂ, ਸਭਨਾਂ ਦਾ ਮਾਸ ਖਾਓ !

19ਫੇਰ ਮੈਂ ਵੇਖਿਆ ਕਿ ਉਹ ਦਰਿੰਦਾ, ਧਰਤੀ ਦੇ ਰਾਜੇ ਅਤੇ ਉਨ੍ਹਾਂ ਦੀਆਂ ਫ਼ੌਜਾਂ ਇਕੱਠੀਆਂ ਹੋਈਆਂ ਕਿ ਉਹ ਅਤੇ ਉਹ ਦੀ ਫੌਜ ਦੇ ਨਾਲ ਯੁੱਧ ਕਰਨ, ਜਿਹੜਾ ਘੋੜੇ ਉੱਤੇ ਸਵਾਰ ਸੀ ।20ਅਤੇ ਉਹ ਦਰਿੰਦਾ ਫੜਿਆ ਗਿਆ ਅਤੇ ਉਹ ਦੇ ਨਾਲ ਉਹ ਝੂਠਾ ਨਬੀ ਵੀ ਜਿਸ ਨੇ ਉਹ ਦੇ ਸਾਹਮਣੇ ਉਹ ਨਿਸ਼ਾਨੀਆਂ ਵਿਖਾਈਆਂ ਜਿਨ੍ਹਾਂ ਨਾਲ ਉਸ ਨੇ ਉਹਨਾਂ ਨੂੰ ਭਰਮਾਇਆ ਸੀ ਜਿਨ੍ਹਾਂ ਉਸ ਦਰਿੰਦੇ ਦਾ ਦਾਗ ਲੁਆਇਆ ਸੀ, ਅਤੇ ਉਹਨਾਂ ਨੂੰ ਜਿਹੜੇ ਉਹ ਦੀ ਮੂਰਤੀ ਪੂਜਾ ਕਰਦੇ ਸਨ । ਇਹ ਦੋਵੇਂ ਉਸ ਅੱਗ ਦੀ ਝੀਲ ਵਿੱਚ ਜਿਹੜੀ ਗੰਧਕ ਨਾਲ ਬਲਦੀ ਹੈ ਜਿਉਂਦੇ ਜੀ ਸੁੱਟੇ ਗਏ !
21ਅਤੇ ਹੋਰ ਸਭ ਉਸ ਘੋੜੇ ਦੇ ਸਵਾਰ ਦੀ ਤਲਵਾਰ ਨਾਲ ਜੋ ਉਹ ਦੇ ਮੂੰਹ ਵਿੱਚੋਂ ਨਿੱਕਲਦੀ ਸੀ ਵੱਢੇ ਗਏ ਅਤੇ ਸਾਰੇ ਪੰਛੀ ਉਹਨਾਂ ਦੇ ਮਾਸ ਨਾਲ ਰੱਜ ਗਏ ।

20
ਹਜ਼ਾਰ ਸਾਲ ਦਾ ਰਾਜ

1ਮੈਂ ਇੱਕ ਦੂਤ ਨੂੰ ਅਥਾਹ ਕੁੰਡ ਦੀ ਕੁੰਜੀ ਅਤੇ ਇੱਕ ਵੱਡਾ ਸੰਗਲ ਆਪਣੇ ਹੱਥ ਵਿੱਚ ਲਈ ਸਵਰਗ ਤੋਂ ਉੱਤਰਦੇ ਵੇਖਿਆ ।2ਅਤੇ ਉਹ ਨੇ ਅਜਗਰ ਨੂੰ ਅਰਥਾਤ ਉਸ ਪੁਰਾਣੇ ਸੱਪ ਨੂੰ ਜਿਹੜਾ ਇਬਲੀਸ ਅਤੇ ਸ਼ੈਤਾਨ ਹੈ, ਫੜਿਆ ਅਤੇ ਹਜ਼ਾਰ ਸਾਲ ਤੱਕ ਉਹ ਨੂੰ ਜਕੜ ਰੱਖਿਆ ।3ਅਤੇ ਉਹ ਨੂੰ ਅਥਾਹ ਕੁੰਡ ਵਿੱਚ ਸੁੱਟ ਦਿੱਤਾ ਅਤੇ ਇਹ ਨੂੰ ਬੰਦ ਕਰਕੇ ਉਹ ਦੇ ਉੱਤੇ ਮੋਹਰ ਲਾਈ ਜੋ ਉਹ ਕੌਮਾਂ ਨੂੰ ਫੇਰ ਨਾ ਭਰਮਾਵੇ, ਜਿਨ੍ਹਾਂ ਚਿਰ ਹਜ਼ਾਰ ਸਾਲ ਪੂਰਾ ਨਾ ਹੋ ਜਾਵੇ । ਇਸ ਤੋਂ ਬਾਅਦ ਜ਼ਰੂਰੀ ਹੈ ਭਈ ਉਹ ਥੋੜ੍ਹੇ ਸਮਾਂ ਲਈ ਛੱਡਿਆ ਜਾਵੇ ।

4ਮੈਂ ਸਿੰਘਾਸਣ ਵੇਖੇ ਅਤੇ ਉਹ ਉਨ੍ਹਾਂ ਉੱਤੇ ਬੈਠੇ ਹੋਏ ਸਨ ਅਤੇ ਨਿਆਂ ਕਰਨ ਦਾ ਉਹਨਾਂ ਨੂੰ ਅਧਿਕਾਰ ਦਿੱਤਾ ਗਿਆ ਅਤੇ ਮੈਂ ਉਹਨਾਂ ਦੀ ਆਤਮਾਵਾਂ ਨੂੰ ਵੇਖਿਆ, ਜਿਨ੍ਹਾਂ ਦੇ ਸਿਰ ਯਿਸੂ ਦੀ ਗਵਾਹੀ ਦੇ ਕਾਰਨ ਅਤੇ ਪਰਮੇਸ਼ੁਰ ਦੇ ਬਚਨ ਦੇ ਕਾਰਨ ਵੱਢੇ ਗਏ ਸਨ ਅਤੇ ਜਿਨ੍ਹਾਂ ਉਸ ਦਰਿੰਦੇ ਦੀ ਜਾਂ ਉਹ ਦੀ ਮੂਰਤੀ ਦੀ ਪੂਜਾ ਨਹੀਂ ਕੀਤੀ ਸੀ ਅਤੇ ਉਹ ਦਾਗ ਆਪਣੇ ਮੱਥੇ ਅਤੇ ਆਪਣੇ ਹੱਥ ਉੱਤੇ ਨਹੀਂ ਲੁਆਇਆ ਸੀ । ਉਹ ਜਿਉਂਦੇ ਹੋ ਗਏ ਅਤੇ ਹਜ਼ਾਰ ਸਾਲ ਮਸੀਹ ਦੇ ਨਾਲ ਰਾਜ ਕਰਦੇ ਰਹੇ ।
5ਬਾਕੀ ਦੇ ਮੁਰਦੇ ਹਜ਼ਾਰ ਸਾਲ ਦੇ ਪੂਰੇ ਹੋਣ ਤੱਕ ਜਿਉਂਦੇ ਨਾ ਹੋਏ । ਇਹ ਪਹਿਲਾ ਮੁਰਦਿਆਂ ਦਾ ਜੀ ਉੱਠਣਾ ਹੈ ।6ਧੰਨ ਅਤੇ ਪਵਿੱਤਰ ਉਹ ਜਿਹੜਾ ਪਹਿਲਾ ਮੁਰਦਿਆਂ ਦੇ ਜੀ ਉੱਠਣ ਵਿੱਚ ਸ਼ਾਮਿਲ ਹੈ ! ਇਹਨਾਂ ਉੱਤੇ ਦੂਸਰੀ ਮੌਤ ਦਾ ਕੁੱਝ ਵੱਸ ਨਹੀਂ ਸਗੋਂ ਉਹ ਪਰਮੇਸ਼ੁਰ ਅਤੇ ਮਸੀਹ ਦੇ ਜਾਜਕ ਹੋਣਗੇ ਅਤੇ ਉਹ ਦੇ ਨਾਲ ਹਜ਼ਾਰ ਸਾਲ ਰਾਜ ਕਰਨਗੇ ।
ਸ਼ੈਤਾਨ ਦਾ ਵਿਨਾਸ਼

7ਜਦ ਉਹ ਹਜ਼ਾਰ ਸਾਲ ਪੂਰਾ ਹੋ ਗਿਆ ਤਾਂ ਸ਼ੈਤਾਨ ਆਪਣੀ ਕੈਦ ਤੋਂ ਛੱਡਿਆ ਜਾਵੇਗਾ ।8ਅਤੇ ਉਹਨਾਂ ਕੌਮਾਂ ਨੂੰ ਜਿਹੜੀਆਂ ਧਰਤੀ ਦੇ ਚਾਰਾਂ ਕੋਨਿਆਂ ਵਿੱਚ ਹਨ, ਅਰਥਾਤ ਗੋਗ ਅਤੇ ਮਗੋਗ ਨੂੰ ਭਰਮਾਉਣ ਲਈ ਨਿੱਕਲੇਗਾ ਭਈ ਉਹਨਾਂ ਨੂੰ ਯੁੱਧ ਲਈ ਇਕੱਠੀਆਂ ਕਰੇ । ਉਹਨਾਂ ਦੀ ਗਿਣਤੀ ਸਮੁੰਦਰ ਦੀ ਰੇਤ ਜਿੰਨੀ ਹੈ ।
9ਉਹ ਸਾਰੀ ਧਰਤੀ ਉੱਤੇ ਚੜ੍ਹ ਪਏ ਅਤੇ ਸੰਤਾਂ ਦੇ ਡੇਰੇ ਅਤੇ ਪਿਆਰੀ ਨਗਰੀ ਨੂੰ ਘੇਰਾ ਪਾ ਲਿਆ ਅਤੇ ਸਵਰਗ ਉੱਤੋਂ ਅੱਗ ਉਤਰੀ ਜਿਸ ਨੇ ਉਹਨਾਂ ਨੂੰ ਭਸਮ ਕਰ ਦਿੱਤਾ !10ਅਤੇ ਸ਼ੈਤਾਨ ਜਿਸ ਨੇ ਉਹਨਾਂ ਨੂੰ ਭਰਮਾਇਆ ਸੀ, ਅੱਗ ਅਤੇ ਗੰਧਕ ਦੀ ਝੀਲ ਵਿੱਚ ਸੁੱਟਿਆ ਗਿਆ ਜਿੱਥੇ ਉਹ ਦਰਿੰਦਾ ਅਤੇ ਝੂਠਾ ਨਬੀ ਹੈ ਅਤੇ ਉਹ ਰਾਤ-ਦਿਨ ਜੁੱਗੋ-ਜੁੱਗ ਕਸ਼ਟ ਭੋਗਣਗੇ ।
ਵੱਡਾ ਚਿੱਟਾ ਸਿੰਘਾਸਣ ਅਤੇ ਆਖਰੀ ਨਿਆਂ

11ਫੇਰ ਮੈਂ ਇੱਕ ਵੱਡਾ ਅਤੇ ਚਿੱਟਾ ਸਿੰਘਾਸਣ ਅਤੇ ਉਹ ਨੂੰ ਜਿਹੜਾ ਉਸ ਉੱਤੇ ਬਿਰਾਜਮਾਨ ਸੀ ਵੇਖਿਆ ਜਿਸ ਦੇ ਸਾਹਮਣਿਓਂ ਧਰਤੀ ਅਤੇ ਅਕਾਸ਼ ਭੱਜ ਗਏ ਅਤੇ ਉਹਨਾਂ ਦੇ ਲਈ ਕੋਈ ਥਾਂ ਨਾ ਮਿਲਿਆ ।12ਅਤੇ ਮੈਂ ਮੁਰਦਿਆਂ ਨੂੰ ਕੀ ਵੱਡੇ ਕੀ ਛੋਟੇ ਸਿੰਘਾਸਣ ਦੇ ਅੱਗੇ ਖੜ੍ਹੇ ਵੇਖਿਆ, ਅਤੇ ਪੋਥੀਆਂ ਖੋਲ੍ਹੀਆਂ ਗਈਆਂ ਅਤੇ ਇੱਕ ਹੋਰ ਪੋਥੀ ਜਿਹੜੀ ਜੀਵਨ ਦੀ ਪੋਥੀ ਹੈ ਖੋਲ੍ਹੀ ਗਈ ਅਤੇ ਮੁਰਦਿਆਂ ਦਾ ਨਿਆਂ ਪੋਥੀਆਂ ਵਿੱਚ ਲਿਖੀਆਂ ਹੋਈਆਂ ਗੱਲਾਂ ਤੋਂ ਉਨ੍ਹਾਂ ਦੇ ਕੰਮਾਂ ਦੇ ਅਨੁਸਾਰ ਕੀਤਾ ਗਿਆ ।
13ਅਤੇ ਸਮੁੰਦਰ ਨੇ ਉਹ ਮੁਰਦੇ ਜਿਹੜੇ ਉਹ ਦੇ ਵਿੱਚ ਸਨ ਮੋੜ ਦਿੱਤੇ, ਮੌਤ ਅਤੇ ਪਤਾਲ ਨੇ ਉਹਨਾਂ ਨੂੰ ਦੇ ਦਿੱਤਾ ਜੋ ਉਸ ਵਿੱਚ ਸਨ, ਅਤੇ ਹਰੇਕ ਦਾ ਨਿਆਂ ਉਹ ਦੇ ਕੰਮਾਂ ਅਨੁਸਾਰ ਕੀਤਾ ਗਿਆ ।14ਤਾਂ ਕਾਲ ਅਤੇ ਪਤਾਲ ਅੱਗ ਦੀ ਝੀਲ ਵਿੱਚ ਸੁੱਟੇ ਗਏ । ਇਹ ਦੂਜੀ ਮੌਤ ਹੈ ਅਰਥਾਤ ਅੱਗ ਦੀ ਝੀਲ ।15ਅਤੇ ਜੇਕਰ ਕਿਸੇ ਦਾ ਨਾਮ ਜੀਵਨ ਦੀ ਪੋਥੀ ਵਿੱਚ ਲਿਖਿਆ ਹੋਇਆ ਨਾ ਮਿਲਿਆ, ਤਾਂ ਉਹ ਅੱਗ ਦੀ ਝੀਲ ਵਿੱਚ ਸੁੱਟਿਆ ਗਿਆ ।

21
ਨਵਾਂ ਆਕਾਸ਼ ਅਤੇ ਨਵੀਂ ਧਰਤੀ

1ਫਿਰ ਮੈਂ ਨਵਾਂ ਅਕਾਸ਼ ਅਤੇ ਨਵੀਂ ਧਰਤੀ ਵੇਖੀ, ਕਿਉਂ ਜੋ ਪਹਿਲਾ ਅਕਾਸ਼ ਅਤੇ ਪਹਿਲੀ ਧਰਤੀ ਜਾਂਦੀ ਰਹੀ ਹੈ ਅਤੇ ਹੁਣ ਸਮੁੰਦਰ ਨਹੀਂ ਹੈ ।2ਅਤੇ ਮੈਂ ਪਵਿੱਤਰ ਨਗਰੀ ਨਵੀਂ ਯਰੂਸ਼ਲਮ ਨੂੰ ਪਰਮੇਸ਼ੁਰ ਦੇ ਕੋਲੋਂ ਅਕਾਸ਼ ਤੋਂ ਉਤਰਦੀ ਹੋਈ ਵੇਖਿਆ, ਉਹ ਇਸ ਤਰ੍ਹਾਂ ਤਿਆਰ ਕੀਤੀ ਹੋਈ ਸੀ, ਜਿਵੇਂ ਲਾੜੀ ਆਪਣੇ ਲਾੜੇ ਲਈ ਸ਼ਿੰਗਾਰੀ ਹੋਈ ਹੋਵੇ ।

3ਅਤੇ ਮੈਂ ਸਿੰਘਾਸਣ ਤੋਂ ਇੱਕ ਵੱਡੀ ਅਵਾਜ਼ ਇਹ ਆਖਦੇ ਸੁਣੀ ਕਿ ਵੇਖ, ਪਰਮੇਸ਼ੁਰ ਦਾ ਡੇਰਾ ਮਨੁੱਖਾਂ ਦੇ ਨਾਲ ਹੈ ਅਤੇ ਉਹ ਉਹਨਾਂ ਨਾਲ ਡੇਰਾ ਕਰੇਗਾ ਅਤੇ ਉਹ ਉਸ ਦੀ ਪਰਜਾ ਹੋਣਗੇ ਅਤੇ ਪਰਮੇਸ਼ੁਰ ਆਪ ਉਹਨਾਂ ਦਾ ਪਰਮੇਸ਼ੁਰ ਹੋ ਕੇ ਉਹਨਾਂ ਦੇ ਨਾਲ ਰਹੇਗਾ ।4ਅਤੇ ਉਹ ਉਹਨਾਂ ਦੀਆਂ ਅੱਖੀਆਂ ਤੋਂ ਹਰੇਕ ਹੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁੱਖ ਹੋਵੇਗਾ । ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ,
5ਅਤੇ ਉਹ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ ਬੋਲਿਆ, ਵੇਖ, ਮੈਂ ਸਭ ਕੁੱਝ ਨਵਾਂ ਬਣਾਉਂਦਾ ਹਾਂ, ਅਤੇ ਉਸ ਨੇ ਆਖਿਆ, ਲਿਖ, ਕਿਉਂ ਜੋ ਇਹ ਬਚਨ ਵਿਸ਼ਵਾਸਯੋਗ ਅਤੇ ਸੱਚ ਹਨ ।6ਅਤੇ ਉਸ ਨੇ ਮੈਨੂੰ ਆਖਿਆ, ਹੋ ਗਿਆ ਹੈ ! ਮੈਂ ਅਲਫਾ ਅਤੇ ਓਮੇਗਾ, ਆਦ ਅਤੇ ਅੰਤ ਹਾਂ । ਜਿਹੜਾ ਤਿਹਾਇਆ ਹੈ, ਮੈਂ ਉਹ ਨੂੰ ਅੰਮ੍ਰਿਤ ਜਲ ਦੇ ਸੋਤੇ ਵਿੱਚੋਂ ਮੁਫ਼ਤ ਪਿਆਵਾਂਗਾ ।
7ਜਿਹੜਾ ਜਿੱਤਣ ਵਾਲਾ ਹੈ ਉਹ ਇਨ੍ਹਾਂ ਪਦਾਰਥਾਂ ਦਾ ਅਧਿਕਾਰੀ ਹੋਵੇਗਾ ਅਤੇ ਮੈਂ ਉਹ ਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ ।8ਪਰ ਡਰਾਕਲਾਂ, ਅਵਿਸ਼ਵਾਸੀਆਂ, ਘਿਣਾਉਣਿਆਂ, ਖੂਨੀਆਂ, ਹਰਾਮਕਾਰਾਂ, ਜਾਦੂਗਰਾਂ, ਮੂਰਤੀ ਪੂਜਕਾਂ ਅਤੇ ਸਾਰਿਆਂ ਝੂਠਿਆਂ ਦਾ ਹਿੱਸਾ ਉਸ ਝੀਲ ਵਿੱਚ ਹੋਵੇਗਾ, ਜਿਹੜੀ ਅੱਗ ਅਤੇ ਗੰਧਕ ਨਾਲ ਬਲਦੀ ਹੈ ! ਇਹ ਦੂਜੀ ਮੌਤ ਹੈ ।
ਨਵਾਂ ਯਰੂਸ਼ਲਮ

9ਜਿਨ੍ਹਾਂ ਸੱਤਾਂ ਦੂਤਾਂ ਕੋਲ ਉਹ ਸੱਤ ਕਟੋਰੇ ਸਨ ਅਤੇ ਜਿਹੜੇ ਅਖੀਰਲੀਆਂ ਸੱਤ ਮਹਾਂਮਾਰੀਆਂ ਨੂੰ ਲਏ ਹੋਏ ਸਨ, ਉਹਨਾਂ ਵਿੱਚੋਂ ਇੱਕ ਨੇ ਆ ਕੇ ਮੇਰੇ ਨਾਲ ਗੱਲ ਕੀਤੀ ਕਿ ਇੱਧਰ ਆ, ਮੈਂ ਤੈਨੂੰ ਲਾੜੀ ਵਿਖਾਵਾਂ ਜਿਹੜੀ ਲੇਲੇ ਦੀ ਪਤਨੀ ਹੈ ।10ਤਾਂ ਉਹ ਮੈਨੂੰ ਆਤਮਾ ਵਿੱਚ ਇੱਕ ਵੱਡੇ ਅਤੇ ਉੱਚੇ ਪਹਾੜ ਉੱਤੇ ਲੈ ਗਿਆ ਅਤੇ ਉਸ ਨੇ ਉਹ ਪਵਿੱਤਰ ਨਗਰੀ ਯਰੂਸ਼ਲਮ ਪਰਮੇਸ਼ੁਰ ਕੋਲੋਂ ਸਵਰਗ ਤੋਂ ਉੱਤਰਦੀ ਮੈਨੂੰ ਵਿਖਾਈ, ਜਿਹ ਦੇ ਵਿੱਚ ਪਰਮੇਸ਼ੁਰ ਦਾ ਤੇਜ ਸੀ ।
11ਉਹ ਦੀ ਜੋਤ ਅੱਤ ਭਾਰੇ ਮੁੱਲ ਦੇ ਜਵਾਹਰ ਵਰਗੀ ਸੀ ਅਰਥਾਤ ਪੁਖਰਾਜ ਪੱਥਰ ਜਿਹੀ ਜੋ ਬਲੌਰ ਦੀ ਤਰ੍ਹਾਂ ਨਿਰਮਲ ਹੋਵੇ ।12ਅਤੇ ਉਹ ਦੀ ਵੱਡੀ ਅਤੇ ਉੱਚੀ ਸ਼ਹਿਰਪਨਾਹ ਹੈ ਅਤੇ ਉਹ ਦੇ ਬਾਰਾਂ ਦਰਵਾਜ਼ੇ ਹਨ ਅਤੇ ਉਹਨਾਂ ਦਰਵਾਜਿਆਂ ਉੱਤੇ ਬਾਰਾਂ ਦੂਤ । ਅਤੇ ਉਹਨਾਂ ਉੱਤੇ ਨਾਮ ਲਿਖੇ ਹੋਏ ਸਨ, ਜਿਹੜੇ ਇਸਰਾਏਲ ਦੇ ਵੰਸ਼ ਦੇ ਬਾਰਾਂ ਗੋਤਾਂ ਦੇ ਨਾਮ ਹਨ ।13ਪੂਰਬ ਵੱਲ ਤਿੰਨ ਦਰਵਾਜ਼ੇ ਅਤੇ ਪੱਛਮ ਵੱਲ ਤਿੰਨ ਦਰਵਾਜ਼ੇ ਅਤੇ ਦੱਖਣ ਵੱਲ ਤਿੰਨ ਦਰਵਾਜ਼ੇ ਅਤੇ ਉੱਤਰ ਵੱਲ ਤਿੰਨ ਦਰਵਾਜ਼ੇ ਹਨ ।
14ਅਤੇ ਉਸ ਨਗਰੀ ਦੀ ਸ਼ਹਿਰਪਨਾਹ ਦੀਆਂ ਬਾਰਾਂ ਨੀਹਾਂ ਹਨ ਅਤੇ ਉਹਨਾਂ ਉੱਤੇ ਲੇਲੇ ਦੇ ਬਾਰਾਂ ਰਸੂਲਾਂ ਦੇ ਨਾਮ ਹਨ ।15ਮੇਰੇ ਨਾਲ ਜਿਹੜਾ ਗੱਲਾਂ ਕਰਦਾ ਸੀ ਉਹ ਦੇ ਕੋਲ ਇੱਕ ਨਾਪ ਅਰਥਾਤ ਇੱਕ ਸੋਨੇ ਦਾ ਕਾਨਾ ਸੀ ਭਈ ਉਹ ਉਸ ਨਗਰੀ ਦੀ ਅਤੇ ਉਹ ਦੇ ਦਰਵਾਜਿਆਂ ਦੀ ਅਤੇ ਉਹ ਦੀ ਸ਼ਹਿਰਪਨਾਹ ਦੀ ਮਿਣਤੀ ਕਰੇ ।
16ਅਤੇ ਉਹ ਨਗਰੀ ਚੌਰਸ ਬਣੀ ਹੋਈ ਹੈ ਅਤੇ ਜਿੰਨੀ ਉਹ ਦੀ ਚੌੜਾਈ ਓਨੀ ਹੀ ਉਹ ਦੀ ਲੰਬਾਈ ਹੈ । ਅਤੇ ਉਸ ਨੇ ਨਗਰੀ ਨੂੰ ਕਾਨੇ ਨਾਲ ਮਿਣਿਆ ਅਤੇ ਪੰਦਰਾਂ ਸੌ ਮੀਲ ਨਿੱਕਲੀ ਉਹ ਦੀ ਲੰਬਾਈ ਅਤੇ ਚੁੜਾਈ ਅਤੇ ਉਚਾਈ ਇੱਕੋ ਜਿਹੀ ਹੈ ।17ਅਤੇ ਉਸ ਨੇ ਉਹ ਦੀ ਸ਼ਹਿਰਪਨਾਹ ਨੂੰ ਮਨੁੱਖ ਦੇ ਅਰਥਾਤ ਦੂਤ ਦੇ ਨਾਪ ਦੇ ਅਨੁਸਾਰ ਮਿਣਿਆ ਅਤੇ ਇੱਕ ਸੌ ਚੁਤਾਲੀ ਹੱਥ ਨਿੱਕਲੀ ।
18ਅਤੇ ਉਹ ਦੀ ਸ਼ਹਿਰਪਨਾਹ ਦੀ ਚਿਣਾਈ ਯਸ਼ਬ ਦੀ ਸੀ ਅਤੇ ਉਹ ਨਗਰੀ ਸਾਫ਼ ਸ਼ੀਸ਼ੇ ਦੇ ਵਾਂਗੂੰ ਸ਼ੁੱਧ ਸੋਨੇ ਦੀ ਸੀ ।19ਉਸ ਨਗਰੀ ਦੀ ਸ਼ਹਿਰਪਨਾਹ ਦੀਆਂ ਨੀਹਾਂ ਹਰ ਪਰਕਾਰ ਦੇ ਜਵਾਹਰ ਨਾਲ ਜੜੀਆਂ ਹੋਈਆਂ ਸਨ । ਪਹਿਲੀ ਨੀਂਹ ਯਸ਼ਬ ਦੀ ਸੀ, ਦੂਜੀ ਨੀਲਮ ਦੀ, ਤੀਜੀ ਦੁਧੀਯਾ ਅਕੀਕ ਦੀ, ਚੌਥੀ ਪੰਨੇ ਦੀ ।20ਪੰਜਵੀਂ ਸੁਲੇਮਾਨੀ ਦੀ, ਛੇਵੀਂ ਲਾਲ ਅਕੀਕ ਦੀ, ਸੱਤਵੀਂ ਜ਼ਬਰਜਦ ਦੀ, ਅੱਠਵੀਂ ਬੈਰੂਜ ਦੀ, ਨੌਵੀਂ ਸੁਨਹਿਲੇ ਦੀ, ਦਸਵੀਂ ਹਰੇ ਅਕੀਕ ਦੀ, ਗਿਆਰ੍ਹਵੀਂ ਜ਼ਕਰਨ ਦੀ, ਬਾਰ੍ਹਵੀਂ ਕਟਹਲੇ ਦੀ ।
21ਅਤੇ ਬਾਰਾਂ ਦਰਵਾਜ਼ੇ ਬਾਰਾਂ ਮੋਤੀ ਸਨ । ਇੱਕ-ਇੱਕ ਦਰਵਾਜ਼ਾ ਇੱਕ-ਇੱਕ ਮੋਤੀ ਦਾ ਸੀ, ਅਤੇ ਉਸ ਨਗਰੀ ਦਾ ਚੌਂਕ ਨਿਰਮਲ ਸ਼ੀਸ਼ੇ ਵਰਗਾ ਸ਼ੁੱਧ ਸੋਨੇ ਦਾ ਸੀ ।22ਮੈਂ ਉਸ ਵਿੱਚ ਕੋਈ ਹੈਕਲ ਨਾ ਵੇਖੀ ਕਿਉਂ ਜੋ ਪ੍ਰਭੂ ਪਰਮੇਸ਼ੁਰ ਸਰਬ ਸ਼ਕਤੀਮਾਨ ਅਤੇ ਲੇਲਾ ਉਹ ਦੀ ਹੈਕਲ ਹੈ ।
23ਅਤੇ ਉਸ ਨਗਰੀ ਨੂੰ ਸੂਰਜ ਦੀ ਕੁੱਝ ਲੋੜ ਨਹੀਂ, ਨਾ ਚੰਦਰਮਾ ਦੀ ਕਿ ਉਹ ਉਸ ਉੱਤੇ ਚਮਕਣ ਕਿਉਂ ਜੋ ਪਰਮੇਸ਼ੁਰ ਦੇ ਤੇਜ ਨੇ ਉਹ ਨੂੰ ਚਾਨਣ ਕੀਤਾ ਅਤੇ ਲੇਲਾ ਉਹ ਦੀ ਜੋਤ ਹੈ ।24ਅਤੇ ਕੌਮਾਂ ਉਹ ਦੇ ਚਾਨਣ ਦੇ ਆਸਰੇ ਫਿਰਨਗੀਆਂ ਅਤੇ ਧਰਤੀ ਦੇ ਰਾਜੇ ਆਪਣਾ ਪ੍ਰਤਾਪ ਉਸ ਵਿੱਚ ਲਿਆਉਣਗੇ ।25ਅਤੇ ਉਹ ਦੇ ਦਰਵਾਜ਼ੇ ਦਿਨ ਨੂੰ ਕਦੇ ਬੰਦ ਨਾ ਹੋਣਗੇ ਕਿਉਂ ਜੋ ਰਾਤ ਤਾਂ ਉੱਥੇ ਹੋਣੀ ਹੀ ਨਹੀਂ ।
26ਅਤੇ ਉਹ ਕੌਮਾਂ ਦਾ ਪ੍ਰਤਾਪ ਅਤੇ ਮਾਣ ਉਸ ਵਿੱਚ ਲਿਆਉਣਗੇ ।27ਪਰ ਕੋਈ ਅਪਵਿੱਤਰ ਵਸਤ ਜਾਂ ਕੋਈ ਘਿਣਾਉਣੇ ਕੰਮ ਕਰਨ ਵਾਲਾ ਅਤੇ ਝੂਠਾ ਕੰਮ ਕਰਨ ਵਾਲਾ ਉਸ ਵਿੱਚ ਕਦੇ ਨਾ ਵੜੇਗਾ ਪਰ ਕੇਵਲ ਉਹ ਜਿਹਨਾਂ ਦੇ ਨਾਮ ਲੇਲੇ ਦੀ ਜੀਵਨ ਦੀ ਪੋਥੀ ਵਿੱਚ ਲਿਖੇ ਹੋਏ ਹਨ ।

22

1ਉਸ ਨੇ ਅੰਮ੍ਰਿਤ ਜਲ ਦੀ ਇੱਕ ਨਦੀ ਬਲੌਰ ਵਾਂਗੂੰ ਸਾਫ਼ ਪਰਮੇਸ਼ੁਰ ਅਤੇ ਲੇਲੇ ਦੇ ਸਿੰਘਾਸਣ ਵਿੱਚੋਂ ਨਿੱਕਲਦੀ, ਉਸ ਨਗਰੀ ਦੇ ਚੌਂਕ ਦੇ ਵਿਚਕਾਰ ਮੈਨੂੰ ਵਿਖਾਈ ।2ਉਸ ਨਦੀ ਦੇ ਦੋਨਾਂ ਕਿਨਾਰਿਆਂ ਉੱਤੇ ਜੀਵਨ ਦਾ ਬਿਰਛ ਹੈ, ਜਿਸ ਨੂੰ ਬਾਰਾਂ ਪਰਕਾਰ ਦੇ ਫਲ ਲੱਗਦੇ ਹਨ ਅਤੇ ਉਹ ਆਪਣਾ ਫਲ ਮਹੀਨਾ ਮਹੀਨਾ ਦਿੰਦਾ ਹੈ, ਅਤੇ ਉਸ ਬਿਰਛ ਦੇ ਪੱਤੇ ਕੌਮਾਂ ਦੇ ਇਲਾਜ ਦੇ ਲਈ ਹਨ ।

3ਅਤੇ ਹੁਣ ਅਗਾਹਾਂ ਨੂੰ ਕੋਈ ਸਰਾਪ ਨਾ ਹੋਵੇਗਾ ਅਤੇ ਪਰਮੇਸ਼ੁਰ ਅਤੇ ਲੇਲੇ ਦਾ ਸਿੰਘਾਸਣ ਉਸ ਵਿੱਚ ਹੋਵੇਗਾ ਅਤੇ ਉਹ ਦੇ ਦਾਸ ਉਹ ਦੀ ਬੰਦਗੀ ਕਰਨਗੇ ।4ਅਤੇ ਉਹ ਦਾ ਦਰਸ਼ਣ ਪਾਉਣਗੇ ਅਤੇ ਉਹ ਦਾ ਨਾਮ ਉਹਨਾਂ ਦੇ ਮੱਥਿਆਂ ਉੱਤੇ ਹੋਵੇਗਾ ।5ਅਤੇ ਹੁਣ ਅਗਾਹਾਂ ਨੂੰ ਰਾਤ ਨਾ ਹੋਵੇਗੀ ਅਤੇ ਉਹਨਾਂ ਨੂੰ ਦੀਵੇ ਦੀ ਰੋਸ਼ਨੀ ਸਗੋਂ ਸੂਰਜ ਦੇ ਚਾਨਣ ਦੀ ਕੁੱਝ ਜ਼ਰੂਰਤ ਨਹੀਂ ਕਿਉਂ ਜੋ ਪ੍ਰਭੂ ਪਰਮੇਸ਼ੁਰ ਉਹਨਾਂ ਨੂੰ ਚਾਨਣ ਦੇਵੇਗਾ, ਅਤੇ ਉਹ ਜੁੱਗੋ-ਜੁੱਗ ਰਾਜ ਕਰਨਗੇ ।
ਯਿਸੂ ਦਾ ਦੁਬਾਰਾ ਆਉਣਾ

6ਫੇਰ ਉਸ ਨੇ ਮੈਨੂੰ ਆਖਿਆ, ਇਹ ਬਚਨ ਵਿਸ਼ਵਾਸਯੋਗ ਅਤੇ ਸੱਚ ਹਨ ਅਤੇ ਪ੍ਰਭੂ ਨੇ ਜਿਹੜਾ ਨਬੀਆਂ ਦੇ ਆਤਮਿਆਂ ਦਾ ਪਰਮੇਸ਼ੁਰ ਹੈ ਆਪਣਾ ਦੂਤ ਭੇਜਿਆ, ਜੋ ਜਿਹੜੀਆਂ ਗੱਲਾਂ ਛੇਤੀ ਹੋਣੀਆਂ ਹਨ ਸੋ ਆਪਣਿਆਂ ਦਾਸਾਂ ਨੂੰ ਵਿਖਾਵੇ ।7ਵੇਖ, ਮੈਂ ਛੇਤੀ ਆਉਂਦਾ ਹਾਂ ! ਧੰਨ ਉਹ ਜਿਹੜਾ ਇਸ ਪੋਥੀ ਦੇ ਅਗੰਮ ਵਾਕ ਦੀਆਂ ਗੱਲਾਂ ਦੀ ਪਾਲਨਾ ਕਰਦਾ ਹੈ !

8ਮੈਂ ਯੂਹੰਨਾ ਉਹ ਹਾਂ ਜਿਸ ਨੇ ਇਨ੍ਹਾਂ ਗੱਲਾਂ ਨੂੰ ਸੁਣਿਆ ਅਤੇ ਵੇਖਿਆ, ਅਤੇ ਜਦੋਂ ਮੈਂ ਸੁਣਿਆ ਅਤੇ ਵੇਖਿਆ ਤਾਂ ਮੈਂ ਮੱਥਾ ਟੇਕਣ ਲਈ ਡਿੱਗ ਕੇ ਉਸ ਦੂਤ ਦੇ ਪੈਰਾਂ ਉੱਤੇ ਜਾ ਪਿਆ ਜਿਸ ਨੇ ਮੈਨੂੰ ਇਹ ਗੱਲਾਂ ਵਿਖਾਈਆਂ ਸਨ ।9ਤਾਂ ਉਸ ਮੈਨੂੰ ਆਖਿਆ ਭਈ ਇਸ ਤਰ੍ਹਾਂ ਨਾ ਕਰ ! ਮੈਂ ਤਾਂ ਤੇਰੇ ਅਤੇ ਨਬੀਆਂ ਦੇ ਜੋ ਤੇਰੇ ਭਰਾ ਹਨ ਅਤੇ ਉਹਨਾਂ ਦੇ ਜਿਹੜੇ ਇਸ ਪੋਥੀ ਦੀਆਂ ਗੱਲਾਂ ਦੀ ਪਾਲਨਾ ਕਰਦੇ ਹਨ, ਨਾਲ ਦਾ ਦਾਸ ਹਾਂ । ਪਰਮੇਸ਼ੁਰ ਨੂੰ ਮੱਥਾ ਟੇਕ !

10ਤਾਂ ਉਸ ਮੈਨੂੰ ਆਖਿਆ ਕਿ ਇਸ ਪੋਥੀ ਦੇ ਅਗੰਮ ਵਾਕ ਦੀਆਂ ਬਾਣੀਆਂ ਉੱਤੇ ਮੋਹਰ ਨਾ ਲਾ, ਕਿਉਂ ਜੋ ਸਮਾਂ ਨੇੜੇ ਹੈ !11ਜਿਹੜਾ ਕੁਧਰਮੀ ਹੈ ਉਹ ਅਗਾਹਾਂ ਨੂੰ ਕੁਧਰਮ ਕਰੀ ਜਾਏ ਅਤੇ ਜਿਹੜਾ ਅਸ਼ੁੱਧ ਹੈ ਉਹ ਅਗਾਹਾਂ ਨੂੰ ਅਸ਼ੁੱਧ ਹੋਈ ਜਾਏ ਅਤੇ ਜਿਹੜਾ ਧਰਮੀ ਹੈ ਉਹ ਅਗਾਹਾਂ ਨੂੰ ਧਰਮ ਕਰੀ ਜਾਏ ਅਤੇ ਜਿਹੜਾ ਪਵਿੱਤਰ ਹੈ ਉਹ ਅਗਾਹਾਂ ਨੂੰ ਪਵਿੱਤਰ ਹੋਈ ਜਾਏ ।
12ਵੇਖ, ਮੈਂ ਛੇਤੀ ਆਉਂਦਾ ਹਾਂ ਅਤੇ ਹਰੇਕ ਮਨੁੱਖ ਨੂੰ ਉਸ ਦੇ ਕੰਮਾਂ ਅਨੁਸਾਰ ਦੇਣ ਲਈ ਫਲ ਮੇਰੇ ਕੋਲ ਹੈ ।13ਮੈਂ ਅਲਫਾ ਅਤੇ ਓਮੇਗਾ, ਪਹਿਲਾ ਅਤੇ ਪਿਛਲਾ, ਆਦ ਅਤੇ ਅੰਤ ਹਾਂ ।
14ਧੰਨ ਉਹ ਜਿਹੜੇ ਆਪਣੇ ਬਸਤਰ ਧੋ ਲੈਂਦੇ ਹਨ ਭਈ ਉਹਨਾਂ ਨੂੰ ਜੀਵਨ ਦੇ ਬਿਰਛ ਦੇ ਉੱਤੇ ਹੱਕ ਹੋਵੇ ਅਤੇ ਉਹ ਦਰਵਾਜਿਆਂ ਰਾਹੀਂ ਉਸ ਨਗਰੀ ਦੇ ਅੰਦਰ ਜਾਣ ।15ਬਾਹਰ ਹਨ ਕੁੱਤੇ, ਜਾਦੂਗਰ, ਹਰਾਮਕਾਰ, ਖੂਨੀ, ਮੂਰਤੀ ਪੂਜਕ ਅਤੇ ਹਰ ਕੋਈ ਜਿਹੜਾ ਝੂਠ ਨੂੰ ਪਸੰਦ ਕਰਦਾ ਅਤੇ ਕਮਾਉਂਦਾ ਹੈ ।

16ਮੈਂ ਯਿਸੂ ਨੇ ਕਲੀਸਿਯਾਵਾਂ ਦੇ ਲਈ ਇਨ੍ਹਾਂ ਗੱਲਾਂ ਦੀ ਗਵਾਹੀ ਦੇਣ ਨੂੰ ਤੁਹਾਡੇ ਕੋਲ ਆਪਣਾ ਦੂਤ ਭੇਜਿਆ ਹੈ । ਮੈਂ ਦਾਊਦ ਦੀ ਜੜ੍ਹ ਅਤੇ ਅੰਸ ਹਾਂ । ਮੈਂ ਸਵੇਰ ਦਾ ਚਮਕਦਾ ਤਾਰਾ ਹਾਂ ।

17ਆਤਮਾ ਅਤੇ ਲਾੜੀ ਆਖਦੀ ਹੈ, ਆਓ ! ਜਿਹੜਾ ਸੁਣਦਾ ਹੋਵੇ ਉਹ ਆਖੇ ਆਓ ! ਅਤੇ ਜਿਹੜਾ ਤਿਹਾਇਆ ਹੋਵੇ ਉਹ ਆਵੇ । ਜਿਹੜਾ ਚਾਹੇ ਉਹ ਅੰਮ੍ਰਿਤ ਜਲ ਮੁਫ਼ਤ ਲਵੇ ।

18ਮੈਂ ਹਰ ਇੱਕ ਦੇ ਅੱਗੇ ਜਿਹੜਾ ਇਸ ਪੋਥੀ ਦੇ ਅਗੰਮ ਵਾਕ ਦੀਆਂ ਲਿਖਤਾਂ ਸੁਣਦਾ ਹੈ, ਗਵਾਹੀ ਦਿੰਦਾ ਹਾਂ । ਜੇ ਕੋਈ ਇਨ੍ਹਾਂ ਵਿੱਚ ਕੁੱਝ ਵਧਾਵੇ ਤਾਂ ਉਹ ਮਹਾਂਮਾਰੀਆਂ ਜਿਹੜੀਆਂ ਇਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ, ਪਰਮੇਸ਼ੁਰ ਉਸ ਉੱਤੇ ਵਧਾਵੇਗਾ ।19ਅਤੇ ਜੇ ਕੋਈ ਇਸ ਅਗੰਮ ਵਾਕ ਦੀ ਪੋਥੀ ਦੀਆਂ ਲਿਖਤਾਂ ਵਿੱਚੋਂ ਕੁੱਝ ਘਟਾਵੇ ਤਾਂ ਜੀਵਨ ਦੇ ਬਿਰਛ ਤੋਂ ਅਤੇ ਪਵਿੱਤਰ ਨਗਰੀ ਵਿੱਚੋਂ ਅਰਥਾਤ ਉਨ੍ਹਾਂ ਗੱਲਾਂ ਵਿੱਚੋਂ ਜਿਹੜੀਆਂ ਇਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ, ਪਰਮੇਸ਼ੁਰ ਉਹ ਦਾ ਹਿੱਸਾ ਘਟਾਵੇਗਾ ।

20ਜਿਹੜਾ ਇਨ੍ਹਾਂ ਗੱਲਾਂ ਦੀ ਗਵਾਹੀ ਦਿੰਦਾ ਹੈ ਉਹ ਆਖਦਾ ਹੈ ਕਿ ਹਾਂ, ਮੈਂ ਛੇਤੀ ਆਉਂਦਾ ਹਾਂ । ਆਮੀਨ । ਹੇ ਪ੍ਰਭੂ ਯਿਸੂ, ਆਓ !

21ਪ੍ਰਭੂ ਯਿਸੂ ਦੀ ਕਿਰਪਾ ਸੰਤਾਂ ਦੇ ਉੱਤੇ ਹੋਵੇ । ਆਮੀਨ ।